.

ਪੀ: ਐੱਚ: ਡੀ: ਅਤੇ ਹੋਰ ਡਿਗਰੀ ਹੋਲਡਰਾਂ ਦਾ ਬ੍ਰਹਮ ਗਿਆਨੀ ਮਹਾਂਪੁਰਸ਼

ਇਸ ਦੁਨੀਆ ਤੇ ਜੋ ਵੀ ਇਨਸਾਨ ਆਇਆ ਹੈ ਉਸ ਨੇ ਇੱਕ ਨਾ ਇੱਕ ਦਿਨ ਇਸ ਸੰਸਾਰ ਨੂੰ ਛੱਡ ਕੇ ਚਲੇ ਜਾਣਾ ਹੈ। ਭਾਵ ਕਿ ਹਰ ਇੱਕ ਪ੍ਰਾਣੀ ਨੂੰ ਮਰਨਾ ਹੀ ਪੈਣਾ ਹੈ। ਕੁੱਝ ਸਮਾਜ ਨੂੰ, ਸੰਸਾਰ ਨੂੰ ਚੰਗਾ ਦੇ ਕੇ ਜਾਂਦੇ ਹਨ ਅਤੇ ਕੁੱਝ ਮੰਦਾ। ਕੋਈ ਵੀ ਇਨਸਾਨ ਗਲਤੀਆਂ ਤੋਂ ਰਹਿਤ ਨਹੀਂ ਹੋ ਸਕਦਾ। ਵਿਗਿਆਨੀ ਦਿਨ ਰਾਤ ਮਿਹਨਤ ਕਰਕੇ ਅਤੇ ਨਵੀਆਂ ਖੋਜਾਂ ਕਰਕੇ ਸਮਾਜ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ ਵਿਚੋਂ ਬਹੁਤਾ ਕੁੱਝ ਯੂਨੀਵਰਸਿਟੀਆਂ ਦੀਆਂ ਲਿਬਾਟਰੀਆਂ ਦੀਆਂ ਖੋਜਾਂ ਰਾਂਹੀਂ ਹੀ ਸਾਹਮਣੇ ਆਉਂਦਾ ਹੈ। ਦੁਨੀਆਂ ਦੇ ਹਉਮੈਂ ਗਰਾਸੇ ਸਿਆਸੀ ਲੀਡਰ ਇਨ੍ਹਾਂ ਨਵੀਆਂ ਤਕਨੀਕਾਂ ਦੀ ਖੋਜ ਮਨੁੱਖਤਾ ਦੀ ਤਬਾਹੀ ਲਈ ਵੀ ਵਰਤਦੇ ਹਨ। ਦੁਨੀਆਂ ਦੇ ਸਾਰੇ ਦੇਸ਼ਾਂ ਦੇ ਲੀਡਰ ਹੀ ਇਸੇ ਤਰ੍ਹਾਂ ਕਰਦੇ ਹਨ। ਇਹ ਵੱਖਰੀ ਗੱਲ ਹੈ ਕਿ ਕਿਸੇ ਦੇਸ਼ ਦੀ ਆਪਣੀ ਸਮਰੱਥਾ ਕਿਤਨੀ ਕੁ ਹੈ। ਜਿਸ ਦੇਸ਼ ਵਿੱਚ ਜਿਆਦਾ ਯੂਨੀਵਰਸਿਟੀਆਂ ਹੋਣਗੀਆਂ ਅਤੇ ਜ਼ਿਆਦਾ ਲੋਕ ਪੜ੍ਹੇ ਲਿਖੇ ਹੋਣਗੇ ਉਥੇ ਉਤਨੀਆਂ ਹੀ ਨਵੀਆਂ ਖੋਜਾਂ ਹੋਣ ਦੀ ਸੰਭਾਵਨਾ ਜਿਆਦਾ ਹੁੰਦੀ ਹੈ। ਕਈ ਵਾਰੀ ਇਕੱਲਾ ਬੰਦਾ ਹੀ ਆਪਣੇ ਦੇਸ਼ ਜਾਂ ਕੌਮ ਲਈ ਬਹੁਤ ਕੁੱਝ ਕਰ ਜਾਂਦਾ ਹੈ। ਕਿਸੇ ਸਮੇ ਤਾਈਵਾਨ ਦੇਸ਼ ਦੀਆਂ ਬਣੀਆਂ ਚੀਜਾਂ ਨੂੰ ਬਹੁਤ ਘਟੀਆ ਸਮਝਿਆ ਜਾਂਦਾ ਸੀ। ਪਰ ਅੱਜ ਕੱਲ ਜਿਸ ਨਵੀਂ ਤਕਨੀਕ ਦੇ ਆਸਰੇ ਸਾਰੀ ਦੁਨੀਆ ਚੱਲ ਰਹੀ ਹੈ ਉਹ ਸਭ ਤੋਂ ਉਤਮ ਅਤੇ ਤੇਜੀ ਨਾਲ ਚੱਲਣ ਵਾਲੇ ਕੰਪਿਊਟਰ ਚਿਪਸ ਤਾਈਵਾਨ ਵਿੱਚ ਬਣਦੇ ਹਨ। ਇਸ ਵਿੱਚ ਮੁੱਖ ਯੋਗਦਾਨ ਸਿਰਫ ਇੱਕ ਬੰਦੇ ਦਾ ਸੀ ਜਿਹੜਾ ਕਿ ਅਮਰੀਕਾ ਤੋਂ ਸਾਰਾ ਕੁੱਝ ਸਿੱਖ ਕੇ ਗਿਆ ਸੀ।
ਜਿਤਨੇ ਵੀ ਸਿੱਖਾਂ ਦੇ ਗੁਰੂ ਸਾਹਿਬਾਨ ਜਾਂ ਹੋਰ ਭਗਤ ਜਨ ਮਹਾਂਪੁਰਸ਼ ਹੋਏ ਹਨ ਉਨ੍ਹਾਂ ਨੇ ਆਪਣੇ ਸਮੇ ਵਿੱਚ ਸਮਾਜ ਨੂੰ ਚੰਗਾ ਬਣਾਉਣ ਲਈ ਜੋ ਕੁੱਝ ਕਰ ਸਕਦੇ ਸਨ, ਕੀਤਾ। ਪਹਿਲੇ ਗੁਰੂ ਨਾਨਕ ਸਾਹਿਬ ਬਹੁਤ ਪੜ੍ਹੇ ਲਿਖੇ ਅਤੇ ਸਿਆਣੇ ਪੁਰਸ਼ ਹੋਏ ਹਨ। ਉਹ ਪੈਦਲ ਤੁਰ ਕੇ ਜਿਥੋਂ ਤੱਕ ਜਾ ਸਕਦੇ ਸਨ ਗਏ ਅਤੇ ਲੋਕਾਈ ਨੂੰ ਵਹਿਮਾਂ ਭਰਮਾਂ ਪਖੰਡਾਂ ਤੋਂ ਕੱਢਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਇਹ ਸਾਰਾ ਕੁੱਝ ਗਿਆਨ ਦੀ ਖੜਗ ਨਾਲ ਕੀਤਾ। ਪਰ ਜਨਮ ਸਾਖੀਆਂ ਅਤੇ ਹੋਰ ਕੂੜ ਗ੍ਰੰਥਾਂ ਵਿੱਚ ਉਨ੍ਹਾਂ ਨੂੰ ਇੱਕ ਕਰਾਮਾਤੀ ਜਾਂ ਮਦਾਰੀ ਬਣਾ ਕੇ ਪੇਸ਼ ਕੀਤਾ ਹੋਇਆ ਹੈ। ਇਹ ਸਾਰਾ ਕੁੱਝ ਸਿੱਖਾਂ ਦੇ ਜ਼ਿਹਨ ਵਿੱਚ ਧਸ ਚੁੱਕਾ ਹੈ। ਆਮ ਘੱਟ ਪੜ੍ਹੇ ਲਿਖੇ ਲੋਕਾਂ ਦੀ ਗੱਲ ਤਾਂ ਛੱਡੋ, ਵੱਡੀਆਂ ਡਿਗਰੀਆਂ ਵਾਲੇ ਵੀ ਇਸ ਤੋਂ ਅਭਿੱਜ ਨਹੀਂ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਿੱਖਾਂ ਦਾ ਪਹਿਲਾ ਨਾਨਕ ਕਿਤਨੇ ਸਦੀਆਂ ਪਹਿਲਾਂ ਹੀ ਇਹ ਸਮਝਾ ਗਿਆ ਸੀ ਕਿ ਕਰਾਮਾਤ ਨਾਮ ਦੀ ਕੋਈ ਸ਼ੈਅ ਨਹੀਂ ਹੁੰਦੀ। ਜੇ ਕਰ ਹੁੰਦੀ ਤਾਂ ਉਨ੍ਹਾਂ ਨੇ ਕਹਿ ਦੇਣਾ ਸੀ ਕਿ ਮੁਗਲ ਅੰਨੇ ਹੋ ਸਕਦੇ ਸੀ ਜੇ ਕਰ ਮੰਤਰ ਚੰਗੀ ਤਰ੍ਹਾਂ ਵਿਧੀ ਪੂਰਬਕ ਪੜ੍ਹੇ ਹੁੰਦੇ। ਕਿਉਂਕਿ ਉਸ ਸਮੇ ਲੋਕਾਂ ਦਾ ਵਿਸ਼ਵਾਸ਼ ਸੀ ਕਿ ਜੇ ਕਰ ਪੀਰ-ਫਕੀਰ ਇਕੱਠੇ ਹੋ ਕੇ ਮੰਤ੍ਰ ਪੜ੍ਹਨਗੇ ਤਾਂ ਕਰਾਮਾਤੀ ਸ਼ਕਤੀਆਂ ਨਾਲ ਬਾਬਰ ਦੀ ਫੌਜ ਨੂੰ ਰੋਕਿਆ ਜਾ ਸਕਦਾ ਹੈ ਅਤੇ ਅੰਨੇ ਕੀਤਾ ਜਾ ਸਕਦਾ ਹੈ। ਪਰ ਨਾਨਕ ਤਾਂ ਕਹਿੰਦਾ ਹੈ ਕਿ ਇਸ ਤਰ੍ਹਾਂ ਦਾ ਕੁੱਝ ਹੋ ਨਹੀਂ ਸਕਿਆ। ਪਰ ਹੋ ਸਕਦਾ ਵੀ ਨਹੀਂ ਸੀ ਕਿਉਂਕਿ ਇਸ ਤਰ੍ਹਾਂ ਦੀਆਂ ਕੋਈ ਸ਼ਕਤੀਆਂ ਨਹੀਂ ਹੁੰਦੀਆਂ ਅਤੇ ਨਾ ਹੀ ਕੋਈ ਨਾਮ ਜਪ ਕੇ ਜਾਂ ਕੋਈ ਮੰਤ੍ਰ ਪੜ੍ਹ ਕੇ ਇਸ ਤਰ੍ਹਾਂ ਦੀਆਂ ਸਿੱਧੀਆਂ ਹਾਂਸਲ ਕਰ ਸਕਦਾ ਹੈ। ਇਹ ਸਭ ਵਹਿਮ ਅਤੇ ਭਰਮ ਤੋਂ ਵੱਧ ਕੁੱਝ ਵੀ ਨਹੀਂ। ਸਾਰੀ ਦੁਨੀਆ ਦੇ ਦੇਸ਼, ਅਰਬਾਂ ਖਰਬਾਂ ਡਾਲਰ ਆਪਣੀਆਂ ਫੌਜਾਂ ਅਤੇ ਹੋਰ ਹਥਿਆਰਾਂ ਤੇ ਖਰਚ ਰਹੇ ਹਨ ਕੀ ਉਹ ਕੁੱਝ ਬੰਦਿਆਂ ਤੋਂ ਭਗਤੀ ਕਰਵਾ ਕੇ, ਰਿੱਧੀਆਂ ਸਿੱਧੀਆਂ ਹਾਂਸਲ ਕਰਵਾ ਕੇ ਆਪਣੇ ਦੇਸ਼ਾਂ ਦੀ ਰੱਖਿਆ ਨਹੀਂ ਕਰਵਾ ਸਕਦੇ?
ਕੁਦਰਤ ਵਿੱਚ ਬਹੁਤ ਕੁੱਝ ਵਾਪਰ ਰਿਹਾ ਹੈ। ਕੁਦਰਤ ਦੇ ਬਹੁਤ ਸਾਰੇ ਗੁੱਝੇ ਭੇਦਾਂ ਨੂੰ ਵਿਗਿਆਨ ਨੇ ਸਮਝ ਲਿਆ ਹੈ ਪਰ ਸਾਰਾ ਕੁੱਝ ਸਮਝ ਜਾਣਾ ਨਾਮੁਮਕਨ ਹੈ। ਕੁਦਰਤ ਦੇ ਕਈ ਵਰਤਾਰੇ ਐਸੇ ਹੁੰਦੇ ਹਨ ਜਿਹੜੇ ਕਿ ਹਾਲੇ ਮਨੁੱਖੀ ਸਮਝ ਤੋਂ ਪਰੇ ਹਨ ਪਰ ਖੋਜਾਂ ਜਾਰੀ ਹਨ। ਦੁਨੀਆ ਵਿੱਚ ਕੁੱਝ ਹਜਾਰ ਲੋਕ ਐਸੇ ਹਨ ਜਿਹੜੇ ਕਿ ਕੋਈ ਦਰਦ ਮਹਿਸੂਸ ਨਹੀਂ ਕਰ ਸਕਦੇ ਪਰ ਆਪਣੀ ਜਿੰਦਗੀ ਨਾਰਮਲ ਜੀਅ ਰਹੇ ਹਨ। ਇੰਗਲੈਂਡ ਵਿੱਚ ਕੁੱਝ ਪਰਵਾਰ ਐਸੇ ਹਨ ਜਿਹੜੇ ਕਿ ਅੱਗ ਵਾਂਗ ਤਪਦੇ ਸਟੋਵ ਨੂੰ ਆਪਣੇ ਅੰਗ ਲਾ ਸਕਦੇ ਹਨ। ਆਪਣੇ ਸਰੀਰ ਦਾ ਕੋਈ ਵੀ ਅੰਗ ਅੱਗ ਵਾਂਗ ਤਪਦੇ ਪਦਾਰਥ ਤੇ ਰੱਖ ਸਕਦੇ ਹਨ। ਉਨ੍ਹਾਂ ਦੀ ਚਮੜੀ ਤਾਂ ਸੜ ਸਕਦੀ ਹੈ ਅਤੇ ਸੜਦੀ ਵੀ ਹੈ ਪਰ ਦਰਦ ਮਹਿਸੂਸ ਨਹੀਂ ਹੁੰਦਾ। ਇਹ ਕੋਈ ਨਾਮ ਜਪਣ ਵਾਲਾ ਕਰਾਮਾਤੀ ਵਰਤਾਰਾ ਨਹੀਂ ਹੈ। ਇਹ ਕੁਦਰਤੀ ਤੌਰ ਤੇ ਪ੍ਰਵਾਰ ਦੇ ਜੀਨ ਵਿੱਚ ਹੀ ਕੋਈ ਤੱਤ ਹੈ ਜਿਹੜਾ ਕਿ ਦਿਮਾਗ ਨੂੰ ਸੰਕੇਤ ਕਰਨ ਵਾਲੇ ਸੰਚਾਲਨ ਨੂੰ ਰੋਕ ਦਿੰਦਾ ਹੈ। ਕਈ ਸਾਲ ਪਹਿਲਾਂ ਇਸ ਤਰ੍ਹਾਂ ਦੇ ਪਰਵਾਰ ਦੀ ਮੈਂ ਇੱਕ ਇੰਟਰਵਿਊ ਸੁਣੀ ਸੀ। ਉਹ ਕਹਿੰਦੇ ਸੀ ਕਿ ਜਦੋਂ ਕਦੀ ਅਚਾਨਕ ਹੀ ਸਾਡਾ ਕੋਈ ਅੰਗ ਤਪਦੇ ਪਦਾਰਥ ਨਾਲ ਲੱਗ ਜਾਵੇ ਸਾਨੂੰ ਉਦੋਂ ਪਤਾ ਲੱਗਦਾ ਹੈ ਜਦੋਂ ਸਾਡੀ ਜਲੀ ਹੋਈ ਚਮੜੀ ਦੀ ਸਮਿੱਲ/ਬੋਅ ਆਉਂਦੀ ਹੈ। ਦੁਨੀਆ ਵਿੱਚ ਇਸ ਤਰ੍ਹਾਂ ਦੀਆਂ ਹੋਰ ਵੀ ਕਈ ਉਦਾਹਰਣਾ ਹੋ ਸਕਦੀਆਂ ਹਨ ਅਤੇ ਹਨ।
