. |
|
ਬਹਾਦਰੀ ਅਤੇ ਅਕਲ
ਕਈ ਕੌਮਾਂ ਅਤੇ ਫਿਰਕੇ ਜਮਾਂਦਰੂ
ਹੀ ਬੜੇ ਬਹਾਦਰ ਹੁੰਦੇ ਹਨ। ਸਿੱਖ ਵੀ ਉਨ੍ਹਾਂ ਵਿਚੋਂ ਇੱਕ ਹਨ ਜੋ ਕਿ ਆਪਣੇ ਆਪ ਨੂੰ ਬਹਾਦਰ ਸਮਝਦੇ
ਹਨ ਅਤੇ ਕਈ ਬਹਾਦਰੀ ਵਾਲੇ ਕੰਮ ਕਰਕੇ ਮਾਣ ਮਹਿਸੂਸ ਕਰਦੇ ਹਨ। ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ
ਅੱਜ ਦੇ ਸਮੇ ਵਿੱਚ ਬਹਾਦਰੀ ਜ਼ਿਆਦਾ ਮਾਇਨੇ ਰੱਖਦੀ ਹੈ ਜਾਂ ਅਕਲ? ਪਰ ਅਸੀਂ ਸਾਰਾ ਕੁੱਝ ਬਹਾਦਰੀ ਦੇ
ਕੰਡੇ ਤੇ ਹੀ ਤੋਲਦੇ ਹਾਂ। ਗੁਰਦੁਆਰਿਆਂ ਵਿੱਚ ਵੀ ਸਾਰਾ ਪ੍ਰਚਾਰ ਸ਼ਰਧਾ ਜਾਂ ਬਹਾਦਰੀ ਦੁਆਲੇ ਹੀ
ਘੁੰਮਦਾ ਰਹਿੰਦਾ ਹੈ। ਸ਼ੋਸ਼ਲ ਮੀਡੀਏ ਤੇ ਵੀ ਇਹੀ ਕੁੱਝ ਹੁੰਦਾ ਹੈ। ਲੋਕਾਈ ਦੇ ਦਿਮਾਗਾਂ ਵਿੱਚ
ਜਮਾਂਦਰੂ ਤੋਂ ਇਹੀ ਕੁੱਝ ਭਰਿਆ ਜਾ ਰਿਹਾ ਹੈ। ਫਿਰ ਲੋਕਾਈ ਦੇ ਵਿਚਾਰ ਵੀ ਇਸੇ ਤਰ੍ਹਾਂ ਦੇ ਬਣਦੇ
ਹਨ। ਜੁਆਨੀ ਵੇਲੇ ਮੇਰੇ ਵੀ ਕੁੱਝ ਸਮਾ ਇਸੇ ਤਰ੍ਹਾਂ ਦੇ ਵਿਚਾਰ ਰਹੇ ਹਨ। ਜੇ ਕਰ ਉਸ ਵੇਲੇ ਮੈਂ
ਇੰਡੀਆ ਵਿੱਚ ਹੁੰਦਾ ਸ਼ਾਇਦ ਮੈਂ ਵੀ ਅੱਤਵਾਦੀ ਹੀ ਹੁੰਦਾ। ਪਰ ਹੁਣ ਉਮਰ ਦੇ ਹਿਸਾਬ ਨਾਲ ਅਤੇ ਬਹੁਤ
ਕੁੱਝ ਪੜ੍ਹਨ ਸੁਣਨ ਨਾਲ ਇਸ ਵੇਲੇ ਮੇਰੇ ਵਿਚਾਰ ਬਿੱਲਕੁੱਲ ਵੱਖਰੇ ਅਤੇ ਉਲਟ ਹਨ।
ਜਦੋਂ ਮੈਂ ਆਪਣੇ ਪਿਛਲੇ ਸਮੇ ਨੂੰ ਦੇਖਦਾ ਹਾਂ ਤਾਂ ਇਹ ਸਮਝ ਪੈਂਦੀ ਹੈ ਕਿ ਜਿਹੜੇ ਲੋਕ ਇਸ ਵੇਲੇ
