.

ਭਾਈ ਲਾਲੋ ਬਨਾਮ ਮਲਿਕ ਭਾਗੋ

(5)

‘ਸਿੱਖ ਧਰਮ’ ਨੂੰ ਚਲਾਉਣ ਵਾਲੀਆਂ ਪਹਿਲੀਆਂ ਚਾਰ ਸੰਸਥਾਵਾਂ ਦਾ ਸਾਥ ਦੇਣ ਵਾਲੇ ਜੁੰਡੀਦਾਰ ਹਨ ਦੇਸ-ਵਿਦੇਸ ਵਿੱਚ ਬੈਠੇ ਚੋਰਬਾਜ਼ਾਰੀਏ ਧਨਾਡ/ਪੂੰਜੀਪਤੀ। ਇਨ੍ਹਾਂ ਕਾਲਾ ਬਾਜ਼ਰੀਏ ਧਨਾਡਾਂ ਨੂੰ ਕਾਲੇ ਧਨ ਦੇ ਕੁਬੇਰ ਵੀ ਕਿਹਾ ਜਾ ਸਕਦਾ ਹੈ। ਇਨ੍ਹਾਂ ਕੁਬੇਰਾਂ ਦਾ ਪੂਜਯ ਦੇਵ (ਇਸ਼ਟ) ਮਾਇਆ ਹੈ। ਮਾਇਆ ਉਹ ਬਲਾ ਹੈ ਜਿਹੜੀ ਜਿਸ ਇਨਸਾਨ ਨੂੰ ਚੰਮੜ ਜਾਵੇ ਉਸ ਵਿੱਚੋਂ ਸੱਚ ਅਤੇ ਇਨਸਾਨੀਯਤ ਦਾ ਮਾਦਾ ਮਰ ਜਾਂਦਾ ਹੈ। ਇਹ ਵੀ ਇੱਕ ਪ੍ਰਮਾਣਤ ਸੱਚ ਹੈ ਕਿ ਇਨਸਾਨ ਵਿੱਚੋਂ ਇਨਸਾਨੀਯਤ ਨੂੰ ਮਾਰ ਦੇਣ ਵਾਲੀ ਮੋਹਣੀ ਮਾਇਆ ਪਾਪ ਕਰਮਾਂ ਨਾਲ ਹੀ ਇਕੱਠੀ ਕੀਤੀ ਜਾਂਦੀ ਹੈ।

ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ॥

ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ॥ ਰਾਗੁ ਆਸਾ ਅ: ਮ: ੧

ਪਾਪਾਂ ਨਾਲ ਮਾਇਆ ਪ੍ਰਾਪਤ ਕਰਨ ਵਾਲੇ ਮਾਇਆਮੂਠੇ ਪਾਪੀ ਬੰਦੇ, ਸੁਭਾਵਕਨ, ਹਉਮੈਂ ਦੇ ਦੀਰਘ ਰੋਗ ਦੇ ਰੋਗੀ ਹੁੰਦੇ ਹਨ। ਹਉਮੈਂ ਦੇ ਦੀਰਘ ਰੋਗ ਤੋਂ ਪੀੜਤ ਇਹ ਘੁਮੰਡੀ ਲੋਕ, ਆਪਣੀ ਹਉਮੈਂ ਨੂੰ ਤ੍ਰਿਪਤ ਕਰਨ ਵਾਸਤੇ, ਝੂਠੀ ਪ੍ਰਸੰਸਾ ਅਤੇ ਸੰਸਾਰਕ ਸਨਮਾਨ ਦੀ ਤਾਲਾਸ਼ ਵਿੱਚ ਏਧਰ-ਓਧਰ ਭਟਕਦੇ ਫ਼ਿਰਦੇ ਹਨ। ਝੂਠੇ ਸੰਸਾਰਕ ਸਨਮਾਨ ਤੇ ਸ਼ਾਨ-ਸ਼ੌਕਤ ਦੀ ਪ੍ਰਾਪਤੀ ਅਤੇ ਪ੍ਰਦਰਸ਼ਨ ਵਾਸਤੇ ਮਨੁੱਖਾ ਸਮਾਜ ਵਿੱਚ ਦੋ ਹੀ ਵੱਡੇ ਮੰਚ ਹਨ: ਇੱਕ ਸਿਆਸਤ ਦਾ ਅਤੇ ਦੂਜਾ ਸੰਸਾਰਕ ਧਰਮਾਂ ਦਾ! ਮਾਇਆਮੂਠੇ ਪੁਜਾਰੀਆਂ ਅਤੇ ਉਨ੍ਹਾਂ ਦੇ ਮਾਇਆਮੋਹਿਤ ਸਰਪ੍ਰਸਤ ਪ੍ਰਬੰਧਕਾਂ ਨੂੰ ਵੀ ਅਜਿਹੇ ਪੂੰਜੀਪਤੀਆਂ ਦੀ ਤਾਲਾਸ਼ ਰਹਿੰਦੀ ਹੈ ਜਿਹੜੇ ਲਫ਼ਜ਼ੀ ਲੱਲੋ-ਪੋਪੋ ਨਾਲ ਹੀ ਪਸਮ ਜਾਣ ਅਤੇ ਇਹ ਭੇਖੀ ਪਾਖੰਡੀ ਠੱਗ ਉਨ੍ਹਾਂ ਪਸਮੇ ਹੋਏ ਪੂੰਜੀਪਤੀਆਂ ਨੂੰ ਰੱਜ ਕੇ ਚੋ ਸਕਨ! ਧਰਮ ਦੇ ਮੰਚ `ਤੇ, ਸ਼ਾਨ-ਸ਼ੌਕਤ ਦੇ ਭੁੱਖੇ ਚੋਰਬਾਜ਼ਾਰੀਏ ਧਨਾਡਾਂ ਦੀ ਇਹ ਭੁੱਖ ਭੇਖੀ ਤੇ ਪਾਖੰਡਧਰਮੀ ਪੁਜਾਰੀ ਅਤੇ ਪ੍ਰਬੰਧਕ ਪੂਰੀ ਕਰਦੇ ਹਨ। ਹੰਕਾਰੀ ਧਨਾਡਾਂ ਦੀ ਝੂਠੀ ਤਾਅਰੀਫ਼ ਵਿੱਚ ਪੁਜਾਰੀ ਕਈ ਸ਼ਾਬਦਿਕ ਕਲਾਬਾਜ਼ੀਆਂ ਲਗਾਉਂਦਾ ਹੋਇਆ ਉਨ੍ਹਾਂ ਘੁਮੰਡੀਆਂ ਦੀ ਝੂਠੀ ਤਾਅਰੀਫ਼ ਦੇ ਪੁਲ ਬੰਨ੍ਹਦਾ ਹੋਇਆ ਕਹਿੰਦਾ ਹੈ, “ਗੁਰਮੁਖ ਪਿਆਰੇ, ਸਤਿਗੁਰ ਸੰਵਾਰੇ, ਪੰਥ ਸੇਵਕ, ਮਹਾਂ ਦਾਨੀ……”। ਗੁਰੂ (ਗ੍ਰੰਥ) ਦੀ ਹਜ਼ੂਰੀ ਵਿੱਚ, ਧਨਾਡਾਂ (ਮਲਿਕ ਭਾਗੋਆਂ) ਦੀ ਝੂਠੀ ਪ੍ਰਸੰਸ਼ਾ ਦੇ ਪੁਲ ਬੰਨ੍ਹਣ ਤੋਂ ਬਾਅਦ ਕਾਲੇ ਧਨ ਦੇ ਕੁਬੇਰਾਂ ਨੂੰ ਸੰਸਾਰਕ ਸਿਰੋਪਾ ਤੇ ਚਿੰਨ੍ਹ ਭੇਟ ਕਰਕੇ ਸਨਮਾਨਤ ਕੀਤਾ ਜਾਂਦਾ ਹੈ। ਫਿਰ, ਝੂਠੀ ਤਾਅਰੀਫ਼ ਅਤੇ ਸੰਸਾਰਕ ਸਨਮਾਨ ਨਾਲ ਪਸਮਾਏ ਗਏ ਧਨਾਡਾਂ ਨੂੰ ਪੁਜਾਰੀ ਤੇ ਪ੍ਰਬੰਧਕ ਰੱਜ ਕੇ ਚੋਂਦੇ ਹਨ!

