ਜਦੋਂ ਸਾਰੇ ਹੀਲੇ ਖਤਮ ਹੋ ਜਾਣ ਫਿਰ ਤਲਵਾਰ ਚੁੱਕਣੀ ਜਾਇਜ ਹੈ?
ਸਿੱਖ ਉਨ੍ਹਾਂ ਦੋ ਪੰਗਤੀਆਂ ਨੂੰ
ਆਪਣੇ ਦਸਵੇਂ ਗੁਰੂ ਨਾਲ ਜੋੜਦੇ ਹਨ ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਜਦੋਂ ਸਾਰੇ ਹੀਲੇ ਖਤਮ ਹੋ
ਜਾਣ ਫਿਰ ਤਲਵਾਰ ਚੁੱਕਣੀ ਜਾਇਜ ਹੈ। ਉਹ ਪੰਗਤੀਆਂ ਇਸ ਤਰ੍ਹਾਂ ਲਿਖੀਆਂ ਹੋਈਆਂ ਮਿਲਦੀਆਂ ਹਨ:
ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ।
ਕੁੱਝ ਦਿਨ ਪਹਿਲਾਂ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਜਿਸ ਵਿੱਚ ਇੱਕ ਪੱਤਰਕਾਰ ਜੀ ਦੱਸ ਰਹੇ ਸਨ ਕਿ
ਇੰਗਲੈਂਡ ਦੇ ਸਕੂਲਾਂ ਵਿੱਚ ਹੋਰ ਧਰਮਾਂ ਦੇ ਨਾਲ ਸਿੱਖ ਧਰਮ ਦਾ ਸਲੇਬਸ ਵੀ ਪੜ੍ਹਾਇਆ ਜਾ ਰਿਹਾ ਹੈ।
ਉਸ ਸਲੇਬਸ ਵਿੱਚ ਕੀ ਕੁੱਝ ਹੈ ਉਸ ਦਾ ਸੰਖੇਪ ਜਿਹਾ ਵਰਨਣ ਉਸ ਨੇ ਕੀਤਾ ਸੀ। ਉਸ ਨੇ ਇਹ ਵੀ ਦੱਸਿਆ
ਸੀ ਕਿ ਉਸ ਸਲੇਬਸ ਵਿੱਚ ਜਿੱਥੇ ਸਿੱਖਾਂ ਦੇ ਵੱਖਰੇ ਦੇਸ਼ ਦੀ ਗੱਲ ਕੀਤੀ ਗਈ ਹੈ ਉਥੇ ਹੀ ਇਨ੍ਹਾਂ
ਪੰਗਤੀਆਂ ਦਾ ਵੀ ਜ਼ਿਕਰ ਹੈ ਕਿ ਜਦੋਂ ਸਾਰੇ ਹੀਲੇ ਖਤਮ ਹੋ ਜਾਣ ਤਾਂ ਤਲਵਾਰ ਚੁੱਕਣੀ ਜਾਇਜ ਹੈ। ਕੀ
ਇਸ ਗੱਲ ਨੂੰ ਅੱਜ ਦੇ ਸਮੇਂ ਵਿੱਚ ਹਰ ਥਾਂ ਸਾਰਥਿਕ ਮੰਨਿਆ ਜਾ ਸਕਦਾ ਹੈ? ਕੀ ਅੱਜ ਦਾ ਸਮਾ ਹੱਥੋ
ਹੱਥੀ ਲੜਾਈ ਦਾ ਸਮਾ ਹੈ? ਕੀ ਅੱਜ ਕੱਲ ਲੜਾਈ ਸਿਰਫ ਤਲਵਾਰਾਂ/ਹਥਿਆਰਾਂ ਨਾਲ ਹੀ ਲੜੀ ਜਾ ਸਕਦੀ ਹੈ?
