.

ਰੋਜ਼ਾਨਾ ਸਪੋਕਸਮੈਨ ਬਾਰੇ ਮੇਰੇ ਆਪਣੇ ਕੁੱਝ ਵਿਚਾਰ

(ਨੋਟ:- ਅਪ੍ਰੈਲ 08, 2024 ਨੂੰ ਮੱਖਣ ਪੁਰੇਵਾਲ ਜੀ ਦਾ ਲਿਖਿਆ ਲੇਖ “ਮਿਸ਼ਨਰੀ ਅਤੇ ਸਪੋਕਸਮੈਨ ਵਾਲੇ ਵੀ ਸਮਾਜ ਵਿਰੋਧੀ ਅਤੇ ਧਰਮ ਵਿਰੋਧੀ ਹਨ” ਅਤੇ, ਅਪ੍ਰੈਲ 13, 2024 ਨੂੰ ਖੋਜ ਕਰਕੇ ਲਿਖਿਆ ਇੱਕ ਹੋਰ ਲੇਖ “ਕੀ ਸਰਬਲੋਹ ਗ੍ਰੰਥ ਵਿੱਚ ਵੀ ਸਿੱਖਾਂ ਦੇ ਦਸਵੇਂ ਗੁਰੂ ਦੀ ਸਵੈ-ਜੀਵਨੀ ਹੈ?” ਪ੍ਰਕਾਸ਼ਤ ਹੋਏ ਸਨ। ਇਸੇ ਵਿਸ਼ੇ ਉੱਤੇ ਮੈਂ ਵੀ ਆਪਣੇ ਸੰਖੇਪ ਵਿਚਾਰ ਦੇ ਰਿਹਾ ਹਾਂ।)

ਮੈਂ ਕਈ ਸਾਲਾਂ ਤੋਂ “ਰੋਜ਼ਾਨਾ ਸਪੋਕਸਮੈਨ” ਪੜ੍ਹਦਾ ਆ ਰਿਹਾ ਹਾਂ। ਇਸ ਵਿੱਚ ਛਪਦੇ ਕਈ ਲੇਖ ਪੜ੍ਹ ਕੇ ਕਾਫ਼ੀ ਕੁੱਛ ਸਿੱਖਿਆ ਵੀ ਹੈ। ਪਰੰਤੂ ਕੁੱਛ ਸਮੇਂ ਤੋਂ ਇਸ ਗੌਰਵਮਈ ਕਹੇ ਜਾਂਦੇ ਅਖ਼ਬਾਰ ਉੱਤੇ, ਕਿਸੇ ਮਾੜੇ ਪ੍ਰਭਾਵ ਜਾਂ ਦਬਾਅ ਕਾਰਣ, ਗੁਰਮਤਿ ਦਾ ਦੋਖੀ ‘ਸਿੱਖ’ ਮਿਥਿਹਾਸ ਹਾਵੀ ਹੋ ਗਿਆ ਲੱਗਦਾ ਹੈ! ਮੇਰੇ ਇਸ ਕਥਨ ਦੀ ਪੁਸ਼ਟੀ ਵਾਸਤੇ ਮੈਂ ਸਿਰਫ਼ ਦੋ ਤਾਜ਼ਾ ਹਵਾਲੇ ਹੀ ਦਿਆਂ ਗਾ:

ਪਹਿਲਾ, ਅਪ੍ਰੈਲ 08, ਅਤੇ 13, 2024 ਨੂੰ “ਉੱਚਾ ਦਰ ਬਾਬੇ ਨਾਨਕ ਦਾ” ਦੇ ਸੰਸਥਾਨ ਵਾਸਤੇ ਦਿੱਤਾ ਗਿਆ ਪੂਰੇ ਪੰਨੇ ਦਾ ਵਿਗਿਆਪਨ। ਮਿਥਿਹਾਸਕ ਗ੍ਰੰਥ “ਸਰਬਲੋਹ” ਵਿੱਚੋਂ ਲਈ ਗਈ ਇੱਕ ਸਤਰ (ਯਾ ਮੈਂ ਰੰਚ ਨਾ ਮਿਥਿਆ ਭਾਖੀ ਪਾਰਬ੍ਰਹਮ ਗੁਰੂ ਨਾਨਕ ਸਾਖੀ।) ਨੂੰ ਇਸ ਵਿਗਿਆਪਨ ਦਾ ਥੰਮ੍ਹ ਬਣਾਇਆ ਗਿਆ ਹੈ। ਸਪੋਕਸਮੈਨ ਦਾ ਇਉਂ ਕਰਨਾ ਸੰਸਾਰ ਦੇ ਅਦੁੱਤੀ ਫ਼ਿਲਾਸਫ਼ਰ ਬਾਬੇ ਨਾਨਕ ਦਾ ਘੋਰ ਨਿਰਾਦਰ ਹੈ। ਅਤੇ “ਸਰਬਲੋਹ” ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਸਵੈ-ਜੀਵਨੀ ਦੱਸਣਾ ਗੁਰੂਆਂ ਦਾ ਭੀਸ਼ਨ ਅਪਮਾਨ ਵੀ ਹੈ। ਵਿੱਦਵਾਨਾਂ ਦੀ ਖੋਜ ਅਨੁਸਾਰ, ਸਰਬਲੋਹ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੇ ਦੇਹਾਂਤ ਤੋਂ ਕਈ ਵਰ੍ਹੇ ਬਾਅਦ ਵਿੱਚ ਲਿਖਿਆ ਗਿਆ ਸੀ! ਤਾਂ ਫ਼ਿਰ ਇਹ ਕੂੜ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਸਵੈ-ਜੀਵਨੀ ਕਿਵੇਂ ਹੋ ਗਿਆ? ? ?

ਇੱਥੇ “ਉੱਚਾ ਦਰ ਬਾਬੇ ਨਾਨਕ ਦਾ” ਨਾਮ ਨਾਲ ਸੰਬੰਧਿਤ ਇੱਕ ਹੋਰ ਤੱਥ ਦਾ ਖ਼ੁਲਾਸਾ ਕਰ ਦੇਣਾ ਵੀ ਕੁਥਾਂ ਨਹੀਂ ਹੋਵੇਗਾ। ਇਸ ਨਾਮ ( “ਉੱਚਾ ਦਰ ਬਾਬੇ ਨਾਨਕ ਦਾ” ) ਦਾ ਗੁਰਬਾਣੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ! ਇਹ ਨਾਮ ਕਈ ਦਹਾਕਿਆਂ ਤੋਂ ਰਾਗੀਆਂ ਅਤੇ ਪ੍ਰਚਾਰਕਾਂ ਦੁਆਰਾ ਪ੍ਰਚਾਰੇ ਜਾ ਰਹੇ ਇੱਕ ਗੀਤ ਦੀ ਇੱਕ ਸਤਰ “ਮੈਂ ਸੋਭਾ ਸੁਣ ਕੇ ਆਇਆ ਉੱਚਾ ਦਰ ਬਾਬੇ ਨਾਨਕ ਦਾ” ਦਾ ਇੱਕ ਅੰਗ ਹੈ! 1980ਵਿਆਂ ਵਿੱਚ ਇਸ ਨਾਮ ( “ਮੈਂ ਸੋਭਾ ਸੁਣ ਕੇ ਆਇਆ ਉੱਚਾ ਦਰ ਬਾਬੇ ਨਾਨਕ ਦਾ” ) ਦੀ ਇੱਕ ਫ਼ਿਲਮ ਵੀ ਬਣੀ ਸੀ। ਮਨਮਤੀਏ ਰਾਗੀਆਂ ਅਤੇ ਪ੍ਰਚਾਰਕਾਂ ਨੇ ਇਸੇ ਗੀਤ ਦੀ ਧੁੰਨ `ਤੇ ਹੇਮਕੁੰਟ ਵਗ਼ੈਰਾ ਮਿਥਿਹਾਸਕ ਗੁਰੂਦਵਾਰਿਆਂ ਨੂੰ ਪ੍ਰਸਿੱਧ ਕਰਨ ਵਾਸਤੇ ਕਈ ਹੋਰ ਗੀਤ ਬਣਾ ਲਏ ਹਨ!

