ਮਿਹਨਤੀ ਅਤੇ ਨਿਖੱਟੂ ਵਿਦਿਆਰਥੀ
ਕਨੇਡਾ, ਅਮਰੀਕਾ, ਅਸਟ੍ਰੇਲੀਆ, ਨਿਊਜ਼ੀਲੈਂਡ, ਯੂ: ਕੇ: ਅਤੇ ਹੋਰ ਦੇਸ਼ਾਂ ਵਿਚ, ਲੱਖਾਂ ਦੀ ਗਿਣਤੀ
ਵਿੱਚ ਸਟੂਡਿੰਟ ਵੀਜ਼ੇ ਤੇ ਪੜ੍ਹਨ ਲਈ ਵਿਦਿਆਰਥੀ ਆਉਂਦੇ ਹਨ। ਕਈ ਤਾਂ ਮਿਹਨਤ ਕਰਕੇ ਪੂਰੀ ਤਨਦੇਹੀ
ਨਾਲ ਪੜ੍ਹਾਈ ਵੀ ਕਰਦੇ ਹਨ ਅਤੇ ਨੌਕਰੀਆਂ ਵੀ ਕਰਦੇ ਹਨ। ਅਜਿਹੇ ਵਿਦਿਆਰਥੀ ਜਿੱਥੇ ਦੇਸ਼ ਦੇ ਚੰਗੇ
ਨਾਗਰਕ ਬਣਦੇ ਹਨ ਉੱਥੇ ਹੀ ਸਮਾਜ ਨੂੰ ਚੰਗਾ ਬਣਾਉਣ ਵਿੱਚ ਆਪਣਾ ਯੋਗਦਾਨ ਵੀ ਪਉਂਦੇ ਹਨ। ਉਹ ਆਪਣਾ
ਅਤੇ ਆਪਣੇ ਪਰਵਾਰ ਦਾ ਜਿੱਥੇ ਭਲਾ ਕਰਦੇ ਹਨ ਉੱਥੇ ਉਹ ਆਪ ਵੀ ਅਤੇ ਆਪਣੇ ਪਰਵਾਰ ਨੂੰ ਵੀ ਕਈ
ਪ੍ਰੇਸ਼ਾਨੀਆਂ ਤੋਂ ਵੀ ਬਚਾ ਕੇ ਰੱਖਦੇ ਹਨ। ਦੂਸਰੇ ਪਾਸੇ ਕੁੱਝ ਕੁ ਉਹ ਵੀ ਹੁੰਦੇ ਹਨ ਜਿਹੜੇ ਕਿ ਨਾ
ਤਾਂ ਪੜ੍ਹਾਈ ਹੀ ਚੰਗੀ ਤਰ੍ਹਾਂ ਕਰਦੇ ਹਨ ਅਤੇ ਨਾ ਹੀ ਕੋਈ ਕੰਮ ਮਨ ਲਾ ਕੇ ਕਰਦੇ ਹਨ। ਅਜਿਹੇ
ਵਿਦਿਆਰਥੀ ਭਾਂਵੇਂ ਬਹੁਤੇ ਪੁੱਠੇ ਕੰਮਾ ਵਿੱਚ ਨਹੀਂ ਵੀ ਪੈਂਦੇ ਪਰ ਫਿਰ ਵੀ ਜੀਵਨ ਵਿੱਚ ਕਾਫੀ ਪਛੜ
ਜਾਂਦੇ ਹਨ। ਕੁੱਝ ਕੁ ਅਜਿਹੇ ਹੋਰ ਹੁੰਦੇ ਹਨ ਜਿਹੜੇ ਕਿ ਪੁੱਠੇ ਕੰਮਾਂ ਵਿੱਚ ਪੈ ਕੇ ਆਪਣਾ ਜੀਵਨ
ਵੀ ਬਰਬਾਦ ਕਰ ਲੈਂਦੇ ਹਨ ਅਤੇ ਮਾਪਿਆਂ ਨੂੰ ਵੀ ਪਰੇਸ਼ਾਨੀ ਵਿੱਚ ਪਾਈ ਰੱਖਦੇ ਹਨ। ਇਸ ਵਿੱਚ ਜ਼ਿਆਦਾ
ਕਸੂਰ ਮਾਪਿਆਂ ਦਾ ਹੁੰਦਾ ਹੈ ਜਾਂ ਦੋਸਤਾਂ ਮਿੱਤਰਾਂ ਦਾ? ਇਸ ਬਾਰੇ ਮੈਂ ਕੁੱਝ ਨਹੀਂ ਕਹਿ ਸਕਦਾ ਪਰ
ਉਹ ਆਪ ਹੀ ਸੋਚ ਲੈਣ ਕਿ ਇਸ ਪਾਸੇ ਕਿਉਂ ਤੁਰ ਪਏ ਹਨ। ਛੋਟੀ ਮੋਟੀ ਗਲਤੀ ਤਾਂ ਹਰ ਕੋਈ ਕਰ ਸਕਦਾ ਹੈ
