ਸਿੱਖਾਂ ਦੇ ਪੈਮਾਨੇ
ਕੁੱਝ ਹਫਤੇ ਪਹਿਲਾਂ 9 ਅਕਤੂਬਰ 2024 ਨੂੰ ਗੁਰਪ੍ਰੀਤ ਸਿੰਘ ਹਰੀ ਨੌਂ ਦੇ ਇੱਕ ਵਿਆਕਤੀ ਦਾ ਕਤਲ ਹੋ
ਜਾਂਦਾ ਹੈ। ਉਸ ਦੇ ਹਮਾਇਤੀਆਂ ਵਲੋਂ ਸ਼ੱਕ ਦੀ ਸੂਈ ਡਿਬਰੂਗੜ ਜੇਲ ਵਿੱਚ ਬੈਠੇ ਛੋਟੇ ਸੰਤ ਵੱਲ
ਘੁੰਮਦੀ ਹੈ। ਦੋਹਾਂ ਪਾਸਿਆਂ ਵਲੋਂ ਇੱਕ ਦੂਸਰੇ ਤੇ ਦੂਸ਼ਣ ਲਾ ਕੇ ਘਟੀਆ ਸ਼ਬਦਾਵਲੀ ਵਿੱਚ ਗਾਲੀ ਗਲੋਚ
ਕੀਤਾ ਜਾਂਦਾ ਹੈ। ਪੁਲੀਸ ਤਫਤੀਸ਼ ਕਰਦੀ ਹੈ ਤਾਂ ਕੁੱਝ ਬੰਦੇ ਫੜੇ ਜਾਂਦੇ ਹਨ ਜਿਹਨਾਂ ਨੇ ਕਿ ਰੇਕੀ
ਕੀਤੀ ਹੁੰਦੀ ਹੈ। ਉਨ੍ਹਾਂ ਫੜੇ ਗਏ ਬੰਦਿਆਂ ਤੋਂ ਪੁੱਛ-ਗਿੱਛ ਦੁਰਾਨ ਪਤਾ ਲੱਗਦਾ ਹੈ ਕਿ ਇਸ ਕਤਲ
ਦੇ ਪਿੱਛੇ ਕਨੇਡਾ ਵਿੱਚ ਬੈਠੇ ਕਿਸੇ ਗੈਂਗਸਟਰ ਅਰਸ਼ ਡੱਲੇ ਦਾ ਨਾਮ ਆਉਂਦਾ ਹੈ। ਫਿਰ ਅਰਸ਼ ਡੱਲਾ
ਮੀਡੀਏ ਵਾਲਿਆਂ ਨੂੰ ਇੱਕ ਔਡੀਓ ਮੈਸਿਜ ਭੇਜਦਾ ਹੈ ਜਿਸ ਵਿੱਚ ਗੁਰਪ੍ਰੀਤ ਸਿੰਘ ਦੇ ਕਤਲ ਦੀ
ਜ਼ਿਮੇਵਾਰੀ ਚੁੱਕਦਾ ਹੈ ਅਤੇ ਇਹ ਵੀ ਦੱਸਦਾ ਹੈ ਕਿ ਉਸ ਦਾ ਕਤਲ ਕਿਉਂ ਕੀਤਾ ਗਿਆ ਹੈ। ਉਸ ਤੇ ਇਲਜ਼ਾਮ
ਲਾਏ ਜਾਂਦੇ ਹਨ ਕਿ ਉਹ ਫੋਟੋਆਂ ਐਡਿਟ ਕਰਕੇ ਸ਼ੋਸ਼ਲ ਮੀਡੀਏ ਤੇ ਪਉਂਦਾ ਸੀ। ਉਸ ਨੂੰ ਸਮਝਾਉਣ ਦੀ
ਕੋਸ਼ਿਸ਼ ਕੀਤੀ ਪਰ ਉਹ ਅੱਗੋਂ ਗਾਲ੍ਹਾਂ ਕੱਢਦਾ ਸੀ। ਫਿਰ ਉਸ ਨੂੰ ਮਾਰਨ ਦੀ ਧਮਕੀ ਦਿੱਤੀ ਜਾਂਦੀ ਹੈ।
