'ਦਲਿਤ ਵਰਗ ਦੇ
ਲੋਕਾਂ ਨੂੰ 'ਬਾਬੇ ਨਾਨਕ' ਦਾ ਸਾਥੀ ਬਣ ਜਾਣਾ ਚਾਹੀਦਾ ਹੈ '
'ਗੁਰੂ ਨਾਨਕ' ਸਾਹਿਬ ਜੀ
ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਇਕ ਸੱਚੇ-ਸੁੱਚੇ ਮਹਾਂਪੁਰਖ ਹੋਏ ਹਨ।
ਭਾਵੇਂ 'ਗੁਰੂ ਨਾਨਕ' ਸਾਹਿਬ ਜੀ ਦਾ ਜਨਮ ਵਰਣ ਵਿਵਸਥਾ ਤਹਿਤ ਦੂਜੇ ਨੰਬਰ ਤੇ ਆਉਂਦੇ
ਖੱਤਰੀ ਵਰਣ ਵਿੱਚ (ਇਕ ਰੱਜੇ ਪੁੱਜੇ ਪਰਿਵਾਰ 'ਚ) ਹੋਇਆ, ਪਰ ਜਿਉਂ ਹੀ ਅਨੇਕਾਂ ਫੋਕਟ ਕਰਮਕਾਂਡਾਂ
ਰਾਹੀਂ ਲੁੱਟੇ ਜਾ ਰਹੇ ਲੋਕਾਂ ਨੂੰ ਤੱਕਿਆ ਅਤੇ ਅਛੂਤ ਬਣਾਏ ਗਏ ਲੋਕਾਂ ਨਾਲ ਜ਼ਾਤ ਪਾਤ,
ਛੂਆ ਛਾਤ ਦੇ ਤਹਿਤ, ਨੀਚ, ਅਤਿ ਨੀਚ ਮੰਨਕੇ, ਅਨੇਕਾਂ
ਤਰਾਂ ਦਾ ਬੇਹੱਦ ਘਟੀਆ ਵਤੀਰਾ ਹੁੰਦਾ ਵੇਖਿਆ ਤਾਂ 'ਗੁਰੂ ਸਾਹਿਬ' ਇਹ ਬੇਈਮਾਨੀ ਧੱਕੇਸ਼ਾਹੀ
ਬਰਦਾਸ਼ਤ ਨਾ ਕਰ ਸਕੇ ਅਤੇ ਇਸ ਬੇਹੱਦ ਘਟੀਆ ਸਿਸਟਮ ਦੇ ਖ਼ਿਲਾਫ਼ ਜ਼ੋਰਦਾਰ ਅਵਾਜ਼ ਬੁਲੰਦ ਕੀਤੀ
ਅਤੇ ‘ਨੀਚ’ ਅਤਿ ਨੀਚ ਮੰਨੇ ਜਾ ਰਹੇ 'ਦਲਿਤ' ਲੋਕਾਂ ਨਾਲ ਜਾ ਖੜ੍ਹਾ ਹੋਇਆ ਅਤੇ ਹੋਕਾ ਦੇ ਦਿੱਤਾ -
ਨੀਚਾ ਅੰਦਰਿ ਨੀਚ ਜਾਤਿ ਨੀਚੀ
ਹੂ ਅਤਿ ਨੀਚੁ ॥
ਨਾਨਕੁ ਤਿਨ ਕੈ ਸੰਗਿ ਸਾਥਿ
ਵਡਿਆ ਸਿਉ ਕਿਆ ਰੀਸ ॥ (ਪੰਨਾ 15)
ਇਹ ਗੱਲ ਕੋਈ ਛੋਟੀ ਨਹੀਂ ਸੀ,ਜਿਸ
ਨੂੰ ਅਣਗੌਲਿਆ ਕੀਤਾ ਜਾ ਸਕੇ। ਮਨ ਤੋਂ ਥੋੜਾ ਡੂੰਘਾ ਸੋਚਕੇ ਵੇਖੋ; ਉਸ ਟਾਇਮ ਨਰਕ ਭਰੀ ਜ਼ਿੰਦਗੀ
ਬਤੀਤ ਕਰਨ ਲਈ ਮਜ਼ਬੂਰ ਕੀਤੇ ਲੋਕਾਂ ਨਾਲ ਡੱਟਕੇ ਖੜ੍ਹਨਾ ਕਿੱਡਾ ਵੱਡਾ ਕ੍ਰਾਂਤੀਕਾਰੀ ਕਦਮ ਸੀ।
