. |
|
ਧਰਮ ਦਾ ਧੰਦਾ
(2)
ਧਰਮ ਦੇ ਧੰਦੇ ਵਿੱਚ
ਵੇਚਿਆ ਜਾਂਦਾ ਸੌਦਾ/ਵਖਰ (merchandise),
ਅਤਿਅੰਤ ਮਹਿੰਗਾ ਹੋਣ ਦੇ ਬਾਵਜੂਦ ਵੀ, ਮਨੁੱਖਾ ਜੀਵਨ ਵਾਸਤੇ ਪੂਰੀ ਤਰ੍ਹਾਂ ਵਿਅਰਥ, ਬੇਕਾਰ, ਫ਼ਜ਼ੂਲ
ਅਤੇ ਤੁੱਛ ਹੈ। ਇਸੇ ਲਈ ਬਿਬੇਕੀ ਬਾਣੀਕਾਰਾਂ ਨੇ ਆਪਣੀ ਬਾਣੀ ਵਿੱਚ ਇਸ ਅਮਾਨਵੀ ਧੰਦੇ ਅਤੇ ਇਸ
ਧੰਦੇ ਵਿੱਚ ਵੇਚੇ ਜਾਂਦੇ ਝੂਠ-ਮੂਠ ਦੇ ਸੌਦੇ ਦਾ ਪੁਰਜ਼ੋਰ ਖੰਡਨ ਕੀਤਾ ਹੈ! ! !
ਲੈਣ -ਦੇਣ
ਹਰ ਧੰਦੇ ਦੀ ਸਦਾ ਤੋਂ ਚੱਲੀ ਆ ਰਹੀ ਰੀਤਿ ਹੈ। ਵਪਾਰੀ ਪੈਸੇ ਲੈ ਕੇ ਗਾਹਕ ਨੂੰ ਲੋੜੀਂਦਾ ਸੌਦਾ
ਦਿੰਦਾ ਹੈ। ਪਰੰਤੂ ਧਰਮ ਦੇ ਧੰਦੇ ਦਾ ਇੱਕ ਕੋਝਾ-ਕਸੈਲਾ ਸੱਚ ਇਹ ਹੈ ਕਿ ਇਸ ਧੰਦੇ ਦਾ ਧਾਂਦਲੀ
(ਛਲੀਆ ਪੁਜਾਰੀ) ਪੈਸੇ ਤਾਂ ਲੈਂਦਾ ਹੈ ਪਰ ਬਦਲੇ ਵਿੱਚ ਦਿੰਦਾ ਕੱਖ ਨਹੀਂ! ਹਾਂ,
ਜੇ ਕੁੱਝ ਦਿੰਦਾ ਹੈ ਤਾਂ ਸਿਰਫ਼ ਹਾਸੋਹੀਣੇ, ਥੋਥੇ, ਫ਼ਜ਼ੂਲ ਅਤੇ ਝੂਠੇ ਲਾਰੇ ਅਤੇ ਕਪਟਮਈ ਝੂਠੀਆਂ
ਤਸੱਲੀਆਂ! ! ! ਆਤਮਗਿਆਨੀ
ਬਾਣੀਕਾਰਾਂ ਦੁਆਰਾ ਨਿਰਧਾਰਤ ਕੀਤਾ ਸੱਚਾ-ਸਿੱਧਾ ਗਾਡੀਰਾਹ ਦੱਸਣ ਦੀ ਬਜਾਏ, ਛਲ-ਵਿੱਦਿਆ ਵਿੱਚ
ਨਿਪੁੰਨ ਕੂੜਿਆਰ ਪੁਜਾਰੀ ਲੋਕਾਂ ਨੂੰ, ਛਲ-ਕਪਟ ਨਾਲ ਭਰਮਾ ਕੇ ਕੁਰਾਹੇ (ਔਝੜੇ) ਪਾਉਂਦਾ ਹੈ।
ਕਿਉਂਕਿ, ਕੁਰਾਹੇ ਪਏ ਹੋਏ ਲੋਕਾਂ ਨੂੰ ਹੋਰ ਹੋਰ ਠੱਗਣਾ ਸੌਖਾ ਹੁੰਦਾ ਹੈ! ਇਤਿਹਾਸ ਗਵਾਹ ਹੈ ਕਿ
ਕੁਰਾਹੇ ਪਾਏ ਹੋਏ ਲੋਕਾਂ ਨੂੰ ਪਾਖੰਡੀ ਪੁਜਾਰੀ ਸਦੀਆਂ ਤੋਂ ਬੇਰਹਿਮੀ ਨਾਲ ਠੱਗਦੇ ਆ ਰਹੇ ਹਨ ਅਤੇ
ਹਮੇਸ਼ਾ ਠੱਗਦੇ ਹੀ ਰਹਿਣ ਗੇ!
