.

ਸਿੱਖ - ਸਿੰਘ - ਕੌਰ - ਖ਼ਾਲਸਾ

ਖ਼ਾਲਿਸਤਾਨ!

(3)

ਗੁਰੂ ਗੋਬਿੰਦ ਸਿੰਘ ਜੀ ਦਾ ਚੋਣਵੇਂ ਗੁਰਸਿੱਖਾਂ ਨੂੰ ਪਹੁਲ ਦੇ ਕੇ ਸਿੰਘ ਦੀ ਪਦਵੀ ਦੇਣ ਦਾ ਮਾਨਵਵਾਦੀ ਮਨੋਰਥ ਸੀ: ਆਤਮ-ਰੱਖਿਆ ਅਤੇ, ਆਪਾ ਕੁਰਬਾਨ ਕਰ ਕੇ ਮਜ਼ਲੂਮਾਂ ਨੂੰ ਜ਼ਾਲਿਮਾਂ ਦੇ ਖ਼ੂਨੀ ਚੁੰਗਲ ਅਤੇ ਕਹਰ ਤੋਂ ਬਚਾਉਣਾ! ਅਜੋਕੇ ਸਿੰਘ ਨਾ ਤਾਂ ਆਤਮ-ਰੱਖਿਆ ਕਰਨ ਦੇ ਸਮਰਥ ਹਨ ਅਤੇ ਨਾ ਹੀ ਮਜ਼ਲੂਮਾਂ ਨੂੰ ਜ਼ਾਲਿਮਾਂ ਤੋਂ ਬਚਾਉਣ ਦਾ ਹੀਆ ਰੱਖਦੇ ਹਨ। ਮੌਤ ਦੇ ਡਰੋਂ ਉਹ ਆਪਣੇ ਇਰਦ-ਗਿਰਦ ਅੰਗ-ਰੱਖਿਅਕਾਂ (body guards) ਦੀ ਵੱਡੀ ਭੀੜ ਰੱਖਦੇ ਹਨ ਅਤੇ ਸਿਰ `ਤੇ ਆਈ ਮੌਤ ਤੋਂ ਬਚਣ ਵਾਸਤੇ ਉਹ ਆਪ, ਚੂਹਿਆਂ ਦੀ ਤਰ੍ਹਾਂ, ਜਾਂ ਤਾਂ ਖੁੱਡਾਂ ਵਿੱਚ ਵੜ ਜਾਂਦੇ ਹਨ ਅਤੇ ਜਾਂ ਫ਼ਿਰ ਗੁਰੂਦੁਆਰਿਆਂ ਵਿੱਚ ਪਨਾਹ ਲੈਂਦੇ ਹਨ! ਸਨ 1984 ਵਾਲੇ ਖ਼ੂਨੀ ਸਾਕੇ ਸਮੇਂ ਬਾਦਲ ਤੇ ਹੋਰ ਅਕਾਲੀ ਨੇਤਾ, ਗੁਰਚਰਣ ਸਿੰਘ ਟੌਹੜਾ ਤੇ ਉਸ ਦੇ ਅੰਮ੍ਰਿਤਧਾਰੀ ਸਾਥੀ, ਸ਼ਿਰੋਮਣੀ ਕਮੇਟੀਆਂ ਦੇ ਪ੍ਰਧਾਨ ਤੇ ਹੋਰ ਅਧਿਕਾਰੀ, ਜਥੇਦਾਰ (ਆਪਣੇ ਆਪ ਨੂੰ ਕਹਿੰਦੇ/ਕਹਾਉਂਦੇ ਸਿੰਘ ਸਾਹਿਬ), ਭਾਈ, ਗਿਆਨੀ ਅਤੇ ਸੰਤ ਵਗੈਰਾ ਘੁਰਨਿਆਂ ਵਿੱਚ ਜਾ ਲੁਕੇ ਸਨ! ਅਤੇ, ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਉਸ ਦੇ ਆਤੰਕਵਾਦੀ ਚੇਲਿਆਂ, ਜਿਨ੍ਹਾਂ ਦੀ ਆਪਹੁਦਰੀ ਹੁੱਲੜਬਾਜ਼ੀ ਕਰਕੇ ਉਹ ਖ਼ੂਨੀ ਸਾਕਾ ਵਾਪਰਿਆ ਸੀ, ਨੇ ‘ਸਿੱਖਾਂ’ ਦੇ ਉੱਚਤਮ ਕਹੇ ਜਾਂਦੇ ਸਥਾਨ ਅਕਾਲ ਤਖ਼ਤ ਅਤੇ ਹੋਰ ਕਈ ਗੁਰੂਦਵਾਰਿਆਂ ਨੂੰ ਪਨਾਹਗਾਹ ਬਣਾਇਆ ਸੀ! ! ! ਗੁੰਡਾਗਰਦੀ ਕਰਨ ਸਮੇਂ ਸਿੰਘ ਪਵਿੱਤਰ ਬੀੜ ਨੂੰ ਢਾਲ ਬਣਾਉਣ ਤੋਂ ਵੀ ਸੰਕੋਚ ਨਹੀਂ ਕਰਦੇ! ! ਇਸ ਕਥਨ ਦੀ ਤਾਜ਼ਾ ਮਿਸਾਲ ਅੰਮ੍ਰਿਤਪਾਲ ਸਿੰਘ ਦਾ ਗੁਰਬਾਣੀ ਗ੍ਰੰਥ ਦੀ ਆੜ ਵਿੱਚ ਥਾਣੇ ਉੱਤੇ ਹਮਲਾ ਕਰ ਕੇ ਗੁੰਡਾਗਰਦੀ ਕਰਨਾ ਹੈ! ! !