ਹਥਿਆਰ ਚੁੱਕ ਕਿ ਜਿਨ੍ਹਾਂ ਨਾਲ ਤੁਸੀਂ ਲੜਾਈ ਲੜ੍ਹਨਾ ਚਾਹੁੰਦੇ ਹੋ ਜੇ ਕਰ ਉਨ੍ਹਾਂ ਦੀ ਅੱਗੋਂ
ਹਥਿਆਰਾਂ ਦੀ ਤਾਕਤ ਤੁਹਾਡੇ ਨਾਲੋਂ ਹਜ਼ਾਰਾਂ ਗੁਣਾਂ ਜ਼ਿਆਦਾ ਹੋਵੇ ਤਾਂ ਫਿਰ ਤੁਹਾਨੂੰ ਜਿੱਤ ਦੀ ਕੋਈ
ਆਸ ਹੋ ਸਕਦੀ ਹੈ?
ਅੱਜ ਤੋਂ ਮਹੀਨਾ ਕੁ ਪਹਿਲਾਂ ਭਾਵ ਕਿ 7 ਅਕਤੂਬਰ 2023 ਨੂੰ ਹਮਾਸ ਨੇ ਇਜ਼ਰਾਈਲ ਤੇ ਹਜ਼ਾਰਾਂ ਰਾਕਟਾਂ
ਨਾਲ ਹਮਲਾ ਕੀਤਾ ਸੀ ਅਤੇ 1500 ਦੇ ਲੱਗਭੱਗ ਹਮਾਸ ਵਾਲਿਆਂ ਨੇ ਇਜ਼ਰਾਈਲ ਵਿੱਚ ਦਾਖਲ ਹੋ ਕੇ 1400
ਦੇ ਲੱਗਭੱਗ ਇਜ਼ਰਾਈਲੀ ਮਾਰ ਦਿੱਤੇ ਸਨ। ਦੋ ਸੌ ਤੋਂ ਉਪਰ ਨੂੰ ਬੰਦੀ ਬਣਾ ਲਿਆ ਗਿਆ ਸੀ। ਹਮਾਸ
ਵਾਲਿਆਂ ਦਾ ਕਹਿਣਾ ਹੈ ਕਿ ਇਹ ਇਸ ਲਈ ਕੀਤਾ ਸੀ ਕਿਉਂਕਿ ਇਜ਼ਰਾਈਲ ਵਾਲੇ ਸਾਡਾ ਇਲਾਕਾ ਦੱਬੀ ਜਾ ਰਹੇ
ਹਨ ਅਤੇ ਅਸੀਂ ਆਪਣੇ ਕੈਦੀ ਛੁਡਾਉਂਣੇ ਸਨ। ਦੇਖਣ ਨੂੰ ਤਾਂ ਇਨ੍ਹਾਂ ਦਾ ਇਹ ਕੰਮ ਬੜਾ ਤਰਕ ਪੂਰਨ
ਲੱਗਦਾ ਹੈ ਅਤੇ ਸਿੱਖਾਂ ਦੇ ਦਸਵੇਂ ਗੁਰੂ ਨਾਲ ਜੋੜੀਆਂ ਜਾਂਦੀਆਂ ਪੰਗਤੀਆਂ ਵੀ ਢੁਕਵੀਆਂ ਲੱਗਦੀਆਂ
ਹਨ। ਪਰ ਕੀ ਇਸ ਨਾਲ ਇਹ ਹਮਾਸ ਵਾਲੇ ਉਹ ਸਾਰਾ ਕੁੱਝ ਹਾਸਲ ਕਰ ਲੈਣਗੇ ਜਿਸ ਦੀ ਆਸ ਨਾਲ ਇਹ ਸਾਰਾ
ਕੁੱਝ ਕੀਤਾ ਹੈ ਜਾਂ ਕਿ ਆਪਣਾਂ ਹੋਰ ਵੱਧ ਤੋਂ ਵੱਧ ਨੁਕਸਾਨ ਕਰਵਾ ਲੈਣਗੇ? ਹੁਣ ਤੱਕ ਦੀਆਂ ਖਬਰਾਂ