ਜ਼ਿਆਦਾ ਵੱਡੀਆਂ ਗਲਤੀਆਂ ਤਾਂ ਮਿੱਥ ਕੇ ਹੀ ਕੀਤੀਆਂ ਜਾਂਦੀਆਂ ਹਨ। ਜਦੋਂ ਵੀ ਆਪਣੀ ਗਲਤੀ ਦਾ
ਅਹਿਸਾਸ ਹੋ ਜਾਵੇ ਉਸੇ ਵੇਲੇ ਹੀ ਪਛਤਾਵਾ ਕਰਕੇ ਚੰਗੇ ਸ਼ਹਿਰੀ ਬਣਨ ਦੀ ਕੋਸ਼ਿਸ਼ ਵਿੱਚ ਲੱਗ ਜਾਣਾ
ਚਾਹੀਦਾ ਹੈ। ਜੇ ਕਰ ਨਹੀਂ ਸੁਧਰੋਂਗੇ ਅਤੇ ਲਾਲਚ ਜਾਂ ਚਤੁਰਾਈ ਵੱਸ ਪੁੱਠੇ ਪਾਸੇ ਤੁਰੇ ਰਹੋਂਗੇ
ਤਾਂ ਜੇਲ ਵਿੱਚ ਵੀ ਜਾ ਸਕਦੇ ਹੋ ਅਤੇ ਆਪਣੇ ਜੀਵਨ ਤੋਂ ਹੱਥ ਵੀ ਧੋ ਸਕਦੇ ਹੋ।
ਹੁਣ ਮੈਂ ਕਨੇਡਾ ਵਿੱਚ ਵਾਪਰੀਆਂ ਕੁੱਝ ਸੱਚੀਆਂ ਘਟਨਾਵਾਂ ਦਾ ਵਰਨਣ ਕਰਦਾ ਹਾਂ। ਜਿਸ ਨੂੰ ਪੜ੍ਹ ਕੇ
ਸ਼ਾਇਦ ਕੋਈ ਵਿਦਿਆਰਥੀ ਚੰਗੀ ਸੇਧ ਲੈ ਸਕੇ। ਮੇਰੇ ਦੂਰ ਦੇ ਰਿਸ਼ਤੇਦਾਰਾਂ ਵਿੱਚ ਇੱਕ ਵਿਆਕਤੀ ਕਨੇਡਾ
ਦੀ ਆਰ ਸੀ ਐਮ ਪੀ ਵਿੱਚ ਭਾਵ ਕਿ ਰੋਆਇਲ ਕਨੇਡੀਅਨ ਮਾਉਂਟਡ ਪੁਲੀਸ ਵਿੱਚ ਕੰਮ ਕਰਦਾ ਹੈ। ਉਸ ਦੀ
ਡਿਉਟੀ ਬਹੁਤਾ ਕਰਕੇ ਸਰੀ ਜਾਂ ਇਸ ਦੇ ਆਸ ਪਾਸ ਦੇ ਸ਼਼ਹਿਰਾਂ ਵਿੱਚ ਹੁੰਦੀ ਹੈ। ਉਸ ਨੇ ਮੇਰੇ ਨਾਲ
ਕਈ ਘਟਨਾਵਾਂ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਸ ਦਾ ਇੱਕ ਆਪਣਾ ਰਿਸ਼ਤੇਦਾਰ ਸਟੂਡਿੰਟ ਵੀਜ਼ੇ ਤੇ
ਕਨੇਡਾ ਵਿੱਚ ਪੜ੍ਹਨ ਲਈ ਆਇਆ ਸੀ। ਜਦੋਂ ਉਹ ਉਸ ਨੂੰ ਵੈਨਕੂਵਰ ਏਅਰਪੋਰਟ ਤੋਂ ਲੈਣ ਗਿਆ ਤਾਂ ਉਸੇ
ਫਲਾਈਟ ਵਿੱਚ ਉਸ ਦਾ ਇੱਕ ਦੋਸਤ ਜੋ ਕਿ ਉਸ ਦੇ ਕਿਸੇ ਨੇੜਲੇ ਪਿੰਡ ਦਾ ਸੀ, ਉਹ ਵੀ ਏਅਰਪੋਰਟ ਤੇ
ਉਤਰ ਕੇ ਉਸ ਦੇ ਕੋਲ ਹੀ ਬੈਠਾ ਸੀ ਪਰ ਬਹੁਤ ਪ੍ਰੇਸ਼ਾਨ ਦਿਖਾਈ ਦੇ ਰਿਹਾ ਸੀ। ਜਦੋਂ ਉਸ ਦੇ
ਪ੍ਰੇਸ਼ਾਨੀ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਮੇਰਾ ਇੱਥੇ ਕੋਈ ਵੀ ਰਿਸ਼ਤੇਦਾਰ ਜਾਂ ਜਾਣ