ਅਜੋਕੇ ਸਿੰਘਾਂ ਦਾ ਅਮਾਨਵੀ ਮਕਸਦ ਹੈ: ਮਲੂਕੀ ਵੇਸ (ਭਰਮਾਊ ਭੇਖ) ਧਾਰਨ ਕਰਕੇ ਕਾਨੂੰਨ ਨਾਲ ਬਿਨਾਂਵਜਾਹ ਖਹਿਬੜਨਾ, ਆਨੇ-ਬਹਾਨੇ ਜਣੇ-ਖਣੇ ਨਾਲ ਪੰਗਾ ਲੈਣਾ ਅਤੇ ਆਪਣੀ ਝੂਠੀ ਧਾਂਕ ਜਮਾਉਣ ਵਾਸਤੇ ਆਤੰਕ ਤੇ ਦਹਿਸ਼ਤ ਫੈਲਾਉਣਾ, ਮਾਸੂਮ ਨਿਹੱਥਿਆਂ ਦਾ ਬੇਰਹਿਮੀ ਨਾਲ ਕਤਲ ਕਰਨਾ, ਬਲਾਤਕਾਰ ਕਰਨੇ, ਨਿਗੁਣੀ ਮਾਇਆ ਦੀ ਖ਼ਾਤਿਰ ਡਕੈਤੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ, ਮਾਸੂਮਾਂ ਨੂੰ ਅਗਵਾ ਕਰਕੇ ਉਨ੍ਹਾਂ ਉੱਤੇ ਅੱਤਿਆਚਾਰ ਕਰਨਾ ਅਤੇ ਫ਼ਿਰੌਤੀਆਂ ਵਸੂਲਨਾ, ਝੂਠ ਬੋਲਣ ਅਤੇ ਕੁਫ਼ਰ ਤੋਲਨ ਜਿਹੇ ਕੁਕਰਮ ਨਿਸੰਗ ਹੋ ਕੇ ਕਰਨਾਂ……ਵਗੈਰਾ ਵਗੈਰਾ। ਇਸ ਤੋਂ ਬਿਨਾਂ, ਗੱਦੀਆਂ ਅਤੇ ਗੋਲਕਾਂ ਉੱਤੇ ਆਪਣਾ ਕਬਜ਼ਾ ਕਰਨ ਵਾਸਤੇ ਇਕ-ਦੂਜੇ ਦੀਆਂ ਦਸਤਾਰਾਂ ਉਛਾਲਣਾ ਤੇ ਸਿਰ ਪਾੜਨਾ, ਆਪਸ ਵਿੱਚ ਗੁੱਥਮ-ਗੁੱਥਾ ਹੁੰਦੇ ਰਹਿਣਾ ਅਤੇ ਗੁਰੂ (ਗ੍ਰੰਥ) ਦੀ ਹਜ਼ੂਰੀ ਵਿੱਚ ਇਕ-ਦੂਜੇ ਨਾਲ ਗਾਲੀ-ਗਲੋਚ ਹੋਣਾ……ਆਦਿਕ ਕੁਕਰਮ ਕਰਨਾ ਤਾਂ ਇਨ੍ਹਾਂ ਵਾਸਤੇ ਮਅਮੂਲੀ ਗੱਲ ਹੈ! ਗੁਰੂ ਕੀਆਂ ਸੰਗਤਾਂ ਵੱਲੋਂ ਭੇਟ ਕੀਤੀ ਗਈ ਮਾਇਆ ਨੂੰ ਕੋਰਟਾਂ-ਕਚਹਿਰੀਆਂ ਵਿੱਚ ਨਿਰਲੱਜ ਹੋ ਕੇ ਬਰਬਾਦ ਕਰਦਿਆਂ ਇਨ੍ਹਾਂ ਨਿਰਲੱਜਾਂ ਨੂੰ ਕੋਈ ਸ਼ਰਮ ਨਹੀਂ ਆਉਂਦੀ! ! ! ਅਜੋਕੇ ਮਾਇਆਧਾਰੀ ਸਿੱਖ ਤੇ ਸਿੰਘ ਹਰਾਮ ਦੀ ਮਾਇਆ ਹਥਿਆਉਣ ਵਾਸਤੇ ਕਿਸੇ ਵੀ ਹੱਦ ਤੀਕ ਗਿਰ ਸਕਦੇ ਹਨ! ਮਾਇਆ-ਡੱਸੇ ਇਹ ਦੰਭੀ ਲੋਕ ਚੋਰੀਆਂ, ਘਪਲੇ ਤੇ ਠੱਗੀਆਂ ਕਰਨ ਲੱਗੇ ਜ਼ਰਾ ਵੀ ਸ਼ਰਮ ਮਹਿਸੂਸ ਨਹੀਂ ਕਰਦੇ ਅਤੇ ਨਾ ਹੀ ਝਿਜਕਦੇ ਹਨ! ਇਸ ਕੌੜੇ ਪਰ ਸੱਚੇ ਕਥਨ ਦੀ ਪੁਸ਼ਟੀ ਹਰ ਰੋਜ਼ ਪਰਸਾਰਿਤ ਹੁੰਦੀਆਂ ਖ਼ਬਰਾਂ ਤੋਂ ਸਹਿਲ ਹੀ ਹੋ ਜਾਂਦੀ ਹੈ! ! ਤਖ਼ਤ ਪਟਨਾ ਦੇ ਜਥੇਦਾਰ ਦਾ ਕਰੋੜਾਂ ਦੀ ਠੱਗੀ ਅਤੇ ਅੰਮ੍ਰਿਤਸਰ ਦੇ ਲੰਗਰ ਦੀਆਂ ਸੁੱਕੀਆਂ ਰੋਟੀਆਂ ਤੇ ਹੋਰ ਜੂਠ ਅਤੇ ਰਹਿੰਦ-ਖੂੰਦ ਵੇਚ ਕੇ ਕਰੋੜਾਂ ਦੇ ਘਪਲੇ ਦੀ ਖ਼ਬਰ ਇਸ ਕਥਨ ਦਾ ਤਾਜ਼ਾ ਪੁਖ਼ਤਾ ਪ੍ਰਮਾਣ ਹਨ। ਜਿਹੜੇ ਜ਼ਮੀਰ-ਮਰੇ ਸਿੱਖ/ਸਿੰਘ, ਆਪਣੇ ਕਿਸੇ ਸੁਆਰਥ ਦੀ ਖ਼ਾਤਿਰ, ਆਪਣੇ ਹੀ ਗੁਰੂ (ਗ੍ਰੰਥ) ਦੀਆਂ ਦੇਹਾਂ (ਬੀੜਾਂ) ਚੋਰੀ ਕਰ ਸਕਦੇ ਹਨ, ਉਨ੍ਹਾਂ ਪਾਪੀ ਕੁਕਰਮੀਆਂ ਤੋਂ ਕਿਸੇ ਅਧਿਆਤਮ ਕਰਮ ਦੀ ਉਮੀਦ ਰੱਖਣਾ ਸਾਡੀ ਮਹਾਂਮੂਰਖਤਾ ਹੈ!

