. |
|
ਸਰਕਾਰੀ ਏਜੰਸੀਆਂ ਦੀ ਖੇਡ ਜਾਂ ਉਨ੍ਹਾਂ ਦੁਆਰਾ ਵਰਤੇ ਜਾਣਾ
ਹੇਠਾਂ ਤਿੰਨ ਹਿੱਸਿਆਂ ਵਾਲੀ ਲਿਖਤ
ਇੰਟਰਨੈੱਟ ਤੇ ਸਰਚ ਕਰਨ ਨਾਲ ਲੱਭੀ ਸੀ। ਜਿਸ ਫੇਸਬੁੱਕ ਵਾਲੇ ਪੰਨੇ ਤੇ ਇਹ ਪਾਈ ਗਈ ਹੈ ਉੱਥੇ ਇੱਕ
ਲਿਖਤ ਨਾਲ ਜੀਵਨ ਚਾਹਲ ਦਾ ਨਾਮ ਲਿਖਿਆ ਹੋਇਆ ਹੈ। ਇਹ ਪੰਨਾ ਉਸ ਦਾ ਹੈ ਜਾਂ ਕਿਸੇ ਹੋਰ ਦਾ ਹੈ ਇਸ
ਬਾਰੇ ਮੈਨੂੰ ਕੋਈ ਬਹੁਤੀ ਜਾਣਕਾਰੀ ਨਹੀਂ ਹੈ। ਕਿਉਂਕਿ ਫੇਸਬੁੱਕ ਤੇ ਮੇਰਾ ਖਾਤਾ ਨਾ ਹੋਣ ਕਰਕੇ
ਮੈਂ ਬਹੁਤਾ ਕੁੱਝ ਨਹੀਂ ਜਾਣ ਸਕਦਾ। ਸਿੱਖ ਮਾਰਗ ਦੇ ਕਈ ਪਾਠਕ ਤਾਂ ਪਹਿਲਾਂ ਹੀ ਇਹ ਜਾਣਕਾਰੀ
ਰੱਖਦੇ ਹੋਣਗੇ ਪਰ ਸਾਰੇ ਨਹੀਂ। ਇਸ ਲਈ ਉਨ੍ਹਾਂ ਦੀ ਜਾਣਕਾਰੀ ਲਈ ਇਹ ਪਾ ਰਿਹਾ ਹਾਂ। ਇਹ ਤਾਂ ਮੈਂ
ਪਹਿਲਾਂ ਕਈ ਵਾਰੀ ਲਿਖ ਚੁੱਕਾ ਹਾਂ ਕਿ ਸਿੱਖਾਂ ਦਾ ਸਾਰੀ ਦੁਨੀਆ ਵਿੱਚ ਇੱਕ ਵੀ ਵਿਦਵਾਨ ਐਸਾ ਨਹੀਂ
ਹੈ ਜੋ ਕਿ ਨਿਰੋਲ ਸੱਚ ਬੋਲਦਾ ਲਿਖਦਾ ਹੋਵੇ ਖਾਸ ਕਰਕੇ ਭਿੰਡਰਾਂਵਾਲੇ ਸਾਧ ਬਾਰੇ ਅਤੇ 1984 ਤੋਂ
ਪਹਿਲਾਂ ਜੋ ਦਰਬਾਰ ਸਾਹਿਬ ਵਿੱਚ ਹੁੰਦਾ ਰਿਹਾ ਹੈ ਉਸ ਬਾਰੇ ਨਿਰੋਲ ਸੱਚੀ ਗੱਲ ਕਰਦਾ ਹੋਵੇ। ਜਾਂ
ਤਾਂ ਝੂਠ ਬੋਲ-ਬੋਲ ਕੇ ਗੁਮਰਾਹ ਕਰਨ ਵਾਲੇ ਹਨ ਅਤੇ ਜਾਂ ਫਿਰ ਗੂੰਗੇ ਬਣ ਕੇ ਸਮਾ ਬਿਤਾਉਣ ਵਾਲੇ।
ਜਿਨ੍ਹਾਂ ਨੂੰ ਥੋੜੀ ਜਿਹੀ ਵੀ ਗੁਰਮਤਿ ਦੀ ਸੋਝੀ ਹੋਵੇ ਉਹ ਕਦੀ ਵੀ ਭਿੰਡਰਾਂਵਾਲੇ ਸਾਧ ਦੀਆਂ
ਸਿਫਤਾਂ ਨਹੀਂ ਕਰ ਸਕਦਾ। ਜਿਹੜੇ ਗੁਰਮਤਿ ਜਾਣਦੇ ਹੋਏ ਵੀ ਇਸ ਸਾਧ ਦੀਆਂ ਸਿਫਤਾਂ ਕਰਦੇ ਹਨ ਤਾਂ
ਉਨ੍ਹਾ ਦੇ ਪਿੱਛੇ ਉਨ੍ਹਾਂ ਦੇ ਕੋਈ ਹਿੱਤ ਛੁਪੇ ਹੋਏ ਹੋਣਗੇ। ਇੱਥੇ ਮੈਂ ਇੱਕ ਮਿਸਾਲ ਦੇਣੀ
ਚਾਹਾਂਗਾ। ਚੰਡੀਗੜ੍ਹ ਦੇ ਰਹਿਣ ਵਾਲੇ ਇੱਕ ਪ੍ਰਿੰਸੀਪਲ ਹਰਭਜਨ ਸਿੰਘ ਹੋਏ ਹਨ। ਜਿਹੜੇ ਕਿ ਪ੍ਰੋ:
ਸਾਹਿਬ ਸਿੰਘ ਤੋਂ ਬਾਅਦ ਸ਼ਹੀਦ ਸਿੱਖ ਮਿਸ਼ਨਰੀ ਕਾਲਜ਼ ਅੰਮ੍ਰਿਤਸਰ ਦੇ ਪ੍ਰਿੰਸੀਪਲ ਬਣੇ ਸਨ। ਗਿ:
ਕੇਵਲ ਸਿੰਘ, ਪ੍ਰੋ: ਮਨਜੀਤ ਸਿੰਘ ਅਤੇ ਗਿ: ਜਾਚਕ ਇਸ ਦੇ ਸਟੂਡਿੰਟ ਰਹੇ ਹਨ। ਇਹ 1983 ਵਿੱਚ
ਕਨੇਡਾ ਆਏ ਸਨ। ਭਾਂਵੇਂ ਮੈਂ ਇਨ੍ਹਾਂ ਨੂੰ ਜਾਣਦਾ ਨਹੀਂ ਸੀ ਪਰ ਇਨ੍ਹਾਂ ਦੀਆਂ ਕੁੱਝ ਕਿਤਾਬਾਂ ਮੈਂ
ਪੜ੍ਹੀਆਂ ਹੋਈਆਂ ਸਨ ਅਤੇ ਮੇਰੇ ਕੋਲ ਸਨ। ਮੈਂ ਬਿਨਾ ਕਿਸੇ ਜਾਣ ਪਛਾਣ ਦੇ ਇਨ੍ਹਾਂ ਨੂੰ ਆਪਣੇ ਸ਼ਹਿਰ
ਸੱਦਿਆ ਸੀ। ਇਹ 1984 ਦੇ ਅਟੈਕ ਤੋਂ ਇੱਕ ਸਾਲ ਪਹਿਲਾਂ ਹੀ ਇਹ ਗੱਲ ਦੱਸ ਗਏ ਸਨ ਕਿ ਅੰਦਰ ਬੈਠਾ
ਸਾਧ ਜੋ ਕੁੱਝ ਕਰ ਰਿਹਾ ਹੈ ਇਸ ਨੇ ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਦਾ ਬਹੁਤ ਨੁਕਸਾਨ ਕਰਵਾ
ਦੇਣਾ ਹੈ। ਫਿਰ ਜੋ ਹੋਇਆ ਉਹ ਸਾਰਿਆਂ ਨੂੰ ਪਤਾ ਹੀ ਹੈ। ਜੇ ਕਰ ਉਹ ਮੈਨੂੰ ਇਹ ਗੱਲ ਦੱਸ ਸਕਦਾ ਹੈ
ਤਾਂ ਆਪਣੇ ਨੇੜਲੇ ਹੋਰਨਾਂ ਨੂੰ ਵੀ ਦੱਸੀ ਹੋਵੇਗੀ। ਪਰ ਮਜਾਲ ਹੈ ਕਿ ਅੱਜ ਤੱਕ ਕਿਸੇ ਵੀ ਸਿੱਖ
ਵਿਦਵਾਨ ਨੇ ਕੋਈ ਖੁਲ ਕੇ ਗੱਲ ਕੀਤੀ ਹੋਵੇ। ਸਾਰੇ ਇਹੀ ਰੋਲਾ ਪਾਈ ਜਾਂਦੇ ਹਨ ਸਰਕਾਰ ਨੇ ਆਹ ਕਰਤਾ
ਜਾਂ ਔਹ ਕਰਤਾ। ਹੁਣ ਵੀ ਦੇਖ ਲਓ ਪਿਛਲੇ ਕੁੱਝ ਹਫਤਿਆਂ ਤੋਂ ਪੰਜਾਬ ਵਿੱਚ ਕੀ ਖੇਲਾਂ ਖੇਲੀਆਂ ਜਾ
ਰਹੀਆਂ ਹਨ। ਕਿਤਨੇ ਕੁ ਸੱਚ ਦੇ ਪੁਜਾਰੀ ਜਾਂ ਨਿਰਪੱਖ ਹਨ ਅਤੇ ਕਿਤਨੇ ਕੁ ਦੋਗਲੇ ਕਿਸਮ ਦੇ। ਰਿਤੇਸ਼
ਲੱਖੀ, ਡਾ: ਪਿਆਰੇ ਲਾਲ ਗਰਗ ਅਤੇ ਮੰਨਾ ਵਰਗੇ ਕੁੱਝ ਕੁ ਹੀ ਹੋਣਗੇ ਜੋ ਨਿਰਪੱਖਤਾ ਨਾਲ ਸਚਾਈ ਦੱਸਣ
ਦੀ ਕੋਸ਼ਿਸ਼ ਕਰਦੇ ਹੋਣਗੇ। ਮੰਨਾ ਨੇ ਇੱਕ ਗੱਲ ਬੜੀ ਕਮਾਲ ਦੀ ਕੀਤੀ ਹੈ ਕਿ ਸਰਕਾਰੀ ਏਜੰਸੀਆਂ ਕਿਸੇ
ਨੂੰ ਮਿਲ ਕੇ ਇਹ ਨਹੀਂ ਦੱਸਦੀਆਂ ਹੁੰਦੀਆਂ ਕਿ ਅਸੀਂ ਸਰਕਾਰ ਦੇ ਬੰਦੇ ਹਾਂ ਤੁਸੀਂ ਇਸ ਤਰ੍ਹਾਂ
ਕਰੋ। ਇਸ ਖੇਲ ਦਾ ਤਾਂ ਉਦੋਂ ਹੀ ਪਤਾ ਲਗਦਾ ਹੈ ਜਦੋਂ ਸਰਕਾਰੀ ਏਜੰਸੀਆਂ ਦੀ ਖੇਲ ਵਿੱਚ ਬੰਦਾ
ਵਰਤਿਆ ਜਾ ਚੁੱਕਾ ਹੁੰਦਾ ਹੈ। ਇੱਥੇ ਮੈਂ ਇੱਕ ਹੋਰ ਮਿਸਾਲ ਦੇਣੀ ਚਾਂਹਾਂਗਾ। 1984 ਦੇ ਅਟੈਕ ਤੋਂ
ਬਾਅਦ ਜਨਰਲ ਭੁੱਲਰ ਕਨੇਡਾ ਵਿੱਚ ਆਏ ਸਨ। ਇੱਥੇ ਨੈਸ਼ਨਲ ਮੀਡੀਏ ਦੇ ਸਾਹਮਣੇ ਮਗਰਮੱਛ ਵਾਲੇ ਹੱਝੂ
ਕੇਰ ਕੇ ਲੋਕਾਂ ਨੂੰ ਭਾਵਕ ਕਰਕੇ ਕਹਿੰਦੇ ਸਨ ਕਿ ਸੰਤਾਂ ਨੇ ਮੈਂਨੂੰ ਬਾਹਰ ਭੇਜਿਆ ਹੈ ਕਿ ਸਾਡਾ
ਹੁਣ ਖਾਲਿਸਤਾਨ ਤੋਂ ਬਿਨਾ ਗੁਜਾਰਾ ਨਹੀਂ। ਸਾਡੇ ਨਾਲ ਸਰਕਾਰ ਨੇ ਬਹੁਤ ਧੱਕਾ ਕੀਤਾ ਹੈ। ਕਨੇਡਾ
ਵਿੱਚ ਬਣੀ ਵਰਡ ਸਿੱਖ ਔਰਗੇਨਾਈਜੇਸ਼ਨ ਦੀ ਵੀ ਕਿਸੇ ਸਮੇ ਜਨਰਲ ਭੁੱਲਰ ਨਾਲ ਬਹੁਤ ਨੇੜਤਾ ਹੁੰਦੀ ਸੀ
ਅਤੇ ਇਹ ਵੀ ਖਾਲਿਸਤਾਨ ਮੰਗਦੇ ਹੁੰਦੇ ਸਨ/ਹਨ। ਜਨਰਲ ਭੁੱਲਰ ਅਤੇ ਗੁਰਤੇਜ ਸਿੰਘ ਦੋਵੇਂ ਸਾਧ ਦੇ
ਚੇਲੇ ਹਨ। ਜਨਰਲ ਭੁੱਲਰ ਬਾਰੇ ਗੁਰਤੇਜ ਸਿੰਘ ਦੇ ਕੀ ਵਿਚਾਰ ਹਨ ਉਹ ਤੁਸੀਂ ਇਸ ਲਿਖਤ ਵਿੱਚ ਪੜ੍ਹ
ਹੀ ਸਕਦੇ ਹੋ। ਸਰਕਾਰਾਂ ਕਿਸ ਤਰ੍ਹਾਂ ਉਚ ਆਹੁਦਿਆਂ ਤੋਂ ਰਿਟਾਇਰ ਹੋਏ ਮਿਲਟਰੀ ਅਫਸਰਾਂ ਨੂੰ
ਵਰਤਦੀਆਂ ਹਨ ਇਸ ਦੀ ਤਾਜਾ ਮਿਸਾਲ ਤੁਹਾਡੇ ਸਾਹਮਣੇ ਕੁੱਝ ਦਿਨ ਪਹਿਲਾਂ ਹੀ ਆਈ ਹੈ। ਜਨਰਲ ਕੇ.
ਐੱਸ. ਬਰਾੜ ਨੇ ਕੁੱਝ ਹਫਤੇ ਪਹਿਲਾਂ ਦੀ ਆਪਣੀ ਇੰਟਰਵਿਊ ਵਿੱਚ ਜੋ ਕੁੱਝ ਕਿਹਾ ਹੈ ਉਹ ਬਹੁਤਿਆਂ ਨੇ
ਸੁਣਿਆਂ ਹੋਵੇਗਾ। ਉਸ ਦੇ ਵਿੱਚ ਇੱਕ ਗੱਲ ਖਾਸ ਨੋਟ ਕਰਨ ਵਾਲੀ ਹੈ ਜਦੋਂ ਉਹ ਅਪਰੇਸ਼ਨ ਬਲਿਊਸਟਾਰ
ਵਿੱਚ ਮਰਨ ਵਾਲੇ ਫੌਜੀਆਂ ਦੀ ਗਿਣਤੀ 300-400 ਦੱਸਦਾ ਹੈ। ਪਹਿਲਾਂ 100 ਤੋਂ ਵੀ ਘੱਟ ਦੱਸਦਾ ਸੀ।
ਜਿਸ ਤੋਂ ਸਾਫ ਜਾਹਰ ਹੈ ਕਿ ਉਸ ਨੂੰ ਕਿਸੇ ਵਲੋਂ ਜਾਣ ਬੁੱਝ ਕੇ ਇਸ ਤਰ੍ਹਾਂ ਬੁਲਾਇਆ ਜਾ ਰਿਹਾ ਹੈ।
ਮੈਂ ਆਪਣੇ ਜਾਣਕਾਰ ਸੂਤਰਾਂ ਰਾਹੀਂ ਰੀਟਾਇਰ ਫੌਜੀਆਂ ਤੋਂ ਇਸ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਇਹ
ਗੱਲ ਸਾਹਮਣੇ ਆਈ ਹੈ ਕਿ ਕੋਈ ਵੀ ਫੌਜੀ ਅਫਸਰ ਇਸ ਤਰ੍ਹਾਂ ਨਹੀਂ ਕਰ ਸਕਦਾ। ਜੇ ਕਰ ਕੋਈ ਕਰਦਾ ਹੈ
ਤਾਂ ਉਸ ਦਾ ਕੋਰਟ ਮਾਰਸ਼ਲ ਹੋ ਸਕਦਾ ਹੈ। ਉਸ ਨੂੰ ਪੂਰੀ ਅਤੇ ਸਹੀ ਗਿਣਤੀ ਦੱਸਣੀ ਪੈਂਦੀ ਹੈ। ਕੋਈ
ਹੋਰ ਫੌਜੀ ਅਫਸਰ ਵੀ ਭਾਂਵੇਂ ਉਹ ਰਿਟਾਇਰ ਵੀ ਹੋਇਆ ਹੋਵੇ, ਉਹ ਵੀ ਕਿਸੇ ਹੋਰ ਫੌਜੀ ਦੀ ਗਲਤੀ ਦੀ
ਜਨਤਕ ਤੌਰ ਤੇ ਨੁਕਤਾਚੀਨੀ ਨਹੀਂ ਕਰ ਸਕਦਾ। ਇਨ੍ਹਾਂ ਤੇ ਮਿਲਟਰੀ ਦੇ ਕੋਡ ਔਫ ਕੰਡਕਟ ਰੀਟਾਇਰ ਹੋਣ
ਤੋਂ ਬਾਅਦ ਵੀ ਲਾਗੂ ਰਹਿੰਦੇ ਹਨ। ਸਿੱਖਾਂ ਦੇ ਵਿਦਵਾਨ ਕੀ ਕੁੱਝ ਕਰ ਰਹੇ ਹਨ ਇਹ ਤਸਵੀਰ ਤੁਹਾਡੇ
ਸਾਹਮਣੇ ਰੱਖ ਦਿੱਤੀ ਹੈ ਅਤੇ ਰੰਗ ਤੁਸੀਂ ਆਪ ਹੀ ਭਰ ਲਿਓ।
ਮੱਖਣ ਪੁਰੇਵਾਲ,
ਫਰਵਰੀ 28, 2023.