ਪਛਾਣ ਵਾਲਾ ਨਹੀਂ ਹੈ। ਜਿਸ ਵਿਆਕਤੀ ਨੇ ਕਿਸੇ ਹੋਰ ਸ਼ਹਿਰ ਤੋਂ ਮੈਨੂੰ ਲੈਣ ਆਉਣਾ ਸੀ ਉਸ ਦੀ ਗੱਡੀ
ਦਾ ਰਾਹ ਵਿੱਚ ਟਰਾਂਸਮਿਸ਼ਨ ਖਰਾਬ ਹੋ ਗਿਆ ਹੈ ਅਤੇ ਉਹ ਇੱਥੇ ਪਹੁੰਚ ਨਹੀਂ ਸਕਦਾ। ਉਸ ਨੇ ਮੈਨੂੰ
ਇੱਥੋਂ ਚੁੱਕ ਕੇ ਕਿਸੇ ਥਾਂ ਤੋਂ ਚਾਬੀ ਫੜ ਕੇ ਕਿਸੇ ਹੋਰ ਥਾਂ ਤੇ ਛੱਡ ਕੇ ਆਉਣਾ ਸੀ। ਹੁਣ ਜੇ ਕਰ
ਮੈਂ ਟੈਕਸੀ ਲੈ ਕੇ ਜਾਂਦਾ ਹਾਂ ਤਾਂ ਮੈਨੂੰ ਡਰ ਹੈ ਕਿ ਮੈਂ ਕਿਸੇ ਗਲਤ ਥਾਂ ਤੇ ਨਾ ਚਲੇ ਜਾਂਵਾਂ
ਜਾਂ ਟੈਕਸੀ ਵਾਲਾ ਮੈਨੂੰ ਗਲਤ ਥਾਂ ਤੇ ਨਾ ਛੱਡ ਜਾਵੇ। ਉਸ ਵਿਦਿਆਰਥੀ ਦੀ ਗੱਲ ਸੁਣ ਕੇ ਉਹ ਪੁਲੀਸ
ਵਾਲਾ ਕਹਿਣ ਲੱਗਾ ਕਿ ਤੂੰ ਵੀ ਸਾਡੇ ਨਾਲ ਹੀ ਚਲੇ ਚੱਲ ਫਿਰ ਅਸੀਂ ਤੈਨੂੰ ਉਥੇ ਛੱਡ ਆਵਾਂਗੇ ਜਿੱਥੇ
ਤੂੰ ਜਾਣਾ ਹੋਵੇਗਾ। ਉਸ ਨੂੰ ਚਾਰ ਦਿਨ ਆਪਣੇ ਘਰ ਰੱਖ ਕੇ ਉਥੇ ਛੱਡ ਆਏ ਜਿੱਥੇ ਉਹ ਜਾਣਾ ਚਾਹੁੰਦਾ
ਸੀ। ਇਹ ਗੱਲ ਕੋਈ 7 ਸਾਲ ਪਹਿਲਾਂ ਦੀ ਹੈ।
ਕੋਈ 7 ਸਾਲ ਪਹਿਲਾਂ ਏਅਰਪੋਰਟ ਤੇ ਇਕੱਠੇ ਉਤਰੇ ਦੋ ਵਿਦਿਆਰਥੀ ਜਿਨ੍ਹਾਂ ਵਿੱਚ ਇੱਕ ਪੁਲੀਸ ਵਾਲੇ
ਦਾ ਰਿਸ਼ਤੇਦਾਰ ਸੀ ਅਤੇ ਦੂਸਰਾ ਉਸ ਦਾ ਦੋਸਤ। ਪੁਲੀਸ ਵਾਲੇ ਦਾ ਆਪਣਾ ਰਿਸ਼ਤੇਦਾਰ ਤਾਂ ਨਿਖੱਟੂ
ਨਿਕਲਿਆ ਪਰ ਦੂਸਰਾ ਇਮਾਨਦਾਰੀ ਨਾਲ ਸਖਤ ਮਿਹਨਤ ਕਰਨ ਵਾਲਾ। ਜਿਹੜਾ ਸਖਤ ਮਿਹਨਤ ਕਰਨ ਵਾਲਾ ਸੀ ਉਸ
ਨੇ ਤਾਂ ਪੜ੍ਹਾਈ ਵੀ ਲਗਨ ਨਾਲ ਕੀਤੀ ਅਤੇ ਨੌਕਰੀ ਵੀ। ਹੁਣ ਉਸ ਨੂੰ ਕਨੇਡੀਅਨ ਬਾਰਡਰ ਸਕਿਉਰਟੀ
ਵਿੱਚ ਨੌਕਰੀ ਦੀ ਔਫਰ ਮਿਲ ਗਈ ਹੈ। ਉਸ ਨੂੰ ਸਿਰਫ ਹੁਣ ਪੰਜਾਬ ਪੁਲੀਸ ਤੋਂ ਕਲੀਅਰੈਂਸ ਦੀ ਚਿੱਠੀ