ਰੱਬ ਅਤੇ ਗੁਰੂ ਦੇ ਨਾਮ `ਤੇ ਕੀਤੀ ਅਰਬਾਂ-ਖ਼ਰਬਾਂ ਦੀ ਠੱਗੀ ਨੂੰ ਦਾਨ-ਪੁੰਨ ਦਾ ਨਾਮ ਦਿੱਤਾ ਜਾਂਦਾ ਹੈ! ! ‘ਮਹਾਂ ਦਾਨੀਆਂ’ ਦੁਆਰਾ ਕੀਤੇ ਅਤੇ ਪੁਜਾਰੀਆਂ ਦੁਆਰਾ ਨਿਸੰਗ ਹੋ ਕੇ ਕਬੂਲੇ ਜਾਂਦੇ ਮਹਾਂਦਾਨ ਵਿੱਚ ਜਾਗੀਰਾਂ, ਧਨ-ਸੰਪੱਤੀ, ਸੋਨਾ-ਚਾਂਦੀ ਅਤੇ ਹੀਰੇ-ਮੋਤੀਆਂ ਨਾਲ ਜੜੇ ਬਹੁਕੀਮਤੀ ਪਦਾਰਥ ਹੁੰਦੇ ਹਨ। ਰੱਬ ਜਾਂ ਗੁਰੂ ਦਾ ਘਰ ਕਹੇ ਜਾਂਦੇ ਕਿਸੇ ਵੀ ਗੁਰੂਦਵਾਰੇ ਵਿੱਚ ਚਲੇ ਜਾਓ, ਉੱਥੇ ਨਾ ਰੱਬ ਦੇ ਅਤੇ ਨਾ ਹੀ ਗੁਰੂ ਦੇ ਦਰਸ਼ਨ ਹੁੰਦੇ ਹਨ। ਜੇ ਦਰਸ਼ਨ-ਦੀਦਾਰੇ ਹੁੰਦੇ ਹਨ ਤਾਂ ਸਿਰਫ਼ ਤੇ ਸਿਰਫ਼ ਦਾਨੀਆਂ ਦੁਆਰਾ ਦਾਨ ਵਿੱਚ ਭੇਟ ਕੀਤੇ ਗਏ ਦਿਖਾਵੇ ਅਤੇ ਚਮਕ-ਦਮਕ ਵਾਲੇ ਬਹੁਕੀਮਤੀ ਪਦਾਰਥਾਂ ਦੇ, ਜਿਵੇਂ ਕਿ:

ਸੋਨੇ ਦੇ ਪੱਤਰੇ, ਗੁੰਬਦ ਅਤੇ ਕਲਸ, ਗੁਰਬਾਣੀ ਗ੍ਰੰਥ ਦੀ ਬੀੜ ( ‘ਪ੍ਰਗਟ ਗੁਰਾਂ ਕੀ ਦੇਹ’ ) ਦੇ ਦੁਆਲੇ ਪਿਆ ਸਾਰਾ ਸਾਜ਼ੋ-ਸਾਮਾਨ {ਲੈਂਪ (ਕੀਮਤ ੧੫ ਕਰੋੜ ਰੁਪਏ), ਪੀੜ੍ਹਾ ‘ਸਾਹਿਬ’, ਪਾਲਕੀ ‘ਸਾਹਿਬ’, ਗੁਰੂ ਗ੍ਰੰਥ ( ‘ਪ੍ਰਗਟ ਗੁਰਾਂ ਕੀ ਦੇਹ’ ) ਨੂੰ ਭੋਗ ਲਵਾਉਣ ਵਾਲਾ ਕਟੋਰਾ ‘ਸਾਹਿਬ’, ਚੌਰ ‘ਸਾਹਿਬ’, ਚਿੰਨ੍ਹ (ੴ, ਸਤਿਨਾਮ, ਵਾਹਿਗੁਰੂ, ☬ ਖੰਡਾ ਅਤੇ ਕਿਰਪਾਨ ਆਦਿਕ) ਸੱਭ ਸੋਨੇ ਦਾ, ਯਾਦਗਾਰੀ ਸਿੱਕੇ ਵੀ ਖਰੇ ਸੋਨੇ ਦੇ ਅਤੇ ਰੁਮਾਲੇ ਤੇ ਚੰਦੋਏ ਆਦਿ ਵੀ ਸੋਨੇ ਦੀਆਂ ਤਾਰਾਂ ਦੀ ਕਢਾਈ ਅਤੇ ਹੀਰਿਆਂ ਤੇ ਮੋਤੀਆਂ ਨਾਲ ਜੜੇ ਹੋਏ………

ਇਸ ਸੱਭ ਕੁੱਝ ਦੀ ਚਕਚੌਂਧ ਨਾਲ ਦਰਸ਼ਨ ਅਭਿਲਾਸ਼ੀਆਂ ਦੀਆਂ ਅੱਖਾਂ ਚੁੰਧਿਆ ਜਾਂਦੀਆਂ ਹਨ ਅਤੇ ਉਹ ਰੱਬ ਦੇ ਦਰਸ਼ਨ-ਦੀਦਾਰਿਆਂ ਤੋਂ ਵਾਂਜੇ ਹੀ ਰਹਿ ਜਾਂਦੇ ਹਨ! ! ਰੱਬ ਅਤੇ ਗੁਰੂ ਦੇ ਨਾਮ `ਤੇ ਠੱਗਿਆ ਗਿਆ ਅਰਬਾਂ-ਖ਼ਰਬਾਂ ਦਾ ਸੋਨਾ-ਚਾਂਦੀ ਅਤੇ ਹੋਰ ਕੀਮਤੀ ਪਦਾਰਥ ਗੁਰੂਦੁਆਰਿਆਂ ਦੇ ਖ਼ਜ਼ਾਨਿਆਂ ਵਿੱਚ ਵੀ ਪਏ ਦੱਸੇ ਜਾਂਦੇ ਹਨ! ਗੁਰੂ ਦੇ ਨਾਮ `ਤੇ ਲੁੱਟੇ ਗਏ ਇਸ ਬੇਸ਼ੁਮਾਰ ਖ਼ਜ਼ਾਨੇ ਵਿੱਚ ਹੁੰਦੀ ਧਾਂਦਲੇਬਾਜ਼ੀ ਅਤੇ ਘਪਲਿਆਂ ਦੀਆਂ ਖ਼ਬਰਾਂ ਵੀ ਆਮ ਛਪਦੀਆਂ ਹੀ ਰਹਿੰਦੀਆਂ ਹਨ! !

ਗੁਰਬਾਣੀ ਵਿੱਚ ਪਦਾਰਥਕ ਜਾਂ ਸੰਸਾਰਕ ਦਾਨ ਨੂੰ ਮੂਲੋਂ ਹੀ ਰੱਦ ਕੀਤਾ ਗਿਆ ਹੈ; ਅਤੇ, ਕੇਵਲ ਨਾਮ ਦਾਨ ਦੇ ਦੇਣ-ਲੈਣ ਦੇ ਸਿੱਧਾਂਤ ਉੱਤੇ ਹੀ ਜ਼ੋਰ ਦਿੱਤਾ ਗਿਆ ਹੈ:

