31/03/15)
ਅਰਵਿੰਦਰ ਪਾਲ ਸਿੰਘ/ਜਾਚਕ
ਵਿਦਿਅਕ ਸਿੱਖ ਸੰਸਥਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਅਤੇ ਸਿਖਿਆ ਨੂੰ ਸਕੂਲੀ ਸਲੇਬਸ
ਦਾ ਭਾਗ ਬਨਾਉਣ ਦੀ ਪਹਿਲ ਕਰਨ।
ਮੈਲਬੌਰਨ, ੨੯ ਮਾਰਚ (…………………) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ
ਅੰਮ੍ਰਿਤਸਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸੰਸਾਰ ਭਰ ਦੀਆਂ ਵਿਦਿਅਕ ਸਿੱਖ
ਸੰਸਥਾਵਾਂ ਮਨੁੱਖਤਾ ਦੇ ਸਰਬਪੱਖੀ ਵਿਕਾਸ ਦੇ ਜ਼ਾਮਨ ਅਤੇ ਮਾਨਵ-ਏਕਤਾ ਦੇ ਮੁੱਦਈ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਮਹਾਰਾਜ ਦੇ ਪਾਠ ਦੀ ਵਿਆਕਰਣਿਕ ਸੰਥਿਆ ਅਤੇ ਸਿਧਾਂਤਕ ਸਿਖਿਆ ਨੂੰ ਆਪਣੇ ਸਕੂਲੀ ਸਲੇਬਸ
ਦਾ ਭਾਗ ਬਨਾਉਣ ਦੀ ਪਹਿਲ ਕਰਨ ਦਾ ਪਰਉਪਕਾਰੀ ਉੱਦਮ ਕਰਨ। ਕਿਉਂਕਿ, ਭਾਰਤ ਦੀ ਸੱਤਾਧਾਰੀ ਬਿਪਰਵਾਦੀ
ਸੰਕੀਰਣ ਸੋਚ ਇੱਕ ਅਜਿਹੀ ਸਿੱਖਿਆ ਪ੍ਰਨਾਲੀ ਨੂੰ ਪ੍ਰਚਾਰਨ ਤੇ ਵਿਦਿਅਕ ਅਦਾਰਿਆਂ ਵਿੱਚ ਲਾਗੂ ਕਰਨ
ਲਈ ਯਤਨਸ਼ੀਲ ਹੈ, ਜਿਹੜੀ ਮਨੁੱਖਤਾ ਵਿੱਚ ਊਚ ਨੀਚ ਦੀਆਂ ਵੰਡੀਆਂ ਪਾਉਣ, ਇਸਤ੍ਰੀ ਜਾਤੀ ਨੂੰ ਸ਼ੂਦਰ
ਸ਼੍ਰੇਣੀ ਵਿੱਚ ਰੱਖ ਕੇ ਹਰ ਪੱਖੋਂ ਦਬਾਉਣ ਅਤੇ ਹਰੇਕ ਹੀਲੇ ਆਪਣਾ ਸੁਆਰਥ ਪੂਰਾ ਕਰਨ ਦੀ ਪ੍ਰੇਰਕ
ਹੈ। ਜਦੋਂ ਕਿ ਦੂਰਦਿਸ਼੍ਰਟ ਵਿਦਵਾਨਾਂ ਨੇ ਮੰਨਿਆ ਹੈ ਕਿ ਐਟਮੀ ਯੁੱਗ ਦੇ ਵਿਨਾਸ਼ਮਈ ਚਕ੍ਰਵਿਊ ਵਿੱਚ
ਫਸੀ ਮਨੁੱਖਤਾ ਨੂੰ ਬਚਾਉਣ ਦਾ ਇੱਕ-ਇੱਕ ਸਾਧਨ ਗੁਰਬਾਣੀ ਦਾ ਚਾਨਣ ਹੈ। ਇਹ ਲਫ਼ਜ਼ ਹਨ ਸ੍ਰੀ ਗੁਰੂ
ਗ੍ਰੰਥ ਸਾਹਿਬ ਇੰਸਟੀਚਿਊਟ ਮੈਲਬੌਰਨ ਦੇ ਉਸ ਪ੍ਰਮੁਖ ਗੁਰਮਤੇ ਦੇ, ਜਿਹੜਾ ਗੁਰਦੁਆਰਾ ਸਾਹਿਬ
ਟਾਰਨੈਟ (ਮੈਲਬੌਰਨ) ਦੀ ਸਿੱਖ ਸੰਗਤ ਵੱਲੋਂ ਸਰਬਸੰਮਤੀ ਨਾਲ ਜੈਕਾਰਿਆਂ ਦੀ ਗੂੰਜ ਵਿੱਚ ਅੱਜ ਉਦੋਂ
ਪਾਸ ਕੀਤਾ ਗਿਆ, ਜਦੋਂ ਇੰਸਟੀਚਿਊਟ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸੰਪੂਰਨ ਪਾਠ
ਦੀ ਵਿਆਕਰਣਿਕ ਸੰਥਿਆ ਵੀਡੀਓ ਰੀਲੀਜ਼ ਹੋਣ `ਤੇ ਅਯੋਜਿਤ ਕੀਤੇ ‘ਸ਼ੁਕਰਾਨਾ ਸਮਾਗਮ’ ਵਿੱਚ ਮੈਲਬੌਰਨ
ਦੀਆਂ ਸਿੱਖ ਸੰਗਤਾਂ ਪੂਰੇ ਉਤਸ਼ਾਹ ਨਾਲ ਹਾਜ਼ਰ ਸਨ।
ਗੁਰਦੁਆਰਾ ਸਾਹਿਬ ਟਾਰਨੇਟ (ਮੈਲਬਰਨ) ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਇੰਸਟੀਚਿਊਟ ਦੇ ਪ੍ਰਧਾਨ
ਸ੍ਰ. ਬਲਵਿੰਦਰ ਸਿੰਘ ਮਾਨ ਅਤੇ ਪ੍ਰਬੰਧਕੀ ਸੇਵਾਦਾਰਾਂ ਦੁਆਰਾ ਖ਼ਾਲਸਾ ਪੰਥ ਦੇ ਜਥੇਬੰਦਕ ਕੇਂਦਰ
ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਥ ਦੀ ਸਿਰਮੌਰ ਸਿੱਖ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਸਮੇਤ ਹੋਰ ਸਾਰੇ ਸਹਿਯੋਗੀ ਵਿਦਵਾਨਾਂ, ਸਿੱਖ ਸੰਸਥਾਵਾਂ ਅਤੇ ਸੰਪਰਦਾਵਾਂ ਦਾ ਧੰਨਵਾਦ
ਕੀਤਾ। ਇਸ ਤੋਂ ਇਲਾਵਾ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਪੂੰਰਨ ਪਾਠ ਦੀ ਵਿਆਕਰਣਿਕ
ਸੰਥਿਆ ਵੀਡੀਓ ਤਿਆਰ ਕਰਨ ਸਬੰਧੀ ਨਿਭਾਈ ਕਰੜੀ ਭੂਮੀਕਾ ਲਈ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜਾਚਕ
ਦਾ ਧੰਨਵਾਦ ਕਰਦਿਆਂ ਵਿਸ਼ੇਸ਼ ਸਿਰੋਪਾਉ ਅਤੇ ਸ੍ਰੀ ਸਾਹਿਬ ਬਖਸ਼ ਕੇ ਸਨਮਾਨਿਤ ਕੀਤਾ।
ਇਸ ਮੌਕੇ ਮੈਲਬੌਰਨ ਵਿੱਚ ਪਿਛਲੇ ਵੀਹ ਸਾਲ ਤੋਂ ਗੁਰਮੁਖੀ ਅਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ
ਪ੍ਰਸਾਰ ਵਿੱਚ ਜੁੱਟੇ ਸ. ਹਰਭਜਨ ਸਿੰਘ ਖਹਿਰਾ ਨੇ ਆਖਿਆ ਕਿ ਗੁਰਬਾਣੀ ਸੰਥਿਆਂ ਪਾਠ ਦੀ ਵੀਡੀਉ ਅਤੇ
ਸੰਥਿਆਂ ਪੋਥੀਆਂ ਗੁਰਮੁਖੀ ਦੀ ਸਿਖਲਾਈ ਲਈ ਭਵਿਖ ਵਿੱਚ ਵਡਮੁੱਲਾ ਯੋਗਦਾਨ ਪਾਉਣਗੀਆਂ। ਗੁਰਬਾਣੀ ਦੇ
ਪਿਆਰ ਦੀ ਝਲਕ ਅੱਜ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਮੈਲਬੌਰਨ ਵਿੱਖੇ ਚੱਲ ਰਹੇ ਕ੍ਰਿਕਟ ਵਰਲਡ ਕੱਪ
ਦੇ ਫਾਈਨਲ ਮੈਚ ਦੇ ਬਾਵਜੂਦ ਗੁਰਦੁਆਰਾ ਸਾਹਿਬ ਦਾ ਹਾਲ ਖਚਾ-ਖੱਚ ਗੁਰਸਿੱਖ ਸਿੱਖ ਸੰਗਤਾਂ ਨਾਲ
ਭਰਿਆ ਹੋਇਆ ਸੀ।
ਜਾਰੀ ਕਰਤਾ
ਅਰਵਿੰਦਰ ਪਾਲ ਸਿੰਘ
ਸੇਵਾਦਾਰ ਸਕੱਤਰ,
ਸ੍ਰੀ ਗੁਰੁ ਗ੍ਰੰਥ ਸਾਹਿਬ ਇੰਸਟੀਚਿਊਟ ਮੈਲਬੌਰਨ (ਅਸਟਰੇਲੀਆ)
ਗੁਰਦੁਆਰਾ ਸਾਹਿਬ ਟਾਰਨੇਟ
31/03/15)
ਵਰਿੰਦਰ ਸਿੰਘ ਗੋਲਡੀ
31/03/15)
ਸਪੋਕਸਮੈਨ ਸੰਪਾਦਕੀ (ਅਪ੍ਰੈਲ01)
ਪਹਿਲੇ ਦੌਰ
ਵਿਚ ਕੇਜਰੀਵਾਲ ਨੇ ਵਿਰੋਧੀਆਂ ਦੇ ਗੋਡੇ ਲਵਾਏ :
ਅਰਵਿੰਦ ਕੇਜਰੀਵਾਲ ਕੋਈ ਗੋਡੇ ਰਗੜ
ਰਗੜ ਕੇ, ਨੇਤਾ ਨਹੀਂ ਸੀ ਬਣਿਆ ਬਲਕਿ ਇਕ ਅਜਿਹੀ ਹਨੇਰੀ ਵਾਂਗ, ਸਿਆਸੀ ਜਗਤ ਵਿਚ ਦਾਖ਼ਲ ਹੋਇਆ ਹੈ
ਜੋ ਜੇ ਰੁਕ ਜਾਏ ਤਾਂ ਅਪਣੇ ਆਪ ਨੂੰ ਹੀ ਖ਼ਤਮ ਕਰ ਲੈਂਦੀ ਹੈ ਪਰ ਜੇ ਵਗਦੀ ਰਹੇ ਤਾਂ ਰਾਹ ਦਾ ਰੋੜਾ
ਬਣਨ ਵਾਲੇ ਉੱਚੇ ਮੀਨਾਰਿਆਂ ਨੂੰ ਵੀ ਢਾਹ ਕੇ ਰੱਖ ਦੇਂਦੀ ਹੈ। ਕੇਜਰੀਵਾਲ ਨੇ ਪਹਿਲਾਂ ਅਪਣੇ
ਅੰਦੋਲਨਕਾਰੀ ਗੁਰੂ ਦੀ ਇਹ ਸਿਖਿਆ ਪਲਟਾ ਕੇ ਰੱਖ ਦਿਤੀ ਕਿ ਉਸ ਨੂੰ ਰਾਜਨੀਤੀ ਵਿਚ ਨਹੀਂ ਜਾਣਾ
ਚਾਹੀਦਾ। ਅੰਨਾ ਹਜ਼ਾਰੇ ਬੁਰੀ ਤਰ੍ਹਾਂ ਨਾਰਾਜ਼ ਹੋ ਗਏ ਤੇ ਪੱਤਰਕਾਰਾਂ ਨੂੰ ਇਥੋਂ ਤਕ ਕਹਿ ਦਿਤਾ,
''ਮੇਰੇ ਸਾਮਨੇ ਤੋ ਉਸ (ਕੇਜਰੀਵਾਲ) ਕਾ ਨਾਮ ਭੀ ਨਾ ਲੋ।''
ਕੇਜਰੀਵਾਲ ਹਨੇਰੀ ਸੀ ਤੇ ਹਨੇਰੀ ਕਿਸੇ 'ਗੁਰੂ' ਨੂੰ ਨਹੀਂ ਮੰਨਦੀ, ਅਪਣੇ ਵੇਗ ਵਿਚ ਹੀ ਚਲੀ
ਜਾਂਦੀ ਹੈ। ਜਦ ਵੀ ਇਸ ਤਰ੍ਹਾਂ ਦਾ ਕੋਈ ਨਵਾਂ ਨੇਤਾ ਸਾਹਮਣੇ ਆਉਂਦਾ ਹੈ ਜਿਸ ਤੋਂ ਲੋਕਾਂ ਨੇ
ਵੱਡੀਆਂ ਆਸਾਂ ਲਾ ਲਈਆਂ ਹੁੰਦੀਆਂ ਹਨ ਤਾਂ ਦੋ ਤਰ੍ਹਾਂ ਦੇ ਬੰਦੇ, ਨਵੇਂ ਉਭਰ ਰਹੇ ਨੇਤਾ ਨੂੰ ਅਪਣੇ
ਕਲਾਵੇ ਵਿਚ ਜਕੜ ਲੈਣ ਦੀ ਕੋਸ਼ਿਸ਼ ਕਰਦੇ ਹਨ--ਇਕ ਸੀ ਆਈ ਡੀ ਵਾਲੇ ਤੇ ਦੂਜੇ, ਸਾਬਕਾ ਕਮਿਊਨਿਸਟ
'ਚਿੰਤਕ' ਜੋ ਅਪਣੀ ਪਾਰਟੀ ਦੇ ਬਿਖਰ ਜਾਣ ਮਗਰੋਂ ਘਰੋਂ ਬੇਘਰ ਹੋਏ ਫਿਰਦੇ ਹਨ ਤੇ ਚਾਹੁੰਦੇ ਹਨ ਕਿ
ਉਨ੍ਹਾਂ ਦੀ 'ਵਿਦਵਤਾ' ਤੇ 'ਸਿਆਣਪ' ਨੂੰ ਕੋਈ ਚੰਗੀਆਂ ਸੰਭਾਵਨਾਵਾਂ ਵਾਲਾ ਨਵਾਂ ਲੀਡਰ, ਸਸਤੇ ਭਾਅ
ਹੀ ਖ਼ਰੀਦ ਲਵੇ। ਕੇਜਰੀਵਾਲ, ਇਨ੍ਹਾਂ ਸਾਬਕਾ ਕਮਿਊਨਿਸਟ ਚਿੰਤਕਾਂ ਜਾਂ ਵਿਦਵਾਨਾਂ ਨੂੰ ਵਾਹਵਾ ਕੂਲਾ
ਜਿਹਾ ਜਾਂ ਲਵਾ ਜਿਹਾ ਬਕਰਾ ਮਹਿਸੂਸ ਹੋਇਆ ਤੇ ਉਹ ਇਸ ਨਤੀਜੇ ਤੇ ਪੁੱਜੇ ਕਿ ਇਹ ਤਾਂ ਉਨ੍ਹਾਂ ਦੇ
ਲਿਖੇ ਹੋਏ 'ਡਾਇਲਾਗ' ਹੀ ਬੋਲਿਆ ਕਰੇਗਾ ਤੇ ਲੋੜ ਪੈਣ ਤੇ, ਉਨ੍ਹਾਂ ਲਈ ਥਾਂ ਖ਼ਾਲੀ ਕਰਨੋਂ ਵੀ ਨਹੀਂ
ਹਿਚਕਚਾਏਗਾ ਪਰ ਦੂਜੀ ਵਾਰ ਦਿੱਲੀ ਜਿੱਤਣ ਨਿਕਲੇ ਕੇਜਰੀਵਾਲ ਨੂੰ ਮਿਲ ਰਿਹਾ ਸਹਿਯੋਗ, ਸਾਬਕਾ
ਕਾਮਰੇਡ ਸਾਥੀਆਂ ਨੂੰ ਵੀ ਹਿਲਾ ਕੇ ਰੱਖ ਗਿਆ ਤੇ ਉਨ੍ਹਾਂ ਫ਼ੈਸਲਾ ਕੀਤਾ ਕਿ ਬਹੁਤੀਆਂ ਉੱਚੀਆਂ
ਹਵਾਵਾਂ ਵਿਚ ਉੱਡਣ ਵਾਲੇ ਇਸ ਤੋਤੇ ਦੇ ਪਰ ਕਟ ਦਿਤੇ ਜਾਣ ਨਹੀਂ ਤਾਂ ਇਹ ਸਾਬਕਾ ਕਾਮਰੇਡਾਂ ਦੇ
ਸਾਰੇ ਸੁਪਨੇ ਹੀ ਮਲੀਆਮੇਟ ਕਰ ਕੇ ਰਖ ਦੇਵੇਗਾ।
ਦਿੱਲੀ ਅਸੈਂਬਲੀ ਚੋਣਾਂ, ਕੇਜਰੀਵਾਲ ਦੀ ਕਰੜੀ ਪ੍ਰੀਖਿਆ ਦਾ ਸਮਾਂ ਸੀ। ਇਕ ਪਾਸੇ ਪ੍ਰਧਾਨ
ਮੰਤਰੀ ਨਰਿੰਦਰ ਮੋਦੀ, ਬੀਜੇਪੀ ਵਲੋਂ ਕੇਜਰੀਵਾਲ-ਭਜਾਊ ਮੋਰਚਾ ਸੰਭਾਲੀ ਬੈਠੇ ਸਨ ਤੇ ਕੇਜਰੀਵਾਲ ਦੀ
ਸਾਬਕਾ ਕਰੀਬੀ ਪੁਲਸ ਅਫ਼ਸਰ ਕਿਰਨ ਬੇਦੀ ਨੂੰ ਅਪਣੇ ਉਮੀਦਵਾਰ ਵਜੋਂ ਪੇਸ਼ ਕਰਨ ਵਿਚ ਸਫ਼ਲ ਹੋ ਗਏ ਸਨ
ਅਤੇ ਦੂਜੇ ਪਾਸੇ ਸਾਬਕਾ ਕਮਿਊਨਿਸਟ ਸਾਥੀਆਂ ਨੇ ਇਹ ਪ੍ਰਚਾਰ ਸ਼ੁਰੂ ਕਰ ਦਿਤਾ ਕਿ ਹੰਕਾਰੇ ਹੋਏ
ਕੇਜਰੀਵਾਲ ਦਾ ਹਾਰਨਾ, ਪਾਰਟੀ ਲਈ ਜ਼ਰੂਰੀ ਬਣ ਗਿਆ ਸੀ ਅਤੇ ਕੇਜਰੀਵਾਲ 20-22 ਤੋਂ ਵੱਧ ਸੀਟਾਂ
ਨਹੀਂ ਜਿਤ ਸਕੇਗਾ। ਉਨ੍ਹਾਂ ਇਹ ਗੱਲ ਵੀ ਖੁਲ੍ਹ ਕੇ ਆਖੀ ਕਿ ਕੇਜਰੀਵਾਲ ਨਾਲੋਂ ਤਾਂ ਬੀਜੇਪੀ ਦੀ
ਉਮੀਦਵਾਰ ਹਜ਼ਾਰ ਗੁਣਾਂ ਚੰਗੀ ਸੀ ਤੇ ਕੇਜਰੀਵਾਲ ਤਾਂ ਕਾਂਗਰਸ ਦੇ ਅਜੇ ਮਾਕਿਨ ਨਾਲੋਂ ਵੀ ਗਿਆ
ਗੁਜ਼ਰਿਆ ਸੀ। ਅੰਦਰੋਂ ਬਾਹਰੋਂ ਤਾਬੜ ਤੋੜ ਹਮਲੇ ਸਹਿੰਦਿਆਂ ਕੇਜਰੀਵਾਲ ਨੇ ਕੇਵਲ ਦਿੱਲੀ ਦੇ ਲੋਕਾਂ
ਵਲ ਮੂੰਹ ਕਰ ਕੇ ਚੋਣ ਲੜੀ ਤੇ ਬਾਕੀ ਸਾਰੀਆਂ ਗੱਲਾਂ ਸੁਣ ਕੇ ਵੀ ਚੁੱਪੀ ਧਾਰੀ ਰੱਖੀ। ਦਿੱਲੀ ਦੇ
ਲੋਕਾਂ ਨੇ ਇਤਿਹਾਸ ਦਾ ਸੱਭ ਤੋਂ ਵੱਡਾ ਤੇ ਸਪੱਸ਼ਟ ਫ਼ਤਵਾ ਕੇਜਰੀਵਾਲ ਦੇ ਹੱਕ ਵਿਚ ਦੇ ਦਿਤਾ।
ਹੁਣ ਕੇਜਰੀਵਾਲ ਦੇ ਸਾਬਕਾ ਕਮਿਊਨਿਸਟ ਸਾਥੀਆਂ ਨੇ ਕੇਜਰੀਵਾਲ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹਣੇ
ਸ਼ੁਰੂ ਕਰ ਦਿਤੇ ਪਰ ਅੰਦਰੋਂ ਅੰਦਰੀ ਪਰ ਕੁਤਰਨ ਦੀਆਂ ਕਾਰਵਾਈਆਂ ਵੀ ਕਰਨੀਆਂ ਜਾਰੀ ਰਖੀਆਂ।
ਕੇਜਰੀਵਾਲ ਨੇ ਪਾਰਟੀ ਨੂੰ ਕਿਹਾ, ''ਮੈਂ ਅਪਣਿਆਂ ਨਾਲ ਲੜ ਕੇ ਨਹੀਂ ਜਿਤਣਾ ਚਾਹੁੰਦਾ। ਮੇਰਾ
ਅਸਤੀਫ਼ਾ ਲੈ ਲਉ ਤੇ ਇਹਨਾਂ ਨੂੰ ਪਾਰਟੀ ਚਲਾ ਲੈਣ ਦਿਉ। ਦੋਵੇਂ ਇਕੱਠੇ ਨਹੀਂ ਚਲ ਸਕਦੇ। ਜਿਸ ਨੂੰ
ਠੀਕ ਸਮਝੋ, ਇਕ ਨੂੰ ਚੁਣ ਲਉ।''
ਪਾਰਟੀ ਨੇ ਕੇਜਰੀਵਾਲ ਦਾ ਅਸਤੀਫ਼ਾ ਪਾੜ ਦਿਤਾ ਤੇ ਸਾਬਕਾ ਕਮਿਊਨਿਸਟ ਸਾਥੀਆਂ (ਯੋਗੇਂਦਰ ਯਾਦਵ ਤੇ
ਸ਼ਾਂਤੀ ਭੂਸ਼ਨ) ਨੂੰ ਬਾਹਰ ਦਾ ਦਰਵਾਜ਼ਾ ਵਿਖਾ ਦਿਤਾ। ਹੁਣ ਉਹ ਕਹਿ ਰਹੇ ਹਨ ਕਿ ਕੇਜਰੀਵਾਲ
'ਡਿਕਟੇਟਰ' ਹਨ ਤੇ ਲੋਕ-ਰਾਜੀ ਕਦਰਾਂ ਕੀਮਤਾਂ ਨੂੰ ਪੈਰਾਂ ਹੇਠ ਰੋਲ ਕੇ, ਅਪਣੇ ਨਾਲ ਮਤਭੇਦ ਰੱਖਣ
ਵਾਲਿਆਂ ਨੂੰ ਬਰਦਾਸ਼ਤ ਨਹੀਂ ਕਰਦੇ। ਇਹ ਗੱਲ ਉਹ ਕੋਈ ਆਖੇ ਜਿਸ ਨੇ ਚੋਣਾਂ ਦੇ ਦਿਨਾਂ ਵਿਚ
ਕੇਜਰੀਵਾਲ ਵਿਰੁਧ ਅਤੇ ਕਿਰਨ ਬੇਦੀ ਦੇ ਹੱਕ ਵਿਚ ਨਾ ਬੋਲਿਆ ਹੋਵੇ ਤਾਂ ਸਮਝ ਆ ਸਕਦੀ ਹੈ ਜਾਂ ਫਿਰ
ਉਹ ਕੋਈ ਬੋਲੇ ਜਿਸ ਨੇ ਉਦੋਂ ਇਨ੍ਹਾਂ ਨੂੰ ਇਸ ਤਰ੍ਹਾਂ ਬੋਲਦਿਆਂ ਰੋਕਿਆ ਹੋਵੇ। ਨਹੀਂ, ਉਹੀ ਲੋਕ
ਬੋਲ ਰਹੇ ਹਨ ਜਿਨ੍ਹਾਂ ਨੇ ਉਸ ਵੇਲੇ ਆਪ ਲੋਕ-ਰਾਜੀ ਮਰਿਆਦਾ ਨੂੰ ਪੈਰਾਂ ਹੇਠ ਰੋਲ ਕੇ ਰੱਖ ਦਿਤਾ
ਸੀ। ਪਾਰਟੀ ਦੀ ਲੋਕ-ਰਾਜੀ ਮਰਿਆਦਾ ਮਗਰੋਂ ਪਰ ਇਸ ਨੂੰ ਘੁਸਪੈਠੀਆਂ ਤੋਂ ਕਰੜੇ ਹੱਥਾਂ ਨਾਲ
ਪਾਕ-ਸਾਫ਼ ਕਰਨਾ ਵੀ ਪਾਰਟੀ ਦੀ ਸਿਹਤ ਲਈ ਜ਼ਰੂਰੀ ਹੈ ਤੇ ਇਸ ਦੀ ਲੋਕ-ਰਾਜੀ ਮਰਿਆਦਾ ਨੂੰ ਗ਼ਲਤ ਲੋਕਾਂ
ਤੋਂ ਬਚਾ ਲੈਣਾ ਵੀ ਲੋਕ-ਰਾਜ ਦੀ ਸੇਵਾ ਹੀ ਹੈ।
ਸੋ ਹੁਣ ਜਦ ਪਾਰਟੀ ਨੇ ਕੇਜਰੀਵਾਲ ਦੇ ਹੱਕ ਵਿਚ ਸਪੱਸ਼ਟ ਫ਼ੈਸਲਾ ਦੇ ਦਿਤਾ ਹੈ ਤੇ ਪਹਿਲੇ ਦੌਰ ਵਿਚ
ਉਸ ਦੀ ਮੁਕੰਮਲ ਜਿੱਤ ਹੋ ਗਈ ਹੈ ਤਾਂ ਕੇਜਰੀਵਾਲ ਨੂੰ ਅਪਣੀ ਅਗਲੀ ਜਿੱਤ ਲਈ ਬੇਫ਼ਿਕਰ ਹੋ ਕੇ ਕੰਮ
ਸ਼ੁਰੂ ਕਰ ਦੇਣਾ ਚਾਹੀਦਾ ਹੈ। ਆਮ ਲੋਕਾਂ ਨੂੰ ਉਸ ਦੀ ਸਫ਼ਲਤਾ 'ਚੋਂ ਅਪਣੀ ਸਫ਼ਲਤਾ ਨਜ਼ਰ ਆ ਰਹੀ ਹੈ।
29/03/15)
ਡਾ: ਇਕਬਾਲ ਸਿੰਘ ਢਿੱਲੋਂ
ਸਤਿਕਾਰਯੋਗ ਸ. ਹਾਕਮ ਸਿੰਘ ਜੀਓ,
ਸਤਿ ਕਰਤਾਰ!
ਆਪ ਜੀ ਨੇ ਸਿਖਮਾਰਗ ਵੈਬਸਾਈਟ ਉੱਤੇ 26. 03. 2015 ਨੂੰ ਪਾਏ ਗਏ ਮੇਰੇ ਪੱਤਰ ਦਾ ਉੱਤਰ ਦਿੱਤਾ
ਹੈ, ਆਪ ਜੀ ਦਾ ਬਹੁਤ-ਬਹੁਤ ਧੰਨਵਾਦ। ਬੜੀ ਖੁਸ਼ੀ ਦੀ ਗੱਲ ਹੈ ਕਿ ਆਪ ਜੀ ਇੱਸੇ ਵੈਬਸਾਈਟ ਉੱਤੇ
ਵਿਚਾਰ-ਅਧੀਨ ਵਿਸ਼ੇ ਸਬੰਧੀ ਕੁੱਝ ਹੋਰ ਲੇਖ ਵੀ ਭੇਜ ਰਹੇ ਹੋ। ਇਸ ਨਾਲ ਪਾਠਕਾਂ ਦੇ ਗਿਆਨ ਵਿੱਚ
ਵਾਧਾ ਵੀ ਹੋਵੇਗਾ ਅਤੇ ਵਿਚਾਰ-ਵਟਾਂਦਰੇ ਲਈ ਹੋਰ ਮੌਕਾ ਵੀ ਮਿਲੇਗਾ।
ਸ. ਹਾਕਮ ਸਿੰਘ ਜੀ, ਆਪ ਜੀ ਇਹ ਤਾਂ ਸਵੀਕਾਰ ਕਰਦੇ ਹੀ ਹੋ ਕਿ ਗੁਰਮੱਤ ਸੰਸਥਾਗਤ ਧਰਮ ਨੂੰ ਮਾਨਤਾ
ਨਹੀਂ ਦਿੰਦੀ। ਇਸ ਕਰਕੇ ਮੈਂ ਇੱਥੇ ਇਹ ਸਪਸ਼ਟ ਕਰਨਾ ਚਾਹਾਂਗਾ ਕਿ ਗੁਰਮੱਤ ਦੀ ਅਧਿਆਤਮਿਕਤਾ ਮੁੱਢਲੇ
ਤੌਰ ਤੇ ਮਾਨਵਵਾਦੀ, ਵਿਗਿਆਨਕ ਅਤੇ ਵਿਵਹਾਰਿਕ ਹੈ ਜਦ ਕਿ ਸੰਸਥਾਗਤ ਧਰਮਾਂ ਵੱਲੋਂ ਪਰੋਸੀ ਜਾਂਦੀ
ਅਧਿਅਤਮਿਕਤਾ ਪਰਾਲੌਕਿਕ, ਰਹੱਸਵਾਦੀ ਅਤੇ ਅਣਵਿਵਹਾਰਿਕ ਹੋਣ ਕਰਕੇ ਗੁਰਮੱਤ ਦੇ ਉਲਟ ਜਾਂਦੀ ਹੈ।
ਮੇਰੀ ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਗੁਰਮੱਤ ਬਾਰੇ ਗੱਲ ਕਰਦਿਆਂ ਇਸ ਤੱਥ ਨੂੰ ਜ਼ਰੂਰ ਧਿਆਨ
ਵਿੱਚ ਰੱਖਿਆ ਜਾਵੇ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
29/03/15)
ਦਲਬੀਰ ਸਿੰਘ ਪੱਤਰਕਾਰ
ਪਾਪਾਂ-ਮੁਕਤ ਸਮਾਜੀ ਸਿਰਜਣਾ ਅਤੇ ਨੇਕ-ਮਨੁੱਖਾਂ ਦੀ ਉਪਜ ਸਦਾ ਚਲਦੀ ਰਹੇਗੀ
ਦਲਬੀਰ ਸਿੰਘ ਪੱਤਰਕਾਰ ਮੋਬਾਇਲ: 99145-71713
ਜਲੰਧਰ 29 ਮਾਰਚ 2015
ਜਦੋਂ ਤੋਂ ਮਨੁੱਖ ਨੇ ਹੋਸ਼ ਸੰਭਾਲੀ ਹੈ ਉਹ ਆਪਣੇ-ਆਪ ਨੂੰ ਅਤੇ ਸਮਾਜ ਨੂੰ ਸੁਧਾਰਨ ਲਈ ਸਦਾ ਯਤਨਸ਼ੀਲ
ਰਿਹਾ ਹੈ। ਧਾਰਮਿਕ ਰਹਿਬਰ ਕਈ ਸਦੀਆਂ ਤਾਂਈ ਇਹਨਾਂ ਯਤਨਾਂ ਵਿੱਚ ਰੁੱਝੇ ਰਹੇ। ਪਰ ਸ਼ਕਤੀਸ਼ਾਲੀ ਰਾਜੇ
ਅਤੇ ਹਾਕਮ ਆਪਣੀਆਂ ਹਉਮੈਂ-ਗ੍ਰਸਤ ਲੋੜਾਂ ਅਨੁਸਾਰ ਇਹਨਾਂ ਦੋਵਾਂ ਧਾਰਾਵਾਂ ਨੂੰ ਪੁੱਠਾ ਗੇੜਾ ਦੇ
ਕੇ ਪਲੀਤ ਕਰਨ ਵਿੱਚ ਰੁੱਝੇ ਰਹੇ। ਇਹ ਵਰਤਾਰਾ ਅਣਗਿਣਤ ਸਦੀਆਂ ਤਾਂਈ ਸਾਰੀ ਧਰਤੀ ਤੇ ਚਲਦਾ ਰਿਹਾ
ਅਤੇ ਅੱਜ ਵੀ ਅਸੀਂ ਇਸ ਦੀਆਂ ਅਗਨੀ-ਲਾਟਾਂ ਚਾਰ-ਚੁਫੇਰੇ ਹੰਢਾਅ ਰਹੇ ਹਾਂ। ਭਾਵੇਂ ਅਮਰੀਕੀ
ਬੁੱਧੀਮਾਨ ਹਟਿੰਗਟਨ ਨੇ ਇਸ ਦੇ ਅਜੋਕੇ ਪ੍ਰਗਟਾਵੇ ਨੂੰ “ਸੱਭਿਆਚਾਰਾਂ ਦਾ ਭੇੜ” ਦੱਸਿਆ ਹੈ, ਪਰ
ਸੱਚਾਈ ਇਹ ਹੈ ਕਿ ਪਿਛਲੀ ਸਦੀ ਦੇ ਅੱਧ ਤੋਂ ਅਮਰੀਕੀਆਂ ਵੱਲੋਂ ਵੇਤਨਾਮ ਵਿੱਚ ਸਹੇੜੀ ਲੜਾਈ ਅਤੇ ਉਸ
ਵਿੱਚ ਆਪਣੀ ਨਮੋਛੀ ਭਰੀ ਹਾਰ ਪਿੱਛੋਂ ਵੀ ਆਪਣਾ ਸਾਮਰਾਜ ਫੈਲਾਉਣ ਅਤੇ ਦੂਜਿਆਂ ਦੇਸ਼ਾਂ ਨੂੰ ਆਪਣੇ
ਅਧੀਨ ਅਤੇ ਲੁੱਟ ਕਰਨ ਲਈ ਆਪਣੀ ਸ਼ਕਤੀ, ਰਾਜਨੀਤਕ ਚਲਾਕੀਆਂ ਅਤੇ ਹੈਂਕੜ ਦੀ ਵਰਤੋਂ ਨਹੀਂ ਤਿਆਗੀ।
ਪੱਛਮੀ ਸਾਮਰਾਜੀਆਂ ਨਾਲ ਮਿਲ ਕੇ ਇਸ ਨੇ ਹੁਣ ਇਸਲਾਮੀ ਦੇਸ਼ਾਂ ਨੂੰ “ਸ਼ੀਆਂ” ਅਤੇ “ਸੂਨੀਆਂ” ਵਿੱਚ
ਵੰਡ ਕੇ ਆਪਸ ਵਿੱਚ ਲੜਾਉਣ ਵਿੱਚ ਸਫਲਤਾ ਪ੍ਰਾਪਤ ਕਰ ਲਈ ਹੈ। ਇਸੇ ਕਿਸਮ ਦਾ ਵਰਤਾਰਾ ਸਿੱਖ ਇਤਿਹਾਸ
ਵਿੱਚ “ਗੁਰਮੁਖਾਂ” ਅਤੇ “ਮਨਮੁਖਾਂ” ਵਿੱਚ ਟੱਕਰਾਂ ਕਰਾ ਕੇ ਬ੍ਰਹਮਣਵਾਦੀਆਂ ਨੇ ਪੰਜਾਬ ਅਤੇ ਕਈ
ਹੋਰ ਥਾਂਈ ਨਾਨਕ ਵਿਚਾਰਧਾਰਾ ਨੂੰ ਜੜ੍ਹੋਂ ਪੁੱਟਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਦਾ ਅਜੋਕਾ
ਰੂਪ ਅਸੀਂ ਬਾਦਲਕਿਆਂ ਦੀਆਂ ਇੰਦਰਾਕਿਆਂ ਨਾਲ ਲੁਕਵੀਂਆਂ ਪੀਘਾਂ ਅਤੇ ਬੀ. ਜੇ. ਪੀ. ਨਾਲ ਪ੍ਰਤੱਖ
ਭਾਈਵਾਲੀ ਵਿੱਚ ਵੇਖਦੇ ਹਾਂ। ਸਿੱਟਾ ਸੀ “ਸਾਕਾ ਨੀਲਾ ਤਾਰਾ” ਅਤੇ ਸਿੱਖਾਂ ਦੀ “ਕੁਲ-ਨਾਸ”। ਆਓ
ਇਹਨਾਂ ਦੋ ਵਰਤਾਰਿਆਂ ਦੇ ਸਨਮੁਖ ਭਾਰਤ ਅੰਦਰ ਅਜੋਕੀ ਰਾਜਨੀਤੀ ਤੇ ਇੱਕ ਪੰਛੀ ਝਾਤ ਮਾਰੀਏ।
ਆਮ ਆਦਮੀ ਪਾਰਟੀ ਦੀ ਕੱਲ੍ਹ ਦਿੱਲੀ ਵਿਖੇ 320 ਮੈਂਬਰੀ ਜਨਰਲ ਕੌਂਸਲ ਨੇ 247 ਅਤੇ 8 ਮੈਂਬਰਾਂ ਦੇ
ਫਰਕ ਨਾਲ ਪਈਆਂ ਵੋਟਾਂ ਰਾਹੀਂ ਪਾਰਟੀ ਦੇ ਚਾਰ ਮੁੱਢਲੇ ਮੈਂਬਰਾਂ ਜਿਨ੍ਹਾਂ ਵਿੱਚ ਸ਼੍ਰੀ ਯੋਗਿੰਦਰ
ਯਾਦਵ ਅਤੇ ਸ਼੍ਰੀ ਪ੍ਰਸ਼ਾਂਤ ਭੂਸ਼ਨ ਸ਼ਾਮਲ ਸਨ ਨੂੰ ਆਪਣੀ ਮੈਂਬਰਸ਼ਿਪ ਵਿੱਚੋਂ ਖਾਰਜ ਕਰ ਦਿੱਤਾ। ਇਹਨਾਂ
ਦੋਵਾਂ ਸੱਜਣਾਂ ਨੇ ਬੜੇ ਧੂਮ-ਧੜੱਕੇ ਨਾਲ ਮੀਡੀਆ ਰਾਹੀਂ ਕਿਹਾ ਕਿ ਮੀਟਿੰਗ ਵਿੱਚ ਬੜੀ
“ਧੱਕਾ-ਮੁੱਕੀ” ਹੋਈ ਸੀ। ਪਰ ਹਾਵੀ ਧਿਰ ਨੇ ਇਸ ਦਾ ਖੰਡਨ ਕੀਤਾ। ਮੀਟਿੰਗ ਵਿੱਚ ਪਏ ਰਾਮ-ਰੋਲੇ ਤੋਂ
ਪਹਿਲਾਂ ਹੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਆਪਣਾ
ਸੰਖੇਪ ਭਾਸ਼ਣ ਦੇ ਕੇ ਚਲੇ ਗਏ ਸਨ। ਦੱਸਿਆ ਗਿਆ ਹੈ ਕਿ ਕੇਜਰੀਵਾਲ ਦਾ ਕਥਨ ਸੀ ਕਿ ਉਹ ਇਹਨਾਂ ਦੋ
ਸੱਜਣਾਂ ਨਾਲ ਉਹ ਪਾਰਟੀ ਅੰਦਰ ਕੰਮ ਨਹੀਂ ਕਰ ਸਕਦੇ। ਆਮ ਮੀਡੀਏ ਨੇ ਵੱਡੀ ਪੱਧਰ ਤੇ ਕੇਜਰੀਵਾਲ ਨੂੰ
“ਡਿਕਟੇਟਰ” ਅਤੇ ਪਾਰਟੀ ਨੂੰ ਦੂਜੀਆਂ ਪਾਰਟੀਆਂ ਵਰਗੀ “ਨਖਿੱਧ” ਦੱਸ ਕੇ ਭੰਡਿਆ। ਪੰਜਾਬੀ ਦੀ ਇੱਕ
ਕਹਾਵਤ ਹੈ: “ਗਾਂ ਸੂਏ ਤੇ ਬਲਦ ਦੀ … …. ਪਾਟੇ”। ਇਸ ਸੰਬੰਧ ਵਿੱਚ ਅਰਨਵ-ਗੋ-ਸਵਾਮੀ ਵਲੋਂ
“ਟਾਈਮਜ਼-ਨਾਓ” ਤੇ ਨਿਭਾਈ ਗਈ ਭੂਮਿਕਾ ਵੇਖਣ ਵਾਲੀ ਸੀ। ਮੁੱਖ ਧੜੇ ਨੇ ਕੱਢੇ ਗਏ ਮੈਂਬਰਾਂ ਤੇ ਦੋਸ਼
ਲਾਇਆ ਕਿ ਉਹਨਾਂ ਨੇ ਦਿੱਲੀ ਅਸੈਂਬਲੀ ਚੋਣਾਂ ਵਿੱਚ ਪਾਰਟੀ ਨੂੰ “ਹਰਾਉਣ” ਦੇ ਯਤਨ ਕੀਤੇ ਸਨ।
ਭਾਰਤ ਦੀ ਵੰਡ ਸਮੇਂ ਹੋਏ ਫਿਰਕੂ ਕਤਲੇਆਮ ਦੇ ਮੁੱਖ ਦੋਸ਼ੀ ਸਨ ਉਸ ਸਮੇਂ ਦੇ ਗਾਂਧੀ, ਨਹਿਰੂ ਅਤੇ
ਜਨਾਹ ਵਰਗੇ ਆਗੂ। ਉਨ੍ਹਾਂ ਦੇ “ਮਾਰਗ-ਦਰਸ਼ਨਾਂ” ਤੇ ਚੱਲਦਿਆਂ, ਮੁੱਖ ਰੂਪ ਵਿੱਚ ਇੰਦਰਾ-ਗਾਂਧੀ ਨੇ
ਪਹਿਲਾਂ ਸ਼੍ਰੀ ਜੈ-ਪ੍ਰਕਾਸ਼-ਨਰਾਇਣ ਵਲੋਂ ਪਾਪਾਂ-ਵਿਰੋਧੀ ਚਲਾਈ ਲਹਿਰ ਨੂੰ ਕੁਚਲਿਆ ਤੇ ਫਿਰ ਮਹਾਨ
ਨਾਨਕ ਵਿਚਾਰ ਧਾਰਾ ਨੂੰ ਜੜੋਂ ਪੁੱਟਣ ਦੀ ਸੇਧ ਮਿੱਥ ਕੇ ਸਿੱਖਾਂ ਦੀ “ਕੁਲ-ਨਾਸ” ਦਾ ਪੈਂਤੜਾ ਲਿਆ।
ਸਾਰੇ ਰਾਜਨੀਤਿਕ-ਪਾਪੀਆਂ ਨੇ ਉਸਦਾ ਸਾਥ ਦਿੱਤਾ। ਇਸ ਲੜੀ ਵਿੱਚ ਮੁਸਲਮਾਨਾਂ, ਦਲਿਤਾਂ,
ਨਕਸਲੀਆਂ/ਮਾਓਵਾਦੀਆਂ, ਇਸਾਈਆਂ ਅਤੇ ਅਨੇਕ ਘੱਟ ਗਿਣਤੀ ਭਾਈਚਾਰਿਆਂ ਦੀ ਬਰਬਾਦੀ ਗਿਣਨੀ ਮਿਣਨੀ ਔਖੀ
ਹੈ। ਫਿਰ ਦੌਰ ਚੱਲਿਆ ਭ੍ਰਿਸ਼ਟਾਚਾਰ ਦਾ ਅਤੇ ਉੱਤਰ ਵਿੱਚ ਸ਼੍ਰੀ ਅੰਨਾ-ਹਜ਼ਾਰੇ ਦੀ ਲਹਿਰ ਦਾ। ਇਸ
ਵਿੱਚੋਂ ਸਿਖਰ ਤੇ ਉਪਜੀ ਆਮ ਆਦਮੀ ਪਾਰਟੀ। ਆਮ ਲੋਕਾਂ ਨੂੰ ਇਸਤੇ ਵੱਡੀ ਆਸ ਲੱਗੀ। ਆਮ ਮਨੁੱਖ ਇਹ
ਭੁੱਲ ਹੀ ਗਿਆ ਕਿ ਇਸ ਵਿੱਚ ਸ਼ਾਮਿਲ “ਗੁਰਮੁੱਖ”, “ਮਨਮੁੱਖ” ਅਤੇ “ਮੌਕਾਪ੍ਰਸਤ” ਵੀ ਸ਼ਾਮਿਲ ਹਨ।
ਉਹਨਾਂ ਨੇ ਆਪਣੇ-ਆਪਣੇ ਰੰਗ ਦਿਖਾਉਣੇ ਹਨ ਅਤੇ ਇਸ ਦਾ ਅਰੰਭ ਹੋ ਗਿਆ ਹੈ। ਪੰਜਾਬ ਵਿੱਚ ਪਾਰਲੀਮੈਂਟ
ਮੈਂਬਰ ਧਰਮਵੀਰ ਗਾਂਧੀ ਇਹ ਕਹਿ ਕੇ, ਕਿ ਉਹ ਕਿਸੇ ਦਾ “ਪਿਛਲੱਗ” ਨਹੀਂ, ਕੱਲ੍ਹ ਯੋਗਿੰਦਰ ਯਾਦਵ
ਅਤੇ ਪ੍ਰਸ਼ਾਂਤ ਭੂਸ਼ਨ ਨਾਲ ਮਿਲ ਗਿਆ। ਕਹਿਣਾ ਉਸਦਾ ਇਹ ਸੀ ਕਿ ਉਹ ਲੰਮੇ ਸਮੇਂ ਤੋਂ “ਜਨਤਕ” ਸੇਵਾ
ਕਰਦਾ ਆ ਰਿਹਾ ਹੈ। ਪਰ ਕੀ ਉਹਨੂੰ ਰਾਜਨੀਤੀ ਵਿੱਚ ਸੱਚ ਝੂਠ ਪਰਖਣ ਦੀ ਸਮਝ ਹੈ? ਆਉਂਦੇ ਥੋੜੇ ਸਮੇਂ
ਇਸ ਦਾ ਨਿਤਾਰਾ ਹੋ ਜਾਏਗਾ। ਪੰਜਾਬ ਅਤੇ ਹਰਿਆਣੇ ਅੰਦਰ ਪਿਛਲੀ ਇੱਕ ਸਦੀ ਤੋਂ ਵੱਡੇ ਅਤੇ ਸਾਰੇ
ਪੁਆੜਿਆਂ ਦੀ ਜੜ੍ਹ “ਆਰੀਆ-ਸਮਾਜੀ” ਸ਼ਤਾਨੀਆਂ ਅਤੇ ਚਲਾਕੀਆਂ ਨੇ। ਇਹਨਾਂ ਦੀ ਹੀ ਛਤਰ-ਛਾਇਆ ਸਦਕਾ
ਭਾਰਤ ਅੰਦਰ ਮਾਰਕਸਵਾਦੀ ਵਿਚਾਰਧਾਰਾ ਦਮ ਤੋੜ ਰਹੀ ਹੈ। ਯੋਗਿੰਦਰ ਯਾਦਵ ਅਤੇ ਧਰਮਵੀਰ ਗਾਂਧੀ
ਸੱਚ-ਮੁੱਚ ਇੱਕੋ ਸਿਧਾਂਤ ਦੀ ਉਪਜ ਹਨ ਜਾਂ ਕੁੱਝ ਹੋਰ?
ਆਓ ਹੁਣ ਭਾਰਤ ਦੀ ਆਉਣ ਵਾਲੀ ਰਾਜਨੀਤਿਕ ਹਵਾ ਵੱਲ ਝਾਤੀ ਮਾਰੀਏ ਅਤੇ ਵੇਖੀਏ ਕਿ ਆਮ ਆਦਮੀ ਪਾਰਟੀ
ਦੀ ਉਸ ਵਿੱਚ ਕੋਈ ਭੂਮਿਕਾ ਹੋ ਸਕਦੀ ਹੈ ਜਾਂ ਨਹੀਂ? ਮੋਦੀ ਸਰਕਾਰ ਵਲੋਂ ਕਿਸਾਨਾਂ ਦੀ ਜ਼ਮੀਨ
ਪ੍ਰਾਪਤ ਕਰਨ ਲਈ ਸਿਰੜ ਨਾਲ ਜਿਹੜਾ ਬਿੱਲ ਪਾਸ ਕਰਵਾਉਣ ਦੇ ਯਤਨ ਹੋ ਰਹੇ ਹਨ, ਉਸਦੇ ਵਿਰੋਧ ਵਿੱਚ
ਸਾਰੇ ਦੇਸ਼ ਅੰਦਰ ਇੱਕ ਤਕੜੀ ਹਨੇਰੀ ਚੱਲ ਰਹੀ ਹੈ। ਕੀ ਇਹ ਤੁਫਾਨ ਤਾਂ ਨਹੀਂ ਬਣ ਜਾਏਗੀ? ਨੁਕਤਾ
ਇੰਨਾ ਹੀ ਹੈ ਕੀ ਕਿਸੇ ਮਨੁੱਖ ਪਾਸ ਆਪਣੇ ਜੀਵਨ ਨਿਰਬਾਹ ਲਈ ਜੋ ਥੋੜੀ ਭੂਮੀ ਹੈ, ਕੀ ਸਰਕਾਰ ਉਸ
ਨੂੰ ਖੋਹ ਲਵੇਗੀ? ਅਤੇ ਦੇ ਦੇਵੇਗੀ ਵੱਡੇ ਅਰਬਪਤੀ ਘਰਾਣਿਆਂ ਨੂੰ? 2014 ਦੀਆਂ ਪਾਰਲੀਮਾਨੀ ਚੋਣਾਂ
ਵਿੱਚ ਬ੍ਰਾਹਮਣ ਹਰਿਆ ਅਤੇ ਬਾਣੀਆਂ ਜਿੱਤਿਆ। ਕਿਰਤੀ ਲਈ ਕੋਈ ਫਰਕ ਪਿਆ? ਜੇ ਪਿਆ ਤਾਂ ਆਓ ਦੇਖੀਏ।
ਭਾਰਤੀ ਹਾਕਮਾਂ ਨੇ ਪਿਛਲੇ ਦਸਾਂ ਸਾਲਾਂ ਵਿੱਚ ਵੱਡੇ ਪੂੰਜੀਪਤੀਆਂ ਨੂੰ ਸਰਕਾਰੀ ਪੱਧਰ ਤੇ
“ਇੰਨਕਮ-ਟੈਕਸ”, “ਐਕਸਾਈਜ਼ ਡਿਊਟੀ” ਅਤੇ “ਕਸਟਮਜ਼-ਡਿਊਟੀ” ਵਿੱਚ ਜੋ ਛੋਟਾਂ ਤੇ ਰਿਆਇਤਾਂ ਦਿੱਤੀਆਂ,
ਉਹਨਾਂ ਦੀ ਸਮੁੱਚੀ ਰਕਮ ਬਣਦੀ ਹੈ:- (ਵੇਖੋ ਆਊਟ ਲੁੱਕ 23 ਮਾਰਚ 2015 ਸਫ਼ਾ ਨੰ: 20) ਰੁ: 42,
000, 000, 000, 000 (ਚਾਰ ਸੌ ਵੀਹ ਖਰਬ) ਇਸ ਰਕਮ ਨਾਲ ਮਨਰੇਗਾ ਸਕੀਮ ਅਧੀਨ ਗਰੀਬਾਂ ਨੂੰ 121
ਸਾਲ ਤਾਈਂ ਰੁਜ਼ਗਾਰ ਦਿੱਤਾ ਜਾ ਸਕਦਾ ਸੀ। ਇੱਕ ਹੋਰ ਰੂਪ ਵਿੱਚ ਖੁਰਾਕ ਸਹਾਇਤਾ ਵੀ ਅਜੋਕੀ ਪੱਧਰ
ਤੱਕ, 34 ਸਾਲ ਚਲਾਈ ਜਾ ਸਕਦੀ ਸੀ। ਉਪਰੋਕਤ ਬੇ-ਸ਼ਰਮੀ ਦਾ ਨਾਚ ਮਨਮੋਹਣ ਸਿੰਘ ਸਰਕਾਰ ਨੇ ਆਪਣੇ
ਆਖਰੀ ਬਜਟ ਵਿੱਚ ਧਨਾਢਾਂ ਨੂੰ 57, 703 ਕਰੋੜ ਰੁਪਇਆਂ ਦੀਆਂ ਰਿਆਇਤਾਂ ਦਿੱਤੀਆਂ ਸਨ। 2014-15 ਦੇ
ਬਜਟ ਵਿੱਚ ਧਨਾਢਾਂ ਨੂੰ ਇਨਕਮ ਟੈਕਸ ਵਿੱਚ 24 ਘੰਟਿਆਂ ਵਿੱਚ 171 ਕਰੋੜ ਰੁਪਏ ਦੀ ਰਿਆਇਤ ਅਤੇ 60
ਮਿੰਟਾਂ ਵਿੱਚ 7 ਕਰੋੜ ਰੁਪਏ ਦੀ ਰਿਆਇਤ ਮਿਲੀ। ਇਸ ਵਿੱਚ 1, 84, 000 ਕਰੋੜ ਰੁਪਏ ਦੀ ਐਕਸਾਈਜ਼
ਡਿਊਟੀ ਛੋਟ ਦਿੱਤੀ ਗਈ ਅਤੇ 3, 01, 000 ਕਰੋੜ ਰੁਪਏ ਕਸਟਮਜ਼ ਡਿਊਟੀ `ਚੋਂ ਮਾਫ ਕੀਤੇ ਗਏ। ਪਰ
ਵਿਚਾਲੇ ਹੀ ਮੋਦੀ ਸਰਕਾਰ ਦੇ ਆਉਣ ਨਾਲ ਉਸੇ ਸਾਲ ਇਹ ਵੱਧ ਕੇ 62, 399 ਕਰੋੜ ਰੁਪਏ ਹੋ ਗਈ। ਖਜ਼ਾਨਾ
ਮੰਤਰੀ ਅਰੁਣ-ਜੇਤਲੀ ਨੇ ਇਸ ਵਰ੍ਹੇ ਦੇ ਬਜਟ ਵਿੱਚ ਸੋਨੇ ਤੇ ਹੀਰਿਆਂ ਦੇ ਵਪਾਰੀਆਂ ਨੂੰ 75, 592
ਕਰੋੜ ਰੁਪਏ ਦੇ ਟੈਕਸਾਂ ਦੀ ਛੋਟ ਦਿੱਤੀ ਹੈ। ਪਰ ਦੂਜੇ ਬੰਨੇ ਕਿਸਾਨੀ, ਵਿੱਦਿਦਆ, ਮਨਰੇਗਾ, ਸਿਹਤ
ਅਤੇ ਬੱਚਿਆਂ ਦੀਆਂ ਸਹੂਲਤਾਂ ਲਈ ਵੱਡੀਆਂ ਰਕਮਾਂ ਘਟਾ ਦਿੱਤੀਆਂ ਹਨ। ਇਹ ਨੇ ਬਾਣੀਆ ਦੇ ਰੰਗ।
ਪ੍ਰਧਾਨ ਮੰਤਰੀ ਦਾ ਨਾਂ ਤਾਂ ਹੈ “ਮੋਦੀ”, ਜੋ ਪੇਸ਼ਾ ਸੀ ਗੁਰੂ ਨਾਨਕ ਦੇਵ ਜੀ ਦਾ, ਲੋਧੀ ਹਾਕਮ
ਸਮੇਂ, ਸੁਲਤਾਨ ਪੁਰ ਲੋਧੀ ਵਿਖੇ। ਪਰ ਉਹਨਾਂ ਦੇ ਮੁਖਾਰਬਿੰਦ ਤੋਂ ਤਾਂ ਸਦਾ `ਤੇਰਾ-ਤੇਰਾ’ ਹੀ
ਉਚਰਿਆ। ਪਰ ਇੱਥੇ ਤਾਂ ‘ਤੁਹਾਡਾ-ਤੁਹਾਡਾ’ ਕਹਿ ਕੇ ਅਰਬ ਪਤੀਆਂ ਦੇ ਘਰ ਭਰੇ ਜਾ ਰਹੇ ਹਨ। ਤਾਂਹੀ
ਤਾਂ ਭਾਰਤੀ ਲੋਕਾਂ ਨੂੰ ਹੁਣ ਆਮ ਆਦਮੀ ਪਾਰਟੀ ਵਰਗੀ ਸੰਸਥਾ ਦੀ ਤੀਖਣ ਲੋੜ ਭਾਸਦੀ ਹੈ। ਉਪਰੋਕਤ
ਅੰਕੜਿਆਂ ਦੇ ਸਨਮੁੱਖ ਮੀਡੀਆ ਦੇ ਗਾਲਾਂ ਕੱਢਣ ਨਾਲ ਇਹ ਪਾਰਟੀ ਤੇ ਇਸ ਪਿੱਛੇ ਕੰਮ ਕਰਦੀ ਭਾਵਨਾ
ਖਤਮ ਨਹੀਂ ਹੋਣੀ। ਅੰਗਰੇਜਾਂ ਨੇ ਰਾਜ ਕਰਨ ਲਈ ਚੀਨੀਆਂ ਨੂੰ ਫੀਮੀ ਬਣਾਇਆ ਸੀ ਅਤੇ ਬਾਦਲਾਂ ਨੇ
ਪੰਜਾਬੀਆਂ ਨੂੰ ਬੇ-ਸ਼ੱਕ ਨਸ਼ੇਈ ਬਣਾਇਆਂ ਹੈ, ਪਰ ਇਹ ਵਰਤਾਰਾ ਵੀ ਨਹੀਂ ਨਿਭਣਾ। ਹੋ ਸਕਦਾ ਹੈ ਕਿਸੇ
ਆਮ ਆਦਮੀ ਪਾਰਟੀ ਜਿਹੀ ਸੰਸਥਾ ਨੂੰ ਇਹਨਾਂ ਲਈ ਨਵੀਆਂ ਬਣੀਆਂ ਜੇਲ੍ਹਾਂ ਦੇ ਦੁਆਰ ਖੋਲਣੇ ਪੈਣ।
ਬ੍ਰਾਹਮਣ ਨਿਭ ਗਿਆ 60 ਸਾਲ, ਕੀ ਬਾਣੀਆ 60 ਮਹੀਨੇ ਕੱਢੂ? ਆਮ ਲੋਕੋ ਤੁਸੀਂ ਦੱਸੋ?
29/03/15)
ਮਿੰਟੂ ਬਰਾੜ
ਨਾ
ਹੋਰ ਦੇ ਲਉ ਭਗਤ ਸਿੰਘ ਦੀ ਸੋਚ ਤੇ ਪਹਿਰਾ … …. ! ! !
ਮਸਲਾ ਅਹਿਮ ਹੈ, ਬਿਨਾਂ ਤਹਿ ਤੇ ਜਾਇਆ ਗੱਲ ਨਹੀਂ ਬਣਨੀ। ਤਹਿ ਤੇ ਜਾਣ ਲਈ ਜਗ੍ਹਾ-ਏ-ਵਾਰਦਾਤ ਤੇ
ਤਫ਼ਤੀਸ਼ ਲਈ ਜਾਣਾ ਲਾਜ਼ਮੀ ਹੈ। ਹਜ਼ਾਰਾਂ ਮੀਲ ਦੂਰ ਬਹਿ ਕੇ ਤਾਂ ਅੰਦਾਜ਼ੇ ਲਾਏ ਜਾ ਸਕਦੇ ਹਨ, ਜੋ ਗ਼ਲਤ
ਵੀ ਹੋ ਸਕਦੇ ਹਨ। ਇਹੋ ਸੋਚ ਸੀ ਇਸ ਮਸਲੇ ਬਾਰੇ। ਸੋ ਪੰਜਾਬ ਰਹਿੰਦੇ ਮੀਡੀਆ ਮਿੱਤਰਾਂ ਨਾਲ ਮਸਲਾ
ਸਾਂਝਾ ਕੀਤਾ ਕਿ ਮੇਰੀ ਨਜ਼ਰੇ ਇਹ ਕਾਫ਼ੀ ਵੱਡਾ ਮਸਲਾ ਤੇ ਤੁਸੀਂ ਕੰਨਾਂ `ਚ ਤੇਲ ਕਿਉਂ ਪਾਈ ਬੈਠੇ
ਹੋ! ਕੁੱਝ ਕੁ ਜਾਗਰੂਕ ਮਿੱਤਰਾਂ ਨੇ ਕੰਨ ਚੁੱਕੇ ਤੇ ਕੁੱਝ ਕੁ ਕਹਿੰਦੇ ਉਹ ਛੱਡ ਯਾਰ ਇਹੋ ਜਿਹੇ
ਮਸਲੇ ਤਾਂ ਇਥੇ ਪੈਰ-ਪੈਰ ਤੇ ਵਾਪਰਦੇ ਨੇ ਕੀਹਨੂੰ-ਕੀਹਨੂੰ ਫੋਲੀਏ। ਆਖ਼ਰ ਇਸ ਨਤੀਜੇ ਤੇ ਪਹੁੰਚਿਆਂ
ਕਿ ਜਿਨ੍ਹਾਂ ਕੁ ਮਸਲਾ ਮੈਨੂੰ ਪਤਾ ਜਾਂ ਨੇੜੇ ਤੋਂ ਦੇਖਿਆ ਉਹ ਆਪ ਜੀ ਦੀ ਕਚਹਿਰੀ `ਚ ਰੱਖ ਲੈਂਦੇ
ਹਾਂ ਜੇ ਠੀਕ ਲੱਗੇ ਤਾਂ ਨਾਲ ਹੋ ਤੁਰਨਾ ਜੇ ਕੁੱਝ ਗ਼ਲਤ ਹੋਵੇ ਤਾਂ ਮੈਨੂੰ ਦਰੁਸਤ ਕਰ ਦੇਣਾ। ਆਪ ਜੀ
ਦਾ ਧੰਨਵਾਦੀ ਹੋਵਾਂਗਾ।
ਗੱਲ 24/25 ਫ਼ਰਵਰੀ 2015 ਦੀ ਹੈ। ਮੈਂ ਚੰਡੀਗੜ੍ਹ ਸਾਂ। ਚੰਡੀਗੜ੍ਹ `ਚ ਇੱਕ ਐਨ. ਆਰ. ਆਈ. ਕੰਪਨੀ
ਦੇ ਤਾਜ ਹੋਟਲ `ਚ ਸਮਾਗਮ `ਚ ਜਾਣ ਦਾ ਮੌਕਾ ਮਿਲਿਆ। ਬਹੁਤ ਸਾਰੀਆਂ ਨਵੀਆਂ ਪੁਰਾਣੀਆਂ ਰੂਹਾਂ ਦੇ
ਦਰਸ਼ਨ ਹੋਏ। ਖਾਣ-ਪੀਣ ਦੌਰਾਨ ਜੁੰਡਲੀਆਂ `ਚ ਚੱਲ ਰਹੀ ਗੱਲ ਦੌਰਾਨ ਇੱਕ ਭੱਦਰ-ਪੁਰਸ਼ ਨੇ ਗੱਲਾਂ ਦੀ
ਸਾਂਝ ਬਣਾਈ। ਕੁੱਝ ਬੜੇ ਹੀ ਚਿੰਤਾਜਨਕ ਤੇ ਜਿਗਿਆਸੂ ਸਵਾਲ ਜਵਾਬ ਸਾਡੇ ਦਰਮਿਆਨ ਹੋਏ ਵਿਦਾ ਲੈਣ
ਤੋਂ ਪਹਿਲਾਂ ਆਪੋ ਆਪਣੇ ਕਾਰਡ ਇੱਕ ਦੂਜੇ ਨਾਲ ਵਟਾਏ। ਕਾਰਡ ਤੋਂ ਪਤਾ ਚੱਲਿਆ ਕਿ ਇਹ ਇੱਕ ਸਧਾਰਨ
ਜਿਹੀ ਦਿੱਖ ਵਾਲਾ ਇਨਸਾਨ ਕਾਫ਼ੀ ਉੱਚੇ ਰੁਤਬੇ ਤੇ ਬਿਰਾਜਮਾਨ ਸੀ। ਉਨ੍ਹਾਂ ਦਾ ਰੁਤਬਾ ਦੇਖਣ ਸਾਰ
ਮੇਰੇ ਜ਼ਿਹਨ `ਚ ਸਾਡੇ ਰੇਡੀਓ ਦੇ ਕੁਲੀਗ ਦੀ ਇੱਕ ਮਜਬੂਰੀ ਸਾਹਮਣੇ ਆ ਗਈ। ਮਾਮਲਾ ਕੁੱਝ ਇਹ ਸੀ ਕਿ
ਸਾਡੇ ਮਿੱਤਰ ਤੇ ‘ਹਰਮਨ ਰੇਡੀਓ ਆਸਟ੍ਰੇਲੀਆ’ ਦੇ ਪੇਸ਼ਕਾਰ ਦਲਜੀਤ ਸਿੰਘ ਢਿੱਲੋਂ ਨੇ ਕੁੱਝ ਦਿਨ
ਪਹਿਲਾਂ ਹੀ ਮੈਨੂੰ ਪੁੱਛਿਆ ਸੀ ਕਿ ਜੇ ਕੋਈ ਹੈਲਥ ਵਿਭਾਗ `ਚ ਜਾਣਦਾ ਹੋਵੇ ਤਾਂ ਮੇਰੀ ਬਦਲੀ ਨੇੜੇ
ਦੀ ਕਰਵਾ ਦਿਓ। ਮੇਰਾ ਉਸ ਵਕਤ ਉਨ੍ਹਾਂ ਨੂੰ ਜਵਾਬ ਸੀ ਕਿ ਦੇਖੋ ਢਿੱਲੋਂ ਸਾਹਿਬ ਤੁਸੀਂ ਸੰਬੰਧਿਤ
ਬੰਦਿਆਂ ਦਾ ਨਾਮ ਪਤਾ ਦੱਸੋ ਆਪਾਂ ਜਾਣੀਏ ਨਾ ਜਾਣੀਏ ਪਰ ਸਿੱਧੇ ਉਨ੍ਹਾਂ ਕੋਲ ਜਾ ਪੇਸ਼ ਹੋਵਾਂਗੇ ਤੇ
ਆਪਣੀ ਮਜਬੂਰੀ ਦੱਸਾਂਗੇ ਤੇ ਮੈਨੂੰ ਨਹੀਂ ਲਗਦਾ ਕਿ ਆਪਣਾ ਕੰਮ ਨਾ ਹੋਵੇ। ਅੱਗੋਂ ਢਿੱਲੋਂ ਸਾਹਿਬ
ਕਹਿੰਦੇ ਛੱਡੋ ਬਰਾੜ ਸਾਹਿਬ ਕਿਹੜੇ ਮੁਲਕ ਦੀਆਂ ਗੱਲਾਂ ਕਰਦੇ ਹੋ ਇਥੇ ਤਾਂ ਸਿਫ਼ਾਰਿਸ਼ਾਂ ਨਾਲ ਜਾ
ਚੜ੍ਹਾਵਾ ਚੜ੍ਹਾ ਕੇ ਵੀ ਕੰਮ ਹੋ ਜਾਏ ਤਾਂ ਭਲੀ ਜਾਨਿਓ।
ਪਰ ਹੁਣ ਜਦੋਂ ਸੰਬੰਧਿਤ ਮਹਿਕਮੇ (ਪੰਜਾਬ ਸਟੇਟ ਫਾਰਮੇਸੀ ਕੌਂਸਲ) ਦੇ ਰਜਿਸਟਰਾਰ ਜਨਾਬ “ਪੀ. ਕੇ.
ਭਾਰਦਵਾਜ” ਹੀ ਮੇਰੇ ਸਾਹਮਣੇ ਖੜ੍ਹੇ ਸਨ ਤਾਂ ਮੈਨੂੰ ਕੁੱਝ ਆਸ ਜਾਗੀ। ਰਜਿਸਟਰਾਰ ਸਾਹਿਬ ਨਾਲ
ਗੱਲਾਂ ਕਰਦੇ-ਕਰਦੇ ਤਾਜ ਦੀ ਪਾਰਕਿੰਗ `ਚ ਆਣ ਖਲੋਤੇ। ਉਹ ਆਸਟ੍ਰੇਲੀਆ ਦੀ ਫੇਰੀ ਲਾ ਕੇ ਗਏ ਸਨ ਤੇ
ਵਿਦੇਸ਼ ਪ੍ਰਤੀ ਵੱਖਰੇ ਨਜ਼ਰੀਏ ਰੱਖਦੇ ਸਨ। ਇਸ ਦੌਰਾਨ ਉਨ੍ਹਾਂ ਮੈਨੂੰ ਇੱਕ ਦੋ ਇਹੋ ਜਿਹੇ ਸਵਾਲ
ਕੀਤੇ ਕਿ ਮੇਰੀ ਦਿਲਚਸਪੀ ਉਨ੍ਹਾਂ `ਚ ਵੱਧ ਗਈ। ਉਹ ਮੇਰੀ ਭਾਵਨਾ ਸਮਝ ਗਏ ਤੇ ਕਹਿੰਦੇ ਜੇ ਕੱਲ੍ਹ
ਵਕਤ ਹੈ ਤਾਂ ਪਿਛਲੇ ਪਹਿਰ ਦਫ਼ਤਰ ਆ ਜਾਇਓ ਕੁੱਝ ਚਿਰ ਬੈਠਾਂਗੇ। ਦੂਜੇ ਦਿਨ ਕੁੱਝ ਤਾਂ ਇਹ ਲਾਲਚ ਕਿ
ਆਪਣੇ ਮਿੱਤਰ ਦੀ ਬਦਲੀ ਕਰਵਾ ਲਵਾਂਗੇ ਤੇ ਕੁੱਝ ਗੱਲਾਂ ਦੀ ਦਿਲਚਸਪੀ ਮੈਨੂੰ ਸਹੀ ਵਕਤ ਤੇ ਉਨ੍ਹਾਂ
ਦੇ ਦਫ਼ਤਰ ਲੈ ਗਈ।
ਕੁੱਲ ਮਿਲਾ ਕੇ ਸਰਕਾਰੀ ਦਫ਼ਤਰ ਵਰਗਾ ਉਹੀ ਮਾਹੌਲ ਪਰ ਜਦੋਂ ਅਰਮਾਨ ਨਾਲ ਬਹਿ ਕੇ ਇੱਧਰ-ਉੱਧਰ ਨਿਗਾਹ
ਭਜਾਈ ਤਾਂ ਕਈ ਚੀਜ਼ਾਂ ਹੱਟ ਕੇ ਦਿਸੀਆਂ। ਮਸਲਨ! ਕੰਧਾਂ ਤੇ ਲੱਗੀਆਂ ਤਸਵੀਰਾਂ ਤੇ ਦਫ਼ਤਰ `ਚ ਮੌਜੂਦ
ਸਾਦਗੀ ਭਰਿਆ ਸਮਾਨ। ਜ਼ਿਹਨ `ਚ ਆਇਆ ਕਿ ਇਸ ਸਰਕਾਰੀ ਕੰਧ ਤੇ ਸ਼ਹੀਦ-ਏ-ਆਜ਼ਮ ਨੂੰ ਫੇਰ ਸੂਲੀ ਟੰਗ
ਰੱਖਿਆ। ਤਰਸ ਵੀ ਆਇਆ ਕਿ ਭਗਤ ਸਿੰਘ ਦੀ ਮੌਜੂਦਗੀ `ਚ ਪਤਾ ਨਹੀਂ ਆਜ਼ਾਦੀ, ਇਮਾਨਦਾਰੀ ਅਤੇ
ਦੇਸ਼-ਭਗਤੀ ਦੀ ਜੰਨਤ ਦਾ ਕਿੰਨਾ ਕੁ ਘਾਣ ਇਸ ਦਫ਼ਤਰ `ਚ ਹੁੰਦਾ ਹੋਣਾ! ਦੂਜੀ ਕੰਧ ਤੇ ਨਸ਼ਿਆਂ ਤੇ
ਕਾਫ਼ੀ ਲੰਮਾ ਚੌੜਾ ਨਸੀਹਤਾਂ ਭਰਿਆ ਪੋਸਟਰ ਟੰਗਿਆ ਦਿਸਿਆ। ਅਫ਼ਸਰ ਸਾਹਿਬਾਨ ਨੂੰ ਜਦੋਂ ਪਹਿਲੇ ਦਿਨ
ਮਿਲੇ ਸਾਂ ਤਾਂ ਹੋਟਲ `ਚ ਪਾਰਟੀ `ਚੋਂ ਆਉਣ ਕਾਰਨ ਮੈਨੂੰ ਤੇ ਮੇਰੇ ਸਾਥੀਆਂ ਨੂੰ ਉਨ੍ਹਾਂ ਵੱਲੋਂ
ਕੀਤੇ ਗਏ ਅਜੀਬ ਜਿਹੇ ਸਵਾਲਾਂ `ਚੋਂ ਇਹ ਮਹਿਸੂਸ ਹੋਇਆ ਸੀ ਕਿ ਲਗਦਾ ਸਾਹਿਬ ਦੇ ਅੰਦਰ ਦੋ ਪੈੱਗ ਗਏ
ਨੇ, ਇਸੇ ਲਈ ਇਹੋ ਜਿਹੀਆਂ ਗੱਲਾਂ ਕਰ ਰਹੇ ਹਨ। ਉਨ੍ਹਾਂ ਵੱਲੋਂ ਪੁੱਛਿਆ ਇੱਕ ਸਵਾਲ ਮੇਰੇ ਜ਼ਿਹਨ `ਚ
ਹਾਲੇ ਵੀ ਘੁੰਮ ਰਿਹਾ। ਉਹ ਸੀ ਕਿ “ਤੁਸੀਂ ਅੱਜ ਕਿਸੇ ਨੂੰ ਭਾਰਤ ਮਾਂ ਦਾ ਸਪੂਤ ਕਹਿ ਸਕਦੇ ਹੋ?”
ਨਾਲ ਹੀ ਕਹਿੰਦੇ, “ਤੁਸੀ ਤੇ ਵਿਦੇਸ਼ੀ ਭਰਾਵਾਂ ਨੂੰ ਛੱਡ ਕੇ, ਕਿਉਂਕਿ ਤੁਸੀਂ ਤਾਂ ਜਦੋਂ ਮੁਲਕ ਨੂੰ
ਹੀ ਛੱਡ ਗਏ ਫੇਰ ਸਪੂਤ ਤਾਂ ਕੀ ਪੂਤ ਦੀ ਸ਼੍ਰੇਣੀ `ਚ ਵੀ ਨਹੀਂ ਆਉਂਦੇ।”
ਅੱਜ ਜਦੋਂ ਉਨ੍ਹਾਂ ਦੇ ਦਫ਼ਤਰ `ਚ ਸਾਂ ਤਾਂ ਵੀ ਉਨ੍ਹਾਂ ਦੇ ਨਾ ਕੋਈ ਟਾਈ-ਸ਼ਾਈ ਤੇ ਨਾ ਕੋਈ
ਸੂਟ-ਬੂਟ। ਇੱਥੋਂ ਤੱਕ ਕਿ ਸ਼ੇਵ ਕਰੀ ਨੂੰ ਵੀ ਦੋ ਦਿਨ ਹੋ ਗਏ ਲਗਦੇ ਸਨ। ਨਸ਼ਿਆਂ ਤੇ ਪੋਸਟਰ ਦੇਖ ਕੇ
ਸੁਭਾਵਿਕ ਸੀ ਕਿ ਮਨ `ਚ ਆਵੇ ਕਿ ਲਗਦਾ ਬਾਬੂ ਜੀ ਰਾਤ ਕੁੱਝ ਜ਼ਿਆਦਾ ਹੋ ਗਏ ਹੋਣੇ ਆ ਤੇ ਅੱਜ ਦਫ਼ਤਰ
ਵੀ ਓਵੇਂ ਆ ਗਏ। ਮੇਰੀ ਚਾਰ ਚੁਫੇਰੇ ਦੀ ਤਾੜ ਨੂੰ ਭਾਂਪਦਿਆਂ ਉਨ੍ਹਾਂ ਮੇਰੇ ਮੂਹਰੇ ਇੱਕ ਖ਼ਾਲੀ
ਪੀਲੇ ਰੰਗ ਦਾ ਸਰਕਾਰੀ ਲਿਫ਼ਾਫ਼ਾ ਕਰ ਦਿੱਤਾ। ਇੱਕ ਪਾਸੇ ਸਿਰਨਾਵਾਂ ਲਿਖਣ ਲਈ ਖ਼ਾਕਾ ਬਣਿਆ ਸੀ ਤੇ
ਦੂਜੇ ਪਾਸੇ ਦਸ-ਬਾਰਾਂ ਲਾਈਨਾਂ ਲਿਖੀਆਂ ਸਨ। ਗ਼ੌਰ ਨਾਲ ਪੜ੍ਹਿਆ ਤਾਂ ਦੇਖਿਆ ਨਸ਼ਿਆਂ ਦੇ ਕੋਹੜ ਤੇ
ਬੜੀਆਂ ਲਾਜਵਾਬ ਨਸੀਹਤਾਂ। ਪਹਿਲੀ ਵਾਰ ਕੋਈ ਇਹੋ ਜਿਹਾ ਸਰਕਾਰੀ ਲਿਫ਼ਾਫ਼ਾ ਦੇਖਿਆ ਸੀ ਜਿਸ ਦੇ ਖ਼ਾਲੀ
ਥਾਂ ਦੀ ਸੁਚੱਜੀ ਵਰਤੋਂ ਕੀਤੀ ਗਈ ਸੀ।
ਮੇਰੀ ਚੁੱਪ `ਚੋਂ ਹੀ ਕਈ ਸਵਾਲ ਉਨ੍ਹਾਂ ਪੜ੍ਹ ਲਏ ਤੇ ਬੜੀ ਮਿੱਠੀ ਜਿਹੀ ਮੁਸਕਾਨ ਅਤੇ ਠਰ੍ਹੰਮੇ
ਨਾਲ ਸ਼ੁਰੂ ਹੋ ਗਏ; “ਅਸਲ `ਚ ਮੇਰੀ ਜੰਗ `ਚ ਜਾਗ੍ਰਿਤੀ ਮੁਹਿੰਮ ਵਜੋਂ ਵਰਤੋਂ ਆ ਰਹੇ ਸਮਾਨ `ਚੋਂ
ਇੱਕ ਇਹ ਲਿਫ਼ਾਫ਼ਾ ਵੀ ਹੈ। ਮੇਰਾ ਮੰਨਣਾ ਹੈ ਕਿ ਉਸਾਰੂ ਪੜ੍ਹਾਈ ਤੇ ਜਾਣਕਾਰੀ ਹੀ ਨਸ਼ਿਆਂ ਖ਼ਿਲਾਫ਼ ਸਭ
ਤੋਂ ਕਾਰਗਰ ਢਾਲ ਬਣ ਸਕਦੀ ਹੈ ਤੇ ਹਰ ਰੋਜ ਜਾਂਦੀ ਅਣਗਿਣਤ ਡਾਕ ਰਾਹੀਂ ਅਸੀਂ ਇਹ ਜਾਗ੍ਰਿਤੀ
ਫੈਲਾਉਣ ਦੀ ਕੋਸ਼ਿਸ਼ `ਚ ਹਾਂ।
ਜੰਗ! ਕੇਹੀ ਜੰਗ? ਮੇਰੇ ਇਹ ਪੁੱਛਣ ਤੇ ਕਹਿੰਦੇ;
“ਸ਼ਹੀਦੇ ਆਜ਼ਮ ਨਾਲ ਇੱਕ ਵਾਅਦਾ ਕਰ ਬੈਠਾਂ ਤੇ ਮੈਨੂੰ ਆਸ ਸੀ ਕਿ ਸੌਖਾ ਹੀ ਪੁਗਾ ਦੇਵਾਂਗਾ, ਪਰ
ਜਦੋਂ ਪੁਗਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਤਾਂ ਪਤਾ ਚੱਲਿਆ ਕਿ ਇਹ ਤਾਂ ਇੱਕ ਅੱਗ ਦਾ ਦਰਿਆ ਹੈ।
“ਮੇਰੇ ਕਿਹੜਾ ਵਾਅਦਾ ਪੁੱਛਣ ਤੇ ਕਹਿੰਦੇ;
“ਸ਼ਹੀਦ ਦੀ ਸੋਚ ਤੇ ਠੋਕ ਕੇ ਪਹਿਰਾ ਦੇਣ ਦਾ।”
ਮੇਰੀ ਜਿਗਿਆਸਾ ਵਧੀ ਤੇ ਹੁੰਗਾਰਿਆਂ ਨੂੰ ਛੱਡ ਹੋਰ ਜਾਨਣ ਲਈ ਪੈਰੀਂ ਭਾਰ ਹੋ ਗਿਆ। “ਕਿਹੜੀਆਂ
ਕਿਹੜੀਆਂ ਸੋਚਾਂ ਤੇ ਹੁਣ ਤੱਕ ਪਹਿਰਾ ਦੇ ਚੁੱਕੇ ਹੋ?”
“ਇਸ ਕੁਰਸੀ ਤੇ ਬਹਿ ਕੇ ਜਿੰਨੀਆਂ ਕੁ ਮੇਰੇ ਅਧਿਕਾਰ ਖੇਤਰ `ਚ ਆਉਂਦਿਆਂ ਹਨ।” “ਮਸਲਨ?”
“ਨਸ਼ੇ ਤੇ ਭ੍ਰਿਸ਼ਟਾਚਾਰ ਤੇ ਵਧੀਆ ਜਨ ਸੇਵਾ ਖ਼ਾਸ ਹਨ।”
ਜੀ, “ਤੁਹਾਡੇ ਦਫ਼ਤਰ `ਚ ਕਿਸ ਕਿਸਮ ਦਾ ਭ੍ਰਿਸ਼ਟਾਚਾਰ ਹੋ ਸਕਦਾ?”
“ਇਸ ਕਾਰਜ ਲਈ ਇੱਕ ਬਾਰ ਪਹਿਲਾਂ ਇਹ ਕੁਰਸੀ ਗੁਆ ਚੁੱਕਿਆਂ ਤੇ ਹੋ ਸਕਦਾ ਜਦੋਂ ਤੁਸੀਂ ਅਗਲੀ ਵਾਰ
ਆਓ ਤਾਂ ਮੈਨੂੰ ਇਸ ਕੁਰਸੀ ਦੀ ਥਾਂ ਸੜਕ ਤੇ ਪਾਓ।”
ਗੱਲ ਕਰਨ ਦਾ ਤਰੀਕਾ ਆਮ ਨਹੀਂ ਸੀ, ਇਸ ਅਫ਼ਸਰ ਦਾ। ਹਰ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਸਾਨੂੰ
ਸਵਾਲ ਕਰਨ ਨੂੰ ਤਰਜੀਹ ਦੇ ਰਹੇ ਸਨ। ਜਿਵੇਂ ਕਿ;
“ਕਿਉਂ ਛੱਡ ਗਏ ਯਾਰ ਆਪਣੇ ਮੁਲਕ ਨੂੰ, ਕਦੇ ਤੁਹਾਨੂੰ ਇਸ ਦੀ ਹਾਲਤ ਤੇ ਤਰਸ ਨਹੀਂ ਆਇਆ? ਕਿਹੜੇ
ਮੂੰਹ ਨਾਲ ਜਨਮ-ਭੂਮੀ ਲਈ ਤੜਫਦੇ ਹੋ, ਜੇ ਏਨੀ ਤੜਫ਼ ਸੀ ਛੱਡ ਕੇ ਕਿਉਂ ਗਏ, ਮਿਹਨਤ ਕਰਦੇ ਤਾਂ ਇਥੇ
ਵੀ ਬਹੁਤ ਕੁੱਝ ਮਿਲ ਅਤੇ ਬਦਲ ਸਕਦਾ ਸੀ, ਵਗ਼ੈਰਾ ਵਗ਼ੈਰਾ।” ਨਾਲ ਹੀ ਕਹਿੰਦੇ ਕਿ ਇਹ ਨਾ ਸੋਚਿਓ ਕਿ
ਮੇਰੇ ਲਈ ਵਿਦੇਸ਼ ਅੰਗੂਰ ਖਟੇ ਹੋਣ ਵਾਲੀ ਗੱਲ ਹੈ, ਕੀ ਤੁਹਾਨੂੰ ਪਤਾ ਕਿ ਮੇਰੇ ਕੋਲ ਵੀ ਕੈਨੇਡਾ ਦੀ
ਪੀ. ਆਰ. ਹੈ?
ਮੇਰੇ ਵੀ ਅੰਦਰਲਾ ਸਮਾਜਵਾਦੀ ਲੇਖਕ ਜਾਗਿਆ ਤੇ ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਖੁੱਲ੍ਹ ਕੇ ਤੇ
ਬਿਨਾਂ ਵਲ਼ਾਵਿਆਂ ਦੇ ਗੱਲ ਦੱਸੋ ਹੋ ਸਕਦਾ ਅਸੀਂ ਦੇਸ਼ ਤੋਂ ਭਗੌੜੇ ਹੋ ਕੇ ਵੀ ਤੁਹਾਡੇ ਤੇ ਦੇਸ਼ ਦੇ
ਕਿਸੇ ਕੰਮ ਆ ਸਕੀਏ।
ਉਮਰ ਹਾਣ-ਪਰਵਾਨ ਹੋਣ ਕਾਰਨ ਗੱਲ ਦੋਸਤ ਕਹਿ ਕੇ ਸੰਬੋਧਨ ਹੋਣ ਲੱਗੀ। ਕਹਿੰਦੇ “ਦੋਸਤ! ਗੱਲ ਇਹ ਹੈ
ਕਿ ਸਾਰੀ ਦੁਨੀਆ ਕਹਿ ਰਹੀ ਹੈ ਕਿ ਪੰਜਾਬ ਨਸ਼ਿਆਂ ਨੇ ਖਾ ਲਿਆ। ਇਹਨਾਂ ਨਸ਼ਿਆਂ ਦੀ ਜੜ੍ਹ ਨੂੰ ਸਾਡੇ
ਪੰਜਾਬ ਦੇ ਹੈਲਥ ਅਤੇ ਮੈਡੀਕਲ ਸਿੱਖਿਆ ਵਿਭਾਗ, ਸਟੇਟ ਡਰੱਗ ਕੰਟਰੋਲਰ ਅਤੇ ਡਰੱਗ ਇੰਸਪੈਕਟਰ ਕਾਫ਼ੀ
ਹੱਦ ਤੱਕ ਵੱਡਕੇ ਇਸ ਤੇ ਕਾਬੂ ਪਾ ਸਕਦੇ ਹਨ ਤੇ ਇੱਕ ਚੰਗਾ ਪੰਜਾਬ ਸਿਰਜ ਸਕਦੇ ਹਨ।”
“ਸੋ ਤੁਹਾਡਾ ਕਹਿਣ ਦਾ ਭਾਵ ਹੈ ਕਿ ਤੁਹਾਡਾ ਮਹਿਕਮਾ ਸਿੱਧੇ ਰੂਪ `ਚ ਨਸ਼ਿਆਂ ਦੇ ਵਧਾਵੇ `ਚ
ਕਰਤੂਤਕਾਰੀਆਂ `ਚੋਂ ਇੱਕ ਹੈ, ਉਹ ਕਿਵੇਂ?”
“ਨਸ਼ੇ ਦੋ ਸਟੇਜਾਂ `ਚ ਵਿਕਦੇ ਹਨ ਇੱਕ ਹੋਲਸੇਲ ਤੇ ਦੂਜੀ ਰਿਟੇਲ। ਮੈਡੀਕਲੀ ਨਸ਼ੇ ਰਿਟੇਲ `ਚ ਸਭ ਤੋਂ
ਵੱਡਾ ਹਿੱਸਾ ਪਾਉਂਦੇ ਹਨ ਫਾਰਮੇਸੀ ਵਾਲੇ ਤੇ ਉਹ ਵੀ ਜਾਅਲੀ ਫਾਰਮਾਸਿਸਟ। "
“ਪਰ ਉਹ ਤਾਂ ਤੁਹਾਡੇ ਅਧਿਕਾਰ ਖੇਤਰ `ਚ ਆਉਂਦੇ ਹਨ ਤੁਸੀਂ ਉਨ੍ਹਾਂ ਤੇ ਕਾਬੂ ਕਿਉਂ ਨਹੀਂ
ਪਾਉਂਦੇ?”
“ਇਹਨਾਂ ਤੇ ਕਾਬੂ ਪਾਉਣ ਦੀ ਜੰਗ ਤਾਂ ਲੜ ਰਿਹਾ।”
“ਖੁੱਲ੍ਹ ਕੇ ਦੱਸੋ?”
“2001 ਤੋਂ 2009 ਤੱਕ ਮੈਂ ਇਸੇ ਕੁਰਸੀ ਤੇ ਸੀ ਤੇ ਮੈਂ ਕੁਲ ਡੀ ਅਤੇ ਬੀ ਫਾਰਮੇਸੀ ਦੀਆਂ 147 ਯੋਗ
ਰਜਿਸਟ੍ਰੇਸ਼ਨ ਕੀਤੀਆਂ। 22 ਗਲਤ ਰੱਦ ਕੀਤੀਆਂ ਅਤੇ ਜਾਅਲੀ ਨੂੰ ਥੜ੍ਹੇ ਨਹੀਂ ਚੜ੍ਹਨ ਦਿੱਤਾ। ਮੇਰੀ
ਇਹ ਕਾਰਗੁਜ਼ਾਰੀ ਹਜ਼ਮ ਨਹੀਂ ਹੋਈ ਤੇ ਮੈਨੂੰ ਇਸ ਕੁਰਸੀ ਤੋਂ ਲਾਂਭੇ ਕਰ ਦਿੱਤਾ। ਮੁੜ ਲੰਮੀ ਜੱਦੋ
ਜਹਿਦ ਬਾਅਦ ਫੇਰ ਇਸ ਕੁਰਸੀ ਤੇ ਆਣ ਬੈਠਿਆ। ਤਾਂ ਦੇਖਿਆ ਕਿ ਪਿਛਲੇ ਸਾਲਾਂ `ਚ ਤਕਰੀਬਨ ਸਾਢੇ ਨੌਂ
ਹਜ਼ਾਰ ਰਜਿਸਟ੍ਰੇਸ਼ਨ ਕੀਤੀਆਂ ਗਈਆਂ। ਆਪਾਂ ਦੁਬਾਰਾ ਆ ਕੇ ਇਸ ਦੀ ਪੜਤਾਲ ਸ਼ੁਰੂ ਕਰ ਦਿੱਤੀ ਤਾਂ ਪਤਾ
ਚੱਲਿਆ ਕਿ ਜਾਅਲੀ ਰਜਿਸਟ੍ਰੇਸ਼ਨ ਦੀ ਭਰਮਾਰ ਹੋਈ ਪਈ ਹੈ ਤੇ ਇਹੀ ਲੋਕ ਨਸ਼ਿਆਂ ਦੇ ਕਾਰੋਬਾਰ `ਚ
ਰੀਟੇਲਰ ਦਾ ਰੋਲ ਅਦਾ ਕਰ ਰਹੇ ਹਨ।”
“ਇਹ ਜਾਅਲੀ ਕਿਵੇਂ ਕਰਾ ਲੈਂਦੇ ਹਨ?”