ਮਾਰਨ ਦੀ ਧਮਕੀ ਅਰਸ਼ ਡੱਲੇ ਵਲੋਂ ਅਤੇ ਅੰਮ੍ਰਿਤਪਾਲ ਸਿੰਘ ਦੇ ਕਹੇ ਜਾਂਦੇ ਕਿਸੇ ਮਾਸੀ ਦੇ ਮੁੰਡੇ
ਵਲੋਂ ਵੀ ਦਿੱਤੀ ਜਾਂਦੀ ਹੈ। ਅਰਸ਼ ਡੱਲਾ ਆਪਣੇ ਔਡੀਏ ਮੈਸਜ ਵਿੱਚ ਇਹ ਵੀ ਕਹਿੰਦਾ ਹੈ ਕਿ ਇਸ ਕਤਲ
ਵਿੱਚ ਅੰਮ੍ਰਿਤਪਾਲ ਦਾ ਕੋਈ ਹੱਥ ਨਹੀਂ ਹੈ। ਗੁਰਪ੍ਰੀਤ ਸਿੰਘ ਨੂੰ ਕਿਸ ਨੇ ਮਰਵਾਇਆ ਇਹ ਤਾਂ ਕੋਰਟ
ਨੇ ਫੈਸਲਾ ਕਰਨਾ ਹੈ। ਜਿਹੜਾ ਗੁਰਪ੍ਰੀਤ ਸਿੰਘ ਤੇ ਫੋਟੋਆਂ ਐਡਿਟ ਕਰਨ ਦਾ ਇਲਜ਼ਾਮ ਲਾ ਕੇ ਕਤਲ ਕੀਤਾ
ਹੈ ਉਸ ਵਿੱਚ ਕਿਤਨੀ ਕੁ ਸਚਾਈ ਹੈ ਇਸ ਬਾਰੇ ਅਸੀਂ ਕੁੱਝ ਨਹੀਂ ਕਹਿ ਸਕਦੇ। ਜੇ ਕਰ ਇਹ ਗੱਲ
ਬਿੱਲਕੁੱਲ ਠੀਕ ਵੀ ਹੋਵੇ ਤਾਂ ਇਸ ਤਰ੍ਹਾਂ ਦੇ ਘਟੀਆ ਕੰਮ ਤਾਂ ਬਘੇਲੇ ਵਰਗੇ ਕਈ ਦਹਾਕਿਆਂ ਤੋਂ ਕਰ
ਰਹੇ ਸੁਣੇ ਜਾਂਦੇ ਹਨ। ਜਿਹੜੇ ਕਿ ਆਪਣੀਆਂ ਸਕੀਆਂ ਭੈਣਾਂ ਨੂੰ ਵੀ ਨਹੀਂ ਬਖ਼ਸ਼ਦੇ। ਫਿਰ ਉਨ੍ਹਾਂ ਦਾ
ਕਤਲ ਤਾਂ ਹੁਣ ਤੱਕ ਕਿਸੇ ਨੇ ਕੀਤਾ ਨਹੀਂ? ਕੀ ਇਸ ਪਿੱਛੇ ਡੀਪ ਸਟੇਟ ਦੀ ਕੋਈ ਗਹਿਰੀ ਸ਼ਾਜਿਸ਼ ਕੰਮ
ਰਹੀ ਹੈ? ਇਹ ਸੋਚਣ ਦਾ ਵਿਸ਼ਾ ਹੈ।
ਮਰਨ ਵਾਲਾ ਅਤੇ ਜਿਨ੍ਹਾਂ ਤੇ ਮਰਾਉਣ ਦੇ ਦੋਸ਼ ਲੱਗਦੇ ਹਨ ਉਹ ਦੋਵੇਂ ਇਕੋ ਜਥੇਬੰਦੀ ਨਾਲ ਸੰਬੰਧਿਤ
ਦੱਸੇ ਜਾਂਦੇ ਹਨ ਜਿਹੜੀ ਕਿ ਗੱਪਾਂ ਮਾਰਨ ਵਾਲੇ ਦੀਪ ਸਿੱਧੂ ਨੇ ਸ਼ੂਰੁ ਕੀਤੀ ਸੀ। ਜਿਹੜਾ ਕਹਿੰਦਾ
ਸੀ ਕਿ ਨਾਸਾ ਦੀ ਸੱਤਵੀਂ ਮੰਜਲ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਜਿਸ ਦਾ ਨਾਮ ਵਾਰਿਸ
