.

ਧਾਰਣਾ

(2)

ਜਿਵੇਂ ਜੰਗਲੀ ਜਾਨਵਰਾਂ ਨੂੰ ਨਿਰਦਯਤਾ ਨਾਲ ਪਾੜਿ ਖਾਣ ਵਾਲੇ ਖ਼ੂਨਖ਼ਵਾਰ ਸ਼ੇਰ ਨੂੰ ਜੰਗਲ ਦਾ ਰਾਜਾ ਕਿਹਾ ਜਾਂਦਾ ਹੈ; ਉਸੇ ਤਰ੍ਹਾਂ, ਮਨੁੱਖਾ ਸਮਾਜ ਦੇ ਵਿਸ਼ਾਲ ਜੰਗਲ ਵਿੱਚ ਵਿਚਰਦੇ ਨਿਮਾਣੇ-ਨਿਤਾਣੇ ਕਿਰਤੀਆਂ ਅਤੇ ਮਾਸੂਮ ਮਾਨਸਾਂ ਦੀ ਰੱਤ ਪੀਣ ਅਤੇ ਉਨ੍ਹਾਂ ਨੂੰ ਨੋਚ-ਨੋਚ ਕੇ ਖਾ ਜਾਣ ਵਾਲੇ ਸ਼ੈਤਾਨ ਨੂੰ ਰਾਜਾ, ਪ੍ਰਜਾ-ਪਿਤਾ ਜਾਂ ਪ੍ਰਜਾ-ਨਾਥ ਕਿਹਾ ਜਾਂਦਾ ਹੈ! ਇਸ ਵਿਆਪਕ ਸੱਚ ਦੇ ਆਧਾਰ `ਤੇ, ਨਿਰਸੰਦੇਹ ਅਤੇ ਨਿਰਸੰਕੋਚ, ਕਿਹਾ ਜਾ ਸਕਦਾ ਹੈ ਕਿ, ਪ੍ਰਜਾ ਦੇ ਭਖਕ ਰਾਜੇ ਨੂੰ ਪ੍ਰਜਾ-ਪਿਤਾ ਅਰਥਾਤ ਪ੍ਰਜਾ ਨੂੰ ਪਾਲਣ ਵਾਲਾ ਅਤੇ ਪ੍ਰਜਾ ਦਾ ਰੱਖਿਅਕ ਕਹਿਣਾ/ਸਮਝਣਾ ਮੂਲੋਂ ਹੀ ਗ਼ਲਤ ਅਤੇ ਗੁਮਰਾਹਕੁਨ ਧਾਰਨਾ ਹੈ।

ਪਿਤਾ ਆਪਣੇ ਬੱਚਿਆਂ/ਪਰਿਵਾਰ ਨੂੰ ਪਾਲਣ ਵਾਸਤੇ ਦਿਨ-ਰਾਤ ਸਖ਼ਤ ਮਿਹਨਤ ਕਰਦਾ ਹੈ ਅਤੇ ਬੱਚਿਆਂ ਦੀ ਰੱਖਿਆ ਵਾਸਤੇ ਆਪਣੀ ਜਾਨ ਤਕ ਵੀ ਕੁਰਬਾਨ ਕਰ ਦਿੰਦਾ ਹੈ। ਪਰੰਤੂ ਸੰਸਾਰ ਦੇ ਇਤਿਹਾਸ ਵਿੱਚ ਕੋਈ ਵੀ ਅਜਿਹਾ ਰਾਜਾ ਨਜ਼ਰ ਨਹੀਂ ਆਉਂਦਾ ਜਿਸ ਨੇ ਆਪਣੀ ਪ੍ਰਜਾ ਨੂੰ ਪਾਲਣ ਵਾਸਤੇ ਡੱਕਾ ਵੀ ਤੋੜਿਆ ਹੋਵੇ ਅਤੇ ਪ੍ਰਜਾ ਦੀ ਰੱਖਿਆ ਕਰਦਿਆਂ ਆਪਣੀ ਜਾਨ ਦਾ ਬਲੀਦਾਨ ਦਿੱਤਾ ਹੋਵੇ! ਰਾਜਿਆਂ ਪ੍ਰਤਿ ਉਕਤ, ਮੂਲੋਂ ਹੀ ਗ਼ਲਤ ਧਾਰਨਾ ਦੇ ਉਲਟ, ਮਿਹਨਤਕੱਸ਼ ਪ੍ਰਜਾ ਰਾਜਿਆਂ ਨੂੰ ਪਾਲਦੀ ਅਤੇ ਆਪਣੀਆਂ ਜਾਨਾਂ ਵਾਰ ਕੇ ਵੀ ਉਨ੍ਹਾਂ ਦੀ ਰੱਖਿਆ ਕਰਦੀ ਹੈ, ਉਨ੍ਹਾਂ ਨੂੰ ਗੱਦੀਆਂ ਦਿਵਾਉਂਦੀ ਅਤੇ ਉਨ੍ਹਾਂ ਦੀਆਂ ਗੱਦੀਆਂ ਬਚਾਉਂਦੀ ਵੀ ਰਹੀ ਹੈ।