ਮੈਂ ਆਪਣੇ ਲੇਖਾਂ ਵਿੱਚ ਇਸ ਗ੍ਰੰਥ (ਸਰਬਲੋਹ) ਦਾ ਕਦੇ ਵੀ ਜ਼ਿਕਰ ਨਹੀਂ ਕੀਤਾ ਕਿਉਂਕਿ, ਰੂਹਾਨੀਯਤ ਦੇ ਪੁੰਜ ਬਾਬੇ ਨਾਨਕ ਦੇ ਲਾਸਾਨੀ ਫ਼ਲਸਫ਼ੇ ਨੂੰ ਖੋਰਾ ਲਉਣ ਵਿੱਚ ਇਸ ਗ੍ਰੰਥ ਦੀ ਭੁਮਿਕਾ ਅਤਿ ਨਿੰਦਨਯੋਗ ਹੈ! ਪੰਜਾਬ ਦੀ ਧਰਤੀ `ਤੇ ਖ਼ਾਲਸਾ ਰਾਜ ਅਤੇ ਖ਼ਾਲਿਸਤਾਨ ਦੇ ਨਦੀਨ ਦਾ ਬੀਜ ਬੋਣ ਵਾਲੇ ਕੂੜ-ਕਬਾੜ ਗ੍ਰੰਥਾਂ ਵਿੱਚੋਂ ਵੀ ਇਹ ਗ੍ਰੰਥ ਪਹਿਲੇ ਨੰਬਰ `ਤੇ ਹੈ। ਨਿਹੰਗ ਸਿੰਘ ਜਥੇਬੰਦੀਆਂ ਅਤੇ ਟਕਸਾਲਾਂ ਵਾਲੇ ਗੁਰਬਾਣੀ-ਗ੍ਰੰਥ ਨਾਲੋਂ ਇਸ ਗ੍ਰੰਥ ਨੂੰ ਵਧੇਰੇ ਮਾਣਤਾ ਦਿੰਦੇ ਹਨ! ਇਸੇ ਵਾਸਤੇ ਇਸ ਸਰਬਲੋਹ ਗ੍ਰੰਥ ਨੂੰ ਟਕਸਾਲੀਆਂ ਅਤੇ ਨਿਹੰਗਾਂ ਦਾ ਗ੍ਰੰਥ ਕਿਹਾ ਜਾਂਦਾ ਹੈ।

