.

‘ਗੁਰਬਾਣੀ ਮੁਤਾਬਿਕ ਗੁਰੂਆਂ ਭਗਤਾਂ ਵਿੱਚ ਕੋਈ ਫ਼ਰਕ ਨਹੀਂ’

'ਗੁਰੂ-ਭਗਤ' ਦਾ ਮਸਲਾ ਕਈ ਸਾਲਾਂ ਤੋਂ ਉਭਰਦਾ ਆ  ਰਿਹਾ ਹੈ। ਅਸਲ ਵਿੱਚ 'ਭਗਤ' ਸ਼ਬਦ ਨੂੰ  ਅਖੌਤੀ ਨੀਵੀਂ ਜਾਤ ਨਾਲ ਸਬੰਧਤ ਮਹਾਂਪੁਰਖਾਂ ਦੇ ਵਿਰੋਧੀਆਂ ਨੇ, 'ਗੁਰੂ' ਅਤੇ 'ਭਗਤ' ਸ਼ਬਦ ਨੂੰ  ਇਸ ਢੰਗ ਨਾਲ ਪ੍ਰਚਾਰਿਆ, ਕਿ  ਲੋਕਾਂ ਨੂੰ ਇਹ ਮਹਿਸੂਸ ਹੋਵੇ 'ਗੁਰੂ' ਵੱਡੇ ਹੁੰਦੇ ਹਨ 'ਭਗਤ' ਛੋਟੇ। ਗੁਰਬਾਣੀ ਤੋਂ ਅਣਜਾਣ ਬਹੁਤੇ ਪ੍ਰਚਾਰਕਾਂ ਸਮੇਤ ਆਮ ਲੋਕਾਂ ਨੇ ਭਗਤਾਂ ਦੇ ਵਿਰੋਧੀ ਲੋਕਾਂ ਦੇ ਇਸ (ਗੁਰੂ ਵੱਡੇ,ਭਗਤ ਛੋਟੇ ਵਾਲੇ) ਝੂਠ ਨੂੰ, ਸੱਚ ਮੰਨ ਲਿਆ ਜਿਸ ਕਰਕੇ ਇਹ 'ਗੁਰੂ ਤੇ ਭਗਤ' ਵਾਲਾ ਮਸਲਾ ਖੜ੍ਹਾ ਹੋਇਆ ਹੈ ਜੋ ਕਿ ਸੱਚ ਨਹੀਂ ਹੈ।

ਭਾਵੇਂ ਇਹਨਾਂ ਪੰਦਰਾਂ ਭਗਤਾਂ ਨੂੰ ਜ਼ਾਤ ਮੁਤਾਬਿਕ ਮੰਨਣ ਵਾਲਿਆਂ ਵਿੱਚੋਂ ਹੋਰਾਂ ਨੇ ਤਾਂ ਕਦੇ ਕੋਈ ਇਤਰਾਜ਼ ਨਹੀਂ ਕੀਤਾ ਪਰ  ਰਵਿਦਾਸ ਜੀ ਨੂੰ ਮੰਨਣ ਵਾਲਿਆਂ ਨੇ ('ਭਗਤ' ਸ਼ਬਦ ਨੂੰ ਛੋਟਾ ਸਮਝਕੇ) ਇਤਰਾਜ਼ ਕਰਨਾ ਸ਼ੁਰੂ ਕਰ ਦਿੱਤਾ ਅਤੇ ਕੁਝ ਲੋਕਾਂ ਵੱਲੋਂ ਬੇਸਮਝੀ ਵਿੱਚ  ਗੁਰੂ ਗ੍ਰੰਥ ਸਾਹਿਬ ਨੂੰ ਤਿਆਰ ਕਰਨ ਵਾਲੇ ਗੁਰੂ ਅਰਜਨ ਸਾਹਿਬ ਜੀ ਤੇ ਵੀ ਉਂਗਲ ਉਠਾਉਣ ਦੀ ਗੁਸਤਾਖ਼ੀ ਕੀਤੀ ਜਾ ਰਹੀ ਹੈ, ਕਿ ਗੁਰੂ ਰਵਿਦਾਸ ਜੀ ਨੂੰ ਭਗਤ ਕਿਉਂ ਲਿਖਿਆ। ਜੇ ਕਿਤੇ  ਸਿੱਖ ਕੌਮ ਦੇ ਆਗੂਆਂ ਅਤੇ ਪ੍ਰਚਾਰਕਾਂ ਨੇ ਗੁਰਬਾਣੀ ਨੂੰ ਸਹੀ ਢੰਗ ਨਾਲ ਸਮਝਿਆ ਤੇ ਪ੍ਰਚਾਰਿਆ ਹੁੰਦਾ, ਜਾ ਲੋਕਾਂ ਨੂੰ ਗੁਰਬਾਣੀ ਦੀ ਸਮਝ ਹੁੰਦੀ ਨਾ ਤਾਂ ਇਹ ਮਸਲਾ ਖੜ੍ਹਾ ਹੋਣਾ ਸੀ ਅਤੇ ਨਾ ਕੋਈ ਹੋਰ।

