.

(ਸੰਪਾਦਕੀ ਨੋਟ:- ਅੱਜ 19 ਅਕਤੂਬਰ 2022 ਨੂੰ ਤਕਰੀਬਨ 28 ਮਹੀਨੇ ਤੋਂ ਵੀ ਕੁੱਝ ਦਿਨ ਉਪਰ ਹੋ ਗਏ ਹਨ ਜਦੋਂ ਦਾ ਮੈਂ ਆਪਣੇ ਆਪ ਨੂੰ ਸਿੱਖਾਂ ਦੇ ਗੁੰਡਾ ਗਰਦੀ ਅਤੇ ਬਦਮਾਸ਼ੀ ਵਾਲੇ ਧਰਮ ਤੋਂ ਬਾਹਰ ਕੀਤਾ ਹੋਇਆ ਹੈ। ਮੈਂ ਪਿਛਲੇ 28 ਮਹੀਨੇ ਵਿੱਚ ਕਦੀ ਵੀ ਇਨ੍ਹਾਂ ਦੇ ਕਿਸੇ ਧਾਰਮਿਕ ਅਸਥਾਨ ਤੇ ਨਹੀਂ ਗਿਆ ਅਤੇ ਨਾ ਹੀ ਸਾਰੀ ਜਿੰਦਗੀ ਕਦੀ ਜਾਵਾਂਗਾ। ਸਮਾਂ ਮਿਲਣ ਤੇ ਇਨ੍ਹਾਂ ਦੇ ਪਖੰਡ ਜਰੂਰ ਨੰਗੇ ਕਰਦਾ ਰਹਾਂਗਾ ਖਾਸ ਕਰਕੇ ਸਾਧਾਂ ਦੇ ਅਤੇ ਸਾਧਾਂ ਦੇ ਚੇਲਿਆਂ ਦੇ। ਇਹ ਸਾਰੇ ਸਮਾਜ ਵਿਰੋਧੀ ਸੋਚ ਰੱਖਣ ਵਾਲੇ ਅਨਸਰ ਹਨ। ਇਨ੍ਹਾਂ ਦੀ ਸਾਰੀ ਸਿੱਖੀ ਕੂੜ ਗ੍ਰੰਥਾਂ ਅਤੇ ਝੂਠੀਆਂ ਕਹਾਣੀਆਂ ਤੇ ਟਿਕੀ ਹੋਈ ਹੈ। ਸਿੱਖ ਮਾਰਗ ਤੇ ਜਿਹੜੇ ਲਿਖਦੇ ਰਹੇ ਹਨ ਇਹ ਨੋਟ ਉਨ੍ਹਾਂ ਸਾਰਿਆਂ ਲਈ ਸਾਂਝਾ ਹੈ। ਇਸ ਬਾਰੇ ਮੈਂ ਪਹਿਲਾਂ ਵੀ ਕਈ ਵਾਰੀ ਲਿਖ ਚੁੱਕਾ ਹਾਂ ਹੁਣ ਫਿਰ ਦੁਹਰਾ ਰਿਹਾ ਹਾਂ ਕਿ ਇਨਸਾਨੀਅਤ ਹੀ ਮੇਰਾ ਧਰਮ ਹੈ। ਸਮਾਜ ਨੂੰ ਚੰਗਾ ਬਣਾਉਣ ਲਈ ਸਮਾ ਮਿਲਣ ਤੇ ਕੁੱਝ ਨਾ ਕੁੱਝ ਲਿਖਦਾ ਰਹਾਂਗਾ। ਤੁਸੀਂ ਵੀ ਇਸ ਬਾਰੇ ਲਿਖਣਾ ਚਾਹੁੰਦੇ ਹੋ ਤਾਂ ਲਿਖ ਸਕਦੇ ਹੋ। ਜਿਸ ਤਰ੍ਹਾਂ ਦਾ ਇਹ ਲੇਖ ਜਰਨੈਲ ਸਿੰਘ ਅਸਟ੍ਰੇਲੀਆ ਦਾ ਹੈ ਅਤੇ ਦੋ ਕੁ ਹਫਤੇ ਪਹਿਲਾਂ ਡਾ: ਇਕਬਾਲ ਸਿੰਘ ਢਿੱਲੋਂ ਦਾ ਸੀ। ਇਸ ਤਰ੍ਹਾਂ ਦੇ ਲੇਖ ਪਉਣ ਵਿੱਚ ਮੈਨੂੰ ਕੋਈ ਦਿੱਕਤ ਨਹੀਂ। ਪਰ ਗੁਰਬਾਣੀ ਦੇ ਹਵਾਲੇ ਇੱਕ ਦੋ ਤੋਂ ਵੱਧ ਨਹੀਂ ਹੋਣੇ ਚਾਹੀਦੇ। ਕਿਉਂਕਿ ਇੱਕ ਤਾਂ ਗੁਰਬਾਣੀ ਦੇ ਅਧਾਰ ਤੇ ਅੱਜ ਤੱਕ ਬਹੁਤ ਕੁੱਝ ਲਿਖਿਆ ਜਾ ਚੁੱਕਾ ਹੈ ਦੂਸਰਾ ਹਰ ਕੋਈ ਆਪਣੀ ਗੱਲ ਨੂੰ ਠੀਕ ਸਿੱਧ ਕਰਨ ਲਈ ਗੁਰਬਾਣੀ ਨੂੰ ਵਰਤਦਾ ਹੈ। ਵਿਰੋਧਾਭਾਸ ਲਈ ਵੀ ਗੁਰਬਾਣੀ ਨੂੰ ਵਰਤਿਆ ਜਾ ਰਿਹਾ ਹੈ। ਉਂਜ ਵੀ ਜੇਕਰ ਤੁਸੀਂ ਤੱਥਾਂ ਦੇ ਅਧਾਰਤ ਸੱਚੀ ਗੱਲ ਕਰਨੀ ਹੈ ਤਾਂ ਆਪਣੇ ਬਲਬੂਤੇ ਕਰੋ ਗੁਰਬਾਣੀ ਦੇ ਮੋਢੇ ਤੇ ਰੱਖ ਕੇ ਚਲਾਉਣ ਦੀ ਜਰੂਰਤ ਨਹੀਂ। ਜੋ ਸੱਚ ਹੈ ਉਸ ਨੇ ਸੱਚ ਹੀ ਰਹਿਣਾ ਹੈ। ਗੁਰਬਾਣੀ ਕਿਸੇ ਰੱਬ ਕੋਲੋਂ ਨਹੀਂ ਆਈ ਇਹ ਗੁਰੂਆਂ ਭਗਤਾਂ ਦੇ ਸੱਚ ਦੇ ਅਧਾਰ ਤੇ ਜੋ ਵੀ ਉਸ ਵੇਲੇ ਉਨ੍ਹਾਂ ਨੂੰ ਸਮਝ ਆਇਆ ਸੀ, ਇਹ ਉਨ੍ਹਾਂ ਦੇ ਆਪਣੇ ਵਿਚਾਰ ਸਨ। ਉਨ੍ਹਾਂ ਨੇ ਸਮਾਜ ਨੂੰ ਚੰਗਾ ਬਣਾਉਣ ਲਈ ਆਪਣੇ ਵਿਚਾਰ ਬੇ-ਖੌਫ ਹੋ ਕੇ ਕਹੇ ਸਨ। ਇਸ ਤਰ੍ਹਾਂ ਤੁਸੀਂ ਵੀ ਕਹਿਣ ਦੀ ਹਿੰਮਤ ਕਰੋ। ਤੁਹਾਡੇ ਸਾਰਿਆਂ ਦੇ ਸਾਹਮਣੇ ਸਮਾਜ ਨੂੰ ਗੰਧਲਾ ਕਰਨ ਲਈ ਬਹੁਤ ਕੁੱਝ ਵਾਪਰ ਰਿਹਾ ਹੈ। ਉਮੀਦ ਹੈ ਕਿ ਗੱਲ ਸਮਝ ਆ ਗਈ ਹੋਵੇਗੀ)

 