ਇਸ ਚੰਗੀ ਸੋਚ ਦੀ ਵਜ੍ਹਾ ਕਰਕੇ ਹੀ ਹੇਠਲੇ ਵਰਗ ਵਿੱਚ ਪੈਦਾ ਹੋਏ ਮਹਾਂਪੁਰਖ ਸਧਨਾ ਜੀ,ਸੈਣ ਜੀ,
ਨਾਮਦੇਵ ਜੀ, ਰਵਿਦਾਸ ਜੀ, ਕਬੀਰ ਜੀ ਦੀ ਬਾਣੀ (ਜਿੰਨੀ ਕੁ ਮਿਲੀ) ਇਕੱਤਰ ਕੀਤੀ ਆਪਣੇ ਕੋਲ ਸਾਂਭ
ਕੇ ਹੀ ਨਹੀਂ ਰੱਖੀ, ਬਲਕਿ ਲੋਕਾਂ ਵਿੱਚ ਪ੍ਰਚਾਰਕੇ ਮਹਾਂਪੁਰਸ਼ਾਂ ਦੀ 'ਬਾਣੀ' ਦਾ ਵੱਡਾ ਸਤਿਕਾਰ
ਕੀਤਾ ਸੀ।
ਬਰਾਬਰਤਾ ਤੇ ਸਤਿਕਾਰ ਲਈ
ਬਾਬਾ ਸਾਹਿਬ ਡਾ.ਭੀਮ ਰਾਓ ‘ਅੰਬੇਡਕਰ’ ਜੀ ਨੇ
1936 ਵਿਚ ਵਿਸਾਖੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ‘ਸਰਬ ਹਿੰਦ ਸਿੱਖ ਸੰਮੇਲਨ ਦੇ ਜਲਸੇ
ਵਿਚ, ਦਸਤਾਰ ਸਜਾ ਕੇ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ ਅਤੇ ਕਰੋੜਾਂ ਅਛੂਤਾਂ ਨੂੰ ਸਿੱਖੀ ਵਿਚ
ਪ੍ਰਵੇਸ਼ ਕਰਾਉਣ ਦੇ ਨਿਸਚੇ ਵਜੋਂ ਆਪਣੇ ਭਤੀਜੇ ਨੂੰ ‘ਅੰਮ੍ਰਿਤ’ਛਕਾ ਕੇ ‘ਸਿੰਘ’ ਵੀ ਸਜਵਾਇਆ ਸੀ।
ਇਸ ਦੇ ਪਿਛੋਂ ਛਪੇ ਬਾਬਾ ਸਹਿਬ ਅੰਬੇਡਕਰ ਜੀ ਦੇ ਬਿਆਨ
ਸਪੱਸ਼ਟ ਕਰਦੇ ਹਨ,ਕਿ ਬਾਬਾ ਸਾਹਿਬ
ਡਾਕਟਰ ਭੀਮ ਰਾਓ ਅੰਬੇਡਕਰ ਜੀ ਦਿਲੋਂ ‘ਸਿੱਖ ਧਰਮ’ ਨੂੰ ਚਾਹੁੰਦੇ ਸਨ,ਇਸ ਲਈ ਡਾ. ਅੰਬੇਡਕਰ ਜੀ ਨੇ
ਕਿਹਾ ਸੀ, ਕਿ “ਇਹ ਦੇਸ਼ ਦੇ ਹਿਤ ਵਿਚ ਹੈ ਕਿ ਜੇਕਰ ‘ਅਛੂਤਾਂ’ ਨੇ
ਧਰਮ ਪਰਿਵਰਤਨ ਕਰਨਾ ਹੈ ਤਾਂ ਅਛੂਤ ‘ਸਿੱਖ ਧਰਮ’ ਕਬੂਲ ਕਰ ਲੈਣ।”
ਪਰ ਅੰਬੇਡਕਰ ਸ੍ਹਾਬ ਕਿਸੇ ਕਾਰਨ
