. |
|
ਭਾਈ ਲਾਲੋ ਬਨਾਮ ਮਲਿਕ ਭਾਗੋ
(2)
ਲੇਖ ਦੇ ਪਹਿਲੇ ਭਾਗ ਵਿੱਚ ‘ਸਿੱਖ ਧਰਮ’ ਨੂੰ ਚਲਾਉਣ ਵਾਲੀ ਪਹਿਲੀ ਪਰਮੁਖ
ਸੰਸਥਾ/ਜਥੇਬੰਦੀ ਭਾਵ ‘ਸਿੱਖ’ ਸ਼ਾਸਕਾਂ/ਸਿਆਸਤਦਾਨਾਂ ਅਤੇ ਇਨਸਾਨੀਯਤ ਤੋਂ ਗਿਰੇ ਹੋਏ ਇਨ੍ਹਾਂ
ਸਿਆਸਤਦਾਨਾਂ ਦੇ ਅਧੀਨ ਕੰਮ ਕਰਨ ਵਾਲੇ ਕਠਪੁਤਲੀ ਕਾਰਕੁਨਾਂ ਦੇ ਅਧਰਮੀ, ਅਮਾਨਵੀ ਅਤੇ ਕੋਝੇ
ਕਿਰਦਾਰ ਦਾ, ਇਤਿਹਾਸਿਕ ਤੱਥਾਂ ਦੇ ਆਧਾਰ `ਤੇ, ਸੱਚ ਉਘਾੜਣ ਦਾ ਯਤਨ ਕੀਤਾ ਗਿਆ ਹੈ। ਆਓ! ਹੁਣ ਗੱਲ
ਕਰੀਏ ‘ਸਿੱਖ ਧਰਮ’ ਨੂੰ ਚਲਾਉਣ ਵਾਲੀ ਦੂਜੀ ਸੰਸਥਾ ਦੀ; ਇਹ ਸੰਸਥਾ ਹੈ ਸ਼ਿਰੋਮਣੀ ਗੁਰੂਦਵਾਰਾ
ਪ੍ਰਬੰਧਕ ਕਮੇਟੀ, ਅੰਮ੍ਰਿਤਸਰ। ਇਸ ਸੰਸਥਾ ਨੂੰ ਸ਼ਾਸਕਾਂ/ਸਿਆਸਤਦਾਨਾਂ ਦੀ ਬੀ ਟੀਮ
(B Team)
ਕਹਿਣਾ ਸਹੀ ਰਹੇਗਾ। ਜਿਵੇਂ ‘ਸਿੱਖ’ ਸ਼ਾਸਕ/ਸਿਆਸਤਦਾਨ ਗੱਦੀਆਂ, ਸੱਤਾ, ਸੰਸਾਰਕ ਲਕਬਾਂ/ਉਪਾਧੀਆਂ
ਅਤੇ ਹਰਾਮ ਦੀ ਮਾਇਆ ਹੜੱਪਣ ਦੀ ਖ਼ਾਤਿਰ ਕੇਂਦਰੀ ਸਰਕਾਰਾਂ (ਪਹਿਲਾਂ ਅੰਗਰੇਜ਼ ਅਤੇ ਹੁਣ ਕਾਂਗਰਸੀ
ਅਤੇ ਭਾਜਪਾ ਵਗ਼ੈਰਾ) ਦੇ ਜੀ-ਹਜ਼ੂਰੀਏ ਚਾਪਲੂਸ ਬਣ ਕੇ ਰਹੇ ਹਨ ਤਿਵੇਂ, ਗੁਰੂਦਵਾਰਾ ਪ੍ਰਬੰਧਕ ਕਮੇਟੀ
ਦੇ ਪ੍ਰਧਾਨ ਅਤੇ ਹੋਰ ਅਧਿਕਾਰੀ ਵੀ ਸਵਾਰਥੀ, ਧਰਮ-ਦ੍ਰੋਹੀ ਅਤੇ ਦੁਰਾਚਾਰੀ ‘ਸਿੱਖ’ ਸ਼ਾਸਕਾਂ ਦੇ
ਹੁਕਮਾਂ ਦਾ ਪਾਲਣ ਕਰਨ ਵਾਲੇ ਜੀ-ਹਜ਼ੂਰੀਏ ਕਰਮਚਾਰੀ ਹੀ ਹਨ। ਇਨ੍ਹਾਂ ਦਾ ਚਲਨ ਵੀ ਹੂਬਹੂ ਇਨ੍ਹਾਂ
ਦੇ ਮਾਲਿਕਾਂ (ਸ਼ਾਸਕਾਂ/ਸਿਆਸਤਦਾਨਾਂ) ਵਰਗਾ ਹੀ ਹੈ।
ਇਸ ਨੁਕਤੇ ਉੱਤੇ ਵਿਸਤ੍ਰਿਤ ਵਿਚਾਰ ਕਰਨ ਤੋਂ ਪਹਿਲਾਂ ਸਮੁੱਚੇ ਸੰਸਾਰ ਦਾ
ਇਹ ਇਤਿਹਾਸਿਕ ਸੱਚ ਸਮਝ ਲੈਣਾ ਜ਼ਰੂਰੀ ਹੈ ਕਿ ਆਦਿ ਕਾਲ ਤੋਂ ਹੀ ਰਾਜ-ਗੱਦੀ ਦੀ ਪ੍ਰਾਪਤੀ ਲਈ ਤੜਫ਼,
ਹਰਾਮ ਦੀ ਮਾਇਆ ਲੁੱਟਣ/ਹੜੱਪਣ ਦੀ ਲਾਲਸਾ, ਹਉਮੈਂ ਦੀ ਫੰਡਰ ਮੱਝ ਨੂੰ ਚੋਰੀ/ਠੱਗੀ ਦੇ ਪੱਠੇ ਪਾਉਣ
ਅਤੇ ਅਯਾਸ਼ ਜੀਵਨ ਜੀਉਣ ਦੀ ਤਾਂਘ ਪੂਰੀ ਕਰਨ ਵਾਸਤੇ ਜ਼ਾਲਿਮ ਕਪਟੀ ਸ਼ਾਸਕ ਅਤੇ ਪਾਪੀ-ਪਾਖੰਡੀ ਧਾਰਮਿਕ
ਨੇਤਾ ਆਪਸ ਵਿੱਚ ਜੁੰਡੀਦਾਰ ਰਹੇ ਹਨ। ਇਤਿਹਾਸ ਗਵਾਹ ਹੈ ਕਿ, ਸੰਸਾਰ ਵਿੱਚ ਜਿਤਨੇ ਵੀ ਮਾਨਵ-ਘਾਤਿਕ
ਖ਼ੂਨੀ ਸਾਕੇ ਹੋਏ ਜਾਂ ਹੋ ਰਹੇ ਹਨ, ਉਨ੍ਹਾਂ ਦੀ ਜ਼ਿੱਮੇਦਾਰ ਸਿਆਸੀ ਅਤੇ ਧਾਰਮਿਕ ਨੇਤਾਵਾਂ ਦੀ
ਇਨਸਾਨੀਯਤ ਤੋਂ ਗਿਰੀ ਹੋਈ ਇਹ ਸ਼ੈਤਾਨ ਜੁੰਡਲੀ ਹੀ ਹੈ। 1947 ਵਿੱਚ ਰਾਜ-ਸਿੰਘਾਸਨ ਦੀ ਪ੍ਰਾਪਤੀ ਦੀ
ਖ਼ਾਤਿਰ ਧਰਮ ਦੇ ਨਾਮ `ਤੇ ਭਾਰਤ ਦੀ ਕੀਤੀ ਗਈ ਵਿਨਾਸ਼ਕਾਰੀ ਵੰਡ ਅਤੇ 1966 ਵਿੱਚ, ਧਰਮ ਦੀ ਆੜ
ਵਿੱਚ, ਬੋਲੀ ਦੇ ਨਾਮ `ਤੇ ਕੀਤਾ ਗਿਆ ਪੰਜਾਬ ਦਾ ਵਿਨਾਸ਼ਕਾਰੀ ਵਿਭਾਜਨ ਇਸ ਕਥਨ ਦੇ ਅਕੱਟ ਪ੍ਰਮਾਣ
ਹਨ! ਇਨ੍ਹਾਂ ਦੋਨਾਂ ਸਾਕਿਆਂ ਸਦਕਾ ਇਨਸਾਨੀਯਤ ਤੋਂ ਗਿਰੇ ਹੋਏ ਲੀਡਰਾਂ ਨੂੰ, ਇਨਸਾਨੀਯਤ ਦਾ ਖ਼ੂਨ
ਬਹਾ ਕੇ, ਰਾਜ-ਗੱਦੀਆਂ ਮਿਲ ਗਈਆਂ ਅਤੇ ਪੁਜਾਰੀਆਂ ਨੂੰ, ਸ਼ਾਸਕਾਂ/ਸਿਆਸਤਦਾਨਾਂ ਦੇ ਸਹਿਯੋਗ ਨਾਲ,
ਗੋਲਕਾਂ ਦੀ ਖੁਲ੍ਹੀ ਲੁੱਟ ਦੀ ਪੂਰੀ ਖੁਲ੍ਹ ਵੀ!
