ਨਾਨਕਸ਼ਾਹੀ ਕਲ਼ੰਡਰ-ਕੁੱਝ ਵਿਚਾਰ
ਜਰਨੈਲ ਸਿੰਘ
ਸਿਡਨੀ ਅਸਟ੍ਰੇਲੀਆ
www.understandingguru.com
ਨਾਨਕਸ਼ਾਹੀ ਕਲੰਡਰ ਵਾਰੇ ਸੋਸ਼ਲ ਮੀਡੀਏ ਅਤੇ ਹੋਰ ਸਿਖੀ ਨਾਲ ਸਬੰਧਤ ਅਦਾਰਿਆਂ ਵਿੱਚ ਕਾਫੀ ਚਰਚਾ
ਹੁੰਦੀ ਰਹਿੰਦੀ ਏ। ਮੈਂ ਸ਼ੁਰੂ ਵਿੱਚ ਹੀ ਇਹ ਇਕਬਾਲ ਕਰਦਾ ਹਾਂ ਕਿ ਮੈਨੂੰ ਕਲੰਡਰ ਵਿਗਿਆਨ ਵਾਰੇ
ਕੋਈ ਖਾਸ ਜਾਣਕਾਰੀ ਨਹੀਂ ਹੈ। ਬਸ ਇੰਨਾ ਹੀ ਪਤਾ ਹੈ ਕਿ ਕਲੰਡਰ ਸਮੇਂ ਨੂੰ ਦਿਨਾਂ ਮਹੀਨਿਆਂ ਤੇ
ਸਾਲਾਂ ਵਿੱਚ ਵੰਡਣ ਦਾ ਇੱਕ ਉਪਰਾਲਾ ਹੈ ਜਿਸ ਨਾਲ ਦੁਨੀਆਂ ਦਾ ਕੰਮਕਾਜ਼ ਸੁਚਾਰੂ ਢੰਗ ਨਾਲ ਹੋ ਰਿਹਾ
ਏ। ਪਰ ਇਸ ਵਾਰੇ ਚਰਚਾ ਦੌਰਾਨ ਕੁਝ ਦਾਅਵੇ ਕੀਤੇ ਜਾਂਦੇ ਨੇ ਜਿਸ ਕਰਕੇ ਮੈ ਵੀ ਆਪਣੇ ਵਿਚਾਰ ਦੇਣ
ਲਈ ਪ੍ਰੇਰਿਤ ਹੋਇਆ ਹਾਂ।
ਮਾਨਵ ਜਾਤੀ ਦੇ ਵਿਕਾਸ ਨਾਲ ਕਲੰਡਰ ਦੀ ਲੋੜ ਪਈ ਤਾਂ ਇਹ ਹੋਂਦ ਵਿੱਚ ਆਇਆ। ਇਨਸਾਈਕਲੋਪੀਡੀਆ
ਬ੍ਰਿਟੈਨਕਾ ਅਨੁਸਾਰ ਸਭ ਤੋਂ ਪਹਿਲਾਂ ਮਿਸਰੀ (ਈਜ਼ਿਪਸ਼ੀਅਨ) ਕਲੰਡਰ ਹੋਂਦ ਵਿੱਚ ਆਇਆ, ਜਿਸ ਨੂੰ ਸੋਧ
ਕੇ ਰੋਮਨ ਲੋਕਾਂ ਨੇ ਜੁਲੀਅਨ ਕਲੰਡਰ ਬਣਾਇਆ ਜੋ 1500 ਸਾਲ ਤਕ ਯੁਰਪ ਵਿੱਚ ਲਾਗੂ ਰਿਹਾ। ਇਸੇ ਤੋਂ
ਅੱਗੇ ਗਰੀਗੋਰੀਅਨ ਕਲੰਡਰ ਬਣਿਆ ਜੋ ਹੁਣ ਲਗਭਗ ਸਾਰੀ ਦੁਨੀਆਂ ਵਿੱਚ ਹੀ ਲਾਗੂ ਹੈ। ਸਾਰੇ ਕਲੰਡਰ
ਕੁਦਰਤ ਦੀ ਚਾਲ ਨੂੰ ਪੂਰੀ ਤਰ੍ਹਾ ਮਾਪਣ ਤੇ ਮਿਥਣ ਵਿੱਚ ਅਸਮਰਥ ਰਹੇ ਹਨ। ਇਸ ਕਰਕੇ ਕੁਦਰਤ ਦੀ ਚਾਲ