ਸਿੱਖ ਕੌਮ ਦੀ ਸਿਰਮੌਰ ਜਥੇਬੰਦੀ ਅਤੇ ਅਕਾਲ ਤਖ਼ਤ ਦੇ ਕਿਸੇ ਵੀ ਜਥੇਦਾਰ ਨੇ ਕਦੇ ਇਹ ਗੱਲ ਦਾ ਨੋਟਿਸ ਤਾਂ ਕੀ ਲੈਣਾ ਸੀ,ਸਗੋਂ ਇਹਨਾਂ ਨੇ ਵੀ ਇਹਨਾਂ ਮਹਾਂਪੁਰਖਾਂ ਨੂੰ ਬਣਦਾ ਸਤਿਕਾਰ ਨਹੀਂ ਦਿਤਾ, ਨਾ ਤਾਂ ਇਹਨਾਂ ਦੇ ਨਾਮ ਤੇ ਕੋਈ ਯਾਦਗਾਰ ਨਾ ਬਣਾਈ, ਨਾ ਕਦੇ ਇਹਨਾਂ ਦੇ ਜਨਮ ਦਿਹਾੜੇ ਆਦਿ ਹੀ ਮਨਾਏ ਅਤੇ ਨਾ ਹੀ ਦਲਿਤ ਵਰਗਾਂ ਲਈ ਇਹਨਾਂ ਕਦੇ ਕੋਈ ਹਮਦਰਦੀ ਦਿਖਾਕੇ ਸਿੱਖੀ ਨਾਲ ਜੋੜਨ ਲਈ ਕੋਈ ਵਿਸ਼ੇਸ਼ ਉਪਰਾਲਾ ਕੀਤਾ।ਜਿਸ ਕਰਕੇ ਇਹਨਾਂ ਰਹਿਬਰਾਂ ਨੂੰ ਮੰਨਣ ਵਾਲਿਆਂ ਦੇ ਮਨਾਂ ਅੰਦਰ ਰੋਸ ਉਤਪੰਨ ਹੋਣਾ ਕੁਦਰਤੀ ਹੈ। ਆਓ ਹੁਣ ਆਪਾਂ ਗੁਰਬਾਣੀ ਰਾਹੀਂ 'ਭਗਤ' ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰੀਏ।ਗੁਰੂ ਅਰਜਨ ਸਾਹਿਬ ਜੀ ਦੀ ਨਿਗਾਹ ਵਿੱਚ 'ਭਗਤ' ਕੌਣ ਹੈ ? ਇਹ ਗੱਲ ਸਭ ਤੋਂ ਪਹਿਲਾਂ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਪਹਿਲੇ ਗੁਰੂ ਨਾਨਕ ਸਾਹਿਬ ਲਈ 'ਭਗਤ' ਸ਼ਬਦ ਵਰਤਕੇ ਸਾਫ਼ ਕਰ ਦਿੱਤਾ ਸੀ ਕਿ 'ਭਗਤ' ਕੌਣ ਹੈ? ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹਨ - "ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥ ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੩॥" (ਪੰਨਾ 1386)

