. |
|
ਹਲੂਣਾ
ਓਸ ਦਿਨ ਵਾਲੀ ਘਟਨਾ ਅਜਿਹੀ ਸੀ ਜੋ ਮੇਰੇ ਲਈ ਜ਼ਿੰਦਗੀ ਭਰ ਲਈ ਅਭੁੱਲ ਬਣ ਗਈ। ਉਸ ਦਿਨ ਸਾਡੇ ਪਿੰਡ
ਦੇ ਹੀ ਇਕ ਲੜਕੇ ਨਾਲ ਡੇਰੇ ਵਾਲੇ ਬਾਬੇ ਨੇ ਜੋ ਵਿਵਹਾਰ ਕੀਤਾ ਉਸਨੇ ਮੈਨੂੰ ਧੁਰ ਅੰਦਰੋਂ ਹਿਲਾ ਕੇ
ਰੱਖ ਦਿੱਤਾ ਸੀ। ਇਸ ਘਟਨਾ ਦੇ ਫਲਸਰੂਪ ਮੇਰੇ ਦਿਲ ਨੂੰ ਜੋਰਦਾਰ ਹਲੂਣਾ ਵੱਜਿਆ। ਇਸ ਮੌਕੇ ਤੇ
ਮੈਨੂੰ ਅਹਿਸਾਸ ਹੋਇਆ ਕਿ ਮੇਰੀ ਸਮਾਜ ਪ੍ਰਤੀ ਵੱਡੀ ਜਿੰਮੇਵਾਰੀ ਬਣਦੀ ਹੈ ਅਤੇ ਮੈਂ ਪ੍ਰਣ ਕਰ ਲਿਆ
ਕਿ ਮੈਂ ਇਸ ਜਿੰਮੇਵਾਰੀ ਨੂੰ ਪੂਰੀ ਸੁਹਿਰਦਤਾ ਨਾਲ ਨਿਭਾਵਾਂਗਾ।
ਬਚਪਨ ਬੀਤਣ ਦੇ ਨਾਲ ਜਦੋਂ ਉਮਰ ਵੱਧਦੀ ਹੈ ਤਾਂ ਤੁਹਾਡੇ ਦੋਸਤ-ਮਿੱਤਰ ਬਣਦੇ ਹਨ, ਕੁਝ ਤੁਹਾਡੀ ਉਮਰ
ਦੇ ਅਤੇ ਕੁਝ ਤੁਹਾਡੇ ਤੋਂ ਵੱਡੀ ਜਾਂ ਛੋਟੀ ਉਮਰ ਦੇ। ਵੱਡੀ ਉਮਰ ਦੇ ਦੋਸਤ ਤਹਾਨੂੰ ਆਪਣਾ ਛੋਟਾ
ਭਰਾ ਸਮਝ ਕੇ ਪਿਆਰ ਮੁਹੱਬਤ ਦਿੰਦੇ ਹਨ ਅਤੇ ਤੁਸੀ ਵੀ ਆਪਣੇ ਤੋਂ ਛੋਟਿਆਂ ਨਾਲ ਅਜਿਹਾ ਹੀ ਵਿਵਹਾਰ
ਵਿਖਾਉਂਦੇ ਹੋ। ਸਾਡੀ ਸਕੂਲ ਦੇ ਦੋਸਤਾਂ ਦੀ ਇਕ ਛੋਟੀ ਜਿਹੀ ਟੋਲੀ ਸੀ। ਦੋ ਜਣਿਆਂ ਦੇ ਘਰ ਮੇਰੇ ਘਰ
ਦੇ ਕੋਲ ਹੀ ਸਨ ਅਤੇ ਦੋ ਦੋਸਤਾਂ ਦੇ ਘਰ ਵਿਹੜੇ ਵਾਲੇ ਪਾਸੇ ਸਨ ਭਾਵ ਉਹਨਾਂ ਲੋਕਾਂ ਦੇ ਘਰਾਂ ਵੱਲ
ਸਨ ਜਿੰਨਾਂ ਨੂੰ ਅਖੌਤੀ ਨੀਵੀਆਂ ਜਾਤੀਆਂ ਵਾਲੇ ਕਿਹਾ ਜਾਂਦਾ ਹੈ। ਅਸੀ ਪੰਜੇ ਜਣੇ ਇਕੱਠੇ ਹੀ ਸਕੂਲ
ਜਾਂਦੇ ਸੀ। ਅੱਧੀ ਛੁੱਟੀ ਵੇਲੇ ਇਕੱਠੇ ਬੈਠ ਕੇ ਪਰਾਉਂਠੇ ਖਾਂਦੇ ਸੀ, ਜਲਦੀ-ਜਲਦੀ ਖਾਣਾ ਖਤਮ ਕਰਕੇ