ਮਜਬੂਰੀ ਵੱਸ ਚਾਹੁੰਦੇ ਹੋਏ ਵੀ 'ਸਿੱਖ ਧਰਮ' ਨਹੀਂ ਅਪਣਾ ਸਕੇ। ਕਿਉਂ ਨਹੀਂ ਅਪਣਾ ਸਕੇ ?ਇਹ ਵੱਖਰਾ
ਵਿਸ਼ਾ ਹੈ। ਇਸ ਤੋਂ ਬਾਅਦ ਵਿੱਚ ‘ਬਸਪਾ’ ਦੇ ਬਾਨੀ
ਸਾਹਿਬ ਸ੍ਰੀ ‘ਕਾਂਸ਼ੀ ਰਾਮ’ ਜੀ ਆਪਣੀ ਸਰਕਾਰ ਆਉਣ ਤੇ 'ਗੁਰੂ ਗ੍ਰੰਥ ਸਾਹਿਬ' ਜੀ ਦੀ ਵਿਚਾਰਧਾਰਾ
ਲਾਗੂ ਕਰਨ ਦੀ ਗੱਲ ਕਰਦੇ ਸਨ।
ਜਦ ਦਲਿਤ ਰਹਿਬਰ ਸਿੱਖ ਵਿਚਾਰਧਾਰਾ
"ਗੁਰੂ ਗ੍ਰੰਥ ਸਾਹਿਬ ਜੀ" ਦੇ ਹੱਕ ਵਿੱਚ ਖੜ੍ਹੇ ਹੋਣ ਦੀ ਗੱਲ ਕਰ ਰਹੇ ਹਨ ਤਾਂ ਦਲਿਤ ਵਰਗ ਦੇ
ਲੋਕਾਂ ਨੂੰ 'ਬਾਬੇ ਨਾਨਕ' ਦੇ ਸਾਥੀ ਜੇ ਪਹਿਲਾਂ ਉਸ ਟਾਇਮ ਨਹੀਂ ਬਣ ਸਕੇ ਤਾਂ ਹੁਣ ਬਣ ਜਾਣਾ
ਚਾਹੀਦਾ ਹੈ,ਸਾਥੀ ਬਣਨ ਤੋਂ ਭਾਵ- ਹੁਣ 'ਗੁਰੂ ਗ੍ਰੰਥ ਸਾਹਿਬ' ਜੀ ਦੀ ਵਿਚਾਰਧਾਰਾ ਨਾਲ ਜੁੜਕੇ
ਚੱਲਣਾ ਚਾਹੀਦਾ ਹੈ।ਜਿਸ ਦੀ ਕਿਸੇ ਤੋਂ ਆਗਿਆ ਲੈਣ ਦੀ ਲੋੜ ਵੀ ਨਹੀਂ ਹੈ।
'ਗੁਰੂ ਗ੍ਰੰਥ' ਸਾਹਿਬ ਦੀ ਵਿਚਾਰਧਾਰਾ ਅਪਣਾਕੇ ਆਪਣੇ
ਦੂਜੇ ਰਹਿਬਰਾਂ ਦੇ ਨਾਲ ਨਾਲ ਫ਼ਖ਼ਰ ਨਾਲ ਕਹਿਣਾ ਚਾਹੀਦਾ - "ਬਾਬਾ ਨਾਨਕ' ਸਾਡਾ ਹੈ ਅਤੇ ਅਸੀਂ
ਬਾਬੇ ਨਾਨਕ ਜੀ ਦੇ।"
ਭਾਵੇਂ ਕਿ ਕੋਈ ਵੀ ਰਹਿਬਰ
ਮਹਾਂਪੁਰਖ ਕਿਸੇ ਇੱਕ ਦਾ ਨਹੀਂ ਹੁੰਦਾ, ਇਹਨਾਂ ਦਾ ਸਿੱਖ ਕੋਈ ਵੀ ਬਣ ਸਕਦਾ ਹੈ। 'ਬਾਬੇ ਨਾਨਕ' ਦਾ
'ਸਿੱਖ' ਕਦੇ ਕਿਸੇ ਨਾਲ ਛੂਆ ਛਾਤ, ਕਿਸੇ ਕਿਸਮ ਦਾ ਭੇਦ ਭਾਵ ਨਹੀਂ ਰੱਖਦਾ,ਜੋ ਰੱਖਦਾ ਹੈ, ਉਹ
'ਬਾਬੇ ਨਾਨਕ' ਦਾ ਸੱਚਾ ਸਿੱਖ ਨਹੀਂ ਹੋ ਸਕਦਾ, ਆਪਣੇ ਆਪ ਨੂੰ ਜੋ ਮਰਜ਼ੀ ਕਹੀ ਕਹਾਈ ਜਾਵੇ।
