. |
|
ਸਵੈ ਪੜਚੋਲ
ਇਹ
ਕਿਹੜੀ ਗੁਰਮਤਿ
ਦਾ
ਪਰਚਾਰ
ਹੋ
ਰਿਹਾ
ਹੈ?
ਗੁਰਪ੍ਰੀਤ ਸਿੰਘ
ਯੂ ਟਿਊਬ `ਤੇ ਪਈਆਂ ਬਹੁਤ ਸਾਰੀਆਂ ਵੀਡੀਓਜ਼ ਵੇਖ ਕੇ ਹੈਰਾਨੀ ਹੋਈ ਕਿ
ਪਰਚਾਰਕ {ਸਮੇਤ ਹੈੱਡ ਗਰੰਥੀਆਂ/ਜਥੇਦਾਰਾਂ ਦੇ} ਅਜਿਹੀਆਂ ਗੱਲਾਂ ਕਿਸ ਸਾਜਿਸ਼ ਅਧੀਨ ਕਰ ਜਾਂਦੇ ਹਨ
ਕਿ ਜਾਂ ਤਾਂ ਉਹਨਾਂ ਨੂੰ ਪਤਾ ਨਹੀਂ ਹੁੰਦਾ ਜਾਂ ਉਹ ਜਾਣ ਬੁੱਝ ਕੇ ਕਹਿ ਜਾਂਦੇ ਹਨ, ਜਾਂ ਫਿਰ
ਉਹਨਾਂ ਕੋਲ ਊਟ ਪਟਾਂਗ ਦੀਆਂ ਗੱਲਾਂ ਸੁਣਾਉਣ ਤੋਂ ਇਲਾਵਾ ਕੁੱਝ ਨਹੀਂ ਹੁੰਦਾ। ਉਹਨਾਂ ਦੀਆਂ ਵੀਡੀਓ
ਵਿੱਚੋਂ ਕੁੱਝ ਹਿੱਸਾ ਕੱਢ ਕੇ ਯੂ ਟਿਊਬ `ਤੇ ਵੀ ਪਾ ਦਿੰਦੇ ਹਨ ਜਿਸ ਨਾਲ ਉਹਨਾਂ ਨੂੰ ਚਾਰ ਪੈਸੇ
ਵੀ ਮਿਲ ਜਾਂਦੇ ਹਨ। ਵੀਡੀਓਜ਼ ਪਾਉਣ ਵਾਲੇ ਭਾਵੇਂ ਪੈਸੇ ਕਮਾਉਣ ਲਈ ਵੀਡੀਓਜ਼ ਯੂ ਟਿਊਬ `ਤੇ ਪਾ
ਦਿੰਦੇ ਹਨ ਪਰ ਉਹ ਇਸਦੇ ਨਾਲ ਨਾਲ ਇਹ ਵੀ ਅਸਿੱਧੇ ਤੌਰ `ਤੇ ਇਹ ਸੰਕੇਤ ਵੀ ਦੇ ਜਾਂਦੇ ਹਨ ਕਿ ‘ਕੌਮ
ਵੇਖੇ ਕਿ ਸਾਡੇ ਪਰਚਾਰਕ ਜੋ ਥਾਂ ਥਾਂ ਤੋਂ ਸਿਰੋਪੇ/ਮਾਇਆ ਲੈ ਕੇ ਚੱਲਦੇ ਬਣਦੇ ਹਨ ਉਹ ਕੌਮ ਦਾ
ਕਿਵੇਂ ਘਾਣ ਕਰਦੇ ਜਾ ਰਹੇ ਹਨ? ਜਾਂ ਫਿਰ ਵੀਡੀਓ ਪਾਉਣ ਵਾਲਿਆਂ ਦੀ ਮੰਸ਼ਾ ਹੁੰਦੀ ਹੈ ਕਿ ਕੌਮ ਨੂੰ
ਸਵਾਰਥੀ ਬਿਰਤੀ ਵਾਲਾ ਬਣਾਂ ਦਿੱਤਾ ਜਾਵੇ ਤਾਂ ਕਿ ਸਿੱਖ ਕੌਮ ਆਪਣੇ ਮੂਲ ਵਿਰਸੇ ਨੂੰ ਭੁੱਲ ਜਾਵੇ।
ਵੈਸੇ ਮਨੁੱਖ ਤਾਂ ਜੰਮਿਆਂ ਹੀ ਸਵਾਰਥੀ ਹੈ। ਜਨਮ ਤੋਂ ਮਰਨ ਤੱਕ ਸਾਰੀ ਜ਼ਿੰਦਗੀ ਸਵਾਰਥ ਵਿੱਚ ਹੀ
ਨਿਕਲਦੀ ਹੈ। ਬੋਲਣ ਵਾਲੇ ਬੋਲ ਨਾਂ ਸਕਣ ਕਿ ‘ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ
ਹਨ ਉਹ ਕੌਮਾਂ ਸਦਾ ਲਈ ਖਤਮ ਹੋ ਜਾਂਦੀਆਂ ਹਨ।’ ਪਰਚਾਰਕ ਕੌਮ ਨੂੰ ਕਿਵੇਂ ਸਿੱਖ ਇਤਿਹਾਸ ਤੇ
ਗੁਰਬਾਣੀ ਨਾਲੋਂ ਤੋੜ ਕੇ ਸਵਾਰਥੀ ਬਣਾਂ ਰਹੇ ਹਨ {ਤੇ ਕਿਵੇਂ ਇਤਿਹਾਸ ਨੂੰ ਵੀ ਭੁਲਾ ਕੇ ਕੌਮ ਦੀ
ਫੱਟੀ ਪੋਚੀ ਜਾ ਰਹੇ ਹਨ} ਇਸ ਬਾਰੇ ਉਹਨਾਂ ਦੀ ਸੋਚ ਕੰਮ ਨਹੀਂ ਕਰਦੀ, ਤੇ ਨਾਂ ਹੀ ਸੁਣਨ ਵਾਲਿਆਂ
ਦੀ? ਦੁੱਖ ਇਸ ਗੱਲ ਦਾ ਵੀ ਹੈ, ਕਿ ਕੌਮ ਦੇ ਸੂਝਵਾਨ {?} ਸਿੱਖ ਵੀ ਚੁੱਪ ਕਿਓਂ ਹਨ? ਕੀ ਉਹ
ਵੀਡੀਓਜ਼ ਨਹੀਂ ਵੇਖਦੇ ਜਾਂ ਮੰਜੀ ਸਾਹਿਬ ਜਾਂ ਹੋਰ ਗੁਰਦੁਵਾਰਿਆਂ ਤੋਂ ਹੁੰਦੀ ਕਥਾ ਨਹੀਂ ਸੁਣਦੇ?
ਸ਼ਾਇਦ ਨਹੀਂ ਸੁਣਦੇ ਤੇ ਵੀਡੀਓ ਨਹੀਂ ਵੇਖਦੇ ਤਾਂ ਹੀ ਇਸੇ ਕਰਕੇ ਚੁੱਪ ਹਨ, ਕਿ ਜੇ ਕੌਮ ਆਪਣਾਂ
ਇਤਿਹਾਸ ਭੁੱਲ ਕੇ, ਸਮੁੱਚੀ ਬਾਣੀ ਆਪ ਨਾਂ ਪੜ੍ਹ ਕੇ ਸਵਾਰਥੀ ਬਿਰਤੀ ਵਾਲੀ ਬਣਦੀ ਜਾ ਰਹੀ ਹੈ ਤਾਂ
ਬਣਨ ਦਿੱਤੀ ਜਾਵੇ। ਗੁਰਮਤਿ ਪਰਚਾਰ ਦੇ ਨਾਮ ਹੇਠ ਕੁੱਝ ਨਮੂਨੇ ਵੇਖ ਲਓ ਤੇ ਸੋਚੋ ਕਿ ਇਹਨਾਂ
ਪਰਚਾਰਕਾਂ ਦੀਆਂ ਗੱਲਾਂ ਵਿੱਚੋਂ {ਤੇ ਖੁੱਦ ਪਰਚਾਰਕਾਂ ਵਿੱਚੋਂ} ਕਿੰਨੀ ਕੁ ਗੁਰਮਤਿ ਝਲਕਦੀ ਹੈ।
ਧਾਰਮਿਕ ਰਸਾਲਿਆਂ ਵਿੱਚ ਛਪਣ ਵਾਲੇ ਲੇਖ ਸਿੱਖ ਇਤਿਹਾਸ ਤੇ ਵਿਰਸੇ ਦੀ ਗੱਲ ਕਰਦੇ ਹਨ, ਪਰ ਇਹ
ਕਰਮਕਾਂਡੀ ਬਣਾਂ ਕੇ ਵਿਰਸੇ ਨੂੰ ਹੀ ਭੁਲਾਈ ਜਾ ਰਹੇ ਹਨ।
ਗੁਰਬਾਣੀ ਕਰਮਕਾਂਡ ਕਰਨ ਤੋਂ ਰੋਕਦੀ ਹੈ। ਪਰ ਇਹਨਾਂ ਪਰਚਾਰਕਾਂ ਨੇ ਸਿੱਖਾਂ
ਨੂੰ ਕਰਮਕਾਂਡ ਕਰਨ ਦੇ ਅਜਿਹੇ ਰਾਹੇ ਪਾ ਕੇ ਕਰਮਕਾਂਡੀ ਬਣਾਂ ਦਿੱਤਾ ਹੈ, ਕਿ ਲੋਕ ਬਾਣੀ ਦੇ ਕੁੱਝ
ਪਾਠਾਂ ਨੂੰ ਮੰਤਰਾਂ ਵਾਂਙ ਸਮਝ ਕੇ ਪਾਠ ਕਰੀ ਜਾ ਰਹੇ ਹਨ।
ਧਰਮ ਦਾ ਪਰਚਾਰ ਕਰਨਾਂ ਏਨਾਂ ਸੌਖਾ ਨਹੀਂ ਹੈ ਜਿੰਨਾਂ ਅੱਜ ਦੇ ਪਰਚਾਰਕਾਂ
ਨੇ ਸਮਝ ਰੱਖਿਆ। ਦੂਜਿਆਂ ਨੂੰ ਉਪਦੇਸ਼ ਦੇਣ ਨਾਲੋਂ ਆਪਣਾਂ ਚਾਲ ਚੱਲਣ ਸਹੀ ਹੋਣਾਂ ਚਾਹੀਦਾ ਹੈ, ਪਰ
ਕੋਈ ਪਰਚਾਰਕ ਚਾਲ ਚਲਣ ਦੀ ਗੱਲ ਨਹੀਂ ਕਰਦਾ। ਗੁਰਬਾਣੀ ਦਾ ਇੱਕ ਇੱਕ ਸ਼ਬਦ ਮਨੁੱਖੀ ਮਨ `ਤੇ ਡੂੰਘੀ
ਛਾਪ ਛੱਡਦਾ ਹੈ। ਜਿਵੇਂ ਕਿ-ਅਵਰ ਉਪਦੇਸੈ ਆਪਿ ਨ ਕਰੈ. .॥ 269]ਫਿਰ ਜਿਨੑ ਮਨਿ ਹੋਰੁ ਮੁਖਿ ਹੋਰੁ.