ਦਾਈਆਂ- ਦੁਕੜੇ ਖੇਡਣ ਲੱਗ ਪੈਂਦੇ ਸੀ ਅਤੇ ਕਦੇ ਲੁਕਣਮੀਚੀ ਵੀ ਖੇਡਦੇ ਸੀ। ਸਾਰੀ ਛੁੱਟੀ ਹੋਣ ਤੋਂ
ਬਾਅਦ ਆਥਣੇ ਜਹੇ ਅਸੀਂ ਸਾਈਕਲ ਚਲਾਉਂਦੇ ਸੀ, ਕਦੇ ਖੇਤ ਵਿਚ ਖਾਲ ਤੇ ਨਹਾਉਣ ਲੱਗ ਜਾਂਦੇ ਸੀ ਅਤੇ
ਕਦੇ ਸਾਈਕਲਾਂ ਨੂੰ ਧੋਣ ਲੱਗ ਜਾਂਦੇ ਸੀ। ਇਸ ਉਪਰੰਤ ਫੇਰ ਤੋਂ ਅਸੀਂ ਸਾਇਕਲ ਭਜਾ-ਭਜਾ ਕੇ ਅੱਗੇ
ਕੱਢਣ ਲੱਗਦੇ ਸੀ। ਇਸ ਤਰ੍ਹਾਂ ਅਸੀਂ ਬਹੁਤ ਹੱਸਦੇ-ਖੇਡਦੇ ਰਹਿੰਦੇ ਸੀ ਅਤੇ ਫਿਕਰ-ਫਾਕਿਆਂ ਦਾ
ਸਾਨੂੰ ਕੱਖ ਵੀ ਪਤਾ ਨਹੀ ਸੀ। ਤਿਉਹਾਰਾਂ ਦੇ ਦਿਨਾਂ ਵਿਚ ਅਸੀਂ ਕਦੇ ਮੰਦਰ ਅਤੇ ਕਦੇ ਗੁਰੂਦੁਆਰੇ
ਜਾਂਦੇ ਸੀ। ਪਰ ਜਿਆਦਾ ਕਰਕੇ ਲੋਕ ਪਿੰਡ ਦੇ ਡੇਰੇ ਵੱਲ ਚਲੇ ਜਾਂਦੇ ਸੀ ਜੋ ਪਿੰਡ ਤੋਂ ਅੱਧਾ ਕੁ
ਕਿਲੋਮੀਟਰ ਦੀ ਦੂਰੀ ਤੇ ਸੀ। ਉੱਥੇ ਜਾ ਕੇ ਅਸੀਂ ਸੇਵਾ ਕਰਦੇ ਸੀ ਅਤੇ ਸਾਡੇ ਮਨ ਚ ਇਕ ਲਾਲਚ ਵੀ
ਹੁੰਦਾ ਸੀ ਕਿ ਬਾਬਾ ਜੀ ਖੁੱਲਾ ਪ੍ਰਸ਼ਾਦ ਦੇਣਗੇ। ਸਾਡੇ ਪਿੰਡ ਅਖੰਡ ਪਾਠ ਜਿਆਦਾ ਕਰਕੇ ਡੇਰੇ ਵਿਚ
ਹੀ ਹੁੰਦੇ ਸਨ ਜਿਸ ਕਰਕੇ ਪਿੰਡ ਦੇ ਲੋਕ ਜਿਆਦਾ ਕਰਕੇ ਡੇਰੇ ਹੀ ਜਾਂਦੇ ਸਨ। ਜੇਕਰ ਕਿਸੇ ਦੀ
ਗਾਂ-ਮੱਝ ਦੁੱਧ ਨਾ ਦਿੰਦੀ ਤਾਂ ਲੋਕ ਡੇਰੇ ਵਾਲੇ ਬਾਬੇ ਤੋਂ ਪਾਣੀ ਉੱਤੇ ਮੰਤਰ ਪੜ੍ਹਾ ਕੇ ਲਿਆਉਂਦੇ
ਸਨ। ਜੇ ਕਿਸੇ ਦੇ ਪਿੰਡੇ ਉੱਪਰ ਮਾਤਾ ਨਿਕਲ ਆਉਂਦੀ ਤਾਂ ਵੀ ਲੋਕ ਡੇਰੇ ਵਾਲੇ ਬਾਬੇ ਕੋਲੋ
ਹੱਥ-ਹੌਲ੍ਹਾ ਕਰਾਉਣ ਜਾਂਦੇ ਸਨ। ਪਿੰਡ ਦੇ ਬਸ਼ਿੰਦੇ ਖਾਸ ਦਿਨਾਂ ਤੇ ਗੁਰੂਦੁਆਰੇ ਅਤੇ ਮੰਦਰ ਦੀਵੇ
ਜਗਾਉਣ ਜਾਂਦੇ ਸਨ ਪਰ ਉਹਨਾਂ ਦਾ ਝੁਕਾਵ ਡੇਰੇ ਵੱਲ ਜਿਆਦਾ ਸੀ। ਡੇਰੇ ਵਾਲੇ ਸੇਵਾਦਾਰ ਆਪਣੇ ਹੱਥੀ