‘ਸਿੱਖ ਧਰਮ’ ਦੀ ਅਰਦਾਸ ਵਿੱਚ ਵੀ ਕਿਹਾ ਜਾਂਦਾ ਹੈ, “ਦਾਨਾਂ ਸਿਰ ਦਾਨ ਨਾਮ ਦਾਨ……”। ਪਰੰਤੂ, ਅਰਦਾਸ ਵਿੱਚ ਪਾਖੰਡੀ ਪੁਜਾਰੀਆਂ ਦਾ “ਦਾਨਾਂ ਸਿਰ ਦਾਨ ਨਾਮ ਦਾਨ” ਕਹਿਣਾ ਅਤੇ ‘ਗੁਰੂ ਕੀਆਂ ਸੰਗਤਾਂ’ ਦਾ ਇਹ ਸੁਣਨਾ ਸਿਰਫ਼ ਕਹਿਣ/ਸੁਣਨ ਤਕ ਹੀ ਸੀਮਿਤ ਹੁੰਦਾ ਹੈ! ! ਗੁਰੂਦਵਾਰਿਆਂ ਵਿੱਚ ਨਾ ਤਾਂ ਕੋਈ ਨਾਮ-ਦਾਨ ਦੇਣ ਵਾਲਾ ਆਤਮਗਿਆਨੀ ਕਦੀ ਦੇਖਿਆ ਹੈ ਅਤੇ ਨਾ ਹੀ ਨਾਮ-ਦਾਨ ਲੈਣ ਵਾਲਾ ਕੋਈ ਅਭਿਲਾਸ਼ੀ ਨਜ਼ਰ ਆਉਂਦਾ ਹੈ! ਹਰ ਥਾਂ ਮਾਇਆ ਲੁੱਟਣ ਅਤੇ ਮਾਇਆ ਲੁਟਾਉਣ ਵਾਲੇ ਹੀ ਦਿਖਾਈ ਦਿੰਦੇ ਹਨ!

‘ਸਿੱਖਾਂ’ ਦੀ ਅਰਦਾਸ ਵਿੱਚ ਦ੍ਰਿੜਾਇਆ ਜਾਂਦਾ ਹੈ ਕਿ, “ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ” ! ਪਰੰਤੂ ਇਹ ਵੀ ਇੱਕ ਛਲ ਜਿਹਾ ਹੀ ਹੈ। ਲੇਖ ਵਿੱਚ, ਗੁਰਬਾਣੀ ਉੱਤੇ ਆਧਾਰਿਤ, ਦਿੱਤੇ ਤਰਕਪੂਰਣ ਵਿਚਾਰਾਂ ਤੋਂ ਸਾਬਤ ਹੁੰਦਾ ਹੈ ਕਿ, ਅਸਲੀਯਤ ਵਿੱਚ, ਸਾਡਾ ਸਿੱਖਾਂ (ਖ਼ਾਸ ਕਰਕੇ ਮਾਇਆਧਾਰੀ ਸਿੱਖ ਨੇਤਾਵਾਂ) ਦਾ, ਮਨ ਉੱਚਾ (ਘਮੰਡੀ, ਹੰਕਾਰੀ) ਅਤੇ ਮੱਤ ਨੀਵੀਂ (ਭ੍ਰਸ਼ਟ ਅਤੇ ਬੂਝੜ) ਹੈ।

