ਅਜ਼ਾਦੀ ਅਤੇ ਰੂਹਾਂ ਤੇ ਹਮਲੇ
ਸਿੱਖ ਤਕਰੀਬਨ ਪਿਛਲੇ 80 ਸਾਲਾਂ ਤੋਂ ਸਿੱਖ ਹੋਮਲੈਂਡ ਜਾਂ ਖਾਲਿਸਤਾਨ ਦੀ ਗੱਲ ਕਰਦੇ ਆ ਰਹੇ ਹਨ।
ਇਸ ਬਾਰੇ ਬਹੁਤ ਕੁੱਝ ਲਿਖਿਆ ਅਤੇ ਬੋਲਿਆ ਜਾ ਚੁੱਕਾ ਹੈ। ਪਰ ਹੁਣ ਤਾਂ ਜਦੋਂ ਦਾ ਸ਼ੋਸ਼ਲ ਮੀਡੀਆ
ਹੋਂਦ ਵਿੱਚ ਆਇਆ ਹੈ ਹਰ ਕੋਈ ਆਪਣੀ ਗੱਲ ਕਹਿਣ ਲਈ ਅਜ਼ਾਦ ਹੈ। ਆਪਣੇ ਵਿਚਾਰ ਰੱਖਣ ਦੀ ਹਰਇਕ ਵਿਆਕਤੀ
ਨੂੰ ਅਜ਼ਾਦੀ ਹੈ। ਪਰ ਗਾਲ੍ਹਾਂ ਕੱਢਣ ਦੀ ਨਹੀਂ। ਪੰਜਾਬੀ ਭਾਈਚਾਰੇ ਦੇ ਅਤੇ ਖਾਸ ਕਰਕੇ ਸਿੱਖ ਧਰਮ
ਨਾਲ ਸੰਬੰਧਿਤ ਲੋਕ ਇੱਕ ਪਾਸੇ ਇਹ ਕਹਿੰਦੇ ਹਨ ਕਿ ਅਸੀਂ ਭਾਰਤ ਵਿੱਚ ਗੁਲਾਮ ਹਾਂ। ਸਾਨੂੰ ਆਹ ਨੀ
ਕਰਨ ਦਿੰਦੇ ਜਾਂ ਔਹ ਨਹੀਂ ਕਰਨ ਦਿੰਦੇ। ਪਰ ਦੂਸਰੇ ਪਾਸੇ ਆਪ ਹੀ ਆਪਣੇ ਤੋਂ ਵੱਖਰੇ ਵਿਚਾਰਾਂ
ਵਾਲਿਆਂ ਨੂੰ ਧਮਕੀਆਂ ਦਿੰਦੇ ਹਨ। ਗਾਲੀ ਗਲੋਚ ਕਰਦੇ ਹਨ। ਮਾਰ ਕੁਟਾਈ ਤੋਂ ਲੈ ਕੇ ਕਤਲ ਕਰਨ ਤੱਕ
ਜਾਂਦੇ ਹਨ। ਜੇ ਕਰ ਕੋਈ ਬੀਬੀ ਆਪਣੇ ਵਿਚਾਰ ਪ੍ਰਗਟ ਕਰਦੀ ਹੈ ਅਤੇ ਇਹ ਵਿਚਾਰ ਜਿਨ੍ਹਾਂ ਦੀ ਸੋਚ
ਤੋਂ ਉਲਟ ਹੁੰਦੇ ਹਨ ਤਾਂ ਸਭ ਤੋਂ ਪਹਿਲਾਂ ਉਸ ਬੀਬੀ ਦੀਆਂ ਫੋਟੋਆਂ ਐਡਿਟ ਕਰਕੇ ਉਸ ਨੂੰ ਜਲੀਲ ਕਰਨ
ਦੀ ਕੋਸ਼ਿਸ਼ ਕਰਦੇ ਹਨ। ਇਹ ਉਹ ਲੋਕ ਹਨ ਜਿਹੜੇ ਅਜ਼ਾਦੀ ਦੀਆਂ ਗੱਲਾਂ ਕਰਦੇ ਹਨ ਪਰ ਦੂਸਰਿਆਂ ਨੂੰ
ਬੋਲਣ ਦੀ ਅਜ਼ਾਦੀ ਵੀ ਨਹੀਂ ਦੇ ਰਹੇ। ਇਸੇ ਤਰ੍ਹਾਂ ਦੀ ਇੱਕ ਬੀਬੀ ਦੀਆਂ ਕੁੱਝ ਵੀਡੀਓ ਯੂ-ਟਿਊਬ ਤੇ
ਦੇਖਣ ਨੂੰ ਮਿਲੀਆਂ। ਇਸ ਦਾ ਨਾਮ ਮਨਵੀਰ ਕੌਰ ਹੈ। ਇਸ ਨੇ ਵੀ ਇੱਕ ਵੀਡੀਓ ਵਿੱਚ ਆਪਣੀਆਂ ਫੋਟੋ
ਐਡਿਟ ਕਰਨ ਦੀ ਗੱਲ ਕਹੀ ਸੀ। ਖਾਲਿਸਤਾਨ ਬਾਰੇ ਇੱਕ ਵੀਡੀਓ ਵਿੱਚ ਇਸ ਨੇ 1940 ਤੋਂ ਲੈ ਕੇ ਹੁਣ
ਤੱਕ ਦੀ, ਜਾਣੀ ਕਿ 2022 ਤੱਕ ਦੀ ਜਾਣਕਾਰੀ ਦਿੱਤੀ ਹੋਈ ਹੈ। ਇਸ ਵੀਡੀਓ ਦਾ ਲਿੰਕ ਹੇਠਾਂ ਪਾ ਰਿਹਾ
ਹਾਂ।
https://www.youtube.com/watch?v=1k7ZorVM79s
ਬੀਬੀ ਮਨਵੀਰ ਕੌਰ ਨੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਇਹ ਤਾਂ ਇੱਕ ਮਿਸਾਲ ਦਿੱਤੀ ਹੈ ਕਿ ਆਪਣਾ ਰਾਜ
ਮੰਗਣ ਵਾਲੇ ਕਥਿਤ ਖਾਲਿਸਤਾਨੀਆਂ ਦੀ ਸੋਚ ਕਿਹੋ ਜਿਹੀ ਹੈ। ਪਿਛਲੇ ਕੁੱਝ ਦਿਨਾਂ ਦੀਆਂ ਖਬਰਾਂ ਹੀ
ਦੇਖ ਲਓ। ਕਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਵਾਲੇ, ਹਰਿਆਣੇ ਦੀ ਵੱਖਰੀ ਕਮੇਟੀ ਦੀ ਮਾਨਤਾ ਨੂੰ ਲੈ ਕੇ
ਬਿਆਨ ਦੇ ਰਹੇ ਹਨ ਅਤੇ ਮਾਰਚ ਕੱਢ ਰਹੇ ਹਨ। ਉਹ ਸਪਰੀਮ ਕੋਰਟ ਦੇ ਫੈਸਲੇ ਨੂੰ ਰੂਹ ਤੇ ਹਮਲੇ ਨਾਲ
ਤੁਲਨਾ ਦਿੰਦੇ ਹਨ। ਕਹਿੰਦੇ ਹਨ ਕਿ ਇਹ ਹਮਲਾ ਤਾਂ 1984 ਨਾਲੋਂ ਵੀ ਵੱਡਾ ਹੈ। ਮਤਲਬ ਕੇ ਸਿੱਖਾਂ
ਦੇ ਆਪਣੇ ਹੀ ਭਰਾਵਾਂ ਨੇ ਆਪਣੀਆਂ ਗੋਲਕਾਂ ਦੀ ਅਜ਼ਾਦੀ ਹਾਸਲ ਕਰ ਲਈ। ਜਿਸ ਨੂੰ ਇਹ ਰੂਹ ਤੇ ਹਮਲਾ
