ਕੀ ਹੁਣ ਅੰਬ ਨੂੰ ਵੀ ਸਾਹਿਬ ਕਹਿਣਾ ਪੈਣਾ?
ਜਿਹੜੇ ਵੀਰ, ਭੈਣਾਂ ਦੇ ਹਿਰਦੇ
ਕੋਮਲ ਹਨ ਜਾਂ ਉਹ ਸ਼ਰਧਾਵਾਨ ਸਿੱਖ ਹਨ ਤਾਂ ਮੇਰੀ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ
ਮੇਰਾ ਇਹ ਲੇਖ ਨਾਂ ਪੜਿਓ। ਜੇ ਕਿਸੇ ਦੇ ਹਿਰਸੇ ਨੂੰ ਸੱਟ ਵੱਜਦੀ ਹੈ ਤਾਂ ਮੈਂ ਉਹਨਾਂ ਤੋਂ ਪਹਿਲਾਂ
ਹੀ ਮਾਫ਼ੀ ਮੰਗ ਲੈਂਦਾ ਹਾਂ। ਅਸੀਂ ਆਪਣੇ ਇਤਿਹਾਸ ਨੂੰ ਵਿਗੜਦਾ ਹੋਇਆ ਵੇਖ ਕੇ ਵੀ ਚੁੱਪ ਹੀ ਰਹਿੰਦੇ
ਹਾਂ ਪਰ ਮੇਰੇ ਕੋਲੋਂ ਨਹੀਂ ਰਿਹਾ ਜਾਂਦਾ। ਸਾਡੇ ਬਾਪ ਦਾਦਿਆਂ ਨੇ ਵੀ ਕਦੇ ਹਿੰਮਤ ਨਹੀ ਕੀਤੀ ਕਿ
ਅਸੀਂ ਘੱਟੋ ਘੱਟ ਰਾਤ ਨੂੰ ਅੱਧਾ ਘੰਟਾ ਬੈਠ ਕੇ ਆਪਣੇ ਪਰਿਵਾਰ ਨੂੰ ਹੀ ਸਹੀ ਇਤਿਹਾਸ ਅਤੇ ਗੁਰਬਾਣੀ
ਦੀ ਗੱਲ ਸੁਣਾ ਦੇਈਏ। ਪਹਿਲਾਂ ਪਿਰਤ ਪੈ ਗਈ ਅਸੀਂ ਚੌਰ ਨੂੰ ਚੌਰ ਸਾਹਿਬ ਕਹਿਣਾ ਸ਼ੁਰੂ ਕਰ ਦਿੱਤਾ,
ਗੁਰੂ ਗ੍ਰੰਥ ਸਾਹਿਬ ਜੀ ਦੇ ਪੀੜ੍ਹੇ ਜਾਂ ਪਾਲਕੀ ਨੂੰ ਪਾਲਕੀ ਸਾਹਿਬ ਕਹਿਣ ਲੱਗ ਪਏ, ਗੁਰੂ ਘਰ ਦੇ
ਨਿਸ਼ਾਨ (ਨਿਸ਼ਾਨੀ) ਨੂੰ ਵੀ ਨਿਸ਼ਾਨ ਸਾਹਿਬ ਆਖ ਕੇ ਮੱਥੇ ਟੇਕਣ ਅਤੇ ਪਰਕਰਮਾ ਕਰਨ ਲੱਗ ਪਏ, ਗੁਰੂ ਘਰ
ਵਿੱਚ ਲੱਗੀਆਂ ਟਾਹਲੀਆਂ, ਦਰਖ਼ਤਾਂ, ਸਰੋਵਰਾਂ ਨੂੰ ਵੀ ਮੱਥੇ ਟੇਕਣ ਲੱਗ ਪਏ, ਜਦੋਂ ਕਿ ਗੁਰੂ ਜੀ ਦੀ
ਬਾਣੀ ਸਮਝਾ ਰਹੀ ਹੈ, “ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥ ਰਹਾਉ॥” ਤੇ ਅਸੀਂ
ਹੁਣ ਅੰਬ ਨੂੰ ਵੀ ਅੰਬ ਸਾਹਿਬ ਕਹਿਣ ਲੱਗ ਪਏ। ਹਾਂਜੀ ਮੇਰੇ ਵੀਰੋ ਭੈਣੋ ਮੈਂ ਗੱਲ ਕਰ ਰਿਹਾ ਹਾਂ
ਗੁਰਦੁਆਰਾ ਅੰਬ ਸਾਹਿਬ ਦੀ। ਪ੍ਰਬੰਧਕਾਂ ਨੇ ਤਾਂ ਹੋਰ ਵੀ ਅੱਗੇ ਵੱਧ ਕੇ ਅੰਬ ਦੇ ਮੂਹਰੇ ਵੀ ਸ਼੍ਰੀ
ਲਗਵਾਇਆ ਹੋਇਆ ਹੈ ਤੇ ਸ਼੍ਰੀ ਅੰਬ ਸਾਹਿਬ ਲਿਖਿਆ ਹੋਇਆ ਹੈ। ਮੈਂ ਸੋਚਦਾ ਹੁੰਦਾ ਹਾਂ ਕਿ ਚਲੋ ਕੋਈ
ਗੱਲ ਨਹੀ ਜੇ ਗਲਤੀ ਹੋ ਗਈ ਤਾਂ ਉਸ ਨੂੰ ਸੁਧਾਰਿਆ ਜਾ ਸਕਦਾ ਹੈ ਬੰਦਾ ਭੁਲਣਹਾਰ ਹੈ ਜੇ ਸਾਡੇ
ਇਤਿਹਾਸ ਵਿੱਚ ਜਾਂ ਗੁਰੂ ਘਰਾਂ ਦੇ ਨਾਮ ਰੱਖਣ ਵਿੱਚ ਕੋਈ ਗਲਤੀ ਹੋ ਵੀ ਗਈ ਹੈ ਤਾਂ ਉਸ ਨੂੰ ਬਦਲਿਆ