.॥ 488]ਪਰ ਹਕੀਕਤ ਵਿੱਚ ਪਰਚਾਰਕ ਗੁਰਬਾਣੀ ਦੇ ਇਹਨਾਂ ਫੁਰਮਾਨਾਂ ਨੂੰ ਨਜ਼ਰ ਅੰਦਾਜ਼ ਕਰਦੇ ਹੋਏ
ਸਿਰੋਪੇ ਤੇ ਮਾਇਆ ਲਈ ਪਰਚਾਰ ਕਰਦੇ ਹਨ, ਕੌਮ ਨਾਲ ਕੋਈ ਮਤਲਬ ਨਹੀਂ। ਸਥਿਤੀ ਨੂੰ ਵੇਖਦਿਆਂ ਹੋਇਆ
ਤਾਂ ਸਮੇਤ ਵਿਦਵਾਨਾਂ/ਜਥੇਦਾਰਾਂ/ ਪਰਬੰਧਕ ਕਮੇਟੀਆਂ ਦਾ ਹਾਲ - ‘ਫਰੀਦਾ ਲੋਕਾਂ ਆਪੋ ਆਪਣੀ, ਮੈ
ਆਪਣੀ ਪਈ’॥ 94]1382]ਵਾਲੀ ਗੱਲ ਹੈ।
ਕੌਮ ਵਿੱਚ ਕਈ ਕੁੱਝ ਹੁੰਦਾ ਆਇਆ ਹੈ, ਇਸ ਤੋਂ ਬਹੁਤੇ ਸਿੱਖ ਜਾਣੂ ਹਨ। ਸੱਚ
ਲਿਖਣ ਤੇ ਬੋਲਣ ਵਾਲਿਆਂ ਨੂੰ ਕਿਵੇਂ ਪੰਥ ਵਿੱਚੋਂ ਛੇਕਿਆ ਜਾਂਦਾ ਰਿਹਾ ਹੈ? ਕਿਵੇਂ ਕਪੜੇ ਪਾੜ ਕੇ
ਲਹੂ ਲੁਹਾਨ ਕੀਤਾ ਜਾਂਦਾ ਹੈ ਕਿਵੇਂ ਉਹਨਾਂ `ਤੇ ਕੇਸ ਪਾ ਕੇ ਮੁਕੱਦਮੇਂ ਕੀਤੇ ਜਾਂਦੇ ਹਨ?
ਗੁਰਬਾਣੀ ਦੇ ਫੁਰਮਾਨ ਮੁਤਾਬਕ ‘ਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ॥ 646]ਇਸਦਾ ਮਤਲਬ ਹੈ ਕਿ
ਲੋਕਾਂ ਨੂੰ ਸੱਚ ਨਹੀਂ ਸੁਣਾਉਣਾਂ, ਝੂਠ ਬੋਲ ਕੇ ਗੁਮਰਾਹ ਕਰਨਾਂ ਹੈ ਤੇ ਗੁਮਰਾਹ ਕਰਨ ਵਾਲਿਆਂ `ਤੇ
ਕੋਈ ਕੇਸ ਨਹੀਂ, ਕੋਈ ਪੰਥ ਵਿੱਚੋਂ ਛੇਕਣ ਵਾਲਾ ਨਹੀਂ। ਇਹ ਹੈ ਅਸਲੀ ਗੁਰਮਤਿ। ਸੱਚ ਬੋਲਣ ਵਾਲੇ
ਨੂੰ ਸਜ਼ਾ, ਇਹ ਨਾਨਕ ਦੀ ਗੁਰਮਤਿ ਹੈ। ਸੱਚ ਇਹ ਹੈ ਕੌਮ ਦੇ ਅਜੋਕੇ ਜਥੇਦਾਰ, ਸਾਰੀਆਂ ਧਾਰਮਿਕ
ਸੰਸਥਾਵਾਂ, ਨਾਨਕ ਦੀ ਗੁਰਮਤਿ ਦੇ ਵਿਰੋਧ ਵਿੱਚ ਹਨ, ਪਰ ਸਿਰੋਪੇ/ਮਾਇਆ ਨਾਨਕ ਦੀ ਗੁਰਮਤਿ `ਤੇ ਲਏ
ਜਾਂਦੇ ਹਨ। ਖੈਰ! ਸਵਾਲਾਂ ਦਾ ਸਵਾਲ ਇਹ ਹੈ ਅਜਿਹੇ ਪਰਚਾਰਕਾਂ ਨੂੰ ਪੰਥ ਵਿੱਚੋਂ ਕੌਣ ਛੇਕੇਗਾ? ਕੀ
ਇਹ ਪੰਥ ਵਿੱਚੋਂ ਛੇਕੇ ਨਹੀਂ ਜਾਣੇ ਚਾਹੀਦੇ? ਹੈ ਕੋਈ ਜਥੇਦਾਰ ਜੋ ਇਹਨਾਂ `ਤੇ ਐਕਸ਼ਨ ਲੈ ਸਕੇ?
1. ਇਸ ਵਿਧੀ ਨਾਲ ਸਿਮਰਨ ਕਰੋ, ਧੰਨ ਦੌਲਤ ਪਿੱਛੇ ਪਿੱਛੇ ਫਿਰੇਗੀ।
{ਪਿੰਦਰਪਾਲ} ਉਹ ਵਿਧੀ
ਕਿੱਥੋਂ ਲਈ ਗਈ ਤੇ ਕਿਓਂ? ਕਿਸ ਨੇ ਦੱਸੀ ਇਹ ਵਿਧੀ ਜਾਂ ਡੇਰੇਦਾਰਾਂ ਵਾਂਗ {ਜਿਵੇਂ ਨਾਮ ਪੈਦਾ ਕਰ
ਲਿਆ} ਆਪ ਪੈਦਾ ਕੀਤੀ? ਜੇ ਦੌਲਤ ਪਿੱਛੇ ਇਹ ਕੰਮ ਕਰਨਾਂ ਹੈ ਤਾਂ ਬਾਕੀ ਦੇ ਕੰਮ ਕੌਣ ਤੇ ਕਿਓਂ
ਕਰੇਗਾ? ਸਿੱਖ ਇਤਿਹਾਸ ਵਿੱਚ ਕੀ ਕੁੱਝ ਹੋਇਆ ਉਸਦੀ ਗੱਲ ਕੌਣ ਕਰੇਗਾ? ਜਿਸ ਧੰਨ ਦੌਲਤ ਲਈ ਇਹ
ਸਿਮਰਨ ਕਰਨਾਂ ਹੈ ਤਾਂ ਤੁਸੀਂ ਲੰਮੀਆਂ ਲੰਮੀਆਂ ਕਥਾਵਾਂ ਕਾਹਦੇ ਲਈ ਕਰਦੇ ਹੋ?
2. ਇਸ ਪਾਠ ਅੱਗੇ ਕੋਈ ਵੀ ਇੱਛਾ ਨਹੀਂ ਅੜ ਸਕਦੀ, ਸਿਰਫ 13 ਦਿਨ ਪਾਠ ਕਰਨ
ਨਾਲ ਹਰ ਇੱਛਾ ਪੂਰੀ ਹੋਵੇਗੀ।
{ਪਿੰਦਰਪਾਲ}
ਕੌਮ ਵਿੱਚ 11, 21, 31, 13, 40 ਦਿਨ
ਹੀ ਘੁੰਮ ਰਹੇ ਹਨ। ਪਹਿਲਾਂ ਸਿਮਰਨ ਦੀ ਗੱਲ ਸੀ ਹੁਣ ਕਿਹੜੇ ਪਾਠ ਦੀ ਗੱਲ ਆ ਗਈ ਤੇ ਉਹ ਵੀ ਕਦੀ 13
ਦਿਨ, ਕਦੀ 40 ਦਿਨ? ਬਾਣੀ ਦਾ ਫੁਰਮਾਨ ਹੈ-ਨਿਤ ਉਠਿ ਗਾਵਹੁ ਪ੍ਰਭ ਕੀ ਬਾਣੀ॥ 1340॥ ਗੁਰਬਾਣੀ
ਵਿੱਚ 13, 21, 31, 40 ਦਾ ਹੈ ਕਿਤੇ ਜ਼ਿਕਰ? ਕੌਮ ਵਿੱਚ 11, 21, 31, 13, 40 ਦਿਨ ਹੀ ਕੌਮ ਦਾ
ਖਹਿੜਾ ਨਹੀਂ ਛੱਡ ਰਹੇ ਹਨ। ਗੁਰਬਾਣੀ ਕਹਿੰਦੀ ਹੈ-ਸਭੈ ਇਛਾ ਪੂਰੀਆ ਜਾ ਪਾਇਆ ਅਗੰਮ ਅਪਾਰਾ॥ 746॥
13 ਦਿਨ ਹੀ ਕਿਓਂ। ਜੱਦ ਤੱਕ ਸਵਾਸ ਚੱਲਦੇ ਹਨ, ਤੱਦ ਤੱਕ ‘ਨਿਤ ਉਠਿ ਗਾਵਹੁ …॥ ਫਿਰ ‘ਆਵਹੁ ਸਿਖ
ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥ 917॥’ ? ਕੋਈ ਦੱਸੇ ਕਿ 13 ਜਾਂ ਚਾਲੀ ਦਿਨ ਜਾਂ ਨਿਤ
ਉਠਿ …॥
3. ਗੁਰੂ ਗਰੰਥ ਸਾਹਿਬ ਜੀ ਅੱਗੇ ਮੱਥਾ ਟੇਕਣ ਲੱਗੇ ਜੇ ਇਹ ਸੰਕੇਤ ਮਿਲੇ
ਤਾਂ ਸਮਝ ਲੈਣਾਂ ਗੁਰੂ ਤੁਹਾਡੀ …
ਇਥੇ ਨਾਂ ਤਾਂ ਬਾਣੀ ਪੜ੍ਹਨ ਦੀ ਲੋੜ
ਨਾਂ ਸਿਮਰਨ ਦੀ ਲੋੜ। ਮੱਥਾ ਟੇਕਿਆਂ ਹੀ ਸਮਝ ਆ ਜਾਵੇਗੀ। 11, 21, 13, 40 ਦਿਨ ਦਾ ਖਹਿੜਾ ਛੁੱਟ
ਗਿਆ।
4. ਕਿਸ ਤਰ੍ਹਾਂ ਮਿੰਟਾਂ ਵਿੱਚ ਗਰੀਬ ਬੰਦਾ ਬਣਿਆਂ ਕਰੋੜਪਤੀ?