ਕਹਿੰਦੇ ਹਨ। ਜਿਸ ਤੋਂ ਸਾਫ ਜਾਹਰ ਹੈ ਕਿ ਸਿੱਖਾਂ ਦੀਆਂ ਰੂਹਾਂ ਗੋਲਕਾਂ ਨਾਲ ਹੀ ਚਿੰਬੜੀਆਂ ਹੋਈਆਂ
ਹਨ। ਇਸ ਤੋਂ ਪਰੇ ਇਹ ਸੋਚ ਨਹੀਂ ਸਕਦੇ। ਆਪ ਤਾਂ ਗੋਲਕਾਂ ਦੀ ਅਜਾਦੀ ਦੇਣ ਤੇ ਵੀ ਤੜਫਦੇ ਹਨ ਪਰ ਆਪ
ਦੇਸ਼ ਦੇ ਇੱਕ ਟੁਕੜੇ ਦੀ ਅਜ਼ਾਦੀ ਮੰਗ ਰਹੇ ਹਨ।
ਡੇਰਿਆਂ ਅਤੇ ਸਾਧਾਂ ਨਾਲ ਜੁੜੇ ਹੋਏ ਕੁੱਝ ਸ਼ੈਤਾਨ ਕਿਸਮ ਦੇ ਬੰਦੇ, ਆਮ ਲੋਕਾਈ ਅਤੇ ਖਾਸ ਕਰਕੇ
ਨੌਜੁਆਨੀ ਨੂੰ ਗੁਮਰਾਹ ਕਰਨ ਲਈ ਆਪਣੀ ਪੂਰੀ ਵਾਹ ਲਾ ਰਹੇ ਹਨ। ਬਹੁਤ ਸਾਰੇ ਜਜਬਾਤੀ ਲੋਕ ਇਨ੍ਹਾਂ
ਦੀਆਂ ਲੂਬੜ ਚਾਲਾਂ ਵਿੱਚ ਫਸਦੇ ਜਾ ਰਹੇ ਹਨ। ਅਸਲੀਅਤ ਕੁੱਝ ਹੋਰ ਹੁੰਦੀ ਹੈ ਅਤੇ ਉਨ੍ਹਾਂ ਦੇ
ਦਿਮਾਗਾਂ ਵਿੱਚ ਭਰਿਆ ਕੁੱਝ ਹੋਰ ਜਾ ਰਿਹਾ ਹੁੰਦਾ ਹੈ। ਕਿਸਾਨ ਮੋਰਚੇ ਵੇਲੇ ਦੀਪ ਸਿੱਧੂ ਨੂੰ
ਸਿਖਾਲ ਕੇ ਕਿਸ ਤਰ੍ਹਾਂ ਉਭਾਰਿਆ ਗਿਆ ਸੀ। ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਕਿਸ ਤਰ੍ਹਾਂ
ਮਣਾ-ਮੂਹੀਂ ਝੂਠ ਉਸ ਤੋਂ ਬੁਲਾਇਆ ਜਾ ਰਿਹਾ ਸੀ। ਉਸ ਦੀ ਮੈਂ ਸਿਰਫ ਇੱਕ ਸਪੀਚ ਕੁੱਝ ਮਿੰਟਾਂ ਦੀ
ਸੁਣੀ ਸੀ ਜਿਸ ਵਿੱਚ ਉਹ ਕਹਿੰਦਾ ਸੀ ਕਿ ਨਾਸਾ ਦੀ ਸੱਤਵੀਂ ਮੰਜਲ ਤੇ ਗੁਰੂ ਗ੍ਰੰਥ ਸਾਹਿਬ ਦਾ
ਪ੍ਰਕਾਸ਼ ਹੈ। ਲੌਰਡ ਔਫ ਦਾ ਵਰਡ ਬੜਾ ਘਰੋੜ ਕੇ ਕਹਿ ਰਿਹਾ ਸੀ। ਉਸ ਦੀ ਇਹ ਗੱਲ 100% ਕੋਰਾ ਝੂਠ
ਸੀ। ਫਿਰ ਦੱਸੋ ਅਜਿਹੇ ਗੁਮਰਾਹ ਹੋਏ ਝੂਠੇ ਬੰਦੇ ਦਾ ਹੋਰ ਕੀ ਸੁਣਨਾ ਸੀ। ਅਚਾਨਕ ਹੀ ਐਕਸੀਡਿੰਟ
ਵਿੱਚ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਤੋਂ ਬਾਅਦ ਕਿਤਨਾ ਝੂਠ ਲੋਕਾਈ ਦੇ ਸਿਰਾਂ ਵਿੱਚ ਭਰਿਆ ਜਾ
ਰਿਹਾ ਹੈ। ਇਸ ਬਾਰੇ ਸਾਰਿਆਂ ਨੂੰ ਪਤਾ ਹੀ ਹੈ। ਇਸ ਬਾਰੇ ਇੰਟਰਨੈੱਟ ਤੋਂ ਲਈ ਇੱਕ ਪੋਸਟ ਸਾਂਝੀ ਕਰ
ਰਿਹਾ ਹਾਂ। ਇਹ ਕਿਸੇ ਅਮੋਲਕ ਸਿੰਘ ਦੀ ਲਿਖੀ ਹੋਈ ਹੈ। ਉਸ ਤੋਂ ਬਾਅਦ ਇੱਕ ਪੋਸਟ ਖਾਲਿਸਤਾਨ ਬਾਰੇ
ਪ੍ਰੋ: ਪ੍ਰੀਤਮ ਸਿੰਘ ਕੁਮੇਦਾਨ ਦੀ ਦੁਬਾਰਾ ਪਾ ਰਿਹਾ ਹਾਂ। ਪਹਿਲਾਂ ਇਹ ਪਾਠਕਾਂ ਦੇ ਪੰਨੇ ਤੇ
ਅਗਸਤ 31 ਨੂੰ ਪਾਈ ਸੀ।
ਮੱਖਣ ਪੁਰੇਵਾਲ,
ਅਕਤੂਬਰ 09, 2022.
ਪ੍ਰਸ਼ਨ : ਕਿੱਥੇ ਹੈ “ਸੱਚਖੰਡ” ਉੱਤਰ: ਜਿੱਥੇ ਹੈ ਸੱਚ
ਉੱਥੇ ਹੀ ਹੈ “ਸੱਚਖੰਡ”
15 ਫ਼ਰਵਰੀ 2022 ਨੂੰ ਸਵੇਰੇ 8 ਕੁ ਵਜੇ ਦੀਪ ਸਿੱਧੂ ਦੇ ਅਚਨਚੇਤ ਤੁਰ ਜਾਣ ਦੀ ਖ਼ਬਰ ਸੁਣੀ
ਤਾਂ ਮੇਰੇ ਮਨ ਵਿੱਚ ਇੱਕ-ਦਮ ਕਈ ਖਿਆਲ ਆਏ…ਬਾਕੀ ਸਾਰਿਆਂ ਵਾਂਗ ਇਹ ਵੀ ਲੱਗਿਆ ਕਿਤੇ ਸਰਕਾਰ ਨੇ ਨਾ
ਮਰਵਾ ਦਿੱਤਾ ਹੋਵੇ ਪਰ ਦੋ ਕੁ ਘੰਟਿਆਂ ਬਾਅਦ ਪਤਾ ਲੱਗਾ ਕਿ ਇੱਕ ਕੁੜੀ ਵੀ ਨਾਲ਼ ਸੀ ਫਿਰ ਥੋੜ੍ਹੇ
ਚਿਰ ਬਾਅਦ ਹੀ ਉਸ ਕੁੜੀ ਦੀ ਛੋਟੀ ਜਹੀ ਵੀਡੀਓ ਆਈ ਅਤੇ ਹੌਲ਼ੀ ਹੌਲ਼ੀ ਪਤਾ ਲੱਗਾ ਉਹ
California
ਤੋਂ ਗਈ ਬਿਲਕੁਲ ਸਾਡੇ ਨਾਲ਼ ਦੇ ਪਿੰਡ ਖਾਨ-ਖ਼ਾਨਾ ਤੋਂ ਹੈ ਤਾਂ ਮਨ ਵਿੱਚ ਉਸ ਵਾਰੇ ਜਾਨਣ ਦੀ