ਜਿਸ ਦੀ  ਵਿਆਖਿਆ ਮੁਤਾਬਿਕ - ਜਨ ਨਾਨਕ ਪ੍ਰਮਾਤਮਾ ਦੀ ਭਗਤੀ ਕਾਰਨ  ਅਕਾਲ ਪੁਰਖ ਦੇ ਦਰ ਪ੍ਰਵਾਨ ਹੋ ਗਿਆ ਅਤੇ ਉਹ ਪ੍ਰਮਾਤਮਾ ਦਾ ਹੀ ਰੂਪ ਹੋ ਗਿਆ , ਇਸ ਲਈ ਮੇਰੀ ਜੀਭ ਉਸਦੀ ਵਡਿਆਈ ਕਿਵੇਂ ਕਰ ਸਕਦੀ ਹੈ,  ਇਸ ਲਈ ਉਹ ਭਗਤ ਹੈ, ਜਿਸ ਦਾ ਪ੍ਰਮਾਤਮਾ ਨਾਲ ਮੇਲ ਹੋਣ ਤੇ ਜ਼ੋ ਪ੍ਰਮਾਤਮਾ ਦਾ ਹੀ ਰੂਪ ਹੋ ਜਾਵੇ, ਪ੍ਰਮਾਤਮਾ ਤੇ ਭਗਤ ਵਿੱਚ ਕੋਈ ਫਰਕ ਹੀ ਨਾ ਰਹੇ।(ਪ੍ਰੋ ਸਾਹਿਬ ਸਿੰਘ)

ਫਿਰ ਭੱਟ 'ਕਲ੍ਹ' ਜੀ ਵੱਲੋਂ ਗੁਰੂ ਅਰਜਨ ਸਾਹਿਬ ਲਈ ਵੀ ਗੁਰੂ ਗ੍ਰੰਥ ਸਾਹਿਬ ਅੰਦਰ  ਭਗਤ ਸ਼ਬਦ ਵਰਤਿਆ ਗਿਆ ਹੈ :- "ਗੁਰ ਨਾਨਕ ਅੰਗਦ ਅਮਰ ਲਾਗਿ ਉਤਮ ਪਦੁ ਪਾਯਉ ॥ ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਭਗਤ ਉਤਰਿ ਆਯਉ ॥੧॥ (ਪੰਨਾ 1407)

ਭਗਤ ਸ਼ਬਦ ਸਬੰਧੀ ਗੁਰੂ ਅਮਰਦਾਸ ਜੀ ਕਹਿੰਦੇ ਹਨ:- “ਧਨੁ ਧਨੁ ਹਰਿ ਭਗਤੁ ਸਤਿਗੁਰੂ ਹਮਾਰਾ, ਜਿਸਕੀ ਸੇਵਾ ਤੇ ਹਮ ਹਰਿ ਨਾਮਿ ਲਿਵ ਲਾਈ॥ ਸਤਿਗੁਰੂ ਹਮਾਰਾ ਜਿਨਿ ਵੈਰੀ ਮਿਤਰ ਹਮ ਕਉ, ਸਭ ਸਮ ਦ੍ਰਿਸਟਿ  ਦਿਖਾਈ॥” (ਪੰਨਾ-594) ਗੁਰੂ ਅਮਰਦਾਸ ਜੀ ਤਾਂ ਸਿਧਾ ਹੀ ‘ਭਗਤਾਂ’ ਨੂੰ ‘ਸਤਿਗੁਰੂ’ਅਤੇ ‘ਸਤਿਗੁਰਾਂ’ ਨੂੰ ‘ਭਗਤ’ ਕਹਿੰਦੇ ਨੇ, ਕਿ ਅਸੀ ਹਰਿ ਦੇ ਭਗਤ ਸਤਿਗੁਰ ਦੀ ਸੇਵਾ ਤੇ ਹਰਿ (ਪ੍ਰਮਾਤਮਾ) ਨਾਮ ਨਾਲ ਲਿਵ ਲਾਈ ਹੈ। ਜੇ ਗੁਰੂ ਤੇ ਭਗਤ ਵਿੱਚ ਫਰਕ ਹੁੰਦਾ, ਫਿਰ ਗੁਰੂ ਅਮਰਦਾਸ ਜੀ ਨੇ ਵੀ ਭਗਤ ਸ਼ਬਦ ਤੋਂ ਗ਼ੁਰੇਜ਼ ਕਰਕੇ ਗੁਰੂ ਸ਼ਬਦ ਵਰਤਣਾ ਸੀ।