ਪੰਜਾਬ ਦੀ ਜਥੇਬੰਦੀ ਕਿਹਾ ਜਾਂਦਾ ਹੈ। ਕਿਸੇ ਜਥੇਬੰਦੀ ਨਾਲ ਜੁੜਨਾ ਜਾਂ ਕਿਸੇ ਨੂੰ ਮਹਾਨ ਕਹਿਣਾ
ਇਹ ਹਰ ਇੱਕ ਦਾ ਨਿੱਜੀ ਮਾਮਲਾ ਹੈ। ਜਿਸ ਤਰ੍ਹਾਂ ਕਿਸੇ ਨੇ ਪੜ੍ਹਿਆ, ਸੁਣਿਆਂ ਅਤੇ ਵਿਚਾਰਿਆ ਹੈ
ਉਸੇ ਤਰਹਾਂ ਦੇ ਉਸ ਦੇ ਵਿਚਾਰ ਬਣਦੇ ਹਨ। ਭਿੰਡਰਾਂਵਾਲਾ ਸਾਧ ਕਿਸੇ ਲਈ ਮਹਾਂਪੁਰਸ਼ ਅਤੇ ਵੀਹਵੀਂ
ਸਦੀ ਦਾ ਮਹਾਨ ਸ਼ਹੀਦ ਹੈ ਪਰ ਮੇਰੀਆਂ ਨਜ਼ਰਾਂ ਵਿੱਚ ਉਹ ਸਰਕਾਰ ਦੇ ਪਾਲਤੂ ਗੈਂਗਸਟਰ ਤੋਂ ਵੱਧ ਕੁੱਝ
ਵੀ ਨਹੀਂ ਸੀ। ਇਸੇ ਤਰ੍ਹਾਂ ਦੀਪ ਸਿੱਧੂ ਅਤੇ ਅੰਮ੍ਰਿਤਪਾਲ ਵਰਗੇ ਹੁੱਲੜਵਾਦ ਅਤੇ ਫੁਕਰਿਆਂ ਤੋਂ
ਵੱਧ ਕੁੱਝ ਵੀ ਨਹੀਂ ਹਨ ਜੋ ਕਿ ਕਿਸੇ ਹੋਰ ਦੀਆਂ ਮਾਰੀਆਂ ਆਰਾਂ ਨਾਲ ਚਲਦੇ ਹਨ/ਸਨ। ਜਦੋਂ
ਅੰਮ੍ਰਿਤਪਾਲ ਜੇਲ ਵਿੱਚ ਸੀ ਤਾਂ ਪਹਿਲਾਂ ਤਾਂ ਕਹਿੰਦੇ ਸੀ ਉਸ ਨੇ ਕੋਈ ਇਲੈਕਸ਼ਨ ਨਹੀਂ ਲੜਨੀ। ਫਿਰ
ਜਦੋਂ ਰਾਜਦੇਵ ਸਿੰਘ ਖਾਲਸੇ ਨੇ ਜੇਲ ਵਿੱਚ ਜਾ ਕੇ ਮੁਲਾਕਾਤ ਕੀਤੀ ਤਾਂ ਫਿਰ ਇੱਕ ਦਮ ਨੀਤੀ ਬਦਲ
ਗਈ। ਰਾਜਦੇਵ ਸਿੰਘ ਦਾ ਲਿੰਕ ਕਿਨ੍ਹਾਂ ਨਾਲ ਹੈ ਇਹ ਸਭ ਜਾਣਦੇ ਹੀ ਹਨ। ਜਦੋਂ ਅੰਮ੍ਰਿਤਪਾਲ ਪੁਲੀਸ
ਤੋਂ ਡਰਦਾ ਭਗੌੜਾ ਹੋ ਗਿਆ ਸੀ ਅਤੇ ਫਿਰ ਕਿਸ ਦੇ ਕਹਿਣ ਦੇ ਗਰਿਫਤਾਰੀ ਦਿੱਤੀ ਸੀ। ਰੋਡੇ ਪਿੰਡ ਕਿਸ
ਦਾ ਹੈ ਅਤੇ ਜਸਵੀਰ ਸਿੰਘ ਰੋਡੇ ਕੌਣ ਹੈ? ਉਸ ਦੇ ਬਘੇਲੇ ਨਾਲ ਅਤੇ ਬਾਦਲਾਂ ਨਾਲ ਕੀ ਸੰਬੰਧ ਸਨ? ਇਸ
ਬਾਰੇ ਵੀ ਸਭ ਜਾਣਦੇ ਹਨ। ਬਘੇਲੇ ਦੇ ਟੱਬਰ ਦੇ ਕੁੱਝ ਜੀਆਂ ਨੂੰ ਜਦੋਂ ਪੰਜਾਬ ਪੁਲੀਸ ਨੇ ਚੁੱਕਿਆ
ਸੀ ਤਾਂ ਇੱਕ ਦਮ ਅੰਮਿਤ੍ਰਪਾਲ ਕਿਵੇਂ ਪ੍ਰਗਟ ਹੋ ਗਿਆ ਸੀ। ਇਹ ਸਾਰਾ ਕੁੱਝ ਸੋਚਣਾ ਤਾਂ ਬਣਦਾ ਹੀ
ਹੈ। ਕਨੇਡਾ ਵਿੱਚ ਹਰਦੀਪ ਸਿੰਘ ਨਿੱਜਰ ਦਾ ਜੋ ਕਤਲ ਹੋਇਆ ਸੀ ਉਸ ਨਾਲ ਸੰਬੰਧਿਤ ਲੋਕ ਤਕਰੀਬਨ ਸਾਰੇ
ਹੀ ਅੰਮ੍ਰਿਤਪਾਲ ਦੇ ਹਮਾਇਤੀ ਸਨ/ਹਨ। ਅੰਮ੍ਰਿਤਪਾਲ ਦਾ ਸੰਬੰਧ ਅੱਗੋਂ ਜਸਬੀਰ ਸਿੰਘ ਰੋਡੇ ਅਤੇ
ਰਾਜਦੇਵ ਸਿੰਘ ਖਾਲਸੇ ਨਾਲ ਹੈ। ਇਨ੍ਹਾਂ ਦਾ ਅੱਗੋਂ ਕਿਨਾਂ ਨਾਲ ਸੰਬੰਧ ਹੈ ਇਸ ਬਾਰੇ ਵੀ ਸਾਰੇ
ਜਾਣਦੇ ਹੀ ਹਨ। ਦਿੱਲੀ ਗੁਰਦੁਆਰਾ ਕਮੇਟੀ ਦਾ ਸੰਬੰਧ ਕਿਨ੍ਹਾਂ ਨਾਲ ਹੈ ਅਤੇ ਦੀਪ ਸਿੱਧੂ ਦੀ ਜਮਾਨਤ
ਕਿਸ ਨੇ ਕਰਵਾਈ ਸੀ ਇਸ ਬਾਰੇ ਵੀ ਸਾਰੇ ਜਾਣਦੇ ਹੀ ਹਨ।
ਵਿਰੋਧੀ ਵਿਚਾਰਾਂ ਕਰਕੇ ਗਾਲ੍ਹਾਂ ਕੱਢਣੀਆਂ ਜਾਂ ਕਤਲ ਕਰਨੇ ਕੋਈ ਸਿਆਣਪ ਵਾਲੀ ਗੱਲ ਨਹੀਂ ਹੈ। ਕਤਲ
ਭਾਂਵੇ ਸਰਕਾਰ ਕਰਵਾਏ ਜਾਂ ਕਥਿਤ ਖਾਲਿਸਤਾਨੀ ਜੋਧੇ ਕਰਨ ਦੋਵੇਂ ਹੀ ਗਲਤ ਹਨ। ਜੇ ਕਰ ਹਰਦੀਪ ਸਿੰਘ
ਨਿੱਜਰ ਦਾ ਕਤਲ ਸਰਕਾਰ ਨੇ ਕਰਵਾਇਆ ਸੀ ਅਤੇ ਉਹ ਗਲਤ ਹੈ ਤਾਂ ਫਿਰ ਤੁਹਾਡੇ ਕਥਿਤ ਖਾਲਿਸਤਾਨੀਆਂ
