.

ਬੇ ਅਦਬੀ

ਬੇਅਦਬੀ ਉਂਞ ਤਾਂ ਇੱਕ ਆਮ ਲਫ਼ਜ਼ ਹੈ ਜਿਸ ਨੂੰ ਕਿਸੇ ਗੁਸਤਾਖ਼ ਦੀ ਗੁਸਤਾਖ਼ੀ ਬਿਆਨ ਕਰਨ ਲਈ ਵਰਤਿਆ ਜਾਂਦਾ ਹੈ ਪਰੰਤੂ, ਮਨੁੱਖਾ ਸਮਾਜ ਦੇ ਰਾਜਨੈਤਿਕ ਅਤੇ ਧਾਰਮਿਕ ਖੇਤ੍ਰ ਵਿੱਚ ਇਸ ਲਫ਼ਜ਼ ਦੀ ਵਰਤੋਂ ਇੱਕ ਅਤਿਅੰਤ ਘਾਤਿਕ ਹਥਿਆਰ (lethal weapon) ਵਜੋਂ ਕੀਤੀ ਜਾਂਦੀ ਹੈ।

(ਗੁਸਤਾਖ਼: ਅਵੱਗਿਆਕਾਰੀ, ਨਾਫ਼ਰਮਾਂਬਰਦਾਰ। ਗੁਸਤਾਖ਼ੀ: ਅਵੱਗਿਆ, ਹੁਕਮਅਦੂਲੀ, ਨਾਫ਼ਰਮਾਨੀ)।

ਬੇਅਦਬੀ ਦੇ ਗੰਭੀਰ ਵਿਸ਼ੇ ਉੱਤੇ ਵਿਸਤ੍ਰਿਤ ਵਿਚਾਰ ਕਰਨ ਤੋਂ ਪਹਿਲਾਂ ਇਸ ਲਫ਼ਜ਼ (ਬੇਅਦਬੀ) ਦੇ ਅਰਥ-ਭਾਵ ਸਮਝ ਲੈਣਾ ਜ਼ਰੂਰੀ ਹੈ।

ਅਦਬ: أدب ਅਰਬੀ ਬੋਲੀ ਦਾ ਲਫ਼ਜ਼ ਹੈ ਅਤੇ ਇਸ ਦੇ ਅਰਥ ਹਨ: ਰਵਿਸ਼, ਉੱਤਮ/ਚੰਗਾ ਤੌਰ-ਤਰੀਕਾ, ਢੰਗ, ਕਾਇਦਾ; ਆਦਰ-ਮਾਨ, ਸਤਿਕਾਰ, ਹੁਰਮਤ; ਹੱਦ ਵਿੱਚ ਰਹਿਣਾ।

ਬੇਅਦਬੀ: بےأدبي ਅਰਬੀ ਬੋਲੀ ਦੇ ਲਫ਼ਜ਼ ਅਦਬ ਤੋਂ ਬਣਿਆ ਫ਼ਾਰਸੀ ਬੋਲੀ ਦਾ ਲਫ਼ਜ਼ ਹੈ ਅਤੇ ਇਸ ਦੇ ਮਅਨੇ ਹਨ: ਹੁਕਮ-ਅਦੂਲੀ, ਨਾ-ਫ਼ਰਮਾਂਬਰਦਾਰੀ, ਅਵੱਗਿਆ, ਗੁਸਤਾਖ਼ੀ, ਕਾਇਦੇ-ਕਾਨੂੰਨ ਦੀ ਉਲੰਘਣਾ; ਬੇਹੁਰਮਤੀ, ਆਦਰ-ਮਾਨ ਨਾ ਕਰਨ ਦਾ ਭਾਵ। ਪਵਿਤ੍ਰ ਥਾਂ ਦਾ ਅਪਵਿਤ੍ਰੀਕਰਨ (Sacrilege, Secrilfgious)……