ਲਿੰਙਕ ਵਿਤਕਰਾ ਅਤੇ ਧਰਮ

ਜਰਨੈਲ ਸਿੰਘ
www.understandingguru.com

ਇਹ ਇੱਕ ਦੁਖਦਾਈ ਸੱਚ ਹੈ ਕਿ ਸਮਾਜ ਵਿੱਚ ਔਰਤ ਨਾਲ ਅਕਸਰ ਜਿਆਦਤੀ ਅਤੇ ਵਿਤਕਰਾ ਹੁੰਦਾ ਹੈ।ਇਸ ਦੇ ਹੱਲ ਲਈ ਇਸ ਦਾ ਵਿਸ਼ਲੇਸ਼ਣ ਕਰ ਇਸਦੇ ਕਾਰਨਾਂ ਨੂੰ ਸਮਝਣਾ ਜ਼ਰੂਰੀ ਹੈ।ਇਸ ਮਤਲਬ ਲਈ ਸਾਨੂੰ ਮਾਨਵ ਇਤਿਹਾਸ ਦੇ ਚਾਰ ਪੜਾਵਾਂ ਵਿੱਚਦੀਂ ਝਾਤ ਮਾਰਨੀ ਪੈਣੀ ਹੈ।
1. ਕਾਦਰ ਦੀ ਸਿਰਜਣਾ ਦਾ ਇਹ ਸੱਚ ਹੈ ਕਿ ਕੁਦਰਤ ਵਲੋਂ ਨਰ ਅਤੇ ਮਾਦਾ ਦੀ ਸਰੀਰਕ ਬਣਤਰ ਵਿੱਚ ਫਰਕ ਰੱਖਿਆ ਗਿਆ ਹੈ।ਕੁਦਰਤ ਨੇ ਨਰ ਨੂੰ ਮਾਦਾ ਨਾਲੋਂ ਅਕਸਰ ਤਾਕਤਵਰ ਬਣਾਇਆ ਹੈ।ਅਤੇ ਆਮ ਤੌਰ ਤੇ ਮਾਦਾ ਹ੍ਹੀ ਬੱਚੇ ਨੂੰ ਜਨਮ ਦਿੰਦੀ ਹੈ।ਨਰ ਦਾ ਤਾਕਤਵਰ ਹੋਣਾ ਅਤੇ ਮਾਦਾ ਦਾ ਬੱਚੇ ਨੂੰ ਜਨਮ ਦੇਣਾ ਮਨੁੱਖਾ ਜੀਵਨ ਵਿੱਚ ਉਹਨਾਂ ਦੀ ਅੱਡ ਅੱਡ ਭੂਮਿਕਾ ਅਤੇ ਅਹਿਮੀਅਤ ਨੂੰ ਨਿਰਧਾਰਿਤ ਕਰਦੇ ਨੇ।ਪਰ ਇਸ ਦਾ ਕਤਈ ਇਹ ਮਤਲਬ ਨਹੀਂ ਹੋਣਾ ਚਾਹੀਦਾ ਕਿ ਕੁਦਰਤ ਅਨੁਸਾਰ ਇਹਨਾਂ ਚੋਂ ਕੋਈ ਇੱਕ ਘਟੀਆ ਜਾਂ ਵਧੀਆ ਹੈ ਅਤੇ ਨਾ ਹੀ ਇਹ ਇਸ ਗਲ ਦੀ ਇਜ਼ਾਜ਼ਤ ਦਿੰਦਾ ਹੈ ਕਿ ਕੋਈ ਇੱਕ ਦੂਸਰੇ ਤੇ ਜੁਲਮ ਜਾਂ ਤਸ਼ੱਦਦ ਕਰੇ।ਸ਼ਾਇਦ ਇਸੇ ਕਰਕੇ ਕਾਦਰ ਨੇ ਆਪਣੀ ਇਸ ਕੁਦਰਤ ਵਿੱਚ ਅਜਿਹੇ ਜੀਵ ਵੀ ਪੈਦਾ ਕੀਤੇ ਨੇ ਜੋ ਇਸ ਆਮ ਪਾਈ ਜਾਂਦੀ ਧਾਰਨਾ ਦੇ ਉਲਟ ਨੇ।ਮਿਸਾਲ ਦੇ ਤੌਰ ਤੇ ਦਰਿਆਈ ਘੋੜੇ ਦਾ ਨਰ ਬੱਚੇ ਨੂੰ ਜਨਮ ਦਿੰਦਾ ਹੈ।ਲੱਕੜਬੱਗੇ ਦੀ ਮਾਦਾ ਨਰ ਨਾਲੋਂ ਤਾਕਤਵਰ ਹੁੰਦੀ ਹੈ।ਸੋ ਨਰ ਅਤੇ ਮਾਦਾ ਵਿਚਲਾ ਇਹ ਭੇਦ ਕੁਦਰਤ ਵਲੋਂ ਨਿਰਧਾਰਿਤ ਭੂਮਿਕਾਵਾ ਦਾ ਹੀ ਸੂਚਕ ਹੈ ਨ ਕਿ ਕਿਸੇ ਕਿਸਮ ਦੇ ਵਿਤਕਰੇ ਦੀ ਕਾਦਰ ਵਲੋਂ ਦਿੱਤੀ ਗਈ ਇਜ਼ਾਜਤ।
2. ਮਾਨਵ ਅਬਾਦੀ ਵਧਣ ਨਾਲ ਅੱਡ ਅੱਡ ਤਰ੍ਹਾਂ ਦੇ ਸਮਾਜਿਕ ਭਾਈਚਾਰੇ ਹੋਂਦ ਵਿੱਚ ਆਏ ਤੇ ਨਾਲ ਹੀ ਕਈ ਤਰ੍ਹਾਂ ਦੇ ਸਭਿਆਚਾਰਿਕ ਰਸਮੋ ਰਿਵਾਜ਼ ਵੀ ਪੈਦਾ ਹੋ ਗਏ।ਇਹਨਾਂ ਰਸਮੋਂ ਰਿਵਾਜਾਂ ਨੇ ਵੀ ਔਰਤ ਅਤੇ ਮਰਦ ਦੀ ਅਲਿਹਦਾ ਅਲਿਹਦਾ ਭੂਮਿਕਾ ਤੇ ਅਹਿਮੀਅਤ ਨਿਰਧਾਰਿਤ ਕੀਤੀ।ਇਹ ਉਸ ਵੇਲੇ ਤੋਂ ਹੀ ਸ਼ੁਰੂ ਹੋ ਗਈ ਜਦੋਂ ਮਨੁੱਖ ਸ਼ਿਕਾਰੀ ਚੁਗੇਰੇ ਦੀ ਜ਼ਿੰਦਗੀ ਜੀਉਂਦਾ ਸੀ।ਨਰ ਅਕਸਰ ਸ਼ਿਕਾਰ ਕਰਦੇ ਤੇ ਮਾਦਾ ਬੱਚੇ ਨੂੰ ਸੰਭਾਲਦੀ ਜਾਂ ਫਲ ਆਦਿਕ ਚੁਗਣ ਦਾ ਕੰਮ ਕਰਦੀ।ਅੱਜ ਵੀ ਹਰ ਮੌਕੇ ਤੇ ਹਰ ਸਮਾਜ ਵਿੱਚ ਔਰਤ ਮਰਦ ਦੀ ਭੂਮਿਕਾ ਅੱਡ ਅੱਡ ਹੈ।ਇਸ ਦੇ ਪਿੱਛੇ ਸਿਰਫ ਸਹੂਲਤ ਅਤੇ ਸਮਾਜ ਦਾ ਸੁਚਾਰੂ ਚਲਣ ਹੀ ਹੈ ਨ ਕਿ ਕਿਸੇ ਇੱਕ ਦੇ ਚੰਗੇ ਜਾਂ ਮਾੜੇ ਹੋਣ ਦਾ ਸਬੂਤ। ਲੋੜ ਪੈਣ ਤੇ ਔਰਤ ਮਰਦ ਇੱਕ ਦੂਜੇ ਦੀ ਭੂਮਿਕਾ ਵੀ ਨਿਭਾਉਂਦੇ ਦੇਖੇ ਗਏ ਨੇ।