ਸਿੱਖਾਂ ਦੇ ਦੋ ਵਿਦਵਾਨਾ ਦੀ ਵਿਚਾਰ ਚਰਚਾ ਜਾਂ ਚਵਲਾਂ
ਲਓ ਜੀ ਸੁਣੋ ਇਹ ਹਨ ਸਿੱਖਾਂ ਦੇ
ਦੋ ਸਿਰਮੌਰ ਵਿਦਵਾਨ। ਇਨ੍ਹਾਂ ਦੀ ਇਹ ਵਿਚਾਰ ਚਰਚਾ ਸੁਣੋ ਅਤੇ ਵਿਚਾਰੋ ਕਿ ਇਹ ਕੀ ਸਾਬਤ ਕਰਨਾ
ਚਾਹੁੰਦੇ ਹਨ। ਇਨ੍ਹਾਂ ਵਿਚੋਂ ਇੱਕ ਹਨ ਪ੍ਰਭਸ਼ਰਨਦੀਪ ਸਿੰਘ ਜੋ ਕਿ ਕਨੇਡਾ ਦੇ ਬੀ. ਸੀ. ਸੂਬੇ ਦੀ
ਯੂਨੀਵਰਸਿਟੀ ਯੂ. ਬੀ. ਸੀ. ਵਿੱਚ ਪੜ੍ਹਾਂਉਂਦੇ ਹਨ। ਇਹ ਉਥੇ ਦੀ ਲਾਇਬਰੇਰੀ ਵਿੱਚ ਬੈਠ ਕੇ ਇਨ੍ਹਾਂ
ਦੇ ਆਪਣੇ ਦੱਸਣ ਮੁਤਾਬਕ ਖਾਲਿਸਤਾਨ ਦੀ ਘਾੜਤ ਘੜਦੇ ਹਨ। ਇਹ ਮਿਸ਼ਨਰੀਆਂ ਨੂੰ ਅਨਪੜ੍ਹ ਦੱਸਦੇ ਹਨ।
ਕਾਲੇ ਅਫਗਾਨੇ ਦੀਆਂ ਕਿਤਾਬਾਂ ਦੀ ਵਿਰੋਧਤਾ ਕਰਦੇ ਹਨ। ਡੇਰਿਆਂ ਵਾਲੇ ਸਾਧਾਂ ਨੂੰ ਪਰਮੋਟ ਕਰਦੇ
ਹਨ। ਦਸਮ ਗ੍ਰੰਥ ਦਾ ਵਿਰੋਧ ਵੀ ਕਰਦੇ ਹਨ ਪਰ ਉਸ ਵਿਚਲੀਆਂ ਤਿੰਨ ਬਾਣੀਆਂ ਦੀ ਪ੍ਰੋੜਤਾ ਵੀ ਕਰਦੇ
ਹਨ। ਭਾਈ ਵੀਰ ਸਿੰਘ ਨੂੰ ਬਹੁਤ ਮਹਾਨ ਮੰਨਦੇ ਹਨ ਜਿਸ ਨੇ ਦਸਮ ਗ੍ਰੰਥ ਦੇ ਵਚਿੱਤਰ ਨਾਟਕ ਅਥਵਾ
ਆਪਣੀ ਕਥਾ ਦੇ ਅਧਾਰ ਤੇ ਅਤੇ ਸੂਰਜ ਪ੍ਰਕਾਸ਼ ਦੇ ਅਧਾਰ ਤੇ ਕਲਗੀਧਰ ਚਮਤਕਾਰ ਲਿਖਿਆ ਸੀ। ਇਸੇ ਭਾਈ
ਵੀਰ ਸਿੰਘ ਨੇ ਹੇਮਕੁੰਟ ਵਾਲੇ ਨਕਲੀ ਤੀਰਥ ਨਾਲ ਸਿੱਖਾਂ ਨੂੰ ਜੋੜਨ ਵਿੱਚ ਅਹਿਮ ਭੁਮਿਕਾ ਨਿਭਾਈ
ਸੀ। ਇਹੀ ਨਕਲੀ ਤੀਰਥ ਜੋ ਸਿੱਖਾਂ ਨੂੰ ਲਵ ਕੁਸ਼ ਨਾਲ ਜੋੜਦਾ ਹੈ ਉਸ ਦੇ ਇਹ ਹੱਕ ਵਿੱਚ ਹਨ ਜਾਂ