ਅਜੋਕੇ ਸਿੱਖਾਂ ਅਤੇ ਸਿੰਘਾਂ ਵਿੱਚ ਕੋਈ ਅੰਤਰ ਨਹੀਂ ਹੈ; ਹਰ ‘ਸਿੱਖ’ ਨੇ ਆਪਣੇ ਨਾਮ ਨਾਲ ਸਿੰਘ ਪਿਛੇਤਰ ਲਾਇਆ ਹੋਇਆ ਹੈ, ਅਤੇ ਹਰ ‘ਸਿੰਘ’ ਆਪਣੇ ਆਪ ਨੂੰ ਗੁਰਸਿੱਖ ਅਤੇ ਗੁਰਸਿੱਖੀ ਦਾ ਪ੍ਰਚਾਰਕ ਕਹਿੰਦਾ/ਕਹਾਉਂਦਾ ਹੈ! ਪਰੰਤੂ ਅਜੋਕੇ, ਲਗ-ਪਗ, ਸਾਰੇ ਸਿੱਖਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਵਾਲੇ ਸਿਰਲੱਥ ਸਿੰਘਾਂ ਵਾਲਾ ਜਜ਼ਬਾ ਨਜ਼ਰ ਨਹੀਂ ਆਉਂਦਾ! ਅਤੇ, ਅੱਜ ਦੇ ਪਹੁਲਧਾਰੀ ਸਿੱਖਾਂ (ਸਿੰਘਾਂ) ਵਿੱਚ ਵੀ ਸੱਚੀ ਸਿੱਖੀ ਦੇ ਗੁਣਾਂ ਦਾ ਪੂਰਣ ਅਭਾਵ ਹੈ! ਕੁਝ-ਇਕ ਨੂੰ ਛੱਡ ਕੇ, ਸਾਰੇ ‘ਸਿੱਖ’ ਨਾਮਧਰੀਕ ਸਿੱਖ ਹਨ ਅਤੇ, ਲਗ-ਪਗ, ਸਾਰੇ ਸਿੰਘ ਸਿੰਘਚ ਭੋਜਨੁ ਕਰਨ ਵਾਲੇ ਪੰਚ ਸਿੰਘਾਂ (ਵਿਕਾਰ ਰੂਪੀ ਗਿੱਦੜਾਂ) ਦੇ ਅਣਖਹੀਣੇ ਗ਼ੁਲਾਮ ਹਨ!

ਸੱਚੀ ਸਿੱਖੀ ਦੇ ਦੋਖੀਆਂ ਨੇ ਸਿੰਘ ਿਛੇਤਰ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਦੱਸ ਕੇ ਇਹ ਘੋਸ਼ਣਾ ਕਰ ਦਿੱਤੀ ਹੋਈ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨ, ਮੈਂਬਰ ਅਤੇ ਹੋਰ ਉਹਦੇਦਾਰ ਬਣਨ ਵਾਸਤੇ ਅੰਮ੍ਰਿਤਧਾਰੀ ਸਿੱਖ ਅਰਥਾਤ ਸਿੰਘ ਹੋਣਾ ਪੂਰਵ ਸ਼ਰਤ ਹੈ! ਇਹੀ ਫ਼ਰਮਾਨ ਹੋਰ ਸਾਰੇ ਕਰਮਚਾਰੀਆਂ (ਕਥਿਤ ਸੇਵਾਦਾਰਾਂ) ਵਾਸਤੇ ਵੀ ਹੈ! ਪਾਠ, ਪ੍ਰਚਾਰ, ਕਥਾ ਅਤੇ ਕੀਰਤਨ ਆਦਿ ਵੀ ਕੇਵਲ ਅੰਮ੍ਰਿਤਧਾਰੀ ਸਿੱਖ (ਸਿੰਘ) ਹੀ ਕਰ ਸਕਦਾ ਹੈ! ਇਨ੍ਹਾਂ ਗੁਰਮਤਿ-ਵਿਰੋਧੀ, ਅਨਅਧਿਆਤਮਿਕ ਤੇ ਅਮਾਨਵੀ ਫ਼ਰਮਾਨਾਂ ਪਿੱਛੇ ਕੋਈ ਤਰਕ ਨਹੀਂ ਦਿੱਤਾ ਗਿਆ! ਉਲਟਾ, ਪਾਖੰਡੀਆਂ ਦਾ ਉਕਤ ਫ਼ਰਮਾਨ ਗੁਰੂਆਂ ਅਤੇ ਰੂਹਾਨੀਯਤ ਦੇ ਪੁੰਜ ਬ੍ਰਹਮਗਿਆਨੀ ਸਾਰੇ ਬਾਣੀਕਾਰਾਂ ਦਾ ਘੋਰ ਅਪਮਾਨ ਹੈ! ਕਿਸੇ ਵੀ ਬਾਣੀਕਾਰ ਦੇ ਨਾਮ ਨਾਲ ਸਿੰਘ ਨਹੀਂ ਹੈ! ਬਾਣੀਕਾਰਾਂ ਦੇ ਨਾਂਵਾਂ ਬਾਰੇ ਕੀ ਕਿਹਾ ਜਾਵੇ? ? ?