ਉਤਸੁਕਤਾ ਵਧੀ… ਜੱਟ-ਸਿੱਖ ਸਰਦੇ ਪੁੱਜਦੇ ਪਰਵਾਰ ਦੀ ਧੀ ਰੀਨਾ ਰਾਏ ਦਾ ਜਨਮ
USA ਵਿੱਚ
ਹੀ ਹੋਇਆ ਅਤੇ ਪੜਾਈ ਦੇ ਨਾਲ਼ ਨਾਲ਼ ਮੌਡਲਿੰਗ ਦਾ ਸ਼ੌਕ ਉਸ ਨੂੰ ਪੰਜਾਬੀ ਫਿਲਮ ਵਿੱਚ ਕੰਮ ਕਰਨ
ਤੱਕ ਲੈ ਗਿਆ ਜਿੱਥੇ ਉਸ ਦਾ ਮੇਲ਼ 2017,18 ਵਿੱਚ ਦੀਪ ਸਿੱਧੂ ਨਾਲ਼ ਹੋਇਆ…. ਦੀਪ ਵੱਲੋਂ ਰੀਨਾ
ਨੂੰ ਇਹ ਦੱਸਿਆ ਗਿਆ ਕਿ ਉਸ ਦਾ ਪਤਨੀ ਨਾਲ਼ divorce
( ਤਲਾਕ) ਚੱਲਦਾ ਅਤੇ ਨਵੀਂ ਜ਼ਿੰਦਗੀ ਸ਼ੂਰੂ
ਕਰਨੀ ਚਾਹੁੰਦਾ… ਰੀਨਾ ਰਾਏ ਵੀ ਦੀਪ ਨੂੰ ਪਸੰਦ ਕਰਨ ਲੱਗੀ ਅਤੇ ਆਪਣੇ ਪਰਵਾਰ ਨੂੰ ਸਾਰੀ ਗੱਲ ਦੱਸ
ਦਿੱਤੀ ਰੀਨਾ ਦੇ ਪਰਵਾਰ ਨੇ ਦੀਪ ਨੂੰ ਇਸ ਕਦਰ ਅਪਨਾਇਆ ਕਿ ਆਪਣਾ ਪੁੱਤ ਹੀ ਬਣਾ ਲਿਆ ਅਤੇ ਉਸ ਉੱਤੇ
ਅੱਖਾਂ ਮੀਟ ਕੇ ਹਰ ਤਰਾਂ ਦਾ ਯਕੀਨ ਕਰਨ ਲੱਗੇ… ਰੀਨਾ ਬੌਂਬੇ ਜਾਕੇ ਕਾਫ਼ੀ ਲੰਮਾ ਸਮਾਂ ਦੀਪ ਕੋਲ਼
ਰਹਿ ਆਉਂਦੀ ਅਤੇ ਉਸ ਦੀਆਂ ਫਿਲਮਾਂ ਅਤੇ ਗੀਤਾਂ ਦੀਆਂ ਵੀਡੀਓ ਵਿੱਚ ਕੰਮ ਵੀ ਕਰਦੀ ਉਹ ਇੱਕ
ਪਤੀ-ਪਤਨੀ ਵਾਂਗ ਰਹਿ ਰਹੇ ਬਹੁਤ ਜਲਦੀ ਵਿਆਹ ਕਰਵਾਉਣ ਜਾ ਰਹੇ ਸਨ, ਪਰ ਬਦਕਿਸਮਤੀ ਨੂੰ ਇਹ ਭਾਣਾ
ਵਾਪਰ ਗਿਆ ਕਿ ਦੀਪ ਅਮਰੀਕਾ ਤੋਂ ਗਈ ਰੀਨਾ ਨੂੰ ਦਿੱਲੀਓਂ
Airport
ਤੋਂ ਚੱਕ ਕੇ ਵਾਪਸ ਜਾ ਰਿਹਾ ਬਿਲਕੁਲ ਹੌਲ਼ੀ ਜਾਂਦੇ ਲੱਦੇ ਹੋਏ ਟਰੱਕ ਵਿੱਚ ਪਿੱਛੇਓਂ ਗੱਡੀ ਵੱਜਣ
ਕਰਕੇ ਥਾਂ ਉੱਤੇ ਹੀ ਪੂਰਾ ਹੋ ਗਿਆ..
ਦੀਪ ਦੇ ਪਰਵਾਰ ਨੇ ਜੋ ਵੀ ਰੀਨਾ ਨੂੰ ਕਿਹਾ ਉਸ ਨੇ ਸੱਤ ਬਚਨ ਕਹਿ ਕੇ ਮੰਨ ਲਿਆ ਦੀਪ ਦੇ ਭਰਾ
ਮਨਦੀਪ ਸਿੱਧੂ ਨੇ ਰੀਨਾ ਨੂੰ ਵਾਪਸ ਅਮਰੀਕਾ ਜਾਣ ਲਈ ਕਿਹਾ ਕਿ ਉਸ ਦੀ ਜਾਨ ਨੂੰ ਭਾਰਤ ਵਿੱਚ ਖਤਰਾ
ਹੈ ਉਹ ਵੱਡੇ ਭਰਾ ਦੇ ਹੁਕਮ ਵਾਂਗ ਮੰਨ ਕੇ ਵਾਪਸ ਆ ਗਈ…ਹੁਣ ਸੋਸ਼ਿਲ ਮੀਡੀਏ ਉੱਤੇ ਦੀਪ ਦੀ ਲਾਸ਼
ਨੂੰ ਖਾਣ ਵਾਲੀਆਂ ਗਿਰਝਾਂ ਨੇ ਰੀਨਾ ਦੇ ਖ਼ਿਲਾਫ਼ ਹੀ ਜ਼ਹਿਰ ਉਗਲ਼ਣੀ ਸ਼ੂਰੂ ਕਰ ਦਿੱਤੀ ਅਤੇ
ਮਨਦੀਪ ਸਿੱਧੂ ਨੇ ਰੀਨਾ ਨਾਲ਼ ਵਾਅਦਾ ਕੀਤਾ ਕਿ ਉਹ ਦੀਪ ਦੇ ਭੋਗ ਉੱਤੇ ਸਾਰੀ ਗੱਲ ਕਲੀਅਰ ਕਰ
ਦੇਵੇਗਾ ਪਰ ਉਸ ਦਿਨ ਵੀ ਮਨਦੀਪ ਦੀ ਚੁੱਪ ਨੇ ਰੀਨਾ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਮਨਦੀਪ
ਦੇ ਦਿਲ ਵਿੱਚ ਕੋਈ ਖੋਟ ਹੈ ਉਸ ਨੇ ਆਪਣੇ ਇੰਸ਼ਟਾ ਉੱਤੇ ਸਾਰੀ ਕਹਾਣੀ ਪਾ ਦਿੱਤੀ ਜੋ ਬਹੁਤ ਸਾਰੇ
ਚੈਨਲਾਂ ਨੇ ਵੀ ਚਲਾਈ…
ਪਰ ਉਸ ਪੋਸਟ ਉੱਤੇ ਪੰਜ ਹਜ਼ਾਰ ਤੋਂ ਉੱਪਰ ਗਾਲ਼ਾਂ ਵਾਲ਼ੇ ਕੌਮਿੰਟ ਪੜ੍ਹ ਕੇ ਉਹ ਕੁੜੀ ਡਿਪਰੈਸ਼ਨ
ਵਿੱਚ ਜਾਣ ਵਾਲ਼ੀ ਹੋ ਗਈ ਹੁਣ ਮੇਰੀ ਜ਼ਮੀਰ ਮੇਰੇ ਦਿਨ ਰਾਤ ਹੁੱਝਾਂ ਮਾਰੇ ਕਿ ਜੇਕਰ ਤੇਰੀ ਆਪਣੀ
ਧੀ ਭੈਣ ਨਾਲ਼ ਇਹ ਸਾਰਾ ਕੁੱਝ ਵਾਪਰਿਆ ਹੁੰਦਾ ਤਾਂ ਫਿਰ ਵੀ ਤੂੰ ਚੁੱਪ ਰਹਿੰਦਾ ਅਖੀਰ ਮੈਂ ਸਾਰੀ
