. |
|
ਸਿੱਖ - ਸਿੰਘ - ਕੌਰ - ਖ਼ਾਲਸਾ
ਖ਼ਾਲਿਸਤਾਨ!
(4)
“ਸਿੱਖ ਰਹਿਤ ਮਰਯਾਦਾ” ਵਿੱਚ ਦਿੱਤੀ ਗਈ ਸਿੱਖ ਦੀ
ਧੁੰਦਲੀ ਅਤੇ ਉਲਝਾਊ ਜਿਹੀ ਪਰਿਭਾਸ਼ਾ ( “ਸਿੱਖ ਦੀ ਤਾਰੀਫ਼” ) ਵਿੱਚ ਇੱਕ ਅਸਪਸ਼ਟ ਜਿਹਾ ਵਾਕੰਸ਼ ਹੈ:
“ਜੋ ਇਸਤਰੀ ਜਾਂ ਪੁਰਸ਼……ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ…ਉਹ ਸਿੱਖ ਹੈ…”।
ਕਾਫ਼ੀ ਸੋਚ-ਵਿਚਾਰ ਤੋਂ ਬਾਅਦ ਸਾਨੂੰ ‘ਸਿੱਖ’ ਦੀ ਇਸ ਗੁੰਝਲਦਾਰ ਅਤੇ ਭਰਮਾਊ ਪਰਿਭਾਸ਼ਾ ਤੋਂ ਇਹੋ
ਸਮਝ ਵਿੱਚ ਆਇਆ ਹੈ ਕਿ, ਸਿੱਖ ਬਣਨ ਜਾਂ ਹੋਣ ਵਾਸਤੇ ਅੰਮ੍ਰਿਤ ਛੱਕਣਾ (ਪਹੁਲ ਲੈਣਾ)
ਪੂਰਵ-ਸ਼ਰਤ ਹੈ! ਇਸ ਸ਼ਰਤ ਤੋਂ ਤਾਂ ਇਹੋ ਲਗਦਾ ਹੈ ਕਿ ਪਾਹੁਲ ਲੈਣ ਤੋਂ ਬਿਨਾਂ ਸਿੱਖ ਅਧੂਰਾ ਹੈ!
ਸਿੱਖ ਦੀ ਇਹ ਪਰਿਭਾਸ਼ਾ ( “ਸਿੱਖ ਦੀ ਤਾਰੀਫ਼” ), ਇਸ ਨੂੰ ਘੜਨ, ਲਿਖਣ ਅਤੇ ਲਾਗੂ ਕਰਨ ਵਾਲਿਆਂ
ਦੀ ਅਗਿਆਨਤਾ ਦਾ ਪੁਖ਼ਤਾ ਪ੍ਰਮਾਣ ਹੈ। ਸਿੱਖ ਦੀ ਇਹ ਤਾਰੀਫ਼/ਪਰਿਭਾਸ਼ਾ ਗੁਰੂ, ਗੁਰਮਤਿ ਤੇ ਸਾਰੇ
ਬ੍ਰਹਮਗਿਆਨੀ ਬਾਣੀਕਾਰਾਂ ਦੀ ਭੀਸ਼ਣ ਬੇਅਦਬੀ ਅਤੇ ਸੱਚੇ ਗੁਰਸਿੱਖਾਂ ਦਾ ਘੋਰ ਅਪਮਾਨ ਵੀ ਹੈ! ! !
ਕਿਉਂਕਿ, ਸਾਰੇ ਬਾਣੀਕਾਰ ਅਤੇ ਉਨ੍ਹਾਂ ਦੇ ,
ਸਨ 1699 ਤਕ ਵਿਚਰੇ, ਸਾਰੇ ਅਨਿੰਨ ਸਿੱਖ ਪਾਹੁਲਧਾਰੀ ਜਾਂ ਅੰਮ੍ਰਿਤਧਾਰੀ ਨਹੀਂ ਸਨ! ਦੂਜਾ, ਸਨ
1699 ਤੋਂ ਬਾਅਦ ਅੱਜ ਤੀਕ ਦੇ 95% ਤੋਂ ਵੀ ਵਧੀਕ ਸਿੱਖ ਪਾਹੁਲ ਧਾਰੀ ਨਹੀਂ ਸਨ/ਹਨ! ! ਕੀ ਉਨ੍ਹਾਂ
ਸਾਰਿਆਂ ਨੂੰ ਅਧੂਰੇ ਸਿੱਖ ਕਿਹਾ ਜਾਵੇ? ? ?
“ਸਿੱਖ ਰਹਿਤ ਮਰਯਾਦਾ” ਵਿੱਚ ਦਿੱਤੀ ਗਈ ਸਿੱਖ ਦੀ
ਉਪਰੋਕਤ ਪਰਿਭਾਸ਼ਾ ਤੋਂ ਤਾਂ ਇਹੋ ਸਾਬਤ ਹੁੰਦਾ ਹੈ ਕਿ ,
ਸਿੰਘ ਦਾ ਰੁਤਬਾ ਸਿੱਖ ਦੇ ਰੁਤਬੇ ਤੋਂ ਵਧੇਰੇ ਸ੍ਰੇਸ਼ਟ ਅਤੇ ਉਚੇਰਾ ਹੈ! !