ਪ੍ਰਚੱਲਿਤ ਧਾਰਨਾ ਅਨੁਸਾਰ ਰਾਜਿਆਂ ਦੁਆਰਾ ਜਨਤਾ ਤੋਂ ਜ਼ੋਰ-ਜ਼ੁਲਮ ਨਾਲ ਵਸੂਲਿਆ ਜਾਂਦਾ ਕਰ/ਮਹਿਸੂਲ ਜਾਂ ਟੈਕਸ (Tax) ਵਤਨ ਚਲਾਉਣ ਅਤੇ ਪ੍ਰਜਾ ਦੇ ਭਲੇ ਦੇ ਕਾਰਜਾਂ ਵਾਸਤੇ ਵਰਤਿਆ ਜਾਂਦਾ ਹੈ! ਇਹ ਧਾਰਨਾ ਵੀ ਮੂਲੋਂ ਹੀ ਗ਼ਲਤ ਹੈ! ਸੱਚ ਤਾਂ ਇਹ ਹੈ ਕਿ ਕਰ ਜ਼ਰੀਏ ਪ੍ਰਜਾ ਤੋਂ ਵਸੂਲੀ ਗਈ ਧਨ-ਸੰਪਤੀ ਦਾ ਬਹੁਤਾ ਹਿੱਸਾ ਰਾਜੇ ਆਪਣੇ ਉੱਤੇ ਹੀ ਖ਼ਰਚ ਕਰਦੇ ਹਨ; ਪ੍ਰਜਾ ਉੱਤੇ ਤਾਂ ਸਿਰਫ਼ ਉਤਨਾ ਹੀ ਖ਼ਰਚ ਕੀਤਾ ਜਾਂਦਾ ਹੈ ਜਿਸ ਨਾਲ ਮੰਦਹਾਲੀ ਵਿੱਚ ਰੀਂਗਦੀ ਤੇ ਹੌਕੇ ਭਰਦੀ ਪ੍ਰਜਾ ਜਿਉਂਦੀ ਰਹੇ; ਅਤੇ ਰਾਜੇ, ਦੀਨਤਾ ਅਤੇ ਮੁਥਾਜੀ ਦੀ ਤਰਸਯੋਗ ਹਾਲਤ ਵਿੱਚ ਸਿਸਕਦੀ, ਪ੍ਰਜਾ ਦਾ ਜੋਕਾਂ ਵਾਂਙ ਖ਼ੂਨ ਚੂਸਦੇ ਰਹਿਣ!

ਰਾਜੇ ਆਤਮ-ਪ੍ਰੇਮੀ (narcissist) ਹੁੰਦੇ ਹਨ। ਉਹ ਜੋ ਕੁੱਝ ਵੀ ਕਰਦੇ ਜਾਂ ਆਪਣੇ ਝੋਲੀਚੁਕ ਅਹਲਕਾਰਾਂ ਅਤੇ ਮਜਬੂਰ ਪ੍ਰਜਾ ਤੋਂ ਕਰਵਾਉਂਦੇ ਹਨ ਉਹ ਸਿਰਫ਼ ਉਨ੍ਹਾਂ ਦੇ ਆਪਣੇ ਸੁੱਖ-ਭੋਗੀ, ਵਿਲਾਸਮਈ, ਅਯਾਸ਼ ਅਤੇ ਸੁਰੱਖਿਅਤ ਜੀਵਨ ਵਾਸਤੇ ਹੀ ਹੁੰਦਾ ਹੈ। ਰਾਜਿਆਂ ਦੀ ਜੀਵਨ-ਸ਼ੈਲੀ (Life style) ਉੱਤੇ ਸਰਸਰੀ ਜਿਹੀ ਨਿਗਾਹ ਮਾਰਿਆਂ ਇਸ ਕੌੜੇ ਕਥਨ ਦੀ ਪੁਸ਼ਟੀ, ਨਿਰਸੰਦੇਹ, ਹੀ ਹੋ ਜਾਂਦੀ ਹੈ।