ਸ਼ਿਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੀ ਰੂਪ-ਰੇਖਾ ਅਤੇ
ਖਰੜਾ ਤਿਆਰ ਕਰਨ ਵਾਲੇ ਸਮੇਂ ਦੇ ਰਾਜੇ-ਰਜਵਾੜੇ, ਰਈਸ, ਜਾਗੀਰਦਾਰ ਆਦਿਕ ਅਤੇ ਉਨ੍ਹਾਂ ਦੇ ਝੋਲੀ
ਚੁੱਕ ਕਥਿਤ ਗਿਆਨੀ/ਵਿਦਵਾਨ ਹੀ ਸਨ। ਸ਼ਿਰੋਮਣੀ ਕਮੇਟੀ ਦੇ ਹੋਂਦ ਵਿੱਚ ਆਉਣ ਦੇ ਸਮੇਂ (ਸਨ 1920)
ਤੋਂ ਹੀ ਇਸ ਸਰਵਉੱਚ ਕਹੀ ਜਾਂਦੀ ‘ਸਿੱਖ’ ਸੰਸਥਾ ਉੱਤੇ ਰਈਸਾਂ ਅਤੇ ਸੜੇ ਸਿਆਸਤਦਾਨਾਂ ਦਾ ਕਬਜ਼ਾ
ਰਿਹਾ ਹੈ। ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦਾ ਪਹਿਲਾ ਪ੍ਰਧਾਨ ਅੰਗਰੇਜ਼ਾਂ ਦਾ
ਸਿਰਕੱਢ ਝੋਲੀਚੁਕ ਸੁੰਦਰ ਸਿੰਘ ਮਜੀਠੀਆ ਸੀ। ਇਹ ਦੇਸ਼-ਕੌਮ ਦੇ ਨਾਮੀ ਗ਼ੱਦਾਰਾਂ ਵਿੱਚੋਂ ਇੱਕ ਗਿਣਿਆ
ਜਾਂਦਾ ਹੈ। ਇਤਿਹਾਸਿਕ ਤੱਥਾਂ ਅਨੁਸਾਰ, 1919 ਦੀ ਵੈਸਾਖੀ ਵਾਲੇ ਦਿਨ ਜਨਰਲ ਡਾਇਰ ਨੇ ਜੱਲ੍ਹਿਆਂ
ਵਾਲੇ ਬਾਗ਼ ਵਿੱਚ ਹਜ਼ਾਰ ਤੋਂ ਉਪਰ ਨਿਰਦੋਸ਼ ਅਤੇ ਨਿਹੱਥੇ ਭਾਰਤੀਆਂ ਦਾ ਨਿਸ਼ਠੁਰਤਾ ਨਾਲ ਖ਼ੂਨ
ਕੀਤਾ/ਕਰਵਾਇਆ ਸੀ। ਸੁੰਦਰ ਸਿੰਘ ਮਜੀਠੀਆ ਨੇ ਜਨਰਲ ਡਾਇਰ ਦੇ ਇਸ ਮਾਨਵ-ਘਾਤਿਕ ਕੁਕਰਮ ਨੂੰ ਜਾਇਜ਼
ਕਰਾਰ ਦਿੱਤਾ ਸੀ। ਅਤੇ, ਉਸੇ ਰਾਤ ਸੁੰਦਰ ਸਿੰਘ ਮਜੀਠੀਆ ਨੇ ਜਨਰਲ ਡਾਇਰ ਦੀ ਅਸ਼ਲੀਲ ਮਨੋਰੰਜਨ ਅਤੇ
ਸ਼ਾਹੀ ਖਾਣੇ ਨਾਲ ਉਚੇਚੀ ਮਿਹਮਾਨਨਿਵਾਜ਼ੀ ਵੀ ਕੀਤੀ ਸੀ! ਕੈਪਟਨ ਅਮਰਿੰਦਰ ਸਿੰਘ ਉਸ ਭੂਪਿੰਦਰ ਸਿੰਘ
ਦੇ ਖ਼ਾਨਦਾਨ ਵਿੱਚੋਂ ਹੈ ਜਿਸ ਨੇ ਜੱਲਿਆਂ ਵਾਲਾ ਬਾਗ਼ ਦੇ ਖ਼ੂਨੀ ਸਾਕੇ ਨੂੰ ਵਾਜਬ ਦੱਸਦਿਆਂ ਇਸ
ਕਤਲੇਆਮ ਦਾ ਸਮਰਥਨ ਕੀਤਾ ਸੀ! ਉਸ ਸਮੇਂ ਦੇ, ‘ਅਕਾਲ ਤਖ਼ਤ’ ਦੇ ਜਮੂਰਾ ਜਥੇਦਾਰ
ਅਰੂੜ ਸਿੰਘ ਤੋਂ ਜਨਰਲ ਡਾਇਰ ਨੂੰ ਸਿਰੋਪਾ ਦਿਵਾਉਣ ਤੇ ਸਨਮਾਨਿਤ ਕਰਵਾਉਣ ਵਾਲੇ ਵੀ ਇਹ
ਦੇਸ ਦੇ ਦੁਸ਼ਮਨ ਅਤੇ ਧਰਮ ਦੇ ਦੋਖੀ ਰਜਵਾੜੇ (ਮਲਿਕ ਭਾਗੋ) ਹੀ ਸਨ।
ਇਤਿਹਾਸ ਅਨੁਸਾਰ, ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ,
ਮੈਂਬਰ ਅਤੇ ਹੋਰ ਅਧਿਕਾਰੀ, ਸ਼ੁਰੂ ਤੋਂ ਹੀ, ਰਾਜੇ-ਰਜਵਾੜਿਆਂ ਅਤੇ ਅਮੀਰਾਂ-ਵਜ਼ੀਰਾਂ ਦੇ ਅਧੀਨ ਰਹੇ
ਹਨ। ਵਰਤਮਾਨ ਦੀ ਗੱਲ ਕਰੀਏ ਤਾਂ, ਸ਼੍ਰਿੋਮਣੀ ਕਮੇਟੀ ਦਾ ਪ੍ਰਧਾਨ ਅਕਾਲੀ ਦਲ ਦੇ ਪ੍ਰਧਾਨ ਦਾ ਹੁਕਮ
ਬਜਾਉਣ ਵਾਲਾ ਉਸ ਦਾ ਪਿੱਠੂ/ਪਰਛਾਵਾਂ ਹੀ ਹੁੰਦਾ ਹੈ। ਉਸ ਦੀ ਮਜਾਲ ਨਹੀਂ ਕਿ ਉਹ ਆਪਣੇ ਆਕਾ
ਸਾਹਮਨੇ ਚੂੰ ਵੀ ਕਰ ਸਕੇ! ਇਹ ਸੱਚ ਹੁਣ ਲੋਕੋਕਤੀ ਬਣ ਚੁੱਕਿਆ ਹੈ ਕਿ ਸ਼ਿਰੋਮਣੀ ਪ੍ਰਬੰਧਕ ਕਮੇਟੀ
ਦੇ ਪ੍ਰਧਾਨ ਦਾ ਨਾਮ ਅਕਾਲੀ ਦਲ ਦੇ ਪ੍ਰਧਾਨ ਦੇ ਲਿਫ਼ਾਫ਼ੇ ਵਿੱਚੋਂ ਹੀ ਨਿਕਲਦਾ ਹੈ! ਝੂਠੇ ਅਤੇ
ਢਕੌਂਸਲੇਬਾਜ਼ ਮਾਲਿਕ ਦੇ ਲਿਫ਼ਾਫ਼ੇ ਵਿੱਚੋਂ ਨਿਕਲਿਆ ਪ੍ਰਧਾਨ ਝੂਠ ਬੋਲਣ, ਕੁਫ਼ਰ ਤੋਲਣ, ਤਲੂਏ ਚੱਟਣ,
ਜੀ-ਹਜ਼ੂਰੀ ਕਰਨ ਦਾ ਮਾਹਿਰ ਅਤੇ ਲਿਫ਼ਾਫ਼ੇਬਾਜ਼ੀ ਵਿੱਚ ਨਿਪੁੰਨ ਤਾਂ ਹੋਵੇਗਾ ਹੀ!