ਸਾਡੀ ਸਮਝ ਅਨੁਸਾਰ, “ਸਿੱਖ ਦੀ ਤਾਰੀਫ਼” ਜਾਂ ਪਰਿਭਾਸ਼ਾ ਗੁਰਫ਼ਲਸਫ਼ੇ
ਉੱਤੇ ਆਧਾਰਿਤ ਹੋਣੀ ਚਾਹੀਦੀ ਸੀ ਨਾ ਕਿ ਕਿਸੇ ਸੰਸਾਰਕ ਰੀਤਿ ਉੱਤੇ! ਸਾਧਾਰਨ ਸੂਝ ਅਨੁਸਾਰ, “ਸਿਖ
ਦੀ ਤਾਰੀਫ” ਵਿੱਚ ਇਹ ਆਦੇਸ਼ ਤਾਂ ਹੋ ਸਕਦਾ ਸੀ ਕਿ, ਸਿੰਘ ਬਣਨ ਵਾਸਤੇ ਗੁਰੂ (ਗ੍ਰੰਥ) ਦਾ ਸੱਚਾ
ਸਿੱਖ ਹੋਣਾ ਜ਼ਰੂਰੀ ਹੈ! ਕੂੜ ਕਿਤਾਬਾਂ, ਮਨਘੜੰਤ ਕਥਾ-ਕਹਾਣੀਆਂ, ਰਹਿਤਨਾਮਿਆਂ ਅਤੇ ਰਹਿਤ
ਮਰਯਾਦਾਵਾਂ ਵਗ਼ੈਰਾ ਦੇ ਹਵਾਲੇ ਦੇ-ਦੇ ਕੇ ਸਿੰਘ ਪਦ ਨੂੰ ਸਿੱਖ ਸ਼ਬਦ ਤੋਂ ਵਧੇਰੇ
ਸ੍ਰੇਸ਼ਟ ਅਤੇ ਉੱਚੇਰੇ ਦਰਜੇ ਦਾ ਸਾਬਤ ਕਰਨ ਵਾਸਤੇ ਸਿਖਮੱਤ ਦੇ ਮਨਮੱਤੀਏ ਦੋਖੀਆਂ ਦੁਆਰਾ
ਅੱਡੀ-ਚੋਟੀ ਦਾ ਟਿੱਲ ਲਾਇਆ ਜਾ ਰਿਹਾ ਹੈ! ਨਤੀਜਤਨ, ‘ਸਿੱਖਾਂ’ ਦੀ ਮਾਨਸਿਕਤਾ ਵਿੱਚ ਇਹ ਸੋਚ ਘਰ
ਕਰ ਚੁੱਕੀ ਹੈ ਕਿ ਸਿੰਘ ਪਦ ਗੁਰਮਤਿ ਦੇ ਸਿੱਧਾਂਤਕ ਸ਼ਬਦ ਸਿੱਖ ਤੋਂ ਵਧੇਰੇ
ਸ੍ਰੇਸ਼ਟ ਅਤੇ ਉਚੇਰੇ ਦਰਜੇ ਦਾ ਹੈ! ਸਿੰਘ ਪਦ ਦੀ ਕਥਿਤ ਸ੍ਰੇਸ਼ਟਤਾ ਕਾਰਣ ਹੀ ਭੇਡਚਾਲੀਏ
ਸਿੱਖ,
ਸਚਿਆਰ ਸਿੱਖ ਬਣਨ ਦਾ ਖ਼ਿਆਲ ਛੱਡ ਕੇ ਸਿੰਘ ਬਣਨ ਦੇ ਗੇੜ
ਵਿੱਚ ਪਏ ਹੋਏ ਹਨ! ! ਪਰੰਤੂ, ਜੇ ਦੋਹਾਂ ਸ਼ਬਦਾਂ (ਸਿੱਖ
ਅਤੇ ਸਿੰਘ) ਉੱਤੇ ਵਿਸ਼ਲੇਸ਼ਣਾਤਮਿਕ ਵਿਚਾਰ ਕੀਤੀ ਜਾਵੇ ਤਾਂ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਦੋਹਾਂ
ਸ਼ਬਦਾਂ ਵਿੱਚ ਵੱਡਾ ਅੰਤਰ ਹੈ। ਸਿੱਖ ਗੁਰਬਾਣੀ ਵਿੱਚ ਵਰਤਿਆ ਗਿਆ ਇੱਕ ਸਿੱਧਾਂਤਕ ਸ਼ਬਦ
ਹੈ; ਅਤੇ ਇਸ ਦਾ ਸੰਬੰਧ ਮਨ/ਆਤਮਾ ਦੀ ਸੁੱਚਤਾ ਤੇ ਸਚਿਆਰਤਾ ਅਤੇ,
ਹਿਰਦੇ/ਅੰਤਹਕਰਣ (ਸੁਰਤਿ, ਮਤਿ, ਮਨ ਅਤੇ ਬੁਧਿ) ਦੀ ਸੁੰਦਰ-ਸੁਚੱਜੀ ਘਾੜਤ ਨਾਲ ਹੈ! ਸੱਚੇ ਸਿੱਖ
ਦਾ ਜੀਵਨ-ਮਨੋਰਥ ਗੁਰੂ ਦੇ ਭਾਣੇ ਵਿੱਚ ਰਹਿ ਕੇ ਸਚਿਆਰ ਮਨੁੱਖ ਜਾਂ ਸੱਚਾ ਇਨਸਾਨ ਬਣਨਾ ਹੈ।
ਜਦ ਕਿ ਸਿੰਘ (ਪਾਹੁਲਧਾਰੀ ਸਿੱਖ) ਇੱਕ ਸੰਸਾਰਕ
ਉਪਾਧੀ/ਰੁਤਬਾ ਜਾਂ ਖ਼ਿਤਾਬ ਹੈ! ! ਅਤੇ,
ਇਸ ਰੁਤਬੇ ਵਾਲੇ ਮਨੁੱਖ ਦਾ ਜੀਵਨ-ਮਨੋਰਥ ਹੈ: ਪਹਿਲਾ, ਸਵੈ-ਰੱਖਿਆ ਦੇ ਸਮਰਥ ਬਣਨਾ; ਅਤੇ ਦੂਜਾ,
ਨੇਕ ਨੀਯਤ ਅਤੇ ਨਿਸ਼ਕਾਮ ਭਾਵਨਾ ਨਾਲ ਨਿਮਾਣੇ ਤੇ ਨਿਤਾਣੇ ਮਾਸੂਮ ਮਜ਼ਲੂਮਾਂ ਨੂੰ, ਆਪਾ ਵਾਰ ਕੇ ਵੀ,
ਜ਼ਾਲਿਮਾਂ ਦੇ ਕਹਿਰ ਤੋਂ ਬਚਾਉਣਾ ਹੈ! ਸਾਡੇ ਵਿਚਾਰ ਵਿੱਚ, ਇਹ ਦੋਵੇਂ (ਸਿੱਖ ਅਤੇ ਸਿੰਘ)
ਸਤਿਕਾਰ-ਯੋਗ ਹਨ! ਪਰੰਤੂ, ਇਨ੍ਹਾਂ ਦੀ ਆਪਸੀ ਤੁਲਨਾ ਕਰਨੀ ਸਹੀ ਨਹੀਂ ਹੈ।
ਉਪਰਲੇ ਪੈਰੇ ਵਿੱਚ ਵੀਚਾਰੀ ਗਈ, ਸਿੱਖ ਅਤੇ
ਸਿੰਘ ਬਾਰੇ ‘ਸਿੱਖਾਂ’ ਦੀ ਗ਼ਲਤ ਸੋਚ ਦਾ ਹੀ ਨਤੀਜਾ ਹੈ ਕਿ ਸਾਰੇ ਸੰਸਾਰ ਵਿੱਚ ਕੁਝ-ਇਕ
ਸਿੱਖ ਸੰਸਥਾਵਾਂ ਅਤੇ ਅਣਗਿਣਤ ਸਿੰਘ ਸਭਾਵਾਂ ਤਾਂ ਹਨ ਪਰੰਤੂ ਗੁਰੂ ਨਾਨਕ ਜੀ ਵਾਲੀ
ਸਿੱਖ ਸਭਾ ਇੱਕ ਵੀ ਨਜ਼ਰ ਨਹੀਂ ਆਉਂਦੀ! ! ਗੁਰਫ਼ਲਸਫ਼ੇ ਜਾਂ ਗੁਰਮਤਿ ਦੇ ਦ੍ਰਿਸ਼ਟੀਕੋਣ ਤੋਂ
ਦੇਖੀਏ ਤਾਂ ਇਨ੍ਹਾਂ ਸਿੱਖ ਸੰਸਥਾਵਾਂ ਅਤੇ ਸਿੰਘ ਸਭਾਵਾਂ
ਵਿੱਚੋਂ ਬਹੁਤੀਆਂ ਦੀ ਕਾਰਗੁਜ਼ਾਰੀ ਅਤੇ ਪ੍ਰਾਪਤੀ ਸ਼ੁੰਨ ਅਥਵਾ ਜ਼ੀਰੋ ਦੇ ਸਮਾਨ ਹੈ! ਜੇ ਇਹ ਵੀ ਕਹਿ
ਦਿੱਤਾ ਜਾਵੇ ਕਿ ਇਹ ਕਥਿਤ ਸਿੱਖ ਸੰਸਥਾਵਾਂ ਅਤੇ ਸਿੰਘ ਸਭਾਵਾਂ ਸੱਚੀ ਸਿੱਖੀ ਨੂੰ ਢਾਹ ਲਾ ਰਹੀਆਂ
ਹਨ, ਤਾਂ ਇਸ ਵਿੱਚ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ! !