“ਬਾਹਰਲੇ ਰਾਜਾਂ `ਚੋਂ ਪੈਸੇ ਨਾਲ ਜਾਅਲੀ ਪਲਸ ਟੂ, ਡਿਪਲੋਮਾ ਜਾਂ ਡਿਗਰੀ ਲਿਆ ਕੇ ਇਥੇ ਦਰਜ ਕਰਵਾ
ਲੈਂਦੇ ਹਨ, ਦੇ-ਲੈ ਕੇ। ਹੁਣ ਤੁਸੀਂ ਦੱਸੋ ਕਿ ਇਹੋ ਜਿਹੇ ਪੜ੍ਹੇ ਲਿਖੇ ਲੋਕ ਦੇਸ਼ ਦਾ ਕੀ
ਸੰਵਾਰਨਗੇ? ਜਦੋਂ ਕੋਈ ਮੇਰੇ ਵਰਗਾ ਇਹਨਾਂ ਨੂੰ ਨੱਥ ਪਾਉਣ ਲੱਗਦਾ ਤਾਂ ਪਹਿਲਾਂ ਤਾਂ ਖ਼ਰੀਦਣ ਦੀ
ਕੋਸ਼ਿਸ਼ ਹੁੰਦੀ ਹੈ, ਨਾ ਵਿਕੋ ਤਾਂ ਫੇਰ ਉਤਲਿਆ ਨੂੰ ਖ਼ਰੀਦ ਲਿਆ ਜਾਂਦਾ ਹੈ ਤੇ ਤੁਹਾਨੂੰ ਤੁਹਾਡੇ
ਅਹੁਦੇ ‘ਤੋਂ ਲਾਂਭੇ ਕਰਾ ਦਿੱਤਾ ਜਾਂਦਾ ਹੈ। ਕੋਈ ਨਾ ਛੇਤੀ ਦੇਖ ਲਿਓ ਮੇਰੇ ਵਾਲਾ ਘੋਗਾ ਚਿੱਤ
ਹੋਇਆ ਸਮਝਿਓ।”
ਗੱਲਾਂ-ਗੱਲਾਂ `ਚ ਪਤਾ ਚੱਲਿਆ ਕਿ ਇਹ ਜਨਾਬ ਤਾਂ ਮੇਰੇ ਸਾਂਢੂ ਨਿਕਲੇ। ਰਿਸ਼ਤੇ ਦੇ ਨਹੀਂ ਬੱਸ ਇਸ
ਗੱਲੋਂ ਕਿ ਜਨਾਬ ਨੇ ਵੀ ਹਾਲੇ ਤੱਕ ਆਪਣੀ ਜ਼ਿੰਦਗੀ `ਚ ਕਿਸੇ ਨਸ਼ੇ ਨੂੰ ਹੱਥ ਨਹੀਂ ਸੀ ਲਾਇਆ। ਸੋ
ਪਿਛਲੇ ਦੋ ਦਿਨਾਂ ਤੋਂ ਸਾਡੇ ਵੱਲੋਂ ਲਾਈਆਂ ਜਾ ਰਹੀਆਂ ਕਿਆਸ-ਆਰੀਆਂ ਗ਼ਲਤ ਸਾਬਤ ਹੋਈਆਂ ਸਨ।
ਕਹਿੰਦੇ ਯਾਰ ਸਾਂਢੂ ਤਾਂ ਆਪਾ ਕਈ ਹੋਰ ਪਾਸਿਆਂ ਤੋਂ ਵੀ ਹਾਂ ਜਿਵੇਂ ਕਿ; ਮੈਂ ਵੀ ਇੱਕ ਕਿਤਾਬ
ਲਿਖੀ ਹੈ, ‘if we must live’
ਤੇ ਸਮਾਜ ਸੁਧਾਰਨ ਦਾ ਨਿੱਕਾ ਜਿਹਾ ਠੇਕੇਦਾਰ ਵੀ ਹਾਂ, ਤੇ ਨਾਲ-ਨਾਲ ਘਰ ਫ਼ੂਕ ਕੇ ਤਮਾਸ਼ਾ ਵੀ
ਦੇਖਦਾਂ। ਮੇਰੇ ਮੁਸਕਰਾਹਟ ਨਾਲ ਹਾਮੀ ਭਰਨ ਤੇ ਕਹਿੰਦੇ;
“ਮਿੰਟੂ ਤੈਨੂੰ ਪਤਾ ਮੇਰੀ ਇਸ ਕੁਰਸੀ ਤੇ ਬਹੁਤ ਪੈਸਾ ਮੰਡਰਾਉਂਦਾ? ਪਰ ਬਚਪਨ ਤੋਂ ਭਗਤ ਸਿੰਘ ਅੰਦਰ
ਵਾਸ ਕਰੀ ਬੈਠਾ ਤੇ ਉਹ ਦੱਸਦਾ ਹੈ ਕਿ ਜਿਨ੍ਹਾਂ ਲਈ ਤੂੰ ਇਹ ਗ਼ਲਤ ਪੈਸਾ ਇਕਠਾ ਕਰੇਗਾ ਉਹੀ ਤੇਰੇ ਤੇ
ਭਾਰੀ ਪੈਣਗੇ। ਕਿਉਂਕਿ ਮੇਰਾ ਮੰਨਣਾ ਹੈ ਕਿ ਉਹੀ ਲੋਕ ਤੁਹਾਡੇ ਠੇਡੇ ਮਾਰਦੇ ਹਨ ਜਿਨ੍ਹਾਂ ਲਈ
ਤੁਸੀਂ ਗ਼ਲਤ ਕੰਮ ਕੀਤੇ ਹੁੰਦੇ ਹਨ ਤੇ ਜਿਨ੍ਹਾਂ ਦੀ ਫੋਟੋ ਤੁਸੀ ਹਰ ਵਕਤ ਆਪਣੇ ਬਟੂਏ `ਚ ਪਾ ਕੇ
ਰੱਖਦੇ ਹੋ। ਸ਼ਾਇਦ ਮੈਂ ਵੀ ਵਿਕ ਜਾਂਦਾ ਜੇ ਭਗਤ ਸਿਉਂ ਨਾਲ ਨਾ ਹੁੰਦਾ। ਪਰ ਕੋਈ ਅਫ਼ਸੋਸ ਨਹੀਂ
ਮੰਦਹਾਲੀ ਦੀ ਜ਼ਿੰਦਗੀ ਜਿਉਣ ਦਾ। ਹਾਂ ਜੇ ਅਫ਼ਸੋਸ ਹੈ ਤਾਂ ਇਸ ਗੱਲ ਦਾ ਕੀ ਕੋਈ ਮੈਨੂੰ ਸਮਝਦਾ ਨਹੀਂ
ਸਾਥ ਦੇਣ ਦੀ ਖ਼ਾਤਰ ਰਾਜ਼ੀ ਨਹੀਂ। ਉਲਟਾ ਸਲਾਹ ਦਿੰਦੇ ਹਨ ਕਿ ਚਾਰ ਪੈਸੇ ਇਕਠੇ ਕਰ ਲੈ, ‘ਤੈਨੂੰ ਕੀ’
ਜਿਸ ਦੀਆਂ ਦੁਖਣਗੀਆਂ ਆਪੇ ਇਲਾਜ ਕਰਵਾਊ।”
ਆਪਾਂ ਨੂੰ ਵੀ ਸਮਾਂ ਢੁੱਕਵਾਂ ਲੱਗਿਆ ਤੇ ਧਰ ਦਿੱਤੀ ਆਪਣੀ ਕਿਤਾਬ ‘ਕੈਂਗਰੂਨਾਮਾ’ ਮੂਹਰੇ ਕੱਢ ਕੇ
ਤੇ ਕਿਹਾ ਕਿ ਇਸ ਵਿੱਚ ਇੱਕ ਲੇਖ ਹੈ ‘ਮੈਨੂੰ ਕੀ’ ਉਮੀਦ ਹੈ ਕਿ ਤੁਹਾਨੂੰ ਪਸੰਦ ਆਵੇਗਾ। ਅਸਲ
ਮੁੱਦੇ ਤੇ ਆਉਂਦੇ ਹਾਂ। ਉੱਪਰਲੀ ਵਿਆਥਿਆ ਲਿਖਣੀ ਜ਼ਰੂਰੀ ਸਮਝਦਾ ਸੀ ਕਿਉਂ ਕਿ ਉਹ ਮੇਰੀ ਇਸ ਅਫ਼ਸਰ
ਨਾਲ ਹੱਡਬੀਤੀ ਤੇ ਸਾਂਝ ਸੀ।
ਹੋਇਆ ਉਹੀ ਜੋ ਉਸ ਦਿਨ ਦੀ ਮੁਲਾਕਾਤ `ਚ ਸਾਹਿਬ ਨੇ ਸ਼ੰਕਾ ਜ਼ਾਹਿਰ ਕੀਤੀ ਸੀ। ਕੀ ਦੇਖਦਾ, 27 ਮਾਰਚ
ਨੂੰ ਸੁਨੇਹਾ ਮਿਲਿਆ ਜਿਸ `ਚ ਪਤਾ ਚੱਲਿਆ ਕਿ ਸਾਹਿਬ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਦੇ ਇਨਾਮ ਵਜੋਂ
ਕੁਰਸੀ ਤੋਂ ਫੇਰ ਲਾਂਭੇ ਕਰਕੇ ਘਰ ਤੋਰ ਦਿੱਤਾ ਹੈ। ਪਤਾ ਚੱਲਿਆ ਕਿ ਤਕਰੀਬਨ ਤਿੰਨ ਕੁ ਹਜ਼ਾਰ ਜਾਅਲੀ
ਰਜਿਸਟ੍ਰੇਸ਼ਨਾਂ ਰੱਦ ਕਰਨੀਆਂ, ਤਕਰੀਬਨ ਸਾਢੇ ਅੱਠ ਸੌ ਗ਼ਲਤ ਅਰਜ਼ੀਆਂ ਰੱਦ ਕਰਨਾ ਤੇ ਉਨ੍ਹਾਂ ਖ਼ਿਲਾਫ਼
ਮੁੱਢਲੀ ਸ਼ਿਕਾਇਤ ਦਰਜ ਕਰਵਾਉਣਾ ਸੰਬੰਧਿਤ ਮਹਿਕਮੇ ਦੇ ਆਕਾਵਾਂ ਨੂੰ ਪਸੰਦ ਨਹੀਂ ਆਈਆਂ। ਮੈਂ ਕਾਲ
ਕੀਤੀ ਤਾਂ ਪਤਾ ਚੱਲਿਆ ਕਿ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣਾ ਠੋਕ ਕੇ ਮਹਿੰਗਾ ਪੈ ਗਿਆ।
ਕਰੋੜਾਂ ਦੀ ਡੀਲ ਸੀ ਉਸ ਨੇ ਠੋਕਰ ਮਾਰ ਦਿੱਤੀ ਤੇ ਜਾਅਲੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ।
ਪਤਾ ਚਲਿਆ ਕਿ ਇਸ ਦੌਰਾਨ ਇੱਕ ਏਜੰਟ ਨੇ ਵਰਜਿਆ ਵੀ ਸੀ ਕਿ ਮਾਇਆ ਦੇ ਲੱਤ ਨਹੀਂ ਮਾਰੀ ਦੀ, ਲੈ ਲਾ
ਮੌਜਾਂ ਕਰੇਂਗਾ, ਤੂੰ ਨਹੀਂ ਲਏਂਗਾ ਤਾਂ ਤੇਰੇ ਉਤਲੇ ਲੈ ਲੈਣਗੇ, ਉਹ ਤੇਰੇ ਵਾਂਗ ਕਮਲੇ ਥੋੜ੍ਹਾ
ਹਨ। ਪਰ ਉਸਦਾ ਸਲਾਹਕਾਰ ਭਗਤ ਸਿੰਘ ਸੀ ਉਹ ਕਿੱਥੇ ਡੋਲਣ ਦਿੰਦਾ ਸੀ, ਚਾਰ ਛਿੱਲੜਾਂ ਬਦਲੇ।
ਉਸ ਦਾ ਕਹਿਣਾ ਕਿ ਹੁਣ ਤਾਂ ਬੱਸ ਇਸੇ ਗੱਲ ਦੀ ਆਪਣੇ ਆਪ ਨਾਲ ਜਦੋਂ ਜਹਿਦ ਹੈ ਕਿ ਕਿਸੇ ਮਾਂ ਨੇ
ਕੋਈ ਪੁੱਤ ਜੰਮਿਆ ਕਿ ਨਹੀਂ ਜੋ ਭਗਤ ਸਿੰਘ ਦੀ ਸੋਚ ਤੇ ਰੱਤੀ ਭਰ ਹੀ ਪਹਿਰਾ ਦੇ ਸਕੇ। ਭਗਤ ਸਿੰਘ
ਦੀ ਤਾਂ ਇਹੀ ਪ੍ਰੇਰਨਾ ਹੈ ਕਿ ਦੇਸ਼ ਦਾ ਜੇ ਸਪੂਤ ਕਹਾਉਣਾ ਤਾਂ ਜ਼ਮੀਰ ਬਦਲੇ ਤਾਂ ਜਾਨ ਵੀ ਸਸਤੀ ਚੀਜ਼
ਹੈ।
ਹੋਰ ਕਈ ਸਵਾਲ ਜਵਾਬ ਸਾਡੇ ਵਿਚਕਾਰ ਹੋਏ ਜਿਵੇਂ ਕਿ;
“ਕੀ ਇਹ ਜੋ ਕੁੱਝ ਜਾਅਲੀ ਹੋ ਰਿਹਾ ਉਹ ਤੁਹਾਡੇ ਮੰਤਰੀ ਸਾਹਿਬਾਨ ਨੂੰ ਪਤਾ?”
“ਹਾਂਜੀ ਮੈਂ ਹਰ ਇੱਕ ਗੱਲ ਅਤੇ ਪ੍ਰੋਗ੍ਰੈੱਸ ਲਿਖਤੀ ਤੌਰ ਤੇ ਵਟਸਐਪ ਰਾਹੀਂ ਮੰਤਰੀ ਜੀ ਨੂੰ ਭੇਜ
ਰਿਹਾ ਹਾਂ ਜਿਸ ਦੇ ਸਬੂਤ ਲੋੜ ਪੈਣ ਤੇ ਦਿਖਾ ਸਕਦਾ ਹਾਂ।”
“ਤੇ ਮੰਤਰੀ ਜੀ ਦਾ ਕੋਈ ਜਵਾਬ?”
“ਨਹੀਂ ਚੁੱਪ ਹੀ ਧਾਰੀ ਹੋਈ ਹੈ”
“ਹੁਣ ਕੀ ਦੋਸ਼ ਲਾਇਆ ਤੁਹਾਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਦਾ?”
“ਕੁਝ ਨਹੀਂ ਬੱਸ ਏਨਾ ਲਿਖਿਆ ਕਿ ਆਪ ਨੂੰ ਜੋ ਚਾਰ ਸਾਲ ਮਗਰੋਂ ਬਹਾਲ ਕਰਨ ਦੇ ਹੁਕਮ ਸਨ ਉਹ ਰੱਦ
ਕੀਤੇ ਜਾਂਦੇ ਹਨ।”
“ਹੁਣ ਕੀ ਸੋਚਿਆ ਫੇਰ?”
“ਤੁਸੀ ਕੁੱਝ ਵੀ ਕਰ ਲਵੋ ਆਪਣੀ ਮਾਂ ਤੇ ਮਾਂ ਭੂਮੀ ਦਾ ਕਰਜ਼ਾ ਨਹੀਂ ਉਤਾਰ ਸਕਦੇ ਪਰ ਮੇਰਾ ਮਨ ਸ਼ਾਂਤ
ਹੈ, ਸੰਤੁਸ਼ਟ ਹੈ ਤੇ ਰੱਜ ਕੇ ਨੀਂਦ ਆ ਰਹੀ ਹੈ। ਜਿਨ੍ਹਾਂ ਨੇ ਇਸ ਕਾਰਜ `ਚ ਏਨਾ ਵਕਤ ਸੇਵਾ ਕਰਨ `ਚ
ਸਾਥ ਦਿੱਤਾ ਉਨ੍ਹਾਂ ਸਭ ਦਾ ਦਿਲੋਂ ਧੰਨਵਾਦੀ ਹਾਂ। ਮਾਣਯੋਗ ਮੰਤਰੀ ਜੀ ਦਾ ਵੀ ਧੰਨਵਾਦੀ ਹਾਂ।
ਬਾਕੀ ਟਿਕ ਕੇ ਬੈਠਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ, ਜਿੰਨਾ ਚਿਰ ਸਲਾਮਤੀ ਹੈ ਆਪਣੇ ਲਈ,
ਪਰਵਾਰ ਲਈ, ਦੇਸ਼ ਲਈ ਕੁੱਝ ਕਰਦੇ ਰਹਾਂਗਾ। ਹਾਲਾਤ ਬਦਲਵੇਂ ਹੋ ਸਕਦੇ ਹਨ ਪਰ ਮਿਸ਼ਨ ਉਹੀ ਰਹੇਗਾ।
ਰੋਜੀ ਰੋਟੀ ਦਾ ਜੁਗਾੜ ਤਾਂ ਮੈਂ ਕਿਤੇ ਪੜ੍ਹਾਉਣਾ ਸ਼ੁਰੂ ਕਰਕੇ ਜਾਂ ਫੇਰ ਲਿਖਣਾ ਸ਼ੁਰੂ ਕਰਕੇ ਕਰ
ਲਵਾਂਗਾ। ਕੱਲ੍ਹ ਨੂੰ ਜੇ ਫੇਰ ਇਸ ਕੁਰਸੀ ਤੇ ਬਹਾ ਦਿੱਤਾ ਤਾਂ ਇੱਥੋਂ ਕਾਰਜ ਫੇਰ ਸ਼ੁਰੂ ਕਰ ਲੈਣਾ
ਤੇ ਪਵਿੱਤਰ ਮਾਂ ਭੂਮੀ ਦਾ ਕਰਜ਼ਾ ਚੁਕਾਉਣ ਦੀ ਕੋਸ਼ਿਸ਼ ਆਖ਼ਰੀ ਸਾਹਾਂ ਤੱਕ ਜਾਰੀ ਰਹੇਗੀ। ਇਹ ਦੋ
ਲਾਈਨਾਂ ਕਹਾਂਗਾ; “
“ਐ ਮੇਰੀ ਮਾਂ ਭੂਮੀ ਦੇਖੀ ਨਾ ਤੂੰ ਮੈਨੂੰ ਇਸ ਨਜ਼ਰ ਨਾਲ
ਜਿਉਂ ਕੋਈ ਮਾਂ ਸ਼ਰਮਿੰਦਾ ਹੋਵੇ ਪੁੱਤਰ ਦੇ ਹਸ਼ਰ ਨਾਲ”
ਦੋਸਤੋ! ਇਹ ਤਾਂ ਸੀ ਸਾਰਾ ਮਸਲਾ ਜਿੰਨਾ ਕੁ ਮੈਂ ਦੇਖਿਆ ਜਾ ਪੁੱਛਿਆ। ਹੁਣ ਗੱਲ ਆ ਜਾਂਦੀ ਹੈ ਦੂਜੇ
ਪੱਖ ਦੀ, ਤਾਂ ਦੂਜਾ ਪੱਖ ਹਾਲੇ ਚੁੱਪ ਤੋੜਨ ਨੂੰ ਰਾਜ਼ੀ ਨਹੀਂ ਅਸੀਂ ਦੂਰ ਬੈਠੇ ਫ਼ੋਨ ਹੀ ਖੜਕਾ ਸਕਦੇ
ਹਾਂ ਪਰ ਕੋਈ ਜਵਾਬ ਨਹੀਂ ਮਿਲ ਰਿਹਾ। ਇਸ ਮਸਲੇ ਦੀ ਤਹਿ ਹੋਰ ਪਤਾ ਨਹੀਂ ਕਿੰਨੇ ਕੁ ਰਾਜ ਖੋਲ੍ਹ
ਦੇਵੇਗੀ। ਪਰ ਲੋੜ ਹੈ ਹੱਥ ਧੋ ਕੇ ਪਿੱਛੇ ਪੈਣ ਦੀ। ਸੋਸ਼ਲ ਮੀਡੀਆ ਇੱਕ ਵੱਡਾ ਰੋਲ ਅਦਾ ਕਰ ਸਕਦਾ
ਸੰਬੰਧਿਤ ਲੋਕਾਂ ਤੇ ਦਬਾ ਬਣਾਉਣ ਦਾ। ਪੰਜਾਬ ਦਾ ਮੀਡੀਆ ਵੀ ਇਸ ਮੁੱਦੇ ਨੂੰ ਖੰਘਾਲਨ ਦੀ ਸਮਰੱਥਾ
ਰੱਖਦਾ। ਨਸ਼ਿਆਂ ਤੇ ਭ੍ਰਿਸ਼ਟਾਚਾਰ ਵਿਰੁੱਧ ਲੜਾਈਆਂ ਲੜ ਰਹੀਆਂ ਜਥੇਬੰਦੀਆਂ ਵੀ ਇਸ ਕਾਰਜ `ਚ ਸਹਾਈ
ਹੋ ਸਕਦੀਆਂ। ਆਮ ਲੋਕਾਂ ਦੇ ਨੇਤਾ ਕਹਾਉਣ ਵਾਲੇ ਵੀ ਸੱਚ ਦਾ ਸਾਥ ਦੇ ਸਕਦੇ ਹਨ। ਪਰ ਦੇਖਦੇ ਹਾਂ ਕਿ
ਕਿਸ ਦੀ ਜ਼ਮੀਰ ਜਾਗਦੀ ਹੈ ਇਸ ਮਸਲੇ ਨੂੰ ਖੰਘਾਲਨ ਦੀ। ਚੁੱਪ ਧਾਰਨੀ ਹਰ ਮਸਲੇ ਦਾ ਖ਼ਤਰਨਾਕ ਪਹਿਲੂ
ਹੁੰਦਾ। ਨਤੀਜੇ ਉਦੋਂ ਭੁਗਤਣੇ ਪੈਣੇ ਹਨ ਜਦੋਂ ਇਹ ਜਾਅਲੀ ਲਾਇਸੈਂਸ ਵਾਲੇ ਤੁਹਾਡੇ ਘਰਾਂ ਦੀਆਂ
ਨੀਂਹਾਂ `ਚ ਵੀ ਸਿਉਂਕ ਵਾਂਗ ਲੱਗ ਜਾਣਗੇ। ਵੇਲਾ ਸਾਂਭ ਲਵੋ ਜੇ ਸਾਂਭ ਸਕਦੇ ਹੋ। ਦੇਖਦੇ ਹਾਂ ਕਿ
ਕਿੰਨੇ ਮਾਂ ਦੇ ਸਪੂਤ ਨਿੱਤਰ ਦੇ ਨੇ ਇਸ ਜੰਗ `ਚ ਸਾਥ ਦੇਣ ਕਿਉਂਕਿ ਅੱਜ ਬਹੁਤਾਤ ਤਾਂ ਇਹੀ ਤਾਨ੍ਹਾ
ਮਾਰਨ ਵਾਲਿਆਂ ਦੀ ਹੈ ਕਿ; “ਨਾ ਹੋਰ ਦੇ ਲਵੋ ਭਗਤ ਸਿੰਘ ਦੀ ਸੋਚ ਤੇ ਪਹਿਰਾ … … “
ਮਿੰਟੂ ਬਰਾੜ
28/03/15)
ਹਾਕਮ ਸਿੰਘ
ਸਤਿਕਾਰਯੋਗ ਸ. ਇਕਬਾਲ ਸਿੰਘ ਜੀ,
ਸਤਿ ਸ੍ਰੀ ਅਕਾਲ।
ਜਿਵੇਂ ਮੈਂ “ਗਿਆਨੁ ਭਇਆ ਤਹ ਕਰਮਹ ਨਾਸੁ” ਲੇਖ ਵਿਚ ਲਿਖਿਆ ਹੈ ਕਿ ਸਿੱਖ ਧਰਮ ਦੇ
ਸੰਸਥਾਗਤ ਜਾਂ ਜਥੇਬੰਧਕ ਰੂਪ ਅਤੇ ਗੁਰਬਾਣੀ ਉਪਦੇਸ਼ ਦੀ ਮਾਨਵਤਾ ਲਈ ਮਹਤੱਤਾ ਬਾਰੇ ਹੋਰ ਦੋ ਵਖਰੇ
ਲੇਖਾਂ ਵਿਚ ਵਿਚਾਰ ਕੀਤੀ ਜਾਵੇਗੀ, ਇਸ ਲਈ ਸ਼ਾਇਦ ਇਹ ਠੀਕ ਹੋਵੇ ਕਿ ਤਿੰਨੋਂ ਲੇਖਾਂ ਦੇ ਪ੍ਰਕਾਸ਼ਨ
ਉਪਰੰਤ ਹੀ ਆਪ ਜੀ ਦੇ ਸੁੱਝਾ ਕਿ “ਗੁਰਮੱਤ ਨੂੰ ਚੰਗੇ ਕਰਮਾਂ ਦੀ ਪ੍ਰਕਿਰਿਆ ਅਤੇ ਸਮਾਜਕ ਸੁਧਾਰ
ਦੇ ਟੀਚੇ ਤੋਂ ਨਿਖੇੜ ਕੇ ਵੇਖਿਆ ਹੀ ਨਹੀਂ ਜਾ ਸਕਦਾ” ਬਾਰੇ ਵਿਚਾਰ ਕੀਤੀ ਜਾਵੇ। ਆਸ ਹੈ ਆਪ
ਜੀ ਨੂੰ ਇਸ ਬਾਰੇ ਕੋਈ ਆਪੱਤੀ ਨਹੀਂ ਹੋਵੇਗੀ।
ਹਾਕਮ ਸਿੰਘ
28/03/15)
ਬਲਦੀਪ ਸਿੰਘ ਰਾਮੂੰਵਾਲੀਆ-ਫੇਸਬੁੱਕ ਰਾਹੀਂ
ਪਿਛਲੇ ਦਿਨ੍ਹਾਂ ਤੋ ਅਸੀ ਇੱਕ ਲੜੀ
ਸ਼ੁਰੂ ਕੀਤੀ ਆ “ਪੰਥ ਹਾਜ਼ਰ ਹੋ” ਇਸ ਦੇ ਦੂਜੇ ਭਾਗ ਨੂੰ ਵੀ ਪਾਠਕਾਂ ਦੁਆਰਾ ਬਹੁਤ ਵਧੀਆ
ਹੁੰਗਾਰਾ ਮਿਲਿਆ ਹੈ। ਪਰ ਇੱਕ ਸੱਜਣ ਹਨ ਅਜਨਾਲੇ ਤੋ ਜਿਨ੍ਹਾਂ ਦਾ ਨੰਬਰ ਹੈ 97796-65666 ਨੇ ਇਸ
ਲੇਖ ਨੂੰ ਪੜ੍ਹਣ ਤੋ ਬਾਅਦ ਮੈਨੂੰ ਧਮਕੀਆਂ ਦਿਤੀਆ ਹਨ ਤੇ ਕਿਹਾ ਹੈ ਕਿ ਮੈ ਇਹੋ ਜਿਹੇ ਲੇਖ ਨ
ਲਿਖਾਂ ......(ਮੈ ਇਹਨ੍ਹਾਂ ਦੀਆਂ ਗਿੱਦੜ ਭਬਕੀਆਂ ਤੋ ਨਹੀ ਡਰਦਾ ਕਿਉਕਿ ਬਾਲੇ ਦੇ ਸਿਆਪੇ ਵਕਤ ਵੀ
ਬਹੁਤ ਕੁਝ ਹੋ ਚੂਕਾ) ਪਰ ਮੈ ਪਾਠਕਾਂ ਨੂੰ ਪੁਛਣਾ ਚਾਹੁੰਦਾ ਹਾਂ ਕਿ ਕੀ ਅਸੀ ਕੁਝ ਗਲਤ ਲਿਖਿਆ ਸੀ
ਨਿਰਣਾ ਪਾਠਕ ਦੇਣ ਤਾਂ ਕਿ ਸਾਨੂੰ ਵੀ ਉਤਸ਼ਾਹ ਮਿਲੇ ਕਿ ਅਸੀ ਅਗੇ ਨੂੰ ਹੋਰ ਵੀ ਵਧੀਆ ਲਿਖੀਏ
.........ਜੇ ਸਭ ਸਹੀ ਸੀ ਤਾਂ ਕ੍ਰਿਪਾ ਕਰਕੇ ਉਪਰੋਕਤ ਫੋਨ ਕਰਨ ਵਾਲੇ ਸੱਜਣ ਨੂੰ ਵੀ ਸਮਝਾਉ
..........ਤੇ ਆਪਣੇ ਕੁਮੈਟ ਕਰਕੇ ਦਸੋ ਕੀ ਤੁਹਾਡਾ ਕੀ ਖਿਆਲ ਹੈ .......
ਤੁਹਾਡੇ ਜਵਾਬ ਦੀ ਉਡੀਕ ਚ ..
ਬਲਦੀਪ ਸਿੰਘ ਰਾਮੂੰਵਾਲੀਆ
28/03/15)
ਬੀ ਐੱਸ ਢਿੱਲੋਂ ਐਡਵੋਕੇਟ
ਪੰਜਾਬ ਦੀ ਰੋਜ਼ ਦੀ ਕਹਾਣੀ
ਤਸਵੀਰਾਂ ਰਾਹੀਂ ਤੁਸੀਂ ਵੇਖਦੇ ਹੋ। ਲੇਖਕ, ਪੱਤਰਕਾਰ, ਲੋਕ ਸਰਕਾਰ ਨੂੰ ਕੋਸ ਕੇ, ਨਿੰਦ ਕੇ ਆਪਣਾ
ਫ਼ਰਜ਼ ਪੂਰਾ ਹੋਇਆ ਸਮਝ ਲੈਂਦੇ ਹਨ। ਪਰ ਇਸ ਸਭ ਕਾਸੇ ਦਾ ਇਲਾਜ ਕੀ ਹੈ? ਇਹ ਕਿਸੇ ਨੇ ਨਹੀਂ
ਦੱਸਿਆ।ਵੱਧ ਤੋਂ ਵੱਧ 'ਸਰਮਾਏਦਾਰੀ ਸਿਸਟਮ' ਦੀ ਦੇਣ ਕਹਿ ਕੇ ਪੱਲਾ ਝਾੜ ਲਿਆ ਜਾਂਦਾ।ਪਰ ਅਜਿਹਾ
ਨਹੀਂ ਹੈ।ਲਾਠੀ ਚਾਰਜ ਕਰਨ ਵਾਲੇ ਪੁਲਿਸ ਮੁਲਾਜ਼ਮ ਤੇ ਲਾਠੀਆਂ ਖਾਣ ਵਾਲੇ ਇੱਕੋ ਵਰਗ ਯਾਨੀ ਨਿਮਨ
ਵਰਗ ਤੇ ਹੇਠਲਾ ਮੱਧ ਵਰਗ ਦੇ ਲੋਕ ਹਨ,ਜਿਨਹਾਂ ਦੇ ਹਿਤ ਸਾਂਝੇ ਹਨ।ਪਰ ਹਾਲਤਾਂ ਕਾਰਨ ਇਹ ਲੋਕ ਲਕੀਰ
ਦੇ ਦੋਨੋ ਪਾਸੇ ਖੜ੍ਹੇ ਹਨ।ਪੁਲਿਸ ਮੁਰਦਾਬਾਦ! ਕਹਿਣਾ ਮਸਲੇ ਦਾ ਹੱਲ ਨਹੀਂ ਹੈ।ਸਿਆਸਤਦਾਂਨ ਆਪਣੇ
ਫਰ"ਜ ਨਿਭਾਉਣ ਦੀ ਥਾਂ ਪਾਸੇ ਹੋ ਕੇ ਤਮਾਸ਼ਾ ਵੇਖਦੇ ਹਨ।ਅੱਧੀ ਕੁ ਪੁਲਿਸ ਦਾ ਆਪਣੇ ਦਵਾਲੇ ਕਿਲਾ
ਬਣਾ ਲੈਂਦੇ ਹਨ! ਜਦੋਂ ਹਾਲਾਤ ਪੁਲਿਸ ਦੇ ਕਾਬੂ ਤੋਂ ਬਾਹਰ ਹੋ ਜਾਣ ਤਾਂ ਅਰਧ ਸੈਨਿਕ ਬਲ ਲਾਏ
ਜਾਂਦੇ ਹਨ।ਤੇ ਜਦੋਂ ਹਾਲਾਤ ਹੋਰ ਵਿਗੜ ਜਾਣ ਤਾਂ ਫੌਜ ਲਾ ਕੇ ਦਿਨਾਂ ਵਿੱਚ ਹੀ ਪੱਤੇ ਸਾਫ ਕਰ
ਦਿੱਤੇ ਜਾਂਦੇ ਹਨ।ਸਿਵਲੀਅਨਾਂ ਦੀ ਫੌਜ ਨਾਲ ਕਾਹਦੀ ਲੜਾਈ ਹੁੰਦੀ ਆ?ਇਹ ਸਿਲਸਲਾ ਸਾਰੀ ਵੀਂਹਵੀਂ
ਸਦੀ ਵਿੱਚ ਚੱਲਿਆ ਸੀ ਤੇ ਕਾਮਯਾਬ ਰਿਹਾ।ਅੱਜ ਵੀ ਚੱਲ ਰਿਹਾ।ਫਿਰ ਲੋਕਾਂ ਦੇ ਇੰਜ ਸਿਰ ਪੜਵਾਉਣ ਦਾ
ਕੀ ਲਾਭ? ਸਰਕਾਰਾਂ ਵੋਟਾਂ ਨਾਲ ਬਦਲਦੀਆਂ ਤੇ ਹਟਦੀਆਂ ਹਨ।ਪਰ ਵੋਟਤੰਤਰ ਦੀ ਇਸ ਨੰਬਰਾਂ ਦੀ ਖੇਡ
ਵਿੱਚ ਲੋਕ ਜਿੱਤਕੇ ਵੀ ਹਾਰ ਜਾਂਦੇ ਹਨ।ਮੋਦੀ ਜੀ ਨੇ 31 % ਵੋਟਾਂ ਲੈ ਕੇ ਹੂੰਝਾ ਫੇਰੂ ਜਿੱਤ ਹਾਸਲ
ਕੀਤੀ ਹੈ। ਯਾਨੀਂ 70% ਲੋਕ ਵਿਰੁੱਧ ਸਨ।ਪੰਜਾਬ ਵਿੱਚ ਬਹੁਗਿਣਤੀ ਲੋਕਾਂ ਨੇ ਬਾਦਲ ਸਰਕਾਰ ਨੂੰ
ਵੋਟਾਂ ਨਹੀਂ ਸਨ ਪਾਈਆਂ ਪਰ ਸਰਕਾਰ ਫਿਰ ਵੀ ਬਣੀ।ਦਿੱਲੀ ਵਿੱਚ ਕੇਜਰੀਵਾਲ ਨੇ ਕਾਂਗਰਸ,ਬੀ ਜੇ ਪੀ
ਨੂੰ ਰੋਲ ਕੇ ਰੱਖ ਦਿੱਤਾ। ਇਹ ਨੰਬਰਾਂ ਦੀ ਖੇਡ ਸਿਆਸਤ ਦੇ ਘੁਲਟੀਏ ਜਾਣਦੇ ਹਨ।ਉਹ ਆਪਣੀ ਬਹੁਗਿਣਤੀ
ਵਾਲੀ ਵਿਰੋਧੀ ਵੋਟ ਵੰਡ ਦਿੰਦੇ ਹਨ।ਹੁਣ ਤਾਂ ਖੁਦ ਸਰਕਾਰੀ ਪਾਰਟੀਆਂ ਲੱਖਾਂ ਰੁਪਏ ਦੇ ਕੇ ਵਿਰੋਧੀ
ਉਮੀਦਵਾਰ ਖੜ੍ਹੇ ਵੀ ਕਰਦੀਆਂ ਨੇ ਤੇ ਉਨ੍ਹਾਂ ਦਾ ਚੋਣ ਖਰਚਾ ਵੀ ਕਰਦੀਆਂ ਹਨ।ਪੰਜਾਬ ਤੋਂ ਅਸਾਂਮ
ਤੱਕ ਤੇ ਕਸ਼ਮੀਰ ਤੋਂ ਕੰਨਿਆਂ ਕੁਮਾਰੀ ਤੱਕ ਹਰ ਥਾਂ ਲੋਕ ਆਪਣੀ ਮੌਜੂਦਾ ਸਰਕਾਰ ਨੂੰ ਹਰਾਉਂਦੇ ਹਨ।
ਪਰ ਫਿਰ ਵੀ ਲੋਕ ਜਿੱਤਕੇ ਹਾਰ ਜਾਂਦੇ ਹਨ।ਜੇ ਮੁਜਾਹਰੇ ਕਰਨ ਦਾ ਮਕਸਦ ਸਰਕਾਰ ਨੂੰ ਹਟਉਣਾਂ ਹੀ ਹੈ
ਤਾਂ ਜਿੱਥੇ ਕਿਤੇ ਵੀ ਚੋਣ ਹੁੰਦੀ ਹੈ,ਉਥੇ ਆਪਣੀ ਸਾਰੀ ਵੋਟ ਕਿਸੇ ਇੱਕ ਚੰਗੇ ਉਮੀਦਵਾਰ ਜਾਂ ਸਿਆਸੀ
ਪਾਰਟੀ ਨੂੰ ਪਾਉ।ਜੇ 70% ਪੋਲਿੰਗ ਹੁੰਦੀ ਹੈ ਤਾਂ ਸਰਕਾਰੀ ਉਮੀਦਵਾਰ 30% ਵੋਟਾਂ ਨਾਲ ਜਿੱਤ ਜਾਂਦਾ
ਹੈ ਕਿਉਂਕੇ ਵਿਰੋਧੀ ਭੁਗਤੀ 40% ਵੋਟ ਚਾਰ ਥਾਵਾਂ ਤੇ ਵੰਡਕੇ 10-10% ਹੀ ਰਹਿ ਜਾਂਦੀ ਹੈ।ਸਿਰਫ
ਵੋਟਾਂ ਵੰਡਣ ਲਈ ਹੀ, ਵਗੈਰ ਮਤਲਬ ਤੋਂ ਖੜ੍ਹੇ, ਉਮੀਦਵਾਰਾਂ ਨੂੰ ਘਰੀਂ ਬਠਾਉਣ ਤੇ ਜੋਰ ਲਾਉ।ਉੱਥੇ
ਜਾ ਕੇ ਵੋਟ ਵੰਡੂ ਉਮੀਦਵਾਰਾਂ ਦੇ ਘਿਰਾਉ ਕਰੋ। ਉਸ ਲੜਾਈ ਦਾ ਕੀ ਲਾਭ ਜਿਸਦਾ ਸਰਕਾਰਾਂ ਨੂੰ ਡਰ ਹੀ
ਕੋਈ ਨਹੀਂ।ਇਹ ਹਥਿਆਰ ਵੋਟਾਂ ਵੇਲੇ ਕਾਰਗਰ ਸਾਬਤ ਹੋਵੇਗਾ।
ਬੀ ਐੱਸ ਢਿੱਲੋਂ
9988091463
28/03/15)
ਅਕੇਸ਼ ਕੁਮਾਰ
ਪ੍ਰਾਈਵੇਟ ਸਕੂਲਾਂ ਵਲੋਂ ਬੱਚਿਆਂ ਨੂੰ ਵਧੀਆ ਸਿਖਿਆ ਦੇਣ ਦੇ ਨਾਮ ਤੇ ਸੀ ਬੀ ਐਸ ਈ ਦੇ ਨਿਯਮਾਂ ਦੇ
ਉਲਟ ਜਿਆਦਾ ਫੀਸ ਅਤੇ ਫੰਡ ਵਸੂਲ ਕੀਤੇ ਜਾ ਰਹੇ ਹਨ
ਅੱਜ ਦੀ ਭੱਜ ਦੌੜ ਭਰੀ ਜਿੰਦਗੀ ਵਿੱਚ ਇਨਸਾਨ ਆਪਣੇ ਬੱਚਿਆਂ ਨੂੰ ਵਧੀਆ ਤੋਂ ਵਧੀਆ
ਸਿਖਿਆ ਦਵਾਉਣ ਲਈ ਯਤਨਸ਼ੀਲ ਰਹਿੰਦਾ ਹੈ ਅਤੇ ਇਸ ਮਾਨਸਿਕਤਾ ਦਾ ਫਾਇਦਾ ਪ੍ਰਾਈਵੇਟ ਸਕੂਲਾਂ ਵਲੋਂ
ਪੂਰੀ ਤਰ੍ਹਾਂ ਲਿਆ ਜਾਂਦਾ ਹੈ। ਬੱਚਿਆਂ ਨੂੰ ਵਧੀਆ ਸਿਖਿਆ ਦੇਣ ਦੇ ਨਾਮ ਤੇ ਬੱਚਿਆਂ ਦੇ ਮਾਂ ਬਾਪ
ਤੋਂ ਨਿਯਮਾਂ ਦੇ ਉਲਟ ਜਿਆਦਾ ਫੀਸ ਅਤੇ ਫੰਡ ਵਸੂਲ ਕੀਤੇ ਜਾ ਰਹੇ ਹਨ। ਇੱਕ ਛੋਟਾ ਜਿਹਾ ਸਕੂਲ ਵੀ
ਐਡਮੀਸ਼ਨ ਦੇ 15 ਦਿਨਾਂ ਦੇ ਸਮੇਂ ਦੇ ਦੌਰਾਨ ਹੀ 10 ਲੱਖ ਰੁਪਏ ਤੋਂ ਲੈ ਕੇ 50 ਲੱਖ ਰੁਪਏ ਕਮਾ
ਜਾਂਦਾ ਹੈ ਅਤੇ ਵੱਡੇ ਸਕੂਲ ਤਾਂ 1 ਕਰੋੜ ਰੁਪਏ ਤੋਂ ਲੈ ਕੇ 2 ਕਰੋੜ ਰੁਪਏ ਐਡਸ਼ੀਮਨ ਦੇ ਸਮੇਂ ਤੇ
ਹੀ ਕਮਾ ਜਾਂਦੇ ਹਨ। ਸਕੂਲ ਦੇ ਪੁਰਾਣੇ ਵਿਦਿਆਰਥੀਆਂ ਤੋਂ ਵੀ ਰੀਅਡਮੀਸ਼ਨ ਅਤੇ ਅਜਿਹੇ ਹੋਰ ਕਈ ਫੰਡ
ਲੈ ਲਏ ਜਾਂਦੇ ਹਨ ਜੋਕਿ ਸਕੂਲ ਲੈ ਹੀ ਨਹੀਂ ਸਕਦੇ। ਭਾਵੇਂ ਇਹ ਫੰਡ ਪੱਕੀ ਰਸੀਦ ਰਾਹੀਂ ਲਿਆ ਜਾਂਦਾ
ਹੈ ਪਰ ਇਸ ਵਿੱਚ ਕਿਹੜੀਆਂ ਕਿਹੜੀਆਂ ਮਦਾਂ ਦਾ ਭੁਗਤਾਨ ਸ਼ਾਮਲ ਹੈ ਇਸ ਦਾ ਵਿਸਤਾਰ ਵਿੱਚ ਵੇਰਵਾ
ਨਹੀਂ ਲਿਖਿਆ ਜਾਂਦਾ ਅਤੇ ਸੀ ਬੀ ਐਸ ਈ ਵੀ ਮਹਿਜ ਖਾਨਾਪੁਰਤੀ ਕਰਨ ਲਈ ਆਪਣੀ ਵੈਬਸਾਇਟ ਉਪਰ ਨਿਯਮ
ਪਾ ਕੇ ਹੀ ਸਾਰੇ ਸਮਲੇ ਹੱਲ ਕਰ ਦਿੰਦਾ ਹੈ। ਪੇਸ਼ਾਸ਼ਨ ਵੀ ਇਹਨਾਂ ਪੇਾਇਵੇਟ ਸਕੂਲਾਂ ਵੱਲੋਂ ਨਜਾਇਜ
ਵਸੂਲੇ ਜਾ ਰਹੇ ਫੰਡਾਂ ਉਪਰ ਕੋਈ ਗੌਰ ਨਹੀ ਕਰਦਾ ਅਤੇ ਪੜਾਈ ਦੇ ਨਾਮ ਬਿਜਨਸ ਦੀਆਂ ਇਹ ਦੁਕਾਨਾਂ
ਚਲਦੀਆਂ ਰਹਿੰਦੀਆਂ ਹਨ।
ਅੱਜ ਨਿਜੀ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਉਣਾ ‘ਸਟੇਟਸ ਸਿੰਬਲ’ ਬੰਨ ਚੁੱਕਿਆ ਹੈ ਹਰ ਇੱਕ ਮਾਂ
ਬਾਪ ਦੀ ਕੋਸ਼ਿਸ਼ ਹੈ ਕਿ ਆਪਣੇ ਬੱਚੇ ਨੂੰ ਬਿਹਤਰ ਸਕੂਲ ਵਿੱਚ ਭੇਜੇ। ਇੱਕ ਹੋੜ ਜਿਹੀ ਮਚੀ ਹੋਈ ਹੈ
ਆਪਣੀ ਆਰਥਕ ਹੈਸਿਅਤ ਤੋਂ ਵੀ ਵੱਧ ਕੇ ਮੰਹਿੰਗੇ ਸਕੂਲ ਲੱਭੇ ਜਾ ਰਹੇ ਹਨ ਤੇ ਉਹਨਾਂ ਵਿੱਚ ਆਪਣੇ
ਬੱਚੇ ਦੇ ਦਾਖਲੇ ਲਈ ਉੱਚੀ ਤੋਂ ਉੱਚੀ ਕੈਪੀਟੇਸ਼ਨ ਫੀਸ ਦੇਣ ਲਈ ਵੀ ਤਿਆਰ ਹਨ, ਜੱਦ ਕਿ ਕੈਪੀਟੇਸ਼ਨ
ਫੀਸ ਨੂੰ ਆਰ. ਟੀ. ਈ. ਦੇ ਤਹਿਤ ਗ਼ੈਰਕਾਨੂੰਨੀ ਘੋਸ਼ਿਤ ਕਰ ਦਿੱਤਾ ਗਿਆ ਹੈ ਸਰਕਾਰੀ ਸਕੂਲਾਂ ਵਿੱਚ
ਹੁਣ ਜਿਆਦਾਤਰ ਉਹੀ ਬੱਚੇ ਜਾ ਰਹੇ ਹੈ ਜੋ ਨਿਜੀ ਸਕੂਲਾਂ ਦੇ ਭਾਰੀ ਭਰਕਮ ਖਰਚੇ ਨਹੀਂ ਚੁੱਕ ਸਕਦੇ।
ਸਿੱਖਿਆ ਅਧਿਕਾਰ ਅਧਿਨਿਯਮ 2009 ਦੇ ਤਹਿਤ ਨਿਜੀ ਸਕੂਲਾਂ ਲਈ ਆਪਣੀ ਕੁਲ ਵਿਦਿਆਰਥੀ ਗਿਣਤੀ ਦਾ
ਘੱਟੋ-ਘੱਟ 25 ਫ਼ੀਸਦੀ ਗਰੀਬ ਤਬਕੇ ਦੇ ਬੱਚਿਆਂ ਨੂੰ ਲਾਜ਼ਮੀ ਰੂਪ ਵਿੱਚ ਦਾਖਲਾ ਦੇਣ ਦਾ ਪ੍ਰਾਵਧਾਨ
ਹੈ ਪਰ ਹਕੀਕਤ ਵਿੱਚ ਕਿੰਨੇ ਨਿਜੀ ਸਕੂਲ ਇਸਤੇ ਅਮਲ ਕਰਦੇ ਹਨ ਇਹ ਸੋਚਣ ਦਾ ਵਿਸ਼ਾ ਹੈ। ਜਿਆਦਾਤਰ
ਨਿਜੀ ਸਕੂਲ ਸੀ ਬੀ ਐਸ ਈ ਤੋਂ ਮਾਨਤਾ ਪ੍ਰਾਪਤ ਹਨ ਤੇ ਉਹਨਾਂ ਵਲੋਂ ਕੀਤੀ ਜਾ ਰਹੀ ਇਸ ਮਨਮਾਨੀ ਲਈ
ਕਾਫੀ ਹੱਦ ਤੱਕ ਸੀ ਬੀ ਐਸ ਈ ਦੇ ਭੇਸਟ ਅਧਿਕਾਰੀ ਵੀ ਜਿੰਮੇਵਾਰ ਹਨ। ਸੀ ਬੀ ਐਸ ਈ ਵਲੋਂ ਮਾਨਤਾ
ਪ੍ਰਾਪਤ ਸਕੂਲਾਂ ਨੂੰ ਇਹ ਖੁੱਲੀ ਛੂਟ ਹੈ ਕਿ ਉਹ ਕਿਸੇ ਵੀ ਮੰਹਿੰਗੇ ਮੁੱਲ ਦੀਆਂ ਕਿਤਾਬਾਂ ਬੱਚਿਆਂ
ਨੂੰ ਲਗਾ ਸਕਦੇ ਹਨ। ਇਸੇ ਤਰ੍ਹਾਂ ਕੁੜੀਆਂ ਦੀ ਸਿਖਿਆ ਪ੍ਰਤੀ ਵੀ ਸੀ ਬੀ ਐਸ ਈ ਵਲੋਂ ਕੋਂਈ ਖਾਸ
ਉਪਰਾਲੇ ਨਹੀਂ ਕੀਤੇ ਜਾਂਦੇ। ਇੱਕ ਪਾਸੇ ਤਾਂ ਪ੍ਰਧਾਨਮੰਤਰੀ ਮੋਦੀ ਜੀ ਕੰਨਿਆ ਬਚਾਓ, ਕੰਨਿਆ ਪੜਾਓ
ਵਰਗੀਆਂ ਯੋਜਨਾਵਾਂ ਨਾਲ ਕੁੜੀਆਂ ਦੀ ਪੜਾਈ ਨੂੰ ਪ੍ਰੋਤਸਾਹਿਤ ਕਰ ਰਹੇ ਹਨ ਪਰ ਦੂਜੇ ਪਾਸੇ ਸੀ ਬੀ
ਐਸ ਈ ਵਲੋਂ ਉਹਨਾਂ ਕੁੜੀਆਂ ਜੋਕਿ ਆਪਣੇ ਮਾਂ ਬਾਪ ਦੀ ਕੇਵਲ ਇੱਕ ਸੰਤਾਨ ਹਨ ਜਾਂ ਕੇਵਲ ਦੋ ਲੜਕੀਆਂ
ਵਾਲੇ ਪਰਿਵਾਰਾਂ ਨੂੰ ਨਿਜੀ ਸਕੂਲਾਂ ਵਿੱਚ ਸਿਖਿਆ ਵਿੱਚ ਮੁਢਲੇ ਪੱਧਰ ਤੱਕ ਕੋਈ ਛੂਟ ਜਾਂ ਸਹੂਲਤ
ਨਹੀਂ ਦਿੱਤੀ ਜਾਂਦੀ।
ਸੀ ਬੀ ਐਸ ਈ ਸਕੂਲਾਂ ਨੂੰ ਮਾਨਤਾ ਤਾਂ ਦੇ ਦਿੰਦਾ ਹੈ ਪਰ ਪ੍ਰਾਈਵੇਟ ਸਕੂਲਾਂ ਦੀ ਕਾਰਗੁਜਾਰੀਆਂ ਤੇ
ਨਿਗਾਹ ਨਹੀਂ ਰਖਦਾ ਤੇ ਨਾਂ ਹੀ ਚੈਕਿੰਗ ਕਰਦਾ ਹੈ। ਸੀ ਬੀ ਐਸ ਈ ਵਲੋਂ ਲੋਕਾਂ ਨੂੰ ਵੀ ਜਾਗਰੁੱਕ
ਕਰਣ ਲਈ ਕੋਈ ਯਤਨ ਨਹੀਂ ਕਿਤਾ ਜਾਂਦਾ। ਵਿਦਿਆਰਥੀਆਂ ਤੋਂ ਕਿੰਨੀ ਫੀਸ ਜਾਂ ਬਿਲਡਿੰਗ ਫੰਡ ਲਿਆ ਜਾ
ਸਕਦਾ ਹੈ ਜਾਂ ਕਿਹੜੇ ਗੈਰਜਰੂਰੀ ਖਰਚੇ ਸਕੂਲ ਨਹੀਂ ਕਰਵਾ ਸਕਦੇ ਇਸ ਸਭ ਦੀ ਕੋਈ ਜਾਣਕਾਰੀ ਮਾਂ ਪਿਓ
ਨੂੰ ਕਿਧਰੋਂ ਵੀ ਨਹੀਂ ਮਿਲਦੀ।
ਦੇਸ਼ ਵਿੱਚ ਸਿੱਖਿਆ ਲਗਾਤਾਰ ਮਹਿੰਗੀ ਹੁੰਦੀ ਜਾ ਰਹੀ ਹੈ। ਆਧੁਨਿਕ ਸਿੱਖਿਆ ਇੰਨੀ ਮਹਿੰਗੀ ਹੋ ਗਈ
ਹੈ ਕਿ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਹੈ। ਸਿੱਖਿਆ ਦਾ ਵਿਆਪਾਰੀਕਰਣ ਆਪਣੇ ਚਰਮ
ਉੱਤੇ ਹੈ ਸਿੱਖਿਆ ਇੱਕ ਅਜਿਹਾ ਵਪਾਰ ਬੰਨ ਚੁੱਕੀ ਹੈ ਕਿ ਜਿਸ ਵਿੱਚ ਘੱਟ ਨਿਵੇਸ਼ ਉੱਤੇ ਜ਼ਿਆਦਾ
ਮੁਨਾਫਾ ਕਮਾਇਆ ਜਾ ਰਿਹਾ ਹੈ ਤੇ ਇਸ ਵਪਾਰ ਵਿੱਚ ਘਾਟੇ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ
ਨਿਜੀਕਰਣ ਦੇ ਚਲਦੇ ਸਿੱਖਿਆ ਲਗਾਤਾਰ ਮਹਿੰਗੀ ਹੁੰਦੀ ਜਾ ਰਹੀ ਹੈ। ਬੱਚਿਆਂ ਦੀ ਪੜਾਈ ਉੱਤੇ
ਮਹਾਨਗਰਾਂ ਵਿੱਚ ਮਾਤਾ-ਪਿਤਾ ਆਪਣੀ ਕਮਾਈ ਦਾ 40 ਫੀਸਦੀ ਹਿੱਸਾ ਖਰਚ ਕਰ ਰਹੇ ਹਨ। ਏਸੋਸਿਏਟੇਡ
ਚੈਂਬਰ ਆਫ ਕਾਮਰਸ ਐਂਡ ਇੰਡਸਟਰੀ (ਏਸੋਚੈਮ) ਨੇ 2011 ਵਿੱਚ ਸਿੱਖਿਆ ਉੱਤੇ ਹੁੰਦੇ ਖਰਚ ਨੂੰ ਲੈ ਕੇ
ਇੱਕ ਸਰਵੇਖਣ ਕੀਤਾ ਸਰਵੇ ਦਾ ਵਿਸ਼ਾ ਸੀ ’ ਸਿੱਖਿਆ ਉੱਤੇ ਵੱਧਦੀ ਲਾਗਤ ਤੋਂ ਵਿਆਕੁਲ ਅਭਿਭਾਵਕ’
ਇਸ ਸਰਵੇ ਦੀ ਰਿਪੋਰਟ ਵਿੱਚ ਕਿਹਾ ਗਿਆ ਕਿ 2011 ਵਿੱਚ ਸਿਰਫ ਇੱਕ ਬੱਚੇ ਦੀ ਮੁਢਲੀ/ ਮਿਡਲ ਸਿੱਖਿਆ
ਉੱਤੇ ਹੀ ਮਾਂ ਬਾਪ ਦਾ ਖਰਚ ਕਰੀਬ 94, 000 ਰੂਪਏ ਤੱਕ ਹੋ ਜਾਵੇਗਾ ਇਹ ਖਰਚ ਫੀਸ, ਸਕੂਲ
ਆਣਾ-ਜਾਣਾ, ਕਿਤਾਬਾਂ, ਵਰਦੀ, ਸਟੇਸ਼ਨਰੀ, ਟਿਊਸ਼ਨ ਅਤੇ ਪੜਾਈ ਨਾਲ ਜੁੜੀਆਂ ਹੋਰ ਚੀਜਾਂ ਉੱਤੇ
ਹੋਵੇਗਾ ਸਰਵੇਖਣ ਦੇ ਸਿੱਟੇ ਦੱਸਦੇ ਹਨ ਕਿ ਸਿੱਖਿਆ ਦੀ ਵੱਧਦੀ ਲਾਗਤ ਮਾਂ ਬਾਪ ਲਈ ਚਿੰਤਾ ਦਾ ਇੱਕ
ਪ੍ਰਮੁੱਖ ਵਿਸ਼ਾ ਬੰਨ ਗਈ ਹੈ। ਏਸੋਚੈਮ ਦੇ ਜਾਂਚ ਦਲ ਨੇ ਇਹ ਸਰਵੇਖਣ ਜਨਵਰੀ-ਮਾਰਚ 2011 ਦੇ ਦੌਰਾਨ
ਕੀਤਾ ਸੀ ਅਤੇ ਇਸ ਵਿੱਚ ਸਾਹਮਣੇ ਆਇਆ ਕਿ ਸਨਾਤਕ ਦੀ ਉਪਾਧਿ ਹਾਸਲ ਕਰਣ ਤੱਕ ਇੱਕ ਬੱਚੇ ਉੱਤੇ 18 -
20 ਲੱਖ ਰੂਪਏ ਖਰਚ ਹੋ ਜਾਂਦੇ ਹਨ
ਨਿਜੀ ਸਕੂਲਾਂ ਨੇ ਮਾਂ ਬਾਪ ਦੀਆਂ ਜੇਬਾਂ ਚੋਂ ਪੈਸੇ ਕਢਵਾਉਣ ਲਈ ਇਨ੍ਹੇ ਤਰੀਕੇ ਅਪਣਾ ਲਏ ਹਨ ਕਿ
ਚੰਗੇ - ਚੰਗੇ ਨੂੰ ਨਾਨੀ ਯਾਦ ਆ ਜਾਵੇ। ਮਸਲਨ - ਏਡਮਿਸ਼ਨ ਫੀਸ, ਡੇਵਲਪਮੇਂਟ ਚਾਰਜ, ਏਨੁਅਲ ਚਾਰਜ,
ਬਿਲਡਿੰਗ ਫੰਡ, ਟਰਾਂਸਪੋਰਟ ਚਾਰਜ, ਏਕਟਿਵਿਟੀ ਚਾਰਜ, ਲੈਬ ਫੀਸ, ਸਮਾਰਟ ਕਲਾਸ ਫੀਸ, ਕੰਪਉਟਰ ਫੀਸ
ਆਦਿ। ਨਿਜੀ ਸਕੂਲਾਂ ਵਲੋਂ ਫੀਸਾਂ ਵਿੱਚ ਬੇਤਹਾਸ਼ਾ ਵਾਧੇ ਦਾ ਕਾਰਨ ਟੀਚਰਾਂ ਦੀ ਵਧਦੀ ਤਨਖਾਹ ਅਤੇ
ਹੋਰ ਸੁਵਿਧਾਵਾਂ ਦੱਸਿਆ ਜਾਂਦਾ ਹੈ ਪਰ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਕਿ ਕਿੰਨੇ ਨਿਜੀ ਸਕੂਲ ਅਸਲ
ਵਿੱਚ ਸਰਕਾਰੀ ਵੇਤਨਮਾਨ ਦੇ ਅਨੁਸਾਰ ਅਧਿਆਪਕਾਂ ਨੂੰ ਤਨਖਾਹ ਅਤੇ ਹੋਰ ਸੁਵਿਧਾਵਾਂ ਦੇ ਰਹੇ ਹਨ
ਸਕੂਲਾਂ ਵਿੱਚ ਕਿੰਨੇ ਹੀ ਅਧਿਆਪਕ ਅਸਥਾਈ ਹੁੰਦੇ ਹਨ ਤੇ ਜਿਆਦਤਰ ਨੂੰ ਤਾਂ ਬਹੁਤ ਘੱਟ ਹੀ ਤਨਖਾਹ
ਮਿਲਦੀਆਂ ਹਨ ਇਸੇ ਕਰਕੇ ਤਾਂ ਅਧਿਆਪਕ ਸਰਕਾਰੀ ਨੌਕਰੀ ਨੂੰ ਪਹਿਲ ਦਿੰਦੇ ਹਨ ਅਤੇ ਜੇ ਸਰਕਾਰੀ
ਨੌਕਰੀ ਨਾ ਮਿਲੇ ਤਾਂ ਹੀ ਪ੍ਰਾਈਵੇਟ ਨੌਕਰੀ ਵਿੱਚ ਜਾਂਦੇ ਹਨ।
ਨਿਜੀ ਸਕੂਲਾਂ ਵਲੋਂ ਬੇਤਹਾਸ਼ਾ ਫੀਸ ਵਾਧਾ ਅਤੇ ਹੋਰ ਖਰਚਿਆਂ ਵਿੱਚ ਵਾਧੇ ਨੂੰ ਲੈ ਕੇ ਪਿਛਲੇ ਕੁੱਝ
ਦਿਨਾਂ ਵਿੱਚ ਦੇਸ਼ ਦੇ ਕਈ ਖੇਤਰਾਂ ਵਿੱਚ ਮਾਂ ਬਾਪ ਅਤੇ ਸਕੂਲ ਪ੍ਰਬੰਧਨ ਦੇ ਵਿੱਚ ਤਨਾਤਨੀ ਚੱਲਦੀ ਆ
ਰਹੀ ਹੈ। ਪਿਛਲੇ ਕਈ ਸਾਲਾਂ ਤੋਂ ਫੀਸ ਅਤੇ ਏਨੁਅਲ ਚਾਰਜ ਵਿੱਚ ਹੋਣ ਵਾਲੇ ਵਾਧੇ ਅਤੇ ਸਕੂਲਾਂ ਦੇ
ਅੰਦਰ ਹੀ ਕਿਤਾਬਾਂ ਦੇ ਵਿਕਣ ਨੂੰ ਲੈ ਕੇ ਹੰਗਾਮਾ ਹੁੰਦਾ ਆ ਰਿਹਾ ਹੈ, ਲੇਕਿਨ ਸਮੱਸਿਆ ਦਾ ਸਥਾਈ
ਸਮਾਧਾਨ ਨਹੀਂ ਨਿਕਲ ਰਿਹਾ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਲਈ ਕੋਈ ਠੋਸ ਕਾਨੂੰਨ ਬਣਾਏ ਹੀ ਨਹੀਂ
ਗਏ। ਜੋ ਸੀ ਬੀ ਐਸ ਈ ਪ੍ਰਾਈਵੇਟ ਸਕੂਲਾਂ ਨੂੰ ਦੇਖਦੀ ਹੈ ਉਹ ਤਾਂ ਸਫੇਦ ਹਾਥੀ ਬਣ ਕੇ ਰਹਿ ਗਈ ਹੈ।
ਉਸਦਾ ਕੰਮ ਸਿਰਫ ਸਕੂਲਾਂ ਨੂੰ ਮਾਨਤਾ ਦੇਣ ਦਾ ਰਹਿ ਗਿਆ ਹੈ ਉਸਤੋਂ ਬਾਦ ਸਕੂਲ ਕੀ ਕਰਦੇ ਹਨ ਜਾਂ
ਕੀ ਨਹੀਂ ਇਹ ਵੇਖਣ ਵਾਲਾ ਕੋਈ ਨਹੀਂ। ਸਰਕਾਰ ਨੂੰ ਇਸ ਸਫੇਦ ਹਾਥੀ ਦੀ ਬਜਾਏ ਹੋਰ ਕਿਸੇ ਸੰਸਥਾਂ
ਨੂੰ ਪ੍ਰਾਈਵੇਟ ਸਕੂਲ ਦੀ ਨਿਗਰਾਨੀ ਦੀ ਜਿੰਮੇਵਾਰੀ ਦੇਣੀ ਚਾਹੀਦੀ ਹੈ ਤਾਂ ਜੋ ਹਰ ਬੱਚੇ ਦਾ ਸਸਤੀ
ਤੇ ਵਧੀਆ ਸਿਖਿਆ ਦਾ ਸੁਪਨਾ ਪੂਰਾ ਹੋ ਸਕੇ।
ਅਕੇਸ਼ ਕੁਮਾਰ
ਲੇਖਕ
ਗੁਰੂ ਨਾਨਕ ਨਗਰ
ਬਰਨਾਲਾ
ਮੋ 98880-31426
26/03/15)
ਡਾ: ਇਕਬਾਲ ਸਿੰਘ ਢਿੱਲੋਂ
ਸਤਿਕਾਰਯੋਗ ਸ. ਹਾਕਮ ਸਿੰਘ ਜੀਓ,
ਸਤਿ ਕਰਤਾਰ!
ਇਸ ਹਫਤੇ ਸਿਖਮਾਰਗ ਵੈਬਸਾਈਟ ਉੱਤੇ ਪਾਇਆ ਗਿਆ ਆਪ ਜੀ ਦਾ ਲੇਖ “ਗਿਆਨੁ ਭਇਆ ਤਹ ਕਰਮਹ ਨਾਸੁ”
ਪੜ੍ਹਨ ਉਪਰੰਤ ਬੇਹੱਦ ਪ੍ਰਸੰਨਤਾ ਹੋਈ ਹੈ ਕਿ ਆਪ ਜੀ ਨੇ ਸਿੱਖੀ ਪ੍ਰਤੀ ਆਪਣੀ ਵਿਚਾਰਧਾਰਾ ਵਿੱਚ
ਹੇਠਾਂ ਦਿੱਤੇ ਤਿੰਨ ਨੁਕਤਿਆ ਤੇ ਤਬਦੀਲੀ ਲੈ ਆਂਦੀ ਹੈ:
1. ਆਪ ਜੀ ਨੇ ਗੁਰਮੱਤ ਦੀ ਅਧਿਆਤਮਿਕਤਾ ਦੀ ਗੱਲ ਕਰਦਿਆ ‘ਆਤਮਾ’ ਭਾਵ ਰੂਹ
(soul)
ਨੂੰ ਵਿੱਚ ਨਹੀਂ ਲਿਆਂਦਾ।
2. ਆਪ ਜੀ ਨੇ ਪ੍ਰਭੂ ਵਾਸਤੇ ਵੀ ਸ਼ਬਦ ‘ਪਰਮਾਤਮਾ’ ਦੀ ਵਰਤੋਂ ਨਹੀਂ ਕੀਤੀ (ਸ਼ਬਦ ‘ਆਤਮਾ’ ਅਤੇ
‘ਪਰਮਾਤਮਾ’ ਸਨਾਤਨੀ ਅਦਵੈਤਵਾਦੀ ਵਿਚਾਰਧਾਰਾ ਨਾਲ ਸਬੰਧਤ ਹਨ, ਗੁਰਮੱਤ ਦੀ ਅਧਿਆਤਮਿਕਤਾ ਇਸ
ਸਨਾਤਨੀ ਵਿਚਾਰਧਾਰਾ ਨੂੰ ਨਕਾਰਦੀ ਹੈ)।
3. ਆਪ ਜੀ ਨੇ ਸਪਸ਼ਟ ਲਿਖਿਆ ਹੈ ਕਿ ਗੁਰਮੱਤ ਦੀ ਅਧਿਆਤਮਿਕਤਾ ਕਿਸੇ ‘ਸੰਸਥਾਗਤ ਜਾਂ ਜਥੇਬੰਦਕ ਸਿੱਖ
ਧਰਮ’ ਨੂੰ ਮਾਨਤਾ ਨਹੀਂ ਦਿੰਦੀ।
ਸ. ਹਾਕਮ ਸਿੰਘ ਜੀ, ਆਪ ਜੀ ਆਪਣੇ ਪਿਛਲੇ ਲੇਖਾਂ ਵਿੱਚ ਗੁਰਮੱਤ ਦੀ ਅਧਿਆਤਮਿਕਤਾ ਨੂੰ ਸਮਾਜਕ
(ਅਤੇ ਮਨੁੱਖੀ) ਸੁਧਾਰ ਦੀ ਪ੍ਰੀਕਿਰਿਆ ਨਾਲੋਂ ਨਿਖੇੜ ਕੇ ਪੇਸ਼ ਕਰਦੇ ਰਹੇ ਹੋ ਅਤੇ ਵਿਚਾਰ-ਅਧੀਨ
ਲੇਖ ਵਿੱਚ ਵੀ ਆਪ ਜੀ ਗੁਰਮੱਤ ਦੀ ਅਧਿਆਤਮਿਕਤਾ ਨੂੰ ਮਨੁੱਖੀ ‘ਕਰਮ’ ਨਾਲੋਂ ਨਿਖੇੜ ਕੇ ਦਰਸਾ ਰਹੇ
ਹੋ। ਆਪ ਜੀ ਦੀ ਇਸ ਲਿਖਤ ਤੋਂ ਇਹ ਪਰਭਾਵ ਬਣਦਾ ਹੈ ਕਿ ਗੁਰਮੱਤ ‘ਕਰਮ’ ਨੂੰ ਕੇਵਲ ਨਾਂਹਪੱਖੀ
ਮਨੁੱਖੀ ਵਰਤਾਰੇ ਦੇ ਤੌਰ ਤੇ ਹੀ ਵੇਖਦੀ ਹੈ ਜਦੋਂ ਕਿ ਅਸਲੀ ਸਥਿਤੀ ਇਹ ਨਹੀਂ। ਗਹੁ ਨਾਲ ਵੇਖਿਆ
ਜਾਵੇ ਤਾਂ ਗੁਰਮੱਤ ਚੰਗੇ ਅਤੇ ਮਾੜੇ ਦੋਵਾਂ ਕਿਸਮਾਂ ਦੇ ਕਰਮਾਂ ਦੀ ਗੱਲ ਕਰਦੀ ਹੈ ਜਿਵੇਂ ਕਿ
ਹੇਠਾਂ ਦਿੱਤੀਆਂ ਸਤਰਾਂ ਤੋਂ ਸਪਸ਼ਟ ਹੈ:
ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ॥
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥
ਉੱਪਰ ਆਈਆਂ ਸਤਰਾਂ ਦਾ ਭਾਵ ਇਹ ਹੈ ਕਿ ਚੰਗੇ ਕਰਮਾਂ ਰਾਹੀਂ ਪ੍ਰਭੂ ਦੀ ਨੇੜਤਾ ਪਰਾਪਤ ਹੁੰਦੀ ਹੈ
ਅਤੇ ਬੁਰੇ ਕਰਮਾਂ ਨਾਲ ਪ੍ਰਭੂ ਤੋਂ ਦੂਰੀ ਬਣਦੀ ਹੈ। ਇੱਸੇ ਤਰ੍ਹਾਂ ਗੁਰਬਾਣੀ ਵਿੱਚ ਅੰਕਿਤ ਹੈ,
‘ਕਰਿ ਕਰਿ ਕਰਣਾ ਲਿਖਿ ਲੈ ਜਾਹੁ॥ ਆਪੇ ਬੀਜਿ ਆਪੇ ਹੀ ਖਾਹੁ॥’, ‘ਜੇਹਾ
ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ’ ਅਤੇ ‘ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ॥’
ਗੁਰਬਾਣੀ ਦੀਆਂ ਇਹਨਾਂ ਸਤਰਾਂ ਦਾ ਭਾਵ ਇਹ ਨਿਕਲਦਾ ਹੈ ਕਿ ਕਰਮ ਚੰਗੇ ਵੀ ਹੁੰਦੇ ਹਨ ਅਤੇ ਮਾੜੇ ਵੀ
ਅਤੇ ਮਨੁੱਖ ਨੂੰ ਆਪਣੇ ਜੀਵਨ ਵਿੱਚ ਆਣੇ ਚੰਗੇ ਮਾੜੇ ਕਰਮਾਂ ਦੇ ਮੁਤਾਬਿਕ ਹੀ ਫਲ ਦੀ ਪਰਾਪਤੀ
ਹੁੰਦੀ ਹੈ।
ਸ. ਹਾਕਮ ਸਿੰਘ ਜੀ, ਗੁਰਬਾਣੀ ਵਿੱਚ ‘ਕਰਮ ਨਾਸ’ ਦੇ ਸੰਕਲਪ ਦਾ ਭਾਵ ਬੁਰੇ ਕਰਮਾਂ ਦੇ ਨਾਸ ਤੋਂ
ਬਣਦਾ ਹੈ ਨਾ ਕਿ ਹਰ ਤਰਾਂ ਦੇ ਕਰਮਾਂ ਦੇ ਨਾਸ ਤੋਂ ਜਿਵੇਂ ਕਿ ਆਪ ਜੀ ਦਰਸਾ ਰਹੇ ਹੋ। ਦੂਸਰੇ ਪਾਸੇ
ਮਾੜੇ ਕਰਮਾਂ ਨੂੰ ਚੰਗੇ ਕਰਮਾਂ ਵਿੱਚ ਬਦਲਣ ਭਾਵ ਸਿਹਤਮੰਦ ਕਦਰਾਂ-ਕੀਮਤਾਂ ਅਧਾਰਿਤ ਵਰਤਾਰਾ
ਸੁਨਿਸਚਤ ਕਰਨ ਨਾਲ ਹੀ ਮਨੁੱਖੀ ਅਤੇ ਸਮਾਜਕ ਸੁਧਾਰ ਸੰਭਵ ਹੋ ਸਕਦਾ ਹੈ। ਅਸਲ ਵਿੱਚ ਗੁਰਮੱਤ ਦਾ
ਪਹਿਲਾ ਸਰੋਕਾਰ ਹੀ ਮਨੁੱਖ ਦੇ ਵਿਅਕਤੀਗਤ ਪੱਧਰ ਤੇ ਨੈਤਿਕਤਾ (ਕਦਰਾਂ-ਕੀਮਤਾਂ) ਨੂੰ ਪਰਪੱਕ ਕਰਦੇ
ਹੋਏ ਇੱਕ ਅਦਰਸ਼ਕ ਮਨੁੱਖੀ ਸਮਾਜ ਦੀ ਸਿਰਜਣਾ ਕਰਨਾ ਹੈ। ਸੋ ਗੁਰਮੱਤ ਨੂੰ ਚੰਗੇ ਕਰਮਾਂ ਦੀ
ਪ੍ਰੀਕਿਰਿਆ ਅਤੇ ਸਮਾਜਕ ਸੁਧਾਰ ਦੇ ਟੀਚੇ ਤੋਂ ਨਿਖੇੜ ਕੇ ਵੇਖਿਆ ਹੀ ਨਹੀਂ ਜਾ ਸਕਦਾ।
ਸ. ਹਾਕਮ ਸਿੰਘ ਜੀ ਉਮੀਦ ਹੈ ਕਿ ਉੱਪਰ ਆਏ ਵਿਚਾਰਾਂ ਨੂੰ ਸਾਹਮਣੇ ਰੱਖਦੇ ਹੋਏ ਆਪ ਜੀ ਗੁਰਮੱਤ
ਸਬੰਧੀ ਆਪਣੇ ਦ੍ਰਿਸ਼ਟੀਕੋਣ ਵਿੱਚ ਹੋਰ ਤਬਦੀਲੀ ਲਿਆਉਣ ਦਾ ਯਤਨ ਕਰੋਗੇ। ਵਧੇਰੇ ਵਿਸਥਾਰ ਲਈ ਆਪ ਜੀ
ਸਿਖਮਾਰਗ ਵੈਬਸਾਈਟ ਉੱਤੇ ਉਪਲਭਦ ਮੇਰਾ ਲੇਖ ‘ਗੁਰਮੱਤ ਬਨਾਮ ਮਾਨਵਵਾਦ’ ਵੀ ਪੜ੍ਹ ਸਕਦੇ ਹੋ
ਜੀ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
26/03/15)
ਬਲਦੀਪ ਸਿੰਘ ਰਾਮੂੰਵਾਲੀਆ-ਫੇਸਬੁੱਕ ਰਾਹੀਂ
ਸੌ
ਸਾਲ ਤੋਂ ਵੀ ਪਹਿਲਾਂ ਪੰਥ ਦਾ ਸੁਧਾਰਵਾਦੀ ਪੰਥ ਰਤਨ ਬਾਬੂ ਤੇਜਾ ਸਿੰਘ ਭਸੌੜ ਜਿਸ ਨੇ ਸਾਰੀ ਉਮਰ
ਲਈ ਪੰਥ ਵਿੱਚੋਂ ਛੇਕਿਆ ਜਾਣਾ ਪ੍ਰਵਾਨ ਕੀਤਾ, ਪਰ ਧਰਮ ਵਿੱਚ ਰਿਲਾਵਟ ਪ੍ਰਵਾਨ ਨਹੀ ਕੀਤੀ।
ਪੰਥ ਰਤਨ ਬਾਬੂ ਤੇਜਾ ਸਿੰਘ ਨੇ ਅੱਜ ਤੋਂ ਕਰੀਬ ੧੦੦ ਸਾਲ ਤੋਂ ਪਹਿਲਾਂ ਗੁਰਮਤਿ ਦੇ ਪਰਚਾਰ ਲਈ ਜੋ
ਕੰਮ ਕੀਤੇ ਉਹਨਾ ਵਿੱਚੋ ਕੁੱਝ ਕੁ ਹੇਠਾਂ ਲਿੱਖ ਰਿਹਾਂ ਹਾਂ।
(੧) ਹਰ ਗੁਰਸਿੱਖ ਲਈ ਅੰਮ੍ਰਿਤ ਛਕਣਾ ਤੇ ਬਾਣੀ ਬਾਣੇ ਨਾਲ ਜੁੜਨਾ ਜ਼ਰੂਰੀ ਹੈ।
ਬੀਬੀਆਂ ਲਈ ਸਿਰ ਤੇ ਦਸਤਾਰ ਬੰਨ੍ਹਣੀ ਤੇ ਪੰਜ ਕਕਾਰੀ ਰਹਿਣਾ ਹੈ।
(੨) ਬੀਬੀਆਂ ਲਈ ਵਿਦਿਆ ਪੜ੍ਹਨੀ ਜ਼ਰੂਰੀ ਹੈ। ਜਿੰਨਾ ਚਿਰ ਬੀਬੀਆਂ ਪੁਰਸ਼ਾਂ ਦੇ ਬਰਾਬਰ ਵਿਦਿਆ ਨਹੀ
ਪੜ੍ਹਨਗੀਆਂ, ਸਿੱਖ ਧਰਮ ਉੱਨਤੀ ਨਹੀ ਕਰ ਸਕੇਗਾ। ਇਸ ਕਾਰਜ਼ ਲਈ ਆਪਣੇ ਪਿੰਡ ਭਸੌੜ ਵਿੱਚ ਬੀਬੀਆਂ ਲਈ
ਉਸ ਸਮੇਂ ਮੁਫ਼ਤ ਸਕੂਲ ਤੇ ਬੋਰਡਿੰਗ ਖੋਲ੍ਹ ਲਿਆ। ਜਿਸ ਵਿੱਚ ਦੁਨਿਆਵੀ ਵਿਦਿਆ ਦੇ ਨਾਲ ਨਾਲ
ਗੁਰਬਾਣੀ ਅਤੇ ਕੀਰਤਨ ਸਿਖਾਇਆ ਜਾਂਦਾ ਸੀ। ਇਸ ਤੋਂ ਪਹਿਲਾਂ ਕਿਸੇ ਸਿੱਖ ਸੰਸਥਾ ਜਾਂ ਸ੍ਰੋਮਣੀ
ਕਮੇਟੀ ਨੂੰ ਅਜਿਹਾ ਖਿਆਲ ਵੀ ਨਹੀ ਆਇਆ ਸੀ।
(੩) ਅੱਜ ਜੋ ਅਸੀਂ ਪਦਛੇਦ ਬੀੜ੍ਹਾਂ ਤੋਂ ਬੜੇ ਆਰਾਮ ਨਾਲ ਪਾਠ ਕਰ ਰਹੇ ਹਾਂ, ਇਹ ਬਾਬੂ ਤੇਜਾ ਸਿੰਘ
ਦੀ ਦੇਣ ਹੈ। ਉਹਨਾਂ ਨੇ ਸੱਭ ਤੋਂ ਪਹਿਲਾਂ ਪਦਛੇਦ ਬੀੜ੍ਹ ਛਪਵਾਈ। ਸ੍ਰੀ ਗੁਰੁ ਗਰੰਥ ਸਾਹਿਬ ਦੀਆਂ
ਬੀੜ੍ਹਾਂ ਬਾਬੂ ਤੇਜਾ ਸਿੰਘ ਉਹਨਾਂ ਬਿਨਾਂ ਰਾਗ ਮਾਲਾ ਤੋਂ ਛਾਪਵਾਈਆਂ। ਸਾਰਾ ਪੰਥ ਉਹਨਾਂ ਦੇ ਪਿਛੇ
ਹੱਥ ਧੋ ਕੇ ਪੈ ਗਿਆ ਕਿ ਭਸੌੜੀਆਂ ਨੇ ਗੁਰੂ ਸਾਹਿਬ ਦੇ ਅੰਗ ਕੱਟ ਦਿੱਤੇ ਹਨ। ਨਿਹੰਗ ਸਿੰਘਾਂ ਨੂੰ
ਹੱਲਾ ਸ਼ੇਰੀ ਦੇ ਕੇ ਅਤੇ ਭੜਕਾ ਕੇ ਪੰਚ ਖੰਡ ਆਸ਼ਰਮ ਦੁਆਲੇ ਘੇਰਾ ਪਵਾ ਦਿੱਤਾ ਕਿ ਬਾਬੂ ਤੇਜਾ ਸਿੰਘ
ਨੂੰ ਜ਼ਿਉਂਦਾ ਨਹੀ ਛੱਡਣਾ।
(੪) ਬਾਬੂ ਤੇਜਾ ਸਿੰਘ ਦਾ ਪੰਚ ਖਾਲਸਾ ਦੀਵਾਨ ਸੱਭ ਤੋਂ ਪਹਿਲੀ ਸੰਸਥਾ ਹੈ ਜਿਸ ਨੇ ਸਿੱਖ ਧਰਮ ਦੇ
ਵਧੇਰੇ ਪ੍ਰਚਾਰ ਲਈ ਸੱਭ ਤੋਂ ਪਹਿਲਾਂ ਰਸਾਲੇ, ਅਖਬਾਰ ਅਤੇ ਟਰੈਕਟ ਆਦਿ ਛਾਪ ਕੇ ਸਿੱਖ ਧਰਮ ਦਾ
ਪ੍ਰਚਾਰ ਕੀਤਾ।
(੫) ਪੰਚ ਖਾਲਸਾ ਦੀਵਾਨ ਸੱਭ ਤੋਂ ਪਹਿਲੀ ਸੰਸਥਾ ਸੀ ਜਿਸ ਨੇ ਫੌਜੀ ਸਿੰਘਾਂ ਦੀਆਂ ਪਲਟਨਾਂ ਵਿੱਚ
ਗੁਰਬਾਣੀ ਦੇ ਨਿੱਤਨੇਮ ਦੇ ਗੁਟਕੇ ਛਾਪ ਕੇ ਲੱਖਾਂ ਦੀ ਗਿਣਤੀ ਵਿੱਚ ਮੁਫਤ ਭੇਜੇ ਤੇ ਮੁਫਤ ਵੰਡੇ।
(੬) ਇਹ ਹੀ ਪਹਿਲੀ ਸਿੱਖ ਸੰਸਥਾਂ ਸੀ ਜਿਸ ਨੇ ਫੌਜ ਵਿੱਚ ਦਾੜ੍ਹਾ ਨਾ ਬੰਨਣ ਵਾਲੇ ਸਿੰਘਾਂ ਨੂੰ
ਕ੍ਰਿਪਾਨ ਬਹਾਦਰ ਤੇ ਦਾੜ੍ਹਾ ਬਹਾਦਰ ਦੇ ਖਿਤਾਬ ਦਿੱਤੇ। ਪਹਿਲਾਂ ਤਾਂ ਸਾਰੇ ਸਿੰਘ ਸਿਪਾਹੀਆਂ ਦੇ
ਦਾੜ੍ਹੇ ਖੁੱਲ੍ਹੇ ਹੀ ਹੁੰਦੇ ਸਨ ਪਰ ਬਾਅਦ ਵਿੱਚ ਕਿਸੇ ਸਮੇਂ ਰਾਈਫਲ ਨਾਲ ਪ੍ਰੇਡ ਕਰਦੇ ਸਮੇਂ ਜਾਂ
ਆਰਾਮ ਕਰਦੇ ਸਮੇਂ, ਜਦੋਂ ਰਾਈਫਲ ਉਪਰ ਨੂੰ ਚੁੱਕੀ ਜਾਂਦੀ ਸੀ ਤਾਂ ਉਹ ਦਾੜੀ ਵਿੱਚ ਫਸ ਜਾਂਦੀ ਸੀ,
ਜਿਸ ਤੇ ਮੂਵਮੈਂਟ ਠੀਕ ਨਾ ਹੋ ਸਕਦੀ ਸੀ, ਇਸ ਤੋਂ ਪਿਛੋਂ ਅੰਗਰੇਜ਼ ਹਕੂਮਤ ਵੱਲੋਂ ਹੁਕਮ ਕੀਤਾ ਗਿਆ
ਸੀ ਕਿ ਸੱਭ ਸਿੱਖ ਸਿਪਾਹੀ ਦਾੜ੍ਹਾ ਬੰਨ ਕੇ ਹੀ ਪਰੇਡ ਕਰਿਆ ਕਰਨਗੇ। ਜਿੰਨਾ ਸਿੰਘਾਂ ਨੇ ਹੁਕਮ
ਮੰਨਣੋ ਇਨਕਾਰ ਕਰ ਦਿੱਤਾ, ਉਹਨਾ ਨੂੰ ਫੌਜ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ।
(੭) ਅੱਜ ਤੱਕ ਕੇਵਲ ਤੇ ਕੇਵਲ ਬਾਬੂ ਤੇਜਾ ਸਿੰਘ ਹੀ ਅਜੇਹੀ ਸਿੱਖ ਸੰਸਥਾ ਦਾ ਮੁੱਖੀ ਹੋਇਆ ਹੈ।
ਜਿਸ ਨੇ ਲੱਖਾਂ ਰੁਪਿਆਂ ਦਾ ਸਿੱਖ ਸਾਹਿਤ ਸਿੱਖੀ ਤੇ ਸਿੱਖ ਧਰਮ ਦੇ ਪਰਚਾਰ ਲਈ ਮੁਫਤ ਜਾਂ ਨਾਂ
ਮਾਤਰ ਕੀਮਤ ਤੇ ਵੰਡਿਆ ਹੋਵੇ।
(੮) ਪਰ ਗੁਰਦਵਾਰੇ ਦੀ ਇਮਾਰਤ ਬਿੱਲਕੁਲ ਨਾ ਬਣਾਈ ਹੋਵੇ। ਲੱਗਭੱਗ ੪੦-੫੦ ਫੁਟ ਦਾ ਇੱਕ ਟੀਨਾਂ ਦਾ
ਛੱਪਰ ਜਾਂ ਸ਼ੈਡ ਹੀ ਬਣਾਇਆ। ਦਿਨ ਵੇਲੇ ਇਹ ਟੀਨਾ ਉਪਰ ਚੁੱਕੀਆ ਜਾਂਦੀਆ ਅਤੇ ਰਾਤ ਨੂੰ ਆਲੇ ਦੁਆਲੇ
ਟੀਨਾ ਥੱਲੇ ਸੁੱਟ ਕੇ ਕੁੰਡੀਆ ਲਾਕੇ ਕੰਧਾ ਦਾ ਕੰਮ ਦਿੰਦੀਆ। ਗੁਰਦਵਾਰਾ ਸਾਹਿਬ ਦਾ ਕਮਰਾ ਤਾਂ
ਤੇਜਾ ਸਿੰਘ ਦੀ ਮੌਤ ਤੋਂ ਕਈ ਸਾਲ ਬਾਅਦ ਉਹਨਾ ਦੇ ਸੱਪੁਤਰ ਗਿਆਨੀ ਹਰਭਜਨ ਸਿੰਘ ਨੇ ਆਪਣੇ ਪੁਤਰ
ਨਿਰਮਲ ਸਿੰਘ ਦੇ ਨਾਂ ਤੇ ਬਣਾਇਆ ਸੀ। ਅੱਜ ਕੱਲ ਬਿਨਾ ਕਿਸੇ ਮੰਤਵ ਦੇ ਹਜਾਰਾਂ ਗੁਰਦਵਾਰਿਆ ਤੇ
ਲੱਖਾਂ ਰੁਪਇਆਂ ਖਰਚ ਕਰਕੇ ਸਿੱਖ ਕੌਮ ਦਾ ਨੁਕਸਾਨ ਕਰ ਦਿੱਤਾ ਹੈ। ਸਕੂਲ ਅਤੇ ਰਿਹਾਇਸੀ ਕਮਰੇ ਕੱਚੇ
ਜਾਂ ਕੱਚ ਪੱਕੇ ਬਣਾਕੇ ਕੰਮ ਸਾਰ ਲਿਆ ਜਾਂਦਾਂ ਸੀ। ਔਰਤਾਂ ਅਤੇ ਮਰਦਾਂ ਨੂੰ ਉਸ ਸਮੇਂ ਬਰਾਬਰ ਦੇ
ਅਧਿਕਾਰ ਦਿੱਤੇ।
(੯) ਇਹ ਹੀ ਸੱਭ ਤੋਂ ਪਹਿਲੀ ਸੰਸਥਾ ਸੀ ਜਿਸ ਨੇ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਵੇਲੇ ਪਤਾਸੇ ਨਹੀ
ਸਨ ਪਾਏ। ਇਸ ਵਿਚਾਰ ਨਾਲ ਇਹ ਸਿੱਧ ਹੋ ਜਾਂਦਾ ਹੈ ਕਿ ਗੁਰੂ ਜੀ ਨੇ ਜਾਂ ਮਾਤਾ ਜੀ ਨੇ ਵੀ ਪਤਾਸੇ
ਨਹੀ ਪਾਏ ਸਨ, ਪਰ ਬਾਅਦ ਵਿੱਚ ਮਨ ਘੜਤ ਗੱਲ ਬਣਾਈ ਗਈ ਹੈ।
(੧੦) ਪੰਚ ਖਾਲਸਾ ਦੀਵਾਨ ਤੋਂ ਪਹਿਲਾਂ ਸਿੱਖ ਬੀਬੀਆਂ ਨੂੰ ਅੰਮ੍ਰਿਤ ਛਕਾਉਣ ਦੀ ਵਿਧੀ ਵਜੋਂ ਖੰਡੇ
ਦੀ ਬਜਾਏ ਕ੍ਰਿਪਾਨ ਵਰਤੀ ਜਾਣ ਲੱਗ ਪਈ ਸੀ। ਤੇ ਉਹ ਭੀ ਪੰਜਾਂ ਦੀ ਬਜਾਏ ਇੱਕ ਸਿੰਘ ਜਾਂ ਪੁਜ਼ਾਰੀ
ਹੀ ਛਕਾਉਦਾ ਸੀ। ਪਰ ਇਸ ਸੰਸਥਾ ਨੇ ਸੱਭ ਲਈ ਇੱਕ ਹੀ ਤਰੀਕਾ ਵਰਤਿਆ।
(੧੧) ਇਸ ਸੰਸਥਾ ਨੇ ਸੱਭ ਤੋਂ ਪਹਿਲਾਂ ਇੱਕ ਮੁਸਲਮਾਨ ਵੀਰ ਕਰੀਮ ਬਖ਼ਸ਼ ਨੂੰ ਪ੍ਰੇਰ ਕੇ ਸਾਲ ਭਰ
ਪਹਿਲਾਂ ਰਹਿਤ ਰੱਖਵਾਈ ਫਿਰ ਹੀ ਉਸ ਨੂੰ ਅੰਮ੍ਰਿਤ ਛਕਾਇਆ ਤੇ ਬਾਅਦ ਵਿੱਚ ਉਸ ਦਾ ਨਾਂਮ ਲੱਖਬੀਰ
ਸਿੰਘ ਰੱਖਿਆ ਗਿਆ। ਪਰ ਹੁਣ ਅੰਮ੍ਰਿਤ ਛੱਕਣ ਵਾਲੇ ਨੂੰ ਬਿਨਾਂ ਤਨੋਂ ਮਨੋਂ ਤਿਆਰ ਕੀਤੇ ਅੰਮ੍ਰਿਤ
ਛੱਕਾ ਦਿੰਦੇ ਹਨ।
(੧੨) ਬਾਬੂ ਤੇਜਾ ਸਿੰਘ ਬਹੁਤ ਸੋਝੀਵਾਨ ਸੀ ਉਸ ਮੌਕੇ ਦਾ ਪਟਿਆਲੇ ਰਿਆਸਤ ਦਾ ਮਹਾਰਾਜਾ ਭੁਪਿੰਦਰ
ਸਿੰਘ ਨੌਜਵਾਨ ਕੁੜੀਆਂ ਦਾ ਬਹੁਤ ਸ਼ੌਕੀਨ ਸੀ, ਪੰਚ ਖੰਡ ਭਸੌੜ ਵਿੱਚ ਜੁਆਨ ਕੁੜੀਆਂ ਗੁਰਬਾਣੀ ਦਾ
ਕੀਰਤਨ ਕਰਦੀਆਂ ਸਨ। ਉਸ ਨੇ ਪਹਾੜੀ ਆਸ਼ਰਮ (ਰੈਸਟ ਹਾਊਸ) ਚੈਲ ੍ਹ ਵਿੱਚ ਇਸ ਆਸ਼ਰਮ ਦੀਆਂ ਕੁੜੀਆਂ
