.

ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉਚਤਾ ਦਾ ਸੰਕਲਪ ਅਤੇ ਸਾਡੇ ਸਿੱਖ ਚਿੰਤਕਾਂ ਦੀ ਸੁਪਨਸਾਜ਼ੀ!

ਹਰਚਰਨ ਸਿੰਘ ਪ੍ਰਹਾਰ Tel.: 403-681-8689 Emailhparharwriter@gmail.com

ਇਸ ਲੇਖ ਦੇ ਪਹਿਲੇ ਹਿੱਸੇ ਵਿੱਚ ਅਸੀਂ ਸਿੱਖ ਪੰਥ ਵਿੱਚ ‘ਮੀਰੀ-ਪੀਰੀ’ ਦੀ ਪ੍ਰਤੀਨਿਧਤਾ ਕਰਨ ਵਾਲ਼ੀ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਦੀ ਪਿਛਲੇ 50-60 ਵਰ੍ਹਿਆਂ ਦੀ ਕਾਰਗੁਜ਼ਾਰੀ ਦਾ ਸੰਖੇਪ ਜਿਹਾ ਲੇਖ-ਜੋਖਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਲੇਖ ਦੇ ਇਸ ਹਿੱਸੇ ਵਿੱਚ ਇਸੇ ਅਰਸੇ ਦੌਰਾਨ ਇਨ੍ਹਾਂ ਕੇਂਦਰੀ ਸੰਕਲਪਾਂ ਅਤੇ ਧਰਮ ਤੇ ਰਾਜਨੀਤੀ ਦੇ ਆਪਸੀ ਰਿਸ਼ਤੇ ਬਾਰੇ ਪ੍ਰਮੁੱਖ ਸਿੱਖ ਚਿੰਤਕਾਂ ਵਲੋਂ ਸਮੇਂ-ਸਮੇਂ `ਤੇ ਪ੍ਰਗਟਾਏ ਗਏ ਵਿਚਾਰਾਂ ਬਾਰੇ ਚਰਚਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਧਰਮ ਤੇ ਰਾਜਨੀਤੀ ਦੇ ਰਿਸ਼ਤੇ ਬਾਰੇ ਬਹਿਸ ਸਦੀਆਂ ਪੁਰਾਣੀ ਹੈ। ਜੇ ਇਹ ਕਹਿ ਲਿਆ ਜਾਵੇ ਕਿ ਇਸ ਬਾਰੇ ਚਰਚਾ ਦੀ ਸ਼ੁਰੂਆਤ ਇਸਾਈ ਧਰਮ ਵਿੱਚ ਪੰਜਵੀਂ ਸਦੀ ਦੇ ਉਘੇ ਧਰਮ-ਸ਼ਾਸਤਰੀ ਅਤੇ ਫਿਲਾਸਫਰ ਸੰਤ ਔਗੱਸਟਾਈਨ ਦੀ ਵੱਡ ਅਕਾਰੀ ਪੁਸਤਕ ‘ਦੀ ਸਿਟੀ ਆਫ ਗਾਡ’ ਨਾਲ਼ ਸ਼ੁਰੂ ਹੋ ਗਈ ਸੀ। ਇਸ ਤੋਂ ਬਾਅਦ ਅਨੇਕਾਂ ਨਾਮਵਰ ਇਸਾਈ ਫਿਲਾਸਫਰਾਂ ਨੇ ਆਪਣੀਆਂ ਪੁਸਤਕਾਂ ਵਿੱਚ ਇਸ ਬਾਰੇ ਚਰਚਾ ਕੀਤੀ। ਇਸਲਾਮ ਵਿੱਚ ਵੀ ਇਹ ਡੀਬੇਟ ਮੁਹੰਮਦ ਦੇ ਸਮੇਂ ਹੀ ਚੱਲ ਪਈ ਸੀ, ਜੋ ਅੱਜ ਤੱਕ ਜਾਰੀ ਹੈ। ਇਸੇ ਤਰ੍ਹਾਂ ਸਿੱਖਾਂ ਵਿੱਚ ਵੀ ਇਹ ਚਰਚਾ ਦੇਸ਼ ਦੀ ਅਜ਼ਾਦੀ ਤੋਂ ਬਾਅਦ ਸ਼ੁਰੂ ਹੋ ਗਈ ਸੀ, ਜੋ ਅਜੇ ਤੱਕ ਜਾਰੀ ਹੈ। ਸਿੱਖ ਪੰਥ ਵਿੱਚ, ‘ਧਰਮ ਤੇ ਰਾਜਨੀਤੀ’ ਦੇ ਸੁਮੇਲ ਨੂੰ ‘ਮੀਰੀ-ਪੀਰੀ’ ਦਾ ਨਾਮ ਦਿੱਤਾ ਜਾਂਦਾ ਹੈ। ਸਿੱਖ ਭਾਈਚਾਰੇ ਦੇ ਵੱਡੇ ਹਿੱਸੇ ਵਿੱਚ ਇਹ ਮਾਨਤਾ ਪ੍ਰਚਲਤ ਹੈ ਕਿ ਮੀਰੀ-ਪੀਰੀ ਦਾ ਸਿਧਾਂਤ ਗੁਰੂ ਹਰਿਗੋਬਿੰਦ ਸਾਹਿਬ ਨੇ ਦੋ ਕਿਰਪਾਨਾਂ ਪਾ ਕੇ ਦਿੱਤਾ ਸੀ ਅਤੇ ਫਿਰ ਅਕਾਲ ਤਖਤ ਸਾਹਿਬ (ਅਕਾਲ ਬੁੰਗਾ) ਦੀ ਸਿਰਜਨਾ ਕਰਕੇ ਇਸ ਉਪਰ ਮੋਹਰ ਲਗਾ ਦਿੱਤੀ ਸੀ ਕਿ ਮੀਰੀ (ਰਾਜਨੀਤੀ) ਦਾ ਪ੍ਰਤੀਕ ਅਕਾਲ ਤਖਤ ਸਾਰੇ ਦੁਨਿਆਵੀ ਤਖਤਾਂ ਤੋਂ ਉਪਰ ਹੈ ਅਤੇ ਇਸਦਾ ਜਥੇਦਾਰ ਕਿਸੇ ਸਰਕਾਰ ਜਾਂ ਦੇਸ਼ ਦੇ ਕਨੂੰਨ ਨੂੰ ਜਵਾਬਦੇਹ ਨਹੀਂ ਹੈ।

‘ਧਰਮ ਤੇ ਰਾਜਨੀਤੀ’ (ਮੀਰੀ-ਪੀਰੀ) ਦੇ ਸਬੰਧਾਂ ਨੂੰ ਗੁਰਮਤਿ ਦੀ ਅੰਤਰ ਆਤਮਾ ਦੀ ਸੋਝੀ ਅਨੁਸਾਰ ਸਮਝਣ ਲਈ ਪਿਛਲੀ ਸਦੀ ਦੇ ਸਤਿਕਾਰਤ ਤੇ ਸ਼੍ਰੋਮਣੀ ਸਿੱਖ ਚਿੰਤਕ ਪ੍ਰੋ ਪੂਰਨ ਸਿੰਘ ਦੇ ਲੇਖ ਸੰਗ੍ਰਿਹ ਪੁਸਤਕ ਖਾਲਸੇ ਦਾ ਆਦਰਸ਼(ਸੰਪਾਦਕ ਪ੍ਰੋ ਗੁਰਮੁੱਖ ਸਿੰਘ) ਪੰਨਾ 163-165 ਵਿਚਲੇ ਲੇਖ ‘ਸ੍ਰੀ ਦਰਬਾਰ ਸਾਹਿਬ’ ਸਿਰਲੇਖ ਹੇਠ ਉਨ੍ਹਾਂ ਵਲੋਂ ਲਿਖੇ ਲੇਖ ਤੋਂ ਕਾਫੀ ਸਪੱਸ਼ਟਤਾ ਮਿਲ ਸਕਦੀ ਹੈ। ਇਹ ਲੇਖ ਉਨ੍ਹਾਂ ਨੇ 100 ਕੁ ਸਾਲ ਪਹਿਲਾਂ ਲਿਖਿਆ ਸੀ। ਉਹ ਲਿਖਦੇ ਹਨ: ‘ਸਿੱਖੀ ਦੀ ਕਾਇਮੀ ਲਈ ਸਤਿਗੁਰਾਂ ਖਾਲਸਾ ਪੰਥ ਸਾਜਿਆ… ਸ੍ਰੀ ਦਰਬਾਰ ਸਹਿਬ ਸਿੱਖੀ ਦੇ ਕੇਂਦਰੀ ਧਾਰਮਿਕ ਅਸਥਾਨ ਹਨ, ਜਿੱਥੇ ਗੁਰੂ ਦੀ ਤਾਬਿਆ ਗੁਰੂ ਪੰਥ, ਕੀਰਤਨ ਤੇ ਨਾਮ ਸਿਮਰਨ ਨਾਲ਼ ਜਗਤ ਜਲੰਦੇ ਨੂੰ ਠਾਰਦਾ ਹੈ। ਸ੍ਰੀ ਦਰਬਾਰ ਸਾਹਿਬ ਅਖੰਡ ਕੀਰਤਨ ਦਾ ਕੇਂਦਰ ਹੈ। ਜਗਤ ਵਿੱਚ ਕਿਸੇ ਮੰਦਰ ਵਿੱਚ ਦਿਨ-ਰਾਤ ਕੀਰਤਨ ਜਾਰੀ ਨਹੀਂ ਰਹਿੰਦਾ। ਇਸ ਵਾਸਤੇ ਇਹ ਹਰਿਮੰਦਰ ਸਾਰੇ ਜਗਤ ਦੇ ਧਰਮ ਦਾ ਕੇਂਦਰ ਹੈ, ਇਹ ਨਿਰੋਲ ਧਰਮ ਦਾ ਪਵਿੱਤਰ ਟਿਕਾਣਾ ਹੈ, ਇੱਥੇ ਧਰਮ ਦਾ ਸੂਰਜ ਸਦਾ ਚਮਕਣਾ ਚਾਹੀਏ। ਭਾਈਚਾਰਕ, ਪਦਾਰਥਕ, ਰਾਜਸੀ ਅੰਦੋਲਨਾਂ ਦੇ ਵਧਾਓ ਘਟਾਓ, ਜਗਤ ਵਿੱਚ ਹੁੰਦੇ ਰਹੇ ਹਨ ਤੇ ਹੁੰਦੇ ਰਹਿਣਗੇ, ਪਰ ਸਿੱਖ ਧਰਮ ਦੀ ਟੇਕ ਹੈ ਕਿ ‘ਸੁੱਚ ਧਰਮ’ ਅਬਚਲ ਵਸਤੂ ਹੈ। ਇਹ ਸਭ ਤੋਂ ਉਚੀ ਹੈ। ਭਾਈਚਾਰਕ, ਪਦਾਰਥਕ, ਰਾਜਸੀ ਟਿਕਾਣੇ ਅਨੇਕਾਂ ਹਨ, ਪਰ ਸ੍ਰੀ ਦਰਬਾਰ ਸਾਹਿਬ ਸੱਚੇ ਧਰਮ ਦਾ ਕੇਂਦਰ ਹੈ। ਜਿੱਥੇ ਨਾਮ ਦਾ ਚੱਕਰ ਅਤੇ ਸ਼ਬਦ ਦਾ ਕੇਂਦਰੀ ਲਹਿਰਾਓ, ਸਤਗਿੁਰਾਂ ਨੇ ਆਪ ਦਿੱਤਾ ਹੈ। ਇਹ ਹੋਰ ਥਾਂ ਨਹੀਂ ਹੋ ਸਕਦਾ। ਇਸ ਲਈ ਇਸ ਸਥਾਨ ਨੂੰ ‘ਸਿਰਮੌਰ’ ਰੱਖਣਾ ਸਿੱਖਾਂ ਦਾ ਮੁੱਖ ਧਰਮ ਹੈ। ਇਸ ਅਸਥਾਨ ਨੂੰ ਸਿੱਖਾਂ ਦਾ ਰਾਜਸੀ ਕੇਂਦਰ ਬਣਾਉਣਾ ਵਾਜਿਬ ਨਹੀਂ’। ਇਸ ਤੋਂ ਅੱਗੇ ਲੇਖ ਵਿੱਚ ਉਨ੍ਹਾਂ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਮੁਗਲਾਂ ਵਿਰੁੱਧ ਲੜੇ ਯੁੱਧਾਂ ਦੀ ਚਰਚਾ ਕੀਤੀ ਹੈ ਅਤੇ ਦੱਸਿਆ ਹੈ ਕਿ ਕਿਵੇਂ ਮੁਗਲ ਸੈਨਾਪਤੀ ਮੁਖਲਸ ਖਾਨ ਵਲੋਂ ਅਚਾਨਕ ਹਮਲਾ ਕਰਨ ਲਈ ਆਉਣ ਦੀ ਖ਼ਬਰ ਮਿਲਣ `ਤੇ ਗੁਰੂ ਸਾਹਿਬ ਨੇ ਆਪਣੇ 25 ਗੁਰਸਿੱਖਾਂ ਨੂੰ ਲੋਹਗੜ੍ਹ ਭੇਜ ਕੇ ਰਸਤੇ ਵਿੱਚੋਂ ਹੀ ਹਰਿਮੰਦਰ ਸਾਹਿਬ ਆਉਣ ਤੋਂ ਰੋਕਿਆ ਸੀ। ਇਸ ਤਰ੍ਹਾਂ ਪਵਿਤਰ ਅਸਥਾਨ ਨੂੰ ਆਂਚ ਨਹੀਂ ਆਉਣ ਦਿੱਤੀ ਸੀ। ਗੁਰੂ ਸਾਹਿਬ ਨੇ ਭਵਿੱਖ ਵਿੱਚ ਇਸ ਪਵਿੱਤਰ ਅਸਥਾਨ ਦਾ ਕੋਈ ਨੁਕਸਾਨ ਹੋਵੇ, ਗੁਰੂ ਸਾਹਿਬ ਨੇ ਅੰਮ੍ਰਿਤਸਰ ਛੱਡ ਕੇ ਦੂਰ ਕੀਰਤਪੁਰ ਦੀਆਂ ਪਹਾੜੀਆਂ ਵਿੱਚ ਜਾ ਡੇਰੇ ਲਾਏ ਸਨ। ਇਸ ਪ੍ਰਥਾਏ ਪ੍ਰੋ ਪੂਰਨ ਸਿੰਘ ਨੇ ਕਵੀ ਸੰਤੋਖ ਸਿੰਘ ਦੇ ਗ੍ਰੰਥ ‘ਸੂਰਜ ਪ੍ਰਕਾਸ਼’ ਵਿੱਚੋਂ ਹਵਾਲਾ ਦਿੱਤਾ ਹੈ; ‘ਜੰਗ ਨਾ ਭਲੋ ਸੁਦਾ ਸਰ ਮਾਹਿ, ਆਵਹਿ ਤੁਰਕ ਅਦਬ ਰਹਿ ਨਾਹਿ’। ਪ੍ਰੋ ਪੂਰਨ ਸਿੰਘ ਅਨੁਸਾਰ ਗੁਰੂ ਸਾਹਿਬ ਦਾ ਹਰਿਮੰਦਰ ਸਾਹਿਬ ਨੂੰ ਯੁੱਧ ਭੂਮੀ ਦਾ ਕੇਂਦਰ ਨਾ ਬਣਨ ਦੇਣਾ, ਜੰਗ-ਯੁੱਧ ਦਾ ਅੱਡਾ ਨਾ ਬਣਾਉਣਾ, ਉਸ ਅਸਥਾਨ ਨੂੰ ਛੱਡ ਕੇ ਚਲੇ ਜਾਣ ਦਾ ਮਕਸਦ, ਸਿਰਫ ਇਸ ਅਸਥਾਨ ਨੂੰ ‘ਸਿੱਖਾਂ ਦਾ ਰਾਜਸੀ ਕੇਂਦਰ’ ਬਣਨ ਤੋਂ ਬਚਾਉਣ ਦਾ ਹੀ ਸੀ। ਸਿੱਖ ਪੰਥ ਦੇ ਸਿਰਮੌਰ ਵਿਦਵਾਨ ਨੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਹੋਂਦ `ਚ ਆਉਣ ਸਮੇਂ ਹੀ ਭਾਂਪ ਲਿਆ ਸੀ ਕਿ ਸਾਰੀ ਮਨੁੱਖਤਾ ਦੇ ਸਾਂਝੇ ਅਸਥਾਨ ਦਰਬਾਰ ਸਾਹਿਬ ਨੂੰ ‘ਸਿੱਖ ਰਾਜਨੀਤੀ ਦਾ ਕੇਂਦਰ’ ਨਹੀਂ ਬਣਨ ਦੇਣਾ ਚਾਹੀਦਾ। ਜੇ ਕਿਤੇ ਸਿੱਖਾਂ ਨੇ ਪ੍ਰੋ ਪੂਰਨ ਸਿੰਘ ਦੀ ਸਲਾਹ ਮੰਨੀ ਹੁੰਦੀ ਤਾਂ ਪੰਥ ਨੂੰ ਜੂਨ, 84 ਵਰਗੇ ਘੱਲੂਘਾਰੇ ਨਾ ਦੇਖਣੇ ਪੈਂਦੇ?

