.


31/05/15)
ਜਗਪਾਲ ਸਿੰਘ

ਸਤਿਕਾਰਯੋਗ ਸਿਰਦਾਰ ਮੱਖਣ ਸਿੰਘ ਜੀ !!
ਮੈਂ ਕੋਈ ਬਹੁਤ ਪੁਰਾਣਾ ਪਾਠਕ ਨਹੀ ਸਿਖ ਮਾਰਗ ਦਾ, ਪਰ ਜਦੋ ਤੋ ਮੈਂ ਸਿਖ ਮਾਰਗ ਨਾਲ ਜੁੜਿਆ ਹਾਂ, ਬਹੁਤ ਕੁਝ ਸਿਖਣ ਨੂੰ ਮਿਲਿਆ ! ਮੈਂ ਇੱਕ ਸਾਧੜੇ ਦਾ ਚੇਲਾ ਸੀ ! ਜੋ ਅੱਜ ਗੁਰੂ ਮੱਤ ਅਨੁਸਾਰ ਜੀਵਨ ਜੀ ਰਿਹਾ ਹਾਂ ! ਜੇ ਇਸ ਗਿਆਨ ਨਾਲ ਮੇਰਾ ਜੀਵਨ ਬਦਲ ਗਿਆ ਤਾਂ ਹੋਰ ਕਿੰਨੇ ਲੋਕਾਂ ਦਾ ਜੀਵਨ ਬਦਲ ਰਹਿਆ ਹੈ ! ਜੇ ਸਿਖ ਮਾਰਗ ਨੂੰ ਬੰਦ ਕਰਨ ਨਾਲ ਤੁਹਾਡੇ ਲਿਖੇ ਲੇਖ ਅਨੁਸਾਰ ਉਹ ਸੁਧਰ ਸਕਦੇ ਨੇ ਤਾਂ ਤੁਹਾਡਾ ਫੈਸਲਾ ਸਹੀ ਹੈ ! ਜੇ ਨਹੀ ਬਦਲਦਾ ਤਾਂ ਫਿਰ ਤੁਸੀਂ ਇੱਕ ਵਾਰ ਜਰੂਰ ਵਿਚਾਰ ਕਰਨਾ !! ਉਮੀਦ ਆ ਤੁਸੀਂ ਆਪਣਾ ਫੈਸਲਾ ਜਰੂਰ ਬਦਲੋਗੇ !!
ਗੁਰ ਫ਼ਤੇਹ ਪ੍ਰਵਾਨ ਕਰਨਾ !!
ਜਗਪਾਲ ਸਿੰਘ


31/05/15)
ਅਵਤਾਰ ਸਿੰਘ ਮਿਸ਼ਨਰੀ

ਗਿਆਨ ਦਾ ਸੋਮਾਂ ਗੁਰਦੁਆਰਾ “ਸਿੱਖ ਮਾਰਗ” ਬੰਦ ਨਾਂ ਕੀਤਾ ਜਾਵੇ!!!

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥

ਆਪ ਜੀ ਵੱਲੋਂ ਕੁਝ ਦਿਨ ਪਹਿਲੇ ਲਿਖਿਆ ਲੇਖ ਕਿ “ਝੂਠੇ, ਕਪਟੀ ਤੇ ਗੰਦੇ ਗੁੰਡਿਆਂ ਦੀ ਮੈਨੂੰ ਕੋਈ ਲੋੜ ਨਹੀਂ” ਦਾਸ ਨੇ ਵੀ ਪੜ੍ਹਿਆ ਹੈ। ਆਪ ਜੀ ਨੇ ਕੌੜੀ ਸਚਿਆਈ ਬੜੀ ਬੇਬਾਕੀ ਨਾਲ ਪੇਸ਼ ਕੀਤੀ ਹੈ ਕਿ ਅਖੌਤੀ ਦਸਮ ਗ੍ਰੰਥ ਜੋ ਕਿਸੇ ਗੁਰੂ ਨਿੰਦਕ ਕਵੀ ਦਾ ਲਿਖਿਆ ਹੋਇਆ ਹੈ ਜਿਸ ਵਿੱਚ ਨਸ਼ੇ, ਵਿਭਚਾਰ, ਚੋਰੀ, ਯਾਰੀ, ਅਖੌਤੀ ਦੇਵੀ ਦੇਵਤੇ ਦੈਂਤਾਂ, ਬ੍ਰਾਹਮਣੀ ਕਰਮਕਾਂਡਾਂ, ਔਰਤਾਂ ਪ੍ਰਤੀ ਗੰਦ ਮੰਦ, ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਵਿਰੋਧੀ, ਨਿਖੇਧੀ ਭਰੀਆਂ ਅਸ਼ਲੀਲ ਅਤੇ ਮਨਘੜਤ ਰਚਨਾਵਾਂ ਲਿਖੀਆਂ ਅਤੇ ਸਿੱਖ ਗੁਰੂਆਂ ਨੂੰ ਲਹੂ ਕਸ਼ੂ ਦੀ ਅੰਸਬੰਸ ਲਿਖਨ ਦਾ ਕੋਝਾ ਪ੍ਰਯਤਨ ਕੀਤਾ ਹੈ ਜਿਸ ਦਾ ਵੱਧ ਤੋਂ ਵੱਧ ਪ੍ਰਚਾਰ ਦਮਦਮੀ ਟਕਸਾਲ, ਨਿਹੰਗ ਤੇ ਹੋਰ ਡੇਰੇਦਾਰ ਅਤੇ ਆਰ. ਐੱਸ. ਐੱਸ ਇਹ ਸਭ ਅੱਡੀ ਚੋਟੀ ਦੇ ਜੋਰ ਨਾਲ ਕਰਦੇ ਹਨ। ਜਦ ਕੋਈ ਗੁਰਮੁਖ ਪਿਆਰਾ ਜਾਂ ਵਿਦਾਵਾਨ ਸੱਜਨ ਇਸ ਅਖੌਤੀ ਗ੍ਰੰਥ ਦੀ ਅਸਲੀਅਤਾ ਦਾ ਪ੍ਰਚਾਰ ਕਰਦਾ ਹੈ ਤਾਂ ਉਪ੍ਰੋਕਤ ਟੋਲੇ ਜਿੱਥੇ ਡਾਂਗਾਂ ਸੋਟੇ ਤਲਵਾਰਾਂ ਚੱਕ ਕੇ ਵਿਰੋਧ ਕਰਦੇ ਹਨ ਓਥੇ ਜਦ ਕੋਈ ਦਲੀਲ  ਨਹੀਂ ਦੇ ਸਕਦੇ ਤਾਂ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਬਾਰੇ ਝਟ ਕਹਿ ਦਿੰਦੇ ਹਨ ਕਿ ਤੁਸੀਂ ਮਹਾਂਪੁਰਖਾਂ ਨਾਲੋਂ ਜਿਆਦਾ ਸਿਆਣੇ ਹੋ ਉਹ ਤਾਂ ਅਖੌਤੀ ਦਸਮ ਗ੍ਰੰਥ, ਭਾਵਰ ਸਿਮਰਤ, ਸੂਰਜ ਪ੍ਰਕਾਸ਼, ਗੁਰ ਬਿਲਾਸ ਪਾ: 6ਵੀਂ, ਬਾਲੇ ਵਾਲੀ ਜਨਮ ਸਾਖੀ, ਸੌ ਸਾਖੀ ਆਦਿਕ ਗ੍ਰੰਥ ਵੀ ਪੜ੍ਹਦੇ ਸਨ ਪਰ ਕੀ ਉਹ ਗੁਰੂਆਂ ਭਗਤਾਂ ਨਾਲੋਂ ਵੱਧ ਸਿਆਣੇ ਸਨ? ਉਨ੍ਹਾਂ ਦਾ ਨਾਂ ਵਰਤ ਕੇ ਬ੍ਰਾਹਮਣਵਾਦ ਅਤੇ ਅੰਧਵਿਸ਼ਵਾਸਾਂ ਦਾ ਪ੍ਰਚਾਰ ਕਰਦੇ ਹਨ ਅਤੇ ਪੁਰਾਤਨ ਸਿੱਖ ਸ਼ਹੀਦਾਂ ਅਤੇ ਸਿੰਘਣੀਆਂ ਦੀ ਥਾਂ ਭਿੰਡਰਾਂ ਵਾਲੇ ਦਾ ਸਭ ਤੋਂ ਵੱਧ ਪ੍ਰਚਾਰ ਕਰਦੇ ਹਨ ਪਰ ਉਪ੍ਰੋਕਤ ਵਰਣਿਤ ਗ੍ਰੰਥ ਜਾਂ ਪੁਸਤਕਾਂ ਜੋ ਸਾਰੇ, ਬਹੁਤੇ ਗੁਰਮਤਿ ਵਿਰੋਧੀ ਹਨ। ਦੁੱਖ ਤਾਂ ਲਗਦਾ ਹੈ ਕਿ ਸਿੱਖਾਂ ਦੀਆਂ ਸਿਰਮੌਰ ਅਖਵਾਉਣ ਵਾਲੀਆਂ ਟਕਸਾਲਾਂ ਤੇ ਜਥੇਬੰਦੀਆਂ “ਗੁਰੂ ਗ੍ਰੰਥ ਸਾਹਿਬ” ਤੋਂ ਪੂਰਨ ਅਗਵਾਈ ਲੈਣ ਦੀ ਥਾਂ “ਅਖੌਤੀ ਦਸਮ ਗ੍ਰੰਥ ਹੋਰ ਅਨਮੱਤੀ ਗ੍ਰੰਥਾਂ ਤੇ ਰਹਿਤਨਾਮਿਆਂ ਅਤੇ ਆਪੇ ਬਣੇ ਜਾਂ ਬਣਾ ਦਿੱਤੇ ਗਏ ਸੰਤਾਂ ਮਹਾਂਪੁਰਖਾਂ ਤੋਂ ਵੱਧ ਲੈਂਦੀਆਂ ਅਤੇ ਪ੍ਰਚਾਰਦੀਆਂ ਹਨ।

ਹੁਣ ਇਕਵੀਂ ਸਦੀ ਵਿੱਚ ਵਿਗਿਆਨ ਅਤੇ ਇਲੈਟ੍ਰੌਨਿਕ ਮੀਡੀਏ ਦਾ ਯੁੱਗ ਹੈ ਜਿਸ ਰਾਹੀਂ ਆਂਮ ਲੋਕਾਂ ਤੋਂ ਲੁਕਾ ਕੇ ਰੱਖੇ ਧਰਮ ਗ੍ਰੰਥ ਜਾਂ ਉਨ੍ਹਾਂ ਨੂੰ ਪੁਜਾਰੀ ਹੀ ਪੜ੍ਹ ਸਕਦੇ ਹਨ ਦਾ ਪੜ੍ਹਦਾ ਖੁੱਲ੍ਹ ਗਿਆ ਹੈ। ਜਿਸ ਕਰਕੇ ਆਮ ਲੋਕ ਵੀ ਜਾਗ੍ਰਿਤ ਹੋ ਰਹੇ ਹਨ। ਹੁਣ ਗੁਰਬਾਣੀ ਰੇਡੀਓ, ਟੀਵੀ, ਅਖਬਾਰਾਂ, ਰਸਾਲਿਆਂ, ਕੰਪਿਊਟਰ, ਇੰਟ੍ਰਨੈੱਟ ਅਤੇ ਮੋਬਾਈਲਾਂ ਤੇ ਅਰਥਾਂ ਤੇ ਵਿਆਖਿਆ ਸਮੇਤ ਆ ਚੁੱਕੀ ਹੈ। ਪਰ ਪੰਥਕ ਕਹਾਉਣ ਵਾਲੀਆਂ ਜਥੇਬੰਦੀਆਂ ਅਤੇ ਟਕਸਾਲਾਂ ਗਿਣਤੀ ਦੇ ਅਖੰਡ ਪਾਠਾਂ ਦੀਆਂ ਲੜੀਆਂ, ਸੰਪਟ ਤੇ ਸਪਤਾਹ ਪਾਠ ਜੋ ਸੰਸਾਰ ਦੀ ਕਾਰ ਸਨ ਤੇ ਕੇਵਲ ਪੰਡਿਤ ਹੀ ਉਨ੍ਹਾਂ ਨੂੰ ਪੜ੍ਹਦੇ ਸਨ-ਵੇਦ ਪਾਠ ਸੰਸਾਰ ਕੀ ਕਾਰ॥ ਪੜ੍ਹਿ ਪੜ੍ਹਿ ਪੰਡਿਤ ਕਰਹਿ ਬੀਚਾਰ॥ (ਗੁਰੂ ਗ੍ਰੰਥ) ਵਾਲੀ ਕੋਝੀ ਕਾਰ ਹੀ ਇਹ ਟਕਸਾਲਾਂ ਤੇ ਜਥੇਬੰਦੀਆਂ ਕਰ ਕੇ ਸੰਗਤਾਂ ਤੋਂ ਪੈਸੇ ਬਟੋਰ ਰਹੀਆਂ ਹਨ। ਗੁਰੂ ਗ੍ਰੰਥ ਸਾਹਿਬ ਜੀ ਨੂੰ ਕੀਮਤੀ ਕੌਮਤੀ ਰਮਾਲਿਆਂ, ਲ਼ਮਾਰੀਆਂ ਅਤੇ ਸੋਨੇ ਸੰਗ ਮਰ ਮਰ ਦੀਆਂ ਪਾਲਕੀਆਂ ਵਿੱਚ ਲੁਕੋ ਕੇ ਰੱਖਿਆ ਹੋਇਆ ਹੈ ਦੁਨੀਆਂ ਦੀਆਂ ਹੋਰ ਬੋਲੀਆਂ, ਵਿਦਿਅਕ ਅਦਾਰਿਆਂ ਅਤੇ ਲਾਇਬ੍ਰੇਰੀਆਂ ਵਿਖੇ ਨਹੀਂ ਪਹੂੰਚਾਇਆ। ਬੇਅਦਬੀ ਦਾ ਡਰਾਵਾ ਦੇ ਕੇ ਗੁਰੂਆਂ ਭਗਤਾਂ ਦੇ ਰੱਬੀ ਗਿਆਨ ਨੂੰ ਜੋ ਸਾਰੀ ਦੁਨੀਆਂ ਲਈ ਹੈ ਨਹੀਂ ਜਾਣ ਦਿੱਤਾ। ਅਜਿਹੇ ਧਰਮ ਡਰਾਵਿਆਂ ਕਰਕੇ ਸਿੱਖ ਬੱਚੇ ਬੱਚੀਆਂ ਆਪਣੇ ਧਰਮ ਗ੍ਰੰਥ ਖੁਲ੍ਹ ਦਿਲੀ ਨਾਲ ਨਹੀਂ  ਵਾਚ ਸੱਕੇ ਤਾਂ ਹੀ ਨਸ਼ਿਆਂ ਵਿੱਚ ਤੇ ਗੰਦੇ ਗੀਤਾਂ ਵਿੱਚ ਗਲਤਾਨ ਹੋ ਸਿੱਖੀ ਤੋਂ ਪਤਿਤ ਹੁੰਦੇ ਜਾ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਵਿਚਾਰ ਕੇ ਤੇ ਉਸ ਤੇ ਅਮਲ ਕਰਕੇ ਹਰੇਕ ਸਿੱਖ ਬਣ ਸਕਦਾ ਹੈ ਪਰ ਅਖੌਤੀ ਰਹਿਤਨਾਮਿਆਂ ਤੇ ਅਖੌਤੀ ਬ੍ਰਹਮਗਿਆਂਨੀਆਂ ਨੇ ਬਾਹਰਲੇ ਭੇਖਾਂ ਅਤੇ ਕੁਝ ਮਿਥੇ ਕਰਮਕਾਂਡਾਂ ਨੂੰ ਧਾਰਨ ਕਰਨ ਨੂੰ ਸਿੱਖੀ ਧਾਰਨ ਕਰਨਾ ਬੜੇ ਜੋਰ ਸ਼ੋਰ ਅਤੇ ਧੱਕੇ ਨਾਲ ਪ੍ਰਚਾਰਿਆ ਹੋਇਆ ਹੈ ਤੇ ਅਖੌਤੀ ਜਥੇਦਾਰ ਚਾਰ ਚਾਰ ਬੱਚੇ ਪੈਦਾ ਕਰਨ ਦੇ ਫਤਵੇ ਦੇ ਰਹੇ ਹਨ ਜਦ ਕਿ ਪੂਰੇ ਭਾਰਤ ਵਿੱਚ ਗੁਰੂ ਨਾਨਕ ਨਾਲ ਲੇਵਾ ਲੁਬਾਣੇ, ਵਣਜਾਰੇ, ਸਤਨਾਮੀਏਂ ਅਤੇ ਸਿਕਲੀਗਰ ਕਰੀਬ 14 ਕਰੋੜ ਦੀ ਗਿਣਤੀ ਵਿੱਚ ਸਿੱਖੀ ਸਰੂਪ ਸੰਭਾਲੀ ਵਿਚਰ ਰਹੇ ਹਨ ਜਿਨ੍ਹਾਂ ਨੂੰ ਅਖੌਤੀ ਟਕਸਾਲੀ ਅਤੇ ਜਥੇਦਾਰ ਸਿੱਖ ਹੀ ਨਹੀਂ ਮੰਨਦੇ।

ਅਖੀਰ ਤੇ ਦਾਸ ਆਪ ਜੀ ਦੇ ਸਨਮੁੱਖ ਜੋਦੜੀ ਕਰਦਾ ਹੈ ਕਿ “ਸਿੱਖ ਮਾਰਗ ਵੈਬ ਸਾਈਟ” ਜੋ ਗੁਰਮਤਿ ਦੀ ਲਾਇਬ੍ਰੇਰੀ, ਕੋਸ਼ ਅਤੇ ਜਾਣਕਾਰੀ ਦਾ ਵਡਮੁੱਲਾ ਖਜਾਨਾ ਬਣ ਚੁੱਕਾ ਹੈ ਜੋ ਅਨੇਕਾਂ ਮੁਲਕਾਂ ਵਿੱਚ ਪੜ੍ਹਿਆ ਜਾਂਦਾ ਹੈ ਤੇ ਵਿਦਵਾਨ ਪ੍ਰਚਾਰਕ ਵੀ ਇੱਥੋਂ ਹਵਾਲੇ ਲੈ ਲੈਂਦੇ ਹਨ। ਬਹੁਤ ਸਾਰੇ ਮਾਈ ਭਾਈ ਅਤੇ ਖਾਸਕਰ ਨੌਜਵਾਨ ਬੱਚੇ ਬੱਚੀਆਂ ਤੇ ਬੀਬੀਆਂ ਪੜ੍ਹਿ ਕੇ “ਗੁਰੂ ਗ੍ਰੰਥ ਸਾਹਿਬ” ਦੀ ਸਿਖਿਆ ਤੇ ਇਤਹਾਸਕ ਜਾਣਕਾਰੀ ਹਾਸਲ ਕਰ ਰਹੇ ਹਨ ਉਹ ਇਸ ਤੋਂ ਵਾਂਝੇ ਰਹਿ ਜਾਣਗੇ। ਇਸ ਲਈ ਆਪ ਹੋਰ ਹਿਮਤ ਕਰੋ ਕੁਝ ਆਪ ਜੀ ਵਰਗੇ ਦ੍ਰਿਰੜ ਇਰਾਦੇ ਵਾਲੇ ਹੋਰ ਜੁਮੇਵਾਰ ਵਿਦਵਾਨਾਂ ਨੂੰ ਵੀ ਇਸ ਗੁਰਮਤਿ ਪ੍ਰਚਾਰ ਦੀ ਸੇਵਾ ਵਿੱਚ ਵੱਧ ਚੜ੍ਹ ਕੇ ਲਗਾਓ। ਗੁਰੂ ਸ਼ਬਦ ਦਾ ਲੰਗਰ ਚੱਲਦਾ ਹੀ ਰੱਖੋ-ਲੰਗਰ ਚਲੈ ਗੁਰ ਸ਼ਬਦਿ ਹਰਿ ਤੋਟਿ ਨਾ ਆਵੈ ਖੱਟੀਐ॥ (ਗੁਰੂ ਗ੍ਰੰਥ)  ਸੰਤ ਸਿਪਾਹੀ ਸਿੱਖ ਕਦੇ ਭੇਖੀ ਪਾਖੰਡੀ ਦੁਸ਼ਮਣਾਂ ਅੱਗੇ ਹਥਿਆਰ ਨਹੀਂ ਸੁੱਟਦਾ ਸਗੋਂ ਆਖਰੀ ਦਮ ਤੱਕ ਜੂਝਦਾ ਹੋਇਆ “ਗੁਰੂ ਗ੍ਰੰਥ ਦੇ ਪੰਥ” ਦਾ ਪ੍ਰਚਾਰ ਜਾਰੀ ਰੱਖਦਾ ਹੈ। ਅਕਾਲ ਪੁਰਖ ਪਾਸ ਅਰਦਾਸ ਹੈ ਆਪ ਜੀ ਨੂੰ ਲੰਬੀ ਉਮਰ, ਤੰਦਰੁਸਤੀ, ਹੋਰ ਹੌਂਸਲਾ ਅਤੇ ਸਦੀਵ ਚੜ੍ਹਦੀ ਕਲਾ ਬਖਸ਼ੇ। ਸੂਰਜ ਅੱਗੇ ਕਾਲੇ ਬਦਲ ਸਦਾ ਨਹੀਂ ਰਹਿੰਦੇ ਉਡ ਪੁਡ ਜਾਂਦੇ ਹਨ। ਕਾਵਾਂ ਰੌਲੀ ਸਦਾ ਦਾ ਕੰਨ ਰਸ ਨਹੀਂ ਬਣ ਸਕਦੀ ਆਖਰ ਰੱਬੀ ਪਿਆਰ ਦੇ ਗੀਤ ਹੀ ਉਤਸ਼ਾਹੀ ਹੁੰਦੇ ਹਨ। ਹੁਣ ਤਾਂ ਗੁਰਮੱਤੀ ਵੈਬਸਾਈਟਾਂ ਹੀ “ਗੁਰਦੁਆਰੇ” ਹਨ ਅਤੇ ਪਾਠਕ ਹੀ ਗੁਰੂ ਸੰਗਤਾਂ ਹਨ ਤੇ ਬਹੁਤੇ ਗੁਰਦੁਆਰੇ ਤਾਂ ਗੰਦੀ ਪਾਰਟੀਬਾਜ ਰਾਜਨੀਤੀ ਤੇ ਕਮਰਸ਼ੀਅਲ ਅੱਡੇ ਬਣਾ ਦਿੱਤੇ ਗਏ ਹਨ। ਭਾਂਵੇਂ ਕਈ ਵਿਦਵਾਨਾਂ ਦੇ ਵਿਚਾਰ ਸਿੱਖ ਮਾਰਗ ਨਾਲ ਮੇਲ ਨਹੀਂ ਖਾਂਦੇ ਪਰ ਉਹ ਵੀ ਇੱਥੋਂ ਬੜਾ ਕੁਝ ਸਿੱਖਦੇ ਹਨ ਤੇ ਇਸ ਨੂੰ ਚਲਦਾ ਰੱਖਣ ਦੇ ਹਮਾਇਤੀ ਹਨ। ਆਸ ਹੈ ਕਿ ਆਪ ਜੀ ਸਿਖਿਆਰਥੀ ਸਿੱਖਾਂ ਦੀ ਬੇਨਤੀ ਪ੍ਰਵਾਨ ਕਰਦੇ ਹੋਏ “ਸਿੱਖ ਮਾਰਗ” ਚਲਦਾ ਵਹੀਰ ਨੂੰ ਜਾਰੀ ਰੱਖੋਗੇ!!!!!!!!!!!!!!!!

ਅਵਤਾਰ ਸਿੰਘ ਮਿਸ਼ਨਰੀ

510-432-5827


31/05/15)
ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਸਚਿਆਰਾਂ ਪ੍ਰਤੀ ਬੇਨਤੀ !!! -: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਸੱਚ ਰੱਬ ਹੈ, ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉਂ॥

ਪਰ ਇਸ ਸੰਸਾਰ ਵਿਚ ਸੱਚ ਨਾਲ ਜੁੜਨ ਵਾਲੇ ਲੋਕ ਬਹੁਤ ਥੋਹੜੇ ਹਨ।

ਸਚਿ ਰਤੇ ਸੇ ਟੋਲਿ ਲਹੁ ਸੇ ਵਿਰਲੇ ਸੰਸਾਰਿ ॥ ਜੋ ਤੁਧੁ ਸਚੁ ਧਿਆਇਦੇ ਸੇ ਵਿਰਲੇ ਥੋੜੇ ॥

ਸੰਸਾਰ ਵਿਚ ਬਹੁਤੇ ਮੂਰਖ ਲੋਕ ਸੱਚ ਨਹੀਂ ਪਛਾਣਦੇ...ਸਾਚੁ ਕਹੈ ਸੋ ਬਿਖੈ ਸਮਾਨੈ॥ ਅਨੁਸਾਰ ਸੱਚ ਸੁਣ ਨਹੀਂ ਸਕਦੇ, ਇਸੇ ਲਈ ਸੱਚ ਬੋਲਣ ਵਾਲੇ ਦਾ ਵਿਰੋਧ ਹੋਂਦਾ ਹੈ।

ਮੂਰਖ ਸਚੁ ਨਾ ਜਾਣਨੀ ਮਨਮੁਖੀ ਜਨਮੁ ਗਵਾਇਆ॥

ਪਰ ਸਚਿਆਰਾਂ ਪ੍ਰਤੀ ਬੇਨਤੀ ਹੈ, ... ਵਿਚਿ ਸਚੇ ਕੂੜੁ ਨ ਗਡਈ ਮਨਿ ਵੇਖਹੁ ਕੋ ਨਿਰਜਾਸਿ ॥ ਕੂੜਿਆਰ ਕੂੜਿਆਰੀ ਜਾਇ ਰਲੇ ਸਚਿਆਰ ਸਿਖ ਬੈਠੇ ਸਤਿਗੁਰ ਪਾਸਿ॥

ਸੱਚਿਆਰਾਂ ਤੇ ਕੂੜਿਆਰਾਂ ਦੀ ਕੋਈ ਸਾਂਝ ਨਹੀਂ ਹੈ, ਇਸ ਲਈ ਬਿਲਕੁਲ ਠੀਕ ਫੈਸਲਾ ਹੈ। ਕੂੜਿਆਰਾਂ ਨੂੰ ਕਾਲਕਾ ਪੰਥ ਸਮਝ ਕੇ ਛੱਡ ਦੇਵੋ, ਆਖੋ ਅਸੀਂ ਤੁਹਾਡੇ ਕਾਲਕਾ ਪੰਥ ਦੇ ਮੈਂਬਰ ਨਹੀਂ ਹਾਂ।

ਪਰ ਸੱਚ ਬੋਲਣਾ ਅਤੇ ਸੱਚ ਦਾ ਰਾਹ ਬਿਲਕੁਲ ਨਾ ਛੱਡੋ, ਤੁਸੀਂ ਸੱਚੇ ਗੁਰੂ ਦੇ ਸਿੱਖ ਹੋ, ਕੂੜਿਆਰਾਂ ਦੇ ਨਹੀਂ, ਫਿਰ ਦੇਖੋਗੇ ਹੌਲੀ ਹੌਲੀ ਕਈ ਲੋਕ ਤੁਹਾਡੇ ਸੱਚ ਨੂੰ ਪਛਾਣ ਕੇ, ਗੁਰੂ ਦੇ ਸੱਚੇ ਕਾਫਲੇ ਵਿਚ ਸ਼ਾਮਲ ਹੋਂਦੇ ਜਾਣਗੇ।

ਗੁਰੂ ਦਾ ਫੈਸਲਾ ਹੈ:

ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ॥


30/05/15)
ਬਲਦੇਵ ਸਿੰਘ ਟੋਰਾਂਟੋ

ਸਤਿਕਾਰ ਯੋਗ ਸਰਦਾਰ ਮੱਖਣ ਸਿੰਘ ਜੀ ਸਿੱਖ ਮਾਰਗ ਨੂੰ ਨਾ ਅਪਡੇਟ ਕਰਨ ਵਾਲਾ ਤੁਹਾਡਾ ਫੈਸਲਾ ਦੁਰਸਤ ਨਹੀਂ ਹੈ ਇਹ ਗੱਲ ਸਿਖ ਮਾਰਗ ਦੇ ਪਾਠਕਾਂ ਨੇ ਆਪਣੇ ਆਪਣੇ ਖਤਾਂ ਦੁਆਰਾ ਸਾਬਤ ਕਰ ਦਿੱਤੀ ਹੈ ਕਿ ਉਨ੍ਹਾਂ ਦੀਆਂ ਭਾਵਨਾਂਵਾਂ ਵੀ ਸਿੱਖ ਮਾਰਗ ਦੇ ਨਾਲ ਜੁੜੀਆਂ ਹੋਈਆਂ ਹਨ। ਮੈਨੂੰ ਆਸ ਹੈ ਕਿ ਪਾਠਕਾਂ ਦੇ ਖਤ ਤੁਹਾਨੂੰ ਆਪਣਾ ਫੈਸਲਾ ਬਦਲਣ ਲਈ ਜਰੂਰ ਮਜਬੂਰ ਕਰਦੇ ਹੋਣਗੇ ਅਤੇ ਕਰਨਗੇ।
ਧੰਨਵਾਦ।
ਬਲਦੇਵ ਸਿੰਘ


30/05/15)
ਸਰਵਜੀਤ ਸਿੰਘ

ਸਤਿਕਾਰ ਯੋਗ ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।

ਆਪ ਜੀ ਵੱਲੋਂ ਕੀਤੇ ਗਏ ਫੈਸਲੇ ਨੇ ਹੋਰ ਬਹੁਤ ਸਾਰੇ ਪਾਠਕਾਂ ਦੀ ਤਰ੍ਹਾਂ ਮੈਨੂੰ ਵੀ ਪ੍ਰੇਸ਼ਾਨ ਕੀਤਾ ਹੈ। ਅੱਜ ਮੈਨੂੰ ਉਹ ਸਮਾਂ (1998) ਯਾਦ ਆ ਰਿਹਾ ਹੈ ਜਦੋਂ ਮੈਂ ਸ. ਗੁਰਬਖਸ਼ ਸਿੰਘ ਕਾਲਾਅਫ਼ਗਾਨਾ ਜੀ ਨੂੰ ਪਹਿਲੀ ਵਾਰ ਮਿਲਿਆ ਸੀ। ਉਨ੍ਹਾਂ ਨੇ ਹੀ ਮੈਨੂੰ ਆਪ ਜੀ ਨਾਲ ਸੰਪਰਕ ਕਰਨ ਲਈ ਕਿਹਾ ਸੀ। ਉਸ ਦਿਨ ਤੋਂ ਅੱਜ ਤਾਈ ਆਪਣਾ ਸੰਪਰਕ ਕਾਇਮ ਹੈ। ਇਸੇ ਮੰਚ ਤੇ ਹੀ ਮੈਂ ਆਪਣੇ ਵਿਚਾਰਾਂ ਨੂੰ ਲਿਖਤੀ ਰੂਪ ਦੇਣਾ ਸਿੱਖਿਆ ਹੈ। ਇਸੇ ਮੰਚ ਤੇ ਹੀ ਜਿਥੇ ਬਹੁਤ ਸਾਰੇ ਵਿਦਵਾਨਾਂ ਦੀਆਂ ਲਿਖਤਾਂ ਪੜ੍ਹਨ ਨੂੰ ਮਿਲੀਆਂ ਉਥੇ ਹੀ ਬਹੁਤ ਸਾਰੇ ਸੱਜਣਾ ਨਾਲ ਨਿਜੀ ਸੰਪਰਕ ਵੀ ਬਣਿਆ। ਇਥੇ ਮੈਂ ਸ. ਗੁਰਮੀਤ ਸਿੰਘ ਜੀ ਦਾ ਵਿਸ਼ੇਸ਼ ਤੌਰ ਤੇ ਜਿਕਰ ਕਰਨਾ ਚਾਹੁੰਦਾ ਹਾਂ, ਜਿੰਨਾ ਨਾਲ ਇਕ ਦੋ ਨੁਕਤਿਆਂ ਤੇ ਮੱਤ-ਭੇਦ ਹੋਣ ਦੇ ਬਾਵਜੂਦ ਵੀ, ਜਦੋਂ ਕਦੇ ਵੀ ਉਨ੍ਹਾਂ ਤੋਂ ਕਿਸੇ ਜਾਣਕਾਰੀ/ ਲਿਖਤ ਦੀ ਮੰਗ ਕੀਤੀ ਤਾਂ ਉਨ੍ਹਾਂ ਨੇ ਕਦੇ ਨਿਰਾਸ਼ ਨਹੀ ਕੀਤਾ।
ਇਸ ਵਿਚ ਵੀ ਕੋਈ ਸ਼ੱਕ ਨਹੀ ਕਿ ਆਪ ਜੀ ਨੇ ਆਪਣਾ ਬਹੁਤ ਕੀਮਤੀ ਸਮਾ, ਆਪਣੇ ਨਿਜੀ ਸਮੇ `ਚ ਇਸ ਪਾਸੇ ਲਾਇਆ ਹੈ। ਇਥੇ ਹੀ ਮੈਂ ਇਹ ਕਹਿਣ ਦੀ ਖੁਸ਼ੀ ਵੀ ਲੈ ਰਿਹਾ ਹਾਂ ਕਿ ਇਸ ਮੰਚ ਵੱਲੋਂ ਨਿਭਾਏ ਗਏ ਰੋਲ ਦਾ ਅਸਰ ਅੱਜ ਪ੍ਰਤੱਖ ਵਿਖਾਈ ਦੇ ਰਿਹਾ ਹੈ। ਨਿਮਰਤਾ ਸਹਿਤ ਬੇਨਤੀ ਹੈ ਕਿ ਜੇ ਸੰਭਵ ਹੋਵੇ ਤਾਂ ਰੋਜ਼ਾਨਾ ਦੀਆਂ ਸਰਗਰਮੀਆਂ ਨੂੰ ਕੁਝ ਸਮੇਂ ਲਈ ਸੰਕੋਚ ਕੇ ਹਫ਼ਤਾ ਵਾਰੀ ਸਰਗਰਮੀਆਂ ਜਾਰੀ ਰੱਖੀਆਂ ਜਾਣ। ਆਸ ਕਰਦੇ ਹਾਂ ਕਿ ਆਪ ਜੀ ‘ਸਿੱਖ ਮਾਰਗ’ ਨਾਲ ਜੁੜੇ ਸਮੂਹ ਸੱਜਣਾਂ (ਇੱਕਾ ਦੁੱਕਾ ਨੂੰ ਛੱਡ ਕੇ) ਦੀਆਂ ਭਾਵਨਾਵਾਂ ਦਾ ਸਤਿਕਾਰ ਕਰੋਗੇ।
ਆਸ ਸਹਿਤ
ਸਰਵਜੀਤ ਸਿੰਘ


30/05/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਗੁਣ ਗਾਵਾਂ ਦਿਨ ਰਾਤ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਅਪਣੀ ਬਗੀਚੀ ਵਿੱਚ,
ਰੁੱਖਾਂ ਨਾਲ ਲੱਗੀਆਂ ਵੇਲਾਂ,
ਜਦ ਗਹੁ ਨਾਲ ਤੱਕੀਆਂ,
ਤਾਂ ਇਸ ਤਰ੍ਹਾਂ ਜਾਪਿਆ,
ਜਿਵੇਂ ਪਿਆਰ ਭਰਿਆ ਅਟੁੱਟ ਅਲਿੰਗਨ,
ਦੋ ਰੂਹਾਂ ਨੂੰ ਇੱਕ ਮਿੱਕ ਕਰ ਰਿਹਾ ਹੋਵੇ।
-------
ਇੱਕ ਟਾਹਣੀ ਤੋਂ ਦੂਜੀ ਟਾਹਣੀ,
ਫੁਦਕਦੀ ਕਾਟੋ, ਇਸ ਤਰ੍ਹਾਂ ਜਾਪੀ,
ਜਿਵੇਂ ਕੋਈ ਨਿਰਭੋਲ ਬਾਲੜੀ,
ਅਪਣੀ ਮਾਂ ਨਾਲ ਕਲੋਲ ਕਰ ਰਹੀ ਹੋਵੇ।
------
ਹਰੇ-ਕਚੂਰ ਪਤਿਆਂ ਵਾਲੇ ਸ਼ਹਿਤੂਤ ਦੀ,
ਜਦ ਨਿਘੀ ਛੂਹ ਮਾਣੀ, ਤਾਂ ਇਉਂ ਜਾਪਿਆ
ਜਿਵੇਂ ਇੱਕ ਅਨੋਖੀ ਊਰਜਾ,
ਮੇਰੇ ਅੰਗ ਅੰਗ ਰਚ ਗਈ ਹੋਵੇ।
----------
ਰੁੱਖਾਂ ਦੇ ਬੋਲ, ਵੇਲਾਂ ਦੇ ਸੁਨੇਹੇ,
ਫੁੱਲਾਂ ਦੇ ਸੱਦੇ, ਫਲਾਂ ਦੀ ਸੁਗੰਧ,
ਬਗੀਚੀ ਵਿੱਚ ਸਮੁਚੀ ਮਹਿਕ,
ਇੱਕ ਨਵੇਂ ਜਵਿਨ ਦਾ ਸੁਨੇਹੇ ਦੇਂਦੇ ਨੇ।
-------------
ਜੀ ਕਰਦਾ ਹੈ ਏਥੋਂ ਕਦੇ ਵੀ ਦੂਰ ਨਾ ਹੋਵਾਂ,
ਮਹਿਕਾਂ ਮਾਣਦਾ, ਪਿਆਰ ਮਹਿਸੂਸਦਾ,
ਊਰਜਾ ਬਰਦਾ, ਇੱਕ ਭਰਵਾਂ ਜੀਵਨ,
ਜਿਉਂਦਾ ਰਹਾਂ ਤੇ ਕਰਤੇ ਦੇ ਗੁਣ ਗਾਉਂਦਾ ਰਹਾਂ।


29/05/15)
ਜਗਤਾਰ ਸਿੰਘ ਜਾਚਕ

‘ਸਤਿਗੁਰ ਕੀ ਸੇਵਾ ਨਿਰਮਲੀ’
ਸਤਿਕਾਰ ਯੋਗ ਭਾਈ ਮੱਖਣ ਸਿੰਘ ਜੀ ! ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ।

ਅਕਾਲਪੁਰਖ ਵਾਹਿਗੁਰੂ ਜੀ ਨੇ ਗੁਰਬਾਣੀ ਦਾ ਚਾਨਣ ਵੰਡਣ ਲਈ ‘ਸਿੱਖ ਮਾਰਗ’ ਵੈਬਸਾਈਟ ਦੇ ਰੂਪ ਵਿੱਚ ਆਪ ਜੀ ਪਾਸੋਂ ਬਹੁਤ ਮਹਾਨ ਸੇਵਾ ਲਈ ਹੈ । ਪਰ, ਤੁਹਾਡੇ ਤੋੜ ਵਿਛੋੜੇ ਵਾਲੇ ਫੈਸਲੇ ਤੋਂ ਪ੍ਰਤੀਤ ਹੁੰਦਾ ਹੈ ਕਿ ਤਹਾਨੂੰ ਉਸ ਦਾ ਕੋਈ ਅਹਿਸਾਸ ਨਹੀਂ ਹੈ । ਅੰਦਾਜ਼ਾ ਲਗਾਓ ਕਿ ਜਿਨ੍ਹਾਂ ਸੱਜਣਾਂ ਲਈ ਕਿਸੇ ਕਾਰਨ ਤੁਸੀਂ ਵੈਬਸਾਈਟ ਦੇ ਦਰਵਾਜ਼ੇ ਬੰਦ ਕਰ ਦਿੱਤੇ ਸਨ, ਉਹ ਵੀ ਤੁਹਾਡੀ ਦੇਣ ਲਈ ਧੰਨਵਾਦੀ ਹੋ ਰਹੇ ਹਨ । ਇਸ ਲਈ ਮੈਂ ਕੋਈ ਆਪਣੀ ਨਿਗੁਣੀ ਸਲਾਹ ਦੇਣ ਦੀ ਥਾਂ ਸ੍ਰੀ ਗੁਰੂ ਸਾਹਿਬ ਦਰਪਣ ਚੋਂ ਗੁਰਬਾਣੀ ਦਾ ਇੱਕ ਸ਼ਬਦ ਕਾਪੀ ਪੇਸਟ ਕਰ ਰਿਹਾਂ ਹਾਂ । ਆਸ ਹੈ ਕਿ ਗੰਭੀਰਤਾ ਨਾਲ ਵਿਚਾਰਣ ਦੀ ਖੇਚਲ ਕਰੋਗੇ ।
ਸਲੋਕ ਮ: 4 ॥ ਸਤਿਗੁਰ ਕੀ ਸੇਵਾ ਨਿਰਮਲੀ ਨਿਰਮਲ ਜਨੁ ਹੋਇ ਸੁ ਸੇਵਾ ਘਾਲੇ ॥ ਜਿਨ ਅੰਦਰਿ ਕਪਟੁ ਵਿਕਾਰੁ ਝੂਠੁ ਓਇ ਆਪੇ ਸਚੈ ਵਖਿ ਕਢੇ ਜਜਮਾਲੇ ॥ ਸਚਿਆਰ ਸਿਖ ਬਹਿ ਸਤਿਗੁਰ ਪਾਸਿ ਘਾਲਨਿ ਕੂੜਿਆਰ ਨ ਲਭਨੀ ਕਿਤੈ ਥਾਇ ਭਾਲੇ ॥ {ਪੰਨਾ 304-305}

ਅਰਥ :-ਸਤਿਗੁਰੂ ਦੀ (ਦੱਸੀ) ਸੇਵਾ (ਇਕ) ਪਵ੍ਰਿਤ (ਕੰਮ) ਹੈ, ਜੋ ਮਨੁੱਖ ਨਿਰਮਲ ਹੋਵੇ (ਭਾਵ, ਜਿਸ ਮਨੁੱਖ ਦਾ ਹਿਰਦਾ ਮਲੀਨ ਨਾ ਹੋਵੇ) ਉਹੋ ਹੀ ਇਹ ਔਖੀ ਕਾਰ ਕਰ ਸਕਦਾ ਹੈ । ਜਿਨ੍ਹਾਂ ਦੇ ਹਿਰਦੇ ਵਿਚ ਧੋਖਾ ਵਿਕਾਰ ਤੇ ਝੂਠ ਹੈ, ਸੱਚੇ ਪ੍ਰਭੂ ਨੇ ਆਪ ਹੀ ਉਹਨਾਂ ਕੋੜ੍ਹਿਆਂ ਨੂੰ (ਗੁਰੂ ਤੋਂ) ਵੱਖਰੇ ਕਰ ਦਿੱਤਾ ਹੈ । ਸੱਚ ਦੇ ਵਪਾਰੀ ਸਿੱਖ ਤਾਂ ਸਤਿਗੁਰੂ ਦੇ ਪਾਸ ਬਹਿ ਕੇ (ਸੇਵਾ ਦੀ) ਘਾਲ ਘਾਲਦੇ ਹਨ, ਪਰ ਉਥੇ ਕੂੜ ਦੇ ਵਪਾਰੀ ਕਿਤੇ ਲੱਭਿਆਂ ਭੀ ਨਹੀਂ ਲੱਭਦੇ ।

ਜਗਤਾਰ ਸਿੰਘ ਜਾਚਕ।


29/05/15)
ਗੁਰਇੰਦਰ ਸਿੰਘ ਪਾਲ

“ਝੂਠੇ, ਕਪਟੀ ਤੇ ਗੰਦੇ ਗੁੰਡਿਆਂ ਦੇ ਧਰਮ ਦੀ ਮੈਨੂੰ ਕੋਈ ਲੋੜ ਨਹੀਂ!”
ਨਿਰੋਲ ਗੁਰਮਤਿ ਨੂੰ ਸਮਰਪਿਤ “ਸਿੱਖ ਮਾਰਗ” ਦੇ ਸੰਪਾਦਕ ਸ: ਮੱਖਣ ਸਿੰਘ ਜੀ, ਆਪਣੇ ਉਕਤ ਲੇਖ ਵਿੱਚ ਜੋ ਕੁੱਝ ਵੀ ਤੁਸੀਂ ਲਿਖਿਆ ਹੈ, ਉਹ ਸੋਲਾਂ ਆਨੇ ਸੱਚ ਹੈ! ਪਰ “ਗੁੰਡਿਆਂ ਦੇ ਧਰਮ” ਦੀ ਲੋੜ ਤਾਂ ਤੁਹਾਨੂੰ 20 ਸਾਲ ਪਹਿਲਾਂ ਵੀ ਨਹੀਂ ਸੀ! ਇਸੇ ਲਈ ਤਾਂ ਆਪ ਨੇ ‘ਸਿੱਖ ਮਾਰਗ’ ਦੀ ਸ਼ੁਰੂਆਤ ਕੀਤੀ ਸੀ! ਆਪ ਦੀ ਪਹਿਲਕਦਮੀ ਤੋਂ ਪ੍ਰੇਰਿਤ ਹੋ ਕੇ “ਗੁੰਡਿਆਂ ਦੇ ਧਰਮ” ਤੋਂ ਸਤੇ ਹੋਏ ਸੈਂਕੜੇ ਲੇਖਕ ਤੁਹਾਡੇ ਨਾਲ ਹੋ ਤੁਰੇ ਅਤੇ ਇਨ੍ਹਾਂ ਨਿਸ਼ਕਾਮ ਲੇਖਕਾਂ ਦੀਆਂ ਲਿਖਤਾਂ ਤੋਂ ਉਤਸਾਹਿਤ ਹੋ ਕੇ ਲੱਖਾਂ ਗੁਰਮਤਿ-ਪ੍ਰੇਮੀ ਪਾਠਕ ਵੀ ਇਸ ਕਾਫ਼ਲੇ ਵਿੱਚ ਰਲਦੇ ਗਏ ਅਤੇ ਦਿਨ ਬਦਿਨ ਹੋਰ ਰਲਦੇ ਜਾ ਰਹੇ ਹਨ………! ਅੱਜ ਸੰਸਾਰ ਦੇ ਕੋਨੇ-ਕੋਨੇ ਵਿੱਚ ਵੱਸੇ ਸੁਹਿਰਦ ਗੁਰਸਿੱਖਾਂ ਨੂੰ ‘ਸਿੱਖ ਮਾਰਗ’ ਦੀ ਚਾਟ ਲੱਗ ਚੁੱਕੀ ਹੈ।
ਇਸ ਸੱਚ ਉੱਤੇ ਕੋਈ ਕਿੰਤੂ ਨਹੀਂ ਕਰ ਸਕਦਾ ਕਿ ਤੁਸੀਂ ਇੱਕੋ ਇੱਕ ਉਹ ਮਿਸ਼ਾਲਚੀ ਹੋ ਜਿਸ ਨੇ ਕਈ ਹਮਖ਼ਿਆਲ ਸੁਹਿਰਦ ਲੇਖਕਾਂ ਦੇ ਸਹਿਯੋਗ ਨਾਲ, ਬਾਣੀਕਾਰਾਂ ਦੁਆਰਾ ਨਿਰਧਾਰਤ ਕੀਤੇ ਗਾਡੀ ਰਾਹ ਨੂੰ ਪੁਨਰ ਰੌਸ਼ਨ ਕਰਨ ਦਾ ਬੀੜਾ ਚੁੱਕਿਆ; ਅਤੇ ਇਸ ਮਿਸ਼ਨ ਵਿੱਚ ਨਿੱਗਰ ਸਫ਼ਲਤਾ ਵੀ ਪ੍ਰਾਪਤ ਕੀਤੀ। ਇਹ ਵੀ ਇੱਕ ਠੋਸ ਸੱਚਾਈ ਹੈ ਕਿ ‘ਸਿੱਖ ਮਾਰਗ’ ਰਾਹੀਂ ਮਨੁੱਖਤਾ ਦੀ ਕੀਤੀ ਜਾ ਰਹੀ ਸੇਵਾ ਨਿਰਪੱਖ ਤੇ ਨਿਸ਼ਕਾਮ ਹੈ!
ਤੁਹਾਡੀ ਨਿਰਾਸ਼ਤਾ ਵੀ ਜਾਇਜ਼ ਹੈ। ਪਰੰਤੂ ਗੁਰੂ ਦਾ ਸਿੱਖ ਇਤਨੀਆਂ ਵੀ ਢਹਿੰਦੀਆਂ ਕਲਾਂ ਵਿੱਚ ਨਹੀਂ ਚਲਾ ਜਾਂਦਾ ਕਿ ਉਹ ਮੈਦਾਨ ਹੀ ਛੱਡਣ ਦੀ ਸੋਚ ਲਏ! ਜ਼ਰਾ ਵਿਚਾਰ ਕਰੋ, ਜੇ ਆਪ ਨੇ ਆਪਣਾ ਫ਼ੈਸਲਾ ਨਾ ਬਦਲਿਆ ਤਾਂ ‘ਸਿੱਖ ਮਾਰਗ’ ਦੇ ਲੱਖਾਂ ਚਾਟੜਿਆਂ ਦਾ ਕੀ ਬਣੇਗਾ? ਜੋ ਜਿਗਿਆਸੂ ਤੇ ਸੁਹਿਰਦ ਪਾਠਕਾਂ/ਲੇਖਕਾਂ ਦਾ ਕਾਫ਼ਲਾ ‘ਸਿੱਖ ਮਾਰਗ’ ਨਾਲ ਵੀਹ ਵਰ੍ਹੇ ਤੋਂ ਚਲਦਾ ਆ ਰਿਹਾ ਹੈ, ਕੀ ਉਹ ਘੋਰ ਸੰਕਟ ਵਿੱਚ ਨਹੀਂ ਪੈ ਜਾਵੇਗਾ? ਇਸ ਲਈ, ਮੇਰਾ ਨਮਰ ਸੁਝਾਅ ਹੈ ਕਿ ‘ਸਿੱਖ ਮਾਰਗ’ ਨੂੰ ਬੰਦ ਕਰਨ ਦੀ ਸੋਚ ਨੂੰ ਮਨੋਂ ਕੱਢ ਦੇਵੋ! ਉਮੀਦ ਹੈ ਕਿ ਆਪ ਮੇਰੀ ਅਤੇ ‘ਸਿੱਖ ਮਾਰਗ’ ਦੇ ਹੋਰ ਅਣਗਿਣਤ ਪ੍ਰਸ਼ੰਸਕਾਂ ਦੀ ਬਿਨਤੀ ਸਵੀਕਾਰਦੇ ਹੋਏ ਇਸ ਅਦੁੱਤੀ ਵੈੱਬਸਾਈਟ ਨੂੰ ਚਾਲੂ ਰੱਖੋਗੇ!
ਆਪ ਦਾ ਲੇਖ ਪੜ੍ਹ ਕੇ ਜਿੱਥੇ ਸਾਨੂੰ ਸਾਰਿਆਂ ਨੂੰ ਘੋਰ ਨਿਰਾਸ਼ਤਾ ਹੋਈ, ਉੱਥੇ ਇਸ ਲੇਖ ਤੋਂ ਇੱਕ ਵੱਡਾ ਲਾਭ ਵੀ ਹੋਇਆ; ਉਹ ਇਹ ਕਿ ‘ਸਿੱਖ ਮਾਰਗ’ ਨਾਲ ਜੁੜੇ ਲੇਖਕਾਂ ਨੂੰ ਲਿਖਣ ਵਾਸਤੇ ਨਵਾਂ ਉਤਸਾਹ ਤੇ ਬਲ ਮਿਲਣ ਦੇ ਨਾਲ ਨਾਲ ਇੱਕ ਨਵਾਂ ਮਹੱਤਵਪੂਰਨ ਵਿਸ਼ਾ ਵੀ ਮਿਲ ਗਿਆ। ਇਹ ਵਿਸ਼ਾ ਹੈ: “ਗੁੰਡਿਆਂ ਦੇ ਧਰਮ” ਨਾਲ ਸੰਬੰਧਿਤ ਗੁੰਡਿਆਂ ਦੀਆਂ ਗੁਰਮਤਿ ਨੂੰ ਢਾਹ ਲਾਉਣ ਵਾਲੀਆਂ ਕਾਲੀਆਂ ਕਰਤੂਤਾਂ ਦਾ, ਗੁਰਬਾਣੀ ਦੇ ਹਵਾਲੇ ਨਾਲ, ਪਹਿਲਾਂ ਤੋਂ ਵੀ ਵਧੇਰੇ ਖੰਡਨ ਕਰਕੇ ਗੁਰਮਤਿ ਪ੍ਰੇਮੀਆਂ ਨੂੰ ਇਨ੍ਹਾਂ ਗੁੰਡਿਆਂ ਅਤੇ ਇਨ੍ਹਾਂ ਦੀਆਂ ਨੀਚ ਕਪਟੀ ਕਰਤੂਤਾਂ ਤੋਂ ਸਾਵਧਾਨ ਕਰਨਾ। ਜੇ ਹਾਲਾਤ ਤੇ ਸਮੇਂ ਨੇ ਇਜਾਜ਼ਤ ਦਿੱਤੀ ਤਾਂ ਮੈਂ ਆਪਣੀ ਸਮਰੱਥਾ ਅਨੁਸਾਰ ਇਸ ਵਿਸ਼ੇ `ਤੇ ਜਲਦੀ ਹੀ ਲਿਖਣਾ ਸ਼ੁਰੂ ਕਰਾਂਗਾ! ਉਮੀਦ ਹੈ ਕਿ ਹੋਰ ਲੇਖਕ ਵੀ ਇਸ ਮੁਹਿਮ ਵਿੱਚ ਆਪਣਾ ਯੋਗ ਦਾਨ ਪਾਉਣ ਗੇ!
ਗੁਰਇੰਦਰ ਸਿੰਘ ਪਾਲ
ਮਈ 29, 2015.