ਨੂੰ ਕੀਰਤਨ ਕਰਨ ਦੇ ਬਹਾਨੇ ਬੁਲਾ ਲਿਆ। ਬਾਬੂ ਜੀ ਜੁਆਨ ਕੁੜੀਆਂ ਦੀ ਥਾਂ ਦਸ, ਦਸ ਜਾਂ ਬਾਂਰਾਂ,
ਬਾਂਰਾਂ ਸਾਲ ਦੀਆਂ ਕੁੜੀਆਂ ਦੇ ਜੱਥੇ ਨੂੰ ਕੀਰਤਨ ਕਰਨ ਕਈ ਲੈ ਗਏ। ਰਾਜੇ ਦੇ ਮਨ ਦੀ ਗੱਲ ਪੂਰੀ ਨਾ
ਹੋਈ। ਬਾਅਦ ਵਿੱਚ ਜਦ ਭੋਗ ਪਿਆ, ਬਾਬੂ ਤੇਜਾ ਸਿੰਘ ਖੁਦ ਦੇਗ ਵਰਤਾਉਣ ਲੱਗ ਪਏ। ਜਦ ਪੰਜਾਂ
ਪਿਆਰਿਆਂ ਦਾ ਗੱਫਾ ਵਰਤਾਉਣ ਲੱਗਾ ਤਾਂ ਅੱਗੇ ਬੈਠੇ ਰਾਜੇ ਨੇ ਦੋਵੇਂ ਹੱਥ ਅੱਗੇ ਕਰ ਦਿੱਤੇ। ਪਰ
ਬਾਬੂ ਤੇਜਾ ਸਿੰਘ ਨੇ ਜਵਾਬ ਦੇ ਦਿੱਤਾ ਕਿ ਹਜ਼ੂਰ ਆਪ ਅੰਮ੍ਰਿਤਧਾਰੀ ਪੰਜ ਕਕਾਰੀ ਨਹੀ ਹੋ। ਇਸ ਤੇ
ਰਾਜੇ ਨੇ ਆਪਣੀ ਡਾਢੀ ਹੱਤਕ ਸਮਝੀ ਤੇ ਅੱਗੋਂ ਲਈ ਵੈਰ ਬੰਨ ਲਿਆ।
(੧੩) ਲਫਜ਼ ਪਾਰਲੀਮੈਂਟ ਤੇ ਇਤੱਰਾਜ਼ ਉਸ ਸਮੇਂ ਇਸ ਸੰਸਥਾ ਦਾ ਨਾਮ “ਪੰਚ ਖਾਲਸਾ ਦੀਵਾਨ” ਅਰਥਾਤ
“ਖਾਲਸਾ ਪਾਰਲੀਮੈਂਟ” ਰੱਖਿਆ ਗਿਆ। ਮੁਕਾਮ ਪੰਚ ਖੰਡ ਪਿੰਡ ਭਸੌੜ ਰਿਆਸਤ ਪਟਿਆਲਾ ਵਿੱਚ ਪੈਦਾਂ ਸੀ।
ਅੰਗਰੇਜ ਸ਼ਰਕਾਰ ਨੇ ਇਸ ਪਾਰਲੀਮੈਂਟ ਸ਼ਬਦ ਤੋਂ ਘਬਰਾ ਕੇ ਰਿਆਸਤ ਤੇ ਇਹ ਸ਼ਬਦ ਨਾ ਵਰਤਣ ਦਾ ਹੁਕਮ ਚਾੜ
ਦਿੱਤਾ। ਬਾਬੂ ਤੇਜਾ ਸਿੰਘ ਦਾ ਕਹਿਣਾ ਸੀ ਕਿ ਇਹ ਸਾਡੀ ਧਾਰਮਕਿ ਪਾਰਲੀਮੈਂਟ ਹੈ। ਜਿਸ ਵਿੱਚ
ਧਾਰਮਕਿ ਮਸਲਿਆਂ ਤੇ ਬਕਾਇਦਾ ਬਹਿਸ ਹੁੰਦੀ ਹੈ। ਇਸ ਸੰਸਥਾ ਵਿੱਚ ਸਿੱਖ ਮਸਲਿਆ ਦਾ ਹੱਲ ਬਹੁ ਗਿਣਤੀ
ਦੇ ਅਧਾਰ ਤੇ ਨਹੀ ਸਗੋਂ ਸਰਬ ਸੰਮਤੀ ਦੇ ਅਧਾਰ ਤੇ ਬਹਿਸ ਪਿਛੋਂ ਹੱਲ ਕੀਤਾ ਜਾਂਦਾਂ ਹੈ। ਸ੍ਰੋਮਣੀ
ਕਮੇਟੀ ਆਕਾਲ ਤਖਤ ਤੇ ਆਮ ਗੁਰਦਵਾਰਿਆ ਦਾ ਪਰਬੰਧ ਮਹੰਤਾਂ ਤੋ ਲੈਣ ਲਈ ਸਿੱਖ ਇਕੱਠੇ ਹੋ ਗਏ।
ਮਹਾਰਾਜਾ ਭੂਪਿੰਦਰ ਸਿੰਘ ਜ਼ਾਤੀ ਤੌਰ ਤੇ ਬਾਬੂ ਤੇਜਾ ਸਿੰਘ ਦਾ ਵੈਰੀ ਬਣ ਗਿਆ। ਪੁਸਤਕਾ ਦੇ ਸਟੋਰ
ਸੀਲ ਕਰਕੇ ਨੌਂ ਗੱਡਿਆਂ ਤੇ ਲੱਦ ਕੇ ਸਿੱਖ ਪੁਸਤਕਾਂ ਪਟਿਆਲੇ ਲਿਜਾਈਆਂ ਗਈਆਂ, ਇਸ ਤੋਂ ਇਲਾਵਾ
ਹਜ਼ਾਰਾ ਪੁਸਤਕਾਂ ਮੀਹ ਅਤੇ ਸ਼ਿਉਂਕ ਨੇ ਖਰਾਬ ਕਰ ਦਿਤੀਆਂ
(੧੪) ਬਾਬੂ ਤੇਜਾ ਸਿੰਘ ਹੁਣ ਵਾਲੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਸਹੀ ਬੀੜ ਨਹੀ ਮੰਨਦੇ ਸੀ।
ਉਸ ਕੋਲ ਉਸ ਸਮੇਂ ਦੇ ਪ੍ਰਮੁਖ ਵਿਦਵਾਨ ਜਿਵੇਂ ਕਿ ਭਾਈ ਕਾਹਨ ਸਿੰਘ ਨਾਭਾ, ਸ. ਸਮਸੇਰ ਸਿੰਘ ਅਸ਼ੋਕ
ਸ. ਮੋਹਨ ਸਿੰਘ ਵੈਦ ਤਰਨਤਾਰਨ ਵਾਲੇ, ਗਿਆਨੀ ਸ਼ੇਰ ਸਿੰਘ, ਭਾਈ ਰਣਧੀਰ ਸਿੰਘ ਆਦਿ ਪਰ ਉਸ ਕੋਲ ਪੰਥ
ਦਾ ਵੱਡਾ ਵਿਦਵਾਨ ਗਿਆਨੀ ਲਾਲ ਸਿੰਘ ਸੰਗਰੂਰ ਸੀ। ਜਿਸ ਦੀ ਦਲੀਲ ਅੱਗੇ ਵੱਡੇ ਵੱਡੇ ਵਿਦਵਾਨ
ਨਿਰਉੱਤਰ ਹੋ ਜਾਂਦੇ ਸਨ।
(੧੫) ਗੁਰਬਿਲਾਸ ਨੂੰ ਇਹ ਭੁਲੇਖੇ ਪਾਊ ਬਾਣੀ ਕਹਿੰਦੇ ਸਨ। ਪਰ ਇਹ ਗੁਰੂ ਸਾਹਿਬ ਦੀ ਬਾਣੀ ਦੀ
ਤਰਤੀਬ ਅਰਦਾਸ ਦਾ ਸਦਾ ਲਈ ਜੁੜਵਾ ਭਾਗ ਬਣ ਗਈ ਹੈ। ਇਸ ਤੋਂ ਪਹਿਲਾਂ ਸਾਰੇ ਗੁਰਦਵਾਰਿਆਂ ਵਿੱਚ
ਅਰਦਾਸ ਕੀਤੀ ਜਾਂਦੀ ਸੀ ਪਰ “ਤੂ ਠਾਕੁਰ ਤੁਮ ਪਹਿ ਅਰਦਾਸ ਵਾਲਾ ਸ਼ਬਦ ਨਹੀ ਪੜਿਆ ਜਾਂਦਾ ਸੀ। ਇਹ
ਸ਼ਬਦ ਇਸ ਸੰਸਥਾ ਨੇ ਪੜਨਾ ਸੁਰੂ ਕੀਤਾ ਸੀ ਇਕ ਪਾਸੇ ਭਾਈ ਦੋ ਵਾਰੀ ਇਹੋ ਤੁਕ ਬੋਲਦੇ ਸਨ ਤੇ ਦੂਜੇ
ਪਾਸੇ ਬੀਬੀਆਂ: “ਜੀਓ ਪਿੰਡ ਸਭ ਤੇਰੀ ਰਾਸਿ, ਜੀਓ ਪਿੰਡ ਸਭ ਤੇਰੀ ਰਾਸਿ” ਵੈਰਾਗਮਈ ਲੈਅ ਵਿੱਚ
ਪੜ੍ਹਦੀਆਂ ਸਨ। ਹੌਲੀ ਹੌਲੀ ਇਹ ਨੀਤੀ ਸਾਰੇ ਪੰਥ ਵਿੱਚ ਪਰਚੱਲਤ ਹੋ ਕੇ ਚਾਲੂ ਹੋ ਗਈ।
੧੬) ਸਕੂਲ ਦੀ ਵਿਦਿਆਰਥਣ ਨਾਲ ਸ਼ਾਦੀ- ਬੀਬੀ ਨਿਰੰਜਣ ਕੌਰ ਅਤਿਅੰਤ ਸੂਝ ਬੂਝ ਵਾਲੀ, ਗੁਰਬਾਣੀ ਨੂੰ
ਚੰਗੀ ਤਰਾਂ ਸਮਝਣ ਵਾਲੀ ਤੇ ਪ੍ਰਬੰਧਕੀ ਗੁਣਾਂ ਵਿੱਚ ਬਹੁਤ ਹੁਸਿਆਰ ਸੀ ਜੋ ਬੀਬੀਆਂ ਦੇ ਸਕੂਲ,
ਖਾਲਸਾ ਕੁਆਰੀ ਕਾਲਜ ਦਾ ਪ੍ਰਬੰਧ ਹੱਥ ਵਿੱਚ ਲੈਣ ਦੇ ਯੋਗ ਸੀ। ਬਾਬੂ ਤੇਜਾ ਸਿੰਘ ਨੇ ਇਸ ਨੂੰ ਸਦਾ
ਲਈ ਆਪਣੇ ਨਾਲ ਜੋੜ ਕੇ ਰੱਖਣ ਲਈ ਇਸ ਦੇ ਵਾਰਸਾਂ ਦੀ ਸਲਾਹ ਨਾਲ ਇਸ ਦੇ ਨਾਨਾ ਜੀ ਦੀ ਹਾਜ਼ਰੀ ਵਿੱਚ
ਅਨੰਦ ਕਾਰਜ ਕਰ ਲਿਆ ਸੀ। ਨਿਸ਼ਾਨਾ ਇਸਤਰੀ ਵਿਦਿਆ ਦੇ ਪ੍ਰਚਾਰ ਦਾ ਸੀ ਨਾਂਕਿ ਜਿਨਸੀ ਭੁੱਖ ਦਾ। ਅੱਜ
ਕੱਲ ਦੇ ਡੇਰਿਆਂ ਵਿੱਚ ਬਲਾਤਕਰ ਵਰਗੇ ਕੇਸਾਂ ਤੋਂ ਇਹ ਨਿਰਲੇਪ ਕੇਸ ਸੀ। ਫਿਰ ਵੀ ਕਈ ਵਿਦਵਾਨਾਂ ਦੇ
ਖਿਆਲ ਵਿੱਚ ਇਹ ਬਾਬੂ ਤੇਜਾ ਸਿੰਘ ਨੂੰ ਬਦਨਾਮ ਕਰਨ ਲਈ ਸਾਜ਼ਸ ਘੜੀ ਗਈ ਸੀ।
(੧੭) ੳ: ਪੰਚ ਖਾਲਸਾ ਦੀਵਾਨ ਭਸੌੜ ਨੇ ਬਹੁਤ ਸਾਰੇ ਪੁਸਤਕ, ਟਰੈਕਟ ਆਦਿ ਛਾਪ ਕੇ ਸਿੱਖ ਧਰਮ ਦਾ
ਪ੍ਰਚਾਰ ਕੀਤਾ। ਵਿਹਾਰ ਸੁਧਾਰ ਤੇ ਪੁਸਤਕ ਲਿੱਖੀ। ਉਸ ਵੇਲੇ ਮਰਦਮ ਸੁਮਾਰੀ ਵੇਲੇ ਸਿੱਖਾਂ ਨੂੰ ਜੱਟ
ਸਿੱਖ, ਝਿਊਰ ਸਿੱਖ, ਤਰਖਾਣ ਸਿੱਖ, ਰਵਦਾਸੀਏ ਸਿੱਖ ਤੇ ਮਜ਼ਬੀ ਸਿੱਖ ਆਦਿ ਲਿਖਿਆ ਜਾਂਦਾਂ ਸੀ, ਪਰ
ਇਸ ਸੰਸਥਾ ਨੇ ਸੱਭ ਨੂੰ ਕੇਵਲ ਸਿੱਖ ਲਿਖਾਉਣ ਦਾ ਪ੍ਰਚਾਰ ਕੀਤਾ। (ਅ) ਸਾਰੇ ਸਿੱਖ ਪੰਥ ਵਿੱਚ ਪੰਚ
ਖਾਲਸਾ ਦੀਵਾਨ ਦੀ ਇਕੋ ਇੱਕ ਅਜੇਹੀ ਸਟੇਜ ਸੀ, ਜਿਥੇ ਕੋਈ ਦਾਹੜੀ ਬੰਨੀ ਵਾਲਾ ਵਿਅਕਤੀ ਸਟੇਜ ਤੋਂ
ਬੋਲ ਨਹੀ ਸਕਦਾ ਸੀ। ਪੈਪਸੂ ਦੇ ਤੱਤਕਾਲੀਨ ਮੁੱਖ ਮੰਤਰੀ ਗਿਆਨ ਸਿੰਘ ਨੂੰ ਇਹਨਾਂ ਦੀ ਸਟੇਜ ਤੋਂ
ਦਾਹੜਾ ਖੋਲ ਕੇ ਬੋਲਣਾ ਪਿਆ ਸੀ।
(੧੮) ਇਸ ਸੰਸਥਾ ਨੇ ਨਿੱਤਨੇਮ ਦੇ ਗੁਟਕੇ ਸਿੱਖ ਸੰਗਤਾਂ ਵਿੱਚ ਨਾ ਮਾਤਰ ਕੀਮਤ ਤੇ ਪਹੁੰਚਦੇ ਕੀਤੇ
ਸਨ।
(੧੯) ਇਸ ਹੀ ਸੰਸਥਾ ਨੇ ਗੁਰੂ ਗ੍ਰੰਥ ਦਾ ਦਰਜ਼ਾ ਗੁਰੂਆਂ ਤੋਂ ਪਹਿਲਾਂ ਰੱਖਿਆ ਸੀ। ਇਹਨਾਂ ਨੇ ਹੀ
ਅਰਦਾਸ ਵਿੱਚ ਚੰਡੀ ਦੀ ਵਾਰ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ।
ਸਲੋਕ ਮਹਲਾ ੨ ਆਪੇ ਜਾਣੈ ਕਰੇ ਆਪਿ, ਆਪੇ ਆਣੈ ਰਾਸਿ॥ ਤਿਸੈ ਅਗੈ ਨਾਨਕਾ, ਖਲਿਇ ਕੀਚੈ ਅਰਦਾਸਿ॥ ੧॥
ਨਾਲ ਸੁਰੂ ਕੀਤਾ ਸੀ। ਅੰਤ ਵਿੱਚ {ਵਾਹਿਗੁਰ ਜੀ ਕਾ ਖਾਲਸਾ, ਵਾਹਿਗੁਰ ਜੀ ਕੀ ਫ਼ਤਹ॥} ਲਿਖਿਆ, ਅੱਜ
ਵਾਲਿਆਂ ਵਾਙ “ਵਹਿਗੁਰੂ “ਨਹੀ ਲਿਖਿਆ ਹੋਇਆ। ਬਾਬੂ ਤੇਜਾ ਸਿੰਘ ਅਤੇ ਇਸ ਸੰਸਥਾ ਦੇ ਹੋਰ ਬਹੁਤ
ਸਾਰੈ ਸਿੱਖ ਲੰਗਰ ਬਿਬੇਕ ਦਾ ਹੀ ਛਕਦੇ ਸਨ, ਭਾਵ ਅੰਮ੍ਰਿਤਧਾਰੀ ਸਿੰਘ ਜਾਂ ਸਿੰਘਣੀਆਂ ਦੇ ਹੱਥ ਦਾ
ਤਿਆਰ ਕੀਤਾ ਅਤੇ ਵਰਤਾਇਆ ਪ੍ਰਸ਼ਾਦਾ ਹੀ ਛਕਦੇ ਸਨ। ਪੰਚ ਖਾਲਸਾ ਦੀਵਾਨ ਇੱਕ ਅਜੇਹੀ ਸੰਸਥਾ ਸੀ ਜਿਸ
ਨੇ ਲੜਕੀਆਂ ਦੇ ਬਿਨਾਂ ਗਹਿਣੇ ਪਾਏ, ਬਿਨਾਂ ਪਰਦੇ, ਬਿਨਾਂ ਘੱਗਰੇ ਦੇ ਨੰਗੇ ਮੂੰਹ ਅਨੰਦ ਕਾਰਜ਼
ਕਰਾਉਣੇ ਸੁਰੂ ਕੀਤੇ ਸਨ। ਸੁਰੂ ਵਿੱਚ ਸਾਰੇ ਵੱਲੋਂ ਇਸ ਸੁਧਾਰ ਦੀ ਬਹੁਤ ਵਿਰੋਧਤਾ ਕੀਤੀ ਗਈ ਸੀ।
ਸੱਭ ਤੋਂ ਵੱਡੀ ਗੱਲ ਇਹ ਸੀ ਕਿ ਇਸ ਸੰਸਥਾ ਦੇ ਮੈਂਬਰ ਦਾਜ਼ ਲੈਣ ਦੇਣ ਦੇ ਕੱਟੜ ਵਿਰੋਧੀ ਸਨ। ਮਿਸਾਲ
ਦੇ ਤੌਰ `ਤੇ ਭਾਈ ਬਸੰਤ ਸਿੰਘ ਸਿਦਕੀ ਪਿੰਡ ਬਹਾਦਰ ਪੁਰ ਜਿਲਾ ਸੰਗਰੂਰ ਤੋਂ ਆਪਣੇ ਲੜਕੇ ਹਰਚਰਨ
ਸਿੰਘ ਨੂੰ ੧੯੬੦ ਵਿੱਚ ਪਿੰਡ ਕਰਤਾਰ ਪੁਰ ਜਿਲਾ ਲੁਧਿਆਣਾ ਵਿਆਹੁਣ ਗਿਆ, ਲੜਕੀ ਵਾਲਿਆਂ ਨੇ ਵਾਰ
ਵਾਰ ਮਨਾਂ ਕਰਨ ਦੇ ਬਾਵਯੂਦ, ਦੋ ਕੁਰਸੀਆਂ ਤੇ ਇੱਕ ਮੇਜ਼ ਬੱਸ ਉਪਰ ਰੱਖ ਦਿਤਾ ਸੀ। ਭਸੌੜ ਦੇ
ਗੁਰਦਵਾਰੇ ਬਸੰਤ ਸਿੰਘ ਨੂੰ ਸੰਗਤ ਵਿੱਚ ਖੜਾ ਕਰ ਕੇ ਤਨਖਾਹ ਲਗਾਈ ਗਈ ਕਿ ਦਾਜ਼ ਨਾ ਲੈਣ ਦਾ ਨਿਯਮ
ਕਿਉਂ ਤੋੜਿਆ ਹੈ। ਬਾਬੂ ਤੇਜਾ ਸਿੰਘ ਦੀ ਰਹਿਣੀ- ਉਹ ਸਾਦਾ ਪੁਸਾਕ ਪਹਿਨਦੇ ਸਨ। ਗਰਮੀਆਂ ਵਿੱਚ
ਖੱਦਰ ਦਾ ਕੁੜਤਾ ਪਜਾਮਾ, ਖੱਦਰ ਦੀ ਦਸਤਾਰ, ਸਿਰ ਤੇ ਚੱਕਰ ਖਾਸ ਕਰਕੇ ਗਾਤਰੇ ਵਾਲੀ ਵੱਡੀ ਸਿਰੀ
ਸਾਹਿਬ ਅਤੇ ਹਰ ਵੇਲੇ ਸਫਾ ਜੰਗ ਨਾਲ ਰੱਖਦੇ ਸਨ। ਸਰਦੀਆਂ ਵਿੱਚ ਕੰਬਲ ਅਤੇ ਅਚਕਨ ਪਹਿਨਦੇ ਸਨ। ਇਸ
ਸੰਸਥਾ ਦੇ ਹੋਰ ਕਈ ਸਿੰਘਾਂ ਵਾਂਗ, ਹਰ ਮੌਸਮ ਵਿੱਚ ਸਵੇਰੇ ਦੋ ਵਜ਼ੇ ਉਠ ਕੇ ਇਸ਼ਨਾਨ ਕਰ ਕੇ ਨਾਮ
ਅਭਿਆਸ ਕਰਦੇ ਸਨ। ਬਾਬੂ ਜੀ ਉਹਨਾਂ ਨੂੰ ਇਸ ਕਰਕੇ ਕਿਹਾ ਜਾਦਾਂ ਸੀ ਕਿ ਉਹ ਪਹਿਲਾਂ ਨਹਿਰੀ
ਮਹਿਕਮੇਂ ਵਿੱਚ ਓਵਰਸੀਅਰ (ਬਾਅਦ ਵਿੱਚ ਐਸ. ਡੀ. ਓ.) ਦੇ ਤੌਰ ਤੇ ਨੌਕਰੀ ਕਰਦੇ ਸਨ। ਬਾਬੂ ਤੇਜਾ
ਸਿੰਘ ਦੀ ਮੌਤ ਨਿਮੂਨੀਆਂ ਹੋਣ ਨਾਲ ਹੋਈ ਸੀ। ਰਾਗ ਮਾਲਾ ਨੂੰ ਗੁਰਬਾਣੀ ਮੰਨਣ ਵਾਲੇ ਝੂਠਾ ਪ੍ਰਚਾਰ
ਕਰ ਰਹੇ ਹਨ ਕਿ ਬਾਬੂ ਤੇਜਾ ਸਿੰਘ ਦੀ ਜੀਭ ਖਰਾਬ ਹੋ ਗਈ ਸੀ ਤੇ ਕਈ ਤਾਂ ਇਹ ਵੀ ਪ੍ਰਚਾਰ ਕਰ ਰਹੇ
ਹਨ ਕਿ ਬਾਬੂ ਤੇਜਾ ਸਿੰਘ ਦੇ ਜੀਭ ਵਿੱਚ ਕੀੜੇ ਪੈ ਗਏ ਸਨ, ਜੋ ਕੇ ਸਰਾਸਰ ਝੂਠ ਹੈ। ਬਾਬੂ ਤੇਜਾ
ਸਿੰਘ ਆਖਰੀ ਦਮ ਤੱਕ ਸੁਧਾਰ ਵਾਦੀ ਖੋਜ ਤੇ ਪਹਿਰਾ ਦਿੰਦੇ ਰਹੇ। ਹਾਰ ਮੰਨਣੀ ਪਰਵਾਨ ਨਾ ਕੀਤੀ, ਨਾ
ਹੀ ਪੁਜ਼ਾਰੀਆਂ ਕੋਲੋਂ ਭੁੱਲ ਬਖਸਾਉਣ ਦੀ ਗੱਲ ਪ੍ਰਵਾਨ ਕੀਤੀ ਸੀ। ਆਪ ਨੇ ਛੇਕੇ ਜਾਣ ਦੀ ਕੋਈ ਪਰਵਾਹ
ਨਾ ਕੀਤੀ ਤੇ ਸੱਚ ਦਾ ਝੰਡਾ ਫੜੀ ਰੱਖਿਆ ਤੇ ਸੰਸਾਰ ਤੋਂ ਵਿਦਾ ਹੋ ਗਏ। ਜਦ ਤੱਕ ਪੰਥ ਵਿੱਚ ਤੱਤ
ਗੁਰਮਤਿ ਦੇ ਵਿਦਵਾਨ ਪੈਦਾ ਹੁੰਦੇ ਰਹਿਣਗੇ, ਉਹ ਬਾਬੂ ਤੇਜਾ ਸਿੰਘ ਦੇ ਨਕਸ਼ੇ ਕਦਮਾਂ ਤੇ ਪਹਿਰਾ
ਦਿੰਦੇ ਰਹਿਣਗੇ ਅਤੇ ਉਹਨਾ ਦੇ ਉਠਾਏ ਨੁਕਤਿਆਂ ਤੇ ਵੀਚਾਰ ਕਰਨ ਲਈ ਮਜ਼ਬੂਰ ਹੁੰਦੇ ਹੋਏ ਅੱਗੇ ਦੀ
ਅੱਗੇ ਖੋਜ਼ ਕਰਦੇ ਰਹਿਣਗੇ।
ਸਿਰਦਾਰ
ਬਲਦੀਪ ਸਿੰਘ ਰਾਮੂੰਵਾਲੀਆ
25/03/15)
ਜਗਪਾਲ ਸਿੰਘ ਤੇ ਬਲਦੀਪ ਸਿੰਘ ਰਾਮੂਵਾਲੀਆ
ਪੰਥ
ਹਾਜ਼ਿਰ ਹੋ || ਭਾਗ ੨||
ਪਿਛਲੇ ਭਾਗ ਪੰਥ ਹਾਜ਼ਿਰ ਹੋ ਵਿੱਚ ਇਥੋ ਤੱਕ ਜਿਕਰ ਕੀਤਾ ਹੈ, ਗੁਰੂ ਸਾਹਿਬ ਨੂੰ ਆਪਣੇ ਪੰਥ ਦੇ
ਵਾਰਿਸ ਨਜ਼ਰ ਨਹੀ ਆਏ | ਗੁਰੂ ਸਾਹਿਬ ਲੱਗੇ ਹੋਏ ਖਾਲਸਾ ਦਰਬਾਰ ਨੂੰ ਛੱਡ ਕੇ ਅੰਦਰ ਆਪਣੇ ਆਰਾਮ
ਗਾਹ ਵਿੱਚ ਚਲੇ ਜਾਂਦੇ ਹਨ | ਗੁਰੂ ਸਾਹਿਬ ਆਪਣੇ ਪਲੰਗ ਤੇ ਬੈਠ ਕੇ ਕੁਝ ਸੋਚਣ ਲੱਗ ਪੈਦੇ ਹਨ |
ਗੁਰੂ ਸਾਹਿਬ ਦੇ ਪਲੰਗ ਕੋਲ ਇੱਕ ਖੁਲੇ ਬਰਤਨ ਵਿੱਚ ਕੁਝ ਗਰਮ ਪਾਣੀ ਹੈ | ਗੁਰੂ ਸਾਹਿਬ ਉਸ ਕੋਸੇ
ਪਾਣੀ ਵਿੱਚ ਆਪਣੇ ਚਰਨ ਪਾ ਕੇ ਬੈਠ ਜਾਂਦੇ ਹਨ | ਕੁਝ ਦੇਰ ਬਾਅਦ ਗੁਰੂ ਸਾਹਿਬ ਨੇ ਆਪਣੇ ਚਰਨ ਕੋਸੇ
ਪਾਣੀ ਵਿਚੋ ਕੱਢ ਕੇ ਸਾਫ਼ ਕੀਤੇ ਤੇ ਪਲੰਗ ਉਪਰ ਚੌਕੜਾ ਮਾਰ ਕੇ ਬੈਠ ਜਾਂਦੇ ਹਨ | ਇੰਨੀ ਦੇਰ ਨੂੰ
ਗੁਰੂ ਸਾਹਿਬ ਕੋਲ ਕੁਝ ਸਿੰਘ ਆਉਂਦੇ ਹਨ | ਮਾਤਾ ਜੀਤੋ ਜੀ ਗੁਰੂ ਸਾਹਿਬ ਲਈ ਪ੍ਰਸ਼ਾਦਾ ਲਿਆਂਦੇ ਹਨ
| ਗੁਰੂ ਸਾਹਿਬ ਅੱਜ ਥੋੜਾ ਜਿਹਿਆ ਹੀ ਪ੍ਰਸ਼ਾਦਾ ਛਕਦੇ ਹਨ | ਪ੍ਰਸ਼ਾਦਾ ਛਕਣ ਤੋ ਬਾਅਦ ਮਾਤਾ ਜੀ
ਬਰਤਨ ਲੈ ਕੇ ਚਲੇ ਜਾਂਦੇ ਹਨ | ਮਾਤਾ ਜੀ ਬਰਤਨ ਰਸੋਈ ਵਿੱਚ ਰਖਣ ਤੋ ਤੁਰੰਤ ਬਾਅਦ ਵਾਪਸ ਆ ਜਾਂਦੇ
ਹਨ |ਗੁਰੂ ਸਾਹਿਬ ਨੂੰ ਇਸ ਅਵਸਥਾ ਵਿੱਚ ਦੇਖ ਕੇ ਮਾਤਾ ਜੀ ਤੇ ਕੋਲ ਖੜੇ ਸਿੰਘ ਗੁਰੂ ਸਾਹਿਬ ਨੂੰ
ਬੇਨਤੀ ਕਰਦੇ ਹਨ, ਪਾਤਸ਼ਾਹ ਜੀਓ ਅੱਜ ਤੁਸੀਂ ਕੁਝ ਬੋਲ ਨਹੀ ਰਹੇ ਤੇ ਤੁਹਾਡੇ ਮੁਖ ਤੇ ਰੋਣਕ ਵੀ
ਨਹੀ ਹੈ |
ਪਾਤਸ਼ਾਹ ਜੀਓ ਅੱਜ ਤੱਕ ਤੁਹਾਨੂੰ ਕਦੇ ਵੀ ਅਸੀਂ ਇਸ ਅਵਸਥਾ ਵਿੱਚ ਨਹੀ ਦੇਖਿਆ | ਤੁਸੀਂ ਆਪਣੇ
ਹੱਥੀ ਪਿਤਾ ਦੇ ਸੀਸ ਦਾ ਸੰਸਕਾਰ ਕੀਤਾ, ਅਨੰਦਪੁਰ ਛਡਿਆ, ਸਰਸਾ ਨਦੀ ਦੇ ਕੰਡੇ ਪਰਵਾਰ ਵਿਛੜ ਗਿਆ ,
ਆਪਣੇ ਹੱਥਾਂ ਨਾਲ ਆਪਣੇ ਜਿਗਰ ਦੇ ਟੋਟੇ ਸ਼ਹੀਦ ਹੋਣ ਲਈ ਚਮਕੌਰ ਦੇ ਮੈਦਾਨ ਵਿੱਚ ਭੇਜੇ, ਛੋਟੇ
ਸਾਹਿਬਜ਼ਾਦੇ ਤੇ ਮਾਤਾ ਸ਼ਹੀਦ ਹੋਏ ਪੁਤਰਾਂ ਤੋ ਪਿਆਰੇ ਸਿੰਘ ਸ਼ਹੀਦ ਹੋਏ ਪਰ ਅਸੀਂ ਕਦੇ ਵੀ
ਤੁਹਾਨੂੰ ਅਸੀਂ ਇਸ ਤਰ੍ਹਾਂ ਉਦਾਸੀ ਦੇ ਆਲਮ ਵਿੱਚ ਨਹੀ ਦੇਖਿਆ ਪਾਤਸ਼ਾਹ ਜੀਓ ਕੀ ਕਾਰਨ ਹੈ
,ਤੁਹਾਡੀ ਇਸ ਅਵਸਥਾ ਦਾ | ਉਧਰ ਦੂਜੇ ਪਾਸੇ ਜਦੋ ਗੁਰੂ ਸਾਹਿਬ ਖਾਲਸਾ ਦਰਬਾਰ ਛੱਡ ਕੇ ਅੰਦਰ ਆਏ
ਤਾਂ ਜੱਜ ਵੀ ਆਪਣਾ ਕੋਈ ਫੈਸਲਾ ਨਾ ਸੁਣਾ ਸਕਿਆ ਤੇ ਬਹਾਰ ਜੋ ਲੋਕ ਆਏ ਸਨ, ਉਹ ਆਪ ਮੁਹਾਰੇ ਹੀ
ਬਿਨਾ ਕਿਸੇ ਦੀ ਪ੍ਰਵਾਹ ਕੀਤਿਆ ਹੀ ਇਧਰ ਉਧਰ ਚਲੇ ਜਾ ਰਹੇ ਸਨ | ਇਧਰ ਗੁਰੂ ਸਾਹਿਬ ਹਾਲੇ ਵੀ ਚੁਪ
ਸਨ | ਉਹਨਾਂ ਨੇ ਆਪਣੇ ਮੁਖ ਤੋ ਕੁਝ ਨਾ ਕਹਿਆ ਇੱਕ ਤਰ੍ਹਾਂ ਦੀ ਸਾਰੇ ਹੀ ਚੁਪ ਪਸਰੀ ਹੋਈ ਸੀ |
ਫਿਰ ਸਿੰਘਾਂ ਤੇ ਮਾਤਾ ਜੀ ਨੇ ਬੈਨਤੀ ਕੀਤੀ, ਪਾਤਸ਼ਾਹ ਜੀਓ, ਤੁਸੀਂ ਕੁਝ ਬੋਲੇ ਨਹੀ ਸਾਡਾ ਸਾਰਿਆਂ
ਦਾ ਚਿੱਤ ਬਹੁਤ ਘਬਰਾ ਰਹਿਆ ਹੈ | ਤੁਸੀਂ ਕੁਝ ਤੇ ਸਾਨੂੰ ਦਸੋ | ਗੁਰੂ ਸਾਹਿਬ ਸਾਰਿਆਂ ਵੱਲ ਬੜੇ
ਪਿਆਰ ਨਾਲ ਤੱਕ ਕੇ ਤੇ ਥੋੜਾ ਮੁਸਕਰਾ ਕੇ ਇੱਕ ਸ਼ਬਦ ਉਚਾਰਨ ਕਰਦੇ ਹਨ |
ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ | ਐਸੋ
ਸਮਰੁਥ ਵਰਨਿ ਨ ਸਾਕਉ ਤਾਕੀ ਉਪਮਾ ਜਾਤ ਨ ਕਹਿਓ ਰੀ ||
ਗੁਰੂ ਸਾਹਿਬ ਨੇ ਜਦ ਸ਼ਬਦ ਉਚਾਰਿਆ ਤਾਂ ਸਾਰੇ ਕਹਿਣ ਲੱਗੇ ਪਾਤਸ਼ਾਹ ਗੱਲ ਕੁਝ ਪੱਲੇ ਨਹੀ
ਪਈ | ਗੁਰੂ ਸਾਹਿਬ ਕਹਿਣ ਲੱਗੇ ਜੋ ਲੋਕ ਅੱਜ ਆਏ ਸਨ, ਉਹਨਾਂ ਵਿੱਚ ਕੋਈ ਤਾਂ ਐਸਾ ਹੋਵਗਾ ਜੋ ਗੁਰੂ
ਨਾਨਕ ਸਾਹਿਬ ਦੇ ਨਿਰਮਲ ਪੰਥ ਦੀ ਰਾਖੀ ਲਈ ਆਪਣਾ ਆਪਾ ਅੱਜ ਵੀ ਵਾਰ ਸਕਦਾ ਹੋਵੇ | ਜੋ ਲੋਕ ਆਏ
ਹਨ,ਇਹਨਾਂ ਵਿੱਚ ਕਿਤੇ ਨਾ ਕਿਤੇ ਤਾਂ ਕੋਈ ਨਾ ਕੋਈ ਮੇਰੇ ਪੰਥ ਦਾ ਵਾਰਿਸ , ਮੇਰਾ ਅਜੀਤ ਸਿੰਘ ਤੇ
ਮੇਰਾ ਜੁਝਾਰ ਸਿੰਘ ਜਰੂਰ ਹੋਵੇਗਾ | ਇਹਨਾਂ ਕਹਿ ਕੇ ਗੁਰੂ ਸਾਹਿਬ ਸਿੰਘਾਂ ਨੂੰ ਕਹਿਣ ਲੱਗੇ ਬਹਾਰ
ਜਾ ਕੇ ਸਭ ਨੂੰ ਸਾਡਾ ਹੁਕਮ ਸੁਣਾ ਦੇਵੋ ਕੱਲ ਤੋ ਅਸੀਂ ਖੁਦ ਆਪ ਖਲਾਸਾ ਦਰਬਾਰ ਲਵਾਂਗੇ |
ਜਦੋ ਸਿੰਘਾਂ ਨੇ ਬਹਾਰ ਆ ਕੇ ਦੇਖਿਆ ਤਾਂ ਬਹੁਤ ਸਾਰੇ ਲੋਕ ਜਾ ਚੁਕੇ ਸਨ, ਸਿੰਘਾਂ ਨੇ ਆ ਕੇ ਬੈਨਤੀ
ਕੀਤੀ ਪਾਤਸ਼ਾਹ ਜੀਓ ਬਹਾਰ ਤਾਂ ਬਹੁਤ ਥੋੜੇ ਲੋਕ ਹਨ, ਬਾਕੀ ਤਾਂ ਜਾ ਚੁਕੇ ਹਨ | ਕੀ ਹੁਕਮ ਹੈ ਆਪ
ਜੀ ਦਾ ? ਗੁਰੂ ਸਾਹਿਬ ... ਸਭ ਨੂੰ ਇਕਠੇ ਕਰਕੇ ਕਹੋ ਕੱਲ ਨੂੰ ਅਸੀਂ ਖਾਲਸਾ ਦਰਬਾਰ ਦੀ ਕਾਰਵਾਈ
ਖੁਦ ਕਰਾਂਗੇ | ਇੰਨਾ ਹੁਕਮ ਸੁਣ ਕੇ ਸਿੰਘਾਂ ਨੇ ਘੋੜਿਆਂ ਤੇ ਜਾ ਕਾਠੀਆਂ ਪਾਈਆਂ ਤੇ ਸਭ ਨੂੰ
ਇੱਕਠੇ ਕਰਕੇ ਗੁਰੂ ਸਾਹਿਬ ਦਾ ਹੁਕਮ ਸੁਣਿਆ | ਸਭ ਦੇ ਰਹਿਣ ਤੇ ਆਰਾਮ ਕਰਨ ਦਾ ਇੰਤਜ਼ਾਮ ਕੁਝ ਹੀ
ਪਲਾਂ ਵਿੱਚ ਤੰਬੂ ਨਜਦੀਕ ਇੱਕ ਖੂਹ ਦੇ ਕੋਲ ਲਗਾ ਕੇ ਲੰਗਰ ਪਾਣੀ ਦਾ ਵੀ ਪ੍ਰਬੰਧ ਕਰ ਦਿੱਤਾ | ਸਭ
ਨੂੰ ਗੁਰੂ ਸਾਹਿਬ ਦਾ ਹੁਕਮ ਵੀ ਸੁਣਾ ਦਿੱਤਾ |
ਅਗਲੀ ਸਵੇਰ ......... ਥੋੜੀ ਥੋੜੀ ਠੰਡ ਹੈ, ਖੁਲੇ ਮੈਦਾਨ ਵਿੱਚ ਲੱਗੇ ਤੰਬੂਆਂ ਵਿਚੋ ਹੋਲੀ ਹੋਲੀ
ਲੋਕ ਬਹਾਰ ਆ ਰਹੇ ਹਨ | ਕੋਈ ਲੰਗਰ ਵਿੱਚ ਗਰਮ ਗਰਮ ਦੁਧ ਪੀ ਰਹਿਆ,ਕੋਈ ਆਪਣੇ ਤੰਬੂ ਵਿੱਚ ਪਾਠ ਕਰ
ਰਹਿਆ, ਕੋਈ ਲਾਗੇ ਖੂਹ ਦੇ ਪਾਣੀ ਨਾਲ ਇਸ਼ਨਾਨ ਕਰ ਰਹਿਆ ਹੈ , ਕਿਸੇ ਨੇ ਆਪਣੇ ਮੂੰਹ ਵਿੱਚ ਦਾਤਨ
ਪਾਈ ਹੋਈ ਹੈ | ਕੋਈ ਇਸ ਤਿਆਰੀ ਵਿੱਚ ਹੈ ਅੱਜ ਗੁਰੂ ਸਾਹਿਬ ਤੋ ਕੀ ਕੀ ਮੰਗਣਾ | ਕੁਝ ਲੋਕ ਇਸ
ਸਲਾਹ ਮਛਵਰਾ ਕਰ ਰਹੇ ਹਨ, ਗੁਰੂ ਸਾਹਿਬ ਨੂੰ ਆਪਣੇ ਨਾਲ ਕਿਵੇ ਰਲਾਇਆ ਜਾਵੇ | ਕੁਝ ਲੋਕ ਇਸ ਤਿਆਰੀ
ਵਿੱਚ ਹਨ, ਗੁਰੂ ਸਾਹਿਬ ਤੋ ਅਖਵਾਉਣਾ ਬਚਿੱਤਰ ਨਾਟਕ ਤੁਹਾਡੀ ਲਿਖਤ ਨਹੀ ਤੇ ਕੁਝ ਦਸਮ ਗਰੰਥ
ਤੁਹਾਡੀ ਲਿਖਤ ਹੈ | ਹਰ ਕੋਈ ਆਪਣੇ ਆਪਣੇ ਧੰਦੇ ਤੇ ਮੋਹਰ ਲਵਾਉਣ ਦੀ ਤਿਆਰੀ ਕਰ ਰਹਿਆ ਹੈ | ਇੰਨੇ
ਨੂੰ ਜੈਕਾਰਿਆਂ ਦੀ ਗੂੰਜ ਤੇ ਘੋੜਿਆ ਦੇ ਖੁਰਾਂ ਦੀ ਆਵਾਜ਼ ਸੁਨ ਇੱਕ ਵਾਰ ਤਾਂ ਸਾਰੇ ਸਹਿਮ ਜਾਂਦੇ
ਹਨ | ਸਿੰਘਾਂ ਨੂੰ ਆਉਂਦੇ ਦੇਖ ਇੱਕ ਵਾਰ ਤਾਂ ਸਾਰੇ ਦੜਵੱਟ ਕੇ ਬਹਿ ਜਾਂਦੇ ਹਨ | ਸਿੰਘ ਆਕੇ
ਖਾਲਸਾ ਦਰਬਾਰ ਲੱਗਣ ਦਾ ਸਮਾਂ ਦੱਸ ਕੇ ਸਾਰਿਆਂ ਨੂੰ ਸਖਤ ਹਦਾਇਆਤ ਕਰਦੇ ਕੋਈ ਵੀ ਦੇਰੀ ਨਾਲ ਨਾ
ਆਵੇ |
ਅੱਜ ਖਾਲਸਾ ਦਰਬਾਰ ਖੁਲੇ ਅਸਮਾਨ ਥੱਲੇ ਨਹੀ ਬਲਕੇ ਸ਼ਾਹੀ ਦਰਬਾਰਾਂ ਨੂੰ ਮਾਤ ਪਾ ਦੇਣ ਵਾਲੇ ਦਰਬਾਰ
ਦਾ ਰੂਪ ਧਾਰਨ ਕਰ ਚੁਕਾ ਸੀ | ਸਾਰੇ ਦਿੱਤੇ ਹੋਏ ਸਮੇ ਤੇ ਖਲਾਸਾ ਦਰਬਾਰ ਅੰਦਰ ਆ ਗਏ | ਖਾਲਸਾ
ਦਰਬਾਰ ਦੇ ਬਹਾਰ ਖਾਲਸਾ ਫੋਜ ਨੇ ਸਖਤ ਪਹਿਰਾ ਲਗਾ ਦਿੱਤਾ | ਜਦੋ ਗੁਰੂ ਸਾਹਿਬ ਆਏ ਤਾਂ ਗੁਰੂ
ਸਾਹਿਬ ਦੇ ਨਾਲ ਦੇ ਸਿੰਘਾਂ ਨੇ ਗੁਰੂ ਸਾਹਿਬ ਦੇ ਆਉਣ ਤੇ ਇੱਕ ਖਾਲਸਾਈ ਜੈਕਾਰਾ ਲਾਇਆ ਤੇ ਗਿਣਤੀ
ਦੇ ਪੰਜ ਸੱਤ ਲੋਕਾਂ ਨੇ ਉਸੇ ਗਰਜ ਨਾਲ ਜੁਆਬ ਦਿੱਤਾ ਤੇ ਬਾਕੀਆਂ ਨੇ ਮਰੀ ਜਿਹੀ ਆਵਾਜ਼ ਵਿੱਚ ਜੁਆਬ
ਦਿੱਤਾ | ਗੁਰੂ ਸਾਹਿਬ ਜਦੋ ਖਾਲਸਈ ਤਖਤ ਤੇ ਆ ਕੇ ਬੈਠੇ ਤਾਂ ਸਭ ਨੇ ਆਪਣੇ ਆਪਣੇ ਸਭ ਨੇ ਆਪਣੀਆਂ
ਆਪਣੀਆਂ ਅਰਦਾਸਾਂ ਬੈਨਤੀਆਂ ਦਾ ਹੜ੍ਹ ਲਿਆ ਦਿੱਤਾ | ਇੱਕ ਸਿੰਘ ਨੇ ਬੜੀ ਗਰਜਵੀ ਆਵਜ਼ ਵਿੱਚ ਕਹਿਆ
ਇਥੇ ਖਾਲਸਾ ਦਰਬਾਰ ਦੀ ਕਾਰਵਾਈ ਹੋਣੀ ਨਾ ਕਿ ਕੋਈ ਹੋਰ ਗੱਲ |
ਸਭ ਤੋ ਪਹਿਲੀ ਪੇਸ਼ੀ ........ ਗੁਰੂ ਸਾਹਿਬ ਨੇ ਖਾਲਸਾ ਦਰਬਾਰ ਦੀ ਕਾਰਵਾਈ ਦਾ ਹੁਕਮ ਦਿੱਤਾ ਤਾਂ
ਸਭ ਤੋ ਪਹਿਲਾਂ ਬਾਦਲ, ਮੱਕੜ ਤੇ ਪੰਜੇ ਬਾਦਲ ਦੇ ਜਥੇਦਾਰ ਆਏ ਕੋਲ ਖੜੇ ਸਿੰਘ ਨੇ ਬਾਦਲ, ਮੱਕੜ ਤੇ
ਜਥੇਦਾਰਾਂ ਦੀਆਂ ਕਰਤੂਤਾਂ ਦਾ ਭਾਂਡਾ ਭੰਨਿਆ | ਜਦੋ ਗੁਰੂ ਸਾਹਿਬ ਨੇ ਬਾਦਲ ਨੂੰ ਸੁਆਲ ਕੀਤਾ ਤਾਂ
ਬਾਦਲ ਨੇ ਮੱਕੜ ਨੂੰ ਜੁਆਬ ਦੇਣ ਦਾ ਇਸ਼ਾਰਾ ਕੀਤਾ ||
ਮੱਕੜ ਜਦੋ ਖੜਾ ਹੋਇਆ ....
ਗੁਰੂ ਸਾਹਿਬ .... ਹਾਂ ਭਾਈ ਤੂੰ ਕੌਣ ਏ ...
ਮੱਕੜ ... ਜੀ ਮੈਂ , ਸ੍ਰੋਮਣੀ ਕਮੇਟੀ ਦਾ ਪ੍ਰਧਾਨ ....
ਗੁਰੂ ਸਾਹਿਬ ...... ਅਸੀਂ ਸੁਆਲ ਉਸ ਨੂੰ ਕੀਤਾ ਤੇਨੂੰ ਨੂੰ ਤਾਂ ਫਿਰ ਤੂੰ ਕਿਓ ਜੁਆਬ ਦੇ ਰਹਿਆ
....
ਮੱਕੜ ..... ਜੀ ਮੈਨੂੰ ਪ੍ਰਧਾਨਗੀ ਬਾਦਲ ਸਾਬ ਦੇ ਇਸ਼ਾਰਿਆ ਤੇ ਨਚਣ ਕਰਕੇ ਮਿਲੀ ਹੈ ਜੀ ......
ਗੁਰੂ ਸਾਹਿਬ ..... ਤੁਹਾਡੇ ਤੇ ਬਹੁਤ ਗੰਭੀਰ ਇਲਜਾਮ ਹਨ ......
ਮੱਕੜ ...... ਦੇਖੋ ਜੀ ਅਸੀਂ ਤਾਂ ਕੌਮ ਦੀ ਸੇਵਾ ਕਰ ਰਹੇ ਹਾਂ , ਸਾਨੂੰ ਨਹੀ ਪਤਾ ਸਾਡੇ ਤੇ
ਇਲਜਾਮ ਕੌਣ ਲਾਉਂਦਾ ....
ਗੁਰੂ ਸਾਹਿਬ ...... ਕੀ ਸੇਵਾ ਕਰਦੇ ਹੋ ....
ਮੱਕੜ ..... ਸਿੱਖੀ ਦਾ ਪ੍ਰਚਾਰ ਤੇ ਪਸਾਰ .....
ਗੁਰੂ ਸਾਹਿਬ ...... ਫਿਰ ਸਾਨੂੰ ਕਿਓ ਕੋਈ ਸਿੱਖ ਨਜਰ ਨਹੀ ਆ ਰਹਿਆ ....?
ਮੱਕੜ .......... (ਕੁਝ ਰੁਖੇ ਪਣ ਬੋਲ ਕੇ) ਨਾ ਹੁਣ ਤੁਸੀਂ ਕੀ ਚਾਹੁੰਦੇ ਹੋ ?ਅਸੀਂ ਕੱਲੇ ਕੱਲੇ
ਨੂੰ ਫੜ ਕੇ ਦਸੀਏ ਸਿੱਖੀ ਕੀ ?ਇੰਨਾ ਸਮਾਂ ਸਾਡੇ ਕੋਲ ਹੈ ਨੀ .......
ਗੁਰੂ ਸਾਹਿਬ ..... ਜੇ ਤੁਸੀਂ ਪ੍ਰਚਾਰ ਕੀਤਾ ਹੁੰਦਾ ਤਾਂ ਕੱਲੇ ਕੱਲੇ ਨੂੰ ਦਸਣ ਦੀ ਲੋੜ ਨਹੀ ਦੀ
ਪੈਣੀ.......
ਮੱਕੜ ...... ਗੁਰੂ ਸਾਬ ਛਡੋ ਇਹਨਾਂ ਗੱਲਾਂ ਨੂੰ ਤੁਸੀਂ ਕਹੋ ਤਾਂ ਆਪਾਂ ਬਾਦਲ ਸਾਬ ਨਾਲ ਗੱਲ
ਕਰਕੇ ਤੁਹਾਨੂੰ ਸ੍ਰੋਮਣੀ ਕਮੇਟੀ ਦਾ ਚੇਅਰਮੈਨ ਬਣਾ ਦਿੰਦੇ ਹਾਂ, ਪ੍ਰਚਾਰ ਪ੍ਰਚੂਰ ਆਪੇ ਹੁੰਦਾ
ਫਿਰੂ ....ਜੇ ਮੰਤਰੀ ਬਣਨਾ ਤਾ ਵੀ ਦੱਸ ਸਕਦੇ ਹੋ ਬਾਦਲ ਸਾਹਬ ਮੇਰਾ ਕਿਹਾ ਨਹੀ ਮੋੜਦੇ ......
ਗੁਰੂ ਸਾਹਿਬ .... ਕੁਝ ਮੁਸਕਰਾਉਂਦੇ ਹਨ .....
ਇਸ ਤਰ੍ਹਾਂ ਸਾਰੀ ਕਾਰਵਾਈ ਦਾ ਅੰਤ ਇਹ ਨਿਕਲਦਾ ਇਹ ਸਾਰੇ ਦੋਸ਼ੀ ਪਾਏ ਜਾਂਦੇ ਹਨ .....
ਗੁਰੂ ਸਾਹਿਬ ..... ਤੁਸੀਂ ਇਤਹਾਸ ਵਿੱਚ ਲਿਖਿਆ ਅਸੀਂ ਮਸੰਦਾ ਨੂੰ ਤੇਲ ਦੇ ਕੜਾਹਿਆਂ ਵਿੱਚ ਪਾ ਕੇ
ਸਾੜਿਆ ਲਵੋ ਹੁਣ ਤੁਸੀਂ ਵੀ ਤਿਆਰੀ ਕਰੋ .... ਇੰਨਾ ਕਹਿ ਸਿੰਘਾਂ ਨੂੰ ਆਵਾਜ਼ ਮਾਰਦੇ ਹਨ .....ਇਹ
ਸੁਣ ਕੇ ਮੱਕੜ ਤੇ ਜਥੇਦਾਰਾਂ ਦੇ ਪੈਰਾਂ ਥਲੋ ਜਮੀਨ ਨਿਕਲ ਜਾਂਦੀ ..ਹੈ ..
ਮੱਕੜ .......ਬਾਦਲ ਸਾਬ ਕੁਝ ਕਰੋ .......ਬਾਦਲ ਨੇ ਸਾਰਿਆਂ ਨੂੰ ਇਸ਼ਰਾ ਕੀਤਾ ਤੇ ਦੇਖਦੇ ਹੀ
ਦੇਖਦੇ ....
ਜਦੋ ਸਿੰਘ ਨੇੜੇ ਆਉਂਦੇ ਹਨ ਤਾਂ ਇਹ ਸਾਰੇ ਪੱਗਾਂ ਲਾਹ ਕੇ ਕਛ ਵਿੱਚ,ਗਾਤਰੇ ਲਾਹ ਕੇ ਪਾਸੇ ਰਖ
ਦਿੱਤੇ, ਵਾਲ ਖੋਲ ਕੇ ਖਿਲਾਰ ਲੈ ਮੱਥੇ ਤੇ ਟਿੱਕੇ ਲਾ ਲੈ ,ਕੁੜਤੇ ਲਾ ਕੇ ਗਾਤਰੇ ਦੀ ਥਾਂ ਜਨੇਊ
ਪਾੲੇ ਹੋਏ ਦਿਖਾਉਦੇ ਹਨ ...
ਤੇ ਬਾਦਲ ਬੋਲਦਾ ....... ਗੁਰੂ ਸਾਹਿਬ ਅਸੀਂ ਜਦੋ ਸਿੱਖ ਹੀ ਨਹੀ ਤਾਂ ਸਾਨੂੰ ਸਜਾ ਕਾਹਦੀ ਕਕਾਰ
ਅਸੀਂ ਨਹੀ ਤੁਹਾਡੇ ਪਾਏ ਸਾਰੇ ਖੜੇ ਹੋਕੇ ਆਪਣੇ ਪਜਾਮੇ ਲਾਹ ਕੇ ਕਹਿੰਦੇ ਆ ਦੇਖ ਲਵੋ ਅਸੀਂ ਤਾਂ
ਤੁਹਾਡਾ ਕਛਿਹਰਾ ਨਹੀ ਖਾਕੀ ਨੀਕਰ ਪਾਈ ਹੋਈ ਏ ਫਿਰ ਸਾਨੂੰ ਸਜਾ ਕਿਸ ਗੱਲ ਦੀ .......
ਗੁਰੂ ਸਾਹਿਬ ........ ਕੁਝ ਮੁਸਕਰਾ ਕੇ ਠੀਕ ਹੈ, ਤੁਸੀਂ ਲੋਕ ਜਾ ਸਕਦੇ ਹੋ ਤੁਸੀਂ ਸਾਡੇ ਸਿੱਖ
ਨਹੀ ਹੋ ....
ਗੁਰੂ ਸਾਹਿਬ ਦੇ ਇੰਨਾ ਕਹਿਣ ਦੀ ਦੇਰ ਸੀ ਸਾਰੇ ਇੱਕ ਦੂਜੇ ਤੋ ਅੱਗੇ ਹੋ ਕੇ ਖਾਲਸਾ ਦਰਬਾਰ ਤੋ
ਬਹਾਰ ਆ ਗਏ ||
ਮੱਕੜ .... ਬਾਦਲ ਸਾਬ ਅੱਜ ਤਾਂ ਮਾਰੇ ਗਏ ਸੀ ....
ਬਾਦਲ ...ਔਹ ਮੈ ਤਾਂ ਸਾਰੀ ਕੌਮ ਮੂਰਖ ਬਣਾਈ ਹੋਈ ਹੈ, ਗੁਰੂ ਨੂੰ ਚੱਕਰਾਂ ਚ ਪਾਉਣਾ ਕਿੱਡੀ ਕੁ
ਗੱਲ ਸੀ?
ਇੰਨਾ ਕਹਿ ਕੇ ਸਾਰੇ ਟਿੱਕੇ ਸਾਫ਼ ਕਰ ਦਿੰਦੇ ਹਨ, ਗਾਤਰੇ ਪਾ ਲੈਦੇ ਹਨ, ਪੱਗਾ ਬੰਨ ਲੈਦੇ ਹਨ ||
ਜਥੇਦਾਰ ....... ਬਾਦਲ ਸਾਬ ਜੇ ਤੁਸੀਂ ਹੁਕਮ ਕਰੋ ਤਾਂ ਆਪਾਂ ਗੁਰੂ ਨੂੰ ਹੀ ਪੰਥ ਵਿਚੋ ਛੇਕ
ਦੇਂਦੇ ਹਾਂ ..... ਇਹ ਸੁਣ ਕੇ ਬਾਦਲ, ਮੱਕੜ ਤੇ ਬਾਕੀ ਦੇ ਚਾਰੇ ਜਥੇਦਾਰ ਉਚੀ ਉਚੀ ਹੱਸ ਪੈਦੇ ਹਨ
||
ਭੁਲ ਚੂਕ ਦੀ ਖਿਮਾਂ ......
ਗੁਆਚੇ ਹੋਏ ਪੰਥ ਦੇ ਦਾਸ ...
ਜਗਪਾਲ ਸਿੰਘ ਤੇ ਬਲਦੀਪ ਸਿੰਘ ਰਾਮੂਵਾਲੀਆ
25/03/15)
ਸਰਵਜੀਤ ਸਿੰਘ
‘ਗੁਰਬਾਣੀ
ਦੀ ਪਰਖ ਕਸਵੱਟੀ ਅਤੇ ਨਾਨਕਸ਼ਾਹੀ ਕੈਲੰਡਰ’
ਸਰਵਜੀਤ ਸਿੰਘ
'ਕੌਮਾਂਤਰੀ ਅੰਮ੍ਰਿਤਸਰ ਟਾਈਮਜ਼'
ਵੱਲੋਂ ਕੈਲੰਡਰ ਵਿਵਾਦ ਸਬੰਧੀ ਆਰੰਭ ਕੀਤੀ ਗਈ ਵਿਚਾਰ ਚਰਚਾ ਦੀ ਲੜੀ ਵਿਚ ਬੀਬੀ ਅਮਰਜੀਤ ਕੌਰ ਜੀ
ਦਾ ਲੇਖ, ‘ਖਗੋਲ ਵਿਗਿਆਨੀਆਂ ਦੀਆਂ ਲੱਭਤਾਂ ਉੱਤੇ ਪੂਰਾ ਨਹੀਂ ਉਤਰਦਾ ਨਾਨਕਸ਼ਾਹੀ ਕੈਲੰਡਰ’,
ਪਿਛਲੇ ਹਫ਼ਤੇ ਪੜ੍ਹਨ ਨੂੰ ਮਿਲਿਆ। ਇਹ ਲੇਖ, ਮੇਰੇ ਉਸ ਲੇਖ (ਮਾਰਚ 4) ਦੇ ਜਵਾਬ ਵਿੱਚ ਸੀ। ਜਿਸ
ਰਾਹੀ ਮੈਂ ਬੀਬੀ ਵੱਲੋਂ ਕੀਤੇ ਗਏ 9 ਸਵਾਲਾਂ ਦੇ ਜਵਾਬ ਦੇ ਕੇ ਕੁਝ ਸਵਾਲ ਕੀਤੇ ਸਨ। ਚਾਹੀਦਾ ਤਾਂ
ਇਹ ਸੀ ਕਿ ਪਹਿਲਾ ਮੇਰੇ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਅਤੇ ਫੇਰ ਆਪਣੇ ਸਵਾਲ ਕੀਤੇ ਜਾਂਦੇ ਪਰ
ਬੀਬੀ ਨੇ ਆਪਣੀ ਆਦਤ ਮੁਤਾਬਕ ਸਵਾਲਾਂ ਦਾ ਜਵਾਬ ਦੇਣ ਦੀ ਬਿਜਾਏ, ਆਪਣੀਆਂ ਪੁਰਾਣੀਆਂ ਲਿਖਤਾਂ
ਵਿੱਚੋਂ ਹੀ ਕਾਪੀ ਕਰਕੇ ਨਵਾ ਲੇਖ ਬਣਾ ਦਿੱਤਾ ਹੈ। ਖੈਰ...ਆਉ ਬੀਬੀ ਦੇ ਇਸ ਲੇਖ ਤੇ ਵਿਚਾਰ ਕਰੀਏ।
ਬੀਬੀ ਅਮਰਜੀਤ ਕੌਰ ਨੇ ਜਿਥੇ ‘ਅੰਮ੍ਰਿਤਸਰ ਟਾਈਮਜ਼' ਵੱਲੋਂ ਵਿਚਾਰ ਚਰਚਾ ਅਰੰਭ ਕਰਨ ਤੇ ਖੁਸ਼ੀ ਦਾ
ਇਜ਼ਹਾਰ ਕੀਤਾ ਹੈ ਉਥੇ ਹੀ ਇਕ ਉਲਾਂਭਾ ਵੀ ਦਿੱਤਾ ਹੈ, “ਚੰਗਾ ਹੁੰਦਾ ਜੇਕਰ ਇਹ ਚਰਚਾ ਸੰਨ 2003
ਵਿੱਚ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਤੋਂ ਪਹਿਲਾਂ ਹੋ ਜਾਂਦੀ ਤਾਂ ਸ਼ਾਇਦ ਕੌਮ ਨੂੰ ਇਹ ਦਿਨ ਨਾ
ਵੇਖਣੇ ਪੈਂਦੇ”। ਇਸ ਸਬੰਧੀ ਬੇਨਤੀ ਹੈ ਕਿ ਨਾਨਕਸ਼ਾਹੀ ਕੈਲੰਡਰ ਕੋਈ ਰਾਤੋਂ-ਰਾਤ ਬਣਾ ਕੇ ਲਾਗੂ
ਨਹੀਂ ਸੀ ਕਰ ਦਿੱਤਾ ਗਿਆ। 1992 ਤੋਂ 2003 ਤਾਈ ਵਿਦਵਾਨਾਂ ਦੀ ਮੀਟਿੰਗਾਂ ਵਿਚ ਇਸ ਦੀ ਪਰਖ-ਪੜਚੋਲ
ਹੁੰਦੀ ਰਹੀ ਹੈ। ਨਾਨਕਸ਼ਾਹੀ ਕੈਲੰਡਰ 1999 ਦੀ ਭੂਮਿਕਾ ਵਿੱਚ ਛਪਿਆ ਗੁਰਚਰਨ ਸਿੰਘ ਟੋਹੜਾ ਦਾ
ਸੰਦੇਸ਼ ਪੜ੍ਹੋ। ਪਿਛਲੇ ਜਵਾਬਾਂ ਵਿਚ ਪੜ੍ਹੋ ਅਵਤਾਰ ਸਿੰਘ ਮੱਕੜ ਦਾ ਸੰਦੇਸ਼। (ਟਿੱਪਣੀ #6)
ਜਾਣਕਾਰੀ ਵਿੱਚ ਵਾਧਾ ਹੋਵੇਗਾ।
ਬੀਬੀ ਅਮਰਜੀਤ ਕੌਰ ਪੁੰਨਿਆ, ਮੱਸਿਆ ਅਤੇ ਸੰਗ੍ਰਾਂਦਾਂ ਬਾਰੇ ਲਿਖਦੇ
ਹਨ, “ਚਾਹੀਦਾ ਤਾਂ ਇਹ ਸੀ ਕਿ ਅਸੀਂ ਇਹਨਾਂ ਦਿਨਾਂ ਦੀ ਮਹੱਤਤਾ ਨੂੰ ਜਾਨਣ ਵਾਸਤੇ ਹੋਰ
ਅਧਿਐਨ ਕਰਦੇ, ਪਰ ਅਸੀਂ ਇਹਨਾਂ ਨੂੰ ਬ੍ਰਾਹਮਣਵਾਦ ਦਾ ਨਾਮ ਦੇ ਕੇ ਇਸ ਵਿੱਦਿਆ ਤੋਂ ਦੂਰ ਹੋ
ਗਏ...ਸੋ ਸੀਡਰੀਅਲ ਸਾਲ ਦੀਆਂ ਸੰਗ੍ਰਾਂਦਾਂ ਦਾ ਬਹੁਤ ਮਹੱਤਵ ਹੈ। ਇਹ ਗਣਿਤ ਵਿੱਦਿਆ ਅਨੁਸਾਰ
ਆਉਂਦੀਆਂ ਹਨ, ਇਹਨਾਂ ਨੂੰ ਮਰਜ਼ੀ ਨਾਲ ਮਿਥਣਾ, ਖਗੋਲ ਵਿੱਦਿਆ ਦਾ ਮਜ਼ਾਕ ਉਡਾਉਣਾ ਹੈ”। ਇਸ
ਸਬੰਧੀ ਬੇਨਤੀ ਹੈ ਕਿ ਜਿਹੜੇ ਸਵਾਲ ਦਾ ਜਵਾਬ ਦਿੱਤਾ ਜਾ ਚੁਕਾ ਹੋਵੇ, ਉਸੇ ਸਵਾਲ ਨੂੰ ਸ਼ਬਦਾਂ `ਚ
ਹੇਰ-ਫੇਰ ਕਰਕੇ ਦੁਹਰਾਉਣਾ, ਕਿਸੇ ਤਰ੍ਹਾਂ ਵੀ ਬੀਬੀ ਦੀ ਸੁਹਿਰਦਤਾ ਨਹੀ ਮੰਨੀ ਜਾ ਸਕਦੀ। ਇਸ ਸਵਾਲ
ਦਾ ਜਵਾਬ ਪਿਛਲੇ ਲੇਖ ਵਿੱਚ ਬਹੁਤ ਵਿਸਥਾਰ ਨਾਲ ਦਿੱਤਾ ਜਾ ਚੁੱਕਾ ਹੈ। (ਟਿੱਪਣੀ #3 ਪੜ੍ਹੋ) ਹਾਂ!
ਇਕ ਗੱਲ ਤਾਂ ਸਪੱਸ਼ਟ ਹੈ ਕੇ ਬੀਬੀ ਨੇ ਜਾਂ ਤਾਂ ਮੇਰਾ ਜਵਾਬ ਪੜ੍ਹਿਆ ਨਹੀ, ਜੇ ਉਸ ਨੇ ਪੜ੍ਹਿਆ ਹੈ
ਤਾ ਉਸ ਨੂੰ ਸਮਝ ਨਹੀ ਆਇਆ।
ਬੀਬੀ ਅਮਰਜੀਤ ਕੌਰ ਵਿੱਕੀ ਪੀਡੀਆ ਦੇ ਹਵਾਲੇ ਨਾਲ ਲਿਖਦੀ ਹੈ,
“ When Julius Caesar established his
calendar in 45 BC he set 25 March as the spring equinox.[citation needed]
Because a Julian year (365.25 days) is slightly longer than the tropical year
the calendar drifted with respect to the equinox, such that the equinox was
occurring on about 21 March in AD 300 and by AD 1500 it had reached 11 March”।
ਇਥੇ, ਦਿਨ ਅਤੇ ਰਾਤ ਬਰਾਬਰ ਹੋਣ ਦੀ ਘਟਨਾ 25 ਮਾਰਚ ਤੋਂ ਖਿਸਕ ਕੇ 11 ਮਾਰਚ ਹੋਣ ਜਾਣ ਨੂੰ, ਬੀਬੀ
ਰੁੱਤੀ ਸਾਲ (Tropical year)
ਦਾ ਦੋਸ਼ ਮੰਨਦੀ ਹੈ, ਜਦੋਂ ਕਿ ਸਚਾਈ ਕੁਝ ਹੋਰ ਹੈ।
(ਉਪ੍ਰੋਕਤ ਲਿਖਤ ਮੁਤਾਬਕ 45 ਬੀ ਸੀ ਵਿੱਚ ਦਿਨ ਅਤੇ ਰਾਤ 25 ਮਾਰਚ ਨੂੰ ਬਰਾਬਰ ਸਨ।
“When Julius Caesar established his calendar in 45
BC he set 25 March as the spring equinox”।
ਜੇ ਮੈਂ ਗਲਤ ਨਾ ਹੋਵਾਂ ਤਾਂ ਉਸ ਦਿਨ 25 ਮਾਰਚ ਨਹੀਂ ਸਗੋਂ 23 ਮਾਰਚ ਸੀ। ਮੈਂ ਦੋ ਥਾਂ ਤੋਂ
ਪੜਤਾਲ ਕੀਤੀ ਹੈ 1 ਏ:ਡੀ: ਵਿਚ ਇਹ 23 ਮਾਰਚ ਸੀ। ਸਿਰਫ 45 ਸਾਲ ਪਹਿਲਾ ਇਹ 25 ਮਾਰਚ ਹੋਣੀ ਸੰਭਵ
ਨਹੀ ਹੈ। ਉਸ ਦਿਨ 23 ਮਾਰਚ ਜੂਲੀਅਨ ਮੁਤਾਬਕ 21 ਮਾਰਚ ਗਰੈਗੋਰੀਅਨ ਦਿਨ ਸੋਮਵਾਰ ਸੀ)
ਜੂਲੀਅਨ ਕੈਲੰਡਰ ਵੀ ਰੁੱਤੀ ਸਾਲ (Tropical year)
ਹੀ ਸੀ। ਉਸ ਸਮੇਂ ਦੇ ਸਾਧਨਾ ਅਤੇ ਜਾਣਕਾਰੀ ਮੁਤਾਬਕ ਸਾਲ ਦੀ ਲੰਬਾਈ 365.25 ਦਿਨ ਮੰਨੀ ਗਈ ਸੀ।
ਜਦੋਂ ਰੋਮ ਵਾਸੀਆਂ ਨੂੰ ਇਹ ਜਾਣਕਾਰੀ ਹੋਈ ਕਿ ਸਾਡੇ ਦਿਨ-ਤਿਉਹਾਰਾਂ ਦਾ ਸਬੰਧ ਮੌਸਮਾਂ ਨਾਲੋਂ
ਟੁੱਟ ਗਿਆ ਹੈ। ਤਾਂ ਇਸ ਦੇ ਕਾਰਨਾਂ ਦੀ ਪੜਤਾਲ ਕੀਤੀ ਗਈ। ਇਹ ਗੱਲ ਸਾਹਮਣੇ ਆਈ ਕਿ ਸਾਲ ਦੀ ਲੰਬਾਈ
ਅਸਲ ਵਿੱਚ 365.2422 ਦਿਨ ਹੈ। ਸਾਲ ਦੀ ਲੰਬਾਈ ਦਾ ਇਸ ਅੰਤਰ (.25-.2422=.0078 ਦਿਨ) ਕਾਰਨ ਲੱਗ
ਭੱਗ 128 ਸਾਲ ਪਿਛੋਂ ਇਕ ਦਿਨ ਦਾ ਫਰਕ ਪੈ ਰਿਹਾ ਸੀ। ਜੂਲੀਅਨ ਕੈਲੰਡਰ ਵਿੱਚ ਹਰ ਉਹ ਸਾਲ ਜੋ 4
ਨਾਲ ਤਕਸੀਮ ਹੋ ਜਾਵੇ ਉਹ ਲੀਪ ਦਾ ਸਾਲ ਹੁੰਦਾ ਸੀ। ਇਸ ਲਈ 400 ਸਾਲ ਵਿਚ 100 ਸਾਲ ਲੀਪ ਦੇ ਹੁੰਦੇ
ਸਨ। ਅਤੇ ਸਾਲ ਦੀ ਲੰਬਾਈ (365*400+100/400) 365.25 ਦਿਨ ਸੀ। ਨਵੇਂ ਸਿਧਾਂਤ ਮੁਤਾਬਕ ਸਧਾਰਨ
ਸਾਲ 4 ਨਾਲ ਪਰ ਸਦੀ ਸਾਲ 400 ਨਾਲ ਤਕਸੀਮ ਕੀਤਾ ਜਾਂਦਾ ਹੈ ਕਿਉਂਕਿ ਤਿੰਨ ਸਾਲ (100, 200, 300)
400 ਨਾਲ ਤਕਸੀਮ ਨਹੀ ਹੁੰਦੇ ਇਸ ਕਾਰਨ ਹੁਣ 400 ਸਾਲ ਵਿੱਚ ਲੀਪ ਦੇ ਸਾਲ 100 ਤੋਂ ਘੱਟ ਕੇ 97
ਰਹਿ ਗਏ ਹਨ ਅਤੇ ਸਾਲ ਦੀ ਲੰਬਾਈ (365*400+97/400) 365.2425 ਦਿਨ ਰਹਿ ਗਈ। ਉਹ ਵੱਧੇ ਹੋਏ
ਦਿਨ, 1582 ਵਿੱਚ ਖਤਮ ਕਰਕੇ 4 ਅਕਤੂਬਰ ਤੋਂ ਪਿਛੋਂ 15 ਅਕਤੂਬਰ ਕਰ ਦਿੱਤਾ ਗਿਆ ਸੀ। ਇੰਗਲੈਂਡ ਨੇ
ਇਸ ਸੋਧ ਨੂੰ ਸਤੰਬਰ 1752 ਵਿੱਚ ਲਾਗੂ ਕੀਤਾ ਸੀ। ਇਸ ਸਮੇ ਦੌਰਾਨ ਇਕ ਦਿਨ ਦਾ ਹੋਰ ਫਰਕ ਪੈ ਗਿਆ
ਸੀ। ਸਪੱਸ਼ਟ ਹੈ ਕਿ ਇਹ ਰੁੱਤੀ ਸਾਲ ਦੀ ਲੰਬਾਈ ਵਿਚ ਹੋਈ ਹਿਸਾਬ-ਕਿਤਾਬ ਦੀ ਉਕਾਈ ਸੀ ਨਾ ਕਿ ਰੁੱਤੀ
ਸਾਲ ਦਾ ਦੋਸ਼। ਜਿਵੇ ਬੀਬੀ ਨੇ ਸਾਬਿਤ ਕਰਨ ਦਾ ਅਸਫਲ ਯਤਨ ਕੀਤਾ ਹੈ।
ਸਭ ਤੋਂ ਅਹਿਮ ਨੁਕਤਾ, ਜੋ ਬੀਬੀ ਅਮਰਜੀਤ ਕੌਰ ਵਾਰ-ਵਾਰ ਪੇਸ਼ ਕਰਕੇ ਸਿੱਖ ਸੰਗਤਾਂ ਨੂੰ ਗੁਮਰਾਹ
ਕਰਨ ਦਾ ਯਤਨ ਕਰ ਰਹੀ ਹੈ ਉਹ ਹੈ ਕਿ ਨਾਨਕਸ਼ਾਹੀ ਕੈਲੰਡਰ ਦੇ ਹਮਾਇਤੀਆਂ ਵੱਲੋਂ ਇਹ ਝੂਠਾ ਡਰ ਪੈਦਾ
ਕੀਤਾ ਜਾ ਰਿਹਾ ਹੈ ਕਿ ਬਿਕ੍ਰਮੀ ਕੈਲੰਡਰ ਮੁਤਾਬਕ ਬਾਣੀ ਵਿੱਚ ਦਰਜ ਰੁੱਤਾ ਦਾ ਸਬੰਧ ਮਹੀਨਿਆਂ
ਨਾਲੋਂ ਟੁੱਟ ਰਿਹਾ ਹੈ। ਬੀਬੀ ਦਾ ਮੰਨਣਾ ਹੈ ਕਿ ਬਿਕਰਮੀ ਕੈਲੰਡਰ
(sidereal year)
ਅਨੁਸਾਰ ਮੌਸਮ ਗੁਰੂ ਸਾਹਿਬ ਦੇ ਦੁਆਰਾ ਰਚਿਤ ਬਾਰਾਮਾਂਹ ਅਨੁਸਾਰ ਹੀ ਰਹਿਣਗੇ। ਨਾਨਕਸ਼ਾਹੀ ਕੈਲੰਡਰ
ਰੁੱਤੀ ਸਾਲ (Tropical year)
ਅਧਾਰਿਤ ਹੋਣ ਕਾਰਨ ਇਸ ਵਿੱਚ ਰੁੱਤਾ ਸਥਿਰ ਨਹੀ ਰਹਿਣ ਗੀਆਂ। ਇਸ ਸ਼ੰਕੇ ਦਾ ਜਵਾਬ ਵੀ ਪਿਛਲੇ ਲੇਖ
ਵਿੱਚ ਬਹੁਤ ਵਿਸਥਾਰ ਨਾ ਦਿੱਤਾ ਜਾ ਚੁਕਾ ਹੈ। (ਪੜ੍ਹੋ ਟਿੱਪਣੀ # 1) ਪਰ ਬੀਬੀ ਉਸ ਨਾਲ ਸਹਿਮਤੀ
ਪ੍ਰਗਟ ਕਰਨ ਜਾਂ ਦਲੀਲ ਨਾਲ ਅਸਹਿਮਤੀ ਪ੍ਰਗਟ ਕਰਨ ਦੀ ਥਾਂ ਨਵੇ ਸਿਰੇ ਤੋਂ ਉਹੀ ਸ਼ੰਕਾ ਕਰਕੇ, ਆਪਣੇ
ਹੱਕ ਵਿੱਚ ਕਿਸੇ ਵਿਦਵਾਨ ਦੀ ਲਿਖਤ ਪੇਸ਼ ਕਰਦੀ ਹੋਈ ਲਿਖਦੀ ਹੈ, “ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ
ਅਤੇ ਹਮਾਇਤੀ ਬਿਕਰਮੀ ਕੈਲੰਡਰ ਦੀ ਵਿਰੋਧਤਾ ਇਸ ਕਰਕੇ ਕਰ ਰਹੇ ਹਨ ਕਿ ਇੱਕ ਸਮਾਂ ਆਏਗਾ ਜਦੋਂ
ਬਿਕਰਮੀ ਕੈਲੰਡਰ ਅਨੁਸਾਰ ਮੌਸਮ ਉਹ ਨਹੀਂ ਹੋਏਗਾ ਜੋ ਗੁਰਬਾਣੀ ਅਨੁਸਾਰ ਬਾਰਾਮਾਂਹ ਵਿੱਚ ਲਿਖਿਆ
ਹੋਇਆ ਹੈ। ਇਸ ਲਈ ਸਿੱਖਾਂ ਨੂੰ ਆਪਣਾ ਵੱਖਰਾ ਟਰੌਪੀਕਲ ਕੈਲੰਡਰ ਬਣਾਉਣਾ ਚਾਹੀਦਾ ਹੈ।...ਇਹਨਾਂ
ਦੋਨਾਂ ਕੈਲੰਡਰਾਂ ਦਾ ਸਲਾਨਾ ਆਪਸੀ ਅੰਤਰ 20 ਮਿੰਟ ਦਾ ਬਣ ਜਾਂਦਾ ਹੈ। ਇਹ 20 ਮਿੰਟ ਹਜ਼ਾਰਾਂ
ਸਾਲਾਂ ਬਾਅਦ ਮਹੀਨਿਆਂ ਵਿੱਚ ਬਦਲ ਜਾਣਗੇ ਜਿਸ ਤਰ੍ਹਾਂ ਹੁਣ ਤੱਕ 13 ਦਿਨ ਦਾ ਫਰਕ ਪੈ ਚੁੱਕਾ ਹੈ।
ਸੋ ਬਿਕਰਮੀ ਕੈਲੰਡਰ ਅਨੁਸਾਰ ਮੌਸਮ ਗੁਰੂ ਸਾਹਿਬ ਦੇ ਦੁਆਰਾ ਰਚਿਤ ਬਾਰਾਮਾਂਹ ਅਨੁਸਾਰ ਹੀ ਰਹਿਣਗੇ
ਪਰ ਨਾਨਕਸ਼ਾਹੀ ਕੈਲੰਡਰ ਆਪਣੇ ਟਰੌਪੀਕਲ ਅਧਾਰ ਸਮੇਤ ਖਿਸਕ ਜਾਏਗਾ। ਇਹ ਲਿਖਤ ਅੰਗਰੇਜੀ ਵਿੱਚ ਹੈ,
ਪਰ ਅਮਰੀਕਾ ਵਿੱਚ ਹਰ ਕੋਈ ਅੰਗਰੇਜੀ ਬੋਲਦਾ ਤੇ ਸਮਝਦਾ ਹੈ, ਆਸ ਹੈ ਹਰ ਇੱਕ ਨੂੰ ਸਮਝ ਲੱਗ ਹੀ
ਜਾਏਗੀ, ਜੇਕਰ ਨਾ ਲੱਗੀ ਤਾਂ ਇਸਦਾ ਪੰਜਾਬੀ ਅਨੁਵਾਦ ਵੀ ਕਰ ਦਿੱਤਾ ਜਾਏਗਾ”।
ਉਹ ਲਿਖਤ, ਜਿਸ ਬਾਰੇ ਬੀਬੀ ਅਮਰਜੀਤ ਕੌਰ ਲਿਖਦੀ ਹੈ, “ਇਸ ਵਾਰ ਮੈਂ ਪਾਠਕਾਂ ਨੂੰ ਖਗੋਲ
ਵਿਗਿਆਨੀਆਂ ਦੀ ਹੂਬਹੂ ਉਸ ਲਿਖਤ ਦੇ ਰੂਬਰੂ ਕਰਵਾ ਰਹੀ ਹਾਂ”, ਤਾਂ ਸਾਰੇ ਪਾਠਕਾਂ ਨੇ
'ਕੌਮਾਂਤਰੀ ਅੰਮ੍ਰਿਤਸਰ ਟਾਈਮਜ਼' ਦੇ ਪਿਛਲੇ ਅੰਕ ਵਿੱਚ ਪੜ੍ਹ ਹੀ ਲਈ ਹੈ। ਉਸ ਵਿੱਚ ਜੋ ਲਿਖਿਆ ਹੈ
ਉਹ ਅੱਖਰ-ਅੱਖਰ ਸੱਚ ਹੈ। ਮੈਂ ਦਾਵੇ ਨਾਲ ਕਹਿ ਸਕਦਾ ਹਾਂ ਕਿ ਬੀਬੀ ਨੇ ਉਸ ਨੂੰ ਲਿਖਤ ਧਿਆਨ ਨਾਲ
ਨਹੀਂ ਪੜ੍ਹਿਆ। ਜੇ ਬੀਬੀ ਨੇ ਧਿਆਨ ਨਾਲ ਪੜ੍ਹਿਆ ਹੁੰਦਾ ਤਾਂ ਉਹ ਕਦੇ ਵੀ ਉਸ ਲਿਖਤ ਦਾ ਹਵਾਲਾਂ
ਦੇਣ ਦੀ ਗਲਤੀ ਨਾ ਕਰਦੀ, ਜਿਹੜੀ ਲਿਖਤ, ਹੁਣ ਤਾਈ ਬੀਬੀ ਦੇ ਕੀਤੇ-ਕਰਾਏ ਤੇ ਪੋਚਾ ਫੇਰ ਰਹੀ ਹੋਵੇ।
ਬੀਬੀ ਅਮਰਜੀਤ ਕੌਰ ਦਾ ਬਹੁਤ-ਬਹੁਤ ਧੰਨਵਾਦ, ਆਪਣੇ ਦਾਵੇ, “ਇਸ ਸਾਰੀ ਚਰਚਾ ਤੋਂ ਸਿੱਧ ਹੁੰਦਾ ਹੈ
ਕਿ ਬਿਕਰਮੀ ਕੈਲੰਡਰ ਜੋ ਸੀਡਰੀਅਲ ਹੈ, ਦੇ ਮਹੀਨੇ ਕਦੇ ਵੀ ਮੌਸਮ ਦਾ ਸਾਥ ਨਹੀਂ ਛੱਡਣਗੇ”, ਦਾ ਆਪ
ਹੀ ਖੰਡਨ ਕਰਨ ਅਤੇ ਨਾਨਕਸ਼ਾਹੀ ਕੈਲੰਡਰ ਦੇ ਹਮਾਇਤੀਆਂ ਦੇ ਦਾਵੇ, “ਬਿਕ੍ਰਮੀ ਕੈਲੰਡਰ
(sidereal year)
ਮੁਤਾਬਕ ਬਾਣੀ ਵਿੱਚ ਦਰਜ ਰੁੱਤਾ ਦਾ ਸਬੰਧ ਮਹੀਨਿਆਂ ਨਾਲੋਂ ਟੁੱਟ ਰਿਹਾ ਹੈ” ਦੀ ਪ੍ਰੋੜਤਾ ਕਰਨ
ਲਈ। ਪੜ੍ਹੋ ਉਸੇ ਲਿਖਤ ਦੀਆਂ ਆਖਰੀ ਪੰਗਤੀ, “After
several thousand years the 20 minute difference between sidereal and tropical
years would have made our summers occur several months earlier if we used a
calendar based on the sidereal year”।
ਬੀਬੀ ਅਮਰਜੀਤ ਕੌਰ ਇਸ ਪੰਗਤੀ ਦਾ ਭਾਵ ਅਰਥ ਇਨ੍ਹਾਂ ਸ਼ਬਦਾਂ `ਚ ਲਿਖ ਰਹੀ ਹੈ, “ਖਗੋਲ
ਵਿਗਿਆਨੀਆਂ ਅਨੁਸਾਰ ਟਰੌਪੀਕਲ ਸਾਲ ਦਾ ਮੌਸਮ ਬਦਲਨ ਸ਼ੀਲ ਹੈ”।
ਭਾਵੇ ਇਸ ਨੁਕਤੇ ਦਾ ਜਵਾਬ ਪਿਛਲੇ ਪੱਤਰ ਵਿੱਚ, ਸੂਰਜ ਦੇ ਰੱਥ ਫਿਰਨ ਦੀਆਂ ਤਾਰੀਖਾਂ ਦਾ ਹਵਾਲਾ ਦੇ
ਕੇ ਬਹੁਤ ਹੀ ਵਿਸਥਾਰ ਨਾਲ ਦਿੱਤਾ ਜਾ ਚੁੱਕਾ ਹੈ। ਆਓ ਬੀਬੀ ਅਮਰਜੀਤ ਕੌਰ ਵੱਲੋਂ, ਦਿਨ ਅਤੇ ਰਾਤ
ਦੇ ਬਰਾਬਰ ਹੋਣ ਦੀਆਂ ਦਿੱਤਿਆਂ ਉਪ੍ਰੋਕਤ ਤਾਰੀਖਾਂ ਮੁਤਾਬਕ ਵੀ ਵੇਖੀਏ; ਜੇ ਅਸੀਂ 45 ਬੀ: ਸੀ:
ਵਿੱਚ ਦਿਨ ਅਤੇ ਰਾਤ ਦੇ ਬਰਾਬਰ ਹੋਣ ਦੀ ਤਾਰੀਖ 25 ਮਾਰਚ ਮੰਨੀਏ ਤਾਂ ਉਸ ਦਿਨ 12 ਵੈਸਾਖ, ਜੇ 23
ਮੰਨੀਏ ਤਾਂ 10 ਵੈਸਾਖ ਸੀ। 300 ਈ: ਵਿੱਚ 20 ਮਾਰਚ ਜੂਲੀਅਨ ਮੁਤਾਬਕ 21 ਮਾਰਚ ਗਰੈਗੋਰੀਅਨ ਦਿਨ
ਬੁਧਵਾਰ ਨੂੰ ਸੀ 5 ਵੈਸਾਖ ਸੀ। 1500 ਈ: ਦਿਨ ਅਤੇ ਰਾਤ 11 ਮਾਰਚ ਜੂਲੀਅਨ ਮੁਤਾਬਕ 21 ਮਾਰਚ
ਗਰੈਗੋਰੀਅਨ ਦਿਨ ਬੁਧਵਾਰ ਬਰਾਬਰ ਸਨ। ਉਸ ਦਿਨ 16 ਚੇਤ ਸੀ। 2015 ਈ: ਵਿੱਚ 21 ਮਾਰਚ ਮੁਤਾਬਕ ਦਿਨ
ਸ਼ਨਿਚਰ ਵਾਰ ਨੂੰ ਬਰਾਬਰ ਸਨ। ਇਸ ਦਿਨ ਚੇਤ 7 ਸੀ। 3000 ਈ: ਵਿਚ ਦਿਨ ਅਤੇ ਰਾਤ 20 ਮਾਰਚ ਨੂੰ
ਬਰਾਬਰ ਹੋਣਗੇ। ਉਸ ਦਿਨ ਬਿਕ੍ਰਮੀ ਸੂਰਜੀ ਸਿਧਾਂਤ ਮੁਤਾਬਕ 20 ਫੱਗਣ, ਬਿਕ੍ਰਮੀ ਦ੍ਰਿਕ ਗਿਣਤ
ਸਿਧਾਂਤ ਮੁਤਾਬਕ 23 ਫੱਗਣ ਹੋਵੇਗੀ। ਬੀਬੀ ਅਮਰਜੀਤ ਕੌਰ ਜੀ ਹੁਣ ਤੁਸੀਂ ਇਹ ਜਾਣਕਾਰੀ ਦਿਓ ਕਿ
ਰੁੱਤਾ ਕਿਸ ਕੈਲੰਡਰ ਵਿੱਚ ਸਥਿਰ ਰਹਿਣਗੀਆਂ?
ਸਮੱਸਿਆ ਦਾ ਹਲ ਕੀ ਹੈ:- ਕੀ ਸਿੱਖਾਂ ਦਾ ਆਪਣਾ ਕੈਲੰਡਰ ਹੋਣਾ ਚਾਹੀਦਾ ਹੈ? ਨਾਨਕਸ਼ਾਹੀ ਕੈਲੰਡਰ ਦੇ
ਵਿਰੋਧੀਆਂ ਵਿਚੋਂ ਬਹੁਤੇ ਸੱਜਣ ਇਸ ਗੱਲ ਤੇ ਸਹਿਮਤ ਹਨ ਕਿ ਸਿੱਖਾਂ ਦਾ ਆਪਣਾ ਵੱਖਰਾ ਕੈਲੰਡਰ ਹੋਣਾ
ਚਾਹੀਦਾ ਹੈ। ਇਸ ਤੋਂ ਅੱਗਲਾ ਸਵਾਲ ਇਹ ਹੈ ਕਿ ਕੈਲੰਡਰ ਕਿਹੜਾ ਹੋਣਾ ਚਾਹੀਦਾ ਹੈ? ਚੰਦ ਅਧਾਰਿਤ
ਜਾਂ ਸੂਰਜੀ। ਇਸ ਬਾਰੇ ਵੀ ਕਿਸੇ ਹੱਦ ਤਾਈ ਸਹਿਮਤੀ ਹੈ ਕਿ ਕੈਲੰਡਰ ਸੂਰਜੀ ਹੋਣਾ ਚਾਹੀਦਾ। ਸੂਰਜੀ
ਕਿਹੜਾ? ਬਿਕ੍ਰਮੀ ਜਾਂ ਰੁੱਤੀ?
