ਪਾਤਸ਼ਾਹੀ ਦਾਅਵਿਆਂ ਦੀ ਸੋਚਣੀ ਵਾਲੇ ਲੋਕ
ਪਿਛਲੇ ਕੁੱਝ ਦਿਨਾ ਤੋਂ ਇੰਟਰਨੈੱਟ ਤੇ ਇੱਕ ਛੋਟਾ ਜਿਹਾ ਔਡੀਓ ਕਲਿਪ ਘੁੰਮ ਰਿਹਾ ਹੈ। ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਕਲਿਪ ਗੁਰਪ੍ਰੀਤ ਸਿੰਘ ਹਰੀ ਨੌਂ ਵਲੋਂ ਰੀਕਾਰਡ ਕੀਤਾ ਗਿਆ ਸੀ। ਕਿਹਾ ਜਾਂਦਾ ਹੈ ਕਿ ਇਸ ਕਲਿਪ ਵਿੱਚ ਗੁਰਪ੍ਰੀਤ ਸਿੰਘ ਹਰੀ ਨੌਂ ਵਾਲਾ ਅੰਮ੍ਰਿਤਪਾਲ ਦੇ ਪਿਤਾ/ਭਾਪੇ ਤੋਂ ਕੰਮ ਦੇ ਪੈਸੇ ਮੰਗਣ ਦੀ ਗੱਲ ਕਰਦਾ ਹੈ ਅੱਗੋਂ ਉਸ ਦਾ ਪਿਤਾ ਆਪਣੇ ਮੁੰਡਿਆਂ ਬਾਰੇ ਕੁੱਝ ਚੰਗਾ ਮੰਦਾ ਬੋਲਦਾ ਹੈ। ਜਦੋਂ ਗੁਰਪ੍ਰੀਤ ਸਿੰਘ ਹਰੀ ਨੌਂ ਦਾ ਕਤਲ ਹੋਇਆ ਸੀ ਉਸ ਵੇਲੇ ਵੀ ਗੁਰਪ੍ਰੀਤ ਦੇ ਸਾਥੀਆਂ ਵਲੋਂ ਇਹ ਸ਼ੰਕਾ ਕੀਤੀ ਜਾਂਦੀ ਸੀ ਕਿ ਇਸ ਕਤਲ ਪਿੱਛੇ ਅੰਮ੍ਰਿਤਪਾਲ ਦਾ ਹੱਥ ਹੋ ਸਕਦਾ ਹੈ। ਇਸ ਨੂੰ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਸਨ। ਇਹ ਕਿਹਾ ਜਾਂਦਾ ਸੀ ਕਿ ਗੁਰਪ੍ਰੀਤ ਸਿੰਘ ਕੋਲ ਇਸ ਦੇ ਪ੍ਰਵਾਰ ਦੀਆਂ ਕਈ ਰੀਕੋਰਡਿੰਗ ਸਨ ਜਿਸ ਨੂੰ ਉਹ ਜਨਤਕ ਕਰਨ ਦੀ ਗੱਲ ਕਰਦਾ ਸੀ। ਇਸ ਵਿੱਚ ਕਿਤਨੀ ਕੁ ਸਚਾਈ ਹੈ ਇਹ ਤਾਂ ਕੋਰਟ ਵਿੱਚ ਹੀ ਸਾਬਤ ਹਵੇਗਾ। ਪਰ ਜਿਸ ਤਰ੍ਹਾਂ ਉਸ ਦੇ ਕਤਲ ਤੋਂ ਬਾਅਦ ਫੜੇ ਗਏ ਵਿਆਕਤੀਆਂ ਤੋਂ ਪੁੱਛਗਿੱਛ ਦੁਰਾਨ ਪੁਲੀਸ ਨੇ ਦੱਸਿਆ ਸੀ ਅਤੇ ਉਸ ਤੋਂ ਬਾਅਦ ਅਰਸ਼ ਡੱਲੇ ਨੇ ਜ਼ਿੰਮੇਵਾਰੀ ਲਈ ਸੀ ਉਸ ਨੂੰ ਦੇਖ ਕੇ ਲਗਦਾ ਸੀ ਦਾਲ ਵਿੱਚ ਜਰੂਰ ਕੁੱਝ ਕਾਲਾ ਹੈ।