ਜਾ ਸਕਦਾ ਹੈ। ਸਾਡੀ ਸਿਰਮੌਰ ਸ਼੍ਰੋਮਣੀ ਕਮੇਟੀ ਕੋਲ ਅਨੇਕਾਂ ਹੀ ਵੱਡੇ ਵੱਡੇ ਵਿਦਵਾਨ ਹਨ, ਅਨੇਕਾਂ
ਹੀ ਪੀ. ਐਚ. ਡੀ ਡਿਗਰੀ ਹੋਲਡਰ ਹਨ ਉਹ ਸਿਰ ਜੋੜ ਕੇ ਬੈਠਣ ਤੇ ਸਹੀ ਫੈਸਲਾ ਲੈ ਲੈਣ। ਹੁਣ ਜੇ ਅਸੀਂ
ਗੁਰਦੁਆਰਾ ਸ਼੍ਰੀ ਅੰਬ ਸਾਹਿਬ ਕੱਟ ਕੇ ਗੁਰੂ ਘਰ ਦਾ ਨਾਮ ਗੁਰਦੁਆਰਾ ਗੁਰੂ ਹਰਿ ਰਾਏ ਸਾਹਿਬ ਜੀ
ਪਾਤਸ਼ਾਹੀ ਸਤਵੀਂ ਰੱਖ ਦੇਈਏ ਕੀ ਇਸ ਵਿੱਚ ਮਾੜੀ ਗੱਲ ਹੈ? ਜਿਵੇ ਸਾਨੂੰ ਅੰਬ ਸਾਹਿਬ ਕਹਿਣ ਦੀ ਆਦਤ
ਪਈ ਹੋਈ ਹੈ ਇਸੇ ਤਰਾਂ ਹੌਲੀ ਹੌਲੀ ਅਸੀਂ ਗੁਰੂ ਘਰ ਪਾਤਸ਼ਾਹੀ ਸਤਵੀਂ ਆਖਣ ਲੱਗ ਜਾਵਾਂਗੇ ਜੋ ਕਿ
ਕਹਿਣ ਸੁਣਨ ਵਿੱਚ ਵੀ ਚੰਗਾ ਲਗਦਾ ਹੈ।
ਮੈਨੂੰ ਅਸਲ ਵਿੱਚ ਇਹ ਲੇਖ ਕਿਉਂ ਲਿਖਣਾ ਪਿਆ ਇਸਦਾ ਵੀ ਇੱਕ ਕਾਰਨ ਹੈ। ਮੈਂ ਆਪਣੀ ਨਿਜੀ
ਲਾਇਬ੍ਰੇਰੀ ਵਿੱਚ ਬੈਠਾ ਇੱਕ ਛੋਟਾ ਜਿਹਾ ਟ੍ਰੈਕਟ ਪੜ੍ਹ ਰਿਹਾ ਸੀ ਤਾਂ ਮੇਰਾ ਅੱਠ ਸਾਲ ਦਾ ਮੁੰਡਾ
ਅਜਾਦਵੀਰ ਸਿੰਘ ਮੈਨੂੰ ਆਖਣ ਲੱਗਾ ਕਿ ਤੁਸੀਂ ਕੀ ਪੜ੍ਹ ਰਹੇ ਹੋ ਮੈਂ ਉਸ ਨੂੰ ਕਿਹਾ ਕਿ ਮੈਂ
ਗੁਰਦੁਆਰਾ ਸ਼੍ਰੀ ਅੰਬ ਸਾਹਿਬ ਦਾ ਇਤਿਹਾਸ ਪੜ੍ਹ ਰਿਹਾ ਹਾਂ। ਗੁਰੂ ਘਰ ਦਾ ਨਾਮ ਅੰਬ ਸਾਹਿਬ ਸੁਣਦੇ
ਸਾਰ ਹੀ ਉਹ ਉੱਚੀ ਉੱਚੀ ਹੱਸਣ ਲੱਗ ਪਿਆ ਤੇ ਮਿੱਠੇ ਮਿੱਠੇ ਅੰਬਾ ਬਾਰੇ ਗੱਲ ਕਰਨ ਲੱਗ ਪਿਆ ਉਸ ਨੇ
ਮੈਨੂੰ ਦੱਸਿਆ ਕਿ ਅੰਬ ਫਲਾਂ ਦਾ ਰਾਜਾ ਹੈ, ਪੰਜਾਬ ਵਿੱਚ 15 ਤਰਾਂ ਦੇ ਅੰਬਾਂ ਦੀਆ ਕਿਸਮਾਂ
ਮਿਲਦੀਆਂ ਹਨ ਤੇ ਅੰਬਾਂ ਦੀਆ ਕੁੱਲ 60 ਤਰਾਂ ਦੀਆ ਕਿਸਮਾਂ ਹੁੰਦੀਆਂ ਹਨ। ਅੰਬਾਂ ਦਾ ਮੌਸਮ ਜੂਨ
ਤੋਂ ਅਗਸਤ ਤੱਕ ਰਹਿੰਦਾ ਹੈ। ਮੈਨੂੰ ਉਹ ਹੋਰ ਵੀ ਕਾਫੀ ਜਾਣਕਾਰੀ ਅੰਬਾ ਬਾਰੇ ਦੇ ਗਿਆ ਜੋ ਕਿ ਉਸ
ਨੇ ਗੂਗਲ ਤੋਂ ਸਰਚ ਕਰ ਕੇ ਪੜ੍ਹਿਆ ਸੀ। ਮੈਂ ਮੁੜ੍ਹ ਤੋਂ ਅੰਬ ਸਾਹਿਬ ਦੇ ਇਤਿਹਾਸ ਬਾਰੇ ਪੜ੍ਹਨ
ਲੱਗ ਪਿਆ। ਸਭ ਤੋਂ ਪਹਿਲਾ ਉਪਰ ਲਿਖਿਆ ਸੀ, “ਗੁਰਦੁਆਰਾ ਸ਼੍ਰੀ ਅੰਬ ਸਾਹਿਬ ਪਾਤਸ਼ਾਹੀ 7ਵੀਂ” ਅੱਗੇ
ਲਿਖਿਆ ਸੀ ਕਿ ਇਹ ਉਹ ਇਤਿਹਾਸਕ ਸਥਾਨ ਹੈ, ਜਿਥੇ ਗੁਰੂ ਹਰਿ ਰਾਏ ਸਾਹਿਬ ਜੀ ਨੇ ਆਪਣੇ ਪਵਿੱਤਰ ਚਰਨ
ਪਾਏ, ਇਸ ਧਰਤੀ ਨੂੰ ਭਾਗ ਲਾਏ ਤੇ ਆਪਣੇ ਗੁਰਸਿੱਖ ਦੀ ਮਨੋ ਕਾਮਨਾ ਪੂਰੀ ਕੀਤੀ। ਠੀਕ ਹੈ ਗੁਰੂ