ਕਾਨੀਆਂ ਦੀਆਂ ਉਪਰੋ ਤਿਰਛੀਆਂ ਤੇ ਹੇਠੋਂ ਚੌਰਸ ਬੇਦੀਆਂ ਬਣਾਉਂਦੇ ਸਨ। ਹੇਠਲੇ ਚੌਰਸ ਹਿੱਸੇ ਵਿਚ
ਕਾਨੀਆਂ ਦੀ ਇਕ ਚੌੜੀ ਜਿਹੀ ਕਾਨਸ ਬਣਾਈ ਜਾਂਦੀ ਸੀ। ਬਾਅਦ ਵਿਚ ਉਹ ਬੇਦੀਆਂ ਉੱਪਰ ਰੰਗ-ਬਿਰੰਗੇ
ਗੋਟੇ ਵਾਲੇ ਕੱਪੜੇ ਲਗਾ ਕੇ ਸਜਾਉਂਦੇ ਸਨ ਅਤੇ ਇਕ ਕਮਰੇ ਜਾਂ ਹਾਲ ਵਿਚ ਰੱਖ ਕੇ ਉਸ ਉੱਪਰ ਗੁਰੂ
ਗਰੰਥ ਸਾਹਿਬ ਜੀ ਦਾ ਪਾਠ ਪ੍ਰਕਾਸ਼ ਕਰਦੇ ਸਨ। ਬਾਬੇ ਦੇ ਚੇਲਿਆਂ ਵੱਲੋਂ ਬੇਦੀਆਂ ਬਣਾਉਣ ਵਾਲਾ
ਸਾਰਾ ਦ੍ਰਿਸ਼ ਸਾਨੂੰ ਆਕਰਸ਼ਿਤ ਕਰਦਾ ਸੀ। ਡੇਰੇ ਵਿਚ ਬਾਬੇ ਦਾ ਭੋਰਾ ਵੀ ਬਣਿਆ ਹੋਇਆ ਸੀ ਜਿੱਥੇ
ਧੂਣਾ ਭਖਾਇਆ ਜਾਂਦਾ ਸੀ ਜਿਸ ਦੇ ਕੋਲ ਬੈਠ ਕੇ ਬਾਬਾ ਤਪ ਕਰਿਆ ਕਰਦਾ ਸੀ। ਸਵੇਰ ਅਤੇ ਸ਼ਾਮ ਦੇ ਸਮੇ
ਡੇਰੇ ਵਾਲਾ ਬਾਬਾ ਅਤੇ ਉਸਦੇ ਚੇਲੇ ਆਰਤੀ ਕਰਦੇ ਸਨ ਜਿਸ ਵਿਚ ਲੋਕ ਅਕਸਰ ਸ਼ਾਮਲ ਹੁੰਦੇ ਸਨ। ਬਾਬੇ
ਦਾ ਇਕ ਚੇਲਾ ਵੱਡੇ ਥਾਲ ਵਿਚ ਕੁਝ ਸਿੱਕੇ ਰੱਖਦਾ ਫਿਰ ਉਸੇ ਥਾਲ ਵਿਚ ਦੇਸੀ ਘਿਉ ਪਾ ਕੇ ਇਕ ਵੱਡੀ
ਸਾਰੀ ਬੱਤੀ ਵੱਟ ਕੇ ਥਾਲ ਵਿਚ ਰੱਖਦਾ ਸੀ। ਬਾਅਦ ਵਿਚ ਉਹ ਜੋਤ ਨੂੰ ਜਗਾਉਂਦਾ ਸੀ ਜਿਸ ਵਿੱਚੋਂ
ਵੱਡੀ ਸਾਰੀ ਲਾਟ ਨਿਕਲਦੀ ਹੁੰਦੀ ਸੀ । ਇਸ ਥਾਲ ਨੂੰ ਆਰਤੀ ਕਰਨ ਸਮੇ ਸੱਜੇ ਤੋਂ ਖੱਬੇ ਵੱਲ ਨੂੰ
ਘੁਮਾਇਆ ਜਾਂਦਾ ਸੀ। ਅਰਦਾਸ ਕਰਨ ਤੋਂ ਬਾਅਦ ਇਹ ਥਾਲ ਲੋਕਾਂ ਅੱਗੇ ਕੀਤਾ ਜਾਂਦਾ ਸੀ ਤਾਂ ਕਿ ਸਾਰੇ
ਲੋਕ ਅਸ਼ੀਰਵਾਦ ਲੈ ਸਕਣ। ਮੈਂ ਵੀ ਜਦੋਂ ਕਦੇ ਡੇਰੇ ਜਾਂਦਾ ਸੀ ਤਾਂ ਆਰਤੀ ਵੇਲੇ ਬਾਬੇ ਕੋਲ ਜਹੇ
