.

ਧਰਮ ਦਾ ਧੰਦਾ

(4)

ਗੁਰਮਤਿ- (ਗਿਆਨ) ਦਾ ਪ੍ਰਚਾਰ ਕਰਨਾ ਇੱਕ ਪਰਮਾਰਥਿਕ, ਨੈਤਿਕ ਪਰ ਨਿਸ਼ਕਾਮ ਸੇਵਾ ਹੈ। ਪਰਮਾਰਥੀ ਬਾਣੀਕਾਰ ਇਹ ਪਰਮਾਰਥਿਕ ਸੇਵਾ ਨਿਰਸੁਆਰਥ ਨਿਭਾਉਂਦੇ ਰਹੇ। ਪਰੰਤੂ ‘ਸਿੱਖ ਧਰਮ’ ਦੇ ਮਾਇਆਮੂਠੇ ਲੋਭੀ, ਹੰਕਾਰੀ ਅਤੇ ਰੱਜ ਕੇ ਸਵਾਰਥੀ ਧਾਂਦਲੀਆਂ ਨੇ ਪ੍ਰਚਾਰ ਨੂੰ ਵੀ ਲੋਕਾਂ ਤੋਂ ਮਾਇਆ ਠੱਗਣ ਦਾ ਸਾਧਨ ਬਣਾ ਲਿਆ ਹੈ। ‘ਸਿੱਖ ਧਰਮ’ ਦੇ, ਗੁਰਗਿਆਨ ਤੋਂ ਕੋਰੇ, ਧਾਣਕ ਰੂਪ ਪ੍ਰਚਾਰਕ (ਮਿਸ਼ਨਰੀ, ਕਥਾ-ਵਾਚਕ, ਰਾਗੀ, ਅਤੇ ਢਾਡੀ ਜਥੇ ਆਦਿਕ) ਗੁਰਬਾਣੀ ਦੇ ਆਧਾਰ `ਤੇ ਗੁਰਮਤਿ ਦਾ ਪ੍ਰਚਾਰ ਕਰਨ ਦੀ ਬਜਾਏ ਕੂੜ ਗ੍ਰੰਥਾਂ, ਸਾਖੀਆਂ, ਮਨਘੜੰਤ ਕੂੜ-ਕਥਾਵਾਂ ਤੇ ਕਹਾਣੀਆਂ ਦੇ ਹਵਾਲੇ ਨਾਲ ਸੁਧੇ ਝੂਠ ਤੇ ਮਨਮੱਤ ਦਾ ਪ੍ਰਚਾਰ ਕਰਦੇ ਹਨ। ਉਹ ਪ੍ਰਚਾਰ ਦੇ ਬਹਾਨੇ ਦੇਸ-ਬਿਦੇਸ ਵਿੱਚ ਸੰਗਤਾਂ ਨੂੰ ਨਿਰਲੱਜ ਹੋ ਕੇ ਠੱਗਦੇ ਫਿਰਦੇ ਹਨ।

ਗੁਰਮਤਿ ਦਾ ਪ੍ਰਚਾਰ ਕਰਨ ਦਾ ਢੋਂਗ ਕਰਨ ਵਾਲੇ “ਮਲੂਕੀ ਵੇਸੁ” ਛਲੀਏ ਪ੍ਰਚਾਰਕਾਂ ਦਾ ਮਾਰੂ ਨਦੀਨ ਦੇਸ-ਬਿਦੇਸ ਵਿੱਚ ਇਤਨਾ ਫੈਲ ਗਿਆ ਹੈ ਕਿ ਇਸ ਮਨਹੂਸ ਨਦੀਨ ਨੇ ਗੁਰਮਤਿ ਦੇ ਨਿਰਮਲ ਧਰਮ ਦੀ ਪਵਿੱਤਰ ਤੇ ਉਪਜਾਊ ਧਰਤੀ ਨੂੰ ਬੰਜਰ ਬਣਾ ਕੇ ਰੱਖ ਦਿੱਤਾ ਹੈ; ਗਿਆਨ ਦਾ ਬੂਟਾ ਕਿਧਰੇ ਵੀ ਪੁੰਗਰਦਾ ਤੇ ਖਿੜਦਾ ਦਿਖਾਈ ਨਹੀਂ ਦਿੰਦਾ। ਨਤੀਜਤਨ, ਨਾਮ ਵਿਹੂਣੇ ਅਗਿਆਨੀ ਪ੍ਰਚਾਰਕਾਂ, ਕਥਾਵਾਚਕਾਂ, ਮਿਸ਼ਨਰੀਆਂ ‘ਗੁਰਮਤਿ ਵਿਚਾਰਾਂ’ ਕਰਕੇ ‘ਸੰਗਤਾਂ’ ਨੂੰ ‘ਨਿਹਾਲ’ ਕਰਨ ਵਾਲੇ ਸ਼ੇਖ਼ੀ ਖ਼ੋਰੇ ਗਪੌੜਸੰਖ ਰਾਗੀਆਂ ਦੀਆਂ ਗੁਰਮਤਿ ਵਿਚਾਰਾਂ ਤੇ ਕੀਰਤਨ ਸੁਣ ਸੁਣ ਕੇ ਵੀ ਅਸੀਂ ਬੂਝੜ ਦੇ ਬੂਝੜ ਹੀ ਰਹੇ! ਸਾਨੂੰ ਬੂਝੜਾਂ ਨੂੰ ਅਗਿਆਨਤਾ ਦੇ ਅੰਧੇਰੇ ਵਿੱਚ ਰੱਖ ਕੇ ਠੱਗਣ ਵਾਸਤੇ ਜੋ ਅਨੇਕ ਨਿਰਾਰਥਕ ਉਪਰਾਲੇ ਪ੍ਰਬੰਧਕ ਤੇ ਪੁਜਾਰੀ ਕਰਦੇ ਹਨ ਉਨ੍ਹਾਂ ਵਿੱਚੋਂ ਕੁੱਝ ਇੱਕ ਹਨ:

ਸ਼ਬਦ ਮੇਲੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਗੁਰਮਤਿ ਸੈਮੀਨਾਰ, ਗੁਰਮਤਿ ਸੰਚਾਰ ਸਮਾਗਮ, ਨਗਰ ਕੀਰਤਨ, ਮਹਾਨ ਕੀਰਤਨ ਸਮਾਗਮ. ਪ੍ਰਭਾਤ ਫੇਰੀਆਂ, ਗੁਰਮਤਿ ਜਾਗ੍ਰਿਤੀ ਮਾਰਚ, ਰੈਣਸਬਾਈ ਕੀਰਤਨ, ਕੀਰਤਨ ਮੁਕਾਬਲੇ……।

ਸੰਸਾਰ ਦੇ ਹਜ਼ਾਰਾਂ ਗੁਰੂਦਵਾਰਿਆਂ ਦੇ ਦੀਵਾਨਾਂ ਅਤੇ ਸਮਾਗਮਾਂ ਵਿੱਚ ਸਾਨੂੰ ਹਾਜ਼ਰੀ ਭਰਨ ਦਾ ਮੌਕਾ ਮਿਲਿਆ; ਇਹ ਦੇਖ ਕੇ ਘੋਰ ਨਿਰਾਸ਼ਾ ਹੋਈ ਕਿ ਕਿਸੇ ਵੀ ਗੁਰੂਦਵਾਰੇ ਵਿੱਚ ਗੁਰਮਤਿ ਦੀ ਵਿਚਾਰ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਕਿਸੇ ਹੋਰ ਨੂੰ ਕਰਨ ਦਿੱਤੀ ਜਾਂਦੀ ਹੈ! ਭਾਈਆਂ ਤੇ ਪ੍ਰਬੰਧਕਾਂ ਦਾ ਸਾਰਾ ਜ਼ੋਰ ਚਮਕ-ਦਮਕ ਵਾਲੇ ਬਾਹਰੀ ਆਡੰਬਰਾਂ, ਅਗਿਆਨੀ ਰਾਗੀਆਂ ਦੇ ਕੀਰਤਨ ਅਤੇ, ਭੋਲੇ-ਭਾਲੇ ਲੋਕਾਂ ਨੂੰ ਲੁਭਾਉਣ ਲਈ, ਭਾਂਤ ਭਾਂਤ ਦੇ ਪ੍ਰਸਾਦਾਂ ਅਤੇ ਛੱਤੀ ਪ੍ਰਕਾਰ ਦੇ ਸਵਾਦਿਸ਼ਟ ‘ਗੁਰੂ ਦੇ ਅਟੁੱਟ ਲੰਗਰਾਂ’ ਉੱਤੇ ਹੁੰਦਾ ਹੈ!