ਸਾਹਿਬ ਜੀ ਇਸ ਧਰਤੀ ਤੇ ਜਰੂਰ ਆਏ ਸਨ ਪਰ ਕੀ ਮਨੋ ਕਾਮਨਾ ਪੂਰੀ ਕਰਨ ਵਾਲੀ ਗੱਲ ਸਹੀ ਹੈ? ਕੀ
ਗੁਰਮਤਿ ਮਨੋਕਾਮਨਾਵਾ ਪੂਰੀਆਂ ਕਰਨ ਨੂੰ ਮੰਨਦੀ ਹੈ? ਭਾਈ ਕੁਰਮ ਜੀ ਜੋ ਕਿ ਪਿੰਡ ਲੰਬਿਆ ਦੇ
ਨਿਵਾਸੀ ਸਨ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਮਿਲਣ ਲਈ ਅੰਮ੍ਰਿਤਸਰ ਆਏ। ਪਰ ਅੰਬਾ ਦੇ ਦੇਸ਼ ਵਿੱਚੋਂ
ਆਉਣ ਕਰਕੇ ਵੀ ਉਹ ਗੁਰੂ ਸਾਹਿਬ ਜੀ ਲਈ ਅੰਬ ਲਿਆਉਣੇ ਭੁੱਲ ਗਏ ਜਾਂ ਨਹੀ ਲੈ ਕੇ ਆਏ। ਹੁਣ ਸੋਚਣ
ਵਾਲੀ ਗੱਲ ਹੈ ਕਿ ਅਸੀਂ ਜਦੋਂ ਵੀ ਆਪਣੇ ਨੇੜੇ ਦੇ ਗੁਰੂ ਘਰ ਜਾਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਣਾ
ਮੱਥਾ ਟੇਕਣ ਲਈ ਪੈਸੇ ਜੇਬ ਵਿੱਚ ਪਾਉਂਦੇ ਹਾਂ, ਕਿਸੇ ਵਿਅਕਤੀ ਨੇ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ
ਜਾਣਾ ਹੋਵੇ ਤਾਂ ਇਹ ਹੋ ਹੀ ਨਹੀ ਸਕਦਾ ਕਿ ਉਹ ਕੋਈ ਭੇਟਾ ਜਾਂ ਮਾਇਆ ਆਦਿ ਭੁੱਲ ਜਾਵੇ। ਇਹ ਘਟਨਾ
ਕਿਸ ਸਮੇਂ ਵਾਪਰੀ, ਕਿਹੜੇ ਸੰਨ ਕਿਹੜੀ ਤਰੀਕ ਨੂੰ ਵਾਪਰੀ ਇਸ ਬਾਰੇ ਕਿਤੇ ਵੀ ਕੁੱਝ ਨਹੀ ਲਿਖਿਆ
ਗਿਆ। ਜਦੋਂ ਕਿ ਇਤਿਹਾਸ ਵਿੱਚ ਤਰੀਕਾਂ, ਸੰਨ, ਵਾਰ ਲਿਖਣਾ ਬਹੁਤ ਹੀ ਜਰੂਰੀ ਹੁੰਦਾ ਹੈ। ਪਰ
ਇਤਿਹਾਸ ਲਿਖਣ ਵਾਲੇ ਨੇ ਇਹ ਜਰੂਰੀ ਹੀ ਨਾਂ ਸਮਝਿਆ ਕਿ ਮੈਂ ਤਵਾਰੀਖ਼ ਲਿਖਣ ਲੱਗਿਆ ਹਾਂ ਤੇ ਸਮੇਂ
ਬਾਰੇ ਮੈਂ ਕੁੱਝ ਵੀ ਨਹੀ ਲਿਖ ਰਿਹਾ। ਉਪਰੋਂ ਅਸੀਂ ਵੀ ਸਭ ਕੁੱਝ ਅੱਖਾਂ ਮੀਟ ਕੇ ਸੱਚ ਮੰਨੀ ਜਾਦੇ
ਹਾਂ ਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰੀ ਜਾਦੇ ਹਾਂ। ਸਾਡੇ ਇਤਿਹਾਸ
ਵਿੱਚ ਝੂਠੀਆਂ ਕਹਾਣੀਆਂ, ਘਟਨਾਵਾਂ ਨੂੰ ਰਲਾ ਦਿੱਤਾ ਗਿਆ ਹੈ ਤੇ ਅਸੀਂ ਹਲੇ ਤੱਕ ਹੰਸ ਬਿਰਤੀ ਨਹੀਂ
ਅਪਣਾਈ। ਅੱਗੇ ਲਿਖਿਆ ਹੈ ਕਿ ਸ਼ਾਮ ਨੂੰ ਦੀਵਾਨ ਦੀ ਸਮਾਪਤੀ ਤੋਂ ਬਾਅਦ ਪ੍ਰਸ਼ਾਦ ਵੱਜੋਂ ਜਿਹੜਾ ਅੰਬ
ਭਾਈ ਕੂਰਮ ਜੀ ਨੂੰ ਮਿਲਿਆ ਸੀ ਉਨ੍ਹਾਂ ਨੇ ਉਹ ਨਹੀ ਖਾਧਾ ਤੇ ਗੁਰੂ ਸਾਹਿਬ ਜੀ ਨੂੰ ਉਸੇ ਅੰਬ ਦਾ
ਇਸ਼ਨਾਨ ਕਰਾ ਕੇ ਭੇਟ ਕਰ ਦਿੱਤਾ। ਤੇ ਲਿਖ ਦਿੱਤਾ ਕਿ, ਘਟ ਘਟ ਕੇ ਅੰਤਰ ਕੀ ਜਾਨਤ॥ ਭਲੇ ਬੁਰੇ ਕੀ