ਇੱਥੇ ਸਿੱਖ ਪੰਥ ਦੇ ਇੱਕ ਹੋਰ ਸਿਰਮੌਰ ਰਾਜਸੀ ਵਿਦਵਾਨ ਸਿਰਦਾਰ ਕਪੂਰ ਸਿੰਘ ਦੇ ਲੇਖਾਂ ਦੇ ਸੰਗ੍ਰਿਹ ਦੀ ਪ੍ਰੋ ਗੁਰਮੁੱਖ ਸਿੰਘ ਵਲੋਂ ਸੰਪਾਦਿਤ ਕਿਤਾਬ ‘ਰਾਜ ਕਰੇਗਾ ਖਾਲਸਾ’ ਦਾ ਹਵਾਲਾ ਦੇਣਾ ਬੇਹੱਦ ਰੌਚਕ ਰਹੇਗਾ ਕਿਉਂਕਿ ਕਪੂਰ ਸਿੰਘ ਆਪਣੀ ਲਿਖਤ ਵਿੱਚ ਪ੍ਰੋ ਪੂਰਨ ਸਿੰਘ ਤੋਂ ਬਿਲਕੁਲ ਉਲਟ ਪੁਜ਼ੀਸ਼ਨ ਲੈਂਦੇ ਹਨ। ਕਪੂਰ ਸਿੰਘ ਨੇ ਆਪਣੀ ਇਹ ਲਿਖਤ ਇੱਕ ਹੋਰ ਬਹੁਤ ਵੱਡੇ ਸਿੱਖ ਵਿਦਵਾਨ ਤੇ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦੇ ਸਾਬਕਾ ਵਾਈਸ ਚਾਂਸਲਰ ਭਾਈ ਜੋਧ ਸਿੰਘ ਦੇ ਇੱਕ ਲੈਕਚਰ ਦੇ ਵਿਰੋਧ ਵਿੱਚ ਲਿਖੀ ਸੀ, ਜਿਹੜਾ ਉਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਪਟਿਆਲ਼ਾ ਵਿੱਚ ਇੱਕ ਸੈਮੀਨਾਰ ਦੌਰਾਨ ਦਿੱਤਾ ਸੀ। ਜਿਸ ਵਿੱਚ ਉਨ੍ਹਾਂ ਕਿਹਾ ਸੀ: ‘ਇਹ ‘ਗਲਤ ਵਿਸ਼ਵਾਸ’ ਹੈ ਕਿ ਕਿਸੇ ਧਰਮ (ਸਮੇਤ ਸਿੱਖ ਧਰਮ) ਦੇ ਜ਼ਿੰਦਾ ਰਹਿਣ ਲਈ ਰਾਜ ਸਤ੍ਹਾ ਦਾ ਹੋਣਾ ਜਰੂਰੀ ਹੈ। ਇਸ ‘ਗਲਤ ਵਿਸ਼ਵਾਸ’ ਨੂੰ ਉਚੇਰੇ ਯਤਨਾਂ ਰਾਹੀਂ ਧਾਰਮਿਕ ਯੋਜਨਾਵਾਂ ਨਾਲ਼ ਜੋੜ ਕੇ ਸਿੱਖਾਂ ਦੀਆਂ ਸੰਗਠਿਤ ਵਿਉਂਬੰਦੀਆਂ ਦਾ ਭਾਗ ਬਣਾ ਕੇ, ਨਵਿਰਤ ਕਰਨਾ ਚਾਹੀਦਾ ਹੈ। ਸਿੱਖ ਸਿਆਸਤ ਧਰਮ ਨਾਲ਼ੋਂ ਬਿਲਕੁਲ ਵੱਖ ਹੋਣੀ ਚਾਹੀਦੀ ਹੈ’। ਸ. ਕਪੂਰ ਸਿੰਘ ਆਪਣੀ ਲਿਖਤ ਵਿੱਚ ਕਹਿੰਦੇ ਹਨ ਕਿ ਭਾਈ ਜੋਧ ਸਿੰਘ ਦੀਆਂ ਇਹ ਟਿੱਪਣੀਆਂ ਬਰਦਾਸ਼ਤ ਕਰਨਯੋਗ ਨਹੀਂ ਹਨ ਕਿਉਂਕਿ ਸਿੱਖ ਆਪਣੀ ਅਰਦਾਸ ਵਿੱਚ ਰੋਜ਼ਾਨਾ ਗੁਰੂ ਗੋਬਿੰਦ ਸਿੰਘ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਦੋਹਰਾ ‘ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਇ’ ਪੜ੍ਹਦੇ ਹਨ। (ਬਹੁਤੇ ਸਿੱਖ ਵਿਦਵਾਨ ਇਸ ਗੱਲ ਨਾਲ਼ ਸਹਿਮਤ ਹਨ ਕਿ ਅਰਦਾਸ ਵਾਲ਼ਾ ਦੋਹਰਾ ਗੁਰੂ ਜੀ ਦੇ ਮੁਖਾਰਬਿੰਦ ਤੋਂ ਉਚਾਰਿਆ ਨਹੀਂ ਹੈ, ਬੇਸ਼ੱਕ ਇਹ 18ਵੀਂ ਸਦੀ ਵਿੱਚ ਮਿਸਲਾਂ ਦੇ ਦੌਰ ਵਿੱਚ ਕਿਸੇ ਨਾ ਕਿਸੇ ਰੂਪ `ਚ ਪ੍ਰਚਲਤ ਜਰੂਰ ਸੀ, ਜਿਸਨੂੰ 19ਵੀਂ ਸਦੀ ਵਿੱਚ ਗਿਆਨੀ ਗਿਆਨ ਸਿੰਘ ਨੇ ਆਪਣੇ ‘ਸ੍ਰੀ ਗੁਰ ਪੰਥ ਪ੍ਰਕਾਸ਼’ ਗ੍ਰੰਥ ਵਿੱਚ ਕਵਿਤਾ ਰੂਪ ਵਿੱਚ ਲਿਖ ਕੇ ਸ਼ਾਮਿਲ ਕੀਤਾ ਸੀ)। ਉਹ ਅੱਗੇ ਲਿਖਦੇ ਹਨ ਕਿ ਭਾਈ ਜੋਧ ਸਿੰਘ ਨੇ ਸਿੱਖਾਂ ਨੂੰ ਜੋ ਉਪਦੇਸ਼ ਦਿੱਤਾ ਹੈ; ਉਹ ਸਿੱਖੀ ਸਿਧਾਂਤਾਂ, ਸਿੱਖ ਇਤਿਹਾਸ ਦੇ ਪੂਰਨਿਆਂ, ਅਤੇ ਸਿੱਖ ਗੁਰੂਆਂ ਦੀਆਂ ਸਪੱਸ਼ਟ ਤੇ ਅਟੱਲ ਸਿਖਿਆਵਾਂ ਦਾ ਸਿੱਧਾ ਵਿਰੋਧ ਹੈ। ਪਰ ਆਪਣੇ 20-25 ਪੰਨਿਆਂ ਦੀ ਇਸ ਲਿਖਤ ਵਿੱਚ ਕਪੂਰ ਸਿੰਘ ਜੀ ਗੁਰਬਾਣੀ, ਗੁਰ-ਇਤਿਹਾਸ, ਸਿੱਖ ਸਿਧਾਂਤਾਂ, ਗੁਰ-ਉਪਦੇਸ਼ਾਂ ਦਾ ਇੱਕ ਵੀ ਹਵਾਲਾ ਦੇ ਕੇ ਭਾਈ ਜੋਧ ਸਿੰਘ ਦਾ ਵਿਰੋਧ ਨਹੀਂ ਕਰਦੇ ਅਤੇ ਨਾ ਹੀ ‘ਧਰਮ ਤੇ ਰਾਜਨੀਤੀ’ ਦੇ ਸੁਮੇਲ ਜਾਂ ‘ਰਾਜ ਬਿਨਾਂ ਧਰਮ ਚੱਲ ਨਹੀਂ ਸਕਦਾ’ ਦੇ ਹੱਕ ਵਿੱਚ ਕੋਈ ਪੁਖਤਾ ਸਬੂਤ ਪੇਸ਼ ਕਰਦੇ ਹਨ। ਸਗੋਂ ਸਿੱਖਾਂ ਦੇ ‘ਜੰਗਜੂ ਕਿਰਦਾਰ’ ਅਤੇ ਜਮਾਂਦਰੂ ‘ਸ਼ਾਹਾਨਾ ਅਧਿਕਾਰ’ ਨੂੰ ਤਰਕਪੂਰਨ ਸਾਬਿਤ ਕਰਨ ਲਈ, ਉਹ ਦੁਨੀਆਂ ਭਰ ਦੇ ਰੱਬ ਦੀ ਹੋਂਦ ਤੋਂ ਵੀ ਇਨਕਾਰੀ ਵਿਦਵਾਨਾਂ, ਮਾਓ-ਜ਼ੇ-ਤੁੰਗ, ਨੀਤਸ਼ੇ, ਸਿਗਮੰਡ ਫਰਾਇਡ, ਓਸਵਾਰਡ ਸਪੈਂਗਲਰ, ਕਨਫਿਊਸ਼ੀਅਸ ਆਦਿ ਦੇ ਵਿਚਾਰਾਂ ਰਾਹੀਂ, ਪਤਾ ਨਹੀਂ ਕਿਵੇਂ ‘ਮੀਰੀ-ਪੀਰੀ’ ਜਾਂ ‘ਰਾਜ ਕਰੇਗਾ ਖਾਲਸਾ’ ਦਾ ਸਿਧਾਂਤ, ਕੱਢ ਰਹੇ ਹਨ? ਜਦਕਿ ਇਨ੍ਹਾਂ ਵਿਚਾਰਾਂ ਦਾ ਸਿੱਖੀ ਸਿਧਾਂਤਾਂ ਜਾਂ ਗੁਰ-ਉਪਦੇਸ਼ਾਂ ਨਾਲ਼ ਕੋਈ ਸਰੋਕਾਰ ਨਹੀਂ ਬਣਦਾ। ਇਸ ਸੰਦਰਭ ਵਿੱਚ ਉਹ ਅੱਗੇ ਲਿਖਦੇ ਹਨ:

ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ।। ਖ਼ੁਆਰ ਹੋਇ ਸਭ ਮਿਲੇਂਗੇ ਬਚੇ ਸ਼ਰਨਿ ਜੋ ਹੋਇ।

‘ਇਹ ਇੱਕ ਦੈਵੀ ਸੱਚ ਦਾ ਹੀ ਪ੍ਰਗਟਾਵਾ ਨਹੀਂ, ਬਲਕਿ ਇੱਕ ਭਲੀ-ਭਾਂਤ ਸਥਾਪਿਤ ਵਿਗਿਆਨਕ ਸਚਾਈ ਹੈ। ਲੌਰੰਜ, ਐਂਡਰੇ ਅਤੇ ਮੋਰਿਸ ਆਦਿ ਵਿਦਵਾਨਾਂ ਨੇ ਆਪਣੇ ਸਿਧਾਂਤ ਹਵਾ ਵਿੱਚੋ ਨਹੀਂ ਚੁਣੇ। ਉਨ੍ਹਾਂ ਦਾ ਸਬੰਧ ਪੂਰਨ ਤੌਰ `ਤੇ ਸਥਾਪਿਤ ਸ਼ੋਹਰਤ ਵਾਲ਼ੀ ਉਸ ਪੱਛਮੀ ਵਿਚਾਰਧਾਰਾ ਅਤੇ ਵਿਗਿਆਨਕ ਖੋਜਾਂ ਨਾਲ਼ ਹੈ, ਜਿਨ੍ਹਾਂ ਦਾ ਪਾਸਾਰ ਸਪੈਂਗਲਰ ਤੋਂ ਥਾਮਸ ਹੋਬਜ਼ ਰਾਹੀਂ ਸਿਗਮੰਡ ਫਰਾਇਡ ਤੱਕ ਫੈਲਿਆ ਹੋਇਆ ਹੈ। ਸਪੈਂਗਲਰ ਆਪਣੀ ਸਭ ਤੋਂ ਉਤਕ੍ਰਿਸ਼ਟ ਰਚਨਾ ‘ਡਿਕਲਾਈਨ ਆਫ ਦੀ ਵੈਸਟ’ ਵਿੱਚ ਲੜਾਕੇਪਨ ਸਬੰਧੀ ਆਪਣੇ ਦਾਹਵਿਆਂ ਬਾਰੇ ਬੜਾ ਦ੍ਰਿੜ ਰਹਿ ਚੁੱਕਾ ਹੈ। ਉਹ ਕਹਿੰਦਾ ਹੈ: ਮਾਸਾਹਾਰੀ ਜਾਨਵਰ, ਕਿਰਿਅਸ਼ੀਲ ਜੀਵਨ ਦਾ ਸਭ ਤੋਂ ਉਤਮ ਨਮੂਨਾ ਹਨ। ਮਨੁੱਖੀ ਨਸਲ ਇਸ ਕਰਕੇ ਉਚੀ ਮੰਨੀ ਜਾਂਦੀ ਹੈ ਕਿਉਂਕਿ ਇਹ ਮਾਸਾਹਾਰੀ ਜਾਨਵਰਾਂ ਦੀ ਸ਼੍ਰੇਣੀ ਨਾਲ਼ ਸਬੰਧ ਰੱਖਦੀ ਹੈ। ਮਨੁੱਖ ਝਗੜਨ, ਮਾਰਨ ਅਤੇ ਤਬਾਹ ਕਰਨ ਵਿੱਚ ਲੱਗਾ ਰਹਿੰਦਾ ਹੈ:

ਖਾਲਸਾ ਸੋ ਜੋ ਕਰੇ ਨਿੱਤ ਜੰਗ। (ਸਰਬਲੋਹ ਗ੍ਰੰਥ)

ਪਰ ‘ਰਾਜ ਕਰੇਗਾ ਖਾਲਸਾ’ ਲੇਖ ਤੋਂ ਕਈ ਵਰ੍ਹੇ ਪਹਿਲਾਂ ਆਪਣੀ ਕਲਾਸਿਕ ਕ੍ਰਿਤ ‘ਪਾਰਾਸ਼ਰ ਪ੍ਰਸ਼ਨ’ ਵਿੱਚ ਕਪੂਰ ਸਿੰਘ, ਖਾਲਸਿਆਂ ਵਲੋਂ 70-80 ਸਾਲਾਂ ਦੇ ਖੂਨੀ ਸੰਘਰਸ਼ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਰਾਹੀਂ ਆਏ ਸਿੱਖ ਰਾਜ ਦਾ ਵਿਰੋਧ, ਇਨ੍ਹਾਂ ਸ਼ਬਦਾਂ ਵਿੱਚ ਕਰਦੇ ਹਨ: ‘ਸ਼ੁਕਰਚੱਕੀਆ ਮਿਸਲ ਦੇ ਸਰਦਾਰ ਰਣਜੀਤ ਸਿੰਘ ਨੇ 1799 ਵਿੱਚ ਲਾਹੌਰ ਅਤੇ ਆਲ਼ੇ-ਦੁਆਲੇ ਦਾ ਇਲਾਕਾ ਦੂਜੀਆਂ ਪੰਥਕ ਧਿਰਾਂ (ਮਿਸਲਾਂ) ਪਾਸੋਂ ਖੋਹ ਲਿਆ। ਮਿਥੀ ਯੋਜਨਾ ਅਨੁਸਾਰ 1801 ਵਿੱਚ ਉਸਨੇ ਹਿੰਦੂ ਤਾਨਾਸ਼ਾਹ ਦੀ ਪ੍ਰੰਪਰਾ ਅਨੁਸਾਰ ਗੈਰ-ਸਿੱਖ ਰੁਤਬਾ ‘ਮਹਾਰਾਜਾ’ ਪਦ ਗ੍ਰਹਿਣ ਕਰ ਲਿਆ। ਜਿਸਨੇ ਸਿੱਖ ਸਿਆਸਤ ਦੇ ਅਧਾਰ ਉਪਰ ਗਹਿਰੀ ਸੱਟ ਮਾਰੀ। ਉਸਨੇ ਸਿੱਖ ਸਿਆਸਤ ਦੀ ਸ਼੍ਰੋਮਣੀ ਸਤ੍ਹਾ ‘ਗੁਰਮਤਾ’ ਦਾ ਭੋਗ ਪਾ ਦਿੱਤਾ। ਸਟੇਟ ਦੀ ਸਾਰੀ ਸ਼ਕਤੀ ਦਾ ਉਹ ਇਕੱਲਾ ਮਾਲਕ ਬਣ ਗਿਆ’। (ਪਾਰਾਸ਼ਰ ਪ੍ਰਸ਼ਨ ਪੰਨਾ: 215)

ਮਹਾਰਾਜਾ ਰਣਜੀਤ ਸਿੰਘ ਬਾਰੇ ਉਹ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਅੱਗੇ ਲਿਖਦੇ ਹਨ: ‘ਰਣਜੀਤ ਸਿੰਘ ਦਾ ਕਿਰਦਾਰ ਰੂਹਾਨੀ ਤੌਰ `ਤੇ ਕਰੂਪ ਸੀ, ਉਸਨੇ ਮੌਤ ਤੋਂ ਪਹਿਲਾਂ ਆਪਣੇ ਵਾਰਿਸ ਦਾ ਹੱਥ ਨਮਕ ਹਰਾਮੀ ਧਿਆਨ ਸਿੰਘ ਡੋਗਰੇ ਨੂੰ ਫੜਾ ਦਿੱਤਾ ਤਾਂ ਕਿ ਉਸਦਾ ਖਾਨਦਾਨੀ ਰਾਜ ਕਾਇਮ ਰਹੇ। ਉਸਨੇ ਡੋਗਰਿਆਂ ਨੂੰ ਆਪਣੇ ਰਾਜ ਦਾ ਭਾਈਵਾਲ ਤਾਂ ਬਣਾਇਆ ਸੀ ਕਿ ਖਾਲਸਾ ਪੰਥ ਨੂੰ ਨਕੇਲ ਪਾਈ ਜਾ ਸਕੇ’। (ਪਾਰਾਸ਼ਰ ਪ੍ਰਸ਼ਨ ਪੰਨਾ: 220)

ਸਿੱਖ ਭਾਈਚਾਰੇ ਵਿੱਚ ਇਹ ਸਥਾਪਿਤ ਧਾਰਨਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਵਿੱਚ ਚੰਦ ਕੁ ਨਿੱਜ਼ੀ ਕਮਜ਼ੋਰੀਆਂ ਹੋ ਸਕਦੀਆਂ, ਪਰ ਉਸਨੇ ਆਪਣੇ 40ਕੁ ਸਾਲ ਦੇ ਰਾਜ ਵਿੱਚ ਇੱਕ ਸਫਲ, ਧਰਮ ਨਿਰਪੱਖ ਤੇ ਨਿਆਂਕਾਰੀ ਰਾਜੇ ਵਾਲਾ ਰਾਜ ਚਲਾਇਆ, ਜਿਸਤੇ ਸਿੱਖਾਂ ਸਮੇਤ ਸਾਰੇ ਪੰਜਾਬੀਆਂ ਨੂੰ ਫਖਰ ਹੈ। ਇਸੇ ਅਧਾਰ `ਤੇ ਸਿੱਖ ਚਿੰਤਕ ਅਜਮੇਰ ਸਿੰਘ ਵਾਂਗ ਸਿੱਖ ਵਿਦਵਾਨਾਂ ਦਾ ਇੱਕ ਵੱਡਾ ਵਰਗ ਭਾਰਤ ਤੋਂ ਵੱਖਰੇ ਦੇਸ਼ ‘ਖਾਲਿਸਤਾਨ’ ਦਾ ਦਾਅਵਾ ਪੇਸ਼ ਕਰਦਾ ਹੈ। ਜਿਸ ਵਿੱਚ ਕਪੂਰ ਸਿੰਘ ਦੀ ਸੋਚ ਦੇ ਵਾਰਿਸ ਵੀ ਸ਼ਾਮਿਲ ਹਨ। ਪਰ ਜਦੋਂ ਕੋਈ ਪਾਠਕ ਇਸੇ ਕਿਤਾਬ ਦੇ ਚੈਪਟਰ ‘ਸਿੱਖ ਪੌਲੀਟੀ’ (ਸਿੱਖ ਰਾਜਨੀਤੀ) ਨੂੰ ਇਸ ਉਤਸ਼ਾਹ ਨਾਲ਼ ਪੜ੍ਹਦਾ ਹੈ ਕਿ ਸਿਰਦਾਰ ਸਾਹਿਬ ਦੀ ਵਿਦਵਤਾ ਰਾਹੀਂ ਪਤਾ ਲੱਗ ਸਕੇ ਕਿ ਸਿੱਖ ਪੌਲਿਟੀ (ਰਾਜਨੀਤੀ) ਦਾ ਸੁਭਾੳੇ ਕਿਹੋ ਜਿਹਾ ਹੋਵੇਗਾ ਤਾਂ ਉਸਨੂੰ ਇਹ ਚੈਪਟਰ ਪੜ੍ਹ ਕੇ ਨਿਰਾਸ਼ਾ ਹੀ ਪੱਲੇ ਪੈਂਦੀ ਹੈ। ਜਦੋਂ ਉਹ ਲਿਖਦੇ ਹਨ: ‘ਇਹ ਬੜੀ ਬਚਕਾਨਾ ਦਲੀਲ ਹੈ ਕਿ ਰਣਜੀਤ ਸਿੰਘ ਨੇ ਵਿਗੜੀਆਂ-ਤਿਗੜੀਆਂ ਸਿੱਖ ਮਿਸਲਾਂ ਨੂੰ ਲਾਮਬੰਦ ਕਰਕੇ ਸਿੱਖ ਰਾਜ ਕਾਇਮ ਕੀਤਾ।’ ਪੰਨਾ-221 (ਇੱਥੇ ਵਰਨਣਯੋਗ ਤੱਥ ਇਹ ਹੈ ਕਿ ਬਹੁਤੇ ਇਤਿਹਾਸਕਾਰਾਂ ਦਾ ਮੱਤ ਹੈ ਕਿ ਸਿੱਖ ਮਿਸਲਾਂ ਬਾਹਰਲੇ ਹਮਲੇ ਵੇਲੇ ਦੁਸ਼ਮਣ ਨਾਲ਼ ਲੜਦੀਆਂ ਸਨ ਅਤੇ ਜਦੋਂ ਬਾਹਰੋਂ ਹਮਲਾ ਨਾ ਹੋਵੇ ਤਾਂ ਆਪਸ `ਚ ਲੜਦੀਆਂ ਸਨ। ਜਿਸਦਾ ਲਾਭ ਉਠਾ ਕੇ ਮਹਾਰਾਜੇ ਨੇ ਆਪਣੀ ਤਾਕਤ ਤੇ ਕੂਟਨੀਤੀ ਨਾਲ਼ ਇਨ੍ਹਾਂ ਮਿਸਲਾਂ ਰਾਹੀਂ ਸਿੱਖ ਰਾਜ ਕਾਇਮ ਕੀਤਾ)। ਇਨ੍ਹਾਂ ਇਤਿਹਸਾਕ ਤੱਥਾਂ ਨਾਲ਼ ਸ. ਕਪੂਰ ਸਿੰਘ ਸਹਿਮਤ ਨਹੀਂ ਹਨ ਕਿਉਂਕਿ ਉਨ੍ਹਾਂ ਅਨੁਸਾਰ: ‘ਮਹਾਰਾਜਾ ਰਣਜੀਤ ਸਿੰਘ ਦੇ ਖਾਨਦਾਨੀ ਸਿੱਖ ਰਾਜ ਨੇ ਉਸ ਕੁਦਰਤੀ ਵਹਿਣ ਨੂੰ ਰੋਕ ਦਿੱਤਾ, ਜੋ ਭਾਰਤ ਵਰਸ਼ ਵਿੱਚ ਹਜ਼ਾਰਾਂ ਸਾਲਾਂ ਤੋਂ ਵਗਦਾ ਆ ਰਿਹਾ ਸੀ ਅਤੇ ਜਿਸਨੂੰ ਸਿੱਖ ਗੁਰੂ ਸਾਹਿਬਾਨ ਨੇ ਪਵਿਤਰ ਮੰਨ ਕੇ ਖੁਦ ਪ੍ਰਵਾਨ ਚਾੜ੍ਹਿਆ ਸੀ। ਜੇ ਹਾਲਾਤ ਸਾਜ਼ਗਰ ਹੁੰਦੇ ਤਾਂ ਸਿੱਖਾਂ ਨੇ ਇਨ੍ਹਾਂ ਪ੍ਰੰਪਰਾਵਾਂ ਦੇ ਰੁਝਾਣ ਸਦਕਾ ਆਪਣੀ ਇੱਕ ਸ਼ਾਨਦਾਰ ਰਾਜ ਪ੍ਰਣਾਲ਼ੀ ਉਸਾਰ ਕੇ ਬਰਤਾਨੀਆ ਅਤੇ ਅਮਰੀਕਾ ਵਰਗੇ ਦੇਸ਼ਾਂ ਤੋਂ ਵਧੀਆ ਰਾਜ ਕਾਇਮ ਕਰ ਲੈਣਾ ਸੀ’। ਅਸਲ ਵਿੱਚ ਕਪੂਰ ਸਿੰਘ ਜੀ ਦਾ ਮੱਤ ਸੀ ਕਿ ਸਿੱਖ ਮੱਤ ਦੀਆਂ ਜੜ੍ਹਾਂ ਪ੍ਰਾਚੀਨ ਭਾਰਤੀ ਸੰਸਕ੍ਰਿਤੀ, ਸਨਾਤਨ ਮੱਤ, ਆਰੀਅਨ ਤੇ ਵੈਦਿਕ ਪ੍ਰੰਪਰਾ ਵਿੱਚ ਪਈਆਂ ਹਨ। ਇਸਨੂੰ ਸਪੱਸ਼ਟ ਕਰਨ ਲਈ ਉਹ ਇਸੇ ਕਿਤਾਬ ਦੇ ਪੰਨਾ 201 ਤੇ ਲਿਖਦੇ ਹਨ: ‘ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਖਾਲਸੇ ਨੂੰ ਸੰਪੂਰਨ ਕਰਕੇ ਉਸਨੂੰ ਅਲੌਕਿਕ ਸੁਤੰਤਰਤਾ ਦਾ ਮਾਲਕ ਬਣਾਇਆ ਸੀ, ਉਸ ਦੀਆਂ ‘ਜੜ੍ਹਾਂ ਸਨਾਤਨ ਆਰੀਆ ਪ੍ਰੰਪਰਾ ਅਤੇ ਸਿਆਸਤ’ ਵਿੱਚ ਪਈਆਂ ਹਨ’। ਸਰਦਾਰ ਸਾਹਿਬ ਅਨੁਸਾਰ ਭਾਰਤ ਦੀ ਵੈਦਿਕ ਆਰੀਅਨ ਪ੍ਰੰਪਰਾ ਅਨੁਸਾਰ ਇੱਥੇ ਛੋਟੇ-ਛੋਟੇ ਲੋਕਤੰਤਰੀ ਗਣਰਾਜ ਹੁੰਦੇ ਸਨ। ਰਾਜਾਸ਼ਾਹੀ ਵਾਲ਼ਾ ਸਿਸਟਮ ਬਾਅਦ ਵਿੱਚ ਆਇਆ। ਉਨ੍ਹਾਂ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਖਾਨਦਾਨੀ ਰਜਵਾੜਾਸ਼ਾਹੀ ਰਾਜ ਬਣਾ ਕੇ ਸਿੱਖਾਂ ਨੂੰ ਪ੍ਰਾਚੀਨ ਆਰੀਅਨ ਵੈਦਿਕ ਪ੍ਰੰਪਰਾਵਾਂ ਨਾਲ਼ੋਂ ਤੋੜ ਦਿੱਤਾ। ਸਿੱਖਾਂ ਦੇ ਰਾਜਨੀਤੀ ਵਿੱਚ ਫੇਲ੍ਹ ਹੋਣ ਦੇ ਕਾਰਨਾਂ ਬਾਰੇ ਚਰਚਾ ਕਰਦਿਆਂ, ਕਪੂਰ ਸਿੰਘ ਜੀ ਇਸੇ ਕਿਤਾਬ ‘ਪਾਰਾਸ਼ਰ ਪ੍ਰਸ਼ਨ’ ਦੇ ਪੰਨਾ 189 `ਤੇ ਲਿਖਦੇ ਹਨ: ‘ਸ਼ਿਵਾ ਜੀ ਅਤੇ ਸਿੱਖਾਂ ਵਿੱਚ ਜਦੋਂ ਪੁਨਰਜਾਗਰਣ ਦੀ ਲਹਿਰ ਪੈਦਾ ਹੋਈ, ਬਤੌਰ ਸਿਆਸਤ, ਸਿੱਖ ਨਾਕਾਮਯਾਬ ਰਹੇ ਕਿਉਂਕਿ ਉਨ੍ਹਾਂ ਨੇ ਆਪਣੇ ਆਪ ਨੂੰ ‘ਮੂਲ’ (ਸਨਾਤਨ ਆਰੀਅਨ ਵੈਦਿਕ ਪ੍ਰੰਪਰਾ) ਨਾਲ਼ ਨਹੀਂ ਜੋੜਿਆ। ਉਨ੍ਹਾਂ ਨੇ ਉਹੋ ਰਾਜ ਪ੍ਰਣਾਲ਼ੀ ਅਪਨਾ ਲਈ, ਜੋ ਉਸ ਸਮੇਂ ਆਲ਼ੇ-ਦੁਆਲ਼ੇ ਪ੍ਰਚਲਤ ਸੀ’। ਭਾਵ ਹਿੰਦੂ ਤੇ ਮੁਗਲ ਰਾਜਿਆਂ ਵਾਲ਼ੀ ਰਜਵਾੜਾਸ਼ਾਹੀ ਦੀ ਰਾਜਨੀਤੀ ਅਪਨਾ ਲਈ।

ਉਪਰ ਸਿੱਖ ਪੰਥ ਦੇ ਤਿੰਨ ਵੱਡੇ ਵਿਦਵਾਨਾਂ ਪ੍ਰੋ ਪੂਰਨ ਸਿੰਘ, ਪ੍ਰੋ ਜੋਧ ਸਿੰਘ ਅਤੇ ਸ. ਕਪੂਰ ਸਿੰਘ ਹੋਰਾਂ ਦੇ ਵਿਚਾਰ ਪਾਠਕਾਂ ਸਾਹਮਣੇ ਰੱਖੇ ਹਨ ਤਾਂ ਕਿ ਅਸੀਂ ‘ਧਰਮ ਤੇ ਰਾਜਨੀਤੀ’ ਵਾਲ਼ੇ ਮਸਲੇ ਨੂੰ ਗੰਭੀਰਤਾ ਨਾਲ਼ ਵਿਚਾਰ ਸਕੀਏ। ਹੁਣ ਇਸ ਆਰਟੀਕਲ ਰਾਹੀਂ ਸਿੱਖ ਭਾਈਚਾਰੇ ਦੀ ਮਾਡਰਨ ਵਰਲਡ ਦੀਆਂ ਲੋਕਤੰਤਰੀ ਤੇ ਧਰਮ-ਨਿਰਪੱਖ (ਸੈਕੂਲਰ) ਹਕੀਕਤਾਂ ਦੇ ਸੰਦਰਭ ਵਿੱਚ ਮੌਜੂਦਾ ਸਿੱਖ (ਪੰਥਕ) ਸਿਆਸਤ, ‘ਧਰਮ ਤੇ ਰਾਜਨੀਤੀ’ (ਮੀਰੀ-ਪੀਰੀ), ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’, ‘ਸ੍ਰੀ ਅਕਾਲ ਤਖਤ ਸਾਹਿਬ’, ‘ਤਖਤਾਂ ਦੇ ਜਥੇਦਾਰਾਂ’ ਦੇ ਰੋਲ ਬਾਰੇ ਹੋਰ ਵਿਦਵਾਨਾਂ ਦੇ ਵਿਚਾਰਾਂ ਨੂੰ ਅਧਾਰ ਬਣਾ ਕੇ ਪਿਛਲੀ ਅੱਧੀ ਸਦੀ ਤੋਂ ਚੱਲ ਰਹੇ ਵਾਦ-ਵਿਵਾਦ ਨੂੰ ਸਮਝਣ ਦਾ ਯਤਨ ਕਰਦੇ ਹਾਂ।