ਪੰਜਾਬ ਦੇ 12 ਹਜ਼ਾਰ ਤੋਂ ਉਪਰ ਪਿੰਡ ਹਨ। ਚਾਰ ਪੰਜ ਪਿੰਡਾਂ ਵਿੱਚ ਇੱਕ ਬਾਬਾ ਤਾਂ ਨਾਮ ਜਪਣ ਵਾਲਾ ਹੁੰਦਾ ਹੀ ਹੋਵੇਗਾ। ਲੋਕਾਂ ਦੀ ਇਨ੍ਹਾਂ ਤੇ ਸ਼ਰਧਾ ਵੀ ਜਰੂਰ ਹੁੰਦੀ ਹੋਵੇਗੀ। ਕਿਉਂਕਿ ਸ਼ਰਧਾ ਤੋਂ ਬਿਨਾ ਡੇਰੇ ਚੱਲ ਨਹੀਂ ਸਕਦੇ। ਬਹੁਤੇ ਇਨ੍ਹਾਂ ਵਿਚੋਂ ਮੁੰਡਿਆਂ ਦੀਆਂ ਦਾਤਾਂ ਵੀ ਵੰਡਦੇ ਹੋਣਗੇ। ਕਹਿਣ ਤੋਂ ਭਾਵ ਹੈ ਕਿ ਧਰਮ ਦੇ ਅਧਾਰ ਤੇ ਬਹੁਤਾਤ ਲੋਕਾਂ ਦੀ ਸ਼ਰਧਾ ਅਲੌਕਿਕ ਸ਼ਕਤੀਆਂ ਤੇ ਟਿਕੀ ਹੋਈ ਹੈ। ਛੋਟੇ ਛੋਟੇ ਡੇਰੇ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਹੋਣਗੇ ਪਰ ਵੱਡੇ ਡੇਰੇ ਵੀ ਦਰਜਨ ਕੁ ਤਾਂ ਹੋਣਗੇ ਹੀ ਜਿਨ੍ਹਾਂ ਨਾਲ ਹਜਾਰਾਂ ਲੋਕਾਂ ਦੀ ਭਾਵਨਾ ਜੁੜੀ ਹੋਈ ਹੈ। ਇਹ ਸਾਰੇ ਹੀ ਆਪਣੇ ਕਥਿਤ ਮਹਾਂਪੁਰਸ਼ ਨੂੰ ਸਭ ਤੋਂ ਵੱਧ ਪਹੁੰਚਿਆ ਹੋਇਆ ਮਹਾਂਪੁਰਸ਼ ਮੰਨਦੇ ਹਨ। ਇਹ ਸਾਰੇ ਗੁਰੂਆਂ ਜਾਂ ਗੁਰੂ ਗ੍ਰੰਥ ਨੂੰ ਤਾਂ ਰੱਬ ਕਰਕੇ ਜਾਣਦੇ ਹਨ ਅਤੇ ਆਪਣੇ ਮਹਾਂਪੁਰਖ ਨੂੰ ਸੰਤ ਬ੍ਰਹਮ ਗਿਆਨੀ ਕਰਕੇ। ਇਹ ਆਪਣੇ ਸੰਤਾਂ ਨੂੰ ਗੁਰੂਆਂ ਤੋਂ ਦੂਜੇ ਨੰਬਰ ਤੇ ਰੱਖਦੇ ਹਨ। ਇਹ ਭਾਵੇਂ ਮਸਤੂਆਣੇ ਵਾਲੇ ਹੋਣ, ਨਾਨਕਸਰ ਵਾਲੇ, ਕਲੇਰਾਂ ਵਾਲੇ, ਰਾੜੇ ਵਾਲੇ, ਟਕਸਾਲੀ ਜਾਂ ਅਖੰਡਕੀਰਤਨੀਏ। ਇਨ੍ਹਾਂ ਸਾਰਿਆਂ ਦੀ ਮਰਯਾਦਾ ਇੱਕ ਦੂਸਰੇ ਨਾਲ ਨਹੀਂ ਮਿਲਦੀ। ਥੋੜਾ ਬਹੁਤ ਫਰਕ ਜਰੂਰ ਹੈ। ਤੁਹਾਡੇ ਸਾਰਿਆਂ ਲਈ ਸੋਚਣ ਲਈ ਇੱਕ ਸਵਾਲ ਹੈ। ਜੇ ਕਰ ਇਹ ਸਾਰੇ ਹੀ ਰੱਬ ਨਾਲ ਮਿਲੇ ਹੋਏ ਸਨ ਅਤੇ ਸਿੱਧੀਆਂ ਗੱਲਾਂ ਕਰਦੇ ਸਨ ਤਾਂ ਇੱਕ ਗੱਲ ਇਨ੍ਹਾਂ ਨੇ ਰੱਬ ਕੋਲੋਂ ਕਿਉਂ ਨਹੀਂ ਪੁੱਛੀ? ਇਹ ਇੰਨਾ ਹੀ ਪੁੱਛ ਲੈਂਦੇ ਕਿ ਰੱਬ ਜੀ ਸਾਡੀ ਇੱਕ ਦੁਬਧਾ ਤਾਂ ਦੂਰ ਕਰ ਦਿਓ। ਕਿਰਪਾ ਕਰਕੇ ਸਾਨੂੰ ਇਹ ਹੀ ਦੱਸ ਦਿਓ ਕਿ ਰਾਗਮਾਲਾ ਗੁਰਬਾਣੀ ਹੈ ਜਾਂ ਨਹੀਂ? ਕੀ ਇਹ ਗੁਰੂ ਸਾਹਿਬ ਦੀ ਆਪਣੀ ਦਰਜ਼ ਕੀਤੀ ਹੋਈ ਹੈ ਜਾਂ ਨਹੀਂ? ਇਹ ਸਾਰੇ ਬ੍ਰਹਮ ਗਿਆਨੀ ਇੱਕ ਦੂਸਰੇ ਤੋਂ ਉਲਟੀ ਮੱਤ ਕਿਉਂ ਰੱਖਦੇ ਹਨ? ਇਨ੍ਹਾਂ ਵਿਚੋਂ ਇੱਕ ਕਹਿੰਦਾ ਹੈ ਕਿ ਰਾਗਮਾਲਾ ਨਾ ਪੜ੍ਹਨ ਵਾਲਿਆਂ ਦੀ ਜ਼ਬਾਨ ਵਿੱਚ ਕੀੜੇ ਪੈ ਜਾਂਦੇ ਹਨ। ਇਨ੍ਹਾਂ ਨੇ ਇੱਕ ਕਹਣੀ ਵੀ ਘੜੀ ਹੋਈ ਹੈ ਕਿ ਜਦੋਂ ਭਾਈ ਰਣਧੀਰ ਸਿੰਘ ਦਾ ਅੰਤਮ ਸਮਾ ਆਇਆ ਤਾਂ ਉਸ ਦੀ ਜਾਨ ਨਹੀਂ ਸੀ ਨਿਕਲ ਰਹੀ। ਉਹ ਬਹੁਤ ਪਛਤਾਵਾ ਕਰ ਰਹੇ ਸਨ ਕਿ ਮੈਂ ਸਾਰੀ ਉਮਰ ਰਾਗਮਾਲਾ ਦਾ ਵਿਰੋਧ ਕਰਕੇ ਬਹੁਤ ਵੱਡਾ ਪਾਪ ਕੀਤਾ ਹੈ। ਪਰ ਭਾਈ ਰਣਧੀਰ ਸਿੰਘ ਦੇ ਨੇੜਲੇ ਸਾਥੀ ਤਾਂ ਦੱਸਦੇ ਸਨ ਕਿ ਅੰਤਮ ਵੇਲੇ ਉਨ੍ਹਾਂ ਨੇ ਗੁਰੂ ਗੁਰੂ ਜਪਦਿਆਂ ਸਰੀਰ ਛੱਡਿਆ ਸੀ। ਭਾਵ ਕਿ ਰਾਗਮਾਲਾ ਦੇ ਵਿਰੋਧ ਦਾ ਕੋਈ ਪਛਤਾਵਾ ਨਹੀਂ ਸੀ।