ਪੀਰ ਪਛਾਨਤ॥ ਗੁਰੂ ਅਰਜਨ ਸਾਹਿਬ ਜੀ ਨੇ ਭਾਈ ਕੂਰਮ ਨੂੰ ਕਿਹਾ ਕਿ ਇਹ ਅੰਬ ਤਾ ਤੈਨੂੰ ਪ੍ਰਸ਼ਾਦ ਵਜੋ
ਮਿਲਿਆ ਸੀ ਤੇ ਤੂੰ ਸਾਨੂੰ ਹੀ ਇਹ ਭੇਟ ਕਰ ਦਿੱਤਾ। ਇਸ ਤੇ ਭਾਈ ਕੂਰਮ ਜੀ ਨੇ ਕਿਹਾ ਕੇ ਸਤਿਗੁਰੂ
ਜੀ ਮੈਂ ਅੰਬਾ ਦੇ ਦੇਸ਼ ਵਿੱਚੋਂ ਆਇਆ ਹਾਂ ਪਰ ਆਪ ਜੀ ਵਾਸਤੇ ਅੰਬ ਨਾਂ ਲਿਆ ਸਕਿਆ ਇਹ ਗੱਲ ਸੁਣ ਕੇ
ਗੁਰੂ ਅਰਜਨ ਪਾਤਸ਼ਾਹ ਜੀ ਨੇ ਕਿਹਾ ਕਿ ਕੋਈ ਗੱਲ ਨੀ ਤੂੰ ਇਹ ਅੰਬ ਛੱਕ ਲੈ ਅਸੀਂ ਤੇਰੇ ਕੋਲ ਸਤਵੇਂ
ਜਾਮੇ ਵਿੱਚ ਆਵਾਂਗੇ ਤੇ ਤੇਰੇ ਪਾਸੋਂ ਅੰਬ ਛਕਾਂਗੇ। ਹੁਣ ਸੰਗਤ ਆਪ ਹੀ ਫੈਸਲਾ ਕਰੇ ਕਿ ਇਸ ਇਤਿਹਾਸ
ਵਿੱਚ ਕਿੰਨੀ ਰਲਾਵਟ ਕੀਤੀ ਗਈ ਹੈ ਤੇ ਕਿੰਨਾ ਕੁ ਸੱਚ ਹੈ। ਗੁਰਮਤਿ ਕਿਸੇ ਅਗਲੇ ਜਾਂ ਪਿਛਲੇ ਜਨਮ
ਨੂੰ ਨਹੀ ਮੰਨਦੀ। ਇਹ ਸਿਰੇ ਦੀ ਗੱਪ ਹੈ ਕਿ ਗੁਰੂ ਅਰਜਨ ਸਾਹਿਬ ਜੀ ਨੇ ਭਾਈ ਕੂਰਮ ਜੀ ਨੂੰ ਜਾਂ
ਕਿਸੇ ਹੋਰ ਨੂੰ ਕਿਹਾ ਹੋਵੇ ਕਿ ਅਸੀਂ ਤੈਨੂੰ ਅਗਲੇ ਜਨਮ ਵਿੱਚ ਮਿਲਾਂਗੇ। ਸਿੱਖ ਆਪਣੇ ਇਤਿਹਾਸ ਦੀ
ਪਰਖ ਪੜਚੋਲ ਬਿਲਕੁਲ ਵੀ ਨਹੀ ਕਰ ਰਹੇ ਅਸੀਂ ਕੇਵਲ ਤੇ ਕੇਵਲ ਪਦਾਰਥਵਾਦੀ ਹੋ ਗਏ ਹਾਂ। ਜੇ ਇਸੇ
ਤਰਾਂ ਚਲਦਾ ਰਿਹਾ ਤੇ ਅਸੀਂ ਸੁਤੇ ਰਹੇ ਤਾਂ ਉਹ ਦਿਨ ਦੂਰ ਨਹੀ ਜਦੋਂ ਸਾਡੇ ਸਾਰੇ ਹੀ ਇਤਿਹਾਸ ਨੂੰ
ਬਦਲ ਦਿੱਤਾ ਜਾਵੇਗਾ। ਸਾਡੀਆਂ ਆਉਣ ਵਾਲੀਆ ਪੀੜ੍ਹੀਆਂ ਕਰਾਮਾਤੀ ਸਿੱਖ ਇਤਿਹਾਸ ਪੜ੍ਹਨਗੀਆਂ। ਇਸ
ਸਮੱਸਿਆ ਦਾ ਇੱਕੋ ਇੱਕ ਹੱਲ ਹੈ ਗੁਰਬਾਣੀ ਨੂੰ ਸਮਝ ਸਮਝ ਕੇ ਰੋਜ ਪੜ੍ਹਨਾ ਤੇ ਆਪਣੇ ਘਰ ਵਿੱਚ
ਗੁਰਬਾਣੀ ਦੇ ਅਰਥ ਕਰਨੇ। ਇਹ ਕੇਵਲ ਤੇ ਕੇਵਲ ਇੱਕੋ ਇੱਕ ਹੱਲ ਹੈ ਆਪਣੇ ਇਤਿਹਾਸ ਨੂੰ ਬਚਾਉਣ ਦਾ।
ਇਸ ਗਪੋੜ ਗੱਪ ਵਿੱਚ ਲਿਖਾਰੀ ਨੇ ਜਾਂ ਇਤਿਹਾਸਕਾਰ ਨੇ ਲਿਖਿਆ ਹੈ ਕਿ ਗੁਰੂ ਜੀ ਨੇ ਭਾਈ ਕੂਰਮ ਨੂੰ
ਸਤਵੇਂ ਜਾਮੇ ਵਿੱਚ ਮਿਲਣ ਲਈ ਕਿਹਾ। ਗੁਰੂ ਅਰਜਨ ਸਾਹਿਬ ਜੀ ਦਾ ਗੁਰਿਆਈ ਕਾਲ 16 ਸਤੰਬਰ 1581 ਤੋਂ
ਸ਼ੁਰੂ ਹੁੰਦਾ ਹੈ ਕਈ ਥਾਵਾ ਤੇ 1 ਸਤੰਬਰ 1581 ਵੀ ਲਿਖਿਆ ਮਿਲਦਾ ਹੈ ਤੇ 1606 ਵਿੱਚ ਗੁਰੂ ਸਾਹਿਬ
ਜੀ ਦੀ ਸ਼ਹਾਦਤ ਹੋ ਜਾਦੀ ਹੈ। ਗੁਰੂ ਅਰਜਨ ਸਾਹਿਬ ਜੀ ਦਾ ਗੁਰਿਆਈ ਕਾਲ 25 ਸਾਲ ਦਾ ਸੀ ਹੁਣ ਇਹਨਾਂ