ਸ਼ਿਰੋਮਣੀ ਕਮੇਟੀ ਦਾ ਪ੍ਰਧਾਨ ਬਣਨ ਵਾਸਤੇ ਪੂਰਵ ਸ਼ਰਤ ਅਤੇ ਹੋਰ ਯੋਗਤਾਵਾ:
ਆਪਣੇ ਆਕਾ (ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ) ਦਾ ਫ਼ਰਮਾਂਬਰਦਾਰ ਬਣ ਕੇ ਰਹਿਣਾ ਸ਼ਿਰੋਮਣੀ
ਕਮੇਟੀ ਦੇ ਸੰਭਾਵੀ ਪ੍ਰਧਾਨ ਵਾਸਤੇ ਪੂਰਵ-ਸ਼ਰਤ
(prerequisite) ਹੈ। ਫ਼ਰਮਾਂਬਰਦਾਰੀ ਦੀ ਇਸ
ਮੁੱਢਲੀ ਯੋਗਤਾ ਤੋਂ ਬਿਨਾਂ, ਪ੍ਰਧਾਨਗੀ ਦੇ ਉਹਦੇ ਦੇ ਤਲਬਗਾਰ ਵਿੱਚ ਹੇਠ ਲਿਖੀਆਂ ਯੋਗਤਾਵਾਂ ਦਾ
ਹੋਣਾ ਵੀ ਜ਼ਰੂਰੀ ਹੈ: ਗਿਆਨ ਦਾ ਦੋਖੀ ਅਤੇ ਅਗਿਆਨਤਾ ਦਾ ਪੁਜਾਰੀ ਤੇ ਪ੍ਰਚਾਰਕ ਹੋਣਾ ਲਾਜ਼ਮੀ ਹੈ;
ਉਸ ਦਾ ਮੋਟੀ ਚੱਮੜੀ ਵਾਲਾ ਹੋਣਾ ਵੀ ਇੱਕ ਆਵੱਸ਼ਕਤਾ ਹੈ; ਢੀਠਤਾ ਨਾਲ ਕੁਫ਼ਰ ਤੋਲਣ ਅਤੇ ਝੂਠੇ,
ਬੇ-ਤੁਕੇ ਅਤੇ ਬੇਹੂਦਾ ਬਿਆਨ ਬਕਨ ਵਿੱਚ ਮਾਹਿਰ ਹੋਵੇ; ਮਾਲਿਕਾਂ ਦੀ ਉਸਤਤ (ਝੂਠੀ ਪ੍ਰਸ਼ੰਸਾ) ਕਰਨ
ਅਤੇ ਵਿਰੋਧੀਆਂ ਦੀ ਆਧਾਰ ਰਹਿਤ ਨਿੰਦਾ ਕਰਨ ਵਿੱਚ ਨਿਪੁੰਨ ਵੀ ਹੋਣਾ ਚਾਹੀਦਾ ਹੈ। ‘ਗੁਰੂ ਦੀ
ਗੋਲਕ’ ਲੁੱਟਣ, ਘਪਲੇ ਕਰਨ ਅਤੇ ਲੋਕਾਂ ਦੀ ਕਮਾਈ ਉੱਤੇ ਹੱਥ ਸਾਫ਼ ਕਰਨ ਵਿੱਚ ਨਿਪੁੰਨ ਹੋਣਾ ਵੀ
ਜ਼ਰੂਰੀ ਹੈ। ‘ਗੁਰੂ ਦੀਆਂ ਗੋਲਕਾਂ’ (ਪੂਜਾ ਦਾ ਧਾਨ) ਲੁੱਟ ਕੇ ਆਪਣੇ ਸਿਆਸਤਦਾਨ ਮਾਲਿਕਾਂ (ਬਾਦਲ
ਲਾਣਾ ਤੇ ਹੋਰ ਅਕਾਲੀ ਨੇਤਾ) ਨੂੰ ਖ਼ੁਸ਼ ਕਰਨ ਤੋਂ ਬਾਅਦ ਜੋ ਮਾਲ ਬਚਿਆ ਉਸ ਨੂੰ ਆਪ ਹੜੱਪਣ ਅਤੇ ਹਜ਼ਮ
ਕਰਨ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਹੋਣੀ ਚਾਹੀਦੀ! (ਨੋਟ:-ਇਥੇ ਇਹ ਸੱਚ ਲਿਖ ਦੇਣਾ ਵੀ
ਕੁਥਾਂ ਨਹੀਂ ਹੋਵੇਗਾ ਕਿ ਸ਼ਿਰੋਮਣੀ ਕਮੇਟੀ ਦੇ, ਲਗ-ਪਗ, ਸਾਰੇ ਪ੍ਰਧਾਨ ਆਪਣੀ ਪ੍ਰਧਾਨਗੀ ਸਦਕਾ
ਕਰੋੜਾਂ-ਅਰਬਾਂ ਦੀ ਜਾਇਦਾਦ ਦੇ ਮਾਲਿਕ ਬਣ ਗਏ ਹਨ! ਇਸ ਤੱਥ ਦੇ ਆਧਾਰ `ਤੇ, ਨਿਰਸੰਕੋਚ, ਕਿਹਾ ਜਾ
ਸਕਦਾ ਹੈ ਕਿ ਇਹ ਪ੍ਰਧਾਨ ਵੀ ਅੱਜ ਦੇ ਮਲਿਕ ਭਾਗੋ ਹੀ ਹਨ!) ਸੰਭਾਵੀ ਪ੍ਰਧਾਨ ਨੂੰ ਆਪਣੇ
ਮਾਲਿਕਾਂ (ਸਿਆਸਤਦਾਨਾਂ) ਵਾਸਤੇ ਵੋਟਾਂ ਮੰਗਣ ਲਈ ਟਕਸਾਲਾਂ ਅਤੇ ਡੇਰਿਆਂ ਦੇ ਮੁਖੀਆਂ ਦੇ ਪੈਰਾਂ
ਵਿੱਚ ਡਿੱਗ ਕੇ ਲੇਲ੍ਹੜੀਆਂ ਕਢਣੀਆਂ ਵੀ ਆਉਂਦੀਆਂ ਹੋਣੀਆਂ ਚਾਹੀਦੀਆਂ ਹਨ! ਗੁਰੂਦਵਾਰਾ ਪ੍ਰਬੰਧਕ
ਕਮੇਟੀ ਦੇ ਪ੍ਰਧਾਨ ਦਾ, ਸਿਆਸਤਦਾਨਾਂ ਵਾਂਙ, ਵਿਕਾਊ ਹੋਣਾ ਵੀ ਇੱਕ ਵਾਧੂ ਯੋਗਤਾ ਹੈ! ਅਜੇ ਕੱਲ੍ਹ