ਇਹਨਾਂ ਭੁਮਿਕਾਂਵਾਂ ਨੂੰ ਅਸੀਂ ਬਦਲਦਾ ਵੀ ਦੇਖ ਰਹੇ ਹਾਂ।ਕਦੇ ਮਰਦ ਦਾ ਕੰਮ ਪੈਸਾ ਕਮਾਉਣਾ ਅਤੇ ਔਰਤ ਦਾ ਕੰਮ ਘਰ ਗ੍ਰਹਿਸਤੀ ਸੰਭਾਲਣਾ ਸੀ।ਸਮੇ ਦੀ ਲੋੜ ਅਨੁਸਾਰ ਔਰਤਾਂ ਵੀ ਹੁਣ ਮਰਦ ਦੇ ਬਰਾਬਰ ਕਮਾਈ ਕਰਦੀਆਂ ਹਨ।ਸਮਝਦਾਰ ਮਰਦ ਵੀ ਘਰ ਗ੍ਰਹਿਸਤੀ ਸੰਭਾਲਣ ਵਿੱਚ ਔਰਤ ਦਾ ਹੱਥ ਵਟਾਉਂਦਾ ਹੈ।
3. ਮਾਨਵ ਸਮਾਜ ਵਿੱਚ ਧਰਮ ਦੀ ਆਮਦ ਤੋਂ ਬਾਅਦ ਵੀ ਇਹ ਵਿਤਕਰਾ ਨ ਸਿਰਫ ਬਰਕਰਾਰ ਰਿਹਾ ਬਲਕਿ ਇਸ ਦੇ ਕਈ ਘਿਨਾਉਣੇ ਰੂਪ ਵੀ ਉਘੜ ਕੇ ਸਾਹਮਣੇ ਆਏ।ਲਗਭਗ ਸਾਰੇ ਹੀ ਸਭਿਆਚਾਰਾਂ ਦੁਆਰਾ ਸਿਰਜਿਆ ਸਮਾਜ ਮਰਦ ਪ੍ਰਧਾਨ ਹੈ ਅਤੇ ਧਰਮ ਨੇ ਵੀ ਇਸ ਮਰਦ ਪ੍ਰਧਾਨ ਸਮਾਜ ਤੇ ਹੀ ਮੋਹਰ ਲਗਾਈ ਹੈ।ਸਾਮੀ ਧਰਮਾਂ ਦਾ ਤਾਂ ਰੱਬ ਵੀ ਨਰ ਹੈ।ਅੋਰਤ ਨੂੰ ਹੀ ਆਦਮ ਨੂੰ ਬਹਿਸ਼ਤ ਤੋਂ ਬਾਹਰ ਕਢਵਾਉਣ ਦਾ ਕਸੂਰਵਾਰ ਠਹਿਰਾਇਆ ਜਾਂਦਾ ਹੈ।ਇਸਲਾਮ ਵਿੱਚ ਤਾਂ ਔਰਤ ਦੇ ਜਾਇਦਾਦ ਵਿੱਚ ਹੱਕ ਵੀ ਮਰਦ ਬਰਾਬਰ ਨਹੀਂ ਹਨ ਨ ਹੀ ਔਰਤ ਦੀ ਗਵਾਹੀ ਮਰਦ ਬਰਾਬਰ ਮੰਨੀ ਜਾਂਦੀ ਹੈ।ਹਿੰਦੂ ਬੇਸ਼ੱਕ ਦੇਵੀਆਂ ਦੀ ਪੂਜਾ ਕਰਦੇ ਨੇ ਪਰ ਵਿਧਵਾ ਵਿਆਹ ਤੇ ਪਬੰਧੀ, ਸਤੀ ਪ੍ਰਥਾ ਅਤੇ ਹੋਰ ਕਈ ਕਰਮ ਕਾਂਡ ਜੋ ਹਿੰਦੂ ਧਰਮ ਦਾ ਅੰਗ ਸਨ ਜਾਂ ਹਨ ਔਰਤ ਤੇ ਜੁਲਮ ਸੀ ਜਾਂ ਹੈ।ਜਿਵੇਂ ਇਸਲਾਮ ਵਿੱਚ ਔਰਤ ਖਾਵੰਦ ਨੂੰ ਮਿਜ਼ਾਜੀ ਖੁਦਾ ਮੰਨਦੀ ਹੈ ਉਵੇਂ ਆਪਣੇ ਪਤੀ ਨੂੰ ਹਿੰਦੂ ਔਰਤ ਵੀ ਪਤੀ ਪ੍ਰਮੇਸ਼ਵਰ ਕਹਿੰਦੀ ਹੈ।ਗਲ ਕੀ ਹਿੰਦੂ ਸਮਾਜ ਵੀ ਮਰਦ ਪ੍ਰਧਾਨ ਹੀ ਹੈ।ਮਹਤਾਮਾ ਬੁਧ ਵਾਰੇ ਵੀ ਕਿਹਾ ਜਾਂਦਾ ਹੈ ਕਿ ਉਸਨੇ ਬੜੀ ਹਿਚਕਚਾਹਟ ਤੋਂ ਬਾਅਦ ਹੀ ਔਰਤਾਂ ਨੂੰ ਸੰਘ ਵਿੱਚ ਸ਼ਾਮਲ ਹੋਣ ਦੀ ਆਗਿਆ ਦਿੱਤੀ।ਸਿੱਖ ਧਰਮ ਸ਼ਾਇਦ ਦੁਨੀਆਂ ਦਾ ਪਹਿਲਾ ਜਾਂ ਵਾਹਦ ਇਕੋ ਇੱਕ ਧਰਮ ਹੈ ਜਿਸਨੇ ਔਰਤ ਨੂੰ ਮਰਦ ਬਰਾਬਰ ਦਰਜਾ ਦਿੱਤਾ।ਸਿੱਖ ਧਰਮ ਦਾ ਰੱਬ ਮਾਤਾ ਜਾਣੀ ਮਾਦਾ ਅਤੇ ਪਿਤਾ ਜਾਣੀ ਨਰ ਵੀ ਹੈ।ਪਰ ਇਸ ਦੇ ਬਾਵਜੂਦ ਸਿੱਖ ਸਮਾਜ ਵਿੱਚ ਵੀ ਔਰਤ ਨੂੰ ਪੂਰੇ ਹੱਕ ਹਾਸਲ ਨਹੀਂ ਹਨ।ਸਿੱਖ ਸਮਾਜ ਵੀ ਮਰਦ ਪ੍ਰਧਾਨ ਸਮਾਜ ਹੀ ਹੈ।ਇਸਦੇ ਕਾਰਨ ਅਸੀਂ ਅੱਗੇ ਜਾ ਕੇ ਸਮਝਦੇ ਹਾਂ।
4. ਅਸੀਂ ਹੁਣ ਵਿਗਿਆਨ ਅਤੇ ਲੋਕ ਰਾਜ ਦੇ ਯੁਗ ਵਿੱਚ ਰਹਿ ਰਹੇ ਹਾਂ।ਇਹ ਯੁਗ ਵੀ ਬਾਕੀ ਪੜਾਵਾਂ ਨਾਲੋਂ ਜ਼ਿਆਦਾ ਵੱਖਰਾ ਨਹੀਂ ਹੈ।ਅੋਰਤਾਂ ਨੂੰ ੳਹੁਨਾਂ ਦੇ ਜਮਹੂਰੀ ਹੱਕ ਵੀ ਬਹਤ ਦੇਰ ਨਾਲ ਮਿਲੇ।ਵੋਟ ਪਾਉਣ ਦਾ ਹੱਕ ਵੀ ਪਛੜ ਕੇ ਮਿਲਿਆ।ਕਈ ਕਾਨੂੰਨ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਬਣਾਏ ਗਏ ਪਰ ਫਿਰ ਵੀ ਔਰਤ ਦੇ ਹੱਕਾਂ ਤੇ ਡਾਕਾ ਪੈ ਹੀ ਜਾਂਦਾ ਹੈ।