ਜਦੋਂ ਅੰਮ੍ਰਿਤਪਾਲ ਪੰਜਾਬ ਵਿੱਚ ਦਾਖਲ ਹੋਇਆ ਸੀ ਅਤੇ ਸਰਕਾਰ ਤੋਂ ਅਸਲੇ ਦੇ ਲਾਇਸੈਂਸ ਲੈ ਕੇ ਸਰਕਾਰ ਵਿਰੁੱਧ ਹੀ ਫੁਕਰੀਆਂ ਮਾਰਨ ਲੱਗ ਪਿਆ ਸੀ ਤਾਂ ਸਮਝਣ ਵਾਲੇ ਤਾਂ ਉਸ ਵੇਲੇ ਹੀ ਸਮਝ ਗਏ ਸਨ ਕਿ ਹੁਣ ਕੀ ਹੋਣ ਵਾਲਾ ਹੈ। ਪਰ ਜਿਨ੍ਹਾਂ ਨੇ ਨਹੀਂ ਸਮਝਣਾ ਉਨ੍ਹਾਂ ਨੂੰ ਕਦੀ ਵੀ ਕੋਈ ਨਹੀਂ ਸਮਝਾ ਸਕਦਾ। ਮੈਨੂੰ ਇਸ ਗੱਲ ਦੀ ਹਾਲੇ ਬਹੁਤੀ ਸਮਝ ਨਹੀਂ ਆਈ ਕਿ ਕੁੱਝ ਕੁ ਲੋਕ ਕਿਉਂ ਧਰਮ ਦੇ ਨਾਮ ਤੇ ਪੰਜਾਬ ਨੂੰ ਬਰਬਾਦ ਕਰਨ ਤੇ ਲਈ ਤਰਲੋਮੱਛੀ ਹੋ ਰਹੇ ਹਨ। ਸਿੱਖਾਂ ਦੇ 5-7 ਕੁ ਵਿਦਵਾਨ ਐਸੇ ਹਨ ਜੋ ਕਿ ਸਦੀਆਂ ਪੁਰਾਣੀਆਂ ਇਤਿਹਾਸ ਦੀਆਂ ਦਲੀਲਾਂ ਦੇ ਕੇ ਝੂਠੇ ਬਿਰਤਾਂਤ ਸਿਰਜਣ ਵਿੱਚ ਮਾਹਰ ਹਨ। ਇਨ੍ਹਾਂ ਵਿੱਚ ਕਈਆਂ ਦਾ ਪਿਛੋਕੜ ਨਕਸਲੀ ਜਾਂ ਕਾਮਰੇਡੀ ਹੈ। ਇਹ ਕਿਤਾਬਾਂ ਦੇ ਲੇਖਕ ਵੀ ਹਨ ਅਤੇ ਯੂ-ਟਿਊਬਰ ਵੀ। ਜਿੱਥੇ ਮੀਡੀਏ ਨੇ ਅੰਮ੍ਰਿਤਪਾਲ ਦੀਆਂ ਫੁਕਰੀਆਂ ਨੂੰ ਹਵਾਈ ਕਿਲੇ ਬਣਾ ਕੇ ਉਸਾਰਿਆ ਉਥੇ ਇਸ ਤਰ੍ਹਾਂ ਦੇ ਵਿਦਵਾਨਾ ਨੇ ਵੀ ਆਪਣਾ ਰੋਲ ਖੂਬ ਨਿਭਾਇਆ ਸੀ। ਅਤੇ ਹਾਲੇ ਵੀ ਨਿਭਾ ਰਹੇ ਹਨ। ਕਈ ਵਾਰੀ ਕਦੀ-ਕਦੀ ਥੋੜੀ ਜਿਹੀ ਵਿਰੋਧਤਾ ਵੀ ਕਰ ਛੱਡਦੇ ਹਨ। ਕੀ ਇਹ ਸਾਰਾ ਕੁੱਝ ਕਿਸੇ ਦੇ ਇਸ਼ਾਰਿਆਂ ਤੇ ਕਰ ਰਹੇ ਹਨ ਜਾਂ ਮਜਬੂਰੀ ਵੱਸ ਕਰਨਾ ਪੈ ਰਿਹਾ ਹੈ। ਇਸ ਬਾਰੇ ਮੇਰੇ ਲਈ ਹਾਲ ਦੀ ਘੜੀ ਸਮਝਣਾ ਕੁੱਝ ਮੁਸ਼ਕਲ ਲੱਗ ਰਿਹਾ ਹੈ। ਇਸ ਤਰ੍ਹਾਂ ਦੇ ਵਿਦਵਾਨਾ ਨੂੰ ਅਤੇ ਹੋਰ ਭੇਡ-ਚਾਲ ਵਾਲੇ ਲੋਕਾਂ ਨੂੰ ਸ਼ਾਇਦ ਮਸਾਂ ਹੀ ਭਿੰਡਰਾਂਵਾਲੇ ਸਾਧ ਤੋਂ ਬਾਅਦ ਇੱਕ ਹੋਰ ਉਸੇ ਤਰ੍ਹਾਂ ਦੀਆਂ ਫੁਕਰੀਆਂ ਮਾਰਨ ਵਾਲਾ ਮਿਲਿਆ ਹੈ। ਜਿਸ ਤੋਂ ਇਹ ਲੋਕ ਬਹੁਤ ਵੱਡੀਆਂ ਆਸਾਂ ਲਾਈ ਬੈਠੇ ਹਨ। ਇਨ੍ਹਾਂ ਦੀਆਂ ਆਸਾਂ ਨੂੰ ਕਿਤਨਾ ਕੁ ਬੂਰ ਪੈਂਦਾ ਹੈ ਇਹ ਤਾਂ ਆਉਣ ਵਾਲਾ ਸਮਾ ਹੀ ਦੱਸੇਗਾ। ਪਰ ਹੇਠ ਦਿੱਤੀ ਇੱਕ ਨੌਜੁਆਨ ਦੀ ਵੀਡੀਓ ਜਰੂਰ ਦੇਖੋ ਅਤੇ ਸੁਣੋਂ। ਸ਼ਾਇਦ ਕਿਸੇ ਨੂੰ ਕੋਈ ਗੱਲ ਸਮਝ ਪੈ ਹੀ ਜਾਵੇ। ਜ਼ਿੰਦਾਬਾਦ ਅਤੇ ਗਾਲ੍ਹਾਂ ਕੱਢਣ ਵਾਲਿਆਂ ਤੇ ਤਾਂ ਕੋਈ ਅਸਰ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ ਕਿਉਂਕਿ ਜਿਹੜੇ ਇੱਕ ਇੰਟਰਟੇਨ ਕਰਨ ਵਾਲੇ ਪ੍ਰਧਾਨ ਮੰਤ੍ਰੀ ਵਾਜੇ ਕੇ ਦੇ ਫੈਨ ਹੋਵਣ ਉਨ੍ਹਾਂ ਤੇ ਬਹੁਤੀ ਆਸ ਰੱਖਣੀ ਤਾਂ ਮੂਰਖਤਾ ਵਾਲੀ ਗੱਲ ਹੋਵੇਗੀ। ਇਸ ਵੀਡੀਓ ਵਿੱਚ ਪਹਿਲੇ ਕੁੱਝ ਮਿੰਟ ਤਾਂ ਪਾਤਸ਼ਾਹੀ ਦਾਅਵੇ ਵਾਲੇ ਦੇ ਆਪਣੇ ਹੀ ਵਿਚਾਰ ਹਨ ਉਸ ਤੋਂ ਬਾਅਦ ਇਸ ਨੌਜੁਆਨ ਦੀ ਬੋਲਬਾਣੀ ਜਾਂ ਉਸ ਦੀਆਂ ਆਪਣੀਆਂ ਕਹੀਆਂ ਹੋਈਆਂ ਗੱਲਾਂ ਬਾਰੇ ਕਿੰਤੂ ਹੋ ਸਕਦਾ ਹੈ ਪਰ ਫੁਕਰੀਆਂ ਮਾਰਨ ਵਾਲੇ ਪਾਤਸ਼ਾਹੀ ਦਾਅਵੇ ਵਾਲੇ ਤੇ ਨਹੀਂ। ਇਹ ਭਾਵੇਂ ਢੱਡਰੀਆਂ ਵਾਲੇ ਸਾਧ ਦਾ ਚੇਲਾ ਲਗਦਾ ਹੈ ਪਰ ਸਚਾਈ ਦੱਸਣ ਲਈ ਇਸ ਦੇ ਹੌਂਸਲੇ ਦੀ ਥੋੜੀ ਜਿਹੀ ਤਾਰੀਫ ਕਰਨੀ ਵੀ ਬਣਦੀ ਹੈ।
ਮੱਖਣ ਪੁਰੇਵਾਲ,
ਜਨਵਰੀ 20, 2025.
https://www.youtube.com/watch?v=QBhC_8ttNGI