ਰਾਜੇ ਦੀ ਗੱਦੀ ਵੰਸ਼ਗਤ, ਪੁਸ਼ਤਾਨੀ ਜਾਂ ਵਿਰਾਸਤੀ ਹੋਣ ਕਰਕੇ, ਅਧਿਕਤਰ ਰਾਜੇ ਆਮ ਤੌਰ `ਤੇ ਅਨਪੜ੍ਹ, ਮੂੜ੍ਹ ਮੱਤ ਅਤੇ ਹੂੜ੍ਹ ਸੁਭਾਉ ਵਾਲੇ ਹੀ ਹੁੰਦੇ ਹਨ। ਪ੍ਰਚੱਲਿਤ ਰੀਤਿ ਅਨੁਸਾਰ, ਕਈ ਸ਼ਾਹੀ ਵਾਰਿਸਾਂ ਨੂੰ ਤਾਂ ਲੜਕਪਨ ਜਾਂ ਕੁਮਾਰ ਅਵਸਥਾ ਵਿੱਚ ਹੀ ਗੱਦੀ ਉੱਤੇ ਬਿਠਾ ਦਿੱਤਾ ਜਾਂਦਾ ਰਿਹਾ ਹੈ। ਰਾਜ-ਪ੍ਰਬੰਧ ਤਾਂ ਸੁਸਿਖਸ਼ਿਤ ਮੰਤ੍ਰੀ ਤੇ ਅਹਿਲਕਾਰ ਹੀ ਕਰਦੇ ਹਨ ਪਰੰਤੂ ਨਾਮ ਰਾਜੇ ਦਾ ਹੁੰਦਾ ਹੈ।

ਨੈਤਿਕਤਾ ਪੱਖੋਂ, ਰਾਜੇ, ਆਮ ਤੌਰ `ਤੇ, ਗਿਰੇ ਹੋਏ ਅਖ਼ਲਾਕ ਵਾਲੇ ਭ੍ਰਸ਼ਟ, ਅੱਯਾਸ਼, ਸੁਖਵਿਲਾਸੀ, ਵਿਸ਼ਈ, ਵਿਭਚਾਰੀ, ਬਦਕਾਰ, ਬਦਚਲਣ, ਲੁੱਚੇ-ਲਫ਼ੰਗੇ ਅਤੇ ਦੁਰਾਚਾਰੀ ਹੁੰਦੇ ਹਨ। ਉਹ ਆਪਣੇ ਸੁਖ-ਭੋਗੀ ਜੀਵਨ ਅਤੇ ਸੁਖਵਿਲਾਸ ਦੀ ਖ਼ਾਤਿਰ ਆਪਣੇ ਹੀ ਵਤਨ ਦੇ ਨਾਗਰਿਕਾਂ ਦਾ ਬੁਰਾ ਕਰਨ ਵਾਲੇ ਨਿਰਦਈ ਰਾਖ਼ਸ਼ਸ਼ ਹੁੰਦੇ ਹਨ। ਅਜਿਹੇ ਨੀਚ ਕਿਰਦਾਰ ਵਾਲੇ ਰਾਜੇ ਨੂੰ ਜ਼ਿਲ੍ਹੇ ਖ਼ੁਦਾ (ਰਬ ਦਾ ਪਰਛਾਵਾਂ ਜਾਂ ਰਬ ਦਾ ਰੂਪ) ਕਹਿਣਾ ਤੇ ਮੰਨਣਾ ਮੂਲੋਂ ਹੀ ਗ਼ਲਤ ਸੋਚ/ਧਾਰਨਾ ਹੈ। ਆਓ, ਇਸ ਨੁਕਤੇ ਨੂੰ ਥੋੜਾ ਵਿਸਤਾਰ ਵਿੱਚ ਵੀਚਾਰੀਏ:

ਰਾਜੇ ਆਪਣੇ ਰਾਜ-ਕਾਲ ਵਿੱਚ ਆਪਣੀ ਦੁਨਿਆਵੀ ਸ਼ਾਨ ਓ ਸ਼ੌਕਤ ਅਤੇ ਸੰਸਾਰਕ ਸ਼ੋਭਾ ਵਧਾਉਣ ਵਾਸਤੇ, ਕਿਰਤੀ ਪ੍ਰਜਾ ਤੋਂ ਜ਼ੋਰ-ਜ਼ੁਲਮ ਨਾਲ ਲੁੱਟੀ ਹੋਈ ਦੌਲਤ ਨਾਲ ਅਜੂਬੇ, ਕੋਟ-ਕਿਲ੍ਹੇ, ਗੜ੍ਹ, ਬੁਰਜ, ਸ਼ਾਨਦਾਰ ਸਮਾਰਕ, ਸਮਾਰਕੀ ਚਿੰਨ੍ਹ, ਆਲੀਸ਼ਾਨ ਮਹਲ-ਮਾੜੀਆਂ, ਮਕਬਰੇ, ਸਮਾਧਾਂ, ਮਾਰਗਾਂ ਅਤੇ ਮੰਦਰਾਂ ਮਸਜਿਦਾਂ ਵਗ਼ੈਰਾ ਦੀ ਉਸਾਰੀ ਕਰਵਾਉਂਦੇ ਹਨ। ਇਹ ਉਸਾਰੀ, ਰੁੱਖੀ-ਸੁੱਖੀ ਖਾਣ ਵਾਲੀ, ਪ੍ਰਜਾ ਕਰਦੀ ਹੈ ਪਰੰਤੂ ਵਡਿਆਈ ਰਾਜਿਆਂ ਨੂੰ ਹੀ ਮਿਲਦੀ ਹੈ। ਮਿਹਨਤਕਸ਼ ਪ੍ਰਜਾ ਦੁਆਰਾ ਆਪਣਾ ਖ਼ੂਨ-ਪਸੀਨਾ ਵਹਾ ਕੇ ਉਸਾਰੇ ਗਏ ਇਤਿਹਾਸਕ ਸ਼ਹਿਰਾਂ, ਸਮਾਰਕਾਂ ਅਤੇ ਅਜੂਬਿਆਂ (Wonders) ਵਗ਼ੈਰਾ ਅਤੇ, ਪ੍ਰਜਾ ਤੋਂ ਜ਼ੋਰ-ਜ਼ੁਲਮ ਨਾਲ ਲੁੱਟੇ, ਧਨ-ਦੌਲਤ ਦੇ ਅੰਬਾਰਾਂ ਦਾ ਮਾਲਿਕ ਰਾਜਾ ਹੀ ਹੁੰਦਾ ਹੈ! ਕਵੀ ਮੋਹਨ ਸਿੰਘ ਦੀ ਤਾਜ ਮਹਲ ਉੱਤੇ ਲਿਖੀ ਇੱਕ ਕਵਿਤਾ ਦੀ ਸਿਰਫ਼ ਇੱਕ ਸਤਰ ਦੇ ਹਵਾਲੇ ਨਾਲ ਹੀ ਰਾਜਿਆਂ ਵਾਸਤੇ ਅਜੂਬਿਆਂ ਅਤੇ ਸਮਾਰਕਾਂ ਦੀ ਉਸਾਰੀਆਂ ਕਰਨ ਵਾਲੀ ਬੇਬਸ ਪ੍ਰਜਾ ਦੀ ਤਰਸਯੋਗ ਹਾਲਤ, ਮਜਬੂਰੀ ਅਤੇ ਦੁਰਦਸ਼ਾ ਦਾ ਕੌੜਾ ਸੱਚ ਸਾਹਮਣੇ ਆ ਜਾਂਦਾ ਹੈ: “……ਦੁੱਧੀਆਂ ਨਾਲ ਪਲਮਦੇ ਬੱਚੇ, ਕੰਮੀ ਰੁੱਝੀਆਂ ਮਾਵਾਂ। ਅੱਖਾਂ ਦੇ ਵਿੱਚ ਛਲਕਨ ਅੱਥਰੂ ਸੀਨੇ ਦੇ ਵਿੱਚ ਆਹਾਂ। ……”