ਜੇਹਲਾਂ ਵਿੱਚ ਬੰਦ ਹਨ ਜਾਂ ਜਿਹੜੇ ਆਪਣੀ ਬਣਦੀ ਪੂਰੀ ਸਜਾ ਭੁਗਤ ਚੁੱਕੇ ਹਨ ਪਰ ਹਾਲੇ ਵੀ ਰਿਹਾਈ
ਨਹੀਂ ਹੋ ਰਹੀ। ਉਸ ਵਿੱਚ ਜ਼ਿਆਦਾ ਕਸੂਰ ਸਮਾਜ ਦਾ ਅਤੇ ਕਥਿਤ ਵਿਦਵਾਨਾ ਦਾ ਹੈ। ਕਿਉਂਕਿ ਉਹ ਅਸਲੀਅਤ
ਦੱਸਣ ਦੀ ਬਿਜਾਏ ਥੋੜੇ ਸਮੇ ਲਈ ਆਪਣੀ ਵਾਹ-ਵਾਹ ਕਰਵਾਉਣ ਵਿੱਚ ਫਖਰ ਮਹਿਸੂਸ ਕਰਦੇ ਹਨ।
ਕੋਈ ਸਮਾ ਸੀ ਜਦੋਂ ਬਹਾਦਰੀ ਹੀ ਜ਼ਿਆਦਾ ਮਾਇਨੇ ਰੱਖਦੀ ਸੀ। ਉਹ ਸਮਾ
ਗੁੱਟਾਂ ਵਿੱਚ ਜ਼ੋਰ ਅਤੇ ਤਲਵਾਰ ਦਾ ਸਮਾ ਸੀ। ਉਸ ਸਮੇ ਰਾਜ ਭਾਗ ਵੀ ਤਲਵਾਰਾਂ ਨਾਲ ਹੀ ਖੋਹੇ ਜਾਂਦੇ
ਸਨ ਅਤੇ ਤਲਵਾਰਾਂ ਨਾਲ ਹੀ ਕਾਇਮ ਰੱਖੇ ਜਾ ਸਕਦੇ ਸਨ। ਪਰ ਅੱਜ ਕੱਲ ਰਾਜ ਭਾਗ ਤਲਵਾਰਾਂ ਨਾਲ ਨਹੀਂ
ਸਗੋਂ ਵਿਚਾਰਾਂ ਨਾਲ ਲਏ ਜਾਂਦੇ ਹਨ। ਅੱਜ ਅਕਤੂਬਰ ਦੀ 24 ਤਾਰੀਖ ਹੈ ਅਤੇ ਅੱਜ ਹੀ ਉਸ ਦੇਸ਼ ਦਾ
ਪ੍ਰਧਾਨ ਮੰਤ੍ਰੀ ਇੱਕ ਰੰਗਦਾਰ ਵਿਆਕਤੀ ਬਣਿਆ ਹੈ ਜਿਸ ਦੇਸ਼ ਦੀ ਹਕੂਮਤ ਵਿੱਚ ਦਿਨ ਨਹੀਂ ਛਿਪਦਾ
ਹੁੰਦਾ ਸੀ। ਇਹ ਵੱਖਰੀ ਗੱਲ ਹੈ ਕਿ ਉਹ ਕਿਤਨਾ ਕੁ ਚਿਰ ਇਸ ਨੂੰ ਸੰਭਾਲ ਕੇ ਰੱਖਦਾ ਹੈ ਜਾਂ ਅਕਲ
ਨਾਲ ਸਰਕਾਰ ਚਲਾਉਣ ਦੀ ਸਮਰੱਥਾ ਰੱਖਦਾ ਹੈ।
ਪਿਛਲੇ ਸਾਲ ਕਿਸਾਨ ਮੋਰਚੇ ਦੁਰਾਨ ਡਾ: ਸਵੈਮਾਣ ਸਿੰਘ ਦੀ ਇੱਕ ਵੀਡੀਓ ਦੇਖੀ ਸੀ ਜਿਸ ਵਿੱਚ ਕਿ ਉਹ
ਬੜੀਆਂ ਸਿਆਣੀਆਂ ਗੱਲਾਂ ਕਰਦਾ ਸੀ। ਕੋਈ ਉਸ ਨੂੰ ਕਾਮਰੇਡ ਕਹਿੰਦਾ ਹੈ ਕੋਈ ਕੁੱਝ ਹੋਰ ਕਹਿੰਦਾ ਹੈ।