{ਪਿੰਦਰਪਾਲ}
ਠੱਗੀਆਂ ਠੋਰੀਆਂ ਤੋਂ ਬਿਨਾਂ,
ਸਸਤੇ ਭਾਅ ਜ਼ਮੀਨਾਂ ਲੈ ਕੇ ਮਹਿੰਗੇ ਜਾਂ ਦੁੱਗਣੇ ਭਾਅ ਵਿੱਚ ਵੇਚਣ ਨਾਲ ਕਰੋੜਪਤੀ ਬਣਿਆ ਜਾ ਸਕਦਾ
ਹੈ। ਰੱਬ ਦੀ ਭਗਤੀ ਨਾਲ ਕਦੀ ਵੀ ਨਹੀਂ। ਸ਼ਾਇਦ ਇਸੇ ਲਈ ਗੁਰੂ ਸਾਹਿਬ ਤੇ ਭਗਤ ਕਰੋੜਪਤੀ ਨਹੀਂ ਬਣ
ਸਕੇ। ਪ੍ਰਚਾਰਕਾਂ ਦੀ ਦੌੜ ਇੱਕ ਗੁਰਦਵਾਰੇ ਤੋਂ ਦੂਜੇ, ਤੀਜੇ, ਚੌਥੇ, ਜਦੋਂ ਹੋਵੇਗੀ ਤਾਂ ਇਹੋ ਲੋਕ
ਕਰੋੜਪਤੀ ਬਣਨਗੇ। ਕਦੀ ਰਿਕਸ਼ਾ ਚਾਲਕ ਤੇ ਹੋਰ ਮਜਦੂਰੀ ਕਰਨ ਵਾਲਿਆਂ ਨੂੰ ਪੁੱਛੋ।
5. ਚੰਡੀ ਦੀ ਵਾਰ ਦਾ ਵੱਡਾ ਮਹਾਤਮ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ।
{ਰੋਜ ਕਿੱਲ੍ਹ ਕਿੱਲ੍ਹ ਕੇ
ਕਹਿੰਦੇ ਹਨ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓਂ ਗਰੰਥ। ਕਿੱਥੇ ਹੈ ਗੁਰੂ ਗਰੰਥ?} ਸਿਰਫ ਇੱਕ
ਵਾਰ ਪਾਠ ਕਰਨ ਨਾਲ ਕਿੰਨਾਂ ਫਲ ਮਿਲਦਾ ਹੈ? ਸਿੱਖ ਦਾ ਗੁਰੂ, ਗੁਰੂ ਗਰੰਥ ਸਾਹਿਬ ਜਾਂ ਚੰਡੀ ਦੀ
ਵਾਰ? ਸਵੇਰੇ 4. 30 ਵਜੇ ਗੁਰੂ ਨੂੰ ਪਾਲਕੀ ਵਿੱਚ ਲਿਆਂਦਾ ਜਾਂਦਾ ਹੈ ਜਾਂ ਚੰਡੀ ਨੂੰ? ਜੇ ਚੰਡੀ
ਦਾ ਮਹਾਤਮ ਹੈ ਤਾਂ ਗੁਰੂ ਗਰੰਥ ਸਾਹਿਬ ਦੀ ਪੂਜਾ ਕਿਓਂ? ਬੇਅਦਬੀਆਂ ਦਾ ਰੌਲਾ ਕਿਓਂ? ਅਨੰਦ ਕਾਰਜ
ਗੁਰੂ ਦੇ ਹੀ ਸਨਮੁੱਖ ਕਿਓਂ? ਸਿਰਫ ਇੱਕ ਵਾਰ ਪਾਠ ਕਰਨ ਨਾਲ ਕਿੰਨਾਂ ਫਲ ਮਿਲਦਾ ਹੈ? ਜੇ ਇੱਕ ਵਾਰ
ਪਾਠ ਕਰਨ ਦਾ ਮਹਾਤਮ ਹੈ ਤਾਂ ਬੰਦ ਕਰਾਓ, ਸੁਖਮਨੀ, ਜਪੁਜੀ ਦੇ ਚੌਪਈ ਦੇ ਚਾਲੀ ਪਾਠ। ਡੇਰੇਦਾਰ ਲੱਖ
ਦਰਜੇ ਚੰਗੇ ਜੋ ਤੁਹਾਡੀਆਂ ਗੱਲਾਂ ਵਿੱਚ ਨਹੀਂ ਆਉਂਦੇ, ਤੇ ਆਪਣੇ ਗੁਪਤ ਨਾਮ ਨਾਲ ਡੇਰੇ ਚਲਾਈ ਜਾ
ਰਹੇ ਹਨ।
6. ਜਿਸ ਕੰਮ ਨੂੰ ਹੱਥ ਪਾਉਣ, ਉਹ ਸਿਰੇ ਨਹੀਂ ਚੜ੍ਹਦਾ, ਉਹ ਇਹ {?} ਜ਼ਰੂਰ
ਸੁਣਨ।
{ਪਿੰਦਰਪਾਲ}
ਇਹ ਸਲਾਹ ਬੰਦੀ ਸਿੱਖਾਂ ਦੀ
ਰਿਹਾਈ ਲਈ ਕਿਓਂ ਨਹੀਂ ਦਿੱਤੀ ਜਾਂਦੀ, ਕਿ ਜੇ ਬੰਦੀ ਸਿੱਖ ਛੁਡਾਉਣੇ ਹਨ ਤਾਂ ਤੁਸੀਂ ਆਹ ਕੰਮ ਕਰੋ।
84 ਦਾ ਇਨਸਾਫ ਨਹੀਂ ਮਿਲਿਆ। 328 ਸਰੂਪਾਂ ਦਾ ਪਤਾ ਲਾਉਣ ਦਾ ਕੰਮ ਸਿਰੇ ਨਹੀਂ ਚੜ੍ਹ ਰਿਹਾ, ਉਸ ਲਈ
ਕੌਮ ਕੀ ਕਰੇ? ਜੇ ਚੰਡੀ ਦੀ ਵਾਰ ਦਾ ਮਹਾਤਮ ਬਹੁਤ ਹੈ, ਤਾਂ ਫਿਰ ਗੁਰੂ ਗਰੰਥ ਸਾਹਿਬ ਦੀ ਕੀ
ਅਹਿਮੀਅਤ ਰਹਿ ਜਾਂਦੀ ਹੈ? ਸੂਝਵਾਨੋਂ ਦੱਸਿਓ ਜ਼ਰਾ?
7. ਜਿਸ ਬੰਦੇ ਨੇ ‘ਮੈਂ’ ਮਾਰਨੀ ਹੈ ਉਹ ਤਿੰਨ ਗੱਲਾਂ ਯਾਦ ਰੱਖੇ।
{ਪਿੰਦਰਪਾਲ}
ਜਿੰਨੀ ਮਰਜ਼ੀ
ਕੋਈ ਬਾਣੀ ਪੜ੍ਹੇ ਜਾਂ ਨਾਂ, ‘ਮੈਂ’ ਨਹੀਂ ਮਰ ਸਕਦੀ। ਬਹੁਤੇ ਪੈਸੇ ਵਾਲੇ, ਗਿਆਨਵਾਨ, ਚੰਗੀ ਸਿਹਤ
ਵਾਲੇ ਜੋ ਦੋ ਘਸੁੰਨਾਂ ਨਾਲ ਚਿੱਤ ਕਰ ਦੇਣ, ਇਹਨਾਂ ਦੀ ‘ਮੈਂ’ ਨਹੀਂ ਮਰਦੀ। {ਪਿੰਦਰਪਾਲ ਨੇ ਖੁੱਦ
ਮੰਜੀ ਸਾਹਿਬ ਤੋਂ ਸਿੱਧੇ ਪਰਸਾਰਨ ਵਿੱਚ ਕਿਹਾ ਸੀ, ਮੇਰਾ ਕੋਈ ਗਲ ਵੱਢ ਦਵੇ, ਮੈਂ ਚੌਪਈ ਪੜ੍ਹਨੀ
ਨਹੀਂ ਛੱਡਣੀ। ਇਹ ‘ਮੈਂ’ ਨਹੀਂ ਤਾਂ ਹੋਰ ਕੀ ਹੈ?} ਉਹ ਲੋਕ ਜਿੰਨਾਂ ਪਿੱਛੇ ਚੰਗੇ ਰਾਜਨੀਤਕ ਲੀਡਰ
ਹੋਣ, ਪੁਲਿਸ ਵਾਲੇ ਹੋਣ, ਉਹਨਾਂ ਅੰਦਰ ਹੀ ਜ਼ਿਆਦਾ ‘ਮੈਂ’ ਹੁੰਦੀ ਹੈ। ਕੁੱਲ ਮਿਲਾ ਕੇ ਜਿਹੜਾ ਬੰਦਾ
ਹਰ ਪੱਖੋਂ ਸਮਰੱਥ ਹੈ ਉਸ ਦੀ ‘ਮੈਂ’ ਮਰ ਹੀ ਨਹੀਂ ਸਕਦੀ। ਇਹ ਬੇਤੁਕੀਆਂ ਗੱਲਾਂ ਲੋਕਾਂ ਨੂੰ
ਭਰਮਾਉਣ ਵਾਸਤੇ ਨਹੀਂ ਹਨ?
7. ਦਸਮ ਗਰੰਥ ਵਿੱਚ ਕਾਮ ਦੀ ਗੱਲ ਕਿਓਂ ਹੈ?
{ਮਸਕੀਨ}
ਗੁਰਬਾਣੀ ਦਾ ਫੁਰਮਾਨ-ਬੁਰੇ ਕਾਮ ਕਉ
ਊਠਿ ਖਲੋਇਆ.॥ 738॥ ਫਿਰ ਆਠ ਪਹਰ ਗੁਨ ਗਾਵਤ ਪ੍ਰਭ ਕੇ ਕਾਮ ਕ੍ਰੋਧ ਤਨ ਤੇ ਜਾਤ॥ 820॥ ਰੋਜ
ਪੜ੍ਹਿਆ ਜਾਣ ਵਾਲਾ ਦੋਹਰਾ ਗੁਰੂ ਮਾਨਿਓਂ ਗਰੰਥ ਕਾਹਦੇ ਲਈ ਜੇ ਦਸਮ ਗਰੰਥ ਹੀ ਪੜ੍ਹਨਾਂ ਹੈ ਤਾਂ?
8. ਜਿੰਨ੍ਹਾਂ ਦੀ ਅੱਖ 3 ਤੋਂ 4 ਵਜੇ ਖੁੱਲ੍ਹ ਜਾਵੇ, ਉਹ ਇਹ ਸ਼ਬਦ {?} ਬੋਲ
ਦੇਣ, ਵੇਖਣਾਂ ਚਮਤਕਾਰ ਹੋਵੇਗਾ।
ਹਰ ਇਨਸਾਨ ਦੀ ਅੱਖ ਇੱਕ ਵਾਰੀ ਖੁੱਲ੍ਹ
ਹੀ ਜਾਂਦੀ ਹੈ, ਖਾਸ ਕਰਕੇ ਜਦੋਂ ਪੇਸ਼ਾਬ ਆਉਂਦਾ ਹੈ। ਬਜ਼ੁਰਗਾਂ ਨੂੰ ਵੈਸੇ ਨੀਂਦ ਨਹੀਂ ਆਉਂਦੀ। ਉਹ
ਜਾਗਦੇ ਰਹਿੰਦੇ ਹਨ। ਨੌਜਵਾਨਾਂ ਦੀ ਵੀ ਅੱਖ ਖੁੱਲਦੀ ਹੈ, ਪਰ ਉਹਨਾਂ ਨੂੰ ਭਗਤੀ ਨਾਲ ਕੋਈ ਮਤਲਬ
ਨਹੀਂ। ਜਿਸ ਕੰਮ ਕਰਨ ਨਾਲ ਥਕੇਵਾਂ ਆਵੇ ਉਸਦੀ ਨੀਂਦ ਨਹੀਂ ਖੁੱਲ੍ਹਦੀ। ਹੱਡ ਭੰਨਵੀਂ ਮੇਹਨਤ ਕਰਨ
ਵਾਲਿਆਂ ਨੂੰ ਪੁੱਛੋ ਜਾਂ ਖੁੱਦ ਹੱਡ ਭੰਨਵੀਂ ਮੇਹਨਤ ਕਰ ਕੇ ਵੇਖੋ। ਫਿਰ ਪਤਾ ਲੱਗੂ ਕਿ ਕਿਵੇਂ
ਨੀਂਦ ਆਉਂਦੀ ਹੈ?