ਇਹਨਾਂ ਤੋਂ ਬਾਅਦ ਗੁਰੂ ਰਾਮਦਾਸ ਜੀ ਕਹਿੰਦੇ ਹਨ:- “ਭਗਤ ਜਨਾ ਕੀ ਉਤਮ ਬਾਣੀ ਗਾਵਹਿ ਅਕਥ ਕਥਾ ਨਿਤ ਨਿਆਰੀ॥ ਸਫਲ ਜਨਮ ਭਇਆ ਤਿਨ ਕੇਰਾ,ਆਪ ਤਰੇ ਸਗਲੀ ਕੁਲ ਤਾਰੀ॥” (ਪੰਨਾ-507) ਕੀ ਹੁਣ ਇਹ ਸਮਝਿਆ ਜਾਵੇ, ਇਕਲੇ ‘ਭਗਤ ਸਹਿਬਾਨਾਂ’ ਦੀ ਹੀ ਬਾਣੀ ਉਤਮ ਹੈ, ਗੁਰੂਆਂ ਦੀ ਨਹੀਂ ? ਜੇ ਗੁਰੂ ਰਾਮਦਾਸ ਜੀ ਆਦਿ ਦੇ ਮਨ ਵਿੱਚ ਗੁਰੂ ਵੱਡੇ, ਭਗਤ ਛੋਟੇ ਹੁੰਦੇ ਫਿਰ ਤਾਂ ਉਹਨਾਂ ਨੇ  ਐਦਾਂ ਥੋੜਾ ਲਿਖਣਾ ਸੀ ? ਫਿਰ ਤਾਂ ਬਾਣੀ ਵਿੱਚ ਇਹ ਲਿਖਦੇ 'ਗੁਰੂ ਜਨਾ ਦੀ ਉੱਤਮ ਬਾਣੀ ਜਾਂ ਫਿਰ ਗੁਰੂ ਸਹਿਬਾਨਾਂ ਦੀ ਉੱਤਮ ਬਾਣੀ'।

ਹੋਰ ਬਹੁਤ ਸਾਰੇ ਸ਼ਬਦ ਹਨ ਜਿਵੇਂ ‘ਭਗਤ, ਸੰਤ, ਸਾਧ, ਆਦਿ ਜਿਹਨਾਂ ਦੀ ਧੂੜ ਮੱਥੇ ਨਾਲ ਲਾਉਣ ਲਈ ਫੁਰਮਾਣ ਮਿਲਦੇ ਹਨ। ਇਸ ਲਈ ਸੰਤ, ਸਾਧੂ, ਭਗਤ, ਬ੍ਰਹਮਗਿਆਨੀ, ਸਤਿਗੁਰੂ’ ਆਦਿ ਵਿਚ ਕੋਈ ਫਰਕ ਹੀ ਨਹੀਂ ਹੈ। ਇਹ ਗੱਲ ਗੁਰਬਾਣੀ ਵਿਚ ਸਾਡੇ ਗੁਰੂ ਸਹਿਬਾਨਾਂ ਵੱਲੋਂ ਵਰਤੇ ਸ਼ਬਦ ਸਪਸ਼ਟ ਕਰਦੇ ਹਨ। ਇਸ ਲਈ 'ਗੁਰੂਆਂ' ਅਤੇ ‘ਭਗਤਾਂ’ ਵਿਚੋਂ ਸਾਨੂੰ ਕੋਈ ਵੀ ਵੱਡਾ-ਛੋਟਾ ਨਜਰ ਨਹੀਂ ਆਉਣਾ ਚਾਹੀਂਦਾ। ਕਿਉਂਕਿ ਇਹਨਾਂ ਸਾਰਿਆ ਦੀ ਇਕ ਹੀ ਵਿਚਾਰਧਾਰਾ ਹੈ, ਇਕ ਹੀ ਮਿਸ਼ਨ ਹੈ ਅਤੇ ਇਹਨਾਂ ਸਾਰੇ ਮਹਾਂਪੁਰਸ਼ਾ ਨੇ ਕੁਰਾਹੇ ਪਏ ਲੋਕਾਂ ਨੂੰ ਜ਼ਾਤ-ਪਾਤ, ਵਹਿਮਾਂ-ਭਰਮਾਂ ਅਤੇ ਝੂਠ ਦੀ ਦਲ ਦਲ ਵਿਚ ਗਲ ਤੱਕ ਫਸਿਆਂ ਲੋਕਾਂ ਨੂੰ ਬਾਹਰ ਕੱਢਕੇ ‘ਇਕ’ ਨਾਲ ਜੋੜਨ ਦਾ ਜ਼ੋਰਦਾਰ ਯਤਨ ਕੀਤਾ ਹੈ ਅਤੇ ਮਜਲੂਮਾਂ ਦੇ ਹੱਕਾਂ ਲਈ ਹੱਕ-ਸੱਚ ਦੀ ਅਵਾਜ ਬੁਲੰਦ ਕੀਤੀ। ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਗਰੰਥ ਸਹਿਬ ਅੰਦਰ ਇਕੱਤਰ ਕੀਤੀ ਬਾਣੀ ਆਪਣਿਆਂ ਦੀ ਹੀ ਦਰਜ ਕੀਤੀ ਹੈ; ਗੈਰਾਂ ਦਾ ਇਸ ਵਿਚ ਕੀ ਕੰਮ? ਇਸ ਲਈ ਸਾਡੇ ਗੁਰੂ ਸਹਿਬਾਨਾਂ ਦੀਆਂ ਨਜਰਾਂ ਵਿਚ ਕੋਈ ਵੱਡਾ-ਛੋਟਾ ਨਹੀਂ ਸੀ। ਫਿਰ ਜਦ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦਾ ਦਰਜਾ ਪ੍ਰਾਪਤ ਹੋ ਗਿਆ ਤਾਂ ਇਸ ਵਿਚਲੀ ਸਾਰੀ ਬਾਣੀ ਹੀ ਗੁਰੂ ਦੀ ਬਾਣੀ ਬਣ ਗਈ ਹੈ ਇਹਦੇ ਵਿੱਚ ਕਾਹਦਾ ਫਰਕ ਹੈ?