(sidereal-365.2563 or Tropical-365.2425)
ਕੈਲੰਡਰ ਵਿੱਚ ਸਭ ਤੋਂ ਅਹਿਮ ਨੁਕਤਾ ਹੈ ਸਾਲ ਦੀ ਲੰਬਾਈ। ਕੀ ਅਸੀਂ ਫਰਜ਼ੀ ਰਾਸ਼ੀਆਂ ਨੂੰ ਮੁਖ ਰੱਖ
ਕੇ ਬਣਾਏ ਕੈਲੰਡਰ ਨੂੰ ਮੰਨਣਾ ਹੈ? ਜਿਸ ਕਾਰਨ ਗੁਰਬਾਣੀ ਵਿਚ ਦਰਜ ਰੁੱਤਾਂ ਅਤੇ ਮਹੀਨਿਆਂ ਦਾ ਆਪਸੀ
ਸਬੰਧ ਟੁੱਟ ਰਿਹਾ ਹੈ ਜਾਂ ਇਸ ਧਰਤੀ ਤੇ, ਅਕਾਲ ਪੁਰਖ ਦੇ ਹੁਕਮ ਵਿੱਚ ਬਣਦੀਆਂ/ਬਦਲਦੀਆਂ ਰੁੱਤਾ
ਨੂੰ ਮੁਖ ਰੱਖ ਕੇ ਬਣਾਏ ਕੈਲੰਡਰ ਨੂੰ ਅਪਨਾਉਣਾ ਹੈ? ਗੁਰੂ ਸਾਹਿਬਾਨ ਨੇ ਗੁਰਬਾਣੀ ਵਿਚ 6 ਰੁੱਤਾਂ
ਦਾ ਜਿਕਰ ਕੀਤਾ ਹੈ। ਇਨ੍ਹਾਂ ਰੁੱਤਾਂ ਦਾ ਇਸ ਧਰਤੀ ਤੇ ਜੀਵਨ ਨਾਲ ਸਿੱਧਾ ਸਬੰਧ ਹੈ। ਇਸ ਲਈ
ਕੈਲੰਡਰ ਦਾ ਰੁੱਤਾਂ ਨਾਲ ਸਬੰਧਿਤ ਹੋਣਾ ਬਹੁਤ ਜਰੂਰੀ ਹੈ। ਨਾਨਕਸ਼ਾਹੀ ਕੈਲੰਡਰ ਨਾਲ ਗੁਰਬਾਣੀ ਵਿਚ
ਦਰਜ ਰੁੱਤਾਂ ਅਤੇ ਮਹੀਨਿਆਂ ਦਾ ਆਪਸੀ ਸਬੰਧ ਸਦਾ ਵਾਸਤੇ ਸਥਿਰ ਰਹੇਗਾ।
ਬੀਬੀ ਅਮਰਜੀਤ ਕੌਰ ਜੋ ਬਿਕ੍ਰਮੀ ਦੀ ਹਮਾਇਤੀ ਹੈ, ਅਣਜਾਣੇ ਹੀ ਰੁੱਤੀ ਸਾਲ ਦੇ ਪੱਖ ਵਿੱਚ ਸਬੂਤ
ਪੇਸ਼ ਕਰਕੇ, ਆਪਣੇ ਦਾਵੇ, ਕਿ ਬਿਕ੍ਰਮੀ ਕੈਲੰਡਰ ਹੋਣਾ ਚਾਹੀਦਾ ਹੈ, ਦਾ ਆਪ ਹੀ ਖੰਡਨ ਕਰ ਗਈ ਹੈ।
ਇਸ ਲਈ ਬੀਬੀ ਅਮਰਜੀਤ ਕੌਰ ਦਾ ਇਕ ਵੇਰ ਬਹੁਤ-ਬਹੁਤ ਧੰਨਵਾਦ।
ਹੁਣ ਅਗਲਾ ਸਵਾਲ ਇਹ ਹੈ ਕਿ ਚੰਦ ਦੇ ਸਾਲ (354.37 ਦਿਨ) ਮੁਤਾਬਕ ਲਿਖੀਆਂ ਹੋਈਆਂ ਇਤਿਹਾਸਿਕ
ਤਾਰੀਖਾਂ ਨੂੰ ਸੂਰਜੀ ਸਾਲ (365.2425 ਦਿਨ) ਵਿਚ ਕਿਵੇਂ ਬਦਲਣਾ ਹੈ? ਕੈਲੰਡਰ ਕਮੇਟੀ ਨੇ ਜਿਵੇਂ
ਤਾਰੀਖਾਂ ਨੂੰ ਬਦਲੀ ਕੀਤਾ ਸੀ, ਉਹ ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਵਿੱਚ ਇਨ੍ਹਾਂ ਸ਼ਬਦਾਂ ਵਿੱਚ
ਦਰਜ ਹੈ, “ਤਿੱਥਾਂ ਨੂੰ ਨਾਨਕਸ਼ਾਹੀ ਕੈਲੰਡਰ ਵਿੱਚ ਬਦਲਣ ਲਈ ਅੰਗਰੇਜੀ ਤਾਰੀਖਾਂ ਨੂੰ ਨਹੀਂ
ਬਲਕਿ ਪ੍ਰਵਿਸ਼ਟਿਆਂ ਨੂੰ ਮੁਖ ਰੱਖਿਆ ਜਾਵੇਗਾ”। ਜਿਵੇ, ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ
ਪ੍ਰਕਾਸ਼ ਹੋਇਆ ਸੀ ਉਸ ਸਮੇਂ ਦੇ ਪ੍ਰਚਲਤ ਕੈਲੰਡਰਾਂ ਮੁਤਾਬਕ, ਪੋਹ ਸੁਦੀ 7, 23 ਪੋਹ ਅਤੇ 5 ਰਜਬ
(ਹਿਜਰੀ ਕੈਲੰਡਰ) ਦਿਨ ਸ਼ਨਿਚਰਵਾਰ ਸੀ। ਇਕ ਹੋਰ ਤਾਰੀਖ 22 ਦਸੰਬਰ (ਜੂਲੀਅਨ) ਵੀ ਲਿਖਤਾਂ ਵਿੱਚ
ਮਿਲਦੀ ਹੈ ਪਰ ਇਹ ਕੈਲੰਡਰ ਕਦੇ ਵੀ ਆਪਣੇ ਖਿਤੇ ਵਿਚ ਲਾਗੂ ਹੀ ਨਹੀਂ ਹੋਇਆ। ਹਿਜਰੀ ਕੈਲੰਡਰ ਦੀਆਂ
ਤਾਰੀਖਾਂ ਸਿਰਫ ਸਰਕਾਰੀ ਰਿਕਾਰਡ ਵਿਚ ਹੀ ਦਰਜ ਹਨ। ਹੁਣ ਸਾਡੇ ਪਾਸ ਦੋ
ਤਾਰੀਖਾਂ ਬਚਦੀਆਂ ਹਨ, ਪੋਹ ਸੁਦੀ 7 ਅਤੇ 23 ਪੋਹ। ਕੈਲੰਡਰ ਕਮੇਟੀ ਨੇ 23 ਪੋਹ ਨੂੰ ਮੁਖ ਰੱਖਿਆ
ਹੈ। ਅੱਜ ਵੀ, ਨਾਨਕਸ਼ਾਹੀ ਕੈਲੰਡਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23
ਪੋਹ ਹੀ ਦਰਜ ਹੈ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਵੱਲੋਂ 14 ਮਾਰਚ ਨੂੰ ਜਾਰੀ ਕੀਤੇ ਗਏ ਬਿਕ੍ਰਮੀ
ਸੰਮਤ 2072 ਦੇ ਕੈਲੰਡਰ ਵਿੱਚ ਪੋਹ ਸੁਦੀ 7 ਨੂੰ ਮੁਖ ਰੱਖਿਆ ਗਿਆ ਹੈ। ਪੋਹ ਸੁਦੀ 7 ਨੂੰ ਇਸ ਸਾਲ
ਦੇ ਪ੍ਰਵਿਸ਼ਟੇ ਵਿੱਚ ਬਦਲ ਦਿੱਤਾ ਗਿਆ ਹੈ ਜਿਸ ਮੁਤਾਬਕ ਇਹ 3 ਮਾਘ ਬਣਦੀ ਹੈ। ਸੰਮਤ 2073 ਵਿੱਚ ਇਹ
22 ਪੋਹ, ਸੰਮਤ 2074 ਵਿੱਚ ਇਹ 11, ਪੋਹ ਸੰਮਤ 2075 ਵਿੱਚ ਇਹ 29 ਪੋਹ ਹੋਵੇਗੀ। ਇਹ ਹਨ ਉਹ
ਦੋਵੇਂ ਤਰੀਕੇ ਜਿਨ੍ਹਾਂ ਮੁਤਾਬਕ ਗੁਰਪੁਰਬਾਂ ਦੀਆਂ ਤਾਰੀਖਾਂ ਨਿਰਧਾਰਤ ਕੀਤੀਆਂ ਗਈਆਂ ਹਨ। ਸਤਿਕਾਰ
ਯੋਗ ਪਾਠਕੋ ਤੁਸੀਂ ਕਿਵੇਂ ਸੋਚਦੇ ਹੋ? ਤੁਸੀਂ ਇਨ੍ਹਾਂ ਦੋਵਾਂ ਵਿੱਚੋਂ ਕਿਸ ਤਰੀਕੇ ਨਾਲ ਸਹਿਮਤ
ਹੋ? ਕਿਸੇ ਸੱਜਣ ਪਾਸ ਇਨ੍ਹਾਂ ਤੋਂ ਵੱਖਰਾ/ਵਧੀਆ ਤਰੀਕਾ ਹੋਵੇ, ਜਿਸ ਨਾਲ ਚੰਦ ਦੇ ਸਾਲ (354.37
ਦਿਨ) ਦੀਆਂ ਤਾਰੀਖਾਂ ਨੂੰ ਸੂਰਜੀ ਸਾਲ (365.2425 ਦਿਨ) ਵਿੱਚ ਬਦਲਿਆ ਜਾ ਸਕੇ, ਉਸ ਸੱਜਣ ਨੂੰ
ਨਿਮਰਤਾ ਸਹਿਤ ਬੇਨਤੀ ਹੈ ਕਿ ਆਪਣੇ ਵਿਚਾਰ ਸਾਂਝੇ ਕਰਨ ਦੀ ਕ੍ਰਿਪਾਲਤਾ ਕਰੋ ਜੀ ਤਾਂ ਜੋ ਇਸ ਬਹੁਤ
ਹੀ ਅਹਿਮ ਪਰ ਜਾਣ ਬੁਝ ਕੇ ਉਲਝਾਏ ਜਾ ਰਹੇ ਮੁੱਦੇ ਬਾਰੇ ਪੂਰੀ ਗੰਭੀਰਤਾ ਨਾਲ ਵਿਚਾਰ ਕੀਤੀ ਜਾ
ਸਕੇ।
25/03/15)
ਸਿਮਰਨਜੀਤ ਸਿੰਘ
ਨੋਟ:- ਸਿੱਖ ਮਾਰਗ ਦੇ ਇੱਕ ਪਾਠਕ ਨੇ ਸਾਨੂੰ ਅਤੇ ਕੁੱਝ ਹੋਰ ਸੱਜਣਾ ਨੂੰ ਇੱਕ ਸਵਾਲ ਪੁੱਛਿਆ ਸੀ
ਕਿ ਕੁਰਾਨ ਅਤੇ ਬਾਈਬਲ ਅਨੁਸਾਰ ਸੂਦ/ਵਿਆਜ਼ ਲੈਣਾ ਗਲਤ ਹੈ ਅਤੇ ਗੁਰਮਤਿ ਦਾ ਇਸ ਬਾਰੇ ਕੀ ਵਿਚਾਰ
ਹੈ? ਅਸੀਂ ਆਪਣੇ ਰੁਝੇਵੇਂ ਵਿਚੋਂ ਕੁੱਝ ਸਮਾਂ ਕੱਢ ਕੇ ਸੰਖੇਪ ਜਿਹਾ ਉੱਤਰ ਦੇਣ ਦੀ ਕੋਸ਼ਿਸ਼ ਕੀਤੀ
ਹੈ। ਜੇ ਕਰ ਕੋਈ ਹੋਰ ਪਾਠਕ/ਲੇਖਕ ਇਸ ਬਾਰੇ ਵਿਸਥਾਰ ਨਾਲ ਲਿਖ ਸਕਦਾ ਹੋਵੇ ਤਾਂ ਜ਼ਰੂਰ ਲਿਖੇ। ਜੇ
ਕਰ ਦੂਸਰੇ ਸੱਜਣਾ ਨੇ ਸਿਮਰਨਜੀਤ ਸਿੰਘ ਨੂੰ ਇਸ ਦਾ ਕੋਈ ਜਵਾਬ ਭੇਜਿਆ ਹੈ ਤਾਂ ਦੱਸ ਦੇਵੇ ਅਸੀਂ ਉਹ
ਵੀ ਇੱਥੇ ਛਾਪ ਦੇਵਾਂਗੇ।
ਸ: ਸਿਮਰਨਜੀਤ ਸਿੰਘ ਜੀ,
ਸਾਰੇ ਧਰਮਾਂ ਦੇ ਕੱਟੜ ਅਤੇ ਅੰਧ ਵਿਸ਼ਵਾਸ਼ੀ ਲੋਕ ਆਪਣੇ ਧਰਮ ਵਿਚਲੇ ਗ੍ਰੰਥਾਂ ਦੇ
ਸ਼ਬਦਾਂ ਦੀ ਅਸਲ ਭਾਵਨਾ ਨੂੰ ਸਮਝੇ ਬਿਨਾ ਗਲਤ ਵਿਆਖਿਆ ਕਰਦੇ ਹਨ। ਦੁਨੀਆ ਦੇ ਸਾਰੇ ਅਮੀਰ ਦੇਸ਼
ਬਾਈਬਲ ਨੂੰ ਮੰਨਣ ਵਾਲੇ ਹਨ। ਇਹਨਾ ਦੇਸ਼ਾਂ ਦੇ ਸਾਰੇ ਕਾਰੋਬਾਰ ਅਤੇ ਇਕੋਨਮੀ ਵਿਆਜ਼ ਤੇ ਨਿਰਭਰ ਕਰਦੀ
ਹੈ। ਇਹ ਵਿਆਜ਼ ਰਾਹੀਂ ਹੀ ਆਪਣੀ ਕਰੰਸੀ, ਇਨਫਲੇਸ਼ਨ ਅਤੇ ਜ਼ੀ. ਡੀ. ਪੀ. ਨੂੰ ਸੰਤੁਲਨ ਰੱਖਣ ਦੀ
ਕੋਸ਼ਿਸ਼ ਕਰਦੇ ਹਨ। ਇਸ ਵੇਲੇ ਬੈਂਕ ਔਫ ਕਨੇਡਾ ਦਾ ਵਿਆਜ਼ ਪੌਣਾਂ ਪਰਸੈਂਟ ਹੈ। ਕਨੇਡਾ ਦੀਆਂ ਬੈਂਕਾਂ
ਮੋਰਗੇਜ਼ ਲਈ ਤਿੰਨ ਕੁ ਪਰਸੈਂਟ ਅਤੇ ਲੋਨ ਲਈ ਛੇ ਕੁ ਪਰਸੈਂਟ ਵਿਆਜ਼ ਚਾਰਜ਼ ਕਰਦੀਆਂ ਹਨ। ਇਸਲਾਮ ਨੂੰ
ਮੰਨਣ ਵਾਲੇ ਸਭ ਤੋਂ ਕੱਟੜ ਹਨ ਪਰ ਮਜ਼ਬੂਰੀਆਂ ਕਈ ਕੁੱਝ ਕਰਵਾ ਦਿੰਦੀਆਂ ਹਨ। ਪਾਕਿਸਤਾਨ ਅਤੇ
ਅਫਗਾਨਿਸਤਾਨ ਵਿੱਚ ਜੋ ਹਾਲ ਹੈ ਉਹ ਸਾਰੀ ਦੁਨੀਆ ਜਾਣਦੀ ਹੈ। ਜੇ ਵਿਆਜ਼ ਲੈਣਾ ਗਲਤ ਹੈ ਤਾਂ ਡਰੱਗ
ਦਾ ਧੰਦਾ ਕਿਤਨਾ ਕੁ ਜ਼ਾਇਜ਼ ਹੈ? ਸਭ ਤੋਂ ਵੱਧ ਅਫੀਮ ਦਾ ਧੰਦਾ ਅਫਗਾਨਿਸਤਾਨ ਵਿੱਚ ਹੁੰਦਾ ਹੈ।
ਜਿਹਨਾ ਅਰਬ ਦੇਸ਼ਾਂ ਕੋਲ ਤੇਲ ਦੇ ਭੰਡਾਰ ਹਨ ਉਹ ਤਾਂ ਆਪਣੀ ਮਰਜ਼ੀ ਨਾਲ ਸ਼ਰੀਅਤ ਵਾਲੇ ਕੱਟੜ ਕਾਨੂੰਨ
ਲਾਗੂ ਕਰ ਸਕਦੇ ਹਨ ਪਰ ਸਾਰੇ ਨਹੀਂ। ਪਰ ਇੱਥੇ ਵੀ ਹੁਣ ਬੀਬੀਆਂ ਆਪਣੇ ਹੱਕਾਂ ਲਈ ਅਵਾਜ਼ ਉਠਾ ਰਹੀਆਂ
ਹਨ।
ਇਸਲਾਮ ਵਿੱਚ ਬੁਰਕਾ ਪਹਿਨਦੀਆਂ ਬੀਬੀਆਂ ਵੀ ਹੌਲੀ ਹੌਲੀ ਇਸ ਤੋਂ ਛੁਟਕਾਰਾ ਪਉਣ ਦੀ ਕੋਸ਼ਿਸ਼ ਕਰ
ਰਹੀਆਂ ਹਨ। ਹੋਰ ਦੇਸ਼ ਵੀ ਇਸ ਵਿਰੁੱਧ ਅਵਾਜ਼ ਉਠਾ ਰਹੇ ਹਨ। ਹਾਲੇ ਕੁੱਝ ਦਿਨ ਪਹਿਲਾਂ ਹੀ ਕਨੇਡਾ ਦੇ
ਪ੍ਰਧਾਨ ਮੰਤਰੀ ਨੇ ਪਾਰਲੀਮੈਂਟ ਵਿੱਚ ਇਸ ਵਿਰੁੱਧ ਬਿਆਨ ਦਿੱਤਾ ਸੀ। ਬਹੁਤੇ ਕਨੇਡੀਅਨ ਲੋਕ ਇਸ
ਬੁਰਕੇ ਦੇ ਵਿਰੁੱਧ ਹਨ। ਕਨੇਡਾ ਵਿੱਚ ਰਹਿੰਦੀ ਇੱਕ ਇਸਲਾਮੀ ਬੀਬੀ ਜਿਸ ਨੇ ਕਿ ਬੁਰਕਾ ਤਿਆਗ ਕੇ
ਸਿਰ ਦੇ ਸਿਰਫ ਰੁਮਾਲ/ਸਕਾਰਫ ਹੀ ਪਾਇਆ ਹੋਇਆ ਸੀ ਉਹ ਕਿਸੇ ਕਾਰਨ ਕੋਰਟ ਵਿੱਚ ਅਪੀਲ ਕਰਨ ਗਈ ਤਾਂ
ਜੱਜ ਨੇ ਉਸ ਦੀ ਅਪੀਲ ਸੁਣਨ ਤੋਂ ਹੀ ਇਨਕਾਰ ਕਰ ਦਿੱਤਾ। ਇਸ ਵਿਰੱਧ ਮੀਡੀਏ ਅਤੇ ਲੋਕਾਂ ਨੇ ਅਵਾਜ਼
ਉਠਾਈ ਕਿ ਇਹ ਠੀਕ ਨਹੀਂ ਕੀਤਾ। ਕਈ ਲੋਕ ਉਸ ਬੀਬੀ ਲਈ ਸ਼ੋਸ਼ਲ ਮੀਡੀਏ ਜਾਂ ਹੋਰ ਤਰੀਕੇ ਰਾਹੀਂ ਪੈਸੇ
ਇਕੱਠੇ ਕਰਨ ਲੱਗ ਪਏ। ਫਿਰ ਪਤਾ ਲੱਗਾ ਕਿ ਉਹ ਬੀਬੀ ਤਾਂ ਵੈੱਲਫੇਅਰ/ਸਾਰਕਾਰੀ ਭੱਤਾ ਲੈਂਦੀ ਹੈ।
ਕਹਿਣ ਤੋਂ ਭਾਵ ਹੈ ਕਿ ਮਜ਼ਬੂਰੀਆਂ ਬਹੁਤ ਕੁੱਝ ਕਰਵਾ ਦਿੰਦੀਆਂ ਹਨ। ਵੈੱਲਫੇਅਰ ਨੂੰ ਬਹੁਤਾ ਚੰਗਾ
ਨਹੀਂ ਸਮਝਿਆ ਜਾਂਦਾ। ਇਸ ਦਾ ਮਤਲਬ ਹੁੰਦਾ ਹੈ ਕਿ ਬਿਨਾ ਕੰਮ ਕੀਤਿਆਂ ਘਰ ਬੈਠੇ ਟੈਕਸ ਦੇ ਪੈਸੇ
ਲੈਣੇ।
ਗੁਰੂ ਸਾਹਿਬ ਵੇਲੇ ਵੀ ਕਈ ਸਿੱਖ ਘੋੜਿਆਂ ਦਾ ਅਤੇ ਹੋਰ ਕਈ ਵਪਾਰ ਕਰਦੇ ਹੁੰਦੇ ਸਨ। ਵਪਾਰ ਦਾ ਮਤਲਬ
ਹੀ ਇਹ ਹੁੰਦਾ ਹੈ ਕਿ ਕੋਈ ਚੀਜ਼ ਖਰੀਦ ਕੇ ਉਸ ਨੂੰ ਅੱਗੇ ਵੇਚ ਕੇ ਕੋਈ ਮੁਨਾਫਾ ਕਮਾਉਣਾ। ਬੈਂਕਾਂ
ਦੇ ਕਾਰੋਬਾਰ ਵਿਆਜ਼ ਨਾਲ ਹੀ ਚਲਦੇ ਹਨ।
ਹਾਂ, ਗਰੀਬ ਅਤੇ ਲੋੜਵੰਦ ਦੀ ਔਖੇ ਵੇਲੇ ਸਹਾਇਤਾ ਕਰਨੀ ਇਹ ਮਨੁੱਖੀ ਫਰਜ਼ ਹੈ। ਇਸ ਦੇ ਮਨੋਰਥ ਨੂੰ
ਮੁੱਖ ਰੱਖ ਕੇ ਹੀ ਧਾਰਮਿਕ ਗ੍ਰੰਥਾਂ ਵਿੱਚ ਜ਼ਿਕਰ ਕੀਤਾ ਲਗਦਾ ਹੈ। ਜੇ ਕਰ ਕੋਈ ਗਰੀਬ ਅਤੇ ਜਾਣਕਾਰੀ
ਵਾਲਾ ਲੋੜਵੰਦ ਥੋੜੇ ਸਮੇ ਲਈ ਉਧਾਰ ਪੈਸੇ ਮੰਗੇ ਤਾਂ ਉਸ ਤੋਂ ਵਿਆਜ਼ ਮੰਗਣਾ ਵਾਜਿਬ ਨਹੀਂ ਹੈ। ਹੋਰ
ਅਤੇ ਵਧੇਰੇ ਜਾਣਕਾਰੀ ਲਈ ਇਹ ਦੂਸਰੇ ਅਦਾਰੇ ਸੱਜਣ ਦੱਸ ਸਕਦੇ ਹਨ।
ਧੰਨਵਾਦ ਸਹਿਤ,
ਸੰਪਾਦਕ।
25/03/15)
ਗੁਰਦੇਵ ਸਿੰਘ ਬਟਾਲਵੀ-ਫੇਸਬੁੱਕ ਰਾਹੀਂ
'ਆਸਤੀਨ
ਦੇ ਸੱਪ'
ਜਿਸ ਦੇ ਨਾਮ ਤੇ ਅਸੀਂ ਖਾਂਦੇ ਰਹੇ।
ਉਸਦੇ ਨਾਲ ਹੀ ਦਗਾ ਕਮਾਂਦੇ ਰਹੇ।
ਬਣਕੇ ਬਗਾਨਿਆਂ ਦੀ ਕੁਹਾੜੀ ਦਾ ਦਸਤਾ।
ਆਪਣਿਆਂ ਤੇ ਵਾਰ ਚਲਾਂਦੇ ਰਹੇ।
ਪੰਥ ਨਾਲ ਜਿਨ੍ਹਾਂ ਕੀਤਾ ਧ੍ਰੋਹ ਜਿੰਦਗੀ ਭਰ।
ਅਸੀਂ ਰਿਸ਼ਤੇ ਉਨ੍ਹਾਂ ਨਾਲ ਨਿਭਾਂਦੇ ਰਹੇ।
ਜੋ ਸਾਡੀ ਹਮੇਸ਼ਾਂ ਹੀ ਪਿਠ ਤੇ ਖੜ੍ਹੇ।
ਅਸੀਂ ਦੁਸ਼ਮਣੀ ਉਨ੍ਹਾਂ ਨਾਲ ਨਿਭਾਂਦੇ ਰਹੇ।
ਪੰਥ ਦੇ ਨਾਮ ਦਾ ਅਸੀਂ ਪਾ ਕੇ ਚੌਲ੍ਹਾ।
ਕਰਦੇ ਹਵਨ ਤੇ ਟਿੱਕਾ ਲਗਾਂਦੇ ਰਹੇ।
ਝੂਠੇ ਸਾਧ ਪਖੰਡੀ ਦੋਖੀ ਪੰਥ ਦੇ ਜੋ।
ਅਸੀਂ ਸਿਰ ਉਨ੍ਹਾਂ ਤਾਈਂ ਹੀ ਨਿਵਾਂਦੇ ਰਹੇ।
ਹੁਣ ਛੱਡ ਦੇ ਖਿਹੜਾ "ਸ਼ਾਂਤ" ਇਨ੍ਹਾਂ ਲੀਡਰਾਂ ਦਾ।
ਓਹ ਧੋਖਾ ਦਿੰਦੇ ਰਹੇ, ਅਸੀਂ ਧੋਖਾ ਖਾਂਦੇ ਰਹੇ।
23/03/15)
ਡਾ: ਇਕਬਾਲ ਸਿੰਘ ਢਿੱਲੋਂ
ਸਤਿਕਾਰਯੋਗ ਸ. ਗੁਰਮੀਤ ਸਿੰਘ ਸਿਡਨੀ ਜੀਓ ਆਪ ਜੀ ਨੂੰ ਮੇਰੇ ਵੱਲੋਂ ‘ਸਤਿ ਕਰਤਾਰ’ ਦਾ ਪ੍ਰਣਾਮ
ਪਰਵਾਨ ਹੋਵੇ ਜੀ!
ਸਿਖਮਾਰਗ ਵੈਬਸਾਈਟ ਉੱਤੇ ਇਸ ਹਫਤੇ ਪਾਏ ਗਏ ਆਪ ਜੀ ਦੇ ਲੇਖ ‘ਗੁਰਬਾਣੀ ਬਨਾਮ
ਪੰਥ-ਪ੍ਰਵਾਨਿਤ ਤਖਤ ਅਤੇ ਰਹਤ ਮਰਯਾਦਾ’ ਵਿੱਚ ਆਪ ਜੀ ਨੇ ਸਿੱਖੀ ਦੇ ਪੈਰੋਕਾਰਾਂ ਲਈ
‘ਜਾਗਰੂਕਤਾ’ ਦਾ ਵਧੀਆ ਸੰਦੇਸ਼ ਪੇਸ਼ ਕੀਤਾ ਹੈ। ਇਸ ਪੱਖੋਂ ਲੇਖ ਦੇ ਅੰਤ ਉੱਤੇ ਅੰਕਿਤ ਕੀਤੀ ਗਈ
ਸੰਪਾਦਕੀ ਟਿੱਪਣੀ ਵੀ ਬਹੁਤ ਮਹੱਤਵਪੂਰਨ ਹੈ।
ਸ. ਗੁਰਮੀਤ ਸਿੰਘ ਜੀ, ਇੱਥੇ ਮੈਂ ਆਪ ਜੀ ਅਤੇ ਮਾਨਯੋਗ ਸੰਪਾਦਕ ਜੀ ਵਰਗੇ ‘ਜਾਗਰੂਕ’ ਸੱਜਣਾਂ ਦੇ
ਧਿਆਨ ਵਿੱਚ ਲਿਆਉਣਾ ਚਾਹਾਂਗਾ ਕਿ ਇਹ ਤਾਂ ਸਹੀ ਹੈ ਕਿ ਤਖਤਾਂ ਦੀ ਮਾਨਤਾ, ਰਹਤ-ਮਰਯਾਦਾ, ਅਖੌਤੀ
ਦਸਮ-ਗ੍ਰੰਥ, ਤੀਰਥ-ਯਾਤਰਾਵਾਂ, ਅਖੰਡ-ਪਾਠਾਂ ਦੀਆਂ ਲੜੀਆਂ, ਡੇਰਿਆਂ ਦੀ ਲੋਕਪ੍ਰੀਅਤਾ,
ਸਾਧਾਂ/ਬਾਬਿਆਂ ਪ੍ਰਤੀ ਸ਼ਰਧਾ, ਕਰਮ-ਕਾਂਡਾਂ ਦੀ ਭਰਮਾਰ ਆਦਿਕ ਅਨੇਕਾਂ ਮਨਮੱਤਾਂ ਵੱਲ ਧਿਆਨ ਦੇਣ ਦੀ
ਲੋੜ ਹੈ ਪਰੰਤੂ ਸਭ ਤੋਂ ਵੱਡੀ ਮਨਮੱਤ ਜੋ ‘ਜਾਗਰੂਕ’ ਅਖਵਾਉਂਦੇ ਸੱਜਣ ਵੀ ਬਾਖੂਬੀ ਨਿਭਾ ਰਹੇ ਹਨ
ਉਹ ਹੈ ਸਿੱਖੀ ਨੂੰ ਇੱਕ ਸੰਸਥਾਗਤ ਧਰਮ ਦੇ ਰੂਪ ਵਿੱਚ ਸਵੀਕਾਰਨਾ। ਇਹ ਮਨਮੱਤ ਇਸ ਲਈ ਸਭ ਤੋਂ ਵੱਡੀ
ਹੈ ਕਿਉਂਕਿ ਬਾਕੀ ਦੀਆਂ ਸਾਰੀਆਂ ਮਨਮੱਤਾਂ ਨੇ ਇਸ ਇੱਕੋ ਮਨਮੱਤ ਵਿੱਚੋਂ ਜਨਮ ਲਿਆ ਹੋਇਆ ਹੈ। ਇਸ
ਦਾ ਭਾਵ ਹੈ ਕਿ ਜੇਕਰ ਇਸ ਇਕੱਲੀ ਮਨਮੱਤ ਨੁੰ ਸੁਧਾਰ ਲਿਆ ਜਾਵੇ ਤਾਂ ਬਾਕੀ ਦੀਆਂ ਸਾਰੀਆਂ ਮਨਮੱਤਾਂ
ਆਪਣੇ ਆਪ ਹੀ ਦੂਰ ਹੋ ਜਾਣਗੀਆਂ।
ਸੋ ਮੇਰੀ ‘ਜਾਗਰੂਕ’ ਅਖਵਾਉਂਦੇ ‘ਸਿਖ’ ਸੱਜਣਾਂ ਅੱਗੇ ਸਨਿਮਰ ਬੇਨਤੀ ਹੈ ਕਿ ਉਹ ਦੂਸਰਿਆਂ ਦੇ ਨੁਕਸ
ਕੱਢਣ ਅਤੇ ਦੂਸਰਿਆਂ ਦੇ ਸੁਧਾਰ ਦੀ ਚਿੰਤਾ ਕਰਨ ਦੀ ਬਜਾਏ ਪਹਿਲਾਂ ਆਪਣੇ ਆਪ ਦਾ ਸੁਧਾਰ ਕਰ ਲੈਣ
ਭਾਵ ਉਹ ‘ਸਿੱਖੀ’ ਨੂੰ ਇੱਕ ਸੰਸਥਾਗਤ ਧਰਮ ਦੇ ਤੌਰ ਮਾਨਤਾ ਦੇਣੀ ਬੰਦ ਕਰਨ ਕਿਉਂਕਿ ਸਿਖ ਗੁਰੂ
ਸਾਹਿਬਾਨ ਨੇ ਕੋਈ ਸੰਸਥਾਗਤ ਧਰਮ ਨਹੀਂ ਚਲਾਇਆ ਸੀ, ਸਗੋਂ ਉਹਨਾਂ ਨੇ ਸੰਸਥਾਗਤ ਧਰਮ ਦੇ ਸੰਕਲਪ ਨੂੰ
ਮੂਲੋਂ ਹੀ ਨਕਾਰ ਦਿੱਤਾ ਸੀ। ਜੇਕਰ ‘ਜਾਗਰੂਕ’ ਅਖਵਾਉਂਦੇ ‘ਸਿੱਖਾਂ’ ਨੇ ਵੀ ਗੁਰੂ ਸਾਹਿਬਾਨ ਪ੍ਰਤੀ
ਅਵੱਗਿਆ ਜਾਰੀ ਰੱਖਣੀ ਹੈ ਤਾਂ ‘ਮਾਨਸਿਕ ਰੋਗੀ’ ਹੋ ਚੁੱਕੇ ਲੋਕਾਂ ਦਾ ਸੁਧਾਰ ਤਾਂ ਸੰਭਵ ਹੋ ਹੀ
ਨਹੀਂ ਸਕਦਾ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
23/03/15)
ਹਰਚਰਨ ਸਿੰਘ ਪਰਹਾਰ
ਸਿੱਖ ਵਿਰਸਾ ਵਲੋਂ 11 ਅਪਰੈਲ ਨੂੰ ਸਿੱਖ ਅਵੇਅਰਨੈਸ ਸੈਮੀਨਾਰ ਹੋਵੇਗਾ
ਕੈਲਗਰੀ: ਸਿੱਖ ਵਿਰਸਾ ਮਾਸਿਕ ਮੈਗਜ਼ੀਨ ਜਿਥੇ ਹਰ ਮਹੀਨੇ ਦੇਸ਼-ਵਿਦੇਸ਼ ਦੇ ਨਾਮਵਰ
ਲੇਖਕਾਂ ਦੀਆਂ ਵੱਖ-ਵੱਖ ਵਿਸ਼ਿਆਂ ਤੇ ਲਿਖੀਆਂ ਰਚਨਾਵਾਂ ਰਾਹੀਂ ਵਹਿਮਾਂ, ਭਰਮਾਂ, ਕਰਮਕਾਂਡਾਂ,
ਪਾਖੰਡਾਂ ਆਦਿ ਪ੍ਰਤੀ ਚੇਤੰਨਤਾ ਪੈਦਾ ਕਰਨ ਲਈ ਹਮੇਸ਼ਾਂ ਯਤਨਸ਼ੀਲ ਰਿਹਾ ਹੈ। ਉਥੇ ਵੱਖ-ਵੱਖ ਮੌਕਿਆਂ
ਤੇ ਨਾਮਵਰ ਸਿੱਖ ਵਿਦਵਾਨਾਂ ਨੂੰ ਕੈਲਗਰੀ ਵਿੱਚ ਸੱਦ ਕੇ ਸੈਮੀਨਾਰ ਕਰਵਾਏ ਜਾਂਦੇ ਰਹੇ ਹਨ। ਇਸੇ
ਲੜੀ ਵਿੱਚ ਆਉਂਦੀ 11 ਅਪਰੈਲ ਦਿਨ ਸ਼ਨੀਵਾਰ ਨੂੰ ਦੁਪਹਿਰ 12: 30 ਵਜੇ ਤੋਂ 4 ਵਜੇ ਤੱਕ ਸਿੱਖ
ਵਿਰਸਾ ਵਲੋਂ ‘ਟੈਪਲ ਕਮਿਉਨਿਟੀ ਹਾਲ’ ਵਿਖੇ ‘ਸਿੱਖ ਅਵੇਅਰਨੈਸ ਸੈਮੀਨਾਰ’ ਕਰਵਾਇਆ ਜਾ ਰਿਹਾ ਹੈ।
ਜਿਸ ਵਿੱਚ ਉਘੇ ਸਿੱਖ ਲੇਖਕ, ਵਿਦਵਾਨ ਤੇ ਸਾਇੰਟਿਸਟ ਡਾ. ਦਵਿੰਦਰ ਸਿੰਘ ਚਾਹਲ ਅਤੇ
ਕੈਲੇਫੋਰਨੀਆ ਤੋਂ ‘ਸਿੱਖ ਬੁਲੇਟਿਨ’ ਮੈਗਜੀਨ ਦੇ ਸੰਪਾਦਕ ਤੇ ਸਿੰਘ ਸਭਾ ਇੰਟਰਨੈਸ਼ਨਲ ਦੇ ਬਾਨੀ ਆਗੂ
ਸ. ਹਰਦੇਵ ਸਿੰਘ ਸ਼ੇਰਗਿੱਲ ਪਹੁੰਚ ਰਹੇ ਹਨ। ਡਾ. ਚਾਹਲ, ਜੋ ਕਿ ਮੌਟਰੀਅਲ ਯੂਨੀਵਰਸਿਟੀ ਵਿੱਚ
ਲੰਬਾ ਸਮਾਂ ਸਾਇੰਸਦਾਨ ਰਹਿਣ ਤੋਂ ਬਾਅਦ ਅੱਜਕਲ ਗੁਰਬਾਣੀ ਦੀ ਪ੍ਰੰਪਰਾਗਤ ਵਿਆਖਿਆ ਤੋਂ ਹਟ ਕੇ
ਵਿਗਿਆਨਕ ਢੰਗ ਨਾਲ ਵਿਆਖਿਆ ਕਰ ਰਹੇ ਹਨ ਤੇ ਕਈ ਕਿਤਾਬਾਂ ਦੇ ਰਚੇਤਾ ਵੀ ਹਨ। ਉਹ ਲੰਬੇ ਸਮੇਂ ਤੋਂ
‘ਅੰਡਰਸਟੈਂਡਿੰਗ ਸਿੱਖਇਜ਼ਮ ਏ ਰਿਸਰਚ ਜਰਨਲ’ ਨਾਮ ਦੇ ਅੰਗਰੇਜੀ ਰਸਾਲੇ ਦੇ ਐਡੀਟਰ ਵੀ ਹਨ। ਇਸੇ
ਤਰ੍ਹਾਂ ਸ. ਹਰਦੇਵ ਸਿੰਘ ਸ਼ੇਰਗਿੱਲ ਵੀ ਲੰਬੇ ਸਮੇਂ ਤੋਂ ‘ਸਿੱਖ ਬੁਲੇਟਿਨ ਰਸਾਲੇ ਰਾਹੀਂ ਸਿੱਖ
ਸਮਾਜ ਦੀ ਸੇਵਾ ਕਰਦੇ ਆ ਰਹੇ ਹਨ ਤੇ ਪਿਛਲੇ 2 ਦਹਾਕਿਆਂ ਤੋਂ ਸਿੱਖੀ ਜਾਗਰਤੀ ਲਹਿਰ ਦੇ ਆਗੂ ਦੀ
ਭੂਮਿਕਾ ਵਿੱਚ ਵੀ ਰਹੇ ਹਨ। ਇਸ ਸੈਮੀਨਾਰ ਵਿੱਚ ਡਾ. ਚਾਹਲ, ‘ਧਰਮ, ਵਿਗਿਆਨ ਤੇ ਤਰਕ’ ਵਿਸ਼ੇ ਤੇ
ਆਪਣਾ ਪਰਚਾ ਪੜ੍ਹਨਗੇ ਅਤੇ ਸ. ਸ਼ੇਰਗਿੱਲ, ‘ਗੁਰਬਾਣੀ ਦਾ ਸਰਬਤ ਦੇ ਭਲੇ ਦਾ ਮਨੁੱਖਤਾਵਾਦੀ ਸੁਨੇਹਾ’
ਵਿਸ਼ੇ ਤੇ ਆਪਣੇ ਵਿਚਾਰ ਪੇਸ਼ ਕਰਨਗੇ। ਦੋਨੋ ਵਿਦਵਾਨ ਸੈਮੀਨਾਰ ਦੌਰਾਨ ਸਰੋਤਿਆਂ ਵਲੋਂ ਪੁਛੇ ਗਏ
ਸਵਾਲਾਂ ਦੇ ਜਵਾਬ ਵੀ ਦੇਣਗੇ। ਸਭ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ
ਜਾ ਰਿਹਾ ਹੈ। ਸੈਮੀਨਾਰ ਵਿੱਚ ਦਾਖਲਾ ਮੁਫਤ ਹੈ, ਤੁਸੀਂ ਪਰਿਵਾਰ ਸਮੇਤ ਸ਼ਾਮਿਲ ਕੇ ਵਿਦਵਾਨਾਂ ਦੇ
ਵਿਚਾਰ ਸੁਣ ਸਕਦੇ ਹੋ ਤੇ ਆਪਣੇ ਸ਼ੰਕੇ ਵੀ ਦੂਰ ਕਰ ਸਕਦੇ ਹੋ।
ਸੈਮੀਨਾਰ ਸਬੰਧੀ ਵਧੇਰੇ ਜਾਣਕਾਰੀ ਲਈ ਸਿੱਖ ਵਿਰਸਾ ਦੇ ਸੰਪਾਦਕ ਹਰਚਰਨ ਸਿੰਘ ਪਰਹਾਰ ਨਾਲ
403-681-8689 ਤੇ ਸੰਪਰਕ ਕੀਤਾ ਜਾ ਸਕਦਾ ਹੈ।
23/03/15)
ਸਤਨਾਮ ਸਿੰਘ-ਫੇਸਬੁੱਕ ਰਾਹੀਂ
ਸਿਖੋ ਜਾਗੋ, ਸੁਚੇਤ ਹੋ ਜਾਓ ...
ਬਚਿੱਤਰ ਨਾਟਕ ਨਾਮਕ ਕਿਤਾਬ ਉਰਫ ਅਖੋਤੀ ਦਸਮ ਗਰੰਥ ਵਿਚ ਇਸਤਰੀ ਪੁਰਸ਼ ਦੇ ਗੁਪਤ
ਅੰਗਾਂ ਦੇ ਨਾਮ , ਅਲੱਗ-੨ ਪ੍ਰਕਾਰ ਕਾਮ-ਆਸਣਾ, ਭਗ-ਲਿੰਗ, ਗੁਦਾ-ਭੋਗ, ਹਸਤ-ਮੈਥੁਨ, ਪਿਤਾ-ਪੁੱਤਰੀ
ਭੋਗ, ਭੈਣ-ਭਰਾ-ਭੋਗ, ਮੁੰਡੇਬਾਜੀ ਆਦਿ ਦੇ ਕਾਮ-ਸ਼ਾਸ਼ਤਰ ਵਾਂਗ ਪੂਰੇ ਵੇਰਵੇ ਕਿਉਂ ਦਿੱਤੇ ਹੋਏ ਹਨ ?
ਅਖੋਤੀ ਦਸਮ ਗ੍ਰੰਥੀ ਕਹਿੰਦੇ ਨਹੀ ਥਕਦੇ ਕੀ ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੂ ਗ੍ਰੰਥਾਂ ਦਾ
ਤਰਜਮਾ ਕੀਤਾ ਹੈ ਓ ਭਲਿਓ ਸੋਚੋ ਜਰਾ ਗੁਰ ਸਾਹਿਬ ਕਿਓਂ ਅਜੇਹੀ ਘਟਿਆ ਕਿਤਾਬ ਦਾ ਤਰਜਮਾ ਕਰ ਕੇ
ਆਪਣੇ ਸਿਖਾਂ ਨੂੰ ਗੰਦ ਸਿਖਾਉਣਗੇ ??????? ਇਸ ਗੰਦੀ ਕਿਤਾਬ ਦਾ ਰਚੈਤਾ ਸਾਨੂੰ ਅਜਿਹੀਆਂ ਲਾਹਨਤਾਂ
ਤੋਂ ਵਰਜ ਨਹੀ ਰਿਹਾ ਸਗੋਂ ਕਾਮ ਕ੍ਰੀੜਾ ਦੇ ਇੰਨੇ ਵੇਰਵੇ ਦੇ ਕੇ ਇਖਲਾਕ ਤੋਂ ਗਿਰਿਆਂ ਚੀਜਾਂ
ਸਿਖਾਉਣਾ ਚਾਹੁੰਦਾ ਹੈ ਜੀ.....
ਕਾਮਾਦਿਕ ਪੰਚ ਵਿਕਾਰਾਂ ਤੋਂ ਬਚਨ ਦੀ ਸਿਖਿਆ ਗੁਰੂ ਗ੍ਰੰਥ ਸਾਹਿਬ 'ਚ ਹੈ ਪਰ ਬਿਨਾਂ ਕਿਸੇ ਤਰ੍ਹਾਂ
ਦੀ ਕਾਮ ਭੜਕਾਊ ਤੇ ਹੋਛੀ ਸ਼ਬਦਾਵਲੀ ਦੇ ! ਸੋ ਇਸ ਰਚਨਾ ਦਾ ਲਿਖਣ-ਵਾਲਾ ਠਰਕੀ, ਕਾਮ-ਭ੍ਰਿਸ਼ਟ
ਵਾਮ-ਮਾਰਗੀ ਸਾਕਤ ਤਾਂ ਹੋ ਸਕਦਾ ਹੈ ਪਰ ਗੁਰੂ ਗੋਬਿੰਦ ਸਿੰਘ ਕਦੇ ਨਹੀਂ ਹੋ ਸਕਦੇ !!!
ਇਸ ਲਈ ਰੱਬ ਦਾ ਵਾਸਤਾ ਜੇ ਗੁਰੂ ਧ੍ਰੋਹ ਨਾ ਕਮਾਵੋ, ਕੁਛ ਤਾਂ ਸ਼ਰਮ ਕਰੋ ਇਹੋ ਜਿਹਾ ਕੰਜਰਪੁਣਾ
ਸਾਡੇ ਗੁਰੂ ਦੇ ਨਾਮ ਲਾਉਣ ਲਗਾਓ ਜੀ....
ਸਤਨਾਮ ਸਿੰਘ
23/03/15)
ਸੁਖਵਿੰਦਰ ਕੌਰ ‘ਹਰਿਆਓ’
ਸਚੁ
ਕੀ ਬੇਲਾ
ਵਿਸ਼ਾ: ਅੱਜ ਦੀ ਰਾਜਨੀਤੀ
ਰਾਜਨੀਤੀ ਕਹਿਣ ਨੂੰ ਤਾਂ ਇਹ ਚਾਰ ਸ਼ਬਦਾਂ ਜੋੜ ਹੈ ਪਰ ਇਹ ਪੂਰੇ ਮੁਲਕ ਨੂੰ ਜੜੋ ਹਿਲਾ ਵੀ ਸਕਦਾ ਤੇ
ਬਣਾ ਵੀ ਸਕਦਾ ਹੈ। ਰਾਜਨੀਤੀ ਢਾਚਾਂ ਅਸਲ ਵਿੱਚ ਦੇਸ਼ ਨੂੰ ਚਲਾਉਣ ਦੀ ਮੁੱਢਲੀ ਇਕਾਈ ਹੁੰਦੀ ਹੈ।
ਕੁੱਝ ਸਿਆਣੇ ਤੇ ਸਰਵਪੱਖੀ ਵਿਕਾਸ ਦੇ ਮੋਹਰੀ ਚੰਗੀ ਸੋਚ ਦੇ ਮਾਲਕ ਹਰ ਪੱਖ ਤੋਂ ਬੇਹਤਰ ਹੁੰਦੇ ਹਨ
ਰਲ ਮਿਲ ਦੇਸ਼ ਦੀ ਉਨਤੀ ਦੇ ਪੱਖ ਵਿੱਚ ਰੱਖ ਕੇ ਹਰ ਫੈਸਲਾ ਕਰਦੇ ਹਨ ਤਾਂ ਜੋ ਕੇ ਮੁਲਕ ਵਿਕਾਸ ਕਰ
ਸਕੇ ਪਰ ਅੱਜ ਦੀ ਰਾਜਨੀਤੀ ਤਾਂ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਦੌੜ ਵਿੱਚ ਸ਼ਾਮਿਲ ਹੋ ਗਈ ਹੈ। ਦੇਸ਼
ਬਾਰੇ ਕੋਈ ਨੇਤਾ ਵਿਚਾਰ ਨਹੀਂ ਕਰਦਾ ਵਿਚਾਰ ਹੁੰਦੀ ਹੈ ਤਾਂ ਸਿਰਫ਼ ਵਿਰੋਧੀ ਪਾਰਟੀ ਨੂੰ ਹਰਾਉਣ ਤੇ
ਗਿਰਾਉਣ ਦੀ ਦੇਸ਼ ਨੰਗ ਹੋਵੇ ਤਾਂ ਹੋ ਜਾਵੇ ਆਪਣੀ ਕੋਠੀ ਦਾਵੇ ਪੂਰੇ ਚਾਹੀਦੇ ਹਨ। ਅੱਜ ਮੁਲਕ ਦੀ
ਇਹਨਾਂ ਲਾਈਲੱਗ ਅਤੇ ਘਟੀਆ ਸੋਚ ਦੇ ਨੇਤਾ ਕਰਕੇ ਮੁਲਕ ਦੀ ਇਹ ਹਾਲਤ ਕੀ ਇਹ ਨੇਤਾ ਅੱਜ ਧਰਮ ਦੇ ਨਾਮ
ਤੇ ਵੰਡੀਆਂ ਪਾ ਕੇ ਲੋਕਾਂ ਨੂੰ ਲੜਾਉਂਦੇ ਹਨ। ਇਹਨਾਂ ਅੰਗ੍ਰੇਜ਼ੀ ਸਾਮਰਾਜ ਦਾ ਮੁੱਢਲਾ ਕੰਮ ‘ਫੁੱਟ
ਪਾਓ ਤੇ ਰਾਜ ਕਰੋ’ ਸਿਰ ਤੋਂ ਪੈਰਾਂ ਤੱਕ ਆਪਣਾ ਲਿਆ ਹੈ। ਬੀ. ਏ. ਪਾਸ ਇੱਥੇ ਰਿਸ਼ਵਤ ਤੋਂ ਬਿਨਾਂ
ਚਪੜਾਸੀ ਤੱਕ ਨਹੀਂ ਲੱਗ ਸਕਦੇ ਤੇ ਪੰਜਵੀਂ ਪਾਸ ਪੁਲਿਸ ਵਿੱਚ ਥਾਣੇਦਾਰ ਬਣ ਜਾਂਦਾ ਹੈ ਲੀਡਰ ਲੋਕਾਂ
ਨੂੰ ਲੜਾ ਕੇ ਤਮਾਸ਼ਾ ਵੇਖਦੇ ਹਨ। ਇਹਨਾਂ ਦਾ ਮੁੱਖ ਕੰਮ ਹੋ ਗਿਆ। ਪੰਜ ਸਾਲ ਬਾਅਦ ਵੋਟਾਂ ਲਈ ਦਰ ਤੇ
ਆਉਣਾ ਤੇ ਲਾਰੇ ਲਾ ਕੇ ਵੋਟਾਂ ਲੈਣੀਆਂ ਕੁੱਝ ਜਾਲਸਾਜੀ ਨਾਲ ਜਿੱਤ ਕੇ ਕੁਰਸੀ ਤੇ ਬਹਿ ਕੇ ਪੰਜ ਸਾਲ
ਰੱਜ ਕੇ ਦੇਸ਼ ਨੂੰ ਖਾਂਦੇ ਹਨ ਤੇ ਮੂੜ ਕੇ ਲੋਕਾਂ ਦੀ ਸਾਰ ਨਹੀਂ ਲੈਂਦੇ ਕਿਉਂਕਿ ਲੋਕ ਐਨੇ ਸੁਸਤ ਤੇ
ਆਲਸੀ ਹੋ ਗਏ ਨੇ ਬੇ-ਜਸੀਰੇ ਹੋ ਗਏ ਕਿ ਇਹਨਾਂ ਬਰਸਾਤੀ ਡੱਡੂਆਂ ਦੀਆਂ ਗੱਲਾਂ ਵਿੱਚ ਹਰ ਵਾਰ ਆ
ਜਾਂਦੇ ਹਨ। ਕੁੱਝ ਲੋਕ ਲਾਲਚ ਵੱਸ ਹੋ ਕੇ ਵੋਟ ਪਾ ਦਿੰਦੇ ਹਨ ਬੋਤਲ ਵਿੱਚ ਬੰਦ ਜਿੰਨ ਫੇਰ ਰਿਹਾ ਕਰ
ਦਿੰਦੇ ਹਨ। ਚੋਣਾਂ ਦੇ ਮੌਸਮ ਵਿੱਚ ਪਾਰਟੀ ਦੇ ਮੈਂਬਰ ਖਰੀਦੇ ਵੇਚੇ ਜਾਂਦੇ ਹਨ। ਸਵਾ ਮੀਟਰ ਦਾ
ਸਿਰੋਪਾ ਦੇ ਕੇ ਦਗੇਬਾਜ਼ਾਂ ਨੂੰ ਆਪਣੇ ਗਿਰੇ ਬਾਨ ਵਿੱਚ ਬਿਠਾ ਲੈਂਦੇ ਹਨ। ਉਹ ਅਗਲੀਆਂ ਚੋਣਾਂ ਵਿੱਚ
ਫਿਰ ਡੱਡੂ ਛਲਾਂਗ ਮਾਰ ਕੇ ਦਲ ਬਦਲ ਲੈਂਦੇ ਹਨ, ਕਿਉਂਕਿ ਜੋ ਬਾਪ ਦਾ ਨਹੀਂ ਉਹ ਆਪ ਦਾ ਨਹੀਂ ਕਹਾਵਤ
ਮੁਤਾਬਿਕ ਜੋ ਲਾਲਚੀ ਹੋ ਗਿਆ। ਉਸ ਦਾ ਲਾਲਚ ਕਦੇ ਨਹੀਂ ਧੰਮਦਾ ਪਰ ਅੱਜ ਅਸੀਂ ਲੋਕ ਇਹਨਾਂ ਲੀਡਰਾਂ
ਲਈ ਮਿੱਟੀ ਦੀਆਂ ਮੂਰਤੀਆਂ ਤੋਂ ਬਿਨਾਂ ਹੋਰ ਕੁੱਝ ਵੀ ਨਹੀਂ ਕਿਉਂਕਿ ਜਦੋਂ ਕੋਈ ਕਾਰੀਗ਼ਰ ਮਿੱਟੀ ਦੀ
ਮੂਰਤ ਨੂੰ ਨੀਝ ਲਾ ਕੇ ਸੰਵਾਰਦਾ ਤੇ ਮੂਰਤੀ ਲਈ ਨਹੀਂ ਬਲਕਿ ਉਸਨੂੰ ਵੇਚ ਕੇ ਮੁਨਾਫਾ ਖੱਟਣ ਬਾਰੇ
ਸੋਚ ਕੇ ਤਰਾਸਦਾ ਹੈ। ਸਾਡੀ ਵੋਟ ਦੀ ਤਾਕਤ ਦੇ ਸਿਰ ਤੇ ਜਿੱਤ ਕੇ ਇਹ ਰਾਜਨੀਤੀ ਪਰਿਵਾਰ ਸ ਕਿੱਤੇ
ਭੱਡ ਕੇ ਪਰਿਵਾਰਾਂ ਦੇ ਪਰਿਵਾਰ ਸਾਨੂੰ ਠੱਗਦੇ ਹਨ। ਸਾਨੂੰ ਕਮਜ਼ੋਰ ਬਣਾਉਂਦੇ ਹਨ।
ਜ਼ਰਾ ਸੋਚੋ! ਮੇਰੇ ਦੇਸ਼ ਵਾਸੀਓ ਹਰ ਇਨਸਾਨ ਮਹਿੰਗਾਈ, ਬੇਰਜ਼ਗਾਰੀ ਤੇ ਸਮਾਜਿਕ ਕੁਰੀਤੀਆਂ ਤੇ
ਧੱਕੇਸ਼ਾਹੀ ਨੂੰ ਦੇਖ ਕੇ ਅੰਦਰ ਹੀ ਅੰਦਰ ਕੁੜਦਾ ਰਹਿੰਦਾ ਏ ਆਪਣੀ ਆਵਾਜ਼ ਉਠਾਵੋ ਪਹਿਲਾਂ ਆਪਣੇ ਦੇਸ਼
ਦੇ ਵਿਕਾਸ ਨੂੰ ਮੁੱਖ ਰੱਖੋ ਫਿਰ ਵੋਟ ਪਾਵਾਗੇ ਬਾਅਦ ਵਿੱਚ ਸਰਕਾਰ ਅੱਗੇ ਧਰਨੇ ਲਾਉਣ ਤੋਂ ਬੇਹਤਰ
ਹੈ ਕਿ ਵੋਟਾਂ ਨਾ ਪਾਉਣ ਲਈ ਧਰਨਾ ਦੇਵੋ ਫਿਰ ਦੇਖੋ ਲੀਡਰ ਤੁਹਾਨੂੰ ਪੁਲਿਸ ਤੋਂ ਨਹੀਂ ਕੁਟਵਾਉਗੇ
ਬਲਕਿ ਆਦਰ ਸਾਹਿਤ ਆਪ ਤੁਹਾਡੇ ਅੱਗੇ ਆਤਮ ਸਮਰਪਣ ਕਰਨਗੇ। ਜਦ ਕੋਈ ਲੀਡਰ ਇੱਕ ਵਾਰੀ ਧੱਕੇਸ਼ਾਹੀ ਨਾਲ
ਜਿੱਤ ਕੇ ਫੇਰ ਦੁਬਾਰਾ ਤੁਹਾਡੇ ਅੱਗੇ ਆਉਣਾ ਹੈ ਤਾਂ ਇੱਕ ਜੁੱਟ ਹੋ ਕੇ ਉਸਦਾ ਬਾਈਕਾਟ ਕਰੋ ਤੁਸੀਂ
ਕਰੋੜ ਅਰਬ ਦੀ ਤਾਦਾਦ ਵਿੱਚ ਇਹ ਮੁੱਠੀ ਭਰ ਲੀਡਰ ਤੁਹਾਡੇ ਲਈ ਵਿਕਾਸ ਅੱਗੇ ਕਿਵੇਂ ਦੀਵਾਰ ਬਣ ਸਕਦੇ
ਹਨ। ਆਪਣੀ ਤਾਕਤ ਨੂੰ ਪਛਾਣੋ ਆਵਾਜ਼ ਉਠਾਵੋ ਹੋਰਾਂ ਲਈ ਨਹੀਂ ਉਠਾਈ ਤਾਂ ਆਪਣੇ ਆਉਣ ਵਾਲੇ ਕੱਲ੍ਹ ਲਈ
ਉਠਵੋ ਪਹਿਲਾਂ ਕਹਾਵਤ ਸੀ ਕਿ 365 ਚਲਿੱਤਰ ਨਾਰ ਦੇ ਪਰ ਹੁਣ ਤਾਂ 365 ਚਲਿੱਤਰ ਲੀਡਰਾਂ ਦੇ ਹੋ ਗਏ
ਹਨ। ਪਹਿਲਾਂ ਧਿਆਨ ਮਾਰੋ ਪੂਰੇ ਦੇ ਪੂਰੇ ਪਰਿਵਾਰ ਹੀ ਅਹਿਮ ਕੁਰਸੀਆਂ ਤੇ ਕਬਜ਼ਾ ਕਰਕੇ ਬੈਠੇ ਹਨ।
ਇੱਕ ਹੀ ਪਰਿਵਾਰ ਪੂਰੇ ਦੇਸ਼ ਨੂੰ ਖਾ ਰਿਹਾ ਏ ਕੀ ਇਹ ਤੁਹਾਨੂੰ ਨਜ਼ਰ ਨਹੀਂ ਆਉਂਦਾ 60-70 ਸਾਲ ਦੇ
ਬੁੱਢੇ ਨੌਜਵਾਨਾਂ ਨੂੰ ਦਬਾ ਰਹੇ ਹਨ ਕੀ ਇਹ ਤੁਹਾਡੀ ਸਮਝ ਵਿੱਚ ਨਹੀਂ ਆਉਂਦਾ ਜਾ ਤੁਸੀਂ ਸੋਚ ਤੋਂ
ਮੂੰਹ ਫੇਰਦੇ ਹੈ। ਘਰੋਂ ਰਿਟਾਇਰ ਹੋ ਕੇ ਰਾਜਨੀਤੀ ਵੱਲ ਤੁਰ ਪੈਂਦੇ ਹਨ। ਕਿਉਂਕਿ ਬਾਬੇ ਵਿਚਾਰੇ
ਅਖੀਰ ਵਿੱਚ ਕੁਰਸੀ ਤੇ ਬੈਠਣ ਜੋਗੇ ਹੀ ਹੁੰਦੇ ਹਨ ਉਂਝ ਨਿੱਤ ਚੋਰਾਂ ਡਾਕੂਆਂ ਤੋਂ ਡਰ ਕੇ ਜਿੰਦਰੇ
ਲਾ ਕੇ ਰੱਖਦੇ ਹਨ ਜੋ ਕਿਤੇ ਚੋਰੀ ਹੋ ਜਾਂਦੀ ਹੈ ਤਾਂ ਪੁਲਿਸ ਨੂੰ ਭਾਜੜ ਪੈ ਜਾਂਦੀ ਹੈ ਪਰ ਇਹ
ਚਿੱਟ ਕਪੜੀਏ ਠੱਗ ਜਦੋਂ ਆਉਂਦੇ ਹਨ ਤਾਂ ਅੱਗੋਂ ਹੀ ਮਿਲਣ ਲਈ ਸੱਥ ਵਿੱਚ ਜਾ ਪਹੁੰਚਦੇ ਹਨ ਸਾਡੇ ਘਰ
ਆ ਕੇ ਮੰਗ ਕੇ ਵੋਟ ਰੂਪੀ ਧਨ ਲੈ ਜਾਂਦੇ ਹਨ ਪਰ ਸਾਨੂੰ ਹੌਲੀ-ਹੌਲੀ ਪਤਾ ਲੱਗਦਾ ਹੈ ਕਿ ਅਸੀਂ ਠੱਗੇ
ਜਾ ਚੁੱਕੇ ਹਾਂ ਹੋਰ ਤਾਂ ਹੋਰ ਉਹੀ ਠੱਗ ਪੰਜ ਸਾਲਾਂ ਬਾਅਦ ਫੇਰ ਆਉਂਦੇ ਹਨ ਤੇ ਅਸੀਂ ਖੁਸ਼ੀ-ਖੁਸ਼ੀ
ਫਿਰ ਠੱਗੇ ਜਾਂਦੇ ਹਾਂ। ਸਾਡੀ ਨਿਗ੍ਹਾ ਐਨੀ ਕਮਜ਼ੋਰ ਹੋ ਗਈ ਹੈ ਕਿ ਸਾਨੂੰ ਚੋਰ ਤੇ ਸਾਧ ਵਿਚਲਾ ਫ਼ਰਕ
ਨਹੀਂ ਦਿਸਦਾ ਬਦਲਦੇ ਯੁੱਗ ਵਿੱਚ ਚੋਰਾਂ ਤੇ ਸਾਧਾਂ ਨੂੰ ਬਾਣੇ ਵੀ ਬਦਲ ਲਏ ਹਨ। ਅਸੀਂ 21ਵੀਂ ਸਦੀ
ਦੇ ਲੋਕ ਦਿਮਾਗ ਤੇ ਅੱਖਾਂ ਤੋਂ ਘੱਟ ਕੰਮ ਲੈਂਦੇ ਹਾਂ ਆਪਣੇ ਡਿੱਗਣ ਲਈ ਆਪ ਹੀ ਖਾਤਾ ਤਿਆਰ ਕਰਦੇ
ਹਾਂ ਤੇ ਫਿਰ ਖੁਸ਼ੀ ਨਾਲ ਖਾਤੇ ਵਿੱਚ ਛਾਲ ਵੀ ਮਾਰਦੇ ਹਾਂ। ਮੇਰਾ ਫ਼ਰਜ ਸੀ ਰਾਜਨੀਤੀ ਦੇ ਅਜੋਕੇ
ਮਾੜੇ ਢਾਂਚੇ ਬਾਰੇ ਲੋਕਾਂ ਨੂੰ ਜਾਣਕਾਰੀ ਦੇਣਾ ਗਲਤ ਰਾਹ ਦੇ ਸਫ਼ਰ ਤੋਂ ਸੁਚੇਤ ਕਰਨਾ ਮਰਜ਼ੀ ਤੁਹਾਡੀ
ਆਪਣੀ ਹੈ ਜੇ ਮੈਂ ਸਾਹਮਣੇ ਹੁੰਦਾ ਗੁਨਾਹ ਰੋਕ ਨਹੀਂ ਸਕਦੀ ਤਾਂ ਉਸਦੀ ਭਾਂਈਵਾਲ ਵੀ ਨਹੀਂ ਬਣਦੀ
ਮੈਂ ਕਦੇ ਵੀ ਆਪਣੀ ਵੋਟ ਨਹੀਂ ਬਣਾਵਾਂਗੀ ਪਰ ਅੱਜ ਕੱਲ੍ਹ ਤਾਂ ਇੱਕ ਬੋਤਲ ਲਈ ਆਪਣੀ ਜਮੀਰ ਤੇ ਗੈਰਤ
ਸਭ ਵੇਚ ਦਿੰਦੇ ਹਨ ਜੇ ਕੋਈ ਸਾਨੂੰ ਬੁੱਧ ਬਣਾਉਂਦਾ ਤਾਂ ਉਸ ਵਿੱਚ ਸਾਰਾ ਕਸੂਰ ਉਸ ਦਾ ਨਹੀਂ
ਹੁੰਦਾ। ਤਾਲੀ ਇੱਕ ਹੱਥ ਨਾਲ ਨਹੀਂ ਵੱਜਦੀ ਅਸੀਂ ਉਸਨੂੰ ਆਪਣੇ ਉਪਰ ਹਾਣੀ ਹੋਣ ਦਿੰਦੇ ਹਾਂ।
ਜਾਤਾਂ-ਪਾਤਾਂ, ਉਚ-ਨੀਚ ਦੇ ਬਖੜਿਆਂ ਤੋਂ ਉਪਰ ਉੱਠ ਕੇ ਸਾਂਝੀ ਵਾਲਤਾ ਕਾਇਮ ਕਰੋ ਉਹ ਕੰਮ ਕਰੋ।
ਜਿਸ ਨਾਲ ਸਭ ਨੂੰ ਖੁਸ਼ੀ ਮਿਲੇ। ਸਾਡੀ ਮਿਹਨਤ ਅਜਾਈ ਨਾ ਜਾਵੇ ਕਿਸਾਨੀ ਖੁਦਕੁਸ਼ੀ ਦੇ ਰਾਹ ਨਾ ਪਵੇ
ਰਾਜਨੀਤੀ ਦੀ ਜ਼ਹਿਰਲੀ ਹਵਾ ਸਭ ਨੂੰ ਖਰੀਦਣਾ ਚਾਹੁੰਦੀ ਹੈ ਤੇ ਖਰੀਦ ਵੀ ਰਹੀ ਹੈ ਇਨਕਲਾਬ ਦੀਆਂ
ਲੀਹਾਂ ਤੇ ਚੱਲ ਕੇ ਹਰ ਦਿਸ਼ਾ ਤੇ ਦਸਾ ਬਦਲ ਸਕਦੇ ਹਾਂ।
ਆਓ ਸਾਰੇ ਰਲ਼ ਕੇ ਸੋਚੀਏ ਅਸੀਂ ਆਪਣੀ ਬੋਲੀ ਖੁਦ ਕਿਉਂ ਲਾਈ ਜਾ ਰਹੇ ਹਾਂ ਇਹਨਾਂ ਦੋਗਲੇ ਲੀਡਰਾਂ ਦੀ
ਪਹਿਚਾਨ ਕਰੋ ਇਹਨਾਂ ਦਾ ਪਰਦਾ ਫਾਸ਼ ਕਰੋ। ਇੱਕ ਪਾਸੇ ਸਰਕਾਰ ਨਸ਼ੇ ਰੋਕਦੀ ਹੈ। ਦੂਜੇ ਪਾਸੇ ਆਪ
ਸਰਕਾਰੀ ਠੇਕੇ ਖੋਲਦੀ ਹੈ ਕਿ ਸਰਕਾਰ ਦੀ ਮੋਹਰ ਲੱਗਣ ਨਾਲ ਨਸ਼ਾ ਅੰਮ੍ਰਿਤ ਬਣ ਜਾਂਦਾ ਹੈ ਅੱਖਾਂ ਤੇ
ਦਿਮਾਗ ਤੋਂ ਧੂੜ ਸਾਫ਼ ਕਰੋ ਤੁਹਾਡਾ ਹੱਥਾਂ ਵਿੱਚ ਹੈ ਆਪ ਤੈਅ ਕਰੋ।
ਸੁਖਵਿੰਦਰ ਕੌਰ ‘ਹਰਿਆਓ’
ਸਕੱਤਰ ਮਾਲਵਾ ਲਿਖਾਰੀ ਸਭਾ, ਸੰਗਰੂਰ
+ 91-8146447541
23/03/15)
ਮਨਵਿੰਦਰ ਸਿੰਘ ਗਿਆਸਪੁਰਾ
ਮਾਮਲਾ ਗੁੜਗਾਉਂ ਸਿੱਖ ਕਤਲੇਆਮ ਦਾ:-
14 ਪੀੜਤਾਂ ਨੇ ਜਸਟਿਸ ਟੀ. ਪੀ. ਗਰਗ ਦੀ ਅਦਾਲਤ ਵਿੱਚ ਬਿਆਨ ਦਰਜ ਕਰਵਾਏ। ਅਗਲੀ ਗੁਣਵਾਈ 9 ਅਪਰੈਲ
ਨੂੰ।
ਗਰਗ ਕਮਿਸ਼ਨ ਦੀ ਗੁੜਗਾਉਂ ਪਟੌਦੀ ਦੇ ਕੇਸਾਂ ਦੀ ਸਮਾਪਤੀ ਤੱਕ ਮਿਆਦ ਵਧਾਈ ਜਾਵੇ: ਗਿਆਸਪੁਰਾ,
ਘੋਲ਼ੀਆ
ਹਿਸਾਰ (19ਮਾਰਚ) 2 ਨਵੰਬਰ 1984 ਨੂੰ ਗੁੜਗਾਉਂ ਵਿੱਚ ਕਤਲ ਕੀਤੇ 47 ਸਿੱਖਾਂ ਅਤੇ
ਸਾੜੇ 297 ਘਰਾਂ ਦੀ ਸੁਣਵਾਈ ਦਾ ਕੇਸ ਦੀ ਸੁਣਵਾਈ ਹਿਸਾਰ ਵਿਖੇ ਜਸਟਿਸ ਟੀ. ਪੀ. ਗਰਗ ਦੀ ਅਦਾਲਤ
ਵਿੱਚ ਹੋਈ। (ਚੇਤੇ ਰਹੇ ਹੋਦ ਚਿੱਲੜ ਤਾਲਮੇਲ ਕਮੇਟੀ ਵਲੋਂ ਪੰਜਾਬ ਹਰਿਆਣਾ ਹਾਈਕੋਰਟ ਦੀ ਰਿੱਟ
ਪਟੀਸ਼ਨ ਨੰ. 3821 ਤਹਿਤ ਗਰਗ ਕਮਿਸ਼ਨ ਦਾ ਘੇਰਾ ਵਿਸ਼ਾਲ ਕੀਤਾ ਗਿਆ ਸੀ) ਅੱਜ ਦੀ ਸੁਣਵਾਈ ਵਿੱਚ 14
ਪੀੜਤਾਂ ਨੇ ਆਪਣੇ ਬਿਆਨ ਦਰਜ ਕਰਵਾਏ। ਜਿਸ ਵਿੱਚ ਆਪਣੀ ਮਾਂ ਸੁੰਦਰ ਕੌਰ ਅਤੇ ਭਰਾ ਜਿੰਦਰ ਪਾਲ
ਸਿੰਘ ਨੂੰ ਕਤਲੇਆਮ ਦੀ ਭੇਂਟ ਚੜਾ ਚੁੱਕੀ ਬੀਬੀ ਕੰਵਲਜੀਤ ਕੌਰ ਨੇ ਬਿਆਨ ਦਰਜ ਕਰਵਾਏ। ਆਪਣੇ ਪਿਤਾ
ਜੋਧ ਸਿੰਘ ਨੂੰ ਗੁਆ ਚੁੱਕੇ ਸੰਤੋਖ ਸਿੰਘ ਸਾਹਨੀ ਨੇ ਕਤਲੇਆਮ ਦੀ ਦਰਦ ਭਰੀ ਵਿੱਥਿਆ ਜੱਜ ਸਾਹਿਬ
ਨੂੰ ਸੁਣਾਈ। ਇਹਨਾਂ ਤੋਂ ਇਲਾਵਾ ਆਪਣਾ ਘਰ-ਬਾਰ, ਬਿਜਨਿਸ ਅੱਗ ਦੀ ਭੇਟ ਚੜਾ ਚੁੱਕੇ ਗੁਰਮੀਤ ਕੌਰ,
ਪਰਮਿੰਦਰ ਸਿੰਘ, ਸੁਰਜੀਤ ਕੌਰ, ਕਵਰਮਨਜੀਤ ਸਿੰਘ, ਚਰਨਜੀਤ ਕੌਰ, ਜਸਵੰਤ ਸਿੰਘ, ਹਰੀ ਸਿੰਘ,
ਅਰਵਿੰਦਰ ਸਿੰਘ, ਸੁਰਿੰਦਰ ਸਿੰਘ, ਬਲਦੇਵ ਸਿੰਘ ਅਤੇ ਜਸਵੀਰ ਕੌਰ ਨੇ ਆਪਣੀ ਦਰਦ ਭਰੀ ਵਿੱਥਿਆ ਜੱਜ
ਸਾਹਿਬ ਨੂੰ ਸੁਣਾਈ। ਜੱਜ ਸਾਹਿਬ ਨੇ ਸਾਰਿਆਂ ਨੂੰ ਧਿਆਨ ਪੂਰਵਕ ਸੁਣਨ ਉਪਰੰਤ ਅਗਲੀ ਸੁਣਵਾਈ 9
ਅਪਰੈਲ ਤੇ ਪਾ ਦਿੱਤੀ।
ਇਸ ਤੇ ਪ੍ਰਤੀਕ੍ਰਮ ਕਰਦਿਆਂ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆਂ ਇੰਜੀ. ਮਨਵਿੰਦਰ ਸਿੰਘ
ਗਿਆਸਪੁਰਾ ਅਤੇ ਭਾਈ ਦਰਸਨ ਸਿੰਘ ਘੋਲੀਆਂ ਨੇ ਕਿਹਾ ਕਿ ਗਰਗ ਕਮਿਸ਼ਨ ਦੀ ਮਿਆਦ 31 ਮਾਰਚ ਨੂੰ ਸਮਾਪਤ
ਹੋ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਗੁੜਗਾਉਂ ਪਟੌਦੀ ਦੇ ਕੇਸਾਂ ਦੇ ਨਿਪਟਾਰੇ ਤੱਕ ਇਸ
ਨੂੰ ਦੀ ਟਰਮ ਨੂੰ ਵਧਾਇਆ ਜਾਵੇ। ਇਸ ਮੌਕੇ ਉਹਨਾਂ ਨਾਲ਼ ਲਖਵੀਰ ਸਿੰਘ ਰੰਡਿਆਲ਼ਾ, ਗਿਆਨ ਸਿੰਘ ਖਾਲਸਾ
ਅਤੇ ਸੰਜੀਵ ਸਿੰਘ ਹਿਸਾਰ ਆਦਿ ਵੀ ਹਾਜਿਰ ਸਨ।
18/03/15)
ਸਰਵਜੀਤ ਸਿੰਘ ਸੈਕਰਾਮੈਂਟੋ
ਇੱਕੀਵੀਂ ਸਦੀ ਅਤੇ ‘ਨਾਨਕਸ਼ਾਹੀ ਕੈਲੰਡਰ’
ਸਰਵਜੀਤ ਸਿੰਘ ਸੈਕਰਾਮੈਂਟੋ
ਕੈਲੰਡਰ ਵਿਗਿਆਨ ਦਾ ਅਰੰਭ ਵੀ, ਇਸ
ਧਰਤੀ ਤੇ ਇਨਸਾਨ ਦੇ ਹੋਸ਼ ਸੰਭਾਲਣ ਨਾਲ ਹੀ ਹੋ ਗਿਆ ਸੀ। ਸਭ ਤੋਂ ਪਹਿਲਾ ਦਿਨ ਦੇ ਚਾਨਣ ਅਤੇ ਰਾਤ
ਦੇ ਅੰਧੇਰੇ ਦਾ ਹੀ ਗਿਆਨ ਸੀ। ਖਿਆਲ ਕਰੋ ਕਿ ਜਦੋਂ ਕਿਸੇ ਸਿਆਣੇ ਨੇ ਚੰਦ ਦੇ ਮੱਸਿਆ ਤੋਂ ਪੁਨਿਆਂ
ਤੱਕ ਚਾਨਣੇ ਪੱਖ (ਸੁਦੀ ਪੱਖ) ਅਤੇ ਪੁਨਿਆਂ ਤੋਂ ਮੱਸਿਆ ਦੇ ਹਨੇਰੇ ਪੱਖ (ਵਦੀ ਪੱਖ) ਦੀ ਗਿਣਤੀ
ਕਰਕੇ ਕੈਲੰਡਰ ਦਾ ਮੁੱਢ ਬੰਨਿਆਂ ਹੋਵੇਗਾ ਤਾਂ ਇਨਸਾਨ ਦੇ ਜੀਵਨ ਵਿਚ ਕਿੰਨੀ ਇਨਕਲਾਬੀ ਤਬਦੀਲੀ ਆਈ
ਹੋਏਗੀ। ਇਸ ਵਿਚ ਕੋਈ ਸ਼ੱਕ ਨਹੀ ਕਿ ਸਭ ਤੋਂ ਪਹਿਲਾ ਚੰਦ ਅਧਾਰਤ ਕੈਲੰਡਰ ਹੀ ਹੋਂਦ ਵਿਚ ਆਇਆ ਸੀ।
ਜਿਓ-ਜਿਓ ਮਨੁੱਖ ਨੇ ਤਰੱਕੀ ਕੀਤੀ ਅਤੇ ਮੌਸਮ ਸਬੰਧੀ ਜਾਣਕਾਰੀ ਵਿਚ ਵਾਧਾ ਹੋਇਆ ਤਾਂ ਸੂਰਜੀ
ਕੈਲੰਡਰ ਹੋਂਦ ਵਿਚ ਆ ਗਏ। ਅੱਜ ਵੀ ਚੰਦ ਅਧਾਰਿਤ ਕੈਲੰਡਰ ਦਾ ਸ਼ੁੱਧ ਰੂਪ ਹਿਜਰੀ ਕੈਲੰਡਰ, ਇਸਲਾਮ
ਧਰਮ ਵਿਚ ਪ੍ਰਚੱਲਤ ਹੈ। ਹਿੰਦੂ ਧਰਮ ਵਿਚ ਚੰਦਰ ਸੂਰਜੀ ਬਿਕ੍ਰਮੀ ਕੈਲੰਡਰ ਪ੍ਰਚੱਲਤ ਹੈ। ਭਾਵੇਂ ਇਹ
ਕੋਈ ਧਾਰਮਿਕ ਵਿਸ਼ਾ ਨਹੀ ਹੈ ਫਿਰ ਵੀ ਇਸ ਦਾ ਧਰਮ ਨਾਲ ਗੂੜਾ ਸਬੰਧ ਹੈ।
“Today each of the major religions has its own
calendar which is used to programme its religious ceremonies, and it is almost
as true to say that each calendar has its religion.” (E.G.Richards, Mapping
Time: The Calendar and Its History)
ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ:- ਚੰਦ ਧਰਤੀ ਦੇ ਦੁਵਾਲੇ ਘੁੰਮਦਾ ਹੈ ਇਹ ਚੱਕਰ 29.53 ਦਿਨ ਵਿਚ
ਪੁਰਾ ਕਰਦਾ ਹੈ। ਚੰਦ ਦੇ ਸਾਲ ਦੇ 354.37 ਦਿਨ (354 ਦਿਨ, 8 ਘੰਟੇ, 52 ਮਿੰਟ ਅਤੇ 48 ਸੈਕੰਡ)
ਹੁੰਦੇ ਹੈ। ਧਰਤੀ ਸੂਰਜ ਦੇ ਦੁਵਾਲੇ ਘੁੰਮਦੀ ਹੈ ਇਸ ਦਾ ਇਕ ਚੱਕਰ 365.2422 ਦਿਨ ਵਿਚ ਪੂਰਾ
ਹੁੰਦਾ ਹੈ ਇਸ ਨੂੰ ਰੁੱਤੀ ਸਾਲ (Tropical year)
ਕਹਿੰਦੇ ਹਨ। ਇਸ ਤੋਂ ਸਪੱਸ਼ਟ ਹੈ ਕੇ ਚੰਦ ਦਾ ਸਾਲ ਸੂਰਜੀ ਸਾਲ ਤੋਂ ਲੱਗ-ਭੱਗ 11 ਦਿਨ ਛੋਟਾ ਹੁੰਦਾ
ਹੈ। ਹੁਣ ਜਦੋਂ ਇਕ ਸਾਲ ਵਿਚ 11 ਦਿਨ ਅਤੇ ਦੋ ਸਾਲਾ ਵਿਚ 22 ਦਿਨ , ਚੰਦ ਦਾ ਸਾਲ ਸੂਰਜੀ ਸਾਲ ਤੋਂ
ਪਿਛੇ ਰਹਿ ਜਾਂਦਾ ਹੈ ਤਾ ਚੰਦ ਦੇ ਸਾਲ ਵਿਚ ਇਕ ਵਾਧੂ ਮਹੀਨਾ ਜੋੜ ਦਿੱਤਾ ਜਾਂਦਾ ਹੈ ਉਸ ਸਾਲ ਚੰਦ
ਦੇ ਸਾਲ ਦੇ 13 ਮਹੀਨੇ ਅਤੇ 383/384 ਦਿਨ ਹੁੰਦੇ ਹਨ। ਅਜੇਹਾ 19 ਸਾਲ ਵਿਚ 7 ਵਾਰੀ ਹੁੰਦਾ ਹੈ।
ਇਸ ਸਾਲ ਵੀ ਚੰਦ ਦੇ ਸਾਲ ਦੇ 13 ਮਹੀਨੇ ਹਨ ਇਸ ਸਾਲ ਹਾੜ ਦੇ ਦੋ ਮਹੀਨੇ ਹਨ। ਤੇਰਵੇਂ ਮਹੀਨੇ ਨੂੰ
ਮਲ ਮਾਸ ਕਿਹਾ ਜਾਂਦਾ ਹੈ ਇਸ ‘ਚ ਕੋਈ ਸ਼ੁਭ ਕੰਮ ਨਹੀ ਕੀਤਾ ਜਾਂਦਾ। ਇਸ ਮਹੀਨੇ ਜਾਂ ਇਸ ਤੋਂ ਪਿਛੋਂ
ਆਉਣ ਵਾਲੇ ਦਿਹਾੜੇ 18/19 ਦਿਨ ਪੱਛੜ ਕੇ ਮਨਾਏ ਜਾਂਦੇ ਹਨ। ਜਿਵੇ ਗੁਰੂ ਗੋਬਿੰਦ ਸਿੰਘ ਜੀ ਦਾ
ਪ੍ਰਕਾਸ਼ ਦਿਹਾੜਾ ਪੋਹ ਸੁਦੀ 7 ਮੁਤਾਬਕ ਪਿਛਲੇ ਸਾਲ 7 ਜਨਵਰੀ ਨੂੰ ਸੀ ਉਸ ਤੋਂ ਅੱਗਲਾ ਦਿਹਾੜਾ ਇਸ
ਤੋਂ 11 ਦਿਨ ਪਹਿਲਾ ਭਾਵ 28 ਦਸੰਬਰ ਨੂੰ ਸੀ ਇਸ ਹਿਸਾਬ ਨਾਲ ਤਾਂ ਹੁਣ ਇਹ 17 ਦਸੰਬਰ ਨੂੰ ਆਉਣਾ
ਚਾਹੀਦਾ ਹੈ ਪਰ ਨਹੀਂ। ਕਿਉਂਕਿ ਇਸ ਸਾਲ ਚੰਦ ਦੇ ਸਾਲ ਦੇ 13 ਮਹੀਨੇ ਹਨ ਇਸ ਲਈ ਹੁਣ ਇਹ ਦਿਹਾੜਾ
16 ਜਨਵਰੀ 2016 ਨੂੰ ਆਵੇਗਾ। ਉਸ ਤੋਂ ਅੱਗਲਾ, ਇਸ ਤੋਂ 11 ਦਿਨ ਪਹਿਲਾ ਭਾਵ 5 ਜਨਵਰੀ ਅਤੇ 25
ਦਸੰਬਰ 2017 ਨੂੰ ਆਵੇਗਾ। ਇਸ ਕੈਲੰਡਰ ਮੁਤਾਬਕ ਇਕ ਦਿਨ ਵਿਚ, ਚੰਦ ਦੇ ਦੋ ਦਿਨ ਜਾਂ ਦੋ ਦਿਨਾਂ
ਵਿੱਚ ਚੰਦ ਦਾ ਇਕ ਦਿਨ, ਅਕਸਰ ਹੀ ਆਉਂਦੇ ਰਹਿੰਦੇ ਹਨ। ਜਿਵੇ 16 ਮਾਰਚ ਨੂੰ ਚੰਦ ਦੀ ਚੇਤਰ ਵਦੀ 10
ਅਤੇ 11 ਦੋਵੇਂ ਇਕ ਦਿਨ ਹੀ ਹਨ ਇਸ ਤੋਂ ਉਲਟ 30 ਅਤੇ 31 ਮਾਰਚ ਨੂੰ ਦੋਵੇਂ ਦਿਨ ਚੇਤਰ ਸੁਦੀ 11
ਹੋਵੇਗੀ। ਅਜੇਹਾ ਹਰ ਮਹੀਨੇ ਦੋ-ਤਿੰਨ ਵਾਰੀ ਹੁੰਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਚੰਦ
ਦੇ ਕੈਲੰਡਰ ਨੂੰ ਵੀ ਖਿੱਚ-ਧੂਹ ਕੇ ਸੂਰਜੀ ਕੈਲੰਡਰ ਦੇ ਨੇੜੇ ਤੇੜੇ ਹੀ ਕਰਨਾ ਪੈਣਾ ਹੈ ਤਾਂ ਕਿਉਂ
ਨਾ ਸੂਰਜੀ ਕੈਲੰਡਰ ਹੀ ਵਰਤ ਲਿਆ ਜਾਵੇ?
ਸੂਰਜੀ ਬਿਕ੍ਰਮੀ ਕੈਲੰਡਰ:- ਗੁਰੂ ਕਾਲ ਵੇਲੇ ਪ੍ਰਚੱਲਤ ਕੈਲੰਡਰ ਦੇ ਸਾਲ ਦੀ ਲੰਬਾਈ 365.2587 ਦਿਨ
(ਸੂਰਜੀ ਸਿਧਾਂਤ) ਸੀ। ਸਾਲ ਦੀ ਇਹ ਲੰਬਾਈ ਰੁੱਤੀ ਸਾਲ ਦੀ ਲੰਬਾਈ (365.2422 ਦਿਨ) ਤੋਂ ਲੱਗ ਭੱਗ
24 ਮਿੰਟ ਵੱਧ ਹੋਣ ਕਾਰਨ ਇਹ 60 ਸਾਲ ਪਿਛੋਂ ਇਕ ਦਿਨ ਅੱਗੇ ਹੋ ਜਾਂਦਾ ਸੀ। ਨਵੰਬਰ 1964 ‘ਚ
ਅੰਮ੍ਰਿਤਸਰ ਵਿਖੇ ਵਿਦਵਾਨਾਂ ਦੀ ਇਕੱਤਰਤਾ ‘ਚ ਇਸ ਕੈਲੰਡਰ ‘ਚ ਸੋਧ ਕੀਤੀ ਗਈ। ਸਾਲ ਦੀ ਲੰਬਾਈ
365.2587 ਦਿਨ ਤੋਂ ਘਟਾ ਕੇ 365.2563 ਦਿਨ ਕਰ ਦਿੱਤੀ ਗਈ । ਹੁਣ ਇਸ ਨੂੰ ਦ੍ਰਿਕ ਗਿਣਤ ਸਿਧਾਂਤ
ਕਿਹਾ ਜਾਂਦਾ ਹੈ। ਇਹ ਲੰਬਾਈ ਵੀ ਰੁੱਤੀ ਸਾਲ ਤੋਂ ਲੱਗ ਭੱਗ 20 ਮਿੰਟ ਵੱਧ ਹੈ। ਹੁਣ ਇਹ 72 ਸਾਲ
ਪਿਛੋਂ ਰੁੱਤੀ ਸਾਲ ਤੋਂ ਇਕ ਦਿਨ ਅੱਗੇ ਹੋ ਜਾਂਦਾ ਹੈ। ਇਸ ਕੈਲੰਡਰ ਦੇ ਮਹੀਨੇ ਦਾ ਅਰੰਭ (ਸੰਗਰਾਦ)
ਉਸ ਦਿਨ ਹੁੰਦਾ ਹੈ ਜਦੋਂ ਸੂਰਜ ਇਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ। ਮਹੀਨਿਆਂ ਦੇ
ਅਰੰਭ ਦਾ ਦਿਨ ਅਤੇ ਦਿਨਾਂ ਦੀ ਗਿਣਤੀ, ਹਰ ਸਾਲ ਬਦਲਦੇ ਰਹਿੰਦੇ ਹਨ। ਬਿਕ੍ਰਮੀ ਕੈਲੰਡਰ ਮੁਤਾਬਕ
ਦਿਨ ਦਾ ਅਰੰਭ ਸੂਰਜ ਦੇ ਚੜਨ ਵੇਲੇ ਹੁੰਦਾ ਹੈ।
ਨਾਨਕਸ਼ਾਹੀ ਕੈਲੰਡਰ:- ਇਹ ਸੂਰਜੀ ਕੈਲੰਡਰ ਹੈ। ਇਸ ਦੇ ਸਾਲ ਦੀ ਲੰਬਾਈ 365.2425 ਦਿਨ ਹੈ। ਜੋ
ਰੁੱਤੀ ਸਾਲ (365.2422 ਦਿਨ) ਦੇ ਬਹੁਤ ਹੀ ਨੇੜੇ ਹੈ। ਹੁਣ ਇਹ ਰੁੱਤੀ ਸਾਲ ਤੋਂ ਲੱਗ ਭੱਗ 3300
ਸਾਲ ਪਿਛੋਂ ਇਕ ਦਿਨ ਅੱਗੇ ਹੋਵੇਗਾ। ਇਸ ਦੇ ਮਹੀਨਿਆਂ ਦੇ ਅਰੰਭ ਦੀਆਂ ਤਾਰੀਖਾਂ ਅਤੇ ਮਹੀਨਿਆਂ ਦੇ
ਦਿਨਾਂ ਦੀ ਗਿਣਤੀ, ਸਦਾ ਵਾਸਤੇ ਹੀ ਪੱਕੇ ਹਨ ਜਿਨ੍ਹਾਂ ਦਾ ਸੂਰਜ ਦੇ ਰਾਸ਼ੀ ਪ੍ਰਵੇਸ਼ ਨਾਲ ਕੋਈ ਵੀ
ਸਬੰਧ ਨਹੀ ਹੈ। ਨਾਨਕ ਸ਼ਾਹੀ ਕੈਲੰਡਰ ਦੇ ਦਿਨ ਦਾ ਅਰੰਭ ਰਾਤ 12 ਵਜੇ ਤੋਂ ਹੁੰਦਾ ਹੈ।
ਨਾਨਕਸ਼ਾਹੀ ਕੈਲੰਡਰ, ਕਨੇਡਾ ਨਿਵਾਸੀ ਸਿੱਖ ਵਿਦਵਾਨ ਸ. ਪਾਲ ਸਿੰਘ ਪੁਰੇਵਾਲ ਜੀ ਨੇ ਬਹੁਤ ਹੀ
ਮਿਹਨਤ ਨਾਲ ਬਣਾਇਆ ਸੀ ਅਤੇ ਲੱਗ-ਭੱਗ 10 ਸਾਲ ਦੀ ਸੋਚ ਵਿਚਾਰ ਤੋਂ ਪਿਛੋਂ ਸ਼੍ਰੋਮਣੀ ਕਮੇਟੀ ਨੇ
2003 ‘ਚ ਇਹ ਕੈਲੰਡਰ ਲਾਗੂ ਕੀਤਾ ਗਿਆ ਸੀ। ਦੇਸ-ਵਿਦੇਸ਼ ਦੀਆਂ ਸੰਗਤਾਂ ਨੇ ਇਸ ਨੂੰ ਖੁਸ਼ੀ –ਖੁਸ਼ੀ
ਪ੍ਰਵਾਨ ਕਰ ਲਿਆ ਸੀ। ਅਚਾਨਕ ਹੀ 17 ਅਕਤੂਬਰ 2009 ਨੂੰ ਇਹ ਖ਼ਬਰ ਆ ਗਈ ਕਿ ਇਸ ਕੈਲੰਡਰ ‘ਰਾਸ਼ਟਰੀ
ਸੰਤ ਸਮਾਜ’ ਦੇ ਕਹਿਣ ਤੇ ਨਾਨਕਸ਼ਾਹੀ ਕੈਲੰਡਰ ਵਿਚ ਸੋਧ ਕੀਤੀ ਜਾ ਰਹੀ ਹੈ। ਸੁਝਾਓ ਦੇਣ ਵਾਸਤੇ ਦੋ
ਮੈਂਬਰੀ ਕਮੇਟੀ ਬਣਾ ਦਿੱਤੀ ਗਈ ਜਿਸ ‘ਚ ਹਰਨਾਮ ਸਿੰਘ ਧੁੰਮਾ ਅਤੇ ਅਵਤਾਰ ਸਿੰਘ ਮੱਕੜ ਸ਼ਾਮਲ ਸਨ।
ਇਸ ਦੋ ਮੈਂਬਰੀ ਕਮੇਟੀ ਨੇ ਚਾਰ ਦਿਹਾੜੇ, ਸ਼ਹੀਦੀ ਗੁਰੂ ਅਰਜਨ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਦਾ
ਪ੍ਰਕਾਸ਼ ਅਤੇ ਜੋਤੀ ਜੋਤ ਦਿਹਾੜਾ, ਅਤੇ ਗ੍ਰੰਥ ਸਾਹਿਬ ਨੂੰ ਗੁਰ ਗੱਦੀ ਦਿਵਸ, ਚੰਦਰ-ਸੂਰਜੀ
ਬਿਕ੍ਰਮੀ ਕੈਲੰਡਰ ਭਾਵ ਵਦੀ-ਸੁਦੀ ਮੁਤਾਬਕ ਮਨਾਉਣ ਅਤੇ ਮਹੀਨੇ ਦੇ ਅਰੰਭ ਦੀ ਤਾਰੀਖ (ਸੰਗਰਾਦ) ਨੂੰ
ਸੂਰਜ ਦੇ ਰਾਸ਼ੀ ਪ੍ਰਵੇਸ਼ ਦੀ ਤਾਰੀਖ ਨਾਲ ਨੱਥੀ ਕਰਨ ਦੀ ਸਿਫ਼ਾਰਿਸ਼ ਕਰ ਦਿੱਤੀ।
ਸ਼੍ਰੋਮਣੀ ਕਮੇਟੀ ਵੱਲੋਂ 2010 ‘ਚ ਸੋਧਿਆ (?) ਹੋਇਆ ਕੈਲੰਡਰ :- ਮਾਰਚ 2010 ਵਿਚ ਸ਼੍ਰੋਮਣੀ ਕਮੇਟੀ
ਵੱਲੋਂ ਜਾਰੀ ਕੀਤੇ ਗਏ ਕੈਲੰਡਰ ਦਾ ਨਾਮ ਨਾਨਕਸ਼ਾਹੀ, ਸਾਲ ਦੀ ਲੰਬਾਈ 365.2567 ਦਿਨ, ਜਿਸ ਮੁਤਾਬਕ
ਹੁਣ ਇਹ ਸਾਲ ਮੌਸਮੀ ਸਾਲ ਤੋਂ 72 ਸਾਲ ਪਿਛੋਂ ਇਕ ਦਿਨ ਅੱਗੇ ਹੋ ਜਾਵੇਗਾ। ਮਹੀਨੇ ਦਾ ਅਰੰਭ ਸੂਰਜ
ਦੇ ਨਵੀਂ ਰਾਸ਼ੀ ‘ਚ ਪ੍ਰਵੇਸ਼ ਨਾਲ, ਜਿਸ ਕਾਰਨ ਹਰ ਸਾਲ ਦੋ-ਤਿੰਨ ਸੰਗਰਾਦਾਂ ਅਤੇ ਮਹੀਨਿਆਂ ਦੇ
ਦਿਨਾਂ ਦੀ ਗਿਣਤੀ ਬਦਲ ਜਾਂਦੀ ਹਨ। ਕੁਝ ਦਿਹਾੜੇ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ, ਕੁਝ
ਦਿਹਾੜੇ ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਅਤੇ ਕੁਝ ਦਿਹਾੜੇ ਸੀ: ਈ: ਕੈਲੰਡਰ ਮੁਤਾਬਕ ਹਨ। ਬਹੁਤੇ
ਦਿਹਾੜਿਆਂ ਦੀਆਂ ਅੰਗਰੇਜੀ ਤਾਰੀਖਾਂ ਤਾਂ ਨਾਨਕਸ਼ਾਹੀ ਕੈਲੰਡਰ ਵਾਲੀਆ ਹੀ ਰੱਖ ਲਈਆਂ ਹਨ ਪਰ ਮਹੀਨੇ
ਦਾ ਅਰੰਭ ਸੂਰਜ ਦੇ ਨਵੀ ਰਾਸ਼ੀ ‘ਚ ਪ੍ਰਵੇਸ਼ ਕਰਨ ਨਾਲ ਨੱਥੀ ਹੋਣ ਕਾਰਨ ਇਤਿਹਾਸਿਕ ਦਿਹਾੜਿਆਂ ਦੀਆਂ
ਤਾਰੀਖਾਂ ਇਕ ਦਿਨ ਅੱਗੜ-ਪਿੱਛੜ ਹੋ ਜਾਦੀਆਂ ਹਨ। ਜਿਵੇ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਸੰਮਤ
546(2014-15) ਦੇ ਕੈਲੰਡਰ ‘ਚ, ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੀ ਤਾਰੀਖ 24 ਨਵੰਬਰ
ਦਾ ਦਰਜ ਸੀ ਜਿਸ ਮੁਤਾਬਕ ਇਹ 9 ਮੱਘਰ ਬਣਦੀ ਹੈ ਜਦੋਂ ਕਿ ਇਤਿਹਾਸਕ ਤੌਰ ਤੇ ਇਹ ਤਾਰੀਖ 11 ਮੱਘਰ
ਹੈ। ਦੋ ਮੈਂਬਰੀ ਕਮੇਟੀ (ਧੁੰਮਾ ਅਤੇ ਮੱਕੜ) ਦੇ ਨਾਮ ਤੇ ਹੀ ਇਸ ਨੂੰ ਧੁਮੱਕੜਸ਼ਾਹੀ ਕੈਲੰਡਰ ਕਿਹਾ
ਜਾਂਦਾ ਹੈ।
ਤਾਜ਼ਾ ਘਟਨਾਵਾਂ ਕੀ ਰੁਖ ਅਖਤਿਆਰ ਕਰਦੀਆਂ ਹਨ ਇਹ ਤਾਂ ਅਜੇ ਸਮੇ ਦੇ ਗਰਭ ਵਿੱਚ ਹੀ ਹੈ ਪਰ 9 ਮਾਰਚ
ਦੀ ਮੀਟਿੰਗ ਤੋਂ ਇਕ ਗੱਲ ਤਾਂ ਸਪੱਸ਼ਟ ਹੋ ਗਈ ਹੈ ਕਿ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ ਅਤੇ
ਰਾਸ਼ਟਰੀ ਸੰਤ ਸਮਾਜ ਨੇ ਲਿਖਤੀ ਤੌਰ ਤੇ ਇਹ ਮੰਨ ਲਿਆ ਹੈ ਕਿ ਇਨ੍ਹਾਂ ਵੱਲੋਂ ਦਸੰਬਰ 2009 ਵਿੱਚ
ਕੀਤਾ ਗਿਆ ਫੈਸਲਾ ਗਲਤ ਸੀ। 1 ਚੇਤ ਸ਼ਨਿਚਰਵਾਰ ਨੂੰ ਜਾਰੀ ਕੀਤੇ ਗਏ ਚੰਦਰ ਸੂਰਜੀ ਬਿਕ੍ਰਮੀ
ਕੈਲੰਡਰ, ਜਿਸ ਬਾਰੇ ਕਿਹਾ ਗਿਆ ਹੈ ਕਿ ਇਹ ਅਕਾਲ ਤਖਤ ਸਾਹਿਬ ਦੇ ਆਦੇਸ਼ ਮੁਤਾਬਕ ਗੁਰਬਾਣੀ ਅਤੇ
ਇਤਹਾਸ ਨੂੰ ਮੁਖ ਰੱਖ ਕੇ ਛਾਪਿਆ ਗਿਆ ਹੈ, ਦਾ ਨਾਮ ਤਾਂ ਭਾਵੇਂ ਨਾਨਕਸ਼ਾਹੀ ਹੀ ਰੱਖਿਆ ਗਿਆ ਹੈ ਪਰ
ਇਤਿਹਾਸਿਕ ਦਿਹਾੜਿਆਂ ਦੀ ਤਾਰੀਖਾਂ ਵਿਚ ਇਕ ਨਵੀਂ ਕਿਸਮ ਦਾ ਹੀ ਭੰਬਲਭੂਸਾ ਪੈਦਾ ਕਰ ਦਿੱਤਾ ਗਿਆ
ਹੈ। ਚੰਦ ਦੇ ਕੈਲੰਡਰ ਦੀਆਂ ਤਾਰੀਖਾਂ ਨੂੰ ਇਸ ਸਾਲ ਦੇ ਪ੍ਰਵਿਸ਼ਟਿਆਂ ਵਿਚ ਬਦਲ ਦਿੱਤਾ ਗਿਆ ਹੈ।
ਜਿਵੇ ਕਿ ਗੁਰਗੱਦੀ ਗੁਰੂ ਅੰਗਦ ਦੇਵ ਜੀ 16 ਅੱਸੂ ਦਰਜ ਹੈ। ਅਸੀਂ ਪ੍ਰੋ ਅਨੁਰਾਗ ਸਿੰਘ ਨੂੰ, ਜਿਸ
ਨੇ ਲਿਖਿਆ ਸੀ, “the date of succession of
Guru Angad is fixed 18th September, not to be found in any source”
ਪੁੱਛਣਾ ਚਾਹੁੰਦੇ ਹਾਂ ਕਿ ਹੁਣ ਦੱਸੋ ਉਪ੍ਰੋਕਤ ਤਾਰੀਖ ਦੁਨੀਆਂ ਦੀ ਕਿਸ ਕਿਤਾਬ ਵਿਚ ਦਰਜ ਹੈ?
ਜਦੋਂ ਕਿ ਤੁਹਾਨੂੰ ਨੂੰ 4 ਅੱਸੂ/18 ਸਤੰਬਰ ਦੇ ਵਸੀਲੇ ਵਿਖਾਏ ਜਾ ਚੁਕੇ ਹਨ। ਸ਼ਹੀਦੀ ਗੁਰੂ ਤੇਗ
ਬਹਾਦਰ ਜੀ 1 ਪੋਹ ਅਤੇ ਪ੍ਰਕਾਸ਼ ਗੁਰੂ ਗੋਬਿੰਦ ਸਿੰਘ ਜੀ 3 ਮਾਘ ਕਿਸ ਇਤਿਹਾਸ ਵਸੀਲੇ ਵਿੱਚ ਦਰਜ
ਹਨ? ਪਿਛਲੇ ਕਈ ਸਾਲਾਂ ਤੋਂ ਟਿੰਡ ‘ਚ ਕਾਨਾ ਪਾਈ ਬੈਠੇ, ਆਪੂ ਬਣੇ ਮਹਾਂਪੁਰਖਾਂ ਨੂੰ ਵੀ ਪੁੱਛਣਾ
ਚਾਹੁੰਦੇ ਹਾਂ ਕਿ ਹੁਣ ਤੁਸੀਂ 20 ਚੇਤ ਨੂੰ ਗੁਰੂ ਤੇਗ ਬਹਾਦਰ ਜੀ ਦੀ ਗੁਰਗੱਦੀ ਅਤੇ ਗੁਰੂ
ਹਰਿਕ੍ਰਿਸ਼ਨ ਜੀ ਦੇ ਜੋਤੀ ਜੋਤ ਸਮਾਉਣ ਦੀ ਅਰਦਾਸ ਕਿਵੇਂ ਕਰੋਗੇ? 19 ਕੱਤਕ ਨੂੰ ਵੀ ਦੋ ਗੁਰਪੁਰਬ,
ਜੋਤੀ ਜੋਤ ਗੁਰੂ ਹਰਿਰਾਏ ਜੀ ਅਤੇ ਗੁਰਗੱਦੀ ਹਰਿਕ੍ਰਿਸ਼ਨ ਜੀ ਇਕੋ ਦਿਨ ਹੀ ਹਨ। ਸੰਤਾਂ ਦੀ
ਯੂਨੀਅਨ ਨੂੰ ਹੁਣ ਇਹ ਵੀ ਦੱਸਣਾ ਚਾਹੀਦਾ ਹੈ ਕਿ ਤੁਸੀਂ ਤਾ ਕਹਿੰਦੇ ਸੀ ਕਿ ਗੁਰੂ ਸਾਹਿਬ ਵਾਲਾ
ਕੈਲੰਡਰ ਕਿਵੇਂ ਛੱਡ ਸਕਦੇ ਹਾਂ। ਹੁਣ ਤਾਂ ਅਕਾਲ ਤਖਤ ਸਾਹਿਬ ਦੇ ਆਦੇਸ਼ ਮੁਤਾਬਕ ਸ਼੍ਰੋਮਣੀ ਕਮੇਟੀ
ਨੇ ਉਹ ਕੈਲੰਡਰ ਛੱਡ ਦਿੱਤਾ ਹੈ। ਅੱਜ ਵਾਲਾ ਕੈਲੰਡਰ ਤਾਂ 1964 ਵਿੱਚ ਹਿੰਦੂ ਵਿਦਵਾਨਾਂ ਵੱਲੋਂ
ਬਣਾਇਆ ਗਿਆ ਸੀ। ਨਵੇ ਬਣੇ ਕੈਲੰਡਰ ਨੂੰ ਤਾਂ ਹੁਣ ਅਕਾਲ ਤਖਤ ਸਾਹਿਬ ਵੱਲੋਂ ਵੀ ਮਾਨਤਾ ਮਿਲ ਚੁੱਕੀ
ਹੈ। ਕੀ ਹੁਣ ਤੁਸੀਂ ਇਸ ਕੈਲੰਡਰ ਨੂੰ ਰੱਦ ਕਰੋਗੇ ਜਾਂ ਭਾਣਾ ਮੰਨ ਲਵੋਗੇ?
ਹੁਣ ਜਦੋਂ ਪੰਜ ਸਿੰਘ ਸਾਹਿਬਾਨ ਵੱਲੋਂ 9 ਮਾਰਚ ਨੂੰ, ਕੈਲੰਡਰ ਵਿਵਾਦ ਨੂੰ ਸੁਲਝਾਉਣ ਲਈ ਇਕ ਕਮੇਟੀ
ਗਠਨ ਕਰਕੇ 16 ਦਸੰਬਰ ਤਾਈ ਰਿਪੋਰਟ ਦੇਣ ਲਈ ਹੁਕਮ ਕਰ ਦਿੱਤਾ ਗਿਆ ਸੀ ਤਾਂ ਇਕ ਨਵਾਂ ਕੈਲੰਡਰ ਬਣਾ
ਕੇ ਇਸ ਸਮੱਸਿਆ ਨੂੰ ਹੋਰ ਉਲਝਾਉਣ ਦੀ ਕੀ ਲੋੜ ਸੀ? ਕੀ ਇਸ ਸਾਲ ਵੀ ਧੁਮੱਕੜਸ਼ਾਹੀ ਕੈਲੰਡਰ ਨਾਲ ਕੰਮ
ਨਹੀ ਸੀ ਚਲਾਇਆ ਜਾ ਸਕਦਾ? ਦੂਜੇ ਪਾਸੇ, ਜਦੋਂ ਹੁਣ ਅਕਾਲ ਤਖਤ ਸਾਹਿਬ ਵੱਲੋਂ ਇਹ ਕਿਹਾ ਗਿਆ ਹੈ ਕਿ
ਸ਼੍ਰੋਮਣੀ ਕਮੇਟੀ ਨੇ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਗੁਰਬਾਣੀ ਅਤੇ ਇਤਿਹਾਸ ਨੂੰ ਮੁਖ ਰੱਖਕੇ
ਇਹ ਕੈਲੰਡਰ ਬਣਾਇਆ ਹੈ ਤਾਂ ਸਵਾਲ ਪੈਦਾ ਹੁੰਦਾ ਹੈ ਕਿ 9 ਤਾਰੀਖ ਨੂੰ ਬਣਾਈ ਗਈ 18 ਮੈਂਬਰੀ ਕਮੇਟੀ
ਦੀ ਕੀ ਲੋੜ ਹੈ? ਕੀ ਉਹ ਕਮੇਟੀ ਗੁਰਬਾਣੀ ਅਤੇ ਇਤਿਹਾਸ ਤੋਂ ਬਾਹਰ ਜਾ ਕੇ ਕੈਲੰਡਰ ਬਣਾ ਸਕਦੀ ਹੈ?
ਜੇ ਨਹੀ, ਤਾਂ ਫੇਰ ਕਮੇਟੀ ਦੀ ਲੋੜ ਕਿਉਂ? ਉਸ ਕਮੇਟੀ ਨੂੰ ਤਾਂ ਹੁਣ ਭੰਗ ਕਰ ਦੇਣਾ ਚਾਹੀਦਾ ਹੈ।
ਕਿਉਂਕਿ ਗੁਰਬਾਣੀ ਅਤੇ ਇਤਿਹਾਸ ਨੂੰ ਮੁਖ ਰੱਖਕੇ ਤਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ
ਕੈਲੰਡਰ ਬਣਾਇਆ ਜਾ ਚੁਕਾ ਹੈ!
ਖਾਲਸਾ ਜੀ ਜਾਗੋ! ਕੀ ਅਸੀਂ ਸਿਰਫ ਢਾਡੀਆਂ ਤੋਂ ਇਤਿਹਾਸ ਸੁਣਕੇ ਭੂਤ ਕਾਲ ਬਾਰੇ ਹੀ
ਸੋਚਦੇ/ਪਛਤਾਉਂਦੇ ਰਹਾਂਗੇ? ਅਸੀਂ ਵਰਤਨਾਮ ਅਤੇ ਭਵਿੱਖ ਬਾਰੇ ਫਿਕਰਮੰਦ ਕਿਉਂ ਨਹੀ ਹੁੰਦੇ? ਜਰਾਂ
ਸੋਚੋ, ਕੀ ਅਸੀਂ ਫਰਜ਼ੀ ਰਾਸ਼ੀਆਂ ਨੂੰ ਮੁਖ ਰੱਖ ਕੇ ਬਣਾਏ ਕੈਲੰਡਰ ਨੂੰ ਮੰਨਣਾ ਹੈ ਜਾਂ ਇਸ ਧਰਤੀ
ਤੇ, ਅਕਾਲ ਪੁਰਖ ਦੇ ਹੁਕਮ ਵਿੱਚ ਬਣਦੀਆਂ/ਬਦਲਦੀਆਂ ਰੁੱਤਾ ਨੂੰ ਮੁਖ ਰੱਖ ਕੇ ਬਣਾਏ ਕੈਲੰਡਰ ਨੂੰ
ਅਪਨਾਉਣਾ ਹੈ? ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਸੰਮਤ 547 ਦੇ ਕੈਲੰਡਰ ਵਿਚ ਹੋਲਾ ਮਹੱਲਾ
ਨਹੀ ਆਵੇਗਾ। ਅਗਲੇ ਸਾਲ ਭਾਵ ਸੰਮਤ 548 ਵਿਚ ਜਿਥੇ ਹੋਲਾ ਮਹੱਲਾ ਦੋ ਵਾਰੀ ਆਵੇਗਾ ਉਥੇ ਹੀ ਸਾਰੇ
ਗੁਰਪੁਰਬਾਂ ਦੀਆਂ ਤਾਰੀਖਾਂ ਵੀ ਬਦਲ ਜਾਣਗੀਆਂ। ਇਸ ਸਾਲ ਚੇਤ, ਵੈਸਾਖ ਅਤੇ ਜੇਠ ਵਿੱਚ ਆਉਣ ਵਾਲੇ
ਦਿਹਾੜੇ 18/19 ਦਿਨ ਪਛੜ ਕੇ ਅਤੇ ਸਾਵਣ ਤੋਂ ਫੱਗਣ ਵਿਚ ਆਉਣ ਵਾਲੇ ਦਿਹਾੜੇ 11 ਦਿਨ ਪਹਿਲਾ
ਆਉਣਗੇ। ਅੱਜ ਸਿੱਖ ਕੌਮ ਦੁਨੀਆਂ ਭਰ ਵਿੱਚ ਫੈਲ ਚੁੱਕੀ ਹੈ। ਕੀ ਸਾਨੂੰ ਅਜੇਹੇ ਕੈਲੰਡਰ ਦੀ ਲੋੜ
ਨਹੀ ਜਿਸ ਵਿੱਚ ਸਾਡੇ ਇਤਿਹਾਸਕ ਦਿਹਾੜਿਆਂ ਦੀਆਂ ਤਾਰੀਖਾਂ ਸਦਾ ਵਾਸਤੇ ਹੀ ਪੱਕੀਆਂ ਹੋਣ ਜਾਂ ਹਰ
ਸਾਲ ਪੰਡਤਾਂ ਵੱਲੋਂ ਬਣਾਈਆਂ ਜੰਤਰੀਆਂ ਹੀ ਉਡੀਕਣੀਆਂ ਹਨ?
18/03/15)
ਸਪੋਕਸਮੈਨ ਸੰਪਾਦਕੀ (ਮਾਰਚ 18)
ਨਾਨਕਸ਼ਾਹੀ ਕੈਲੰਡਰ 'ਚੋਂ 'ਨਾਨਕ' ਨੂੰ ਵੱਖ ਕਰ ਕੇ 'ਸ਼ਾਹੀ' ਕੈਲੰਡਰ ਬਣਾ ਦਿਤਾ ਗਿਐ ਜਿਸ ਨੂੰ
ਦਿੱਲੀ, ਨਾਗਪੁਰ, ਚੰਡੀਗੜ੍ਹ ਤੇ ਸੰਤਗੜ੍ਹ ਦੀ ਹਮਾਇਤ ਤਾਂ ਹਾਸਲ ਹੈ, ਨਾਨਕ-ਪ੍ਰਸਤਾਂ ਦੀ
ਨਹੀਂ!
March 18, 2015 12:13 PM
ਬਾਬੇ ਨਾਨਕ ਦੀ ਬਾਣੀ ਪੜ੍ਹ ਕੇ, ਉਸ ਵਿਚੋਂ
ਉਨ੍ਹਾਂ 20 ਵੱਡੀਆਂ ਹਦਾਇਤਾਂ ਹੇਠ ਲਕੀਰਾਂ ਮਾਰ ਲਉ ਜਿਨ੍ਹਾਂ ਰਾਹੀਂ ਬਾਬੇ ਨਾਨਕ ਨੇ ਧਰਮ
ਦੀਆਂ, ਪੁਰਾਣੇ ਸਮੇਂ ਤੋਂ ਚਲੀਆਂ ਆ ਰਹੀਆਂ ਬਹੁਤ ਸਾਰੀਆਂ ਰਸਮਾਂ ਰਵਾਇਤਾਂ ਦੀ ਪਾਲਣਾ ਕਰਨ
ਤੋਂ ਰੋਕ ਦਿਤਾ ਸੀ ਤੇ ਹੁਕਮ ਕੀਤਾ ਸੀ ਕਿ ਇਹ ਸਾਰੀਆਂ ਰਸਮਾਂ ਰਵਾਇਤਾਂ, ਧਰਮ ਦਾ ਅੰਗ ਹੀ
ਨਹੀਂ ਹਨ ਤੇ ਉਸ ਪੁਜਾਰੀਵਾਦੀ ਏਜੰਡੇ ਦਾ ਭਾਗ ਮਾਤਰ ਹਨ ਜਿਸ ਦਾ ਮਕਸਦ, ਲੋਕਾਂ ਨੂੰ ਡਰਾ ਕੇ,
ਉਨ੍ਹਾਂ ਤੋਂ ਪੈਸੇ ਖੋਹਣਾ ਤੇ ਅਪਣੀਆਂ ਗੋਲਕਾਂ ਭਰਨਾ ਹੀ ਸੀ। ਜਦੋਂ ਵੀਹ ਵੱਡੀਆਂ ਰੋਕਾਂ ਹੇਠ
ਲਕੀਰ ਖਿੱਚਣ ਵਿਚ ਸਫ਼ਲ ਹੋ ਜਾਉ ਤਾਂ ਕਿਸੇ ਵੀ ਗੁਰਦਵਾਰੇ ਵਿਚ ਚਲੇ ਜਾਉ ਤੇ ਕਿਸੇ ਦੇ ਆਖੇ
ਲੱਗੇ ਬਗ਼ੈਰ, ਆਪ ਹੀ ਫ਼ੈਸਲਾ ਕਰੋ ਕਿ ਬਾਬੇ ਨਾਨਕ ਦੀਆਂ ਵੀਹ ਵੱਡੀਆਂ ਹਦਾਇਤਾਂ 'ਚੋਂ ਕਿੰਨੀਆਂ
ਦੀ ਉਲੰਘਣਾ ਕੀਤੀ ਜਾ ਰਹੀ ਹੈ ਤੇ ਕਿੰਨੀਆਂ ਨੂੰ ਮਾਨਤਾ ਦਿਤੀ ਜਾ ਰਹੀ ਹੈ? ਤੁਹਾਨੂੰ ਅਪਣੇ
ਆਪ ਪਤਾ ਲੱਗ ਜਾਏਗਾ ਕਿ ਗੁਰਦਵਾਰੇ ਦੀ ਗੋਲਕ ਭਾਵੇਂ ਨੱਕੋ ਨੱਕ ਭਰੀ ਪਈ ਹੈ ਪਰ ਬਾਬੇ ਨਾਨਕ
ਦੀ ਕਿਸੇ ਵੀ ਹਦਾਇਤ ਦੀ 100 ਫ਼ੀ ਸਦੀ ਪਾਲਣਾ ਇਥੇ ਮੁਸ਼ਕਲ ਨਾਲ ਹੀ ਨਜ਼ਰ ਆਉਂਦੀ ਹੈ।
ਇਸ ਸਵਾਲ ਦਾ ਜਵਾਬ ਵੀ ਤੁਹਾਨੂੰ ਅਪਣੇ ਆਪ ਮਿਲ ਜਾਏਗਾ ਕਿ ਜਦ ਸਿੱਖ ਨਾਵਾਂ ਵਾਲੇ ਕਈ
ਸੰਪਰਦਾਈ ਬਾਬੇ (ਜਿਵੇਂ ਬਿਆਸ ਵਾਲੇ, ਨਿਰੰਕਾਰੀ ਤੇ ਸਿਰਸੇ ਵਾਲੇ ਸੌਦਾ ਸਾਧ ਵਗ਼ੈਰਾ) ਅਪਣੇ
ਪੈਰੋਕਾਰਾਂ ਦੀ ਗਿਣਤੀ ਚਾਰ ਚਾਰ ਪੰਜ ਪੰਜ ਕਰੋੜ ਦਸ ਰਹੇ ਹਨ ਤੇ ਦੇਸ਼ ਵਿਚਲੇ ਕਈ ਹਿੰਦੂ ਬਾਬੇ
ਵੀ ਪਿਛਲੇ ਸਾਲਾਂ ਵਿਚ 10-10 ਤੇ ਵੀਹ ਵੀਹ ਕਰੋੜ ਪੈਰੋਕਾਰ ਅਪਣੇ ਪਿੱਛੇ ਲਾਉਣ ਵਿਚ ਸਫ਼ਲ ਹੋ
ਗਏ ਦੱਸ ਜਾਂਦੇ ਹਨ ਤਾਂ ਸਿੱਖੀ ਦੇ ਪੈਰਾਂ ਵਿਚ ਕਿਹੜਾ ਕੰਡਾ ਚੁਭੋ ਦਿਤਾ ਗਿਆ ਹੈ ਕਿ ਇਹ
ਅੱਗੇ ਵਧਣੋਂ ਹੀ ਲਾਚਾਰ ਹੋ ਗਈ ਹੈ ਤੇ ਕਈ ਭਲੇ ਲੋਕ ਵੀ ਇਹ ਕਹਿਣ ਤੇ ਮਜਬੂਰ ਹੋਏ ਪਏ ਹਨ ਕਿ
ਸਿੱਖੀ ਦਾ ਬੂਟਾ, ਛੇਤੀ ਹੀ ਪੂਰੀ ਤਰ੍ਹਾਂ ਸੁੱਕ ਜਾਏਗਾ? ਇਹ ਸੁਣ ਕੇ ਸਾਡੀ ਆਸਥਾ ਤੇ ਸ਼ਰਧਾ
ਨੂੰ ਧੱਕਾ ਤਾਂ ਜ਼ਰੂਰ ਲਗਦਾ ਹੈ ਪਰ ਇਸ ਸੱਚ ਤੋਂ ਵੀ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਜਦ
ਕਿਸੇ ਧਰਮ ਅਤੇ ਵਿਚਾਰਧਾਰਾ ਦੇ ਕੇਂਦਰਾਂ ਵਿਚ, ਅਪਣੇ ਬਾਨੀ ਦੇ ਆਦੇਸ਼ਾਂ ਅਤੇ ਆਦਰਸ਼ਾਂ ਨੂੰ ਇਕ
ਪਾਸੇ ਕਰ ਕੇ, ਬਾਹਰੋਂ ਵੜ ਆਈਆਂ ਰਸਮਾਂ ਨੂੰ ਪਹਿਲ ਦਿਤੀ ਜਾਣੀ ਸ਼ੁਰੂ ਹੋ ਜਾਵੇ ਤਾਂ ਉਸ ਧਰਮ
ਅਤੇ ਵਿਚਾਰਧਾਰਾ ਦਾ ਅੱਗੇ ਵਧਣਾ ਰੁਕ ਜਾਂਦਾ ਹੈ। ਸਿੱਖੀ ਨਾਲ ਸ਼ੁਰੂ ਤੋਂ ਹੀ ਇਸ ਤਰ੍ਹਾਂ
ਹੁੰਦਾ ਆਇਆ ਹੈ। ਰਣਜੀਤ ਸਿੰਘ ਦੇ ਰਾਜ ਤੋਂ ਤੁਰਤ ਬਾਅਦ, ਅੰਗਰੇਜ਼ ਮਰਦਮ ਸ਼ੁਮਾਰੀ ਅਫ਼ਸਰ ਨੇ ਇਹ
ਨੋਟ ਦਿਤਾ ਸੀ ਕਿ ਸਿੱਖ ਕਿਉੁਂਕਿ ਤੇਜ਼ੀ ਨਾਲ ਖ਼ਤਮ ਹੋ ਰਹੇ ਹਨ
(fast dwindling),
ਇਸ ਲਈ ਅਗਲੀ ਮਰਦਮ ਸ਼ੁਮਾਰੀ ਵਿਚ ਸਿੱਖਾਂ ਲਈ ਵਖਰਾ ਖ਼ਾਨਾ ਰੱਖਣ ਦੀ ਲੋੜ ਨਹੀਂ ਰਹੇਗੀ।
ਉਸ ਸਮੇਂ ਸਿੰਘ ਸਭਾ ਲਹਿਰ ਅਤੇ ਗੁਰਦਵਾਰਾ ਸੁਧਾਰ ਲਹਿਰ ਨੇ ਸਥਿਤੀ ਨੂੰ ਮੋੜਾ ਦੇਣ ਵਿਚ ਕੁੱਝ
ਹੱਦ ਤਕ ਸਫ਼ਲਤਾ ਪ੍ਰਾਪਤ ਕਰ ਲਈ ਸੀ ਪਰ ਅੱਜ ਤਾਂ ਉਸ ਦੀ ਵੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ
ਕਿਉਂਕਿ ਹੁਣ ਤਾਂ ਸਿੱਖੀ ਨੂੰ ਬਾਬੇ ਨਾਨਕ ਦੀ ਵਿਚਾਰਧਾਰਾ ਤੋਂ ਦੂਰ ਕਰਨ ਵਾਲੇ ਲੋਕ
ਗੁਰਦਵਾਰਿਆਂ ਦੇ ਨਾਲ ਨਾਲ, ਸਿੱਖਾਂ ਦੀ ਸੋਚ ਨੂੰ ਕਾਬੂ ਕਰਨ ਵਾਲੇ ਹਰ ਸ਼ੋਅਬੇ ਉਤੇ ਕਾਬਜ਼ ਹੋ
ਚੁੱਕੇ ਹਨ ਤੇ ਜਿਹੜਾ ਕੋਈ ਇਨ੍ਹਾਂ ਦੇ ਕਬਜ਼ੇ ਨੂੰ ਮਾਨਤਾ ਦੇਣ ਵਿਰੁਧ ਆਵਾਜ਼ ਉੱਚੀ ਕਰਦਾ ਹੈ,
ਉਸ ਨੂੰ 'ਛੇਕਣ' ਦਾ ਪ੍ਰਬੰਧ ਵੀ ਪੱਕਾ ਬਣਾ ਦਿਤਾ ਗਿਆ ਹੈ ਤੇ ਜੇਲ੍ਹਾਂ ਵਿਚ ਸੁੱਟਣ ਨੂੰ ਵੀ
'ਪੰਥਕ ਪਾਲਿਸੀ' ਦਸਿਆ ਜਾ ਰਿਹਾ ਹੈ।
ਅਜਿਹੀ ਹਾਲਤ ਵਿਚ 'ਨਾਨਕਸ਼ਾਹੀ ਕੈਲੰਡਰ' ਵੀ ਜੇ ਕਿਸੇ ਇਕ ਨਾਨਕ-ਪ੍ਰਸਤ ਧੜੇ ਦੀ ਕੋਸ਼ਿਸ਼ ਸਦਕਾ
ਹੋਂਦ ਵਿਚ ਆ ਗਿਆ ਤੇ ਇਕ ਵਾਰ, ਸਮਝਦਾਰ ਲੋਕਾਂ ਦੇ ਦਬਾਅ ਹੇਠ ਆ ਕੇ, ਇਸ ਨੂੰ 'ਗ਼ਲਤੀ ਨਾਲ'
ਪ੍ਰਵਾਨ ਵੀ ਕਰ ਲਿਆ ਗਿਆ ਤਾਂ ਕਿਉਂ ਸਮਝ ਲਿਆ ਗਿਆ ਕਿ ਉਪ੍ਰੋਕਤ ਸ਼ਕਤੀਆਂ ਹਮੇਸ਼ਾ ਲਈ, ਸਿਆਣੇ
ਲੋਕਾਂ ਦੀ ਅਗਵਾਈ ਮੰਨਣ ਲਈ ਵੀ ਤਿਆਰ ਹੋ ਗਈਆਂ ਹਨ? ਨਹੀਂ, ਉਨ੍ਹਾਂ ਨੇ ਛੇਤੀ ਹੀ ਮਸਿਆ,
ਸੰਗਰਾਂਦਾਂ, ਪੂਰਨਮਾਸ਼ੀਆਂ ਦੇ, ਬਾਬਾ ਨਾਨਕ ਵਲੋਂ ਰੱਦ ਕੀਤੇ ਸੰਕਲਪਾਂ ਨੂੰ ਅੱਗੇ ਲਿਆ ਕੇ,
ਪੰਥ-ਪ੍ਰਵਾਨਿਤ ਅਤੇ ਅਕਾਲ ਤਖ਼ਤ ਤੋਂ ਲਾਗੂ ਕੀਤੇ ਨਾਨਕਸ਼ਾਹੀ ਕੈਲੰਡਰ ਵਿਚੋਂ 'ਨਾਨਕ' ਨੂੰ ਕੱਢ
ਕੇ ਉਸ ਨੂੰ 'ਸ਼ਾਹੀ ਕੈਲੰਡਰ' ਬਣਾ ਦਿਤਾ ਜਿਸ ਨੂੰ ਦਿੱਲੀ ਦੇ ਸ਼ਾਹਾਂ, ਨਾਗਪੁਰ ਦੇ ਸ਼ਾਹਾਂ ਤੇ
ਸੰਤ ਸਮਾਜ ਦੇ ਸ਼ਾਹਾਂ ਦੀ ਹਮਾਇਤ ਤਾਂ ਹਾਸਲ ਹੈ ਪਰ ਨਾਨਕ ਅਤੇ ਨਾਨਕ-ਪ੍ਰਸਤਾਂ ਦੀ ਹਮਾਇਤ
ਬਿਲਕੁਲ ਵੀ ਪ੍ਰਾਪਤ ਨਹੀਂ ਹੋ ਸਕੀ। ਪਰ ਨਾਨਕ-ਪ੍ਰਸਤਾਂ ਦਾ 'ਸ਼ਾਹਾਂ' ਲਈ ਮਹੱਤਵ ਵੀ ਕੀ ਹੈ
ਅੱਜ ਦੇ ਹਾਲਾਤ ਵਿਚ ਜਦ ਨਾਗਪੁਰ, ਦਿੱਲੀ, ਚੰਡੀਗੜ੍ਹ ਅਤੇ ਸੰਤਗੜ੍ਹ ਵਾਲੇ ਇਕ ਪਾਸੇ ਹਨ ਤੇ
ਦਸਾਂ ਨਹੁੰਆਂ ਦੀ ਕਮਾਈ ਕਰਨ ਵਾਲੇ ਗ਼ਰੀਬ ਲਾਲੋ ਦੂਜੇ ਪਾਸੇ? ਪਾਕਿਸਤਾਨ ਤੇ ਅਮਰੀਕਾ ਦੀਆਂ
ਸ਼੍ਰੋਮਣੀ ਗੁਰਦਵਾਰਾ ਕਮੇਟੀਆਂ ਦੀ ਵੀ ਉੁਪ੍ਰੋਕਤ ਸ਼ਕਤੀਆਂ ਕੋਈ ਪ੍ਰਵਾਹ ਨਹੀਂ ਕਰਦੀਆਂ। ਕਿਉਂ
ਕਰਨ? ਉੁਨ੍ਹਾਂ ਕੋਲ ਅਰਬਾਂ ਖ਼ਰਬਾਂ ਦੀ ਗੋਲਕ ਕਿਥੇ ਹੈ ਭਲਾ?
18/03/15)
ਤਾਹਿਰ ਮਹਿਮੂਦ
ਮਜ਼ਹਬ (ਧਰਮ) ਇਨਸਾਨੀ ਰੂਹ ਦੀ
ਕੁਦਰਤੀ ਜ਼ਰੂਰਤ ਹੈ। ਮਜ਼ਹਬੀ ਤਾਲੀਮ-ਓਤਰਬੀਅਤ ਇਨਸਾਨੀਅਤ ਦੀ ਭਲਾਈ ਨੇਕੀਓ-ਬਦੀ ਦੀ ਪਛਾਣ ਤੇ
ਹੱਕ ਦੀ ਖਾਤਰ ਮਰ ਮਿਟਣ ਲਈ ਬੰਦੇ ਦੀ ਸਿੱਖਿਆ ਕਰਦੀ ਹੈ। ਇਨਸਾਨੀ ਕਿਰਦਾਰ ਸੰਵਾਰਨ ਵਿੱਚ
ਧਾਰਮਿਕ ਤਾਲੀਮ ਬੁਨਿਆਦੀ ਕਿਰਦਾਰ ਅਦਾ ਕਰਦੀ ਹੈ।
ਪਾਕਿਸਤਾਨ 97 ਫੀਸਦੀ ਮੁਸਲਿਮ ਆਬਾਦੀ ਵਾਲਾ ਮੁਲਕ ਹੈ ਪਰ ਇਸ ਮੁਲਕ ਦੇ ਲੀਡਰਾਂ ਨੇ ਇਸਲਾਮ ਦੀ
ਤਾਲੀਮ ਦੀ ਜ਼ਿੰਮੇਵਾਰੀ ਕਦੇ ਆਪਣੇ ਸਿਰ ਨਹੀਂ ਲਈ। ਇਸਲਾਮੀ ਤਾਲੀਮ ਨੂੰ ਇਸਲਾਮ ਦਾ ਪ੍ਰਚਾਰ
ਕਰਨ ਦੇ ਦਾਅਵੇਦਾਰਾਂ ਦੇ ਹਵਾਲੇ ਕਰ ਦਿੱਤਾ ਗਿਆ ਜਿਨ੍ਹਾਂ ਨੇ ਮੁਲਕ ਅੰਦਰ ਬੱਚਿਆਂ ਨੂੰ
ਇਸਲਾਮੀ ਤਾਲੀਮ ਦੇਣ ਲਈ ਮਦਰੱਸਿਆਂ ਦਾ ਜਾਲ ਵਿਛਾ ਦਿੱਤਾ। ਬਹੁ-ਗਿਣਤੀ ਗਰੀਬ ਪਰਿਵਾਰ ਜੋ
ਆਪਣੇ ਬੱਚਿਆਂ ਨੂੰ ਆਮ ਤਾਲੀਮੀ ਅਦਾਰਿਆਂ ਵਿੱਚ ਨਹੀਂ ਸਨ ਪੜ੍ਹਾ ਸਕਦੇ, ਉਨ੍ਹਾਂ ਨੇ ਆਪਣੇ
ਬੱਚਿਆਂ ਨੂੰ ਮਦਰੱਸਿਆਂ ਦੇ ਕਰਤਿਆਂ-ਧਰਤਿਆਂ ਦੇ ਹਵਾਲੇ ਕਰ ਦਿੱਤਾ ਜੋ ਬੱਚਿਆਂ ਨੂੰ ਖਾਣ-ਪੀਣ
ਦੇ ਨਾਲ-ਨਾਲ ਰਿਹਾਇਸ਼ ਦੀ ਸਹੂਲਤ ਵੀ ਦਿੰਦੇ ਸਨ। ਮਦਰੱਸਿਆਂ ਅੰਦਰ ਬੱਚਿਆਂ ਨੂੰ ਇਸ ਢੰਗ ਨਾਲ
ਇਸਲਾਮੀ ਫ਼ਿਰਕਿਆਂ ਦੀ ਤਾਲੀਮ ਦਿੱਤੀ ਗਈ ਕਿ ਇਸ ਤਾਲੀਮ ਨੇ ਬੱਚਿਆਂ ਦੇ ਜ਼ਿਹਨ ਨੂੰ ਪੱਥਰ ਬਣਾ
ਦਿੱਤਾ। ਜੋ ਲਕੀਰਾਂ ਇਸਲਾਮੀ ਇਲਮ-ਓ-ਅਦਬ ਦੇ ਨਾਂ ਹੇਠ ਇਨ੍ਹਾਂ ਦੇ ਪੱਥਰ ਬਣਾਏ, ਜ਼ਿਹਨ `ਤੇ
ਖਿੱਚ ਦਿੱਤੀਆਂ ਗਈਆਂ, ਉਸ ਤੋਂ ਇਲਾਵਾ ਕੋਈ ਹੋਰ ਲਕੀਰ ਖਿੱਚਣ ਦੀ ਗੁੰਜਾਇਸ਼ ਹੀ ਨਹੀਂ ਰਹਿਣ
ਦਿੱਤੀ ਗਈ। ਅੱਜ ਜੋ ਵੀ ਮੁਲਕ ਅੰਦਰ ਲਸ਼ਕਰ ਜਥੇਬੰਦੀਆਂ ਤੇ ਜਹਾਦ ਦੇ ਨਾਂ ਹੇਠ ਤਨਜ਼ੀਮਾਂ
ਬਣੀਆਂ ਹੋਈਆਂ ਹਨ, ਉਹ ਇਨ੍ਹਾਂ ਮਦਰੱਸਿਆਂ ਦੇ ਹੀ ਲਾਏ ਹੋਏ ਬੂਟੇ ਹਨ ਜਿਨ੍ਹਾਂ ਨੂੰ ਫਲ-ਫੁੱਲ
ਦੀ ਥਾਂ ‘ਗੋਲਾਬਾਰੂਦ’ ਲਗਦਾ ਹੈ। ਇਸੇ ਹੀ ਗੋਲਾ-ਬਾਰੂਦ ਨੇ ਪੂਰੀ ਪਾਕਿਸਤਾਨੀ ਕੌਮ ਨੂੰ
ਲਹੂ-ਲੁਹਾਣ ਕੀਤਾ ਹੋਇਆ ਹੈ।
ਪਾਕਿਸਤਾਨ ਅੰਦਰ ਮਦਰੱਸਿਆਂ ਦੀ ਤਾਦਾਦ ਦੋ ਹਜ਼ਾਰ ਤੋਂ ਵੱਧ ਹੈ। ਇਨ੍ਹਾਂ ਮਦਰੱਸਿਆਂ ਵਿੱਚ
10 ਲੱਖ ਤੋਂ ਵੱਧ ਬੱਚੇ ਪੜ੍ਹ ਰਹੇ ਹਨ। ਇਸਲਾਮ ਵਿੱਚ ਚਾਰ ਫ਼ਿਰਕੇ ਬਣੇ ਹੋਏ ਹਨ। ਇਨ੍ਹਾਂ
ਫ਼ਿਰਕਿਆਂ ਨੂੰ ਇਸਲਾਮੀ ਅਰਥਾਂ ਵਿੱਚ ਮਸਲਕ ਕਿਹਾ ਜਾਂਦਾ ਹੈ। ਹਰ ਫ਼ਿਰਕੇ ਵਿੱਚ ਪੜ੍ਹਾਏ ਜਾਣ
ਵਾਲੇ ਕਾਨੂੰਨ ਨੂੰ ਫਿਰਕਾ ਕਹਿੰਦੇ ਹਨ। ਇਹ 4 ਫ਼ਿਰਕੇ ਹਨ: ਬਰੇਲਵੀ, ਹਨਫ਼ੀ, ਦਿਓਬੰਦੀ ਤੇ
ਸ਼ੀਆ। ਇਨ੍ਹਾਂ ਸਾਰੇ ਫਿਰਕਿਆਂ ਦੇ ਵੱਖੋ-ਵੱਖ ਇਸਲਾਮੀ ਕਾਨੂੰਨ ਹਨ। ਇਨ੍ਹਾਂ ਮਦਰੱਸਿਆਂ ਵਿਚੋਂ
ਤਾਲੀਮ ਮੁਕੰਮਲ ਕਰ ਕੇ ਨਿਕਲਣ ਵਾਲੇ ਤਾਲਿਬ ਇਲਮ ਮੁਸਲਮਾਨ ਤਾਂ ਹਨ, ਪਰ ਇਨ੍ਹਾਂ ਦਾ ਇਸਲਾਮ
ਬਾਰੇ ਆਪਣਾ-ਆਪਣਾ ਕਾਨੂੰਨ ਤੇ ਅਲੱਗ ਹੀ ਫ਼ਲਸਫ਼ਾ ਹੈ। ਪਾਕਿਸਤਾਨ ਅੰਦਰ ਬਣਨ ਵਾਲੇ ਸਾਰੇ
ਮਦਰੱਸੇ ਮਸਲਕ (ਫ਼ਿਰਕੇ) ਦੀ ਬੁਨਿਆਦ `ਤੇ ਬਣੇ ਹੋਏ ਹਨ। ਦੁਨੀਆਂ ਭਰ ਵਿੱਚ ਜਦ ਇਨ੍ਹਾਂ
ਮਦਰੱਸਿਆਂ ਦੇ ਪੜ੍ਹੇ ਹੋਏ ਤਾਲਿਬ (ਵਿਦਿਆਰਥੀ) ਇਸਲਾਮ ਦੇ ਪ੍ਰਚਾਰ ਲਈ ਜਾਂਦੇ ਹਨ ਤਾਂ ਉਹ
ਇਸਲਾਮ ਦਾ ਪ੍ਰਚਾਰ ਉਨ੍ਹਾਂ ਲੀਹਾਂ `ਤੇ ਨਹੀਂ ਕਰਦੇ ਜੋ ਮੁਹੰਮਦ ਸਾਹਿਬ ਦੇ ਸਮੇਂ ਖੁਦ ਹਜ਼ੂਰ
(ਮੁਹੰਮਦ ਸਾਹਿਬ) ਤੇ ਆਪ ਜੀ ਦੇ ਮੁਸਲਿਮ ਸਾਥੀ (ਸੁਹਾਬਾ ਕਰਾਮ) ਕਰਦੇ ਸਨ, ਬਲਕਿ ਇਨ੍ਹਾਂ
ਮਦਰੱਸਿਆਂ ਦੇ ਪੜ੍ਹੇ ਵਿਦਿਆਰਥੀ ਇਸਲਾਮ ਦਾ ਪ੍ਰਚਾਰ ਚਾਰ ਫਿਰਕਿਆਂ ਵਿਚੋਂ ਕਿਸੇ ਇੱਕ ਦੀ
ਬੁਨਿਆਦ `ਤੇ ਕਰਦੇ ਹਨ। ਉਸ ਫ਼ਿਰਕੇ ਦੇ ਇਸਲਾਮੀ ਇਲਮ ਨੂੰ ਹੀ ਉਨ੍ਹਾਂ ਆਪਣੇ ਮਦਰੱਸੇ ਵਿੱਚ
ਪੜ੍ਹਿਆ ਹੁੰਦਾ ਹੈ। ਸੰਸਾਰ ਭਰ ਵਿੱਚ ਕਾਇਮ ਮੁਸਲਿਮ ਮੁਲਕ ਕੇਵਲ ਇਸਲਾਮ ਦੇ ਨਾਂ ਹੇਠ ਕਾਇਮ
ਨਹੀਂ, ਬਲਕਿ ਇਸਲਾਮ ਵਿੱਚ ਬਣਨ ਵਾਲੇ ਚਾਰ ਫ਼ਿਰਕਿਆਂ ਵਿਚੋਂ ਕਿਸੇ ਇੱਕ ਫ਼ਿਰਕੇ ਦੀ ਬੁਨਿਆਦ
`ਤੇ ਬਣੇ ਹੋਏ ਹਨ; ਜਿਵੇਂ ਸਾਊਦੀ ਅਰਬ ਦਿਓ ਬੰਦੀ ਅਤੇ ਇਰਾਨ ਸ਼ੀਆ ਫ਼ਿਰਕਿਆਂ ਦੀ ਬੁਨਿਆਦ `ਤੇ
ਕਾਇਮ ਹਨ। ਇੰਜ ਹੀ ਦੁਨੀਆਂ ਦੇ ਬਹੁਗਿਣਤੀ ਮੁਸਲਮਾਨ ਮੁਲਕ ਇਸਲਾਮੀ ਫ਼ਿਰਕਿਆਂ ਦੀ ਬੁਨਿਆਦ `ਤੇ
ਵੰਡੇ ਹੋਏ ਹਨ। ਇਹੋ ਕਾਰਨ ਹੈ ਕਿ ਕਿਸੇ ਵੀ ਇਸਲਾਮੀ ਮੁਲਕ ਦਾ ਬਹੁਗਿਣਤੀ ਫ਼ਿਰਕਾ ਘੱਟ-ਗਿਣਤੀ
ਫ਼ਿਰਕੇ ਦੇ ਮੁਸਲਮਾਨਾਂ `ਤੇ ਜ਼ੁਲਮ ਤੇ ਜ਼ਿਆਦਤੀਆਂ ਕਰਦਾ ਰਹਿੰਦਾ ਹੈ; ਜਿਵੇਂ ਪਾਕਿਸਤਾਨ ਅੰਦਰ
ਘੱਟਗਿਣਤੀ ਸ਼ੀਆ ਫ਼ਿਰਕਾ ਦੇ ਮੁਸਲਿਮ ਭਾਈਚਾਰੇ ਦੀ ਕਤਲ-ਓ-ਗਾਰਤ ਆਏ ਦਿਨ ਹੁੰਦੀ ਰਹਿੰਦੀ ਹੈ।
ਸੰਸਾਰ ਦਾ ਕੋਈ ਵੀ ਇਸਲਾਮੀ ਮੁਲਕ ਇਸਲਾਮ ਦੇ ਜਿਸ ਫ਼ਿਰਕੇ ਦਾ ਪੈਰੋਕਾਰ ਹੈ, ਉਹ ਆਪਣੇ ਮੁਲਕ
ਅੰਦਰ ਚੱਲ ਰਹੇ ਫ਼ਿਰਕੇ ਦੀ ਬੁਨਿਆਦ `ਤੇ ਕਾਇਮ ਪਾਕਿਸਤਾਨ ਅੰਦਰ ਕਾਇਮ ਮਦਰੱਸੇ ਦੀ ਮਾਲੀ ਮਦਦ
ਕਰਦਾ ਹੈ। ਹਰ ਮਦਰੱਸਾ ਜਿਸ ਮੁਸਲਿਮ ਫ਼ਿਰਕੇ ਦੀ ਤਾਲੀਮ ਦਿੰਦਾ ਹੈ, ਉਸ ਮਦਰੱਸੇ ਅੰਦਰ
ਪੜ੍ਹਾਉਣ ਵਾਲੇ ਮੌਲਾਣੇ ਦਾਅਵੇਦਾਰ ਹੁੰਦੇ ਹਨ ਕਿ ਉਨ੍ਹਾਂ ਫ਼ਿਰਕੇ `ਤੇ ਚੱਲਣ ਵਾਲੇ ਹੀ
ਮੁਸਲਮਾਨ ਹਨ, ਦੂਜੇ ਫ਼ਿਰਕਿਆਂ ਵਾਲੇ ਗੁੰਮਰਾਹ ਮੁਸਲਮਾਨ ਹਨ। ਮਦਰੱਸਾ ਬਣਾਉਣ ਤੇ ਚਲਾਉਣ
ਵਾਲਿਆਂ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਆਮ ਮੁਸਲਮਾਨ ਆਪਣੇ ਬੱਚਿਆਂ ਨੂੰ ਕੇਵਲ ਉਨ੍ਹਾਂ ਦੇ
ਮਦਰੱਸੇ ਵਿੱਚ ਪੜ੍ਹਨ ਲਈ ਭੇਜਣ। ਇਸ ਲਈ ਲਾਲਚਜ਼ਬਰ ਬਲਕਿ ਹਰ ਹੀਲਾ ਵਰਤਿਆ ਜਾਂਦਾ ਹੈ। ਦਰਅਸਲ
ਹਰ ਫ਼ਿਰਕੇ ਦੇ ਮਦਰੱਸੇ ਦੀ ਕੋਸ਼ਿਸ਼ ਹੁੰਦੀ ਹੈ ਕਿ ਨਵੀਂ ਪੀੜ੍ਹੀ ਕੇਵਲ ਉਸ ਵਿੱਚ ਪੜ੍ਹਾਇਆ ਜਾਣ
ਵਾਲਾ ਕਾਨੂੰਨ ਹੀ ਪੜ੍ਹੇ ਤੇ ਇਹਦਾ ਪੱਕਾ ਪੈਰੋਕਾਰ ਬਣ ਜਾਏ। ਹਰ ਫ਼ਿਰਕੇ ਨਾਲ ਸਬੰਧਤ ਮਦਰੱਸੇ
ਵਿੱਚ ਇਸਲਾਮ ਦੀ ਪਵਿੱਤਰ ਕਿਤਾਬ ਕੁਰਾਨ ਨੂੰ ਬਾਅਦ ਵਿੱਚ ਪੜ੍ਹਾਇਆ ਜਾਂਦਾ ਹੈ, ਪਹਿਲਾਂ
ਫ਼ਿਰਕੇ ਦਾ ਕਾਨੂੰਨ ਪੜ੍ਹਾਇਆ ਜਾਂਦਾ ਹੈ। ਕੁਰਾਨ ਦੀ ਤਾਲੀਮ ਨੂੰ ਮੁੱਖ ਰੱਖਣ ਦੀ ਜ਼ਰੂਰਤ
ਮਹਿਸੂਸ ਨਹੀਂ ਕੀਤੀ ਜਾਂਦੀ। ਬਰੇਲਵੀ, ਹਨਫ਼ੀ, ਦਿਓਬੰਦੀ ਅਤੇ ਸ਼ੀਆ ਫ਼ਿਰਕਿਆਂ ਦੇ ਮਦਰੱਸਿਆਂ
ਵਿੱਚ ਪੜ੍ਹਨ ਵਾਲਾ ਵਿਦਿਆਰਥੀ ਮੁਸਲਮਾਨ ਬਾਅਦ ਵਿੱਚ ਹੈ, ਪਹਿਲਾਂ ਉਹ ਬਰੇਲਵੀ, ਹਨਫ਼ੀ,
ਦਿਓਬੰਦੀ ਜਾਂ ਸ਼ੀਆ ਹੈ। ਜੋ ਵੀ ਮੁਸਲਮਾਨ ਆਪਣੇ ਫ਼ਿਰਕੇ ਦੇ ਵਿਰੁਧ ਉਠ ਖੜ੍ਹਾ ਹੁੰਦਾ ਹੈ, ਉਸ
ਨੂੰ ਫ਼ਿਰਕੇ ਵਿਚੋਂ ਕੱਢ ਦਿੱਤਾ ਜਾਂਦਾ ਹੈ। ਇਸੇ ‘ਫ਼ਿਰਕਾ ਪ੍ਰਸਤੀ’ ਕਾਰਨ ਪਾਕਿਸਤਾਨ ਦੇ
ਮੁਸਲਮਾਨ ਇੱਕ ਮਾਲਾ ਵਿੱਚ ਪ੍ਰੋਏ ਨਹੀਂ ਜਾ ਸਕੇ। ਇਸੇ ਕਾਰਨ ਹੀ ਮੁਸਲਿਮ ਸਮਾਜ ਵਿੱਚ
ਕੱਟੜਪੰਥੀ ਤੇ ਦਹਿਸ਼ਤਗਰਦੀ ਨੇ ਜਨਮ ਲਿਆ ਹੈ ਜਿਸ ਨੂੰ ਜਹਾਦ ਦੇ ਨਾਂ ਹੇਠ ਕੇਵਲ ਗੁਆਂਢੀ
ਮੁਲਕਾਂ ਵਿੱਚ ਹੀ ਨਹੀਂ, ਬਲਕਿ ਪੂਰੀ ਦੁਨੀਆਂ ਵਿੱਚ ਫੈਲਾਇਆ ਗਿਆ ਹੈ ਤੇ ਅੱਜ ਪਾਕਿਸਤਾਨ
ਇਨ੍ਹਾਂ ਜਹਾਦੀ ਦਹਿਸ਼ਤਗਰਦਾਂ ਦੇ ਹੱਥੋਂ ਲਹੂ-ਲੁਹਾਣ ਹੈ। ਕਈ ਵਾਰੀ ਹੱਥਾਂ ਨਾਲ ਦਿੱਤੀਆਂ
ਗੰਢਾਂ ਮੂੰਹ ਨਾਲ ਖੋਲ੍ਹਣੀਆਂ ਪੈਂਦੀਆਂ ਹਨ; ਬੰਦਾ ਜੋ ਬੀਜਦਾ ਹੈ, ਉਹੋ ਹੀ ਵੱਢਦਾ ਹੈ। ਮੁਲਕ
ਅੰਦਰ ਇਸਲਾਮੀ ਤਾਲੀਮ ਦੇ ਨਾਂ `ਤੇ ਬਣੇ ਇਹ ਮਦਰੱਸੇ ਹਕੂਮਤ ਦੇ ਕਾਬੂ ਵਿੱਚ ਵੀ ਨਹੀਂ ਰਹੇ।
ਇਹ ਇੰਨੀ ਤਾਕਤ ਫੜ ਚੁੱਕੇ ਹਨ ਕਿ ਹਕੂਮਤ ਦੀ ਹਿੰਮਤ ਨਹੀਂ ਪੈ ਰਹੀ ਕਿ ਇਨ੍ਹਾਂ ਮਦਰੱਸਿਆਂ ਦੀ
ਰਜਿਸਟ੍ਰੇਸ਼ਨ ਕਰ ਸਕੇ।
ਫ਼ੌਜੀ ਜਰਨੈਲ ਪਰਵੇਜ਼ ਮੁਸ਼ੱਰਫ ਦੀ ਹਕੂਮਤ ਸਮੇਂ ਕੇਵਲ 800 ਮਦਰੱਸਿਆਂ ਨੂੰ ਰਜਿਸਟਰਡ ਕੀਤਾ ਗਿਆ
ਸੀ, ਪਰ ਬਾਅਦ ਵਿੱਚ ਇਹ ਕੰਮ ਅਧੂਰੇ ਦਾ ਅਧੂਰਾ ਹੀ ਰਹਿ ਗਿਆ। ਮੁਲਕ ਅੰਦਰ ਕਾਇਮ ਮਦਰੱਸਿਆਂ
ਨੂੰ ਬਾਹਰ ਦੇ ਮੁਲਕਾਂ, ਖਾਸ ਤੌਰ `ਤੇ ਸਾਊਦੀ ਅਰਬ, ਇਰਾਨ, ਕਤਰ ਆਦਿ ਵਲੋਂ ਕਰੋੜਾਂ ਨਹੀਂ,
ਬਲਕਿ ਅਰਬਾਂ ਰੁਪਏ ਦੀ ਮਾਲੀ ਮਦਦ ਦਿੱਤੀ ਜਾਂਦੀ ਹੈ। ਜੋ ਮੁਲਕ ਜਿਨ੍ਹਾਂ ਮਦਰੱਸਿਆਂ ਨੂੰ
ਮਾਲੀ ਮਦਦ ਦਿੰਦੇ ਹਨ, ਉਨ੍ਹਾਂ ਮਦਰੱਸਿਆਂ ਵਿੱਚ ਫਿਰ ਉਨ੍ਹਾਂ ਮੁਲਕਾਂ ਦੀ ਹੀ ਮਨਮਰਜ਼ੀ ਚਲਦੀ
ਹੈ। ਹਾਲੇ ਤੱਕ ਨਾ ਤਾਂ ਇਨ੍ਹਾਂ ਮਦਰੱਸਿਆਂ ਦੀ ਰਜਿਸਟ੍ਰੇਸ਼ਨ ਹੋ ਸਕੀ ਹੈ ਤੇ ਨਾ ਹੀ
ਇਨ੍ਹਾਂ ਮਦਰੱਸਿਆਂ ਨੂੰ ਕਿਸੇ ਇੱਕ ਕਾਇਦੇ-ਕਾਨੂੰਨ ਦਾ ਪਾਬੰਦ ਬਣਾਇਆ ਜਾ ਸਕਿਆ ਹੈ। ਨਾ ਹੀ
ਇਨ੍ਹਾਂ ਮਦਰੱਸਿਆਂ ਦੇ ਕਰਤਾ-ਧਰਤਾ ਇਹ ਦੱਸਣ ਲਈ ਤਿਆਰ ਹਨ ਕਿ ਉਨ੍ਹਾਂ ਦੇ ਮਦਰੱਸਿਆਂ ਨੂੰ
ਕਿਨ੍ਹਾਂ ਮੁਲਕਾਂ ਵਲੋਂ ਕਿੰਨੀ ਮਾਲੀ ਮਦਦ ਦਿੱਤੀ ਜਾ ਰਹੀ ਹੈ। ਮੁਲਕ ਅੰਦਰੋਂ ਇਨ੍ਹਾਂ ਨੂੰ
ਕਿਹੜੇ-ਕਿਹੜੇ ਤਿਜਾਰਤੀ ਅਦਾਰੇ ਜਾਂ ਅਮੀਰ ਲੋਕ ਮਾਲੀ ਮਦਦ ਦੇ ਰਹੇ ਹਨ? ਇਹ ਮਦਰੱਸੇ ਆਪਣੀ
ਆਮਦਨ `ਤੇ ਖਰਚ ਦੇ ਹਿਸਾਬ-ਕਿਤਾਬ ਦਾ ਕੋਈ ਆਡਿਟ ਕਰਵਾਉਣ ਲਈ ਤਿਆਰ ਨਹੀਂ ਹਨ। ਕਿਹੜੇ-ਕਿਹੜੇ
ਮਦਰੱਸੇ ਦਹਿਸ਼ਤਗਰਦਾਂ ਨੂੰ ਸ਼ਰਨ ਦਿੰਦੇ ਹਨ, ਇਹ ਜਾਂਚ ਕਰਵਾਉਣ ਲਈ ਵੀ ਕੋਈ ਮਦਰੱਸਾ ਤਿਆਰ
ਨਹੀਂ ਹੈ।
ਇਨ੍ਹਾਂ ਮਦਰੱਸਿਆਂ ਵਿੱਚ ਸਾਇੰਸ ਦੇ ਮਜ਼ਮੂਨ, ਫਿਜ਼ਿਕਸ, ਕੈਮਿਸਟਰੀ, ਕੰਪਿਊਟਰ, ਮੈਥ ਬਾਰੇ
ਤਾਲੀਮ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ, ਬਲਕਿ ਗੱਲ ਇਥੋਂ ਤੱਕ ਪਹੁੰਚ ਗਈ ਹੈ ਕਿ ਹਕੂਮਤ
ਦੇ ਸੁਰੱਖਿਆ ਅਦਾਰਿਆਂ ਨੂੰ ਇਨ੍ਹਾਂ ਮਦਰੱਸਿਆਂ ਵਿੱਚ ਵੜਨ ਦੀ ਇਜਾਜ਼ਤ ਵੀ ਨਹੀਂ ਦਿੱਤੀ
ਜਾਂਦੀ। ਸਰਕਾਰ ਇੰਨੀ ਤਾਕਤ ਰੱਖਣ ਦੇ ਬਾਵਜੂਦ ਇਨ੍ਹਾਂ ਮਦਰੱਸਿਆਂ ਦੇ ਅੰਦਰੂਨੀ ਮਾਮਲਿਆਂ ਨੂੰ
ਆਪਣੇ ਹੱਥਾਂ ਵਿੱਚ ਲੈਣ ਦੀ ਹਿੰਮਤ ਕਰਨ ਲਈ ਤਿਆਰ ਨਹੀਂ। ਮਦਰੱਸਿਆਂ ਦੇ ਪ੍ਰਿੰਸੀਪਲ ਨੂੰ
‘ਮੁਹਤਮੱਮ’ ਕਿਹਾ ਜਾਂਦਾ ਹੈ। ਇਹ ਮੁਹਤਮੱਮ ਇੰਨੇ ਦਲੇਰ ਤੇ ਬੇਖੌਫ਼ ਹੋ ਗਏ ਹਨ ਕਿ ਡਿਪਟੀ
ਕਮਿਸ਼ਨਰ, ਕਮਿਸ਼ਨਰ, ਡੀ. ਆਈ. ਜੀ. ਆਦਿ ਇਨ੍ਹਾਂ ਸਾਹਮਣੇ ਕੋਈ ਰੁਤਬਾ ਨਹੀਂ ਰੱਖਦੇ। ਇਨ੍ਹਾਂ
ਅਫ਼ਸਰਾਂ ਵਿੱਚ ਜੁਰਅਤ ਹੀ ਨਹੀਂ ਹੈ ਕਿ ਕਿਸੇ ਵੀ ਮਦਰੱਸੇ ਦੇ ਇੰਚਾਰਜ ਨੂੰ ਕੋਈ ਗੱਲ ਮੰਨਵਾ
ਸਕਣ ਜਾਂ ਕਿਸੇ ਵੀ ਢੰਗ-ਤਰੀਕੇ ਨਾਲ ਇਨ੍ਹਾਂ `ਤੇ ਰੋਅਬ ਜਾਂ ਦਾਬਾ ਪਾ ਸਕਣ। ਜੇ ਕੋਈ ਅਫ਼ਸਰ
ਇੰਜ ਕਰੇਗਾ ਤਾਂ ਫਿਰ ਇਸ ਅਫ਼ਸਰ ਤੇ ਇਸ ਦੇ ਘਰ ਵਾਲਿਆਂ ਨੂੰ ਰੱਬ ਹੀ ਬਚਾ ਸਕਦਾ ਹੈ!
ਮਦਰੱਸਿਆਂ ਵਿੱਚ ਪੜ੍ਹਨ ਵਾਲੇ ਬੱਚਿਆਂ ਦੇ ਜ਼ਿਹਨ ਕੇਵਲ ਮਜ਼ਹਬੀ ਜਨੂੰਨ ਵਿੱਚ ਹੀ ਢਲੇ ਨਹੀਂ
ਹੁੰਦੇ, ਬਲਕਿ ਜ਼ਿਹਨ ਇੰਝ ਹੋ ਜਾਂਦੇ ਹਨ ਜਿਵੇਂ ਪੱਥਰ ਦੇ ਜ਼ਮਾਨੇ ਨਾਲ ਜੁੜੇ ਹੋਣ। ਔਰਤਾਂ ਦੇ
ਸਿਰਾਂ `ਤੇ ਟੋਪੀ ਵਾਲੇ ਬੁਰਕੇ, ਇਨ੍ਹਾਂ ਨੂੰ ਘਰ ਦੀ ਚਾਰਦੀਵਾਰੀ ਵਿੱਚ ਬੰਦ ਰੱਖਣਾ, ਲੜਕੀਆਂ
ਨੂੰ ਇਲਮ ਦੀ ਰੌਸ਼ਨੀ ਤੋਂ ਦੂਰ ਰੱਖਣਾ, ਆਪਣੇਆਪ ਨੂੰ ਮੋਮਨ ਤੇ ਦੂਜੀਆਂ ਕੌਮਾਂ ਨੂੰ ਕਾਫਰ
ਸਮਝਣਾ, ਕਾਫ਼ਰਾਂ ਖਿਲਾਫ਼ ਜਹਾਦ ਕਰਨਾ। ਇਨ੍ਹਾਂ ਦੀ ਸੋਚ ਹੁੰਦੀ ਹੈ ਕਿ ਮੁਸਲਿਮ ਸਵਰਗੀ ਹਨ ਤੇ
ਦੂਜੀਆਂ ਕੌਮਾਂ ਨਰਕੀ ਹਨ। ਇਹ ਹੈ ਇਨ੍ਹਾਂ ਦੇ ਹਾਸਲ ਕੀਤੇ ਇਲਮ ਦੀ ਹੱਦਬੰਦੀ। ਬੁੱਲ੍ਹੇ ਸ਼ਾਹ
ਨੇ ਅਜਿਹੇ ਹੀ ਆਲਮਾਂ ਬਾਰੇ ਕਿਹਾ ਹੈ: ਇਲਮੋਂ ਬਸ ਕਰੀਂ ਓ ਯਾਰ। … ਰੱਬ ਰਾਖਾ।
ਤਾਹਿਰ ਮਹਿਮੂਦ
(ਧੰਨਵਾਦ ਸਹਿਤ ਪੰਜਾਬ ਟਾਈਮਜ਼ ਵਿਚੋਂ)
18/03/15)
ਡਾ: ਗੁਰਮੀਤ ਸਿੰਘ ‘ਬਰਸਾਲ’
ਅਜੋਕੀ
ਸੰਗਤ !!
ਜੇਕਰ ਗੁਰੂ ਦੇ ਨਾਮ ਤੇ ਹੋਏ ਮੇਲਾ,
ਸੰਗਤ ਲੱਖਾਂ ਹਜਾਰਾਂ ਵਿੱਚ ਜੁੜ ਜਾਂਦੀ ।
ਕਰਮ-ਕਾਂਢ ਜੇ ਧਰਮ ਦੇ ਨਾਮ ਹੋਵੇ,
ਅੱਖਾਂ ਮੀਚ ਦਿਖਾਵੇ ਵਿੱਚ ਰੁੜ੍ਹ ਜਾਂਦੀ ।
ਜਿੱਥੇ ਜੀਭ ਦੇ ਰਸ ਦਾ ਹੋਏ ਲੰਗਰ,
ਪੰਗਤ ਉਸੇ ਅਸਥਾਨ ਵੱਲ ਮੁੜ ਜਾਂਦੀ ।
ਐਪਰ ਗੁਰੂ-ਗਿਆਨ ਜਦ ਵਰਤਦਾ ਹੈ,
ਹਵਾ ਵਾਂਗ ਚੁਫੇਰੇ ਨੂੰ ਉੜ ਜਾਂਦੀ ।।
ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ
16/03/15)
ਕੈਨੇਡੀਅਨ ਸਿੱਖ ਸਟੱਡੀ ਅਤੇ ਟੀਚੰਗ ਸੁਸਾਇਟੀ
ਪ੍ਰੈਸ ਰਲੀਜ਼
ਗਿਆਨੀ ਗੁਰਬਚਨ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਵਲੋਂ 9 ਮਾਰਚ 2015 ਨੂੰ ਪੰਥਕ
ਏਕਤਾ ਨੂੰ ਮੁਖ ਰੱਖਦਿਆਂ ਸਿੱਖ ਕੌਮ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਖ਼ਤਮ ਕਰਨ ਅਤੇ ਬਿਕਰਮੀ
ਕੈਲੰਡਰ ਨੂੰ ਲਾਗੂ ਕਰਨ ਵਾਸਤੇ ਇੱਕ ਪਾਸੜ ਕਮੇਟੀ ਬਣਾਈ ਗਈ ਹੈ। ਜਿਸ ਦਾ ਕੈਨੇਡੀਅਨ ਸਿੱਖ ਸਟੱਡੀ
ਅਤੇ ਟੀਚੰਗ ਸੁਸਾਇਟੀ ਡੱਟ ਕੇ ਵਿਰੋਧ ਕਰਦੀ ਹੈ। ਕਿਉਕਿ ਪੰਜਾਬ ਤੋਂ ਬਾਹਰਲੇ ਦੋ ਤਖਤ, ਸੰਤ ਸਮਾਜ
ਅਤੇ ਡੇਰੇਦਾਰ ਸਿੱਖ ਰਹਿਤ ਮਰਯਾਦਾ ਤੋਂ ਹੀ ਇਨਕਾਰੀ ਹਨ ਤਾਂ ਉਹ ਸਿੱਖ ਪੰਥ ਦੀ ਏਕਤਾ ਦੀ ਗੱਲ ਕਿਸ
ਤਰ੍ਹਾਂ ਕਰ ਸਕਦੇ ਹਨ? ਇਸ ਕਮੇਟੀ ਵਲੋਂ ਤਿਆਰ ਕੀਤਾ ਗਿਆ ਕੈਲੰਡਰ ਸਿੱਖ ਪੰਥ ਨੂੰ ਕਦਾਚਿਤ ਪ੍ਰਵਾਨ
ਨਹੀ ਹੋਵੇਗਾ। ਕੈਲੰਡਰ ਬਣਾਉਣ ਦਾ ਕੰਮ ਭੂਗੋਲ ਤੇ ਖ਼ਗੌਲ ਦੇ ਮਾਹਿਰਾਂ ਦਾ ਹੈ ਨਾ ਕੇ ਸੰਤ ਸਮਾਜ,
ਡੇਰੇਦਾਰਾਂ ਅਤੇ ਰਾਜਸੀ ਲੀਡਰਾਂ ਦਾ।
ਮੂਲ ਨਾਨਕਸ਼ਾਹੀ ਕੈਲੰਡਰ (2003) ਕਾਫੀ ਲੰਮੇ ਸਮੇ ਤੱਕ ਵਿਦਵਾਨਾਂ, ਧਾਰਮਿਕ ਸੰਸਥਾਂਵਾਂ ਅਤੇ
ਯੂਨੀਵਰਸਟੀਆਂ ਵਿੱਚ ਵਿਚਾਰ ਚਰਚਾ ਤੋਂ ਉਪਰੰਤ ਹੋਂਦ `ਚ ਆਇਆ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਅਤੇ ਅਕਾਲ ਤਖਤ ਵਲੋਂ ਪੰਥਕ ਅਤੇ ਸੰਵਿਧਾਨਕ ਧਰਾਵਾਂ ਪੂਰੀਆਂ ਕਰਨ ਉਪਰੰਤ ਲਾਗੂ ਕੀਤਾ ਗਿਆ ਸੀ ਜਿਸ
ਨੂੰ ਸਮੁੱਚੇ ਸਿੱਖ ਜਗਤ ਨੇ ਪਰਵਾਨ ਕੀਤਾ ਅਤੇ ਅਜ ਵੀ ਬਾਹਰਲੇ ਦੇਸ਼ਾਂ ਵਿੱਚ ਬੈਠੈ 95% ਸਿੱਖ ਇਸ
ਕੈਲੰਡਰ ਨੂੰ ਹੀ ਮਾਨਤਾ ਦਿੰਦੇ ਹਨ ਅਤੇ ਗੁਰਦੁਆਰਿਆਂ ਵਿੱਚ ਇਸ ਅਨੁਸਾਰ ਹੀ ਗੁਰਪੁਰਬ ਆਦਿਕ ਮਨਾਏ
ਜਾਂਦੇ ਹਨ।
ਸ਼ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਨੇ ਜੋ ਕੈਲੰਡਰ 14 ਮਾਰਚ 2015 ਨੂੰ ਜਾਰੀ ਕੀਤਾ ਉਸ ਵਿੱਚ
ਇੱਕ ਤਰੀਕ ਨੂੰ ਛਡਕੇ ਬਾਕੀ ਸਾਰੀਆਂ ਤਿੱਥਾਂ ਗੁਰਪੁਰਬਾਂ ਦੀ ਤਰੀਕਾਂ ਚੰਦਰਮਾ ਅਨੁਸਾਰ ਸੁਦੀਆਂ
ਵਧੀਆਂ ਉਪਰ ਅਧਾਰਤ ਕਰਕੇ, ਨਾਨਕਸ਼ਾਹੀ ਕੈਲੰਡਰ ਦਾ ਨਾਮ ਦੇ ਕੇ ਸਿੱਖ ਕੌਮ ਨਾਲ ਧੋਖਾ ਕੀਤਾ, ਇਸ
ਕਰਕੇ ਇਸ ਕੈਲੰਡਰ ਨੂੰ ਵੀ ਮੁੱਢੋਂ ਰੱਦ ਕਰਦੇ ਹਾਂ।
ਜੇ ਤੁਸੀ ਸੱਚੇ ਦਿਲੋਂ ਸਿੱਖ ਪੰਥ `ਚ ਏਕਤਾ ਦੇ ਹਾਮੀ ਹੋ ਤਾਂ ਮੂਲ ਨਾਨਕਸ਼ਾਹੀ ਕੈਲੰਡਰ (2003)
ਨੂੰ ਜਲਦੀ ਤੋਂ ਜਲਦੀ ਬਹਾਲ ਕਰੋ। ਜੇ ਕੋਈ ਧਿਰ ਇਸ ਵਿੱਚ ਸੋਧ ਦੀ ਮੰਗ ਕਰਦੀ ਹੈ ਤਾਂ ਕੈਲੰਡਰ ਦੇ
ਮਾਹਿਰ ਵਿਦਵਾਨਾਂ ਦੀ ਇੱਕ ਕਮੇਟੀ ਬਣਾਈ ਜਾਵੇ ਜੋ ਸਿੱਖ ਰਹਿਤ ਮਰਯਾਦਾ ਦੀ ਧਾਰਨੀ ਹੋਵੇ।
ਪੰਥ ਦੀ ਚੜ੍ਹਦੀਕਲਾ
ਕੈਨੇਡੀਅਨ ਸਿੱਖ ਸਟੱਡੀ ਅਤੇ ਟੀਚੰਗ ਸੁਸਾਇਟੀ
ਵੈਨਕੂਵਰ ਬੀ ਸੀ
16/03/15)
ਬਲਦੀਪ ਸਿੰਘ ਰਾਮੂੰਵਾਲੀਆ/ਫੇਸਬੁੱਕ ਰਾਹੀਂ
ਸਿੱਖਾਂ ਦੀਆਂ ੧੧ ਮਿਸਲਾਂ ਤੇ ਉਹਨਾਂ ਦੇ ਪਹਿਲੇ ਜੱਥੇਦਾਰਾਂ ਦੇ ਨਾਮ /ਅਤੇ “ਰਾਮਗੜੀਏ” ਲਫਜ਼ ਬਾਰੇ
ਜਾਣਕਾਰੀ :-
੧.ਮਿਸਲ ਆਹਲੂਵਾਲੀਆ ................ਸ.ਜੱਸਾ ਸਿੰਘ ਆਹਲੂਵਾਲੀਆ
੨.ਮਿਸਲ ਸਿੰਘ ਪੁਰੀਆ ..................ਸ.ਨਵਾਬ ਕਪੂਰ ਸਿੰਘ
੩.ਮਿਸਲ ਭੰਗੀਆਂ ........................ਸ.ਹਰੀ ਸਿੰਘ ਭੰਗੀ
੪.ਮਿਸਲ ਸ਼ੁਕਰਚਕੀਆ ..................ਸ.ਨੌਧ ਸਿੰਘ
੫.ਮਿਸਲ ਨਿਸ਼ਾਨਵਾਲਾ ...................ਸ.ਦਸੌੰਧਾ ਸਿੰਘ
੬.ਮਿਸਲ ਨਕਈ ..........................ਸ.ਹਰੀ ਸਿੰਘ ਨਕਈ
੭.ਮਿਸਲ ਡਲੇਵਾਲੀਆ .....................ਸ.ਗੁਲਾਬ ਸਿੰਘ
੮.ਮਿਸਲ ਸ਼ਹੀਦਾ .........................ਬਾਬਾ ਸ.ਦੀਪ ਸਿੰਘ
੯.ਮਿਸਲ ਕਨਈਆ .......................ਸ.ਜੈ ਸਿੰਘ ਕਨਈਆਕ
੧੦.ਮਿਸਲ ਕਰੋੜ ਸਿੰਘੀਆ ................ਸ.ਕਰੋੜਾ ਸਿੰਘ ਪੈਜਗੜ
੧੧.ਮਿਸਲ ਰਾਮਗੜੀਆ ....................ਸ.ਨੰਦ ਸਿੰਘ ਸੰਗਾਣੀਆ
ਨੋਟ:-ਰਾਮਗੜੀਆ ਅਸਲ ਚ ਕੋਈ ਬਰਾਦਰੀ ਨਹੀ ਪਰ ਸਾਡੇ ਮਿਸਤਰੀ ਭਰਾ ਅਣਜਾਣਪੁਣੇ ਚ ਆਪਣੇ ਨਾਵਾਂ ਦੇ
ਨਾਲ ਰਾਮਗੜੀਆ ਲਫਜ਼ ਲਾਉਦੇ ਹਨ ਜਿਸਦਾ ਕਾਰਨ ਮੰਨਦੇ ਹਨ “ਸ.ਜੱਸਾ ਸਿੰਘ ਦੇ ਨਾਮ ਨਾਲ ਰਾਮਗੜੀਅਾ
ਲਗਾ ਹੋਣਾ .ਜੋ ਮਿਸਲ ਰਾਮਗੜੀਆ ਦਾ ਜੱਥੇਦਾਰ ਬਣਿਆ ਸੀ ਉਸ ਦਾ ਵੀ ਪਿਤਾ ਪੁਰਖੀ ਕਿੱਤਾ ਮਿਸਤਰੀ
ਪੁਣਾ ਸੀ. ਪਰ ਇਹ “ਰਾਮਗੜੀਆ” ਲਫਜ਼ ਆਇਆ ਕਿਥੋ ਸਾਨੂੰ ਬਹੁਤਾਤ ਵਿਚ ਪਤਾ ਹੀ ਨਹੀ./੩੦ ਮਾਰਚ ੧੭੪੭
ਈਸਵੀ ਦਾ ਜੋ ਸਰਬਤ ਖਾਲਸਾ ਹੋਇਆ ਸੀ ਉਸ ਵਿਚ ਵਿਚਾਰ ਕੀਤੀ ਗਈ ਸੀ ਕਿ ਖਾਲਸੇ ਨੂੰ ਆਪਣੀ ਇਕ
ਕਿਲਾਨੁਮਾ ਗੜ੍ਹੀ ਉਸਾਰ ਲੈਣੀ ਚਾਹੀਦੀ ਹੈ ਜਿਸ ਵਿਚ ਉਹ ਆਪਣਾ ਜੰਗੀ ਸਮਾਨ ਤੇ ਅਨਾਜ ਇੱਕਠਾ ਕਰਕੇ
ਰਖ ਸਕਣ /ਫਲ਼ਸਰੂਪ ਸਿੰਘਾਂ ਨੇ ਅੰਮ੍ਰਿਤਸਰ ਵਿਖੇ ਹੀ ਕੱਚੀ ਗੜ੍ਹੀ ਉਸਾਰਨ ਦਾ ਕੰਮ ਸ਼ੁਰੂ ਕਰ ਦਿਤਾ
/ਜਦ ਇਹ ਗੜ੍ਹੀ (ਰੌਣੀ) ਤਿਆਰ ਹੋਈ ਤਾਂ ਗੁਰੂ ਰਾਮ ਦਾਸ ਜੀ ਦੇ ਨਾਮ ਤੇ ਇਸ ਦਾ ਨਾਮ ਰਾਮ ਰੌਣੀ
(ਗੜੀ) ਪਿਆ ਤੇ ਜਿਨ੍ਹਾਂ ਸਿੰਘਾਂ ਦੀ ਇਸ ਗੜ੍ਹੀ ਚ ਟੁਕੜੀ ਰਹਿੰਦੀ ਸੀ ਉਹਨਾਂ ਨੂੰ ਰਾਮ ਰੌਣੀ
(ਗੜ੍ਹੀ) ਚ ਰਹਿਣ ਕਰਕੇ ਹੀ “ਰਾਮਗੜ੍ਹੀਏ” ਕਿਹਾ ਜਾਂਦਾ ਸੀ। ਸੋ ਰਾਮਗੜੀਆ ਕੋਈ ਜ਼ਾਤ /ਬਰਾਦਰੀ ਨਹੀ
ਗੀ।
ਭੁਲ ਚੁਕ ਦੀ ਖਿਮਾ .....
ਬਲਦੀਪ ਸਿੰਘ ਰਾਮੂੰਵਾਲੀਆ
96543-42039
*************************************************************
ਭਾਰਤੀ ਸੰਗੀਤ ਘਰਾਣਿਆ ਦਾ ਜਨਮ ਦਾਤਾ ਭਾਈ ਮਰਦਾਨਾ ਜੀ.....
ਬਿਲਕੁਲ ਜੀ ਇਸ ਗੱਲ ਵਿਚ ਰਤਾ ਸ਼ੱਕ ਨਹੀ ਕਿ ਭਾਰਤੀ ਸੰਗਤਿ (ਕਲਾਸੀਕਲ /ਰਾਗ ਵਿਦਿਆ)
ਦਾ ਉਚ ਕੋਟੀ ਦਾ ਉਸਤਾਦ ਭਾਈ ਮਰਦਾਨ ਜੀ ਸਨ। ਜਿਨ੍ਹਾਂ ਦੇ ਚੇਲਿਆ ਚੋ ਇੱਕ ਸੀ “ਸੁਆਮੀ ਹਰੀਦਾਸ”
ਹਰਿਆਣਾ (ਹੁਸ਼ਿਆਰਪੁਰ) ਸਨ/ਉਸ ਦੇ ਸ਼ਗਿਰਦ ਸਨ “ਦਿਵਾਕਰ ਜੀ ਅਤੇ ਸੁਧਾਕਰ ਜੀ” ਜੋ ਅਕਬਰ ਦੇ ਦਰਬਾਰੀ
ਗਵਾਈਏ ਸਨ। ਇਹਨ੍ਹਾਂ ਦੀ ਰਹਾਇਸ਼ “ਬੈਜੂਬਾਵਰਾ ਭੀਵਾ ਵਿਖੇ ਸੀ /ਗੋਪਾਲ ਲਾਲ ਹਰਵੱਲਭ ਵੀ ਭਾਈ
ਹਰਿਦਾਸ ਦਾ ਸ਼ਗਿਰਦ ਸੀ /ਜਿਸ ਕੋਲੋ ਅਕਬਰ ਦਰਬਾਰ ਦੋ ਨੌ ਰਤਨਾਂ ਵਿਚੋ ਇੱਕ ਸੰਗੀਤਕ ਰਤਨ “ਤਾਨਸੈਨ”
ਨੇ ਰਾਗ ਵਿਦਿਆ ਲਈ ਸੀ/ਇਨ੍ਹਾਂ ਤੋ ਅੱਗੇ ਸੰਗੀਤ ਘਰਾਣੇ ਚੱਲੇ ਜਿਨ੍ਹਾਂ ਵਿਚੋ ਸਭ ਤੋ ਵੱਧ ਨਾਮ
“ਪਟਿਆਲਾ ਘਰਾਣੇ “ਦਾ ਹੈ /
ਸੋ ਉਪਰੋਕਤ ਗੱਲ ਤੂੰ ਸਾਨੂੰ ਇਹਨਾਂ ਤ ਸਪਸ਼ੱਟ ਹੋ ਗਿਆ ਕਿ ਭਾਈ ਮਰਦਾਨਾ ਜੀ ਦੀ ਸੰਗੀਤ ਦੀ ਦੁਨੀਆਂ
ਦੇ ਉਹ ਦੀਪਕ ਸਨ ਜਿਨ੍ਹਾਂ ਦੇ ਲੋ ਤੋ ਅੱਜ ਤਕ ਸੰਗੀਤ ਦੇ ਦੀਵੇ ਬਲ ਰਹੇ ਨੇ /...
.ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ..ਭਾਈ ਗੁਰਦਾਸ ਜੀ
ਭੁਲ ਚੁਕ ਦੀ ਖਿਮਾਂ
ਬਲਦੀਪ ਸਿੰਘ ਰਾਮੂੰਵਾਲੀਆ
96543-42039
16/03/15)
ਹਰਮਿੰਦਰ ਸਿੰਘ/ਫੇਸਬੁੱਕ ਰਾਹੀਂ
......................ਅਮੀਰ ਧਰਮ ਬਨਾਮ ਗਰੀਬ ਮਨੁਖਤਾ ....................
ਦੁਨੀਆ ਦੇ ਵਖ ਵਖ ਧਰਮ ਦੀਆਂ ਵਿਚਾਰਧਾਰਾਵਾਂ ਇੱਕ ਜਾਂ ਇੱਕ ਤੋਂ ਵਧੇਰੇ ਬਨਾਉਟੀ ਰੱਬ
ਘੜ ਕੇ ਫੇਰ ਓਸ ਦਵਾਲੇ ਮਿਤਿਹਾਸਿਕ ਕਹਾਣੀਆਂ ਘੜਨ ਤੋਂ ਸ਼ੁਰੂ ਹੁੰਦੀਆਂ ਹਨ । ਇਹ ਕਹਾਣੀਆਂ ਦਾ
ਨਿਰੰਤਰ ਵਿਕਾਸ ਹੁੰਦਾ ਜਾਂਦਾ । ਲੋੱਕਾਂ ਅੰਦਰਲੀ ਡਰ ਤੇ ਲਾਲਚ ਦੀ ਫਿਤਰਤ ਨੂੰ ਹੋਰ ਉਕਸਾਇਆ
ਜਾਂਦਾ । ਏਸ ਫਿਤਰਤ ਕਾਰਨ ਓਸ ਬਨਾਉਟੀ ਰੱਬ ਨੂੰ ਖੁਸ਼ ਕਰਨ ਲਈ ਪੂਜਾ ਦਾ ਵਿਧਾਨ ਸ਼ੁਰੂ ਹੁੰਦਾ ਤੇ
ਫਿਤਰਤ ਨੂੰ ਉਕਸਾਉਣ ਵਾਲੇ ਬਣਦੇ ਨੇ ਪੁਜਾਰੀ । ਫੇਰ ਚੜਦੇ ਨੇ ਚੜਾਵੇ । ਕਿਉਂਕੀ ਬਨਾਉਟੀ ਰੱਬ
ਗੂੰਗਾ ਹੁੰਦਾ ਸੋ ਓਸ ਨੂੰ ਆਪਨੇ ਢੰਗ ਨਾਲ ਇਹ ਪੁਜਾਰੀ ਪਰਿਭਾਸ਼ਿਤ ਕਰਦੇ ਨੇ । ਏਹਨਾ ਪਿਛੇ ਲੁਕੀ
ਹੁੰਦੀ ਐ ਮਾਨਸਿਕਤਾ ....ਭੂਖੇ ਮੁੱਲਾਂ ਘਰੇ ਮਸੀਤ । ਬਨਾਉਟੀ ਰੱਬ ਵਾਲਾ ਧਰਮ ਦਿਨੋ ਦਿੰਨ ਅਮੀਰ
ਹੁੰਦਾ ਜਾਂਦਾ ਤੇ ਓਸ ਨੂੰ ਪੂਜਣ ਵਾਲੇ / ਚੜਾਵਾ ਚੜਾਉਨ ਗਰੀਬ ......
ਪਰ ਏਸ ਤੋਂ ਵਿਪਰੀਤ ਨਾਨਕ ਵਿਚਾਰਧਾਰਾ ਮਨੁਖ ਨੂੰ ਸਾਹਮਣੇ ਰਖ ਕੇ ਘੜੀ ਗਈ ਹੈ । ਓਹ ਮਨੁਖ ਦੀ
ਬੇਹਤਰੀ ਤੇ ਆਤਮ ਸਨਮਾਨ ਲਈ ਚਿੰਤਿਤ ਹੈ । ਓਹ ਕਿਸੇ ਤੱਕੜੀ ਧਿਰ ਵੱਲੋਂ ਕੀਤੀ ਜਾਂਦੀ ਮਨੁਖਤਾ ਦੀ
ਲੁੱਟ - ਖਸੁੱਟ ਦੇ ਵਿਰੋਧ ਵਿਚ ਖੜਦੀ ਹੈ ਫੇਰ ਇਹ ਲੁੱਟ ਖਸੁੱਟ ਕਿਸੇ ਵੀ ਖੇਤਰ ਵਿਚ ਕਿਉਂ ਨਾ
ਹੁੰਦੀ ਹੋਵੇ ।
ਪਰ ਅਫਸੋਸ ਕੀ ਏਸ ਨਾਨਕ ਜੀ ਦੀ ਵਿਚਾਰਧਾਰਾ ਤੇ ਕਾਬਿਜ਼ ਲੋੱਕਾਂ ਨੇ ਏਸ ਨੂੰ ਵੀ ਪਹਿਲਾਂ ਤੋਂ ਬਣੇ
ਧਰਮਾਂ ਦੀ ਵਿਚਾਰਧਾਰਾ ਵਿਚ ਰਲ-ਗੱਡ ਕਰ ਦਿੱਤਾ ਹੈ । ਜੱਦ ਤੱਕ ਇਹ ਆਪਨੇ ਮੂਲ ਨਾਲ ਨਹੀਂ ਜੁੜਦੀ
ਤੇ ਧਰਮ ਸਥਲ ਦਿਨੋ ਦਿੰਨ ਅਮੀਰ ਤੋਂ ਹੋਰ ਅਮੀਰ ਹੁੰਦੇ ਜਾਣਗੇ ਤੇ ਮਨੁਖਤਾ ਗਰੀਬ ਤੋਂ ਹੋਰ ਗਰੀਬ
..............