ਹੀ ਚਾਹੀਦੀ ਹੈ। ਉਸ ਨੇ ਹਾਲੇ ਵਿਆਹ ਕਰਵਾਉਣ ਵੀ ਜਾਣਾ ਹੈ। ਉਸ ਦੀ ਮਿਹਨਤ ਅਤੇ ਇਮਾਨਦਾਰੀ ਰੰਗ
ਲਿਆਈ ਹੈ। ਇਨ੍ਹਾਂ ਦੇਸ਼ਾਂ ਵਿੱਚ ਮਿਹਨਤ ਕਰਕੇ ਤੁਸੀਂ ਉਚੀ ਉਡਾਰੀ ਮਾਰਨ ਵਿੱਚ ਸਫਲਤਾ ਹਾਸਲ ਕਰ
ਸਕਦੇ ਹੋ ਪਰ ਨਿਖੱਟੂ ਬਣ ਕੇ ਨਹੀਂ। ਜਿਹੜਾ ਪੁਲੀਸ ਵਾਲੇ ਦਾ ਆਪਣਾ ਰਿਸ਼ਤੇਦਾਰ ਸੀ ਉਹ ਹਾਲੇ ਵੀ
ਕਿਤੇ ਘੱਟੋ ਘੱਟ ਤਨਖਾਹ ਤੇ ਕੰਮ ਕਰਦਾ ਹੈ। ਉਸ ਪੁਲੀਸ ਵਾਲੇ ਨਾਲ ਫੂਨ ਤੇ ਵੀ ਚੱਜ ਨਾਲ ਗੱਲ ਨਹੀਂ
ਕਰਦਾ ਅਤੇ ਕਈ ਵਾਰੀ ਤਾਂ ਕਈ-ਕਈ ਮਹੀਨੇ ਗੱਲ ਵੀ ਨਹੀਂ ਕਰਦਾ। ਉਸ ਨੂੰ ਆਪਣੇ ਕੋਲ ਵੀ ਕਈ ਚਿਰ
ਰੱਖਿਆ ਅਤੇ ਇੱਕ ਥਾਂ ਤੇ ਚੰਗੀ ਨੌਕਰੀ ਵੀ ਦਿਵਾਈ ਅਤੇ ਇਹ ਵੀ ਕਿਹਾ ਕਿ ਜੇ ਕਰ ਤੂੰ ਆਹ ਹੈਵੀ
ਡਿਊਟੀ ਮਕੈਨਿਕ ਦਾ ਕੋਰਸ ਕਰ ਲਵੇਂ ਤਾਂ ਤੈਨੂੰ 60 ਡਾਲਰ ਘੰਟੇ ਦੀ ਤਨਖਾਹ ਮਿਲ ਸਕਦੀ ਹੈ। ਉਹ
ਬਹਾਨੇ ਕਰਦਾ ਰਿਹਾ ਮੇਰੇ ਹੱਥ ਮੈਲੇ ਹੋ ਜਾਦੇ ਹਨ, ਮੇਰਾ ਕਵਰ ਗੰਦਾ ਹੋ ਜਾਂਦਾ ਹੈ ਜਾਂ ਇਹ ਹੋ
ਜਾਦਾ ਹੈ ਜਾਂ ਔਹ ਹੋ ਜਾਂਦਾ ਹੈ। ਕਦੀ ਕੋਈ ਬਮਾਰੀ ਦਾ ਬਹਾਨਾ ਅਤੇ ਕਦੀ ਕੋਈ ਹੋਰ। ਦੂਸਰੇ ਪਾਸੇ
ਜਿਹੜਾ ਉਸ ਦਾ ਦੋਸਤ ਸੀ ਹਰ ਵੇਲੇ ਪੁਲੀਸ ਵਾਲੇ ਨੂੰ ਫੂਨ ਕਰਕੇ ਗਾਈਡ ਲੈਂਦਾ ਰਿਹਾ ਕਿ ਮੈਂ ਹੁਣ
ਕੀ ਕਰਾਂ ਅਤੇ ਜਾਂ ਫਿਰ ਕੀ ਕਰਨਾ ਚਾਹੀਦਾ ਹੈ। ਇੱਕ ਪਾਸੇ ਘਰ ਵਰਗਾ ਮਾਹੌਲ ਪਰ ਫਿਰ ਵੀ ਨਿਖੱਟੂ
ਦੂਸਰੇ ਪਾਸੇ ਆਪ ਇਕੱਲਾ ਰਹਿਣ ਵਾਲਾ ਇਮਾਨਦਾਰੀ ਵਾਲਾ ਕਾਮਯਾਬ।
ਹੁਣ ਕੁੱਝ ਡਰੱਗੀਆਂ ਅਤੇ ਧੋਖੇਬਾਜ਼ਾਂ ਦੀ ਵੀ ਗੱਲ ਕਰ ਲੈਂਦੇ ਹਾਂ। ਸਟੂਡਿੰਟਾਂ ਵਲੋਂ ਇਕੱਠੇ ਹੋ
ਕੇ ਪਾਰਕਾਂ ਵਿੱਚ ਖੌਰੂ ਪਉਣ ਵਾਲੀਆਂ ਕਈ ਵੀਡੀਓ ਵਾਇਰਲ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚ ਇੱਕ ਸਰੀ