ਇਹਨਾਂ ਗੁਰੂ ਸਹਿਬਾਨਾਂ ਤੋਂ ਇਲਾਵਾ ਸੰਤ/ਭਗਤ/ਗੁਰੂ ਰਵਿਦਾਸ ਜੀ ਨੇ ਵੀ ਆਪਣੀ ਬਾਣੀ ਅੰਦਰ 'ਭਗਤ' ਸ਼ਬਦ ਦੀ ਵਰਤਕੇ ਕਰਕੇ ਸਪਸ਼ਟ ਕੀਤਾ ਹੈ ਕਿ 'ਭਗਤ' ਤੋਂ ਵੱਡਾ ਕੋਈ ਨਹੀਂ ਹੈ- "ਜਿਹ ਕੁਲ ਸਾਧੁ ਬੈਸਨੌ ਹੋਇ ॥ ਬਰਨ ਅਬਰਨ ਰੰਕੁ ਨਹੀ ਈਸੁਰੁ ਬਿਮਲ ਬਾਸੁ ਜਾਨੀਐ ਜਗਿ ਸੋਇ ॥ ਜਿਸ ਕਿਸੇ ਭੀ ਕੁਲ ਵਿਚ ਪਰਮਾਤਮਾ ਦਾ ਬੈਸਨੌ (ਭਗਤ) ਜੰਮ ਪਏ, ਚਾਹੇ ਉਹ ਕਿਸੇ ਵੀ ਜਾਤ ਦਾ ਹੈ ਚਾਹੇ ਨੀਵੀਂ ਜਾਤ ਦਾ, ਚਾਹੇ ਕੰਗਾਲ ਹੈ ਚਾਹੇ ਧਨਾਢ,  ਹੈ,ਉਹ 'ਭਗਤ' ਜਗਤ ਵਿਚ ਨਿਰਮਲ ਸੋਭਾ ਵਾਲਾ ਮਸ਼ਹੂਰ ਹੁੰਦਾ ਹੈ। ਨੋਟ ਕਰਨ ਵਾਲੀ ਗੱਲ ਹੈ ਇਥੇ ਵੀ 'ਭਗਤ' ਦੀ ਵਡਿਆਈ ਕੀਤੀ ਹੈ, 'ਭਗਤ' ਵਡਿਆਈ ਯੋਗ ਹੈ। ਬ੍ਰਹਮਨ ਬੈਸ ਸੂਦ ਅਰੁ ਖਤ੍ਰੀ ਡੋਮ ਚੰਡਾਰ ਮਲੇਛ ਮਨ ਸੋਇ ॥ ਹੋਇ ਪੁਨੀਤ ਭਗਵੰਤ ਭਜਨ ਤੇ ਆਪੁ ਤਾਰਿ ਤਾਰੇ ਕੁਲ ਦੋਇ ॥੧॥ ਕੋਈ ਬ੍ਰਾਹਮਣ ਹੋਵੇ, ਖੱਤ੍ਰੀ ਹੋਵੇ, ਡੂਮ ਚੰਡਾਲ ਜਾਂ ਮਲੀਨ ਮਨ ਵਾਲਾ ਹੋਵੇ, ਪਰਮਾਤਮਾ ਦੇ ਭਜਨ ਨਾਲ ਮਨੁੱਖ ਪਵਿਤ੍ਰ ਹੋ ਜਾਂਦਾ ਹੈ; ਉਹ ਆਪ ਵੀ ਸੰਸਾਰ-ਸਮੁੰਦਰ ਤੋਂ ਤਰ ਜਾਂਦਾ ਹੈ ਅਤੇ  ਆਪਣੀਆਂ ਦੋਵੇਂ ਕੁਲਾਂ ਭੀ ਤਾਰ ਲੈਂਦਾ ਹੈ।

