.


28/09/14)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਡਾ. ਇਕਬਾਲ ਸਿੰਘ ਢਿੱਲੋਂ ਜੀ,
ਸਤਿ ਸ੍ਰੀ ਅਕਾਲ ਪਰਵਾਨ ਹੋਵੇ ।


ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੋ ਆਪਨੇ ਵਿਸਥਾਰ ਨਾਲ ਧਰਮ, ਪੰਥ ਅਤੇ ਮਹਜਬ ਵਿਚ ਕੀ ਅੰਤਰ ਹੈ, ਬਾਰੇ ਜਾਣਕਾਰੀ ਦਿਤੀ ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ


28/09/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਤੈਥੋਂ ਹੋ ਕੇ ਵੱਖ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਤੈਥੋਂ ਹੋ ਕੇ ਵੱਖ ਹੁਣ ਰਿਹਾ ਨਹੀਓਂ ਜਾਂਦਾ।
ਕਿਹੜਾ ਕਿਹੜਾ ਦੁੱਖ? ਇਉਂ ਕਿਹਾ ਨਹੀਓਂ ਜਾਂਦਾ।
ਦੁਨੀਆਂ ਦੇ ਚੱਕਰਾਂ `ਚ ਘੁੰਮਦੇ ਬੇਸਾਹ,
ਅਮਨ ਚੈਨ ਨਾਂ ਦੀ ਥਾਂ ਤੇ ਬੈਠੇ ਹੋਏ ਬੇਵਾਹ।
ਤੇਰਾ ਇਹ ਵਿਛੋੜਾ ਹੁਣ ਸਿਹਾ ਨਹੀਓਂ ਜਾਂਦਾ।
ਤੈਥੋਂ ਹੋ ਕੇ ਵੱਖ ਹੁਣ ਰਿਹਾ ਨਹੀਓਂ ਜਾਂਦਾ।
ਹੋਵੇਂ ਜੇ ਤੂੰ ਕੋਲ, ਹੋਵੇ ਚਿੱਤ ਨੂੰ ਟਿਕਾ,
ਤੇਰੇ ਪਿਆਰ ਭਿੱਜ ਚੰਗਾ ਬਣੇਗਾ ਸੁਭਾ।
ਰੋਜ਼ ਰੋਜ਼ ਹਾਰ ਹਾਰ ਢਿਹਾ ਨਹੀਓਂ ਜਾਂਦਾ,
ਤੈਥੋਂ ਹੋ ਕੇ ਵੱਖ ਹੁਣ ਰਿਹਾ ਨਹੀਓਂ ਜਾਂਦਾ।
ਜਾਣੀ ਜਾਣ ਤੂੰ ਏਂ ਕੀ ਮੈਂ ਤੈਨੂੰ ਸਮਝਾਵਾਂ,
ਅਰਜ਼ ਗੁਜ਼ਾਰਾਂ ਚਿੱਤ ਤੁੱਧ ਸੰਗ ਲਾਵਾਂ,
ਤੇਰੇ ਸੰਗ ਜੁੜੇ ਬਿਨ ਰਿਹਾ ਨਹੀਓਂ ਜਾਂਦਾ।
ਤੈਥੋਂ ਹੋ ਕੇ ਵੱਖ ਹੁਣ ਰਿਹਾ ਨਹੀਓਂ ਜਾਂਦਾ।


28/09/14)
ਸਿੱਖ ਵਿਰਸਾ

ਸਿੱਖ ਅਵੇਅਰਨੈਸ ਸੈਮੀਨਾਰ ਕੈਲਗਰੀ
ਸਿੱਖਾਂ ਦਾ ਇਕੋ ਇੱਕ ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ
ਸਿੱਖ ਧਰਮ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਦੇ ਅਹੁਦੇ ਦੀ ਕੋਈ ਥਾਂ ਨਹੀਂ

ਕੈਲਗਰੀ (ਚੰਦ ਸਿੰਘ ਸਦਿਓੜਾ): ਸਿੱਖ ਧਰਮ ਸੰਸਾਰ ਦਾ ਸਭ ਤੋਂ ਨਵੀਨ, ਪਰ ਘੱਟ ਸਮਝਿਆ ਗਿਆ ਧਰਮ ਹੈ। ਮੌਜੂਦਾ ਸਮੇਂ ਵਿੱਚ ਗੁਰਬਾਣੀ, ਸਿੱਖ ਇਤਿਹਾਸ ਅਤੇ ਸਿੱਖ ਸਮਾਜ ਵਿੱਚ ਗੁਰਬਾਣੀ ਦੀਆਂ ਵਿਚਾਰਧਾਰਾਵਾਂ ਤੋਂ ਉਲਟ ਫੈਲੇ ਵਹਿਮ-ਭਰਮ, ਕਰਮ-ਕਾਂਡ, ਡੇਰਾਵਾਦ ਅਤੇ ਚੋਲ਼ਾਵਾਦ ਦਾ ਬੋਲਬਾਲਾ ਵਧ ਰਿਹਾ ਹੈ, ਜਿਸ ਨਾਲ ਸਾਧਾਰਨ ਸਿੱਖ ਗੁੰਮਰਾਹ ਹੋ ਰਿਹਾ ਹੈ ਅਤੇ ਮਾਨਿਸਕ ਪੀੜਾ ਵਿਚੋਂ ਗੁਜ਼ਰ ਰਿਹਾ ਹੈ। ਸ੍ਰ: ਹਰਚਰਨ ਸਿੰਘ ਪਰਹਾਰ ਦੀ ਅਗਵਾਈ ਵਿੱਚ ਸਿੱਖ ਵਿਰਸਾ ਮੈਗਜ਼ੀਨ ਕੈਲਗਰੀ ਪਿਛਲੇ ਕਈ ਸਾਲ ਤੋਂ ਵੱਖ-ਵੱਖ ਵਿਦਵਾਨਾਂ ਦੀ ਕਲਮ ਰਾਹੀਂ ਆਮ ਸਿੱਖ ਦੇ ਮਾਨਸਿਕ ਦਵੰਧ ਨੂੰ ਸੁਲਝਾਉਣ ਪ੍ਰਤੀ ਸੰਘਰਸ਼ਸ਼ੀਲ ਹੈ।
ਇਸ ਸੰਦਰਭ ਵਿੱਚ ਇੱਕ ਹੋਰ ਸਾਰਥਿਕ ਪੁਲਾਂਘ ਪੁੱਟਦਿਆਂ ਸਿੱਖ ਵਿਰਸਾ ਇੰਟਰਨੈਸ਼ਨਲ ਦੀ ਟੀਮ ਨੇ ਸਤੰਬਰ 21, 2014 ਦੀ ਬਾਅਦ ਦੁਪਿਹਰ ‘ਲਵਲੀ ਬੈਂਕੁਇਟ ਹਾਲ’ ਵਿੱਚ ‘ਸਿੱਖ ਜਾਗਰੂਕਤਾ’ ਸੈਮੀਨਾਰ 2014 ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਡਾ: ਹਰਜਿੰਦਰ ਸਿੰਘ ਦਿਲਗੀਰ, ਡਾ: ਪੂਰਨ ਸਿੰਘ ਗਿੱਲ, ਪ੍ਰੋ: ਇੰਦਰ ਸਿੰਘ ਘੱਗਾ ਅਤੇ ਗਿਆਨੀ ਜਸਵੀਰ ਸਿੰਘ ਵੈਨਕੂਵਰ ਸਿੱਖ ਚਿੰਤਕ ਅਤੇ ਲੇਖਕਾਂ ਨੂੰ ਸਿੱਖ ਧਰਮ ਬਾਰੇ ਆਪਣੇ ਪੇਪਰ ਪੜ੍ਹਨ ਤੇ ਜਨ-ਵਿਚਾਰ ਸਾਂਝ ਲਈ ਨਿਮੰਤਰਿਤ ਕੀਤਾ। ਸੈਮੀਨਾਰ ਦੀ ਸ਼ੁਰੂਆਤ ਕਰਦੇ ਹੋਏ ਪ੍ਰੋ: ਮਨਜੀਤ ਸਿੰਘ ਪਿਆਸਾ ਅਤੇ ਮਨਦੀਪ ਸਿੰਘ ਵਰਨਨ (ਬੀ. ਸੀ.) ਮੰਚ ਸੰਚਾਲਕਾਂ ਨੇ ਚਾਰੇ ਸਿੱਖ ਵਿਦਵਾਨਾਂ ਅਤੇ ਸਮੁੱਚੀ ਸਿੱਖ ਸੰਗਤ ਨੂੰ ਜੀ ਆਇਆਂ ਕਿਹਾ। ‘ਸਿੱਖ ਵਿਰਸਾ’ ਮੈਗਜ਼ੀਨ ਦੇ ਚੀਫ਼ ਐਡੀਟਰ ਸ੍ਰ: ਹਰਚਰਨ ਸਿੰਘ ਪਰਹਾਰ ਨੇ ਸਮੁੱਚੇ ਇਕੱਠ `ਚ ਸ਼ੁਰੂਆਤ ਕਰਦਿਆਂ ਕਿਹਾ ਕਿ ਜਿਸ ਕੌਮ ਕੋਲ ਵਿਦਵਾਨ ਨਹੀਂ ਹੋਣਗੇ, ਉਹ ਹੌਲੀ-ਹੌਲੀ ਪਰਦੇ ਦੇ ਪਿੱਛੇ ਚਲੀ ਜਾਏਗੀ। ਮੰਚ ਸੰਚਾਲਕ ਸਾਹਿਬਾਨ ਨੇ ਵਾਰੀ-ਵਾਰੀ ਚਾਰੇ ਸਿੱਖ ਵਿਦਵਾਨਾਂ ਨੂੰ ਸਮੁੱਚੀ ਸਿੱਖ ਸੰਗਤ ਦੇ ਰੂਬਰੂ ਕੀਤਾ।
ਭਾਈ ਜਸਵੀਰ ਸਿੰਘ ਵੈਨਕੂਵਰ (ਸਿੱਖ ਵਿਦਵਾਨ) ਨੇ ਮਨੁੱਖੀ ਆਵਾਗਣ, 84 ਲੱਖ ਜੂਨਾਂ ਬਾਰੇ ਗੁਰਬਾਣੀ ਸੰਕਲਪ ਸਾਂਝਾ ਕਰਦੇ ਹੋਏ ਕਿਹਾ ਕਿ ਮਨੁੱਖ ਨਿਰੋਲ ਵਾਹਿਗੁਰੂ ਦੀ ਰਜ਼ਾ ਕਾਰਨ ਹੀ ਮਨੁੱਖੀ ਸਮੇਂ ਵਿੱਚ ਆਇਆ ਹੈ। ਸਰੀਰਕ ਤਲ `ਤੇ ਜੰਮਣਾ ਮਰਨਾ ਕੁਦਰਤ ਦਾ ਕ੍ਰਿਸ਼ਮਾ ਹੈ, ਪਰ ਗੁਰਬਾਣੀ ਵਿੱਚ ਜੰਮਣਾ ਮਰਨਾ ਸਰੀਰ ਦਾ ਨਹੀਂ, ਸਗੋਂ ਮਾਨਸਿਕ ਤਲ ਦਾ ਹੈ। ਮਨੁੱਖ ਨੂੰ ਮਨੁੱਖ ਦੇ ਪੜਾਅ ਤੱਕ ਪਹੁੰਚਣ ਲਈ ਹਜ਼ਾਰਾਂ ਸਾਲ ਦਾ ਸਮਾਂ ਲੱਗ ਜਾਂਦਾ ਹੈ। ਗੁਰਬਾਣੀ ਵਿਚੋਂ ਸਬੰਧਤ ਤੁਕਾਂ ਦਾ ਪ੍ਰਯੋਗ ਕਰਦੇ ਹੋਏ ਭਾਈ ਸਾਹਿਬ ਨੇ ਕਿਹਾ ਕਿ ਚੰਗੇ ਕਰਮ ਕਰਦੇ ਹੋਏ ਮਨੁੱਖ ਮਾਨਸਿਕ ਆਵਾਗਣ ਤੋਂ ਬਚ ਸਕਦਾ ਹੈ।
ਪ੍ਰੋ ਇੰਦਰ ਸਿੰਘ ਘੱਗਾ ਜੋ 20 ਤੋਂ ਵੀ ਵੱਧ ਪੁਸਤਕਾਂ ਦੇ ਰਚੇਤਾ ਅਤੇ ਸੈਂਕੜੇ ਸੀਡੀਜ਼ ਰਾਹੀਂ ਸਿੱਖ ਧਰਮ ਪ੍ਰਚਾਰਦੇ ਹਨ, ਨੇ ਇਨਕਲਾਬੀ ਭਾਸ਼ਾ ਵਿੱਚ ਕਿਹਾ ਕਿ ਅਸੀਂ ਮਨੁੱਖ ਆਪਣੇ ਸਰੀਰ ਬਾਰੇ ਤਾਂ ਘੱਟ ਜਾਣਦੇ ਹਾਂ, ਪਰ ਲਾਉਂਦੇ ਹਾਂ ਅਸਮਾਨ ਨੂੰ ਟਾਕੀਆਂ। ਉਨ੍ਹਾਂ ‘ਰੱਬ ਦੀ ਸ਼ਖਸ਼ੀਅਤ ਕੀ ਹੈ’ ਵਿਸ਼ੇ `ਤੇ ਵਿਚਾਰ ਸਾਂਝ ਪਾਉਂਦਿਆਂ ਕਿਹਾ ਕਿ ‘ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਿਖਿਆ’, ਇੰਨਾ ਮਹਾਨ ਬ੍ਰਹਿਮੰਡ ਸਿਰਜਣ ਵਾਲੇ ਦੀ ਅਸੀਂ ਸਾਧਾਰਨ ਮਨੁੱਖ ਕੀ ਵਡਿਆਈ ਕਰ ਸਕਦੇ ਹਾਂ। ਗੁਰਬਾਣੀ ਵਿੱਚ ਰੱਬ ਨੂੰ ‘ਸਰਬ ਵਿਆਪਕ’ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਮਾਨਸਿਕ ਵਿਕਾਸ ਨਾਲ ਅਸੀਂ ਮਨੁੱਖ ਬਣ ਸਕਾਂਗੇ। ਰੱਬ ਦਾ ਰੂਪ ਨਿਰਾਕਾਰ ਹੈ। ਉਨ੍ਹਾਂ ਕਿਹਾ ਕਿ ਰੱਬ ਦੇ ਰੂਪ ਨੂੰ ਸਮਝਣ ਦੀ ਬਜਾਏ, ਅਸੀਂ ਮਨੁੱਖੀ ਰੂਪ ਨੂੰ ਸਮਝੀਏ ਤੇ ਜੀਵਨ ਸਾਕਾਰ ਕਰੀਏ। ਅੰਤ ਵਿੱਚ ਉਨ੍ਹਾਂ ਕਿਹਾ ‘ਲੋਕ ਸੁਖੀਏ ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭੂ ਆਪੇ ਮੇਲੇ’।
ਡਾ: ਹਰਜਿੰਦਰ ਸਿੰਘ ਦਿਲਗੀਰ ਉੱਘੇ ਸਿੱਖ ਇਤਿਹਾਸਕਾਰ ਤੇ 60 ਪੁਸਤਕਾਂ ਦੇ ਰਚੇਤਾ ਨੇ ‘ਦਸਮ ਗ੍ਰੰਥ’ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ 13 ਨਵੰਬਰ, 2006 ਨੂੰ ਪੰਜਾਬ ਵਿੱਚ ਦਿਆਲਪੁਰਾ ਭਾਈਕਾ ਵਿਖੇ ਇੱਕ ਅਖੌਤੀ ਗ੍ਰੰਥ ਦੀ ਹੋਂਦ ਸਾਹਮਣੇ ਆਈ, ਜਿਸ ਦਾ ਪਹਿਲਾ ਨਾਮ ‘ਬਚਿੱਤਰ ਨਾਟਕ’ ਸੀ। ਦਸਮ ਗ੍ਰੰਥ ਨੂੰ ਸਾਹਮਣੇ ਲਿਆਉਣ ਵਿੱਚ ਪਟਨੇ ਦੇ ਨਿਰਮਲੇ ਲੋਕਾਂ ਦਾ ਯੋਗਦਾਨ ਸੀ। ਇਸ ਅਖੌਤੀ ਗ੍ਰੰਥ ਦਾ 40 ਫੀਸਦੀ ਭਾਗ ਰਾਮ ਵਰਗੇ ਅਵਤਾਰਾਂ ਅਤੇ ਹਿੰਦੂ ਮਿਥਿਹਾਸ ਨਾਲ ਭਰਿਆ ਹੈ। ਬਾਕੀ ਹਿੱਸਾ ਅਖੌਤੀ ਗੰਦ-ਮੰਦ ਨਾਲ। ਇਸ ਦੀ ਵਿਸਥਾਰਪੂਰਵਕ ਜਾਣਕਾਰੀ ਸੱਚਮੁੱਚ ਹੀ ਰੂਹਾਨੀਅਤ ਨੂੰ ਗਾਲ਼ ਵਰਗੀ ਗੱਲ ਹੈ। ਉਨ੍ਹਾਂ ਕਿਹਾ ਕਿ ਅਖੌਤੀ ਦਸਮ ਗ੍ਰੰਥ ਸਿੱਖੀ ਤੇ ਇਸ ਸਦੀ ਦਾ ਸਭ ਤੋਂ ਵੱਡਾ ਹਮਲਾ ਹੈ, ਇਸ ਤੋਂ ਬਚੀਏ। ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਉਨ੍ਹਾਂ ਕਿਹਾ ਕਿ ਇਹ ਸੰਸਾਰ ਦਾ ਸਪਰਿਚੂਅਲ ਮੈਨੀਫੈਸਟੋ ਹੈ। ਆਓ ਗੁਰਬਾਣੀ ਨਾਲ ਆਪਣੇ ਜੀਵਨ ਨੂੰ ਜੋੜੀਏ। ਸਿੱਖੀ ਸਿਧਾਂਤਾਂ `ਤੇ ਅਮਲ ਕਰਨਾ ਹੀ ਇੱਕ ਪੂਰਨ ਸਿੱਖ ਦੀ ਵਡਿਆਈ ਹੈ।
ਵਿਦਵਾਨ ਬੁਲਾਰਿਆਂ ਦੇ ਅੰਤ ਵਿੱਚ ਡਾ: ਪੂਰਨ ਸਿੰਘ ਵੈਨਕੂਵਰ ਨੇ ਇਸ ਵਰ੍ਹੇ ਨੂੰ ‘ਕਾਮਾਗਾਟਾਮਾਰੂ’ ਵਰ੍ਹਾ ਦੱਸਦੇ ਹੋਏ ਕਿਹਾ ਕਿ ਇੱਕ ਸਦੀ ਪਹਿਲਾਂ ਹੋਏ ਇਸ ਜ਼ਹਾਜ ਦੇ ਸੰਘਰਸ਼ ਦੇ ਮਰਜੀਵੜਿਆਂ ਪ੍ਰਤੀ ਸੈਂਕੜੇ ਸ਼ਰਧਾਜਨਕ ਸਮਾਗਮ ਕਰ ਚੁੱਕੇ ਹਾਂ, ਪਰ ਸਰਕਾਰ ਤੋਂ ਮੁਆਫ਼ੀ ਮੰਗਾਉਣ ਵਿੱਚ ਸਫ਼ਲ ਨਹੀਂ ਹੋ ਸਕੇ। ਨਸਲਵਾਦ ਦੀਆਂ ਨੀਤੀਆਂ ਸੰਸਾਰ ਭਰ ਵਿੱਚ ਅਜੇ ਵੀ ਜਾਰੀ ਹਨ। ਪਰ ਲੋੜ ਹੈ ਆਪਣੇ ਲੋਕਾਂ ਨੂੰ ਇਤਿਹਾਸ ਤੋਂ ਜਾਣੂ ਕਰਾਉਣ ਦੀ। ਸੋ ਇਤਿਹਾਸ ਨੂੰ ਪੜ੍ਹਨ ਦੀ ਆਦਤ ਜ਼ਰੂਰ ਪਾਓ।
ਵਿਦਵਾਨ ਸਨਮਾਨ ਸਮਾਰੋਹ ਵਿੱਚ ਬੜੀ ਵਿਦਵਤਾ ਤੋਂ ਕੰਮ ਲੈਂਦਿਆਂ ਹਰਚਰਨ ਸਿੰਘ ਪਰਹਾਰ ਨੇ ਵੱਖ-ਵੱਖ ਸੰਸਥਾਵਾਂ ਤੇ ਸਭਾਵਾਂ ਦੇ ਮੁਖੀਆਂ ਅਤੇ ਭਾਈਚਾਰੇ ਦੀਆਂ ਨਾਮਵਰ ਹਸਤੀਆਂ ਨੂੰ ਮੰਚ `ਤੇ ਬੁਲਾ ਕੇ ਪਲੇਕਾਂ ਨਾਲ ਚਾਰੇ ਵਿਦਵਾਨ ਸੱਜਣਾਂ ਦਾ ਸਨਮਾਨ ਕਰਾਇਆ। ਜਿਸ ਦੀ ਸਮੁੱਚੇ ਇਕੱਠ ਵਲੋਂ ਸ਼ਲਾਘਾ ਕੀਤੀ ਗਈ। ਫਿਰ ਆਈ ਸਵਾਲਾਂ ਦੀ ਬੁਛਾੜ। ਲਿਖਤੀ ਰੂਪ ਵਿੱਚ ਕਰੀਬ ਇੱਕ ਸੌ ਤੋਂ ਵੀ ਜ਼ਿਆਦਾ ਸਵਾਲ, ਜਿਸ ਦਾ ਵੱਖ-ਵੱਖ ਵਿਦਵਾਨ ਸੱਜਣਾਂ ਨੇ ਬੜੇ ਠਰ੍ਹੰਮੇ ਨਾਲ ਜਵਾਬ ਦਿੱਤਾ ਅਤੇ ਬਾਕੀਆਂ ਬਾਰੇ ਉਨ੍ਹਾਂ ਨਾਲ ਲਿਖਤੀ ਜਾਂ ਬਾਅਦ ਵਿੱਚ ਗੱਲ ਕਰਨ ਲਈ ਕਿਹਾ। ਕੁੱਝ ਮਹੱਤਵਪੂਰਨ ਸਵਾਲਾਂ ਦੇ ਜਵਾਬ ਵਿੱਚ ਵਿਦਵਾਨਾਂ ਨੇ ਕਿਹਾ ਕਿ ਜਦੋਂ ਮਨੁੱਖ ਗੁਰਮਤ ਪ੍ਰਾਪਤ ਕਰ ਲਵੇਗਾ ਤਾਂ ਆਵਾਗੌਣ ਖ਼ਤਮ ਹੋ ਜਾਏਗਾ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਦਾ ਸਿੱਖ ਇਤਿਹਾਸ ਵਿੱਚ ਕਿਤੇ ਕੋਈ ਜ਼ਿਕਰ ਨਹੀਂ। ਰੱਬ ਦੀ ਹੋਂਦ ਨੂੰ ਮੰਨਣਾ ਜਾਂ ਨਾ ਮੰਨਣਾ ਤੁਹਾਡੀ ਆਪਣੀ ਸੋਚ ਹੈ, ਧਰਮ ਦੀ ਬੰਦਸ਼ ਨਹੀਂ। ਸਿੱਖ ਰਹਿਤ ਮਰਿਆਦਾ ਵਿੱਚ ਸਮੇਂ ਮੁਤਾਬਕ ਤਬਦੀਲੀ ਕੀਤੀ ਜਾ ਸਕਦੀ ਹੈ। ਖੰਡੇ ਦੀ ਪਾਹੁਲ ਲੈਣ ਤੋਂ ਪਹਿਲਾਂ ਭਾਵਨਾ ਦਾ ਸਤਿਕਾਰ ਹੋਣਾ ਚਾਹੀਦਾ ਹੈ। ਹਾਜ਼ਿਰ ਸੰਗਤ ਦੇ ਭਰਵੇਂ ਇਕੱਠ ਵਲੋਂ ਜੈਕਾਰਿਆਂ ਦੀ ਗੂੰਜ ਵਿੱਚ ਸਿੱਖਾਂ ਦਾ ਇੱਕੋ ਇੱਕ ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਧਰਮ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਦੇ ਅਹੁਦੇ ਦੀ ਕੋਈ ਥਾਂ ਨਹੀਂ, ਦੇ ਮਤੇ ਪਾਸ ਕੀਤੇ ਗਏ। ਇਉਂ ਇਹ ਸਮਾਗਮ ਪ੍ਰਬੰਧਕਾਂ ਦੇ ਧੰਨਵਾਦੀ ਸ਼ਬਦਾਂ ਨਾਲ ਸੰਪੂਰਨ ਹੋਇਆ। ਪ੍ਰਬੰਧਕਾਂ ਵਲੋਂ ਸੰਗਤਾਂ ਲਈ ਚਾਹ-ਪਾਣੀ ਦਾ ਅਤੁੱਟ ਪ੍ਰਬੰਧ ਅਤੇ ਭਜਨ ਸਿੰਘ ਵੱਲੋਂ ਕਿਤਾਬਾਂ ਦੀ ਸਟਾਲ ਦਾ ਚੰਗੇਰਾ ਯੋਗਦਾਨ ਰਿਹਾ। ਇਸ ਕਲਮ ਵੱਲੋਂ ਮੌਜੂਦਾ ਸਿੱਖ ਧਾਰਮਿਕ ਰਵਾਇਤਾਂ ਜਾਂ ਰਸਮਾਂ ਵਿੱਚ ਵਧ ਰਹੀਆਂ ਕੁਰੀਤੀਆਂ ਪ੍ਰਤੀ ਪ੍ਰਬੰਧਕਾਂ ਦੀ ਚਿੰਤਾ ਅਤੇ ਕੋਸ਼ਿਸ਼ ਲਈ ਸ਼ੁੱਭਕਾਮਨਾਵਾਂ, ਮੌਜੂਦਾ ਮਿਸ਼ਨ ਦੀ ਸਫ਼ਲਤਾ, ਸਾਡੇ ਵਡੇਰਿਆਂ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ਦੀ ਸ਼ਮੂਲੀਅਤ ਨਾਲ ਹੀ ਸਾਰਥਿਕ ਹੋ ਸਕਦੀ ਹੈ। ਆਓ ਹੰਭਲਾ ਮਾਰੀਏ, ਸਾਡੀ ਇੱਥੇ ਜੰਮੀ-ਪਲੀ ਸਿੱਖ ਪਨੀਰੀ ਨੂੰ ਆਪਣੇ ਧਰਮ ਤੇ ਵਿਰਸੇ ਨਾਲ ਜੋੜਨ ਦਾ। ਅਖੀਰ ਵਿੱਚ ਪ੍ਰਬੰਧਕਾਂ ਵਲੋਂ ਹਾਜ਼ਿਰ ਦਰਸ਼ਕਾਂ ਦੇ ਨਾਲ ਵੱਖ-ਵੱਖ ਸਭਾ-ਸੁਸਾਇਟੀਆਂ ਦੇ ਨੁਮਾਇੰਦਿਆਂ ਤੇ ਮੀਡੀਏ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।


26/09/14)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸ. ਗੁਰਸ਼ਰਨ ਸਿੰਘ ਕਸੇਲ ਜੀਓ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ।
ਸਿਖਮਾਰਗ ਵੈਬਸਾਈਟ ਉੱਤੇ 25. 09. 2014 ਨੂੰ ਪਾਏ ਗਏ ਆਪ ਜੀ ਦੇ ਪੱਤਰ ਲਈ ਆਪ ਜੀ ਦਾ ਧੰਨਵਾਦ ਹੈ ਜੀ। ਇਸ ਪੱਤਰ ਰਾਹੀਂ ਆਪ ਜੀ ਵੱਲੋਂ ਬੜਾ ਹੀ ਮਹੱਤਵਪੂਰਨ ਸਵਾਲ ਖੜਾ ਕੀਤਾ ਗਿਆ ਹੈ। ਆਮ ਕਰ ਕੇ ਕਿਸੇ ਭਾਸ਼ਾ ਦੇ ਇੱਕ ਹੀ ਸ਼ਬਦ ਦੇ ਇੱਕ ਤੋਂ ਜ਼ਿਆਦਾ ਅਰਥ ਨਿਕਲ ਪੈਂਦੇ ਹਨ। ਉਦਾਹਰਨ ਵਜੋਂ ਅੰਗਰੇਜ਼ੀ ਦੇ ਸ਼ਬਦ
‘bear’ ਦੇ ਅਰਥ ਹਨ ਚੁੱਕ ਕੇ ਲੈ ਜਾਣਾ, ਜਨਮ ਦੇਣਾ, ਸਹਿਣ ਕਰਨਾ ਅਤੇ ਰਿੱਛ। ਇੱਸੇ ਤਰ੍ਹਾਂ ਫਾਰਸੀ ਦੇ ਸ਼ਬਦ ‘ਰੁਖ਼’ ਦੇ ਅਰਥ ਹਨ ਚਿਹਰਾ, ਲਗਾਮ, ਸਰਕੜਾ, ਊਠ ਵਰਗਾ ਇੱਕ ਕਲਪਿਤ ਜਾਨਵਰ ਅਤੇ ਇਰਾਨੀ ਬਾਦਸ਼ਾਹ ਦਾ ਤਾਜ। ਅਜਿਹਾ ਹਰੇਕ ਭਾਸ਼ਾ ਵਿੱਚ ਵਾਪਰਦਾ ਹੈ। ਇੱਸੇ ਤਰ੍ਹਾਂ ਪੰਜਾਬੀ ਵਿੱਚ ਸ਼ਬਦ ‘ਧਰਮ’ ਹੇਠਾਂ ਦਿੱਤੇ ਦੋ ਅਰਥਾਂ ਵਿੱਚ ਵਰਤਿਆ ਜਾਂਦਾ ਹੈ:
1. ਕਿਸੇ ਵਿਸ਼ੇਸ਼ ਮੱਤ ਨਾਲ ਜੋੜਨ ਤੋਂ ਬਗੈਰ ਹੀ ਧਾਰਨ ਕੀਤੇ ਗਏ ਸੁਚੱਜੀ ਅਤੇ ਨੈਤਿਕਤਾ-ਅਧਾਰਿਤ ਮਨੁੱਖੀ ਜੀਵਨ-ਜਾਚ ਦੇ ਸਿਧਾਂਤ। ਉਦਾਹਰਨ ਦੇ ਤੌਰ ਤੇ ਕੋਈ ਵਿਅਕਤੀ ਕਹਿ ਸਕਦਾ ਹੈ ਕਿ ‘ਸੱਚ’ ਬੋਲਣਾ ਹੀ ਮੇਰਾ ਧਰਮ ਹੈ ਜਾਂ ‘ਦੁਖੀ ਇਨਸਾਨਾਂ ਦੀ ਸੇਵਾ’ ਹੀ ਮੇਰਾ ਧਰਮ ਹੈ। ਜ਼ਰੂਰੀ ਨਹੀਂ ਅਜਿਹਾ ਵਿਅਕਤੀ ਆਸਤਿਕ ਵੀ ਹੋਵੇ ਜਾਂ ਉਹ ਇਸਾਈ, ਹਿੰਦੂ, ਬੁੱਧ ਜਾਂ ਇਸਲਾਮ ਆਦਿਕ ਵਿੱਚੋਂ ਕਿਸੇ ਮੱਤ ਨਾਲ ਸਬੰਧ ਰੱਖਦਾ ਹੋਵੇ। ਭਾਵ ਕਿ ਇਹਨਾਂ ਅਰਥਾਂ ਵਿੱਚ ਇੱਕ ਨਾਸਤਿਕ ਜਾਂ ਕਿਸੇ ਵੀ ਮੱਤ ਨੂੰ ਨਾ ਮੰਨਣ ਵਾਲਾ ਵਿਅਕਤੀ ਵੀ ‘ਧਰਮੀ’ ਹੋ ਸਕਦਾ ਹੈ।
2. ਸੰਸਥਾਗਤ
(organized) ਮੱਤ ਜਿਹਨਾਂ ਵਿੱਚ ਵੱਖਰੇ-ਵੱਖਰੇ ਇਸ਼ਟ, ਰਹੁ-ਰੀਤਾਂ, ਪੂਜਾ-ਵਿਧੀਆਂ, ਦਰਜਾਬੰਦੀ, ਕਰਮ-ਕਾਂਡ, ਵਿਸ਼ਵਾਸ, ਸ਼ਾਸਤਰ, ਮਾਨਤਾਵਾਂ ਆਦਿਕ ਪਾਈਆਂ ਜਾਂਦੀਆਂ ਹਨ ਜਿਵੇਂ ਕਿ ਯਹੂਦੀ ਮੱਤ, ਇਸਾਈ ਮੱਤ, ਇਸਲਾਮ, ਹਿੰਦੂ ਮੱਤ, ਬੁੱਧ ਮੱਤ, ਜੈਨ ਮੱਤ ਆਦਿਕ। ਸੰਸਾਰ ਭਰ ਵਿੱਚ ਇਹੋ ਜਿਹੇ ਤਕਰੀਬਨ 3000 ਮੱਤ ਮੌਜੂਦ ਹਨ। ਸੰਸਾਰ ਦੇ ਬਾਲਗਾਂ ਵਿੱਚੋਂ ਤਕਰੀਬਨ 30 ਪ੍ਰਤੀਸ਼ਤ ਨਾਸਤਿਕ ਹਨ ਜਿਹਨਾਂ ਵਿੱਚੋਂ ਵੱਡੀ ਗਿਣਤੀ ਉੱਪਰ ਆਏ ਨੰ. 1 ਅਨੁਸਾਰ ‘ਧਰਮੀ’ ਹੈ।
ਉੱਧਰ, ‘ਪੰਥ’ ਦੇ ਸ਼ਬਦ-ਕੋਸ਼ੀ ਅਰਥ ਤਾਂ ‘ਰਸਤਾ’ ਜਾਂ ‘ਮਾਰਗ’ ਬਣਦੇ ਹਨ ਪਰੰਤੂ ਅਧਿਆਤਮ/ਫਲਸਫੇ/ਕਾਵਿ ਵਿੱਚ ਆਮ ਕਰਕੇ ‘ਪੰਥ’ ਦਾ ਅਰਥ ‘ਮਨੁੱਖ ਦੇ ਜਿਉਣ ਢੰਗ’ ਤੋਂ ਵੀ ਕੱਢ ਲਿਆ ਜਾਂਦਾ ਹੈ। ਅਰੰਭ ਵਿੱਚ ਸ਼ਬਦ-ਜੁੱਟ ‘ਸਿਖ-ਪੰਥ’ ਦਾ ਪਰਯੋਗ ‘ਸਿਖ ਗੁਰੂਆਂ ਦੀ ਸਿਖਿਆ ਤੇ ਅਧਾਰਿਤ ਮਨੁੱਖੀ ਜੀਵਨ-ਢੰਗ’ ਦੇ ਅਰਥਾਂ ਵਿੱਚ ਕੀਤਾ ਗਿਆ ਪਰੰਤੂ ਸਮਾਂ ਪਾਕੇ ਇਸ ਦੇ ਅਰਥ ਵੀ ‘ਸਿਖ ਧਰਮ’ (ਨੰ. 2 ਦੇ ਅਰਥਾਂ ਵਿਚ) ਵਾਲੇ ਹੀ ਹੋ ਗਏ ਹੋਏ ਹਨ (ਬਹੁਤੀ ਵਾਰੀ ਸਿੱਖਾਂ ਦੇ ਸੰਸਥਾਗਤ ‘ਧਰਮ’ ਦੇ ਪੈਰੋਕਾਰਾਂ ਨੂੰ ਸਮੂਹਿਕ ਤੌਰ ਤੇ ‘ਪੰਥ’ ਦਾ ਨਾਮ ਦੇ ਦਿੱਤਾ ਜਾਂਦਾ ਹੈ)।
‘ਮਜ਼ਹਬ’ ਫਾਰਸੀ ਦਾ ਸ਼ਬਦ ਹੈ ਅਤੇ ਫਾਰਸੀ ਵਿੱਚ ਇਸ ਦੇ ਅਰਥ ਧਰਮ-ਨੰ. 1 ਵਾਲੇ ਵੀ ਹਨ ਅਤੇ ਧਰਮ-ਨੰ. 2 ਵਾਲੇ ਵੀ। ਨਾਲ ਹੀ ਫਾਰਸੀ ਵਿੱਚ ‘ਮਜ਼ਹਬ’ ਦੇ ਅਰਥ ‘ਪੰਥ’ (ਰਸਤਾ/ਮਾਰਗ) ਵਾਲੇ ਵੀ ਨਿਕਲਦੇ ਹਨ। ਪਰੰਤੂ ਪੰਜਾਬੀ ਵਿੱਚ ਸ਼ਬਦ ‘ਮਜਹਬ’ ਦਾ ਪਰਯੋਗ ਕੇਵਲ ਧਰਮ-ਨੰ. 2. ਵਾਲੇ ਅਰਥਾਂ ਵਿੱਚ ਹੀ ਹੁੰਦਾ ਹੈ।
ਸੋ ਉੱਪਰ ਆਈ ਵਿਚਾਰ-ਚਰਚਾ ਨੂੰ ਧਿਆਨ ਵਿੱਚ ਰੱਖਦੇ ਹੋਏ ਆਪ ਜੀ ਵੱਲੋਂ ਆਪਣੇ ਵਿਚਾਰ-ਅਧੀਨ ਪੱਤਰ ਵਿੱਚ ਉਠਾਏ ਗਏ ਸਵਾਲ ਦਾ ਜਵਾਬ ਹੇਠਾਂ ਦਿੱਤੇ ਅਨੁਸਾਰ ਬਣਦਾ ਹੈ:
ਸਵਾਲ: “ਸਿੱਖ ਧਰਮ ਅਤੇ ਸਿੱਖ ਪੰਥ ਵਿੱਚ ਕੀ-ਕੀ ਅੰਤਰ ਹੈ?”
ਜਵਾਬ: ਵਿਵਹਾਰਿਕ ਪੱਖੋਂ ‘ਸਿੱਖ ਧਰਮ’ ਅਤੇ ‘ਸਿੱਖ ਪੰਥ’ ਵਿੱਚ ਕੋਈ ਅੰਤਰ ਨਹੀਂ। ਪਰੰਤੂ ਇਹ ਦੋਵੇਂ ਹੀ ਗੁਰਮੱਤ ਦੇ ਅਨੁਸਾਰੀ ਨਹੀਂ। ਗੁਰੂ ਸਾਹਿਬਾਨ ਵਿੱਚੋਂ ਕਿਸੇ ਨੇ ਵੀ ਸਿੱਖ ‘ਧਰਮ’ (ਨੰ. 2 ਦੇ ਅਰਥਾਂ ਵਿਚ) ਜਾਂ ਸਿੱਖ ‘ਪੰਥ’ ( ‘ਧਰਮ’ - ਨੰ. 2 ਦੇ ਅਰਥਾਂ ਵਿਚ) ਚਾਲੂ ਨਹੀਂ ਕੀਤਾ ਸੀ। ਗੁਰੁ ਸਾਹਿਬਾਨ ਨੇ ਤਾਂ ਇੱਕ ਸਰਵਵਿਆਪੀ ਮਾਨਵਵਾਦੀ ਲਹਿਰ ਚਲਾਈ ਸੀ ਜਿਸਦਾ ਘੇਰਾ ਮੱਤਾਂ, ਧਰਮਾਂ (ਨੰ. 2 ਵਾਲੇ), ਸੰਪਰਦਾਵਾਂ, ਪੰਥਾਂ ਆਦਿਕ ਤੋਂ ਕਿਤੇ ਜ਼ਿਆਦਾ ਵਿਸ਼ਾਲ ਸੀ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।

*********************************************
ਸਤਿਕਾਰਯੋਗ ਗਿ: ਸੰਤੋਖ ਸਿੰਘ ਜੀਓ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ।
ਆਪ ਜੀ ਨੇ ਸਿਖਮਾਰਗ ਵੈਬਸਾਈਟ ਉੱਤੇ 21. 09. 2014 ਨੂੰ ਪਾਏ ਗਏ ਮੇਰੇ ਪੱਤਰ ਸਬੰਧੀ ਤਾਂ ਕੋਈ ਪ੍ਰਤੀਕਰਮ ਨਹੀਂ ਪਰਗਟ ਕੀਤਾ ਪਰੰਤੂ ਸਿਖਮਾਰਗ ਵੈਬਸਾਈਟ ਉੱਤੇ 25. 09. 2014 ਨੂੰ ਆਪ ਜੀ ਦਾ ਇੱਕ ਪੱਤਰ ਪਾਇਆ ਗਿਆ ਹੈ ਜਿਸ ਦੇ ਨਾਲ ਗਿਆਨੀ ਜਗਤਾਰ ਸਿੰਘ ਜਾਚਕ ਜੀ ਦੇ ਪੱਤਰ ਦੀ ਕਾਪੀ ਵੀ ਨੱਥੀ ਕੀਤੀ ਗਈ ਹੋਈ ਹੈ। ਇਹਨਾਂ ਦੋਵਾਂ ਲਿਖਤਾਂ ਵਿੱਚ ਮੇਰੇ ਨਾਮ ਦਾ ਜ਼ਿਕਰ ਆਇਆ ਹੈ ਇਸ ਲਈ ਮੈਂ ਵਿਚਾਰ-ਅਧੀਨ ਸਥਿਤੀ ਸਬੰਧੀ ਆਪਣੇ ਵਿਚਾਰ ਦੇਣੇ ਜ਼ਰੂਰੀ ਸਮਝੇ ਹਨ।
ਗਿਆਨੀ ਸੰਤੋਖ ਸਿੰਘ ਜੀ, ਆਪ ਜੀ ਨੇ ਗਿਆਨੀ ਜਗਤਾਰ ਸਿੰਘ ਜਾਚਕ ਜੀ ਦੇ ਵਿਚਾਰਾਂ ਨੂੰ ਸ਼ੰਕਾ ਦੀ ‘ਪੂਰਨ ਨਵਿਰਤੀ’ ਵਾਲੇ ਦਰਸਾਉਂਦੇ ਹੋਏ ਉਹਨਾਂ ਨੁੰ “ਹਾਥੀ ਕੇ ਪਾਉਂ ਮੇਂ ਸਭ ਕਾ ਪਾਓਂ” ਦੇ ਰੁਤਬੇ ਨਾਲ ਨਿਵਾਜਿਆ ਹੈ ਅਤੇ ਆਪ ਜੀ ਵੱਲੋਂ ਖੜੇ ਕੀਤੇ ਗਏ ਸਵਾਲ ਸਬੰਧੀ ਦਿੱਤੇ ਗਏ ਸਪਸ਼ਟੀਕਰਨ ਨੂੰ “ਹੋਰ ਝਖਣਾ ਝਾਖ” ਕਹਿ ਕੇ ਦੁਰਕਾਰਿਆ ਹੈ। ਖੈਰ, ਧਿਆਨ ਨਾਲ ਵੇਖਣ ਤੇ ਪਤਾ ਲੱਗੇਗਾ ਕਿ ਗਿਆਨੀ ਜਾਚਕ ਜੀ ਆਪ ਵੀ ਭੰਬਲਭੂਸੇ ਵਿੱਚ ਫਸੇ ਹੋਏ ਹਨ ਅਤੇ ਸਦਾ ਵਾਂਗ ਇੱਥੇ ਵੀ ਉਹ ਦੂਸਰਿਆਂ ਨੂੰ ਵੀ ਭੰਬਲਭੂਸੇ ਵਿੱਚ ਫਸਾ ਰਹੇ ਹਨ। ਇੱਥੇ ਪਹਿਲਾਂ ਤਾਂ ਵਿਚਾਰ ਕਰਨੀ ਬਣਦੀ ਹੈ ਕਿ ਸ਼ਬਦ ‘ਧਰਮ’ ਦੇ ਕੀ ਅਰਥ ਬਣਦੇ ਹਨ। ਪੰਜਾਬੀ ਵਿੱਚ ਆਮ ਕਰਕੇ ‘ਧਰਮ’ ਦੇ ਹੇਠਾਂ ਦਿੱਤੇ ਅਰਥ ਕੱਢੇ ਜਾਂਦੇ ਹਨ:
1. ਕਿਸੇ ਵਿਸ਼ੇਸ਼ ਮੱਤ ਨਾਲ ਜੋੜਨ ਤੋਂ ਬਗੈਰ ਹੀ ਧਾਰਨ ਕੀਤੇ ਗਏ ਸੁਚੱਜੀ ਅਤੇ ਨੈਤਿਕਤਾ-ਅਧਾਰਿਤ ਮਨੁੱਖੀ ਜੀਵਨ-ਜਾਚ ਦੇ ਸਿਧਾਂਤ। ਉਦਾਹਰਨ ਦੇ ਤੌਰ ਤੇ ਕੋਈ ਵਿਅਕਤੀ ਕਹਿ ਸਕਦਾ ਹੈ ਕਿ ‘ਸੱਚ’ ਬੋਲਣਾ ਹੀ ਮੇਰਾ ਧਰਮ ਹੈ ਜਾਂ ‘ਦੁਖੀ ਇਨਸਾਨਾਂ ਦੀ ਸੇਵਾ’ ਹੀ ਮੇਰਾ ਧਰਮ ਹੈ। ਜ਼ਰੂਰੀ ਨਹੀਂ ਅਜਿਹਾ ਵਿਅਕਤੀ ਆਸਤਿਕ ਵੀ ਹੋਵੇ ਜਾਂ ਉਹ ਇਸਾਈਅਤ, ਹਿੰਦੂ ਮੱਤ, ਬੁੱਧ ਮੱਤ ਜਾਂ ਇਸਲਾਮ ਆਦਿਕ ਵਿੱਚੋਂ ਕਿਸੇ ਮੱਤ ਨਾਲ ਸਬੰਧ ਰੱਖਦਾ ਹੋਵੇ। ਭਾਵ ਕਿ ਇਹਨਾਂ ਅਰਥਾਂ ਵਿੱਚ ਇੱਕ ਨਾਸਤਿਕ ਜਾਂ ਕਿਸੇ ਵੀ ਮੱਤ ਨੂੰ ਨਾ ਮੰਨਣ ਵਾਲਾ ਵਿਅਕਤੀ ਵੀ ‘ਧਰਮੀ’ ਹੋ ਸਕਦਾ ਹੈ।
2. ਸੰਸਥਾਗਤ
(organized) ਮੱਤ ਜਿਹਨਾਂ ਵਿੱਚ ਵੱਖਰੇ-ਵੱਖਰੇ ਇਸ਼ਟ, ਰਹੁ-ਰੀਤਾਂ, ਪੂਜਾ-ਵਿਧੀਆਂ, ਦਰਜਾਬੰਦੀ, ਕਰਮ-ਕਾਂਡ, ਵਿਸ਼ਵਾਸ, ਸ਼ਾਸਤਰ, ਮਾਨਤਾਵਾਂ ਆਦਿਕ ਪਾਈਆਂ ਜਾਂਦੀਆਂ ਹਨ ਜਿਵੇਂ ਕਿ ਯਹੂਦੀ ਮੱਤ, ਇਸਾਈ ਮੱਤ, ਇਸਲਾਮ, ਹਿੰਦੂ ਮੱਤ, ਬੁੱਧ ਮੱਤ, ਜੈਨ ਮੱਤ ਆਦਿਕ। ਸੰਸਾਰ ਭਰ ਵਿੱਚ ਇਹੋ ਜਿਹੇ ਤਕਰੀਬਨ 3000 ਮੱਤ ਮੌਜੂਦ ਹਨ। ਸੰਸਾਰ ਦੇ ਬਾਲਗਾਂ ਵਿੱਚੋਂ ਤਕਰੀਬਨ 30 ਪ੍ਰਤੀਸ਼ਤ ਨਾਸਤਿਕ ਹਨ ਜਿਹਨਾਂ ਵਿੱਚੋਂ ਵੱਡੀ ਗਿਣਤੀ ਉੱਪਰ ਆਏ ਨੰ. 1 ਅਨੁਸਾਰ ‘ਧਰਮੀ’ ਹੈ।
ਗਿਆਨੀ ਜਾਚਕ ਜੀ ਨੇ ਜੋ ਟੂਕਾਂ ਗੁਰਬਾਣੀ ਵਿੱਚੋਂ ਦਿੱਤੀਆਂ ਹਨ ਉਹਨਾਂ ਵਿੱਚ ‘ਸਾਚ ਧਰਮ’, ‘ਪੰਥੁ ਧਰਮ’, ਨਾਮ ਧਰਮ’ ਅਤੇ ‘ਧ੍ਰਮ ਪੰਥ’ ਸ਼ਬਦ-ਜੁੱਟ ਵਰਤੇ ਹੋਏ ਹਨ ਅਤੇ ਇਹਨਾਂ ਦੇ ਨਾਲ ਭਾਈ ਗੁਰਦਾਸ ਦੇ ਹਵਾਲੇ ਨਾਲ ‘ਨਿਰਮਲ ਪੰਥ’ ਵੀ ਜੋੜਿਆ ਗਿਆ ਹੈ। ਪਰੰਤੂ ਇੱਥੇ ਕਿਧਰੇ ਵੀ ਸ਼ਬਦ-ਜੁੱਟ ‘ਸਿਖ ਧਰਮ’ ਜਾਂ ਸ਼ਬਦ-ਜੁੱਟ ‘ਸਿਖ ਪੰਥ’ ਵਰਤਿਆ ਹੋਇਆ ਨਜ਼ਰੀਂ ਨਹੀਂ ਪੈਂਦਾ। ਇਸ ਦਾ ਅਰਥ ਇੱਕ ਤਾਂ ਇਹ ਨਿਕਲਦਾ ਹੈ ਕਿ ਗੁਰੂ ਸਾਹਿਬਾਨ ਦੇ ਮਿਸ਼ਨ ਨੂੰ ‘ਸਿਖ ਧਰਮ’ ਜਾਂ ‘ਸਿਖ ਪੰਥ’ ਕਹਿਣ ਵਾਲੇ ਸਰਾਸਰ ਝੂਠ ਬੋਲ ਰਹੇ ਹਨ ਅਤੇ, ਦੂਸਰਾ, ਗੁਰਬਾਣੀ ਵਿੱਚ ਜਾਂ ਭਾਈ ਗੁਰਦਾਸ ਦੀ ਰਚਨਾ ਵਿੱਚ ‘ਧਰਮ’ ਨੂੰ ਕੇਵਲ ਉੱਪਰ ਆਏ ਨੰ. 1 ਵਾਲੇ ਅਰਥਾਂ (ਆਸਤਿਕਤਾ ਸਹਿਤ) ਵਿੱਚ ਵਰਤਿਆ ਗਿਆ ਹੈ (ਗਿਆਨੀ ਜਾਚਕ ਜੀ ਇਹ ਸਪਸ਼ਟ ਨਹੀਂ ਕਰਦੇ ਕਿ ਅਜੋਕੀ ਸਥਿਤੀ ਵਾਲਾ ਸਿਖ-ਧਰਮ ਜਾਂ ਸਿਖ-ਪੰਥ ‘ਸੰਪਰਦਾਇਕਤਾ’ ਤੋਂ ਕਿਵੇਂ ਭਿੰਨ ਹੈ)। ਅਸਲ ਵਿੱਚ ਗੁਰਮੱਤ ਫਲਸਫਾ ਧਰਮ-ਨੰ. 2 ਵਾਲੇ ਅਰਥਾਂ ਨੂੰ ਮੂਲੋਂ ਹੀ ਨਕਾਰਦਾ ਹੈ ਜਦੋਂ ਕਿ ਅਸੀਂ ‘ਸਿਖ ਧਰਮ’ ਅਤੇ ‘ਸਿਖ ਪੰਥ’ ਦਾ ਝੰਡਾ ਚੁੱਕ ਕੇ ਧਰਮ- ਨੰ. 2 ਵਾਲੇ ਅਰਥਾਂ ਨੂੰ ਅਪਣਾ ਰਹੇ ਹਾਂ। ਅਜਿਹਾ ਕਰਦੇ ਹੋਏ ਅਸੀਂ ਆਪਣੇ ‘ਸਿਖ ਧਰਮ’ ਨੂੰ ਹਿੰਦੂ ਮੱਤ ਦੀ ਸ਼ਾਖ ਹੀ ਸਾਬਤ ਕਰ ਰਹੇ ਹਾਂ ਅਤੇ ਅਜਿਹਾ ਪਰਭਾਵ ਦੇਣ ਲਈ ਵਿਵਹਾਰਿਕ ਪੱਖੋਂ ਵੀ ਅਸੀਂ ਕੋਈ ਕਸਰ ਵੀ ਨਹੀਂ ਛੱਡ ਰਹੇ। ਇੱਸੇ ਮਾਰੂ ਰੁਝਾਨ ਦਾ ਹੀ ਸਿੱਟਾ ਹੈ ਕਿ ਅਜ ਇਹ ਕਹਿਣ ਦੀ ਲੋੜ ਨਹੀਂ ਰਹੀ ਕਿ “ਹਮ ਹਿੰਦੂ ਨਹੀਂ” ਸਗੋਂ ਅਸੀਂ ਆਪ ਹੀ ਮੂਹੋਂ-ਮੂੰਹ ਇਹ ਕਹਿ ਰਹੇ ਹਾਂ ਕਿ “ਕੀ ਅਸੀਂ ਹਿੰਦੂ ਨਹੀਂ! !”
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


26/09/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਅੰਮ੍ਰਿਤ ਵੇਲਾ ਜਪ ਲੈ ਨਾਮ।
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਅੰਮ੍ਰਿਤ ਵੇਲਾ ਜਪ ਲੈ ਨਾਮ।
ਸਭ ਸੋਚਾਂ ਨੂੰ ਲਾ ਵਿਸ਼ਰਾਮ।
ਜੰਗਲ ਪਾਣੀ, ਕਰ ਇਸ਼ਨਾਨ,
ਮਾਰ ਚੌਕੜਾ ਲਾ ਲੈ ਧਿਆਨ।
ਮਨ `ਚੋਂ ਸਾਰੇ ਕੱਢ ਵਿਚਾਰ।
ਉਸ ਸੱਚੇ ਨੂੰ ਚਿੱਤ ਵਿੱਚ ਧਾਰ।
ਵਾਹਿਗੁਰੂ ਵਾਹਿਗੁਰੂ ਕਰਦਾ ਚੱਲ,
ਤਰੰਗ ਸੰਗ ਅੰਦਰੋਂ ਜੁੜਦਾ ਚੱਲ।
ਅੰਦਰ ਗੂੰਜੇ, ਬਾਹਰ ਗੂੰਜੇ,
ਉਸ ਦਾ ਹੀ ਨਾਂ, ਜਿੱਧਰ ਗੂੰਜੇ।
ਅੰਦਰ ਉਹ ਹੀ, ਬਾਹਰ ਉਹ ਹੀ,
ਦੇਖਾਂ ਉਸਨੂੰ ਜਿੱਧਰ, ਉਹ ਹੀ।
ਉਸ ਬਿਨ ਹੋਰ ਨਜ਼ਰ ਨਾ ਆਵੇ,
ਉਹ ਹੀ ਰਗ-ਰਗ ਵਿੱਚ ਸਮਾਵੇ।
ਥਿਰਕਣ ਜਦ ਅੰਗ ਅੰਗ ਨੂੰ ਲਾਵੇ
ਆਨੰਦ ਹੀ ਆਨੰਦ ਛਾ ਜਾਵੇ।
ਮਿਹਰ ਜਦੋਂ ਏ ਕਰਦਾ ਸਾਈਂ
ਝੋਲੀ ਨਾਂ ਸੰਗ ਭਰਦਾ ਸਾਈਂ॥
ਉਸ ਦਾ ਸ਼ੁਕਰ ਗੁਜ਼ਾਰਾਂ ਦਿਲ ਤੋਂ,
ਨਾਮ ਨਾ ਕਦੇ ਵਿਸਾਰਾਂ ਦਿਲ ਤੋਂ।
ਚੌਵੀ ਘੰਟੇ ਜੁੜਣਾ ਸਿੱਖ ਲਓ,
ਮਾਇਆ ਕੋਲੋਂ ਮੁੜਣਾ ਸਿੱਖ ਲਓ।
ਜੋ ਜੀਵਨ ਹੈ ਨਾਮ ਸਹਾਰੇ,
ਉਸਦੇ ਹੁੰਦੇ ਪਾਰ ਉਤਾਰੇ।
ਨਾ ਫਿਰ ਊਰੀ ਵਾਂਗੂੰ ਘੁਕਦਾ,
ਆਉਣ ਜਾਣ ਦਾ ਚੱਕਰ ਮੁਕਦਾ।
ਅਮਨ ਚੈਨ ਦਿਲ ਸ਼ਾਂਤ ਹਮੇਸ਼ਾ,
ਜੋ ਜਪਦਾ ਏ ਨਾਮ ਹਮੇਸ਼ਾ।
ਉਸ ਨੂੰ ਕਿਧਰੇ ਥੋੜ ਨਾ ਪੈਂਦੀ,
ਮੰਗਣ ਦੀ ਕੁੱਝ ਲੋੜ ਨਾ ਰਹਿੰਦੀ।
ਹੋ ਜਾਂਦਾ ਉਸਨੂੰ ਇਲਹਾਮ।
ਅੰਮ੍ਰਿਤ ਵੇਲਾ ਜਪ ਲੈ ਨਾਮ।


