.

ਸਿੱਖ - ਸਿੰਘ - ਕੌਰ - ਖ਼ਾਲਸਾ

ਖ਼ਾਲਿਸਤਾਨ!

ਪਰਿਵਰਤਨ ਕੁਦਰਤ ਦਾ ਅਟੱਲ ਨਿਯਮ ਹੈ। (Change is the law of Nature.)! ਪਰੰਤੂ ਇਹ ਵੀ ਇੱਕ ਅਮਿੱਟ ਸੱਚ ਹੈ ਕਿ ਇਹ ਨਿਯਮ ਧਾਰਮਿਕ, ਨੈਤਿਕ ਅਤੇ ਸਦਾਚਾਰਕ ਸਿੱਧਾਂਤਾਂ ਉੱਤੇ ਲਾਗੂ ਨਹੀਂ ਹੁੰਦਾ: ਇਹ ਸਿੱਧਾਂਤ ਸਦੀਵੀ ਹੁੰਦੇ ਹਨ। ਇਨ੍ਹਾਂ ਸਿੱਧਾਂਤਾਂ ਦਾ ਸੰਬੰਧ ਮਨ/ਆਤਮਾ/ਅੰਤਹਕਰਣ ਦੀ ਸੁੱਚਤਾ, ਸਚਿਆਰਤਾ ਅਤੇ ਇਨਸਾਨੀਯਤ ਦੇ ਨੈਤਿਕ ਗੁਣਾਂ ਨਾਲ ਹੈ। ਪਰੰਤੂ, ਸੰਪਰਦਾਈ ‘ਸਿੱਖ ਧਰਮ’ ਦੇ ਸੁਆਰਥੀ ਸੰਸਥਾਪਕ, ਪ੍ਰਬੰਧਕ ਅਤੇ ਪ੍ਰਚਾਰਕ ਵਗ਼ੈਰਾ ਗੁਰਮੱਤਿ ਦੇ ਪਰਮਾਰਥੀ ਅਤੇ ਪੁਰਸ਼ਾਰਥੀ ਸਦਸਥਿਰ ਸਿੱਧਾਂਤਾਂ ਨੂੰ, ਆਪਣੀ ਲੋੜ ਅਨੁਸਾਰ, ਲਗਾਤਾਰ ਬਦਲਦੇ ਆ ਰਹੇ ਹਨ। ਅਤੇ, ਅਸੀਂ ਪਿਛਲੱਗ ਸਿੱਖ ਵੀ ਇਸ ਅਧਾਰਮਿਕ ਤੇ ਅਮਾਨਵੀ ਅਦਲਾ-ਬਦਲੀ ਨੂੰ, ਬਿਨਾਂ ਸੋਚੇ ਸਮਝੇ, ਸਿਰ-ਮੱਥੇ ਮੰਨਦੇ ਜਾ ਰਹੇ ਹਾਂ। ਇਸ ਲੇਖ ਵਿੱਚ ਗੁਰਮਤਿ ਦੇ ਕੁੱਝ ਇੱਕ ਸਿੱਧਾਂਤਾਂ ਵਿੱਚ ਲਿਆਂਦੀ ਗਈ ਤਬਦੀਲੀ ਦੀ, ਗੁਰਬਾਣੀ ਦੀ ਕਸੌਟੀ ਉੱਤੇ ਪਰਖ ਕੇ, ਤੱਥਾਂ ਦੇ ਆਧਾਰ `ਤੇ ਤਰਕਪੂਰਨ ਵਿਚਾਰ ਕੀਤੀ ਗਈ ਹੈ।