9. ਭਗੌਤੀ ਦੀ ਮਾਲਾ ਜਪਣ ਵਾਲੇ ਨਾਲ ਹੋਇਆ ਇਹ ਕਰਿਸ਼ਮਾਂ {ਨੰਗਲੀ ਵਾਲਾ}
ਕੌਮ ਵਿੱਚ ਪਹਿਲਾਂ ਹੀ ਰੌਲਾ
ਹੈ, ਇਹ ਦੇਵੀ ਹੈ, ਪਰਮਾਤਮਾਂ ਨਹੀਂ। ਰਹਿਤਨਾਮੇ ਕਹਿੰਦੇ ਹਨ, ਸ਼ਸਤਰ ਕੇ ਅਧੀਨ ਹੈ ਰਾਜ। ਕੀ ਭਗੌਤੀ
ਦੇ ਅਧੀਨ ਰਾਜ ਹੈ, ਪੜ੍ਹਿਆ ਹੈ ਕਦੀ? ਇੱਕ ਭਗੌਤੀ ਦੀ ਗੱਲ ਕਰਦਾ ਹੈ, ਦੂਜਾ ਚੌਪਈ ਦੀ, ਤੀਜਾ ਚੰਡੀ
ਦੀ। {ਕਲਗੀਧਰ ਜੀਓ, ਤੁਸੀਂ ਕਿਹਾ ਸੀ-ਦੇਖਣ ਆਇਓ ਜਗਤ ਤਮਾਸ਼ਾ’। ਹੁਣ ਆ ਕੇ ਅਸਲੀ ਤਮਾਸ਼ਾ ਵੇਖੋ}
10. ਜੇ ਦੁੱਖ ਆਵੇ ਤਾਂ ਗੁਰੂ ਰਾਮਦਾਸ ਜੀ ਦੀ ਇਹ ਗੱਲ ਪੱਲੇ ਬੰਨ ਲਓ, ਫਿਰ
ਵੇਖਿਓ ਗੁਰੂ ਰਾਮਦਾਸ ਜੀ ਥੋਡੇ
ਕੰਮ ਸੰਵਾਰਨਗੇ। {ਭਾਈ ਢਪਾਲੀ}
ਬਾਕੀ ਦੇ ਗੁਰੂ ਸਾਹਿਬਾਨ ਤੇ ਭਗਤਾਂ
ਦੀ ਕੋਈ ਵੀ ਕੋਈ ਗੱਲ ਪੱਲੇ ਬੰਨ੍ਹਣ ਵਾਲੀ
ਨਹੀਂ? ਜਿਸ ਗੁਰੂ ਦੇ ਅੱਗੇ ਲੋਕ ਰੋਜ ਮੱਥੇ ਟੇਕਦੇ ਹਨ ਤੇ ਅਰਦਾਸਾਂ ਕਰਦੇ
ਹਨ, ਤਾਂ ਤੇ ਉਹ ਗੁਰੂ ਕਿਵੇਂ ਹੋਇਆ? ਫਿਰ ਗੁਰੂ ਗਰੰਥ ਸਾਹਿਬ ਜਾਗਦੀ ਜੋਤ ਕਿਵੇਂ ਹੋਈ? ਜਦੋਂ
ਗੁਰੂ ਸਾਹਿਬ ਦਾ ਸਰੂਪ ਲਿਆਂਦਾ ਜਾਂਦਾ ਹੈ ਤਾਂ ਫੁੱਲਾਂ ਦੀ ਵਰਖਾ ਕਿਓਂ?
11. ਲਓ ਹੋਰ ਸੁਣੋ। ਜੇ ਪਾਠ ਕਰਦਿਆਂ ਉਬਾਸੀਆਂ ਜਾਂ ਅੱਥਰੂ ਆਉਂਦੇ ਹਨ ਤਾਂ
ਰੱਬ ਦਿੰਦਾ ਹੈ ਮਹੱਤਵ ਪੂਰਨ ਸੰਕੇਤ।
ਪਾਠ ਕਰਨ ਨਾਲ ਅੱਥਰੂ ਨਹੀਂ ਆਉਂਦੇ,
ਉਬਾਸੀਆਂ ਕਿਸੇ ਵੇਲੇ ਆਉਂਦੀਆਂ ਹਨ, ਹਮੇਸ਼ਾਂ ਨਹੀਂ। ਜ਼ਿਆਦਾ ਨੀਂਦ ਆਉਂਦੀ ਹੈ। {ਜਿਹੜੇ ਕਹਿੰਦੇ ਹਨ
ਸਾਨੂੰ ਨੀਂਦ ਨਹੀਂ ਆਉਂਦੀ, ਸਾਰੀ ਰਾਤ ਜਾਗਦੇ ਰਹਿੰਦੇ ਹਾਂ, ਉਹ ਇਹ ਕੰਮ ਜ਼ਰੂਰ ਕਰਨ} ਇੱਕ ਕਹਿੰਦਾ
ਹੈ ਮੱਥਾ ਟੇਕਣ ਵੇਲੇ ਜੇ ਸੰਕੇਤ {ਪਤਾ ਨਹੀਂ ਕਿਹੜਾ?} ਮਿਲਦਾ ਹੈ ਤਾਂ ਸਮਝ ਜਾਵੋ? ਹੱਦ ਹੋ ਗਈ।
ਅਜਿਹਾ ਕੁੱਝ ਨਹੀਂ ਹੁੰਦਾ। ਜਿਹਨਾਂ ਨੂੰ ਸੰਕੇਤ ਮਿਲੇ ਹੋਣ, ਦੱਸਣ ਦੀ ਖੇਚਲ ਕਰੇ।
12. ਜਪੁਜੀ ਸਾਹਿਬ ਦੀ ਇਸ ਪਉੜੀ ਦੀ ਕਥਾ ਜਿਸ ਨੇ ਸੁਣ ਲਈ, ਉਸਦੀ ਜ਼ਿੰਦਗੀ
ਵਿੱਚ ਵੱਡਾ ਬਦਲਾਅ ਆ ਜਾਵੇਗਾ। {ਕੁਲਵੰਤ ਸਿੰਘ }
ਜਿਹੜੇ ਕਹਿੰਦੇ ਹਨ ਕਿ 40 ਪਾਠ ਕਰ ਲਓ ਤੇ ਲੋਕ ਕਰੀ ਜਾਂਦੇ ਹਨ। ਜੇ ਉਹਨਾਂ ਦੀ ਜ਼ਿੰਦਗੀ ਵਿੱਚ
ਪੂਰਾ ਪਾਠ ਪੜ੍ਹਨ ਦੇ ਬਾਵਯੂਦ ਕੋਈ ਬਦਲਾਅ ਨਹੀਂ ਆਇਆ ਤਾਂ ਇੱਕ ਪਉੜੀ ਨਾਲ ਕੀ ਬਦਲਾਅ ਆਵੇਗਾ? ਫਿਰ
ਸਵੇਰ ਵੇਲੇ ਟੀ. ਵੀ. `ਤੇ ਚੱਲਦੀ ‘ਆਸਾ ਕੀ ਵਾਰ’ {ਯੂ ਟਿਊਬ, ਸੀ. ਡੀਜ਼, `ਤੇ ਹੁਣ ‘ਆਸਾ ਦੀ ਵਾਰ’
ਲਿਖਿਆ ਮਿਲਦਾ ਹੈ} ਤੇ ਹੁਕਮਨਾਮੇਂ ਦੀ ਕਥਾ ਬੰਦ ਕਰਵਾ ਦਿਓ। ਇਹ ਕਿਸ ਨੇ ਕਿਹਾ ਹੈ ਕਿ–ਗੁਰ
ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥ 305॥ ਰਹਿਤਨਾਮੇ ਕਹਿੰਦੇ ਹਨ ਕਿ
ਰਾਤ ਨੂੰ ਰਹਿਰਾਸ, ਸਵੇਰੇ ਜਪੁਜੀ ਤੇ ਫਿਰ ਜਾਪ॥ ਆਹ ਸਸਤੇ ਵਿੱਚ ਕੰਮ ਕਰ ਦਿੱਤਾ। ਕੁੱਝ ਵੀ ਪੜ੍ਹਨ
ਦੀ ਲੋੜ ਨਹੀਂ। ਲੋਕੀਂ ਕੀ ਚਾਹੁੰਦੇ ਹਨ? ਇਹੋ ਕਿ ਕੌਣ ਬਾਣੀਆਂ ਪੜ੍ਹਦਾ ਫਿਰੇ? ਫਿਰ ਡੇਰੇਦਾਰਾਂ
ਦੇ ਜਾਣ ਵਿੱਚ ਕੀ ਹਰਜ਼ ਹੈ? ਉਹਨਾਂ ਕੌਮ ਦੀ ਫੱਟੀ ਪੋਚੀ ਤੁਸੀਂ ਵੀ ਇਸੇ ਰਾਹ ਤੁਰ ਪਏ। ਅਸਲੀ
‘ਗੁਰਭਾਈ’ ਕੀ ਇਹ ਤਾਂ ਨਹੀਂ?
13. ਘਰ ਵਿੱਚ ਜੋਤ ਜਗਾਉਣ ਦਾ ਫਾਇਦਾ। ਜੋਤ ਲਗਾਉਣ ਸਮੇਂ ਕਰੋ ਇਹ ਪਾਠ, ਘਰ
ਵਿੱਚ ਲੱਗ ਜਾਊ ਗੁਰੂ ਦਾ ਪੈਹਿਰਾ।
{ਕੁਲਵੰਤ ਸਿੰਘ}
ਪਰਚਾਰਕ ਰਹਿਤ ਮਰਿਆਦਾ ਨਹੀਂ ਪੜ੍ਹਦੇ।
ਪੜ੍ਹ ਕੇ ਵੇਖਣ ਕਿ ਰਹਿਤ ਮਰਿਆਦਾ ਵਿੱਚ ਜੋਤ ਬਾਰੇ ਕੀ ਲਿਖਿਆ ਹੈ? ਕੀ ਪਹਿਰੇ ਦਾ ਜ਼ਿਕਰ ਰਹਿਤ
ਮਰਿਆਦਾ ਵਿੱਚ ਆਉਂਦਾ ਹੈ? ਕੀ ਗੁਰੂ, ਸਿੱਖਾਂ ਦੇ ਘਰ ਦਾ ਚੌਕੀਦਾਰ ਹੈ ਜੋ ਪਹਿਰਾ ਦਵੇਗਾ? ਸਿੱਖਾਂ
ਨੇ ਗੁਰੂ ਦਾ ਕੀ ਸੰਵਾਰਿਆਂ ਜੋ ਤੁਸੀਂ ਪਹਿਰਾ ਦੇਣ ਲਈ ਗੁਰੂ ਨੂੰ ਰੱਖ ਲਿਆ? ।
14. ਅੰਮ੍ਰਿਤ ਵੇਲੇ 3-4 ਵਜੇ, ਜੋਤ ਜਗਾ ਕੇ ਪਾਠ ਕਰਨ ਨਾਲ ਕੀ ਹੁੰਦਾ ਹੈ?
ਇਹ ਸੱਚੀ ਘਟਨਾਂ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ?