ਬੇਰੀਆਂ ਨੂੰ ਬੇਰ ਲੱਗ ਗਏ ਤੈਨੂੰ ਕੁੱਝ ਨਾ ਲੱਗਾ ਮੁਟਿਆਰੇ ‘।
ਅਜਮੇਰ ਸਿੰਘ ਖਾਲਿਸਤਾਨ ਦਾ ਨਕਸ਼ਨਿਗਾਰ ਨਹੀ ਸੀ।(ਮੇਰੇ ਦੋਸਤ ਸ੍ਰ: ਹਜ਼ਾਰਾ ਸਿੰਘ ਜੀ ਦੀ ਲਿਖਤ)
Jivan Chahal
ਸਰਦਾਰ ਅਜਮੇਰ ਸਿੰਘ ਡੇਢ ਕੁ ਦਹਾਕੇ ਤੋਂ ਸਿੱਖ ਹਲਕਿਆਂ ਅਤੇ ਖਾਸ ਕਰਕੇ ਖਾਲਿਸਤਾਨੀ ਹਲਕਿਆਂ ਅੰਦਰ
ਸਿੱਖ ਚਿੰਤਕ ਦੇ ਤੌਰ ਤੇ ਮਕਬੂਲ ਹਨ। ਜਦ ਉਨ੍ਹਾਂ ਦਾ ਸਿਖ ਚਿੰਤਨ ਦੇ ਮੰਚ ਦੇ ਅਗਾਜ਼ ਹੋਇਆ ਉਦੋਂ
ਖਾਲਿਸਤਾਨ ਦੀ ਲਹਿਰ ਸਿਖਰ ਤੇ ਪਹੁੰਚ ਕੇ ਬਿਖਰ ਚੁੱਕੀ ਸੀ। ਬਹੁਤ ਸਾਰਾ ਜਾਨੀ ਅਤੇ ਜਥੇਬੰਦਕ
ਨੁਕਸਾਨ ਹੋ ਚੁੱਕਾ ਸੀ। ਲਹਿਰ ਦੀ ਆਲੋਚਨਾ ਹੋ ਰਹੀ ਸੀ। ਕੋਈ ਚੰਗਾ ਪੱਖ ਉਘਾੜਨਾ ਤਾਂ ਦੂਰ ਦੀ
ਗੱਲ, ਸੰਘਰਸ਼ ਦੇ ਇਸ ਸਮੇ ਨੂੰ ਕਾਲਾ ਦੌਰ, ਬੁਰੇ ਦਿਨ ਜਾਂ ਮਾੜਾ ਸਮਾਂ ਕਹਿ ਕੇ ਮਸਾਂ ਪਰਤੀ
‘ਸ਼ਾਂਤੀ’ ਦਾ ਗੁਣਗਾਨ ਪੂਰੇ ਜੋਬਨ ਤੇ ਸੀ। ਸਿੱਖਾਂ ਦੇ ਡੁੱਲ੍ਹੇ ਲਹੂ ਅਤੇ ਹਕੂਮਤੀ ਜੁਲਮਾਂ ਨੂੰ
ਆਪਣੀ ਸਿਆਸਤ ਦਾ ਠੁੰਮਣਾ ਬਣਾ ਕੇ ਰਾਜ ਭਾਗ ਤੇ ਹੋਈ ਅਕਾਲੀ ਸਰਕਾਰ ਪੰਜ ਸਾਲ ਰਾਜ ਕਰਕੇ ਜਾ ਚੁੱਕੀ
ਸੀ ਅਤੇ ਕਾਂਗਰਸ ਪੰਜਾਬ ਦੇ ਰਾਜ ਭਾਗ ਤੇ ਮੁੜ ਕਾਬਜ਼ ਹੋ ਚੁੱਕੀ ਸੀ। ਸਿਅਸੀ ਤਬਦੀਲੀ ਦਾ ਘਟਨਾ
ਕਰਮ ਪੂਰਾ ਚੱਕਰ ਕੱਟ ਚੁੱਕਿਆ ਸੀ।
ਖਾੜਕੂ ਜਾ ਖਾਲਿਸਤਾਨੀ ਧਿਰਾਂ ਨਾਇਕ ਤੋਂ ਖਲਨਾਇਕ ਅਤੇ ਦੋਸ਼ੀ ਬਣਾਕੇ ਪੇਸ਼ ਕੀਤੀਆਂ ਜਾ ਰਹੀਆਂ
ਸਨ। ਸਮੁੱਚੀ ਲਹਿਰ ਸਿਧਾਂਤਕ ਅਤੇ ਇਖਲਾਕੀ ਸਵਾਲਾਂ ਦੀ ਬੁਛਾੜ ਹੇਠ ਸੀ। ਲਹਿਰ ਦੀ ਚੜ੍ਹਤਲ ਤੋਂ
ਬਾਅਦ ਨਿਰਾਸ਼ਾ ਦਾ ਦੌਰ ਸੀ। ਲਹਿਰ ਬਾਰੇ ਸਿਧਾਂਤਕ ਸਵਾਲਾਂ ਅਤੇ ਦੋਸ਼ਾਂ ਦਾ ਢੁੱਕਵਾਂ ਉੱਤਰ ਦੇ
ਕੇ ਲਹਿਰ ਦਾ ਪੱਖ ਪੇਸ਼ ਕਰਨ ਵਾਲਿਆਂ ਦੀ ਅਣਹੋਂਦ ਸੀ। ਲਹਿਰ ਕੋਲ ਇਸ ਬਾਰੇ ਅਪਣਾ ਕੋਈ ਪ੍ਰਬੰਧ
ਨਹੀ ਸੀ। ਕਿਉਂਕਿ ਇਸ ਲਹਿਰ ਨੇ ਤਾਂ ਆਪਣਾ ਸੰਘਰਸ਼ ਵੀ ਬਿਨਾਂ ਕਿਸੇ ਸਿਧਾਂਤਕ ਅਤੇ ਬੌਧਿਕ ਤਿਆਰੀ
ਦੇ ਹੀ ਲੜਿਆ ਸੀ। ਜਿਸ ਕਾਰਨ ਮਾਹੌਲ ਨਿਰਾਸ਼ਾ ਤੋਂ ਨਿਮੋਸ਼ੀ ਵਾਲਾ ਬਣਿਆ ਪਿਆ ਸੀ। ਗੱਲ ਤਕਰੀਬਨ
ਸਭਰਾਵਾਂ ਦੀ ਜੰਗ ਹਾਰਨ ਤੋਂ ਬਾਅਦ, ‘ਹੁਣ ਪਿਆ ਹਾਰਾਸ ਤੇ ਹੋਣ ਗੱਲਾਂ’ , ਵਾਲੀ ਹੋਈ ਪਈ ਸੀ।
ਐਸੇ ਸਮੇ ਖਾਲਿਸਤਾਨੀ ਧਿਰਾਂ ਨੂੰ ਕੋਈ ਐਸਾ ਬੁੱਧੀਮਾਨ ਵਿਅਕਤੀ ਲੋੜੀਂਦਾ ਸੀ ਜੋ ਉਨ੍ਹਾਂ ਨੂੰ
ਘੱਟੋ ਘੱਟ ਗੱਲ ਕਰਨ ਜੋਗੇ ਤਾਂ ਕਰ ਦਵੇ। ਐਸੇ ਸਮੇ ਸਰਦਾਰ ਅਜਮੇਰ ਸਿੰਘ ਨੇ ਵਿਤਕਰਿਆਂ ਭਰਪੂਰ
ਭਾਰਤੀ ਉੱਚ ਜਾਤੀ ਪ੍ਰੰਪਰਾ, ਘੱਟ ਗਿਣਤੀਆਂ ਨੂੰ ਕੁਚਲਣ ਵਾਲੀ ਭਾਰਤੀ ਰਾਸ਼ਟਰਵਾਦੀ ਸੋਚ, ਭਾਰਤੀ
ਰਾਸ਼ਟਰਵਾਦ ਅਤੇ ਭਾਰਤੀ ਸਟੇਟ ਨੂੰ ਇਤਹਾਸਕ ਪ੍ਰਸੰਗ ਵਿੱਚ ਦੋਸ਼ ਗ੍ਰਸਤ ਗਰਦਾਨਕੇ ਸਵਾਲਾਂ ਦੇ
ਘੇਰੇ ਵਿੱਚ ਖੜ੍ਹਾ ਕਰ ਦਿੱਤਾ। ਇਸ ਨਾਲ ਭਾਵੇਂ ਖਾਲਿਸਤਾਨੀ ਧਿਰਾਂ ਦਾ ਸਿੱਧਾ ਬਚਾਅ ਤਾਂ ਨਹੀ ਸੀ
ਹੋਇਆ ਪਰ ਵਿਰੋਧੀ ਧਿਰ ਨੂੰ ਸਿਧਾਂਤਕ ਪੈਂਤੜੇ ਤੋਂ ਹੀਣੇ ਹੋਇਆ ਜਾਣਕੇ ਆਪਣੀ ਇਖਲਾਕੀ ਮਜ਼ਬੂਤੀ ਦਾ
ਅਹਿਸਾਸ ਖਾਲਿਸਤਾਨੀ ਧਿਰਾਂ ਨੇ ਜ਼ਰੂਰ ਮਹਿਸੂਸ ਕੀਤਾ।
ਜਦ ਅਜਮੇਰ ਸਿੰਘ ਨੇ ਖਾਲਸਾਈ ਧਿਰਾਂ ਦਾ ਵਿਰੋਧ ਕਰਨ ਵਾਲੀ ਧਿਰ ਨੂੰ ਗੁਰੂ ਕਾਲ ਤੋਂ ਚੱਲੀ ਆਉਂਦੀ
ਗੁਰੂ ਘਰ ਵਿਰੋਧੀ ਬਿਪਰ ਧਾਰਾ ਨਾਲ ਜੋੜ ਕੇ ਮੌਜੂਦਾ ਦੁਸ਼ਮਣੀ ਨੂੰ ‘ਪੰਜ ਸਦੀਆਂ ਦੇ ਵੈਰ’ ਦੀ
ਨਿਰੰਤਰਤਾ ਵਜੋਂ ਉਘੇੜਕੇ ਖਾਲਿਸਤਾਨੀ ਧਿਰਾਂ ਦੇ ਸੰਘਰਸ਼ ਨੂੰ ਗੁਰੂਆਂ ਵੇਲੇ ਤੋਂ ਬਿਪਰਵਾਦ ਖਿਲਾਫ
ਚਲਦੇ ਆ ਰਹੇ ਵੱਡੇ ਇਤਿਹਾਸਕ ਸੰਘਰਸ਼ ਦੀ ਲਗਾਤਾਰਤਾ ਵਜੋਂ ਪੇਸ਼ ਕੀਤਾ ਤਾਂ ਖਾਲਿਸਤਾਨੀ ਧਿਰਾਂ ਦੇ
ਚਿਹਰਿਆਂ ਤੇ ਇੱਕ ਹੱਕੀ ਅਤੇ ਉੱਚੇ ਇਖਲਾਕੀ ਆਦਰਸਾਂ ਨੂੰ ਪਰਣਾਏ ਇਤਿਹਾਸਕ ਸੰਘਰਸ਼ ਦੇ ਵਾਰਿਸ ਹੋਣ
ਦਾ ਮਾਣ ਚਮਕ ਉੱਠਿਆ। ਇੱਕ ਵਾਰ ਤਾਂ ਗੱਲ. ‘ਬਾਰਾਂ ਬਰਸ ਦੀ ਔੜ ਸੀ ਮੀਂਹ ਵੁੱਠਾ, ਲੱਗਾ ਰੰਗ ਫਿਰ
ਖੁਸ਼ਕ ਬਗੀਚਿਆਂ ਨੂੰ’ ਵਾਲੀ ਹੋ ਗਈ । ਚਿਰਾਂ ਬਾਅਦ ਪੰਥ ਵਿੱਚ ਪਸਰੇ ਬੌਧਿਕ ਮਾਰੂਥਲ ਵਿੱਚ ਹੋਈ
ਬਰਸਾਤ ਨੇ ਖਾਲਿਸਤਾਨੀ ਧਿਰਾਂ ਬਾਗੋ ਬਾਗ ਕਰ ਦਿੱਤੀਆਂ। ਫਿਰ ਕੀ ਸੀ, ਇਨ੍ਹਾਂ ਧਿਰਾਂ ਨੇ ਅਜਮੇਰ
ਸਿੰਘ ਨੂੰ ਪਲਕਾਂ ਤੇ ਬਿਠਾ ਲਿਆ ਅਤੇ ਉਨ੍ਹਾਂ ਦੀਆਂ ਲਿਖਤਾਂ ਨੂੰ ਭਰਪੂਰ ਪਿਆਰ ਅਤੇ ਸਤਿਕਾਰ
ਦਿੱਤਾ। ਦੇਸ਼ ਵਿਦੇਸ਼ ਵਿੱਚ ਸਮਾਗਮ ਕਰਵਾਏ।
ਅਜਮੇਰ ਸਿੰਘ ਸੱਚੀਂ ਇਨ੍ਹਾਂ ਵਾਸਤੇ ਔਖੇ ਸਮੇ ਵਕੀਲ ਵਜੋਂ ਬਹੁੜਿਆ ਸੀ ਜਿਸ ਨੇ ਤੱਥਾਂ ਅਤੇ
ਦਲੀਲਾਂ ਨਾਲ ਹਮਲਾਵਰ ਧਿਰ ਨੂੰ ਕਟਿਹਰੇ ਵਿੱਚ ਖੜ੍ਹਾ ਕਰ ਦਿੱਤਾ ਸੀ। ਖਾਲਿਸਤਾਨੀ ਧਿਰਾਂ ਵਾਸਤੇ
ਇਹ ਸਕੂਨ ਦੇਣ ਵਾਲੀ ਗੱਲ ਸੀ। ਇਸ ਦੇ ਨਾਲ ਹੀ ਅਜਮੇਰ ਸਿੰਘ ਨੇ ਪਿਛਲੇ ਸਮੇ ਤੋਂ ਸਿੱਖ ਲੀਡਰਸਿੱਪ
ਵੱਲੋਂ ਕਮਜੋਰੀ ਅਤੇ ਲਾਲਚ ਕਾਰਨ ਸਿੱਖ ਸਿਧਾਂਤਾ ਨੂੰ ਪਿੱਠ ਦਿਖਾਏ ਜਾਣ ਦੇ ਇਤਹਾਸ ਦੀ ਜੋ ਤਸਵੀਰ
ਖਿੱਚੀ ਉਸਨੇ ਖਾਲਿਸਤਾਨੀ ਧਿਰਾਂ ਵੱਲੋਂ ਰਵਾਇਤੀ ਲੀਡਰਸਿਪ ਖਿਲਾਫ ਦਿਖਾਏ ਰੋਹ ਭਰੇ ਵਤੀਰੇ ਨੂੰ
ਵਾਜ਼ਬ ਠਹਿਰਾ ਕੇ ਖਾਲਿਸਤਾਨੀਆਂ ਨੂੰ ਸਿਧਾਂਤਕ ਲੜਾਈ ਲੜਨ ਵਾਲੇ ਯੋਧੇ ਹੋਣ ਦਾ ਮਾਣ ਬਖਸਿਆ।
ਉਨ੍ਹਾਂ ਧਿਰਾਂ ਨੇ ਵੀ ਸਰਦਾਰ ਅਜਮੇਰ ਸਿੰਘ ਨੂੰ ਸਿੱਖ ਚਿੰਤਕ ਹੋਣ ਦਾ ਮਾਣ ਬਖਸਿਆ।
ਸਰਦਾਰ ਅਜਮੇਰ ਸਿੰਘ ਨੇ ਖਾਲਿਸਤਾਨੀ ਧਿਰਾਂ ਲਈ ਨਾਂ ਤਾਂ ਕੋਈ ਭਵਿੱਖ ਦੀ ਸਿਧਾਂਤਕਾਰੀ ਪੇਸ਼
ਕੀਤੀ, ਨਾਂ ਕੋਈ ਆਪਣੀ ਧਿਰ ਸਿਰਜੀ ਅਤੇ ਨਾਂ ਹੀ ਖਾਲਿਸਤਾਨੀ ਜਾਂ ਖਾੜਕੂ ਸੰਘਰਸ਼ ਦੀ ਕੋਈ ਵਧਵੀਂ
ਅਲੋਚਨਾ ਕੀਤੀ। ਸਰਦਾਰ ਅਜਮੇਰ ਸਿੰਘ ਵੱਲੋਂ ਲਿਖੀਆਂ ਲਿਖਤਾਂ ਦੀ ਤਰਤੀਬ ਅਨੁਸਾਰ ਅਜੇ ਉਸ ਨੇ
ਮੌਜੂਦਾ ਦੌਰ ਬਾਰੇ ਲਿਖਣਾ ਹੈ। ਇਨ੍ਹਾਂ ਲਿਖਤਾਂ ਦੌਰਾਨ ਸਰਦਾਰ ਅਜਮੇਰ ਸਿੰਘ ਦਾ ਆਪਣਾ ਰੂਹਾਨੀ
ਅਤੇ ਬੌਧਿਕ ਸਫਰ ਵੀ ਜਾਰੀ ਰਿਹਾ। ਲਿਖਦਿਆਂ ਲਿਖਦਿਆਂ ਉਹ ਹੁਣ ਉਸ ਪੜਾਅ ਤੇ ਆ ਗਿਆ ਜਿੱਥੇ
ਖਾਲਿਸਤਾਨੀ ਲਹਿਰ ਬਾਰੇ ਲਿਖਣ ਲੱਗਿਆਂ ਕੁੱਝ ਤਲਖ ਸਚਾਈਆਂ ਨਾਲ ਵੀ ਦੋ ਚਾਰ ਹੋਣਾ ਪੈਣਾ ਸੀ। ਸੱਚ
ਇਹ ਹੈ ਹਮਦਰਦੀ ਜਾਂ ਸਿਫਤਾਂ ਤਾਂ ਹਰ ਕੋਈ ਖੁਸ਼ ਹੋ ਕੇ ਪ੍ਰਵਾਨ ਕਰ ਲੈਂਦਾ ਹੈ ਪਰ ਅਲੋਚਨਾ ਸਹਿਣ
ਕਰਨੀ ਸੌਖੀ ਨਹੀ। ਇਸ ਲਈ ਜਦ ਅਜਮੇਰ ਸਿੰਘ ਨੇ ਖਾਲਿਸਤਾਨੀ ਧਿਰਾਂ ਪ੍ਰਤੀ ਖਰ੍ਹਵੀ ਟਿੱਪਣੀ ਕਰ
ਦਿੱਤੀ ਤਾਂ ਕਈਆਂ ਨੂੰ ਅਚੰਭਾ ਲੱਗਣਾ ਸੁਭਾਵਿਕ ਸੀ।
ਪਿਛਲੇ ਡੇਢ ਦਹਾਕੇ ਦੌਰਾਨ ਅਜਮੇਰ ਸਿੰਘ ਵਿੱਚ ਆਈ ਰੂਹਾਨੀ ਅਤੇ ਬੌਧਿਕ ਤਬਦੀਲੀ ਅਤੇ ਸਪੱਸ਼ਟਾ
ਕਾਰਨ ਵੀ ਇਹ ਹੋਣਾ ਜ਼ਰੂਰੀ ਸੀ। ਬੱਸ, ਇਸ ਨਾਲ ਹੀ ਖਿਲ੍ਹਾਰਾ ਪੈ ਗਿਆ। ਸਭ ਸੰਬੰਧਾਂ ਦਾ ਮੁੜ
-ਮੁਲਅੰਕਣ ਹੋਣਾ ਸੁਰੂ ਹੋ ਗਿਆ। ਖਾਲਿਸਤਾਨੀ ਧਿਰਾਂ ਅਜਮੇਰ ਸਿੰਘ ਕੋਲੋਂ ਖਾਲਿਸਤਾਨ ਦੀ
ਸਿਧਾਂਤਕਾਰੀ ਦੀ ਆਸ ਰੱਖਦੀਆਂ ਜਾਪਦੀਆਂ ਸਨ ਪਰ ਅਜਮੇਰ ਸਿੰਘ ਨੇ ਇਹੋ ਮੋੜਵਾਂ ਸਵਾਲ ਖਾਲਿਸਤਾਨੀ
ਧਿਰਾਂ ਨੂੰ ਹੀ ਪੁੱਛਕੇ ਡੌਰ ਭੌਰ ਕਰ ਦਿੱਤਾ। ਖਾਲਿਸਤਾਨੀ ਧਿਰਾਂ ਤਾਂ ਅਜਮੇਰ ਸਿੰਘ ਸਮੇਤ ਹੋਰ
ਸਿੱਖ ਵਿਦਵਾਨਾਂ ਨੂੰ ਵੀ ਇਹੋ ਕਹਿੰਦੀਆਂ ਹਨ ਕਿ ਜੇ ਖਾਲਿਸਤਾਨ ਦੀ ਸਿਧਾਂਤਕਾਰੀ ਸਾਡੇ ਕੋਲੋਂ ਹੀ
ਪੁੱਛਣੀ ਹੈ ਤਾਂ ਤੁਸੀਂ ਵਿਦਵਾਨ ਕਾਹਦੇ? ਸੱਚ ਇਹ ਹੈ ਕਿ ਖਾਲਿਸਤਾਨ ਦਾ ਸਿਧਾਂਤ ਜਾਂ ਸਿੱਖ ਰਾਜ
ਦਾ ਸਿਧਾਂਤਕ ਮਾਡਲ ਅਜੇ ਤੱਕ ਘੜਿਆ ਨਹੀ ਜਾ ਸਕਿਆ। ਰਾਜ ਦਾ ਮਾਡਲ ਤਾਂ ਕੀ ਅਜੇ ਤੱਕ ਤਾਂ ਕੈਲੰਡਰ
ਵੀ ਨਹੀ ਘੜਿਆ ਜਾ ਸਕਿਆ।