(ਦਸੰਬਰ 1, 2021) ਦੀ ਖ਼ਬਰ ਹੈ ਕਿ ਦਿੱਲੀ ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ
ਮਨਜਿੰਦਰ ਸਿੰਘ ਸਿਰਸਾ ਪ੍ਰਧਾਨਗੀ ਪਦ ਤੋਂ ਅਸਤੀਫ਼ਾ ਦੇ ਕੇ ਬੀ: ਜੇ: ਪੀ: ਨੇਤਾ ਅਮਿਤ ਸ਼ਾਹ ਅਤੇ
ਜੇ: ਪੀ: ਨੱਡਾ ਦੇ ਗ਼ਲੀਜ਼ ਪੈਰਾਂ ਵਿੱਚ ਜਾ ਡਿੱਗਿਆ ਹੈ। ਇਹ ਓਹੀ ਮਨਜਿੰਦਰ ਸਿੰਘ ਹੈ ਜੋ ਹੁਣ ਤੀਕ
ਬਾਦਲਾਂ ਦੀ ਢੂਹੀ ਚੱਟਦਾ ਰਿਹਾ ਹੈ! ਹੈ ਕੋਈ ਇਨ੍ਹਾਂ ਦਾ ਧਰਮ ਈਮਾਨ? ਮਨਜਿੰਦਰ ਸਿੰਘ ਤੋਂ ਬਿਨਾਂ
ਸ਼ਿਰੋਮਣੀ ਕਮੇਟੀਆਂ ਦੇ ਕਈ ਹੋਰ ‘ਸਿੱਖ’ ਕਾਰਕੁਨਾਂ ਦੇ, ‘ਸਿੱਖ’ ਸਿਆਸੀ ਨੇਤਾਵਾਂ ਵਾਂਙ, ਧੜਾ-ਧੜ
ਵਿਕਣ ਦੀਆਂ ਖ਼ਬਰਾਂ ਵੀ ਹਰ ਰੋਜ਼ ਆਉਂਦੀਆਂ ਹੀ ਰਹਿੰਦੀਆਂ ਹਨ!
ਵਿਰੋਧੀ ਧਿਰਾਂ ਦੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸ਼ਿਰੋਮਣੀ ਕਮੇਟੀ ਦੀ
ਪ੍ਰਧਾਨਗੀ ਵਾਸਤੇ ਕਲੰਕਿਤ ਕਿਰਦਾਰ ਵਾਲੇ ਨੂੰ ਤਰਜੀਹ ਦਿੱਤੀ ਜਾਂਦੀ ਹੈ! ਇਸ ਕਥਨ ਦੀ ਪੁਸ਼ਟੀ ਲਈ
ਉਹ ਗੁਰਚਰਣ ਸਿੰਘ ਟੌਹੜਾ, ਹਰਚੰਦ ਸਿੰਘ ਲੌਂਗੋਵਾਲ, ਅਵਤਾਰ ਸਿੰਘ ਮੱਕੜ ਅਤੇ ਕਾਨੂੰਨੀ ਸਜ਼ਾ-ਯਾਫ਼ਤਾ
ਜਗੀਰ ਕੌਰ (ਜਿਸ ਨੂੰ ਕੁੜੀ-ਮਾਰ ਵੀ ਕਿਹਾ ਜਾਂਦਾ ਹੈ) ਵਗ਼ੈਰਾ ਵਗ਼ੈਰਾ ਦੀਆਂ ਉਦਾਹਰਣਾਂ ਦਿੰਦੇ ਹਨ।
ਕਈ ‘ਪੰਥਕ’ ਜਥੇਬੰਦੀਆਂ ਨੇ ਇਨ੍ਹਾਂ ਨੂੰ ਗ਼ੱਦਾਰ-ਏ-ਕੌਮ ਦਾ ਖ਼ਿਤਾਬ ਵੀ ਦਿੱਤਾ
ਹੋਇਆ ਹੈ। ਕਈ ਵਿਰੋਧੀ ‘ਪੰਥਕ’ ਧਿਰਾਂ ਦੇ ਨੇਤਾ ਇਨ੍ਹਾਂ ਪ੍ਰਧਾਨਾਂ ਦੀ ਤੁੱਲਣਾ ਗਿਰਗਟ ਨਾਲ ਕਰਦੇ
ਹਨ ਜੋ ਹਾਲਾਤ ਅਨੁਸਾਰ ਰੰਗ ਬਦਲਦੇ ਰਹਿੰਦੇ ਹਨ!
( ਨੋਟ:-
ਅੱਜ (31 ਦਸੰਬਰ, 2021.) ਦੀ ਖ਼ਬਰ ਹੈ ਕਿ ਮਨਜਿੰਦਰ ਸਿੰਘ ਸਿਰਸਾ ਨੇ ਆਪਣਾ ਪ੍ਰਧਾਨਗੀ ਤੋਂ ਦਿੱਤਾ
ਅਸਤੀਫ਼ਾ ਵਾਪਸ ਲੈ ਲਿਆ ਹੈ ਅਤੇ ਉਹ ਦਿੱਲੀ ਸ਼ਿਰੋਮਣੀ ਗੁਰੁਦੁਆਰਾ ਮੈਨੇਜਮੈਂਟ ਕਮੇਟੀ ਦੀ ਪ੍ਰਧਾਨਗੀ
ਦੇ ਪਦ `ਤੇ ਕਾਇਮ ਰਹੇਗਾ! ! ਇਸ ਖ਼ਬਰ ਨੂੰ ਪੜ੍ਹ ਕੇ ਮਨ ਵਿੱਚ ਆਏ ਦੋ ਵਿਚਾਰ ਪਾਠਕਾਂ ਨਾਲ ਸਾਂਝੇ
ਕਰਨੇ ਜ਼ਰੂਰੀ ਹਨ: ਪਹਿਲਾ, ਸ਼ਿਰੋਮਣੀ ਕਮੇਟੀਆਂ ਦੇ ਪ੍ਰਧਾਨ ਦੀ ਤੁਲਨਾ ਫੰਡਰ ਮੱਝ ਨਾਲ ਵੀ ਕੀਤੀ ਜਾ
ਸਕਦੀ ਹੈ ਜੋ ਬਾਰ ਬਾਰ ਫਿਰ ਕੇ ਵੀ ਨਾ ਤਾਂ ਨਵੇਂ ਦੁੱਧ ਹੁੰਦੀ ਹੈ ਅਤੇ ਨਾ ਹੀ ਦੁੱਧਾਰੂ ਬਣਦੀ
ਹੈ! ! ! ਦੂਜਾ, ਇਸ ਖ਼ਬਰ ਤੋਂ ਇਹ ਸੱਚ, ਨਿਰਸੰਦੇਹ, ਸਾਬਤ ਹੁੰਦਾ ਹੈ ਕਿ ਬਾਦਲ ਅਕਾਲੀ ਦਲ,
ਅੰਦਰਖਾਤੇ, ਅਜੇ ਵੀ ਭਾਜਪਾ ਨਾਲ ਮਿਲਿਆ ਹੋਇਆ ਹੈ! ! !)
