ਤਸਵੀਰ ਦਾ ਦੂਜਾ ਪਾਸਾ
ਅੱਜ 2023 ਸਤੰਬਰ ਮਹੀਨੇ ਦੀ 20 ਤਾਰੀਖ ਹੈ। ਪਿਛਲੇ ਦੋ ਕੁ ਦਿਨਾ ਤੋਂ ਸਾਰੀ ਦੁਨੀਆ ਦੇ ਵਿੱਚ
ਕਨੇਡਾ ਦੇ ਪ੍ਰਧਾਨ ਮੰਤਰੀ ਮਿਸਟਰ ਟਰੂਡੋ ਦੇ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਬਿਆਨ ਨੂੰ ਲੈ ਕੇ
ਇੱਕ ਕਿਸਮ ਦਾ ਭੁਚਾਲ ਜਿਹਾ ਆਇਆ ਹੋਇਆ ਹੈ। ਇਸ ਤਰ੍ਹਾਂ ਬਹੁਤ ਘੱਟ ਹੁੰਦਾ ਹੈ ਕਿ ਕਿਸੇ ਦੇਸ਼ ਦਾ
ਮੁਖੀ ਪਾਰਲੀਮਿੰਟ ਵਿੱਚ ਖੜ ਕੇ ਇਸ ਤਰ੍ਹਾਂ ਦੇ ਬਿਆਨ ਜਾਰੀ ਕਰੇ। ਫੈਡਰਲ ਐਨ: ਡੀ: ਪੀ; ਦੇ ਸਾਬਕਾ
ਲੀਡਰ ਨੇ ਇਸ ਬਾਰੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਇਹ ਬਿਆਨ ਇੱਕ ਕਿਸਮ ਦੇ ਵਾਂਅਵਰੋਲੇ ਦੀ ਤਰ੍ਹਾਂ
ਸੀ ਜਿਹੜਾ ਕਿ ਆਪਣੇ ਆਲੇ ਦੁਆਲੇ ਦੀ ਸਾਰੀ ਹਵਾ ਇਕੱਠੀ ਕਰਕੇ ਖਿੱਚ ਲੈਂਦਾ ਹੈ। ਉਸ ਦਾ ਕਹਿਣਾ ਸੀ
ਕਿ ਇਸ ਬਿਆਨ ਨਾਲ ਹੋਰ ਜਰੂਰੀ ਮੁੱਦੇ ਜਿਵੇਂ ਕਿ ਮਹਿੰਗਾਈ ਅਤੇ ਘਰਾਂ ਦੇ ਮੁੱਦੇ ਵਲੋਂ ਧਿਆਨ ਹਟ
ਕੇ ਸਾਰਾ ਧਿਆਨ ਇਧਰ ਚਲੇ ਗਿਆ ਹੈ। ਸੀ: ਬੀ: ਸੀ: ਦੇ ਸਾਬਕਾ ਰਿਪੋਰਟਰ ਟੈਰੀ ਮਿਲਸਕੀ ਦਾ ਕਹਿਣਾ
ਹੈ ਕਿ ਮਿਸਟਰ ਟਰੂਡੇ ਦੇ ਰਾਜ ਕਰਨ ਦੇ ਦਿਨ ਹੁਣ ਪੁੱਗ ਚੁੱਕੇ ਹਨ ਜਾਂ ਪੁੱਗਣ ਵਾਲੇ ਹਨ ਇਸ ਕਰਕੇ
ਉਹ ਇਸ ਤਰ੍ਹਾਂ ਦੇ ਮੁੱਦੇ ਉਭਾਰ ਕੇ ਰਾਜਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੁੱਝ ਵੀ ਹੋਵੇ
ਪਰ ਇਸ ਵੇਲੇ ਇਹ ਖਬਰ ਦੁਨੀਆ ਵਿੱਚ ਸਭ ਤੋਂ ਵੱਧ ਚਰਚਾ ਵਿੱਚ ਹੈ। ਇਸ ਬਾਰੇ ਤੁਸੀਂ ਵੀ ਹੁਣ ਤੱਕ
ਬਹੁਤ ਕੁੱਝ ਸੁਣ ਚੁੱਕੇ ਹੋਵੋਂਗੇ। ਇਸ ਬਿਆਨ ਨੂੰ ਲੈ ਕੇ ਖਾਲਿਸਤਾਨੀ ਬਹੁਤ ਕੱਛਾਂ ਵਜਾ ਰਹੇ ਹਨ
ਅਤੇ ਇਨ੍ਹਾਂ ਦੇ ਲੀਡਰ ਗੁਰਪੰਤ ਸਿੰਘ ਪੰਨੂ ਨੇ ਤਾਂ ਇੱਕ ਕਿਸਮ ਦੀ ਕਨੇਡਾ ਵਿੱਚ ਰਹਿੰਦੇ ਹਿੰਦੂਆਂ
ਨੂੰ ਧਮਕੀ ਦੇ ਦਿੱਤੀ ਹੈ ਕਿ ਤੁਸੀਂ ਕਨੇਡਾ ਛੱਡ ਕੇ ਇੰਡੀਆ ਚਲੇ ਜਾਓ। ਇਸ ਬਿਆਨ ਦਾ ਅਸਰ ਪੰਜਾਬ