ਵੱਡੀ ਪੱਧਰ `ਤੇ ਇਨਸਾਨੀਯਤ ਦਾ ਘਾਣ ਅਤੇ ਦੁਨੀਆਂ ਦੀ ਤਬਾਹੀ ਕਰਨ ਵਾਸਤੇ ਇਸ ਮਾਰੂ ਹਥਿਆਰ ਦੀ ਵਰਤੋਂ ਆਦਿ ਕਾਲ ਤੋਂ ਹੀ ਕੀਤੀ ਜਾ ਰਹੀ ਹੈ। ਇਸ ਨਾਮੁਰਾਦ ਹਥਿਆਰ ਦੀ ਵਰਤੋਂ ਕਰਨ ਵਾਲੀਆਂ ਮਾਨਵ ਜਾਤੀ ਦੀਆਂ ਦੋ ਮੁੱਖ ਸ਼੍ਰੇਣੀਆਂ ਹਨ: ਪਹਿਲੀ, ਦੇਸ-ਬਿਦੇਸ ਤੋਂ ਆਏ ਗ਼ੈਰ ਮਜ਼੍ਹਬਾਂ ਦੇ ਧਾੜਵੀ, ਰਾਜੇ-ਰਜਵਾੜੇ, ਸ਼ਾਸਕ/ਸਿਆਸਤਦਾਨ ਅਤੇ ਉਨ੍ਹਾਂ ਦੇ ਜ਼ਮੀਰ ਮਰੇ ਝੋਲੀਚੁੱਕ ਅਹਿਲਕਾਰ ਅਤੇ ਅਹੁਦੇਦਾਰ ਵਗ਼ੈਰਾ। ਅਤੇ ਦੂਜੀ, ਸੰਪਰਦਾਈ ਧਰਮਾਂ ਦੇ ਠੇਕੇਦਾਰ (ਸੰਸਥਾਪਕ, ਪ੍ਰਬੰਧਕ, ਪੁਜਾਰੀ ਲਾਣਾ ਅਤੇ ਉਨ੍ਹਾਂ ਦੇ ਮਗਰ ਲੱਗੀ, ਪਸ਼ੂਆਂ ਵਾਂਙ ਸਿਧਾਈ ਹੋਈ, ਅੰਧਵਿਸ਼ਵਾਸੀ ਲੋਕਾਂ ਦੀ ਭੀੜ ਆਦਿਕ)! ਸ਼ਾਸਕ ਇਸ ਹਥਿਆਰ ਦੀ ਵਰਤੋਂ ਗੱਦੀਆਂ ਹੱਥਿਆਉਣ, ਗੱਦੀਆਂ ਹੱਥਿਆ ਕੇ ਇਨਸਾਨੀਯਤ ਦਾ ਘਾਣ ਕਰਨ, ਬੇਚਾਰੀ ਜਨਤਾ ਉੱਤੇ ਜ਼ੁਲਮ ਢਾਹੁਣ, ਰੱਬ ਦੇ ਬੰਦਿਆਂ ਦੇ ਸਰੀਰਾਂ ਉੱਤੇ ਜ਼ੋਰ-ਜ਼ੁਲਮ ਨਾਲ ਰਾਜ ਕਰਨ, ਲਾਚਾਰ ਮਜ਼ਲੂਮ ਮਾਨਸਾਂ ਦੀ ਰੱਤ ਪੀਣ ਅਤੇ ਅਯਾਸ਼ੀਆਂ ਕਰਨ ਲਈ ਵਰਤਦੇ ਹਨ। ਇਨਸਾਨੀਯਤ ਤੋਂ ਗਿਰੇ ਹੋਏ ਸ਼ਾਸਕ ਇਹ ਸਾਰੇ ਪਾਪ ਕਰਮ ਕਪਟੀ ਤੇ ਪਾਖੰਡੀ ਪੁਜਾਰੀਆਂ ਦੀ ਮਿਲੀਭੁਗਤ ਨਾਲ ਕਰਦੇ ਹਨ! ਅਤੇ, ਸ਼ਾਸਕਾਂ ਦੀ ਸ਼ਹਿ ਅਤੇ ਸਮਰਥਨ ਨਾਲ, ਪੁਜਾਰੀ ਮਾਅਸੂਮ ਮਨੁੱਖਤਾ ਨੂੰ ਮਾਨਸਿਕ ਤੌਰ `ਤੇ ਗ਼ੁਲਾਮ ਬਣਾ ਕੇ ਲੁੱਟਦੇ ਤੇ ਮਾਨਸਿਕ ਸੰਤਾਪ ਦਿੰਦੇ ਹਨ। ਸੰਸਾਰ ਦੇ ਸਾਰੇ ਦੇਸਾਂ, ਰਾਜਾਂ ਅਤੇ ਧਰਮਾਂ ਵਿੱਚ ਇਸ ਨਾਮੁਰਾਦ ਸ਼ਸਤ੍ਰ (ਬੇ ਅਦਬੀ) ਦੀ ਵਰਤੋਂ ਆਮ ਕੀਤੀ ਜਾਂਦੀ ਰਹੀ ਹੈ ਅਤੇ, ਭਵਿੱਖ ਵਿੱਚ ਵੀ ਹਮੇਸ਼ਾ ਕੀਤੀ ਜਾਂਦੀ ਰਹੇ ਗੀ! । ਇਸ ਤੱਥ ਦੇ ਅਕੱਟ ਪ੍ਰਮਾਣ ਇਤਿਹਾਸ ਦੇ ਕਾਲੇ ਪੰਨਿਆਂ ਉੱਤੇ ਉੱਕਰੇ ਹੋਏ ਪੜ੍ਹੇ/ਦੇਖੇ ਜਾ ਸਕਦੇ ਹਨ: ਹਜ਼ਰਤ ਈਸਾ ਦੇ ਨਿਵੇਕਲੇ ਵਿਚਾਰ ਅਤੇ ਜਨਤਾ ਵਿੱਚ ਉਸ ਦੀ ਚੜ੍ਹਤ ਯਹੂਦੀ ਮਹੰਤਾਂ ਤੋਂ ਬਰਦਾਸ਼ਤ ਨਹੀਂ ਹੋਈ! ਉਨ੍ਹਾਂ ਅਨੁਸਾਰ, ਈਸਾ ਦੇ ਬਚਨ ਯਹੂਦੀ ਮੱਤ ਦੀ ਬੇਅਦਬੀ ਸੀ! ਸੋ, ਉਨ੍ਹਾਂ (ਯਹੂਦੀ ਮਹੰਤਾਂ) ਦੇ ਕਹਿਣ `ਤੇ ਸਮੇਂ ਦੇ ਯਹੂਦੀ ਸ਼ਾਸਕ ਦੇ ਹੁਕਮਾਧੀਨ ਈਸਾ ਨੂੰ ਸਲੀਬ (ਸੂਲੀ) ਉੱਤੇ ਲਟਕਾ ਕੇ ਉਸ ਨੂੰ ਮੇਖਾਂ ਨਾਲ ਵ੍ਹਿਨਿਆ ਗਿਆ ਅਤੇ ਤਸੀਹੇ ਦੇ ਦੇ ਕੇ ਮਾਰਿਆ ਗਿਆ। ਵਕਤ ਆਉਣ `ਤੇ ਈਸਾ ਦੇ ਪੈਰੋਕਾਰਾਂ (ਈਸਾਈਆਂ) ਨੇ ਧਰਮ ਦੀ ਬੇਅਦਬੀ ਦੇ ਬਹਾਨੇ ਹੀ ਯਹੂਦੀ ਜਨਤਾ ਦਾ ਰੂਹ ਕੰਬਾ ਦੇਣ ਵਾਲਾ ਜੋ ਘਾਣ ਕੀਤਾ ਉਸ ਬਾਰੇ ਲਿਖਦਿਆਂ ਕਲਮ ਵੀ ਕੰਬਦੀ ਹੈ। ਸੂਫ਼ੀ ਫ਼ਕੀਰ ਮਖ਼ਦੂਮ ਸ਼ਾਹ ਸ਼ਮਸੁੱਦੀਨ ਜੋ ਸ਼ਮਸ ਤਬਰੇਜ਼ ਦੇ ਨਾਮ ਨਾਲ ਮਸ਼ਹੂਰ ਸੀ, ਦਾ ਅਨਾਲ ਹੱਕ -اناالحق- ਅਹੰ ਬ੍ਰਹਮ ਅਸਮਿ (I am the God.) ਅਰਥਾਤ ਮੇਰੇ ਵਿੱਚ ਹੀ ਰਬ ਹੈ, ਕਹਿਣਾ ਇਸਲਾਮ ਮਜ਼੍ਹਬ ਦੇ ਮੌਲਾਣਿਆਂ ਤੋਂ ਬਰਦਾਸ਼ਤ ਨਹੀਂ ਹੋਇਆ। ਮੌਲਾਣਿਆਂ ਅਨੁਸਾਰ ਉਸ ਦੇ ਇਹ ਵਿਚਾਰ ਇਸਲਾਮ ਦੀ ਘੋਰ ਬੇਅਦਬੀ ਸੀ! ਸੋ, ਉਨ੍ਹਾਂ ਦੀ ਸਿਫ਼ਾਰਸ਼ ਸਦਕਾ ਸਮੇਂ ਦੇ ਮੁਸਲਮਾਨ ਹਾਕਮ ਦੇ ਹੁਕਮਾਂ ਨਾਲ ਉਸ ਰੱਬ ਦੇ ਬੰਦੇ ਦੀ ਚਮੜੀ ਉਧੇੜ ਕੇ ਉਸ ਨੂੰ ਸੂਲੀ ਉੱਤੇ ਚੜ੍ਹਾ ਦਿੱਤਾ ਗਿਆ। ਸੂਫ਼ੀ ਫ਼ਕੀਰ ਮਨਸੂਰ ਦਾ ਇਹ ਕਹਿਣਾ ਕਿ, “ਮੈਂ ਮਨ ਦੀਆਂ ਅੱਖ ਨਾਲ ਰੱਬ ਦਾ ਦੀਦਾਰ ਕਰਦਾ ਹਾਂ”। (I see the Lord with the eye of my heart.) ਮਸਜਿਦਾਂ ਦੇ ਮੌਲਾਣਿਆਂ ਨੂੰ ਹਜ਼ਮ ਨਹੀਂ ਹੋਇਆ। ਈਰਖਾਲੂ ਮੌਲਾਣਿਆਂ ਨੇ ਮਨਸੂਰ ਦੇ ਇਸ ਸਿੱਧਾਂਤਕ ਵਿਚਾਰ ਨੂੰ ਇਸਲਾਮ ਦੀ ਤੌਹੀਨ (ਬੇਅਦਬੀ) ਕਰਾਰ ਦਿੱਤਾ ਅਤੇ ਉਨ੍ਹਾਂ ਦੀ ਸ਼ਿਕਾਇਤ ਅਤੇ ਸਿਫ਼ਾਰਸ਼ `ਤੇ ਹੀ ਈਰਾਨ ਦੇ ਖ਼ਲੀਫ਼ਾ ਮੁਕਤਦਿਰ ਦੇ ਹੁਕਮ ਨਾਲ ਉਸ ਨੂੰ ਵੀ ਸੂਲੀ ਉੱਤੇ ਚੜ੍ਹਾ ਦਿੱਤਾ ਗਿਆ! ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦੁਰ ਅਤੇ ਹੋਰ ਕਈ ਪੀਰ-ਫ਼ਕੀਰ ਅਤੇ ਉਨ੍ਹਾਂ ਦੇ ਅਨਗਿਣਤ ਪੈਰੋਕਾਰ ਮਜ਼੍ਹਬੀ ਬੇ ਅਦਬੀ ਦੇ ਜ਼ਹਿਰੀਲੇ ਦਾਤਰੇ ਨਾਲ ਕਤਲ ਕਰਵਾਏ/ਕੀਤੇ ਗਏ! … …