ਮੁਤਾਬਕ 10, 000 ਤੋਂ ਉਪਰ ਇਨ੍ਹਾਂ ਦੇ ਆਪਣੇ ਫਾਲਿਸਤਾਈਨ ਵਾਲੇ ਮਾਰੇ ਜਾ ਚੁੱਕੇ ਹਨ। ਕੀ ਇਸ ਨੂੰ
ਬਹਾਦਰੀ ਕਹੀਏ ਜਾਂ ਬੇਵਕੂਫੀ? ਇਹੀ ਹਾਲ ਸਿੱਖਾਂ ਦਾ ਹੈ। ਅਕਤੂਬਰ 31, 1984 ਨੂੰ ਵਿਸ਼ਵਾਸ਼ ਘਾਤ
ਅਤੇ ਨਮਕ ਹਰਾਮੀ ਕਰਕੇ ਇੰਦਰਾ ਗਾਂਧੀ ਨੂੰ ਮਾਰ ਕੇ ਆਪਣੇ ਆਪ ਨੂੰ ਬਹੁਤ ਮਹਾਨ ਯੋਧੇ ਦੱਸਦੇ ਹਨ
ਅਤੇ ਸਿੱਖ ਪੰਥ ਵਲੋਂ ਸਜਾ ਦੇਣੀ (ਸੋਧਾ ਲਉਣਾ) ਦੱਸਦੇ ਹਨ ਪਰ ਨਾਲ ਹੀ ਨਸਲਕੁਸ਼ੀ ਦਾ ਅਰਾਟ ਪਉਣ
ਲੱਗ ਜਾਂਦੇ ਹਨ। ਸਿੱਖ ਇਹੀ ਸਮਝਦੇ ਹਨ ਕਿ ਅਸੀਂ ਜੋ ਮਰਜੀ ਕਰੀਏ ਉਹ ਸਾਰਾ ਕੁੱਝ ਠੀਕ ਹੈ ਅਤੇ ਜੇ
ਕਰ ਕੋਈ ਹੋਰ ਉਸ ਦੇ ਜਵਾਬ ਵਿੱਚ ਕਰੇ ਤਾਂ ਉਹ ਸਰਾਸਰ ਗਲਤ ਹੈ। ਇੰਦਰਾ ਗਾਂਧੀ ਨੂੰ ਮਾਰਨ ਦੀ
ਤਕਰੀਬਨ ਸਾਰੇ ਹੀ ਸਿੱਖ ਇਹੀ ਦਲੀਲ ਦਿੰਦੇ ਹਨ ਕਿ ਮਾਰਿਆ ਤਾਂ ਰਾਜੀਵ ਗਾਂਧੀ ਅਤੇ ਮਹਾਤਮਾਂ ਗਾਂਧੀ
ਨੂੰ ਵੀ ਸੀ ਪਰ ਉਨ੍ਹਾਂ ਦੇ ਮਰਨ ਤੋਂ ਬਾਅਦ ਤਾਂ ਇਤਨਾ ਕਤਲੇਆਮ ਨਹੀਂ ਸੀ ਹੋਇਆ ਜਿਤਨਾ ਇੰਦਰਾ ਦੇ
ਮਰਨ ਤੋਂ ਬਾਅਦ ਹੋਇਆ ਸੀ। ਇਹ ਸਿਰਫ ਇੱਕ ਵਿਆਕਤੀ ਦੇ ਮਰਨ ਦੀ ਦਲੀਲ ਦਾ ਇੱਕ ਪਾਸਾ ਹੈ। ਇਸ ਦਾ
ਦੂਸਰਾ ਪਾਸਾ ਉਹ ਹੈ ਜਿਸ ਦਾ ਕਦੀ ਕੋਈ ਜ਼ਿਕਰ ਹੀ ਨਹੀਂ ਕਰਦਾ। ਉਹ ਹੈ ਹਿੰਦੂਆਂ ਦੇ ਮਨਾ ਵਿੱਚ
ਨਫਰਤ ਦੀ ਜ਼ਹਿਰ ਭਰਨੀ। ਜਿਹੜੀ ਕਿ ਇਨ੍ਹਾਂ ਸਿੱਖਾਂ ਦਾ ਮਹਾਨ ਆਗੂ ਬਾ-ਖੂਬੀ ਨਾਲ ਭਰ ਰਿਹਾ ਸੀ।
ਜਦੋਂ ਉਹ ਕਹਿੰਦਾ ਹੁੰਦਾ ਸੀ ਕਿ ਇੱਕ ਬੱਸ ਨਾ ਛੱਡਣ ਬਦਲੇ 5000 ਹਿੰਦੂ ਇੱਕ ਘੰਟੇ ਵਿੱਚ
ਵੱਢਾਂਗਾ, ਪਿੰਡਾਂ ਵਿੱਚ ਗੁੱਲੀ ਰਾਮ ਤੇ ਛੱਲੀ ਰਾਮ ਨਹੀਂ ਦਿਸਣੇ ਚਾਹੀਦੇ, ਇੱਕ ਦੇ ਹਿੱਸੇ 35-35
ਹਿੰਦੂ ਆਉਂਦੇ ਹਨ ਅਤੇ ਹੋਰ ਵੀ ਬਹੁਤ ਕੁੱਝ ਕਹਿੰਦਾ ਵੀ ਸੀ ਅਤੇ ਉਸ ਦੇ ਸਾਥੀ ਕਰਦੇ ਵੀ ਸਨ ਜਿਵੇਂ
ਕਿ ਬੱਸਾਂ ਵਿੱਚ ਕੱਢ ਕੇ ਹਿੰਦੂਆਂ ਨੂੰ ਮਾਰਨਾ। ਢਿੱਲਵਾਂ ਕਾਂਡ ਬਾਰੇ ਕਈ ਵਾਰੀ ਛਪ ਚੁੱਕਾ ਹੈ ਕਿ
ਉਸ ਕਾਂਡ ਵਿੱਚ ਇਸ ਦੇ ਆਪਣੇ ਖਾਸ ਬੰਦੇ ਸੋਢੀ ਵਰਗੇ ਸ਼ਾਮਲ ਸਨ। ਜਦੋਂ ਉਹ ਇਸ ਤਰ੍ਹਾਂ ਦੀ ਫਿਰਕੂ
ਜ਼ਹਿਰ ਘੋਲ ਰਿਹਾ ਸੀ ਤਾਂ ਦਿੱਲੀ ਦੇ ਅਤੇ ਹੋਰ ਸਮਝਦਾਰ ਸਿੱਖਾਂ ਦਾ ਇਹ ਫਰਜ਼ ਨਹੀਂ ਸੀ ਬਣਦਾ ਕਿ ਇਸ
ਬਾਰੇ ਬਿਆਨ ਦੇ ਕੇ ਆਪਣੀ ਅਸਿਹਮਤੀ ਜਿਤਾਂਉਂਦੇ। ਪਰ ਕਿਸੇ ਨੇ ਨਹੀਂ ਕੀਤਾ। ਜਿਸ ਤੋਂ ਹਿੰਦੂਆਂ
ਨੂੰ ਇਹੀ ਸਮਝ ਪਿਆ ਕਿ ਸਿੱਖਾਂ ਦੀ ਚੁੱਪ, ਫਿਰਕੂ ਜ਼ਹਿਰ ਘੋਲਣ ਵਾਲੇ ਨਾਲ ਸਹਿਮਤੀ ਦਰਸਾਂਉਂਦੀ ਹੈ।
ਫਿਰ ਜਦੋਂ ਹਿੰਦੂਆਂ ਨੂੰ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਉਹ ਆਪਣਾ ਗੁਬਾਰ ਕੱਢ ਲਿਆ ਕਿ ਅਸੀਂ ਹੁਣ
ਤੁਹਾਡੇ ਗਲਾਂ ਵਿੱਚ ਟਾਇਰ ਪਾ ਕੇ ਦੱਸਦੇ ਹਾਂ ਕਿ ਗੁੱਲੀ ਰਾਮ ਤੇ ਛੱਲੀ ਰਾਮ ਕੌਣ ਹੁੰਦੇ ਹਨ। ਇੱਕ
ਦੇ ਹਿੱਸੇ 35 ਹਿੰਦੂ ਆਉਂਦੇ ਹਨ ਜਾਂ 35 ਸਿੱਖ।