ਇਸ ਲਈ 'ਗੁਰੂ ਸੋਚ' ਦੇ ਧਾਰਨੀ ਗੁਰਸਿੱਖਾਂ ਨਾਲ ਮਿਲਕੇ ਅਪਮਾਨਜਨਕ ਜ਼ਿੰਦਗੀ ਜਿਊਣ ਵਾਲੇ ਲੋਕ
"ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ
ਨ ਦਿਸਹਿ ਬਾਹਰਾ ਜੀਉ॥"(ਪੰਨਾ 97)
"ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ
ਮੇਰਾ ਗੁਰ ਹਾਈ ॥" (ਪੰਨਾ 612)
ਗੁਰੂ ਦਾ ਹੁਕਮ ਮੰਨ ਕੇ ਸਨਮਾਨਯੋਗ
ਜ਼ਿੰਦਗੀ ਜਿਉਂ ਸਕਦੇ ਹਨ, ਕਿਉਂ ਕਿ 'ਸਿੱਖ ਧਰਮ' ਦੀ ਹੀ ਵਿਚਾਰਧਾਰਾ ਹੈ,ਜ਼ੋ ਮਜਲੂਮਾਂ ਨਾਲ
ਖੜ੍ਹਨ ਦੀ ਨਿਮਾਣਿਆ ਨੂੰ ਮਾਣ ਬਖਸ਼ਣ ਵਾਲੀ ਹੈ,
ਜਿਸ ਵਿੱਚ ਜ਼ੁਲਮ ਰੋਕਣ ਲਈ ਜ਼ੁਲਮ ਖ਼ਿਲਾਫ਼ ਖੜ੍ਹੇ ਹੋਣ ਦੀ ਅਤੇ
ਆਪਣੀ ਰੱਖਿਆ ਲਈ 'ਹਥਿਆਰ' ਲੈਕੇ ਬੇਖੌਫ਼ ਹੋਕੇ ਚੱਲਣ ਦੀ ਇਜਾਜ਼ਤ ਹੈ ਜੋ ਕਿ ਹੋਰ ਕਿਸੇ 'ਧਰਮ'
ਵਿੱਚ ਨਹੀਂ ਹੈ।
'ਗੁਰੂ ਨਾਨਕ' ਸਾਹਿਬ ਦੀ ਵਿਚਾਰਧਾਰਾ ਦੇ ਵਾਰਿਸ ਦਸਵੇਂ ਪਾਤਸ਼ਾਹ
'ਗੁਰੂ ਗੋਬਿੰਦ ਸਿੰਘ' ਜੀ ਨੇ ਸਭ ਨੂੰ ਇੱਕ ਬਾਟੇ ਵਿੱਚ ਅੰਮ੍ਰਿਤ
ਛਕਾ ਕੇ ਜ਼ਾਤ ਪਾਤ ਉਤੇ ਵੱਡਾ ਹਮਲਾ ਕੀਤਾ।
ਬਾਈਧਾਰ ਦੇ ਰਾਜਿਆਂ ਨੇ ਵਧੇਰਾ ਜ਼ੋਰ ਲਾਇਆ "ਕਿ ਸਾਨੂੰ ਇੱਕ ਬਾਟੇ ਵਿੱਚ ਨੀਵੇਂ
ਲੋਕਾਂ ਨਾਲ ਅੰਮ੍ਰਿਤ ਨਾ ਛਕਾਓ, ਇਸ ਦੇ ਬਦਲੇ ਹਰ ਤਰਾਂ ਦੀ ਮੱਦਦ ਕਰਨ ਵਾਸਤੇ ਤਿਆਰ ਹਾਂ।" ਪਰ
ਗੁਰੂ ਗੋਬਿੰਦ ਸਾਹਿਬ ਜੀ ਨੇ ਇਹਨਾਂ ਦੀ ਇੱਕ ਨਾ ਸੁਣੀ।
ਜਿਸ ਕਰਕੇ