ਸ਼ਹਿਰ ਦੀ ਵੀ ਸੀ। ਜਿਸ ਵਿੱਚ ਪੁਲੀਸ ਵਾਲੇ ਨੂੰ ਹੀ ਧੌਂਸ ਦੇ ਰਹੇ ਸਨ। ਜਿਸ ਪੁਲੀਸ ਵਾਲੇ ਦਾ ਮੈਂ
ਇਸ ਲੇਖ ਵਿੱਚ ਜ਼ਿਕਰ ਕੀਤਾ ਹੈ ਉਸ ਨੇ ਹੀ ਮੈਨੂੰ ਦੱਸਿਆ ਸੀ ਕਿ ਇੱਕ ਬੇਸਮਿੰਟ ਵਿੱਚ ਜਦੋਂ ਪੁਲੀਸ
ਨੇ ਰੇਡ ਕੀਤਾ ਤਾਂ ਉਥੇ 7 ਸਟੂਡਿੰਟ ਰਹਿ ਰਹੇ ਸਨ ਅਤੇ ਉਹ ਸਾਰੇ ਹੀ ਇਕੱਠੇ ਹੋ ਕੇ ਡਰੱਗ ਬਣਾ ਰਹੇ
ਸਨ। ਇਹ ਡਰੱਗ ਬਣਾ ਕੇ ਬੇਚਦੇ ਵੀ ਹਨ ਅਤੇ ਆਪ ਵੀ ਖਾਂਦੇ ਹਨ। ਕਈਆਂ ਦੀ ਇਸ ਨਾਲ ਮੌਤ ਵੀ ਹੋ
ਚੁੱਕੀ ਹੈ। ਕਈ ਠੱਗੀਆਂ ਠੋਰੀਆਂ ਅਤੇ ਧੋਖੇਬਾਜੀਆਂ ਕਰਨ ਵਿੱਚ ਲੱਗੇ ਹੋਏ ਹਨ। ਉਨ੍ਹਾਂ ਨੂੰ ਪਤਾ
ਹੈ ਕਿ ਪੰਜਾਬ ਪੁਲੀਸ ਵਾਂਗ ਇੱਥੇ ਛਿੱਤਰ ਤਾਂ ਫਿਰਨਾ ਨੀ ਅਤੇ ਨਾ ਹੀ ਕੋਈ ਬਹੁਤਾ ਜੇਲ ਵਿੱਚ ਜਾਣ
ਦਾ ਡਰ ਹੈ ਇਸ ਲਈ ਸੌਖੀ ਮਨੀ ਜਿਤਨੀ ਬਣਦੀ ਹੈ ਬਣਾ ਲਓ। ਇਹ ਠੱਗੀਆਂ ਮਾਰਨ ਵਾਲੇ ਦੋ ਕੰਮ ਜ਼ਿਆਦਾ
ਕਰਦੇ ਹਨ ਜਿਨ੍ਹਾਂ ਨੂੰ ਸੁਣ ਕੇ ਮੈਂ ਹੈਰਾਨ ਰਹਿ ਗਿਆ। ਇੱਕ ਤਾਂ ਹੈ ਜ਼ਾਹਲੀ ਕਰੈਡਿਟ ਕਾਰਡ
ਬਣਾਉਣੇ ਅਤੇ ਦੂਸਰਾ ਹੈ ਜਾਹਲੀ ਕਰੰਸੀ। ਜਦੋਂ ਮੈਂ ਪੁਲੀਸ ਵਾਲੇ ਨੂੰ ਪੁੱਛਿਆ ਕਿ ਕਨੇਡਾ ਦੀ ਪੇਪਰ
ਮਨੀ ਤਾਂ ਬਹੁਤ ਹੀ ਸਕਿਉਰਟੀ ਵਾਲੀ ਹੈ। ਪਹਿਲਾਂ ਤਾਂ ਆਮ ਹੀ ਖਬਰਾਂ ਵਿੱਚ ਆਉਂਦਾ ਹੁੰਦਾ ਸੀ ਕਿ
ਫਲਾਨਾ ਜ਼ਾਹਲੀ ਕਰੰਸੀ ਬਣਾਉਂਦਾ ਫੜ ਲਿਆ। ਇਹ ਉਦੋਂ ਦੀ ਗੱਲ ਹੈ ਜਦੋਂ ਕਲਰ ਲੇਜ਼ਰ ਪਰਿੰਟਰ ਆਮ
ਸਟੋਰਾਂ ਤੇ ਵਿਕਣ ਲੱਗੇ ਅਤੇ ਬਹੁਤੇ ਮਹਿੰਗੇ ਵੀ ਨਹੀਂ ਸਨ। ਪੇਪਰ ਕਰੰਸੀ ਵਿੱਚ ਬਹੁਤੇ ਸਕਿਉਰਟੀ
