.
ਪੰਜਾਬ ਤੋਂ ਬਾਹਰ ਦੇਸ਼ ਦੇ ਹੋਰ ਸੂਬਿਆਂ ਵਿੱਚ ਰਹਿਣ ਵਾਲੇ ਪੰਜਾਬੀ/ਸਿੱਖਾਂ ਲਈ ਖਤਰੇ ਦੀ ਘੰਟ


ਅੱਜ ਕੱਲ ਪੰਜਾਬ ਵਿੱਚ ਇੱਕ ਲਹਿਰ ਚਲਾਈ ਜਾ ਰਹੀ ਹੈ ਕਿ ਭਈਏ ਭਜਾਓ ਅਤੇ ਪੰਜਾਬ ਬਚਾਓ। ਪੰਜਾਬ ਤੋਂ ਬਾਹਰ ਹੋਰ ਦੇਸ਼ਾਂ ਵਿੱਚ ਸਿੱਖ ਫਰ ਜਸਟਿਸ ਵਲੋਂ ਖਾਲਿਸਤਾਨ ਦੀ ਲਹਿਰ ਚਲਾਈ ਜਾ ਰਹੀ ਹੈ। ਇਸ ਦੇ ਨਾਲ ਹੀ ਇੱਕ ਲਹਿਰ ਹੋਰ ਚਲਾਈ ਜਾਂ ਰਹੀ ਹੈ ਉਹ ਹੈ ਕਿ 2027 ਦੀਆਂ ਚੋਣਾਂ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ। ਇਸ ਦੇ ਨਾਲ ਹੀ ਜੋ ਕੁੱਝ ਪੰਜਾਬ ਦੀ ਰਾਜਨੀਤੀ ਵਿੱਚ ਅਕਾਲੀਆਂ ਦਾ ਅਤੇ ਇਸ ਦੇ ਵਿਰੋਧੀਆਂ ਦਾ ਵਰਤਾਰਾ ਸਿੱਖਾਂ ਦੇ ਕਹੇ ਜਾਂਦੇ ਅਕਾਲ ਤਖ਼ਤ ਤੇ ਚੱਲ ਰਿਹਾ ਹੈ ਉਸ ਵਰਤਾਰੇ ਨੂੰ ਵੀ ਇਸ ਸਭ ਕਾਸੇ ਦੇ ਨਾਲ ਜੋੜ ਕੇ ਦੇਖੋ ਤਾਂ ਪਤਾ ਲੱਗ ਜਾਵੇਗਾ ਕਿ ਆਉਣ ਵਾਲੇ ਸਮੇ ਵਿੱਚ ਕੀ ਕੁੱਝ ਹੋਣ ਜਾ ਰਿਹਾ ਹੈ ਅਤੇ ਇਸ ਸਭ ਕੁੱਝ ਦਾ ਅਸਰ ਪੰਜਾਬ ਤੋਂ ਬਾਹਰ ਰਹਿਣ ਵਾਲੇ ਪੰਜਾਬੀਆਂ ਅਤੇ ਖਾਸ ਕਰਕੇ ਸਿੱਖਾਂ ਉਪਰ ਕਿਸ ਤਰ੍ਹਾਂ ਦਾ ਹੋਵੇਗਾ। ਇਹ ਇੱਕ ਸੋਚਣ ਦਾ ਵਿਸ਼ਾ ਹੈ।
ਪੰਜਾਬ ਵਿੱਚ ਭਈਆਂ ਦੀ ਗਿਣਤੀ ਕਿਤਨੀ ਕੁ ਹੈ ਇਸ ਬਾਰੇ ਮੈਂ ਬਹੁਤੀ ਜਾਣਕਾਰੀ ਨਹੀਂ ਰੱਖਦਾ। ਕਿਉਂਕਿ ਮੈਨੂੰ ਪੰਜਾਬ ਗਏ ਨੂੰ ਤਕਰੀਬਨ 45 ਸਾਲ ਹੋ ਗਏ ਹਨ। ਘੁੰਮਣਾ ਫਿਰਨਾ ਮੇਰਾ ਕੋਈ ਸ਼ੌਕ ਨਹੀਂ ਹੈ। ਕੋਈ 50 ਕੁ ਸਾਲ ਪਹਿਲਾਂ ਜਦੋਂ ਮੈਂ ਪੰਜਾਬ ਵਿੱਚ ਸੀ ਤਾਂ ਇੱਕ ਪਿੰਡ ਵਿੱਚ ਕੁੱਝ ਗਿਣਤੀ ਦੇ ਹੀ, ਦੇਸ਼ ਦੇ ਹੋਰ ਸੂਬਿਆਂ ਤੋਂ ਲੋਕ ਕੰਮ ਕਰਨ ਆਉਂਦੇ ਹੁੰਦੇ ਸੀ। ਉਸ ਵੇਲੇ ਉਨ੍ਹਾਂ ਨੂੰ ਸਾਲ ਜਾਂ ਛੇਅ ਮਹੀਨੇ ਲਈ ਕੰਮ ਤੇ ਰੱਖਿਆ ਜਾਂਦਾ ਸੀ। ਉਸ ਵੇਲੇ ਝੋਨਾ ਲਉਣ ਦਾ ਕੰਮ ਜਾਂ ਕਣਕ ਦੀ ਵਾਢੀ ਸਾਰੇ ਗੁਆਂਢੀ ਰਲ ਮਿਲ ਕੇ ਕਰ ਲੈਂਦੇ ਸਨ। ਜਿਨ੍ਹਾਂ ਕੋਲ ਜਮੀਨਾ ਨਹੀਂ ਸੀ ਹੁੰਦੀਆਂ ਉਹ ਵੀ ਹਾੜੀ ਸਉਣੀ ਨੂੰ ਕੁੱਝ ਹਫਤੇ ਜ਼ਿਮੀਦਾਰਾਂ ਨਾਲ ਰਲ ਕੇ ਕੰਮ ਕਰਕੇ ਸਾਲ ਭਰ ਲਈ ਖਾਣ ਜੋਗੇ ਦਾਣੇ ਕਮਾ ਲੈਂਦੇ ਸਨ। ਹੁਣ ਜੋ ਪੜ੍ਹਨ ਸੁਣਨ ਵਿੱਚ ਆਇਆ ਹੈ ਕਿ ਜਿਹੜੇ ਜਮੀਨਾ ਵਾਲੇ ਲੋਕ ਨਹੀਂ ਸਨ ਉਹ ਜਾਂ ਤਾਂ ਪੜ੍ਹ ਲਿਖ ਕੇ ਨੌਕਰੀਆਂ ਦੇ ਲੱਗ ਗਏ ਹਨ ਅਤੇ ਜਾਂ ਫਿਰ ਦੂਸਰੇ ਦੇਸ਼ਾਂ ਵਿੱਚ ਚਲੇ ਗਏ ਹਨ। ਇਸ ਲਈ ਉਸ ਖੱਪੇ ਨੂੰ ਭਰਨ ਲਈ ਮਜਦੂਰੀ ਕਰਨ ਲਈ ਦੂਸਰੇ ਸੂਬਿਆਂ ਤੋਂ ਲੋਕ ਆਉਂਦੇ ਹਨ ਜਿਨ੍ਹਾਂ ਨੂੰ ਭਈਏ ਕਿਹਾ ਜਾਂਦਾ ਹੈ। ਉਹ ਹਰ ਤਰਹਾਂ ਦੀ ਮਜਦੂਰੀ ਚਿੱਤ ਲਾ ਕੇ ਕਰਦੇ ਹਨ। ਜੱਟ ਜ਼ਿਮੀਦਾਰਾਂ ਦੇ ਵਗੜੈਲ ਮੁੰਡੇ ਹੱਥੀਂ ਕੰਮ ਕਰਕੇ ਖੁਸ਼ ਨਹੀਂ ਹਨ। ਉਹ ਸਿਰਫ ਟਉਰ ਕੱਢ ਕੇ ਗੇੜੀਆਂ ਮਾਰਨ ਅਤੇ ਫੁਕਰੀਆਂ ਮਾਰਨ ਵਿੱਚ ਯਕੀਨ ਰੱਖਦੇ ਹਨ। ਬਹੁਤੇ ਪੜ੍ਹਾਈ ਕਰਨ ਲਈ ਬਿਦੇਸ਼ਾਂ ਵਿੱਚ ਚਲੇ ਗਏ ਹਨ। ਜੇ ਕਰ ਪੰਜਾਬ ਦੇ ਸਿੱਖਾਂ ਨੂੰ ਪੰਜਾਬ ਤੋਂ ਬਾਹਰ ਜਾ ਕੇ ਜਮੀਨਾ ਖਰੀਦਣ ਦੀ ਖੁੱਲ ਹੈ ਤਾਂ ਬਾਕੀ ਦੇ ਸੂਬਿਆਂ ਦੇ ਬੰਦਿਆਂ ਨੂੰ ਪੰਜਾਬ ਵਿੱਚ ਆ ਕੇ ਕੰਮ ਕਰਨ ਦੀ ਖੁੱਲ ਕਿਉਂ ਨਹੀਂ ਹੋਣੀ ਚਾਹੀਦੀ? ਕੀ ਦੇਸ਼ ਦੇ ਨਾਗਰਿਕ ਜਾਂ ਇਨਸਾਨ ਨਹੀਂ ਹਨ? ਇਨਸਾਨ ਤਾਂ ਇਨਸਾਨ ਹੀ ਹਨ। ਸਾਰੇ ਇਕੋ ਤਰੀਕੇ ਨਾਲ ਇਸ ਸੰਸਾਰ ਤੇ ਆਉਂਦੇ ਹਨ ਅਤੇ ਆਪਣੀ ਜਿੰਦਗੀ ਭੋਗ ਕੇ ਸੰਸਾਰ ਤੋਂ ਚਲੇ ਜਾਂਦੇ ਹਨ। ਰੱਬ ਜਾਂ ਕੁਦਰਤ ਨੇ ਮਨੁੱਖ ਜਾਤੀ ਨੂੰ ਘਟੀਆ ਜਾਂ ਵਧੀਆ ਨਹੀਂ ਬਣਾਇਆ। ਗੋਰੇ ਲੋਕ, ਜਰਮਨ ਦੇ ਹਿਟਲਰ ਪੈਰੋਕਾਰ, ਬ੍ਰਾਹਮਣ ਜਾਂ ਸਿੱਖ ਕਿਸੇ ਖਾਸ ਵਿਧੀ ਰਾਹੀਂ ਇਸ ਸੰਸਾਰ ਤੇ ਨਹੀਂ ਆਏ ਅਤੇ ਨਾ ਹੀ ਕਿਸੇ ਹੋਰ ਪਲਾਨਿਟ ਤੋਂ ਲਿਆ ਕੇ ਰੱਬ ਨੇ ਖਾਸ ਤੌਰ ਤੇ ਇਨ੍ਹਾਂ ਨੂੰ ਵਸਾਇਆ ਹੈ। ਰੰਗ, ਰੂਪ, ਨਸਲ, ਸੋਚ ਆਦਿਕ, ਸਮਾਜ ਦੀ ਬਣਤਰ, ਪੜ੍ਹਾਈ, ਸਭਿਅਤਾ ਅਤੇ ਪੌਣ ਪਾਣੀ ਅਨੁਸਾਰ ਹੀ ਬਣਦੇ ਹਨ। ਠੰਡੇ ਦੇਸ਼ਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਚਮੜੀ ਚਿੱਟੀ ਹੁੰਦੀ ਹੈ ਅਤੇ ਗਰਮ ਦੇਸ਼ਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਕਾਲੀ। ਜਿੱਥੇ ਬਹੁਤੀ ਗਰਮੀ ਸਰਦੀ ਨਹੀਂ ਪੈਂਦੀ ਉੱਥੇ ਦੇ ਰਹਿਣ ਵਾਲੇ ਲੋਕਾਂ ਦੇ ਰੰਗ ਬਹੁਤੇ ਚਿੱਟੇ ਜਾਂ ਕਾਲੇ ਨਹੀਂ ਹੁੰਦੇ।
ਪੰਜਾਬ ਦੇ ਰਹਿਣ ਵਾਲੇ ਕਈ ਲੋਕਾਂ ਦੇ ਜਦੋਂ ਵਿਆਹ ਨਹੀਂ ਸੀ ਹੁੰਦੇ ਤਾਂ ਉਹ ਪੰਜਾਬ ਤੋਂ ਬਾਹਰ ਜਾ ਕੇ ਹੋਰ ਸੂਬਿਆਂ ਵਿਚੋਂ ਇੱਕ ਤੀਵੀਂ ਲੈ ਕੇ ਆਉਂਦੇ ਹੁੰਦੇ ਸਨ। ਜਿਸ ਨੂੰ ਮੁੱਲ ਦੀ ਤੀਵੀਂ ਕਿਹਾ ਜਾਂਦਾ ਸੀ। ਉਨ੍ਹਾਂ ਦੇ ਜਿਹੜੇ ਅੱਗੋਂ ਬੱਚੇ ਪੈਦਾ ਹੁੰਦੇ ਸਨ ਉਹ ਪੰਜਾਬ ਦੇ ਬੱਚੇ ਹੀ ਅਖਵਾਉਂਦੇ ਸਨ। ਇਹ ਤਾਂ ਨਹੀਂ ਸੀ ਹੁੰਦਾ ਕਿ ਉਨ੍ਹਾਂ ਦੇ ਬੱਚਿਆਂ ਨੂੰ ਪੰਜਾਬ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਸੀ ਹੁੰਦਾ? ਨਫਰਤੀ ਜ਼ਹਿਰ ਘੋਲਣ ਵਾਲੇ ਕਈ ਫੁਕਰੇ ਲੋਕ ਇਹ ਵੀ ਕਹਿੰਦੇ ਹਨ ਕਿ ਭਈਏ ਸਿੱਖਾਂ ਦੀਆਂ ਕੁੜੀਆਂ ਨੂੰ ਗਰਭਵਤੀ ਕਰ ਰਹੇ ਹਨ। ਜੇ ਕਰ ਕੋਈ ਇਸ ਤਰ੍ਹਾਂ ਦੀ ਹਰਕਤ ਕਰਦਾ ਹੈ ਤਾਂ ਉਨ੍ਹਾਂ ਤੇ ਰੇਪ ਦੇ ਕੇਸ ਦਰਜ ਹੋਣੇ ਚਾਹੀਦੇ ਹਨ। ਜੇ ਕਰ ਕੋਈ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਂਦੇ ਹਨ ਤਾਂ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ। ਜਿਹੜੇ ਮੁਸਲਮਾਨ ਸਿੱਖਾਂ ਦੀਆਂ ਕੁੜੀਆਂ ਨੂੰ ਜਬਰੀ ਜਾਂ ਵਰਗਲਾ ਕੇ ਵਿਆਹ ਕਰਵਾ ਲੈਂਦੇ ਹਨ ਅਤੇ ਫਿਰ ਚਕਲਿਆਂ ਤੇ ਵੇਚ ਆਉਂਦੇ ਹਨ ਉਨ੍ਹਾਂ ਬਾਰੇ ਇਨ੍ਹਾਂ ਦੀ ਜੁਬਾਨ ਬੰਦ ਕਿਉਂ ਹੋ ਜਾਂਦੀ ਹੈ? ਯੂ: ਕੇ: ਵਿੱਚ ਹਜਾਰਾਂ ਹੀ ਕੇਸ ਇਸ ਤਰਹਾਂ ਦੇ ਹੋਏ ਹਨ। ਪਾਕਿਸਤਾਨ ਵਿੱਚ ਕਿਤਨੇ ਸਿੱਖਾਂ ਦੀਆਂ ਕੁੜੀਆਂ ਨੂੰ ਜਬਰਦਸਤੀ ਮੁਸਲਮਾਨ ਬਣਾਇਆ ਹੈ ਇਸ ਬਾਰੇ ਇਹ ਫੁਕਰੇ ਖਾਲਿਸਤਾਨੀ ਚੁੱਪ ਹਨ। ਸੰਨ 1947 ਤੋਂ ਪਹਿਲਾਂ ਸਿੱਖਾਂ ਦੀ ਕਿਤਨੀ ਅਬਾਦੀ ਪਾਕਿਸਤਾਨ ਵਿੱਚ ਕਿਤਨੀ ਸੀ ਅਤੇ ਹੁਣ ਕਿਤਨੀ ਹੈ? ਇਸ ਬਾਰੇ ਵੀ ਇਹ ਚੁੱਪ ਹਨ। ਪੰਜਾਬ ਦੇ ਸਿੱਖਾਂ ਨੇ ਯੂਰਪ ਵਿੱਚ ਜਾ ਕੇ ਪੱਕੇ ਹੋਣ ਲਈ ਕਿਤਨੀਆਂ ਗੋਰੀਆਂ ਨਾਲ ਵਿਆਹ ਕਰਵਾਏ ਸਨ ਅਤੇ ਫਿਰ ਮਤਲਬ ਨਿਕਲਣ ਤੋਂ ਬਾਅਦ ਛੱਡ ਦਿਤਾ ਗਿਆ ਸੀ ਜਾਂ ਦੂਸਰੇ ਦੇਸ਼ਾਂ ਵਿੱਚ ਚਲੇ ਗਏ ਸਨ। ਇਸ ਬਾਰੇ ਵੀ ਇਹ ਚੁੱਪ ਹਨ।