ਧੰਨਿ ਸੁ ਗਾਉ ਧੰਨਿ ਸੋ ਠਾਉ ਧੰਨਿ ਪੁਨੀਤ ਕੁਟੰਬ ਸਭ ਲੋਇ ॥ ਜਿਨਿ ਪੀਆ ਸਾਰ ਰਸੁ ਤਜੇ ਆਨ ਰਸ ਹੋਇ ਰਸ ਮਗਨ ਡਾਰੇ ਬਿਖੁ ਖੋਇ ॥੨॥ ਸੰਸਾਰ ਵਿਚ ਉਹ ਪਿੰਡ ਮੁਬਾਰਿਕ ਹੈ, ਉਹ ਥਾਂ ਧੰਨ ਹੈ, ਉਹ ਪਵਿਤ੍ਰ ਕੁਲ ਭਾਗਾਂ ਵਾਲੀ ਹੈ, (ਜਿਸ ਵਿਚ ਜੰਮ ਕੇ) ਕਿਸੇ ਨੇ ਪਰਮਾਤਮਾ ਦੇ ਨਾਮ ਦਾ ਸ੍ਰੇਸ਼ਟ ਰਸ ਪੀਤਾ ਹੈ, ਹੋਰ (ਮੰਦੇ) ਰਸ ਛਡੇ ਹਨ, ਤੇ, ਪ੍ਰਭੂ ਦੇ ਨਾਮ-ਰਸ ਵਿਚ ਮਸਤ ਹੋ ਕੇ (ਵਿਕਾਰ-ਵਾਸ਼ਨਾ ਦਾ) ਜ਼ਹਿਰ (ਆਪਣੇ ਅੰਦਰੋਂ) ਨਾਸ ਕਰ ਦਿੱਤਾ ਹੈ।੨।