ਵਿਰੋਧ ਵਿੱਚ ਇਸ ਬਾਰੇ ਹਾਲੇ ਮੈਨੁੰ ਬਹੁਤੀ ਜਾਣਕਾਰੀ ਨਹੀਂ ਹੈ ਇਸ ਲਈ ਮੈਂ ਬਹੁਤਾ ਕੁੱਝ ਨਹੀਂ
ਕਹਿ ਸਕਦਾ। ਕਾਲਾ ਅਫਗਾਨਾ ਜਿਹੜਾ ਇਸ ਦੇ ਕਹਿਣ ਮੁਤਾਬਕ ਇੱਕ ਅਨਪੜ੍ਹ ਪੁਲਸੀਆ ਸੀ ਚਲੋ ਅਸੀਂ ਵੀ
ਮੰਨ ਲੈਂਦੇ ਹਾਂ ਅਤੇ ਨਾਲ ਇੱਕ ਗੱਲ ਹੋਰ ਵੀ ਜੋੜ ਦਿੰਦੇ ਹਾਂ ਕਿ ਉਹ ਪੁਲਸੀਆ ਹੋਣ ਕਰਕੇ ਗਾਲ੍ਹਾਂ
ਵੀ ਕੱਢ ਲੈਂਦਾ ਸੀ। ਚਲੋ ਇਹ ਵੀ ਮੰਨ ਲੈਂਦੇ ਹਾਂ ਕਿ ਉਸ ਦੀਆਂ ਸਾਰੀਆਂ ਕਿਤਾਬਾਂ ਕਿਸੇ
ਸਰਕਾਰੀ ਏਜੰਸੀ ਨੇ ਉਨ੍ਹਾਂ ਤੋਂ ਲਿਖਵਾਈਆਂ ਸੀ ਜਾਂ ਸਰਕਾਰ ਨੇ ਆਪ ਹੀ ਲਿਖ ਕੇ ਉਨ੍ਹਾਂ ਦੇ ਨਾਮ
ਤੇ ਛਪਵਾ ਦਿੱਤੀਆਂ ਸਨ। ਫਿਰ ਇੱਕ ਗੱਲ ਤਾਂ ਸੋਚਣੀ ਬਣਦੀ ਹੈ ਕਿ ਉਸ ਦੀ ਲਿਖੀ ਹੋਈ ਜਾਂ ਤੁਹਾਡੇ
ਮੁਤਾਬਕ ਸਰਕਾਰ ਦੀ ਲਿਖੀ ਹੋਈ ਕਿਤਾਬ ਜੋ ਕਿ ਗੁਰਬਿਲਾਸ ਪਾਤਸ਼ਾਹੀ ਛੇਵੀਂ ਦੀ ਚੀਰ ਫਾੜ ਕੀਤੀ ਹੋਈ
ਹੈ। ਉਹ ਕਿਤਾਬ ਛਪਣ ਤੋਂ ਬਾਅਦ ਤੁਹਾਡੇ ਸਰਵਉਚ ਅਸਥਾਨ ਤੇ ਬੈਠੇ ਹੋਏ ਤੁਹਾਡੇ ਮਹਾਨ ਜਥੇਦਾਰ
ਵੇਦਾਂਤੀ ਅਤੇ ਉਸ ਦੇ ਸਹਿਯੋਗੀ ਜੋ ਕਿ ਤੁਹਾਡੇ ਵਾਂਗ ਹੀ ਪੜ੍ਹੇ ਲਿਖੇ ਡਾਕਟਰ ਸਨ ਉਨ੍ਹਾਂ ਦੀ
ਆਪਣੀ ਸੰਪਾਦਤ ਕੀਤੀ ਹੋਈ ਕਿਤਾਬ ਜੋ ਕਿ ਗੁਰਬਿਲਾਸ ਛੇਵੀਂ ਹੀ ਸੀ ਅਤੇ ਇਸ ਦੀ ਪ੍ਰਸੰਸਾ ਵੀ