ਖੜ੍ਹਾ ਹੋ ਜਾਂਦਾ ਸੀ। ਇਸ ਤਰ੍ਹਾਂ ਮੇਰਾ ਅਤੇ ਮੇਰੇ ਆੜੀਆਂ ਦਾ ਡੇਰੇ ਨਾਲ ਨੇੜਲਾ ਰਿਸ਼ਤਾ ਬਣਿਆ
ਹੋਇਆ ਸੀ।
ਘਟਨਾ ਵਾਲੇ ਸਮੇ ਮੈਂ ਅੱਠਵੀ ਵਿਚ ਪੜ੍ਹਦਾ ਸੀ। ਸਾਡੇ ਪਿੰਡ ਦੇ ਸਰਪੰਚ ਦਾ ਬੇਟਾ ਮੇਰਾ ਦੋਸਤ ਸੀ।
ਉਂਝ ਉਹ ਮੇਰੇ ਤੋਂ ਉਮਰ ਵਿਚ ਕਾਫੀ ਵੱਡਾ ਸੀ। ਉਸਦਾ ਨਾਮ ਜਗਦੇਵ ਸੀ ਅਤੇ ਮੈ ਉਸ ਨੂੰ ਬਾਈ ਕਹਿ ਕੇ
ਬੁਲਾਉਂਦਾ ਹੁੰਦਾ ਸੀ। ਮੈਂ ਬਾਈ ਦੇ ਘਰ ਅਕਸਰ ਚਲਿਆ ਜਾਂਦਾ ਸੀ। ਇਹ ਸਮਝ ਲਵੋ ਕਿ ਇਕ ਸਮੇ ਦੀ ਚਾਹ
ਵੀ ਬਾਈ ਦੇ ਘਰੇ ਹੀ ਪੀ ਲੈਂਦਾ ਸੀ। ਉਹਨੀ ਦਿਨੀ ਬਾਈ ਦੇ ਪਰਿਵਾਰ ਵਾਲਿਆਂ ਨੇ ਡੇਰੇ ਵਿਚ ਅਖੰਡ
ਪਾਠ ਕਰਾਉਣ ਦੀ ਸੁੱਖਣਾ ਸੁੱਖੀ ਹੋਈ ਸੀ। ਅਖੰਡ ਪਾਠ ਕਰਾਉਣ ਦਾ ਮਿੱਥਿਆ ਦਿਨ ਆ ਗਿਆ ਅਤੇ ਡੇਰੇ
ਵਿਚ ਅਖੰਡ ਪਾਠ ਖੁਲਵਾ ਦਿੱਤਾ ਗਿਆ। ਬਾਈ ਦੇ ਘਰ ਵਿਚ ਲੱਕੜਾਂ ਦੀ ਭਰੀ ਹੋਈ ਟਰਾਲੀ ਖੜ੍ਹੀ ਸੀ। ਇਹ
ਲੱਕੜਾਂ ਬਾਲ ਕੇ ਹੀ ਅਖੰਡ ਪਾਠ ਦੇ ਭੋਗ ਪੈਣ ਦੇ ਦਿਨ ਲੰਗਰ ਤਿਆਰ ਕਰਨਾ ਸੀ। ਉਸ ਦਿਨ ਜਦੋਂ ਮੈਂ
ਬਾਈ ਦੇ ਘਰ ਗਿਆ ਤਾਂ ਉਸਨੇ ਮੈਨੂੰ ਕਿਹਾ, “ਇਹ ਲੱਕੜਾਂ ਡੇਰੇ ਲਾਹ ਕੇ ਆਉਣੀਆਂ ਹਨ”। ਮੈਂ ਨਾਲ ਦੀ
ਨਾਲ ਜਵਾਬ ਦਿੱਤਾ,“ਬਾਈ ਹੁਣੇ ਲਾਹ ਆਉਦੇ ਹਾਂ”। ਮੈਂ ਕਾਹਲੀ-ਕਾਹਲੀ ਆਪਣੇ ਘਰ ਗਿਆ ਤੇ ਆਪਣੀ ਮਾਂ
ਨੂੰ ਦੱਸਿਆ,“ਮੈਂ ਜਗਦੇਵ ਬਾਈ ਨਾਲ ਡੇਰੇ ਜਾ ਰਿਹਾ ਹਾਂ”। ਤਦ ਮੇਰੀ ਮਾਂ ਨੇ ਕਿਹਾ,“ਹਨੇਰਾ ਹੋਣ
ਤੋਂ ਪਹਿਲਾ ਘਰੇ ਆ ਜਾਵੀ”। ਮੈਂ “ਠੀਕ ਆ ਜੀ” ਕਹਿ ਘਰੋਂ ਨਿਕਲ ਗਿਆ ਤੇ ਬਾਈ ਦੇ ਘਰੇ ਪਹੁੰਚ ਗਿਆ।
ਮੈਂ ਬਾਈ ਨਾਲ ਟਰੈਕਟਰ ਉੱਤੇ ਬੈਠ ਗਿਆ। ਬਾਈ ਨੇ ਟਰੈਕਟਰ ਘਰੋ ਤੋਰਿਆ ਅਤੇ ਡੇਰੇ ਵਾਲੀ ਸੜਕ ਤੇ
