.

…ਵਿਕਾਊ ਹੈ…!

(…For Sale…)

(ਨੋਟ:- 22 ਜਨਵਰੀ, 2017 ਨੂੰ “ਸਿੱਖ ਮਾਰਗ” `ਤੇ ਮੇਰਾ ਇੱਕ ਲੇਖ “ਹਮਰਾ ਧੜਾ…” ਪ੍ਰਕਾਸ਼ਤ ਹੋਇਆ ਸੀ। ਇਸ ਲੇਖ ਦੇ ਅੰਤ ਵਿੱਚ ਇਕ ਵਿਚਾਰਦਿੱਤਾ ਗਿਆ ਸੀ। ਅਜੋਕੇ ਸਿਆਸਤਦਾਨਾਂ/ਨੇਤਾਵਾਂ ਦੀ ਵਿਕਾਊ ਰੁਚੀ ਤੇ ਮਾਹੌਲ ਨੂੰ ਮੁੱਖ ਰੱਖਦਿਆਂ, ਇਸ ਲਿਖਿਤ (ਇਕ ਵਿਚਾਰ” ) ਵਿੱਚ ਥੋੜੀ-ਬਹੁਤ ਘਾਟ-ਵਾਧ ਕਰਕੇ ਦੁਬਾਰਾ ਪਾ ਰਿਹਾ ਹਾਂ।)

ਜਿਵੇਂ ਪਸ਼ੂ-ਮੰਡੀਆਂ ਵਿੱਚ ਬੇਜ਼ੁਬਾਨ ਪਸ਼ੂਆਂ ਦੀ ਬੋਲੀ ਲਗਦੀ ਹੈ ਤੇ ਵੱਧ ਤੋਂ ਵੱਧ ਬੋਲੀ ਲਾਉਣ ਵਾਲਾ ਗਾਹਕ ਵਿਕਾਊ ਪਸ਼ੂ ਨੂੰ ਖ਼ਰੀਦ ਕੇ, ਬੜੇ ਮਾਨ-ਅਭਿਮਾਨ ਨਾਲ, ਉਸ ਪਸ਼ੂ ਦੇ ਗਲ ਵਿੱਚ ਘੁੰਗਰੂਆਂ, ਟੱਲੀਆਂ ਅਤੇ ਰੰਗ-ਬਰੰਗੇ ਮਣਕਿਆਂ ਵਾਲੀ ਗਾਨੀ ਪਾ ਕੇ ਆਪਣੇ ਵਾੜੇ ਵਿੱਚ ਲਿਆਉਂਦਾ ਹੈ, ਤਿਵੇਂ ਸਿਆਸਤ ਦੇ ਖੇਤਰ ਵਿੱਚ (ਖ਼ਾਸ ਕਰਕੇ ਚੋਣਾਂ/ਵੋਟਾਂ ਦੇ ਦਿਨਾਂ ਦੌਰਾਨ) ਵਿਕਾਊ ਸਿਆਸਤਦਾਨਾਂ ਦੀ ਬੋਲੀ ਲੱਗਦੀ ਹੈ। ਵਿਕਾਊ ਸਿਆਸਤਦਾਨ ਦੀ ਵੱਧ ਤੋਂ ਵੱਧ ਬੋਲੀ ਲਾਉਣ ਵਾਲਾ ਖ਼ਰੀਦਦਾਰ (ਅਗਾਂਹ ਵਿਕਿਆ ਹੋਇਆ ਇੱਕ ਹੋਰ ਵੱਡਾ ਨੇਤਾ) ਖ਼ਰੀਦੇ ਗਏ ਨੇਤਾ ਦੇ ਗਲ ਵਿੱਚ ਹਾਰ ਅਤੇ ਦਿਖਾਵੇ ਦੇ ਸੰਸਾਰਕ ਸਿਰੋਪੇ ਪਾ ਕੇ ਉਸ ਨੂੰ ਆਪਣੇ ਵਾੜੇ (ਪਾਰਟੀ, ਧੜੇ/ਖੇਮੇ) ਵਿੱਚ ਲਿਆਉਂਦਾ ਹੈ। ਵਿਕਿਆ ਹੋਇਆ ਨੇਤਾ ਆਪਣੇ ਖ਼ਰੀਦਦਾਰ ਵੱਡੇ ਨੇਤਾ ਨੂੰ ਗੁਲਦਸਤਾ ਵਗ਼ੈਰਾ ਭੇਟ ਕਰਦਾ ਹੈ ਅਤੇ ਕੋੜ੍ਹ ਕਿਰਲੇ ਵਾਂਙ ਧੌਣ ਅਕੜਾ ਕੇ ਤੇ ਦੰਦੀਆਂ ਦਿਖਾ ਕੇ ਉਸ ਵੱਡੇ ਨੇਤਾ ਦੇ ਨਾਲ ਫ਼ੋਟੋ ਖਿਚਵਾਉਂਦਾ ਤੇ ਅਖ਼ਬਾਰਾਂ ਵਿੱਚ ਛਪਵਾਉਂਦਾ ਹੈ। ਵਿਕਿਆ ਹੋਇਆ ਜ਼ਮੀਰ-ਮਰਿਆ ਉਹ ਨੇਤਾ ਆਪਣੀ ਬੇਗ਼ੈਰਤੀ ਉੱਤੇ ਜ਼ਰਾ ਵੀ ਸ਼ਰਮ ਮਹਿਸੂਸ ਨਹੀਂ ਕਰਦਾ! !