ਪਾਖੰਡਬਾਜ਼ਾਂ ਦੇ ਫ਼ੈਲਾਏ ਅਗਿਆਨਤਾ ਅਤੇ ਅੰਧਵਿਸ਼ਵਾਸ ਦੇ ਅੰਧਕਾਰ ਵਿੱਚੋਂ ਬਾਹਰ ਨਿਕਲ ਕੇ ਬਿਬੇਕ ਨਾਲ ਬੀਚਾਰੀਏ ਤਾਂ ਇਹ ਸੱਚ ਸਾਹਮਨੇ ਆ ਜਾਂਦਾ ਹੈ ਕਿ ਸਾਰੇ ਸਿੱਖਾਂ ਦੇ ਨਾਮ ਨਾਲ ਸਿੰਘ ਪਿਛੇਤਰ ਲਾਉਣ ਦਾ ਫ਼ਰਮਾਨ ਗੁਰੂ ਗੋਬਿੰਦ ਸਿੰਘ ਜੀ ਦਾ ਨਹੀਂ ਹੋ ਸਕਦਾ! ਕਿਉਂ? ਕਿਉਂਕਿ ਉਨ੍ਹਾਂ ਦਾ ਇਉਂ ਕਰਨ ਨਾਲ ਰੂਹਾਨੀਯਤ ਦੇ ਪੁੰਜ ਬ੍ਰਹਮਗਿਆਨੀ ਬਾਣੀਕਾਰਾਂ ਅਤੇ ਉਨ੍ਹਾਂ ਦੇ ਸੱਚੇ ਸਿੱਖਾਂ ਦਾ ਘੋਰ ਅਪਮਾਨ ਹੈ!

ਕੌਰ ਸ਼ਬਦ ਉੱਤੇ ਚਰਚਾ ਕਰਨ ਤੋਂ ਪਹਿਲਾਂ ਸਰਦਾਰ ਲਫ਼ਜ਼ ਉੱਤੇ ਸੰਖੇਪ ਜਿਹੀ ਵਿਚਾਰ ਕਰ ਲੈਣੀ ਕੁਥਾਂ ਨਹੀਂ ਹੋਵੇਗੀ। ਸਰਦਾਰ ਫ਼ਾਰਸੀ ਬੋਲੀ ਦਾ ਲਫ਼ਜ਼ ਹੈ ਅਤੇ ਇਸ ਦੇ ਮਅਨੇ ਹਨ: ਅਮੀਰ, ਹਾਕਮ; ਕਿਸੇ ਕਬੀਲੇ ਦਾ ਮੁਖੀਆ, ਫ਼ੌਜੀ ਦਸਤੇ ਆਦਿ ਦਾ ਮੋਹਰੀ। ਡਾਕੂਆਂ ਦੇ ਟੋਲੇ ਦੇ ਮੁਖੀਏ ਨੂੰ ਵੀ ਸਰਦਾਰ ਕਿਹਾ ਜਾਂਦਾ ਹੈ। ਸਿੱਖਾਂ ਵਿੱਚ ਨਾਮ ਮੂਹਰੇ ਸਰਦਾਰ ਲਗਾਉਣ ਦਾ ਰਿਵਾਜ ਸਿੱਖ ਮਿਸਲਾਂ ਤੋਂ ਸ਼ੁਰੂ ਹੋਇਆ ਸੀ। ਮਹਾਂਰਾਜਾ ਰਣਜੀਤ ਸਿੰਘ ਦੀ ਫ਼ੌਜ ਦੇ ਸਿੱਖ ਜਰਨੈਲਾਂ ਨੂੰ ਵੀ ਸਰਦਾਰ ਕਿਹਾ ਜਾਂਦਾ ਸੀ। ਮਿਸਲਦਾਰਾਂ ਅਤੇ ਫ਼ੌਜੀ ਜਰਨੈਲਾਂ ਦੀ ਰੀਸੋ-ਰੀਸੀ, ਉਸ ਸਮੇਂ ਤੋਂ, ਲਗ-ਪਗ, ਸਾਰੇ ‘ਸਿੱਖ’ ਆਪਣੀ ਫੋਕੀ ਟੌਰ੍ਹ ਜਮਾਉਣ ਅਤੇ ਥੋਥੀ ਹੈਂਕੜ ਦਾ ਪ੍ਰਗਟਾਵਾ ਕਰਨ ਵਾਸਤੇ ਆਪਣੇ ਨਾਮ ਅੱਗੇ ਸਰਦਾਰ ਪਦ ਦੀ ਵਰਤੋਂ ਕਰਦੇ ਆ ਰਹੇ ਹਨ। ਕੌਰ ਪਦ ਦੀ ਸ਼ੁਰੂਆਤ ਵੀ ਕੁੱਝ ਇਸੇ ਤਰ੍ਹਾਂ ਹੀ ਹੋਈ ਸੀ।