ਉਪਰੋਕਤ ਤੱਥਾਂ ਦੇ ਆਧਾਰ `ਤੇ, ਇਨ੍ਹਾਂ ਫਫੜੇਬਾਜ਼ ਪ੍ਰਧਾਨਾਂ ਨੂੰ ਬੇ-ਗ਼ੈਰਤ
ਤੇ ਬੈਅਖ਼ਰੀਦ ਗੋਲੇ ਕਹਿਣਾ ਅਤਿਕਥਨੀ ਨਹੀਂ ਹੋਵੇਗੀ!
ਉਕਤ ਕੌੜੇ ਕਥਨਾਂ ਦੀ ਪੁਸ਼ਟੀ ਇਤਿਹਾਸਿਕ ਤੱਥਾਂ, ਖ਼ਬਰਾਂ ਅਤੇ ਵਿਰੋਧੀ
ਧੜਿਆਂ ਦੇ ਲੀਡਰਾਂ ਦੇ ਹਰ ਰੋਜ਼ ਛਪਦੇ ਬਿਆਨਾਂ ਅਤੇ ਪਬਲਿਕ ਮੀਡੀਆ ਉੱਤੇ ਹਰ ਰੋਜ਼ ਪਰਸਾਰਿਤ
ਹੁੰਦੀਆਂ ਵੀਡੀਓਆਂ ਤੋਂ ਵੀ ਕੀਤੀ ਜਾ ਸਕਦੀ ਹੈ। ਸੰਖੇਪ ਵਿੱਚ, ਪੰਜਾਬੀ ਦਾ ਪ੍ਰਸਿੱਧ ਅਖਾਣ, “ਚੋਰ
ਉਚੱਕਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ”, ਅੱਜ ਦੇ ਹਾਲਾਤ ਅਨੁਸਾਰ ‘ਪੰਥਕ’ ਨੇਤਾਵਾਂ ਉੱਤੇ ਪੂਰੀ
ਤਰ੍ਹਾਂ ਢੁੱਕਦਾ ਹੈ!
ਸ਼ਿਰੋਮਣੀ ਕਮੇਟੀ ਦੇ ਅਧੀਨ ਕੰਮ ਕਰਨ ਵਾਲੀਆਂ ਕਈ ਹੋਰ ਕਮੇਟੀਆਂ ਵੀ ਬਣਾਈਆਂ
ਗਈਆਂ ਹਨ ਜਿਵੇਂ: ਮਰਯਾਦਾ ਕਮੇਟੀ, ਧਰਮ ਪ੍ਰਚਾਰ ਕਮੇਟੀ, ਸਾਹਿਤ ਕਮੇਟੀ, ਜਾਂਚ ਕਮੇਟੀਆਂ, ਸਤਿਕਾਰ
ਕਮੇਟੀ, ਟਾਸਕ ਫ਼ੋਰਸ…ਆਦਿਕ। ਇਨ੍ਹਾਂ ਕਮੇਟੀਆਂ ਦੀ ਕਾਰਗੁਜ਼ਾਰੀ ਉੱਤੇ ਸਰਸਰੀ ਜਿਹੀ ਨਿਗਾਹ ਮਾਰਿਆਂ
ਇਹ ਕੌੜਾ ਸੱਚ ਜ਼ਾਹਿਰ ਹੋ ਜਾਂਦਾ ਹੈ ਕਿ ਇਹ ਸਾਰੇ ਗੁਰਮਤਿ ਦੇ ਦੋਖੀ ਹਨ ਜੋ, ‘ਗੁਰੂ ਦੀ ਗੋਲਕ’ ਦੇ
ਸਹਾਰੇ ਮੌਜਾਂ ਮਾਨਣ ਵਾਲੇ ਗੋਬਰ-ਗਣੇਸ਼ ਹਨ। ਇਨ੍ਹਾਂ ਨੂੰ ਚਿੱਟੇ ਹਾਥੀ ਕਹਿਣਾ ਗ਼ਲਤ ਨਹੀਂ ਹੋਵੇਗਾ।
ਮਰਯਾਦਾ ਕਮੇਟੀ ਦੁਆਰਾ ਬਣਾਈ ਗਈ ‘ਸਿੱਖ ਰਹਿਤ ਮਰਿਆਦਾ’ ਕੂੜ-ਕਿਤਾਬਾਂ (ਕਥਿਤ ਦਸਮ
ਗ੍ਰੰਥ, ਪੰਥ ਪ੍ਰਕਾਸ਼, ਸੂਰਜ ਪ੍ਰਕਾਸ਼, ਗੁਰ ਬਿਲਾਸ ਅਤੇ ਰਹਿਤਨਾਮੇਂ ਆਦਿਕ) ਉੱਤੇ ਆਧਾਰਿਤ ਹੈ। ਇਹ
ਰਹਿਤ ਮਰਿਆਦਾ ਗੁਰਮੱਤ ਅਤੇ ਗੁਰਬਾਣੀ ਵਿੱਚ ਸੁਝਾਈ ਗਈ “ਆਤਮ ਕੀ ਰਹਿਤ” ਨੂੰ ਪੂਰੀ
ਤਰ੍ਹਾਂ ਨਜ਼ਰਅੰਦਾਜ਼ ਕਰਕੇ ਬਣਾਈ ਗਈ ਹੈ। ਇਸ ਰਹਿਤ ਮਰਿਆਦਾ ਵਿੱਚ ਇੱਕ ਵੀ ਮਦ ਅਜਿਹੀ ਨਹੀਂ ਹੈ ਜੋ
ਗੁਰੁਸਿੱਧਾਂਤਾਂ ਦੀ ਕਸੌਟੀ ਉੱਤੇ ਪੂਰੀ ਉਤਰਦੀ ਹੋਵੇ! ਧਰਮ ਪ੍ਰਚਾਰ ਕਮੇਟੀ ਦੁਆਰਾ
ਕੀਤੇ/ਕਰਵਾਏ ਜਾਂਦੇ ਪ੍ਰਚਾਰ ਦਾ ਆਧਾਰ ਵੀ ਗੁਰਮਤਿ-ਵਿਰੋਧੀ ਉਕਤ ਕੂੜ-ਗ੍ਰੰਥ ਹੀ ਹਨ। ਅੱਜ ਤੀਕ,
ਕਿਸੇ ਵੀ ਗੁਰੂਦਵਾਰੇ ਵਿੱਚ ਨਿਰੋਲ ਗੁਰਮੱਤ ਦਾ ਪ੍ਰਚਾਰ ਹੁੰਦਾ ਨਹੀਂ ਸੁਣਿਆ! ਜੇ ਕੋਈ ਸੱਜਨ ਸੰਗਤ
ਵਿੱਚ ਗੁਰੁਸਿੱਧਾਂਤਾਂ ਅਨੁਸਾਰ ਗੁਰਬਾਣੀ ਦੀ ਵਿਆਖਿਆ ਕਰਨ ਦਾ ਯਤਨ ਕਰਦਾ ਵੀ ਹੈ ਤਾਂ ਪ੍ਰਬੰਧਕ
ਅਤੇ ਪੁਜਾਰੀ ਉਸ ਨੂੰ ਸਿਰ-ਫਿਰਿਆ ਕਹਿ ਕੇ ਚੁੱਪ ਕਰਾ ਕੇ ਚਲਦਾ ਕਰਦੇ ਹਨ। ਕਈ ਵਾਰੀ ਤਾਂ ਉਸ
ਬੇਚਾਰੇ ਦੀ ਚੰਗੀ ਝਾੜ-ਝੰਬ ਅਤੇ ਲਾਹ-ਪਾਹ ਵੀ ਕਰ ਦਿੱਤੀ ਜਾਂਦੀ ਹੈ! ! ਸਾਹਿਤ ਕਮੇਟੀ ਨੇ
ਅੱਜ ਤੀਕ ਇੱਕ ਵੀ ਰਚਨਾ ਅਜਿਹੀ ਪ੍ਰਕਾਸ਼ਤ ਨਹੀਂ ਕੀਤੀ/ਕਰਵਾਈ ਜਿਸ ਵਿੱਚੋਂ ਗੁਰੁਗਿਆਨ, ਬਿਬੇਕ,
ਸੱਚ ਅਤੇ ਰੂਹਾਨੀਯਤ ਦੀ ਮਹਿਕ ਆਉਂਦੀ ਹੋਵੇ! ਜਾਂਚ ਕਮੇਟੀਆਂ ਵੱਲੋਂ, ਲੱਖਾਂ-ਕਰੋੜਾਂ
ਰੁਪਏ ਖ਼ਰਚ ਕਰਕੇ ਵੀ, ਕਦੇ ਵੀ ਕੋਈ ਫ਼ੈਸਲਾਕੁਨ ਰੀਪੋਰਟ ਨਹੀਂ ਦਿੱਤੀ ਜਾਂਦੀ ਉਲਟਾ, ਗੱਲ ਗੋਲ-ਮੋਲ
ਕਰਕੇ ਮੁਆਮਲਾ ਲਮਕਾ ਦਿੱਤਾ ਜਾਂਦਾ ਹੈ ਜਾਂ ਠੱਪ ਕਰ ਦਿੱਤਾ ਜਾਂਦਾ ਹੈ! ਆਮ ਸੂਝ ਅਨੁਸਾਰ,
ਸਤਿਕਾਰ ਕਮੇਟੀ ਦਾ ਮੁੱਖ ਕਰਤੱਵ ਇਹ ਹੈ ਕਿ ਉਹ ਗੁਰੁਹੁਕਮਾਂ (ਗੁਰੁਸਿੱਧਾਂਤਾਂ) ਦੀ ਅਵੱਗਿਆ
(ਬੇ ਅਦਬੀ, ਅਪਮਾਨ) ਨਾ ਹੋਣ ਦੇਵੇ! ਅਤੇ, ਟਾਸਕ ਫ਼ੋਰਸ ਦਾ ਅਹਿਮ ਫ਼ਰਜ਼ ਇਹ ਹੈ ਕਿ ਉਹ
ਗੁਰੂਦਵਾਰਿਆਂ ਦੇ ਰੂਹਾਨੀਯਤ ਵਾਲੇ ਪਵਿੱਤ੍ਰ ਮਾਹੌਲ ਨੂੰ ਗੁੰਡਾਗਰਦੀ ਨਾਲ ਪ੍ਰਦੂਸ਼ਿਤ ਨਾ ਹੋਣ
ਦੇਵੇ। ਪਰੰਤੂ, ਵਿਸੂਲਾ ਸੱਚ ਇਹ ਹੈ ਕਿ ਹੁੰਦਾ ਇਸ ਦੇ ਬਿਲਕੁਲ ਉਲਟ ਹੈ! ਗੁਰੂਦਵਾਰਿਆਂ ਵਿੱਚ,
ਨਿਧੜਕ ਹੋ ਕੇ, ਸ਼ਰ੍ਹੇਆਮ, ਗੁਰੁਸਿੱਧਾਂਤਾਂ ਦਾ ਅਪਮਾਨ ਕੀਤਾ ਜਾਂਦਾ ਹੈ। ਅਤੇ, ਟਾਸਕ ਫ਼ੋਰਸ
ਗੁੰਡਾਗਰਦੀ ਰੋਕਣ ਦੀ ਬਜਾਏ, ਆਪ ਗੁੰਡਾਗਰਦੀ ਕਰ/ਕਰਵਾ ਰਹੀ ਹੈ! ਹਥਿਆਰਬੰਦ ਟਾਸਕ ਫ਼ੋਰਸ ਨੂੰ
ਗੁਰੂਦਵਾਰਿਆਂ ਉੱਤੇ ਕਬਜ਼ਾ ਕਰਨ ਵਾਸਤੇ ਵਰਤਿਆ ਜਾਂਦਾ ਹੈ। ‘ਸਿੱਖ’ ਲੀਡਰਾਂ ਦੇ ਆਪਸੀ
ਤਕਰਾਰਾਂ/ਵਿਵਾਦਾਂ ਨਾਲ ਨਜਿੱਠਣ ਲਈ ਟਾਸਕ ਫ਼ੋਰਸ ਵਾਲੇ ਵਿਰੋਧੀ ਧੜੇ ਦੇ ਸਮਰਥਕਾਂ ਨਾਲ
ਗੁੱਥਮ-ਗੁੱਥਾ ਹੁੰਦੇ, ਪੱਗਾਂ ਉਛਾਲਦੇ ਅਤੇ ਦਾੜ੍ਹੇ ਤੇ ਜੂੜੇ ਪੁੱਟਦੇ ਨਜ਼ਰ ਆਉਂਦੇ ਹਨ। ਕਈ ਵਾਰ
ਤਾਂ ਉਹ ਤਲਵਾਰਾਂ ਅਤੇ ਬਰਛਿਆਂ ਨਾਲ ਇਕ-ਦੂਜੇ ਦੇ ਪਾਸੇ ਛਿੱਲਣ ਅਤੇ ਸਿਰ ਪਾੜਨ ਤੋਂ ਵੀ ਸੰਕੋਚ
ਨਹੀਂ ਕਰਦੇ! ਅਜਿਹੇ ਸ਼ਰਮਨਾਕ ਨਜ਼ਾਰਿਆਂ ਦੀਆਂ ਸਚਿਤ੍ਰ ਖ਼ਬਰਾਂ ਆਮ ਛਪਦੀਆਂ ਰਹਿੰਦੀਆਂ ਹਨ ਅਤੇ
ਪਬਲਿਕ ਮੀਡੀਆ ਉੱਤੇ ਅਜਿਹੀਆਂ ਘਿਣਾਉਣੀਆਂ ਮੁੱਠ-ਭੇੜਾਂ ਦੀ ਵੀਡੀਓ ਅਕਸਰ ਦੇਖੀਆਂ ਜਾਂਦੀਆਂ ਹਨ।
ਉਪਰੋਕਤ ਤੋਂ ਬਿਨਾਂ, ਸ਼ਿਰੋਮਣੀ ਗੁਰੂਦਵਾਰਾ ਪ੍ਰਭੰਧਕ ਕਮੇਟੀ ਅਤੇ ਇਸ ਦੇ ਅਧੀਨ ਕੰਮ ਕਰ ਰਹੀਆਂ
ਉਪ-ਕਮੇਟੀਆਂ ਦੀ ਕਾਰਗੁਜ਼ਾਰੀ ਨਾਲ ਸੰਬੰਧਿਤ ਕੁੱਝ ਇੱਕ ਹੋਰ ਨੁਕਤਿਆਂ ਉੱਤੇ ਸੰਖੇਪ ਵਿਚਾਰ ਕਰਨੀ