ਮਹਲਾਂ ਦੇ ਮਾਲਿਕ ਰਾਜਿਆਂ ਨੂੰ ਸੁਖਭੋਗੀ ਤੇ ਸੁਰੱਖਿਅਤ ਜੀਵਨ ਪ੍ਰਦਾਨ ਕਰਨ ਵਾਲੀ ਬਹੁਗਿਣਤੀ ਜਨਤਾ ਝੁੱਗੀਆਂ-ਝੌਂਪੜੀਆਂ ਵਿੱਚ ਦੁੱਖ-ਸੰਤਾਪ ਭਰਿਆ ਮੰਦਭਾਗਾ ਜੀਵਨ ਬਿਤੀਤ ਕਰਨ ਲਈ ਮਜਬੂਰ ਹੁੰਦੀ ਹੈ। ਸੋ, ਇਹ ਧਾਰਨਾ ਵੀ ਮੂਲੋਂ ਹੀ ਗ਼ਲਤ ਹੈ ਕਿ ਰਾਜਾ ਪ੍ਰਜਾ ਦੇ ਭਲੇ ਦੇ ਕਾਰਜਾਂ ਵਾਸਤੇ ਟੈਕਸ ਵਸੂਲਦਾ ਹੈ।

ਰਾਜੇ ਰੱਜ ਕੇ ਫ਼ਜ਼ੂਲ ਖ਼ਰਚ ਹੁੰਦੇ ਹਨ। “ਚੋਰੀ ਦਾ ਮਾਲ ਅਤੇ ਲਾਠੀਆਂ ਦੇ ਗਜ਼” ਵਾਲੀ ਕਹਾਵਤ ਫ਼ਜ਼ੂਲ ਖ਼ਰਚ ਰਾਜਿਆਂ ਦੇ ਇਨਸਾਨੀਅਤ ਤੋਂ ਗਿਰੇ ਹੋਏ ਕਿਰਦਾਰ ਉੱਤੇ ਪੂਰੀ ਢੁਕਦੀ ਹੈ। ਰਾਜੇ ਧੂਮ-ਧੜੱਕੇ ਅਤੇ ਚਮਕ-ਦਮਕ ਵਾਲਾ ਜੀਵਨ ਬਿਤੀਤ ਕਰਨ ਦੇ ਸ਼ੌਕੀਨ ਹੁੰਦੇ ਹਨ। ਇਸ ਸ਼ੌਕ ਨੂੰ ਪੂਰਾ ਕਰਨ ਵਾਸਤੇ ਉਹ ਕਿਸੇ ਵੀ ਹੱਦ ਤਕ ਗਿਰ ਸਕਦੇ ਹਨ ਅਤੇ ਇਨਸਾਨੀਯਤ ਤੋਂ ਗਿਰੇ ਹੋਏ ਰਾਜੇ ਕੋਈ ਵੀ ਨੀਚ ਕਰਮ ਕਰਨ ਲੱਗਿਆਂ ਜ਼ਰਾ ਵੀ ਸ਼ਰਮ ਮਹਿਸੂਸ ਨਹੀਂ ਕਰਦੇ। ਇਤਿਹਾਸ ਵਿੱਚ ਇਸ ਕਥਨ ਦੇ ਕਈ ਪੁਖ਼ਤਾ ਪ੍ਰਮਾਣ ਮਿਲਦੇ ਹਨ। ਇਸ ਸੱਚ ਕਥਨ ਦੀ ਪੁਸ਼ਟੀ ਲਈ ਬੇਸ਼ਕੀਮਤੀ ਕੋਹਿਨੂਰ ਹੀਰਾ ਅਤੇ ਤਖ਼ਤ ਤਾਊਸ ਦੀ ਮਿਸਾਲ ਹੀ ਕਾਫ਼ੀ ਹੈ। ਲਿਖਤਾਂ ਅਨੁਸਾਰ, ਕੋਹ ਇ ਨੂਰ ਹੀਰੇ ਦੀ ਅਜੋਕੀ ਕੀਮਤ ਤਿੰਨ-ਸਾਢੇ ਤਿੰਨ ਲੱਖ ਕਰੋੜ ਰੁਪਏ ਹੈ! ! ! ਅਤੇ ਤਖ਼ਤ ਤਾਊਸ ਦੀ ਕੀਮਤ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ। ਇਸ ਬੇਮਿਸਾਲ ਤਖ਼ਤ ਦੀ ਕੀਮਤ ਬਾਰੇ ਇਤਨਾ ਹੀ ਕਿਹਾ ਜਾ ਸਕਦਾ ਹੈ ਕਿ ਇਸ ਨੂੰ ਬਣਾਉਣ ਵਾਸਤੇ 11-12 ਸੌ ਕਿੱਲੋ ਸੋਨਾ ਅਤੇ 230 ਕਿੱਲੋ ਦੇ ਕਰੀਬ ਮੋਤੀ, ਹੀਰੇ ਤੇ ਜਵਾਹਰਾਤ ਲੱਗੇ ਸਨ! ! ਅਜਿਹੀਆਂ ਕੀਮਤੀ ਵਸਤੂਆਂ ਦੀ ਲੁੱਟ-ਖੋਹ ਤੇ ਕਬਜ਼ੇ ਵਾਸਤੇ ਰਾਜਿਆਂ ਵਿਚਕਾਰ ਹੋਏ ਖ਼ੂਨੀ ਤਕਰਾਰਾਂ ਵਿੱਚ ਜੋ ਮਾਸੂਮ ਪ੍ਰਜਾ ਮਾਰੀ ਗਈ, ਉਸ ਦਾ ਅਨੁਮਾਨ ਵੀ ਨਹੀਂ ਲਗਾਇਆ ਜਾ ਸਕਦਾ!