ਕੌਰ: ਕੌਰ ਪਦ ਕੁੰਵਰਿ ਦਾ ਤਦਭਵ ਰੂਪ ਹੈ। ਹਿੰਦੂ ਰਾਜੇ-ਰਜਵਾੜਿਆਂ, ਅਮੀਰਾਂ-ਵਜ਼ੀਰਾਂ ਅਤੇ ਰਈਸਾਂ ਦੀਆਂ ਬੇਟੀਆਂ ਨੂੰ ਕੁੰਵਰਿ {ਕੁਮਾਰੀ ਜਾਂ ਸ਼ਾਹਜ਼ਾਦੀ (Princess)} ਕਿਹਾ ਜਾਂਦਾ ਸੀ। ਸਿੱਖਾਂ ਵਿੱਚ ਇਹ ਰੀਤਿ ਵੀ ‘ਸਿੱਖ’ ਮਿਸਲਾਂ ਦੇ ਵੇਲੇ ਤੋਂ ਹੀ ਸ਼ੁਰੂ ਹੋਈ ਸੀ। ਕੂੜ-ਕਪਟ ਭਰਪੂਰ ਗ੍ਰੰਥਾਂ ਤੇ ਰਹਿਤਨਾਮਿਆਂ ਦੇ ਮਨਮੁੱਖ ਲੇਖਕਾਂ ਅਤੇ “ਸਿੱਖ ਰਹਿਤ ਮਰਯਾਦਾ” ਦੇ ਘਾੜਿਆਂ ਨੇ ਇਸ ਅਧਾਰਮਿਕ ਅਤੇ ਅਸਿੱਧਾਂਤਿਕ ਰੀਤੀ ਉੱਤੇ ਆਪਣੀ ਮੋਹਰ ਲਾ ਕੇ ਇਸ ਅਮਾਨਵੀ ਤੇ ਗੁਰਮਤ-ਵਿਰੋਧੀ ਸੰਸਾਰਕ ਰੀਤਿ ਨੂੰ ‘ਸਿੱਖੀ’ ਦਾ ਕਾਨੂੰਨ ਬਣਾ ਕੇ ਸ਼੍ਰਧਾਲੂਆਂ ਦੇ ਸਿਰ ਮੜ੍ਹ ਦਿੱਤਾ! ਅਤੇ, ਔਝੜੇ ਪਾਏ ਹੋਏ ਸਿੱਖਾਂ ਨੇ ਵੀ ਇਸ ਰੀਤਿ ਨੂੰ ਸਿਰ-ਮੱਥੇ ਪ੍ਰਵਾਣ ਕਰ ਲਿਆ! ! !

“ਸਿੱਖ ਰਹਿਤ ਮਰਯਾਦਾ” ਦੇ ਹੁਕਮ ਅਨੁਸਾਰ: “……ਲੜਕੇ ਦੇ ਨਾਉਂ ਪਿੱਛੇ ‘ਸਿੰਘ’ ਸ਼ਬਦ ਅਤੇ ਲੜਕੀ ਦੇ ਨਾਮ ਪਿੱਛੇ ‘ਕੌਰ’ ਸ਼ਬਦ ਲਗਾਇਆ ਜਾਵੇ। ……”

ਇਸ ਕੂੜ ਘੋਸ਼ਣਾ ਪਿੱਛੇ ਕੋਈ ਤਰਕ ਨਹੀਂ ਹੈ! ਇਸ ਬੇਹੂਦਾ ਫ਼ਰਮਾਨ ਉੱਤੇ ਹੋਰ ਅੱਗੇ ਬਿਬੇਕ-ਬੀਚਾਰ ਕਰਨ ਤੋਂ ਪਹਿਲਾਂ ਸਾਨੂੰ ‘ਸਿੱਖਾਂ’ ਦੇ ਨਾਮ ਨਾਲ ਲਾਏ ਜਾਂਦੇ ਸਿੰਘ ਅਤੇ ‘ਸਿੱਖਣੀਆਂ ਦੇ ਨਾਂਵਾਂ ਨਾਲ ਲਾਏ ਜਾਂਦੇ ਕੌਰ ਦਾ ਇਤਿਹਾਸਕ ਪਿਛੋਕੜ ਫ਼ਰੋਲ ਲੈਣਾ ਠੀਕ ਰਹੇਗਾ।

ਸ੍ਰਿਸ਼ਿਟੀ ਦੀ ਸਿਰਜਨਾ ਦੇ ਸਮੇਂ ਤੋਂ ਹੀ ਸਾਰੇ ਸੰਸਾਰ ਵਿੱਚ ਇਕਹਿਰੇ ਨਾਮ (single name) ਰੱਖਣ ਦਾ ਰਿਵਾਜ ਸੀ! ਇੱਥੋਂ ਤਕ ਕਿ, ਕਰਤਾ ਪੁਰਖ ਕਰਤਾਰ ਦੇ ਨਾਮ ਵੀ ਇਕਹਿਰੇ ਹੀ ਸਨ/ਹਨ ਜਿਵੇਂ ਕਿ, ਨਾਰਾਇਣ, ਪ੍ਰਭੂ, ਹਰਿ, ਰਾਮ, ਅੱਲ੍ਹਾ, ਖ਼ੁਦਾ, ਰੱਬ ਅਤੇ ਗੌਡ (God) ……ਆਦਿਕ। ਮਿਥਿਹਾਸਿਕ ਗ੍ਰੰਥਾਂ ਵਿੱਚ ਮਿਥਿਹਾਸਿਕ ਦੇਵੀ-ਦੇਵਤਿਆਂ ਅਤੇ ਕਾਲਪਨਿਕ ਪਾਤਰਾਂ ਦੇ ਨਾਮ ਵੀ ਇਕਹਿਰੇ ਹੀ ਸਨ ਜਿਵੇਂ, ਬ੍ਰਹਮਾ, ਵਿਸ਼ਨੂੰ, ਸ਼ਿਵ, ਇੰਦਰ, ਬਾਬਾ ਆਦਮ (Adam), ਦਸ਼ਰਥ, ਰਾਮ, ਲਕਸ਼ਮਣ, ਭਰਤ, ਕ੍ਰਿਸ਼ਨ, ਕੰਸ, ਰਾਵਨ, ਅਰਜੁਨ, ਗਯੇਸ਼, ਬਾਲਮੀਕ, ਲਵ, ਕੁਸ਼……ਆਦਿਕ। ਹਿੰਦੂ ਗ੍ਰੰਥਾਂ ਅਨੁਸਾਰ, ਜਗਤ ਪਿਤਾ ਪ੍ਰਭੂ ਅਥਵਾ ਨਾਰਾਇਣ ਦੀ ਵੰਸ਼ਾਵਲੀ ਵਿੱਚ 68ਵੇਂ-69ਵੇਂ ਸਥਾਨ `ਤੇ ਲਵ-ਕੁਸ਼ ਦੇ ਨਾਮ ਆਉਂਦੇ ਹਨ। ਇਨ੍ਹਾਂ ਸਾਰੇ ਵੰਸ਼ਿਜਾਂ ਦੇ ਨਾਮ ਵੀ ਇਕਹਿਰੇ ਹੀ ਸਨ! ਮਿਥਿਹਾਸਿਕ ਯੁੱਗ ਦੀਆਂ ਮਹਿਲਾਵਾਂ ਦੇ ਨਾਮ ਵੀ ਇਕਹਿਰੇ ਹੀ ਹੋਇਆ ਕਰਦੇ ਸਨ ਜਿਵੇਂ, ਮਾਈ ਹਵਾ (Eve), ਭਗਉਤੀ, ਸਰਸਵਤੀ, ਲਕਸ਼ਮੀ, ਚੰਡੀ, ਪਾਰਬਤੀ, ਦ੍ਰੋਪਦੀ, ਕੌਸ਼ੱਲਿਆ, ਸੀਤਾ, ਕੇਕਈ, ਯਸੋਧਰਾ, ਰਾਧਾ ਤੇ ਪਦਮਨੀ……ਆਦਿਕ।