ਮੈਂ ਉਸ ਬਾਰੇ ਬਹੁਤਾ ਕੁੱਝ ਤਾਂ ਨਹੀਂ ਜਾਣਦਾ ਪਰ ਜੋ ਉਸ ਨੇ ਇੱਕ ਵੀਡੀਓ ਵਿੱਚ ਸਿਆਣੀਆਂ ਗੱਲਾਂ
ਕੀਤੀਆਂ ਸਨ ਉਹ ਮੈਨੂੰ ਕਾਫੀ ਚੰਗੀਆਂ ਲੱਗੀਆਂ ਸਨ। ਉਹ ਦਲੀਲ ਦਿੰਦਾ ਸੀ ਕਿ ਜੇ ਕਰ ਕਿਸੇ ਨੂੰ
ਮੱਛੀ ਦਾ ਮੀਟ ਖਾਣ ਦੀ ਆਦਤ ਹੈ ਕਿਉਂ ਨਾ ਉਸ ਨੂੰ ਮੱਛੀਆਂ ਫੜਨ ਦੀ ਜਾਚ ਸਿਖਾਈ ਜਾਏ ਬਿਜਾਏ ਇਸ ਦੇ
ਕਿ ਉਸ ਨੂੰ ਰੋਜ ਹੀ ਆਪ ਹੀ ਮੱਛੀ ਫੜ ਕੇ ਲਿਜਾ ਕੇ ਦਈਏ। ਉਸ ਦੇ ਕਹਿਣ ਦਾ ਭਾਵ ਸੀ ਕਿ ਕਿਉਂ ਨਾ
ਆਉਣ ਵਾਲੀ ਪੀੜੀ ਨੂੰ ਉਚੀ ਸਿਖਿਆ ਦਿਵਾ ਕੇ ਚੰਗੇ ਸਾਇੰਸਦਾਨ ਅਤੇ ਇੰਜਨੀਅਰ ਬਣਨ ਦੀ ਪ੍ਰੇਰਨਾ
ਦਈਏ। ਉਹ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਆਪ ਖੜੇ ਹੋਣ। ਉਸ ਦਾ ਕਹਿਣਾ ਸੀ ਕਿ ਇਹ ਕੰਮ ਪਹਿਲੀ ਦੇ
ਕੈਦੇ ਤੋਂ ਹੀ ਸ਼ੁਰੂ ਹੋਣਾ ਚਾਹੀਦਾ ਹੈ। ਉਸ ਵਿੱਚ ਫੋਟੋਆਂ ਉਨ੍ਹਾਂ ਵਿਗਆਨੀਆਂ ਅਤੇ ਸਾਇੰਸਦਾਨਾਂ
ਦੀਆਂ ਹੋਣੀਆਂ ਚਾਹੀਦੀਆਂ ਹਨ ਜਿਨ੍ਹਾਂ ਨੇ ਬਹੁਤ ਹੀ ਮਹੱਤਵ ਪੂਰਨ ਖੋਜਾਂ ਕਰਕੇ ਸੰਸਾਰ ਨੂੰ
ਸਹੂਲਤਾਂ ਪ੍ਰਾਪਤ ਹੋਈਆਂ ਹਨ। ਉਸ ਦਾ ਕਹਿਣਾ ਸੀ ਕਿ ਕੀ ਅਸੀਂ ਆਉਣ ਵਾਲੀਆਂ ਪੀੜੀਆਂ ਨੂੰ ਵੀ ਇਸ
ਤਰ੍ਹਾਂ ਦੇ ਮੋਰਚਿਆਂ ਵਿੱਚ ਹੀ ਫਸਾਈ ਰੱਖਣਾ ਹੈ ਜਾਂ ਚੰਗੀ ਸੋਚ ਵੱਲ ਵੀ ਪ੍ਰੇਰਤ ਕਰਨਾ ਹੈ?