29/05/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਮੈਂ ਕੀ ਹਾਂ, ਇਹ ਪਤਾ ਨਹੀਂ ਹੈ,
ਜਾਨਣ ਲੱਗਾ, ਜਾਣ ਨਾ ਸਕਿਆ,
ਕਿਸ ਨੇ ਘੜਿਆ? ਕਿਉਂ ਏ ਰਚਿਆ?
ਭੇਦ ਇਹੋ ਪਹਿਚਾਣ ਨ ਸਕਿਆ।
ਅਪਣੀ ਹੋਂਦ ਪਛਾਨਣ ਬਾਝੋਂ,
ਜੀਣ ਦਾ ਮਕਸਦ, ਕਿਵੇਂ ਪਛਾਣਾਂ?
ਮਕਸਦ ਬਾਝੋਂ ਜੀ ਕੇ ਐਂਵੇਂ,
ਕਿਸ ਲਈ ਜੱਗ ਦੀ ਮਿੱਟੀ ਛਾਣਾਂ?
ਅੰਦਰ ਘੋਖਾਂ, ਬਾਹਰ ਭਾਲਾਂ,
ਪੜ੍ਹ ਪੜ੍ਹ ਥੱਕਿਆਂ, ਕਿਧਰੋਂ ਪਾ ਲਾਂ
ਗੁਣੀ ਗਿਆਨੀ, ਨਾਂ ਕੋਈ ਮਿਲਿਆ
ਮੈਂ ਕੀ ਹਾਂ, ਇਹ ਦੱਸ ਨਾ ਸਕਿਆ,
ਮੇਰੇ ਵਰਗੇ ਹੋਰ ਬਥੇਰੇ,
ਖੁਦ ਨੂੰ ਲਭਦੇ, ਟੱਕਰਾਂ ਮਾਰਨ,
ਭੇਦ ਮਿਲੇ ਨਾ ਲੱਭ ਲੱਭ ਹਾਰਨ।
ਬਿਨ ਮਕਸਦ ਦੇ, ਜੀਂਦੇ ਜਾਂਦੇ।
ਇਕ ਤੋਂ ਦੂਜੀ ਜੂਨੀ ਪਾਂਦੇ।
ਕਿਰਪਾ ਕਰਦੇ ਆਪੂੰ ਦਾਤੇ,
ਮੈਂ ਕੀ ਹਾਂ? ਇਹ ਭੇਦ ਤਾਂ ਦੇ ਦੇ।
ਖੋਜ ਮੇਰੀ ਨੂੰ ਸੇਧ ਤਾਂ ਦੇ ਦੇ।
ਖੁਦ ਨੂੰ ਲੱਭਿਆਂ, ਤੈਨੂੰ ਮਿਲਿਆਂ,
ਸਫਰ ਲੰਬੇਰਾ, ਪੰਧ ਨਾ ਮੁਕਣਾ।
ਜੂਨਾਂ ਦੇ ਘੇਰੇ ਵਿੱਚ ਘੁੰਮਣਾ।
ਜੋ ਕਰਨਾ ਬੇਫਾਇਦਾ ਹੋਣਾ।
ਮੰਜ਼ਿਲ ਦੇ ਦੇ, ਮਕਸਦ ਦੇ ਦੇ।
ਸੇਧਾਂ ਦੇ ਦੇ, ਹਿੰਮਤ ਦੇ ਦੇ।
ਟੇਕ ਲਗਾ ਦੇ, ਭਟਕ ਹਟਾ ਦੇ।


28/05/15)
ਨਿਰਮਲ ਸਿੰਘ ਕੰਧਾਲਵੀ

ਸਤਿਕਾਰਯੋਗ ਮੱਖਣ ਸਿੰਘ ਜੀਓ,
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਿਹ॥

ਆਪ ਜੀ ਦੇ ਦਿਲ ਦੇ ਵਲਵਲੇ ਪੜ੍ਹੇ। ਸਿੱਖੀ ਨੂੰ ਸਮਰਪਿਤ ਹਰੇਕ ਸਿੱਖ ਇੰਜ ਹੀ ਸੋਚਦਾ ਹੈ ਪਰ ਜਿਹਨਾਂ ਆਗੂਆਂ ਨੇ ਕੌਮ ਨੂੰ ਰਾਹ ਦਿਖਾਉਣਾ ਸੀ ਉਹ ਤਾਂ ਆਪ ਅੰਨ੍ਹੇ ਖੂਹ ਵਿੱਚ ਗ਼ਰਕ ਹੋ ਗਏ ਹਨ। ਮੈਂ ਇਸ ਪੱਤਰ ਵਿੱਚ ਉਹ ਗੱਲਾਂ ਨਹੀਂ ਦੁਹਰਾਉਣੀਆਂ। ਆਪ ਜੀ ਨੇ ਆਪਣੇ ਦਿਲ ਦਾ ਦਰਦ ਬਿਆਨ ਕਰ ਦਿਤਾ ਹੈ। ਮੈਂ ਤਾਂ ਚੰਦ ਕੁ ਸਤਰਾਂ `ਚ ਇਹ ਹੀ ਕਹਿਣਾ ਹੈ ਕਿ ਆਪ ਜੀ ਆਪਣਾ ਫ਼ੈਸਲਾ ਬਦਲੋ ਕਿਉਂਕਿ ਪਿਛਲੇ ਵੀਹ ਸਾਲਾਂ `ਚ ਜਿਤਨੀ ਘਾਲਣਾ ਘਾਲ਼ ਕੇ ਤੁਸੀਂ ਜਾਗਰਿਤੀ ਲਿਆਂਦੀ ਹੈ ਉਹ ਲਫ਼ਜ਼ਾਂ `ਚ ਬਿਆਨ ਨਹੀਂ ਕੀਤੀ ਜਾ ਸਕਦੀ। ਆਪ ਜੀ ਵਲੋਂ ਦਿਤੇ ਹੋਏ ਪਲੇਟਫਾਰਮ ਰਾਹੀਂ ਸੈਂਕੜੇ ਵਿਦਵਾਨਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਵਸਰ ਮਿਲਿਆ ਅਤੇ ਲੱਖਾਂ ਲੋਕਾਂ ਨੇ ਵਿਦਵਤਾ ਭਰਪੂਰ ਲੇਖ ਪੜ੍ਹ ਕੇ ਗੁਰਬਾਣੀ ਦੀ ਸਹੀ ਰੌਸ਼ਨੀ ਪ੍ਰਾਪਤ ਕੀਤੀ। ਆਪ ਜੀ ਨੇ ਸਹੀ ਕਿਹਾ ਕਿ ਕੂੜ ਦਾ ਪਸਾਰਾ ਬਹੁਤ ਹੈ ਪਰ ਕੀ ਸਾਨੂੰ ਕੂੜ ਦਾ ਮੁਕਾਬਲਾ ਨਹੀਂ ਕਰਨਾ ਚਾਹੀਦਾ? ਗੁਰੂ ਸਾਹਿਬਾਂ ਦਾ ਜੀਵਨ, ਸਾਰਾ ਸਿੱਖ ਇਤਿਹਾਸ ਤੇ ਗੁਰਬਾਣੀ ਰਣ ਵਿੱਚ ਜੂਝਣ ਦੀ ਹੀ ਸਿੱਖਿਆ ਦਿੰਦੀ ਹੈ। ਲੋਕਾਂ ਨੂੰ ਕਹਿਣ ਦਿਉ ਜੋ ਕਹਿੰਦੇ ਹਨ, ਜਿਤਨਾ ਚਿਰ ਸਿੱਖ ਦਾ ਮੂੰਹ ਗੁਰੂ ਵਲ ਹੈ ਉਸ ਨੂੰ ਕਿਸੇ ਗੱਲ ਦਾ ਡਰ ਨਹੀਂ। ਬੱਸ ਮੈਂ ਬਹੁਤਾ ਕੁੱਝ ਨਹੀਂ ਲਿਖਣਾ। ਬੇਨਤੀ ਹੀ ਕਰਨੀ ਹੈ ਕਿ ਸਿੱਖ ਮਾਰਗ ਨੂੰ ਬੰਦ ਕਰਨ ਦਾ ਵਿਚਾਰ ਤਿਆਗੋ ਤੇ ਇਸੇ ਤਰ੍ਹਾਂ ਸੱਚ ਦੇ ਮਾਰਗ `ਤੇ ਡਟੇ ਰਹੋ। ਉਮੀਦ ਹੈ ਮੇਰੀ ਅਤੇ ਹੋਰ ਅਨੇਕਾਂ ਸਿੱਖੀ ਦੇ ਭੌਰਿਆਂ ਦੀ ਅਰਜ਼ ਸਵੀਕਾਰ ਕਰੋਗੇ।
ਦਾਸਰਾ
ਨਿਰਮਲ ਸਿੰਘ ਕੰਧਾਲਵੀ
ਯੂ. ਕੇ.


28/05/15)
ਡਾ: ਗੁਰਮੀਤ ਸਿੰਘ ਬਰਸਾਲ

“ਸਿੱਖ ਮਾਰਗ” ਵੈੱਬ ਸਾਈਟ ਇੱਕ ਮੀਲ ਪੱਥਰ ਹੈ
ਇਹ ਗੱਲ ਸਭ ਭਲੀ ਭਾਂਤੀ ਜਾਣਦੇ ਹਨ ਕਿ ਪਿਛਲੇ ਲੰਬੇ ਤੋਂ ਸਿੱਖ ਮਾਰਗ ਵੈੱਬਸਾਈਟ ਨੇ ਇਕ ਅਜਿਹਾ ਮੁਕਾਮ ਹਾਸਲ ਕਰ ਲਿਆ ਹੈ ਜਿਸਦਾ ਮੁਕਾਬਲਾ ਬਾਕੀ ਮੀਡੀਆ ਦੇ ਵਸ ਦਾ ਕੰਮ ਹੀ ਨਹੀਂ। ਜਿੰਨੀਆਂ ਖੋਜ ਚਰਚਾਵਾਂ ਇਸ ਮੰਚ ਤੇ ਚੱਲੀਆਂ ਅਤੇ ਸਫਲ ਹੋਈਆਂ ਹਨ ਜਾਂ ਜਿੰਨੇ ਕੁ ਖੋਜ ਸਬੰਧੀ ਲੇਖ ਇਸ ਸਾਈਟ ਤੇ ਉਪਲਭਦ ਹਨ ਅਜਿਹਾ ਕਾਰਜ ਹਲੇ ਤੱਕ ਕਿਸੇ ਯੂਨੀਵਰਸਟੀ ਦੇ ਕਿਸੇ ਵਿਭਾਗ ਨੇ ਭੀ ਕਰਨ ਦੀ ਹਿੰਮਤ ਨਹੀਂ ਦਿਖਾਈ ਹੈ। ਇਸ ਸਈਟ ਤੇ ਕੇਵਲ ਚਰਚਾਵਾਂ ਚੱਲੀਆਂ ਹੀ ਨਹੀਂ ਬਲਕਿ ਸਿੱਖੀ ਦੇ ਲੰਬੇ ਅਤੇ ਬੇ-ਮਿਸਾਲ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਕੁਝ ਕੰਟਰੋਵਰਸ਼ਲ ਵਿਸ਼ਿਆਂ ਤੇ ਫੈਸਲੇ ਵੀ ਕੀਤੇ ਹਨ । ਰਾਗ ਮਾਲਾ, ਬਚਿਤਰ ਨਾਟਕ, ਨਾਨਕਸ਼ਾਹੀ ਕੈਲੰਡਰ, ਆਵਾਗਵਣ, ਮਾਸ ਦਾ ਮੁੱਦਾ, ਬੀੜਾਂ ਦੀ ਪ੍ਰਮਾਣਿਕਤਾ, ਰਹਿਤ-ਮਰਿਆਦਾ ਆਦਿ ਵਿਸ਼ਿਆਂ ਤੇ ਅਨੇਕਾਂ ਲੇਖ ਖੋਜੀਆਂ ਦਾ ਰਾਹ ਰੁਸ਼ਨਾਅ ਰਹੇ ਹਨ। ਸਥਾਪਤੀ ਤੋਂ ਡਰਦਿਆਂ ਜਿਨਾਂ ਲੇਖਕਾਂ ਨੂੰ ਕੋਈ ਛਾਪ ਨਹੀਂ ਰਿਹਾ ਸੀ, ਸਿੱਖ ਮਾਰਗ ਨੇ ਉਹਨਾਂ ਲੇਖਕਾਂ ਦੇ ਵਡਮੁੱਲੇ ਵਿਚਾਰ ਦੁਨੀਆਂ ਨਾਲ ਸਾਂਝੇ ਕੀਤੇ ਹਨ। ਇਹ ਸਾਈਟ ਅੱਜ ਦੇ ਯੁੱਗ ਦੀ ਇਕ ਰੈਫਰੈਂਸ ਸਾਈਟ ਬਣ ਚੁੱਕੀ ਹੈ। ਅੱਜ ਦੁਨੀਆਂ ਦੇ ਹਰ ਮੀਡੀਆ ਵਿੱਚ ਕੰਮ ਕਰ ਰਹੇ ਗੁਰਮਤਿ ਖੋਜੀ ਅਕਸਰ ਹੀ ਇਸ ਸਾਈਟ ਨੂੰ ਵਿਜਿਟ ਕਰਨਾ ਨਹੀਂ ਭੁੱਲਦੇ ਇੱਥੋਂ ਤੱਕ ਕਿ ਅਜੋਕੇ ਫੇਸਬੁਕ ਵਰਗੇ ਅਤੀ ਚਰਚਿਤ ਸ਼ੋਸ਼ਲ ਮੀਡੀਆ ਵਰਤ ਰਹੇ ਲੋਕ ਵੀ ਇਸੇ ਸਾਈਟ ਦੇ ਆਰਟੀਕਲ ਬਾਕੀ ਸੰਸਾਰ ਵਿੱਚ ਲਗਾਤਾਰ ਸ਼ੇਅਰ ਕਰ ਰਹੇ ਹਨ ਜਿਸ ਨਾਲ ਗਿਆਨ ਦਾ ਪਰਕਾਸ਼ ਲਗਾਤਾਰ ਵਧ ਰਿਹਾ ਹੈ। ਪਿਛਲੇ ਸਮੇ ਸੰਤ ਤੋਂ ਸਿੱਖ ਬਣੇ ਇਕ ਗੁਰਮਤਿ ਦੇ ਪਰਚਾਰਕ ਨਾਲ ਵਿਚਾਰ ਕਰਦਿਆਂ ਇਹ ਗੱਲ ਸਾਹਮਣੇ ਆਈ ਕਿ ਉਸਦੀ ਇਸ ਤਬਦੀਲੀ ਦਾ ਕਾਰਣ ਵੀ ਸਿੱਖ ਮਾਰਗ ਹੀ ਹੈ।
ਇਹ ਵੀ ਅਸੀਂ ਜਾਣਦੇ ਹਾਂ ਕਿ ਲਿਖਾਰੀਆਂ ਦੇ ਹਰ ਵਿਸ਼ੇ ਤੇ ਵਿਚਾਰ ਸਦਾ ਇੱਕ ਵੀ ਨਹੀਂ ਹੁੰਦੇ । ਹਰ ਲਿਖਾਰੀ ਦੇ ਇਕ ਅੱਧ ਵਿਸ਼ੇ ਤੇ ਵਿਚਾਰ ਵੱਖਰੇ ਹੋ ਸਕਦੇ ਹਨ । ਗੁਰਮਤਿ ਅਨੁਸਾਰ ਅਗਰ ਅਸੀਂ ਕੇਵਲ ਗੁਣਾ ਦੀ ਸਾਂਝ ਨਾਲ ਚੱਲਦੇ ਰਹੀਏ ਤਾ ਵੀ ਅਸੀਂ ਵਿਚਾਰ ਰਿੜਕਦੇ ਰਿੜਕਦੇ ਇਕ ਖਾਸ ਚੰਗੇ ਗੁਣਾ ਵਾਲੀ ਦਿਸ਼ਾ ਵੱਲ ਵੱਧ ਰਹੇ ਹੁੰਦੇ ਹਾਂ ਕਿਓਂਕਿ ਅਗਲੇ ਵਿਚਾਰਾਂ ਦਾ ਆਧਾਰ ਸਹਿਮਤ ਹੋਏ ਵਿਚਾਰ ਹੀ ਅਕਸਰ ਬਣਦੇ ਹਨ। ਕਈ ਵਾਰ ਸੱਚ ਜਾਨਣ ਵਾਲੇ ਲੋਗ ਵੀ ਕਿਸੇ ਨੀਤੀ ਤਹਿਤ ਆਪਣੀ ਗਲ ਜਰਾ ਵੱਖਰੀ ਸੋਚ ਦੇ ਕਿਸੇ ਦਾਇਰੇ ਵਿੱਚ ਕਿਸੇ ਵੱਖਰੀ ਪਹੁੰਚ ਅਧੀਨ ਕਰਨਾ ਚਾਹੁੰਦੇ ਹਨ ਜਿਸ ਕਾਰਣ ਉਹ ਅਗਾਂਹ ਵਧੂਆਂ ਵਿੱਚ ਨਾ ਵਾਚਕ ਜਾਪਦੇ ਹਨ ਪਰ ਉਹਨਾ ਦੀ ਮਨਸਾ ਸਚਾਈ ਨੂੰ ਕਿਸੇ ਵੱਖਰੇ ਤਰੀਕੇ ਫੈਲਾਣਾ ਹੀ ਹੁੰਦੀ ਹੈ, ਇੱਕ ਹੀ ਮੰਜਿਲ ਲਈ ਕੇਵਲ ਰਸਤੇ ਦਾ ਫਰਕ ਹੁੰਦਾ ਹੈ।
ਫੇਸਬੁਕ ਇਕ ਅਜਿਹਾ ਸ਼ੋਸ਼ਲ ਮੀਡੀਆ ਹੈ ਜੋ ਅੱਜਕੱਲ ਜਿਆਦਾਤਰ ਲੋਕਾਂ ਤੱਕ ਪਹੁੰਚ ਰੱਖਦਾ ਹੈ। ਜਿਸ ਤਰਾਂ ਆਪਾਂ ਜਾਣਦੇ ਹਾਂ ਕਿ ਆਪਣੇ ਆਪ ਵਿੱਚ ਟੈਕਨੌਲੋਜੀ ਚੰਗੀ ਜਾਂ ਮਾੜੀ ਨਹੀਂ ਹੁੰਦੀ ।ਚੰਗਾ ਜਾਂ ਮਾੜਾ ਹੋਣਾ ਕੇਵਲ ਉਸਨੂੰ ਵਰਤਣ ਵਾਲੇ ਦੀ ਮਨਸ਼ਾ ਤੇ ਨਿਰਭਰ ਕਰਦਾ ਹੈ। ਇਸੇ ਤਰਾਂ ਫੇਸਬੁਕ ਨੂੰ ਵਧੀਆ ਤਰੀਕੇ ਵਰਤਣ ਵਾਲੇ ਬਹੁਤ ਕੁਝ ਸਿੱਖ ਸਿਖਾ ਰਹੇ ਹਨ ਜਦ ਕਿ ਮਾੜੀ ਮਨਸਾ ਵਾਲੇ ਅਕਸਰ ਗਲਤ ਆਈਡੀਆਂ ਬਣਾਕੇ ਬਿਨਾ ਸਿਰ ਪੈਰ ਦੇ ਕੁਮੈਂਟ ਕਰ ਹਰ ਵਿਚਾਰ ਨੂੰ ਤਕਰਾਰ ਵਿੱਚ ਬਦਲਕੇ ਨਵੀਂ ਪੋਸਟ ਦੁਆਲੇ ਹੋ ਜਾਦੇ ਹਨ। ਇਸ ਗੱਲ ਨੂੰ ਸਮਝਣ ਵਾਲੇ ਕਿਸੇ ਦੇ ਕੁਮੈਂਟਾਂ ਤੇ ਜਿਆਦਾ ਸੀਰੀਅਸ ਨਹੀਂ ਹੁੰਦੇ ।
ਆਪ ਜੀ ਦੇ ਲੇਖ ਤੋਂ ਲਗਦਾ ਹੈ ਕਿ ਤੁਸੀਂ ਫੇਸਬੁਕ ਤੇ ਭਿੰਡਰਾਂਵਾਲਿਆਂ ਦੇ ਨਾਮ ਦੇ ਸਹਾਰੇ ਚੱਲ ਰਹੇ ਬਚਿਤਰਨਾਟਕ ਪ੍ਰੇਮੀਆਂ ਤੋਂ ਕਾਫੀ ਖਫਾ ਹੋ ਜਿਸ ਕਾਰਣ ਡੇਰਿਆਂ ਵਿੱਚ ਸਿਖਾਈਆਂ ਜਾਂਦੀਆਂ ਗੈਰ ਕੁਦਰਤੀ ਅੰਧਵਿਸ਼ਵਾਸ ਨਾਲ ਭਰੀਆਂ ਕਹਾਣੀਆਂ ਦਾ ਜਿਕਰ ਕਰਕੇ, ਖੁਦ ਗੁਰੂ ਨਾਨਕ ਸਾਹਿਬ ਜੀ ਦੇ ਕੁਦਰਤ ਨਾਲ ਅੰਗ-ਸੰਗ ਹੋਕੇ ਚੱਲਣ ਵਾਲੇ ਨਿਆਰੇ ਪੰਥ ਦੀ ਖੋਜ ਪਰਚਾਰ ਵਿੱਚ ਪਾਏ ਜਾ ਰਹੇ ਰੋਲ ਤੋਂ ਪਰੇ ਰਹਿਣ ਦੀ ਗੱਲ ਕਰ ਰਹੇ ਹੋ। ਗਲੀਲੀ੍ਓ ਨੂੰ ਕਿਹਾ ਗਿਆ ਕਿ ਉਸਨੂੰ ਬਖਸ਼ਿਆ ਜਾ ਸਕਦਾ ਹੈ ਬਸ਼ਰਤੇ ਕਿ ਉਹ ਇਹ ਮੰਨ ਜਾਵੇ ਕਿ ਧਰਤੀ ਨਹੀਂ ਘੁੰਮਦੀ , ਇਸਤੇ ਗਲੀਲੀਓ ਨੇ ਕਿਹਾ ਕਿ ਮੈਂ ਕਹਿ ਦਿੰਦਾ ਹਾਂ ਪਰ ਮੇਰੇ ਕਹਿਣ ਨਾਲ ਧਰਤੀ ਘੁੰਮਣੋਂ ਹਟ ਨਹੀਂ ਜਾਣੀ। ਸੋ ਹੁਣ ਕਿਸੇ ਡੇਰੇਦਾਰ ਦੀ ਮਜਬੂਰੀ ਕਾਰਣ ਪੇਸ਼ ਕੀਤੀਆਂ ਓਸਦੀਆਂ ਘਤਿੱਤਾਂ ਨਾਲ ਕੋਈ ਫਰਕ ਨਹੀਂ ਪੈਣ ਲੱਗਾ। ਇਸੇ ਤਰਾਂ ਹੁਣ ਗਿਆਨ ਫੈਲਣੋਂ ਰੋਕ ਦੇਣਾ ਕਿਸੇ ਦੇ ਵਸ ਨਹੀਂ ਰਿਹਾ। ਸੋ ਵੀਰ ਜੀਓ ਸਚਾਈ ਤਾਂ ਪ੍ਰਗਟ ਹੋਣੀ ਹੀ ਹੋਣੀ ਹੈ ਅਗਿਆਨਤਾ ਦਾ ਅੰਧਕਾਰ ਸਦਾ ਨਹੀਂ ਰਹਿਣਾ। ਤੁਸੀਂ ਜਾਣਦੇ ਹੋ ਕਿ ਸਭ ਤੋਂ ਪਹਿਲਾਂ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੀ ਗੱਲ ਸੰਸਾਰ ਅੱਗੇ ਰੱਖਣ ਵਾਲਾ ਇਹੀ ਮੰਚ ਸੀ, ਇਥੋਂ ਫੈਲੀ ਸੋਚ ਅੱਜ ਮੀਡੀਆ ਦੇ ਹਰ ਖੇਤਰ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਵਧਦੀ ਜਾ ਰਹੀ ਹੈ। ਹਾਂ ਕੁਦਰਤ ਦੀਆਂ ਅਟੱਲ ਸਚਾਈਆਂ ਨੂੰ ਅਕਾਲਪੁਰਖ ਦਾ ਹੁਕਮ ਸਮਝਣ ਵਾਲੇ ਕਿਰਤੀਆਂ ਕਾਰਣ ਅਖੌਤੀ ਕਰਿਸ਼ਮਿਆਂ , ਅੰਧਵਿਸ਼ਵਾਸਾਂ ਅਤੇ ਕਰਮਕਾਂਢਾਂ ਦੇ ਭਰਮਾਏ ਲੋਕਾਂ ਦੇ ਖਿਸਕਣ ਦੇ ਡਰ ਕਾਰਣ ਚੀਕ ਚਿਹਾੜਾ ਪੈਣਾ ਵੀ ਕੁਦਰਤੀ ਹੀ ਹੈ। ਆਸ ਕਰਦੇ ਹਾਂ ਸਿੱਖ ਮਾਰਗ ਅਜਿਹੇ ਮੌਕੇ ਸਚਾਈ ਦਾ ਡਟ ਕੇ ਸਾਥ ਦੇਵਗਾ।
ਆਪ ਜੀ ਦੇ ਦੱਸਣ ਮੁਤਾਬਕ ਭਾਵੇਂ ਆਪਨੇ ਮੂਰਖ ਲੋਕਾਂ ਦੇ ਕੁਮੈਂਟਾਂ ਤੋਂ ਖਿਜਕੇ ਫੇਸਬੁਕ ਅਕਾਉਂਟ ਬੰਦ ਕਰ ਦਿੱਤਾ ਹੈ ਪਰ ਆਪ ਜੀ ਦੇ ਲੇਖ ਦੇ ਪ੍ਰਤੀਕਰਮ ਵਜੋਂ ਕੁਝ ਅਜਿਹੇ ਸ਼ੁਹਿਰਦ ਵੀਰਾਂ ਦੇ ਕੁਮੈਂਟ ਵੀ ਧਿਆਨ ਮੰਗਦੇ ਹਨ ਜੋ ਕਿਸੇ ਕਾਰਣ ਸਿੱਖ ਮਾਰਗ ਤੋਂ ਵੱਖ ਹੋ ਗਏ ਸਨ।
Inder Jeet Singh Kanpur ਫੇਸਬੁਕ ਤੇ ਲਿਖਦੇ ਹਨ,,,,,, • “ਦੁਨਿਆਵੀ ਸੋਚ ਨਾਲੋਂ ਹਟ ਕੇ, ਅਪਣੇ ਦਿਲ ਦੀ ਗਲ ਨੂੰ ਜਨਤਕ ਕਰਨਾਂ ਅਤੇ ਉਸ ਦੇ ਨਤੀਜਿਆ ਤੋਂ ਬੇਖੋਫ ਰਹਿਣਾ, ਹਰ ਮਨੁਖ ਦੇ ਵਸ ਦੀ ਗਲ ਨਹੀ ਹੂੰਦੀ। ਵੀਰ ਮਖਨ ਸਿੰਘ ਜੀ ਪੁਰੇਵਾਲ (ਸਿਖ ਮਾਰਗ) ਦਾ ਇਹ ਇਤਿਹਾਸਿਕ ਲੇਖ ਇਕ ਜਨਤਕ ਬਹਿਸ ਦੀ ਮੰਗ ਕਰਦਾ ਹੈ। ਵੀਰ ਮਖਣ ਸਿਘੰ ਜੀ ਨਾਲ ਭਾਂਵੇ ਮੇਰੀਆ ਕੁਝ ਦੂਰੀਆਂ ਬਣੀਆ ਹੋਈਆ ਨੇ ਲੇਕਿਨ ਵੇਬ ਸਾਈਟ ਰਾਂਹੀ ਕੋਮ ਦੀ ਜੋ ਸੇਵਾ ਉਹ 20 ਸਾਲਾਂ ਤੋਂ ਕਰ ਰਹੇ ਨੇ, ਉਸ ਨੂੰ ਵੀ ਅਖੋਂ ਦੂਰ ਨਹੀ ਕੀਤਾ ਜਾ ਸਕਦਾ। ਵੀਰ ਜੀ ਦੀ ਬਹੁਤ ਛੇਤੀ ਨਰਾਜ ਹੋ ਕੇ ਵੇਬ ਸਾਈਟ ਨੂੰ ਬੰਦ ਕਰ ਦੇਣ ਦੀ ਆਦਤ ਤੋਂ ਅਸੀ ਸਾਰੇ ਚੰਗੀ ਤਰਹਾ ਵਾਕਿਫ ਹਾਂ , ਲੇਕਿਨ ਵੀਰ ਜੀ ਨੂੰ ਬੇਨਤੀ ਹੈਂ ਕਿ ਉਹ ਸਿਖ ਮਾਰਗ ਨੂੰ ਬੰਦ ਨਾਂ ਕਰਨ। ਇਹ ਵੇਬ ਸਾਈਟਾ, ਭਾਵੇ ਕੋਈ ਵੀ ਚਲਾ ਰਿਹਾ ਹੋਵੇ , ਉਹ ਕੋਮ ਦਾ ਸਰਮਾਇਆ ਬਣ ਚੁਕੀਆਂ । ਇਹ ਵੇਬ ਸਈਟਾਂ ਕੋਮ ਵਿਚ ਇਕ ਕਾਤੀਕਾਰੀ ਚੇਤਨਾਂ ਦਾ ਕਾਰਣ ਬਣੀਆਂ ਨੇਂ। ਮੇਰਾ ਇਹ ਕੁਮੇਂਟ ਸ਼ਾਇਦ ਸਿਖ ਮਾਰਗ ਤੇ ਨਾਂ ਛਪੇ ਲੇਕਨ ਸਿਖ ਮਾਰਗ ਤੇ ਲਿਖਣ ਵਾਲਿਆ ਲਈ ਵੀਰ ਜੀ ਦਾ ਇਹ ਲੇਖ ਇਕ ਇਮਤਿਹਾਨ ਹੈਂ। ਵੀਰ ਮਖਣ ਸਿੰਘ ਜੀ ਦੇ ਇਸ ਲੇਖ ਦਾ ਕਿਨੇ ਲਿਖਣ ਵਾਲੇ ਖੁਲ ਕੇ ਸਮਰਥਨ ਕਰਦੇ ਨੇ ਵੇਖਣ ਵਾਲੀ ਗਲ ਇਹ ਹੈ। ਦਾਸ ਦੇ ਲੇਖ ਸਿਖ ਮਾਰਗ ਤੇ ਬੈਨ ਹਨ ਇਸ ਲਈ ਬਹੁਤ ਵਿਸਤਾਰ ਨਾਲ ਨਹੀ ਲਿਖ ਸਕਦਾ ਲੇਕਿਨ ਵੀਰ ਜੀ ਦੇ ਇਸ ਲੇਖ ਦੇ ਬਹੁਤ ਸਾਰੇ ਨੁਕਤਿਆਂ ਨਾਲ ਸਹਮਤਿ ਹਾਂ ਅਤੇ ਉਨਾਂ ਬਾਰੇ ਖੁਲੀ ਚਰਚਾ ਦੇ ਹਕ ਵਿਚ ਹਾਂ।ਜੇ ਇਸ ਲੇਖ ਦੀ ਸ਼ਬਦਾਵਲੀ ਜੇ ਕੁਙ ਸੁਹਿਰਦ ਹੁੰਦੀ ਤਾਂ ਸ਼ਾਇਦ ਇਹ ਸੰਵੇਦਨ ਸ਼ੀਲ ਮੁਦਾ ਜੋ ਵੀਰ ਜੀ ਨੇ ਇਸ ਲੇਖ ਵਿਚ ਚੁਕਿਆ ਹੈ , ਪਾਠਕਾਂ ਨੂੰ ਜਿਆਦਾ ਪਮ੍ਭਾਵਿਤ ਕਰ ਸਕਦਾ ਸੀ।ਲੇਕਨ ਮੰਨ ਦੀ ਭੜਾਸ ਕਡਹਨ ਵੇਲੇ , ਅਕਸਰ ਲਿਖਾਰੀ ਆਪਣੀ ਸ਼ਬਦਾਵਲੀ ਤੇ ਕੰਟਰੋਲ ਨਹੀ ਕਰ ਪਾਂਦਾ, ਦਾਸ ਨਾਲ ਵੀ ਅਕਸਰ ਇਹ ਵਾਪਰਦਾ ਹੈ।”
ਇਸੇ ਤਰਾਂ ਦਿਲਗੀਰ ਜੀ ਵੀ ਇਸੇ ਸਬੰਧ ਵਿੱਚ ਫੇਸਬੁਕ ਤੇ ਕੁਮੈਂਟ ਕਰਦੇ ਹਨ ਕਿ,,,,,,
“ਮੈਂ ਮੱਖਣ ਸਿੰਘ ਪੁਰੇਵਾਲ ਨਾਲ ਕਈ ਨੁਕਤਿਆਂ ਤੇ ਵੱਖਰੀ ਰਾਏ ਰੱਖਦਾਂ ਹਾਂ। ਸ਼ਾਇਦ ਉਹ ਆਪਣੀ ਜਗਹ ਠੀਕ ਹੋਣਗੇ। ਸੱਤ ਕੁ ਸਾਲ ਪਹਿਲਾਂ ਕਿਸੇ ਗੱਲੋਂ ਨਰਾਜ ਹੋਕੇ ਮੈਂ ਉਹਨਾਂ ਨਾਲ ਤੋੜ ਵਿਛੋੜਾ ਕਰ ਲਿਆ ਤੇ ਆਪਣੇ ਆਪ ਨੂੰ ਸਿੱਖ ਮਾਰਗ ਤੋਂ ਅਲਾਇਦਾ ਕਰ ਲਿਆ। ਨਾ ਉਹਨਾਂ ਨੇ ਮੁੜ ਹੱਥ ਵਧਾਇਆ ਨਾ ਮੈ ਹੀ ਮੁੜਿਆ। ਅਸੀਂ ਦੋਵੇਂ ਜੱਟ ਅੜੀ ਵਿੱਚ ਰਹੇ। ਨਾ ਮੈ ਆਪਣਾ ਸਿਧਾਂਤ ਛੱਡਿਆ ਨਾ ਉਹਨਾ ਨੇ। ਜੇ ਉਹ ਹੁਣ ਸਿੱਖ ਮਾਰਗ ਦੀ ਸੇਵਾ ਕਰਦੇ ਥੱਕ ਗਏ ਨੇ ਤਾਂ ਵੱਡੀ ਗੱਲ ਨਹੀਂ।ਅਸੀਂ ਸਾਰੇ ਹੀ ਇਨਸਾਨ ਹਾਂ ਅਤੇ ਸਾਰੇ ਹੀ ਇਨਸਾਨਾ ਵਾਲੀਆਂ ਕਮਜੋਰੀਆਂ,ਮਜਬੂਰੀਆਂ ਅਤੇ ਹਾਲਾਤ ਨਾਲ ਦੋ ਚਾਰ ਹੁੰਦੇ ਰਹਿੰਦੇ ਹਾਂ। ਸ ਮੱਖਣ ਸਿੰਘ ਦੀ ਸੇਵਾ ਨੂੰ ਸਾਡਾ (ਦਸਮ ਪਾਤਿਸ਼ਾਹ ਦੇ ਨਿਸ਼ਾਨ ਸਾਹਿਬ ਵਾਲਾ) ਨੀਲਾ ਸਲਾਮ। ਉਹਨਾਂ ਦੀ ਸੇਵਾ ਥਾਏਂ ਪਈ ਹੈ ਤੇ ਇਸਨੇ ਬਹੁਤ ਅਹਿਮ ਰੋਲ ਅਦਾ ਕੀਤਾ ਹੈ। ਉੰਝ ਤਾਂ ਉਹੀ ਜਾਨਣ ਮੇਰੇ ਅੰਦਾਜੇ ਮੁਤਾਬਕ ਪੰਜ ਕੁ ਹਜਾਰ ਲੋਕ ਤਾਂ ਸਿੱਖ ਮਾਰਗ ਨੂੰ ਦੇਖਦੇ ਹੀ ਸਨ,ਪੰਜ ਕੁ ਸੌ ਤਾਂ ਰੋਜ ਪੜਦੇ ਹੋਣਗੇ।ਇੰਨੇ ਲੋਕਾਂ ਨੂੰ ਗਿਆਨ ਵੰਡਣਾ ਜਿੰਦਾਬਾਦ। ਉਹਨਾਂ ਇਸ ਖੇਤਰ ਵਿੱਚ ਪਹਿਲ ਕੀਤੀ ਸੀ ਉਹਨਾ ਦਾ ਨਾਮ ਤਵਾਰੀਖ ਯਕੀਨਣ ਯਾਦ ਰੱਖੇਗੀ।”

ਸਿੱਖ ਮਾਰਗ ਕੇਵਲ ਇਕ ਵੈੱਬ ਸਾਈਟ ਹੀ ਨਹੀਂ ਸਗੋਂ ਮੰਚ ਹੈ ਜਿਸਦੀ ਅਜੋਕੇ ਸਮੇ ਬੇਹੱਦ ਲੋੜ ਹੈ। ਅਗਰ ਸ ਮੱਖਣ ਸਿੰਘ ਜੀ ਕਿਸੇ ਕਾਰਣ ਥੱਕ ਗਏ ਹਨ ਤਾਂ ਆਪਣੀ ਸਰਪਰਸਤੀ ਵਿੱਚ ਕਿਸੇ ਭਰੋਸੇਮੰਦ ਤੋਂ ਇਹ ਸੇਵਾ ਲੈਂਦੇ ਰਹਿਣ ਨਵੀਆਂ ਨੀਤੀਆਂ ਤਹਿ ਕੀਤੀਆਂ ਜਾ ਸਕਦੀਆਂ ਹਨ ਪਰ ਇਹ ਮੰਚ ਸਦਾ ਕਾਇਮ ਰਹਿਣਾ ਚਾਹੀਦਾ ਹੈ।ਇਸ ਵਿੱਚ ਹੀ ਸਰਬੱਤ ਦੇ ਭਲੇ ਦੀ ਉਮੀਦ ਹੈ।
ਗੁਰਮੀਤ ਸਿੰਘ ਬਰਸਾਲ


28/05/15)
ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ

ੴ ਸਤਿ ਗੁਰਪ੍ਰਸਾਦਿ
ਸਤਿਕਾਰਜੋਗ ਸ੍ਰ. ਮੱਖਣ ਸਿੰਘ ਜੀ ਪੁਰੇਵਾਲ
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਿਹ॥
ਸਨਿਮ੍ਰ ਬੇਨਤੀ ਹੈ ਕਿ ਆਪ ਜੀ ਰਾਹੀਂ ਚਲਾਈ ਜਾ ਰਹੀ ਸਾਈਟ
www.sikhmarg.com ਦੇ ਮੁੱਖ ਪੰਨੇ `ਤੇ, ਇਸ ਹਫ਼ਤੇ ਆਪਜੀ ਰਾਹੀਂ ਦਿੱਤੀ ਸੂਚਨਾ ਤੇ ਆਪ ਦਾ ਆਪਣਾ ਲੇਖ “ਝੂਠੇ, ਕਪਟੀ ਅਤੇ ਗੰਦੇ …..” ਵੀ ਪੜ੍ਹਿਆ ਹੈ ਜੀ।
ਉਸ ਸੂਚਨਾ ਸੰਬੰਧੀ ਸਨਿਮ੍ਰ ਬੇਨਤੀ ਹੈ ਕਿ ਆਪ ਆਪਣੇ ਇਸ ਪੰਨੇ ਨੂੰ ਬੰਦ ਕਰਣ ਵਾਲੇ ਫ਼ੈਸਲੇ `ਤੇ ਮੁੜ ਵਿਚਾਰ ਕਰੋ ਜੀ। ਆਪ, ਅਕਾਲਪੁਰਖ ਦੇ ਓਟ-ਆਸਰੇ `ਚ ਆਪਣੀ ਚੱਲ ਰਹੀ ਇਸ ਮਹਾਨ ਪੰਥਕ ਸੇਵਾ ਵੱਲ ਨਿਸ਼ਚਿੰਤ ਹੋ ਕੇ ਅੱਗੇ ਵਧਦੇ ਰਵੋ। ਕਰਤਾ ਪ੍ਰਭੂ ਆਪ ਜੀ ਨੂੰ ਇਸ ਦੇ ਲਈ ਬਲ ਵੀ ਆਪ ਬਖ਼ਸ਼ੇਗਾ, ਜਿਵੇਂ ਕਿ ਉਹ ਅੱਜ ਤੀਕ ਆਪ ਨੂੰ ਬਖ਼ਸ਼ ਵੀ ਰਿਹਾ ਹੈ। ਬਾਕੀ ਜਿਥੋਂ ਤੱਕ ਅਜੋਕੇ ਪੰਥਕ ਹਾਲਾਤ ਹਨ, ਉਹ ਵੀ ਕਿਸੇ ਇੱਕ ਪਾਸਿਓਂ ਨਹੀਂ ਬਲਕਿ ਬਹੁਤ ਪਾਸਿਆਂ ਤੋਂ ਦਿਨੋ-ਦਿਨ ਬਦ ਤੋਂ ਬਦਤਰ ਹੀ ਹੋ ਰਹੇ ਹਨ। ਇਹ ਤਾਂ ਕਰਤਾ ਆਪ ਹੀ ਬਖ਼ਸ਼ਿਸ਼ ਕਰਕੇ ਕੋਈ ਖੇਡ ਵਰਤੇ ਜਾਂ ਪੰਥਕ ਤਲ `ਤੇ ਸਾਰਿਆਂ ਨੂੰ ਸੁਮੱਤ ਬਖ਼ਸ਼ੇ, ਤਾਂ ਹੀ ਇਹ ਸੁਧਰਣਗੇ। ਨਹੀਂ ਤਾਂ ਸੱਚ ਇਹ ਹੈ ਕਿ ਮੌਜੂਦਾ ਹਾਲਾਤ `ਚ ਕਿਸੇ ਇੱਕ ਦਾ ਅਨੇਕਾਂ ਪੰਥ ਦਰਦੀਆਂ ਦਾ ਕਿਸੇ-ਨਾ-ਕਿਸੇ ਢੰਗ ਦੰਮ ਹੀ ਘੁੱਟ ਰਿਹਾ ਹੈ।
ਦਰਅਸਲ ਗੁਰਬਾਣੀ ਫ਼ੁਰਮਾਨਾ ਅਨੁਸਾਰ ਹੀ ਜਿਵੇਂ “ਕਬੀਰ ਨਾ ਹਮ ਕੀਆ ਨ ਕਰਹਿਗੇ, ਨਾ ਕਰਿ ਸਕੈ ਸਰੀਰੁ॥ ਕਿਆ ਜਾਨਉ ਕਿਛੁ ਹਰਿ ਕੀਆ, ਭਇਓ ਕਬੀਰੁ ਕਬੀਰੁ” (ਪੰ: ੧੩੬੭) ਇਹ ਵੱਖਰੀ ਗੱਲ ਕਿ ਸਾਨੂੰ ਪਤਾ ਵੀ ਨਹੀਂ ਹੁੰਦਾ; ਤਾਂ ਵੀ ਮਨੁੱਖਾ ਜੀਵਨ ਦਾ ਸੱਚ ਇਹੀ ਹੈ ਕਿ ਕਰਤਾ ਪ੍ਰਭੂ ਆਪਣੇ ਦਰ ਦੀਆਂ ਅਜਿਹੀਆਂ ਲੋੜੀਂਦੀਆਂ ਸੇਵਾਵਾਂ ਕਿਸੇ ਨਾ ਕਿਸੇ ਕੋਲੋਂ ਅਚਣਚੇਤ ਹੀ ਕਦੋਂ ਤੇ ਕਿਸ ਰੂਪ `ਚ, ਸ਼ੁਰੂ ਵੀ ਆਪ ਹੀ ਕਰਵਾ ਦਿੰਦਾ ਹੈ।
ਜਦਕਿ ਪ੍ਰਭੂ ਤਾਂ ਉਨ੍ਹਾਂ ਸੇਵਾਂਵਾਂ ਲਈ ਸਾਨੂੰ ਸਮ੍ਰਥਾ ਵੀ ਆਪ ਹੀ ਬਬਖ਼ਸ਼ਦਾ ਹੈ ਤੇ ਸੇਵਾ ਲੈਂਦਾ ਵੀ ਆਪ ਹੀ ਹੈ। ਉਪ੍ਰੰਤ ਸਾਡਾ ਇਹ ਸਰੀਰ, ਉਂਝ ਇਹ ਸਰੀਰ ਵੀ ਭਾਵੇਂ ਉਸੇ ਪ੍ਰਭੂ ਦਾ ਹੀ ਬਖ਼ਸ਼ਿਆ ਹੋਇਆ ਹੁੰਦਾ ਹੈ। ਜਦਕਿ ਉਸ ਸੇਵਾ ਵਿਚਕਾਰ ਪ੍ਰਭੂ ਵੱਲੌਂ ਇਹ ਸਰੀਰ ਵੀ ਕੇਵਲ ਇੱਕ ਸਾਧਨ ਮਾਤ੍ਰ ਹੀ ਹੁੰਦਾ ਹੈ। ਸਾਡਾ ਇਹ ਸਰੀਰ ਜਿਸ ਨੂੰ ਕਿ ਅਜਿਹਾ ਮਾਨ ਵੀ, ਪ੍ਰਭੂ ਆਪ ਬਖ਼ਸ਼ ਰਿਹਾ ਹੁੰਦਾ ਹੈ; ਜਦਕਿ ਬਾਕੀ ਸਾਰਾ ਤਾਂ ਸਾਡਾ ਭਰਮ ਹੀ ਹੁੰਦਾ ਹੈ।
ਇਸ ਲਈ ਅੰਦਰ ਦੇ ਕਾਰਣ ਭਾਵੇਂ ਕੁੱਝ ਵੀ ਹੋਣਗੇ, ਜਿਨ੍ਹਾਂ ਨੂੰ ਆਪ ਹੀ ਜਾਣਦੇ ਹੋ ਪਰ ਆਪਜੀ ਦਾ ਤਨੋ-ਮਨੋ ਪ੍ਰਸ਼ੰਸਕ ਹੋਣ ਦੇ ਨਾਤੇ ਨਿਮ੍ਰਤਾ ਸਹਿਤ ਦੋਬਾਰਾ ਬੇਨਤੀ ਕਰ ਰਿਹਾਂ ਹਾਂ ਕਿ ਆਪ ਆਪਣੀ ਸਾਈਟ
www.sikhmarg.com ਦੇ ਸੰਬੰਧਤ ਲੇਖਾਂ ਵਾਲੇ ਮੁੱਖ ਪੰਨੇ ਨੂੰ ਜ਼ਰੂਰ ਪਰ ਜ਼ਰੂਰ ਅਤੇ ਪਹਿਲਾਂ ਵਾਂਙ ਹੀ ਚਾਲੂ ਰਖੋ ਜੀ। ਮੇਰੀ ਜਾਚੇ ਅਜਿਹਾ ਕਰਣਾ ਕੇਵਲ ਦੂਜਿਆ ਲਈ ਨਹੀ ਬਲਕਿ ਆਪ ਦੇ ਵੀ ਹੱਕ `ਚ ਅਤੇ ਜ਼ਰੂਰੀ ਵੀ ਹੈ।
ਇਸ ਦੇ ਨਾਲ ਨਾਲ ਇੱਕ ਬੇਨਤੀ ਹੋਰ ਵੀ ਹੈ। ਉਹ ਇਹ ਕਿ ਆਪ ਜੀ ਦੀ ਕੁੱਝ ਹਫ਼ਤੇ ਪਹਿਲਾਂ ਦੀ ਲਿਖਤ “ਬਾਣੀ ਬਾਣੀ ਵਿੱਚ ਫਰਕ, ਇਹ ਬਾਣੀ ਤੇ ਉਹ ਬਾਣੀ” ਜਿਹੜੀ ਕਿ ਮੇਰੇ ਹਿਸਾਬ ਨਾਲ ਬਹੁਤ ਜ਼ਰੂਰੀ ਤੇ ਬਹੁਮੁੱਲੀ ਵੀ ਸੀ। ਇਹ ਵੀ ਕਿ ਦਾਸ ਨੇ ਉਸ ਲਿਖਤ ਨੂੰ ਆਪਣੇ ਕੋਲ ਸੰਭਾਲਿਆਂ ਵੀ ਹੋਇਆ ਸੀ। ਤਾਂ ਵੀ ਉਹ ਕੁੱਝ ਅੱਗੇ ਪਿਛੇ ਰਖੀ ਗਈ ਹੈ ਅਤੇ ਮਿਲ ਨਹੀਂ ਰਹੀ। ਇਸ ਲਈ ਦਾਸ ਨੂੰ ਆਪ, ਆਪਣੀ ਉਹ ਲਿਖਤ ਵੀ ਦੋਬਾਰਾ ਭੇਜਣ ਦੀ ਕ੍ਰਿਪਾਲਤਾ ਕਰੋ ਜੀ।
ਅਤੀ ਧੰਨਵਾਦ ਸਹਿਤ
ਗੁਰੂ ਪੰਥ ਦਾ ਦਾਸ
ਸੁਰਜੀਤ ਸਿੰਘ
ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,
ਮੈਂਬਰ ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956