ਪੰਡਿਤ ਸੂਰ ਛਤ੍ਰਪਤਿ ਰਾਜਾ ਭਗਤ ਬਰਾਬਰਿ ਅਉਰੁ ਨ ਕੋਇ ॥ ਜੈਸੇ ਪੁਰੈਨ ਪਾਤ ਰਹੈ ਜਲ ਸਮੀਪ ਭਨਿ ਰਵਿਦਾਸ ਜਨਮੇ ਜਗਿ ਓਇ ॥੩॥੨॥ (ਪੰਨਾ-858) ਪੰਡਿਤ ਚਾਹੇ ਜਿੱਡਾ ਵੱਡਾ ਵਿਦਵਾਨ ਹੋਵੇ, ਚਾਹੇ ਕੋਈ ਸੂਰਮਾ ਹੋਵੇ, ਚਾਹੇ ਕੋਈ ਛੱਤਰਪਤੀ ਰਾਜਾ ਹੋਵੇ। ਕੋਈ ਭੀ ਮਨੁੱਖ ਪਰਮਾਤਮਾ ਦੇ 'ਭਗਤ' ਦੇ ਬਰਾਬਰ ਦਾ ਨਹੀਂ ਹੋ ਸਕਦਾ। ਰਵਿਦਾਸ ਆਖਦਾ ਹੈ-ਭਗਤਾਂ ਦਾ ਹੀ ਜੰਮਣਾ ਜਗਤ ਵਿਚ ਮੁਬਾਰਿਕ ਹੈ (ਉਹ ਪ੍ਰਭੂ ਦੇ ਚਰਨਾਂ ਵਿਚ ਰਹਿ ਕੇ ਹੀ ਜੀਊ ਸਕਦੇ ਹਨ) , ਜਿਵੇਂ ਚੁਪੱਤੀ ਪਾਣੀ ਦੇ ਨੇੜੇ ਰਹਿ ਕੇ ਹੀ (ਹਰੀ) ਰਹਿ ਸਕਦੀ ਹੈ।(ਪ੍ਰੋ ਸਾਹਿਬ ਸਿੰਘ) ਇਸ ਸ਼ਬਦ ਤੋਂ ਸਾਫ ਹੁੰਦਾ ਹੈ ਜੇ ਭਗਤ ਤੇ ਗੁਰੂ ਵਿੱਚ ਕੋਈ ਫਰਕ ਹੁੰਦਾ, ਜਾਂ ਗੁਰੂ ਵੱਡਾ ਹੁੰਦਾ, ਤਾਂ ਫਿਰ ਰਵਿਦਾਸ ਜੀ ਨੇ ਤਾਂ ਇਹ ਕਹਿਣਾ ਸੀ - 'ਪੰਡਿਤ ਸੂਰ ਛਤ੍ਰਪਤਿ ਰਾਜਾ ਗੁਰੂ ਬਰਾਬਰਿ ਅਉਰੁ ਨ ਕੋਇ।' ਫਿਰ 'ਭਗਤ' ਸ਼ਬਦ ਦੀ ਥਾਂ 'ਗੁਰੂ' ਸ਼ਬਦ ਦੀ ਵਰਤੋਂ ਕਰਨੀ ਸੀ,ਪਰ ਐਸਾ ਕੋਈ ਮਸਲਾ ਹੈ ਨਹੀਂ ਹੈ। ਗੁਰਬਾਣੀ ਦੇ ਫੁਰਮਾਨ ਮੁਤਾਬਿਕ ਤਾਂ ਕਿਹਾ ਜਾ ਸਕਦਾ ਜਿਸ ਨੂੰ ਗੁਰੂ, ਭਗਤ,ਸਤਿਗੁਰੂ, ਬਾਬਾ, ਸੰਤ ਆਦਿ ਜਿਹੜਾ ਵੀ ਸ਼ਬਦ ਵਧੀਆ ਚੰਗਾ ਲਗਦਾ ਹੈ ਉਹ ਬੜੇ ਸ਼ੌਕ ਤੇ ਮਾਣ ਨਾਲ ਵਰਤੇ, ਕਿਸੇ ਨੂੰ ਵੀ ਕਿਸੇ ਸ਼ਬਦ ਤੇ ਇਤਰਾਜ਼ ਨਹੀਂ ਹੋਣਾ ਚਾਹੀਦਾ।