ਤੁਹਾਡੇ ਸਿੱਖ ਧਰਮ ਦੇ 14 ਰਤਨਾ ਦੁਆਰਾ ਕੀਤੀ ਗਈ ਸੀ ਤਾਂ ਇੱਕ ਅਨਪੜ ਪੁਲਸੀਏ ਦੀ ਕਿਤਾਬ ਨੂੰ
ਪੜ੍ਹ ਕੇ ਪਬੰਦੀ ਕਿਉਂ ਲਗਾਉਣੀ ਪਈ ਸੀ? ਜਿੱਥੇ ਹੋਰ ਬਹੁਤ ਕੁੱਝ ਉਸ ਕਿਤਾਬ ਗੁਰਬਿਲਾਸ ਛੇਵੀਂ
ਵਿੱਚ ਲਿਖਿਆ ਹੋਇਆ ਹੈ ਉਥੇ ਇਹ ਵੀ ਲਿਖਿਆ ਹੋਇਆ ਹੈ ਕਿ ਸਿੱਖਾਂ ਦੇ ਪੰਜਵੇਂ ਗੁਰੂ ਦੀ ਪਤਨੀ,
ਮਾਤਾ ਗੰਗਾ ਜੀ ਜਦੋਂ ਬਾਬਾ ਬੁੱਢਾ ਜੀ ਕੋਲ ਪੁੱਤਰ ਦਾ ਵਰ ਲੈਣ ਗਈ ਸੀ ਤਾਂ ਪਵਨ ਦੇਵਤਾ ਦੁਆਰਾ
ਉਥੋਂ ਹੀ ਗਰਭਵਤੀ ਹੋ ਕੇ ਆਈ ਸੀ। ਇਹ ਠੀਕ ਹੈ ਜਾਂ ਗਲਤ ਤੁਸੀਂ ਆਪੇ ਹੀ ਸੋਚ ਲਓ। ਹੁਣ ਡੇਰਿਆਂ
ਵਾਲੇ ਕਰਨੀ ਵਾਲੇ ਮਹਾਂਪੁਰਖ ਤਾਂ ਪਵਨ ਦੇਵਤਾ ਦੀ ਬਿਜਾਏ ਆਪੇ ਹੀ ਸਾਰਾ ਕੁੱਝ ਕਰ ਰਹੇ ਹਨ। ਹਾਲੇ
ਕੁੱਝ ਦਿਨ ਪਹਿਲਾਂ ਹੀ ਇੱਕ ਡੇਰੇ ਵਾਲੇ ਮਹਾਂਪੁਰਸ਼ਾਂ ਦੀ ਕਰਨੀ ਜ਼ਾਹਰ ਹੋਈ ਹੈ।
ਇਸ ਚਰਚਾ ਵਿੱਚ ਸਿੱਖਾਂ ਦੇ ਦੂਸਰੇ ਵਿਦਵਾਨ ਹਨ ਗਿਆਨੀ ਸ਼ੇਰ ਸਿੰਘ ਜੋ ਕਿ ਆਪਣੇ ਆਪ ਨੂੰ ਉਦਾਸੀ
ਸੰਪਰਦਾ ਨਾਲ ਜੋੜਦੇ ਹਨ। ਇਨ੍ਹਾਂ ਬਾਰੇ ਤਾਂ ਬਹੁਤਾ ਦੱਸਣ ਦੀ ਲੋੜ ਨਹੀਂ ਕਿ ਇਹ ਪੱਕੇ ਦਸਮ
ਗ੍ਰੰਥੀਏ ਅਤੇ ਹੋਰ ਸਾਰੇ ਕੂੜ ਗ੍ਰੰਥਾਂ ਨੂੰ ਮੰਨਣ ਵਾਲੇ ਹਨ। ਪਰ ਇੱਕ ਗੱਲੋਂ ਇਨ੍ਹਾਂ ਦੀ ਸਿਫਤ
ਕਰਨੀ ਵੀ ਬਣਦੀ ਹੈ ਕਿ ਇਹ ਜੋ ਕੁੱਝ ਵੀ ਹਨ ਉਸ ਬਾਰੇ ਸਪਸ਼ਟ ਹਨ ਅਤੇ ਗੱਲ ਵੀ ਸਿੱਧੀ ਕਰਦੇ ਹਨ ਅਤੇ