28/05/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਰੱਬ ਸਭ ਵਧੀਆ ਕਰਦੈ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਰੱਬ ਤਾਂ ਜੋ ਵੀ ਕਰਦਾ, ਸਭ ਕੁੱਝ ਵਧੀਆ ਕਰਦਾ ਹੈ।
ਬੰਦਾ ਐਵੇਂ ਛੋਟੀ ਛੋਟੀ ਗਲ ਤੇ ਮਰਦਾ ਹੈ।
ਸੱਚ ਦੀ ਰਾਹ ਜੋ ਚਲਦਾ, ਉਸ ਨੁੰ ਭੈ ਕਿਸ ਗੱਲ ਦਾ ਹੈ,
ਝੂਠ, ਫਰੇਬ, ਕਪਟ ਜਿਸ ਦਿਲ ਵਿਚ, ਅੰਦਰੋਂ ਡਰਦਾ ਹੈ।
ਜੋ ਕਾਦਰ ਦੀ ਕੁਦਰਤ ਨੂੰ ਸ਼ੁਧ ਹਿਰਦੇ ਸੰਗ ਚਾਹੇ,
ਕਾਦਰ ਵੀ ਦਿਲ ਖੋਲ੍ਹ ਭੰਡਾਰੇ ਉਸ ਦੇ ਭਰਦਾ ਹੈ।
ਜਿਸ ਦੇ ਦਿਲ ਵਿੱਚ ਪਿਆਰ ਉਮਡਦਾ ਸਦਾ ਲੋਕਾਈ ਦਾ,
ਉਹ ਤਾਂ ਹੈ ਨਿਰਵੈਰ, ਵੈਰ ਕਦ ਦਿਲ ਤੇ ਧਰਦਾ ਹੈ।
ਘੁੱਗ ਜੀਣਾ ਤਾਂ ਰਜ਼ਾ ਓਸਦੀ ਵਿੱਚ ਸਦਾ ਰਹਿਣਾ,
ਹੁਕਮ ਉਸੇ ਦਾ ਚਲਦਾ, ਹਰ ਕੋਈ ਰੱਬ ਦਾ ਬਰਦਾ ਹੈ।
ਉਸ ਦਾ ਜਪ ਲੈ ਨਾਮ, ਚੈਨ ਜੇ ਚਿੱਤ ਦਾ ਚਾਹੁੰਦਾ ਹੈਂ,
ਆੳਣ ਜਾਣ ਦਾ ਗੇੜ, ਨਾਮ ਤੋਂ ਟੁੱਟਦਾ ਹਰਦਾ ਹੈ।
ਦਿਲ ਦੀ ਗਲ ਉਸ ਨਾਲ ਕਰੇਂਗਾ ਗਮ ਮਿਟ ਜਾਵਣਗੇ,
ਰੂਹ ਦਾ, ਰੱਬ ਦਾ, ਆਪਸ ਵਿੱਚ ਨਾ ਕੋਈ ਪਰਦਾ ਹੈ।
ਰੱਬ ਤੋਂ ਜਿਹੜਾ ਦੂਰ ਸਦਾ ਹੀ ਘਾਟੇ ਖਾਂਦਾ ਹੈ,
ਜਿਸਨੇ ਨਾਮ ਧਿਆਇਆ, ਸਭ ਕੁੱਝ ਉਸ ਦਾ ਬਰਦਾ ਹੈ।
ਰੱਬ ਤਾਂ ਜੋ ਵੀ ਕਰਦਾ ਸਭ ਕੁੱਝ ਵਧੀਆ ਕਰਦਾ ਹੈ।
ਬੰਦਾ ਐਵੇਂ ਛੋਟੀ ਛੋਟੀ ਗਲ ਤੇ ਮਰਦਾ ਹੈ।


28/05/15)
ਜਸਵੰਤ ਸਿੰਘ ‘ਅਜੀਤ’

…ਅਤੇ ਹਰਮਨ ਸਿੰਘ ਸੰਸਾਰ ਭਰ ਦਾ ਹਰਮਨ ਪਿਆਰਾ ਹੋ ਗਿਆ
ਕੁਝ ਹੀ ਦਿਨ ਹੋਏ ਨੇ ਕਿ ਇੱਕ ਖਬਰ ਆਈ ਸੀ, ਕਿ ਨਿਊਜ਼ੀਲੈਂਡ ਦੇ ਸ਼ਹਿਰ, ਦਖਣੀ ਆਕਲੈਂਡ ਵਿੱਚ ਇੱਕ ਪੰਜ ਵਰ੍ਹਿਆਂ ਦਾ ਬੱਚਾ, ਜੋ ਸਕੂਲ ਜਾ ਰਿਹਾ ਸੀ, ਕਾਰ ਦੀ ਟੱਕਰ ਲਗਣ ਨਾਲ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਦੁਰਘਟਨਾ ਦੇ ਸਮੇਂ ਇੱਕ ਸਿੱਖ ਨੌਜਵਾਨ, ਹਰਮਨ ਸਿੰਘ, ਜੋ ਉਥੇ ਪੜ੍ਹਨ ਗਿਆ ਹੋਇਆ ਹੈ, ਆਪਣੇ ਘਰ ਵਿੱਚ ਸੀ, ਨੇ ਜਦੋਂ ਕਾਰ ਦੇ ਟਾਇਰਾਂ ਦੇ ਰਗੜਨ ਦੀ ਆਵਾਜ਼ ਸੁਣੀ ਤਾਂ ਉਹ ਝਟ ਦੌੜ ਕੇ ਬਾਹਰ ਆਇਆ। ਉਸ ਵੇਖਿਆ ਕਿ ਇੱਕ ਬੱਚਾ ਸੜਕ ਪੁਰ ਡਿਗਾ ਹੋਇਆ ਹੈ `ਤੇ ਉਸਦੇ ਸਿਰ ਵਿਚੋਂ ਖੂਨ ਦੀ ਧਾਰ ਵਹਿ ਰਹੀ ਹੈ। ਉਸਨੇ ਬਿਨਾਂ ਅਗਾ-ਪਿਛਾ ਸੋਚਿਆਂ ਝਟ ਆਪਣੇ ਸਿਰ ਤੋਂ ਪਗੜੀ ਉਤਾਰੀ `ਤੇ ਬੱਚੇ ਦੇ ਸਿਰ ਦੇ ਉਸ ਹਿਸੇ ਪੁਰ ਬੰਨ੍ਹ ਦਿੱਤੀ, ਜਿਥੋਂ ਖੂਨ ਲਗਾਤਾਰ ਰਿਸ ਰਿਹਾ ਸੀ। ਬੱਚੇ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਸਦੀ ਹਾਲਤ ਬਹੁਤ ਗੰਭੀਰ ਦਸੀ ਗਈ। (ਹੁਣ ਉਸਦੀ ਹਾਲਤ ਬਿਲਕੁਲ ਠੀਕ ਦਸੀ ਜਾ ਰਹੀ ਹੈ)।
ਜੇ ਇਸ ਘਟਨਾ ਨੂੰ ਸੰਸਾਰ ਭਰ ਵਿੱਚ ਰੋਜ਼-ਦਿਨ ਵਾਪਰਨ ਵਾਲੀਆਂ ਅਜਿਹੀਆਂ ਹੀ ਦੁਰਘਟਨਾਵਾਂ ਦੀਆਂ ਨਜ਼ਰਾਂ ਨਾਲ ਵੇਖਿਆ ਜਾਏ ਤਾਂ ਇਹ ਇੱਕ ਸਾਧਾਰਣ-ਜਿਹੀ ਘਟਨਾ ਸੀ। ਜਿਸਨੂੰ, ਬੱਚੇ ਨੂੰ ਹਸਪਤਾਲ ਪਹੁੰਚਾ ਦੇਣ ਦੇ ਨਾਲ ਹੀ ਭੁਲਾਇਆ ਜਾ ਸਕਦਾ ਸੀ, ਪ੍ਰੰਤੂ ਜਿਸਤਰ੍ਹਾਂ ਸੰਸਾਰ ਭਰ ਦੇ ਲੋਕਾਂ, ਸਿੱਖਾਂ ਨੇ ਨਹੀਂ, ਨੇ ਇਸ ਘਟਨਾ ਵਿੱਚ ਹਰਮਨ ਸਿੰਘ ਵਲੋਂ ਨਿਬਾਹੀ ਗਈ ਭੂਮਿਕਾ ਦੀ ਸਰਾਹੁਣਾ ਅਤੇ ਪ੍ਰਸ਼ੰਸਾ ਕਰ, ਉਸ ਵਲ ਦੋਸਤੀ ਦਾ ਹੱਥ ਵਧਾਇਆ, ਉਸਤੋਂ ਇਉਂ ਜਾਪਿਆ, ਜਿਵੇਂ ਉਨ੍ਹਾਂ ਹਰਮਨ ਸਿੰਘ ਦੀ ਨਹੀਂ, ਸਗੋਂ ਜਿਵੇਂ ਉਸਨੇ ਆਪਣੀ ਪਗੜੀ ਉਤਾਰ, ਬੱਚੇ ਦੇ ਸਿਰ ਤੋਂ ਵਹਿ ਰਹੇ ਖੂਨ ਨੂੰ ਰੋਕਣ ਲਈ ਉਸਦੇ ਜ਼ਖਮ ਪੁਰ ਬੰਨ੍ਹੀ, ਉਸਨੂੰ, ਜਦੋਂ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨਾਲ ਜੋੜ ਕੇ ਵੇਖਿਆ, ਤਾਂ ਉਹ ਉਸਦੀ ਪ੍ਰਸ਼ੰਸਾ ਕੀਤੇ ਬਿਨਾ ਨਾ ਰਹਿ ਸਕੇ। ਹਰਮਨ ਸਿੰਘ ਦਾ ਆਪਣਾ ਮੰਨਣਾ ਹੈ ਕਿ ਉਸਨੇ ਆਪ ਇਸ ਗਲ ਨੂੰ ਇਤਨੀ ਗੰਭੀਰਤਾ ਨਾਲ ਨਹੀਂ ਸੀ ਲਿਆ, ਜਿਤਨੀ ਗੰਭੀਰਤਾ ਨਾਲ ਸੰਸਾਰ ਭਰ ਦੇ ਲੋਕਾਂ ਨੇ ਲਿਆ ਹੈ। ਉਸਨੇ ਤਾਂ ਆਪਣੇ ਧਰਮ ਦੀਆਂ ਸਿਖਿਆਵਾਂ ਦੇ ਅਧਾਰ `ਤੇ ਮਾਨਵੀ ਕਦਰਾਂ-ਕੀਮਤਾਂ ਪ੍ਰਤੀ ਨਿਸ਼ਠਾ ਅਤੇ ਜ਼ਿਮੇਂਦਾਰੀ ਦਾ ਪਾਲਣ ਕੀਤਾ ਸੀ, ਕਿਉਂਕਿ ਉਸ ਸਮੇਂ ਉਸਦੇ ਸਾਹਮਣੇ ਵਹਿ ਰਹੇ ਖੂਨ ਨੂੰ ਰੋਕਣ ਦਾ ਮੁੱਖ ਸਵਾਲ ਸੀ ਅਤੇ ਇਸਦੇ ਲਈ ਕੋਈ ਵੀ ਹੋਰ ਸਾਧਨ ਉਪਲਬੱਧ ਨਹੀਂ ਸੀ, ਸੋਚਣ ਦਾ ਸਮਾਂ ਵੀ ਨਹੀਂ ਸੀ, ਵਹਿੰਦੇ ਖੂਨ ਨੂੰ ਜਲਦੀ ਤੋਂ ਜਲਦੀ ਰੋਕਿਆ ਜਾਣਾ ਬਹੁਤ ਜ਼ਰੂਰੀ ਸੀ। ਉਸਨੇ ਬਿਨਾਂ ਸਮਾਂ ਗੁਆਏ ਜਲਦੀ ਨਾਲ ਪਗੜੀ ਉਤਾਰ ਬੱਚੇ ਦੇ ਖੂਨ ਵਹਿ ਰਹੇ ਜ਼ਖਮ ਪੁਰ ਬੰਨ੍ਹ ਦਿੱਤੀ।
ਜਾਪਦਾ ਹੈ, ਕਿ ਇਹ ਗਲ ਸੰਸਾਰ ਭਰ ਦੇ ਲੋਕਾਂ ਲਈ ਇਸਲਈ ਮਹੱਤਵਪੂਰਣ ਬਣ ਗਈ, ਕਿਉਂਕਿ ਸੰਸਾਰ-ਭਰ ਦੇ ਲੋਕੀ ਜਾਣਦੇ ਹਨ ਕਿ ਕਈ ਦੇਸ਼ਾਂ ਵਿੱਚ ਸਿੱਖ, ਪਗੜੀ ਬੰਨ੍ਹੀ ਰਖਣ ਦੇ ਅਧਿਕਾਰ ਦੀ ਰਖਿਆ ਲਈ ਲੰਮੇਂ ਸਮੇਂ ਤੋਂ ਕਾਨੂੰਨੀ ਅਤੇ ਸੰਵਿਧਾਨਕ ਲੜਾਈ ਲੜਦੇ ਚਲੇ ਆ ਰਹੇ ਹਨ। ਸ਼ਾਇਦ ਇਹੀ ਲੜਾਈ ਹੈ, ਜਿਸਨੇ ਸੰਸਾਰ ਭਰ ਦੇ ਲੋਕਾਂ ਨੂੰ ਇਹ ਅਹਿਸਾਸ ਕਰਵਾਇਆ ਕਿ ਉਸ ਪਗੜੀ, ਜਿਸਨੂੰ ਸਿੱਖ ਆਪਣੇ ਪਹਿਰਾਵੇ ਦਾ ਧਾਰਮਕ ਅੰਗ ਮੰਨਦਿਆਂ, ਨਾ ਉਤਾਰਨ ਪੁਰ ਬਜ਼ਿਦ ਰਹਿੰਦਿਆਂ, ਪਗੜੀ ਨਾ ਪਹਿਨਣ ਨਾਲ ਵੱਖ-ਵੱਖ ਦੇਸ਼ਾਂ ਵਿੱਚ ਮਿਲਣ ਵਾਲੇ ਲਾਭਾਂ ਅਤੇ ਸਹੂਲਤਾਂ ਨੂੰ ਠੁਕਰਾਈ ਚਲੇ ਆ ਰਹੇ ਹਨ, ਨੂੰ ਇੱਕ ਸਿੱਖ ਨੌਜਵਾਨ ਨੇ ਬੱਚੇ ਦੀ ਜਾਨ ਬਚਾਣ ਲਈ ਆਪਣੇ ਸਿਰ ਤੋਂ ਉਤਾਰਨ ਵਿੱਚ ਕਿਸੇ ਤਰ੍ਹਾਂ ਦੀ ਕੋਈ ਹਿਚਕਿਚਾਹਟ ਨਹੀਂ ਵਿਖਾਈ।
ਇਸ ਘਟਨਾ ਨੂੰ ਸੰਸਾਰ ਭਰ ਦੇ ਲੋਕਾਂ ਨੇ ਜਿਸ ਦ੍ਰਿਸ਼ਟੀਕੋਣ ਤੋਂ ਲਿਆ ਅਤੇ ਸਲਾਹਿਆ, ਉਸਦੇ ਕੁੱਝ ਸਾਰਥਕ ਨਤੀਜੇ ਵੀ ਸਾਹਮਣੇ ਆਉਂਦੇ ਵਿਖਾਈ ਦੇਣ ਲਗੇ ਹਨ। ਇੱਕ ਪਾਸੇ ਆਮ ਲੋਕਾਂ ਵਿੱਚ ਹਮਦਰਦੀ ਦੇ ਜਜ਼ਬੇ ਨੂੰ ਸਨਮਾਨਿਆ ਜਾਣ ਲਗਾ ਹੈ ਅਤੇ ਦੂਸਰੇ ਪਾਸੇ ਦਸਿਆ ਜਾਂਦਾ ਹੈ ਕਿ ਇੰਗਲੈਂਡ ਅਤੇ ਫਰਾਂਸ ਸਹਿਤ ਕਈ ਦੇਸ਼ਾਂ ਵਿੱਚ ਸਿੱਖਾਂ ਦੇ ਪਗੜੀ ਬੰਨ੍ਹੇ ਜਾਣ ਤੇ ਲਗੀ ਕਾਨੂੰਨੀ ਰੋਕ ਤੇ ਮੁੜ ਵਿੱਚਾਰ ਕੀਤੇ ਜਾਣ ਦੀਆਂ ਸੰਭਾਵਨਾਵਾਂ ਤਲਾਸ਼ੇ ਜਾਣ ਲਈ ਦਬਾਉ ਬਣਾਏ ਜਾਣ ਦੀ ਚਰਚਾ ਵੀ ਸ਼ੁਰੂ ਹੋ ਗਈ ਹੈ।
ਇਧਰ ਜਦੋਂ ਹਰਮਨ ਸਿੰਘ ਨੂੰ ਕਿਹਾ ਗਿਆ ਕਿ ਉਸਦੀ ਸੰਸਾਰ ਭਰ ਵਿੱਚ ਬਹੁਤ ਪ੍ਰਸ਼ੰਸਾ ਹੋ ਰਹੀ ਹੈ ਤਾਂ ਉਸਨੇ ਬਹੁਤ ਹੀ ਨਿਮਾਣਿਆਂ ਹੋ ਕਿਹਾ ਕਿ ਇਹ ਉਸਦੀ ਨਹੀਂ ਉਸਦੇ ਧਰਮ, ਸਿੱਖੀ ਦੇ ਆਦਰਸ਼ਾਂ ਦੀ ਪ੍ਰਸ਼ੰਸਾ ਹੋ ਰਹੀ ਹੈ। ਇਸਦੇ ਨਾਲ ਹੀ ਇੱਕ ਹੋਰ ਗਲ ਵੀ ਸਾਹਮਣੇ ਆਈ ਉਹ ਇਹ ਕਿ ਜਦੋਂ ਉਪ੍ਰੋਕਤ ਘਟਨਾ ਬਾਰੇ ਹਰਮਨ ਸਿੰਘ ਨਾਲ ਗਲ ਕਰਨ ਲਈ ਇੱਕ ਸਥਾਨਕ ਟੀਵੀ ਚੈਨਲ ਦੇ ਕਾਰਿੰਦੇ ਉਸਦੇ ਘਰ ਪੁਜੇ ਤਾਂ ਉਨ੍ਹਾਂ ਨੂੰ ਇਹ ਵੇਖ ਕੇ ਹੈਰਾਨੀ ਹੋਈ ਕਿ ਉਹ ਸਜਣ, ਜੋ ਇਸ ਸਮੇਂ ਸੰਸਾਰ ਭਰ ਦੇ ਲੋਕਾਂ ਦੇ ਪਿਆਰ ਦਾ ਕੇਂਦਰ ਬਣਿਆ ਹੋਇਆ ਹੈ, ਘਰ ਵਜੋਂ ਉਸ ਪਾਸ ਇੱਕ ਕਮਰਾ ਹੈ ਤੇ ਫਰਨੀਚਰ ਵਜੋਂ ਇੱਕ ਸਾਧਾਰਣ ਜਿਹਾ ਮੇਜ਼ ਤੇ ਕੁਰਸੀ ਅਤੇ ਸੋਣ ਲਈ ਜ਼ਮੀਨ ਪੁਰ ਵਿਛੀ ਹੋਈ ਇੱਕ ਚਟਾਈ। ਉਨ੍ਹਾਂ ਇਸ ਬਾਰੇ ਹਰਮਨ ਸਿੰਘ ਤੋਂ ਪਛਿਆ ਤੇ ਕਿਹਾ ਕੀ ਤੇਰੇ ਕਮਰੇ ਵਿੱਚ ਸੋਫਾ ਆਦਿ ਫਰਨੀਚਰ ਨਹੀਂ ਹੋਣਾ ਚਾਹੀਦਾ? ਤਾਂ ਉਸ ਨਿਮਰਤਾ ਨਾਲ ਕਿਹਾ ਕਿ ਚਾਹੀਦਾ ਤਾਂ ਸਭ ਕੁੱਝ ਹੈ ਪਰ ਉਹ ਇਤਨੇ ਨਾਲ ਹੀ ਸੰਤੁਸ਼ਟ ਹੈ। ਦਸਿਆ ਗਿਆ ਕਿ ਇਸ ਗਲਬਾਤ ਤੋਂ ਕੁੱਝ ਹੀ ਦੇਰ ਬਾਅਦ ਉਸਦੇ ਕਮਰੇ ਵਿੱਚ ਇੱਕ ਸਥਾਨਕ ਪ੍ਰਸਿੱਧ ਕੰਪਨੀ ਵਲੋਂ ਵੱਧੀਆ ਫਰਨੀਚਰ ਸਜਾ ਦਿੱਤਾ ਗਿਆ। ਸੋਚਿਆ ਜਾਏ ਤਾਂ ਇਹ ਸਭ-ਕੁਝ ਇੱਕ ਦਰਦਮੰਦ ਦਿਲ ਤੇ ਸੋਚ ਪ੍ਰਤੀ ਲੋਕਾਂ ਵਲੋਂ ਪ੍ਰਗਟ ਕੀਤੇ ਪਿਆਰ ਦਾ ਇੱਕ ਹਿਸਾ ਸੀ।
ਗਲ ਬਹੁਤ ਕੌੜੀ ਹੈ, ਪ੍ਰੰਤੂ ਹੈ ਸੱਚ, ਜੇ ਅਜਿਹੀ ਘਟਨਾ ਇਸ ਦੇਸ਼ (ਭਾਰਤ) ਦੇ ਕਿਸੇ ਹਿਸੇ ਵਿੱਚ ਵਾਪਰਦੀ ਤਾਂ ਸ਼ਾਇਦ ਕਿਸੇ ਨੇ ਇਸਦਾ ਨੋਟਿਸ ਤਕ ਨਾ ਲਿਆ ਹੁੰਦਾ। ਇਥੋਂ ਤਕ ਕਿ ਸਿੱਖਾਂ ਨੇ ਵੀ ਇਸਨੂੰ ਇੱਕ ਸਾਧਾਰਣ ਜਿਹੀ ਘਟਨਾ ਮੰਨ, ਇਸਨੂੰ ਨਜ਼ਰ-ਅੰਦਾਜ਼ ਕਰ ਦਿੱਤਾ ਹੁੰਦਾ।
ਇੱਕ ਯਾਦ: ਕੋਈ ਤਿੰਨ-ਕੁ ਸਾਲ ਪਹਿਲਾਂ ਇੱਕ ਖਬਰ ਆਈ ਸੀ, ਜਿਸ ਵਿੱਚ ਦਸਿਆ ਗਿਆ ਸੀ ਕਿ ਜੋਸ਼ੀਮਠ (ਉਤਰਾਂਚਲ) ਦੇ ਗੁਰਦੁਆਰਾ ਕੰਪਲੈਕਸ ਵਿੱਚ ਮੁਸਲਿਮ ਭਾਈਚਾਰੇ ਦੇ ਲਗਭਗ 800 ਲੋਕਾਂ ਨੇ ਈਦ ਦੀ ਨਮਾਜ਼ ਅਦਾ ਕੀਤੀ। ਇਸਦਾ ਕਾਰਣ ਇਹ ਦਸਿਆ ਗਿਆ ਕਿ ਜੋਸ਼ੀਮਠ ਵਿੱਚ ਨਾ ਕੋਈ ਮਸਜਿਦ ਹੈ ਅਤੇ ਨਾ ਹੀ ਕੋਈ ਈਦਗਾਹ। ਜਿਸ ਕਾਰਣ ਉਥੋਂ ਦੇ ਮੁਸਲਮਾਨ ਜੁਮੇਂ ਅਤੇ ਈਦ ਦੀ ਨਮਾਜ਼ ਖੁਲ੍ਹੇ ਗਾਂਧੀ ਮੈਦਾਨ ਵਿੱਚ ਅਦਾ ਕਰਦੇ ਚਲੇ ਆ ਰਹੇ ਹਨ। ਪ੍ਰੰਤੂ ਇਸ ਵਾਰ ਈਦ ਦੇ ਦਿਨ ਬਹੁਤ ਤੇਜ਼ ਬਾਰਸ਼ ਹੋ ਰਹੀ ਸੀ, ਜਿਸ ਕਾਰਣ ਮੁਸਲਮਾਨਾਂ ਲਈ ਖੁਲ੍ਹੇ ਵਿੱਚ ਈਦ ਦੀ ਨਮਾਜ਼ ਅਦਾ ਕਰਨਾ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਸੀ ਰਹਿ ਗਿਆ ਹੋਇਆ। ਉਨ੍ਹਾਂ ਨੂੰ ਇਸ ਹਾਲਤ ਵਿਚੋਂ ਉਭਰਨ ਦਾ ਕੋਈ ਰਸਤਾ ਵੀ ਵਿਖਾਈ ਨਹੀਂ ਸੀ ਦੇ ਰਿਹਾ। ਜਿਸ ਕਰਕੇ ਉਹ ਬਹੁਤ ਹੀ ਪ੍ਰੇਸ਼ਾਨ, ਦੁਖੀ ਅਤੇ ਚਿੰਤਤ ਹੋ ਰਹੇ ਸਨ।
ਇਨ੍ਹਾਂ ਹਾਲਾਤ ਵਿੱਚੋਂ ਉਨ੍ਹਾਂ ਨੂੰ ਉਭਾਰਨ ਲਈ ਸਥਾਨਕ ਸਿੱਖ ਭਾਈਚਾਰੇ ਦੇ ਲੋਕੀ ਅੱਗੇ ਆਏ। ਗੁਰਦੁਆਰੇ ਦੇ ਪ੍ਰਧਾਨ ਸ. ਬੂਟਾ ਸਿੰਘ ਨੇ ਆਪਣੇ ਸਾਥੀ ਪ੍ਰਬੰਧਕਾਂ ਨਾਲ ਸਲਾਹ-ਮਸ਼ਵਰਾ ਕਰ ਚਿੰਤਤ ਮੁਸਲਮਾਣਾਂ ਨੂੰ ਸਦਾ ਦਿੱਤਾ ਕਿ ਜੇ ਉਹ ਚਾਹੁਣ ਤਾਂ ਗੁਰਦੁਆਰਾ ਕੰਪਲੈਕਸ ਵਿੱਚ ਈਦ ਦੀ ਨਮਾਜ਼ ਅਦਾ ਕਰ ਸਕਦੇ ਹਨ। ਜਿਸਨੂੰ ਉਨ੍ਹਾਂ ‘ਅਲਾਹ ਦੀ ਰਹਿਮਤ’ ਸਮਝ, ਖੁਸ਼ੀ ਨਾਲ ਸਵੀਕਾਰ ਕਰ ਲਿਆ। ਨਮਾਜ਼ ਦੀ ਅਦਾਇਗੀ ਤੋਂ ਬਾਅਦ ਗੁਰਦੁਆਰੇ ਦੇ ਪ੍ਰਬੰਧਕਾਂ ਵਲੋਂ ਪਾਰਟੀ ਦਾ ਵੀ ਆਯੋਜਨ ਕੀਤਾ ਗਿਆ। ਜਿਸ ਵਿੱਚ ਜੋਸ਼ੀਮਠ ਦੇ ਸਾਰੇ ਵਰਗਾਂ ਦੀਆਂ ਪ੍ਰਮੁਖ ਹਸਤੀਆਂ ਨੇ ਹਿੱਸਾ ਲਿਆ। ਮੁਸਲਿਮ ਭਾਈਚਾਰੇ ਦੇ ਮੁੱਖੀਆਂ ਸਹਿਤ ਸਾਰਿਆਂ ਨੇ ਸਿੱਖਾਂ ਦੇ ਇਸ ਸਦਭਾਵਨਾ-ਪੂਰਣ ਵਿਹਾਰ ਦੀ ਪ੍ਰਸ਼ੰਸਾ ਕੀਤੀ। ਜਿਸ ਪੁਰ ਸਿੱਖ ਮੁੱਖੀਆਂ ਨੇ ਕਿਹਾ ਕਿ ਅਜਿਹਾ ਕਰ ਉਨ੍ਹਾਂ ਕਿਸੇ ਪੁਰ ਕੋਈ ਅਹਿਸਾਨ ਨਹੀਂ ਕੀਤਾ। ਉਨ੍ਹਾਂ ਤਾਂ ਆਪਣੀ ਸਮਰਥਾ ਅਨੁਸਾਰ ਗੁਰੂ ਸਾਹਿਬਾਨ ਵਲੋਂ ਸਥਾਪਤ ਸਦਭਾਵਨਾ ਅਤੇ ਸਰਬਤ ਦਾ ਭਲਾ ਆਦਰਸ਼ਾਂ ਪੁਰ ਪਹਿਰਾ ਦੇਣ ਦੀ ਨਿਮਾਣੀ-ਜਿਹੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੇ ਇਸ ਵਿਹਾਰ ਦੀ ਉਤਰਾਂਚਲ-ਭਰ ਵਿੱਚ ਚਰਚਾ ਹੋਈ ਅਤੇ ਉਥੋਂ ਦੇ ਲੋਕਾਂ ਨੇ ਸਿੱਖਾਂ ਪ੍ਰਤੀ ਸਨਮਾਨ-ਪੂਰਣ ਅਭਾਰ (ਧੰਨਵਾਦ) ਵੀ ਪ੍ਰਗਟ ਕੀਤਾ।
ਜੇ ਵੇਖਿਆ ਜਾਏ ਤਾਂ ਇਹ ਘਟਨਾ ਵੀ ਮਾਨਵੀ ਕਦਰਾਂ-ਕੀਮਤਾਂ ਦੀ ਨਜ਼ਰ ਤੋਂ ਬਹੁਤ ਹੀ ਮਹੱਤਵਪੂਰਣ ਸੀ, ਕਿਉਂਕਿ ਧਾਰਮਕ ਸਿੱਖ ਮਾਨਤਾਵਾਂ ਅਨੁਸਾਰ ਕਿਸੇ ਵੀ ਗੁਰਦੁਆਰੇ ਦੇ ਕੰਪਲੈਕਸ ਵਿੱਚ ਕਿਸੇ ਵੀ ਗੈਰ-ਸਿੱਖ ਧਰਮ ਦੀਆਂ ਰੀਤਾਂ-ਰਸਮਾਂ ਆਦਿ ਦੇ ਪਾਲਣ ਦੀ ਪ੍ਰਕ੍ਰਿਆ ਨਹੀਂ ਹੋ ਸਕਦੀ, ਪਰੰਤੂ ਇਸਦੇ ਬਾਵਜੂਦ ਜੋਸ਼ੀਮਠ ਦੇ ਸਿੱਖਾਂ ਨੇ ਮਾਨਵੀ ਕਦਰਾਂ-ਕੀਮਤਾਂ ਪ੍ਰਤੀ ਆਪਣੇ ਧਰਮ ਦੀ ਨਿਸ਼ਠਾ ਅਤੇ ਵਿਸ਼ੇਸ਼ ਰੂਪ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਲੋਂ ਉਨ੍ਹਾਂ ਧਾਰਮਕ ਚਿੰਨ੍ਹਾਂ ਅਤੇ ਮਾਨਤਾਵਾਂ, ਜਿਨ੍ਹਾਂ ਪ੍ਰਤੀ ਉਨ੍ਹਾਂ ਦਾ ਕੋਈ ਵਿਸ਼ਵਾਸ ਨਹੀਂ ਸੀ, ਦੀ ਰਖਿਆ ਲਈ ਦਿੱਤੀ ਗਈ ਸ਼ਹਾਦਤ ਦੇ ਸੰਦੇਸ਼ ਪੁਰ ਪਹਿਰਾ ਦਿੰਦਿਆਂ, ਮੁਸਲਮਾਨ ਭਰਾਵਾਂ ਨੂੰ ਨਾ ਕੇਵਲ ਗੁਰਦੁਆਰਾ ਕੰਪਲੈਕਸ ਵਿੱਚ ਈਦ ਦੀ ਨਮਾਜ਼ ਅਦਾ ਕਰਨ ਲਈ ਸਦਾ ਦਿੱਤਾ, ਸਗੋਂ ਉਨ੍ਹਾਂ ਲਈ ਈਦ ਦੀ ਦਾਅਵਤ ਦਾ ਪ੍ਰਬੰਧ ਵੀ ਕੀਤਾ। ਪ੍ਰੰਤੂ ਹੈਰਾਨੀ ਦੀ ਗਲ ਤਾਂ ਇਹ ਰਹੀ ਕਿ ਜਦੋਂ ਇਹ ਖਬਰ ਉਤਰਾਂਚਲ ਤੋਂ ਬਾਹਰ ਪੁਜੀ ਤਾਂ ਹੋਰਾਂ ਦੀ ਗਲ ਤਾਂ ਛੱਡੋ, ਸਿੱਖਾਂ ਤਕ ਵਲੋਂ ਵੀ ਇਸਦਾ ਸਵਾਗਤ ਬਹੁਤ ਠੰਡਾ ਰਿਹਾ।
…ਅਤੇ ਅੰਤ ਵਿੱਚ: ਹੋਰ ਤਾਂ ਹੋਰ ਨੇਪਾਲ ਦੀ ਭੂਚਾਲ ਤ੍ਰਾਸਦੀ ਵਿੱਚ ਵਿਦੇਸ਼ੀ ਸਿੱਖਾਂ ਦੀ ਸਾਂਝੀ ਟੀਮ ‘ਖਾਲਸਾ ਏਡ’ ਵਲੋਂ ਜਿਵੇਂ ਨਿਸ਼ਕਾਮਤਾ ਨਾਲ ਭੂਚਾਲ ਪੀੜਤਾਂ ਦੀ ਮਦਦ ਲਈ ਸਰਗਰਮ ਭੂਮਕਾ ਅਦਾ ਕੀਤੀ ਜਾਂਦੀ ਚਲੀ ਆ ਰਹੀ ਹੈ, ਉਸਦੇ ਬੇ-ਮਿਸਾਲ ਹੋਣ ਦੇ ਬਾਵਜੂਦ, ਉਨ੍ਹਾਂ ਦੇ ਇਸ ਕੰਮ ਦੀ ਚਰਚਾ ਤਕ ਵੀ ਕਿਧਰੇ ਹੁੰਦੀ ਸੁਣਾਈ ਨਹੀਂ ਦੇ ਰਹੀ।


27/05/15)
ਦਰਸ਼ਨ ਸਿੰਘ, ਵੁਲਵਰਹੈਂਪਟਨ

ਵੀਰ ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ….

ਪਿਆਰੇ ਵੀਰ ਜੀ ਆਪ ਜੀ ਦਾ ਸਿੱਖ ਮਾਰਗ ਬਾਰੇ ਕੀਤਾ ਇਰਾਦਾ ਪੜ੍ਹ ਕੇ ਮਨ ਨੂੰ ਬੜੀ ਉਪਰਾਮਤਾ ਹੋਈ। ਇਹ ਤਾਂ ਇੱਕ ਬੰਬ ਸ਼ੇੱਲ ਦੀ ਤਰਾਂ ਆਣ ਲਗਿਆ। ਆਪ ਜੀ ਦੇ ਇਰਾਦੇ ਤੇ ਕੋਈ ਕਿੰਤੂ ਪ੍ਰੰਤੂ ਨਹੀ ਕਿਉਂਕਿ ਆਪ ਜੀ ਆਪਣਾ ਫੈਸਲਾ ਲੈਣ ਲਈ ਸੁਤੰਤ੍ਰ ਹੋ ਪਰ ਆਪ ਜੀ ਦੀਆਂ ਲਿਖਤਾਂ ਤੋਂ ਇਹੀ ਪ੍ਰਭਾਵ ਪੈਂਦਾ ਸੀ ਕਿ ਆਪ ਜੀ ਕਿਸੇ ਵੀ ਗਲੋਂ ਹਾਰਨ ਜਾਂ ਗਿਰਨ ਵਾਲੀ ਚਟਾਨ ਨਹੀ। ਜਦੋਂ ਦਾ ਵੀ ਸਿੱਖ ਮਾਰਗ ਨਾਲ ਜੁੜਨ ਦਾ ਸੁਭਾਗ ਮਿਲਿਆ, ਉਦੋਂ ਦਾ ਹੀ ਆਪ ਜੀ ਦੇ ਲਏ ਨਿਡਰ ਤੇ ਅਟੱਲ ਫੈਸਲਿਆਂ ਦਾ ਕਾਇਲ ਰਿਹਾ ਹਾਂ ਪਰ ਅਜ ਅਚਾਨਕ ਆਪ ਜੀ ਦਾ ਇਰਾਦਾ ਪੜ੍ਹ ਕੇ ਹੈਰਾਨਗੀ ਹੋਈ ਕਿ ਅਧਰਮ ਦੇ ਤੁਫਾਨ ਵਿੱਚ ਧਰਮ ਦੀ ਬੇੜੀ ਦਾ ਗੁਰਮੁਖ ਮਲ੍ਹਾ ਕਿਵੇਂ ਡੋਲ ਗਿਆ? ਇਸ ਦਾ ਕਾਰਨ ਤਾਂ ਆਪ ਜੀ ਦੇ ਲੇਖ ਵਿੱਚ ਪੜਿਆ ਹੈ ਪਰ ਕੀ ਅਧਰਮ ਅਗੇ ਹਥਿਆਰ ਸੁੱਟ ਦੇਣਾ, ਨਾਤੇ ਤੋੜ ਦੇਣਾ ਹੀ ਧਰਮ ਦੀ ਸਮੱਸਿਆ ਦਾ ਹੱਲ ਹੈ? ਆਪ ਜੀ ਤਾਂ ਭਲੀ ਭਾਂਤ ਜਾਣਦੇ ਹੋ ਕਿ ਗੁਰਮਤ ਤਾਂ ਹਿੱਕ ਤਾਣ ਕੇ ਔਕੜਾਂ ਦਾ ਸਾਹਮਣਾ ਕਰਨਾ ਸਖਾਉਂਦੀ ਹੈ। ਆਪ ਜੀ ਦੇ ਇਸ ਫੈਸਲੇ ਦਾ ਬਹੁਤਾ ਲਾਭ ਤਾਂ ਅਖੌਤੀ ਧਰਮ ਵਾਲਿਆਂ ਨੂੰ ਹੀ ਹੋਵੇਗਾ। ਇੰਟਰਨੈਟ ਦੀਆਂ ਅਨੇਕਾਂ ਸਾਈਟਾਂ ਵਿਚੋਂ ਕੇਵਲ ਸਿੱਖ ਮਾਰਗ ਹੀ ਅਗਿਆਨਤਾ ਦੇ ਹਨੇਰੇ ਵਿੱਚ ਚਾਨਣ ਮੁਨਾਰਾ ਹੈ, ਤੇ ਜਿਥੇ ਇਹ ਅਧਰਮੀਆਂ ਦੇ ਰਾਹ ਵਿੱਚ ਕੰਡਾ ਹੈ ਉਥੇ ਅਨੇਕ ਧਰਮ ਦੇ ਪਾਂਧੀਆਂ ਲਈ ਗਿਆਨ ਦਾ ਚਰਾਗ ਵੀ ਹੈ ਜਿਸ ਤੋਂ ਉਹ ਲਾਭ ਉਠਾ ਰਹੇ ਹਨ। ਇਹ ਸੱਚ ਹੈ ਕਿ ਕਹਿਣਾ ਤਾਂ ਸੌਖਾ ਹੁੰਦਾ ਹੈ ਪਰ ਕਰਨਾ ਬੜਾ ਕਠਨ ਹੁੰਦਾ ਹੈ, ਮੌਜੂਦਾ ਕਠਨਾਈਆਂ ਤੋਂ ਤਾਂ ਆਪ ਹੀ ਜਾਣੂ ਹੋ, ਇਸ ਲਈ ਛੋਟੇ ਮੂੰਹ ਵਡੀ ਗਲ ਨਹੀ ਕਰਨੀ ਚਹੁੰਦਾ ਤੇ ਗੁਰ ਭਾਈ ਹੋਣ ਦੇ ਨਾਤੇ ਆਸ ਤੇ ਬੇਨਤੀ ਕਰਦਾ ਹਾਂ ਕਿ ਆਪ ਜੀ ਆਪਣੇ ਇਰਾਦੇ ਤੇ ਦੁਬਾਰਾ ਵੀਚਾਰ ਕਰੋਗੇ। ਆਪ ਜੀ ਦੇ ਅੱਜ ਤਕ ਦਿਤੇ ਸਹਯੋਗ ਦਾ ਅਤੀ ਧਨਵਾਧੀ ਹਾਂ ਅਤੇ ਅਗਰ ਮੇਰੇ ਲਾਇਕ ਕੋਈ ਸੇਵਾ ਹੋਵੇ ਤਾਂ ਵੀਰ ਜਾਣ ਕੇ ਮੌਕਾ ਦੇਣ ਤੋਂ ਸੰਕੋਚ ਨਾ ਕਰਨਾ। ਹੋਈਆਂ ਭੁੱਲਾਂ ਦਾ ਖਿਮਾ ਦਾ ਜਾਚਿਕ ਹਾਂ। ਆਪ ਜੀ ਦਾ ਸਦਾ ਸ਼ੁਭ ਚਿੰਤਕ।
ਦਰਸ਼ਨ ਸਿੰਘ,
ਵੁਲਵਰਹੈਂਪਟਨ, ਯੂ. ਕੇ,


27/05/15)
ਹਾਕਮ ਸਿੰਘ

ਸਤਕਾਰਯੋਗ ਸ੍ਰ. ਮਖਣ ਸਿੰਘ ਜੀ, ਸਤਿ ਸ੍ਰੀ ਅਕਾਲ॥
ਸਿੱਖ ਮਾਰਗ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਰਪਤ ਜਾਗਰੂਕ ਸਿੱਖਾਂ ਦੇ ਵਿਚਾਰਾਂ ਦੀ ਤਰਜਮਾਨੀ ਕਰ ਵਾਲਾ ਅਤੇ ਉਨ੍ਹਾਂ ਵਿਚਾਰਾਂ ਦੇ ਸੰਚਾਰ ਦਾ ਪ੍ਰਭਾਵਸ਼ਾਲੀ ਮਾਧਿਅਮ ਰਿਹਾ ਹੈ। ਇਸ ਮਾਧਿਅਮ ਦੀ ਹੋਂਦ ਗੁਰੂ ਦੀ ਕਿਰਪਾ ਦੁਆਰਾ ਆਪ ਦੀ ਹਿੰਮਤ, ਦੂਰ ਅੰਦੇਸ਼ੀ ਅਤੇ ਉਦੱਮ ਕਾਰਨ ਹੋਈ ਸੀ। ਸਿੱਖ ਮਾਰਗ ਨੇ ਆਪਣੇ ਪਾਠਕਾਂ ਨੂੰ ਗੁਰਬਾਣੀ ਵਿਆਖਿਆ, ਗੁਰ ਇਤਹਾਸ ਅਤੇ ਸਿੱਖ ਜੀਵਨ ਸ਼ੈਲੀ ਬਾਰੇ ਸਹੀ ਵਿਚਾਰ ਦੇਣ ਦਾ ਉਪਰਾਲਾ ਕੀਤਾ ਹੈ।
ਪਹਿਲੇ ਦਿਨ ਤੋਂ ਹੀ ਗੁਰਬਾਣੀ ਉਪਦੇਸ਼ ਦੀ ਵਿਰੋਧਤਾ ਹੁੰਦੀ ਰਹੀ ਹੈ। ਗੁਰੂ ਸਾਹਿਬਾਨ ਦੀ ਸੰਤਾਨ ਦੇ ਕਈ ਸਦੱਸ ਗੁਰਬਾਣੀ ਨੂੰ ਆਪਣੇ ਸਵਾਰਥ ਲਈ ਵਰਤਣ ਦੇ ਚਾਹਵਾਨ ਸਨ ਅਤੇ ਇਸੇ ਕਰਕੇ ਗੁਰੂ ਸਾਹਿਬਾਨ ਨਾਲ ਦੁਰਵਿਹਾਰ ਕਰਦੇ ਸਨ। ਬੰਦਾ ਬਹਾਦਰ ਦੇ ਮੁਗ਼ਲ ਸ਼ਾਸਨ ਤੇ ਹਮਲੇ ਨੇ ਸਿੱਖ ਸ਼ਰਧਾਲੂਆਂ ਲਈ ਜੀਊਣਾ ਔਖਾ ਕਰ ਦਿੱਤਾ ਸੀ ਅਤੇ ਗੁਰਬਾਣੀ ੳਪਦੇਸ਼ ਦੇ ਕੇਂਦਰਾਂ ਵਿੱਚ ਉਦਾਸੀ ਅਤੇ ਨਿਰਮਲੇ ਸਾਧੂਆਂ ਦੀ ਵੇਦਕ ਵਿਚਾਰਧਾਰਾ ਅਤੇ ਸਨਾਤਨੀ ਕਰਮ ਕਾਂਡ ਪਰਚਲਤ ਕਰ ਦਿੱਤੇ ਸਨ। ਸਿੰਘ ਸਭਾ ਦੇ ਆਗੂਆਂ ਨੇ ਸੱਚੇ ਸ਼ਰਧਾਲੂਆਂ ਨੂੰ ਪਾਸੇ ਕਰਕੇ ਗੁਰਬਾਣੀ ਉਪਦੇਸ਼ ਨੂੰ ਪੱਛਮੀ ਧਾਰਮਕ ਅਤੇ ਰਾਜਸੀ ਵਿਚਾਰਧਾਰਾ ਦੀ ਤਰਜ਼ ਤੇ ਅਲੈਹਦਗੀ, ਫੁੱਟ, ਰਾਜਸੀ ਲਾਲਸਾ, ਘਮੰਡ ਅਤੇ ਹਿੰਸਾ ਦਾ ਭਾਗੀ ਬਣਾ ਲਿਆ ਹੈ। ਸ਼ੁਰੂ ਤੋਂ ਹੀ ਗੁਰਬਾਣੀ ਉਪਦੇਸ਼ ਦੇ ਵਿਰੋਧੀ ਇਸ ਦੀ ਵਰਤੋਂ ਨਿੱਜੀ ਅਤੇ ਸਮੂਹਕ ਸਵਾਰਥ ਲਈ ਕਰਦੇ ਆ ਰਹੇ ਹਨ। ਗੁਰਬਾਣੀ ਉਪਦੇਸ਼ ਦੀ ਦੁਰਵਰਤੋਂ ਕੋਈ ਨਵੀਂ ਗੱਲ ਨਹੀਂ ਹੈ ਅਜੋਕੇ ਯੁਗ ਵਿੱਚ ਕੇਵਲ ਇਸ ਦੇ ਢੰਗ ਅਤੇ ਸੀਮਾ ਦਾ ਹੀ ਅੰਤਰ ਹੈ। ਭਾਵੇਂ ਗੁਰਬਾਣੀ ਦੇ ਸੱਚੇ ਸ਼ਰਧਾਲੂ ਹਰ ਸਮੇਂ ਵਿਰਲੇ ਅਤੇ ਥੋੜ੍ਹੇ ਰਹੇ ਹਨ ਪਰ ਗੁਰਬਾਣੀ ਗਿਆਨ ਦੇ ਪ੍ਰਕਾਸ਼ ਦਾ ਦਾਇਰਾ ਵਧਦਾ ਹੀ ਗਿਆ ਹੈ। ਜਿਥੇ ਸੱਚੇ ਸ਼ਰਧਾਲੂਆਂ ਵਿੱਚ ਗੁਰਬਾਣੀ ਦੇ ਅਧਿਆਤਮਕ ਗਿਆਨ ਨੂੰ ਸਮਝਣ ਦੀ ਇੱਛਾ ਉਤੇਜਤ ਹੁੰਦੀ ਅਤੇ ਵਧਦੀ ਰਹੀ ਹੈ ਓਥੇ ਹੀ ਇਸ ਦਾ ਮਾਨਵਤਾ ਦੀ ਸੁਤੰਤਰਤਾ ਅਤੇ ਬਰਾਬਰੀ ਦਾ ਉਪਦੇਸ਼ ਲੋਕ ਲਹਿਰ ਦਾ ਰੂਪ ਧਾਰਨ ਕਰਦਾ ਗਿਆ ਹੈ।
ਸਿੱਖ ਮਾਰਗ ਬੰਦ ਹੋਣ ਨਾਲ ਜਾਗਰੂਕ ਸਿੱਖਾਂ ਨੂੰ ਕੋਈ ਨਵਾਂ ਸੰਚਾਰ ਮਾਧਿਅਮ ਬਨਾਉਣਾ ਪਵੇਗਾ।
ਸਿੱਖ ਮਾਰਗ ਦੀ ਘਾਟ ਹਰ ਪਾਠਕ ਜ਼ਰੂਰ ਮਹਿਸੂਸ ਕਰੇਗਾ।
ਹਾਕਮ ਸਿੰਘ


27/05/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਧੰਨ ਕਰਤਾਰ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਧੰਨ ਕਰਤਾਰ, ਧੰਨ ਕਰਤਾਰ, ਤੇਰਾ ਨਾ ਕੋਈ ਪਾਰਾਵਾਰ।
ਤੇਰਾ ਹਾਂ ਮੈਂ ਸ਼ੁਕਰਗੁਜ਼ਾਰ, ਦੇਵੇਂ ਜੋ ਵੀ ਵਿਤੋਂ ਪਾਰ।
ਦੋ ਦੋ ਹੱਥ ਪੈਰ ਨੇ ਦਿਤੇ, ਦੋ ਦੋ ਕੰਨ ਦੋ ਦੋ ਅੱਖਾਂ,
ਵੰਨ ਸੁਵੰਨੇ ਭੋਜਨ ਦਿਤੇ, ਜੀਭ ਮਿਲੀ ਜੋ ਚੱਖਾਂ,
ਤੇਰਾ ਨਾ ਕੋਈ ਪਾਰਾਵਾਰ, ਮਾਇਆ ਤੇਰੀ ਅਪਰੰਪਾਰ।
ਧੰਨ ਕਰਤਾਰ, ਧੰਨ ਕਰਤਾਰ, ਤੇਰਾ ਨਾ ਕੋਈ ਪਾਰਾਵਾਰ।
ਹਰ ਇੱਕ ਨੂੰ ਧੰਦੇ ਵਿੱਚ ਲਾਇਆ, ਸਭਨਾਂ ਦਾ ਏ ਜੀ ਪਰਚਾਇਆ
ਵਿਹਲਾ ਕੋਈ ਬਹਿ ਨਾ ਸਕਦਾ, ਸਭ ਦੀ ਖਾਤਰ ਕਰਮ ਬਣਾਇਆ।
ਸਭ ਨੇ ਤੇਰੇ ਅਪਣੇ ਕੀਤੇ, ਸਾਰਾ ਏ ਤੇਰਾ ਪਰਿਵਾਰ।
ਧੰਨ ਕਰਤਾਰ, ਧੰਨ ਕਰਤਾਰ, ਤੇਰਾ ਨਾ ਕੋਈ ਪਾਰਾਵਾਰ।
ਮੇਰੇ ਜਹੇ ਅਣਜਾਣੇ ਕੋਲੋਂ, ਗਲਤ ਨਿਕਲ ਸਕਦਾ ਏ ਬੋਲੋਂ,
ਦੇਖ ਕਰੇਂ ਅਣਡਿੱਠ ਤੂੰ ਦਾਤਾ, ਕਰੇਂ ਗਲਤੀਆਂ ਮਾਫ ਹਜ਼ਾਰ।
ਧੰਨ ਕਰਤਾਰ, ਧੰਨ ਕਰਤਾਰ, ਤੇਰਾ ਨਾ ਕੋਈ ਪਾਰਾਵਾਰ।