ਤੋਂ ਬਾਹਰਲੇ ਸਿੱਖਾਂ ਤੇ ਕਿਸ ਤਰ੍ਹਾਂ ਦਾ ਹੋਵੇਗਾ ਇਹ ਸੋਚਣ ਵਾਲੀ ਗੱਲ ਹੈ।
ਰਾਜਸੀ ਭੁੱਖ ਐਸੀ ਕੁੱਤੀ ਸ਼ੈਅ ਹੈ ਕਿ ਇਹ ਇਨਸਾਨ ਦੀ ਸੋਚਣੀ ਨੂੰ ਕਿਸੇ ਵੀ ਪੱਧਰ ਤੇ ਲਿਜਾ ਸਕਦੀ
ਹੈ। ਯੂਕਰੇਨ ਅਤੇ ਰੂਸ ਦੀ ਲੜਾਈ ਵਿੱਚ ਹੁਣ ਤੱਕ ਤਕਰੀਬਨ ਪੰਜ ਲੱਖ ਲੋਕ ਦੋਹਾਂ ਪਾਸਿਆਂ ਤੋਂ ਮਾਰੇ
ਜਾ ਚੁੱਕੇ ਹਨ। ਪਰ ਸਾਰੀ ਦੁਨੀਆ ਦੇ ਲੀਡਰ ਅੱਗ ਵਿੱਚ ਲੱਕੜਾਂ ਪਉਣ ਦਾ ਹੀ ਕੰਮ ਕਰ ਰਹੇ ਹਨ।
ਬਹਾਨਾ ਦੋਹੀ ਪਾਸੀਂ ਆਪਣੀ ਹੋਂਦ ਦਾ ਹੀ ਹੈ। ਪਰ ਰਾਜਸੀ ਸੱਤਾ ਦਾ ਨਸ਼ਾ ਹੀ ਐਸਾ ਹੈ ਕਿ ਇਸ ਨੂੰ
ਖੁਸ਼ੀ ਖੁਸ਼ੀ ਕੋਈ ਹੀ ਛੱਡਦਾ ਹੈ। ਈਰਖਾ ਅਤੇ ਸਾੜਾ ਵੀ ਬੰਦੇ ਦੀ ਮੱਤ ਮਾਰ ਦਿੰਦੀ ਹੈ। ਸਾਰੀ ਦੁਨੀਆ
ਤੇ ਇਹੀ ਕੁੱਝ ਚੱਲਦਾ ਹੈ। ਜੋ ਕੁੱਝ ਵੀ ਦੁਨੀਆ ਤੇ ਹੋ ਰਿਹਾ ਹੈ ਅਤੇ ਸਾਹਮਣੇ ਦਿਸ ਰਿਹਾ ਹੈ।
ਜਰੂਰੀ ਨਹੀਂ ਕਿ ਉਹ ਸਾਰਾ ਕੁੱਝ ਸੱਚ ਹੀ ਹੋਵੇ। ਬਿਹਾਂਈਡ ਦਾ ਸੀਨ ਹੋਰ ਵੀ ਬਹੁਤ ਕੁੱਝ ਹੁੰਦਾ
ਹੈ। ਇਹ ਸਾਰਾ ਕੁੱਝ ਸਮਝਣਾ ਆਮ ਬੰਦੇ ਦੇ ਬੱਸ ਦਾ ਰੋਗ ਨਹੀਂ ਹੁੰਦਾ। ਪਰ ਫਿਰ ਵੀ ਜਿੱਥੋ ਤੱਕ ਹੋ
ਸਕੇ ਵੱਖਰੇ ਵੱਖਰੇ ਵਿਚਾਰ ਪੜ੍ਹ ਸੁਣ ਲੈਣੇ ਚਾਹੀਦੇ ਹਨ ਤਾਂ ਕਿ ਤਸਵੀਰ ਦਾ ਦੂਜਾ ਪਾਸਾ ਵੀ ਦੇਖਿਆ
ਜਾ ਸਕੇ ਜਿਸ ਨਾਲ ਅਸਲੀਅਤ ਦੇ ਨੇੜੇ ਜਾਣ ਵਿੱਚ ਮਦਦ ਮਿਲ ਸਕਦੀ ਹੈ। ਇਸ ਲਈ ਆਹ ਮੈਂ ਇੱਕ ਵੀਡੀਓ
ਸ਼ੇਅਰ ਕਰ ਰਿਹਾ ਹਾਂ। ਹੋ ਸਕਦਾ ਹੈ ਕਿ ਤੁਸੀਂ ਇਹ ਪਹਿਲਾਂ ਹੀ ਦੇਖੀ ਹੋਵੇ। ਜੇ ਕਰ ਕਿਸੇ ਨੇ ਨਹੀਂ
ਦੇਖੀ ਤਾਂ ਜਰੂਰ ਦੇਖੋ। ਮੇਰਾ ਖਿਆਲ ਹੈ ਕਿ ਇਹ ਬੰਦਾ ਰਾਅ ਵਿੱਚ ਕੰਮ ਕਰ ਚੁੱਕਾ ਹੈ ਅਤੇ ਇਸ ਦੀ
ਜਾਣਕਾਰੀ ਕਾਫੀ ਤੱਥਾਂ ਦੇ ਅਧਾਰਤ ਲੱਗਦੀ ਹੈ।
ਮੱਖਣ ਪੁਰੇਵਾਲ,
ਸਤੰਬਰ 20, 2023.
https://www.youtube.com/watch?v=1uQDDQlMpPU