ਕਈ ਵਾਰੀ ਭਾਈਚਾਰੇ ਦਾ ਕਨੂੰਨ ਮੁਲਕ ਦੇ ਕਾਨੂੰਨ ਤੇ ਹਾਵੀ ਹੋ ਜਾਂਦਾ ਹੈ।ਸਮਾਜ ਅਕਸਰ ਕਨੂੰਨ ਨੂੰ ਵੀ ਅੱਖੋਂ ਪਰੋਖੇ ਕਰ ਦਿੰਦਾ ਹੈ।ਅਗਰ ਕਨੂੰਨ ਅਨੁਸਾਰ ਕਿਸੇ ਔਰਤ ਨੂੰ ਕੋਈ ਅਹੁਦਾ ਮਿਲਦਾ ਵੀ ਹੈ ਤਾਂ ਵੀ ਅਮਲੀ ਤੌਰ ਤੇ ਉਸ ਅਹੁਦੇ ਦਾ ਮਾਲਕ ਮਰਦ ਹੀ ਹੁੰਦਾ ਹੈ।ਮਿਸਾਲ ਦੇ ਤੌਰ ਤੇ ਭਾਰਤ ਵਿੱਚ ਅਗਰ ਕੋਈ ਔਰਤ ਸਰਪੰਚ ਬਣਦੀ ਹੈ ਤਾਂ ਅਸਲੀ ਸਰਪੰਚ ਉਸਦਾ ਘਰਵਾਲਾ ਹੀ ਰਹਿੰਦਾ ਹੈ।ਅਗਰ ਅੰਕੜੇ ਦੇਖੇ ਜਾਣ ਤਾਂ ਔਰਤਾਂ ਨਾਲ ਬੇਇਨਸਾਫੀ ਵਿੱਚ ਇਸ ਪੜਾਅ ਵਿੱਚ ਵੀ ਕੋਈ ਖਾਸ ਫਰਕ ਨਹੀਂ ਪਿਆ।ਹਾਂ ਔਰਤ ਦੇ ਹੱਕਾਂ ਦੀ ਰਾਖੀ ਲਈ ਕਨੂੰਨ ਜ਼ਰੂਰ ਬਣੇ ਹਨ।ਜੋ ਅਸਿੱਧੇ ਤੌਰ ਤੇ ਇਸ ਗੱਲ ਦਾ ਪ੍ਰਮਾਣ ਹੈ ਕਿ ਬੇਇਨਸਾਫੀ ਨਿਰੰਤਰ ਹੋ ਰਹੀ ਹੈ।

ਉਪਰੋਕਿਤ ਵਿਚਾਰ ਤੋਂ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ ਕੁਦਰਤ ਨੇ ਜੋ ਭੇਦ ਕੀਤਾ ਉਹ ਮਨੁਖੀ ਵਿਕਾਸ ਦਾ ਵੀ ਇੱਕ ਹਿਸਾ ਬਣ ਗਿਆ।ਪਰ ਇਸ ਵਿਕਾਸ ਨੇ ਵਿਤਕਰੇ ਦੇ ਕਈ ਭਿਆਨਕ ਰੂਪ ਲੈ ਲਏ ਜਿਸ ਕਾਰਨ ਔਰਤ ਨਾਲ ਬੇਇਨਸਾਫੀ ਅਤੇ ਅਤਿਆਚਾਰ ਹੋਣ ਲਗ ਪਏ।ਬਦਕਿਸਮਤੀ ਨਾਲ ਧਰਮ ਵੀ ਇਸ ਵਿਤਕਰੇ ਵਿੱਚ ਭਾਗੀਦਾਰ ਬਣ ਗਿਆ।ਇਹ ਵਿਤਕਰਾ ਕਈ ਵਾਰ ਭਿਆਨਕ ਤੇ ਖੂੰਖਾਰ ਰੂਪ ਵੀ ਧਾਰਨ ਕਰ ਲੈਂਦਾ ਹੈ।ਮਿਸਾਲ ਦੇ ਤੌਰ ਤੇ:
• ਚਾਹੇ ਕੋਈ ਜੰਗ ਹੋਵੇ ਜਾਂ ਧਰਮ ਦੇ ਨਾਮ ਤੇ ਜਹਾਦ ਹੋਵੇ ਜਾਂ ਫਿਰ ਫਿਰਕੂ ਦੰਗੇ ਹੋਣ ਇਹਨਾਂ ਵਿੱਚ ਸਭ ਤੋਂ ਵੱਧ ਜੁਲਮ ਔਰਤ ਤੇ ਹੀ ਹੁੰਦਾ ਹੈ।
• ਕੰਮਕਾਜੀ ਔਰਤਾਂ ਦਾ ਜਿਸਮਾਨੀ ਸ਼ੋਸ਼ਣ ਆਮ ਗੱਲ ਹੈ।ਕਈ ਜਗ੍ਹਾ ਤਾਂ ਔਰਤ ਦਾ ਅਕੇਲੇ ਘਰੋਂ ਬਾਹਰ ਨਿਕਲਣਾ ਵੀ ਖਤਰੇ ਤੋਂ ਖਾਲੀ ਨਹੀਂ।
• ਔਰਤ ਨੂੰ ਅਣਖ ਬਣਾ ਕੇ ਉਸ ਨੂੰ ਸਤਿਕਾਰ ਘਟ ਪਰ ਪਾਬੰਦੀਆਂ ਜ਼ਿਆਦਾ ਲਗਾਈਆਂ ਜਾਂਦੀਆਂ ਹਨ।ਇੱਥੋਂ ਤਕ ਕੇ ਅਣਖ ਖਾਤਿਰ ਔਰਤ ਦਾ ਕਤਲ ਆਮ ਗੱਲ ਹੈ।
• ਔਰਤ ਤੇ ਤਸ਼ੱਦਦ ਕਰਨ ਦਾ ਇੱਕ ਬਹਾਨਾ ਉਸ ਵਲੋਂ ਕੁੜੀ ਜੰਮਣਾ ਵੀ ਹੂੰਦਾ ਹੈ ਜਿਸ ਵਿੱਚ ਉਸ ਦਾ ਕੋਈ ਹੱਥਵਸ ਵੀ ਨਹੀਂ ਹੁੰਦਾ।ਇਸ ਵਿਗਿਆਨਿਕ ਸੱਚ ਨੂੰ ਵੀ ਮਰਦ ਮੰਨਣ ਤੋਂ ਇਨਕਾਰੀ ਹੈ।ਮਰਦ ਪ੍ਰਧਾਨ ਸਮਾਜ ਉਸ ਵੇਲੇ ਬਹੁਤ ਹੀ ਭਿਆਨਕ ਰੂਪ ਧਾਰਨ ਕਰਦਾ ਹੈ ਜਦੋਂ ਔਰਤ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ ਭਾਵ ਭਰੂਣ ਹੱਤਿਆ ਕਰ ਦਿੱਤੀ ਜਾਂਦੀ ਹੈ।
• ਬਲਾਤਕਾਰ ਦੀਆਂ ਖੌਫਨਾਕ ਘਟਨਾਵਾਂ ਰੋਜ਼ਾਨਾ ਅਖਬਾਰ ਦੀਆਂ ਸੁਰਖੀਆਂ ਬਣਦੀਆਂ ਹਨ।ਇੱਥੋਂ ਤਕ ਕੇ ਛੋਟੀਆਂ ਬੱਚੀਆਂ ਨੂੰ ਵੀ ਨਹੀਂ ਬਖਸ਼ਿਆ ਜਾਂਦਾ।ਇਹ ਸਭ ਸਖਤ ਕਨੂੰਨ ਦੇ ਬਾਵਜੂਦ ਵੀ ਹੋ ਰਿਹਾ ਹੈ।
