ਧਾਰਨਾ
(6)
…… ਪ੍ਰਜਾ ਦੇ ਉੱਚਤਮ ਯੋਗਤਾ ਪ੍ਰਾਪਤ ਬੁੱਧੀਜੀਵੀਆਂ ਨੂੰ ਨਜ਼ਰਅੰਦਾਜ਼ ਕਰਕੇ, ਵਿੱਦਿਆ ਦੇ ਖੇਤ੍ਰ ਵਿੱਚੋਂ ਭਗੌੜੇ ਤੇ ਅਨਪੜ੍ਹ ਨੇਤਾਵਾਂ/ਸ਼ਾਸਕਾਂ (ਰਾਜਿਆਂ) ਦੇ ਨਾਮ `ਤੇ ਵਿੱਦਿਅਕ ਸੰਸਥਾਵਾਂ ਦੇ ਨਾਮ ਰੱਖੇ ਜਾਂਦੇ ਹਨ: ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਨੇ ਕਾਲਜ ਦੀ ਪੜ੍ਹਾਈ ਪੂਰੀ ਨਹੀਂ ਸੀ ਕੀਤੀ, ਉਨ੍ਹਾਂ ਦੇ ਨਾਮ `ਤੇ ਇੰਦਰਾ ਗਾਂਧੀ ਕਾਲਜ; ਰਾਜੀਵ ਗਾਂਧੀ ਲਾਅ ਯੁਨੀਵਰਸਿਟੀ; ਹਰਚੰਦ ਸਿੰਘ ਲੌਂਗੋਵਾਲ ਕਾਲਜ/ਯੁਨੀਵਰਸਿਟੀ……। ਅਤੇ, ਭਾਰਤ ਦੀਆਂ ਸੈਂਕੜੇ/ਹਜ਼ਾਰਾਂ ਵਿੱਦਿਅਕ ਸੰਸਥਾਵਾਂ ਦੇ ਨਾਮ ਭਾਰਤੀ ਪ੍ਰਜਾਤੰਤਰ ਦੇਸ ਦੇ ਅਨਪੜ੍ਹ ਬੂਝੜ ਸ਼ਾਸਕਾਂ (ਅਜੋਕੇ ਰਾਜਿਆਂ) ਨੇ ਆਪਣੇ ਨਾਂਵਾਂ `ਤੇ ਰੱਖੇ ਹਨ! ਭਾਰਤ ਦੇ ਅਧਿਕਤਰ ਸ਼ਾਸਕ/ਨੇਤਾ, ਰਾਜਿਆਂ ਵਾਂਙ, ਆਤਮ-ਮੋਹ ਦੇ ਮਾਰੇ ਹੋਏ ਹਨ। ਉਹ ਹੰਕਾਰ-ਵੱਸ ਵਿੱਦਿਅਕ ਸੰਸਥਾਵਾਂ ਦੇ ਨਾਮ ਬਦਲ ਕੇ ਆਪਣੇ ਨਾਮਾਂ `ਤੇ ਰੱਖ ਰਹੇ ਹਨ। ਇਸ ਕਥਨ ਦੀ ਪੁਸ਼ਟੀ ਵਾਸਤੇ ਇੱਕ ਹੀ ਪ੍ਰਮਾਣ ਕਾਫ਼ੀ ਹੈ: ਅਹਿਮਦਾਬਾਦ ਦੇ AMC MET Medical College ਦਾ ਨਾਮ ਬਦਲ ਕੇ ਨਰਿੰਦਰ ਮੋਦੀ ਮੈਡੀਕਲ ਕਾਲਜ ਕਰ ਦਿੱਤਾ ਗਿਆ ਹੈ! ! ਪ੍ਰਜਾ ਦੇ ਪੈਸਿਆਂ ਨਾਲ ਬਣਾਈਆਂ ਗਈਆਂ ਸੰਸਥਾਵਾਂ ਦੀ ਨਾਮ-ਬਦਲੀ ਦਾ ਇਹ ਰੁਝਾਨ ਸਾਰੇ ਭਾਰਤ ਵਿੱਚ ਵੇਖਣ ਵਿੱਚ ਆਇਆ ਹੈ। ਹੋਰ ਤਾਂ ਹੋਰ, ਬੂਝੜ ਤੇ ਉੱਲੂ-ਬਾਟਾ ਨੇਤਾ ਕਾਲਜਾਂ/ਯੂਨੀਵਰਸਿਟੀਆਂ ਦੇ ਡਿਗਰੀ-ਵੰਡ ਸਮਾਗਮਾਂ ਦੀ ਪ੍ਰਧਾਨਗੀ ਕਰਦੇ ਤੇ ਡਿਗਰੀਆਂ ਵੰਡਦੇ ਵੀ ਆਮ ਦੇਖੇ ਜਾਂਦੇ ਹਨ! ਕੀ ਭਾਰਤ ਦੇ ਅਜੋਕੇ ਆਪਹੁਦਰੇ, ਭ੍ਰਸ਼ਟ ਅਤੇ ਘਮੰਡੀ ਸ਼ਾਸਕਾਂ (ਰਾਜਿਆਂ) ਦੇ ਰਾਜ ਨੂੰ ਲੋਕਤੰਤਰ ਕਹਿਣਾ ਗ਼ਲਤ ਧਾਰਨਾ ਨਹੀਂ?