25/09/14)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਡਾ. ਇਕਬਾਲ ਸਿੰਘ ਢਿੱਲੋਂ ਜੀ,
ਸਤਿ ਸ੍ਰੀ ਅਕਾਲ ਪਰਵਾਨ ਹੋਵੇ ।

ਆਪ ਜੀ ਅਤੇ ਗਿਆਨੀ ਸੰਤੋਖ ਸਿੰਘ ਜੀ ਦੇ “ਸਿੱਖ ਧਰਮ” ਹੈ, ਜਾਂ “ਸਿੱਖ ਪੰਥ” ਹੈ, ਬਾਰੇ ਵਿਚਾਰ ਚਰਚਾ ਪੜ੍ਹਨ ਨੂੰ ਮਿਲੇ । ਡਾਕਟਰ ਸਾਹਿਬ, ਕੀ ਤੁਸੀਂ ਆਪਣੇ ਕੀਮਤੀ ਸਮੇਂ ਵਿਚੋਂ ਕੁਝ ਸਮਾਂ ਕੱਢ ਕੇ ਵਿਸਥਾਰ ਨਾਲ ਜਾਣਕਾਰੀ ਦੇਵੋਗੇ ਕਿ, ਸਿੱਖ ਧਰਮ ਅਤੇ ਸਿੱਖ ਪੰਥ ਵਿਚ ਕੀ-ਕੀ ਅੰਤਰ ਹੈ ?
ਕਈ ਵਾਰ ਸੁਣਨ ਨੂੰ ਸ਼ਬਦ ‘ਮਹਜਬ’ ਵੀ ਮਿਲਦਾ ਹੈ, ਇਸ ਬਾਰੇ ਦੀ ਦੱਸਣ ਦੀ ਖੇਚਲ ਕਰਨੀ ਜੀ । ਧੰਨਵਾਦੀ ਹੋਵਾਂਗਾ ।
ਇਕ ਪਾਠਕ,
ਗੁਰਸ਼ਰਨ ਸਿੰਘ ਕਸੇਲ


25/09/14)
ਗਿ: ਸੰਤੋਖ ਸਿੰਘ/ਜਗਤਾਰ ਸਿੰਘ ਜਾਚਕ

ਗਿਆਨੀ ਜੀ!
ਜੇ ਤੁਸੀਂ 'ਸਿੱਖੀ ਧਰਮ ਵੀ ਹੈ ਅਤੇ ਪੰਥ ਵੀ ' ਨੋਟ ਨੂੰ ਯੋਗ ਸਮਝਦੇ ਹੋ ਤਾਂ ਵਿਦਵਾਨਾਂ ਦੀ ਲਿਸਟ ਵਿੱਚ ਪਾ ਦਿਓ। ‘ਸਿੱਖ ਮਾਰਗ’ ਨੂੰ ਵੀ ਤੁਸੀਂ ਭੇਜ ਸਕਦੇ ਹੋ, ਕਿਉਂਕਿ ਡਾ. ਢਿੱਲੋਂ ਜੀ ਨੇ ਤੁਹਾਨੂੰ ਹੀ ਸੰਬੋਧਨ ਕਰਕੇ ਪਤਰ ਲਿਖਿਆ ਹੈ। ਹੋਰ ਵੀ ਅੱਛਾ ਰਹੇਗਾ, ਜੇ ਇਸ ਪਤ੍ਰਕਾ ਵਿੱਚ ਪ੍ਰਗਟਾਏ ਵਿਚਾਰਾਂ ਪ੍ਰਤੀ ਆਪਣਾ ਨਜ਼ਰੀਆ ਵੀ ਲਿਖ ਭੇਜੋ। ਵੈਸੇ ਵੀ ਤਹਾਨੂੰ ਭੁਲੇਖਾ ਲੱਗਾ ਹੈ, ਮੈਂ ਤਾਂ ਕੇਵਲ ਇਸ ਤੋਂ ਪਹਿਲੀ ਈ-ਮੇਲ ਬਾਰੇ ਹੀ ਰੋਕਿਆ ਸੀ, ਕਿਉਂਕਿ ਉਹ ਵਿਸ਼ੇ ਦੇ ਉਤਰ ਵਿੱਚ ਨਹੀਂ ਸੀ।
ਸਤਿਕਾਰ ਯੋਗ ਗਿਅਨੀ ਜਾਚਕ ਸਾਹਿਬ ਜੀਓ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਜੋ ਤੁਸਾਂ ਗਿਆਨ ਇਸ ਚਿੱਠੀ ਰਾਹੀਂ ਬਖ਼ਸ਼ਿਆ ਹੈ ਇਹ ਤਾਂ, “ਹਾਥੀ ਕੇ ਪਾਉਂ ਮੇਂ ਸਭ ਕਾ ਪਾਉਂ” ਅਨੁਸਾਰ, ਇਸ ਸੰਖੇਪ ਵਾਰਤਾ ਵਿੱਚ ਹੀ ਆ ਜਾਂਦਾ ਹੈ। ਇਸ ਨਾਲ ਮੇਰੀ ਸ਼ੰਕਾ ਦੀ ਪੂਰਨ ਨਿਵਿਰਤੀ ਹੋ ਜਾਦੀ ਹੈ। ਇਸ ਤੋਂ ਇਲਾਵਾ ਬਾਕੀ ਸਾਰਾ ਵਾਦ ਵਿਵਾਦ ਤਾਂ ਮੈਨੂੰ, “ਹੋਰ ਝਖਣਾ ਝਾਖ” ਹੀ ਲੱਗਦਾ ਹੈ।
ਜੋ ਉਸ ਭਲੇ ਪੁਰਸ਼ ਨੇ ਭਰੀ ਸੰਗਤ ਵਿਚ, “ਸਿੱਖ ਧਰਮ ਨਹੀਂ, ਸਿੱਖ ਪੰਥ ਹੈ” ਆਖ ਕੇ ਮੈਨੂੰ ਭੰਬਲ਼ਭੂਸੇ ਵਿੱਚ ਪਾ ਦਿਤਾ ਸੀ, ਉਸ ਦਾ ਨਿਤਾਰਾ ਤੁਹਾਡੇ ਇਸ ਉਤਰ ਨਾਲ਼ ਹੋ ਗਿਆ ਹੈ।
ਇਸ ਗੱਲੋਂ ਮੈਨੂੰ ਹੈਰਾਨੀ ਹੋਈ ਹੈ ਕਿ ਏਨਾ ਸਾਰਥਕ ਉਤਰ, ਤੁਸਾਂ ਉਸ ਡਾਕੂਮੈਂਟ ਵਿੱਚ ਸ਼ਾਮਲ ਕਾਰਨ ਤੋਂ ਕਿਉਂ ਮਨਾਹ ਕਰ ਦਿਤਾ ਹੈ ਜੋ ਮੇਰੀ ਪੁੱਛ ਵਿੱਚ ਆਏ ਵਿਦਵਾਨਾਂ ਦੇ ਵਿਚਾਰਾਂ ਦਾ ਮੈਂ ਸੰਗ੍ਰਹਿ ਕੀਤਾ ਹੈ।
ਮੇਰੀ ਬੇਨਤੀ ਹੈ ਕਿ ਇਸ ਪੱਤਰ ਨੂੰ ਵੀ ਉਸ ਵਿੱਚ ਸ਼ਾਮਲ ਕਰਨ ਦੀ ਆਗਿਆ ਬਖ਼ਸ਼ੋ। ਤੁਹਾਡੀ ਆਗਿਆ ਤੋਂ ਬਿਨਾ ਭਾਵੇਂ ਮੈਂ ਇਸ ਨੂੰ ਸ਼ਾਮਲ ਨਹੀਂ ਕਰਾਂਗਾ ਪਰ ਇਸ ਗੱਲ ਦਾ ਮੈਨੂੰ ਅਫ਼ਸੋਸ ਜਰੂਰ ਰਹੇਗਾ।
ਮੈਂ ਤਾਂ ਇਹ ਵੀ ਬੇਨਤੀ ਕਰਦਾ ਹਾਂ ਕਿ ‘ਸਿੱਖ ਮਾਰਗ` ਉਪਰ ਵੀ ਇਹ ਛਪਣਾ ਚਾਹੀਦਾ ਹੈ, ਜਿਥੇ ਡਾ. ਢਿੱਲੋਂ ਸਾਹਿਬ ਜੀ ਦਾ ਪੱਤਰ ਛਪਿਆ ਹੈ।
ਸਿੱਖੀ ਧਰਮ ਵੀ ਹੈ ਅਤੇ ਪੰਥ ਵੀ।
ਸਤਿਕਾਰ ਯੋਗ ਗਿਆਨੀ ਜੀ!

ਦਾਸ ਦੇ ਵਿਚਾਰ ਮੁਤਾਬਿਕ ਗੁਰਬਾਣੀ ਪਰਿਪੇਖ ਵਿੱਚ ਅਧਿਆਤਮਿਕ ਦਿਸ਼੍ਰਟੀਕੋਣ ਤੋਂ ‘ਧਰਮ` ਅਤੇ ‘ਪੰਥ` ਸਮਾਨਾਰਥਕ ਹਨ। ਇਸ ਲਈ ਅਜਿਹਾ ਕਹਿਣਾ ਕਿ ‘ਸਿੱਖੀ` ਪੰਥ ਹੈ, ਧਰਮ ਨਹੀਂ ਜਾਂ ਧਰਮ ਹੈ, ਪੰਥ ਨਹੀਂ; ਦੋਵੇਂ ਗੱਲਾਂ ਗ਼ਲਤ ਹਨ। ਸਿੱਖੀ ਧਰਮ ਵੀ ਹੈ ਅਤੇ ਪੰਥ ਵੀ। ਗੁਰੂ ਨਾਨਕ ਦ੍ਰਿਸ਼ਟੀ ‘ਧਰਮ` ਸਮੁਚੀ ਮਨੁਖਤਾ ਦਾ ਇੱਕ ਹੈ, ਜਿਸ ਨੂੰ ਉਹ ‘ਸੱਚ-ਧਰਮ` ਜਾਂ ‘ਨਾਮ-ਧਰਮ` ਕਹਿੰਦੇ ਹਨ; ਭਾਵ ‘ਰੱਬੀ-ਧਰਮ`। ਗੁਰੂ ਨਾਨਕ ਜੋਤਿ ਸਰੂਪ ਗੁਰੂ ਅਰਜਨ ਸਾਹਿਬ ਜੀ ਦੇ ਮੁਖਵਾਕ ਹਨ:
ਸਾਚ ਧਰਮ ਕੀ ਕਰਿ ਦੀਨੀ ਵਾਰਿ।। ਆਸਾ (ਮਃ ੫) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (੪੩੦)
ਬਲਿਓ ਚਰਾਗੁ ਅੰਧ੍ਯ੍ਯਾਰ ਮਹਿ ਸਭ ਕਲਿ ਉਧਰੀ ਇੱਕ ਨਾਮ ਧਰਮ।। ਸਵਈਏ ਸ੍ਰੀ ਮੁਖਬਾਕ੍ਯ੍ਯ (ਮਃ ੫) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (੧੩੮੭)
ਭੱਟ ਗਯੰਦ ਤੇ ਮਥਰਾ ਜੀ ਗੁਰੂ ਨਾਨਕ ਵਿਚਾਰਧਾਰਾ (ਸਿੱਖੀ) ਨੂੰ ਧਰਮ ਦਾ ਪੰਥ ਆਖਦੇ ਹਨ। ਜਿਵੇਂ:
ਲਹਣੈ, ਪੰਥੁ ਧਰਮ ਕਾ ਕੀਆ।। ਅਮਰਦਾਸ ਭਲੇ ਕਉ ਦੀਆ।। ਸਵਈਏ ਮਹਲੇ ਚਉਥੇ ਕੇ (ਭਟ ਗਯੰਦ) ਗੁਰੂ ਗ੍ਰੰਥ ਸਾਹਿਬ, ਅੰਗ ੧੪੦੧
ਇਸ ਦਾ ਅਰਥ-ਭਾਵ ਹੈ ਕਿ ਭਾਈ ਲਹਿਣਾ (ਗੁਰੂ ਅੰਗਦ ਸਾਹਿਬ) ਜੀ ਨੇ ਗੁਰੂ ਨਾਨਕ ਸਾਹਿਬ ਦੇ ਚਲਾਏ ਧਰਮ ਦੇ ਪੰਥ ਨੂੰ ਇਖ਼ਤਿਆਰ ਕੀਤਾ ਅਤੇ ਏਸੇ ਰਾਹੇ ਉਹਨਾਂ ਅੱਗੋਂ ਅਮਰਦਾਸ ਨੂੰ ਤੋਰਿਆ।
ਧ੍ਰਮ ਪੰਥੁ ਧਰਿਓ ਧਰਨੀਧਰ ਆਪਿ ਰਹੇ ਲਿਵ ਧਾਰਿ ਨ ਧਾਵਤ ਹੈ।। ਸਵਈਏ ਮਹਲੇ ਚਉਥੇ ਕੇ (ਭਟ ਮਥੁਰਾ) ਗੁਰੂ ਗ੍ਰੰਥ ਸਾਹਿਬ: ਅੰਗ ੧੪੦੪
ਭਾਵ: ਗੁਰੂ ਨਾਨਕ ਸਾਹਿਬ ਜੀ ਵਾਲਾ ਧਰਮ ਦਾ ਪੰਥ ਧਰਤੀ ਦੇ ਆਸਰੇ ਅਕਾਲਪੁਰਖ ਨੇ ਆਪ ਚਲਾਇਆ ਹੈ।
ਭੱਟ-ਜਨਾਂ ਤੋਂ ਪਿਛੋਂ ਤੀਜੀ ਥਾਂ ਹਨ ਸਿੱਖੀ ਦੇ ਵਿਆਖਿਆਕਾਰ ਭਾਈ ਗੁਰਦਾਸ ਜੀ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਲਾਏ ਧਰਮ-ਪੰਥ ਨੂੰ ਨਿਰਮਲ ਪੰਥ ਦਾ ਕਹਿ ਕੇ ਵਿਸ਼ੇਸ਼ਤਾ ਦਿੱਤੀ। ਕਿਉਂਕਿ, ਅਨਮੱਤਾਂ ਦੀ ਤਰ੍ਹਾਂ ਸਿੱਖੀ ਸੰਪਰਦਾਇਕ ਨਹੀਂ ਸੀ ਜਾਂ ਇਉਂ ਕਹੀਏ ਕਿ ਸਿੱਖੀ ਸੰਪਰਦਾਇਕਤਾ ਦੀ ਮੈਲ ਤੋਂ ਰਹਿਤ ਸੀ।
ਲੋੜ ਤਾਂ ਹੁਣ ਇਹ ਹੈ ਕਿ ਗੁਰਸਿੱਖੀ ਨੂੰ ਸਮਰਪਤ ਵਿਦਵਾਨ ਤੇ ਸੰਸਥਾਵਾਂ ਦੇ ਸੂਝਵਾਨ ਮੁਖੀ ਮਿਲ ਬੈਠਣ ਤੇ ਗੁਰਬਾਣੀ ਦੀ ਅਜੋਕੀ ਵਿਆਖਿਆਕਾਰੀ ਤੇ ਮਰਯਾਦਾ ਦੇ ਨਾਮ ਹੇਠ, ਸੰਪਰਦਾਇਕਤਾ ਦੀ ਜਿਹੜੀ ਮੈਲ ਸਿੱਖੀ ਵਿਚਾਰਧਾਰਾ ਨੂੰ ਅਨਮੱਤਾਂ ਵਾਂਗ ਵਿਗਾੜ ਰਹੀ ਹੈ, ਉਸ ਤੋਂ ਬਚਣ ਦੇ ਉਪਰਾਲੇ ਸੋਚਣ, ਪਰ ਦੁਖ ਦੀ ਗੱਲ ਹੈ ਕਿ ਸਿੱਖੀ ਵਿੱਚ ਵਧ ਰਹੀ ਸੰਪਰਦਾਇਕਤਾ ਤੋਂ ਘਬਰਾ ਕੇ ਕੁੱਝ ਪ੍ਰਚਾਰਕ ਸੱਜਣ ਅਜਿਹਾ ਪ੍ਰਚਾਰ ਕਰਨ ਲੱਗੇ ਹਨ ਕਿ ਸਿੱਖੀ ਪੰਥ ਹੈ, ਧਰਮ ਨਹੀਂ ਤੇ ਕੁੱਝ ਵਿਦਵਾਨ ਮੂਲੋਂ ਹੀ ਜੜ੍ਹਾਂ ਵਢਦੇ ਹੋਏ ਲਿਖ ਰਹੇ ਕਿ ਸਿੱਖੀ ਨਾ ਧਰਮ ਹੈ, ਨਾ ਪੰਥ।
ਗਿਆਨੀ ਜੀ! ਦਾਸ ਵੱਲੋਂ ਅੱਠ ਕੁ ਸਾਲ ਪਹਿਲਾਂ ਲਿਖਿਆ ਲੇਖ, ‘ਗੁਰੂ ਨਾਨਕ ਦਾ ਸਰਬ-ਸਾਂਝਾ ਨਾਮ-ਧਰਮ` ਸਿੱਖ ਮਾਰਗ ਵੈਬਸਾਈਟ `ਤੇ ਪਹਿਲੀ ਲੇਖ ਲੜੀ ਵਿੱਚ ਪੜ੍ਹਿਆ ਜਾ ਸਕਦਾ ਹੈ। ਉਸ ਵਿੱਚ ਸਪਸ਼ਟ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਚਲਾਇਆ ਧਰਮ-ਪੰਥ ਹੀ ਸਿਖਰ ਤੇ ਪਹੁੰਚ ਕੇ ‘ਖ਼ਾਲਸਾ-ਪੰਥ` ਦੇ ਰੂਪ ਵਿੱਚ ਸਥਾਪਤ ਹੋਇਆ ਹੈ।
ਏਸੇ ਸਾਈਟ ਤੇ ੨੦ਵੀਂ ਸਦੀ ਦੀ ਸਿੱਖ ਮਿਸ਼ਨਰੀ ਲਹਿਰ ਦੇ ਮੋਢੀ ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਦਿੱਲੀ ਵਾਲਿਆਂ ਦੀ ੩੯ ਭਾਗਾਂ ਵਿੱਚ ਲਿਖੀ ਲਿਖਤ ‘ਸਿੱਖ ਧਰਮ ਵੀ ਤੇ ਲਹਿਰ ਵੀ` ਇਸ ਪੱਖੋਂ ਪੜ੍ਹਨੀ ਲਾਹੇਵੰਦੀ ਹੈ। ਜਿਸ ਦਾ ਸਾਰ-ਅੰਸ਼ ਵੀ ਇਹੀ ਹੈ ਕਿ ਸਿੱਖ ਧਰਮ ਵੀ ਅਤੇ ਪੰਥ ਵੀ।
ਗੁਰੂ ਪੰਥ ਦਾ ਸੇਵਾਦਾਰ: ਜਗਤਾਰ ਸਿੰਘ ਜਾਚਕ
ਮਿਤੀ: ੨੪ ਸਤੰਬਰ ੨੦੧੪, ਨਿਊਯਾਰਕ


25/09/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਝਲਕ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਇੱਕ ਝਲਕ ਦਿਖਾ ਸਾਈਆਂ, ਦਿਲ ਅੰਦਰ ਆ ਸਾਈਆਂ।
ਇੱਕ ਵਾਰੀ ਜੇ ਆਵੇਂ, ਮੁੜਕੇ ਨਾਂ ਜਾ ਸਾਈਆਂ।
ਬਸ ‘ਤੂੰ ਹੀ’ ਤੂੰ ਹੀ ਏਂ’, ਮੇਰੀ ਮੈਂ ਮੁੱਕ ਗਈ ਏ,
ਸੁਝਦਾ ਹੁਣ ਕੁੱਝ ਵੀ ਨਾ, ਬੁੱਧ ਮੇਰੀ ਰੁਕ ਗਈ ਏ।
ਮੈਂ ਸਦਕੇ ਜਾਂ ਤੇਰੇ, ਘਰ ਪਗ ਤਾਂ ਪਾ ਸਾਈਆਂ।
ਇੱਕ ਝਲਕ ਦਿਖਾ ਸਾਈਆਂ, ਦਿਲ ਅੰਦਰ ਆ ਸਾਈਆਂ।
ਰੂਹ ਤਾਂਘ ਕਰੇਂਦੀ ਏ, ਰਾਹ ਤੇਰਾ ਵੇਂਹਦੀ ਏ,
ਨਾਂ ਤੇਰਾ ਲੈ ਲੈ ਕੇ, ਤੈਨੂੰ ਸਦੜੇ ਦੇਂਦੀ ਏ।
ਨਾ ਹੁਣ ਤੜਪਾ ਸਾਈਆਂ, ਗਲਵਕੜੀ ਪਾ ਸਾਈਆਂ।
ਇੱਕ ਝਲਕ ਦਿਖਾ ਸਾਈਆਂ, ਦਿਲ ਅੰਦਰ ਆ ਸਾਈਆਂ।
ਮਿਲ ਜਾਵੇਂ ਤੂੰ ਸਾਈਂ, ਤਾਂ ਸੁੱਖ ਦਿਲ ਨੂੰ ਸਾਈਂ,
ਕਰਕੇ ਫਿਰ ਦੂਰ ਪਰੇ, ਨਾ ਭਟਕਣ ਵਿੱਚ ਪਾਈਂ,
ਮਿਲ ਕੇ ਹੀ ਚੈਨ ਮਿਲੇ, ਰੱਖ ਮਿਹਰ ਸਦਾ ਸਾਈਆਂ।
ਇੱਕ ਝਲਕ ਦਿਖਾ ਸਈਆਂ, ਦਿਲ ਅੰਦਰ ਆ ਸਾਈਆਂ।


25/09/14)
ਡਾ ਗੁਰਮੀਤ ਸਿੰਘ ਬਰਸਾਲ

ਵਿਰਾਸਤ !!
ਪਿਓ ਦਾਦੇ ਤੋਂ ਵਿਰਸੇ ਵਿੱਚ, ਅਣਮੋਲ ਖਜਾਨੇ ਪਾਏ ।
ਜਿਓਂ ਜਿਓਂ ਅੱਗੇ ਵੰਡਦਾ ਬੰਦਾ, ਵਧਦੇ ਦੂਣ ਸਵਾਏ ।।
ਕਿਸੇ ਨੂੰ ਲੱਭਣ ਰਤਨ ਜਵਾਹਰ, ਕਿਸੇ ਨੂੰ ਕੁਝ ਨਾ ਥਿਆਏ ।
ਗੁਰੂ ਗ੍ਰੰਥ ਸਾਹਿਬ ਜੀ ਅੰਦਰ, ਗਿਆਨ ਗੁਰੂ ਰੁਸ਼ਨਾਏ ।।
ਜੇਕਰ ਜੱਗ ਨੂੰ ਸ਼ਬਦ ਖਜਾਨਾ, ਵਰਤਣ ਦੀ ਵਿਧ ਆਏ ।
ਰਲ-ਮਿਲ ਸਾਰੇ ਖਰਚਣ-ਖਾਵਣ, ਤੋਟ ਕਦੇ ਨਾ ਭਾਏ ।।
ਸਤ ਸੰਤੋਖ ਦੇ ਸੁੱਚੇ ਮੋਤੀ, ਥਾਲੀ ਵਿੱਚ ਸਜਾਏ ।
ਕਿਰਤ ਕਰਨ ਤੇ ਵੰਡ ਛਕਣ ਵੀ, ਨਿਰਸਵਾਰਥ ਪ੍ਰਣਾਏ ।।
ਦਿਆ, ਧਰਮ ਤੇ ਧੀਰਜ ਲੱਭਦੇ, ਨਾਮ ਨਾਲ ਨਸ਼ਿਆਏ ।
ਪ੍ਰੇਮ-ਮਾਰਗ ਦਾ ਗਿਆਨ ਕਰਾਉਂਦੇ, ਸ਼ਬਦ-ਵਿਚਾਰ ਟਿਕਾਏ ।।
ਮਿੱਠਤ, ਨੀਵੀਂ, ਸਹਿਣਸ਼ੀਲਤਾ, ਜੋ ਜੋ ਪ੍ਰਾਣੀ ਖਾਏ ।
ਵਸ ਕਰ ਕੰਤ-ਪ੍ਰਭੂ ਨੂੰ ਉਹ ਤਾਂ, ਆਪਣੇ ਨਾਲ ਬਹਾਏ ।।
ਜੋ ਵੀ ਏਸ ਖਜਾਨੇ ਦੇ ਵਲ, ਆਪਣੇ ਹੱਥ ਵਧਾਏ ।
ਸਾਗਰ ਚੋਂ ਦੋ ਘੁੱਟਾਂ ਭਰਕੇ, ਜੀਵਨ ਸਫਲ ਕਰਾਏ ।।
ਡਾ ਗੁਰਮੀਤ ਸਿੰਘ ਬਰਸਾਲ (ਸੈਨਹੋਜੇ)


21/09/14)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਗਿ: ਸੰਤੋਖ ਸਿੰਘ ਜੀਓ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ।
ਸਿਖਮਾਰਗ ਵੈਬਸਾਈਟ ਉੱਤੇ 20. 09. 2014 ਨੂੰ ਪਾਏ ਗਏ ਆਪ ਜੀ ਦੇ ਪੱਤਰ ਲਈ ਆਪ ਜੀ ਦਾ ਧੰਨਵਾਦ ਹੈ ਜੀ। ਜੇਕਰ ਆਪ ਜੀ ਸਿਖਮਾਰਗ ਵੈਬਸਾਈਟ ਉੱਤੇ 19. 09. 2014 ਨੂੰ ਪਾਏ ਗਏ ਮੇਰੇ ਪੱਤਰ ਨੂੰ ਗਹੁ ਨਾਲ ਪੜ੍ਹਨ ਦੀ ਖੇਚਲ ਕਰੋ ਤਾਂ ਸਪਸ਼ਟ ਹੋ ਜਾਵੇਗਾ ਕਿ ਇਹ ਤਾਂ ਕੋਈ ਮੁੱਦਾ ਹੀ ਨਹੀਂ ਰਹਿੰਦਾ ਕਿ ‘ਸਿਖ ਧਰਮ’ ਅਤੇ ‘ਸਿਖ ਪੰਥ’ ਵਿੱਚੋਂ ਕਿਹੜਾ ਠੀਕ ਹੈ। ਇਹ ਤਾਂ ਪਰਤੱਖ ਹੀ ਹੈ ਕਿ ਗੁਰੂ ਨਾਨਕ ਵੱਲੋਂ ਚਲਾਇਆ ਮਾਨਵਵਾਦੀ ਮਿਸ਼ਨ ਕੋਈ ਸੰਸਥਾਗਤ ਧਰਮ ਨਹੀਂ ਸੀ ਜਿਸ ਦਾ ਅਰਥ ਹੈ ਕਿ ‘ਸਿੱਖੀ’ ਨੂੰ ਗੁਰੂ ਨਾਨਕ ਦੇ ਨਾਮ ਨਾਲ ਜੋੜਦੇ ਹੋਏ ਇਸ ਨੂੰ ‘ਧਰਮ’ ਕਹਿ ਕੇ ਅਸੀਂ ਇੱਕ ਵੱਡਾ ਝੂਠ ਬੋਲਦੇ ਆ ਰਹੇ ਹਾਂ। ਉਧਰ ‘ਪੰਥ’ ਸ਼ਬਦ ਦੇ ਸ਼ਬਦ-ਕੋਸ਼ੀ ਅਰਥ ‘ਰਸਤਾ’ ਜਾਂ ‘ਮਾਰਗ’ ਬਣਦੇ ਹਨ ਪਰੰਤੂ ਅਧਿਆਤਮ/ਫਲਸਫੇ/ਕਾਵਿ ਵਿੱਚ ਆਮ ਕਰਕੇ ‘ਪੰਥ’ ਦਾ ਅਰਥ ‘ਮਨੁੱਖ ਦੇ ਜਿਉਣ ਢੰਗ’ ਤੋਂ ਵੀ ਕੱਢ ਲਿਆ ਜਾਂਦਾ ਹੈ। ਇਸ ਤਰ੍ਹਾਂ ਸ਼ਬਦ ਜੁੱਟ ‘ਸਿਖ-ਪੰਥ’ ਤੋਂ ਭਾਵ ਬਣਦਾ ਹੈ ‘ਸਿਖ ਗੁਰੂਆਂ ਦੀ ਸਿਖਿਆ ਤੇ ਅਧਾਰਿਤ ਮਨੁੱਖੀ ਜੀਵਨ-ਢੰਗ’। ਸ਼ਬਦ-ਜੁੱਟ ‘ਸਿਖ ਪੰਥ’ ਦਾ ਪਰਯੋਗ ਤਾਂ ਇਹਨਾਂ ਅਰਥਾਂ ਨੂੰ ਲੈ ਕੇ ਹੀ ਅਰੰਭ ਹੋਇਆ ਸੀ ਪਰੰਤੂ ਸਮਾਂ ਪਾਕੇ ਇਸ ਦੇ ਅਰਥ ਵੀ ‘ਸਿਖ ਧਰਮ’ ਵਾਲੇ ਹੀ ਹੋ ਗਏ ਹੋਏ ਹਨ (ਬਹੁਤੀ ਵਾਰੀ ਸਿਖ ‘ਧਰਮ’ ਦੇ ਪੈਰੋਕਾਰਾਂ ਨੂੰ ਸਮੂਹਿਕ ਤੌਰ ਤੇ ‘ਪੰਥ’ ਦਾ ਨਾਮ ਦੇ ਦਿੱਤਾ ਜਾਂਦਾ ਹੈ)। ਉਂਜ ਵੀ ਸ਼ਬਦ ‘ਪੰਥ’ ਦੇ ਅਰਥ (‘ਮਨੁੱਖ ਦੇ ਜਿਉਣ ਢੰਗ’ ਦੇ ਤੌਰ ਤੇ ਵੀ) ਬਹੁਤ ਸੰਕੀਰਣ ਰਹਿ ਜਾਂਦੇ ਹਨ ਜਦ ਕਿ ‘ਸਿਖ’ ਗੁਰੂਆਂ ਦੇ ਚਲਾਏ ਮਾਨਵਵਾਦ ਦੇ ਮਿਸ਼ਨ ਦਾ ਘੇਰਾ ਬਹੁਤ ਵਿਸ਼ਾਲ ਹੈ। ਦੂਸਰੇ ਪਾਸੇ, ਜੇਕਰ ਗੁਰੂ ਸਾਹਿਬਾਨ ਨੇ ਆਪਣੇ ਮਿਸ਼ਨ ਦਾ ਕੋਈ ਵਿਸ਼ੇਸ਼ ਨਾਮ ਨਹੀਂ ਸੀ ਰੱਖਿਆ ਤਾਂ ਅਸੀਂ ਉਸਨੂੰ ਆਪਣੇ ਵੱਲੋਂ ਅਨਉਚਿਤ ਜਿਹੇ ਨਾਮ ਦੇ ਕੇ ਉਹਨਾਂ ਦਾ ਅਤੇ ਉਹਨਾਂ ਦੇ ਮਿਸ਼ਨ ਦਾ ਨਿਰਾਦਰ ਕਿਉਂ ਕਰ ਰਹੇ ਹਾਂ? ਇਸ ਸਾਰੀ ਸਥਿਤੀ ਨੂੰ ਸਾਹਮਣੇ ਰੱਖਦੇ ਹੋਏ ਆਪ ਜੀ ਦੇ ਸਵਾਲ ਦਾ ਜਵਾਬ ਹੇਠਾਂ ਦਿੱਤੇ ਅਨੁਸਾਰ ਬਣਦਾ ਹੈ:
ਸਵਾਲ: “‘ਸਿੱਖ ਧਰਮ’ ਹੈ, ਜਾਂ ‘ਸਿੱਖ ਪੰਥ’ ਹੈ?”
ਜਵਾਬ: ਇਹਨਾਂ ਦੋਵ੍ਹਾਂ ਵਿੱਚੋਂ ਕੋਈ ਵੀ ਨਹੀਂ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


21/09/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਇੱਕ ਚਿੱਤ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਇੱਕ ਚਿੱਤ ਰੱਖ ਲੈ ਧਿਆਨ ਰੱਬ ਦਾ।
ਦਿਲ ਉੱਤੇ ਲਾ ਲੈ ਤੂੰ ਨਿਸ਼ਾਨ ਰੱਬ ਦਾ।
ਖੱਬਾ–ਸੱਜਾ ਛੱਡ, ਸਾਰੇ ਭੁੱਲ ਜਾ ਵਿਚਾਰ,
ਪਾਉਣਾ ਜੇ ਤੂੰ ਸੱਚਾ ਏ ਗਿਆਨ ਰੱਬ ਦਾ।
ਬਾਹਰ ਕੀ ਖੋਜੇਂ, ਵਸੇ ਅੰਦਰ ਜੋ ਸਦਾ,
ਹਰ ਸਾਹ `ਚ ਹੁੰਦਾ ਏ ਸਥਾਨ ਰੱਬ ਦਾ।
ਤੇਰਾ ਨਾ ਕੋਈ ਹੋਰ, ਨਾ ਏਂ ਮੇਰਾ ਕੋਈ ਹੋਰ,
ਜਿਸਦੇ ਹਾਂ ਹਿੱਸੇ, ਕਰ ਮਾਣ ਰੱਬ ਦਾ।
ਪਾਇਆ ਉਹਨੂੰ ਜਿਸ, ਉਹ ਤਾਂ ਹੁੰਦਾ ਬਾਗ਼ੋ-ਬਾਗ਼
ਹੁੰਦਾ ਨਹੀਓਂ ਓਸ ਤੋਂ ਬਿਆਨ ਰੱਬ ਦਾ।
ਇੱਕ ਚਿੱਤ ਰੱਖ ਲੈ ਧਿਆਨ ਰੱਬ ਦਾ।
ਦਿਲ ਉੱਤੇ ਲਾ ਲੈ ਤੂੰ ਨਿਸ਼ਾਨ ਰੱਬ ਦਾ।


20/09/14)
ਗਿ: ਸੰਤੋਖ ਸਿੰਘ

ਗੁਰਮੁਖ ਪਿਆਰੇ ਡਾ. ਇਕਬਾਲ ਸਿੰਘ ਢਿੱਲੋਂ ਜੀਓ
ਧੰਨਵਾਦ ਹੈ ਤੁਹਾਡੇ ਵੱਲੋਂ ਦਿਤੇ ਗਏ ਜਵਾਬ ਦਾ ਪਰ ਜੋ ਤੁਸੀਂ ਵਿਦਵਤਾ ਪੂਰਨ ਵਿਸਥਾਰ ਸਹਿਤ ਜਵਾਬ ਦਿਤਾ ਹੈ ਇਸ ਵਿਚੋਂ ਵਾਹਵਾ ਕੁੱਝ ਮੈਂ ੧੯੫੨ ਤੋਂ ਪੜ੍ਹਦਾ ਤੇ ਸੁਣਦਾ ਆ ਰਿਹਾ ਹਾਂ। ਇਹ ਜਾਣਕਾਰੀ ਮੇਰੇ ਵਾਸਤੇ ਕੋਈ ਨਵੀਂ ਨਹੀਂ। ਮਸਲਾ ਤਾਂ ਸਿਰਫ਼ ਤੇ ਸਿਰਫ਼ ਏਨਾ ਹੀ ਹੈ ਕਿ ‘ਸਿੱਖ ਧਰਮ’ ਹੈ ਜਾਂ ਕਿ ‘ਸਿੱਖ ਪੰਥ’! ਹਾਂ ਜਾਂ ਨਾਂਹ ਵਿੱਚ ਕੋਈ ਸੱਜਣ ਜਵਾਬ ਦੇਣ ਦੀ ਕਿਰਪਾ ਕਰੇ। ‘ਧਰਮ ਕੀ ਹੈ ਤੇ ਕਿਉਂ ਹੈ’ ਦੇ ਵਿਸਥਾਰ ਵਿੱਚ ਜਾ ਕੇ ਸ਼ਕਤੀ ਤੇ ਸਮਾ ਖ਼ਰਚਣ ਦੀ ਲੋੜ ਨਹੀਂ। ‘ਸਿੱਖ ਧਰਮ’ ਹੈ, ਜਾਂ ‘ਸਿੱਖ ਪੰਥ ਹੈ’ ?
ਤੁਹਾਡਾ ਇਸ ਲਈ ਵੀ ਧੰਨਵਾਦ ਕਿ ਤੁਸੀਂ ਜਵਾਬ ਦਿਤਾ ਹੈ ਜਦੋਂ ਕਿ ਸਭ ਤੋਂ ਜੁੰਮੇਵਾਰ ਜਥੇਬੰਦੀ, ਸ਼੍ਰੋਮਣੀ ਗੁ. ਪ੍ਰ. ਕਮੇਟੀ ਨੇ ਜਵਾਬ ਦੇਣਾ ਯੋਗ ਨਹੀਂ ਸਮਝਿਆ।
ਜੇਕਰ ਯੋਗ ਸਮਝੋ ਤਾਂ ਆਪਣਾ ਈ-ਸਿਰਨਾਵਾਂ ਭੇਜੋ ਤਾਂ ਕਿ ਹੋਰ ਕੁੱਝ ਵਿਦਵਾਨਾ ਵੱਲੋਂ ਆਏ ਵਿਚਾਰਾਂ ਨੂੰ ਵੀ ਮੈ ਤੁਹਾਡੇ ਤੱਕ ਪੁਚਾ ਸਕਾਂ। ਜੇਕਰ ਸ. ਮੱਖਣ ਸਿੰਘ ਜੀ ਯੋਗ ਸਮਝਣ ਤਾਂ ਅਟੈਚਡ ਪੱਤਰ ਸਿਧਾ ਵੀ ਤੁਹਾਨੂ ਭੇਜ ਸਕਦੇ ਹਨ।
ਸ਼ੁਭਚਿੰਤਕ
ਸੰਤੋਖ ਸਿੰਘ


20/09/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸ਼ੁਕਰਾਨਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜਿੱਧਰ ਮੁੱਖ ਘੁਮਾਉਂਦਾ ਹਾਂ।
ਕਾਇਨਾਤ ਤੇਰੀ ਪਾਉਂਦਾ ਹਾਂ।
ਕਿਤਨੇ ਰੰਗ ਰੰਗੀਲੇ ਜੀਵ,
ਗਿਣਨੋਂ ਵੀ ਘਬਰਾਉਂਦਾ ਹਾਂ।
ਵੇਲਾਂ ਲਿਪਟੀਆਂ ਰੁਖਾਂ ਸੰਗ,
ਪ੍ਰੇਮ ਦੀ ਭਾਸ਼ਾ ਪਾਉਂਦਾ ਹਾਂ।
ਸਾਰੇ ਹੀ ਨੇ ਤੇਰੇ ਜੀਵ,
ਸਭ ਦੀ ਖੈਰ ਮਨਾਉਂਦਾ ਹਾਂ।
ਇਤਨਾ ਦੇਵੇਂ, ਮੁਕਦਾ ਨਾ,
ਚਿੰਤਾ ਕਿਉਂ ਗਲ ਲਾਉਂਦਾ ਹਾਂ।
ਲੱਖ ਲੱਖ ਸ਼ੁਕਰ ਤਿਰਾ ਦਾਤਾ,
ਜਿਸ ਤੋਂ ਸਭ ਕੁੱਝ ਪਾਉਂਦਾ ਹਾਂ।


20/09/14)
ਸੁਰਿੰਦਰ ਸਿੰਘ ‘ਖਾਲਸਾ’

ਗਿਆਨੀ ਦਿੱਤ ਸਿੰਘ ਜੀ ਸਾਧੂ ਦਇਆ ਨੰਦ ਨੂੰ
ਗਿਆਨੀ ਦਿੱਤ ਸਿੰਘ ਜੀ ਨੇ ਕਿਹਾ ਸਾਧ ਦਇਆ ਨੰਦ ਨੂੰ, ਐਵੇਂ ਕੁਫਰ ਨਾ ਤੂੰ ਬਹੁਤਾ ਤੋਲ ਸਜਨਾ।
ਤੂੰ ਸਾਧ ਹੈਂ ਜਾਂ ਕਿ ਕੋਈ ‘ਬਹੁ ਰੂਪੀਆ’, ਸਟੇਜਾਂ ਉਪਰ ਰਹਿਆਂ ਤੂੰ ਜਹਿਰ ਬਹੁਤਾ ‘ਘੋਲ ਸਜਨਾ।
ਕਹਾਵੇਂ ਖੁਦ ਨੂੰ ਵੇਦਾਂ ਤੇ ਸ਼ਾਸਤਰਾਂ ਦਾ ਵੇਦਾਂਤੀ, ਪਰ ਤੇਰੇ ਵਿਦਵਾਨਾਂ ਵਾਲੇ ਨਹੀਂ ਹਨ ਬੋਲ ਸਜਨਾ।
ਗੁਰੁ ਸਾਹਿਬਾਨ ਦੀ ਸ਼ਾਨ ਵਿੱਚ ਬੋਲ ਕਬੋਲ’ ਬੋਲੇਂ, ਇਤਿਹਾਸ ਨੂੰ ਖੋਜ ਫਿਰ ਮੁੰਹੋਂ ਕੁੱਝ ਬੋਲ ਸਜਨਾ।
ਗੁਰੂ ਨਾਨਕ ਦੇ ਸਿੱਖ ਹੀ ਅਬਦਾਲੀ ਵਰਗਿਆਂ ਤੋਂ’ ਇਜੱਤ ਹਿੰਦ’ ਦੀ ਲਿਅਉਂਦੇ ਰਹੇ ਮੋੜ ਸਜਨਾ।
ਕਸ਼ਮੀਰੀ ਬ੍ਰਾਹਮਣਾ ਦੀ ਫਰਿਆਦ ਸੁਣਕੇ, ਗੁਰੁ ਤੇਗਬਹਾਦਰ ਸ਼ਹੀਦ ਹੋਣ ਗਏ ਔਰੰਗੇ ਕੋਲ ਸਜਨਾ।
ਤੈਨੂੰ ਬੰਗਾਲ ਕਿਸੇ ਨਹੀ ਘਾ ਪਾਇਆ, ਪੰਜਾਬ ‘ਚ ਵੀ ਸਿੱਖਾਂ ਕਰਕੇ ਗੱਡਾ ਲਿਆ ਤੂੰ ਰੋਹੜ ਸਜਨਾ।
ਮੈਨੂੰ ਲਗਦੈ ਤੇਰਾ ‘ਗੁਰੁ ਜਾਂ ਪੀਰ’ ਕੋਈ ਨਹੀਂ,’ ਨਿਗੁਰਿਆਂ’ ਵਾਂਗ ਰਿਹਾਂ ਏ ਬਹੁਤਾ ਬੋਲ ਸਜਨਾ।
ਤੈਨੂੰ ਘੁਮੰਡ ਹੈ ਬਹੁਤ ਤੇਰੀ ‘ਵਿਦਵਤਾ’ ਦਾ, ਆ ਜਾ ਕਰ ਲਈਏ ਕੁਝ, ਦਲੀਲਾਂ ਦਾ ਘੋਲ ਸਜਨਾ।
ਜਿਹੜੇ ਮਰਜੀ ‘ਵਿਸ਼ੇ’ ਤੇ ਵੀਚਾਰ ਕਰ ਦੇਖ ਲੈ, ‘ਕਿਹੜੀ ਥਾਂ ਤੇ ਆਵਾਂ ਤੂੰ ਖੁੱਦ ਹੀ ਬੋਲ ਸਜਨਾ।
ਸੈਂਕੜੇ ਸਟੇਜਾਂ ਦਾ ਤੂੰ ਏਂ ਵਡਾ ‘ਬੁਲਾਰਾ’, ‘ਸ਼ੋਹਰਤ’ ਤੇਰੀ ਦਾ ਵੱਜਦਾ ਏ ਪੰਜਾਬ ‘ਚ ਢੋਲ ਸਜਨਾ।
ਤੂੰ ਆਖਦਾ ਏ ਵੇਦ ਆਏ ਹਨ ਅਸਮਾਨੋ, ਪਹਿਲਾਂ ਤੇਰੇ ‘ਵੇਦਾਂ ਦੀ ਹੀ ਖਹੋਲ ਲਈਏ ਪੋਲ ਸਜਨਾ।
ਪੰਜ ਭੂਤਕ ਸ਼ਰੀਰ ਬਿਨਾਂ, ਕਿਵੇਂ ਕੋਈ ਲਿੱਖ ਸਕਦਾ, ਦੇਹ ਜਬਾਬ ਜ਼ਰਾ ਘੁੰਡੀ ਇਹ ਤੂੰ ਖੋਲ੍ਹ ਸਜਨਾ।
ਮੁਕਤੀ ਵਿਸ਼ੇ ਉਤੇ ਵੀ ਕੁੱਝ ਗੱਲ ਕਰੀਏ, ‘ਮੁਕਤੀ’ ਕੀ ਹੈ ਤੇ ‘ਮੁਕਤ ਕੌਣ ਹੁੰਦਾ ਕੁੱਝ ਬੋਲ ਸਜਨਾ।
ਕੋਈ ਜਵਾਬ ਨਾ ‘ਦਇਆ ਨੰਦ’ ਜਦ ਦੇ ਸਕਿਆ, ਉਸ ਦੇ ‘ਢੋਲਦਾ ਖੁਲ੍ਹ ਗਿਆ ਏ ‘ਪੋਲ ਸਜਨਾ।
ਸ੍ਰਿਸ਼ਟੀ ਕਰਤਾ ਕੌਣ, ਸ੍ਰਿਸ਼ਟੀ ਕਿਵੇਂ ਰਚੀ, ਕੋਈ ਜਵਾਬ ਨਾ ਆਇਆ ਤਾਂ ਕਰੇ ਟਾਲ ਮਟੋਲ ਸਜਨਾ।
ਘੇਰ ਲਿਆ ‘ਦਿੱਤ ਸਿੰਘ’ ਨੇ ‘ਦਇਆ ਨੰਦ’ ਨੂੰ, ਭੁੱਲ ਗਿਆ ਉਹ ਕਰਨੇ ਲੋਕਾਂ ਨੂੰ ਮਖੌਲ ਸਜਨਾ।
‘ਸੁਰਿੰਦਰ’ ਗਿਆਨੀ ਜੀ ਨੇ ਐਸੀ ਖੁੰਬ ਠੱਪੀ, ਸਾਥੀਆਂ ਸਮੇਤ ਦਇਆ ਨੂੰ ਨੰਦ ਪੈਣ ਹੌਲ ਸਜਨਾ।
ਤਿੰਨੇਂ ਬਹਿਸਾਂ ‘ਚੋਂ ਦਇਆ ਨੰਦ ਹਾਰ ਭਜਿਆ, ਦਿੱਤ ਸਿੰਘ ਨੇ ਕਰ ਦਿੱਤਾ ‘ਬਿਸਤਰਾ ਗੋਲ ਸਜਨਾ।
ਹਾਰੇ ਹੋਏ ਦਇਆ ਨੰਦ ਦੇ ਨਾਮ ਉਤੇ, ਉਸਦੀ ਕੌਮ ਨੇ ਥਾਂ-ਥਾਂ ਤੇ ਸਕੂਲ ਕਾਲਜ ਦਿੱਤੇ ਖੋਲ੍ਹ ਸਜਨਾ।
ਪਰ ਬਦਕਿਸਮਤੀ ਸਿੱਖਾਂ ਦੇ ਆਗੂਆਂ ਨੇ, ਦਿੱਤ ਸਿੰਘ ਦੀ ਵਿਦਵਤਾ ਮਿੱਟੀ-ਘਟੇ ਦਿੱਤੀ ਰੋਲ ਸਜਨਾ।
ਇਨ੍ਹਾਂ ਸਕੂਲ ਕਾਲਜ ਕੀ ਬਣਾਉਣੇ ਸਨ, ਕਿਤਾਬਾਂ ਦੀ ਕੋਈ ਲਾਇਬਰੇਰੀ ਵੀ ਨਾ ਸਕੇ ਖੋਹਲ ਸਜਨਾ।
ਨਸੀਬ ਸਿੰਘ’ ਹੁਰਾਂ ਹੀ ਕੁੱਝ ਕੀਤਾ ਉਦਮ, ਮੈਗਜੀਨ ਕੀਤਾ ਸ਼ੁਰੂ ਤੇ ਪਹੁੰਚਾ ਰਹੇ ਪਾਠਕਾਂ ਕੋਲ ਸਜਨਾ।
ਦਿੱਤ ਸਿੰਘ ਜੀ ਦੇ ਲਿਖੇ, ਲੇਖ ਪਾਠਕਾਂ ਨੂੰ ਮਿਲ ਰਹੇ ਨੇ, ਉਨ੍ਹਾਂ ਬਾਰੇ ਰਿਸਾਲਾ ਰਹਿਆ ਬੋਲ ਸਜਨਾ।
ਸ੍ਰ ਸੁਰਿੰਦਰ ਸਿੰਘ ‘ਖਾਲਸਾ’ ਮਿਉਦ ਕਲਾਂ {ਫਤਿਹਾਬਾਦ} ਫੋਨ=94662 66708, 97287 43287,