ਅਜਮੇਰ ਸਿੰਘ ਵੱਲੋਂ ਖਾਲਿਸਤਾਨੀ ਧਿਰਾਂ ਦੀ ਹਮਦਰਦੀ, ਵਜਾਹਿਤ ਅਤੇ ਹਮਾਇਤ ਦਾ ਦੌਰ ਲੰਘਣ ਤੋਂ
ਬਾਅਦ ਭਵਿੱਖ ਦੀ ਨੀਤੀ ਉਲੀਕਣ ਬਾਰੇ ਖੜ੍ਹੋਤ ਵਾਲੇ ਹਾਲਾਤਾਂ ਤੋਂ ਖਾਲਿਸਤਾਨੀ ਧਿਰਾਂ ਬਾਰੇ
ਚੁਭਵੀਂ ਟਿੱਪਣੀ ਤੋਂ ਬਾਅਦ ਸਰਦਾਰ ਕਰਮਜੀਤ ਸਿੰਘ (ਪੱਤਰਕਾਰ) ਅਜਮੇਰ ਸਿੰਘ ਨੂੰ ਅਸਿੱਧੇ ਤੌਰ ਤੇ
ਖਾਲਿਸਤਾਨ ਤੋਂ ਭਗੌੜਾ ਐਲਾਨ ਕੇ ਉਸਦੇ ਚਿੰਤਨ ਨੂੰ ਹੀ ਚੁਣੌਤੀ ਦੇ ਕੇ ਸਵਾਲਾਂ ਦੇ ਘੇਰੇ ਵਿੱਚ ਲੈ
ਆਂਦਾ ਹੈ। ਇਸ ਦਾ ਸਿੱਧਾ ਜਿਹਾ ਭਾਵ ਇਹ ਹੈ ਕਿ ਜੇ ਕੋਈ ਖਾਲਿਸਤਾਨੀ ਧਿਰਾਂ ਦੀ ਧੁਰ ਖਾਲਿਸਤਾਨ
ਤੱਕ ਹਮਾਇਤ ਜਾਰੀ ਨਹੀ ਰੱਖਦਾ ਤਾਂ ਉਸ ਵੱਲੋਂ ਕੀਤਾ ਬਾਕੀ ਕਾਰਜ ਵੀ ਸ਼ੱਕੀ ਹੈ। ਸਰਦਾਰ ਕਰਮਜੀਤ
ਸਿੰਘ ਹੁਰਾਂ ਨੇ ਅਜਮੇਰ ਸਿੰਘ ਵੱਲੋਂ ਨੇਸ਼ਨ ਸਟੇਟ ਦੀ ਆਲੋਚਨਾ ਦੇ ਪੈਂਤੜੇ ਨੂੰ ਸਿੱਖ ਨੇਸ਼ਨ
ਸਟੇਟ ਦੇ ਵਿਰੋਧ ਦਾ ਮੁੱਢ ਦੱਸਿਆ ਹੈ। ਸਰਦਾਰ ਕਰਮਜੀਤ ਸਿੰਘ ਹੁਰਾਂ ਅਨੁਸਾਰ ਅਜਮੇਰ ਸਿੰਘ ਵੱਲੋਂ
ਜਿਸ ਤਰਕ ਨਾਲ ਹਿੰਦੂ ਨੇਸ਼ਨ ਸਟੇਟ ਨੂੰ ਰੱਦ ਕੀਤਾ ਜਾ ਰਿਹਾ ਹੈ ਉਸ ਨਾਲ ਤਾਂ ਸਿੱਖ ਨੇਸ਼ਨ ਸਟੇਟ
ਦੀ ਅਗਾਊਂ ਹੀ ‘ਸਿਧਾਂਤਕ ਘੇਰਾਬੰਦੀ ‘ ਕੀਤੀ ਜਾ ਰਹੀ ਜਾਪਦੀ ਹੈ।
ਇਸ ਤੋਂ ਅੱਗੇ ਕਰਮਜੀਤ ਸਿੰਘ ਹੁਰਾਂ ਵੱਲੋਂ ਅਜਮੇਰ ਸਿੰਘ ਦਾ ਸਿੱਖਾਂ ਨੂੰ ਦੂਜੀ ਗੁਲਾਮੀ ਦੇਣ
ਵਾਲਿਆਂ ਨਾਲ ਰਲ ਜਾਣ ਦਾ ਪ੍ਰਗਟਾਇਆ ਤੌਖਲਾ ਗਦਾਰੀ ਦਾ ਤਮਗਾ ਦੇਣ ਨਾਲੋਂ ਐਵੇਂ ਹਵਾ ਕੁ ਭਰ ਈ
ਥੱਲੇ ਰਹਿ ਜਾਂਦਾ ਹੈ। ਕਰਮਜੀਤ ਸਿੰਘ ਹੁਰਾਂ ਵੱਲੋਂ ਇਹ ਕਹਿਣਾ ਕਿ ਅਜਮੇਰ ਸਿੰਘ ਰੂਪੀ ਲੱਕੜ ਉੱਪਰ
ਹੁਣ ਖਾਲਿਸਤਾਨ ਦੀ ਨਕਾਸੀ ਮੁਸ਼ਕਿਲ ਹੈ, ਤੋਂ ਤਾਂ ਇਹ ਲਗਦਾ ਹੈ ਕਿ ਜਿਵੇਂ ਕੋਈ ਹੋਰ ਨਕਸ਼ਨਿਗਾਰ
ਅਜਮੇਰ ਸਿੰਘ ਨੂੰ ਖਾਲਿਸਤਾਨੀ ਸਾਂਚੇ ਵਿੱਚ ਢਾਲਣ ਵਾਸਤੇ ਜੋਰ ਲਾ ਰਿਹਾ ਸੀ ਪਰ ਉਸ ਦੇ ਯਤਨਾਂ ਨੂੰ
ਬੂਰ ਨਾਂ ਪਿਆ ਹੋਵੇ। ਕੀ ਖਾਲਿਸਤਾਨੀ ਧਿਰਾਂ ਨੇ ਅਜਮੇਰ ਸਿੰਘ ਰੂਪੀ ‘ਪੱਤੇਦਾਰ’ ਬੂਟੇ ਤੋਂ ਸੰਘਣੀ
ਛਾਂ ਦੇ ਨਾਲ ਨਾਲ ਖਾਲਿਸਤਾਨ ਦੀ ਨਕਸ਼ਨਗੀਰੀ ਦੇ ‘ਰਸੀਲੇ’ ਫਲ ਦੀ ਵੀ ਆਸ ਰੱਖੀ ਸੀ ਅਤੇ ਅਜਮੇਰ
ਸਿੰਘ ਉਸ ਤੇ ਖਰਾ ਨਹੀ ਉੱਤਰਿਆ? ਜੇ ਐਸਾ ਹੈ ਤਾਂ ਇਹ ਉਕਾਈ ਖਾਲਿਸਤਾਨੀ ਧਿਰਾਂ ਦੀ ਹੈ ਜਿਨਾਂ
ਵੱਲੋਂ ਬੂਟਾ ਲਗਾਉਣ ਵੇਲੇ ਬੂਟੇ ਦੀ ਪਰਖ ਕਰਨੀ ਵੀ ਬਣਦੀ ਸੀ।
ਖਾਲਿਸਤਾਨੀ ਧਿਰਾਂ ਨੂੰ ਵੀ ਕੁੱਝ ਸਵਾਲਾਂ ਦਾ ਸਾਹਮਣਾ ਤਾਂ ਕਰਨਾ ਹੀ ਪਵੇਗਾ। ਪੰਜਾਬ ਵਿਚਲੇ
ਸਿਆਸੀ ਖਲਾਅ ਨੂੰ ਜਿਵੇਂ ਆਮ ਆਦਮੀ ਪਾਰਟੀ ਨੇ ਆਣ ਮੱਲਿਆ ਹੈ ਉਸ ਦੇ ਮੱਦੇਨਜ਼ਰ ਖਾਲਿਸਤਾਨੀ ਧਿਰ
ਨੂੰ ਸਵਾਲ ਤਾਂ ਕੀ ਕੋਈ ਮਿਹਣਾ ਵੀ ਦੇ ਸਕਦਾ ਹੈ ਕਿ ’ਬੇਰੀਆਂ ਨੂੰ ਬੇਰ ਲੱਗ ਗਏ ਤੈਨੂੰ ਕੁੱਝ ਨਾ
ਲੱਗਾ ਮੁਟਿਆਰੇ ‘।
ਸੱਚ ਇਹ ਹੈ ਕਿ ਖਾਲਿਸਤਾਨੀ ਧਿਰਾਂ ਖਾਲਿਸਤਾਨ ਨੂੰ ਸ਼ਬਦਾਂ ਦੀਆਂ ਝਾੜੀਆਂ ਵਿੱਚੋਂ ਬਾਹਰ ਨਹੀ ਕੱਢ
ਸਕੀਆਂ( ਸਿਰਦਾਰ ਗੁਰਤੇਜ ਸਿੰਘ ਦੇ ਸ਼ਬਦਾਂ ਅਨੁਸਾਰ)।
ਬਹੁਤੇ ਵਿਸਥਾਰ ਵਿੱਚ ਨਾਂ ਜਾਂਦੇ ਹੋਏ ਸੰਖੇਪ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਮੌਜੂਦਾ ਘੜੀ
ਮੁਸ਼ਕਿਲ ਦਾ ਕਾਰਨ ਇਹ ਹੈ ਕਿ ਖਾਲਿਸਤਾਨੀ ਧਿਰਾਂ ਅਜਮੇਰ ਸਿੰਘ ਨੂੰ ਖਾਲਿਸਤਾਨ ਦਾ ਨਕਸ਼ਨਿਗਾਰ
ਹੋਣ ਦਾ ਟਪਲਾ ਖਾ ਗਈਆਂ। ਕੀ ਅਜਮੇਰ ਸਿੰਘ ਨੇ ਕਦੇ ਐਸਾ ਹੋਣ ਦਾ ਭਰਮ ਪੈਦਾ ਵੀ ਕੀਤਾ ਸੀ? ਇਸ
ਬਾਰੇ ਜਾਂ ਅਜਮੇਰ ਸਿੰਘ ਜਾਣਦੇ ਹੋਣਗੇ ਜਾਂ ਬਾਕੀ ਧਿਰਾਂ। ਪਰ ਉਹ ਖਾਲਿਸਤਾਨ ਦਾ ਨਕਸ਼ਨਿਗਾਰ ਨਹੀ
ਸੀ। ਹੁਣ ਖਾਲਿਸਤਾਨੀ ਧਿਰਾਂ ਸਾਹਮਣੇ ਸਵਾਲ ਇਹ ਵੀ ਹੈ ਕਿ ਉਹ ਅਜਮੇਰ ਸਿੰਘ ਵੱਲੋਂ ਖਾਲੀ ਕੀਤੀ
ਥਾਂ ਨੂੰ ਭਰ ਕੇ ਭਵਿੱਖ ਦੀ ਨਕਸ਼ ਨਗੀਰੀ ਦਾ ਕਾਰਜ ਕਿਸ ਹਵਾਲੇ ਕਰਦੀਆਂ ਹਨ? ਸਰਦਾਰ ਕਰਮਜੀਤ ਸਿੰਘ
ਹੁਰਾਂ ਵੱਲੋਂ ਲਹਿਰ ਦੇ ਜੁਝਾਰੂਆਂ ਵੱਲੋਂ ਹਕੂਮਤੀ ਜ਼ਬਰ ਝੱਲਦਿਆਂ ਦਿਖਾਈ ਗਈ ‘ਰੂਹਾਨੀ ਮਜ਼ਬੂਤੀ’
ਦੀ ਕੀਤੀ ਜਾਣ ਵਾਲੀ ਖੋਜ ਭਵਿੱਖ ਦੀ ਉਹ ਨਕਸ਼ ਨਗੀਰੀ, ਜਿਸ ਤੋਂ ਅਜਮੇਰ ਸਿੰਘ ਨੂੰ ਖਹਿੜਾ ਛੁਡਾਉਣ
ਵਾਲਾ ਕਿਹਾ ਗਿਆ ਹੈ, ਨਹੀ ਸਗੋਂ ਅਤੀਤ ਦੀਆਂ ਝਿਰੀਆਂ ਵਿੱਚ ਹੀ ਘੁੰਮਣ ਵਾਲੀ ਗੱਲ ਹੋਏਗੀ।
ਹਜਾਰਾ ਸਿੰਘ। ਮਿਸੀਸਾਗਾ, ਕੈਨੇਡਾ।
(905)795-3428
ਸਿੱਖ ਕੌਮ ਹਸਤੀ ਤੇ ਹੋਣੀ
ਖਾਲਿਸਤਾਨੀ ਵਿਦਵਾਨ ਅਜਮੇਰ ਸਿੰਘ ਦੀਆਂ ਪੁਸਤਕਾਂ 'ਤੇ ਚੱਲੀ ਵਿਚਾਰ ਚਰਚਾ ਵਿੱਚੋਂ ਲੇਖ,,,,
ਖਾਲਿਸਤਾਨੀਆਂ, ਕਮਿਊਨਿਸਟਾਂ, ਸਿੱਖਾਂ ਦੇ ਸਾਰੇ ਲੇਖ ਪੁਸਤਕ,
'ਸਿੱਖ ਕੌਮ ਹਸਤੀ ਤੇ ਹੋਣੀ'
ਵਿੱਚ ਪੜ ਸਕਦੇ ਹੋ।
**********
ਇਕੀਵੀਂ ਸਦੀ ਵਿਚ ‘‘ਸਿੱਖ ਸਟੇਟ ਦਾ ਸੁਪਨਾ ਵਾਲੀ ਪਹਿਲੀ ਕਿਸ਼ਤ ਵਿਚ ਮੈਂ ਆਪਣੀ ਲਿਖਤ ਨੂੰ ਸਿੱਖ
ਕੌਮ ਦੀ ਪਰਿਭਾਸ਼ਾ ਅਤੇ 20ਵੀਂ ਸਦੀ ਦੀ ਨਵੀਂ ਉਭਰੀ ਅਕਾਲੀ ਲੀਡਰਸ਼ਿਪ ਤੱਕ ਸੀਮਤ ਰੱਖਿਆ ਸੀ।
ਅਜਮੇਰ ਸਿੰਘ ਦੀਆਂ ਕਿਤਾਬਾਂ ਵਿਚ 1947 ਦੀ ਸੱਤਾ ਬਦਲੀ ਤੋਂ ਲੈ ਕੇ 1978 ਦੀ ਵਿਸਾਖੀ ਤੱਕ ਦਾ
ਵਖਿਆਨ ਪਹਿਲਾਂ ਹੀ ਸਾਹਮਣੇ ਆ ਚੁੱਕੇ ਤੱਥਾਂ ਅਤੇ ਘਟਨਾਵਾਂ ਦਾ ਵਿਗੜਿਆ ਹੋਇਆ ਦੁਹਰਾਓ ਮਾਤਰ ਹੈ।
ਇਸ ਲਈ ਗੱਲ ਸਿੱਧੇ ਹੀ 13 ਅਪਰੈਲ 1978 ਦੀਆਂ ਘਟਨਾਵਾਂ ਤੋਂ ਸ਼ੁਰੂ ਕਰਨਾ ਵਧੇਰੇ ਠੀਕ ਰਹੇਗਾ।
ਪਹਿਲੀ ਗੱਲ, ਕਰਮ ਬਰਸਟ ਦੀ ਵੀ ਸਮਝ ਹੈ ਕਿ ਉਸ ਦਿਨ ਨਿਰੰਕਾਰੀਆਂ ਅਤੇ ਸਟੇਟ ਦੀ ਮਿਲੀਭੁਗਤ ਨਾਲ
ਵਰਤਾਇਆ ਗਿਆ ਖੂਨੀ ਕਾਂਡ ਅਤਿ ਦਾ ਨੀਚ ਅਤੇ ਘਿਨਾਉਣਾ ਕਾਰਨਾਮਾ ਸੀ। ਜੇ ਸਟੇਟ ਚਾਹੁੰਦੀ ਤਾਂ ਇਸ
ਨੂੰ ਟਾਲਿਆ ਜਾ ਸਕਦਾ ਸੀ। ਇਸ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇ ਕੇ ਜ਼ਖ਼ਮੀ ਸਿੱਖ
ਮਾਨਸਿਕਤਾ ’ਤੇ ਮਲ੍ਹਮ ਲਾਈ ਜਾ ਸਕਦੀ ਸੀ ਪਰ ਇਹ ਕਹਿਣਾ ਸਿਰੇ ਦਾ ਭੋਲਾਪਣ ਹੋਵੇਗਾ ਕਿ ਇਹ ਸਾਰਾ
ਕੁੱਝ ਕਥਿਤ ਹਿੰਦੂ ਸਟੇਟ ਨੇ ਗਿਣਮਿਥ ਕੇ ਕਰਵਾਇਆ ਸੀ ਅਤੇ ਇਹ ਸਿੱਖ-ਨਿਰੰਕਾਰੀ ਝਗੜਾ ਹੀ ਬਾਅਦ
ਵਿਚ ਵਾਪਰੇ ਸਾਰੇ ਘਟਨਾਕ੍ਰਮਾਂ ਦਾ ਮੂਲ ਸੂਤਰ ਸੀ। ਇਹ ਝਗੜਾ ਨਾ ਵੀ ਹੋਇਆ ਹੁੰਦਾ, ਤਦ ਵੀ ਜੜ੍ਹਾਂ
ਫੜ ਰਹੀ ਸਿੱਖ ਮੂਲਵਾਦੀ ਲਹਿਰ ਨੇ ਕੋਈ ਹੋਰ ਬਹਾਨਾ ਲੱਭ ਲੈਣਾ ਸੀ। ਲੇਕਿਨ ਆਰਥਿਕ ਅਤੇ ਰਾਜਨੀਤਕ
ਸੰਕਟ ਵਿਚ ਫਸੀਆਂ ਹਕੂਮਤਾਂ ਅਜਿਹੇ ਮਸਲਿਆਂ ਨੂੰ ਰੋਕਣ ਦੀ ਬਜਾਏ, ਭੜਕਾਉਣ ਦਾ ਸਮਾਂ ਅਤੇ ਸਾਧਨ
ਮੁਹੱਈਆ ਕਰਦੀਆਂ ਹੁੰਦੀਆਂ ਹਨ; ਭਾਵੇਂ ਇਹ ਸਿੱਖ-ਨਿਰੰਕਾਰੀ ਝਗੜਾ ਹੋਵੇ,
ਦਿੱਲੀ ਦੇ ਸਿੱਖ ਵਿਰੋਧੀ
ਦੰਗੇ ਹੋਣ, ਬਾਬਰੀ ਮਸਜਿਦ ਦਾ ਢਾਹਿਆ ਜਾਣਾ ਹੋਵੇ,
ਚਰਾਰੇ ਸ਼ਰੀਫ਼ ਤੇ ਹਜ਼ਰਤਬਲ ਦੀ ਘਟਨਾ
ਹੋਵੇ, ਗੁਜਰਾਤ ਦੇ ਮੁਸਲਿਮ ਵਿਰੋਧੀ ਦੰਗੇ ਹੋਣ,
ਉੜੀਸਾ ਵਿਚ ਇਸਾਈਆਂ ਉਪਰ ਹੁੰਦੇ ਆ ਰਹੇ ਲਗਾਤਾਰ
ਹਮਲੇ ਹੋਣ, ਛਤੀਸਗੜ੍ਹ ਵਿਚ ਸਲਵਾ ਜੂਡਮ ਹੋਵੇ ਜਾਂ ਪਿਛੇ ਜਿਹੇ ਹੀ ਪੰਜਾਬ ਅੰਦਰ ਸੱਚੇ ਸੌਦੇ,
ਨੂਰਮਹਿਲੀਏ, ਸੱਚਖੰਡ ਬੱਲਾਂ ਵਾਲੇ ਅਤੇ ਭਨਿਆਰੀਏੇ ਅਣਪੜ੍ਹ ਸਾਧ ਦੇ ਵਰਤਾਰੇ ਹੋਣ। ਦੇਖਣਾ ਇਹ
ਹੁੰਦਾ ਹੈ ਕਿ ਵਿਰੋਧ-ਲਹਿਰ ਜਥੇਬੰਦ ਕਰਨ ਵਾਲੀ ਧਿਰ ਇਹੋ ਜਿਹੀਆਂ ਹਕੂਮਤੀ ਜਾਂ ਅਵਾਰਾਗਰਦ ਅਨਸਰਾਂ
ਦੀਆਂ ਸਾਜ਼ਿਸ਼ਾਂ ਤੋਂ ਬਚਣ ਲਈ ਕਿਹੋ ਜਿਹੇ ਅਗਾਊਂ ਜਾਂ ਤੁਰਤ ਪੈਰੇ ਕਦਮ ਚੁੱਕਦੀ ਹੈ ਅਤੇ ਆਪਣੀ
ਲਹਿਰ ਵਿਚ ਜ਼ਾਬਤਾ ਰੱਖਣ ਤੇ ਇਸ ਨੂੰ ਵਾਜਬ ਠਹਿਰਾਉਣ ਵਿਚ ਕਿੰਨੀ ਕੁ ਕਾਮਯਾਬ ਰਹਿੰਦੀ ਹੈ?