ਧਰਮ ਦੇ ਧੰਦੇ ਵਿੱਚ ਸੱਭ ਕੁੱਝ ਮੁੱਲ ਵਿਕਦਾ ਹੈ। ਪਰੰਤੂ ,
ਛਲੀਏ ਪੁਜਾਰੀਆਂ ਨੇ ਬਿਬੇਕਹੀਣ, ਨਾਦਾਨ ਅਤੇ ਸਿੱਧੜ ਸ਼੍ਰੱਧਾਲੂਆਂ ਦੀਆਂ ਅੱਖਾਂ ਵਿੱਚ ਛਲ-ਕਪਟ ਦਾ
ਘੱਟਾ ਪਾਕੇ ਉਨ੍ਹਾਂ ਨੂੰ ਠੱਗਣ ਵਾਸਤੇ ਮੁੱਲ (ਮੋਖ, ਕੀਮਤ, ਭਾਅ ਅਤੇ ਪ੍ਰਾਈਸ
(price) ਆਦਿ) ਨੂੰ ਚੜ੍ਹਾਵਾ,
ਉਪਹਾਰ, ਭੇਟਾ, ਦਖਿਣਾ, ਦਾਨ, ਦਸਵੰਧ, ਉਸ਼ਰ ਜਾਂ ਟਾਈਦ (tithe)
ਆਦਿਕ ਦਾ ਨਾਮ ਦਿੱਤਾ ਹੋਇਆ ਹੈ! ‘ਸਿੱਖ ਧਰਮ’ ਵਿੱਚ ‘ਸਿੱਖਾਂ’ ਨੂੰ ਠੱਗਣ ਵਾਸਤੇ “ਗੁਰੂ ਦੀ ਗੋਲਕ
ਤੇ ਗ਼ਰੀਬ ਦਾ ਮੂੰਹ” ਦਾ ਢਕਵੰਜ ਵੀ ਬੜੀ ਕਾਮਯਾਬੀ ਨਾਲ ਵਰਤਿਆ ਜਾ ਰਿਹਾ ਹੈ।
‘ਸਿੱਖ ਧਰਮ’ ਦੇ ਧੰਦੇ ਨੇ ਪਿਛਲੇ ਸੌ ਸਾਲ ਵਿੱਚ ਬਹੁਤ
ਤਰੱਕੀ ਕੀਤੀ ਹੈ! (ਨੋਟ:-ਇਸ ਸੌ ਸਾਲ ਵਿੱਚੋਂ ਤਕਰੀਬਨ ਅੱਸੀ (80) ਸਾਲ ਦੀ ਤਰੱਕੀ ਇਸ
ਲੇਖ ਦੇ ਲੇਖਕ ਨੇ ਆਪਣੀ ਅੱਖੀਂ ਡਿੱਠੀ ਹੈ!) ‘ਸਿੱਖ ਧਰਮ’ ਦੇ ਧੰਦੇ ਦੀ ਇਸ ਤਰੱਕੀ ਦਾ ਸੰਖੇਪ
ਵੇਰਵਾ ਅਗਲੇਰੇ ਪੈਰਿਆਂ ਵਿੱਚ ਦਿੱਤਾ ਜਾਵੇ ਗਾ।
‘ਸਿੱਖ ਧਰਮ’ ਦੇ ਅਤਿਅੰਤ ਲਾਹੇਵੰਦ ਧੰਦੇ ਦੀ ਆਸਮਾਨ
ਛੂਹੰਦੀ ਤਰੱਕੀ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੀ ਸਦੀ ਵਿੱਚ ਹਜ਼ਾਰਾਂ
(ਸ਼ਾਇਦ ਲੱਖਾਂ) ਨਵੇਂ ਗੁਰੂਦਵਾਰੇ ਉਸਾਰੇ ਗਏ ਅਤੇ ਆਏ ਦਿਨ ਹੋਰ ਹੋਰ ਗੁਰੂਦਵਾਰਿਆਂ ਦੀ ਉਸਾਰੀ
ਕੀਤੀ ਜਾ ਰਹੀ ਹੈ। ਰੱਬ ਦੀ ਭੋਲੀ-ਭਾਲੀ ਸਿੱਧੜ ਰਿਆਇਆ ਨੂੰ ਪ੍ਰਲੋਭਿਤ ਕਰਨ ਅਤੇ ਮੂਰਖ ਬਣਾ ਕੇ