ਹਰਮਿੰਦਰ ਸਿੰਘ
ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ
ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।
16/03/15)
ਸਪੋਕਸਮੈਨ ਸੰਪਾਦਕੀ (ਮਾਰਚ 17)
ਰੱਬ ਕੇਵਲ
ਹਿੰਦੂ ਮੰਦਰਾਂ ਵਿਚ ਰਹਿੰਦੈ, ਮਸਜਿਦਾਂ, ਚਰਚਾਂ, ਗੁਰਦਵਿਰਆਂ ਵਿਚ ਨਹੀਂ!! :
ਦਿੱਲੀ ਵਿਚ ਬੀਜੇਪੀ ਸਰਕਾਰ ਦੇ
ਬਣਨ ਮਗਰੋਂ, ''ਹਿੰਦੂਤਵੀ'' ਆਗੂਆਂ ਨੇ ਇਕਦੰਮ ਚਹਿਕਣਾ ਸ਼ੁਰੂ ਕਰ ਦਿਤਾ ਤੇ ਬੜੀ ਦੇਰ ਤੋਂ ਵੀਰਾਨ
ਪਏ ਬਾਗ਼ ਵਿਚੋਂ ਵੀ, ਹਰ ਰੋਜ਼ ਬੜੀਆਂ ਦਿਲਚਸਪ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਮਿਸਾਲ ਵਜੋਂ,
ਕੁੱਝ ਨਮੂਨੇ ਹਾਜ਼ਰ ਹਨ:
# ਹਿੰਦੁਸਤਾਨ ਵਿਚ ਪੈਦਾ ਹੋਇਆ ਹਰ ਬੰਦਾ 'ਹਿੰਦੂ' ਹੈ ਤੇ ਹਰ ਹਿੰਦੁਸਤਾਨੀ ਨੂੰ ਅਪਣਾ ਧਰਮ,
ਹਿੰਦੂ ਲਿਖਵਾਣਾ ਚਾਹੀਦਾ ਹੈ।
#ਹਿੰਦੂ ਔਰਤਾਂ ਨੂੰ 10-10 ਬੱਚੇ ਪੈਦਾ ਕਰਨੇ ਚਾਹੀਦੇ ਹਨ (ਤਾਕਿ 4 ਵਿਆਹ ਕਰਵਾਉਣ ਵਾਲੇ
ਮੁਸਲਮਾਨਾਂ ਨੂੰ ਢੁਕਵਾਂ ਜਵਾਬ ਦਿਤਾ ਜਾ ਸਕੇ)।
# ਜਿਨ੍ਹਾਂ ਸੂਬਿਆਂ ਵਿਚ ਕੇਵਲ ਹਿੰਦੂ ਰਹਿੰਦੇ ਹਨ, ਉਥੇ ਪੂਰਨ ਸ਼ਾਂਤੀ ਹੈ ਜਦਕਿ ਜਿਥੇ ਜਿਥੇ
ਗ਼ੈਰ-ਹਿੰਦੂ ਰਹਿੰਦੇ ਹਨ, ਉਥੇ ਹਿੰਸਾ ਅਤੇ ਗੜਬੜ ਹੁੰਦੀ ਰਹਿੰਦੀ ਹੈ। ਇਸ ਮਸਲੇ ਦਾ ਇਕੋ ਇਕ ਹੱਲ
ਇਹ ਹੈ ਕਿ ਸਾਰੇ ਸੂਬਿਆਂ ਵਿਚ ਹਿੰਦੂ ਮੁੱਖ ਮੰਤਰੀ ਹੋਣ--ਕਸ਼ਮੀਰ, ਪੰਜਾਬ ਅਤੇ ਨਾਰਥ-ਈਸਟ ਰਾਜਾਂ
ਸਮੇਤ।
#ਭਾਰਤ ਵਿਚ ਕੋਈ ਘੱਟ-ਗਿਣਤੀ ਹੈ ਈ ਨਹੀਂ। ਡੀ.ਐਨ.ਏ. ਕਰਵਾਇਆ ਜਾਏ ਤਾਂ ਸਾਰੇ ਹਿੰਦੁਸਤਾਨੀ,
ਅੰਦਰੋਂ ਹਿੰਦੂ ਹੀ ਨਿਕਲਣਗੇ।
ਇਹੋ ਜਹੇ ਕਈ ਹੋਰ ਬਚਨ ਵੀ ਸੁਣਾਈ ਦੇਣ ਲੱਗ ਪਏ। ਪਰ ਹੁਣ ਇਕ ਤਾਜ਼ਾ 'ਹਿੰਦੂਤਵਾ ਬਚਨ' ਨੇ ਤਾਂ
ਪਿਛਲੇ ਸਾਰੇ ਬਚਨਾਂ ਨੂੰ ਹੀ ਮਾਤ ਪਾ ਦਿਤਾ ਹੈ। ਬੀਜੇਪੀ ਨੇਤਾ ਸੁਬਰਾਮਨੀਅਮ ਸਵਾਮੀ ਦੀ ਚੁੰਝ
ਵਿਚੋਂ ਜਿਹੜੀ ਤਾਜ਼ਾ ਸੰਗੀਤਮਈ ਆਵਾਜ਼ ਨਿਕਲੀ ਹੈ, ਉਹ ਫ਼ਮਾਉਦੀ ਹੈ ਕਿ, ''ਪ੍ਰਮਾਤਮਾ ਕੇਵਲ ਹਿੰਦੂ
ਮੰਦਰਾਂ ਵਿਚ ਰਹਿੰਦਾ ਹੈ ਕਿਉਂਕਿ ਮੰਦਰ, ਰੱਬ ਦਾ ਘਰ ਹੁੰਦੇ ਹਨ ਜਦਕਿ ਮਸਜਿਦ ਤੇ ਚਰਚ ਕੇਵਲ
ਪੂਜਾ ਕਰਨ ਲਈ ਇਮਾਰਤਾਂ ਹੁੰਦੀਆਂ ਹਨ।'' ਸੁਬਰਾਨੀਅਮ ਸਵਾਮੀ ਨੇ ਅਪਣੇ ਆਪ ਨੂੰ 'ਤਰਕਵਾਦੀ' ਸਾਬਤ
ਕਰਨ ਲਈ ਇਹ ਵੀ ਫ਼ਰਮਾਇਆ ਕਿ ''ਮੇਰੀ ਗੱਲ ਨੂੰ ਕੋਈ ਅਤਿ-ਕਥਨੀ ਨਾ ਸਮਝ ਬੈਠੇ, ਇਸ ਲਈ ਮੈਂ ਪੱਕੀ
ਦਲੀਲ ਵੀ ਦੇਵਾਂਗਾ। ਵੇਖੋ ਮੇਰੇ ਕੋਲ ਸਾਊਦੀ ਅਰਬ ਦੀ ਇਕ ਦਸਤਾਵੇਜ਼ ਹੈ। ਉਥੋਂ ਦੀ ਮੁਸਲਮਾਨ ਸਰਕਾਰ
ਦਾ ਹੁਕਮ ਹੈ ਕਿ ਦੇਸ਼ ਵਿਚ ਸੜਕਾਂ ਦੀ ਉਸਾਰੀ ਲਈ, ਕੁੱਝ ਮਸਜਿਦਾਂ ਡੇਗ ਦਿਤੀਆਂ ਜਾਣ। ਇਸ ਤੋਂ ਕੀ
ਸਾਬਤ ਹੁੰਦਾ ਹੈ? ਇਹੀ ਕਿ ਮਸਜਿਦਾਂ ਵਿਚ ਰੱਬ ਨਹੀਂ ਹੁੰਦਾ। ਜੇ ਹੁੰਦਾ ਤਾਂ ਉਨ੍ਹਾਂ ਨੂੰ ਡੇਗ
ਦੇਣ ਦੀ ਗੱਲ ਕਿਸੇ ਨੇ ਨਹੀਂ ਸੀ ਕਰਨੀ। ਇਸੇ ਲਈ ਤਾਂ ਕਿਸੇ ਹਿੰਦੂ ਮੰਦਰ ਨੂੰ ਨਹੀਂ ਡੇਗਿਆ ਜਾਂਦਾ
ਕਿਉੁਕਿ ਮੰਦਰ ਵਿਚ ਰੱਬ ਆਪ ਰਹਿੰਦਾ ਹੈ।''
ਭੋਲੇ ਪੰਛੀ ਸੁਬਰਾਮਨੀਅਮ ਨੂੰ ਕੌਣ ਦੱਸੇ ਕਿ ਪਾਕਿਸਤਾਨ ਅਤੇ ਬੰਗਲਾਦੇਸ਼ ਵਿਚ, ਸੈਂਕੜੇ ਮੰਦਰ ਡੇਗੇ
ਗਏ ਹਨ ਤੇ ਉਥੇ ਰਹਿੰਦੇ ਹਿੰਦੂਆਂ ਨੇ ਕਦੇ ਇਹ ਨਹੀਂ ਕਿਹਾ ਕਿ ਇਥੇ ਰੱਬ ਰਹਿੰਦਾ ਹੈ, ਇਸ ਲਈ
ਇਨ੍ਹਾਂ ਨੂੰ ਨਹੀਂ ਸੀ ਡੇਗਿਆ ਜਾਣਾ ਚਾਹੀਦਾ।
ਸੱਚੀ ਗੱਲ ਇਹੀ ਹੈ ਕਿ ਰੱਬ, ਕਾਇਨਾਤ ਦੇ ਜ਼ੱਰੇ ਜ਼ੱਰੇ ਜਾਂ ਕਣ ਕਣ ਵਿਚ ਰਹਿੰਦਾ ਹੋਇਆ ਵੀ, ਕਿਸੇ
ਖ਼ਾਸ ਥਾਂ ਤੇ ਨਹੀਂ ਰਹਿੰਦਾ। ਇਸੇ ਲਈ ਸਾਰੇ ਧਰਮਾਂ ਦੇ ਗ੍ਰੰਥਾਂ ਵਿਚ ਇਕ ਸਵਾਲ ਜ਼ਰੂਰ ਦਰਜ ਕੀਤਾ
ਹੋਇਆ ਮਿਲਦਾ ਹੈ ਕਿ ਰੱਬ ਕਿਥੇ ਰਹਿੰਦਾ ਹੈ? ਇਸਲਾਮ ਕਹਿੰਦਾ ਹੈ ਕਿ ਉਹ ਸਤਵੇਂ ਅਸਮਾਨ ਤੇ ਰਹਿੰਦਾ
ਹੈ। ਹਿੰਦੂ ਗ੍ਰੰਥ ਕਹਿੰਦੇ ਹਨ ਕਿ ਉਹ ਸਵਰਗ-ਲੋਕ ਵਿਚ ਰਹਿੰਦਾ ਹੈ। ਬਾਬੇ ਨਾਨਕ ਨੂੰ ਵੀ ਇਹੀ
ਸਵਾਲ ਪੁਛਿਆ ਗਿਆ ਤਾਂ ਉਨ੍ਹਾਂ ਦਾ ਬੜਾ ਸਪੱਸ਼ਟ ਉੱਤਰ ਸੀ ਕਿ
''ਦੁਨੀਆਂ ਦੇ ਲੋਕੋ, ਤੁਸੀ ਕਿਉੁਂਕਿ ਇਕ ਸਮੇਂ ਇਕ ਥਾਂ ਤੇ ਹੀ ਰਹਿ ਸਕਦੇ ਹੋ, ਇਸ ਲਈ ਤੁਹਾਨੂੰ
ਲਗਦਾ ਹੈ ਕਿ ਰੱਬ ਵੀ ਕਿਸੇ ਇਕ ਥਾਂ ਤੇ ਜ਼ਰੂਰ ਰਹਿੰਦਾ ਹੋਵੇਗਾ ਤੇ ਕੋਠੀ ਜਾਂ ਮਹਿਲ ਵਰਗੇ ਕਿਸੇ
ਮਕਾਨ ਵਿਚ ਤਖ਼ਤ ਤੇ ਬੈਠਾ ਹੋਵੇਗਾ। ਨਹੀਂ ਅਜਿਹਾ ਨਹੀਂ ਹੈ। ਉਹ ਮਨੁੱਖਾਂ ਵਰਗਾ ਨਹੀਂ ਸਗੋਂ ਇਕੋ
ਇਕ ਹਸਤੀ ਹੈ ਜਿਹੜੀ ਅਪਣੇ ਸਾਜੇ ਹੋਏ ਬ੍ਰਹਮੰਡ ਦੇ ਕਣ ਕਣ ਵਿਚ ਮੌਜੂਦ ਹੋਣ ਦੇ ਬਾਵਜੂਦ, ਕਿਸੇ ਇਕ
ਖ਼ਾਸ ਥਾਂ ਦੀ ਵਾਸੀ ਨਹੀਂ ਆਖੀ ਜਾ ਸਕਦੀ।''
ਸੁਬਰਾਮਨੀਅਮ ਸਵਾਮੀ ਵਰਗੇ ਭਗਵੀਆਂ ਐਨਕਾਂ ਵਾਲੇ ਬੰਦੇ ਆਪ ਤਾਂ ਬਾਬੇ ਨਾਨਕ ਦੇ ਦੱਸੇ ਸੱਚ ਨੂੰ
ਸਮਝ ਨਹੀਂ ਸਕਦੇ ਪਰ ਉਹ ਦੂਜਿਆਂ ਨੂੰ ਵੀ ਅੱਖਾਂ ਹੁੰਦਿਆਂ 'ਅੰਨ੍ਹਾ' ਬਣਾਈ ਰਖਣਾ ਚਾਹੁੰਦੇ ਹਨ।
ਭਗਤ ਨਾਮਦੇਵ ਨੇ ਜਦ 'ਹਿੰਦੂ ਅੰਨ੍ਹਾ ਤੁਰਕੂ ਕਾਣਾ' ਕਿਹਾ ਸੀ ਤਾਂ ਉਨ੍ਹਾਂ ਦਾ ਮਕਸਦ ਕਿਸੇ ਪ੍ਰਤੀ
ਮੰਦਾ ਬੋਲਣਾ ਬਿਲਕੁਲ ਵੀ ਨਹੀਂ ਸੀ ਬਲਕਿ ਇਹੀ ਦਸਣਾ ਸੀ ਕਿ ਸੁਬਰਾਮਨੀਅਮ ਸਵਾਮੀ ਦੀ ਤਰ੍ਹਾਂ,
ਹਿੰਦੂ ਪੂਰੀ ਤਰ੍ਹਾਂ ਆਗਿਆਨਤਾ ਵਿਚ ਫਸੇ ਹੋਏ ਸਨ ਜਦਕਿ ਤੁਰਕੀ ਤੋਂ ਆਏ ਮੁਸਲਮਾਨ, ਅੱਧ ਪਚੱਧੇ
ਗਿਆਨ ਨੂੰ ਹੀ ਸਮਝ ਸਕੇ ਸਨ। ਅਖ਼ੀਰ ਤੇ ਉਨ੍ਹਾਂ ਨੇ ਜੋ ਨਤੀਜਾ ਕਢਿਆ, ਉਹ ਇਹੀ ਸੀ ਕਿ 'ਗਿਆਨੀ'
(ਗਿਆਨਵਾਨ) ਹੀ ਸੱਭ ਤੋਂ ਸਿਆਣਾ ਹੈ ਅਰਥਾਤ ਅੰਧ-ਵਿਸ਼ਵਾਸ ਦਾ ਤਿਆਗ ਕਰਨ ਵਾਲਾ ਬੰਦਾ ਜੋ ਸੱਚੇ
ਗਿਆਨ ਦੇ ਸਰੋਵਰ ਵਿਚ ਮਨ ਦੀਆਂ ਡੁਬਕੀਆਂ ਲਵਾਉਂਦਾ ਰਹਿੰਦਾ ਹੈ, ਉਹੀ ਸਿਆਣਾ ਹੈ, ਬਾਕੀ ਤਾਂ
ਅੰਧ-ਵਿਸ਼ਵਾਸੀ ਲੋਕ ਹੀ ਹਨ ਜੋ ਅੱਖਾਂ ਪੂਰੀ ਤਰ੍ਹਾਂ ਬੰਦ ਕਰ ਕੇ ਜਾਂ ਅੱਧੀਆਂ ਖੋਲ੍ਹ ਕੇ, ਪੁਜਾਰੀ
ਸ਼੍ਰੇਣੀ ਦੇ ਝੂਠ ਨੂੰ ਹੀ ਸੱਚ ਮੰਨੀ ਬੈਠੇ ਹਨ।
ਸੁਬਰਾਮਨੀਅਮ ਸਵਾਮੀ ਵਰਗੇ ਦੇਸ਼ ਦੇ ਨੇਤਾਵਾਂ ਨੂੰ ਅਪਣਾ ਧਿਆਨ, ਆਮ ਲੋਕਾਂ ਦੀਆਂ ਕੁੱਲੀ, ਗੁੱਲੀ,
ਜੁੱਲੀ ਤੇ ਮਨੁੱਖੀ ਅਧਿਕਾਰਾਂ ਦੀਆਂ ਸਮੱਸਿਆਵਾਂ ਵਲ ਹੀ ਕੇਂਦਰਿਤ ਰਖਣਾ ਚਾਹੀਦਾ ਹੈ ਤੇ ਜੇ ਧਰਮ
ਦੀ ਗੱਲ ਉਨ੍ਹਾਂ ਨੇ ਕਰਨੀ ਹੈ ਤਾਂ ਕਿਸੇ ਮੰਦਰ ਵਿਚ ਪੁਜਾਰੀ ਵਜੋਂ ਜਾ ਲੱਗਣ ਤੇ ਉਸ ਤੋਂ ਪਹਿਲਾਂ
ਖ਼ੂਬ ਪੜ੍ਹਨ, ਗਿਆਨ ਹਾਸਲ ਕਰਨ। ਜਿਨ੍ਹਾਂ ਨੂੰ ਰੱਬ ਦੇ ਸੰਕਲਪ ਬਾਰੇ ਏ ਬੀ ਸੀ ਜਿੰਨੀ ਵੀ ਜਾਣਕਾਰੀ
ਨਹੀਂ, ਉਹ ਲੋਕ ਅਪਣੀ ਫ਼ਿਰਕੂ ਸੋਚ ਨੂੰ ਖਾਦ ਦੇਣ ਲਈ ਜਦ ਧਰਮ ਅਤੇ ਰੱਬ ਦਾ ਨਾਂ ਵਰਤਦੇ ਹੋਏ ਖ਼ਾਲਸ
ਝੂਠ ਬੋਲਦੇ ਹਨ ਤਾਂ ਸਮੁੱਚੀ ਮਾਨਵਤਾ ਨਾਲ ਧ੍ਰੋਹ ਕਮਾ ਰਹੇ ਹੁੰਦੇ ਹਨ। ਰੱਬ ਨਾ ਮੰਦਰ ਵਿਚ
ਰਹਿੰਦਾ ਹੈ, ਨਾ ਮਸਜਿਦ ਵਿਚ, ਨਾ ਕਿਸੇ ਹੋਰ ਖ਼ਾਸ ਥਾਂ। ਉਹ ਤਾਂ ਮਨੁੱਖ ਦੇ ਮਨ ਅੰਦਰ ਰਹਿੰਦਾ ਹੈ
ਤੇ ਮੰਦਰ, ਮਸਜਿਦ, ਗੁਰਦਵਾਰੇ ਤੇ ਚਰਚ ਤਾਂ ਮਨ ਨੂੰ ਧਾਰਮਕ ਮਾਹੌਲ ਵਿਚ ਰੱਖ ਕੇ, 'ਗਿਆਨਵਾਨ'
ਬਣਾਉਣ ਦੇ ਕੇਂਦਰ ਮਾਤਰ ਹੁੰਦੇ ਹਨ। ਇਨ੍ਹਾਂ ਧਰਮ ਅਸਥਾਨਾਂ ਅੰਦਰ ਵੀ ਬਹੁਤ ਸਾਰੇ ਪਾਪੀ ਰਹਿੰਦੇ
ਹਨ ਤੇ ਬਾਹਰ ਵੀ ਬੜੇ ਧਰਮੀ ਰਹਿੰਦੇ ਹਨ।
ਸਿੱਖ ਮਾਰਗ ਦੇ ਪਾਠਕਾਂ/ਲੇਖਕਾਂ ਦੀ ਜਾਣਕਾਰੀ ਲਈ
ਅੱਜ ਐਤਵਾਰ 15 ਮਾਰਚ 2015 ਦਾ ਮੁੱਖ ਪੰਨੇ ਵਾਲੇ
ਲੇਖਾਂ ਦਾ ਪੰਨਾ ਅਤੇ ਪਾਠਕਾਂ ਦਾ ਪੰਨਾ ਅੱਪਡੇਟ ਨਹੀਂ ਹੋ ਸਕਿਆ। ਇਸ ਦਾ ਕਾਰਨ ਇਹ ਹੈ ਕਿ ਕੱਲ
ਦੁਪਹਿਰੇ ਜਾਣੀ ਕਿ ਸ਼ਨਿਚਰਵਾਰ 14 ਮਾਰਚ ਨੂੰ ਕੁੱਝ ਮਿੰਟਾਂ ਲਈ ਬਹੁਤ ਜ਼ੋਰ ਦੀ ਹਨੇਰੀ ਚੱਲੀ ਸੀ।
ਜਿਸ ਕਾਰਨ ਸਾਡੇ ਸ਼ਹਿਰ ਦੇ ਕੁੱਝ ਹਿੱਸਿਆਂ ਵਿੱਚ ਬਿਜਲੀ ਬੰਦ ਹੋ ਗਈ ਸੀ ਜਿਹੜੀ ਕਿ ਹੁਣ ਕੁੱਝ
ਮਿੰਟ ਪਹਿਲਾਂ ਹੀ ਆਈ ਹੈ। ਬਿਜਲੀ ਤਕਰੀਬਨ 26 ਘੰਟੇ ਤੋਂ ਵੀ ਜ਼ਿਆਦਾ ਸਮਾ ਬੰਦ ਰਹੀ ਸੀ। ਬਿਜਲੀ
ਬੰਦ ਤਾਂ ਸਾਰਾ ਕੁੱਝ ਬੰਦ, ਨਾ ਘਰ ਵਿੱਚ ਹੀਟ, ਨਾ ਕੰਪਿਊਟਰ, ਨਾ ਟੀਵੀ ਅਤੇ ਹੋਰ ਵੀ ਕਈ ਮੁਸ਼ਕਲਾਂ
ਜਿਹੜੇ ਕਿ ਸਾਰੇ ਜਾਣਦੇ ਹੀ ਹਨ ਕਿ ਬਿਜਲੀ ਤੋਂ ਬਿਨਾ ਜੀਵਨ ਕਿਵੇਂ ਠੱਪ ਹੋ ਕਿ ਰਹਿ ਜਾਂਦਾ ਹੈ।
ਅੱਜ ਸਵੇਰੇ ਬਾਹਰ ਤਕਰੀਬਨ ਮਾਈਨਸ ਸੱਤ -7 ਡਿਗਰੀ ਸੈਲੀਸੀਅਸ ਤਾਪਮਾਨ ਸੀ। ਭਾਵੇਂ ਕਿ ਸਾਡੇ ਲਈ ਇਹ ਠੰਡ
ਬਹੁਤੀ ਨਹੀਂ ਹੈ ਪਰ ਫਿਰ ਵੀ ਹੀਟ ਤੋਂ ਬਿਨਾ ਘਰ ਅੰਦਰ ਠੰਡ ਹੋ ਹੀ ਜਾਂਦੀ ਹੈ। ਕੱਲ 16 ਮਾਰਚ ਨੂੰ
ਪਾਠਕਾਂ ਦਾ ਪੰਨਾ ਅੱਪਡੇਟ ਕਰ ਦਿੱਤਾ ਜਾਵੇਗਾ ਪਰ ਲੇਖ ਹੁਣ ਅਗਲੇ ਹਫਤੇ ਹੀ ਪੈਣਗੇ-ਧੰਨਵਾਦ।
10/03/15)
ਜਸਪ੍ਰੀਤ ਕੌਰ: ਫਰੀਦਾਬਾਦ
ਫ਼ਰੀਦਾਬਾਦ ਵਿਖੇ ਨਵੇਕਲੇ ਢੰਗ ਨਾਲ ਮਨਾਇਆ ਗਿਆ ਹੋਲਾ ਮਹੱਲਾ
(ਜਸਪ੍ਰੀਤ ਕੌਰ: ਫਰੀਦਾਬਾਦ ੧੦ ਮਾਰਚ ੨੦੧੫)
ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਅਤੇ ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਦੇ ਉਦਮ ਸਦਕਾ
ਮਿਉਨਿਸਪਲ ਆਡੀਟੋਰੀਅਮ ਫਰੀਦਾਬਾਦ ਵਿਖੇ ਨਵੇਕਲੇ ਢੰਗ ਨਾਲ ਹੋਲਾ ਮਹੱਲਾ ਮਨਾਇਆ ਗਿਆ। ਸਮਾਗਮ ਦੀ
ਅਰੰਭਤਾ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਨਾਲ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਮਹਿਰੌਲੀ ਦੇ
ਵਿਦਿਆਰਥੀਆਂ ਨੇ ਕੀਤੀ। ਵੀਰ ਭੁਪਿੰਦਰ ਸਿੰਘ ਯੂ. ਐਸ. ਏ. ਅਤੇ ਸਿੱਖ
ਕੌਮ ਦੇ ਨੌਜਵਾਨ ਪ੍ਰਚਾਰਕ ਸ. ਬਲਜੀਤ ਸਿੰਘ ਦਿੱਲੀ ਨੇ ਸੰਗਤਾਂ ਨੂੰ ਗੁਰਬਾਣੀ ਵਿਚਾਰ ਨਾਲ ਜੋੜਿਆ।
ਇਸ ਮੌਕੇ ‘ਕਹਾਨੀ ਹਰ ਘਰ ਦੀ’ ‘ਸਿਰ ਦਾ ਤਾਜ’ ਮੇਰੀ ਮਾਂ ਬੋਲੀ ਪੰਜਾਬੀ ਸਕਿਟ ਅਤੇ ਨਾਟਕਾਂ ਦੀ
ਸਫਲ ਪੇਸ਼ਕਾਰੀ ਨੇ ਸੰਗਤਾਂ ਦੇ ਹਿਰਦਿਆਂ ਨੂੰ ਮੋਹ ਲਿਆ। ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਵੱਲੋਂ
ਪ੍ਰਕਾਸ਼ਤ ਕਰਨਲ ਗੁਰਦੀਪ ਸਿੰਘ ਮੌਹਾਲੀ ਵੱਲੋਂ ਲਿਖੀਆਂ ਚਾਰ ਪੁਸਤਕਾਂ
“ਗੁਰਦਵਾਰੇ: ਚਗੇ ਸਮਾਜ ਦੀ ਸਿਰਜਨਾ ਦੇ ਕੇਂਦਰ, ਸ਼੍ਰੀ ਗੁਰੂ ਪ੍ਰਤਾਪ ਸੂਰਜ ਕ੍ਰਿਤ ਮਹਾਂਕਵੀ
ਸੰਤੋਖ ਸਿੰਘ ਗੁਰਬਾਣੀ ਦੀ ਕਸੌਟੀ `ਤੇ ਜੀਵਨ ਬ੍ਰਿਤਾਂਤ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਨਾਨਕ
ਪ੍ਰਕਾਸ਼ ਕ੍ਰਿਤ ਕਵੀ ਸੰਤੋਖ ਸਿੰਘ ਗੁਰਬਾਣੀ ਦੀ ਕਸੌਟੀ `ਤੇ, ਸ੍ਰੀ ਗੁਰੂ ਪ੍ਰਤਾਪ ਸੂਰਜ ਗੁਰਬਾਣੀ
ਦੀ ਕਸੌਟੀ `ਤੇ ਭਾਗ ਪਹਿਲਾਂ ਕੁਲ ਚਾਰ ਕਿਤਾਬਾਂ” ਦੀ ਘੁੰਡ ਚੁਕਾਈ ਫਰੀਦਾਬਾਦ ਦੀਆਂ ਸਮੂਹ
ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰ੍ਰਬੰਧਕਾਂ ਵੱਲੋਂ ਕੀਤੀਆਂ ਗਈਆਂ। ਇਸ ਮੌਕੇ ਕਰਨਲ ਗੁਰਦੀਪ
ਸਿੰਘ ਮੋਹਾਲੀ ਅਤੇ ਗੁਰਮਤਿ ਪ੍ਰਚਾਰ ਜੱਥਾ ਦਿੱਲੀ ਦੇ ਸ. ਬਲਦੇਵ ਸਿੰਘ ਨੂੰ ਬਾਬੇ ਨਾਨਕ ਦੇ
ਸੰਦੇਸ਼ਾਂ ਮੁਤਾਬਕ ਮਨੁੱਖਤਾ ਦੀ ਸੇਵਾ ਕਰਨ ਲਈ ਸਨਮਾਨਤ ਕੀਤਾ ਜੋਕਿ ਗੰਭੀਰ ਬਿਮਾਰੀ ਨਾਲ ਜੂਝਦੇ
ਹੋਏ ਵੀ ਬਾਬੇ ਨਾਨਕ ਦੇ ਮਿਸ਼ਨ ਨੂੰ ਪ੍ਰਚਾਰਨ ਵਿੱਚ ਲਗੇ ਹਨ। ਗੁਰੂ ਨਾਨਕ ਮਿਸ਼ਨ ਗਤਕਾ ਅਖਾੜਾ
ਵੱਲੋਂ ਖਾਲਸਾਈ ਜਾਹੋ ਜਲਾਲ ਨਾਲ ਭਰਪੂਰ ਗੱਤਕੇ ਦੇ ਜੌਹਰ ਵਿਖਾਏ ਗਏ। ਇਸ ਮੌਕੇ ਬੀਬੀ ਅਮਨਜੋਤ ਕੌਰ
ਵੱਲੋਂ ਐਸਿਡ ਅਟੈਕ ਨਾਲ ਪੀੜਤ ਔਰਤਾਂ ਦੀਆਂ ਹਾਲਤ ਬਿਆਨ ਕਰਦੀ ਕਵਿਤਾ ਪੇਸ਼ ਕੀਤੀ ਗਈ। ਸ. ਤਜਿੰਦਰ
ਸਿੰਘ ਨੇ ਗੁਰਬਾਣੀ ਅਤੇ ਸਾਇੰਸ ਵਿਸ਼ੇ `ਤੇ ਸਲਾਈਡ ਸ਼ੋ ਰਾਹੀਂ ਪੇਸ਼ਕਾਰੀ ਦਿੱਤੀ। ਅਸ਼ਲੀਲ ਗਾਇਕੀ ਦਾ
ਬਦਲ ਪੇਸ਼ ਕਰਦੀ ਸਿੰਘ ਰੌਕਸ ਇੰਟਰਨੈਸ਼ਨਲ ਦੀ ਟੀਮ ਨੇ ਵਖਰੇ ਅੰਦਾਜ ਵਿੱਚ ਗਿਆਨ ਭਰਪੂਰ ਗਾਇਕੀ ਨਾਲ
ਸਮਾਗਮ ਵਿੱਚ ਧੁੰਮਾ ਪਾ ਦਿੱਤੀਆਂ। ਇਸ ਮੌਕੇ ਨਿਰਵੈਰ ਸੇਵਾ ਸੋਸਾਇਟੀ (ਰਜਿ.) ਵਿਸ਼ਨੂੰ ਗਾਰਡਨ
ਦਿੱਲੀ ਵੱਲੋਂ ਸਟੈਮ ਸੇਲ ਦਾਨ ਕੈਂਪ ਅਤੇ ਐਕਯੂਪ੍ਰੈਸ਼ਰ ਕੈਂਪ ਦਾ ਵੀ ਆਯੋਜਨ ਕੀਤਾ ਗਿਆ। ਪੰਥ
ਖਾਲਸਾ ਸੇਵਕ ਜੱਥਾ ਮਾਰਕੀਟ ਨੰ: ੧ ਵੱਲੋਂ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ। ਇਸ ਮੌਕੇ ਦਿੱਲੀ
ਅਤੇ ਸਿਰਸਾ ਤੋਂ ਵੀ ਵਿਸ਼ੇਸ਼ ਤੌਰ’ ਤੇ ਸੰਗਤਾਂ ਦਾ ਇਕੱਠ ਪੁੱਜਿਆ। ਸਟੇਜ ਸਕੱਤਰ ਦੀ ਸੇਵਾ ਸ.
ਉਪਕਾਰ ਸਿੰਘ ਫਰੀਦਾਬਾਦ, ਸ. ਸੁਰਿੰਦਰ ਸਿੰਘ, ਸ ਜਤਿੰਦਰ ਸਿੰਘ ਅਤੇ ਸ. ਹਰਦੀਪ ਸਿੰਘ ਨੇ ਬਾਖੂਬੀ
ਨਿਭਾਈ।
10/03/15)
ਸਪੋਕਸਮੈਨ ਸੰਪਾਦਕੀ (ਮਾਰਚ 10-11)
ਸਿੱਖ ਅੱਗੇ ਵਧਣ ਦੀ ਬਜਾਏ ਪਿੱਛੇ ਵਲ ਕਿਉਂ ਮੁੜਨ ਲੱਗ ਪਏ ਨੇ?
ਦੁਨੀਆਂ ਦੇ ਧਰਮ, ਪੁਜਾਰੀਆਂ ਤੋਂ ਸ਼ੁਰੂ ਹੋ ਕੇ ਵਿਦਵਾਨਾਂ ਤੇ ਮਾਹਰਾਂ ਵਲ ਵੱਧ ਰਹੇ ਹਨ ਪਰ ਸਿੱਖ,
ਅਪਣੇ ਵਿਦਵਾਨਾਂ ਤੇ ਮਾਹਰਾਂ ਤੋਂ ਸ਼ੁਰੂ ਹੋ ਕੇ, ਵਾਪਸ ਪੁਜਾਰੀਆਂ ਵਲ ਕਿਉਂ ਜਾ ਰਹੇ ਨੇ?
ਜੇ ਧਰਮ ਅਸਥਾਨ ਮੌਜੂਦ ਹਨ ਤਾਂ ਕੁਦਰਤੀ ਹੈ ਕਿ ਉਨ੍ਹਾਂ ਦੀ ਸੇਵਾ-ਸੰਭਾਲ ਕਰਨ ਵਾਲੇ
ਤੇ ਰੋਜ਼ ਦੀਆਂ ਸਵੇਰੇ ਸ਼ਾਮ ਦੀਆਂ ਜ਼ਰੂਰੀ ਰਸਮਾਂ ਨਿਭਾਉਣ ਵਾਲੇ ਕੁੱਝ ਕਰਮਚਾਰੀ ਵੀ ਰਖਣੇ ਪੈਣਗੇ ਜੋ
ਧਾਰਮਕ ਰਸਮਾਂ ਨਿਭਾਉਂਦੇ ਹੋਣ ਕਰ ਕੇ, ਅਪਣੇ ਆਪ ਨੂੰ ਮੁਲਾਜ਼ਮ ਜਾਂ ਕਰਮਚਾਰੀ ਨਹੀਂ ਕਹਿਣਾ
ਚਾਹੁਣਗੇ ਸਗੋਂ ਅਪਣੇ ਆਪ ਲਈ ਕੋਈ ਨਾ ਕੋਈ ਧਾਰਮਕ ਜਿਹਾ ਨਾਂ ਵਰਤਣਾ ਚਾਹੁਣਗੇ ਜਿਵੇਂ ਰਬੀ (ਯਹੂਦੀ
ਮਤ), ਪਾਦਰੀ, ਫ਼ਾਦਰ (ਈਸਾਈ), ਪੁਜਾਰੀ ਬ੍ਰਾਹਮਣ, ਪ੍ਰੋਹਿਤ (ਹਿੰਦੂ), ਮੌਲਾਣਾ, ਹਾਜੀ, ਮੁੱਲਾ
(ਇਸਲਾਮ) ਤੇ ਗ੍ਰੰਥੀ, ਕੀਰਤਨੀਆ, ਪਾਠੀ (ਸਿੱਖ ਧਰਮ) ਵਿਚ ਹਨ। ਇਨ੍ਹਾਂ ਸਾਰਿਆਂ ਦੇ ਕੰਮ, ਸਾਂਝੇ
ਤੌਰ ‘ਤੇ ਇਹੀ ਹੁੰਦੇ ਹਨ ਕਿ ਧਰਮ-ਅਸਥਾਨ ਅੰਦਰ ਆਉਣ ਵਾਲੀ ‘ਸੰਗਤ’ ਦੀ ਸੇਵਾ ਦਾ ਧਿਆਨ ਰੱਖਣ ਤੇ
ਗ੍ਰੰਥਾਂ (ਧਰਮ-ਪੁਸਤਕਾਂ) ‘ਚੋਂ ਸੰਗਤ ਨੂੰ ਉਹ ਕੁੱਝ ਸੁਣਾਉਣ (ਗਾ ਕੇ ਜਾਂ ਵਿਆਖਿਆ ਕਰ ਕੇ) ਜੋ
ਉਹ ਸੁਣਨਾ ਚਾਹੁੰਦੀ ਹੈ।
ਧਰਮ ਦੀ ਗੱਲ ਕਰਨ ਸਦਕਾ, ‘ਸੰਗਤ’ ਵਿਚ ਇਨ੍ਹਾਂ ਨੂੰ ਸਤਿਕਾਰ ਦਾ ਇਕ ਰੁਤਬਾ ਵੀ ਅਪਣੇ ਆਪ ਮਿਲ
ਜਾਂਦਾ ਹੈ। ਇਸ ਸਤਿਕਾਰ ਦੇ ਰੁਤਬੇ ਸਦਕਾ, ਅਨਪੜ੍ਹਤਾ ਦੇ ਦੌਰ ਵਿਚ, ਲੋਕ ਇਨ੍ਹਾਂ ਨੂੰ ਅਪਣੇ ਤੋਂ
ਸਿਆਣੇ ਤੇ ਪੜ੍ਹੇ ਲਿਖੇ ਸਮਝ ਕੇ, ਅਪਣੇ ਦੁਖ ਸੁੱਖ ਦੇ ਕਈ ਮਾਮਲੇ ਵੀ ਇਨ੍ਹਾਂ ਕੋਲ ਲਿਜਾਣ ਲੱਗੇ
ਤੇ ਇਨ੍ਹਾਂ ਦੇ ‘ਫ਼ੈਸਲਿਆਂ’ ਅੱਗੇ ਸਿਰ ਵੀ ਝੁਕਾਏ ਜਾਣ ਲੱਗ ਪਏ। ਹੌਲੀ ਹੌਲੀ ਇਹ ਲੋਕ ਅਪਣੇ ਆਪ
ਨੂੰ ਹੀ ‘ਰੱਬੀ ਤਾਕਤਾਂ ਦੇ ਮਾਲਕ’ ਦੱਸਣ ਲੱਗ ਪਏ ਤੇ ਅਜਿਹੇ ਫ਼ੁਰਮਾਨ ਵੀ ਜਾਰੀ ਕਰਨ ਲੱਗ ਪਏ ਕਿ
ਇਨ੍ਹਾਂ ਵੱਲੋਂ ਦਿਤੇ ਫ਼ੈਸਲਿਆਂ ਨੂੰ ‘ਇਲਾਹੀ (ਰੱਬੀ) ਫ਼ੁਰਮਾਨ’ ਸਮਝ ਕੇ ਮੰਨਣਾ ਲਾਜ਼ਮੀ ਹੈ ਤੇ
ਜਿਹੜਾ ਕੋਈ ਨਹੀਂ ਮੰਨੇਗਾ, ਉਸ ਨੂੰ ‘ਛੇਕ ਦਿਤਾ’ ਜਾਏਗਾ ਤੇ ਦੰਡ ਦਿਤਾ ਜਾਏਗਾ ਵਗ਼ੈਰਾ ਵਗ਼ੈਰਾ। ਇਸ
ਤਰ੍ਹਾਂ ਧਾਰਮਕ ਸੇਵਾ ਕਰਨ ਵਾਲੇ ਧਰਮ-ਮੰਦਰਾਂ ਦੇ ਕਰਮਚਾਰੀ, ‘ਰੱਬੀ ਸ਼ਕਤੀਆਂ’ ਦੇ ਮਾਲਕ ਹੋਣ ਦਾ
ਦਾਅਵਾ ਕਰਨ ਵਾਲੇ ‘ਪੁਜਾਰੀਵਾਦੀ’ ਬਣ ਗਏ ਜੋ ਹਾਕਮਾਂ ਨਾਲ ਮਿਲ ਕੇ ਜਾਂ ਹਾਕਮਾਂ ਦੀ ਚਾਕਰੀ ਕਰ
ਕੇ, ਆਮ ਜਨਤਾ ਉਤੇ ਅਪਣਾ ਹੁਕਮ ਚਲਾਉਣ ਲੱਗ ਪਏ। ਇਸ ਪੁਜਾਰੀਵਾਦ ਨੇ ਈਸਾਈ ਧਰਮ ਵਿਚ ‘ਪੋਪ’ ਨੂੰ
ਸੱਭ ਤੋਂ ਸ਼ਕਤੀਸ਼ਾਲੀ ਰੂਪ ਵਿਚ ਲੋਕਾਂ ਸਾਹਮਣੇ ਖੜਾ ਕਰ ਦਿਤਾ ਤੇ ਪੋਪ ਏਨਾ ਆਕੜ ਗਿਆ ਕਿ ਉਹ ਇਕ
ਪਾਸੇ ਭੋਲੇ ਭਾਲੇ ਲੋਕਾਂ ਨੂੰ ਪੰਜ ਪੰਜ ਪੌਂਡ ਲੈ ਕੇ ਸਵਰਗ ਦੇ ਪਾਸ ਵੇਚਣ ਲੱਗ ਪਿਆ ਤੇ ਦੂਜੇ
ਪਾਸੇ, ਰਾਜਿਆਂ ਤੇ ਬਾਦਸ਼ਾਹਾਂ ਨੂੰ ਵੀ ਅਪਣੇ ਅਧੀਨ ਦੱਸਣ ਲੱਗ ਪਿਆ। ਉਸ ਦੀ ਦਲੀਲ ਸੀ ਕਿ ਉਹ ਧਰਤੀ
ਉਤੇ ਈਸਾ ਮਸੀਹ ਦਾ ਇਕੋ ਇਕ ਪ੍ਰਤੀਨਿਧ ਹੈ, ਇਸ ਲਈ ਸਾਰੇ ਈਸਾਈਆਂ ਲਈ ਕਾਨੂੰਨ ਬਣਾਉਣ ਦਾ ਪੂਰਾ
ਅਧਿਕਾਰ ਉਸ ਕੋਲ ਹੀ ਹੈ। ਈਸਾਈ ਬਾਦਸ਼ਾਹਾਂ ਨੇ ਇਸ ਦਾਅਵੇ ਨੂੰ ਚੁਨੌਤੀ ਦਿਤੀ ਤੇ ਦਾਅਵਾ ਕੀਤਾ ਕਿ
ਰੱਬ ਨੇ ਉਨ੍ਹਾਂ ਨੂੰ (ਬਾਦਸ਼ਾਹਾਂ ਨੂੰ) ਧਰਤੀ ਉਤੇ, ਅਪਣੀ ਥਾਂ, ਰਾਜ ਕਰਨ ਦਾ ਅਧਿਕਾਰ ਦਿਤਾ ਹੈ,
ਇਸ ਲਈ ਉਹ ਕਿਸੇ ਪੋਪ ਆਦਿ ਦੇ ਅਧੀਨ ਨਹੀਂ ਹਨ ਬਲਕਿ ਪੋਪ ਵੀ ਬਾਦਸ਼ਾਹ ਦੇ ਅਧੀਨ ਹੈ। ਬੜੀ ਦੇਰ ਤਕ,
Divine Rights of Kings vs. Divine Rights of
Pope’ (‘ਬਾਦਸ਼ਾਹ ਦੇ ਇਲਾਹੀ ਅਧਿਕਾਰ’ ਬਨਾਮ
‘ਪੋਪ ਦੇ ਇਲਾਹੀ ਅਧਿਕਾਰ’) ਨਾਂ ਦੀ ਲੜਾਈ ਜਾਰੀ ਰਹੀ ਤੇ ਆਪੋ ਅਪਣੇ ਦਾਅਵੇ, ਧਮਕੀਆਂ ਦਾ ਰੂਪ
ਧਾਰਨ ਲੱਗ ਪਏ। ਅੰਤ ਬਾਦਸ਼ਾਹਾਂ ਨੇ, ਪੋਪ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਵਿਚ ਸੁਟ ਦੇਣ ਦੀ ਧਮਕੀ ਵੀ
ਦਿਤੀ।
ਅਖ਼ੀਰ 15ਵੀਂ ਸਦੀ ਵਿਚ ਜਰਮਨੀ ਦੇ ਈਸਾਈ ਪਾਦਰੀ ਮਾਰਟਿਨ ਲੂਥਰ ਨੇ ਅਪਣੇ ਹੀ ਵਡੇਰੇ ਆਗੂ ਪੋਪ ਦੀ
ਤਾਨਾਸ਼ਾਹੀ ਵਿਰੁਧ ਝੰਡਾ ਚੁੱਕ ਲਿਆ ਤੇ 16-ਸੂਤਰੀ ਚਿੱਠੀ ਜਾਰੀ ਕਰ ਕੇ ਕਿਹਾ ਕਿ ਅਪਣੀਆਂ ‘ਈਸ਼ਵਰੀ
ਸ਼ਕਤੀਆਂ’ ਦਾ ਦਾਅਵਾ ਕਰ ਕੇ, ਪੋਪ ਈਸਾਈ ਧਰਮ ਦੇ ਅਸੂਲਾਂ ਨੂੰ ਪੈਰਾਂ ਹੇਠ ਰੋਲ ਰਿਹਾ ਹੈ ਕਿਉਂਕਿ
ਈਸਾਈ ਧਰਮ ਨੇ ਜਾਂ ਈਸਾ ਨੇ ਉਸ ਨੂੰ ਕੋਈ ਤਾਨਾਸ਼ਾਹੀ ਤਾਕਤ ਨਹੀਂ ਦਿਤੀ ਹੋਈ। ਮਾਰਟਿਨ ਲੂਥਰ ਦੀ
ਗੱਲ, ਆਮ ਈਸਾਈਆਂ ਦੀ ਸਮਝ ਵਿਚ ਆ ਗਈ ਤੇ ਅੱਧੇ ਈਸਾਈ, ਪੋਪ ਵਿਰੁਧ ਖੜੇ ਹੋ ਗਏ। ਈਸਾਈ ਧਰਮ
ਦੋ-ਫਾੜ ਹੋ ਗਿਆ। ਜਿਹੜੇ ਪੋਪ ਨੂੰ ਮੰਨਦੇ ਹਨ, ਉਹ ‘ਕੈਥੋਲਿਕ ਈਸਾਈ’ ਕਰ ਕੇ ਜਾਣੇ ਜਾਂਦੇ ਹਨ ਤੇ
ਜਿਹੜੇ ਨਹੀਂ ਮੰਨਦੇ, ਉਹ ਪ੍ਰੋਟੈਸਟੈਂਟ (ਪੋਪ ਦੀਆਂ ਪੁਜਾਰੀਵਾਦੀ’ ਤਾਕਤਾਂ ਵਿਰੁਧ ਰੋਸ ਪ੍ਰਗਟ
ਕਰਨ ਵਾਲੇ) ਈਸਾਈ ਅਖਵਾਉਣ ਲੱਗ ਪਏ। ‘ਕੈਥੋਲਿਕ ਈਸਾਈ’ ਪੋਪ ਨੂੰ ਮੰਨਦੇ ਤਾਂ ਹਨ ਪਰ ਪ੍ਰੋਟੈਸਟੈਂਟ
ਈਸਾਈਆਂ ਦੇ ਪ੍ਰਚਾਰ ਤੋਂ ਪ੍ਰਭਾਵਤ ਹੋ ਕੇ, ਅਖ਼ੀਰ ਉਨ੍ਹਾਂ ਨੇ ਵੀ ਫ਼ੈਸਲਾ ਕੀਤਾ ਕਿ ਪੋਪ ਨੂੰ ਰਸਮੀ
ਮੌਕਿਆਂ ‘ਤੇ, ਬਾਦਸ਼ਾਹ ਵਾਂਗ, ਕੇਵਲ ਰਸਮਾਂ ਨਿਭਾਉਣ ਵਾਲੇ ਆਗੂ ਵਜੋਂ ਕਾਇਮ ਰੱਖ ਲਿਆ ਜਾਏ ਪਰ ਉਸ
ਦੀਆਂ ਸਾਰੀਆਂ ਤਾਕਤਾਂ ਖ਼ਤਮ ਕਰ ਦਿਤੀਆਂ ਜਾਣ। ਹੁਣ ਪੋਪ ਕੋਲ ‘ਤਾਕਤਾਂ’ ਕੋਈ ਨਹੀਂ, ਐਵੇਂ ਰਸਮਾਂ
ਨਿਭਾਉਣ ਵਾਲਾ ਆਗੂ ਹੀ ਹੈ।
ਸੋ ਜਦ ਸਿੱਖ ਧਰਮ ਵਿਚ ਪੁਜਾਰੀਵਾਦ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਹ ਗੱਲ ਸਮਝ ਲਈ ਜਾਏ ਕਿ ਹਰ
ਗ੍ਰੰਥੀ, ਪਾਠੀ, ਰਾਗੀ ‘ਪੁਜਾਰੀਵਾਦੀ’ ਨਹੀਂ ਹੁੰਦਾ ਬਲਕਿ ‘ਪੁਜਾਰੀਵਾਦੀ’ ਉਹੀ ਹੁੰਦਾ ਹੈ ਜੋ ਇਹ
ਦਾਅਵਾ ਕਰੇ ਕਿ ਉਸ ਦੇ ‘ਹੁਕਮਨਾਮੇ’ ਇਲਾਹੀ ਫ਼ੁਰਮਾਨ ਹੁੰਦੇ ਹਨ, ਜਿਨ੍ਹਾਂ ਨੂੰ ਮੰਨਣਾ ਹਰ ਸਿੱਖ
ਲਈ ਲਾਜ਼ਮੀ ਹੁੰਦਾ ਹੈ ਤੇ ਜਿਹੜਾ ਨਹੀਂ ਮੰਨਦਾ, ਉਸ ਨੂੰ ਛੇਕਿਆ ਵੀ ਜਾ ਸਕਦਾ ਹੈ ਤੇ ‘ਤਨਖ਼ਾਹ’ ਵੀ
ਲਾਈ ਜਾ ਸਕਦੀ ਹੈ। ਸਿੱਖ ਫ਼ਲਸਫ਼ਾ, ਅਜਿਹੇ ਦਾਅਵੇ ਕਰਨ ਵਾਲਿਆਂ ਨੂੰ ਬਿਲਕੁਲ ਵੀ ਮਾਨਤਾ ਨਹੀਂ
ਦੇਂਦਾ ਪਰ ਫਿਰ ਵੀ ਇਹ ਸ਼੍ਰੇਣੀ, ਪਿਛਲੇ ਦਰਵਾਜ਼ਿਉਂ, ਦਾਖ਼ਲ ਹੋ ਕੇ ਤੇ ਹਾਕਮਾਂ ਦੀ ਚਾਕਰੀ ਕਰਨ ਦਾ
ਵਾਅਦਾ ਕਰ ਕੇ, ਸਿੱਖ ਧਰਮ ਉਤੇ ਕਾਬਜ਼ ਹੋ ਚੁੱਕੀ ਹੈ। ਇਹ ਸ਼੍ਰੇਣੀ ਸਿੱਖ ਧਰਮ ਨੂੰ ਅੱਗੇ ਵਲ ਲਿਜਾਣ
ਦੀ ਬਜਾਏ, ਪਿੱਛੇ ਵਲ ਕਿਵੇਂ ਲਿਜਾ ਰਹੀ ਹੈ, ਇਸ ਬਾਰੇ ਕਲ ਵਿਚਾਰ ਕਰਾਂਗੇ।
ਸਿੱਖ ਅੱਗੇ ਵਧਣ ਦੀ ਬਜਾਏ ਪਿੱਛੇ ਵਲ ਕਿਉਂ ਮੁੜਨ ਲੱਗ ਪਏ ਨੇ?
ਦੁਨੀਆਂ ਦੇ
ਧਰਮ, ਪੁਜਾਰੀਆਂ ਤੋਂ ਸ਼ੁਰੂ ਹੋ ਕੇ ਵਿਦਵਾਨਾਂ ਤੇ ਮਾਹਰਾਂ ਵਲ ਵੱਧ ਰਹੇ ਹਨ ਪਰ ਸਿੱਖ, ਅਪਣੇ
ਵਿਦਵਾਨਾਂ ਤੇ ਮਾਹਰਾਂ ਤੋਂ ਸ਼ੁਰੂ ਹੋ ਕੇ, ਵਾਪਸ ਪੁਜਾਰੀਆਂ ਵਲ ਕਿਉਂ ਜਾ ਰਹੇ ਨੇ? (2) :
ਕਲ ਅਸੀ ਵੇਖਿਆ ਸੀ ਕਿ ਈਸਾਈਆਂ
ਵਿਚ ‘ਪੁਜਾਰੀਵਾਦ’ ਇਕ ਸਮੇਂ ਕਿੰਨਾ ਮਜ਼ਬੂਤ ਹੋ ਗਿਆ ਸੀ ਜਦ ਲਗਪਗ 500 ਸਾਲ ਪਹਿਲਾਂ (ਬਾਬਾ ਨਾਨਕ
ਦਾ ਜਨਮ ਸਮਾਂ ਹੀ ਸੀ) ਪੱਛਮ ਵਿਚ ‘ਪੁਜਾਰੀਵਾਦ’ ਵਿਰੁਧ ਬਗ਼ਾਵਤ ਸ਼ੁਰੂ ਹੋ ਗਈ ਜੋ ਅੰਤ ਪੋਪ ਵਰਗੇ
ਵੱਡੇ ਤੋਂ ਵੱਡੇ ਪੁਜਾਰੀਵਾਦੀ ਦੀਆਂ ਸਾਰੀਆਂ ਸ਼ਕਤੀਆਂ ਖ਼ਤਮ ਕਰ ਕੇ ਹੀ ਰੁਕੀ। ਜਿਹੜੀ ਤਬਦੀਲੀ ਈਸਾਈ
ਧਰਮ ਜਾਂ ਪੱਛਮ ਵਿਚ ਪਹਿਲਾਂ ਆਉਂਦੀ ਹੈ, ਉਹ ਦੂਜੇ ਧਰਮਾਂ ਵਿਚ 100-200 ਸਾਲ ਮਗਰੋਂ ਆਉਣੀ ਸ਼ੁਰੂ
ਹੋ ਜਾਂਦੀ ਹੈ (ਸਿੱਖਾਂ ਵਿਚ ਸ਼ਾਇਦ ਕਦੇ ਵੀ ਨਹੀਂ ਆਉਂਦੀ)। ਇਸ ਵੇਲੇ ਵੱਡੇ ਧਰਮਾਂ ਵਿਚੋਂ ਸੱਭ
ਤੋਂ ਪੁਰਾਣਾ ਧਰਮ ਅਰਥਾਤ ਈਸਾਈ ਧਰਮ, ਜੋ ਕਿਸੇ ਵੇਲੇ ਪੁਜਾਰੀਵਾਦ ਦਾ ਸੱਭ ਤੋਂ ਵੱਡਾ ਗੜ੍ਹ ਮੰਨਿਆ
ਜਾਂਦਾ ਸੀ, ਅੱਜ ਪੂਰੀ ਤਰ੍ਹਾਂ ਉਸ ਤੋਂ ਮੁਕਤ ਹੋ ਚੁੱਕਾ ਹੈ ਅਰਥਾਤ ਈਸਾਈ ਲੋਕਾਂ ਦਾ ਕੋਈ ਫ਼ੈਸਲਾ,
ਉਨ੍ਹਾਂ ਦੇ ਧਾਰਮਕ ਆਗੂ ਨਹੀਂ ਕਰਦੇ ਸਗੋਂ ਉਨ੍ਹਾਂ ਦੇ ਮਾਹਰ, ਵਿਦਵਾਨ ਤੇ ਕਾਨੂੰਨਦਾਨ ਹੀ ਕਰਦੇ
ਹਨ। ਕਿਸੇ ਵੀ ਪੱਧਰ ‘ਤੇ, ਈਸਾਈ ਪੁਜਾਰੀਆਂ ਨੂੰ ਜਾਂ ਧਾਰਮਕ ਆਗੂਆਂ ਨੂੰ ਫ਼ੈਸਲੇ ਕਰਨ ਦੀ
ਪ੍ਰਕ੍ਰਿਰਿਆ ਵਿਚ ਸ਼ਾਮਲ ਨਹੀਂ ਕੀਤਾ ਜਾਂਦਾ ਕਿਉਂਕਿ ਸੁਭਾਅ ਕਰ ਕੇ, ਇਹ ਸ਼੍ਰੇਣੀ ਹਮੇਸ਼ਾ
ਤਬਦੀਲੀ-ਵਿਰੋਧੀ ਮੰਨੀ ਜਾਂਦੀ ਹੈ ਤੇ ਜੇ ਇਨ੍ਹਾਂ ਨੂੰ ਨਾਲ ਜੋੜ ਲਿਆ ਜਾਏ ਤਾਂ ਇਹ ਤਾਂ ਨਵੀਂ
ਤਬਦੀਲੀ ਕੋਈ ਹੋਣ ਹੀ ਨਹੀਂ ਦੇਵੇਗੀ ਤੇ ਪੁਰਾਤਨਤਾ ਦੇ ਚਿੱਕੜ ਵਿਚ ਖੁਭੇ ਰਹਿਣ ਲਈ ਹੀ ਕਹਿੰਦੀ
ਰਹੇਗੀ। ਹਾਂ, ਇਨ੍ਹਾਂ ਦੇ ਵਿਚਾਰ ਲੈ ਲਏ ਜਾਂਦੇ ਹਨ ਪਰ ਫ਼ੈਸਲੇ ਮਾਹਰ, ਵਿਦਵਾਨ ਅਤੇ ਕਾਨੂੰਨਦਾਨ
ਹੀ ਕਰਦੇ ਹਨ।
ਹਿੰਦੂ ਧਰਮ, ਈਸਾਈਆਂ ਤੋਂ ਵੀ ਪੁਰਾਣਾ ਹੈ ਤੇ ਉਥੇ ਪੁਜਾਰੀਵਾਦ ਹੋਰ ਵੀ ਜ਼ਿਆਦਾ ਮਜ਼ਬੂਤ ਅਤੇ
ਤਬਦੀਲੀ-ਵਿਰੋਧੀ ਰਿਹਾ ਹੈ। ਪਰ ਆਜ਼ਾਦੀ ਤੋਂ ਤੁਰਤ ਮਗਰੋਂ ਜਦੋਂ ਹਿੰਦੂ ਮੱਠਾਂ ਦੇ ਵੱਡੇ ਪੁਜਾਰੀਆਂ
ਨੇ ਦੇਸ਼ ਦੇ ਪਹਿਲੇ ਰਾਸ਼ਟਰਪਤੀ ਨੂੰ ਇਹ ਕਹਿ ਕੇ ਰਾਸ਼ਟਰਪਤੀ ਪਦ ਦੇ ਅਯੋਗ ਕਰਾਰ ਦਿਤਾ ਕਿ ਉਹ
ਕਿਉਂਕਿ ਸੱਤ ਸਮੁੰਦਰ ਪਾਰ ਹੋ ਆਏ ਸਨ, ਇਸ ਲਈ ਉਹ ‘ਹਿੰਦੂ’ ਨਹੀਂ ਰਹੇ ਤੇ ਇਸ ਲਈ ਭਾਰਤ ਦੇ
ਰਾਸ਼ਟਰਪਤੀ ਨਹੀਂ ਬਣ ਸਕਦੇ ਤਾਂ ਜਵਾਹਰ ਲਾਲ ਨਹਿਰੂ ਨੇ ਉਨ੍ਹਾਂ ਨੂੰ ਪਿਆਰ ਅਤੇ ਘੁਰਕੀ ਦੇ ਦੋਹਾਂ
ਢੰਗਾਂ ਰਾਹੀਂ ਸਮਝਾ ਦਿਤਾ ਕਿ ਜੇ ਤਾਂ ਉਹ ਅਪਣੀਆਂ ਕਾਰਵਾਈਆਂ ਮੰਦਰ ਦੇ ਅੰਦਰ ਤਕ ਸੀਮਤ ਰਖਣਗੇ,
ਫਿਰ ਤਾਂ ਠੀਕ ਰਹੇਗਾ ਪਰ ਜੇ ਉਹ ਰਾਜ-ਕਾਜ ਦੇ ਕੰਮਾਂ ਵਿਚ ਦਖ਼ਲ ਦੇਣ ਲੱਗ ਪਏ ਤਾਂ ਸਰਕਾਰ ਵੀ
ਮਜਬੂਰ ਹੋ ਕੇ ਮੰਦਰਾਂ ਨੂੰ ਅਪਣੇ ਕਬਜ਼ੇ ਵਿਚ ਲੈ ਲਵੇਗੀ ਤੇ ਪੁਜਾਰੀਆਂ ਨੂੰ ਮਨ-ਮਾਨੀ ਨਹੀਂ ਕਰਨ
ਦੇਵੇਗੀ। ਹਿੰਦੂ ਮਹਾਤਮਾ ਤੇ ਮੱਠਾਧੀਸ਼ ਡਰ ਗਏ ਤੇ ਅਪਣੇ ਮੰਦਰ ਦੇ ਅੰਦਰ ਦੀ ਆਜ਼ਾਦੀ ਬਚਾਉਣ ਲਈ,
ਮੰਦਰ ਤੋਂ ਬਾਹਰ ਦਾ ਸਾਰਾ ਖੇਤਰ ਅਪਣੇ ਅਧਿਕਾਰ ਹੇਠੋਂ ਕੱਢ ਦਿਤਾ। ਕਦੇ ਕਿਸੇ ਹਿੰਦੂ ਨੂੰ ਹਿੰਦੂ
ਮੱਠਾਧੀਸ਼ਾਂ ਨੇ ਇਹ ਦੋਸ਼ ਲਾ ਕੇ ਨਹੀਂ ਸੱਦਿਆ ਕਿ “ਤੂੰ ਹਿੰਦੂ ਧਰਮ ਦੇ ਫ਼ਲਾਣੇ ਅਸੂਲ ਦੀ ਉਲੰਘਣਾ
ਕਿਉਂ ਕੀਤੀ ਹੈ ਤੇ ਹਿੰਦੂ ਪੁਜਾਰੀਆਂ ਵਿਰੁਧ ਕਿਉਂ ਬੋਲਿਆ ਹੈਂ?” ਹਿੰਦੂ ਧਾਰਮਕ ਲੀਡਰ, ਅਪਣੇ ਆਪ
ਨੂੰ ਮੰਦਰ ਦੇ ਅੰਦਰ ਦੀ ਮਰਿਆਦਾ ਤਕ ਹੀ ਸੀਮਤ ਰਖਦੇ ਹਨ।
ਇਸਲਾਮ ਵਿਚ ਧਾਰਮਕ ਲੀਡਰ, ਕਿਸੇ ਮੁਸਲਮਾਨ ਨੂੰ ਬੁਲਾ ਕੇ ਕੋਈ ਸਜ਼ਾ ਦੇ ਹੀ ਨਹੀਂ ਸਕਦੇ---ਉਹ ਕੇਵਲ
ਪੁੱਛਣ ‘ਤੇ ਹੀ, ਇਹ ਫ਼ਤਵਾ ਦੇ ਸਕਦੇ ਹਨ ਕਿ ਫ਼ਲਾਣੇ ਮਸਲੇ ‘ਤੇ ਇਸਲਾਮੀ ਸ਼ਰਾ (ਮਰਿਆਦਾ) ਕੀ ਕਹਿੰਦੀ
ਹੈ।
ਸਿੱਖ ਧਰਮ ਬਾਰੇ ਦਾਅਵਾ ਤਾਂ ਇਹ ਕੀਤਾ ਜਾਂਦਾ ਹੈ ਕਿ ਇਹ ਸੰਸਾਰ ਦਾ ਅਤਿ ਆਧੁਨਿਕ ਧਰਮ ਹੈ ਪਰ
ਪੁਜਾਰੀਵਾਦ ਦੇ ਮਾਮਲੇ ਵਿਚ ਤਾਂ ਇਹ ਅਤਿ ਪੁਰਾਣੇ ਧਰਮਾਂ ਨਾਲੋਂ ਵੀ ਪਿੱਛੇ ਰਹਿ ਗਿਆ ਲਗਦਾ ਹੈ।
ਪੁਜਾਰੀ ਤੁਹਾਨੂੰ ਘਰ ਬੈਠਿਆਂ ਨੂੰ ਅਪਣੇ ਸਾਹਮਣੇ ਪੇਸ਼ ਹੋਣ ਲਈ ਕਹਿ ਸਕਦਾ ਹੈ, ਤੁਹਾਡੇ ਉਤੇ ਝੂਠੇ
ਦੋਸ਼ ਲਾ ਸਕਦਾ ਹੈ ਪਰ ਜੇ ਅਖ਼ੀਰ ਸਾਬਤ ਵੀ ਹੋ ਜਾਏ ਕਿ ‘ਦੋਸ਼ੀ’ ਬੇਕਸੂਰ ਹੈ, ਤਾਂ ਵੀ ਕਹਿੰਦੇ ਹਨ
ਕਿ ‘ਇਲਾਹੀ ਹੁਕਮਨਾਮਾ’ ਇਕ ਵਾਰ ਜਾਰੀ ਹੋ ਗਿਆ ਹੈ ਤੇ ਗ਼ਲਤੀ ਭਾਵੇਂ ਦੋਸ਼ੀ ਦੀ ਕੋਈ ਨਹੀਂ ਪਰ ਮਾਫ਼ੀ
ਤਾਂ ਉਸ ਨੂੰ ਹੀ ਮੰਗਣੀ ਪਵੇਗੀ ਤੇ ਅਕਾਲ ਤਖ਼ਤ ਉਤੇ ਝੂਠੀ ਅਰਦਾਸ ਕਰਨੀ ਪਵੇਗੀ ਕਿ ‘ਸੱਚੇ ਪਾਤਿਸ਼ਾਹ
ਮੇਰੇ ਕੋਲੋਂ ਭੁੱਲ ਹੋ ਗਈ ਸੀ, ਇਸ ਲਈ ਮੇਰੀ ਭੁੱਲ ਬਖ਼ਸ਼ ਦਿਤੀ ਜਾਵੇ।“ ਸਪੋਕਸਮੈਨ ਨਾਲ ਇਹੀ ਤਾਂ
ਹੋਇਆ ਹੈ। ‘ਜਥੇਦਾਰ’ ਨੇ ਆਪ ਟੈਲੀਫ਼ੋਨ ਕਰ ਕੇ ਮੰਨਿਆ ਕਿ ਸਪੋਕਸਮੈਨ ਨੇ ਕੋਈ ਭੁੱਲ ਨਹੀਂ ਸੀ ਕੀਤੀ
ਤੇ ਦੋਸ਼ੀ ਜੋਗਿੰਦਰ ਸਿੰਘ ਵੇਦਾਂਤੀ (ਵੇਲੇ ਦਾ ਜਥੇਦਾਰ) ਸੀ ਪਰ ਝੂਠੀ ਅਰਦਾਸ ਤਾਂ ਕਰਨੀ ਹੀ ਪਵੇਗੀ
ਕਿਉਂਕਿ ‘ਮਰਿਆਦਾ’ ਇਹੀ ਚਲੀ ਆ ਰਹੀ ਹੈ!! ਦਰਅਸਲ ਭੁੱਲ ਅਗਰ ਅਕਾਲ ਪੁਰਖ ਕੋਲੋਂ ਬਖ਼ਸ਼ਾਉਣੀ ਹੋਵੇ,
ਫਿਰ ਤਾਂ ਘਰ ਵਿਚ ਜਾਂ ਕਿਸੇ ਵੀ ਗੁਰਦਵਾਰੇ ਵਿਚ ਜਾ ਕੇ ਅਰਦਾਸ ਕੀਤੀ ਜਾ ਸਕਦੀ ਹੈ (ਸਿੱਖ ਰਹਿਤ
ਮਰਿਆਦਾ ਅਨੁਸਾਰ ਵੀ) ਪਰ ਅਸਲ ਮਸਲਾ ਤਾਂ ਪੁਜਾਰੀਵਾਦ ਅੱਗੇ ਪੇਸ਼ ਹੋ ਕੇ ਧੌਣ ਝੁਕਾਉਣ ਦਾ ਬਣ ਗਿਆ
ਹੈ ਤੇ ‘ਪੁਜਾਰੀਵਾਦ’ ਦੇ ਅੰਨ-ਦਾਤਾਵਾਂ ਅਰਥਾਤ ਸਿਆਸਤਦਾਨਾਂ ਦੀ ਈਨ ਮੰਨਣ ਦਾ ਬਣ ਗਿਆ ਹੈ। ਕਿਸੇ
ਹੋਰ ਧਰਮ ਵਿਚ, ਅੱਜ ਇਕ ਆਮ ਮਨੁੱਖ ਨੂੰ ਪੁਜਾਰੀਵਾਦ ਦੀ ਏਨੀ ਜ਼ਿਆਦਾ ਅਧੀਨਗੀ ਕਰਨ ਲਈ ਮਜਬੂਰ ਨਹੀਂ
ਕੀਤਾ ਜਾਂਦਾ ਜਿੰਨਾ ਸਿੱਖ ਧਰਮ ਵਿਚ ਕੀਤਾ ਜਾਂਦਾ ਹੈ। ਇਹ ਧਰਮ ਤਾਂ ਪੁਜਾਰੀਵਾਦ ਵਿਰੁਧ ਬਗ਼ਾਵਤ
‘ਚੋਂ ਨਿਕਲਿਆ ਸੀ ਪਰ ਅੱਜ ਇਹ ਸਾਰੇ ਧਰਮਾਂ ਨਾਲੋਂ ਪਿੱਛੇ ਚਲਾ ਗਿਆ ਹੈ। ਪੁਜਾਰੀਵਾਦ ਦੀ ਗ਼ੁਲਾਮੀ
ਜਿਸ ਵੀ ਕੌਮ ਨੂੰ ਸਹਿਣੀ ਪੈਂਦੀ ਹੈ, ਉਹ ਕੌਮ ਕਦੇ ਵੀ ਧੌਣ ਸਿੱਧੀ ਕਰ ਕੇ ਨਹੀਂ ਚਲ ਸਕਦੀ ਤੇ ਨਾ
ਹੀ ਦੂਜੀਆਂ ਕੌਮਾਂ ਕੋਲੋਂ ਸਤਿਕਾਰ ਹੀ ਪ੍ਰਾਪਤ ਕਰ ਸਕਦੀ ਹੈ। ਵਿਦਵਾਨ ਲੇਖਕ ਤੇ ਇਤਿਹਾਸਕਾਰ,
ਪੁਜਾਰੀਆਂ ਨਾਲ ਪੰਗਾ ਲੈਣੋਂ ਝਿਜਕਦੇ, ਹੁਣ ਸਿੱਖ ਧਰਮ ਬਾਰੇ ਲਿਖਣਾ ਹੀ ਛੱਡ ਗਏ ਹਨ।
ਜਦ ਤੋਂ ਅਕਾਲ ਤਖ਼ਤ ਦਾ ਨਾਂ ਵਰਤ ਕੇ ‘ਪੁਜਾਰੀਵਾਦ’ ਨੂੰ ਸਿੱਖਾਂ ਦੀ ਪਿੱਠ ‘ਤੇ ਸਵਾਰ ਕਰ ਦਿਤਾ
ਗਿਆ ਹੈ, ਉਦੋਂ ਤੋਂ ਹੀ ਪੰਥ ਦੀਆਂ ਮੰਨੀਆਂ ਪ੍ਰਮੰਨੀਆਂ ਹਸਤੀਆਂ (ਆਜ਼ਾਦੀ ਘੁਲਾਟੀਆਂ ਤੇ ਸਿੰਘ ਸਭਾ
ਲਹਿਰ ਦੇ ਬਾਨੀਆਂ ਸਮੇਤ) ਅਕਾਲ ਤਖ਼ਤ ਦੇ ‘ਪੁਜਾਰੀਆਨ’ ਤੇ ‘ਸਿੰਘ ਸਾਹਿਬਾਨ’ ਦੇ ਅਤਾਬ ਦਾ ਸ਼ਿਕਾਰ
ਰਹੀਆਂ ਹਨ ਤੇ ਅੱਜ ਵੀ ਹੋ ਰਹੀਆਂ ਹਨ। ਇਨ੍ਹਾ ਹਾਲਾਤ ਵਿਚ ਸਿੱਖੀ ਨੇ ਅਗਰ ਫੈਲਣਾ ਬੰਦ ਕਰ ਕੇ
ਸੁੰਗੜਨਾ ਸ਼ੁਰੂ ਕਰ ਦਿਤਾ ਹੈ ਤਾਂ ਇਸ ਵਿਚ ਹੈਰਾਨੀ ਵੀ ਕਿਸੇ ਨੂੰ ਨਹੀਂ ਹੋਣੀ ਚਾਹੀਦੀ। ਅੱਜ
21ਵੀਂ ਸਦੀ ਵਿਚ, ‘ਪੁਜਾਰੀਵਾਦ’ ਦੇ ਹੇਠਾਂ ਲੱਗ ਕੇ ਚਲ ਰਿਹਾ ਕੋਈ ਧਰਮ ਅਗਰ ਫੈਲਦਾ ਹੈ ਤਾਂ ਅਸਲ
ਹੈਰਾਨੀ ਤਾਂ ਉਦੋਂ ਹੋਵੇਗੀ। ਜਿਥੋਂ ਤਕ ਸਿੱਖ ਧਰਮ ਦੀ ਗੱਲ ਹੈ, ਪੁਜਾਰੀਵਾਦ ਦੀ ਇਸ ਉਤੇ ਪਕੜ,
ਦਿਨ ਬਦਿਨ ਮਜ਼ਬੂਤ ਹੁੰਦੀ ਜਾ ਰਹੀ ਹੈ। ਤਾਜ਼ਾ ਵਿਸ਼ਾ ਨਾਨਕਸ਼ਾਹੀ ਕੈਲੰਡਰ ਦਾ ਹੀ ਲੈ ਲਉ। ਇਸ ਇਕ
ਮਾਮਲੇ ਨੂੰ ਹੀ ਜਿਵੇਂ ਸਿੱਖ ਪੁਜਾਰੀਵਾਦ ਨੇ ਰੋਲ ਕੇ ਰੱਖ ਦਿਤਾ ਹੈ ਤੇ ਸਿੱਖ ਧਰਮ ਨੂੰ ਅਪਣੀ
ਆਜ਼ਾਦ ਹਸਤੀ ਦਾ ਪ੍ਰਗਟਾਵਾ ਕਰਨੋਂ ਰੋਕ ਦਿਤਾ ਹੈ, ਉਸ ਨੂੰ ਵੇਖ ਕੇ ਨਹੀਂ ਲਗਦਾ ਕਿ ਸਿੱਖ ਕਦੇ
ਪੁਜਾਰੀਵਾਦ ਤੋਂ ਛੁਟਕਾਰਾ ਵੀ ਪ੍ਰਾਪਤ ਕਰ ਸਕਣਗੇ। ਛੁਟਕਾਰਾ ਨਹੀਂ ਪ੍ਰਾਪਤ ਕਰਨਗੇ ਤਾਂ ਇਨ੍ਹਾਂ
ਦਾ ਭਵਿੱਖ ਕਿਵੇਂ ਚੰਗਾ ਹੋ ਸਕੇਗਾ? ਇਹ 21ਵੀਂ ਸਦੀ ਦਾ ਧਰਮ ਕਿਵੇਂ ਬਣ ਸਕੇਗਾ? ਇਹ ਪੁਜਾਰੀਵਾਦ
ਤੋਂ ਛੁਟਕਾਰਾ ਪ੍ਰਾਪਤ ਕਰ ਚੁੱਕੇ ਦੂਜੇ ਧਰਮਾਂ ਸਾਹਮਣੇ ਧੌਣ ਸਿੱਧੀ ਕਰ ਕੇ ਕਿਵੇਂ ਖੜਾ ਹੋ
ਸਕੇਗਾ? ਕਲ ਅਸੀ ਇਸੇ ਥਾਂ, ਨਾਨਕਸ਼ਾਹੀ ਕੈਲੰਡਰ ਦੀ ਗੱਲ ਨੂੰ ਲੈ ਕੇ, ਅਗਲੀ ਚਰਚਾ ਕਰਾਂਗੇ।
(ਚਲਦਾ)
10/03/15)
ਜਗਪਾਲ ਸਿੰਘ
ਪੰਥ
ਹਜਾਰ ਹੋ, ਪੰਥ ਹਜਾਰ ਹੋ ................
ਖੁਲੇ ਅਸਮਾਨ ਦੇ ਥਲੇ ਪੁਰਾਤਨ ਪੰਜਾਬ ਦੇ ਇੱਕ ਸ਼ਹਿਰ ਵਿੱਚ ਉਸ ਸ਼ਹਿਰ ਦੇ ਇੱਕ ਸ਼ਾਹੀ
ਮਹੱਲ ਦੇ ਅੱਗੇ ਬਹੁਤ ਸਾਰੇ ਲੋਕਾਂ ਦਾ ਇੱਕਠ ਹੈ | ਜਿਸ ਇੱਕਠ ਦੀ ਗਿਣਤੀ ਹਜਾਰਾਂ ਵਿੱਚ ਨਹੀ
ਲੱਖਾਂ ਵਿੱਚ ਹੈ | ਉਸ ਮਹੱਲ ਦੇ ਅੱਗੇ ਖੜੇ ਲੋਕ ਇੱਕ ਧਰਮ ਨਾਲ ਸੰਬਧ ਰਖਦੇ ਹਨ | ਪਰ, ਦੇਖਣ ਨੂੰ
ਨਹੀ ਲਗਦਾ ਇਹ ਲੋਕ ਧਰਮੀ ਜਾਂ ਆਪਣੇ ਧਰਮ ਦੇ ਪ੍ਰਤੀ ਵਫ਼ਾਦਾਰ ਹੋ ਸਕਦੇ ਹਨ | ਅੱਜ ਇਸ ਸ਼ਾਹੀ ਮਹੱਲ
ਅੱਗੇ ਇੱਕ ਬਹੁਤ ਹੀ ਮਹੱਤਵ ਪੂਰਨ ਮੁਕਦਮੇ ਦੀ ਸੁਣਵਾਈ ਹੋਣੀ ਹੈ | ਇਸ ਕਾਰਵਾਈ ਦੇ ਅੰਤਮ ਫੈਸਲਾ
ਨੂੰ ਜਿਸ ਜੱਜ ਨੇ ਸੁਣਾਉਣਾ ਹੈ | ਉਸ ਦੇ ਬੈਠਣ ਲਈ ਜੋ ਕੁਰਸੀ ਤੇ ਉਸ ਕੁਰਸੀ ਦੇ ਅੱਗੇ ਮੇਜ ਪਿਆ
ਉਹ ਕਹਿਣ ਤੋ ਪਰੇ ਹੈ | ਖਬੇ ਪਾਸੇ ਬਹੁਤ ਸਾਰੀਆਂ ਕੁਰਸੀਆਂ ਪਈਆਂ ਹਨ,ਜਿੰਨਾ ਵਿੱਚ ਪਹਿਲੀ ਕਤਾਰ
ਦੀਆਂ ਕੁਰਸੀਆਂ ਇਸ ਤਰ੍ਹਾਂ ਸਨ ਜਿਵੇ ਰਾਜਿਆ ਮਹਾਰਾਜਿਆ ਨੇ ਆ ਕੇ ਬੈਠਣਾ ਹੋਵੇ | ਉਸ ਦੇ ਮਗਰ ਆਮ
ਕੁਰਸੀਆਂ ਸਨ |
ਉਥੇ ਪੰਜ ਦਰਬਾਨ ਖੜੇ ਨੇ ਦੋ ਕੁਰਸੀ ਦੇ ਮਗਰ ਤੇ ਤਿੰਨ ਮੇਜ ਦੇ ਸੱਜੇ ਪਾਸੇ ਬੈਠੇ ਹੋਏ ਹਨ | ਉਥੇ
ਹਜਾਰ ਲੋਕਾਂ ਦੇ ਚਹਿਰੇ ਤੇ ਕੋਈ ਡਰ ਭੈ ਨਹੀ,ਉਹ ਲੋਕ ਤਾਂ ਇਸ ਤਰ੍ਹਾਂ ਇਕਠੇ ਹੋਏ ਹਨ, ਜਿਵੇ ਕਿਸੇ
ਮੇਲੇ ਤੇ ਆਏ ਹੋਣ | ਕੁਰਸੀ ਕੋਲ ਖੜੇ ਦਰਬਾਨ ਨੇ ਬੜੀ ਉਚੀ ਆਵਾਜ ਵਿੱਚ ਕਹਿਆ ਹੋਸ਼ਿਆਰ ਖਬਰਦਾਰ
ਮਹਾਰਾਜਿਆ ਦੇ ਮਹਾਰਾਜ ਦੋ ਜਹਾਨ ਦੇ ਵਾਲੀ ਆ ਰਹੇ ਹਨ | ਪਰ ਥਲੇ ਖੜੇ ਲੋਕਾਂ ਨੇ ਕੋਈ ਸਤਕਾਰ ਅਦਬ
ਨਹੀ ਦਿਖਾਇਆ ਬੱਸ ਆਪਣੀ ਕਾਵਾਂ ਰੋਲੀ ਪਾਈ ਹੋਈ ਹੈ |ਇੰਨ ਦੇਰ ਵਿੱਚ ਇੱਕ ਬਜ਼ੁਰਗ ਜਿਸ ਦਾ ਨੂਰਾਨੀ
ਚਿਹਰਾ ਦੁਧ ਨਾਲੋ ਚਿੱਟਾ ਲੰਬਾ ਦਾੜਾ ਸਿਰ ਤੇ ਨੀਲੀ ਦਸਤਾਰ ਨੀਲਾ ਸ਼ਾਹੀ ਲਿਬਾਸਾ ਨੂੰ ਮਾਤ
ਪਾਉਂਦਾ ਲਿਬਾਸ ਆ ਕੇ ਉਸ ਕੁਰਸੀ ਤੇ ਬੈਠ ਗਿਆ |
ਉਸ ਰੱਬ ਰੂਪ ਬਜੁਰਗ ਨੇ ਕਾਰਵਾਈ ਸ਼ੁਰੂ ਕਰਨ ਦਾ ਆਦੇਸ਼ ਦਿੱਤਾ, ਪਰ ਕਿਸੇ ਨੇ ਉਸ ਆਦੇਸ਼ ਵੱਲ ਕੋਈ
ਧਿਆਨ ਨਾ ਦਿੱਤਾ ਤਾਂ ਉਸ ਰੱਬ ਰੂਪੀ ਜੱਜ ਨੇ ਆਪਣੇ ਕੋਮਲ ਹੱਥਾਂ ਨਾਲ ਮੇਜ ਤੇ ਪਈ ਹਥੋੜੀ ਨੂੰ ਏਨੇ
ਜੋਰ ਨਾਲ ਮਰਿਆ ਮਾਨੋ ਇੱਕ ਪਲ ਲਈ ਤਾਂ ਇੰਝ ਲੱਗਾ ਜਿਵੇ ਧਰਤੀ ਪਾਟ ਗਈ ਹੋਏ ਤੇ ਅਸਮਾਨ ਹਿਲ ਗਿਆ
ਹੋਵੇ | ਇੰਨੀ ਕਰਵਾਉਣ ਤੋ ਮਗਰੋ ਲੋਕਾਂ ਨੇ ਕਰਵਾਈ ਵੱਲ ਧਿਆਨ ਹੋਇਆ ਤੇ ਸਾਰੇ ਇੱਕ ਕਤਾਰ ਬਣਾ ਕੇ
ਆਉਣ ਲੱਗੇ | ਮੇਜ ਦੇ ਸੱਜੇ ਪਾਸੇ ਖੜੇ ਦਰਬਾਨ ਨੇ ਕਾਰਵਾਈ ਸ਼ੁਰੂ ਕਰਨ ਦਾ ਹੁਕਮ ਮੰਨ ਕੇ ਉਚੀ ਉਚੀ
ਤਿੰਨ ਵਾਰ ਕਹਿਆ “ਪੰਥ ਹਾਜਰ ਹੋ,ਪੰਥ ਹਜਾਰ ਹੋ” ਤਾਂ ਇਹ ਆਵਾਜ ਸੁਨ ਕੇ ਇੱਕ ਬਜੁਰਗ ਉਮਰ ਕੋਈ
੮੦-੮੫ ਸਾਲ ਦੇ ਕਰੀਬ ਇੱਕ ਨੌਜੁਆਨ ਦਾ ਹੱਥ ਫੜ ਕੇ ਤੁਰਿਆ ਆਵੇ ਤਾਂ ਉਸ ਨੂੰ ਪੁਛਿਆ ਗਿਆ ਕੀ ਤੂੰ
ਪੰਥ ਹੈ ? ਤਾਂ ਉਸ ਨੇ ਬੜਾ ਢੀਠ ਜਹਿਆ ਹੋ ਕੇ ਕਹਿਆ ਜੀ ਇਸ ਬਾਰੇ ਮੈਨੂੰ ਕੁਝ ਨਹੀ ਪਤਾ ਮੈਂ ਤਾਂ
ਜੀ ਪੰਜਾਬ ਦਾ ਮੁਖ ਮੰਤਰੀ ਹਾਂ | ਉਸ ਨੂੰ ਇੱਕ ਪਾਸੇ ਬੈਠਣ ਦਾ ਹੁਕਮ ਕਰ ਦਿੱਤਾ | ਉਸ ਦੇ ਮਗਰ
ਇੱਕ ਹੋਰ ਤੁਰਿਆ ਆਵੇ ਜੱਜ ਦੇ ਮੇਜ ਤੇ ਕੁਰਸੀ ਨੂੰ ਦੇਖ ਕੇ ਕਹਿਣ ਲੱਗਾ ਅਸੀਂ ਵੀ ਆਪਣੇ ਰਾਜ ਵਿੱਚ
ਇਸ ਤਰ੍ਹਾਂ ਦਾ ਮੇਜ ਤੇ ਕੁਰਸੀ ਬਣਾਵਾਂਗੇ | ਦਰਬਾਨ ਉਸ ਦੀ ਇਹ ਗੱਲ ਸੁਨ ਕੇ ਕਹਿਣ ਲੱਗਾ ਤੇਰੇ
ਸਾਨੂੰ ਪਤਾ ਤੂੰ ਸੁਖਾ ਗੱਪੀ ਏ ਤੇਰੀ ਲੋੜ ਨਹੀ ਤੂੰ ਦਫ਼ਾ ਹੋ ਇਥੋ |
ਉਸ ਤੋ ਅਗਲੇ ਨੂੰ ਪੁਛਿਆ ਕੀ ਤੂੰ ਪੰਥ ਹੈ ? ਤਾਂ ਉਹ ਕਹਿੰਦਾ ਜੀ ਮੈਂ ਤਾਂ ਸ੍ਰੋਮਣੀ ਕਮੇਟੀ ਦਾ
ਪ੍ਰਧਾਨ ਹੈ | ਮੈਨੂੰ ਨਹੀ ਪਤਾ ਪੰਥ ਕੀ ਚੀਜ ਹੈ | ਫਿਰ ਅਗਲੇ ਛੇ ਜਾਣੇ ਆਏ ਤਾਂ ਉਹਨਾਂ ਨੂੰ
ਪੁਛਿਆ ਕੀ ਤੁਸੀਂ ਪੰਥ ਹੋ ? ਨਹੀ ਜੀ ਅਸੀਂ ਤਾਂ ਪੰਥ ਦੇ ਜਥੇਦਾਰ ਹਾਂ , ਦਰਬਾਨ ਕਹਿਣਾ ਲੱਗਾ ਤਾਂ
ਪੰਥ ਕਿਥੇ ਹੈ ? ਜਥੇਦਾਰ ਕਹਿਣ ਲੱਗੇ ਜੀ ਉਸ ਬਾਰੇ ਸਾਨੂੰ ਕੋਈ ਪਤਾ ਨਹੀ,ਕਿ ਪੰਥ ਕਿਥੇ ਹੈ |
ਸੁਆਲ ਜੁਆਬ ਤੋ ਮਗਰੋ ਸਭ ਨੂੰ ਬੈਠਣ ਦਾ ਹੁਕਮ ਸੀ | ਉਸ ਤੋ ਅਗਲਾ ਚੰਗੇ ਪਲੇ ਝੋਟੇ ਵਰਗਾ ਮਗਰ ਉਸ
ਦੇ ਪੰਜ ਸੱਤ ਮੁੰਡੇ, ਹਾਂ ਭਾਈ ਕੀ ਤੂੰ ਪੰਥ ਹੈ ? ਨਹੀ ਜੀ ਮੈਂ ਤਾਂ ਟਕਸਾਲ ਦਾ ਮੁਖੀ ਧੁਮਾਂ ਹਾਂ
| ਉਸ ਤੋ ਮਗਰੋ ਵਾਜੇ ਦਾ ਧੂਆਂ ਕਢ ਦੇ ਆਉਣ ਤੇ ਨਾਲੇ ਉਚੀ ਉਚੀ ਵਾਹਿਗੁਰੂ ਵਾਹਿਗੁਰੂ ਕਹਿੰਦੇ
ਕਮਲਿਆ ਵਾਂਗ ਸਿਰ ਹਲਾਉਂਦੇ ਆਉਣ | ਹਾਂ ਭਾਈ ਕੀ ਤੁਸੀਂ ਪੰਥ ਹੋ ? ਨਹੀ ਜੀ ਅਖੰਡ ਕੀਰਤਨੀ ਜੱਥਾ |
ਫਿਰ ਵਾਰੀ ਆਈ ਚਿੱਟੇ ਚੋਲੇ ਤੇ ਹੱਥਾਂ ਵਿੱਚ ਮਾਲਾਵਾਂ ਫੜੀਆਂ ਹੋਈਆਂ ਹਨ ? ਦਰਬਾਨ ਪੁਛਦਾ ਕੀ
ਤੁਸੀਂ ਪੰਥ ਹੋ ? ਨਹੀ ਜੀ ਆਈ ਪੰਥ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਵਾਲਾ ਸਾਧ ਲਾਣਾ | ਫਿਰ ਵਾਰੀ
ਆਉਂਦੀ ਤਿਆਰ ਬਰ ਤਿਆਰ ਸਿੰਘ ਲੱਗਣ ਵਾਲਿਆ ਦੀ,ਦਰਬਾਨ ਪੁਛਦਾ ਹਾਂ ਭਾਈ ਕੀ ਤੁਸੀਂ ਪੰਥ ਹੋ ? ਨਹੀ
ਜੀ ਅਸੀਂ ਤਾਂ ਸੁਖਾਂ ਪੀਣ ਵਾਲੇ ਨਕਲੀ ਨਹਿੰਗ ਹਾਂ | ਅਗਲਿਆ ਦੀ ਵਾਰੀ ਆਈ ਤਾਂ ਦਰਬਾਨ ਨੇ ਪੁਛਿਆ
ਕੀ ਤੁਸੀਂ ਪੰਥ ਹੋ ? ਨਹੀ ਜੀ ਅਸੀਂ ਪੰਥ ਦੇ ਮਹਾਂਨ ਸ਼ਹੀਦ ਬਾਬਾ ਜਰਨੈਲ ਸਿੰਘ ਦੀ ਸ਼ਹੀਦੀ ਨੂੰ ਝੂਠ
ਬੋਲ ਕੇ ਮਿੱਟੀ ਵਿੱਚ ਰੋਲਣ ਵਾਲੇ ਟਕਸਾਲੀ ਹਾਂ | ਫਿਰ ਉਹਨਾਂ ਤੋ ਬਾਅਦ ਵਿੱਚ ਕੁਝ ਲੋਕ ਕਹਿੰਦੇ
ਆਉਣ ਬੋਲੋ ਭਾਈ ਵਾਹਿਗੁਰੂ ਦਰਬਾਨ ਕਹਿੰਦਾ ਤੁਸੀਂ ਪੰਥ ਹੋ ? ਨਹੀ ਜੀ ਅਸੀਂ ਪੰਥ ਦੀਆਂ ਦਿੱਤੀਆਂ
ਰੋਟੀਆਂ ਨੂੰ ਖਾ ਕੇ ਤੇ ਪੰਥ ਨੂੰ ਗੁਮਰਾਹ ਕਰਨ ਵਾਲੇ ਮਨਮੱਤ ਦੀ ਕਥਾ ਕਰਨਵਾਲੇ ਪ੍ਰਚਾਰਕ ਹਾਂ ਜੀ
|
ਕੁਝ ਲੋਕ ਜਿੰਨਾ ਦੇ ਚੰਗੀਆਂ ਪੋਚ ਕੇ ਪੱਗਾਂ ਬੰਨੀਆਂ ਦਰਬਾਨ ਉਹਨਾਂ ਨੂੰ ਪੁਛਦਾ ਭਾਈ ਤੁਸੀਂ ਪੰਥ
ਹੋ ? ਨਹੀ ਜੀ ਅਸੀਂ ਮਿਸ਼ਨਰੀ ਪ੍ਰਚਾਰਕ ਹਾਂ | ਕੁਝ ਲੋਕ ਨਚਦੇ ਟੱਪਦੇ ਆਉਂਦੇ ਤਾਂ ਦਰਬਾਨ ਉਹਨਾਂ
ਨੂੰ ਪੁਛਦਾ ਹਾਂ ਭਾਈ ਕੀ ਤੁਸੀਂ ਪੰਥ ਹੋ ? ਨਹੀ ਜੀ ਅਸੀਂ ਜਨਮੇ ਤਾਂ ਪੰਥ ਦੇ ਘਰ ਹੀ ਹਾਂ,ਪਰ
ਸਾਡਾ ਕੰਮ ਤਾਂ ਗੰਦੇ ਗਾਣੇ ਗਾਉਣਾ ਤੇ ਲਚਰਤਾ ਫੇਲਾਉਣਾ ਹੈ | ਭਾਵ ਅਸੀਂ ਤਾਂ ਗਾਉਣ ਵਾਲੇ ਹਾਂ |
ਫਿਰ ਵਾਰੀ ਆਉਂਦੀ ਚਿੱਟੀਆਂ ਗੋਲ ਪੱਗਾਂ ਤੇ ਭੀੜੀ ਪਜਾਮੀ ਵਾਲੇਆਂ ਦੀ ਦਰਬਾਨ ਪੁਛਦਾ ਕੀ ਭਾਈ
ਤੁਸੀਂ ਪੰਥ ਹੋ ? ਨਹੀ ਜੀ ਅਸੀਂ ਤਾਂ ਸਤਿਗੁਰੂ ਹਾਂ ਜੀ ਭਾਵ ਕੂਕੇ | ਉਸ ਤੋ ਬਾਅਦ ਇੱਕ ਜੋਕਰ
ਜਿਹਾ ਆਉਂਦਾ ਦਰਬਾਨ ਪੁਛਦਾ ਹਾਂ ਭਾਈ ਕੀ ਤੂੰ ਪੰਥ ਹੈ ? ਜੰਮਿਆ ਤਾਂ ਸਿੱਖਾਂ ਦੇ ਘਰ ਹੀ ਹਾਂ, ਪਰ
ਇਸ ਵੇਲੇ ਹਾਂ ਸਿੱਖੀ ਦਾ ਸਭ ਤੋ ਵੱਡਾ ਦੁਸ਼ਮਨ ਮੈਨੂੰ ਲੋਕ ਸਿਰਸੇ ਵਾਲਾ ਭੰਡ ਕਹਿੰਦੇ ਆ |
ਉਸ ਤੋ ਬਾਅਦ ਇੱਕ ਹੋਰ ਬੜੇ ਠੰਡੇ ਜਿਹੇ ਮਤੇ ਨਾਲ ਆਉਂਦਾ ਜਿਵੇ ਕੇਂਸਰ ਦੀ ਬਿਮਾਰੀ ਦਾ ਸ਼ਿਕਾਰ
ਹੋਵੇ ਦਰਬਾਨ ਹਾਂ ਭਾਈ ਤੂੰ ਕੌਣ ਏ ? ਜੀ ਮੈਂ ਰਾਧਾ ਸੁਆਮੀ | ਫਿਰ ਉਸ ਦੀ ਵਾਰੀ ਆਈ ਜਿਸ ਕਰਕੇ
ਪੰਜਾਬ ਵਿੱਚ ੧੯੭੮ ਤੋ ਲੇਕੇ ੧੯੯੩ ਤੱਕ ਅੱਗ ਮਚੀ, ਦਰਬਾਨ ਹਾਂ ਭਾਈ ਕੀ ਤੂੰ ਪੰਥ ਹੈ ? ਨਹੀ ਜੀ
ਮੈਂ ਤਾਂ ਨਿਰੰਕਾਰੀ ਹਾਂ | ਫਿਰ ਕੁਝ ਲੋਕ ਬੜੇ ਦੇਖਣ ਨੂੰ ਵਿਦਵਾਨ ਤੇ ਉਚੀ ਸੋਚ ਦੇ ਮਾਲਕ ਲੱਗਣ
ਵਾਲੇ ਆਉਂਦੇ ਹਨ | ਦਰਬਾਨ ਉਹਨਾਂ ਨੂੰ ਪੁਛਦਾ ਹਾਂ ਭਾਈ ਕੀ ਤੁਸੀਂ ਪੰਥ ਹੋ ? ਨਹੀ ਜੀ ਅਸੀਂ ਤਾਂ
ਪੰਥਕ ਵਿਦਵਾਨ ਹਾਂ ,ਦਰਬਾਨ ਤਾਂ ਫਿਰ ਪੰਥ ਕਿਥੇ ਹੈ ? ਜੀ ਉਸ ਬਾਰੇ ਸਾਨੂੰ ਕੁਝ ਨਹੀ ਪਤਾ | ਫਿਰ
ਵਾਰੀ ਕੁਝ ਹੋਰ ਲੋਕਾਂ ਦੀ ਆਉਂਦੀ ਜਿੰਨਾ ਦੇ ਹੱਥ ਕੁਝ ਕਿਤਾਬਾਂ ਫੜੀਆਂ ਹੋਈਆਂ ਤੇ ਉਚੀ ਉਚੀ ਇੱਕ
ਦੂਜੇ ਨਾਲ ਜਿਦ ਬਾਜੀ ਕਰਦੇ ਆਉਂਦੇ ਹਨ | ਦਰਬਾਨ ਪੁਛਦਾ ਹਾਂ ਭਾਈ ਕੀ ਤੁਸੀਂ ਪੰਥ ਹੋ ? ਨਹੀ ਜੀ
ਅਸੀਂ ਤਾਂ ਬਚਿੱਤਰ ਨਾਟਕ ਤੇ ਰਾਗ ਮਾਲਾ ਦੇ ਵਿਰੋਧੀ ਹਾਂ | ਉਹਨਾਂ ਦੇ ਨਾਲ ਜਿਦ ਬਾਜੀ ਕਰਨ ਵਾਲਿਆ
ਨੂੰ ਪੁਛਦਾ ਹਾਂ ਭਾਈ ਕੀ ਤੁਸੀਂ ਪੰਥ ਹੋ ? ਨਹੀ ਜੀ ਅਸੀਂ ਤਾਂ ਦਸਮ ਪਿਤਾ ਦੀ ਰਚਨਾ ਦਸਮ ਗਰੰਥ ਤੇ
ਰਾਗ ਮਾਲਾ ਦੇ ਹੱਕ ਵਾਲੇ ਹਾਂ |
ਫਿਰ ਇੱਕ ਵੱਡੀ ਸਾਰੀ ਭੀੜ ਆਉਂਦੀ ਹੈ | ਦਰਬਾਨ ਦੇ ਚਿਹਰੇ ਤੇ ਜਿਵੇ ਖੁਸ਼ੀ ਦੀ ਲਹਿਰ ਦੋੜ ਜਾਂਦੀ
ਹੈ | ਹੁਣ ਤੱਕ ਸਭ ਨੂੰ ਪੁਛ ਪੁਛ ਕੇ ਦਰਬਾਨ ਬਹੁਤ ਚਿੜ ਚੁਕਾ ਸੀ, ਉਸ ਭੀੜ ਵੱਲ ਦੇਖ ਕੇ ਦਰਬਾਨ
ਦੇ ਸਾਹਾ ਵਿੱਚ ਸਾਹ ਪੈ ਗਏ,ਕਿ, ਹੁਣ ਪੰਥ ਆ ਗਿਆ ਇਹ ਹੀ ਪੰਥ ਹੈ | ਦਰਬਾਨ ਬੜੀ ਖੁਸ਼ੀ ਨਾਲ ਪੁਛਦਾ
ਹਾਂ ਭਾਈ ਤੁਸੀਂ ਤਾਂ ਪੰਥ ਹੀ ਹੋ ? ਇੱਕ ਸਾਰ ਸਾਰਿਆ ਦੀ ਆਵਾਜ ਆਉਂਦੀ ਹੈ, ਨਹੀ ਜੀ ਅਸੀਂ ਤਾਂ
ਮੜੀਆਂ,ਮਸਾਨ,ਜਠੇਰੇ, ਵਹਿਮ ਭਰਮ,ਦਿਲਾਂ ਵਿੱਚ ਨਫਰਤ, ਸਾਧਾਂ ਨੂੰ ਮੰਨਨ ਵਾਲੇ ਲੋਕ ਹਾਂ, ਆ ਪੰਥ
ਕੀ ਸ਼ੈ ਆ ਸਾਨੂੰ ਨਹੀ ਪਤਾ ਜੀ | ਇਹਨਾਂ ਸੁਨ ਦਰਬਾਨ ਦੇ ਪੈਰਾਂ ਥਲੋ ਜਮੀਨ ਨਿਕਲ ਗਈ ਤੇ ਗੁਸੇ ਨਾਲ
ਪਾਗਲ ਹੋਣ ਤੱਕ ਗਿਆ | ਗੁਸੇ ਨਾਲ ਕਹਿੰਦਾ ਜਾਵੋ ਮਰੋ ਪਰੇ ਬਹਿ ਜਾਵੋ ਪਰੇ ਹੋ ਕੇ |
ਫਿਰ ਵਾਰੀ ਉਹਨਾਂ ਲੋਕਾਂ ਦੀ ਆਈ ਜਿਹਨਾ ਬਾਰੇ ਕਹਿ ਸਕਦੇ ਹਾਂ ਲੂਣ ਹਰਾਮੀ | ਦਰਬਾਨ ਕਹਿੰਦਾ ਹਾਂ
ਭਾਈ ਕੀ ਤੁਸੀਂ ਪੰਥ ਹੋ ? ਨਹੀ ਜੀ ਸਾਡਾ ਪੰਥ ਨਾਲ ਕੋਈ ਲਾਕਾ ਦੇਕਾ ਨਹੀ ਅਸੀਂ ਤਾਂ ਬੱਸ
ਗੁਰਦਵਾਰੇ ਲੰਗਰ ਖਾਨੇ ਤੇ ਉਸ ਨੂੰ ਭੰਡਦੇ ਭਾਵ ਲੋਕ ਸਾਨੂੰ ਕਾਮਰੇਡ ਤੇ ਨਾਸਿਤਕ ਕਹਿੰਦੇ ਹਨ |