ਭਾਰਤ ਦੇ ਗੁਣਵਾਨ ਅਤੇ ਬੁੱਧੀਮਾਨ ਲੋਕ ਆਪਣੀ ਉੱਚ ਯੋਗਤਾ, ਗਿਆਨ ਅਤੇ ਸਖ਼ਤ ਮਿਹਨਤ ਸਦਕਾ ਦੇਸ ਵਾਸਤੇ ਕਈ ਚਮਤਕਾਰੀ ਕਾਰਨਾਮੇਂ ਕਰਦੇ ਹਨ; ਪਰੰਤੂ, ਗੁਣਵਾਨ ਲੋਕਾਂ ਦੀਆਂ ਇਨ੍ਹਾਂ ਪ੍ਰਾਪਤੀਆਂ ਦਾ ਸਿਹਰਾ ਆਪਣੇ ਸਿਰਿ ਬੰਨ੍ਹਣ ਲਈ, ਉਦਘਾਟਨੀ ਸਮਾਗਮਾਂ ਸਮੇਂ, ਗੁਣਵਾਨ ਬੁੱਧੀਮਾਨਾਂ ਨੂੰ ਗੁੱਠੇ ਲਾ ਕੇ, ਭਾਰਤੀ ਪ੍ਰਜਾਤੰਤਰ ਦੇ ਦੰਭੀ, ਅਯੋਗ, ਗੁਣਹੀਣ, ਮੂੜ੍ਹ ਤੇ ਗੋਬਰਗਣੇਸ਼ ਨੇਤਾ ਨੀਂਹ-ਪੱਥਰ ਰੱਖਣ, ਉਦਘਾਟਨ ਕਰਨ, ਰਿਬਨ ਕੱਟਣ ਅਤੇ ਹਰੀ ਝੰਡੀ ਵਿਖਾਉਣ……ਆਦਿਕ ਵਾਸਤੇ ਮੂਹਰੇ ਆਣ ਖਲੋਂਦੇ ਹਨ। ਕੀ ਇਹ ਲੋਕਤੰਤਰ ਦਾ ਲੱਛਣ ਹੈ?
1970ਵਿਆਂ ਤੀਕ ਵਿੱਦਿਆ ਅਤੇ ਚਿਕਤਿਸਾ/ਡਾਕਟਰੀ ਨੂੰ ਪ੍ਰਜਾ-ਹਿਤੈਸ਼ੀ, ਉਦਾਰ, ਉਪਕਾਰੀ, ਉੱਤਮ, ਨੇਕ ਅਤੇ ਸਰਵਸ਼੍ਰੇਸ਼ਠ ਮਾਨਵਵਾਦੀ ਕਿੱਤੇ ਮੰਨਿਆਂ ਜਾਂਦਾ ਸੀ। ਅਧਿਆਪਕ, ਦੇਸ ਦਾ ਭਵਿੱਖ ਕਹੇ ਜਾਂਦੇ, ਬੱਚਿਆਂ ਨੂੰ ਰੂਹ ਨਾਲ ਨਿਸ਼ਕਾਮ ਵਿੱਦਿਆ ਪ੍ਰਦਾਨ ਕਰਦੇ ਸਨ। ਟਿਯੂਸ਼ਨ ਦਾ ਧੰਧਾ ਨਹੀਂ ਸੀ ਹੁੰਦਾ। ਸਕੂਲਾਂ ਦਾ ਸਾਰਾ ਖ਼ਰਚ ਸਰਕਾਰ ਕਰਦੀ ਸੀ। ਹੱਥਲੇ ਲੇਖ ਦੇ ਲੇਖਕ ਨੇ 1975 ਵਿੱਚ ਪੰਜਾਬ ਯੂਨੀਵਰਸਿਟੀ ਈਵਨਿੰਗ ਕਾਲਜ, ਚੰਡੀਗੜ੍ਹ ਤੋਂ ਆਪਣੀ ਦੂਸਰੀ ਐਮ: ਏ: ਕੀਤੀ ਸੀ; ਉਸ ਸਮੇਂ ਤਕ ਵਿੱਦਿਆਰਥੀਆਂ ਉੱਤੇ ਫ਼ੀਸ ਦਾ ਕੋਈ ਬੋਝ ਨਹੀਂ ਸੀ ਹੁੰਦਾ! ਅਤੇ ਸਰਕਾਰੀ ਹਸਪਤਾਲਾਂ ਵਿੱਚ ਪਰਉਪਕਾਰੀ ਨਿਸ਼ਕਾਮ ਡਾਕਟਰ ਦਿਲੋ-ਜਾਨ ਨਾਲ ਰੋਗ-ਗ੍ਰਸਤ ਲੋਕਾਂ ਦਾ ਇਲਾਜ ਕਰਿਆ ਕਰਦੇ ਸਨ। ਪਰੰਤੂ, 1970ਵਿਆਂ ਤੋਂ ਬਾਅਦ ਇਨ੍ਹਾਂ ਦੋਹਾਂ ਨੇਕ ਕਹੇ ਜਾਂਦੇ ਕਿੱਤਿਆਂ ਦਾ ਵਪਾਰੀਕਰਨ ਸ਼ੁਰੂ ਹੋ ਗਿਆ ਸੀ। ਮਾਇਆ-ਮੂਠੇ ਪੂੰਜੀਪਤੀਆਂ ਅਤੇ ਸ਼ਾਸਕਾਂ ਦੀ ਮਿਲੀਭੁਗਤ ਨਾਲ ਹਜ਼ਾਰਾਂ ਪ੍ਰਾਈਵੇਟ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਹੋਂਦ ਵਿੱਚ ਆ ਗਈਆਂ ਹਨ। ਪ੍ਰਾਈਵੇਟ ਸਕੂਲਾਂ ਵਿੱਚ ਕੱਚੀ-ਪੱਕੀ (LKG and UKG) ਕਲਾਸ ਦੇ ਵਿੱਦਿਆਰਥੀਆਂ ਦੀ ਫ਼ੀਸ ਹਜ਼ਾਰਾਂ ਰੁਪਏ ਹੈ; ਅਤੇ ਨਿੱਜੀ ਕਾਲਜਾਂ/ਯੂਨੀਵਰਸਿਟੀਆਂ ਵਿੱਚ ਇਹ ਫ਼ੀਸ ਲੱਖਾਂ ਰੁਪਏ ਹੈ! ਟਿਯੂਸ਼ਨ ਦਾ ਧੰਧਾ ਵੀ ਸਫ਼ਲਤਾ ਦੀਆਂ ਉੱਚਾਈਆਂ ਛੂਹ ਚੁੱਕਿਆ ਹੈ! ! ਡਾਕਟਰ ਵੀ ਅਤਿ ਲਾਲਚੀ ਵਪਾਰੀ ਬਣ ਗਏ ਹਨ। ਦੇਸ ਵਿੱਚ ਹਜ਼ਾਰਾਂ-ਲੱਖਾਂ ਛੋਟੇ-ਵੱਡੇ ਪ੍ਰਾਈਵੇਟ ਹਸਪਤਾਲ ਹੋਂਦ ਵਿੱਚ ਆ ਗਏ ਹਨ ਜਿੱਥੇ ਬੇਬਸ ਤੇ ਲਾਚਾਰ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬੇਰਹਿਮੀ ਨਾਲ ਲੁੱਟਿਆ ਤੇ ਠੱਗਿਆ ਜਾਂਦਾ ਹੈ। ਅਤੇ, ਮਰ ਚੁੱਕੇ ਮਰੀਜ਼ਾਂ ਨੂੰ ਕਈ ਕਈ ਦਿਨ ਵੈਂਟੀਲੇਟਰ `ਤੇ ਰੱਖ ਕੇ ਮਰੀਜ਼ ਦੇ ਮਜਬੂਰ ਪਰਿਵਾਰ ਵਾਲਿਆਂ ਨੂੰ ਬੜੀ ਬੇਸ਼ਰਮੀ ਨਾਲ ਠੱਗਿਆ ਜਾਂਦਾ ਹੈ। ਲੋਕਤੰਤਰੀ ਭਾਰਤ ਵਿੱਚ ਗ਼ਰੀਬ ਤੇ ਬੇਬਸ ਲੋਕਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ! ਇਸ ਦੇ ਉਲਟ, ਲੋਕਾਂ ਦੇ ਪ੍ਰਤਿਨਿਧ ਕਹੇ ਜਾਂਦੇ ਅਧਿਕਤਰ ਨੇਤਾ (ਰਾਜੇ) ਆਪਣਾ ਇਲਾਜ ਮਹਿੰਗੇ ਤੋਂ ਮਹਿੰਗੇ ਨਿੱਜੀ/ਪ੍ਰਾਈਵੇਟ ਹਸਪਤਾਲਾਂ ਜਾਂ ਵਿਦੇਸਾਂ ਵਿੱਚ ਕਰਵਾਉਂਦੇ ਹਨ! ਕਿਉਂਕਿ, ਉਨ੍ਹਾਂ ਦੇ ਇਲਾਜ ਦਾ ਖ਼ਰਚਾ, ਲੋਕਾਂ ਤੋਂ ਟੈਕਸ ਬਹਾਨੇ ਲੁੱਟੀ ਹੋਈ ਦੌਲਤ ਨਾਲ, ਮੁਫ਼ਤ ਹੁੰਦਾ ਹੈ। ਕੀ ਇਸ ਵਿਤਕਰੇ ਵਾਲੀ ਅਮਾਨਵੀ, ਸ਼ਰਮਨਾਕ ਅਤੇ ਲੋਕ-ਘਾਤਿਕ ਵਿਵਸਥਾ ਵਾਲੇ ਦੇਸ ਨੂੰ ਲੋਕਤੰਤਰ ਕਹਿਣਾ ਗ਼ਲਤ ਧਾਰਨਾ ਨਹੀਂ? … …
1960ਵਿਆਂ ਤੀਕ ਪ੍ਰਜਾ ਦੇ ਪ੍ਰਤਿਨਿਧ ਨੇਤਾ ਜੋ ਵਾਅਦੇ ਕਰਦੇ ਸਨ ਜਾਂ ਜੋ ਨਾਅਰੇ ਲਗਾਉਂਦੇ ਸਨ ਉਨ੍ਹਾਂ ਨੂੰ ਪੂਰਾ ਕਰਨ ਵਾਸਤੇ ਕੁੱਝ ਯਤਨ ਵੀ ਕੀਤੇ ਜਾਂਦੇ ਸਨ। ਇਸ ਕਥਨ ਦੀ ਪੁਸ਼ਟੀ ਵਾਸਤੇ ਸ਼ਾਸਤ੍ਰੀ ਜੀ ਦੁਆਰਾ ਲਗਾਇਆ ਗਿਆ ਨਾਅਰਾ: “ਜੈ ਜਵਾਨ, ਜੈ ਕਿਸਾਨ” ਅਤੇ ਇਸ ਨਾਅਰੇ/ਵਾਅਦੇ ਦੀ ਪੂਰਤੀ ਵਾਸਤੇ ਕੀਤੇ ਗਏ ਯਤਨਾਂ ਦਾ ਪ੍ਰਮਾਣ ਹੀ ਕਾਫ਼ੀ ਹੈ। ਇਸ ਤੋਂ ਬਿਨਾਂ, ਡਾ: ਮਨਮੋਹਨ ਸਿੰਘ ਜੀ ਨੇ ਵੀ ਆਪਣੇ ਰਾਜ-ਕਾਲ ਵਿੱਚ ਆਪਣਾ ਫ਼ਰਜ਼ ਨਿਭਾਉਂਦਿਆਂ, ਪ੍ਰਜਾ ਦੀ ਭਲਾਈ ਵਾਸਤੇ ਭਾਰਤ ਦੇ ਅਰਥਚਾਰੇ (Economy) ਵਿੱਚ ਜੋ ਲਾਮਿਸਾਲ ਸੁਧਾਰ ਕੀਤਾ, ਉਹ ਭਾਰਤ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਣਾ ਚਾਹੀਦਾ ਹੈ!