ਚੜ੍ਹਾ ਲਿਆ। ਅਜੇ ਅਸੀ ਪਿੰਡ ਦਾ ਅੱਡਾ ਲੰਘੇ ਹੀ ਸੀ ਕਿ ਮੇਰੀ ਨਿਗ੍ਹਾ ਮੇਰੇ ਆੜੀ ਪਾਲੀ ਤੇ ਪੈ
ਗਈ। ਮੈਂ ਬਾਈ ਨੂੰ ਟਰੈਕਟਰ ਹੌਲੀ ਕਰਨ ਲਈ ਕਿਹਾ ਤਾਂ ਉਸ ਨੇ ਪਾਲੀ ਦੇ ਬਰਾਬਰ ਜਾ ਕੇ ਟਰੈਕਟਰ ਰੋਕ
ਲਿਆ। ਮੈਂ ਪਾਲੀ ਨੂੰ ਆਵਾਜ਼ ਮਾਰੀ,“ਪਾਲੀ ਉਏ ਆਜਾ ਡੇਰੇ ਚੱਲ ਕੇ ਆਈਏ”। ਪਾਲੀ ਵੀ ਟਰੈਕਟਰ ਤੇ
ਛਾਲ ਮਾਰ ਕੇ ਚੜ੍ਹ ਗਿਆ। ਅਸੀਂ ਦੋਵੇ ਹੱਸਣ ਲੱਗੇ ਅਤੇ ਆਪਣੇ ਸਕੂਲ ਦੀਆਂ ਗੱਲਾਂ ਕਰਨ ਲੱਗੇ। ਅਸੀਂ
ਆਪਣੀ ਹੀ ਮਸਤੀ ਵਿਚ ਸੀ ਕਿ ਐਨੇ ਨੂੰ ਅਸੀਂ ਡੇਰੇ ਪਹੁੰਚ ਗਏ। ਬਾਈ ਨੇ ਡੇਰੇ ਵਿਚ ਟਰੈਟਰ ਖੜਾਅ
ਦਿੱਤਾ ਅਤੇ ਉਸਨੇ ਟਰੈਕਟਰ ਤੋਂ ਉੱਤਰਕੇ ਟਰਾਲੀ ਦਾ ਡਾਲਾ ਖੋਲ ਦਿੱਤਾ। ਮੈਂ ਤੇ ਪਾਲੀ ਇਕ ਦੂਜੇ
ਤੋਂ ਮੂਹਰੇ ਹੋ-ਹੋ ਲੱਕੜਾਂ ਚੁੱਕਣ ਲੱਗੇ ਅਤੇ ਲੰਗਰ ਪਕਾਉਣ ਵਾਲੀ ਜਗ੍ਹਾ ਤੇ ਰੱਖ ਕੇ ਆਉਣ ਲੱਗੇ।
ਅਸੀਂ ਐਨੀ ਫੁਰਤੀ ਨਾਲ ਲੱਕੜਾਂ ਲਾਹ ਰਹੇ ਸੀ ਕਿ ਜਿਵੇਂ ਸਾਡੇ ਵਿਚ ਕੋਈ ਮੁਕਾਬਲਾ ਚੱਲ ਰਿਹਾ
ਹੋਵੇ। ਐਨੇ ਨੂੰ ਡੇਰੇ ਦਾ ਮੁਖੀ ਬਾਬਾ ਸੇਵਾ ਦਾਸ ਆਪਣੇ ਕਮਰੇ ਤੋਂ ਬਾਹਰ ਨਿਕਲ ਕੇ ਆਇਆ। ਅਸੀਂ
ਬਾਬਾ ਜੀ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਈ ਤੇ ਬਾਬੇ ਨੇ ਹੱਥ ਖੜ੍ਹਾ ਕਰਕੇ ਕਿਹਾ,“ਰਾਮ
ਭਲਾ ਕਰੇ, ਰਾਮ ਭਲਾ ਕਰੇ”। ਅਸੀਂ ਲੱਕੜਾਂ ਲਾਹੁਣ ਦਾ ਕੰਮ ਜਾਰੀ ਰੱਖਿਆ। ਅਚਾਨਕ ਹੀ ਬਾਬੇ ਨੇ
ਪਾਲੀ ਨੂੰ ਆਵਾਜ਼ ਮਾਰੀ,“ਇਕ ਮਿੰਟ ਰੁਕੀਂ ਮੁੰਡਿਆ” ਤਾਂ ਪਾਲੀ ਨੇ ਕਿਹਾ “ਹਾਂ ਜੀ, ਬਾਬਾ ਜੀ