ਅਜਮੇਰ ਸਿੰਘ ਵਰਗੇ ਲੇਖਕ ਜਿਵੇਂ ਇਨ੍ਹਾਂ ਘਟਨਾਵਾਂ ਦਾ ਵਖਿਆਨ ਕਰਦੇ ਹਨ, ਉਹ ਅੱਧੇ ਤੋਂ ਵੀ ਅਧੂਰਾ
ਸੱਚ ਹੁੰਦਾ ਹੈ। ਬਹੁਤੀ ਵਾਰੀ ਇਹ ਤੱਥਾਂ ਦੀ ਭੰਨਤੋੜ ਦਾ ਖੂਬਸੂਰਤੂ ਨਜ਼ਾਰਾ ਹੋ ਨਿਬੜਦਾ
ਹੈ। ਮਿਸਾਲ ਵਜੋਂ 1978 ਦੀ ਵਿਸਾਖੀ ਵਾਲੀ
ਘਟਨਾ ਨੂੰ ਹੀ ਲੈ ਲਈਏ। ਬਕੌਲ ਅਜਮੇਰ ਸਿੰਘ, ‘‘ਜਥੇ ਵਾਲੇ
ਸਿੰਘਾਂ ਕੋਲ ਕੋਈ ਮਾਰੂ ਹਥਿਆਰ ਨਹੀਂ ਸੀ। ਜਥੇ ਦਾ ਉਦੇਸ਼ ਸਮਾਗਮ ਦੇ ਪ੍ਰਬੰਧਕਾਂ ਨੂੰ ਸਿੱਖ ਕੌਮ
ਦੇ ਹੱਕੀ ਰੋਸ ਤੇ ਵਲੂੰਧਰੇ ਜਜ਼ਬਾਤ ਤੋਂ ਜਾਣੂ ਕਰਵਾਉਣਾ ਸੀ।
ਸਿਆਸੀ ਵਰਤਾਰਿਆਂ ਉਪਰ ਬਾਜ਼ ਅੱਖ ਰੱਖਣ ਵਾਲਾ ਤਾਂ ਕੀ, ਕੋਈ ਸਿਰੇ ਦਾ ਬੂਝੜ ਬੰਦਾ ਵੀ ਅੰਦਾਜ਼ਾ
ਲਗਾ ਸਕਦਾ ਹੈ ਕਿ ਕਿਸੇ ਵੀ ਧਿਰ ਵਲੋਂ ਲੱਖਾਂ ਦੀ ਗਿਣਤੀ ਵਿਚ ਇੱਕਠੇ ਕੀਤੇ ਸ਼ਰਧਾਲੂਆਂ ਦੇ
ਪ੍ਰਬੰਧਕਾਂ ਨੂੰ ਚੱਲ ਰਹੇ ਸਮਾਗਮ ਵਿਚ ਕਦਾਚਿਤ ਵੀ ਨਹੀਂ ਸਮਝਾਇਆ ਜਾ ਸਕਦਾ ਹੁੰਦਾ। ਹਾਂ ਜੇਕਰ ਉਹ
ਨਿਤਾਣੀ ਧਿਰ ਹੋਵੇ ਤਾਂ ਉਨ੍ਹਾਂ ਨੂੰ ਸਿਰਫ਼ ਡਾਂਗ ਦੇ ਜ਼ੋਰ ਨਾਲ ਖਦੇੜਿਆ ਜਾ ਸਕਦਾ ਹੁੰਦਾ ਹੈ।
ਸੰਤ ਜਰਨੈਲ ਸਿੰਘ ਅਤੇ ਅਖੰਡ ਕੀਰਤਨੀ ਜਥੇ ਦੇ ਕਾਰਕੁਨ ਵੀ ਬੇਹਥਿਆਰੇ ਨਹੀਂ ਸਨ ਅਤੇ ਟਕਸਾਲ ਦੇ
ਸ਼ਰਧਾਲੂ ਕਦੇ ਬੇਹਥਿਆਰੇ ਰਹੇ ਵੀ ਨਹੀਂ। ਉਹ ਬਾਕਾਇਦਾ ਰਵਾਇਤੀ ਅਤੇ ਬਾਰੂਦੀ ਹਥਿਆਰਾਂ ਨਾਲ ਲੈਸ
ਰਹਿੰਦੇ ਆ ਰਹੇ ਸਨ। ਇਸ ਲਈ ਉਨ੍ਹਾਂ ਦਾ ਮਤਲਬ ਪ੍ਰਬੰਧਕਾਂ ਨੂੰ ‘‘ਸਮਝਾਉਣਾ ਨਹੀਂ ਸੀਂ, ਸਗੋਂ
ਕੁੱਟਕੇ ਦਬੱਲਣਾ ਸੀ’’, ਵੈਸੇ ਉਨ੍ਹਾਂ ਤੋਂ ਖਤਾ ਇਹ ਹੋ ਗਈ ਕਿ ਟਕਸਾਲ ਨੇ ਆਪਣੇ ਸਿੰਘਾਂ ਅੰਦਰ
ਆਧੁਨਿਕ ਯੁੱਗ ਵਿਚ ਵੀ ਇਹ ਕੁੱਟ ਕੁੱਟ ਕੇ ਭਰਿਆ ਹੋਇਆ ਸੀ ਅਤੇ ਸਿੱਖ ਇਤਿਹਾਸ ਵਿਚੋਂ ਹਵਾਲੇ ਦੇ
ਦੇ ਕੇ ਅੱਜ ਵੀ ਇਹ ਚੇਤੇ ਕਰਵਾਇਆ ਜਾਂਦਾ ਹੈ ਕਿ ਇਕ ਇਕੱਲਾ ਖਾਲਸਾ ਤਾਂ ਸਵਾ ਸਵਾ ਲੱਖ ਵੈਰੀ ਨਾਲ
ਲੜਨ ਲਈ ਬਣਿਆ ਹੋਇਆ ਹੈ। ਦਸਮ ਪਿਤਾ ਦੀ ਬਾਣੀ ਦੀ ਇਹ ਟੂਕ ‘ਸਵਾ ਲਾਖ ਸੇ ਏਕ ਲੜਾਊਂ, ਤਬੈ ਗੋਬਿੰਦ
ਸਿੰਘ ਨਾਮ ਕਹਾਊਂ’ ਉਨ੍ਹਾਂ ਦੇ ਰੂਪਕ ਤੇ ਬਿੰਬ ਵਿਧਾਨ ਦਾ ਅਨੂਠਾ ਤੇ ਕੌਤਕੀ ਲੱਛਣ ਹੈ। ਬਾਣੀ
(ਕਿਸੇ ਵੀ ਕਵਿਤਾ) ਦੇ ਬਿੰਬ ਵਿਧਾਨ ਨੂੰ ਹੂਬਹੂ ਯਥਾਰਥ ਨਹੀਂ ਮੰਨਿਆ ਜਾਂਦਾ ਹੁੰਦਾ। ਇਕ ਸਿੰਘ ਦੇ
ਹਿੱਸੇ 35-35 ਹਿੰਦੂ ਆਉਣ ਵਾਲੀ ਗੱਲ ਵੀ ਉਪਰੋਕਤ ਦਬੱਲਣ ਵਾਲੀ ਮਾਨਸਿਕਤਾ ਦਾ ਮੰਤਕੀ ਸਿੱਟਾ ਹੈ।
ਸਵਾਲ ਸਿਰਫ਼ ਨਿਰੰਕਾਰੀਆਂ ਨੂੰ ਵਰਜਣ ਦਾ ਨਹੀਂ ਸੀ। ਸਵਾਲ ਤਾਂ ਉਸ ਜੱਟਵਾਦੀ ਫਤੂਰ/ਹੈਂਕੜ ਵਿਚ
ਪਿਆ ਸੀ ਕਿ ਇਹ ਚੂੜ੍ਹੇ-ਚਮਾਰ, ਸਿਰਗੁੰਮ ਅਤੇ ਪਤਿਤ ਸਿੱਖ ਸਾਡੇ ਮੂਹਰੇ ਚੀਜ਼ ਕੀ ਹਨ? ਬਸ ਤਲਵਾਰ
ਘੁੰਮਾਉਣ ਦੀ ਅਤੇ ਸਿੰਘਾਂ ਦੇ ਬੁੱਕਣ ਦੀ ਦੇਰ ਹੈ, ਕਿ ਗਿੱਦੜਾਂ ਵਾਗੂੰ ਇਨ੍ਹਾਂ ਦੀਆਂ ਪਦੀੜਾਂ ਪੈ
ਜਾਣਗੀਆਂ।
ਲੇਖਕ ਅੰਦਰਲੇ ਨਵੇਂ ਨਵੇਂ ਜਾਗੇ ਸ਼ਾਵਨਵਾਦੀ ਨਜ਼ਰੀਏ ਦੇ ਅਗਲੇ ਦਰਸ਼ਨ ਇਉਂ ਹੁੰਦੇ ਹਨ,‘‘ਲੋਹੜੇ
ਦੀ ਗੱਲ ਇਹ ਹੈ ਕਿ ਸਿੱਖਾਂ ਨਾਲ ਇਹ ਵਹਿਸ਼ੀ ਸਲੂਕ ਉਨ੍ਹਾਂ ਦੇ ਘਰ ਅੰਦਰ ਵੜ ਕੇ ਕੀਤਾ ਗਿਆ ਅਤੇ
ਉਹ ਵੀ ਉਦੋਂ ਜਦੋਂ ਪੰਜਾਬ ਅੰਦਰ ਅਕਾਲੀਆਂ ਦੀ ਆਪਣੀ ਹਕੂਮਤ ਸੀ ਅਤੇ ਕੇਂਦਰ ਵਿਚ ਵੀ ਉਹ ਸੱਤਾ ਵਿਚ
ਭਾਈਵਾਲ ਸਨ। (ਸਫਾ-306) ਕੀ ਅੰਮ੍ਰਿਤਸਰ ਸਾਹਿਬ ਸਿਰਫ ਸਿੱਖਾਂ ਦਾ ਘਰ ਹੈ? ਕੀ ਸ੍ਰੀ ਗੁਰੂ ਰਾਮਦਾਸ
ਜੀ ਨੇ ਇਸ ਨੂੰ ਸਿੱਖਾਂ ਲਈ ਰਾਖਵਾਂ ਰੱਖ ਕੇ ਵਸਾਇਆ ਸੀ? ਅਜਮੇਰ ਸਿੰਘ ਅਤੇ ਕਰਮਜੀਤ ਭਾਅ ਜੀ!
ਕਿਉਂ ਇਤਿਹਾਸ ਨਾਲ ਖਿਲਵਾੜ ਕਰ ਰਹੇ ਹਨ? ਅੰਮ੍ਰਿਤਸਰ ਦੀ ਤਾਂ ਗੱਲ ਹੀ ਛੱਡੋ,ਸਾਡੇ ਮਹਾਨ ਗੁਰੂਆਂ
ਨੇ ਤਾਂ ਹਰਿਮੰਦਰ ਸਾਹਿਬ ਨੂੰ ਵੀ ਸਿੱਖਾਂ ਲਈ ਰਾਖਵਾਂ ਨਹੀਂ ਸੀ ਬਣਨ
ਦਿੱਤਾ। ਇਹ ਲੋਕ ਕਿਉਂ
ਅੱਲੜ੍ਹ ਸਿੱਖ ਨੌਜਵਾਨਾਂ ਦੇ ਪੁੜਿਆਂ ਵਿਚ ਫਿਰਕੁ ਜ਼ਹਿਰ ਦੇ ਸੂਏ ਲਾ ਰਹੇ ਹਨ, ਕਿਉਂ ਉਨ੍ਹਾਂ ਦੇ
ਹਲ੍ਹਕਾਂ ਵਿਚ ਨਾਲਾਂ ਰਾਹੀਂ ਮਹੁਰਾ ਧੱਕ ਰਹੇ ਹਨ? ਕੀ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਸ੍ਰੀ
ਗੁਰੂ ਅਰਜਨ ਦੇਵ ਜੀ ਦੇ ਭਾਈ- ਭਤੀਜਿਆਂ-ਪੋਤਿਆਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਅੰਮ੍ਰਿਤਸਰ ਦੀ
ਜੂਹ ਵੀ ਨਹੀਂ ਸੀ ਵੜਨ ਦਿੱਤਾ। ਕੀ ਇਹ ਵੀ ਦੱਸਣਾ ਪਊ ਕਿ ਖਾਲਸੇ ਦੇ ਸਿਰਜਣਹਾਰ ਦਸਮ ਪਿਤਾ ਗੁਰੂ
ਗੋਬਿੰਦ ਸਿੰਘ ਆਪ ਕਦੀ ਅੰਮ੍ਰਿਤਸਰ ਨਹੀਂ ਗਏ। ਬੰਦਾ ਬਹਾਦਰ ਦੀ ਮਹਾਨ ਸ਼ਹੀਦੀ ਤੱਕ ਸਿੱਖਾਂ ਲਈ
ਕੋਈ ਵੀ ਇਕ ਵਿਸ਼ੇਸ਼ ਥਾਂ ਉੁਵੇਂ ਪਵਿੱਤਰ ਨਹੀਂ ਮੰਨਿਆ ਗਿਆ, ਜਿਵੇਂ ਮੁਸਲਮਾਨਾਂ ਲਈ ਮੱਕਾ ਅਤੇ
ਯਹੂਦੀਆਂ ਲਈ ਯੇਰੂਸਲਮ ਹੈ। ਭਾਈ ਗੁਰਦਾਸ ਜੀ ਤਾਂ ਸਿੱਖਾਂ ਲਈ ‘‘ ਘਰਿ ਘਰਿ ਅੰਦਰਿ ਧਰਮਸਾਲ
ਹੋਵੈ
ਕੀਰਤਨੁ ਸਦਾ ਵਿਸੋਆ’’ ਦੀ ਸੱਦ ਲਾਉਂਦੇ ਹਨ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਦੀ ਰਚਨਾ
ਨੂੰ ‘ਗੁਰਬਾਣੀ ਦੀ ਕੁੰਜੀ’ ਦਾ ਵਰਦਾਨ ਦਿੱਤਾ ਹੋਇਆ ਹੈ। ਫੇਰ ਅੰਮ੍ਰਿਤਸਰ ਸ਼ਹਿਰ ਇਕੱਲੇ ਸਿੱਖਾਂ
ਦਾ ਘਰ ਕਿਵੇਂ ਹੋ ਗਿਆ? ਕੀ ਉਨ੍ਹਾਂ ਨੂੰ ਪਤਾ ਹੈ ਕਿ ਅੰਮ੍ਰਿਤਸਰ ਸ਼ਹਿਰ ਦੀ ਅਬਾਦੀ ਵਿਚ ਸਿੱਖਾਂ
ਦੀ ਗਿਣਤੀ ਅੱਜ ਵੀ 40 ਫੀਸਦੀ ਤੋਂ ਵੱਧ ਨਹੀਂ ਹੈ। ਲੇਖਕ 1978 ਦੀ ਵਿਸਾਖੀ ਨੂੰ ਸਿੱਖ ਇਤਿਹਾਸ ਦਾ
ਮੋੜ ਬਿੰਦੂ ਬਣਾਉਣ ’ਤੇ ਤੁਲਿਆ ਹੋਇਆ ਹੈ। ਲੇਕਿਨ ਬਾਜ਼ ਅੱਖ ਰੱਖਣ ਵਾਲੇ ਪਾਠਕ ਜਾਣਦੇ ਹਨ ਕਿ
ਪੰਜਾਬੀਆਂ ਦੀ ਤਾਂ ਗੱਲ ਹੀ ਛੱਡ ਦੇਈਏ, ਇੱਕਲੇ ਸਿੱਖਾਂ ਨੇ ਵੀ ਉਦੋਂ ਸੰਤ ਜਰਨੈਲ ਸਿੰਘ
ਭਿੰਡਰਾਂਵਾਲੇ ਨੂੰ ਪਰਵਾਨ ਨਹੀਂ ਸੀ ਕੀਤਾ। ਖੁਦ ਲੇਖਕ ਮੁਤਾਬਕ ਵੀ ਮਾਰਚ 1979 ਦੀਆਂ ਸ਼੍ਰੋਮਣੀ
ਕਮੇਟੀ ਚੋਣਾਂ ਵਿਚ ਸੰਤ ਭਿੰਡਰਾਂਵਾਲੇ ਦੇ ਸਭ ਤੋਂ ਵੱਡੇ ਪੈਰੋਕਾਰ ਭਾਈ ਅਮਰੀਕ ਸਿੰਘ ਸਮੇਤ ਉਸ ਦੇ
ਸਾਰੇ ਦੇ ਸਾਰੇ ਉਮੀਦਵਾਰ ਵੋਟਾਂ ਦੇ ਵੱਡੇ ਵੱਡੇ ਫਰਕ ਨਾਲ ਹਾਰ ਗਏ ਸਨ। (ਸਫ਼ਾ-314) ਮੂੰਹ
ਲੁਕਾਉਣ ਲਈ ਉਹ ਇਸ ਹਾਰ ਦਾ ਭਾਂਡਾ ਨਿਰੰਕਾਰੀਆਂ ਸਿਰ ਭੰਨ੍ਹ ਕੇ ਸੁਰਖਰੂ ਹੋ ਕੇ ਬੈਠ ਜਾਂਦਾ ਹੈ।
ਕੀ ਸ੍ਰੀ ਅਕਾਲ ਤਖ਼ਤ ਤੋਂ ਹੁਕਮਨਾਮਾ ਜ਼ਾਰੀ ਕਰਕੇ ਛੇਕੇ ਹੋਏ ਨਿਰੰਕਾਰੀਆਂ ਨੂੰ ਅਜੇ ਵੀ ‘ਕਮੇਟੀ’
ਲਈ ਵੋਟਾਂ ਪਾਉਣ ਦਾ ਹੱਕ ਦੇ ਰੱਖਿਆ ਸੀ? ਲੇਕਿਨ ਉਹ ਇਹ ਦੱਸਣ ਵਿਚ ਚੁੱਪ ਕਿਉਂ ਵੱਟ ਗਿਆ ਕਿ
ਦਮਦਮੀ ਟਕਸਾਲ ਨੇ 1980 ਦੀਆਂ ਚੋਣਾਂ ਵਿਚ ਕਾਂਗਰਸੀ ਉਮੀਦਵਾਰਾਂ ਦੀ ਹਮਾਇਤ ਕਿਉਂ ਕੀਤੀ ਸੀ? ਜੂਨ
1984 ਦੇ ਖੂਨੀ ਕਾਰਨਾਮੇ ਵੇਲੇ ਦੇ ਪੁਲਿਸ ਮੁਖੀ ਪ੍ਰੀਤਮ ਸਿੰਘ ਭਿੰਡਰ ਦੀ ਪਤਨੀ ਸਵਰਗੀ ਸ੍ਰੀਮਤੀ
ਸੁਖਬੰਸ ਕੌਰ ਭਿੰਡਰ ਨੂੰ ਗੱਜਵੱਜ ਕੇ ਜਿਤਾਉਣ ਵਿਚ ‘ਦਮਦਮੀ ਟਕਸਾਲੀਆਂ’ ਦੀ ਕੀ ਭੂਮਿਕਾ ਸੀ?