ਸਾਡੇ ਸਮਿਆਂ ਵਿੱਚ ਸਿੱਖ ਵਿਦਵਾਨਾਂ ਅੰਦਰ ‘ਧਰਮ ਤੇ ਸਿਆਸਤ’ ਦੇ ਰਿਸ਼ਤੇ ਬਾਰੇ ਅਸਲ ਵਿੱਚ ਨਵੀਂ ਗਹਿ-ਗੱਡਮੀ ਚਰਚਾ ਸਾਲ 1996 ਵਿੱਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਮੌਕੇ ਸ਼ੁਰੂ ਹੁੰਦੀ ਹੈ, ਜਦੋਂ 1997 ਦੀਆਂ ਪੰਜਾਬ ਅਸੰਬਲੀ ਚੋਣਾਂ ਮੌਕੇ ਮਾਡਰੇਟ ਅਕਾਲੀ ਸਿਆਸਤ ਦੀ ਚੜ੍ਹਤ ਦੀਆਂ ਸੰਭਾਵਨਾਵਾਂ ਰੌਸ਼ਨ ਹੋਈਆਂ ਤਾਂ ਉਸ ਵਕਤ ਚੋਟੀ ਦੇ ਸਿੱਖ ਵਿਦਵਾਨ ਜਸਬੀਰ ਸਿੰਘ ਆਹਲੂਵਾਲ਼ੀਆ ਵਲੋਂ ਇਸ ਤਰ੍ਹਾਂ ਦੀ ਚਰਚਾ ਦੀ ਸ਼ੁਰੂਆਤ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਸਬੰਧਾਂ ਦੇ ਰੋਲ ਨੂੰ ਸਿਧਾਂਤਕ ਤੌਰ `ਤੇ ਪ੍ਰੀਭਾਸ਼ਤ ਕਰਨ ਸਬੰਧੀ ਲਿਖੇ ਆਰਟੀਕਲ ‘ਦੂਸਰੀ ਸਿੱਖ ਜਾਗ੍ਰਿਤੀ ਲਹਿਰ ਦੀ ਲੋੜ’ ਰਾਹੀਂ ਕੀਤੀ, ਜਿਸ ਵਿੱਚ ਉਹ ਲਿਖਦੇ ਹਨ: ‘ਗੁਰਦੁਆਰਾ ਹੋਰ ਧਰਮਾਂ ਦੇ ਧਾਰਮਿਕ ਅਸਥਾਨਾਂ ਵਾਂਗ ਸਿਰਫ ਪੂਜਾ-ਪਾਠ ਦਾ ਸਥਾਨ ਨਹੀਂ ਹੈ, ਜਿਸ ਤਰ੍ਹਾਂ ਕਿ ਗੁਰਦੁਆਰਾ ਐਕਟ 1925 ਵਿੱਚ ਦਰਜ ਕੀਤਾ ਗਿਆ ਹੈ। ਇਹ ਐਕਟ ਗੁਰਦੁਆਰੇ ਨੂੰ ਇੱਕ ਬਹੁ-ਪੱਖੀ ਇਤਿਹਾਸਕ ਸੰਸਥਾ ਦੀ ਥਾਂ ਸਿਰਫ ਇੱਕ ਜਾਇਦਾਦ ਹੀ ਮੰਨਦਾ ਹੈ। ਇਸ ਐਕਟ ਦੇ ਅਧਾਰ `ਤੇ ਚੱਲ ਰਹੇ ਗੁਰਦੁਆਰਾ ਪ੍ਰਬੰਧ ਨੂੰ ‘ਜਗੀਰਦਾਰੀ ਗੁਰਦੁਆਰਾ ਪ੍ਰਬੰਧ’ ਹੀ ਕਿਹਾ ਜਾ ਸਕਦਾ ਹੈ’। ਇਸ ਸਬੰਧੀ ਉਹ ਅੱਗੇ ਸਿੱਖ ਪੰਥ ਨੂੰ ਸਲਾਹ ਦਿੰਦੇ ਹਨ: ‘ਸਿਸਟਮ ਦੇ ਸੁਧਾਰ ਲਈ 1925 ਦੇ ‘ਸਿੱਖ ਗੁਰਦੁਆਰਾ ਐਕਟ’ ਵਿੱਚ ਸੋਧ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਨੂੰ ਸੁਤੰਤਰ ਕਰਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੋਂ ਉਚੇਰਾ ਕਰ ਦੇਣਾ ਚਾਹੀਦਾ ਹੈ। ਉਸ ਦੀਆਂ ਯੋਗਤਾਵਾਂ, ਸੇਵਾ-ਕਾਲ ਦਾ ਸਮਾਂ, ਚੋਣ-ਵਿਧੀ, ਕਾਰਜ ਖੇਤਰ ਅਤੇ ਕੇਵਲ ਮਹਾਂਦੋਸ਼ ਰਾਹੀਂ ਹਟਾਏ ਜਾਣ ਦੀ ਵਿਵਸਥਾ ਕਰ ਦੇਣੀ ਚਾਹੀਦੀ ਹੈ। ਸੇਵਾ-ਕਾਲ ਦੌਰਾਨ ਅਤੇ ਸੇਵਾ-ਮੁਕਤ ਹੋਣ `ਤੇ ਤਖਤ ਦੇ ਜਥੇਦਾਰ ਨੂੰ ਜ਼ਿੰਦਗੀ ਭਰ ਇਤਨੀ ਮਾਸਿਕ ਭੇਟਾ ਨਿਸ਼ਚਿਤ ਹੋਵੇ ਤਾਂ ਕਿ ਉਹ ਰੋਜ਼ੀ ਕਮਾਉਣ ਲਈ ਕੋਈ ਹੋਰ ਧੰਦਾ ਕਰਨ ਦੀ ਮਜਬੂਰੀ ਤੋਂ ਅਜ਼ਾਦ ਹੋਵੇ। ਉਸਦੇ ਪਰਿਵਾਰ ਲਈ ਵੀ ਪੜ੍ਹਾਈ-ਲਿਖਾਈ ਅਤੇ ਸੁਖਾਲ਼ਾ ਜੀਵਨ ਬਤੀਤ ਕਰਨ ਦੀ ਵਿਵਸਥਾ ਹੋਵੇ। ਉਸ ਉਪਰ ਇਹ ਲਾਜ਼ਮੀ ਸ਼ਰਤ ਹੋਵੇ ਕਿ ਉਹ ਜਥੇਦਾਰੀ ਦੌਰਾਨ ਜਾਂ ਬਾਅਦ ਵਿੱਚ ਵੀ ਕਦੇ ਕਿਸੇ ਸਰਗਰਮ ਸਿਆਸਤ ਵਿੱਚ ਹਿੱਸਾ ਨਹੀਂ ਲਵੇਗਾ। ਕੋਈ ਸਿਆਸੀ ਪਾਰਟੀ ਨਹੀਂ ਬਣਾਏਗਾ, ਕਿਸੇ ਸਿਆਸੀ ਪਾਰਟੀ `ਚ ਕੋਈ ਅਹੁਦਾ ਕਬੂਲ ਨਹੀਂ ਕਰੇਗਾ, ਅਥਵਾ ਕੋਈ ਨੌਕਰੀ ਨਹੀਂ ਕਰੇਗਾ’।

ਡਾ ਆਹਲੂਵਾਲ਼ੀਆਂ ਨੂੰ ਲੱਗਦਾ ਹੈ ਕਿ ਸ਼ਾਤਰ ਅੰਗਰੇਜ਼ ਹਾਕਮਾਂ ਵਲੋਂ ਬੜੀ ਚਲਾਕੀ ਨਾਲ਼ ਦਿੱਤੀ ‘ਗੌਡੀਅਨ ਗੰਢ’ (Godian Knot) ਖੋਲ਼ ਦੇਣ ਨਾਲ਼ ਸਿੱਖ ਰਾਜਨੀਤੀ ਦੀਆਂ ਸਭ ਗੁਲਝਾਂ ਸਦਾ-ਸਦਾ ਲਈ ਸੁਲਝ ਜਾਣਗੀਆਂ! ਉਨ੍ਹਾਂ ਵਲੋਂ ਜਥੇਦਾਰ ਸਾਹਿਬ ਦੇ ਅਹੁਦੇ ਨੂੰ ਉਚਾ ਚੁੱਕਣ ਲਈ ਦਿੱਤੀਆਂ ਨੇਕ ਸਲਾਹਾਂ ਵੀ ਪੜ੍ਹਨ-ਸੁਣਨ ਨੂੰ ਤਾਂ ਬਹੁਤ ਚੰਗੀਆਂ ਲੱਗਦੀਆਂ ਹਨ। ਉਨ੍ਹਾਂ ਦੀ ਇਹ ਗੱਲ ਵੀ ਸਹੀ ਹੈ ਕਿ ਗੁਰਦੁਆਰਾ ਐਕਟ, ਗੁਰਦੁਆਰਿਆਂ ਨੂੰ ਸੰਸਥਾ ਦੀ ਥਾਂ ‘ਜਾਇਦਾਦ’ ਸਮਝਦਾ ਹੈ, ਜਿਸ ਦੀ ਸੇਵਾ-ਸੰਭਾਲ਼ ਤੇ ਪ੍ਰਬੰਧ ਲਈ ਸ਼੍ਰੋਮਣੀ ਕਮੇਟੀ ਬਣਾਈ ਗਈ ਸੀ, ਇਸੇ ਵਿੱਚੋਂ ਹੀ ਜਾਇਦਾਦ (ਗੁਰਦੁਆਰਾ) `ਤੇ ਕਬਜ਼ਿਆਂ ਦੀ ਸਿਆਸਤ ਨਿਕਲ਼ੀ ਹੈ। ਪਰ ਡਾ. ਆਹਲੂਵਾਲ਼ੀਆ ਦੇ ਸੁਝਾਅ ਕਿ ਅਕਾਲ ਤਖਤ ਦੇ ਜਥੇਦਾਰ ਦੇ ਅਹੁਦੇ ਨੂੰ ਸੁਤੰਤਰ ਬਣਾਉਣ ਦੇ ਨਾਲ਼-ਨਾਲ਼ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੋਂ ਉਪਰ ਕਰ ਦਿੱਤਾ ਜਾਵੇ। ਕੀ ਅਜਿਹਾ ਸੰਭਵ ਹੈ? ਉਸ ਜਥੇਦਾਰ ਨੂੰ ਉਚੇਰਾ ਕੌਣ ਕਰੇਗਾ? ਸ਼੍ਰੋਮਣੀ ਕਮੇਟੀ ਲੋਕਾਂ ਵਲੋਂ ਚੁਣੀ ਹੋਈ, ਸੰਵਿਧਾਨ ਅਨੁਸਾਰ ਚੱਲਣ ਵਾਲ਼ੀ ਸੰਸਥਾ ਹੈ। ਜੇ ਜਥੇਦਾਰ ਨੂੰ ਸਰਬਉਚ ਸ਼੍ਰੋਮਣੀ ਕਮੇਟੀ ਹੀ ਬਣਾਏਗੀ ਤਾਂ ਫਿਰ ਉਸ ਸਰਬਉਚਤਾ ਦੇ ਕੀ ਮਾਇਨੇ ਹੋਣਗੇ? ਜੇ ਜਥੇਦਾਰਾਂ ਨੂੰ ਚੁਣਨ ਦਾ ਅਧਿਕਾਰ ਸ਼੍ਰੋਮਣੀ ਕਮੇਟੀ ਕੋਲ਼ ਨਹੀਂ ਹੋਵੇਗਾ ਤਾਂ ਫਿਰ ਜਥੇਦਾਰਾਂ ਨੂੰ ਕੌਣ ਚੁਣੇਗਾ ਜਾਂ ਕਿਵੇਂ ਸਰਬਉਚ ਬਣਾਇਆ ਜਾਵੇਗਾ?

ਡਾ. ਆਹਲੂਵਾਲ਼ੀਆ ਵਲੋਂ ਲਿਖੇ ਉਪਰਲੇ ਲੇਖ ਤੋਂ ਤਕਰੀਬਨ 25 ਸਾਲ ਬਾਅਦ, ਇਨ੍ਹਾਂ ਹੀ ਲੀਹਾਂ `ਤੇ ਚੱਲਦਿਆਂ, ਇੱਕ ਹੋਰ ਸਿੱਖ ਚਿੰਤਕ ਸ. ਅਮਰਜੀਤ ਸਿੰਘ ਗਰੇਵਾਲ਼, ‘ਪੰਜਾਬ ਟਾਈਮਜ਼ ਅਖ਼ਬਾਰ’ ਦੇ 7 ਮਾਰਚ, 2020 ਅੰਕ ਵਿੱਚ ‘ਗੁਰਦੁਆਰਾ ਸੁਧਾਰ ਲਹਿਰ-2’ ਵਿੱਚ ਇਸੇ ਬਹਿਸ ਨੂੰ ਅੱਗੇ ਤੋਰਦੇ ਹੋਏ ਕਹਿੰਦੇ ਹਨ ਕਿ 21ਵੀਂ ਸਦੀ ਦੀਆਂ ਮਾਨਵ ਜਾਤੀ ਦੀਆਂ ਚੁਣੌਤੀਆਂ ਦੇ ਸਨਮੁੱਖ ਗੁਰਬਾਣੀ ਦੇ ਬ੍ਰਹਿਮੰਡੀ ਸਿਧਾਂਤ ਨੂੰ ਲਾਗੂ ਕਰਨ ਲਈ ਦੂਜੀ ਗੁਰਦੁਆਰਾ ਸੁਧਾਰ ਰਾਹੀਂ ਯਤਨ ਕਰਨੇ ਪੈਣਗੇ ਕਿਉਂਕਿ ਮੌਜੂਦਾ ਗੁਰਦੁਆਰਾ ਸਿਸਟਮ ਰਾਹੀਂ ਮਾਡਰਨ ਵਰਲਡ ਦੀਆਂ ਚੁਣੌਤੀਆਂ ਦਾ ਹੱਲ ਨਹੀਂ ਨਿਕਲ ਰਿਹਾ। ਜਦਕਿ ਗੁਰਬਾਣੀ ਸਿਧਾਂਤ ਅੱਜ ਵੀ ਉਤਨੇ ਹੀ ਸਾਰਥਿਕ ਹਨ, ਜਿਤਨੇ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਸਾਹਿਬ ਵਸਾ ਕੇ ਅਮਲ ਵਿੱਚ ਲਿਆਂਦੇ ਸਨ। ਉਹ ਆਪਣੇ ਇਸ ਆਰਟੀਕਲ ਵਿੱਚ ਲਿਖਦੇ ਹਨ: ‘ਮਾਨਵ ਜਾਤੀ ਮੁੱਖ ਤੌਰ `ਤੇ ਪੰਜ ਕਿਸਮ ਦੇ ਖਤਰਿਆਂ ਦਾ ਸਾਹਮਣਾ ਕਰ ਰਹੀ ਹੈ। ਪਹਿਲਾ ਹੈ, ਵਾਤਾਵਰਣ ਦੀ ਬਰਬਾਦੀ। ਮਨੁੱਖ ਨੇ ਆਪਣੀ ਹਵਸ ਪੂਰਤੀ ਲਈ ਕੁਦਰਤੀ ਸੋਮਿਆਂ ਦੇ ਵਿਨਾਸ਼ ਦੇ ਨਾਲ਼, ਸਿਰਫ ਧਰਤੀ, ਪਾਣੀ, ਹਵਾ, ਆਕਾਸ਼ ਤੇ ਸਰੀਰਾਂ ਨੂੰ ਹੀ ਜ਼ਹਿਰਾਂ ਨਾਲ਼ ਨਹੀਂ ਭਰਿਆ, ਸਗੋਂ ਆਪਣੀਆਂ ਕਦਰਾਂ-ਕੀਮਤਾਂ, ਜੀਵਨ-ਮੁੱਲਾਂ, ਪ੍ਰੰਪਰਾਵਾਂ ਅਤੇ ਸੰਸਥਾਵਾਂ ਨੂੰ ਵੀ ਇਸ ਕਦਰ ਦੂਸ਼ਿਤ ਕਰ ਲਿਆ ਹੈ ਕਿ ਉਸਦੀ ਹੋਂਦ ਹੀ ਹੁਣ ਮਸਲਾ ਬਣ ਕੇ ਰਹਿ ਗਈ ਹੈ। ਇਨ੍ਹਾਂ ਸਭ ਚੁਣੌਤੀਆਂ ਦੇ ਹੱਲ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਤਰ ਦ੍ਰਿਸ਼ਟੀਆਂ ਭਰਪੂਰ ਮਾਤਰਾ ਵਿੱਚ ਮੌਜੂਦ ਹਨ। ਜਰੂਰਤ ਸੰਕਟ ਦੇ ਮੂੰਹ ਆਏ ਪੂਰੇ ਸੰਸਾਰ ਦੇ ਲੋਕਾਂ ਨੂੰ ਇਸ ਗਿਆਨ ਤੋਂ ਜਾਣੂ ਕਰਾਉਣ ਦੀ ਹੈ’। ਉਹ ਅੱਗੇ ਸਿੱਖ ਪੰਥ ਨੂੰ ਕੁੱਝ ਸੁਝਾਅ ਦਿੰਦੇ ਹਨ ਕਿ ਅਜਿਹਾ ਕਰਨ ਲਈ ਸਭ ਤੋਂ ਪਹਿਲਾਂ ਸਾਨੂੰ ਇਹ ਕੁੱਝ ਕਰਨਾ ਪਵੇਗਾ: ‘ਦੂਜੀ ‘ਗੁਰਦੁਆਰਾ ਸੁਧਾਰ ਲਹਿਰ ਰਾਹੀਂ’ ਸਭ ਤੋਂ ਪਹਿਲਾਂ ‘ਗੁਰੂ ਗ੍ਰੰਥ’ ਤੇ ‘ਗੁਰੂ ਪੰਥ’ ਨੂੰ ਸਿਆਸੀ ਜਮਾਤਾਂ ਦੇ ਨਿੱਜੀ ਹਿੱਤਾਂ ਤੋਂ ਮੁਕਤ ਕਰਵਾਉਣਾ ਪਵੇਗਾ। ਇਸ ਲਈ ਅਕਾਲ ਤਖਤ ਸਾਹਿਬ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿਆਸਤ ਤੋਂ ਮੁਕਤ ਕਰਾਉਣਾ ਪਵੇਗਾ। ਨਾਲ਼ ਹੀ ਮਨੁੱਖੀ ਬਰਾਬਰਤਾ, ਅਜ਼ਾਦੀ, ਜਮਹੂਰੀਅਤ, ਸਰਬੱਤ ਦੇ ਭਲੇ ਵਰਗੇ ਗੁਣਾਂ ਵਾਲ਼ੀ ਸਿੱਖੀ ਨੂੰ ਉਤਸ਼ਾਹਿਤ ਕਰਨਾ ਪਵੇਗਾ। ਜੇ ਅਸੀਂ ਸਿੱਖਾਂ ਤੇ ਸਿੱਖੀ ਦਾ ਸੁਰੱਖਿਅਤ ਭਵਿੱਖ ਦੇਖਣਾ ਚਾਹੁੰਦੇ ਹਾਂ ਤਾਂ ਸਾਨੂੰ 21ਵੀਂ ਸਦੀ ਦੀਆਂ ਨਵੀਂਆਂ ਚੁਣੌਤੀਆਂ ਦੇ ਸੰਦਰਭ ਵਿੱਚ ਸਿੱਖਿਆ ਅਤੇ ਅਰਥ ਨਿਰਮਾਣ ਦੇ ਨਵੇਂ ਰਾਹ ਖੋਲਣੇ ਪੈਣਗੇ। ਸਿੱਖੀ ਦੇ ਸੁਰੱਖਿਅਤ ਭਵਿੱਖ ਲਈ ਇਸ ਤੋਂ ਬਿਨਾਂ ਸਾਡੇ ਕੋਲ਼ ਕੋਈ ਹੋਰ ਰਾਹ ਨਹੀਂ ਹੈ’। ਗਰੇਵਾਲ਼ ਸਾਹਿਬ ਅਨੁਸਾਰ ਸਿੱਖ ਸਿਆਸਤ ਅਤੇ ਸਿੱਖ ਧਰਮ ਵਿੱਚ ਨਿਘਾਰ ਦੂਰ ਕਰਨ ਲਈ ਪਹਿਲਾਂ ਅਕਾਲ ਤਖਤ ਨੂੰ ਸ਼੍ਰੋਮਣੀ ਕਮੇਟੀ ਅਤੇ ਫਿਰ ਸ਼੍ਰੋਮਣੀ ਕਮੇਟੀ ਨੂੰ ਸਿਆਸਤ (ਭਾਵ ਅਕਾਲੀ ਸਿਆਸਤ) ਤੋਂ ਮੁਕਤ ਕਰਾਉਣਾ ਪਵੇਗਾ। ਕਿਤੇ ਅਜਿਹੀ ਸਮਝ ਦਾ ਅਧਾਰ, ਬਹੁਤ ਜ਼ਿਆਦਾ ਆਦਰਸ਼ਵਾਦੀ `ਤੇ ਨਹੀਂ? ਸਾਡਾ ਇਹ ਮੰਨਣਾ ਹੈ ਕਿ ਅਕਾਲ ਤਖਤ ਨੂੰ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਨੂੰ ਅਕਾਲੀ ਸਿਆਸਤ ਤੋਂ ਅਜ਼ਾਦ ਕਰਾਉਣ ਤੋਂ ਪਹਿਲਾਂ ਕੀ ਸਿੱਖ ਪੰਥ ਨੂੰ ‘ਧਰਮ ਤੇ ਸਿਆਸਤ’ ਦਾ ਰਿਸ਼ਤਾ ਤੈਅ ਨਹੀਂ ਕਰ ਲੈਣਾ ਚਾਹੀਦਾ?

ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਚਾਂਸਲਰ ਸਰਦਾਰਾ ਸਿੰਘ ਜੌਹਲ ਸਮੇਂ-ਸਮੇਂ ਸਿੱਖਾਂ ਅਤੇ ਪੰਜਾਬ ਦੀ ਸਿਆਸਤ `ਤੇ ਲਿਖਦੇ ਰਹੇ ਹਨ। ਉਹ ‘ਸਿੱਖ ਧਰਮ, ਸਿਆਸਤ ਅਤੇ ਅਕਾਲ ਤਖਤ’ (ਪੰਜਾਬ ਟਾਈਮਜ਼- 16 ਫਰਵਰੀ, 2019) ਸਿਰਲੇਖ ਹੇਠਲੇ ਆਪਣੇ ਇੱਕ ਲੇਖ ਵਿੱਚ ਲਿਖਦੇ ਹਨ: ‘ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਮੀਰੀ-ਪੀਰੀ ਦਾ ਸਿਧਾਂਤ ਬੜਾ ਵਿਲੱਖਣ ਹੈ। ਇਸ ਤਹਿਤ ਸਿਆਸਤ, ਧਰਮ ਦੇ ਅਧੀਨ ਹੋ ਕੇ ਚੱਲਣੀ ਚਾਹੀਦੀ ਹੈ। ਪਰ ਜਦੋਂ ਅਕਾਲੀ ਦਲ ਦੀ ਲੀਡਰਸ਼ਿਪ ਨੇ ਪੰਜਾਬ `ਚ ਮਿਲ਼ੀ ਸਤ੍ਹਾ ਦੌਰਾਨ ਇਹ ਸਿਧਾਂਤ ਉਲਟਾ ਕੇ ਧਾਰਮਿਕ ਸੰਸਥਾਵਾਂ ਵਿੱਚ ਬੁਰ੍ਹੀ ਤਰ੍ਹਾਂ ਸਿਅਸਾਤ ਵਾੜ ਦਿੱਤੀ ਤਾਂ ਸਭ ਕੁੱਝ ਉਲਟ-ਪੁਲਟ ਹੋ ਗਿਆ। ਸਿੱਖ ਲੀਡਰਸ਼ਿਪ ਨੇ ਧਰਮ ਨੂੰ ਅਧਾਰ ਬਣਾ ਕੇ ਨਿੱਜ-ਪ੍ਰਸਤੀ ਦੀ ਅਜਿਹੀ ਸਿਆਸਤ ਖੇਡੀ, ਜਿਸ ਨਾਲ ਹਰ ਸਿੱਖ ਸੰਸਥਾ ਦਾ ਵਕਾਰ ਦਾਅ `ਤੇ ਲਾ ਦਿੱਤਾ’। ਉਨ੍ਹਾਂ ਅਨੁਸਾਰ ‘ਮੀਰੀ-ਪੀਰੀ’ ਦਾ ਸਿਧਾਂਤ ਬੜਾ ਵਿਲੱਖਣ ਸੀ, ਜਿਸ ਤਹਿਤ ਸਿਆਸਤ, ਧਰਮ ਦੇ ਅਧੀਨ ਚੱਲਣੀ ਚਾਹੀਦੀ ਸੀ, ਪਰ ਇਸਨੂੰ ਅਕਾਲੀਆਂ ਨੇ ਉਲਟਾ ਦਿੱਤਾ। ਕੀ ਜੌਹਲ਼ ਸਾਹਿਬ, ਇਹ ਸਪੱਸ਼ਟ ਕਰ ਸਕਦੇ ਹਨ ਕਿ ਗੁਰੂ ਹਰਿਗੋਬਿੰਦ ਸਾਹਿਬ ਨੇ ਅਜਿਹਾ ਕੋਈ ਸਿਧਾਂਤ ਜਾਂ ਉਸਦੀ ਵਿਆਖਿਆ ਆਪਣੀ ਕਿਹੜੀ ਲਿਖਤ ਵਿੱਚ ਕੀਤੀ ਸੀ? ਗੁਰੂ ਹਰਿਗੋਬਿੰਦ ਸਾਹਿਬ ਆਪਣੇ ਜੀਵਨ ਕਾਲ ਵਿੱਚ ਅੰਮ੍ਰਿਤਸਰ ਦਾ ਇਲਾਕਾ ਛੱਡ ਕੇ ਕੀਰਤਪੁਰ ਦੀਆਂ ਪਹਾੜੀਆਂ ਵਿੱਚ ਜਾ ਵਸੇ ਸਨ। ਫਿਰ ਉਨ੍ਹਾਂ ਤੋਂ ਬਾਅਦ ਚਾਰ ਗੁਰੂ ਸਾਹਿਬਾਨ ਮਾਝੇ ਵਿੱਚ ਵਾਪਿਸ ਨਹੀਂ ਆਏ। ਤਕਰਬੀਨ 80ਕੁ ਸਾਲ ਦੇ ਗੁਰੂ ਕਾਲ ਵਿੱਚ ਹਰਮਿੰਦਰ ਸਾਹਿਬ ਅਤੇ ‘ਅਕਾਲ ਬੁੰਗਾ’ ਦਾ ਪ੍ਰਬੰਧ ਗੁਰੂ ਘਰ ਵਿਰੋਧੀ ਧੀਰਮੱਲੀਆਂ, ਰਾਮਰਾਈਆਂ, ਮੀਣਿਆਂ, ਮਸੰਦਾਂ ਕੋਲ਼ ਰਿਹਾ। ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਬੰਦਾ ਸਿੰਘ ਬਹਾਦਰ ਵੀ ਇਸ ਇਲਾਕੇ ਵਿੱਚ ਨਹੀਂ ਆਏ ਅਤੇ ਨਾ ਹੀ ਇਨ੍ਹਾਂ ਅਸਥਾਨਾਂ ਨੂੰ ਗੁਰੂ ਘਰ ਦੇ ਵਿਰੋਧੀਆਂ ਤੋਂ ਆਜ਼ਾਦ ਕਵਾਇਆ। ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਭਾਈ ਮਨੀ ਸਿੰਘ ਨੇ 1721 ਤੋਂ ਬਾਅਦ ਇੱਥੇ ਦਾ ਪ੍ਰਬੰਧ ਸੰਭਾਲ਼ਿਆ। ਪਰ ਉਨ੍ਹਾਂ ਨੇ ਜੋ ਗੁਰੂ ਘਰ ਵਿਰੋਧੀਆਂ ਵਲੋਂ ਪ੍ਰਚਲਤ ਸੀ, ਉਸੇ ਨੂੰ ਹੀ ਜਾਰੀ ਰੱਖਿਆ। ਇਸ ਤੋਂ ਬਾਅਦ ਮਿਸਲਾਂ ਦੇ ਪੀਰੀਅਡ, ਮਾਹਾਰਾਜਾ ਰਣਜੀਤ ਸਿੰਘ ਦੇ ਰਾਜ ਅਤੇ ਅੰਗਰੇਜਾਂ ਵਲੋਂ ਬਣਾਏ ਸਿੱਖ ਗੁਰਦੁਆਰਾ ਐਕਟ 1925 ਤੱਕ ਅਕਾਲ ਤਖਤ, ਉਸਦੇ ਜਥੇਦਾਰਾਂ ਆਦਿ ਦੇ ਕਿਸੇ ਸਿਧਾਂਤ ਜਾਂ ਰੋਲ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ, ਜਿਸ ਬਾਰੇ ਸਰਦਾਰਾ ਸਿੰਘ ਜੌਹਲ ਸਾਹਿਬ ਗੱਲ ਕਰ ਰਹੇ ਹਨ। ਸ. ਹਾਕਮ ਸਿੰਘ ਅਤੇ ਪ੍ਰੋ ਗੋਬਿੰਦਰ ਸਿੰਘ ਵਰਗੇ ਸਿੱਖ ਚਿੰਤਕਾਂ ਦੀਆਂ ਲੀਹਾਂ `ਤੇ ਸੋਚਣ ਵਾਲ਼ੇ ਅਨੇਕਾਂ ਵਿਦਵਾਨਾਂ ਦਾ ਇਹ ਵੀ ਮੱਤ ਹੈ ਕਿ ਸ੍ਰੀ ਅਕਾਲ ਤਖਤ ਦੇ ਸੰਕਲਪ ਦਾ ਜ਼ਿਕਰ ਸਿੱਖ ਇਤਿਹਾਸ ਦੇ ਮੁੱਖ ਸੋਮਿਆਂ ਵਿੱਚ ਕਿਤੇ ਨਹੀਂ ਮਿਲਦਾ। ਇਸਦਾ ਪਹਿਲੀ ਵਾਰ ਜ਼ਿਕਰ 1840 ਸਦੀ ਵਿੱਚ ਲਿਖੇ ਗਏ ਗ੍ਰੰਥਾਂ ‘ਗੁਰ ਬਿਲਾਸ ਪਾਤਸ਼ਾਹੀ ਛੇਵੀਂ’ ਅਤੇ ਕਵੀ ਸੰਤੋਖ ਸਿੰਘ ਦੇ ‘ਸੂਰਜ ਪ੍ਰਕਾਸ਼ ਗ੍ਰੰਥ’ ਵਿੱਚ ਹੀ ਮਿਲਦਾ ਹੈ। ਇਸ ਤੋਂ ਇਲਾਵਾ ਸਿੱਖ ਇਤਿਹਾਸ ਦੇ ਅਹਿਮ ਸ੍ਰੋਤਾਂ; ਪ੍ਰਾਚੀਨ ਪੰਥ ਪ੍ਰਕਾਸ਼ (ਰਤਨ ਸਿੰਘ ਭੰਗੂ), ਮਹਿਮਾ ਪ੍ਰਕਾਸ਼ (ਸਰੂਪ ਦਾਸ ਭੱਲਾ), ਗੁਰ ਬਿਲਾਸ ਪਾਤਸ਼ਾਹੀ ਦਸਵੀਂ (ਕੋਇਰ ਸਿੰਘ), ਤਵਾਰੀਖ-ਏ-ਸਿੱਖਾਂ (ਖੁਸ਼ਵੰਤ ਰਾਏ), ਤਵਾਰੀਖ-ਏ-ਪੰਜਾਬ (ਬੂਟੇ ਸ਼ਾਹ), ਹਿਸਟਰੀ ਆਫ ਪੰਜਾਬ (ਮੁਹੰਮਦ ਲਤੀਫ), ਸਿਸਟਰੀ ਆਫ ਸਿੱਖਸ (ਜੋਸੇਫ ਕਨਿੰਘਮ), ਸਿੱਖ ਹਿਸਟਰੀ (ਮੈਕਸ ਅਰਥਰ ਮੈਕਾਲਿਫ) ਆਦਿਕ ਪ੍ਰਚਲਤ ਪੁਸਤਕਾਂ ਵਿੱਚੋਂ ਕੋਈ ਜਾਣਕਾਰੀ ਨਹੀਂ ਮਿਲਦੀ।

ਮੀਰੀ-ਪੀਰੀ ਜਾਂ ਅਕਾਲ ਤਖਤ ਸਾਹਿਬ ਦੇ ਵਿਲੱਖਣ ਸਿਧਾਂਤ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਵੀ ਆਪਣੇ ਕਾਰਜਕਾਲ ਵਿੱਚ ਕਦੇ ਨਹੀਂ ਮੰਨਿਆ ਸੀ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਿਸ ਤਰ੍ਹਾਂ ਸਿੱਖ ਸਰਦਾਰਾਂ ਨੇ ਕਤਲੋਗਾਰਤ ਕੀਤੀ, ਕਿਵੇਂ 100 ਸਾਲ ਕੁਰਬਾਨੀਆਂ ਕਰਕੇ ਬਣਾਇਆ ਰਾਜ ਖਤਮ ਕੀਤਾ, ਜੇ ਅਜਿਹੀ ਕੋਈ ਵਿਵਸਥਾ ਹੁੰਦੀ ਤਾਂ ਉਸ ਵਕਤ ਕੋਈ ਜਥੇਦਾਰ ਅਜਿਹੇ ਖੂਨ-ਖਰਾਬੇ ਅਤੇ ਸਿੱਖ ਰਾਜ ਨੂੰ ਬਚਾਉਣ ਲਈ ਜਰੂਰ ਉਪਰਾਲੇ ਕਰਦਾ।

ਗੁਰੂ ਕਾਲ ਵਿੱਚ ਸਿੱਖ ਸਮਾਜ, ਪੰਜਾਬ ਤੱਕ ਸੀਮਤ ਸੀ, ਗੁਰੂ ਸਾਹਿਬਾਨ ਆਪ ਫੈਸਲੇ ਕਰਦੇ ਸਨ। ਉਸ ਵਕਤ ਕੋਈ ਲੋਕਤੰਤਰ ਵੀ ਨਹੀਂ ਸੀ ਅਤੇ ਅੱਜ ਵਾਂਗ ਸਿਆਸੀ ਪਾਰਟੀਆਂ ਚੋਣਾਂ ਵੀ ਨਹੀਂ ਲੜਦੀਆਂ ਸਨ? ਅੱਜ ਦੁਨੀਆਂ ਭਰ ਵਿੱਚ ਵਸਦੇ ਸਿੱਖ ਕਿਸੇ ਇੱਕ ਰਾਜਨੀਤਕ ਪਾਰਟੀ ਨਾਲ਼ ਬੱਝੇ ਰਹਿਣ ਦੀ ਥਾਂ ਵੱਖ-ਵੱਖ ਵਿਚਾਰਧਾਰਾ ਵਾਲ਼ੀਆਂ ਪਾਰਟੀਆਂ ਵਿੱਚ ਸ਼ਾਮਿਲ ਹਨ। ਜਿਸ ਤੋਂ ਇਹ ਵੀ ਸਮਝ ਪੈਂਦੀ ਹੈ ਕਿ ਸਿੱਖ ਰਾਜਨੀਤਕ ਤੌਰ `ਤੇ ਕਿਸੇ ਇੱਕ ਪਾਰਟੀ ਨਾਲ਼ ਬੱਝੇ ਨਹੀਂ ਰਹਿਣਾ ਚਾਹੁੰਦੇ। ਕੀ ਇਸਦਾ ਭਾਵ ਇਹ ਸਮਝਿਆ ਜਾਵੇ ਕਿ ਗੁਰੂ ਗ੍ਰੰਥ ਸਾਹਿਬ ਵਿੱਚੋਂ ਅਜਿਹੀ ਕੋਈ ਠੋਸ ਰਾਜਨੀਤਕ ਵਿਚਾਰਧਾਰਾ ਨਹੀਂ ਨਿਕਲਦੀ, ਜਿਸਨੂੰ ਆਧਾਰ ਬਣਾ ਕੇ ਸਿੱਖ ਰਾਜਨੀਤੀ ਕਰਨ? ਅਜਿਹੇ ਹਾਲਾਤਾਂ ਵਿੱਚ ਅਕਾਲੀ ਦਲ, ਸ਼੍ਰੋਮਣੀ ਕਮੇਟੀ, ਅਕਾਲ ਤਖਤ ਸਾਹਿਬ ਆਦਿ ਆਪਣੇ ਆਪ ਨੂੰ ਸਾਰੇ ਪੰਥ ਦੀ ਨੁਮਾਇੰਦਾ ਜਮਾਤ ਕਿਵੇਂ ਐਲਾਨ ਸਕਦੇ ਹਨ?