19/09/14)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਗਿ: ਸੰਤੋਖ ਸਿੰਘ ਜੀਓ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ।
ਸਿਖਮਾਰਗ ਵੈਬਸਾਈਟ ਉੱਤੇ 18. 09. 2014 ਨੂੰ ਪਾਏ ਗਏ ਆਪ ਜੀ ਦੇ ਪੱਤਰ ਵਿੱਚ ‘ਸਿੱਖੀ’ ਸਬੰਧੀ ਬੜਾ ਹੀ ਮਹੱਤਵਪੂਰਨ ਮੁੱਦਾ ਉਠਾਇਆ ਗਿਆ ਹੈ (ਅਸਲ ਵਿੱਚ ਸਿੱਖੀ ਸਬੰਧੀ ਇਹ ਮੁੱਢਲਾ ਮੁੱਦਾ ਬਣਦਾ ਹੈ)। ਨਿਸਚੇ ਹੀ ਗੁਰੂ ਨਾਨਕ ਨੇ ਸਿੱਖੀ ਨੂੰ ਹਿੰਦੂ-ਮੱਤ, ਇਸਲਾਮ, ਬੁੱਧ ਧਰਮ, ਜੈਨ-ਮੱਤ ਆਦਿਕ ਦੇ ਮੁਕਾਬਲੇ ਤੇ ਇੱਕ ਨਵੇਂ ਧਰਮ ਦੇ ਤੌਰ ਤੇ ਸਥਾਪਤ ਨਹੀਂ ਕੀਤਾ ਸੀ ਨਾ ਹੀ ਬਾਕੀ ਗੁਰੂ ਸਾਹਿਬਾਨ ਵਿੱਚੋਂ ਕਿਸੇ ਨੇ ਇਸ ਨੂੰ ਇੱਕ ਸੰਸਥਾਗਤ ਧਰਮ ਦਾ ਰੂਪ ਦਿੱਤਾ ਸੀ। ਪਹਿਲੇ ਗੁਰੂ ਜੀ ਨੇ ਸਿੱਖੀ ਨੂੰ ਇੱਕ ਲਹਿਰ ਦੇ ਤੌਰ ਤੇ ਚਾਲੂ ਕੀਤਾ ਸੀ। ਇਹ ਇੱਕ ਅਜਿਹੀ ਮੌਲਿਕ ਲਹਿਰ ਸੀ (ਉਸ ਵਕਤ ਇਸਦਾ ਕੋਈ ਵਿਸ਼ੇਸ਼ ਨਾਮ ਨਹੀਂ ਸੀ) ਜਿਸ ਵਰਗੀ ਲਹਿਰ ਸੰਸਾਰ ਭਰ ਵਿੱਚ ਨਾ ਉਹਨਾਂ ਤੋਂ ਪਹਿਲਾਂ ਕਿਸੇ ਨੇ ਚਲਾਈ ਸੀ ਅਤੇ ਨਾ ਹੀ ਬਾਦ ਵਿੱਚ ਚਲਾਈ ਗਈ ਹੈ। ਪਰੰਤੂ ਸਮਾਂ ਬਦਲਣ ਨਾਲ ਯੂਰਪ ਦੇ ਕੁੱਝ ਦੇਸ਼ਾਂ ਵਿੱਚ ਇੱਸੇ ਤਰਜ਼ ਤੇ ਉੱਭਰੀ ਲਹਿਰ ਦਾ ਨਾਮ ‘ਮਾਨਵਵਾਦ’
(‘Humanism’) ਦੇ ਤੌਰ ਤੇ ਪਰਚਲਤ ਹੋਇਆ (ਵੇਖੋ ‘ਸਿਖਮਾਰਗ’ ਦੀ ‘ਲੇਖ ਲੜੀ ਚੌਥੀ’ ਵਿੱਚ ਸ਼ਾਮਲ ਇਸ ਲੇਖਕ ਦੀ ਲਿਖਤ ‘ਮਾਨਵਵਾਦ ਦਾ ਪੈਗੰਬਰ: ਗੁਰੂ ਨਾਨਕ’ )ਪਰੰਤੂ ਦੁੱਖ ਦੀ ਗੱਲ ਇਹ ਹੈ ਕਿ ਉੱਧਰ ਇਸ ਲਹਿਰ ਨੂੰ ਏਸ਼ੀਆ ਵਿੱਚ ਸੋਲ੍ਹਵੀਂ ਸਦੀ ਈਸਵੀ ਦੇ ਅਰੰਭ ਵਿੱਚ ਚਾਲੂ ਕਰਨ ਵਾਲੇ ਮਹਾਂਪੁਰਸ਼ ਨਾਨਕ ਦੇ ਨਾਮ ਨਾਲ ਨਹੀਂ ਜੋੜਿਆ ਜਾ ਸਕਿਆ। ਅਜਿਹਾ ਸ਼ਾਇਦ ਇਸ ਕਰਕੇ ਵਾਪਰਿਆ ਕਿ ਸਦੀਆਂ ਬੀਤ ਜਾਣ ਤੇ ਵੀ ‘ਸਿਖ’ ਪੈਰੋਕਾਰ ਗੁਰੂ ਨਾਨਕ ਦੇ ਮਿਸ਼ਨ ਨੂੰ ਸੰਸਾਰ ਪੱਧਰ ਤੇ ਪਰਚਾਰ ਨਾ ਸਕੇ ਅਤੇ, ਦੂਸਰੇ ਪਾਸੇ, ਇਸ ਦੌਰਾਨ ਸਾਜ਼ਿਸ਼ ਅਧੀਨ ‘ਸਿੱਖੀ’ ਨੂੰ ਇੱਕ ਹਿੰਦੂ ਵੰਨਗੀ ਦੇ ਸੰਸਥਾਗਤ ਧਰਮ ਦੇ ਤੌਰ ਤੇ ਪੇਸ਼ ਕਰ ਦਿੱਤਾ ਗਿਆ।
ਜੇਕਰ ਮਾਨਵਵਾਦ ਦੀ ਗੱਲ ਕਰਨੀ ਹੋਵੇ ਤਾਂ ਇਹ ਇੱਕ ਐਸਾ ਧਰਮ-ਨਿਰਪੇਖ ਫਲਸਫਾ ਹੈ ਜੋ ਕਰਾਮਾਤ ਅਤੇ ਧਾਰਮਿਕ ਹਠਧਰਮੀ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਹੋਇਆਂ ਮਨੁੱਖੀ ਭਲਾਈ ਹਿਤ ਕੇਵਲ ਤਰਕ, ਨੈਤਕਿਤਾ ਅਤੇ ਨਿਆਂ ਦੀ ਪਰੋੜਤਾ ਕਰਦਾ ਹੈ। ਮਾਨਵਵਾਦ ਦੇ ਮਿਸ਼ਨ ਦੇ ਤਿੰਨ ਪ੍ਰਮੁੱਖ ਅੰਗ ਮੰਨੇ ਜਾਂਦੇ ਹਨ: ਮਨੁੱਖੀ ਹਿਤ
(human rights), ਮਨੁੱਖੀ ਕਦਰਾਂ-ਕੀਮਤਾਂ (human values) ਅਤੇ ਮਨੁੱਖੀ ਵਕਾਰ (human dignity)ਯੂ. ਐਨ. ਓ. ਵੱਲੋਂ ਮਾਨਵਵਾਦ ਨੂੰ ਵੀਹਵੀਂ ਸਦੀ ਈਸਵੀ ਵਿੱਚ ਜਾ ਕੇ ਮਾਨਤਾ ਦਿੱਤੀ ਗਈ ਜਦੋਂ ਕਿ ਨਾ ਕੇਵਲ ਚਾਰ ਸਦੀਆਂ ਤੋਂ ਵੱਧ ਦਾ ਸਮਾਂ ਪਹਿਲਾਂ ਹੀ ਪੰਜਾਬ ਦੀ ਧਰਤੀ ਉੱਤੇ ਗੁਰੂ ਨਾਨਕ ਵੱਲੋਂ ਇਸ ਦੀ ਨੀਂਹ ਰੱਖੀ ਗਈ ਸੀ ਸਗੋਂ ਇਸ ਨੂੰ ਦੋ-ਢਾਈ ਸਦੀਆਂ ਦੇ ਅਰਸੇ ਤਕ ਸਫਲਤਾ ਪੂਰਵਕ ਨਿਭਾਇਆ ਵੀ ਗਿਆ ਸੀ।
ਗੁਰੂ ਨਾਨਕ ਨੇ ਮਾਨਵਵਾਦ ਦੇ ਫਲਸਫੇ ਵਿੱਚ ਇੱਕ ਹੋਰ ਵਿਸ਼ੇਸ਼ ਅੰਗ ਨੂੰ ਪਰਮੁੱਖਤਾ ਨਾਲ ਸ਼ਾਮਲ ਕੀਤਾ, ਉਹ ਸੀ ਪ੍ਰਭੂ-ਪਰਮੇਸ਼ਰ ਦੀ ਹੋਂਦ ਵਿੱਚ ਅਟੱਲ ਵਿਸ਼ਵਾਸ (ਭਾਵੇਂ ਕਿ ਫਲਸਫੇ ਦੇ ਕੇਂਦਰ ਵਿੱਚ ਮਨੁੱਖੀ ਭਲਾਈ ਨੂੰ ਹੀ ਰੱਖਿਆ ਗਿਆ) ਅਤੇ ਇਸ ਮਿਸ਼ਨ ਵਿੱਚ ਪ੍ਰਭੂ ਭਗਤੀ, ਪੂਜਾ-ਕਾਰਜ, ਅਵਤਾਰਵਾਦ, ਕਰਾਮਾਤ, ਵਹਿਮ-ਭਰਮ ਅਤੇ ਰਹੁ-ਰੀਤਾਂ ਨੂੰ ਕੋਈ ਸਥਾਨ ਨਹੀਂ ਸੀ ਦਿੱਤਾ ਗਿਆ। ਸ਼ਾਇਦ ਪ੍ਰਭੂ-ਪਰਮੇਸ਼ਰ ਵਾਲੇ ਇਸ ਪਰਮੁੱਖ ਅੰਗ ਦੀ ਸ਼ਮੂਲੀਅਤ ਕਰਕੇ ਹੀ ਗੁਰੂ ਸਾਹਿਬਾਨ ਦੀ ਗੈਰਮੌਜੂਦਗੀ ਹੋ ਜਾਣ ਮਗਰੋਂ ਇਸ ਲਹਿਰ ਨੂੰ ਇੱਕ ਸੰਸਥਾਗਤ ਧਰਮ ਬਣਾ ਦਿੱਤਾ ਗਿਆ, ਸਿੱਖੀ ਦੇ ਕੇਂਦਰਾਂ ਨੂੰ ਮੰਦਰਾਂ ਦਾ ਰੂਪ ਦਿੰਦੇ ਹੋਏ ‘ਗੁਰਦੁਆਰਾ’ ਸਿਸਟਮ ਲਾਗੂ ਕਰ ਦਿੱਤਾ ਗਿਆ ਅਤੇ ਕਰਮ-ਕਾਂਡ ਪਰਚਲਤ ਕਰ ਦਿੱਤੇ ਗਏ। ਇਹ ਮੰਦਭਾਗਾ ਰੁਝਾਨ ਅਠਾਰ੍ਹਵੀਂ ਸਦੀ ਈਸਵੀ ਦੇ ਅੱਧ ਤੋਂ ਪਹਿਲਾਂ ਸ਼ੁਰੂ ਹੋ ਗਿਆ ਸੀ ਅਤੇ ਸਿੱਖੀ ਸਬੰਧੀ ਲਗ-ਭਗ ਸਾਰੀਆਂ ਸਮੱਿਸਆਵਾਂ ਦੀ ਜੜ੍ਹ ਸਿੱਖੀ ਨੂੰ ਇੱਕ ਸੰਸਥਾਗਤ ਧਰਮ ਦੇ ਤੌਰ ਤੇ ਸਵੀਕਾਰ ਕਰ ਲੈਣ ਵਿੱਚ ਹੀ ਹੈ।
ਅਸਲ ਵਿੱਚ ਸਿੱਖੀ ਵਿੱਚ ਸੰਸਥਾਗਤ ਧਰਮ ਨੂੰ ਸਵੀਕਾਰਿਆ ਨਹੀਂ ਗਿਆ ਅਤੇ ਇਸ ਸਬੰਧੀ ਆਦੇਸ਼ ਗੁਰਬਾਣੀ ਵਿੱਚ ਹੇਠਾਂ ਦਿੱਤੇ ਅਨੁਸਾਰ ਦਰਜ ਹੈ:
ਨਾ ਹਮ ਹਿੰਦੂ ਨ ਮੁਸਲਮਾਨ॥
ਅਲਹ ਰਾਮ ਕੇ ਪਿੰਡੁ ਪਰਾਨ॥ (ਪਵਿੱਤਰ ਗ੍ਰੰਥ ਪੰਨਾਂ 1136)

ਉੱਪਰ ਦਿੱਤੀਆਂ ਸਤਰਾਂ ਦਾ ਅਰਥ ਇਹ ਨਹੀਂ ਬਣਦਾ ਕਿ ‘ਸਿਖ’ ਹਿੰਦੂ ਜਾਂ ਮੁਸਲਮਾਨ ਨਹੀ ਕਿਉਂਕਿ ਉਹ ਇੱਕ ਵੱਖਰੇ ਧਰਮ ਦੇ ਪੈਰੋਕਾਰ ਹਨ। ਸਗੋਂ ਇਹਨਾਂ ਸਤਰਾਂ ਵਿੱਚ ਸੰਸਥਾਗਤ ਧਰਮ ਦੇ ਸੰਕਲਪ ਨੂੰ ਮੂਲੋਂ ਹੀ ਨਕਾਰਿਆ ਗਿਆ ਹੈ, ਸਿੱਖੀ ਦੀ ਇੱਕ ਧਰਮ ਦੇ ਤੌਰ ਤੇ ਪਰੋੜਤਾ ਨਹੀਂ ਕੀਤੀ ਗਈ ਅਤੇ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕਿ ਮਨੁੱਖ ਨੂੰ ਕੇਵਲ ਪ੍ਰਭੂ ਵਿੱਚ ਨਿਸਚਾ ਰੱਖਣ ਦੀ ਹੀ ਲੋੜ ਹੈ। ਅਜਿਹਾ ਹੀ ਸੰਦੇਸ਼ ਗੁਰਬਾਣੀ ਦੀਆਂ ਹੇਠਾਂ ਦਿੱਤੀਆਂ ਸਤਰਾਂ ਰਾਹੀਂ ਵੀ ਪਰਾਪਤ ਹੁੰਦਾ ਹੈ:
ਸਰਬ ਧਰਮ ਮਹਿ ਸ੍ਰੇਸਟ ਧਰਮੁ॥
ਹਰਿ ਕੋ ਨਾਮ ਜਪਿ ਨਿਰਮਲ ਕਰਮੁ॥ (ਪਵਿੱਤਰ ਗ੍ਰੰਥ ਪੰਨਾਂ 266)

ਪਰਤੱਖ ਹੈ ਕਿ ਗੁਰੂ ਸਾਹਿਬਾਨ ਨੇ ‘ਸਿੱਖੀ’ ਨੂੰ ਧਰਮ ਦੇ ਤੌਰ ਤੇ ਪਰਚਲਤ ਨਹੀਂ ਸੀ ਕੀਤਾ। ਸਗੋਂ ਉਹਨਾਂ ਨੇ ਸਿਖ-ਲਹਿਰ ਨੂੰ ਸੰਸਥਾਗਤ ਧਰਮ ਦੇ ਵਿਕਲਪ/ਬਦਲ
(substitute) ਦੇ ਤੌਰ ਤੇ ਪੇਸ਼ ਕੀਤਾ ਸੀ। ਇੱਸੇ ਕਰਕੇ ਗੁਰੂ ਗੋਬਿੰਦ ਸਿੰਘ ਨੇ ‘ਧਰਮ ਨਾਸ਼’ ਉੱਤੇ ਵਿਸ਼ੇਸ ਬਲ ਦਿੱਤਾ ਸੀ। ‘ਸਿੱਖੀ’ ਇੱਕ ਅਜਿਹੀ ਕਰਾਂਤੀਕਾਰੀ ਲਹਿਰ ਸੀ ਜਿਸ ਰਾਹੀਂ ਸੰਸਾਰ ਦੇ ਹਰ ਮਨੁੱਖ ਨੂੰ ਇਹ ਪੈਗਾਮ ਦਿੱਤਾ ਗਿਆ ਕਿ ਕਿਸੇ ਸੰਸਥਾਗਤ ਧਰਮ ਤੋਂ ਬਗੈਰ ਹੀ ਮਨੁੱਖੀ ਭਲਾਈ ਕਿਵੇਂ ਸੁਨਿਸਚਤ ਕੀਤੀ ਜਾ ਸਕਦੀ ਹੈ ਅਤੇ ਇੱਕ ਆਦਰਸ਼ਕ ਜੀਵਨ-ਜਾਚ ਕਿਵੇਂ ਅਪਣਾਈ ਜਾ ਸਕਦੀ ਹੈ। ਗੁਰੂ ਨਾਨਕ ਵੱਲੋਂ ਦਿੱਤਾ ਹੋਇਆ ਮਾਨਵਵਾਦ ਦਾ ਫਲਸਫਾ ਸੰਸਾਰ ਦਾ ਸਰਵਸਰੇਸ਼ਟ ਫਲਸਫਾ ਕਿਹਾ ਜਾ ਸਕਦਾ ਹੈ। ਖੁਸ਼ੀ ਦੀ ਗੱਲ ਹੈ ਕਿ ਇਹ ਸਮੁੱਚਾ ਫਲਸਫਾ ਗੁਰਬਾਣੀ ਵਿੱਚ ਅੰਕਿਤ ਹੈ ਅਤੇ ਇਸ ਨੂੰ ‘ਗੁਰਮੱਤ’ ਦੇ ਨਾਮ ਹੇਠ ਅਪਣਾਇਆ ਅਤੇ ਪਰਚਾਰਿਆ ਜਾ ਸਕਦਾ ਹੈ।
ਇੱਥੇ ਇਹ ਵੀ ਧਿਆਨ ਦੇਣ ਦੀ ਲੋੜ ਹੈ ਕਿ ਜਦੋਂ ਸਿੱਖੀ ਕੋਈ ‘ਧਰਮ’ ਹੀ ਨਹੀਂ ਤਾਂ ਇਹ ਹਿੰਦੂ ਧਰਮ ਦਾ ਹਿੱਸਾ ਕਿਵੇਂ ਹੋ ਸਕਦੀ ਹੈ। ਬਾਕੀ, ਗੁਰੂ ਨਾਨਕ ਵੱਲੋਂ ਚਲਾਈ ਹੋਈ ਸਿਖ-ਲਹਿਰ ਨੂੰ ‘ਸਿਖ ਪੰਥ’ ਕਹਿ ਲੈਣ ਵਿੱਚ ਵੀ ਕੋਈ ਹਰਜ਼ ਨਹੀਂ ਪਰੰਤੂ ਇਸ ਨੂੰ ‘ਗੁਰਮੱਤ ਪੰਥ’ ਕਿਹਾ ਜਾਵੇ ਤਾਂ ਵਧੇਰੇ ਚੰਗਾ ਹੈ।
ਲੋੜ ਹੈ ਕਿ ‘ਸਿੱਖੀ’ ਦੇ ਅਸਲੀ ਰੂਪ ਨੂੰ ਪਛਾਣਿਆਂ ਜਾਵੇ, ਸੁਧਾਰ ਦੇ ਲੋੜੀਂਦੇ ਉਪਰਾਲੇ ਕੀਤੇ ਜਾਣ ਅਤੇ ਅਸਲੀ ਸਿੱਖੀ ਨੂੰ ਵਿਸ਼ਵ ਪੱਧਰ ਉੱਤੇ ਸਹੀ ਢੰਗ ਨਾਲ ਪਰਚਾਰਿਆ ਜਾਵੇ।
(ਨੋਟ: ਇਸ ਲੇਖਕ ਵੱਲੋਂ ਇੱਸੇ ਵਿਸ਼ੇ ਤੇ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾਵਾਂ ਵਿੱਚ ਪੁਸਤਕ ਤਿਆਰ ਕੀਤੀ ਜਾ ਰਹੀ ਹੈ। ਉੱਪਰ ਆਏ ਵਿਚਾਰ ਇਸ ਤਿਆਰੀ-ਅਧੀਨ ਪੁਸਤਕ ਤੇ ਅਧਾਰਿਤ ਹਨ।)
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


19/09/14)
ਚਰਨਜੀਤ ਸਿੰਘ/ਗਿਆਨੀ ਜਾਚਕ

ਸਿੱਖਿਆ ਦੇ ਭਗਵੇਂਕਰਨ ਤਹਿਤ ‘ਪੰਜਾਬੀ ਕਾਵਿ’ ਪੁਸਤਕ ਵਿੱਚੋਂ ‘ਗਰਮਤਿ ਤੇ ਸੂਫੀ ਕਾਵਿ’ ਨੂੰ ਕੱਢਣਾ, ਪੰਜਾਬੀ ਪਿਆਰਿਆਂ ਲਈ ਇੱਕ ਚਣੌਤੀ: ਗਿਆਨੀ ਜਾਚਕ
ਅੰਮ੍ਰਿਤਸਰ (ਚਰਨਜੀਤ ਸਿੰਘ) : ਪੰਜਾਬ ਸਕੂਲ ਸਿਖਿਆ ਬੋਰਡ, ਮੁਹਾਲੀ ਵੱਲੋਂ ਗਿਆਰਵੀਂ ਦੀ ‘ਪੰਜਾਬੀ ਕਾਵਿ’ (ਝਲਕਾਂ ਤੇ ਇਤਿਹਾਸ) ਪੁਸਤਕ ਵਿੱਚੋਂ ‘ਗਰਮਤਿ ਤੇ ਸੂਫੀ ਕਾਵਿ’ ਨੂੰ ਕੱਢਣਾ, ਪੰਜਾਬੀ ਪਿਆਰਿਆਂ ਲਈ ਇੱਕ ਚਣੌਤੀ ਹੈ। ਕਿਉਂਕਿ, ਇਹ ਤਬਦੀਲੀ ਸੁਭਾਵਿਕ ਨਹੀਂ, ਸਗੋਂ ਹਿੰਦੂਤਵ ਦੀ ਪ੍ਰਚਾਰਕ ਭਾਜਪਾਈ ਕੇਂਦਰੀ ਸਰਕਾਰ ਦੀ ਕੁਟਿਲ-ਨੀਤੀ ਤਹਿਤ ਸਿਖਿਆ ਦੇ ਭਗਵੇਂਕਰਨ ਵੱਲ ਪੁੱਟਿਆ ਹੋਇਆ ਇੱਕ ਕਦਮ ਹੈ। ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਸ਼ਾਸ਼ਕ ਵਰਗ ਦੇਸ਼ ਨੂੰ ਹਿੰਦੂ ਰਾਸ਼ਟਰ ਬਨਾਉਣਾ ਲਈ ਯਤਨਸ਼ੀਲ ਹੈ। ਕਿਉਂਕਿ, ਭਾਜਪਾ ਦੀ ਮਾਂ ਆਰ. ਐਸ. ਐਸ ਦੇ ਆਗੂ ਹਿੰਦੂ ਮੱਤ ਤੋਂ ਇਲਾਵਾ ਇਸਲਾਮ ਤੇ ਇਸਾਈ ਮੱਤ ਵਰਗੇ ਬਾਕੀ ਮਜ਼ਹਬਾਂ ਨੂੰ ਦੁੱਖ ਦਾ ਸਰੋਤ ਮੰਨਦੇ ਹਨ। ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਇਹ ਲਫ਼ਜ਼ ਤਦੋਂ ਕਹੇ, ਜਦੋਂ ਉਨ੍ਹਾਂ ਦਾ ਧਿਆਨ 19 ਸਤੰਬਰ ਦੇ ‘ਰੋਜ਼ਾਨਾ ਸਪੋਕਸਮੈਨ’ ਵਿੱਚ ਛਪੀ ‘ਪੰਜਾਬੀ ਲੇਖਕ ਮੰਚ, ਪੱਟੀ’ ਦੀ ਇੱਕ ਪਤ੍ਰਕਾ ਵੱਲ ਦਿਵਾਇਆ, ਜਿਸ ਵਿੱਚ ਉਪਰੋਕਤ ਤਬਦੀਲੀ ਦਾ ਵਿਸਥਾਰ ਪੂਰਵਕ ਵਰਨਣ ਹੈ।
ਉਨ੍ਹਾਂ ਨੇ ਆਪਣੇ ਉਪਰੋਕਤ ਕਥਨ ਨੂੰ ਸਪਸ਼ਟ ਕਰਦਿਆਂ ਦੱਸਿਆ ਕਿ ਭਾਜਪਾ ਦੇ ਸਾਬਕਾ ਪ੍ਰਧਾਨ ਤੇ ਹੁਣ ਕੇਂਦਰੀ ਮੰਤਰੀ ਐਮ ਵਿੰਕਈਆ ਨਾਇਡੂ ਨੇ ਪਾਰਲੀਮੈਂਟਰੀ ਚੋਣਾਂ ਤੋਂ ਪਹਿਲਾਂ ਸਪਸ਼ਟ ਲਫ਼ਜ਼ਾਂ ਵਿੱਚ ਕਿਹਾ ਸੀ ਕਿ “ਜੇ ਭਾਜਪਾ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਪੁਸਤਕਾਂ ਦੇ ਪਾਠ-ਕ੍ਰਮ ਵਿੱਚ ਤਬਦੀਲੀ ਕਰੇਗੀ”। ਕਿਉਂਕਿ, ਆਰ. ਐਸ. ਐਸ ਨਾਲ ਸਬੰਧਤ ‘ਸਿਖਿਆ, ਸੰਸਕ੍ਰਿਤੀ ਉਥਾਨ ਟ੍ਰਸਟ’ ਦਾ ਰਾਸ਼ਟਰੀ ਪ੍ਰਧਾਨ ਦੀਨਾ ਨਾਥ ‘ਬੱਤਰਾ’ ਜ਼ੋਰ ਪਾ ਰਿਹਾ ਸੀ ਕਿ “ਅਖੰਡ ਭਾਰਤ ਲਈ ਇੱਕ ਅਜਿਹੀ ਨੌਜਵਾਨ ਪੀੜ੍ਹੀ ਤਿਆਰ ਕਰਨ ਦੀ ਲੋੜ ਹੈ, ਜਿਹੜੀ ਸੰਪੂਰਨ ਤੌਰ ਤੇ ‘ਹਿੰਦੂਤਵ’ ਤੇ ‘ਰਾਸ਼ਟਰਵਾਦ’ ਨੂੰ ਸਮਰਪਤ ਹੋਵੇ”। ਦੋ ਢਾਈ ਮਹੀਨੇ ਪਹਿਲਾਂ ਉਸ ਨੇ ਫਿਰ ਬਿਆਨ ਦਿੱਤਾ ਕਿ “ਰਾਜਨੀਤਕ ਬਦਲਾਉ ਹੋ ਚੁੱਕਿਆ ਹੈ, ਹੁਣ ਸਿਖਿਆ ਵਿੱਚ ਪੂਰੀ ਤਰ੍ਹਾਂ ਬਦਲਾਉ ਹੋਣਾ ਚਾਹੀਦਾ ਹੈ।” ਇਹੀ ਕਾਰਨ ਹੈ ਕਿ 23 ਜੁਲਾਈ ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨੇ ਪਾਰਲੀਮੈਂਟ ਵਿੱਚ ਦੇਸ਼ ਅੰਦਰ ਵਧਦੇ ਅਪਰਾਧਾਂ ਬਾਰੇ ਬੋਲਦਿਆਂ ਆਖਿਆ ਸੀ ਕਿ “ਬੱਚਿਆਂ ਨੂੰ ਮਾਨਵੀ ਕਦਰਾਂ ਕੀਮਤਾਂ ਦੀ ਸਿਖਿਆ ਦੇਣ ਲਈ ਸਕੂਲਾਂ ਦੀਆਂ ਪਾਠ ਪੁਸਤਕਾਂ ਵਿੱਚ ਤਬਦੀਲੀ ਕੀਤੀ ਜਾਵੇਗੀ”। ਗਿਆਨੀ ਜਾਚਕ ਨੇ ਪੰਜਾਬ ਸਰਕਾਰ ਨੂੰ ਸੁਆਲ ਪੁੱਛਿਆ ਹੈ ਕਿ ਮਾਨਵ ਏਕਤਾ ਦੇ ਮੁਦੱਈ ਗੁਰੂ ਨਾਨਕ ਸਾਹਿਬ ਦੇ ਕੁੱਝ ਸ਼ਬਦ ਅਤੇ ‘ਬੁਰੇ ਦਾ ਭਲਾ ਕਰ’ ਦਾ ਹੋਕਾ ਦੇਣ ਵਾਲੇ ਬਾਬਾ ਫਰੀਦ ਦੇ ਸਲੋਕ ਤੇ ਬੁਰੀ ਸੰਗਤ ਤੋਂ ਬਚਣ ਦੀ ਪ੍ਰੇਰਨਾ ਦੇਣ ਵਾਲੀ ਭਾਈ ਗੁਰਦਾਸ ਜੀ ਦੀ ਰਚਨਾ ਨੂੰ ਵਿਦਿਆਰਥੀਆਂ ਦੇ ਪੰਜਾਬੀ ਸਲੇਬਸ ਵਿੱਚੋਂ ਕਢਣ ਨਾਲ ਅਪਰਾਧ ਵਧਣਗੇ ਜਾਂ ਘਟਣਗੇ?


18/09/14)
ਗੁਰਇੰਦਰ ਸਿੰਘ ਪਾਲ

ਵਾਹਿਗੁਰੂ?

ਸ: ਸਤਨਾਮ ਸਿੰਘ ਜੀ ਨੇ ਆਪਣੀ 17 ਸਤੰਬਰ ਦੀ ਲਿਖਤ ‘ਵਾਹਿਗੁਰੂ’ ਵਿੱਚ ਸਪਸ਼ਟ, ਸਰਲ ਤੇ ਸੰਖੇਪ ਸ਼ਬਦਾਂ ਵਿੱਚ ਉਹ ਤੱਥ ਪਾਠਕਾਂ ਸਾਹਮਣੇ ਰੱਖਿਆ ਹੈ ਜਿਸ ਨੂੰ ਸਦੀਆਂ ਤੋਂ ਗੁਰਮਤਿ ਦੇ ਢੋਂਗੀ ਪ੍ਰਚਾਰਕ ਆਪ ਸਮਝਣ ਤੇ ਸ਼੍ਰੱਧਾਲੂਆਂ ਨੂੰ ਸਮਝਾਉਣ ਤੋਂ ਅਸਮਰੱਥ ਰਹੇ ਹਨ। ਕਾਸ਼! ਪਾਠਕ ਇਸ ਸੱਚ ਨੂੰ ਹੁਣ ਵੀ ਸਮਝ ਲੈਣ ਤੇ ਵਾਹਿਗੁਰੂ ਜਿਹੇ ਪਵਿਤ੍ਰ ਸ਼ਬਦ ਦਾ ਦੁਰਉਪਯਗ ਤੇ ਅਪਮਾਨ ਕਰਨਾ ਬੰਦ ਕਰ ਦੇਣ!

ਵਾਹ ਫ਼ਾਰਿਸੀ ਬੋਲੀ ਦਾ ਲਫ਼ਜ਼ ਹੈ ਜਿਸ ਦੇ ਅਰਥ ਹਨ: ਕਲਮਾ ਤਹਿਸੀਨ ਵ ਆਫ਼ਰੀਨ, ਵਾਹ ਵਾਹ, ਖ਼ੂਬ, ਚਿਹ ਖ਼ੁਸ਼, ਕਿਆ ਕਹਿਣਾ ਹੈ! (ਕਲਮਾ: ਸੁਖਨ, ਬੋਲ। ਤਹਿਸੀਨ: ਤਾਅਰੀਫ਼ ਕਰਨਾ, ਸਰਾਹਨਾ। ਆਫ਼ਰੀਨ: ਮਰਹਬਾ, ਸ਼ਾਬਾਸ਼)। ਪੰਜਾਬੀ ਵਿੱਚ ਵਾਹ ਦਾ ਸਮਾਨਾਰਥਕ ਸ਼ਬਦ ਧਨ੍ਯ ਜਾਂ ਧੰਨ ਹੈ, ਜਿਸ ਦੇ ਅਰਥ ਹਨ: ਸਲਾਹੁਣਯੋਗ।

ਗੁਰੂ ਪਦ ਦਾ ਮੂਲ ਸੰਸਕ੍ਰਿਤ ਭਾਸ਼ਾ ਹੈ, ਜਿਸ ਦੇ ਸਰਲ ਅਰਥ ਹਨ: ਅਗਿਆਨਤਾ ਦਾ ਅਨ੍ਹੇਰਾ ਦੂਰ ਕਰਕੇ ਗਿਆਨ ਦੀ ਰੌਸ਼ਨੀ ਦੇਣ ਵਾਲਾ ਅਚਾਰੀਆ।

ਸੋ, ਵਾਹਿਗੁਰੂ ਦੇ ਅਰਥ ਹੋਏ: ਸਲਾਹੁਣਯੋਗ ਗੁਰੂ; ਜਾਂ, ਧਨ੍ਯ ਹੈ ਉਹ ਧਰਮ-ਉਪਦੇਸ਼ਕ ਜਿਸ ਨੇ ਅਗਿਆਨਤਾ ਵਿੱਚ ਭਟਕਦੀ ਮਨੁੱਖਤਾ ਨੂੰ ਗਿਆਨ ਦਾ ਰੌਸ਼ਨ ਰਾਹ ਦਿਖਾਇਆ।

‘ਵਾਹਿਗੁਰੂ’ ਦੇ ਉਕਤ ਵਿਚਾਰੇ ਅਰਥਾਂ ਦੇ ਆਧਾਰ `ਤੇ ਅਸੀਂ ਕਿਸ ਮੂੰਹ ਨਾਲ ‘ਵਾਹਿਗੁਰੂ ਵਾਹਿਗੁਰ’ ੂ ਦੀ ਰਟ ਲਾਉਣ ਨੂੰ ਨਾਮ-ਸਿਮਰਨ ਕਹੀ ਜਾਂਦੇ ਹਾਂ?

ਮੈਂ ਇਸੇ ਵਿਸ਼ੇ ਨਾਲ ਸੰਬੰਧਿਤ ਇੱਕ ਅਤਿਅੰਤ ਕੌੜਾ ਸੱਚ ਲਿਖਣ ਲੱਗਾ ਹਾਂ ਜਿਸ ਨੂੰ ਲਿਖਣ ਤੋਂ ਮੈਂ ਕਈ ਸਾਲ ਝਕਦਾ ਰਿਹਾ ਹਾਂ। ਲੰਗਰ ਵਰਤਾਉਣ ਦੀ ਸੇਵਾ ਕਰਦਿਆਂ ਸੇਵਾਦਾਰ ਕਹਿੰਦੇ ਹਨ, “ਪਰਸ਼ਾਦਾ ਵਹਿਗੁਰੂ ਜੀ ਪਰਸ਼ਾਦਾ, ਦਾਲ ਵਾਹਿਗੁਰੂ ਜੀ ਦਾਲ, ਭੜਥਾ ਵਾਹਿਗੁਰੂ ਜੀ ਭੜਥਾ, ਜਲ ਵਾਹਿਗੁਰੂ ਜੀ ਜਲ ਤੇ ਜਲੇਬ ਵਾਹਿਗੁਰੂ ਜੀ ਜਲੇਬ……ਆਦਿ”। ਕੀ ਇਸ ਨੂੰ ਸ਼੍ਰੱਧਾ ਕਹਾਂ ਗੇ, ਪਾਖੰਡ ਕਹਾਂਗੇ ਜਾਂ ਫਿਰ ਘੋਰ ਅਗਿਆਨਤਾ?

ਇਸ ਤੋਂ ਵੀ ਮੰਦਾ ਸੱਚ ਸੁਣੋ: ਸਾਡੇ ਗੁਰੂਦਵਾਰੇ ਵਿੱਚ ਲੰਗਰ ਛਕ ਚੁੱਕੇ ਸਜਨਾਂ ਦੀਆਂ ਤਿਆਗਨਯੋਗ (disposable) ਫ਼ੋਮ (foam) ਜਾਂ ਕਾਗ਼ਜ਼ ਦੀਆਂ ਪਲੇਟਾਂ ਇਕੱਠੀਆਂ ਕਰਨ ਦੀ ਸੇਵਾ ਕਰਨ ਵਾਲੇ ਸੇਵਾਦਾਰ ਪਲਾਸਟਿਕ ਦਾ ਕਾਲਾ ਟਰੈਸ਼-ਬੈਗ਼ ਅੱਗੇ ਕਰਦੇ ਕਹਿੰਦੇ ਸੁਣੇ ਜਾਂਦੇ ਹਨ, “ਟ੍ਰੈਸ਼ (trash) ਵਾਹਿਗੁਰੂ ਜੀ ਟ੍ਰੈਸ਼!” ਪਾਠਕ ਸਜਨੋਂ! ਕੀ ਅਸੀਂ, ਆਪਣੇ ਆਪ ਨੂੰ ਗੁਰੂ ਦੇ ਸਿੱਖ ਕਹਿਣ-ਕਹਾਉਣ ਵਾਲੇ, ਅਗਿਆਨਤਾ ਦੀ ਦਲਦਲ ਵਿੱਚ ਨਹੀਂ ਗ਼ਰਕੇ ਹੋਏ? ਵਾਹਿਗੁਰੂ ਜਿਹੇ ਪਵਿਤ੍ਰ ਪਦ ਦੀ ਇਸ ਬੇਅਦਬੀ ਬਾਰੇ ਜੇ ਕਿਸੇ ਸੇਵਾਦਾਰ ਨੂੰ ਕੁਛ ਕਹਿਣ ਦਾ ਯਤਨ ਵੀ ਕਰੋ ਤਾਂ ਉਹ ਇਸ ਸੁਝਾਅ ਨੂੰ ਵਿਚਾਰਨ ਦੀ ਬਜਾਏ ਕੁਰਖ਼ਤ ਨਿਗਾਹਾਂ ਨਾਲ ਘੂਰ ਕੇ ਦੇਖਦਾ ਤੇ ਬੁੜ ਬੁੜ ਕਰਦਾ ਅੱਗੇ ਲੰਘ ਜਾਂਦਾ ਹੈ! ਪ੍ਰਬੰਧਕ ਕਮੇਟੀਆਂ ਤਾਂ ਗੁਰਮਤਿ-ਗਿਆਨ ਦੀ ਗੱਲ ਸੁਣਨ ਨੂੰ ਵੀ ਆਪਣੀ ਹੱਤਕ ਸਮਝਦੀਆਂ ਹਨ!

ਗੁਰਇੰਦਰ ਸਿੰਘ ਪਾਲ

ਸਤੰਬਰ 18, 2014


18/09/14)
ਗਿ: ਸੰਤੋਖ ਸਿੰਘ

ਗੁਰਮੁਖ ਪਿਆਰੇ ਵਿਦਵਾਨ ਸਿੱਖੋ
ਬੇਨਤੀ ਹੈ ਕਿ ਕੋਈ ਸੱਜਣ ਇਸ ਗੱਲ ਉਪਰ ਚਾਨਣਾ ਪਾਉਣ ਦੀ ਕਿਰਪਾ ਕਰੋ ਕਿ ਸਿੱਖ ਧਰਮ ਹੈ ਜਾਂ ਕੇਵਲ ਪੰਥ ਹੈ! ਮੈਂ ੧੯੫੨ ਤੋਂ ‘ਸਿੱਖ ਧਰਮ’ ਹੀ ਸੁਣਦਾ ਪੜ੍ਹਦਾ ਤੇ ਸਮਝਦਾ ਆ ਰਿਹਾ ਹਾਂ ਕਿ ਸਿੱਖ ਧਰਮ ਦੁਨੀਆ ਦਾ ਪੰਜਵਾਂ ਵੱਡਾ ਤੇ ਸਭ ਤੋਂ ਨਵਾਂ ਧਰਮ ਹੈ। ਪਰ ਕਲ੍ਹ ਸ਼ਾਮ ਦਾ ਮੈਂ ਬੜਾ ਵਿਚਲਿਤ ਜਿਹਾ ਹੋ ਗਿਆ ਹਾਂ ਜਦੋਂ ਨਵੀਂ ਪੀਹੜੀ ਦੇ ਇੱਕ ਸਿੱਖ ਵਿਦਵਾਨ ਨੇ ਕਥਾ ਕਰਦਿਆਂ, ਦੀਵਾਨ ਵਿਚ, ਭਾਈ ਗੁਰਦਾਸ ਜੀ ਦੇ ਹਵਾਲੇ ਨਾਲ਼, ਜੋਰਦਾਰ ਸ਼ਬਦਾਂ ਵਿੱਚ ਦੱਸਿਆ ਕਿ ਸਿੱਖ ਕੋਈ ਧਰਮ ਨਹੀਂ ਹੈ ਬਲਕਿ ਸਿੱਖ ਪੰਥ ਹੈ। ਫਿਰ ਉਹਨਾਂ ਨਾਲ ਕਮਰੇ ਵਿੱਚ ਪਰਗਟ ਕੀਤੀ ਗਈ ਮੇਰੀ ਸ਼ੰਕਾ ਦੇ ਉਤਰ ਵਿੱਚ ਵੀ ਜੋਰਦਾਰ ਦਲੀਲਾਂ ਦੇ ਕੇ, ਆਪਣੇ ਇਸ ਵਿਚਾਰ ਨੂੰ ਡਟ ਕੇ ਸਿਧ ਕਰਨ ਦਾ ਯਤਨ ਕੀਤਾ ਕਿ ਉਹਨਾਂ ਦਾ ਇਹ ਆਖਣਾ ਬਿਲਕੁਲ ਸਹੀ ਹੈ ਕਿ ਸਿੱਖ ਧਰਮ ਨਹੀਂ ਪੰਥ ਹੈ।
ਮੈਂ ਤੇ ਇਹ ਸੁਣ ਕੇ ਭੰਬਲ਼ਭੂਸੇ ਵਿੱਚ ਪੈ ਗਿਆ ਹਾਂ ਕਿ ਕੀ ਮੇਰੇ ਸਮੇਤ ਅਸੀਂ ਸਾਰੇ ਲਿਖਾਰੀ ਤੇ ਬੁਲਾਰੇ ਹੁਣ ਤੱਕ ਸਿੱਖਾਂ ਨੂੰ ਸਿੱਖ ਧਰਮ ਆਖ ਆਖ ਕੇ ਬੁੱਧੂ ਹੀ ਨਹੀਂ ਕਿਤੇ ਬਣਾਉਂਦੇ ਆ ਰਹੇ!
ਜੇਕਰ ਇਹ ਸੱਚ ਹੈ ਕਿ ਸਿੱਖ ਧਰਮ ਕੋਈ ਧਰਮ ਨਹੀਂ ਤਾਂ ਫਿਰ ਅਸੀਂ ਭਾਗਵਤ ਵਰਗਿਆਂ ਪਿੱਛੇ ਕਿਉਂ ਪਏ ਹੋਏ ਹਾਂ ਜਦੋਂ ਉਹ ਆਖਦੇ ਹਨ ਕਿ ਸਿੱਖ ਹਿੰਦੂ ਹੀ ਹਨ, ਕੋਈ ਵੱਖਰਾ ਧਰਮ ਨਹੀਂ! ਜੇਕਰ ਇਹ ਮੰਨ ਲਿਆ ਜਾਵੇ ਕਿ ਸਿੱਖ ਧਰਮ ਨਹੀਂ ਸਿਰਫ ਇੱਕ ਪੰਥ ਹੀ ਹੈ ਤਾਂ ਫਿਰ ਤੇ ਸਾਡਾ ਵਿਸ਼ਾਲ ਹਿੰਦੂ ਸਮਾਜ ਨਾਲ਼ ਝਗੜਾ ਹੀ ਕੋਈ ਨਹੀਂ ਰਹਿੰਦਾ। ਹਿੰਦੂ ਸਮਾਜ ਵਿੱਚ ਬੇਅੰਤ ਮੱਤ ਅਤੇ ਪੰਥ ਮੌਜੂਦ ਹਨ, ਉਹਨਾਂ ਵਿੱਚ ਇੱਕ ‘ਨਾਨਕ ਪੰਥੀ’ ਇਹ ਹੋਰ ਫਿਰਕਾ ਬਣ ਕੇ ਹੀ ਜੇ ਸਿੱਖ ਰਹਿਣਾ ਪਰਵਾਨ ਕਰ ਲੈਣ ਤੇ ਆਪਣੇ ਆਪ ਨੂੰ ਵੱਖਰਾ ਧਰਮ ਆਖਣੋ ਹਟ ਜਾਣ ਤਾਂ ਫਿਰ ਸਾਡਾ ਝਗੜਾ ਹੀ ਮੁੱਕ ਜਾਂਦਾ ਹੈ।
ਇਸ ਮਸਲੇ ਬਾਰੇ ਚਾਨਣਾ ਪਾਉਣ ਦੀ ਕਿਰਪਾ ਕਰੋ ਕਿ ਕੀ ਸਿੱਖ ਧਰਮ ਹੈ ਜਾਂ ਕਿ ਕੇਵਲ ਇੱਕ ਪੰਥ ਹੀ ਹੈ!
ਸ਼ੁਭਚਿੰਤਕ
ਸੰਤੋਖ ਸਿੰਘ
+61 435 060 970


18/09/14)
ਹਰਲਾਜ ਸਿੰਘ ਬਹਾਦਰਪੁਰ

ਮੇਰਾ ਗੁਰੂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੀ ਹੈ।
ਮੇਰਾ ਗੁਰੂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੀ ਹੈ। ਮੈਂ ਸਿਰਫ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ (ਰਾਗ ਮਾਲਾ ਤੋਂ ਬਗੈਰ) ਨੂੰ ਹੀ ਗੁਰਬਾਣੀ ਮੰਨਦਾ ਹਾਂ। ਮੇਰਾ ਨਿਤਨੇਮ ਵੀ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਵਿੱਚੋਂ ਹੀ ਹੈ। ਮੇਰਾ ਵਿਸਵਾਸ ਗੁਰੂ ਗ੍ਰੰਥ ਸਾਹਿਬ ਜੀ ਉਪਰ ਹੀ ਹੈ, ਮੈਨੂੰ ਹਰ ਤਰਾਂ ਦੀ ਸੇਧ ਗੁਰਬਾਣੀ ਵਿੱਚੋਂ ਮਿਲਦੀ ਹੈ। ਮੈ ਗੁਰ ਹੁਕਮਾਂ (:-ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ ਪੰਨਾ ਨੰਬਰ 920) ਦੇ ਅਨੁਸਾਰ, ਅਖੌਤੀ ਦਸਮ ਗ੍ਰੰਥ ਦੀ ਕਿਸੇ ਵੀ ਰਚਨਾ ਨੂੰ ਗੁਰਬਾਣੀ ਨਹੀਂ ਮੰਨਦਾ। ਕਿਉਂਕਿ ਮੇਰਾ ਗੁਰੂ ਗ੍ਰੰਥ ਸਾਹਿਬ ਜੀ ਅਧੂਰਾ ਗੁਰੂ ਨਹੀਂ ਹੈ। ਇਸ ਲਈ ਮੈਨੂੰ ਹੋਰ ਗ੍ਰੰਥਾਂ ਦੀਆਂ ਰਚਨਾਵਾਂ ਤੋਂ ਸੇਧ ਲੈਣ ਦੀ ਲੋੜ ਨਹੀਂ ਹੈ। ਜੋ ਲੋਕ ਕਹਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਮਨੁੱਖ ਨੂੰ ਸੰਤ ਬਣਾਉਂਦਾ ਹੈ ਅਤੇ ਦਸਮ ਗ੍ਰੰਥ ਮਨੁੱਖ ਨੂੰ ਸਿਪਾਹੀ ਬਣਾਉਂਦਾ ਹੈ, ਉਹ ਸਿੱਧੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਧੂਰਾ ਸਿੱਧ ਕਰ ਰਹੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੀਕ ਪੈਦਾ ਕਰ ਰਹੇ ਹਨ। ਪਰ ਗੁਰ ਹੁਕਮਾਂ (:- ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ ਬਾਣੀ ਕਹੈ ਸੇਵਕ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ ਪੰਨਾ ਨੰਬਰ 982) ਦੇ ਅਨੁਸਾਰ ਮੇਰਾ ਵਿਸਵਾਸ ਹੈ ਕਿ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੀ ਮਨੁੱਖ ਨੂੰ ਸੰਤ ਸਿਪਾਹੀ ਬਣਾਉਣ ਦੇ ਸਮਰੱਥ ਹੈ। ਅਖੌਤੀ ਦਸਮ ਗ੍ਰੰਥ ਮਨੁੱਖ ਨੂੰ ਸਿਰਫ ਨਸ਼ੇੜੀ ਤੇ ਕਾਮੀ ਹੀ ਬਣਾ ਸਕਦਾ ਹੈ। ਅਖੌਤੀ ਦਸਮ ਗ੍ਰੰਥ ਦੀ ਰਚਨਾ ਗੁਰਬਾਣੀ ਨਹੀਂ ਹੈ। ਇਹ ਕਿਸੇ ਗੁਰੂ ਦੋਖੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਬੇਇੱਜਤੀ ਕਰਨ ਦੇ ਮਕਸਦ ਨਾਲ, ਇਸ ਅਸ਼ਲੀਲ ਕਵਿਤਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਜੋੜ ਦਿੱਤਾ ਹੈ। ਸਿੱਖ ਕੌਮ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਉਲਟ ਸਿੱਖ ਕੌਮ ਨੂੰ ਅਖੌਤੀ ਦਸਮ ਗ੍ਰੰਥ ਦੇ ਲੜ ਲਾਉਣ ਵਾਲੇ, ਸਿੱਖ ਕੌਮ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਸ਼ਮਣ ਹਨ, ਇਹਨਾ ਨੂੰ ਪਹਿਚਾਨਣ ਦੀ ਲੋੜ ਹੈ। ਮੈਂ ਅਕਾਲ ਤਖਤ ਸਾਹਿਬ ਨੂੰ ਮੰਨਦਾ ਹਾਂ ਪਰ ਅਕਾਲ ਤਖਤ ਦੇ ਨਾਮ ਤੇ ਜਾਰੀ ਕੀਤੇ ਜਾਂਦੇ ਪੁਜਾਰੀਆਂ (ਅਖੌਤੀ ਜਥੇਦਾਰਾਂ) ਦੇ ਬਕਬਾਸ ਨੂੰ ਅਕਾਲ ਤਖਤ ਦਾ ਹੁਕਮਨਾਮਾ ਨਹੀਂ ਮੰਨਦਾ। ਮੇਰੇ ਲਈ ਗੁਰਬਾਣੀ ਹੀ ਅਕਾਲ ਤਖਤ ਦਾ ਹੁਕਮ ਹੈ। ਗੁਰੁ ਗ੍ਰੰਥ ਸਾਹਿਬ ਜੀ ਵਿੱਚੋਂ ਲਏ ਜਾਂਦੇ ਹੁਕਮਨਾਮੇ ਹੀ ਮੇਰੇ ਲਈ ਹੁਕਮਨਾਮੇ ਹਨ। ਜੋ ਲੋਕ ਅਕਾਲ ਤਖਤ ਦੇ ਨਾਮ ਤੇ ਪੁਜਾਰੀਆਂ (ਅਖੌਤੀ ਜਥੇਦਾਰਾਂ) ਦੇ ਬੋਲਾਂ ਕਬੋਲਾਂ ਨੂੰ ਹੁਕਮਨਾਮੇ ਮੰਨਦੇ ਹਨ। ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੀਕ ਪੈਦਾ ਕਰ ਰਹੇ ਹਨ। ਕਿਉਂਕਿ ਸਿੱਖਾਂ ਲਈ ਹੁਕਮਨਾਮਾ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਹੋ ਸਕਦਾ ਹੈ। ਕਿਸੇ ਮਨੁੱਖ ਦੇ ਬੋਲਾਂ ਕੁਬੋਲਾਂ ਨੂੰ ਹੁਕਮਨਾਮਾ ਮੰਨਣਾ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨਾ ਹੈ।

ਹਰਲਾਜ ਸਿੰਘ ਬਹਾਦਰਪੁਰ, ਤਾਰੀਖ 17-09 2014
ਨੋਟ:- ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੇ ਸਿੱਖਾਂ ਨੂੰ ਬੇਨਤੀ ਹੈ ਕਿ ਉਹ ਜੇ ਇਸ ਲਿਖਤ ਨੂੰ ਠੀਕ ਸਮਝਣ ਤਾਂ ਇਸ ਲਿਖਤ ਵਿੱਚ ਆਪਣਾ ਨਾਮ ਪਾ ਕੇ, ਆਪੋ ਆਪਣੇ ਸਾਧਨਾਂ (ਫੇਸਬੁੱਕ, ਟਵੀਟਰ, ਵੱਅਟਸਅੱਪ, ਵੈੱਬਸਾਈਟਾਂ ਆਦਿ) ਰਾਂਹੀਂ ਇਸ ਨੂੰ ਵੱਧ ਤੋਂ ਵੱਧ ਸੇਅਰ ਕਰੋ ਤਾਂ ਕਿ ਅਖੌਤੀ ਦਸ਼ਮ ਗ੍ਰੰਥੀਆਂ/ਜਥੇਦਾਰਾਂ ਨੂੰ ਪਤਾ ਲੱਗ ਜਾਵੇ ਕਿ ਸਿੱਖ ਕੌਮ ਹਾਲੇ ਜਿਉਂਦੀ ਹੈ।


18/09/14)
ਸਿੰਘ ਸਭਾ ਕੈਨੇਡਾ

ਸਿੰਘ ਸਭਾ ਕੈਨੇਡਾ ਵਲੋਂ ਹੋਈ ਕਾਨਫਰੰਸ ਵਿੱਚ ਮੁਕੰਮਲ ‘ਦਸਮ ਗਰੰਥ’ ਰੱਦ

14 ਸਤੰਬਰ ਨੂੰ ਮਿਸਿਸਾਗਾ , ਟੋਰਾਂਟੋ , ਕੈਨੇਡਾ ਵਿਖੇ ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਵਲੋਂ ਕਾਨਫਰੰਸ ਆਯੋਜਿਤ ਕੀਤੀ ਗਈ ।

ਵਿਸ਼ਾ :- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਤੇ ਦਸਮ ਗਰੰਥ ਦੀ ਪਰਖ

ਇਸ ਕਾਨਫ਼ਰੰਸ ਵਿਚ ਹਿੱਸਾ ਲੈਣ ਵਾਸਤੇ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿਚੋਂ ਵਿਦਵਾਨ ਪੁੱਜੇ ਹੋਏ ਸਨ। ਹੋਰਨਾਂ ਤੋਂ ਇਲਾਵਾ ਸਿੱਖ ਵਿਦਵਾਨ ਤੇ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ (ਇੰਗਲੈਂਡ), ਪੰਥਕ ਪ੍ਰਚਾਰਕ ਅਤੇ ਦਰਜਨ ਤੋਂ ਵੀ ਵਧ ਪੁਸਤਕਾਂ ਦੇ ਲੇਖਕ ਪ੍ਰੋ ਇੰਦਰ ਸਿੰਘ ਘੱਗਾ (ਪਟਿਆਲਾ, ਭਾਰਤ), ਮੁਖ ਪ੍ਰਚਾਰਕ ਅਤੇ ਗੁਰਬਾਣੀ ਦੇ ਵਿਦਵਾਨ ਸ. ਚਮਕੌਰ ਸਿੰਘ (ਫ਼ਰਿਜ਼ਨੋ ਅਮਰੀਕਾ), ਸਿੰਘ ਸਭਾ ਲਹਿਰ ਕਨੇਡਾ ਦੇ ਮੁਖੀ ਸ. ਗੁਰਚਰਨ ਸਿੰਘ ਜਿਊਣਵਾਲਾ (ਕਨੇਡਾ), ਦਸਮਗ੍ਰੰਥ ਸਬੰਧੀ ਖੋਜੀ ਕਰਨ ਵਾਲੀ ਬੀਬੀ ਜੁਗਰਾਜ ਕੌਰ, ਸ. ਵਰਿੰਦਰ ਸਿੰਘ ਗੋਲਡੀ (ਲਾਸ ਏਂਜਲਸ, ਅਮਰੀਕਾ), ਪ੍ਰੋ. ਮਨਜੀਤ ਸਿੰਘ ਪਿਆਸਾ (ਕੈਲਗਰੀ), ਸ. ਅਮੋਲਕ ਸਿੰਘ ਕੈਲੇਫ਼ੋਰਨੀਆ, ਕਰਨਲ ਅਵਤਾਰ ਸਿੰਘ , ਅਜੀਤ ਸਿੰਘ ਸਹੋਤਾ ਤੇ ਹੋਰਨਾਂ ਨੇ ਦਸਮ ਗ੍ਰੰਥ ਦੇ ਵੱਖ ਵੱਖ ਵਿਸ਼ਿਆ ‘ਤੇ ਬਹੁਤ ਸੰਜੀਦਾ ਖੋਜ ਭਰੇ ਪੇਪਰ ਪੇਸ਼ ਕੀਤੇ। ਭਾਈ ਮਨਦੀਪ ਸਿੰਘ ਵਰਨਨ ਅਤੇ ਭਾਈ ਬਲਜੀਤ ਸਿੰਘ ਨੇ ਦਸਮ ਗ੍ਰੰਥ ਅਤੇ ਡੇਰੇ ਟਕਸਾਲਾਂ ਦਾ ਪਾਜ ਉਧੇੜ ਦੀਆਂ ਕਵੀਸ਼ਰੀ ਰਚਨਾਵਾਂ ਪੇਸ਼ ਕੀਤੀਆਂ । ਸਟੇਜ ਸਕੱਤਰ ਦੀ ਸੇਵਾ ਗੁਰਚਰਨ ਸਿੰਘ ਜਿਉਣਵਾਲਾ ਨੇ ਨਿਭਾਈ ।

ਸਮੂਹ ਬੁਲਾਰਿਆਂ ਨੇ ਗੁਰਬਾਣੀ ਦੇ ਆਧਾਰ ਤੇ ਦਸਮ ਗ੍ਰੰਥ ਦੀ ਪੜਚੋਲ ਕਰਕੇ ਇਸ ਨੂੰ ਰੱਦ ਕੀਤਾ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਨਹੀਂ ਹੈ । ਇਤਿਹਾਸਕ ਅਤੇ ਸਾਹਿਤਕ ਤੌਰ ਤੇ ਵੀ ਇਹ ਗ੍ਰੰਥ  ਸਿੱਖ ਸਿਧਾਂਤ ਦੀ ਤਰਜ਼ਮਾਨੀ ਨਹੀਂ ਕਰਦਾ ਬਲਕਿ ਇਸ ਵਿੱਚ ਚਰਿਤਰੋ ਪਾਖਿਯਾਨ ਵਰਗੀਆਂ ਅਸ਼ਲੀਲ ਕਵਿਤਾਵਾਂ  ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ਤੇ ਮੜ੍ਹ ਦਿਤੀਆਂ ਗਈਆਂ ਹਨ। 

ਡਾ: ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਕਿ ਦਸਮਗ੍ਰੰਥ ਦੀਆਂ ਬਾਕੀ ਰਚਨਾਵਾਂ ਵਾਂਙ ਜਾਪੁ, ਸਵੈਯੇ, ਚੌਪਈ ਵੀ ਗੁਰੂ ਲਿਖਤ ਨਹੀਂ ਹਨ ਤੇ ਇਨ੍ਹਾਂ ਨੂੰ ਨਿਤਨੇਮ ਤੇ ਪਾਹੁਲ ਦੀਆਂ ਬਾਣੀਆਂ ਵਿਚ ਨਿਰਮਲੇ ਤੇ ਉਦਾਸੀ ਪੁਜਾਰੀਆਂ ਨੇ ਉਦੋਂ ਸ਼ਾਮਿਲ ਕੀਤਾ ਸੀ ਜਦ ਉਹ ੧੭੮੦ ਤੋਂ ੧੯੨੦ ਤਕ ਦਰਬਾਰ ਸਾਹਿਬ ‘ਤੇ ਕਾਬਜ਼ ਰਹੇ ਸਨ। ਉਨ੍ਹਾਂ ਕਿਹਾ ਕਿ ੧੮੯੭ ਵਿਚ ਬਣਾਈ ਗਈ ਅਖੋਤੀ ‘ਸੋਧਕ ਕਮੇਟੀ’ ਖੇਮ ਸਿੰਘ ਬੇਦੀ ਦੇ ਪਿੱਛਲਗ ਉਨ੍ਹਾਂ ਬ੍ਰਾਹਮਣੀ ਤੇ ਨਿਰਮਲੇ ਪੁਜਾਰੀਆਂ ਦੀ ਹੀ ਸੀ ਜਿਨ੍ਹਾਂ ਨੇ ੧੮੮੭ ਵਿਚ ਪ੍ਰੋ. ਗੁਰਮੁਖ ਸਿੰਘ ਨੂੰ ਅਖੌਤੀ ਤੌਰ ‘ਤੇ ਪੰਥ ਵਿਚੋਂ ਖਾਰਿਜ ਕੀਤਾ ਸੀ। ਉਨਾਂ ਕਿਹਾ ਕਿ ੧੯੨੦ ਵਿਚ ਜਦ ਅਕਾਲੀ ਲਹਿਰ ਦੇ ਆਗੂਆਂ ਨੇ ਦਰਬਾਰ ਸਾਹਿਬ ਨੂੰ ਇਨ੍ਹਾਂ ਮਹੰਤਾਂ ਤੋਂ ਆਜ਼ਾਦ ਤਾਂ ਕਰਵਾ ਲਿਆ ਪਰ ਜਿੱਥੇ ਉਹ ਦਰਬਾਰ ਸਾਹਿਬ ਵਿਚੋਂ ਮਨਮਤੀ ਤੇ ਬ੍ਰਾਹਮਣੀ ਕਾਰਵਾਈਆਂ ਨੂੰ ਖ਼ਤਮ ਨਾ ਕਰ ਸਕੇ ਉਥੇ ਉਹ ਸਾਕਤ ਮਤ ਦੀਆਂ ਕਵਿਤਾਵਾਂ ਨੂੰ ਜਾਪੁ, ਸਵੈਯੇ, ਚੌਪਈ ਨੂੰ ਵੀ ਨਿਤਨੇਮ ਤੇ ਪਾਹੁਲ ਦੀਆਂ ਬਾਣੀਆਂ ਵਿਚੋਂ ਨਾ ਕੱਢ ਸਕੇ।