ਹਾਂ, ਇਸ ਤੱਥ ਤੋਂ ਵੀ ਮੁਨਕਿਰ ਨਹੀਂ ਹੋਇਆ ਜਾ ਸਕਦਾ ਕਿ
ਕੁੱਝ ਇੱਕ ਗਿਣੀਆਂ-ਚੁਣੀਆਂ ਸਿੱਖ ਸੰਸਥਾਵਾਂ ਅਤੇ ਸਿੰਘ ਸਭਾਵਾਂ ਅਜਿਹੀਆਂ ਵੀ ਹਨ
ਜਿਹੜੀਆਂ ਅਨਮਤ ਦਾ ਖੰਡਨ ਕਰਨ ਅਤੇ ਗੁਰਮੱਤ ਦਾ ਮੰਡਨ ਤੇ ਪ੍ਰਚਾਰ ਕਰਨ ਦੇ ਆਹਰੇ ਲੱਗੀਆਂ ਹੋਈਆਂ
ਹਨ!
ਖ਼ਾਲਸਾ
ਅਰਬੀ ਬੋਲੀ ਦਾ ਲਫ਼ਜ਼ ਹੈ। ਇਸ ਦੇ ਮਅਨੇ ਹਨ: ਬਗ਼ੈਰ ਕਿਸੇ ਮਿਲਾਵਟ ਦੇ, ਖਰਾ, ਖ਼ਾਸਾ, ਸ਼ੁੱਧ, ਉੱਤਮ,
ਪਾਕ-ਪਵਿੱਤਰ ਮਨ/ਹਿਰਦੇ ਵਾਲਾ; ਨੇਕ ਖ਼ਸਲਤ (ਸੁਭਾਉ) ਵਾਲਾ, ਸੁਤੰਤਰ ਸੋਚ ਰੱਖਣ ਵਾਲਾ।
ਖ਼ਾਲਸਾ ਇੱਕ ਗੁਣਵਾਚਕ ਸ਼ਬਦ ਹੈ ਜੋ ਇਨਸਾਨ ਦੀ ਇਨਸਾਨੀਯਤ ਅਤੇ ਉਸ ਦੇ ਮਨ/ਆਤਮਾ ਦੀ ਸ਼ੁੱਧਤਾ,
ਪਵਿੱਤਰਤਾ ਤੇ ਨਿਰਮਲਤਾ ਨੂੰ ਦਰਸਾਉਂਦਾ ਹੈ। ਗੁਰਬਾਣੀ ਵਿੱਚ ਇਸ ਪਦ ਦੀ ਵਰਤੋਂ ਕੇਵਲ ਇੱਕ ਵਾਰ ਹੀ
ਕੀਤੀ ਗਈ ਹੈ:
ਪਰਿਓ ਕਾਲੁ ਸਭੈ ਜਗ ਊਪਰਿ ਮਾਹਿ ਲਿਖੇ ਭ੍ਰਮ ਗਿਆਨੀ॥
ਕਹੁ
ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ॥ ਸੋਰਠਿ ਕਬੀਰ ਜੀ ੪/੭੭੪
(ਪ੍ਰੇਮ ਭਗਤਿ: ਪ੍ਰੇਮਪ੍ਰੀਤਿ: ਪ੍ਰਭੂ-ਪ੍ਰੇਮ,
ਇਸ਼ਕ ਹਕੀਕੀ।)
ਉਂਞ, ਗੁਰਬਾਣੀ ਵਿੱਚ ਖ਼ਾਲਸਾ ਪਦ ਦੇ ਕੁਝ-ਇਕ
ਸਮਾਨਅਰਥੀ ਸ਼ਬਦ ਵੀ ਵਰਤੇ ਗਏ ਹਨ ਜਿਵੇਂ: ਪਵਿਤ ,
ਪਵਿਤੁ, ਪਾਵਨ, ਪੁਨੀਤ, ਪੁੰਨੀਤ ਤੇ
ਨਿਹਕੇਵਲ ਆਦਿਕ। ਖ਼ਾਲਸਾ ਅਤੇ ਇਸ ਦੇ ਸਮਾਨਾਰਥੀ ਸ਼ਬਦਾਂ ਤੋਂ ਸਪਸ਼ਟ ਹੈ ਕਿ ਇਹ ਇੱਕ
ਗੁਣਵਾਚਕ ਸ਼ਬਦ (ਵਿਸ਼ੇਸ਼ਣ) ਹੈ ਜੋ ਮਨੁੱਖਾ ਮਨ ਦੀ ਉੱਚਤਮ ਆਤਮਿਕ ਅਵਸਥਾ ਨੂੰ ਦਰਸਾਉਂਦਾ ਹੈ। ਅਤੇ
ਇਸ ਦਾ ਸੰਬੰਧ ਸਿਰਫ਼ ਅਤੇ ਸਿਰਫ਼ ਮਨ/ਆਤਮਾ/ਅੰਤਹਕਰਣ (ਸੁਰਤ, ਮਨ, ਮਤਿ, ਬੁਧਿ) ਦੀ ਸੁੰਦਰ ਘਾੜਤ
ਨਾਲ ਹੈ; ਭੇਖ/ਰੂਪ/ਦਿੱਖ ਅਤੇ ਸੰਸਾਰਕਤਾ ਜਾਂ ਪਦਾਰਥਕ ਜਗਤ ਨਾਲ ਬਿਲਕੁਲ ਵੀ ਨਹੀਂ! ਸੰਖੇਪ ਵਿੱਚ,
ਇਹ ਕਿਹਾ ਜਾ ਸਕਦਾ ਹੈ ਕਿ, ਗੁਰਬਾਣੀ ਦੇ ਪ੍ਰਸੰਗ ਵਿੱਚ, ਖ਼ਾਲਸਾ ਇੱਕ ਰੂਹਾਨੀ ਰੁਤਬਾ ਹੈ ਅਤੇ
ਇਸ ਸਤਿਕਾਰਿਤ ਸਿੱਧਾਂਤਕ ਸ਼ਬਦ ਨੂੰ ਸੰਸਾਰਕਤਾ ਨਾਲ ਜੋੜਣਾ ਸੁਧੀ ਮਨਮਤਿ ਹੈ! ਪਰੰਤੂ ਜੋ
ਖ਼ਾਲਸਾ ਅਸੀਂ ਅੱਜ ਵੇਖਦੇ ਹਾਂ, ਉਸ ਦਾ ਸੰਬੰਧ ਪੂਰਣ ਤੌਰ `ਤੇ ਸੰਸਾਰਕਤਾ, ਪਦਾਰਥਕ ਜਗਤ ਅਤੇ