ਜੌਹਲ਼ ਸਾਹਿਬ ਦਾ ਵਿਸ਼ਵਾਸ਼ ਹੈ: ‘ਮੀਰੀ-ਪੀਰੀ ਦੇ ਸਿਧਾਂਤ ਨੂੰ ਅਜੋਕੇ ਹਾਲਾਤ ਵਿੱਚ ਅਸਰਦਾਰ ਕਰਨ ਲਈ ਜਰੂਰੀ ਹੈ ਕਿ ਅਕਾਲ ਤਖਤ ਦੀ ਸਰਬਉਚਤਾ, ਸ਼ਕਤੀ ਅਤੇ ਅਧਿਕਾਰ ਖੇਤਰ ਨੂੰ ਪੂਰੀ ਤਰ੍ਹਾਂ ਪ੍ਰੀਭਾਸ਼ਤ ਕਰਕੇ ਉਸ ਅਨੁਸਾਰ ਪ੍ਰਬੰਧ ਦੀ ਸਿਰਜਣਾ ਕੀਤੀ ਜਾਵੇ…। ਇਸ ਨਾਲ਼ ਸ੍ਰੀ ਅਕਾਲ ਤਖਤ ਦੀ ਪਕੜ ਧਾਰਮਿਕ, ਆਰਥਿਕ, ਸਮਾਜਿਕ, ਵਿਦਿਅਕ, ਰਾਜਨੀਤਕ ਖੇਤਰਾਂ ਵਿੱਚ ਹੋ ਜਾਵੇਗੀ। ਫਿਰ ਅਕਾਲ ਤਖਤ ਦਾ ਜਥੇਦਾਰ ਸਿੰਘ ਸਾਹਿਬ ਇੱਕ ਉਚ ਕੋਟੀ ਦਾ ਵਿਦਵਾਨ, ਉਚ ਕੋਟੀ ਦਾ ਪ੍ਰਬੰਧਕ, ਰਹਿਤ ਮਰਿਯਾਦਾ ਵਿੱਚ ਪ੍ਰਪੱਕ, ਸਿੱਖੀ ਕਿਰਦਾਰ ਦੀ ਜਿਉਂਦੀ ਜਾਗਦੀ ਮਿਸਾਲ ਹੋਵੇ। ਪਰ ਜਰੂਰੀ ਹੋਵੇ ਕਿ ਅਜਿਹਾ ਜਥੇਦਾਰ ਕਿਸੇ ਸੰਸਥਾ ਵਲੋਂ ਥਾਪਿਆ ਨਾ ਹੋਵੇ ਅਤੇ ਨਾ ਹੀ ਕਿਸੇ ਸੰਸਥਾ ਦਾ ਮੁਲਾਜਮ ਹੋਵੇ’। ਡਾ. ਸਾਹਿਬ ਦੇ ਪੰਥ ਦੇ ਭਲੇ ਲਈ ਸੁਪਨੇ ਤਾਂ ਬਹੁਤ ਅੱਛੇ ਹਨ। ਪਰ ਸਵਾਲ ਤਾਂ ਇਹ ਹੈ ਕਿ ਡਾ. ਸਾਹਿਬ ਦੇ ਸੁਪਨਿਆਂ ਦਾ ਉਹ ਮਹਾਨ ਫਰਿਸ਼ਤਾ ਰੂਪੀ ਸੋਲ਼ਾਂ ਕਲਾਂ ਸੰਪੂਰਨ ਜਥੇਦਾਰ ਆਵੇਗਾ ਕਿੱਥੋਂ? ਕੀ ਫਿਰ ਅਜਿਹੇ ਵਿਅਕਤੀ ਦੀ ਚੋਣ ਕਰਨ ਵਾਲ਼ੇ ਉਸ ਤੋਂ ਵੀ ਮਹਾਨ ਨਹੀਂ ਹੋਣੇ ਚਾਹੀਦੇ? ਡਾ. ਜੌਹਲ਼ ਅਨੁਸਾਰ ਗੁਰੂ ਘਰ ਵਿੱਚ ਸਜ਼ਾ ਦਾ ਵਿਧਾਨ ਹੀ ਕੋਈ ਨਹੀਂ, ਇੱਥੇ ਤਾਂ ਬਖਸ਼ਿਸ਼ਾਂ ਹੀ ਬਖਸ਼ਿਸ਼ਾਂ ਵਾਲ਼ੀ ਪ੍ਰੰਪਰਾ ਹੈ। ਪਰ ਇੱਥੇ ਤਾਂ ਛੋਟੇ-ਛੋਟੇ ਨਿੱਜ਼ੀ ਮਸਲਿਆਂ `ਤੇ ਬਿਨਾਂ ਸੁਣਵਾਈ ਦੇ ਸਜ਼ਾ ਸੁਣਾ ਦਿੱਤੀ ਜਾਂਦੀ ਹੈ। ਅਸੀਂ ਤਾਂ ਅਰਦਾਸ ਹੀ ਕਰ ਸਕਦੇ ਹਾਂ ਕਿ ‘ਵਾਹਿਗੁਰੂ’ ਮਿਹਰ ਕਰੇ `ਤੇ ਡਾ. ਸਾਹਿਬ ਦੇ ਸੁਪਨਿਆਂ ਦਾ ਸਿੱਖ ਸਮਾਜ ਕਦੇ ਹੋਂਦ ਵਿੱਚ ਆ ਜਾਵੇ, ਜਿਸ ਨਾਲ਼ ਪੰਥ ਦੇ ਸਾਰੇ ਮਸਲੇ ਹੱਲ ਹੋ ਜਾਣ।

ਡਾ. ਜੌਹਲ਼ ਸਾਹਿਬ ਦੇ ਸਮਕਾਲੀ ਅਤੇ ਉਸੇ ਯੂਨੀਵਰਸਿਟੀ ਵਿੱਚ ਮੁਲਾਜਮ ਰਹੇ ਸਿੱਖ ਵਿਦਵਾਨ ਸ. ਹਾਕਮ ਸਿੰਘ, ਉਪਰਲੇ ਵਿਦਵਾਨਾਂ ਤੋਂ ਉਲਟ ਪੁਜ਼ੀਸ਼ਨ ਲੈਂਦੇ ਹੋਏ, ਆਪਣੇ ਇੱਕ ਆਰਟੀਕਲ ‘ਸਿੱਖ ਧਰਮ ਅਤੇ ਸਿਆਸਤ’ ਵਿੱਚ ਲਿਖਦੇ ਹਨ: ‘ਗੁਰੂ ਹਰਿਗੋਬਿੰਦ ਸਾਹਿਬ ਵਲੋਂ ਸਿਰਜੇ ਮੀਰੀ-ਪੀਰੀ ਦੇ ਸਿਧਾਂਤ ਬਾਰੇ ਸਿੱਖ ਜਗਤ ਵਿੱਚ ਗਲਤ ਧਾਰਨਾ ਬਣੀ ਹੋਈ ਹੈ। ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਦਾ ਅਰਥ ਹੈ ਕਿ ਧਰਮ ਅਤੇ ਰਾਜਨੀਤੀ ਇੱਕ ਦੂਜੇ ਤੋਂ ਵੱਖਰੇ ਹਨ ਤੇ ਇਨ੍ਹਾਂ ਨੂੰ ਰਲਗੱਡ ਨਹੀਂ ਕੀਤਾ ਜਾਣਾ ਚਾਹੀਦਾ। ਇਸੇ ਕਰਕੇ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਚਾਰਾਂ ਯੁੱਧਾਂ ਵਿੱਚ ਧਰਮ ਨੂੰ ਰਲਗੱਡ ਨਹੀਂ ਕੀਤਾ ਸੀ। ਉਨ੍ਹਾਂ ਯੁੱਧ ਅਨਿਆਂ ਅਤੇ ਵਧੀਕੀਆਂ ਦੇ ਵਿਰੁੱਧ ਕੀਤੇ, ਨਾ ਕਿ ਧਰਮ ਦੀ ਰੱਖਿਆ ਜਾਂ ਪਸਾਰ ਲਈ। ਇਹ ਕਹਿਣਾ ਕਿ ਗੁਰੂ ਹਰਿਗੋਬਿੰਦ ਜੀ ਨੇ ਗੁਰਬਾਣੀ ਤੋਂ ਉਲਟ ਧਰਮ ਤੇ ਰਾਜਨੀਤੀ ਦੇ ਸੁਮੇਲ ਵਾਲ਼ਾ ਮੀਰੀ-ਪੀਰੀ ਸਿਧਾਂਤ ਘੜਿਆ ਹੈ, ਉਨ੍ਹਾਂ ਦਾ ਨਿਰਾਦਰ ਕਰਨਾ ਹੈ। ਇਹ ਸਿਧਾਂਤ ਕੋਈ ਨਵਾਂ ਵੀ ਨਹੀਂ ਹੈ। ਪੋਪ ਗਿਲੇਸ਼ੀਅਸ ਪਹਿਲੇ ਨੇ 494 ਈਸਵੀ ਵਿੱਚ ਬਾਦਸ਼ਾਹ ਅਨਸਤੀਸੀਅਸ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ ਸੀ ਕਿ ਦੋ ਸ਼ਕਤੀਆਂ ਹਨ, ਜੋ ਵਿਸ਼ਵ `ਤੇ ਰਾਜ ਕਰਦੀਆਂ ਹਨ। ਪੁਜਾਰੀਆਂ ਦੀ ਪਵਿੱਤਰ ਧਾਰਮਿਕ ਸਤ੍ਹਾ ਅਤੇ ਰਾਜ ਕੁਮਾਰਾਂ ਦੀ ਪ੍ਰਬੰਧਕੀ ਸ਼ਕਤੀ। ਇਸਨੂੰ ਗਿਲੇਸ਼ੀਅਸ ਦਾ ਦੋ ਤਲਵਾਰਾਂ ਦਾ ਸਿਧਾਂਤ ਵੀ ਕਿਹਾ ਜਾਂਦਾ ਹੈ। ਇਸ ਸਿਧਾਂਤ ਕਾਰਨ ਹੀ ਯੂਰਪ ਵਿੱਚ ਧਰਮ ਤੇ ਰਾਜ ਸ਼ਕਤੀ ਇੱਕ ਦੂਜੇ ਤੋਂ ਵੱਖਰੇ ਮੰਨੇ ਜਾਣ ਲੱਗੇ ਸਨ’।

ਡਾ. ਗੁਰਭਗਤ ਸਿੰਘ ਪਿਛਲੀ ਸਦੀ ਦੇ ਸਿੱਖ ਪੰਥ ਵਿੱਚ ਵੱਡੇ ਵਿਦਵਾਨ ਮੰਨੇ ਜਾਂਦੇ ਹਨ। ਉਹ ਪੁਸਤਕ ‘ਸਿੱਖ ਦ੍ਰਿਸ਼ਟੀ ਦਾ ਗੌਰਵ’ ਵਿਚਲੇ ਇੱਕ ਲੇਖ ‘ਅਜੋਕਾ ਵਿਸ਼ਵ ਚਿੰਤਨ ਅਤੇ ਅਕਾਲ ਤਖਤ’ ਦੇ ਪੰਨਾ 29 ਉਪਰ ਅਕਾਲ ਤਖਤ ਦੀ ਵਡਿਆਈ ਕਰਦੇ ਲਿਖਦੇ ਹਨ: ‘ਦੋ ਖੜਗਾਂ ਦਾ ਰੱਖਿਅਕ, ਸੰਚਾਲਕ ਅਤੇ ਵਿਆਖਿਆਕਾਰ ਹੋਣ ਦੇ ਨਾਤੇ ਅਕਾਲ ਤਖਤ ਦੀ ਇਹ ਜ਼ਿੰਮੇਵਾਰੀ ਹੈ ਕਿ ਸਮੇਂ-ਸਮੇਂ ਅਨੁਸਾਰ ਇਹ ਇਤਿਹਾਸ `ਚ ਰੌਸ਼ਨ ਦਖਲ ਦੇਵੇ। ਇਹ ਦਖਲ ਕੇਵਲ ਸਿੱਖੀ ਦੇ ਪ੍ਰਸੰਗ ਵਿੱਚ ਹੀ ਨਹੀਂ, ਸਗੋਂ ਦੁਨੀਆਂ ਦੀਆਂ ਬਾਕੀ ਕੌਮਾਂ ਅਤੇ ਰਾਸ਼ਟਰਾਂ ਦੇ ਪ੍ਰਸੰਗ ਵਿੱਚ ਵੀ ਹੋਵੇ। ਰਾਜਨੀਤਕ, ਆਰਥਿਕ, ਨੈਤਿਕ ਜਾਂ ਧਾਰਮਿਕ ਪੱਧਰ `ਤੇ ਜਿੱਥੇ ਵੀ ਜ਼ਿੰਦਗੀ ਦੀ ਜੋਤ ਬੁਝਾਈ ਜਾ ਰਹੀ ਹੈ, ਉਥੇ ਅਕਾਲ ਤਖਤ ਲਈ ਦਖਲ ਦੇਣਾ ਜਾਇਜ ਹੀ ਨਹੀਂ, ਸਗੋਂ ਅਕਾਲ ਪੁਰਖ ਵਲੋਂ ਥਾਪੀ ਹੋਈ ਜ਼ਿੰਮੇਵਾਰੀ ਦੀ ਪਾਲਣਾ ਕਰਨਾ ਹੈ। ਝੂਠੇ ਪਾਤਸ਼ਾਹ, ਕਿਸੇ ਵੀ ਦੇਸ਼ ਜਾਂ ਕੌਮ `ਚ ਹੋ ਸਕਦੇ ਹਨ, ਉਨ੍ਹਾਂ ਨੂੰ ਨਕਾਰਾ ਕਰਨ ਵਿੱਚ ਦੁਨੀਆਂ ਭਰ ਦੇ ਲੋਕਾਂ ਦੀ ਸਹਾਇਤਾ ਕਰਨੀ, ਅਕਾਲ ਤਖਤ ਦੇ ਬਚਨ ਵਿੱਚ ਹੀ ਸ਼ਾਮਿਲ ਹੈ’। ਡਾ. ਸਾਹਿਬ, ਪਿਛਲੀ ਸਦੀ ਦੇ ਵੱਡੇ ਵਿਦਵਾਨ ਹਨ। ਅਸੀਂ ਉਨ੍ਹਾਂ ਦੀ ਵਿਦਵਤਾ `ਤੇ ਉਂਗਲ ਉਠਾਉਣ ਦੀ ਗੁਰਤਾਖੀ ਤਾਂ ਨਹੀਂ ਕਰ ਸਕਦੇ। ਪਰ ਉਹ ਜਿਸ ਢੰਗ ਨਾਲ਼ ਅਕਾਲ ਤਖਤ ਨੂੰ ਪੇਸ਼ ਕਰ ਰਹੇ ਹਨ, ਕੀ ਸਿੱਖਾਂ ਕੋਲ਼ 400 ਸਾਲ ਬਾਅਦ ਵੀ ਅਕਾਲ ਤਖਤ ਬਾਰੇ ਅਜਿਹਾ ਕੋਈ ਸਿਧਾਂਤਕ ਦਸਤਾਵੇਜ ਹੈ, ਜਿਸ ਵਿੱਚੋਂ ਅਜਿਹੀ ਵਿਆਖਿਆ ਨਿਕਲਦੀ ਹੋਵੇ, ਜਿਸਦਾ ਉਹ ਜ਼ਿਕਰ ਕਰ ਰਹੇ ਹਨ? ਇਸੇ ਲੇਖ ਵਿੱਚ ਅਸੀਂ ਜ਼ਿਕਰ ਕੀਤਾ ਸੀ ਕਿ ਜਿਸ ਅਕਾਲ ਤਖਤ ਦੇ ਜਥੇਦਾਰ ਨੂੰ ਸਿੱਖ ਪੰਥ ਦੁਨੀਆਂ ਭਰ ਦੀਆਂ ਦੁਨਿਆਵੀ ਅਦਾਲਤਾਂ ਤੋਂ ਸਰਬਉਚ ਅਕਾਲ ਪੁਰਖ ਦੇ ਤਖਤ ਦਾ ਵਾਰਿਸ ਮੰਨਦਾ ਹੈ, ਉਸੇ ਤਖਤ ਦਾ ਜਥੇਦਾਰ ਸ਼੍ਰੋਮਣੀ ਕਮੇਟੀ ਨੂੰ ਲਿਖਤੀ ਬੇਨਤੀ ਕਰ ਰਿਹਾ ਹੈ ਕਿ ਸਾਨੂੰ ਦੱਸੋ ਸਾਡਾ ਅਧਿਕਾਰ ਖੇਤਰ ਕੀ ਹੈ? ਜਥੇਦਾਰਾਂ ਨੂੰ ਲਗਾਉਣ ਅਤੇ ਹਟਾਉਣ ਦਾ ਕੋਈ ਵਿਧੀ-ਵਿਧਾਨ ਹੋਣਾ ਚਾਹੀਦਾ ਹੈ। ਡਾ. ਸਾਹਿਬ, ਜਿਤਨੀਆਂ ਵੱਡੀਆਂ ਆਸਾਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਤੋਂ ਲਗਾ ਰਹੇ ਹਨ, ਉਹ ਜ਼ਰਾ ਪਿਛਲੇ 400 ਸਾਲ ਇਤਿਹਾਸ ਹੀ ਪੜ੍ਹ ਲੈਂਦੇ ਕਿ ਇੱਥੇ ਲੱਗਣ ਵਾਲ਼ਿਆਂ ਦੀ ਯੋਗਤਾ ਕੀ ਸੀ ਜਾਂ ਉਨ੍ਹਾਂ ਨੇ ਕਿਤਨੇ ਕੁ ਫੈਸਲੇ ਅਜਿਹੇ ਕੀਤੇ ਹਨ, ਜਿਨ੍ਹਾਂ `ਤੇ ਸਿੱਖ ਕੌਮ ਮਾਣ ਕਰ ਸਕਦੀ ਹੋਵੇ?