ਅਤੇ ਕਲੰਡਰ ਦੇ ਮਾਪ ਵਿੱਚ ਥੋੜਾ ਬਹੁਤ ਫਰਕ ਰਹਿ ਹੀ ਜਾਂਦਾ ਹੈ। ਅਜਿਹਾ ਕਿਹਾ ਜਾਂਦਾ ਹੈ ਕਿ
ਗਰੀਗੋਰੀਅਨ ਕਲੰਡਰ ਵਿੱਚ ਵੀ ਇੱਕ ਸਾਲ ਵਿੱਚ ਅੱਧੇ ਕੁ ਮਿੰਟ ਦੀ ਗਲਤੀ ਰਹਿ ਜਾਂਦੀ ਹੈ। ਇਹ ਕਿਹਾ
ਜਾਂਦਾ ਹੈ ਕਿ ਸ ਪਾਲ ਸਿੰਘ ਪੁਰੇਵਾਲ ਨੇ ਨਾਨਕਸ਼ਾਹੀ ਕਲੰਡਰ ਵਿੱਚ ਗਰੀਗੋਰੀਅਨ ਕਲੰਡਰ ਨਾਲੋਂ ਵੀ
ਬੇਹਤਰ ਗਿਣਤੀ ਮਿਣਤੀ ਕੀਤੀ ਹੈ। ਨਾਨਕਸ਼ਾਹੀ ਕਲੰਡਰ ਵਾਰੇ ਜੋ ਚਰਚਾ ਹੁੰਦੀ ਹੈ ਉਸ ਵਿੱਚ ਬਹੁਤਾ
ਜ਼ੋਰ ਇਸ ਗੱਲ ‘ਤੇ ਹੈ ਕਿ ਇਸ ਨੂੰ ਅਕਾਲ ਤਖ਼ਤ ਤੋਂ ਪ੍ਰਵਾਨ ਕੀਤਾ ਗਿਆ ਪਰ ਬਾਅਦ ਵਿੱਚ ਇਸ ਦੀ ਸੋਧ
ਕਰਕੇ ਇਸ ਨੂੰ ਕਤਲ ਕਰ ਦਿੱਤਾ ਗਿਆ। ਇਹ ਕਿਹਾ ਜਾਂਦਾ ਹੈ ਕਿ ਮੂਲ ਨਾਨਕਸ਼ਾਹੀ ਕਲੰਡਰ ਸਿੱਖਾਂ ਦੀ
ਵੱਖਰੀ ਪਹਿਚਾਣ ਦਾ ਪ੍ਰਤੀਕ ਏ। ਸਿੱਖ ਇੱਕ ਵੱਖਰੀ ਕੌਮ ਨੇ ਇਸ ਲਈ ਇਨ੍ਹਾ ਕੋਲ ਆਪਣਾ ਵੱਖਰਾ ਕਲੰਡਰ
ਹੋਣਾ ਜ਼ਰੂਰੀ ਹੈ। ਦੋ ਸਵਾਲ ਉੱਠਦੇ ਨੇ।
1. ਕੀ ਸਿੱਖ ਇੱਕ ਵੱਖਰੀ ਕੌਮ ਨੇ।
2. ਕੀ ਵੱਖਰੀ ਕੌਮ ਹੋਣ ਲਈ ਵੱਖਰਾ ਕਲੰਡਰ ਜ਼ਰੂਰੀ ਹੈ।
ਇੱਕ ਪਾਸੇ ਅਸੀਂ ਗੁਰੁ ਨਾਨਕ ਸਾਹਿਬ ਨੂੰ ਜਗਤ ਗੁਰੂ ਆਖਦੇ ਹਾਂ ਦੂਸਰੇ ਪਾਸੇ ਉਹਨਾਂ ਦੇ ਨਾਮ ਤੇ
ਇੱਕ ਕਲੰਡਰ ਤਿਆਰ ਕਰਕੇ ਇਸਨੂੰ ਸਿਰਫ ਸਿੱਖਾਂ ਦਾ ਕਲੰਡਰ ਆਖ ਰਹੇ ਹਾਂ। ਇੱਕ ਪਾਸੇ ਅਸੀਂ ਇਹ ਆਖਦੇ
ਹਾਂ ਕਿ ਗੁਰੂ ਗਰੰਥ ਸਾਹਿਬ ਸਾਝੀਵਾਲਤਾ ਦਾ ਉਪਦੇਸ਼ ਦੇ ਰਿਹਾ ਏ, ਦੂਜੇ ਪਾਸੇ ਗਰੂ ਗ੍ਰੰਥ ਸਾਹਿਬ