ਪ੍ਰਸਾਦ: ਅਧਿਆਤਮਿਕ ਜੀਵਨ ਦੇ ਸੰਦਰਭ ਵਿੱਚ, ਪ੍ਰਸਾਦ ਦੇ ਸਰਲ ਅਰਥ ਹਨ: ਕ੍ਰਿਪਾ, ਕਰਮ, ਬਖ਼ਸ਼ਿਸ਼, ਖ਼ੁਸ਼ੀ (ਗੁਰ ਪ੍ਰਸਾਦਿ=ਗੁਰੂ ਦੀ ਕ੍ਰਿਪਾ ਨਾਲ)। ਧਰਮ ਦੇ ਧੰਦੇ ਵਿੱਚ ਪ੍ਰਸਾਦ ਦੇ ਅਰਥ ਹਨ: ਇਸ਼ਟ ਦੇਵ ਦੀ ਮੂਰਤੀ ਅੱਗੇ ਭੇਟ ਕੀਤਾ ਹੋਇਆ ਭੋਜਨ ਜਾਂ ਖਾਣਾ। ਨੈਵੇਦਯ ਤੇ ਭੁਗਤਿ ਆਦਿ ਵੀ ਪ੍ਰਸਾਦ ਦੇ ਸਮਾਨਾਰਥੀ ਸ਼ਬਦ ਹਨ। ਮਨੁੱਖ ਦੇ ਸੰਸਾਰਕ/ਸਮਾਜਿਕ/ਸਭਿਆਚਾਰਕ ਜੀਵਨ ਦੇ ਪ੍ਰਸੰਗ ਵਿੱਚ ਪ੍ਰਸਾਦ ਦੇ ਅਰਥ ਹਨ: ਭੋਜਨ, ਖਾਣ ਯੋਗ ਪਦਾਰਥ, ਅਲਪ ਆਹਾਰ, ਹਲਕਾ ਭੋਜਨ ਜਾਂ ਸਨੈਕ (snack)। ਪੁਰਾਣੇ ਜ਼ਮਾਨੇ ਵਿੱਚ ਘਰਿ ਆਏ ਮਹਿਮਾਨਾਂ ਨੂੰ, ਆਮ ਤੌਰ `ਤੇ, ਸਨੈਕ ਵਜੋਂ ਹਲਵਾ/ਕੜਾਹ ਜਾਂ ਕੋਈ ਮਿੱਠੀ ਚੀਜ਼ ਪਰੋਸੀ ਜਾਂਦੀ ਸੀ। ਫਿਰ ਬਾਅਦ ਵਿੱਚ ਮੁੱਖ ਖਾਣਾ (ਲੰਗਰ) ਛਕਾਇਆ ਜਾਂਦਾ ਸੀ! ਇਹ ਇੱਕ ਸਮਾਜਿਕ ਜਾਂ ਸਭਿਆਚਾਰਕ ਰੀਤਿ ਸੀ। ਸਮੇਂ ਦੀ ਲੋੜ ਅਨੁਸਾਰ ਇਹੋ ਸਭਿਆਚਾਰਕ ਰੀਤੀ ਧਰਮ ਦੇ ਖੇਤ੍ਰ ਵਿੱਚ ਵੀ ਪ੍ਰਚੱਲਿਤ ਹੋ ਗਈ। ਪੁਰਾਣੇ ਜ਼ਮਾਨੇ ਦੀਆਂ ਇੱਕਾ-ਦੁੱਕਾ ਧਰਮਸ਼ਾਲਾਵਾਂ ਵਿੱਚ ਧਾਰਮਿਕ ਇਕੱਠਾਂ ਲਈ ਦੂਰ-ਦੁਰਾਡੇ ਤੋਂ ਆਈਆਂ ਸੰਗਤਾਂ ਵਾਸਤੇ ਸਥਾਨਕ ਲੋਕਾਂ ਵੱਲੋਂ ਪਹਿਲਾਂ ਸਨੈਕ ਜਾਂ ਹਲਕੇ ਭੋਜਨ ਵਜੋਂ ਹਲਵਾ/ਕੜਾਹ ਦਿੱਤਾ ਜਾਂਦਾ ਸੀ ਅਤੇ ਫਿਰ ਮੁੱਖ ਖਾਣਾ (lunch or dinner) ਪਰੋਸਿਆ ਜਾਂਦਾ ਸੀ। ੧੯੭੦ਵਿਆਂ ਤਕ ਗੁਰੁਦਵਾਰਿਆਂ ਵਿੱਚ ਕੜਾਹ ਜਾਂ ਹਲਵੇ ਦੀ ਬਜਾਏ ਫੁਲੀਆਂ-ਪਤਾਸਿਆਂ ਆਦਿ ਦਾ ਪ੍ਰਸਾਦ ਦਿੱਤਾ ਜਾਂਦਾ ਸੀ। ਕਈ ਧਰਮ-ਸਥਾਨਾਂ ਉੱਤੇ ਅੱਜ ਵੀ ਫੁਲੀਆਂ-ਪਤਾਸਿਆਂ ਦਾ ਪ੍ਰਸਾਦ ਹੀ ਦਿੱਤਾ ਜਾਂਦਾ ਹੈ।

{ਨੋਟ:-ਹਲਵਾ حلواਅਰਬੀ ਬੋਲੀ ਦਾ ਲਫ਼ਜ਼ ਹੈ ਅਤੇ ਇਸ ਦੇ ਮਾਅਨੇ ਹਨ: ਸ਼ੀਰੀਂ (ਮਿੱਠੀ) ਚੀਜ਼, ਕੜਾਹ।}