ਇਸੇ ਬਹਿਸ ਲੜੀ ਵਿੱਚ ਖਾਲਿਸਤਾਨੀ ਸਿੱਖ ਵਿਦਵਾਨ ਪ੍ਰਭਸ਼ਰਨਦੀਪ ਸਿੰਘ ਅਪਰੈਲ, 2023 ਵਿੱਚ ਲਿਖੇ ਆਪਣੇ ਇੱਕ ਲੇਖ ਸ੍ਰੀ ਅਕਾਲ ਤਖਤ ਸਾਹਿਬ, ਸਰਬੱਤ ਖਾਲਸਾ ਅਤੇ ਸਿੱਖਾਂ ਦੀ ਮੌਜੂਦਾ ਸਥਿਤੀਵਿੱਚ ਆਪਣੇ ਵਿਚਾਰ ਇਸ ਤਰ੍ਹਾਂ ਪੇਸ਼ ਕਰਦੇ ਹਨ: ‘ਸ੍ਰੀ ਅਕਾਲ ਤਖਤ ਸਾਹਿਬ ਖਾਲਸਾਈ ਪ੍ਰਭੂ ਸਤ੍ਹਾ ਦਾ ਸਰਬਉਚ ਕੇਂਦਰ ਹੈ। ਸਿੱਖਾਂ ਦੀ ਦੁਸ਼ਮਣ ਹਿੰਦੁਸਤਾਨ ਦੀ ਹਕੂਮਤ ਇਸ ਸੰਸਥਾ ਨੂੰ ਅੰਦਰੋਂ ਢਾਹ ਲਾਉਣ `ਤੇ ਤੁਲੀ ਹੋਈ ਹੈ। ਜੂਨ, 84 ਦੇ ਘੱਲੂਘਾਰੇ ਦੌਰਾਨ ਹਕੂਮਤ ਨੇ ਇਸਦੀ ਬਿਲਡਿੰਗ ਢਾਹ ਕੇ ਆਪਣੀ ਸਤ੍ਹਾ ਜਮਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਕਾਮਯਾਬ ਨਹੀਂ ਹੋਈ’। ਹੁਣ ਉਹ ਸਿੱਖਾਂ ਦੇ ਕੁੱਝ ਸਮਝੌਤਵਾਦੀ ਧੜਿਆਂ ਦੀ ਮੱਦਦ ਨਾਲ਼ ਸ਼੍ਰੋਮਣੀ ਕਮੇਟੀ ਰਾਹੀਂ ਇਸਨੂੰ ਢਾਹ ਲਾ ਰਹੀ ਹੈ…। ਜੂਨ, 84 ਤੋਂ ਬਾਅਦ ਸੰਘਰਸ਼ ਲੜ ਰਹੀਆਂ ਧਿਰਾਂ ਨੇ ‘ਸਰਬੱਤ ਖਾਲਸਾ’ ਦੀ ਪ੍ਰੰਪਰਾ ਸੁਰਜੀਤ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਗਾਉਣ ਦੀ ਪ੍ਰੰਪਰਾ ਵੀ ਸ਼ੁਰੂ ਕੀਤੀ, ਪਰ ਉਹ ਕਾਮਯਾਬ ਨਾ ਹੋਏ ਕਿਉਂਕਿ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਨੂੰ ਮਾਨਤਾ ਨਹੀਂ ਦਿੱਤੀ’। ਉਹ ਅੱਗੇ ਲਿਖਦੇ ਹਨ: ‘ਸ਼੍ਰੋਮਣੀ ਕਮੇਟੀ ਦੀ ਦਲੀਲ ਹੈ ਕਿ ਉਹ ਲੋਕਾਂ ਦੀ ਚੁਣੀ ਸੰਸਥਾ ਹੈ, ਇਸ ਲਈ ਇਹ ਹੀ ‘ਸਰਬੱਤ ਖਾਲਸੇ’ ਦਾ ਨਵਾਂ ਰੂਪ ਹੈ ਅਤੇ ਉਨ੍ਹਾਂ ਨੂੰ ਹੀ ਜਥੇਦਾਰ ਚੁਣਨ ਜਾਂ ਹਟਾਉਣ ਦਾ ਅਧਿਕਾਰ ਹੈ। ਪਰ ਸ਼੍ਰੋਮਣੀ ਕਮੇਟੀ ਸਾਰੀ ਦੁਨੀਆਂ ਵਿੱਚ ਵੱਸਦੇ ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰਦੀ। ਇਸ ਲਈ ਉਹ ਸਰਬੱਤ ਖਾਲਸਾ ਨਹੀਂ ਹੋ ਸਕਦੀ’ ? ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਿਨ੍ਹਾਂ ਸਰਬੱਤ ਖਾਲਸਿਆਂ ਦੀ ਪ੍ਰਭਸ਼ਰਨਦੀਪ ਹਮਾਇਤ ਕਰਦਾ ਹੈ, ਕੀ ਉਹ ਵਿਸ਼ਵ ਭਰ ਵਿੱਚ ਵਸਦੇ ਸਿੱਖਾਂ ਦੀ ਨੁਮਾਇੰਦਗੀ ਕਰਦੇ ਸਨ? 1986 ਵਾਲ਼ਾ ਸਰਬੱਤ ਖਾਲਸਾ ਤਾਂ ਸਿਰਫ ਦਮਦਮੀ ਟਕਸਾਲ ਦੇ ਖਾੜਕੂਆਂ ਵਲੋਂ ਸੱਦਿਆ ਗਿਆ ਸੀ। ਦੂਸਰਾ ਸਰਬੱਤ ਖਾਲਸਾ 2015 ਵਿੱਚ ਅਕਾਲੀ ਦਲ ਮਾਨ ਵਲੋਂ ਬੁਲਾਇਆ ਗਿਆ ਸੀ। ਪੰਥ ਦੇ ਇਨ੍ਹਾਂ ਛੋਟੇ ਜਿਹੇ ਦੋ ਧੜਿਆਂ ਨੂੰ ‘ਸਰਬੱਤ ਖਾਲਸਾ’ ਸੱਦਣ ਦਾ ਅਧਿਕਾਰ ਕਿਸਨੇ ਦਿੱਤਾ ਸੀ? ਜਦਕਿ ਸ਼੍ਰੋਮਣੀ ਕਮੇਟੀ ਨੂੰ ਲੱਖਾਂ ਦੀ ਗਿਣਤੀ ਵਿੱਚ ਸਿੱਖ ਲੋਕਤੰਤਰੀ ਢੰਗ ਨਾਲ਼ ਚੁਣਦੇ ਹਨ। ਪ੍ਰਭਸ਼ਨਦੀਪ ਸਿੰਘ ਅਨੁਸਾਰ ਅਕਾਲ ਤਖਤ ਸਾਹਿਬ, ਖਾਲਸਾਈ ਪ੍ਰਭੂ ਸਤ੍ਹਾ ਦਾ ਸਰਬਉਚ ਕੇਂਦਰ ਹੈ। ਪਰ ਉਨ੍ਹਾਂ ਵਲੋਂ ਅਜਿਹੀ ਵੱਡੀ ਸਟੇਟਮੈਂਟ ਦੇਣ ਪਿੱਛੇ ਆਧਾਰ ਕੀ ਹੈ? ਉਨ੍ਹਾਂ ਕੋਲ਼ ਕਿਹੜੇ ਇਤਿਹਾਸਕ ਸ੍ਰੋਤ ਹਨ, ਜਿਨ੍ਹਾਂ ਅਨੁਸਾਰ ਉਹ ਵੱਡੇ ਦਾਅਵੇ ਕਰ ਰਹੇ ਹਨ? ਕੀ ਉਹ ਪੰਥ ਅੱਗੇ ਆਪਣਿਆਂ ਦਾਅਵਿਆਂ ਬਾਰੇ ਕੋਈ ਇਤਿਹਾਸਕ ਪ੍ਰਮਾਣ ਪੇਸ਼ ਕਰਨਗੇ? ਜੇ ਅਕਾਲ ਤਖਤ ਸਾਹਿਬ ਪ੍ਰਭੂ ਸਤ੍ਹਾ ਦਾ ਸਰਬਉਚ ਕੇਂਦਰ ਸੀ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਕੁੱਝ ਸਾਲਾਂ ਦੇ ਸਿੱਖ ਰਾਜ ਵਿੱਚ ਅਕਾਲ ਤਖਤ ਮਾਨਤਾ ਤਾਂ ਕੀ ਦੇਣੀ ਸੀ, ਉਹ ਤਾਂ ਹਰਿਮੰਦਰ ਸਾਹਿਬ ਜਾਂ ਅਕਾਲ ਤਖਤ ਦੇ ਦਰਸ਼ਨ ਵੀ ਕਰਨ ਨਹੀਂ ਗਏ। ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਜਾਂ ਖਾਲਸਾ ਦਰਬਾਰ ਵਿੱਚ ਪ੍ਰਭੂ ਸਤ੍ਹਾ ਦਾ ਕੇਂਦਰ ਲਾਹੌਰ ਸੀ ਨਾ ਕਿ ਅਕਾਲ ਤਖਤ (ਅੰਮ੍ਰਿਤਸਰ)? ਮਹਾਰਾਜੇ ਨੇ ਕਦੇ ਅਕਾਲ ਤਖਤ ਜਾਂ ਉਸਦੇ ਜਥੇਦਾਰ ਨੂੰ ਮਾਨਤਾ ਨਹੀਂ ਦਿੱਤੀ, ਸਗੋਂ ਉਸਨੇ 18ਵੀਂ ਵਿੱਚ ਮਿਸਲਾਂ ਦੇ ਦੌਰ `ਚ ਪ੍ਰਚਲਤ ‘ਸਰਬੱਤ ਖਾਲਸੇ’ ਵੀ ਬੰਦ ਕਰਾ ਦਿੱਤੇ ਸਨ। ਮਹਾਰਾਜਾ ਰਣਜੀਤ ਸਿੰਘ ਨਾਲ਼ ਸਬੰਧਤ ਇੱਕ ਵਾਕਿਆ ਜੋੜਿਆ ਜਾਂਦਾ ਹੈ ਕਿ ਅਕਾਲੀ ਫੂਲਾ ਸਿੰਘ ਨੇ ਉਸਨੂੰ ਮੋਰਾਂ ਨਾਚੀ ਨਾਲ਼ ਵਿਆਹ ਕਰਾਉਣ `ਤੇ ਸਜ਼ਾ ਦਿੱਤੀ। ਇਤਿਹਾਸਕ ਸ੍ਰੋਤਾਂ ਅਨੁਸਾਰ ਅਕਾਲੀ ਫੂਲਾ ਸਿੰਘ ਮਿਸਲ ਸ਼ਹੀਦਾਂ ਦੇ ਨਿਹੰਗ ਜਥੇ ਦਾ ਮੁੱਖੀ ਸੀ, ਜਿਹੜੇ ਭੰਗੀ ਮਿਸਲ ਨਾਲ਼ 18ਵੀਂ ਸਦੀ ਤੋਂ ਹਰਿੰਮਦਰ ਸਾਹਿਬ ਕੰਪਲੈਕਸ ਦੀ ਮੁਗਲ ਹਮਲਾਵਰਾਂ ਦੇ ਹਮਲਿਆਂ ਤੋਂ ਰਾਖੀ ਕਰਦੇ ਸਨ। ਅਕਾਲੀ ਫੂਲਾ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਹੀਂ ਸਨ, ਜਿਸ ਤਰ੍ਹਾਂ ਹੁਣ ਕੁੱਝ ਵਿਦਵਾਨਾਂ ਵਲੋਂ ਪੇਸ਼ ਕੀਤਾ ਜਾਂਦਾ ਹੈ। ਇਤਿਹਾਸਕ ਤੌਰ `ਤੇ 1925 ਤੋਂ ਪਹਿਲਾਂ ਜਥੇਦਾਰ ਚੁਣਨ ਦੀ ਕੋਈ ਪ੍ਰੰਪਰਾ ਹੀ ਨਹੀਂ ਸੀ। ਜੇ ਅਕਾਲੀ ਫੂਲਾ ਸਿੰਘ ਜਥੇਦਾਰ ਸੀ ਤਾਂ ਉਸ ਤੋਂ ਪਹਿਲ਼ਾਂ ਤੇ ਬਾਅਦ ਵਿੱਚ ਕੌਣ ਜਥੇਦਾਰ ਸਨ? ਉਨ੍ਹਾਂ ਦਾ ਸਿੱਖ ਇਤਿਹਾਸ ਵਿੱਚ ਕੀ ਰੋਲ ਸੀ? ਉਨ੍ਹਾਂ ਨੇ ਸਿੱਖ ਕੌਮ ਲਈ ਕੀ ਫੈਸਲੇ ਕੀਤੇ ਸਨ?