ਜੇ ਕਰ ਸਰਕਾਰ ਵਲੋਂ ਕਿਸੇ ਸਾਜਿਸ਼ ਅਧੀਨ ਜਾਣ ਬੁੱਝ ਕੇ ਭਈਆਂ ਨੂੰ ਪੰਜਾਬ ਵਿੱਚ ਵਸਾਇਆ ਜਾਂ ਰਿਹਾ ਹੈ ਤਾਂ ਇਸ ਬਾਰੇ ਪੰਜਾਬ ਸਰਕਾਰ ਨੂੰ ਕੋਈ ਕਾਨੂੰਨ ਬਣਾਉਂਣਾ ਚਾਹੀਦਾ ਹੈ ਕਿ ਇਤਨੇ ਸਾਲ ਰਹਿਣ ਤੋਂ ਬਆਦ ਕੋਈ ਇੱਥੇ ਜਮੀਨ ਖਰੀਦ ਸਕਦਾ ਹੈ ਜਾਂ ਵੋਟ ਪਾ ਸਕਦਾ ਹੈ। ਜਿਸ ਤਰ੍ਹਾਂ ਪੰਜਾਬੀ ਲੋਕ ਖਾਸ ਕਰਕੇ ਸਿੱਖਾਂ ਦੇ ਮੁੰਡੇ ਕਨੇਡਾ ਅਮਰੀਕਾ ਵਿੱਚ ਗੈਂਗਾ ਬਣਾ ਕੇ ਲੁੱਟਦੇ ਹਨ ਅਤੇ ਕਤਲੋਗਾਰਤ ਕਰਦੇ ਹਨ ਕੀ ਭਈਏ ਵੀ ਇਸੇ ਤਰ੍ਹਾਂ ਕਰਦੇ ਹਨ? ਡਰੱਗ ਦਾ ਧੰਦਾ ਸਾਰੀ ਦੁਨੀਆ ਵਿੱਚ ਸਿੱਖ ਅਤੇ ਖਾਸ ਕਰਕੇ ਖਾਲਿਸਤਾਨੀ ਕਿਤਨਾ ਕਰਦੇ ਹਨ ਅਤੇ ਭਈਏ ਕਿਤਨਾ ਕਰਦੇ ਹਨ? ਜੇ ਕਰ ਭਈਏ ਪੰਜਾਬ ਆ ਕੇ ਗੈਰ ਕਾਨੂੰਨੀ ਕਾਰਵਾਈਆਂ ਕਰਦੇ ਹਨ ਤਾਂ ਕਾਨੂੰਨ ਅਨੁਸਾਰ ਉਨ੍ਹਾਂ ਨਾਲ ਸਿੱਝਣਾ ਚਾਹੀਦਾ ਹੈ। ਸਭ ਤੋਂ ਜਰੂਰੀ ਗੱਲ ਤਾਂ ਇਹ ਹੈ ਕਿ ਘਰ ਦੇ ਕੰਮ ਜਿੱਥੋਂ ਤੱਕ ਹੋ ਸਕੇ ਪੰਜਾਬੀਆਂ ਨੂੰ ਖੁਦ ਕਰਨੇ ਚਾਹੀਦੇ ਹਨ ਨਾ ਕਿ ਹਰ ਗੱਲ ਤੇ ਭਈਆਂ ਤੇ ਹੀ ਨਿਰਭਰ ਹੋਣਾ ਚਾਹੀਦਾ ਹੈ।
ਕੁੱਝ ਕੁ ਹਫਤੇ ਪਹਿਲਾਂ ਦੀ ਗੱਲ ਹੈ ਕਿ ਸਾਡੇ ਘਰੇ ਇੱਕ ਪੰਜਾਬੀ ਮੁੰਡਾ ਬਾਥਰੂਮਾਂ ਦੀਆਂ ਕੈਬਨਿਟਾਂ ਲਉਣ ਆਇਆ ਸੀ। ਉਹ ਕਿਸੇ ਦੇ ਨਾਲ ਕੰਮ ਕਰਦਾ ਸੀ। ਉਸ ਨੂੰ ਇੰਡੀਆ ਤੋਂ ਆਏ ਨੂੰ ਹਾਲੇ ਕੁੱਝ ਸਾਲ ਹੀ ਹੋਏ ਹਨ। ਉਹ ਪੰਜਾਬ ਤੋਂ ਬਾਹਰਲੇ ਕਿਸੇ ਸੂਬੇ ਦਾ ਰਹਿਣ ਵਾਲਾ ਸੀ। ਉਨ੍ਹਾਂ ਦਿਨਾ ਵਿੱਚ ਸਿੱਖ ਫਾਰ ਜਸਟਿਸ ਦੇ ਮਿਸਟਰ ਪੰਨੂ ਨੇ ਏਅਰ ਇੰਡੀਆ ਬਾਰੇ ਇੱਕ ਧਮਕੀ ਭਰਿਆ ਬਿਆਨ ਦਿੱਤਾ ਸੀ। ਉਹ ਮੁੰਡਾ ਕਹਿਣ ਲੱਗਾ ਕਿ ਜਦੋਂ ਸਿੱਖ ਇਸ ਤਰ੍ਹਾਂ ਦੇ ਬਆਨ ਦਿੰਦੇ ਹਨ ਤਾਂ ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਦੀ ਜਾਨ ਖਤਰੇ ਵਿੱਚ ਪੈ ਜਾਂਦੀ ਹੈ ਕਿ ਉੱਥੋਂ ਦੇ ਰਹਿਣ ਵਾਲੇ ਲੋਕ ਇਕੱਠੇ ਹੋ ਕੇ ਸਾਡੇ ਤੇ ਹਮਲੇ ਨਾ ਕਰ ਦੇਣ ਜਾਂ ਤੰਗ ਪ੍ਰੇਸ਼ਾਨ ਨਾ ਕਰਨ। ਫਿਰ ਉਸ ਨੇ 1984 ਦੇ ਬਿਰਤਾਂਤ ਬਾਰੇ ਦੱਸਿਆ ਕਿ ਅਸੀਂ ਕਿਵੇਂ ਮਸਾ ਹੀ ਬਚੇ ਸੀ। ਸ਼ਰਾਰਤੀ ਲੋਕਾਂ ਦੀ ਗਣਤੀ ਭਾਂਵੇਂ ਥੋੜੀ ਹੁੰਦੀ ਹੈ ਪਰ ਜਦੋਂ ਨਫਰਤ ਦੀ ਹਨੇਰੀ ਝੁੱਲਦੀ ਹੈ ਤਾਂ ਕਈ ਨਾ ਚਾਹੁੰਦੇ ਹੋਏ ਵੀ ਭੀੜ ਦਾ ਹਿੱਸਾ ਬਣ ਜਾਂਦੇ ਹਨ। ਪੰਨੂੰ ਦੀ ਜਿਸ ਨਫਰਤ ਭਰੀ ਫੁਕਰੀ ਨੂੰ ਖਾਲਿਸਤਾਨੀ ਭਾਰਤ ਮਾਤਾ ਦੀ ਬੁੰ--- ਵਿੱਚ ਬਾਂਹ ਪਉਣੀ ਕਹਿੰਦੇ ਹਨ ਅਤੇ ਮਾਣ ਮਹਿਸੂਸ ਕਰਦੇ ਹਨ ਉਹੀ ਫੁਕਰੀ ਹੋਰ ਸੂਬਿਆਂ ਦੇ ਸਿੱਖਾਂ ਲਈ ਅਪਮਾਨ ਅਤੇ ਨਫਰਤ ਬਣ ਜਾਂਦੀ ਹੈ।
ਭਾਈ ਅੰਮ੍ਰਿਤਪਾਲ ਸਿੰਘ ਦਾ ਪੰਜਾਬ ਵਿੱਚ ਜਾ ਕੇ ਇੱਕ ਦਮ ਪ੍ਰਗਟ ਹੋ ਜਾਣ ਦਾ ਵਰਤਾਰਾ ਆਮ ਵਰਤਾਰਾ ਨਹੀਂ ਸੀ। ਇਸ ਪਿੱਛੇ ਇੱਕ ਬਹੁਤ ਹੀ ਗਹਿਰੀ ਸਾਜਿਸ਼ ਕੰਮ ਕਰਦੀ ਪ੍ਰਤੀਤ ਹੁੰਦੀ ਹੈ। ਕਿਸ ਤਰ੍ਹਾਂ ਸ਼ੋਸ਼ਲ ਮੀਡੀਏ ਤੇ ਉਸ ਦੇ ਹੱਕ ਵਿੱਚ ਬੋਲਣ ਦੀ ਇੱਕ ਹਨੇਰੀ ਝੁਲਾਈ ਗਈ। ਜਿਨ੍ਹਾਂ ਗੁਰਦੁਆਰਿਆਂ ਤੇ ਖਾਲਿਸਤਾਨੀ ਕਾਬਜ ਹਨ ਉਸ ਦੇ ਪੋਸਟਰ ਲਾਏ ਗਏ ਅਤੇ ਉਸ ਦੇ ਹੱਕ ਵਿੱਚ ਰੱਜ ਕੇ ਪ੍ਰਚਾਰ ਕੀਤਾ ਗਿਆ। ਉਧਰੋਂ ਇੰਡੀਆ ਦੇ ਮੀਡੀਏ ਵਿੱਚ ਵੀ ਉਸ ਨੂੰ ਖੂਬ ਉਛਾਲਿਆ ਗਿਆ। ਖਾਲਿਸਤਾਨੀਆਂ ਦੇ ਜਿਹੜੇ ਅੱਧੀ ਕੁ ਦਰਜਨ ਖਾਸ ਵਿਦਵਾਨ ਹਨ ਜੋ ਕਿ ਝੂਠੇ ਬ੍ਰਿਤਾਂਤ ਸਿਰਜਣ ਵਿੱਚ ਬਹੁਤ ਮਾਹਰ ਹਨ ਉਹ ਸਾਰੇ ਖੁਲ ਕੇ ਇਸ ਦੇ ਹੱਕ ਵਿੱਚ ਆ ਗਏ ਸਨ ਅਤੇ ਹੁਣ ਵੀ ਲਿਖਦੇ ਰਹਿੰਦੇ ਹਨ। ਜਿਸ ਸਾਧ ਨੂੰ ਵਰਤ ਕੇ ਕਾਂਗਰਸ ਸਰਕਾਰ ਨੇ ਖਤਮ ਕੀਤਾ ਸੀ ਉਸ ਦੇ ਪਿੰਡ ਵਿੱਚ ਇਸ ਦੀ ਦਸਤਾਰਬੰਦੀ ਕੀਤੀ ਗਈ। ਭਾਈ ਜਸਬੀਰ ਸਿੰਘ ਰੋਡੇ ਨੇ ਖਾਸ ਭੂਮਿਕਾ ਨਿਭਾਈ ਸੀ ਜਿਹੜਾ ਕਿ ਬਾਦਲਾਂ ਦਾ ਖਾਸਮ ਖਾਸ ਬੰਦਾ ਸੀ। ਅੰਮ੍ਰਿਤ ਸੰਚਾਰ ਅਤੇ ਨਸ਼ੇ ਛੁਡਵਾਉਣ ਦੇ ਉਹਲੇ ਵਿੱਚ ਹੜਦੰਗ ਮਚਾਉਣ ਦੀ ਖੁੱਲੀ ਛੁੱਟੀ ਦਿੱਤੀ ਗਈ। ਫਿਰ ਬਾਦਲ ਅਕਾਲੀ ਦਲ ਵਲੋਂ ਭਗਵੰਤ ਮਾਨ ਦੀ ਸਰਕਾਰ ਤੇ ਤੰਜ ਕਸੇ ਗਏ ਕਿ ਇਹ ਲਾਅ ਐਂਡ ਆਰਡਰ ਨੂੰ ਕਾਇਮ ਰੱਖਣ ਵਿੱਚ ਨਾਕਾਇਮ ਹੈ। ਫਿਰ ਭਗੋੜਾ ਹੋਣ ਦਾ ਡਰਾਮਾ ਰਚਿਆ ਗਿਆ ਅਤੇ ਬਾਅਦ ਵਿੱਚ ਰੋਡੇ ਰਾਹੀਂ ਰੋਡੇ ਪਿੰਡ ਵਿੱਚ ਹੀ ਆਤਮ ਸਮਰਪਣ ਕਰਵਾਇਆ ਗਿਆ। ਉਸ ਤੋਂ ਬਾਅਦ ਜਦੋਂ ਉਸ ਨੂੰ ਡਿਬਰੂਗੜ ਜੇਲ ਵਿੱਚ ਭੇਜ ਦਿੱਤਾ ਗਿਆ ਤਾਂ ਉਹੀ ਅਕਾਲੀ ਦਲ ਜਿਹੜਾ ਪਹਿਲਾਂ ਮਾਨ ਸਰਕਾਰ ਨੂੰ ਭੰਡਦਾ ਸੀ ਕਿ ਇਸ ਤੋਂ ਲਾਅ ਐਂਡ ਆਰਡਰ ਦੀ ਸਥਿਤੀ ਕਾਬੂ ਵਿੱਚ ਨਹੀਂ ਹੈ ਤਾਂ ਇੱਕ ਦਮ ਦੂਸਰੇ ਪਾਸੇ ਹੋ ਗਿਆ।
ਹੁਣ ਪਾਰਲੀਮਿੰਟ ਦੀਆਂ ਇਲੈਕਸ਼ਨਾ ਦਾ ਐਲਾਨ ਹੋ ਗਿਆ। ਪਹਿਲਾਂ ਕਿਹਾ ਗਿਆ ਕਿ ਜਿਹੜਾ ਭਾਰਤੀ ਸੰਵਿਧਾਨ ਨੂੰ ਮੰਨਦਾ ਹੀ ਨਹੀਂ ਹੈ ਉਸ ਨੇ ਇਲੈਕਸ਼ਨਾ ਨਹੀਂ ਲੜਨੀਆਂ। ਫਿਰ ਆਰ: ਆਰ: ਐੱਸ: ਦਾ ਖਾਸਮ ਖਾਸ ਰਾਜਦੇਵ ਸਿੰਘ ਖਾਲਸਾ ਉਸ ਨੂੰ ਡਿਬਰੂਗੜ ਜੇਲ ਵਿੱਚ ਮਿਲਦਾ ਹੈ ਤਾਂ ਵਿਚਾਰ ਇਕਦਮ ਬਦਲ ਜਾਂਦੇ ਹਨ। ਇਲੈਕਸ਼ਨਾ ਹੁੰਦੀਆਂ ਹਨ ਤਾਂ ਉਹ ਭਾਈ ਬਹੁ ਗਿਣਤੀ ਵੋਟਾਂ ਨਾਲ ਜਿੱਤ ਜਾਂਦਾ ਹੈ। ਡਾ: ਪਿਆਰੇ ਲਾਲ ਗਰਗ ਨੇ ਮਸ਼ੀਨਾਂ ਦੀ ਹੇਰਾ ਫੇਰੀ ਬਾਰੇ ਵੀ ਮੁੱਦਾ ਚੁੱਕਿਆ ਸੀ ਪਰ ਉਸ ਦੀ ਗੱਲ ਬਹੁਤੀ ਗੌਲੀ ਨਾ ਗਈ। ਫਿਰ ਸੰਵਿਧਾਨ ਦੀ ਸਹੁੰ ਚੁਕਾਈ ਗਈ ਜਿਸ ਨੂੰ ਹਾਲੇ ਤੱਕ ਗੁਪਤ ਰੱਖਿਆ ਗਿਆ ਹੈ। ਚੋਣ ਜਿੱਤਣ ਤੋਂ ਬਾਅਦ ਸ਼ੋਸ਼ਲ ਮੀਡੀਆ ਤੇ ਇਸ ਨੂੰ 2027 ਦੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਪੇਸ਼ ਕੀਤਾ ਗਿਆ ਜੋ ਹੁਣ ਤੱਕ ਵੀ ਚੱਲ ਰਿਹਾ ਹੈ। ਕੁੱਝ ਹਫਤੇ ਪਹਿਲਾਂ ਦੱਖਣ ਦੇ ਇੱਕ ਸੂਬੇ ਵਿੱਚ ਜਾ ਕੇ ਧੁੰਮਾਂ ਭਾਜਪਾ ਦੇ ਹੱਕ ਵਿੱਚ ਪ੍ਰਚਾਰ ਕਰਦਾ ਹੈ। ਹੁਣ ਕੁੱਝ ਦਿਨ ਪਹਿਲਾਂ ਇੱਕ ਵੀਡੀਓ ਵਿੱਚ ਧੁੰਮੇ ਦਾ ਹੀ ਇੱਕ ਬੰਦਾ ਕਹਿੰਦਾ ਹੈ ਕਿ ਸਾਡਾ ਸਮਝੌਤਾ ਹੋ ਚੁੱਕਾ ਹੈ। ਸੰਨ 2027 ਵਿੱਚ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣੇਗੀ। ਉਸ ਤੋਂ ਪਹਿਲਾਂ ਪੰਜਾਬ ਦੇ ਸਿੱਖਾਂ ਦੀਆਂ ਮੰਗਾਂ ਮੰਨ ਲਈਆਂ ਜਾਣਗੀਆਂ। ਇਹ ਸਾਰਾ ਕੁੱਝ ਕੀ ਦਰਸਾਉਂਦਾ ਹੈ ਸੋਚਣ ਦਾ ਵਿਸ਼ਾ ਹੈ।