ਪ੍ਰਸਿੱਧ ਪ੍ਰਚਾਰਕ ਪ੍ਰੋ ਇੰਦਰ ਸਿੰਘ ਘੱਗਾ ਨੇ ਕਿਹਾ ਕਿ ਦਸਮਗ੍ਰੰਥ ਸਿੱਖ ਧਰਮ ‘ਤੇ ਬਹੁਤ ਵੱਡਾ ਸਾਜ਼ਸ਼ੀ ਹਮਲਾ ਹੈ। ਪਰ ਪੰਥ ਵਾਸਤੇ ਤਸੱਲੀ ਦੀ ਗੱਲ ਇਹ ਹੈ ਕਿ ਪੰਥ ਨੇ ਇਸ ਸਾਜ਼ਿਸ਼ ਨੂੰ ਭਾਵੇਂ ਦੇਰ ਨਾਲ ਹੱਥ ਪਾਇਆ ਹੈ ਪਰ  ਬਹੁਤ ਛੇਤੀ ਹੀ ਇਸ ਨੂੰ ਬੇਨਕਾਬ ਕਰ ਦਿੱਤਾ ਹੈ। ਉਨ੍ਹਾਂ ਨੇ ਅਖੌਤੀ ਦਸਮਗ੍ਰੰਥ ਦੀਆਂ ਕਵਿਤਾਵਾਂ ਅਤੇ ਗੁਰੁ ਗ੍ਰੰਥ ਸਾਹਿਬ ਦੀ ਬਾਣੀ ਦਾ ਟਾਕਰਾ ਕਰਦਿਆਂ ਕਿਹਾ ਕਿ ਦੋਹਾਂ ਵਿਚ ਕਰੋੜਾਂ ਕੋਹਾਂ ਦਾ ਫ਼ਰਕ ਹੈ। ਉਨ੍ਹਾਂ ਕਿਹਾ ਕਿ ਗੁਰੁ ਗ੍ਰੰਥ ਸਾਹਿਬ ਰੂਹਾਨੀਅਤ ਦੀ ਬਾਣੀ ਦੀ ਖ਼ੁਸ਼ਬੂ ਹੈ ਅਤੇ ਦੂਜੇ ਪਾਸੇ ਦਸਮਗ੍ਰੰਥ ਕਾਮ ਵਾਸ਼ਨਾ, ਕਤਲਾਂ ਤੇ ਜੁਰਮਾਂ ਦੀ ਬਦਬੂ ਦੀ ਕੰਜਰ ਕਵਿਤਾ ਹੈ।

ਸ ਗੁਰਚਰਨ ਸਿੰਘ ਜਿਉਣਵਾਲਾ ਨੇ ਹਿੰਦੂ ਮਿਥਹਾਸਕ ਰਚਨਾਵਾਂ ਵਿਚੋਂ ਮਿਸਾਲਾਂ ਦੇ ਕੇ ਸਾਬਿਤ ਕੀਤਾ ਕਿ ਅਖੌਤੀ ਦਸਮਗ੍ਰੰਥ ਦੀਆਂ ਰਚਨਾਵਾਂ ਦਾ ਬਹੁਤਾ ਹਿੱਸਾ ਹਿੰਦੂ ਗ੍ਰੰਥਾਂ, ਖ਼ਾਸ ਕਰ ਕੇ ਮਾਰਕੰਡੇ ਪੁਰਾਣ ਦਾ ਅਨੁਵਾਦ ਤੇ ਰੂਪਾਂਤਰ ਹਨ। ਉਨ੍ਹਾਂ ਨੇ ਕਿਹਾ ਕਿ ਇਹ ਬ੍ਰਾਹਮਣੀ ਸਮਾਜ ਦੀ ਬਦਕਿਸਮਤੀ ਹੈ ਕਿ ਸਿੱਖਾਂ ਨੇ ਇਸ ਸਾਜ਼ਿਸ਼ ਨੂੰ ਤਾੜ ਲਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ‘ਤੇ ਲਾਏ ਜਾ ਰਹੇ ਦਾਗ਼ ਨੂੰ ਨੰਗਾ ਕੀਤਾ।

ਸ ਵਰਿੰਦਰ ਸਿੰਘ ਗੋਲਡੀ ਨੇ ‘ਚੌਪਈ’ ਜਿਸ ਨੂੰ ਨਿਰਮਲਿਆਂ ਨੇ ਗੁਰੁ ਰਚਨਾ ਬਣਾਉਣ ਦੀ ਸਾਜ਼ਿਸ਼ ਰਚੀ ਸੀ, ਦਾ ਭਰਪੂਰ ਵਿਸ਼ਲੇਸ਼ਣ ਕੀਤਾ ਅਤੇ ਇਸ ਦਾ ਇਤਿਹਾਸ ਤੇ ਪਿਛੋਕੜ ਵਰਨਣ ਕੀਤਾ ਅਤੇ ਇਸ ਨੂੰ ਨਿਤਨੇਮ ਵਿਚ ਸ਼ਾਮਿਲ ਕਰਨ ਦੀ ਨਿੰਦਾ ਕੀਤੀ। ਉਨ੍ਹਾਂ ਸੰਗਤਾਂ ਨੂੰ ਕਿਹਾ ਕਿ ਉਹ ਸਾਕਤ ਮਤ ਦੀ ਇਸ ਰਚਨਾ ਨੂੰ ਬਾਣੀ ਸਮਝ ਕੇ ਨਾ ਪੜ੍ਹਿਆ ਕਰਨ। ਸ ਅਮੋਲਕ ਸਿੰਘ ਨੇ ‘ਬਚਿਤਰ ਨਾਟਕ’ ਕਵਿਤਾ ਦੀ ਖ਼ੂਬ ਅਲੋਚਨਾ ਕੀਤੀ। ਉਨ੍ਹਾਂ ਨੇ ਇਸ ਵਿਚਲੀਆਂ ਇਤਿਹਾਸਕਰ ਤੇ ਸਿਧਾਂਤਕ ਗ਼ਲਤੀਆਂ ਬਿਆਨ ਕਰਦਿਆਂ ਕਿਹਾ ਕਿ ਇਹ ਲਿਖਤ ਸਾਕਤ ਮਤ ਦੀ ਰਚਨਾ ਤਾਂ ਹੋ ਸਕਦੀ ਹੈ ਗੁਰੁ ਲਿਖਤ ਨਹੀਂ।

ਬੀਬੀ ਜੁਗਰਾਜ ਕੌਰ ਨੇ ਦਸਮਗ੍ਰੰਥ ਦੇ ਵੱਖ ਵੱਖ ਹਿੱਸਿਆਂ ਦੀ ਭਰਪੂਰ ਅਲੋਚਣਾ ਕੀਤੀ ਅਤੇ ਕਿਹਾ ਕਿ ਇਸ ਵਿਚੋਂ ਕੋਈ ਵੀ ਗੁਰੁ ਕਿਰਤ ਨਹੀਂ ਹੋ ਸਕਦੀ। ਉਨ੍ਹਾਂ ਰਾਜ਼ ਖੋਲ੍ਹਿਆ ਕਿ ਜਦ ਮੈਂ ਪੀ.ਐਚ.ਡੀ. ਕਰ ਰਹੀ ਸੀ ਤਾਂ ਮੈਨੂੰ ਧਮਕੀ ਦਿੱਤੀ ਗਈ ਕਿ ਜੇ ਮੈਂ ਇਸ ਦੀ ਪ੍ਰਮਾਣੀਕਤਾ ਨੂੰ ਚੈਲੰਜ ਕੀਤਾ ਤਾਂ ਇਸ ਥੀਸਿਸ ‘ਤੇ ਡਿਗਰੀ ਨਹੀਂ ਦਿੱਤੀ ਜਾਵੇਗੀ। ਅਮਰੀਕਾ ਤੋਂ ਪੁੱਜੇ ਵਿਦਵਾਨ ਪ੍ਰਚਾਰਕ ਸ ਚਮਕੌਰ ਸਿੰਘ ਨੇ ਦਸਮਗ੍ਰੰਥ ਨੂੰ ਸਾਕਤ ਮਤ ਦੀ ਰਚਨਾ ਗਰਦਾਨਿਆ ਅਤੇ ਇਸ ਅਲਾਮਤ ਤੋਂ ਬਚਣ ਦਾ ਸੱਦਾ ਦਿੱਤਾ।

ਇਸ ਵਿਸ਼ਵ ਸਿੱਖ ਕਾਨਫ਼ਰੰਸ ( ਟਾਰਾਂਟੋ , ੧੪ ਸਤੰਬਰ ੨੦੧੪ ) ਵਿੱਚ ਮੌਜੂਦ ਸਰੋਤਿਆਂ ਨੇ ਪੇਸ਼ ਕੀਤੇ ਚਾਰ ਮਤੇ ਪੂਰੀ ਸਰਬਸੰਮਤੀ ਨਾਲ ਪਾਸ ਕੀਤੇ । ਜਿਨਾਂ ਵਿੱਚ ਪਾਸ ਕੀਤਾ ਗਿਆ ਕਿ ਦਸਮਗ੍ਰੰਥ ਦਾ ਕੋਈ ਵੀ ਹਿੱਸਾ ਗੁਰੁ ਦੀ ਬਾਣੀ ਨਹੀਂ ਹੈ। ਜਾਪੁ, ਸਵੈਯੇ, ਚੌਪਈ ਤੇ ਅਕਾਲ ਉਸਤਤਿ ਵੀ ਗੁਰੂ ਲਿਖਤ ਨਹੀਂ ਹਨ। ਜਿਨ੍ਹਾਂ ਗੁਰਦੁਆਰਿਆਂ ਵਿਚ ਦਸਮਗ੍ਰੰਥ ਦਾ ਪ੍ਰਕਾਸ਼ ਹੈ ਸੰਗਤਾਂ ਨੂੰ ਉਥੇ ਇਕ ਧੇਲਾ ਵੀ ਮੱਥਾ ਨਹੀਂ ਟੇਕਣਾ ਚਾਹੀਦਾ। ਇਹ ਮਤੇ ਸ. ਅਮਰ ਸਿੰਘ ਤੁੱਸਰ, ਸ. ਸੁਖਦੀਪ ਸਿੰਘ ਪਰਹਾਰ, ਸ. ਬਲਰਾਜ ਸਿੰਘ ਸਪੋਕਨ, ਸ. ਸੁਖਦੇਵ ਸਿੰਘ ਸੇਖੌਂ ਨੇ ਪੇਸ਼ ਕੀਤੇ।

ਇਸ ਮੌਕੇ ‘ਤੇ ਪੁਸਤਕਾਂ ਦੀ ਨੁਮਾਇਸ਼ ਵੀ ਲਾਈ ਗਈ ਅਤੇ ਲੋਕਾਂ ਨੇ ਵੱਡੀ ਗਿਣਤੀ ਵਿਚ ਪੁਸਤਕਾਂ ਖ਼ਰੀਦੀਆਂ। ਸਿੰਘ ਸਭਾ ਇੰਟਰਨੈਸ਼ਨਲ , ਕੈਨੇਡਾ ਵਲੋਂ ਦਸਮ ਗ੍ਰੰਥ ਤੇ ਕਢਿਆ ਗਿਆ ਮੈਗਜ਼ੀਨ ‘ ਖਾਲਸਾ ਅਖਬਾਰ ਅੰਕ ਤੀਜਾ ’ ਅਤੇ ਗੁਰਮਤਿ / ਇਤਹਾਸਿਕ ਸੀ ਡੀਜ਼ ਮੁਫ਼ਤ ਵੰਡੀਆਂ ਗਈਆਂ । ਅਖੋਤੀ ਸਾਧ ਅਮਰ ਸਿੰਘ ਬੜੂਦੀ ਵਾਲੇ ਦੀਆਂ ਕਰਤੂਤਾਂ ਨੂੰ ਨੰਗਾ ਕਰਦੇ ਮਲੇਸ਼ੀਆ ਕੋਰਟ ਵਿਚੋਂ ਕਢਾਏ ਗਏ ਦਸਤਾਵੇਜ਼ ਵੀ ਵੰਡੇ ਗਏ ।

ਇਸ ਸਮਾਗਮ ਵਿਚ ਸਿਰਫ਼ ਕਨੇਡਾ ਹੀ ਨਹੀਂ ਬਲਕਿ ਅਮਰੀਕਾ ਵਿਚ ਦੂਰ ਦੂਰ ਤੋਂ ਸੰਜੀਦਾ ਸਰੋਤੇ ਪੁੱਜੇ ਹੋਏ ਸਨ। ਦੂਰ ਦੇ ਇਲਾਕਿਆਂ ਦੇ ਲੋਕ ਕਾਰਾਂ ਹੀ ਨਹੀਂ ਬਲਕਿ ਜਹਾਜ਼ਾਂ ਰਾਹੀਂ ਵੀ ਪੁੱਜੇ। ਇਸ ਕਾਨਫ਼ਰੰਸ ਵਿਚ ਪ੍ਰਸਿਧ ਲੇਖਕ ਸ ਬਲਬੀਰ ਸਿੰਘ ਮੋਮੀ ਦੀਆਂ ਪੰਜ ਪੁਸਤਕਾਂ ਅਤੇ ਸ.ਬਲਦੇਵ ਸਿੰਘ ਟਾਰਾਂਟੋ ਦੀ ਇਕ ਪੁਸਤਕ ‘ ਭੱਟ ਬਾਣੀ ‘ ਵੀ ਰਲੀਜ਼ ਕੀਤੀ ਗਈ।

ਕਾਨਫਰੰਸ ਵਿੱਚ ਚਾਹ ਪਾਣੀ ਅਤੇ ‘ਸਿੰਘ ਖਾਣੇ’ ਦਾ ਖਾਸ ਪ੍ਰਬੰਧ ਸੀ । ਸਿੰਘ ਸਭਾ ਵਲੋਂ ਸਾਰੇ ਵਿਦਵਾਨ ਬੁਲਾਰਿਆਂ ਅਤੇ ਸਰੋਤਿਆਂ ਦਾ ਬਹੁਤ ਧੰਨਵਾਦ ਕੀਤਾ ਗਿਆ ਜਿਨਾਂ ਦੇ ਸਹਿਯੋਗ ਨਾਲ ਇਹ ਇਤਿਹਾਸਿਕ ਕਾਨਫਰੰਸ ਨੇਪਰੇ ਚੜ ਸਕੀ ।

***********************************************************

ਵਿਸ਼ਵ ਸਿੱਖ ਕਾਨਫਰੰਸ ਵਲੋਂ ਪਾਸ ਕੀਤੇ ਚਾਰ ਮਤੇ

ਜਾਪੁ, ਸਵੈਯੇ, ਚੌਪਈ ਗੁਰੂ ਲਿਖਤ ਨਹੀਂ ਤੇ ਇਨ੍ਹਾਂ ਨੂੰ ਨਿਤਨੇਮ ਤੇ ਪਾਹੁਲ ਦੀਆਂ ਬਾਣੀਆਂ ਵਿਚ ਨਿਰਮਲਿਆਂ ਨੇ ਸ਼ਾਮਿਲ ਕੀਤਾ ਸੀ।

ਟਰਾਂਟੋ (ਕਨੇਡਾ) – ਸਿੰਘ ਸਭਾ ਇੰਟਰਨੈਸ਼ਨਲ ਕਨੇਡਾ ਵੱਲੋਂ ੧੪ ਸਤੰਬਰ ੨੦੧੪ ਦੇ ਦਿਨ ਟਰਾਂਟੋ (ਕਨੇਡਾ) ਵਿਚ ਹੋਈ ਵਿਸ਼ਵ ਸਿੱਖ ਕਾਨਫ਼ਰੰਸ ਨੇ ਪਾਸ ਕੀਤਾ ਕਿ ਦਸਮਗ੍ਰੰਥ ਦਾ ਕੋਈ ਵੀ ਹਿੱਸਾ ਗੁਰੁ ਦੀ ਬਾਣੀ ਨਹੀਂ ਹੈ। ਜਾਪੁ, ਸਵੈਯੇ, ਚੌਪਈ ਤੇ ਅਕਾਲ ਉਸਤਤਿ ਵੀ ਗੁਰੂ ਲਿਖਤ ਨਹੀਂ ਹਨ। ਜਿਨ੍ਹਾਂ ਗੁਰਦੁਆਰਿਆਂ ਵਿਚ ਦਸਮਗ੍ਰੰਥ ਦਾ ਪ੍ਰਕਾਸ਼ ਹੈ ਸੰਗਤਾਂ ਨੂੰ ਉਥੇ ਇਕ ਧੇਲਾ ਵੀ ਮੱਥਾ ਨਹੀਂ ਟੇਕਣਾ ਚਾਹੀਦਾ। ਇਹ ਮਤੇ ਸਿੰਘ ਸਭਾ ਇੰਟਰਨੈਸ਼ਨਲ ਕਨੇਡਾ ਵੱਲੋਂ ੧੪ ਸਤੰਬਰ ੨੦੧੪ ਦੇ ਦਿਨ ਕਰਵਾਈ ਗਈ ਵਿਸ਼ਵ ਸਿੱਖ ਕਾਨਫ਼ਰੰਸ ਵਿਚ ਪਾਸ ਕੀਤੇ ਗਏ। ਇਹ ਮਤੇ ਸ. ਅਮਰ ਸਿੰਘ ਤੁੱਸਰ, ਸ. ਸੁਖਦੀਪ ਸਿੰਘ , ਸ. ਬਲਰਾਜ ਸਿੰਘ ਸਪੋਕਨ, ਸ. ਸੁਖਦੇਵ ਸਿੰਘ ਸੇਖੌਂ ਨੇ ਪੇਸ਼ ਕੀਤੇ।

ਮਤਾ ਨੰ.੧: ਅੱਜ ਦੀ ਇਸ ਕਾਨਫ੍ਰੰਸ ਵਿਚ ਇਹ ਮਤਾ ਪੇਸ਼ ਕੀਤਾ ਜਾਂਦਾ ਹੈ ਕਿ, ਕੀ ਦਸਮ ਗ੍ਰੰਥ ਸੰਪੂਰਣ ਰੂਪ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਸਾਬਤ ਹੁੰਦੀ ਹੈ ? ਸ਼੍ਰੋ.ਗੁ.ਪ੍ਰ.ਕਮੇਟੀ ਅੰਮ੍ਰਿਤਸਰ ਦੇ 3 ਅਗਸਤ 1973 ਦੇ ਮਤਾ ਨੰਬਰ 36672 ਅਨੁਸਾਰ “ ਚਰਿਤ੍ਰੋਪਾਖਿਆਨ ਜੋ ਦਸਮ ਗ੍ਰੰਥ ਵਿਚ ਅੰਕਿਤ ਹਨ, ਇਹ ਦਸ਼ਮੇਸ਼ ਬਾਣੀ ਨਹੀਂ। ਇਹ ਪੁਰਾਤਨ ਹਿੰਦੂ ਮਿਤਿਹਾਸਕ ਸਾਖੀਆਂ ਦਾ ਉਤਾਰਾ ਹੈ ”। ਇਸ ਮੀਟਿੰਗ ਵਿਚ ਭਾਗ ਲੈਣ ਵਾਲੇ ਦਰਬਾਰ ਸਾਹਿਬ ਦੇ ਗ੍ਰੰਥੀ, ਜਿਨ੍ਹਾ ਨੂੰ 1978 ਤੋਂ ਪਹਿਲਾਂ ਸਿੰਘ ਸਾਹਿਬ ਕਿਹਾ ਜਾਂਦਾ ਸੀ, ਅਤੇ ਜੱਥੇਦਾਰ ਅਕਾਲ ਤਖਤ ਸ਼ਾਮਲ ਸਨ। ਚਰਿਤ੍ਰੋਪਾਖਿਆਨ ਜੋ ਇਕ ਵੱਡ ਅਕਾਰੀ ਰਚਨਾ ਹੈ ਤੇ ਦਸਮ ਗ੍ਰੰਥ ਦੇ 808 ਪੰਨੇ ਤੋਂ ਚੱਲ ਕੇ 1388 ਪੰਨੇ ਤਕ ਦਰਜ਼ ਹੈ, ਮਤਲਬ 581 ਪੰਨੇ ਜੋ ਇਸ ਗ੍ਰੰਥ ਦੇ ਤੀਜੇ ਹਿਸੇ ਤੋਂ ਵੀ ਜ਼ਿਆਦਾ ਹਨ, ਨੂੰ ਸ਼੍ਰੋ.ਗੁ.ਪ੍ਰ.ਕਮੇਟੀ ਅੰਮ੍ਰਿਤਸਰ ਆਪ ਹੀ ਰੱਦ ਕਰਦੀ ਹੈ। ਇਨ੍ਹਾ ਮੁਤਾਬਕ ਚਰਿਤ੍ਰੋਪਾਖਯਾਨ ਗੁਰੂ ਜੀ ਦੀ ਲਿਖਤ ਨਹੀਂ ਤਾਂ ਅੱਜ ਦੀ ਚੌਪਈ, ਜੋ 404ਵੇਂ ਚਰਿਤ੍ਰ ਦਾ ਅਖੀਰਲਾ ਹਿਸਾ ਹੈ, ਸਾਡੀ ਰਹਿਰਾਸ ਦਾ ਹਿਸਾ, ਸਾਡੇ ਨਿਤਨੇਮ ਦਾ ਅਤੇ ਖੰਡੇਬਾਟੇ ਦੀ ਪਾਹੁਲ ਤਿਆਰ ਕਰਨ ਵਾਲੀਆਂ ਬਾਣੀਆਂ ਦਾ ਹਿਸਾ ਵੀ ਮੰਨ ਲਿਆ ਗਿਆ ਹੈ, ਵੀ ਆਪਣੇ ਆਪ ਰੱਦ ਹੋ ਜਾਂਦੀ ਹੈ। ਸਾਡਾ ਅੱਜ ਦਾ ਇਹ ਫੈਸਲਾ ਗਿਆਨੀ ਭਾਗ ਸਿੰਘ ਅੰਬਾਲਾ ਦੀ ਪੁਸਤਕ, “ਦਸਮ ਗ੍ਰੰਥ ਨਿਰਣੈ”, ਡੀ. ਲਿਟ. ਰਤਨ ਸਿੰਘ ਜੱਗੀ ਦਾ ਪੀ.ਐਚ ਡੀ. ਦਾ ਥੀਸਿਜ਼, “ ਦਸਮ ਗ੍ਰੰਥ ਕਰਤ੍ਰਿਤਵ” ਜੋ 1960 ਵਿਚ ਲਿਖਿਆ ਗਿਆ ਅਤੇ 1965 ਵਿਚ ਛਪਵਾਇਆ ਗਿਆ, ਸਿੱਖ ਸ਼ਹੀਦ ਮਿਸ਼ਨਰੀ ਕਾਲਜ਼ ਅੰਮ੍ਰਿਤਸਰ ਦੇ ਪ੍ਰਿ. ਹਰਭਜਨ ਸਿੰਘ ਦੀਆ ਲਿਖਤਾਂ, “ਦਸਮ ਗ੍ਰੰਥ ਬਾਰੇ ਚੋਣਵੇਂ ਲੇਖ”, ਹਿਸਟਰੀ ਰੀਸਰਚ ਸਕਾਲਰ ਭਾਈ ਰਣਧੀਰ ਸਿੰਘ ਸ਼੍ਰੋ. ਗੁ. ਪ੍ਰ. ਕਮੇਟੀ ਅੰਮ੍ਰਿਤਸਰ, ਜਿਨ੍ਹਾ ਨੇ 40 ਸਾਲ ਸਿੱਖ ਧਰਮ ਲਈ ਸੱਚੀ ਸੁੱਚੀ ਸੇਵਾ ਕੀਤੀ, ਦੀਆਂ ਲਿਖਤਾਂ “ਪ੍ਰੇਮ ਸੁਮਾਰਗ ਗ੍ਰੰਥ”, ਡਾ. ਗੁਰਮੁੱਖ ਸਿੰਘ ਦਿੱਲੀ ਵਾਲੇ ਦੀਆਂ ਲਿਖਤਾਂ, ਰਹਿਤਨਾਮੇ ਵੱਖਰੇ ਵੱਖਰੇ ਸਿੱਖਾਂ ਦੇ ਅਤੇ ਬੀਬੀ ਜੁਗਰਾਜ ਕੌਰ ਦੀ ਆਪਣੇ ਪੀ.ਐਚ.ਡੀ. ਵਾਸਤੇ ਕੀਤੀ ਖੋਜ ਅਤੇ ਦਸਮ ਗ੍ਰੰਥ ਵਿਚ ਜੋ ਕੁੱਝ ਵੀ ਲਿਖਿਆ ਗਿਆ ਹੈ ਉਸ ਤੇ ਕੀਤੀ ਸਾਡੀ ਆਪਣੀ ਖੋਜ਼ ਤੇ ਅਧਾਰਤ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਵੀ ਇਹੋ ਫੁਰਮਾਨ ਹੈ, “ ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥੫॥ {ਪੰਨਾ 982}। ਸਾਹਿਬੁ ਮੇਰਾ ਏਕੋ ਹੈ ॥ ਏਕੋ ਹੈ ਭਾਈ ਏਕੋ ਹੈ ॥੧॥ ਰਹਾਉ ॥ ਪੰਨਾ 350॥

ਗੁਰੂ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਇਨ੍ਹਾ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਸੀਂ ਅਖੌਤੀ ਦਸਮ ਘ੍ਰੰਤ ਜਿਸ ਨੂੰ ਅੱਜ-ਕੱਲ੍ਹ “ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਕਿਹਾ ਜਾ ਰਿਹਾ ਹੈ ਅਤੇ ਜੋ ਸਿੱਖਾਂ ਵਾਸਤੇ ਦੂਸਰਾ ਧਾਰਮਿਕ ਗ੍ਰੰਥ ਕਰਕੇ ਪ੍ਰਚਾਰਿਆ ਜਾ ਰਿਹਾ ਹੈ, ਨੂੰ ਮੁਕੰਮਲ ਤੌਰ ਤੇ ਰੱਦ ਕਰਦੇ ਹਾਂ।

ਮਤਾ ਨੰ.੨ : “ ਸਿੱਖ ਰਹਿਤ ਮਰਯਾਦਾ ਦੇ ਪੰਨਾ ਨੰ.11 ਤੇ ਸਿਰਲੇਖ ‘ਗੁਰਦਵਾਰੇ’ ਅਧੀਨ ਪਹਿਰਾ ‘ਹਾਹਾ’ ਵਿਚ ਲਿਖਿਆ ਹੈ: “ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ। ਗੁਰਦਵਾਰੇ ਵਿਚ ਕੋਈ ਮੂਰਤੀ- ਪੂਜਾ ਜਾਂ ਹੋਰ ਗੁਰਮਤਿ ਦੇ ਵਿਰੁੱਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ, ਨਾ ਹੀ ਕੋਈ ਅਨਮਤ ਦਾ ਤਿਉਹਾਰ ਮਨਾਇਆ ਜਾਵੇ। ਹਾਂ ਕਿਸੇ ਮੌਕੇ ਜਾਂ ਇਕੱਤ੍ਰਤਾ ਨੂੰ ਗੁਰਮਤਿ ਦੇ ਪ੍ਰਚਾਰ ਲਈ ਵਰਤਣਾ , ਅਯੋਗ ਨਹੀਂ।” ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਦੀ ਅੱਜ ਦੀ ਇਹ ਇਕੱਤ੍ਰਤਾ ਸਿੱਖ ਰਹਿਤ ਮਰਯਾਦਾ ਦੇ ਇਸ ਪਹਿਰੇ ਦੀ ਸਰਬ ਸੰਮਤੀ ਨਾਲ ਪ੍ਰੋੜਤਾ ਕਰਦੀ ਹੈ ਅਤੇ ਇਸ ਮਤੇ ਨੂੰ ਸਾਰੇ ਧਾਰਮਕ/ ਇਤਹਾਸਕ ਅਸਥਾਨਾਂ ਤੇ ਲਾਗੂ ਕਰਨ ਦੀ ਮੰਗ ਕਰਦੀ ਹੈ |

ਇੱਥੇ ਜੁੜ ਬੈਠੀ ਸੰਗਤ ਨੂੰ ਅੱਜ ਅਸੀਂ ਜਰੂਰੀ ਅਪੀਲ ਕਰਦੇ ਹਾਂ ਕਿ ਇਤਹਾਸਕ ਅਸਥਾਨਾਂ ਅਤੇ ਗੁਰਧਾਮਾਂ ਦੇ ਦਰਸ਼ਨ ਕਰਨ ਜਾਓ ਪਰ ਜਿਥੇ ਜਿੱਥੇ ਵੀ ਤੁਹਾਨੂੰ ਇਹ ਪਤਾ ਚੱਲੇ ਕਿ ਇਸ ਗੁਰਦਵਾਰੇ ਵਿਚ ‘ਸਿੱਖ ਰਹਿਤ ਮਰਯਾਦਾ’ ਦੇ ਉਲਟ ਕੋਈ ਮਨਮਤਿ ਹੋ ਰਹੀ ਹੈ, ਟੱਲ ਵਜਾਏ ਜਾ ਰਹੇ ਹਨ, ਧੂਫ ਪਾਈ ਜਾ ਰਹੀ ਹੈ ਜਾਂ ਅਗਰ ਵੱਤੀਆਂ ਜਲਾਈਆਂ ਜਾ ਰਹੀਆਂ ਹਨ, ਪਾਣੀ ਦੀਆਂ ਬੋਤਲਾਂ ਭਰ ਭਰ ‘ਜਲ’ ਜਾਂ ‘ਅੰਮ੍ਰਿਤ’ ਕਹਿ ਕੇ ਵੰਡਿਆ ਜਾ ਰਿਹਾ ਹੈ ਤਾਂ ਗੋਲਕ ਵਿਚ ਆਪਣੀ ਹੱਡ ਭੰਨਵੀ ਕਮਾਈ ਵਿਚੋਂ ਇਕ ਧੇਲਾ ਵੀ ਨਾ ਪਾਓ। ਗੋਲਕ ਵਿਚ ਪਾਇਆ ਹੋਇਆ ਤੁਹਾਡਾ ਧਨ ਅਗਰ ਗੁਰੂ ਸਿਧਾਂਤ, ਜੋ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੰਕਿਤ ਹੈ, ਨੂੰ ਲਾਗੂ ਕਰਨ ਲਈ ਨਹੀਂ ਵਰਤਿਆ ਜਾਂਦਾ ਤਾਂ ਅਸੀਂ ਆਪਣੇ ਇਸ਼ਟ ਨੂੰ ਖਤਮ ਕਰਨ ਦੇ ਜ਼ੁਮੇਵਾਰ ਆਪ ਹੋਵਾਂਗੇ। ਅਸੀਂ ਆਪਣਾ ਧਨ ਸਿੱਖ ਧਰਮ ਦੇ ਦੋਖੀਆਂ ਹੱਥ ਫੜਾ ਸਿੱਖ ਧਰਮ ਦੇ ਜੜ੍ਹੀਂ ਤੇਲ ਦੇ ਰਹੇ ਹੋਵਾਂਗੇ।

ਦਸਮ ਗ੍ਰੰਥ ਦਾ ਰੱਬ :- ਨ ਰੂਪੰ ਨ ਰੇਖੰ ਨ ਰੰਗੰ ਨ ਰਾਗੰ॥ ਨ ਨਾਮੰ ਨ ਠਾਮੰ ਮਹਾ ਜੋਤਿ ਜਾਗੰ॥ ਦ.ਗ੍ਰੰ.ਪੰਨਾ 39॥

ਇਹ ਕਹਿ ਕੇ ਦਸਮ ਗ੍ਰੰਥ ਦੇ ਅਗਲੇ ਪੰਨਿਆਂ ਤੇ ਰੱਬ ਦੀ ਅਸਲੀਅਤ ਜ਼ਾਹਰ ਕੀਤੀ ਨਜ਼ਰ ਆਉਂਦੀ ਹੈ , ਜਦੋਂ ਦਸਮ ਗ੍ਰੰਥ ਦਾ ਰੱਬ ਸ਼ਰਾਬ ਪੀ ਕੇ ਜੰਗਲ ਵਿਚ ਸੇਰ ਦੇ ਬੱਚੇ ਵਾਂਗਰ ਭੰਭਕਾਂ ਮਾਰਦਾ ਹੈ।

ਚਤੁਰ ਬਾਹ ਚਾਰੰ॥ ਨਿਜੂਟ ਸੁਧਾਰੰ॥ ਗਦਾ ਪਾਸ ਸੋਹੰ॥ ਜਮੰ ਮਾਨ ਮੋਹੰ॥32॥

ਸੁਭੰ ਜੀਭ ਜੁਆਲੰ॥ ਸੁ ਦਾੜ੍ਹਾ ਕਰਾਲੰ॥ ਬਜੀ ਬੰਬ ਸੰਖੰ॥ ਉਠੇ ਨਾਦ ਬੰਖੰ ॥33॥ ਦ.ਗ੍ਰੰ. ਪੰਨਾ 41॥

ਨਵ ਨੇਵਰ ਨਾਦ ਸੁਰੰ ਨ੍ਰਿਮਲੰ॥ ਮੁਖ ਬਿੱਜੁਲ ਜਵਾਲ ਘਣੰ ਪ੍ਰਜੁਲੰ॥

ਮਦਰਾ ਕਰ ਮੱਤ ਮਹਾ ਭਭਕੰ॥ ਬਨ ਮੈ ਮਨੋ ਬਾਘ ਬਚਾ ਬਬਕੰ॥ ਦ. ਗ੍ਰੰ. ਪੰਨਾ 42॥

ਪਰ ਗੁਰਬਾਣੀ ਦਾ ਰੱਬ :-

ਨ ਸੰਖੰ, ਨ ਚਕ੍ਰੰ, ਨ ਗਦਾ, ਨ ਸਿਆਮੰ ॥ ਅਸਚਰਜ ਰੂਪੰ, ਰਹੰਤ ਜਨਮੰ ॥ ਨੇਤ ਨੇਤ ਕਥੰਤਿ ਬੇਦਾ ॥ ਊਚ ਮੂਚ ਅਪਾਰ ਗੋਬਿੰਦਹ ॥ ਬਸੰਤਿ ਸਾਧ ਰਿਦਯੰ ਅਚੁਤ, ਬੁਝੰਤਿ ਨਾਨਕ ਬਡਭਾਗੀਅਹ ॥57॥ (ਗੁ. ਗ੍ਰ. ਪੰਨਾ 1359)

ੴ ਸਤਿਗੁਰ ਪ੍ਰਸਾਦਿ ॥ ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥ ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥ ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ॥ { ਗੁ. ਗ੍ਰ. ਪੰਨਾ 784}।

ਉਪਰ ਵਰਨਤ ਗ੍ਰੰਥਾਂ ਦੇ ਇਸ਼ਟਾਂ ਵਿਚ ਵਿਰੋਧਾਭਾਸ ਹੈ। ਇਸ ਕਰਕੇ ਅੱਜ ਦੀ ਇਹ ਇਕੱਤ੍ਰਤਾ ਦਸਮ ਗ੍ਰੰਥ ਦਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਨ ਨੂੰ ਮੂਲੋਂ ਹੀ ਰੱਦ ਕਰਦੀ ਹੈ।

ਮਤਾ ਨੰ.੩ : ਅੱਜ ਦੀ ਇਸ ਸਭਾ ਵਿਚ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ ਕਿ ਸਿੱਖ ਧਰਮ ਨਾਲ ਸਬੰਧਿਤ ਹੋਰ ਜਿਨ੍ਹੀਆਂ ਵੀ ਪੁਸਤਕਾਂ, ਜਿਹੜੀਆਂ ਗੁਰੂ ਸਹਿਬਾਨ ਜਾਂ ਪ੍ਰਸਿੱਧ ਸਿੱਖਾਂ ਦੇ ਨਾਮ ਤੇ ਲਿਖੀਆਂ ਗਈਆਂ ਹਨ, ਜਿਵੇਂ:- ਸ੍ਰੀ ਪਰਮ ਮਾਰਗ, ਪ੍ਰੇਮ ਸੁਮਾਰਗ, ਪਰਚੀਆਂ ਪ੍ਰੇਮ ਭਗਤਾਂ ਕੀਆਂ (ਪ੍ਰੇਮ ਬੋਧ), ਸਰਬ ਲੋਹ ਗ੍ਰੰਥ, ਗੋਬਿੰਦ ਗੀਤਾ, ਸਹੰਸਰ ਸੁਖਮਨਾ, ਵਾਰ ਮਾਲਕੌਸ ਕੀ, ਭਗਤ ਰਤਨਾਵਲੀ, ਗਿਆਨ ਰਤਨਾਵਲੀ, ਗੁਰਬਿਲਾਸ ਪਾਤਸ਼ਾਹੀ 10ਵੀਂ, ਗੁਰ ਬਿਲਾਸ ਪਾਤਸ਼ਾਹੀ ਛੇਵੀਂ, ਭਾਈ ਬਾਲੇ ਵਾਲੀ ਜਨਮ ਸਾਖੀ ਅਤੇ ਹੋਰ ਕਈ ਗ੍ਰੰਥ ਜੋ ਸਿੱਖ ਧਰਮ ਵਿਚ ਘੁੱਸ-ਪੈਠ ਕਰ ਚੁੱਕੇ ਹਨ, ਇਨ੍ਹਾ ਗ੍ਰੰਥਾਂ ਬਾਰੇ ਹੋਰ ਖੋਜ਼ ਕਰਨਾ ਅਤੇ ਅਸਲੀਅਤ ਤੋਂ ਸਿੱਖਾਂ ਨੂੰ ਜਾਣੂ ਕਰਾਉਣਾ। ਇਨ੍ਹਾ ਗ੍ਰੰਥਾਂ ਬਾਰੇ ਵੀਚਾਰ ਗੋਸ਼ਟੀਆਂ ਕਰਨੀਆਂ ਅਤੇ ਆਪਣੇ ਵੀਚਾਰ ਲਿਖਤੀ ਰੂਪ ਵਿਚ ਘੱਟ ਤੋਂ ਘੱਟ ਸਿੱਖ ਜਗਤ ਵਿਚ ਵੰਡਣੇ। ਖੋਜ਼ ਕਰਦਿਆਂ ਕਰਦਿਆਂ ਜੋ ਸੱਚ ਸਾਹਮਣੇ ਆਵੇ ਉਸ ਨੂੰ ਹੂਬਹੂ ਉਸੇ ਰੂਪ ਵਿਚ ਆਮ ਜਨਤਾ ਨੂੰ ਦੇ ਦਿੱਤਾ ਜਾਵੇ।

ਸਿੱਖ ਸਿਧਾਂਤ ਕਿਸੇ ਜੱਥੇਦਾਰ ਜਾਂ ਗ੍ਰੰਥੀ ਦੀ ਨਿਜੀ ਮਲਕੀਅਤ ਨਹੀਂ। ਸਾਡੇ ਅੱਜ ਦੇ ਸਰਬ ਰਾਹ ਸਰਕਾਰੀ ਤੇ ਕੁੱਝ ਹਿੰਦੂ ਜੱਥੇਬੰਦੀਆਂ ਦੇ ਹੱਥ ਠੋਕਾ ਬਣ ਕੇ ਰਹਿ ਗਏ ਹਨ। ਇਨ੍ਹਾ ਤੋਂ ਵੀ ਸਰਬ ਸਾਂਝੇ ‘ਗੁਰੂ ਗ੍ਰੰਥ ਸਾਹਿਬ’ ਦੇ ਸਿਧਾਂਤ ਨੂੰ ਬਚਾਉਣ ਦੀ ਲੋੜ ਹੈ ਤੇ ਰਾਖੀ ਕਰਾਉਣੀ ਤਾਂ ਦੂਰ ਦੀ ਗੱਲ ਰਹੀ। ਇਹ ਲੋਕ ਆਪ ਅਤੇ ਇਨ੍ਹਾ ਦੇ ਧੀਆਂ ਪੁੱਤਰ ਜਗਰਾਤਿਆਂ ਵਿਚ ਮੁੱਖ ਮਹਿਮਾਨ ਬਣ ਕੇ ਪੈਸੇ ਕਮਾਉਣ ਜਾਂਦੇ ਹਨ। ਇਨ੍ਹਾ ਕੋਲੋਂ ਸਿੱਖ ਧਰਮ ਦੀ ਰਾਖੀ ਦੀ ਉਮੀਦ ਕਰਨੀ ਤਾਂ ਇਉਂ ਹੈ ਜਿਵੇਂ ਗਧੇ ਨੂੰ ਜਉਆਂ ਦੇ ਢੇਰ ਦੀ ਰਾਖੀ ਕਰਾਉਣੀ ਹੋਵੇ, ਭੂੱਖੇ ਨੂੰ ਖੰਡ ਤੇ ਖੀਰ ਦੀ ਰਾਖੀ ਬਿਠਾਉਣਾ ਹੋਵੇ, ਅੰਨੇ ਤੋਂ ਚਿੱਠੀ ਪੜ੍ਹਾਉਣੀ ਹੋਵੇ ਤੇ ਛੜੇ ਨੂੰ ਸਾਕ ਕਰਾਉਣ ਲਈ ਮਿੰਨਤ ਤਰਲਾ ਕਰਨਾ। ਸਗੋਂ ਸਰਬ ਸਾਂਝੇ ਗੁਰੂ ‘ਗੁਰੂ ਨਾਨਕ ਪਾਤਸ਼ਾਹ’ ਦਾ ਚਲਾਇਆ ਹੋਇਆ ‘ਨਿਰਮਲ ਪੰਥ’ ਸਾਡਾ ਹੈ ਤੇ ਇਸ ਦੀ ਰਾਖੀ ਕਰਨਾ ਸਾਡਾ ਸੱਭ ਦਾ ਜ਼ੁੰਮਾ ਹੈ। ਆਓ ਸਾਰੇ ਰਲ ਕੇ ਅੱਜ ਪ੍ਰਣ ਕਰੀਏ ਕਿ ਅਸੀਂ ਕਿਸੇ ਵੀ ਕੀਮਤ ਤੇ ‘ਨਿਰਮਲ ਪੰਥ’ ਦੀ ਰਾਖੀ ਕਰਨੀ ਹੈ।

ਮਤਾ ਨੰ.੪ : ਟਰਾਂਟੋ ਵਿਚ ਹੋਈ ਵਿਸ਼ਵ ਸਿੱਖ ਕਾਨਫ਼ਰੰਸ ਦਾ ਨਿਰਣਾ ਹੈ ਕਿ;

(ੳ) ਅਖੌਤੀ ਦਸਮਗ੍ਰੰਥ ਵਿਚ ਰਾਮ, ਕਿਸ਼ਨ, 24 ਅਵਤਾਰਾਂ ਅਤੇ ਦੁਰਗਾ ਪੂਜਾ ਦੀਆਂ ਤਿੰਨ ਕਵਿਤਾਵਾਂ ਹਿੰਦੂ ਮਿਥਹਾਸ ਦੀਆਂ ਕਿਤਾਬਾਂ ਦੇ ਅਨੁਵਾਦ (ਟਰਾਂਸਲੇਸ਼ਨ) ਹਨ। ਇਨ੍ਹਾਂ ਨੂੰ ਗੁਰੁ ਰਚਨਾ ਕਹਿਣਾ ਗੁਰੁ ਗੋਬਿੰਦ ਸਿੰਘ ਨੂੰ ਅਨੁਵਾਦਕ (ਟਰਾਂਸਲੇਟਰ) ਕਹਿਣਾ, ਗੁਰੂ ਸਾਹਿਬ ਦਾ ਦਰਜਾ ਘਟਾਉਣਾ ਅਤੇ ਉਨ੍ਹਾਂ ਦੀ ਬੇਅਦਬੀ ਕਰਨਾ ਹੈ। ਕਾਮੁਕ ਅਨੰਦ ਦੀਆਂ ਘਟੀਆ ਕਹਾਣੀਆਂ ਦੀ ਕਿਤਾਬ ਚਰਿਤਰੋਪਾਖਯਾਣ ਨੂੰ ਗੁਰੂ ਰਚਨਾ ਕਹਿਣਾ ਉਨ੍ਹਾਂ ਨੂੰ ਗਾਲ੍ਹ ਕੱਢਣ ਦੇ ਬਰਾਬਰ ਹੈ।

(ਅ) ਜਾਪੁ, ਸਵੈਯੇ, ਚੌਪਈ ਬਾਣੀ ਨਹੀਂ ਹਨ। ਇਨ੍ਹਾਂ ਦਾ ਕਿਸੇ ਗੁਰੁ ਨਾਲ ਕੋਈ ਸਬੰਧ ਨਹੀਂ। ਨਿਰਮਲਿਆਂ ਨੇ ਦਰਬਾਰ ਸਾਹਿਬ ‘ਤੇ ਕਬਜ਼ੇ ਵੇਲੇ ਇਹ ਰਚਨਾਵਾਂ ਲਿਖ ਕੇ ਇਨ੍ਹਾਂ ਨੁੰ ਗੁਰੁ ਰਚਨਾ ਕਹਿ ਕੇ ਧੱਕੇ ਨਾਲ ਨਿਤਨੇਮ ਦਾ ਹਿਸਾ ਬਣਾਇਆ ਸੀ। ਸਿੱਖਾਂ ਦਾ ਨਿਤਨੇਮ ਗੁਰੂ ਗ੍ਰੰਥ ਸਹਿਬ ਦੇ ਪਹਿਲੇ 13 ਸਫ਼ੇ ਹੀ ਹਨ।

(ੲ) ਪੁਰਾਣੇ ਸੋਮਿਆਂ ਵਿਚ ਪਾਹੁਲ ਦੇਣ ਸਮੇਂ ਅਨੰਦ ਸਾਹਿਬ ਦੀਆਂ ਪੰਜ ਪਉੜੀਆਂ ਜਾਂ ਜਪੁਜੀ ਸਾਹਿਬ ਦਾ ਹੀ ਜ਼ਿਕਰ ਹੈ। ਜਾਪੁ, ਸਵੈਯੇ, ਚੌਪਈ ਨੂੰ ਨਿਰਮਲਿਆਂ ਨੇ ‘ਪਾਹੁਲ ਦੀਆਂ ਬਾਣੀਆਂ’ ਵਿਚ ਕਿਸੇ ਸਾਜ਼ਿਸ਼ ਹੇਠ ਸ਼ਾਮਿਲ ਕੀਤਾ ਸੀ। ਪਾਹੁਲ ਸਮੇਂ ਇਨ੍ਹਾਂ ਦਾ ਪੜ੍ਹਨਾ ਗ਼ਲਤ ਹੈ।

(ਸ) ਅਰਦਾਸਿ ਵਿਚ ਭਗਉਤੀ ਵਾਲਾ ਸ਼ੁਰੂਆਤ ਦਾ ਪੈਰਾ, ਅਖ਼ੀਰ ਵਿਚ ‘ਨਾਨਕ ਨਾਮ ਚੜ੍ਹਦੀ ਕਲਾ’ ਵਗ਼ੈਰਾ ਦਾ ਸਿੱਖੀ ਨਾਲ ਕੋਈ ਸਬੰਧ ਨਹੀਂ। ਇਹ ਕੱਚੀਆਂ ਕਵਿਤਾਵਾਂ ਪੜ੍ਹਨੀਆਂ ਗੁਰੁ ਗ੍ਰੰਥ ਸਾਹਿਬ ਦੀ ਸਿਖਿਆ ਦੇ ਉਲਟ ਹੈ।


18/09/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਰੁੱਖ ਨਾਲ ਗੱਲਾਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜਿੱਸ ਰੁੱਖ ਸੰਗ ਮੈਂ ਕੀਤੀਆਂ ਗੱਲਾਂ।
ਆਉ ਉਸ ਸਨਮੁੱਖ ਲੈ ਚੱਲਾਂ।
ਪੁੱਛਿਆ,” ਸਿਰ ਤਲਵਾਇਆ ਕਿਉਂ ਏਂ?”
ਅੱਗੋਂ ਉਸ ਸਮਝਾਇਆ ਇੳਂ ਏਂ
“ਅਪਣੀ ਸੋਚ ਧਰਤ ਵਿੱਚ ਪਾਈ,
ਰੂਹ ਅਪਣੀ ਉਸ ਦੇ ਸੰਗ ਲਾਈ,
ਖਾਣ ਨੂੰ ਦੇਵੇ, ਪੀਣ ਨੂੰ ਦੇਵੇ,
ਭੋਂ ਸੰਗ ਜੁੜਕੇ ਜੀਣ ਨੂੰ ਦੇਵੇ।
ਲੋੜ ਰਹੀ ਨਾ ਮੇਰੀ ਕੋਈ,
ਇੱਛਾ ਹਰ ਇੱਕ ਪੂਰੀ ਹੋਈ”।
‘ਅੰਬਰ ਵਲ ਕਿਉਂ ਹੱਥ ਫੈਲਾਏ?”
ਮਤਲਬ ਮੈਨੂੰ ਰੁੱਖ ਸਮਝਾਏ,
“ਉਸ ਦੀਆਂ ਮਿਹਰਾਂ ਦਾ ਸ਼ੁਕਰਾਨਾ,
ਹੱਥ ਜੋੜ ਕੇ ਕਰਦਾ ਜਾਨਾ।
ਧੁੱਪ ਵਰਖਾ ਤੇ ਪੌਣ ਪਾ ਝੋਲੀ,
ਉਸ ਰੂਹ ਮੇਰੀ ਸ਼ਹਿਦ `ਚ ਘੋਲੀ।
ਤਾਹੀਓਂ ਤਾਂ ਮਿੱਠੇ ਫਲ ਲਗਦੇ,
ਮਿੱਠਤ ਭਰਦੇ ਜੋ ਵਿੱਚ ਜੱਗਦੇ।
ਰੰਗਾ-ਰੰਗ ਦੇ ਫੁੱਲ ਸੰਗ ਸਜਦਾ।
ਖੁਸ਼ਬੂ ਸਭ ਨੂੰ ਰਹਿੰਦਾ ਵੰਡਦਾ।
ਮਿਲ-ਵੰਡਣ ਦੀ ਸ਼ਕਤੀ ਪਾਈ,
ਜੱਗ ਵਿੱਚ ਏਦਾਂ ਸਾਂਝ ਵਧਾਈ।
ਜਿਸ ਨੇ ਰੁੱਖ ਬਣਇਆ ਮੈਨੂੰ,
ਨਮਸ਼ਕਾਰ ਮੈਂ ਕਰਦਾ ਉਹਨੂੰ।
ਉਸਦੀਆਂ ਮਿਹਰਾਂ ਦਾ ਸ਼ੁਕਰਾਨਾ,
ਹੱਥ ਜੋੜ ਕੇ ਕਰਦਾ ਜਾਨਾ”।
ਸੁਣਕੇ ਰੁੱਖ ਦੀਆਂ ਇਹ ਗੱਲਾਂ,
ਸੋਚਾਂ, ਕਿਉਂ ਇਸ ਰਾਹ ਨਾ ਚੱਲਾਂ?
ਦਾਤਾਂ ਮਿਲੀਆਂ ਵੰਡ ਕੇ ਖਾਵਾਂ।
ਨਾਮ ਲਵਾਂ ਤੇ ਸ਼ੁਕਰ ਮਨਾਵਾਂ।