ਸ਼ੈਤਾਨਾਂ ਵਾਂਙ, ਰਾਜਿਆਂ ਦੇ ਸ਼ੌਕ ਵੀ ਅਵੱਲੇ ਹੀ ਹੁੰਦੇ ਹਨ। ਉਹ ਆਪਣੀ ਅਬੁਝ ਹਵਸ ਨੂੰ ਬੁਝਾਉਣ ਲਈ ਆਪਣੇ ਮਹਲਾਂ ਵਿੱਚ ਹਰਮ, ਜ਼ਨਾਨਖ਼ਾਨੇ ਅਤੇ ਲੀਲ੍ਹਾ ਭਵਨ ਆਦਿਕ ਬਣਵਾਉਂਦੇ ਸਨ। ਇਨ੍ਹਾਂ ਹਰਮਾਂ ਵਿੱਚ ਰਾਣੀਆਂ, ਮਹਾਂਰਾਣੀਆਂ, ਪਟਰਾਣੀਆਂ, ਕਨੀਜ਼ਾਂ, ਰਖੇਲਾਂ, ਦਾਸੀਆਂ, ਬਿਲਾਸਿਨੀਆਂ. ਮੁਜਰਾ ਕਰਨ ਵਾਲੀਆਂ ਨਚਾਰਾਂ, ਤਵਾਇਫ਼ਾਂ ਦੀ ਵਿਲਾਸਮਈ ਰਿਹਾਇਸ਼ ਹੁੰਦੀ ਸੀ। ਮਹਲਾਂ ਵਿੱਚ ਰਾਜੇ ਜੋ ਕਾਮ-ਕ੍ਰੀੜਾ ਕਰਦੇ ਸਨ/ਹਨ ਉਸ ਦਾ ਵਰਣਨ ਇੱਥੇ ਸੰਭਵ ਨਹੀਂ ਹੈ! ਇਹ ਇਤਿਹਾਸਕ ਸੱਚ ਲਿਖਿਦਿਆਂ ਕਲਮ ਵੀ ਕੰਬਦੀ ਹੈ ਕਿ ਅਧਖੜ ਉਮਰ ਦੇ ਠਰਕੀ ਰਾਜੇ ਆਪਣੀ ਹਵਸ ਪੂਰੀ ਕਰਨ ਅਲ੍ਹੜ ਉਮਰ ਦੀਆਂ ਬਾਲੜੀਆਂ ਨੂੰ ਵੀ ਦਹਿਸ਼ਤ ਨਾਲ ਪਰਣਾ ਲਿਆਉਂਦੇ ਸਨ! ਇੱਥੇ ਇਸ ਇਤਿਹਾਸਕ ਸੱਚ ਦਾ ਖ਼ੁਲਾਸਾ ਕਰ ਦੇਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਰਾਜੇ ਆਪਣੇ ਮਹਿਬੂਬ ਦੇ ਇਸ਼ਕ ਦੇ ਜਨੂੰਨ ਵਿੱਚ ਅੰਨ੍ਹੇ ਹੋਏ ਪ੍ਰਜਾ ਉੱਤੇ ਕਿਤਨੇ ਜ਼ੁਲਮ ਢਾਹੁੰਦੇ ਸਨ, ਇਸ ਦਾ ਅੰਦਾਜ਼ਾ ਹੈਲਨ ਔਫ਼ ਟੋਰਾਯ, ਮੁਮਤਾਜ਼ ਬੇਗਮ ਅਤੇ ਪਦਮਾਵਤੀ ਵਗ਼ੈਰਾ ਦੇ ਜੀਵਨ ਨਾਲ ਸੰਬੰਧਿਤ ਇਤਿਹਾਸ ਤੋਂ ਲਗਾਇਆ ਜਾ ਸਕਦਾ ਹੈ।

