ਜਸਟਿਨ ਟਰੂਡੋ ਦੀ ਖਾਲਿਸਤਾਨੀਆਂ ਨਾਲ ਹੱਦੋਂ ਵੱਧ ਨੇੜਤਾ ਉਸ ਨੂੰ ਲੈ ਡੁੱਬੀ
ਸਿੱਖ ਮਾਰਗ ਦੇ ਪਾਠਕ ਸੱਜਣੋਂ ਪਿਛਲੇ ਕੁੱਝ ਸਾਲਾਂ ਤੋਂ ਸਿੱਖਾਂ ਬਾਰੇ ਜੋ ਚਰਚਾ ਸਾਰੀ ਦੁਨੀਆ ਵਿੱਚ ਹੋ ਰਹੀ ਸੀ ਉਸ ਦੀ ਅਹਿਮ ਭੂਮਿਕਾ ਮਿਸਟਰ ਟਰੂਡੋ ਨੇ ਨਿਭਾਈ ਸੀ। ਦਿਲੋਂ ਤਾਂ ਭਾਵੇਂ ਉਹ ਸਿੱਖਾਂ ਨੂੰ ਪੀੜਤ ਜਾਣ ਕੇ ਸਿੱਖਾਂ ਦੀ ਮਦਦ ਕਰਨਾ ਚਾਹੁੰਦਾ ਸੀ ਅਤੇ ਉਸ ਨੇ ਕੀਤੀ ਵੀ ਹੈ। ਪਰ ਜੇ ਕਰ ਉਹ ਥੋੜਾ ਸੰਭਲ ਕੇ ਚਲਦਾ ਤਾਂ ਸ਼ਾਇਦ ਇਹ ਨੌਬਤ ਇੱਥੋਂ ਤੱਕ ਨਾ ਪਹੁੰਚਦੀ। ਕਨੇਡਾ ਵਿੱਚ ਸੱਜੇ ਪੱਖੀ ਸੋਚ ਵਾਲੀਆਂ ਸਰਕਾਰਾਂ ਜਦੋਂ ਵੀ ਬਣਦੀਆਂ ਹਨ ਤਾਂ ਉਹ ਪਾਲਸੀਆਂ ਇਹੋ ਜਿਹੀਆਂ ਬਣਾਉਂਦੀਆਂ ਹਨ ਕਿ ਰੰਗਦਾਰ ਲੋਕ ਘੱਟ ਤੋਂ ਘੱਟ ਆ ਸਕਣ। ਐਸੇ ਸਮੇਂ ਇੰਡੀਆ ਤੋਂ ਵਿਜ਼ਟਰ ਵੀਜੇ ਤੇ ਆਉਣਾ ਬਹੁਤ ਮੁਸ਼ਕਲ ਹੁੰਦਾ ਸੀ। ਮੀਡੀਏ ਵਿੱਚ ਆਮ ਚਰਚਾ ਚਲਦੀ ਰਹਿੰਦੀ ਹੁੰਦੀ ਸੀ ਕਿ ਖੁਸ਼ੀ ਗਮੀ ਦੇ ਸਮੇ ਜੇ ਕਰ ਕੋਈ ਵਿਜ਼ਟਰ ਵੀਜੇ ਲਈ ਅਪਲਾਈ ਕਰਦਾ ਹੁੰਦਾ ਸੀ ਤਾਂ ਬਹੁਤ ਹੀ ਘੱਟ ਲੋਕਾਂ ਨੂੰ ਵੀਜ਼ਾ ਮਿਲਦਾ ਹੁੰਦਾ ਸੀ। ਕਈ ਵਾਰੀ ਤਾਂ ਮੈਂਬਰ ਪਾਰਲੀਮਿੰਟ ਦੀ ਚਿੱਠੀ ਨਾਲ ਵੀ ਮਸਾਂ ਹੀ ਵੀਜ਼ਾ ਮਿਲਦਾ ਹੁੰਦਾ ਸੀ। ਹੁਣ ਪਿਛਲੇ ਕੁੱਝ ਸਾਲਾਂ ਤੋਂ ਇਤਨੀ ਢਿੱਲ ਦਿੱਤੀ ਗਈ ਸੀ ਕਿ ਲੱਖਾਂ ਹੀ ਲੋਕ ਖਾਸ ਕਰਕੇ ਪੰਜਾਬ ਦੇ ਰਹਿਣ ਵਾਲੇ ਕਨੇਡਾ ਵਿੱਚ ਆ ਗਏ ਸਨ। ਜਦੋਂ ਇੱਕ ਦਮ ਇਤਨੇ ਇਕੱਠੇ ਹੀ ਲੋਕ ਆ ਜਾਣ ਤਾਂ ਰਹਿਣ ਸਹਿਣ ਅਤੇ ਸਿਹਤ ਸਹੂਲਤਾਂ ਲਈ ਮੁਸ਼ਕਲਾਂ ਖੜੀਆਂ ਹੋ ਜਾਂਦੀਆਂ ਹਨ। ਅਤੇ ਇਹੀ ਕੁੱਝ ਕਨੇਡਾ ਵਿੱਚ ਹੋਇਆ ਸੀ। ਕਰੋਨਾ ਵਾਇਰਸ ਤੋਂ ਬਾਅਦ ਮਹਿੰਗਾਈ ਤਾਂ ਹੋਰ ਦੇਸ਼ਾਂ ਵਿੱਚ ਵੀ ਵਧੀ ਸੀ ਪਰ ਕਨੇਡਾ ਵਿੱਚ ਕੁੱਝ ਜ਼ਿਆਦਾ ਹੀ ਵਧ ਗਈ ਸੀ।