ਅਸੀਂ ਸਦੀਆਂ ਤੋਂ ਲੈ ਕੇ ਹੁਣ ਤੱਕ ਬਹਾਦਰੀ ਦੇ ਹੀ ਗੁਣ ਗਾਈ ਜਾਂਦੇ ਹਾਂ ਅਤੇ ਇਹੀ ਕੁੱਝ ਬਣਨ ਦੀ
ਪ੍ਰੇਰਨਾ ਦੇਈ ਜਾਂਦੇ ਹਾਂ। ਹਰ ਥਾਂ ਇਹੀ ਕੁੱਝ ਚਲਦਾ ਹੈ। ਅਕਲ ਵਾਲੇ ਪਾਸੇ ਨੂੰ ਪਤਾ ਨਹੀਂ ਕਦੋਂ
ਜਾਣਾ ਹੈ। ਕੋਈ ਭਗਤ ਸਿੰਘ ਨੂੰ ਮਹਾਨ ਕਹੀ ਜਾਂਦਾ, ਕੋਈ ਉਧਮ ਸਿੰਘ ਦੇ ਗੁਣ ਗਾਈ ਜਾਂਦਾ, ਕੋਈ
ਭਿੰਡਰਾਂਵਾਲੇ ਸਾਧ ਨੂੰ ਮਹਾਨ ਬਣਾ ਕੇ ਪੇਸ਼ ਕਰੀ ਜਾਂਦਾ, ਕਈ ਸੁੱਖੇ ਜ਼ਿੰਦੇ ਦੀਆਂ ਤਾਰੀਫਾਂ ਕਰੀ
ਜਾਂਦੇ ਹਨ, ਕਈਆਂ ਦੇ ਨਾਇਕ ਜੇਲਾਂ ਵਿੱਚ ਬੰਦ ਕਥਿਤ ਖਾੜਕੂ ਹਨ ਅਤੇ ਕਈਆਂ ਦੇ ਜੇਹਲ ਕੱਟ ਕੇ ਬਾਹਰ
ਆਏ ਖਾੜਕੂ। ਕਹਿਣ ਦਾ ਭਾਵ ਹੈ ਕਿ ਸਾਡੀ ਮਾਨਸਿਕਤਾ ਸਿਰਫ ਬਹਾਦਰੀ ਤੇ ਹੀ ਟਿਕੀ ਹੋਈ ਹੈ। ਪਰ ਇਹ
ਮੁਲਾਕਣ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕਰਦੇ ਕਿ ਇਸ ਵਿੱਚ ਸਾਨੂੰ ਪ੍ਰਾਪਤੀ ਕੀ ਹੋਈ ਹੈ? ਇੱਕ ਸਵਾਲ
ਉਹ ਕਥਿਤ ਖਾੜਕੂ ਆਪਣੇ ਆਪ ਤੋਂ ਜਰੂਰ ਪੁੱਛਣ ਜਿਹੜੇ ਜੇਹਲਾਂ ਕੱਟ ਕੇ ਬਾਹਰ ਆਏ ਹਨ ਖਾਸ ਕਰਕੇ ਉਹ
ਜਿਹੜੇ ਆਪਣੇ ਆਪ ਨੂੰ ਬਹੁਤ ਪੜ੍ਹੇ ਲਿਖੇ ਅਖਵਾਉਂਦੇ ਹਨ। ਕੀ ਉਨ੍ਹਾਂ ਨੇ ਹਥਿਆਰ ਜਜਬਾਤੀ ਹੋ ਕੇ
ਚੁੱਕੇ ਸਨ ਜਾਂ ਦੂਰ ਅੰਦੇਸ਼ੀ ਨਾਲ ਸੋਚ ਕੇ ਕਿਸੇ ਖਾਸ ਮਕਸਦ ਲਈ ਚੁੱਕੇ ਸਨ? ਜੇ ਕਰ ਜਜਬਾਤੀ ਹੋ ਕੇ
ਚੁੱਕੇ ਸਨ ਤਾਂ ਕਹਿ ਦੇਣਾ ਚਾਹੀਦਾ ਹੈ ਕਿ ਉਸ ਵੇਲੇ ਇਹ ਕੰਮ ਠੀਕ ਲਗਦਾ ਸੀ ਪਰ ਅੱਜ ਨਹੀਂ। ਅਤੇ
ਜੇ ਕਰ ਕਿਸੇ ਮਕਸਦ ਲਈ ਸੋਚ ਵਿਚਾਰ ਕੇ ਚੁੱਕੇ ਸਨ ਤਾਂ ਕੀ ਉਹ ਮਕਸਦ ਪੂਰਾ ਹੋ ਗਿਆ ਹੈ ਜਾਂ ਅਧੂਰਾ