18/09/14)
ਅਕੇਸ਼ ਕੁਮਾਰ

ਕੁਦਰਤੀ ਕਰੋਪੀਆਂ ਸਮੇਂ ਆਪਦਾ ਪ੍ਰਬੰਧਨ ਦਾ ਤੰਤਰ ਕਿਉ ਆਫਤਾਂ ਅੱਗੇ ਘੁਟਨੇ ਟੇਕਦਾ ਨਜਰ ਆਉਦਾ ਹੈ?
ਦੁਨੀਆ ਵਿੱਚ ਕੁਦਰਤੀ ਆਫਤਾਂ ਦੇ ਵੱਧ ਰਹੇ ਪੇਕੋਪ ਉਪਰ ਚਿੰਤਾ ਕੀਤੀ ਜਾ ਰਹੀ ਹੈ ਪਰ ਕੀ ਇਹ ਪੇਕੋਪ ਕੁਦਰਤੀ ਹਨ ਜਾਂ ਇਨਸਾਨ ਦੀ ਭੁੱਖ ਅਤੇ ਲਾਲਚ ਦੀ ਦੇਣ, ਜੋ ਹਰ ਚੀਜ ਨੂੰ ਨਿਗਲ ਜਾਣਾ ਚਾਹੁੰਦੀ ਹੈ। ਭਾਰਤ ਵਿੱਚ ਕੁੱਝ ਸਾਲਾਂ ਵਿੱਚ ਕੁਦਰਤੀ ਆਫਤਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਇਹਨਾਂ ਕਰੋਪੀਆਂ ਲਈ ਜਿੱਥੇ ਇਨਸਾਨ ਦਾ ਲਾਲਚ ਜਿੰਮੇਵਾਰ ਹੈ ਉਥੇ ਹੀ ਸਮਾਜ ਅਤੇ ਸਰਕਾਰਾਂ ਵੱਲੋ ਇਸਨੂੰ ਰੋਕਨ ਲਈ ਕੋਈ ਠੋਸ ਉਪਰਾਲਾ ਨਹੀਂ ਕੀਤਾ ਜਾ ਰਿਹਾ। ਭਾਰਤ ਵਿੱਚ ਤਾਂ ਕਾਨੂੰਨ ਨੂੰ ਲਾਗੂ ਕਰਨ ਵਾਲਾ ਮਹਿਕਮਾ ਹੀ ਖੁੱਦ ਬਿਮਾਰ ਰਹਿੰਦਾ ਹੈ ਅਤੇ ਜਦੋਂ ਵੀ ਕੋਈ ਆਫਤ ਜਾਂ ਕਰੋਪੀ ਆਉਂਦੀ ਹੈ ਤਾਂ ਸੈਨਾ ਦਾ ਹੀ ਸਹਾਰਾ ਹੁੰਦਾ ਹੈ ਤੇ ਮਦਦ ਲਈ ਸੈਨਾ ਨੂੰ ਹੀ ਬੁਲਾਇਆ ਜਾਂਦਾ ਹੈ। ਇਨਸਾਨ ਵਲੋਂ ਕੁਦਰਤ ਦਾ ਇਸ ਹੱਦ ਤੱਕ ਦੋਹਨ ਕੀਤਾ ਜਾ ਰਿਹਾ ਹੈ ਕਿ ਜਲ, ਵਾਯੂ, ਅਕਾਸ਼, ਧਰਤੀ ਸਭ ਨੂੰ ਦੁਸ਼ਿਤ ਕਰ ਦਿੱਤਾ ਹੈ ਅਤੇ ਇਹਨਾਂ ਦਾ ਕੁਦਰਤੀ ਸੰਤੁਲਨ ਵਿਗੜਨ ਨਾਲ ਇਹ ਵਿਪਤੀਆਂ ਦੇ ਆਉਣ ਦਾ ਖਤਰਾ ਨਿਰੰਤਰ ਵੱਧ ਰਿਹਾ ਹੈ। ਇਸ ਖਤਰੇ ਨੂੰ ਘਟਾਉਣ ਲਈ ਕੋਈ ਖਾਸ ਕੋਸ਼ਿਸ਼ ਨਹੀਂ ਹੋ ਰਹੀ। ਇਸੇ ਕਾਰਨ ਂਿੲੱਕ ਵਿਪੱਤੀ ਤੋਂ ਦੂਜੀ ਤੱਕ ਸਿਰਫ ਬਹਿਸ ਹੀ ਹੁੰਦੀ ਰਹਿੰਦੀ ਹੈ। ਸਰਕਾਰਾਂ ਵਲੋਂ ਇਹ ਮੰਨ ਲਿਆ ਗਿਆ ਹੈ ਕਿ ਕੁਦਰਤ ਦਾ ਦੋਹਨ ਕੀਤੇ ਬਿਨਾਂ ਵਿਕਾਸ ਨਹੀਂ ਹੋ ਸਕਦਾ। ਉਹਨਾਂ ਵਲੋਂ ਮਨੁੱਖ ਅਤੇ ਕੁਦਰਤ ਵਿੱਚ ਹੋਏ ਅਲਿਖਿਤ ਕਰਾਰ ਜਿਸ ਵਿੱਚ ਦੋਹਾਂ ਦਾ ਇੱਕ ਦੂਜੇ ਦੀ ਬਾਂਹ ਫੜ ਕੇ ਅੱਗੇ ਵੱਧਨਾ ਤੈਅ ਹੈ ਨੂੰ ਭੁਲਾ ਦਿੱਤਾ ਗਿਆ ਹੈ। ਆਰਥਿਕ ਵਿਕਾਸ ਦੀ ਦੌੜ ਵਿੱਚ ਕੁਦਰਤ ਪਿੱਛੇ ਛੁੱਟਦੀ ਜਾ ਰਹੀ ਹੈ। ਆਏ ਸਾਲ ਨਦੀਆਂ ਦਾ ਬੰਨ ਤੋੜ ਕੇ ਸੜਕਾਂ ਤੇ ਵੱਗਦਾ ਪਾਣੀ ਭਾਰੀ ਜਾਨ ਮਾਲ ਦਾ ਨੁਕਸਾਨ ਕਰਦਾ ਹੈ। ਉਤਰਾਖੰਡ ਤੋਂ ਬਾਦ ਕਸ਼ਮੀਰ ਦੀ ਕਰੋਪੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕੁਦਰਤ ਦੀ ਮਾਰ ਬਹੁਤ ਭਿਆਨਕ ਹੁੰਦੀ ਹੈ। ਅੱਜ ਤੱਕ ਇਨਸਾਨ ਕੁਦਰਤ ਨਾਲ ਖੇਡ ਰਿਹਾ ਸੀ ਪਰ ਕੁਦਰਤ ਦਾ ਖੇਡ ਇਨਸਾਨ ਨੂੰ ਬਹੁਤ ਮਹਿੰਗਾ ਪੈਦਾਂ ਹੈ।
ਉਤਰਾਖੰਡ ਦੀ ਤਬਾਹੀ, ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਬਾੜ, ਕਸ਼ਮੀਰ ਦੀ ਤਬਾਹੀ, ਗੁਜਰਾਤ ਵਿੱਚ ਲਗਾਤਾਰ ਮੀਂਹ ਨਾਲ ਵੱਧਦਾ ਬਾੜ ਦਾ ਖਤਰਾ ਨਾ ਸਿਰਫ ਮਨੁੱਖੀ ਜੀਵਨ ਨੂੰ ਤਬਾਹ ਕਰ ਰਿਹਾ ਹੈ ਬਲਕਿ ਪਸ਼ੂ ਧੰਨ ਅਤੇ ਪੇੜ ਪੋਧਿਆਂ ਨੂੰ ਖਤਮ ਕਰ ਅੱਗੇ ਹੋਰ ਜਲਵਾਯੂ ਤੇ ਸੰਤੁਲਨ ਨੂੰ ਵਿਗਾੜ ਰਿਹਾ ਹੈ। ਬਾਰਿਸ਼ ਦੇ ਪਾਣੀ ਦੇ ਬਹਾਅ ਦੇ ਰਸਤਿਆਂ ਵਿੱਚ ਬਣੀਆਂ ਨਜਾਇਜ ਉਸਾਰੀਆਂ ਪ੍ਰਸ਼ਾਸਨ ਦੀ ਨੱਕ ਹੇਂਠਾ ਹੀ ਵਧੀਆਂ ਫੁੱਲੀਆਂ ਹਨ ਅਤੇ ਇਹੀ ਨਜਾਇਜ਼ ਉਸਾਰੀਆਂ ਤਬਾਹੀ ਨੂੰ ਜਨਮ ਦਿੰਦੀਆਂ ਹਨ। ਤੇਜ ਬਾਰਿਸ਼ਾਂ ਦੇ ਆਉਣ ਤੇ ਜਦੋਂ ਨਦੀਆਂ ਦਾ ਪਾਣੀ ਆਪਣੇ ਪੂਰੇ ਤੇਜ ਬਹਾਅ ਤੇ ਹੁੰਦਾ ਹੈ ਤਾਂ ਰਾਹ ਦੀਆਂ ਇਹ ਰੁਕਾਵਟਾਂ ਜਿਆਦਾ ਨੁਕਸਾਨ ਦਾ ਕਾਰਨ ਬਣਦੀਆਂ ਹਨ ਅਤੇ ਪਾਣੀ ਦੀ ਮਾਰ ਬਾਕੀ ਜਗ੍ਹਾਂ ਨੂੰ ਵੀ ਤਬਾਹ ਕਰਦੀ ਹੈ।
ਭਾਰਤ ਦੇ ਉੱਤਰੀ ਰਾਜਾਂ ਵਿੱਚ ਘਟਿਤ ਹੜ੍ਹ ਅਤੇ ਭੂਸਖਲਨ ਦੀਆਂ ਘਟਨਾਵਾਂ ਨੇ ਕੁਦਰਤੀ ਆਪਦਾਵਾਂ ਦੇ ਸਵਰੂਪ ਉੱਤੇ ਬਹਿਸ ਨੂੰ ਗੰਭੀਰ ਮੁੱਦਾ ਬਣਾ ਦਿੱਤਾ ਹੈ। ਪਰ ਕੀ ਇਹ ਸਿਰਫ ਬਹਿਸ ਦਾ ਹੀ ਮੁੱਦਾ ਹੈ ਜਾਂ ਫਿਰ ਇਸ ਤੇ ਗੰਭੀਰਤਾ ਨਾਲ ਕੰਮ ਵੀ ਕੀਤਾ ਜਾਵੇਗਾ।
ਇਹ ਆਪਦਾਵਾਂ ਜਿਆਦਾਤਰ ਮਨੁੱਖੀ ਗਲਤੀਆਂ ਦਾ ਨਤੀਜਾ ਹਨ ਜਾਂ ਕੁਦਰਤੀ ਇਸ ਉੱਤੇ ਬਹਿਸ ਭਲੇ ਹੀ ਕੀਤੀ ਜਾ ਰਹੀ ਹੋਵੇ ਪਰ ਇਸ ਗੱਲ ਬਾਰੇ ਕਿਸੇ ਨੂੰ ਸ਼ੱਕ ਨਹੀਂ ਕਿ ਆਪਦਾ ਆਉਣ ਸਮੇਂ ਅਤੇ ਬਾਦ ਦੇ ਸਹੀ ਪ੍ਰਬੰਧਨ ਦੀ ਮਾਨਵ ਅਤੇ ਹੋਰ ਭੌਤਿਕ ਨੁਕਸਾਨ ਨੂੰ ਘੱਟ ਕਰਣ ਵਿੱਚ ਮਹੱਤਵਪੂਰਣ ਭੂਮਿਕਾ ਹੁੰਦੀ ਹੈ। ਕੁਦਰਤ ਦੇ ਕਹਿਰ ਕਾਰਨ ਭਾਰੀ ਤਬਾਹੀ ਦਾ ਸਾਮਣਾ ਕਰ ਰਹੇ ਰਾਜਾਂ ਦੇ ਕੋਲ ਇਸ ਆਪਦਾ ਨਾਲ ਨਿੱਬੜਨ ਲਈ ਕੋਈ ਆਪਦਾ ਪ੍ਰਬੰਧਨ ਯੋਜਨਾ ਹੀ ਨਹੀਂ ਸੀ ¢ ਆਪਣੀ ਸਰੰਚਨਾ ਦੇ ਕਾਰਨ ਹਮੇਸ਼ਾ ਹੀ ਕੁਦਰਤੀ ਆਪਦਾਵਾਂ ਦੇ ਖਤਰੇ ਨਾਲ ਘਿਰੇ ਰਹਿਣ ਵਾਲੇ ਉਤਰਾਖੰਡ ਕੋਲ ਇਸ ਆਪਦਾਵਾਂ ਨਾਲ ਨਿੱਬੜਨ ਲਈ ਕੋਈ ਪੁਖਤਾ ਤਿਆਰੀ ਨਹੀਂ ਕੀਤੀ ਗਈ ਸੀ ¢ ਕੈਗ ਦੁਆਰਾ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਕਤੂਬਰ 2007 ਵਿੱਚ ਬਣੀ ਸਟੇਟ ਡਿਜਾਸਟਰ ਮੈਨੇਜਮੇਂਟ ਅਥਾਰਿਟੀ ਦੀ ਕੋਈ ਬੈਠਕ ਤੱਕ ਨਹੀਂ ਹੋਈ ਸੀ ਅਤੇ ਨਾਂ ਹੀ ਇਸ ਅਥਾਰਿਟੀ ਨੇ ਆਪਦਾ ਨਾਲ ਨਿੱਬੜਨ ਲਈ ਕੋਈ ਨਿਯਮ - ਕਾਨੂੰਨ ਜਾਂ ਦਿਸ਼ਾਨਿਰਦੇਸ਼ ਹੀ ਬਣਾਏ ਸਨ। ਖਾਸ ਕੁੱਝ ਤਾਂ ਇਸ ਦਿਸ਼ਾ ਵਿੱਚ ਅਜੇ ਵੀ ਨਹੀਂ ਕੀਤਾ ਗਿਆ ਹੈ। ਇਸ ਆਪਦਾ ਨੂੰ ਸਾਲ ਤੋਂ ਵੱਧ ਦਾ ਸਮਾਂ ਬੀਤ ਗਿਆ ਪਰ ਅਜੇ ਵੀ ਕੇਦਾਰਨਾਥ ਧਾਮ ਦੀ ਯਾਤਰਾ ਤੇ ਗਏ ਸ਼ਰਧਾਲੂਆਂ ਨੂੰ ਥਾਂ ਥਾਂ ਮ੍ਰਿਤਕ ਦੇਹਾਂ ਦਾ ਮਿਲਨਾ ਜਾਰੀ ਹੈ। ਆਪਦਾ ਪ੍ਰਬੰਧਨ ਦਾ ਅਜਿਹਾ ਹੀ ਹਾਲ ਕਸ਼ਮੀਰ ਵਿਖੇ ਵੀ ਸਾਮਣੇ ਆਇਆ ਹੈ। ਜਿੱਥੇ ਉਸ ਕੋਲ ਵੀ ਇਸ ਆਪਦਾ ਨਾਲ ਨਿਬੜਨ ਲਈ ਲੋੜੀਂਦੇ ਸਾਜੋ ਸਮਾਨ ਦੀ ਘਾਟ ਸੀ ਅਤੇ ਉਹ ਇੰਨੀ ਵੱਡੀ ਵਿਪਤਾ ਲਈ ਖੁਦ ਤੱਕ ਤਿਆਰ ਨਹੀ ਸੀ। ਕੇਂਦਰ ਸਰਕਾਰ ਅਤੇ ਸੈਨਾ ਦੇ ਤਿੰਨੋਂ ਅੰਗਾਂ ਦੇ ਜਵਾਨਾਂ ਵੱਲੋ ਜਿਸ ਤਰ੍ਹਾਂ ਕੁਦਰਤੀ ਆਫਤ ਵਿੱਚ ਫਸੇ ਲੋਕਾਂ ਨੂੰ ਕੱਢਣ ਦਾ ਕੰਮ ਤੇਜੀ ਲਾਲ ਕੀਤਾ ਗਿਆ ਹੈ ਉਸ ਲਈ ਸੈਨਾ ਦਾ ਹੌਂਸਲਾ ਕਾਬਲੇ ਤਾਰੀਫ ਹੈ। ਸੈਨਾ ਵੱਲੋ ਲੱਖਾਂ ਇਨਸਾਨੀ ਜਿੰਦਗੀਆਂ ਬਚਾਈਆਂ ਗਈਆਂ ਪਰ ਅਜੇ ਵੀ ਸੈਨਾ ਨੂੰ ਕਾਫੀ ਕੰਮ ਕਰਨਾ ਬਾਕੀ ਹੈ ਪਰ ਦੁਸਰੀ ਤਰਫ ਜੰਮੂ ਕਸ਼ਮੀਰ ਦੀ ਸਰਕਾਰ ਅਤੇ ਪੇਸ਼ਾਸਨ ਖੁਦ ਬਿਮਾਰ ਹੋਇਆ ਪਿਆ ਹੈ ਅਤੇ ਇਸ ਕੁਦਰਤੀ ਕਰੋਪੀ ਵਿੱਚ ਉਥੋ ਦਾ ਪ੍ਰਸ਼ਾਸਨ ਬਚਾਵ ਅਭਿਆਨ ਵਿੱਚ ਕੋਈ ਵੱਡਾ ਰੋਲ ਅਦਾ ਨਹੀਂ ਕਰ ਪਾ ਰਿਹਾ। ਜਿਸ ਤਰ੍ਹਾਂ ਕੁੱਝ ਸਮੇਂ ਪਹਿਲਾ ਤੱਕ ਜੰਮੂ ਕਸ਼ਮੀਰ ਵਿੱਚ ਸੈਨਾ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਸੀ ਪਰ ਅੱਜ ਉਸੇ ਸੈਨਾ ਵੱਲੋ ਜੋ ਬਚਾਵ ਅਭਿਆਨ ਚਲਾਇਆ ਹੈ ਉਸ ਦੀ ਤਾਰੀਫ ਦੇਸ਼ ਦੇ ਨਾਲ ਵਿਦੇਸ਼ ਵਿੱਚ ਵੀ ਹੋ ਰਹੀ ਹੈ।
ਭਾਰਤ ਦੇ 22 ਰਾਜਾਂ ਨੂੰ ਮਲਟੀ ਡਿਸਾਸਟਰ ਪ੍ਰੋਣ ਜੋਨ ਯਾਨੀ ਜਿੱਥੇ ਇੱਕ ਤੋਂ ਵੱਧ ਆਪਦਾ ਆ ਸਕਦੀਆਂ ਹਨ ਵਿੱਚ ਰਖਿਆ ਗਿਆ ਹੈ। ਨਿਯਮਾਂ ਦੇ ਅਨੁਸਾਰ ਆਪਦਾ ਦੇ ਸਮੇਂ ਉਸਤੋਂ ਨਿੱਬੜਨ ਦੀ ਤਿਆਰੀ ਦੀ ਜ਼ਿੰਮੇਦਾਰੀ ਆਪਦਾ ਪ੍ਰਬੰਧਨ ਤੰਤਰ ਦੀ ਹੁੰਦੀ ਹੈ ¢ ਲੇਕਿਨ ਇਸ ਮਾਮਲੇ ਵਿੱਚ ਆਪਦਾ ਦਾ ਸਾਮਨਾ ਕਰ ਰਹੇ ਰਾਜਾਂ ਦੀ ਅਥਾਰਿਟੀ ਪੂਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ। ਦੇਸ਼ ਵਿੱਚ ਕਰੋੜਾਂ ਰੁਪਇਆ ਖਰਚ ਕਰ ਕੇ ਮੌਸਮ ਵਿਭਾਗ ਦਾ ਇੱਕ ਵੱਡਾ ਤੰਤਰ ਤਿਆਰ ਕੀਤਾ ਗਿਆ ਹੈ ਪਰ ਅਕਸਰ ਕਿਸੇ ਆਪਦਾ ਦੇ ਸਮੇਂ ਇਹ ਸਹੀ ਤੇ ਸਟੀਕ ਜਾਣਕਾਰੀ ਦੇਣ ਵਿੱਚ ਅਸਫਲ ਰਹਿੰਦਾ ਹੈ ਤੇ ਕਿਸੇ ਵਲੇ ਜੇ ਇਹ ਵੇਲੇ ਸਿਰ ਜਾਣਕਾਰੀ ਦੇ ਵੀ ਦੇਵੇ ਜੋਕਿ ਉਤਰਾਖੰਡ ਦੇ ਮਾਮਲੇ ਵਿੱਚ ਕਿਹਾ ਜਾ ਰਿਹਾ ਹੈ ਤਾ ਇਸ ਦੀ ਭਵਿੱਖਵਾਣੀ ਨੂੰ ਸਰਕਾਰ ਜਾ ਪੇਸ਼ਾਸਨ ਵੱਲੋਂ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਜਿਸ ਨਾਲ ਕਿ ਜਾਨ ਮਾਲ ਦਾ ਨੁਕਸਾਨ ਵਧੇਰੇ ਹੁੰਦਾ ਹੈ। ਆਏ ਸਾਲ ਹਜਾਰਾਂ ਹੀ ਜਾਨਾਂ ਹੜ੍ਹ ਦੀ ਭੇਂਟ ਚੜ ਜਾਂਦੀਆਂ ਹਨ। ਇਸ ਸਮੇਂ ਵੀ ਜੰਮੂ ਅਤੇ ਕਸ਼ਮੀਰ ਵਿੱਚ ਜੋ ਹਾਲਾਤ ਬਣੇ ਹਨ ਉਸ ਨੂੰ ਵੇਖਦੇ ਹੋਏ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮਰਣ ਵਾਲਿਆਂ ਦਾ ਆਂਕੜਾ ਅਧਿਕਾਰਿਕ ਆਂਕੜੇ ਤੋਂ ਕੀਤੇ ਜਿਆਦਾ ਹੋਵੇਗਾ। ਅਸਲੀ ਹਕੀਕਤ ਤਾਂ ਹੜ੍ਹ ਦਾ ਪਾਣੀ ਉਤਰਨ ਤੋਂ ਬਾਦ ਹੀ ਸਾਮਣੇ ਆਵੇਗੀ। ਅਰਬਾਂ ਦਾ ਮਾਲੀ ਨੁਕਸਾਨ ਹੋ ਗਿਆ ਹੈ ਤੇ ਕਸ਼ਮੀਰ ਨੂੰ ਮੁੜ ਵਸਾਉਣ ਤੇ ਉਸਦੀ ਜਨੰਤ ਦੀ ਤਸਵੀਰ ਬਣਾਉਣ ਲਈ ਕਈ ਸਾਲ ਲੱਗ ਜਾਣਗੇ ਜੋਕਿ ਨੁਕਸਾਨ ਤੇ ਆਂਕੜੇ ਵਿੱਚ ਸਿਰਫ ਵਾਧਾ ਹੀ ਕਰੇਗਾ।
ਆਪਦਾ ਪ੍ਰਬੰਧਨ ਦੇ ਤੰਤਰ ਦੀਆਂ ਕੀ ਕੀ ਕਮੀਆਂ ਨੂੰ ਨਜਰਅੰਦਾਜ ਕੀਤਾ ਜਾਵੇ। ਇਹ ਤੰਤਰ ਤਾਂ ਹਰਕਤ ਵਿੱਚ ਹੀ ਉਦੋਂ ਆਉਂਦਾ ਹੈ ਜੱਦ ਨੁਕਸਾਨ ਹੋ ਚੁੱਕਾ ਹੁੰਦਾ ਹੈ। ਭਾਰਤ ਤੋਂ ਛੋਟੇ ਦੇਸ਼ ਜਾਪਾਨ ਨੂੰ ਹੀ ਲਿਆ ਜਾਵੇ ਤਾਂ ਇਸ ਦੇਸ਼ ਵਿੱਚ ਆਪਦਾ ਪ੍ਰਬੰਧਨ ਦੇ ਤੰਤਰ ਇੰਨੇ ਮਜਬੂਤ ਹਨ ਕਿ ਆਪਦਾ ਆਉਣ ਤੋਂ ਪਹਿਲਾਂ ਹੀ ਸਾਰੇ ਪ੍ਰਬੰਧ ਪੂਰੇ ਕਰ ਲਏ ਜਾਂਦੇ ਹਨ ਜਿਸ ਨਾਲ ਜਾਨ ਮਾਲ ਦਾ ਘੱਟੋ ਘੱਟ ਨੁਕਸਾਨ ਹੁੰਦਾ ਹੈ ਅਤੇ ਉਥੇ ਦੀ ਸਰਕਾਰ ਵੱਲੋਂ ਅਜਿਹੀਆਂ ਇਮਾਰਤਾਂ ਵਿਕਸਿਤ ਕੀਤੀਆਂ ਜਾਦੀਆਂ ਹਨ ਤਾਂ ਜੋ ਉਹ ਕੁਦਰਤੀ ਪੇਕੋਪ ਦਾ ਸਾਮਣਾ ਕਰ ਸਕਣ ਤੇ ਭੁਕੰਪ ਅਤੇ ਸੁਨਾਮੀ ਵਰਗੇ ਹਲਾਤਾਂ ਵਿੱਚ ਵੀ ਖੜੀਆਂ ਰਹਿਣ। ਜਪਾਨ ਵਿੱਚ ਬਚਾਵ ਅਭਿਆਨ ਤੇਜੀ ਨਾਲ ਚਲਾਏ ਜਾਂਦੇ ਹਨ ਅਤੇ ਇਹ ਬਚਾਵ ਅਭਿਆਨ ਚਲਾਉਣ ਲਈ ਉਹਨਾਂ ਪਾਸ ਨਵੀਂ ਤਕਨੀਕ ਦੀਆਂ ਬਚਾਵ ਮਸ਼ੀਨਾਂ ਹੁੰਦੀਆ ਹਨ ਜਦੋਂ ਕਿ ਭਾਰਤ ਦੇ ਆਪਦਾ ਪੇਬੰਧਨ ਕੋਲੇ ਸੰਸਾਧਨਾਂ ਦੀ ਭਾਰੀ ਕਮੀ ਹੈ।
ਭਾਰਤ ਵਿੱਚ ਲੋਕਾਂ ਨੂੰ ਆਪਦਾ ਤੋਂ ਬਚਾਉਣਾ ਜਾਂ ਤੱਤਕਾਲ ਰਾਹਤ ਦੇਣਾ ਕਿਸਦੀ ਜ਼ਿੰਮੇਦਾਰੀ ਹੈ। ਦਰਅਸਲ ਆਪਦਾ ਪ੍ਰਬੰਧਨ ਤੰਤਰ ਦੀ ਹੀ ਸਭ ਤੋਂ ਵੱਡੀ ਆਪਦਾ ਇਹ ਹੈ ਕਿ ਲੋਕਾਂ ਨੂੰ ਕੁਦਰਤੀ ਕਹਿਰ ਤੋਂ ਬਚਾਉਣ ਦੀ ਜ਼ਿੰਮੇਦਾਰੀ ਕਿਸੇ ਇੱਕ ਦੀ ਨਹੀਂ ਕਈਆਂ ਦੀ ਹੈ ਤੇ ਵੇਲਾ ਆਉਣ ਤੇ ਜਾਂ ਤਾਂ ਸਾਰੇ ਇੱਕ ਦੂਜੇ ਸਿਰ ਠੀਕਰਾ ਫੋੜਦੇ ਦਿਖਾਈ ਦਿੰਦੇ ਹਨ ਜਾਂ ਆਪਣੀ ਜਿੰਮਵਾਰੀ ਦੂਜੇ ਸਿਰ ਸੁੱਟਦੇ ਨਜਰ ਆਉਂਦੇ ਹਨ। ਦੇਸ਼ ਵਿੱਚ ਜਦੋਂ ਲੋਕ ਹੜ੍ਹ ਵਿੱਚ ਡੁੱਬ ਰਹੇ ਹੁੰਦੇ ਹਨ, ਭੁਚਾਲ ਦੇ ਮਲਬੇ ਵਿੱਚ ਦੱਬ ਕੇ ਛਟਪਟਾਉਂਦੇ ਹਨ ਜਾਂ ਫਿਰ ਤਾਕਤਵਰ ਤੂਫਾਨ ਨਾਲ ਜੂਝ ਰਹੇ ਹੁੰਦੇ ਹਨ ਤੱਦ ਤੱਕ ਤਾਂ ਸਰਕਾਰ ਨੂੰ ਜਾਂ ਫਿਰ ਪੇਸ਼ਾਸਨ ਨੂੰ ਉਸ ਕੁਦਰਤੀ ਬਿਪਤਾ ਦੀ ਗੰਭੀਰਤਾ ਬਾਰੇ ਹੀ ਇਹ ਅੰਦਾਜਾ ਨਹੀ ਹੁੰਦਾ ਕਿ ਬਿਪਤਾ ਕਿੰਨੀ ਵੱਡੀ ਹੈ ਤੇ ਜਦੋ ਤੱਕ ਅੰਦਾਜਾ ਹੁੰਦਾ ਹੈ ਸਥਿਤੀ ਹਥਾਂ ਚੋਂ ਨਿਕਲ ਚੁੱਕੀ ਹੁੰਦੀ ਹੈ ਤੇ ਫਿਰ ਇੱਕੋ ਵਿਕਲਪ ਦੇ ਤੌਰ ਤੇ ਸੈਨਾ ਨੂੰ ਤੈਨਾਤ ਕਰ ਦਿੱਤਾ ਜਾਂਦਾ ਹੈ। ਅਗਰ ਸਰਕਾਰ ਵੱਲੋਂ ਕੁਦਰਤੀ ਆਫਤ ਵੇਲੇ ਸੈਨਾ ਹੀ ਤੈਨਾਤ ਕਰਨੀ ਹੈ ਤਾਂ ਇਸ ਆਪਦਾ ਪੇਬੰਧਨ ਮਹਕਮੇ ਦਾ ਕੀ ਕਰਨਾ ਹੈ। ਇਸ ਨੂੰ ਸਰਕਾਰ ਨੂੰ ਬੰਦ ਹੀ ਕਰ ਦੇਣਾ ਚਾਹੀਦਾ ਹੈ ਨਹੀਂ ਤਾਂ ਇਸ ਮਹਿਕਮੇ ਦੀ ਜਿੰਮੇਵਾਰੀ ਨਿਸ਼ਚਤ ਕਰੇ ਤਾਂ ਜੋ ਇਹ ਮਹਿਕਮਾ ਸਹੀ ਢੰਗ ਨਾਲ ਕੰਮ ਕਰ ਸਕੇ।
ਸਰਕਾਰ ਨੇ ਸੰਗਠਿਤ ਤੌਰ ਉੱਤੇ 1954 ਵਿੱਚ ਆਪਦਾ ਪ੍ਰਬੰਧਨ ਦੀ ਕੋਸ਼ਿਸ਼ ਸ਼ੁਰੂ ਕੀਤੀ ਸੀ ਪਰ ਹੁਣ ਤੱਕ ਇਹ ਹੀ ਤੈਅ ਨਹੀਂ ਹੋ ਸਕਿਆ ਹੈ ਕਿ ਆਪਦਾ ਪ੍ਰਬੰਧਨ ਦੀ ਕਮਾਨ ਕਿਸਦੇ ਹੱਥ ਹੈ ਭਾਰਤ ਦਾ ਆਪਦਾ ਪ੍ਰਬੰਧਨ ਤੰਤਰ ਇੰਨਾ ਉਲਝਿਆ ਹੋਇਆ ਹੈ ਕਿ ਇਸ ਉੱਤੇ ਲ਼ੰਮੀ ਬੇਨਤੀਜਾ ਬਹਿਸ ਹੋ ਸਕਦੀ ਹੈ।
ਦੇਸ਼ ਵਿੱਚ ਕਦੇ ਵੀ ਕੀਤੇ ਵੀ ਕੋਈ ਮੁਸੀਬਤ ਆ ਜਾਵੇ ਤਾਂ ਰੱਬ ਦਾ ਰੂਪ ਬਣ ਕੇ ਬਚਾਉਣ ਲਈ ਅੱਗੇ ਆਉਣ ਵਾਲੀ ਸੈਨਾ ਹੀ ਹੁੰਦੀ ਹੈ। ਪਿਛਲੇ ਕੁੱਝ ਸਾਲਾਂ ਵਿੱਚ ਦੇਸ਼ ਦੀਆਂ ਸੀਮਾਵਾਂ ਦੀ ਰਖਿਆ ਕਰਣ ਤੋਂ ਇਲਾਵਾ ਵੀ ਸੈਨਾ ਦੇ ਕਈ ਰੂਪ ਮਦਦਗਾਰ ਵਜੋਂ ਸਾਮਣੇ ਆਏ ਹਨ। ਦੇਸ਼ ਵਿੱਚ ਭਿਆਨਕ ਕੁਦਰਤੀ ਆਪਦਾ ਜਿਵੇਂ ਕਿ ਹੜ੍ਹ, ਭੂਕੰਪ ਆਦਿ ਸਮੇਂ ਤਾਂ ਸੈਨਾ ਦੇ ਜਾਂਬਾਜ ਹੌਸਲੇ ਵੇਖਣ ਨੂੰ ਮਿਲਦੇ ਹੀ ਹਨ ਪਰ ਆਮ ਛੌਟੀਆਂ ਮੁਸ਼ਕਲਾਂ ਸਮੇਂ ਵੀ ਦੇਸ਼ ਦਾ ਸਥਾਨਕ ਤੰਤਰ ਇੰਨਾਂ ਕਮਜੋਰ ਹੋ ਜਾਂਦਾ ਹੈ ਕਿ ਜੇਕਰ ਕੋਈ ਨਿਆਣਾ ਜਾ ਸਿਆਣਾ ਕਿਸੇ ਬੋਰਵੈਲ ਵਿੱਚ ਗਿਰ ਜਾਵੇ ਤਾਂ ਉਸਨੂੰ ਕੱਢਣ ਲਈ ਵੀ ਸੈਨਾ ਹੀ ਬੁਲਾਈ ਜਾਂਦੀ ਹੈ। ਪਰ ਭਾਰਤੀ ਸੈਨਾ ਦੇ ਨੋਜਵਾਨ ਹਰ ਸੋਚ ਅਤੇ ਭੇਦਭਾਵ ਤੋਂ ਪਰੇ ਪੂਰੀ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਉਂਦੇ ਹਨ। ਇਸਦਾ ਇੱਕ ਵੱਡਾ ਉਦਾਹਰਣ ਕਸ਼ਮੀਰ ਵਿਖੇ ਸਾਮਣੇ ਆਇਆ ਹੈ ਜਿੱਥੇ ਆਮ ਦਿਨਾਂ ਵਿੱਚ ਸੈਨਾ ਨੂੰ ਕੁੱਝ ਸਥਾਨਕ ਨਿਵਾਸੀਆਂ ਦੀ ਨਫ਼ਰਤ ਅਤੇ ਪੱਥਰਬਾਜੀ ਦਾ ਹੀ ਸਾਮਣਾ ਕਰਨਾ ਪਿਆ ਹੈ ਪਰ ਜੱਦ ਉਸੇ ਕਸ਼ਮੀਰ ਤੇ ਕੁਦਰਤ ਦੀ ਮਾਰ ਪਈ ਤਾਂ ਉਹਨਾ ਪੱਥਰ ਸੁੱਟਣ ਵਾਲੇ ਹੱਥਾਂ ਨੂੰ ਮਦਦ ਦਾ ਹੱਥ ਦੇਣ ਸੈਨਾ ਦੇ ਜਵਾਨ ਹੀ ਅੱਗੇ ਆਏ ਨਾ ਕੀ ਨਫ਼ਰਤ ਫੈਲਾਉਣ ਵਾਲੇ ਜਿਹਾਦੀ। ਹੋਰ ਤਾਂ ਹੋਰ ਮੀਡੀਆ ਦੀ ਜਾਣਕਾਰੀ ਮੁਤਾਬਕ ਕਸ਼ਮੀਰ ਦੇ ਲੋਕਾਂ ਵਿੱਚ ਭਾਰਤ ਪ੍ਰਤੀ ਨਫ਼ਰਤ ਦੇ ਭਾਂਬੜ ਮਚਾਉਣ ਵਾਲੇ ਯਾਸੀਨ ਮਲਿਕ ਨੂੰ ਵੀ ਹੜ੍ਹ ਵਿੱਚੋਂ ਸੈਨਾ ਦੇ ਜਵਾਨਾਂ ਵਲੋਂ ਹੀ ਬਚਾਇਆ ਗਿਆ ਹੈ। ਇਸ ਮੁਸ਼ਕਲ ਘੜੀ ਵਿੱਚ ਜਿੱਥੇ ਦੇਸ਼ ਦਾ ਆਪਦਾ ਪ੍ਰਬੰਧਨ, ਪ੍ਰਦੇਸ਼ ਦੀ ਸਰਕਾਰ ਸਭ ਫੇਲ ਸਾਬਤ ਹੋਏ ਹਨ ਉਥੇ ਸੈਨਾ ਦੇ ਉਹ ਜਵਾਨ ਵੀ ਜਿਹਨਾਂ ਦੇ ਆਪਣੇ ਪਰਿਵਾਰ ਵੀ ਕਿਧਰੇ ਹੜ੍ਹ ਵਿੱਚ ਹੀ ਫਸੇ ਸਨ ਆਪਣੇ ਪਰਿਵਾਰਾਂ ਦੀ ਫਿਕਰ ਛੱਡ ਲੋਕਾਂ ਦੀਆਂ ਜਿੰਦਗੀਆਂ ਬਚਾ ਰਹੇ ਹਨ। ਕਈ ਜਗ੍ਹਾ ਸੈਨਾ ਨੂੰ ਇਹਨਾਂ ਹਾਲਾਤਾਂ ਵਿੱਚ ਵੀ ਲੋਕਾਂ ਦੇ ਵਿਰੋਧ ਤੇ ਪੱਥਰਬਾਜੀ ਦਾ ਸਾਮਣਾ ਕਰਣਾ ਪਿਆ ਹੈ ਪਰ ਹਰ ਨਫ਼ਰਤ ਅਤੇ ਰਾਜਨੀਤੀ ਦੀ ਸੋਚ ਤੋਂ ਪਰੇ ਸੈਨਾ ਲਗਾਤਾਰ ਹਜਾਰਾਂ ਲੱਖਾਂ ਜਾਨਾਂ ਬਚਾਉਣ ਵਿੱਚ ਲੱਗੀ ਹੋਈ ਹੈ।
ਸਰਕਾਰ ਨੇ ਅਗਰ ਕੁਦਰਤੀ ਆਫਤਾਂਵਾਂ ਨੂੰ ਘਟਾਉਣਾ ਹੈ ਤਾਂ ਉਸ ਨੂੰ ਕੁਦਰਤੀ ਆਫਤਾਂ ਕਿਊ ਆ ਰਹੀਆਂ ਹਨ ਇਸ ਉਪਰ ਢੁੰਗਾਈ ਨਾਲ ਵਿਚਾਰ ਕਰਕੇ ਯੋਜਨਾਵਾਂ ਬਣਾਉਣੀਆ ਪੈਣਗੀਆਂ ਅਤੇ ਇਹਨਾਂ ਯੋਜਨਾਵਾਂ ਉਪਰ ਸਖਤੀ ਨਾਲ ਅਮਲ ਕਰਾਉਣਾ ਪਉਗਾ ਅਤੇ ਕੁਦਰਤੀ ਆਫਤਾਂ ਨਾਲ ਨਿਬੜਨ ਲਈ ਤਿਆਰ ਆਪਦਾ ਪੇਬੰਧਨ ਨੂੰ ਮਜਬੂਤ ਕਰਨਾ ਪਵੇਗਾ ਤਾਂ ਜੋ ਉਹ ਹਰ ਸਥਿਤੀ ਵਿੱਚ ਇਨਸਾਨੀ ਜਾਨ ਅਤੇ ਮਾਲ ਬਚਾਉਣ ਵਿੱਚ ਮਦਦਗਾਰ ਹੋ ਸਕੇ।
ਅਕੇਸ਼ ਕੁਮਾਰ
ਲੇਖਕ
ਗੁਰੂ ਨਾਨਕ ਨਗਰ
ਬਰਨਾਲਾ
ਮੋ 98880-31426


17/09/14)
ਸਤਿਨਾਮ ਸਿੰਘ ਮੌਂਟਰੀਅਲ

॥ ਵਾਹਿਗੁਰੂ॥

ਕਈ ਗੁਰਸਿੱਖ ‘ਵਾਹਿਗੁਰੂ’ ਲਫਜ਼ ਨੂੰ ਹੀ ਨਾਮ ਸਮਝਦੇ ਹਨ, ਪਰ ਗੁਰਬਾਣੀ ਮੁਤਾਬਿਕ ਇਹ ਬਿਲਕੁਲ ਵੀ ਨਾਮੁ ਨਹੀ ਹੈ, ਸਵਾਲ ਉਠੇਗਾ ਕਿ ਫਿਰ ਨਾਮੁ ਕੀ ਹੈ? ਨਾਮੁ ਹੈ ਸਮੁਚੀ ਗੁਰਬਾਣੀ ਦਾ ਉਪਦੇਸ਼, ਗੁਰਬਾਣੀ ਦੀ ਸਿਖਿਆ, ਗੁਰਬਾਣੀ ਦਾ ਗਿਆਨ, ਜੋ ਸਿੱਖ ਨੇ ਹਮੇਸ਼ਾ (ਸਵਾਸ ਸਵਾਸ) ਜਪਣਾ ਹੈ, ਭਾਵ- ਯਾਦ ਰਖਣਾ ਹੈ, (ਸਚਾਈ ਦੇ ਮਾਰਗ ਤੇ ਚੱਲ ਪੈਣਾ ਹੀ ਨਾਮੁ ਜਪਣਾ ਹੈ)

‘ਵਾਹਿਗੁਰੂ’ ਲਫਜ਼ ਗੁਰਬਾਣੀ ਵਿੱਚ ਪਹਿਲੀ ਤੇ ਆਖਰੀ ਬਾਰ ਭੱਟਾਂ ਦੇ ਸਵੱਯਾਂ ਵਿੱਚ ਹੀ 16 ਬਾਰ ਆਇਆ ਹੈ, 13 ਬਾਰ ‘ਵਾਹਿਗੁਰੂ’ ਤੇ 3 ਬਾਰ ‘ਵਾਹਗੁਰੂ’ ਦੇ ਭੇਦ ਨਾਲ ਆਇਆ ਹੈ, ਲੱਗਭੱਗ ਕੋਈ 12 ਕੋ ਬਾਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਆਇਆ ਹੈ, ਅਤੇ ਦੋ ਬਾਰ ਖਾਲਸੇ ਦੀ ਫ਼ਤਹਿ ਵਿੱਚ ਆਇਆ ਹੈ, ਭਾਈ ਨੰਦ ਲਾਲ ਜੀ ਨੇ ਵੀ ਆਪਣੀਆਂ ਲਿਖਤਾਂ ਵਿੱਚ ‘ਵਾਹਿਗੁਰੂ’ ਲਫਜ ਦੀ ਵਰਤੋਂ ਕੀਤੀ ਹੋਈ ਹੈ।

ਕਿਸੇ ਵੀ ਗੁਰੂ ਨੇ ਆਪਣੀ ਬਾਣੀ ਵਿੱਚ ‘ਵਾਹਿਗੁਰੂ’ ਲਫਜ਼ ਨਹੀ ਵਰਤਿਆ, ਨਾਹੀਂ ਭਗਤਾਂ ਜੀ ਨੇ ਆਪਣੀ ਬਾਣੀ ਵਿੱਚ ਵੱਰਤਿਆ ਹੈ, ਪਰ ਨਾਮੁ ਜਪਣ ਦੀ ਗੱਲ ਸਾਰਿਆਂ ਨੇ ਹੀ ਕੀਤੀ ਹੈ ਅਤੇ ਬਹੁਤ ਜੋਰ ਦੇਕੇ ਕੀਤੀ ਹੈ, ਜੇ ‘ਵਾਹਿਗੁਰੂ’ ਲਫਜ਼ ਨਾਮੁ ਹੁੰਦਾ ਫਿਰ ਸਾਰੇ ਗੁਰੂਆਂ ਨੇ ਸਾਰੇ ਭਗਤਾਂ ਨੇ ਸੱਭ ਤੋ ਪਹਿਲਾਂ ਆਪਣੀ ਬਾਣੀ ਵਿੱਚ ‘ਵਾਹਿਗੁਰੂ’ ਲਫਜ਼ ਦੀ ਵਰਤੋਂ ਕਰਨੀ ਸੀ, ੴ ਸਤਿਨਾਮੁ’ ਦੀ ਜ੍ਹਗਾ ੴ ਵਾਹਿਗੁਰੂ ਨਾਮੁ’ ਹੋਣਾ ਸੀ।

ਫਿਰ ਵਾਹਿਹੁਰੂ ਲਫਜ਼ ਦੇ ਕੀ ਅਰਥ ਹਨ? ਆਉ ਵਿਚਾਰ ਦੇ ਹਾਂ:

‘ਵਾਹਿਗੁਰੂ’ ਲਫਜ਼ ਦੋ ਲਫਜ਼ਾਂ ਦਾ ਸੁਮੇਲ ਹੈ ‘ਵਾਹਿ ਗੁਰੂ’ ‘ਵਾਹਿਗੁਰੂ’ ਲਫਜ਼ ਭਾਵੇ ਗੁਰਬਾਣੀ ਵਿੱਚ ਵੱਰਤਿਆ ਗਿਆ ਹੈ, ਭਾਵੇ ਭਾਈ ਗੁਰਦਾਸ ਜੀ ਨੇ ਵੱਰਤਿਆ ਹੈ, ਭਾਵੇ ਗੁਰ ਫ਼ਤਹਿ ਵਿੱਚ ਵੱਰਤਿਆ ਹੋਇਆ ਹੈ, ਅਤੇ ਭਾਵੇ ਭਾਈ ਨੰਦ ਲਾਲ ਜੀ ਨੇ ਵੱਰਤਿਆ ਹੈ, ਇਸ ਦੇ ਅਰਥ ਇੱਕੋ ਹੀ ਹਨ “ਅਚੱਰਜ ਗੁਰੂ” - ਭਾਵ- ਬਲਿਹਾਰ ਗੁਰੂ (ਨੋਟ- ‘ਵਾਹ’ ਲਫਜ਼ ਉਥੇ ਵੱਰਤਿਆ ਜਾਂਦਾ ਹੈ ਜਿਥੇ ਕਿਸੇ ਦੀ ਪ੍ਰਸੰਸਾ ਦੇ ਲਈ ਬਾਕੀ ਲਫਜ਼ ਮੁੱਕ ਜਾਣ, ਭਾਵ- ਲਫਜ਼ਾਂ ਤੋਂ ਪਰੇ ਦੀ ਗੱਲ ਹੋਵੇ)

‘ਵਾਹਿਗੁਰੂ’ ਲਫਜ਼ ਭੱਟਾਂ ਨੇ ਵੀ ਗੁਰੂ ਦੀ ਪ੍ਰਸੰਸਾ ਲਈ ਵੱਰਇਆ ਹੈ, ਭਾਈ ਗੁਰਦਾਸ ਜੀ ਨੇ ਵੀ ਗੁਰੂ ਦੀ ਪ੍ਰਸੰਸਾ ਲਈ ਵੱਰਤਿਆ ਹੈ, ਗੁਰ ਫ਼ਤਹਿ ਵਿੱਚ ਵੀ ਗੁਰੂ ਦੀ ਹੀ ਪ੍ਰਸੰਸਾ ਹੈ, ਅਤੇ ਭਾਈ ਨੰਦ ਲਾਲ ਜੀ ਨੇ ਵੀ ਗੁਰੂ ਦੀ ਪ੍ਰਸੰਸਾ ਲਈ ਹੀ ਵੱਰਤਿਆ ਹੈ।

ਫਿਰ ਸਵਾਲ ਉਠੇਗਾ ਕੇ ਕੀ ਸਿੱਖਾਂ ਨੂੰ ਵਾਹਿਗੁਰੂ ਨਹੀ ਕਹਿੰਣਾ ਚਾਹੀਦਾ? ਬਿਲਕੁਲ ਕਹਿਣਾ ਚਾਹੀਦਾ ਹੈ ਜਰੂਰ ਕਹਿਣਾ ਚਾਹੀਦਾ ਹੈ, ਪਰ ਕਦੋਂ ਕਹਿਣਾਂ ਚਾਹੀਦਾ ਹੈ? ਆਓ ਵਿਚਾਰਦੇ ਹਾਂ:

ਜਦੋਂ ਗੁਰੂ ਦਾ ਸਿੱਖ ਗੁਰਬਾਣੀ ਵਿੱਚੋ ਪੜੇ ਕਿ {ਪਰ ਕਾ ਬੁਰਾ ਨ ਰਾਖਹੁ ਚੀਤ॥ ਤੁਮ ਕਉ ਦੁਖੁ ਨਹੀ ਭਾਈ ਮੀਤ॥ 3॥ ਪੰਨਾ 386॥} ਇਸ ਨੂੰ ਵਿਚਾਰੇ ਫਿਰ ਆਪਣੀ ਰੋਜ ਦੀ ਜਿੰਦਗੀ ਵਿੱਚ ਢਾਲਕੇ ਆਪਣੀ ਸੋਚ ਵਿੱਚੋਂ ਪਰਾਏ ਮਨੁੱਖਾਂ ਦਾ ਬੁਰਾ ਤੱਕਣਾ ਛੱਡ ਦੇਵੇ, ਫਿਰ ਆਖੇ ‘ਵਾਹਿਗੁਰੂ’ ਉਸ ਦਾ ਭਾਵ ਹੈ ਹੇ ਅਚੱਰਜ ਗੁਰੂ ਮੈ ਤੁਹਾਥੋ ਬਲਿਹਾਰ ਜਾਂਦਾ ਹਾਂ ਤਸੀਂ ਮੈਨੂੰ ਆਪਣੀ ਚੰਗੀ ਸਿਖਿਆ ਦੇਕੇ ਦੂਸਰੇ ਦਾ ਬੁਰਾ ਤੱਕਣ ਵਾਲੀ ਸੋਚ ਮੇਰੇ ਅੰਦਰੋਂ ਖਤਮ ਕਰ ਦਿੱਤੀ ਹੈ।

ਸਿੱਖ ਗੁਰਬਾਣੀ ਵਿੱਚੋ ਪੜੇ ਕਿ {ਹਕੁ ਪਰਾਇਆ ਨਾਨਕਾ, ਉਸ ਸੂਅਰੁ ਉਸ ਗਾਇ॥ ਗੁਰੁ ਪੀਰੁ ਹਾਮਾ ਤਾ ਭਰੇ, ਜਾ ਮੁਰਦਾਰੁ ਨ ਖਾਇ॥ ਪੰਨਾ 141॥} ਇਸ ਨੂੰ ਵਿਚਾਰੇ ਫਿਰ ਆਪਣੀ ਰੋਜ ਦੀ ਜਿੰਦਗੀ ਵਿੱਚ ਢਾਲੇ’ ਫਿਰ ਆਖੇ ‘ਵਾਹਿਗੁਰੂ’ ਭਾਵ- ਕਿ ਗੁਰੂ ਨੇ ਕ੍ਰਿਪਾ ਕਰਕੇ ਆਪਣੀ ਚੰਗੀ ਸਿਖਿਆ ਦੇ ਨਾਲ ਮੇਰੇ ਅੰਦਰੋਂ ਪਰਾਇਆ ਹੱਕ ਖਾਣ ਵਾਲੀ ਬਿਮਾਰੀ (ਬੁਰੀ ਸੋਚ) ਖਤਮ ਕਰ ਦਿੱਤੀ, ਮੈ ਬਲਿਹਾਰ ਜਾਂਦਾ ਹਾਂ ਐਸੇ ਗੁਰੂ ਤੋਂ।

ਜਦੋਂ ਸਿੱਖ ਗੁਰਬਾਣੀ ਵਿੱਚੋਂ ਪੜ੍ਹੇ ਕਿ {ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥ ਪੰਨਾ 97॥} ਇਸ ਨੂੰ ਵਿਚਾਰਕੇ ਆਪਣੀ ਜਿੰਦਗੀ ਵਿੱਚ ਕਮਾਵੇ, ਜਦੋਂ ਦੂਸਰੇ ਦੀ ਮਾਂ ਆਪਣੀ ਮਾਂ ਨਜ਼ਰ ਆਣ ਲਾਗ ਪਵੇ, ਦੂਸਰੇ ਦੀ ਭੈਣ ਆਪਣੀ ਭੈਣ ਨਜ਼ਰ ਆਣ ਲੱਗ ਪਵੇ, ਦੂਸਰੇ ਦੇ ਬੱਚਿਆ ਵਿੱਚੋਂ ਵੀ ਆਪਣੇ ਬੱਚਿਆਂ ਵਾਲਾ ਪਿਆਰ ਨਜ਼ਰ ਆਣ ਲੱਗ ਜਾਵੇ, ਦੂਜੇ ਦੀ ਖੁਸ਼ੀ ਆਪਣੀ ਖੁਸ਼ੀ ਤੇ ਦੂਸਰੇ ਦਾ ਦੁੱਖ ਆਪਣਾ ਦੁਖ ਮਹਿਸੂਸ ਹੋਣ ਲੱਗ ਜਾਵੇ, ਜਦੋਂ ਸਾਰਾ ਸੰਸਾਰ ਹੀ ਆਪਣਾ ਨਜ਼ਰ ਆਣ ਲਾਗ ਜਾਵੇ, ਫਿਰ ਆਖੇ ‘ਵਾਹਿਗੁਰੂ’ ਭਾਵ- ਕਿ ਬਲਿਹਾਰ ਐਸੇ ਗੁਰੂ ਤੋਂ ਜਿਸ ਨੇ ਆਪਣੇ ਨਾਮੁ (ਉਪਦੇਸ਼) ਦੇ ਨਾਲ ਮੇਰੀਆਂ ਸਾਰੀਆਂ ਬੁਰਾਈਆਂ ਨੂੰ ਹੀ ਖਤਮ ਕਰ ਦਿੱਤਾ ਹੈ।

ਫਿਰ ਜਦੋਂ ਕੋਈ ਸਿੱਖ ਗੁਰੂ ਤੋਂ ਸੱਚ ਦਾ ਉਪਦੇਸ਼ ਧਾਰਨ ਕਰਕੇ ਸੱਚ ਦੇ ਮਾਰਗ ਤੇ ਚੱਲ ਪਵੇਗਾ, ਫਿਰ ਦੁਨੀਆਂ ਨੂੰ ਬਿਨਾ ਬੋਲਿਆਂ ਹੀ ਪਤਾ ਲੱਗ ਜਾਵੇਗਾ ਕਿ ਇਹ ਗੁਰੂ ਦਾ ਸਿੱਖ ਨਾਮੁ ਜੱਪ ਰਿਹਾ ਹੈ, ਨਹੀ ਤਾਂ ਦੋ ਦੋ ਘੰਟੇ ਸਿਰ ਹਿਲਾਕੇ ਵਾਹਿਗੁਰੂ ਵਾਹਿਗੁਰੂ ਕਰਨਾ ਵੀ, ਸਿਰਫ ਤੇ ਸਿਰਫ ਸੁੰਞੈ ਘਰ ਦੇ ਬਨੇਰੇ ਬੈਠੇ ਕਾਉ ਵਾਂਗੂ ਕਾਂ ਕਾਂ ਕਰਨ ਦੇ ਹੀ ਬਰਾਬਰ ਹੈ, {ਨਾਨਕ ਅਨਦਿਨੁ ਬਿਲਪਤੇ ਜਿਉ ਸੁੰਞੈ ਘਰਿ ਕਾਉ॥ 1॥ {ਪੰਨਾ 522}

ਪਰ ਇਥੇ ਪੂਰੀ ਕੌਮ ਨਿਗਲਦੀ ਜਾ ਰਹੀ ਹੈ, ਸਿੱਖ ਸਿੱਖ ਦਾ ਵੈਰੀ ਬਣਿਆਂ ਬੈਠਾ ਹੈ, ਗੁਰਦਵਾਰਿਆਂ ਵਿੱਚ ਹੀ ਵਿਭਚਾਰ ਹੋ ਰਹੇ ਹਨ, ਸਕਾ ਭਰਾ ਸਕੇ ਭਰਾ ਦੀ ਤਰੱਕੀ ਦੇਖ ਕੇ ਸੜ ਰਿਹਾ ਹੈ, ਗੱਲਾਂ ਹੋ ਰਹੀਆਂ ਹਨ ਰੋਮ ਰੋਮ ਨਾਮੁ ਜਪਣ ਦੀਆਂ, ਕੰਧਾਂ ਵਿੱਚੋ ਵਾਹਿਗੁਰੂ ਦੀਆਂ ਅਵਾਜਾਂ ਆਉਂਣ ਦੀਆਂ, ਪਾਥੀਆਂ ਵਿੱਚੋ ਨਾਮੁ ਸੁਣਨ ਦੀਆਂ।

ਮੰਨ ਲਉ ਜੇ ਰੋਮਾਂ ਵਿੱਚੋ ਕੰਧਾਂ ਵਿੱਚੋਂ ਪਾਥੀਆਂ ਵਿੱਚੋਂ ਵਾਹਿਗੁਰੂ ਦੀਆਂ ਅਵਾਜਾਂ ਆ ਵੀ ਜਾਣ ਉਸ ਦਾ ਮਨੁੱਖਤਾ ਨੂੰ ਫਾਇਦਾ ਵੀ ਕੀ ਹੈ?