ਇੰਡੀਆ ਵਿਚੋਂ ਜਿਹੜੇ ਜਿੰਨੇ ਕੁ ਬੱਚੇ ਪੜ੍ਹਾਈ ਕਰਨ ਲਈ ਕਨੇਡਾ ਵਿੱਚ ਆਏ ਸਨ ਸ਼ਾਇਦ ਅੱਧੇ ਕੁ ਕੇਵਲ ਪੰਜਾਬੀ ਦੇ ਹੀ ਹੋਣਗੇ। ਇਨ੍ਹਾਂ ਵਿੱਚ ਕਈ ਅਪਰਾਧਕ ਪਿਛੋਕੜ ਵਾਲੇ ਅਤੇ ਕਈ ਉਂਜ ਹੀ ਸ਼ਰਾਰਤਾਂ ਕਰਨ ਵਾਲੇ ਵੀ ਸਨ। ਇਨ੍ਹਾਂ ਜੋ ਕੁੱਝ ਇੱਥੇ ਰਹਿ ਕੇ ਕੀਤਾ ਉਸ ਦੀਆਂ ਖਬਰਾਂ ਮੀਡੀਏ ਵਿੱਚ ਛਪਦੀਆਂ ਰਹੀਆਂ ਹਨ। ਇਸ ਤਰ੍ਹਾਂ ਦੇ ਅਨਸਰਾਂ ਨੇ ਉਨ੍ਹਾਂ ਬੱਚਿਆਂ ਨੂੰ ਵੀ ਬਦਨਾਮ ਕਰ ਦਿੱਤਾ ਜਿਹੜੇ ਇਮਾਨਦਾਰੀ ਨਾਲ ਪੜ੍ਹਦੇ ਅਤੇ ਕੰਮ ਕਰਦੇ ਸਨ। ਦੂਸਰੇ ਪਾਸੇ ਸਾਡੇ ਹੀ ਕਈ ਲੋਕਾਂ ਨੇ ਇਨ੍ਹਾਂ ਬੱਚਿਆਂ ਦਾ ਨਿਜ਼ਾਇਜ਼ ਫਾਇਦਾ ਵੀ ਉਠਾਇਆ ਹੈ। ਕਈਆਂ ਨੇ ਕੰਮ ਕਰਨ ਦੇ ਪੂਰੇ ਪੈਸੇ ਨਹੀਂ ਦਿੱਤੇ ਅਤੇ ਹੋਰ ਵੀ ਬਹੁਤ ਕੁੱਝ ਹੋਇਆ ਹੈ। ਇਸ ਬਾਰੇ ਸਾਰੇ ਲੋਕ ਜਾਣਦੇ ਹੀ ਹਨ। ਇੰਡੀਆ ਦੀਆਂ ਸਰਕਾਰਾਂ ਵਿੱਚ ਅਤੇ ਆਮ ਲੋਕਾਈ ਕਿਤਨੀ ਕੁ ਇਮਾਨਦਾਰ ਹੈ ਇਸ ਬਾਰੇ ਬਹੁਤਾ ਦੱਸਣ ਦੀ ਲੋੜ ਨਹੀਂ ਹੈ। ਪਰ ਜਦੋਂ ਅਸੀਂ ਕਨੇਡਾ ਵਰਗੇ ਚੰਗੇ ਦੇਸ਼ ਵਿੱਚ ਆ ਕੇ ਰਹਿਣਾ ਚਾਹੁੰਦੇ ਹਾਂ ਤਾਂ ਸਾਨੂੰ ਇਸ ਦੇਸ਼ ਦੇ ਚੰਗੇ ਕਾਨੂੰਨ ਦੀ ਪਾਲਣਾ ਕਰਦੇ ਹੋਏ ਆਪਣੀਆਂ ਪੁਰਾਣੀਆਂ ਆਦਤਾਂ ਨੂੰ ਵੀ ਤਿਆਗਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨਾ ਕਿ ਵੱਧ ਤੋਂ ਵੱਧ ਅਤੇ ਛੇਤੀਂ ਤੋਂ ਛੇਤੀ ਅਮੀਰ ਹੋਣ ਦੀ ਲਾਲਸਾ ਵਿੱਚ ਆਪਣੇ ਖੂਨ ਵਿੱਚ ਰਚੀ ਹੋਈ ਬੇਈਮਾਨੀ ਦਾ ਮੌਕਾ ਮਿਲਣ ਤੇ ਹੱਦੋਂ ਵੱਧ ਇਸ ਬੇਈਮਾਨੇ ਵਾਲੇ ਮੌਕੇ ਦਾ ਲਾਹਾ ਲੈਣਾ ਚਾਹੀਦਾ ਹੈ। ਕਈ ਬੱਚੇ ਪਰੇਸ਼ਾਨੀ ਕਾਰਨ ਆਤਮ ਹੱਤਿਆ ਕਰ ਚੁੱਕੇ ਹਨ ਅਤੇ ਕਈ ਨਸਲਵਾਦ ਦਾ ਵੀ ਸ਼ਿਕਾਰ ਹੋਏ ਹਨ।
ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਜਦੋਂ ਕਨੇਡਾ ਦੇ ਪ੍ਰਧਾਨ ਮੰਤ੍ਰੀ ਨੇ ਕਨੇਡਾ ਦੀ ਪਾਰਲੀਮਿੰਟ ਵਿੱਚ ਖੜ ਕੇ ਕਿਹਾ ਸੀ ਕਿ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਵਿੱਚ ਭਾਰਤ ਸਰਕਾਰ ਦੀ ਖੁਫੀਆ ਏਜੰਸੀ ਰਾਅ ਦਾ ਹੱਥ ਹੈ। ਟਰੂਡੇ ਨੇ ਇਹ ਵੀ ਕਿਹਾ ਸੀ ਕਿ ਸਾਡੇ ਕੋਲ ਇਸ ਦੇ ਪੁਖਤਾ ਸਬੂਤ ਹਨ। ਉਸ ਤੋਂ ਬਾਅਦ ਸਾਰੀ ਦੁਨੀਆ ਦੇ ਸਿੱਖ, ਖਾਸ ਕਰਕੇ ਖਾਲਿਸਤਾਨੀ ਟਰੂਡੋ ਦਾ ਧੰਨਵਾਦ ਕਰਦੇ ਸਾਹ ਨਹੀਂ ਸੀ ਲੈਂਦੇ ਕਿ ਦੇਖੋ ਜੀ ਟਰੂਡੋ ਨੇ ਸਿੱਖਾਂ ਦਾ ਪੱਖ ਸਾਰੀ ਦੁਨੀਆ ਵਿੱਚ ਉਜਾਗਰ ਕਰ ਦਿੱਤਾ ਹੈ। ਸਾਰੀ ਦੁਨੀਆ ਸਿੱਖਾਂ ਦੀ ਹਮਾਇਤ ਤੇ ਆ ਗਈ ਹੈ। ਬਸ ਹੁਣ ਤਾਂ ਸਾਡਾ ਖਾਲਿਸਤਾਨ ਬਣਿਆਂ ਕਿ ਬਣਿਆਂ। ਰੈਫਰੰਡਮ ਦੀਆਂ ਵੋਟਾਂ ਪਵਾਈਆਂ ਗਈਆਂ। ਕਈਆਂ ਨੂੰ ਤਾਂ ਇਤਨਾ ਭਰਮ ਪੈ ਗਿਆ ਸੀ ਕਿ ਉਹ ਸਕਰੀਨ ਸ਼ੌਟ ਦੇ ਸਬੂਤ ਇਕੱਠੇ ਕਰਨ ਲਈ ਕਹਿ ਰਹੇ ਸਨ ਕਿ ਬਸ 2024 ਦੀ ਵਿਸਾਖੀ ਨੂੰ ਬਹੁਤ ਕੁੱਝ ਹੋਣ ਵਾਲਾ ਹੈ।
ਟਰੂਡੋ ਵਲੋਂ ਹਰਦੀਪ ਨਿੱਜਰ ਦੀ ਹੱਤਿਆਂ ਨੂੰ ਹੱਦ ਤੋਂ ਵੱਧ ਉਛਾਲਿਆ ਗਿਆ ਜਿਸ ਨਾਲ ਕਨੇਡਾ ਦੇ ਇੰਡੀਆ ਨਾਲ ਸੰਬੰਧ ਖਰਾਬ ਹੋਣੇ ਸ਼ੁਰੂ ਹੋ ਗਏ। ਦੂਸਰੇ ਪਾਸੇ ਰਾਅ ਨਾਲ ਸੰਬੰਧ ਰੱਖਣ ਵਾਲੇ ਕਈ ਵਿਆਕਤੀਆਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਜਿੱਥੋਂ ਤੱਕ ਹੋ ਸਕੇ ਅਸੀਂ ਕਰਾਂਗੇ ਕਿ ਅਗਲੀ ਸਰਕਾਰ ਟਰੂਡੋ ਦੀ ਨਾ ਬਣੇ। ਕਈਆਂ ਨੇ ਤਾਂ ਵੱਧ ਤੋਂ ਵੱਧ ਪੈਸਾ ਖਰਚਣ ਦੀ ਗੱਲ ਵੀ ਕੀਤੀ ਸੀ। ਇਸ ਨਾਲ ਫਿਰ ਕੀ ਹੋਇਆ ਕਿ ਕਨੇਡਾ ਵਿੱਚ ਵਿਰੋਧੀ ਪਾਰਟੀ ਅਤੇ ਇਨ੍ਹਾਂ ਨਾਲ ਸੰਬੰਧਿਤ ਲੋਕਾਂ ਨੇ ਇੱਕ ਜਬਰਦਸਤ ਮੁਹਿੰਮ ਚਲਾਈ ਜਿਸ ਨਾਲ ਕਨੇਡਾ ਵਿੱਚ ਨਸਲਵਾਦ ਵੀ ਵਧਿਆ ਅਤੇ ਗੋਰੇ ਲੋਕਾਂ ਨੇ ਟਰੂਡੋ ਅਤੇ ਜਗਮੀਤ ਸਿੰਘ ਖਿਲਾਫ ਧੜਾ ਧੜ ਪਰਚਾਰ ਸ਼ੁਰੂ ਕਰ ਦਿੱਤਾ। ਜਿਸ ਨਾਲ ਟਰੂਡੋ ਦੀ ਲਿਬਰਲ ਪਾਰਟੀ ਦਾ ਗਰਾਫ ਇੱਕ ਦਮ ਥੱਲੇ ਡਿਗਣਾ ਸ਼ੁਰੂ ਹੋ ਗਿਆ। ਕਨੇਡਾ ਵਿੱਚ ਕਈ ਥਾਵਾਂ ਤੇ ਜਦੋਂ ਖਾਲੀ ਹੋਈਆਂ ਸੀਟਾਂ ਤੇ ਦੁਬਾਰਾ ਇਲੈਕਸ਼ਨਾ ਹੋਈਆਂ ਤਾਂ ਟਰੂਡੋ ਦੀ ਲਿਬਰਲ ਸਰਕਾਰ ਨੂੰ ਬੜੀ ਨਿਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ। ਫਿਰ ਹੌਲੀ ਹੌਲੀ ਲਿਬਰਲ ਸਰਕਾਰ ਦੇ ਅੰਦਰੋਂ ਹੀ ਅਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਟਰੂਡੋ ਨੂੰ ਅਸਤੀਫਾ ਦੇ ਕੇ ਪਾਸੇ ਹੋ ਜਾਣਾ ਚਾਹੀਦਾ ਹੈ। ਫਿਰ ਜਦੋਂ ਇਸ ਦੇ ਖਾਸ ਨੇੜਤਾ ਵਾਲੀ ਬੀਬੀ, ਖਜਾਨਾ ਮੰਤ੍ਰੀ ਅਤੇ ਡਿਪਟੀ ਪਰੀਮੀਅਰ ਨੇ ਅਚਾਨਕ ਹੀ ਅਸਤੀਫਾ ਦੇ ਦਿੱਤਾ ਤਾਂ ਟਰੂਡੇ ਦੇ ਅਸਤੀਫਾ ਦੇਣ ਲਈ ਦਬਾਅ ਹੋਰ ਵੀ ਬਹੁਤ ਵਧ ਗਿਆ ਸੀ। ਹੁਣ ਦੋ ਕੁ ਦਿਨ ਪਹਿਲਾਂ ਉਸ ਨੇ ਅਸਤੀਫਾ ਦੇ ਦਿੱਤਾ ਹੈ ਅਤੇ ਉਹ ਨਵਾਂ ਲੀਡਰ ਚੁਣੇ ਜਾਣ ਤੱਕ ਇਸ ਅਹੁਦੇ ਤੇ ਟਿਕਿਆ ਰਹੇਗਾ। ਇਸ ਸਾਰੇ ਪਿਛੋਕੜ ਨੂੰ ਸਮਝਣ ਲਈ ਤੁਸੀਂ ਹੇਠ ਦਿੱਤੀ ਵੀਡੀਓ ਜਰੂਰ ਸੁਣੋਂ। ਇਸ ਤੋਂ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਹਾਂਸਲ ਹੋਵੇਗੀ।
ਮੱਖਣ ਪੁਰੇਵਾਲ,
ਜਨਵਰੀ 08, 2025.
https://www.youtube.com/watch?v=rH2XrrZ3_KI
,