ਜੇ ਸੰਸਾਰ ਦੇ ਇਤਿਹਾਸ `ਤੇ ਸਰਸਰੀ ਜਿਹੀ ਨਿਗਾਹ ਮਾਰੀਏ ਤਾਂ, ਨਿਰਸੰਦੇਹ, ਸਾਬਤ ਹੋ ਜਾਂਦਾ ਹੈ ਕਿ ਸਿਰਜਨਹਾਰ ਦੁਆਰਾ ਸਿਰਜੀ ਗਈ ਇੱਕ ਧਰਤੀ ਦੇ ਅਣਗਿਣਤ ਟੁੱਕੜੇ ਕਰਨ ਅਤੇ ਕੁਦਰਤ ਦੇ ਉਪਾਏ ਸਭ ਬੰਦਿਆਂ ਵਿੱਚ ਅਨਗਿਣਤ ਵੰਡੀਆਂ ਪਾਉਣ ਵਾਲੇ ਗੱਦੀਆਂ ਦੇ ਦੀਵਾਨੇ ਗ਼ੈਰ ਮਜ਼੍ਹਬਾਂ ਦੇ ਧਾੜਵੀ, ਰਾਜੇ/ਰਜਵਾੜੇ, ਸ਼ਾਸਕ/ਸਿਆਸਤਦਾਨ ਹੀ ਸਨ/ਹਨ! ਦੇਸ-ਬਿਦੇਸ ਵਿੱਚ ਆਪਣੇ ਰਾਜ ਕਾਇਮ ਕਰਨ ਅਤੇ ਰਾਜ ਦੀਆਂ ਜੜ੍ਹਾਂ ਪੱਕੀਆਂ ਕਰਨ ਲਈ ਸ਼ਾਸਕਾਂ ਦਾ ਸਾਥ ਇਨਸਾਨੀਯਤ ਤੋਂ ਗਿਰੇ ਹੋਏ ਈਮਾਨ-ਧਰਮ ਦੇ ਬੇਈਮਾਨ ਠੇਕੇਦਾਰਾਂ (ਪੁਜਾਰੀਆਂ) ਨੇ ਦਿੱਤਾ! ਇਹ ਅਮਾਨਵੀ ਸਿਲਸਿਲਾ ਸੰਸਾਰ ਦੇ ਸਾਰੇ ਦੇਸ਼ਾਂ ਵਿੱਚ ਅਜੇ ਵੀ ਵਿਆਪਕ ਹੈ!