(ਪਸ਼ੂ: ਢੋਰ, ਡੰਗਰ; ਅਣਖਹੀਣਾ, ਨੀਚ, ਕਮੀਨਾ ਅਤੇ ਮੂਰਖ ਮਨੁੱਖ।)

ਪਸ਼ੂਆਂ ਦੀ ਖ਼ਰੀਦ ਕਰਨ ਸਮੇਂ ਖ਼ਰੀਦਦਾਰ ਵਿਕਾਊ ਪਸ਼ੂ ਦੇ ਗੁਣ ਦੇਖ ਕੇ ਉਸ ਦਾ ਮੁੱਲ਼ ਦਿੰਦਾ ਹੈ। ਲਵੇਰੇ, ਦੁੱਧਾਰੂ ਅਤੇ ਜੋਤਣ-ਯੋਗ ਨੱਢੇ-ਨਰੋਏ ਪਸ਼ੂ ਦਾ ਮੁੱਲ਼ ਵੱਧ ਲੱਗਦਾ ਹੈ। ਪਰੰਤੂ ਇਸ ਦੇ ਉਲਟ, ਵਿਕਾਊ ਨੇਤਾ/ਸਿਆਸਤਦਾਨ ਦੇ ਕਿਰਦਾਰ ਦੀਆਂ ਖ਼ਾਮੀਆਂ ਨੂੰ ਮੁੱਖ ਰੱਖ ਕੇ ਉਸ ਦੀ ਕੀਮਤ ਤੈਅ ਹੁੰਦੀ ਹੈ। ਜਿਤਣਾ ਖੋਟਾ, ਝੂਠਾ, ਜ਼ਮੀਰ-ਮਰਿਆ, ਕਮੀਨਾ, ਭ੍ਰਸ਼ਟ, ਚਾਪਲੂਸ, ਬੇਸ਼ਰਮ ਤੇ ਮੋਟੀ ਚਮੜੀ ਵਾਲਾ ਸਿਆਸਤਦਾਨ, ਉਤਨਾ ਹੀ ਜ਼ਿਆਦਾ ਉਸਦਾ ਮੁੱਲ ਪੈਂਦਾ ਹੈ! !

ਪਸ਼ੂ-ਮੰਡੀਆਂ ਵਿੱਚੋਂ ਖ਼ਰੀਦੇ ਗਏ ਪਸ਼ੂ ਦਾ ਮੁੱਲ ਉਸ ਦੇ ਮਾਲਿਕ ਨੂੰ ਦਿੱਤਾ ਜਾਂਦਾ ਹੈ। ਅਤੇ ਪਸ਼ੂ ਦੀ ਖ਼ਰੀਦੋ ਫ਼ਰੋਖ਼ਤ ਵਿੱਚ ਬੇਚਾਰੇ ਬੇਜ਼ੁਬਾਨ ਪਸ਼ੂ ਦੀ ਆਪਣੀ ਮਰਜ਼ੀ ਜਾਂ ਆਪਣਾ ਕੋਈ ਸਵਾਰਥ ਨਹੀਂ ਹੁੰਦਾ, ਇਸ ਲਈ ਉਸ ਦੀ ਪਸ਼ੂ-ਜ਼ਮੀਰ ਨੂੰ ਕੋਈ ਆਂਚ ਨਹੀਂ ਆਉਂਦੀ। ਪਰੰਤੂ ਸਿਆਸਤ ਦੀ ਮੰਡੀ ਵਿੱਚ ਵਿਕਣ ਵਾਲਾ ਸਵਾਰਥੀ ਸਿਆਸਤਦਾਨ ਆਪਣਾ ਅਤੇ ਆਪਣੀ ਜ਼ਮੀਰ ਦਾ ਮੁੱਲ ਆਪ ਤੈਅ ਕਰਦਾ ਹੈ, ਅਤੇ ਆਪ ਹੀ ਲੈਂਦਾ ਹੈ! ! ਵਿਕਾਊ ਨੇਤਾ ਦੇ ਸੌਦੇ (ਲੈਣ-ਦੇਣ) ਨੂੰ ਗੁਪਤ ਰੱਖਿਆ ਜਾਂਦਾ ਹੈ! ! ਹੋਏ ਨਾ ਸਾਡੇ ਸਤਿਕਾਰਯੋਗ ਨੇਤਾ ਪਸ਼ੂਆਂ ਤੋਂ ਵੀ ਗਏ ਗੁਜ਼ਰੇ! ! ਵਿਕਾਊ ਨੇਤਾਵਾਂ ਤੋਂ ਵੀ ਬਦਤਰ ਹਨ ਉਨ੍ਹਾਂ ਦੇ ਮਤਲਬੀ ਪਿਛਲੱਗ ਪਿੱਠੂ ਜਿਹੜੇ ਉਨ੍ਹਾਂ ਵਿਕਾਊ ਨੇਤਾਵਾਂ ਦੇ ਗੁਣ ਗਾਉਂਦੇ ਨਹੀਂ ਥੱਕਦੇ; ਅਤੇ ਬਦਤਰੀਨ ਹਨ ਧਰਮ ਪ੍ਰਚਾਰ ਦੇ ਧੱਕੇ ਨਾਲ ਬਣੇ ਬੈਠੇ ਠੇਕੇਦਾਰ ਜਿਹੜੇ ਆਪਣੇ ਸਵਾਰਥ ਅਤੇ ਲੋਭ-ਲਾਲਚ ਦੀ ਖ਼ਾਤਿਰ ਵਿਕਾਊ ਅਤੇ ਖ਼ਰੀਦਨ ਵਾਲੇ ਦੋਵੇਂ ਨੇਤਾਵਾਂ ਦੇ ਗੁਣ ਗਾਉਂਦੇ ਅਤੇ ਤਲੂਏ ਚੱਟਦੇ ਨਹੀਂ ਥੱਕਦੇ।

(ਨੋਟ:- ਧਰਮ-ਖੇਤਰ ਦੇ ਵਿਕਾਊ ਨੀਚਾਂ ਬਾਰੇ ਅਲੱਗ ਲੇਖ ਲਿਖਣ ਦਾ ਯਤਨ ਕਰਾਂਗੇ।)

ਅੱਜ ਦੇ ਜ਼ਮਾਨੇ ਵਿੱਚ ਹਰ ਸਿਆਸਤਦਾਨ ਕੁਰਸੀ ਜਾਂ ਹਰਾਮ ਦੀ ਦੌਲਤ ਵਾਸਤੇ ਵਿਕਣ ਨੂੰ ਤਿਆਰ ਹੈ। ਅੱਜ-ਕਲ ਕਿਸੇ ਵੀ ਅਖ਼ਬਾਰ ਦਾ ਕੋਈ ਵੀ ਪੰਨਾ ਖੋਲ੍ਹ ਕੇ ਸਰਸਰੀ ਜਿਹੀ ਨਿਗਾਹ ਮਾਰੋ, ਉਪਰੋਕਤ ਕੌੜੇ ਕਥਨ ਦੇ ਅਣਗਿਣਤ ਸਚਿਤ੍ਰ ਪ੍ਰਮਾਣ ਮਿਲ ਜਾਣਗੇ!