27/05/15)
ਡਾ ਗੁਰਮੀਤ ਸਿੰਘ ਬਰਸਾਲ

ਰੱਬ ਦੀ ਪ੍ਰਾਪਤੀ !!
‘ਪੁਰਖ’ ‘ਅਜੂਨੀ’ ਗੁਰੂਆਂ ਜੋ ਸਮਝਾਇਆ ਹੈ ।
ਸਾਡੀ ਐਨਕ ਦੇ ਉਹ ਫਿੱਟ ਨਹੀਂ ਆਇਆ ਹੈ ।।
ਕਈ ਵਾਰੀ ਇਹ ਜਗਤ-ਪਸਾਰਾ ਪੱਸਰਿਆ,
ਕਈ ਵਾਰੀ ਉਸ ਆਪੇ ਖੁਦ ਨੂੰ ਢਾਇਆ ਹੈ ।।
ਆਪਣੇ ਆਪ ਨੂੰ ਆਪੇ ਹੀ ਜੋ ਸਾਜ ਰਿਹਾ,
ਬਾਬੇ ਉਸਨੂੰ ‘ਸੈਭੰ’ ਕਹਿ ਪ੍ਰਗਟਾਇਆ ਹੈ ।।
ਕਰਤੇ ਬਾਝ ਨਾ ਕਿਰਤ, ਕਿਰਤ ਬਿਨ ਕਰਤਾ ਨਾ,
ਗੁਰਬਾਣੀ ਨੇ ਏਹੀ ਰੂਪ ਸੁਝਾਇਆ ਹੈ ।।
ਜ਼ਰੇ ਜ਼ਰੇ ਵਿੱਚ ਓਸੇ ਦਾ ਹੀ ਜਲਵਾ ਹੈ,
ਜਿੱਧਰ ਦੇਖੋ ਓਸੇ ਦੀ ਹੀ ਛਾਇਆ ਹੈ ।।
ਗਿਆਨ ਓਸ ਦੀ ਥਾਹ ਤੋਂ ਪਿੱਛੇ ਰਹਿੰਦਾ ਹੈ,
‘ਨਾਨਕ’ ਜਿਸਨੂੰ ‘ਬੇਅੰਤ’ ਫੁਰਮਾਇਆ ਹੈ ।।
ਜਿਸਨੇ ਜੀਵਨ ਵਿੱਚ ਉਸਨੂੰ ਪਹਿਚਾਣ ਲਿਆ,
ਉਸਦੀ ਕਿਰਤ, ਸੁਕਿਰਤ ਦਾ ਰੂਪ ਵਟਾਇਆ ਹੈ ।।
ਉਸਦੇ ਜੱਗਤ ਦੀ ਸੇਵਾ ਉਸਦੀ ਪੂਜਾ ਹੈ,
ਖਲਕਤ ਦੇ ਖੁਸ਼ ਹੁੰਦਿਆਂ ਉਹ ਮੁਸਕਾਇਆ ਹੈ ।।
ਬੰਦਿਆਂ ਆਪਣੇ ਵਾਂਗੂ ਆਪਣੇ ਖਿਆਲਾਂ ਵਿੱਚ,
ਰੱਬ ਨੂੰ ਵੀ ਵਡਿਆਈ-ਖੋਰ ਜਤਾਇਆ ਹੈ ।।
ਆਪਣੇ ਹੀ ਗੁਣ ਸੁਣਕੇ ਉਹ ਖੁਸ਼ ਹੁੰਦਾ ਹੈ,
ਏਦਾਂ ਕਹਿਕੇ ਸਭ ਨੂੰ ਭੇਡ ਬਣਾਇਆ ਹੈ ।।
ਛੱਡ ਆਡੰਬਰੀ ਪੂਜਾ ਰਜਾ ‘ਚ ਰਹਿੰਦਾ ਜੋ,
ਓਸ ਪੁਜਾਰੀ ਤੋਂ ਨਾਸਤਕ ਅਖਵਾਇਆ ਹੈ ।।
ਗੈਰ-ਕੁਦਰਤੀ ਆਸਾਂ ਤੱਕਣ ਵਾਲੇ ਨੇ,
ਆਪਣੇ ਆਸਤਕ ਹੋਣ ਦਾ ਝੰਡਾ ਲਾਇਆ ਹੈ ।।
ਆਸਤਕ-ਨਾਸਤਕ ਸਭਨਾਂ ਵਿੱਚ ਉਹ ਰਮਿਆਂ ਹੈ,
ਉਸਦੇ ਲਈ ਨਾ ਜੱਗ ਤੇ ਕੋਈ ਪਰਾਇਆ ਹੈ ।।
ਰੱਬ ਅੱਖਾਂ ਨਾਲ ਦੇਖਣ ਦੀ ਕੋਈ ਚੀਜ ਨਹੀਂ,
ਜਿਸਨੇ ਵੀ ਮਹਿਸੂਸਿਆ ਸਮਝੋ ਪਾਇਆ ਹੈ ।।।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)


26/05/15)
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)

ਸਤਿਕਾਰਯੋਗ ਖ਼ਾਲਸਾ ਮੱਖਣ ਸਿੰਘ ਜੀਓ, ਸਿੱਖ ਮਾਰਗ ਦੇ ਪਾਂਧੀ …. .
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਅੱਜ ਸਵੇਰੇ ਹੀ ਸ਼ੁੱਭ-ਚਿੰਤਕ ਵੱਡੇ ਭਾਈ ਅਵਤਾਰ ਸਿੰਘ ਜੀ (ਵਾਧਵਾ) ਦਾ ਟੈਲੋਫੋਨ ਖੜਕਿਆ ਅਤੇ ਉਨ੍ਹਾ ਨੇ ਜਲਦੀ ਹੀ “ਸਿੱਖ ਮਾਰਗ” ਪੜ੍ਹਣ ਲਈ ਸੂਚਨਾ ਦਿੱਤੀ! ਆਪਜੀ ਦਾ ਲੇਖ/ਵਿਚਾਰ “ਝੂਠੇ, ਕਪਟੀ ਅਤੇ ਗੰਦੇ ਗੁੰਡਿਆਂ ਦੇ ਧਰਮ ਦੀ ਮੈਨੂੰ ਲੋੜ ਨਹੀ!” ਨੂੰ ਪੜ੍ਹਣ ਦਾ ਯੱਤਨ ਕੀਤਾ ਤਾਂ ਬਹੁਤ ਹੀ ਨਿਰਾਸ਼ਾ ਮਹਿਸੂਸ ਹੋਈ ਕਿ ਝੱੂਠ ਦੀ ਫਿਰ ਜਿੱਤ ਹੋ ਜਾਇਗੀ ਜੇ ਅਸੀਂ “ਸਿੱਖ ਮਾਰਗ” ਦੇ ਪਾਂਧੀ ਨਾ ਬਣੇ ਰਹੇ? ਦਾਸਰਾ ਆਪਜੀ ਦੇ ਵਿਚਾਰਾਂ ਨਾਲ ਬਿਲਕੁਲ ਸਹਿਮਤ ਹੈ ਪਰ, ਵਿੱਬਸਾਈਟ “ਸਿੱਖ ਮਾਰਗ” ਨੂੰ ਬੰਦ ਕਰਨਾ ਠੀਕ ਨਹੀਂ ਹੋਵੇਗਾ ਭਾਵੇਂ ਆਪਜੀ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ! ਇਸ ਲਈ ਬੇਨਤੀ ਹੈ ਕਿ ਆਪ ਨਿਸ਼ਕਾਮ ਸੇਵਾ ਕਰਦੇ ਰਹੋ ….
ਭਗਤ ਕਬੀਰ ਜੀ ਸਾਨੂੰ ਸੋਝੀ ਬਖਸ਼ਦੇ ਹਨ: “ਗੁਰੂ ਗਰੰਥ ਸਾਹਿਬ-ਪੰਨਾ ੧੧੦੫”
“ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥”
ਦਮਦਮੀ ਡੇਰੇ ਵਾਰੇ ਆਪਜੀ ਨੇ ਬਹੁਤ ਚੰਗੀ ਜਾਣਕਾਰੀ ਦੇ ਦਿੱਤੀ ਹੈ, ਖ਼ਾਸ ਕਰਕੇ ੧੩ ਅਪ੍ਰੈਲ ੧੯੭੮ ਤੋਂ ਅਤੇ ਹੁਣ ਦੇ ਹਾਲਾਤ ਵਾਰੇ ਕਹਿਣ ਦੀ ਲੋੜ ਨਹੀਂ ਕਿਉਂਕਿ ਉਨ੍ਹਾਂ ਦੇ ਹੈੱਡ ਹਰਨਾਮ ਸਿੰਘ ਧੁੰਮਾ ਦੀਆਂ ਛੱਪਦੀਆਂ ਫੋਟੋਆਂ ਸਾਰੇ ਸਿੱਖ ਦੇਖ ਹੀ ਰਹੇ ਹਨ ਕਿ ਕਿਵੇਂ ਉਹ ਬਾਦਲ ਦੀ ਜੁੱਤੀ ਚੱਟਣ ਲਈ ਹਰ ਸਮੇਂ ਤਿਆਰ ਹੈ! ਸੰਤ ਸੁੰਦਰ ਸਿੰਘ ਜੀ ਭਿੰਡਰਾਂਵਾਲੇ ਤੋਂ ਲੈ ਕੇ ਹੁਣ ਤੱਕ, ਇਸ ਡੇਰੇ ਦੀ ਸਿੱਖ ਕੌਮ ਨੂੰ ਕੀ ਦੇਣ ਹੈ? ੧੯੪੫-੧੯੪੭ ਨੂੰ ਇਨ੍ਹਾਂ ਨੇ ਕੀ ਰੋਲ ਅਦਾਅ ਕੀਤਾ ਸੀ?
ਜਦੋਂ ਭਾਈ ਅਮ੍ਰੀਕ ਸਿੰਘ ਅਤੇ ਭਾਈ ਥਾਰਾ ਸਿੰਘ ਨੂੰ ੧੯ ਜੁਲਾਈ ੧੯੮੨ ਨੂੰ ਪੁਲੀਸ ਨੇ ਫੜ੍ਹ ਲਿਆ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਆਪਣੀ ਦਮਦਮੀ ਟਕਸਾਲ ਮਿਹਤਾ ਚੌਕ ਨੂੰ ਛੱਡ ਕੇ ੨੦ ਜੁਲਾਈ ੧੯੮੨ ਨੂੰ ਆਪਣੇ ਬੰਦੂਕਧਾਰੀ ਸਾਥੀਆਂ ਸਮੇਤ ਗੁਰੂ ਨਾਨਕ ਨਿਵਾਸ ਰਿੱਸਟ ਹਾਊਸ ਦਰਬਾਰ ਸਾਹਿਬ ਦੇ ਕੁੰਮਪਲਿਕਸ ਵਿਖੇ ਸ਼ਹਿ ਲੈ ਲਈ! ਇੰਜ ਕਿਉਂ ਕੀਤਾ, ਡਰਦੇ ਮਾਰੇ ਜਾਂ ਬਹਾਦਰੀ ਕਰਕੇ?
ਐਸੀਆਂ ਫਿਟਕਾਰ ਕਮੇਟੀਆਂ ਜਾਂ ਟਕਸਾਲੀਆਂ ਨੇ ਕੀ ਕਦੀ ਬਾਦਲ ਸਰਕਾਰ ਨੂੰ ਘੇਰਿਆ ਹੈ ਜਾਂ ਉਨ੍ਹਾਂ ਦੇ ਉੱਚੇ ਸਲਾਹਕਾਰ ਰਾਮੇਸ਼ ਇੰਦਰ ਸਿੰਘ ਗਰੇਵਾਲ, ਰਟਿਆਰਡ ਆਈ ਏ ਐਸ ਨੂੰ ਕਦੀ ਪੁੱਛਆ ਹੈ ਕਿ ਉਸ ਨੇ ਜੂਨ ੧੯੮੪ ਨੂੰ ਅਟੈਕ ਕਰਨ ਦੇ ਆਰਡਰ ਤੇ ਕਿਉਂ ਸਾਈਨ ਕੀਤੇ ਸਨ ਜਦੋਂ ਕਿ ਆਈ ਏ ਐਸ ਗੁਰਦੇਵ ਸਿੰਘ ਨੇ ਐਸਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ? ਆਪਜੀ ਨੇ ਬੇਨਤੀ ਹੈ ਕਿ “ਗੁਰ-ਸ਼ਬਦ, ਗੁਰੂ ਗਰੰਥ ਸਾਹਿਬ ਅਨੁਸਾਰ ਸਿੱਖ ਮਾਰਗ ਦੀ ਸੇਵਾ ਕਰਦੇ ਰਹੋ।
“ਰਾਜੇ ਸੀਹ ਮੁਕਦਮ ਕੁਤੇ॥ (ਪੰਨਾ ੧੨੮੮) ਦੀ ਕੋਈ ਪਰਵਾਹ ਨਾ ਕਰੋ!
ਆਪਜੀ ਦਾ ਸ਼ੱਭ-ਚਿੰਤਕ,
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ) ੨੬ ਮਈ ੨੦੧੫)


26/05/15)
ਗੁਰਦੀਪ ਸਿੰਘ ਬਾਗੀ

ਆਦਰਜੋਗ ਸੰਪਾਦਕ ਜੀ,
ਵਾਹ ਗੁਰੂ ਜੀ ਕਾ ਖਾਲਸਾ
ਵਾਹ ਗੁਰੂ ਜੀ ਕੀ ਫਤੇਹ,

ਤੁਹਾਡੇ ਵਿਚਾਰ ਪੜ੍ਹ ਕੇ ਇਸ ਗੱਲ ਦਾ ਸਦਮਾ ਲੱਗਾ ਕਿ ਇਹ ਅਖੌਤੀ ਸੰਤ ਜੈਲੇ ਦੇ ਚੇਲੇ ਅਪਣੀ ਚਾਲ ਵਿੱਚ ਕਾਮਯਾਬ ਹੋ ਗਏ ਹਨ, ਇਨ੍ਹਾਂ ਦਾ ਨਿਸ਼ਾਨਾ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਨਸ਼ਟ ਕਰਨਾ ਅਤੇ ਜੋ ਸਿੱਖ ਗੁਰੂ ਦੇ ਸ਼ਬਦ-ਸਿਧਾਂਤ ਦਾ ਪ੍ਰਚਾਰ ਕਰਦੇ ਹਨ ਉਨ੍ਹਾਂ ਨੂੰ ਮਾਨਸਿਕ ਅਤੇ ਸ਼ਾਰੀਰਿਕ ਤੌਰ ਤੇ ਨੁਕਸਾਨ ਪਹੁਚਾਨਾ ਹੈ।
ਗੁਰੂ ਨਾਨਕ ਸਾਹਿਬ ਨੇ ਜਦ ਪ੍ਰਚਾਰ ਫੇਰੀਆਂ ਸ਼ੁਰੂ ਕੀਤੀਆਂ ਤੇ ਉਨ੍ਹਾਂ ਨੇ ਹਿਂਦੂ ਤੀਰਥਾਂ ਤੇ ਮਾਸ ਵੀ ਬਣਾਇਆ ਅਤੇ ਮੁਸਲਮਾਨਾਂ ਦੀ ਕਬ੍ਰਗਾਹ ਵਿੱਚ ਕੀਰਨਤ ਵੀ ਕੀਤਾ, ਇਹ ਦੋਨੋ ਕੰਮ ਦੋਨੋ ਧਰਮਾਂ ਵਿੱਚ ਕੁਫ੍ਰ ਹਨ। ਇਨ੍ਹਾਂ ਦੋਨਾ ਘਟਨਾਵਾਂ ਦੇ ਬਾਦ ਗੁਰੂ ਸਾਹਿਬ ਦਾ ਵਿਰੋਧ ਲੋਕਾਂ ਨੇ ਬਹੁਤ ਕੀਤਾ ਹੋਣਾ ਹੈ ਅਤੇ ਇਤਿਹਾਸ ਪੜ੍ਹੀਏ ਤੇ ਪਤਾ ਚਲਦਾ ਹੈ ਜਿਥੇ ਗੁਰੂ ਸਾਹਿਬ ਨੇ ਜਿਥੇ ਪ੍ਰਚਾਰ ਕੀਤਾ ਉਥੇ ਸਿੱਖ ਜਰੂਰ ਬਨੇ। ਗੁਰੂ ਸਾਹਿਬ ਨੇ ਅਪਣੇ ਨਵੇ ਤਰੀਕੇਆਂ ਨਾਲ ਲੋਕਾਂ ਦਾ ਧਿਆਨ ਖਿਚੀਆ ਅਤੇ ਅਪਣੀ ਗੱਲ ਉਨ੍ਹਾਂ ਤਕ ਪਹੁਚਾ ਦਿੱਤੀ।
ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਅਧਾਰ ਤੇ ਸਮਾਜ ਦੀ ਸਿਰਜਨਾ ਹੋਣ ਨਾਲ ਹੀ ਇਸ ਵਿਚਾਰਧਾਰਾ ਨੂੰ ਖਤਮ ਕਰਨ ਦੇ ਯਤਨ ਵੀ ਸ਼ੁਰੂ ਹੋ ਗਏ। ਪਾਖੰਡੀਆਂ ਨੇ ਸਿੱਖੀ ਬਾਣੇ ਵਿੱਚ ਆਕੇ ਸਿੱਖਾਂ ਦੇ ਇਤਿਹਾਸ ਨੂੰ ਬਿਗਾੜਨਾ ਅਤੇ ਹਿਂਦੂ ਮਿਥੀਹਾਸ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਜਦ ਇਨ੍ਹਾਂ ਦੇ ਇਸ ਹੱਥਕੰਡੇ ਦਾ ਜਵਾਬ ਸਿੱਖਾਂ ਨੇ ਕਲਮਾਂ ਰਾਹੀ ਦੇਣਾ ਸ਼ੁਰੂ ਕੀਤਾ ਤੇ ਇਨ੍ਹਾਂ ਨੇ ਸਿੱਖਾਂ ਨਾਲ ਝਗੜਨਾ, ਉਨ੍ਹਾਂ ਨੂੰ ਮਾਰਨਾ ਅਤੇ ਕਤਲ ਕਰ ਕੇ ਲੋਕਾਂ ਨੂੰ ਡਰਾ ਕੇ ਸਿੱਖੀ ਨੂੰ ਖਤਮ ਕਰਨ ਦੀ ਕੋਸ਼ੀਸ਼ ਕੀਤੀ। ਉਸੀ ਕੋਸ਼ੀਸ਼ ਦਾ ਇਕ ਮੋਹਰਾ ਜਰਨੈਲ ਸਿੰਘ ਰੋਡੇ ਵੀ ਸੀ, ਸਿੱਧੇ ਸ਼ਬਦਾਂ ਵਿੱਚ ਇਂਦਰਾ ਗਾਂਧੀ ਦਾ ਪੈਦਾ ਕੀਤਾ ਭਸਮਾਸੁਰ। ਹੁਣ ਤੇ ਜਰਨੈਲ ਸਿੰਘ ਦੇ ਨਾਮ ਤੂੰ ਰੋਟੀਆਂ ਖਾਣ ਵਾਲੇ ਸਾਧ ਰਹ ਗਏ ਅਤੇ ਉਸ ਦੇ ਉਸੂਲਾਂ ਤੇ ਹਾਲੇ ਵੀ ਡੱਟ ਕੇ ਪਹਰਾ ਦੇ ਰਹੇ ਹਨ ਭਾਵ ਸਿੱਖੀ ਨੂੰ ਖਤਮ ਕਰਨ ਦੀਆਂ ਪੁਰਜੋਰ ਕੋਸ਼ੀਸ਼ਾ ਵਿੱਚ ਲਗੇ ਹਨ।
ਮੈ ਤੁਹਾਨੂੰ ਸਿਰਫ ਛੋਟੀ ਜਹੀ ਵੇਨਤੀ ਕਰਾਗਾਂ ਕਿ ਸਾਨੂੰ ਪੰਚਮ ਪਾਤਸ਼ਾਹ ਦੀ ਸ਼ਹੀਦੀ ਨੂੰ ਕਦੇ ਵੀ ਨਹੀ ਭੁਲਨਾ ਚਾਹਿਦਾ ਹੈ, ਸਚ ਹਮੇਸ਼ਾ ਕੁਰਬਾਣੀ ਮੰਗਦਾ ਹੈ। ਬਾਕੀ ਤੂੰਸੀ ਆਪ ਸਮਝਦਾਰ ਹੋ। ਉਮੀਦ ਇਹੀ ਹੈ ਕਿ ਸਿੱਖ ਮਾਰਗ ਹਮੇਸ਼ਾ ਖੁਲਾ ਰਹੇ ਤਾਕਿ ਸਿੱਖ ਅਪਣੇ ਇਤਿਹਾਸ,ਵਿਰਸੇ ਅਤੇ ਗੁਰੂਆਂ ਦੇ ਸਿਧਾਂਤ ਦੀ ਸਾਂਝ ਅਪਣੇ ਭਾਈਆਂ ਅਤੇ ਭੈਣਾ ਨਾਲ ਪਾਂਦਾ ਰਹੇ ਅਤੇ ਸਿੱਖਦਾ-ਸਿਖਾਂਦਾ ਰਹੇ।
ਧੰਨਵਾਦੀ
ਗੁਰਦੀਪ ਸਿੰਘ ਬਾਗੀ


26/05/15)
ਇੰਜ ਦਰਸ਼ਨ ਸਿੰਘ ਖਾਲਸਾ

ਵੀਰ, ਮੱਖਣ ਸਿੰਘ ਜੀ ਪੁਰੇਵਾਲ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਵੀਰ ਜੀਉ, ਲੇਖ ਲੜੀ ਵਿੱਚ ਆਪਜੀ ਦਾ ਪਾਇਆ ਲੇਖ
ਝੂਠੇ, ਕਪਟੀ ਅਤੇ ਗੰਦੇ ਗੁੰਡਿਆਂ ਦੇ ਧਰਮ ਦੀ ਮੈਨੂੰ ਕੋਈ ਲੋੜ ਨਹੀਂ!
ਆਪਜੀ ਦਾ ਇਹ ਲੇਖ ਸਿੱਖ ਸਮਾਜ ਦੀ ਸੱਚਾਈ ਬਿਆਨ ਕਰਦਾ ਹੈ। ਹੁਣ ਤੱਕ ਆਪਜੀ ਵਲੋਂ “ਸਿੱਖ ਮਾਰਗ ਸਾਈਟ” ਦੁਆਰਾ ਕੀਤੀ ਸੇਵਾ ਕਾਬਿਲੇ-ਤਾਰੀਫ਼ ਹੈ।
ਜੋ ਫੈਸਲਾ ਆਪ ਜੀ ਨੇ ਕੀਤਾ ਹੈ, ਉਸਨੂੰ ਬਦਲਨਾ ਜਾਂ ਨਾ-ਬਦਲਨਾ ਤਾਂ ਆਪਜੀ ਦਾ ਰਾਖਵਾਂ ਫੈਸਲਾ ਹੈ। ਪਰ ਪਾਠਕਾਂ ਵਲੋਂ ਤਾਂ ਸਿਰਫ ਬੇਨਤੀਆਂ ਹੀ ਹੋ ਸਕਦੀਆਂ ਹਨ। ਕਿ “ਸਿੱਖ-ਮਾਰਗ” ਵੈੱਬ-ਸਾਈਟ ਦਾ ਇਹ ਯਾਤਰਾ ਇਸੇ ਤਰਾਂ ਜਾਰੀ ਰਹਿਣੀ ਚਾਹੀਦੀ ਹੈ। ਇਸ ਸਾਈਟ ਤੋਂ ਲੱਖਾ ਨਹੀਂ ਤਾਂ ਹਜਾਰਾਂ ਸਿੱਖ, ਜਰੂਰ ਹੀ ਇਸ ਗੁਰਮੱਤ ਗਿਆਨ ਦੇ ਸਾਗਰ ਵਿੱਚ ਟੁੱਭੀਆਂ ਲਾਉਂਦੇ ਹਨ ਅਤੇ ਲਾਹਾ ਪ੍ਰਾਪਤ ਕਰਦੇ ਹਨ।
ਇਸ ਮਾਨੁੱਖਾ ਸਮਾਜ ਵਿੱਚ ਚੰਗੇ-ਮਾੜੀ, ਵਧੀਆ-ਘਟੀਆ, ਉੱਚੀ-ਨੀਵੀਂ, ਪੌਜ਼ੇਟਿਵ-ਨੇਗੈਟਿਵ ਸੋਚ ਦੇ ਮਾਲਿਕ ਲੋਕ ਰਹਿੰਦੇ ਹਨ। ਕਿਸੇ ਦੋ ਇਨਸਾਨਾਂ ਦੇ ਵਿਚਾਰ ਵੀ ਆਪਸ ਵਿੱਚ ਨਹੀਂ ਰੱਲਦੇ। ਹਰ ਕੋਈ ਆਪਣੀ ਸੋਚਣੀ ਦੇ ਅਨੁਸਾਰੀ ਹੀ ਕਾਰ-ਵਿਹਾਰ ਕਰਦਾ ਹੈ, ਬੋਲਦਾ ਹੈ।
ਸੋ ਵੀਰ ਜੀਉ, ਸਨਿਮਰ ਅਪੀਲ ਹੈ ਕਿ ਇਸ “ਸਿੱਖ-ਮਾਰਗ” ਵੈੱਬ ਸਾਈਟ ਨੂੰ ਬੰਦ ਨਾ ਕੀਤਾ ਜਾਏ।
ਆਪਣੇ ਫੈਸਲੇ ਉਪਰ, ‘ਸਿੱਖ-ਕੌਮ ਵਿੱਚ ਜਾਗਰੂਕਤਾ ਦੀ ਖਾਤਰ’ ਜਰੂਰ ਨਜ਼ਰਸਾਨੀ ਕਰਨਾ।
ਸਲੋਕ ਕਬੀਰ॥ ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ॥ ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ॥ 1॥ ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥ 2॥ 2॥ ਪੰਨਾ 1105॥
ਇੰਜ ਦਰਸ਼ਨ ਸਿੰਘ ਖਾਲਸਾ


26/05/15)
ਸਤਿਨਾਮ ਸਿੰਘ ਮੌਂਟਰੀਅਲ

ਸਤਿਕਾਰਯੋਗ ਸ: ਮੱਖਣ ਸਿੰਘ ਜੀ .....

ਤੁਹਾਡਾ ਲੇਖ ‘ਝੂਠੇ, ਕਪਟੀ ਅਤੇ ਗੰਦੇ ਗੁੰਡਿਆਂ ਦੇ ਧਰਮ ਦੀ ਮੈਨੂੰ ਕੋਈ ਲੋੜ ਨਹੀਂ ! ਬਿਲਕੁਲ ਸੱਚ ਹੈ , ਪਰ ਆਪ ਜੀ ਦਾ ਸਿੱਖ ਮਾਰਗ ਨੂੰ ਬੰਦ ਕਰਨ ਦਾ ਫੈਸਲਾ ਠੀਕ ਨਹੀ ਜਾਪਦਾ ਜੀ, ਮੰਨਦੇ ਹਾਂ ਕਿ ਧਰਮ ਦੇ ਖੇਤਰ ਵਿੱਚ ਸੱਚੇ ਤੇ ਸਮਝਦਾਰ ਲੋਕ ਗਿਣਤੀ ਦੇ ਹੀ ਹੁੰਦੇ ਹਨ ਬਹੁਤਾਤ ਮੂਰਖਾਂ ਤੇ ਭੇਡਾਂ ਦੀ ਹੀ ਹੁੰਦੀ ਹੈ ਜੀ, ਪਰ ਫਿਰ ਕੀ ਸਮਝਦਾਰ ਅਤੇ ਸੱਚੇ ਲੋਕਾਂ ਨੂੰ ਹਾਰ ਮੰਨ ਲੈਣੀ ਚਾਹੀਦੀ ਹੈ?
ਕ੍ਰਿਪਾ ਕਰਕੇ ਆਪਣਾਂ ਸਿੱਖ ਮਾਰਗ ਨੂੰ ਬੰਦ ਕਰਨ ਦਾ ਫੈਸਲਾ ਬਦਲ ਦਿਓ ਜੀ।
ਸਤਿਨਾਮ ਸਿੰਘ ਮੌਂਟਰੀਅਲ


26/05/15)
ਸੁਖਜੀਤ ਸਿੰਘ ਕਪੂਰਥਲਾ

ਸਤਿਕਾਰਯੋਗ ਸ੍ਰ. ਮੱਖਣ ਸਿੰਘ ਜੀ (ਸੰਪਾਦਕ ਸਿੱਖ ਮਾਰਗ)

ਵਾਹਿਗੁਰੂ ਜੀ ਕਾ ਖਾਲਸਾ।।

ਵਾਹਿਗੁਰੂ ਜੀ ਕੀ ਫ਼ਤਹਿ।।

ਆਪ ਜੀ ਵਲੋਂ 24-4-15 ਤੋਂ ਸਿਖ ਮਾਰਗ ਨੂੰ ਅਪਡੇਟ ਨਾ ਕਰਨ ਬਾਰੇ ਫੈਸਲਾ ਅਤੇ ਉਸ ਦੇ ਵਿਸਥਾਰ ਵਿੱਚ ਦਿਤੇ ਗਏ ਕਾਰਣਾਂ ਬਾਰੇ ਪੜ੍ਹਣ ਉਪੰਰਤ ਅਸਚਰਜਤਾ ਹੋਈ।

ਹਰੇਕ ਵਿਅਕਤੀ ਨੂੰ ਆਪਣਾ ਫੈਸਲਾ ਲੈਣ ਦਾ ਅਧਿਕਾਰ ਹੈ। ਪਰ ਅਸੀਂ ਸਿੱਖ ਹਾਂ, ਸਿਖ ਨੇ ਜਿਥੇ ਸਖਸ਼ੀ ਜੀਵਨ ਜੀਊਣਾ ਹੈ ਉਥੇ ਉਸ ਦੀ ਜਿੰਮੇਵਾਰੀ ਪੰਥਕ ਜੀਵਨ ਪ੍ਰਤੀ ਵੀ ਨਾਲ ਹੀ ਹੈ।

ਪੰਥ ਪ੍ਰਵਾਨਿਤ ਸਿਖ ਰਹਿਤ ਮਰਯਾਦਾ ਵਿੱਚ ‘ਗੁਰੂ ਪੰਥ` ਵਿਸ਼ੇ ਨੂੰ ਸਾਹਮਣੇ ਰੱਖਣ ਦੀ ਲੋੜ ਹੈ-

ਸੇਵਾ, ਕੇਵਲ ਪੱਖੇ ਲੰਗਰ ਆਦਿ ਤੇ ਨਹੀਂ ਮੁਕ ਜਾਂਦੀ, ਸਿੱਖ ਦੀ ਸਾਰੀ ਜਿੰਦਗੀ ਪ੍ਰਉਪਕਾਰ ਵਾਲੀ ਹੈ। ਸੇਵਾ ਸਫਲ ਉਹ ਹੀ ਹੈ, ਜੋ ਥੋੜੇ ਜਤਨ ਨਾਲ ਵਧੀਕ ਤੋਂ ਵਧੀਕ ਹੋ ਸਕੇ। ਇਹ ਗੱਲ ਜਥੇਬੰਦੀ ਦੇ ਰਾਹੀਂ ਹੋ ਸਕਦੀ ਹੈ। ਸਿੱਖ ਨੇ ਇਸ ਲਈ ਸ਼ਖਸ਼ੀ ਧਰਮ ਪੂਰਾ ਕਰਦਿਆਂ ਹੋਇਆਂ ਨਾਲ ਹੀ ਪੰਥਕ ਫਰਜ਼ ਭੀ ਪੂਰੇ ਕਰਨੇ ਹਨ। ਇਸ ਜਥੇਬੰਦੀ ਦਾ ਨਾ ਪੰਥ ਹੈ। ਹਰ ਇੱਕ ਸਿੱਖ ਨੇ ਪੰਥ ਦਾ ਇੱਕ ਅੰਗ ਹੋ ਕੇ ਭੀ ਆਪਣਾ ਧਰਮ ਨਿਭਾਉਣਾ ਹੈ।

ੳ) ‘ਗੁਰੂ ਪੰਥ` ਤਿਆਰ-ਬਰ-ਤਿਆਰ ਸਿੰਘਾਂ ਦੇ ਸਮੁਚੇ ਸਮੂਹ ਨੂੰ ‘ਗੁਰੂ ਪੰਥ` ਆਖਦੇ ਹਨ। ਇਸ ਦੀ ਤਿਆਰੀ ਦਸਾਂ ਗੁਰੂ ਸਾਹਿਬਾਨ ਨੇ ਕੀਤੀ ਅਤੇ ਦਸਮ ਗੁਰੂ ਜੀ ਨੇ ਇਸ ਦਾ ਅੰਤਮ ਸਰੂਪ ਬੰਨ੍ਹ ਕੇ ਗੁਰਿਆਈ ਸੌਂਪੀ। `

ਉਪਰੋਕਤ ਵਿਚਾਰਾਂ ਦੇ ਮੱਦੇ-ਨਜ਼ਰ ਸਪਸ਼ਟ ਹੈ ਕਿ ਦੋ ਚਾਰ ਜਥੇਬੰਦੀਆਂ/ਸੰਸਥਾਵਾਂ ਸਮੁੱਚਾ ਪੰਥ ਨਹੀਂ ਹੋ ਸਕਦੀਆਂ। ਹਰੇਕ ਸਮਾਜ/ ਧਰਮ ਵਿੱਚ ਚੰਗੇ/ ਮੰਦੇ ਦੋਵੇਂ ਤਰਾਂ ਦੇ ਵਿਅਕਤੀ ਹਰ ਸਮੇਂ ਮੌਜੂਦ ਰਹਿੰਦੇ ਹਨ। ਸਾਡੀ ਸੋਚ ਮੰਦਿਆਂ ਨੂੰ ਅਣਡਿਠ ਕਰਦੇ ਹੋਏ ਚੰਗਿਆਂ ਦਾ ਸਾਥ ਦੇਣ ਦੀ ਹੋਣੀ ਚਾਹੀਦੀ ਹੈ।

ਇਸ ਸਬੰਧ ਵਿੱਚ ਸਾਨੂੰ ਗੁਰੂ ਨਾਨਕ ਸਾਹਿਬ ਵਲੋਂ ਉਚਾਰਣ ਕੀਤੇ ਗਏ ਹੇਠ ਲਿਖੇ ਸ਼ਬਦ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ-

ਮਾਰੂ ਮਹਲਾ (੯੯੦)

ਬਿਮਲ ਮਝਾਰਿ ਬਸਸਿ ਨਿਰਮਲ ਜਲ ਪਦਮਨਿ ਜਾਵਲ ਰੇ।।

ਪਦਮਨਿ ਜਾਵਲ ਜਲ ਰਸ ਸੰਗਤਿ ਸੰਗਿ ਦੋਖ ਨਹੀ ਰੇ।। ੧।।

ਦਾਦਰੁ ਤੂ ਕਬਹਿ ਨ ਜਾਨਸਿ ਰੇ।।

ਭਖਸਿ ਸਿਬਾਲੁ ਬਸਸਿ ਨਿਰਮਲ ਜਲ ਅੰਮ੍ਰਿਤੁ ਨ ਲਖਸਿ ਰੇ।। ੧।। ਰਹਾਉ।।

ਬਸੁ ਜਲ ਨਿਤ ਨ ਵਸਤ ਅਲੀਅਲ ਮੇਰ ਚਚਾ ਗੁਨ ਰੇ।।

ਚੰਦੁ ਕੁਮੁਦਨੀ ਦੂਰਹੁ ਨਿਵਸਸਿ ਅਨਭਉ ਕਾਰਨਿ ਰੇ।। ੨।।

ਅੰਮ੍ਰਿਤ ਖੰਡੁ ਦੂਧਿ ਮਧੁ ਸੰਚਸਿ ਤੂ ਬਨ ਚਾਤੁਰ ਰੇ।।

ਅਪਨਾ ਆਪੁ ਤੂ ਕਬਹੁ ਨ ਛੋਡਸਿ ਪਿਸਨ ਪ੍ਰੀਤ ਜਿਉ ਰੇ।। ੩।।

ਪੰਡਿਤ ਸੰਗਿ ਵਸਹਿ ਜਨ ਮੂਰਖ ਆਗਮ ਸਾਸ ਸੁਨੇ।।

ਅਪਨਾ ਆਪੁ ਤੂ ਕਬਹੁ ਨ ਛੋਡਸਿ ਸੁਆਨ ਪੂਛਿ ਜਿਉ ਰੇ।। ੪।।

ਇਕਿ ਪਾਖੰਡੀ ਨਾਮਿ ਨ ਰਾਚਹਿ ਇਕਿ ਹਰਿ ਹਰਿ ਚਰਣੀ ਰੇ।।

ਪੂਰਬਿ ਲਿਖਿਆ ਪਾਵਸਿ ਨਾਨਕ ਰਸਨਾ ਨਾਮੁ ਜਪਿ ਰੇ।। ੫।। ੪।।

ਸਤਿਗੁਰੂ ਸਾਨੂੰ ਅਗਵਾਈ ਦਿੰਦੇ ਹਨ ਕਿ ਅਸੀਂ ਚਿੱਕੜ ਨਾਲ ਭਰੇ ਸੰਸਾਰ ਵਿੱਚ ਡੱਡੂ, ਚਿੱਚੜ, ਕੁਤੇ ਦੀ ਪੂਛਲ ਵਰਗੇ ਪਾਖੰਡੀ, ਮੂਰਖ ਨਹੀਂ ਬਨਣਾ ਸਗੋਂ ਭੰਵਰੇ, ਕੰਮੀ ਵਰਗੇ ਬਣਕੇ ਕੌਲ ਫੁਲ, ਮੁਰਗਾਬੀ ਵਾਂਗ ਸਦਾ ਨਿਰਲੇਪ ਰਹਿਣਾ ਹੈ।

ਕੁੱਝ ਸੰਸਥਾਵਾਂ/ ਜਥੇਬੰਦੀਆਂ, ਸਿੱਖਾਂ ਦੇ ਗੁਰਮਤਿ ਤੋਂ ਨੀਵੇਂ ਕਾਰ-ਵਿਹਾਰ ਨੂੰ ਵੇਖਦੇ ਹੋਏ ਜੇ ਅਸੀਂ ਸਾਰੇ ਹੀ ਨਿਰਾਸ਼ਤਾ ਵਿੱਚ ਚਲੇ ਗਏ ਤਾਂ ਰਿਜ਼ਲਟ ਕੀ ਹੋਵੇਗਾ? ਜ਼ਰਾ ਇਸ ਪੱਖ ਤੇ ਗੌਰ ਕਰਨ ਦੀ ਲੋੜ ਹੈ।

ਸਗੋਂ ਸਾਨੂੰ ਤਾਂ ਕਲਗੀਧਰ ਪਾਤਸ਼ਾਹ ਦੇ ਜੀਵਨ ਵਿਚੋਂ ਸੇਧ ਲੈਣ ਦੀ ਜਰੂਰਤ ਹੈ ਕਿ ਬਾਹਰੀ ਤੌਰ ਤੇ ਸਭ ਕੁੱਝ ਗਵਾ ਕੇ ਵੀ ਐਨੀਆਂ ਔਕੜਾਂ, ਦੁਸ਼ਵਾਰੀਆਂ ਦੇ ਸਨਮੁਖ ਇਕੱਲੇ ਹੁੰਦੇ ਹੋਏ ਵੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਕਿਵੇਂ ਰਹਿਣਾ ਹੈ।

ਇਸ ਵਿਸ਼ੇ ਉਪਰ ਹੋਰ ਬਾਰੀਕੀ ਨਾਲ ਸਮਝਣ ਲਈ ਨਿਮਨ ਲਿਖਿਤ ਗਾਥਾ ਲਾਹੇਵੰਦ ਰਹੇਗੀ-

ਕਹਿੰਦੇ ਕਾਲੀ-ਬੋਲੀ ਹਨੇਰੀ ਰਾਤ ਦੇ ਸਨਾਟੇ ਵਿੱਚ ਇੱਕ ਉਲੂ ਉਡਾਰੀ ਮਾਰ ਕੇ ਜੁਗਨੂੰ ਦੇ ਕੋਲ ਆਇਆ ਅਤੇ ਰੋਹਬਦਾਰ ਆਵਾਜ ਵਿੱਚ ਪੁਛਣ ਲੱਗਾ- ‘ਓਏ ਜੁਗਨੂੰ! ਤੂੰ ਇੰਨੀ ਰਾਤ ਕੀ ਕਰ ਰਿਹਾ ਏ? ` ਜੁਗਨੂੰ ਨੇ ਜਵਾਬ ਦਿੱਤਾ- ‘ਮੈਂ ਹਨੇਰੇ ਨੂੰ ਦੂਰ ਕਰਨ ਦੇ ਯਤਨ ਵਜੋਂ ਚਾਨਣ ਕਰ ਰਿਹਾ ਹਾਂ। ` ਉਲੂ ਬੋਲਿਆ- ‘ਮੂਰਖਾ! ਚਾਨਣ ਤਾਂ ਸੂਰਜ ਦੇ ਨਿਕਲਣ ਨਾਲ ਹੀ ਹੋਵੇਗਾ, ਐਵੇਂ ਆਪਣਾ ਸਮਾਂ ਅਤੇ ਨੀਂਦ ਬਰਬਾਦ ਕਿਉਂ ਕਰ ਰਿਹਾ ਏ? ` ਆਸ਼ਾਵਾਦੀ ਜੁਗਨੂੰ ਨੇ ਜਵਾਬ ਦਿੱਤਾ- ‘ਮੈਂ ਸੂਰਜ ਦੇ ਚੜ੍ਹਣ ਤੱਕ ਆਪਣੇ ਵਿਤ ਅਨੁਸਾਰ ਹਨੇਰੇ ਨੂੰ ਦੂਰ ਕਰਨ ਦਾ ਯਤਨ ਕਰਦਾ ਹੀ ਰਹਾਂਗਾ, ਮੇਰੀ ਡਿਊਟੀ ਤਾਂ ਸੂਰਜ ਨਿਕਲਣ ਤਕ ਹੀ ਹੈ। ਠੀਕ ਹੈ ਸੂਰਜ ਜਿੰਨੀ ਰੋਸ਼ਨੀ ਮੇਰੀ ਕੋਲ ਨਹੀਂ ਹੈ, ਪਰ ਜਿੰਨੀ ਹੈ ਉਸ ਨਾਲ ਯਤਨ ਤਾਂ ਕਰਦਾ ਹੀ ਰਹਾਂਗਾ। `

ਇਸ ਗਾਥਾ ਤੋਂ ਮਿਲਦੀ ਸਿਖਿਆ ਅਨੁਸਾਰ ਸਾਨੂੰ ਵੀ ਉਲੂ ਵਰਗੇ ਨਿਰਾਸ਼ਾਵਾਦੀਆਂ ਦੀ ਪਰਵਾਹ ਛੱਡ ਕੇ ਜੁਗਨੂੰ ਵਾਂਗ ਆਸ਼ਾਵਾਦੀ ਬਨਣ ਦੀ ਜਰੂਰਤ ਹੈ।

ਫੈਲਿ ਫਕੜਾਂ` ਵਾਂਗ ਸੰਸਾਰ ਵਿੱਚ ਵਿਚਰਦਿਆਂ ਲਾਈਨ ਵਿੱਚ ਲਗ ਜਾਣਾ ਤਾਂ ਬੜਾ ਸੌਖਾ ਹੈ, ਪਰ ਗੁਰੂ ਬਖਸ਼ਿਸ਼ ਨਾਲ ਨਿਵਾਜ ਕੇ ‘ਹੈਨਿ ਵਿਰਲੇ` ਬਣ ਕੇ ਲਾਈਨ ਲਗਾ ਲੈਣ ਦੀ ਸਮਰੱਥਾ ਸਾਰਿਆਂ ਵਿੱਚ ਨਹੀਂ ਹੁੰਦੀ।

ਸਿਖ ਮਾਰਗ` ਦੇ ਰਾਹੀਂ ਆਪ ਵਲੋਂ ਗੁਰੂ ਕ੍ਰਿਪਾ ਦੁਆਰਾ ਦਾਸ ਵਰਗੇ ਨਿਮਾਣੇ ਲੇਖਕਾਂ ਅਤੇ ਪਾਠਕਾਂ ਨੂੰ ਜੋ ਪਲੇਟਫਾਰਮ ਦਿਤਾ ਗਿਆ ਹੈ, ਉਸ ਨੂੰ ਬੰਦ ਕਰ ਦੇਣ ਦੇ ਫੈਸਲੇ ਵਿੱਚ ਲੇਖਕਾਂ, ਪਾਠਕਾਂ ਦਾ ਕੀ ਕਸੂਰ ਹੈ? ਕੀ ਇਹ ‘ਗੁਨਾਹ ਕਿਸੇ ਹੋਰ ਦਾ ਅਤੇ ਸਜ਼ਾ ਕਿਸੇ ਹੋਰ ਨੂੰ ` ਵਾਲਾ ਅਮਲ ਤਾਂ ਨਹੀਂ। ਜੋ ਸੇਵਾ ਸਤਿਗੁਰੂ ਜੀ ਨੇ ਆਪ ਕੋਲੋਂ ਲਈ ਹੈ, ਇਛਾਵਾਨ ਹੋਣ ਦੇ ਬਾਵਜੂਦ ਵੀ ਇਹ ਸੇਵਾ ਹਰ ਕਿਸੇ ਦੇ ਹਿਸੇ ਵਿੱਚ ਨਹੀਂ ਆਉਂਦੀ, ਸਾਰੇ ਐਸਾ ਕਾਰਜ ਨਹੀਂ ਕਰ ਸਕਦੇ।

ਬਾਕੀ ਦਾਸ ਨੇ ਜਿਵੇਂ ਪਹਿਲਾਂ ਲਿਖਿਆ ਹੈ ਕਿ ਹਰੇਕ ਨੂੰ ਆਪਣਾ ਫੈਸਲਾ ਲੈਣ ਦਾ ਅਧਿਕਾਰ ਹੈ, ਨੂੰ ਮੰਨਦੇ ਹੋਇਆਂ ਆਪ ਨੂੰ ਆਪਣੇ ਫੈਸਲੇ ਤੇ ਪੁਨਰ ਵਿਚਾਰ ਕਰਨ ਦੀ ਬੇਨਤੀ ਨਾਲ ਸਮਾਪਤ ਕਰਦਾ ਹਾਂ।

============

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]


26/05/15)
ਸੁੱਖਵਿੰਦਰਜੀਤ ਸਿੰਘ

ਸਤਿਕਾਰ ਯੋਗ ਸ੍ਰ. ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤੇਹ ਜੀ |

ਵੀਰ ਜੀਓ ਮੈਂ ਆਪ ਜੀ ਦੀ ਵੈਬਸਾਈਟ ਦਾ ਪਿਛਲੇ 6 7 ਸਾਲਾਂ ਤੋਂ ਨਿਰੰਤਰ ਪਠਾਕ ਹਾਂ, ਇੱਸ ਦੇ ਜਰੀਏ ਬਹੁਤ ਅਣਮੁਲੀ ਜਾਣਕਾਰੀ ਪ੍ਰਪਾਤ ਹੋਈ ਹੈ, ਬਹੁਤ ਹੀ ਸੁਲਝੇ ਹੋਏ ਵਿਦਵਾਨ ਸਜਣਾ ਦੀਆਂ ਗੁਰਬਾਣੀ ਅਧਾਰਿਤ ਲਿਖਤਾਂ ਤੇ ਵਿਚਾਰ ਪੜੇ ਹਨ | ਗੁਰਮੱਤ ਦੀ ਸੋਝੀ ਹੋਈ ਹੈ , ਮੇਰਾ ਇਹ ਖਿਆਲ ਹੈ ਮੇਰੀ ਤਰਾਂ ਕਈ ਪਠਾਕਾਂ ਨੂੰ ਫਾਇਦਾ ਹੋਇਆ ਹੋਵੇਗਾ , ਮੈਂ ਆਪਣੀ ਗੁਰਮੱਤ ਦੇ ਮਾਮਲੇ ਚ ਆਈ ਸੋਝੀ ਵਿੱਚ ਸਿੱਖਮਾਰਗ ਦਾ ਬਹੁਤ ਵੱਡਾ ਹਥ ਸਮਝਦਾ ਹਾਂ | ਮੈਨੂੰ ਪੂਰਨ ਵਿਸ਼ਵਾਸ਼ ਹੈ ਕੇ ਅਗੇ ਵੀ ਹੋਰ ਪਿਆਰੇ ਮਿਤਰਾਂ ਨੂੰ ਮੇਰੀ ਤਰਾਂ ਇੱਸ ਵੈਬਸਾਈਟ ਦਾ ਫਾਇਦਾ ਹੀ ਹੋਵੇਗਾ | ਇਸ ਤਰਾਂ ਤੁਸੀਂ ਵਧਾਈ ਦੇ ਪਾਤਰ ਹੋ ਕੇ ਤੁਸੀਂ ਬਹੁਤ ਲੰਬੇ ਸਮੇ ਤੋਂ ਅਣਮੁਲੀ ਸੇਵਾ ਕੀਤੀ ਹੈ ਸੰਗਤਾਂ ਦੀ ਪਾਠਕਾਂ ਦੀ , ਗੁਰੂ ਪਾਤਸ਼ਾਹ ਜੀ ਦੀ ਮੇਹਰ ਰਹੀ ਹੈ ਆਪ ਜੀ ਤੇ |
ਆਪ ਜੀ ਵਲੋਂ ਇਸ ਵੈਬਸਾਈਟ ਨੂੰ ਬੰਦ ਕਰ ਦੇਣ ਦੇ ਫੈਸਲੇ ਬਾਰੇ ਮੈਂ ਇਹ ਕਹਾਂਗਾ ਕੇ ਵੀਰ ਜੀ ਇਹ ਗੁਰਮਤ ਅਨੁਸਾਰ ਸਹੀ ਫੈਸਲਾ ਨਹੀ ਹੈ , ਕਿਓਂਕਿ ਤੁਸੀਂ ਵੀ ਸਮਝਦੇ ਹੋ ਕੇ ਇਹ ਇਹ ਇੱਕ ਵਧਿਆ ਕੰਮ ਹੈ ਤੇ ਇਸ ਨਾਲ ਅਨਗਿਣਤ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ | ਜਿਵੇਂ ਮੇਰੇ ਵਰਗਾ ਜੋ ਸਿਖਾਂ ਦੇ ਘਰ ਜਨਮ ਲੈ ਕੇ ਵੀ ਕਦੇ ਸਿਖ ਨਹੀ ਸੀ ਸਿਖਾਂ ਵਾਲੀ ਸੋਝੀ ਨਹੀ ਸੀ , ਗੁਰਮੱਤ ਦਾ ਗਿਆਨ ਨਹੀ ਸੀ ਇਸ ਤਰਾਂ ਦੇ ਹੋਰ ਹਾਜਰਾਂ ਲੋਕ ਹਨ ਜਿਹਨਾ ਨੂੰ ਭਵਿੱਖ ਵਿੱਚ ਆਪ ਜੀ ਦੀ ਵੈਬਸਾਈਟ ਤੋ ਫਾਇਦਾ ਹੋਣਾ ਹੈ ਓਹਨਾ ਨਾਲ ਇੱਕ ਤਰਾਂ ਦਾ ਧੱਕਾ ਹੀ ਹੋ ਜਾਵੇਗਾ | ਇਸ ਲਈ ਮੇਰੀ ਬੇਨਤੀ ਹੈ ਕੇ ਨਾ ਸਿਰਫ ਇੱਸ ਕੰਮ ਨੂੰ ਨਿਰੰਤਰ ਰਖਿਆ ਜਾਵੇ ਬਲਕਿ ਤੁਸੀਂ ਆਪਣੇ ਵਰਗਾ ਕੋਈ ਗੁਰਮੁਖ ਪਿਆਰਾ ਸਜਣ ਤਿਆਰ ਕਰੋ ਜੋ ਆਪ ਜੀ ਤੋ ( ਵਹਿਗੁਰ ਆਪ ਜੀ ਨੂੰ ਲੰਬੀ ਉਮਰ ਤੇ ਤੰਦਰੁਸਤੀ ਬਖਸ਼ੇ ) ਬਾਅਦ ਵੀ ਇਹ ਸੇਵਾ ਇਵੇਂ ਹੀ ਨਿਭਾਉਂਦਾ ਰਹੇ | ਵੀਰ ਜੀ ਸਾਰੇ ਤਾਂ ਬਾਬਾ ਨਾਨਕ ਪਾਤਸ਼ਾਹ ਜੀ ਨਾਲ ਵੀ ਸਹਿਮਤ ਨਹੀ ਹੋਏ ਸਨ ਆਪਾਂ ਕਿਸ ਬਾਗ ਦੀ ਮੂਲੀ ਹੋਏ , ਆਲੋਚਕ ਉਹਨਾ ਦੇ ਵੀ ਸਨ ਲੇਕਨ ਜਿਵੇਂ ਓਹਨਾ ਨੇ ਆਪਣਾ ਕੰਮ ਕੀਤਾ ਹਰ ਤਰਾਂ ਦੀ ਕੁਰਬਾਨੀਆਂ ਕਰਕੇ ਇਸ ਤਰਾਂ ਆਪਾਂ ਨੂੰ ਉਹਨਾ ਦੇ ਪੈਰੋਕਾਰ ਹੋਣ ਦੇ ਨਾਤੇ ਉਹਨਾ ਵਾਂਗ ਮਜਬੂਤ ਹੋਣ ਲਈ ਯਤਨਸ਼ੀਲ ਰਹਿਣ ਦੀ ਲੋੜ ਹੈ |
ਸੋ, ਆਪ ਜੀ ਨੂੰ ਬੇਨਤੀ ਹੈ ਕਿ ਆਪ ਆਪਣੇ ਇਸ ਫੈਂਸਲੇ ਬਾਰੇ ਜ਼ਰੂਰ ਦੂਬਾਰਾ ਵਿਚਾਰ ਕਰੋ ।
ਇਸ ਦੇ ਨਾਲ ਮੈਂ ਕੈਨੇਡਾ ਰਹਿਣ ਵਾਲੇ ਵਿਦਵਾਨ ਸਜਣਾਂ ਤੇ ਪਠਾਕਾਂ ਨੂੰ ਵੀ ਬੇਨਤੀ ਕਰਦਾ ਹਾਂ ਅਗਰ ਤੁਸੀਂ ਭਾਈ ਸਾਹਿਬ ਜੀ ਨੂੰ ਜਾ ਕੇ ਮਿਲ ਸਕਦੇ ਹੋ ਤੇ ਕਿਰਪਾ ਕਰਕੇ ਜਰੂਰ ਮਿਲੋ ਤੇ ਉਹਨਾ ਦੇ ਇਸ ਫੈਸਲੇ ਤੇ ਬੈਠ ਕੇ ਵਿਚਾਰ ਕਰੋ , ਮੈਨੂੰ ਉਮੀਦ ਹੈ ਕੇ ਵੀਰ ਪੁਰੇਵਾਲ ਜੀ ਸਾਨੂੰ ਨਾਰਾਜ਼ ਨਹੀ ਕਰਨਗੇ |
ਗੁਰੂ ਮੇਹਰ ਕਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ |
ਆਮ ਪਾਠਕ
ਸੁੱਖਵਿੰਦਰਜੀਤ ਸਿੰਘ


26/05/15)
ਹਰਬਿੰਦਰ ਸਿੰਘ

ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ
ਅਤਿ ਸਤਕਾਰ ਯੋਗ ਵੀਰ ਜਿੳ
ਭਾਜੀ ਕਲ ਫੇਸਬੁਕ ਤੋ ਏਹ ਜਾਣਕਾਰੀ ਮਿਲੀ ਹੈ ਕੇ ਸਿਖ ਮਾਰਗ ਸਾਈਟ ਬੰਦ ਹੋਣ ਜਾ ਰਹੀ ਹੈ ਪਲੀਜ਼ ਜਾਣਕਾਰੀ ਦਿੳ ਕੇ ਏਹ ਸਚ ਹੈ ਜਾ ਅਫਵਾਹ ਹੈ। ਜੇਕਰ ਸਚ ਹੈ ਤਾ ਕਿਰਪਾ ਕਰਕੇ ਇਸ ਸਾਈਟ ਨੂੰ ਬੰਦ ਨਾ ਕੀਤਾ ਜਾਵੇ ਤੇ ਕਾਰਣ ਦਸਣ ਦੀ ਖੇਚਲ ਕਰਿੳ ਜੀ ਆਪ ਜੀ ਦੀ ਏਸ ਸੇਵਾ ਦਾ ਚਾਹਵਾਨ।

ਵਾਹਿਗੁਰੁਜੀਕਾਖਾਲਸਾ
ਵਾਹਿਗੁਰੁਜੀਕੀਫਤਿਹ


26/05/15)
ਡਾ: ਇਕਬਾਲ ਸਿੰਘ ਢਿੱਲੋਂ

ਸਿਖਮਾਰਗ’ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀਓ,
ਸਤਿ ਕਰਤਾਰ !