ਨੂੰ ਮੰਨਣ ਵਾਲੇ ਆਪਣੇ ਆਪ ਨੂੰ ਵੱਖਰੀ ਕੌਮ ਕਹਿ ਰਹੇ ਨੇ। ਸਿੱਖ ਕਿਸੇ ਵੀ ਲਿਹਾਜ਼ ਨਾਲ ਇੱਕ ਵੱਖਰੀ
ਕੌਮ ਦੀ ਪ੍ਰੀਭਾਸ਼ਾ ਵਿੱਚ ਨਹੀ ਆਉਂਦੇ। ਸਿੱਖ ਪੰਜਾਬੀ ਵੀ ਹਨ, ਭਾਰਤ ਵਿੱਚ ਰਹਿੰਦੀਆਂ ਹੋਰ ਕੌਮਾਂ
ਵਿੱਚ ਵੀ ਹਨ, ਅਮਰੀਕਨ ਵੀ ਹਨ, ਅਫਰੀਕਨ ਵੀ ਹਨ, ਫਰੰਗੀ ਵੀ ਹਨ, ਚੀਨੇ ਵੀ ਹਨ। ਅਸੀਂ ਸਿੱਖੀ ਨੂੰ
ਕਿਸੇ ਇੱਕ ਕੌਮ ਵਿੱਚ ਕੈਦ ਨਹੀਂ ਕਰ ਸਕਦੇ। ਇਹੀ ਗੁਰੁ ਗ੍ਰੰਥ ਸਾਹਿਬ ਦੀ ਸਾਝੀਵਾਲਤਾ ਦਾ ਸਬੂਤ
ਹੈ। ਸਾਰੀਆਂ ਕੌਮਾਂ ਇਕੋ ਬਾਪ ਦੀ ਔਲਾਦ ਨੇ। ਸਿੱਖੀ ਸਾਨੂੰ ਉਸ ਬਾਪ ਨਾਲ ਜੋੜਦੀ ਹੈ। ਗੁਰੂ ਗ੍ਰੰਥ
ਸਾਹਿਬ ਦੀ ਬਾਣੀ ਪੂਰੀ ਮਾਨਵਤਾ ਹੀ ਨਹੀ ਬਲਕਿ ਇਸ ਧਰਤੀ ਤੇ ਵਸਦੇ ਹਰ ਜੀਵ ਨੂੰ ਮੁਖਾਤਿਬ ਹੈ।
ਆਪਣੇ ਆਪ ਨੂੰ ਇੱਕ ਵੱਖਰੀ ਕੌਮ ਕਹਿਣ ਵਾਲੇ ਸਿਆਸੀ ਲਾਹਾ ਤਾਂ ਲੈ ਸਕਦੇ ਨੇ ਪਰ ਉਹ ਸਿੱਖੀ ਨਾਲ
ਬੇਇਨਸਾਫੀ ਕਰ ਰਹੇ ਨੇ। ਉਹਨਾਂ ਦਾ ਮਕਸਦ ਸ਼ਾਇਦ ਸਿਆਸੀ ਲਾਹਾ ਹੀ ਹੈ।
ਦੁਨੀਆਂ ਵਿੱਚ ਇਸ ਵੇਲੇ ਕੋਈ 40 ਕਲੰਡਰ ਵਰਤੇ ਜਾ ਰਹੇ ਨੇ। ਪਰ ਦੁਨੀਆਂ ਵਿੱਚ ਯਕੀਨਨ ਇਸ ਨਾਲੋਂ
ਵੱਧ ਕੌਮਾਂ ਹੋਣਗੀਆਂ। ਸੋ ਹਰ ਕੌਮ ਕੋਲ ਆਪਣਾ ਕਲੰਡਰ ਨਹੀਂ ਹੋ ਸਕਦਾ। ਗਰੀਗੋਰੀਅਨ ਕਲੰਡਰ ਲਗਭਗ
ਸਾਰੀ ਦੁਨੀਆਂ ਵਿੱਚ ਹੀ ਵਰਤਿਆ ਜਾਂਦਾ ਹੈ। ਜਿਨ੍ਹਾਂ ਧਰਮਾਂ ਨੇ ਆਪਣੇ ਕਲੰਡਰ ਬਣਾਏ ਹੋਏ ਨੇ ਉਹ