ਬੇਨਤੀ ਹੈ ਸਿੱਖੋ ਸਾਰੀ ਗੁਰਬਾਣੀ ਹੀ ਨਾਮ ਹੈ, ਇਸ ਨੂੰ ਵਿਚਾਰੋ ਗੁਰੂ ਤੋਂ ਚੰਗੇ ਬਣਨ ਦਾ ਉਪਦੇਸ਼ ਲਵੋ, ਆਪ ਚੰਗੇ ਬਣੋ ਆਪਣੇ ਬੱਚਿਆ ਨੂੰ ਚੰਗੇ ਗੁਣਾ ਦੀ ਸਿਖਿਆ ਦੇਵੋ, ਲੋਕ ਭਲਾਈ ਦੇ ਕੰਮ ਕਰੋ, ਤਾਂ ਜੋ ਦੁਨੀਆਂ ਦੇ ਲੋਕ ਤੁਹਾਡੇ ਵੱਲ ਦੇਖਕੇ ਤੁਹਾਡੇ ਵਾਲਾ ਨਾਮੁ (ਜੀਵਨ ਉਪਦੇਸ਼) ਲੱਭ ਦੇ ਫਿਰਨ।

ਸਤਿਨਾਮ ਸਿੰਘ ਮੌਂਟਰੀਅਲ 514-219-2525

(ਸੰਪਾਦਕੀ ਟਿੱਪਣੀ:- ਸ: ਸਤਿਨਾਮ ਸਿੰਘ ਜੀ ਜਿਸ ਤਰ੍ਹਾਂ ਤੁਸੀਂ ਬਹੁਤ ਹੀ ਥੋੜੇ ਸਮੇਂ ਵਿੱਚ ਗੁਰਬਾਣੀ ਦੇ ਸੱਚ ਵਾਲੇ ਸਿਧਾਂਤ ਨੂੰ ਸਮਝ ਲਿਆ ਹੈ ਇਸੇ ਤਰ੍ਹਾਂ ਅਕਾਲ ਪੁਰਖ ਹੋਰਨਾਂ ਨੂੰ ਵੀ ਸਮੱਤ ਬਖਸ਼ੇ ਤਾਂ ਕਿ ਉਹਨਾ ਨੂੰ ਵੀ ਗੁਰਬਾਣੀ ਦੇ ਸੱਚ ਦੀ ਸਮਝ ਆ ਸਕੇ। ਬਹੁਤੇ ਸਿੱਖ ਤਾਂ ਗੁਰਬਾਣੀ ਦੀਆਂ ਸਿਰਫ ਕੁਰਲੀਆਂ ਹੀ ਕਰਦੇ ਹਨ। 99. 9% ਸਿੱਖਾਂ ਨੂੰ ਸਾਰੀ ਉਮਰ ਇਹ ਹੀ ਸਮਝ ਨਹੀਂ ਆਉਂਦੀ ਕਿ ਚੌਪਈ ਵਰਗੀ ਬਾਣੀ/ਰਚਨਾ/ਲਿਖਤ ਬਿੱਲਕੁੱਲ ਸਿੱਖੀ ਸਿਧਾਂਤਾਂ ਦੇ ਉਲਟ ਹੈ ਅਤੇ ਗੁਰੂ ਜੀ ਕਦੀ ਵੀ ਅਜਿਹੀ ਰਚਨਾ ਰਚ ਕੇ ਰੋਜਾਨਾ ਪੜ੍ਹਨ ਲਈ ਨਹੀਂ ਕਹਿ ਸਕਦੇ ਸਨ।)


17/09/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਪਤਾ ਨਹੀਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕਿੱਥੇ ਕਿੱਥੇ ਜਾਣਾ ਲਿਖਿਆ, ਪਤਾ ਨਹੀਂ।
ਕੀ ਪੀਣਾ, ਕੀ ਖਾਣਾ ਲਿਖਿਐ, ਪਤਾ ਨਹੀਂ।
ਕਿਹੜੇ ਹਾਲੀਂ ਜੀਣਾ ਲਿਖਿਐ, ਪਤਾ ਨਹੀਂ,
ਕਿਸ ਹਾਲੇ ਮਰ ਜਾਣਾ ਲਿਖਿਐ, ਪਤਾ ਨਹੀਂ।
ਜਿਤਨੇ ਲੰਘੇ, ਚੰਗੇ ਲੰਘੇ, ਜੀਵਨ-ਦਿਨ,
ਬਾਕੀ ਕਿਵੇਂ ਲੰਘਾਣਾ ਲਿਖਿਐ ਪਤਾ ਨਹੀਂ।
ਮਾਂ-ਪਿਉ, ਭੈਣਾਂ-ਭਾਈ, ਰਿਸ਼ਤੇਦਾਰ ਬਣੇ,
ਲਾਣਾ ਹੋਰ ਮਿਲਾਣਾ ਲਿਖਿਐ, ਪਤਾ ਨਹੀਂ।
ਦੋ ਘੜੀਆਂ ਦਾ ਹੀ ਇਹ ਜਗਤ ਬਸੇਰਾ ਏ,
ਜੱਗ ਕਿਉਂ ਆਣਾ ਜਾਣ ਲਿਖਿਐ, ਪਤਾ ਨਹੀਂ।
ਕਰਮ ਅਸੀਂ ਤਾਂ ਕਰਦੇ ਜਾਣਾ, ਰੁਕਣਾ ਨਾ,
ਉਸ ਨੇ ਕੀ ਕਰਵਾਣਾ ਲਿਖਿਐ, ਪਤਾ ਨਹੀਂ।
ਉਸ ਦੇ ਹੁਕਮ ਬਿਨਾ ਤਾਂ ਪੱਤਾ ਹਿਲਦਾ ਨਾ,
ਹੋਊ ਜੀਕੂੰ ਭਾਣਾ ਲਿਖਿਐ, ਪਤਾ ਨਹੀਂ।
ਨਾਮ ਜਪੋ, ਵੰਡ ਛਕੋ ਤੇ ਕਿਰਤ ਕਮਾਉ ਜੀ,
ਉਸ ਵਿੱਚ ਕਦੋਂ ਸਮਾਣਾ ਲਿਖਿਐ, ਪਤਾ ਨਹੀਂ।


14/09/14)
ਡਾ: ਗੁਰਮੀਤ ਸਿੰਘ ਬਰਸਾਲ

(ਗੁਰਮੀਤ ਸਿੰਘ ਬਰਸਾਲ) ਮਿਤੀ ੯-੧੩-੧੪ ਦਿਨ ਸ਼ਨਿਚਰਵਾਰ ਨੂੰ ਗੁਰਦਵਾਰਾ ਸਿੰਘ ਸਭਾ ਬੇ-ਏਰੀਆ ਮਿਲਪੀਟਸ ਵਿੱਚ ਨਾਨਕ ਸ਼ਾਹੀ ਕੈਲੰਡਰ ਦੇ ਕਰਤਾ ਸ ਪਾਲ ਸਿੰਘ ਪੁਰੇਵਾਲ ਦੀ ਪ੍ਰਧਾਨਗੀ ਵਿੱਚ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਅਮੈਰੀਕਨ ਗੁਰਦਵਾਰਾ ਪ੍ਬੰਧਕ ਕਮੇਟੀ ਦੇ ਪ੍ਰਧਾਨ ਸ ਜਸਵੰਤ ਸਿੰਘ ਹੋਠੀ ਨੇ ਸ ਪਾਲ ਸਿੰਘ ਪੁਰੇਵਾਲ ਨੂੰ ਜੀ ਆਇਆਂ ਆਖਕੇ ਸ ਸਰਬਜੀਤ ਸਿੰਘ ਸੈਕਰਾਮੈਂਟੋ ਨੂੰ ਕੈਲੰਡਰ ਦੀ ਮੁਢਲੀ ਜਾਣਕਾਰੀ ਦੇਣ ਲਈ ਸੱਦਾ ਦਿੱਤਾ ।ਪਾਲ ਸਿੰਘ ਪੁਰੇਵਾਲ ਜੀ ਨੇ ਲੰਬੇ ਲੈਕਚਰ, ਬਲੈਕ ਬੋਰਡ ਅਤੇ ਪਰੋਜੈਕਟਰ ਦੀ ਵਰਤੋ ਕਰਦਿਆਂ ਨਾਨਕਸ਼ਾਹੀ ਕੈਲੰਡਰ ਵਾਰੇ ਆਪਣੇ ਕੀਤੇ ਕਮਾਂ ਦੀ ਜਾਣਕਾਰੀ ਦਿੰਦਿਆਂ ਇਸ ਕੈਲੰਡਰ ਨੂੰ ਗੁਰਮਤਿ ਅਨਕੂਲ, ਵਿਗਿਆਨਿਕ ਅਤੇ ਸਮੇ ਦੀ ਲੋੜ ਸਾਬਤ ਕੀਤਾ। ਵੱਖ ਵੱਖ ਬੁਲਾਰਿਆਂ ਨੇ ਜਿੱਥੇ ਪਾਲ ਸਿੰਘ ਜੀ ਦੀ ਇਸ ਘਾਲਣਾ ਦੀ ਸਿਫਤ ਕਰਦਿਆਂ ਮੂਲ ਨਾਕਸ਼ਾਹੀ ਕੈਲੰਡਰ ਨੂੰ ਅਪਣਾਉਣ ਤੇ ਜੋਰ ਦਿੱਤਾ ਉੱਥੇ ਸਮੇ ਅਨੁਸਾਰ ਕੁਝ ਸਵਾਲ ਵੀ ਕੀਤੇ ਜਿਨਾਂ ਦੇ ਸ ਪਾਲ ਸਿੰਘ ਜੀ ਨੇ ਬਹੁਤ ਖੂਬਸੂਰਤੀ ਨਾਲ ਜਵਾਬ ਦਿੱਤੇ। ਅਮੈਰੀਕਨ ਗੁਰਦਵਾਰਾ ਕਮੇਟੀ ਦੇ ਕੋਆਰਡੀਨੇਟਰ ਡਾ ਪ੍ਰਿਤਪਾਲ ਸਿੰਘ ਨੇ ਸਮੂਹ ਸੰਗਤ ਦਾ ਧੰਨਵਾਦ ਕੀਤਾ। ਜਸਜੀਤ ਸਿੰਘ ਨੇ ਸਟੇਜ ਦੀ ਸੇਵਾ ਕਰਦਿਆਂ ਸਵਾਲ ਜਵਾਬ ਦਾ ਸ਼ੈਸ਼ਨ ਵੀ ਚਲਾਇਆ। ਕੁਝ ਬੁਲਾਰਿਆਂ ਜਿਨਾਂ ਨੇ ਸਵਾਲ ਜਵਾਬ ਸ਼ੈਸ਼ਨ ਵਿੱਚ ਹਿੱਸਾ ਵੀ ਲਿਆ ਵਿੱਚ ਤਰਲੋਚਨ ਸਿੰਘ ਦੁਪਾਲਪੁਰ, ਡਾ ਗੁਰਮੀਤ ਸਿੰਘ ਬਰਸਾਲ, ਬੀਬੀ ਗੁਰਬਕਸ਼ ਕੌਰ ਕਾਹਲੋਂ, ਡਾ ਹਰਬੰਸ ਸਿੰਘ ਸਰਾਂ, ਸੈਂਟਾ ਕਲਾਰਾ ਯੂਨੀਵਰਸਟੀ ਦੇ ਡਾ ਸੁਖਮੰਦਰ ਸਿੰਘ ਅਤੇ ਕੁਝ ਹੋਰ ਸੱਜਣ ਸ਼ਾਮਿਲ ਹੋਏ । ਗੁਰਦਵਾਰਾ ਸਾਹਿਬ ਵੱਲੋਂ ਸਾ ਪੁਰੇਵਾਲ ਦਾ ਸਿਰੋਪਾਓ ਨਾਲ ਸਵਾਗਤ ਕੀਤਾ ਗਿਆ ।


ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।


14/09/14)
ਅਕੇਸ਼ ਕੁਮਾਰ

ਬੈਂਕਾਂ ਵਲੋਂ ਆਮ ਬੰਦੇ ਦਿੱਤੇ ਜਾਂਦੇ ਕਰਜਿਆਂ ਦੀ ਪ੍ਰਕ੍ਰਿਆ ਜਟਿਲ ਜੱਦ ਕਿ ਵੱਡੇ ਸ਼ਾਹੂਕਾਰਾਂ ਸਿਰ ਬੈਂਕਾਂ ਦਾ ਅਰਬਾਂ ਰੁਪਇਆ ਬਕਾਇਆ
ਅੱਜ ਪੂਰੀ ਦੁਨੀਆ ਦੇ ਜਿਆਦਾਤਰ ਦੇਸ਼ ਆਰਥਿਕ ਸਥਿਤੀ ਸੁਧਾਰਨ ਲਈ ਜਿੱਥੇ ਜੀ ਤੋੜ ਕੋਸ਼ਿਸ਼ ਕਰ ਰਹੇ ਹਨ ਉਥੇ ਭਾਰਤ ਸਰਕਾਰ ਵੱਲੋਂ ਵੀ ਆਰਥਿਕ ਸੁਧਾਰ ਵੱਲ ਕਦਮ ਚੁਕਣੇ ਸ਼ੁਰੂ ਕਰ ਦਿੱਤੇ ਹਨ। ਇਸ ਤਹਿਤ ਬੈਕਾਂ ਦੇ ਲੋਣ ਦੇਣ ਦੀ ਪ੍ਰਕ੍ਰਿਆ ਵਿੱਚ ਸੁਧਾਰ ਕਰਨ ਦੀ ਪਹਿਲ ਸ਼ੁਰੂ ਹੋ ਰਹੀ ਹੈ ਪਰ ਪ੍ਰਕ੍ਰਿਆ ਵਿੱਚ ਬਦਲਾਵ ਦੇ ਨਾਲ ਇਹ ਵੀ ਜਰੂਰੀ ਹੈ ਕਿ ਇਹ ਸੁਧਾਰ ਸਹੀ ਢੰਗ ਨਾਲ ਲਾਗੂ ਹੋਣ ਅਤੇ ਪਿਛਲਾ ਅਰਬਾਂ ਰੁਪਇਆ ਵੀ ਲੋਣ ਡਿਫਾਲਟਰਾਂ ਤੋਂ ਸਰਕਾਰ ਵਾਪਸ ਲਵੇ ਤਾਂ ਜੋ ਦੇਸ਼ ਦਾ ਵਿਕਾਸ ਤੇਜ਼ੀ ਦੇ ਨਾਲ ਹੋ ਸਕੇ। ਦੇਸ਼ ਵਿੱਚ ਸੈਕੜਾਂ ਹੀ ਸਰਕਾਰੀ ਅਤੇ ਗੈਰ ਸਰਕਾਰੀ ਬੈਂਕ ਹਨ। ਬੈਕਾਂ ਦਾ ਮੁੱਖ ਕੰਮ ਜਿੱਥੇ ਲੋਕਾਂ ਵਿੱਚ ਬਚਤ ਨੂੰ ਉਤਸਾਹਿਤ ਕਰਨਾ ਹੈ ਉਥੇ ਹੀ ਕਰਜੇ ਦੇ ਕੇ ਲੋਕਾਂ ਦੇ ਰੋਜਗਾਰ ਅਤੇ ਹੋਰ ਕੰਮਾਂ ਵਿੱਚ ਸਹਾਈ ਹੋਣਾ ਵੀ ਹੈ। ਪਰ ਬੈਂਕਾਂ ਵਲੋਂ ਦਿੱਤੇ ਜਾਂਦੇ ਕਰਜਿਆਂ ਦੀ ਪ੍ਰਕ੍ਰਿਆ ਆਮ ਬੰਦੇ ਲਈ ਬਹੁਤ ਹੀ ਜਟਿਲ ਬਣਾ ਦਿੱਤੀ ਗਈ ਹੈ ਜੱਦ ਕਿ ਦੂਜੇ ਪਾਸੇ ਵੱਡੇ ਸ਼ਾਹੂਕਾਰਾਂ ਸਿਰ ਬੈਂਕਾਂ ਦਾ ਅਰਬਾਂ ਰੁਪਇਆ ਬਕਾਇਆ ਪਿਆ ਹੈ। ਇਸ ਦਾ ਇੱਕ ਵੱਡਾ ਕਾਰਨ ਬੈਂਕਾਂ ਨੂੰ ਕਰਜੇ ਦੇਣ ਅਤੇ ਡਿਫਾਲਟਰਾਂ ਤੇ ਕਾਰਵਾਈ ਕਰਣ ਦੇ ਵਿਸ਼ੇ ਵਿੱਚ ਆਰ ਬੀ ਆਈ ਵਲੋਂ ਕੋਈ ਨਿਰਦੇਸ਼ ਨਾ ਜਾਰੀ ਕੀਤੇ ਜਾਨਾ ਵੀ ਮੁੱਖ ਕਾਰਨ ਹੈ ਪਰ ਹੁਣ ਸਰਕਾਰ ਨੇ ਇਸ ਵਿਸ਼ੇ ਉਪਰ ਬੈਂਕਾਂ ਅਤੇ ਬੈਂਕ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਣ ਦੇ ਬੰਦੋਬਸਤ ਕਰ ਲਏ ਹਨ ਅਤੇ ਆਰ ਬੀ ਆਈ ਵੀ ਹਰਕਤ ਵਿੱਚ ਆ ਗਿਆ ਹੈ ਅਤੇ ਬੈਕਾਂ ਦੇ ਲੋਣ ਲਈ ਨਿਯਮ ਬਣਾ ਕੇ ਵਿੱਤ ਮੰਤਰਾਲਾ ਨੂੰ ਭੇਜੇ ਗਏ ਹਨ।
ਕੁੱਝ ਸਮਾਂ ਪਹਿਲਾ ਆਰ ਬੀ ਆਈ ਤੋਂ ਅਕੇਸ਼ ਕੁਮਾਰ ਲੇਖਕ ਵੱਲੋ ਲਗਾਈ ਗਈ ਆਰ ਟੀ ਆਈ ਵਿੱਚ ਇਸ ਸੰਬਧੀ ਜਾਣਕਾਰੀ ਮੰਗੀ ਗਈ ਸੀ ਕਿ ਅਗਰ ਇੱਕ ਕਰੋੜ ਜਾਂ ਇਸ ਤੋਂ ਵੱਧ ਦੇ ਲੋਣ ਡਿਫਾਲਟਰ ਬੈਕਾਂ ਦਾ ਕਰਜਾ ਨਹੀ ਮੋੜਦੇ ਤਾਂ ਉਸ ਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਆਰ ਬੀ ਆਈ ਨੇ ਜਾਣਕਾਰੀ ਹੋਣ ਤੋਂ ਹੀ ਇਨਕਾਰ ਕਰ ਦਿੱਤਾ ਸੀ। ਆਰ ਟੀ ਆਈ ਰਾਹੀਂ ਮੰਗੇ ਅਜਿਹੇ ਕਈ ਸਵਾਲਾਂ ਦੇ ਵਿਸ਼ੇ ਵਿੱਚ ਆਰ ਬੀ ਆਈ ਦਾ ਜਵਾਬ ਸੀ ਕਿ ਉਹ ਇਸ ਵਿਸ਼ੇ ਵਿੱਚ ਬੈਕਾਂ ਨੂੰ ਨਿਰਦੇਸ਼ ਨਹੀਂ ਜਾਰੀ ਕਰਦਾ ਅਤੇ ਇਸ ਸੰਬਧੀ ਆਰਟਿਕਲ ਵੀ ਪੇਕਾਸ਼ਿਤ ਕੀਤਾ ਗਿਆ ਸੀ। ਹੁਣ ਆਰ ਬੀ ਆਈ ਵੱਲੋਂ ਹਰਕਤ ਵਿੱਚ ਆਉਂਦੇ ਹੋਏ ਬੈਂਕਾਂ ਅਤੇ ਬੈਕ ਦੇ ਅਧਿਕਾਰੀਆਂ ਦੇ ਲੋਣ ਦੇਣ ਦੀ ਜਿੰਮੇਵਾਰੀ ਰੱਖਣ ਲਈ ਨਿਯਮ ਵਿੱਤ ਮੰਤਰਾਲੇ ਨੂੰ ਭੇਜੇ ਗਏ ਹਨ।
ਪ੍ਰਾਈਵੇਟ ਬੈਕਾਂ ਵੱਲੋਂ ਜਿੱਥੇ ਹੁਣ ਤੱਕ ਆਮ ਜਨਤਾ ਨੂੰ ਕਰਜਾ ਦੇਣ ਵੇਲੇ ਫੋਰਮੇਲਟੀਆਂ ਦੀ ਲੰਬੀ ਲਿਸਟ ਫੜਾ ਦਿੱਤੀ ਜਾਂਦੀ ਹੈ ਅਤੇ ਕਰਜਾ ਵੀ ਬੜੀ ਮੁਸ਼ਕਲ ਨਾਲ ਦਿੱਤਾ ਜਾਂਦਾ ਹੈ ਜਦੋਂ ਕਿ ਆਮ ਲੋਕ ਲੋਣ ਭਰਨ ਵਿੱਚ ਅਮੀਰ ਵਰਗ ਨਾਲੋਂ ਕੀਤੇ ਅੱਗੇ ਹੁੰਦੇ ਹਨ ਪਰ ਜਦੋਂ ਕਿਸੇ ਤਗੜੇ ਇਨਸਾਨ ਨੇ ਲੋਣ ਲੈਣਾ ਹੋਵੇ ਜਾਂ ਲਿਮਟ ਬਣਵਾਉਣੀ ਹੋਵੇ ਤਾਂ ਸਾਰਾ ਕੰਮ ਫਟਾ ਫੱਟ ਨਿਬੇੜ ਦਿੱਤਾ ਜਾਂਦਾ ਹੈ। ਆਮ ਲੋਕਾਂ ਤੋਂ ਬਿਆਜ ਰੇਟ ਵੀ ਜਿਆਦਾ ਲਿਆ ਜਾਂਦਾ ਹੈ ਜਦੋਂ ਕਿ ਅਮੀਰ ਨੂੰ ਸਸਤੀੇ ਦਰ ਤੇ ਵੱਡੀ ਰਕਮ ਲੋਣ ਵਿੱਚ ਦਿੱਤੀ ਜਾਂਦੀ ਹੈ ਜਦੋਂ ਕਿ ਬੈਕਾਂ ਦਾ ਅਰਬਾਂ ਖਰਬਾਂ ਰੁਪਏ ਇਨ੍ਹਾ ਅਮੀਰ ਵਰਗ ਉਪਰ ਬਕਾਇਆ ਖੜਾ ਹੈ ਪਰ ਇਸ ਨੂੰ ਵਾਪਸ ਲੈਣ ਲਈ ਨਾ ਤਾਂ ਸਰਕਾਰ ਅਤੇ ਨਾ ਹੀ ਬੈਕਾਂ ਦੀ ਕੋਈ ਸਖਤ ਪੋਲਸੀ ਹੈ ਜਦੋ ਕਿ ਆਮ ਲੋਕਾਂ ਦੀ ਤਾਂ ਬੈਂਕ ਪਰੋਪਰਟੀ ਤੱਕ ਨਿਲਾਮ ਕਰ ਦਿੰਦੇ ਹਨ ਫਿਰ ਅਮੀਰ ਡਿਫਾਲਟਰਾਂ ਲਈ ਇਹ ਛੂਟ ਕਿਉਂ?
ਆਰ ਬੀ ਆਈ ਭਾਰਤ ਦਾ ਸਭ ਤੋਂ ਵੱਡਾ ਬੈਂਕ ਹੈ ਤੇ ਸਾਰੇ ਬੈਂਕਾਂ ਦਾ ਕੰਟਰੋਲ ਆਰ ਬੀ ਆਈ ਕਰਦਾ ਹੈ ਪਰ ਹਕੀਕਤ ਇਹ ਹੈ ਕਿ ਅਜਿਹੇ ਕਈ ਮੁੱਖ ਮਸਲੇ ਹਨ ਜਿਹਨਾਂ ਵਿੱਚ ਆਰ ਬੀ ਆਈ ਦੇਸ਼ ਦੇ ਬਾਕੀ ਬੈਂਕਾਂ ਭਾਵੇਂ ਸਰਕਾਰੀ ਹਨ ਜਾਂ ਪ੍ਰਾਈਵੇਟ ਉਹਨਾਂ ਨੂੰ ਕਿਸੀ ਤਰ੍ਹਾਂ ਦੇ ਕੋਈ ਨਿਰਦੇਸ਼ ਜਾਰੀ ਨਹੀਂ ਕਰਦਾ ਤੇ ਬੈਂਕ ਆਪਣੀ ਮਰਜੀ ਨਾਲ ਕੁੱਝ ਵੀ ਨਿਯਮ ਬਣਾਉਣ ਲਈ ਅਜਾਦ ਹੁੰਦੇ ਹਨ। ਇਸ ਜਾਣਕਾਰੀ ਦਾ ਖੁਲਾਸਾ ਆਰ ਟੀ ਆਈ ਤੋਂ ਪ੍ਰਾਪਤ ਜਾਣਕਾਰੀ ਵਿੱਚ ਹੋਇਆ। ਆਰ ਬੀ ਆਈ ਵਲੋਂ ਬੈਕਾਂ ਨੂੰ ਕਰੋੜਾਂ ਦੀ ਰਾਸ਼ੀ ਵਾਲੇ ਵੱਡੇ ਲੋਨ ਪਾਸ ਕਰਣ ਸੰਬਧੀ ਕਿਸੀ ਤਰ੍ਹਾਂ ਦੀਆਂ ਕੋਈ ਹਦਾਇਤਾਂ ਸੰਬਧੀ ਨਿਰਦੇਸ਼ ਜਾਰੀ ਨਹੀਂ ਕੀਤੇ ਜਾਂਦੇ। ਬੈਂਕ ਆਪਣੀ ਮਰਜੀ ਨਾਲ ਆਪਣੀਆਂ ਕੁੱਝ ਵੀ ਨੀਤੀਆਂ ਨਿਰਧਾਰਤ ਕਰ ਸਕਦੇ ਹਨ। ਇਸੀ ਤਰ੍ਹਾਂ ਕਰੋੜਾਂ ਦਾ ਕਰਜਾ ਲੈਣ ਵਾਲੇ ਬੈਂਕ ਨੂੰ ਪੈਸਾ ਵਾਪਸ ਕਰਣ ਜਾਂ ਨਾ ਕਰਣ ਅਤੇ ਇਸ ਤਰ੍ਹਾਂ ਦੇ ਡਿਫਾਲਟਰਾਂ ਦੇ ਬੈਕਾਂ ਵਲੋਂ ਕੀ ਕਾਰਵਾਈ ਕੀਤੀ ਜਾਵੇਗੀ ਇਸ ਬਾਰੇ ਵੀ ਆਰ ਬੀ ਆਈ ਬੈਂਕਾਂ ਨੂੰ ਕੋਈ ਨਿਰਦੇਸ਼ ਜਾਰੀ ਨਹੀਂ ਕਰਦਾ ਤੇ ਇਸ ਸੰਬਧੀ ਵੀ ਬੈਂਕ ਆਪਣੇ ਨਿਯਮ ਬਣਾਉਣ ਲਈ ਆਜਾਦ ਹਨ। ਭਾਵੇਂ ਕੋਈ ਕਰੋੜਾਂ ਰੁਪਏ ਦਾ ਲੋਨ ਲੈ ਕੇ ਬੈਂਕ ਨੂੰ ਨਾ ਮੋੜੇ ਪਰ ਬੈਂਕ ਵਲੋਂ ਫਿਰ ਵੀ ਉਸਦੀ ਇੱਜਤ ਦਾ ਧਿਆਨ ਰਖਦੇ ਹੋਏ ਉਸਦਾ ਨਾਂਅ ਆਮ ਜਨਤਾ ਅੱਗੇ ਸਾਰਵਜਨਿਕ ਨਹੀਂ ਕੀਤਾ ਜਾਂਦਾ ਜੱਦਕਿ ਉਸਦੇ ਕਰਜਾ ਨਾ ਮੋੜਨ ਦੇ ਹਾਲਾਤ ਵਿੱਚ ਉਸਦਾ ਭਾਰ ਆਮ ਜਨਤਾ ਤੇ ਹੀ ਵੱਧ ਰਹੇ ਬਿਆਜ ਦਰ ਜਾਂ ਟੈਕਸਾਂ ਦੇ ਰੂਪ ਵਿੱਚ ਪਾ ਦਿੱਤਾ ਜਾਂਦਾ ਹੈ। ਕੀ ਇਸ ਜਨਤਾ ਨੂੰ ਇਹ ਜਾਨਣ ਦਾ ਵੀ ਹੱਕ ਨਹੀਂ ਕਿ ਉਸਦੇ ਹੱਕ ਹਲਾਲ ਦੀ ਜਮਾ ਰਾਸ਼ੀ ਕਿਵੇਂ ਬੈਂਕ ਕਿਸ ਨੂੰ ਦੇ ਰਿਹਾ ਹੈ। ਅਗਰ ਬੈਂਕ ਦਵਾਲੀਆਂ ਹੁੰਦਾ ਹੈ ਤਾਂ ਸਭ ਤੋਂ ਜਿਆਦਾ ਨੁਕਸਾਨ ਹੁੰਦਾ ਹੈ ਆਮ ਲੋਕਾਂ ਦਾ ਜਿੰਨਾ ਦੀ ਛੋਟੀ ਛੋਟੀ ਪੁੰਜੀ ਬੈਂਕ ਦੇ ਕੁੱਝ ਭੇਸ਼ਟ ਅਧਿਕਾਰੀਆਂ ਦੀ ਮਿਲੀਭੁਗਤ ਦੇ ਨਾਲ ਡਿਫਾਲਟਰਾਂ ਨੂੰ ਲੋਨ ਦੇ ਰੂਪ ਵਿੱਚ ਦੇ ਦਿੱਤੀ ਗਈ ਹੁੰਦੀ ਹੈ।
ਇੱਥੇ ਜਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਆਲ ਇੰਡੀਆ ਬੈਂਕ ਇੰਪਲਾਈ ਐਸੋਸੀਏਸ਼ਨ ਵਲੋਂ ਦੇਸ਼ ਦੇ ਵੱਡੇ 406 ਲੋਨ ਡਿਫਾਲਟਰਾਂ ਦੀ ਲਿਸਟ ਜਾਰੀ ਕੀਤੀ ਗਈ ਸੀ ਜਿਹਨਾਂ ਤੇ ਪਬਲਿਕ ਸੈਕਟਰ ਦੇ ਬੈਂਕਾਂ ਦਾ 70, 300 ਕਰੋੜ ਬਕਾਇਆ ਹੈ। ਆਰ ਬੀ ਆਈ ਅਤੇ ਸਰਕਾਰ ਵਲੋਂ ਇਹਨਾਂ ਡਿਫਾਲਟਰਾਂ ਦੀ ਲਿਸਟ ਜਾਰੀ ਨਾ ਕੀਤੇ ਜਾਣ ਤੇ ਇਹ ਲਿਸਟ ਆਲ ਇੰਡੀਆ ਬੈਂਕ ਇੰਪਲਾਈ ਐਸੋਸੀਏਸ਼ਨ ਵਲੋਂ ਜਨਹਿਤ ਵਿੱਚ ਜਾਰੀ ਕੀਤੀ ਗਈ। ਹੈਰਾਨੀ ਦੀ ਗੱਲ੍ਹ ਤਾਂ ਇਹ ਹੈ ਕਿ ਇਹਨਾਂ ਵਿੱਚੋਂ ਕਈ ਡਿਫਾਲਟਰ ਇੱਕ ਤੋਂ ਜਿਆਦਾ ਬੈਕਾਂ ਦੇ ਡਿਫਾਲਟਰ ਸਨ। ਜਿਆਦਾਤਰ ਇਹਨਾਂ ਵਲੋਂ ਆਪਣੇ ਨਾਂ ਤੇ ਲੋਨ ਨਾ ਲੈ ਕੇ ਕੰਪਨੀ ਦੇ ਨਾਂ ਤੇ ਲੋਨ ਲਿਆ ਜਾਂਦਾ ਹੈ ਤੇ ਕੰਪਨੀ ਦੇ ਘਾਟੇ ਵਿੱਚ ਆਉਣ ਦੀ ਹਾਲਤ ਵਿੱਚ ਇਹ ਲੋਕ ਕਿਸੇ ਵੀ ਸਿੱਧੀ ਕਾਰਵਾਈ ਤੋਂ ਬੱਚ ਜਾਂਦੇ ਹਨ। ਬੈਂਕਾਂ ਦੇ ਵੱਡੇ ਅਧਿਕਾਰੀਆਂ ਦੀ ਮਿਲੀਭਗਤ ਅਤੇ ਬੈਂਕਾਂ ਦੀ ਲਾਪਰਵਾਹੀ ਤੋਂ ਬਿਨਾਂ ਇਹ ਸੰਭਵ ਨਹੀਂ। ਵੈਸੇ ਵੀ ਜੇ ਕੋਈ ਪੁੱਛਣ ਵਾਲਾ ਹੀ ਨਹੀਂ ਤਾਂ ਬੈਂਕ ਤਾਂ ਮਨਮਾਨੀ ਕਰਣਗੇ ਹੀ।
ਪਿਛਲੇ ਸਾਲ ਵੀ ਆਲ ਇੰਡੀਆ ਬੈਂਕ ਇੰਪਲਾਈ ਐਸੋਸੀਏਸ਼ਨ ਵਲੋਂ 50 ਬੈਂਕ ਲੋਨ ਡਿਫਾਲਟਰਾਂ ਦੀ ਲਿਸਟ ਜਾਰੀ ਕੀਤੀ ਗਈ ਸੀ ਤੇ ਇਸ ਵਾਰ 406 ਦੀ ਲਿਸਟ ਜਾਰੀ ਕੀਤੀ ਗਈ ਤੇ ਕਿਹਾ ਗਿਆ ਸੀ ਕਿ ਛੇਤੀ ਹੀ ਉਹਨਾਂ 3000 ਡਿਫਾਲਟਰਾਂ ਦੀ ਲੰਮੀ ਲਿਸਟ ਵੀ ਜਾਰੀ ਕੀਤੀ ਜਾਵੇਗੀ ਜਿਹਨਾਂ ਵਲੋਂ ਕਰਜੇ ਦੀ ਰਕਮ 1 ਕਰੋੜ ਜਾਂ ਇਸ ਤੋਂ ਜਿਆਦਾ ਹੈ ਜੋਕਿ ਮੋੜੀ ਨਹੀਂ ਗਈ। ਪਰ ਇੰਨਾਂ ਸਮਾਂ ਬੀਤਣ ਮਗਰੋਂ ਨਾ ਤੇ ਉਹ 3000 ਡਿਫਾਲਟਰਾਂ ਦੀ ਲਿਸਟ ਹੀ ਜਾਰੀ ਕੀਤੀ ਗਈ ਤੇ ਨਾ ਹੀ ਇਹ ਸਾਰਵਜਨਿਕ ਕੀਤਾ ਗਿਆ ਕਿ ਉਹਨਾ ਤੋਂ ਬੈਂਕਾਂ ਦਾ ਪੈਸਾ ਵਾਪਸ ਲੈਣ ਲਈ ਕੀ ਉਪਰਾਲੇ ਕੀਤੇ ਜਾ ਰਹੇ ਹਨ।
ਅਕਸਰ ਹੀ ਵੱਡੇ ਉਦਯੌਗਿਕ ਘਰਾਨੇ ਕਰੋੜਾਂ ਦੇ ਕਰਜੇ ਲੈ ਕੇ ਨਿਰਧਾਰਤ ਸਮਾਂ ਬੀਤਣ ਮਗਰੋਂ ਵੀ ਬੈਂਕਾਂ ਨੂੰ ਮੋੜਦੇ ਨਹੀਂ ਤੇ ਕਈ ਵਾਰ ਕੁੱਝ ਬੈਂਕ ਅਧਿਕਾਰੀਆਂ ਦੀ ਮਿਲੀਭੁਗਤ ਕਾਰਨ ਉਹਨਾਂ ਤੇ ਕੋਈ ਕਾਰਵਾਈ ਵੀ ਨਹੀਂ ਕੀਤੀ ਜਾਂਦੀ ਉਲਟਾ ਕਈ ਵਾਰ ਤਾਂ ਉਹਨਾਂ ਨੂੰ ਹੋਰ ਕਰਜਾ ਵੀ ਪਾਸ ਕਰ ਦਿੱਤਾ ਜਾਂਦਾ ਹੈ। ਪਰ ਆਰ ਟੀ ਆਈ ਵਿੱਚ ਦਿੱਤੀ ਜਾਣਕਾਰੀ ਮੁਤਾਬਕ ਵੱਖ ਵੱਖ ਬੈਂਕਾਂ ਦੇ ਵੱਡੀ ਰਕਮ ਦੇ ਵੀ ਕਿਹੜੇ ਡਿਫਾਲਟਰ ਹਨ ਤੇ ਬੈਕਾਂ ਵਲੋਂ ਉਹਨਾਂ ਤੇ ਕੀ ਕਾਰਵਾਈ ਕੀਤੀ ਗਈ, ਕੀਤੀ ਵੀ ਗਈ ਕਿ ਨਹੀਂ ਇਸ ਸਭ ਦੀ ਜਾਣਕਾਰੀ ਵੀ ਆਰ ਬੀ ਆਈ ਪਾਸ ਨਹੀਂ ਹੁੰਦੀ। ਬੈਂਕ ਜਿਸ ਤਰ੍ਹਾਂ ਮਰਜੀ ਨਿਯਮਾਂ ਨੂੰ ਤਾਕ ਤੇ ਰੱਖ ਕੇ ਕਰਜਾ ਵੰਡੀ ਜਾਣ ਪਰ ਆਰ ਬੀ ਆਈ ਪਾਸ ਜੇ ਇਸ ਸਭ ਦੀ ਜਾਣਕਾਰੀ ਵੀ ਹੋਵੇ ਤਾਂ ਉਹ ਸਾਰਵਜਨਿਕ ਨਹੀਂ ਕੀਤੀ ਜਾਂਦੀ। ਬੈਂਕ ਤਾਂ ਬੈਂਕ ਕੋ-ਆਪਰੇਟਿਵ ਸੋਸਾਇਟੀਆਂ ਵੀ ਜਿਸ ਤਰ੍ਹਾਂ ਮਰਜੀ ਲੋਕਾਂ ਤੋਂ ਪੈਸਾ ਇੱਕਠਾ ਕਰੀ ਜਾਣ ਜਾਂ ਉਹਨਾਂ ਦਾ ਪੈਸਾ ਲੈ ਕੇ ਵੀ ਭੱਜ ਜਾਣ ਪਰ ਇਸ ਵਿਸ਼ੇ ਵਿੱਚ ਵੀ ਆਰ ਬੀ ਆਈ ਕੋਲ ਕੋਈ ਜਵਾਬ ਨਹੀਂ ਹੈ।
ਹੈਰਾਨੀ ਵਾਲੀ ਗੱਲ੍ਹ ਹੈ ਕਿ ਇੱਕ ਪਾਸੇ ਤਾਂ ਬੈਂਕ ਹਨ ਜੋ ਇੱਕਠਾ ਕੀਤਾ ਗਿਆ ਪੈਸਾ ਕਰਜੇ ਦੇ ਰੂਪ ਵਿੱਚ ਜਿਸ ਤਰ੍ਹਾਂ ਮਰਜੀ ਲੁਟਾਈ ਜਾਣ ਉਹਨਾਂ ਨੂੰ ਨਿਰਦੇਸ਼ ਜਾਰੀ ਕਰਣ ਵਾਲਾ ਕੋਈ ਨਹੀਂ ਤੇ ਦੂਜੇ ਪਾਸੇ ਕੋ-ਆਪਰੇਟਿਵ ਸੋਸਾਇਟੀਆਂ ਲੋਕਾਂ ਦਾ ਪੈਸਾ ਜਿਸ ਤਰ੍ਹਾਂ ਮਰਜੀ ਹੜਪ ਕੇ ਭਾਵੇਂ ਭੱਜ ਜਾਣ ਤੇ ਉਸਦੀ ਜਿੰਮੇਵਾਰੀ ਕਿਸ ਦੀ ਬਣੇਗੀ ਇਸ ਦੀ ਜਾਣਕਾਰੀ ਆਰ ਬੀ ਆਈ ਨੂੰ ਵੀ ਨਹੀਂ ਹੈ। ਕੇਂਦਰ ਸਰਕਾਰ ਜਿਸ ਤਰ੍ਹਾਂ ਆਮ ਲੋਕਾਂ ਦੇ ਹਿੱਤ ਦੀ ਗੱਲ ਕਰ ਰਹੀ ਹੈ ਉਸ ਨੂੰ ਆਮ ਲੋਕਾਂ ਦੇ ਹਿੱਤ ਲਈ ਬੈਕਾਂ ਦੇ ਕਰਜੇ ਅਤੇ ਕੋ-ਆਪਰੇਟਿਵ ਸੋਸਾਇਟੀਆਂ ਦੇ ਪੈਸੇ ਦੇ ਸੁਰਖਿਅਤ ਲੈਣ ਦੈਣ ਲਈ ਕਿਸੇ ਇਮਾਨਦਾਰ ਮਹਿਕਮੇ ਨੂੰ ਹਰਕਤ ਵਿੱਚ ਲਿਆਉਣਾ ਪਵੇਗਾ

ਲੇਖਕ
ਅਕੇਸ਼ ਕੁਮਾਰ
ਗੁਰੂ ਨਾਨਕ ਨਗਰ ਬਰਨਾਲਾ
ਮੋ 98880-31426


10/09/14)
ਨਿਰਮਲ ਸਿੰਘ ਕੰਧਾਲਵੀ

ਜੋ ਮੈ ਬੇਦਨ ਸਾ ਕਿਸੁ ਆਖਾ ਮਾਈ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੯੯੦)
ਕੇਸ ਰੰਗਣੇ ਵਾਲ਼ੀਆਂ ਬੀਬੀਆਂ ਨੂੰ ਕੀਰਤਨ ਕਰਨ ਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਲੋਂ ਰੋਕਣ `ਤੇ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇਸ ਅਵੱਗਿਆ ਦੇ ਨਾਲ਼ ਨਾਲ਼ ਪੰਜਾਬੀ ਵਿਸ਼ੇਸ਼ ਕਰ ਸਿੱਖ ਸੱਭਿਆਚਾਰ ਵਿੱਚ ਆਈ ਗਿਰਾਵਟ ਵਲ ਵੀ ਧਿਆਨ ਦੇਣ ਲਈ ਵੰਗਾਰਿਆ ਹੈ ਜਿਵੇਂ ਕਿ ਮਹਿੰਗੇ ਵਿਆਹ-ਸ਼ਾਦੀਆਂ, ਵਿਆਹਾਂ `ਚ ਸ਼ਰਾਬ ਦੀ ਵਰਤੋਂ ਅਤੇ ਬੱਚੀਆਂ ਵਲੋਂ ਨੰਗੇਜ਼ ਭਰਪੂਰ ਨਾਚ-ਗਾਣਾ ਅਤੇ ਦਾਜ –ਦਹੇਜ ਦੀ ਲਾਅਨਤ ਤੇ ਭਰੂਣ ਹੱਤਿਆ ਆਦਿ। ਰਾਮੂਵਾਲ਼ੀਆ ਸਾਹਿਬ ਬੜੇ ਹੰਢੇ ਹੋਏ ਸਿਆਸਤਦਾਨ ਹਨ, ਉਹਨਾਂ ਨੇ ਪਤਾ ਨਹੀਂ ਲੱਗਣ ਦਿੱਤਾ ਕਿ ਉਹਨਾਂ ਨੇ ਕੇਸ ਰੰਗਣ ਵਾਲ਼ੀਆਂ ਬੀਬੀਆਂ ਦੇ ਹੱਕ `ਚ ਹਾਅ ਦਾ ਨਾਅਰਾ ਮਾਰਿਆ ਹੈ ਜਾਂ ਇਸ ਦੀ ਆੜ ਵਿੱਚ ਸੱਭਿਆਚਾਰਕ ਗਿਰਾਵਟ ਵਲ ਕੌਮ ਦਾ ਧਿਆਨ ਦਿਵਾਇਆ ਹੈ। ਵੈਸੇ ਰਾਮੂਵਾਲੀਆ ਸਾਹਿਬ ਆਪ ਵੀ ਆਪਣੀ ਦਾਹੜੀ ਦੇ ਇੱਕ ਵੀ ਚਿੱਟੇ ਵਾਲ਼ ਦੇ ਕਿਸੇ ਨੂੰ ਦਰਸ਼ਨ ਨਹੀਂ ਹੋਣ ਦਿੰਦੇ।
ਸਿੱਖ ਸੰਸਥਾਵਾਂ ਦੀਆਂ ਸਿਖਰ ਦੀਆਂ ਕੁਰਸੀਆਂ `ਤੇ ਬੈਠੇ ਸੱਜਣ ਵੀ ਕੇਸ ਦਾਹੜੀ ਰੰਗਣ ਦੇ ਫਤਵੇ ਆਪਣੀ ਮਰਜ਼ੀ ਨਾਲ਼ ਹੀ ਸੁਣਾਉਂਦੇ ਹਨ। ਜਿੱਥੇ ਵਿਅਕਤੀ ਇਹਨਾਂ ਦੇ ਧੜੇ ਦਾ ਹੋਵੇ, ਚੋਖੀਆਂ ਵੋਟਾਂ ਜੇਬ `ਚ ਪਾਈ ਫਿਰਦਾ ਹੋਵੇ, ਉੱਥੇ ਘੇਸਲ ਵੱਟ ਜਾਂਦੇ ਹਨ। ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਅਤੇ ਉਹਨਾਂ ਦੇ ਪਰਵਾਰਾਂ ਬਾਰੇ ਨਿਯਮਾਂ ਵਿੱਚ ਸਾਫ਼ ਲਿਖ਼ਿਆ ਹੋਇਆ ਹੈ ਕਿ ਮੈਂਬਰ ਅਤੇ ਉਹਨਾਂ ਦੇ ਪਰਵਾਰ ਪਤਿਤ ਅਤੇ ਤਨਖਾਹੀਏ ਨਾ ਹੋਣ। ਪਰ ਕੀ ਇਹਨਾਂ ਸਾਰੇ ਮੈਂਬਰਾਂ ਦੇ ਪਰਵਾਰਾਂ ਦੇ ਜੀਅ ਇਸ ਕਸਵੱਟੀ `ਤੇ ਪੂਰੇ ਉੱਤਰਦੇ ਹਨ? ਜੇ ਨਹੀਂ ਤਾਂ ਉਹਨਾਂ ਦੇ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ? ਰੋਜ਼ ਖ਼ਬਰਾਂ ਆਉਂਦੀਆਂ ਹਨ ਕਿ ਫ਼ਲਾਣੇ ਅਕਾਲੀ ਕੋਲੋਂ ਸ਼ਰਾਬ ਫੜੀ ਗਈ, ਫ਼ਲਾਣੇ ਅਕਾਲੀ ਕੋਲੋਂ ਅਫ਼ੀਮ ਡੋਡੇ ਤੇ ਹੋਰ ਨਸ਼ੇ ਫੜੇ ਗਏ, ਕਿੰਨਿਆਂ ਕੁ ਨੂੰ ਅਕਾਲੀ ਦਲ `ਚੋਂ ਕੱਢਿਆ ਜਾਂਦਾ ਹੈ? ਵੈਸੇ ਤਾਂ ਅਕਾਲੀ ਦਲ ਹੁਣ ਹੈ ਹੀ ਨਹੀਂ ਇਹ ਤਾਂ ਪੰਜਾਬੀ ਪਾਰਟੀ ਹੈ।
ਪਰ ਚਲੋ ਜੇ ਰਾਮੂਵਾਲੀਆ ਸਾਹਿਬ ਨੇ ਇਸੇ ਬਹਾਨੇ ਹੀ ਬੜੇ ਗੰਭੀਰ ਮੁੱਦਿਆਂ ਬਾਰੇ ਗੱਲ ਕੀਤੀ ਹੈ ਤਾਂ ਵੀ ਇਹ ਸ਼ਲਾਘਾਯੋਗ ਕਰਮ ਹੈ। ਉਹਨਾਂ ਨੇ ਇਸ਼ਾਰਾ ਦੇ ਹੀ ਦਿੱਤਾ ਹੈ ਕਿ ਸਿੱਖ ਧਰਮ ਅੱਜ ਭਾਈ ਲਾਲੋਆਂ ਦਾ ਧਰਮ ਨਹੀਂ ਰਹਿ ਗਿਆ ਇਸ `ਤੇ ਮਲਕ ਭਾਗੋਆਂ ਨੇ ਜੱਫਾ ਮਾਰ ਲਿਆ ਹੈ ਜਿਸ ਦਾ ਖ਼ਮਿਆਜ਼ਾ ਸਿੱਖ ਕੌਮ ਭੁਗਤ ਰਹੀ ਹੈ, ਨਤੀਜੇ ਵਜੋਂ ਲੋਕ ਡੇਰਿਆਂ ਨਾਲ਼ ਜੁੜ ਰਹੇ ਹਨ। ਸ਼੍ਰੋਮਣੀ ਕਮੇਟੀ ਨੂੰ ਆਪਣੇ ਗੁਆਂਢ ਗੁਰਦਾਸਪੁਰ ਵਿੱਚ ਹੀ ਗ਼ਰੀਬੀ ਦੇ ਮਾਰੇ ਇਸਾਈ ਧਰਮ ਅਪਣਾ ਰਹੇ ਹਜ਼ਾਰਾਂ ਸਿੱਖ ਪਰਵਾਰ ਨਹੀਂ ਦਿਸਦੇ। ਅਮੀਰ ਸਿੱਖਾਂ ਨੂੰ ਵੀ ਗੁਆਂਢ `ਚ ਭੁੱਖਾ ਨੰਗਾ ਬੈਠਾ ਸਿੱਖ ਨਹੀਂ ਦਿਸਦਾ ਉਹ ਵੀ ਨੋਟਾਂ ਦੇ ਟੋਕਰੇ ਲੈ ਕੇ ਗੁਰਦੁਆਰਿਆਂ ਵਲ ਨੂੰ ਹੀ ਭੱਜਦੇ ਹਨ। ਗੁਰੂ ਸਾਹਿਬ ਦਾ ਕਥਨ ‘ਗ਼ਰੀਬ ਦਾ ਮੂੰਹ ਗੁਰੂ ਕੀ ਗੋਲਕ’ ਹਰ ਇੱਕ ਨੂੰ ਭੁੱਲ ਚੁੱਕਾ ਹੈ। ਸ਼੍ਰੋਮਣੀ ਕਮੇਟੀ ਅਮਰੀਕਾ ਜਿਹੇ ਅਮੀਰ ਦੇਸ਼ ਵਿੱਚ ਸਿੱਖੀ ਦਾ ਪ੍ਰਚਾਰ ਕੇਂਦਰ ਖੋਲ੍ਹਣ ਜਾ ਰਹੀ ਹੈ। ਕਿਹੜੀ ਸਿੱਖੀ ਦਾ ਪ੍ਰਚਾਰ? ਸ਼੍ਰੋਮਣੀ ਕਮੇਟੀ ਵਾਲ਼ੀ ਸਿੱਖੀ? ਪੱਛਮੀ ਦੇਸ਼ਾਂ ਦੇ ਜਾਗਰੂਕ ਸਿੱਖ ਜਾਣਦੇ ਹਨ ਕਿ ਇਹਨਾਂ ਨੇ ਕਿਹੜਾ ਪ੍ਰਚਾਰ ਕਰਨਾ ਹੈ ਉੱਥੇ। ਅਮਰੀਕਾ ਤੋਂ ਇੱਕ ਸੱਜਣ ਕਹਿ ਰਹੇ ਸਨ ਕਿ ਇਹ ਪ੍ਰਚਾਰ ਕੇਂਦਰ ਜੋ ਚੰਦ ਚਾੜ੍ਹੇਗਾ ਉਹ ਸਭ ਦੇ ਸਾਹਮਣੇ ਹੀ ਆ ਜਾਣਾ ਹੈ। ਬਾਹਰਲੇ ਦੇਸ਼ਾਂ `ਚ ਬੈਠੇ ਹੱਕ ਸੱਚ ਦੀ ਗੱਲ ਕਰਨ ਵਾਲ਼ੇ ਸਿੱਖ ਇਹਨਾਂ ਨੂੰ ਚੰਗੇ ਨਹੀਂ ਲਗਦੇ, ਉੱਥੇ ਵੀ ਜਾਗਰੂਕ ਸਿੱਖਾਂ `ਤੇ ਝੁਰਲੂ ਫੇਰਨ ਦਾ ਕਾਰਜ ਕੀਤਾ ਜਾਵੇਗਾ ਤਾਂ ਕਿ ਉਹਨਾਂ ਨੂੰ ਆਪਣੇ ਵਾਲ਼ੀ ਮੁੱਖ ਧਾਰਾ `ਚ ਲਿਆਂਦਾ ਜਾ ਸਕੇ ਤਾਂ ਕਿ ਪੰਜਾਬ `ਚ ਰਾਜ ਕਰ ਰਹੇ ਹੁਕਮਰਾਨ ਆਰਾਮ ਨਾਲ਼ ਮਨਮਰਜ਼ੀਆਂ ਕਰ ਸਕਣ, ਉਹਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ।
ਉੱਚੀਆਂ ਕੁਰਸੀਆਂ `ਤੇ ਬੈਠੇ ਹਾਕਮੋਂ ਅਮਰੀਕਾ ਨੂੰ ਛੱਡੋ ਤੇ ਰਾਮੂਵਾਲੀਏ ਵਲੋਂ ਉਠਾਏ ਗਏ ਮੁੱਦਿਆਂ `ਤੇ ਗ਼ੌਰ ਕਰੋ ਜੇ ਸਿੱਖੀ ਦੀ ਸਹੀ ਸੇਵਾ ਕਰਨੀ ਚਾਹੁੰਦੇ ਹੋ। ਇਹ ਗੰਭੀਰ ਮੁੱਦੇ ਵੀ ਕੋਈ ਹੋਰ ਨਹੀਂ ਉਠਾ ਰਿਹਾ ਤੁਹਾਡਾ ਹੀ ਇੱਕ ਸੀਨੀਅਰ ਆਗੂ ਉਠਾ ਰਿਹਾ ਹੈ। ਕੋਈ ਹੋਰ ਉਠਾਵੇ ਤਾਂ ਤੁਸੀ ਵਿਕਾਸ ਵਿਕਾਸ ਕੂਕ ਕੇ ਉਹਦੀ ਆਵਾਜ਼ ਹੀ ਦਬਾਅ ਦਿੰਦੇ ਹੋ। ਹੈ ਜ਼ੁਰਅਤ ਤੁਹਾਡੇ `ਚ ਕੋਈ ਨੇਕ ਕੰਮ ਕਰਨੇ ਦੀ?
ਨਿਰਮਲ ਸਿੰਘ ਕੰਧਾਲਵੀ