23.05.2015 ਨੂੰ ਆਪ ਜੀ ਵੱਲੋਂ ‘ਸਿਖਮਾਰਗ’ ਵੈਬਸਾਈਟ ਉੱਤੇ ਪਾਏ ਗਏ ਲੇਖ ਵਿਚ ਹੇਠਾਂ ਦਿੱਤੇ ਤਿੰਨ ਨੁਕਤੇ ਉੱਭਰ ਕੇ ਸਾਹਮਣੇ ਆਉਂਦੇ ਹਨ:
1. ਆਪ ਜੀ ਨੇ ਜਾਤੀ ਤੌਰ ਤੇ ਸੰਸਥਾਗਤ ਸਿਖ ਧਰਮ ਨੂੰ ਤਿਆਗ ਦੇਣ ਦਾ ਫੈਸਲਾ ਕਰ ਲਿਆ ਹੈ।
2. ਆਪ ਜੀ 31.05.2015 ਤੋਂ ਅੱਗੇ ‘ਸਿਖਮਾਰਗ’ ਵੈਬਸਾਈਟ ਨੂੰ ਅੱਪਡੇਟ ਕਰਨਾ ਬੰਦ ਕਰ ਰਹੇ ਹੋ।
3. ਆਪ ਜੀ ਦੇ ਉਪਰੋਕਤ ਦੋਵ੍ਹਾਂ ਫੈਸਲਿਆਂ ਦਾ ਕਾਰਨ ਸੰਸਥਾਗਤ ਸਿਖ ਧਰਮ ਨੂੰ ਮੰਨਣ ਵਾਲਿਆਂ ਵੱਲੋਂ ਆਮ ਕਰਕੇ ਅਤੇ ਇਸ ‘ਧਰਮ’ ਦੇ ਕੁਝ ਵਿਸ਼ੇਸ਼ ਫਿਰਕਿਆਂ ਵੱਲੋਂ ਵਿਖਾਇਆ ਜਾਂਦਾ ਮਨਮੱਤਾਂ, ਅਨੈਤਿਕਤਾ ਅਤੇ ਬੁਰਛਾਗਰਦੀ ਵਾਲਾ ਵਿਵਹਾਰ ਹੈ।
ਮਾਨਯੋਗ ਸੰਪਾਦਕ ਜੀ, ਉੱਪਰ ਆਏ ਪਹਿਲੇ ਦੋ ਨੁਕਤਿਆਂ ਸਬੰਧੀ ਫੈਸਲਾ ਲੈਣ ਦਾ ਆਪ ਜੀ ਨੂੰ ਪੂਰਾ-ਪੂਰਾ ਹੱਕ ਹੈ। ਪਰੰਤੂ ਆਪ ਜੀ ਨੇ ਅਜਿਹਾ ਕਰਨ ਲਈ ਜੋ ਕਾਰਨ ਪੇਸ਼ ਕੀਤਾ ਹੈ ਉਹ ਵਾਜਬ ਪਰਤੀਤ ਨਹੀਂ ਹੁੰਦਾ। ਇਹ ਤਾਂ ਸਹੀ ਹੈ ਕਿ ਸੰਸਥਾਗਤ ਸਿਖ ਧਰਮ ਨੂੰ ਮੰਨਣ ਵਾਲਿਆਂ ਵੱਲੋਂ ਆਮ ਕਰਕੇ ਅਤੇ ਇਸ ‘ਧਰਮ’ ਦੇ ਕੁਝ ਵਿਸ਼ੇਸ਼ ਫਿਰਕਿਆਂ ਵੱਲੋਂ ਵਿਖਾਇਆ ਜਾਂਦਾ ਵਿਵਹਾਰ ਉਚਿਤ ਨਹੀਂ ਪਰੰਤੂ ਅਜਿਹਾ ਤਾਂ ਤਕਰੀਬਨ ਪਿਛਲੀਆਂ ਤਿੰਨ ਸਦੀਆਂ ਤੋਂ ਹੁੰਦਾ ਆ ਰਿਹਾ ਹੈ। ਵੀਹਵੀਂ ਸਦੀ ਦੇ ਪਿਛਲੇ ਅੱਧ ਤੋਂ ਲੈ ਕੇ ਕੁਝ ਧਿਰਾਂ ਨੇ ਜਾਗਰੂਕਤਾ ਦੇ ਨਾਮ ਹੇਠ ਇਸ ‘ਧਰਮ’ ਵਿਚ ਸੁਧਾਰ ਲਿਆਉਣ ਦੇ ਯਤਨ ਆਰੰਭੇ ਸਨ ਪਰੰਤੂ ਇਹ ਸਾਰੇ ਯਤਨ ਬੁਰੀ ਤਰ੍ਹਾਂ ਅਸਫਲ ਹੋਏ ਹਨ ਕਿਉਂਕ ਕਿਸੇ ਵੀ ਸੰਸਥਾਗਤ ਧਰਮ ਵਿਚ ਕਦੀ ਕੋਈ ਸੁਧਾਰ ਹੋਇਆ ਹੀ ਨਹੀਂ ਕਰਦਾ ਅਤੇ ਸਮੇਂ ਨਾਲ ਸਥਿਤੀ ਹੋਰ ਵੀ ਨਿਘਰਦੀ ਜਾਂਦੀ ਹੈ (ਅਤੇ ਕਥਿਤ ‘ਜਾਗਰੂਕ’ ਸੱਜਣ ਖੁਦ ਵੀ ਸਿੱਖੀ ਨੂੰ ਇਕ ਸੰਸਥਾਗਤ ਧਰਮ ਦੇ ਤੌਰ ਤੇ ਮਾਨਤਾ ਦਿੰਦੇ ਆਏ ਹਨ !)।
ਮਾਨਯੋਗ ਸੰਪਾਦਕ ਜੀ, ਇਹ ਤਾਂ ਬਹੁਤ ਹੀ ਚੰਗੀ ਗੱਲ ਹੈ ਕਿ ਆਪ ਜੀ ਨੇ ਸੰਸਥਾਗਤ ਸਿਖ ਧਰਮ ਨੂੰ ਤਿਆਗ ਦੇਣ ਦਾ ਫੈਸਲਾ ਕਰ ਲਿਆ ਹੈ। ਮੈਂ ਆਪ ਜੀ ਨੂੰ ਇਸ ਹੌਂਸਲਾਮਈ ਘੋਸ਼ਣਾ ਕਰਨ ਤੇ ਹਾਰਦਿਕ ਵਧਾਈ ਪੇਸ਼ ਕਰਦਾ ਹਾਂ। ਅਸਲ ਵਿਚ ਇਹ ਸੰਸਥਾਗਤ ਸਿਖ ਧਰਮ ਗੁਰੂ ਸਾਹਿਬਾਨ ਦਾ ਚਲਾਇਆ ਹੋਇਆ ਹੈ ਹੀ ਨਹੀਂ। ਗੁਰੂ ਸਾਹਿਬਾਨ ਨੇ ਤਾਂ ਸੰਸਥਾਗਤ ਧਰਮ ਨੂੰ ਮੂਲੋਂ ਹੀ ਨਕਾਰਦੇ ਹੋਏ ਇਸ ਦਾ ਬਦਲ ‘ਮਾਨਵਵਾਦ’ ਦੀ ਲਹਿਰ ਦੇ ਰੂਪ ਵਿਚ ਪੇਸ਼ ਕੀਤਾ ਸੀ। ਇਸ ਲਹਿਰ ਦੇ ਕੋਈ ਦੋ ਕੁ ਸੌ ਸਾਲ ਸਫਲਤਾ ਪੂਰਵਕ ਚੱਲ ਜਾਣ ਪਿਛੋਂ ਗੁਰੂ ਸਾਹਿਬਾਨ ਦੀ ਗੈਰਹਾਜ਼ਰੀ ਵਿਚ ਉਦਾਸੀਆਂ ਅਤੇ ਨਿਰਮਲਿਆਂ ਨੇ ਇਸ ਨੂੰ ਬ੍ਰਾਹਮਣਵਾਦੀ ਰੰਗਤ ਦੇ ਸੰਸਥਾਗਤ ਧਰਮ ਦਾ ਰੂਪ ਦੇ ਦਿੱਤਾ ਅਤੇ ਹਿੰਦੂ ਧਰਮ ਦੀ ਇਸ ਵੰਨਗੀ ਨੂੰ ‘ਸਿਖ’ ਕਹਾਉਂਦੇ ਲੋਕ ਪਿਛਲੀਆਂ ਤਿੰਨ ਸਦੀਆਂ ਤੋਂ ਲੈਕੇ 'ਸਿਖ ਧਰਮ' ਦੇ ਤੌਰ ਤੇ ਮਾਨਤਾ ਦਿੰਦੇ ਆ ਰਹੇ ਹਨ।
ਮਾਨਯੋਗ ਸੰਪਾਦਕ ਜੀ, ਇਸ ਵੇਲੇ ਸਾਡੇ ਸਾਹਮਣੇ ਮਸਲਾ ਇਹ ਨਹੀਂ ਕਿ ਵੈਬਸਾਈਟ ਨੂੰ ਚਾਲੂ ਰੱਖਿਆ ਜਾਵੇ ਕਿ ਨਾ, ਸਗੋਂ ਮਸਲਾ ਇਹ ਹੈ ਕਿ ਸਾਨੂੰ ਗੁਰੂ ਸਾਹਿਬਾਨ ਵੱਲੋਂ ਚਲਾਈ ਗਈ ਮਾਨਵਵਾਦੀ ਲਹਿਰ ਨੂੰ ਪੁਨਰ-ਸੁਰਜੀਤ ਕਰਨ ਅਤੇ ਸਮੁੱਚੇ ਸੰਸਾਰ ਵਿਚ ਇਸਦਾ ਪਰਚਾਰ ਕਰਨ ਲਈ ਕੀ ਕਰਨਾ ਚਾਹੀਦਾ ਹੈ। ਕਿਉਂਕ ਆਪ ਜੀ ਦੇ ਕੋਲ ਤਜਰਬਾ ਵੀ ਹੈ, ਸੂਝ-ਬੂਝ ਵੀ ਅਤੇ ਸੁਹਿਰਦਤਾ ਵੀ। ਇਸ ਲਈ ਮੈਂ ਆਪ ਜੀ ਪਾਸੋਂ ਤਵੱਕੋਂ ਕਰਦਾ ਹਾਂ ਕਿ ਆਪ ਜੀ ਇਸ ਪੱਖੋਂ ਆਪਣਾ ਪੂਰਾ ਸਹਿਯੋਗ ਦੇਣ ਲਈ ਅੱਗੇ ਆਵੋਗੇ।

ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


26/05/15)
ਨਿਰਮਲ ਸਿੰਘ ਕੰਧਾਲਵੀ

ਹਾਏ ਓਏ ਮੇਰਿਆ ਰੱਬਾ ਸਿੱਖ ਏਨੇ ਭੋਲ਼ੇ!
ਪਾਠਕਾਂ ਨੇ ਮੀਡੀਆ ਵਿੱਚ ਪੜ੍ਹਿਆ ਸੁਣਿਆ ਹੈ ਕਿ ਹੌਂਦ ਚਿੱਲੜ ਵਿੱਚ ਕਿਸੇ ਵਿਅਕਤੀ ਨੂੰ ਪੁਰਾਣੇ ਖੰਡਰਾਂ ਵਿਚੋਂ ਬਹੁਤ ਵੱਡਾ ਖ਼ਜ਼ਾਨਾ ਮਿਲ਼ਿਆ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਇਹ ਖ਼ਜ਼ਾਨਾ ਕਿਸੇ ਨੇ ਵੀ ਦੇਖਿਆ ਨਹੀਂ ਬਸ ਮੂੰਹ ਜ਼ੁਬਾਨੀ ਹੀ ਗਵਾਹ ਵੀ ਖੜ੍ਹੇ ਕਰ ਲਏ ਗਏ ਹਨ ਕਿ ਖਜ਼ਾਨਾ ਉਹਨਾਂ ਦੇ ਸਾਹਮਣੇ ਕੱਢਿਆ ਗਿਆ ਹੈ। ਸਥਾਨਕ ਥਾਣੇ ਦੇ ਕਰਮਚਾਰੀ ਖ਼ਜ਼ਾਨੇ ਤੋਂ ਮੁਨਕਰ ਹਨ। ਜਿਵੇਂ ਇਸ ਖਜ਼ਾਨੇ ਦੀ ਤਫ਼ਸੀਲ ਦਿਤੀ ਗਈ ਹੈ ਉਸ ਹਿਸਾਬ ਨਾਲ਼ ਤਾਂ ਇਹ ਕਰੋੜਾਂ ਰੁਪਏ ਦੇ ਮੁੱਲ ਦਾ ਹੋਵੇਗਾ। ਹੈਰਾਨੀ ਦੀ ਗੱਲ ਹੈ ਕਿ ਕੋਈ ਸਰਕਾਰ, ਕੋਈ ਸਰਕਾਰੀ ਕਰਮਚਾਰੀ ਕੋਈ ਸਿਆਸਤਦਾਨ ਸਰਗਰਮ ਨਹੀਂ ਹੋਇਆ।
ਪਾਠਕਾਂ ਨੂੰ ਯਾਦ ਹੋਵੇਗਾ ਕਿ ਪਿਛਲੇ ਸਾਲ ਭਾਰਤ ਵਿੱਚ ਇੱਕ ਸਾਧ ਨੇ ਕਹਿ ਦਿਤਾ ਸੀ ਕਿ ਉਸਨੇ ਸੁਪਨੇ `ਚ ਫਲਾਣੇ ਮੰਦਰ ਦੇ ਖੰਡਰਾਤਾਂ ਹੇਠ ਕਰੋੜਾਂ ਅਰਬਾਂ ਦਾ ਖ਼ਜ਼ਾਨਾ ਦੇਖਿਆ ਹੈ। ਬਸ ਫੇਰ ਕੀ ਸੀ ਭਾਰਤ ਸਰਕਾਰ ਦੀ ਸਾਰੀ ਮਸ਼ੀਨਰੀ ਹਰਕਤ ਵਿੱਚ ਆ ਗਈ ਤੇ ਜ਼ਮੀਨ ਪੁਟਾਈ ਕਰਨ ਵਾਲ਼ੀਆਂ ਵੱਡੀਆਂ ਵੱਡੀਆਂ ਮਸ਼ੀਨਾਂ ਨੇ ਉੱਥੇ ਖੌਰੂ ਪੁੱਟ ਦਿਤਾ। ਤਰਕਸ਼ੀਲ ਲੋਕ ਸਰਕਾਰ ਦੀ ਕਮਅਕਲੀ `ਤੇ ਹੱਸ ਰਹੇ ਸਨ ਪਰ ਸਰਕਾਰ ਖ਼ਜ਼ਾਨੇ ਦੇ ਲਾਲਚ ਵਿੱਚ ਕੁੱਝ ਦੇਰ ਡਟੀ ਰਹੀ। ਜਦੋਂ ਚਾਰੇ ਸਿਰੇ ਨਿਰਾਸ਼ਾ ਪੱਲੇ ਪਈ ਤਾਂ ਸ਼ਰਮਿੰਦੀ ਹੋ ਕੇ ਟੋਏ ਪੂਰ ਕੇ ਆ ਗਈ। ਲੌਟ ਕੇ ਬੁੱਧੂ ਘਰ ਕੋ ਆਏ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਹੌਂਦ ਚਿੱਲੜ ਵਿੱਚ ਸਚਮੁੱਚ ਹੀ ਖ਼ਜ਼ਾਨਾ ਮਿਲ਼ਿਆ ਹੈ ਤਾਂ ਸਰਕਾਰ ਹਰਕਤ ਵਿੱਚ ਕਿਉਂ ਨਹੀਂ ਆਈ? ਕਿਉਂ ਉਸ ਇਲਾਕੇ ਨੂੰ ਸੀਲ ਨਹੀਂ ਕੀਤਾ ਗਿਆ? ਸਿੱਖ ਵੀ ਖ਼ਜ਼ਾਨਾ ਮਿਲਣ ਦੇ ਹੀ ਬਿਆਨ ਦੇਈ ਜਾ ਰਹੇ ਹਨ। ਅਸਲ ਚੱਕਰ ਇਹ ਹੈ ਕਿ ਸਰਕਾਰ ਉਸ ਜਗ੍ਹਾ ਦਾ ਖੁਰਾ ਖੋਜ ਮਿਟਾਉਣਾ ਚਾਹੁੰਦੀ ਹੈ। ਪੁਰਾਣੇ ਖੰਡਰ, ਜਿਹਨਾਂ ਨੂੰ ਦੇਖ ਕੇ ਆਉਣ ਵਾਲ਼ੀਆਂ ਸਿੱਖ ਨਸਲਾਂ ਨੇ ਸਿੱਖਾਂ ਦੀ ਨਸਲਕੁਸ਼ੀ ਨੂੰ ਯਾਦ ਕਰਨਾ ਸੀ, ਖ਼ਤਮ ਕਰਨਾ ਚਾਹੁੰਦੀ ਹੈ। ਨਾ ਰਹੇ ਬਾਂਸ ਨਾ ਵੱਜੇ ਬੰਸਰੀ। ਮਨਵਿੰਦਰ ਸਿੰਘ ਗਿਆਸਪੁਰਾ ਨੇ ਸਭ ਤੋਂ ਪਹਿਲਾਂ ਹੌਂਦ ਚਿੱਲੜ ਦਾ ਸੱਚ ਲੋਕਾਂ ਸਾਹਮਣੇ ਲਿਆਂਦਾ ਸੀ। ਉਸ ਵੇਲੇ ਤੋਂ ਹੀ ਲੈ ਕੇ ਬ੍ਰਾਹਮਣ ਦੇ ਸ਼ਾਤਰ ਸਿਸਟਮ ਨੇ ਉਸ ਨੂੰ ਕਚਹਿਰੀਆਂ ਕੋਰਟਾਂ ਦੇ ਚੱਕਰਾਂ `ਚ ਪਾਇਆ ਹੋਇਆ ਹੈ ਤਾਂ ਕਿ ਉਹ ਇਸ ਮਸਲੇ ਬਾਰੇ ਗੱਲ ਹੀ ਨਾ ਕਰੇ। ਦੁਸ਼ਮਣ ਦੀ ਇਹ ਵੀ ਇੱਕ ਚਾਲ ਹੁੰਦੀ ਹੈ ਕਿ ਗਧੀ-ਗੇੜਾਂ `ਚ ਪਾ ਕੇ ਹੱਕ ਇਨਸਾਫ਼ ਮੰਗਣ ਵਾਲ਼ੇ ਲੋਕਾਂ ਨੂੰ ਏਨੇ ਨਿਢਾਲ ਕਰ ਦਿਉ ਕਿ ਉਹਨਾਂ ਦੀ ਸਾਰੀ ਸ਼ਕਤੀ ਖੀਣ ਹੋ ਜਾਵੇ ਤੇ ਉਹ ਹਾਰ ਹੰਭ ਕੇ ਬੈਠ ਜਾਣ। ਸਿੱਖਾਂ ਲਈ ਤਾਂ ਇਸ ਦੀ ਸ਼ੁਰੂਆਤ ਪੰਜਾਬੀ ਸੂਬੇ ਦੀ ਮੰਗ ਨਾਲ਼ ਹੀ ਸ਼ੁਰੂ ਹੋ ਗਈ ਸੀ। ਭਾਰਤ ਦੀ ਸਰਕਾਰ ਨੇ ਜਦ ਬੋਲੀ ਦੇ ਆਧਾਰ `ਤੇ ਸੂਬਿਆਂ ਦਾ ਗਠਨ ਕੀਤਾ ਸੀ ਤਾਂ ਪੰਜਾਬ ਵਿੱਚ ਜਾਣ ਬੁਝ ਕੇ ਸੇਹ ਦਾ ਤੱਕਲਾ ਗੱਡ ਦਿਤਾ ਸੀ। ਉਸ ਤੋਂ ਬਾਅਦ ਤਾਂ ਇਹ ਰੋਜ਼ਾਨਾ ਦਾ ਕੰਮ ਹੀ ਬਣ ਗਿਆ ਹੈ ਕਿ ਸਿੱਖ ਹਮੇਸ਼ਾ ਹੀ ਆਪਣੇ ਬਚਾਉ
(defensive) ਕਦੀ ਕੋਰਟਾਂ ਕਚਹਿਰੀਆਂ `ਚ ਲਈ ਭੱਜੇ ਫਿਰਦੇ ਹਨ, ਕਦੀ ਬੂਬਨੇ ਸਾਧਾਂ ਨਾਲ਼ ਲੜਾਈਆਂ, ਕਦੀ ਧਰਨੇ, ਕਦੀ ਕੁੱਝ ਤੇ ਕਦੀ ਕੁਝ। ਅਨੇਕਾਂ ਮਸਲਿਆਂ `ਚ ਸਿੱਖ ਕੌਮ ਨੂੰ ਉਲਝਾ ਕੇ ਇਸ ਦੀ ਸਾਰੀ ਸ਼ਕਤੀ ਨਸ਼ਟ ਕਰਵਾਈ ਜਾ ਰਹੀ ਹੈ। ਬਾਕੀ, ਸਿੱਖ ਆਪ ਵੀ ਕਿਹੜਾ ਘੱਟ ਹਨ। ਜ਼ਰਾ ਹਿਸਾਬ ਲਾ ਕੇ ਦੇਖੋ ਇਹ ਨਗਰ ਕੀਰਤਨਾਂ, ਕੀਰਤਨ ਦਰਬਾਰਾਂ, ਤਿੰਨ ਤਿੰਨ ਸੌ ਪ੍ਰਕਾਰ ਦੇ ਭੋਜਨ ਦੇ ਲੰਗਰਾਂ `ਤੇ ਕਿਤਨੀ ਸ਼ਕਤੀ ਤੇ ਕਿਤਨਾ ਸਰਮਾਇਆ ਰੋੜ੍ਹਦੇ ਹਨ। ਇਸਦਾ ਦਸ ਫ਼ੀਸਦੀ ਵੀ ਸਹੀ ਅਰਥਾਂ `ਚ ਸਿੱਖੀ ਦੇ ਪ੍ਰਚਾਰ `ਤੇ ਲਾਇਆ ਜਾਵੇ ਤਾਂ ਸਿੱਖੀ ਵਿੱਚ ਕ੍ਰਾਂਤੀ ਆ ਸਕਦੀ ਹੈ। ਲੋਕਾਂ ਦਾ ਧਿਆਨ ਅਸਲ ਮੁੱਦਿਆਂ ਵਲੋਂ ਹਟਾਉਣ ਲਈ ਦੋ ਕਰੋੜ ਦੀ ਬੱਸ ਵਿੱਚ ਗੁਰੂ ਸਾਹਿਬਾਂ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ। ਸੰਗਤਾਂ ਨੂੰ ਕਿਹਾ ਜਾ ਰਿਹਾ ਹੈ ਕਿ ਸ਼ਸ਼ਤਰਾਂ ਦੇ ਦਰਸ਼ਨ ਕਰ ਕੇ ਜਨਮ ਸਫ਼ਲਾ ਕਰੋ। ਕੀ ਗੁਰਬਾਣੀ ਇਸ ਗੱਲ ਨਾਲ਼ ਸਹਿਮਤ ਹੈ ਕਿ ਕਿਸੇ ਚੀਜ਼ ਦੇ ਦਰਸ਼ਨ ਕਰਨ ਨਾਲ਼ ਜਨਮ ਸਫ਼ਲਾ ਹੋ ਸਕਦਾ ਹੈ। ਬਾਣੀ ਦਾ ਤਾਂ ਫ਼ੁਰਮਾਨ ਹੈ:-
ਡਿਠੈ ਮੁਕਤਿ ਨਾ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥ (ਗੁਰੂ ਗ੍ਰੰਥ ਸਾਹਿਬ ਜੀ- 594)
ਹਰੇਕ ਦੇਸ਼ ਵਿੱਚ ਉੱਥੋਂ ਦੇ ਪੁਰਾਣੇ ਇਤਿਹਾਸ ਦੀਆਂ ਨਿਸ਼ਾਨੀਆਂ ਮੌਜੂਦ ਹੁੰਦੀਆਂ ਹਨ ਜਿਹੜੀਆਂ ਉੱਥੋਂ ਦੇ ਪ੍ਰਬੰਧ ਨੇ ਬੜੀਆਂ ਸੰਭਾਲ ਕੇ ਅਜਾਇਬਘਰਾਂ `ਚ ਰੱਖੀਆਂ ਹੋਈਆਂ ਹੁੰਦੀਆਂ ਹਨ। ਲੋਕ ਉੱਥੇ ਜਾ ਕੇ ਦੇਖਦੇ ਹਨ। ਮੈਨੂੰ ਚਾਲੀ ਸਾਲ ਹੋ ਗਏ ਹਨ ਇੰਗਲੈਂਡ ਰਹਿੰਦਿਆਂ, ਕਦੀ ਨਹੀਂ ਦੇਖਿਆ ਕਿ ਅਜਾਇਘਰ ਵਾਲ਼ੇ ਇਸ ਤਰ੍ਹਾਂ ਪੁਰਾਤਨ ਵਸਤਾਂ ਦੀ ਨੁਮਾਇਸ਼ ਪਿੰਡ ਪਿੰਡ, ਸ਼ਹਿਰ ਸ਼ਹਿਰ ਜਾ ਕੇ ਕਰਦੇ ਹੋਣ। ਹਾਲਾਂ ਕਿ ਇੰਗਲੈਂਡ ਵਰਗੇ ਦੇਸ਼ ਨੇ ਆਪਣੀਆਂ ਯਾਦਗ਼ਾਰਾਂ ਤਾਂ ਸਾਂਭੀਆਂ ਹੀ ਹੋਈਆਂ ਹਨ ਇਹਨਾਂ ਨੇ ਤਾਂ ਬਾਹਰਲੇ ਦੇਸ਼ਾਂ ਦਾ ਵੀ ਬਹੁਤ ਕੁੱਝ ਸੰਭਾਲ ਕੇ ਰੱਖਿਆ ਹੋਇਆ ਹੈ। ਇਹ ਗੱਲ ਵੀ ਸੱਚ ਹੈ ਕਿ ਜੇ ਉਹ ਵਸਤਾਂ ਉਹਨਾਂ ਹੀ ਦੇਸ਼ਾਂ ਵਿੱਚ ਰਹਿੰਦੀਆਂ ਤਾਂ ਸ਼ਾਇਦ ਉਹਨਾਂ ਦਾ ਹੁਣ ਤਾਈਂ ਨਾਮੋ-ਨਿਸ਼ਾਨ ਵੀ ਨਾ ਬਚਦਾ। ਮਿਸਾਲ ਸਿੱਖ ਰਾਜ ਦੀਆਂ ਨਿਸ਼ਾਨੀਆਂ ਦੀ ਦਿਤੀ ਜਾ ਸਕਦੀ ਹੈ ਜੋ ਲੰਦਨ ਅਜਾਇਬਘਰ `ਚ ਪਈਆਂ ਹਨ। ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਜਿਹੜੇ ਸ਼ਸ਼ਤਰ ਤੇ ਨਿਸ਼ਾਨੀਆਂ ਪੰਜਾਬ ਵਿੱਚ ਘੁੰਮਾਈਆਂ ਜਾ ਰਹੀਆਂ ਹਨ ਉਹਨਾਂ ਬਾਰੇ ਅਮਰੀਕਾ ਰਹਿੰਦੇ ਪੀਰ ਬੁੱਧੂ ਸ਼ਾਹ ਦੇ ਵਾਰਸਾਂ ਨੇ ਸਵਾਲ ਖੜ੍ਹਾ ਕਰ ਦਿਤਾ ਹੈ ਕਿ ਅਸਲ ਵਸਤਾਂ ਤਾਂ ਉਹਨਾਂ ਕੋਲ ਅਮਰੀਕਾ `ਚ ਹਨ। ਉਹਨਾਂ ਨੇ ਸ਼੍ਰੋਮਣੀ ਕਮੇਟੀ ਕਟਿਹਰੇ `ਚ ਖੜ੍ਹੀ ਕਰ ਦਿਤੀ ਹੈ। ਇਸ ਬਾਰੇ ਉਹਨਾਂ ਦੀ ਇੱਕ ਵੀਡੀਓ ਵੀ ਇੰਟਰਨੈੱਟ `ਤੇ ਉਪਲਬਧ ਹੈ। ਜਦੋਂ ਮੱਕੜ ਨੂੰ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਉਸਦਾ ਜਵਾਬ ਉਹੋ ਜਿਹਾ ਹੀ ਸੀ ਜਿਸ ਤਰ੍ਹਾਂ ਦੇ ਉਹ ਦਿੰਦਾ ਹੁੰਦਾ ਹੈ।
ਸਿੱਖ ਵਿਦਵਾਨ ਇਸ ਸਾਰੇ ਵਰਤਾਰੇ ਨੂੰ ਲੋਕਾਂ ਦੇ ਧਾਰਮਿਕ ਸ਼ੋਸ਼ਣ ਤੋਂ ਵੱਧ ਨਹੀਂ ਸਮਝ ਰਹੇ। ਜ਼ਰਾ ਹਿਸਾਬ ਲਾਉ, ਕਿੰਨਾ ਪੈਟਰੋਲ ਡੀਜ਼ਲ ਫੂਕਿਆ ਜਾ ਰਿਹਾ ਹੈ। ਕਿਤਨਾ ਸਮਾਂ ਲੋਕਾਂ ਦਾ ਬਰਬਾਦ ਕੀਤਾ ਜਾ ਰਿਹਾ ਹੈ। ਹਾਂ ਪ੍ਰਬੰਧਕਾਂ ਦੇ ਵਾਰੇ ਨਿਆਰੇ ਜ਼ਰੂਰ ਹੋ ਜਾਣਗੇ। ਬੜੀ ਸ਼ਾਤਰਤਰਾ ਨਾਲ਼ ਲੋਕਾਂ ਨੂੰ ਅਸਲ ਮੁੱਦਿਆਂ ਤੋਂ ਭਟਕਾ ਦਿਤਾ ਗਿਆ ਹੈ।
ਹੌਂਦ ਚਿੱਲੜ ਦੇ ਕੇਸ ਵਿੱਚ ਵੀ ਅਸਲ ਮੁੱਦੇ ਵਲੋਂ ਭਟਕਾ ਕੇ ਤੇ ਲੋਕਾਂ ਨੂੰ ਖ਼ਜ਼ਾਨੇ ਦਾ ਲਾਲਚ ਦੇ ਕੇ ਸਰਕਾਰ ਨੇ ਤੇ ਪ੍ਰਸ਼ਾਸਨ ਨੇ ਆਪ ਅੱਖਾਂ ਮੀਟ ਲੈਣੀਆਂ ਹਨ ਤੇ ਲੋਕਾਂ ਨੇ ਨੀਹਾਂ ਪੁੱਟ ਪੁੱਟ ਕੇ ਸਭ ਨੇਸਤੋ-ਨਾਬੂਦ ਕਰ ਦੇਣਾ ਹੈ। ਹੁਣ ਵੀ ਖ਼ਬਰਾਂ ਆ ਰਹੀਆਂ ਹਨ ਕਿ ਪੁਲਿਸ ਦੇ ਪਹਿਰੇ ਦੇ ਬਾਵਜੂਦ ਉੱਥੇ ਲੋਕ ਖੁਦਾਈ ਕਰੀ ਜਾ ਰਹੇ ਹਨ। ਚੋਰਾਂ ਨਾਲ਼ ਰਲ਼ੀ ਹੋਈ ਕੁੱਤੀ ਸਿੱਖਾਂ ਨੂੰ ਕਿਉਂ ਨਜ਼ਰ ਨਹੀਂ ਆ ਰਹੀ? ਦਰਬਾਰ ਸਾਹਿਬ ਕੰਪਲੈਕਸ ਵਿੱਚ ਕੋਈ ਨਿਸ਼ਾਨੀ ਬਚੀ ਹੈ ਜਿਸ ਤੋਂ ਪਤਾ ਲੱਗੇ ਕਿ ਕਦੇ ਉਨੀ ਸੌ ਚੌਰਾਸੀ `ਚ ਇੱਥੇ ਘੱਲੂਘਾਰਾ ਹੋਇਆ ਸੀ? ਸੈਂਟਰ ਸਰਕਾਰ ਦਾ ਹੱਥਠੋਕਾ ਛਿਆਨਵੇਂ ਕਰੋੜੀ ਝੱਟ ਕਹੀਆਂ ਤਸਲੇ ਲੈ ਕੇ ਸ੍ਰੀ ਅਕਾਲ ਤਖ਼ਤ ਉਸਾਰਨ ਤੁਰ ਪਿਆ ਸੀ।
ਮਿਸਾਲਾਂ ਤਾਂ ਹੋਰ ਵੀ ਦਿਤੀਆਂ ਜਾ ਸਕਦੀਆਂ ਹਨ ਪਰ ਇੱਕ ਮਿਸਾਲ ਦੇ ਕੇ ਗੱਲ ਖ਼ਤਮ ਕਰਾਂਗਾ ਕਿ ਦੂਜੀ ਸੰਸਾਰ ਜੰਗ ਵਿੱਚ ਜਰਮਨੀ ਦੇ ਜਹਾਜ਼ਾਂ ਨੇ ਇੰਗਲੈਂਡ ਦੇ ਸ਼ਹਿਰ ਕਵੈਂਟਰੀ `ਚ ਇੱਕ ਕਥੀਡਰਲ (ਵੱਡਾ ਚਰਚ) ਨੂੰ ਨਿਸ਼ਾਨਾ ਬਣਾ ਕੇ ਮਲੀਆ-ਮੇਟ ਕਰ ਦਿਤਾ ਸੀ। ਅੰਗਰੇਜ਼ਾਂ ਨੇ ਭਾਵੇਂ ਹੋਰ ਚਰਚ ਬਣਾ ਲਿਆ ਪਰ ਢੱਠੇ ਹੋਏ ਨੂੰ ਉਵੇਂ ਹੀ ਯਾਦਗ਼ਾਰ ਵਜੋਂ ਸਾਂਭਿਆ ਹੋਇਆ ਹੈ। ਇਹ ਹਨ ਅਕਲਮੰਦ ਕੌਮਾਂ ਦੀਆਂ ਨਿਸ਼ਾਨੀਆਂ।
ਸਿੱਖ ਇਸ ਗੱਲ ਨੂੰ ਸਮਝਣ ਵਿੱਚ ਅਸਮਰੱਥ ਹਨ ਕਿ ਹੌਂਦ ਚਿੱਲੜ ਵਿੱਚ ਦੁਸ਼ਮਣ ਆਪ ਇਹ ਕੰਮ ਕਰਨ ਦੀ ਬਜਾਇ ਲਾਲਚ ਦੀ ਬੁਰਕੀ ਪਾ ਕੇ ਲੋਕਾਂ ਪਾਸੋਂ ਕਰਵਾ ਰਿਹਾ ਹੈ। ਸਿੱਖੋ ਜਾਗੋ।
ਨਿਰਮਲ ਸਿੰਘ ਕੰਧਾਲਵੀ


26/05/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਦਾਤੇ ਦਿਤੀ ਜ਼ਿੰਦਗੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮੈਨੂੰ ਮੇਰੇ ਦਾਤੇ ਦਿਤੀ ਜ਼ਿੰਦਗੀ ਜਿਉਣ ਨੂੰ।
ਜੱਗ ਨੂੰ ਨਿਭਾਉਣ ਨੂੰ ਤੇ ਰੱਬ ਨੂੰ ਧਿਆਉਣ ਨੂੰ।
ਹਰ ਪਲ ਦਿਤਾ ਅਣਮੁਲਾ ਲਾਹਾ ਲੈਣ ਨੂੰ,
ਛੱਡ ਕੇ ਕੁਫੱਕੜੇ ਰਾਹ ਸੱਚੇ-ਸੁੱਚੇ ਪੈਣ ਨੂੰ।
ਮਿਹਨਤ ਦੀ ਖੱਟ, ਵੰਡ ਖਾਣ ਵਰਤਾਉਣ ਨੂੰ।
ਅਪਣੀ ਹੀ ਨਹੀਂ, ਚੰਗੀ ਸੋਚਣੀ ਏਂ ਜੱਗ ਦੀ,
ਸਾਰਿਆਂ `ਚ ਸੁੱਖ ਤੇ ਸਨੇਹ ਦੀ ਵਾ ਜੇ ਵਗਦੀ,
ਪ੍ਰੇਮ ਤੇ ਪਿਆਰ ਦੀ ਸੁਗੰਧ ਹੈ ਫੈਲਾਉਣ ਨੂੰ।
ਮੈਨੂੰ ਮੇਰੇ ਦਾਤੇ ਦਿਤੀ ਜ਼ਿੰਦਗੀ ਜਿਉਣ ਨੂੰ।
ਖਾਲੀ ਹੱਥ ਆਇਆ ਸੀ ਤੇ ਖਾਲੀ ਹੱਥ ਜਾਣਾ ਹੈ,
ਨਾਲ ਕੀ ਲਿਆਇਆ ਸੀ ਨਾਲ ਮੈਂ ਲਿਜਾਣਾ ਹੈ।
‘ਮੇਰੀ, ਮੇਰੀ’ ਕਰਾਂ ਢੇਰ ਮਾਇਆ ਦੇ ਕਿਉਂ ਲਾਉਣ ਨੂੰ।
ਮੈਨੂੰ ਮੇਰੇ ਦਾਤੇ ਦਿਤੀ ਜ਼ਿੰਦਗੀ ਜਿਉਣ ਨੂੰ।
ਰੋਂਦਾ ਸੀ ਮੈਂ ਆਇਆ ਜਾਵਾਂ ਜੱਗ ਨੂੰ ਹਸਾਉਂਦਾ ਮੈਂ,
ਸੁੱਖ ਦੇਵਾਂ, ਦੁੱਖ ਸਹਾਂ, ਜੱਗ ਦੇ ਵੰਡਾਉਣ ਨੂੰ।
ਮੈਨੂੰ ਮੇਰੇ ਦਾਤੇ ਦਿਤੀ ਜ਼ਿੰਦਗੀ ਜਿਉਣ ਨੂੰ।
ਲਿਖਾਂ ਗੀਤ ਰੱਬ ਦੇ ਮੈਂ ਜੱਗ ਨੂੰ ਸੁਣਾਉਣ ਨੂੰ।
ਮੈਨੂੰ ਮੇਰੇ ਦਾਤੇ ਦਿਤੀ ਜ਼ਿੰਦਗੀ ਜਿਉਣ ਨੂੰ।


25/05/15)
ਮਨਦੀਪ ਸਿੰਘ ਵਰਨਨ

ਸਤਿਕਾਰਯੋਗ ਅੰਕਲ ਸ. ਮੱਖਣ ਸਿੰਘ ਜੀ .....

ਤੁਹਾਡਾ ਲੇਖ ਝੂਠੇ, ਕਪਟੀ ਅਤੇ ਗੰਦੇ ਗੁੰਡਿਆਂ ਦੇ ਧਰਮ ਦੀ ਮੈਨੂੰ ਕੋਈ ਲੋੜ ਨਹੀਂ ! ਬਿਲਕੁਲ ਸੱਚ ਹੈ , ਗੁਰੂ ਨਾਨਕ ਦੀ ਵਿਚਾਰਧਾਰਾ ਦੀ ਪਹਿਰੇਦਾਰੀ ਕਰਨ ਲਈ ਤੁਸੀਂ ਵਧਾਈ ਦੇ ਪਾਤਰ ਹੋ । ਸੱਚ ਇਹੀ ਹੈ ਕਿ ਅੱਜ ‘ਗੁਰੂ ਕੀ ਸਿੱਖੀ’ ਦੀ ਬਜਾਏ ਭਿੰਡਰਾਂਵਾਲੇ ਅਤੇ ਹੋਰ ਵਿਅਕਤੀਆ ਦੀ ਸਿੱਖੀ ਹੀ ਧਰਮ ਬਣ ਗਈ ਹੈ ਤੇ ਸਾਡੇ ਸਿੱਖ/ਵਿਦਵਾਨ ਕਮੀਨੇ ਹੋ ਗਏ ਹਨ ਤੇ ਸੱਚ ਬੋਲਣ ਲੱਗਿਆਂ ਇੰਨਾਂ ਦੀ ਸੰਘੀ ਸੁੱਕ ਜਾਂਦੀ ਹੈ । ਬੇਨਤੀ ਹੈ ਕਿ ਕਿਰਪਾ ਕਰਕੇ ਸਿੱਖ ਮਾਰਗ ਚਾਲੂ ਰੱਖੋ ਕਿਉਕਿ ਜਿੱਥੇ ਅਸੀਂ ਸਿੱਖ ਮਾਰਗ ਤੋਂ ਬਹੁਤ ਕੁਝ ਸਿੱਖਿਆ ਹੈ ਹੋਰ ਸਿੱਖ ਵੀ ਲਾਭ ਲੈ ਸਕਣ ।

ਧੰਨਵਾਦ
ਮਨਦੀਪ ਸਿੰਘ ਵਰਨਨ


25/05/15)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸ੍ਰ. ਮੱਖਣ ਸਿੰਘ ਜੀ,
ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ।


ਆਪ ਵੱਲੋਂ ਲਿਖਿਆ ਲੇਖ “ਝੂਠੇ, ਕਪਟੀ ਅਤੇ ਗੰਦੇ ਗੁੰਡਿਆਂ ਦੇ ਧਰਮ ਦੀ ਮੈਨੂੰ ਕੋਈ ਲੋੜ ਨਹੀਂ! ਪੜ੍ਹਕੇ ਬਹੁਤ ਹੈਰਾਨੀ ਹੋਈ ਕਿ ਆਪਨੇ ਏਨੇ ਸਾਲ ਕਿਸੇ ਦੀਆਂ ਵੀ ਧਮਕੀਆਂ ਦੀ ਪਰਵਾਹ ਨਾਂ ਕਰਦੇ ਹੋਏ “ਸਿੱਖ ਮਾਰਗ ਸਾਈਟ” ਨੂੰ ਚਾਲੂ ਰੱਖਿਆ ਹੈ; ਪਰ ਹੁਣ ਆਪ ਵੱਲੋਂ ਅਚਾਨਕ ਇਸ ਨੂੰ ਬੰਦ ਕਰਨ ਦਾ ਫੈਂਸਲਾ ਬਹੁਤ ਹੀ ਹੈਰਾਨੀ ਵਾਲਾ ਅਤੇ ਦੁੱਖਦਾਈ ਹੈ ।

ਸੋ, ਆਪਨੂੰ ਬੇਨਤੀ ਹੈ ਕਿ ਆਪ ਆਪਣੇ ਇਸ ਫੈਂਸਲੇ ਬਾਰੇ ਜ਼ਰੂਰ ਦੂਬਾਰਾ ਵਿਚਾਰ ਕਰੋ ।
ਇਕ ਪਾਠਕ, ਗੁਰਸ਼ਰਨ ਸਿੰਘ ਕਸੇਲ


25/05/15)
ਗੋਪਾਲ ਸਿੰਘ

Respected S. Makhan SIngh Ji
WaahGuru Ji Ka Khalsa
WaahGuru Ji Ki Fateh

Today I read your concern and it is sad to stop doing service to the community. I wish you continue this page specially articles and reasonable readers comments (Pattar).
For some of the bad people , please do not punish the good people. We all benefit from your site.
I am not sue what else I can say. I do request, please think again and keep helping us
May God Bless us all to understand His Will
Daas
Gopal Singh

ਨੋਟ:- ਗੋਪਾਲ ਸਿੰਘ ਅਤੇ ਸਰਵਜੀਤ ਸਿੰਘ ‘ਸਿੱਖ ਮਾਰਗ’ ਦੇ ਸਭ ਤੋਂ ਪੁਰਾਣੇ ਅਤੇ ਪਹਿਲੇ ਪਾਠਕ ਹਨ। ਗੋਪਾਲ ਸਿੰਘ ਜੀ ਪਹਿਲਾਂ ਤੋਂ ਹੀ ਅੰਗ੍ਰੇਜ਼ੀ ਵਿੱਚ ਹੀ ਲਿਖਦੇ ਹਨ। ਕਿਉਂਕਿ ਅਸੀਂ ਭਾਂਵੇਂ ਹੁਣ ਅੰਗ੍ਰੇਜ਼ੀ ਦੀਆਂ ਲਿਖਤਾਂ ਨਹੀਂ ਪਉਂਦੇ ਪਰ ਮਜ਼ਬੂਰੀ ਵੱਸ ਇਹ ਪਉਂਣੀ ਪੈ ਰਹੀ ਹੈ ਤਾਂ ਕਿ ਇਹਨਾ ਵਲੋਂ ਕਹੀ ਹੋਈ ਗੱਲ ਵਿੱਚ ਕੋਈ ਤਬਦੀਲੀ ਨਾ ਆਵੇ ਅਤੇ ਸਾਰਿਆਂ ਦੇ ਜਵਾਬ ਇਕੱਠੇ ਹੀ ਮੈਂ ਮਈ 31 ਨੂੰ ਦੇਵਾਂਗਾ-ਸੰਪਾਦਕ।


25/05/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਰੱਬ ਸਭ ਵਧੀਆ ਕਰਦੈ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਰੱਬ ਤਾਂ ਜੋ ਵੀ ਕਰਦਾ, ਸਭ ਕੁੱਝ ਵਧੀਆ ਕਰਦਾ ਹੈ।
ਬੰਦਾ ਐਵੇਂ ਛੋਟੀ ਛੋਟੀ ਗਲ ਤੇ ਮਰਦਾ ਹੈ।
ਸੱਚ ਦੀ ਰਾਹ ਜੋ ਚਲਦਾ, ਉਸ ਨੁੰ ਭੈ ਕਿਸ ਗੱਲ ਦਾ ਹੈ,
ਝੂਠ, ਫਰੇਬ, ਕਪਟ ਜਿਸ ਦਿਲ ਵਿਚ, ਅੰਦਰੋਂ ਡਰਦਾ ਹੈ।
ਜੋ ਕਾਦਰ ਦੀ ਕੁਦਰਤ ਨੂੰ ਸ਼ੁਧ ਹਿਰਦੇ ਸੰਗ ਚਾਹੇ,
ਕਾਦਰ ਵੀ ਦਿਲ ਖੋਲ੍ਹ ਭੰਡਾਰੇ ਉਸ ਦੇ ਭਰਦਾ ਹੈ।
ਜਿਸ ਦੇ ਦਿਲ ਵਿੱਚ ਪਿਆਰ ਉਮਡਦਾ ਸਦਾ ਲੋਕਾਈ ਦਾ,
ਉਹ ਤਾਂ ਹੈ ਨਿਰਵੈਰ, ਵੈਰ ਕਦ ਦਿਲ ਤੇ ਧਰਦਾ ਹੈ।
ਘੁੱਗ ਜੀਣਾ ਤਾਂ ਰਜ਼ਾ ਓਸਦੀ ਵਿੱਚ ਸਦਾ ਰਹਿਣਾ,
ਹੁਕਮ ਉਸੇ ਦਾ ਚਲਦਾ, ਹਰ ਕੋਈ ਰੱਬ ਦਾ ਬਰਦਾ ਹੈ।
ਉਸ ਦਾ ਜਪ ਲੈ ਨਾਮ, ਚੈਨ ਜੇ ਚਿੱਤ ਦਾ ਚਾਹੁੰਦਾ ਹੈਂ,
ਆੳਣ ਜਾਣ ਦਾ ਗੇੜ, ਨਾਮ ਤੋਂ ਟੁੱਟਦਾ ਹਰਦਾ ਹੈ।
ਦਿਲ ਦੀ ਗਲ ਉਸ ਨਾਲ ਕਰੇਂਗਾ ਗਮ ਮਿਟ ਜਾਵਣਗੇ,
ਰੂਹ ਦਾ, ਰੱਬ ਦਾ, ਆਪਸ ਵਿੱਚ ਨਾ ਕੋਈ ਪਰਦਾ ਹੈ।
ਰੱਬ ਤੋਂ ਜਿਹੜਾ ਦੂਰ ਸਦਾ ਹੀ ਘਾਟੇ ਖਾਂਦਾ ਹੈ,
ਜਿਸਨੇ ਨਾਮ ਧਿਆਇਆ, ਸਭ ਕੁੱਝ ਉਸ ਦਾ ਬਰਦਾ ਹੈ।
ਰੱਬ ਤਾਂ ਜੋ ਵੀ ਕਰਦਾ ਸਭ ਕੁੱਝ ਵਧੀਆ ਕਰਦਾ ਹੈ।
ਬੰਦਾ ਐਵੇਂ ਛੋਟੀ ਛੋਟੀ ਗਲ ਤੇ ਮਰਦਾ ਹੈ।