ਸਾਰੀ ਦੁਨੀਆ ਦੇ ਸਾਰੇ ਲੋਕ ਇਕੋ ਕੁਦਰਤ ਦੀ ਪੈਦਾਵਾਰ ਹਨ। ਸਾਰੇ ਇਕੋ ਤਰੀਕੇ ਨਾਲ ਇਸ ਦੁਨੀਆ ਤੇ
ਆਉਂਦੇ ਹਨ। ਸਾਰਿਆਂ ਨੂੰ ਆਪਣੀ ਜਿੰਦਗੀ ਜਿਉਂਣ ਦਾ ਹੱਕ ਹੋਣਾ ਚਾਹੀਦਾ ਹੈ। ਕਿਸੇ ਵੀ ਵੱਧ ਤਾਕਤਵਰ
ਵਲੋਂ ਘੱਟ ਤਾਕਤਵਰ ਨਾਲ ਧੱਕਾ ਨਹੀਂ ਹੋਣਾ ਚਾਹੀਦਾ। ਇਸ ਦਾ ਹੱਲ ਸਮੁੱਚੀ ਮਨੁੱਖਤਾ ਨੂੰ ਰਲ ਕੇ
ਕੱਢਣਾ ਚਾਹੀਦਾ ਹੈ। ਭਾਵੇਂ ਇਸ ਕੰਮ ਲਈ ਯੂ: ਐਨ: ਓ: ਬਣੀ ਹੋਈ ਹੈ ਪਰ ਉਸ ਦਾ ਆਪਣਾ ਕੰਮ ਉਸ
ਤਰ੍ਹਾਂ ਦਾ ਨਹੀਂ ਦਿਸ ਰਿਹਾ ਜਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਇਸ ਵਿੱਚ ਵੀ ਉਹੀ ਘਾਟਾਂ ਦਿਸ
ਰਹੀਆਂ ਹਨ ਜੋ ਆਮ ਸੋਸਾਇਟੀ ਵਿੱਚ ਹੁੰਦੀਆਂ ਹਨ। ਇਨ੍ਹਾਂ ਵਿਚੋਂ ਦੋ ਪਰਮੁਖ ਹਨ ਨਿਰਪੱਖਤਾ ਅਤੇ
ਸਚਾਈ। ਜਿਸ ਵੀ ਧੜੇ, ਸੁਸਾਇਟੀ ਜਾਂ ਧਰਮ ਨਾਲ ਕੋਈ ਵਿਆਕਤੀ ਜੁੜਿਆ ਹੋਇਆ ਹੁੰਦਾ ਹੈ ਉਹ ਉਸ ਨੂੰ
ਹੀ ਠੀਕ ਸਮਝਦਾ ਹੈ ਅਤੇ ਦੂਸਰਿਆਂ ਨੂੰ ਗਲਤ। ਸਿੱਖ ਵੀ ਇਹੀ ਸਮਝਦੇ ਹਨ ਕਿ ਕੇਂਦਰ ਸਿੱਖਾਂ ਨਾਲ
ਧੱਕਾ ਕਰਦਾ ਹੈ। ਉਹ ਸਿੱਖ ਧਰਮ ਨੂੰ ਨਫਰਤ ਕਰਦਾ ਹੈ। ਉਹ ਸਾਨੂੰ ਖਤਮ ਕਰਨਾ ਚਾਹੁੰਦਾ ਹੈ। ਸਿੱਖਾਂ
ਲਈ ਕਾਨੂੰਨ ਹੋਰ ਹਨ ਅਤੇ ਹਿੰਦੂਆਂ ਲਈ ਹੋਰ। ਇਸ ਵਿੱਚ ਕੁੱਝ ਕੁ ਸਚਾਈ ਹੋ ਸਕਦੀ ਹੈ ਪਰ ਸਾਰੀ
ਨਹੀਂ। ਪਾਣੀਆਂ ਦੀ ਗੱਲ ਹੀ ਲੈ ਲਓ। ਹੁਣ ਕਿਤਨਾ ਕੁੱਝ ਬਾਹਰ ਆ ਚੁੱਕਾ ਹੈ। ਤੁਹਾਡੇ ਆਪਣੇ ਪੰਜਾਬ