‘ਸਿੱਖ ਧਰਮ’ ਦੇ ਨਾਮ `ਤੇ ਲੋਕਾਂ ਨੂੰ ਠੱਗਣ ਵਾਲੀਆਂ ਮੁਖ ਸੰਸਥਾਵਾਂ ਦਾ ਸਾਥ ਦੇਣ ਵਾਲੇ ਜ਼ਮੀਰ-ਮਰੇ ਆਤਮਗਿਆਨਹੀਣੇ ਪੰਥਕ ਵਿੱਦਵਾਨਾਂ (ਬੁੱਧੀਜੀਵੀਆਂ) ਦਾ ਸੰਖੇਪ ਜਿਹਾ ਵਰਣਨ ਕਰ ਲੈਣਾ ਵੀ ਕੁਥਾਂ ਨਹੀਂ ਹੋਵੇਗਾ। ਗੁਰੂ ਕਾਲ ਤੋਂ ਬਾਅਦ ੧੯ਵੀਂ ਸਦੀ ਦੇ ਅੰਤ ਤੀਕ ਜਿਤਨੇ ਵੀ ਗ੍ਰੰਥ ਲਿਖੇ/ਲ਼ਿਖਵਾਏ ਅਤੇ ਪ੍ਰਕਾਸ਼ਿਤ ਕੀਤੇ ਗਏ, ਉਹ ਸਾਰੇ ਗੁਰਮਤਿ ਵਿਰੋਧੀ ਕੂੜ ਗ੍ਰੰਥ ਹਨ। ੨੦ਵੀਂ ਸਦੀ ਦੇ ਸ਼ੁਰੂ ਤੋਂ ਅੱਜ ਤਕ, ਅਕਾਲੀਆਂ ਅਤੇ ਸ਼ਿਰੋਮਣੀ ਪ੍ਰਬੰਧਕ ਕਮੇਟੀਆਂ ਅਤੇ ਇਨ੍ਹਾਂ ਦੇ ਅਧੀਨ ਕੰਮ ਕਰਨ ਵਾਲੇ ਪੰਥਕ ਵਿੱਦਵਾਨਾਂ ਦੀ ਕਾਰਗੁਜ਼ਾਰੀ ਵੀ ਨਿਰਾਸ਼ਾਜਨਕ ਤੇ ਸ਼ਰਮਨਾਕ ਹੈ! ਇਸ ਅਕੱਟ ਸੱਚ ਬਾਰੇ ਕਈ ਵਾਰ ਲਿਖਿਆ ਜਾ ਚੁੱਕਿਆ ਹੈ; ਇਸ ਲਈ, ਵਿਸਥਾਰ ਵਿੱਚ ਜਾਣ ਦੀ ਲੋੜ ਨਹੀਂ। ਇੱਕ ਤਾਜ਼ਾ ਖ਼ਬਰ ਅਨੁਸਾਰ, ਸਿੱਖ ਬੁੱਧੀਜੀਵੀਆਂ ਅਤੇ ਸ਼ਖ਼ਸੀਅਤਾਂ ਦੇ ਵਫ਼ਦ ਨੇ ਮੋਦੀ ਨਾਲ ਮੁਲਾਕਾਤ ਕੀਤੀ। …ਵਫ਼ਦ ਦੀ ਅਗਵਾਈ ਮਨਜਿੰਦਰ ਸਿੰਘ ਸਿਰਸਾ ਨੇ ਕੀਤੀ…।”

ਸਿੱਖ ਬੁੱਧੀਜੀਵੀਆਂ ਅਤੇ ਸ਼ਖ਼ਸੀਅਤਾਂ ਦੇ ਜਿਸ ਵਫ਼ਦ ਦੀ ਅਗਵਾਈ ਮਨਜਿੰਦਰ ਸਿੰਘ ਸਿਰਸਾ ਵਰਗਾ ਗੁਰਮਤਿ ਦਾ ਨਾਮੀ (notorious) ਗ਼ੱਦਾਰ ਕਰ ਰਿਹਾ ਹੋਵੇ, ਉਸ ਵਫ਼ਦ ਦੇ ਬੁੱਧੀਜੀਵੀ ਮੈਂਬਰਾਂ ਬਾਰੇ ਕੁੱਝ ਕਹਿਣਾ ਆਪਣੀ ਜ਼ੁਬਾਨ ਗੰਦੀ ਕਰਨਾ ਹੈ!