ਇਹਨਾਂ ਰਾਜਿਆਂ ਵੱਲੋਂ ਗੁਰੂ ਗੋਬਿੰਦ ਸਾਹਿਬ
ਜੀ ਦਾ ਵੱਡਾ ਵਿਰੋਧ ਹੀ ਨਹੀਂ ਕੀਤਾ, ਬਲਕਿ ਮੁਗ਼ਲਾਂ ਨਾਲ ਰਲਕੇ ਵੱਡਾ ਨੁਕਸਾਨ ਵੀ ਕੀਤਾ ਗਿਆ,ਪਰ
ਗੁਰੂ ਗੋਬਿੰਦ ਸਾਹਿਬ ਜੀ ਕਦੇ ਵੀ ਆਪਣੇ ਸਿਧਾਂਤ ਤੋਂ ਪਿੱਛੇ ਨਹੀਂ ਹਟੇ।
ਫਿਰ ਜਿਹਨਾਂ ਅਖੌਤੀ ਨਿਮਨ ਜ਼ਾਤਾਂ ਦੇ ਲੋਕਾਂ ਨੂੰ,
'ਗੁਰੂ ਗੋਬਿੰਦ ਸਿੰਘ' ਜੀ ਦੀ ਗੱਲ ਸਮਝ ਵਿੱਚ ਪਈ, ਉਹ ਗੁਰੂ ਦੀ ਸ਼ਰਨ ਵਿੱਚ ਆ ਗਏ ਅਤੇ ਲੜੇ ਗਏ
ਹੱਕ ਸੱਚ ਦੇ ਯੁੱਧ ਵਿਚ ਸਦਾ ਨਾਲ ਰਹੇ ਕਦੇ ਪਿੱਛੇ ਨਹੀਂ ਹਟੇ ਅਤੇ ਵੱਡੀਆਂ ਕੁਰਬਾਨੀਆਂ ਵੀ
ਕੀਤੀਆਂ।
ਜਿਉਂ ਹੀ 'ਗੁਰੂ ਗੋਬਿੰਦ' ਸਿੰਘ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਸਰੀਰਕ ਤੌਰ ਤੇ ਇਸ ਦੁਨੀਆਂ
ਤੋਂ ਚਲੇ ਗਏ ਇਹਨਾਂ ਦੇ ਪਿੱਛੋਂ ਊਚ ਨੀਚ ਜ਼ਾਤ ਪਾਤ ਛੂਆ ਛਾਤ ਦੇ ਹਾਮੀਆਂ ਨੇ ਗੁਰਦਵਾਰਿਆਂ ਤੇ
ਕਬਜ਼ਾ ਕਰਕੇ ਫਿਰ ਤੋਂ 'ਮਨੂੰਵਾਦੀ' ਸਿਸਟਮ ਲਾਗੂ ਕਰ ਦਿੱਤਾ, ਜਿਸ ਸਿਸਟਮ ਨੂੰ ਸਧਨਾ ਜੀ,ਸੈਣ ਜੀ,
ਨਾਮਦੇਵ ਜੀ, ਤ੍ਰਿਲੋਚਨ ਜੀ, ਰਵਿਦਾਸ ਜੀ, ਕਬੀਰ ਜੀ ਅਤੇ ਬਾਬਾ ਨਾਨਕ ਜੀ ਤੋਂ ਲੈਕੇ ਗੁਰੂ ਗੋਬਿੰਦ
ਸਿੰਘ ਜੀ ਆਦਿ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਨੇ ਖ਼ਤਮ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਸੀ।
ਇਹਨਾਂ ਸਾਰੇ ਹੀ ਮਹਾਂਪੁਰਸ਼ਾਂ ਦੀ 'ਬਾਣੀ' ( 'ਗੁਰੂ ਗ੍ਰੰਥ ਸਾਹਿਬ' ਜੀ) ਅੱਗੇ ਉਹ ਸਾਰੇ ਕੰਮ
ਕਰਮਕਾਂਡ ਕਰਨੇ ਸ਼ੁਰੂ ਕਰ ਦਿੱਤੇ ਜਿਹਨਾਂ ਤੋਂ ਗੁਰੂ ਸਹਿਬਾਨਾਂ ਵੱਲੋਂ ਵਰਜਿਆ ਗਿਆ ਸੀ ਅਤੇ
ਜਿਹਨਾਂ ਨਿਮਨ ਜਾਤੀਆਂ ਦੇ, ਗੁਰੂ ਸਹਿਬਾਨ ਸਾਥੀ ਬਣਕੇ ਇਹਨਾਂ ਨੂੰ ਬਰਾਬਰੀ ਦਾ ਹੱਕ ਦਿੱਤਾ,ਉਹਨਾਂ
ਨੂੰ ਫਿਰ ਤੋਂ ਬਾਹਰ ਧੱਕਣ ਦਾ ਕੰਮ ਸ਼ੁਰੂ ਕਰ ਦਿੱਤਾ। ਇਹਨਾਂ ''ਗੁਰਬਾਣੀ'' ਵਿਰੋਧੀ ਮਹੰਤ
ਜੂੰਡਲੀ ਤੋਂ ਗੁਰਦੁਆਰੇ ਆਜ਼ਾਦ ਕਰਵਾਉਣ ਲਈ 'ਗੁਰਬਾਣੀ' ਵਿਚਾਰਧਾਰਾ ਨੂੰ ਪਰਣਾਏ ਗੁਰਸਿੱਖਾਂ
ਵੱਲੋਂ ਭਾਰੀ ਸੰਘਰਸ਼ ਕੀਤਾ ਗਿਆ ਅਤੇ ਵੱਡੀਆਂ ਕੁਰਬਾਨੀਆਂ ਕਰਕੇ ਜ਼ਾਤ ਪਾਤ ਛੂਆ ਛਾਤ ਦੇ ਹਾਮੀ
ਪਖੰਡੀ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਕੇ 'ਗੁਰੂ ਵਿਚਾਰਧਾਰਾ' ਦੀ ਗੱਡੀ ਲੀਹ ਤੇ ਚੜ੍ਹਾਈ
ਜਿਸਨੂੰ ਫਿਰ ਤੋਂ ਲਾਹੁਣ ਦੇ ਯਤਨ ਕੀਤੇ ਜਾ ਰਹੇ ਹਨ।
ਕਿਉਂਕਿ ਜ਼ਾਤ ਪਾਤ ਦੇ ਹਾਮੀ ਲੋਕ
(ਆਪਣੀ ਸਰਦਾਰੀ ਖੁੱਸਣ ਦੇ ਡਰੋਂ) ਕਦੇ ਨਹੀਂ ਚਾਹੁੰਦੇ ਅਖੌਤੀ ਨੀਵੀਂਆਂ ਜ਼ਾਤਾਂ ਵਿਚੋਂ ਵੱਡੀ
ਗਿਣਤੀ ਵਿੱਚ ਲੋਕ ਸਿੱਖੀ ਵਿੱਚ ਆਉਣ। ਇਹ ਯਤਨ ਇਹਨਾਂ ਦੇ ਪਹਿਲਾਂ ਵੀ ਰਹੇ ਅਤੇ ਅੱਜ ਵੀ ਜਾਰੀ
ਰੱਖੇ ਹੋਏ ਹਨ।
ਮੰਨਿਆਂ 'ਗੁਰੂ ਨਾਨਕ ਸਾਹਿਬ' ਤੋਂ ਲੈਕੇ, 'ਗੁਰੂ ਗੋਬਿੰਦ ਸਿੰਘ' ਦੇ ਸਮੇਂ ਤੱਕ ਵੱਡੀ ਅਨਪੜ੍ਹਤਾ
ਸੀ ਅਤੇ ਪ੍ਰਚਾਰ ਸਾਧਨਾਂ ਦੀ ਘਾਟ ਹੋਣ ਕਰਕੇ ਦੱਬੇ ਕੁੱਚਲੇ ਲੋਕਾਂ ਤੱਕ 'ਗੁਰੂ ਸਾਹਿਬਾਨਾਂ' ਦੀ