ਦੇ ਸਿੱਖ ਲੀਡਰਾਂ ਨੇ ਕਿਹੜੀ ਘੱਟ ਕੀਤੀ ਹੈ। ਜੇ ਕਰ ਕੇਂਦਰ ਦੀ ਸਰਕਾਰ ਕਹਿ ਕੇ ਮੁੱਕਰਦੀ ਰਹੀ ਹੈ
ਤਾਂ ਤੁਹਾਡੇ ਪੰਥਕ ਲੀਡਰ ਕਿੰਨੀਆਂ ਗੱਲਾਂ ਤੋਂ ਮੁੱਕਰੇ ਹਨ? ਜੇ ਕਰ ਕੇਂਦਰ ਨੇ ਪੰਜਾਬ ਲਈ ਕੁੱਝ
ਚੰਗਾ ਕੀਤਾ ਵੀ ਹੈ ਤਾਂ ਉਸ ਨੂੰ ਸਿੱਖ ਅਣਗੌਲਿਆਂ ਕਰ ਛੱਡਦੇ ਹਨ। ਪੰਡਤ ਨਹਿਰੂ ਦੀ ਮਾਸਟਰ ਤਾਰਾ
ਸਿੰਘ ਨੂੰ ਵਕਤ ਬਦਲ ਗਿਆ ਹੈ ਦੀ ਗੱਲ ਦਾ ਤਾਂ ਸਾਰੇ ਜ਼ਿਕਰ ਕਰਦੇ ਹਨ ਪਰ ਕੀ ਉਸ ਗੱਲ ਦਾ ਵੀ ਕਿਸੇ
ਨੇ ਜ਼ਿਕਰ ਕੀਤਾ ਹੈ ਕਿ ਪੰਡਤ ਨਹਿਰੂ ਨੇ ਦੇਸ਼ ਅਜ਼ਾਦ ਹੁੰਦਿਆਂ ਹੀ ਸਭ ਤੋਂ ਪਹਿਲਾਂ ਸੁਪਨਾ ਇਹ ਲਿਆ
ਸੀ ਕਿ ਦੇਸ਼ ਨੂੰ ਭੁੱਖਮਰੀ ਵਿਚੋਂ ਕਿਵੇਂ ਕੱਢਣਾ ਹੈ? ਇਸ ਦੀ ਪੂਰਤੀ ਲਈ ਪੰਜਾਬ ਨੂੰ ਸਭ ਤੋਂ ਮੁੱਖ
ਰੱਖ ਕੇ ਭਾਖੜਾ ਡੈਮ ਬਣਾਉਣ ਦੀ ਸੋਚੀ ਸੀ। ਜਿਸ ਨਾਲ ਹੜਾਂ ਤੇ ਕਾਬੂ ਪਾਇਆ ਤੇ ਪੰਜਾਬ ਨੂੰ ਪਾਣੀ,
ਬਿਜਲੀ ਮਿਲੀ। ਇਸ ਡੈਮ ਤੇ ਸਾਰਾ ਖਰਚਾ 250 ਕਰੋੜ ਦੇ ਲੱਗਭੱਗ ਕੇਂਦਰ ਦੀ ਨਹਿਰੂ ਸਰਕਾਰ ਨੇ ਕੀਤਾ
ਸੀ। ਇਸ ਬਾਰੇ ਪੂਰੀ ਜਾਣਕਾਰੀ ਬੀਬੀ ਮਨਵੀਰ ਕੌਰ ਦੇ ਯੂ-ਟਿਊਬ ਚੈਨਲ ਤੇ ਦੇਖੀ ਜਾ ਸਕਦੀ ਹੈ। ਫਿਰ
ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਬਣੀ। ਪੰਜਾਬ ਨੂੰ ਬਿਜਲੀ, ਪਾਣੀ, ਚੰਗੇ ਬੀਜ ਅਤੇ ਫਸਲਾਂ ਦੇ