1960ਵਿਆਂ ਤੋਂ ਬਾਅਦ ਭਾਰਤੀ ਪ੍ਰਜਾਤੰਤਰ ਵਿੱਚ ਨਿਘਾਰ ਆਉਣਾ ਸ਼ੁਰੂ ਹੋ ਗਿਆ ਸੀ। ਅਤੇ, ਅੱਜ ਭਾਰਤੀ ਪ੍ਰਜਾਤੰਤਰ ਨਿਘਾਰ ਦੇ ਰਸਾਤਲ ਤੀਕ ਪਹੁੰਚ ਚੁੱਕਿਆ ਹੈ। ਹੁਣ ਭਾਰਤੀ ਰਾਜ-ਪ੍ਰਣਾਲੀ ਨੂੰ ਪ੍ਰਜਾਤੰਤ੍ਰ ਕਹਿਣਾ ਮੂਲੋਂ ਹੀ ਗ਼ਲਤ ਧਾਰਨਾ ਹੈ। ਕਿਸੇ ਵੀ ਸੱਤਾਧਾਰੀ ਰਾਜਸੀ ਪਾਰਟੀ ਨੇ ਪ੍ਰਜਾ ਦੀ ਭਲਾਈ ਵਾਸਤੇ ਕੋਈ ਵਿਸ਼ੇਸ਼ ਯਤਨ ਨਹੀਂ ਕੀਤਾ। ਲਗ-ਪਗ ਸਾਰੇ ਸਿਆਸਤਦਾਨ (ਰਾਜੇ) ਵਿਰੋਧੀ ਪਾਰਟੀ ਦੀ ਸਰਕਾਰ ਹਟਾਉਣ, ਕੁਰਸੀਆਂ ਹੱਥਿਆਉਣ, ਕੁਰਸੀਆਂ ਹੱਥਿਆ ਕੇ ਪ੍ਰਜਾ ਨੂੰ ਭੇਡਾਂ ਵਾਂਙ ਮੁੰਨਣ ਅਤੇ ਕੁਰਸੀਆਂ ਬਚਾਉਣ ਦੇ ਆਹਰੇ ਹੀ ਲੱਗੇ ਰਹੇ ਹਨ। ਸੱਤਾਧਾਰੀ ਪਾਰਟੀ ਦੇ ਨੇਤਾ ਆਪਣੇ ਆਪ ਨੂੰ ਚੰਗੇਰਾ ਦੱਸਣ, ਆਪਣੀ ਫੋਕੀ ਪੈਂਠ ਜਮਾਉਣ ਅਤੇ ਵਿਰੋਧੀਆਂ ਨੂੰ ਭੰਡਣ, ਨੀਵਾਂ ਤੇ ਤੁੱਛ ਸਾਬਤ ਕਰਨ ਵਾਸਤੇ ਤਰ੍ਹਾਂ ਤਰ੍ਹਾਂ ਦੇ ਬੇਹੂਦਾ, ਥੋਥੇ ਤੇ ਹਾਸੋਹੀਣੇ ਨਾਅਰੇ ਘੜਦੇ ਤੇ ਲੋਕਾਂ ਵਿੱਚ ਇਨ੍ਹਾਂ ਨਾਅਰਿਆਂ ਦਾ ਪ੍ਰਸਾਰ ਕਰਦੇ ਰਹਿੰਦੇ ਹਨ: “ਜਬ ਤਕ ਸੂਰਜ ਚਾਂਦ ਰਹੇਗਾ, ਇੰਦਰਾ ਤੇਰਾ ਨਾਮ ਰਹੇਗਾ” ; ਏਕ ਸ਼ੇਰਨੀ, ਸੌ ਲੰਗੂਰ ……; “ਬਾਰੀ ਬਾਰੀ ਸਬ ਕੀ ਬਾਰੀ, ਅਬ ਕੀ ਬਾਰੀ ਅਟਲ ਬਿਹਾਰੀ” ; “ਸੋਨੀਆ ਨਹੀਂ ਯਿਹ ਆਂਧੀ ਹੈ, ਦੂਸਰੀ ਇੰਦਰਾ ਗਾਂਧੀ ਹੈ” ……;
ਕਾਂਗਰਸ ਹਟਾਓ, ਦੇਸ ਬਚਾਉ; ਇੰਦਰਾ ਹਟਾਓ, ਗ਼ਰੀਬੀ ਹਟਾਓ; ਯਿਹ ਦੇਖੋ ਇੰਦਰਾ ਕਾ ਖੇਲ, ਖਾ ਗਈ ਸ਼ੱਕਰ, ਪੀ ਗਈ ਤੇਲ……। “ਕੇਜਰੀਵਾਲ ਐਲਾਨ ਮੰਤ੍ਰੀ”,”, “ਕੇਜਰੀਵਾਲ ਮੁਸੀਬਤ ਭਜਾਉ, ਭਾਜਪਾ ਦੀ ਡਬਲ ਇੰਜਨ ਸਰਕਾਰ ਬਣਵਾਉ” ; ਆ-ਪਦਾ ਕੋ ਨਹੀਂ ਸਹੇਂਗੇ, ਬਦਲ ਕਰ ਰਹੇਂ ਗੇ; ਰਾਹੁਲ ਗਾਂਧੀ ਸ਼ਹਿਰੀ ਨਕਸਲੀ; ……।
