ਕੀ ਸਾਰੇ ਖਾਲਿਸਤਾਨੀ ਲੀਡਰ ਪਾਕਿਸਤਾਨ ਦੀ ਖੁਫੀਆ ਏਜੰਸੀ ਦੇ ਏਜੰਟ ਹਨ?
ਕਥਿਤ ਖਾਲਿਸਤਾਨੀ ਸਾਰੀ ਦੁਨੀਆ ਵਿੱਚ ਰੌਲਾ ਪਾ ਰਹੇ ਹਨ ਕਿ ਸਿੱਖ ਭਾਰਤ ਵਿੱਚ ਗੁਲਾਮ ਹਨ। ਸਿੱਖਾਂ
ਨੂੰ ਆਪਣਾ ਦੇਸ਼ ਖਾਲਿਸਤਾਨ ਚਾਹੀਦਾ ਹੈ। ਭਾਰਤ ਵਿੱਚ ਤਾਂ ਇਤਨਾ ਰੌਲਾ ਨਹੀਂ ਜਿਤਨਾ ਬਿਦੇਸ਼ਾਂ ਵਿੱਚ
ਪੈ ਰਿਹਾ ਹੈ। ਪੰਜਾਬ ਵਿੱਚ ਖਾਲਿਸਤਾਨੀਆਂ ਦੇ ਦੋ ਵੱਡੇ ਥੰਮ, ਸਿਮਰਨਜੀਤ ਸਿੰਘ ਮਾਨ ਅਤੇ
ਅਤਿੰਦਰਪਾਲ ਸਿੰਘ ਆਪਣੀਆਂ ਤੋਪਾਂ ਦੇ ਮੂੰਹ ਇੱਕ ਦੂਸਰੇ ਵੱਲ ਖੋਲ ਕੇ ਤਿੱਖੇ ਸ਼ਬਦੀ ਗੋਲੇ ਦਾਗਦੇ
ਰਹਿੰਦੇ ਹਨ। ਇੱਕ ਦੂਜੇ ਨੂੰ ਗਦਾਰੀ ਦੇ ਫਤਵੇ ਵੀ ਜਾਰੀ ਕਰਦੇ ਰਹਿੰਦੇ ਹਨ। ਇਨ੍ਹਾਂ ਵਿਚੋਂ ਕਿਹੜਾ
ਅਸਲੀ ਅਤੇ ਕਿਹੜਾ ਨਕਲੀ ਹੈ, ਇਹ ਤਾਂ ਇਨ੍ਹਾਂ ਦੇ ਪੈਰੋਕਾਰ ਹੀ ਨਿਰਣਾ ਕਰ ਸਕਦੇ ਹਨ। ਜੇ ਕਰ ਸਿੱਖ
ਗੁਲਾਮ ਹਨ ਤਾਂ ਮਾਨ ਮੈਂਬਰ ਔਫ ਪਾਰਲੀਮਿੰਟ ਕਿੱਦਾਂ ਬਣ ਗਿਆ? ਇਤਨੇ ਕਤਲ ਕਰਨ ਵਾਲੇ ਕਿਉਂ ਜੇਲਾਂ
ਤੋਂ ਬਾਹਰ ਆ ਗਏ? ਜਦੋਂ ਮਾਨ ਕੋਈ ਇਲੈਕਸ਼ਨ ਜਿੱਤ ਜਾਂਦਾ ਹੈ ਤਾਂ ਖਾਲਿਸਤਾਨੀ ਕਹਿੰਦੇ ਹਨ ਕਿ
ਪੰਜਾਬ ਦੇ ਲੋਕ ਖਾਲਿਸਤਾਨ ਚਾਹੁੰਦੇ ਹਨ ਤਾਂ ਹੀਂ ਤਾਂ ਮਾਨ ਨੂੰ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ
ਹੈ। ਪਰ ਜਦੋਂ ਇਨ੍ਹਾਂ ਦੀ ਪਾਰਟੀ ਦੀਆਂ, ਮਾਨ ਸਮੇਤ ਜਮਾਨਤਾਂ ਵੀ ਜਬਤ ਹੋ ਜਾਂਦੀਆਂ ਹਨ ਤਾਂ ਫਿਰ
ਉਦੋਂ ਕੀ ਸਮਝਿਆ ਜਾਵੇ?
