ਕੀ ਸੌ ਪਰਸਿੰਟ ਕੋਰਾ ਬਕਵਾਸ ਕਰਨ ਵਾਲੇ ਧਰਮੀ ਹੋ ਸਕਦੇ ਹਨ?
ਦਸਮ ਗ੍ਰੰਥ ਨਾਮ ਦਾ ਕੂੜ ਪੋਥਾ ਸਦੀਆਂ ਤੋਂ ਹੀ ਵਾਦ-ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਬਾਰੇ ਦੋਹਾਂ ਪਾਸਿਆਂ ਤੋਂ ਬਹੁਤ ਕੁੱਝ ਲਿਖ ਕੇ ਅਤੇ ਬੋਲ ਕੇ ਦੱਸਿਆ ਗਿਆ ਹੈ ਅਤੇ ਹੁਣ ਵੀ ਦੱਸਿਆ ਜਾ ਰਿਹਾ ਹੈ। ਇੱਥੇ ਸਿੱਖ ਮਾਰਗ ਤੇ ਵੀ ਇਸ ਬਾਰੇ ਵਿੱਚ ਬਹੁਤ ਕੁੱਝ ਛਪਿਆ ਹੋਇਆ ਹੈ। ਅਰਥ ਆਪਣੇ ਆਪਣੇ ਢੰਗ ਨਾਲ ਕਰਕੇ ਵਿਆਖਿਆ ਵੀ ਆਪਣੇ ਢੰਗ ਨਾਲ ਕੀਤੀ ਜਾ ਰਹੀ ਹੈ। ਮੈਂ ਇਸ ਬਾਰੇ ਆਪਣੇ ਸੰਖੇਪ ਜਿਹੇ ਵਿਚਾਰ ਵੱਖਰੇ ਦ੍ਰਿਸ਼ਟੀਕੋਨ ਰਾਹੀਂ ਦੱਸਣ ਦੀ ਕੋਸ਼ਿਸ਼ ਕਰਾਂਗਾ। ਦਸਮ ਗ੍ਰੰਥ ਅਥਵਾ ਬਚਿੱਤਰ ਨਾਟਕ ਦਾ ਕਾਫੀ ਹਿੱਸਾ ਚਰਿਤਰੋ ਪਖਿਆਨ ਅਥਵਾ ਤ੍ਰਿਆ ਚਰਿਤ੍ਰ ਦੀਆਂ ਕਹਾਣੀਆਂ ਨਾਲ ਭਰਿਆ ਹੋਇਆ ਹੈ। ਦਸਮ ਗ੍ਰੰਥ ਦੇ ਹਮਾਇਤੀ ਇਨ੍ਹਾਂ ਨੂੰ ਦਸਮ ਗੁਰੂ ਵਲੋਂ ਦਿੱਤੀ ਸਿੱਖਿਆ ਕਹਿੰਦੇ ਹਨ ਅਤੇ ਇਸ ਦੇ ਵਿਰੋਧੀ ਇਸ ਨੂੰ ਗੰਦ ਦਾ ਟੋਕਰਾ, ਅਸ਼ਲੀਲ ਕਹਾਣੀਆਂ, ਨੰਗੇਜ਼, ਬੇਸ਼ਰਮੀ ਭਰੀ ਗਲਤ ਤਰੀਕੇ ਨਾਲ ਦਿੱਤੀ ਜਾਣਕਾਰੀ ਵਾਲੀ ਸਿੱਖਿਆ ਜਾਂ ਕਈ ਕੁੱਝ ਹੋਰ ਵੀ ਕਹਿੰਦੇ ਹਨ।
ਜਦੋਂ ਦੀ ਮਨੁੱਖ ਜਾਤੀ ਹੋਂਦ ਵਿੱਚ ਆਈ ਹੈ ਉਦੋਂ ਲੈ ਕੇ ਹੁਣ ਤੱਕ ਸਾਰੇ ਵਿਆਕਤੀ ਇਕੋ ਤਰੀਕੇ ਨਾਲ ਇਸ ਦੁਨੀਆ ਤੇ ਆਏ ਹਨ। ਉਹ ਸਾਰੇ ਆਪਣੀ ਮਾਤਾ ਦੇ ਗਰਭ ਧਾਰਨ ਕਰਨ ਤੋਂ ਬਾਅਦ ਇਕੋ ਰਸਤੇ ਰਾਹੀਂ ਪੈਦਾ ਹੋਏ ਹਨ। ਗਰਭ ਧਾਰਨ ਕਰਨ ਦਾ ਤਰੀਕਾ ਟੈਸਟ ਟਿਊਬ ਤੋਂ ਬਿਨਾ ਸਾਰਿਆ ਦਾ ਇਕੋ ਜਿਹਾ ਹੀ ਹੈ। ਮੇਲ ਅਤੇ ਫੀ-ਮੇਲ ਦੇ ਮਿਲਾਪ ਰਾਹੀਂ ਅੱਗੋਂ ਬੱਚੇ ਦਾ ਜਨਮ ਹੁੰਦਾ ਹੈ। ਸਾਡੇ ਮਾਂ ਬਾਪ ਨੇ ਸਾਨੂੰ ਪੈਦਾ ਕੀਤਾ ਅਤੇ ਅੱਗੋਂ ਅਸੀਂ ਆਪਣੇ ਬੱਚੇ ਪੈਦਾ ਕੀਤੇ ਹਨ। ਅੱਗੋਂ ਸਾਡੇ ਬੱਚੇ ਅੱਗੇ ਹੋਰ ਬੱਚੇ ਪੈਦਾ ਕਰ ਰਹੇ ਹਨ। ਸਮਾਜ ਨੇ ਕੁੱਝ ਪਰਵਾਰਕ ਰਿਸ਼ਤੇ ਕਾਇਮ ਰੱਖਣ ਲਈ ਵਿਧੀ ਵਿਧਾਨ ਬਣਾਏ ਹੋਏ ਹਨ। ਇਹ ਸਾਰੇ ਵੱਖਰੇ ਵੱਖਰੇ ਦੇਸ਼ਾਂ ਅਤੇ ਸਭਿਚਾਰਕ ਕਰਕੇ ਇੱਕ ਦੂਜੇ ਨਾਲੋਂ ਕੁੱਝ ਵੱਖਰੇ ਹੁੰਦੇ ਹਨ। ਜਨੈਟਿਕ ਕਾਰਨਾ ਕਰਕੇ ਰਿਸ਼ਤਾ ਕਰਨ ਵੇਲੇ ਨਾਨਕਿਆਂ ਦਾਦਕਿਆਂ ਦੇ ਗੋਤ ਦੇਖੇ ਜਾਂਦੇ ਸਨ/ਹਨ। ਇਸਲਾਮ ਵਿੱਚ ਭੈਣ ਭਰਾ ਵੀ ਵਿਆਹ ਕਰ ਲੈਂਦੇ ਹਨ। ਕਈ ਮੁਲਾਣੇ ਤਾਂ ਇਸ ਦਾ ਸ਼ਰੇਆਮ ਪ੍ਰਚਾਰ ਵੀ ਕਰਦੇ ਹਨ। ਉਨ੍ਹਾਂ ਦੀ ਸੋਚ ਇਹ ਹੁੰਦੀ ਹੈ ਕਿ ਇਸਲਾਮ ਨੇ ਸਾਰੀ ਦੁਨੀਆ ਤੇ ਰਾਜ ਕਰਨਾ ਹੈ ਇਸ ਲਈ ਮੁਸਲਮਾਨਾ ਦੀ ਵਸੋਂ ਜਦੋਂ ਵਧ ਗਈ ਤਾਂ ਆਪੇ ਰਾਜ ਹੋ ਜਾਣਾ ਹੈ। ਹੋ ਸਕਦਾ ਹੈ ਕਿ ਸਾਰੇ ਇਨ੍ਹਾਂ ਗੱਲਾਂ ਨਾਲ ਸਹਿਮਤ ਨਾ ਹੋਣ ਪਰ ਇਹ ਹੁੰਦਾ ਜਰੂਰ ਹੈ।
ਮਨੁੱਖਾ ਜਾਤੀ ਦੀ ਤਾਂ ਗੱਲ ਛੱਡੋ ਬਨਸਪਤੀ ਵਿੱਚ ਵੀ ਮੇਲ ਅਤੇ ਫੀ-ਮੇਲ ਦੀ ਕਿਰਿਆ ਰਾਂਹੀਂ ਹੀ ਅੱਗੋਂ ਫਲ ਅਤੇ ਸਬਜ਼ੀਆਂ ਪੈਦਾ ਹੁੰਦੀਆਂ ਹਨ। ਜੇ ਕਰ ਮਧੂ ਮੱਖੀਆਂ ਇਹ ਪ੍ਰਕਿਰਿਆ ਨਾ ਕਰਨ ਤਾਂ ਫਲ ਸਬਜੀਆਂ ਲੱਗਣੋਂ ਹਟ ਸਕਦੇ ਹਨ। ਜੇ ਕਰ ਕੱਦੂ, ਬੱਡਾਂ, ਕਰੇਲੇ ਅਤੇ ਖੀਰੇ ਆਦਿਕ ਦੇ ਫੁੱਲਾਂ ਨੂੰ ਧਿਆਨ ਨਾਲ ਦੇਖੋ ਤਾਂ ਤੁਹਾਨੂੰ ਦੋ ਕਿਸਮ ਦੇ ਫੁੱਲ ਦਿਖਾਈ ਦੇਣਗੇ। ਇਨ੍ਹਾਂ ਵਿਚੋਂ ਇੱਕ ਮੇਲ ਹੁੰਦੇ ਹਨ ਅਤੇ ਇੱਕ ਫੀ-ਮੇਲ। ਇਨ੍ਹਾਂ ਦੋਹਾਂ ਦੇ ਮਿਲਾਪ ਰਾਹੀਂ ਹੀ ਅੱਗੋ ਸਬਜੀਆਂ ਪੈਦਾ ਹੁੰਦੀਆਂ ਹਨ। ਇਨ੍ਹਾਂ ਦੋਹਾਂ ਦਾ ਮਿਲਾਪ ਮਧੂ ਮੱਖੀਆਂ ਰਾਹੀਂ ਹੁੰਦਾ ਹੈ। ਕਈ ਵਾਰੀ ਤੁਹਾਨੂੰ ਆਪ ਮੇਲ ਫੁੱਲ ਨੂੰ ਤੋੜ ਕੇ ਫੀ-ਮੇਲ ਫੁੱਲ ਉਪਰ ਘਸਾਉਣਾ ਪੈਂਦਾ ਹੈ ਤਾਂ ਅੱਗੋਂ ਜਣਨ ਕਿਰਿਆ ਸ਼ੁਰੂ ਹੁੰਦੀ ਹੈ।