ਵਾਲੇ ਫੀਚਰ ਵੀ ਨਹੀਂ ਸਨ। ਹੁਣ ਤਾਂ ਕਾਪੀ ਕਰਕੇ ਕਰੰਸੀ ਛਾਪਣੀ ਬਹੁਤ ਮੁਸ਼ਕਲ ਕੰਮ ਹੈ। ਪਰ ਇਹ ਕੰਮ
ਹੁਣ ਚਾਈਨਾ ਵਾਲੇ ਕਰਦੇ ਹਨ। ਉਨ੍ਹਾਂ ਤੋਂ ਜਿਸ ਚੀਜ ਦੀ ਮਰਜ਼ੀ ਕਾਪੀ ਕਰਵਾ ਲਓ। ਉਸ ਪੁਲੀਸ ਵਾਲੇ
ਨੇ ਮੈਨੂੰ ਦੱਸਿਆ ਕਿ ਦੋ ਸਟੂਡਿੰਟ ਜਦੋਂ ਵਿਸਲਰ ਤੋਂ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦੀ ਕਾਰ ਦਾ
ਐਕਸੀਡਿੰਟ ਹੋ ਗਿਆ। ਨੋਟ: ਵਿਸਲਰ ਸ਼ਹਿਰ ਵੈਨਕੂਵਰ ਦੇ ਲਾਗੇ ਉਚੀ ਪਹਾੜੀ ਤੇ ਵਸਿਆ ਸਕੀਅ
ਕਰਨ ਵਾਲਾ ਸ਼ਹਿਰ ਹੈ। ਉਨ੍ਹਾਂ ਵਿਚੋਂ ਇੱਕ ਸਟੂਡਿੰਟ ਮੁੰਡੇ ਦੀ ਮੌਤ ਹੋ ਗਈ, ਜਿਹੜਾ ਕਿ ਆਪਣਾ 20
ਸਾਲਾ ਜਨਮ ਦਿਨ ਮਨਾ ਕੇ ਆ ਰਿਹਾ ਸੀ। ਜਦੋਂ ਪੁਲੀਸ ਨੇ ਉਨ੍ਹਾਂ ਦੋਹਾਂ
ਦੇ ਬੈਕ-ਪੈਕ ਦੀ ਤਲਾਸ਼ੀ ਲਈ ਤਾਂ ਇੱਕ ਦੇ ਬੈਗ ਵਿਚੋਂ 40 ਜ਼ਾਹਲੀ ਕਰੈਡਿਟ ਕਾਰਡ ਨਿਕਲੇ ਅਤੇ ਦੂਸਰੇ
ਦੇ ਬੈਗ ਵਿਚੋਂ 100 ਜ਼ਾਹਲੀ ਕਾਰਡ ਅਤੇ ਹਜ਼ਾਰਾਂ ਡਾਲਰਾਂ ਦੀ ਜਾਹਲੀ ਕਰੰਸੀ ਨਿਕਲੀ ਸੀ।
ਹੁਣ ਤੁਸੀਂ ਆਪ ਹੀ ਸੋਚੋ ਕਿ ਜਿਸ ਮੁੰਡੇ ਕੋਲ ਬਿਨਾ ਕੰਮ ਕੀਤਿਆਂ ਖੁੱਲੇ ਪੈਸੇ ਹੋਣਗੇ ਉਹ ਕਿਹੜਾ
ਗਲਤ ਕੰਮ ਹੈ ਜਿਹੜਾ ਉਹ ਨਹੀਂ ਕਰੇਗਾ।
ਸੋ ਭਰਾਵੋ ਆਪ ਸਮਝੋ ਅਤੇ ਆਪਣੇ ਬੱਚਿਆਂ ਨੂੰ ਸਮਝਾਓ। ਥੋੜੇ ਚਿਰ ਦੀ ਫੂੰ ਫਾਂ ਜਾਂ ਐਸ਼ ਪ੍ਰਸਤੀ
ਸਾਰੀ ਜਿੰਦਗੀ ਕੰਮ ਨਹੀਂ ਆਉਂਦੀ। ਇਮਾਨਦਾਰੀ ਨਾਲ ਪੜ੍ਹਾਈ ਕਰਕੇ ਫਿਰ ਚੰਗੀ ਨੌਕਰੀ ਕਰਕੇ ਆਪਣਾ
ਵਧੀਆ ਜੀਵਨ ਜੀਉਣ ਦੀ ਕੋਸ਼ਿਸ਼ ਕਰੋ। ਜਿਹੜੇ ਪੜਾਈ ਛੱਡ ਕੇ ਗੈਂਗਸਟਰ ਬਣ ਜਾਂਦੇ ਹਨ ਉਹ ਬਹੁਤੀ ਲੰਮੀ
ਜਿੰਦਗੀ ਨਹੀਂ ਜੀਅ ਸਕਦੇ। ਉਨ੍ਹਾਂ ਦੀ ਐਸ਼ ਪ੍ਰਸਤੀ ਥੋੜੇ ਸਮੇ ਦੀ ਹੀ ਹੁੰਦੀ ਹੈ। ਉਹ ਆਪਣੀ