ਪ੍ਰਸਾਦ ਕਰਾਉਣਾ ਜਾਂ ਇਸ਼ਟ ਦੇਵ ਦੀਆਂ ਕਾਲਪਨਿਕ ਮੂਰਤੀਆਂ ਨੂੰ ਭੋਗ ਲੁਆਉਣਾ ਸੰਪਰਦਾਈ ਹਿੰਦੂ ਧਰਮ ਵਿੱਚ ਪ੍ਰਚੱਲਿਤ ਪੁਰਾਣੀ ਕਰਮਕਾਂਡੀ ਰੀਤਿ ਹੈ। ਗੁਰਬਾਣੀ ਵਿੱਚ, ਲੋਟੂ ਪੁਜਾਰੀਆਂ ਦੁਆਰਾ ਪ੍ਰਚੱਲਿਤ ਕੀਤੀ ਇਸ ਨਿਰਾਰਥਕ ਰੀਤਿ ਦਾ ਤਰਕਮਈ ਖੰਡਨ ਕੀਤਾ ਗਿਆ ਹੈ:

ਜੇ ਓਹੁ ਅਨਿਕ ਪ੍ਰਸਾਦ ਕਰਾਵੈ॥ … ਗੌਂਡ ਰਵਿਦਾਸ ਜੀ

ਆਨੀਲੇ ਦੂਧੁ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦੁ ਕਰਉ॥ ਆਸਾ ਨਾਮਦੇਵ ਜੀ

ਗੁਰਬਾਣੀ ਵਿੱਚ ਨਾਨਕ ਦੇਵ ਜੀ ਜੋਗੀਆਂ ਨੂੰ ਮੱਠਾਂ ਉੱਤੇ ਆਏ ਸ਼੍ਰੱਧਾਲੂਆਂ ਨੂੰ ਚੂਰਮੇ ਦਾ ਪ੍ਰਸਾਦ ਦੇਣ ਦੀ ਬਜਾਏ ਗਿਆਨ ਦਾ ਪ੍ਰਸਾਦ (ਭੁਗਤਿ) ਦੇਣ ਦਾ ਸੰਦੇਸ਼ ਦਿੰਦੇ ਹੋਏ ਲਿਖਦੇ ਹਨ:

ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ॥ ਜਪੁ

ਮੁਕਤਿ ਭੁਗਤਿ ਜੁਗਤਿ ਸਚੁ ਪਾਈਐ ਸਰਬ ਸੁਖਾ ਕਾ ਦਾਤਾ॥ ਸੋਰਠ ਮ: ੫

ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ ਜਿਸੁ ਤੂੰ ਆਪਿ ਕਰਾਇਹਿ॥ ਸੂਹੀ ਮ: ੫

‘ਸਿੱਖ ਧਰਮ’ ਦੇ ਸੰਸਥਾਪਕਾਂ, ਪ੍ਰਬੰਧਕਾਂ ਅਤੇ ਪੁਜਾਰੀਆਂ ਨੇ ਵੀ ਪ੍ਰਸਾਦ ਨੂੰ ਧਰਮ ਦੇ ਧੰਦੇ ਦਾ ਇੱਕ ਅਤਿਅੰਤ ਲਾਹੇਵੰਦ ਸੌਦਾ ਬਣਾ ਲਿਆ ਹੈ। ਗੁਰਸਿੱਖਿਆ ਦੇ ਵਿਪਰੀਤ, ‘ਸਿੱਖ ਧਰਮ’ ਦੇ ਠਕੇਦਾਰਾਂ ਨੇ ਧਰਮ ਦਾ ਧੰਦਾ ਪ੍ਰਫ਼ੁੱਲਤ ਕਰਨ ਵਾਸਤੇ ਪ੍ਰਸਾਦ ਕਰਾਉਣ ਦੀ ਕਰਮਕਾਂਡੀ ਰੀਤਿ ਨੂੰ ਅੰਨ੍ਹੀ ‘ਸ਼੍ਰਧਾ’ ਤੇ ਪੂਰੀ ਸ਼ਿੱਦਤ ਨਾਲ ਅਪਣਾ ਲਿਆ ਹੈ! ‘ਸਿੱਖ ਧਰਮ’ ਦੇ ਗੁਰੂਦਵਾਰਿਆਂ ਵਿੱਚ ਗੁਰਬਾਣੀ ਦੀ ਪੋਥੀ/ਬੀੜ/ਗ੍ਰੰਥ (ਪ੍ਰਗਟ ਗੁਰਾਂ ਕੀ ਦੇਹ) ਨੂੰ ਮੂਰਤੀ ਵਾਂਙ ਹੀ ਪੂਜਿਆ ਜਾਂਦਾ ਹੈ ਅਤੇ ਮੂਰਤੀ ਵਾਂਙ ਹੀ ਭੋਗ ਲਵਾਇਆ ਜਾਂਦਾ ਹੈ! ‘ਸਿੱਖਾਂ’ ਨੂੰ ਭੁਚਲਾ ਕੇ ਆਪਣੇ ਫੰਦੇ ਵਿੱਚ ਫਸਾਉਣ ਵਾਸਤੇ ਅਰਦਾਸ ਵਿੱਚ ਇਹ ਸਤਰ ਜੋੜੀ ਜਾਂਦੀ ਹੈ: “…ਕੜਾਹ ਪ੍ਰਸਾਦ ਦੀ ਦੇਗ ਹਾਜਰ ਹੈ ਆਪ ਜੀ ਨੂੰ ਭੋਗ ਲੱਗੇ ਅਤੇ ਸੀਤਪ੍ਰਸਾਦ ਸੰਗਤਾਂ ਵਿੱਚ ਵਰਤੇ…”।