ਆਓ ਹੁਣ ਅਸਲ ਗੱਲ ਵੱਲ ਆਈਏ। ਤ੍ਰਿਆ ਚਰਿੱਤਰ ਨੰ: 21-23 ਦੀ ਚਰਚਾ ਬਹੁਤ ਕੀਤੀ ਜਾਂਦੀ ਹੈ। ਇਸ ਨੂੰ ਗੁਰੂ ਦੀ ਕ੍ਰਿਤ ਮੰਨਣ ਵਾਲੇ ਕਈ ਤਾਂ ਦਸਮ ਗੁਰੂ ਦੀ ਹੱਡ ਬੀਤੀ ਕਹਿੰਦੇ ਹਨ ਅਤੇ ਕਈ ਨਹੀਂ। ਸਾਡਾ ਇਸ ਨਾਲ ਕੋਈ ਵਾਸਤਾ ਨਹੀਂ ਕਿ ਕੋਈ ਇਸ ਨੂੰ ਗੁਰੂ ਜੀ ਦੀ ਹੱਡ ਬੀਤੀ ਕਹੇ ਜਾਂ ਨਾ ਕਹੇ। ਜਿਹੜੇ ਇਹ ਕਹਿੰਦੇ ਹਨ ਕਿ ਇਹ ਸਿੱਖਿਆ ਵਾਸਤੇ ਲਿਖੇ ਹਨ। ਇਨ੍ਹਾਂ ਚਰਿੱਤਰਾਂ ਤੋਂ ਕੀ ਸਿੱਖਿਆ ਮਿਲਦੀ ਹੈ। ਜਿਸ ਨੇ ਵੀ ਇਹ ਲਿਖੇ ਹਨ ਉਹ ਪੱਕਾ ਬੇਵਕੂਫ ਹੋਵੇਗਾ। ਇੱਕ ਪਾਸੇ ਤਾਂ ਰਾਤ ਨੂੰ ਭੇਸ ਵਟਾ ਕੇ ਉਸ ਧਨਾਡ ਇਸਤਰੀ ਕੋਲ ਮੰਤ੍ਰ ਲੈਣ ਜਾਂਦਾ ਹੈ ਫਿਰ ਜਦੋਂ ਉਹ ਇਸਤ੍ਰੀ ਭੋਗ ਕਰਨ ਨੂੰ ਕਹਿੰਦੀ ਹੈ ਤਾਂ ਅੱਗੋਂ ਕਹਿੰਦਾ ਹੈ ਕਿ ਮੇਰੇ ਗੁਰੂ ਨੇ ਮੈਨੂੰ ਇਹ ਸਿੱਖਿਆ ਦਿੱਤੀ ਹੈ ਕਿ ਸੁਪਨੇ ਵਿੱਚ ਵੀ ਰਾਤ ਨੂੰ ਕਿਸੇ ਪਰਾਈ ਇਸਤਰੀ ਦੀ ਸੇਜ ਤੇ ਨਹੀਂ ਜਾਣਾ। ਇਹ ਸਿੱਖਿਆ ਵਿਆਹ ਵੇਲੇ ਕਈ ਗੁਰਦੁਆਰਿਆਂ ਵਿੱਚ ਵੀ ਪੜੀ ਜਾਂਦੀ ਹੈ। ਇਸ ਲੇਖਣੀ ਦੇ ਬੇਵਕੂਫ ਲੇਖਕ ਨੂੰ ਕੋਈ ਪੁੱਛੇ ਕਿ ਜੇ ਕਰ ਮੰਤਰ ਲੈਣ ਜਾਣਾ ਹੀ ਸੀ ਤਾਂ ਦਿਨੇ ਕਿਉਂ ਨਹੀਂ ਗਿਆ? ਰਾਤ ਨੂੰ ਭੇਸ ਵਟਾ ਕੇ ਜਾਣ ਦੀ ਕੀ ਲੋੜ ਸੀ? ਇੱਕ ਪਾਸੇ ਇਨ੍ਹਾਂ ਚਰਿੱਤਰਾਂ ਦਾ ਲਿਖਾਰੀ ਇਹ ਕਹੀ ਜਾਂਦਾ ਹੈ ਕਿ ਇਸਤ੍ਰੀਆਂ ਵਿਸ਼ਵਾਸ਼ ਯੋਗ ਨਹੀਂ ਹੁੰਦੀਆਂ ਇਨ੍ਹਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਇਨ੍ਹਾਂ ਨੂੰ ਪੈਦਾ ਕਰਕੇ ਤਾਂ ਰੱਬ ਵੀ ਪਸ਼ਤਾਇਆ ਸੀ। ਫਿਰ ਮੰਤਰ ਲੈਣ ਦੇ ਬਹਾਨੇ ਇਸਤਰੀ ਕੋਲ ਕਿਉਂ ਗਿਆ ਸੀ? ਇਸ ਬੇਵਕੂਫ ਨੂੰ ਕੋਈ ਪੁੱਛੇ ਕਿ ਤੂੰ ਕਿਸੇ ਇਸਤਰੀ ਦੇ ਪੇਟੋਂ ਨਹੀਂ ਜੰਮਿਆਂ? ਕੀ ਤੂੰ ਬਣਿਆਂ ਬਣਾਇਆ ਹੀ ਕਿਸੇ ਅਸਮਾਨ ਤੋਂ ਉਤਰਿਆ ਸੀ?