ਦੱਸੋ”। ਤਦ ਬਾਬੇ ਨੇ ਕਿਹਾ, “ਤੂੰ ਕਿੰਨ੍ਹਾ ਦਾ ਮੁੰਡਾ ਹੈ?” ਇਹ ਸੁਣਕੇ ਮੈਨੂੰ ਹੈਰਾਨੀ ਜਿਹੀ
ਹੋਈ । ਉੱਧਰ ਪਾਲੀ ਬਿਲਕੁਲ ਚੁੱਪ ਸੀ ਜਿਵੇਂ ਕਿ ਉਹ ਬੋਲਣਾ ਹੀ ਭੁੱਲ ਗਿਆ ਹੋਵੇ। ਤਦ ਬਾਬੇ ਨੇ
ਗੁੱਸੇ ਭਰੀ ਆਵਾਜ਼ ਚ ਫੇਰ ਪੁੱਛਿਆ, “ਦੱਸਦਾ ਕਿਉਂ ਨਹੀ ਕਿ ਮੁੰਡਾ ਕਿੰਨ੍ਹਾ ਦਾ ਹੈ ਤੂੰ?” ਮੈਂ
ਕਦੇ ਪਾਲੀ ਵੱਲ ਦੇਖਾਂ ਤੇ ਕਦੇ ਬਾਬੇ ਵੱਲ। ਪਾਲੀ ਦੇ ਮੂੰਹ ਤੋਂ ਸਾਰੀ ਰੌਣਕ-ਹਾਸੀ ਗਾਇਬ ਹੋ
ਚੁੱਕੀ ਸੀ। ਤਦ ਪਾਲੀ ਨੇ ਸਹਿਮੀ ਹੋਈ ਆਵਾਜ਼ ‘ਚ ਬਾਬੇ ਨੂੰ ਜਵਾਬ ਦਿੱਤਾ,“ਬਾਬਾ ਜੀ ਮੈਂ
ਮਜ੍ਹਬੀਆਂ ਦਾ ਮੁੰਡਾ ਹਾਂ”। ਇਹ ਸੁਣ ਕੇ ਬਾਬਾ ਤ੍ਰਬਕਿਆ ਅਤੇ ਉਸਦੇ ਚਿਹਰੇ ਉੱਤੇ ਤਿਊੜੀਆਂ ਨਜ਼ਰ
ਆਉਣ ਲੱਗੀਆਂ। ਹੁਣ ਬਾਬੇ ਨੇ ਪਾਲੀ ਨੂੰ ਕਿਹਾ,“ਤੂੰ ਲੱਕੜਾਂ ਨੂੰ ਹੱਥ ਨਾ ਲਾ, ਪਰਾਂ ਦੂਰ ਜਹੇ ਹੋ
ਕੇ ਬੈਠ ਜਾ”। ਇਹ ਸੁਣਦਿਆਂ ਪਾਲੀ ਨੇ ਬਾਬੇ ਨੂੰ ਕੰਬਦੀ ਆਵਾਜ਼ ਵਿਚ ਪੁੱਛਿਆ,“ਬਾਬਾ ਜੀ ਕੀ ਗੱਲ
ਹੋਗੀ?” ਇਹ ਸੁਣਦਿਆਂ ਬਾਬੇ ਦੀਆਂ ਅੱਖਾਂ ‘ਚ ਲਾਲੀ ਆ ਗਈ ਅਤੇ ਉਹ ਪਾਲੀ ਵੱਲ ਨੂੰ ਸਿੱਧਾ ਹੋ ਗਿਆ।
ਬਾਬੇ ਨੇ ਕਿਹਾ,“ਚਲ ਤੂੰ ਡੇਰੇ ਵਿੱਚੋਂ ਬਾਹਰ ਨਿਕਲ, ਕੁੱਤਿਆ ਮਜ੍ਹਬੀਆ ਆਪਣੀ ਜਾਤ-ਕਜਾਤ ਦੇਖ
ਕੇ ਆਇਆ ਕਰੋ। ਚੱਕ ਕੇ ਮੂੰਹ ਤੁਰ ਪੈਂਦੇ ਨੇ ਇੱਧਰ ਨੂੰ”। ਜਦੋਂ ਪਾਲੀ ਅੱਗੋਂ ਕੁਝ ਬੋਲਣ ਹੀ ਲੱਗਾ
ਸੀ ਕਿ ਬਾਬੇ ਦਾ ਇਕ ਸੇਵਾਦਾਰ ਭੱਜ ਕੇ ਸਾਡੇ ਵੱਲ ਆਇਆ ਤੇ ਪਾਲੀ ਉੱਪਰ ਹਮਲਾ ਕਰਨ ਨੂੰ ਵਧਿਆ।