ਆਪਣੇ ਕਲੰਡਰ ਦੀ ਵਰਤੋਂ ਸਿਰਫ ਧਾਰਮਿਕ ਦਿਨ ਦਿਹਾੜੇ ਮਿੱਥਣ ਲਈ ਹੀ ਕਰਦੇ ਨੇ ਬਾਕੀ ਸਾਰੇ ਸਿਵਲ
ਕੰਮਾਂ ਲਈ ਉਹ ਗਰੀਗੋਰੀਅਨ ਕਲੰਡਰ ਹੀ ਵਰਤਦੇ ਨੇ। ਮਿਸਾਲ ਦੇ ਤੌਰ ਤੇ ਭਾਰਤ ਵਿੱਚ ਵੀ ਸਕੂਲ,
ਯੁਨੀਵਰਸਟੀਆਂ, ਕੋਰਟ ਕਚਿਹਰੀ ਆਪਣਾ ਕੰਮ ਗਰੀਗੋਰੀਅਨ ਕਲੰਡਰ ਮੁਤਾਬਿਕ ਕਰਦੇ ਨੇ ਅਤੇ ਧਾਰਮਿਕ
ਤਿਉਹਾਰ ਧਾਰਮਿਕ ਕਲੰਡਰ ਮੁਤਾਬਿਕ ਮਨਾਏ ਜਾਂਦੇ ਨੇ। ਇਕੋ ਧਰਮ ਦੇ ਲੋਕ ਵੀ ਵੱਖਰੇ ਵੱਖਰੇ ਕਲੰਡਰ
ਵਰਤਦੇ ਨੇ। ਮਿਸਾਲ ਦੇ ਤੌਰ ਤੇ ਮੁਸਲਮਾਨਾਂ ਦਾ ਧਾਰਮਿਕ ਕਲੰਡਰ ਹਿਜ਼ਰੀ ਕਲੰਡਰ ਹੈ ਪਰ ਇਰਾਨ ਵਿੱਚ
ਸ਼ਮਸੀ ਜਾਂ ਪਰਸ਼ੀਅਨ ਕਲੰਡਰ ਵਰਤਿਆ ਜਾਂਦਾ ਹੈ। ਇਸ ਸਾਰੇ ਵੇਰਵੇ ਦਾ ਮਕਸਦ ਸਿਰਫ ਇਹੀ ਕਹਿਣਾ ਹੈ ਕਿ
ਕੌਮ ਨੂੰ ਧਰਮ ਨਾਲ ਨਹੀਂ ਜੋੜਿਆ ਜਾ ਸਕਦਾ ਤੇ ਨ ਹੀ ਵੱਖਰਾ ਕਲੰਡਰ ਹੋਣ ਨਾਲ ਕੋਈ ਕੌਮ ਹੋਂਦ ਵਿੱਚ
ਆਉਂਦੀ ਹੈ।
ਇੱਕ ਗੱਲ ਹੋਰ ਕਹੀ ਜਾਂਦੀ ਹੈ ਕਿ ਅਗਰ ਅਸੀਂ ਮੌਜਦਾ ਕਲੰਡਰ ਵਰਤਦੇ ਰਹੇ ਤਾਂ ਗੁਰਬਾਣੀ ਵਿੱਚ
ਜਿਹੜੇ ਮਹੀਨਿਆਂ ਨਾਲ ਜਿਹੜੀਆਂ ਰੁੱਤਾਂ ਦਾ ਜ਼ਿਕਰ ਆਉਂਦਾ ਹੈ ਉਹ ਸਮਾ ਪਾ ਕੇ ਬਦਲ ਜਾਣਗੀਆਂ। ਇਸ
ਤਰ੍ਹਾਂ ਨਾਲ ਗੁਰਬਾਣੀ ਸਮਝਣ ਵਿੱਚ ਮੁਸ਼ਕਿਲ ਆ ਸਕਦੀ ਹੈ। ਇਸ ਗੱਲ ਵਿੱਚ ਬਹੁਤਾ ਵਜਨ ਨਹੀਂ ਹੈ।
ਗੁਰਬਾਣੀ ਜਾਂ ਕੋਈ ਵੀ ਹੋਰ ਰਚਨਾ ਨੂੰ ਸਮਝਣ ਲਈ ਉਸਦੇ ਰਚਨਾ ਕਾਲ ਅਤੇ ਸਮੇਂ ਤੇ ਸਥਾਨ ਨੂੰ ਧਿਆਨ