25 ਸਾਲਾਂ ਵਿੱਚ ਭਾਈ ਕੂਰਮ ਜੀ ਗੁਰੂ ਸਾਹਿਬ ਜੀ ਨੂੰ ਕਦੋਂ ਮਿਲੇ ਇਤਿਹਾਸਕਾਰ ਨੇ ਕੁੱਝ ਵੀ ਨਹੀ
ਲਿਖਿਆ। ਜਦੋਂ ਭਾਈ ਕੂਰਮ ਜੀ ਗੁਰੂ ਸਾਹਿਬ ਨੂੰ ਮਿਲੇ ਉਸ ਸਮੇਂ ਭਾਈ ਕੂਰਮ ਜੀ ਦੀ ਉਮਰ ਕਿੰਨੀ ਸੀ
ਇਸ ਗੱਲ ਤੇ ਵੀ ਇਤਿਹਾਸਕਾਰ ਨੇ ਪਰਦਾ ਹੀ ਪਾਈ ਰੱਖਿਆ ਕਿਉਂਕਿ ਜੇ ਉਹ ਇਹ ਸਭ ਲਿਖ ਦਿੰਦਾ ਤਾਂ ਉਸ
ਦਾ ਝੂਠ ਫੜਿਆ ਜਾਣਾ ਸੀ। ਚਲੋ ਹੁਣ ਗੁਰੂ ਹਰਿ ਰਾਏ ਸਾਹਿਬ ਜੀ ਬਾਰੇ ਵੀ ਜਾਣਦੇ ਹਾਂ। ਗੁਰੂ ਹਰ
ਰਾਇ ਸਾਹਿਬ ਜੀ ਦਾ ਗੁਰਿਆਈ ਕਾਲ 8 ਮਾਰਚ 1644 ਤੋਂ ਸ਼ੁਰੂ ਹੁੰਦਾ ਹੈ ਤੇ 6 ਅਕਤੂਬਰ 1661 ਈ ਨੂੰ
ਗੁਰੂ ਸਾਹਿਬ ਜੀ ਜੋਤੀ ਜੋਤ ਸਮਾਂ ਜਾਦੇ ਹਨ। ਇਸ ਤਰਾਂ ਅਸੀਂ ਜਾਣ ਸਕਦੇ ਹਾਂ ਕਿ ਗੁਰੂ ਹਰਿ ਰਾਇ
ਸਾਹਿਬ ਜੀ ਦਾ ਗੁਰੂ ਕਾਲ 17 ਸਾਲ ਦਾ ਸੀ। ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਅਤੇ ਗੁਰੂ ਹਰ ਰਾਇ
ਸਾਹਿਬ ਜੀ ਦਾ ਗੁਰੂ ਗੱਦੀ ਤੇ ਬੈਠਣਾ ਇਸ ਕਾਲ ਵਿੱਚ 38 ਸਾਲ ਦਾ ਫਰਕ ਹੈ। ਸ਼੍ਰੋਮਣੀ ਕਮੇਟੀ ਵੱਲੋਂ
ਛਾਪੀ ਗਈ ਪੁਸਤਕ ਸਿੱਖ ਇਤਿਹਾਸ ਲੇਖਕ ਪ੍ਰੋ. ਕਰਤਾਰ ਸਿੰਘ ਐਮ. ਏ ਵਿੱਚ ਕਿਤੇ ਵੀ ਭਾਈ ਕੂਰਮ ਜੀ
ਦਾ ਜਿਕਰ ਨਹੀ ਆਇਆ। ਚਲੋ ਮੰਨ ਲੈਂਦੇ ਹਾਂ ਕਿ ਉਸ ਸਮੇ ਭਾਈ ਕੂਰਮ ਜੀ ਦੀ ਉਮਰ 45 ਕੁ ਸਾਲ ਦੀ ਸੀ
ਤੇ ਉਹ ਗੁਰੂ ਅਰਜਨ ਸਾਹਿਬ ਜੀ ਨੂੰ ਉਨ੍ਹਾਂ ਦੇ ਗੁਰਿਆਈ ਕਾਲ ਦੇ ਮੱਧ ਵਿੱਚ ਮਿਲੇ ਭਾਵ ਕਿ ਉਹ
ਗੁਰੂ ਅਰਜਨ ਸਾਹਿਬ ਜੀ ਨੂੰ 1593 ਈ ਵਿੱਚ ਮਿਲੇ ਤੇ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਵੀ ਉਹ
ਉਨ੍ਹਾਂ ਦੇ ਗੁਰੂ ਕਾਲ ਦੇ ਮੱਧ ਵਿੱਚ 1653 ਈ ਵਿੱਚ ਮਿਲੇ। ਹੁਣ ਸਾਨੂੰ ਪਤਾ ਲੱਗ ਗਿਆ ਕਿ ਜਦੋਂ
ਭਾਈ ਕੂਰਮ ਜੀ ਦੀ ਉਮਰ 45 ਸਾਲ ਦੀ ਸੀ ਤਾਂ 60 ਸਾਲ ਬਾਅਦ ਉਹ ਦੁਬਾਰਾ ਗੁਰੂ ਹਰਿ ਰਾਏ ਸਾਹਿਬ ਜੀ
ਨੂੰ ਮਿਲੇ ਤੇ ਉਸ ਸਮੇ ਉਨ੍ਹਾਂ ਦੀ ਉਮਰ 105 ਸਾਲ ਹੋ ਚੁਕੀ ਸੀ। ਜਦੋਂ ਗੁਰੂ ਹਰਿ ਰਾਏ ਸਾਹਿਬ ਜੀ
105 ਸਾਲਾ ਭਾਈ ਕੂਰਮ ਜੀ ਨੂੰ ਮਿਲੇ ਤਾਂ ਉਹ ਭਗਤੀ ਕਰ ਰਹੇ ਸਨ ਸ਼ਾਇਦ ਜਪ ਤਪ ਕਰ ਰਹੇ ਹੋਣ ਜਾ