ਮਿਸ਼ਨਰੀ ਕਾਲਜ਼ਾਂ ਨਾਲ ਸੰਬੰਧਿਤ ਬਹੁਤਾ ਲਿਟਰੇਚਰ ਪ੍ਰਿੰ: ਗਿਆਨੀ ਸੁਰਜੀਤ ਸਿੰਘ ਅਤੇ ਮਹਿੰਦਰ ਸਿੰਘ ਜੋਸ਼ ਦਾ ਲਿਖਿਆ ਹੋਇਆ ਹੈ। ਕੁੱਝ ਹੱਦ ਤੱਕ ਇਹ ਵੀ ਅਲੌਕਿਕ ਕਹਾਣੀਆਂ ਤੇ ਵਿਸ਼ਵਾਸ਼ ਕਰਦੇ ਸਨ। ਭਾਂਵੇਂ ਕਿ ਹੋਰ ਜਥੇਬੰਦੀਆਂ ਜਿੰਨਾ ਨਹੀਂ ਸੀ। ਇਹ ਵੀ ਗੁਰਬਾਣੀ ਨੂੰ ਸਿੱਧਾ ਰੱਬ ਕੋਲੋਂ ਆਇਆ ਸੰਦੇਸ਼ ਮੰਨਦੇ ਸਨ। ਇਨ੍ਹਾਂ ਦਾ ਵਿਚਾਰ ਵੀ ਇਹੀ ਸੀ ਕਿ ਗੁਰਬਾਣੀ ਅੱਖਰ-ਅੱਖਰ ਸੱਚ ਹੈ। ਪ੍ਰਿੰ: ਗਿਆਨੀ ਸੁਰਜੀਤ ਸਿੰਘ ਦੇ ਸਿੱਖ ਮਾਰਗ ਉਪਰ ਸ਼ਾਇਦ ਸਭ ਤੋਂ ਵੱਧ ਲੇਖ ਛਪੇ ਹੋਏ ਹਨ। ਉਹ ਜਿਤਨਾ ਚਿਰ ਜੀਂਉਂਦੇ ਰਹੇ ਸੀ ਤਕਰੀਬਨ ਹਰ ਹਫਤੇ ਲੇਖ ਭੇਜਦੇ ਹੁੰਦੇ ਸੀ। ਜਦੋਂ ਮੈਂ ਇਸਤ੍ਰੀਆਂ ਦੀ ਸੁੰਨਤ ਬਾਰੇ ਇੱਕ ਲੇਖ ਵਿੱਚ ਜ਼ਿਕਰ ਕੀਤਾ ਸੀ ਕਿ ਇਹ ਤਾਂ ਹਜ਼ਾਰਾਂ ਸਾਲਾਂ ਤੋਂ ਕਈ ਅਫਰੀਕਾ ਦੇ ਦੇਸ਼ਾਂ ਵਿੱਚ ਹੋ ਰਹੀ ਹੈ ਅਤੇ ਇਸ ਬਾਰੇ ਡਾਕੂਮਿੰਟਰੀਆਂ ਵੀ ਬਣੀਆਂ ਹੋਈਆਂ ਹਨ ਤਾਂ ਉਨ੍ਹਾਂ ਲਈ ਇਹ ਗੱਲ ਹਜ਼ਮ ਕਰਨੀ ਕੁੱਝ ਔਖੀ ਲੱਗ ਰਹੀ ਸੀ। ਕਿਉਂਕਿ ਇਸ ਨਾਲ ਕਬੀਰ ਸਾਹਿਬ ਦੀ ਕਹੀ ਹੋਈ ਗੱਲ ਗਲਤ ਸਾਬਤ ਹੋ ਰਹੀ ਸੀ। ਅਖੀਰ ਤੇ ਔਡੀਓ ਰਿਕਾਰਡਿੰਗ ਸੁਣ ਕੇ ਉਨ੍ਹਾਂ ਨੂੰ ਮੰਨਣਾ ਪਿਆ ਸੀ। ਗੁਰਬਾਣੀ ਕਿਤੇ ਗਲਤ ਸਾਬਤ ਨਾ ਹੋ ਜਾਵੇ ਇਸ ਕਰਕੇ ਵਿਦਵਾਨ ਕਈ ਬਾਰੀ ਗੁਰਬਾਣੀ ਦੇ ਅਰਥ ਖਿੱਚ ਧੂਅ ਕੇ ਕਰਨ ਦੀ ਕੋਸ਼ਿਸ਼ ਕਰਦੇ ਹਨ। ਜੇ ਕਰ ਇਸ ਗੱਲ ਨੂੰ ਮੁੱਖ ਰੱਖ ਕੇ ਚੱਲਿਆ ਜਾਵੇ ਕਿ ਗੁਰਬਾਣੀ ਵਿੱਚ ਜੋ ਕੁੱਝ ਵੀ ਲਿਖਿਆ ਹੋਇਆ ਹੈ ਉਹ ਕਿਸੇ ਰੱਬ ਨੇ ਕੋਲ ਬੈਠ ਕੇ ਨਹੀਂ ਲਿਖਵਾਇਆ, ਉਸ ਵੇਲੇ ਜੋ ਉਨ੍ਹਾਂ ਦੀ ਸਮਝ ਵਿੱਚ ਆਇਆ ਅਤੇ ਜੋ ਕੁੱਝ ਉਸ ਵੇਲੇ ਆਲੇ ਦੁਆਲੇ ਵਾਪਰ ਰਿਹਾ ਸੀ ਉਸ ਬਾਰੇ ਉਨ੍ਹਾਂ ਨੇ ਬੇਖੌਫ ਹੋ ਕੇ ਆਪਣੇ ਵਿਚਾਰ ਪ੍ਰਗਟ ਕੀਤੇ ਸਨ ਤਾਂ ਖਿੱਚ ਧੂਅ ਕਰਨ ਦੀ ਲੋੜ ਨਹੀਂ ਪਵੇਗੀ।
ਆਓ ਹੁਣ ਅਸਲੀ ਗੱਲ ਵੱਲ ਆਈਏ। ਇਸ ਗੱਲ ਬਾਰੇ ਮੈਂ ਪਹਿਲਾਂ ਵੀ ਕਈ ਵਾਰੀ ਲਿਖ ਚੁੱਕਾਂ ਹਾਂ ਅਤੇ ਹੁਣ ਫਿਰ ਦੁਹਰਾ ਰਿਹਾ ਹਾਂ ਕਿ ਸਿੱਖਾਂ ਦਾ ਕੋਈ ਇੱਕ ਵੀ ਵਿਦਵਾਨ ਹਾਲੇ ਤੱਕ ਮੈਨੂੰ ਨਹੀਂ ਦਿਸਿਆ ਜਿਹੜਾ ਕਿ ਨਿਰੋਲ ਸੱਚ ਦੀ ਗੱਲ ਕਰਨ ਵਾਲਾ ਹੋਵੇ। ਜਿਹੜਾ ਕਿ ਗੁਰਬਾਣੀ ਦੇ ਉਲਟ ਸਾਰੇ ਕੂੜ ਗ੍ਰੰਥਾਂ ਦੀ ਅਸਲੀਅਤ ਬਾਰੇ ਨਿਰੋਲ ਸੱਚ ਦੱਸਦਾ ਹੋਵੇ ਅਤੇ ਨਾਲ ਹੀ 1984 ਦੇ ਦੁਖਾਂਤ ਬਾਰੇ ਅਸਲੀਅਤ ਸਾਹਮਣੇ ਰੱਖਦਾ ਹੋਵੇ। ਵਿਦਵਾਨ ਤੋਂ ਭਾਵ ਮੇਰਾ ਉਨ੍ਹਾਂ ਵਿਦਵਾਨਾ ਤੋਂ ਹੈ ਜਿਹਨਾਂ ਨੂੰ ਲੋਕ ਵਿਦਵਾਨ ਜਾਣ ਕੇ ਸੁਣਦੇ ਹਨ ਅਤੇ ਉਨ੍ਹਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਪੜ੍ਹਦੇ ਹਨ। ਹਾਂ, ਆਪਣਾ ਕੰਮ ਕਰਦਾ ਹੋਇਆ ਕੋਈ ਵਿਰਲਾ ਵਿਰਲਾ ਜਰੂਰ ਹੈ ਜੋ ਸਚਾਈ ਦੱਸਣ ਦੀ ਕੋਸ਼ਿਸ਼ ਕਰਦਾ ਹੈ। ਸਿੱਖਾਂ ਦੇ ਬਹੁਤੇ ਵਿਦਵਾਨ ਤਾਂ ਜਾਣਬੁੱਝ ਕੇ ਕਪਟੀ ਮਨ ਨਾਲ ਲੋਕਾਂ ਦੇ ਮਨਾਂ ਅੰਦਰ ਧਰਮ ਦੇ ਨਾਮ ਤੇ ਵੱਧ ਤੋਂ ਵੱਧ ਝੂਠ ਭਰਨ ਦੀ ਕੋਸ਼ਿਸ਼ ਕਰਦੇ ਹਨ। ਇਸੇ ਮਕਸਦ ਨੂੰ ਮੁੱਖ ਰੱਖ ਕੇ ਭਿੰਡਰਾਂ ਵਾਲੇ ਸਾਧ ਦੇ ਵਿਦਵਾਨ ਚੇਲੇ ਨਕਲੀ ਕਿਤਾਬਾਂ ਛਾਪ ਕੇ ਜਿਤਨਾ ਗੁਮਰਾਹ ਕਰ ਸਕਦੇ ਹਨ ਕਰਨ ਦੀ ਕੋਸ਼ਿਸ਼ ਕਰਦੇ ਹਨ। ਸਾਧ ਦੇ ਚੇਲਿਆਂ ਅਤੇ ਵਿਦਵਾਨਾ ਦੀ ਗੱਲ ਤਾਂ ਛੱਡੋ। ਮਿਸ਼ਨਰੀ ਕਾਲਜ਼ਾਂ ਨਾਲ ਸੰਬੰਧਿਤ ਲੋਕ ਵੀ ਇਹੀ ਕੁੱਝ ਕਰ ਰਹੇ ਹਨ। ਉਹ ਵੀ ਇਹੀ ਸਮਝਦੇ ਹਨ ਧਰਮ ਦੇ ਨਾਮ ਤੇ ਝੂਠ ਬੋਲ ਕੇ ਗੁਮਰਾਹ ਕਰਨਾ ਹੀ ਅਸਲੀ ਧਰਮ ਹੁੰਦਾ ਹੈ। ਇਸ ਗੱਲ ਨੂੰ ਤਾਂ ਸਾਰੇ ਸਿੱਖ ਹੀ ਭਲੀ ਭਾਂਤ ਜਾਣਦੇ ਹਨ ਕਿ ਸਰਬਜੀਤ ਸਿੰਘ ਧੁੰਦਾ ਅਤੇ ਹੋਰ ਮਿਸ਼ਨਰੀ ਪ੍ਰਚਾਰਕਾਂ ਦਾ ਵਿਰੋਧ ਸਾਧਾਂ ਦੇ ਚੇਲੇ ਆਮ ਹੀ ਕਰਦੇ ਹਨ ਖਾਸ ਕਰਕੇ ਭਿੰਡਰਾਂਵਾਲੇ ਸਾਧ ਦੇ ਚੇਲੇ। ਕਿਤਨੀ ਵਾਰੀ ਇਨ੍ਹਾਂ ਦੇ ਦਿਵਾਨਾ ਵਿੱਚ ਖਰੂਦ ਪਾ ਚੁੱਕੇ ਹਨ ਇਸ ਬਾਰੇ ਸਾਰੇ ਭਲੀਭਾਂਤ ਜਾਣੂ ਹਨ। ਪਰ ਫਿਰ ਵੀ ਇਹ ਸਾਧ ਦੇ ਕਪਟੀ ਵਿਦਵਾਨ ਚੇਲਿਆਂ ਤੋਂ ਪਿਛੇ ਨਹੀਂ ਰਹਿਣਾ ਚਾਹੁੰਦੇ ਜੇ ਕਰ ਧਰਮ ਦੇ ਨਾਮ ਤੇ ਝੂਠ ਬੋਲ ਕੇ ਅਤੇ ਗੁਮਰਾਹ ਕਰਕੇ ਵਾਹ ਵਾਹ ਮਿਲਦੀ ਹੈ ਤਾਂ ਇਸ ਕੰਮ ਵਿੱਚ ਇਹ ਪਿੱਛੇ ਕਿਉਂ ਰਹਿਣ? ਉਂਜ ਤਾਂ ਜਦੋਂ ਦਾ ਮੈਂ ਆਪਣੇ ਆਪ ਨੂੰ ਇਨ੍ਹਾਂ ਦੇ ਕਹੇ ਜਾਂਦੇ ਸਿੱਖ ਧਰਮ ਤੋਂ ਬਾਹਰ ਕੀਤਾ ਹੋਇਆ ਹੈ ਮੈਂ ਕਿਸੇ ਵੀ ਕਥਾਕਾਰ ਵਿਦਵਾਨ ਕੀਰਤਨੀਆਂ ਦੀਆਂ ਲਿਖਤਾਂ ਜਾਂ ਔਡੀਓ ਵੀਡੀਓ ਨਹੀਂ ਸੁਣਦਾ ਜਾਂ ਦੇਖਦਾ। ਅਤੇ ਨਾ ਹੀ ਮੇਰੀ ਹੁਣ ਕੋਈ ਦਿਲਚਸਪੀ ਰਹੀ ਹੈ। ਪਰ ਇਹ ਧਰਮ ਦੇ ਨਾਮ ਤੇ ਝੂਠ ਬੋਲ ਕੇ ਕਿਤਨਾ ਕੁ ਗੁਮਰਾਹ ਕਰਦੇ ਹਨ ਇਹ ਜਰੂਰ ਦੇਖ ਸੁਣ ਲੈਂਦਾ ਹਾਂ। ਖਾਸ ਕਰਕੇ ਉਹ ਜਿਹੜੀਆਂ ਸਾਧ ਜਾਂ 1984 ਦੇ ਦੁਖਾਂਤ ਨਾਲ ਸੰਬੰਧਿਤ ਹੋਣ। ਇਸੇ ਗੱਲ ਨੂੰ ਮੁੱਖ ਰੱਖ ਕੇ ਮੈਂ ਇੱਕ ਦਿਨ ਗੁਰਮਤਿ ਗਿਆਨ ਮਿਸ਼ਨਰੀ ਕਾਲਜ਼ ਦੀ ਵੈੱਬ ਸਾਈਟ ਤੇ ਗਿਆ ਸੀ। ਮੇਰੀ ਦਿਲਚਸਪੀ ਸਿਰਫ 1984 ਦੇ ਝੂਠ ਬਾਰੇ ਸੀ ਕਿ ਇਹ ਕਿਤਨਾ ਕੁ ਬੋਲ ਕੇ ਗੁਮਰਾਹ ਕਰ ਸਕਦੇ ਹਨ। ਲਓ ਦੇਖੋ ਫਿਰ ਸਬੂਤ ਇਨ੍ਹਾਂ ਦੀ ਮੰਥਲੀ ਮੈਗਜ਼ੀਨ ਦੇ ਜੂਨ 2023 ਦੇ ਅੰਕ ਦਾ ਸਕਰੀਨ ਸ਼ੌਟ ਜਿਹੜਾ ਕਿ ਪੰਨਾ 09 ਦਾ ਹੈ। ਇਸ ਵਿੱਚ ਜਰਨਲ ਬਰਾੜ ਦੀ ਉਸ ਨਕਲੀ ਕਿਤਾਬ ਦਾ ਹਵਾਲਾ ਹੈ ਜਿਹੜੀ ਕਿ ਭਿੰਡਰਾਂ ਵਾਲੇ ਕਿਸੇ ਕਪਟੀ ਅਤੇ ਬੇਈਮਾਨ ਚੇਲੇ ਦੀ ਲਿਖੀ ਹੋਈ ਹੈ। ਜਿਸ ਬਾਰੇ ਮੈਂ ਅਨੇਕਾਂ ਵਾਰੀ ਇੱਥੇ ਸਿੱਖ ਮਾਰਗ ਤੇ ਦੱਸ ਚੁੱਕਾ ਹਾਂ। ਅੱਜ ਤੋਂ ਤਕਰੀਬਨ ਪੰਜ ਸਾਲ ਪਹਿਲਾਂ ਅਸਲੀ ਅਤੇ ਨਕਲੀ ਕਿਤਾਬ ਦੇ ਪੰਨੇ ਵੀ ਮੈਂ ਇੱਥੇ ਛਾਪੇ ਸੀ। ਇਹ ਤਾਂ ਹੋ ਨਹੀਂ ਸਕਦਾ ਕਿ ਪ੍ਰਿੰ: ਗੁਰਬਚਨ ਸਿੰਘ ਪੰਨਵਾਂ ਨੇ ਇਹ ਲੇਖ ਨਾ ਪੜ੍ਹਿਆ ਹੋਵੇ। ਕਿਉਂਕਿ ਉਸ ਵੇਲੇ ਤਾਂ ਆਪਣੇ ਲੇਖ ਸਿੱਖ ਮਾਰਗ ਤੇ ਛਪਣ ਲਈ ਲਗਾਤਾਰ ਭੇਜਦੇ ਸਨ। ਜਿਸ ਬਡਗੇਰੀਅਰ ਨੇ 1984 ਦੇ ਅਟੈਕ ਤੋਂ ਬਾਅਦ ਉਥੇ ਸਾਰੀ ਸਫਾਈ ਕਰਵਾਈ ਸੀ ਅਤੇ ਲਾਸ਼ਾਂ ਚੁਕਵਾਈਆਂ ਸਨ ਉਹ ਵੀ ਆਪਣੀਆਂ ਕਈ ਇੰਟਰਵਿਊ ਵਿੱਚ ਸਾਰੀ ਸਚਾਈ ਕਈ ਵਾਰੀ ਦੱਸ ਚੁੱਕਾ ਹੈ ਕਿ ਉਸ ਕਾਰਵਾਈ ਵਿੱਚ ਕਿਤਨੇ ਕੁ ਵਿਆਕਤੀ ਮਰੇ ਸਨ। ਮਿਸ਼ਨਰੀ ਕਾਲਜ਼ ਦਾ ਇਹ ਮੈਗਜ਼ੀਨ ਉਨ੍ਹਾਂ ਦੀ ਨਿਗਰਾਨੀ ਹੇਠ ਹੀ ਛਪਦਾ ਹੈ। ਆਮ ਤੌਰ ਤੇ ਇਹ ਕਿਹਾ ਜਾਂਦਾ ਸੀ ਕਿ ਹੋਰ ਪ੍ਰਚਾਰਕਾਂ ਦੀ ਤਰ੍ਹਾਂ ਇਹ ਪ੍ਰਿੰ: ਸਾਹਿਬ ਜੀ ਸੰਗਤ ਦੇਖ ਕੇ ਸਟੇਜਾਂ ਤੇ ਪ੍ਰਚਾਰ ਨਹੀਂ ਕਰਦੇ ਜੋ ਗੁਰਮਤਿ ਹੈ ਉਹੀ ਪ੍ਰਚਾਰਦੇ ਹਨ। ਆਹ ਸਬੂਤ ਤੁਹਾਡੇ ਸਾਹਮਣੇ ਹੈ ਬਾਕੀ ਤੁਸੀ ਆਪ ਹੀ ਸੋਚ ਲਓ।


ਕੋਈ ਵੀ ਬੰਦਾ ਪਰੀਪੂਰਨ ਗਲਤੀਆਂ ਤੋਂ ਰਹਿਤ ਨਹੀਂ ਹੋ ਸਕਦਾ। ਮੇਰੇ ਵਿੱਚ ਵੀ ਅਨੇਕਾਂ ਖਾਮੀਆਂ ਹੋ ਸਕਦੀਆਂ ਹਨ। ਮੈਂ ਵੀ ਜੀਵਨ ਵਿੱਚ ਬੇਸਮਝੀ ਦੇ ਕਾਰਨ ਅਨੇਕਾਂ ਗਲਤੀਆਂ ਕੀਤੀਆਂ ਹੋ ਸਕਦੀਆਂ ਹਨ ਪਰ ਧਰਮ ਦੇ ਨਾਮ ਤੇ ਜਾਣ ਬੁੱਝ ਕੇ ਗੁਮਰਾਹ ਕਰਨਾ, ਇਹ ਮੈਂ ਅੱਜ ਤੱਕ ਨਾ ਹੀ ਕੀਤਾ ਹੈ ਅਤੇ ਨਾ ਹੀ ਹੋਰਨਾ ਦਾ ਕੀਤਾ ਬਰਦਾਸ਼ਤ ਕਰ ਸਕਦਾ ਹਾਂ। ਇਸ ਲਈ ਜਦੋਂ ਮੈਂ ਦੇਖਿਆ ਕਿ ਇਹ ਤਾਂ ਤਕਰੀਬਨ ਸਾਰੇ ਲੋਕ ਹੀ ਇਸ ਤਰ੍ਹਾਂ ਦੇ ਹਨ ਫਿਰ ਇਨ੍ਹਾਂ ਦੇ ਧਰਮ ਵਿੱਚ ਰਹਿ ਕੇ ਮੈਂ ਕੀ ਕਰਨਾ ਹੈ? ਮੈਂ ਇਸ ਫੈਸਲੇ ਨਾਲ ਆਪਣੇ ਆਪ ਤੇ ਖੁਸ਼ ਹਾਂ। ਮੇਰੇ ਮਨ ਤੇ ਕੋਈ ਬੋਝ ਨਹੀਂ ਹੈ। ਪ੍ਰਵਾਰ ਵਿੱਚ ਖਾਸ ਕਰਕੇ ਘਰ ਵਾਲੀ ਨਾਲ ਜਰੂਰ ਥੋੜੀ ਅਣਬਣ ਹੋਈ ਸੀ ਪਰ ਹੁਣ ਕਾਫੀ ਹੱਦ ਤੱਕ ਸੁਲਝਾ ਲਈ ਗਈ ਹੈ। ਜਦੋਂ ਦਾ ਮੈਂ ਸਿੱਖਾਂ ਦੇ ਧਰਮ ਵਿਚੋਂ ਬਾਹਰ ਹੋਇਆ ਹਾਂ ਅੱਜ ਤੱਕ ਕਦੀ ਵੀ ਇਨ੍ਹਾਂ ਦੇ ਧਾਰਮਿਕ ਅਸਥਾਨਾਂ ਭਾਵ ਕਿ ਗੁਰਦੁਆਰਿਆਂ ਵਿੱਚ ਨਹੀਂ ਗਿਆ। ਹਾਂ, ਪਾਰਕਿਗ ਲਾਟ ਵਿੱਚ ਜਰੂਰ ਕਈ ਵਾਰੀ ਗਿਆ ਹਾਂ। ਕਿਉਂਕਿ ਜੇ ਕਰ ਘਰ ਵਾਲੀ ਕਿਸੇ ਸਮਾਜਿਕ ਰਸਮ ਵਿੱਚ ਸ਼ਾਮਲ ਹੋਣ ਲਈ ਜਾਂਣਾ ਚਾਹੇ ਤਾਂ ਉਸ ਨੂੰ ਕਈ ਵਾਰੀ ਰਾਈਡ ਦੇਣੀ ਪੈਂਦੀ ਹੈ। ਦੋ ਕੁ ਮਹੀਨੇ ਪਹਿਲਾਂ ਮੇਰੀ ਸਕੀ ਭਤੀਜੀ ਦਾ ਵਿਆਹ ਸੀ ਤਾਂ ਮੇਰਾ ਛੋਟਾ ਭਰਾ ਕਹਿੰਦਾ ਸੀ ਕਿ ਮਿਲਣੀ ਕਰ ਲਵੋਂਗੇ? ਮੈਂ ਕਿਹਾ ਮੈਂ ਇਸ ਤਰ੍ਹਾਂ ਦੇ ਕੰਮਾ ਵਿੱਚ ਬਹੁਤਾ ਖੁਸ਼ ਤਾਂ ਨਹੀਂ ਹਾਂ ਪਰ ਜੇ ਕਰ ਜਰੂਰੀ ਹੋਵੇ ਤਾਂ ਕਰ ਲਵਾਂਗਾ। ਇਹ ਵਿਆਹ ਤੋਂ ਦੋ ਕੁ ਦਿਨ ਪਹਿਲਾਂ ਦੀ ਗੱਲ ਸੀ। ਇਸ ਲਈ ਮੈਨੂੰ ਵਿਆਹ ਵਾਲੇ ਦਿਨ ਕੁੱਝ ਮਿੰਟ ਗੁਰਦੁਆਰੇ ਦੀ ਪਾਰਕਿੰਗ ਲਾਟ ਵਿੱਚ ਇੰਤਜਾਰ ਕਰਨਾ ਪਿਆ ਸੀ ਕਿ ਜੇ ਕਰ ਮਿਲਣੀ ਕਰਨੀ ਹੋਈ ਤਾਂ ਕਰ ਲਵਾਂਗਾ। ਪਰ ਮਿਲਣੀ ਕਰਨ ਵੇਲੇ ਸਿਰਫ ਪਿਤਾ ਅਤੇ ਭਰਾ ਦੀ ਮਿਲਣੀ ਹੀ ਹੋਈ ਸੀ ਹੋਰ ਕੋਈ ਨਹੀਂ ਹੋਈ ਸੀ। ਮਿਲਣੀ ਤੋਂ ਤੁਰੰਤ ਬਾਅਦ ਹੀ ਮੈਂ ਉਥੋਂ ਚਲੇ ਗਿਆ ਸੀ। ਮੈਂ ਗੁਰਦੁਆਰੇ ਦੇ ਅੰਦਰ ਬਿੱਲਕੁੱਲ ਨਹੀਂ ਗਿਆ ਸੀ। ਇਹ ਵਿਆਹ ਸਰੀ ਵਿੱਚ ਸੀ ਅਤੇ ਮੈਂ 11 ਵਜੇ ਤੋਂ ਪਹਿਲਾਂ ਹੀ ਬਰਨਬੀ ਵਿਚ, ਜਸਬੀਰ ਸਿੰਘ ਗੰਢਮ ਦੇ ਘਰੇ ਪਹੁੰਚ ਗਿਆ ਸੀ। ਪ੍ਰੋ: ਸਾਹਿਬ ਸਿੰਘ ਦਾ ਟੀਕਾ, ਸ਼ਬਦਾਰਥ ਅਤੇ ਕੁੱਝ ਹੋਰ ਪੋਥੀਆਂ ਗੁਟਕੇ ਉਥੇ ਛੱਡਣੇ ਸੀ ਜੋ ਪਹਿਲਾਂ ਕਿਸੇ ਕਾਰਨ ਘਰਵਾਲੀ ਨੇ ਘਰੇ ਰੱਖ ਲਏ ਸਨ। ਇਹ ਦੱਸਣ ਦਾ ਸਿਰਫ ਇਹੀ ਮਤਲਬ ਹੈ ਕਿ ਕੋਈ ਇਹ ਨਾ ਕਹੇ ਕਿ ਅਸੀਂ ਇਸ ਨੂੰ ਆਪਣੀ ਭਤੀਜੀ ਦੇ ਵਿਆਹ ਤੇ ਗੁਰਦੁਆਰੇ ਦੇਖਿਆ ਸੀ ਪਰ ਸਾਡੇ ਪ੍ਰੋਗਰਾਮ ਤੇ ਨਹੀਂ ਆਇਆ ਜਾਂ ਇਹ ਤਾਂ ਕਹਿੰਦਾ ਸੀ ਕਿ ਮੈਂ ਜਾਣਾ ਨਹੀਂ ਸੀ ਅਤੇ ਹੁਣ ਜਾਣ ਵੀ ਲੱਗ ਪਿਆ ਹੈ।
ਇਕ ਡੇਰੇਦਾਰ ਸਾਧ ਜਿਸ ਨੂੰ ਮਹਾਨ ਬਣਾਉਣ ਲਈ ਇਹ ਸਿੱਖ ਲੋਕ ਅਤੇ ਇਨ੍ਹਾਂ ਦੇ ਵਿਦਵਾਨ ਧਰਮ ਦੇ ਨਾਮ ਤੇ ਇਤਨੀਆਂ ਬਦਬਖਤੀਆਂ ਕਰਦੇ ਹਨ ਅਤੇ ਝੂਠ ਬੋਲ ਬੋਲ ਕੇ ਗੁਮਰਾਹ ਕਰਦੇ ਹਨ ਕੇ ਰਹੇ ਰੱਬ ਦਾ ਨਾਮ। ਉਸ ਨੂੰ ਧਰਮ ਦੀ ਅਤੇ ਆਮ ਜਾਣਕਾਰੀ ਕਿਤਨੀ ਕੁ ਸੀ ਉਸ ਬਾਰੇ ਕਈ ਕੁੱਝ ਛਪ ਚੁੱਕਾ ਹੈ ਅਤੇ ਇੱਥੇ ਵੀ ਕਈ ਵਾਰੀ ਦੱਸਿਆ ਜਾ ਚੁੱਕਾ ਹੈ। ਲਓ ਹੁਣ ਇੱਕ ਹੋਰ ਛੋਟਾ ਜਿਹਾ ਔਡੀਓ ਕਲਿਪ ਸੁਣੋ ਜਿਸ ਵਿੱਚ ਇਹ ਸਾਧ ਦਸਮ ਗ੍ਰੰਥ ਵਿਚੋਂ ਕਥਾ ਕਰ ਰਿਹਾ ਹੈ। ਜੇ ਕਰ ਤੁਹਾਨੂੰ ਕੋਈ ਮਾੜੀ ਮੋਟੀ ਅਕਲ ਹੋਈ ਅਤੇ ਤੁਸੀਂ ਕਪਟ ਅਤੇ ਬੇਈਮਾਨੀ ਤੋਂ ਰਹਿਤ ਹੋਏ ਤਾਂ ਤੁਹਾਡੇ ਮੂਹੋਂ ਆਪ ਮੁਹਾਰੇ ਨਿਕਲੇਗਾ ਕਿ ਇਸ ਸਾਧ ਨੂੰ ਤਾਂ ਇੱਕ ਧੇਲੇ ਜਿੰਨੀ ਵੀ ਕੌਮਨ ਸੈਂਸ ਵਾਲੀ ਅਕਲ ਜਾਂ ਸੂਝ ਬੂਝ ਨਹੀਂ ਸੀ ਜਿਸ ਨੂੰ ਬਹੁਤ ਵੱਡਾ ਬ੍ਰਹਮ ਗਿਆਨੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਸਾਧ ਨੂੰ ਧਰਮ ਦੇ ਉਹਲੇ ਵਿੱਚ ਇੱਕ ਗੈਂਗਸਟਰ ਕਹਿ ਸਕਦੇ ਹਾਂ ਨਾ ਕਿ ਇੱਕ ਧਰਮੀ ਸਿਆਣਾ ਪੁਰਸ਼। ਜੋ ਕਿ ਮਰਨ ਮਾਰਨ ਨੂੰ ਹੀ ਧਰਮ ਸਮਝਦਾ ਸੀ ਅਤੇ ਆਪਣੇ ਰੱਟੇ ਹੋਏ ਕੂੜ ਗ੍ਰੰਥਾਂ ਦਾ ਰੋਹਬ ਦੁਸਰਿਆਂ ਤੇ ਪਉਂਦਾ ਸੀ। ਇਸ ਗੈਂਗਸਟਰ ਗੁੰਡੇ ਸਾਧ ਦੇ ਗੁੰਡੇ ਚੇਲੇ ਵੀ ਇਸ ਦੀ ਫੌਕੀ ਧੌਂਸ ਦੂਸਰਿਆਂ ਤੇ ਥੋਪਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਇਸ ਨੇ ਸਾਰੇ ਕੂੜ ਗ੍ਰੰਥਾਂ ਦਾ ਰੱਟਾ ਲਾਇਆ ਹੋਇਆ ਸੀ ਅਤੇ ਉਸ ਸਾਰੇ ਕੂੜ ਨੂੰ ਇਹ ਸੱਚ ਕਰਕੇ ਜਾਣਦਾ ਸੀ। ਇਹ ਦਸਮ ਗ੍ਰੰਥ ਵਿਚਲੇ ਵਿਸ਼ਨੂੰ ਦੇ ਚੌਵੀਸ ਅਵਤਾਰਾਂ ਵਿਚੋਂ ਚੰਦਰਮਾ ਅਵਤਾਰ ਦੀ ਕਥਾ ਕਰ ਰਿਹਾ ਹੈ। ਭਾਵ ਕਿ ਚੰਦਰਮਾ ਵੀ ਇੱਕ ਵਿਸ਼ਨੂੰ ਦਾ ਅਵਤਾਰ ਹੈ।