ਹੈ? ਜੇ ਕਰ ਪੂਰਾ ਹੋ ਗਿਆ ਹੈ ਤਾਂ ਉਹ ਵੀ ਦੱਸਣਾ ਚਾਹੀਦਾ ਹੈ ਕਿ ਸਾਡਾ ਆਹ ਮਕਸਦ ਸੀ ਉਹ ਅਸੀਂ
ਪੂਰਾ ਕਰ ਲਿਆ ਹੈ, ਅਸੀਂ ਜੋ ਚਾਹੁੰਦੇ ਸੀ ਉਹ ਸਾਨੂੰ ਮਿਲ ਗਿਆ ਹੈ ਹੁਣ ਸਾਰੇ ਸਿੱਖਾਂ ਦੇ ਸਾਰੇ
ਮਸਲੇ ਹੱਲ ਹੋ ਗਏ ਹਨ। ਜੇ ਕਰ ਮਕਸਦ ਪੂਰਾ ਨਹੀਂ ਹੋਇਆ ਤਾਂ ਇਹ ਕਹਿਣਾ ਚਾਹੀਦਾ ਹੈ ਕਿ ਅਸੀਂ ਆਉਣ
ਵਾਲੇ ਸਮੇ ਵਿੱਚ ਹਾਲੇ ਹੋਰ ਹਥਿਆਰਬੰਦ ਲੜਾਈ ਕਰਨ ਦੀ ਤਿਆਰੀ ਕਰ ਰਹੇ ਹਾਂ।
ਅਫਗਾਨਿਸਤਾਨ ਦੇ ਤਾਲੇਬਾਨ ਵੀ ਬੜੇ ਬਹਾਦਰ ਹਨ। ਉਨ੍ਹਾ ਨੇ ਦੋ ਵੱਡੀਆਂ ਤਾਕਤਾਂ ਦੀ ਈਨ ਨਹੀਂ
ਮੰਨੀ। ਆਪਣਾ ਇੱਕ ਦੇਸ਼ ਹੁੰਦੇ ਹੋਏ ਵੀ ਕੀ ਦੁਨੀਆ ਵਿੱਚ ਉਨ੍ਹਾ ਦੀ ਕੋਈ ਥਾਂ ਹੈ? ਕੀ ਬਾਕੀ ਦੁਨੀਆ
ਉਨ੍ਹਾਂ ਨੂੰ ਸਤਿਕਾਰ ਦੀ ਨਜ਼ਰ ਨਾਲ ਦੇਖਦੀ ਹੈ? ਫਲਸਤੀਨੀ ਵੀ ਬੜ੍ਹੇ ਬਹਾਦਰ ਹਨ ਜਿਹੜੇ ਥੋੜੇ ਕੁ
ਚਿਰ ਬਾਅਦ ਰੋੜੇ ਵੱਟੇ ਮਾਰ ਕੇ ਗੋਲੀਆਂ ਖਾਣ ਲਈ ਤਿਆਰ ਰਹਿੰਦੇ ਹਨ। ਆਪਣਾ ਰਾਜ ਭਾਗ ਮੰਗਣ ਵਾਲੇ
ਸਿੱਖ ਆਪਣੀ ਤੁਲਨਾ ਇਜ਼ਰਾਈਲ ਨਾਲ ਕਰਦੇ ਹਨ। ਕੀ ਤੁਹਾਡੇ ਕੋਲ ਉਨ੍ਹਾ ਜਿੰਨੀ ਅਕਲ ਹੋ ਸਕਦੀ ਹੈ?
ਵਿਗਿਆਨ ਦੀਆਂ ਖੋਜਾਂ ਵਿੱਚ ਉਹ ਹੁਣ ਤੱਕ ਕਿਤਨੇ ਨੋਬਲ ਐਵਾਰਡ ਜਿੱਤ ਚੁੱਕੇ ਹਨ। ਕੀ ਤੁਸੀਂ ਅੱਜ ਤੱਕ
ਇੱਕ ਵੀ ਜਿੱਤਿਆ ਹੈ? ਹਾਂ, ਡਾ: ਕੰਪਾਨੀ ਦਾ ਨਾਮ ਜਰੂਰ ਫਾਈਬਰਔਪਟੀਕਲ ਦੀ ਖੋਜ ਵਿਚ ਆਉਂਦਾ ਹੈ ਪਰ ਨੋਬਲ ਐਵਾਰਡ ਤਾਂ ਕਿਸੇ ਕਾਰਨ ਉਸ ਨੂੰ ਵੀ ਨਹੀਂ ਮਿਲਿਆ।