ਵੀ ਜ਼ਰੂਰੀ ਹੈ:
1984 ਦਾ ਖ਼ੂਨੀ ਸਾਕਾ: ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇੰਦਰਾ ਗਾਂਧੀ ਦੀ
ਕਾਂਗਰਸੀ ਸਰਕਾਰ ਨੇ ਬੇ-ਮੁਹਾਰੇ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਉਸ ਦੇ ਦਹਿਸ਼ਤਗਰਦ
ਚੇਲਿਆਂ ਨੂੰ ਨਕਾਰਾ ਕਰਨ ਲਈ ਜੋ ਅਮਾਨਵੀ ਰਾਹ ਅਪਨਾਇਆ, ਉਹ ਜ਼ਾਲਿਮ ਧਾੜਵੀਆਂ ਵਾਲਾ ਖ਼ੂਨੀ ਰਾਹ ਸੀ।
1984 ਦਾ ਇਹ ਖ਼ੂਨੀ ਸਾਕਾ ਭਾਰਤ ਦੇ ਮੱਥੇ `ਤੇ ਇੱਕ ਸਦੀਵੀ ਕਲੰਕ ਹੈ। ਇਸ ਸਾਕੇ ਦੌਰਾਨ, ‘ਸਿੱਖ
ਧਰਮ’ ਦੇ ਨੇਤਾਵਾਂ ਵੱਲੋਂ ਨਿਭਾਈ ਗਈ ਅਤਿ ਸ਼ਰਮਨਾਕ ਭੂਮਿਕਾ ਨਾਲ ਸੰਬੰਧਿਤ ਕੁੱਝ ਇੱਕ ਅਹਿਮ
ਨੁਕਤਿਆਂ ਦਾ ਸੰਖੇਪ ਵਰਣਨ ਵੀ ਜ਼ਰੂਰੀ ਹੈ: ਭਿੰਡਰਾਂਵਾਲਾ ਅਤੇ ਉਸ ਦੇ ਆਤੰਕਵਾਦੀ ਸਾਥੀਆਂ ਨੂੰ
ਤਬਾਹਕੁਨ ਗੋਲਾ-ਬਾਰੂਦ ਅਤੇ ਹੋਰ ਅਸਲੇ ਦੇ ਜ਼ਖ਼ੀਰੇ ਸਮੇਤ ਪਹਿਲਾਂ ਤੇਜਾ ਸਿੰਘ ਸਮੁੰਦਰੀ ਹਾਲ ਅਤੇ
ਫਿਰ ਗੁਰੂਦਵਾਰਾ ਭਵਨ-ਸਮੂਹ ਵਿੱਚ ਦਾਖ਼ਲ ਹੋਣ ਅਤੇ ਫ਼ਿਰ ਅਕਾਲ ਤਖ਼ਤ ਉੱਤੇ ਕਬਜ਼ਾ ਕਰਕੇ ਉਸ ਪਵਿੱਤਰਤਮ
ਕਹੇ ਜਾਂਦੇ ਭਵਨ ਦੀ ਭੰਨ-ਤੋੜ ਕਰਨ ਦੀ ਇਜਾਜ਼ਤ ਕਿਸ ਨੇ ਦਿੱਤੀ? ਉਸ ਸਮੇਂ ਸ਼ਿਰੋਮਣੀ ਅਕਾਲੀ ਦਲ ਦੇ
ਨੇਤਾ (ਖ਼ਾਸ ਕਰਕੇ ਪ੍ਰਕਾਸ਼ ਸਿੰਘ ਬਾਦਲ), ਸ਼ਿਰੋਮਣੀ ਕਮੇਟੀ ਦਾ ਪ੍ਰਧਾਨ ਅਤੇ ਹੋਰ ਅਧਿਕਾਰੀ, ਅਕਾਲ
ਤਖ਼ਤ ਦਾ ‘ਸਿੰਘ ਸਾਹਬ’ ਜਥੇਦਾਰ, ਟਾਸਕ ਫ਼ੋਰਸ ਅਤੇ ਸਤਿਕਾਰ ਕਮੇਟੀ ਵਾਲੇ ਕਿੱਥੇ
ਰੂਪੋਸ਼ ਹੋਏ ਹੋਏ ਸਨ? ? ਉਨ੍ਹਾਂ ਨੇ ਆਪਣੇ ਫ਼ਰਜ਼ ਨਿਭਾਉਣ ਦਾ ਕਰਤੱਵ ਕਿਉਂ ਨਹੀਂ ਨਿਭਾਇਆ? ? ?
‘ਸਿੱਖ ਧਰਮ’ ਨੂੰ ਚਲਾਉਣ ਵਾਲੇ ਉਪਰੋਕਤ ਸਾਰੇ ਲੀਡਰਾਂ ਅਤੇ ਅਧਿਕਾਰੀਆਂ ਵੱਲੋਂ ਸਾਕੇ ਦੌਰਾਨ
ਨਿਭਾਈ ਗਈ ਨਿੰਦਿਤ ਅਤੇ ਸ਼ਰਮਨਾਕ ਭੂਮਿਕਾ ਤੋਂ, ਨਿਰਸੰਦੇਹ, ਸਾਬਤ ਹੁੰਦਾ ਹੈ ਕਿ ਇਹ ਸਾਰੇ ਨਪੁੰਸਕ
(ਨਾਮਰਦ) ਗੋਬਰ ਗਣੇਸ਼ ਹਨ ਜੋ ਸਿਰਫ਼ ਹਮਾਤੜਾਂ ਦੀ ਲਾਹ-ਪਾਹ ਕਰਨ ਜੋਗੇ ਹੀ ਹਨ; ਪਰੰਤੂ, ਅਸਲੀ ਫ਼ਰਜ਼
ਨਿਭਾਉਣ ਦਾ ਵਕਤ ਆਉਣ `ਤੇ ਚੂਹਿਆਂ ਦੀ ਤਰ੍ਹਾਂ ਖੁੱਡਾਂ ਵਿੱਚ ਵੜ ਜਾਂਦੇ ਹਨ। ਖ਼ਬਰਾਂ ਅਨੁਸਾਰ, ਉਸ
ਖ਼ੂਨੀ ਸਾਕੇ ਨੂੰ ‘ਪੰਥਕ’ ਲੀਡਰਾਂ ਦੀ ਸਹਿਮਤੀ ਅਤੇ ਸਮਰਥਨ ਨਾਲ ਅੰਜਾਮ ਦਿੱਤਾ ਗਿਆ ਸੀ! ਇਸੇ ਲਈ
ਉਸ ਸਾਕੇ ਦੌਰਾਨ ਕਿਸੇ ਵੀ ‘ਪੰਥਕ’ ਸ਼ਖ਼ਸੀਯਤ ਦੇ ਪਿੰਡੇ `ਤੇ ਝਰੀਟ ਤਕ ਨਹੀਂ ਆਈ!