“ਮੈਂ ਭੀ ਚੌਕੀਦਾਰ” ; “ਹਰ ਹਰ ਮੋਦੀ ਘਰ ਘਰ ਮੋਦੀ” ……।
ਅਜੋਕੀ ਭਾਜਪਾ ਸਰਕਾਰ ਦੇ ਭੱਦੇ-ਭ੍ਰਸ਼ਟ ਤੇ ਦਗ਼ੇਬਾਜ਼ ਰਾਜਿਆ ਨੇ ਤਾਂ ਝੂਠੇ, ਬੇਹੂਦਾ, ਊਟ-ਪਟਾਂਗ ਵਾਅਦੇ ਕਰਨ ਅਤੇ ਚੱਤੁਰ ਕੂਟ-ਨੀਤੀਆਂ ਨਾਲ ਪ੍ਰਜਾ ਦਾ ਬੇਰਹਿਮੀ ਨਾਲ ਖ਼ੂਨ ਚੂਸਨ ਅਤੇ ਬਹੁਪਖੀ ਸ਼ੋਸ਼ਣ ਕਰਨ ਤੋਂ ਸਿਵਾ ਹੋਰ ਕੁੱਛ ਨਹੀਂ ਕੀਤਾ! ਪ੍ਰਜਾ ਨੂੰ ਭੁਚਲਾ ਕੇ ਵੋਟਾਂ ਬਟੋਰਨ ਵਾਸਤੇ ਭਾਜਪਾ ਦੁਆਰਾ ਕੀਤੇ ਗਏ ਕੋਰੇ ਝੂਠੇ ਅਤੇ ਵਿਰੋਧਾਭਾਸ਼ੀ ਵਾਅਦਿਆਂ ਦੀ ਸੂਚੀ ਬਹੁਤ ਲੰਬੀ ਹੈ; ਇੱਥੇ ਅਸੀਂ ਕੁੱਝ ਇੱਕ ਥੋਥੇ, ਬੇਸੁਰੇ ਅਤੇ ਝੂਠੇ ਨਾਅਰਿਆਂ/ਵਾਅਦਿਆਂ ਦਾ ਜ਼ਿਕਰ ਕਰਾਂਗੇ:
“ਵਿਦੇਸ਼ੋਂ ਸੇ ਕਾਲਾ ਧਨ ਵਾਪਸ ਲਾਏਂ ਗੇ” ਔਰ “ਹਰ ਇੱਕ ਭਾਰਤੀ ਕੇ ਖਾਤੇ ਮੇਂ 15-15 ਲਾਖ ਰੁਪਿਆ ਜਮਾਂ ਕਰਵਾਇਆ ਜਾਏਗਾ” ; ਹਾ…ਹਾ…ਹਾ! ਲੋਕਤੰਤਰੀ ਭਾਰਤ ਦੇ ਭੋਲੇ-ਭਾਲੇ ਲੋਕਾਂ ਨਾਲ ਇਸ ਤੋਂ ਵੱਡਾ ਤੇ ਕੋਝਾ ਮਜ਼ਾਕ ਕੀ ਹੋ ਸਕਦਾ ਹੈ! ਖ਼ਬਰਾਂ ਅਨੁਸਾਰ, ਦੇਸ-ਵਿਦੇਸ ਵਿੱਚ ਕਾਲਾ ਧਨ ਕਈ ਗੁਣਾਂ ਵਧ ਗਿਆ ਹੈ! ਬੇਈਮਾਨ ਨੇਤਾ ਤੇ ਉਨ੍ਹਾਂ ਦੇ ਜੁੰਡੀਦਾਰ ਹੋਰ ਅਮੀਰ ਹੁੰਦੇ ਜਾਂਦੇ ਹਨ ਅਤੇ ਗ਼ਰੀਬ ਹੋਰ ਗ਼ਰੀਬ!
“ਅੱਛੇ ਦਿਨ ਆਣੇ ਵਾਲੇ ਹੈਂ” ; ਜੀ ਹਾਂ! ਅੱਛੇ ਦਿਨ ਆਏ ਪਰ ਸਿਰਫ਼ ਕਪਟੀ ਰਾਜਿਆਂ, ਉਨ੍ਹਾਂ ਦੇ ਜੋਟੀਦਾਰ ਪੂੰਜੀਪਤੀਆਂ ਅਤੇ ਝੋਲੀਚੁੱਕ ਅਹਲਕਾਰਾਂ ਵਗੈਰਾ ਦੇ!
“ਸਭ ਕਾ ਸਾਥ, ਸਭ ਕਾ ਵਿਕਾਸ” ਪਰੰਤੂ, ਹੋਇਆ ਕੀ? ਸਭ ਕਾ ਸਾਥ ਸਿਰਫ਼ ਵੋਟਾਂ ਬਟੋਰਨ ਵਾਸਤੇ! ਉਸ ਤੋਂ ਬਾਅਦ, ਸਭ ਕਾ ਵਿਨਾਸ਼! ਹਾਂ, ਜੇ ਵਿਕਾਸ ਹੋਇਆ ਤਾਂ ਸਿਰਫ਼ ਕਾਰਪੋਰੇਟ ਘਰਾਣਿਆਂ ਦਾ, ਜੁੰਡੀਦਾਰ ਭ੍ਰਸ਼ਟ ਨੇਤਾਵਾਂ ਅਤੇ ਜ਼ਮੀਰ-ਮਰੇ ਅਫ਼ਸਰਾਂ ਆਦਿਕ ਦਾ!