ਪਿਛਲੇ ਕੁੱਝ ਹਫਤਿਆਂ ਤੋਂ ਬਾਦਲ ਅਕਾਲੀ ਦਲ ਅਤੇ ਇਸ ਦੇ ਵਿਰੋਧੀ ਧੜਿਆਂ ਦਾ ਜੋ ਵਰਤਾਰਾ ਚੱਲ ਰਿਹਾ ਹੈ ਇਸ ਬਾਰੇ ਵੱਖ-ਵੱਖ ਲੇਖਕਾਂ ਅਤੇ ਵਿਦਵਾਨਾ ਵਲੋਂ ਵਿਚਾਰ ਪੇਸ਼ ਕੀਤੇ ਜਾ ਰਹੇ ਹਨ। ਹੁਣ ਤੱਕ ਦੇ ਸਭ ਤੋਂ ਵੱਧ ਸਾਰਥਿਕ ਵਿਚਾਰ ਮੈਨੂੰ ਹਜ਼ਾਰਾ ਸਿੰਘ ਮਿਸੀਸਾਗਾ ਦੇ ਲੱਗੇ ਹਨ ਜੋ ਕਿ ਪੰਜਾਬ ਟਾਈਮਜ਼ ਵਿੱਚ ਛਪੇ ਸਨ। ਉਸ ਲੇਖ ਦਾ ਸਿਰਲੇਖ ਸੀ, “ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਓਹਲੇ ਚੱਲ ਰਿਹਾ ਰਾਜਨੀਤਕ ਖੇਲ!” ਜੋ ਕਿ ਪੰਜਾਬ ਟਾਈਮਜ਼ ਦੀ ਵੈੱਬ ਸਾਈਟ ਤੇ ਪੜਿਆ ਜਾ ਸਕਦਾ ਹੈ। ਅਸਲ ਵਿੱਚ ਸੋਚਿਆ ਜਾਵੇ ਤਾਂ ਸਿੱਖਾਂ ਦਾ ਕਿਹਾ ਜਾਂਦਾ ਅਕਾਲ ਤਖ਼ਤ ਹਾਲੇ ਤੱਕ ਕਿਸੇ ਵੀ ਮਸਲੇ ਦਾ ਸਾਰਥੱਕ ਹੱਲ ਨਹੀਂ ਕੱਢ ਸਕਿਆ। ਸਗੋਂ ਇਸ ਨੇ ਹੁਣ ਤੱਕ ਪੁਆੜੇ ਵਧੇਰੇ ਪਾਏ ਹਨ। ਆਪਸੀ ਕੁੜੱਤਣ ਵਧਾਈ ਹੈ ਘਟਾਈ ਨਹੀਂ। ਅਸਲ ਸਚਾਈ ਇਹ ਹੈ ਕਿ ਇਹ ਇੱਕ ਸਿੱਖ ਵਿਰੋਧੀ ਕਿਤਾਬ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਦੀ ਦੇਣ ਹੈ। ਜਿਸ ਵਿੱਚ ਛੇਵੇਂ ਗੁਰੂ ਦੀ ਤੌਹੀਨ ਕੀਤੀ ਗਈ ਹੈ। ਜਿਸ ਨੂੰ ਨਾਦੀ ਨਹੀਂ ਬਲਕਿ ਪਵਨ ਦੇਵਤੇ ਦਾ ਪੁੱਤਰ ਬਣਾਇਆ ਗਿਆ ਹੈ। ਉਸ ਕਿਤਾਬ ਮੁਤਾਬਕ ਇਹ ਅਕਾਲ ਤਖ਼ਤ ਵੀ ਵਿਸ਼ਨੂੰ ਨੇ ਆਪਣੇ ਲਈ ਬਣਾਇਆ ਸੀ ਅਤੇ ਗੁਰੂ ਨੂੰ ਬਾਂਹ ਤੋਂ ਫੜ ਕੇ ਇਸ ਉਪਰ ਬਠਾਇਆ ਸੀ। ਜੇ ਕਰ ਆਪਣਾ ਦਿਮਾਗ ਬੰਦ ਕਰਕੇ ਨਿਰੋਲ ਸ਼ਰਧਾ ਨਾਲ ਇਨ੍ਹਾਂ ਕੂੜ ਗ੍ਰੰਥਾਂ ਨੂੰ ਪੜ੍ਹਿਆ ਜਾਵੇ ਤਾਂ ਸ਼ਾਇਦ ਤੁਹਾਨੂੰ ਬਹੁਤੇ ਗਲਤ ਨਾ ਲੱਗਣ। ਪਰ ਜੇ ਕਰ ਤੁਸੀਂ ਬਿਬੇਕ ਬੁੱਧੀ ਨਾਲ ਵਿਚਾਰ ਕਰੋਂਗੇ ਤਾਂ ਤੁਹਾਨੂੰ ਸ਼ਾਇਦ ਹੀ ਕੋਈ ਗੱਲ ਸੱਚ ਤੇ ਖਰੀ ਉੱਤਰਦੀ ਦਿਸੇ। ਉਂਜ ਬਹੁਤੇ ਸਿੱਖਾਂ ਨੂੰ ਇਨ੍ਹਾਂ ਕੂੜ ਗ੍ਰੰਥਾਂ ਦੀ ਅਸਲੀਅਤ ਦਾ ਪਤਾ ਹੈ ਪਰ ਉਹ ਡਰਦੇ ਮਾਰੇ ਆਪਣਾ ਮੂੰਹ ਖੋਲਣ ਲਈ ਤਿਆਰ ਨਹੀਂ ਹਨ। ਅੱਜ ਤੋਂ ਕੋਈ ਸੱਤ ਕੁ ਸਾਲ ਪਹਿਲਾਂ ਮੈਂ ਇੱਥੇ ਸਿੱਖ ਮਾਰਗ ਤੇ ਕੁੱਝ ਸਵਾਲ ਲਿਖ ਕੇ ਇੱਥੇ ਲਿਖਣ ਵਾਲੇ ਲੇਖਕਾਂ ਨੂੰ ਇਨ੍ਹਾਂ ਦੇ ਜਵਾਬ ਦੇਣ ਲਈ ਕਿਹਾ ਸੀ। ਉਨ੍ਹਾਂ ਸਵਾਲਾਂ ਵਿਚੋਂ ਇੱਕ ਸਵਾਲ ਇਹ ਵੀ ਸੀ,
“ਅਕਾਲ ਤਖ਼ਤ ਦੇ ਅੱਖਰੀ ਅਰਥ ਤਾਂ ਇਹੀ ਬਣਦੇ ਹਨ ਕਿ ਕਾਲ ਤੋਂ ਰਹਿਤ ਅਕਾਲ ਪੁਰਖ ਦਾ ਸਿੰਘਾਸਣ। ਕੀ ਅਕਾਲ ਪੁਰਖ ਇੱਥੇ ਆਪ ਆ ਕੇ ਬੈਠਦਾ ਹੈ? ਕੀ ਉਹ ਸਾਰੇ ਸੰਸਾਰ ਦੀ ਕਾਰ ਇੱਥੋਂ ਹੀ ਚਲਾਉਂਦਾ ਹੈ? ਇਸ ਦੇ ਬਣਨ ਤੋਂ ਪਹਿਲਾਂ ਉਹ ਕਿਥੇ ਬੈਠਦਾ ਸੀ? ਕੀ ਗੁਰਬਾਣੀ ਅਨੁਸਾਰ ਅਕਾਲ ਪੁਰਖ ਦੀ ਕੋਈ ਇੱਕ ਜਗਾਹ/ਥਾਂ ਨਿਸ਼ਚਿਤ ਕੀਤੀ ਜਾ ਸਕਦੀ ਹੈ? ਕਈ ਇਹ ਵੀ ਕਹਿੰਦੇ ਹਨ ਕਿ ਅਕਾਲ ਪੁਰਖ ਦਾ ਸਿਧਾਂਤ ਇੱਥੋਂ ਲਾਗੂ ਹੋਣਾ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਹੁਣ ਤੱਕ ਅਕਾਲ ਪੁਰਖ ਦਾ ਕਿਹੜਾ ਸਿਧਾਂਤ ਇੱਥੋਂ ਲਾਗੂ ਕੀਤਾ ਹੈ? ਕਈ ਇਹ ਵੀ ਕਹਿੰਦੇ ਹਨ ਕਿ ਅਕਾਲ ਤਖ਼ਤ ਗੁਲਾਮ ਹੈ। ਇਸ ਦਾ ਮਤਲਬ ਤਾਂ ਇਹ ਵੀ ਹੋਇਆ ਕਿ ਅਕਾਲ ਪੁਰਖ ਆਪ ਵੀ ਕਿਸੇ ਦਾ ਗੁਲਾਮ ਹੈ। ਕੀ ਉਹ ਅਕਾਲ ਪੁਰਖ ਪਿਉ ਪੁੱਤ ਬਾਦਲਾਂ ਦੀ ਜੇਬ ਵਿੱਚ ਗੁਲਾਮ ਬਣੀ ਬੈਠਾ ਹੈ? ਜਾਂ ਫਿਰ ਤੁਸੀਂ ਇੱਥੇ ਬੈਠੇ ਬੰਦਿਆਂ/ਪੁਜਾਰੀਆਂ ਅਥਵਾ ਅਖੌਤੀ ਜਥੇਦਾਰਾਂ ਨੂੰ ਰੱਬ ਬਣਾ ਕੇ ਪੇਸ਼ ਕਰਨਾ ਚਾਹੁੰਦੇ ਹੋ?” ਤੁਸੀਂ ਇਹ ਸਾਰੇ ਸਵਾਲ ਇੱਥੇ ਸਿੱਖ ਮਾਰਗ ਤੇ ਪੜ੍ਹ ਸਕਦੇ ਹੋ। ਇਨ੍ਹਾਂ ਸਵਾਲਾਂ ਦਾ ਸਿਰਲੇਖ ਹੈ, “ਸੱਚ ਦੀ ਤਲਾਸ਼ ਵਿੱਚ ਕੁੱਝ ਅਹਿਮ ਸਵਾਲ” ਮੈਨੂੰ ਆਸ ਸੀ ਕਿ ਦਸ ਕੁ ਲੇਖਕ ਤਾਂ ਜਵਾਬ ਦੇ ਹੀ ਦੇਣਗੇ। ਜਿਨ੍ਹਾਂ ਤੋਂ ਮੈਨੂੰ ਆਸ ਸੀ ਮੈਂ ਉਨ੍ਹਾਂ ਦੇ ਨਾਮ ਵੀ ਲਿਖੇ ਸਨ। ਇਹ ਕੁੱਲ ਮੈਂ 25 ਨਾਮ ਲਿਖੇ ਸਨ। ਪਰ ਅਫਸੋਸ ਕਿ ਇਨ੍ਹਾਂ 25 ਨਾਮਾਂ ਵਿਚੋਂ ਸਿਰਫ ਤਿੰਨ ਕੁ ਲੇਖਕਾਂ ਨੇ ਹੀ ਜਵਾਬ ਦਿੱਤੇ ਸਨ। ਬਾਕੀ ਸਾਰਿਆਂ ਨੇ ਇੱਕ ਚੁੱਪ ਤੇ ਸੌ ਸੁੱਖ ਤੇ ਹੀ ਅਮਲ ਕੀਤਾ ਸੀ। ਕਿਉਂਕਿ ਇਹ ਸਾਰੇ ਸੱਚ ਬੋਲਣ ਤੋਂ ਝਿਜਕ ਮਹਿਸੂਸ ਕਰ ਰਹੇ ਸਨ। ਹੁਣ ਵੀ ਸਾਰੀ ਦੁਨੀਆਂ ਦੇ ਸਿੱਖਾਂ ਦਾ ਇਹੀ ਹਾਲ ਹੈ।
ਹੁਣ ਕਈ ਇਹ ਵੀ ਸੋਚਦੇ ਹੋਣਗੇ ਕਿ ਜਦੋਂ ਤੈਂ ਆਪਣੇ ਆਪ ਹੀ ਸਿੱਖ ਧਰਮ ਛੱਡ ਦਿੱਤਾ ਸੀ ਤਾਂ ਫਿਰ ਤੈਨੂੰ ਸਿੱਖਾਂ ਦੇ ਧਰਮ ਬਾਰੇ ਜਾਂ ਸਿੱਖਾਂ ਦੇ ਮਸਲਿਆਂ ਬਾਰੇ ਟੰਗ ਅੜਾਉਣ ਦੀ ਕੀ ਜਰੂਰਤ ਹੈ। ਕੋਈ ਜਰੂਰਤ ਨਹੀਂ ਹੈ। ਪਰ ਕੀ ਸਮਾਜ ਨੂੰ ਚੰਗੀ ਸੇਧ ਦੇਣ ਲਈ ਮੈਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਕੋਈ ਖੁੱਲ ਨਹੀਂ ਹੈ? ਹਾਲੇ ਵੀ ਬਥੇਰੇ ਸਿੱਖ ਹੋ ਸਕਦੇ ਹਨ ਜੋ ਕਿ ਸਿੱਖ ਮਾਰਗ ਨੂੰ ਪੜ੍ਹਦੇ ਹੋਣਗੇ। ਹੋ ਸਕਦਾ ਹੈ ਕਿ ਮੇਰੀ ਕੋਈ ਗੱਲ ਉਨ੍ਹਾਂ ਨੂੰ ਚੰਗੀ ਲੱਗ ਹੀ ਜਾਂਦੀ ਹੋਵੇ। ਉਂਜ ਵੀ ਸਾਰੀ ਦੁਨੀਆ ਦੇ ਸਾਹਮਣੇ ਸਿੱਖ ਜੋ ਰੋਜ ਹੀ ਕਰਦੇ ਹਨ ਕੀ ਬਾਕੀ ਲੋਕਾਂ ਨੂੰ ਉਨਹਾਂ ਬਾਰੇ ਕਹਿਣ ਦਾ ਕੋਈ ਅਧਿਕਾਰ ਨਹੀਂ ਹੈ। ਖਾਲਿਸਤਾਨੀਆਂ ਦੇ ਕਨੇਡਾ ਨਿਵਾਸੀ ਜਗਮੀਤ ਸਿੰਘ ਦੀ ਗੱਲ ਹੀ ਲੈ ਲਓ ਜੋ ਕਿ ਫੈਡਰਲ ਲੈਵਲ ਤੇ ਐਨ: ਡੀ: ਪੀ: ਦਾ ਨੇਤਾ ਹੈ। ਗੋਰੇ ਲੋਕ ਕਿਸ ਤਰ੍ਹਾਂ ਉਸ ਦੀ ਲਾਹ-ਪਾਹ ਕਰਦੇ ਹਨ। ਉਸ ਦਾ ਨਾਮ ਕਨੇਡਾ ਨੂੰ ਵੇਚਣ ਵਾਲਾ ਇੱਕ ਸਿੰਘ ਰੱਖਿਆ ਹੋਇਆ ਹੈ। ਜੇ ਕਰ ਵੰਨਗੀ ਮਾਤਰ ਕੋਈ ਝਲਕ ਦੇਖਣੀ ਹੈ ਤਾਂ ਕਨੇਡਾ ਦੇ ਸੀ: ਟੀ: ਵੀ: ਨਿਊਜ ਚੈਨਲ ਦੇ ਯੂ-ਟਿਊਬ ਚੈਨਲ ਤੇ ਜਾ ਕੇ ਦੇਖ ਸਕਦੇ ਹੋ। 99% ਗੋਰੇ ਉਸ ਦੇ ਖਿਲਾਫ ਲਿਖਦੇ ਹਨ। ਉਥੇ ਜਾ ਕੇ ਜਵਾਬ ਦੇਣ ਦੀ ਕਿਸੇ ਵੀ ਖਾਲਿਸਤਾਨੀ ਦੀ ਹਿੰਮਤ ਨਹੀਂ ਹੈ ਜਿਹੜੇ ਕਿ ਹੋਰਨਾਂ ਦੀ ਧੀ ਭੈਣ ਇੱਕ ਕਰ ਦਿੰਦੇ ਹਨ। ਗੋਰੇ ਲੋਕ ਨਫਰਤ ਨਾਲ ਭਰੇ ਪੀਤੇ ਹੋਏ ਹੋਏ ਹਨ। ਪਿਛਲੇ ਕੁੱਝ ਹਫਤਿਆਂ ਵਿੱਚ ਕਈ ਪੜ੍ਹਨ ਆਏ ਮੁੰਡੇ ਕੁੜੀਆਂ ਦੀ ਮੌਤ ਹੋ ਗਈ ਹੈ। ਉਂਜ ਵੀ ਜਦੋਂ ਟਰੂਡੋ ਅਤੇ ਜਗਮੀਤ ਨੇ ਨਿੱਜਰ ਦੀ ਮੌਤ ਤੋਂ ਬਾਅਦ ਅਮਰੀਕਾ ਦੇ ਕਹਿਣ ਤੇ ਭਾਰਤ ਸਰਕਾਰ ਨੂੰ ਸਿੱਧੇ ਤੌਰ ਤੇ ਇਸ ਕਤਲ ਵਿੱਚ ਸ਼ਾਮਲ ਦੱਸਿਆ ਸੀ ਤਾਂ ਇੱਕ ਦਮ ਭਾਰਤ ਅਤੇ ਕਨੇਡਾ ਦਰਿਮਿਆਨ ਕੁੜੱਤਣ ਪੈਦਾ ਹੋ ਗਈ ਸੀ। ਸਿੱਧਾ ਹੱਥ ਹੋਣ ਦੇ ਕੋਈ ਖਾਸ ਸਬੂਤ ਤਾਂ ਪੇਸ਼ ਕਰ ਨਹੀਂ ਸਕੇ। ਸ਼ਾਇਦ ਕੋਰਟ ਵਿੱਚ ਕੋਈ ਸਬੂਤ ਪੇਸ਼ ਹੋ ਜਾਵੇ ਤਾਂ ਕਹਿ ਨਹੀਂ ਸਕਦੇ। ਪਰ ਉਸੇ ਵੇਲੇ ਹੀ ਭਾਰਤ ਦੀ ਖੁਫੀਆ ਏਜੰਸੀ ਨਾਲ ਸੰਬੰਧਿਕ ਬੰਦਿਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਅਸੀਂ ਪੂਰੀ ਵਾਹ ਲਾਵਾਂਗੇ ਕਿ ਕਨੇਡਾ ਦੀ ਟਰੂਡੋ ਸਰਕਾਰ ਬਦਲੇ। ਜੋ ਕੁੱਝ ਹੁਣ ਸਾਰਿਆਂ ਦੇ ਸਾਹਮਣੇ ਹੋ ਹੀ ਰਿਹਾ ਹੈ। ਜਦੋਂ ਟਰੂਡੋ ਅਮਰੀਕਾ ਦੇ ਮਗਰ ਲੱਗ ਕੇ ਸਿੱਖਾਂ ਦੇ ਹੱਕ ਵਿੱਚ ਬੋਲਦਾ ਸੀ ਤਾਂ ਸਾਰੇ ਦੁਨੀਆਂ ਦੇ ਸਿੱਖ ਕੱਛਾਂ ਵਜਾਉਂਦੇ ਸਨ ਕਿ ਦੇਖੋ ਦੁਨੀਆਂ ਦੀਆਂ ਸਰਕਾਰਾਂ ਕਿੰਨਾ ਸਿੱਖਾਂ ਦੇ ਹੱਕ ਵਿੱਚ ਬੋਲ ਰਹੀਆਂ ਹਨ। ਹੁਣ ਉਸ ਤੋਂ ਉਲਟ ਹੋਣਾ ਸ਼ੁਰੂ ਹੋ ਗਿਆ ਹੈ। ਜਿਆਦਾ ਤਰ ਗੋਰੇ ਲੋਕ ਹੁਣ ਸਿੱਖਾਂ ਦੇ ਉਲਟ ਬੋਲਦੇ ਹਨ ਅਤੇ ਨਫਰਤ ਕਰਨ ਲੱਗ ਪਏ ਹਨ। ਜਿਸ ਦੇ ਨਤੀਜੇ ਪੜ੍ਹਨ ਆਏ ਮੁੰਡੇ ਕੁੜੀਆਂ ਤੇ ਹਮਲੇ ਹੋਣ ਨਾਲ ਸਾਹਮਣੇ ਆ ਰਹੇ ਹਨ।
ਜਦੋਂ ਸੁਖਬੀਰ ਸਿੰਘ ਬਾਦਲ ਤੇ ਨਰਾਇਣ ਸਿੰਘ ਚੌੜਾ ਨੇ ਹਮਲਾ ਕਰਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਉਸ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਦਾ ਇੱਕ ਬਿਅੰਗ ਮਈ ਬਿਆਨ ਆਇਆ ਸੀ। ਉਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਕਿਹਾ ਸੀ ਕਿ ਤੁਹਾਨੂੰ ਤਾਂ ਨਰਾਇਣ ਸਿੰਘ ਚੌੜਾ ਦੇ ਗਲ ਵਿੱਚ ਹਾਰ ਪਾ ਕੇ ਸਨਮਾਨਤ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਤੁਸੀਂ ਰਾਜੋਆਣੇ ਨੂੰ ਕਰਦੋ ਹੋ। ਕਿਉਂਕਿ ਉਸ ਤੇ ਦੋਸ਼ ਤਾਂ ਉਹੀ ਹਨ ਕਿ ਉਸ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਕਤਲ ਵਿੱਚ ਹਿੱਸਾ ਲਿਆ ਸੀ। ਚੌੜਾ ਵੀ ਪੰਜਾਬ ਦੇ ਇੱਕ ਸਾਬਕਾ ਮੁੱਖ ਮੰਤਰੀ ਨੂੰ ਕਤਲ ਕਰਨਾ ਚਾਹੁੰਦਾ ਸੀ। ਦੋਹਾਂ ਮੁੱਖ ਮੰਤਰੀਆਂ ਤੇ ਦੋਸ਼ ਹਨ ਕਿ ਉਨ੍ਹਾਂ ਨੇ ਸਿੱਖ ਮੁੰਡੇ ਮਾਰੇ ਅਤੇ ਸਿੱਖੀ ਦਾ ਘਾਣ ਕੀਤਾ। ਕੀ ਰਵਨੀਤ ਬਿੱਟੂ ਦੀ ਇਹ ਦਲੀਲ ਬਾਜਵ ਨਹੀਂ ਹੈ? ਜਾਂ ਤਾਂ ਦੋਹਾਂ ਨੂੰ ਕਾਤਲ ਮੰਨੋ ਜਾਂ ਯੋਧੇ। ਕੁੱਝ ਸਿੱਖ ਕਹਿੰਦੇ ਹਨ ਕਿ ਨਰਾਇਣ ਸਿੰਘ ਚੌੜੇ ਨੂੰ ਪੰਥ ਵਿਚੋਂ ਛੇਕੋ ਅਤੇ ਕੁੱਝ ਕਹਿੰਦੇ ਹਨ ਕਿ ਉਸ ਨੂੰ ਸਨਮਾਨਿਤ ਕਰੋ ਉਹ ਇੱਕ ਯੋਧਾ ਹੈ। ਹੁਣ ਅਕਾਲ ਤਖ਼ਤ ਇੱਥੇ ਕੀ ਕਰੇ? ਬੜੀ ਦੁਬਿਧਾ ਖੜੀ ਹੋ ਗਈ। ਪੰਥ ਬੜੀ ਦੁਬਿਧਾ ਵਿੱਚ ਫਸ ਗਿਆ ਹੈ। ਹੁਣ ਸਿੱਖਾਂ ਦੇ ਅਕਾਲ ਤਖ਼ਤ ਦਾ ਰੱਬੀ ਹੁਕਮ ਕਿਸ ਤੇ ਲਾਗੂ ਹੋਵੇ? ਹੁਣ ਤਾਂ ਸਿੱਖਾਂ ਦਾ ਰੱਬ ਵੀ ਬੜੀ ਦੁਬਿਧਾ ਵਿੱਚ ਹੋਣਾ ਕਿ ਕਿਸ ਨੂੰ ਖੁਸ਼ ਕਰੇ ਤੇ ਕਿਸ ਨੂੰ ਨਾ ਕਰੇ।
ਹਰਦੀਪ ਸਿੰਘ ਡਿਬਡਿਬਾ ਦਾ ਕਹਿਣਾ ਹੈ ਕਿ ਮੇਰੇ ਕੋਲ ਪਰੂਫ ਕੋਈ ਨਹੀਂ ਪਰ ਜਿਸ ਤਰਹਾਂ ਦੇ ਸਾਰੇ ਘਟਨਾਕਰਮ ਵਾਪਰੇ ਹਨ ਉਨਹਾਂ ਵੱਲ ਦੇਖ ਕੇ ਮੇਰਾ ਮੰਨਣਾ ਇਹ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਵਿੱਚ ਡੋਬਲ ਲੈ ਕੇ ਆਇਆ ਹੈ। ਦੂਸਰੇ ਪਾਸੇ ਰਾਅ ਨਾਲ ਸੰਬੰਧਿਤ ਕਈ ਇਹ ਕਹੀ ਜਾਂਦੇ ਹਨ ਕਿ ਇਸ ਨੂੰ ਟਰੇਂਡ ਕਰਕੇ ਪਾਕਿਸਤਾਨ ਦੀ ਆਈ: ਐੱਸ: ਆਈ: ਲਿਆਈ ਹੈ। ਕੋਈ ਕਹਿੰਦਾ ਹੈ ਕਿ ਸੀ: ਆਈ: ਏ: ਨੇ ਟਰੇਂਡ ਕੀਤਾ ਹੈ। ਸਚਾਈ ਭਾਂਵੇਂ ਕੁੱਝ ਵੀ ਹੋਵੇ ਪਰ ਜੋ ਕੁੱਝ ਵੀ ਉਸ ਨੇ ਪੰਜਾਬ ਵਿੱਚ ਆ ਕੇ ਕੀਤਾ ਹੈ ਉਹ ਇੱਕ ਨਾਰਮਲ ਵਰਤਾਰਾ ਨਹੀਂ ਸੀ। ਇਸ ਪਿੱਛੇ ਜਰੂਰ ਕੋਈ ਗਹਿਰੀ ਸਾਜਿਸ਼ ਕੰਮ ਕਰ ਰਹੀ ਹੈ। ਇਸ ਸਾਜਿਸ਼ ਦੇ ਅਧੀਨ ਹੀ ਸਾਰੇ ਘਟਨਾਕਰਮ ਵਾਪਰ ਰਹੇ ਹਨ। ਅਕਾਲੀ ਦਲ ਬਾਦਲ ਦਾ ਅਤੇ ਬਾਕੀ ਅਕਾਲੀਆਂ ਦਾ ਜੋ ਵਰਤਾਰਾ ਚੱਲ ਰਿਹਾ ਹੈ ਉਸ ਨੂੰ ਵੀ ਇਸ ਅੰਮ੍ਰਿਤਪਾਲ ਦੇ ਵਰਤਾਰੇ ਨਾਲ ਹੀ ਜੋੜ ਕੇ ਦੇਖੋ। ਸਿੱਖਾਂ ਦੇ ਕਹੇ ਜਾਂਦੇ ਬੁੱਧੀਜੀਵੀ ਅਤੇ ਹੋਰ ਖਾਲਿਸਤਾਨੀ ਧਿਰਾਂ ਜੋ ਕੁੱਝ ਕਰ ਰਹੀਆਂ ਹਨ ਉਹ ਵੀ ਇਸ ਵਰਤਾਰੇ ਦਾ ਹਿੱਸਾ ਹਨ। ਜੋ ਗੇਮ ਸੀ: ਆਈ: ਏ: ਭਾਰਤ ਵਿੱਚ ਖੇਲਣ ਜਾ ਰਹੀ ਸੀ ਟਰੰਪ ਦੇ ਜਿੱਤਣ ਨਾਲ ਸ਼ਾਇਦ ਕੁੱਝ ਹੋਰ ਤਰਹਾਂ ਦੀ ਖੇਲੀ ਜਾਵੇ। ਗੁਰਪ੍ਰੀਤ ਸਿੰਘ ਹਰੀ ਨੌਂ ਦਾ ਕਤਲ ਹੋਣਾ ਅਤੇ ਹੋਰ ਕਈਆਂ ਨੂੰ ਧਮਕੀਆਂ ਮਿਲਣਨੀਆਂ ਉਹ ਵੀ ਇਸੇ ਗੇਮ ਦਾ ਹਿੱਸਾ ਪ੍ਰਤੀਤ ਹੁੰਦਾ ਹੈ। ਜੋ ਕੁੱਝ ਵੀ ਆਉਣ ਵਾਲੇ ਸਮੇ ਵਿੱਚ ਹੋਵੇਗਾ ਉਸ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਤੋਂ ਬਾਹਰ ਹੋਰ ਸੂਬਿਆਂ ਵਿੱਚ ਰਹਿੰਦੇ ਸਿੱਖਾਂ ਨੂੰ ਧਿਆਨ ਰੱਖਣਾ ਪਵੇਗਾ ਅਤੇ ਸਮੇ ਅਨੁਸਾਰ ਸੱਚ ਬੋਲਣ ਦੀ ਹਿੰਮਤ ਕਰਨੀ ਹੋਵੇਗੀ ਨਹੀਂ ਤਾਂ 1984 ਵਾਲਾ ਵਰਤਾਰਾ ਤੁਹਾਡੇ ਨਾਲ ਫਿਰ ਵਰਤ ਸਕਦਾ ਹੈ। ਪਹਿਲਾਂ ਕਾਂਗਰਸ ਨੇ ਵਰਤਾਇਆ ਸੀ ਅਤੇ ਹੁਣ ਭਾਜਪਾ ਵਰਤਾ ਸਕਦੀ ਹੈ। ਪਹਿਲਾਂ ਜਦੋਂ ਅਕਾਲ ਤਖਤ ਤੇ ਲੁਕ ਕੇ ਬੈਠਾ ਸਾਧ ਨਫਰਤ ਭਰੀ ਜ਼ਹਿਰ ਘੋਲ ਰਿਹਾ ਸੀ ਤਾਂ ਤੁਸੀਂ ਚੁੱਪ ਬੈਠ ਕੇ ਤਮਾਸ਼ਾਂ ਦੇਖਦੇ ਰਹੇ।
ਇੰਦਰਾ ਗਾਂਧੀ ਨੂੰ ਵਿਸ਼ਵਾਸ਼ ਘਾਤ ਕਰਕੇ ਮਾਰਨ ਦੀ ਸ਼ਰਮਿੰਦਗੀ ਮਹਿਸੂਸ ਕਰਨ ਦੀ ਬਿਜਾਏ ਉਸ ਨੂੰ ਗਲੋਰੀਫਾਈ ਕਰਨਾ ਵੀ ਹਿੰਦੂਆਂ ਵਲੋਂ ਨਫਰਤ ਦਾ ਇੱਕ ਕਾਰਨ ਹੈ। ਜਿਸ ਨੂੰ ਘਟੀਆ ਕਿਸਮ ਦੇ ਲੋਕ ਹਾਲੇ ਵੀ ਆਪਣੇ ਨਗਰ ਕੀਰਤਨਾ ਵਿੱਚ ਵਿਸ਼ਰਮਾਂ ਦੀ ਤਰ੍ਹਾਂ ਉਸ ਦੀਆਂ ਝਾਕੀਆਂ ਪੇਸ਼ ਕਰਦੇ ਹਨ। ਜੇ ਕਰ ਹੁਣ ਵੀ ਤੁਸੀਂ ਪਹਿਲਾਂ ਦੀ ਤਰ੍ਹਾਂ ਚੁੱਪ ਰਹੇ ਅਤੇ ਅਪਣਾ ਫਰਜ ਨਾ ਨਿਭਾਇਆ ਤਾਂ ਆਪਣੀ ਕਰਨੀ ਦਾ ਫਲ ਫਿਰ ਦੁਬਰਾ ਭੁਗਤਣਾ ਪੈ ਸਕਦਾ ਹੈ। ਇਸ ਲਈ ਸੁਚੇਤ ਰਹੋ ਅਤੇ ਆਪਣੇ ਪਹਿਲੇ ਗੁਰੂ ਦੀਆਂ ਪੰਗਤੀਆਂ,
ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ॥ ਯਾਦ ਰੱਖ ਕੇ ਸਮੇ-ਸਮੇ ਅਨੁਸਾਰ ਧਰਮ ਦੇ ਨਾਮ ਤੇ ਨਫਰਤ ਫੈਲਾਉਣ ਵਾਲਿਆਂ ਦੇ ਵਿਰੋਧ ਵਿੱਚ ਆਪਣੇ ਵਿਚਾਰ ਲੋਕਲ ਮੀਡੀਏ ਵਿੱਚ ਦਿੰਦੇ ਰਹਿਓ ਨਹੀਂ ਤਾਂ ਤੁਹਾਡੀ ਮਰਜੀ ਹੈ। ਇਨ੍ਹਾਂ ਨੂੰ ਤੁਹਾਡੇ ਨਾਲ ਨਾ ਪਹਿਲਾਂ ਕੋਈ ਦਰਦ ਸੀ, ਨਾ ਹੁਣ ਹੈ ਅਤੇ ਨਾ ਹੀ ਅਗਾਂਹ ਕਦੀ ਹੋਵੇਗਾ। ਕਈ ਹਿੰਦੂ ਵੀ ਝੂਠ ਬੋਲ ਕੇ ਨਫਰਤ ਫੈਲਾਉਂਦੇ ਹਨ ਜਿਵੇਂ ਇੱਥੇ ਕਨੇਡਾ ਵਿੱਚ ਖਾਲਿਸਤਾਨੀਆਂ ਦੇ ਪ੍ਰੋਟੈਸਟ ਨੂੰ ਮੰਦਰ ਤੇ ਹਮਲਾ ਬਣਾ ਦਿੱਤਾ ਸੀ। ਇਸੇ ਤਰ੍ਹਾਂ ਇੱਕ ਬਾਰਡਰ ਸਕਿਉਰਟੀ ਅਫਸਰ ਨੂੰ ਖਾਲਿਸਤਾਨੀਆਂ ਨਾਲ ਜੋੜ ਦਿੱਤਾ ਸੀ। ਅਜਿਹੇ ਅਨਸਰਾਂ ਤੋਂ ਵੀ ਸੁਚੇਤ ਰਹਿਣ ਦੀ ਲੋੜ ਹੈ।
ਮੱਖਣ ਪੁਰੇਵਾਲ,
ਦਸੰਬਰ 22, 2024.





.