ਦੂਜਾ, ਅਪ੍ਰੈਲ 13, 2024 ਨੂੰ ਸਪੋਕਸਮੈਨ ਵਿੱਚ ਛਪਿਆ ਗੁਰਮੇਲ ਸਿੰਘ ਗਿੱਲ ਦਾ ਲੇਖ “ਖ਼ਾਲਸਾ ਮੇਰੋ ਰੂਪ ਹੈ ਖ਼ਾਸ” ਇਸ ਕਥਨ ਦਾ ਪੁਖ਼ਤਾ ਪ੍ਰਮਾਣ ਹੈ ਕਿ ਅਦਾਰਾ ਸਪੋਕਸਮੈਨ ਕੂੜ-ਕਬਾੜ ਗ੍ਰੰਥਾਂ ਦਾ ਮੁਦਈ ਹੈ! ਗੁਰਮੇਲ ਸਿੰਘ ਦੇ ਇਸ ਬੇਤੁਕੇ ਅਤੇ ਸਾਰਹੀਣ ਲੇਖ ਵਿੱਚ ਤਰਕਸ਼ੀਲਤਾ ਦਾ ਪੂਰਣ ਅਭਾਵ ਹੈ। ਉਸ ਨੇ ਆਪਣਾ ਪੱਖ ਪੂਰਨ ਵਾਸਤੇ ਜਿਤਨੇ ਵੀ ਹਵਾਲੇ ਦਿੱਤੇ ਹਨ ਉਹ ਸਾਰੇ ਗੁਰਮਤਿ ਦੇ ਦੋਖੀਆਂ ਦੁਆਰਾ ਲਿਖੇ ਗਏ ਕੂੜ-ਕਬਾੜ ਗ੍ਰੰਥਾਂ ਵਿੱਚੋਂ ਹੀ ਹਨ! ਪਹਿਲਾ ਹਵਾਲਾ ਕਵੀ ਸੰਤੋਖ ਸਿੰਘ ਦੇ ਲਿਖੇ ਗ੍ਰੰਥ “ਸ੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼” ਵਿੱਚੋਂ ਹੈ; ਦੂਜਾ ਕਥਿਤ ਦਸਮ ਗ੍ਰੰਥ ਵਿੱਚੋਂ; ਤੀਜਾ ਜੀਵਨ ਸਿੰਘ ਦੀ ਲਿਖੀ “ਸ੍ਰੀ ਗੁਰੂ ਕਥਾ” ਵਿੱਚੋਂ; ਚੌਥਾ ਕਵੀ ਕੰਕਣ ਦੀ ਲਿਖੀ “ਸੰਖੇਪ ਦਸਗੁਰ ਕਥਾ” ਵਿੱਚੋਂ ਅਤੇ ਪੰਜਵਾਂ ਕਵੀ ਗੁਰਦਾਸ ਸਿੰਘ ਦੀ ਲਿਖੀ ਵਾਰ ਵਿੱਚੋਂ। ਸਾਰੇ ਹਵਾਲੇ ਗੁਰਬਾਣੀ ਦੀ ਕਸੌਟੀ ਉੱਤੇ ਪਰਖਿਆਂ ਮੂਲੋਂ ਹੀ ਰੱਦ ਹੁੰਦੇ ਹਨ। ਗੁਰਮੇਲ ਸਿੰਘ ਕਵੀ ਗੁਰਦਾਸ ਸਿੰਘ ਦੀ ਲਿਖੀ ਵਾਰ ਨੂੰ ਭਾਈ ਗੁਰਦਾਸ ਜੀ ਦੀ ਲਿਖੀ 41ਵੀਂ ਵਾਰ ਦੱਸਦਾ ਹੈ! ਭਾਈ ਗੁਰਦਾਸ ਜੀ ਦਾ ਦੇਹਾਂਤ ਸਨ 1637 ਵਿੱਚ ਹੋ ਗਿਆ ਸੀ। ਤਾਂ ਫ਼ਿਰ ਖ਼ਾਲਸੇ ਪ੍ਰਤਿ ਲਿਖੀ ਗਈ ਵਾਰ ਭਾਈ ਗੁਰਦਾਸ ਜੀ ਦੀ ਲਿਖਿਤ ਕਿਵੇਂ ਹੋ ਗਈ? ?

ਗੁਰਮੇਲ ਸਿੰਘ ਨੇ ਆਪਣੇ ਬੇਤੁਕੇ ਲੇਖ ਵਿੱਚ ਮਾਰੀਆਂ ਗੁਮਰਾਹਕੁਨ ਗੱਪਾਂ ਨੂੰ ਪ੍ਰਮਾਣਕ ਅਤੇ ਸੱਚੀਆਂ ਸਿੱਧ ਕਰਨ ਵਾਸਤੇ ਗੁਰਬਾਣੀ ਵਿੱਚੋਂ ਸਿਰਫ਼ ਇੱਕ ਹਵਾਲਾ ਦਿੱਤਾ ਹੈ:

ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰ ਧਰਿ ਤਲੀ ਗਲੀ ਮੋਰੀ ਆਉ॥ …

ਚੰਗਾ ਹੁੰਦਾ ਜੇ ਗੁਰਮੇਲ ਸਿੰਘ ਇਹ ਹਵਾਲਾ ਦੇਣ ਤੋਂ ਪਹਿਲਾਂ ਬਾਬੇ ਨਾਨਕ ਦੀ ਪਵਿੱਤਰ ਬਾਣੀ ਦੀਆਂ ਇਨ੍ਹਾਂ ਤੁਕਾਂ ਦਾ ਅਰਥ-ਭਾਵ ਸਮਝ ਲੈਂਦਾ ਤਾਂ! !

ਗੁਰਇੰਦਰ ਸਿੰਘ ਪਾਲ

ਅਪ੍ਰੈਲ 22, 2024.




.