ਵਲੋਂ ਧਮਕੀਆਂ ਦੇਣੀਆਂ ਅਤੇ ਕਤਲ ਕਰਨੇ ਕਿਵੇਂ ਜ਼ਾਇਜ਼ ਹਨ? ਸਰਕਾਰ ਤਾਂ ਹਾਲੇ ਕਤਲ ਕਰਵਾਉਣ ਵੇਲੇ
ਕੁੱਝ ਸੋਚਦੀ ਹੋਵੇਗੀ ਤੁਸੀਂ ਤਾਂ ਇਤਨਾ ਵੀ ਨਹੀਂ ਸੋਚਦੇ। ਗੁਰਪ੍ਰੀਤ ਸਿੰਘ ਤੁਹਾਡੀ ਖਾਲਿਸਤਾਨੀਆਂ
ਦੀ ਜਥੇਬੰਦੀ ਨਾਲ ਹੀ ਸੰਬੰਧ ਰੱਖਦਾ ਸੀ ਸਿਰਫ ਥੋੜੇ ਜਿਹੇ ਵਿਚਾਰ ਹੀ ਵੱਖਰੇ ਸਨ।
ਆਰ. ਐੱਸ. ਐੱਸ. ਬਾਰੇ ਪਹਿਲਾਂ ਤਾਂ ਇੰਡੀਆ ਵਿੱਚ ਹੀ ਵਿਰੋਧ ਸੀ ਕਿ ਸਭ ਨੂੰ ਹਿੰਦੂ ਬਣਾਉਣਾ
ਚਾਹੁੰਦੇ ਹਨ। ਇਨ੍ਹਾਂ ਦਾ ਮੋਟੋ ਹੈ ਹਿੰਦੂ, ਹਿੰਦੀ, ਹਿੰਦੋਸਤਾਨ। ਹੁਣ ਇਨ੍ਹਾਂ ਦੇ ਵਿਰੁੱਧ
ਬਦੇਸ਼ਾਂ ਵਿੱਚ ਵੀ ਅਵਾਜ਼ ਉਠਣ ਲੱਗ ਪਈ ਹੈ ਕਿ ਇਸ ਤੇ ਪਬੰਦੀ ਲੱਗਣੀ ਚਾਹੀਦੀ ਹੈ। ਜਿਹੜੇ ਸਿੱਖ
ਭਾਜਪਾ ਵਿੱਚ ਜਾਂ ਰਾਸ਼ਟਰੀ ਸਿੱਖ ਸੰਗਤ ਵਿੱਚ ਸ਼ਾਮਲ ਹਨ ਜੇ ਕਰ ਉਹ ਕੋਈ ਐਸਾ ਬਿਆਨ ਦਿੰਦੇ ਹਨ ਜਿਸ
ਤੋਂ ਸਿੱਖਾਂ ਨੂੰ ਆਪਣੀ ਸਿੱਖੀ ਖਤਰੇ ਵਿੱਚ ਦਿਸਣ ਲੱਗ ਪੈਂਦੀ ਹੈ। ਪਰ ਜੇ ਕਰ ਉਹੀ ਵਿਚਾਰ ਕੋਈ
ਚੋਲੇ ਵਾਲਾ ਨੰਗੀਆਂ ਲੱਤਾਂ ਵਾਲਾ ਸਾਧ ਦੇ ਦੇਵੇ ਤਾਂ ਇਹ ਸਿੱਖਾਂ ਲਈ ਮਹਾਂਪੁਰਸ਼ ਬ੍ਰਹਮਗਿਆਨੀ ਬਣ
ਜਾਂਦਾ ਹੈ। ਕਹਿਣ ਦਾ ਮਤਲਬ ਇਹ ਹੈ ਕਿ ਸਿੱਖਾਂ ਦੇ ਪੈਮਾਨੇ ਸੱਚ ਦੇ ਅਧਾਰਤ ਨਹੀਂ ਸਿਰਫ ਜਜਬਾਤੀ
ਜਾਂ ਅੰਨੀ ਸ਼ਰਧਾ ਦੇ ਅਧਾਰਤ ਹਨ। ਅਤੇ ਜਾਂ ਫਿਰ ਮੌਕਾ ਪ੍ਰਸਤੀ ਅਤੇ ਦੋਗਲੇ ਪਨ ਦੇ ਅਧਾਰਿਤ ਹੁੰਦੇ