ਚੰਗੇ ਭਾਅ ਮਿਲੇ। ਜਿਸ ਨਾਲ ਸਾਰੇ ਦੇਸ਼ ਦੀ ਭੁੱਖਮਰੀ ਦੂਰ ਹੋਈ ਅਤੇ ਪੰਜਾਬ ਦੇ ਸਿੱਖਾਂ ਨੂੰ ਕਿਤਨਾ
ਲਾਭ ਹੋਇਆ ਅਤੇ ਖੁਸ਼ਹਾਲ ਹੋਏ। ਜਿਸ ਨੂੰ ਹਰੀ ਕ੍ਰਾਂਤੀ ਦਾ ਨਾਮ ਦਿੱਤਾ ਜਾਂਦਾ ਹੈ।
ਸਿੱਖ ਸਾਧਾਂ ਨੂੰ ਬਹੁਤ ਮਾਨਤਾ ਦਿੰਦੇ ਹਨ। ਉਹ ਸਿੱਖ ਭਾਵੇਂ ਪੜ੍ਹੇ ਲਿਖੇ ਹੋਣ ਅਤੇ ਭਾਵੇਂ
ਅਨਪੜ੍ਹ ਜਾਂ ਬਹੁਤ ਘੱਟ ਪੜ੍ਹੇ ਲਿਖੇ। ਇਹ ਤਾਂ ਹੋ ਨਹੀਂ ਸਕਦਾ ਕਿ ਇਤਨੇ ਸਾਲ ਯੂਨੀਵਰਸਿਟੀਆਂ
ਵਿੱਚ ਪੜ੍ਹ ਕੇ ਵੀ ਅਸਲੀਅਤ ਦੀ ਸਮਝ ਨਾ ਆਈ ਹੋਵੇ। ਉਹ ਬੱਸ ਪਲੜਾ ਹੀ ਭਾਰੀ ਦੇਖਦੇ ਹਨ ਕਿ ਕਿਧਰਲੇ
ਪਾਸੇ ਹੈ ਫਿਰ ਉਸ ਪਾਸੇ ਹੀ ਤੁਰ ਪੈਂਦੇ ਹਨ ਭਾਵੇਂ ਕਿਤਨਾ ਵੀ ਝੂਠ ਕਿਉਂ ਨਾ ਬੋਲਣਾ ਪਵੇ, ਢੀਠ ਹੋ
ਕੇ ਬੋਲਦੇ ਹਨ। ਇਨ੍ਹਾਂ ਨੂੰ ਤਾਂ ਆਪਣੀ ਸ਼ੋਭਾ ਨਾਲ ਹੈ ਉਹ ਨਹੀਂ ਘਟਣੀ ਚਾਹੀਦੀ, ਸਮਾਜ ਭਾਂਵੇਂ ਪਏ
ਢੱਠੇ ਖੂਹ ਵਿਚ। ਇਹ ਗੱਲ ਮੈਂ ਪਹਿਲਾਂ ਵੀ ਕਈ ਵਾਰੀ ਲਿਖ ਚੁੱਕਾ ਹਾਂ ਕਿ ਸੰਨ 1983 ਵਿੱਚ ਜਦੋਂ
ਪ੍ਰਿੰ: ਹਰਿਭਜਨ ਸਿੰਘ ਚੰਡੀਗੜ੍ਹ ਵਾਲੇ ਕਨੇਡਾ ਵਿੱਚ ਆਏ ਸਨ ਤਾਂ ਉਹ ਉਸ ਵੇਲੇ ਹੀ ਇਹ ਗੱਲਾਂ
ਕਰਦੇ ਸਨ ਕਿ ਭਿੰਡਰਾਂਵਾਲਾ ਸਾਧ ਜੋ ਕੁੱਝ ਕਰ ਰਿਹਾ ਹੈ ਉਸ ਨਾਲ ਪੰਜਾਬ ਤੋਂ ਬਾਹਰਲੇ ਸਿੱਖਾਂ ਦੇ
ਨੁਕਸਾਨ ਹੋਣ ਦਾ ਬਹੁਤ ਡਰ ਹੈ। ਭਾਵ ਕਿ ਪੜ੍ਹੇ ਲਿਖੇ ਸਿੱਖਾਂ ਨੂੰ ਇਸ ਗੱਲ ਦੀ ਸਮਝ ਸੀ। ਪਰ ਸਾਰੇ