{ਬੀਬੀ ਗਗਨਦੀਪ}
ਸਵਾਲ ਪੈਦਾ ਹੁੰਦਾ ਹੈ, ਪਹਿਲਾਂ ਉਹ
ਇਸ਼ਨਾਨ ਕਰੇ ਜਾਂ ਉਠਦਿਆਂ ਹੀ ਜੋਤ ਜਗਾ ਕੇ ਪਾਠ ਕਰਨ ਲੱਗ ਜਾਵੇ? “ਕਰਿ ਇਸਨਾਨੁ ਸਿਮਰਿ ਪ੍ਰਭੁ
ਅਪਨਾ …॥ 611॥} “
15. ਬੱਚਿਆਂ ਦੀ ਕਾਮਯਾਬੀ ਲਈ ਮਾਤਾ ਜ਼ਰੂਰ ਕਰਨ ਇਹ ਕੰਮ, ਬਦਲ ਜਾਵੇਗੀ
ਬੱਚਿਆਂ ਦੀ ਕਿਸਮਤ। {ਲੁਧਿਆਣੇ ਦੇ ਕੋਈ ਭਾਈ ਜੀ ਹਨ}
ਬਥੇਰੇ ਬੱਚੇ ਬੇਰੁਜ਼ਗਾਰ ਅਵਾਰਾ ਫਿਰ
ਰਹੇ ਹਨ, ਕੋਈ ਕਿਤੇ ਵੀ ਨੌਕਰੀ ਨਹੀਂ। ਬਦਲੋ ਕਿਸਮਤ ਇਹਨਾਂ ਦੀ।
16. ਘਰ ਵਿੱਚ ਇੱਕ ਮੈਂਬਰ ਸੌਣ ਤੋਂ ਪਹਿਲਾਂ ਇਸ ਪੰਗਤੀ {?} ਦਾ ਪਾਠ ਕਰੋ।
ਫਿਰ ਵੇਖਣਾਂ ਚਮਤਕਾਰ।
{ਸਰਬਜੀਤ ਲੁਧਿਆਣੇ ਵਾਲੇ}
ਰਹਿਤ ਮਰਿਆਦਾ ਮੁਤਾਬਕ ਕੀਰਤਨ ਸੋਹਿਲਾ
ਕਰਨਾਂ ਹੈ। ਇਹ ਕਿਹੜੀ ਪੰਗਤੀ ਹੈ ਜਿਸ ਨਾਲ ਚਮਤਕਾਰ ਹੋਵੇਗਾ ਤੇ ਕਿਹੋ ਜਿਹਾ? ਇਹ ਭਾਈ ਜੀ ਕਿਹੜੀ
ਪੰਗਤੀ ਦਾ ਪਾਠ ਕਰਦੇ ਹਨ ਜਿਸ ਕਰਕੇ ਸਾਰੇ ਇਤਿਹਾਸਕ ਅਸਥਾਨਾਂ ਤੋਂ ਕਥਾ ਕਰਨ ਦੇ ਆਰਡਰ ਮਿਲਦੇ ਹਨ?
17. ਘਰ ਦਾ ਇੱਕ ਮੈਂਬਰ ਵੀ ਜੇ ਦੁਪਹਿਰ ਵੇਲੇ ਇਹ ਪਾਠ {?} ਕਰੇ ਤਾਂ 21
ਦਿਨਾਂ ਵਿੱਚ ਵਾਰੇ ਨਿਆਰੇ ਹੋ ਜਾਣਗੇ। ਔਰਤਾਂ ਜਾਪ ਜ਼ਰੂਰ ਕਰਨ। {ਇੱਕ ਬੀਬੀ}
ਲਓ ਹੋਰ ਸੁਣੋ- ਇਹ ਸਵੇਰ ਤੋਂ ਦੁਪਹਿਰ
ਤੱਕ ਆ ਗਈ, ਅੰਮ੍ਰਿਤ ਵੇਲਾ ਕਿੱਥੇ ਗਿਆ ਤੇ ਉਸਦੀ ਮਹਾਨਤਾ ਵੀ? ਸਿੱਖ 11, 21, 31, 51, 13, 40
ਦਿਨਾਂ ਦਾ ਵੈਸੇ ਹੀ ਖਹਿੜਾ ਨਹੀਂ ਛੱਡ ਰਹੇ, ਦੂਜਾ ਕੌਮ ਵਿੱਚ ਘੁੰਮ ਰਹੇ ਹਨ-11, 21 … ਰੁਪੈ ਸਗਨ
ਵਜੋਂ, ਤੇ ਪਾਠ ਜਾਂ ਸਗਨਾਂ ਲਈ ਸ਼ੁੱਭ ਮੰਨੇ ਜਾਂਦੇ ਹਨ। 10, 13, 40 ਦਿਨ ਸ਼ੁੱਭ ਨਹੀਂ ਮੰਨੇ
ਜਾਂਦੇ।
18. ਜਿਹਨਾਂ ਦਾ ਸਰੀਰ ਥੱਕਿਆ ਥੱਕਿਆ ਰਹਿੰਦਾ ਤਾਂ ਰਾਤ ਸੌਣ ਵੇਲੇ ਇਹ ਪਾਠ
{ਫੋਟੋ ਵਿੱਚ ਨਾਲ ਜਗਦਾ ਦੀਵਾ ਪਿਆ ਹੈ}
ਫਿਰ ਵੇਖਣਾਂ ਘੋੜੇ ਵਾਂਙ ਭੱਜੇ
ਫਿਰੋਗੇ। ਪਾਠ ਕਰ ਲਓ, ਵੱਧ ਰਹੀ ਮਹਿੰਗਾਈ ਨੇ ਲੋਕਾਂ ਨੂੰ ਰੋਟੀ ਨਹੀਂ ਖਾਣ ਦੇਣੀ। ਘਰਾਂ ਵਿੱਚ
ਇੱਕ ਦੀਵਾ ਨਹੀਂ ਪੂਰੇ ਘਰ ਵਿੱਚ ਦੀਵੇ ਜਗਾ ਕੇ ਕਰੀ ਜਾਓ ਪਾਠ।
19. ਤੁਹਾਡੇ ਸਾਰੇ ਰੋਗਾਂ ਦਾ ਇਲਾਜ ਹੈ-ਗੁਰੂ ਰਾਮਦਾਸ ਜੀ ਦੇ ਇਸ ਮੰਤਰ
ਵਿੱਚ, ਜੇ ਤੁਸੀਂ ਰੋਜ਼ ਕਰੋ। {ਮਸਕੀਨ ਪੰਥ ਰਤਨ}
ਬਾਕੀ ਗੁਰੂਆਂ ਨੇ ਬਾਣੀ ਰਚੀ ਜਾਂ
ਮੰਤਰ? ਜਾਂ ਫਿਰ ਕੀ ਕਰਦੇ ਰਹੇ?
20. ਜਪੁਜੀ ਸਾਹਿਬ ਦਾ ਪਾਠ ਇਸ ਗੁਪਤ ਤਰੀਕੇ ਨਾਲ ਕਰੋ ਫਿਰ ਵੇਖਿਓ ਕਿਵੇਂ
ਕਿਰਪਾ ਹੁੰਦੀ ਹੈ? ਜੇ ਨਾਂ ਹੋਈ ਤਾਂ ਆ ਕੇ ਮੈਨੂੰ ਫੜ੍ਹ ਲਿਓ।
ਡੇਰੇਦਾਰਾਂ ਦਾ ਨਾਮ ਗੁਪਤ, ਸਿੱਖਾਂ
ਦਾ ਜਪੁਜੀ ਵੀ ਗੁਪਤ। ਪਾਠ ਕਰੋ ਜੋ ਖੁੱਦ ਨੂੰ ਵੀ ਸੁਣੇ। ਕੋਈ ਵੀ ਸਵਾਲ ਕਰ ਸਕਦਾ ਹੈ ਕਿ ਖੁੱਦ
ਨੂੰ ਕਿੱਦਾਂ ਸੁਣੇ। ਕਿਓਂ? ਇਹ ਨਹੀਂ ਤੁਸੀਂ ਕਰ ਸਕਦੇ?
20. ਸਰਬ ਸੁੱਖਾਂ ਦੀ ਕੁੰਜੀ, ਸੁਖਮਨੀ ਸਾਹਿਬ ਸੰਪਟ ਪਾਠ ਇੱਕ ਘੰਟੇ ਵਿੱਚ।
ਆਹ ਨਵੇਂ ਆ ਗਏ। ਦੱਸੋ? ਜਪੁ
ਜੀ ਦਾ, ਸਵੇਰੇ 3-4 ਵਜੇ ਜੋਤਾਂ ਜਗਾਵੇ ਜਾਂ ਚੰਡੀ ਦਾ ਪਾਠ ਕਰੇ? ਸੰਪਟ
ਪਾਠ ਕਿੱਥੋਂ ਆਏ? ਕੀ ਗੁਰੂ ਸਾਹਿਬਾਨਾਂ ਨੇ ਸੰਪਟ ਵਰਤੇ ਜਾਂ ਸੰਪਾਦਨਾਂ ਸਮੇਂ ਗੁਰੂ ਅਰਜਨ ਸਾਹਿਬ
ਸੰਪਟ ਲਾਉਣੇ ਭੁੱਲ ਗਏ?
21. ਸਵੇਰੇ ਉੱਠ ਕੇ ਇਸ਼ਨਾਨ ਕਰਨ ਤੋਂ ਪਹਿਲਾਂ ਤੁਸੀਂ ਹਮੇਸ਼ਾਂ 40 ਦਿਨ ਆਹ
ਕੰਮ ਕਰੋ। ਫਿਰ ਵੇਖਿਓ ਗੁਰੂ ਗਰੰਥ ਸਾਹਿਬ ਦੀ ਕਿਰਪਾ ਹੁੰਦੀ ਹੈ। ਜੇ ਨਾਂ ਹੋਈ ਤਾਂ 21ਵੇਂ ਦਿਨ
ਮੈਨੂੰ ਫੜ੍ਹ ਲਿਓ। {ਠਾਕਰ ਸਿੰਘ} ਲਓ ਹੋਰ ਸੁਣੋ। ਪਾਠ 40 ਦਿਨ ਪੜ੍ਹੋ। ਇਹਨਾਂ ਨੇ 21 ਦਿਨਾਂ
ਵਿੱਚ ਕੰਮ ਨਬੇੜ ਦਿੱਤਾ?
22. ਰਾਤ ਵੇਲੇ ਸੁਖਮਨੀ ਸਾਹਿਬ ਦੀ ਇਸ {?} ਅਸ਼ਟਪਦੀ ਦਾ 11 ਵਾਰ ਜਾਪ
ਕਰਨਾਂ ਹੈ। ਇਸ ਨਾਲ ਤੁਹਾਡੇ ਪੁੱਠੇ ਲੇਖ ਸਿੱਧੇ ਹੋ ਜਾਣਗੇ ਤੇ ਤੁਸੀਂ ਲੱਖਾਂ ਕਰੋੜਾਂ ਵਿੱਚ
ਖੇਡੋਗੇ। {ਠਾਕਰ ਸਿੰਹੁ}
ਦੇਹਧਾਰੀਆਂ ਵੱਲ ਇਸੇ ਕਰਕੇ ਲੋਕ ਜਾਂਦੇ ਹਨ। ਜੋ ਲੋਕ ਉਹਨਾਂ ਵੱਲ ਜਾਂਦੇ ਹਨ ਉਹ ਕਰੋੜਪਤੀ ਬਣਨ ਲਈ
ਹੀ ਜਾਂਦੇ ਹਨ। ਉਹ ਆਪਣੇ ਨਾਮ ਨਾਲ ਲੋਕਾਂ ਨੂੰ ਕਰੋੜਾਂਪਤੀ ਬਣਾਈ ਜਾਂਦੇ ਹਨ ਤੇ ਕੰਮ ਧੰਦੇ ਚੱਲੀ
ਜਾਂਦੇ ਹਨ। ਉਹ ਕਿਓਂ ਕਿਸ ਬਾਣੀ ਦਾ ਦਿਨਾਂ ਦੇ ਹਿਸਾਬ ਨਾਲ ਪਾਠ ਕਰਨਗੇ? ਨਾਂ ਰਾਤ, ਨਾਂ ਦੁਪਹਿਰ,
ਨਾਂ 11, 21 ਦਿਨ ਜਾਂ 40 ਦਿਨ।
23. ਸ਼ਹੀਦ ਸਿੰਘਾਂ ਦਾ ਪਹਿਰਾ ਕਿਹੜੇ ਮਨੁੱਖਾਂ ਨਾਲ ਹੁੰਦਾ ਹੈ?