ਅੱਜ ਕੱਲ ਗੁੱਟਾਂ ਦੀ ਤਾਕਤ ਦਾ ਸਮਾ ਨਹੀਂ ਦਿਮਾਗ ਦੀ ਤਾਕਤ ਦਾ ਸਮਾ ਹੈ।
ਜਿਨ੍ਹਾਂ ਕੋਲ ਦਿਮਾਗ ਹੈ ਉਹ ਇੱਕ ਚੁਟਕੀ ਨਾਲ ਹੀ ਦੁਨੀਆ ਖਤਮ ਕਰ ਸਕਦੇ ਹਨ। ਪਤਾ ਨਹੀਂ ਉਨ੍ਹਾ ਨੇ
ਕਿਹੜੇ-ਕਿਹੜੇ ਬਾਈਲੌਜ਼ੀਕਲ ਹਥਿਆਰ ਬਣਾ ਕੇ ਰੱਖੇ ਹੋਏ ਹਨ। ਕਰੋਨਾ ਵਾਇਰਸ ਨਾਲ ਮਰਨ ਵਾਲਿਆਂ ਦਾ
ਹਾਲ ਤੁਸੀਂ ਹੁਣੇ ਹੀ ਆਪਣੀਆਂ ਅੱਖਾਂ ਨਾਲ ਦੇਖ ਚੁੱਕੇ ਹੋ। ਸੋ ਬਹਾਦਰੀ ਦੀਆਂ ਡੀਗਾਂ ਮਾਰਨ ਨਾਲੋਂ
ਅਕਲ ਵੱਲ ਹੱਥ ਮਾਰਨ ਦੀ ਕੋਸ਼ਿਸ਼ ਕਰੀਏ।
ਕਿਸੇ ਸਮੇ ਥੋੜੇ ਸਮੇ ਲਈ ਭਗਤ ਸਿੰਘ ਮਹਾਨ ਹੋ ਸਕਦਾ ਹੈ ਉਧਮ ਸਿੰਘ ਹੋ ਸਕਦਾ ਹੈ, ਬੰਦਾ ਸਿੰਘ
ਬਹਾਦਰ ਹੋ ਸਕਦਾ ਹੈ, ਬੋਤਾ ਸਿੰਘ ਗਰਜਾ ਸਿੰਘ ਹੋ ਸਕਦਾ ਹੈ ਜਾਂ ਹੋਰ ਵੀ ਜਿਹੜੇ ਲੜਾਕੂ ਹੋਏ ਹਨ
ਹੋ ਸਕਦੇ ਹਨ। ਪਰ ਹਰ ਸਮੇਂ ਇਸ ਤਰ੍ਹਾਂ ਦੀ ਸੋਚ ਸਮਾਜ ਲਈ ਚੰਗੀ ਨਹੀਂ ਹੋ ਸਕਦੀ। ਜੇ ਕਰ ਤੁਸੀਂ
ਇੱਕ ਛੋਟੇ ਜਿਹੇ ਖਿੱਤੇ ਵਿੱਚ ਰਹਿੰਦੇ ਹੋ ਅਤੇ ਬਾਕੀ ਹੋਰ ਦੁਨੀਆਂ ਨਾਲ ਤੁਹਾਡਾ ਬਹੁਤਾ ਕੋਈ ਲੈਣਾ
ਦੇਣਾ ਨਹੀਂ ਤਾਂ ਇਸ ਤਰ੍ਹਾਂ ਦੀ ਸੋਚ ਉਸ ਖਿੱਤੇ ਵਿੱਚ ਪ੍ਰਵਾਨ ਹੋ ਸਕਦੀ ਹੈ ਪਰ ਬਾਕੀ ਦੁਨੀਆ
ਵਿੱਚ ਨਹੀਂ। ਜਾਂ ਫਿਰ ਕਰ ਕੇ ਦਿਖਾਓ ਕਿ ਉਹ ਤੁਹਾਡੀ ਸੋਚ ਕਿਤਨੀ ਕੁ ਪ੍ਰਵਾਨ ਚੜਦੀ ਹੈ? ਜਗਮੀਤ
ਸਿੰਘ ਦੀ ਮਿਸਾਲ ਸਾਰੀ ਦੁਨੀਆ ਦੇ ਸਾਹਮਣੇ ਹੈ। ਜਿਹੜਾ ਕਿ ਇਸ ਵੇਲੇ ਕਨੇਡਾ ਵਿੱਚ ਨਿਊ
ਡੈਮੋਕਰੇਟਿਕ ਪਾਰਟੀ ਦਾ ਫੈਡਰਲ ਲੀਡਰ ਹੈ। ਖਬਰਾਂ ਮੁਤਾਬਕ ਕਿਸੇ ਸਮੇਂ ਉਹ ਭਿੰਡਰਾਂਵਾਲੇ ਸਾਧ ਦੀਆਂ