ਲੋਕਾਂ ਦੇ ਸਾਹਮਣੇ ਖੁੱਲ ਕੇ ਬੋਲਿਆ ਕੋਈ ਨਹੀਂ। ਫਿਰ ਜੋ ਹੋਣਾ ਸੀ ਉਹ ਹੋ ਗਿਆ। ਹੁਣ ਤਾਂ ਉਹ
ਮੁਹਾਵਰਾ ਹੀ ਚੇਤੇ ਕੀਤਾ ਜਾ ਸਕਦਾ ਹੈ ਕਿ, “ਹੁਣ ਪਛਤਾਏ ਕਿਆ ਹੋਏ ਜਦ ਚਿੜੀਆਂ ਚੁਗ ਲਿਆ ਖੇਤ”।
ਉਥੇ ਦਰਬਾਰ ਸਾਹਿਬ ਅਤੇ ਅਕਾਲ ਤਖਤ ਤੇ ਲੁਕ ਕੇ ਬੈਠਾ ਸਾਧੜਾ ਪਰ ਸਿੱਖਾਂ ਦਾ ਮਹਾਨ ਸ਼ਹੀਦ, ਪਹੁੰਚੀ
ਹੋਈ ਆਤਮਾ ਇਹ ਹੀ ਕਿਹਾ ਕਰਦੀ ਸੀ ਕਿ ਸ਼ਾਤੀਂ-ਸ਼ਾਂਤੀਂ ਕਿਤਨਾ ਕੁ ਚਿਰ ਕੂਕੀ ਜਾਣੀ ਹੈ। ਹੱਥਾਂ ਬਾਜ਼
ਕਰਾਰਿਆਂ ਵੈਰੀ ਨੀ ਹੁੰਦਾ ਮਿੱਤ। ਉਸ ਵੇਲੇ ਉਸ ਦੇ ਦਿਮਾਗ ਵਿੱਚ ਵੀ ਇਹੀ ਪੰਗਤੀਆਂ ਚਲਦੀਆਂ
ਹੋਣਗੀਆਂ ਕਿ ਹੁਣ ਸਾਰੇ ਹੀਲੇ ਖਤਮ ਹੋ ਗਏ ਹਨ ਹੁਣ ਹਥਿਆਰ ਨਾਲ ਹੀ ਸਿੱਝਣ ਦਾ ਵੇਲਾ ਹੈ। ਫਿਰ
ਜਦੋਂ ਹਥਿਆਰਾਂ ਵਾਲਿਆਂ ਨਾਲ ਸਰਕਾਰ ਨੇ ਹਥਿਆਰਾਂ ਨਾਲ ਹੀ ਸਿੱਝਣ ਦਾ ਫੈਸਲਾ ਕੀਤਾ ਤਾਂ ਉਸ ਦਾ
ਰੋਣਾ ਹੁਣ ਤੱਕ ਰੋਂਦੇ ਆ ਰਹੇ ਹਨ। ਹਾਏ ਸਰਕਾਰ ਨੇ ਸਾਡੇ ਗੁਰਧਾਮਾਂ ਤੇ ਟੈਂਕਾਂ ਤੋਪਾਂ ਨਾਲ ਹਮਲਾ
ਕਰ ਦਿੱਤਾ। ਹਾਏ ਸਾਡੀ ਨਸਲ ਕੁਸ਼ੀ ਕਰ ਦਿੱਤੀ। ਇੱਕ ਮਿੰਟ ਵਿੱਚ ਸਾਨ੍ਹ ਦੂਸਰੇ ਮਿੰਟ ਵਿੱਚ ਗਊ ਦੇ
ਜਾਏ। ਵਾਹ ਉਏ ਸਿੱਖੋ ਫੁਕਰੀਆਂ ਮਾਰਨ ਵਿੱਚ ਅਤੇ ਪਖੰਡ ਕਰਨ ਵਿੱਚ ਤੁਹਾਡਾ ਕੋਈ ਸਾਨੀ ਨਹੀਂ ਹੋ
ਸਕਦਾ।
ਮੱਖਣ ਪੁਰੇਵਾਲ,
ਨਵੰਬਰ 06, 2023.