ਹਨ। ਥੱਲੇ ਦੋ ਬੰਦਿਆਂ ਦੀ ਫੋਟੋ ਦੇਖੋ ਅਤੇ ਦੋਹਾਂ ਦੀ ਔਡੀਓ ਸੁਣੋਂ। ਇਹ ਦੋਵੇਂ ਲੱਗ-ਭੱਗ ਇਕੋ
ਜਿਹੀ ਗੱਲ ਕਰ ਰਹੇ ਹਨ ਜੋ ਕਿ ਦਸਮ ਗ੍ਰੰਥ ਦੇ ਅਧਾਰਤ ਹੈ। ਥੋੜਾ ਜਿਹਾ ਫਰਕ ਹੋ ਸਕਦਾ ਹੈ ਬਹੁਤਾ
ਨਹੀਂ। ਇੱਕ ਤੋਂ ਸਿੱਖਾਂ ਨੂੰ ਸਿੱਖੀ ਲਈ ਖਤਰਾ ਹੈ ਅਤੇ ਦੂਸਰਾ ਇਨ੍ਹਾਂ ਲਈ ਮਹਾਂਪੁਰਸ਼ ਹੈ। ਉਸ
ਦੀਆਂ ਫੋਟੋਆਂ ਵੀ ਗੁਰਦੁਰਿਆਂ ਵਿੱਚ ਅਤੇ ਘਰਾਂ ਵਿੱਚ ਲਗਾਈਆਂ ਹੋਈਆਂ ਹਨ।
ਮੈਨੂੰ ਤਾਂ ਇਸ ਤਰ੍ਹਾਂ ਲਗਦਾ ਹੈ
ਜਿਵੇਂ ਕਿ ਸਾਰੀ ਦੁਨੀਆ ਦੇ ਸਿੱਖ ਕਿਸੇ ਵਿਰਲੇ ਨੂੰ ਛੱਡ ਕੇ ਮੈਂਟਲ (ਮਾਨਸਿਕ ਰੋਗੀ) ਹੋਏ ਹੋਵਣ।
ਸਦੀਆਂ ਬੀਤ ਜਾਣ ਦੇ ਬਾਅਦ ਵੀ ਇਨਹਾਂ ਨੂੰ ਹਾਲੇ ਤੱਕ ਇਹੀ ਸਮਝ ਨਹੀਂ ਆਈ ਕਿ ਅਸੀਂ ਸਿੱਖੀ ਦੇ
ਕਿਹੜੇ ਸਿਧਾਂਤ ਅਪਣਾਉਣੇ ਹਨ। ਅਗਲੇ ਪਿਛਲੇ ਜਨਮਾਂ ਨੂੰ ਭਾਵ ਕਿ ਅਵਾਗਉਣ ਨੂੰ ਮੰਨਣਾ ਹੈ ਜਾਂ
ਨਹੀਂ। ਬਹੁਤੇ ਮੰਨਦੇ ਹਨ ਅਤੇ ਕਈ ਨਹੀਂ ਵੀ ਮੰਨਦੇ। ਜੇ ਕਰ ਮੰਨਣਾ ਹੈ ਤਾਂ ਫਿਰ ਇਹ ਵੀ ਮੰਨ ਲਓ
ਕਿ ਸਿੱਖ ਲਵ ਕੁਸ਼ ਦੀਆਂ ਔਲਾਦਾਂ ਹਨ ਅਤੇ ਦਸਮ ਗ੍ਰੰਥ ਵੀ ਠੀਕ ਹੈ। ਜੇ ਕਰ ਨਹੀਂ ਮੰਨਣਾ ਤਾਂ ਫਿਰ
ਹੇਮਕੁੰਟ ਵਰਗੇ ਨਕਲੀ ਤੀਰਥ ਅਤੇ ਲਵ ਕੁਸ਼ ਦੀਆਂ ਔਲਾਦਾਂ ਹੋਣ ਦਾ ਟੈਂਟਾ ਆਪੇ ਹੀ ਮੁੱਕ ਜਾਂਦਾ ਹੈ।
ਧਰਮਰਾਜ, ਚਿਤਰ ਗੁਪਤ, ਨਰਕ ਸੁਰਗ ਜਾਂ ਸੱਚਖੰਡ ਇਸ ਬਾਰੇ ਵੀ ਸਿੱਖ ਭੰਬਲਭੂਸੇ ਵਿੱਚ ਹਨ। ਭਾਈ