ਵਕਤ ਦੇ ਬਦਲਣ ਨਾਲ, ਰਾਜ-ਪ੍ਰਣਾਲੀ ਵਿੱਚ ਵੀ ਤਬਦੀਲੀ ਆਉਣੀ ਸੁਭਾਵਕ ਸੀ। ਕਈ ਦੇਸਾਂ ਵਿੱਚ, ਹੁਕੂਮਤ ਦੀ ਵਾਗ-ਡੋਰ ਵਿਰਾਸਤੀ ਰਾਜਿਆਂ ਦੀ ਥਾਂ ਰਾਜ-ਗੱਦੀਆਂ ਦੇ ਭੁੱਖੇ ਨਿਰਅੰਕੁਸ਼ ਤਾਨਾਸ਼ਾਹ ਸਮਰਾਟਾਂ, ਡਿਕਟੇਟਰਾਂ ਅਤੇ ਸੁਲਤਾਨਾਂ ਦੇ ਹਥਿ ਆ ਗਈ। ਰਾਜਿਆਂ ਅਤੇ ਬੇਲਗ਼ਾਮ ਡਿਕਟੇਟਰਾਂ ਦੇ ਕਿਰਦਾਰ ਅਤੇ ਜੀਵਨ-ਸ਼ੈਲੀ ਵਿੱਚ ਕੋਈ ਖ਼ਾਸ ਅੰਤਰ ਨਹੀਂ ਹੈ। ਤਾਨਾਸ਼ਾਹ ਸ਼ਾਸਕ ਬੇਲਗ਼ਾਮ ਹੋਣ ਕਰਕੇ, ਰਾਜਿਆਂ ਵਾਂਙ, ਦਹਿਸ਼ਤਗਰਦ, ਅੱਤਿਆਚਾਰੀ ਅਤੇ ਵਿਭਚਾਰੀ ਹੀ ਹੁੰਦੇ ਹਨ। ਇੱਕ ਪਖੋਂ ਡਿਕਟੇਟਰ ਰਾਜਿਆਂ ਤੋਂ ਵੱਖਰੇ ਹੁੰਦੇ ਹਨ; ਉਹ ਇਹ ਕਿ ਡਿਕਟੇਟਰਾਂ ਦੀ ਰਾਜ-ਗੱਦੀ, ਆਮਤੌਰ `ਤੇ, ਵਿਰਾਸਤੀ ਨਹੀਂ ਹੁੰਦੀ।

ਚਲਦਾ……

ਗੁਰਇੰਦਰ ਸਿੰਘ ਪਾਲ

ਮਾਰਚ 3, 2024.




.