ਸਮਾਧੀ ਲਾ ਕੇ ਬੈਠੇ ਹੋਣ। ਜੋ ਕਿ ਗੁਰਮਤਿ ਦੇ ਉਲਟ ਕੰਮ ਹੈ। ਲਿਖਾਰੀ ਲਿਖਦਾ ਹੈ ਕਿ ਉਸ ਸਮੇਂ ਪੋਹ
ਦੀ ਸੰਗਰਾਂਦ ਸੀ ਭਾਵ ਕਿ ਸਰਦੀ ਪੁਰੇ ਜੋਬਨ ਤੇ ਸੀ ਠੰਡ ਦਾ ਮੌਸਮ ਸੀ। ਕਿਉਂਕਿ ਪੋਹ ਦਾ ਮਹੀਨਾ
ਅੱਧ ਦਸੰਬਰ ਵਿੱਚ ਆਉਂਦਾ ਹੈ। ਗੁਰੂ ਸਾਹਿਬ ਜੀ ਜਦੋਂ ਭਾਈ ਕੂਰਮ ਜੀ ਨੂੰ ਮਿਲੇ ਤਾਂ ਗੁਰੂ ਸਾਹਿਬ
ਜੀ ਨੇ ਆਖਿਆ ਕਿ ਲਿਆ ਭਾਈ ਅੰਬ ਛਕਾ ਇਸ ਤੇ ਭਾਈ ਕੂਰਮ ਜੀ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ
ਗੁਰੂ ਜੀ ਇਹ ਮੌਸਮ ਤਾਂ ਅੰਬਾ ਦਾ ਨਹੀ ਹੈ। ਇਹ ਸਭ ਪੜ੍ਹਦੇ ਸਾਰ ਹੀ ਮੈਂ ਬਾਗਬਾਨੀ ਵਿਭਾਗ ਦੇ
ਮੁਖੀ ਜੋ ਕਿ ਹੁਣ ਰਿਟਾਇਰ ਹੋ ਚੁੱਕੇ ਹਨ ਨੂੰ ਫੋਨ ਕਰਿਆ ਅਤੇ ਪੁੱਛਿਆ ਕਿ ਕੀ ਅੰਬ ਦਾ ਕੋਈ ਅਜਿਹਾ
ਬੀਜ ਵੀ ਹੁੰਦਾ ਹੈ ਜਿਸ ਨੂੰ ਪੋਹ ਦੇ ਮਹੀਨੇ ਮਿੱਠੇ ਅੰਬ ਲੱਗਣ ਜਾ ਅੰਬ ਦਾ ਕੋਈ ਅਜਿਹਾ ਦਰਖ਼ਤ ਵੀ
ਹੈ ਜੋ ਸਾਰਾ ਸਾਲ ਅੰਬ ਦੇਦਾ ਰਹੇ। ਤਾਂ ਉਨ੍ਹਾਂ ਦਾ ਜਵਾਬ ਸੀ ਹਾਂ ਅੰਬ ਦਾ ਅਜਿਹਾ ਦਰੱਖਤ ਵੀ
ਹੁੰਦਾ ਹੈ ਜਿਸ ਨੂੰ ਸਾਰਾ ਸਾਲ ਅੰਬ ਲਗਦੇ ਰਹਿੰਦੇ ਹਨ ਪਰ ਅਜਿਹੀ ਅੰਬ ਦੀ ਕਿਸਮ ਬਹੁਤ ਘੱਟ ਮਿਲਦੀ
ਹੈ। ਇਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਕਿਹਾ ਕਿ ਅੰਬਾਂ ਦਾ ਦਰੱਖਤ ਤਾਂ ਪੱਕੇ ਅੰਬਾ ਨਾਲ ਲੱਦਿਆ
ਹੋਇਆ ਹੈ ਜਦੋਂ ਭਾਈ ਕੁਰਮ ਜੀ ਨੇ ਦੇਖਿਆ ਤਾਂ ਜਿਸ ਦਰਖ਼ਤ ਹੇਠ ਗੁਰੂ ਹਰ ਰਾਇ ਜੀ ਖੜੇ ਸਨ ਉਹ ਦਰਖ਼ਤ
ਅੰਬਾਂ ਨਾਲ ਲੱਦਿਆ ਪਿਆ ਹੈ। ਬੜੇ ਹੀ ਕਮਾਲ ਦੀ ਗੱਲ ਹੈ ਕਿ ਜਿਸ ਜਗ੍ਹਾ ਤੇ ਕਈ ਸੋ ਸਾਲਾਂ ਤੋਂ
ਭਾਈ ਕੂਰਮ ਜੀ ਰਹਿ ਰਹੇ ਸਨ ਭਗਤੀ ਕਰ ਰਹੇ ਉਨ੍ਹਾਂ ਨੂੰ ਕੁੱਝ ਵੀ ਨਹੀ ਪਤਾ ਸੀ ਕਿ ਦਰਖ਼ਤ ਨੂੰ ਅੰਬ
ਲੱਗੇ ਹੋਏ ਹਨ ਤੇ ਗੁਰੂ ਹਰਿ ਰਾਏ ਜੀ ਜੋ ਕਿ ਹੁਣੇ ਹੁਣੇ ਆਏ ਸਨ ਤੇ ਉਨ੍ਹਾਂ ਦੇ ਕਹਿਣ ਨਾਲ ਇੱਕ
ਦਮ ਦਰਖ਼ਤ ਨੂੰ ਅੰਬ ਲੱਗ ਗਏ ਇਹ ਕਰਾਮਾਤ ਨਹੀ ਤਾਂ ਹੋਰ ਕੀ ਹੈ ਇਹ ਗੁਰਮਤਿ ਦੀ ਉਲੰਘਣਾ ਨਹੀ ਤਾਂ
ਹੋਰ ਕੀ ਹੈ? ਸਾਡਾ ਹਰ ਗੱਲ ਨੂੰ ਸੱਚ ਮੰਨ ਲੈਣਾ ਆਉਣ ਵਾਲੀਆ ਪੀੜ੍ਹੀਆਂ ਲਈ ਕੰਡੇ ਬੀਜ ਕੇ