ਦਸਮ ਗ੍ਰੰਥ ਤਾਂ ਕੂੜ ਕਬਾੜ ਹੈਗਾ ਹੀ ਆ ਪਰ ਇਹ ਸਾਧ ਆਪਣੇ ਕੋਲੌਂ ਹੀ ਇੱਕ ਵੱਡੀ ਗੱਪ ਨਾਲ ਹੋਰ ਜੋੜ ਰਿਹਾ ਹੈ। ਜਿਸ 200 ਲੱਖ ਯੋਜਨ ਦੀ ਇਹ ਸਾਧ ਗੱਪ ਮਾਰ ਰਿਹਾ ਹੈ ਇਹ ਗੱਪ ਤਾਂ ਦਸਮ ਗ੍ਰੰਥ ਦੇ ਚੰਦ੍ਰ ਅਵਤਾਰ ਵਿੱਚ ਵੀ ਨਹੀਂ ਹੈ। ਆਹ ਹੈ ਦਸਮ ਗ੍ਰੰਥ ਦੀ ਉਹ ਲਿਖਤ ਜਿਸ ਦੀ ਇਹ ਸਾਧ ਕਥਾ ਕਰ ਰਿਹਾ ਹੈ।
ਇਮ ਹਰਿ ਧਰਾ ਚੰਦ੍ਰ ਅਵਤਾਰਾ ॥
ਬਢਿਯੋ ਗਰਬ ਲਹਿ ਰੂਪ ਅਪਾਰਾ ॥
ਆਨ ਕਿਸੂ ਕਹੁ ਚਿਤ ਨ ਲਿਆਯੋ ॥
ਤਾ ਤੇ ਤਾਹਿ ਕਲੰਕ ਲਗਾਯੋ ॥੧੨॥
ਭਜਤ ਭਯੋ ਅੰਬਰ ਕੀ ਦਾਰਾ ॥
ਤਾ ਤੇ ਕੀਯ ਮੁਨ ਰੋਸ ਅਪਾਰਾ ॥
ਕਿਸਨਾਰਜੁਨ ਮ੍ਰਿਗ ਚਰਮ ਚਲਾਯੋ ॥
ਤਿਹ ਕਰਿ ਤਾਹਿ ਕਲੰਕ ਲਗਾਯੋ ॥੧੩॥
ਸ੍ਰਾਪ ਲਗਯੋ ਤਾਂ ਕੋ ਮੁਨਿ ਸੰਦਾ ॥
ਘਟਤ ਬਢਤ ਤਾ ਦਿਨ ਤੇ ਚੰਦਾ ॥
ਲਜਿਤ ਅਧਿਕ ਹਿਰਦੇ ਮੋ ਭਯੋ ॥
ਗਰਬ ਅਖਰਬ ਦੂਰ ਹੁਐ ਗਯੋ ॥੧੪॥
ਤਪਸਾ ਕਰੀ ਬਹੁਰੁ ਤਿਹ ਕਾਲਾ ॥
ਕਾਲ ਪੁਰਖ ਪੁਨ ਭਯੋ ਦਿਆਲਾ ॥
ਛਈ ਰੋਗ ਤਿਹ ਸਕਲ ਬਿਨਾਸਾ ॥
ਭਯੋ ਸੂਰ ਤੇ ਊਚ ਨਿਵਾਸਾ ॥੧੫॥
ਇਤਿ ਚੰਦ੍ਰ ਅਵਤਾਰ ਉਨੀਸਵੋਂ ॥੧੯॥ ਸੁਭਮ ਸਤੁ ॥

ਹੁਣ ਤੁਸੀਂ ਆਪ ਹੀ ਗੂਗਲ ਬਾਬੇ ਨੂੰ ਪੁਛ ਲਓ ਕਿ ਸੂਰਜ ਧਰਤੀ ਤੋਂ ਕਿੰਨਾ ਦੂਰ ਹੈ ਅਤੇ ਚੰਦ੍ਰਮਾਂ ਕਿੰਨਾ। ਜੇ ਕਰ ਦਸਮ ਗ੍ਰੰਥ ਤੁਹਾਡੇ ਗੁਰੂ ਦੀ ਰਚਨਾ ਹੈ ਅਤੇ ਇਹ ਸਾਧ ਵੀ ਬੜਾ ਮਹਾਨ ਅਤੇ ਬ੍ਰਹਮ ਗਿਆਨੀ ਹੈ। ਇਹ ਸੰਤਾਂ ਦਾ ਸੰਤ ਹੈ ਅਤੇ ਜਰਨੈਲਾਂ ਦਾ ਜਰਨੈਲ ਹੈ ਜਿਵੇਂ ਕਿ ਇਸ ਸਾਧ ਦੇ ਚੇਲੇ ਪ੍ਰਚਾਰਦੇ ਹਨ। ਫਿਰ ਤੁਸੀਂ ਦੁਨੀਆ ਨੂੰ ਕਹੋ ਕਿ ਜੋ ਕੁੱਝ ਤੁਸੀਂ ਸਕੂਲਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਾ ਰਹੇ ਹੋ ਉਹ ਗਲਤ ਹੈ। ਸਾਡੇ ਗੁਰੂ ਦੀ ਅਤੇ ਸੰਤ ਦੀ ਗੱਲ ਮੰਨੋ। ਇਹ ਚੰਦਰਮਾ ਸੂਰਜ ਤੋਂ ਬਹੁਤ ਉਚਾ ਹੈ ਅਤੇ ਮੁਨੀ ਦੇ ਸਰਾਪ ਕਰਕੇ ਘਟਦਾ ਵਧਦਾ ਹੈ। ਇੱਕ ਗੱਲ ਹੋਰ ਵੀ ਚੇਤੇ ਰੱਖੋ ਕਿ ਦਸਮ ਗ੍ਰੰਥ ਦੇ 68ਵੇਂ ਚਰਿੱਤਰ ਵਿੱਚ ਘੋੜੀ ਦੀ ਮੂਤਨੀ ਵਿੱਚ ਜੀਭ ਫੇਰਨ ਨਾਲ ਇਲਾਜ ਵੀ ਹੋ ਜਾਂਦਾ ਹੈ। ਇਸ ਬਾਰੇ ਬਿਸਥਾਰ ਨਾਲ ਤੁਸੀਂ ਦਸਮ ਗ੍ਰੰਥ ਦੇ ਲੇਖਾਂ ਵਿੱਚ ਪੜ੍ਹ ਸਕਦੇ ਹੋ। ਦਸਮ ਗ੍ਰੰਥ ਨੂੰ ਗੁਰੂ ਦੀ ਕਿਰਤ ਕਹਿਣ ਵਾਲਿਓ ਹਸਪਤਾਲਾਂ ਦੀ ਥਾਂ ਤੇ ਗੁਰਦੁਆਰਿਆਂ ਵਿੱਚ ਘੋੜੀਆਂ ਰੱਖੋ ਅਤੇ ਘੋੜੀ ਦੀ ਮੂਤਨੀ ਵਿੱਚ ਜੀਵ ਘਸਾ ਕੇ ਇਲਾਜ ਕਰੋ। ਆਪਣੇ ਬ੍ਰਹਮ ਗਿਆਨੀ ਸੰਤਾਂ ਦੀ, ਮਸਕੀਨ ਵਰਗੇ ਪ੍ਰਚਾਰਕਾਂ ਦੀ ਅਤੇ ਹੋਰ ਦਸਮ ਗ੍ਰੰਥੀਆਂ ਦੀ ਜੈ ਜੈ ਕਾਰ ਕਰੋ ਕਿ ਘੋੜੀ ਦੀ ਮੂਤਨੀ ਵਿੱਚ ਜੀਭ ਫੇਰਨ ਨਾਲ ਮੁਫਤ ਵਿੱਚ ਹੀ ਇਲਾਜ ਹੋ ਸਕਦਾ ਹੈ ਐਂਵੇਂ ਹੀ ਡਾਕਟਰਾਂ ਕੋਲ ਜਾ ਕੇ ਪੈਸੇ ਖਰਾਬ ਕਰਨ ਦੀ ਲੋੜ ਨਹੀਂ ਹੈ।
ਮੱਖਣ ਪੁਰੇਵਾਲ,
ਅਗਸਤ 11, 2024.




.