“ਸਵੱਛ ਭਾਰਤ”। ਪਰ, ਸੱਚ ਤਾਂ ਇਹ ਹੈ ਕਿ ਭਾਰਤ ਹਰ ਪੱਖੋਂ ਇਤਨਾ ਗੰਦਾ ਹੋ ਚੁੱਕਾ ਹੈ ਕਿ ਹੁਣ ਇਸ ਗੰਦ ਨੂੰ ਸਾਫ਼ ਕਰਨਾ ਅਸੰਭਵ ਹੀ ਲੱਗਦਾ ਹੈ! ਰੀਪੋਰਟਾਂ ਅਨੁਸਾਰ, ਗੰਦਗੀ ਅਤੇ ਭ੍ਰਿਸ਼ਟਾਚਾਰ ਪੱਖੋਂ ਭਾਰਤ ਦੁਨੀਆਂ ਦੇ ਚੋਟੀ ਦੇ ਦੇਸਾਂ ਵਿੱਚੋਂ ਇੱਕ ਹੈ!
“ਆਤਮ ਨਿਰਭਰ ਭਾਰਤ” ; “Make in India”। ਕੋਰਾ ਝੂਠ! ਜੇ ਇਸ ਨਾਅਰੇ ਵਿੱਚ ਜ਼ਰਾ ਵੀ ਸੱਚਾਈ ਹੁੰਦੀ ਤਾਂ ਭਾਰਤੀ ਵਿਦੇਸ਼ਾਂ ਵੱਲ ਭੱਜਣ ਲਈ ਤਰਲੋ-ਮੱਛੀ ਨਾ ਹੁੰਦੇ। ਅਤੇ, ਭਾਰਤ ਹਰ ਸਾਲ ਅਰਬਾਂ ਦਾ ਮਾਲ ਵਿਦੇਸਾਂ, ਖ਼ਾਸ ਕਰਕੇ ਚੀਨ, ਤੋਂ ਇਮਪੋਰਟ ਨਾ ਕਰਦਾ!
“ਏਕ ਭਾਰਤ, ਸ੍ਰੇਸ਼ਠ ਭਾਰਤ”। ਇਹ ਨਾਅਰਾ ਦੇਣ ਵਾਲੇ ਕਪਟੀ ਸ਼ਾਸਕਾਂ ਨੇ ਦਰਅਸਲ ਕੀਤਾ ਕੀ? ਦੇਸ ਨੂੰ, ਧਰਮ, ਜਾਤ-ਪਾਤ, ਊਚ-ਨੀਚ, ਗ਼ਰੀਬੀ-ਅਮੀਰੀ, ਪ੍ਰਾਂਤਵਾਦ ਅਤੇ ਬੋਲੀ ਵਗ਼ੈਰਾ ਦੇ ਆਧਾਰ `ਤੇ ਟੋਟੇ-ਟੋਟੇ ਕਰ ਕੇ ਰੱਖ ਦਿੱਤਾ ਹੈ। ਅਸਲ ਵਿੱਚ, ਭਾਜਪਾ ਸਰਕਾਰ ਦੇਸ ਵਿੱਚ ਹਰ ਹੀਲੇ ਹਿੰਦੂ ਰਾਜ ਸਥਾਪਤ ਕਰਨਾ ਚਾਹੁੰਦੀ ਹੈ!
“ਸੱਤਯਮੇਵ ਜਯਤੇ” (ਸਿਰਫ਼ ਸੱਚ ਦੀ ਜਿੱਤ ਹੁੰਦੀ ਹੈ।) ਇੱਕ ਸਿੱਧਾਂਤਕ ਨੀਤੀ ਮੰਤ੍ਰ ਹੈ ਜੋ ਮਹਾਰਾਜਾ ਅਸ਼ੋਕ ਦੇ ਸਮੇਂ ਤੋਂ ਪ੍ਰਸਿੱਧ ਹੈ। ਸੰਨ 1950 ਵਿੱਚ ਇਸ ਮੰਤਰ ਨੂੰ ਭਾਰਤੀ ਗਣਰਾਜ ਦਾ ਕੌਮੀ ਨੀਤੀ ਮੰਤ੍ਰ ਬਣਾਇਆ ਗਿਆ ਸੀ। ਇਹ ਨੀਤੀ ਮੰਤ੍ਰ ਆਜ਼ਾਦ ਭਾਰਤ ਦੀ ਮੁਦਰਾ (ਨੋਟਾਂ), ਅਸ਼ਟਾਮ ਪੇਪਰਾਂ ਅਤੇ ਹੋਰ ਦਸਤਾਵੇਜ਼ਾਂ ਉੱਤੇ ਅਤੇ ਸੰਸਦ ਭਵਨ, ਵਿਧਾਨ ਸਭਾਵਾਂ, ਅਤੇ ਹਰ ਸਰਕਾਰੀ ਦਫ਼ਤਰਾਂ ਅਤੇ ਸੰਸਥਾਵਾਂ ਦੀਆਂ ਕੰਧਾਂ ਉੱਤੇ ਉਕਰਿਆ ਹੋਇਆ ਨਜ਼ਰ ਆਉਂਦਾ ਹੈ। ਪਰੰਤੂ ਸੱਚ ਤਾਂ ਇਹ ਹੈ ਕਿ ਭਾਰਤੀ ਰਾਜਨੀਤੀ ਵਿੱਚ ਸ਼ੁਰੂ ਤੋਂ ਹੀ ਇਸ ਮੰਤਰ ਦੀ ਕਦਰ ਨਹੀਂ ਕੀਤੀ ਗਈ। ਅੱਜ ਭਾਜਪਾ ਦੇ ਰਾਜ ਵਿੱਚ ਇਹ ਮੰਤ੍ਰ ਕੱਟੜਪੰਥੀ ਬੇਈਮਾਨ ਸ਼ਾਸਕਾਂ/ਰਾਜਿਆਂ ਦੁਆਰਾ ਉਡਾਏ ਗਏ ਛਲ-ਕਪਟ ਤੇ ਭ੍ਰਸ਼ਟਤਾ ਦੇ ਲੋਕ-ਮਾਰੂ ਜ਼ਹਿਰੀਲੇ ਧੂੰਏਂ ਵਿੱਚ ਲੋਪ ਹੋ ਚੁੱਕਿਆ ਹੈ! ਅਤੇ, ਇਸ ਦੀ ਜਗ੍ਹਾ ਸੱਭ ਪਾਸੇ “ਅਸੱਤਯਮੇਵ ਜਯਤੇ” ਹੀ ਦਿਖਾਈ ਦਿੰਦਾ ਹੈ!