ਬਾਹਰੀ ਰੂਪ ਜਾਂ ਦਿੱਖ ਨਾਲ ਹੈ! ਖ਼ਾਲਸਾ ਪਦ ਵਿੱਚ ਇਹ ਗੁੱਝਾ ਤੇ ਗੁਪਤ ਪਰਿਵਰਤਨ ਕਿਵੇਂ ਆਇਆ ਜਾਂ
ਲਿਆਂਦਾ ਗਿਆ? ਇਸ ਸਵਾਲ ਦਾ ਜਵਾਬ ਅਗਲੇਰੇ ਪੈਰਿਆਂ ਵਿੱਚ ਦੇਣ ਦਾ ਯਤਨ ਕਰਾਂਗੇ।
{ਨੋਟ:- ਸਾਡੀ ਸ਼ੱ੍ਰਧਾ ਅਤੇ ਵਿਸ਼ਵਾਸ ਕੇਵਲ ਅਤੇ ਕੇਵਲ ਗੁਰਬਾਣੀ
ਗ੍ਰੰਥ ਉੱਤੇ ਹੀ ਹੈ! ਅਸੀਂ ਅਖੌਤੀ ਦਸਮ ਗ੍ਰੰਥ (ਬਚਿੱਤ੍ਰ ਨਾਟਕ) ਜਾਂ ਹੋਰ ਕਿਸੇ ਵੀ ਕੂੜ-ਕਿਤਾਬ
ਨੂੰ ਨਹੀਂ ਮੰਨਦੇ! ਪਰੰਤੂ ਹਥਲੇ ਲੇਖ ਦੇ ਵਿਸ਼ੇ ਉੱਤੇ ਤਰਕ ਪੂਰਣ ਵਿਚਾਰ ਕਰਨ ਵਾਸਤੇ ਸਾਨੂੰ ਕਥਿਤ
ਦਸਮ ਗ੍ਰੰਥ ਵਿੱਚੋਂ ਕੁਝ-ਇਕ ਤੱਥਾਂ ਦਾ ਜ਼ਿਕਰ ਕਰਨਾ ਪਿਆ ਹੈ।}
ਖ਼ਾਲਸਾ ਪਦ ਨੂੰ ਸੰਸਾਰਕ
ਰੂਪ ਦੇ ਕੇ ਇਸ ਨੂੰ ਉਭਾਰਨ ਅਤੇ ਉਚਿਆਉਣ ਵਾਸਤੇ ਗੁਰਮਤਿ ਦੇ ਦੋਖੀਆਂ ਨੇ ਕਈ ਹੱਥਕੰਡੇ ਵਰਤੇ ਹਨ।
ਪਹਿਲਾ, ਆਪਹੁਦਰੇ ਮਨਮਤੀਏ ਭੇਖੀ-ਪਾਖੰਡੀ ਲੋਕ ਗੁਰਫ਼ਲਸਫ਼ੇ ਦੇ ਉਲਟ ਜੋ ਕੁੱਝ ਵੀ ਕਹਿੰਦੇ ਜਾਂ ਕਰਦੇ
ਹਨ, ਉਸ ਨੂੰ ਜਾਇਜ਼ ਠਹਿਰਾਉਣ ਵਾਸਤੇ, ਉਨ੍ਹਾਂ ਗੁਰੂਆਂ ਦਾ ਹੁਕਮ ਦੱਸਦੇ ਹਨ ਜਿਨ੍ਹਾਂ ਗੁਰੂਆਂ ਦੀ
ਬਾਣੀ ਗੁਰਬਾਣੀ ਗ੍ਰੰਥ ਵਿੱਚ ਨਹੀਂ ਹੈ! ਉਹ ਖ਼ਾਲਸੇ ਦੇ ਸੰਸਾਰੀ ਰੂਪ
ਨੂੰ ਸਹੀ ਠਹਿਰਾਉਣ ਵਾਸਤੇ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਅਤੇ ਦੇਣ ਕਹਿੰਦੇ ਹਨ।
ਇਸ ਨੁਕਤੇ ਦਾ ਸੱਚ ਲੱਭਣ ਵਾਸਤੇ ਜੋ ਖੋਜ ਅਸੀਂ ਕੀਤੀ, ਉਸ ਦੀ ਜਾਣਕਾਰੀ ਪਾਠਕਾਂ ਨਾਲ ਅਗਲੇਰੇ
ਪੈਰਿਆਂ ਵਿੱਚ ਸਾਂਝੀ ਕਰਦੇ ਹਾਂ। ਸੱਭ ਤੋਂ ਪਹਿਲਾਂ ਅਸੀਂ ਉਨ੍ਹਾਂ ਲਿਖਤਾਂ ਨੂੰ ਚੰਗੀ ਤਰ੍ਹਾਂ
ਘੋਖਿਆ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਕਿਹਾ ਜਾਂਦਾ ਹੈ।
ਪਹਿਲਾ, ਸਾਰੇ ਅਖੌਤੀ ਦਸਮ ਗ੍ਰੰਥ (ਬਚਿੱਤਰ
ਨਾਟਕ) ਵਿੱਚ ਖਾਲਸਾ ਪਦ ਨਜ਼ਰ ਨਹੀਂ ਆਇਆ! ਦੂਜਾ, ਅਖੌਤੀ ਦਸਮ ਗ੍ਰੰਥ ਦੇ ਪੰਨਾ ਨੰ: ੭੧੬
ਉੱਤੇ ਅੰਕਿਤ ਇੱਕ ਸਵੈਯੇ ਨੂੰ ਇਸ ਗ੍ਰੰਥਨੁਮਾ ਪੁਸਤਕ ਦੇ ਤਤਕਰੇ ਵਿੱਚ ਇੱਕ ਅਲੱਗ ਅਧਿਆਏ ਵਜੋਂ
ਦਰਜ ਕੀਤਾ ਗਿਆ ਹੈ। ਇਸ ਸਵੈਯੇ/ਅਧਿਆਏ ਵਿਸ਼ੇਸ਼ ਦਾ ਸਿਰਲੇਖ ਹੈ: “ਖਾਲਸਾ ਮਹਿਮਾ”। ਪਰੰਤੂ
ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਾਰੇ ਸਵੈਯੇ ਵਿੱਚ ਖ਼ਾਲਸਾ ਪਦ ਨਹੀਂ ਹੈ! ਇਸ ਸਵੈਯੇ ਦੇ ਦੂਜੇ
ਅਤੇ ਤੀਜੇ ਬੰਦ ਵਿੱਚ “ਇਨ ਹੀ” ਦੀ ਵਰਤੋਂ ਕੀਤੀ ਗਈ ਹੈ ਜਿਵੇਂ: …ਜੁੱਧ ਜਿਤੇ ਇਨ ਹੀ
ਕੇ ਪ੍ਰਸਾਦਿ ਇਨ ਹੀ ਕੇ ਪ੍ਰਸਾਦਿ ਸੁ ਦਾਨ ਕਰੇ। …ਇਨ ਹੀ ਕੀ ਕ੍ਰਿਪਾ ਕੇ ਸਜੇ ਹਮ
ਹੈਂ ਨਹੀਂ ਮੋਸੋ ਗਰੀਬ ਕਰੋਰ ਪਰੇ। ……। ਇਸ “ਇਨ ਹੀ” ਦਾ ਭਾਵਅਰਥ ਖ਼ਾਲਸਾ ਕੀਤਾ ਜਾਂਦਾ
ਹੈ। ਪਰੰਤੂ, ਜੇ ‘ਇਨ ਹੀ” ਨੂੰ ਸਵੈਯੀਏ ਦੇ ਪ੍ਰਸੰਗ ਵਿੱਚ ਦੇਖੀਏ ਤਾਂ ਕਿਸੇ ਵੀ ਪੱਖੋਂ ਇਸ “ਇਨ
ਹੀ” ਦਾ ਅਰਥਭਾਵ ਖ਼ਾਲਸਾ ਨਹੀਂ ਹੈ! (ਨੋਟ:- ਉਪਰੋਕਤ ਜਾਣਕਾਰੀ ਅਸੀਂ ਭਾਈ ਚਤਰ ਸਿੰਘ ਜੀਵਨ
ਸਿੰਘ, ਅੰਮ੍ਰਿਤਸਰ ਦੁਆਰਾ ਪ੍ਰਕਾਸ਼ਤ “ਸ੍ਰੀ ਦਸਮ ਗ੍ਰੰਥ ਸਾਹਿਬ ਜੀ” ਵਿੱਚੋਂ ਲਈ ਹੈ।)
ਅਤਿਥੀ/ਮਹਿਮਾਨ ਜਾਂ ਕਿਸੇ ਹੋਰ ਨੂੰ ਮਿਲਨ ਸਮੇਂ ਸਵਾਗਤ
ਕਰਨ ਲਈ ਸੰਸਾਰੀ ਖ਼ਾਲਸੇ ਨਮਸ਼ਕਾਰ ਜਾਂ ਪ੍ਰਣਾਮ ਵਜੋਂ
ਵਾਹਿਗੁਰੂ ਜੀ ਕਾ ਖ਼ਾਲਸਾ, ਸ੍ਰੀ
ਵਾਹਿਗੁਰੂ ਜੀ ਕੀ ਫਤਹ। ਕਹਿੰਦੇ ਹਨ। ਇਸ
ਰੀਤਿ ਨੂੰ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਦੇਣ ਕਿਹਾ ਜਾਂਦਾ ਹੈ! ਪਰੰਤੂ ਦਸਮ ਗ੍ਰੰਥ ਜਾਂ ਗੁਰੂ
ਗੋਬਿੰਦ ਸਿੰਘ ਜੀ ਦੇ ਨਾਮ ਨਾਲ ਜੋੜੀ ਜਾਂਦੀ ਕਿਸੇ ਵੀ ਹੋਰ ਰਚਨਾ ਵਿੱਚੋਂ ਇਸ ਕਥਨ ਦੀ ਪੁਸ਼ਟੀ
ਨਹੀਂ ਹੁੰਦੀ! ਅਖੌਤੀ ਦਸਮ ਗ੍ਰੰਥ ਦੇ ਬਹੁਤੇ ਕਾਂਡ/ਅਧਿਆਏ ਦੀ ਸ਼ੁਰੂਆਤ ਹੇਠ ਲਿਖੀਆਂ ਤੁਕਾਂ ਨਾਲ
ਕੀਤੀ ਗਈ ਹੈ:
ੴਸ੍ਰੀ ਵਾਹਿਗੁਰੂ ਜੀ ਕੀ ਫਤਹ॥
ੴਸ੍ਰੀ ਵਾਹਿਗੁਰੂ ਜੀ ਕੀ ਫ਼ਤਹ॥ ਪਾਤਸ਼ਾਹੀ ੧੦॥
ੴਸਤਿਗੁਰ ਪ੍ਰਸਾਦਿ॥ ਸ੍ਰੀ ਭਗਉਤੀ ਜੀ ਸਹਾਇ॥
ਸ੍ਰੀ ਭਗਉਤੀ ਜੀ ਸਹਾਇ॥ ਪਾਤਸ਼ਾਹੀ ੧੦॥ ……
ਉਪਰੋਕਤ ਤੋਂ ਸਪਸ਼ਟ ਹੈ ਕਿ, ਪ੍ਰਣਾਮ ਵਜੋਂ
ਵਾਹਿਗੁਰੂ ਜੀ ਕਾ ਖ਼ਾਲਸਾ,
ਸ੍ਰੀ ਵਾਹਿਗੁਰੂ ਜੀ ਕੀ ਫਤਹ। ਕਹਿਣ ਦੀ
ਰੀਤਿ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੁਰੂ ਨਹੀਂ ਕੀਤੀ! ਤਾਂ ਫਿਰ, ਇਹ ਸੰਸਾਰਕ ਰੀਤਿ ਨੂੰ ਕਿਸ ਨੇ
ਤੇ ਕਦੋਂ ਸ਼ੁਰੂ ਕੀਤਾ? ਇਸ ਪ੍ਰਸ਼ਨ ਦਾ ਉੱਤਰ ਤਾਂ ਸੰਸਾਰੀ ਖ਼ਾਲਸੇ ਹੀ ਦੇ ਸਕਦੇ ਹਨ!