ਇਹਨਾਂ ਦੇ ਮਗਰ ਕੁਝ ਉਹ ਲੋਕ ਆਏ ਜਿੰਨਾ ਦੇ ਹੱਥਾਂ ਵਿੱਚ ਵੱਡੀਆਂ ਵੱਡੀਆਂ ਲੋਹੇ ਦੀਆਂ ਪੇਟੀਆਂ
ਫੜੀਆਂ ਹੋਈਆਂ ਸਨ, ਜਿੰਨਾ ਤੇ ਲਿਖਿਆ ਹੋਇਆ ਸੀ, ਗੁਰੂ ਕੀ ਗੋਲਕ | ਦਰਬਾਨ ਉਹਨਾਂ ਨੂੰ ਪੁਛਦਾ ਭਾਈ
ਕੀ ਤੁਸੀਂ ਪੰਥ ਹੋ ? ਨਹੀ ਜੀ ਅਸੀਂ ਤਾਂ ਗੋਲਕ ਲਈ ਜੁਤੀਓ ਜੁਤੀ ਹੋਣ ਵਾਲੇ ਤੇ ਗੋਲਕ ਦੀ ਦੁਰਵਰਤੋ
ਕਰਨ ਵਾਲੇ ਹਾਂ, ਅਸੀਂ ਤਾਂ ਗੁਰਦਵਾਰਿਆਂ ਦੇ ਪ੍ਰਧਾਨ ਤੇ ਕਮੇਟੀਆਂ ਹਾਂ |
ਫਿਰ ਕੁਝ ਲੋਕ ਬੜੇ ਤਿਆਰ ਸ਼ਿਆਰ ਹੋ ਕੇ ਕੁਝ ਕ ਸਿਰਾਂ ਤੋ ਮੋਨੇ ਤੇ ਕੁਝ ਪੱਗਾਂ ਵਾਲੇ ਲੋਕ ਆਉਂਦੇ
ਹਨ | ਦਰਬਾਨ ਉਹਨਾਂ ਨੂੰ ਕਹਿੰਦਾ ਭਾਈ ਤੁਸੀਂ ਤਾਂ ਜਰੂਰ ਪੰਥ ਹੋਵੋਗੇ ? ਨਹੀ ਜੀ ਅਸੀਂ ਵਿਦੇਸ਼ੀ
ਸਿੱਖ ਜਥੇਬੰਦੀਆਂ ਹਾਂ | ਦਰਬਾਨ ਵਿਚਾਰ ਫਿਰ ਚੁਪ | ਫਿਰ ਕੁਝ ਲੋਕ ਬੜੇ ਸੋਹਣੇ ਤੇ ਰੰਗ ਬਰੰਗੇ
ਆਪਣੇ ਆਪ ਵਿੱਚ ਮਸਤ ਸਾਰਿਆਂ ਦਾ ਆਪਣੇ ਹੱਥਾਂ ਵਿੱਚ ਫੜੇ ਫੋਨਾ ਵੱਲ ਧਿਆਨ, ਦਰਬਾਨ ਹਾਂ ਜੀ ਕੀ
ਤੁਸੀਂ ਪੰਥ ਹੋ ? ਨਹੀ ਜੀ ਅਸੀਂ ਤਾਂ ਬੂਥਾ ਪੋਥੀ { ਫੇਸਬੁਕ } ਵਾਲੇ ਹਾਂ, ਸਾਡਾ ਕੰਮ ਤਾਂ ਅੱਗ
ਲਾਕੇ ਡੱਬੂ ਕੰਧ ਤੇ | ਫਿਰ ਕੁਝ ਬੀਬੀਆਂ ਆਈਆਂ ਦਰਬਾਨ ਹਾਂ ਭਾਈ ਕੀ ਤੁਸੀਂ ਪੰਥ ਹੋ ? ਨਾ ਜੀ ਆਹ
ਕੋਈ ਉਮਰ ਆ ਪੰਥਕ ਅਖਵਾਉਣ ਦੀ ਸਾਡਾ ਤਾਂ ਹਾਲੇ ਫੇਸ਼ਨ ਕਰਨ ਦਾ ਸਮਾਂ | ਉਹਨਾਂ ਦੇ ਮਗਰ ਹੀ ਕੁਝ
ਨੌਜੁਆਨ ਮੁੰਡੇ ਆਉਂਦੇ,ਦਰਬਾਨ ਹਾਂ ਵੀ ਮੁੰਡਿਓ ਕੀ ਤੁਸੀਂ ਪੰਥ ਹੋ ? ਜਿਵੇ ਮੱਝ ਮਖੀਆਂ ਉਡਾਉਣ ਲਈ
ਸਿਰ ਹਿਲਾਉਂਦੀ ਇਸ ਤਰ੍ਹਾਂ ਸਿਰ ਹਿਲਾ ਕੇ ਲੰਘ ਗਏ ਕੋਈ ਜੁਅਬ ਨਹੀ ਦਿੱਤਾ |
ਕੁਝ ਲੋਕ ਉਚੀ ਉਚੀ ਰੋਲਾ ਪਾਉਂਦੇ ਹੋਏ ਆਉਂਦੇ ਹਨ, ਦਰਬਾਨ ਭਾਈ ਤੁਸੀਂ ਪੰਥ ਹੋ ? ਉਹ ਕਿਹੜਾ ਪੰਥ
ਪੈਗ ਲਾਉਣਾ ਤਾਂ ਗੱਲ ਕਰ | ਫਿਰ ਕੁਝ ਲੋਕ ਇੱਕ ਦੂਜੇ ਨਾਲ ਜਿਦ ਬਾਜੀ ਕਰਦੇ ਹੋਏ ਆਉਂਦੇ ਹਨ, ਕੁਝ
ਨੇ ਆਪਣੇ ਹੱਥਾਂ ਵਿੱਚ ਥਾਲ ਫੜੇ ਹੋਏ ਤੇ ਕੁਝ ਖਾਹ ਰਹੇ ਤੇ ਕੁਝ ਲੋਕ ਉਹਨਾ ਦਾ ਵਿਰੋਧ ਕਰਦੇ ਹੋਏ
ਆਉਂਦੇ ਹਨ | ਦਰਬਾਨ ਭਾਈ ਜੀ ਕੀ ਤੁਸੀਂ ਪੰਥ ਹੋ ? ਉਹ ਭਰਾਵਾ ਕਹਿੜਾ ਪੰਥ ਸਾਡਾ ਇਥੇ ਮੀਟ ਪਿਛੇ
ਮਾਰਨ ਮਰਾਉਣ ਹੋਇਆ ਪਿਆ ਭਾਲਦਾ ਪੰਥ | ਇਹਨਾਂ ਦੇ ਮਗਰ ਕੁਝ ਲੋਕ ਉਚੀ ਉਚੀ ਨਾਹਰੇ ਲਾਉਂਦੇ ਆ ਰਹੇ
ਨੇ, ਦਰਬਾਨ ਉਹਨਾਂ ਦੇ ਮੁਖੀ ਨੂੰ ਪੁਛਦਾ ਭਾਈ ਕੀ ਤੁਸੀਂ ਪੰਥ ਹੋ ? ਦਰਬਾਨ ਹਾਲੇ ਇੰਨਾ ਬੋਲ ਕੇ
ਹੀ ਹਟਦਾ ਉਹਨਾਂ ਦਾ ਮੁਖੀ ਆਪਣੀ ਬਾਂਹ ਹਵਾ ਵਿੱਚ ਉਲਾਰ ਕੇ ਕਹਿੰਦਾ ਸਾਡਾ ਨਿਸ਼ਾਨਾਂ ਖਲਿਸਤਾਨ
ਜਿੰਦਾਬਾਦ ਖਾਲਿਸਤਾਨ ਜਿੰਦਾਬਾਦ |
ਫਿਰ ਕੁਝ ਲੋਕ ਆਉਂਦੇ ਨੇ ਜੋ ਬੜੇ ਥੱਕੇ ਹਾਰੇ, ਸਿਰਾਂ ਤੋ ਪੱਗਾਂ ਗਲ੍ਹਾਂ ਵਿੱਚ ਪਈਆਂ ਹੋਈਆਂ,
ਬੜੇ ਉਦਾਸ, ਧੋਣਾ ਨੀਵੀਆਂ ਕੀਤੀਆਂ ਹੋਈਆਂ ਦਰਬਾਨ ਕੋਲ ਆਉਂਦੇ ਹਨ | ਦਰਬਾਨ ਉਹਨਾਂ ਦੀ ਹਾਲਤ ਦੇਖ
ਬੋਲਦਾ ਭਾਈ ਤੁਸੀਂ ਕੌਣ ਹੋ ? ਬਿਨਾ ਕੁਝ ਬੋਲਿਆ ਅੱਖਾਂ ਤੋ ਨੀਰ ਵਹਿ ਤੁਰਦਾ ਬੜੀ ਮਰੀ ਹੋਈ ਆਵਾਜ
ਵਿੱਚ ਕਹਿਣ ਲੱਗੇ ਭਾਈ ਅਸੀਂ ਪੰਥ ਹਾਂ |ਇਹ ਸੁਨ ਦਰਬਾਨ ਦੀਆਂ ਅੱਖਾਂ ਵਿੱਚ ਤਾਂ ਪਾਣੀ ਆ ਗਿਆ,ਪਰ
ਪਹਿਲਾਂ ਆਏ ਹੋਏ ਲੋਕ ਇਹਨਾ ਦੀ ਹਾਲਤ ਤੇ ਇਉ ਹੱਸਣ ਲੱਗੇ ਜਿਵੇ ਕਿਸੇ ਬਾਜੀਗਰ ਨੇ ਬਾਜੀ ਪਾ ਕੇ
ਲੋਕਾਂ ਦਾ ਮਨੋਰੰਜਨ ਕਰਕੇ ਲੋਕਾਂ ਨੂੰ ਹਸਾਇਆ ਹੋਵੇ | ਕੁਰਸੀ ਤੇ ਬੈਠਾ ਜੱਜ ਵੀ ਨਿਮੋਝੂਣਾ ਜਿਹਾ
ਹੋ ਗਿਆ | ਜੱਜ ਆਪਣੇ ਕੋਲ ਖੜੇ ਦਰਬਾਨ ਨੂੰ ਕਹਿਣ ਲੱਗਾ ਜਾਵੋ ਗੁਰੂ ਗੋਬਿੰਦ ਸਿੰਘ ਜੀ ਨੂੰ ਜਾਕੇ
ਬੇਨਤੀ ਕਰੋ ਕਿ ਆ ਜਾਣ | ਦਰਬਾਨ ਜੱਜ ਨੂੰ ਕਹਿੰਦਾ ਮੈਂ ਗੁਰੂ ਸਾਹਿਬ ਨੂੰ ਕੀ ਬੋਲਾ ਜੱਜ ਨੇ ਨੀਵੀ
ਪਾ ਕੇ ਕਹਿਆ ਮੈਂਨੂੰ ਨਹੀ ਪਤਾ ਕਿ ਤੂੰ ਕੀ ਕਹੇ | ਦਰਬਾਨ ਅੰਦਰ ਡਰਦਾ ਡਰਦਾ ਗਿਆ ਤੇ ਨੀਵੀ ਪਾ ਕੇ
ਗੁਰੂ ਸਾਹਿਬ ਨੂੰ ਫ਼ਤੇਹ ਬੁਲਾ ਕੇ ਕਹਿਣ ਲੱਗਾ ਗੁਰੂ ਸਾਹਿਬ ਜੀ ਆ ਕੇ ਦਰਸ਼ਨ ਦੇਵੋ | ਗੁਰੂ ਸਾਹਿਬ
ਨੇ ਮਾਤਾ ਜੀਤੋ ਜੀ ਨੂੰ ਕਹਿਆ ਤੁਸੀਂ ਵੀ ਨਾਲ ਆ ਜਾਵੋ | ਗੁਰੂ ਸਾਹਿਬ ਜਦੋ ਬਹਾਰ ਆਏ ਜੱਜ ਤੇ
ਮਗਰੋ ਆਏ ਕੁਝ ਕੋ ਲੋਕਾਂ ਨੇ ਗੁਰੂ ਸਾਹਿਬ ਨੂੰ ਫ਼ਤੇਹ ਬੁਲਾਈ ਤੇ ਉਹਨਾਂ ਤੋ ਆਸ਼ੀਰਵਾਦ ਲਿਆ,ਮਗਰ
ਬਾਕੀਆਂ ਬੈਠਿਆ ਨੂੰ ਕੋਈ ਵਸਤਾ ਨਹੀ ਕੌਣ ਆਇਆ |
ਗੁਰੂ ਸਾਹਿਬ ਆਪਣੇ ਸਿਘੰਸਨ ਤੇ ਬੇਠੇ ਤੇ ਦੂਰ ਤੱਕ ਨਜਰ ਦੋੜਾ ਕੇ ਦੇਖਿਆ ਤੇ ਜੱਜ ਨੂੰ ਸੁਆਲ ਕੀਤਾ
ਭਾਈ ਮੇਰਾ ਪੰਥ ਕਿਥੇ ਆ ਤੇ ਆਹ ਕੌਣ ਲੋਕ ਹਨ ? ਮੈਂ ਤੇ ਤੁਹਾਨੂੰ ਕਹਿਆ ਸੀ ਉਹ ਪੰਥ ਹਾਜਰ ਕਰੋ ਜੋ
ਮੈਂ ਸਾਜਿਆ ਸੀ, ਜੱਜ ਤੇ ਦਰਬਾਨ ਕੁਝ ਨਾ ਬੋਲ ਸਕੇ ਬੱਸ ਰੋ ਰਹੇ ਸਨ | ਗੁਰੂ ਸਾਹਿਬ ਕਹਿੰਦੇ ਪੁਤਰ
ਜੀ ਜੁਆਬ ਦੇਵੋ ਰੋ ਕਿਓ ਰਹੇ ਹੋ | ਨਾਲ ਹੀ ਮਾਤਾ ਜੀਤੋ ਜੀ ਗੁਰੂ ਸਾਹਿਬ ਨੂੰ ਕਹਿਣ ਲੱਗੇ ਸਚੇ
ਪਾਤਸ਼ਾਹ ਇੰਨਾ ਵਿੱਚ ਤੇ ਮੈਨੂੰ ਮੇਰਾ ਇੱਕ ਵੀ ਅਜੀਤ ਸਿੰਘ ਤੇ ਜੁਝਾਰ ਸਿੰਘ ਨਜਰ ਨਹੀ ਆ ਰਹਿਆ |
ਤੁਸਾਂ ਤੇ ਕਹਿਆ ਸੀ “
ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ||
ਚਾਰ ਮੁਏ ਤੋ ਕਿਆ ਹੁਆ , ਜੀਵਤ ਕਈ ਹਜਾਰ || ਮਾਤਾ ਜੀਤੋ ਜੀ ਤੋ ਇਹ ਦੋਹਰਾ ਸੁਣ ਕੇ,ਜਦੋ ਪਿਤਾ
ਸ਼ਹੀਦ ਹੋਇਆ, ਸਾਹਿਬਜਾਦੇ ਸ਼ਹੀਦ ਹੋਏ ,ਜਾਨ ਤੋ ਪਿਆਰੇ ਸਿੱਖ ਸ਼ਹੀਦ ਹੋਏ,ਮਾਤਾ ਸ਼ਹੀਦ ਹੋਈ,ਪੋਹ ਦੀ
ਰਾਤ ਨੂੰ ਅਨੰਦਪੁਰ ਦਾ ਕਿਲ੍ਹਾ ਛੱਡਣ ਲਗਿਆ,ਸਰਸਾ ਤੇ ਵਿਛੜਨ ਲੱਗਿਆ ,੧੪ ਜੰਗਾਂ ਕਰਨ ਲੱਗਿਆ,
ਅਨੰਦਪੁਰ ਦੇ ਕਿਲ੍ਹੇ ਵਿੱਚ ਭੂਖੇ ਰਹਿਣ ਲੱਗਿਆ ਤੇ ਹੋਰ ਵੀ ਦੁਖ ਸਹਾਰਦੇ ਹੋਇਆ ਕਦੇ ਅੱਖਾਂ ਵਿੱਚ
ਇੱਕ ਹੰਝੂ ਦੀ ਬੂੰਦ ਤੱਕ ਨਾ ਆਈ ਅੱਜ ਗੁਰੂ ਸਾਹਿਬ ਮਾਤਾ ਜੀਤੋ ਜੀ ਨੂੰ ਕੋਈ ਜੁਆਬ ਨਾ ਦੇ ਸਕੇ ਤੇ
ਅੱਖਾਂ ਭਰ ਆਈਆਂ ਤੇ ਕੁਝ ਬੋਲ ਨਾ ਸਕੇ ਤੇ ਆਪਣਾ ਸਿੰਘਸਨ ਛੱਡ ਕੇ ਅੰਦਰ ਚਲੇ ਗਏ ਤੇ ਪੰਥ ਹਾਜਰ ਨਾ
ਹੋਇਆ ਤੇ ਪੰਥ ਹਾਜਰ ਨਾ ਹੋਇਆ |
ਗੁਰੂ ਸਾਹਿਬ ਜੀ ਸਾਨੂੰ ਮੁਆਫ ਕਰ ਦਿਆ ਜੇ ਅਸੀਂ ਤੁਹਾਡੇ ਪੁਤਰ ਅਖਵਾਉਣ ਦੇ ਕਾਬਲ ਨਹੀ ਹਾਂ |
ਤੁਹਾਡਾ ਨਲਾਇਕ ਤੇ ਨਖਿਧ ਪੁਤ : ਜਗਪਾਲ ਸਿੰਘ
05/03/15)
ਜਸਵੰਤ ਸਿੰਘ ‘ਅਜੀਤ’
ਸੁਆਲ ਭਾਰਤ ਵਿੱਚ ਵਧੀ ਫਿਰਕੂ ਹਿੰਸਾ ਦਾ
ਇਨ੍ਹਾਂ ਦਿਨਾਂ ਵਿੱਚ ਹੀ ਆਈਆਂ ਖਬਰਾਂ ਅਨੁਸਾਰ ਲੰਦਨ ਵਿੱਚ ਜਾਰੀ ਕੀਤੀ ਗਈ ਸਾਲਾਨਾ ਰਿਪੋਰਟ ਵਿੱਚ
ਅੰਤ੍ਰਰਾਸ਼ਟਰੀ ਮਨੁਖੀ ਅਧਿਕਾਰਾਂ ਨਾਲ ਸੰਬੰਧਤ ਸੰਸਥਾ ‘ਐਮਨੇਸਟੀ ਇੰਟਰਨੈਸ਼ਨਲ’ ਨੇ ਕਿਹਾ ਹੈ ਕਿ
ਭਾਰਤ ਵਿੱਚ ਮਈ 2014 ਦੀਆਂ ਲੋਕਸਭਾ ਦੀਆਂ ਆਮ ਚੋਣਾਂ ਦੌਰਾਨ ਅਤੇ ਉਸਤੋਂ ਬਾਅਦ ਨਵੀਂ ਸਰਕਾਰ ਅਧੀਨ
ਫਿਰਕੂ ਹਿੰਸਾ ਵੱਧੀ ਹੈ। ਇਸ ਸੰਸਥਾ ਦੀ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ‘ਭੋਂ ਪ੍ਰਾਪਤੀ
ਬਿਲ’ (ਭੂਮੀ ਅਧਿਗ੍ਰਹਿਣ ਬਿਲ) ਨਾਲ ਹਜ਼ਾਰਾਂ ਭਾਰਤੀਆਂ ਪੁਰ ਜਬਰਨ ਬੇਦਖਲੀ ਦੀ ਤਲਵਾਰ ਲਟਕਣ ਲਗੀ
ਹੈ।
ਦਸਿਆ ਜਾਂਦਾ ਹੈ ਕਿ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਗਣਤੰਤਰ ਦਿਵਸ ਸਮਾਗਮਾਂ ਵਿੱਚ
ਹਿਸਾ ਲੈਣ ਤੋਂ ਬਾਅਦ ਵਾਪਸ ਜਾ ਰਹੇ ਸਨ ਤਾਂ ਉਨ੍ਹਾਂ ਵੀ ਚਿਤਾਵਨੀ ਦਿੱਤੀ ਸੀ ਕਿ ਭਾਰਤ ਦੀ
ਏਕਤਾ-ਅਖੰਡਤਾ ਦੀ ਰਖਿਆ ਲਈ ਦੇਸ਼ ਵੱਧ ਰਹੀ ਫਿਰਕੂ ਸੋਚ ਪੁਰ ਲਗਾਮ ਲਾਈ ਜਾਣੀ ਜ਼ਰੂਰੀ ਹੈ। ਉਸ ਸਮੇਂ
ਦੇਸ਼ ਵਿੱਚ ਕਾਫੀ ਹੰਗਾਮਾਂ ਬਰਪਾ ਹੋਇਆ ਸੀ ਤੇ ਬਰਾਕ ਓਬਾਮਾ ਨੂੰ ਇਹ ਸਲਾਹ ਤਕ ਵੀ ਦੇ ਦਿਤੀ ਗਈ ਕਿ
ਉਹ ਆਪਣਾ ਘਰ (ਦੇਸ਼) ਸੰਭਾਲਣ।
ਜਦਕਿ ਸੋਚਣ ਵਾਲੀ ਗਲ ਇਹ ਹੈ ਕਿ ਆਖਿਰ ਉਹ ਕਿਹੜੇ ਕਾਰਣ ਹਨ, ਜਿਨ੍ਹਾਂ ਕਰਕੇ ਪਹਿਲਾਂ ਬਰਾਕ ਓਬਾਮਾ
ਤੇ ਫਿਰ ਐਮਨੇਸਟੀ ਇੰਟਰਨੈਸ਼ਨਲ ਨੂੰ ਦੇਸ਼ ਵਿੱਚ ਵੱਧ ਰਹੀ ਹਿੰਸਾ ਪੁਰ ਟਿੱਪਣੀ ਕਰਨ ਤੇ ਮਜਬੂਰ ਹੋਣਾ
ਪਿਆ। ਇਨ੍ਹਾਂ ਟਿੱਪਣੀਆਂ ਪੁਰ ਸੁਆਲ ਉਠਾਣ ਵਾਲਿਆਂ ਨੂੰ ਸ਼ਾਇਦ ਇਹ ਪਤਾ ਨਹੀਂ ਕਿ ਬਰਾਕ ਓਬਾਮਾ ਦੀ
ਭਾਰਤ ਫੇਰੀ ਦੌਰਾਨ ਹੀ ਦਿੱਲੀ ਦੇ ਇੱਕ ਚਰਚ ਪੁਰ ਹਮਲਾ ਹੋਇਆ ਸੀ, ਜਿਸਨੂੰ ਚੋਰਾਂ ਦੀ ਕਾਰਵਾਈ ਕਹਿ
ਕੇ ਛੁਪਾਣ ਦੀ ਕੌਸ਼ਿਸ਼ ਕੀਤੀ ਗਈ। ਜਦਕਿ ਇਸ ਘਟਨਾ ਦੀ ਖਬਰ ਦੇ ਨਾਲ ਇਹ ਵੀ ਕਿਹਾ ਗਿਆ ਸੀ ਕਿ
‘ਦਿੱਲੀ ਵਿੱਚ ਚਰਚਾਂ ਪੁਰ ਇਹ ਪੰਜਵਾਂ ਹਮਲਾ ਹੋਇਆ ਹੈ, ਜਦਕਿ ਦਿੱਲੀ ਵਿੱਚ ਪਚਵਿੰਜਾ ਚਰਚ ਹਨ’।
ਇਸਦਾ ਮਤਲਬ ਕੀ ਕਢਿਆ ਗਿਆ ਹੋਵੇਗਾ, ਇਹ ਸਮਝਣਾ ਮੁਸ਼ਕਿਲ ਨਹੀਂ। ਜ਼ਰੂਰੀ ਹੈ ਕਿ ਭਾਰਤ ਵਿਚਲੇ
ਅਮਰੀਕੀ ਰਾਜਦੂਤ ਨੇ ਇਹ ਖਬਰ ਓਬਾਮਾ ਦੇ ਨੋਟਿਸ ਵਿੱਚ ਜ਼ਰੂਰ ਲਿਆਂਦੀ ਹੋਵੇਗੀ ਤੇ ਉਸੇ ਖਬਰ ਕਾਰਣ
ਹੀ ਓਬਾਮਾ, ਭਾਰਤ ਨੂੰ ਫਿਰਕੂ ਸੋਚ ਨੂੰ ਲਗਾਮ ਲਾਣ ਦੀ ਸਲਾਹ ਦੇਣ ਤੇ ਮਜਬੂਰ ਹੋ ਗਏ ਸਨ।
ਇਸੇ ਚਰਚਾ ਦੌਰਾਨ ਬੀਤੇ ਸਮੇਂ ਵਿੱਚ ਆਰਐਸਐਸ ਦੇ ਆਗੂਆਂ ਦੇ ਜੋ ਬਿਆਨ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ
ਬਾਰੇ ਜੋ ਖਬਰਾਂ ਆ ਰਹੀਆਂ ਹਨ, ਉਹ ਵੀ ਘਟ ਚਿੰਤਾ ਦਾ ਵਿਸ਼ਾ ਨਹੀਂ ਹਨ। ਦਸਿਆ ਗਿਆ ਹੈ ਕਿ ਬੀਤੇ
ਵਰ੍ਹੇ ਮਹਾਰਾਸ਼ਟਰਾ ਅਤੇ ਹਰਿਆਣਾ ਵਿਧਾਨ ਸਭਾਵਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ
ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਬਿਨਾ ਪਹਿਲਾਂ ਮਿਥੇ ਪ੍ਰੋਗਰਾਮ ਦੇ ਲਖਨਊ ਪੁਜੇ ਤੇ ਸਿੱਧਿਆਂ ਆਰਐਸਐਸ
ਦੇ ਸਰਸੰਘਚਾਲਕ ਮੋਹਨ ਭਾਗਵਤ ਅਤੇ ਸੰਘ ਦੇ ਦੂਸਰੇ ਰਾਸ਼ਟਰੀ ਮੁਖੀਆਂ ਨਾਲ ਜਾ ਮੁਲਾਕਾਤ ਕੀਤੀ,
ਉਨ੍ਹਾਂ ਨਾਲ ਸੰਘ ਵਲੋਂ ਭਾਜਪਾ ਵਿੱਚ ਭੇਜੇ ਗਏ ਰਾਮ ਮਾਧਵ ਵੀ ਸਨ। ਦਸਿਆ ਗਿਆ ਕਿ ਸੰਘ ਦੇ ਉੱਚ
ਨੇਤਾਵਾਂ ਨਾਲ ਅਮਿਤ ਸ਼ਾਹ ਦੀ ਇਹ ਮੁਲਾਕਾਤ, ਜੋ ਲਗਭਗ ਚਾਰ ਘੰਟੇ ਚਲੀ, ਵਿੱਚ ਸਰਕਾਰ ਅਤੇ ਸੰਘ
ਵਿੱਚਕਾਰ ਚੰਗਾ ਤਾਲਮੇਲ ਬਣਾਈ ਰਖਣ ਸਮੇਤ ਕਈ ਸਾਂਝੇ ਮੁੱਿਦਆਂ ਪੁਰ ਵਿਚਾਰ ਕੀਤੀ ਗਈ। ਇਸ ਮੁਲਾਕਾਤ
ਤੋਂ ਬਾਅਦ ਦਸਿਆ ਗਿਆ ਕਿ ਆਰਐਸਐਸ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਲਈ ਪੰਜ ਵਰ੍ਹੇ ਹੀ ਨਹੀਂ, ਸਗੋਂ
ਪੰਦ੍ਰਾਂਹ ਵਰ੍ਹੇ ਦੀ ਯੋਜਨਾ ਪੁਰ ਕੰਮ ਕਰ ਰਿਹਾ ਹੈ। ਸੰਘ ਚਾਹੁੰਦਾ ਹੈ ਕਿ ਨਰੇਂਦਰ ਮੋਦੀ
ਚੋਣ-ਦਰ-ਚੋਣ ਜਿੱਤ ਪੰਦ੍ਰਾਂਹ ਵਰ੍ਹੇ ਚੁਨੌਤੀ-ਹੀਨ ਸ਼ਾਸਨ ਕਰਨ।
ਦੇਸ਼ ਵਿੱਚ ਕੋਈ ਘਟ ਗਿਣਤੀ ਨਹੀਂ: ਇਨ੍ਹਾਂ ਦਿਨਾਂ ਵਿੱਚ ਹੀ ਇਹ ਖਬਰਾਂ ਵੀ ਆਈਆਂ ਕਿ ਸੰਘ
ਦੇ ਮੁਖੀ ਮੋਹਨ ਭਾਗਵਤ ਤੋਂ ਬਾਅਦ ਸੰਘ ਦੇ ਇੱਕ ਹੋਰ ਕੌਮੀ ਪ੍ਰਚਾਰਕ ਤੇ ਮੁਖੀ ਮਨਮੋਹਨ ਵੈਧਯਾ ਨੇ
ਇੱਕ ਪ੍ਰੈਸ ਕਾਨਫ੍ਰੰਸ ਵਿੱਚ ਕਿਹਾ ਕਿ ਭਾਰਤ ਵਿੱਚ ਕੋਈ ਘਟ-ਗਿਣਤੀ ਨਹੀਂ ਹੈ। ਕਿਸੇ ਦਾ ਧਰਮ ਜਾਤੀ
ਅਲਗ ਹੋ ਸਕਦੇ ਹਨ, ਪਰ ਭਾਰਤ ਵਿੱਚ ਰਹਿਣ ਵਾਲੇ ਸਾਰੇ ਸੰਸਕ੍ਰਿਤਕ ਰੂਪ ਵਿੱਚ ਇੱਕ ਹਨ ਅਤੇ ਹਿੰਦੂ
ਹਨ। ਇਤਨਾ ਹੀ ਨਹੀਂ ਗੋਆ ਦੇ ਸਹਿਕਾਰਤਾ ਮੰਤਰੀ ਦੀਪਕ ਧਵਲੀਕਰ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ
ਨਰੇਂਦਰ ਮੋਦੀ ਭਾਰਤ ਨੂੰ ਹਿੰਦੂ ਰਾਸ਼ਟਰ ਦੇ ਰੂਪ ਵਿੱਚ ਵਿਕਸਤ ਕਰਨਗੇ। ਉਨ੍ਹਾਂ ਚੋਣਾਂ ਵਿੱਚ
ਭਾਜਪਾ ਦੀ ਹੋਈ ਜਿੱਤ ਪੁਰ ਨਰੇਂਦਰ ਮੋਦੀ ਨੂੰ ਧੰਨਵਾਦ ਦੇਣ ਦੇ ਪ੍ਰਸਤਾਵ ਪੁਰ ਬੋਲਦਿਆਂ ਗੋਆ
ਵਿਧਾਨ ਸਭਾ ਵਿੱਚ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਹਿੰਦੂ
ਰਾਸ਼ਟਰ ਦੇ ਰੂਪ ਵਿੱਚ ਵਿਕਸਤ ਹੋਵੇਗਾ। ਮੈਂਨੂੰ ਲਗਦਾ ਹੈ ਕਿ ਪ੍ਰਧਾਨ ਮੰਤਰੀ ਇਸ ਦਸ਼ਾ ਵਿੱਚ ਕੰਮ
ਕਰਨਗੇ।
ਪਿਛਲੇ ਦਿਨੀਂ ਇਹ ਦਾਅਵਾ ਵੀ ਕੀਤਾ ਜਾਂਦਾ ਰਿਹਾ ਕਿ ਸੰਘ ਦੇ ਮੁੱਖੀਆਂ, ਮੋਹਨ ਭਾਗਵਤ, ਮਨਮੋਹਨ
ਵੈਧਯਾ ਆਦਿ ਵਲੋਂ ਹਿੰਦੂਤਵ ਨੂੰ ਲੈ ਕੇ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਭਾਜਪਾ-ਵਿਰੋਧੀ ਦਲ ਭਾਵੇਂ
ਭੁੜਕੇ ਹੋਣ, ਪਰ ਪਾਰਟੀ (ਭਾਜਪਾ) ਮੁਖੀ ਇਸਨੂੰ ਸਹੀ ਕਰਾਰ ਦਿੰਦੇ ਰਹੇ। ਉਨ੍ਹਾਂ ਦਾ ਮੰਨਣਾ ਸੀ ਕਿ
ਇਸ ਬਿਆਨ ਨਾਲ ਧਰੂਵੀਕਰਨ ਹੋਣ ਦੇ ਜੋ ਆਸਾਰ ਬਣੇ ਹਨ, ਉਨ੍ਹਾਂ ਦਾ ਲਾਭ ਉਨ੍ਹਾਂ ਨੂੰ ਵਿਧਾਨ
ਸਭਾਵਾਂ ਦੀਆਂ ਆਉਣ ਵਾਲੀਆਂ ਚੋਣਾਂ ਵਿੱਚ ਮਿਲ ਸਕਦਾ ਹੈ।
ਗਲ ਰਾਮ ਮੰਦਿਰ ਦੀ: ਸੰਘ ਦੇ ਇੱਕ ਹੋਰ ਮੁੱਖੀ ਸੁਰੇਸ਼ ਜੋਸ਼ੀ ਨੇ ਕਿਹਾ ਕਿ ਭਾਜਪਾ ਨੇ ਅਪਣੇ
ਚੋਣ ਮਨੋਰਥ ਪਤ੍ਰ ਵਿੱਚ ਰਾਮ ਮੰਦਿਰ ਮੁੱਦੇ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਨੂੰ ਆਸ ਹੈ ਕਿ ਕੇਂਦਰ
ਸਰਕਾਰ ਰਾਮ ਮੰਦਿਰ ਦੇ ਮੁੱਦੇ ਨੂੰ ਗੰਭੀਰਤਾ ਨਾਲ ਲਇਗੀ, ਕਿਉਂਕਿ ਹਿੰਦੂ ਸਮਾਜ ਚਾਹੁੰਦਾ ਹੈ ਕਿ
ਅਯੋਧਿਆ ਵਿੱਚ ਰਾਮ ਮੰਦਿਰ ਬਣੇ। ਉਨ੍ਹਾਂ ਕਿਹਾ ਕਿ ਇਹ ਮੰਨ ਲੈਣਾ ਚਾਹੀਦਾ ਹੈ ਕਿ ਅਯੁਧਿਆ ਵਿੱਚ
ਰਾਮ ਮੰਦਿਰ ਹੈ। ਉਸਨੂੰ ਵੱਡਾ ਅਤੇ ਵਿਸ਼ਾਲ ਬਣਾਏ ਜਾਣ ਦੀ ਲੋੜ ਹੈ। ਸੰਘ ਵਲੋਂ ਇਹ ਵੀ ਕਿਹਾ ਗਿਆ,
ਕਿ ਰਾਮ ਮੰਦਿਰ ਬਣਾਏ ਜਾਣ ਦਾ ਮੁੱਦਾ, ਕਿਉਂਕਿ ਪਹਿਲਾਂ ਹੀ ਭਾਜਪਾ ਦੇ ਚੋਣ ਮਨੋਰਥ ਪਤ੍ਰ ਵਿੱਚ
ਸ਼ਾਮਲ ਹੈ ਅਤੇ ਕੇਂਦਰ ਸਰਕਾਰ ਪਾਸ ਰਾਮ ਮੰਦਿਰ ਬਣਾਉਣ ਲਈ ਸੰਨ-2019 ਤਕ ਦਾ ਸਮਾਂ ਹੈ। ਇਸ ਕਰਕੇ
ਉਹ ਰਾਮ ਮੰਦਿਰ ਦੇ ਮੁੱਦੇ ਤੇ ਮੋਦੀ ਸਰਕਾਰ ਪੁਰ ਫਿਲਹਾਲ ਕੋਈ ਦਬਾਉ ਨਹੀਂ ਬਣਾਇਗਾ। ਇਸਦੀ ਬਜਾਏ
ਉਹ ਸਰਕਾਰ ਨੂੰ ਸਮਾਂ ਦੇਵੇਗਾ।
ਮੋਦੀ ਅਤੇ ਸੰਘ ਦੇ ਰਿਸ਼ਤੇ: ਇਨ੍ਹਾਂ ਦਿਨਾਂ ਵਿੱਚ ਹੀ ਬੀਬੀਸੀ ਦੇ ਇੱਕ ਜਰਨਲਿਸਟ ਰਾਜੇਸ਼
ਜੋਸ਼ੀ ਨੇ ਕਿਹਾ ਹੈ ਕਿ ਐਨਡੀਏ ਦੀ ਸੰਨ-2004 ਵਿੱਚ ਹੋਈ ਹਾਰ ਤੋਂ ਬਾਅਦ ਰਾਸ਼ਟਰੀਆ ਸੇਵਕ ਸੰਘ ਪੂਰੇ
ਦਸ ਵਰ੍ਹੇ ਰਾਜਨੈਤਿਕ ਬੀਆਬਾਨ ਵਿੱਚ ਰਿਹਾ। ਪਰ ਸੰਨ-2014 ਦੀਆਂ ਲੋਕਸਭਾ ਚੋਣਾਂ ਵਿੱਚ ਉਸਦੇ ਸਭ
ਤੋਂ ਯੋਗ ਸਵੈਸੇਵਕ ਅਤੇ ਸਾਬਕਾ ਪ੍ਰਚਾਰਕ ਨਰੇਂਦਰ ਮੋਦੀ ਦੀ ਅਦੁਤੀ ਜਿੱਤ ਦੇ ਬਾਅਦ ਤੋਂ ਸੱਤਾ ਦਾ
ਕੁੰਡਾ ਇੱਕ ਵਾਰ ਫਿਰ ਸੰਘ ਦੀ ਪਹੁੰਚ ਅਤੇ ਪ੍ਰਭਾਵ ਦੇ ਦਾਇਰੇ ਵਿੱਚ ਆ ਗਿਆ ਹੈ। ਪਰ ਇਸ ਵਾਰ ਸੰਘ
ਨੇ ਇਸ ਕੁੰਡੇ ਨੂੰ ਆਪਣੇ ਹੱਥਾਂ ਵਿੱਚ ਲਪਕਣ ਵਿੱਚ ਜਲਦਬਾਜ਼ੀ ਨਹੀਂ ਵਿਖਾਈ। ਕਿਉਂਕਿ ਸੰਘ ਨੇ ਸੱਤਾ
ਲਪਕਣ ਵਿੱਚ ਜਲਦਬਾਜ਼ੀ ਸੰਨ-1998 ਵਿੱਚ ਉਸ ਸਮੇਂ ਵਿਖਾਈ ਸੀ, ਜਦੋਂ ਉਸਦੇ ਇੱਕ ਹੋਰ ਪੁਰਾਣੇ
ਸਵੈਸੇਵਕ ਅਟਲ ਬਿਹਾਰੀ ਵਾਜਪਈ ਨੇ ਸਹਿਯੋਗੀ ਪਾਰਟੀਆਂ ਦੀ ਮਦਦ ਨਾਲ ਪ੍ਰਧਾਨ ਮੰਤਰੀ ਦੇ ਅਹੁਦੇ ਦੀ
ਸਹੁੰ ਚੁਕੀ ਸੀ। ਇਸ ਜਲਦਬਾਜ਼ੀ ਦੇ ਕਾਰਣ ਸੰਘ ਅਤੇ ਵਾਜਪਈ ਸਰਕਾਰ ਵਿੱਚ ਲਗਭਗ ਰੋਜ਼ ਹੀ
ਵਿਵਾਦ-ਝਗੜਾ, ਘਰ ਵਿੱਚ ਹੀ ਨਹੀਂ ਸੜਕਾਂ ਪੁਰ ਅਤੇ ਖੁਲ੍ਹੇ ਮੈਦਾਨ ਵਿੱਚ ਵੀ, ਹੁੰਦਾ ਰਹਿੰਦਾ ਸੀ।
ਇੱਕ ਪਾਸੇ ਸੰਘ ਦੇ ਸੀਨੀਅਰ ਵਿਚਾਰਕ ਅਤੇ ਭਾਰਤੀ ਮਜ਼ਦੂਰ ਸੰਘ ਦੇ ਸੰਸਥਾਪਕ ਦੱਤੋਪੰਤ ਠੇਂਗੜੀ,
ਵਾਜਪਈ ਮੰਤਰੀ ਮੰਡਲ ਵਿੱਚ ਖਜ਼ਾਨਾ ਮੰਤਰੀ ਯਸ਼ਵੰਤ ਸਿਨਹਾ ਨੂੰ ਖੁਲ੍ਹੀ ਸਭਾ ਵਿੱਚ ‘ਅਪਰਾਧੀ’
ਗਰਦਾਨਦੇ ਰਹੇ ਸਨ ਅਤੇ ਦੂਸਰੇ ਪਾਸੇ ਵਿਸ਼ਵ ਹਿੰਦੂ ਪ੍ਰੀਸ਼ਦ ਜਿਹੇ ਸੰਗਠਨਾਂ ਨੇ ਵਾਜਪਈ ਲਈ ਚੈਨ ਨਾਲ
ਸਰਕਾਰ ਚਲਾਣਾ ਵੀ ਮੁਸਕਿਲ ਕਰ ਦਿੱਤਾ ਹੋਇਆ ਸੀ। ਸੰਘ ਦੇ ਅੰਦਰ ਪਹੁੰਚ ਰਖਣ ਵਾਲੇ ਲੋਕੀ ਕਹਿੰਦੇ
ਹਨ ਕਿ ਆਰਐਸਐਸ ਵਲੋਂ ਨਰੇਂਦਰ ਮੋਦੀ ਨੂੰ ਫਿਲਹਾਲ ਕੋਈ ਚੁਨੌਤੀ ਨਹੀਂ ਮਿਲੇਗੀ, ਕਿਉਂਕਿ ਪਿਛਲੀ
ਵਾਰ ਨਾਲੋਂ ਸੰਘ ਕਾਫੀ ਸੁਘੜ-ਸਿਆਣਾ ਹੋ ਗਿਆ ਹੋਇਆ ਹੈ। ਉਸਦੇ ਆਗੂਆਂ ਨੂੰ ਇਹ ਚੰਗੀ ਤਰ੍ਹਾਂ
ਅਹਿਸਾਸ ਹੋ ਚੁਕਾ ਹੈ ਕਿ ਜਿਸ ਪਾਰਟੀ ਨੂੰ ਸੱਤਾ ਵਿੱਚ ਲਿਆਉਣ ਲਈ ਉਸਦੇ ਸਵੈ ਸੇਵਕ ਜੀ-ਜਾਨ ਲਾ
ਦਿੰਦੇ ਹਨ, ਉਸੇ ਦੀ ਕਬਰ ਖੋਦਣਾ ਆਪਣੇ ਲਈ ਬੀਆਬਾਨ ਜੰਗਲ ਦਾ ਟਿਕਟ ਕਟਾਣ ਵਾਂਗ ਹੋਵੇਗਾ।
ਭਾਜਪਾ ਬਨਾਮ ਦਿੱਲੀ: ਦਸਿਆ ਜਾਂਦਾ ਹੈ ਕਿ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਹੋਈ
ਹਾਰ ਪੁਰ ਭਾਜਪਾ ਅਤੇ ਕੇਂਦਰ ਸਰਕਾਰ ਵਲੋਂ ਆਪੋ-ਆਪਣੇ ਤਰੀਕੇ ਘੋਖ ਕੀਤੀ ਜਾ ਰਹੀ ਹੈ। ਕੇਂਦਰੀ
ਸਰਕਾਰ ਦੇ ਇੱਕ ਮੰਤਰੀ ਅਨੁਸਾਰ ਹਲਵਾਈ ਕਈ ਵਾਰ ਚੰਗਾ ਖਾਣਾ ਬਣਾਉਣ ਦੇ ਚਕਰ ਵਿੱਚ ਬਹੁਤਾ ਮਸਾਲਾ
ਪਾ ਦਿੰਦਾ ਹੈ, ਇਹੀ ਹਾਲ ਦਿੱਲੀ ਵਿੱਚ ਭਾਜਪਾ ਦਾ ਹੋਇਆ ਹੈ। ਭਾਜਪਾ ਦੇ ਚੋਟੀ ਦੇ ਨੀਤੀ-ਘਾੜਿਆਂ
ਨੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਲੋੜ ਤੋਂ ਕਿਤੇ ਵੱਧ ਤਾਕਤ ਝੌਂਕ ਦਿੱਤੀ। ਜਿਸ ਨਾਲ ਲਗਣ
ਲਗਾ ਕਿ ਅਸੀਂ ਡਰ ਗਏ ਹਾਂ। ਭਾਜਪਾ ਦੇ ਇੱਕ ਹੋਰ ਨੇਤਾ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਵਿੱਚ ਹੋਈ
ਹਾਰ ਦੇ ਬਾਅਦ ਪਾਰਟੀ ਵਿੱਚ ਕਈ ਨੇਤਾਵਾਂ ਲਈ ਸੰਬੋਧਨ ਦਾ ਤਰੀਕਾ ਵੀ ਸ਼ਾਇਦ ਬਦਲ ਜਾਏ। ਉਨ੍ਹਾਂ
ਅਨੁਸਾਰ ਪ੍ਰਧਾਨ ਮੰਤਰੀ ਮੋਦੀ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ‘ਸਭ ਤੋਂ ਸਫਲ ਪ੍ਰਧਾਨ’
ਕਹਿ ਕੇ ਸੰਬੋਧਿਤ ਕਰਦੇ ਰਹੇ ਹਨ। ਪ੍ਰਧਾਨ ਮੰਤਰੀ ਦਾ ਇਹ ਸੰਬੋਧਨ ਕਈ ਨੇਤਾਵਾਂ ਨੂੰ ਚੁਭਦਾ ਰਿਹਾ
ਹੈ। ਉਨ੍ਹਾਂ ਕਿਹਾ ਕਿ ਕਿਸੇ ਦਾ ਨਾਂ ਲੈਣਾ ਜ਼ਰੂਰੀ ਨਹੀਂ, ਸਮਝਦਾਰਾਂ ਨੂੰ ਇਸ਼ਾਰਾ ਹੀ ਕਾਫੀ ਹੈ।
…ਅਤੇ ਅੰਤ ਵਿੱਚ: ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਵੇਂ ਭਾਜਪਾ ਹਾਰ ਗਈ ਹੋਵੇ, ਪ੍ਰੰਤੂ
ਇੱਕ ਜਗ੍ਹਾ ਅਜਿਹੀ ਵੀ ਰਹੀ, ਜਿਥੇ ਉਸਨੂੰ 100 ਪ੍ਰਤੀਸ਼ਤ ਵੋਟਾਂ ਮਿਲੀਆਂ। ਇਹ ਜਗ੍ਹਾ ਹੈ, ਆਰਐਸਐਸ
ਦਾ ਦਿੱਲੀ ਦਫਤਰ-ਕਮ-ਨਿਵਾਸ ਕੇਸ਼ਵਕੁੰਜ। ਮਤਦਾਨ ਦੇ ਦਿਨ ਇਥੇ ਸੰਘ ਦੇ ਸਾਰੇ ਰਜਿਸਟਰਡ ਸਵੈ ਸੇਵਕਾਂ
ਨੇ ਮਤਦਾਨ ਕੀਤਾ। ਮਤਲਬ ਇਹ ਕਿ ਇਥੇ ਸਾਰੇ ਬਟਨ ਕਮਲ ਦੇ ਹੀ ਦਬਣੇ ਸਨ ਅਤੇ ਦਬੇ ਵੀ। ਹਾਲਾਂਕਿ
ਬਾਅਦ ਵਿੱਚ ਸੰਘ ਦੇ ਕਈ ਅਹੁਦੇਦਾਰ ਇਹ ਜਾਣਨ ਦੀ ਕੋਸ਼ਿਸ਼ ਕਰਦੇ ਨਜ਼ਰ ਆਉਂਦੇ ਰਹੇ ਕਿ ਆਖਿਰ ਇਸ ਸੀਟ
ਪੁਰ ਭਾਜਪਾ ਦੇ ਉਮੀਦਵਾਰ ਦਾ ਨਾਂ ਕੀ ਹੈ?
05/03/15)
ਹਰਕੀਰਤ ਕੌਰ ‘ਕਲਾਮ’
(ਮਿੰਨੀ ਕਹਾਣੀ)
ਭਰੋਸਾ
ਜੈਲਦਾਰਾਂ ਦੇ ਘਰ ਹੋਈ ਚੋਰੀ ਦਾ ਡਰ ਮਨ ਵਿੱਚ ਹੀ ਸੀ, ਬਾਪੂ ਦੇ ਬੋਲ ਕੰਨੀ ਸਨ ਕਿ
ਕਾਲਜ ਜਾਣ ਵੇਲੇ ਸਕੂਟਰ ਵਿੱਚ ਚਾਕੂ ਲੈ ਕੇ ਜਾਇਆ ਕਰ। ਕੀ ਪਤਾ ਚੋਰੀ ਕਿਹੜੇ ਵੇਲੇ ਸੁੰਨ-ਸਾਨ ਰਾਹ
ਵਿਚੋਂ ਨਿਕਲ ਆਉਣ। ਇਨ੍ਹਾਂ ਸੋਚਾਂ ਵਿੱਚ ਖੋਈ ਰਾਜੀ ਹਰ ਰੋਜ ਵਾਂਗ ਸਕੂਟਰ ਤੇ ਬੱਸ ਸਟੈਂਡ ਵੱਲ ਜਾ
ਰਹੀ ਸੀ ਜੋ ਕਿ ਪਿੰਡ ਤੋਂ 5 ਕਿਲੋਮੀਟਰ ਦੀ ਦੂਰੀ ਤੇ ਸੀ। ਅਚਾਨਕ ਸਾਹਮਣੇ ਤਿੰਨ ਆਦਮੀ ਪੁਲਿਸ ਦੀ
ਵਰਦੀ ਪਾਈ ਹੱਥ ਵਿੱਚ ਡੰਡਾ ਲੈ ਖੜੇ ਦਿਖੇ ਤੇ ਰਾਜੀ ਨੂੰ ਸਕੂਟਰ ਰੋਕਣ ਦਾ ਇਸ਼ਾਰਾ ਕੀਤਾ। ਘਬਰਾਈ
ਹੋਈ ਰਾਜੀ ਨੇ ਪੁੱਛਿਆ, “ਤੁਸੀਂ ਮੈਨੂੰ ਕਿਉਂ ਰੋਕਿਆ ਹੈ?” ਧੁੰਦ ਤੇ ਕੋਈ ਰਾਹਗੀਰ ਨਾ ਦਿਸਣ ਕਰਕੇ
ਉਸਨੇ ਸਕੂਟਰ ਨਾ ਰੋਕਿਆ ਪਰ ਹੌਲੀ ਕਰ ਲਿਆ। ਉਨ੍ਹਾਂ ਵਿੱਚੋਂ ਨੌਜਵਾਨ ਬੋਲਿਆ, “ਅਸੀਂ ਪੁਲਿਸ ਵਾਲੇ
ਹਾਂ, ਤੇਰੇ ਸਕੂਟਰ ਦੀ ਤਲਾਸ਼ੀ ਲੈਣੀ ਹੈ”।
“ਐਵੇਂ ਕਿਵੇਂ ਤਲਾਸ਼ੀ ਲਵੋਗੇ ਤੁਸੀਂ, ਮੈਨੂੰ ਰੋਕ ਨਹੀਂ ਸਕਦੇ ਤੇ ਮੈਂ ਭਰੋਸਾ ਵੀ ਕਿਵੇਂ ਕਰਾਂ
ਤੁਸੀਂ ਪੁਲਿਸ ਵਾਲੇ ਹੋ?” ਰਾਜੀ ਨੇ ਡਰਦੇ ਹੋਏ ਕਿਹਾ। ਸਕੂਟਰ ਦੇ ਪਿੱਛੇ ਭੱਜੇ ਆਉਂਦੇ ਇੱਕ ਅੱਧਖੜ
ਉਮਰ ਦਾ ਪੁਲਸੀਆ ਬੋਲਿਆ, “ਅਸੀਂ ਪੁਲਿਸ ਵਰਦੀ ਪਾਈ ਹੋਈ ਹੈ। ਤੂੰ ਸਕੂਟਰ ਰੋਕ”।
“ਪੁਲਿਸ ਵਾਲੀ ਵਰਦੀ ਤਾਂ ਹਰ ਕੋਈ ਪਾਈ ਫਿਰਦਾ ਹੈ, ਮੈਂ ਕਿਵੇਂ ਭਰੋਸਾ ਕਰਾਂ”, ਇੰਨਾ ਕਹਿੰਦੀ ਹੋਈ
ਰਾਜੀ ਨੇ ਸਕੂਟਰ ਤੇਜ ਕਰ ਲਿਆ। ਪੁਲਿਸ ਵਰਦੀ ਤੇ ਲਾਲ ਬੱਤੀ ਵਾਲੀ ਗੱਡੀ ਨੂੰ ਨਕਾਰਦੀ ਹੋਈ ਰਾਜੀ
ਆਪਣੇ ਬਾਪੂ ਦੀਆਂ ਗੱਲਾਂ ਤੇ ਭਰੋਸਾ ਕਰ ਅੱਗੇ ਵੱਧ ਗਈ।
- ਹਰਕੀਰਤ ਕੌਰ ‘ਕਲਾਮ’
ਪਿੰਡ- ਕਾਲੀਆ, ਸੰਗਰੂਰ
05/03/15)
ਸੁਖਵਿੰਦਰ ਕੌਰ ‘ਹਰਿਆਓ’
(ਮਿੰਨੀ
ਕਹਾਣੀ)
ਗਲਤੀ
“ਪੁੱਤਰਾ…… ਇਹ ਮੈਨੂੰ ਕਿੱਥੇ ਲੈ ਕੇ ਆ ਗਿਆ?”, ਸਾਹਮਣੇ ਮੋਟੇ-ਮੋਟੇ ਅੱਖਰਾਂ ਵਿੱਚ ਬਿਰਧ ਆਸ਼ਰਮ
ਲਿਖਿਆ ਦੇਖ ਕੇ ਸ਼ਮਸ਼ੇਰ ਸਿੰਘ ਦੇ ਪੈਰਾਂ ਹੇਠਾਂ ਤੋਂ ਜ਼ਮੀਨ ਖਿਸਕ ਗਈ।
‘ਬਾਪੂ ਮੈਂ ਤੈਨੂੰ ਇੱਥੇ ਲਿਆਇਆ ਇਸ ਵਿੱਚ ਤੇਰੀ ਗਲਤੀ ਹੈ ਤੇਰੇ ਕਰਕੇ ਬੱਚਿਆ ਤੋਂ ਧਿਆਨ ਨਹੀਂ
ਦਿੱਤਾ ਜਾਂਦਾ’, ਸੁਣ ਕੇ ਉਹ ਹੱਕਾ ਬੱਕਾ ਹੋ ਗਿਆ।
“ਹਾਂ ਪੁੱਤਰਾਂ ਗਲਤੀ ਤਾਂ ਮੇਰੀ ਹੀ ਏ ਮੈਂ ਤੈਨੂੰ ਪਾਲਣ-ਪੜ੍ਹਾਉਣ ਤੇ ਜ਼ਿੰਦਗੀ ਖਰਾਬ ਕਰਨ ਦੀ
ਬਜਾਇ ਕਿਸੇ ਅਨਾਥ ਆਸ਼ਰਮ ਵਿੱਚ ਛੱਡਿਆ ਹੁੰਦਾ ਮੈਨੂੰ ਇੱਥੇ ਆਉਣ ਦੀ ਜ਼ਰੂਰਤ ਨਾ ਪੈਂਦੀ ਗਲਤੀ ਤਾਂ
ਮੈਥੋਂ ਹੀ ਹੋਈ ਏ”, ਸ਼ਮਸ਼ੇਰ ਸਿੰਘ ਨੇ ਹੌਂਕਾ ਭਰਦਿਆ ਆਸ਼ਰਮ ਦੀ ਦਹਲੀਜ਼ ਅੰਦਰ ਕਦਮ ਰੱਖਿਆ।
- ਸੁਖਵਿੰਦਰ ਕੌਰ ‘ਹਰਿਆਓ’
ਸਕੱਤਰ ਮਾਲਵਾ ਲਿਖਾਰੀ ਸਭਾ, ਸੰਗਰੂਰ
+91-81464-47541
05/03/15)
ਸਿੰਘ ਰੌਕਸ/ਫੇਸਬੁੱਕ ਰਾਹੀਂ
05/03/15)
ਸਰਵਜੀਤ ਸਿੰਘ ਸੈਕਰਾਮੈਂਟੋ
ਕੈਲੰਡਰ ਵੀ ਕੌਮੀ ਪਹਿਚਾਣ ਦਾ ਅੰਗ ਹੁੰਦਾ ਹੈ।
ਸਰਵਜੀਤ ਸਿੰਘ ਸੈਕਰਾਮੈਂਟੋ
ਕੌਮਾਂਤਰੀ ਅੰਮ੍ਰਿਤਸਰ ਟਾਈਮਜ਼ ਵੱਲੋਂ ਨਾਨਕ ਸ਼ਾਹੀ ਕੈਲੰਡਰ ਬਾਰੇ ਅਰੰਭ ਕੀਤੀ ਗਈ ਵਿਚਾਰ ਚਰਚਾ ਦੀ
ਲੜੀ ਵਿੱਚ ਬੈਲਜੀਅਮ ਵਾਸੀ ਬੀਬੀ ਅਮਰਜੀਤ ਕੌਰ ਦਾ ਲੇਖ “ਕੈਲੰਡਰ ਕਿਸੇ ਕੌਮ ਦੀ ਪਹਿਚਾਣ ਨਹੀਂ
ਹੋਇਆ ਕਰਦੇ” ਪੜ੍ਹਨ ਨੂੰ ਮਿਲਿਆ। ਬੀਬੀ ਅਮਰਜੀਤ ਕੌਰ ਨੇ ਆਪਣੇ ਲੇਖ ਦੇ ਅਖੀਰ `ਚ ਲਿਖਦੇ ਹਨ,
“ਵਧੇਰੇ ਜਾਣਕਾਰੀ ਲਈ ਪੜ੍ਹੋ ਕਿਤਾਬਚਾ ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜ਼ਿਸ਼”। ਇਹ ਲੇਖ
ਵੀ ਉਸੇ ਕਿਤਾਬਚੇ ਦਾ ਹਿੱਸਾ ਹੈ। ਇਹ ਕਿਤਾਬਚਾ 2013 ਵਿੱਚ ਕੈਲੇਫੋਰਨੀਆ ਦੀ ਇਕ ਹਫਤਾਵਾਰੀ ਅਖ਼ਬਾਰ
ਵਿੱਚ ਛਪਿਆ ਸੀ ਅਤੇ ਉਸ ਦਾ ਵਿਸਥਾਰ ਸਹਿਤ ਦਲੀਲ ਨਾਲ, ਉਸੇ ਅਖ਼ਬਾਰ ਰਾਹੀ ਜਵਾਬ ਦਿੱਤਾ ਜਾ ਚੁਕਾ
ਹੈ। ਬੀਬੀ ਅਮਰਜੀਤ ਕੌਰ ਦਾ ਅਜੇਹਾ ਹੀ ਇਕ ਲੇਖ ‘ਸਸਿ ਘਰਿ ਸੂਰੁ ਵਸੈ ਮਿਟੇ ਅੰਧਿਆਰਾ’
ਜੁਲਾਈ 2011 ਵਿਚ ‘ਸੱਚ ਕੀ ਬੇਲਾ’ (ਪੰਨਾ 35-40) ਨਾਮ ਦੇ ਮੈਗਜ਼ੀਨ ਵਿਚ ਛਪਿਆ ਸੀ। ਉਦੋਂ ਵੀ ਉਸ
ਲੇਖ ਦਾ ਦਲੀਲ ਨਾਲ ਜਵਾਬ ਦਿੱਤਾ ਸੀ। ਇਸ ਤੋਂ ਪਿਛੋਂ ਵੀ ਕਈ ਵਾਰੀ ਬੀਬੀ ਅਮਰਜੀਤ ਕੌਰ ਦੇ ਸਵਾਲਾਂ
ਦੇ ਜਵਾਬ ਦਿੱਤੇ ਜਾ ਚੁਕੇ ਹਨ ਪਰ ਬੀਬੀ ਨੇ ਮੋੜਵੇ ਸਵਾਲਾਂ ਦੇ ਜਵਾਬ ਦੇਣ ਦੀ ਕਦੇ ਖੇਚਲ ਨਹੀ
ਕੀਤੀ। ਇਸ ਲੇਖ ਦੇ ਅਖੀਰ `ਚ ਦਰਜ ਸੰਪਾਦਕੀ ਟਿੱਪਣੀ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਇਹ ਲੇਖ
ਅੰਮ੍ਰਿਤਸਰ ਟਾਈਮਜ਼ ਨੂੰ, ਬੀਬੀ ਅਮਰਜੀਤ ਕੌਰ ਨੇ ਨਹੀਂ ਸਗੋਂ ਸ. ਗੁਰਪਾਲ ਸਿੰਘ ਹੰਸਰਾ ਨੇ ਭੇਜਿਆ
ਹੈ। ਇਸ ਲਈ ਮੈਂ ਸ. ਗੁਰਪਾਲ ਸਿੰਘ ਹੰਸਰਾ ਤੋਂ ਇਹ ਆਸ ਕਰਦਾ ਹਾਂ ਕਿ ਮੋੜਵੇ ਸਵਾਲਾਂ ਦੇ ਜਵਾਬ,
ਅੰਮ੍ਰਿਤਸਰ ਟਾਈਮਜ਼ ਦੇ ਪਾਠਕਾਂ ਨਾਲ ਸਾਂਝੇ ਕਰਨ ਦੀ ਜਿੰਮੇਵਾਰੀ ਵੀ ਨਿਭਾਉਣਗੇ ਤਾਂ ਜੋ ਪਾਠਕ
ਕਿਸੇ ਨਤੀਜੇ ਤੇ ਪੁੱਜ ਸਕਣ।
ਕਿੰਨੀ ਹੈਰਾਨੀ ਦੀ ਗਲ ਹੈ ਕਿ ਬੀਬੀ ਅਮਰਜੀਤ ਕੌਰ ਨੇ ਆਪਣੇ ਲੇਖ ਸਿਰਲੇਖ “ਕੈਲੰਡਰ ਕਿਸੇ ਕੌਮ ਦੀ
ਪਹਿਚਾਣ ਨਹੀਂ ਹੋਇਆ ਕਰਦੇ” ਨਾਲ ਸਿੱਖਾਂ ਦੇ ਆਪਣੇ ਵੱਖਰੇ ਕੈਲੰਡਰ ਦੀ ਲੋੜ ਨੂੰ ਮੁੱਢੋਂ ਹੀ ਰੱਦ
ਕਰ ਦਿੱਤਾ ਅਤੇ ਨਾਲ ਹੀ ਆਪਣੇ ਲੇਖ ਵਿੱਚ ਇਹ ਵੀ ਲਿਖ ਦਿੱਤਾ ਕਿ, “ਇਹ ਇੱਕ ਤਰ੍ਹਾਂ ਦਾ ਫ਼ਰੇਮ
ਹੁੰਦਾ ਹੈ, ਜਿਸ ਵਿੱਚ ਹਰ ਦੇਸ਼ ਅਤੇ ਕੌਮ ਦੁਆਰਾ ਆਪਣੀ ਲੋੜ,ਸੋਚ ਅਤੇ ਸਭਿਆਚਾਰ ਅਨੁਸਾਰ ਧਾਰਮਿਕ
ਦਿਨ, ਤਿਉਹਾਰ, ਸਮਾਜਿਕ ਅਤੇ ਰਾਜਨੀਤਕ ਘਟਨਾਵਾਂ ਦਾ ਰੰਗ ਭਰਿਆ ਜਾਂਦਾ ਹੈ। ਇਸੇ ਰੰਗ ਦੇ ਅਧਾਰ ਤੇ
ਇਸਦਾ ਨਾਮ ਪੈਂਦਾ ਹੈ। ਜਿਵੇਂ:- ਇਸਾਈ ਕੈਲੰਡਰ, ਯਹੂਦੀ ਕੈਲੰਡਰ, ਬਹਾਈਕੈਲੰਡਰ, ਜਪਾਨੀ ਕੈਲੰਡਰ,
ਚੀਨੀ ਕੈਲੰਡਰ, ਬੋਧੀ ਕੈਲੰਡਰ, ਇਸਲਾਮਿਕ ਕੈਲੰਡਰ, ਬਿਕਰਮੀ ਕੈਲੰਡਰ ਅਤੇ ਨਾਨਕ ਸ਼ਾਹੀ ਕੈਲੰਡਰ
ਆਦਿ”। ਹੁਣ ਬੀਬੀ ਦੀ ਕਿਸ ਗੱਲ ਤੇ ਯਕੀਨ ਕੀਤਾ ਜਾਵੇ? ਜੇ ਸਿੱਖਾਂ ਨੇ ਵੀ ਇਕ ਫ਼ਰੇਮ ਵਿਚ ਆਪਣੀ
ਮਰਜ਼ੀ ਦੇ ਰੰਗ ਭਰ ਲਏ ਤਾਂ ਇਤਰਾਜ਼ ਕਿਓ? ਬੀਬੀ ਅਮਰਜੀਤ ਕੌਰ ਜੀ, ਕੈਲੰਡਰ ਵੀ ਕੌਮੀ ਪਹਿਚਾਣ ਦਾ
ਅੰਗ ਹੁੰਦਾ ਹੈ। “Today each of the major
religions has its own calendar which is used to programme its religious
ceremonies, and it is almost as true to say that each calendar has its
religion.” (E.G.Richards, Mapping Time: The Calendar and Its History)
ਬੀਬੀ ਅਮਰਜੀਤ ਕੌਰ ਨੇ ਆਪਣੇ ਲੇਖ ਦਾ ਤੱਤ ਸਾਰ 9 ਸਵਾਲ ਰਾਹੀ ਪਾਠਕਾਂ ਦੇ ਸਾਹਮਣੇ ਰੱਖਿਆ ਹੈ। ਆਓ
ਕ੍ਰਮਵਾਰ ਇਨ੍ਹਾਂ ਤੇ ਵਿਚਾਰ ਕਰੀਏ;
1. ਬਿਕਰਮੀ ਕੈਲੰਡਰ ਦੇ ਮਹੀਨੇ ਮੌਸਮ ਦਾ ਸਾਥ ਛੱਡ ਰਹੇ ਹਨ ਦਾ ਝੂਠਾ ਡਰ ਕਿਉਂ ਪੈਦਾ ਕੀਤਾ
ਗਿਆ?
ਟਿੱਪਣੀ:- ਕੈਲੰਡਰ ਦੀ ਮੁਢਲੀ ਜਾਣਕਾਰੀ ਰੱਖਣ ਵਾਲੇ ਸਾਰੇ
ਸੱਜਣ ਇਸ ਗੱਲ ਨਾਲ ਸਹਿਮਤ ਹਨ ਕਿ ਬਿਕ੍ਰਮੀ ਸਾਲ (ਸੂਰਜੀ ਸਿਧਾਂਤ) ਅਤੇ ਰੁੱਤੀ ਸਾਲ ਦੀ ਲੰਬਾਈ
ਵਿਚ ਲੱਗ ਭੱਗ 24 ਮਿੰਟ ਦਾ ਫਰਕ ਹੈ। ਜਿਸ ਕਾਰਨ ਇਕ ਕੈਲੰਡਰ ਵਿਚ ਰੁੱਤਾ ਸਥਿਰ ਨਹੀ ਰਹਿੰਦਿਆਂ।
ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀਆਂ ਦਾ ਮਤ ਹੈ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਰੁੱਤਾ ਸਥਿਰ ਨਹੀ
ਰਹਿਣੀਆਂ। ਬੀਬੀ ਅਮਰਜੀਤ ਕੌਰ ਲਿਖਦੇ ਹਨ, “ਜੋ ਡਰ ਪੈਦਾ ਕੀਤਾ ਗਿਆ ਹੈ ਕਿ ਬਿਕਰਮੀ ਕੈਲੰਡਰ,
ਰੁੱਤਾ ਦਾ ਸਾਥ ਛੱਡ ਰਿਹਾ ਹੈ, ਬਿਲਕੁਲ ਗਲਤ ਹੈ, ਟਰੌਪੀਕਲ ਕੈਲੰਡਰ ਭਾਵ ਨਾਨਕਸ਼ਾਹੀ ਛੱਡ ਰਿਹਾ
ਹੈ”। ਜਦੋਂ ਕਿ ਸਚਾਈ ਇਸ ਦੇ ਉਲਟ ਹੈ ਆਓ ਵੇਖੀਏ ਕਿਵੇਂ;
“ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ” (ਪੰਨਾ 1108)
ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਪਾਵਨ ਪੰਗਤੀ (ਬਾਰਹਮਾਹ, ਤੁਖਾਰੀ) ਦੇ ਅਰਥ ਫਰੀਦਕੋਟੀ ਟੀਕੇ
ਮੁਤਾਬਕ, “ਬਹੁੜੋ ਜਬ ਅਸਾੜ ਮਹੀਨੇ ਮੈਂ ਸੂਰਜ ਕਾ ਰੱਥ ਫਿਰਤਾ ਹੈ ਅਰਥਾਤ ਉਤ੍ਰਾਇਣ ਦਖਣਾਇਣ ਕੋ
ਹੋਤਾਂ ਹੈ ਤਬ ਇਸਤ੍ਰੀਆਂ ਬ੍ਰਿਛਾਦਿਕੋਂ ਕੀ ਛਾਯਾ ਕੌ ਤਕਤੀ ਹੈ ਔਰ ਉਜਾੜੋਂ ਕੇ ਬੀਚ ਬਿੰਡੇ ਬੋਲਤੇ
ਹੈ”।
“ਜਿਸ ਵੇਲੇ ਸੂਰਜ ਦਾ ਰਥ ਹਾੜ ੧੩ ਨੂੰ ਦਖਨੇਣ ਦੀ ਤਰਫ਼ ਫਿਰ ਜਾਂਦਾ ਹੈ ਤਾਂ ਧਨ=ਇਸਤਰੀ ਤੇ ਮੁਸਾਫਰ
ਬ੍ਰਿਛਾ ਦੀ ਛਾਇਆ ਤਾਕੇ-ਤੱਕਦੇ ਹਨ ਅਤੇ ਟਿਡੁ- ਬਿੰਡੇ, ਬਾਹੇ =ਉਜਾੜ ਮੰਝਿ ਲਵੇ=ਖੋਲਦੇ ਹਨ।
(ਸੰਪਰਦਾਈ ਟੀਕਾ) ਇਸੇ ਪੰਨੇ ਦੇ ਅਖੀਰ ਤੇ ਇਕ ਨੋਟ ਹੈ:– “ਜਿਸ ਵੇਲੇ ਹਾੜ 13 ਨੂੰ ਸੂਰਜ ਦਾ ਰਥ
ਦਖਨੇਣ ਹੁੰਦਾ ਹੈ ਤਾਂ ਸ੍ਵਰਗ ਦੇ ਬੂਹੇ ਬੰਦ ਹੁੰਦੇ ਹਨ, ਜਿਸ ਵੇਲੇ ੯ ਪੋਹ ਨੂੰ ਸੂਰਜ ਦਾ ਰਥ
ਉਤਰੇਣ ਹੁੰਦਾ ਹੈ ਤਾਂ ਸ੍ਵਰਗ ਦੇ ਬੂਹੇ ਖੁਲ੍ਹ ਜਾਂਦੇ ਹੈ। ਇਸੇ ਕਾਰਨ ਕਰਕੇ ਜੋਗੀ ਸਮੇਂ ਦਾ
ਵਿਚਾਰ ਕਰ ਕੇ ਪ੍ਰਾਣ ਤਿਆਗਦੇ ਹਨ ਇਹ ਪੁਰਾਣਕ ਅਨੁਸਾਰ ਹੈ”। ਇਸ ਟਿੱਪਣੀ ਵਿਚ ਰਥ ਫਿਰਨ ਦੀਆਂ ਦੋ
ਤਾਰੀਖਾਂ (13 ਹਾੜ ਅਤੇ 9 ਪੋਹ) ਦਿੱਤੀਆਂ ਹੋਈਆਂ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਨ੍ਹਾਂ
ਤਾਰੀਖਾਂ ਅਨੁਸਾਰ ਰੱਥ ਕਦੋਂ ਫਿਰਿਆ ਸੀ? ਕਿਹਾ ਜਾਂਦਾ ਹੈ ਸੰਪਰਦਾਈ ਟੀਕੇ ਵਿਚ ਉਹ ਦਰਜ ਅਰਥ ਹਨ
ਜੋ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਪੜਾਏ ਸਨ। ਇਸ ਲਈ ਇਹ ਤਾਰੀਖਾਂ ਗੁਰੂ
ਗੋਬਿੰਦ ਸਿੰਘ ਜੀ ਦੇ ਵੇਲੇ ਦੀਆ ਹਨ।
ਉਪ੍ਰੋਕਤ ਪਾਵਨ ਪੰਗਤੀ ਦਾ ਭਾਵ ਹੈ ਕਿ ਜਦੋਂ ਸੂਰਜ ਵੱਧ ਤੋਂ ਵੱਧ ਉਤਰ ਵੱਲ ਗਿਆ ਹੁੰਦਾ ਹੈ ਦਿਨ
ਵੱਡੇ ਤੋਂ ਵੱਡਾ ਹੁੰਦਾ ਹੈ ਅਤੇ ਇਕ ਖਾਸ ਸਮੇਂ ਤੇ ਸੂਰਜ ਵਾਪਸ ਦੱਖਣ ਨੂੰ ਮੁੜਦਾ ਹੈ ਅਤੇ ਦਿਨ
ਛੋਟਾ ਹੋਣਾ ਅਰੰਭ ਹੋ ਜਾਂਦਾ ਹੈ ਇਸ ਨੂੰ ਸੂਰਜ ਦਾ ਰੱਥ ਫਿਰਨਾ ਕਹਿੰਦੇ ਹਨ। ਪੰਜਾਬ ਵਿਚ ਇਸ ਦਿਨ
ਵਰਖਾ ਰੁਤ ਦਾ ਅਰੰਭ ਮੰਨਿਆ ਜਾਂਦਾ ਹੈ। ਅੱਜ ਇਹ ਮੰਨਿਆ ਜਾਂਦਾ ਹੈ ਕਿ ਇਹ ਘਟਨਾ 21 ਜੂਨ ਨੂੰ
ਕਿਸੇ (ਇਹ ਸਮਾ 21 ਜੂਨ ਦੇ ਅਰੰਭ ਹੋਣ ਤੋਂ ਕੁਝ ਸਮਾ ਪਹਿਲਾ ਜਾਂ ਖਤਮ ਹੋਣ ਤੋਂ ਕੁਝ ਸਮਾ ਪਿਛੋਂ
ਵੀ ਹੋ ਸਕਦਾ ਹੈ) ਵੇਲੇ ਵਾਪਰਦੀ ਹੈ। ਸੰਪਰਦਾਈ ਟੀਕੇ ਵਿਚ ਦਰਜ ਤਾਰੀਖਾਂ ਦੀ ਜਦੋਂ ਪੜਤਾਲ ਕੀਤੀ
ਤਾਂ 13 ਹਾੜ 1756 ਬਿਕ੍ਰਮੀ ਦੀ ਤਾਰੀਖ, 11 ਜੂਨ ਜੂਲੀਅਨ ਮੁਤਾਬਕ 21 ਜੂਨ ਗਰੈਗੋਰੀਅਨ (1699 ਈ)
ਨੂੰ ਵੱਡੇ ਤੋਂ ਵੱਡਾ ਦਿਨ ਸੀ। ਭਾਵ ਰਥ ਫਿਰਿਆ ਸੀ। ਪਰ 9 ਪੋਹ ਦੀ ਤਾਰੀਖ ਠੀਕ ਨਹੀ ਹੈ ਉਸ ਸਾਲ
12 ਪੋਹ, 11 ਦਸੰਬਰ ਜੂਲੀਅਨ ਮੁਤਾਬਕ 21 ਦਸੰਬਰ ਗਰੈਗੋਰੀਅਨ ਨੂੰ ਛੋਟੇ ਤੋਂ ਛੋਟਾ ਦਿਨ ਸੀ। ਖੈਰ,
ਆਪਾ ਹਾੜ ਦੀ ਤਾਰੀਖ ਦੀ ਪੜਤਾਲ ਕਰਨੀ ਹੈ। ਅੱਜ ਵੀ ਇਹ ਸਚਾਈ ਹੈ ਕਿ ਉਤਰੀ ਅਰਧ ਗੋਲੇ ਵਿਚ 21 ਜੂਨ
ਨੂੰ ਜਦ ਸੂਰਜ ਵੱਧ ਤੋਂ ਵੱਧ ਉਤਰ ਵੱਲ ਹੁੰਦਾ ਹੈ ਤਾਂ ਦਿਨ ਵੱਡੇ ਤੋਂ ਵੱਡਾ ਹੁੰਦਾ ਹੈ। ਇਸ ਦਿਨ
ਸੂਰਜ ਕਿਸੇ ਵੇਲੇ ਵਾਪਸ ਦੱਖਣ ਨੂੰ ਮੁੜ ਪੈਦਾ ਹੈ ਅਤੇ ਦਿਨ ਛੋਟਾ ਹੋਣਾ ਅਰੰਭ ਹੋ ਜਾਂਦਾ ਹੈ।
ਬੀਬੀ ਅਮਰਜੀਤ ਕੌਰ ਵੀ ਇਸ ਤਾਰੀਖ ਨਾਲ ਸਹਿਮਤ ਹੈ।
ਸੰਮਤ 1526 ਬਿਕ੍ਰਮੀ (1469ਈ:) ਵਿਚ ਰੱਥ 16 ਹਾੜ (12 ਜੂਨ ਜੂਲੀਅਨ/21 ਜੂਨ ਗਰੈਗੋਰੀਅਨ) ਦਿਨ
ਸੋਮਵਾਰ ਨੂੰ ਫਿਰਿਆ ਸੀ। ਉਪਰ ਆਪਾ ਵੇਖ ਆਏ ਹਾਂ ਕਿ 1756 ਬਿਕ੍ਰਮੀ (1699 ਈ:) ਵਿਚ ਰੱਥ 13 ਹਾੜ
(11 ਜੂਨ ਜੂਲੀਅਨ/21 ਜੂਨ ਗਰੈਗੋਰੀਅਨ) ਦਿਨ ਐਤਵਾਰ ਨੂੰ ਫਿਰਿਆ ਸੀ। ਸੰਮਤ 2056 ਬਿਕ੍ਰਮੀ
(1999ਈ:) ਵਿਚ ਰੱਥ 7 ਹਾੜ (21 ਜੂਨ ਗਰੈਗੋਰੀਅਨ) ਦਿਨ ਸੋਮਵਾਰ ਨੂੰ ਫਿਰਿਆ ਸੀ। ਅੱਜ ਤੋਂ 500
ਸਾਲ ਭਾਵ ਸੰਮਤ 2572 ਬਿ: (2515 ਈ:) ਨੂੰ ਰੱਥ 30 ਜੇਠ ਦਿਨ ਸ਼ੁੱਕਰਵਾਰ ਨੂੰ ਫਿਰੇਗਾ ਅਤੇ 3057
ਬਿ: (3000 ਈ:) ਰੱਥ 22 ਜੇਠ ਦਿਨ ਸ਼ਨਿਚਰਵਾਰ ਨੂੰ ਫਿਰੇਗਾ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸੰਮਤ
2575 ਬਿਕ੍ਰਮੀ ਤੋਂ ਪਿਛੋਂ ਇਹ ਪੰਗਤੀ ‘ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ’ ਤਾਂ
ਹਾੜ ਦੇ ਮਹੀਨੇ `ਚ ਪੜੀ ਜਾਵੇਗੀ ਪਰ ਰੱਥ ਤਾਂ ਜੇਠ ਦੇ ਮਹੀਨੇ (ਸੂਰਜੀ ਸਿਧਾਂਤ ਮੁਤਾਬਕ) ਫਿਰ
ਚੁਕਾ ਹੋਵੇਗਾ। ਦੂਜੇ ਪਾਸੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਨਾਨਕਸ਼ਾਹੀ ਸੰਮਤ 530 (1999 ਈ:) ਵਿਚ ਵੀ
ਰੱਥ 7 ਹਾੜ (21 ਜੂਨ ਗਰੈਗੋਰੀਅਨ) ਨੂੰ ਫਿਰਿਆ ਸੀ। ਨਾਨਕਸ਼ਾਹੀ ਸੰਮਤ 1030 (2499 ਈ:) ਵਿਚ ਵੀ
ਰੱਥ 7 ਹਾੜ ਨੂੰ ਫਿਰੇਗਾ ਅਤੇ ਨਾਨਕਸ਼ਾਹੀ ਸੰਮਤ 1530 (2999 ਈ:) ਵਿਚ ਵੀ ਰੱਥ 7 ਹਾੜ (21 ਜੂਨ
ਗਰੈਗੋਰੀਅਨ) ਨੂੰ ਫਿਰੇਗਾ। ਬੀਬੀ ਅਮਰਜੀਤ ਕੌਰ ਜੀ ਹੁਣ ਤੁਸੀਂ ਇਹ ਜਾਣਕਾਰੀ ਦਿਓ ਕਿ ਰੁੱਤਾ ਕਿਸ
ਕੈਲੰਡਰ`ਚ ਸਥਿਰ ਰਹਿਣਗੀਆਂ, ਨਾਨਕ ਸ਼ਾਹੀ ਵਿੱਚ ਜਾਂ ਬਿਕ੍ਰਮੀ ਵਿਚ?
2. ਗੁਰਪੁਰਬਾਂ ਦੀਆਂ ਸਾਰੀਆਂ ਮਿਤੀਆਂ ਗਲਤ ਕਿਉਂ ਮਿਥੀਆਂ ਗਈਆਂ?
ਟਿੱਪਣੀ:- ਬੀਬੀ ਅਮਰਜੀਤ ਕੌਰ ਜੀ, ਜੇ ਤੁਸੀਂ ਨਾਨਕ ਸ਼ਾਹੀ
ਕੈਲੰਡਰ ਦੀ ਭੂਮਿਕਾ ਨੂੰ ਧਿਆਨ ਨਾਲ ਪੜ੍ਹਿਆ ਹੁੰਦਾ ਤਾਂ ਤੁਹਾਨੂੰ ਇਹ ਸਵਾਲ ਕਰਨ ਦੀ ਲੋੜ ਨਹੀ ਸੀ
ਪੈਣੀ। ਪਹਿਲਾ ਵੀ ਬੇਨਤੀ ਕੀਤੀ ਜਾ ਚੁਕੀ ਹੈ ਕਿ ਜੇ ਤੁਸੀਂ ਗੁਰਪੁਰਬਾਂ ਦੀਆਂ ਤਾਰੀਖਾਂ ਨਾਲ
ਸਹਿਮਤ ਨਹੀ ਤਾਂ ਸਹੀ ਤਾਰੀਖਾਂ ਦੀ ਸੂਚੀ ਪੇਸ਼ ਕਰੋ ਤਾਂ ਜੋ ਉਸ ਤੇ ਵਿਚਾਰ ਕੀਤੀ ਜਾ ਸਕੇ। ਪਰ
ਤੁਸੀਂ ਵਾਰ-ਵਾਰ ਇਕ ਗੱਲ ਹੀ ਦੁਹਰਾਈ ਜਾ ਰਹੇ ਕਿ ਤਾਰੀਖਾਂ ਗਲਤ ਹਨ-ਤਾਰੀਖਾਂ ਗਲਤ ਹਨ। ਅਜੇਹਾ
ਕਿਓ? ਕੀ ਕਾਰਨ ਹੈ ਕਿ ਤੁਸੀਂ ਵਾਰ-ਵਾਰ ਬੇਨਤੀਆਂ ਕਰਨ ਤੇ ਵੀ ਸਹੀ ਤਾਰੀਖਾਂ ਦੀ ਸੂਚੀ ਪੇਸ਼ ਕਰਕੇ,
ਵਿਚਾਰ ਕਰਨ ਦਾ ਸੱਦਾ ਪ੍ਰਵਾਨ ਨਹੀਂ ਕੀਤਾ?
3. ਸੰਗਰਾਂਦਾਂ ਝੂਠੀਆਂ ਕਿਉਂ ਮਿਥੀਆਂ ਗਈਆਂ ਜਦੋਂ ਕਿ ਅਜਿਹਾ ਕਰਨਾਂ ਕਿਸੇ ਵਿਦਿਆ ਦਾ ਘੋਰ
ਅਪਮਾਨ ਕਰਨ ਦੇ ਤੁੱਲ ਹੈ?
ਟਿੱਪਣੀ:- ਸੰਕ੍ਰਾਂਤਿ: ਸੰ. ਸੰਗ੍ਯਾ- ਉਹ ਦਿਨ, ਜਿਸ ਦਿਨ
ਸੂਰਜ ਨਵੀਂ ਰਾਸ਼ਿ ਪੁਰ ਸੰਕ੍ਰਮਣ ਕਰੇ. ਸੂਰਜ ਮਹੀਨੇ ਦਾ ਪਹਿਲਾ ਦਿਨ. ਪਹਿਲਾ ਪ੍ਰਵਿਸ਼ਟਾ। (ਮਹਾਨ
ਕੋਸ਼)
“ਸੰਗ੍ਰਾਂਦ; ਲਫ਼ਜ਼ ਸੰਗ੍ਰਾਂਦ ਸੰਸਕ੍ਰਿਤ ਦੇ ਸਾਂਕ੍ਰਾਂਤ ਦਾ ਵਿਗਾੜ ਹੈ, ਇਸ ਦਾ ਅਰਥ ਹੈ, ‘ਸੂਰਜ
ਦਾ ਇਕ ਰਾਸਿ ਤੋਂ ਦੂਜੀ ਰਾਸਿ ਵਿਚ ਲੰਘਣਾ’।...“ਬਿਕ੍ਰਮਾਜੀਤੀ ਸਾਲ ਦੇ ਇਹਨਾਂ ਬਾਰਾਂ ਮਹੀਨਿਆਂ
ਦਾ ਸੰਬੰਧ ਸੂਰਜ ਦੀ ਚਾਲ ਦੇ ਨਾਲ ਹੈ। ਹਰ ਦੇਸੀ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਸੂਰਜ ਇਕ‘ਰਾਸਿ’
ਨੂੰ ਛੱਡ ਕੇ ਦੂਜੀ ‘ਰਾਸਿ’ ਵਿਚ ਪੈਰ ਧਰਦਾ ਹੈ। ਬਾਰਾਂ ਮਹੀਨੇ ਹਨ ਤੇ ਬਾਰਾਂ ਹੀ ਰਾਸਾਂ ਹਨ। ਜੋ
ਲੋਕ ਸੂਰਜ ਦੇਵਤੇ ਦੇ ਉਪਾਸ਼ਕ ਹਨ, ਉਹਨਾਂ ਲਈ ਹਰੇਕ ‘ਸੰਗ੍ਰਾਂਦ’ ਦਾ ਦਿਨ ਪਵਿੱਤਰ ਹੈ ਕਿਉਂਕਿ ਉਸ
ਦਿਨ ਸੂਰਜ-ਦੇਵਤਾ ਇਕ ‘ਰਾਸਿ’ ਨੂੰ ਛੱਡ ਕੇ ਦੂਜੀ ਵਿਚ ਆਉਂਦਾ ਹੈ। ਉਸ ਦਿਨ ਖ਼ਾਸ ਉਚੇਚਾ ਪੂਜਾ-ਪਾਠ
ਕੀਤਾ ਜਾਂਦਾ ਹੈ ਤਾਂ ਜੋ ਸੂਰਜ-ਦੇਵਤਾ ਉਸ ਨਵੀਂ ‘ਰਾਸਿ’ ਵਿਚ ਰਹਿ ਕੇ ਉਪਾਸ਼ਕ ਲਈ ਸਾਰਾ ਮਹੀਨਾ
ਚੰਗਾ ਲੰਘਾਏ”। (ਪੋ: ਸਾਹਿਬ ਸਿੰਘ, ਬੁਰਾਈ ਦਾ ਟਾਕਰਾ, ਪੰਨਾ 125)
ਸੂਰਜੀ ਬਿਕ੍ਰਮੀ ਕੈਲੰਡਰ ਦੇ ਸਾਲ ਵਿਚ 12 ਮਹੀਨੇ ਹਨ (ਚੇਤ, ਵੈਸਾਖ, ਜੇਠ, ਹਾੜ, ਸਾਵਣ, ਭਾਦੋਂ,
ਅੱਸੂ, ਕੱਤਕ, ਮੱਘਰ ਪੋਹ, ਮਾਘ, ਫੱਗਣ) ਅਤੇ 12 ਹੀ ਰਾਸ਼ੀਆਂ ਹਨ। (ਮੀਨ, ਮੇਖ, ਬ੍ਰਿਖ, ਮਿਥੁਨ,
ਕਰਕ, ਸਿੰਘ, ਕੰਨਿਆ, ਤੁਲਾਂ, ਬ੍ਰਿਸ਼ਚਕ, ਧਨ, ਮਕਰ, ਕੁੰਭ) ਸੂਰਜ ਇਕ ਰਾਸ਼ੀ ਵਿਚ ਇਕ ਮਹੀਨਾ
ਰਹਿੰਦਾ ਹੈ। ਜਿਸ ਦਿਨ ਸੂਰਜ ਇਕ ਰਾਸ਼ੀ ਤੋਂ ਦੂਜੀ ਰਾਸ਼ੀ ‘ਚ ਪ੍ਰਵੇਸ਼ ਕਰਦਾ ਹੈ ਉਸ ਦਿਨ ਸੰਗ੍ਰਾਂਦ
ਹੁੰਦੀ ਹੈ। ਇਥੇ ਸਵਾਲ ਪੈਦਾ ਹੁੰਦਾ ਹੈ ਕਿ ਕੀ ਰਾਸ਼ੀਆਂ ਕੁਦਰਤ ਨੇ ਬਣਾਈਆਂ ਹਨ ਜਾਂ ਇਹ ਕਿਸੇ
ਸ਼ਾਤਰ ਦਿਮਾਗ ਦੀ ਕਾਢ ਹੈ? ਹੁਣ ਤਾਂ ਤੇਰਵੀਂ ਰਾਸ਼ੀ ‘ਆਫਿਓਕਸ’ ਦੀ ਚਰਚਾ ਵੀ ਚਲ ਪਈ ਹੈ। ਸੋ ਸਪੱਸ਼ਟ
ਹੈ ਕਿ ਰਾਸ਼ੀਆਂ ਵਾਲਾ ‘ਮੱਕੜ ਜਾਲ’ ਕੁਦਰਤੀ ਨਹੀਂ ਹੈ।
ਗੁਰੂ ਕਾਲ ਵੇਲੇ ਇੰਡੀਆ ਵਿਚ ਬਿਕ੍ਰਮੀ ਕੈਲੰਡਰ (ਸੂਰਜੀ ਸਿਧਾਂਤ) ਪ੍ਰਚੱਲਤ ਸੀ। ਵਿਦਵਾਨਾਂ ਵੱਲੋਂ
ਇਸ ਸਾਲ ਦੀ ਲੰਬਾਈ 365 ਦਿਨ 6 ਘੰਟੇ 12 ਮਿੰਟ 36 ਸੈਕਿੰਡ (365.2587 ਦਿਨ) ਮੰਨੀ ਗਈ ਹੈ।
ਨਵੰਬਰ 1964 ਵਿਚ ਅੰਮ੍ਰਿਤਸਰ ਵਿਖੇ ਵਿਦਵਾਨਾਂ ਦੀ ਇਕ ਇਕੱਤਰਤਾ ਹੋਈ ਜਿਸ ਵਿਚ ਸਾਲ ਦੀ ਲੰਬਾਈ ‘ਚ
ਸੋਧ ਕਰਨ ਬਾਰੇ ਚਰਚਾ ਕੀਤੀ ਗਈ ਸੀ। ਇਸ ਸੰਮੇਲਨ ‘ਚ ਸਾਲ ਦੀ ਲੰਬਾਈ 365 ਦਿਨ 6 ਘੰਟੇ 12 ਮਿੰਟ
36 ਸੈਕਿੰਡ ਤੋਂ ਘਟਾ ਕੇ 365 ਦਿਨ 6 ਘੰਟੇ 9 ਮਿੰਟ 10 ਸੈਕਿੰਡ (365.2563 ਦਿਨ) ਮੰਨ ਲਈ ਗਈ
ਅਤੇ ਹੁਣ ਇਸ ਨੂੰ ‘ਦ੍ਰਿਕਗਿਣਤ ਸਿਧਾਂਤ’ ਕਿਹਾ ਜਾਂਦਾ ਹੈ। ਅੱਜ ਵੀ ਇੰਡੀਆ ਵਿਚ ਇਹ ਦੋਵੇਂ
ਸਿਧਾਂਤ ਪ੍ਰਚੱਲਤ ਹਨ। ਦੋਵਾਂ ਸਿਧਾਂਤਾਂ ਅਨੁਸਾਰ ਬਣੇ ਕੈਲੰਡਰਾਂ ਵਿੱਚ, ਸਾਲ ਦੀ ਲੰਬਾਈ `ਚ ਕੁਝ
ਮਿੰਟਾਂ ਦਾ ਅੰਤਰ ਹੋਣ ਕਾਰਨ ਪਿਛਲੇ 50 ਸਾਲਾਂ ਵਿੱਚ ਤਿੰਨ-ਚਾਰ ਸੰਗਰਾਦਾਂ `ਚ ਇਕ ਦਿਨ ਦਾ ਫਰਕ
ਪੈ ਚੁੱਕਾ ਹੈ। ਬਿਕ੍ਰਮੀ 2072 ਸੰਮਤ ਵਿੱਚ ਤਿੰਨ ਸੰਗਰਾਦਾਂ (ਚੇਤ, ਕੱਤਕ ਅਤੇ ਮੱਘਰ) ਵਿੱਚ ਇਕ
ਦਿਨ ਦਾ ਫਰਕ ਹੈ। ਉਹ ਦਿਨ ਦੂਰ ਨਹੀਂ ਜਦੋਂ ਬਾਰਾਂ ਦੀਆ ਬਾਰਾਂ ਸੰਗਰਾਦਾਂ ਹੀ ਵੱਖ ਹੋ ਜਾਣਗੀਆਂ
ਤਾਂ ਸੱਚੀ ਸੰਗਰਾਦ ਅਤੇ ਝੂਠੀ ਸੰਗਰਾਦ ਦੀ ਪਰਖ ਕਿਵੇਂ ਕੀਤੀ ਜਾਵੇਗੀ? ਦ੍ਰਿਕਗਿਣਤ ਸਿਧਾਂਤ
ਮੁਤਾਬਕ ਚੇਤ ਦੀ ਸੰਗਰਾਂਦ 14 ਮਾਰਚ ਨੂੰ ਪਰ ਸੂਰਜੀ ਸਿਧਾਂਤ ਮੁਤਾਬਕ ਚੇਤ ਦੀ ਸੰਗਰਾਦ 15 ਮਾਰਚ
ਨੂੰ ਹੋਵੇਗੀ। ਹੁਣ ਇਨ੍ਹਾਂ `ਚ ਸੱਚੀ ਸੰਗਰਾਦ ਕਿਹੜੀ ਅਤੇ ਕਿਵੇਂ ਹੈ? ਇਥੇ ਹੀ ਵੱਸ ਨਹੀ, ਆਓ
ਸੱਚੀ ਸੰਗਰਾਂਦ ਦਾ ਇਕ ਹੋਰ ਨਮੂਨਾ ਵੇਖੀਏ। ‘ਬਿਕ੍ਰਮੀ ਤਿੱਥ ਪੱਤ੍ਰਕਾ’ ਮੁਤਾਬਕ ਚੇਤ ਦੀ ਸੰਗਰਾਦ
ਭਾਵ ਸੂਰਜ ਮੀਨ ਰਾਸ਼ੀ ਵਿਚ 4.33 ਵਜੇ ਦਾਖਲ ਹੋਵੇਗਾ ਪਰ ‘ਮੁਫੀਦ ਆਲਮ ਜੰਤਰੀ’ ਮੁਤਾਬਕ 5.18 ਵਜੇ।
ਦੋਵਾਂ ਜੰਤਰੀਆਂ ਵਿੱਚ ਬਾਰਾਂ ਦੀਆਂ ਬਾਰਾਂ ਰਾਸ਼ੀਆਂ ਵਿੱਚ ਸੂਰਜ ਦੇ ਪ੍ਰਵੇਸ਼ ਕਰਨ ਦਾ ਸਮਾ
ਵੱਖ-ਵੱਖ ਹੈ। ਹੁਣ ਸੱਚੀ-ਝੂਠੀ ਸੰਗਰਾਦ ਦਾ ਨਿਰਨਾ ਕਿਵੇਂ ਕਰੋਗੇ? ਅੱਜ ਸ਼੍ਰੋਮਣੀ ਕਮੇਟੀ ਵੱਲੋਂ
1964 ਦੀ ਸੋਧ ਮੁਤਾਬਕ ਆਪਣੇ ਕੈਲੰਡਰ ਵਿੱਚ ਸੱਚੀਆਂ ਸੰਗਰਾਦਾਂ (?) ਦਰਜ ਕੀਤੀਆਂ ਜਾਂਦੀਆਂ ਹਨ।
ਬੀਬੀ ਅਮਰਜੀਤ ਕੌਰ ਜੀ, ਤੁਹਾਨੂੰ 1964 ਵਿੱਚ ਹਿੰਦੂ ਵਿਦਵਾਨਾਂ ਵੱਲੋਂ ਕੀਤੀ ਗਈ ਸੋਧ ਤਾ ਪ੍ਰਵਾਨ
ਹੈ ਪਰ 2003 ਵਿੱਚ ਸਿੱਖ ਵਿਦਵਾਨਾਂ ਵੱਲੋਂ ਕੀਤੀ ਗਈ ਸੋਧ ਤੇ ਇਤਰਾਜ਼! ਅਜੇਹਾ ਕਿਓ ?