{ਗੁਰਇਕਬਾਲ} ਸਾਰੀਆਂ
ਸਮੱਸਿਆਵਾਂ ਦਾ ਇੱਕੋ ਇੱਕ ਹੱਲ! ਬਾਣੀ ਪੜ੍ਹਨੀ ਛੱਡੋ। ਗੁਰੂ ਪਹਿਰਾ ਦੇ ਰਿਹਾ ਹੈ, ਲੰਮੀਆਂ ਤਾਣ
ਕੇ ਸੌਂ ਜਾਓ।
24. ਪਾਣੀ ਪੀਣ ਤੋਂ ਪਹਿਲਾਂ ਕਿਹੜਾ ਸ਼ਬਦ ਪੜ੍ਹਨਾਂ ਚਾਹੀਦਾ ਹੈ? ਆਹ ਤਾਂ
ਨਵੀਂ ਖੋਜ ਹੈ। ਕਿਸੇ ਨੇ ਪਹਿਲੀ ਵਾਰ ਦੱਸਿਆ, ਰੋਟੀ ਖਾਣ ਵੇਲੇ ਕਿਹੜਾ ਸ਼ਬਦ ਪੜ੍ਹਨਾਂ ਚਾਹੀਦਾ ਹੈ,
ਇਹ ਦੋਵੇਂ ਗੱਲਾਂ ਤਾਂ ਕਦੀ ਕਿਸੇ ਨੇ ਦੱਸੀਆਂ ਨਹੀਂ?
25. ਸ੍ਰੀ ਚੰਦ ਬਾਰੇ ਇਹ ਸੁਣ ਕੇ ਰੌਂਗਟੇ ਖੜ੍ਹੇ ਹੋ ਜਾਣਗੇ…।
ਅੱਜ ਤੱਕ ਕਿਸੇ ਨੇ ਦੱਸਿਆ ਨਹੀਂ।
ਕਿਹੜਾ ਗੁਰੂ ਜੋ ਆਪਣੀ ਔਲਾਦ ਨੂੰ ਨਾਲ ਲੈ ਕੇ ਚੱਲਿਆ ਸੀ?
26. ਸਿੱਖਾਂ ਨੂੰ ਮਾਸ ਖਾਣਾਂ ਚਾਹੀਦਾ ਹੈ ਜਾਂ ਨਹੀਂ? ਦੱਸੋ ਆਹ ਕੀ ਗੱਲ
ਹੋਈ? ਖਾਣਾਂ ਚਾਹੀਦਾ ਹੈ ਜਾਂ ਨਹੀਂ? ਪਾਠੀ/ਗਰੰਥੀ ਸਿੰਘ ਗੁਰਦਵਾਰਿਆਂ ਵਿੱਚ ਕੀ ਕਰ ਰਹੇ ਹਨ, ਉਹ
ਨਜ਼ਰ ਕਿਓਂ ਨਹੀਂ ਆਉਂਦਾ? ਕੁੱਝ ਵਿਸ਼ੇ ਅਜਿਹੇ ਹਨ ਜੋ ਕਿਤੇ ਕੈਂਪ ਲੱਗੇ ਹੋਣ, ਵਿਦਿਆਰਥੀ ਕਈ
ਸਵਾਲਾਂ ਦੇ ਜਵਾਬ ਪਰਚਾਰਕਾਂ ਕੋਲੋਂ ਮੰਗਣ ਜੋ ਉਹਨਾਂ ਨੂੰ ਕਿਤਿਓਂ ਨਹੀਂ ਮਿਲਦੇ, ਉਸ ਸਮੇਂ ਅਜਿਹੇ
ਸਵਾਲਾਂ ਦੇ ਜਵਾਬ ਦਿੱਤੇ ਜਾਣੇ ਚਾਹੀਦੇ ਹਨ। ਬਿਨਾਂ ਮਤਲਬ ਅਜਿਹੀਆਂ ਵੀਡੀਓ ਬਣਾਉਣ ਦਾ ਕੋਈ ਮਤਲਬ
ਨਹੀਂ ਹੈ। ਜੇ ਹੈ ਤਾਂ ਉਹ ਹੈ ਕਿ ਇਹਨਾਂ ਨੂੰ ਪੈਸੇ ਮਿਲਦੇ ਹਨ।
27. ਕੌਣ ਕਹਿੰਦਾ ਕਬਰਾਂ ਨੂੰ ਨਹੀਂ ਪੂਜਣਾਂ ਚਾਹੀਦਾ? ਗਿਆਨੀ ਜਗਤਾਰ ਸਿੰਘ
{ਰੀਟਾਇਰਡ ਹੈੱਡ ਗਰੰਥੀ}
ਤੁਸੀਂ ਖੁੱਦ ਸੋਚੋ ਕਿ ਇਹ ਗੱਲ ਕਹਿਣ ਦੀ ਕੀ ਲੋੜ ਹੈ? ਲੋਕ ਵੈਸੇ ਹੀ
ਕਬਰਾਂ ਨੂੰ ਪੂਜੀ ਜਾ ਰਹੇ ਹਨ, ਬਿਨਾਂ ਕਿਸੇ ਦੇ ਕਹਿਣ `ਤੇ। ਪਰਚਾਰਕ ਦਾ ਕੰਮ ਗੁਰਮਤਿ ਨਾਲ
ਜੋੜਨਾਂ ਹੈ ਕਬਰਾਂ ਦੀ ਪੂਜਾ ਕਰਨ ਲਈ ਨਹੀਂ।
28. ਜਦੋਂ ਜ਼ਿੰਦਗੀ ਦੇ ਸੱਭ ਰਸਤੇ ਬੰਦ ਹੁੰਦੇ ਦਿੱਸਣ ਤਾਂ ਵੀ ਇਹ ਦੋ ਕੰਮ
ਕਦੇ ਨਾਂ ਛੱਡੋ, ਦਿਨ ਬਦਲਦੇ ਦੇਰ ਨਹੀਂ ਲੱਗਦੀ। {ਭੂਪਿੰਦਰ ਸਿੰਘ} ਚੱਲਦੇ ਫਿਰਦੇ ਬੰਦੇ ਕੋਲੋਂ ਜੋ
ਕੰਮ ਹੋ ਸਕਦੇ ਹਨ ਕਰੀ ਜਾਂਦਾ ਹੈ। ਉਸ ਨੂੰ ਕਿਸੇ ਵੀ ਦੋ ਜਾਂ ਤਿੰਨ ਕੰਮ ਕਰਨ ਜਾਂ ਨਾਂ ਕਰਨ ਨਾਲ
ਕੋਈ ਫਰਕ ਨਹੀਂ ਪੈਂਦਾ। ਪਰ ਜਿਹਨਾਂ ਦੇ ਕੰਮ ਹੁੰਦੇ ਨਹੀਂ ਜ਼ਿੰਦਗੀ ਵਿੱਚ ਪ੍ਰੇਸ਼ਾਨ ਰਹਿੰਦੇ ਹਨ,
ਉਹ ਕੋਈ ਡੇਰਾ, ਗੁਰਦੁਵਾਰਾ, ਕਬਰ ਨਹੀਂ ਛੱਡਦੇ।
29. ਹੁਣ ਕੌਮ ਵਿੱਚ ਨਵੀਂ ਬੀਮਾਰੀ ਫੈਲ ਰਹੀ ਹੈ {ਗਿਆਨੀ ਜਸਵੰਤ ਸਿੰਘ
ਮੰਜੀ ਸਾਹਿਬ} - ਕੌਮ ਵਿੱਚ ਤਾਂ ਫੈਲ ਰਹੀ ਹੈ ਪਹਿਲਾਂ ਤਾਂ ਪਰਚਾਰਕਾਂ ਵਿੱਚ ਹੀ ਗਿਆਨੀ ਜੀ ਵੇਖੋ।
ਆਪਣੇ ਅੰਦਰ ਕਿਓਂ ਨਹੀਂ ਵੇਖਦੇ? ਕਥਾ ਕਰਦਿਆਂ ਹਰ ਫਿਕਰੇ ਨੂੰ ਲੰਮੀ ਹੇਕ ਨਾਲ ਖਤਮ ਕਰਨਾਂ, ਇਕੋ
ਸਟਾਈਲ ਦੀਆਂ ਪੱਗਾਂ ਬੰਨਣੀਆਂ, ਗੁਰਬਾਣੀ ਦੀਆਂ ਦੋ ਤੁਕਾਂ ਨੂੰ ਗਾ ਕੇ ਸੁਣਾਉਣਾਂ ਜੋ ਬੋਲ ਕੇ ਵੀ
ਦੱਸੀਆਂ ਜਾ ਸਕਦੀਆਂ ਹਨ। ਹਰ ਗੁਰੂ ਤੇ ਭਗਤ ਨੂੰ ‘ਬਾਬਾ’ ਕਹਿਣਾਂ। ਹੈ ਇਸ ਬੀਮਾਰੀ ਦਾ ਕੋਈ ਇਲਾਜ?
ਇਸ ਬੀਮਾਰੀ ਦਾ ਇਲਾਜ ਖੁੱਦ ਕਿਓਂ ਨਹੀਂ ਕਰਵਾਉਂਦੇ?