ਠੱਗਣ ਵਾਸਤੇ ਹਰ ਗੁਰੂਦਵਾਰੇ ਨਾਲ ਕੋਈ ਨਾ ਕੋਈ ਬੇਤੁਕੀ, ਹਾਸੋਹੀਣੀ, ਝੂਠੀ ਤੇ ਕਪਟੀ ਕਹਾਣੀ/ਸਾਖੀ
ਜੋੜੀ ਜਾਂਦੀ ਹੈ! ਹੇਮਕੁੰਡ, ਰੀਠਾ ‘ਸਾਹਿਬ’, ਨਾਨਕ ਮਤਾ, ਮਣੀਕਰਣ, ਨਾਢਾ ‘ਸਾਹਿਬ’, ਬੜੂ, ਅਤੇ
ਹੋਰ ਹਜ਼ਾਰਾਂ ਗੁਰੂਦਵਾਰੇ ਝੂਠੀਆਂ ਮਿਥਿਹਾਸਿਕ ਕਹਾਣੀਆਂ ਦੀਆਂ ਨੀਂਹਾਂ ਉੱਤੇ ਹੀ ਉਸਾਰੇ ਗਏ ਹਨ!
‘ਸਿੱਖ ਧਰਮ’ ਦੇ ਵਪਾਰ ਦੀ ਸਫ਼ਲਤਾ ਅਤੇ ਪ੍ਰਫ਼ੁੱਲਤਾ ਦਾ
ਅੰਦਾਜ਼ਾ ਇਸ ਸੱਚ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਕੇਵਲ ਸ਼ਿਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ,
ਅੰਮ੍ਰਿਤਸਰ ਦਾ ਸਾਲ
2022-2023 ਦਾ ਬੱਜਟ,
ਲਗ-ਪਗ, ਦਸ (10) ਅਰਬ
ਦਾ ਹੈ! ! ਇਸ ਬੱਜਟ ਤੋਂ ਧੰਦੇ ਦੀ
ਬੇਹਿਸਾਬ ਆਮਦਨ ਦਾ ਅੰਦਾਜ਼ਾ ਵੀ ਸਹਿਲ ਹੀ ਲੱਗ ਜਾਂਦਾ ਹੈ!
ਪਵਿੱਤਰ ਗੁਰਬਾਣੀ ਦੇ ਸਿੱਧਾਂਤਕ ਸ਼ਬਦਾਂ ਦੇ ਗ਼ਲਤ ਅਰਥਾਂ
ਨਾਲ ਲੋਕਾਂ ਨੂੰ ਭਰਮਾ ਕੇ ਬੇਰਹਿਮੀ ਨਾਲ ਲੁੱਟਣਾ ਸੰਪਰਦਾਈ ਸਿੱਖ ਧਰਮ ਦੇ ਅਦਾਰਿਆਂ ਦੇ ਨਿਰਦਈ
ਚਾਲਬਾਜ਼ ਸੰਸਥਾਪਕਾਂ, ਪ੍ਰਬੰਧਕਾਂ ਅਤੇ ਪੁਜਾਰੀਆਂ ਦੀ ਇੱਕ ਸਫ਼ਲ ਚਾਲ ਹੈ। “ਗੁਰੂ ਕੀਆਂ ਸੰਗਤਾਂ”
ਨੂੰ ਭਰਮਾ ਕੇ ਲੁੱਟਣ ਵਾਸਤੇ ਗੁਰਬਾਣੀ ਦੇ ਜਿਹੜੇ ਪਵਿੱਤਰ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ,