ਗੁਰੂ ਕਾਲ ਦੇ ਖ਼ਤਮ ਹੁੰਦਿਆਂ ਹੀ ਇਸ ਛਲਪੂਰਣ ਤਬਦੀਲੀ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। 19ਵੀਂ ਤੇ 20ਵੀਂ ਸਦੀ ਵਿੱਚ ਇਸ ਅਧਾਰਮਿਕ ਅਤੇ ਅਮਾਨਵੀ ਪਰਿਵਰਤਨ ਨੂੰ ਸਿਖ਼ਰ ਤੇ ਪਹੁੰਚਾ ਦਿੱਤਾ ਗਿਆ ਅਤੇ ਹੁਣ 21ਵੀਂ ਸਦੀ ਵਿੱਚ ਵੀ ਆਏ ਦਿਨ ਹੋਰ ਹੋਰ ਅਦਲਾ-ਬਦਲੀ ਕੀਤੀ ਜਾ ਰਹੀ ਹੈ। ਪਿਛਲੇ ਲਗ-ਪਗ 70-75 ਸਾਲ ਵਿੱਚ ਮਨਮੱਤੀਆਂ ਦੁਆਰਾ ਗੁਰਸਿੱਧਤਾਂ ਵਿੱਚ ਲਿਆਂਦੀ ਗਈ ਇਸ ਅਧਾਰਮਿਕ ਅਤੇ ਅਮਾਨਵੀ ਤਬਦੀਲੀ ਨੂੰ ਇਸ ਲੇਖ ਦੇ ਲੇਖਕ ਨੇਂ ਖ਼ੁਦ ਦੇਖਿਆ ਤੇ ਹੰਢਾਇਆ ਹੈ। ਗੁਰਮਤਿ ਵਿੱਚ ਵਿਸ਼ਵਾਸ ਅਤੇ ਗੁਰਬਾਣੀ ਨਾਲ ਜੁੜਿਆ ਹੋਣ ਕਰਕੇ ਗੁਰਸਿੱਧਾਂਤਾਂ ਵਿੱਚ ਲਿਆਂਦਾ ਜਾ ਰਿਹਾ ਅਮਾਨਵੀ ਪਰਿਵਰਤਨ ਸਾਡੇ ਅਤੇ ਸਾਡੇ ਵਰਗੇ ਹੋਰ ਹਮਾਤੜਾਂ ਵਾਸਤੇ ਇੱਕ ਗੰਭੀਰ ਅਤੇ ਚਿੰਤਾਜਨਕ ਉਲਝਣ ਬਣੀ ਹੋਈ ਹੈ। ਕਈ ਸਾਲ ਪਹਿਲਾਂ, ਇਸ ਚਿੰਤਾਜਨਕ ਉਲਝਣ ਨੂੰ ਸੁਲਝਾਉਣ ਅਤੇ ਸਮਝਣ ਵਾਸਤੇ ਮੈਂ ਇੱਕ ਪੱਤਰ ਲਿਖ ਕੇ ਕਈ ਪੰਥਕ ਵਿੱਦਵਾਨਾਂ ਨੂੰ ਭੇਜਿਆ ਜੋ ਹੇਠ ਲਿਖੇ ਅਨੁਸਾਰ ਸੀ:

  • ਸ਼ਿਸ਼ ਜਾਂ ਸਿੱਖ ਹਜ਼ਾਰਾਂ ਸਾਲ ਤੋਂ ਵਰਤਿਆ ਜਾ ਰਿਹਾ ਇੱਕ ਆਮ ਨਾਂਵ ਹੈ; ਗੁਰਬਾਣੀ ਵਿੱਚ ਵੀ ਇਹ ਇੱਕ ਆਮ ਨਾਂਵ ਵਜੋਂ ਹੀ ਵਰਤਿਆ ਗਿਆ ਹੈ! ਇਸ ਨੂੰ ਕਿਸ ਨੇ ਕਦੋਂ ਤੇ ਕਿਉਂ ਖ਼ਾਸ ਨਾਂਵ ਬਣਾਇਆ? ਸਿੱਖ ਦੀ ਪਰਿਭਾਸ਼ਾ ਕੀ ਹੈ?
  • ਗੁਰਬਾਣੀ ਦੇ ਪ੍ਰਸੰਗ ਵਿੱਚ ਸਿੰਘ ਅਤੇ ਖ਼ਾਲਸਾ ਦੇ ਅਰਥ ਕੀ ਹਨ?
  • ਸਿੱਖ, ਸਿੰਘ ਅਤੇ ਖ਼ਾਲਸਾ ਵਿੱਚ ਕੀ ਅੰਤਰ ਹੈ?
  • ਗੁਰਬਾਣੀ ਵਿੱਚ ਸਹਿਜਧਾਰੀ ਸਿੱਖ ਅਤੇ ਮਜ਼੍ਹਬੀ ਸਿੱਖ ਆਦਿਕ ਸ਼ਬਦਜੁੱਟ ਨਹੀਂ ਹਨ! ਇਹ ਸ਼ਬਦ ਕਿਸ ਨੇ ਕਦੋਂ ਤੇ ਕਿਉਂ ਘੜੇ? … …