10/09/14)
ਰਾਮ ਸਿੰਘ, ਗ੍ਰੇਵਜ਼ੈਂਡ

ਬੀਬੀ ਚਾਵਲਾ ਜੀ ਤੁਹਾਡਾ ਰੋਣਾ ਕੋਈ ਨਵਾਂ ਨਹੀਂ।
ਰਾਮ ਸਿੰਘ, ਗ੍ਰੇਵਜ਼ੈਂਡ


ਬੀਬੀ ਚਾਵਲਾ ਜੀ ਜਿਨ੍ਹਾਂ ਲੋਕਾਂ ਨਾਲ ਸੰਬੰਧ ਰੱਖਦੇ ਹਨ ਉਹ ਆਪਣੇ ਆਪ ਨੂੰ ਅਖੌਤੀ ਉਚ- ਜਾਤੀ ਦੇ ਸਮਝਦੇ ਹਨ। ਇਹ ਮਿਥਿਹਾਸਿਕ ਤੇ ਖਿਆਲੀ ਫਲਸਫੇ ਤੇ ਮਾਣ ਕਰਦੇ ਹਨ। ਜੀਵਨ ਦੀ ਅਸਲੀਅਤ ਨੂੰ ਸਮਝਣ ਤੇ ਅਪਨਾਉਣ ਵਿੱਚ ਆਪਣੀ ਹੇਠੀ ਸਮਝਦੇ ਹਨ ਤੇ ਕੋਹਾਂ ਦੂਰ ਹਨ। ਇਹ ਵਹਿਮ ਗ੍ਰਸਤ ਅਰਥਹੀਣ ਕਰਮ-ਕਾਂਡ ਉਪਰ ਅੰਧ-ਵਿਸ਼ਵਾਸ਼ ਰੱਖਦੇ ਹਨ ਤੇ ਇਨਸਾਨੀ ਦਰਦ, ਸੱਚ, ਈਮਾਨਦਾਰੀ, ਇਨਸਾਫ ਆਦਿ ਗੁਣਾਂ ਤੋਂ ਬਿਲਕੁਲ ਸੱਖਣੇ, ਹੋਰਨਾਂ (ਭਾਵ ਅਖੌਤੀ ਨੀਵੀਂ ਜਾਤ ਵਾਲਿਆਂ) ਨੂੰ ਕੀੜੇ ਮਕੌੜੇ ਸਮਝਦੇ ਤੇ ਪੈਰਾਂ ਹੇਠ ਦਰੜ ਕੇ ਖੁਸ਼ੀ ਤੱਕ ਮਨਾਉਂਦੇ ਆ ਰਹੇ ਹਨ। ਜਿਸ ਨੇ ਭੀ ਇਨ੍ਹਾਂ ਦੇ ਇਸ ਸੱਭ ਕੁੱਛ ਅਰਥਹੀਨ ਵਿਚਾਰਾਂ ਵਿਰੁਧ ਆਵਾਜ਼ ਉਠਾਈ, ਹੱਥ ਤਾਕਤ ਹੋਣ ਸਮੇਂ ਉਨ੍ਹਾਂ ਤੇ ਅਕਹਿ ਤੇ ਅਸਹਿ ਜ਼ੁਲਮ ਢਾਏ, ਜੇ ਕਿਸੇ ਦੇ ਅਧੀਨ ਬੇਇਜ਼ਤੀ ਵਾਲਾ ਜੀਵਨ ਜੀਣਾ ਪਿਆ ਤਾਂ ਹਾਕਮਾਂ ਨੂੰ ਮਾਂ-ਪਿਉ ਬਣਾ ਕੇ, ਉਨ੍ਹਾਂ ਨੂੰ, ਉਹ ਭਾਵੇਂ ਇਨ੍ਹਾਂ ਦੇ ਪਸੀਨੇ ਦੀ ਥਾਂ ਖੂਨ ਤੱਕ ਬਹਾਉਂਦੇ ਅਤੇ ਵੱਧ ਤੋਂ ਵੱਧ ਭਲਾ ਹੀ ਕਿਉਂ ਨਾ ਕਰਦੇ ਰਹੇ ਹੋਣ, ਹਾਕਮਾਂ ਪਾਸੋਂ ਉਨ੍ਹਾਂ ਨੂੰ ਤੰਗ ਤੇ ਸ਼ਹੀਦ ਤੱਕ ਕਰਵਾਇਆ। ਇਹ ਦਇਆ ਤੋਂ ਸੱਖਣੇ ਲੋਕ ਕੀ ਜਾਨਣ ਕਿ ਪ੍ਰਮਾਤਮਾ ਵਲੋਂ ਇਨਸਾਨੀ ਜਾਮੇਂ ਵਿੱਚ ਪੈਦਾ ਕੀਤੇ ਸਾਰੇ ਬੰਦੇ ਇਨ੍ਹਾਂ ਵਾਂਗ ਹੀ ਦੁੱਖ, ਤਕਲੀਫ, ਜ਼ੁਲਮ, ਬੇਇਨਸਾਫੀ ਆਦਿ ਮਹਿਸੂਸ ਕਰਦੇ ਹਨ। ਇਹ ਲੋਕ ਤਾਂ ਸਗੋਂ ਉਨ੍ਹਾਂ ਨੂੰ ਵੱਧ ਤੋਂ ਵੱਧ ਤੰਗੀ ਦੇ ਕੇ ਖੁਸ਼ੀ ਹੀ ਮਨਾਉਂਦੇ ਅਤੇ ਹਾਕਮਾਂ ਨੂੰ ਉਨ੍ਹਾਂ ਵਿਰੁੱਧ ਚਿੱਠੀਆਂ ਲਿਖਦੇ ਆ ਰਹੇ ਹਨ।
ਸੰਖੇਪ ਵਿੱਚ ਰਹਿੰਦੇ ਗੁਰੂ ਨਾਨਕ ਸਾਹਿਬ ਜੀ ਵਲੋਂ ਸਰਬੱਤ ਦੇ ਭਲੇ, ਲੋਕ ਹਤੈਸ਼ੀ ਤੇ ਲੋਕ ਪ੍ਰਿਆ ਜੀਵਨ ਢੰਗ ਵਿਰੁੱਧ ਇਹ ਅਖੌਤੀ ਉੱਚ ਜਾਤੀ ਲੋਕ ਸ੍ਰਕਾਰੇ ਦਰਬਾਰੇ (ਜੋ ਮੁਸਲਮਾਨੀ ਸਰਕਾਰ ਹੀ ਸੀ) ਸ਼ਕਾਇਤਾਂ ਕਰਦੇ ਰਹੇ (ਭਾਵੇਂ ਅਕਸਰ ਮੂੰਹ ਦੀਆਂ ਖਾਣੀਆਂ ਪਈਆਂ)। ਗੁਰੂ ਹਰਿ ਗੋਬਿੰਦ ਸਾਹਿਬ ਨੂੰ ਜੇਲ੍ਹ ਵੀ ਭਿਜਵਾਇਆ, ਜਿੱਥੇ ਸਗੋਂ ਗੁਰੂ ਜੀ ਨੇ ਇਨ੍ਹਾਂ ਦੇ ਵਡੇਰੇ ਜੇਲ੍ਹ ਬੰਦ ਰਾਜਿਆਂ ਨੂੰ ਆਜ਼ਾਦ ਕਰਵਾਇਆ। ਉਸ ਪ੍ਰਉਪਕਾਰ ਦੀ ਇਨ੍ਹਾਂ ਨੇ ਕਦਰ ਤਾਂ ਕੀ ਕਰਨੀ ਸੀ, ਗੁਰੂ ਗੋਬਿੰਦ ਸਿੰਘ ਜੀ, ਜੋ ਬਦੇਸ਼ੀ ਰਾਜ ਤੋਂ ਦੇਸ ਨੂੰ ਆਜ਼ਾਦ ਕਰਵਾਉਣਾ ਚਾਹੁੰਦੇ ਸਨ, ਉਨ੍ਹਾਂ ਵਿਰੁੱਧ ਉਨ੍ਹਾਂ ਨੂੰ ਦਹਿਸ਼ਤਗਰਦ ਪੇਸ਼ ਕਰਕੇ ਔਰੰਗਜ਼ੇਬ ਨੂੰ ਚਿੱਠੀਆਂ ਹੀ ਨਹੀਂ ਲਿਖੀਆਂ ਅਤੇ ਝੂਠੀਆਂ ਕਸਮਾਂ ਹੀ ਨਹੀਂ ਖਾਧੀਆਂ, ਸਗੋਂ ਉਸ ਨੂੰ ਫੌਜੀ ਸਹਾਇਤਾ ਦੇ ਕੇ ਜੋ ਕੁੱਛ ਕਰਵਾਇਆ ਉਹ ਭੀ ਅਜੋਕੇ ਦਰਬਾਰ ਸਾਹਿਬ ਦੇ ਹਮਲੇ ਤੋਂ ਘੱਟ ਨਹੀਂ ਸੀ। ਇਹ ਤਾਂ ਸਗੋਂ ਇੱਥੋਂ ਤੱਕ ਗਿਰ ਸਕਦੇ ਹਨ, ਕਿ ਸੱਤ ਤੋਂ ਨੌਂ ਸਾਲ ਦੇ ਸਾਹਿਬਜ਼ਾਦਿਆਂ ਨੂੰ ਭੀ ਦਹਿਸ਼ਤਗਰਦ ਕਹਿ ਕੇ ਸ਼ਹੀਦ ਕਰਵਾ ਸਕਦੇ ਹਨ। ਦਰਬਾਰ ਸਾਹਿਬ ਦੇ ਹਮਲੇ ਸਮੇਂ ਇਨ੍ਹਾਂ ਦੀ ਫੌਜ ਨੇ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਤੇ ਹਜ਼ਾਰਾਂ ਦੀ ਗਿਣਤੀ ਵੱਚ ਆਈਆਂ ਸੰਗਤਾਂ, ਜਿਨ੍ਹਾਂ ਵਿੱਚ ਬੱਚੇ, ਬਜ਼ੁਰਗ ਅਤੇ ਬੀਬੀਆਂ ਸਨ ਜੋ ਖਾੜਕੂ ਤਾਂ ਨਹੀਂ ਸਨ, ਨੂੰ ਕੋਹ ਕੋਹ ਕੇ ਸ਼ਗੀਦ ਕੀਤਾ, ਖਾੜਕੂ ਤਾਂ ਉਥੇ ਸਿਰਫ ਸੌ ਡੇਢ ਸੌ ਹੀ ਸਨ ਅਤੇ ਆਪਣੇ ਹੀ ਨਹੀਂ ਸਮੁੱਚੇ ਪੰਜਾਬ ਦੇ ਹੱਕਾਂ ਲਈ ਰੋਸ ਵਜੋਂ ਉਥੇ ਸਨ। ਉਨ੍ਹਾਂ ਨੂੰ ਦਹਿਸ਼ਤਗਰਦ ਕਹਿ ਕੇ ਉਨ੍ਹਾਂ ਨੂੰ ਉੱਥੋਂ ਕੱਢਣ ਲਈ ਹਮਲਾ ਟੈਂਕਾਂ ਤੋਪਾਂ ਨਾਲ ਕੀਤਾ, ਜਦ ਕਿ ਤਾਜ ਹੋਟਲ ਤੇ ਬਦੇਸੀ ਹਮਲਾਆਵਰਾਂ ਨੂੰ ਕੱਢਣ ਲਈ ਸਿਰਫ ਮਾਮੂਲੀ ਪੁਲੀਸ ਐਕਸ਼ਨ ਹੀ ਕੀਤਾ। ਦਰਬਾਰ ਸਾਹਿਬ ਵਿਖੇ ਇਤਨਾ ਵੱਡਾ ਜਾਨੀ ਘਾਣ ਹੋਣ ਤੇ ਇਨ੍ਹਾਂ ਖਾਸ ਕਰਕੇ ਬੀਬੀ ਜੀ ਦੇ ਹਮਾਇਤੀਆਂ (ਆਰ. ਐਸ. ਐਸ) ਨੇ ਖੁਸ਼ੀ ਵਿੱਚ ਲੱਡੂ ਵੰਡੇ ਤੇ ਭੰਗੜੇ ਪਾਏ। ਬੀਬੀ ਇੰਦਰਾ ਦੀ ਦੇਵੀ ਦੁਰਗਾ ਨਾਲ ਤੁਲਨਾ ਕੀਤੀ ਅਤੇ ਕਿਹਾ ਕਿ “ਅਸੀਂ ਤਾਂ ਇੰਦਰਾ ਨੂੰ ਛੇ ਮਹੀਨੇ ਪਹਿਲਾਂ ਹਮਲਾ ਕਰਨ ਲਈ ਕਿਹਾ ਸੀ”। ਇਹ ਹੈ ਇਨ੍ਹਾਂ ਦਾ ਅਸਲੀ ਕਿਰਦਾਰ।
ਇਨ੍ਹਾਂ ਦੇ ਆਪੂੰ ਬਣੇ ਮਹਾਤਮਾ ਮਿਸਟਰ ਕਰਮ ਚੰਦ ਗਾਂਧੀ ਨੇ ਦੇਸ਼ ਭਗਤ, ਭਗਤ ਸਿੰਘ ਨੂੰ ਦਹਿਸ਼ਤਗਰਦ ਕਹਿ ਕੇ ਉਸ ਦੀ ਫਾਂਸੀ ਰੁਕਵਾਉਣ ਤੋਂ ਨਾਂਹ ਕਰ ਦਿੱਤੀ ਸੀ, ਭਾਵੇਂ ਬਾਅਦ ਵਿੱਚ ਸ਼ਹੀਦ ਵਜੋਂ ਕਬੂਲ ਕਰ ਲਿਆ, ਕਿਉਂਕਿ ਉਸ ਨੇ ਕੁਰਬਾਨੀ ਦਾ ਕੰਮ ਸਿਰਗੁੰਮ ਹੋ ਕੇ ਕੀਤਾ ਸੀ, ਬਾਅਦ ਵਿੱਚ ਭਾਵੇਂ ਭਾਈ ਸਾਹਿਬ ਰਣਧੀਰ ਸਿੰਘ ਦੇ ਵਿਚਾਰ ਸੁਣ ਕੇ ਕੇਸ ਰੱਖ ਲਏ ਸਨ। ਇਹ ਸੱਭ ਕੁੱਛ ਸਾਬਤ ਕਰਦਾ ਹੈ ਕਿ ਇਹ ਲੋਕ ਸਰਬੱਤ ਦੇ ਭਲੇ ਤੇ ਅਧਾਰਤ ਸਿੱਖੀ ਸਰੂਪ ਦੇ ਕਿੰਨੇ ਖਿਲਾਫ ਹਨ। ਇਹ ਇਸ ਲਈ ਹੈ ਕਿ ਇਹ ਸੌ ਫੀ-ਸਦੀ ਸਵਾਰਥੀ ਲੋਕ ਸਰਬੱਤ ਦੇ ਭਲੇ ਦੇ ਸੌ ਫੀ-ਸਦੀ ਹੀ ਵਿਰੁੱਧ ਹਨ, ਤੇ ਆਪਣਾ ਹੀ ਭਲਾ ਲੋੜਦੇ ਹਨ, ਦੂਸਰਿਆਂ ਦਾ ਭਾਵੇਂ ਕਿੰਨਾ ਨੁਕਸਾਨ ਹੋਵੇ। ਸਿੱਖਾਂ ਨੇ ਤਾਂ ਖਾਸ ਕਰਕੇ ਦੇਸ ਦੇ ਭਲੇ ਤੇ ਦੇਸ ਦੀ ਇੱਜ਼ਤ ਬਚਾਉਣ ਲਈ ਆਪਣਾ ਹਰ ਤਰ੍ਹਾਂ ਦਾ ਨੁਕਸਾਨ ਕਰਵਾ ਕੇ ਇਨ੍ਹਾਂ ਦੇ ਝੂਠੇ ਲਾਰਿਆਂ ਤੇ ਵਿਸ਼ਵਾਸ਼ ਕਰਕੇ ਵੀ ਦੇਸ ਨਾਲ ਰਹਿਣ ਵਿੱਚ ਕੋਈ ਹੁੱਜਤ ਤੱਕ ਨਹੀਂ ਕੀਤੀ ਸੀ, ਪਰ ਇਨ੍ਹਾਂ ਕੱਟੜਵਾਦੀਆਂ ਨੇ ਸਿੱਖਾਂ ਨੂੰ ਦਹਿਸ਼ਤਗਰਦ ਕਰਕੇ ਹੀ ਜਾਣਿਆ। ਲਾਰਿਆਂ ਤੋਂ ਮੁਕਰਨ ਦੀ ਜੋ ਇਨ੍ਹਾਂ ਦੀ ਖਸਲਤ (ਸੁਭਾਉ) ਹੈ, ਉਸ ਅਨੁਸਾਰ ਕੀਤੇ ਲਾਰਿਆਂ ਤੋਂ ਮੁਕਰਨ ਵਿੱਚ ਦੇਰ ਨਾ ਲਾਈ। ਪੰਜਾਬ ਦੇ ਬਣਦੇ ਸਵਿਧਾਨਿਕ ਹੱਕਾਂ ਲਈ, ਜਿਸ ਦਾ ਸਾਰੇ ਪੰਜਾਬੀਆਂ ਨੂੰ ਲਾਭ ਹੋਣਾ ਸੀ, ਸੰਘਰਸ਼ ਅਰੰਭਿਆ ਗਿਆ, ਸੰਘਰਸ਼ ਦੀ ਸਹਾਇਤਾ ਕਰਨ ਦੀ ਥਾਂ ਇਨ੍ਹਾਂ ਦੀ ਕੱਟੜਵਾਦੀ ਪ੍ਰੈਸ, ਖਾਸ ਕਰਕੇ ਲਾਲਾ ਜਗਤ ਨਾਰਾਇਣ ਆਦਿ ਨੇ ਸੰਘਰਸ਼ ਕਰਨ ਵਾਲਿਆਂ ਨੂੰ ਦਹਿਸ਼ਤਗਰਦ ਕਹਿਕੇ ਭੰਡਿਆ। ਇਹ ਇਨ੍ਹਾਂ ਦੀ ਪੰਜਾਬ ਨਾਲ ਦੇਸ਼-ਧਰੋਹੀ ਸੀ, ਜਿੱਸ ਨੇ ਪੰਜਾਬ ਵਿੱਚ ੧੯੮੦-੧੯੯੦ ਵਿਆਂ ਦੇ ਸਿੱਖ ਨਸਲ-ਕੁਸ਼ੀ ਦਾ ਮਾਹੌਲ ਪੈਦਾ ਕੀਤਾ। ਉਸ ਦੌਰਾਨ ਹਜ਼ਾਰਾਂ ਬੇਕਸੂਰ ਸਿੱਖ ਨੌਜਵਾਨ ਘਰਾਂ ਵਿੱਚੋਂ ਚੁੱਕ ਚੁੱਕ ਕੇ ਫਰਜ਼ੀ ਤੇ ਨਕਲੀ ਪੁਲੀਸ ਮੁਕਾਬਲੇ ਬਣਾ ਕੇ ਸ਼ਹੀਦ ਕੀਤੇ ਗਏ, ਜਿੱਸ ਲਈ ਬੀਬੀ ਜੀ ਜਾਣਦੇ ਤਾਂ ਹਨ, ਪਰ ਨਸਲ-ਕੁਸ਼ੀ ਦਾ ਆਪ ਭਾਗ ਹੋਣ ਕਰਕੇ ਅੱਖਾਂ ਮੀਟ ਕੇ ਉਲਟਾ, ਕੋਈ ਇਨਸਾਫ ਨਾ ਮਿਲਣ ਤੇ ਜ਼ਾਲਮ ਤੇ ਭਰਿਸ਼ਟ ਹਾਕਮਾਂ ਦਾ ਸੋਧਾ ਲਾੳੇਣ ਵਾਲਿਆਂ ਨੂੰ ਇਹ ਦਹਿਸ਼ਤਗਰਦ ਕਹਿ ਰਹੇ ਹਨ। ਇੱਕ ਪਵਿੱਤਰ ਧਾਰਮਿਕ ਅਸਥਾਨ ਤੇ ਤੋਪਾਂ ਟੈਂਕਾਂ ਨਾਲ ਹਮਲਾ ਕਰਾਉਣ ਤੇ ਕਰਨ ਵਾਲੇ ਕਿੱਧਰੋਂ ਬੇਕਸੂਰ ਹੋ ਸਕਦੇ ਹਨ ਤੇ ਲੱਖਾਂ ਦੀ ਗਿਣਤੀ ਵਿੱਚ ਬੇਕਸੂਰ ਸਿੱਖ ਨੌਜਵਾਨਾਂ ਨੂੰ ਘਰਾਂ ਤੋਂ ਚੁੱਕਵਾ ਕੇ ਸ਼ਹੀਦ ਕਰਵਾਉਣ ਤੇ ਕਰਨ ਵਾਲੇ ਕਿੱਧਰੋਂ ਅਮਨ ਸ਼ਾਂਤੀ ਦੇ ਦੇਵਤੇ ਬਣ ਗਏ? ਬੀਬੀ ਜੀ ਤੁਹਾਡੇ ਤੇ ਜ਼ੁਲਮ ਹੁੰਦਾ ਹੋਵੇ ਤਾਂ ਤੁਸੀਂ ਔਰੰਗਜ਼ੇਬ ਨੂੰ ਜ਼ਾਲਮ ਕਹਿ ਸਕਦੇ ਹੋ ਪਰ ਉਸ ਦਾ ਸੋਧਾ ਨਹੀਂ ਲਾ ਸਕਦੇ, ਜਿੱਸ ਨੂੰ ਤੁਹਾਡੇ ਬਜ਼ੁਰਗਾਂ ਵਲੋਂ ਕਹੇ ਜਾਂਦੇ ਗੁਰੂ ਜੀ ਦੇ ਸਿੱਖਾਂ ਨੇ ਲਲਕਾਰਿਆ ਹੀ ਨਹੀਂ ਉਸ ਦੇ ਰਾਜ ਨੂੰ ਜੜ੍ਹੋਂ ਪੁੱਟ ਕੇ ਆਪਣਾ ਰਾਜ ਕਾਇਮ ਕਰ ਲਿਆ। ਪਰ ਜੇ ਸਿੱਖਾਂ ਤੇ ਉਹੋ ਜਿਹਾ ਜ਼ੁਲਮ ਹੁੰਦਾ ਹੋਵੇ ਤਾਂ ਤੁਹਾਡੇ ਲਈ ਖੁਸ਼ੀਆਂ ਮਨਾਉਣ ਤੇ ਭੰਗੜੇ ਪਾਉਣ ਦਾ ਅਵਸਰ ਬਣ ਜਾਂਦਾ ਹੈ ਅਤੇ ਕਿਸੇ ਤਰ੍ਹਾਂ ਵੀ ਨਾਂ ਇਨਸਾਫ ਮਿਲਣ ਤੇ ਜ਼ਾਲਮ ਦਾ ਸੋਧਾ ਲਾ ਕੇ ਸ਼ਹੀਦੀਆਂ ਪਾਉਣ ਵਾਲੇ ਸਿੱਖ ਤੁਹਾਡੇ ਲਈ ਕਿਉਂ ਦਹਿਸ਼ਤਗਰਦ ਬਣ ਜਾਂਦੇ ਹਨ? ਬੀਬੀ ਜੀ ਐਸਾ ਰੋਣਾ ਰੋਣ ਜੋ ਸਦੀਆਂ ਤੋਂ ਤੁਹਾਡਾ ਵਤੀਰਾ ਹੀ ਬਣ ਚੁੱਕਾ ਹੈ, ਦੀ ਥਾਂ ਸੱਚੇ ਸੁੱਚੇ ਸਿੱਖ ਕਿਰਦਾਰ ਤੋਂ ਕੁੱਛ ਸਿਖਣ ਦੀ ਕੋਸ਼ਿਸ਼ ਕਰੋ ਤਾਕਿ ਪੰਜਾਬ ਵਿੱਚ ਹੀ ਨਹੀਂ ਸਮੁੱਚੇ ਦੇਸ ਵਿੱਚ ਸ਼ਾਂਤੀ ਦਾ ਮਾਹੌਲ ਬਣ ਸਕੇ। ਪ੍ਰਮਾਤਮਾ ਤੁਹਾਨੂੰ ਸੁਮੱਤ ਬਖਸੇ!


10/09/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਕਵਿਤਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜਦ ਮੇਰੇ ਘਰ ਆਉਂਦੀ ਕਵਿਤਾ।
ਲਗਦੀ ਮੈਨੂੰ ਗਾਉਂਦੀ ਕਵਿਤਾ।
ਦਿਲ ਦੀਆਂ ਗਲਾਂ ਖੋਲ੍ਹ ਲਈਦੀਆਂ,
ਨਾ ਕਹਿ ਹੁੰਦੀਆਂ ਬੋਲ ਲਈਦੀਆਂ।
ਚਾਅ-ਵਾਛੜ ਵਰਸਾਉਂਦੀ ਕਵਿਤਾ,
ਜਦ ਮੇਰੇ ਘਰ ਆਉਂਦੀ ਕਵਿਤਾ।
ਗ਼ਮ-ਦੁਨੀਆਂ ਵਿੱਚ ਰੁਲ ਜਾਵਾਂ ਜਦ,
ਮੈਂ ਜਦ ਖੁਦ ਨੂੰ ਭੁੱਲ ਜਾਵਾਂ ਜਦ,
ਮੈਨੂੰ ਨਹੀਂ ਭੁਲਾਉਂਦੀ ਕਵਿਤਾ।
ਜਦ ਮੇਰੇ ਘਰ ਆਉਂਦੀ ਕਵਿਤਾ।
ਕਵਿਤਾ ਮੇਰੀ ਸਾਂਝ ਪੁਰਾਣੀ,
ਮੇਰੇ ਸੰਗ ਸਮਿਆਂ ਦੀ ਹਾਣੀ,
ਸੋਚ-ਵਿਚਾਰ ਬਣਾਉਂਦੀ ਕਵਿਤਾ।
ਜਦ ਮੇਰੇ ਘਰ ਆਉਂਦੀ ਕਵਿਤਾ।
ਵਾਹ ਕਵਿਤਾ! ਅਹਿਸਾਨ ਬੜਾ ਹੈ,
ਦੁੱਖ-ਸੱਖ ਵਿੱਚ ਤੇਰਾ ਸਾਥ ਰਿਹਾ ਹੈ।
ਲਾਵਾ ਰਹੀ ਪਿਘਲਾਉਂਦੀ ਕਵਿਤਾ।
ਜਦ ਮੇਰੇ ਘਰ ਆਉਂਦੀ ਕਵਿਤਾ।


10/09/14)
ਡਾ: ਗੁਰਮੀਤ ਸਿੰਘ ਬਰਸਾਲ

ਬਹੁ-ਵਿਆਹ !!
ਕੁਲ ਦੁਨੀਆਂ ਨੇ ਕੀਤਾ ਸੀ ਜਦ ਔਰਤ ਦਾ ਤ੍ਰਿਸਕਾਰ ।
ਤਦ ਗੁਰ ਨਾਨਕ ਮਾਰਿਆ ਨਾਹਰਾ 'ਜਨਣੀ-ਜਗਤ' ਪੁਕਾਰ ।।
ਮੰਦਾ ਕਿੰਝ ਆਖੀਏ ਉਸਨੂੰ ਭੁੱਲੜ ਜੱਗ ਦੇ ਲੋਕੋ ,
ਜਿਸ ਔਰਤ ਜਾਤੀ ਨੇ ਜੰਮੇ ਰਾਜੇ ਤੇ ਸਰਦਾਰ ।।
ਗੁਰੂ ਨਾਨਕ ਤੋਂ ਪਹਿਲਾਂ ਲੋਕਾਂ ਧਰਮ ਗ੍ਰੰਥਾਂ ਅੰਦਰ ,
ਲਿਖਕੇ ਬਹੁ-ਚਲਿੱਤਰੀ ਔਰਤ ਕੀਤੀ ਰੱਜ ਖੁਆਰ ।।
ਕਦੇ ਔਰਤ ਨੂੰ ਜੁੱਤੀ ਆਖਿਆ ਕਦੇ ਕਿਹਾ ਬਘਿਆੜੀ ,
ਕਦੇ ਆਖਿਆ ਇਸਨੂੰ ਪਾਪਣ ਘੋਰ-ਨਰਕ ਦਾ ਦੁਆਰ ।।
ਕਦੇ ਆਖਿਆ ਔਰਤ ਸਭ ਨੂੰ ਮੰਜਿਲ ਤੋਂ ਭਟਕਾਉਂਦੀ ,
ਨੀਚ ਤੇ ਸ਼ੂਦਰ ਕਹਿ ਔਰਤ ਨੂੰ ਕਰਿਆ ਸੀ ਦੁਸ਼-ਕਾਰ ।।
ਧਨੀ-ਅਮੀਰਾਂ ਸਮਝ ਸੰਪਤੀ ਮਨ ਪ੍ਰਚਾਵੇ ਵਾਲੀ,
ਬਹੁ-ਵਿਆਹਾਂ ਦੀ ਰਸਮ ਚਲਾਈ ਸਮਝ ਕੋਈ ਅਧਿਕਾਰ ।।
ਗਾਵਾਂ-ਮੱਝਾਂ ਵਾਂਗੂ ਜਿਹੜਾ ਵੱਧ ਔਰਤਾਂ ਰੱਖੇ,
ਓਸੇ ਨੂੰ ਸੀ ਵੱਡਾ ਗਿਣਦਾ ਨਾ-ਸਮਝ ਸੰਸਾਰ ।।
ਕੁਝ ਲੋਕਾਂ ਨੇ ਗੁਰੂਆਂ ਨੂੰ ਇੰਝ ਵੱਡਿਆਂ ਦੱਸਣ ਖਾਤਿਰ ,
ਗੁਰੂਆਂ ਦੇ ਬਹੁ-ਮਹਿਲਾਂ ਵਾਲਾ ਕਰ ਦਿੱਤਾ ਪਰਚਾਰ ।।
ਗਿਆਨ ਵਿਹੂਣੇ ਸ਼ਰਧਾਵਾਨਾ ਬਿਨ ਗੁਰ-ਸ਼ਬਦ ਵਿਚਾਰੇ,
ਸੱਤ-ਬਚਨ ਕਹਿ ਸੀਸ ਨਿਵਾਕੇ ਕਰ ਲਿੱਤਾ ਸਵੀਕਾਰ ।।
"ਏਕ ਜੋਤ" ਤੇ "ਦੋਇ ਮੂਰਤੀ" ਦੇ ਸੰਕਲਪ ਦੇ ਅੰਦਰ ,
ਔਰਤ-ਮਰਦ ਬਰਾਬਰਤਾ ਦਾ ਹੁੰਦਾ ਦਰਸ਼-ਦਿਦਾਰ ।।
ਇੱਕ ਨਾਰੀ ਸੰਗ ਗ੍ਰਹਿਸਤ ਵਿੱਚ ਹੀ ਔਰਤ ਦਾ ਸਨਮਾਨ,
ਗੁਰਬਾਣੀ ਦੇ ਆਸ਼ੇ ਨੂੰ "ਗੁਰਦਾਸ" ਕਿਹਾ ਵਿਚਾਰ ।।
ਪਰ-ਨਾਰੀ ਦੇ ਅੰਦਰ ਜੇਕਰ ਧੀ-ਭੈਣ ਨਾਂ ਦਿਸਦੀ,
ਗੁਰ-ਬਾਬੇ ਦੀ ਸਿੱਖਿਆ ਵਾਲਾ ਕਿੰਝ ਬਣੂ ਕਿਰਦਾਰ ।।
ਬਹੁ-ਵਿਆਹਾਂ ਦੇ ਨਾਲ ਤੇ ਔਰਤ ਇੱਕ ਵਸਤ ਹੀ ਜਾਪੇ ,
ਬੰਦਾ ਵੀ ਬਹੁ-ਪਤਨੀ ਵਾਲਾ ਲਗਦਾ ਏ ਬਦਕਾਰ ।।
ਇੱਕੋ ਵਿਆਹ ਦੇ ਨਾਲ ਹੀ ਜੱਗ ਤੇ ਜੀਵਨ ਸੋਹਣਾ ਚਲਦਾ ,
ਮਜਬੂਰੀ ਨੂੰ ਰੱਖਿਆ ਜਾਵੇ ਅਗਰ ਦਲੀਲੋਂ ਬਾਹਰ ।।
ਇੱਕ ਪਤਨੀ ਨਾਲ ਔਰਤ-ਮਰਦ ਬਰਾਬਰਤਾ ਰਹਿ ਸਕਦੀ,
ਔਰਤ ਮਰਦ ਬਰਾਬਰਤਾ ਵਿੱਚ ਹੀ ਹੁੰਦਾ ਸਤਿਕਾਰ ।।
ਗੁਰੂਆਂ ਨੇ ਖੁਦ ਮਾਡਲ ਬਣ ਜੋ ਜੀਵਨ ਜੁਕਤਿ ਬਣਾਈ,
ਉਸੇ ਨੂੰ ਅਪਣਾਉਣ ਲਈ ਸਭ ਨੂੰ ਆਖਿਆ ਬਾਰੋ-ਬਾਰ ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)


07/09/14)
ਨਿਰਮਲ ਸਿੰਘ ਕੰਧਾਲਵੀ

ਬਿਨੁ ਸ਼ਬਦੈ ਕਿਉ ਪਾਏ ਪਾਰੁ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਨਾ ੮੪੨)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮਨਾਏ ਗਏ ਪ੍ਰੋਗਰਾਮ ਦੀਆਂ ਖਬਰਾਂ ਦੂਸਰੇ ਦਿਨ ਇੱਕ ਟੀ. ਵੀ. ਚੈਨਲ ਤੋਂ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਸਨ। ਖ਼ਬਰਾਂ `ਚ ਨੀਊਜ਼ ਰੀਡਰ ਵਾਰ ਵਾਰ ਕਹਿ ਰਿਹਾ ਸੀ ਕਿ ਸ੍ਰੀ ਦਰਬਾਰ ਸਾਹਿਬ ਵਿਖੇ ‘ਜਲੌ ਸਾਹਿਬ’ ਦੇ ਦਰਸ਼ਨ ਕਰ ਕੇ ਸੰਗਤਾਂ ਦਾ ਜਨਮ ਮਰਨ ਸੰਵਰ ਰਿਹਾ ਸੀ ਅਤੇ ਖ਼ਬਰ `ਚ ਇਸ ਤਰ੍ਹਾਂ ਦੱਸਿਆ ਜਾ ਰਿਹਾ ਸੀ ਜਿਵੇਂ ਜਲੌ ਦਾ ਦਰਸ਼ਨ ਹੀ ਸਭ ਦੁਖਾਂ ਦਾ ਦਾਰੂ ਹੈ।
ਆਪਣੇ ਇਤਿਹਾਸ ਨਾਲ਼ ਸੰਬੰਧਤ ਪੁਰਾਤਨ ਵਸਤਾਂ ਹਰੇਕ ਕੌਮ ਦੀ ਅਮਾਨਤ ਹੁੰਦੀਆਂ ਹਨ ਤੇ ਸਾਰੀ ਦੁਨੀਆਂ ਦੇ ਲੋਕ ਆਪਣੇ ਇਤਿਹਾਸ `ਤੇ ਮਾਣ ਕਰਦੇ ਹਨ ਤੇ ਉਹ ਇਹਨਾਂ ਵਸਤਾਂ ਨੂੰ ਦੇਖਣ ਲਈ ਅਜਾਇਬ-ਘਰਾਂ `ਚ ਜਾਂਦੇ ਹਨ। ਅੰਗਰੇਜ਼ਾਂ ਦੀ ਮਿਸਾਲ ਹੀ ਲੈ ਲਉ, ਇਹਨਾਂ ਨੇ ਜਿੱਥੇ ਆਪਣੀਆਂ ਵਸਤਾਂ ਤਾਂ ਸੰਭਾਲਣੀਆਂ ਹੀ ਸਨ ਉੱਥੇ ਹੋਰ ਦੇਸ਼ਾਂ ਦੀਆਂ ਅਮੋਲਕ ਵਸਤਾਂ ਵੀ ਸੰਭਾਲ ਕੇ ਰੱਖੀਆਂ ਹੋਈਆਂ ਹਨ। ਪਾਠਕ ਕਹਿ ਸਕਦੇ ਹਨ ਕਿ ਇਹ ਸਾਮਾਨ ਇਹਨਾਂ ਨੇ ਲੁੱਟ ਕੇ ਜਾਂ ਧੋਖੇ ਨਾਲ਼ ਲਿਆਂਦਾ ਹੋਇਆ ਹੈ। ਇਸ ਲੇਖ ਦਾ ਵਿਸ਼ਾ ਇਸ ਤਰ੍ਹਾਂ ਦੀ ਬਹਿਸ ਵਿੱਚ ਪੈਣਾ ਨਹੀਂ।
ਸਵਾਲ ਹੈ ਕਿ ਕੀ ਸੋਨੇ, ਚਾਂਦੀ, ਹੀਰੇ ਮੋਤੀਆਂ ਨਾਲ਼ ਜੜੀਆਂ ਵਸਤਾਂ ਦੇ ਦਰਸ਼ਨ ਕਰਨ ਨਾਲ਼ ਹੀ ਮਨੁੱਖ ਦਾ ਪਾਰ ਉਤਾਰਾ ਜਾਂਦਾ ਹੈ ਤੇ ਜਨਮ ਮਰਨ ਕੱਟਿਆ ਜਾਂਦਾ ਹੈ? ਕੀ ਬੜੀ ਸਾਜ਼ਿਸ਼ ਨਾਲ਼ ਸ਼ਬਦ-ਗੁਰੂ ਦੀ ਮਹੱਤਤਾ ਨੂੰ ਘਟਾਇਆ ਨਹੀਂ ਜਾ ਰਿਹਾ? ਮੈਂ ਖ਼ਬਰਾਂ ਦੇਖ ਕੇ ਹਟਿਆਂ ਹੀ ਸਾਂ ਕਿ ਇੱਕ ਮਿੱਤਰ ਪਿਆਰੇ ਦਾ ਇਸੇ ਸੰਬੰਧੀ ਫੋਨ ਆ ਗਿਆ। ਪਹਿਲਾਂ ਤਾਂ ਉਹਨੇ ਪੁੱਛਿਆ ਕਿ ਸਿੱਖ ਅੱਜ ਕਲ ਹਰੇਕ ਚੀਜ਼ ਨਾਲ਼ ਹੀ ‘ਸਾਹਿਬ’ ਕਿਉਂ ਲਗਾਉਣ ਲੱਗ ਪਏ ਹਨ ਉਸ ਦਾ ਇਸ਼ਾਰਾ ਸ਼ਬਦ ਜਲੌ ਨਾਲ਼ ਲਗਾਇਆ ‘ਸਾਹਿਬ’ ਸ਼ਬਦ ਸੀ। ਮੈਂ ਉਸ ਨੂੰ ਕਿਹਾ ਕਿ ਇਹ ਤਾਂ ਅਜੇ ਦਰਬਾਰ ਸਾਹਿਬ ਸਥਿੱਤ ਜਲੌ ਨਾਲ਼ ‘ਸਾਹਿਬ’ ਲਗਾਇਆ ਹੈ ਇਥੇ ਤਾਂ ਬੜੂ ਵੀ ‘ਸਾਹਿਬ’ ਹੋ ਜਾਂਦਾ ਹੈ ਤੇ ਦਾਦੂ ਵੀ ‘ਸਾਹਿਬ’ ਹੋ ਜਾਂਦਾ ਹੈ। ਜਦੋਂ ਕੋਈ ਗੁਰਮੁਖ ਪਿਆਰਾ ਚੁਣੌਤੀ ਦਿੰਦਾ ਹੈ ਤਾਂ ਮਨਘੜਤ ਸਾਖੀਆਂ ਜੋੜ ਦਿੱਤੀਆਂ ਜਾਂਦੀਆਂ ਹਨ ਕਿਉਂਕਿ ਸਿੱਖ ਕੌਮ ਅਜੇ ਸਾਖੀ ਪ੍ਰਚਾਰ `ਚੋਂ ਬਾਹਰ ਨਹੀਂ ਨਿਕਲ ਸਕੀ। ‘ਸਾਹਿਬ’ ਲਗਾਉਣ ਵਾਲ਼ਿਆਂ ਨੂੰ ਕੌਮ ਦੀ ਇਸ ਕਮਜ਼ੋਰੀ ਦਾ ਪਤਾ ਹੈ ਤੇ ਉਹ ‘ਸਾਹਿਬ’ ਸ਼ਬਦ ਨਾਲ਼ ਜੋੜ ਕੇ ਸਿੱਖਾਂ ਦੀ ਅੰਨ੍ਹੀ ਸ਼ਰਧਾ ਦਾ ਖ਼ੂਬ ਫ਼ਾਇਦਾ ਉਠਾਉਂਦੇ ਹਨ। ਮੈਂ ਉਸ ਸੱਜਣ ਨੂੰ ਕਿਹਾ ਕਿ ਇਹੀ ਤਾਂ ਬ੍ਰਾਹਮਣਵਾਦ ਹੈ। ਸਿੱਖ ਸਿਧਾਂਤ ਸਿਰਫ਼ ਸ਼ਬਦ ਰਾਹੀਂ ਹੀ ਪ੍ਰਮਾਤਮਾ ਨਾਲ਼ ਅਭੇਦ ਹੋਣ ਦੀ ਜੁਗਤ ਦੱਸਦਾ ਹੈ ਤੇ ਬ੍ਰਾਹਮਣਵਾਦ ਦੁਨਿਆਵੀ ਚੀਜ਼ਾਂ ਦੀ ਪੂਜਾ `ਚੋਂ।
ਨੀਊਜ਼ ਰੀਡਰ ਵਿਚਾਰੇ ਨੇ ਤਾਂ ਉਹੀ ਪੜ੍ਹਨਾ ਹੈ ਜੋ ਉਸ ਨੂੰ ਨੀਊਜ਼ ਐਡੀਟਰ ਜਾਂ ਮਾਲਕਾਂ ਨੇ ਲਿਖ ਕੇ ਦੇਣਾ ਹੈ। ਸੋ, ਅਜਿਹੀਆਂ ਕਈ ਥਾਵਾਂ `ਤੇ ਗੁਰਮਤਿ ਤੋਂ ਹੀਣੇ, ਸਾਧਾਂ ਦੇ ਚੇਲੇ ਆਦਿਕ ਬੈਠੇ ਹਨ ਜਿਹਨਾਂ ਤੋਂ ਸਿੱਖ ਸੰਗਤਾਂ ਨੂੰ ਖ਼ਬਰਦਾਰ ਹੋਣ ਦੀ ਲੋੜ ਹੈ।
ਨਿਰਮਲ ਸਿੰਘ ਕੰਧਾਲਵੀ


07/09/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਕਰੂੰਬਲ
ਦਲਵਿੰਦਰ ਸਿੰਘ ਗ੍ਰੇਵਾਲ

ਇਕ ਕਰੂੰਬਲ, ਏਨੀ ਜਾਨ!
ਤੱਕ ਕੇ ਮੈਂ ਰਹਿ ਗਿਆ ਹੈਰਾਨ।
ਪੈਦਾ ਹੁੰਦੀ ਵਧਣੇ ਪੈ ਗਈ।
ਇੱਕ ਰੁੱਖ ਨਾਲ ਕਲਿੰਗੜੀ ਲੈ ਲਈ।
ਝੁਲੇ ਮਸਤ ਪਵਨ ਗਲ ਲੱਗ ਕੇ।
ਜਿਉਂ ਝੂਟਣ ਲੰਗੂਰ ਬਰਿਖ ਤੇ।
ਨਰਮ ਜਹੀ ਇਹ, ਸੁਹਲ ਜਹੀ ਇਹ,
ਕਰਦੀ ਕੀਕੂੰ ਚੁਹਲ ਜਹੀ ਇਹ।
ਇਸ ਨੂੰ ਹੱਥ ਲਾਉਣੋਂ ਵੀ ਡਰਦਾ,
ਕੀ ਕੁੱਝ ਕਰਦੀ, ਨਜ਼ਰੀਂ ਭਰਦਾ।
ਕੁਦਰਤ ਕ੍ਰਿਸ਼ਮਾ ਕਿਵੇਂ ਬਿਆਨਾਂ।
ਕਿੰਜ ਉਹ ਕਰਦਾ? ਮੈਂ ਕੀ ਜਾਣਾਂ।
ਦਿਲ ਹੋਇਆ ਸ਼ਰਸ਼ਾਰ ਹੈ ਮੇਰਾ,
ਵਾਹ ਰਬ! ਸ਼ੁਕਰਗੁਜ਼ਾਰ ਹਾਂ ਤੇਰਾ।



03/09/14)
ਸਤਿਨਾਮ ਸਿੰਘ ਮੌਂਟਰੀਅਲ

ਪੁਜਾਰੀ ਦਾ ਰੱਬ ਤੇ ਗੁਰਬਾਣੀ ਦਾ ਰੱਬ
ਪੁਜਾਰੀ ਦਾ ਰੱਬ,

ਜਦੋਂ ਤੋ ਮਨੁੱਖੀ ਦਿਮਾਗ ਨੇ ਵਿਕਾਸ ਕੀਤਾ ਹੈ, ਉਦੋਂ ਤੋ ਹੀ ਮਨੁੱਖ ਕਿਸੀ ਗੈਬੀ ਸ਼ਕਤੀ (ਰੱਬ) ਨੂੰ ਲੱਭ ਰਿਹਾ ਹੈ, ਇਥੋਂ ਹੀ ਮਜ਼੍ਹਬਾਂ ਦੀ ਸੁਰੂਆਤ ਹੋਈ ਹੈ, ਇਥੋਂ ਹੀ ਪੈਦਾ ਹੋਏ ਰੱਬ ਦੇ ਖਾਸ਼ ਠੇਕੇਦਾਰ (ਪੁਜਾਰੀ ਬਰਗ `ਚਲਾਕ ਬਿਰਤੀ ਦੇ ਲੋਕ) ਜਿਨਾਂ ਨੇ ਮਨੁੱਖ ਨੂੰ ਅਗਿਆਨਤਾ ਦੇ ਐਸੇ ਘੁੱਪ ਹਨੇਰੇ ਵਿੱਚ ਸੁਟਿਆ ਕਿ ਮਨੁੱਖ ਅੱਜ ਤੱਕ ਨਿਕਲ੍ਹ ਨਹੀ ਸਕਿਆ, ਪੁਜਾਰੀਆਂ ਨੇ ਹੀ ਮੱਨੁਖਤਾ ਦੇ ਅੰਦਰ ਰੱਬ ਦੀ ਕਰੋਪੀ ਦਾ ਡੱਰ ਅਤੇ ਪਦਾਰਥਾਂ ਦਾ ਲਾਲਚ ਪੈਦਾ ਕੀਤਾ ਤਾਂ ਕਿ ਮਨੁੱਖਤਾ ਨੂੰ ਦੋਹਾਂ ਤਰੀਕਿਆਂ ਦੇ ਨਾਲ ਲੁਟਿਆ ਜਾ ਸਕੇ।
ਪਹਿਲਾਂ ਪਹਿਲਾਂ ਮਨੁੱਖ ਤੋਂ ਕੁਦਰਤੀ ਸੋਮਿਆਂ (ਅੱਗ’ ਪਾਣੀ’ ਹਵਾ’ ਦਰੱਖਤਾਂ’ ਆਦਿ….) ਦੀ ਪੂਜਾ ਕਰਵਾਉਣੀ ਸੁਰੂ ਕੀਤੀ, ਜਦੋਂ ਕੁਦਰਤੀ ਸੋਮੇ ਵੱਸ ਵਿੱਚ ਨਾ ਆਏ ਫਿਰ ਇਸ ਨੇ ਜਾਨਵਰਾਂ (ਸੱਪ’ ਚੂਹੇ’ ਗਾਂ’ ਆਦਿ. .) ਦੀ ਪੂਜਾ ਕਰਵਾਈ, ਜਦੋਂ ਉਥੋ ਵੀ ਗੱਲ ਨਾਂ ਬਣੀ ਫਿਰ ਇਸ ਨੇ ਹਜਾਰਾਂ ਤਰ੍ਹਾਂ ਦੀਆਂ ਮੂਰਤੀਆਂ ਬਣਾਕੇ ਮੱਨੁਖਤਾ ਦੇ ਅੱਗੇ ਪੇਸ਼ ਕੀਤੀਆਂ ਉਨਾਂ ਅੱਗੇ ਨੱਕ ਰਗੜਵਾਏ, ਜਦੋਂ ਇਥੇ ਵੀ ਪੱਲੇ ਕੁੱਝ ਨਾਂ ਪਿਆ ਫਿਰ ਇਸ ਨੇ ਰੱਬ ਦੇ ਨਾਮੁ (ਰਾਮ’ ਅੱਲਾ’ ਹਰੀ’ ਗੌਡ’ (ਅੱਜ ਦਾ ਵਾਹਿਗੁਰੂ…. ਆਦਿ) ਰੱਖ ਕੇ ਉਸ ਦੇ ਰੱਟੇ ਲਗਵਾਉਣੇ ਸੁਰੂ ਕਰ ਦਿਤੇ, ਜਦੋਂ ਇਸ ਦੀ ਤਸੱਲੀ ਉਥੋਂ ਵੀ ਨਾਂ ਹੋਈ ਫਿਰ ਰੱਬ ਦੇ ਖਾਸ ਘਰ (ਮੰਦਰ’ ਮਸਜਿਦ’ ਚਰਚ’ (ਅੱਜ ਗੁਰਦਵਾਰੇ ਵੀ) …. ਆਦਿ) ਬਣਾਏ ਗਏ, ਰੱਬ ਨੂੰ ਵੱਸ ਵਿੱਚ ਕਰਨ ਲਈ ਹੋਰ ਕੀ ਕੀ ਕੁੱਝ ਕੀਤਾ ਜਾਂਦਾ ਹੈ ਜਿਸ ਦੀ ਸ਼ਾਇਦ ਗਿਣਤੀ ਵੀ ਨਾ ਹੋ ਸਕੇ, ਪਰ ਮਨੁੱਖ ਹਾਲੇ ਵੀ ਕਲ੍ਹਪਿਆ ਤੇ ਅਸ਼ਾਂਤ ਫਿਰ ਰਿਹਾ ਹੈ।
ਪਰ ਇਹ ਸੱਭ ਮਨੁੱਖ ਦੇ ਡੱਰ ਅਤੇ ਲਾਲਚ ਵਿਚੋਂ ਉਪਜੇ ਪੁਜਾਰੀਆਂ ਦੇ ਪੈਦਾ ਕੀਤੇ ਮਜ਼੍ਹਬੀ ਕਰਮਕਾਂਡ ਹੀ ਹਨ ਜਿਨਾਂ ਦਾ ਸੱਚ ਨਾਲ ਕੋਈ ਵਾਹ ਵਾਸਤਾ ਨਹੀਂ ਹੈ, ਜਿਉਂ ਜਿਉਂ ਰੱਬ ਦੇ ਨਾਮੁ ਅਤੇ ਕਰਮਕਾਂਡ ਵੱਧਦੇ ਗਏ ਮੱਨੁਖੀ ਪਿਆਰ ਘਟਦਾ ਗਿਆ, ਰੱਬ ਦੇ ਨਾਮ ਤੇ ਲੜਾਈਆਂ ਝਗੜੇ ਵੱਧਦੇ ਗਏ, ਇੱਕ ਮਜ੍ਹਬ ਵਲੋ ਦਿੱਤਾ ਗਿਆ ਰੱਬ ਦਾ ਨਾਮ ਦੂਜੇ ਮਜ਼੍ਹਬ ਦੇ ਲੋਕਾਂ ਨੂੰ ਪਸੰਦ ਨਹੀ ਆਉਂਦਾ, ਇੱਕ ਦੀ ਪੂਜਾ ਦੂਜਿਆਂ ਦੀਆਂ ਨਜ਼ਰਾਂ ਵਿੱਚ ਕਰਮਕਾਂਡ (ਰੱਬ ਦੇ ਨਾਮੁ ਤੇ ਕਰਮਕਾਂਡ ਅਤੇ ਝਗੜੇ ਅੱਜ ਵੀ ਜਾਰੀ ਹਨ)
ਅਸਲ ਵਿੱਚ ਜਦੋ ਦਾ ਮਨੁੱਖ ਨੇ ਉਸ (ਰੱਬ) ਨੂੰ ਲੱਭਣਾ ਸੁਰੂ ਕੀਤਾ ਹੋਇਆ ਹੈ ਉਸ ਦੇ ਖਾਸ ਘਰ ਬਣਾਉਣੇਂ ਸੁਰੂ ਕੀਤੇ ਹਨ, ਉਦੋ ਦਾ ਹੀ ਉਹ (ਰੱਬ) ਮੱਨੁਖੀ ਦਿਲਾਂ ਵਿਚੋ ਗਵਾਚ ਗਿਆ ਹੈ, ਰੱਬ ਤੇ ਮਨੁੱਖ ਦਾ ਪਾੜਾ ਹੋਰ ਵੱਧ ਗਿਆ ਹੈ, ਜੇ ਮਨੁੱਖ ਉਸ ਨੂੰ ਨਾ ਲੱਭਦਾ ਤਾਂ ਸ਼ਇਦ ਉਹ ਨਾ ਗਵਾਚਦਾ, ਕਿਉਂਕੇ ਸਮਝਣ ਵਾਲੀ ਚੀਜ ਨੂੰ ਲੱਭਿਆ ਨਹੀ ਜਾਂਦਾ ਹੁੰਦਾ ਸਿਰਫ ਸਮਝਿਆ ਹੀ ਜਾ ਸਕਦਾ ਹੈ।
ਗੁਰਬਾਣੀ ਦਾ ਰੱਬ:
ਬੱਸ ਇਸੇ ਹੀ ਉਲਝਣ ਵਿੱਚ ਫੱਸੀ ਹੋਈ ਦੁਨੀਆਂ ਵਿੱਚੋ ਜਨਮ ਹੋਇਆ ਇੱਕ ਇਨਕਲਾਬੀ ਸੋਚ ਦਾ, ਜਿਸ ਦਾ ਨਾਂ ਹੈ ਸ੍ਰੀ ਗੁਰੂ ਨਾਨਕ ਸਾਹਿਬ ਜੀ, ਗੁਰੂ ਜੀ ਨੇ ਉਪਰ ਦਸਿਆ ਰੱਬ ਅਤੇ ਰੱਬ ਦੇ ਨਾਂ ਤੇ ਚਲਦਾ ਸਾਰਾ ਸਿਸਟਮ ਹੀ ਰੱਦ ਕੀਤਾ ਸੀ।
ਜਿਹੜੀ ਰੱਬ ਦੀ ਤਾਣੀ ਪੁਜਾਰੀ ਨੇ ਸਦੀਆਂ ਤੋ ਉਲ੍ਹਝਾਈ ਹੋਈ ਸੀ, ਰੱਬ ਇੱਕ ਹਊਆ ਬਣਾਕੇ ਪੇਸ਼ ਕੀਤਾ ਹੋਇਆ ਸੀ, ਗੁਰੂ ਜੀ ਨੇ ਇੱਕ ਲਫਜ਼ ਨਾਲ ਹੀ ਹੱਲ ਕਰਕੇ ਰੱਖ ਦਿੱਤੀ, ਉਹ ਲਫਜ਼ ਸੀ “ੴ” (ਇੱਕੋ),
ਬੱਸ ਇਹ ੴ ਹੀ ਹੈ ਗੁਰਬਾਣੀ ਦਾ ਰੱਬ।
ੴ - (ਇੱਕੋ ਦਾ ਭਾਵ ਹੈ ਸੱਭਕੁਝ T
he whole creation ਇਕੋ) ਇਹ ਲਫਜ਼ ਕਹਿਣ ਵੇਲੇ ਗੁਰੂ ਜੀ ਦਾ ਇਸ਼ਾਰਾ ਸਮੁਚੀ ਕਾਇਨਾਤ creation ਵੱਲ ਸੀ, ਸਮੁਚੀ ਕੁਦਰਤ Material world ਸਮੁਚੀ ਲੁਕਾਈ ਵੱਲ ਸੀ, ਜਿਸ ਵਿੱਚ ਸਾਰੇ ਜੀਵ ਜੰਤ, ਸਾਰੀ ਮੱਨੁਖਤਾ ਗੋਰੇ ਕਾਲ੍ਹੇ ਧਰਮੀ ਅਧਰਮੀ ਸਾਰੇ ਹੀ ਆਉਂਦੇ ਹਨ, { {ਗੁਰਿ ਕਹਿਆ ਸਭੁ ਏਕੋ ਏਕੋ ਅਵਰੁ ਨ ਕੋਈ ਹੋਇਗਾ ਜੀਉ॥ ਪੰਨਾ 99॥ ਸਾਰਾ ਬ੍ਰਹਮੰਡ ਹੀ ਇੱਕ ਹੈ, ਇੱਕ ਦਾ ਪਸਾਰਾ ਕਿੱਡਾ ਕੁ ਹੈ ਲਿਖਿਆ ਨਹੀ ਜਾ ਸਕਦਾ, ਇੱਕ ਹੀ ਹੈ ਜੋ ਅੱਗੇ ਤੋਂ ਅੱਗੇ ਵਧਦਾ ਜਾ ਰਿਹਾ ਹੈ, ਸਾਰੇ ਜੀਵ ਇੱਕ ਵਿੱਚ ਹੀ ਵਸਦੇ ਹਨ ਅਤੇ ਸਾਰਿਆਂ ਜੀਵਾਂ ਵਿੱਚ ਵੀ ਇੱਕ ਹੀ ਵੱਸ ਰਿਹਾ ਹੈ, ਇਥੇ ਕੋਈ ਵਿਗਾਨਾਂ ਨਹੀ ਹੈ, ਕੋਈ ਪਰਾਇਆ ਨਹੀ ਹੈ, {ਏਕ ਮਹਿ ਸਰਬ ਸਰਬ ਮਹਿ ਏਕਾ ਏਹ ਸਤਿਗੁਰਿ ਦੇਖਿ ਦਿਖਾਈ॥ 5॥ ਜਿਨਿ ਕੀਏ ਖੰਡ ਮੰਡਲ ਬ੍ਰਹਮੰਡਾ ਸੋ ਪ੍ਰਭੁ ਲਖਨੁ ਨ ਜਾਈ॥ 6॥ ਦੀਪਕ ਤੇ ਦੀਪਕੁ ਪਰਗਾਸਿਆ ਤ੍ਰਿਭਵਣ ਜੋਤਿ ਦਿਖਾਈ॥ ਪੰਨਾ 907} ਅਸਲ ਵਿੱਚ ਤੋਂ ਲੈ ੴ ਕੇ ਗੁਰਪ੍ਰਸਾਦਿ ਤੱਕ ਗੁਰੂ ਜੀ ਨੇ ਸਮੁਚੇ ਬ੍ਰਹਮੰਡ Universe ਦੀ ਹੀ ਵਿਆਖਿਆ ਕੀਤੀ ਹੋਈ ਹੈ, ਸਾਰੀ ਗੁਰਬਾਣੀ ਹੀ ਸਾਨੂੰ ੴ (ਸਮੁਚੀ ਮਨੁੱਖਤਾ Humanity ) ਨਾਲ ਪਿਆਰ ਕਰਨਾਂ ਸਿਖਾਂਉਂਦੀ ਹੈ।
ਇਹੀ ਸਵਾਲ ਜਦੋਂ ਗੁਰੂ ਅਮਰਦਾਸ ਜੀ ਕੋਲ ਆਉਂਦਾ ਹੈ ਕਿ ਰੱਬ ਕੀ ਹੈ, ਗੁਰੂ ਜੀ ਸਾਫ ਲਫਜਾਂ ਵਿੱਚ ਆਖ ਦਿੰਦੇ ਹਨ ਕਿ ਇਹ ਸੰਸਾਰ ਹੀ ਰੱਬ ਦਾ ਰੂਪ ਹੈ, {ਏਹੁ ਵਿਸੁ ਸੰਸਾਰੁ ਤੁਮ ਦੇਖਦੇ, ਏਹੁ ਹਰਿ ਕਾ ਰੂਪੁ ਹੈ, ਹਰਿ ਰੂਪੁ ਨਦਰੀ ਆਇਆ॥ ਗੁਰ ਪਰਸਾਦੀ ਬੁਝਿਆ, ਜਾ ਵੇਖਾ ਹਰਿ ਇਕੁ ਹੈ, ਹਰਿ ਬਿਨੁ ਅਵਰੁ ਨ ਕੋਈ॥ ਪੰਨਾ 922॥}
ਗੁਰੂ ਅਰਜਨ ਦੇਵ ਜੀ ਨੇ ਤਾਂ ਦੁਨੀਆਂ ਅਤੇ ਰੱਬ ਦਾ ਪਾੜਾ ਬਿਲਕੁਲ ਹੀ ਖਤਮ ਕਰ ਦਿੱਤਾ, ਗੁਰੂ ਜੀ ਨੇ ਆਖਿਆ ਕਿ ਰੱਬ ਤੇ ਦੁਨੀਆਂ ਕੋਈ ਦੋ ਥੋੜਾ ਹਨ, ਇੱਕ ਹੀ ਹੈ, ਦੁਨੀਆਂ ਰੱਬ ਦੇ ਅੰਦਰ ਵੱਸ ਰਹੀ ਹੈ ਤੇ ਰੱਬ ਦੁਨੀਆਂ ਦੇ ਅੰਦਰ ਵੱਸ ਰਿਹਾ ਹੈ, {ਮਹਲਾ 5॥ ਫਰੀਦਾ ਖਾਲਕੁ ਖਲਕ ਮਹਿ, ਖਲਕ ਵਸੈ ਰਬ ਮਾਹਿ॥ ਮੰਦਾ ਕਿਸ ਨੋ ਆਖੀਐ, ਜਾਂ ਤਿਸੁ ਬਿਨੁ ਕੋਈ ਨਾਹਿ॥ 75॥ {ਪੰਨਾ 1381} ਗੁਰੂ ਜੀ ਨੇ ਦੋ ਬੜੀਆਂ ਹੀ ਕਮਾਲ ਦੀਆਂ ਉਧਾਰਨਾਂ ਦਿਤੀਆਂ, ਜਿਵੇਂ ਹੱਰ ਇੱਕ ਬੀਜ ਦੇ ਵਿੱਚ ਇੱਕ ਸੂਖਮੁ ਦਰੱਖਤ ਛੁਪਿਆ ਹੁੰਦਾ ਹੈ ਅਤੇ ਹੱਰ ਇੱਕ ਦਰੱਖਤ ਦੇ ਅੰਦਰ ਹੀ ਬੀਜ ਹੁੰਦਾ ਹੈ, ਇੱਕ ਬੀਜ ਉਗਕੇ ਜਦੋਂ ਫਲਾਓ ਕਰਦਾ ਹੈ ਦਰੱਖਤ ਬਣਦਾ ਹੈ ਉਦੋਂ ਵੀ ਉਹ ਇੱਕ ਹੀ ਹੁੰਦਾ ਹੈ, ਦੂਜੀ ਉਧਾਰਨ ਪਾਣੀ ਦੀ ਦਿਤੀ, ਜਿਵੇਂ ਪਾਣੀ ਦੇ ਵਿੱਚੋਂ ਉਠਣ ਵਾਲ਼ੇ ਬੁਲਬੁਲੇ ਵੀ ਪਾਣੀ ਹੁੰਦੇ ਹਨ, ਪਾਣੀ ਵਿੱਚੋਂ ਪੈਦਾ ਹੋ ਕੇ ਪਾਣੀ ਵਿੱਚ ਹੀ ਸਮਾ ਜਾਂਦੇ ਹਨ, {ਮਾਝ ਮਹਲਾ 5॥ ਤੂੰ ਪੇਡੁ ਸਾਖ ਤੇਰੀ ਫੂਲੀ॥ ਤੂੰ ਸੂਖਮੁ ਹੋਆ ਅਸਥੂਲੀ॥ ਤੂੰ ਜਲਨਿਧਿ ਤੂੰ ਫੇਨੁ ਬੁਦਬੁਦਾ ਤੁਧੁ ਬਿਨੁ ਅਵਰੁ ਨ ਭਾਲੀਐ ਜੀਉ॥ 1॥ ਤੂੰ ਸੂਤੁ ਮਣੀਏ ਭੀ ਤੂੰ ਹੈ॥ ਤੂੰ ਗੰਠੀ ਮੇਰੁ ਸਿਰਿ ਤੂੰ ਹੈ॥ ਆਦਿ ਮਧਿ ਅੰਤਿ ਪ੍ਰਭੁ ਸੋਈ ਅਵਰੁ ਨ ਕੋਇ ਦਿਖਾਲੀਐ ਜੀਉ॥ ਪੰਨਾ 102॥}
ਭਗਤਾਂ ਜੀ ਨੇ ਵੀ ਸਮੁਚੇ ਪਸਾਰੇ
Material world ਨੂੰ ਹੀ ਰੱਬ ਮਨਿਆਂ ਹੈ,
ਕਬੀਰ ਜੀ, ਹਰਿ ਮਹਿ ਤਨੁ ਹੈ, ਤਨ ਮਹਿ ਹਰਿ ਹੈ, ਸਰਬ ਨਿਰੰਤਰਿ ਸੋਇ ਰੇ॥ ਕਹਿ ਕਬੀਰ, ਰਾਮ ਨਾਮੁ ਨ ਛੋਡਉ, ਸਹਜੇ ਹੋਇ ਸੁ ਹੋਇ ਰੇ॥ ਪੰਨਾ 870}
ਨਾਮਦੇਵ ਜੀ, {ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ॥ ਸੂਤੁ ਏਕੁ ਮਣਿ ਸਤ ਸਹੰਸ ਜੈਸੇ, ਓਤਿ ਪੋਤਿ ਪ੍ਰਭੁ ਸੋਈ॥ ਪੰਨਾ 485॥}
ਪੀਪਾ ਜੀ, {ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ॥ ਪੀਪਾ ਪ੍ਰਣਵੈ ਪਰਮ ਤਤੁ ਹੈ, ਸਤਿਗੁਰੁ ਹੋਇ ਲਖਾਵੈ॥ 2॥ 3॥ {ਪੰਨਾ 695}
ਅੱਜ ਜੋ ਮੰਦਰ ਮਸਜਿਦ ਚਰਚ ਗੁਰਦਵਾਰਿਆਂ ਵਿੱਚ ਜਿਹੋ ਜਿਹੇ ਰੱਬ ਦੀਆਂ ਬਾਤਾਂ ਪਾਈਆਂ ਜਾ ਰਹੀਆਂ ਹਨ ਇਹੋ ਜਿਹਾ ਰੱਬ ਕਿਤੇ ਵੀ ਨਹੀ ਲੱਭ ਸਕਦਾ, ਕਿਉਂਕੇ ਜੇ ਕੋਈ ਮੱਛੀ ਨੂੰ ਕਹੇ ਕਿ ਸਮੁੰਦਰ ਨੂੰ ਲੱਭਣ ਲਈ ਭੋਰਾ ਪੁੱਟ ਲੈ ਜਾ ਕਿਸੇ ਖਾਸ ਅੱਖਰ ਦੇ ਰੱਟੇ ਲਾਣੇ ਸੁਰੂ ਕਰ ਦੇ ਜਾ ਫਿਰ ਕਹੇ ਕਿ ਗ੍ਰਿਸਤ ਨੂੰ ਤਿਆਗ ਦੇ (ਜੋ ਵੀ ਅੱਜ ਰੱਬ ਦੇ ਨਾਮ ਤੇ ਕਰਮਕਾਂਡ ਹੋ ਰਹੇ ਹਨ), ਉਸ ਨੂੰ ਤਾਂ ਫਿਰ ਮੂਰਖ ਹੀ ਕਿਹਾ ਜਾ ਸਕਦਾ ਹੈ, ਕਿਉਂਕੇ ਮੱਛੀ ਤਾਂ ਰਹਿ ਹੀ ਸਮੁੰਦਰ ਵਿੱਚ ਰਹੀ ਹੈ, ਪੈਦਾ ਵੀ ਸਮੁੰਦਰ ਵਿੱਚੋ ਹੀ ਹੋਈ ਹੈ, ਮੱਛੀ ਦਾ ਤਾਂ ਜੀਵਨ ਹੀ ਸਮੁੰਦਰ ਹੈ, ਲੋੜ ਤਾਂ ਬੱਸ ਸਮਝਣ ਦੀ ਹੈ।
ਪੁਜਾਰੀਆਂ ਦੇ ਰੱਬ ਨੂੰ ਆਪਾਂ ਬਹੁਤ ਮੰਨ ਕੇ ਦੇਖ ਲਿਆ, ਆਓ ਹੁਣ ਗੁਰਬਾਣੀ ਦੇ ਰੱਬ ਨਾਲ ਸਾਂਝ ਪਾਈਏ,
ਰੱਬ ਨਾਲ ਸ਼ਾਝ ਪਾਉਂਣ ਦਾ ਭਾਵ ਹੈ, ਸੱਮੁਚੀ ਮਨੁੱਖਤਾ ਨਾਲ ਸਾਂਝ ਪਾ ਲੈਣੀ ਹੈ।
ਰੱਬ ਨੂੰ ਆਪਣੇ ਹਿਰਦੇ ਵਿੱਚ ਵਸਾਉਂਣ ਦਾ ਭਾਵ ਹੈ, ਸੱਮੁਚੀ ਲੁਕਾਈ ਦਾ ਪਿਆਰ ਤੇ ਸਤਿਕਾਰ ਆਪਣੇ ਹਿਰਦੇ ਵਿੱਚ ਵਸਾਈ ਰੱਖਣਾਂ ਹੈ।
ਰੱਬ ਨਾਲ ਇਕਮਿਕ ਹੋਣ ਦਾ ਭਾਵ ਹੈ, ਆਪਣੇ ਅੰਦਰੋਂ ਬਰਾਈਆਂ ਨੂੰ ਖਤਮ ਕਰਕੇ ਸੱਮੁਚੀ ਕੁਦਰਤ ਨਾਲ ਇਕਮਿਕ ਹੋਕੇ ਜਿੰਦਗੀ ਨੂੰ ਜਿਊਣਾਂ ਹੈ।
ਰੱਬ ਦਾ ਨਾਮ ਜਪਣ ਦਾ ਭਾਵ ਹੈ, ਗੁਰੂ ਤੋਂ ਚੰਗੇ ਗੁਣ ਸਿੱਖ ਕੇ ਉਨਾਂ ਗੁਣਾਂ ਨੂੰ ਹਰ ਵਖਤ ਹਰ ਪੱਲ ਯਾਦ ਰੱਖਣਾ ਹੈ।
ਰੱਬ ਦੇ ਦਰਸ਼ਨਾਂ ਦਾ ਭਾਵ ਹੈ, ਆਪਣੇ ਅੰਦਰੋਂ ਨਫਰਤ ਨੂੰ ਖਤਮ ਕਰਕੇ ਹੱਰ ਇੱਕ ਜੀਵ ਨੂੰ ਰੱਬ ਦਾ ਹੀ ਰੂਪ ਜਾਣ ਕੇ ਦੇਖਣਾਂ ਹੈ।
ਹੈ ਕੋਈ ਐਸਾ ਜਿਹੜਾ ਇਸ ਗੁਰਬਾਣੀ ਦੇ ਰੱਬ ਨਾਲ ਸਾਂਝ ਪਾ ਸਕੇ?
ਪਰ ਅਫਸੋਸ ਸੱਦ ਅਫਸੋਸ, ਅੱਜ ਤਾਂ ਇੱਕ ਭਰਾ ਆਪਣੇ ਸਕੇ ਭਰਾ ਦਾ ਹੀ ਦੁਸ਼ਮਣ ਹੋਇਆ ਫਿਰਦਾ ਹੈ, ਅੱਜ ਤਾਂ ਮਾਂ ਬਾਪ ਵਿੱਚੋ ਰੱਬ ਨਜ਼ਰ ਨਹੀ ਆਉਂਦਾ, ਭੈਣ ਭਰਾਵਾਂ ਵਿੱਚੋ ਰੱਬ ਨਜ਼ਰ ਨਹੀ ਆਉਂਦਾ, ਸਮੁਚੀ ਦੁਨੀਆਂ ਨੂੰ ਰੱਬ ਕਰਕੇ ਜਾਨਣਾਂ ਤਾਂ ਗੱਲ ਹੀ ਬਹੁਤ ਦੂਰ ਦੀ ਜਾਪਦੀ ਹੈ।
ਸਤਿਨਾਮ ਸਿੰਘ ਮੌਂਟਰੀਅਲ 514-219-2525