ਗੁਰੂਕਾਲ ਤੋਂ ਬਅਦ ਕੁੱਝ ਇੱਕ ਕਵੀਆਂ ਨੇ ਆਪਣੀਆਂ
ਲਿਖਤਾਂ ਵਿੱਚ ਖ਼ਾਲਸਾ ਪਦ ਬਾਰੇ ਲਿਖਿਆ ਹੈ। ਕਵੀ ਸੈਨਾਪਤਿ ਦੀ ਰਚਨਾ ਗੁਰਸੋਭਾ ਅਤੇ,
ਨਿਰਮਲਾ ਸੰਪਰਦਾਇ ਦੇ ਕਵੀ ਨਿਹਾਲ ਸਿੰਘ ਨਿਰਮਲੇ ਦੀ ਇੱਕ ਰਚਨਾ ਵਿੱਚ ਖ਼ਾਲਸੇ ਦਾ ਜ਼ਿਕਰ ਹੈ।
ਗੁਰੂ ਕਾਲ ਤੋਂ ਕਈ ਦਹਾਕੇ (ਤਕਰੀਬਨ ਇੱਕ ਸਦੀ) ਬਾਅਦ
ਮਨਮਤੀਆਂ ਦੁਆਰਾ ਲਿਖੀਆਂ ਗਈਆਂ ਕੁੱਝ ਇੱਕ ਕੱਚੀਆਂ ਰਚਨਾਵਾਂ ਵਿੱਚ ਸੰਸਾਰੀ ਖ਼ਾਲਸੇ ਬਾਰੇ ਲਿਖਿਆ
ਮਿਲਦਾ ਹੈ! ਇਨ੍ਹਾਂ ਰਚਨਾਵਾਂ ਵਿੱਚ ਬਿਆਨ ਕੀਤੇ ਗਏ ਖ਼ਾਲਸੇ ਅਤੇ ਗੁਰਬਾਣੀ ਵਾਲੇ ਖ਼ਾਲਸੇ ਦੋਵੇਂ
ਬਿਲਕੁਲ ਵੱਖਰੇ ਹਨ! ਗੁਰਬਾਣੀ ਵਾਲੇ ਖ਼ਾਲਸੇ ਦਾ ਸੰਬੰਧ ਆਤਮਗਿਆਨ ਅਤੇ ਅਧਿਆਤਮਿਕਤਾ ਅਥਵਾ
ਰੂਹਾਨੀਯਤ ਨਾਲ ਹੈ! ਅਤੇ, ਕੱਚੀਆਂ ਕਿਤਾਬਾਂ ਅਤੇ ਰਚਨਾਵਾਂ ਵਿੱਚ ਬਿਆਨੇ ਗਏ ਖ਼ਾਲਸੇ ਦਾ ਸੰਬੰਧ
ਸੰਸਾਰਕਤਾ ਨਾਲ ਹੈ! ਗੁਰੂ ਗੋਬਿੰਦ ਸਿੰਘ ਜੀ ਤੋਂ ਕਈ ਦਹਾਕੇ ਬਾਅਦ ਕਵੀ ਗੁਰਦਾਸ ਸਿੰਘ ਦੀ
ਲਿਖੀ ਵਾਰ ਵਿੱਚ ਦੁਨਿਆਵੀ ਖ਼ਾਲਸੇ ਦਾ ਬਹੁਤ ਜ਼ਿਕਰ ਹੈ:
ਗੁਰੁ ਦਾਸ ਮਨਾਈ ਕਾਲਕਾ ਖੰਡੇ ਕੀ ਵੇਲਾ॥ ਪੀਓ ਪਾਹੁਲ
ਖੰਡੇਧਾਰ ਹੋਇ ਜਨਮ ਸੁਹੇਲਾ॥ ਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ॥ ਵਾਹ ਵਾਹ ਗੋਬਿੰਦ ਸਿੰਘ
ਆਪੇ ਗੁਰ ਚੇਲਾ॥ ……ਉਹੁ ਗੁਰੂ ਗੋਬਿੰਦ ਹੋਇ ਪ੍ਰਗਟਿਓ ਦਸਵਾਂ ਅਵਤਾਰਾ॥ …ਨਿਜ ਪੰਥ ਚਲਾਇਓ
ਖਾਲਸਾ ਧਰਿ ਤੇਜ ਕਰਾਰਾ॥ ਸਿਰ ਕੇਸ ਧਾਰਿ ਗਹਿ ਖੜਗ ਕੋ ਸਭ ਦੁਸ਼ਟ ਪਛਾਰਾ॥ ਸੀਲ ਜਤ ਕੀ ਕਛ
ਪਹਰਿ ਪਕੜੋ ਹਥਿਆਰਾ॥ …ਇਉਂ ਉਪਜੇ ਸਿੰਘ ਭੁਜੰਗੀਏ ਨੀਲ ਅੰਬਰ ਧਾਰਾ॥ …ਗੁਰੁਬਰ ਅਕਾਲ ਕੇ ਹੁਕਮ
ਸਿਉਂ ਉਪਜਿਓ ਬਿਗਿਆਨਾ॥ ਤਬ ਸਹਿਜੇ ਰਚਿਓ ਖਾਲਸਾ ਸਾਬਤ ਮਰਦਾਨਾ॥ …
ਇਉਂ ਤੀਸਰ ਮਜਹਬ ਖਾਲਸਾ ਉਪਜਿਓ ਪਰਧਾਨਾ॥ …
ਕਵੀ ਗੁਰਦਾਸ ਸਿੰਘ ਦੀਆਂ ਲਿਖੀਆਂ ਉਪਰੋਕਤ ਸਤਰਾਂ ਉੱਤੇ
ਵਿਚਾਰ ਕਰਨ ਤੋਂ ਪਹਿਲਾਂ ਸਾਨੂੰ ਗੁਰਮਤਿ ਦੇ ਦੋ ਅਹਿਮ ਸਿੱਧਾਂਤਕ ਨੁਕਤਿਆਂ ਉੱਤੇ ਵਿਚਾਰ ਕਰ ਲੈਣੀ
ਚਾਹੀਦੀ ਹੈ। ਪਹਿਲਾ, ਗੁਰੂ ਨਾਨਕ ਦੇਵ ਜੀ ਦਾ ਇੱਕ ਫ਼ਰਮਾਨ ਹੈ:
…ਮੰਨੈ ਮਗੁ ਨ ਚਲੈ ਪੰਥੁ॥ ਮੰਨੈ ਧਰਮ
ਸੇਤੀ ਸਨਬੰਧੁ॥ …। ਇਸ ਤੁਕ ਦਾ ਭਾਵ ਇਹ
ਹੈ ਕਿ, ਰੱਬ ਨੂੰ ਮੰਨਣ ਵਾਲਾ ਰੂਹਾਨੀ ਰਾਹ ਦਾ ਰਾਹੀ ਸੰਪਰਦਾਈ
ਸੰਸਾਰਕ ਪੰਥਾਂ ਦਾ ਪੰਥੀ ਨਹੀਂ ਬਣਦਾ!