ਉਨ੍ਹਾਂ ਪੰਥਕ ਵਿੱਦਵਾਨਾਂ ਵੱਲੋਂ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਆਇਆ! ਤਕਰੀਬਨ ਸੱਭ ਨੇ “ਸਿੱਖ ਰਹਿਤ ਮਰਿਆਦਾ” ਪੜ੍ਹਨ ਦੀ ਸਲਾਹ ਦੇ ਕੇ ਪੱਲਾ ਝਾੜ ਲਿਆ। ਇਸ ਉਪਰੰਤ, ਮੈਂ ਕਈ ਭਾਈਆਂ, ਗ੍ਰੰਥੀਆਂ, ਗਿਆਨੀਆਂ, ਪੰਥਕ ਪ੍ਰਚਾਰਕਾਂ ਅਤੇ ਵਿੱਦਵਾਨਾਂ ਵਗੈਰਾ ਨਾਲ ਜ਼ੁਬਾਨੀ ਗੱਲ-ਬਾਤ ਵੀ ਕੀਤੀ ਪਰ ਉਹ ਵੀ ਗੱਲ ਗੋਲ-ਮੋਲ ਕਰਕੇ ਪਾਸਾ ਵੱਟ ਗਏ। ਸੱਭ ਪਾਸਿਓਂ ਨਿਰਾਸ਼ ਹੋ ਕੇ ਅਸੀਂ ਖ਼ੁਦ ਖੋਜ-ਵਿਚਾਰ ਕਰਨ ਦਾ ਯਤਨ ਕਰਨਾ ਸ਼ੁਰੂ ਕੀਤਾ; ਅਤੇ, ਗੁਰਬਾਣੀ, ਬਿਬੇਕ ਅਤੇ ਸੱਚ ਦੇ ਆਧਾਰ `ਤੇ ਕੀਤੀ ਗਈ ਇਸ ਖੋਜ ਵਿੱਚ ਜੋ ਸਾਨੂੰ ਮਿਲਿਆ, ਉਹ ਇਸ ਲੇਖ ਰਾਹੀਂ ਪਾਠਕਾਂ ਨਾਲ ਸਾਂਝਾ ਕਰਨ ਦਾ ਉਪਰਾਲਾ ਕੀਤਾ ਹੈ!

ਸੱਭ ਤੋਂ ਪਹਿਲਾਂ ਅਸੀਂ, ਪੰਥਕ ਵਿੱਦਵਾਨਾਂ ਦੇ ਕਹੇ ਅਨੁਸਾਰ “ਸਿੱਖ ਰਹਿਤ ਮਰਯਾਦਾ” ਦਾ ਅਧਿਐਨ ਕੀਤਾ; ਪਰੰਤੂ, ਇਹ ਅਧਿਐਨ ਕਰਕੇ ਵੀ ਸਾਨੂੰ ਸਾਡੇ ਉਪਰੋਕਤ ਸਵਾਲਾਂ ਦਾ ਜਵਾਬ ਨਹੀਂ ਮਿਲਿਆ! ਸਗੋਂ ਗੁਰਬਾਣੀ ਦੀ ਕਸੌਟੀ ਉੱਤੇ ਪਰਖ ਕੇ ਦੇਖਿਆ ਤਾਂ, ਇਹ ਕਸ਼ਟਦਾਈ ਸੱਚ ਸਾਹਮਨੇ ਆਇਆ ਕਿ ਇਹ ਰਹਿਤ ਮਰਯਾਦਾ ਗੁਰਮਤਿ ਵਿਰੋਧੀ ਹੈ! ਅਤੇ ਇਹ ਸੱਚ ਵੀ ਸਪਸ਼ਟ ਹੋ ਗਿਆ ਕਿ ‘ਸਿੱਖ ਧਰਮ’ ਦੇ ਭੇਖੀ, ਪਾਖੰਡੀ, ਮਤਲਬੀ ਅਤੇ ਮਨਮਤੀਏ ਠੇਕੇਦਾਰ ਗੁਰਮਤਿ ਦੇ ਉਕਤ ਸਿੱਧਾਂਤਕ ਸ਼ਬਦਾਂ ਦੀ ਗ਼ਲਤ ਵਰਤੋਂ ਕਰਕੇ ਲੋਕਾਂ ਨੂੰ ਭੌਂਦੂ ਬਣਾ ਰਹੇ ਹਨ। ਆਓ! ਵਿਚਾਰੀਏ ਕਿਵੇਂ?