ਮੇਲ ਅਤੇ ਫੀ-ਮੇਲ ਦੀ ਆਪਸੀ ਮੇਲ ਮਿਲਾਪ ਦੀ ਖਿੱਚ ਅਤੇ ਰੁਚੀ ਦੋਹਾਂ ਵਿੱਚ ਹੀ ਹੁੰਦੀ ਹੈ। ਗਰਿਹਸਥੀ ਜੀਵਨ ਦੇ ਖੇੜੇ ਦਾ ਇਹ ਇੱਕ ਕੁਦਰਤੀ ਹਿੱਸਾ ਹੈ। ਕੋਈ ਵੀ ਭਲਾ ਪੁਰਸ਼ ਅਜਿਹੀ ਲਿਖਤ ਨਹੀਂ ਲਿਖ ਸਕਦਾ ਜੋ ਕਿ ਕੋਰਾ ਬਕਵਾਸ ਹੋਵੇ। ਆਓ ਹੁਣ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਦਾ ਹਾਂ ਜੋ ਕਿ 1992 ਵਿੱਚ ਅਖਬਾਰਾਂ ਵਿੱਚ ਛਪੀ ਸੀ ਜਦੋਂ ਪੰਜਾਬ ਵਿੱਚ ਮਾਰ-ਮਰਾਈ ਜੋਰਾਂ ਤੇ ਸੀ। ਟਕਸਾਲ ਤੋਂ ਪੜ੍ਹਿਆ ਹੋਇਆ ਇੱਕ ਰਾਗੀ ਗੁਰਮੇਲ ਸਿੰਘ ਯੂ: ਕੇ: ਵਿੱਚ ਆਇਆ ਸੀ। ਇਸ ਰਾਗੀ ਗੁਰਮੇਲ ਸਿੰਘ ਨੇ ਤਾਂ ਦਸਮ ਗ੍ਰੰਥ ਦੇ ਤ੍ਰਿਆ ਚਰਿੱਤਰ ਬਹੁਤ ਚੰਗੀ ਤਰ੍ਹਾਂ ਪੜ੍ਹ ਕੇ ਸਿੱਖਿਆ ਲਈ ਹੋਈ ਸੀ। ਫਿਰ ਉਸ ਸਿੱਖਿਆ ਦਾ ਇਸ ਉਪਰ ਅਸਰ ਕਿਉਂ ਨਹੀਂ ਹੋਇਆ? ਜਿਸ ਵੇਸਵਾ ਨਾਲ ਜਿੰਨਾ ਕੁ ਸੌਦਾ ਕੀਤਾ ਸੀ ਇਹ ਤਾਂ ਜਬਰਦਸਤੀ ਕਰਦਾ ਹੋਇਆ ਉਸ ਤੋਂ ਕਿਤੇ ਅੱਗੇ ਲੰਘ ਗਿਆ ਸੀ। ਬਾਕੀ ਪੁਰੀ ਖਬਰ ਚੰਗੀ ਤਰ੍ਹਾਂ ਤੁਸੀਂ ਆਪ ਹੀ ਪੜ੍ਹ ਲਓ। ਨਾਲ ਇਹ ਵੀ ਦੇਖੋ ਕਿ ਇਸ ਦੀ ਸ਼ਕਲ ਕਾਫੀ ਉਸ ਦਸਮ ਗ੍ਰੰਥੀਏ ਗੁੰਡੇ ਸਾਧ ਨਾਲ ਵੀ ਮਿਲਦੀ ਹੈ ਕਿ ਨਹੀਂ ਜਿਹੜਾ ਕਿ ਸਿੱਖਾਂ ਦੇ ਕਹੇ ਜਾਂਦੇ ਅਕਾਲ ਤਖ਼ਤ ਦੇ ਅੰਦਰ ਲੁਕ ਕੇ ਬੈਠਾ ਸੀ ਅਤੇ ਮਿਲਟਰੀ ਨੇ ਖਤਮ ਕੀਤਾ ਸੀ। ਸਿੱਖਾਂ ਲਈ ਉਹ ਵੀਹਵੀਂ ਸਦੀ ਦਾ ਮਹਾਨ ਯੋਧਾ ਸੀ।