ਪਿਛਲੇ ਕੁੱਝ ਮਹੀਨਿਆਂ ਤੋਂ ਬਿਦੇਸ਼ੀ ਖਾਲਿਸਤਾਨੀਆਂ ਦੇ ਚੁਣ-ਚੁਣ ਕੇ ਕਤਲ ਕੀਤੇ ਜਾ ਰਹੇ ਹਨ। ਸ਼ੱਕ
ਕੀਤਾ ਜਾਂਦਾ ਹੈ ਕਿ ਇਹ ਕਤਲ ਭਾਰਤ ਦੀ ਖੁਫੀਆ ਏਜੰਸੀ ਰਾਅ ਵਲੋਂ ਕਰਵਾਏ ਜਾ ਰਹੇ ਹਨ। ਇਸ ਵਿੱਚ
ਕਿਤਨੀ ਸਚਾਈ ਹੈ ਇਹ ਤਾਂ ਆਉਣ ਵਾਲੇ ਸਮੇ ਵਿੱਚ ਹੀ ਪਤਾ ਲੱਗੇਗਾ। ਪਰ ਇੱਕ ਗੱਲ ਜਰੂਰ ਸੁਣਨ ਵਿੱਚ
ਆਉਂਦੀ ਹੈ ਜਿਹੜੇ ਖੁਫੀਆ ਏਜੰਸੀ ਦੀ ਹਿੱਟ ਲਿਸਟ ਤੇ ਹਨ ਉਹ ਅੰਡਰਗਰਾਉਂਡ ਹੋ ਰਹੇ ਹਨ। ਇਹ
ਖਾਲਿਸਤਾਨੀ ਕੌਣ ਹਨ ਇਨ੍ਹਾਂ ਦੇ ਪਿੱਛੇ ਕਿਹੜੀਆਂ ਤਾਕਤਾਂ ਹਨ। ਇਸ ਦੀ ਜਾਣਕਾਰੀ ਲਈ ਇੱਕ ਵੀਡੀਓ
ਸਾਂਝੀ ਕਰ ਰਿਹਾ ਹਾਂ ਜੇ ਕਰ ਨਹੀਂ ਸੁਣੀ ਤਾਂ ਇਸ ਨੂੰ ਜਰੂਰ ਸੁਣਨਾ। ਕੁੱਝ ਦਿਨ ਪਹਿਲਾਂ ਗਿਆਨੀ
ਬੂਟਾ ਸਿੰਘ ਨੇ ਵੀ ਇਸ ਤਰ੍ਹਾਂ ਦੀ ਇੱਕ ਵੀਡੀਓ ਬਣਾ ਕੇ ਪਾਈ ਸੀ। ਜੇ ਕਰ ਪੰਜਾਬ ਵਿੱਚ ਸਿੱਖਾਂ
ਨਾਲ ਕੋਈ ਮਾੜੀ ਘਟਨਾ ਵਾਪਰਦੀ ਹੈ ਤਾਂ ਖਾਲਿਸਤਾਨੀ ਗੁਲਾਮੀ ਦਾ ਢੋਲ ਬਜਾਉਣ ਲੱਗ ਪੈਂਦੇ ਹਨ। ਪਰ
ਜਦੋਂ ਪਾਕਿਸਤਾਨ ਵਿੱਚ ਸਿੱਖਾਂ ਦੇ ਕਤਲ ਹੁੰਦੇ ਹਨ ਅਤੇ ਲੜਕੀਆਂ ਨੂੰ ਜਬਰੀ ਮੁਸਲਮਾਨ ਬਣਾ ਕੇ
ਵਿਆਹ ਕਰਦੇ ਹਨ ਤਾਂ ਇਹ ਖਾਲਿਸਤਾਨੀ ਚੁੱਪ ਵੱਟ ਲੈਂਦੇ ਹਨ। ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ
ਇਨ੍ਹਾਂ ਦੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰਦੀਆਂ ਹਨ। ਭਾਂਵੇਂ ਭਿੰਡਰਾਂਵਾਲਾ ਸਾਧ ਹੋਵੇ, ਦੀਪ
ਸਿੱਧੂ ਹੋਵੇ, ਅੰਮ੍ਰਿਤਪਾਲ ਹੋਵੇ ਅਤੇ ਜਾਂ ਫਿਰ ਹੋਰ ਬਿਦੇਸ਼ੀ ਖਾਲਿਸਤਾਨੀ ਹੋਵਣ। ਇਨ੍ਹਾਂ ਦੇ