ਅਜਮੇਰ ਸਿੰਘ ਅਨੁਸਾਰ 1980ਵਿਆਂ ਦੇ ਚੜ੍ਹਾਅ ਨਾਲ ਭਾਰਤੀ ਸਟੇਟ ਵਿਸ਼ੇਸ਼ ਕਰਕੇ ਇੰਦਰਾ ਗਾਂਧੀ ਵਿਚ
ਤਿੱਖੀ ਤਬਦੀਲੀ ਆਉਣੀ ਸ਼ੁਰੂ ਹੁੰਦੀ ਹੈ। ਉਹ ਕਹਿੰਦੇ ਹਨ, ‘‘ਇੰਦਰਾ ਗਾਂਧੀ ਨੇ ਕਾਂਗਰਸ ਪਾਰਟੀ ਦੀ
ਰਵਾਇਤੀ ਵਿਚਾਰਧਾਰਾ ਤੇ ਵਿਰਾਸਤ ਨਾਲੋਂ ਤਿੱਖਾ ਤੋੜ-ਵਿਛੋੜਾ ਕਰਦਿਆਂ ਹਿੰਦੂ ਕੱਟੜਵਾਦ ਦਾ ਆਸਰਾ
ਲੈਣ ਅਤੇ ਹਿੰਦੂ ਪੁਨਰਵਾਦ ਦੇ ਅਮਲ ਨੂੰ ਉਗਾਸਾ ਦੇਣ ਲਈ ਰਾਜਸੀ ਦਿਸ਼ਾ ਅਪਣਾ ਲਈ।(ਸਫਾ-320) ਇਸ
ਦਾ ਭਾਵ ਇਹ ਹੋਇਆ ਕਿ ਕਾਂਗਰਸ ਪਾਰਟੀ ਦੀ 1980 ਤੋਂ ਪਹਿਲਾਂ ਵਾਲੀ ਨੀਤੀ ਹਿੰਦੂ ਕੱਟੜਵਾਦੀ ਨਹੀਂ
ਸੀ ਅਤੇ ਹਿੰਦੂ ਪੁਨਰਵਾਦ ਨਾਲ ਇਸ ਦਾ ਕੋਈ ਸਰੋਕਾਰ ਨਹੀਂ ਸੀ। ਇਥੇ ਲੇਖਕ ਜੀ ਇਕ ਵਾਰ ਫੇਰ
ਆਪਾ-ਵਿਰੋਧਾਂ ਵਿਚ ਫਸ ਗਏ ਹਨ। ਉਹ ਪਹਿਲਾਂ ਅਨੇਕਾਂ ਵਾਰ ਲਿਖ ਆਏ ਹਨ ਕਿ ਮਹਾਤਮਾ ਗਾਂਧੀ ਤੋਂ ਲੈ
ਕੇ ਜਵਾਹਰ ਲਾਲ ਨਹਿਰੂ ਸਮੇਤ ਇੰਦਰਾ ਗਾਂਧੀ ਦੇ, ਸਾਰੇ ਹੀ ਸਿੱਖ ਕੌਮ ਦੀ ਨਿਆਰੀ ਹਸਤੀ ਨੂੰ ਖ਼ਤਮ
ਕਰਕੇ ਹਿੰਦੂਵਾਦ ਦੇ ਖਾਰੇ ਸਮੁੰਦਰ ਵਿਚ ਜਜ਼ਬ ਕਰਨਾ ਚਾਹੁੰਦੇ ਸਨ, ਕਿ ਉਹ ਹਮੇਸ਼ਾਂ ਹੀ ਢਿੱਡੋਂ
ਕੱਟੜ ਹਿੰਦੂ ਫਿਰਕਾਪ੍ਰਸਤ ਰਹੇ ਹਨ। ਹੋਰ ਸੁਣੋ, ‘‘ਇੰਦਰਾ ਗਾਂਧੀ ਆਪਣੀ ਯੁੱਧਨੀਤਿਕ ਵਿਉਂਤ ਤਹਿਤ
ਸਿੱਖ ਪੰਥ ਅੰਦਰ ਗਰਮ ਖਿਆਲੀ ਧਾਰਾ ਨੂੰ ਇਕ ਹੱਦ ਤੱਕ ਖੁੱਲ੍ਹਾ ਵਗਣ ਦੇਣ ਦਾ ਸੁਚੇਤ ਪੈਂਤੜਾ ਅਪਣਾ
ਕੇ ਚੱਲ ਰਹੀ ਸੀ। (ਸਫਾ-364) ਇਸ ਧਾਰਾ ਨੂੰ ਤਕੜਾਈ ਹਾਸਲ ਕਰ ਲੈਣ ਦੀ ਛੋਟ ਦੇ ਰੱਖਣੀ ਇੰਦਰਾ
ਗਾਂਧੀ ਦੇ ਫਿਰਕੂ ਮਨੋਰਥਾਂ ਦੇ ਪੂਰੀ ਤਰ੍ਹਾਂ ਸੂਤ ਬਹਿੰਦਾ ਸੀ।(ਸਫਾ 385) ਇੰਦਰਾ ਗਾਂਧੀ ਨੇ
ਆਪਣੀਆਂ ਪੰਥ ਦੋਖੀ ਨੀਤੀਆਂ ਤੇ ਕਾਰਿਆਂ ਨਾਲ ‘ਖੌਲਦੀ ਕੜਾਹੀ’ ਹੇਠਾਂ ਬਲ ਰਹੀ ਅੱਗ ਦਾ ਸੇਕ ਮੱਠਾ
ਨਹੀਂ ਪੈਣ ਦਿੱਤਾ (ਸਫਾ 386) ਲੇਖਕ ਦੀਆਂ ਇਨ੍ਹਾਂ ਟੂਕਾਂ ਵਿਚੋਂ ਦੋ ਸਿੱਟੇ ਨਿਕਲਦੇ ਹਨ। ਪਹਿਲਾ,
ਪੰਜਾਬ ਅੰਦਰ ਜੋ ਕੁਝ ਵੀ ਵਾਪਰਿਆ, ਉਹ ਸਾਰੀ ਇੰਦਰਾ ਗਾਂਧੀ ਦੀ ਕਾਰਸਤਾਨੀ ਸੀ, ਦੂਜਾ ਸੰਤ
ਭਿੰਡਰਾਂਵਾਲੇ ਅਤੇ ਉਸ ਦੇ ਚੇਲੇ ਬੀਬੀ ਦੇ ਇਸ਼ਾਰਿਆਂ ’ਤੇ ਨੱਚਣ ਵਾਲੀਆਂ ਕਠਪੁਤਲੀਆਂ ਮਾਤਰ ਸਨ।
ਇੰਦਰਾ ਗਾਂਧੀ ਦੇ ਇਕ ਖਾਸ ਸਿਪਾਹ-ਸਾਲਾਰ ਤਤਕਾਲੀ ਪੁਲਿਸ ਮੁਖੀ ਭਿੰਡਰ ਨੇ ਕਿਸੇ ਮੁਲਾਕਾਤ ਵਿਚ
ਦੱਸਿਆ ਸੀ ਕਿ ਉਪਰੋਂ ਮਿਲੇ ਹੁਕਮਾਂ ਮੁਤਾਬਕ ਪੁਲਿਸ ਬਲਾਂ ਨੂੰ ਫਰਵਰੀ 1982 ਤੱਕ ਦਰਬਾਰ ਸਾਹਿਬ
ਵਿਚ ਆਉਂਦੇ-ਜਾਂਦੇ ਕਾਰ ਸੇਵਾ ਵਾਲੇ ਟਰੱਕਾਂ ਤੇ ‘ਧਰਮੀ ਯੋਧਿਆਂ’ ਦੀ ਤਲਾਸ਼ੀ ਲੈਣ ਤੋਂ ਵਰਜਿਆ
ਹੋਇਆ ਸੀ।(ਹਵਾਲਾ ਪਤਵੰਤ ਸਿੰਘ ਤੇ ਹਰਜੀ ਮਲਿਕ ਦੀ ਕਿਤਾਬ ਵਿਚੋਂ)
ਲੇਖਕ ਨੇ ਅਨੇਕਾਂ ਤਰ੍ਹਾਂ ਦੀਆਂ ਦਲੀਲਾਂ ਦੇ ਕੇ ਖਾੜਕੂ ਧਿਰਾਂ ਅਤੇ ਹਕੂਮਤ ਵਿਚਕਾਰਲੇ ਰਿਸ਼ਤੇ
ਨੂੰ ਢਕਣ ਦੀ ਕੋਸ਼ਿਸ਼ ਕੀਤੀ ਹੈ। ਜੇਕਰ ਲੇਖਕ ਦੀਆਂ ਦਲੀਲਾਂ ਨੂੰ ਠੀਕ ਵੀ ਮੰਨ ਲਈਏ ਤਾਂ ਇਹ ਕਿਸੇ
ਵੀ ਲੜਾਕੂ ਧਿਰ ਦੀ ਦਿਮਾਗੀ ਕੌਸ਼ਲਤਾ ਦੀ ਪਰਖ ਦੀਆਂ ਘੜੀਆਂ ਹੁੰਦੀਆਂ ਹਨ ਕਿ ਉਨ੍ਹਾਂ ਨੇ ਆਪਣੇ
ਸੰਘਰਸ਼ ਨੂੰ ਕਿਸ ਦਿਸ਼ਾ ਵਿਚ, ਕਿਸ ਦੇ ਵਿਰੁਧ ਅਤੇ ਕਿਹੜੀ ਮੰਜ਼ਲ ਤੱਕ ਲੈ ਕੇ ਜਾਣਾ ਹੈ। ਲੜਨ ਦਾ
ਮਤਲਬ ਕਦੇ ਵੀ ਖੁਦਕੁਸ਼ੀ ਕਰਨਾ ਨਹੀਂ ਹੁੰਦਾ। ਲੇਖਕ ਨੇ ਤਾਂ ਮਾਓ-ਜੇ-ਤੁੰਗ ਦੀ ਛਾਪਾਮਾਰ ਯੁੱਧ ਦੀ
ਰਣਨੀਤੀ ਨੂੰ ਘੋਟ ਘੋਟ ਕੇ ਪੀਤਾ ਹੋਇਆ ਹੈ, ਫੇਰ ਉਹ ਸਿੱਖਾਂ ਦੇ ‘‘ਮਹਾਨ ਜਰਨੈਲੂ ਦੀਆਂ ਜੰਗੀ
ਨੀਤੀਆਂ ਦੀ ਕਿਸ ਆਧਾਰ ’ਤੇ ਜੈ ਜੈਕਾਰ ਕਰ ਰਿਹਾ ਹੈ?
ਅਜਮੇਰ ਸਿੰਘ ਸੰਤ ਜਰਨੈਲ ਸਿੰਘ ਅਤੇ ਉਸ ਦੇ ਪੈਰੋਕਾਰਾਂ ਦਾ ਜਿਹੋ ਜਿਹਾ ਵੀ ਜਸ ਗਾਇਨ ਕਰਨਾ
ਚਾਹੁੰਦਾ ਹੈ, ਜੀ ਸਦਕੇ ਕਰੇ। ਇਹ ਉਸ ਦਾ ਜਮਹੂਰੀ ਹੱਕ ਹੈ ਅਤੇ ਮੈਂ ਉਸ ਦੇ ਇਸ ਹੱਕ ਦੀ ਸਵਾਈ
ਹਮਾਇਤ ਕਰਦਾ ਹਾਂ ਪਰ ਜਦੋਂ ਉਹ ਇਹ ਦਾਅਵਾ ਕਰਦਾ ਹੈ ਕਿ ‘‘ਰਾਜਨੀਤਕ ਮੰਚ ਉਪਰ ਸੰਤ ਜਰਨੈਲ ਸਿੰਘ
ਦੀ ਆਮਦ ਨੇ ਹਿੰਦੂ ਹਾਕਮਾਂ ਦੀ ਸਮੁੱਚੀ ਮੰਚਕਲਾ ਨੂੰ ਬਿਖੇਰ ਕੇ ਰੱਖ ਦਿੱਤਾ।(ਸਫ਼ਾ 387) ਇਹ
ਅਜ਼ਾਦ ਭਾਰਤ ਦੇ ਇਤਿਹਾਸ ਅੰਦਰ ਕਿਸੇ ਘੱਟਗਿਣਤੀ ਵਰਗ ਦੇ ਆਗੂ ਵੱਲੋਂ ਏਨਾ ਖੁੱਲ੍ਹਮ-ਖੁੱਲ੍ਹਾ
ਬਾਗ਼ੀਆਨਾ ਰੁਖ਼ ਅਖਤਿਆਰ ਕਰ ਲੈਣ ਦੀ ਇਹ ਆਪਣੀ ਕਿਸਮ ਦੀ ਪਹਿਲੀ ਤੇ ਨਿਵੇਕਲੀ ਘਟਨਾ ਸੀ।
ਘੱਟਗਿਣਤੀ ਧਰਮ ਦੇ ਕਿਸੇ ਆਗੂ ਨੇ ਦੇਸ ਦੇ ਹਿੰਦੂ ਹਾਕਮਾਂ ਨੂੰ ਤੇ ਉਨ੍ਹਾਂ ਦੀ ਪਿੱਠ ’ਤੇ
ਖਲੋਤੀਆਂ ਹਿੰਦੂ ਤਾਕਤਾਂ ਨੂੰ ਇਸ ਕਦਰ ਰੜੇ ਮੈਦਾਨ ਲਲਕਾਰਨ ਦੀ ਜੁਰਅਤ ਨਹੀਂ ਸੀ ਕੀਤੀ
(ਸਫ਼ਾ 388)
ਤਾਂ ਰੋਣ ਨੂੰ ਦਿਲ ਕਰਦਾ ਹੈ ਅਜਮੇਰ ਵੀਰੇ, ਸੰਤ ਜਰਨੈਲ ਸਿੰਘ ਨੇ ਹਾਕਮਾਂ ਨੂੰ ਰੜੇ ਮੈਦਾਨ ਨਹੀਂ
ਸੀ ਲਲਕਾਰਿਆ। ਵੀਰ ਅਵਤਾਰ ਸਿੰਘ ਫਗਵਾੜਾ ਦੀ ਦਲੀਲ ਵੀ ਇਹੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਰਗੇ
ਮੁਕੱਦਸ ਸਥਾਨ ਦੀ ਓਟ ਲੈਣੀ ਰੜਾ ਮੈਦਾਨ ਨਹੀਂ ਸੀ। ਨਾ ਹੀ ਇਹ ਇਤਿਹਾਸ ਦੀ ਨਿਵੇਕਲੀ ਤੇ ਵਚਿੱਤਰ
ਘਟਨਾ ਸੀ। ਨਾਗਾ ਆਗੂ ਜ਼ੇਡ.ਏ. ਫਿਜ਼ੋ ਅਤੇ ਮਿਜ਼ੋ ਆਗੂ ਲਾਲਡੇਂਗਾ ਇਹ ਕੰਮ ਦਹਾਕਿਆਂ ਬੱਧੀ ਕਰਦੇ
ਰਹੇ ਹਨ। ਕਸ਼ਮੀਰੀਆਂ ਨੇ ਤਾਂ ਭਾਰਤੀ ਧਾੜਵੀਆਂ ਨੂੰ ਸੱਚੀਓਂ ਹੀ ਰੜੇ ਮੈਦਾਨ ਵਿਚ ਵੰਗਾਰਿਆ ਹੈ।
ਮਾਓਵਾਦੀਆਂ ਨੇ ਕੋਰਾਪੁਟ, ਸੁਰੰਦਾ, ਜਹਾਨਾਬਾਦ, ਸੰਕਰੇਲ, ਈਰਾਬੋਰਾ, ਰਾਨੀਬੋਦਲੀ, ਸਿਲਦਾ,
ਦਾਂਤੇਵਾੜਾ, ਨਿਆਏਗੜ੍ਹ ਆਦਿ ਸੈਂਕੜੇ ਥਾਂਵਾਂ ’ਤੇ ਹਕੂਮਤੀ ਧਾੜਾਂ ਨੂੰ ਮਿੱਟੀ ਵਿਚ ਮਿਲਾ ਕੇ ਰੱਖ
ਦਿੱਤਾ ਹੈ। ਹਾਂ, ਉਨ੍ਹਾਂ (ਅਜਮੇਰ ਸਿੰਘ) ਦੀ ਆਪਣੀ ਗੱਲ ਅਲੱਗ ਹੈ ਕਿ ਉਹ ਫਰਵਰੀ 1992 ਦੀਆਂ
ਚੋਣਾਂ ਦੇ ਬਾਈਕਾਟ ਦਾ ਨੀਤੀ ਬਿਆਨ ਲਿਖਣ ਤੋਂ ਅੱਗੇ ਨਹੀਂ ਜਾ ਸਕੇ ਅਤੇ ‘ਰੰਗਰੇਟੇ ਵੀਰ’ ਕਾਮਰੇਡ
ਕੇਸਰ ਸਿੰਘ ਦੀ ਸ਼ਾਨਾਮੱਤੀ ਸ਼ਹਾਦਤ ਤੋਂ ਬਾਅਦ, ‘ਪੱਥਰਾਂ ਦੇ ਸ਼ਹਿਰ’ ਜੋਗੇ ਹੀ ਰਹਿ ਗਏ। ਜਦੋਂ
ਉਨ੍ਹਾਂ 10 ਦਸੰਬਰ 2002 ਨੂੰ ਆਪਣੀ ਪਹਿਲੀ ਕਿਤਾਬ ਦੇ ਮੁਢਲੇ ਦੋ ਪੰਨੇ ਅਤਿ ਦੇ ਕਾਵਿਮਈ ਅੰਦਾਜ਼
ਵਿਚ ਆਪਣੀ ਮਾਤਾ ਜੀ ਦੇ ਨਾਮ ਸਮਰਪਿਤ ਕਰਕੇ ਮਾਂ ਦੇ ਦੁੱਧ ਦਾ ਕਰਜ਼ਾ ਲਾਹੁਣ ਦਾ ਦਾਅਵਾ ਕੀਤਾ ਸੀ
ਤਾਂ ਮੇਰੇ ਵਰਗੇ ਸੱਭੇ ਪਾਠਕਾਂ ਨੂੰ ਅੰਤਾਂ ਦੀ ਖ਼ੁਸ਼ੀ ਹੋਈ ਸੀ। ਇਹ ਬਹੁਤ ਵੱਡੀ ਗੱਲ ਹੈ ਕਿਉਂਕਿ
ਇਸ ਕਾਇਨਾਤ ਵਿਚ ਮਾਂ ਤੋਂ ਵੱਡੀ ਹੋਰ ਕੋਈ ਸ਼ੈਅ ਨਹੀਂ ਹੁੰਦੀ। ਲੇਕਿਨ ਕੀ ਉਨ੍ਹਾਂ ਕਦੇ ਆਪਣੇ
ਸ਼ਰਧਾਲੂ ਸ਼ਹੀਦ ਖੁਸ਼ਵਿੰਦਰ ਸਿੰਘ ਦੀ ਮਾਂ ਦੇ ਦਰਦ ਨੂੰ ਸਮਝਣ ਦੀ ਭੋਰਾ ਭਰ ਵੀ ਕੋਸ਼ਿਸ਼ ਕੀਤੀ
ਸੀ,ਜਿਹੜੀ ਸੱਚੀਓਂ ਹੀ ਆਪਣੇ ‘ਪੂਰਨ’ਪੁੱਤ ਦੇ ਵਿਯੋਗ ਵਿਚ ਮਾਂ ਇੱਛਰਾਂ ਵਾਂਗ ਅੰਨ੍ਹੀ ਹੋ ਕੇ
ਅੰਬਰਾਂ ਤੋਂ ਉਚੇ ਵੈਣ ਪਾਉਂਦੀ, ਕੰਧਾਂ ਵਿਚ ਟੱਕਰਾਂ ਮਾਰਦੀ ਹੋਈ ਅਤੇ ਆਪਣੇ ਪਿਆਰੇ ‘ਪੂਰਨ’ ਦੀ
ਭਾਲ ਵਿਚ ਰੱਬ ਨੂੰ ਪਿਆਰੀ ਹੋ ਗਈ ਸੀ। ਕੀ ਉਨ੍ਹਾਂ ਖੁਸ਼ਵਿੰਦਰ ਸਿੰਘ ਅਤੇ ਕੇਸਰ ਸਿੰਘ ਦੇ
ਪਰਿਵਾਰਾਂ ਦੀ ਡੰਗੋਰੀ ਬਣਨ ਦਾ ਵੀ ਕੋਈ ਜਤਨ ਕੀਤਾ ਹੈ? ਕੀ ਇਕੱਲੀ ਆਪਣੀ ਸਕੀ ਮਾਂ ਦਾ ਕਰਜ਼
ਉਤਾਰਨ ਨਾਲ ਹੀ ਸੁਰਖ਼ਰੂ ਹੋ ਜਾਈਦਾ ਹੁੰਦਾ ਹੈ? ਕਿਸੇ ਵੇਲੇ ਮੇਰੇ ਗੁਆਂਢ ਵਿਚ ਵਸਦਾ ਰਿਹਾ ਸ਼ਹੀਦ
ਕੇਸਰ ਸਿੰਘ ਦਾ ਭਣੋਈਆ ਸ਼ੇਰ ਸਿੰਘ ਜਦੋਂ ਅਜਮੇਰ ਸਿੰਘ ਬਾਰੇ ਗੱਲਾਂ ਕਰਦਿਆ ਹੋਇਆ, ਉਸਨੂੰ ਸਰਾਪ
ਦੇਣ ਦੀ ਮੁਦਰਾ ਵਿਚ ਆ ਜਾਂਦਾ ਸੀ, ਤਾਂ ਮਰਮਰੀ ਪੱਥਰਾਂ ਵਿਚ ਨਾਂ ਉਕਰਵਾਉਣ ਦੇ ਚਾਹਵਾਨ ਲੇਖਕ ਉਪਰ
ਤਰਸ ਆਉਣ ਲੱਗਦਾ ਹੈ!
ਹਿੰਦੂਆਂ ਦੇ ਕਤਲਾਂ ਦੀ ਪੈਰਵਾਈ
ਲੇਖਕ ਦੀ ਪਹਿਲੀ ਕਿਤਾਬ ਦਾ ਉਚਤਮ ਬਿੰਦੂ ਸੰਤ ਜਰਨੈਲ ਸਿੰਘ ਵੱਲੋਂ ਸਾਧਾਰਨ ਹਿੰਦੂਆਂ ਦੇ ਕਤਲ ਦੀ
ਵਕਾਲਤ ਦੀ ਪੈਰਵਾਈ ਕਰਨਾ ਹੈ। ਲੇਖਕ ਦਾ ਆਪਣਾ ਮੱਤ ਵੀ ਇਹੀ ਜਾਪਦਾ ਹੈ ਕਿ ਹਿੰਦੂਆਂ ਦੇ ਕਤਲ ਕਰਨ
ਨਾਲ ਹੀ ਦਿੱਲੀ ਦੇ ਹਿੰਦੂ ਹਾਕਮਾਂ ਨੂੰ ਚੋਭ ਲਾਈ ਜਾ ਸਕਦੀ ਹੈ। ਅਜਮੇਰ ਸਿੰਘ ਸੰਤਾਂ ਦੇ ਇਕ
ਭਾਸ਼ਣ ਵਿਚੋਂ ਹਵਾਲਾ ਦਿੰਦੇ ਹਨ, ‘‘ਇਕ ਇਕ ਸਿੱਖ ਨੂੰ ਸਿਰਫ਼ 35-35 ਹਿੰਦੂ ਆਉਂਦੇ ਹਨ, ਇਸ ਤੋਂ
ਇਕ ਵੀ ਵੱਧ ਨਹੀਂ। (ਸਫ਼ਾ-389) ਅਜਮੇਰ ਸਿੰਘ ਇਸ ਨਵੀਂ ਲੱਭੀ ਲੀਹ ਦੀ ਵਡਿਆਈ ਕਰਦੇ ਲਿਖਦੇ ਹਨ,
‘‘ਸੰਤ ਜਰਨੈਲ ਸਿੰਘ ਨੂੰ ਇਸ ਨਿਰਣੇ ’ਤੇ ਅਪੜਨ ਵਿਚ ਦੇਰ ਨਹੀਂ ਲੱਗੀ ਕਿ ਹਿੰਦੂ ਹਾਕਮ ਜੇ ਕਿਸੇ
ਗੱਲ ਦੀ ਪੀੜ ਮੰਨ ਸਕਦੇ ਹਨ ਤਾਂ ਉਹ ਸਿਰਫ਼ ਹਿੰਦੂਆਂ ਦਾ ਮਾਰਿਆ ਜਾਣਾ ਹੀ ਹੈ। ਸਿੱਖਾਂ ਦੀਆਂ
ਮੌਤਾਂ ਦੀ ਉਨ੍ਹਾਂ ਨੂੰ ਉਕਾ ਹੀ ਕੋਈ ਪਰਵਾਹ ਨਹੀਂ ਸੀ। (ਸਫ਼ਾ 391)
ਅਜਮੇਰ ਸਿੰਘ ਜੀ ਜ਼ਰਾ ਦੱਸਣਗੇ ਕਿ ਕੋਈ ਮਨੁੱਖ ਭਾਵੇਂ ਕਿੰਨਾ ਹੀ ਬਲਵਾਨ ਕਿਉਂ ਨਾ ਹੋਵੇ, ਕੀ ਉਹ
35-35 ਬੰਦਿਆਂ ਦਾ ਮੁਕਾਬਲਾ ਕਰ ਸਕਦਾ ਹੈ? (ਹੁਣ ਆਪਾਂ ਹਿੰਦੂ ਮਿਥਿਹਾਸ ਅਤੇ ਹਿੰਦੀ ਫ਼ਿਲਮਾਂ ਦੇ
ਸਟੰਟਾਂ ਦੀ ਗੱਲ ਨਹੀਂ ਕਰ ਰਹੇ) ਹਾਂ, ਨਿਰਦੋਸ਼ ਲੋਕਾਂ ਨੂੰ ਬੰਦੂਕਾਂ ਨਾਲ ਜ਼ਰੂਰ ਭੁੰਨਿਆ ਜਾ
ਸਕਦਾ ਹੈ ਅਤੇ ਉਹ ਵੀ ਇਕੱਲੀ ’ਕਹਿਰੀ ਘਟਨਾ ਅੰਦਰ। ਦੂਜਾ, ਕੀ ਕਦੇ ਇਤਿਹਾਸ ਅੰਦਰ ਕਿਸੇ ਵੀ ਦੇਸ਼
ਦੇ ਹਾਕਮਾਂ ਨੇ ਆਮ ਲੋਕਾਂ ਦੇ ਕਤਲਾਂ ਦੀ ਪੀੜ ਮੰਨੀ ਹੈ? ਬੀਬੀ ਇੰਦਰਾ ਨੇ ਤਾਂ ਮੰਨੀ ਨਹੀਂ, ਨਾ
ਹੀ ਉਸ ਦੇ ਕੋੜਮੇ ਦੇ ਕਿਸੇ ਹੋਰ ਜੀਅ ਨੇ ਮੰਨੀ ਹੈ। ਤੀਜਾ, ਕੀ ਕਿਸੇ ਕੌਮ ਦੇ ‘ਰਹਿਬਰ’ ਨੂੰ ਆਪਣੇ
ਹਮਧਰਮੀਆਂ ਅਤੇ ਹਮਕੌਮੀਆਂ ਦੇ ਮਰਨ ਦੀ ਉਕਾ ਹੀ ਪਰਵਾਹ ਨਹੀਂ ਹੁੰਦੀ? ਜੇ ਨਹੀਂ ਹੁੰਦੀ, ਤਾਂ
ਉਸ ਨੂੰ ਰਹਿਬਰ ਦਾ ਰੁਤਬਾ ਦੇਣ ਲਈ ਕੋਈ ਹੋਰ ਆਧਾਰ ਲੱਭਣੇ ਚਾਹੀਦੇ ਹਨ। ਜੇ ਸਾਰਿਆਂ ਨੂੰ ਮਰਵਾ ਕੇ
ਹੀ ਰੂਹ ਨੂੰ ਚੈਨ ਮਿਲਣਾ ਹੈ, ਫੇਰ ਕੌਮੀ ਘਰ ਕਾਹਦੇ ਅਤੇ ਕੀਹਦੇ ਲਈ ਹਾਸਲ ਕਰਨਾ ਹੈ? ਅਜਿਹੇ
ਸੰਘਰਸ਼ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ। ਸਿੱਖ ਗੁਰੂ ਸਾਹਿਬਾਨ ਨੇ ਤਾਂ ਕਦੇ ਵੀ ਅਜਿਹੀ ਲੀਹ
ਫੜਨ ਦੀ ਸਿੱਖਿਆ ਨਹੀਂ ਦਿੱਤੀ ਸੀ।
ਲੱਗਦਾ ਹੈ ਕਿ ਅਜਮੇਰ ਸਿੰਘ ਗੱਲ ਨੂੰ ਤੋੜ ਚੜ੍ਹਾ ਕੇ ਹੀ ਦਮ ਲੈਣਗੇ। ਲਓ ਸੁਣੋ: ‘‘ਸੰਤ ਜਰਨੈਲ
ਸਿੰਘ ਭਿੰਡਰਾਂਵਾਲੇ ਨੂੰ ਆਪਾ-ਬਚਾਓ ਲਈ ਇਸ ਕਾਰਗਰ ਹਥਿਆਰ (ਭਾਵ ਬੇਗੁਨਾਹ ਹਿੰਦੂਆਂ ਦੇ ਕਤਲਾਂ)
ਦੀ ਸੁਚੇਤ ਪੱਧਰ ’ਤੇ ਵਰਤੋਂ ਕਰਨ ਦੀ ਯੁੱਧਮਤ ਸੁਝਾਅ ਦਿੱਤੀ...ਯਕੀਨਨ ਹੀ ਇਹ ਸਿੱਖ ਸੰਘਰਸ਼ ਅੰਦਰ
ਸ਼ਾਮਲ ਹੋਇਆ ਇਕ ਅਸਲੋਂ ਹੀ ਨਵਾਂ ਅੰਸ਼ ਸੀ, ਜਿਸ ਨੇ ਸਿੱਖ ਕੌਮ ਦੀ ਹਿੰਦੂ ਹਾਕਮਾਂ ਨਾਲ ਟੱਕਰ
ਨੂੰ ਇਕ ਨਵਾਂ ਆਯਾਮ ਦੇ ਦਿੱਤਾ ਅਤੇ ਇਸ ਦੇ ਅਸਰ ਬਹੁਤ ਹੀ ਗਹਿਰੇ ਅਤੇ ਦੂਰਗਾਮੀ ਹੋ ਨਿਬੜੇ।(ਸਫ਼ਾ
391)
ਇਸ ਨਵੇਂ ਸਜੇ ਖਾਲਸਾ ਜੀ ਦੀਆਂ ਜੰਗੀ ਨੀਤੀਆਂ ਦੇ ਬਲਿਹਾਰੇ ਜਾਣ ਨੂੰ ਦਿਲ ਕਰਦਾ ਹੈ!! ਹੁਣ ਜ਼ਰਾ
ਉਸ ਦ੍ਰਿਸ਼ ਦੀ ਕਲਪਨਾ ਕਰੋ,ਜਦੋਂ ਭਾਈ ਕਨ੍ਹਈਆ ਜੀ, ਜ਼ਖ਼ਮੀ ਮੁਗ਼ਲ ਸਿਪਾਹੀਆਂ ਨੂੰ ਵੀ ਪਾਣੀ
ਪਿਲਾ ਰਿਹਾ ਸੀ ਅਤੇ ਚੋਜੀ ਪ੍ਰੀਤਮ ਉਸ ਦੇ ਇਸ ਕਰਮ ਉਪਰ ਅਸ਼-ਅਸ਼ ਕਰ ਉਠੇ ਸਨ। ਇਹ ‘ਇਲਾਹੀ ਨਦਰਿ’
ਦੀ ਲਿਸ਼ਕੋਰ ਹੀ ਸੀ, ਜਿਸਨੇ ਸਰਹਿੰਦ ਦੇ ਨਵਾਬ ਦੇ ਮੁਲਾਜ਼ਮ ਭਾਈ ਮੋਤੀ ਰਾਮ ਮਹਿਰੇ ਨੂੰ ਇੰਨਾ
ਵੱਡਾ ਖ਼ਤਰਾ ਸਹੇੜਨ ਅਤੇ ਸ਼ਹੀਦੀ ਜਾਮਾ ਪੀਣ ਦਾ ਬਲ ਬਖ਼ਸ਼ ਦਿੱਤਾ ਸੀ। ਇਹ ਵੀ ਕ੍ਰਿਸ਼ਮੇ ਤੋਂ
ਘੱਟ ਨਹੀਂ ਸੀ ਕਿ ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖ਼ਾਨ ਹਾਕਮਾਂ ਦੀ ਭਰੀ ਸਭਾ ’ਚੋਂ ਉਠ ਆਇਆ
ਸੀ।ਵਹਿਸ਼ਤ ਦੇ ਉਸ ਕੁਲਿਹਣੇ ਦੌਰ ਵਿਚ ਵੀ ਦੀਵਾਨ ਟੋਡਰ ਮੱਲ ਵਰਗੀਆਂ ਰੂਹਾਂ ਮਰੀਆਂ ਨਹੀਂ ਸਨ
ਜਿਨ੍ਹਾਂ ਨੇ ਆਪਣੀ ਸਾਰੀ ਦੌਲਤ ਛੋਟੇ ਸਾਹਿਬਜਾਦਿਆਂ ਦੇ ਸਸਕਾਰ ਲਈ ਦੋ ਗਜ਼ ਜਮੀਨ ਖਰੀਦਣ ਲਈ
ਕੁਰਬਾਨ ਕਰ ਦਿੱਤੀ ਸੀ। ਇਹ ਉਹ ਲੋਕ ਸਨ, ਜਿਨ੍ਹਾਂ ਲਈ ਦਸਮ ਪਿਤਾ ਨੇ ਕਿਹਾ ਸੀ, ‘‘ਇਨ ਹੀ ਕੀ
ਕਿਰਪਾ ਸੇ ਸਜੇ ਹਮ ਹੈਂ, ਨਹੀਂ ਮੋ ਸੇ ਗਰੀਬ ਕਰੋਰ ਪਰੇ।
ਸਿੱਖੀ ਕਿਸੇ ਮਜ਼ਲੂਮ ਦੇ ਕਤਲ ਕਰਨੇ ਨਹੀਂ ਸਿਖਾਉਂਦੀ। ਇਹ ਤਾਂ ਘਰ ਆਏ ਵੈਰੀ ਨੂੰ ਵੀ ਗ਼ਲ ਲਾਉਣ
ਦੀ ਪ੍ਰੇਰਨਾ ਦਿੰਦੀ ਹੈ। ਸਾਦੇ ਕੱਪੜਿਆਂ ਵਿਚਲੇ ਪੁਲਿਸ ਅਫ਼ਸਰ ਅਵਤਾਰ ਸਿੰਘ ਅਟਵਾਲ ਨੂੰ ਦਰਬਾਰ
ਸਾਹਿਬ ਦੀ ਦਰਸ਼ਨੀ ਡਿਊੜੀ ਦੇ ਬਾਹਰ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ‘ਪ੍ਰਗਟ ਗੁਰਾਂ ਕੀ
ਦੇਹ’ ਅੱਗੇ ਨਤਮਸਤਕ ਹੋਏ ਨੂੰ ਕਤਲ ਕਰ ਸੁੱਟਣਾ ਕਿਹੜੇ ਗੁਰੂ ਦੀ ‘‘ਇਲਾਹੀ ਨਦਰਿੂ ਦੇ ਝਲਕਾਰੇ ਹਨ?