ਪਾਠਕ ਸੱਜਣੋਂ ਇਹ ਕੋਰਾ 100% ਬਕਵਾਸ ਹੈ ਕਿ ਇਨ੍ਹਾਂ ਚਰਿੱਤਰਾਂ ਤੋਂ ਕੋਈ ਸਿੱਖਿਆ ਮਿਲਦੀ ਹੈ ਜਾਂ ਇਹ ਚਰਿੱਤਰ ਕਿਸੇ ਸਿਖਿਆ ਦੇਣ ਨਾਲ ਲਿਖੇ ਗਏ ਸਨ। ਇਹ ਸਿਰਫ ਤੇ ਸਿਰਫ ਇਸਤਰੀ ਜਾਤੀ ਨੂੰ ਨਿੰਦਣ ਲਈ ਨਿਰਾ ਬਕਵਾਸ ਹੈ। ਧਰਮ ਦੇ ਨਾਮ ਤੇ ਬਕਵਾਸ ਮਾਰਨ ਵਾਲਿਆਂ ਨੂੰ ਮੇਰਾ ਇਹ ਚੈਲਿੰਜ ਹੈ ਕਿ ਸਾਰੀ ਦੁਨੀਆ ਦਾ ਡਾਟਾ ਕਢਵਾ ਕੇ ਦੇਖ ਲਓ ਕਿ ਦੁਨੀਆ ਤੇ ਕੀ ਕੁੱਝ ਵਾਪਰ ਰਿਹਾ ਹੈ? ਬਲਾਤਕਾਰ ਬੰਦੇ ਕਰਦੇ ਹਨ ਜਾਂ ਇਸਤਰੀਆਂ? ਦੁਨੀਆ ਤੇ ਜਿੰਨੇ ਵੀ ਛੇੜ-ਛਾੜ ਜਾਂ ਬਲਾਤਕਾਰ ਦੇ ਕੇਸ ਹੋਏ ਹਨ ਅਤੇ ਕੋਰਟ ਵਿਚੋਂ ਜਿਹੜੇ ਦੋਸ਼ੀ ਪਾਏ ਗਏ ਹਨ, ਕੀ ਉਹ ਬੰਦੇ ਸਨ ਜਾਂ ਇਸਤ੍ਰੀਆਂ? ਇੱਥੇ ਕਨੇਡਾ ਵਿੱਚ ਹਾਲੇ ਵੀ ਬਹੁ ਗਿਣਤੀ ਗੋਰਿਆਂ ਦੀ ਹੈ। ਇਨ੍ਹਾਂ ਦੇ ਕਲਚਰ ਵਿੱਚ ਆਪਸੀ ਸੰਬੰਧ ਬਣਾਉਣ ਦੀ ਕਾਫੀ ਖੁੱਲ ਹੈ। ਪਰ ਫਿਰ ਵੀ ਇੱਥੋਂ ਦੀ ਮਿਲਟਰੀ ਵਿੱਚ ਅਤੇ ਪੁਲੀਸ ਵਿੱਚ ਜੋ ਇਲਜ਼ਾਮ ਇਸਤ੍ਰੀਆਂ ਵਲੋਂ ਲਗਾਏ ਗਏ ਸਨ। ਉਨ੍ਹਾਂ ਵਿੱਚ ਬੰਦੇ ਦੋਸ਼ੀ ਪਾਏ ਗਏ ਸਨ ਅਤੇ ਗੌਰਮਿੰਟ ਨੂੰ ਲੱਖਾਂ ਹੀ ਡਾਲਰ ਇਵਜ਼ਾਨੇ ਵਜੋਂ ਉਨ੍ਹਾਂ ਇਸਤਰੀਆਂ ਨੂੰ ਦੇਣੇ ਪਏ ਸਨ ਜਿਹੜੀਆਂ ਇਨ੍ਹਾਂ ਦਾ ਸ਼ਿਕਾਰ ਹੋਈਆਂ ਸਨ। ਹਾਂ, 1% ਤੋਂ ਵੀ ਘੱਟ ਕੇਸ ਹੋ ਸਕਦੇ ਹਨ ਜਿਨ੍ਹਾਂ ਵਿੱਚ ਇਸਤਰੀ ਦੋਸ਼ੀ ਪਾਈ ਗਈ ਹੋਵੇ। ਉਹ ਵੀ ਉੱਥੇ ਜਿੱਥੇ ਉਸ ਇਸਤਰੀ ਨੇ ਕਿਸੇ 18 ਸਾਲ ਤੋਂ ਘੱਟ ਉਮਰ ਦੇ ਵਿਆਕਤੀ ਨਾਲ ਸੰਬੰਧ ਬਣਾਏ ਹੋਵਣ। ਜਿਹੜੀਆਂ ਇਸਤਰੀਆਂ ਦੇਹ ਵਪਾਰ ਦਾ ਧੰਦਾ ਕਰਦੀਆਂ ਹਨ ਉਹ ਵੀ ਬਹੁਤਾ ਕਰਕੇ ਮਜਬੂਰੀ ਵੱਸ ਪੇਟ ਪਾਲਣ ਦੀ ਖਾਤਰ ਕਰਦੀਆਂ ਹਨ। ਪਰ ਜਬਰਦਸਤੀ ਉਹ ਵੀ ਨਹੀਂ ਕਰਦੀਆਂ ਜਿਸ ਤਰ੍ਹਾਂ ਬੰਦੇ ਕਰਦੇ ਹਨ। ਇਸ ਦਾ ਪਰੂਫ ਤੁਹਾਨੂੰ ਰਾਗੀ ਗੁਰਮੇਲ ਸਿੰਘ ਦੀ ਖਬਰ ਪੜ੍ਹ ਕੇ ਮਿਲ ਹੀ ਗਿਆ ਹੋਵੇਗਾ। ਫਿਰ ਇਹ ਚਰਿੱਤਰੋ ਪਖਿਆਨ ਨਿਰਾ ਬਕਵਾਸ ਨਹੀਂ ਹੈ ਤਾਂ ਹੋਰ ਕੀ ਹੈ? ਕੀ ਸਿੱਖਾਂ ਦੇ ਸੋ ਕਾਲਡ ਬ੍ਰਹਮਗਿਆਨੀ ਅਤੇ ਧਰਮ ਦੇ ਠੇਕੇਦਾਰ ਧਰਮ ਦੇ ਨਾਮ ਤੇ ਨਿਰਾ ਬਕਵਾਸ ਨਹੀਂ ਕਰਦੇ? ਸਿੱਖ ਜਿਨ੍ਹਾਂ ਨੂੰ ਮਹਾਂ ਪੁਰਸ਼ ਜਾਂ ਬ੍ਰਹਮਗਿਆਨੀ ਕਹਿੰਦੇ ਹਨ ਉਨ੍ਹਾਂ ਵਿਚੋਂ ਕਿਸੇ ਇੱਕ ਦਾ ਵੀ ਨਾਮ ਦੱਸ ਦਿਓ ਜੋ ਇਸ ਬਕਵਾਸ ਭਰੇ ਚਰਿੱਤਰਾਂ ਨੂੰ ਰੱਦ ਕਰਦਾ ਹੋਵੇ ਜਾਂ ਇਨ੍ਹਾਂ ਦੀ ਸਮਝ ਆਈ ਹੋਵੇ?
ਯੂ: ਕੇ: ਦੇ ਵਿੱਚ ਹਜ਼ਾਰਾਂ ਹੀ ਸਿੱਖਾਂ ਦੀਆਂ ਕੁੜੀਆਂ ਮੁਸਲਮਾਨਾ ਵਲੋਂ ਵਰਗਲਾ ਕੇ ਉਨ੍ਹਾਂ ਦੇ ਰੇਪ ਕਰਕੇ ਪਾਕਿਸਤਾਨ ਵਿੱਚ ਜਾ ਕੇ ਵੇਚੀਆਂ ਜਾ ਚੁੱਕੀਆਂ ਹਨ। ਕੀ ਇਸ ਵਿੱਚ ਵੀ ਸਿੱਖ ਇਸਤਰੀਆਂ ਨੇ ਮੁਸਲਮਾਨ ਮੁੰਡਿਆਂ ਨੂੰ ਫਸਾਇਆ ਸੀ? ਇਹ ਕੰਮ ਹੁਣ ਥੋੜਾ ਜਿਹਾ ਕਨੇਡਾ ਅਮਰੀਕਾ ਵਿੱਚ ਵੀ ਸ਼ੁਰੂ ਹੋ ਗਿਆ ਹੈ। ਦੁਨੀਆ ਵਿੱਚ ਹਰ ਰੋਜ ਹੀ ਕੋਈ ਨਾ ਕੋਈ ਖ਼ਬਰ ਛਪਦੀ ਹੈ ਜਿਹੜੀ ਕਿ ਬਲਾਤਕਾਰ ਨਾਲ ਸੰਬੰਧਿਤ ਹੁੰਦੀ ਹੈ। ਕਈ ਵਾਰੀ ਤਾਂ ਪਹਿਲਾਂ ਇਸਤਰੀ ਦਾ ਰੇਪ ਕੀਤਾ ਜਾਂਦਾ ਹੈ ਅਤੇ ਫਿਰ ਕਤਲ ਕਰ ਦਿੱਤਾ ਜਾਂਦਾ ਹੈ। ਕੁੱਝ ਮਹੀਨੇ ਪਹਿਲਾਂ ਇੰਡੀਆ ਵਿੱਚ ਜਦੋਂ ਡਕਟਰਾਂ ਨੇ ਹੜਤਾਲ ਕੀਤੀ ਸੀ ਤਾਂ ਉਸ ਦਾ ਕਾਰਨ ਵੀ ਇਹੀ ਸੀ ਕਿ ਇੱਕ ਮਹਿਲਾ ਡਾਕਟਰ ਨੂੰ ਪਹਿਲਾਂ ਰੇਪ ਕੀਤਾ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ ਸੀ। ਕਈ ਤਾਂ ਛੋਟੀਆਂ ਛੋਟੀਆਂ ਬਾਲੜੀਆਂ ਨੂੰ ਵੀ ਰੇਪ ਕਰਕੇ ਕਤਲ ਕਰਨ ਤੋਂ ਸ਼ਰਮ ਮਹਿਸੂਸ ਨਹੀਂ ਕਰਦੇ। ਡਾ: ਹਰਸ਼ਿੰਦਰ ਕੌਰ ਵੀ ਇਸ ਬਾਰੇ ਕਈ ਵਾਰੀ ਲਿਖ ਚੁੱਕੀ ਹੈ।