ਗੁਰਦਾਸ ਦੀਆਂ ਵਾਰਾਂ ਬਾਰੇ ਵੀ ਭੰਬਲਭੂਸਾ ਹੈ। ਡੇਰਿਆਂ ਵਾਲੇ ਤਕਰੀਬਨ 99. 99% ਸਾਧ ਅਤੇ ਉਨ੍ਹਾਂ
ਦੇ ਚੇਲੇ ਸਾਰੇ ਹੀ ਦਸਮ ਗ੍ਰੰਥ ਅਤੇ ਹੋਰ ਕੂੜ ਗ੍ਰੰਥਾਂ ਨੂੰ ਮੰਨਦੇ ਹਨ। ਇਨ੍ਹਾਂ ਦੀ ਗਿਣਤੀ ਵੀ
ਜ਼ਿਆਦਾ ਹੈ। ਸ਼ੋਸ਼ਲ ਮੀਡੀਏ ਤੇ ਬਹੁਤਾ ਪ੍ਰਚਾਰ ਵੀ ਇਨ੍ਹਾਂ ਦਾ ਹੀ ਹੋ ਰਿਹਾ ਹੈ। ਜੇ ਕਰ ਕੋਈ ਅਕਲ
ਦੀ ਗੱਲ ਦੱਸਣ ਦੀ ਕੋਸ਼ਿਸ਼ ਵੀ ਕਰਦਾ ਹੈ ਤਾਂ ਉਸ ਨੂੰ ਸੁਣਦੇ ਵੀ ਘੱਟ ਹਨ ਅਤੇ ਬੁਰਾ ਭਲਾ ਤਾਂ
ਸੁਣਨਾ ਪੈਂਦਾ ਹੀ ਹੈ ਪਰ ਕਈ ਵਾਰੀ ਗਾਲ੍ਹਾਂ ਵੀ ਸੁਣਨੀਆਂ ਪੈਂਦੀਆਂ ਹਨ। ਇੱਕ ਸ: ਬਲਦੇਵ ਸਿੰਘ
ਐਮ. ਏ. ਹੈ ਜਿਹੜਾ ਕਿ ਯੂ-ਟਿਊਬ ਉਪਰ ਕੂੜ ਗ੍ਰੰਥਾਂ ਦੀ ਅਸਲੀਅਤ ਦੱਸ ਕੇ ਕੁੱਝ ਅਕਲ ਦੀਆਂ ਗੱਲਾਂ
ਕਰਦਾ ਹੈ। ਹੋ ਸਕਦਾ ਹੈ ਕਿ ਕੁੱਝ ਹੋਰ ਵੀ ਹੋਵਣ ਜਿਸ ਦੀ ਮੈਂਨੂੰ ਜਾਣਕਾਰੀ ਨਾ ਹੋਵੇ। ਬਹੁਤੇ ਤਾਂ
ਅੰਧਵਿਸ਼ਵਾਸ਼ ਜਾਂ ਫੁਕਰੀਆਂ ਮਾਰਨ ਵਿੱਚ ਯਕੀਨ ਰੱਖਦੇ ਹਨ ਇਸੇ ਦੇ ਅਧਾਰ ਤੇ ਸਿੱਖਾਂ ਦੀ ਮਾਨਸਿਕਤਾ
ਬਣੀ ਹੋਈ ਹੈ। ਤਾਂਹੀ ਫਿਰ ਇਨ੍ਹਾਂ ਦੇ ਵਿਚਾਰਾਂ ਦੇ ਪੈਮਾਨੇ ਵੀ ਸੱਚ ਦੇ ਅਧਾਰਤ ਨਹੀਂ ਬਲਕਿ
ਫੁਕਰੀਆਂ, ਮੌਕਾ ਪ੍ਰਸਤੀ, ਦੋਗਲਾ ਪਣ ਅਤੇ ਧੜੇਬੰਦੀਆਂ ਦੇ ਅਧਾਰਤ ਵੱਖਰੇ ਵੱਖਰੇ ਹੁੰਦੇ ਹਨ।
ਮੱਖਣ ਪੁਰੇਵਾਲ,
ਅਕਤੂਬਰ 24, 2024.