ਵਿੱਚ ਰੱਖਿਆ ਜਾਂਦਾ ਹੈ। ਵਿਆਖਿਆ ਦਾ ਇਹ ਅਸੂਲ ਸਰਬ ਪ੍ਰਮਾਣਿਤ ਹੈ। ਕਬੀਰ ਸਾਹਿਬ ਆਪਣੀ ਬਾਣੀ
ਵਿੱਚ ਇੱਕ ਜਗ੍ਹਾ ਕਹਿੰਦੇ ਨੇ ਕਿ ਅਗਰ ਸੁਨੰਤ ਨਾਲ ਹੀ ਮੁਸਲਮਾਨ ਬਣਦੇ ਨੇ ਤਾਂ ਔਰਤ ਕਿਸ ਤਰ੍ਹਾਂ
ਮੁਸਲਮਾਨ ਹੋਈ। ਉਹਨਾਂ ਨੇ ਇਹ ਗੱਲ ਇਸ ਲਈ ਕਹੀ ਕਿ ਭਾਰਤ ਵਿੱਚ ਔਰਤ ਦੀ ਸੁੰਨਤ ਨਹੀ ਕੀਤੀ ਜਾਂਦੀ
ਪਰ ਅਸੀੰ ਹੁਣ ਜਾਣਦੇ ਹਾਂ ਕਿ ਅਫਰੀਕਾ ਵਿੱਚ ਔਰਤ ਦੀ ਵੀ ਸੁੰਨਤ ਕੀਤੀ ਜਾਂਦੀ ਹੈ। ਸੋ ਕਬੀਰ
ਸਾਹਿਬ ਨੂੰ ਗਲਤ ਸਾਬਤ ਕਰਨ ਲਈ ਅਸੀਂ ਅਫਰੀਕਾ ਦੀ ਮਿਸਾਲ ਨਹੀਂ ਦੇ ਸਕਦੇ। ਇਸ ਕਰਕੇ ਗੁਰਬਾਣੀ
ਵਿੱਚ ਰੁੱਤਾਂ ਅਤੇ ਮਹੀਨਿਆਂ ਦਾ ਜੋ ਜੋੜ ਹੈ, ਅਗਰ ਉਹ ਸਮਾਂ ਪਾ ਕੇ ਬਦਲ ਵੀ ਜਾਂਦਾ ਹੈ ਤਾਂ ਇਸ
ਨਾਲ ਗੁਰਬਾਣੀ ਗਲਤ ਨਹੀਂ ਹੋ ਜਾਂਦੀ।
ਇਸ ਕਲੰਡਰ ਵਾਰੇ ਚਰਚਾ ਵਿੱਚ ਸਾਰਾ ਗੁੱਸਾ ਸਿੱਖ ਲੀਡਰਸ਼ਿਪ, ਅਕਾਲ ਤਖਤ ਦੇ ਜਥੇਦਾਰਾਂ ਅਤੇ ਕੁਝ
ਡੇਰਿਆਂ ਉਤੇ ਕੱਢਿਆ ਜਾਂਦਾ ਹੈ। ਕਿਉਂਕਿ ਉਹਨਾਂ ਨੇ ਮਿਲ ਕੇ ਮੂਲ਼ ਨਾਨਕਸ਼ਾਹੀ ਕਲੰਡਰ ਦਾ ਕਤਲ ਕੀਤਾ
ਹੈ। ਉਹਨਾਂ ਬਹੁਤ ਗਲਤ ਕੀਤਾ। ਇਸ ਕਲੰਡਰ ਵਿੱਚ ਸੋਧ ਦਾ ਹੱਕ ਅਸੂਲਨ ਸਿਰਫ ਪਾਲ ਸਿੰਘ ਪੁਰੇਵਾਲ
ਨੂੰ ਸੀ। ਪਰ ਆਪਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਮੌਜ਼ੂਦਾ ਸਿੱਖ ਧਾਰਮਿਕ ਲੀਡਰਸ਼ਿਪ ਹਿੰਦੂਤੱਵ ਦੇ
ਗਹਿਰੇ ਪ੍ਰੀਭਾਵ ਅਧੀਨ ਕੰਮ ਕਰ ਰਹੀ ਹੈ। ਹਿੰਦੂਤੱਵ ਦਾ ਧੁਰਾ ਬਿੱਪਰ ਹੈ। ਇਹ ਕਲੰਡਰ ਬਿਪਰ ਦੀ