ਤੀਵੀਂ ਆਦਮੀ ਦੇ ਰਿਸ਼ਤੇ ਵਿਚੋਂ ਜੇ ਕਰ ਬਾਹਰ ਜਾ ਕੇ ਕਿਸੇ ਹੋਰ ਪਰਾਏ ਮਰਦ ਜਾਂ ਇਸਤਰੀ ਨਾਲ ਸੰਬੰਧ ਬਣਦੇ ਹਨ ਤਾਂ ਇਹ ਆਪਸੀ ਸਹਿਮਤੀ ਨਾਲ ਹੀ ਬਣਦੇ ਹਨ। ਜੇ ਕਰ ਕਿਤੇ ਕੋਈ ਵਧੀਕੀ ਹੋਈ ਹੋਵੇ ਤਾਂ 99% ਉਹ ਜ਼ਿਆਦਤੀ ਬੰਦਿਆਂ ਵਲੋਂ ਕੀਤੀ ਗਈ ਹੋਵੇਗੀ। ਜਿਸ ਦੀ ਮਿਸਾਲ ਮੈਂ ਪਹਿਲਾਂ ਹੀ ਇਸ ਲੇਖ ਵਿੱਚ ਕਨੇਡਾ ਦੀ ਮਿਲਟਰੀ ਦੀ ਅਤੇ ਪੁਲੀਸ ਦੀ ਦੇ ਚੁੱਕਾ ਹਾਂ। ਲੋਕਾਈ ਨੂੰ ਗੁਮਰਾਹ ਕਰਨ ਲਈ ਮਨ ਘੜਤ ਕਹਾਣੀਆਂ ਜਾਂ ਅਰਥ ਜੋ ਮਰਜੀ ਕਰਕੇ ਸੁਣਾਈ ਜਾਣ ਪਰ ਜੋ ਗੱਲ ਸੱਚ ਤੇ ਪੂਰੀ ਨਾ ਉਤਰਦੀ ਹੋਵੇ ਉਸ ਨੂੰ ਰੱਦ ਕਰਨ ਵਿੱਚ ਹੀ ਭਲਾ ਹੈ। ਮੈਂਨੂੰ ਯਾਦ ਹੈ ਕਿ ਕੋਈ 50 ਕੁ ਸਾਲ ਪਹਿਲਾਂ ਜਦੋਂ ਮੈਨੂੰ ਗੁਰਮਤਿ ਦੀ ਕੋਈ ਵੀ ਸੋਝੀ ਨਹੀਂ ਸੀ ਤਾਂ ਯੂ: ਕੇ: ਤੋਂ ਇੱਕ ਪ੍ਰਚਾਰਕ ਆਇਆ ਸੀ ਤਾਂ ਉਸ ਨੇ ਗੁਰਦੁਆਰੇ ਅਨਾਉਂਸ ਕੀਤਾ ਸੀ ਕਿ ਕੱਲ ਨੂੰ ਮੈਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਾਮ ਨਾਲ ਲੜਾਈ ਬਾਰੇ ਦੱਸਾਂਗਾ ਸੋ ਸੰਗਤ ਨੇ ਹੁਮ-ਹੁਮਾ ਕੇ ਗੁਰਦੁਆਰੇ ਆਉਂਣਾ ਹੈ। ਉਸ ਨੇ ਉਹ ਲੜਾਈ ਇਸ ਅਨੂਪ ਕੌਰ ਵਾਲੇ ਤਿੰਨ ਚਰਿੱਤਰਾਂ ਦੀ ਹੀ ਸੁਣਾਈ ਸੀ।
ਅੰਤ ਵਿੱਚ ਇਸ ਲਿਖਤ ਨੂੰ ਪੜ੍ਹਨ ਵਾਲੇ ਸੱਜਣਾ ਨੂੰ ਬੇਨਤੀ ਹੈ ਕਿ ਅੱਜ ਕੱਲ ਯੂ-ਟਿਊਬ ਅਤੇ ਹੋਰ ਸ਼ੋਸ਼ਲ ਮੀਡੀਏ ਰਾਹੀਂ ਬਹੁਤ ਕੁੱਝ ਐਸਾ ਪ੍ਰਚਾਰਿਆ ਜਾ ਰਿਹਾ ਹੈ ਜੋ ਅਸਲੀਅਤ ਤੋਂ ਬਹੁਤ ਦੂਰ ਹੁੰਦਾ ਹੈ। ਜ਼ਿਆਦਾ ਵਿਊ ਲੈ ਕੇ ਕਮਾਈ ਕਰਨ ਲਈ ਸਨਸਨੀ ਖੇਜ਼ ਵਾਲੇ ਹੈਡਿੰਗ ਲਾਏ ਜਾਂਦੇ ਹਨ। ਕੋਈ ਮਸਕੀਨ ਦੀਆਂ ਪੁਰਾਣੀਆਂ ਔਡੀਓ ਟੇਪਾਂ ਰਾਹੀਂ ਇਸ ਕੂੜ ਪੋਥੇ ਦਾ ਪ੍ਰਚਾਰ ਕਰਨ ਲੱਗਾ ਹੋਇਆ ਹੈ ਅਤੇ ਕੋਈ ਸੌ-ਸਾਖੀ ਜਾਂ ਹੋਰ ਕੁੜ ਗ੍ਰੰਥ ਚੁੱਕੀ ਫਿਰਦਾ ਹੈ। ਹਾਲੇ ਤੱਕ ਮੈਨੂੰ ਸਿਰਫ ਇੱਕ ਹੀ ਬੰਦਾ ਲੱਭਾ ਹੈ ਜੋ ਕਿ ਨਿਰੋਲ ਸੱਚ ਦੇ ਅਧਾਰ ਤੇ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਹੈ ਸਾਬਕਾ ਫੌਜੀ ਬਲਦੇਵ ਸਿੰਘ ਐਂਮ: ਏ: । ਜਿਹੜਾ ਕਿ ਕੂੜ ਗ੍ਰੰਥਾਂ ਨੂੰ ਨੰਗਾ ਕਰਦਾ ਹੈ ਅਤੇ ਮੌਜੂਦਾ ਹਾਲਾਤਾਂ ਬਾਰੇ ਵੀ ਸੱਚ ਬੋਲਣ ਦੀ ਹਿੰਮਤ ਰੱਖਦਾ ਹੈ। ਮਿਲਗੋਭੇ ਜਿਹੇ ਤਾਂ ਬਥੇਰੇ ਮਿਲ ਜਾਣਗੇ ਪਰ ਨਿਰੋਲ ਸੱਚੀ ਗੱਲ ਕਰਨ ਦੀ ਹਿੰਮਤ ਕਿਸੇ ਵਿਰਲੇ ਵਿੱਚ ਹੀ ਹੁੰਦੀ ਹੈ। ਅਜਿਹੇ ਸੱਚ ਦੀ ਗੱਲ ਕਰਨ ਵਾਲੇ ਨੂੰ ਬਹੁਤ ਘੱਟ ਲੋਕ ਪਸੰਦ ਕਰਦੇ ਹਨ ਅਤੇ ਧਰਮ ਦੇ ਨਾਮ ਤੇ ਬਕਵਾਸ ਕਰਨ ਵਾਲਿਆਂ ਨੂੰ ਬਹੁਤੇ। ਸੋ ਜਿਹੜਾ ਵੀ ਵਿਆਕਤੀ ਇਸ ਦਸਮ ਗ੍ਰੰਥ ਨਾਮ ਦੇ ਕੂੜ ਪੋਥੇ ਨੂੰ ਗੁਰੂ ਦੀ ਲਿਖਤ ਜਾਣ ਕੇ ਇਨ੍ਹਾਂ ਵਿਚਲੇ ਚਰਿੱਤਰੋਂ ਪਖਿਆਨ ਨੂੰ ਸਿੱਖਾਂ ਨੂੰ ਸਮਝਾਉਣ ਲਈ ਗੁਰੂ ਦੀ ਸਿੱਖਿਆ ਕਹਿ ਕੇ ਪਰਚਾਰਦਾ ਹੈ ਉਹ 100% ਨਿਰਾ ਬਕਵਾਸ ਕਰਦਾ ਹੈ। ਜੋ ਧਰਮ ਦੇ ਨਾਮ ਤੇ ਸਮਾਜ ਨੂੰ ਗੰਧਲਾ ਕਰਦਾ ਹੋਵੇ ਕਦੇ ਵੀ ਧਰਮੀ ਨਹੀਂ ਹੋ ਸਕਦਾ।
ਮੱਖਣ ਪੁਰੇਵਾਲ,
ਜਨਵਰੀ 22, 2025.