ਬਾਬਾ ਬੋਲ ਰਿਹਾ ਸੀ, “ਕੁੱਤਿਆ, ਭੱਜ ਜਾ ਇੱਥੋਂ ਹਰਾਮੀ ਕਿਸੇ ਥਾਂ ਦਾ”। ਫਿਰ ਬਾਬੇ ਨੇ ਪਾਲੀ ਨੂੰ
ਕੁਝ ਅਤਿ ਅਪਮਾਨਜਨਕ ਸ਼ਬਦ ਬੋਲਦੇ ਹੋਏ ਸੇਵਾਦਾਰ ਨੂੰ ਹੁਕਮ ਦਿੱਤਾ,” ਇਹਦੇ ਮਾਰ ਲਫੇੜੇ ਦੋ-ਚਾਰ।
ਜਾਤ ਦਾ ਮਜ੍ਹਬੀ ਤੇ ਨਖਰੇ ਜੱਟਾਂ ਆਲੇ”। ਇਸ ਸੇਵਾਦਾਰ ਦਾ ਨਾਮ ਲਛਮਣ ਦਾਸ ਸੀ। ਬਾਬੇ ਨੇ
ਸੇਵਾਦਾਰ ਨੂੰ ਕਿਹਾ,“ਲਛਮਣਾਂ ਇਸ ਜੂਠ ਦੀ ਰੇਲ ਬਣਾ ਦਿਓ”। ਨਾਲ ਹੀ ਬਾਬੇ ਨੇ ਲਛਮਣ ਨੂੰ ਗੜਕਵੀ
ਆਵਾਜ਼ ਕਿਹਾ,“ਲੰਗਰ ਪਕਾਉਣ ਵਾਲੀ ਜਗ੍ਹਾ ਤੋਂ ਸਾਰੀਆਂ ਲੱਕੜਾਂ ਚੁੱਕ ਕੇ ਵਿਹੜੇ ਵਿਚ ਖੁੱਲੀ ਥਾਂ
ਤੇ ਰੱਖ ਦਿਓ ਤਾਂ ਜੋ ਕੱਲ ਨੂੰ ਇਹਨਾਂ ਨੂੰ ਧੁੱਪ ਲਗਾਈ ਜਾ ਸਕੇ। ਇਸ ਨੀਚ ਨੇ ਹੱਥ ਲਾ ਕੇ ਇਹਨਾਂ
ਲੱਕੜਾਂ ਨੂੰ ਭਿੱਟ ਦਿੱਤਾ ਹੈ। ਇਕ ਗੱਲ ਹੋਰ, ਲੰਗਰ ਪਕਾਉਣ ਵਾਲੀ ਜਗ੍ਹਾ ਚੰਗੀ ਤਰ੍ਹਾਂ ਧੋ ਦਿਓ
ਅਤੇ ਇੱਥੇ ਗੰਗਾ ਜਲ ਦਾ ਛਿੜਕਾਅ ਵੀ ਕਰ ਦਿਓ, ਬਾਅਦ ‘ਚ ਆਪ ਸਭ ਚੰਗੀ ਤਰ੍ਹਾਂ ਨਹਾ ਕੇ ਆਇਓ”। ਇਸ
ਮੌਕੇ ਤੇ ਪਾਲੀ ਸੁੰਨ ਜਿਹਾ ਹੋ ਕੇ ਖੜ੍ਹਾ ਰਿਹਾ ਸਾਇਦ ਬਾਬੇ ਦੇ ਇਸ ਵਿਵਹਾਰ ਨੇ ਪਾਲੀ ਦੇ
ਦਿਲ-ਦਿਮਾਗ ਉੱਤੇ ਬਹੁਤੀ ਡੂੰਘੀ ਸੱਟ ਮਾਰੀ ਸੀ। ਕੁਝ ਚਿਰ ਪਿੱਛੋਂ ਪਾਲੀ ਰੋਂਦਾ-ਰੋਂਦਾ ਡੇਰੇ ਤੋਂ
ਬਾਹਰ ਨਿਕਲ ਗਿਆ। ਪਰੰਤੂ ਇਹ ਸਾਰਾ ਦ੍ਰਿਸ਼ ਦੇਖਕੇ ਮੈਥੋਂ ਰਿਹਾ ਨਾ ਗਿਆ ਅਤੇ ਮੈ ਬਾਬੇ ਨੂੰ ਪੁੱਛ
ਹੀ ਲਿਆ,“ਬਾਬਾ ਜੀ ਤੁਸੀ ਪਾਲੀ ਨੂੰ ਐਨੇ ਭੱਦੇ ਬੋਲ ਕਿਉ ਬੋਲੇ?” ਬਾਬੇ ਨੇ ਜਵਾਬ ਦਿੱਤਾ, “ਭਾਈ,
ਤੁਸੀ ਜਦੋਂ ਮਰਜੀ ਆਓ-ਜਾਓ, ਸਾਨੂੰ ਤੁਹਾਡੇ ਤੋਂ ਕੋਈ ਦਿੱਕਤ ਨਹੀ ਕਿਉਕਿ ਤੁਸੀ ਉੱਚੇ- ਵੱਡੇ