ਜਾਵੇਗਾ। ਮੈਂ ਇਹ ਨਹੀ ਕਹਿ ਰਿਹਾ ਕਿ ਗੁਰੂ ਸਾਹਿਬ ਜੀ ਇਸ ਜਗ੍ਹਾ ਨਹੀ ਆਏ। ਉਹ ਇਸ ਜਗ੍ਹਾ ਤੇ
ਜਰੂਰ ਆਏ ਹੋਣਗੇ ਪਰ ਉਨ੍ਹਾਂ ਨਾਲ ਅਜਿਹੀਆਂ ਕਰਾਮਾਤਾਂ ਕਿਸੇ ਚਲਾਕ ਤੇ ਸ਼ਰਾਰਤੀ ਲਿਖਾਰੀ ਨੇ
ਜੋੜੀਆਂ ਹੋਣਗੀਆਂ। ਸਾਡੇ ਗੁਰੂ ਸਾਹਿਬਾਨ ਨੂੰ ਵੀ ਵਰ ਸਰਾਪ ਦੇਣ ਵਾਲੇ ਸਿੱਧ ਕਰਨਾਂ, ਉਨ੍ਹਾਂ ਦੇ
ਕਹੇ ਮੂੰਹੋਂ ਬੋਲ ਉਸੇ ਸਮੇਂ ਪੁਰੇ ਹੋ ਜਾਣਾ, ਇਸ ਤਰਾਂ ਉਨ੍ਹਾਂ ਨੂੰ ਚਮਤਕਾਰੀ ਸਿੱਧ ਕਰਨਾਂ
ਇਤਿਹਾਸ ਨਹੀ ਕਿਸੇ ਚਾਲਬਾਜ਼ ਦੀ ਚਾਲ ਹੈ। ਮੈਂ ਵੇਖਿਆ ਹੈ ਕਿ ਅੱਜ ਅਸੀਂ ਹਰ ਖੇਤਰ ਵਿੱਚ ਬਹੁਤ
ਮੱਲਾਂ ਮਾਰੀਆ ਹਨ ਪਰ ਆਪਣੇ ਇਤਿਹਾਸ ਨੂੰ ਸੋਧਣ ਵਿੱਚ ਅਸੀਂ ਬਹੁਤ ਪਿਛੇ ਹਾਂ। ਵੱਡੇ ਵੱਡੇ ਧਨਾਢ
ਸਿੱਖ ਵੱਡੀਆਂ ਵੱਡੀਆਂ ਇਮਾਰਤਾਂ ਵਾਸਤੇ ਬਹੁਤ ਪੈਸਾ ਦਾਨ ਕਰਦੇ ਹਨ ਪਰ ਵਿਗੜ ਚੁੱਕੇ ਇਤਿਹਾਸ ਵੱਲ
ਕੋਈ ਵੀ ਧਿਆਨ ਨਹੀ ਦੇ ਰਿਹਾ। ਸਾਡੇ ਨੇੜਲੇ ਗੁਰੂ ਘਰ ਵਿੱਚ ਪਿਛਲੇ ਦਿੰਨੀ ਮੈਂ ਕਿਸੇ ਕੰਮ ਵਾਸਤੇ
ਚਲਾ ਗਿਆ। ਗੁਰੂ ਘਰ ਦੀ ਇਮਾਰਤ ਤਿੰਨ ਮੰਜਲੀ ਬਣੀ ਹੋਈ ਹੈ ਕਰੋੜਾਂ ਰੁਪਈਏ ਲੱਗੇ ਹੋਏ ਹਨ ਜਦੋਂ
ਮੈਂ ਦਰਬਾਰ ਸਾਹਿਬ ਵਿੱਚ ਦਾਖਲ ਹੋਇਆ ਤਾਂ ਇੱਕ ਵੀ ਬੰਦਾ ਉਥੇ ਮੋਜੂਦ ਨਹੀ ਸੀ। ਕਈ ਸੋਚਦੇ ਹੋਣਗੇ
ਕਿ ਇਹ ਗੱਪ ਮਾਰ ਰਿਹਾ ਹੈ ਇਹ ਕਿਵੇਂ ਹੋ ਸਕਦਾ ਹੈ ਕਿ ਸ਼ਾਮ ਦੇ ਸਮੇਂ ਬਜ਼ਾਰ ਦੇ ਵਿੱਚ ਗੁਰੂ ਘਰ
ਹੋਵੇ ਤੇ ਬੰਦਾ ਉਥੇ ਇੱਕ ਵੀ ਨਾਂ ਹੋਵੇ ਪਰ ਸੱਚ ਇਹੀ ਹੈ ਸੰਗਤ ਜੀ ਉਸ ਗੁਰੂ ਘਰ ਵਿੱਚ ਪਾਠੀ ਸਿੰਘ
ਸ਼ਾਮ ਦਾ ਪਾਠ ਕਰ ਰਿਹਾ ਸੀ ਸਮਾਪਤੀ ਦਾ ਸਮਾਂ ਸੀ ਪਰ ਬੰਦਾ ਉਥੇ ਕੋਈ ਵੀ ਨਹੀ ਸੀ। ਇਹ ਹਾਲ ਹੈ
ਸਾਡੇ ਕਰੋੜਾਂ ਰੁਪਏ ਖਰਚ ਕਰਨ ਦਾ। ਇਹ ਹਾਲ ਹੈ ਸਾਡੀ ਸਿੱਖੀ ਦਾ। ਸਾਡੇ ਵਿੱਚੋਂ ਹੀ ਬਾਹਰਲੇ
ਮੁਲਕਾਂ ਵਿੱਚ ਗਏ ਸਿੱਖ ਲੱਖਾਂ ਰੁਪਏ ਗੁਰਦੁਆਰਿਆਂ ਲਈ ਦਾਨ ਕਰ ਦਿੰਦੇ ਹਨ ਪਰ ਅਕਲ ਵਰਤ ਕੇ ਕੋਈ
ਵੀ ਦਾਨ ਨਹੀ ਕਰਦਾ। ਮੈਂ ਵੀ ਕਈ ਵਾਰ ਸੋਚਦਾ ਹੁੰਦਾ ਹਾਂ ਕਿ ਕੀ ਲੈਣਾ ਇਤਿਹਾਸ ਦੀ ਖੋਜ ਕਰਕੇ ਇਥੇ
ਕਿਹੜਾ ਕਿਸੇ ਨੇ ਕਦਰ ਪਾਉਣੀ ਹੈ ਪਰ ਜਦੋਂ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਦੀ ਸ਼ਹਾਦਤ