4. ਇਤਿਹਾਸ ਦੇ ਉਲਟ, ਜੋਤੀ ਜੋਤ ਅਤੇ ਗੁਰ ਗੱਦੀ ਦੇ ਗੁਰਪੁਰਬ ਇੱਕੋ ਦਿਨ ਕਿਉਂ ਮਿਥੇ ਗਏ?
ਟਿੱਪਣੀ:- ਜਵਾਬ ਉਪਰ ਪੜ੍ਹ ਚੁਕੇ ਹੋ। (ਸਵਾਲ ਨੰਬਰ 4,
ਸਵਾਲ ਨੰਬਰ 2 ਦਾ ਹੀ ਦੁਹਰਾਓ ਹੈ) ਉਂਝ! ਜੇ ਬੀਬੀ ਅਮਰਜੀਤ ਕੌਰ ਨੇ ਕਿਸੇ ਪੁਰਾਣੀ ਜੰਤਰੀ ਜਾਂ
ਕੈਲੰਡਰ ਦੇ ਦਰਸ਼ਨ ਕੀਤੇ ਹੁੰਦੇ ਤਾਂ ਬੀਬੀ ਨੂੰ ਇਹ ਸਵਾਲ ਨਹੀਂ ਸੀ ਕਰਨਾ ਪੈਣਾ। ਸ਼੍ਰੋਮਣੀ ਕਮੇਟੀ
ਵੱਲੋਂ ਛਾਪੀ ਗਈ 1991 ਦੀ ‘ਸ਼੍ਰੋਮਣੀ ਡਾਇਰੀ’ ਵਿਚ ਗੁਰੂ ਅੰਗਦ ਦੇਵ ਜੀ ਦਾ ਜੋਤੀ ਜੋਤ ਅਤੇ ਗੁਰੂ
ਅਮਰਦਾਸ ਜੀ ਦਾ ਗੁਰ ਗੱਦੀ ਦਿਵਸ ਚੇਤ ਸੁਦੀ 4 ਸੰਮਤ 1609 ਦਰਜ ਹੈ। ਗੁਰੂ ਅਮਰਦਾਸ ਜੀ ਦਾ ਜੋਤੀ
ਜੋਤ ਅਤੇ ਗੁਰੂ ਰਾਮਦਾਸ ਜੀ ਦਾ ਗੁਰ ਗੱਦੀ ਦਿਵਸ ਭਾਦੋਂ ਸੁਦੀ 15 ਸੰਮਤ 1631 ਦਰਜ ਹੈ। ਗੁਰੂ
ਰਾਮਦਾਸ ਜੀ ਦਾ ਜੋਤੀ ਜੋਤ ਅਤੇ ਗੁਰੂ ਅਰਜਨ ਦੇਵ ਜੀ ਦਾ ਗੁਰ ਗੱਦੀ ਦਿਵਸ ਭਾਦੋਂ ਸੁਦੀ 3 ਸੰਮਤ
1638 ਦਰਜ ਹੈ। ਗੁਰੂ ਹਰ ਕ੍ਰਿਸ਼ਨ ਜੀ ਦਾ ਜੋਤੀ ਜੋਤ ਅਤੇ ਗੁਰੂ ਤੇਗ ਬਹਾਦਰ ਜੀ ਦਾ ਗੁਰ ਗੱਦੀ
ਦਿਵਸ ਕੱਤਕ ਵਦੀ 10 ਸੰਮਤ 1721 ਦਰਜ ਹੈ। ਅਤੇ ਗੁਰੂ ਤੇਗ ਬਹਾਦਰ ਜੀ ਦਾ ਜੋਤੀ ਜੋਤ ਅਤੇ ਗੁਰੂ
ਗੋਬਿੰਦ ਸਿੰਘ ਜੀ ਦਾ ਗੁਰ ਗੱਦੀ ਦਿਵਸ ਮੱਘਰ ਸੁਦੀ 5 ਸੰਮਤ 1732 ਦਰਜ ਹੈ।
5. ਬਿਕਰਮੀ ਕੈਲੰਡਰ ਬਾਰੇ ਝੂਠੀ ਜਾਣਕਾਰੀ ਕਿਉਂ ਦਿੱਤੀ ਗਈ?
ਟਿੱਪਣੀ:- ਬਿਕ੍ਰਮੀ ਕੈਲੰਡਰ ਸਬੰਧੀ ਦਿੱਤੀ ਗਈ ਜਾਣਕਾਰੀ
ਸੱਚੀ ਹੈ। ਜਵਾਬ ਉਪਰ ਪੜ੍ਹ ਚੁਕੇ ਹੋ। ਜੇ ਤੁਸੀਂ ਸਹਿਮਤ ਨਹੀ ਤਾਂ ਆਪਣੇ ਇਤਰਾਜ਼ ਲਿਖ ਭੇਜਣੇ ਤਾ
ਜੋ ਉਨ੍ਹਾਂ ਤੇ ਵਿਚਾਰ ਕੀਤੀ ਜਾ ਸਕੇ। ਹੁਣ ਤੁਸੀਂ ਇਹ ਸਾਬਿਤ ਕਰੋ ਕਿ ਰੁੱਤਾ ਬਿਕ੍ਰਮੀ ਕੈਲੰਡਰ
ਵਿੱਚ ਕਿਵੇਂ ਸਥਿਰ ਰਹਿਣਗੀਆਂ। (ਪਾਠਕ ਨੋਟ ਕਰਨ ਕਿ ਸਵਾਲ ਨੰਬਰ 1, 5 ਅਤੇ 7 ਇਕੋ ਸਵਾਲ ਹੀ ਹੈ)
6. ਨਾਨਕ ਸ਼ਾਹੀ ਕੈਲੰਡਰ ਨੂੰ ਸਿੱਖਾਂ ਦੀ ਵੱਖਰੀ ਹਸਤੀ ਦਾ ਪ੍ਰਤੀਕ ਕਿਉਂ ਦੱਸਿਆ ਗਿਆ, ਜਦੋਂ
ਕਿ ਕਿਸੇ ਕੌਮ ਦੀ ਵੱਖਰੀ ਹਸਤੀ ਉਸਦਾ ਕਿਰਦਾਰ ਹੁੰਦਾ ਹੈ ਜਾਂ ਉਸਦਾ ਇਤਿਹਾਸ ਹੁੰਦਾ ਹੈ।
ਟਿੱਪਣੀ:- ਜੇ ਸਿੱਖ ਕੌਮ ਦੇ ਵਿਲੱਖਣ ਕਿਰਦਾਰ ਅਤੇ
ਇਤਿਹਾਸ ਦੇ ਨਾਲ-ਨਾਲ ਆਪਣਾ ਵੱਖਰਾ ਕੈਲੰਡਰ ਵੀ ਹੋਵੇ ਤਾਂ ਤੁਹਾਨੂੰ ਕੀ ਇਤਰਾਜ਼ ਹੈ?
ਖ਼ਬਰਨਾਮਾ:- “ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਕਾਸ਼ਿਤ
ਨਾਨਕਸ਼ਾਹੀ ਕੈਲੰਡਰ ਅਤੇ ਨਾਨਕਸ਼ਾਹੀ ਟੇਬਲ ਕੈਲੰਡਰ ਸੰਮਤ ੫੪੦ ਸਿੱਖ ਕੌਮ ਦੀ ਪ੍ਰਤੀਨਿਧ ਧਾਰਮਿਕ
ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸਮੂਹ ਸਿੱਖ
ਪੰਥ ਅਤੇ ਸੰਸਾਰ ਵਿੱਚ ਵਸਦੀ ਲੋਕਾਈ ਦੇ ਉਪਯੋਗ ਹਿੱਤ ਰਿਲੀਜ਼ ਕੀਤਾ। ਉਨ੍ਹਾਂ ਕਿਹਾ ਕਿ ਨਾਮਵਰ
ਸਿੱਖ ਵਿਦਵਾਨਾਂ ਦੀ ਲੰਮੀ ਖੋਜ ਮਿਹਨਤ ਉਪ੍ਰੰਤ ਅਤੇ ਸਮੁੱਚੇ ਸਿੱਖ ਜਗਤ ਵੱਲੋਂ ਪ੍ਰਵਾਨ ਨਾਨਕਸ਼ਾਹੀ
ਕੈਲੰਡਰ ਸਿੱਖ ਕੌਮ ਦੀ ਵੱਖਰੀ ਹੋਂਦ ਤੇ ਨਿਆਰੀ ਹਸਤੀ ਦਾ ਪ੍ਰਤੀਕ ਹੈ”। (ਗੁਰਮਤਿ ਪ੍ਰਕਾਸ਼, ਮਾਰਚ
੨੦੦੮, ਪੰਨਾ ੧੫੬)
7. ਟਰੋਪੀਕਲ ਕੈਲੰਡਰ ਦੀਆਂ ਖ਼ਾਮੀਆਂ ਨੂੰ ਬਿਕਰਮੀ ਕੈਲੰਡਰ ਦੇ ਸਿਰ ਕਿਉਂ ਮੜ੍ਹਿਆ ਗਿਆ?
ਟਿੱਪਣੀ:-ਖ਼ਾਮੀ ਟਰੋਪੀਕਲ ਕੈਲੰਡਰ ਵਿੱਚ ਨਹੀ ਸਗੋਂ
ਬਿਕਰਮੀ ਵਿੱਚ ਹੈ। ਸਵਾਲ ਇਹ ਹੈ ਕਿ ਕੀ ਸਿੱਖਾਂ ਨੇ ਰਾਸ਼ੀਆਂ ਨੂੰ ਮੁਖ ਰੱਖਕੇ ਆਪਣਾ ਕੈਲੰਡਰ
ਬਣਾਉਣਾ ਹੈ ਜਾਂ ਰੁੱਤਾ ਨੂੰ ਮੁਖ ਰੱਖਣਾ ਹੈ? ਜੇ ਰਾਸ਼ੀਆਂ ਨੂੰ ਮੁਖ ਰੱਖਣਾ ਹੈ ਤਾਂ ਬਾਣੀ ਵਿਚ
ਦਰਜ ਰੁੱਤਾ ਦਾ ਸਬੰਧ ਮਹੀਨਿਆਂ ਨਾਲੋਂ ਟੁੱਟ ਜਾਵੇਗਾ। ਵਿਸਥਾਰ ਉਪਰ ਪੜ੍ਹ ਚੁਕੇ ਹੋ।
8. ਜੇਕਰ ਗਰੀਗੌਰੀਅਨ ਕੈਲੰਡਰ ਵਿੱਚ ਲੀਪ ਦੇ ਸਾਲ ਦੇ ਨਾਮ ਹੇਠ ਦਿਨਾਂ ਦਾ ਲੇਖਾ ਜੋਖਾ ਕੀਤਾ
ਜਾਂਦਾ ਹੈ ਤਾਂ ਕੋਈ ਸਮੱਸਿਆਂ ਨਹੀਂ ਭਾਵੇਂ ਇਹ ਚਾਰ ਸਾਲ ਬਾਦ ਹੋਵੇ ਜਾਂ ਫਿਰ ਅੱਠ ਸਾਲ ਬਾਦ,ਪਰ
ਜੇਕਰ ਬਿਕਰਮੀ ਕੈਲੰਡਰ ਵਿੱਚ ਹਰ ਚੌਥੇ ਸਾਲ ਕਿਸੇ ਵਿੱਦਿਆ ਦੇ ਅਧਾਰ ਤੇ ਮਲਮਾਸ ਜਾਂ ਅਧਿਕ ਮਹੀਨਾ
ਅਤੇ ਇਸੇ ਤਰ੍ਹਾਂ ਕਸਿਆ ਮਹੀਨਾ ਦੱਸ ਕੇ ਚੰਦਰ ਕੈਲੰਡਰ ਦਾ ਸੂਰਜੀ ਕੈਲੰਡਰ ਨਾਲ ਲੇਖਾ ਜੋਖਾ ਕਰਕੇ
ਮਿਤੀਆਂ ਨੂੰ ਠੀਕ ਕਰ ਲਿਆ ਜਾਂਦਾ ਹੈ ਤਾਂ ਬ੍ਰਾਹਮਣਵਾਦ ਦਾ ਰੌਲਾ ਪਾਇਆ ਜਾਂਦਾ ਹੈ,ਕਿਉਂ?
ਟਿੱਪਣੀ:- ਗਰੈਗੋਰੀਅਨ ਕੈਲੰਡਰ ਵਿੱਚ ਲੀਪ ਦੇ ਸਾਲ ਦਾ
ਲੇਖਾ ਜੋਖਾ ਇਕ ਵਿਗਿਆਨਿਕ ਨਿਯਮ ਮੁਤਾਬਕ ਕੀਤਾ ਜਾਂਦਾ ਹੈ। ਕੀ ਤੁਸੀਂ ਅੰਮ੍ਰਿਤਸਰ ਟਾਈਮਜ਼ ਦੇ
ਪਾਠਕਾਂ ਨਾਲ ਇਹ ਜਾਣਕਾਰੀ ਸਾਂਝੀ ਕਰੋਗੇ ਕਿ ਬਿਕ੍ਰਮੀ ਕੈਲਮਡਰ ਵਿਚ 11, 12 ਜਾਂ 13 ਮਹੀਨੇ ਅਤੇ
ਇਕ ਦਿਨ ਵਿਚ ਚੰਦ ਦੇ ਦੋ ਦਿਨ (ਤਿਥ) ਜਾਂ ਦੋ ਦਿਨਾਂ ਵਿਚ ਚੰਦ ਦਾ ਇਕ ਦਿਨ, ਕਿਸ ਵਿਗਿਆਨ ਜਾਂ
ਕੁਦਰਤੀ ਨਿਯਮ ਮੁਤਾਬਕ ਨਿਰਧਾਰਤ ਕੀਤੇ ਜਾਂਦੇ ਹਨ? ਇਕ ਪੂਰਾ ਮਹੀਨਾ (ਤੇਰਵਾਂ ਮਹੀਨਾ) ਜਿਸ ਨੂੰ
ਮਲ ਮਾਸ ਕਿਹਾ ਜਾਂਦਾ ਹੈ, ਮਾੜਾ ਮੰਨਿਆ ਜਾਂਦਾ ਹੈ। ਕੀ ਇਹ ਧਾਰਣਾ ਗੁਰਬਾਣੀ ਦੀ ਪਰਖ ਕਸਵੱਟੀ ਤੇ
ਪੂਰੀ ਢੁੱਕਦੀ ਹੈ? ਬੀਬੀ ਅਮਰਜੀਤ ਕੌਰ ਜੀ, ਇਸ ਰੋਲ-ਘਚੋਲੇ ਨੂੰ ਹੀ ਬ੍ਰਾਹਮਣਵਾਦ ਕਿਹਾ ਜਾਂਦਾ
ਹੈ।
9. ਪੁੰਨਿਆਂ ਮੱਸਿਆਂ ਅਤੇ ਸੰਗਰਾਂਦਾਂ ਬਿਕਰਮੀ ਕੈਲੰਡਰ ਦੇ ਅਧਾਰ ਦਿਨ ਹਨ, ਉਹਨਾਂ ਨੂੰ
ਹਿੰਦੂਆਂ ਦੇ ਦਿਨ ਕਹਿ ਕੇ ਛੁਟਿਆਇਆ ਕਿਉਂ ਗਿਆ ਜਦੋਂ ਕਿ ਇਹਨਾਂ ਦਿਨਾਂ ਨੂੰ ਬਣਾਉਣ ਵਾਲਾ
ਪ੍ਰਮਾਤਮਾਂ ਹੈ, ਨਾਂ ਕਿ ਕੋਈ ਹਿੰਦੂ?
ਟਿੱਪਣੀ:- ਹਾਂ! ਇਹ
ਸੱਚ ਹੈ ਕਿ ਪੁੰਨਿਆ ਅਤੇ ਮੱਸਿਆ ਨੂੰ ਬਣਾਉਣ ਵਾਲ ਪ੍ਰਮਾਤਮਾਂ ਹੈ ਪਰ ਸੰਗ੍ਰਾਂਦ ਪ੍ਰਮਾਤਮਾਂ ਨੇ
ਨਹੀ, ਮਨੁੱਖ ਨੇ ਬਣਾਈ ਹੈ। ਬੀਬੀ ਅਮਰਜੀਤ ਕੌਰ ਜੀ, ਕੀ ਤੁਸੀਂ ਇਹ ਸਾਬਿਤ ਕਰ ਸਕਦੇ ਹੋ ਕਿ
ਸੰਗ੍ਰਾਂਦ ਵੀ ਪ੍ਰਮਾਤਮਾਂ ਨੇ ਹੀ ਬਣਾਈ ਹੈ? ਪੁੰਨਿਆ ਅਤੇ ਮੱਸਿਆ ਮੁਤਾਬਕ ਬਣੇ
ਕੈਲੰਡਰ ਭਾਵ ਚੰਦ ਦੇ ਸਾਲ ਦੀ ਲੰਬਾਈ 354.37 ਦਿਨ ਹੁੰਦੀ ਹਨ। ਇਸ ਧਰਤੀ ਤੇ ਰੁੱਤਾ ਸੂਰਜੀ ਸਾਲ
ਮੁਤਾਬਕ ਬਣਦੀਆਂ ਹਨ ਜਿਸ ਦੇ ਸਾਲ ਦੀ ਲੰਬਾਈ 365.2422 ਦਿਨ ਹੈ। ਜਿਵੇ ਪੁੰਨਿਆ ਅਤੇ ਮੱਸਿਆ
ਕੁਦਰਤੀ ਵਿਧਾਨ ਹੈ ਇਵੇਂ ਹੀ ਇਸ ਧਰਤੀ ਤੇ ਦਿਨ ਅਤੇ ਰਾਤ ਦਾ ਬਰਾਬਰ ਹੋਣਾ ਜਾਂ ਦਿਨ ਦਾ ਵੱਡੇ ਤੋਂ
ਵੱਡਾ ਅਤੇ ਰਾਤ ਦਾ ਛੋਟੀ ਤੋਂ ਛੋਟੀ ਹੋਣਾ ਕੁਦਰਤੀ ਵਿਧਾਨ ਹੈ। ਗੁਰਬਾਣੀ ਵਿਚ ਦਰਜ 6 ਰੁੱਤਾਂ,
ਜਿਨ੍ਹਾਂ ਦਾ ਤੁਸੀਂ ਆਪਣੇ ਲੇਖ ਵਿੱਚ ਹਵਾਲਾ ਦਿੱਤਾ ਹੈ, ਇਸੇ ਕੁਦਰਤੀ ਵਿਧਾਨ ਮੁਤਾਬਕ ਹੀ ਬਣਦੀਆਂ
ਹਨ। ਕੁਦਰਤ ਦੇ ਇਸ ਵਿਧਾਨ ਮੁਤਾਬਕ ਬਣਾਏ ਗਏ ਨਾਨਕਸ਼ਾਹੀ ਕੈਲੰਡਰ ਤੇ ਇਤਰਾਜ਼ ਕਿਓ?
ਬੀਬੀ ਅਮਰਜੀਤ ਕੌਰ ਜੀ, ਤੁਹਾਡੀਆਂ ਲਿਖਤਾਂ ਤੋਂ ਇਹ ਸਪੱਸ਼ਟ ਹੈ ਕਿ ਤੁਸੀਂ ਨਹੀਂ ਚਾਹੁੰਦੇ ਕਿ
ਸਿੱਖਾਂ ਦਾ ਆਪਣਾ ਵੱਖਰਾ ਕੈਲੰਡਰ ਹੋਵੇ। ਤੁਸੀਂ ਪਿਛਲੇ ਕਈ ਸਾਲਾਂ ਤੋਂ ਨਾਨਕਸ਼ਾਹੀ ਕੈਲੰਡਰ ਦਾ
ਅੰਨਾ ਵਿਰੋਧ ਅਤੇ ਬਿਕ੍ਰਮੀ ਕੈਲੰਡਰ ਦੀ ਵਕਾਲਤ ਕਰ ਰਹੇ ਹੋ।ਆਪ ਜੀ ਲਿਖਦੇ ਹੋ, “ਪਹਿਲਾ
ਰਵਾਇਤੀ ਬਿਕਰਮੀ ਕੈਲੰਡਰ ਜਿਸ ਵਿੱਚ ਕੋਈ ਊਣਤਾਈ ਵੀ ਨਹੀਂ ਹੈ, ਜੋ ਖਗੋਲ ਭੂਗੋਲ ਦੋਨਾਂ ਦੀਆਂ
ਲੋੜਾਂ ਤੇ ਪੂਰਾ ਉਤਰਦਾ ਹੈ, ਨੂੰ ਵਰਤਣਾ ਹੀ ਸਿਆਣਪ ਵਾਲੀ ਗੱਲ ਹੈ”। ਹੁਣ ਤੁਸੀਂ ਅੰਮ੍ਰਿਤਸਰ
ਟਾਈਮਜ਼ ਦੇ ਪਾਠਕਾਂ ਨਾਲ ਇਹ ਜਾਣਕਾਰੀ ਸਾਂਝੀ ਕਰੋ ਕਿ ਪਹਿਲੇ ਰਵਾਇਤੀ ਬਿਕ੍ਰਮੀ ਕੈਲੰਡਰ ਤੋਂ
ਤੁਹਾਡਾ ਕੀ ਭਾਵ ਹੈ? ਤੁਸੀਂ ਕਿਹੜੇ ਬਿਕ੍ਰਮੀ ਕੈਲੰਡਰ ਦੇ ਹਮਾਇਤੀ ਹੋ? ਬਿਕ੍ਰਮੀ ਕੈਲੰਡਰ (ਸੂਰਜੀ
ਸਿਧਾਂਤ) ਜੋ ਗੁਰੂ ਕਾਲ ਵੇਲੇ ਲਾਗੂ ਸੀ ਜਾਂ ਬਿਕ੍ਰਮੀ ਕੈਲੰਡਰ (ਦ੍ਰਿਕਗਿਣਤ ਸਿਧਾਂਤ) ਭਾਵ 1964
ਵਿੱਚ, ਹਿੰਦੂ ਵਿਦਵਾਨਾਂ ਵੱਲੋਂ ਸੋਧੇ ਹੋਏ ਕੈਲੰਡਰ ਦੇ ਹਮਾਇਤੀ ਹੋ?
03/03/15)
ਗੁਰਪ੍ਰੀਤ ਸਿੰਘ ਸ਼ੈਡੀ/ ਸੰਦੀਪ ਸਿੰਘ ਖਾਲੜਾ
ਖਾਲੜਾ 3 ਮਾਰਚ (ਗੁਰਪ੍ਰੀਤ ਸਿੰਘ ਸ਼ੈਡੀ) ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਗੁਰਮਤਿ ਪ੍ਰਚਾਰ ਕੇਂਦਰ (ਮਾਲੂਵਾਲ) ਤਰਨ ਤਾਰਨ
ਵੱਲੋਂ ਦੋ ਰੋਜਾ ਸਲਾਨਾ ਸਮਾਗਮ ਪਿੰਡ ਮਾਲੂਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਕੀਤਾ ਗਿਆ। ਸਮਾਗਮ ਦੇ
ਪਹਿਲੇ ਦਿਨ ਜਿਥੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਹੁੰਚੇ ਪੰਜ ਪਿਆਰਿਆਂ ਨੇ ਖੰਡੇ ਦੀ ਪਾਹੁਲ ਤਿਆਰ
ਕਰਕੇ 55 ਪ੍ਰਾਣੀਆਂ ਨੂੰ ਗੁਰੁ ਵਾਲੇ ਬਣਾਇਆ। ਉਥੇ ਵੱਖ ਵੱਖ ਸਕੂਲਾਂ ਵਿਚੋਂ ਪਹੁੰਚੇ ਬੱਚਿਆਂ ਨੇ
ਕਵਿਤਾਵਾਂ, ਕਵੀਸ਼ਰੀ ਅਤੇ ਲੈਕਚਰਾਂ ਦੀ ਪੇਸ਼ਕਾਰੀ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਸਮੇਂ ਸਾਰੇ
ਹੀ ਬੱਚਿਆਂ ਨੂੰ ਕੇਂਦਰ ਵੱਲੌ ਗੁਰਬਾਣੀ ਦੇ ਗੁਟਕੇ, ਧਾਰਮਿਕ ਲਿਟਰੇਚਰ, ਸ਼ੀਲਡਾਂ ਅਤੇ ਸਕੂਲੀ ਬੈਗ
ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਦੂਸਰੇ ਦਿਨ ਪ੍ਰਿੰਸੀਪਲ ਗਿਆਨੀ ਗੁਰਬਚਨ ਸਿੰਘ ਜੀ
ਥਾਈਲੈਂਡ, ਪ੍ਰੋ: ਸਰਬਜੀਤ ਸਿੰਘ ਜੀ ਧੂੰਦਾ, ਢਾਡੀ ਜਥਾ ਭਾਈ ਮਨਬੀਰ ਸਿੰਘ ਜੀ ਨੇ ਸੰਗਤਾਂ ਨੂੰ
ਗੁਰਬਾਣੀ ਵੀਚਾਰ, ਸਿੱਖ ਇਤਿਹਾਸ, ਸਮਾਜਿਕ ਬੁਰਿਆਈ ਸਬੰਧੀ ਜਾਣਕਾਰੀ ਦਿਤੀ। ਇਸ ਮੌਕੇ ਸਟੇਜ ਸਕੱਤਰ
ਦੀ ਸੇਵਾ ਕੇਂਦਰ ਪ੍ਰਚਾਰਕ ਭਾਈ ਜਤਿੰਦਰ ਸਿੰਘ ਜੀ ਮਾਹਣੇ ਨੇ ਬਾਖੂਬੀ ਨਿਭਾਹੀ। ਸਮਾਗਮ ਦੌਰਾਨ
ਸ੍ਰ: ਸਤਪਾਲ ਸਿੰਘ ਹਾਂਗਕਾਂਗ, ਸ੍ਰ: ਅਰੂੜ ਸਿੰਘ, ਸੁਖਦੇਵ ਸਿੰਘ, ਭਾਈ ਗੁਰਜੰਟ ਸਿੰਘ ਰੂਪੋਵਾਲੀ,
ਗਿ: ਸੁਖਵਿੰਦਰ ਸਿੰਘ ਦਦੇਹਰ, ਗੁਰਮੀਤ ਸਿੰਘ ਮਾਲੂਵਾਲ, ਭਾਈ ਸੰਦੀਪ ਸਿੰਘ ਖਾਲੜਾ (ਜਰਮਨੀ), ਭਾਈ
ਗੁਰਸ਼ਰਨ ਸਿੰਘ ਡੱਲ (ਡੁੱਬਈ) , ਭਾਈ ਪਰਮਜੀਤ ਸਿੰਘ ਹਵੇਲੀਆਂ, ਸ੍ਰ: ਅਵਤਾਰ ਸਿੰਘ ਹਾਂਗਕਾਂਗ, ਭਾਈ
ਬਲਜਿੰਦਰ ਸਿੰਘ ਝਬਾਲ, ਭਾਈ ਕਰਨਬੀਰ ਸਿੰਘ ਆਦਿ ਹਾਜਿਰ ਸਨ।
03/03/15)
ਅਕੇਸ਼ ਕੁਮਾਰ
ਸਰਕਾਰ ਨੇ ਇਸ ਬਜਟ ਵਿੱਚ ਕਾਰਪੋਰੇਟ ਜਗਤ ਨੂੰ ਖੁਸ਼ ਕੀਤਾ ਉਥੇ ਹੀ ਦੋ ਨੰਬਰ ਦੇ ਪੈਸੇ ਤੇ ਸ਼ਿਕੰਜਾ
ਕਸ ਕੇ ਸਰਕਾਰ ਨੇ ਬੇਇਮਾਨਾਂ ਲਈ ਚੇਤਾਵਨੀ ਦੀ ਘੰਟੀ ਵਜਾ ਦਿੱਤੀ ਹੈ ਪਰ ਸਰਕਾਰ ਨੂੰ ਆਮ ਲੋਕਾਂ ਲਈ
ਵੀ ਬੇਹਤਰ ਮਹੌਲ ਬਣਾਉਣਾ ਪਵੇਗਾ
ਕੇਂਦਰ ਦੀ ਮੋਦੀ ਸਰਕਾਰ ਜਿੱਥੇ ਸਭ ਦਾ ਵਿਕਾਸ ਦੇ ਨਾਅਰੇ ਨਾਲ ਸੱਤਾ ਵਿੱਚ ਆਈ ਸੀ ਪਰ ਇਹ ਨਾਅਰਾ
ਬਣ ਕੇ ਹੀ ਰਹਿ ਗਿਆ ਅਤੇ ਮੋਦੀ ਸਰਕਾਰ ਦੇ ਪਹਿਲੇ ਬਜਟ ਵਿੱਚ ਮੱਧਮਵਰਗ ਕੀਤੇ ਪਿੱਛੇ ਹੀ ਛੁੱਟ ਗਿਆ
ਅਤੇ ਕਾਰਪੋਰੇਟ ਘਰਾਣਾ ਹੀ ਅੱਗੇ ਨਿਕਲ ਗਿਆ
ਕੇਂਦਰ ਦੀ ਮੋਦੀ ਸਰਕਾਰ ਜਿੱਥੇ ਸਭ ਦਾ ਵਿਕਾਸ ਦੇ ਨਾਅਰੇ ਨਾਲ ਸੱਤਾ ਵਿੱਚ ਆਈ ਸੀ ਪਰ
ਇਹ ਨਾਅਰਾ ਬਣ ਕੇ ਹੀ ਰਹਿ ਗਿਆ ਅਤੇ ਮੋਦੀ ਸਰਕਾਰ ਦੇ ਪਹਿਲੇ ਬਜਟ ਵਿੱਚ ਮੱਧਮਵਰਗ ਕੀਤੇ ਪਿੱਛੇ ਹੀ
ਛੁੱਟ ਗਿਆ ਅਤੇ ਕੋਰਪੋਰੇਟ ਘਰਾਣਾ ਹੀ ਅੱਗੇ ਨਿਕਲ ਗਿਆ। ਮੋਦੀ ਸਰਕਾਰ ਦੇ ਪਹਿਲੇ ਬਜਟ ਵਿੱਚ
ਕੋਰਪੋਰੇਟ ਘਰਾਨਿਆਂ ਨੂੰ ਜਿੱਥੇ ਖੁਸ਼ ਕੀਤਾ ਉਥੇ ਮੱਧਮ ਵਰਗ ਨੋਕਰੀਪੇਸ਼ਾ ਨੂੰ ਛੂਟ ਦੇਣ ਦੀ ਬਜਾਏ
ਸਰਵਿਸ ਟੈਕਸ ਦਾ ਬੋਝ ਵੱਧਣ ਦੇ ਨਾਲ ਬਜਟ ਹਿਲਦਾ ਦਿੱਖ ਰਿਹਾ ਹੈ। ਖੇਤੀ ਅਤੇ ਗੇਾਮਿਣ ਖੇਤਰ ਲਈ
ਜਰੂਰ ਮੋਦੀ ਸਰਕਾਰ ਨੇ ਰਾਹਤ ਦੀ ਗੱਲ ਕੀਤੀ ਹੈ। ਸਰਕਾਰ ਨੇ ਬਜਟ ਵਿੱਚ 8. 5 ਲੱਖ ਕਰੋੜ ਰੁਪਏ
ਰੱਖਿਆ ਹੈ ਜੋਕਿ ਪੁਰੇ ਬਜਟ ਦਾ 45 ਫ਼ੀਸਦੀ ਬਣਦਾ ਹੈ। ਇਸ ਭਾਰੀ ਰਕਮ ਦੇ ਲਾਲ ਜਿੱਥੇ ਗ੍ਰਾਮੀਣ
ਖੇਤਰ ਦਾ ਵਿਕਾਸ ਹੋਵੇਗਾ ਉਥੇ ਹੀ ਪੇਂਡੂ ਖੇਤਰ ਦਾ ਸ਼ਹਿਰਾਂ ਵੱਲ ਪਲਾਇਨ ਵੀ ਰੁਕੇਗਾ। ਮੋਦੀ ਸਰਕਾਰ
ਨੇ ਕੋਰਪੋਰਟ ਜਗਤ ਨੂੰ ਖੁਸ਼ ਕਰਨ ਲਈ ਆਉਂਦੇ ਚਾਰ ਸਾਲਾਂ ਵਿੱਚ 5 ਫ਼ੀਸਦੀ ਇਨਕਮਟੈਕਸ ਦੀ ਦਰ ਘਟਾਉਣ
ਦਾ ਐਲਾਨ ਕੀਤਾ ਹੈ ਅਤੇ ਵੈਲਥ ਟੈਕਸ ਖਤਮ ਕਰ ਦਿੱਤਾ ਗਿਆ ਪਰ ਇੱਕ ਕਰੋੜ ਤੋਂ ਵੱਧ ਆਮਦਨੀ ਤੇ 2
ਫ਼ੀਸਦੀ ਸਰਚਾਰਜ ਲਗਾਇਆ ਹੈ। ਪਰ ਮੱਧਮ ਵਰਗ ਨੂੰ ਇਸ ਬਜਟ ਨੇ ਨਿਰਾਸ਼ ਹੀ ਕੀਤਾ ਹੈ। ਇਸ ਬਜਟ ਵਿੱਚ
ਨਾ ਤਾਂ ਕੋਈ ਰਾਹਤ ਦਿੱਤੀ ਗਈ ਉਲਟਾ ਮੱਧਮ ਵਰਗ ਤੇ ਸਰਵਿਸ ਟੈਕਸ ਦੇ ਭਾਰ ਵੱਧਣ ਦੇ ਨਾਲ ਬੋਝ ਜਰੂਰ
ਵੱਧੇਗਾ। ਬਜਟ ਦੇ ਬੋਝ ਦੀ ਮਾਰ ਲਈ ਅੱਜੇ ਮੱਧਮ ਵਰਗ ਤਿਆਰ ਵੀ ਨਹੀਂ ਹੋ ਪਾਇਆ ਸੀ ਜਦੋਂ ਦੂਜੇ
ਪਾਸੇ ਤੇਲ ਕੰਪਨੀਆਂ ਵੱਲੋਂ ਜਨਤਾ ਨੂੰ ਝੱਟਕਾ ਦਿੰਦੇ ਹੋਏ ਪਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ
3 ਰੁਪਏ ਤੋਂ ਉਪਰ ਵਾਧਾ ਕਰ ਦਿੱਤਾ ਗਿਆ। ਪਟਰੋਲ ਕੰਪਨੀਆਂ ਵੱਲੋਂ ਤਰਕ ਇਹ ਦਿੱਤਾ ਗਿਆ ਕਿ ਕੱਚੇ
ਤੇਲ ਦੇ ਰੇਟ ਇੰਟਰਨੈਸ਼ਨਲ ਮਾਰਕਿਟ ਵਿੱਚ ਵੱਧ ਗਏ ਹਨ ਜਦੋਂ ਕਿ ਕੇਂਦਰ ਸਰਕਾਰ ਵੱਲੋਂ ਪਿਛਲੇ ਦਿਨੀਂ
ਜਦੋਂ ਕੱਚਾ ਤੇਲ ਸਭ ਤੋਂ ਸਸਤਾ ਹੋ ਗਿਆ ਸੀ ਤਾਂ ਜਨਤਾ ਨੂੰ ਇਸ ਦਾ ਪੁਰਾ ਫਾਇਦਾ ਦੇਣ ਦੀ ਬਜਾਏ
ਪਟਰੋਲ ਉਪਰ 7 ਰੁਪਏ 75 ਪੈਸੇ ਅਤੇ ਡੀਜਲ ਉਪਰ 7 ਰੁਪਏ 50 ਪੈਸੇ ਕਸਟਮ ਡਿਉਟੀ ਵਧਾ ਦਿੱਤੀ ਗਈ ਸੀ।
ਮੋਦੀ ਸਰਕਾਰ ਜੇ ਚਾਹੁੰਦੀ ਤਾਂ ਇਹ ਪਟਰੋਲ ਅਤੇ ਡੀਜ਼ਲ ਦੇ ਰੇਟ ਵੱਧਣ ਤੋਂ ਰੋਕੇ ਜਾ ਸਕਦੇ ਸਨ।
ਮੋਦੀ ਸਰਕਾਰ ਨੇ ਜੋ ਜਿਆਦਾ ਕਸਟਮ ਡਿਉਟੀ ਵਧਾਈ ਹੈ ਉਸ ਨੂੰ ਘੱਟ ਕਰਕੇ ਲੋਕਾਂ ਦੇ ਬੋਝ ਨੂੰ ਘਟਾਇਆ
ਜਰੂਰ ਜਾ ਸਕਦਾ ਸੀ। ਕੇਂਦਰ ਦੀ ਸਰਕਾਰ ਜਿੱਥੇ ਕਿਸਾਨ ਹਿਤੇਸ਼ੀ ਦਿਖਾਉਣ ਦਾ ਯਤਨ ਕਰ ਰਹੀ ਹੈ ਅਤੇ
ਖੇਤੀ ਅਤੇ ਪੇਂਡੂ ਇਲਾਕਿਆਂ ਲਈ 8. 5 ਲੱਖ ਕਰੋੜ ਰੁਪਏ ਰੱਖਿਆ ਹੈ ਪਰ ਸਰਕਾਰ ਦੀਆਂ ਨੀਤੀਆਂ ਦਾ
ਫਾਇਦਾ ਵੀ ਕਿਸਾਨ ਜਾਂ ਪੇਂਡੂ ਇਲਾਕਿਆ ਨੂੰ ਤਾਂ ਹੀ ਮਿਲ ਪਾਵੇਗਾ ਜੇ ਪਿੰਡ ਦੇ ਵਿੱਚ ਵਸਦੇ ਲੋਕਾਂ
ਦੇ ਰੋਜਗਾਰਾਂ ਨੂੰ ਬਚਾਇਆ ਜਾਵੇਗਾ। ਪਿੰਡਾਂ ਦੇ 80 ਫ਼ੀਸਦੀ ਲੋਕਾਂ ਦਾ ਰੋਜਗਾਰ ਖੇਤੀ ਬਾੜੀ ਦੇ
ਨਾਲ ਜੁੜਿਆ ਹੋਇਆ ਹੈ ਪਰ ਦਿਨ ਪੇਤੀ ਦਿਨ ਖੇਤੀ ਲਾਇਕ ਜਮੀਨ ਘੱਟ ਰਹੀ ਹੈ। ਕੇਂਦਰ ਦੀ ਮੋਦੀ ਸਰਕਾਰ
ਦੇ ਨਵੇਂ ਭੂਮਿ ਸੁਧਾਰ ਅਧਿਆਦੇਸ਼ ਨੇ ਤਾਂ ਸਰਕਾਰ ਦੀਆਂ ਕਿਸਾਨਾਂ ਲਈ ਬਣ ਰਹੀਆਂ ਪੋਲਸੀਆਂ ਉਪਰ ਹੀ
ਸਵਾਲ ਖੜਾ ਕਰ ਦਿੱਤਾ ਹੈ। ਜਿੱਥੇ ਸਰਕਾਰ ਬਜਟ ਦਾ 45 ਫ਼ੀਸਦੀ ਖੇਤੀ ਅਤੇ ਗੇਾਮਿਣ ਖੇਤਰ ਲਈ ਰੱਖ
ਰਹੀ ਹੈ ਉਥੇ ਦੂਜੇ ਪਾਸੇ ਅਧਿਆਦੇਸ਼ ਰਾਹੀਂ ਜਬਰੀ ਜਮੀਨ ਐਕਵਾਇਰ ਕਰਣ ਤੇ ਅੜੀ ਹੋਈ ਹੈ ਅਤੇ ਪਿਛਲੀ
ਸਰਕਾਰ ਵੱਲੋਂ ਬਣਾਏ ਗਏ ਭੂਮਿ ਸੁਧਾਰ ਕਾਨੂੰਨ ਦੀ ਉਸ ਧਾਰਾ ਨੂੰ ਮੰਨਣ ਨੂੰ ਤਿਆਰ ਨਹੀਂ ਜਿਸ
ਰਾਹੀਂ ਕਿਸਾਨ ਆਪਣੀ ਜਮੀਨ ਦੇਣ ਤੋਂ ਇਨਕਾਰ ਕਰ ਸਕਦੇ ਹੋਣ। ਸਰਕਾਰ ਨੇ ਭੂਮਿ ਸੁਧਾਰ ਕਾਨੂੰਨ ਦੇ
ਅਧਿਆਦੇਸ਼ ਰਾਹੀਂ ਕਿਸਾਨ ਤੋਂ ਕਿਸੇ ਨਿਜੀ ਕੰਪਨੀ ਲਈ ਜਮੀਨ ਐਕਵਾਇਰ ਕਰਨ ਦੀ ਉਸ ਧਾਰਾ ਨੂੰ ਖਤਮ ਕਰ
ਦਿੱਤਾ ਹੈ ਜਿਸ ਵਿੱਚ ਕਿਹਾ ਗਿਆ ਸੀ 80 ਫ਼ੀਸਦੀ ਕਿਸਾਨਾਂ ਦੀ ਸਹਿਮਤੀ ਦੇ ਨਾਲ ਹੀ ਜਮੀਨ ਲਈ ਜਾ
ਸਕਦੀ ਹੈ ਅਤੇ ਸਰਕਾਰ ਅਧਿਕਾਰੀਆਂ ਵੱਲੋਂ ਗਲਤ ਤਰੀਕੇ ਦੇ ਨਾਲ ਕੀਤੀ ਗਈ ਜਮੀਨ ਐਕਵਾਇਰ ਉਪਰ ਵੀ
ਨਵੀਂ ਸ਼ਰਤ ਜੋੜ ਦਿੱਤੀ ਹੈ ਕਿ ਜੇ ਕੋਈ ਅਧਿਕਾਰੀਆਂ ਖਿਲਾਫ ਕਾਰਵਾਈ ਕਰਨਾ ਚਾਹੁੰਦਾ ਹੈ ਤਾਂ ਉਸ
ਨੂੰ ਸਰਕਾਰ ਤੋਂ ਮਨਜੁਰੀ ਲੈਣੀ ਪਵੇਗੀ। ਇਸ ਸਭ ਪਿੱਛੇ ਕੇਂਦਰ ਸਰਕਾਰ ਇਹ ਤਰਕ ਦਿੰਦੀ ਹੈ ਕਿ
ਉਧਯੋਗਿਕ ਵਿਕਾਸ, ਗੇਾਮਿਣ ਵਿਕਾਸ ਫਾਚਾਂ, ਸਸਤੇ ਅਵਾਸ, ਰਖਿਆ ਖੇਤਰ ਅਤੇ ਪ੍ਰਾਇਵੇਟ-ਪੀਪਲਜ
ਪਾਟਰਨਸ਼ਿਪ ਦੇ ਲਈ ਕਾਨੂੰਨ ਵਿੱਚ ਬਦਲਾਵ ਜਰੂਰੀ ਸੀ। ਸਰਕਾਰ ਜਿੱਥੇ ਭੂਮਿ ਸੁਧਾਰ ਕਾਨੂੰਨ ਨੂੰ
ਲਾਗੂ ਕਰਨ ਲਈ ਅਡਿਗ ਲੱਗ ਰਹੀ ਹੈ ਪਰ ਉਥੇ ਹੀ ਸਰਕਾਰ ਵੱਲੋਂ ਇਸ ਬਜਟ ਵਿੱਚ 8. 5 ਲੱਖ ਕਰੋੜ ਰੁਪਏ
ਖੇਤੀ ਅਤੇ ਗੇਾਮਿਣ ਵਿਕਾਸ ਲਈ ਰੱਖਣ ਨਾਲ ਸਰਕਾਰ ਨੂੰ ਉਮੀਦ ਹੈ ਕਿ ਖੇਤੀ ਦੀ ਵਿਕਾਸ ਦਰ 7 ਫ਼ੀਸਦੀ
ਤੇ ਆ ਜਾਵੇਗੀ ਪਰ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਜੇ ਕਿਸਾਨਾਂ ਕੋਲ ਜਮੀਨ ਹੀ ਘੱਟ ਜਾਵੇਗੀ
ਤਾਂ ਖੇਤੀ ਹੋਵੇਗੀ ਕਿੱਥੇ ਤੇ ਫਿਰ ਉਹ ਕਿਸ ਤਰ੍ਹਾਂ 7 ਫ਼ੀਸਦੀ ਦੀ ਵਿਕਾਸ ਦਰ ਦੇ ਪਾਉਣਗੇ।
ਮੋਦੀ ਸਰਕਾਰ ਵਲੋਂ ਕਾਲੇ ਧਨ ਦੇ ਮਾਮਲੇ ਵਿੱਚ ਬਹੁਤ ਸਖਤ ਤੇ ਸ਼ਲਾਘਾਯੋਗ ਕਦਮ ਚੁੱਕਦੇ ਹੋਏ ਕਾਲੇ
ਧਨ ਲਈ ਨਵਾਂ ਕਾਨੂੰਨ ਲਿਆਉਂਦਾ ਜਾ ਰਿਹਾ ਹੈ ਜਿਸ ਵਿੱਚ ਵਿਦੇਸ਼ ਵਿੱਚ ਧੰਨ ਜਾ ਸੰਪਤੀ ਦੀ ਜਾਣਕਾਰੀ
ਨਹੀਂ ਦੇਣ ਤੇ 10 ਸਾਲ ਤੱਕ ਦੀ ਸਜਾ ਦਾ ਪ੍ਰਾਵਧਾਨ ਰਖਿਆ ਗਿਆ ਹੈ ਅਤੇ ਆਰੋਪੀ ਅਪੀਲ ਅਤੇ ਸਮਝੋਤਾ
ਅਯੋਗ ਵਿੱਚ ਨਹੀ ਜਾ ਸਕੇਗਾ। ਵਿਦੇਸ਼ ਵਿੱਚ ਪੈਸੇ ਬਾਰੇ ਅਧੂਰੀ ਸੁਚਨਾ ਦੇਣ ਤੇ 7 ਸਾਲ ਦੀ ਸਜਾ ਅਤੇ
ਵਿਦੇਸ਼ ਵਿੱਚ ਸੰਪਤੀ ਹੋਣ ਤੇ ਕਮਾਈ ਨਾ ਹੋਣ ਤੇ ਵੀ ਸੁਚਨਾ ਦੇਣੀ ਲਾਜਮੀ ਹੋਵੇਗੀ। ਸਰਕਾਰ ਵੱਲੋ
ਬੇਨਾਮੀ ਪਰੋਪਰਟੀ ਉਪਰ ਵੀ ਸਿਕੰਜਾ ਕਸਣ ਦੀ ਤਿਆਰੀ ਕਰ ਲਈ ਹੈ। ਇਸ ਲਈ ਵਿਧੇਅਕ ਲਿਆਇਆ ਜਾ ਰਿਹਾ
ਹੈ ਜਿਸ ਰਾਹੀਂ ਬੇਨਾਮੀ ਪਰੋਪਰਟੀ ਜਬਤ ਕੀਤੀ ਜਾ ਸਕੇਗੀ। ਸਰਕਾਰ ਵਲੋਂ ਕਾਲੇ ਧੰਨ ਮਾਮਲੇ ਵਿੱਚ
ਜਿਸ ਸਖਤੀ ਦੇ ਨਾਲ ਫੈਸਲੇ ਲਏ ਜਾ ਰਹੇ ਹਨ ਇਸ ਨਾਲ ਸਰਕਾਰ ਦੀ ਜਿੱਥੇ ਆਮਦਨੀ ਵੱਧੇਗੀ ਉਥੇ ਹੀ
ਸਰਕਾਰ ਦਾ ਜੀ ਡੀ ਪੀ ਘਾਟਾ ਘੱਟ ਜਾਵੇਗਾ। ਸਰਕਾਰ ਦਾ ਇਹ ਬਜਟ ਰਲਵਾਂ ਮਿਲਵਾਂ ਹੀ ਕਹਿ ਸਕਦੇ ਹਾਂ।
ਜਿੱਥੇ ਸਰਕਾਰ ਨੇ ਕਾਰਪੋਰੇਟ ਜਗਤ ਨੂੰ ਖੁਸ਼ ਕੀਤਾ ਉਥੇ ਹੀ ਦੋ ਨੰਬਰ ਦੇ ਪੈਸੇ ਤੇ ਸ਼ਿਕੰਜਾ ਕਸ ਕੇ
ਸਰਕਾਰ ਨੇ ਬੇਇਮਾਨਾਂ ਲਈ ਚੇਤਾਵਨੀ ਦੀ ਘੰਟੀ ਵੀ ਦੇ ਦਿੱਤੀ ਹੈ ਪਰ ਸਰਕਾਰ ਨੂੰ ਆਮ ਲੋਕਾਂ ਲਈ ਵੀ
ਬੇਹਤਰ ਮਹੌਲ ਬਣਾਉਣਾ ਪਵੇਗਾ।
ਅਕੇਸ਼ ਕੁਮਾਰ
ਲੇਖਕ
ਗੁਰੂ ਨਾਨਕ ਨਗਰ
ਬਰਨਾਲਾ
ਮੋ 98880-31426
01/03/15)
ਨਿਰਮਲ ਸਿੰਘ ਕੰਧਾਲਵੀ
ਐਵੇਂ ਘੂਰ ਕੇ ਮੁਲਕ ਨੂੰ ਫਿਰਨ ਖਾਂਦੇ, ਕਦੇ ਜੋਤਰਾ ਮੂਲ ਨਾ ਲਾਇਆ ਈ।
ਪੰਜਾਬ ਵਿੱਚ ਇੱਕ ਹੋਰ ਸਾਧ ਨੇ ੧੪੨ ਫੁੱਟ ਉੱਚੇ ਅਤੇ ਕੈਨੇਡਾ `ਚ ਬਣੇ ਨਿਸ਼ਾਨ ਸਾਹਿਬ
ਦੇ ਨਾਮ `ਤੇ ਆਪਣੇ ਡੇਰੇ `ਚ ਭਾਰੀ ਇਕੱਠ ਕੀਤਾ। ਇਸ ਡੇਰੇ ਦੇ ਕੱਚੇ ਚਿੱਠੇ ਮੀਡੀਆ `ਚ ਛਪ ਚੁੱਕੇ
ਹਨ। ਅਕਾਲ ਤਖ਼ਤ ਦੀ ਮਰਯਾਦਾ ਦੇ ਰਾਖੇ ਸ੍ਰੀ ਸਾਹਿਬਾਂ ਫੜੀ ਵਹੀਰਾਂ ਘੱਤ ਕੇ ਉੱਥੇ ਪਹੁੰਚੇ। ਇਸ
ਬਾਰੇ ਗੱਲਬਾਤ ਹੋ ਰਹੀ ਸੀ ਤਾਂ ਇੱਕ ਸੱਜਣ ਕਹਿਣ ਲੱਗਾ ਕਿ ਉਹ ਮਨਮਤਿ ਵਾਲ਼ੀਆਂ ਥਾਵਾਂ `ਤੇ ਆਪ
ਨਹੀਂ ਜਾਂਦੇ ਉਹਨਾਂ ਨੂੰ ‘ਉੱਪਰੋਂ’ ਹੁਕਮ ਆਉਂਦੈ ਜਾਣ ਦਾ ਕਿਉਂਕਿ ਉਹਨਾਂ ਦੇ ਉੱਥੇ ਜਾਣ ਨਾਲ਼
ਮਾਲਕਾਂ ਦੀਆਂ ਵੋਟਾਂ ਪੱਕੀਆਂ ਹੁੰਦੀਆਂ ਹਨ। ਸਿੱਖੀ ਸਿਧਾਂਤ, ਅਕਾਲ ਤਖ਼ਤ ਦੀ ਮਰਯਾਦਾ ਜਾਵੇ ਢੱਠੇ
ਖੂਹ `ਚ।
ਡੇਰਿਆਂ ਦੇ ਸਾਧ ਵੀ ਨਵੇਂ ਨਵੇਂ ਢਕਵੰਜ ਰਚ ਕੇ ਲੋਕਾਂ ਨੂੰ ਲੁਭਾਉਂਦੇ ਹਨ। ਇਹਨਾਂ ਦੇ ਉੱਚੇ
ਨਿਸ਼ਾਨ ਸਾਹਿਬ ਕੀ ਕਰਨਗੇ ਜੇ ਇਹਨਾਂ ਨੇ ਸਿੱਖ ਸਿਧਾਂਤਾਂ ਨੂੰ ਮਿੱਟੀ `ਚ ਰੋਲਣਾ ਹੈ? ਕੋਈ ਸਾਧ
ਦੇਸੀ ਘਿਉ ਦੀਆਂ ਜਲੇਬੀਆਂ ਦੇ ਲਾਲਚ ਵਿੱਚ ਤੇ ਕੋਈ ਪੀਜ਼ਿਆਂ ਬਰਗਰਾਂ ਦੇ ਲਾਲਚ `ਚ ਸਿੱਖਾਂ ਨੂੰ
ਆਪਣੇ ਡੇਰੇ `ਤੇ ਬੁਲਾ ਰਿਹਾ ਹੈ ਤੇ ਸਿੱਖ ਜਾ ਵੀ ਰਹੇ ਹਨ। ਸਿੱਖਾਂ ਦੀ ਹਾਲਤ ਤਾਂ ਹੁਣ ਇਹ ਹੈ ਕਿ
ਇਹ ਜਿਸ ਸਾਧ ਦੀ ਢੂਈ `ਤੇ ਸੁਆਹ ਲੱਗੀ ਦੇਖਦੇ ਹਨ ਉੱਧਰ ਨੂੰ ਹੀ ਦੌੜ ਪੈਂਦੇ ਹਨ। ਹੁਣ ਕਿਸੇ ਨੂੰ
ਕੋਈ ਹਨ੍ਹੇਰਾ ਨਹੀਂ ਰਹਿ ਗਿਆ ਕਿ ਡੇਰਿਆਂ ਦੇ ਸਾਧ ਕਿਸ ਦੇ ਹੁਕਮਾਂ `ਤੇ ਸਿੱਖੀ ਦੀਆਂ ਜੜ੍ਹਾਂ `ਚ
ਤੇਲ ਦੇ ਰਹੇ ਹਨ। ਇਹਨਾਂ ਦਾ ਸਭ ਤੋਂ ਪਹਿਲਾ ਕੰਮ ਹੈ ਕੌਮ ਦੀਆਂ ਲੀਰਾਂ ਕਰਨੀਆਂ।
ਕਈ ਸਾਲ ਪਹਿਲਾਂ ਦੀ ਗੱਲ ਹੈ ਕਿ ਇੰਗਲੈਂਡ ਵਿੱਚ ਇੱਕ ਗੁਰਦੁਆਰਾ ਸਾਹਿਬ ਦੀ ਬੜੀ ਚੜ੍ਹਤ ਸੀ। ਸਾਰੀ
ਸੰਗਤ ਵਿੱਚ ਬਹੁਤ ਏਕਾ ਤੇ ਪਿਆਰ ਮੁਹੱਬਤ ਸੀ। ਗੁਰਦੁਆਰਾ ਸਾਹਿਬ ਵਿੱਚ ਨਵੇਂ ਨਿਸ਼ਾਨ ਸਾਹਿਬ ਦੀ
ਲੋੜ ਸੀ। ਮਾੜੀ ਕਿਸਮਤ ਨੂੰ ਗੁਰਦੁਆਰਾ ਕਮੇਟੀ ਇਹ ‘ਸੇਵਾ’ ਇੱਕ ਸਾਧ ਬੂਬਨੇ ਨੂੰ ਦੇ ਬੈਠੀ ਜੋ ਕਿ
ਆਪਣੇ ਆਪ ਨੂੰ ਇੰਜਨੀਅਰ ਵੀ ਕਹਾਉਂਦਾ ਸੀ। ਸਭ ਤੋਂ ਪਹਿਲਾਂ ਤਾਂ ਸਾਧ ਨੇ ਕਮੇਟੀ ਅਤੇ ਸਾਧ ਸੰਗਤ
ਵਿੱਚ ਦੋਫਾੜ ਪਾਇਆ। ਕਿਵੇਂ? ਸਾਧ ਨੇ ਕਮੇਟੀ ਨੂੰ ਸਲਾਹ ਦਿਤੀ ਕਿ ਨਿਸ਼ਾਨ ਸਾਹਿਬ `ਤੇ ਆਉਣ ਵਾਲ਼ੇ
ਖ਼ਰਚ ਲਈ ਦੀਵਾਨ ਹਾਲ ਵਿੱਚ ਇੱਕ ਵੱਖਰੀ ਗੋਲਕ ਰੱਖੀ ਜਾਵੇ। ਜਦੋਂ ਇਹ ਮਤਾ ਮੀਟਿੰਗ ਵਿੱਚ ਆਇਆ ਤਾਂ
ਕੁੱਝ ਮੈਂਬਰਾਂ ਨੇ ਕਿਹਾ ਕਿ ਜਦ ਬਾਕੀ ਖ਼ਰਚੇ ਗੁਰੂ ਦੀ ਇਕੋ ਗੋਲਕ `ਚੋਂ ਹੁੰਦੇ ਹਨ ਤਾਂ ਨਿਸ਼ਾਨ
ਸਾਹਿਬ ਵਾਸਤੇ ਵੱਖਰੀ ਗੋਲਕ ਰੱਖਣ ਦੀ ਕੀ ਤੁਕ ਹੈ? ਬਸ ਫੇਰ ਕੀ ਸੀ, ਕਮੇਟੀ `ਚ ਦੋ ਧੜੇ ਬਣ ਗਏ।
ਇੱਕ ਧੜੇ ਦਾ ਜ਼ੋਰ ਚਲ ਗਿਆ ਤੇ ਉਹਨਾਂ ਨੇ ਗੋਲਕ ਰੱਖ ਦਿਤੀ। ਸੰਗਤਾਂ ਵਿੱਚ ਵੀ ਦੁਫਾੜ ਪੈ ਗਿਆ।
ਥੋੜ੍ਹੀ ਦੇਰ ਬਾਅਦ ਵਿਸਾਖੀ ਆ ਗਈ। ਪ੍ਰੋਗਰਾਮ ਅਨੁਸਾਰ ਟਾਊਨ ਦਾ ਚੱਕਰ ਲਾ ਕੇ ਨਗਰ ਕੀਰਤਨ ਦੀ
ਸਮਾਪਤੀ ਗੁਰਦੁਆਰਾ ਸਾਹਿਬ ਹੋਣੀ ਸੀ ਤੇ ਮੇਨ ਹਾਲ ਵਿੱਚ ਦੀਵਾਨ ਸਜਣਾ ਸੀ। ਸਾਧ ਵੀ ਆਪਣੇ ਚੇਲਿਆਂ
ਚਪੜਿਆਂ ਨਾਲ਼ ਪਹੁੰਚਿਆ ਹੋਇਆ ਸੀ ਪਰ ਉਹ ਨਗਰ ਕੀਰਤਨ `ਚ ਸ਼ਾਮਲ ਨਹੀਂ ਹੋਇਆ। ਜਦੋਂ ਨਗਰ ਕੀਰਤਨ
ਵਾਪਿਸ ਗੁਰਦੁਆਰਾ ਸਾਹਿਬ ਪਹੁੰਚਾ ਤਾਂ ਸੰਗਤਾਂ ਨੇ ਦੇਖਿਆ ਕਿ ਕਾਰ ਪਾਰਕ ਵਿੱਚ ਹੀ ਸਾਧ ਨੇ ਸਟੇਜ
ਲਾਈ ਹੋਈ ਸੀ ਤੇ ਇੱਕ ਬਹੁਤ ਵੱਡਾ ਗੱਤੇ ਦਾ ਬਕਸਾ ਰੱਖ ਕੇ ਵਿੱਚ ਚਿੱਟੀ ਚਾਦਰ ਵਿਛਾਈ ਹੋਈ ਸੀ ਤੇ
ਉਹ ਨਿਸ਼ਾਨ ਸਾਹਿਬ ਦੀ ਸੇਵਾ ਲਈ ਸੰਗਤਾਂ ਤੋਂ ਸੋਨੇ ਦੇ ਗਹਿਣੇ ਅਤੇ ਮਾਇਆ ਮੰਗ ਰਿਹਾ ਸੀ ਅਤੇ ਲੋਕ
ਰੀਸੋ ਰੀਸੀ ਗੱਤੇ ਦੇ ਡੱਬੇ ਵਿੱਚ ਕੜੇ, ਮੁੰਦੀਆਂ, ਚੇਨੀਆਂ ਆਦਿ ਤੇ ਮਾਇਆ ਸੁੱਟ ਰਹੇ ਸਨ। ਨਗਰ
ਕੀਰਤਨ ਲਈ ਬਣਾਈ ਹੋਈ ਕਮੇਟੀ ਆਪਣੇ ਆਪ ਨੂੰ ਠੱਗੀ ਠੱਗੀ ਮਹਿਸੂਸ ਕਰ ਰਹੀ ਸੀ ਕਿਉਂਕਿ ਉਹਨਾਂ ਦੇ
ਬਣਾਏ ਹੋਏ ਪ੍ਰੋਗਰਾਮ ਨੂੰ ਸਾਬੋਤਾਜ ਕਰ ਕੇ ਸਾਧ ਦੀ ਚੌਧਰ ਨੂੰ ਪਹਿਲ ਦਿੱਤੀ ਗਈ ਸੀ। ਇੱਥੇ ਵੀ
ਸੰਗਤਾਂ `ਚ ਤੂੰ ਤੂੰ ਮੈਂ ਮੈਂ ਹੁੰਦੀ ਦੇਖੀ ਗਈ। ਸਾਧ ਨੇ ਚਾਦਰ ਇਕੱਠੀ ਕੀਤੀ ਤੇ ਆਪਣੇ ਰਾਹ ਪਿਆ।
ਨਿਸ਼ਾਨ ਸਾਹਿਬ ਬਾਰੇ ਸਾਧ ਨੇ ਕਮੇਟੀ ਨੂੰ ਬੜੇ ਸਬਜ਼ਬਾਗ਼ ਦਿਖਾਏ ਹੋਏ ਸਨ ਕਿ ਇਸ ਤਰ੍ਹਾਂ ਦਾ ਨਿਸ਼ਾਨ
ਸਾਹਿਬ ਦੁਨੀਆਂ `ਚ ਹੋਰ ਕਿਧਰੇ ਨਹੀਂ। ਚੋਲ਼ਾ ਬਦਲਣ ਲਈ ਬਟਣ ਦੱਬਿਆਂ ਇਹ ਜ਼ਮੀਨ `ਚ ਚਲਿਆ ਜਾਇਆ
ਕਰੇਗਾ, ਉੱਪਰ ਖੰਡਾ ਸੋਨੇ ਦਾ ਹੋਵੇਗਾ (ਸਿੱਖ ਸਿਧਾਂਤ ਦੇ ਉਲਟ) ਆਦਿ ਆਦਿ। ਖ਼ੈਰ! ਨਿਸ਼ਾਨ ਸਾਹਿਬ
ਲੱਗ ਗਿਆ। ਕਮੇਟੀ ਦੇ ਮੈਂਬਰ ਜਦੋਂ ਸਾਧ ਨੂੰ ਨਿਸ਼ਾਨ ਸਾਹਿਬ ਦਾ ਹਿਸਾਬ ਕਿਤਾਬ ਪੁੱਛਣ ਗਏ ਤਾਂ ਉਹ
ਕਹਿੰਦਾ ਜੇ ਹਿਸਾਬ ਲੈਣੈਂ ਤਾਂ ਵੀ. ਏ. ਟੀ. ਲੱਗੂ ਉੱਪਰ। ਕਮੇਟੀ ਵਾਲੇ ਠੰਢੇ ਹੋ ਕੇ ਆ ਗਏ।
ਨਿਸ਼ਾਨ ਸਾਹਿਬ ਵੀ ਕਾਮਯਾਬ ਨਾ ਹੋਇਆ। ਉਸ ਦੀ ਕੋਈ ਨਾ ਕੋਈ ਚੂਲ਼ ਹਮੇਸ਼ਾ ਵਿੰਗੀ ਹੀ ਰਹਿੰਦੀ। ਗੱਲ
ਇੱਥੋਂ ਤੱਕ ਆ ਗਈ ਕਿ ਇਹ ਨਿਸ਼ਾਨ ਸਾਹਿਬ ਪੁੱਟ ਕੇ ਸੁੱਟਣਾ ਪਿਆ ਤੇ ਹੋਰ ਲਗਾਉਣਾ ਪਿਆ।
ਸਾਧ ਵਲੋਂ ਸੰਗਤ ਵਿੱਚ ਪਾਈ ਦੁਫੇੜ ਦੇ ਜ਼ਖ਼ਮ ਅਜੇ ਵੀ ਨਹੀਂ ਭਰੇ।
ਨਿਰਮਲ ਸਿੰਘ ਕੰਧਾਲਵੀ
01/03/15)
ਹਰਪਾਲ ਸਿੰਘ /ਫੇਸਬੁੱਕ ਰਾਹੀਂ
ਸਿਰਪਾਉ (ਸਿਰੋਪਾ)SIROPA :-
ਸਨਮਾਨ ਚਿੱਨ੍ਹ ਦਾ ਪ੍ਰਤੀਕ ਹੈ ਜੋ ਮਹਾਂਨ ਕੋਸ਼ ਵਿੱਚ ਸਿਰ ਤੋਂ ਪੈਰ ਤੱਕ ਪਹਿਨਣ ਦੀ ਪੁਸ਼ਾਕ, ਖਿਲਤ
ਰੂਪ ਦਰਸਾਇਆ ਗਿਆ ਹੈ । ਸਿਰੋਪਾ ਸ਼ਬਦ ਦੇ ਵੱਖ-ਵੱਖ ਰੂਪ ਹਨ ਜਿਵੇਂ- ਸਰਪਾ, ਸਿਰੋਪਾ, ਸਿਰਪਾਉ,
ਸਿਰਪਾਇ, ਸਿਰਪਾਵ ਅਤੇ ਸਿਰੇਪਾਉ। ਸਿਰੋਪੇ ਦੇ ਇਤਿਹਾਸ ਬਾਰੇ ਸ਼ਬਦ ਕੋਸ਼ ਜਾਂ ਮਹਾਨ ਕੋਸ਼ ਪੜ੍ਹੀਏ
ਤਾਂ ਪਤਾ ਲਗਦਾ ਹੈ ਕਿ ਸਿਰੋਪਾ ਫਾਰਸੀ ਦੇ ਸ਼ਬਦ ਸਰੋਪਾ ਤੋਂ ਸ਼ੁਰੂ ਹੋਇਆ ਹੈ ਅਤੇ ਗੁਰਬਾਣੀ ਵਿਖੇ
ਇਸ ਨੂੰ ਸਿਰਪਾਉ ਕਿਹਾ ਗਿਆ ਹੈ-
ਪਹਿਰਿ ਸਿਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ।। (੬੩੧)
ਭਾਵ ਕਰਤਾਰ ਨੇ ਆਪਣੇ ਸੇਵਕਾਂ ਨੂੰ ਸਿਰੋਪਾ ਪਹਿਨਾ ਕੇ ਆਪਣੇ ਨਾਲ ਮੇਲਿਆ ਅਤੇ ਸੰਸਾਰ
ਵਿੱਚ ਪ੍ਰਸਿੱਧ ਕਰ ਦਿੱਤਾ ਹੈ।
ਭਗਤਿ ਸਿਰਪਾਉ ਦੀਓ ਜਨ ਅਪੁਨੇ ਪ੍ਰਤਾਪੁ ਨਾਨਕ ਪ੍ਰਭ ਜਾਤਾ ॥ (੬੩੧)
ਪ੍ਰੇਮਾਂ ਭਗਤੀ ਦਾ ਸਿਰਪਾਉ ਉਸ ਅਪਨੇ ਸੇਵਕ ਨੂੰ ਦਿੱਤਾ ਜਿਸ ਨੇ ਪ੍ਰਭੂ ਦਾ ਪ੍ਰਤਾਪ ਜਾਣ
ਲਿਆ।
ਸਦਾ ਅਨੰਦੁ ਕਰੇ ਆਨੰਦੀ ਜਿਸੁ ਸਿਰਪਾਉ ਪਇਆ ਗਲਿ ਖਾਸਾ ਹੇ ॥ (੧੦੭੩)
ਉਹ ਭਗਤ ਸਦਾ ਹੀ ਵਿਗਾਸ ਵਿੱਚ ਰਹਿੰਦਾ ਹੈ ਜਿਸ ਦੇ ਹਿਰਦੇ ਰੂਪੀ ਗਲ ਵਿੱਚ ਪ੍ਰਮਾਤਮਾਂ ਦੀ
ਬਖਸ਼ਿਸ਼ ਦਾ ਖਾਸ ਸਿਰਪਾਉ ਪੈਂਦਾ ਹੈ।
ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ ॥ (੫੨੦)
ਮੇਰੇ ਸ਼ਹਿਨਸ਼ਾਹ ਪ੍ਰਭੂ ਆਪ ਜੀ ਨੇ ਮੇਰੀ ਪਤਿ ਢੱਕਣ ਲਈ ਪਿਆਰ ਦਾ ਪਟੋਲਾ ਮੈਂਨੂੰ ਬਖਸ਼ਿਸ਼
ਕੀਤਾ ਹੈ। ਅਯੋਗ ਵਿਅਕਤੀ ਸਾਕਤ ਅਦਿਕ ਬਾਰੇ ਵੀ ਸਿਰਪਾਉ ਦਾ ਜਿਕਰ ਹੈ-
ਸਾਕਤ ਸਿਰਪਾਉ ਰੇਸ਼ਮੀ ਪਹਿਰਤ ਪਤਿ ਖੋਈ॥ (੮੧੧)
ਸ਼ਕਤੀ ਦੇ ਪੁਜਾਰੀ ਸਾਕਤ ਨੇ ਬਹੁਮੁੱਲੇ ਰੇਸ਼ਮੀ ਸਿਰਪਾਉ ਪਹਿਰ ਕੇ ਵੀ ਹਉਮੇ ਹੰਕਾਰ ਅਤੇ
ਵਿਸ਼ੇ ਵਿਕਾਰਾਂ ਕਾਰਨ ਆਪਣੀ ਇਜ਼ਤ ਗਵਾਈ ਹੈ। ਫਾਰਸੀ ਵਿੱਚ ਇਸ ਦਾ ਮਤਲਬ ਹੈ ਸਿਰ ਤੋਂ ਪੈਂਰਾ ਤਕ
ਪਹਿਨਣ ਵਾਲੀ ਉਹ ਪੋਸ਼ਾਕ ਜੋ ਬਾਦਸ਼ਾਹ ਵਲੋਂ ਕਿਸੇ ਨੂੰ ਸਨਮਾਨਤ ਕਰਨ ਲਈ ਭਾਵ ਇੱਜਤ ਵਜੋਂ ਦਿੱਤੀ
ਗਈ ਖਿਲਤ ਹੋਵੇ। ਐਨਸਾਈਕਲੋਪੀਡੀਆ ਆਫ ਸਿਖਇਜਮ ਅਨੁਸਾਰ ਸਿਰੋਪੇ ਦੀ ਰਵਾਇਤ ਗੁਰੂ ਅੰਗਦ ਸਾਹਿਬ ਤੋਂ
ਸ਼ੁਰੂ ਹੋਈ। ਸਿੱਖ ਧਰਮ ਵਿੱਚ ਸਿਰੋਪਾਉ ਦਾ ਅਹਿਮ ਮਹੱਤਵ ਹੈ। ਸਿੱਖ ਰਹਿਤ ਮਰਿਆਦਾ ਅਨੁਸਾਰ ਗੁਰੂ
ਦੀ ਬਖਸ਼ਿਸ਼ ਦਾ ਪ੍ਰਤੀਕ ਸਿਰਪਾਉ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਹੀ ਦਿੱਤਾ ਜਾਂਦਾ
ਹੈ ਪਰ ਇਸਦੇ ਉਲਟ ਅੱਜ ਕਲ੍ਹ ਹੋਟਲ, ਮੈਰਿਜ ਪੈਲੇਸ ਤੇ ਹੁਣ ਗਲੀ ਮੁਹੱਲੇ ਵਿੱਚ ਹੋਣ ਵਾਲੇ
ਸਮਾਗਮਾਂ ਵਿੱਚ ਵੀ ਲੋਕਾਂ ਨੂੰ ਸਿਰੋਪਾ ਦੇ ਦਿੱਤਾ ਜਾਂਦਾ ਹੈ। ਸਿੱਖ ਇਤਿਹਾਸ ਅਨੁਸਾਰ ਵੀ ਸਿਰੋਪਾ
ਬਖਸ਼ਿਸ਼ ਕਰਨ ਦੀ ਪਰੰਪਰਾ ਜਗਤ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋਈ ਜੋ ਉਨ੍ਹਾਂ ਨੇ ਭਾਈ ਲਹਿਣਾਂ ਜੀ
ਨੂੰ ਹਰ ਪ੍ਰਕਾਰ ਯੋਗ ਸਮਝ ਕੇ ਗੁਰਗੱਦੀ ਰੂਪ ਸਿਰਪਾਉ ਦੀ ਬਖਸ਼ਿਸ਼ ਕੀਤੀ ਸੀ। ਅੱਗੇ ਗੁਰੂ ਅੰਗਦ
ਸਾਹਿਬ ਨੇ ਬਾਬਾ ਅਮਰਦਾਸ ਜੀ ਵਲੋਂ ਤਨ ਮਨ ਨਾਲ ਨਿਭਾਈ ਸੇਵਾ ਨੂੰ ਦੇਖਦੇ ਹੋਏ ਉਨ੍ਹਾਂ ਨੂੰ
ਗੁਰਗੱਦੀ ਸਿਰੋਪਾ ਬਖਸ਼ਿਸ ਕੀਤਾ ਸੀ। ਇਸ ਤੋਂ ਬਾਅਦ ਗੁਰੂ ਅਮਰਦਾਸ ਜੀ ਤੋਂ ਲੈ ਕੇ ਗੁਰੂ ਗੋਬਿੰਦ
ਸਿੰਘ ਜੀ ਤੱਕ ਸਿਰੋਪਾਉ ਬਖਸ਼ਿਸ਼ ਕਰਨ ਦੀ ਪਰੰਪਰਾ ਚਲਦੀ ਰਹੀ। ਗੁਰਦੁਆਰੇ ਜਾਂ ਧਰਮ ਅਸਥਾਂਨ ਦੇ
ਹੈੱਡ ਗ੍ਰੰਥੀ, ਮੁਖੀਏ ਜਾਂ ਕਿਸੇ ਪਰਉਪਕਾਰੀ ਸੇਵਕ ਵਲੋਂ ਧਰਮ ਜਾਂ ਸਮਾਜ ਲਈ ਅਹਿਮ ਕੰਮ ਕਰਨ
ਵਾਲਿਆਂ ਨੂੰ ਸਿਰੋਪਾ ਬਖਸ਼ਿਸ਼ ਕਰਨ ਦੀ ਪ੍ਰੰਪਰਾ ਹੈ ਜੋ ਕਿ ਹੁਣ ਵੀ ਚਲ ਰਹੀ ਹੈ। ਸਿਰੋਪਾ ਬਖਸ਼ਿਸ਼
ਕਰਨ ਮੌਕੇ ਸਿੱਖ ਰਹਿਤ ਮਰਿਆਦਾ ਦਾ ਪਾਲਣ ਕਰਨਾ ਜਰੂਰੀ ਹੈ। ਸਿਰੋਪਾਉ ਦੀ ਰਾਜਨੀਤਕ ਹਥਿਆਰ ਦੇ ਰੂਪ
ਵਿੱਚ ਦੁਰਵਰਤੋਂ ਕਰਨਾ ਅੱਜ ਆਮ ਹੋ ਗਿਆ ਹੈ। ਗੁਰੂ ਸਾਹਿਬ ਵਲੋਂ ਬਖਸ਼ਿਆ ਜਾਣ ਵਾਲਾ ਸਿਰੋਪਾ
ਕਿਵੇਂ, ਕਿੱਥੇ ਅਤੇ ਕਿਸਨੂੰ ਦੇਣਾ ਹੈ? ਇਸ ਮਰਿਆਦਾ ਦਾ ਕੋਈ ਵਿਚਾਰ ਨਹੀਂ ਕੀਤਾ ਜਾਂਦਾ। ਸਿੱਖ
ਇਤਿਹਾਸ ਦੇ ਇਕ ਕਾਲੇ ਪੰਨੇ ਅਨੁਸਾਰ ਪ੍ਰਿਥੀ ਚੰਦ ਮੀਣਾਂ ਜੋ ਗੁਰੂ ਅਰਜਨ ਸਾਹਿਬ ਦਾ ਵੱਡਾ ਭਰਾ ਸੀ
ਜਿਸ ਨੇ ਗੁਰਗੱਦੀ ਪ੍ਰਾਪਤ ਕਰਨ ਦੇ ਲਾਲਚ ਵਿੱਚ ਲਾਹੌਰ ਦੇ ਪੰਥ ਦੋਖੀ ਸੁਲਹੀ ਖਾਨ ਨੂੰ, ਉਸਦੇ ਘਰ
ਜਾ ਕੇ ਸਿਰੋਪਾ ਦੇ ਦਿੱਤਾ ਸੀ ਤਾਂ ਕਿ ਗੁਰਗੱਦੀ ਮਿਲ ਜਾਏ। ਅੱਜ ਤਾਂ ਇੱਕ ਪਾਰਟੀ ਛੱਡ ਕੇ ਦੂਸਰੀ
ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਭਗੌੜਿਆਂ ਨੂੰ ਇਸ ਲਈ ਸਿਰੋਪੇ ਦੇ ਦਿੱਤੇ ਜਾਂਦੇ ਹਨ ਕਿ ਉਹ ਸਾਡੀ
ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਹੋਰ ਦੇਖੋ ਸਿੱਖੀ ਪ੍ਰੰਪਰਾਵਾਂ ਅਤੇ ਸਿੱਖ ਰਹਿਤ ਮਰਯਾਦਾ ਦੇ ਦੋਖੀ
ਡੇਰੇਦਾਰ ਸੰਤਾਂ ਅਤੇ ਮਹਾਂ ਕਰੱਪਟ ਰਾਜਨੀਤਕ ਲੀਡਰਾਂ ਨੂੰ ਵੀ ਸ਼ਰੇਆਮ ਸਿਰੋਪੇ ਦਿੱਤੇ ਜਾ ਰਹੇ ਹਨ।
ਹੱਦ ਇੱਥੋਂ ਤੱਕ ਟੱਪ ਗਈ ਹੈ ਕਿ ਝੋਲੀ ਚੁੱਕ ਗ੍ਰੰਥੀ, ਅਖੌਤੀ ਜਥੇਦਾਰ, ਡੇਰੇਦਾਰ ਸੰਤ ਅਤੇ ਲੀਡਰ
ਛੋਟੇ-ਛੋਟੇ ਅਫਸਰਾਂ ਕਰਮਚਾਰੀਆਂ ਕੋਲ ਵੀ ਸਿਰੋਪੇ ਕ੍ਰਿਪਾਨਾਂ ਲੈ ਕੇ ਪਹੁੰਚ ਜਾਂਦੇ ਹਨ। ਅੱਜ
ਗੁਰਦੁਆਰਿਆਂ ਵਿੱਚ ਕੁਰਹਿਤੀਆਂ ਦੇ ਹੱਥੋਂ ਅਣਮਤੀਏ ਪੰਥ ਦੋਖੀਆਂ ਦਾ ਸਿਰੋਪੇ ਪ੍ਰਾਪਤ ਕਰਨਾ ਆਮ ਹੋ
ਗਿਆ ਹੈ। ਹੁਣ ਵੇਲਾ ਆ ਗਿਆ ਹੈ ਕਿ ਪ੍ਰਿਥੀ ਚੰਦ ਮੀਣੇ ਦੇ ਪੂਰਨਿਆਂ ਤੇ ਚੱਲਣ ਵਾਲੇ ਇਨ੍ਹਾਂ
ਸਿਆਸੀ ਪ੍ਰਬੰਧਕਾਂ ਤੇ ਰੋਕ ਲਾਈ ਜਾਵੇ ਅਤੇ ਇਨ੍ਹਾਂ ਤੋਂ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਮੁਕਤ
ਕਰਾਉਣ ਲਈ ਉਪਰਾਲੇ ਕੀਤੇ ਜਾਣ ਤਾਂ ਕਿ ਇਨ੍ਹਾਂ ਦੀਆਂ ਸੁਆਰਥੀ ਹਰਕਤਾਂ ਕਾਰਣ ਕੌਮ ਨੂੰ ਹਾਸੇ-ਮਜਾਕ
ਦਾ ਵਿਸ਼ਾ ਨਾਂ ਬਨਣਾ ਪਵੇ। ਇਸ ਪ੍ਰੰਪਰਾ ਨੂੰ ਅੱਜੋਕੇ ਪਦਾਰਥਵਾਦੀ ਯੁਗ ਵਿੱਚ ਪ੍ਰਬੰਧਕ,
ਸੰਸਥਾਵਾਂ ਅਤੇ ਰਾਜਨੀਤੀਵਾਨ ਆਪਣੀਆਂ ਨਿਜੀ ਇਛਾਵਾਂ ਦੀ ਪੂਰਤੀ ਲਈ ਇਸਤੇਮਾਲ ਕਰ ਰਹੇ ਹਨ।
ਸਿਰੋਪਾਉ ਦੀ ਬਖਸ਼ਿਸ ਕਿਸਨੂੰ, ਕਿਵੇਂ ਅਤੇ ਕਿੱਥੇ ਹੋਵੇ? ਇਸ ਮਾਮਲੇ ਤੇ ਸਿੱਖ ਵਿਦਵਾਨਾਂ,
ਰਾਜਨੀਤਕਾਂ ਅਤੇ ਧਾਰਮਕ ਮੁੱਖੀਆਂ ਨੂੰ ਫਰਾਖਦਿਲੀ ਨਾਲ ਵੀਚਾਰ ਕਰਨੀ ਚਾਹੀਦੀ ਹੈ। ਵੇਲਾ ਮੰਗ ਕਰਦਾ
ਹੈ ਕਿ ਖੋਜ ਭਰਪੂਰ ਵਿਚਾਰ ਵਿਟਾਂਦਰਾ ਕਰਕੇ ਖੁਦਗਰਜ ਸਿਆਸੀ ਨੇਤਾਵਾਂ ਨੂੰ ਇਸ ਸਬੰਧੀ ਸਿਖਿਆ-ਸੇਧ
ਦਿੱਤੀ ਜਾਵੇ ਅਤੇ ਇਸ ਦੀ ਗਲਤ ਵਰਤੋਂ ਕਰਣ ਵਾਲਿਆਂ ਨੂੰ ਸਜਾ ਦੇਣ ਦਾ ਵਿਧਾਨ ਵੀ ਪੰਥ ਵਲੋਂ ਤਜਵੀਜ
ਕੀਤਾ ਜਾਵੇ। ਅੱਜ ਜਿਵੇਂ ਭਾਈ, ਬਾਬਾ, ਮਸੰਦ, ਗਿਆਨੀ, ਬ੍ਰਹਮ ਗਿਆਨੀ,ਮਹਾਂਪੁਰਸ਼ ਅਤੇ ਸਾਧ-ਸੰਤ
ਲਫਜ਼ਾਂ ਦੀ ਅਣਧਿਕਾਰੀ ਲੋਕ ਅਤੇ ਭੇਖੀ ਸਾਧ-ਸੰਤ ਦੁਰਵਰਤੋਂ ਕਰ ਰਹੇ ਹਨ ਇਵੇਂ ਹੀ ਸਿਰਪਾਉ ਲਫਜ਼ ਦੀ
ਗਲਤ ਵਰਤੋਂ ਵੀ ਅਜਿਹੇ ਲੋਕਾਂ ਵੱਲੋਂ ਹੀ ਕੀਤੀ ਜਾ ਰਹੀ ਹੈ। ਯਾਦ ਰਹੇ ਕਿ ਸਿਰਪਾਉ ਕਿਸੇ ਨੂੰ
ਦਿੱਤਾ ਜਾਂ ਭੇਟ ਨਹੀਂ ਸਗੋਂ ਬਖਸ਼ਿਸ਼ ਕੀਤਾ ਜਾਂਦਾ ਹੈ। ਜਰਾ ਸੋਚੋ! ਭੇਟਾ ਤਾਂ ਆਪਣੇ ਤੋਂ ਛੋਟੇ
ਨੂੰ ਦਿੱਤੀ ਜਾਂਦੀ ਹੈ। ਸਿਰੋਪਾਉ ਤਾਂ ਗੁਰੂ ਦੀ ਬਖਸ਼ਿਸ਼ ਹੈ ਜੋ ਭੇਟ ਕਰਨ ਦੀ ਥਾਂ ਬਖਸ਼ੀ ਹੀ ਜਾ
ਸਕਦੀ ਹੈ। ਆਪਾਂ ਗੁਰੂ ਸਾਹਿਬ ਅੱਗੇ ਰੁਪਿਆ ਪੈਸਾ, ਕੋਈ ਵਸਤੂ, ਪਦਾਰਥ ਜਾਂ ਰੁਮਾਲ ਭੇਟ ਕਰ ਸਕਦੇ
ਹਾਂ ਪਰ ਬਖਸ਼ਿਸ਼ ਤਾਂ ਗੁਰੂ ਪ੍ਰਮਾਤਮਾਂ ਹੀ ਸਾਡੇ ਤੇ ਹੀ ਕਰਦਾ ਹੈ। ਅੱਜ ਸਿਰੋਪਾਉ ਦੀ ਜਿਨ੍ਹੀ
ਦੁਰਵਰਤੋਂ ਪਾਠੀ, ਰਾਗੀ, ਗ੍ਰੰਥੀ, ਡੇਰੇਦਾਰ ਸੰਤ ਆਦਿਕ ਧਾਰਮਿਕ ਲੋਕ ਕਰਦੇ ਹਨ ਇਨ੍ਹੀ ਆਮ ਆਦਮੀ
ਨਹੀਂ ਕਰਦਾ। ਇਨ੍ਹਾਂ ਲੋਕਾਂ ਨੂੰ ਹਰ ਦੀਵਾਨ ਦੀ ਸਮਾਪਤੀ ਵੇਲੇ ਸਿਰੋਪੇ ਦੇਣ ਦਾ ਰਿਵਾਜ ਪੈ ਗਿਆ
ਹੈ। ਯਾਦ ਰਹੇ ਇਨ੍ਹਾਂ ਚੋਂ ਬਹੁਤੇ ਪੇਟ ਦੀ ਖਾਤਰ, ਗੁਰਬਾਣੀ ਦੇ ਸਿਧਾਂਤਾਂ ਤੋਂ ਉਲਟ ਜਾ ਕੇ
ਪ੍ਰਚਾਰ ਕਰਦੇ ਹਨ ਅਸੀਂ ਫਿਰ ਵੀ ਸਤਿਕਾਰ ਨਾਲ ਇਨ੍ਹਾਂ ਲੋਕਾਂ ਨੂੰ ਬਿਨਾਂ ਸੋਚੇ ਸਮਝੇ ਸਿਰੋਪਾਉ
ਦਈ ਜਾ ਰਹੇ ਹਾਂ ਜੋ ਗੁਰਦੁਆਰੇ ਦੀ ਹੱਦੋਂ ਬਾਹਰ ਨਿਕਲਦੇ ਹੀ ਗੁਰ ਸਿਧਾਂਤਾਂ ਨੂੰ ਭੁੱਲ ਕੇ ਪੈਰਾਂ
ਵਿੱਚ ਰੋਲਣ ਲੱਗ ਜਾਂਦੇ ਹਨ। ਅੱਜ ਤਾਂ ਸਿਰੋਪਿਆਂ ਦਾ ਵਾਪਾਰ ਹੋਣ ਲੱਗ ਪਿਆ ਹੈ। ਵੱਡੇ ਛੋਟੇ
ਸਿਰੋਪਿਆਂ ਦੀਆਂ ਵੱਖ-ਵੱਖ ਭੇਟਾਵਾਂ ਹਨ। ਦੁਕਾਨਦਾਰਾਂ ਤੋਂ ਖਰੀਦੇ ਹੋਏ ਕਪੜੇ ਦੇ ਸਿਰੋਪੇ ਫਿਰ
ਧਰਮ ਦੀਆਂ ਦੁਕਾਨਾਂ ਖੋਲ੍ਹੀ ਬੈਠੇ ਠੱਗਾਂ ਤੋਂ ਪੈਸੇ ਦੇ ਕੇ ਖਰੀਦ ਲਏ ਜਾਂਦੇ ਹਨ। ਅੱਜ ਸਿਰੋਪੇ
ਵੀ ਅਮੀਰਾਂ, ਰਾਜਨੀਤਕਾਂ ਜਾਂ ਅਸਰ ਰਸੂਕ ਵਾਲਿਆਂ ਦੇ ਰਹੇ ਗਏ ਹਨ। ਸਿੱਖਾਂ ਦੇ ਕੇਂਦਰੀ ਅਸਥਾਨ
ਦਰਬਾਰ ਸਾਹਿਬ ਵਿਖੇ ਵੀ ਕੜਾਹ ਪ੍ਰਸ਼ਾਦ ਅਤੇ ਸਿਰੋਪਿਆਂ ਦੀ ਭੇਟਾ ਅਮੀਰ ਗਰੀਬ ਲਈ ਵੱਖ-ਵੱਖ ਹੈ।
ਲੋੜਵੰਦ ਬਰੀਬ ਨੂੰ ਤਾਂ ਹਰ ਥਾਂ ਧੱਕੇ ਹੀ ਪੈਂਦੇ ਹਨ। ਮੁਆਫ ਕਰਨਾ ਅੱਜ ਗੁਰਦੁਆਰੇ ਆਦਿਕ ਧਰਮ
ਅਸਥਾਨਾਂ ਵਿੱਚ ਕੀ ਨਹੀਂ ਵਿਕ ਰਿਹਾ? ਦੇਖੋ ਪਾਠ, ਕੀਰਤਨ, ਕਥਾ, ਸੁਖਮਨੀ ਸਾਹਿਬ,ਆਸਾ ਕੀ ਵਾਰ,
ਅਨੰਦ ਕਾਰਜ, ਅਰਦਾਸਾਂ, ਰੁਮਾਲੇ, ਉਦਘਾਟਨ, ਉਠਾਲੇ ਅਤੇ ਡਾਕ ਰਾਹੀਂ ਕੀਤੇ ਕਰਾਏ ਪਾਠ ਅਤੇ
ਹੁਕਮਨਾਮੇਂ ਆਦਿਕ ਸ਼ਰੇਆਮ ਵਿਕ ਰਹੇ ਹਨ। ਅਸੀਂ ਕਿਧਰ ਨੂੰ ਚੱਲ ਪੈ ਹਾਂ? ਜਿਸ ਪੁਜਾਰੀਵਾਦ,
ਬ੍ਰਾਹਮਣਵਾਦ, ਮਹੰਤਵਾਦ ਅਤੇ ਰਾਜਗਰਦੀਵਾਦ ਤੋਂ ਗੁਰੂਆਂ-ਭਗਤਾਂ ਨੇ ਸਾਨੂੰ ਬਚਾਇਆ ਸੀ ਅੱਜ ਅਸੀਂ
ਉਸੇ ਦਲਦਲ ਵਿੱਚ ਫਿਰ ਫਸਦੇ ਜਾ ਰਹੇ ਹਾਂ। ਅੱਜ ਕੱਲ੍ਹ ਸਿਰਪਾਉ ਨੂੰ ਲੋਕਲਾਜ ਅਤੇ ਨੱਕ ਰੱਖਣ ਵਾਲਾ
ਰਿਵਾਜ ਬਣਾ ਦਿੱਤਾ ਗਿਆ ਹੈ। ਗਲਾਂ ਵਿੱਚ ਲੰਬੇ-ਲੰਬੇ ਸਿਰੋਪੇ ਪਾ ਕੇ ਅਖਬਾਰਾਂ ਵਿੱਚ ਫੋਟੋਆਂ
ਵਾਲੀਆਂ ਖੱਬਰਾਂ ਲਈ ਵੀ ਪੱਬਾਂ ਭਾਰ ਹੋ ਕੇ ਹੈਂਕੜ ਵਾਲੀਆਂ ਰਵਾਇਤਾਂ ਛੱਡ ਕੇ, ਗੁਰਮਤਿ ਪ੍ਰਚਾਰ,
ਪ੍ਰਸਾਰ, ਸੇਵਾ,ਵਿਦਿਆ, ਪਰਉਪਕਾਰ ਆਦਿਕ ਧਾਰਮਿਕ ਅਤੇ ਸਮਾਜਿਕ ਖੇਤਰਾਂ ਵਿੱਚ ਉਤਸ਼ਾਹੀ ਅਤੇ ਵਧੀਆ
ਕੰਮ ਕਰਨ ਵਾਲੇ ਮਾਈ-ਭਾਈ ਨੂੰ ਹੀ ਸਿਰਪਾਉ ਦੀ ਬਖਸ਼ਿਸ਼ ਸੰਗਤ ਅਤੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ
ਵਿੱਚ ਕਰਨੀ ਚਾਹੀਦੀ ਹੈ। ਸਿਰੋਪੇ ਨੂੰ ਢਾਈ ਗਜ ਦਾ ਕਪੜਾ ਸਮਝ ਕੇ ਖ੍ਰੀਦਣਾ ਅਤੇ ਰੋਲਣਾ ਨਹੀਂ
ਚਾਹੀਦਾ। ਜਰੂਰੀ ਨਹੀਂ ਕਿ ਹਰੇਕ ਨੂੰ ਹੀ ਸਿਰਪਾਉ ਬਖਸ਼ਿਸ਼ ਕੀਤਾ ਜਾਵੇ ਸਗੋਂ ਰਾਜਨੀਤਕ ਲੀਡਰਾਂ ਦਾ
ਸਨਮਾਨ ਕਿਸੇ ਸ਼ੀਲਡ ਆਦਿਕ ਵਸਤੂ ਨਾਲ ਵੀ ਕੀਤਾ ਜਾ ਸਕਦਾ ਹੈ। ਘੋੜਾ ਖੋਤਾ ਇੱਕ ਨਹੀਂ ਸਮਝ ਲੈਣੇ
ਚਾਹੀਦੇ, ਇਨ੍ਹਾਂ ਵਿੱਚ ਬਹੁਤ ਫਰਕ ਹੁੰਦਾ ਹੈ। ਇਵੇਂ ਹੀ ਧਰਮ ਅਤੇ ਰਾਜਨੀਤੀ ਵਿੱਚ ਵੀ ਭੇਖਧਾਰੀ,
ਢੌਂਗੀ ਅਤੇ ਕੁਰੱਪਟ ਲੋਕਾਂ ਦੀ ਪਛਾਣ ਕਰਕੇ ਹੀ ਕਿਸੇ ਭਲੇ ਪੁਰਖ ਜਾਂ ਇਸਤਰੀ ਨੂੰ ਉਨ੍ਹਾਂ ਦੀ ਯੋਗ
ਸੇਵਾ ਵੇਖ ਕੇ ਹੀ ਸਿਰਪਾਉ ਬਖਸ਼ਿਸ਼ ਕੀਤਾ ਜਾਵੇ। ਗੁਰਦੁਆਰਾ ਪ੍ਰਬੰਧਕਾਂ, ਗ੍ਰੰਥੀਆਂ, ਜਥੇਦਾਰਾਂ
ਅਤੇ ਲੀਡਰਾਂ ਨੂੰ ਇਧਰ ਗਹੁ ਨਾਲ ਧਿਆਨ ਦੇਣ ਦੀ ਅਤਿਅੰਤ ਲੋੜ ਹੈ।
{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}