ਲੇਖ ਵਿੱਚ ਦਿੱਤੇ ਗਏ ਇਤਿਹਾਸਿਕ ਤੱਥਾਂ ਅਤੇ ਕੀਤੀ ਗਈ ਤਰਕਮਈ ਵਿਚਾਰ ਤੋਂ, ਨਿਰਸੰਦੇਹ, ਸਾਬਤ ਹੁੰਦਾ ਹੈ ਕਿ ‘ਸਿੱਖ ਧਰਮ’ ਉੱਤੇ ਬਾਬੇ ਨਾਨਕ ਦੇ ਦੁਰਕਾਰੇ ਹੋਏ ਹੱਡਰੱਖ, ਰੱਤ-ਪੀਣੇ ਤੇ ਮੁਰਦਾਰਖ਼ੋਰ ਮਲਿਕ ਭਾਗੋਆਂ ਅਤੇ ਉਨ੍ਹਾਂ ਦੇ ਬੇ-ਗ਼ੈਰਤ ਚਾਪਲੂਸ ਜਮੂਰਿਆਂ ਦਾ ਕਬਜ਼ਾ ਹੈ; ਅਤੇ, ਮਲਿਕ ਭਾਗੋ ਦੇ ਵੰਸ਼ਜਾਂ ਦੁਆਰਾ ਚਲਾਏ ਗਏ ਇਸ ਧਰਮ ਵਿੱਚ ਕਿਰਤੀ ਭਾਈ ਲਾਲੋ ਵਰਗੇ ਸਚਿਆਰ ਸਜਨਾਂ ਵਾਸਤੇ ਕੋਈ ਜਗ੍ਹਾ ਨਹੀਂ ਹੈ!

ਇਹ ਇੱਕ ਇਤਿਹਾਸਿਕ ਸੱਚ ਹੈ ਕਿ, ‘ਸਿੱਖ ਧਰਮ’ ਦੇ ਸਾਰੇ ‘ਸਿੱਖ’ ਨੇਤਾ (ਖ਼ਾਸ ਕਰਕੇ ਅਕਾਲੀ), ਸ਼ਿਰੋਮਣੀ ਕਮੇਟੀਆਂ ਦੇ ਪ੍ਰਧਾਨ ਅਤੇ ਹੋਰ ਅਧਿਕਾਰੀ, ਤਖ਼ਤਾਂ ਦੇ ਜਥੇਦਾਰ ਅਤੇ ਪੁਜਾਰੀ ਟੋਲੇ ਆਦਿਕ ਉਹ ਪੜੁੱਲ (springboard) ਹਨ ਜਿਨ੍ਹਾਂ ਦੇ ਸਹਾਰੇ ਭਾਰਤ ਦੀਆਂ ਕੇਂਦਰੀ ਅਤੇ ਪੰਜਾਬ ਦੀਆਂ ਸਿੱਖ ਸਰਕਾਰਾਂ ਦੇ ਭ੍ਰਸ਼ਟ ਨੇਤਾ ਗੱਦੀਆਂ ਹਥਿਆ ਕੇ ਭਾਰਤ ਅਤੇ ਖ਼ਾਸ ਕਰਕੇ ਪੰਜਾਬ ਦੀ ਅੰਨ੍ਹੀ ਰਈਯਤ ਉੱਤੇ ਰਾਜ ਕਰਦੇ ਹਨ।