ਇਤਿਹਾਸਕ ਯੁੱਗ ਵਿੱਚ ਸੰਸਾਰਕ, ਸੰਕੀਰਨ ਜਾਂ ਸੰਪਰਦਾਈ ਧਰਮਾਂ (Sectarian Religeons) ਦੇ ਹੋਂਦ ਵਿੱਚ ਆਉਣ ਅਤੇ ਫੈਲ ਜਾਣ ਨਾਲ ਹਰ ਸੰਪਰਦਾਈ ਧਰਮ ਅਥਵਾ ਫ਼ਿਰਕੂ ਮਜ਼੍ਹਬ ਦੇ ਸੰਸਥਾਪਕਾਂ, ਪੁਜਾਰੀਆਂ, ਪ੍ਰਚਾਰਕਾਂ ਅਤੇ ਸਮਰਥਕਾਂ ਨੇ ਆਪਣੇ ਆਪਣੇ ਫ਼ਿਰਕੇ ਦੀ ਅਲੱਗ ਪਛਾਣ ਬਣਾਉਣ ਵਾਸਤੇ ਪੁਰਸ਼ਾਂ ਅਤੇ ਇਸਤ੍ਰੀਆਂ ਦੇ ਦੋਹਰੇ ਨਾਮ (dual names) ਰੱਖਣ ਦਾ ਰਿਵਾਜ ਪਾ ਦਿੱਤਾ। ਸੰਪਰਦਾਈ ਹਿੰਦੂ ਧਰਮ ਵਿੱਚ ਪੁਰਸ਼ਾਂ ਦੇ ਨਾਮ ਨਾਲ ਦੇਵ, ਰਾਮ, ਲਾਲ, ਦਾਸ, ਚੰਦ ਆਦਿਕ; ਅਤੇ ਇਸਤ੍ਰੀਆਂ ਦੇ ਨਾਮ ਨਾਲ ਦੇਵੀ, ਬਾਈ, ਵੰਤੀ, ਵਤੀ……ਆਦਿਕ ਪਿਛੇਤਰ ਲਗਾਉਣ ਦੀ ਰੀਤਿ ਪ੍ਰਚੱਲਿਤ ਕਰ ਦਿੱਤੀ ਗਈ।

20ਵੀਂ ਸਦੀ ਦੇ ਅੱਧ ਤੀਕ ‘ਸਿੱਖ’ ਸਮਾਜ ਵਿੱਚ ਵੀ ਇਕਹਿਰੇ ਨਾਮ ਰੱਖਣ ਦਾ ਰਿਵਾਜ ਸੀ। ਬਹੁਤੇ ਬਾਣੀਕਾਰਾਂ ਦੇ ਨਾਮ ਵੀ ਇਕਹਿਰੇ ਹੀ ਹਨ! ਗੁਰਸਿੱਖੀ ਨਾਲ ਨਾਤਾ ਰੱਖਣ ਵਾਲੇ ਮਰਦਾਂ ਦੇ ਨਾਮ ਇਕਹਿਰੇ ਹੀ ਸਨ ਜਿਵੇਂ: ਜੇਠੂ, ਮਰਦਾਨਾ, ਲਾਲੋ, ਬਾਬਾ ਬੁੱਢਾ ਜੀ, ਗੁਰਾਦਿੱਤਾ ਜੀ, ਨਰੈਣੂ, ਨਾਨੂ, ਨਾਢਾ, ਸ਼ੁਧਾ, ਕੇਹਰੂ, ਗੱਜਾ, ਨੱਥਾ, ਫੱਤੂ, ਬੁੱਧੂ, ਹਰੀਆ……ਆਦਿ। ਅਤੇ, ਇਸਤ੍ਰੀਆਂ ਦੇ ਨਾਮ ਵੀ ਇਕਹਿਰੇ ਹੀ ਹੋਇਆ ਕਰਦੇ ਸਨ ਜਿਵੇਂ: ਮਾਤਾ ਤ੍ਰਿਪਤਾ ਜੀ, ਬੇਬੇ ਨਾਨਕੀ ਜੀ, ਸੁਲੱਖਣੀ ਜੀ, ਮਾਤਾ ਖੀਵੀ ਜੀ, ਬੀਬੀ ਭਾਨੀ ਜੀ, ਦਾਮੋਦਰੀ, ਮਾਤਾ ਗੁਜਰੀ ਜੀ, ਜੀਤੋ ਜੀ, ਸੁੰਦਰੀ ਜੀ, ਬੀਬੀ ਬੀਰੋ ਜੀ…ਆਦਿਕ। ਅਤੇ, ਆਮ ਸਿੱਖ ਘਰਾਂ ਵਿੱਚ ਵੀ ਇਕਹਿਰੇ ਨਾਮ ਹੀ ਰੱਖੇ ਜਾਂਦੇ ਸਨ ਜਿਵੇਂ: ਕਰਤਾਰੀ, ਨਰੈਣੀ, ਦਿਆਲੀ, ਪਾਰੋ, ਪੰਜਾਬੋ, ਬਨੂੜੋ, ਧੰਨੋਂ, ਆਸੋ, ਸੀਤੋ, ਫੱਤੋ……ਆਦਿਕ।