• ਅੋਰਤ ਦੀ ਵੀ ਇਕ ਬਜ਼ਾਰੂ ਵਸਤੂ ਦੀ ਤਰ੍ਹਾਂ ਖਰੀਦੋ ਫਰੋਖਤ ਕੀਤੀ ਜਾਂਦੀ ਹੈ।ਕਈ ਵਾਰ ਤਾਂ ਮਾਪੇ ਹੀ ਆਪਣੀ ਬੱਚੀ ਦਾ ਸੌਦਾ ਕਰਦੇ ਦੇਖੇ ਗਏ ਨੇ।ਬਾਅਦ ਵਿੱਚ ਉਸ ਨਾਲ ਸਲੂਕ ਵੀ ਖਰੀਦੇ ਹੋਏ ਢੋਰ ਡੰਗਰ ਵਾਲਾ ਕੀਤਾ ਜਾਂਦਾ ਹੈ।
• ਘਰੈਲੂ ਹਿੰਸਾ ਹਰ ਸਮਾਜ ਵਿੱਚ ਆਮ ਹੈ।ਅਕਸਰ ਮਰਦ ਆਪਣੀ ਮੈਂ ਵਿੱਚ ਮਰਦਾਨਗੀ ਦੀ ਨੁਮਾਇਸ਼ ਕਰਨ ਲਈ ਔਰਤ ਤੇ ਹੱਥ ਚੁੱਕਦਾ ਹੈ।
• ਔਰਤ ਤੇ ਜੁਲਮ ਦੀ ਇੰਤਹਾ ਉਦੋਂ ਹੁੰਦੀ ਏ ਜਦੋਂ ਸਮਾਜਕ ਤੇ ਸਭਿਆਚਾਰਿਕ ਦਬਾਅ ਹੇਠ ਅੋਰਤ ਖੁਦ ਹੀ ਦੂਸਰੀ ਔਰਤ ਤੇ ਜ਼ੁਲਮ ਵਿੱਚ ਸ਼ਿਰਕਤ ਕਰਦੀ ਏ।
ਇਹ ਇੱਕ ਕੌੜਾ ਸੱਚ ਹੈ ਕਿ ਇਹ ਵਿਤਕਰਾ ਹਰ ਸਮਾਜ ਦੇ ਹਰ ਵਰਗ,ਹਰ ਧਰਮ ਵਿੱਚ ਮੌਜ਼ੂਦ ਹੈ।ਇਸ ਦੇ ਨਾਲ ਹੀ ਇਹ ਵੀ ਇੱਕ ਸਚਾਈ ਹੈ ਕਿ ਹਰ ਧਰਮ, ਹਰ ਸਮਾਜ ਵਿੱਚ ਅਜਿਹੇ ਸ਼ਖਸ ਵੀ ਹਨ ਜੋ ਔਰਤ ਦੀ ਪੂਰੀ ਇੱਜ਼ਤ ਕਰਦੇ ਨੇ।ਸੋ ਅਗਰ ਅਸੀਂ ਇਸ ਵਿਤਕਰੇ ਅਤੇ ਤਸ਼ੱਦਦ ਦਾ ਅਸਲ ਕਾਰਨ ਲੱਭਣਾ ਹੈ ਤਾਂ ਇਸ ਨੂੰ ਧਰਮ ਤੋੰ ਲਾਂਭੇ ਰੱਖ ਕੇ ਦੇਖਣਾ ਪਊ।ਇਸੇ ਤਰ੍ਹਾਂ ਅਸੀਂ ਇਹ ਵੀ ਦੇਖਦੇ ਹਾਂ ਕਿ ਇਹ ਵਿਤਕਰਾ ਤੇ ਹਿੰਸਾ ਕਨੂੰਨ ਵਲੋਂ ਸਖਤੀ ਨਾਲ ਰੋਕਣ ਦੀ ਵਜਾਏ ਵੀ ਨਿਰੰਤਰ ਜਾਰੀ ਹੈ।ਅਜਿਹਾ ਕਿਉਂ ਹੈ।
ਇਸ ਅੜਾਉਣੀ ਨੂੰ ਸਮਝਣ ਲਈ ਆਪਾਂ ਸਿੱਖ ਧਰਮ ਵਿੱਚ ਇਸ ਮਸਲੇ ਦਾ ਵਿਸ਼ਲੇਸ਼ਣ ਕਰ ਸਕਦੇ ਹਾਂ।ਸਿੱਖ ਧਰਮ ਬੁਲੰਦ ਅਵਾਜ਼ ਵਿੱਚ ਔਰਤ ਨੂੰ ਬਰਾਬਰੀ ਦਾ ਦਰਜਾ ਦਿੰਦਾ ਹੈ।ਬੜੇ ਹੀ ਵਿਗਿਆਨਕ ਅਤੇ ਤਰਕ ਪੂਰਨ ਤਰੀਕੇ ਨਾਲ ਗੁਰ ਨਾਨਕ ਸਾਹਿਬ ਕਹਿੰਦੇ ਨੇ ਕਿ, “ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥ਭੰਡੁ ਮੁਆ ਭੰਡੁ ਭਾਲੀਐ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ਭੰਡਹੁ ਹੀ ਭੰਡੁ ਉਪਜੈ ਭੰਡੈ ਬਾਝੁ ਨ ਕੋਇ॥ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ॥ਨਾਨਕ ਤੇ ਮੁਖ ਉਜਲੇ ਤਿਤੁ ਸਚੈ ਦਰਬਾਰਿ॥” ਪੰਨਾ 473। ਪਰ ਇਸ ਸਭ ਦੇ ਬਾਵਜੂਦ ਸਿੱਖ ਸਮਾਜ ਵਿੱਚ ਵੀ ਇਹ ਸਮੱਸਿਆ ਬਰਾਬਰ ਬਣੀ ਹੋਈ ਹੈ।ਇਤਿਹਾਸ ਤੋਂ ਸਾਨੂੰ ਇਸ ਗੱਲ ਦਾ ਵੀ ਇਲਮ ਹੁੰਦਾ ਹੈ ਕਿ ਸਿੱਖ ਸਮਾਜ ਵਿੱਚ ਇਹ ਗਿਰਾਵਟ ਹੁਣ ਹੀ ਆਈ ਹੈ।ਗੁਰੂ ਕਾਲ ਅਤੇ ਕੁਝ ਅਰਸਾ ਬਾਅਦ ਤਕ ਤਾਂ ਔਰਤ ਨੂੰ ਪੂਰੀ ਇੱਜ਼ਤ ਅਤੇ ਹੱਕ ਪ੍ਰਾਪਤ ਸਨ।ਗੁਰੁ ਅਮਰਦਾਸ ਨੇ ਜਦੋਂ ਸਿੱਖ ਧਰਮ ਦੇ ਪ੍ਰਚਾਰ ਲਈ 22 ਮੰਜੀਆਂ ਦੀਆਂ ਸਥਾਪਨਾ ਕੀਤੀ ਤਾਂ ਇਹਨਾਂ ਵਿੱਚ ਚਾਰ ਮੰਜੀਆਂ ਉੱਤੇ ਔਰਤਾਂ ਸ਼ੁਸ਼ੋਬਿਤ ਸਨ।