ਇਸੇ ਲੜੀ ਵਿੱਚ ਅਮਰੀਕਾ ਰਹਿੰਦੇ ਸਿੱਖ ਵਿਦਵਾਨ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਗੋਬਿੰਦਰ ਸਿੰਘ ਸਮਰਾਓ ਨੇ ਪ੍ਰਭਸ਼ਰਨਦੀਪ ਸਿੰਘ ਵਲੋਂ ਲਿਖੇ ਆਰਟੀਕਲ ‘ਸ੍ਰੀ ਅਕਾਲ ਤਖਤ ਸਾਹਿਬ, ਸਰਬੱਤ ਖਾਲਸਾ, ਤੇ ਸਿੱਖਾਂ ਦੀ ਮੌਜੂਦਾ ਸਥਿਤੀ’ ਦੇ ਜਵਾਬ ਵਿੱਚ ਇਸ ਅਹਿਮ ਵਿਸ਼ੇ `ਤੇ ਲਿਖੇ ਆਰਟੀਕਲ ‘ਸਿੱਖ ਸੰਸਥਾਵਾਂ, ਸਰਬੱਤ ਖਾਲਸਾ ਅਤੇ ਅੱਜ ਦੇ ਸਿੱਖ’ ਵਿੱਚ ਕਈ ਸਿਧਾਂਤਕ ਮੁੱਦੇ ਉਭਾਰੇ ਹਨ। ਜੇ ਸਿੱਖ ਪੰਥ ਨੇ ਲੰਬੇ ਸਮੇਂ ਤੋਂ ਚੱਲ ਰਹੇ ਧਾਰਮਿਕ ਤੇ ਰਾਜਨੀਤਕ ਸੰਕਟ ਵਿੱਚੋਂ ਨਿਕਲਣਾ ਹੈ ਤਾਂ ਇਨ੍ਹਾਂ `ਤੇ ਗੰਭੀਰਤਾ ਨਾਲ਼ ਵਿਚਾਰ ਕਰਨ ਦੀ ਲੋੜ ਹੈ। ਪ੍ਰਭਸ਼ਰਨਦੀਪ ਸਿੰਘ ਆਪਣੇ ਆਰਟੀਕਲ ਵਿੱਚ ਅਕਾਲ ਤਖਤ ਸਾਹਿਬ, ਖਾਲਸਾਈ ਪ੍ਰਭੂ ਸਤ੍ਹਾ ਦਾ ਸਰਬਉਚ ਕੇਂਦਰ ਦੱਸਦਾ ਹੈ। ਜਿਸ ਪ੍ਰਥਾਏ ਪ੍ਰੋ ਸਮਰਾਓ ਆਪਣੇ ਲੇਖ ਵਿੱਚ ਲਿਖਦੇ ਹਨ: ‘ਕਈ ਸਿੱਖ ਵਿਦਵਾਨ ਸ੍ਰੀ ਅਕਾਲ ਤਖਤ ਸਾਹਿਬ ਨੂੰ ‘ਖਾਲਸਾਈ ਪ੍ਰਭੂ ਸਤ੍ਹਾ’ ਦਾ ਸਰਬਉਚ ਕੇਂਦਰ ਦੱਸਦੇ ਹਨ। ਜਦਕਿ ਅਸਲੀਅਤ ਇਹ ਹੈ ਕਿ ਜਿਸ ਵਕਤ ਕਿਹਾ ਜਾਂਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਨੇ ਅਕਾਲ ਤਖਤ ਸਾਹਿਬ ਦੀ ਸਿਰਜਨਾ ਕੀਤੀ ਸੀ, ਉਸ ਵਕਤ ਨਾ ਖਾਲਸਾ ਸਾਜਨਾ ਹੋਈ ਸੀ ਅਤੇ ਨਾ ਹੀ ਖਾਲਸੇ ਵਲੋਂ ਪ੍ਰਭੂ ਸਤ੍ਹਾ ਸੰਪਨ ਰਾਜ ਸਥਾਪਿਤ ਕਰਨ ਦਾ ਕੋਈ ਸੰਕਲਪ ਹੋਂਦ `ਚ ਆਇਆ ਸੀ। ਗੁਰੂ ਸਾਹਿਬ ਦਾ ਮਨੋਰਥ ਵਿਦੇਸ਼ੀ ਧਾੜਵੀਆਂ ਦੇ ਰਾਜ ਕਾਲ ਵਿੱਚ ਸਿੱਖਾਂ ਨੂੰ ਆਤਮ ਰੱਖਿਆ ਲਈ ਹਥਿਆਰਬੰਦ ਕਰਨਾ ਸੀ। ਜਦਕਿ ਉਸ ਵਕਤ ਪ੍ਰਭੂ ਸਤ੍ਹਾ ਜਹਾਂਗੀਰ ਕੋਲ਼ ਸੀ। ਜਿਸਨੇ ਗੁਰੂ ਸਾਹਿਬ ਨੂੰ ਬਗਾਵਤ ਦਾ ਦੋਸ਼ ਲਾ ਕੇ ਜ਼ੇਲ੍ਹ ਭੇਜਿਆ ਸੀ। ਫਿਰ ਸਰਕਾਰ ਨੇ ਆਹਲਾ ਕਿਰਦਾਰ ਕਰਕੇ ਰਿਹਾਅ ਕਰ ਦਿੱਤਾ ਸੀ। ਪਰ ਗੁਰੂ ਸਾਹਿਬ ਨੇ ਕਿਤੇ ਵੀ ਕਿਸੇ ਤਰ੍ਹਾਂ ਦਾ ਰਾਜ ਸਥਾਪਿਤ ਕਰਨ ਲਈ ਬਗਾਵਤ ਨਹੀਂ ਕੀਤੀ ਸੀ। ਉਨ੍ਹਾਂ ਤੋਂ ਬਾਅਦ ਚਾਰ ਗੁਰੂ ਸਾਹਿਬਾਨ ਨੇ ਵੀ ਅਜਿਹਾ ਨਹੀਂ ਕੀਤਾ। ਸਗੋਂ ਉਹ ਇੱਕ ਧਾਰਮਿਕ ਆਗੂ ਵਜੋਂ ਹੀ ਵਿਚਰਦੇ ਰਹੇ। ਇਸ ਸਾਰੇ ਗੁਰੂ ਕਾਲ ਵਿੱਚ ਪ੍ਰਭੂ ਸਤ੍ਹਾ ਮੁਗਲਾਂ ਕੋਲ਼ ਹੀ ਰਹੀ, ਪਰ ਕਿਸੇ ਗੁਰੂ ਨੇ ਇਸ ਸਤ੍ਹਾ ਨੂੰ ਚੈਲਿੰਜ ਨਹੀਂ ਕੀਤਾ। ਇੱਥੇੋਂ ਤੱਕ ਕਿ ਗੁਰੂ ਹਰਿਗੋਬਿੰਦ ਸਾਹਿਬ ਆਪਣੇ ਜੀਵਨ ਕਾਲ ਵਿੱਚ ਅੰਮ੍ਰਿਤਸਰ ਛੱਡ ਗਏ ਅਤੇ ਉਹ ਅਤੇ ਉਨ੍ਹਾਂ ਤੋਂ ਬਾਅਦ ਕੋਈ ਗੁਰੂ ਵਾਪਿਸ ਅੰਮ੍ਰਿਤਸਰ ਨਹੀਂ ਆਏ। ਬੰਦਾ ਸਿੰਘ ਬਹਾਦਰ ਨੇ ਜਿਹੜਾ ਸਿੱਖ ਰਾਜ ਕਾਇਮ ਕੀਤਾ ਸੀ, ਉਸ ਲਈ ਵੀ ਪ੍ਰਭੂ ਸਤ੍ਹਾ ਅਕਾਲ ਤਖਤ `ਤੇ ਨਹੀਂ ਬਣਾਈ ਸੀ ਅਤੇ ਨਾ ਹੀ ਕਦੇ ਅੰਮ੍ਰਿਤਸਰ ਆਏ ਸਨ। 19ਵੀਂ ਸਦੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਪ੍ਰਭੂ ਸਤ੍ਹਾ ਸੰਪਨ ਰਾਜ ਜਰੂਰ ਸਥਾਪਿਤ ਕੀਤਾ ਸੀ, ਪਰ ਉਹ ਸਹੀ ਸ਼ਬਦਾਂ ਵਿੱਚ ਸਿੱਖ ਰਾਜ ਨਹੀਂ ਸੀ, ਸਗੋਂ ਸਾਰੇ ਪੰਜਾਬੀਆਂ (ਸਿੱਖਾਂ, ਹਿੰਦੂਆਂ, ਮੁਸਲਮਾਨਾਂ) ਦਾ ਸਾਂਝਾ ਰਾਜ ਸੀ। ਉਸਦਾ ਕੋਈ ਧਾਰਮਿਕ ਏਜੰਡਾ ਨਹੀਂ ਸੀ। ਉਸ ਰਾਜ ਵਿੱਚ ਅਕਾਲ ਤਖਤ ਸਾਹਿਬ ਜਾਂ ਉਸਦੇ ਜਥੇਦਾਰ ਦਾ ਕੋਈ ਰੋਲ ਨਹੀਂ ਸੀ। ਬੇਸ਼ੱਕ ਅਕਾਲੀ ਫੂਲਾ ਸਿੰਘ ਨੇ ਉਸਨੂੰ ਸਜ਼ਾ ਲਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਵੀ ਧਾਰਮਿਕ ਗੁਨਾਹ ਦੀ ਸਜ਼ਾ ਸੀ, ਨਾ ਕਿ ਕਿਸੇ ਰਾਜਨੀਤਕ ਕਾਰਨ ਕਰਕੇ। ਮਹਾਰਾਜੇ ਨੇ ਨਾ ਕਦੇ ਅਕਾਲ ਤਖਤ ਨੂੰ ਆਪਣੇ ਰਾਜਸੀ ਫੈਸਲਿਆਂ ਲਈ ਵਰਤਿਆ ਅਤੇ ਨਾ ਹੀ ਅਕਾਲ ਤਖਤ ਨੇ ਉਸਦੇ ਦਰਬਾਰ ਵਿੱਚ ਕਦੇ ਦਖਲ ਦਿੱਤਾ ਸੀ। ਮਹਾਰਾਜੇ ਦੀ ਮੌਤ ਤੋਂ ਬਾਅਦ ਉਸਦੇ ਉਤਰ ਅਧਿਕਾਰੀਆਂ ਜਾਂ ਖਾਲਸਾ ਫੌਜਾਂ ਨੇ ਅੰਗਰੇਜਾਂ ਨਾਲ਼ ਲੜੀਆਂ ਜੰਗਾਂ ਵਿੱਚ ਕਦੇ ਅਕਾਲ ਤਖਤ ਤੋਂ ਦਖਲ ਨਹੀਂ ਮੰਗਿਆ ਸੀ ਅਤੇ ਨਾ ਸਰਬੱਤ ਖਾਲਸਾ ਸੱਦਿਆ ਸੀ। ਇਤਿਹਾਸਕਾਰਾਂ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ਼ ਹੀ ਸਰਬੱਤ ਖਾਲਿਸਆਂ ਅਤੇ ਰਾਜਨੀਤਕ ਗੁਰਮਤਿਆਂ ਦਾ ਭੋਗ ਪੈ ਗਿਆ ਸੀ। ਸਿੱਖਾਂ ਵਲੋਂ ਚੁਣੀ ਜਾਣ ਵਾਲ਼ੀ ਲੋਤੰਤਰੀ ਸੰਸਥਾ ਸ਼੍ਰੋਮਣੀ ਕਮੇਟੀ ਦੇ ਆਉਣ ਨਾਲ਼ ਅਜਿਹੇ ਰਾਜਨੀਤਕ ਗੁਰਮਤਿਆਂ ਦੀ ਲੋੜ ਹੀ ਖਤਮ ਹੋ ਗਈ ਸੀ। ਜੋ ਸਰਬੱਤ ਖਾਲਸਾ ਵਾਂਗ ਸਾਲ ਵਿੱਚ ਦੋ ਵਾਰ ਆਪਣਾ ਇਜਲਾਸ ਕਰਦੇ ਹਨ।’ ਅਸੀਂ ਸ. ਗੋਬਿੰਦਰ ਸਿੰਘ ਸਮਰਾਓ ਦੇ ਵਿਚਾਰਾਂ ਨਾਲ਼ ਸਹਿਮਤ ਹਾਂ ਕਿ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਤੋਂ ਗੁਰਦੁਅਰਾ ਐਕਟ 1925 ਤੱਕ ਅਕਾਲ ਤਖਤ ਦੀ ਸੰਸਥਾ ਜਾਂ ਉਸਦੇ ਜਥੇਦਾਰ ਦੇ ਕਿਸੇ ਰੋਲ ਦਾ ਕੋਈ ਇਤਿਹਾਸਕ ਹਵਾਲਾ ਨਹੀਂ ਮਿਲਦਾ, ਸਿਵਾਏ ਅਕਾਲੀ ਫੂਲਾ ਸਿੰਘ ਦੀ ਘਟਨਾ ਦੇ। ਇਤਨਾ ਜਰੂਰ ਹੈ ਕਿ ਇਸ ਅਸਥਾਨ `ਤੇ 18ਵੀਂ ਸਦੀ ਵਿੱਚ ਮੁਗਲਾਂ ਨਾਲ਼ ਲੜ ਰਹੇ ਖਾਲਸਾ ਜਥੇ ਵੈਸਾਖੀ ਅਤੇ ਦੀਵਾਲ਼ੀ ਮੌਕੇ ਆਪਣਾ ਸਰਬੱਤ ਖਾਲਸਾ ਕਰਦੇ ਸਨ ਜਾਂ ਆਪਣੇ ਗੁਰਮਤੇ ਕਰਦੇ ਸਨ। ਪਰ ਉਸ ਦੌਰ ਵਿੱਚ ਵੀ ਕਿਸੇ ਜਥੇਦਾਰ ਦੇ ਰੋਲ ਦਾ ਕੋਈ ਹਵਾਲਾ ਨਹੀਂ ਮਿਲਦਾ’।

ਪ੍ਰੋ. ਸਾਹਿਬ ਅੱਗੇ ਇੱਕ ਹੋਰ ਮੁੱਦਾ ਉਠਾਉਂਦੇ ਹਨ: ‘ਜੇ ਸਿੱਖੀ ਦੀ ਸਥਾਪਤੀ ਵਿੱਚ ਏਨਾ ਕੁੱਝ ‘ਸਰਬੱਤ ਖਾਲਿਸਆਂ’ ਅਤੇ ‘ਅਕਾਲ ਤਖਤ ਦੇ ‘ਹੁਕਮਨਾਮਿਆਂ’ ਤੋਂ ਬਿਨਾਂ ਵਾਪਰ ਸਕਦਾ ਹੈ ਤਾਂ ਹੁਣ ਕਿਹੜੀ ਹੰਗਾਮੀ (ਐਮਰਜੈਂਸ਼ੀ ਵਾਲ਼ੀ) ਹਾਲਤ ਪੈਦਾ ਹੋ ਗਈ ਹੈ ਕਿ ਇਸ ਸਨਮਾਨਯੋਗ ਸੰਸਥਾ ਅਤੇ ਇਸਦੇ ਜਥੇਦਾਰ ਨੂੰ ਪੈਰ-ਪੈਰ `ਤੇ ਦੁਨਿਆਵੀ ਗੱਲਾਂ ਵਿੱਚ ਘਸੀਟਿਆ ਜਾਵੇ’। ਆਪਣੇ ਇਸ ਆਰਟੀਕਲ ਵਿੱਚ ਪ੍ਰੋ ਸਮਰਾਓ ਅਖੀਰ `ਚ ਕਹਿੰਦੇ ਹਨ: ਸਭ ਨੂੰ ਪਤਾ ਹੈ ਕਿ ਪੁਰਾਤਨ ਸਿੱਖ ਸੰਸਥਾਵਾਂ, ਜਿਨ੍ਹਾਂ ਨੂੰ ਗੁਰੂਆਂ ਅਤੇ ਯੋਧਿਆਂ ਨੇ ਕੁਰਬਾਨੀਆਂ ਦੇ ਕੇ ਸਿਰਜਿਆ ਸੀ। ਉਹ ਹੁਣ ਸਿੱਖ ਇਤਿਹਾਸ ਦੇ ਮਾਣਮੱਤੇ ਵਿਰਸੇ ਦਾ ਭਾਗ ਹਨ। ਕਾਲ ਦੇ ਗੇੜ ਕਾਰਨ, ਇਨ੍ਹਾਂ ਵਿੱਚੋਂ ਕਈ ਬਿਰਧ ਹੋ ਗਈਆਂ ਹਨ ਤੇ ਇਨ੍ਹਾਂ ਦੀ ਮਹਾਨਤਾ ਸੰਕੇਤਕ ਬਣ ਕੇ ਰਹਿ ਗਈ ਹੈ। ਇਹ ਕੇਵਲ ਸਨਮਾਨ ਦੀਆਂ ਪਾਤਰ ਹਨ ਕਿਉਂਕਿ ਇਨ੍ਹਾਂ ਨੂੰ ਹੁਣ ਉਸੇ ਹਾਲਤ ਵਿੱਚ ਮੁੜ ਕਾਰਜ਼ਸ਼ੀਲ ਨਹੀਂ ਕੀਤਾ ਜਾ ਸਕਦਾ…। ਹੁਣ ਸਿਰਮੌਰਤਾ ਅਕਾਲ ਤਖਤ ਅਤੇ ਉਸਦੇ ਜਥੇਦਾਰ ਨਹੀਂ, ਸਗੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੈ। ਅਕਾਲ ਤਖਤ ਦਾ ਜਥੇਦਾਰ ਤਾਂ ਤਖਤ `ਤੇ ਉੇਸਦੀ ਸੇਵਾ-ਸੰਭਾਲ਼ ਲਈ ਮੁੱਖ ਸੇਵਾਦਾਰ ਹੈ। ਪ੍ਰਭਸ਼ਰਨਦੀਪ ਸਿੰਘ ਪਤਾ ਨਹੀਂ ਕਿਉਂ ਜਥੇਦਾਰ ਤੋਂ ਉਹ ਕੁੱਝ ਕਰਾਉਣਾ ਚਾਹੁੰਦਾ ਹੈ, ਜੋ ਕਿ ਜਥੇਦਾਰ ਦੇ ਖੇਤਰ `ਚ ਹੀ ਨਹੀਂ ਹੈ। --- (ਚੱਲਦਾ) 




.