(ਸੀਤ: ਇਸ਼ਟ ਦੇਵ ਦਾ ਜੂਠਾ ਕੀਤਾ। ਪ੍ਰਸਾਦ: ਭੋਜਨ।)

੧੯੬੦ਵਿਆਂ ਤੀਕ, ਇਤਿਹਾਸਕ ਕਹੇ ਜਾਂਦੇ ਬਹੁਤੇ ਗੁਰੂਦੁਆਰਿਆਂ ਦੇ ਬਾਹਰ ਫੁਲੀਆਂ-ਪਤਾਸਿਆਂ ਦਾ ਪ੍ਰਸਾਦ ਵਿਕਿਆ ਕਰਦਾ ਸੀ। ਜਿਉਂ ਜਿਉਂ ਪ੍ਰਸਾਦਿ ਕਰਾਉਣ ਦੀ ਪ੍ਰਥਾ ਆਮ ਲੋਕਾਂ ਵਿੱਚ ਪ੍ਰਸਿੱਧ ਤੇ ਪ੍ਰਚੱਲਿਤ ਹੁੰਦੀ ਗਈ, ਤਿਉਂ ਤਿਉਂ ਮਾਇਕ ਤ੍ਰਿਸ਼ਨਾ ਦੇ ਮਾਰੇ ਪ੍ਰਬੰਧਕ ਤੇ ਪੁਜਾਰੀ ਗੁਰਮਰਿਆਦਾ, ਸੁੱਚਤਾ ਤੇ ਸ਼ੁੱਧਤਾ ਦੇ ਬਹਾਨੇ, ਪ੍ਰਸਾਦ ਵੇਚਣ ਦਾ ਪ੍ਰਬੰਧ ਆਪਣੇ ਅਧਿਕਾਰ ਅਧੀਨ ਕਰਦੇ ਗਏ। ਪ੍ਰਸਾਦ ਦੇ ਵਖਰ ਨੂੰ ਹੋਰ ਜ਼ਿਆਦਾ ਲਾਹੇਵੰਦ ਬਣਾਉਣ ਲਈ ਹੁਣ ਕਈ ਇਤਿਹਾਸਕ ਕਹੇ ਜਾਂਦੇ ਗੁਰੂਦਵਾਰਿਆਂ ਵਿੱਚ ਫੁਲੀਆਂ-ਪਤਾਸੇ ਤੇ ਕੜਾਹ ਦੇ ਪ੍ਰਸਾਦ ਦੇ ਅਤਿਰਿਕਤ ਪੰਜੀਰੀ ਪ੍ਰਸਾਦ ਅਤੇ ਪਿੰਨੀ-ਪ੍ਰਸਾਦ ਆਦਿਕ ਕਰਾਉਣ ਦਾ ਪੁਖ਼ਤਾ ਪ੍ਰਬੰਧ ਵੀ ਕੀਤਾ ਗਿਆ ਹੈ! ! ਪੰਜੀਰੀ ਪ੍ਰਸਾਦ ਅਤੇ ਪਿੰਨੀ ਪ੍ਰਸਾਦ ਥੋਕ ਵਿੱਚ ਬਣਵਾਉਣ ਦਾ ਕਰੋੜਾਂ ਦਾ ਠੇਕਾ ਹਲਵਾਈਆਂ ਨੂੰ ਦਿੱਤਾ ਜਾਂਦਾ ਹੈ! ! ! ਕਿੱਥੇ ਗਈ ਗੁਰਮਰਿਆਦਾ, ਸੁੱਚਤਾ ਤੇ ਸ਼ੁੱਧਤਾ? ? ?