ਜਵਾਬ ਵੀ ਦਿੰਦੇ ਹਨ। ਦੂਸਰੇ ਪਾਸੇ ਸਿੱਖਾਂ ਦੇ ਉਹ ਵਿਦਵਾਨ ਹਨ ਜੋ ਕਿ ਜਾਣਦੇ ਤਾਂ ਭਾਵੇਂ ਬਹੁਤ
ਕੁੱਝ ਹਨ ਪਰ ਉਹ ਸਿੱਖਾਂ ਦੀ ਬਹੁ ਗਿਤਣੀ ਨੂੰ ਖੁਸ਼ ਕਰਨ ਲਈ ਉੱਨਾਂ ਕੁ ਹੀ ਬੋਲ ਸਕਦੇ ਹਨ ਜਿੰਨੇ
ਕੁ ਵਿੱਚ ਉਹ ਸੇਫ ਰਹਿ ਸਕਦੇ ਹਨ। ਕਦੀ ਵੀ ਸਿੱਧੀ ਅਤੇ ਸਪਸ਼ਟ ਗੱਲ ਨਹੀਂ ਕਰਨਗੇ। ਬਾਕੀ ਤੁਸੀਂ ਖੁਦ
ਸੁਣ ਲਓ ਕਿ ਇਹ ਵਿਚਾਰ ਚਰਚਾ ਹੈ ਜਾਂ ਚਵਲਾਂ। ਸਿੱਖਾਂ ਦੀ ਜੋ ਮਾਨਸਿਕਤਾ ਹੈ ਅਤੇ ਇਨ੍ਹਾਂ ਦੇ
ਵਿਦਵਾਨਾ ਦੇ ਜੋ ਵਿਚਾਰ ਹਨ ਉਨ੍ਹਾਂ ਨੂੰ ਪੜ੍ਹ ਸੁਣ ਕੇ ਇਸ ਤਰ੍ਹਾਂ ਲਗਦਾ ਹੈ ਜਿਵੇਂ ਕਿਸੇ ਵਿਰਲੇ
ਨੂੰ ਛੱਡ ਕੇ ਸਾਰੇ ਸਿੱਖ ਮਾਨਸਿਕ ਰੋਗੀ ਹੋਣ। ਜੇ ਕਰ ਮੇਰੀ ਇਹ ਗੱਲ ਗਲਤ ਹੈ ਤਾਂ ਇਹ ਸੋਚੋ ਕਿ
ਅੰਮ੍ਰਿਤਪਾਲ ਸਿੰਘ ਨੇ ਜੋ ਪੰਜਾਬ ਵਿੱਚ ਜਾ ਕੇ ਨਸ਼ੇ ਛੁਡਾਉਣ ਦੇ ਬਹਾਨੇ ਵਿੱਚ ਕੀਤਾ ਸੀ ਉਹ ਕਿਤਨਾ
ਕੁ ਸਹੀ ਸੀ? ਉਸ ਦਾ ਆਪਣਾ ਭਰਾ ਤਾਂ ਖੁਦ ਨਸ਼ਾ ਨਹੀਂ ਛੱਡ ਸਕਿਆ। ਚਲੋ ਇਹ ਵੀ ਕੋਈ ਵੱਡੀ ਗੱਲ
ਨਹੀਂ। ਪਰ ਜਦੋਂ ਉਸ ਨੇ ਹੁੱਲੜਬਾਜ਼ ਇਕੱਠੇ ਕਰਕੇ ਅਜਨਾਲੇ ਥਾਨੇ ਤੇ ਹਮਲਾ ਕੀਤਾ ਸੀ। ਉਸ ਦਾ ਕਾਰਨ
ਤਾਂ ਇਹੀ ਸੀ ਕਿ ਉੱਥੇ ਕਿਸੇ ਕੁੜੀ ਦਾ ਰੌਲਾ ਸੀ। ਜਿਹੜਾ ਨਿਹੰਗ ਗੱਤਕਾ ਸਿਖਾਲਦਾ ਸੀ ਉਸ ਨੇ ਕਈ
ਕੁੜੀਆਂ ਦਾ ਰੇਪ ਕੀਤਾ ਸੀ ਅਤੇ ਉਹ ਅੰਮ੍ਰਿਤਪਾਲ ਦਾ ਸਾਥੀ ਸੀ। ਇਨ੍ਹਾਂ ਨੇ ਰਲ ਕੇ ਇੱਕ ਹੋਰ ਬੰਦੇ