ਖਾਨਦਾਨੀ ਪਰਿਵਾਰਾਂ ਵਿੱਚੋਂ ਹੋਂ। ਪਰ ਉਹ ਮੁੰਡਾ ਤਾਂ ਨੀਚ ਜਾਤ ਦਾ ਹੈ, ਉਹ ਇਸ ਤਰ੍ਹਾਂ ਲੰਗਰ
ਪਕਾਉਣ ਵਾਲੀ ਜਗ੍ਹਾ ਉੱਤੇ ਆ-ਜਾ ਨਹੀ ਸਕਦਾ”। ਉਲਟਾ ਬਾਬੇ ਨੇ ਮੈਨੂੰ ਡਰਾਉਣ ਦੇ ਮਕਸਦ ਨਾਲ ਕਿਹਾ,
“ ਤੂੰ ਇਸ ਹਰਾਮੀ ਨੂੰ ਨਾਲ ਕਿਉ ਲਈ ਫਿਰਦਾ ਹੈ? ਮੈਂ ਤੇਰੇ ਪਿਓ ਨੂੰ ਦੱਸੂੰਗਾ ਕਿ ਤੂੰ ਮੇਰੇ ਨਾਲ
ਉਸ ਨੀਚ ਮੁੰਡੇ ਬਾਬਤ ਸਵਾਲ- ਜੁਆਬ ਕਰ ਰਿਹਾ ਸੀ”। ਮੈਂ ਬਾਬੇ ਨੂੰ ਬਿਨਾਂ ਜਵਾਬ ਦਿੱਤੇ ਟਰਾਲੀ
ਕੋਲ ਆ ਗਿਆ। ਟਰਾਲੀ ਖਾਲੀ ਹੋ ਚੁੱਕੀ ਸੀ। ਮੈਂ ਤੇ ਬਾਈ ਟਰੈਕਟਰ ਤੇ ਬੈਠ ਗਏ। ਮੈਂ ਬਾਈ ਨੂੰ
ਸੰਬੋਧਨ ਕਰਦੇ ਹੋਏ ਕਿਹਾ,“ਮੈ ਬਾਬੇ ਦਾ ਆਹ ਰੂਪ ਅੱਜ ਪਹਿਲੀ ਵਾਰ ਦੇਖਿਆ ਹੈ, ਨਾਲੇ ਬਾਬਾ ਪਾਲੀ
ਨੂੰ ਇਸ ਤਰ੍ਹਾਂ ਕਿਉ ਬੋਲਿਆ?” ਪਰ ਬਾਈ ਬਿਲਕੁਲ ਚੁੱਪ ਰਿਹਾ। ਟਰੈਕਟਰ ਡੇਰੇ ਤੋਂ ਬਾਹਰ ਨਿਕਲਿਆ
ਤਾਂ ਮੇਰੀਆਂ ਅੱਖਾਂ ਪਾਲੀ ਨੂੰ ਲੱਭ ਰਹੀਆਂ ਸਨ। ਉਹ ਸਾਹਮਣੇ ਖੇਤ ਦੀ ਵੱਟ ਤੇ ਅੱਖਾਂ ਪੂੰਝਦਾ
ਨਜ਼ਰ ਆਇਆ। ਮੈਂ ਟਰੈਕਟਰ ਤੋਂ ਉੱਤਰ ਕੇ ਉਸ ਵੱਲ ਭੱਜਿਆ। ਪਾਲੀ ਨੇ ਮੈਨੂੰ ਵੇਖ ਤਾਂ ਲਿਆ ਪਰ ਉਹ
ਬੈਠਾ ਹੀ ਰਿਹਾ। ਉਸ ਕੋਲ ਪਹੁੰਚ ਕੇ ਮੈਂ ਉਸ ਨੂੰ ਉਠਾਇਆ ਅਤੇ ਜੱਫੀ ਵਿਚ ਲੈਦਿਆਂ ਉਸਦੇ ਹੰਝੂ
ਪੂੰਝਣ ਲੱਗ ਪਿਆ। ਮੇਰੀਆਂ ਅੱਖਾਂ ਵਿੱਚੋਂ ਵੀ ਹੰਝੂ ਵਹਿਣ ਲੱਗ ਪਏ ਸੀ ਇਹ ਮੈਨੂੰ ਪਤਾ ਹੀ ਨਹੀ
ਲੱਗਿਆ। ਹੁਣ ਪਾਲੀ ਮੇਰੀਆਂ ਅੱਖਾਂ ਪੂੰਝ ਰਿਹਾ ਸੀ ਤੇ ਮੈਂ ਪਾਲੀ ਦੀਆਂ।
ਪ੍ਰਦੀਪ ਮੁਸਾਹਿਬ
[email protected]
|
. |