ਗੁਰੂਦਵਾਰਿਆਂ ਦੇ ਉਚ ਅਧਿਕਾਰੀ ਤੇ ਪ੍ਰਬੰਧਕ ਪੰਜੀਰੀ ਅਤੇ ਪਿੰਨੀ ਪ੍ਰਸਾਦ ਬਣਾਉਣ ਵਾਲੇ ਠੇਕੇਦਾਰਾਂ ਤੋਂ ਦਲਾਲੀ ਅਰਥਾਤ ਕਮਿਸ਼ਨ (commission) ਜਾਂ ਵਢੀ/ਰਿਸ਼ਵਤ ਵਜੋਂ ਜੋ ਵੱਡੀ ਰਕਮ ਲੈਂਦੇ ਹਨ, ਉਸ ਦੇ ਸਮਾਚਾਰ ਆਮ ਛਪਦੇ ਹੀ ਰਹਿੰਦੇ ਹਨ!

ਇੱਥੇ ਪ੍ਰਸਾਦ ਬਾਰੇ ਇੱਕ ਹੋਰ ਗੁੱਝੇ/ਗੁਪਤ ਤੇ ਕੋਝੇ-ਕੁਸੈਲੇ ਸੱਚ ਦਾ ਵਰਣਨ ਕਰ ਦੇਣਾ ਵੀ ਕੁਥਾਂ ਨਹੀਂ ਹੋਵੇਗਾ: ਗੁਰੂਦਵਾਰਿਆਂ ਵਿੱਚ ਕੜਾਹ ਸੰਗਤਾਂ ਵੱਲੋਂ ਦਾਨ ਵਜੋਂ ਦਿੱਤੀ ਗਈ ਰਸਦ/ਸਾਮਗ੍ਰੀ ਨਾਲ ਬਣਾਇਆ ਜਾਂਦਾ ਹੈ! ਸੰਗਤਾਂ ਦੀ ਦਿੱਤੀ ਸਾਮਗਰੀ ਨਾਲ ਤਿਆਰ ਕੀਤਾ ਕੜਾਹ ਸੰਗਤਾਂ ਨੂੰ ਵੇਚਿਆ ਜਾਂਦਾ ਹੈ! ਵੇਚੇ ਜਾਂਦੇ ਕੜਾਹ ਦਾ ਕੋਈ ਨਿਰਧਾਰਤ ਮੁੱਲ ਨਹੀਂ ਹੁੰਦਾ; ਸ਼੍ਰੱਧਾਲੂ ਆਪਣੀ ਸ਼੍ਰੱਧਾ ਨਾਲ ਜਿਤਨਾ ਮਰਜ਼ੀ ਮੁੱਲ ਦੇ ਸਕਦੇ ਹਨ! ਪਰ, ਘੱਟੋ ਘੱਟ ਮੁੱਲ਼ ਜ਼ਰੂਰ ਨਿਸ਼ਚਿਤ ਕੀਤਾ ਹੁੰਦਾ ਹੈ! ਸ਼੍ਰੱਧਾਲੂਆਂ ਦੁਆਰਾ ਗੁਰਬਾਣੀ ਦੀ ਬੀੜ/ਪੋਥੀ/ਗ੍ਰੰਥ (ਦੇਹ) ਨੂੰ ਭੇਟ ਕੀਤਾ ਇਹ ਕੜਾਹ ਵਾਪਸ ਲੈ ਕੇ ਫਿਰ ਸੰਗਤਾਂ ਨੂੰ ਪ੍ਰਸਾਦ ਦੇ ਤੌਰ ਤੇ ਦਿੱਤਾ ਜਾਂਦਾ ਹੈ! ! ! ਇੱਥੇ ਹੀ ਬੱਸ ਨਹੀਂ, ਪ੍ਰਸਾਦ ਕਰਾਉਣ ਵਾਲਾ ਸ਼੍ਰਧਾਲੂ ‘ਗੁਰੂ ਦੀ ਗੋਲਕ’ ਲਈ ਮਾਇਆ ਵੀ ਭੇਟ ਕਰਦਾ ਹੈ! ! ਹੈ ਨਾ ਕਮਾਲ ਫ਼ਰੇਬੀ ਪੁਜਾਰੀ ਦੀ ਬੇਮਿਸਾਲ ਪੈਤਰੇਬਾਜ਼ੀ ਦਾ! ! ! !