ਦੂਜਾ, ਗੁਰਬਾਣੀ ਵਿੱਚ ਸੰਪਰਦਾਈ ਧਾਰਮਾਂ ਦਾ ਪੁਰਜ਼ੋਰ
ਖੰਡਨ ਕੀਤਾ ਗਿਆ ਹੈ। ਗੁਰਮਤਿ ਦਾ ਧਰਮ ਨਿਰਮਲ ਧਰਮ (ਪੰਥ) ਹੈ ਜੋ ਸਾਰੀ ਮਨੁੱਖਤਾ ਵਾਸਤੇ ਹੈ ਅਤੇ
ਸਰਬਕਾਲਿਕ ਵੀ ਹੈ। ਗੁਰਮਤਿ ਦੇ ਸਚ ਧਰਮ ਜਾਂ ਨਿਰਮਲ ਪੰਥ ਨੂੰ ਸਿੱਖ ਧਰਮ ਜਾਂ ਪੰਥ, ਸਿੰਘ ਪੰਥ
ਜਾਂ ਖ਼ਾਲਸਾ ਧਰਮ/ਪੰਥ ਬਣਾਉਣਾ ਜਾਂ ਕਹਿਣਾ ਗੰਭੀਰ ਗੁਸਤਾਖ਼ੀ ਹੈ।
ਕਵੀ ਗੁਰਦਾਸ ਸਿੰਘ ਦੇ
ਤੀਸਰ ਮਜਹਬ ਖਾਲਸਾ
ਲਿਖਣ
ਤੋਂ ਤਾਂ ਇਉਂ ਲਗਦਾ ਹੈ ਜਿਵੇਂ
ਗੁਰੂ ਗੋਬਿੰਦ ਸਿੰਘ ਜੀ ਨੇ ਗੁਰਫ਼ਲਸਫ਼ੇ ਨੂੰ ਨਜ਼ਰਅੰਦਾਜ਼ ਅਤੇ ਗੁਰਮੱਤ ਦੇ ਸਚ ਧਰਮ ਜਾਂ
ਨਿਰਮਲ ਧਰਮ ਨੂੰ ਲਾਂਭੇ ਕਰਕੇ ਖਾਲਸਾ ਧਰਮ ਦੀ ਸਥਾਪਨਾ ਕੀਤੀ ਹੋਵੇ! ਸਾਡੀ ਸਮਝ
ਅਨੁਸਾਰ, ਗੁਰੂ ਗੋਬਿੰਦ ਸਿੰਘ ਜੀ ਇਹ ਭੀਸ਼ਣ ਗੁਸਤਾਖੀ ਨਹੀਂ ਕਰ ਸਕਦੇ ਸਨ! ਸਪਸ਼ਟ ਹੈ ਕਿ ਉਪਰੋਕਤ
ਸਤਰਾਂ ਕਵੀ ਗੁਰਦਾਸ ਸਿੰਘ ਦੀਆਂ ਕਾਵਿਕ ਕਲਾਬਾਜ਼ੀਆਂ ਤੋਂ ਵੱਧ ਹੋਰ ਕੁਛ ਵੀ ਨਹੀਂ!
ਸਨ ੧੬੯੯ ਦੀ ਵੈਸਾਖੀ ਵਾਲੇ ਇਤਿਹਾਸਿਕ ਦਿਨ ਨੂੰ
ਸਿੰਘ ਸਾਜਣਾ ਦਿਵਸ ਜਾਂ ਖ਼ਾਲਸੇ ਦਾ ਜਨਮ ਦਿਹਾੜਾ ਕਿਹਾ ਜਾਂਦਾ ਹੈ। ਇਸ ਤੱਥ ਦੇ ਆਧਾਰ
`ਤੇ, ਨਿਰਸੰਕੋਚ, ਕਿਹਾ ਜਾ ਸਕਦਾ ਹੈ ਕਿ ਇਹ ਦੋਵੇਂ (ਸਿੰਘ ਅਤੇ ਖ਼ਾਲਸਾ) ਸਮਾਨਾਰਥੀ ਸ਼ਬਦ ਹਨ! ਇਸ
ਤੱਥ ਦੇ ਹਵਾਲੇ ਨਾਲ ਅਸੀਂ ਕਈ ਸਿੰਘਾਂ, ਖ਼ਾਲਸਿਆਂ ਅਤੇ ਪੰਥਕ ਵਿੱਦਵਾਨਾਂ ਤੋਂ ਪੁੱਛਿਆ ਕਿ, ਸਿੰਘ
ਅਤੇ ਖ਼ਾਲਸਾ ਵਿੱਚ ਕੀ ਅੰਤਰ ਹੈ? ਉਨ੍ਹਾਂ ਦਾ ਜਵਾਬ ਸੀ, “ਸਿੰਘ ਆਪਣੀ ਥਾਂ ਹੈ ਅਤੇ ਖ਼ਾਲਸਾ ਆਪਣੀ
ਜਗ੍ਹਾ ਹੈ; ਇਨ੍ਹਾਂ ਵਿੱਚ ਅੰਤਰ ਲੱਭਣਾ ਮੂਰਖਤਾ ਹੈ” !