ਇਸ ਤੋਂ ਅਗਲੀ ਗੱਲ 'ਗੁਰੂ ਗ੍ਰੰਥ ਸਾਹਿਬ' ਵਿੱਚ ਪੰਦਰਾਂ ਮਹਾਂਪੁਰਖਾਂ ਲਈ 'ਭਗਤ' ਸ਼ਬਦ ਦੀ ਵਰਤੋਂ ਕੀਤੀ ਗਈ ਹੈ ।ਨਾਮਦੇਵ ਜੀ, ਕਬੀਰ ਜੀ ਸੈਣ ਜੀ ਆਦਿ ਨੂੰ ਮੰਨਣ ਵਾਲਿਆਂ ਨੂੰ ਭਗਤ ਸ਼ਬਦ ਤੇ ਕੋਈ ਇਤਰਾਜ਼ ਨਹੀਂ, ਕੋਈ ਕਿੰਤੂ ਪ੍ਰੰਤੂ ਨਹੀਂ ਹੈ। ਇਤਰਾਜ਼ ਸਿਰਫ ਭਗਤ/ਗੁਰੂ ਰਵਿਦਾਸ ਜੀ ਨੂੰ ਮੰਨਣ ਵਾਲੇ ਕਰਦੇ ਹਨ, ਜਿਹਨਾਂ ਵਿੱਚ ਬਹੁਗਿਣਤੀ ਉਹਨਾਂ ਦੀ ਹੈ, ਜ਼ੋ ਪੰਦਰਾਂ ਪਚਾਸੀ ਦੀ ਅਤੇ ਬਹੁਜਨ ਸਮਾਜ ਬਣਾਉਣ ਦੀ ਗੱਲ ਕਰਦੇ ਹਨ, ਜਿਹੜੇ ਲਿਖਤਾਂ ਵਿੱਚ ਭਾਸ਼ਣਾ ਵਿੱਚ  ਸੈਣ ਜੀ, ਨਾਮਦੇਵ ਜੀ, ਕਬੀਰ ਜੀ ਆਦਿ ਨੂੰ ਵੀ ਰਵਿਦਾਸ ਜੀ ਦੇ ਬਰਾਬਰ ਆਪਣਾ ਰਹਿਬਰ ਦਸਦੇ ਹਨ, ਪਰ 'ਗੁਰੂ ਭਗਤ' ਦੇ ਮਸਲੇ ਤੇ ਇਤਰਾਜ਼ ਸਿਰਫ਼ ਤੇ ਸਿਰਫ਼ ਆਪਣੇ ਗੁਰੂ 'ਰਵਿਦਾਸ ਜੀ' ਦੇ ਸਬੰਧ ਵਿੱਚ ਕਰਦੇ ਹਨ। ਦੂਜੇ ਰਹਿਬਰਾਂ ਦੇ ਨਾਂ ਨਾਲ ਭਗਤ ਸ਼ਬਦ ਦਾ ਵਿਰੋਧ ਨਾ ਕਰਨਾ, ਕੀ ਲੋਕਾਂ ਵਿੱਚ ਇਹ ਸੰਦੇਸ਼ ਨਹੀਂ ਜਾਵੇਗਾ, ਭਾਸ਼ਣਾ ਵਿੱਚ ਨਾਮਦੇਵ ਜੀ ਕਬੀਰ ਜੀ ਆਦਿ ਮਹਾਂਪੁਰਖਾਂ ਨੂੰ ਆਪਣੇ ਰਹਿਬਰ ਗੁਰੂ ਦੱਸਣ ਵਾਲੇ ਇਕੱਲੇ ਰਵਿਦਾਸ ਜੀ ਨੂੰ ਗੁਰੂ ਬਣਾਉਣ ਤੇ ਕਿਉਂ ਲੱਗੇ ਹੋਏ ਹਨ? ਦੂਜਿਆਂ ਰਹਿਬਰਾਂ ਲਈ ਐਸਾ ਕਿਉਂ ਨਹੀਂ ਕਰਦੇ ਇਹ ਲੋਕ, ਆਦਿ ਆਦਿ? ਕਿਤੇ ਇਸ ਪਿਛੇ ਕੋਈ ਸਾਜ਼ਿਸ਼ ਤਾਂ ਨਹੀਂ ਖੇਡੀ ਜਾ ਰਹੀ? ਬਹੁਜਨ ਸਮਾਜ ਬਣਾਉਣ ਦਾ ਹੋਕਾ ਦੇਣ ਵਾਲਿਆਂ ਲਈ ਕਿਤੇ ਕੰਡੇ ਤਾਂ ਨਹੀਂ ਬੀਜੇ ਜਾ ਰਹੇ ? ਸਿੱਖੀ (ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ) ਅਤੇ ਦਲਿਤ ਵਰਗ ਦਾ ਸਾਂਝਾ ਦੁਸ਼ਮਣ ਹੱਦੋਂ ਵਧਕੇ ਬੜਾ ਤੇਜ਼-ਤਰਾਰ ਹੈ, ਇਹ ਸਿੱਖਾਂ ਵਿੱਚ ਸਿੱਖਾਂ ਦੇ ਭੇਸ ਵਿੱਚ ਵਿਚਰ ਰਿਹਾ ਹੈ ਅਤੇ ਦਲਿਤਾਂ ਵਿੱਚ ਦਲਿਤਾਂ ਦੇ ਭੇਸ ਵਿੱਚ ਵਿਚਰ ਰਿਹਾ ਹੈ, ਸਾਰਿਆਂ ਨੂੰ ਸੂਝ ਬੂਝ ਤੋਂ ਕੰਮ ਲੈਕੇ  ਸੰਭਲਕੇ ਚੱਲਣ ਦੀ ਲੋੜ ਹੈ।

ਮੇਜਰ ਸਿੰਘ 'ਬੁਢਲਾਡਾ' 94176 42327




.