“ਨਾ ਖਾਊਂਗਾ, ਨਾ ਖਾਣੇ ਦੂੰਗਾ” ; ਹਾ ਹਾ ਹਾ ਹਾ! ਸੱਚਾਈ ਇਹ ਹੈ ਕਿ, ਪ੍ਰਜਾ ਨੂੰ ਕਈ ਤਰ੍ਹਾਂ ਦੇ ਟੈਕਸਾਂ, ਲੋਕ-ਘਾਤਿਕ ਕਾਨੂੰਨਾਂ ਅਤੇ ਯੋਜਨਾਵਾਂ ਆਦਿਕ ਨਾਲ ਦੋਹੀਂ ਹੱਥੀਂ ਲੁੱਟ ਕੇ ਲੁੱਟ ਦਾ ਮਾਲ ਆਪਣੇ ਕਪਟੀ ਸਿਆਸੀ ਜੋਟੀਦਾਰਾਂ ਅਤੇ ਜੁੰਡੀਦਾਰ ਪੂੰਜੀਪਤਆਂ ਵਗੈਰਾ ਨੂੰ ਖਵਾਇਆ ਜਾ ਰਿਹਾ ਹੈ! ! ! ਲੋਕਾਂ ਦਾ ਕੋਈ ਵੀ ਕੰਮ ਬਿਨਾਂ ਰਿਸ਼ਵਤ ਦਿੱਤੇ ਨਹੀਂ ਹੁੰਦਾ!
ਸ਼ਾਸਤ੍ਰੀ ਜੀ ਦੇ ਰਾਜ ਸਮੇਂ ਦਾ ਨਾਅਰਾ “ਜੈ ਜਵਾਨ, ਜੈ ਕਿਸਾਨ” ਅਜੋਕੀ ਸਰਕਾਰ ਦੁਆਰਾ ਫਿਰ ਦੁਹਰਾਇਆ ਜਾ ਰਿਹਾ ਹੈ। ਜਦ ਕਿ ਅੱਜ ਦਾ ਸੱਚ ਤਾਂ ਇਹ ਹੈ ਕਿ ਭਾਜਪਾ ਰਾਜ ਵਿੱਚ ਪ੍ਰਜਾ ਨੂੰ ਪਾਲਣ ਵਾਲੇ ਕਿਰਤੀ-ਕਿਸਾਨ ਨਿਰਦਈ ਸ਼ਾਸਕਾਂ ਵੱਲੋਂ ਸੜਕਾਂ ਉੱਤੇ ਰੋਲੇ ਜਾ ਰਹੇ ਹਨ। ਹਜ਼ਾਰਾਂ ਕਿਸਾਨ ਅਣਆਈ ਮੌਤੇ ਮਰ ਚੁੱਕੇ ਹਨ ਅਤੇ ਆਏ ਦਿਨ ਹੋਰ-ਹੋਰ ਮਰ ਰਹੇ ਹਨ। ਭਾਜਪਾ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦਾ ਅਰਬਾਂ-ਖ਼ਰਬਾਂ ਦਾ ਕਰਜ਼ਾ ਤਾਂ ਮੁਆਫ਼ ਕਰ ਦਿੱਤਾ ਹੈ ਪਰੰਤੂ ਗ਼ਰੀਬ ਕਿਸਾਨਾਂ-ਮਜ਼ਦੂਰਾਂ ਦੇ ਛੋਟੇ-ਮੋਟੇ ਕਰਜ਼ੇ ਮੁਆਫ਼ ਨਹੀਂ ਕੀਤੇ! ਨਤੀਜਤਨ, ਕਰਜ਼ੇ ਹੇਠ ਦਬੇ ਕਿਸਾਨ ਹਰ ਰੋਜ਼ ਖ਼ੁਦਕੁਸ਼ੀਆਂ ਕਰ ਰਹੇ ਹਨ।
“ਘਰ ਘਰ ਰੋਜ਼ਗਾਰ”। ਪਰੰਤੂ, ਸੱਚ ਤਾਂ ਇਹ ਹੈ ਕਿ ਬੇਰੋਜ਼ਗਾਰੀ ਆਸਮਾਨ ਛੂਹ ਚੁੱਕੀ ਹੈ। ਭਾਜਪਾ ਸਰਕਾਰ ਸਰਕਾਰੀ ਸੰਸਥਾਨਾਂ (ਬੰਦਰਗਾਹਾਂ, ਹਵਾਈ ਅੱਡੇ, ਰੇਲ ਅਤੇ ਰੇਲਵੇ ਸਟੇਸ਼ਨ ਵਗੈਰਾ) ਆਪਣੇ ਜੋਟੀਦਾਰ ਪੂੰਜੀਪਤੀਆਂ ਨੂੰ ਧੜਾ-ਧੜ ਵੇਚ ਰਹੀ ਹੈ; ਤਾਂ ਫ਼ਿਰ ਸਰਕਾਰ ਸਰਕਾਰੀ ਨੌਕਰੀਆਂ ਕਿੱਥੋਂ ਤੇ ਕਿਵੇਂ ਦੇ ਸਕਦੀ ਹੈ? ਭੋਲੇ-ਭਾਲੇ ਨਿਮਾਣੇ-ਨਿਤਾਣੇ ਲੋਕਾਂ ਨਾਲ ਕਿੱਡਾ ਵੱਡਾ ਛਲ, ਕਪਟ ਤੇ ਧੋਖਾ! ! !