12ਵੀਂ ਸਦੀ ਵਿੱਚ ਬਾਬਾ
ਫ਼ਰੀਦ ਜੀ ਦੀ ਬਾਣੀ ਨਾਲ ਸ਼ੁਰੂ ਹੋਏ ਗੁਰਮਤਿ ਦੇ ਸਚ ਧਰਮ ਜਾਂ ਨਿਰਮਲ ਧਰਮ ਨੂੰ ਕਈ ਨਾਂਵ ਦਿੱਤੇ
ਗਏ: ਗੁਰੂ ਨਾਨਕ ਦੇਵ ਜੀ ਦੇ ਉੱਦਮ ਸਦਕਾ ਹੋਂਦ ਵਿੱਚ ਆਏ ਮੱਤ ਨੂੰ ਨਾਨਕ ਪੰਥ ਕਿਹਾ ਜਾਂਦਾ ਸੀ।
ਜਿਉਂ ਜਿਉਂ ਇਸ ਰੂਹਾਨੀ ਫ਼ਲਸਫ਼ੇ ਉੱਤੇ ਸੰਪਰਦਾਇਕਤਾ ਭਾਰੂ ਹੁੰਦੀ ਗਈ ਤਿਉਂ ਤਿਉਂ ਬਾਬੇ ਨਾਨਕ
ਦੁਆਰਾ ਸਥਾਪਿਤ ਕੀਤੇ ਇਸ ਅਧਿਆਤਮਿਕ ਪੰਥ ਦੇ ਨਾਮ ਵਿੱਚ ਤਬਦੀਲੀ ਲਿਆਂਦੀ ਗਈ! ਪਹਿਲਾਂ ਨਿਰਮਲ ਪੰਥ
ਜਾਂ ਨਾਨਕ ਪੰਥ ਨੂੰ ਸਿੱਖ ਧਰਮ ਜਾਂ ਸਿੱਖ ਪੰਥ ਦਾ ਨਾਮ ਦਿੱਤਾ ਗਿਆ। ਫਿਰ ਸਨ ੧੬੯੯ ਦੀ ਵੈਸਾਖੀ
ਵਾਲੇ ਦਿਨ ਤੋਂ ਬਅਦ ਸਿੱਖ ਪੰਥ ਜਾਂ ਸਿੱਖ ਧਰਮ ਦਾ ਨਾਮ ਬਦਲ ਕੇ ਸਿੰਘ ਪੰਥ ਕਰ ਦਿੱਤਾ ਗਿਆ। ਅਤੇ
ਅੰਤ ਵਿੱਚ ਕਵੀ ਗੁਰਦਾਸ ਸਿੰਘ ਦੀ ਵਾਰ ਦੇ ਹਵਾਲੇ ਨਾਲ, ਇਸ ਧਰਮ ਦਾ ਨਾਮ ਬਦਲ ਕੇ ਖ਼ਾਲਸਾ ਧਰਮ ਜਾਂ
ਖ਼ਾਲਸਾ ਪੰਥ ਕਰ ਦਿੱਤਾ ਗਿਆ! ! ! 19ਵੀਂ ਅਤੇ 20ਵੀਂ ਸਦੀ ਵਿੱਚ ਇਸ ਨਾਮ (ਖ਼ਾਲਸਾ ਪੰਥ ਜਾਂ ਖ਼ਾਲਸਾ
ਮਜ਼੍ਹਬ) ਨੂੰ ਖ਼ੂਬ ਪ੍ਰਸਿੱਧੀ ਅਤੇ ਪ੍ਰਵਾਣਗੀ ਮਿਲੀ। ਅਤੇ ਹੁਣ 21ਵੀਂ ਸਦੀ ਵਿੱਚ ਇਸ ਨਾਮ (ਖ਼ਾਲਸਾ)
ਦਾ ਪੂਰਾ ਬੋਲ-ਬਾਲਾ ਹੈ!
ਸਾਰੰਸ਼, ਗੁਰਬਾਣੀ ਵਿੱਚ ਵਰਤੇ ਗਏ ਸਿਖ ਅਤੇ
ਖ਼ਾਲਸਾ ਦੋਵੇਂ ਸ਼ਬਦ ਸਿੱਧਾਂਤਕ ਹਨ ਅਤੇ ਇਨ੍ਹਾਂ ਦਾ ਸੰਬੰਧ ਮਨੁੱਖ ਦੇ, ਸਿਰਫ਼ ਅਤੇ ਸਿਰਫ਼,
ਮਨ/ਆਤਮਾ/ਅੰਤਹਕਰਣ ਦੀ ਸ਼ੁੱਧਤਾ ਤੇ ਸਚਿਆਰਤਾ ਨਾਲ ਹੈ! ਜਦ ਕਿ, ‘ਸਿੱਖੀ ਸਰੂਪ’ ਵਾਲਾ ਸਿੱਖ ਅਤੇ
ਸਿੰਘ ਜਾਂ ਖ਼ਾਲਸਾ (ਪਾਹੁਲਧਾਰੀ ਸਿੱਖ) ਇੱਕ ਸੰਸਾਰਕ ਰੁਤਬਾ ਜਾਂ ਖ਼ਿਤਾਬ ਹੈ! ਇਨ੍ਹਾਂ ਨੂੰ ਆਪਸ
ਵਿੱਚ ਰਲਗੱਡ ਕਰਨਾ ਸੁਧੀ ਮਨਮਤਿ ਹੈ! ਦੂਜਾ, ਸੰਪਰਦਾਇਕਤਾ ਦਾ ਖੰਡਨ ਕਰਨ ਵਾਲੇ ਬ੍ਰਹਮਗਿਆਨੀ
ਬਾਣੀਕਾਰਾਂ ਦੇ ਅਦੁੱਤੀ ਮਾਨਵਵਾਦੀ ਫ਼ਲਸਫ਼ੇ ਨੂੰ ਕਿਸੇ ਵੀ ਸੰਸਾਰਕ ਸੰਪਰਦਾ ਦੇ ਨਾਮ ਨਾਲ ਜੋੜਣਾ
ਗੁਰਮਤਿ ਦੇ ਪਵਿੱਤਰ ਫ਼ਲਸਫ਼ੇ ਦੇ ਅਸੀਮ ਦਾਇਰੇ ਨੂੰ ਸੰਕੁਚਿਤ ਤੇ ਸੰਕੀਰਣ ਬਣਾਉਣਾ ਹੈ।
ਚਲਦਾ……
ਗੁਰਇੰਦਰ ਸਿੰਘ ਪਾਲ
ਅਗਸਤ 20, 2023.
|
. |