ਜਾਣਕਾਰੀ ਇਕੱਠੀ ਕਰਕੇ ਫੇਸਬੁੱਕ ਉੱਤੇ ਬੋਲ ਦਿੱਤਾ ਮੈਨੂੰ ਬੋਲਣ ਤੋਂ ਪਹਿਲਾਂ ਵੀ ਪਤਾ ਸੀ ਕਿ
ਮੇਰਾ ਸੱਚ ਇਸ ਝੂਠ ਦੀ ਹਨੇਰੀ ਦੇ ਬਿਲਕੁਲ ਉਲਟ ਹੈ ਅਤੇ ਇਹ ਲਾਸ਼ਾਂ ਖਾਣੀਆਂ ਗਿਰਝਾਂ ਤੋਂ
ਬਰਦਾਸ਼ਤ ਨਹੀਂ ਹੋਣਾ.. ਬਹੁਤ ਲੋਕਾਂ ਨੇ ਗਾਲ਼ਾਂ ਵੀ ਕੱਢੀਆਂ ਧਮਕੀਆਂ ਵੀ ਦਿੱਤੀਆਂ ਪਰ ਜੋ
ਅਸੀਸਾਂ ਮੈਨੂੰ ਰੀਨਾ ਰਾਏ ਦੇ ਪਰਵਾਰ ਵੱਲੋਂ ਮਿਲੀਆਂ ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀਆਂ ਜਾ
ਸਕਦੀਆਂ … ਹੁਣ ਅਗਲੀ ਗੱਲ ਧਿਆਨ ਨਾਲ਼ ਪੜ੍ਹਿਓ .. ਜਦੋਂ ਮੇਰੀ ਰੀਨਾਂ ਦੇ ਫਾਦਰ ਸਾਬ ਨਾਲ਼ ਫ਼ੋਨ
ਉੱਤੇ ਗੱਲ ਹੋਈ ਤਾਂ ਉਨ੍ਹਾਂ ਪੁੱਛਿਆ ਅਮੋਲਕ ਤੂੰ ਕਿਹੜੇ ਪਰਵਾਰ ਵਿੱਚੋਂ ਪਰਵਾਰ ਵਾਰੇ ਦੱਸਣ ਤੇ
ਗੱਲ 1983 ਦੇ ਦਸੰਬਰ ਮਹੀਨੇ ਤੱਕ ਜਾ ਪਹੁੰਚੀ ਜਦੋਂ ਪਤਾ ਲੱਗਾ ਕਿ ਅੱਜ ਤੋਂ ਉਨਤਾਲ਼ੀ ਸਾਲ
ਪਹਿਲਾਂ ਰੀਨਾ ਦੇ ਦਾਦੇ ਦੀ ਮੌਤ ਸਾਡੇ ਖੂਹ ਵਿੱਚ ਡਿਗ ਕੇ ਹੋਈ ਸੀ ਮੈਂ ਇੱਕ ਦਮ ਸਿਰ ਤੋਂ ਪੈਰਾਂ
ਤੱਕ ਸੁੰਨ ਹੋ ਗਿਆ ਅਤੇ ਸੋਚਿਆ ਇੱਥੇ ਹੀ ਹੈ “ਸੱਚਖੰਡ” ਕਿਉਂ ਕਿ ਉਸ ਸਮੇਂ ਰੀਨਾ ਦੇ ਫਾਦਰ ਹੁਣਾ
ਦੇ ਮਾਸੜ ਬ੍ਰਿਗੇਡੀਅਰ “ਓਂਕਾਰ ਸਿੰਘ ਕੱਲਕਟ” ਨੇ ਸਾਡਾ ਖੂਹ-ਖੇਤ ਇੱਕ ਛਾਉਣੀ ਦੇ ਰੂਪ ਵਿੱਚ
ਤਬਦੀਲ ਕਰ ਦਿੱਤੇ ਸੀ ਅਤੇ ਇਹ ਗੱਲ ਕਹੀ ਕਿ ਮੇਰੇ ਸਾਢੂ ਦਾ ਕਤਲ ਆਹ ਖੂਹਾਂ ਵਾਲਿਆਂ ਨੇ ਕੀਤਾ ਅਤੇ
ਮੈਂ ਇਨ੍ਹਾਂ ਦੇ ਵਿੱਚੋਂ ਹੀ ਕਤਲ ਕੱਢਣਾ ਤਾਂ ਉਸ ਸਮੇਂ ਰੀਨਾ ਰਾਏ ਦੇ ਫਾਦਰ ਸਾਬ ਡਟ ਕੇ ਸਾਡੇ
ਪਰਵਾਰ ਨਾਲ਼ ਖੜੇ ਹੋਏ ਅਤੇ ਆਪਣੇ ਸਕੇ ਮਾਸੜ ਜੀ ਦੇ ਖ਼ਿਲਾਫ਼ ਇਹ ਗੱਲ ਠੋਕ ਕੇ ਕਹੀ ਕਿ ਇਹ ਕਿਰਤੀ
ਸ਼ਰੀਫ ਲੋਕ ਮੇਰੇ ਬਾਪ ਦੇ ਕਾਤਲ ਨਹੀਂ ਹੋ ਸਕਦੇ (ਜੋ ਬਾਅਦ ਵਿੱਚ ਪਤਾ ਵੀ ਲੱਗ ਗਿਆ ਕਿ ਉਹ ਇੱਕ
ਐਕਸੀਡਿੰਟ ਮੌਤ ਸੀ) ਹੁਣ ਜੇਕਰ ਉਸ ਸਮੇਂ ਰੀਨਾ ਰਾਏ ਦੇ ਪਿਤਾ ਜੀ ਸਖ਼ਤ ਸਟੈਂਡ ਲੈ ਕੇ ਸਾਡੇ
ਪਰਵਾਰ ਨਾਲ਼ ਨਾ ਖੜ੍ਹਦੇ ਤਾਂ ਬ੍ਰਿਗੇਡੀਅਰ ਸਾਬ ਨੇ ਸਾਡੇ ਬਜ਼ੁਰਗਾਂ ਦੇ ਕੁੱਟ ਕੁੱਟ ਕੇ ਹੱਡਾਂ
ਵਿੱਚ ਪਾਣੀ ਪਾ ਦੇਣਾ ਸੀ ਨਾ ਕਤਲ ਕੀਤਾ ਸੀ ਅਤੇ ਨਾ ਉਹ ਮੰਨਦੇ …. ਹੁਣ ਇੱਥੇ ਜਾ ਕੇ ਤੁਹਾਨੂੰ
ਮੰਨਣਾ ਪੈੰਦਾ “ਸੱਚਖੰਡ” ਉੱਥੇ ਹੀ ਹੈ ਜਿੱਥੇ ਸੱਚ ਬੋਲਿਆ ਜਾਂਦਾ ਜੇਕਰ ਰੀਨਾ ਦੇ ਫਾਦਰ ਸਾਬ 1983
ਵਿੱਚ ਸੱਚ ਨਾਲ਼ ਖੜ੍ਹੇ ਹੋਏ ਸੀ ਤਾਂ ਪਰਮਾਤਮਾ ਨੇ ਉਹ ਸੱਚ ਮੇਰੇ ਕੋਲ਼ੋਂ 39 ਸਾਲ ਬਾਅਦ ਬੁਲਵਾਇਆ
ਨਹੀਂ ਤਾਂ ਸਾਰਾ ਕੁੱਝ ਪਤਾ ਹੋਣ ਦੇ ਬਾਵਜੂਦ ਬਹੁਤ ਸਾਰੇ ਲੋਕ ਇਨ੍ਹਾਂ ਲਾਸ਼ਾਂ ਖਾਣ ਵਾਲ਼ੀਆਂ
ਗਿਰਝਾਂ ਕੋਲ਼ੋਂ ਪਾਸਾ ਵੱਟ ਕੇ ਲੰਘੀ ਜਾਂਦੇ ਸਨ ਅਤੇ ਇਹ ਗਿਰਝਾਂ ਆਪਣੀਆਂ ਦੁਕਾਨਾਂ ਚਲਾਉਣ ਖਾਤਰ
ਦੀਪ ਦੇ ਪਿਆਰ ਨੂੰ ਹੀ ਉਸ ਦਾ ਕਾਤਲ ਸਾਬਤ ਕਰਨ ਲਈ ਪੱਬਾਂ ਭਾਰ ਹੋਈਆਂ ਫਿਰਦੀਆਂ ਸਨ..
ਨੋਟ: ਝੂਠ ਦਿਓ ਵਾਰਸੋ ਪਹਿਲਾਂ ਰੀਨਾ ਰਾਏ ਵਾਰੇ ਤਾਂ ਲੋਕਾਂ ਨੂੰ ਸੱਚ ਦੱਸ ਦਿਓ “ਸੱਚਖੰਡ” ਦੇ
ਲਾਰੇ ਫੇਰ ਲਾ ਲਿਓ… ਫੋਟੋ ਵਿਚਲਾ ਬੋਹੜ ਉਸ ਪੂਰ ਦਿੱਤੇ ਖੂਹ ਵਿੱਚ ਹੀ ਜੰਮਿਆ ਸੀ ਜੋ ਅੱਜ ਵੀ
ਆਪਣੇ ਖੇਤਾਂ ਦੇ ਤੌੜ ਵਿੱਚ ਖੜਾ (ਇਸ ਸੱਚ ਨੂੰ ਝੂਠ ਦਿਆਂ ਵਾਰਸਾਂ ਤੱਕ ਜ਼ਰੂਰ ਪਹੁੰਦਾ ਕਰ ਦਿਓ
ਹੋ ਸਕਦਾ ਮਾੜੀ ਮੋਟੀ ਸ਼ਰਮ ਹੀ ਆ ਜਾਵੇ)
Amolak Singh
ਪ੍ਰੀਤਮ ਸਿੰਘ ਕੁਮੇਦਾਨ
ਦਾ ਖਾਲਿਸਤਾਨ ਬਾਰੇ ਕੀ ਕਹਿਣਾ ਸੀ?
ਸ. ਪ੍ਰੀਤਮ ਸਿੰਘ ਕੁਮੇਦਾਨ ਨੇ ਖਾਲਿਸਤਾਨ ਬਾਰੇ ਇਹ ਵਿਚਾਰ ਨਿਊਜ਼-18 ਚੈਨਲ ਦੇ ਰਿਪੋਰਟਰ ਨਪਿੰਦਰ
ਸਿੰਘ ਨਾਲ ਰਿਫਰੈਂਡਮ-2020 ਬਾਰੇ ਗੱਲ-ਬਾਤ ਕਰਦਿਆਂ ਤਿੰਨ ਕੁ ਸਾਲ ਪਹਿਲਾਂ ਪ੍ਰਗਟਾਏ ਸਨ। ਸ਼
ਕੁਮੇਦਾਨ ਪੰਜਾਬ ਦੇ ਪਾਣੀਆਂ ਦੇ ਮਸਲੇ ਬਾਰੇ ਆਪਣੇ ਵਿਚਾਰ ਬੜੇ ਧੜੱਲੇ ਨਾਲ ਰੱਖਦੇ ਰਹੇ ਹਨ। ਇਸ
ਲੇਖ ਵਿੱਚ ਉਨ੍ਹਾਂ ਖਾਲਿਸਤਾਨ ਦੀ ਹਕੀਕਤ ਬਾਰੇ ਵਿਚਾਰ ਸਾਂਝੇ ਕੀਤੇ ਹਨ।
ਅਖਬਾਰਾਂ ਵਿੱਚ ਛਪੀਆਂ ਰਿਪੋਰਟਾਂ ਮੁਤਾਬਿਕ ਅਮਰੀਕਾ ਆਧਾਰਿਤ ਸੰਸਥਾ ‘ਸਿੱਖਸ ਫਾਰ ਜਸਟਿਸ’ ਲੰਡਨ
ਵਿੱਚ 12 ਅਗਸਤ 2018 ਨੂੰ ਪਾਕਿਸਤਾਨ ਦੇ ਭਾਰਤ ਤੋਂ ਵੱਖ ਹੋਣ ਦੇ ਨਕਸ਼ੇ-ਕਦਮ `ਤੇ ਖਾਲਿਸਤਾਨ ਦੀ
ਪ੍ਰਾਪਤੀ ਦੇ ਉਦੇਸ਼ ਨੂੰ ਲੈ ਕੇ ਰਾਇਸ਼ੁਮਾਰੀ ‘ਰੈਫਰੈਂਡਮ 2020’ ਕਰ ਰਹੀ ਹੈ।
ਇਹ ਇਸ ਸੰਸਥਾ ਅਤੇ ਖਾਲਿਸਤਾਨ ਦੇ ਹੋਰ ਹਮਾਇਤੀਆਂ ਦਾ ਫਰਜ਼ ਬਣਦਾ ਹੈ ਕਿ ਉਹ ਪਹਿਲਾਂ, ਹੁਣੇ ਹੀ,
ਦੁਨੀਆਂ ਭਰ ਦੇ ਸਿੱਖਾਂ ਤੇ ਹੋਰ ਲੋਕਾਂ ਨੂੰ ਆਜ਼ਾਦ ਖਾਲਿਸਤਾਨ ਰਾਜ ਦੀ ਪ੍ਰਾਪਤੀ ਤੋਂ ਮਗਰੋਂ
ਖਾਲਿਸਤਾਨ ਅਤੇ ਇਸ ਦੇ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਸੰਭਾਵੀ ਮੁਸ਼ਕਿਲਾਂ ਤੇ ਔਖਿਆਈਆਂ ਬਾਰੇ ਦੱਸਣ
ਅਤੇ ਇਹ ਵੀ ਦੱਸਣ ਕਿ ਖਾਲਿਸਤਾਨ ਉਨ੍ਹਾਂ ਮੁਸ਼ਕਿਲਾਂ ਤੇ ਸਮੱਸਿਆਵਾਂ ਨੂੰ ਕਿਵੇਂ ਹੱਲ ਕਰੇਗਾ। ਫਰਜ਼
ਕਰੋ ਕਿ ਭਾਰਤ ਫੈਸਲਾ ਕਰਦਾ ਹੈ ਕਿ ਰਾਤੋਰਾਤ ‘ਖਾਲਿਸਤਾਨ ਹੁਣੇ ਦਿੱਤਾ ਜਾਂਦਾ ਹੈ’ ਅਤੇ ਨਾਲ ਹੀ
ਇਹ ਦੱਸ ਦਿੰਦਾ ਹੈ ਕਿ ਹੁਣ ਤੋਂ ਮਗਰੋਂ ਭਾਰਤ ਦਾ ਖਾਲਿਸਤਾਨ ਨਾਲ ਕੋਈ ਸਬੰਧ ਨਹੀਂ ਹੋਵੇਗਾ, ਸਭ
ਗੱਲਬਾਤ ਬੰਦ, ਸਾਰੇ ਸਬੰਧ ਖਤਮ। ਖਾਲਿਸਤਾਨ ਨੇਪਾਲ ਵਾਂਗ ਸਭ ਪਾਸਿਆਂ ਤੋਂ ਘਿਰਿਆ ਅਜਿਹਾ ਮੁਲਕ
ਹੋਵੇਗਾ, ਜਿਸ ਦੀ ਬਾਕੀ ਦੁਨੀਆਂ ਤੱਕ ਪਹੁੰਚ ਕੇਵਲ ਪਾਕਿਸਤਾਨ ਰਾਹੀਂ ਹੀ ਹੋ ਸਕਦੀ ਹੋਵੇਗੀ। ਭਾਰਤ
ਸੰਚਾਰ ਦੇ ਸਾਰੇ ਸਾਧਨ, ਸੜਕਾਂ, ਰੇਲ, ਟੈਲੀਫੋਨ, ਇਥੋਂ ਤੱਕ ਕਿ ਹਵਾਈ ਸੰਪਰਕ ਵੀ ਬੰਦ ਕਰ ਦਿੰਦਾ
ਹੈ। ਬਾਰਡਰ ਸੀਲ, ਵੀਜ਼ਾ ਸਿਸਟਮ ਲਾਗੂ ਹੋ ਜਾਂਦਾ ਹੈ।
ਸੰਭਾਵੀ ਮੁਸ਼ਕਿਲਾਂ ਅਤੇ ਸਮੱਸਿਆਵਾਂ:- ਸਭ ਤੋਂ ਪਹਿਲੀਆਂ ਚੀਜ਼ਾਂ ਜਿਨ੍ਹਾਂ ਬਾਰੇ ਭਾਰਤ ਅਤੇ