25/05/15)
ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਸੇ ਤੇਰੀ ਔਕਾਤ
- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਸਭਦੂ ਊਪਰਿ ਸਚੁ ਹੈ ਸਚਹੁ ਊਪਰਿ ਨਹਿ ਕੋਇ ||
ਜਿਨ ਹਿਰਦੈ ਕੇਵਲ ਸਚਿ ਹੈ ਸੇ ਸਚੈ ਸਚਿ ਹੋਇ ||੧||

ਸਚਿ ਆਚਾਰ ਕੋ ਵਿਰਲੈ ਕੀਆ ਲੋਗਨ ਕੀਆ ਵਾਪਾਰ ||
ਵਿਣੁ ਆਚਾਰਣ ਦੰਭ ਸਭਿ ਜਿਹਬਾ ਝੂਠਿ ਬਿਉਹਾਰ ||੨||

ਕਰਿ ਮਜ਼ਹਬ ਕੀ ਗਾਂਠੜੀ ਭਰਿਆ ਕਪਟਿ ਵਿਕਾਰ ||
ਕਿਤ ਢੋਹਿ ਲੈ ਜਾਇਗਾ ਮੂੜ੍ਹੜੋ ਏਤਾ ਸਿਰਿ ਪਹਿ ਭਾਰ ||੩||

ਨਾਂਗਾ ਤੂ ਈਹਾ ਆਇਆ ਪਿਆਨਾ ਬਹੁਰਿ ਨਾਂਗੈ ਹੀ ਹੋਇ ||
ਸੰਚਿ ਸੰਪਤਿ ਰੁਲੀ ਆਰਜਾ ਅੰਤੈ ਸੰਗਿ ਨਾ ਚਾਲੈ ਕੋਇ ||੪||

ਨਹਿ ਕੋ ਸੰਗੀ ਅਗੈ ਜਾਤ ਹੈ ਨਾ ਅਗਨਿ ਸਹਾਈ ਕੋਇ ||
ਆਪਣਾ ਕੀਆ ਤੂੰ ਲੈ ਜਾਹਿਗਾ ਫਿਰਿ ਕਾਹੇ ਕੋ ਮੈਲਾ ਢੋਇ ||੫||

ਕਰਿ ਹਥੀ ਆਪਣੈ ਖਾਵਣਾ ਅਵਰੈ ਨਾਹੀ ਕੁਸਲਾਤ ||
ਜੋ ਸਚਿ ਕਰਮੀ ਤੇਰੈ ਬਸੈ ਸੇ ਕੰਵਲ ਤੇਰੀ ਔਕਾਤ ||੬||੧||


22/05/15)
ਗੁਰਦੀਪ ਸਿੰਘ ਬਾਗੀ

ਆਦਰਜੋਗ ਸਰਵਜੀਤ ਸਿੰਘ ਸੈਕਰਾਮੈਂਟੋ ਜੀ
ਵਾਹ ਗੁਰੂ ਜੀ ਕਾ ਖਾਲਸਾ
ਵਾਹ ਗੁਰੂ ਜੀ ਕੀ ਫਤੇਹ
ਵੀਰ ਜੀ, ਤੁਹਾਡੇ ਇਸ ਬਿਆਨ ਨੇ ਬਹੁਤ ਉਤਸੁਕਤਾ ਵਧਾ ਦਿੱਤੀ ਹੈ “ਇਤਿਹਾਸਕ ਵਸੀਲਿਆਂ ਮੁਤਾਬਕ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ 2 ਹਾੜ, ਜੇਠ ਸੁਦੀ 4 ਬਿਕ੍ਰਮੀ ਸੰਮਤ 1663ਬਿਕ੍ਰਮੀ ਮੁਤਾਬਕ 30 ਮਈ ਸੰਨ 1606 ਯੂਲੀਅਨ ਦਿਨ ਸ਼ੁੱਕਰਵਾਰ ਨੂੰ ਹੋਈ ਸੀ।”
ਵੀਰ ਜੀ ਜੇਠ ਸੁਦੀ 4 ਬਿਕ੍ਰਮੀ ਵਾਲੀ ਤਾਰੀਖ ਤੇ ਬਹੁਤ ਬਾਰੀ ਪੜ੍ਹੀ ਹੈ, ਤੁਹਾਡੇ ਬਿਆਨ ਦੇ ਬਾਦ ਇਕ ਪਾਠਕ ਦੇ ਤੌਰ ਤੇ ਇਹ ਜਾਣਨ ਵਾਸਤੇ ਉਤਸੁਕਤਾ ਉਠਦੀ ਹੈ ਕਿ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੀ 2 ਹਾੜ ਸੁਰਜੀ ਬਿਕਰਮੀ ਕਲੈਂਡਰ ਵਾਲੀ ਤਾਰੀਖ ਕਿਸ ਇਤਿਹਾਸਿਕ ਵਸੀਲੇ ਵਿੱਚ ਦਰਜ ਹੈ?
ਧੰਨਵਾਦੀ
ਗੁਰਦੀਪ ਸਿੰਘ ਬਾਗੀ


22/05/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਮੈਂ ਕੀ ਹਾਂ, ਇਹ ਪਤਾ ਨਹੀਂ ਹੈ,
ਜਾਨਣ ਲੱਗਾ, ਜਾਣ ਨਾ ਸਕਿਆ,
ਕਿਸ ਨੇ ਘੜਿਆ? ਕਿਉਂ ਏ ਰਚਿਆ?
ਭੇਦ ਇਹੋ ਪਹਿਚਾਣ ਨ ਸਕਿਆ।
ਅਪਣੀ ਹੋਂਦ ਪਛਾਨਣ ਬਾਝੋਂ,
ਜੀਣ ਦਾ ਮਕਸਦ, ਕਿਵੇਂ ਪਛਾਣਾਂ?
ਮਕਸਦ ਬਾਝੋਂ ਜੀ ਕੇ ਐਂਵੇਂ,
ਕਿਸ ਲਈ ਜੱਗ ਦੀ ਮਿੱਟੀ ਛਾਣਾਂ?
ਅੰਦਰ ਘੋਖਾਂ, ਬਾਹਰ ਭਾਲਾਂ,
ਪੜ੍ਹ ਪੜ੍ਹ ਥੱਕਿਆਂ, ਕਿਧਰੋਂ ਪਾ ਲਾਂ
ਗੁਣੀ ਗਿਆਨੀ, ਨਾਂ ਕੋਈ ਮਿਲਿਆ
ਮੈਂ ਕੀ ਹਾਂ, ਇਹ ਦੱਸ ਨਾ ਸਕਿਆ,
ਮੇਰੇ ਵਰਗੇ ਹੋਰ ਬਥੇਰੇ,
ਖੁਦ ਨੂੰ ਲਭਦੇ, ਟੱਕਰਾਂ ਮਾਰਨ,
ਭੇਦ ਮਿਲੇ ਨਾ ਲੱਭ ਲੱਭ ਹਾਰਨ।
ਬਿਨ ਮਕਸਦ ਦੇ, ਜੀਂਦੇ ਜਾਂਦੇ।
ਇਕ ਤੋਂ ਦੂਜੀ ਜੂਨੀ ਪਾਂਦੇ।
ਕਿਰਪਾ ਕਰਦੇ ਆਪੂੰ ਦਾਤੇ,
ਮੈਂ ਕੀ ਹਾਂ? ਇਹ ਭੇਦ ਤਾਂ ਦੇ ਦੇ।
ਖੋਜ ਮੇਰੀ ਨੂੰ ਸੇਧ ਤਾਂ ਦੇ ਦੇ।
ਖੁਦ ਨੂੰ ਲੱਭਿਆਂ, ਤੈਨੂੰ ਮਿਲਿਆਂ,
ਸਫਰ ਲੰਬੇਰਾ, ਪੰਧ ਨਾ ਮੁਕਣਾ।
ਜੂਨਾਂ ਦੇ ਘੇਰੇ ਵਿੱਚ ਘੁੰਮਣਾ।
ਜੋ ਕਰਨਾ ਬੇਫਾਇਦਾ ਹੋਣਾ।
ਮੰਜ਼ਿਲ ਦੇ ਦੇ, ਮਕਸਦ ਦੇ ਦੇ।
ਸੇਧਾਂ ਦੇ ਦੇ, ਹਿੰਮਤ ਦੇ ਦੇ।
ਟੇਕ ਲਗਾ ਦੇ, ਭਟਕ ਹਟਾ ਦੇ।


22/05/15)
ਸਪੋਕਸਮੈਨ ਸੰਪਾਦਕੀ

ਸਿੱਖੀ ਨੂੰ ਬਚਾਣਾ ਜੇ ਤਾਂ ਸਿੱਖ ਸਿਆਸਤਦਾਨਾਂ ਕੋਲੋਂ ਇਸ ਨੂੰ ਆਜ਼ਾਦ ਕਰਵਾਉਣਾ ਹੀ ਪਵੇਗਾ ਗੁਰਬਿਲਾਸ ਪਾਤਸ਼ਾਹੀ-6 ਅਤੇ ਭਾਈ ਬਾਲਾ ਦੀ ਜਨਮ ਸਾਖੀ ਵਰਗੀਆਂ ਗੁਰੂ-ਨਿੰਦਕ ਪੁਸਤਕਾਂ, ਪਾਬੰਦੀਸ਼ੁਦਾ ਹੋਣ ਤੇ ਵੀ ਸਿੱਖ ਸਿਆਸਤਦਾਨਾਂ ਨੂੰ ਬੁਰੀਆਂ ਕਿਉਂ ਨਹੀਂ ਲਗਦੀਆਂ?
ਮਿਸਲਾਂ ਸਮੇਂ ‘ਸਰਬੱਤ ਖ਼ਾਲਸਾ’ ਨਾਂ ਦੀ ਇਕ ਅਜਿਹੀ ਸੰਸਥਾ ਕਾਇਮ ਕਰ ਲਈ ਗਈ ਜੋ ਸਿੱਖੀ ਦੇ ਅਸੂਲਾਂ ਅਨੁਸਾਰ, ਵੱਡੇ ਵੱਡੇ ਮਸਲਿਆਂ ਬਾਰੇ ਫ਼ੈਸਲੇ ਲੈਣ ਵਾਲੀ ਸੰਸਥਾ ਬਣ ਗਈ ਅਤੇ ਜਿਸ ਉਤੇ ਹਰ ਸਿੱਖ, ਬਜਾ ਤੌਰ ‘ਤੇ ਫ਼ਖ਼ਰ ਕਰਿਆ ਕਰਦਾ ਸੀ। ਮਹਾਰਾਜਾ ਰਣਜੀਤ ਸਿੰਘ ਦਾ ‘ਸਿੱਖ ਰਾਜ’ ਕਾਇਮ ਹੁੰਦਿਆਂ ਹੀ, ‘ਸਰਬੱਤ ਖ਼ਾਲਸਾ’ ਦਾ ਭੋਗ ਪਾ ਦਿਤਾ ਗਿਆ ਅਤੇ ਕੋਈ ‘ਸਰਬੱਤ ਖ਼ਾਲਸਾ’ ਨਾ ਹੋਣ ਦਿਤਾ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀਆਂ ਨੇ ਉਸ ਦੇ ਕੰਨ ਵਿਚ ਇਹ ਗੱਲ ਪਾ ਦਿਤੀ ਕਿ ਆਦਿ ਕਾਲ ਤੋਂ, ਫ਼ੈਸਲੇ ਲੈਣ ਦਾ ਅਧਿਕਾਰੀ ਕੇਵਲ ਰਾਜਾ ਮਹਾਰਾਜਾ ਹੀ ਮੰਨਿਆ ਜਾਂਦਾ ਰਿਹਾ ਹੈ ਤੇ ਹੁਣ ਜੇ ‘ਸਰਬੱਤ ਖ਼ਾਲਸਾ’ ਦੇ ਨਾਂ ਤੇ ਆਮ ਜਹੇ ਸਿੱਖ, ਅਪਣੇ ਫ਼ੈਸਲੇ ਮਹਾਰਾਜੇ ਉਤੇ ਲਾਗੂ ਕਰਨ ਲੱਗ ਪਏ ਤਾਂ ਮਹਾਰਾਜਾ, ਮਹਾਰਾਜਾ ਨਾ ਰਹਿ ਕੇ ਪਰਜਾ ਬਣ ਜਾਏਗਾ ਤੇ ਕਲ ਨੂੰ ‘ਸਰਬੱਤ ਖ਼ਾਲਸਾ’, ਗੱਦੀ ਦਾ ਵਾਰਸ ਵੀ ਮਹਾਰਾਜੇ ਦੀ ਔਲਾਦ ਨੂੰ ਨਹੀਂ, ਕਿਸੇ ਆਮ ਜਹੇ ਸਿੱਖ ਨੂੰ ਬਣਾ ਦੇਣ ਦਾ ਫ਼ੈਸਲਾ ਕਰ ਦੇਵੇਗਾ ਤਾਂ ਕੀ ਕਰ ਲਵਾਂਗੇ? ਮਹਾਰਾਜੇ ਨੂੰ ਇਹ ‘ਦਲੀਲਾਂ’ ਜੱਚ ਗਈਆਂ ਤੇ ਉਸ ਨੇ ‘ਸਰਬੱਤ ਖ਼ਾਲਸਾ’ ਦਾ ਹੀ ਭੋਗ ਪਾ ਦੇਣ ਦਾ ਨਿਰਣਾ ਲੈ ਲਿਆ।
ਫਿਰ ਅੰਗਰੇਜ਼ਾਂ ਦਾ ਸਮਾਂ ਆ ਗਿਆ। ਉਨ੍ਹਾਂ ਨੇ ਵੀ ‘ਸਰਬੱਤ ਖ਼ਾਲਸਾ’ ਤਾਂ ਚਾਲੂ ਨਾ ਹੋਣ ਦਿਤਾ ਪਰ ਅਪਣੇ ਦੇਸ਼ ਵਿਚਲਾ ਪੁਰਾਤਨ ਪੁਜਾਰੀਵਾਦ, ਸਿੱਖਾਂ ਉਤੇ ਲਾਗੂ ਕਰ ਦਿਤਾ ਕਿਉਂਕਿ ਆਜ਼ਾਦੀ ਸੰਗਰਾਮੀਆਂ ਤੇ ਪੰਥ ਵਿਚ ਜਾਗ੍ਰਤੀ, ਸੁਧਾਰ ਲਿਆਉਣ ਵਾਲਿਆਂ ਦੇ ਪੈਰਾਂ ਵਿਚ ਬੇੜੀਆਂ ਪਾਉਣ ਦਾ ਕੰਮ, ਪੁਜਾਰੀਵਾਦ ਹੀ ਕਰ ਸਕਦਾ ਸੀ। ਅੰਗਰੇਜ਼ ਨੇ ਛੇਤੀ ਹੀ ਇਹ ਵੀ ਸਮਝ ਲਿਆ ਸੀ ਕਿ ਇਤਿਹਾਸਕ ਕਾਰਨਾਂ ਕਰ ਕੇ, ਗੁਰਦਵਾਰਾ ਕਿਉਂਕਿ ਸਿੱਖ ਜੀਵਨ ਦਾ ਧੁਰਾ ਬਣ ਚੁੱਕਾ ਹੈ, ਇਸ ਲਈ ਸਿੱਖਾਂ ਵਰਗੀ ‘ਬਾਗ਼ੀ’ ਤੇ ‘ਖ਼ਰੂਦੀ’ ਕੌਮ ਨੂੰ ਕਾਬੂ ਹੇਠ ਰੱਖਣ ਲਈ, ਇਨ੍ਹਾਂ ਦੇ ਗੁਰਦਵਾਰਿਆਂ ਨੂੰ ਨਿਰੇ ਪੁਰੇ ਪੁਜਾਰੀਆਂ ਦੇ ਹਵਾਲੇ ਕਰਨਾ ਹੀ ਕਾਫ਼ੀ ਨਹੀਂ ਹੋਵੇਗਾ ਸਗੋਂ ਨਾਲ ਹੀ ਇਨ੍ਹਾਂ ਦੇ ਗੁਰਦਵਾਰਿਆਂ ਦਾ ਕੰਟਰੋਲ, ਸਿਆਸਤਦਾਨਾਂ ਦੇ ਹੱਥ ਵਿਚ ਵੀ ਦੇ ਦੇਣਾ ਪਵੇਗਾ — ਬਸ ਫਿਰ ਇਹ ਕੌਮ, ਨਾ ਕੋਈ ਪ੍ਰਾਪਤੀ ਹੀ ਕਰ ਸਕੇਗੀ ਤੇ ਨਾ ਕੋਈ ਮੁਸੀਬਤ ਹੀ ਖੜੀ ਕਰ ਸਕੇਗੀ। ਸੋ ਬੜੀ ਸੋਚ ਵਿਚਾਰ ਮਗਰੋਂ, ਉਨ੍ਹਾਂ ਨੇ ਗੁਰਦਵਾਰਾ ਪ੍ਰਬੰਧਕਾਂ ਦੀ ਚੋਣ, ਸਿਆਸੀ ਢੰਗ ਨਾਲ ਕਰਨੀ ਸ਼ੁਰੂ ਕਰਵਾਉਣ ਦਾ ਰਾਹ ਲੱਭ ਲਿਆ — ਗੁਰਦਵਾਰਾ ਚੋਣਾਂ ਵਾਲਾ ਰਾਹ ਜਿਸ ‘ਚੋਂ ਧਰਮ ਹੌਲੀ ਹੌਲੀ ਪਿੱਛੇ ਹਟਦਾ ਗਿਆ ਤੇ ਰਾਜਨੀਤੀ, ਰਾਜ-ਨੇਤਾ ਉਪਰ ਆਉਂਦੇ ਗਏ।
ਇਹ ਕੋਈ ਬਹੁਤੀ ਪੁਰਾਣੀ ਗੱਲ ਵੀ ਨਹੀਂ। ਕਈ ਉਹ ਸਿੱਖ ਅਜੇ ਵੀ ਜੀਵਤ ਹਨ ਜਿਨ੍ਹਾਂ ਨੇ ਗੁਰਦਵਾਰਾ ਚੋਣਾਂ ਦਾ ਅਰੰਭ ਵੀ ਵੇਖਿਆ ਸੀ ਤੇ ਉਸ ਮਗਰੋਂ ਸਿੱਖ ਧਰਮ ਵਿਚ ਆਈ ਗਿਰਾਵਟ ਵੀ ਅਪਣੀਆਂ ਅੱਖਾਂ ਨਾਲ ਵੇਖੀ ਹੈ। ਉਹ ਅੱਖਾਂ ਵਿਚ ਅਥਰੂ ਭਰ ਕੇ ਕਹਿੰਦੇ ਹਨ ਕਿ ਸਿਆਸਤਦਾਨਾਂ ਨੂੰ, ਗੁਰਦਵਾਰਾ ਐਕਟ ਰਾਹੀਂ, ਸਿੱਖਾਂ ਦੇ ਗੁਰਦਵਾਰਿਆਂ ਉਤੇ ਕਾਬਜ਼ ਨਾ ਹੋਣ ਦਿਤਾ ਜਾਂਦਾ ਤਾਂ ਸਿੱਖੀ ਦਾ ਏਨਾ ਬੁਰਾ ਹਾਲ ਕਦੇ ਨਹੀਂ ਸੀ ਹੋਣਾ। ਕਿਸੇ ਹੋਰ ਧਰਮ ਨੇ, ਸਿਆਸਤਦਾਨਾਂ ਨੂੰ, ਚੋਣਾਂ ਰਾਹੀਂ, ਅਪਣੇ ਧਰਮ ਉਤੇ ਕਾਬਜ਼ ਨਹੀਂ ਹੋਣ ਦਿਤਾ।
ਅੱਜ ਹਾਲ ਕੀ ਹੈ? ਚੋਣਾਂ ਜਿੱਤ ਚੁਕਣ ਮਗਰੋਂ ਵੀ, ਸ਼੍ਰੋਮਣੀ ਕਮੇਟੀ ਦੇ ਮੈਂਬਰ, ਅਪਣੀ ਮੀਟਿੰਗ ਨਹੀਂ ਕਰ ਸਕਦੇ ਤੇ ਗੁਰਦਵਾਰਾ ਪ੍ਰਬੰਧ ਨਹੀਂ ਚਲਾ ਸਕਦੇ। ਕਿਸੇ ਹੋਰ ਧਰਮ ਦਾ ਅਜਿਹਾ ਹਾਲ ਨਹੀਂ ਹੋਇਆ। ਸਿੱਖੀ ਦਾ ਚਿਹਰਾ ਮੋਹਰਾ ਜਾਂ ਸਿੱਖ ਸਰੂਪ ਉਥੇ ਹੀ ਖ਼ਤਮ ਹੈ ਜਿਥੇ ਸਿੱਖ ਸਿਆਸਤਦਾਨ, ਰਾਜ ਸੱਤਾ ਉਤੇ ਕਾਬਜ਼ ਹੈ। ਬਾਹਰਲੇ ਸੂਬਿਆਂ ਵਿਚ ਜਾ ਕੇ ਵੇਖ ਲਉ, ਭਾਰਤ ਵਿਚ ਕਿਧਰੇ ਵੀ ਸਿੱਖ ਸਰੂਪ ਦਾ ਏਨਾ ਮਾੜਾ ਹਾਲ ਨਹੀਂ ਜਿੰਨਾ ਪੰਜਾਬ ਵਿਚ ਹੈ।
ਬਾਹਰਲੇ ਰਾਜਾਂ ਵਿਚ ਸਿੱਖ ਗੁਰੂਆਂ ਵਿਰੁਧ ਸ਼ਾਇਦ ਹੀ ਕਦੇ ਕੋਈ ਕਿਤਾਬ ਛਪੀ ਹੋਵੇ ਪਰ ਇਥੇ ਤਾਂ ਸ਼੍ਰੋਮਣੀ ਕਮੇਟੀ ਅਤੇ ਪੰਥਕ ਸਰਕਾਰ ਦੇ ਰਾਜ ਵਿਚ ਹੀ ‘ਗੁਰਬਿਲਾਸ ਪਾਤਸ਼ਾਹੀ-6′, ‘ਭਾਈ ਬਾਲਾ ਦੀ ਜਨਮ ਸਾਖੀ’ ਅਤੇ ‘ਸਿੱਖ ਇਤਿਹਾਸ’ (ਹਿੰਦੀ) ਵਰਗੀਆਂ ਪਾਬੰਦੀਸ਼ੁਦਾ ਪੁਸਤਕਾਂ, ਪੰਥ ਦੇ ਲੀਡਰਾਂ ਦੀ ਪ੍ਰਵਾਨਗੀ ਨਾਲ ਸ਼ਰੇਆਮ ਛਪਦੀਆਂ ਹਨ ਤੇ ਵਿਕ ਰਹੀਆਂ ਹਨ। ਸਾਰੇ ਭਾਰਤ ਵਿਚ, ਕਿਸੇ ਵੀ ਧਰਮ ਵਿਚ ਅੱਜ ਪੁਜਾਰੀ ਲੋਕ ਫ਼ੈਸਲੇ ਨਹੀਂ ਕਰਦੇ ਪਰ ਇਥੇ ਪੁਜਾਰੀਆਂ ਨੂੰ ਤਾਂ ਉਹ ਅਧਿਕਾਰ ਵੀ ਪ੍ਰਾਪਤ ਹਨ ਜੋ ਗੁਰੂਆਂ ਨੂੰ ਪ੍ਰਾਪਤ ਸਨ। ‘ਸਰਬੱਤ ਖ਼ਾਲਸਾ’ ਤਾਂ ਅਕਾਲ ਤਖ਼ਤ ਉਤੇ ਹੋ ਨਹੀਂ ਸਕਦਾ ਪਰ ਸਿੱਖੀ-ਵਿਰੋਧੀ ਹਰ ਹਰਕਤ ਉਥੇ, ਅਪਣੇ ਲਈ ਥਾਂ ਬਣਾ ਹੀ ਲੈਂਦੀ ਹੈ। ਨਤੀਜੇ ਵਜੋਂ, ਪੰਜਾਬ ‘ਚੋਂ ਸਿੱਖੀ ਸਰੂਪ ਤੇਜ਼ੀ ਨਾਲ ਖ਼ਤਮ ਹੋ ਰਿਹਾ ਹੈ, ਸ਼ਰਾਬ ਦੀ ਵਿਕਰੀ ਵੱਧ ਰਹੀ ਹੈ, ਨੌਜੁਆਨ ਨਸ਼ਈ ਬਣ ਗਏ ਹਨ ਅਤੇ ਸੱਭ ਕੁੱਝ ਚੌਪਟ ਹੋ ਰਾ ਹੈ ਪਰ ਧਰਮ ਦੇ ਨਾਂ ਤੇ, ਸਿਆਸੀ ਲੋਕ ਸ਼ੋਰ ਖ਼ੂਬ ਮਚਾ ਲੈਂਦੇ ਹਨ। ਅਪਣੇ ‘ਧਰਮੀ’ ਹੋਣ ਦਾ ਢੰਡੋਰਾ ਪਿੱਟਣ ਲਈ ਮਾਮੂਲੀ ਮਾਮੂਲੀ ਗੱਲਾਂ ਨੂੰ ਲੈ ਕੇ ਚੰਗੇ ਸਿੱਖਾਂ ਨੂੰ ਛੇਕ ਦਿਤਾ ਜਾਂਦਾ ਹੈ ਤੇ 295-ਏ ਦੇ ਮੁਕੱਦਮੇ ਕਰ ਦਿਤੇ ਜਾਂਦੇ ਹਨ ਪਰ ਇਹ ਨਹੀਂ ਵੇਖਦੇ ਕਿ ਉਨ੍ਹਾਂ ਦੇ ਅਹਿਦ ਵਿਚ ਧਰਮ ਤਾਂ ਉੱਕਾ ਹੀ ਖ਼ਤਮ ਹੋ ਰਿਹਾ ਹੈ ਤੇ ਇਸ ਦੇ ਜ਼ਿੰਮੇਵਾਰ ਉਹ ਆਪ ਹਨ। ਸਿੱਖੀ ਨੂੰ ਬਚਾਉਣਾ ਚਾਹੁਣ ਵਾਲੇ ਸਮਝ ਲੈਣ ਕਿ ਸਿੱਖੀ ਨੂੰ ਬਚਾਉਣਾ ਜੇ ਤਾਂ ਸਿਆਸਤਦਾਨ ਦਾ ਪੰਜਾ ਇਸ ਦੀ ਧੌਣ ਤੋਂ ਹਟਾ ਦੇਣ ਦਾ ਪਹਿਲਾ ਕਦਮ, ਪੂਰਾ ਜ਼ੋਰ ਲਾ ਕੇ ਚੁਕਣਾ ਪਵੇਗਾ ਨਹੀਂ ਤਾਂ ਹਰ ਯਤਨ ਨਾਕਾਮੀ ਦੀ ਖੱਡ ਵਿਚ ਡਿਗ ਕੇ ਰਹਿ ਜਾਵੇਗਾ।


22/05/15)
ਸੰਦੀਪ ਸਿੰਘ ਖਾਲੜਾ

ਹਰੀ ਮਿਰਚ ਕੌੜੀ ਜਾਂ……
ਗੁਰਦੁਆਰੇ ਲੰਗਰ ਹਾਲ ਵਿਚ ਪ੍ਰਸ਼ਾਦਾ ਛੱਕ ਰਹੇ ਪ੍ਰਬੰਧਕ ਜੀ ਨੂੰ ਹਰੀ ਮਿਰਚ ਦਿਤੀ ਗਈ ਉਹ ਪ੍ਰਸ਼ਾਦਾ ਛੱਕ ਰਹੇ ਸਨ ਕਿ ਇਤਨੇ ਨੂੰ ਇਕ ਹੋਰ ਗੁਰਮੁਖ ਪਿਆਰੇ ਪ੍ਰਬੰਧਕ ਜੀ ਆ ਗਏ। ਸੇਵਾਦਾਰ ਜੀ ਨੇ ਉਹਨਾਂ ਨੂੰ ਪ੍ਰਸ਼ਾਦੇ ਦੀ ਥਾਲੀ ਫੜਾਉਂਦਿਆਂ ਕਿਹਾ ਕਿ ਜੀ ਹਰੀ ਮਿਰਚ ਲਵੋ ਗੇ ਜੀ । ਉਹਨਾਂ ਨਾਂਹ ਕਿਹਾ ਤਾਂ ਇਤਨੇ ਨੂੰ …ਮਜਾਕੀ ਲਹਿਜੇ ਨਾਲ…ਪਹਿਲੇ ਪ੍ਰਬੰਧਕ ਜੀ ਕਹਿਣ ਲਗੇ ਲੈ ਲਵੋ ਜੀ ਕੁੜੱਤਣ ਮਰ ਜਾਊਗੀ…
ਮਜਾਕੀ ਲਹਿਜੇ ਨਾਲ ਕਹਿਣ ਲਗੇ ….ਵੈਸੇ ਹਰੀ ਮਿਰਚ ਵੀ ਸਾਡੇ ਮੂੰਹ ਚ ਜਾ ਕੇ ਸੋਚਦੀ ਹੋਊਗੀ ਕਿ ਆ ਮੈਂ ਗਲਤੀ ਨਾਲ ਕਿਹਦੇ ਮੂੰਹ ਵਿਚ ਵੜ ਗਈ ਇਹ ਤਾਂ ਮੇਰੇ ਨਾਲੋਂ ਵੀ ……। ਸਾਰੇ ਜਣੇ ਗੱਲ ਸੁਣ ਕੇ ਜੋਰ ਜੋਰ ਦੀ ਹੱਸ ਰਹੇ ਸਨ।
ਸੰਦੀਪ ਸਿੰਘ ਖਾਲੜਾ


21/05/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਤੂੰ ਹੀ ਤੂੰ ਏਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਵਾਹ ਕੁਦਰਤ! ਤੇਰਾ ਕਿਹਾ ਕਮਾਲ!
ਤਕਿਆਂ ਪੈਂਦੀ ਅੱਖੀ ਠੰਢਕ,
ਛੂਹਿਆਂ ਮਿਲਦਾ ਜੋਸ਼ ਨਵੇਲਾ,
ਫੁੱਲ ਦੀ ਖੁਸ਼ਬੂ, ਰੁੱਖਾਂ ਦੀ ਛਾਂ,
ਰੰਗ ਬਿਰੰਗੀਆਂ ਉਡਣ ਤਿਤਲੀਆਂ
ਅੰਬਰੀਂ ਭਰਨ ਉਡਾਰੀ ਡਾਰਾਂ,
ਜਿੱਧਰ ਵੀ ਮੈਂ ਝਾਤੀ ਮਾਰਾਂ,
ਨੀਲਾ ਅੰਬਰ ਦੀ ਛਤਰੀ ਹੈ,
ਕਿੱਥੇ ਤੂੰ ਏਂ? ਤੂੰ ਹੀ ਜਾਣੇ।
ਭੋਂ ਤੇ ਮਖਮਲ ਘਾ ਦੇ ਗੱਦੇ,
ਕਲ-ਕਲ ਕਰਦੇ ਗਾਉਂਦੇ ਚਸ਼ਮੇ,
ਦਰਿਆਵਾਂ ਦੀ ਗੂੰਜ ਨੂਰਾਨੀ,
ਰੁੱਖਾਂ ਨੂੰ ਪਾ ਕੇ ਗਲਵਕੜੀ,
ਮਸਤੀ ਦੇ ਵਿੱਚ ਝੂਲਣ ਵੇਲਾਂ,
ਬੁਲਿਆਂ ਦੇ ਸੰਗ ਝੂਮਣ ਪੱਤੇ,
ਜਿਤਨਾ ਵਰਨਣ ਉਤਨਾ ਥੋੜਾ,
ਵਾਹ ਕੁਦਰਤ! ਕੀ ਰੰਗ ਨੇ ਤੇਰੇ!
ਸਭ ਥਾਂ ਵੇਖਾਂ, ਤੂੰ ਹੀ ਤੂੰ ਏਂ।
ਤੂੰ ਹੀ ਤੂੰ ਏਂ, ਤੂੰ ਹੀ ਤੂੰ ਏਂ।


21/05/15)
ਸਰਵਜੀਤ ਸਿੰਘ ਸੈਕਰਾਮੈਂਟੋ

ਸ਼੍ਰੋਮਣੀ ਕਮੇਟੀ ਤੇ ਪਾਕਿਸਤਾਨ ਕਮੇਟੀ `ਚ ਰੇੜਕਾ–ਜਿੰਮੇਵਾਰ ਕੌਣ?
ਸਰਵਜੀਤ ਸਿੰਘ ਸੈਕਰਾਮੈਂਟੋ

ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਸ਼੍ਰੋਮਣੀ ਕਮੇਟੀ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਜਥਾ ਨਹੀ ਭੇਜ ਸਕੇਗੀ। ਪਿਛਲੇ ਕਈ ਸਾਲਾਂ ਤੋਂ ਦੋਵਾਂ ਕਮੇਟੀਆਂ ਵੱਲੋਂ ਵੱਖ-ਵੱਖ ਕੈਲੰਡਰਾਂ ਮੁਤਾਬਕ ਸ਼ਹੀਦੀ ਦਿਹਾੜਾ ਮਨਾਉਣ ਕਾਰਨ ਪੈਦਾ ਹੋਈ ਸਮੱਸਿਆ ਦਾ ਨੇੜ ਭਵਿੱਖ ਵਿੱਚ ਵੀ ਕੋਈ ਹਲ ਨਜ਼ਰ ਨਹੀ ਆ ਰਿਹਾ। ਸ਼੍ਰੋਮਣੀ ਕਮੇਟੀ ਚੰਦਰ ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਜੇਠ ਸੁਦੀ 4 ਨੂੰ ਸ਼ਹੀਦੀ ਦਿਹਾੜਾ ਮਨਾ ਰਹੀ ਹੈ ਜੋ ਕਿ 22 ਮਈ ਦਿਨ ਸ਼ੁੱਕਰਵਾਰ ਨੂੰ ਆਉਂਦਾ ਹੈ ਜਦੋਂ ਕਿ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਮੁਤਾਬਕ 2 ਹਾੜ/16 ਜੂਨ ਦਿਨ ਮੰਗਲਵਾਰ ਨੂੰ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ।
ਇਤਿਹਾਸਕ ਵਸੀਲਿਆਂ ਮੁਤਾਬਕ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ 2 ਹਾੜ, ਜੇਠ ਸੁਦੀ 4 ਬਿਕ੍ਰਮੀ ਸੰਮਤ 1663ਬਿਕ੍ਰਮੀ ਮੁਤਾਬਕ 30 ਮਈ ਸੰਨ 1606 ਯੂਲੀਅਨ ਦਿਨ ਸ਼ੁੱਕਰਵਾਰ ਨੂੰ ਹੋਈ ਸੀ। ਇਨ੍ਹਾਂ ਵਿਚੋਂ ਇਕ ਤਾਰੀਖ 2 ਹਾੜ, ਸੂਰਜੀ ਬਿਕ੍ਰਮੀ ਕੈਲੰਡਰ ਦੀ ਹੈ ਅਤੇ ਦੂਜੀ ਜੇਠ ਸੁਦੀ 4, ਚੰਦਰ ਸੂਰਜੀ ਕੈਲੰਡਰ ਦੀ ਹੈ। ਭਾਵੇ ਅੱਜ ਤੋਂ 409 ਸਾਲ ਪਹਿਲਾ, ਇਹ ਦੋਵੇਂ ਤਾਰੀਖਾਂ (2 ਹਾੜ ਅਤੇ ਜੇਠ ਸੁਦੀ 4) ਇਕ ਦਿਨ ਹੀ ਆਈਆਂ ਸਨ ਪਰ ਹਰ ਸਾਲ ਅਜੇਹਾ ਨਹੀ ਹੁੰਦਾ। 1663 ਬਿਕ੍ਰਮੀ ਤੋਂ ਪਿਛੋਂ ਇਹ ਦੋਵੇਂ ਤਾਰੀਖਾਂ 1682 ਬਿਕ੍ਰਮੀ ਨੂੰ ਇਕੱਠੀਆਂ ਆਈਆਂ ਸਨ। 2010 ਈ: ਵਿਚ ਵੀ ਇਹ ਦੋਵੇਂ ਤਾਰੀਖਾਂ ਇਕੋ ਦਿਨ, 16 ਜੂਨ ਨੂੰ ਹੀ ਸਨ। ਅੱਜ ਇਨ੍ਹਾਂ ਦੋ ਤਾਰੀਖਾਂ `ਚ ਇਕ ਤਾਰੀਖ ਦੀ ਚੋਣ ਕਰਨੀ ਸਮੱਸਿਆ ਬਣ ਗਈ ਹੈ। ਇਹ ਸਮੱਸਿਆ ਕਿਸੇ ਹੋਰ ਨੇ ਨਹੀ ਸਗੋਂ ਖ਼ੁਦ ਸ਼੍ਰੋਮਣੀ ਕਮੇਟੀ ਨੇ ਇਕ ਖਾਸ ਧਿਰ ਨੂੰ ਸਿਆਸੀ ਲਾਭ ਪਹੁੰਚਾਉਣ ਲਈ ਖ਼ੁਦ ਪੈਦਾ ਕੀਤੀ ਹੈ। ਆਓ, ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਇਸ ਸਮੱਸਿਆ ਬਾਰੇ ਮੁੱਢਲੀ ਜਾਣਕਾਰੀ ਸਾਂਝੀ ਕਰੀਏ।
ਧਰਤੀ ਆਪਣੇ ਧੁਰੇ ਦੁਵਾਲੇ ਘੁੰਮਦੀ ਹੈ ਇਸ ਦਾ ਇਕ ਚੱਕਰ 24 ਘੰਟੇ ਵਿਚ ਪੂਰਾ ਹੁੰਦਾ ਹੈ। ਕੈਲੰਡਰ `ਚ ਇਸ ਨੂੰ ਇਕ ਦਿਨ ਗਿਣਿਆ ਜਾਂਦਾ ਹੈ। ਧਰਤੀ ਸੂਰਜ ਦੇ ਦੁਵਾਲੇ ਵੀ ਘੁੰਮਦੀ ਹੈ, ਇਹ ਚੱਕਰ 365.2422 ਦਿਨਾਂ ਵਿਚ ਪੂਰਾ ਹੁੰਦਾ ਹੈ। ਇਸ ਨੂੰ ਰੁੱਤੀ ਸਾਲ ਕਿਹਾ ਜਾਂਦਾ ਹੈ। ਚੰਦ ਧਰਤੀ ਦੇ ਦੁਵਾਲੇ ਘੁੰਮਦਾ ਹੈ ਇਹ ਚੱਕਰ 29.53 ਦਿਨਾਂ ਵਿਚ ਪੂਰਾ ਹੁੰਦਾ ਹੈ। ਇਸ ਨੂੰ ਚੰਦ ਇਕ ਮਹੀਨਾ ਗਿਣਿਆ ਜਾਂਦਾ ਹੈ। ਚੰਦ ਦੇ ਸਧਾਰਨ ਸਾਲ ਵਿੱਚ 12 ਮਹੀਨੇ ਅਤੇ 354 ਦਿਨ ਹੁੰਦੇ ਹਨ। ਭਾਵ ਚੰਦ ਦਾ ਇਕ ਸਾਲ ਸੂਰਜੀ ਸਾਲ ਤੋਂ ਲੱਗ-ਭੱਗ 11 ਦਿਨ ਛੋਟਾ ਹੁੰਦਾ ਹੈ। ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਧੁਮੱਕੜਸ਼ਾਹੀ ਕੈਲੰਡਰ ਜੇਠ ਸੁਦੀ 4, 2011 ਵਿਚ 5 ਜੂਨ (22 ਜੇਠ) ਨੂੰ ਆਇਆ ਸੀ। 2012 ਵਿਚ ਉਸ ਤੋਂ 11 ਦਿਨ ਪਹਿਲਾਂ 25 ਮਈ (12 ਜੇਠ) ਆਇਆ ਸੀ। ਇਸ ਹਿਸਾਬ ਨਾਲ ਤਾਂ ਇਹ 2013 ਵਿਚ ਇਹ ਦਿਹਾੜਾ 14 ਮਈ (1 ਜੇਠ) ਨੂੰ ਆਉਣਾ ਚਾਹੀਦਾ ਸੀ ਪਰ ਇਸ ਸਾਲ ਇਹ ਦਿਹਾੜਾ 14 ਮਈ ਨੂੰ ਨਹੀਂ ਸਗੋਂ 12 ਜੂਨ (30 ਜੇਠ) ਨੂੰ ਆਇਆ ਸੀ। ਅਜੇਹਾ ਕਿਓ? ਚੰਦ ਦਾ ਸਾਲ, ਜੋ ਸੂਰਜੀ ਸਾਲ ਨਾਲੋਂ 11 ਦਿਨ ਛੋਟਾ ਹੈ, ਇਕ ਸਾਲ `ਚ 11 ਦਿਨ, ਦੋ ਸਾਲਾ ਵਿਚ 22 ਦਿਨ ਸੂਰਜੀ ਸਾਲ ਤੋਂ ਪਿਛੇ ਰਹਿ ਗਿਆ ਜਾਂਦਾ ਹੈ ਤਾਂ ਇਸ ਨੂੰ ਸੂਰਜੀ ਸਾਲ ਦੇ ਨੇੜੇ-ਤੇੜੇ ਰੱਖਣ ਲਈ ਇਸ ਵਿਚ ਇਕ ਮਹੀਨਾ ਹੋਰ ਜੋੜ ਦਿੱਤਾ ਜਾਂਦਾ ਹੈ, 2012 ਵਿਚ ਚੰਦ ਦੇ ਸਾਲ ਦੇ 13 ਮਹੀਨੇ ਸਨ। (ਭਾਦੋਂ ਦੇ ਦੋ ਮਹੀਨੇ ਸਨ) 19 ਸਾਲਾਂ ਵਿਚ ਚੰਦ ਦੇ 7 ਸਾਲ, 13 ਮਹੀਨਿਆਂ ਦੇ ਹੁੰਦੇ ਹਨ। ਇਹ ਤੇਰਵਾਂ ਮਹੀਨਾ ਜਿਸ ਨੂੰ ਲੌਂਦ ਦਾ ਮਹੀਨਾ ਕਿਹਾ ਜਾਂਦਾ ਹੈ। ਹਿੰਦੂ ਮਤ ਅਨੁਸਾਰ ਇਹ ਮਹੀਨਾ ਮਾੜਾ ਹੁੰਦਾ ਹੈ। ਇਸ ਵਿੱਚ ਕੋਈ ਸ਼ੁਭ ਕੰਮ ਨਹੀਂ ਕੀਤਾ ਜਾ ਸਕਦਾ। ਲੌਂਦ ਦੇ ਮਹੀਨੇ ਤੋਂ ਪਿਛੋਂ ਆਉਣ ਵਾਲੇ ਸਾਰੇ ਦਿਹਾੜੇ ਦਿਨ ਪੱਛੜ ਕੇ ਆਉਂਦੇ ਹਨ। 2013 ਵਿਚ, ਜਿਹੜਾ ਦਿਹਾੜਾ 14 ਮਈ ਨੂੰ ਆਉਣਾ ਚਾਹੀਦਾ ਸੀ ਉਹ 12 ਜੂਨ ਨੂੰ ਆਇਆ ਸੀ। ਹੁਣ ਫੇਰ ਚੰਦ ਦੇ ਸਾਲ ਲੰਬਾਈ ਮੁਤਾਬਕ ਸ਼ਹੀਦੀ ਦਿਹਾੜਾ 2014 `ਚ 11 ਦਿਨ ਪਹਿਲਾ ਭਾਵ 1 ਜੂਨ ਨੂੰ ਆਇਆ ਸੀ ਅਤੇ ਹੁਣ ਇਹ 2015 ਵਿੱਚ ਉਸ ਤੋਂ 11 ਪਹਿਲਾ ਭਾਵ 22 ਮਈ 2015 ਨੂੰ ਆਵੇਗਾ।
ਸ਼੍ਰੋਮਣੀ ਕਮੇਟੀ ਵੱਲੋਂ ਸੋਧਾਂ ਦੇ ਨਾਮ ਦੇ ਵਿਗਾੜੇ ਗਏ ਕੈਲੰਡਰ, ਧੁਮੱਕੜਸ਼ਾਹੀ ਨੂੰ 14 ਮਾਰਚ 2010 `ਚ ਲਾਗੂ ਕੀਤਾ ਗਿਆ ਸੀ ਪਰ ਉਸ ਸਾਲ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਪਾਕਿਸਤਾਨ ਭੇਜੇ ਜਾਣ ਵਾਲੇ ਜਥੇ ਨੂੰ ਕੋਈ ਸਮੱਸਿਆ ਨਹੀ ਸੀ ਆਈ। ਕਿਉਂਕਿ 2010 ਵਿੱਚ ਜੇਠ ਸੁਦੀ 4 ਅਤੇ 2 ਹਾੜ, ਦੋਵੇਂ ਤਰੀਖਾਂ 16 ਜੂਨ ਨੂੰ ਹੀ ਆਈਆਂ ਸਨ। ਸ਼੍ਰੋਮਣੀ ਕਮੇਟੀ ਵੱਲੋਂ ਧੁਮੱਕੜਸ਼ਾਹੀ ਕੈਲੰਡਰ ਲਾਗੂ ਕਰਨ ਕਾਰਨ, 2011, 2012, 2013 ਅਤੇ 2014 ਵਿਚ ਆਪਣਾ ਜਥਾ ਪਾਕਿਸਤਾਨ ਨਹੀ ਸੀ ਭੇਜ ਸਕੀ। ਪਾਕਿਸਤਾਨ `ਚ ਨਾਨਕਸ਼ਾਹੀ ਕੈਲੰਡਰ ਲਾਗੂ ਹੈ। ਉਥੇ ਹਰ ਸਾਲ 2 ਹਾੜ/16 ਜੂਨ ਨੂੰ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ। ਇਸ ਕਰਕੇ ਪਾਕਿਸਤਾਨੀ ਸਫਾਰਤਖ਼ਾਨੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਜਥੇ ਨੂੰ ਕਿਸੇ ਹੋਰ ਤਾਰੀਖ ਲਈ ਵੀਜੇ ਦੇਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਸੀ। ਜਦੋਂ ਕਿ ਦਿੱਲੀ ਕਮੇਟੀ ਦੇ ਜਥੇ ਨੂੰ ਵੀਜ਼ਾ ਦੇ ਦਿੱਤਾ ਜਾਂਦਾ ਸੀ। ਕਿਉਂਕਿ ਦਿੱਲੀ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦਿੱਤੀ ਗਈ ਸੀ। ਪਰ ਜਦੋਂ ਦਿੱਲੀ ਕਮੇਟੀ ਦਾ ਪ੍ਰਬੰਧ ਸਰਨਾ ਗਰੁਪ ਤੋਂ ਬਦਲ ਕੇ ਬਾਦਲ ਗਰੁਪ ਕੋਲ ਆਇਆ ਤਾਂ ਉਥੇ ਵੀ ਧੁਮੱਕੜਸ਼ਾਹੀ ਕੈਲੰਡਰ ਹੀ ਲਾਗੂ ਕਰ ਦਿੱਤਾ ਸੀ ਜਿਸ ਕਾਰਨ ਹੁਣ, ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਵੀ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਮੁਤਾਬਕ ਇਸ ਸਾਲ 2 ਹਾੜ/ 16 ਜੂਨ ਨੂੰ ਹੀ ਸ਼ਹੀਦੀ ਦਿਹਾੜਾ ਮਨਾਇਆ ਜਾਣਾ ਹੈ। ਪਾਕਿਸਤਾਨੀ ਸਫਾਰਤਖ਼ਾਨੇ ਵੱਲੋਂ ਵੀ ਬਾਹਰੋਂ ਆਉਣ ਵਾਲੇ ਜਥਿਆਂ ਨੂੰ ਜੂਨ ਮਹੀਨੇ ਵਿਚ ਹੀ ਵੀਜ਼ਾ ਦਿੱਤਾ ਜਾਵੇਗਾ। ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਕਿਸਤਾਨ ਕਮੇਟੀ ਵੱਲੋਂ ਨਾਨਕ ਸ਼ਾਹੀ ਕੈਲੰਡਰ ਦੇ ਹੱਕ `ਚ ਲਏ ਗਏ ਸਪੱਸ਼ਟ ਫੈਸਲੇ ਕਾਰਨ ਆਉਣ ਵਾਲੇ ਸਾਲਾਂ ਸ਼੍ਰੋਮਣੀ ਕਮੇਟੀ ਤੇ ਪਾਕਿਸਤਾਨ ਕਮੇਟੀ `ਚ ਰੇੜਕਾ ਇਸੇ ਤਰ੍ਹਾਂ ਹੀ ਚਲਦਾ ਰਹੇਗਾ। ਹੁਣ ਸ਼੍ਰੋਮਣੀ ਕਮੇਟੀ 2026 ਈ: ਵਿਚ ਹੀ ਜਥਾ ਭੇਜ ਸਕੇਗੀ। ਕਿਉਂਕਿ ਉਸ ਸਾਲ ਜੇਠ ਸੁਦੀ 4, 4 ਹਾੜ/18 ਜੂਨ ਨੂੰ ਆਵੇਗੀ। ਉਸ ਤੋਂ ਪਿਛੋਂ ਚੰਦਰ ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ, ਸ਼੍ਰੋਮਣੀ ਕਮੇਟੀ 2029 `ਚ ਹੀ ਪਾਕਿਸਤਾਨ ਜਥਾ ਭੇਜ ਸਕੇਗੀ ਕਿਉਂਕਿ 2029 ਈ: ਵਿੱਚ ਹੀ 2 ਹਾੜ ਅਤੇ ਜੇਠ ਸੁਦੀ 4 ਇਕੱਠਿਆਂ ਹੋਣਗੀਆਂ।
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜਾ ਚੰਦਰ ਸੂਰਜੀ ਬਿਕ੍ਰਮੀ ਕੈਲੰਡਰ ਦੇ ਮੁਤਾਬਕ ਜੇਠ ਸੁਦੀ 4 ਨੂੰ ਮਨਾਉਣ ਦੀ ਕੀ ਸਮੱਸਿਆ ਹੈ ਇਹ ਆਪਾ ਉਪਰ ਵੇਖ ਚੁੱਕੇ ਹਾਂ। ਆਉ ਵੇਖੀਏ ਕਿ ਜੇ ਅਸੀਂ 2 ਹਾੜ ਨੂੰ ਮੁਖ ਰੱਖੀਏ ਤਾਂ ਕੀ ਹੋਵੇਗਾ। 2 ਹਾੜ ਸੂਰਜੀ ਬਿਕ੍ਰਮੀ ਦੀ ਤਾਰੀਖ ਹੈ। ਇਸ ਸਾਲ ਦੇ 365 ਦਿਨ ਹੀ ਹਨ। ਸਾਲ ਦੇ ਦਿਨ ਬਰਾਬਰ ਹੋਣ ਕਾਰਨ 2 ਹਾੜ ਹਰ ਸਾਲ ਸੀ. ਈ ਕੈਲੰਡਰ ਦੀ ਖਾਸ ਤਾਰੀਖ ਨੂੰ ਹੀ ਆਵੇਗਾ। ਇਥੇ ਇਕ ਹੋਰ ਸਮੱਸਿਆ ਹੈ ਉਹ ਹੈ ਸੂਰਜੀ ਬਿਕ੍ਰਮੀ ਸਾਲ ਦੀ ਲੰਬਾਈ `ਚ ਲੱਗ ਭੱਗ 20 ਮਿੰਟ ਦਾ ਫਰਕ। ਜਿਸ ਕਾਰਨ ਇਹ 72 ਸਾਲਾ ਪਿਛੋਂ ਮੌਸਮੀ ਸਾਲ ਤੋਂ ਇਕ ਦਿਨ ਦਾ ਫਰਕ ਪੈ ਜਾਣਾ ਅਤੇ ਮਹੀਨੇ ਦਾ ਅਰੰਭ (ਸੰਗਰਾਂਦ) ਬਦਲਵੀਂਆਂ ਤਾਰੀਖਾਂ ਨੂੰ ਹੋਣ ਕਾਰਨ 2 ਹਾੜ ਦੀ ਤਾਰੀਖ ਦਾ ਬਦਲ ਜਾਣਾ। ਜਿਵੇ 2016 ਈ: ਵਿੱਚ 2 ਹਾੜ 16 ਜੂਨ ਨੂੰ ਨਹੀ ਸਗੋਂ 15 ਨੂੰ ਆਵੇਗੀ। ਇਸੇ ਤਰ੍ਹਾਂ ਹੀ 2020 ਵਿੱਚ ਵੀ 2 ਹਾੜ 15 ਜੂਨ ਨੂੰ ਆਵੇਗੀ, ਇਸ ਸਮੱਸਿਆ ਦਾ ਹੱਲ ਹੈ ਨਾਨਕਸ਼ਾਹੀ ਕੈਲੰਡਰ।
ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ ਹੈ 365.2425 ਦਿਨ ਜੋ ਰੁੱਤੀ ਸਾਲ ਦੀ ਲੰਬਾਈ (365.2422) ਦੇ ਬਹੁਤ ਹੀ ਨੇੜੇ ਹੈ। ਇਸ ਲੰਬਾਈ ਮੁਤਾਬਕ ਨਾਨਕਸ਼ਾਹੀ ਕੈਲੰਡਰ ਦਾ ਮੌਸਮੀ ਸਾਲ ਨਾਲ 3300 ਸਾਲ ਪਿਛੋਂ ਇਕ ਦਿਨ ਦਾ ਫਰਕ ਪਵੇਗਾ। ਹੁਣ ਜਦੋਂ ਅਸੀਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਨਾਨਕ ਸ਼ਾਹੀ ਕੈਲੰਡਰ ਮੁਤਾਬਕ 2 ਹਾੜ ਨੂੰ ਮਨਾਉਂਦੇ ਹਾਂ ਤਾਂ ਇਹ ਸਦਾ ਵਾਸਤੇ ਹੀ 16 ਜੂਨ ਨੂੰ ਆਵੇਗਾ। ਨਾਨਕਸ਼ਾਹੀ ਕੈਲੰਡਰ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ 2003 `ਚ ਲਾਗੂ ਕੀਤਾ ਗਿਆ ਸੀ। ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਸਮੇਤ ਸਾਰੀ ਦੁਨੀਆਂ `ਚ ਇਹ ਕੈਲੰਡਰ ਲਾਗੂ ਹੈ। ਸ਼੍ਰੋਮਣੀ ਕਮੇਟੀ ਨੇ 2010 ਈ: ਵਿੱਚ ਨਾਨਕਸ਼ਾਹੀ ਕੈਲੰਡਰ ਦੀ ਥਾਂ ਧੁਮੱਕੜਸ਼ਾਹੀ ਕੈਲੰਡਰ ਲਾਗੂ ਕੀਤਾ ਸੀ। 2015 ਈ: ਵਿੱਚ ਧੁਮੱਕੜਸ਼ਾਹੀ ਕੈਲੰਡਰ ਨੂੰ ਰੱਦ ਕਰ ਦਿੱਤਾ ਗਿਆ ਅਤੇ ਮੁੜ ਚੰਦਰ ਸੂਰਜੀ ਬਿਕ੍ਰਮੀ ਕੈਲੰਡਰ ਲਾਗੂ ਕਰ ਦਿੱਤਾ ਹੈ।
ਚੰਦਰ ਸੂਰਜੀ ਬਿਕ੍ਰਮੀ ਕੈਲੰਡਰ, ਜਿਸ ਦੇ 19 ਸਾਲਾਂ ਵਿਚ 11 ਸਾਲ 354 ਦਿਨਾਂ ਦੇ ਅਤੇ 7 ਸਾਲ 384 ਦਿਨਾਂ ਦੇ ਹੁੰਦੇ ਹਨ। 2015 ਈ: ਵਿੱਚ ਵੀ ਇਸ ਸਾਲ ਦੇ 13 ਮਹੀਨੇ ਅਤੇ 384 ਦਿਨ ਹੀ ਹਨ। (ਹਾੜ ਦੇ ਦੋ ਮਹੀਨੇ) ਹਿੰਦੂ ਮਤ ਅਨੁਸਾਰ ਤੇਰਵਾਂ ਮਹੀਨਾ ਮਾੜਾ ਹੁੰਦਾ ਹੈ। ਇਸ ਵਿੱਚ ਕੋਈ ਸ਼ੁਭ ਕੰਮ ਨਹੀਂ ਕੀਤਾ ਜਾ ਸਕਦਾ। ਕੀ ਅਜੇਹਾ ਮੰਨਣਾ ਗੁਰਮਤਿ ਦੇ ਸਿਧਾਂਤ ਮੁਤਾਬਕ ਸਹੀ ਹੈ? ਸ਼੍ਰੋਮਣੀ ਕਮੇਟੀ ਦੀ ਅਜੇਹੀ ਕਿਹੜੀ ਮਜ਼ਬੂਰੀ ਹੋ ਸਕਦੀ ਹੈ ਕਿ ਅਜੇਹਾ ਕੈਲੰਡਰ ਸਿੱਖਾਂ ਤੇ ਠੋਸ ਰਹੀ ਹੈ ਜਿਸ ਦੀਆ ਤਾਰੀਖਾਂ ਵੀ ਅਸੀਂ ਆਪ ਨਹੀ ਪਤਾ ਕਰ ਸਕਦੇ, ਇਸ ਲਈ ਸਾਨੂੰ ਯੰਤਰੀਆਂ ਤੇ ਹੀ ਨਿਰਭਰ ਹੋਣਾ ਪੈਂਦਾ ਹੈ। ਇਹ ਯੰਤਰੀਆਂ ਕੁਝ ਖਾਸ ਵਿਦਵਾਨਾਂ ਵੱਲੋਂ ਹੀ ਬਣਾਈਆਂ ਜਾਂਦੀਆਂ ਹਨ। ਖਾਲਸਾ ਜੀ ਜਾਗੋ! ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਦੀ ਥਾਂ ਚੰਦਰ ਸੂਰਜੀ ਬਿਕ੍ਰਮੀ ਕੈਲੰਡਰ ਨੂੰ ਲਾਗੂ ਕਰਨ ਦੇ ਪਿਛੇ ਕੰਮ ਕਰਦੀ ਗੁੱਝੀ ਚਾਲ ਨੂੰ ਸਮਝੋ।