ਖਹਿਬਾਜੀ ਵਿੱਚ ਜਾਂ ਤਾਂ ਗੋਲੀ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਜਾਂ ਫਿਰ ਬਹੁਤਾ ਸਮਾ ਜੇਲ ਵਿੱਚ ਹੀ
ਗੁਜਾਰਨਾ ਪੈਂਦਾ ਹੈ। ਜੇ ਕਰ ਕੋਈ ਡਰੱਗ ਦੇ ਪੈਸੇ ਨਾਲ ਜਾਂ ਹੋਰ ਕਿਸੇ ਧੋਖਾਂ ਧੜੀ ਦੇ ਪੈਸੇ ਨਾਲ
ਕੋਈ ਕਮਾਈ ਕਰਕੇ ਆਪਣਾ ਬਿਜਨਸ ਚਲਾ ਵੀ ਲਵੇ ਤਾਂ ਸਾਰੀ ਜਿੰਦਗੀ ਉਸ ਦੇ ਮਨ ਤੇ ਹਮੇਸ਼ਾਂ ਹੀ ਬੋਝ
ਰਹੇਗਾ। ਉਸ ਦੀ ਜਮੀਰ ਅੰਦਰੋਂ ਲਾਹਨਤਾ ਪਾ ਰਹੀ ਹੋਵੇਗੀ ਪਰ ਉਹ ਢੀਠ ਬਣ ਕੇ ਜਿੰਦਗੀ ਗੁਜਾਰ ਰਹੇ
ਹੋਣਗੇ। ਸੋ ਜਦੋਂ ਵੀ ਸਮਝ ਆ ਜਾਵੇ ਉਸੇ ਵੇਲੇ ਮਾੜੇ ਕੰਮਾਂ ਤੋਂ ਛੁਟਕਾਰਾ ਪਾ ਕੇ ਚੰਗੇ ਇਨਸਾਨ
ਬਣਨ ਦੀ ਕੋਸ਼ਿਸ਼ ਕਰੋ। ਕਿਸੇ ਦੀ ਰੀਸ ਕਰਨ ਦੀ ਕੋਸ਼ਿਸ਼ ਨਾ ਕਰੋ। ਜੋ ਕੁੱਝ ਕੋਲ ਹੈ ਉਸੇ ਵਿਚੋਂ ਹੀ
ਸੰਤੁਸ਼ਟੀ ਭਾਲਣ ਦੀ ਕੋਸ਼ਿਸ਼ ਕਰੋ। ਇੱਥੇ ਕਿਸੇ ਦੇ ਨਾਲ ਕੁੱਝ ਵੀ ਨਹੀਂ ਜਾਣਾ। ਪੈਸੇ ਦੀ ਹਰ ਇੱਕ
ਨੂੰ ਲੋੜ ਹੈ ਪਰ ਪੈਸਾ ਹੀ ਸਭ ਕੁੱਝ ਨਹੀਂ ਹੁੰਦਾ।
ਪੰਜਾਬ ਵਿਚਲੇ ਜਿਹੜੇ ਗਰੀਬ ਮਾਪੇ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਦੀ ਖਾਤਰ ਆਪਣੀਆਂ ਖੁਸ਼ੀਆਂ
ਕੁਰਬਾਨ ਕਰਕੇ ਅਤੇ ਔਖੇ ਹੋ ਕਿ ਬੱਚਿਆਂ ਨੂੰ ਬਾਹਰ ਪੜ੍ਹਨ ਲਈ ਭੇਜਦੇ ਹਨ ਉਨ੍ਹਾਂ ਬੱਚਿਆਂ ਦਾ ਵੀ
ਫਰਜ਼ ਬਣਦਾ ਹੈ ਕਿ ਉਹ ਆਪਣੇ ਮਾਪਿਆਂ ਨੂੰ ਹਮੇਸ਼ਾਂ ਦਿਲ ਵਿੱਚ ਯਾਦ ਰੱਖਣ ਕਿ ਉਨ੍ਹਾਂ ਨੇ ਆਪਣੀਆਂ
ਖੁਸ਼ੀਆਂ ਸਾਡੀ ਚੰਗੀ ਜਿੰਦਗੀ ਲਈ ਕੁਰਬਾਨ ਕਰ ਦਿੱਤੀਆਂ ਹਨ। ਕਈ ਬੱਚੇ ਇਸ ਤਰ੍ਹਾਂ ਕਰਦੇ ਵੀ ਹਨ