ਇਹਨਾਂ ਮੰਜੀਆਂ ਹੇਠਾਂ 52 ਪੀੜ੍ਹੈ ਕੰਮ ਕਰਦੇ ਸਨ ਜਿਹਨਾਂ ਵਿੱਚ ਬਹੁਗਿਣਤੀ ਔਰਤਾਂ ਸਨ।ਇਸ ਇੱਜ਼ਤ ਮਾਣ ਸਦਕਾ ਹੀ ਔਰਤਾਂ ਨੇ ਸਿੱਖ ਇਤਿਹਾਸ ਵਿੱਚ ਉਘੜਵਾਂ ਯੋਗਦਾਨ ਪਾਇਆਂ।ਗੌਰ ਕਰਨ ਵਾਲੀ ਗੱਲ ਹੈ ਕਿ ਇਹਨਾਂ 52 ਪੀੜਿਆਂ ਤੇ ਸ਼ੁਸ਼ੋਬਿਤ ਔਰਤਾਂ ਪੜ੍ਹਾਉਣ ਲਿਖਾਉਣ ਦਾ ਕੰਮ ਵੀ ਕਰਦੀਆਂ ਸਨ।ਇਤਿਹਾਸ ਗਵਾਹ ਹੈ ਕਿ ਸਿੱਖ ਔਰਤਾਂ ਵਿਦਿਆ ਤੋਂ ਇਲਾਵਾ ਘੋੜ ਸਵਾਰੀ ਅਤੇ ਯੁਧ ਕਲਾ ਵਿੱਚ ਵੀ ਮਾਹਰ ਸਨ। ਪਰ ਫਿਰ ਗਿਰਾਵਟ ਕਿਵੇਂ ਆਈ।ਔਰਤ ਨੂੰ ਛੁਟਿਆਉਣ ਪਿੱਛੇ ਸਭ ਤੋਂ ਵੱਡਾ ਕਾਰਨ ਮਰਦ ਦੀ ਹਉਮੈ ਹੈ ਜਿਸ ਕਾਰਨ ਉਹ ਔਰਤ ਨੂੰ ਆਪਣੀ ਮਲਕੀਅਤ ਸਮਝ ਉਸ ਉੱਤੇ ਜ਼ੋਰ ਜੁਲਮ ਕਰਦਾ ਹੈ।ਇਸ ਹਉਮੈ ਦਾ ਨਾਸ ਗਰੂ ਦੀ ਸਿਖਿਆ ਨਾਲ ਹੋ ਰਿਹਾ ਸੀ ਜੋ ਸਿੱਖ ਨੇ ਲੈਣੀ ਛੱਡ ਦਿੱਤੀ ਹੈ।ਇਸੇ ਕਰਕੇ ਇਹ ਗਿਰਾਵਟ ਆਈ।ਅਜੋਕੇ ਸਿੱਖ ਸਮਾਜ ਦੀ ਅਸਲੀਅਤ ਇਹੀ ਹੈ ਕਿ:
1. ਸਿੱਖ ਗੁਰੁ ਨਾਲੋ ਟੁੱਟ ਕੇ ਦਸਮ ਗ੍ਰੰਥ, ਸ਼ੂਰਜ ਪ੍ਰਕਾਸ਼ ਵਰਗੇ ਗ੍ਰੰਥਾਂ ਪਿੱਛੇ ਲੱਗੇ ਹੋਏ ਨੇ।
2. ਦਸਮ ਗ੍ਰੰਥ ਦੇ ਉਪਾਸ਼ਕ ਔਰਤ ਨੂੰ ਇਕ ਚਲਿਤਰ ਕਰਨ ਵਾਲੀ ਤੇ ਭੋਗ ਵਿਲਾਸ ਦੇ ਨਸ਼ੇ ਵਿੱਚ ਗਲਿਤ ਕਿਸੇ ਵੀ ਹੱਦ ਨੂੰ ਪਾਰ ਕਰਨ ਵਾਲੀ ਸ਼ੈ ਹੀ ਸਮਝਦੇ ਨੇ।
3. ਗੁਰੁ ਸਹਿਬਾਨ ਦੀਆਂ ਕਥਿਤ iੲੱਕ ਤੋਂ ਵੱਧ ਸ਼ਾਦੀਆਂ ਨੂੰ ਰੱਜ ਕੇ ਪ੍ਰਚਾਰਿਆ ਜਾ ਰਿਹਾ ਹੈ।ਕਲਪਿਤ ਸਾਹਿਬ ਕੌਰ ਨੂੰ ਤਾਂ ਖਾਲਸੇ ਦੀ ਮਾਤਾ ਦਾ ਖਿਤਾਬ ਦੇ ਦਿੱਤਾ ਹੈ।ਕੀ ਇਹ ਇੱਕ ਔਰਤ ਨਾਲ ਅੱਤਿਆਚਾਰ ਨਹੀ ਕਿ ਉਹ ਆਪਣੇ ਪਤੀ ਨਾਲ ਕੋਈ ਵੀ ਜਿਸਮਾਨੀ ਸਬੰਧ ਨਹੀਂ ਬਣਾਏਗੀ। ਹਾਲਾਤ ਇਹ ਹਨ ਕਿ ਕਿਸੇ ਵੀ ਮੌਜ਼ੂਦਾ ਸਿੱਖ ਆਗੂ ਵਿੱਚ ਇਨ੍ਹੀ ਜ਼ੁਰ੍ਰਤ ਨਹੀਂ ਹੈ ਕਿ ਇਸ ਝੂਠ ਨੂੰ ਝੂਠ ਕਹਿ ਸਕੇ।
4. ਸ਼੍ਰੋਮਣੀ ਕਮੇਟੀ ਅਤੇ ਹੋਰ ਗੁਰਦਵਰਿਆਂ ਦੀਆ ਕਮੇਟੀਆਂ ਸਿਰਫ ਪ੍ਰਬੰਧਕੀ ਤੇ ਆਰਥਕ ਲਾਭ ਉਠਾਉਣ ਵਿੱਚ ਹੀ ਮਸਤ ਹਨ।ਉਹਨਾਂ ਨੂੰ ਕੋਈ ਗਰਜ ਨਹੀ ਕਿ ਉਨ੍ਹਾਂ ਦੀ ਦੇਖ ਰੇਖ ਵਿੱਚ ਪ੍ਰਚਾਰ ਸਹੀ ਹੋ ਰਿਹਾ ਹੈ ਜਾਂ ਗਲਤ।ਅਕਸਰ ਸੱਚ ਸਿਆਸਤ ਤੋਂ ਕੁਰਬਾਨ ਕਰ ਦਿੱਤਾ ਜਾਂਦਾ ਹੈ।
5. ਗੁਰਦਵਾਰਿਆਂ ਵਿੱਚ ਜੋ ਮੋਹਰੀ ਲੋਕ ਹਨ ਉਹਨਾਂ ਦਾ ਕਿਰਦਾਰ ਬਹੁਤ ਹੀ ਗਿਰ ਚੁੱਕਾ ਹੈ ਜਿਸ ਕਾਰਨ ਨਾ ਤਾਂ ਉਹ ਕੋਈ ਠੀਕ ਅਗਵਾਈ ਕਰਨ ਦੇ ਕਾਬਲ ਹਨ ਤੇ ਨ ਹੀ ਉਹ ਅਜਿਹਾ ਚਾਹੁੰਦੇ ਹਨ।ਉਹ ਸਿਰਫ ਆਪਣਾ ਉਲੂ ਸਿੱਧਾ ਕਰਨ ਵਿੱਚ ਲੱਗੇ ਹੋਏ ਨੇ।ਉਹ ਦੇਖਣ ਨੂੰ ਸਿੱਖ ਲਗਦੇ ਨੇ ਪਰ ਅੰਦਰੋ ਸਿੱਖੀ ਤੋਂ ਸੱਖਣੇ ਨੇ।ਉਨ੍ਹਾ ਦਾ ਏਜੰਡਾ ਸਿੱਖੀ ਨਹੀਂ ਕੁਝ ਹੋਰ ਹੈ।