ਪੂਰੀ ਗੱਲ ਨਾ ਪਹੁੰਚੀ ਹੋਵੇ ਜਾ ਪਹੁੰਚਣ ਨਾ ਦਿਤੀ ਹੋਵੇ, ਇਸ ਲਈ ਸਿੱਖ ਯੋਧੇ ਬਾਬਾ ਜੀਵਨ ਸਿੰਘ,
ਬਾਬਾ ਸੰਗਤ ਸਿੰਘ, ਭਾਈ ਬੀਰ ਸਿੰਘ ਭਾਈ ਧੀਰ ਸਿੰਘ, ਗਿਆਨੀ ਦਿੱਤ ਸਿੰਘ ਆਦਿ ਯੋਧਿਆਂ ਦੇ ਨਾਮ ਤੇ
ਅਨੇਕਾਂ ਜਥੇਬੰਦੀਆਂ ਸਭਾਵਾਂ ਬਣੀਆਂ ਹੋਈਆਂ ਹਨ, ਜੋ ਕਿ ਜ਼ਿਆਦਾਤਰ ਜਨਮ ਦਿਨ,ਸ਼ਹੀਦੀ ਦਿਹਾੜੇ ਹੀ
ਮਨਾਉਣ ਤੱਕ ਸੀਮਤ ਵੇਖੀਆਂ ਜਾ ਸਕਦੀਆਂ ਹਨ। ਇਹਨਾਂ ਜਥੇਬੰਦੀਆਂ ਵੱਲੋਂ ਸਿੱਖੀ ਨੂੰ ਪਰਨਾਏ ਹੋਰ
ਗੁਰਸਿੱਖਾਂ ਅਤੇ ਪ੍ਰਚਾਰਕਾਂ, ਗੁਰਸਿੱਖ ਸਭਾਵਾਂ ਨੂੰ ਨਾਲ ਲੈਕੇ ਹੁਣ ਆਪਣੇ ਦਲਿਤ ਲੋਕਾਂ ਨੂੰ
'ਗੁਰੂ ਗ੍ਰੰਥ ਸਾਹਿਬ' ਦੀ ਵਿਚਾਰਧਾਰਾ ਨਾਲ ਵੀ ਜੋੜਨ ਦਾ ਭਰਪੂਰ ਯਤਨ ਕਰਨਾ ਚਾਹੀਦਾ ਹੈ ਅਤੇ
ਜਿਹਨਾਂ ਵੱਲੋਂ 'ਗੁਰੂ ਗ੍ਰੰਥ ਸਾਹਿਬ' ਜੀ ਦੇ ਅਸਥਾਨ ਉੱਪਰ ਅਜੇ ਵੀ ਦਲਿਤ ਸਮਾਜ ਨਾਲ ਵਿਤਕਰਾ
ਕੀਤਾ ਜਾ ਰਿਹਾ, ਉਹਨਾਂ ਨਾਲ ਪਹਿਲਾਂ ਸੰਵਾਦ ਰਚਾਕੇ ਗੁਰੂ ਵਿਚਾਰਧਾਰਾ ਮੁਤਾਬਿਕ ਚੱਲਣ ਲਈ
ਪ੍ਰੇਰਿਤ ਕੀਤਾ ਜਾਵੇ ਨਹੀਂ ਸੋਚ ਸਮਝਕੇ ਅਗਲਾ ਫੈਸਲਾ ਲੈਕੇ ਅੱਗੇ ਵਧਿਆ ਜਾਵੇ, ਕਿਉਂਕਿ ਅੱਜ
'ਗੁਰੂ ਗ੍ਰੰਥ' ਸਾਹਿਬ ਦੀ ਹੀ ਵਿਚਾਰਧਾਰਾ ਹੈ, ਜੋ ਹਰ ਵਰਗ ਦੇ ਲੋਕਾਂ ਨੂੰ ਆਪਣੇ ਕਲਾਵੇ ਵਿੱਚ
ਲੈਣ ਦੇ ਪੂਰਨ ਸਮਰੱਥ ਹੈ, ਜੋ ਹਰ ਤਰਾਂ ਦਾ ਭੇਦ ਭਾਵ, ਵਿਤਕਰਾ ਖ਼ਤਮ ਕਰਕੇ ਮਾਨਵਤਾ ਦੇ ਭਲੇ ਲਈ
ਸਭ ਤੋਂ ਵੱਧ ਲਾਹੇਵੰਦ ਹੈ।
--:-:-:--
ਮੇਜਰ ਸਿੰਘ ਬੁਢਲਾਡਾ
94176
42327