21/05/15)
ਜਸਵਿੰਦਰ ਸਿੰਘ-ਫੇਸਬੁੱਕ ਰਾਹੀਂ

ਸ਼ਹੀਦਾਂ ਦੇ ਸਿਰਤਾਜ਼ ਗੁਰੂ ਅਰਜਨ ਸਾਹਿਬ ਜੀ ਨੂੰ ਮੁਗਲਾਂ ਨੇ ਯਾਸਾ ਦੇ ਕਨੂੰਨ ਹੇਠ ਤਸੀਹੇ ਦੇ ਕੇ ਸ਼ਾਹੀਦ ਕੀਤਾ ,ਯਾਸਾ ਅਧੀਨ ਖੂੰਨ ਨਹੀ ਕਢਦੇ ਸਗੋਂ ਤਸੀਹੇ ਦਿੰਦੇ ਹਨ। ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਹਰ ਸਾਲ ਜੂਨ ਮਹੀਨੇ 'ਚ ਆਓਂਦਾ ਰਿਹਾ ਹੈ। 2003 ਦੇ ਨਾਨਕਸ਼ਾਹੀ ਕਲੰਡਰ ਅਨੁਸਾਰ ਇਹ ਦਿਹਾੜਾ ਸਦਾ ਲਈ 16 ਜੂਨ ਦਾ ਰਖਿਆ ਗਿਆ ਸੀ ,ਸਦਕੇ ਜਾਈਏ ਨੀਲਿਆਂ ਤੇ ਕਾਲੀਆਂ ਦੇ ਜਿਨਾਂ ਨੇ ਨਾਗਪੁਰ ਤੋਂ ਆਓਂਦੇ ਹੁਕਮਾਂ ਅਤੇ ਕੁਰਸੀ ਪੱਕੀ ਰਖਣ ਲਈ ਪੈਂਦੇ ਦਬਾ ਕਾਰਣ ਹੁਣ ਓਹਨਾਂ ਦੀ ਸ਼ਹੀਦੀ ਨੂੰ ਰੋਲਣ ਵਾਲਾ ਕਮ ਕਰਨਾ ਸ਼ੁਰੂ ਕੀਤਾ ਹੋਇਆ ਹੈ। ਜਿਹੜਾ ਕਮ ਗੈਰਾਂ ਨੇ ਕਰਨਾ ਸੀ ਓਹੀ ਸਿਖੀ ਸਰੂਪ 'ਚ ਵਿਚਰਦੇ ਲੀਡਰਾਂ ਅਤੇ ਆਗੂਆਂ ਤੋਂ ਕਰਵਾਇਆ ਗਿਆ ਹੈ ਜਿਹੜੇ ਆਪਣੀਆਂ ਗੱਦੀਆਂ ਪੱਕੀਆਂ ਰਖਣ ਲਈ ਕੁਝ ਵੀ ਕਰ ਸਕਦੇ ਹਨ ਭਾਵੇਂ ਓਹ ਧਾਰਮਿਕ ਆਹੁਦਿਆਂ ਤੇ ਹੋਣ ਜਾਂ ਰਾਜਨੀਤਕ। ਪਰ ਜਾਗਦੀ ਜ਼ਮੀਰ ਵਾਲੇ ਸਿਖ ਇਹਨਾਂ ਦੀਆਂ ਚਾਲਾਂ 'ਚ ਨਹੀਂ ਅਓਣਗੇ ,ਇਹਨਾਂ ਦੇ ਪਿਛਲੱਗ ਨਹੀਂ ਬਨਣਗੇ ਅਤੇ ਦੇਸ਼ ਵਿਦੇਸ਼ ਵਿਚ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਹਰ ਸਾਲ 16 ਜੂਨ ਨੂੰ ਮਨਾਉਣਗੇ। ਸਾਰੇ ਗੁਰਪੁਰਬ ਅਤੇ ਹੋਰ ਦਿਹਾੜੇ ਵੀ ਨਾਨਕਸ਼ਾਹੀ ਕਲੰਡਰ ਅਨੁਸਾਰ ਹੀ ਮਨਾਉਣਗੇ। ਆਪਣੇ ਸਤਿਕਾਰਯੋਗ ਦੋਸਤਾਂ ਤੋਂ ਇੱਕ ਇਹ ਜਾਨਣ ਦੀ ਉਤਸੁਕਤਾ ਹੈ ਗੁਰੂ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਤੇ ਸ਼ਾਬੀਲਾਂ ਲੱਗਣੀਆਂ ਕਦੋਂ ਸ਼ੁਰੂ ਕੀਤੀਆਂ ਗਈਆਂ ਸਨ ,ਗੁਰੂ ਕਾਲ ਤਾਂ ਇਹਨਾਂ ਬਾਰੇ ਕੋਈ ਜ਼ਿਕਰ ਨਹੀਂ ਮਿਲਦਾ।

ਜਸਵਿੰਦਰ ਸਿੰਘ


21/05/15)
ਸਪੋਕਸਮੈਨ ਸੰਪਾਦਕੀ

ਸਿੱਖ ਕਦੋਂ ਤਕ ਜਲੂਸਾਂ, ਮਾਰਚਾਂ ਵਿਚ ਰੁੱਝੇ ਰਹਿ ਕੇ ਸਿੱਖੀ ਨੂੰ ਖੁਰਦੀ ਜਾਂਦੀ ਨੂੰ ਵੇਖਦੇ ਰਹਿਣਗੇ? ਪਿਛਲੇ 13 ਸਾਲਾਂ ਤੋਂ, ਹਰ ਸਾਲ ਸਵਾ ਲੱਖ ਸਿੱਖ ਘੱਟ ਰਹੇ ਹਨ ਪਰ ਕਿਸੇ ਨੂੰ ਪ੍ਰਵਾਹ ਹੀ ਕੋਈ ਨਹੀਂ

ਅਪਣੇ ਆਪ ਵਿਚ ਇਹ ਕੋਈ ਛੋਟੀ ਖ਼ਬਰ ਨਹੀਂ ਕਿ ਸਿੱਖੀ ਨੂੰ ਦਰਪੇਸ਼ ਸੰਕਟ ਉਸ ਗੰਭੀਰ ਅਵੱਸਥਾ ਵਿਚ ਪਹੁੰਚ ਗਿਆ ਹੈ ਜਿਥੇ ਹਰ ਸਾਲ, ਸਵਾ ਲੱਖ ਸਿੱਖ, ਭਾਰਤ ਵਿਚ ਹੀ ਘੱਟ ਜਾਂਦੇ ਹਨ ਤੇ ਇਹ ਸਿਲਸਿਲਾ, ਪਿਛਲੇ 13 ਸਾਲਾਂ ਤੋਂ ਚਲ ਰਿਹਾ ਹੈ। ਕਿਥੇ ਚਲੇ ਜਾਂਦੇ ਹਨ ਇਹ ਸਿੱਖ? ਕੀ ਉਹ ਦੂਜੇ ਧਰਮਾਂ ਨੂੰ ਅਪਨਾ ਰਹੇ ਹਨ? ਕੀ ਉਹ ਹਿੰਦੂ ਬਣ ਰਹੇ ਹਨ? ਕੀ ਉਹ ਈਸਾਈ ਬਣ ਰਹੇ ਹਨ? ਜੇ ਬਣ ਵੀ ਰਹੇ ਹੋਣਗੇ ਤਾਂ ਸਿੱਖਾਂ ਦੀ ਕੋਈ ਅਜਿਹੀ ਜਥੇਬੰਦੀ ਨਹੀਂ ਜੋ ਇਸ ਬਾਰੇ ਫ਼ਿਕਰਮੰਦ ਹੋਵੇ ਤੇ ਕੁੱਝ ਕਰਨ ਦੀ ਸੋਚੇ। ਸਾਰੀਆਂ ‘ਪੰਥਕ’ ਜਥੇਬੰਦੀਆਂ ਵਿਚ, ਸਿਆਸਤਦਾਨਾਂ ਦੇ ਬੰਦੇ ਬਿਠਾਏ ਗਏ ਹੋਏ ਹਨ ਜੋ ਇਨ੍ਹਾਂ ਜਥੇਬੰਦੀਆਂ ਨੂੰ ‘ਅਪੰਗ’ ਬਣਾ ਛਡਦੇ ਹਨ, ਭਾਵੇਂ ਬਾਹਰੀ ਤੌਰ ਤੇ ਸਿਆਸੀ ਪ੍ਰੰਪਰਾ ਅਨੁਸਾਰ, ਬੇਮਤਲਬ ਰੌਲਾ ਬਹੁਤ ਪਾਈ ਰਖਦੇ ਹਨ। ਸਿਆਸਤਦਾਨ ਦੀ ਫ਼ਿਤਰਤ ਹੀ ਅਜਿਹੀ ਹੁੰਦੀ ਹੈ ਕਿ ਉਹ ਕੁੱਝ ਪ੍ਰਾਪਤ ਕਰਨ ਵਿਚ ਏਨਾ ਯਕੀਨ ਨਹੀਂ ਰਖਦਾ ਜਿੰਨਾ ਸ਼ੋਰ ਮਚਾਈ ਰੱਖਣ ਵਿਚ ਰਖਦਾ ਹੈ। ਸਿੱਖ ਧਰਮ ਇਸ ਵੇਲੇ ਪੂਰੀ ਤਰ੍ਹਾਂ ਸਿਆਸੀ ਲੋਕਾਂ ਦੇ ਕਾਬੂ ਹੇਠ ਚਲ ਰਿਹਾ ਹੈ, ਇਸ ਲਈ ਇਹ ਧਰਮ ਭਾਵੇਂ ਖਰਦਾ ਖੁਰਦਾ ਅਲੋਪ ਵੀ ਹੋ ਜਾਵੇ, ਇਸ ਦੇ ਸਿਆਸੀ ਪ੍ਰਭੂ, ਅੰਤ ਤਕ ਸ਼ੋਰ ਮਚਾਈ ਰੱਖਣਗੇ ਪਰ ਅਜਿਹਾ ਕੁੱਝ ਨਹੀਂ ਕਰਨਗੇ ਜੋ ਇਸ ਧਰਮ ਨੂੰ ਅਲੋਪ ਹੋਣੋਂ ਬਚਾਅ ਲਵੇ।
ਅਜਕਲ ਵੀ ਸਿਆਸੀ ਲੋਕਾਂ ਵਲੋਂ, ਅਪਣੇ ਗੁਨਾਹਾਂ ਵਲੋਂ ਲੋਕਾਂ ਦਾ ਧਿਆਨ ਹਟਾਉਣ ਲਈ, ਗੁਰੂ ਗੋਬਿੰਦ ਸਿੰਘ ਜੀ ਦੀਆਂ ‘ਨਿਸ਼ਾਨੀਆਂ’ ਨੂੰ ਲੈ ਕੇ ਖ਼ੂਬ ਮਾਰਚ ਕੱਢੇ ਜਾ ਰਹੇ ਹਨ। ਸਿੱਖ ਕਿਉਂਕਿ ਅਜਿਹੇ ਪ੍ਰੋਗਰਾਮਾਂ ਵਿਚ ਹੁਮ ਹੁਮਾ ਕੇ ਪੁਜਦੇ ਹਨ, ਇਸ ਲਈ ਸਿਆਸੀ ਲੋਕ ਤੇ ਉਨ੍ਹਾਂ ਦੇ ਬਣਾਏ ਹੋਏ ‘ਧਰਮੀ ਆਗੂ’ ਵੀ, ਇਨ੍ਹਾਂ ਪ੍ਰੋਗਰਾਮਾਂ ਨੂੰ ਖ਼ੂਬ ਹੱਲਾਸ਼ੇਰੀ ਦੇਂਦੇ ਹਨ ਤਾਕਿ ਸਿਆਸੀ ਆਗੂਆਂ ਦੀ ਖ਼ੁਸ਼ੀ ਦੀ ਛਾਂ ਰੱਜ ਕੇ ਮਾਣ ਸਕਣ। ਅਜਿਹਾ ਕਰਨ ਸਮੇਂ ਜੇ ਉਨ੍ਹਾਂ ਨੂੰ ਕੋਈ ਇਹ ਪੁੱਛਣ ਦਾ ਹੀਆ ਕਰ ਬੈਠੇ ਕਿ ਇਸ ਸਾਰੇ ਰੌਲੇ ਰੱਪੇ ਅਤੇ ਵਿਖਾਵੇ ਦਾ, ਸਿੱਖਾਂ ਨੂੰ ਕੋਈ ਫ਼ਾਇਦਾ ਵੀ ਹੋਵੇਗਾ ਤਾਂ ਉਹ ਗੁੱਸੇ ਨਾਲ ਲਾਲ ਪੀਲੇ ਹੋ ਜਾਂਦੇ ਹਨ। ਰੌਲਾ ਰੱਪਾ, ਮਾਰਚ, ਜਲੂਸ ਆਦਿ ਤਾਂ ਸਿੱਖਾਂ ਦੇ ਸਿਆਸੀ ਤੇ ਧਾਰਮਕ ਲੀਡਰਾਂ ਦਾ ਜਨਮ ਸਿਧ ਅਧਿਕਾਰ ਹੈ, ਉਹ ਇਸ ਨੂੰ ਕਿਵੇਂ ਛੱਡ ਦੇਣ? ਜੇ ਫ਼ਾਇਦੇ ਦੀ ਥਾਂ ਨੁਕਸਾਨ ਵੀ ਹੋਣਾ ਸ਼ੁਰੂ ਹੋ ਜਾਏ, ਤਾਂ ਵੀ ਨਹੀਂ ਛੱਡਣਗੇ। ਨੁਕਸਾਨ ਤਾਂ ਹੋਣਾ ਸ਼ੁਰੂ ਹੋ ਹੀ ਗਿਆ ਹੈ ਪਰ ਕਿਸੇ ਧਾਰਮਕ ਜਾਂ ਸਿਆਸੀ ਆਗੂ ਦੇ ਸਿਰ ਤੇ ਜੂੰ ਵੀ ਨਹੀਂ ਰੇਂਗੀ।
ਅਤੇ ਆਉ ਜ਼ਰਾ ‘ਨਿਸ਼ਾਨੀਆਂ’ ਦੀ ਗੱਲ ਵੀ ਕਰ ਲਈਏ। 30 ਸਾਲ ਪਹਿਲਾਂ, ਹੇਮਕੁੰਟ ਗੁਰਦਵਾਰੇ ਦੀ ਪ੍ਰਬੰਧਕੀ ਕਮੇਟੀ ਨਾਲ ਸਬੰਧਤ ਇਕ ਸੱਜਣ ਨੇ ਗੁਰੂ ਗੋਬਿੰਦ ਸਿੰਘ ਦੀਆਂ ‘ਪਵਿੱਤਰ ਜੁਤੀਆਂ’ ਨੂੰ ਲੈ ਕੇ, ਸਾਰੇ ਹਿੰਦੁਸਤਾਨ ਵਿਚ ‘ਯਾਤਰਾ’ ਕੱਢੀ ਤੇ ਕਰੋੜਾਂ ਰੁਪਏ ਇਕੱਠੇ ਕੀਤੇ। ਲੋਕ ਜੁੱਤੀਆਂ ਨੂੰ ਮੱਥਾ ਟੇਕਦੇ ਤੇ 100-100 ਰੁਪਏ ਭੇਂਟ ਕਰਦੇ। ਮਗਰੋਂ ਉਸ ਸੱਜਣ ਨੇ ਆਪ ਹੀ ਮੰਨਿਆ ਕਿ ਜੁੱਤੀਆਂ ਤਾਂ ਉਸ ਨੇ ਇਕ ਮੋਚੀ ਕੋਲੋਂ ਬਣਵਾਈਆਂ ਸਨ ਤੇ ਵੇਖਣਾ ਚਾਹਿਆ ਸੀ ਕਿ ਸਿੱਖਾਂ ਨੂੰ ਕਿਸ ਹੱਦ ਤਕ ਮੂਰਖ ਬਣਾਇਆ ਜਾ ਸਕਦਾ ਹੈ। ਉਸ ਤੋਂ ਬਾਅਦ, ਪਤਾ ਹੀ ਨਹੀਂ ਲੱਗਾ ਕਿ ਜੁੱਤੀਆਂ ਗਈਆਂ ਕਿਥੇ?
ਇਹ ਪੁਰਾਣੀ ਘਟਨਾ ਉਦੋਂ ਯਾਦ ਆ ਗਈ ਜਦੋਂ ਕਾਂਗਰਸੀ ਆਗੂ ਮਨਜੀਤ ਸਿੰਘ ਖਹਿਰਾ ਨੇ ਇਕ ਪ੍ਰੈੱਸ ਕਾਨਫ਼ਰੰਸ ਕਰ ਕੇ ਦਸਿਆ ਕਿ ਪੀਰ ਬੁੱਧੂ ਸ਼ਾਹ, ਜਿਸ ਨੂੰ ਗੁਰੂ ਗੋਬਿੰਦ ਜੀ ਨੇ ਕੰਘਾ ਤੇ ਕੇਸ ਬਖ਼ਸ਼ਿਸ਼ ਕੀਤੇ ਸਨ, ਉਸ ਦੇ ਵੰਸ਼ਜਾਂ ਨੇ ਲੰਡਨ ਤੋਂ ਉਨ੍ਹਾਂ ਨੂੰ ਦਸਿਆ ਹੈ ਕਿ ਗੁਰੂ ਜੀ ਦੀਆਂ ਅਸਲ ਨਿਸ਼ਾਨੀਆਂ ਤਾਂ ਇੰਗਲੈਂਡ ਵਿਚ ਉਨ੍ਹਾਂ ਕੋਲ ਮੌਜੂਦ ਹਨ, ਇਸ ਲਈ ਜਿਹੜੀਆਂ ‘ਨਿਸ਼ਾਨੀਆਂ’ ਨੂੰ ਪੰਜਾਬ ਵਿਚ ਫਿਰਾਇਆ ਜਾ ਰਿਹਾ ਹੈ, ਉਹ ਗੁਰੂ ਜੀ ਦੀਆਂ ਅਸਲ ਨਿਸ਼ਾਨੀਆਂ ਨਹੀਂ ਹੋ ਸਕਦੀਆਂ। ਖਹਿਰਾ ਦੇ ਇਸ ਬਿਆਨ ਤੇ ਅਕਾਲੀ ਹਲਕੇ ਟੁਟ ਕੇ ਉਸ ਉਤੇ ਪੈ ਗਏ ਹਨ ਪਰ ਜਨਤਾ ਅਤੇ ਵਿਦਵਾਨਾਂ ਦੀ ਤਸੱਲੀ ਕਰਵਾਉਣ ਦੀ ਗੱਲ ਹੀ ਨਹੀਂ ਛੇੜੀ ਗਈ।
ਅਤੇ ਹੁਣ ਰੌਲੇ ਰੱਪੇ ਦੀ ਗੱਡੀ ਚਾਲੂ ਰਖਦੇ ਹੋਏ, ਫ਼ੈਸਲਾ ਕੀਤਾ ਗਿਆ ਹੈ ਕਿ ਸਿਆਸੀ ਲੀਡਰਾਂ ਨੂੰ ਫ਼ਾਇਦਾ ਪਹੁੰਚਾਉਣ ਲਈ ਲੰਦਨ ਤੋਂ ਲਿਆਂਦੀ ਗਈ ਗੁਰੂ ਗੋਬਿੰਦ ਸਿੰਘ ਦੀ ਉਸ ‘ਕਲਗੀ’ ਨੂੰ ਵੀ ਭੀੜਾਂ ਇਕੱਠੀਆਂ ਕਰਨ ਲਈ 2017 ਦੀਆਂ ਚੋਣਾਂ ਤਕ ਵਰਤਿਆ ਜਾਏ ਜਿਸ ਨੂੰ ਪਹਿਲਾਂ ਆਪ ਹੀ ਸ਼੍ਰੋਮਣੀ ਕਮੇਟੀ ‘ਗੁਰੂ ਗੋਬਿੰਦ ਸਿੰਘ ਜੀ ਦੀ ਅਸਲ ਕਲਗ਼ੀ’ ਮੰਨਣ ਤੋਂ ਇਨਕਾਰ ਕਰ ਚੁਕੀ ਹੈ। ਅਸਲੀ ਹੋਵੇ ਜਾਂ ਨਕਲੀ, ਜਦ ਸ਼ਰਧਾਲੂ ਭੀੜਾਂ ਹੁਮ ਹੁਮਾ ਕੇ ਮੱਥੇ ਟੇਕਣ ਤੇ ਮਾਇਆ ਚੜ੍ਹਾਉਣ ਲਈ ਆ ਜੁੜਦੀਆਂ ਹੋਣ ਤਾਂ ਸਿਆਸੀ ਲੋਕ ਇਸ ਦਾ ਫ਼ਾਇਦਾ ਕਿਉਂ ਨਹੀਂ ਉਠਾਉਣਗੇ? ਉਨ੍ਹਾਂ ਦੀ ਅੱਖ ਦਾ ਇਸ਼ਾਰਾ ਪ੍ਰਾਪਤ ਕਰ ਕੇ, ਉਨ੍ਹਾਂ ਦੇ ਥਾਪੇ ਹੋਏ ਧਾਰਮਕ ਆਗੂ, ਸੰਗਤਾਂ ਨੂੰ ਇਹ ਦੱਸਣ ਲਈ ਉੱਚੀ ਉੱਚੀ ਕੂਕਣਾ ਸ਼ੁਰੂ ਕਰ ਦੇਣਗੇ ਕਿ ਫ਼ਲਾਣੇ ਮਹਾਨ ਆਗੂਆਂ ਦੀ ਮਿਹਰਬਾਨੀ ਸਦਕਾ, ਗੁਰੂਆਂ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਨੇ ਸੰਭਵ ਹੋ ਸਕੇ ਹਨ। ਬੋਲੋ ਵਾਹਿਗੁਰੂ!! ਸਿੱਖੀ ਦਾ ਸੁਨੇਹਾ ਹੈ ਕਿ ਪੂਜਾ ਕੇਵਲ ਅਕਾਲ ਪੁਰਖ ਦੀ ਕਰਨੀ ਹੈ, ਕਿਸੇ ਦੁਨਿਆਵੀ ਚੀਜ਼ ਦੀ ਨਹੀਂ। ਇਹ ਲੋਕ ‘ਗੁਰੂ ਦੀਆਂ ਨਿਸ਼ਾਨੀਆਂ’ ਕਹਿ ਕੇ ਅਸਲੀ, ਨਕਲੀ, ਹਰ ਪ੍ਰਕਾਰ ਦੀਆਂ ਦੁਨਿਆਵੀ ਵਸਤਾਂ ਦੀ ਪੂਜਾ ਕਰਵਾਉਣ ਤੇ ਲਾ ਦੇਂਦੇ ਹਨ ਸ਼ਰਧਾਲੂਆਂ ਨੂੰ। ਦੇਸ਼ ਵਿਚ ਸਦੀਆਂ ਤੋਂ ਪੁਜਾਰੀ ਸ਼੍ਰੇਣੀ ਤੇ ਰਾਜੇ ਮਹਾਰਾਜੇ ਇਹੀ ਕੁੱਝ ਕਰਦੇ ਆਏ ਹਨ। ਸਿੱਖ ਸਿਆਸਤਦਾਨ ਤੇ ਪੁਜਾਰੀ ਵਰਗ ਪਿੱਛੇ ਕਿਉਂ ਰਹਿ ਜਾਣ?


17/05/15)
ਨਵਜੋਤ ਸਿੰਘ

ਪਿਆਰੇ ਪਾਠਕ ਜਨੋ।
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥

ਮੈਂ ਗੁਰਦੁਆਰਾ ਸਾਹਿਬ ਕਥਾ ਲਈ ਗਿਆ ਅਚਾਨਕ ਹੁਕਮ ਆਇਆ ਕਿ ਮੂਰਤੀ ਪੂਜਾ ਸਿਧਾਂਤ ਨੂੰ ਸੰਗਤ ਸਾਹਮਣੇ ਪੇਸ਼ ਕੀਤਾ ਜਾਏ। ਮੂਰਤੀ ਪੂਜਾ ਕੀ ਹੈ? ਜਾਂ ਆਰਤੀ ਕੀ ਹੈ?
ਸੋਚੋ ਨਾ। ਨਾ ਹੈਰਾਨ ਹੋਵੋ। ਕਿਉਂਕਿ ਇਹ ਸਭ ਮਾਇਆ ਜਾਲ ਭਾਰਤ ਦੇ ਸਰਵਸ਼ਰੇਸਟ ਆਗੂ ਮਹਾਬਲੀ, ਮਹਾਨ ਆਗੂ, ਪੂਜਨੀਕ ਬ੍ਰਾਹਮਣ ਦਾ ਫੈਲਾਇਆ ਹੋਇਆ ਹੈ। ਵੱਡੇ ਵੱਡੇ ਧਾਰਮਿਕ ਸਥਾਨਾਂ ਅਤੇ ਤੀਰਥ ਸਥਾਨਾਂ ਤੇ ਘੁੱਮਦੀਆਂ ਦੀਵਿਆਂ ਦੀਆਂ ਥਾਲਾਂ, ਰੰਗ ਬਿਰੰਗੇ ਫੁੱਲਾਂ ਦੀ ਸੋਨੇ ਦੀਆਂ ਮੂਰਤੀਆਂ ਦੇ ਉਪਰ ਬਰਖਾ ਅਤੇ ਦੁੱਧ ਦੇ ਨਾਲ ਉਹਨਾਂ ਧਾਰਮਿਕ ਸਥਾਨਾਂ ਅਤੇ ਮੂਰਤੀਆਂ ਨੂੰ ਇਸ਼ਨਾਨ ਕਰਾਉਂਦਿਆਂ ਤੱਕ ਕੇ ਭਾਤਰੀ ਸਮਾਜ ਦਾ ਇੱਕ ਆਮ ਇਨਸਾਨ ਸੋਚਣ ਤੇ ਮਜਬੂਰ ਹੋ ਜਾਂਦਾ। ਉਹਦੀਆਂ ਅੱਖਾਂ ਇਹ ਆਲੋਕਿਕ ਪਖੰਡ ਦਾ ਫਰਜੀ ਨਜਾਰਾ ਵੇਖ ਕੇ ਫੱਟੀਆਂ ਦੀ ਫੱਟੀਆਂ ਰਹਿ ਜਾਂਦੀਆਂ ਤੇ ਉਹ ਵੀ ਧਰਮ, ਰਬ ਦੇ ਨਾਮ ਤੇ ਘਰ ਆ ਕੇ ਆਪਣੇ ਈਸ਼ਟ ਜਾਂ ਕਾਲਪਨਿਕ ਦੇਵੀ ਦੇਵਤੇ ਅੱਗੇ ਲੱਗ ਜਾਂਦਾ ਨੱਕ ਰਗੜਨ। ਭਲਾ ਦਸੋ ਹੈ ਕੋਈ ਗਿਆਨ ਵਾਲੀ ਗੱਲ? ਹੈ ਨਾ ਸਮੇਂ ਦੀ ਬਰਬਾਦੀ? ਹੈ ਨਾ ਧਨ ਦੀ ਬਰਬਾਦੀ? ਮੂਰਤੀ ਤਾਂ ਪੱਥਰ ਹੈ? ਭਗਤ ਨਾਮਦੇਵ ਜੀ ਨੂੰ ਜਦੋਂ ਬ੍ਰਾਹਮਣਾਂ ਦੇ ਟੋਲੇ ਨੇ ਛੀਂਬਾ ਹੋਣ ਕਰਕੇ ਮੰਦਰ ਦੀਆਂ ਪਉੜੀਆਂ ਤੋਂ ਥੱਲੇ ਉਤਾਰ ਦਿੱਤਾ ਤਾਂ ਨਾਮਦੇਵ ਨੇ ਹਿੱਕ ਥਾਪੜ ਕੇ ਇਹ ਗੱਲ ਆਖੀ ਮੈਨੂੰ ਸ਼ੌਂਕ ਨਹੀ ਬ੍ਰਾਹਮਣੋਂ ਤੁਹਾਡੀ ਇਸ ਮੰਦਰ ਰੂਪੀ ਦੁਕਾਨ ਵਿੱਚ ਆ ਕੇ ਨੱਕ ਰਗੜਨ ਦਾ। ਸਗੋਂ ਮੈਂ ਤਾਂ ਦੁਨੀਆਂ ਦੇ ਲੋਕਾਂ ਨੂੰ ਦੱਸਣ ਆਇਆਂ ਕਿ ਆਹ ਮੰਦਰ ਚ ਰਖੀਆਂ ਮੂਰਤੀਆਂ ਜਿਹਨੂੰ ਬ੍ਰਾਹਮਣ ਕਿਸੇ ਨੂੰ ਵਿਸ਼ਨੂੰ, ਕਿਸੇ ਨੂੰ ਹਨੂੰਮਾਨ, ਕਿਸੇ ਨੂੰ ਸ਼ਿਵਜੀ, ਕਿਸੇ ਨੂੰ ਕਾਲੀ ਮਾਤਾ, ਕਿਸੇ ਨੂੰ ਦੁਰਗਾ ਮਾਤਾ ਬਣਾ-ਬਣਾ ਪੇਸ਼ ਕਰਦਾ ਇਹ ਰੱਬ ਰੂਬ ਕੋਈ ਨਹੀ ਬਲਕਿ ਪੱਥਰ ਦੇ ਟੁਕੜੇ ਨੇ! ਪੱਥਰ ਦੇ! ਇਹ ਓਹੀ ਪੱਥਰ ਆ ਜਿਹੜਾ ਮੰਦਰ ਦੀ ਪਉੜੀਆਂ ਤੇ ਲਗਾ। ਪਰ ਵੇਖ ਲੋ ਕਿੰਨੀ ਚਾਲਾਕੀ ਨਾਲ ਪੰਡਤ ਤੁਹਾਡਾ ਨੱਕ ਪਥਰ ਤੇ ਲੈ ਕੇ ਰਗੜਾ ਗਿਆ। ਤੇ ਤੁਸੀ ਰਹੇ ਨਾ ਭੇਡਾਂ ਦੇ ਭੇਡਾਂ? ? ? ?
ਏਕੈ ਪਾਥਰ ਕੀਜੈ ਭਾਉ॥ ਦੂਜੈ ਪਾਥਰੁ ਧਰੀਐ ਪਾਉ॥
ਜੇ ਪਥਰ ਦੀ ਮੂਰਤੀ ਸਚੀ ਹੂੰਦੀ ਤਾਂ ਸਭ ਤੋਂ ਪਹਿਲੋਂ ਉਹਨੂੰ ਖਾਂਦੀ ਜਿਹਨੇ ਦੇਵਤੇ ਦੀ ਮੂਰਤ ਤੇ ਪੈਰ ਰਖ ਕੇ ਉਹਨੂੰ ਘੜਿਆ। ਪਰ ਹੈ ਨਾ ਪੰਡੀਆ ਕਿੰਨਾ ਚਲਾਕ। ਦੇਸ਼ ਦੀ ਜਨਤਾ ਨੂੰ ਮੂਰਖ ਬਣਾਉਣਾ ਤਾਂ ਉਹਦੀ ਚੀਚੀ ਦਾ ਕੰਮ ਹੈ। ਜੇ ਕੋਈ ਬੰਦਾ ਵਿਰੋਧ ਕਰਦਾ ਹੈ ਮੂਰਤੀ ਪੂਜਾ ਦਾ। ਜੇ ਕੋਈ ਕਹਿੰਦਾ ਕਿ ਇਹ ਦੇਵੀ ਦੇਵਤਿਆਂ ਦੀਆਂ ਮੂਰਤਾਂ ਨਹੀ ਪੰਡੀਏ ਦੇ ਖਿਡਾਉਣੇ ਨੇ ਤਾਂ ਬੜੀ ਬੇਸ਼ਰਮੀ ਨਾਲ ਪੰਡੀਆ ਕਹਿੰਦਾ ਕਿ “ਮਾਨੋ ਤੋ ਸ਼ੰਕਰ ਹੈ ਨਾ ਮਾਨੋ ਤੋ ਕੰਕਰ ਹੈ।” ਪਰ ਦੁਨੀਆ ਦੇ ਲੋਕੋ ਇੱਕ ਵਿਦਵਾਨ ਦੀ ਇਹ ਹੇਠ ਲਿਖੀਆਂ ਪੰਕਤੀਆਂ ਬਹੁਤ ਧਿਆਨ ਮੰਗਦੀਆਂ ਨੇ ਕਿ
ਵਾਹ ਪੱਥਰੋ ਕਿਆ ਖੂਬ ਤੱਰਕੀ ਕੀ ਹੈ
ਤਰਾਸ਼ੇ ਨਾ ਥੇ ਤੋ ਪਥਰ ਥੇ
ਤਰਾਸ਼ੇ ਗਏ ਤੋ ਖਦਾ ਬਨ ਗਏ॥
ਇਹ ਗੱਲਾਂ ਅਕਸਰ ਸਾਡੇ ਹਿੰਦੂ ਭਰਾਵਾਂ ਨੂੰ ਚੁੱਭ ਜਾਂਦੀਆਂ ਨੇ ਤੇ ਅਕਸਰ ਉਹ ਮੈਂਨੂੰ ਇਹ ਸੁਆਲ ਕਰਦੇ ਜਾਂ ਮੇਰੀ ਕਥਾ ਬੰਦ ਕਰਵਾਉਣ ਦੀ ਪੂਰੀ ਕੋਸ਼ਿਸ ਕਰਦੇ। ਪਰ ਹਮੇਸ਼ਾ ਦੀ ਆਦਤ ਦੀ ਤਰਾਂ ਮੈਂ ਵੀ ਚੁੱਪ ਨਾ ਬੈਠਦਾ ਤੇ ਕੋਈ ਨਾ ਕੋਈ ਆਫਤ ਆਪਣੇ ਵੀਰਾਂ ਲਈ ਖੜੀ ਰਖਦਾ ਕਿ ਭਾਈ ਵੇਖੋ ਹਿੰਦੂ ਮਤ ਦਾ ਹੀ ਇੱਕ ਫਿਰਕਾ ਹੈ ਆਰੀਆ ਸਮਾਜ। ਇਹ ਇੱਕ ਅਲਗ ਵਿਸ਼ਾ ਹੈ ਕਿ ਆਰੀਆ ਲੋਕ ਆਪਣੇ ਆਪ ਨੂੰ ਹਿੰਦੂ ਨਹੀ ਅਖਵਾਉਂਦੇ। ਆਰੀਆ ਅਖਵਾਉਂਦੇ ਹਨ। ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਹਿੰਦੂ ਲਫਜ਼ ਮੁਗਲ ਹਮਲਾਵਰਾਂ ਦੁਆਰਾ ਦਿਤਾ ਗਿਆ ਹੈ। ਜਿਸ ਦਾ ਫਾਰਸੀ ਅਰਥ ਹੈ ਚੋਰ, ਗੁਲਾਮ, ਕਾਲਾ ਆਦਿ। ਆਰੀਆ ਸਮਾਜ ਨੂੰ ਪ੍ਰਚਾਰਣ ਤੇ ਪ੍ਰਸਾਰਣ ਵਾਲੇ ਸਵਾਮੀ ਦਯਾਨੰਦ ਨਾਲ ਵੀ ਇੱਕ ਘਟਨਾ ਜੁੜੀ ਹੈ। “ਕਿ ਬਚਪਨ ਦਾ ਮੂਲ ਸ਼ੰਕਰ ਆਪਣੇ ਪਿਤਾ ਅੰਬਾ ਸ਼ੰਕਰ ਨਾਲ ਜਦੋਂ ਪਿੰਡ ਦੇ ਜਗਰਾਤੇ ਵਿੱਚ ਗਿਆ ਤਾਂ ਉਥੇ ਉਹਨੇ ਵੇਖਿਆ ਕਿ ਸ਼ਿਵਜੀ ਦੀ ਮੂਰਤੀ ਲਾਗੇ ਕੁੱਝ ਚੂਹੇ ਪ੍ਰਸ਼ਾਦਿ ਚੁੱਕ ਕੇ ਭੱਜ ਰਹੇ ਹਨ। ਤਾਂ ਮੂਲ ਸ਼ੰਕਰ ਦੇ ਮਨ ਵਿੱਚ ਇਹ ਗੱਲ ਪੱਕ ਗਈ ਕਿ ਜਿਹੜੀ ਮੂਰਤੀ ਆਪਣਾ ਪ੍ਰਸਾਦ ਨਹੀ ਬਚਾ ਪਾ ਰਹੀ ਉਹ ਸਾਡੀ ਰਖਿਆ ਕਿਵੇਂ ਕਰੇਗੀ। ਇਥੋਂ ਸੁਰੂ ਹੁੰਦਾ ਦਯਾਨੰਦ ਸਰਸਵਤੀ ਦਾ ਸਫਰ। ਮਨ ਵਿੱਚ ਨਫਰਤ ਪੈਦਾ ਹੋ ਜਾਂਦੀ ਮੂਰਤੀ ਪੂਜਾ ਖਿਲਾਫ। ਸੋ ਹਿੰਦੂ ਭਰਾਵਾਂ ਨੂੰ ਵੀ ਬੇਨਤੀ ਹੈ ਜੇ ਗੁਰਮਤਿ ਹਜ਼ਮ ਕਰਨ ਦਾ ਹਾਜ਼ਮਾ ਨਹੀ ਨਾ ਤਾਂ ਸਵਾਮੀ ਦਯਾਨੰਦ ਦਾ ਕੀਤਾ ਸ਼ਾਸ਼ਤ੍ਰਾਥ ਪੜੋ ਜਾ ਸੁਣੋ। ਐਵੇਂ ਗੁਰਮਤਿ ਦੇ ਰਾਹ ਵਿੱਚ ਰੋੜੇ ਨਾ ਅਟਕਾਓ। ਇਥੋਂ ਤੱਕ ਮੂਰਤੀ ਪੂਜਾ ਦਾ ਵਿਰੋਧ ਕੀਤਾ ਦਯਾਨੰਦ ਨੇ ਜਦੋ ਇੱਕ ਫੋਟੋਗਰਾਫਰ ਉਹਦੀ ਤਸਵੀਰ ਖਿੱਚਣ ਲਗਾ ਤਾਂ ਦਯਾਨੰਦ ਨੇ ਸਾਫ ਮਨਾ ਕਰਤਾ। ਫੋਟੋਗਰਾਫਰ ਦੇ ਪੁੱਛਣ ਤੇ ਜੋ ਜੁਆਬ ਦਯਾਨੰਦ ਨੇ ਦਿਤਾ ਮੁਆਫੀ ਚਾਹੂੰਨਾ ਸਿੱਖ ਵੀਰੋ! ਸੱਚਾਈ ਆ ਲਿਖ ਰਿਹਾਂ। ਉਹ ਕਹਿੰਦਾ ਫੋਟੋਗਰਾਫਰ ਨੂੰ ਕਿ ਮੈ ਤਾਂ ਮਨਾ ਕੀਤਾ ਕਿ ਮੈਨੂੰ ਡਰ ਹੈ ਕਿ ਲੋਗ ਮੇਰੀ ਫੋਟੋ ਦੀ ਪੂਜਾ ਨਾ ਕਰਨ ਲਗ ਪੈਣ।
ਇਹ ਤਾਂ ਕਹਾਣੀ ਕਿ ਪਾਸੜ ਹੋ ਗਈ! ਹੁਣ ਕਰਦੇ ਹਾਂ ਨਾਨਕ ਜੀ ਦੇ ਉਸ ਨਿਰਮਲ ਪੰਥ ਦੇ ਬਾਗ ਦੀਆਂ ਜਿਸਨੂੰ ਗੁਰੁ ਸਾਹਿਬਾਨ ਨੇ ਆਪ ਸੱਚ ਦਾ ਪਾਣੀ ਦੇ ਦੇ ਕੇ ਪਾਲਿਆ ਸੀ। ਜਿਹਨੂੰ ਗਿਆਨ ਗੁਰੁ ਦੇ ਲੜ ਲਾਇਆ ਸੀ। ਸਿੱਖ ਰੋਜ ਪੜਦਾ ਗੁਰਬਾਣੀ ਅੰਦਰ ਕਿ ਥਾਪਿਆ ਨਾ ਜਾਇ ਕੀਤਾ ਨਾ ਹੋਇ ਵਾਹਿਗੁਰੂ ਜੀ ਨੂੰ ਨਾ ਤਾਂ ਥਪਿਆ ਭਾਵ ਮੂਰਤੀ ਬਣਾਈ ਜਾ ਸਕਦੀ ਹੈ ਨਾ ਹੀ ਪੈਦਾ ਕੀਤਾ ਜਾ ਸਕਦਾ ਹੈ। ਉਹ ਆਪਣੇ ਆਪ ਤੋਂ ਬਣਿਆ ਮਾਇਆ ਦੀ ਕਾਲਖ ਤੋਂ ਰਹਿਤ ਹੈ। ਪਰ ਵੇਖੋ ਨਾ ਜਿਸਦੀ ਮੱਤ ਹੀ ਗੋਡਿਆਂ ਵਿੱਚ ਹੋਵੇ ਉਹਨੂੰ ਸਮਝਾਂਉਣ ਦਾ ਕਿ ਫਾਇਦਾ। ਇਹਨਾਂ ਤਾਂ ਗੁਰੁ ਨਾਨਕ ਸਾਹਿਬ ਜੀ ਦੇ ਬੁੱਲਾਂ ਤੇ ਹੀ ਤਾਲਾ ਲਾ ਤਾ ਉਹਨਾਂ ਦੀਆਂ ਕਾਲਪਨਿਕ ਤਸਵੀਰਾਂ ਬਣਾ ਕੇ। ਗੁਰੁ ਬਾਬੇ ਦੀ ਫੋਟੋਆਂ ਦੀ ਪੂਜਾ ਕਰਵਾਤੀ। ਅਖੇ ਅਖੋਤੀ ਨਾਨਕਸਰੀਏ ਇਹਨਾਂ ਨੂੰ ਫੋਟੋਆਂ ਨਾ ਕਹੋ ਇਹ ਤਾਂ ਸਰੂਪ ਨੇ ਗੁਰੁ ਨਾਨਕ ਸਾਹਿਬ ਦੇ। ਗੁਰੁ ਗ੍ਰੰਥ ਸਾਹਿਬ ਜੀ ਨੂੰ ਮੂਰਤੀਆਂ ਵਾਗੂੰ ਭੋਗ ਲਵਾਉਣੇ ਤੇ ਦਰਸ਼ਨ ਕਰਵਾਉਣੇ। ਇਹ ਤਾਂ ਬ੍ਰਾਹਮਣ ਦੀ ਧੋਤੀ ਬੋਦੀ ਤੋਂ ਵੀ ਗਾਂਹ ਲੰਘ ਗਏ ਗੱਪਾਂ ਮਾਰਨ ਚ। ਕਹਿੰਦੇ ਗੁਰੁ ਸਾਹਿਬ ਨੂੰ ਇਸ਼ਨਾਨ ਵੀ ਕਰਾਉਣਾ। ਬਾਬੇ ਦੀ ਫੋਟੋ ਨਾਲ ਦਾਤਨ ਤੇ ਗੜਵਾ ਪਾਣੀ ਦਾ ਵੀ ਰਖਣਾ। ਚਿੱਟੇ ਚੋਲੇ ਪਾ ਸਿੱਖ ਨੋਜੁਆਨੀ ਦੀ ਅਣਖ ਹੀ ਮੁੱਕਾ ਤੀ ਸਿੱਖ ਨੋਜੁਆਨਾਂ ਦੀ। ਜੇ ਤਾਂ ਹੋ ਬਾਬੇ ਨਾਨਕ ਦੇ ਅਸਲੀ ਵਾਰਿਸ ਤਾਂ ਵੀਰੋ ਬੇਨਤੀ ਆ ਤੁਹਾਡੇ ਚਰਨਾਂ ਵਿੱਚ ਕਿ ਨਾਨਕ ਜੀ ਦੇ ਨਾਮ ਤੇ ਖੁੱਲੀ ਇਸ ਪਖੰਡ ਦੀ ਦੁਕਾਨ ਦਾ ਛੇਤੀ ਤੋਂ ਛੇਤੀ ਬਾਈਕਾਟ ਕਰ ਕੇ ਇਸਨੂੰ ਬੰਦ ਕਰਵਾਉਣ ਦਾ ਉਪਰਾਲਾ ਕੀਤਾ ਜਾਵੇ। ਪ੍ਰਚਾਰ ਵਿਹਲੇ ਬਾਬੇਆਂ ਦਾ ਤੇ ਨਾਮ ਵਰਤਦੇ ਕਿਰਤੀ ਨਾਨਕ ਨਿਰੰਕਾਰੀ ਦਾ। ਸਿੱਖੀ ਦੇ ਅਸਲੀ ਦੁਸ਼ਮਣ ਬਾਹਰਲੇ ਨਹੀ ਇਹ ਚਿੱਟ ਕਪੜੀਏ ਅਜਗਰ ਹੀ ਨੇ। ਜੇ ਸੱਚੀ ਮੁਚੀ ਤੁਸੀ ਨਾਨਕ ਨਿਰੰਕਾਰੀ ਦੇ ਉਹ ਕੀਮਤੀ ਸਿਤਾਰੇ ਹੋ ਜੋ ਸਰਹੰਦ ਦੀ ਕਚਹਿਰੀ ਚ ਖੜ ਕੇ ਸੂਬੇ ਸਰਹੰਦ ਅੱਗੇ ਗੱਜ ਕੇ ਬੋਲਦੇ ਹਨ ਕਿ
ਬੁਤ ਕੋ ਬੁਰਾ ਕਹਾ ਤੋ ਯੇ ਹਿੰਦੂ ਬਿਗੜ ਗਏ
ਰੋਕਾ ਜੋ ਜੁਲਮ ਸੇ ਤੋ ਯੇ ਮੁਸਲਮਾਨ ਬਿਟਰ ਗਏ।
ਤਾਂ ਕਾਗਜ਼, ਮੋਮ, ਪਲਾਸਟਿਕ, ਪਥਰਾਂ ਦੀਆਂ ਮੂਰਤਾਂ ਤੋਂ ਖਹਿੜਾ ਛੁੱਡਾ ਕਿ ਗਿਆਨ ਗੁਰੁ ਸ਼੍ਰੀ ਗੁਰੁ ਗ੍ਰੰਥ ਸਾਹਿਬ ਨਾਲ ਆਪਣਾ ਕੀਮਤੀ ਸਮਾਂ ਬਤੀਤ ਕਰਿਆ ਕਰੋ। ਇੱਕ ਕੀਮਤੀ ਘਟਨਾ ਤੁਹਾਡੇ ਨਾਲ ਸਾਂਝੀ ਕਰ ਕੇ ਆਪਣੇ ਵੀਚਾਰਾਂ ਨੂੰ ਸੰਖੇਪਦਾ ਹਾਂ। ਭਾਈ ਕਾਹਨ ਸਿੰਘ ਜੀ ਨਾਭਾ ਨੇ ਇੱਕ ਰੋਚਿਕ ਘਟਨਾ ਗੁਰਮਤਿ ਮਾਰਤੰਡ ਦੇ ਸਫੇ 597 ਤੇ ਲਿਖੀ ਹੈ ਦੇਵੀ ਪੂਜਨ ਦੀ ਪ੍ਰਚਲਿਤ ਕਥਾ ਤੇ ਵੀਚਾਰ “ਵਿਦਵਾਨ ਮੋਹਸਨਫਾਨੀ, -ਦਬਿਸਤਾਨ ਮਜ਼ਾਹਬ ਦੇ ਕਰਤਾ ਨੇ ਇੱਕ ਅੱਖੀਂ ਦੇਖਿਆ ਪ੍ਰਸੰਗ ਦੇਵੀ ਦਾ ਲਿਖਿਆ ਹੈ, ਜਿਸ ਤੋਂ ਗੁਰਸਿੱਖਾਂ ਵਿੱਚ ਦੇਵੀ ਦੀ ਸਨਮਾਨ ਦੀ ਅਸਲੀਅਤ ਪ੍ਰਗਟ ਹੂਦੀ ਹੈ। :-
ਗੁਰੁ ਹਰਿਗੋਬਿੰਦ ਸਾਹਿਬ ਜੀ ਕੀਰਤਪੁਰ ਪਹੁੰਚੇ, ਜੋ ਰਾਜਾ ਤਾਰਾ ਚੰਦ ਦੇ ਰਾਜ ਵਿੱਚ ਸੀ। ਉਥੋਂ ਦੇ ਲੋਕ ਮੂਰਤੀ ਪੂਜਕ ਸੇ, ਪਹਾੜ ਦੇ ਸਿਰ ਪਰ ਇੱਕ ਨੈਣਾ ਦੇਵੀ ਦਾ ਮੰਦਰ ਸੀ, ਜਿਸ ਨੂੰ ਪੂਜਣ ਲਈ ਆਸ ਪਾਸ ਦੇ ਲੋਕ ਆਇਆ ਕਰਦੇ ਸੇ। ਇੱਕ ਭੈਰੋਂ ਨਾਮੀ ਗੁਰੁ ਦੇ ਸਿੱਖ ਨੇ ਮੰਦਿਰ ਵਿੱਚ ਪਹੁੰਚ ਕੇ ਨੈਣਾ ਦੇਵੀ ਦਾ ਨੱਕ ਤੋੜ ਸੁਟਿਆ। ਇਸ ਗੱਲ ਦੀ ਚਰਚਾ ਸਾਰੇ ਪਾਸੇ ਫੈਲ ਗਈ, ਪਹਾੜੀ ਰਾਜਿਆਂ ਨੇ ਗੁਰੁ ਸਾਹਿਬ ਪਾਸ ਪਹੁੰਚ ਕਿ ਸ਼ਿਕਾਇਤ ਕੀਤੀ। ਗੁਰੁ ਸਾਹਿਬ ਨੇ ਭੈਰੋਂ ਨਾਮੀ ਸਿੰਘ ਨੂੰ ਬੁਲਾ ਕੇ ਰਾਜਿਆਂ ਸਾਹਮਣੇ ਪੁੱਛਿਆ, ਤਾਂ ਉਸਨੇ ਆਖਿਆ ਕਿ ਕਿ ਦੇਵੀ ਤੋਂ ਪੁੱਛਣਾ ਚਾਹੀਦਾ ਹੈ ਕਿ ਉਸਦਾ ਨੱਕ ਕਿਸਨੇ ਤੋੜਿਆ ਹੈ। ਇਸ ਪਰ ਭੈਰੋਂ ਨੂੰ ਰਾਜਿਆਂ ਹੱਸ ਕੇ ਜੁਆਬ ਦਿਤਾ ਕਿ, ਦੇਵੀ ਬੋਲ ਨਹੀ ਸਕਦੀ ਤੇ ਆਪਣੇ ਅੰਗਾ ਦਾ ਬਚਾਓ ਭੀ ਨਹੀ ਕਰ ਸਕਦੀ। ਫਿਰ ਸਿੱਖ ਬੋਲ ਉਠਿਆ ਫੇਰ ਉਸਤੋਂ ਨੇਕੀ ਦੀ ਕੀ ਉੱਮੀਦ ਰਖਦੇ ਹੋ ਇਹ ਸੁਣ ਕੇ ਰਾਜੇ ਚੁੱਪ ਹੋ ਗਏ।
ਇਸ ਗਾਥਾ ਨੂੰ ਲਿਖਣ ਦਾ ਮਕਸਦ ਸਿਰਫ ਇਤਨਾ ਹੈ ਕਿ ਗੁਰੂ ਦਿਓ ਸਿਖੋ ਵੇਖਿਓ ਕਿਤੇ ਗੁਰਮਤਿ ਸਿਧਾਂਤਾਂ ਨੂੰ ਆਪ ਹੀ ਮਿੱਟੀ ਨਾ ਕਰ ਦਿਓ। ਆਹ ਪੂਜਾ ਪਾਠ ਆਲਾ ਪਖੰਡ ਤਿਆਗ ਕੇ ਬਾਣੀ ਖੁਦ ਪੜੋ। ਵੀਚਾਰੋ। ਗੁਰੁ ਘਰ ਹੋਲੀ ਹੋਲੀ ਮੰਦਰਾਂ ਦੀ ਥਾਂ ਲੈਂਦੇਾ ਰਹੇ ਨੇ। ਪਾਠੀ ਗ੍ਰੰਥੀ ਜਾਣੇ ਅਣਜਾਣੇ ਵਿੱਚ ਬ੍ਰਾਹਮਣ ਦਾ ਰੋਲ ਅਦਾ ਕਰੀ ਜਾ ਰਹੇ ਨੇ। ਉਠੋ! ਹੋਸ਼ ਕਰੋ ਨਹੀ ਤਾਂ ਗੋਗੜਧਾਰੀ ਬਾਬੇ ਗੁਰੁ ਘਰਾਂ ਵਿੱਚ ਏ. ਸੀ. ਹੀਟਰ ਲਵਾ ਲਵਾ ਕੇ ਤੁਹਾਡੇ ਮਥੇ ਤੇ ਪਰਦੇ ਪਾ ਦੇਣਗੇ ਤੇ ਤੁਹਾਨੂੰ ਕਹਿਣਗੇ ਜੇ ਗੁਰੁ ਦੀ ਤਾਬਿਆ ਬੈਠਣਾ ਹੈ ਤਾਂ ਪਜਾਮਾ ਲਾਹ ਕੇ ਚਿਟਾ ਚੋਲਾ ਪਾ ਕੇ ਆਹ ਆਹ ਮਾਲਾ ਫੜਕੇ ਬੈਠ ਉਹ ਗੜਵਾ ਰਖਕੇ ਬੈਠੋ। ਇੱਕ ਸੁਆਲ ਹੀ ਬੂਬਨੇ ਸਾਧਾਂ ਅੱਗੇ ਕਰ ਦਿਆ ਕਰੋ ਕਿ ਬਈ ਦੋਹਿਰੇ ਚ ਅਰਦਾਸ ਤੋਂ ਬਾਦ ਆਪਾਂ ਰੋਜ ਪੜਦੇ ਹਾਂ ਕਿ
ਜੋ ਪ੍ਰਭ ਕਉ ਮਿਲਬੋ ਚਹੈ? ? ?
ਖੋਜ ਸਬਦ ਮਹਿ ਲੈਹੁ॥
ਹੈ ਕੋਈ ਮਰਿਆਦਾ ਪਖੰਡ ਵਾਲੀ? ਸਿੱਧੀ ਜੀ ਗੱਲ ਆ ਬਈ ਜਿਹਨੇ ਵਾਹਿਗੁਰੂ ਨਾਲ ਸਾਂਝ ਪਾਉਣੀ ਉਹ ਬਾਣੀ ਵਿੱਚ ਸ਼ਬਦ ਨੂੰ ਵੀਚਾਰ ਵੀਚਾਰ ਕਿ ਖੋਜੇ। ਬਾਣੀ ਦੇ ਗੁਣਾਂ ਨੂੰ ਅਪਣਾਵੇ। ਬਸ ਹੋਰ ਕੋਈ ਵਿਖਾਵਾ ਨਹੀ। ਹੁਣ ਇਹ ਨਾ ਸੋਚਿਓ ਕਿ ਇਸ ਸਿਧਾਂਤ ਤੋਂ ਵੀ ਜਾਣੂ ਜਾਂ ਫੁਰਮਾਨ ਸਿਖ ਕੌਮ ਦੇ ਸਟਾਰ ਪੱਪੂ ਕਰਨਗੇ ਜਾਂ ਬਾਦਲ ਛਾਉਣਗੇ ਤਾਂਹੀ ਮੂਰਤੀ ਪੂਜਾ ਦਾ ਤਿਆਗ ਕਰਾਂਗੇ। ਕਲਮਾਂ ਤਿਖੀਆਂ ਚੰਡੌ ਤੇ ਸਾਧ ਪਖੰਡੀ ਭੰਡੋ। ਖੁਦ ਲਿਖੋ। ਖੁਦ ਨਾਨਕ ਨਿਰੰਕਾਰੀ ਵਲੋਂ ਬਖਸ਼ਸ ਕੀਤੇ ਹੋਏ ਮਿਠੜੇ ਅਕਾਲ ਪੁਰਖ ਨਾਲ ਸਾਂਝ ਬਣਾਓ।
ਜੋ ਤੁਧੁ ਭਾਵੈ ਸਾਈ ਭਲੀ ਕਾਰ॥
ਤੂੰ ਸਦਾ ਸਲਾਮਤਿ ਨਿੰਰਕਾਰੁ॥