ਖਾਲਸਾਈ ਬਾਣੇ ਅੰਦਰਲੇ ਲੇਕਿਨ ਨਾਸਤਿਕਤਾ ਨਾਲ ਓਤਪੋਤ ਅਜਮੇਰ ਸਿੰਘ ਨੂੰ ਤਾਂ ਸ਼ਾਇਦ ਨਾ ਪਤਾ
ਹੋਵੇ, ਹਾਂ ਕਰਮਜੀਤ ਭਾਅ ਜੀ ਜ਼ਰੂਰ ਹੀ ਰੋਸ਼ਨੀ ਪਾ ਸਕਦੇ ਹਨ।
ਤੱਥ ਇਸ ਗੱਲ ਦੀ ਗਵਾਹੀ ਨਹੀਂ ਭਰਦੇ ਕਿ ਸੰਤ ਜਰਨੈਲ ਸਿੰਘ ਨੇ ਬੇਗੁਨਾਹ ਹਿੰਦੂਆਂ ਦੇ ਕਤਲਾਂ ਦੀ
ਯੁੱਧਨੀਤਕ ਲੀਹ ਦੇ ਕੇ ਸਿੱਖ ਸੰਘਰਸ਼ ਨੂੰ ਕਿਸੇ ਸੁੱਚੇ ਇਖ਼ਲਾਕ ਦੀਆਂ ਬੁਲੰਦੀਆਂ ’ਤੇ ਪਹੁੰਚਾ
ਦਿੱਤਾ ਹੋਵੇ? ਅਜਮੇਰ ਸਿੰਘ ਜਦੋਂ ਇਸ ਲੀਹ ਦੇ ਦਰੁਸਤ ਹੋਣ ਦੇ ਕਸੀਦੇ ਪੜ੍ਹਦਾ ਹੈ ਤਾਂ ਉਹ ਆਪਣੀ
‘‘ਅਗੰਮੀ ਬੌਧਿਕਤਾ ਦੀਆਂ ਕਿਰਨਾਂ ਬਖੇਰ ਰਿਹਾ ਮਾਲੂਮ ਹੁੰਦਾ ਹੈ। ਜੇ ਸਿੱਖਾਂ ਕੋਲੋਂ ਇਸੇ ਲੀਹ
’ਤੇ ਮੋਹਰ ਲਵਾਉਣ ਦੀ ਧੁੱਸ ਬਲਵਾਨ ਹੈ ਤਾਂ ਸਾਡੇ ਲਈ ਨਵੰਬਰ 1984 ਦੀ ਸਿੱਖ ਵਿਰੋਧੀ ਵਹਿਸ਼ੀ
ਨਸਲਕੁਸ਼ੀ ਨੂੰ ਨਾਜਾਇਜ਼ ਠਹਿਰਾਉ੍ਯਣਾ ਅਤਿ ਮੁਸ਼ਕਲ ਹੋ ਜਾਵੇਗਾ। ਪੰਜਾਬ ਅੰਦਰਲੇ ਹਿੰਦੂਆਂ ਨੂੰ
ਕਤਲ ਕਰਕੇ ਦਿੱਲੀ ਦੇ ਬਾਹਮਣਵਾਦੀ ਹਾਕਮਾਂ ਨੂੰ ਸੇਕ ਦੇਣ ਵਾਲੀ ਜਿਹੜੀ ਭੱਠੀ ਅਜੇ ਤਪਣ ਹੀ ਲੱਗੀ
ਸੀ, ਉਸ ਤੋਂ ਪਹਿਲਾਂ ਹੀ ਹਾਕਮਾਂ ਨੇ ਸਿੱਖਾਂ ਸਮੇਤ ਸਮੁੱਚੇ ਪੰਜਾਬੀਆਂ ਨੂੰ ਅਜਿਹਾ ਸੇਕ
ਪਹੁੰਚਾਇਆ ਕਿ ਸਾਡੀਆਂ ਆਉਣ ਵਾਲੀਆਂ ਅਨੇਕਾਂ ਪੁਸ਼ਤਾਂ ਕੰਬ-ਕੰਬ ਕੇ ਉਠਿਆ ਕਰਨਗੀਆਂ। ਸੰਤ ਜਰਨੈਲ
ਸਿੰਘ ਅਤੇ ਅਜਮੇਰ ਸਿੰਘ ਦੀ ਲੀਹ ਦੇ ਜਵਾਬ ਵਿਚ ਦਿੱਲੀ ਦੇ ਹਾਕਮ ਚੰਗੇਜ਼ਖ਼ਾਨੀ ਦਰਿੰਦੇ ਹੁੰਦੇ
ਹੋਏ ਵੀ ਗੁਨਾਹਗਾਰ ਬਣਨ ਦੇ ਇਲਜ਼ਾਮ ਤੋਂ ਬਚੇ ਰਹਿਣਗੇ। ਸੰਤ ਜੀ ਤਾਂ ਨਹੀਂ ਰਹੇ। ਲੇਖਕ ਜੀ ਨੂੰ
ਆਪਣੀ ਲੀਹ ਬਾਰੇ ਮੁੜ ਵਿਚਾਰ ਕਰ ਲੈਣਾ ਚਾਹੀਦਾ ਹੈ, ਨਹੀਂ ਤਾਂ ਹਮੇਸ਼ਾ ਹੀ ਘਰ ਘਰ ਵਿਚ ਸੱਥਰ ਵਿਛ
ਜਾਣ ਦਾ ਖ਼ਤਰਾ ਬਣਿਆ ਰਹੇਗਾ। ਹਾਂ ਜੇ ਸਾਰੀ ‘‘ਕੌਮ’’ ਨੂੰ ਮਰਵਾਕੇ, ਮੁਰਦਿਆਂ ਦਾ ਕੌਮੀ ਘਰ
ਬਣਵਾਕੇ ਹੀ ਰੂਹ ਨੂੰ ਸ਼ਾਂਤੀ ਮਿਲਣੀ ਹੈ, ਤਾਂ ਲੇਖਕ ਜੀ ਆਪਣੀ ਲੀਹ ਦੇ ਜੀ ਸਦਕੇ ਗਮੰਤਰੀ ਬਣਨ।
ਗੱਲ ਇਥੇ ਹੀ ਨਹੀਂ ਮੁੱਕਦੀ। ਅਜਮੇਰ ਸਿੰਘ ਇਸੇ ਲੀਹ ਨੂੰ ਸਿਰੇ ਲਾਉਣ ਲਈ ਬਜ਼ਿੱਦ ਹਨ। ਉਹ ਲਿਖਦੇ
ਹਨ,‘‘ਹਿੰਦੂ ਹਾਕਮ, ਹੋਰ ਕਿਸੇ ਵੀ ਗੱਲ ਨਾਲੋਂ ਵੱਧ, ਪੰਜਾਬ ਅੰਦਰ ਹਿੰਦੂ ਵਰਗਾਂ ਦੇ ਕਤਲਾਂ ਦੀ
ਸਭ ਤੋਂ ਜ਼ਿਆਦਾ ਚੋਭ ਮੰਨਦੇ ਹਨ। ਇਸ ਕਰਕੇ ਹਿੰਦੂ ਵਰਗ ਦੇ ਕਤਲਾਂ ਦੀ ਨੀਤੀ ਵਰਜਨ ਦੇ ਰੂਪ ਵਿਚ
ਇਸਤੇਮਾਲ ਕਰਨ ਦੀ ਧਾਰਨਾ ਉਨ੍ਹਾਂ ਦੇ ਮਨ ਨੂੰ ਜਚ ਗਈ ਹੋਈ ਸੀ...ਉਨ੍ਹਾਂ ਦਾ ਸਪਸ਼ਟ ਆਦੇਸ਼ ਸੀ ਕਿ
ਦਰਬਾਰ ਸਾਹਿਬ ਉਤੇ ਫੌਜੀ ਹਮਲੇ ਦੀ ਖਬਰ ਸੁਣ ਕੇ ਅੰਮ੍ਰਿਤਸਰ ਵੱਲ ਵਹੀਰਾਂ ਘੱਤਣ ਦੀ ਲੋੜ ਨਹੀਂ,
ਬਲਕਿ ਆਪੋ ਆਪਣੀਆਂ ਥਾਂਵਾਂ ’ਤੇ ‘ਨਿਸ਼ਾਨੇ ਮਿੱਥ ਕੇ’ ਹਮਲੇ ਕਰਨ ਤੋਂ ਨਹੀਂ ਉਕਣਾ। (ਸਫ਼ਾ-447)
ਸੰਤ ਜਰਨੈਲ ਸਿੰਘ ਅਤੇ ਉਨ੍ਹਾਂ ਦੇ ਖਾਸ ਪੈਰੋਕਾਰ ਤਾਂ ਨਹੀਂ ਰਹੇ। ਲੇਕਿਨ ਨਵੇਂ ਸਜੇ ‘‘ਸਿੰਘੂ
ਅਜਮੇਰ ਨੂੰ ਜ਼ਿੰਦਗੀ ਭਰ ਝੋਰਾ ਰਹੇਗਾ ਕਿ ਪੰਜਾਬ ਦੇ ‘‘ਕਮਲੇ ਸਿੱਖਾਂ ਨੇ ਗੋਹਲਵੜ, ਰਾਜਾਸਾਂਸੀ,
ਤਰਨਤਾਰਨ, ਅਜਨਾਲਾ, ਨਵਾਂ ਕੋਟ ਆਦਿ ਤੋਂ ਰੋਹ ਵਿਚ ਆ ਕੇ ਅੰਮ੍ਰਿਤਸਰ ਨੂੰ ਤਾਂ ਵਹੀਰਾਂ ਘੱਤ
ਦਿੱਤੀਆਂ, ਲੇਕਿਨ ਰਾਹ ਵਿਚ ਆਉਂਦੇ/ਮਿਲਦੇ ਹਿੰਦੂਆਂ ਦੀਆਂ ਧੌਣਾਂ ਕਿਉਂ ਨਾ ਵੱਢ ਸੁੱਟੀਆਂ? ਇਹੀ
ਦਿਆਲਤਾ ਬਾਗੀ ਹੋਏ ਸਿੱਖ ਫੌਜੀਆਂ ਨੇ ਦਿਖਾਕੇ ਪੱਟੀਮੇਸ ਕਰ ਦਿੱਤੀ। ਕਿੰਨਾ ਚੰਗਾ ਹੁੰਦਾ ਜੇਕਰ ਉਹ
ਅੰਮ੍ਰਿਤਸਰ ਨੂੰ ਆਉਣ ਦੀ ਬਜਾਏ ਆਪਣੇ ਸਾਥੀ ਹਿੰਦੂ ਫੌਜੀਆਂ ਅਤੇ ਅਫਸਰਾਂ ਦੇ ਖੂਨ ਦੀ ਹੋਲੀ
ਖੇਡਦੇ। ਜੂਨ ਦੇ ਮਹੀਨੇ ਵਿਚ ਹੋਲੀ ਖੇਡਣ ਦੀ ਕਿੰਨੀ ਸੁਹਣੀ ਨਵੀਂ ਰੀਤ ਪੈਣੀ ਸੀ!! ‘‘ਸਿੰਘਾਂ ਦੀ
ਇਹ ਹਰਕਤ ਸੰਤਾਂ ਦੇ ਆਦੇਸ਼ ਦੇ ਅਨੁਸਾਰੀ ਨਹੀਂ ਸੀ।(ਸਫਾ-447) ਲੇਖਕ ਦਾ ਮੰਨਣਾ ਹੈ ਕਿ ਇਹ ਭਾਣਾ
ਇਸ ਕਰਕੇ ਵਾਪਰਿਆ ਕਿ ‘‘ਸਿੱਖ ਮਨ, ਆਮ ਰੂਪ ਵਿਚ ਹੀ ਹਿੰਦੂ ਵਰਗ ਨੂੰ ਦੁਸ਼ਮਣ ਮਿੱਥ ਲੈਣ ਲਈ ਤਿਆਰ
ਨਹੀਂ ਸੀ ਹੋਇਆ। (ਸਫਾ- 449) ਲੇਖਕ ਦੀਆਂ ਆਂਦਰਾ ਅੰਦਰ ਕੜਵੱਲ ਪੈ ਰਹੇ ਹਨ, ‘‘ਸਿੱਖ ਮਨ ਉਤੇ
ਹਿੰਦੂ ਧਰਮ, ਸੰਸਕ੍ਰਿਤੀ ਤੇ ਸਮਾਜ ਨਾਲ ‘ਅਟੁੱਟ’ ਸਾਂਝ ਦਾ ਵਿਚਾਰ ਤੇ ਜਜ਼ਬਾ ਲਗਾਤਾਰ ਆਪਣਾ ਭਾਰੂ
ਅਸਰ ਕਾਇਮ ਰੱਖ ਰਿਹਾ ਹੈ। (ਸਫਾ-450) ਇਸੇ ਲਈ ਅਜਮੇਰ ਸਿੰਘ ਨੇ ਸਿੱਖਾਂ ਅਤੇ ਹਿੰਦੂਆਂ ਅੰਦਰਲੀ
ਸਦੀਆਂ ਪੁਰਾਣੀ ਸਭਿਆਚਾਰਕ, ਆਰਥਿਕ, ਰੂਹਾਨੀ, ਇਲਾਕਾਈ ਅਤੇ ਬੋਲੀ ਦੀ ਸਾਂਝ ਨੂੰ ਲੀਰੋ-ਲੀਰ ਕਰਨ
ਦਾ ਪ੍ਰਾਜੈਕਟ ਹੱਥ ਵਿਚ ਲੈ ਰੱਖਿਆ ਹੈ। ਉਹ ਪੰਜਾਬੀਆਂ ਦਾ ਮਾਓ ਤਾਂ ਨਹੀਂ ਬਣ ਸਕਿਆ, ਲੇਕਿਨ
ਸਿੱਖਾਂ ਦਾ ਮੁਹੰਮਦ ਅਲੀ ਜਿਨਾਹ ਬਣਨ ਦੇ ਸੁਪਨੇ ਜ਼ਰੂਰ ਲੈ ਰਿਹਾ ਹੈ। ਦੇਖਦੇ ਹਾਂ, ਉਸ ਉਪਰ
ਵਾਹਿਗੁਰੂ ਦੀ ‘‘ਇਲਾਹੀ ਨਦਰਿੂ ਪੈਂਦੀ ਹੈ ਜਾਂ ਨਹੀਂ?
ਅਜਮੇਰ ਸਿੰਘ ਸੰਤ ਜਰਨੈਲ ਸਿੰਘ ਦੀ ਯੁੱਧਕਲਾ ਦਾ ਕਿੰਨਾ ਵੀ ਜਸ ਗਾਇਣ ਕਰੇ, ਲੇਕਿਨ ਇਹ ਯੁੱਧਕਲਾ
ਕਿਸੇ ਪਾਸਿਉਂ ਵੀ ਆਧੁਨਿਕ ਜੰਗੀ ਪੈਂਤੜਿਆਂ ਦੇ ਅਨੁਕੂਲ ਨਹੀਂ ਸੀ, ਨਾ ਹੈ। ਭਾਰਤੀ ਸਟੇਟ ਨੂੰ
ਸਮਝਣ ਸਭ ਤੋਂ ਵੱਡੀ ਖਤਾ ਤਾਂ ਇਥੋਂ ਹੀ ਸ਼ੁਰੂ ਹੋ ਗਈ ਕਿ ਉਨ੍ਹਾਂ ਨੇ ਪੱਕਾ ਵਿਸ਼ਵਾਸ ਕਰ ਲਿਆ ਕਿ
ਫੌਜ ਸ੍ਰੀ ਹਰਿਮੰਦਰ ਸਾਹਿਬ ਵਰਗੇ ਮੁਕੱਦਸ ਸਥਾਨ ਵਿਚ ਦਾਖਲ ਨਹੀਂ ਹੋਵੇਗੀ। ਉਨ੍ਹਾਂ ਸੰਘਣੀ ਵਸੋਂ
ਵਾਲੇ ਸਥਾਨਾਂ ਨੂੰ ਆਪਣਾ ਫੌਜੀ ਅੱਡਾ ਬਣਾ ਲਿਆ। ਵਿਚਾਰੇ ‘ਭੋਲੇ’ ਸੰਤ ਜੀ ਨੂੰ ਤਾਂ ਕੀ ਪਤਾ ਹੋਣਾ
ਸੀ। ਕੀ ਸੁਬੇਗ ਸਿੰਘ ਵਰਗੇ ਜਰਨੈਲ ਵੀ ਟਪਲਾ ਖਾ ਗਏ ਕਿ ਧਾਰਮਿਕ ਅਸਥਾਨਾਂ ਵਿਚੋਂ ਬਹੁਤਾ ਲੰਮਾ
ਸਮਾਂ ਜੰਗ ਨਹੀਂ ਲੜੀ ਜਾ ਸਕਦੀ ਹੁੰਦੀ। ਕੀ ਉਸ ਨੂੰ ਇਹ ਵੀ ਪਤਾ ਨਹੀਂ ਸੀ ਕਿ ਹਾਕਮਾਂ ਲਈ ਜੰਗ
ਵਿਚ ਧਾਰਮਿਕ ਅਸਥਾਨ ਕੋਈ ਮਹੱਤਤਾ ਨਹੀਂ ਰੱਖਦੇ ਹੁੰਦੇ। ਕੀ ਉਸ ਨੂੰ 20 ਨਵੰਬਰ 1979 ਵਾਲੀ ਮੱਕੇ
ਦੀ ਮਹਾਨ ਮਸਜਿਦ ਵਾਲੀ ਘਟਨਾ ਚੇਤੇ ਨਹੀਂ ਸੀ, ਜਦੋਂ ਹਮਧਰਮੀ ਫੌਜੀਆਂ ਨੇ ਉਥੇ ਹਮਧਰਮੀ
ਕਬਜ਼ਾਧਾਰੀਆਂ ਕੋਲੋਂ ਬਿਲਕੁਲ ਇਸੇ ਤਰ੍ਹਾਂ ਦਾ ਐਕਸ਼ਨ ਕਰਕੇ ਮਸਜਿਦ ਨੂੰ ਛੁਡਾਇਆ ਸੀ। ਇਵੇਂ ਹੀ
ਟੈਂਕ ਅਤੇ ਬਖਤਰਬੰਦ ਗੱਡੀਆਂ ਮਸਜਿਦ ਵਿਚ ਵਾੜੀਆਂ ਗਈਆਂ ਸਨ। ਕੰਧਾਂ ਵਿਚ ਮਘੋਰੇ ਕਰਦੇ ਹੱਥਗੋਲੇ
ਸੁੱਟੇ ਗਏ ਸਨ ਅਤੇ ਜ਼ਹਿਰੀਲੀਆਂ ਗੈਸਾਂ ਦਾ ਇਸਤੇਮਾਲ ਕੀਤਾ ਗਿਆ ਸੀ।
ਅਜਮੇਰ ਸਿੰਘ ਹੁਣ ਸਿੱਖ ਬੁੱਧੀਜੀਵੀ ਬਣ ਗਿਆ ਹੈ। ਇਹ ਰੁਤਬਾ ਅਤੇ ਪ੍ਰਸਿੱਧੀ ਉਸ ਨੂੰ ਮੁਬਾਰਕ
ਹੋਵੇ। ਜਦੋਂ ਕੋਈ ਬੰਦਾ ਕਿਸੇ ਧਰਮ ਜਾ ਸਿਧਾਂਤ ਨਾਲੋਂ ਟੁੱਟ ਕੇ ਨਵੇਂ ਧਰਮ ਜਾਂ ਸਿਧਾਂਤ ਨੂੰ ਅਪਨਾਉਂਦਾ ਹੈ,ਤਾਂ ਪੁਰਾਣੇ ਨੂੰ
ਕਿੱਲ੍ਹ-ਕਿੱਲ੍ਹ ਕੇ ਗਾਲਾਂ ਕੱਢਦਾ ਹੈ। ਪੰਜਾਬੀ ਮੁਹਾਵਰੇ ਵਿਚ ਇਸਨੂੰ ‘‘ਨਵਾਂ ਨਵਾਂ ਬਣਿਆ
ਮੁਸਲਮਾਨ ਪੰਜ ਵਾਰੀ ਨਮਾਜ਼ ਪੜ੍ਹਦਾ ਹੈ ਵੀ ਕਹਿ ਲੈਂਦੇ ਹਾਂ। ਲੇਖਕ ਨੇ ਆਪਣੀ ਕਿਤਾਬ ‘ਵੀਹਵੀਂ
ਸਦੀ ਦੀ ਸਿੱਖ ਰਾਜਨੀਤੀ’’ ਵਿਚ ਕਮਿਊਨਿਸਟਾਂ ਦੀ ਰੱਜ ਕੇ ਭੰਡੀ ਕੀਤੀ ਹੈ, ਅਤੇ ਉਨ੍ਹਾਂ ਦਾ ਇਕ
ਲਾਣਾ ਇਸਦੇ ਲਾਇਕ ਵੀ ਹੈ।ਹੀ ਹੈ। ਵਿਚਾਰ ਬਦਲ ਲੈਣੇ ਕੋਈ ਮਾੜੀ ਗੱਲ ਨਹੀਂ। ਇਹ ਉਸ ਦਾ ਜਮਹੂਰੀ
ਅਧਿਕਾਰ ਹੈ। ਲੇਕਿਨ ਅਜਿਹਾ ਕਰਦਿਆਂ ਸੱਚ ਦਾ ਪੱਲਾ ਨਹੀਂ ਛੱਡਣਾ ਚਾਹੀਦਾ ਅਤੇ ਤੱਥਾਂ ਨੂੰ