ਭਾਰਤ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਅਧਿਕਤਰ ਓਹਦੇਦਾਰ, ਬਹੁਤੇ ਕੇਂਦਰੀ ਮੰਤ੍ਰੀ, ਸੰਸਦ ਮੈਂਬਰ, ਪ੍ਰਾਂਤਾਂ ਦੇ ਮੁੱਖ ਮੰਤ੍ਰੀ, ਮੰਤ੍ਰੀ, ਅਤੇ ਵਿਧਾਇਕ ਆਦਿਕ ਸੱਭ ਵਿਕੇ ਹੋਏ ਸਿਆਸਤਦਾਨ ਹਨ ਜਾਂ ਵਿਕਣ ਵਾਸੇ ਤਤਪਰ ਬੈਠੇ ਹਨ। ! ! ਅੱਜ-ਕਲ੍ਹ ਇਨ੍ਹਾਂ ਵਿਕਾਊ ਨੇਤਾਵਾਂ ਦੀ ਤੁਲਣਾ ਉਨ੍ਹਾਂ ਬਾਜ਼ਾਰੂ ਔਰਤਾਂ ਨਾਲ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਉੱਧਲ ਜਾਣ ਦਾ ਚਸਕਾ ਪਿਆ ਹੁੰਦਾ ਹੈ। ਜਿਵੇਂ ਬਾਜ਼ਾਰੀ ਔਰਤਾਂ ਆਪਣੇ ਨੰਗ-ਨਮੂਜ ਨੂੰ ਛਿੱਕੇ ਟੰਗ ਕੇ ਲਗਾਤਾਰ ਨਵੇਂ ਨਵੇਂ ਖ਼ਸਮਾਂ ਨਾਲ ਉੱਧਲਦੀਆਂ ਫ਼ਿਰਦੀਆਂ ਹਨ ਤਿਵੇਂ, ਭਾਰਤ ਦੇ ਸਿਆਸਤਦਾਨ ਆਪਣੀ ਅਣਖ, ਸ਼ਰਮ-ਹਯਾ ਅਤੇ ਲੋਕ-ਲਾਜ ਨੂੰ ਛਿੱਕੇ ਟੰਗ ਕੇ ਆਏ ਦਿਨ ਨਵੇਂ ਨਵੇਂ ਖ਼ਸਮ ਕਰਦੇ ਫ਼ਿਰਦੇ ਹਨ! ! ! ਜਦੋਂ ਫ਼ਾਹਿਸ਼ ਔਰਤ ਆਪਣੇ ਪਤੰਦਰਾਂ ਕੋਲੋਂ ਖੇਹ ਖਾ ਕੇ ਰੱਜ ਜਾਂਦੀ ਹੈ ਜਾਂ ਉਨ੍ਹਾਂ ਦੁਆਰਾ ਦੁਰਕਾਰੇ ਜਾਣ `ਤੇ ਵਾਪਸ ਘਰ ਆ ਜਾਂਦੀ ਹੈ ਤਿਵੇਂ ਵਿਕਿਆ ਹੋਇਆ ਦਲ-ਬਦਲੂ ਨੇਤਾ ਤੈਅ ਮੁੱਲ ਨਾ ਮਿਲਨ `ਤੇ ਜਾਂ ਨਵੇਂ ਕੀਤੇ ਖ਼ਸਮ ਵੱਲੋਂ ਦੁਰਕਾਰੇ ਜਾਣ ਤੋਂ ਬਾਅਦ ਆਪਣੇ ਵਾੜੇ (ਪਾਰਟੀ/ਦਲ) ਵਿੱਚ ਵਾਪਸ ਆਉਂਦਾ ਹੈ ਤਾਂ ਉਸ ਨੂੰ ਘਰ-ਵਾਪਸੀ ਕਿਹਾ ਜਾਂਦਾ ਹੈ।