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਜਿਹੀਆਂ ਬੇਤੁੱਕੀਆਂ ਗੱਲਾਂ ਨਾਲੋਂ
‘ਨਿਰਮਲ ਬਾਬਾ’ ਲੱਖ ਦਰਜੇ ਚੰਗਾ ਨਹੀਂ ਹੈ? ਆਪਣਾਂ ਖਵਾ ਪਿਆ ਕੇ ਕੰਮ ਨਿਕਲ ਜਾਵੇ ਤਾਂ ਹੋਰ ਕੀ
ਚਾਹੀਦਾ ਹੈ? ਇਥੇ ਨਾਂ 21, 40 ਦਿਨਾਂ ਤੱਕ ਪਾਠ ਕਰਨ ਦੀ ਲੋੜ, ਨਾਂ ਬਾਣੀ ਪੜ੍ਹਨ ਦੀ, ਰਾਤ,
ਦੁਪਹਿਰ, ਸਵੇਰ, ਸੌਣ ਵੇਲੇ ਫਲਾਣੀ ਤੁੱਕ ਪੜ੍ਹਨ ਦਾ ਝੰਜਟ। ਕੰਮ ਇਹੋ ਜਿਹੇ ਦੱਸੋ ਕਿ ਕਿਸੇ
ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾਂ ਹੋਵੇ। ਇਹੋ ਜਿਹੇ ਪਰਚਾਰਕਾਂ `ਤੇ ਇਹ ਤੁੱਕ ਕਿੰਨੀ ਫਿੱਟ ਬੈਠਦੀ
ਕਿ ‘ਐਸੇ ਲੋਗਨ ਸਿਉ ਕਿਆ ਕਹੀਐ?’ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਏਡੇ ਵੱਡੇ ਗਰੰਥ ਨੂੰ ਕਿਵੇਂ
ਇਹਨਾਂ ਪਰਚਾਰਕਾਂ ਨੇ ਸਮੇਟ ਕੇ ਰੱਖ ਦਿੱਤਾ ਹੈ। ਕੀ ਜੋ ਇਹ ਪਾਠ ਕਰਨ ਲਈ ਜਾਂ ਜੋ ਤੁੱਕਾਂ ਬੋਲਣ
ਲਈ ਕਹਿੰਦੇ ਹਨ ਤੇ ਕਰੋੜਪਤੀ ਬਣਾਉਣ ਲਈ ਕੌਮ ਨੂੰ ਮਗਰ ਲਾ ਰਹੇ ਹਨ, ਕੀ ਏਡੇ ਵੱਡੇ ਗੁਰੂ ਗਰੰਥ
ਸਾਹਿਬ ਨੂੰ ਮੰਨਣ ਦੀ ਲੋੜ ਹੈ? ਕੀ ਗੁਰੂ ਗਰੰਥ ਸਾਹਿਬ ਲਈ ਖਰੀਦੇ ਜਾਂਦੇ ਰੁਮਾਲੇ ਜੋ ਠੰਢ ਵਿੱਚ
ਭੇਟ ਕੀਤੇ ਜਾਂਦੇ ਹਨ, ਲੋੜ ਹੈ? ਕੀ ਇਹਨਾਂ ਦੀਆਂ ਕਥਾਵਾਂ ਵਿੱਚ ਸਿੱਖ ਇਤਿਹਾਸ ਦੀ ਗੱਲ ਕਿਧਰੇ
ਨਜ਼ਰ ਆਉਂਦੀ ਹੈ? ਦੂਜਾ, ਪਰਚਾਰਕ ਨੇ ਗੁਰਬਾਣੀ, ਭਾਈ ਨੰਦ ਲਾਲ ਸਿੰਘ, ਭਾਈ ਗੁਰਦਾਸ ਜੀ ਦੀਆਂ
ਵਾਰਾਂ ਤੇ ਕਬਿੱਤ ਦੀ ਗੱਲਾਂ ਕਰਦਿਆਂ ਹੋਇਆ ਪੁਰਾਤਨ ਸਿੰਘਾਂ ਦੇ ਚਾਲ ਚੱਲਣ ਨੂੰ ਮੁੱਖ ਰੱਖਣਾਂ
ਹੈ, ਅਜੋਕੇ ਕਿਸੇ ਵੀ ਡੇਰੇਦਾਰ ਦੀ ਗੱਲ ਨਹੀਂ ਕਰਨੀ। ਜੇ ਉਹ ਕਰਦਾ ਹੈ ਤਾਂ ਸਮਝੋ ਉਹ ਸਿੱਖੀ ਵਿੱਚ
ਇਹਨਾਂ ਡੇਰੇਦਾਰਾਂ ਲਈ ਜਗ੍ਹਾ ਬਣਾਂ ਕੇ ਉਹਨਾਂ ਨੂੰ ਸਿੱਖੀ ਦਾ ਹਿੱਸਾ ਬਣਾਉਂਦਿਆਂ ਹੋਇਆ ਡੇਰਾਵਾਦ
ਦੀ ਸਪੋਰਟ ਕਰ ਰਿਹਾ ਹੈ। ਗੁਰਬਾਣੀ ਨੇ ਜੋ ਕਹਿਣਾਂ ਸੀ ਕਹਿ ਦਿੱਤਾ, ਹੋਰ ਕੋਈ ਗੁਰੂ ਗਰੰਥ ਸਾਹਿਬ
ਬਾਰੇ ਕੀ ਕਹਿੰਦਾ ਹੈ ਉਸ ਬਾਰੇ ਕਿਸੇ ਦੇ ਵਿਚਾਰ ਨਹੀਂ ਰੱਖੇ ਜਾ ਸਕਦੇ। ਗੁਰਬਾਣੀ ਦਾ ਇਹ ਫੁਰਮਾਨ
ਕਿਸੇ ਨੂੰ ਬੋਲਣ ਜੋਗਾ ਨਹੀਂ ਛੱਡਦਾ- ਪੂਰੇ
ਕਾ ਕੀਆ ਸਭ ਕਿਛੁ ਪੂਰਾ ਘਟਿ ਵਧਿ ਕਿਛੁ ਨਾਹੀਂ॥ 1412]
ਪਾਠਕ ਇਹਨਾਂ ਸਵਾਲਾਂ ਬਾਰੇ ਆਪ ਸੋਚਣ ਕਿ, ਕੀ ਅਜੋਕਾ ਪਰਚਾਰਕ ਲਾਣਾਂ ਕੌਮ
ਨੂੰ ਕਿਧਰ ਲੈ ਕੇ ਜਾ ਰਿਹਾ ਹੈ? ਜਿਹਨਾਂ ਕੋਲ ਫੋਨ ਨੰਬਰ ਹੋਣ ਉਹ ਫੋਨ ਕਰਕੇ
ਇਹਨਾਂ ਪਰਚਾਰਕਾਂ ਨੂੰ
ਸਵਾਲ ਕਰ ਕੇ
ਪੁੱਛਣ ਤਾਂ ਸਹੀ।
ਮੇਰਾ ਦਾਅਵਾ ਹੈ, ਤੁਹਾਨੂੰ ਕੋਈ ਪਰਚਾਰਕ ਜਵਾਬ ਨਹੀਂ ਦਵੇਗਾ। ਜਿੰਨੇ ਵੀ ਪਰਚਾਰਕ {ਬਤੌਰ ਹੈੱਡ
ਗਰੰਥੀਆਂ/ਜਥੇਦਾਰਾਂ ਸਮੇਤ ਹਨ, ਉਹ ਧਾਰਮਿਕ ਰਸਾਲੇ ਨਹੀਂ ਪੜ੍ਹਦੇ। ਉਹਨਾਂ ਦਾ ਆਪਣਾਂ ਚਿੰਤਨ ਵੀ
ਕੋਈ ਨਹੀਂ। ਉਹ ਇਹ ਨਹੀਂ ਸੋਚਦੇ ਕਿ ਜਿਸ ਰੂਪ ਵਿੱਚ ਅਸੀਂ ਲੋਕਾਂ ਵਿੱਚ ਵਿਚਰਦੇ ਹਾਂ, ਸਾਡੇ ਬਾਰੇ
ਨਵੀਂ ਪੀੜ੍ਹੀ ਕੀ ਸੋਚੇਗੀ?’ ਦੂਜਾ ਜੋ ਅਸੀਂ ਦੱਸ ਰਹੇ ਹਾਂ ਉਸ ਵਿੱਚ ਕਿੰਨਾਂ ਇਤਿਹਾਸ ਹੈ?
ਬੀਬੀਆਂ ਵੈਸੇ ਵੀ ਤਰਕਸ਼ੀਲ ਤੇ ਗਿਆਨਵਾਨ ਨਹੀਂ ਹਨ। {ਮਸਕੀਨ ਨੇ ਇੱਕ ਵਾਰ ਕਥਾ ਵਿੱਚ ਆਪਣੇ ਨਿੱਜੀ
ਤਜਰਬੇ ਮੁਤਾਬਕ ਕਿਹਾ ਸੀ ਕਿ-ਮੈਨੂੰ ਕੁੱਝ ਸੱਜਣਾਂ ਨੇ ਕਿਹਾ, ਤੁਸੀਂ ਨੌਜਵਾਨਾਂ ਨੂੰ ਪਰਚਾਰਕ
ਬਣਾਉਂਦੇ ਹੋ ਬੀਬੀਆਂ ਨੂੰ ਕਿਓਂ ਨਹੀਂ? ਕੋਸ਼ਿਸ਼ ਕੀਤੀ ਤਾਂ ਸਫਲ ਨਹੀਂ ਹੋ ਸਕਿਆ। ਚਿੰਤਨ ਕੀਤਾ ਤਾਂ
ਸਮਝ ਆਇਆ-ਔਰਤਾਂ ਸ਼ਰਧਾਵਾਨ ਤਾਂ ਹਨ, ਪਰ ਗਿਆਨਵਾਨ ਨਹੀਂ}, ਮਰਦ ਗਿਆਨਵਾਨ ਹੈ, ਪਰ ਸ਼ਰਧਾਵਾਨ ਨਹੀਂ।
{ਮਸਕੀਨ ਦੀਆਂ ਪੁਰਾਣੀਆਂ ਵੀਡੀਓਜ਼ ਵੇਖ ਸਕਦੇ ਹੋ}। ਮੈਂ ਸਮਝਦਾ ਹਾਂ, ਜਿਹੜੇ ਬੰਦੇ ਜੋ ਨਵੇਂ ਨਵੇਂ
ਫਾਰਮੂਲੇ ਖਾਹਿਸ਼ਾਂ ਪੂਰੀਆਂ ਕਰਨ ਲਈ ਦਿੰਦੇ ਹਨ ਉਹ ਕਿੰਨੇ ਕੁ ਸ਼ਰਧਾਵਾਨ ਹੋ ਸਕਦੇ ਹਨ ਤੇ ਕੌਮ
ਅੰਦਰ ਕਿੰਨੀ ਕੁ ਸ਼ਰਧਾ ਗੁਰੂ ਸਾਹਿਬਾਨ ਪ੍ਰਤੀ ਪੈਦਾ ਕਰ ਰਹੇ ਹਨ ਤੇ ਗਿਆਨਵਾਨ ਬਣਾਂ ਰਹੇ? ਇੱਕ
ਕਹਾਵਤ ਹੈ-ਪੰਡਿਤਾਂ ਦਾ ਕੀ ਕੰਮ? ਫੇਰੇ ਦਿਵਾਉਣਾਂ ਭਾਵੇਂ ਜਾਂਦਿਆਂ ਰੰਡੀ ਹੋ ਜਾਵੇ। ਪਰਚਾਰਕਾਂ
ਦਾ ਹਾਲ ਵੀ ਪੰਡਿਤਾਂ ਵਾਲਾ ਹੀ ਹੈ ਇਹਨਾਂ ਨੂੰ ਅਲੱਗ ਨਾਂ ਸਮਝੋ। ਪਾਠਕਾਂ ਨੂੰ ਯਾਦ ਹੋਵੇਗਾ ਕਿ
ਭਾਈ ਮਨਪ੍ਰੀਤ ਸਿੰਘ ਕਾਨਪੁਰੀ
ਨੇ ਗੁਰਦੁਵਾਰੇ ਦੇ ਪਰਬੰਧਕਾਂ ਦੇ ਵਿਹਾਰ ਨੂੰ ਲੈ ਕੇ ਜੋ ਬਿਆਨ ਦਿੱਤਾ ਉਹ ਸੀ ਕਿ ‘ਸਰਦਾਰੋ!