ਗੁਰ ਨਾਨਕ ਸਾਹਿਬ ਦਾ ਹੀ ਬਚਨ ਹੈ ਕਿ “ ਸਚਹੁ ਓਰੇ ਸਭੁ ਕੋ ਉਪਰਿ ਸਚੁ ਆਚਾਰੁ॥” ਪੰਨਾ 62 ।ਇਹ ਸੱਚ ਹੈ ਕਿ ਸਿੱਖ ਧਰਮ ਸਿਧਾਂਤਕ ਤੌਰ ਤੇ ਔਰਤ ਨੂੰ ਬਣਦੀ ਇੱਜ਼ਤ ਮਾਣ ਦੇਂਦਾ ਹੈ ਪਰ ਹੁਣ ਉਪਰੋਕਿਤ ਦੱਸੇ ਕਾਰਨਾ ਕਰਕੇ ਇਹ ਇੱਜ਼ਤ ਮਾਣ ਬਹੁਗਿਣਤੀ ਸਿੱਖਾਂ ਦੇ ਆਚਾਰ ਦਾ ਹਿੱਸਾ ਨਹੀਂ ਰਿਹਾ।
ਸਵਾਲ ਉਠਦਾ ਹੈ ਕਿ ਕੀ ਇਹ ਅਤਿਆਚਾਰ ਕਨੂੰਨ ਬਣਾ ਕੇ ਨਹੀਂ ਰੋਕਿਆ ਜਾ ਸਕਦਾ।ਕਨੂੰਨ ਬਹੁਤ ਜ਼ਰੂਰੀ ਹੈ ਪਰ ਕਨੁੰਨ ਸਿਰਫ ਉਸ ਵੇਲੇ ਹਰਕਤ ਵਿੱਚ ਆਉਂਦਾ ਹੈ ਜਦੋਂ ਜੁਲਮ ਹੋ ਚੁਕਦਾ ਹੈ।ਅਗਰ ਕਨੂੰਨ ਦੇ ਨਾਲ ਨਾਲ ਅਸੀਂ ਹਉਮੇਂ ਜਾਂ ਮੈਂ ਨੂੰ ਵੀ ਕਾਬੂ ਕਰਦੇ ਹਾਂ ਤਾਂ ਇਸ ਸਮੱਸਿਆ ਦਾ ਜ਼ਿਆਦਾ ਕਾਰਗਰ ਹੱਲ ਨਿਕਲਦਾ ਹੈ।ਇਸ ਹਉਮੇ ਜਾਂ ਮੈਂ ਕਾਰਣ ਕਨੂੰਨ ਦਾ ਨਜ਼ਾਇਜ਼ ਇਸਤੇਮਾਲ ਵੀ ਹੁੰਦਾ ਦੇਖਿਆ ਗਿਆ ਹੈ।ਮਸਲਨ ਦਾਜ ਤੇ ਬਲਾਤਕਾਰ ਦੇ ਝੂਠੇ ਕੇਸ।ਹਉਮੇ, ਕ੍ਰੋਧ ਤੇ ਲਾਲਚ ਦਾ ਰੋਗ ਔਰਤ ਨੂੰ ਵੀ ਮਰਦ ਦੀ ਤਰ੍ਹਾਂ ਹੀ ਲਗਦਾ ਹੈ ਅਤੇ ਉਹ ਵੀ ਕਾਨੂੰਨ ਦਾ ਨਜ਼ਾਇਜ਼ ਫਾਇਦਾ ਉਠਾਉਂਦੀ ਹੈ।ਪਰ ਇਹ ਵੀ ਸੱਚ ਹੈ ਕਿ ਜ਼ਿਆਦਾਤਰ ਇਹਨਾਂ ਝੂਠੇ ਕੇਸਾਂ ਵਿੱਚ ਵੀ ਔਰਤ ਨੂੰ ਮੋਹਰਾ ਬਣਾ ਕੇ ਮਰਦ ਆਪਣੀਆਂ ਦੁਸ਼ਮਣੀਆਂ ਕੱਢ ਰਹੇ ਹੁੰਦੇ ਨੇ।ਪੱਛਮੀ ਦੇਸ਼ਾਂ ਵਿੱਚ ਔਰਤਾਂ ਦੇ ਹੱਕ ਵਿੱਚ ਕਾਫੀ ਕਨੂੰਨ ਬਣੇ ਨੇ ਜਿਨ੍ਹਾਂ ਤੇ ਸਖਤੀ ਨਾਲ ਅਮਲ ਵੀ ਕੀਤਾ ਜਾਂਦਾ ਹੈ।ਪਰ ਇਹ ਸਮੱਸਿਆ ਉੱਥੇ ਵੀ ਖਤਮ ਨਹੀਂ ਹੋਈ।ਮੀ ਟੂ ਵਰਗੀਆਂ ਲਹਿਰਾਂ ਇਸ ਦਾ ਸਬੂਤ ਨੇ।ਕਨੂੰਨ ਇਸ ਸਮੱਸਿਆ ਨੂੰ ਜੜ੍ਹ ਤੋਂ ਨਹੀਂ ਕੱਢ ਸਕਦਾ।ਜਦ ਤਕ ਇਨਸਾਨ ਦੀ ਸੋਚ ਨਹੀਂ ਬਦਲਦੀ ਇਹ ਮਸਲਾ ਹੱਲ ਨਹੀਂ ਹੋ ਸਕਦਾ।
ਇਸ ਮਸਲੇ ਦਾ ਇੱਕ ਹੋਰ ਪਹਿਲੂ ਵੀ ਹੈ।ਅੱਜ ਕਲ ਮੰਡੀਕਰਣ ਅਤੇ ਢੋਲ ਢਮੱਕੇ ਦਾ ਜ਼ਮਾਨਾ ਹੈ।ਅਸੀਂ ਉਪਰ ਮਰਦ ਦੀ ਹੁੳਮੇਂ ਅਤੇ ਲਾਲਚ ਦੀ ਗੱਲ ਕੀਤੀ ਹੈ।ਇਹ ਅਲਾਮਤਾਂ ਕਾਰਪੋਰੇਟ ਪੱਧਰ ਤੇ ਵੀ ਜ਼ੋਰ ਸ਼ੋਰ ਨਾਲ ਕੰਮ ਕਰਦੀਆਂ ਹਨ।ਜਿਸ ਤਰ੍ਹਾਂ ਮਰਦ ਦੀ ਹਉਮੇ ਔਰਤ ਨਾਲ ਬੇਇਨਸਾਫੀ ਤੇ ਜੁਲਮ ਕਰਦੀ ਹੈ ਉਸੇ ਤਰ੍ਹਾਂ ਕਾਰਪੋਰੇਟ ਲਾਲਚ ਵੀ ਔਰਤ ਦਾ ਇਸਤੇਮਾਲ ਆਪਣੇ ਮੁਫਾਦ ਲਈ ਕਰਦਾ ਹੈ।ਆਪਣੀ ਕਮਾਈ ਖਾਤਰ ਕਾਰਪੋਰੇਟ ਅਦਾਰੇ ਆਪਣਾ ਮਾਲ ਵੇਚਣ ਲਈ ਇਸ਼ਤਹਾਰਾਂ ਵਿੱਚ ਜਿੱਥੇ ਔਰਤ ਨੂੰ ਮਰਦ ਦੀ ਕਮਜ਼ੋਰੀ ਦੇ ਤੌਰ ਤੇ ਰੱਜ਼ ਕੇ ਇਸਤੇਮਾਲ ਕਰਦੇ ਨੇ ਉੱਥੇ ਔਰਤ ਨੂੰ ਉਸਦੇ ਹੀ ਸੁਹੱਪਣ ਦੇ ਝਾਂਸੇ ਵਿੱਚ ਫਸਾ ਕੇ ਵੀ ਆਪਣੇ ਮਾਲ ਦੀ ਵਿਕਰੀ ਕਰਦੇ ਨੇ।ਇਸਤਰ੍ਹਾਂ ਕਰਕੇ ਉਹ ਵੀ ਔਰਤ ਨੂੰ ਇੱਕ ਬਜ਼ਾਰੂ ਵਸਤੂ ਦੀ ਤਰ੍ਹਾਂ ਹੀ ਵਰਤਦੇ ਨੇ।