ਸਿੱਖ ਮੱਤ ਨੂੰ ਸੰਪਰਦਾਈ ‘ਸਿੱਖ ਧਰਮ’ ਬਣਾਏ ਜਾਣ ਤੋਂ ਬਾਅਦ, ‘ਸਿੱਖ’ ਪੁਰਸ਼ਾਂ ਅਤੇ ਇਸਤ੍ਰੀਆਂ ਦੀ ਪਹਿਚਾਣ ਵਾਸਤੇ ਉਨ੍ਹਾਂ ਦੇ ਨਾਮ ਵੀ ਹੁਕਮਨ ਦੋਹਰੇ ਕਰ/ਕਰਵਾ ਦਿੱਤੇ ਗਏ! ‘ਸਿੱਖ’ ਮਰਦਾਂ ਦੇ ਨਾਮ ਨਾਲ ਸਿੰਘ ਅਤੇ ਇਸਤੀਆਂ ਦੇ ਨਾਂਵਾਂ ਨਾਲ ਕੌਰ ਪਿਛੇਤਰ ਜੋੇੜੇ ਜਾਣ ਦੀ ਪਿਰਤ ਪਾ ਦਿੱਤੀ ਗਈ! ! ! ਗੁਰਮਤਿ ਵਿਰੋਧੀ ਇਸ ਰੀਤੀ ਨੂੰ ਪੱਕਾ ਕਰਨ ਦਾ ਸਿਹਰਾ ਵੀ ਸ਼੍ਰਿੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੇ ਆਪਹੁਦਰੇ ਅਧਿਕਾਰੀਆਂ ਦੇ ਸਿਰ ਸਜਦਾ ਹੈ!

ਭਾਈ ਨੰਦ ਲਾਲ ਜੀ ਗੋਯਾ ਗੁਰੂ ਗੋਬਿੰਦ ਸਿੰਘ ਜੀ ਦੇ ਅਨਿੰਨ ਸ਼੍ਰੱਧਾਲੂ ਸਨ। ਗੁਰੂ ਜੀ ਨੇ ਉਨ੍ਹਾਂ ਦੇ ਨਾਮ ਨਾਲ ‘ਸਿੰਘ’ ਪਿਛੇਤਰ ਲਾਉਣ ਦਾ ਆਦੇਸ਼ ਨਹੀਂ ਦਿੱਤਾ! ਗੁਰੂ ਜੀ ਦੇ ਦਰਬਾਰ ਵਿੱਚ ਬਵੰਜਾ (52) ਉੱਚ ਕੋਟੀ ਦੇ ਵਿੱਦਵਾਨ ਕਵੀ ਸਨ। ਉਨ੍ਹਾਂ ਵਿੱਚੋਂ ਕੇਵਲ ਨੌਂ (9) ਦੇ ਨਾਂਵਾਂ ਨਾਲ ਸਿੰਘ ਪਿਛੇਤਰ ਲੱਗਾ ਹੋਇਆ ਸੀ। ਗੁਰੂ ਜੀ ਨੇ ਬਾਕੀ 43 ਕਵੀਆਂ ਨੂੰ ਸਿੰਘ ਪਦ ਅਪਣਾਉਣ ਦਾ ਹੁਕਮ ਕਿਉਂ ਨਹੀਂ ਦਿੱਤਾ? ਕਿਉਂਕਿ, ਸਿੰਘ ਉਪਾਧੀ ਕੇਵਲ ਗੁਰਸਿੱਖ ਯੋਧਿਆਂ ਵਾਸਤੇ ਸੀ, ਸਾਰੇ ਸਿੱਖਾਂ ਲਈ ਨਹੀਂ!

ਲੇਖ ਦੇ ਇਸ ਭਾਗ ਦੇ ਅੰਤ ਵਿੱਚ ਇਸ ਸ਼ਰਮਨਾਕ ਸੱਚ ਦਾ ਖ਼ੁਲਾਸਾ ਕਰ ਦੇਣਾ ਵੀ ਜ਼ਰੂਰੀ ਹੈ ਕਿ ‘ਸਿੱਖਾਂ’ ਦੇ ਨਾਵਾਂ ਪਿੱਛੇ ‘ਸਿੰਘ’ ਅਤੇ ਕੌਰ ਲਾਉਣ ਨੂੰ ਸਹੀ ਸਿੱਧ ਕਰਨ ਵਾਸਤੇ ਧਰਮ ਦੇ ਮਨਮਤੀਏ ਠੇਕੇਦਾਰਾਂ ਵੱਲੋਂ ਕਈ ਦੰਭ ਵਰਤੇ ਜਾ ਰਹੇ ਹਨ; ਪਹਿਲਾ, ਇਸ ਰੀਤਿ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਦੱਸਣਾ; ਅਤੇ ਦੂਜਾ, ਗੁਰੂ ਕਾਲ ਦੇ ਗੁਰਸਿੱਖ ਪੁਰਸ਼ਾਂ ਅਤੇ ਇਸਤਰੀਆਂ ਦੇ ਨਾਂਵਾਂ ਨਾਲ ਸਿੰਘ ਅਤੇ ਕੌਰ ਪਿਛੇਤਰ ਜੋੜ ਕੇ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ! ਇੱਕ ‘ਅੰਮ੍ਰਿਤਧਾਰੀ’ ਕਥਾਵਾਚਕ/ਪ੍ਰਚਾਰਕ ਆਪਣੀ ਕਥਾ ਵਿੱਚ ਭਾਈ ਨੰਦ ਲਾਲ ਜੀ ਨੂੰ ਭਾਈ ਨੰਦ ਲਾਲ ਸਿੰਘ ਗੋਯਾ ਕਹਿ ਰਿਹਾ ਸੀ! ! ਉਹ ਦਿਨ ਦੂਰ ਨਹੀਂ ਜਦੋਂ ਗੁਰਫ਼ਲਸਫ਼ੇ ਦੇ ਦੋਖੀ ਸੰਪਰਦਾਈ ਸਿੱਖ ਲੀਡਰਾਂ ਵੱਲੋਂ ਸਾਰੇ ਬਾਣੀਕਾਰਾਂ ਅਤੇ ਉਨ੍ਹਾਂ ਦੇ ਅਨਿੰਨ ਸਿੱਖਾਂ ਦੇ ਨਾਂਵਾਂ ਨਾਲ ‘ਸਿੰਘ’ ਪਿਛੇਤਰ ਲਗਾ ਕੇ ਨਵਾਂ ਸਿੱਖ ਇਤਿਹਾਸ ਸਿਰਜਿਆ ਜਾਵੇ ਗਾ!