ਅੱਜ-ਕੱਲ ਭਾਜਪਾ ਦੇ ਨੇਤਾ ਅਤੇ ਆਰ: ਐਸ: ਐਸ: ਦੇ ਅਧਿਕਾਰੀ ਨਟਨਾਇਕ ਜਾਂ ਨਟਨਾਰਾਇਨ ਹਨ; ‘ਸਿੱਖ’ ਨੇਤਾ (ਅਕਾਲੀ, ਕਾਂਗਰਸੀਏ ਤੇ ਹੋਰ), ਟਕਸਾਲਾਂ ਦੇ ਮੁਖੀਏ, ਡੇਰਿਆਂ ਦੇ ਡੇਰੇਦਾਰ ਅਤੇ ਸ਼ਿਰੋਮਣੀ ਕਮੇਟੀਆਂ ਦੇ ਪ੍ਰਧਾਨ, ਤਖ਼ਤਾਂ ਦੇ ਜਥੇਦਾਰ ਅਤੇ ਪੁਜਾਰੀ ਵਗ਼ੈਰਾ ਇਨ੍ਹਾਂ ਨਟਨਾਇਕਾਂ ਦੇ ਇਸ਼ਾਰੇ `ਤੇ ਨੱਚਣ ਵਾਲੇ ਨਾਮਰਦ ਨਟੂਏ ਹਨ! ਅਤੇ, ਅਸੀਂ ਸਾਰੇ ‘ਸਿੱਖ’ ਇਨ੍ਹਾਂ ਨਾਮਰਦ ਨਟੂਆਂ ਦੇ ਮਗਰ ਲੱਗੀਆਂ ਬੇ-ਜ਼ੁਬਾਨ ਭੇਡਾਂ ਹਾਂ ਜਿਨ੍ਹਾਂ ਨੂੰ ਉਕਤ ਸਾਰੇ ਛਲਾਰ ਚਾਲਬਾਜ਼ ਬੇਰਹਿਮੀ ਨਾਲ ਹਰ ਪਲ ਮੁੰਨਦੇ ਰਹਿੰਦੇ ਹਨ। !

ਸਾਰੰਸ਼: ‘ਸਿੱਖ ਧਰਮ’ ਉੱਤੇ, ਬਾਬੇ ਨਾਨਕ ਦੁਆਰਾ ਦੁਰਕਾਰੇ ਹੋਏ ਸੱਚ ਧਰਮ ਦੇ ਦੋਖੀ, ਸਵਾਰਥੀ, ਬੇ-ਗ਼ੈਰਤ, ਗ਼ੱਦਾਰ, ਮਲੇਛ ਅਤੇ ਮੁਰਦਾਰ ਖਾਣ ਵਾਲੇ ਕੂੜਿਆਰ ਮਲਿਕ ਭਾਗੋਆਂ ਦਾ ਰਾਜ ਹੈ! ਅਜਿਹੇ ਰਾਜ ਵਿੱਚ ਬਾਬੇ ਨਾਨਕ ਦੁਆਰਾ ਨਿਵਾਜ਼ੇ ਗਏ ਭਾਈ ਲਾਲੋ ਵਰਗੇ ਕਿਰਤੀ ਤੇ ਸਚਿਆਰ ਸੱਜਨਾਂ ਦਾ ਦਮ ਲੈਣਾ ਤੇ ਜੀਊਣਾ ਦੁਭਰ ਹੋ ਗਿਆ ਹੈ! ! ! ਅਜਿਹੇ ਧਰਮ ਨੂੰ ਰੂਹਾਨੀ ਰਾਹਨੁਮਾ ਬਾਬੇ ਨਾਨਕ ਦੇ ਪਵਿੱਤਰ ਨਾਮ ਨਾਲ ਜੋੜਣਾ ਸੁਧੀ ਮਨਮਤਿ, ਮੱਕਾਰੀ ਅਤੇ ਛਲ ਹੈ! ! ਅਤੇ, ਬਾਬੇ ਨਾਨਕ ਦੇ ਸੰਪੂਰਣ ਨਿਰਮਲ ਧਰਮ ਵੱਲ ਪਿੱਠ ਕਰਕੇ, ਮਲਿਕ ਭਾਗੋਆਂ ਦੁਆਰਾ ਸਥਾਪਿਤ ਕੀਤੇ, ਅਜਿਹੇ ਸੰਸਾਰਕ ਤੇ ਸੰਕੀਰਨ ਫਿਰਕੂ ਧਰਮ (sectarian religion) ਨਾਲ ਜੁੜਣਾ ਸਾਡੀ ‘ਸਿੱਖਾਂ’ ਦੀ ਭੂਝੜਤਾ ਦੀ ਇੰਤਿਹਾ ਹੈ! ! !

ਗੁਰਇੰਦਰ ਸਿੰਘ ਪਾਲ

ਅਪਰੈਲ 3, 2022.




.