ਇੱਕ ਪਾਸੇ ਤਾਲਬਾਨੀ ਸੋਚ ਹੈ ਜੋ ਧਰਮ ਦੇ ਨਾਮ ਤੇ ਔਰਤ ਨੂੰ ਹਰ ਅੰਗ ਢਕਣ ਤੇ ਮਜ਼ਬੂਰ ਕਰਦਾ ਏ ਦੂਜੇ ਪਾਸੇ ਅੱਜਕਲ ਦੀ ਢੋਲ ਢਮੱਕੇ ਦੀ ਦੁਨੀਆਂ ਜੋ ਅਜ਼ਾਦੀ ਦੇ ਨਾਮ ਤੇ ਔਰਤ ਦੇ ਹਰ ਅੰਗ ਦੀ ਨੁਮਾਇਸ਼ ਕਰ ਆਪਣਾ ਉੱਲੂ ਸਿਧਾ ਕਰ ਰਹੇ ਨੇ।ਦੋਨੋਂ ਹੀ ਔਰਤ ਨੂੰ ਇੱਕ ਇਨਸਾਨ ਸਮਝਣ ਦੀ ਵਜਾਏ ਇੱਕ ਭੋਗਣ ਮਾਨਣ ਵਾਲੀ ਵਸਤੂ ਸਮਝ ਰਹੇ ਨੇ।ਔਰਤ ਵੀ ਕਈ ਵਾਰ ਢੋਲ ਢਮੱਕੇ ਦੇ ਅਸਰ ਹੇਠ ਅਜਿਹੇ ਪਹਿਰਾਵੇ ਨੂੰ ਹੀ ਅਜ਼ਾਦੀ ਸਮਝ ਲੈਂਦੀ ਹੈ ਜਿਸਦੀ ਸ਼ਾਇਦ ਉਸਦੀ ਬਿਬੇਕ ਬੁਧ ਇਜ਼ਾਜਤ ਨ ਦੇਵੇ।ਬਿਬੇਕ ਬੁਧ ਅਤੇ ਢੋਲ ਢਮੱਕਾ ਆਪਾ ਵਿਰੋਧੀ ਹਨ।ਢੋਲ ਢਮੱਕਾ ਜਾਂ ਮਾਰਕਿਟਿੰਗ ਸਾਨੂੰ ਤਰਕ ਨੂੰ ਤਿਆਗ ਜ਼ਜਬਾਤ ਦੇ ਬੇਕਾਬੂ ਘੋੜੇ ਤੇ ਸਵਾਰ ਕਰਦਾ ਹੈ।ਇਸ ਘੋੜੇ ਤੋਂ ਧੜੰਮ ਹੇਠਾਂ ਡਿਗਣਾ ਨਿਸ਼ਚਤ ਹੈ।
ਉਪਰੋਕਿਤ ਵਿਚਾਰ ਤੋਂ ਬਾਅਦ ਅਖੀਰ ਵਿੱਚ ਅਸੀਂ ਕਹਿ ਸਕਦੇ ਹਾਂ ਕਿ:
• ਲਿੰਙਕ ਵਿਤਕਰੇ ਦਾ ਧਰਮ ਨਾਲ ਕੋਈ ਸਬੰਧ ਨਹੀਂ ਹੈ ਪਰ ਕਈ ਧਰਮਾਂ ਵਿੱਚ ਇਸ ਨੂੰ ਪ੍ਰਵਾਨ ਕਰ ਕੇ ਕਨੂੰਨੀ ਤੇ ਸਮਾਜਿਕ ਤੌਰ ਤੇ ਔਰਤ ਨੂੰ ਬਰਾਬਰ ਹੱਕ ਨਹੀਂ ਦਿਤੇ ਗਏ।ਪਰ ਕੌੜਾ ਸੱਚ ਇਹੀ ਹੈ ਕਿ ਇਹ ਵਿਤਕਰਾ ਹਰ ਧਰਮ ਤੇ ਹਰ ਸਮਾਜ ਵਿੱਚ ਪਾਇਆ ਜਾਂਦਾ ਹੈ।
• ਦਰਅਸਲ ਇਸ ਇਸ ਵਿਤਕਰੇ ਦੀ ਜੜ੍ਹ ਮਰਦ ਦੀ ਹਉਮੇ ਵਿੱਚ ਹੈ ਜੋ ਦੁਨੀਆਂ ਦੇ ਹਰ ਮਰਦ ਦੀ ਖਸਲਤ ਦਾ ਇੱਕ ਹਿੱਸਾ ਹੈ।
• ਇਸ ਦਾ ਇਲਾਜ਼ ਇਸ ਹਉਮੇ ਤੇ ਕਾਬੁ ਪਾਉਣਾ ਹੈ।ਇਹ ਸਿਰਫ ਬਿਬੇਕ ਬੁਧ ਦੇ ਵਿਕਸਤ ਹੋਣ ਨਾਲ ਹੀ ਸੰਭਵ ਹੈ ਜੋ ਪਰਿਵਾਰ, ਸਮਾਜ, ਧਰਮ ਜਾਂ ਵਿਗਿਆਨ ਦੀ ਸਹੀ ਸਿਖਿਆ ਰਾਹੀਂ ਹੁੰਦੀ ਹੈ।ਅਗਰ ਸਿਖਿਆ ਦੇ ਇਹ ਸਾਰੇ ਸੋਮੇ ਮਿਲ ਕੇ ਕੰਮ ਕਰਨ ਤਾਂ ਵਧੀਆ ਨਤੀਜ਼ੇ ਨਿਕਲ ਸਕਦੇ ਨੇ।
• ਸਿੱਖ ਧਰਮ ਨੂੰ ਇਸ ਸਮੱਸਿਆ ਨੂੰ ਸਮਝਣ ਲਈ ਇੱਕ ਮਿਸਾਲ ਵਜੋਂ ਵਰਤਿਆ ਜਾ ਸਕਦਾ ਹੈ।ਸਿੱਖ ਧਰਮ ਵਿੱਚ ਬਿਬੇਕ ਬੁੱਧ ਨੁੰ ਹੀ ਗੁਰੁ ਆਖਿਆ ਗਿਆ ਹੈ।ਜਦੋਂ ਤਕ ਸਿੱਖ ਗੁਰੁ ਜਾਣੀ ਬਿਬੇਕ ਬੁਧ ਨਾਲ ਜੁੜੇ ਰਹੇ ਉਹ ਔਰਤ ਨੂੰ ਪੂਰਾ ਇਜ਼ੱਤ ਮਾਣ ਦੇਂਦੇ ਰਹੇ ਪਰ ਜਦੋ ਹੀ ਉਹ ਆਪਣੇ ਗੁਰੁ ਨਾਲੋਂ ਟੁੱਟੇ, ਉਨ੍ਹਾਂ ਦਾ ਹਾਲ ਵੀ ਬਾਕੀ ਧਰਮਾਂ ਵਾਲਾ ਹੋ ਗਿਆ।
• ਬਿਬੇਕ ਬੁਧ ਔਰਤ ਅਤੇ ਮਰਦ ਦੋਨਾਂ ਲਈ ਲਾਜ਼ਮੀ ਹੈ।ਜਿੱਥੇ ਬਿਬੇਕ ਬੁਧ ਮਰਦ ਦੀ ਹਉਮੇ ਨੂੰ ਕਾਬੂ ਕਰੇਗੀ ਉੱਥੇ ਇਹ ਔਰਤ ਨੂੰ ਵੀ ਭਟਕਣੇ ਤੋਂ ਬਚਾ ਲਏਗੀ।ਬਿਬੇਕ ਬੁਧ ਔਰਤ ਨੂੰ ਉਸ ਦੀ ਸਹੀ ਅਜ਼ਾਦੀ ਦੀ ਸੂਝ ਕਰਾਏਗੀ।

ਸਿਡਨੀ, ਅਸਟ੍ਰੇਲੀਆ
ਨਵੰਬਰ 18, 2022




.