ਰੋਜ਼ੀ ਰੋਟੀ ਤੇ ਲੱਤ ਮਾਰ ਰਿਹਾ ਹੈ। ਬਿੱਪਰ ਦਾ ਸਾਰਾ ਕਾਰ ਬਿਹਾਰ ਉਸ ਦੀ ਜੰਤਰੀ ਤੇ ਨਿਰਭਰ ਹੈ।
ਉਹ ਆਪਣੀ ਰੋਜ਼ੀ ਰੋਟੀ ਬਚਾਉਣ ਲਈ ਹਰ ਹੀਲਾ ਕਰਨਗੇ। ਇੱਥੇ ਸਮੱਸਿਆ ਇਹ ਹੈ ਕਿ 99 ਫੀ ਸਦੀ ਸਿੱਖ ਵੀ
ਬਿਪਰ ਦੇ ਗਾਹਕ ਹਨ ਤੇ ਉਸ ਦੇ ਵਿਉਪਾਰ ਦਾ ਚੋਖਾ ਹਿੱਸਾ ਸਿੱਖਾਂ ਦੀ ਜੇਬ ਵਿੱਚੋਂ ਆਉਂਦਾ ਹੈ। ਅਗਰ
ਸਿੱਖ ਗੁਰੁ ਗ੍ਰੰਥ ਸਾਹਿਬ ਦੀ ਸਿੱਖਿਆ ਤੇ ਚਲ ਬਿੱਪਰ ਦੀ ਗਾਹਕੀ ਤੋਂ ਬਾਹਰ ਆਏ ਹੁੰਦੇ ਤਾਂ ਸ਼ਾਇਦ
ਉਹਨਾਂ ਨੂੰ ਇਸ ਕਲੰਡਰ ਤੇ ਇੰਨਾ ਇਤਰਾਜ਼ ਨਾ ਹੁੰਦਾ। ਸਾਨੂੰ ਸਿੱਖਾਂ ਨੂੰ ਬਿੱਪਰ ਦੀ ਗਾਹਕੀ ਚੋਂ
ਬਾਹਰ ਕੱਢਣ ਤੇ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਹੈ।
ਆਪਾਂ ਇਹ ਵੀ ਕਹਿੰਦੇ ਹਾਂ ਕਿ ਨਾਨਕਸ਼ਾਹੀ ਕਲੰਡਰ
ਸਮੇ ਦੀ ਵੰਡ ਮੌਜ਼ੂਦਾ ਸਾਰੇ ਕਲੰਡਰਾਂ ਨਾਲੋ ਵਧੀਆ ਤਰੀਕੇ ਨਾਲ ਕਰਦਾ ਹੈ। ਆਪਾਂ ਅਕਾਲ ਤਖਤ ਦੇ
ਜਥੇਦਾਰ ਕੋਲ ਜਾਣ ਦੀ ਵਜਾਏ ਇਸ ਨੂੰ ਦੁਨੀਆਂ ਦੀਆਂ ਪ੍ਰਮੁੱਖ ਯੁਨੀਵਰਸਟੀਆਂ ਅੱਗੇ ਕਿਉਂ ਨਹੀ ਪੇਸ਼
ਕਰਦੇ? ਅਗਰ ਇਸ ਨੂੰ ਪ੍ਰਮੁੱਖ ਯੁਨੀਵਰਸਟੀਆਂ ਤੋਂ ਮਾਨਤਾ ਮਿਲਦੀ ਹੈ ਤਾਂ ਅਕਾਲ ਤਖਤ ਦੀ ਮਾਨਤਾ ਦੀ
ਕੋਈ ਲੋੜ ਹੀ ਨਹੀਂ ਰਹਿੰਦੀ। ਬਲਕਿ ਉਹ ਆਪਣੇ ਆਪ ਇਸ ਨੂੰ ਮਾਨਤਾ ਦੇਣ ਲਈ ਮਜ਼ਬੂਰ ਹੋ ਜਾਣਗੇ। ਆਪਾਂ
ਇਸ ਕਲੰਡਰ ਦੀ ਮਦਦ ਨਾਲ ਇਤਿਹਾਸ ਦੀ ਘੋਖ ਕਰ ਕੋਈ ਨਵੀਂ ਸੇਧ ਕਿਉਂ ਨਹੀਂ ਦੇ ਰਹੇ। ਸ਼ੁਰੂਆਤ ਆਪਾਂ