ਖਾਲਿਸਤਾਨ ਸਰਕਾਰਾਂ ਨੂੰ ਫੈਸਲਾ ਕਰਨਾ ਪਵੇਗਾ, ਉਹ ਇਹ ਹੋਣਗੀਆਂ:
ਇਲਾਕਾਈ ਵੰਡ: ਹਿੰਦੂ ਬਹੁਗਿਣਤੀ ਵਾਲੇ ਜਿਲੇ ਤੇ ਤਹਿਸੀਲਾਂ ਵਿਚੋਂ ਜਲੰਧਰ, ਹੁਸ਼ਿਆਰਪੁਰ,
ਨਵਾਂ ਸ਼ਹਿਰ, ਪਠਾਨਕੋਟ ਤੇ ਫਾਜ਼ਿਲਕਾ ਜਿਲੇ ਅਤੇ ਅਨੰਦਪੁਰ ਤੇ ਨੰਗਲ ਤਹਿਸੀਲਾਂ ਭਾਰਤ ਨੂੰ ਮਿਲਣਗੇ।
ਬਾਕੀ ਰਹਿੰਦਾ ਪੰਜਾਬ ਖਾਲਿਸਤਾਨ ਨੂੰ ਮਿਲ ਜਾਵੇਗਾ। ਨਹਿਰੀ ਹੈੱਡਵਰਕਸ ਅਤੇ ਹਾਈਡਲ ਪਾਵਰ
ਪ੍ਰਾਜੈਕਟ, ਜੋ ਇਨ੍ਹਾਂ ਇਲਾਕਿਆਂ ਵਿੱਚ ਸਥਿਤ ਹਨ, ਭਾਰਤ ਨੂੰ ਮਿਲ ਜਾਣਗੇ। ਰੋਪੜ ਅਤੇ ਹਰੀਕੇ
ਹੈੱਡਵਰਕਸ ਖਾਲਿਸਤਾਨ ਨੂੰ ਮਿਲਣਗੇ। ਕੋਈ ਹਾਈਡਲ ਪਾਵਰ ਹਾਊਸ ਖਾਲਿਸਤਾਨ ਵਿੱਚ ਨਹੀਂ ਹੋਵੇਗਾ।
ਵੰਡ ਦਾ ਢੰਗ-ਤਰੀਕਾ: ਇਹ ਪਾਕਿਸਤਾਨ ਦੀ ਤਰਜ਼ `ਤੇ ਹੋ ਸਕਦੀ ਹੈ, ਜਦੋਂ ਦੋਹਾਂ ਪਾਸਿਆਂ
ਤੋਂ ਦਸ ਲੱਖ ਲੋਕ ਮਾਰੇ ਗਏ ਸਨ, ਲੱਖਾਂ ਔਰਤਾਂ ਅਗਵਾ ਕੀਤੀਆਂ ਗਈਆਂ ਸਨ ਅਤੇ ਉਨ੍ਹਾਂ ਨਾਲ
ਬਲਾਤਕਾਰ ਕੀਤੇ ਗਏ ਸਨ। ਬਹੁਤ ਸਾਰੀ ਜਾਇਦਾਦ ਅਤੇ ਹੋਰ ਨੁਕਸਾਨ ਹੋਏ ਸਨ। ਹੁਣ ਮਰਜ਼ੀ ਖਾਲਿਸਤਾਨੀਆਂ
ਦੀ ਹੈ। ਜੇ ਸ਼ਾਂਤੀਪੂਰਨ ਤਬਾਦਲੇ ਦੀ ਵੀ ਕਲਪਨਾ ਕੀਤੀ ਜਾਂਦੀ ਹੈ, ਕੀ ਕੋਈ ਜਣਾ ਗਾਰੰਟੀ ਦੇ ਸਕਦਾ
ਹੈ ਕਿ ਇਹ ਵੰਡ ਤੇ ਰਾਹਾਂ ਦਾ ਅੱਡ-ਅੱਡ ਹੋਣਾ ਹਿੰਸਕ ਨਹੀਂ ਹੋਵੇਗਾ ਅਤੇ ਦੋਹਾਂ ਸਰਕਾਰਾਂ ਦੀਆਂ
ਸਰਬੋਤਮ ਕੋਸ਼ਿਸ਼ਾਂ ਦੇ ਬਾਵਜੂਦ ਇਹ ਹਿੰਸਕ ਤੇ ਸਰਕਾਰ ਦੇ ਕੰਟਰੋਲ ਤੋਂ ਬਾਹਰ ਨਹੀਂ ਹੋ ਜਾਵੇਗਾ?
ਆਬਾਦੀ ਦਾ ਆਦਾਨ-ਪ੍ਰਦਾਨ: ਜੇ ਇਥੇ ਆਬਾਦੀ ਦਾ ਆਦਾਨ-ਪ੍ਰਦਾਨ ਹੋਣਾ ਹੈ, ਜਿਵੇਂ ਪਾਕਿਸਤਾਨ
ਦੇ ਮਾਮਲੇ ਵਿੱਚ ਹੋਇਆ ਸੀ, 50 ਲੱਖ, ਜ਼ਿਆਦਾਤਰ ਰੱਜੇ ਪੁੱਜੇ, ਸਿੱਖਾਂ ਨੂੰ ਅਥਾਹ ਜਾਇਦਾਦ ਅਤੇ
ਸੰਪਤੀ ਭਾਰਤ `ਚ ਛੱਡ ਕੇ ਖਾਲਿਸਤਾਨ ਵੱਲ ਪਰਵਾਸ ਕਰਨਾ ਪੈ ਸਕਦਾ ਹੈ। ਬਰਾਬਰ ਦੀ ਹਿੰਦੂਆਂ ਦੀ
ਗਿਣਤੀ, ਬਹੁਤੇ ਕੰਮਕਾਰੀ ਵਰਗ ਦੇ ਹਰੀਜਨ ਹਿੰਦੂਆਂ ਅਤੇ ਮਜ਼ਦੂਰਾਂ ਨੂੰ ਭਾਰਤ ਜਾਣਾ ਪਵੇਗਾ ਤੇ
ਭਾਰਤ ਵਿੱਚ ਅਮੀਰ ਸਿੱਖਾਂ ਦੁਆਰਾ ਛੱਡੇ ਮਕਾਨਾਂ `ਤੇ ਕਬਜ਼ਾ ਕਰਨਾ ਪਵੇਗਾ, ਜਿਵੇਂ 1947 ਦੀ ਵੰਡ
ਵੇਲੇ ਹੋਇਆ ਸੀ।
ਇੱਥੇ ਭਾਵੇਂ ਹੋਰ ਵੀ ਬਹੁਤ ਸਾਰੀਆਂ ਗੱਲਾਂ, ਸਮੱਸਿਆਵਾਂ ਅਤੇ ਮੁਸ਼ਕਿਲਾਂ ਬਾਰੇ ਦੱਸਣ ਦੀ ਲੋੜ ਹੈ,
ਪਰ ਉਨ੍ਹਾਂ ਸੈਂਕੜੇ ਮੁਸ਼ਕਿਲਾਂ ਤੇ ਸਮੱਸਿਆਵਾਂ ਨੂੰ ਪਾਸੇ ਛੱਡ ਕੇ ਅਸੀਂ ਸੰਪਤੀਆਂ ਅਤੇ
ਦੇਣਦਾਰੀਆਂ ਦੀ ਵੰਡ ਤੇ ਹੋਰ ਅਜਿਹੀਆਂ ਮਹੱਤਵਪੂਰਨ ਸਮੱਸਿਆਵਾਂ ਬਾਰੇ ਗੌਲਦੇ ਹਾਂ। ਭਾਰਤ ਸਾਰੇ
ਸਿੱਖਾਂ ਨੂੰ ਸੈਨਾ, ਏਅਰਫੋਰਸ, ਕੇਂਦਰੀ ਪੁਲਿਸ ਬਲਾਂ ਅਤੇ ਅਜਿਹੀਆਂ ਹੋਰ ਸੇਵਾਵਾਂ ਸਮੇਤ ਕੇਂਦਰੀ
ਸੇਵਾਵਾਂ ਤੋਂ ਮੁਕਤ ਕਰ ਦਿੰਦਾ ਹੈ ਤੇ ਉਨ੍ਹਾਂ ਨੂੰ ਖਾਲਿਸਤਾਨ ਜਾਣ ਲਈ ਕਹਿ ਦਿੰਦਾ ਹੈ।