ਸ਼ਿਰੋਮਣੀ ਕਮੇਟੀ ਦੀ ਨਿਗਰਾਨੀ ਵਿੱਚ ਰੱਖਿਆ, ਪ੍ਰਾਚੀਨ
ਪੁਸਤਕਾਂ/ਗ੍ਰੰਥਾਂ ਅਤੇ ਧਰਮ- ਸੰਬੰਧਿਤ ਦੁਰਲਭ ਸਾਹਿਤਕ ਰਚਨਾਵਾਂ ਦਾ ਅਨਮੋਲ ਖ਼ਜ਼ਾਨਾ
ਹਮੇਸ਼ਾ ਚੋਰੀ ਹੁੰਦਾ ਜਾਂ ਲੁੱਟਿਆ ਜਾਂਦਾ ਰਿਹਾ ਹੈ। ਤਾਜ਼ਾ ਖ਼ਬਰ ਹੈ ਕਿ ਸ਼ਿਰੋਮਣੀ ਗੁਰੂਦੁਆਰਾ
ਪ੍ਰਬੰਧਕ ਕਮੇਟੀ ਦੀ ਨਿਗਰਾਨੀ ਵਿੱਚ ਪਈਆਂ, ਗੁਰਬਾਣੀ ਗ੍ਰੰਥ ਦੀਆਂ 328 ਬੀੜਾਂ ( ‘ਸਰੂਪ’ ) ਚੋਰੀ
ਹੋ ਗਈਆਂ ਹਨ! ! ! ਜਿਸ ਕਮੇਟੀ ਦੀ ਨਿਗਰਾਨੀ ਵਿੱਚੋਂ ਬੀੜਾਂ ਚੋਰੀ ਹੋਈਆਂ ਹਨ, ਉਹੀ ਕਮੇਟੀ ਜਾਂਚ
ਦਾ ਪਾਖੰਡ ਕਰ/ਕਰਵਾ ਰਹੀ ਹੈ! ਸੰਖੇਪ ਵਿੱਚ, ਵਾੜ ਹੀ ਖੇਤ ਨੂੰ ਖਾ ਰਹੀ ਹੈ! ! ਅਮਾਨਤ ਵਿੱਚ
ਖ਼ਯਾਨਤ ਇਸੇ ਨੂੰ ਕਹਿੰਦੇ ਹਨ! !
ਭਾਰਤ ਵਿੱਚ ਹੋਰ ਜਿਤਨੀਆਂ ਵੀ ਸ਼ਿਰੋਮਣੀ ਕਮੇਟੀਆਂ ਜਾਂ ਗੁਰੂਦਵਾਰਾ
ਮੈਨੇਜਮੈਂਟ ਬੋਰਡ ਹਨ ਉਨ੍ਹਾਂ ਦੇ ਪ੍ਰਧਾਨਾਂ ਅਤੇ ਹੋਰ ਅਧਿਕਾਰੀਆਂ ਦੇ ਗੁਰਮਤਿ-ਵਿਰੋਧੀ ਕਿਰਦਾਰ
ਦਾ ਅਲੱਗ ਵਰਣਨ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ, ਉਹ ਵੀ ਸੱਭ ਭ੍ਰਸ਼ਟ, ਹਉਮੈਗ੍ਰਸਤ ਤੇ ਮਨਮੱਤੀਏ
ਮਲਿਕ ਭਾਗੋ ਹੀ ਹਨ ਜਿਨ੍ਹਾਂ ਦੀ ਨਿਯੁਕਤੀ ਭਾਜਪਾ ਅਤੇ ਆਰ: ਐਸ: ਐਸ: ਦੇ ਨੇਤਾਵਾਂ ਦੀ ਮਰਜ਼ੀ ਨਾਲ
ਹੁੰਦੀ ਹੈ! !
ਸਾਨੂੰ ਦੇਸ-ਵਿਦੇਸ ਦੇ ਅਨੇਕ ਸਥਾਨਕ ਗੁਰੂਦਵਾਰਿਆਂ ਦੀਆਂ ਪ੍ਰਬੰਧਕ
ਕਮੇਟੀਆਂ ਦੇ ਪ੍ਰਧਾਨਾਂ ਅਤੇ ਹੋਰ ਅਧਿਕਾਰੀਆਂ ਨੂੰ ਨੇੜਿਓਂ ਵੇਖਣ/ਸੁਣਨ/ਮਿਲਨ ਦਾ ਮੌਕਾ ਮਿਲਿਆ।
ਉਹ, ਲਗ-ਪਗ, ਸਾਰੇ ਪੂੰਜੀਪਤੀ ਮਲਿਕ ਭਾਗੋ ਹੀ ਹਨ। ਇਨ੍ਹਾਂ ਵਿੱਚੋਂ ਬਹੁਤੇ ਸ਼ਰਾਬ, ਨਸ਼ੇ, ਨਸ਼ੇ ਕਰਨ
ਲਈ ਵਰਤਿਆ ਜਾਂਦਾ ਸਾਮਾਨ ਅਤੇ ਚੋਰੀ ਦਾ ਮਾਲ ਵੇਚਣ ਵਾਲੇ ਲੋਕ ਹਨ! ਇਨ੍ਹਾਂ ਵਿੱਚੋਂ ਬਹੁਤੇ ਤਾਂ
‘ਸਿੱਖੀ ਸਰੂਪ’ ਵਾਲੇ ਹੁੰਦੇ ਹਨ! ਦੇਸ-ਵਿਦੇਸ ਵਿੱਚ ਨਸ਼ਿਆਂ ਦੀ ਤਸਕਰੀ
(smuggling)
ਦੇ ਹੁਨਰ ਵਿੱਚ ਵੀ ਇਹ ਨਾਮੀ ਹਨ! ! ਉਨ੍ਹਾਂ ਨੂੰ ਭ੍ਰਸ਼ਟ ਸ਼ਾਸਕਾਂ/ਸਿਆਸਤਦਾਨਾਂ ਦੀ ਪੁਸ਼ਤ-ਪਨਾਹੀ
ਵੀ ਪ੍ਰਾਪਤ ਹੁੰਦੀ ਹੈ।
( ਨੋਟ:-
ਇਸ ਲੇਖ ਦਾ ਸਿਰਲੇਖ “ਭਾਈ ਲਾਲੋ ਬਨਾਮ ਮਲਿਕ
ਭਾਗੋ” ਹੈ! ਲੇਖ ਵਿੱਚ ਹੁਣ ਤੀਕ ਹੋਈ ਵਿਚਾਰ ਵਿੱਚ ਬਾਬੇ ਨਾਨਕ ਦੇ ਨਵਾਜੇ ਅਤੇ ਸਤਿਕਾਰੇ ਗਏ
ਮਨੁੱਖਤਾ ਦੇ ਨਾਇਕ ਭਾਈ ਲਾਲੋ ਦੇ ਸੱਚੇ-ਸੁੱਚੇ ਰੂਹਾਨੀ ਕਿਰਦਾਰ ਦੀ ਇੱਕ ਵੀ ਝਲਕ ਦਿਖਾਈ
ਨਹੀਂ ਦਿੱਤੀ! ! ਪਰੰਤੂ, ਬਾਬੇ ਨਾਨਕ ਦੇ ਦੁਰਕਾਰੇ ਹੋਏ ਮਲਿਕ ਭਾਗੋਆਂ ਦੇ ਮਨਹੂਸ ਚਿਹਰੇ
ਹੀ ਦਿਖਾਈ ਦਿੱਤੇ ਹਨ। ਇਸ ਸੱਚਾਈ ਵਿੱਚ ਕੋਈ ਸੰਦੇਹ ਨਹੀਂ ਹੈ ਕਿ, ਧਰਮ-ਖੇਤ ਦੇ ਇਹ ਖਲਨਾਇਕ
ਗੁਰਮਤਿ ਦੇ ਨਿਰਮਲ ਧਰਮ ਦੇ, ਆਤਮਾਨੰਦ ਦੀ ਠੰਢੀ ਛਾਂ ਪ੍ਰਦਾਨ ਕਰਨ ਵਾਲੇ, ਸੁਹਾਵਣੇ ਰੁੱਖ ਉੱਤੇ
ਮਾਰੂ ਵੇਲ ਵਾਂਙ ਛਾਏ ਹੋਏ ਹਨ!)
ਚਲਦਾ……
ਗੁਰਇੰਦਰ ਸਿੰਘ ਪਾਲ
1 ਜਨਵਰੀ, 2022.
|
. |