ਖਾਸ ਕਰਕੇ ਕੁੜੀਆਂ। ਜਿਨ੍ਹਾਂ ਨੂੰ ਸੁਣ ਕੇ ਰੂਹ ਖੁਸ਼ ਹੋ ਜਾਂਦੀ ਹੈ। ਇੰਗਲੈਂਡ ਦੀ ਇੱਕ ਕੁੜੀ ਦੱਸ
ਰਹੀ ਸੀ ਕਿ ਮੇਰੇ ਪਿਤਾ ਨੇ ਮੈਂਨੂੰ ਬਾਹਰ ਪੜ੍ਹਨ ਲਈ ਭੇਜਣ ਵਾਸਤੇ ਇੱਕ ਖੇਤ ਜਮੀਨ ਦਾ ਵੇਚ ਦਿੱਤਾ
ਸੀ ਅਤੇ ਮੇਰੀ ਮਾਂ ਨੇ ਆਪਣੀਆਂ ਸੋਨੇ ਦੀਆਂ ਵਾਲੀਆਂ ਵੇਚ ਕੇ ਮੇਰੀਆਂ ਫੀਸਾਂ ਲਈ ਪੈਸੇ ਭੇਜੇ ਸਨ
ਤਾਂ ਮੈਂ ਉਨ੍ਹਾਂ ਨੂੰ ਕਿਵੇਂ ਭੁੱਲ ਸਕਦੀ ਹਾਂ। ਸਾਰੇ ਮਾਪੇ ਚਾਹੁੰਦੇ ਹਨ ਕਿ ਸਾਡੇ ਬੱਚੇ ਲਾਇਕ
ਬਣਨ ਇਸ ਲਈ ਬੱਚਿਆਂ ਨੂੰ ਵੀ ਚਾਹੀਦਾ ਹੈ ਕਿ ਗਲਤ ਸੁਸਾਇਟੀ ਵਿੱਚ ਨਾ ਪੈਣ ਅਤੇ ਆਪਣੇ ਮਾਪਿਆਂ
ਬਾਰੇ ਵੀ ਸੋਚਣ। ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਜਦੋਂ ਤੁਹਾਡਾ ਬੱਚਾ ਬਿਦੇਸ਼ ਵਿੱਚ ਪੜ੍ਹਨ ਲਈ
ਚਲੇ ਗਿਆ ਤਾਂ ਇੱਕ ਦਮ ਉਨ੍ਹਾਂ ਤੇ ਇਹ ਆਸ ਨਾ ਰੱਖਣ ਕਿ ਉੱਥੇ ਪਹੁੰਚ ਕੇ ਛੇਤੀਂ ਕਮਾਈ ਕਰਕੇ
ਸਾਨੂੰ ਪੈਸੇ ਭੇਜਣੇ ਸ਼ੁਰੂ ਕਰ ਦੇਵੇ। ਬੱਚੇ ਇੱਕ ਦਮ ਇਸ ਤਰ੍ਹਾਂ ਨਹੀਂ ਕਰ ਸਕਦੇ। ਸੋ ਸਾਰਿਆਂ ਨੂੰ
ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਵੀ ਆਪਣੀ ਪੜ੍ਹਾਈ ਅਤੇ ਕੰਮ ਇਮਾਨਦਾਰੀ
ਨਾਲ ਕਰਕੇ ਚੰਗੀਆਂ ਨੌਕਰੀਆਂ ਦੇ ਲੱਗ ਕੇ ਅਤੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਸਾਰੇ ਕੰਮਾਂ ਵੱਲ
ਧਿਆਨ ਦੇਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਕਿਸੇ ਇੱਕ ਅੱਧੇ ਵਿਦਿਆਰਥੀ ਨੂੰ ਅਤੇ ਮਾਪਿਆਂ ਨੂੰ
ਮੇਰੀਆਂ ਇਹ ਗੱਲਾਂ ਚੰਗੀਆਂ ਲੱਗ ਹੀ ਜਾਣ। ਲੇਖ ਪੜ੍ਹਨ ਲਈ ਧੰਨਵਾਦ।
ਮੱਖਣ ਪੁਰੇਵਾਲ,
ਦਸੰਬਰ 25, 2023.