ਖਾਲਿਸਤਾਨ ਨੂੰ ਏਅਰ ਫੋਰਸ ਸਮੇਤ ਸਾਰੇ ਮਿਲਟਰੀ ਸਟੋਰਾਂ ਵਿਚੋਂ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ
ਵਿਚੋਂ ਕਰੀਬ 1% ਹਿੱਸਾ ਮਿਲਦਾ ਹੈ। ਸਿਰਫ ਇੱਕੋ ਹਲਵਾਰਾ ਦਾ ਹਵਾਈ ਅੱਡਾ ਹੀ ਖਾਲਿਸਤਾਨ ਵਿੱਚ
ਰਹਿੰਦਾ ਹੈ।
ਹਾਈਡਲ ਬਿਜਲੀ: ਭਾਖੜਾ, ਪੌਂਗ, ਦੇਹਰ ਜੋਗਿੰਦਰ ਨਗਰ ਪਹਿਲਾਂ ਹੀ ਭਾਰਤ ਵਿੱਚ ਹੋਣਗੇ।
ਇਲਾਕਾਈ ਤਬਾਦਲੇ ਨਾਲ ਥੀਨ ਡੈਮ, ਅਨੰਦਪੁਰ ਸਾਹਿਬ, ਹਾਈਡਲ ਚੈਨਲ, ਕੋਟਲਾ, ਗੰਗੂਵਾਲ, ਮੁਕੇਰੀਆਂ
ਵੀ ਭਾਰਤ ਨੂੰ ਚਲੇ ਜਾਂਦੇ ਹਨ।
ਥਰਮਲ ਬਿਜਲੀ: ਸਾਰੇ ਥਰਮਲ ਪਾਵਰ ਸਟੇਸ਼ਨ ਖਾਲਿਸਤਾਨ ਵਿੱਚ ਰਹਿੰਦੇ ਹਨ, ਪਰ ਭਾਰਤ ਕੋਲੇ ਦੀ
ਸਪਲਾਈ ਬੰਦ ਕਰ ਦਿੰਦਾ ਹੈ। ਕੋਲੇ ਦੀ ਦਰਾਮਦ ਸੰਭਵ ਨਹੀਂ ਹੋਵੇਗੀ। ਖਾਲਿਸਤਾਨ ਵਿਚਲੇ ਸਾਰੇ ਥਰਮਲ
ਪਲਾਂਟ ਕੋਲੇ ਦੀ ਉਪਲਬਧੀ ਨਾ ਹੋਣ ਕਾਰਨ ਬੰਦ ਹੋ ਜਾਣਗੇ।
ਨਤੀਜਾ: ਟਿਊਬਵੈੱਲ ਚਲਾਉਣ ਲਈ ਬਿਜਲੀ ਨਹੀਂ ਹੋਵੇਗੀ, ਖਾਲਿਸਤਾਨ ਦੇ ਸਾਰੇ ਟਿਊਬਵੈੱਲ
ਨਾਕਾਮ; ਨਾ ਘਰਾਂ ਲਈ ਬਿਜਲੀ ਹੋਵੇਗੀ, ਨਾ ਪੱਖੇ, ਨਾ ਏਅਰਕੰਡੀਸ਼ਨਰ, ਨਾ ਫਰਿੱਜ, ਨਾ ਫੈਕਟਰੀਆਂ
ਚਲਾਉਣ ਲਈ ਬਿਜਲੀ। ਖਾਲਿਸਤਾਨ ਵਿੱਚ ਸਾਰੇ ਨਿਰਮਾਣ ਰੁਕ ਜਾਣਗੇ। ਖਾਲਿਸਤਾਨ ਦੇ ਜਸ਼ਨ ਮਨਾਉਣ ਲਈ ਵੀ
ਬਿਜਲੀ ਨਹੀਂ ਹੋਵੇਗੀ।
ਉਦਯੋਗ: ਫੈਕਟਰੀਆਂ ਚਲਾਉਣ ਲਈ ਕੋਈ ਬਿਜਲੀ ਨਹੀਂ, ਕੋਈ ਡੀਜ਼ਲ ਨਹੀਂ ਹੋਵੇਗਾ। ਸਾਰੇ
ਨਿਰਮਾਣ ਰੁਕ ਜਾਣਗੇ। ਫੈਕਟਰੀਆਂ ਬੰਦ ਹੋ ਜਾਣਗੀਆਂ। ਮਜ਼ਦੂਰ ਘਰਾਂ ਨੂੰ ਚਲੇ ਜਣਗੇ। ਸ਼ੂਗਰ ਮਿੱਲਾਂ
ਕੰਮ ਕਰਨਾ ਬੰਦ ਕਰ ਦੇਣਗੀਆਂ। ਗੰਨੇ ਦੀ ਫਸਲ ਖੇਤਾਂ ਵਿੱਚ ਸੜ ਜਾਵੇਗੀ। ਨਾਜਾਇਜ਼ ਸ਼ਰਾਬ ਬਣਾਉਣ ਲਈ
ਬਹੁਤ ਸਾਰਾ ਗੁੜ ਨਹੀਂ ਹੋਵੇਗਾ। ਲੁਧਿਆਣੇ ਦਾ ਸਾਈਕਲ ਉਦਯੋਗ, ਹੌਜ਼ਰੀ ਉਦਯੋਗ ਬੰਦ ਹੋ ਜਾਣਗੇ।
ਕੱਚੇ ਮਾਲ ਦੀ ਕੋਈ ਦਰਾਮਦ ਨਹੀਂ ਹੋਵੇਗੀ ਅਤੇ ਪਹਿਲਾਂ ਤੋਂ ਇਕੱਠੇ ਹੋਏ ਸਟਾਕਾਂ ਦੀ ਕੋਈ ਬਰਾਮਦ
ਨਹੀਂ ਹੋਵੇਗੀ।
ਆਵਾਜਾਈ: ਭਾਰਤ ਸਾਰੇ ਟਰੱਕਾਂ, ਸਿੱਖ ਟਰਾਂਸਪੋਰਟ ਮਾਲਕਾਂ ਅਤੇ ਟਰੱਕ ਡਰਾਈਵਰਾਂ ਨੂੰ
ਵਾਪਸ ਖਾਲਿਸਤਾਨ ਭੇਜ ਦੇਵੇਗਾ। ਸੜਕਾਂ `ਤੇ ਲੱਖਾਂ ਟਰੱਕ ਹੋਣਗੇ, ਪਾਰਕਿੰਗ ਲਈ ਕੋਈ ਜਗ੍ਹਾ ਉਪਲਬਧ
ਨਹੀਂ ਹੋਵੇਗੀ। ਟਰੱਕ ਚਲਾਉਣ ਲਈ ਕੋਈ ਡੀਜ਼ਲ ਨਹੀਂ। ਬੱਸਾਂ ਚਲਾਉਣ ਲਈ ਕੋਈ ਡੀਜ਼ਲ ਨਹੀਂ। ਕਾਰਾਂ,
ਸਕੂਟਰ ਆਦਿ ਚਲਾਉਣ ਲਈ ਪੈਟਰੋਲ ਨਹੀਂ ਹੋਵੇਗਾ। ਸਾਰੀ ਸੜਕੀ ਆਵਾਜਾਈ ਖੜ੍ਹੀ ਹੋ ਜਾਵੇਗੀ। ਇੱਥੋਂ
ਤੱਕ ਕਿ ਦਫਤਰਾਂ ਵਿੱਚ ਜਾਣ ਲਈ ਵੀ ਵਾਹਨ ਨਹੀਂ ਹੋਣਗੇ। ਲੋਕ ਘਰਾਂ ਵਿੱਚ ਵਿਹਲੇ ਬੈਠਣਗੇ।
ਟੈਲੀਵਿਜ਼ਨ, ਪੱਖੇ ਅਤੇ ਹੋਰ ਘਰੇਲੂ ਕੰਮਾਂ ਲਈ ਬਿਜਲੀ ਨਹੀਂ ਹੋਵੇਗੀ।
ਸਿੰਜਾਈ: ਸਿੰਜਾਈ ਲਈ ਕੋਈ ਪਾਣੀ ਉਪਲਬਧ ਨਹੀਂ ਹੋਣਾ। ਪਹਿਲਾਂ ਤੋਂ ਬੀਜੀਆਂ ਫਸਲਾਂ