ਉਨ੍ਹਾਂ ਵਿੱਚੋਂ ਕੁੱਝ ਇੱਕ ਨਿਮਨ ਲਿਖਿਤ ਹਨ:
ਦਰਸ਼ਨ ,
ਦੀਦਾਰੁ, ਪ੍ਰਸਾਦ, ਅੰਮ੍ਰਿਤ, ਸਾਹਿਬ, ਮੋਹਨ, ਨਿਰੰਕਾਰ, ਸਚਾ ਸਉਦਾ, ਦੂਖਨਿਵਾਰਣ, ਦੁਖਭੰਜਨ ਜਾਂ
ਦੁਖਭੰਜਨੀ, ਨਿਹਾਲ, ਸਾਬਤ ਸੂਰਤ, ਦਸਤਾਰਸਿਰਾ, ਸਿਰੋਪਾ, ਪ੍ਰੇਮ ਪਟੋਲਾ, ਚੋਲਾ, ਪਾਵਨ, ਚਰਣ, ਚਰਣ
ਕਮਲ, ਚਰਣਧੂੜਿ……।
ਇਸ ਦੇ ਅਤਿਰਿਕਤ, ਲੋਟੂ ਲਾਣੇ ਨੇ ਕੂੜ ਕਿਤਾਬਾਂ ਵਿੱਚੋਂ
ਕਈ ਭਰਮਪਾਊ ਸ਼ਬਦ ਲੈ ਕੇ ਜਾਂ ਆਪਣੇ ਸ਼ਬਦ ਘੜ ਕੇ ਲੋਕਾਂ ਨੂੰ ਜਨਮ ਤੋਂ ਲੈਕੇ ਮਰਨ ਤਕ, ਇੱਥੋਂ ਤਕ
ਕਿ, ਮਰਨ ਤੋਂ ਬਾਅਦ ਵੀ ਲੁੱਟੀ ਜਾਣ ਦਾ ਜੁਗਾੜ ਬਣਾ ਲਿਆ ਹੈ!
ਪਾਤਾਲਪੁਰੀ ,
ਅਸਥਾ-ਘਾਟ, ਕਾਰ ਸੇਵਾ, ਲੰਗਰ, ਦਮਦਮਾ, ਪਵਿੱਤਰੀਕਰਣ, ਸੁੰਦਰੀਕਰਣ……।
‘ਸਿੱਖ ਧਰਮ’ ਦੇ ਠਗਵਾੜੇ ਪੁਜਾਰੀ ਅਗਿਆਨਮਤੀ
ਸ਼੍ਰੱਧਾਲੂਆਂ ਨੂੰ ਠੱਗਣ ਵਾਸਤੇ ਪਵਿੱਤਰ ਗੁਰਬਾਣੀ ਦੀਆਂ ਅਨੇਕ ਸਿੱਧਾਂਤਕ ਤੁਕਾਂ ਦੀ ਵਰਤੋਂ ਵੀ
ਬੜੀ ਨਿਰਲੱਜਤਾ ਨਾਲ ਕਰਦੇ ਹਨ:
ਹਮ ਘਰਿ ਸਾਜਨ ਆਏ॥ , ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰਇ॥ , ਸੂਰਾ
ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ , ਘਾਲਿ ਖਾਇ ਕਿਛੁ ਹਥਹੁ ਦੇਇ॥ , …ਸਾਬਤ ਸੂਰਤਿ ਦਸਤਾਰ
ਸਿਰਾ॥ ……।
‘ਸਿੱਖ ਧਰਮ’ ਦੇ ਮਾਇਆਮੂਠੇ ਵਾਪਾਰੀ (ਸੰਸਥਾਪਕ, ਪ੍ਰਬੰਧਕ ਅਤੇ ਪੁਜਾਰੀ