ਲੰਗਰ: ਪ੍ਰਸਾਦ ਵਾਂਙ ਲੰਗਰ ਅਥਵਾ ਭੰਡਾਰਾ ਵੀ ਧਰਮ ਦੇ ਧੰਦੇ ਦਾ ਇੱਕ ਬਹੁਤ ਲਾਹੇਵੰਦ ਵਖਰ/ਸੌਦਾ ਬਣਾ ਦਿੱਤਾ ਗਿਆ ਹੈ। ਜਿਸ ਬਾਬੇ ਨਾਨਕ ਦੇ ਨਾਮ `ਤੇ ਲੰਗਰ ਨੂੰ ਪ੍ਰਸਿੱਧ ਕੀਤਾ ਜਾਂਦਾ ਹੈ, ਉਸ ਰੂਹਾਨੀ ਬਾਬੇ ਦਾ ਆਦੇਸ਼ ਹੈ: …ਭੁਗਤਿ ਨਾਮੁ ਗੁਰ ਸਬਦਿ ਬੀਚਾਰੀ॥ …ਰਾਮਕਲੀ ਮ: ੧

ਲੰਗਰਾਂ ਵਿੱਚ ਰਸਦ ਸ਼੍ਰੱਧਾਲੂਆਂ ਵੱਲੋਂ ਦਾਨ ਦੇ ਤੌਰ `ਤੇ ਭੇਟ ਕੀਤੀ ਜਾਂਦੀ ਹੈ। ਲੰਗਰ ਦੀ ਸੇਵਾ ਵੀ ਸ਼੍ਰੱਧਾਲੂ ਹੀ ਕਰਦੇ ਹਨ। ਇਸ ਦੇ ਬਾਵਜੂਦ, ਲੰਗਰ ਹਾਲ ਵਿੱਚ ਲੰਗਰ-ਭੇਟਾ ਵਾਸਤੇ ਵੱਡੀਆਂ ਵੱਡੀਆਂ ਗੋਲਕਾਂ ਵੀ ਰੱਖੀਆਂ ਹੁੰਦੀਆਂ ਹਨ ਜਿਨ੍ਹਾਂ ਰਾਹੀਂ ਲੱਖਾਂ-ਕਰੋੜਾਂ ਦੀ ਆਮਦਨ ਹੁੰਦੀ ਹੈ!

ਇਕ ਹੋਰ ਸ਼ਰਮਨਾਕ ਸੱਚ: ਬਿਬੇਕਹੀਣ ਅੰਧਵਿਸ਼ਵਾਸੀ ਸ਼੍ਰੱਧਾਲੂਆਂ ਵਿੱਚ ਕੜਾਹ (ਪ੍ਰਸਾਦ) ਤੇ ਲੰਗਰ ਵਾਸਤੇ, ਗੁਰੂ ਦੇ ਨਾਮ `ਤੇ, ਰਸਦ/ਸਾਮਗ੍ਰੀ ਦਾਨ ਕਰਨ ਦੀ ਅਜਿਹੀ ਹੋਡ ਲੱਗੀ ਹੋਈ ਹੈ ਕਿ ਦੇਸ-ਬਿਦੇਸ ਦੇ ਗੁਰੂਦਵਾਰਿਆਂ ਵਿੱਚ ਲੋੜ ਤੋਂ ਕਿਤੇ ਵੱਧ ਸਾਮਗ੍ਰੀ ਇਕੱਠੀ ਹੋ ਜਾਂਦੀ ਹੈ! ਇਹ ਵਾਧੂ ਦੀ ਰਸਦ/ਸਾਮਗ੍ਰੀ ਜਾਂ ਤਾਂ ਪ੍ਰਬੰਧਕਾਂ ਦੁਆਰਾ ਚੋਰੀ-ਛਿਪੇ ਖੁਰਦ-ਬੁਰਦ ਕਰ ਦਿੱਤੀ ਜਾਂਦੀ ਹੈ ਤੇ ਜਾਂ ਫਿਰ ਹੱਟ/ਸਟਾਲ ਲਾਕੇ ਵਾਪਸ ਸੰਗਤਾਂ ਨੂੰ ਵੇਚੀ ਜਾਂਦੀ ਹੈ! ਏਦਾਂ ਵੇਚੀ ਗਈ ਸਾਮਗ੍ਰੀ ਦਾ ਕੋਈ ਹਿਸਾਬ-ਕਿਤਾਬ ਨਹੀਂ ਹੁੰਦਾ! ! ਇੱਕ ਹੋਰ ਕੜਵਾ ਸੱਚ, ਇਤਿਹਾਸਿਕ ਕਹੇ ਜਾਂਦੇ ਗੁਰੂਦਵਾਰਿਆਂ ਦੇ ਵੱਡੇ ਪ੍ਰਬੰਧਕ/ਅਧਿਕਾਰੀ ਕੜਾਹ ਤੇ ਲੰਗਰ ਵਾਸਤੇ ਘਿਉ, ਖੰਡ, ਮਸਾਲੇ ਤੇ ਸਬਜ਼ੀ ਆਦਿਕ ਖ਼ਰੀਦਨ ਵਿੱਚ ਕਰੋੜਾਂ ਦਾ ਘਪਲਾ ਕਰਦੇ ਹਨ! ! ! ਪ੍ਰਬੰਧਕ ਕਮੇਟੀਆਂ ਦੇ ਵਿਰੋਧੀ ਧੜਿਆਂ ਦੇ ਕਾਰਕੁਨ ਘਪਲਿਆਂ ਦੀ ਇਸ ਸ਼ਰਮਨਾਕ ਕਾਲੀ ਕਰਤੂਤ ਦਾ ਕਾਲਾ ਚਿੱਕੜ ਇੱਕ ਦੂਜੇ ਉੱਤੇ ਸੁੱਟਦੇ ਹੀ ਰਹਿੰਦੇ ਹਨ!