03/09/14)
ਪਰਵਿੰਦਰ ਜੀਤ ਸਿੰਘ

ਪੰਜਾਬੀ ਦੇ ਤਕਨੀਕੀ ਵਿਕਾਸ ਵਲ ਨਵ੍ਹਾਂ ਕਦਮ: ਪੰਜਾਬੀ ਆਨ-ਲਾਈਨ ਵਿਆਕਰਨ ਸੁਧਾਈ
ਫਗਵਾੜਾ : ਜਿਥੇ ਅਸੀ ਤਕਨਾਲੌਜ਼ੀ ਵਿਚ ਪੰਜਾਬੀ ਭਾਸ਼ਾ ਦੇ ਪਿਛੜਨ ਦੀ ਗੱਲ ਕਰਦੇ ਹਾਂ ਓੱਥੇ ਹੀ। ਇਸ ਦੇ ਵਿਕਾਸ ਲਈ ਯੂਨੀਵਰਸਿਟੀ ਅਤੇ ਕੁੱਝ ਸੰਸਥਾਵਾਂ ਇਸ ਉਪਰ ਬੇਜੋਰ ਕੰਮ ਕਰ ਰਹੀਆ ਹਨ। ਇਹਨਾਂ ਵਿਚੋ ਹੀ ਇਕ ਹੈ ਫਗਵਾੜਾ ਜਿਹੇ ਛੋਟੇ ਸ਼ਹਿਰ ਵਿਚ ਚਲ ਰਹੀ ਸਕੇਪ ਸੰਸਥਾ ਜਿਸ ਨੇ ਹਾਲ ਵਿਚ ਹੀ ਪੰਜਾਬੀ ਲਈ ਕਈ ਸਾਫਟਵੇਅਰ ਅਤੇ ਆਨਲਾਈਨ ਪੰਜਾਬੀ ਪ੍ਰੇਮੀਆ ਨੂੰ ਕਈ ਸੁਗਾਤਾ ਦਿੱਤੀਆ ਹਨ।
ਇਹਨਾਂ ਵਲੋਂ ਹਾਲ ਵਿਚ ਹੀ ਗੁਰਮੁਖੀ ਦਾ ਆਨ-ਲਾਈਨ ਵਿਆਕਰਣ ਸੁਧਾਈ ਸ਼ੁਰੂ ਕੀਤਾ ਗਿਆ ਜਿਸ ਨੂੰ ਲੋਕਾਂ ਦਾ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ। ਇਸ ਦਾ ਮੁੱਖ ਮਨੋਰਥ ਨਵੀਂ ਪੀੜ੍ਹੀ ਨੂੰ ਪੰਜਾਬੀ ਵਿੱਚ ਲਿਖਤੀ ਗਲਤੀਆ ਨੂੰ ਦਸਣਾ ਹੈ। ਇਹ ਸੁਵਿਧਾ ਸਭ ਲਈ ਮੁਫ਼ਤ ਹੈ। ਇਹ ਸੁਵਿਧਾ ਨੂੰ ਆਨ-ਲਾਈਨ ਕਰਨ ਵਿੱਚ ਸਕੇਪ ਪ੍ਰਧਾਨ ਪਰਵਿੰਦਰ ਜੀਤ ਸਿੰਘ, ਡਾ. ਅਮਰਜੀਤ ਸਿੰਘ, ਮਨਦੀਪ ਸਿੰਘ ਅਤੇ ਸੰਸਥਾ ਦੇ ਹੋਰਨਾਂ ਮੈਂਬਰਾ ਨੇ ਭਰਪੂਰ ਸਾਥ ਦਿਤਾ।
ਅਸੀਂ ਇਸ ਦੇ ਦੁਆਰਾ ਦਿੱਤੇ ਲਿੰਕ
www.scapepunjab.com/home.php?punjabi_grammer_checker

ਤੇ ਜਾ ਕਿ ਆਪਣੀ ਪੰਜਾਬੀ ਯੁਨੀਕੋਡ ਵਿਚ ਟਾਈਪ ਕੀਤੀ ਸਮੱਗਰੀ ਦੇ ਸ਼ਬਦ ਵਿਆਕਰਨ ਦੀ ਜਾਂਚ ਕਰ ਸਕਦੇ ਹਾਂ ਜੋ ਨਾ ਹੀ ਸਿਰਫ਼ ਸਾਨੂੰ ਸਾਡੀਆ ਗਲਤੀਆਂ ਦੱਸਦਾ ਹੈ ਨਾਲ ਹੀ ਉਹਨਾਂ ਦੇ ਨਾਲ ਮਿਲਦੇ-ਜੁਲਦੇ ਸੱਤ-ਸੱਤ ਸਹੀ ਸ਼ਬਦ ਵੀ ਦਸਦਾ ਹੈ।
ਸੰਸਥਾ ਦੇ ਪ੍ਰਧਾਨ ਨੇ ਦੱਸਿਆ ਕਿ ਸਾਨੂੰ ਪੰਜਾਬੀ ਦੇ ਤਕਨੀਕੀ ਵਿਕਾਸ ਦੀ ਬਹੁਤ ਲੋੜ ਹੀ ਨਹੀ ਸਗੌਂ ਇਸ ਦੇ ਵਿਚ ਹੋ ਰਹੇ ਕੰਮ ਦਾ ਹਰ ਵਰਤੋਂਕਾਰ ਲਈ ਸਯੋਗੀ ਅਤੇ ਦਰੁਸਤ ਹੋਣਾ ਵੀ ਬਹੁਤ ਲਾਜ਼ਮੀ ਹੈ। ਜੇਕਰ ਸਾਫਟਵੇਅਰ ਦਰੁਸਤ ਨਹੀ ਹੋਵੇਗਾ ਤਾਂ ਸਾਨੂੰ ਸਹੀ ਜਾਣਕਾਰੀ ਵੀ ਨਹੀ ਮਿਲ ਸਕੇਗੀ ਅਤੇ ਜੇ ਆਮ ਵਰਤੋਂਕਾਰਾ ਨੂੰ ਉਹ ਸਮਝ ਹੀ ਨਾ ਆਵੇ ਤਾਂ ਕਿਸੇ ਸਾਫਟਵੇਅਰ ਦਾ ਕੋਈ ਅਰਥ ਨਹੀ ਰਹਿ ਜਾਂਦਾ। ਸਕੇਪ ਵਲੌਂ ਤਿਆਰ ਕੀਤਾ ਵਿਆਕਰਨ ਸੁਧਾਈ ਸਾਫ਼ਟਵੇਅਰ ਜਿਥੇ ਇਹਨਾਂ ਦੋਵਾਂ ਗੱਲਾ ਤੇ ਪੂਰਾ ਉਤਰਦਾ ਹੈ। ਸਾਨੂੰ ਆਸ ਹੈ ਕਿ ਪੰਜਾਬੀ ਤੋਂ ਟੁੱਟ ਰਹੀ ਨਵੀਂ ਪੀੜੀ ਇਸਦੀ ਵਰਤੋਂ ਸਦਕਾ ਪੰਜਾਬੀ ਵਿੱਚ ਆਪਣੀਆ ਗਲਤੀਆ ਜਾਣਦੇ ਹੋਏ ਇਕ ਚੰਗੇ ਪੰਜਾਬੀ ਸਾਹਿਤ ਦੀ ਰਚਨਾ ਕਰੇਗੀ”


03/09/14)
ਅਕੇਸ਼ ਕੁਮਾਰ

ਕੀ ਇਸ ਦੇਸ਼ ਦੇ ਭਵਿੱਖ ਦਾ ਫੈਸਲਾ ਜਾਅਲੀ ਡਿਗਰੀਆਂ ਦੇਣ ਵਾਲੀਆਂ ਯੁਨੀਵਰਸੀਟੀਆਂ ਜਾਂ ਫਿਰ ਨਕਲ ਮਰਵਾਉਣ ਵਾਲੇ ਸੈਂਟਰ ਕਰਣਗੇ
ਪੜਾਈ ਜਿੰਦਗੀ ਦਾ ਇੱਕ ਜਰੂਰੀ ਹਿੱਸਾ ਹੈ ਪਰ ਇਸ ਯੁਗ ਵਿੱਚ ਪੜਾਈ ਬਹੁਤ ਮਹਿੰਗੀ ਹੋ ਗਈ ਹੈ ਤੇ ਵੱਡੀਆਂ ਵੱਡੀਆਂ ਡਿਗਰੀਆਂ ਪੜਾਈ ਤੇ ਮਿਹਨਤ ਅਤੇ ਪੈਸਾ ਖਰਚ ਕੇ ਮਿਲਦੀਆਂ ਹਨ। ਕਾਲਜਾਂ ਅਤੇ ਯੂਨੀਵਰਸੀਟੀਆਂ ਦੀਆਂ ਮੋਟੀਆਂ ਫੀਸਾਂ ਤੇ 4-5 ਸਾਲ ਦਾ ਲੰਮਾ ਸਮਾਂ ਤੇ ਮਿਹਨਤ ਦੇ ਨਾਲ ਇਹ ਡਿਗਰੀਆਂ ਮਿਲਦੀਆਂ ਹਨ ਪਰ ਅੱਜ ਦੀ 21ਵੀਂ ਸਦੀ ਵਿੱਚ ਕੁੱਝ ਯੂਨੀਵਰਸੀਟੀਆਂ ਅਤੇ ਕੁੱਝ ਸੈਂਟਰਾਂ ਵੱਲੋ ਇਸ ਦਾ ਸ਼ਾਰਟਕੱਟ ਕੱਢ ਕੇ ਜਾਅਲੀ ਡਿਗਰੀਆਂ ਦਿੱਤੀਆ ਜਾ ਰਹੀਆਂ ਹਨ। ਕਈ ਸਟਡੀ ਸੈਂਟਰ, ਕਾਲਜ ਅਤੇ ਯੂਨੀਵਰਸੀਟੀਆਂ ਜਾਅਲੀ ਹੋਣ ਦੇ ਬਾਵਜੂਦ ਨਾ ਸਿਰਫ ਆਪਣਾ ਧੰਦਾ ਚਲਾ ਰਹੀਆਂ ਹਨ ਬਲਕਿ ਆਨਲਾਇਨ ਆਪਣੀਆਂ ਸਾਇਟਾਂ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਹੁਣ ਤਾਂ ਹੱਦ ਹੀ ਹੋ ਗਈ ਜਦੋਂ ਪੰਜਾਬ ਸਰਕਾਰ ਦੇ ਟੀਚਰ ਭਰਤੀ ਦੇ ਫਾਰਮ ਵਿੱਚ ਸੈਕੜੇ ਹੀ ਜਾਅਲੀ ਡਿਗਰੀ ਦੇ ਮਾਮਲੇ ਸਾਹਮਣੇ ਆਏ। ਸਰਕਾਰ ਵਲੋਂ 623 ਫਰਜੀ ਡਿਗਰੀ ਧਾਰਕਾਂ ਦੀ ਲਿਸਟ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਦਿੱਤੀ ਗਈ ਹੈ ਨਾਲ ਹੀ ਸਰਕਾਰ ਵਲੋਂ 2 ਕਮੇਟੀਆਂ ਦਾ ਗਠਨ ਕਰਕੇ ਫਰਜੀ ਡਿਗਰੀ ਧਾਰਕਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਰ ਸਰਕਾਰ ਅਤੇ ਪੇਸ਼ਾਸਨ ਵੱਲੋ ਪਹਿਲਾ ਹੀ ਜਾਲੀ ਡਿਗਰੀਆਂ ਦੇਣ ਵਾਲੀਆਂ ਯੂਨੀਵਰਸੀਟੀਆਂ ਅਤੇ ਸੈਂਟਰਾਂ ਦੇ ਖਿਲਾਫ ਕਿਉ ਨਹੀਂ ਕਾਰਵਾਈ ਕੀਤੀ ਜਾਂਦੀ।
ਜਾਅਲੀ ਡਿਗਰੀਆਂ ਦਾ ਇਹ ਧੰਦਾ ਲਗਭਗ ਸਾਰੇ ਭਾਰਤ ਵਿੱਚ ਹੀ ਵੱਡੇ ਪੱਧਰ ਤੇ ਫੈਲਿਆ ਹੋਇਆ ਹੈ। ਜਾਅਲੀ ਡਿਗਰੀਆਂ ਪ੍ਰਾਪਤ ਕਰਲ ਵਾਲਿਆਂ ਨੂੰ ਇਹ ਇੱਕ ਅਸਾਨ ਸ਼ਾਰਟਕੱਟ ਤੇ ਸਮਾਂ ਤੇ ਮਿਹਨਤ ਲਗਾਏ ਬਿਨਾ ਡਿਗਰੀਆਂ ਪ੍ਰਾਪਤ ਕਰਨ ਦਾ ਵਧੀਆ ਸਾਧਨ ਲੱਗਦਾ ਹੈ। ਪਰ ਕਈ ਵਿਦਆਰਥੀਆਂ ਨੂੰ ਇਹ ਪਤਾ ਹੀ ਨਹੀ ਹੁੰਦਾ ਕਿ ਜਿਸ ਯੂਨੀਵਰਸੀਟੀ ਅਤੇ ਸੈਂਟਰ ਵਿੱਚ ਉਹ ਪੜ ਰਿਹਾ ਹੈ ਉਹ ਤਾਂ ਖੁਦ ਜਾਅਲੀ ਦੇ ਪਲੇਟਫਾਰਮ ਤੇ ਖੜਾ ਹੈ। ਜਾਅਲੀ ਡਿਗਰੀਆਂ ਦਾ ਇਹ ਗੋਰਖਧੰਧਾ ਬਹੁਤ ਪੁਰਾਣਾ ਹੈ ਤੇ ਤਕਰੀਬਨ ਸਾਰੇ ਹੀ ਭਾਰਤ ਵਿੱਚ ਫੈਲਿਆ ਹੋਇਆ ਹੈ। ਸਰਕਾਰੀ ਨੌਕਰੀਆਂ ਲਈ ਖੁੱਦ ਨੂੰ ਯੋਗ ਸਾਬਤ ਕਰਣ ਦੀ ਇੱਛਾ ਅਤੇ ਆਪਣੇ ਨਾਂਅ ਅੱਗੇ ਵੱਡੀਆਂ ਵੱਡੀਆਂ ਡਿਗਰੀਆਂ ਦੇ ਲਾਲਚ ਨੇ ਜਾਲੀ ਡਿਗਰੀਆਂ ਦੇ ਇਸ ਧੰਦੇ ਨੂੰ ਚਾਰ ਚੁਫੇਰੇ ਫੈਲੇ ਘਣੇ ਪੇੜ ਦਾ ਰੂਪ ਦੇ ਦਿੱਤਾ ਹੈ ਜਿਸ ਦੀ ਛਾਂ ਹੇਂਠ ਕਿੰਨੇ ਹੀ ਮਾਸੂਮ ਨੌਜਵਾਨ ਠਗੇ ਜਾ ਰਹੇ ਹਨ।
ਪਿਛਲੇ ਕੁੱਝ ਸਾਲਾਂ ਤੋਂ ਕਾਰਸਪੋਡਿੰਗ ਕੋਰਸਾਂ ਤੇ ਡਿਸਟੈਂਟ ਐਜੁਕੇਸ਼ਨ ਦਾ ਬਹੁਤ ਪ੍ਰਚਲਨ ਹੋ ਗਿਆ ਹੈ ਤੇ ਹਰ ਸ਼ਹਿਰ ਵਿੱਚ ਡਿਸਟੈਂਟ ਐਜੁਕੇਸ਼ਨ ਰਾਹੀਂ ਪੜਾਈ ਕਰਵਾਉਣ ਵਾਲੇ ਸਟਡੀ ਸੈਂਟਰਾਂ ਦੀ ਵੀ ਭਰਮਾਰ ਹੋ ਗਈ ਹੈ। ਇਹਨਾਂ ਜਿਆਦਾਤਰ ਸੈਂਟਰਾਂ ਵਿੱਚ ਦੂਰ ਦੁਰਾਡੇ ਦੀਆਂ ਯੂਨੀਵਰਸੀਟੀਆਂ ਦੇ ਕੋਰਸ ਕਰਵਾ ਕੇ ਜਿਆਦਾਤਰ ਆਨਲਾਈਨ ਪੇਪਰ ਲਏ ਜਾਂਦੇ ਹਨ ਤੇ ਡਿਗਰੀਆਂ ਤੇ ਸਰਟੀਫਿਕੇਟ ਦਿੱਤੇ ਜਾਂਦੇ ਹਨ। ਇਹਨਾਂ ਵਿੱਚੋਂ ਕਈ ਤਾਂ ਸਹੀ ਹੁੰਦੇ ਹਨ ਪਰ ਕਈ ਉਹਨਾਂ ਯੂਨੀਵਰਸੀਟੀਆਂ ਦੇ ਵੀ ਕੋਰਸ ਕਰਾਈ ਜਾ ਰਹੇ ਹਨ ਜੋ ਯੂ ਜੀ ਸੀ ਵਲੋਂ ਯੂਨੀਵਰਸੀਟੀਆਂ ਪ੍ਰਮਾਣਿਤ ਵੀ ਨਹੀਂ ਹਨ। ਕਈ ਸੈਂਟਰ ਅਜਿਹੇ ਵੀ ਹਨ ਜਿਹੜੇ ਕਿ ਕਿਸੀ ਪ੍ਰਮਾਣਿਤ ਯੂਨੀਵਰਸੀਟੀ ਨਾਲ ਜੁੜੇ ਹੁੰਦੇ ਹਨ ਪਰ ਬਹਿੰਦੀ ਗੰਗਾ ਵਿੱਚ ਹੱਥ ਧੋਂਦਿਆਂ ਨਾਲ ਹੀ ਫਰਜੀ ਯੂਨੀਵਰਸੀਟੀਆਂ ਦੇ ਵੀ ਕੋਰਸ ਕਰਾ ਕੇ ਸਰਟੀਫਿਕੇਟ ਵੰਡੀ ਜਾਂਦੇ ਹਨ। ਜਿਆਦਾਤਰ ਸੈਂਟਰਾਂ ਵਲੋਂ ਪਾਸ ਹੋਣ ਦੀ ਗਾਰੰਟੀ ਵੀ ਦਿੱਤੀ ਜਾਂਦੀ ਹੈ ਅਤੇ ਕਈ ਸੈਟਰਾਂ ਖਿਲਾਫ ਸਮੇਂ ਸਮੇ ਤੇ ਅੱਖਵਾਰਾਂ ਵਿੱਚ ਨਕਲ ਮਰਵਾਉਣ ਦੀਆਂ ਖਬਰਾਂ ਵੀ ਲੱਗਦੀਆਂ ਹਨ। ਸਰਕਾਰ ਅਤੇ ਪ੍ਰਸ਼ਾਸਨ ਨੂੰ ਇਹਨਾ ਸੈਟਰਾਂ ਦੀ ਸਮੇਂ ਸਮੇਂ ਤੇ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਪਤਾ ਲਗਾਉਣਾ ਚਾਹੀਦਾ ਹੈ ਕਿ ਉਹ ਜਾਅਲੀ ਡਿਗਰੀ ਤਾਂ ਨਹੀ ਕਰਵਾ ਰਿਹਾ। ਇਹਨਾ ਸੈਟਰਾਂ ਵਿੱਚ ਬੱਚੇ ਇੱਕ ਦੂਜੇ ਦੀ ਦੇਖਾ ਦੇਖੀ ਦਾਖਲਾ ਲੈ ਲੈਂਦੇ ਹਨ ਤੇ ਸੈਂਟਰ ਜਿਹੜੀਆਂ ਯੂਨੀਵਰਸੀਟੀਆਂ ਨਾਲ ਜੁੜੇ ਹੋਣ ਦਾ ਦਾਵਾ ਕਰਦੇ ਹਨ ਉਹਨਾਂ ਵਲੋਂ ਦਿੱਤੀਆਂ ਜਾਂਦੀਆਂ ਡਿਗਰੀਆਂ ਕਾਨੂੰਨਨ ਸਹੀ ਵੀ ਹਨ ਇਸਦੀ ਜਾਂਚ ਵੀ ਨਹੀਂ ਕਰਦੇ। ਵੈਸੇ ਕੋਈ ਖਾਸ ਜਰੀਆ ਵੀ ਨਹੀਂ ਹੈ ਕਿਉਕਿ ਹਜਾਰਾਂ ਕਿਲੋਮੀਟਰ ਦੂਰ ਦੀਆਂ ਯੂਨੀਵਰਸੀਟੀਆਂ ਤੇ ਜਾ ਕੇ ਪੜਤਾਲ ਕਰਨਾ ਸ਼ਾਇਦ ਹੀ ਕਿਸੇ ਦੇ ਬੱਸ ਵਿੱਚ ਹੋਵੇ।
ਕੋਈ ਵੀ ਯੂਨੀਵਰਸੀਟੀ ਭਾਵੇਂ ਉਹ ਪ੍ਰਮਾਣਿਤ ਵੀ ਹੈ ਪਰ ਫਿਰ ਵੀ ਡਿਸਟੈਂਟ ਐਜੁਕੇਸ਼ਨ ਦੇਣ ਲਈ ਉਸਨੂੰ ਅਲਗ ਤੋਂ ਯੂ ਜੀ ਸੀ ਦੀ ਅਪਰੂਵਲ ਲੈਣੀ ਪੈਂਦੀ ਹੈ ਤਾਂ ਹੀ ਉਹ ਡਿਸਟੈਂਟ ਐਜੁਕੇਸ਼ਨ ਦੇ ਕੋਰਸ ਕਰਵਾ ਸਕਦੀ ਹੈ। ਅਪਰੂਵਲ ਮਿਲਣ ਤੋਂ ਬਾਦ ਵੀ ਉਹ ਯੂਨੀਵਰਸੀਟੀ ਨਿਰਧਾਰਿਤ ਮਿਆਦ ਲਈ ਹੀ ਕੋਰਸ ਕਰਵਾ ਸਕਦੀ ਹੈ। ਕਈ ਵਾਰ ਸਥਾਨਕ ਕਾਲਜਾਂ ਜਾਂ ਸਟਡੀ ਸੈਂਟਰਾਂ ਵਿੱਚ ਯੂਨੀਵਰਸੀਟੀ ਦੀ ਡਿਸਟੈਂਟ ਐਜੂਕੇਸ਼ਨ ਦੀ ਮਿਆਦ ਪੂਰੀ ਹੋਣ ਤੋਂ ਬਾਦ ਵੀ ਡਿਗਰੀਆਂ ਦਿੱਤੀਆਂ ਜਾਂਦੀਆਂ ਹਨ। ਮਾਨਯੋਗ ਸੁਪਰੀਮ ਕੋਰਟ ਨੇ ਵੀ ਆਪਣੇ ਆਦੇਸ਼ਾਂ ਵਿੱਚ ਤੈਅ ਕੀਤਾ ਹੋਇਆ ਹੈ ਕਿ ਕੋਈ ਵੀ ਯੂਨੀਵਰਸੀਟੀ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਡਿਸਟੈਂਟ ਐਜੂਕੇਸ਼ਨ ਦੇ ਕੋਰਸ ਨਹੀਂ ਕਰਵਾ ਸਕਦੀ।
ਜਾਅਲੀ ਡਿਗਰੀਆਂ ਦਾ ਇਹ ਮਕੜਜਾਲ ਪੂਰੇ ਭਾਰਤ ਵਿੱਚ ਹੀ ਲੰਮਾ ਚੌੜਾ ਫੈਲਿਆ ਹੋਇਆ ਹੈ। ਕੁੱਝ ਤਾਂ ਯੂਨੀਵਰਸੀਟੀਆਂ ਹੀ ਬੋਗਸ ਚਲ ਰਹੀਆਂ ਹਨ ਤੇ ਕੁੱਝ ਸਹੀ ਯੂਨੀਵਰਸੀਟੀਆਂ ਦੇ ਨਾਮ ਤੇ ਸਰਟੀਫਿਕੇਟ ਬੋਗਸ ਬਣ ਰਹੇ ਹਨ। ਟੈਕਨੋਲਜੀ ਨੇ ਕੰਮ ਹੋਰ ਆਸਾਨ ਕਰ ਦਿੱਤਾ ਹੈ। ਕਈ ਅਜਿਹੀਆਂ ਸਾਈਟਾਂ ਹਨ ਜੋ ਪੈਸੇ ਲੈ ਕੇ ਆਨਲਾਈਨ ਜਾਲੀ ਡਿਗਰੀਆਂ ਵੇਚ ਰਹੀਆਂ ਹਨ। ਇਹਨਾਂ ਸਾਈਟਾਂ ਤੇ ਜਿਹੜੀਆਂ ਯੂਨੀਵਾਸੀਟੀਆਂ ਦੀਆਂ ਜਾਲੀ ਡਿਗਰੀਆਂ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਦੇ ਸੈਂਪਲ ਵੀ ਪਾਏ ਗਏ ਹਨ ਜੋਕਿ ਅਸਲੀ ਵਰਗੇ ਹੀ ਹਨ।
ਰੰਗਦਾਰ ਪਿੰਟ੍ਰਰ ਦੀ ਮਦਦ ਨਾਲ ਜਾਲੀ ਸਰਟੀਫਿਕੇਟ ਤਿਆਰ ਕੀਤੇ ਜਾਂਦੇ ਹਨ। ਦਸਵੀਂ, ਬਾਰਵੀਂ, ਬੀ ਏ, ਬੀ ਐਸ ਸੀ, ਬੀ ਕਾਮ, ਬੀ ਐਡ, ਐਮ ਏ, ਐਮ ਬੀ ਏ, ਪੀ ਐਚ ਡੀ, ਐਮ ਬੀ ਬੀ ਐਸ, ਆਈਲੈਟ ਆਦਿ ਕਿਹੜੀ ਡਿਗਰੀ ਹੈ ਜਿਸਦੇ ਜਾਲੀ ਸਰਟੀਫਿਕੇਟ ਨਹੀਂ ਮਿਲਦੇ ਹਨ ਬਸ ਰੇਟ ਅੱਲਗ ਅੱਲਗ ਹਨ। ਇਹਨਾਂ ਦਾ ਇਸਤੇਮਾਲ ਸਰਕਾਰੀ ਨੋਕਰੀ ਲੈਣ, ਵੱਡੀਆਂ ਫਰਮਾਂ ਵਿੱਚ ਉੱਚੀਆਂ ਪੋਸਟਾਂ ਲੈਣ ਤੇ ਵਿਦੇਸ਼ ਜਾਣ ਲਈ ਕੀਤਾ ਜਾਂਦਾ ਹੈ।
ਯੂ ਜੀ ਸੀ ਵਲੋਂ 21 ਜਾਲੀ ਯੂਨੀਵਾਸੀਟੀਆਂ ਦੇ ਨਾਂਅ ਦੀ ਲਿਸਟ ਆਪਣੀ ਵੈਬਸਾਇਟ ਤੇ ਪਾਈ ਹੋਈ ਹੈ ਜਿਸ ਵਿੱਚ ਸਭ ਤੋਂ ਜਿਆਦਾ ਜਾਅਲੀ ਯੂਨੀਵਰਸੀਟੀਆਂ ਯੂ ਪੀ ਅਤੇ ਦਿੱਲੀ ਵਿੱਚ ਹਨ। ਇਹਨਾਂ ਵਿੱਚ ਹੋਮਿਓਪੈਥਿਕ, ਆਲਟਰਨੇਟ ਮੈਡੀਸਨ, ਸਾਂਇਸ ਅਤੇ ਇੰਜੀਨਿਅਰਿੰਗ, ਅਰੈਬਿਕ, ਸੰਸਕ੍ਰਿਤ ਆਦਿ ਤਕਰੀਬਨ ਹਰ ਵਿਸ਼ੇ ਦੀਆਂ ਯੂਨੀਵਰਸੀਟੀਆਂ ਸ਼ਾਮਲ ਹਨ। ਪਰ ਇਸ ਤੋਂ ਇਲਾਵਾ ਵੀ ਪਤਾ ਨਹੀਂ ਕਿੰਨੀਆਂ ਹੀ ਸਿਰਫ ਨਾਮ ਭਰ ਦੀਆਂ ਯੂਨੀਵਾਸੀਟੀਆਂ ਦੇਸ਼ ਦੇ ਕੋਨੇ ਕੋਨੇ ਵਿੱਚ ਇੱਕ ਨਿੱਕੇ ਜਿਹੇ ਕਮਰੇ ਵਿੱਚ ਇੱਕ ਮੇਜ, ਇੱਕ ਕੰਪਊਟਰ, ਰੰਗਦਾਰ ਪਿੰਟ੍ਰਰ ਤੇ ਕੁੱਝ ਜਾਅਲੀ ਮੋਹਰਾਂ ਦੇ ਸਹਾਰੇ ਚਲ ਰਹੀਆਂ ਹਨ। ਇਹਨਾ ਵਲੋਂ ਅਕਸਰ ਅਖਬਾਰਾਂ ਵਿੱਚ ਇਸ਼ਤਿਹਾਰ ਵੀ ਦਿੱਤੇ ਜਾਂਦੇ ਹਨ। 8ਵੀਂ ਫੇਲ ਦਸਵੀਂ ਕਰੋ, ਦਸਵੀਂ ਫੇਲ 12ਵੀਂ ਕਰੋ ਤੇ ਨਾਲ ਹੀ ਸੋ ਫ਼ੀਸਦੀ ਪਾਸ ਹੋਣ ਦੀ ਗਾਰੰਟੀ ਵੀ ਦਿੱਤੀ ਜਾਂਦੀ ਹੈ। ਹੋਰ ਤਾਂ ਹੋਰ ਇਹਨਾਂ ਵਿੱਚੋਂ ਕਈ ਜਾਅਲੀ ਯੂਨੀਵਰਸੀਟੀਆਂ ਵਲੋਂ ਤਾਂ ਅੱਗੇ ਫਰੈਨਚਾਈਜ਼ੀ ਵੀ ਦੇ ਦਿੱਤੀਆਂ ਜਾਂਦੀਆਂ ਹਨ। ਸਾਰਾ ਤਮਾਸ਼ਾ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਅੱਖਾਂ ਸਾਮਣੇ ਚਲਦਾ ਹੈ ਪਰ ਸਭ ਅਨਜਾਨ ਹਨ। ਇਹਨਾਂ ਜਾਅਲੀ ਡਿਗਰੀਆਂ ਦੇ ਸਹਾਰੇ ਕਿੰਨੇ ਹੀ ਲੋਕ ਅੱਜ ਨਾ ਜਾਨੇ ਕਿਹੜੀ ਕਿਹੜੀ ਵੱਡੀ ਪੋਸਟ ਤੇ ਵੀ ਬੈਠੇ ਹੋਣਗੇ ਤੇ ਕਿੰਨੇ ਹੀ ਮਿਹਨਤ ਨਾਲ ਪੜ ਕੇ ਪਾਸ ਹੋਣ ਵਾਲਿਆਂ ਦਾ ਹੱਕ ਮਾਰ ਰਹੇ ਹਨ। ਕੀ ਇਸ ਦੇਸ਼ ਦੇ ਭਵਿੱਖ ਦਾ ਫੈਸਲਾ ਜਾਅਲੀ ਡਿਗਰੀਆਂ ਦੇਣ ਵਾਲੀਆਂ ਯੁਨੀਵਰਸੀਟੀਆਂ ਜਾਂ ਫਿਰ ਨਕਲ ਮਰਵਾਉਣ ਵਾਲੇ ਸੈਂਟਰ ਕਰਣਗੇ? ਇਹ ਸੋਚਣ ਦਾ ਵਿਸ਼ਾ ਹੈ। ਇਹਨਾਂ ਜਾਅਲੀ ਯੂਨੀਵਰਸੀਟੀਆਂ ਅਤੇ ਡਿਸਟੈਂਟ ਐਜੁਕੇਸ਼ਨ ਦੇ ਨਾਮ ਤੇ ਚਲ ਰਹੇ ਜਾਅਲੀ ਸਟਡੀ ਸੈਂਟਰਾਂ ਦੇ ਨੱਕ ਨਕੇਲ ਪਾਉਣ ਲਈ ਸਰਕਾਰ ਨੂੰ ਸਖਤ ਕਦਮ ਚੁੱਕਣ ਦੀ ਲੋੜ ਹੈ ਤਾਂ ਜੋ ਸਿਖਿਆ ਦੇ ਨਾਮ ਤੇ ਹੋ ਰਿਹਾ ਅੰਨਾ ਵਪਾਰ ਰੁੱਕ ਸਕੇ ਅਤੇ ਸਹੀ ਐਜੁਕੇਸ਼ਨ ਮਿਲ ਸਕੇ।

ਅਕੇਸ਼ ਕੁਮਾਰ
ਲੇਖਕ
ਬਰਨਾਲਾ


03/09/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਕੀ ਕੀ ਗੁਣ ਗਾਵਾਂ ਮੈਂ ਤੇਰੇ?
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਕੀ ਕੀ ਗੁਣ ਗਾਵਾਂ ਮੈਂ ਤੇਰੇ?
ਏਨੇ ਗਾਉਣੇ ਵੱਸ ਨਾ ਮੇਰੇ।
ਸ਼੍ਰਿਸ਼ਟੀ ਕਰਤਾ, ਜੀਵਨ ਦਾਤਾ,
ਸਰਬ-ਗਿਆਤਾ, ਲੇਖ-ਵਿਧਾਤਾ,
ਸਿਰਜਣਹਾਰ, ਚਲਾਵਣਹਾਰਾ
ਹੁਕਮੀਂ ਆਪ ਕਰਾਵਣਹਾਰਾ,
ਰੱਖਣਹਾਰ, ਬਚਾਵਣਹਾਰਾ।
ਵਡ-ਭੰਡਾਰੀ, ਵੰਡਣਹਾਰਾ।
ਜਾਚਕ-ਵਾਚਕ, ਸਾਈਂ-ਮਾਲਿਕ,
ਖਲਕ ਦਾ ਖਾਲਿਕ, ਜਗਤ ਦਾ ਪਾਲਕ,
ਗਾਵਾਂ ਜਿਤਨੇ ਹੋਣ ਵਧੇਰੇ।
ਕੀ ਕੀ ਗੁਣ ਗਾਵਾਂ ਮੈਂ ਤੇਰੇ?
ਏਨੇ ਗਾਉਣੇ ਵੱਸ ਨਾ ਮੇਰੇ।
ਗਾਡ, ਵਾਹਿਗੁਰੂ, ਈਸ਼ਵਰ ਤੂੰ ਹੀ
ਰਾਮ, ਅੱਲਾ, ਪ੍ਰਮੇਸ਼ਰ ਤੂੰ ਹੀ।
ਹਰ ਥਾਂ ਤੂੰ ਹੀ, ਹਰ ਨਾ ਤੂੰ ਹੀ,
ਬਾਪ ਵੀ ਤੂੰ ਹੀ, ਤੇ ਮਾਂ ਤੂੰ ਹੀ।
ਬਚਨੀਂ ਤੂੰ ਹੀ, ਬੋਲੀਂ ਤੂੰ ਹੀ,
ਖੇਲੀਂ ਤੂੰ ਹੀ, ਘੋਲੀਂ ਤੂੰ ਹੀ।
ਗਾਉਂਦੇ ਗੁਣ ਸਭ ਸ਼ਾਮ ਸਵੇਰੇ।
ਕੀ ਕੀ ਗੁਣ ਗਾਵਾਂ ਮੈਂ ਤੇਰੇ?
ਏਨੇ ਗਾਉਣੇ ਵੱਸ ਨਾ ਮੇਰੇ।
ਚਿੜੀ ਦੀ ਚੀਂ ਚੀਂ, ਮੱਖ ਦੀ ਭੀਂ ਭੀਂ
ਸੱਪ ਦੀ ਸੀਂ ਸੀਂ, ਭੂੰਡ ਦੀ ਝੀਂ ਝੀਂ
ਮੱਝ ਦੀ ਭਾ ਭਾਂ, ਬੈਲ ਦੀ ਮਾਂ ਮਾਂ।
ਕਾਂ ਦੀ ਕਾਂ ਕਾ, ਪਵਨ ਦੀ ਸਾਂ ਸਾਂ,
ਸੱਭ ਵਿੱਚ ਤੂੰ ਹੀ, ਜੱਗ ਵਿੱਚ ਤੂੰ ਹੀ।
ਹਰ ਰਗ ਤੂੰ ਹੀ, ਹਰ ਨਗ ਤੂੰ ਹੀ।
ਹਰ ਜੀ ਪਾਲਕ, ਹਰ ਜੀ ਡੇਰੇ।
ਕੀ ਕੀ ਗੁਣ ਗਾਵਾਂ ਮੈਂ ਤੇਰੇ?
ਤੇਰੇ ਬਾਝੋਂ ਕੁੱਝ ਵੀ ਨਾਹੀਂ।
ਹਰ ਕੋਈ ਜੀਂਦਾ ਤੇਰੇ ਸਾਹੀਂ।
ਸੁੱਖ ਦੇ ਵਿੱਚ ਤੂੰ, ਦੁਖ ਦੇ ਵਿੱਚ ਤੂੰ।
ਹਰ ਕਾਰਜ ਦੀ ਖਾਤਰ ਖਿੱਚ ਤੂੰ।
ਸਭ ਦੀ ਸ਼ਕਤੀ, ਸਭ ਦੀ ਹਿੰਮਤ,
ਜੋਸ਼ ਭਰੇਂ, ਕਰਵਾਵੇਂ ਮਿਹਨਤ।
ਅੰਗ ਅੰਗ ਵਿੱਚ ਵਾਹ ਰੰਗ ਬਖੇਰੇ।
ਕੀ ਕੀ ਗੁਣ ਗਾਵਾਂ ਮੈਂ ਤੇਰੇ?
ਏਨੇ ਗਾਉਣੇ ਵੱਸ ਨਾ ਮੇਰੇ।
ਪਲ ਵਿੱਚ ਰਾਜੇ ਰੰਕ ਬਣਾਵੇ।
ਮਹਿਲ ਕਿਤੇ, ਕਿਤੇ ਝੋਕ ਬਿਠਾਵੇਂ।
ਜਿਸ ਚਾਹੇਂ ਆਰਾਮ ਕਰਾਵੇਂ।
ਜਿਸ ਚਾਹੇਂ ਘੁੰਮਣ ਨੂੰ ਲਾਵੇਂ।
ਨਾ ਚਾਹੇਂ ਦਰ ਦਰ ਭਟਕਾਵੇਂ
ਜੇ ਚਾਹੇਂ ਤਾਂ ਆਪ ਮਿਲਾਵੇਂ।
ਕਿਤੇ ਰੋਸ਼ਨੀ ਕਿਤੇ ਹਨੇਰੇ।
ਕੀ ਕੀ ਗੁਣ ਗਾਵਾਂ ਮੈਂ ਤੇਰੇ?
ਏਨੇ ਗਾਉਣੇ ਵੱਸ ਨਾ ਮੇਰੇ।
ਨਾਟਕ ਵਾਹਵਾ ਆਪ ਰਚਾਇਆ।
ਸਾਰਾ ਜੱਗ ਚੱਕਰ ਵਿੱਚ ਪਾਇਆ।
ਹਰ ਇੱਕ ਅਗਲੇ ਪਲ ਬਦਲਾਇਆ।
ਆਉਣ ਜਾਣ ਦਾ ਫੇਰ ਬਣਾਇਆ
ਰਮਜ਼ਾਂ ਸਮਝੇਂ, ਦਿਲ ਦੀਆਂ ਜਾਣੇ,
ਹਰ ਇੱਕ ਦੇ ਦਿਲ ਦੀ ਨਿੱਘ ਮਾਣੇ।
ਹੁਕਮ ਤੇਰਾ ਹੀ ਸਾਰੇ ਚਲਦਾ।
ਹੁਕਮ ਬਿਨਾ ਨਾ ਪੱਤਾ ਹਿਲਦਾ।
ਜੋਤ-ਸਭਾਈ, ਸੱਚਾ-ਸੁੱਚਾ,
ਸਭ ਤੋਂ ਉਤਮ, ਸਭ ਤੋਂ ਉੱਚਾ
ਹੋਰ ਬਰਾਬਰ ਕੌਣ ਨੇ ਤੇਰੇ।
ਕੀ ਕੀ ਗੁਣ ਗਾਵਾਂ ਮੈਂ ਤੇਰੇ?
ਏਨੇ ਗਾਉਣੇ ਵੱਸ ਨਾ ਮੇਰੇ।


03/09/14)
ਡਾ ਗੁਰਮੀਤ ਸਿੰਘ ਬਰਸਾਲ

ਜਾਤੀ-ਸੂਚਕ !!
ਜਾਤੀ-ਸੂਚਕ ਗੋਤ ਨੂੰ ਜਦ ਵੀ ਨਾਂ ਦੇ ਨਾਲ ਲਗਾਈਏ ।
ਅਣਜਾਣੇ ਹੀ ਜਾਤ-ਪਾਤ ਨੂੰ ਅਸੀਂ ਸਾਂਭਦੇ ਜਾਈਏ ।।
ਵਰਣ-ਵੰਡ ਦੇ ਨਾਲ ਵਿਪਰ ਨੇ ਐਸੀ ਖੇਡ ਬਣਾਈ ,
ਸੱਭ ਤੋਂ ਉੱਪਰ ਆਪ ਤੇ ਬਾਕੀ ਨੀਚਮ-ਨੀਚ ਸਦਾਈਏ ।।
ਨੀਤੀ ਧਾਰ ਸਮਾਜ ਵੰਡਣ ਲਈ ਚੱਕਰਵਿਊ ਉਸ ਘੜਿਆ ,
ਜਾਤ-ਗਰਭੁ ਤੇ ਹੀਣ-ਭਾਵਨਾ ਸੁੱਤੇ-ਸਿਧ ਅਪਣਾਈਏ ।।
ਕੁੱਲ-ਜਾਤੀ ਦੇ ਕਾਰਣ ਜੱਗ ਤੇ ਕੋਈ ਨਾ ਬਣਦਾ ਵੱਡਾ ,
ਵੱਡੇ ਹੋਵਣ ਖਾਤਿਰ ਸੱਜਣੋਂ ਵੱਡੇ ਕਰਮ ਕਮਾਈਏ ।।
ਕਿਰਤ ਕਾਰਣ ਹੀ ਜੇਕਰ ਸਾਨੂੰ ਜਾਤਾਂ ਵਿੱਚ ਹੈ ਵੰਡਿਆ ,
ਫਿਰ ਕਾਹਤੋਂ ਨਾ ਕਿਰਤ ਬਦਲਕੇ ਬਦਲ ਜਾਤਾਂ ਨੂੰ ਪਾਈਏ ।।
ਭਾਈਚਾਰਾ ਤੋੜਨ ਲਈ ਜਿਸ ਵਰਗ-ਵਿਤਕਰਾ ਘੜਿਆ ,
ਕਿਓਂ ਗੁਰ-ਨਾਨਕ ਛੱਡ ਚੇਲੇ ਉਸ ਮੰਨੂ ਦੇ ਅਖਵਾਈਏ ।।
ਜੇਕਰ ਕਿਤੇ ਪਛਾਣ ਦੀ ਖਾਤਿਰ ਬਣਦੀ ਹੈ ਮਜਬੂਰੀ ,
ਕਾਹਤੋਂ ਨਾ ਫਿਰ ਗੋਤ ਨੂੰ ਛੱਡਕੇ ਪਿੰਡ ਤਖੱਲਸ ਲਾਈਏ ,
ਕਿਓਂ ਨਾ ਸਾਰੇ ਪਿੰਡ ਨਿਵਾਸੀ ਸਾਂਝਾ ਨਾਂ ਅਪਣਾਕੇ ,
ਗੋਤਾਂ-ਜਾਤਾਂ ਦੇ ਨਾਲ ਤੁਰਦੀ ਊਚ-ਨੀਚ ਦਫਨਾਈਏ ।।
ਇੱਕ ਜੋਤ ਤੋਂ ਉਪਜੇ ਸਾਰੇ ਵੱਡਾ-ਛੋਟਾ ਨਾ ਕੋਈ ,
ਮਾਣਸ ਦੀ ਤਾਂ ਜਾਤ ਹੈ ਇੱਕੋ ਸਭਨਾਂ ਨੂੰ ਸਮਝਾਈਏ ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
[email protected]



{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.