ਟੀ-ਸ਼ਰਟਾਂ ਪਾਈ ਫਿਰਦਾ ਹੁੰਦਾ ਸੀ ਪਰ ਜਦੋਂ ਲੀਡਰ ਬਣਿਆਂ ਤਾਂ ਕਨੇਡਾ ਦੀ ਇੱਕ ਅੰਗ੍ਰੇਜ਼ੀ ਨੈਸ਼ਨਲ
ਅਖਬਾਰ ਦੇ, ਭਿੰਡਰਾਂਵਾਲੇ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਦੇਣ ਤੋਂ ਵੀ ਭੱਜ ਗਿਆ ਸੀ। ਜੇ ਕਰ
ਭਿੰਡਰਾਂਵਾਲਾ ਵਾਕਿਆਂ ਹੀ ਮਹਾਨ ਸੀ ਤਾਂ ਡਟ ਕੇ ਜਵਾਬ ਦਿੰਦਾ। ਪਰ ਨਹੀਂ ਉਸ ਨੂੰ ਅੰਦਰੋਂ ਪਤਾ ਸੀ
ਕਿ ਜੇ ਕਰ ਝੂਠ ਬੋਲਿਆ ਤਾਂ ਵੀ ਫਸਦਾਂ ਅਤੇ ਜੇ ਕਰ ਸੱਚ ਬੋਲਿਆ ਤਾਂ ਵੀ। ਇਸ ਲਈ ਇੱਕ ਚੁੱਪ ਅਤੇ
ਸੌ ਸੁੱਖ ਵਾਲਾ ਫਾਰਮੂਲਾ ਅਪਣਾ ਲਿਆ ਸੀ। ਉਹ ਤਾਂ ਏਅਰ ਇੰਡੀਆ ਦੇ 1985 ਵਾਲੇ ਕਾਰਨਾਮੇ ਬਾਰੇ ਵੀ
ਟਾਲ-ਮਟੋਲ ਕਰਦਾ ਰਿਹਾ ਸੀ। ਪਰ ਜਦੋਂ ਸਾਰਿਆਂ ਪਾਸਿਆਂ ਤੋਂ ਘੇਰਿਆ ਗਿਆ ਤਾਂ ਮੰਨਣਾ ਪਿਆ ਕਿ ਉਹ
ਗਲਤ ਹੋਇਆ ਅਤੇ ਉਸ ਦੇ ਮੁੱਖ ਦੋਸ਼ੀ ਨੂੰ ਵੀ ਗਲਤ ਕਹਿਣਾ ਪਿਆ ਸੀ।
ਸਿੱਖਾਂ ਦੀ ਸੋਚਣੀ ਦੇਖ ਲਓ। ਅੰਗ੍ਰੇਜ਼ ਸਰਕਾਰ ਦੇ ਵਿਰੁੱਧ ਲੜਨ ਵਾਲੇ ਵੀ ਮਹਾਨ ਯੋਧੇ ਸਨ ਅਤੇ
ਅੰਗ੍ਰੇਜ਼ਾਂ ਲਈ ਲੜਨ ਵਾਲੇ ਵੀ ਮਹਾਨ। ਸਾਰਾ ਗੜੀ ਦੀ ਗਾਥਾ ਕਿਤਨੇ ਮਾਣ ਨਾਲ ਦੱਸੀ ਜਾਂਦੀ ਹੈ ਅਤੇ
ਦੂਸਰੇ ਪਾਸੇ ਅਜ਼ਾਦੀ ਦੀ ਲੜਾਈ ਲਈ ਅੰਕੜੇ ਪੇਸ਼ ਕੀਤੇ ਜਾਂਦੇ ਹਨ ਕਿ ਸਿੱਖਾਂ ਦੀ 2% ਤੋਂ ਵੀ ਘੱਟ
ਅਬਾਦੀ ਵਾਲੇ ਸਿੱਖਾਂ ਨੇ ਦੇਸ਼ ਦੀ ਅਜਾਦੀ ਵਾਲੀ ਲੜਾਈ ਵਿੱਚ ਕਿਤਨਾ ਹਿੱਸਾ ਪਾਇਆ। ਜੋ ਇਤਿਹਾਸ ਹੈ
ਉਸ ਨੂੰ ਇਤਿਹਾਸ ਦੀਆਂ ਕਿਤਾਬਾਂ ਵਿੱਚ ਰਹਿਣ ਦੇਈਏ। ਹਰ ਵੇਲੇ ਹਰ ਥਾਂ ਲਾਗੂ ਕਰਨ ਦੀ ਕੋਸ਼ਿਸ਼ ਨਾ