ਸਿਆਸਤਦਾਨਾਂ ਅਤੇ ਨੇਤਾਵਾਂ ਦੇ ਵਿਕਣ ਪਿੱਛੇ ਦੋ ਮੁੱਖ ਮਤਲਬ ਹੁੰਦੇ ਹਨ: ਇਕ, ਹਰਾਮ ਦੀ ਦੌਲਤ। ਅੱਜ-ਕਲ ਵਿਕਾਊ ਨੇਤਾ ਕਰੋੜਾਂ ਵਿੱਚ ਵਿਕ ਰਹੇ ਹਨ! ! ਇਸ ਘਿਨਾਉਣੇ ਪਰ ਸੱਚੇ ਕਥਨ ਦੀਆਂ ਖ਼ਬਰਾਂ ਹਰ ਰੋਜ਼ ਛਪਦੀਆਂ ਹੀ ਰਹਿੰਦੀਆਂ ਹਨ। ਧਨ-ਮਾਲ ਦੀ ਖ਼ਾਤਿਰ ਵਿਕਣ ਵਾਲੇ ਨੇਤਾ ਨੂੰ ਜ਼ਰ-ਖ਼ਰੀਦ ਜਾਂ ਬੈ-ਖ਼ਰੀਦ ਗੋਲਾ/ਗ਼ੁਲਾਮ ਕਹਿੰਦੇ ਹਨ। ਜ਼ਰ-ਖ਼ਰੀਦ ਸਿਆਸਤਦਾਨ ਹਮੇਸ਼ ਗ਼ੁਲਾਮਾਂ ਦੀ ਤਰ੍ਹਾਂ ਆਪਣੇ ਖ਼ਰੀਦਦਾਰ ਮਾਲਿਕ ਦੀ ਝੂਠੀ ਤਾਰੀਫ਼ ਕਰਨ, ਉਸੇ ਦੀ ਬੋਲੀ ਬੋਲਣ ਅਤੇ ਉਸ ਦੇ ਤਲੂਏ ਚੱਟਣ ਲਈ ਮਜਬੂਰ ਹੁੰਦਾ ਹੈ। ਦੂਜਾ, ਰਾਜਨੀਤੀ ਵਿੱਚ ਵੱਡੇਰੇ ਓਹਦੇ ਤੇ ਉਚੇਰੀ ਗੱਦੀ/ਕੁਰਸੀ ਵਾਸਤੇ ਵਿਕਣ ਵਾਲੇ ਅਣਖ-ਹੀਣੇ ਨੇਤਾ। ਇਹ ਕਹਿਣ ਦੀ ਲੋੜ ਨਹੀਂ ਕਿ ਵਿਕਾਊ ਨੇਤਾ, ਨਿਰਸੰਦੇਹ, ਇਨਸਾਨੀਯਤ ਤੋਂ ਗਿਰਿਆ ਹੋਇਆ ਸ਼ੈਤਾਨ ਹੀ ਹੋਵੇਗਾ! ਅਤੇ, ਸ਼ੈਤਾਨ ਕਦੇ ਵੀ ਇਨਸਾਨਾਂ ਦੇ ਭਲੇ ਬਾਰੇ ਨਹੀਂ ਸੋਚੇਗਾ!

ਇਤਿਹਾਸਕ ਝਰੋਖੇ ਵਿੱਚੋਂ ਦੇਖੀਏ ਤਾਂ ਇਹ ਕੌੜਾ ਸੱਚ ਸਾਫ਼ ਦਿਖਾਈ ਦਿੰਦਾ ਹੈ ਕਿ ਭਾਰਤ ਦੇ ਰਾਜੇ-ਮਹਾਂਰਾਜੇ ਅਤੇ ਅਜੋਕੇ ਸਿਆਸਤਦਾਨ ਪੁਸ਼ਤੈਨੀ ਜਾਂ ਖ਼ਾਨਦਾਨੀ ਵਿਕਾਊ ਹਨ! ਅਜੋਕੇ ਸਿਆਸਤਦਾਨ, ਚਾਹੇ ਉਹ ਕਿਸੇ ਵੀ ਰਾਜਨੈਤਿਕ ਪਾਰਟੀ/ਦਲ ਨਾਲ ਸੰਬੰਧ ਰੱਖਦੇ ਹੋਣ, ਹਮੇਸ਼ਾ ਵਿਕਣ ਨੂੰ ਤਿਆਰ ਰਹਿੰਦੇ ਹਨ! ਉਂਞ ਤਾਂ ਸਾਰੇ ਭਾਰਤ ਦੇ ਛੋਟੇ-ਵੱਡੇ ਸਿਆਸਤਦਾਨ ਧੜਾ-ਧੜ ਵਿਕਦੇ ਤੇ ਖ਼ਰੀਦੇ ਜਾ ਰਹੇ ਹਨ ਪਰੰਤੂ ਇੱਥੇ ਅਸੀਂ ਕੇਵਲ ਪੰਜਾਬ ਦੇ ਵਿਕਾਉ ਸਿਆਸਤਦਾਨਾਂ ਦਾ ਸੰਖੇਪ ਜਿਹਾ ਜ਼ਿਕਰ ਹੀ ਕਰਾਂਗੇ:

ਰਾਜਾ ਅਮਰਿੰਦਰ ਸਿੰਘ, ਰਾਣੀ ਪ੍ਰਣੀਤ ਕੌਰ, ਸੁਨੀਲ ਜਾਖੜ, ਬਾਦਲ ਪਰਿਵਾਰ ਅਤੇ ਬਾਦਲਾਂ ਦੇ ਹੁਕਮ ਦੇ ਸਾਰੇ ਗੋਲੇ, ਮਜੀਠੀਏ, ਰਵਨੀਤ ਸਿੰਘ ਬਿੱਟੂ, ਮਨਜਿੰਦਰ ਸਿੰਘ ਸਿਰਸਾ, ਜਗੀਰ ਕੌਰ, ਢੀਂਡਸਾ ਪਰਿਵਾਰ, ਮਲੂਕਾ ਪਰਿਵਾਰ, ਦਿੱਲੀ ਦੇ ਸਰਨਾ ਭਰਾ, ਮਨਜੀਤ ਸਿੰਘ ਜੀ ਕੇ ……ਵਗ਼ੈਰਾ ਵਗ਼ੈਰਾ! ! ਪੰਜਾਬੀਆਂ, ਖ਼ਾਸ ਕਰਕੇ ‘ਸਿੱਖਾਂ’ ਵਾਸਤੇ, ਅਤਿਅੰਤ ਸ਼ਰਮ ਦੀ ਗੱਲ ਹੈ ਕਿ ਉਨ੍ਹਾਂ ਦੇ ਸਤਿਕਾਰਯੋਗ ਨੇਤਾ ਦਲਾਲ ਜਾਂ ਦੱਲੇ ਵੀ ਅਖਵਾਉਂਦੇ ਹਨ ਜੋ ਆਪਣੇ ਖ਼ਸਮਾਂ ਦੀ ਖ਼ਾਤਿਰ ਵਿਕਾਊ ਨੇਤਾਵਾਂ ਨੂੰ ਘੇਰ ਘੇਰ ਕੇ ਲਿਆਉਂਦੇ ਹਨ! ਸੁਰਖੀਆਂ ਵਿੱਚ ਰਹਿਣ ਵਾਲੇ ਅਜੋਕੇ ਨਾਮੀ ਦਲਾਲ ਹਨ: ਕੈਪਟਨ ਅਮ੍ਰਿੰਦਰ ਸਿੰਘ, ਸੁਨੀਲ ਜਾਖੜ, ਮਨਜਿੰਦਰ ਸਿੰਘ ਸਿਰਸਾ, ਦਿੱਲੀ ਦੇ ਸਰਨੇ, ਅਤੇ ਮਨਜੀਤ ਸਿੰਘ ਜੀ ਕੇ ਵਗ਼ੈਰਾ ਵਗ਼ੈਰਾ।

ਵਿਕਾਊ ਸਿਆਸਤਦਾਨਾਂ/ਨੇਤਾਵਾਂ ਦੇ ਕੋਝੇ ਤੇ ਗ਼ਲੀਜ਼ ਕਿਰਦਾਰ ਬਾਰੇ ਹੋਰ ਲਿਖਣ ਤੋਂ ਸਾਡੀ ਕਲਮ ਦੀ ਚੁੰਝ ਵੀ ਇਨਕਾਰੀ ਹੈ; ਇਸ ਲਈ ਇਸ ਲਿਖਤ ਨੂੰ ਇੱਥੇ ਹੀ ਖ਼ਤਮ ਕਰਦੇ ਹਾਂ। ਬਾਕੀ ਕਦੇ ਫੇਰ! !

ਗੁਰਇੰਦਰ ਸਿੰਘ ਪਾਲ

ਅਪ੍ਰੈਲ 30, 2024.




.