ਧਰਮ ਅਤੇ ਸਿਆਸਤ ਦੇ ਖੇਤ੍ਰ ਵਿੱਚ ਅੱਜ ਭਖਦੇ ਮੁੱਦਿਆਂ ਵਿੱਚੋਂ ਸੱਭ ਤੋਂ ਵੱਡਾ ਮੁੱਦਾ ਬੇਅਦਬੀ ਦਾ ਹੀ ਹੈ। ਇਸ ਨਾਮੁਰਾਦ ਮੁੱਦੇ ਦੀ ਆੜ ਵਿੱਚ ਸ਼ਾਸਕਾਂ ਅਤੇ ਪੁਜਾਰੀਆਂ ਦੁਆਰਾ ਮਾਨਸਿਕ ਤੌਰ `ਤੇ ਅਪਾਹਜ ਕੀਤੇ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਖ਼ੂਨ-ਖ਼ਰਾਬੇ ਕੀਤੇ/ਕਰਵਾਏ ਜਾ ਰਹੇ ਹਨ ਅਤੇ ਧਰਤੀ ਅਤੇ ਮਨੁੱਖਤਾ ਨੂੰ ਹੋਰ ਹੋਰ ਵੰਡਿਆ ਅਤੇ ਲਹੂ-ਲੁਹਾਣ ਕੀਤਾ ਜਾ ਰਿਹਾ ਹੈ।