ਕਰੀਏ ਅਤੇ ਨਾ ਹੀ ਇਸ ਤਰਹਾਂ ਦੇ ਇਤਿਹਾਸ ਦੇ ਹਰ ਵੇਲੇ ਗੁਣ ਗਾਈ ਜਾਈਏ। ਪੰਜਾਬੀ ਅਤੇ ਸਿੱਖ ਹੁਣ
ਸਾਰੀ ਦੁਨੀਆ ਵਿੱਚ ਵਸੇ ਹੋਏ ਹਨ। ਉਸ ਦੇਸ਼ ਦੀਆਂ ਫੌਜਾਂ ਵਿੱਚ ਵੀ ਹਨ ਅਤੇ ਉਸ ਦੇਸ਼ ਦੀ ਵਫਾਦਾਰੀ
ਦੀਆਂ ਸੌਹਾਂ ਵੀ ਚੁਕਦੇ ਹਨ। ਇਸ ਲਈ ਬੀਤੇ ਇਤਹਾਸ ਦੀਆਂ ਗੱਲਾਂ ਛੱਡ ਕੇ ਹੁਣ ਵਾਲੇ ਸਮੇ ਲਈ
ਸੋਚੀਏ।
ਬਹਾਦਰੀ ਵਾਲੇ ਕਾਰਨਾਮੇ ਪਿਛਲੇ ਯੁੱਗ ਦੀ ਸੋਚਣੀ ਸੀ। ਪੰਜਾਬੀਆਂ ਨੇ ਅਤੇ ਸਿੱਖਾਂ ਨੇ ਇਸ ਵਿੱਚ
ਵਥੇਰੇ ਮਾਅਰਕੇ ਮਾਰੇ ਹਨ। ਪਰ ਅਕਲ ਪੱਖੀ ਕਾਰਨਾਮਿਆ ਬਾਰੇ ਤਾਂ ਹਾਲੇ ਤੱਕ ਜ਼ੀਰੋ ਹੀ ਹਨ। ਆਓ ਇਸ
ਵੱਲ ਵੀ ਕਦਮ ਪੁੱਟੀਏ। ਇਸ ਲਈ ਅਕਲ ਨੂੰ ਹੱਥ ਮਾਰਨ ਦੀ ਕੋਸ਼ਿਸ਼ ਕਰੀਏ। ਪੱਥਰਾਂ ਨੂੰ ਤੋੜਨ ਲਈ
ਬਹਾਦਰੀ ਅਤੇ ਹਥੌੜੇ ਕੰਮ ਨਹੀਂ ਆਉਂਦੇ ਉਥੇ ਅਕਲ ਅਤੇ ਬਾਰੂਦ ਕੰਮ ਆਉਂਦਾ ਹੈ। ਇਸਤ੍ਰੀ ਜਾਤੀ ਦਾ
ਵਿਰੋਧ ਕਰਨ ਵਾਲੇ ਕੂੜ ਗ੍ਰੰਥਾਂ ਨੂੰ ਅਤੇ ਇਨ੍ਹਾਂ ਦੇ ਹਮਾਇਤੀਆਂ ਨੂੰ ਚੌਰਾਹੇ ਵਿੱਚ ਨੰਗਾ ਕਰੀਏ
ਭਾਵ ਕਿ ਲਿਖ ਬੋਲ ਕੇ ਇਨ੍ਹਾਂ ਦਾ ਵਿਰੋਧ ਕਰੀਏ। ਜਾਤ-ਪਾਤ ਅਤੇ ਰੰਗ ਨਸਲ ਦਾ ਭੇਦ ਭਾਵ ਮਿਟਾਉਣ ਦੀ
ਕੋਸ਼ਿਸ਼ ਕਰੀਏ। ਹਿੰਸਕ ਰਾਹਾਂ ਤੇ ਤੋਰਨ ਵਾਲਿਆਂ ਦਾ ਵਿਰੋਧ ਕਰੀਏ। ਸੱਚ ਨੂੰ ਸੱਚ ਅਤੇ ਝੂਠ ਨੂੰ
ਝੂਠ ਕਹਿਣ ਦੀ ਕੋਸ਼ਿਸ਼ ਕਰੀਏ। ਆਪਣੇ ਔਗਣਾ ਵੱਲ ਵੀ ਦੇਖੀਏ ਕਿ ਅਸੀਂ ਕਿੱਥੇ ਗਲਤ ਸੀ ਨਾ ਕਿ ਸਾਰਾ
ਦੋਸ਼ ਦੂਸਰਿਆਂ ਅਤੇ ਸਰਕਾਰਾਂ ਨੂੰ ਦੇਈ ਜਾਈਏ।
ਮੱਖਣ ਪੁਰੇਵਾਲ,
ਅਕਤੂਬਰ 24, 2022.
|
. |