ਨੂੰ ਕੁੱਟਿਆ ਸੀ ਜਿਹੜਾ ਕਿ ਇਸ ਗਲਤ ਕੰਮ ਤੋਂ ਵਰਜਦਾ ਸੀ। ਸ਼ਿਕਾੲਤ ਕਰਨ ਤੇ ਪੁਲੀਸ ਨੇ
ਅੰਮ੍ਰਿਤਪਾਲ ਦੇ ਸਾਥੀ ਨੂੰ ਫੜ ਲਿਆ। ਉਸ ਅਪਰਾਧੀ ਬੰਦੇ ਨੂੰ ਛੁਡਾਉਣ ਲਈ ਅੰਮ੍ਰਿਤਪਾਲ ਨੇ ਮੰਡੀਰ
ਇਕੱਠੀ ਕਰਕੇ ਥਾਣੇ ਤੇ ਧਾਵਾ ਬੋਲ ਕੇ ਉਸ ਅਪਰਾਧੀ ਨੂੰ ਛੁਡਾ ਲਿਆ ਸੀ। ਇਸ ਦੀ ਪੂਰੀ ਜਾਣਕਾਰੀ
ਮੀਡੀਏ ਵਿੱਚ ਛਪ ਚੁੱਕੀ ਹੈ ਅਤੇ ਇੱਥੇ ਸਿੱਖ ਮਾਰਗ ਤੇ ਇੱਕ ਔਡੀਓ ਵੀ ਪਾਈ ਹੋਈ ਹੈ। ਬਹੁਤੇ ਸਿੱਖ
ਇਸ ਅਜਨਾਲੇ ਵਾਲੇ ਹਮਲੇ ਨੂੰ ਇੱਕ ਬਹਾਦਰੀ ਵਾਲਾ ਕਾਰਨਾਮਾ ਦੱਸਦੇ ਸਨ। ਭਾਵ ਕਿ ਅਸੀਂ ਜਿੰਨੇ ਵੀ
ਮਰਜੀ ਗਲਤ ਕੰਮ ਕਰੀਏ ਸਾਡੇ ਤੇ ਕੋਈ ਕਾਨੂੰਨ ਲਾਗੂ ਨਹੀਂ ਹੋਣਾ ਚਾਹੀਦਾ। ਸਾਰੇ ਸਾਨੂੰ ਠੀਕ ਕਹਿਣ
ਅਤੇ ਸਰਕਾਰ ਨੂੰ ਗਲਤ। ਇਹੀ ਸਿੱਖਾਂ ਦੀ ਮਾਨਸਿਕਤਾ ਹੈ। ਤਾਂਹੀਂ ਤਾਂ ਉਸ ਨੂੰ ਡਿਬੜੂਗੜ ਜੇਲ ਵਿੱਚ
ਬੈਠੇ ਨੂੰ ਹੀ ਵੋਟਾਂ ਪਾ ਕੇ ਜਿਤਾ ਦਿੱਤਾ ਸੀ। ਕੀ ਇਸ ਤੋਂ ਇਹ ਸਾਬਤ ਨਹੀਂ ਹੁੰਦਾ ਕਿ ਸਿੱਖ
ਮਾਨਸਿਕ ਰੋਗੀ ਹਨ? ਹੁਣ ਅੰਮ੍ਰਿਤਪਾਲ ਦਾ ਭਾਪਾ/ਪਿਤਾ ਕਹਿੰਦਾ ਕਿ ਸ਼੍ਰੋਮਣੀ ਕਮੇਟੀ ਵੀ ਸਾਡੇ ਕੋਲ
ਚਾਹੀਦੀ ਹੈ। ਹੋ ਸਕਦਾ ਕਬਜਾ ਕਰ ਹੀ ਲੈਣ। ਕਿਉਂਕਿ ਪੜ੍ਹੇ ਲਿਖੇ ਪੀ. ਐੱਚ. ਡੀ. ਡਿਗਰੀਆਂ ਵਾਲੇ