ਭਾਰਤ ਵਿੱਚ ਬੇਅਦਬੀ ਦੇ ਇਸ ਮਾਰੂ, ਜ਼ਹਿਰੀਲੇ ਅਤੇ ਵਿਨਾਸ਼ਕਾਰੀ ਹਥਿਆਰ (lethal weapon) ਦੀ ਵਰਤੋਂ ਆਦਿ ਕਾਲ ਤੋਂ ਹੀ ਕੀਤੀ ਜਾ ਰਹੀ ਹੈ। ਪਰ, ਅੱਜ ਦੇ ਰੱਜ ਕੇ ਸੁਆਰਥੀ, ਢੋਂਗੀ, ਕਪਟੀ, ਝੂਠੇ, ਮਾਨਸਾਂ ਦੀ ਰੱਤ ਪੀਣੇ ਸ਼ੈਤਾਨ ਸ਼ਾਸਕ, ਰਾਜਸੀ ਨੇਤਾ ਅਤੇ ਧਰਮਾਂ ਦੇ ਅਧਰਮੀ ਠੇਕੇਦਾਰ ਆਪਣੇ ਸੁਆਰਥ ਵਾਸਤੇ ਬੇਅਦਬੀ ਦੇ ਘਾਤਿਕ ਹਥਿਆਰ ਨੂੰ ਨਿਰਲੱਜ ਹੋਕੇ ਵਰਤ ਰਹੇ ਹਨ!

ਚਲਦਾ……

ਗੁਰਇੰਦਰ ਸਿੰਘ ਪਾਲ

ਜਨਵਰੀ 10, 2023.




.