ਸੁੱਕੀਆਂ ਜਾਣਗੀਆਂ। ਨਾ ਕਿਸੇ ਨਵੀਂ ਫਸਲ ਦੀ ਬਿਜਾਈ ਹੋਵੇਗੀ, ਕਿਉਂਕਿ ਨਾ ਪਾਣੀ, ਨਾ ਟਰੈਕਟਰ, ਨਾ
ਟਿਊਬਵੈੱਲ, ਨਾ ਡੀਜ਼ਲ ਹੋਣਾ ਹੈ। ਭਾਰਤ ਮਾਧੋਪੁਰ ਹੈਡਵਰਕਸ, ਨੰਗਲ, ਪੌਂਗ ਆਦਿ ਤੋਂ ਨਹਿਰੀ ਪਾਣੀ
ਦੀ ਸਪਲਾਈ ਬੰਦ ਕਰ ਦੇਵੇਗਾ; ਜਿਵੇਂ ਅਸੀਂ ਪਹਿਲੀ ਅਪਰੈਲ 1948 ਨੂੰ ਅੱਪਰ ਬਾਰੀ ਦੁਆਬ ਅਤੇ
ਦਿਪਾਲਪੁਰ ਨਹਿਰਾਂ ਬੰਦ ਕਰ ਕੇ ਪਾਕਿਸਤਾਨ ਨਾਲ ਕੀਤਾ ਸੀ।
ਅਨਾਜ: ਪੰਜਾਬ ਬਾਕੀ ਭਾਰਤ ਨੂੰ ਅਨਾਜ ਸਪਲਾਈ ਕਰਨ ਵਿੱਚ ਮਾਣ ਮਹਿਸੂਸ ਕਰਦਾ ਹੈ। ਪੰਜਾਬ
ਹਰ ਸਾਲ ਕੇਂਦਰੀ ਭੰਡਾਰ ਵਿੱਚ ਕਰੀਬ 3 ਕਰੋੜ ਟੰਨ ਕਣਕ ਅਤੇ ਝੋਨੇ ਦਾ ਯੋਗਦਾਨ ਪਾਉਂਦਾ ਹੈ। ਭਾਰਤ
ਖਰੀਦਣ ਤੋਂ ਇਨਕਾਰ ਕਰ ਦੇਵੇਗਾ। ਫਿਰ ਕੋਈ ਖਰੀਦਦਾਰ ਨਹੀਂ ਹੋਵੇਗਾ। ਅਗਲੇ ਸਾਲ ਅਨਾਜ ਵੇਚਣ ਦੀ
ਕੋਈ ਸਮੱਸਿਆ ਨਹੀਂ, ਕਿਉਂਕਿ ਖਾਲਿਸਤਾਨ ਵਿੱਚ ਕੋਈ ਦਾਣਾ ਨਹੀਂ ਉੱਗੇਗਾ।
ਜਲ ਸਪਲਾਈ: ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿੱਚ ਸਿਸਟਮ ਚੌਪਟ ਹੋ ਜਾਵੇਗਾ, ਕਿਉਂਕਿ ਬਿਜਲੀ
ਦੀ ਅਣਹੋਂਦ ਵਿੱਚ ਸਾਰੇ ਟਿਊਬਵੈੱਲ ਕੰਮ ਕਰਨਾ ਬੰਦ ਕਰ ਦੇਣਗੇ। ਖੂਹ ਅਤੇ ਨਲਕੇ ਸਾਰੇ ਪੰਜਾਬ ਵਿੱਚ
ਪਾਣੀ ਦੇ ਸਥਲ ਬਹੁਤ ਥੱਲੇ ਚਲੇ ਜਾਣ ਕਾਰਨ ਪਹਿਲਾਂ ਹੀ ਬੇਕਾਰ ਹੋਏ ਪਏ ਹਨ। ਨਹਿਰਾਂ ਸੁੱਕੀਆਂ ਹਨ।
ਸਾਰੇ ਪੰਜਾਬ ਵਿੱਚ ਪੀਣ ਵਾਲਾ ਪਾਣੀ ਮਿਲਦਾ ਨਹੀਂ। ਸਾਰੇ ਪੰਜਾਬ ਵਿੱਚ ਪਾਣੀ ਦੀ ਸਪਲਾਈ ਦਾ
ਇੱਕੋ-ਇੱਕ ਸਰੋਤ ਟਿਊਬਵੈਲ ਦਾ ਪਾਣੀ ਹੈ ਅਤੇ ਸਾਰੇ ਰਾਜ ਵਿੱਚ ਪਾਣੀ ਦੇ ਸਥਲ ਬਹੁਤ ਹੇਠਾਂ ਚਲੇ
ਜਾਣ ਕਾਰਨ ਰਾਜ ਵਿੱਚ ਇੱਕ ਵੀ ਖੂਹ ਜਾਂ ਨਲਕਾ ਕੰਮ ਨਹੀਂ ਕਰ ਰਿਹਾ।
ਪਾਕਿਸਤਾਨ ਨਾਲ ਸਬੰਧ: ਖਾਲਿਸਤਾਨ ਨਾਲ ਚੰਗੇ ਸਬੰਧ ਰੱਖਣ ਵਾਲਾ ਸਿਰਫ ਇੱਕ ਹੀ ਦੇਸ਼
ਪਾਕਿਸਤਾਨ ਹੋਵੇਗਾ, ਜਿਸ ਦੀ ਸਹਾਇਤਾ `ਤੇ ਖਾਲਿਸਤਾਨ ਨੂੰ ਨਿਰਭਰ ਕਰਨਾ ਪਏਗਾ। ਪਾਕਿਸਤਾਨ ਪਹਿਲਾਂ
ਹੀ ਹਰ ਮੁਹਾਜ਼ `ਤੇ ਆਪਣੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਮਦਦ ਕਰਨ ਤੋਂ ਇਨਕਾਰ ਕਰ
ਸਕਦਾ ਹੈ। ਉਹ ਖਾਲਿਸਤਾਨ ਨੂੰ ਕੋਈ ਸਹਾਇਤਾ ਦੇਣ ਦੇ ਯੋਗ ਨਹੀਂ।
ਸਿੱਖਸ ਫਾਰ ਜਸਟਿਸ ਨੂੰ ਬੇਨਤੀ: ਕਿਰਪਾ ਕਰ ਕੇ ਕਿਸੇ ਇੱਕ ਵੀ ਔਖਿਆਈ ਦਾ ਹੱਲ ਦੱਸੋ ਜਾਂ ਫਿਰ ਇਹ
ਤਮਾਸ਼ਾ ਬੰਦ ਕਰ ਦਿਉ ਅਤੇ ਆਪਣੇ ਗੁਰੂਆਂ ਕੋਲੋਂ ਮੁਆਫੀ ਮੰਗ ਲਉ, ਜਿਵੇਂ ਅਸੀਂ ਰੋਜ਼ ਅਰਦਾਸ ਕਰਦੇ
ਹਾਂ: ‘ਅਬ ਕੀ ਬਾਰ ਬਖਸਿ ਬੰਦੇ ਕਉ’ ਅਤੇ ਮੁੜ ਕਦੇ ਉਵੇਂ ਨਾ ਕਹਿਉ। ਅਮਰੀਕਾ ਪਰਤਣ `ਤੇ ਸਾਰੀ
ਦੁਨੀਆਂ ਨੂੰ ਦੱਸੋ, ਜਿਵੇਂ ਕਬੀਰ ਸਾਹਿਬ ਗੁਰਬਾਣੀ `ਚ ਆਖਦੇ ਹਨ, “ਕਬੀਰ ਨਾ ਹਮ ਕੀਆ ਨ ਕਰਹਿਗੇ
ਨਾ ਕਰ ਸਕੈ ਸਰੀਰੁ॥”
ਪ੍ਰੀਤਮ ਸਿੰਘ ਕੁਮੇਦਾਨ
(ਧੰਨਵਾਦ ਸਹਿਤ ਪੰਜਾਬ ਟਾਈਮਜ਼ ਵਿਚੋਂ)