ਵਗ਼ੈਰਾ) ਇਸ ਕਥਨ `ਤੇ ਜ਼ੋਰ ਦਿੰਦੇ ਹਨ ਕਿ, “ਹਮ ਹਿੰਦੂ ਨਹੀਂ” ; ਪਰੰਤੂ ਕਰਦੇ/ ਕਰਵਾਉਂਦੇ ਉਹ ਸਭ
ਕੁੱਝ ਉਹੀ ਹਨ ਜੋ ਹਿੰਦੂ ਮਤਿ ਵਿੱਚ ਪ੍ਰਚੱਲਿਤ ਸੀ/ਹੈ! ਸਗੋਂ, ‘ਸਿੱਖ ਧਰਮ’ ਦੇ ਮਾਇਆਧਾਰੀ
ਪੈਂਤੜੇਬਾਜ਼ ਪੁਜਾਰੀ ਧਰਮ ਦੇ ਧੰਦੇ ਨੂੰ ਹੋਰ ਹੋਰ ਪ੍ਰਫ਼ੁੱਲਿਤ ਕਰਨ ਵਾਸਤੇ, ਗੁਰਮਤਿ ਨੂੰ ਜਾਣ-ਬੁਝ
ਕੇ ਨਜ਼ਰਅੰਦਾਜ਼ ਕਰਦਿਆਂ, ਆਏ ਦਿਨ ਨਵੇਂ ਨਵੇਂ ਪੈਂਤੜੇ ਲੈ ਕੇ ਜਗਤ ਨੂੰ ਹੋਰ ਹੋਰ ਠੱਗਦੇ ਰਹਿੰਦੇ
ਹਨ।
ਮਦਿ ਮਾਇਆ ਕੈ ਭਇਓ ਬਾਵਰੋ ਹਰਿ ਜਸੁ ਨਹਿ ਉਚਰੈ॥
ਕਰਿ ਪਰਪੰਚੁ ਜਗਤ ਕਉ ਡਹਕੈ ਅਪਨੋ ਉਦਰੁ ਭਰੈ॥
ਸੁਆਨ ਪੂਛ ਜਿਉ ਹੋਇ ਨ ਸੂਧੋ ਕਹਿਓ ਨ ਕਾਨ ਧਰੈ॥ ….
ਦੇਵਗੰਧਾਰੀ ਮ: ੯ ੧ ,
ਕਰਿ ਪਰਪੰਚ ਉਦਰ ਨਿਜ ਪੋਖਿਓ ਪਸੁ ਕੀ ਨਿਆਈ ਸੋਇਓ॥
ਸੋਰਠਿ ਮ: ੯
(ਪਰਪੰਚ:
ਛਲ-ਕਪਟ, ਪਾਖੰਡ, ਬਾਹਰੀ ਦਿਖਾਵੇ ਦੇ ਆਡੰਬਰ)।
ਕਿਸੇ ਵੀ ਧੰਦੇ ਨੂੰ ਕਾਮਯਾਬ ਕਰਕੇ ਪ੍ਰਫ਼ੁੱਲਿਤ ਕਰਨ
ਵਾਸਤੇ ਹੋਛੀ
ਇਸ਼ਤਹਾਰਬਾਜ਼ੀ ਅਤੀ ਜ਼ਰੂਰੀ ਹੈ। ‘ਸਿੱਖ
ਧਰਮ’ ਦੇ ਧੰਦੇ ਦੀ ਆਸਮਾਨ ਦੀਆਂ ਉੱਚਾਈਆਂ ਛੂਹ ਚੁੱਕੀ ਸਫ਼ਲਤਾ ਅਤੇ ਪ੍ਰਫ਼ੁੱਲਤਾ ਦਾ ਅਨੁਮਾਨ ਇਸ
ਸੱਚ ਤੋਂ ਲਗਾਇਆ ਜਾ ਸਕਦਾ ਹੈ ਕਿ ਦੇਸ-ਵਿਦੇਸ ਦੇ ਅਖ਼ਬਾਰਾਂ ਵਿੱਚ ਅਤੇ ਟੀ: ਵੀ: ਚੈਨਲਾਂ ਉੱਤੇ ਹਰ
ਰੋਜ਼ ਕਰੋੜਾਂ (ਸ਼ਾਇਦ ਅਰਬਾਂ) ਰੁਪਏ ਦੀ ਘਟੀਆ ਤੇ ਭਰਮਾਊ ਇਸ਼ਤਹਾਰਬਾਜ਼ੀ ਕੀਤੀ ਜਾਂਦੀ ਹੈ!
ਚਲਦਾ……
ਗੁਰਇੰਦਰ ਸਿੰਘ ਪਾਲ
28 ਮਈ, 2022.
|
. |