ਇਸੇ ਤਰਹਾਂ ਦੇ ਹੀ ਬ੍ਰਿਤਾਂਤ ਤਾਂ ਸਿਰਜ ਰਹੇ ਹਨ। ਤਦ ਹੀ ਤਾਂ ਉਨ੍ਹਾਂ ਨੂੰ ਕੋਈ ਵੀ ਹਿੰਸਕ
ਕਾਰਵਾਈ ਮਾੜੀ ਨਹੀਂ ਲੱਗਦੀ। ਉਹ ਇਹੀ ਚਾਂਹੁੰਦੇ ਹਨ ਕਿ ਸਾਡੀਆਂ ਆਉਣ ਵਾਲੀ ਪੀੜੀਆਂ ਇਸ ਮਾੜ-ਧਾੜ
ਵਾਲੇ ਪਾਸੇ ਹੀ ਲੱਗੀਆਂ ਰਹਿਣੀਆਂ ਚਾਹੀਦੀਆਂ ਹਨ ਨਹੀਂ ਤਾਂ ਅਸੀ ਯੋਧਿਆਂ ਵਾਲਾ ਮਾਣ ਗਵਾ ਸਕਦੇ
ਹਾਂ। ਇਸੇ ਸੋਚ ਅਧੀਨ ਹੀ ਭਿੰਡਰਾਂ ਵਾਲੇ ਸਾਧ ਨੂੰ ਪਰਮੋਟ ਕੀਤਾ ਜਾਂਦਾ ਹੈ। ਉਸ ਦੀਆਂ ਹਿੰਸਕ
ਕਾਰਵਾਈਆਂ ਨੂੰ ਲਕੋਇਆ ਜਾਂਦਾ ਹੈ ਜਾਂ ਝੂਠ ਬੋਲਿਆਂ ਜਾਂਦਾ ਹੈ। ਸਾਰਾ ਕਸੂਰ ਸਰਕਾਰ ਦਾ ਹੀ ਕੱਢਿਆ
ਜਾਂਦਾ ਹੈ। ਜਿਵੇਂ ਹੁਣ ਸਾਰਾ ਕੁੱਝ ਅੱਖੋਂ ਪਰੋਖੇ ਕਰਕੇ ਸਾਰਾ ਕਸੂਰ ਭਗਵੰਤ ਮਾਨ ਦਾ ਕੱਢਿਆ
ਜਾਂਦਾ ਹੈ ਕਿ ਧਰਮ ਦੇ ਨਾਮ ਤੇ ਅਪਰਾਧ ਕਰਨ ਦੀ ਸਾਨੂੰ ਖੁੱਲੀ ਛੁੱਟੀ ਕਿਉਂ ਨਹੀਂ ਮਿਲਦੀ? ਇਹੀ
ਬਿਰਤਾਂਤ ਸਿੱਖਾਂ ਦੇ ਪੀ. ਐੱਚ. ਡੀ. ਪੜ੍ਹੇ ਲਿਖੇ ਅਤੇ ਹੋਰ ਸਾਧਾਂ ਦੇ ਚੇਲੇ ਸਿਰਜ ਰਹੇ ਹਨ। ਲਓ
ਸੁਣ ਲਓ ਫਿਰ ਉਹ ਵਿਚਾਰ ਚਰਚਾ।
ਨੋਟ: ਜੇ ਕਰ ਸਾਰੀ
ਚਰਚਾ ਨਹੀਂ ਸੁਣਨੀ ਤਾਂ ਪਾਰਟ ਦੋ ਦੇ ਅਖੀਰਲੇ 30 ਮਿੰਟ ਜਰੂਰ ਸੁਣੋ।
ਮੱਖਣ ਪੁਰੇਵਾਲ,
ਸਤੰਬਰ 30, 2024.
https://www.youtube.com/watch?v=KQieuWGkeAc
https://www.youtube.com/watch?v=ACTt1yDf7I8