ਗੁਰਮਤ ਦੇ ਆਪਹੁਦਰੇ ਦੁਸ਼ਮਨਾਂ ਨੇ ਆਪਣੇ ਫ਼ਰਮਾਨ, “……ਲੜਕੀ ਦੇ ਨਾਮ ਪਿੱਛੇ ‘ਕੌਰ’ ਸ਼ਬਦ ਲਗਾਇਆ ਜਾਵੇ। ……” ਨੂੰ ਜਾਇਜ਼ ਅਤੇ ਤਰਕਸੰਗਤ ਠਹਿਰਾਉਣ ਵਾਸਤੇ ਗੁਰੁ-ਪਰਿਵਾਰਾਂ ਦੀਆਂ ਬੀਬੀਆਂ ਦੇ ਨਾਂਵਾਂ ਨਾਲ ਧਿੰਗੋਜ਼ੋਰੀ ਕੌਰ ਪਿਛੇਤਰ ਮੜ੍ਹ ਦੇਣ ਦੀ ਗੁਸਤਾਖ਼ੀ ਕਰਨ ਤੋਂ ਵੀ ਸੰਕੋਚ ਨਹੀਂ ਕੀਤਾ! ਮਾਤਾ ਗੁਜਰੀ ਜੀ ਨੂੰ ਮਾਤਾ ਗੁੱਜਰ ਕੌਰ ਬਣਾ ਦਿੱਤਾ ਅਤੇ ਮਾਤਾ ਸੁੰਦਰੀ ਜੀ ਦਾ ਨਾਮ ਬਦਲ ਕੇ ਸੁੰਦਰ ਕੌਰ ਕਰ ਦਿੱਤਾ! ਕਿਉਂਕਿ, ਗੁਜਰੀ ਕੌਰ ਤੇ ਸੁੰਦਰੀ ਕੌਰ ਬੜਾ ਅਜੀਬ ਤੇ ਬੇਜੋੜ ਜਿਹਾ ਲੱਗਣਾ ਸੀ! ਉਂਜ, ਗੁੱਜਰ ਕੌਰ ਤੇ ਸੁੰਦਰ ਕੌਰ ਵੀ ਵਿਲੱਖਣ ਨਾਮ ਹੀ ਲੱਗਦੇ ਹਨ ਅਤੇ ਕਿਸੇ ਪੱਖੋਂ ਵੀ ਨਹੀਂ ਜਚਦੇ!

(ਨੋਟ:- ਕੌਰ ਸ਼ਬਦ ਦੇ ਨੁਕਤੇ `ਤੇ ਲਿਖਣ ਵਾਸਤੇ ਖੋਜ ਕਰਦੇ ਸਮੇਂ ਇਹ ਪੜ੍ਹਣ ਵਿੱਚ ਆਇਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਕਈ ਦਹਾਕੇ ਪਹਿਲਾਂ ਗੁਰੁ-ਪਰਿਵਾਰਾਂ ਵਿੱਚ ਵਿਆਹ ਕੇ ਆਈਆਂ ਅਮੀਰ ਹਿੰਦੂ ਘਰਾਣਿਆਂ ਦੀਆਂ ਇਕ-ਦੋ ਬੇਟੀਆਂ ਦੇ ਨਾਂਵਾਂ ਨਾਲ ਕੌਰ (ਕੁੰਵਰਿ ਜਾਂ ਕੁਮਾਰੀ) ਪਿਛੇਤਰ ਲੱਗਾ ਹੋਇਆ ਹੈ! ਪਰੰਤੂ ਇਹ ਜਾਣਕਾਰੀ ਵੀ “ਸਿੱਖ ਰਹਿਤ ਮਰਿਆਦਾ” ਲਿਖਣ ਵਾਲਿਆਂ ਦੀ ਇਸ ਘੋਸ਼ਣਾ “……ਲੜਕੀ ਦੇ ਨਾਮ ਪਿੱਛੇ ‘ਕੌਰ’ ਸ਼ਬਦ ਲਗਾਇਆ ਜਾਵੇ। ……” ਨੂੰ ਕਿਸੇ ਵੀ ਪੱਖੋਂ ਪ੍ਰਮਾਣਿਕ ਤੇ ਤਰਕ-ਸੰਗਤ ਸਿੱਧ ਨਹੀਂ ਕਰਦੀ!)

ਚਲਦਾ……

ਗੁਰਇੰਦਰ ਸਿੰਘ ਪਾਲ

ਜੁਲਾਈ 30, 2023.




.