ਪਿੱਛੇ ਕੋਈ ਨਾ ਕੋਈ ਸਰਕਾਰੀ ਏਜੰਸੀ ਕੰਮ ਕਰ ਰਹੀ ਪ੍ਰਤੀਤ ਹੁੰਦੀ ਹੈ।
ਲਓ ਸੁਣੋਂ ਫਿਰ ਉਹ ਵੀਡੀਓ ਜਿਸ ਵਿਚੋਂ ਤੁਹਾਨੂੰ ਕਾਫੀ ਜਾਣਕਾਰੀ ਮਿਲੇਗੀ।
https://www.youtube.com/watch?v=QWn3oE2HDnc
ਇਸ ਵੀਡੀਓ ਵਿਚਲੀਆਂ ਕੁੱਝ ਗੱਲਾਂ ਅਤਿੰਦਰਪਾਲ ਸਿੰਘ ਨੇ ਵੀ ਆਪਣੀ ਵੀਡੀਓ ਵਿੱਚ ਸਾਂਝੀਆਂ ਕੀਤੀਆਂ
ਸਨ। ਖਾਸ ਕਰਕੇ ਇਜ਼ਰਾਈਲ ਦੀ ਖੁਫੀਆ ਏਜੰਸੀ ਮੌਸਾਦ ਬਾਰੇ। ਇੱਕ ਗੱਲ ਹੋਰ ਸਿੱਖ ਮਾਰਗ ਦੇ
ਪਾਠਕਾਂ/ਲੇਖਕਾਂ ਨੂੰ ਦੱਸ ਦੇਵਾਂ ਕਿ ਜੇ ਕਰ ਤੁਸੀਂ ਸੱਚ ਬੋਲਣ ਦੀ ਹਿੰਮਤ ਰੱਖਦੇ ਹੋ ਤਾਂ ਚਲੰਤ
ਮਾਮਲਿਆਂ ਬਾਰੇ ਬੋਲੋ ਅਤੇ ਲਿਖੋ ਤਾਂ ਕਿ ਸਮਾਜ ਚੰਗਾ ਬਣ ਸਕੇ। ਗੁਰੂਆਂ ਨੇ ਵੀ ਸਮਾਜ ਨੂੰ ਚੰਗਾ
ਬਣਾਉਣ ਲਈ ਹੀ ਮੌਕੇ ਦਾ ਸੱਚ ਬੋਲਿਆ ਸੀ ਜਿਸ ਨੂੰ ਤੁਸੀਂ ਗੁਰਬਾਣੀ ਕਹਿੰਦੇ ਹੋ। ਗੁਰਬਾਣੀ ਦੇ
ਸ਼ਬਦਾਂ ਦੇ ਅਰਥ ਹੁਣ ਤੱਕ ਬਥੇਰੇ ਹੋ ਚੁੱਕੇ ਹਨ। ਇਸ ਨਾਲ ਕੋਈ ਬਹੁਤਾ ਫਰਕ ਨਹੀਂ ਪੈਣਾ। ਲੋਕਾਈ
ਨੂੰ ਸਚਾਈ ਬਾਰੇ ਸੁਚੇਤ ਕਰੋ ਤਾਂ ਕਿ ਉਹ ਆਪਣੀ ਅਨਰਜ਼ੀ ਠੀਕ ਪਾਸੇ ਲਾ ਸਕਣ। ਇਹ ਖਾਲਿਸਤਾਨ ਦੇ
ਰੈਫਰਿੰਡਮ ਦੀ ਡੁਗ-ਡੁਗੀ ਨੇ ਸਮਾਜ ਦਾ ਕੁੱਝ ਨਹੀਂ ਸੰਵਾਰਨਾ ਅਤੇ ਨਾ ਹੀ ਕਥਿਤ ਖਾਲਿਸਤਾਨ ਦੇ ਬਣਨ
ਦੀ ਕੋਈ ਬਹੁਤੀ ਉਮੀਦ ਰੱਖੋ। ਕਿਉਂਕਿ ਹੁਣ ਪਹਿਲਾਂ ਵਾਲਾ ਸਮਾ ਨਹੀਂ ਰਿਹਾ। ਆਪਣੀ ਸੋਚਣੀ ਨੂੰ ਸਮੇ
ਦੀ ਹਾਣੀ ਬਣਾ ਕੇ ਸੋਚੋ, ਨਾ ਕਿ ਤਿੰਨ ਸਦੀਆਂ ਪਿਛਲੀ ਸੋਚ ਅਪਣਾ ਕੇ ਆਪਣੇ ਅਤੇ ਹੋਰ ਲੋਕਾਂ ਦੇ
ਦਿਮਾਗ ਖਰਾਬ ਕਰੋ।
ਮੱਖਣ ਪੁਰੇਵਾਲ,
ਜੁਲਾਈ 01, 2023.