ਚੌਰਾਸੀ ਭੁੱਲ ਗਏ ਕਿਆ? ਇਹ ਵੀਡੀਓ ਵੀ ਯੂ ਟਿਊਬ `ਤੇ ਬਹੁਤ ਵਾਇਰਲ ਹੋਈ ਹੈ। 84 ਭੁੱਲਣ ਵਾਲੀ ਗੱਲ
ਉਸਨੇ ਗੁਰਦੁਵਾਰੇ ਦੇ ਪ੍ਰਬੰਧਕਾਂ ਨੂੰ ਲੈ ਕੇ ਕਹੀ ਸੀ। ਪਰ ਕੀ ਇਹ ਗੱਲ ਇਹਨਾਂ ਪਰਚਾਰਕਾਂ `ਤੇ
ਨਹੀਂ ਢੁੱਕਦੀ ਜਿਸ ਰਾਹ ਇਹ ਕੌਮ ਨੂੰ ਪਾ ਰਹੇ ਹਨ?
ਪੰਜਾਬ ਵਿੱਚ ਕਿੰਨੇ ਮਿਸ਼ਨਰੀ ਕਾਲਜ, ਕਿੰਨੀਆਂ ਧਾਰਮਿਕ ਸੰਸਥਾਵਾਂ,
ਗੁਰਦੁਵਾਰਾ ਕਮੇਟੀਆਂ ਹਨ, ਇਹਨਾਂ ਕਾਲਜਾਂ
ਦੇ ਪ੍ਰਿੰਸੀਪਲ ਵੀ ਹਨ, ਚੰਗੇ ਸੂਝਵਾਨ ਲਿਖਾਰੀ ਤੇ ਗੁਰਮਤਿ ਦੇ ਗਿਆਤਾ, ਤੇ
ਗਲਤ ਗੱਲਾਂ ਦਾ ਚੀਰ ਫਾੜ ਕਰਨ ਵਾਲੇ ਵੀ ਹਨ। ਵਿਦੇਸ਼ਾਂ ਵਿੱਚ ਬੈਠੇ ਸੂਝਵਾਨ, ਜੋ ਧਾਰਮਿਕ ਰਸਾਲੇ
ਛਾਪਦੇ ਹਨ, ਅਖਬਾਰ ਵੀ ਛਪਦੇ ਹਨ, ਕੀ ਉਹ ਇਸ ਪ੍ਰਚਾਰ ਵੱਲ ਧਿਆਨ ਦੇਣਗੇ? ਕੀ ਪੰਥ ਦਰਦੀ ਇਹਨਾਂ
ਗੱਲਾਂ `ਤੇ {ਜੋ ਬਿਆਨ ਕੀਤੀਆਂ ਜਾ ਚੁੱਕੀਆਂ ਹਨ} ਵਿਚਾਰ ਕਰਨਗੇ ਜਾਂ ਸੁੱਤੇ ਹੀ ਰਹਿਣਗੇ ਕਿ ਜੋ
ਚੱਲਦਾ ਹੈ, ਚੱਲਣ ਦਿਓ? `ਚੱਲਣ ਦਿਓ’ ਦਾ ਭਾਵ ਹੈ ਕਿ ਸੁਧਾਰ ਦੀ ਆਸ ਕਿਸੇ ਤੋਂ ਵੀ ਨਾਂ ਰੱਖੋ।
ਜਿਸ ਅਕਾਲ ਤਖਤ ਦੀ ਮਹਾਨਤਾਂ ਕੌਮ ਨੂੰ ਤੇ ਸਾਰੀ ਦੁਨੀਆਂ ਨੂੰ ਦੱਸੀ ਜਾ
ਰਹੀ ਹੈ, ਉਸ ਦਾ ਜਥੇਦਾਰ ਇਹਨਾਂ ਕਥਾ
ਵਾਚਕਾਂ ਨੂੰ ਬਿਠਾ ਕੇ ਪੁੱਛੇਗਾ ਕਿ ਤੁਸੀਂ ਕੌਮ ਨੂੰ ਕਿਹੜੇ ਪਾਸੇ ਲੈ ਜਾ
ਰਹੇ ਹੋ? ਕੀ ਮੰਤਰਾਂ ਵਾਂਗ ਦਿੱਤੇ ਜਾਂਦੇ ਇਹ ਜੁਮਲੇ ਕੇਵਲ ਰੋਟੀਆਂ ਕਾਰਨਿ ਪੂਰੇ ਤਾਲ ਵਾਸਤੇ
ਨਹੀਂ ਹਨ? ਉਹ ਲੋਕ ਜੋ ਅਕਾਲ ਤਖਤ ਦੇ ਜਥੇਦਾਰ ਦੀ ਬਹੁਤ ਮਹਾਨਤਾ ਦੱਸਦੇ ਹਨ, ਕੀ ਉਹ ਹਿੰਮਤ
ਕਰਨਗੇ, ਜਥੇਦਾਰਾਂ ਨੂੰ ਕਹਿਣ ਦੀ, ਕਿ ਅਜਿਹੇ ਪਰਚਾਰਕਾਂ ਨੂੰ ਪੰਥ ਵਿੱਚੋਂ ਛੇਕਣ। ਨਹੀਂ ਕਹਿਣਗੇ,
ਤੇ ਕਦੀ ਵੀ ਨਹੀਂ, ਕਿਓਂ ਕਿ ਜਥੇਦਾਰ ਇੱਕ ਪਰਿਵਾਰ ਵਲੋਂ ਥਾਪਿਆ ਜਾਂਦਾ ਹੈ, ਲੋਕਾਂ ਵਲੋਂ ਨਹੀਂ।
ਤਾਹੀਓਂ ਤਾਂ ਨਾਮੀਂ ਬੰਦੇ ਬਾਹਰ ਆ ਜਾਂਦੇ ਹਨ ਤੇ ਸੱਚਿਆਂ `ਤੇ ਪਰਚੇ ਹੋ ਜਾਂਦੇ ਹਨ। ਫਿਰ ਅਜਿਹੇ
ਲੇਖ ਲਿਖਣੋਂ ਛੱਡ ਦਿਓ ਜਿਸ ਤੋਂ ਇਹ ਜ਼ਾਹਿਰ ਹੁੰਦਾ ਹੋਵੇ ਕਿ ਇਹ ਪੰਥ ਦਰਦੀ ਹੈ। ਕਹਿੰਦੇ ਹਨ,
ਗੁਰਬਾਣੀ ਪੜ੍ਹਨ ਨਾਲ ਸੋਝੀ ਆਉਂਦੀ ਹੈ। ਤੁਸੀਂ ਖੁੱਦ ਸੋਚ ਲਓ ਕਿ ਇਹਨਾਂ ਕੁਰਾਹੇ ਪਾਉਣ ਵਾਲਿਆਂ
ਕਥਾਵਾਚਕਾਂ ਨੂੰ ਕਿੰਨੀ ਕੁ ਸੋਝੀ ਆਈ ਹੈ? ਡੇਰੇਦਾਰਾਂ ਦਾ ਮੁੱਖ ਉਦੇਸ਼ ਹੈ, ਸਿੱਖਾਂ ਨੂੰ ਨਾਮ ਦਾ
ਨਸ਼ਾ ਲਾ ਕੇ ਸਿੱਖ ਇਤਿ-ਹਾਸ/ਗੁਰਬਾਣੀ ਤੋਂ ਦੂਰ ਕਰਨਾਂ। ਇਹ ਪਾਹੁਲ ਲਏ ਗਾਤਰਾਧਾਰੀ ਇਸੇ ਭੇਸ ਵਿੱਚ
ਕੀ ਡੇਰੇਦਾਰਾਂ ਦੀ ਹਮਾਇਤ ਨਹੀਂ ਕਰ ਰਹੇ? ਕੀ ਇਹ ਸਿੱਖ ਇਤਿਹਾਸ ਤੇ ਸਿੱਖ ਵਿਰਸੇ ਦੀ ਫੱਟੀ ਨਹੀਂ
ਪੋਚ ਰਹੇ? ਉਪਰੋਕਤ ਬਿਆਨ ਕੀਤੀਆਂ ਇਹ ਗੱਲਾਂ ਕਿਹੜੇ ਕੌਮੀ ਵਿਰਸੇ ਨਾਲ ਜੋੜ ਰਹੀਆਂ ਹਨ? ਕੌਮ ਨੂੰ
ਚੜ੍ਹਦੀ ਕਲਾ ਵੱਲ ਲੈ ਜਾ ਰਹੀਆਂ ਹਨ ਜਾਂ ਢਹਿੰਦੀਆਂ ਕਲਾਂ ਵੱਲ? ਸਮਾਂ ਕੱਢ ਕੇ ਚਿੰਤਨ ਕਰਨ ਦੀ
ਕੋਸ਼ਿਸ਼ ਕਰਨਾਂ। ਲਾਹਨਤ ਉਹਨਾਂ ਕੌਮ ਦੇ ਅਖੌਤੀ ਸੂਝਵਾਨਾਂ ਵਿਦਵਾਨਾਂ, ਹੈਡਗਰੰਥੀਆਂ, ਜਥੇਦਾਰਾਂ ਤੇ
ਪਰਚਾਰਕਾਂ ਨੂੰ ਤੇ ਗੁਰਦਵਾਰਿਆਂ ਦੇ ਪਰਬੰਧਕਾਂ ਨੂੰ ਜੋ ਬੁਲਾ ਕੇ ਅਖੌਤੀ ਕਥਾ ਕਰਨ ਲਈ ਸਮਾਂ
ਦਿੰਦੇ ਹਨ। ਅੰਮ੍ਰਿਤ ਛਕ ਕੇ ਦਾੜੀ ਮੁੱਛਾਂ ਵਧਾ ਕੇ, ਗਾਤਰੇ ਤੇ ਤਿੰਨ ਤਿੰਨ ਫੁੱਟ ਲੰਮੀਆਂ
ਕਿਰਪਾਨਾਂ ਪਾਉਣ ਨਾਲ, ਲਗਜ਼ਰੀ ਗੱਡੀਆਂ ਵਿੱਚ ਹਰਲ ਹਰਲ ਕਰਦੇ ‘ਮਾਇਆ ਕੋ ਲੂਝੈ ਗਵਾਰੀ’ (ਆਂ)
ਕੋਲੋਂ ਕੌਮ ਦੇ ਭਲੇ ਲਈ ਕੀ ਆਸ ਰੱਖੀ ਜਾ ਸਕਦੀ ਹੈ, ਸਿਵਾਏ ਨੁਕਸਾਨ ਦੇ? ਕੌਮ ਦੇ ਉਹ ਬੰਦੇ (ਜੋ
ਗੁਰਮਤਿ ਨੂੰ ਚੰਗੀ ਤਰ੍ਹਾਂ ਸਮਝਦੇ ਹਨ) ਅੱਗੇ ਆ ਕੇ ਇਹਨਾਂ ਪਰਚਾਰਕਾਂ ਨੂੰ ਸਦਾ ਲਈ ਕਥਾ ਕਰਨ `ਤੇ
ਰੋਕ ਲਗਾਉਣ ਜੇ ਨਹੀਂ ਤਾਂ ਕੌਮ ਨੂੰ ਸਵਾਰਥੀ ਬਣਾਉਣ ਵਿੱਚ ਉਹ ਬਰਾਬਰ ਦੇ ਭਾਈਵਾਲ ਬਣਾਉਣ ਲਈ
ਜ਼ਿੰਮੇਵਾਰ ਹੋਣਗੇ।
-0-
|
. |