ਵਿਗਾੜਨਾ ਨਹੀਂ ਚਾਹੀਦਾ। ਲੇਖਕ ਕਮਿਊਨਿਸਟਾਂ ਬਾਰੇ ਅਨੇਕਾਂ ਵਾਰੀ ਭੜਾਸ ਕੱਢਦਾ ਹੈ। ਮਿਸਾਲ ਵਜੋਂ,
‘‘ਕਮਿਊਨਿਸਟ ਵਿਚਾਰਧਾਰਾ ਦੇ ਜਨੂੰਨੀ ਪ੍ਰਭਾਵ ਹੇਠ ਪੜ੍ਹੇ ਲਿਖੇ ਸਿੱਖ ਨੌਜਵਾਨਾਂ ਅੰਦਰ ਧਰਮ ਤੋਂ
ਨਾਬਰ ਹੋਣ, ਖਾਸ ਕਰਕੇ ਸਿੱਖੀ ਦੇ ਬਾਹਰੀ ਚਿੰਨ੍ਹਾਂ ਦਾ ਮਿੱਥ ਕੇ ਤਿਆਗ ਕਰਨ ਦੀ ਕਰੁਚੀ ਇਸ ਕਦਰ
ਜ਼ੋਰ ਫੜ ਗਈ ਸੀ ਕਿ ਧਰਮ ਨੂੰ ਭੰਡਣਾ ਇਕ ਆਮ ਫੈਸ਼ਨ ਬਣ ਗਿਆ ਸੀ...ਕਮਿਊਨਿਜ਼ਮ ਦੀ ਚੜ੍ਹਤ ਇਤਿਹਾਸ
ਦਾ ਇਕ ਆਰਜ਼ੀ ਵਰਤਾਰਾ ਸੀ ਵਗੈਰਾ ਵਗੈਰਾ-(ਸਫਾ 279)
ਆਪਾਂ ਪਹਿਲਾਂ ਦੇਖ ਚੁੱਕੇ ਹਾਂ ਕਿ ਲੇਖਕ ਦੀਆਂ ਨਜ਼ਰਾਂ ਵਿਚ ਅਪਰੈਲ 1978, ਜੂਨ 1984 ਅਤੇ ਨਵੰਬਰ
1984 ਦੀਆਂ ਚੰਦਰੀਆਂ ਘਟਨਾਵਾਂਸਿੱਖ ਇਤਿਹਾਸ ਦੇ ਮੋੜ ਬਿੰਦੂ ਹਨ, ਜਿਨ੍ਹਾਂ ਨੇ ਆਉਣ ਵਾਲੇ ਸਮੇਂ
ਦੀ ਦਿਸ਼ਾ ਤੈਅ ਕਰ ਦਿੱਤੀ ਹੋਈ ਹੈ। ਸਿੱਖੀ ਵਿਚ ਅਨੇਕਾਂ ਹੋਰ ਸਲੋਕਾਂ ਤੋਂ ਇਲਾਵਾ ਹੇਠ ਲਿਖੀਆਂ ਤੁਕਾਂ ਦੀ ਬਹੁਤ ਮਹੱਤਤਾ ਹੈ:
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ।।
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ।।
(ਸ੍ਰੀ ਆਦਿ ਗਰੰਥ, ਪੰਨਾ 1105)
ਜਦੋਂ ਪੰਜਾਬ, ਭਾਰਤ ਦੇ ਇਤਿਹਾਸ ਵਿਚ ਇਹ ਮੋੜ-ਬਿੰਦੂ ਕਹੀਆਂ ਜਾਂਦੀਆਂ ਘਟਨਾਵਾਂ ਵਾਪਰੀਆਂ ਤਾਂ
ਅਜਮੇਰ ਸਿੰਘ ਨੂੰ ਨਾ ਤਾਂ ਦਮਾਮੇ ਦੀ ਧਮਕ ਸੁਣੀ, ਨਾ ਸੀਨੇ ਵਿਚ ਘਾਓ ਲੱਗਿਆ,ਨਾ ਉਹਦੇ ਬਾਣ
ਲੱਗਿਆ, ਨਾ ਜੰਗ ਦੇ ਮੈਦਾਨ ਵਿਚ ਕੁੱਦਣ ਦਾ ਚਾਓ ਉਠਿਆ, ਨਾ ਉਸ ਤਰ੍ਹਾਂ ਦਾ ਰੋਸ ਪਰਗਟ ਹੋਇਆ,
ਜਿਹੋ ਜਿਹੇ ਰੋਸ ਦੀ ਉਹ ਆਪਣੀਆਂ ਕਿਤਾਬਾਂ ਵਿਚ ਖਟ ਸਜਾਈ ਬੈਠਾ ਹੈ। ਉਪਰੋਕਤ ਤਿੰਨੇ ਘਟਨਾਵਾਂ ਦੇ
ਵਾਪਰ ਜਾਣ ਉਪਰੰਤ 24 ਜੁਲਾਈ 1985 ਦਾ ਰਾਜੀਵ-ਲੌਂਗੋਵਾਲ ਸਮਝੌਤਾ ਸਾਹਮਣੇ ਆ ਚੁੱਕਿਆ ਸੀ। ਮਜਬੂਰੀ
ਵੱਸ ਪਾਠਕਾਂ ਲਈ ਇਕ ਲੰਮੀ ਟੂਕ ਦੇਣੀ ਪੈ ਰਹੀ ਹੈ। ਉਸ ਸਮਝੌਤੇ ਦੀ ਚੀਰਫਾੜ ਕਰਦਾ
ਹੋਇਆ ਅਜਮੇਰ
ਸਿੰਘ ਲਿਖ ਰਿਹਾ ਸੀ,‘‘ਮਸਲੇ ਦੇ ਲਮਕਾਅ ਅਤੇ ਲੋਕਾਂ ਸਾਹਮਣੇ ਲੜਾਈ ਲਈ ਕੋਈ ਸਪਸ਼ਟ ਭਵਿਖ ਨਕਸ਼ਾ
ਤੇ ਉਦੇਸ਼ ਨਾ ਉਭਰਦਾ ਹੋਣ ਕਰਕੇ, ਲੋਕਾਂ ਅੰਦਰ ਜਦੋ ਜਹਿਦ ਜਾਰੀ ਰੱਖਣ ਤੇ ਹੋਰ ਉਚੇਰੇ ਪੜਾਅ ’ਤੇ
ਲਿਜਾਣ ਦੇ ਰੌਂਅ ਦਾ ਸੰਚਾਰ ਨਹੀਂ ਸੀ ਹੋ ਰਿਹਾ। ਜਿਸ ਕਰਕੇ ਲੋਕਾਂ ਅੰਦਰ ਇਕ ਬੇਬਸੀ ਵਾਲੀ ਹਾਲਤ
ਤੇ ਕਿਸੇ ਬਾਵਕਾਰ ਸਮਝੌਤੇ ਦਾ ਰੌਂਅ ਜ਼ੋਰ ਫੜਨ ਲੱਗ ਪਿਆ ਸੀ।
ਹੁਣ ਜ਼ਰਾ ਇਸ ਨੂੰ ਲੇਖਕ ਦੀ ਪਹਿਲੀ ਕਿਤਾਬ ਦੀ ਸਭ ਤੋਂ ਆਖਰੀ ਲਾਈਨ ਕਿ ‘‘ਸਿੱਖ ਰਾਜਨੀਤਿਕ ਖੇਤਰ
ਅੰਦਰ ਇਕ ਵੱਡੀ ਤੇ ਦੂਰ ਰਸ ਦੀਆਂ ਤਬਦੀਲੀ ਦੀਆਂ ਬੁਨਿਆਦਾਂ ਟਿੱਕ ਗਈਆਂ।(ਸਫਾ 456) ਦੇ ਨਾਲ ਮਿਲਾ
ਕੇ ਪੜ੍ਹਨ ਦੀ ਕੋਸ਼ਿਸ਼ ਕਰੋ, ‘‘ਜਦੋਂ ਸਪਸ਼ਟ ਭਵਿੱਖ ਨਕਸ਼ੇ ਦੀ ਅਤੇ ਉਦੇਸ਼ ਦੀ ਅਣਹੋਂਦ ਹੋਵੇ,
ਲੜਾਈ ਦਾ ਰੌਂਅ ਨਾ ਰਿਹਾ ਹੋਵੇ ਅਤੇ ਬੇਬਸੀ ਦੀ ਹਾਲਤ ਛਾਈ ਹੋਵੇ ਤਾਂ ਭਲਾ ਕਿਸੇ ਵੱਲ।
ਸਰਕਾਰੀ ਸਕੀਮ ਦਾ ਹਿੱਸਾ ਕਿਵੇਂ ਬਣਾ/ਬਣ ਲੋਕਾਂ ਦਾ ਘਾਣ ਕੀਤਾ/ਕਤਵਾਇਆਂ।
From Jeevan Chahil
ਸਿਰਦਾਰ ਗੁਰਤੇਜ ਸਿੰਘ ਅਨੁਸਾਰ ਇੰਜ ਪਹੁੰਚੇ ਸਨ ਦਰਬਾਰ ਸਾਹਿਬ ਅੰਦਰ ਹਥਿਆਰ...
ਗਰਮੀਆਂ ਦੀ ਇੱਕ ਕੜਕਦੀ ਦੁਪਹਿਰ ਨੂੰ ਜਨਰਲ ਭੁੱਲਰ ਫ਼ੌਜੀ ਜੌਂਗੇ ਵਿੱਚ ਇੱਕ ਬ੍ਰਿਗੇਡੀਅਰ ਨਾਲ
ਆਇਆ ਜਿਸ ਨੂੰ ਓਸ ਨੇ ਆਪਣਾ ਦੋਸਤ ਦੱਸਿਆ। ਉਸ ਦਾ ਕਹਿਣਾ ਸੀ, 'ਸਰਕਾਰ ਦਰਬਾਰ ਸਾਹਿਬ ਉੱਤੇ ਹਮਲਾ
ਜ਼ਰੂਰ ਕਰੇਗੀ। ਸਿੱਖਾਂ ਦੀ ਇੱਜ਼ਤ ਰੱਖਣ ਲਈ, ਸਿੱਖ ਇਤਿਹਾਸ ਦਾ ਗੌਰਵ ਕਾਇਮ ਰੱਖਣ ਲਈ, ਹਮਲੇ ਦਾ
ਡੱਟ ਕੇ ਮੁਕਾਬਲਾ ਕਰਨਾ ਨਿਹਾਇਤ ਜ਼ਰੂਰੀ ਹੈ। ਸੰਤਾਂ ਤੋਂ ਬਿਨਾਂ ਕਿਸੇ ਨੇ ਮੁਕਾਬਲਾ ਨਹੀਂ ਕਰਨਾ
ਪਰ ਸੰਤਾਂ ਕੋਲ ਛੋਟੇ-ਮੋਟੇ ਹਥਿਆਰ ਹਨ ਜਿਨ੍ਹਾਂ ਦੀ ਮਾਰ ਸੌ, ਦੋ ਸੌ ਗਜ਼ ਤੋਂ ਵੱਧ ਨਹੀਂ। ਫੌਜ
ਦੇ ਹਥਿਆਰਾਂ ਦੇ ਮੁਕਾਬਲੇ ਇਹ ਗੁਲੇਲਾਂ ਹੀ ਹਨ। ਅਜਿਹੇ ਹਥਿਆਰਾਂ ਨਾਲ ਪੁਲਿਸ ਜਾਂ ਫ਼ੌਜ ਦਾ
ਮੁਕਾਬਲਾ ਨਹੀਂ ਹੋ ਸਕਦਾ। ਸਾਡੇ ਕੋਲ ਬੰਗਲਾ ਦੇਸ਼ ਤੋਂ ਕਬਜ਼ੇ ਵਿੱਚ ਲਏ ਬਹੁਤ ਹਥਿਆਰ ਪਏ ਹਨ।
ਅਸੀਂ ਵੀ ਸਿੱਖ ਹਾਂ। ਸਾਡੀ ਇੱਜ਼ਤ ਵੀ ਤਾਂ ਰਹਿੰਦੀ ਹੈ ਜੇ ਮੁਕਾਬਲਾ ਡਟਵਾਂ ਹੋਵੇ। ਅਸੀਂ ਇੱਕ
ਟਰੱਕ ਹਥਿਆਰਾਂ ਦਾ ਸੰਤਾਂ ਨੂੰ ਦੇਣਾ ਚਾਹੁੰਦੇ ਹਾਂ। ਤੁਸੀ ਲੈ ਕੇ ਕਿਵੇਂ ਨਾ ਕਿਵੇਂ ਸੰਤਾਂ ਨੂੰ
ਪਹੁੰਚਾ ਦਿਉ।'
ਮੈਂ ਇਹ ਸੁਣ ਕੇ ਬਿਲਕੁਲ ਹੈਰਾਨ ਰਹਿ ਗਿਆ।
ਮੈਂ ਓਸ ਬ੍ਰਿਗੇਡੀਅਰ ਨੂੰ ਆਖਿਆ, 'ਮੈਨੂੰ ਤਾਂ ਹਥਿਆਰ ਦੀ ਉੱਕਾ ਵਾਕਫ਼ੀਅਤ ਨਹੀਂ। ਨਾ ਹੀ ਮੈਂ
ਏਨੇਂ ਹਥਿਆਰ ਦਰਬਾਰ ਸਾਹਿਬ ਸਮੂਹ ਵਿੱਚ ਲੈ ਕੇ ਜਾ ਸਕਦਾ ਹਾਂ। ਇਹ ਕੰਮ ਤਾਂ ਜਨਰਲ ਭੁੱਲਰ ਬਿਹਤਰ
ਕਰ ਸਕਣਗੇ।
ਭੁੱਲਰ ਦੀ ਉਪਰੋਕਤ ਪੇਸ਼ਕਸ਼ ਤੋਂ 15-20 ਦਿਨ ਬਾਅਦ ਅਖ਼ਬਾਰ ਵਿੱਚ ਖ਼ਬਰ ਆਈ ਕਿ ਕਾਰ ਸੇਵਾ ਦੇ
ਟਰੱਕ ਵਿੱਚ ਆਟੇ-ਖੰਡ ਦੀਆਂ ਬੋਰੀਆਂ ਹੇਠ ਹਥਿਆਰਾਂ ਦੀ ਵੱਡੀ ਖੇਪ ਦਰਬਾਰ ਸਾਹਿਬ ਜਾਂਦੀ ਰੋਕੀ ਗਈ
ਪ੍ਰੰਤੂ ਜ਼ਿਲ੍ਹਾ ਮੈਜਿਸਟ੍ਰੇਟ ਨੇ ਆਖਿਆ ਕਿ ਕਾਰ-ਸੇਵਾ ਦੇ ਟਰੱਕਾਂ ਨੂੰ ਬਿਨਾਂ ਤਲਾਸ਼ੀ ਦੇ ਅੰਦਰ
ਜਾਣ ਦਿੱਤਾ ਜਾਵੇ। ਏਸ ਤੋਂ ਬਾਅਦ ਇਹ ਟਰੱਕ ਅੰਦਰ ਚਲਾ ਗਿਆ।
ਕੁਝ ਕੁ ਦਿਨਾਂ ਬਾਅਦ ਜਨਰਲ ਭੁੱਲਰ ਅਤੇ ਮੈਂ ਦਰਬਾਰ ਸਾਹਿਬ ਗਏ। ਅਸੀਂ ਅਜੇ ਪ੍ਰਕਰਮਾ ਵਿੱਚ ਹੀ
ਸਾਂ ਕਿ ਬੀਬੀ ਅਮਰਜੀਤ ਕੌਰ ਨੇ ਉੱਪਰੋਂ ਸਾਨੂੰ ਵੇਖ ਲਿਆ। ਓਸ ਵੇਲੇ ਉਹ ਨਿਸ਼ਾਨ ਸਾਹਿਬ ਦੇ ਕੋਲ
ਪ੍ਰਕਰਮਾਂ ਦੇ ਉੱਪਰਲੇ ਕਮਰੇ ਵਿੱਚ ਰਹਿੰਦੀ ਸੀ। ਓਸ ਨੇ ਇੰਦਰਜੀਤ ਸਿੰਘ ਬਾਗ਼ੀ ਨੂੰ ਭੇਜ ਕੇ
ਸਾਨੂੰ ਬੁਲਾ ਲਿਆ। ਮੈਨੂੰ ਮੁਖ਼ਾਤਬ ਹੋ ਕੇ ਬੀਬੀ ਨੇ ਆਖਿਆ, 'ਭਾਜੀ, ਤੁਸੀਂ ਸੰਤਾਂ ਨੂੰ ਇੱਕ
ਟਰੱਕ ਹਥਿਆਰਾਂ ਦਾ ਲਿਆ ਕੇ ਦਿੱਤਾ ਹੈ। ਤੁਹਾਨੂੰ ਤਾਂ ਪਤਾ ਹੀ ਹੈ ਕਿ ਸੰਤ ਤਾਂ ਕੁਝ ਵੀ ਨਹੀਂ
ਕਰਦੇ। ਜਿੰਨੀਆਂ ਵਾਰਦਾਤਾਂ ਹੋ ਰਹੀਆਂ ਹਨ ਉਹ ਤਾਂ ਸਾਰੀਆਂ ਸਾਡੇ ਅਖੰਡ ਕੀਰਤਨੀ ਜਥੇ ਦੇ ਬੱਬਰ ਹੀ
ਕਰ ਰਹੇ ਹਨ। ਸਾਡੇ ਕੋਲ ਹਥਿਆਰਾਂ ਦੀ ਬਹੁਤ ਘਾਟ ਹੈ। ਤੁਸੀਂ ਸਾਨੂੰ ਵੀ ਥੋੜ੍ਹੇ ਜਿਹੇ ਹਥਿਆਰ ਲਿਆ
ਦੇਵੋ ਤਾਂ ਚੰਗਾ ਹੋਵੇ।
ਇਹ ਸੁਣ ਕੇ ਮੈਂ ਜਰਨੈਲ ਵੱਲ ਵੇਖਿਆ ਤਾਂ ਉਹ ਘੋਖਵੀਂ ਨਜ਼ਰ ਨਾਲ ਮੇਰੇ ਵੱਲ ਪਹਿਲਾਂ ਹੀ ਵੇਖ ਰਿਹਾ
ਸੀ। ਇੱਕ ਵਾਰ ਤਾਂ ਮੈਂ 'ਕੋਸ਼ਿਸ਼ ਕਰਾਂਗਾ' ਵਰਗਾ ਫ਼ਿਕਰਾ ਬੋਲ ਕੇ ਓਸ ਦਾ ਦਿਲ ਰੱਖਣ ਦੀ ਸੋਚੀ।
ਪਰ ਮੈਂ ਏਹੀ ਆਖਿਆ, 'ਭੈਣ ਜੀ, ਮੈਨੂੰ ਨਹੀਂ ਪਤਾ ਸੰਤਾਂ ਨੂੰ ਹਥਿਆਰ ਕਿਸ ਨੇ ਲਿਆ ਕੇ ਦਿੱਤੇ ਹਨ।
ਮੇਰੇ ਕੋਲ ਤਾਂ ਗੁਲੇਲ ਵੀ ਨਹੀਂ ਹੈ। ਮੈਂ ਤੁਹਾਡੇ ਜਥੇ ਬਾਰੇ ਥੋੜ੍ਹੀ ਵਾਕਫ਼ੀਅਤ ਰੱਖਦਾ ਹਾਂ। ਜੇ
ਮੇਰੇ ਕੋਲ ਕੁਝ ਹੁੰਦਾ ਤਾਂ ਯਕੀਨਨ ਮੈਂ ਤਹਾਨੂੰ ਹੀ ਲਿਆ ਕੇ ਦੇਣਾ ਸੀ'।
ਏਨੀਂ ਗੱਲ ਸੁਣ ਕੇ ਜਨਰਲ ਭੁੱਲਰ ਝੱਟ ਬੋਲ ਪਿਆ, 'ਦਰ ਅਸਲ...... ਤੁਹਾਨੂੰ ਗਲ਼ਤ ਫ਼ਹਿਮੀ ਹੋਈ
ਹੈ.... ਹਥਿਆਰਾਂ ਦਾ ਟਰੱਕ..... ਦਰ ਅਸਲ ਮੈਂ ਲਿਆ ਕੇ ਦਿੱਤਾ ਹੈ।' ਮੈਨੂੰ ਇਹ ਸੁਣ ਕੇ ਹੈਰਾਨੀ
ਤਾਂ ਨਾ ਹੋਈ ਪਰ ਇਹ ਰੰਜ ਜ਼ਰੂਰ ਹੋਇਆ ਕਿ ਏਸ ਨੇ ਮੈਨੂੰ ਪਹਿਲਾਂ ਕਿਉਂ ਇਹ ਗੱਲ ਨਾ ਦੱਸੀ।
(ਸਿਰਦਾਰ ਗੁਰਤੇਜ ਸਿੰਘ ਜੀ ਲਿਖਤ ਵਿੱਚੋਂ ਧੰਨਵਾਦ ਸਾਹਿਤ)
|
. |