ਆਮ ਸੂਝ ਤੇ ਬਿਬੇਕ ਨਾਲ ਬੀਚਾਰੀਏ ਤਾਂ, ਲੰਗਰ ਪੁਰਾਣੇ ਸਮਿਆਂ ਦੀ ਲੋੜ ਸੀ ਕਿਉਂਕਿ, ਉਨ੍ਹਾਂ ਜ਼ਮਾਨਿਆਂ ਵਿੱਚ ਧਰਮਸ਼ਾਲਾਵਾਂ (ਅਜੋਕੇ ਗੁਰੂਦਵਾਰੇ) ਕਿਤੇ ਕਿਤੇ ਹੀ ਹੁੰਦੀਆਂ ਸਨ, ਆਵਾ-ਜਾਈ ਦੇ ਸਾਧਨ ਨਹੀਂ ਸਨ ਅਤੇ ਢਾਬੇ ਤੇ ਹੋਟਲ ਵੀ ਨਹੀਂ ਸਨ ਹੁੰਦੇ! ਪਰੰਤੂ ਅੱਜ ਦੇ ਸਮੇਂ ਵਿੱਚ ਸਾਰੇ ਸ਼ਹਿਰਾਂ ਤੇ ਪਿੰਡਾਂ-ਬਸਤੀਆਂ ਦੇ ਹਰ ਮੋੜ `ਤੇ ਗੁਰੂਦਵਾਰਾ ਹੈ; ਇੱਥੋਂ ਤਕ ਕਿ ਧਰਮ ਦੇ ਵਾਪਾਰੀਆਂ ਵੱਲੋਂ ਖੇਤਾਂ, ਜੰਗਲਾਂ ਅਤੇ ਵੀਰਾਨ ਇਲਾਕਿਆਂ ਵਿੱਚ ਵੀ ਗੁਰੂਦਵਾਰੇ, ਟਕਸਾਲਾਂ ਤੇ ਡੇਰੇ ਉਸਾਰ ਲਏ ਗਏ ਹਨ, ਆਵਾ-ਜਾਈ ਦੇ ਸਾਧਨਾਂ ਦੀ ਕੋਈ ਥੁੜ ਨਹੀਂ ਅਤੇ ਪੈਰ ਪੈਰ `ਤੇ ਹੋਟਲ ਤੇ ਢਾਬੇ ਵੀ ਖੁਲ੍ਹ ਗਏ ਹਨ। ਅਜਿਹੇ ਜ਼ਮਾਨੇ ਵਿੱਚ ਲੰਗਰ ਇੱਕ ਧਾਰਮਿਕ ਕਰਮਕਾਂਡ ਬਣ ਕੇ ਰਹਿ ਗਿਆ ਹੈ!

ਸੰਖੇਪ ਵਿੱਚ, ਸਿੱਧੜ ਸ਼੍ਰੱਧਾਲੂਆਂ ਦਾ ਧਿਆਨ ਗੁਰਮਤਿ ਵੱਲੋਂ ਭਟਕਾਉਣ ਅਤੇ ਉਨ੍ਹਾਂ ਨੂੰ ਭੌਂਦੂ ਬਣਾ ਕੇ ਠੱਗਣ ਵਾਸਤੇ ਪ੍ਰਬੰਧਕ ਅਤੇ ਪੁਜਾਰੀ ਆਪਣਾ ਸਾਰਾ ਜ਼ੋਰ ਭਾਂਤ-ਭਾਂਤ ਦੇ ਪ੍ਰਸਾਦਾਂ ਅਤੇ ਸਵਾਦਿਸ਼ਟ ਲੰਗਰਾਂ ਉੱਤੇ ਲਗਾਉਂਦੇ ਹਨ!

ਚਲਦਾ……

ਗੁਰਇੰਦਰ ਸਿੰਘ ਪਾਲ

ਅਗਸਤ 21, 2022.




.