“ਪ੍ਰਧਾਨ ਮੰਤ੍ਰੀ ਉੱਜਵਲ ਯੋਜਨਾ”। ਗੈਸ ਕੋਨੈਕਸ਼ਨ ਫ਼ਰੀ। ਲੋਕਾਂ ਨਾਲ ਕਿੱਡਾ ਵੱਡਾ ਧੋਖਾ! ਭਾਜਪਾ ਰਾਜ ਵਿੱਚ ਗੈਸ ਸਿਲੰਡਰ ਦੀ ਕੀਮਤ ਤਿੰਨ ਗੁਣਾ ਵਧਾ ਦਿੱਤੀ ਗਈ ਹੈ। ਤਾਂ ਫਿਰ ਫ਼ਰੀ ਸਿਲੰਡਰ ਨੂੰ ਸਿਰ ਵਿੱਚ ਮਾਰਨਾ ਹੈ?
“ਪ੍ਰਧਾਨ ਮੰਤ੍ਰੀ ਜਨ ਅਰੋਗ ਯੋਜਨਾ” ; “ਕਿਸਾਨ ਸੱਮਾਨ ਨਿਧੀ” ; “ਜਹਾਂ ਝੁੱਗੀ, ਵਹਾਂ ਮਕਾਨ” ; “Housing for All by 2022”। “ਪ੍ਰਧਾਨ ਮੰਤ੍ਰੀ ਆਵਾਸ ਯੋਜਨਾ” ; “ਬੇਟੀ ਬਚਾਉ, ਬੇਟੀ ਪੜ੍ਹਾਓ” ; “ਭਾਰਤ ਜੋੜੋ” ; ਨਿਰਲੱਜ ਹੋ ਕੇ ਢੀਠਤਾ ਨਾਲ ਬਕੇ ਜਾ ਰਹੇ ਕਿੱਡੇ ਵੱਡੇ ਕੋਰੇ ਝ੍ਹੂਠ! “ਏਕ ਦੇਸ, ਏਕ ਸੰਵਿਧਾਨ, ਏਕ ਨਿਸ਼ਾਨ” ; “Make in India”;Make India Great Again(MIGA) ……।
ਕੁਝ ਸਾਲਾਂ ਤੋਂ ਭਾਰਤ ਦੇ ਕਥਿਤ ਪ੍ਰਜਾਤਤਰੀ ਦੇਸ ਦੇ ਪੈਂਤੜੇਬਾਜ਼ ਮੱਕਾਰ ਸਿਆਸਤਦਾਨਾਂ ਨੇ ਵੋਟਾਂ ਲੈਣ ਲਈ ਪ੍ਰਜਾਤਾਂਤਰਿਕ ਪ੍ਰਣਾਲੀ ਨੂੰ ਸ਼ਰਮਸਾਰ ਕਰਨ ਵਾਲੇ ਕੁਝਇਕ ਨਵੇਂ ਪੈਂਤੜੇ ਲੈਣੇ ਸ਼ੁਰੂ ਕੀਤੇ ਹੋਏ ਹਨ। ਜਿਸ ਕਾਰਣ ਭਾਰਤ ਦੀ ਸੰਸਾਰ ਭਰ ਵਿੱਚ ਥੁਹ-ਥੂਹ ਹੋ ਰਹੀ ਹੈ! ਇਨ੍ਹਾਂ ਪੈਂਤੜਿਆਂ ਵਿੱਚੋਂ ਪਰਮੁਖ ਪੈਂਤੜਾ ਹੈ: ਮੁਫ਼ਤ! ਮੁਫ਼ਤ ਗੈਸ ਸਿਲੰਡਰ, …ਯੁਨਿਟ ਮੁਫ਼ਤ ਬਿਜਲੀ, ਔਰਤਾਂ ਵਾਸਤੇ ਬਸ ਸਫ਼ਰ ਮੁਫ਼ਤ, ਮੁਫ਼ਤ ਤੀਰਥ ਯਾਤ੍ਰਾ, ਮੁਫ਼ਤ ਰਾਸ਼ਨ……। ਦੂਜਾ, ਭਾਰਤੀ ਪ੍ਰਜਾਤੰਤਰ ਦੇ ਵਿਕਾਊ ਨੇਤਾ ਲਾਚਾਰ ਲੋਕਾਂ ਦੀਆਂ ਵੋਟਾਂ ਬਟੋਰਨ ਵਾਸਤੇ ਬੋਲੀ ਲਗਾਉਂਦੇ ਹਨ: ਇੱਕ ਧਿਰ ਦੇ ਕਪਟੀ ਨੇਤਾ ਕਹਿੰਦੇ ਹਨ, ਹਰ ਇਸਤ੍ਰੀ ਦੇ ਖਾਤੇ ਵਿੱਚ ਹਰ ਮਹੀਨੇ ਇੱਕ ਹਜ਼ਾਰ ਰੁਪਇਆ ਜਮਾਂ ਹੋਵੇਗਾ; ਦੁਜੀ ਪੲਰਟੀ ਵਾਲੇ 1200 ਰਪਇਆ/ਮਹੀਨਾ ਅਤੇ ਤੀਜੇ ਕਹਿੰਦੇ ਹਨ, 2500/ਮਹੀਨਾ! ! ਜਦਕਿ ਹਨ ਸਾਰੇ ਹੀ ਝੂਠੇ ਤੇ ਕਪਟੀ! ! !
ਚਲਦਾ……
ਗੁਰਇੰਦਰ ਸਿੰਘ ਪਾਲ
ਅਪ੍ਰੈਲ 20, 2025.