ਯਾਦ ਆਉਂਦੀ ਹੈ ਤਾਂ ਪਤਾ ਨਹੀ ਕਿਉ ਮੈਂ ਫੇਰ ਤੋਂ ਕਲਮ ਚੁੱਕ ਲੈਂਦਾ ਹਾਂ। ਮੈਨੂੰ ਲਗਦਾ ਹੈ ਕਿ
ਮੈਂ ਉਹ ਚਿੜੀ ਜਰੂਰ ਬਣਾ ਜਿਸ ਦੇ ਜੰਗਲ ਨੂੰ ਅੱਗ ਲੱਗੀ ਹੋਈ ਹੈ ਤੇ ਉਹ ਆਪਣੀ ਚੁੰਝ ਨਾਲ ਤੇ
ਬੂੰਦ-ਬੂੰਦ ਪਾਣੀ ਨਾਲ ਅੱਗ ਬੁਝਾਣ ਦਾ ਯਤਨ ਕਰ ਰਹੀ ਹੈ। ਨਿਉਜ ਚੈਨਲਾਂ ਵਾਲਿਆਂ ਨੇ ਤਾਂ ਇਹ ਵੀ
ਆਖ ਦਿੱਤਾ ਕਿ ਇਥੇ ਮੱਥਾ ਟੇਕਣ ਵਾਲੀਅਂ ਸੰਗਤਾਂ ਦੀ ਮਨੋ ਕਾਮਨਾ ਪੁਰੀ ਹੁੰਦੀ ਹੈ। ਸਾਡੇ ਗੁਰੂ ਘਰ
ਹੁਣ ਜਿਆਦਾਤਰ ਮਨੋ ਕਾਮਨਾਵਾਂ ਨੂੰ ਪੁਰੀਆਂ ਕਰਨ ਵਾਲੇ ਸਥਾਨ ਹੀ ਬਣਦੇ ਜਾ ਰਹੇ ਹਨ। ਅਸੀਂ ਵੀ
ਗੁਰੂ ਘਰਾਂ ਵਿੱਚ ਜਾ ਕੇ ਦੁੱਧ-ਪੁੱਤ ਹੀ ਮੰਗਦੇ ਹਾਂ।
ਅਖੀਰ ਵਿੱਚ ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਹਾਂ ਕਿ ਚਲਾਕ ਲਿਖਾਰੀਆਂ ਵੱਲੋਂ ਸਿੱਖ ਇਤਿਹਾਸ ਵਿੱਚ
ਵਾਪਰ ਚੁੱਕੀਆਂ ਘਟਨਾਵਾਂ ਦੇ ਨਾਲ ਕੁੱਝ ਝੂਠੀਆਂ ਤੇ ਮਨਘੜੰਤ ਘਟਨਾਵਾਂ ਜੋੜ ਦਿੱਤੀਆਂ ਜਾਦੀਆਂ ਹਨ।
ਜਿਸ ਕਾਰਨ ਸਿੱਖ ਇਤਿਹਾਸ ਚਮਤਕਾਰੀ ਲੱਗਣ ਲੱਗ ਜਾਂਦਾ ਹੈ। ਜਦੋਂ ਕਿ ਗੁਰਮਤਿ ਵਿੱਚ ਕਿਸੇ ਵੀ
ਚਮਤਕਾਰ ਨੂੰ ਮਾਨਤਾ ਨਹੀ ਹੈ। ਕਿਸੇ ਵੀ ਗੁਰੂ ਘਰ ਵਿੱਚ ਅਰਦਾਸ ਕਰਨ ਨਾਲ ਕੋਈ ਵੀ ਮਨੋ ਕਾਮਨਾ
ਪੁਰੀ ਨਹੀ ਹੁੰਦੀ। ਅਰਦਾਸ ਸਾਨੂੰ ਉਸ ਕੰਮ ਨੂੰ ਦ੍ਰਿੜਤਾ ਨਾਲ ਪੁਰਾ ਕਰਨ ਵੱਲ ਪ੍ਰੇਰਦੀ ਹੈ। ਅਸੀਂ
ਕਿਸੇ ਕੰਮ ਲਈ ਅਰਦਾਸ ਕਰੀ ਜਾਈਏ ਪਰ ਉਸ ਕੰਮ ਨੂੰ ਪੁਰਾ ਕਰਨ ਲਈ ਇੱਕ ਪੈਰ ਵੀ ਨਾਂ ਪੁੱਟੀਏ ਕੀ ਉਹ
ਕੰਮ ਪੁਰਾ ਹੋਵੇਗਾ। ਨਹੀ ਉਹ ਸਾਡਾ ਕੰਮ ਕਦੇ ਵੀ ਪੁਰਾ ਨਹੀ ਹੋਵੇਗਾ। ਸੋ ਕਿਸੇ ਨੂੰ ਜੇ ਮੇਰੇ
ਨਿਜੀ ਵਿਚਾਰ ਚੰਗੇ ਨਾਂ ਲੱਗਣ ਤਾਂ ਉਹ ਮੈਨੂੰ ਮਾਫ਼ ਕਰਨ। ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਨਾ
ਜਰੂਰ ਸ਼ੁਰੂ ਕਰਨ ਜੇ ਕਿਸੇ ਨੂੰ ਸਹਿਜ ਪਾਠ ਕਰਨ ਲਈ ਪੋਥੀਆਂ ਚਾਹੀਦੀਆਂ ਹੋਣ ਤਾਂ ਉਹ ਸਾਡੇ ਪਾਸੋਂ
ਬਿਲਕੁਲ ਮੁਫ਼ਤ ਦੋ ਭਾਗਾਂ ਵਿੱਚ ਅਤੇ ਚਾਰ ਭਾਗਾਂ ਵਿੱਚ ਲੈ ਸਕਦੇ ਹਨ।
ਹਰਪ੍ਰੀਤ ਸਿੰਘ ਸਰਹੰਦ –ਮੋਬ-88475-46903