ਸਿੱਖ ਇਤਿਹਾਸ ਤੋਂ ਹੀ ਕਰ ਸਕਦੇ ਹਾਂ। ਪੁਰੇਵਾਲ ਸਾਹਿਬ ਦੇ ਕੰਮ ਨੂੰ ਇਸ ਤੋਂ ਵਧੀਆ ਕੋਈ ਹੋਰ
ਇਨਾਮ ਨਹੀੰ ਹੋ ਸਕਦਾ। ਅਕਾਲ ਤਖਤ ਦੇ ਜਥੇਦਾਰ ਨਾਲ ਲੜਨ ਦੀ ਵਜਾਏ ਕਿਸੇ ਚੰਗੀ ਯੁਨੀਵਰਸਟੀ ਨਾਲ
ਮੱਥਾ ਮਾਰਨਾ ਜ਼ਿਆਦਾ ਲਾਹੇਵੰਦ ਹੋ ਸਕਦਾ ਹੈ। ਗੁਰ ਨਾਨਕ ਸਾਹਿਬ ਨੂੰ ਅਸੀਂ ਜਗਤ ਗੁਰੂ ਕਹਿੰਦੇ ਹਾਂ
ਤਾਂ ਉਹਨਾਂ ਦੇ ਨਾਮ ਤੇ ਬਣਿਆ ਕਲੰਡਰ ਵੀ ਸਾਰੇ ਜਗਤ ਲਈ ਹੋਣਾ ਚਾਹੀਦਾ ਹੈ। ਸਭ ਨੂੰ ਪਤਾ ਹੈ ਕਿ
ਵਿਗਿਆਨ ਬੜੀ ਤੇਜੀ ਨਾਲ ਸਾਰੀ ਦੁਨੀਆਂ ਨੂੰ ਇੱਕ ਕਰ ਰਿਹਾ ਏ। ਇਸ ਕਰਕੇ ਕਿ ਸਾਰੀ ਦੁਨੀਆਂ ਤੇ
ਕਲੰਡਰ ਵੀ ਇਕੋ ਹੀ ਚਲੇਗਾ। ਸਾਨੂੰ ਨਾਨਕਸ਼ਾਹੀ ਕਲੰਡਰ ਨੂੰ ਸਾਰੀ ਦੁਨੀਆਂ ਨੂੰ ਕਲਾਵੇ ਵਿੱਚ ਲੈਣ
ਯੋਗ ਸਾਬਤ ਕਰਨਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਇਸ ਤੇ ਵਿਗਿਆਨ ਦੀ ਮੋਹਰ ਲਗੇ ਨ ਕਿ ਅਕਾਲ ਤਖਤ
ਦੀ। ਅਗਰ ਅਕਾਲ ਤਖਤ ਇਸ ਨੂੰ ਮਾਨਤਾ ਦੇ ਵੀ ਦਿੰਦਾ ਹੈ ਤਾਂ ਇਹ ਦੁਨੀਆਂ ਦਾ ਇੱਕ ਹੋਰ ਧਾਰਮਿਕ ਕਲੰਡਰ ਬਣ ਜਾਏਗਾ।
ਇਸ ਤੋਂ ਵੱਧ ਕੁਝ ਵੀ ਨਹੀਂ। ਕੀ ਇਸ ਨਾਲ ਸਿੱਖੀ ਦਾ ਕੁਝ ਸਵਰੇਗਾ? ਅਗਰ ਇਹ ਕਲੰਡਰ ਇਤਿਹਾਸ ਨੂੰ ਸਮਝਣ ਵਿੱਚ ਸਹਾਈ ਹੁੰਦਾ
ਹੈ ਜਾਂ ਵਿਗਿਆਨ ਦੀ ਕਿਸੇ ਖੋਜ਼ ਵਿੱਚ ਸਹਾਈ ਹੁੰਦਾ ਹੈ ਤਾਂ ਇਹ ਸਹੀ ਮਾਇਨਿਆਂ ਵਿੱਚ ਨਾਨਕਸ਼ਾਹੀ ਕਲੰਡਰ ਬਣੇਗਾ।
22/06/2024