ਲੇਖ ਦੇ ਸਿਰਲੇਖ ਵਿੱਚ ਦਿੱਤੇ ਪੰਜ ਸ਼ਬਦਾਂ ਵਿੱਚੋਂ ਪਹਿਲੇ ਤਿੰਨ ਸ਼ਬਦ: ਸਿੱਖ, ਸਿੰਘ ਅਤੇ ਖ਼ਾਲਸਾ ਗੁਰਬਾਣੀ ਵਿੱਚ ਵਰਤੇ ਗਏ ਸਿੱਧਾਂਤਕ ਸ਼ਬਦ ਹਨ; ਅਤੇ, ਬਾਕੀ ਦੋਨੋਂ ਸ਼ਬਦ - ਕੌਰ ਅਤੇ ਖ਼ਾਲਿਸਤਾਨ - ਗੁਰਬਾਣੀ ਵਿੱਚ ਨਹੀਂ ਹਨ ਅਤੇ ਨਾ ਹੀ ਸਿੱਧਾਂਤਕ ਹਨ!

ਸਿੱਖ ਸੰਸਕ੍ਰਿਤ ਦੇ ਸ਼ਬਦ ਸ਼ਿਸ਼ ਦਾ ਤਦਭਵ ਰੂਪ ਹੈ। ਗੁਰਬਾਣੀ ਵਿੱਚ ਸਿੱਖ ਅਤੇ ਇਸ ਦੇ ਕਈ ਹੋਰ ਸਮਾਨਾਰਥੀ ਸ਼ਬਦਾਂ ਦੀ ਵਰਤੋਂ ਵੀ ਕੀਤੀ ਗਈ ਹੈ ਜਿਵੇਂ: ਗੁਰਮੁਖ, ਗੁਰਸਿਖ, ਸਿਖੜਾ, ਸਿਖਵੰਤਾ, ਚੇਲਾ, ਚਾਟੜਾ, ਚਾਕਰ, ਚੇਰਾ, ਲਾਲਾ-ਗੋਲਾ, ਸੇਵਕ, ਸੂਰਾ, ਪੰਧਾਣੂ, ਅਭਿਅਗਤ, ਮੁਰੀਦ, ਦਰਵੇਸ਼, ਬੰਦਾ ਅਤੇ ਸੋਫ਼ੀ ……ਆਦਿਕ।

ਗੁਰਬਾਣੀ ਵਿੱਚ ਸਿੱਖ ਸ਼ਬਦ ਦੀ ਵਰਤੋਂ ਸੱਭ ਤੋਂ ਪਹਿਲਾਂ ਬਾਬਾ ਫ਼ਰੀਦ ਜੀ ਅਤੇ ਕਬੀਰ ਜੀ ਨੇ ਕੀਤੀ ਹੈ: ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ॥ ਫ਼ਰੀਦ ਜੀ;

ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ॥ ……

ਗੁਰੁਫ਼ਲਸਫ਼ੇ ਅਨੁਸਾਰ, ਸਿੱਖ ਦੀ ਪਰਿਭਾਸ਼ਾ ਬਣਦੀ ਹੈ: ਜੋ ਮਨੁੱਖ ਆਪਣੀ ਮਨਮੱਤ ਦਾ ਪਰਿਤਿਆਗ ਕਰਕੇ ਗੁਰੂ (ਗ੍ਰੰਥ) ਦੇ ਭਾਣੇ (ਹੁਕਮ) ਵਿੱਚ ਵਿਚਰਦਿਆਂ ਆਪਣੇ ਮਨ ਵਿੱਚੋਂ ਮਨ ਨੂੰ ਮਲੀਨ ਅਤੇ ਆਤਮਾ ਨੂੰ ਮੂਰਛਿਤ ਕਰਨ ਵਾਲੇ ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ, ਹਉਮੈਂ, ਈਰਖਾ, ਉਸਤਤ ਅਤੇ ਨਿੰਦਾ ਆਦਿਕ ਨੂੰ ਮਾਰ ਦਿੰਦਾ ਹੈ (……ਗੁਰ ਕਾ ਸਿਖੁ ਬਿਕਾਰ ਤੇ ਹਾਟੈ॥); ਅਤੇ, ਗੁਰੂ ਦੇ ਸ਼ਬਦਾਂ/ਸਿੱਧਾਂਤਾਂ ਦੀ ਬਿਬੇਕਪੂਰਣ ਵਿਚਾਰ ਕਰਕੇ ਗੁਰੂਆਂ ਦੁਆਰਾ ਸੁਝਾਏ ਗਏ ਮਾਨਵਵਾਦੀ ਸਿੱਧਾਂਤਾਂ (ਸਤ, ਸੰਤੋਖ, ਦਇਆ, ਧਰਮ, ਧੀਰਜ, ਖਿਮਾ ਅਤੇ ਸਹਿਣਸ਼ੀਲਤਾ ਆਦਿਕ) ਨੂੰ ਸੁਹਿਰਦਤਾ ਨਾਲ ਧਾਰਨ ਕਰਨ ਲਈ ਯਤਨਸ਼ੀਲ ਹੈ, ਉਹ ਸਿੱਖ ਹੈ।

(ਉਸਤਤ:-ਔਗੁਣਾਂ ਨੂੰ ਨਜ਼ਰਅੰਦਾਜ਼ ਕਰਕੇ ਕੀਤੀ ਝੂਠੀ ਤਾਰੀਫ਼); ਨਿੰਦਾ:- ਗੁਣਾਂ ਵਿੱਚ ਵੀ ਦੋਸ਼ ਲੱਭਣ ਦਾ ਇਨਸਾਨੀਯਤ ਤੋਂ ਗਿਰਿਆ ਹੋਇਆ ਕਰਮ।)

ਸੰਖੇਪ ਵਿੱਚ, ਜੋ ਮਨੁੱਖ ਮਨਮਤਿ ਤਿਆਗ ਕੇ ਗੁਰਮਤਿ ਅਰਥਾਤ ਗੁਰੂ ਦੇ ਹੁਕਮਾਂ/ਫ਼ਰਮਾਨਾਂ ਨੂੰ ਸਿਰ-ਮੱਥੇ ਮੰਨਦਾ ਹੈ ਅਤੇ ਉਨ੍ਹਾਂ ਅਨੁਸਾਰ ਆਪਣਾ ਜੀਵਨ ਜੀਉਂਦਾ ਹੈ, ਉਹ ਸਿੱਖ ਹੈ। ਇਸ ਪਰਿਭਾਸ਼ਾ ਦੀ ਪੁਸ਼ਟੀ ਲਈ ਗੁਰੁਫ਼ਰਮਾਨ (ਗੁਰੁਹੁਕਮ) ਹਨ:

ਸੋ ਸਿਖ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥

ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਮ: ੩

ਜੋ ਸਿਖ ਗੁਰ ਕਾਰ ਕਮਾਵਹਿ ਹਉ ਗੁਲਮੁ ਤਿਨਾ ਕਾ ਗੋਲੀਆ॥ …ਮ: ੪

“ਸਿੱਖ ਰਹਿਤ ਮਰਯਾਦਾ” ਵਿੱਚ ਲਿਖੀ “ਸਿੱਖ ਦੀ ਤਾਰੀਫ਼” ਉਪਰੋਕਤ ਗੁਰੁਹੁਕਮਾਂ ਦੀ ਕਸੌਟੀ ਉੱਤੇ ਪਰਖਿਆਂ ਖਰੀ ਸਾਬਤ ਨਹੀਂ ਹੁੰਦੀ! ਇਹ ਕੌੜਾ ਅਤੇ ਦੁੱਖਦਾਈ ਸੱਚ ਵੀ ਸਪਸ਼ਟ ਹੋ ਜਾਂਦਾ ਹੈ ਕਿ ਅੱਜ ਸਿੱਖ ਹੋਣ ਦਾ ਮਾਨ ਕਰਨ ਵਾਲੇ ਸਾਰੇ ਸਿੱਖ ਗੁਰੂ (ਗ੍ਰੰਥ) ਦੇ ਸਿੱਖ ਨਹੀਂ ਸਗੋਂ ਮਨਮੱਤੀਆਂ ਦੁਆਰਾ ਲਿਖੀ ਗਈ “ਸਿੱਖ ਰਹਿਤ ਮਰਯਾਦਾ” ਦੇ ਸਿੱਖ ਹਨ!

(ਨੋਟ:- ਗੁਰੂ (ਗ੍ਰੰਥ) ਦੇ ਸਿੱਖ ਅਤੇ “ਸਿੱਖ ਰਹਿਤ ਮਰਯਾਦਾ” ਬਾਰੇ ਵਿਸਥਾਰ ਵਿੱਚ ਜਾਣਨ ਵਾਸਤੇ ਮੇਰੇ ਲੇਖ “ਗੁਰੂ (ਗ੍ਰੰਥ) ਦਾ ਸਿੱਖ” ਅਤੇ “ਰਹਿਤ ਮਰਯਾਦਾ” ਪੜ੍ਹੇ ਜਾ ਸਕਦੇ ਹਨ।)

ਬਾਬੇ ਨਾਨਕ ਦਾ ਇੱਕ ਮੌਲਿਕ ਸ਼ਬਦ-ਜੁੱਟ ਹੈ, ਸਿਖ ਸਭਾ:

ਸਿਖ ਸਭਾ ਦੀਖਿਆ ਕਾ ਭਾਉ॥

ਗੁਰਮੁਖਿ ਸੁਣਣਾ ਸਾਚਾ ਨਾਉ॥ ਆਸਾ ਮ: ੧ ੩/੧੭

(ਸਿਖ ਸਭਾ: ਸਤਸੰਗਤ। ਦੀਖਿਆ: ਸਿੱਖਿਆ। ਭਾਉ: ਲਗਨ, ਪਿਆਰ।)

ਸੰਸਾਰ ਵਿੱਚ ‘ਸਿੱਖ ਧਰਮ” ਨਾਲ ਸੰਬੰਧਤ ਅਣਗਿਣਤ ਸਭਾਵਾਂ ਹਨ ਪਰੰਤੂ ਬਾਬੇ ਨਾਨਕ ਦੁਆਰਾ ਸੁਝਾਈ ਗਈ ਸੱਚੀ ਸਿਖ ਸਭਾ ਕਿਤੇ ਵੀ ਨਜ਼ਰ ਨਹੀਂ ਆਉਂਦੀ ਜਿੱਥੇ ਜਾਕੇ ਗੁਰੂ ਦੀ ਅਨਮੋਲ ਸਿੱਖਿਆ ਨਾਲ ਸਾਡਾ ਪਿਆਰ ਬਣੇ ਅਤੇ ਅਸੀਂ ਸਚਿਆਰ ਮਨੁੱਖ ਬਣ ਸਕੀਏ। ਸਾਡਾ ਹੇਜ ਤਾਂ ਸੰਪਰਦਾਈ ਸੰਸਾਰਕ ‘ਸਿੱਖ ਧਰਮ’ ਅਤੇ ਇਸ ਧਰਮ ਦੇ ਪ੍ਰਚਾਰ ਤੇ ਪਰਸਾਰ ਵਾਸਤੇ ਮਨਮੱਤੀਆਂ ਦੁਆਰਾ ਬਣਾਈ ਗਈ “ਸਿੱਖ ਰਹਿਤ ਮਰਯਾਦਾ” ਨਾਲ ਹੀ ਹੈ।

ਚਲਦਾ……

ਗੁਰਇੰਦਰ ਸਿੰਘ ਪਾਲ

ਜੂਨ 25, 2023.




.