ਨਵਜੋਤ ਸਿੰਘ


17/05/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਅਨੁਭਵ
ਡਾ: ਦਲਵਿੰਦਰ ਸਿੰਘ ਗ੍ਰੇਵਾਲ
‘ਇੱਕ ਤੂਂ, ਇੱਕ ਤੂੰ,
ਇੱਕ, ਇੱਕ, ਇੱਕ, ਤੂੰ’
ਮਸਤੀ ਦੇ ਵਿੱਚ ਚਿੜੀ ਗਾ ਰਹੀ,
‘ਇੱਕ ਤੂਂ ਇੱਕ ਤੂੰ,
ਇੱਕ, ਇੱਕ, ਇੱਕ, ਤੂੰ’
ਸੁਬਹ, ਸੁਵਖਤੇ,
ਸੁਣ ਆਵਾਜ਼ਾ,
ਮੈਂ ਵੀ ਜੁੜਿਆ।
‘ਇੱਕ ਤੂਂ, ਇੱਕ ਤੂੰ,
ਇੱਕ, ਇੱਕ, ਇੱਕ, ਤੂੰ’
ਕਰਦਾ, ਕਰਦਾ
ਪਤਾ ਨਹੀਂ, ਕਿਸ ਮਸਤੀ ਖੋਇਆ?
ਅੰਦਰ, ਬਾਹਰ, ਇੱਕ-ਮਿੱਕ ਹੋਇਆ,
‘ਇੱਕ ਤੂਂ, ਇੱਕ ਤੂੰ,
ਇੱਕ, ਇੱਕ, ਇੱਕ, ਤੂੰ’
ਪੈਣ ਗੁੰਜਾਰਾਂ,
ਫੇਰ ਪਤਾ ਨਾ, ਕਿੱਥੋਂ ਆਈਆਂ
ਲੰਮੀਆਂ ਡਾਰਾਂ
ਸਭ ਰੁੱਖਾਂ ਤੇ ਚਿੜੀਆਂ, ਚਿੜੀਆਂ,
‘ਇੱਕ ਤੂਂ, ਇੱਕ ਤੂੰ,
ਇੱਕ, ਇੱਕ, ਇੱਕ, ਤੂੰ’
ਚਾਰੇ ਪਾਸੇ, ਇੱਕੋ ਤੂੰ ਹੀ,
ਰੱਬ ਦੀ ਕੁਦਰਤ ਦੇ ਪਰਵਾਹ ਦਾ,
ਗੁਣ ਗਾਉਂਦਾ ਉਸ ਬੇਪਰਵਾਹ ਦਾ,
‘ਇੱਕ ਤੂਂ, ਇੱਕ ਤੂੰ,
ਇੱਕ, ਇੱਕ, ਇੱਕ, ਤੂੰ’ ਕਰਦਾ
ਵਜਦ `ਚ ਆਇਆ, ਆਪ ਗੁਆਇਆ,
ਉਸ ਨੂੰ ਪਾਇਆ ਸਤਿਸੰਗਤ ਵਿਚ
ਆਨੰਦ ਹੀ ਆਨੰਦ, ਅਨੁਭਵ ਹੋਇਆ।
ਪਤਾ ਨਹੀਂ ਕਦ ਇੱਕੋ ਹੋਇਆ।


17/05/15)
ਜਗਤਾਰ ਸਿੰਘ ਜਾਚਕ, ਨਿਊਯਾਰਕ

ਵਾਹੁ ਵਾਹੁ ਸਚੇ ਪਾਤਿਸਾਹ ਤੂ ਸਚੀ ਨਾਈ॥
ਸ੍ਰੀ ਗਰੂ ਗ੍ਰੰਥ ਸਾਹਿਬ ਇੰਸਟੀਚਿਊਟ ਮੈਲਬੌਰਨ (ਅਸਟ੍ਰੇਲੀਆ) ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਸੰਪੂਰਨ ਸੰਥਿਆ ਵੀਡੀਓ ਤਿਆਰ ਕਰਵਾਉਣਾ, ਖ਼ਾਲਸਾ ਪੰਥ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੁਆਰਾ ਉਹਦਾ ਰੀਲੀਜ਼ ਹੋਣਾ ਅਤੇ ਫਿਰ ਚੜ੍ਹਦੀਕਲਾ ਟਾਈਮ ਟੀ. ਵੀ. ਦੁਆਰਾ ਉਸ ਨੂੰ ਸੰਸਾਰ ਭਰ ਵਿੱਚ ਪ੍ਰਸਾਰਤ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਵੱਲੋਂ ਅਰਦਾਸ ਕਰਨਾ; ਰੱਬੀ ਰਮਜ਼ਾਂ ਦੀ ਸੂਝ ਰੱਖਣ ਵਾਲੇ ਗੁਰਮੁਖ ਸੱਜਣਾਂ ਦੀ ਦ੍ਰਿਸ਼ਟੀ ਵਿੱਚ ਕਿਸੇ ਰੱਬੀ ਕ੍ਰਿਸ਼ਮੇ ਤੋਂ ਘਟ ਨਹੀਂ ਹੈ। ਇੰਸਟੀਚਿਊਟ ਦੀ ਵੈਬਸਾਈਟ ‘ਗੁਰਬਾਣੀਦਰਪਣ ਡਾਟ ਓਆਰਜੀ’
(gurbanidarpan.org) `ਤੇ ਭਾਵੇਂ ਇਹ ਸਾਰਾ ਵਿਆਕ੍ਰਣਿਕ ਸੰਥਿਆ ਪਾਠ ਉਪਲਭਦ ਹੈ ਅਤੇ ਗੁਰਬਾਣੀ ਪ੍ਰੇਮੀਆਂ ਲਈ ਉਥੋਂ ਫ੍ਰੀ ਡਾਊਨਲੋਡ ਕਰਨ ਦੀ ਸਹੂਲਤ ਵੀ ਹਾਸਲ ਹੈ; ਪਰ, ਚਾਲੂ ਸਾਲ 2015 ਦੀ ਸ਼ੁਭ ਆਮਦ ਤੋਂ ਚੜ੍ਹਦੀਕਲਾ ਟਾਈਮ ਦੁਆਰਾ ਹਰ ਰੋਜ਼ ਪ੍ਰਸਾਰਤ ਕਰਨ ਨਾਲ ਸਿੱਖ ਸੰਗਤ ਦਾ ਜੋ ਪਿਆਰ ਭਰਿਆ ਹੁੰਗਾਰਾ ਮਿਲਿਆ ਹੈ, ਸਿੱਖ ਜਗਤ ਨਾਲ ਟੀ. ਵੀ. ਚੈਨਲ ਅਤੇ ਇੰਸਟੀਚਿਊਟ ਦੀ ਜੋ ਰੂਹਾਨੀ ਸਾਂਝ ਕਾਇਮ ਹੋਈ ਹੈ, ਦੋਵਾਂ ਅਦਾਰਿਆਂ ਦੇ ਸੇਵਾਦਾਰਾਂ ਲਈ ਉਹ ਹੋਰ ਵੀ ਵਿਸਮਾਦਮਈ ਤੇ ਉਤਸ਼ਾਹ ਜਨਕ ਹੈ। ਕਿਉਂਕਿ, ਹਰ ਰੋਜ਼ ਬੇਅੰਤ ਸ਼ਰਧਾਲੂ ਫੋਨ ਕਰਕੇ ਜਿਥੇ ਆਪਣਾ ਪਿਆਰ ਪ੍ਰਗਟਾਉਂਦੇ ਤੇ ਆਸੀਸਾਂ ਬਖ਼ਸ਼ਦੇ ਹਨ। ਉਥੇ ਕਈ ਸ਼ਰਧਾਲੂ ਗੁਰਬਾਣੀ ਦੇ ਪਾਠ ਉਚਾਰਨ, ਗੁਰਬਾਣੀ ਦੇ ਵਿਆਕਰਣ ਤੇ ਇਸ ਸਬੰਧੀ ਪ੍ਰਚਲਿਤ ਪ੍ਰੰਪਰਾਵਾਂ ਪ੍ਰਤੀ ਸ਼ੰਕੇ ਪ੍ਰਗਟ ਕਰਦੇ ਹੋਏ ਕਈ ਕਿਸਮ ਦੇ ਜਗਿਆਸਾ ਭਰੇ ਸੁਆਲ ਵੀ ਪੁੱਛ ਰਹੇ ਹਨ।
ਇੰਸਟੀਚਿਊਟ ਦੇ ਸੇਵਾਦਾਰ ਯਤਨਸ਼ੀਲ ਹਨ ਕਿ ਗੁਰਬਾਣੀ ਪ੍ਰੇਮੀਆਂ ਵੱਲੋਂ ਗੁਰਬਾਣੀ ਦੇ ਪਾਠ ਅਤੇ ਉਚਾਰਣ ਪ੍ਰਤੀ ਜੋ ਪ੍ਰਸ਼ਨ ਪੁੱਛੇ ਜਾ ਰਹੇ ਹਨ, ਉਹਨਾਂ ਦੇ ਉੱਤਰ ਲਿਖ ਕੇ ਪੁਸਤਕ ਦੇ ਰੂਪ ਵਿੱਚ ਇੱਕ ‘ਸੰਥਿਆ ਪ੍ਰਸ਼ੋਨਤਰੀ’ ਤਿਆਰ ਕਰ ਦਿੱਤੀ ਜਾਵੇ, ਤਾਂ ਜੋ ਗੁਰਬਾਣੀ ਦੇ ਸਿਖਿਆਰਥੀ ਉਸ ਤੋਂ ਸਦਾ ਹੀ ਸੇਧ ਲੈਂਦੇ ਰਹਿਣ। ਜਿਵੇਂ ਚੜ੍ਹਦੀਕਲਾ ਟਾਈਮ ਟੀ. ਵੀ. `ਤੇ ਚੱਲ ਰਹੇ ਲੜੀਵਾਰ ਸੰਥਿਆ ਸਹਿਜ ਪਾਠ ਵਿੱਚ ਕੁੱਝ ਦਿਨ ਪਹਿਲਾਂ ਸਤਿਸੰਗੀਆਂ ਨੇ ਅੰਕ 947 ਤੋਂ “ਰਾਮਕਲੀ ਕੀ ਵਾਰ ਮਹਲਾ 3॥ ਜੋਧੈ ਵੀਰੈ ਪੂਰਬਾਣੀ ਕੀ ਧੁਨੀ॥” ਨਾਂ ਦੇ ਸਿਰਲੇਖ ਹੇਠ ਵਾਰ ਦਾ ਪਾਠ ਸਰਵਣ ਕੀਤਾ। ਜਿਉਂ ਹੀ ਉਸ ਦਿਨ ਟੀ. ਵੀ. `ਤੇ ਸੰਥਿਆ ਸਹਿਜ ਪਾਠ ਦਾ ਪ੍ਰੋਗਰਾਮ ਸਮਾਪਤ ਹੋਇਆ, ਤਿਉਂ ਹੀ ਹਰ ਰੋਜ਼ ਵਾਂਗ ਬਾਰ ਬਾਰ ਫੋਨ ਦੀ ਘੰਟੀ ਖੜਕੀ। ਗੁਰੂ ਫ਼ਤਹਿ ਦੀ ਸਾਂਝ ਕਰਨ ਉਪਰੰਤ ਸਾਰੇ ਹੀ ਸਤਿਸੰਗੀਆਂ ਦਾ ਲੱਗਭਗ ਇੱਕੋ ਹੀ ਸੁਆਲ ਸੀ “ਗਿਆਨੀ ਜੀ ਨੇ ਮਹਲੇ ਤੀਜੇ ਦੀ ਰਾਮਕਲੀ ਕੀ ਵਾਰ ਵਿੱਚਲੀ ‘ਵਾਹੁ ਵਾਹੁ ਸਚੇ ਪਾਤਿਸਾਹ ਤੂ ਸਚੀ ਨਾਈ॥’ ਤੁਕ ਕੇਵਲ ਪਹਿਲੀ ਪਉੜੀ ਦੇ ਪਿੱਛੋਂ ਹੀ ਪੜ੍ਹੀ ਹੈ; ਹਰੇਕ ਪਉੜੀ ਦੇ ਨਾਲ ਕਿਉਂ ਨਹੀਂ ਪੜ੍ਹੀ?” ਤੁਕ ਨਾ ਪੜ੍ਹਣੀ, ਗੁਰੂ ਮਹਾਰਾਜ ਦੇ ਹੁਕਮ ਦੀ ਉਲੰਘਣਾ ਹੈ।” ਸਾਰੇ ਪ੍ਰਸ਼ਨ ਕਰਤਾ ਆਪਣੇ ਆਪ ਨੂੰ ਕਿਸੇ ਸੰਪਰਦਾਈ ਵਿਦਵਾਨ, ਡੇਰੇ ਜਾਂ ਟਕਸਾਲ ਦਾ ਵਿਦਿਆਰਥੀ ਦੱਸ ਰਹੇ ਸਨ।
ਗੁਰਬਾਣੀ ਦੇ ਸ਼ਰਧਾਲੂ ਸਰੋਤਿਆਂ ਵੱਲੋਂ ਅਜਿਹਾ ਸੁਆਲ ਉਠਾਏ ਜਾਣ ਦਾ ਅਸਲ ਵਿੱਚ ਮੁਖ ਕਾਰਣ ਇਹ ਹੈ ਕਿ ਗੁਰਬਾਣੀ ਦੇ ਟੀਕਾਕਾਰਾਂ ਵਿੱਚੋਂ ਕੇਵਲ ਸੰਪਰਦਾਈ ਵਿਦਵਾਨਾਂ ਨੇ ਹੀ “ਵਾਹੁ ਵਾਹੁ ਸਚੇ ਪਾਤਿਸਾਹ ਤੂ ਸਚੀ ਨਾਈ॥” ਤੁਕ ਨੂੰ ਹਰੇਕ ਪਉੜੀ ਨਾਲ ਪੜ੍ਹਣ ਦੀ ਹਦਾਇਤ ਕੀਤੀ ਹੈ। ਜਿਵੇਂ ਫਰੀਦਕੋਟੀ ਟੀਕੇ ਵਿੱਚ ਲਿਖਿਆ ਹੈ - ਇਹ ਰਹਾਉ ਦੀ ਤੁਕ ਹੈ, ਸਾਰੀਆਂ ਪੌੜੀਯੋਂ ਮੇਂ ਪੜ੍ਹਨੀ ਚਾਹੀਏ।
ਸ੍ਰੀ ਮਾਨ ਪੰਥ ਰਤਨ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲਿਆਂ ਨੇ ‘ਗੁਰਬਾਣੀ ਪਾਠ ਦਰਸ਼ਨ’ {ਅਠਵੀਂ ਐਡੀਸ਼ਨ, ਜੁਲਾਈ 1988, ਪੰਨਾ 467} `ਤੇ ਲਿਖਿਆ ਹੈ - ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਰਚ ਕੇ, ਮਹਾਰਾਜ ਦੇ ਸਰੂਪ ਵਿੱਚ ਜਦੋਂ ਨੌਂ ਧੁਨਾਂ ਚਾੜ੍ਹੀਆਂ ਹਨ ਤਾਂ ਰਾਮਕਲੀ ਦੀ ਪਹਿਲੀ ਵਾਰ ਬਾਬਤ ਆਗਿਆ ਕੀਤੀ ਕਿ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤੀਜੇ ਪਾਤਿਸ਼ਾਹ ਦੀ ਵਾਰ ਦੀਆਂ ਪੰਜ ਪਉੜੀਆਂ ਲਿਖਾਈਆਂ ਹਨ ਗਿਣਤੀ ਦੀਆਂ 21 ਹਨ, ਉਹਨਾਂ ਦੇ ਮਗਰੋਂ (ਵਾਹੁ ਵਾਹੁ ਸਚੇ ਪਾਤਿਸਾਹ ਤੂ ਸਚੀ ਨਾਈ) ਇਹ ਤੁਕ ਹਰ ਪਉੜੀ ਦੇ ਅੰਤ ਵਿੱਚ ਪੜ੍ਹਨੀ ਭਾਵ ਇੱਕੀ ਵਾਰ ਪੜ੍ਹਨੀ ਹੈ। ਧੁਨ ਵਾਲੀ ਵਾਰ ਦੀ ਪਉੜੀ ਦੀਆਂ ਛੇ ਤੁਕਾਂ ਸਨ, ਮਹਾਰਾਜ ਜੀ ਨੇ ਇਹ ਤੁਕ ਪੜ੍ਹਨ ਦੀ ਆਗਿਆ ਦੇ ਕੇ ਛੇ ਤੁਕੀ ਵਾਰ ਦੀ ਧੁਨ ਬਣਾਈ ਹੈ। ਗੁਰ ਬਿਲਾਸ ਵਿੱਚ ਭਾਈ ਮਨੀ ਸਿੰਘ ਜੀ ਨੇ ਲਿਖਿਆ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਧੁਨਾਂ ਚੜ੍ਹਾਉਣ ਵਾਲੇ ਧਿਆਇ ਵਿੱਚ ਜੋ ਭਾਈ ਗੁਰਦਾਸ ਜੀ ਪਾਸੋਂ ਲਿਖਾਈਆਂ ਹਨ ਟਕਸਾਲੀ ਗਿਆਨੀ ਚੰਦਾ ਸਿੰਘ ਦੇ ਪ੍ਰਯਾਇ ਵਿੱਚ ਤੇ ਗਿਆਨੀ ਅਮੀਰ ਸਿੰਘ ਅੰਮ੍ਰਿਤਸਰ ਦੇ ਟਕਸਾਲੀ ਗੋਬਿੰਦ ਦਾਸ ਦੇ ਪ੍ਰਯਾਇ ਟੀਕਾ ਫਰੀਦਕੋਟ ਆਦਿ ਵਿੱਚ ਇਹ ਤੁਕ ਪੜ੍ਹਣ ਦੀ ਗੁਰੂ ਸਾਹਿਬ ਵਲੋਂ ਆਗਿਆ ਦੱਸੀ ਹੈ।”
ਸੰਪਰਦਾਈ ਸਟੀਕ ਦੇ ਕਰਤਾ ਸ੍ਰੀ ਮਾਨ ਗਿਆਨੀ ਕ੍ਰਿਪਾਲ ਸਿੰਘ ਜੀ ਲਿਖਦੇ ਹਨ – ਕਲਗੀਆਂ ਵਾਲੇ ਸੱਚੇ ਪਿਤਾ ਜੀ ਦੀ ਚਲਾਈ ਹੋਈ ਜੋ ਸੰਪ੍ਰਦਾਈ ਟਕਸਾਲ ਹੈ, ਉਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ੳਨੁਸਾਰ ਸੀਨਾ ਬਸੀਨਾ ਇਸ ਤੁਕ ਨੂੰ ਹਰ ਪਉੜੀ ਦੇ ਅਖੀਰ ਤੇ ਪੜ੍ਹਣ ਦੀ ਮਰਯਾਦਾ ਚਲੀ ਆ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁਲ ਬਾਈ ਵਾਰਾਂ ਹਨ। ਹੋਰ ਕਿਸੀ ਵਾਰ ਦੇ ਵਿੱਚ ‘ਰਹਾਉ’ ਸਬਦ ਨਹੀਂ ਹੈ।
ਸ੍ਰੀ ਮਾਨ ਗਿਆਨੀ ਹਰਿਬੰਸ ਸਿੰਘ ਜੀ ਪਟਿਆਲੇ ਵਾਲਿਆਂ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ’ ਦੀ ਨੌਵੀਂ ਪੋਥੀ (ਦੂਜੀ ਐਡੀਸ਼ਨ, ਮਾਰਚ 1996, ਪੰਨਾ 619) ਵਿੱਚ ਗਿਆਨੀ ਗੁਰਬਚਨ ਸਿੰਘ ਜੀ ਅਤੇ ਗਿਆਨੀ ਕ੍ਰਿਪਾਲ ਸਿੰਘ ਜੀ ਦੇ ਉਪਰੋਕਤ ਬਿਆਨਾਂ `ਤੇ ਟਿੱਪਣੀ ਕਰਦਿਆਂ ਇਉਂ ਨਿਰਣਾ ਦਿੱਤਾ ਹੈ-
ਨਿਰਣਾ: ਇੱਕ ਪਾਸੇ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਧੁਨਾਂ ਚੜ੍ਹਾਉਣ ਸਮੇਂ ਉਪ੍ਰੋਕਤ ਆਦੇਸ਼ ਜਾਰੀ ਹੋਇਆ ਦਸਣਾ ਅਤੇ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਨਾਲ ਸੀਨਾ ਬਸੀਨਾ ਇਸ ਤੁਕ ਨੂੰ ਪੜ੍ਹਣ ਦੀ ਮਰਯਾਦਾ ਆ ਰਹੀ ਲਿਖਣਾ, ਇਹ ਦੋਵੇਂ ਹਵਾਲੇ ਸ੍ਵੈ ਵਿਰੋਧੀ ਹਨ। ਟਕਸਾਲੀ ਵਿਦਵਾਨਾਂ ਨੂੰ ਛੇਵੀਂ ਜਾਂ ਦਸਵੀਂ ਪਾਤਸ਼ਾਹੀ ਦੇ ਉਸ ਹੁਕਮ ਦਾ ਜਿਸ ਨਾਲ ਇਸ ਪੰਕਤੀ ਦਾ ਹਰੇਕ ਪਉੜੀ ਨਾਲ ਪੜ੍ਹਨਾ ਜ਼ਰੂਰੀ ਹੈ, ਹਵਾਲਾ ਦੇਣਾ ਚਾਹੀਦਾ ਸੀ ਤਾਂ ਜੋ ਗੁਰਮਤਿ ਪਰੇਮੀਆਂ ਦੀ ਤਸੱਲੀ ਹੋ ਜਾਂਦੀ ਕਿ ਇਹ ਮਰਯਾਦਾ ਮਨੋਕਲਪਿਤ ਨਹੀਂ ਹੈ। ਜਿਵੇਂ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ) ‘ਗਉੜੀ ਬਾਵਨ ਅਖਰੀ ਮਹਲਾ 5’ ਦੇ ਆਰੰਭ ਵਿੱਚ ‘ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸਰਾ’ ਵਾਲਾ ਸਲੋਕ ਦਰਜ ਹੈ ਅਤੇ ਓਹੀ ਸਲੋਕ ‘ਬਾਵਨ ਅਖਰੀ’ ਦੀ ਸਮਾਪਤੀ ਤੇ। (ਇਸ ਲਈ ਇਥੇ) ਸਤਿਗੁਰਾਂ ਆਪ ਹੀ ਲਿਖ ਦਿੱਤਾ ਹੈ- ‘ਏਹੁ ਸਲੋਕੁ ਆਦਿ ਅੰਤਿ ਪੜਣਾ’। ਸੋ ਇਹ ਅਟੱਲ ਹੁਕਮ ਹੈ।
ਸੰਪਰਦਾਈ ਸਟੀਕ ਦੇ ਕਰਤਾ (ਗਿ. ਕ੍ਰਿਪਾਲ ਸਿੰਘ) ਨੇ ਜੋ ਗੁਰਸ਼ਬਦ ਰਤਨਾਕਰ (ਮਹਾਨ ਕੋਸ਼) ਦਾ ਹਵਾਲਾ ਦਿੱਤਾ ਹੈ, ਉਸ ਵਿੱਚ ਇਸ ਤੁਕ ਦਾ ਹਰੇਕ ਪਉੜੀ ਨਾਲ ਪੜ੍ਹਨ ਦਾ ਕੋਈ ਸੰਕੇਤ ਨਹੀਂ। ਉਥੇ ਕੇਵਲ ਇਹ ਅਖਰ ਹਨ:-
“ਇਸ ਛੇ ਤੁਕੀ ਪੌੜੀ ਨਾਲ ਰਾਮਕਲੀ ਦੀ ਛੇ ਤੁਕੀ ਪੌੜੀ ਦੀ ਧੁਨਿ ਮਿਲਾਈ”। ‘ਧੁਨਿ ਮਿਲਾਈ’ ਤੋਂ ਭਾਵ ਜੋਧੇ ਵੀਰੇ ਪੂਰਬਾਣੀ ਦੀ ਧੁਨਿ ਨਾਲ ਮਿਲਾਈ ਹੈ।
ਸੰਪ੍ਰਦਾਈ ਸਟੀਕ ਦੇ ਕਰਤਾ ਦਾ ਇਹ ਲਿਖਣਾ ਵੀ ਠੀਕ ਨਹੀਂ ਕਿ ਹੋਰ ਕਿਸੇ ਵਾਰ ਵਿੱਚ ‘ਰਹਾਉ’ ਸ਼ਬਦ ਨਹੀਂ ਆਉਂਦਾ, ਕੇਵਲ ਇਸੇ ਵਾਰ ਵਿੱਚ ਰਹਾਉ ਵਾਲੀ ਤੁਕ ਹੈ। ਕਿਉਂਕਿ, ਆਸਾ ਕੀ ਵਾਰ ਵਿੱਚ 12ਵੀਂ ਪਉੜੀ ਦੇ ਆਰੰਭਕ ਸਲੋਕ ਵਿੱਚ “ਬਲਿਹਾਰੀ ਕੁਦਰਤਿ ਵਸਿਆ॥ ਤੇਰਾ ਅੰਤੁ ਨ ਜਾਈ ਲਖਿਆ॥ 1॥ ਰਹਾਉ॥” ਮੌਜੂਦ ਹੈ।
(ਗੁਰਬਾਣੀ ਪਾਠ ਦਰਸ਼ਨ ਦੇ ਕਰਤਾ ਵੱਲੋਂ ‘ਗੁਰਬਿਲਾਸ ਪਾ: 6 ਦੇ ਹਵਾਲੇ ਨੂੰ ਭਾਈ ਮਨੀ ਸਿੰਘ ਦਾ ਦੱਸਣਾ ਵੀ ਯੋਗ ਨਹੀਂ। ਕਿਉਂਕਿ) ਗੁਰਬਿਲਾਸ ਪਾ: 6 ਗਿਆਨੀ ਮਨੀ ਸਿੰਘ ਜੀ ਦਾ ਰਚਿਤ ਨਹੀਂ, (ਕਿਸੇ ਅਗਿਆਤ) ਸੋਹਨ ਕਵੀ ਦਾ ਹੈ। (ਗੁਰੂ ਨਿੰਦਾ ਨਾਲ ਭਰਪੂਰ ਇਸ ਬਿਪਰਵਾਦੀ ਕਿਤਾਬ `ਤੇ ਅਧਾਰਿਤ ਸ੍ਰੀ ਅਕਾਲ ਤਖ਼ਤ ਦੀ ਸਿਰਜਨਾ ਉਪਰੰਤ) ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਧੁਨਾਂ ਚੜ੍ਹਾਉਣ ਵਾਲੀ ਸਾਖੀ ਨੂੰ ਵੀ ਖੋਜੀਆਂ ਨੇ ਯਥਾਰਥ ਨਹੀਂ ਮੰਨਿਆ। ਵੇਖੋ ਗੁਰਸ਼ਬਦ ਰਤਨਾਕਰ ਵਿੱਚ ਭਾ. ਕਾਨ੍ਹ ਸਿੰਘ ਜੀ ਨਾਭਾ। (ਕਿਉਂਕਿ, ਸ੍ਰੀ ਅਕਾਲ ਤਖ਼ਤ ਦੀ ਸਿਰਜਨਾ ਤੋਂ 4 ਸਾਲ ਪਹਿਲਾਂ ਸਤੰਬਰ ਸੰਨ 1604 ਵਿੱਚ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਹਜ਼ੂਰੀ ਵਿਖੇ ਭਾਈ ਗੁਰਦਾਸ ਜੀ ਦੁਆਰਾ ਲਿਖੀ ਗਈ ਕਰਤਾਰਪੁਰੀ ਬੀੜ ਵਿੱਚ ਗੁਰਬਾਣੀ ਤੇ ਵਾਰਾਂ ਦੀਆਂ ਧੁਨੀਆਂ ਇੱਕੋ ਕਲਮ ਨਾਲ ਲਿਖੀਆਂ ਹੋਈਆਂ ਮਿਲਦੀਆਂ ਹਨ। ਵੇਖੋ ਪੁਸਤਕ ‘ਕਰਤਾਰਪੁਰੀ ਬੀੜ ਦੇ ਦਰਸ਼ਨ’ ਭਾਈ ਜੋਧ ਸਿੰਘ ਪ੍ਰਿੰਸੀਪਲ।)
ਸੰਪਰਦਾਈ ਸਟੀਕ ਦੇ ਕਰਤਾ ਦਾ ਇਹ ਲਿਖਣਾ ਕਿ “ਜਿਹੜੇ ਸੱਜਣ ਇਸ ਤੁਕ ਦਾ ਪਾਠ ਹਰ ਪਉੜੀ ਦੇ ਅਖੀਰ ਤੇ ਨਹੀਂ ਪੜ੍ਹਦੇ, ਉਹ ਗੁਰੂ ਜੀ ਦੀ ਆਗਿਆ ਨਾ ਮੰਨਣ ਕਰਕੇ ਗੁਰੂ ਤੋਂ ਬੇਮੁਖ ਹਨ” ਕੋਈ ਸਿਆਣਪ ਵਾਲੀ ਗੱਲ ਨਹੀਂ। ਏਦਾਂ ਦੀ ਗੱਲ ਲਿਖਣ ਦਾ ਕਿਸੇ ਵਿਦਵਾਨ ਵਿਅਕਤੀ ਨੂੰ ਕੋਈ ਅਧਿਕਾਰ ਨਹੀਂ ਹੈ। ਇਸ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਹੀ ਕੋਈ ਹੁਕਮਨਾਮਾ ਜਾਰੀ ਕਰ ਸਕਦਾ ਹੈ।
ਹਰੇਕ ਮਾਈ ਭਾਈ ਜੋ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿੱਚ ਦਰਜ ਹੈ, ਉਹ ਉਸੇ ਤਰ੍ਹਾਂ ਪੜ੍ਹਦੇ ਹਨ। ਸਾਰੇ ਪਾਠੀ ਤੇ ਸਰੋਤੇ ਗਿਆਨਵਾਨ ਨਹੀਂ ਹੁੰਦੇ। ਇਸ ਪੰਕਤੀ ਦਾ ਹਰੇਕ ਪਉੜੀ ਨਾਲ ਪੜ੍ਹਨ ਦੀ ਗੱਲ ਕੇਵਲ ਟਕਸਾਲੀ ਪਾਠੀ ਹੀ ਜਾਣਦੇ ਹਨ, ਬਾਕੀ ਆਮ ਪਾਠੀਆਂ ਤੇ ਸੰਗਤਾਂ ਨੂੰ ਉੱਕਾ ਹੀ ਪਤਾ ਨਹੀਂ ਹੈ। ਕੀ ਫਿਰ ਸਾਰੇ ਹੀ ਗੁਰੂ ਤੋਂ ਬੇਮੁਖ ਹੋ ਗਏ? ਇਤਨਾ ਭਾਵੁਕ ਹੋ ਕੇ ਆਪਣੀ ਕਲਪਨਾ ਨੂੰ ਗੁਰੂ ਦੇ ਹੁਕਮ ਨਾਲ ਜੋੜ ਕੇ ਪ੍ਰਚਾਰਨਾ ਕਿਥੋਂ ਦੀ ਗੁਰਮਤਿ ਹੈ?
ਇਸ ਬਾਰੇ ਯੋਗ ਇਹੋ ਹੈ ਕਿ ਜਦੋਂ ਰਾਗੀ ਢਾਡੀ ਇਹ ਵਾਰ ਉਚਾਰਨ ਕਰਨ (ਗਾਉਣ) ਤਾਂ ਹਰੇਕ ਪਉੜੀ ਨਾਲ ‘ਵਾਹੁ ਵਾਹੁ ਸਚੇ ਪਾਤਿਸਾਹ, ਤੂ ਸਚੀ ਨਾਈ’ ਦਾ ਗਾਇਨ ਜਰੂਰ ਕਰਨ। ਜਿਵੇਂ ਕਿ ਬਾਕੀ ਸ਼ਬਦਾਂ ਵਿੱਚ ਰਹਾਉ ਵਾਲੀ ਪੰਕਤੀ ਨੂੰ ਸਥਾਈ ਮੰਨ ਕੇ ਉਸ ਦਾ ਗਾਇਨ ਮੁੜ ਮੁੜ ਕੀਤਾ ਜਾਂਦਾ ਹੈ। ਅਖੰਡ ਪਾਠ (ਜਾਂ ਸਧਾਰਨ ਪਾਠ) ਵਿੱਚ ਇਸ ਪੰਕਤੀ ਨੂੰ ਹੋਰ ਪਉੜੀ ਨਾਲ ਦੁਹਰਾਉਣ ਦੀ ਲੋੜ ਨਹੀਂ।
ਸਤਿਕਾਰ ਯੋਗ ਗਿਆਨੀ ਹਰਿਬੰਸ ਸਿੰਘ ਜੀ ਪਟਿਆਲਾ ਦੀ ਉਪਰੋਕਤ ਲੰਮੀ ਚੌੜੀ ਲਿਖਤ ਤੋਂ ਸਪਸ਼ਟ ਹੈ ਕਿ ਜਿਹੜੇ ਲੋਕ ਪਾਠ ਕਰਨ ਵੇਲੇ “ਵਾਹੁ ਵਾਹੁ ਸਚੇ ਪਾਤਿਸਾਹ, ਤੂ ਸਚੀ ਨਾਈ॥ ਤੁਕ ਨੂੰ ਵਾਰ ਦੀ ਹਰੇਕ ਪਉੜੀ ਨਾਲ ਪੜ੍ਹਣ ਦੀ ਹਦਾਇਤ ਮਨੋਕਲਪਿਤ ਹੈ। ਕਿਉਂਕਿ, ਸੰਪਰਦਾਈ ਵਿਦਵਾਨਾਂ ਨੇ ਜੋ ਗੱਲਾਂ ਕੀਤੀਆਂ ਹਨ, ਉਨ੍ਹਾਂ ਦਾ ਕੋਈ ਪ੍ਰਮਾਣੀਕ ਅਧਾਰ ਨਹੀਂ ਹੈ। ਅਸਲ ਵਿੱਚ ਇਹੀ ਕਾਰਣ ਹੈ ਕਿ ਪੰਥ ਪ੍ਰਸਿੱਧ ਉੱਚਕੋਟੀ ਦੇ ਵਿਦਵਾਨਾਂ ਦੀ ਟੀਮ ਦੁਆਰਾ ਪ੍ਰਿੰਸੀਪਲ ਤੇਜਾ ਸਿੰਘ ਜੀ ਦੀ ਅਗਵਾਈ ਵਿੱਚ ਲਿਖੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਹੁੰਦੇ ਆ ਰਹੇ ‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਉਪਰੋਕਤ ਕਿਸਮ ਦੀ ਕੋਈ ਹਦਾਇਤ ਨਹੀਂ ਕੀਤੀ ਗਈ। ਪ੍ਰੋ. ਸਾਹਿਬ ਸਿੰਘ ਜੀ ਰਚਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਵਿੱਚ ਵੀ ਉਪਰੋਕਤ ਤੁਕ ਨਾਲ ਸਬੰਧਤ ਕਿਸੇ ਕਿਸਮ ਦੀ ਕੋਈ ਵਿਸ਼ੇਸ਼ ਚਰਚਾ ਨਹੀਂ ਕੀਤੀ ਗਈ। ਕੇਵਲ ਇਤਨਾ ਹੀ ਲਿਖਿਆ ਹੈ:
ਨੋਟ: ਲਫ਼ਜ਼ ‘ਰਹਾਉ’ ਦਾ ਅਰਥ ਹੈ ‘ਠਹਿਰ ਜਾਓ’ ; ਭਾਵ, ਇਸ ਸਾਰੀ ਲੰਮੀ ਬਾਣੀ ਦਾ ਮੁੱਖ-ਭਾਵ ਇਸ ਤੁਕ ਵਿੱਚ ਹੈ, ਜਿਸ ਦੇ ਅੰਤ ਵਿੱਚ ‘ਰਹਾਉ’ ਲਿਖਿਆ ਗਿਆ ਹੈ।
ਕਿਉਂਕਿ, ਉਹ ਭਲੀਭਾਂਤ ਸਮਝਦੇ ਸਨ ਕਿ ਗੁਰਬਾਣੀ ਦਾ ਪਾਠ ਕਰਨ ਵੇਲੇ ਜਿਵੇਂ ‘ਦੁਪਦੇ’, ‘ਤਿਪਦੇ’, `ਚਉਪਦੇ’, ‘ਪੰਚਪਦੇ’ ਅਤੇ ‘ਅਸਟਪਦੀਆਂ’ ਵਿੱਚ ‘ਰਹਾਉ’ ਦੀ ਤੁਕ ਅਥਵਾ ‘ਪਦਾ’ ਸ਼ਬਦ ਦੇ ਹਰੇਕ ਪਦੇ ਨਾਲ ਜੋੜ ਕੇ ਨਹੀਂ ਪੜ੍ਹਿਆ ਜਾਂਦਾ। ਜਿਵੇਂ ਲੰਮੀਆਂ ਬਾਣੀਆਂ ‘ਸੁਖਮਨੀ’ ਸਾਹਿਬ ਵਿੱਚਲਾ ਰਹਾਉ ਦਾ ਪਦਾ “ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ॥ ਭਗਤ ਜਨਾ ਕੈ ਮਨਿ ਬਿਸ੍ਰਾਮ॥ ਰਹਾਉ॥”{ਪੰਨਾ 262} ; ‘ਰਾਮਕਲੀ ਸਿੱਧ ਗੋਸਟਿ’ ਵਿੱਚਲਾ ਰਹਾਉ ਦਾ ਪਦਾ “ਕਿਆ ਭਵੀਐ ਸਚਿ ਸੂਚਾ ਹੋਇ॥ ਸਾਚ ਸਬਦ ਬਿਨੁ ਮੁਕਤਿ ਨ ਕੋਇ॥ 1॥ ਰਹਾਉ॥” {ਪੰਨਾ 938} ਅਤੇ ‘ਰਾਮਕਲੀ ਦਖਣੀ ਓਅੰਕਾਰ’ ਵਿੱਚਲਾ ਰਹਾਉ ਦਾ ਪਦਾ “ਸੁਣਿ ਪਾਡੇ ਕਿਆ ਲਿਖਹੁ ਜੰਜਾਲਾ॥ ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ॥ 1॥ ਰਹਾਉ॥” {ਪੰਨਾ 930} ਕਿਸੇ ਵੀ ਬਾਣੀ ਦੇ ਪਦੇ ਪਾਠ ਵੇਲੇ ਨਹੀਂ ਦੁਹਰਾਏ ਜਾਂਦੇ। ਇਸੇ ਤਰ੍ਹਾਂ “ਵਾਹੁ ਵਾਹੁ ਸਚੇ ਪਾਤਿਸਾਹ ਤੂ ਸਚੀ ਨਾਈ॥ 1॥ ਰਹਾਉ॥” ਦੀ ਤੁਕ ਨੂੰ ਵਾਰ ਦੀ ਹਰੇਕ ਪਉੜੀ ਨਾਲ ਮਿਲਾ ਕੇ ਪਾਠ ਕਰਨ ਦੀ ਲੋੜ ਨਹੀਂ। ਹਾਂ, ਢਾਡੀਆਂ ਜਾਂ ਰਾਗੀਆਂ ਵੱਲੋਂ ਗਉਣ ਵੇਲੇ ਸਥਾਈ (ਸੰਗੀਤਕ ਟੇਕ) ਮੰਨ ਕੇ ਦੁਹਰਾਇਆ ਜਾ ਸਕਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਵਾਰ ਦੀ ਪਹਿਲੀ ਪਉੜੀ ਅਤੇ ‘ਵਾਹੁ ਵਾਹੁ ਸਚੇ ਪਾਤਿਸਾਹ ਤੂ ਸਚੀ ਨਾਈ॥’ ਪਾਵਨ ਤੁਕ ਦੇ ਲਿਖਤੀ ਦਰਸ਼ਨਾਂ ਤੋਂ ਸਪਸ਼ਟ ਹੋ ਜਾਂਦਾ ਕਿ ਪਉੜੀ ਅਤੇ ਰਹਾਉ ਦਾ ਪਦਾ ਵੱਖ ਵੱਖ ਹਨ। ਕਿਉਂਕਿ, ਵਾਰ ਦੀ ਪਹਿਲੀ ਪਉੜੀ ਦੀ ਸਮਾਪਤੀ `ਤੇ ਦੋਹੱਦੀਆਂ ਵਿਚਕਾਰ ਗਿਣਤੀ ਸੂਚਕ ਅੰਕ ਵਖਰਾ ਹੈ ਅਤੇ ਉਪਰੋਕਤ ਤੁਕ ਦੀ ਰਹਾਉ ਦੇ ਰੂਪ ਸੰਗੀਤਕ ਸੂਚਨਾ ਅਤੇ ਗਿਣਤੀ ਦਾ ਅੰਕ ਵਖਰਾ ਹੈ। ਲਿਖਤੀ ਸਰੂਪ ਇੰਝ ਹੈ-
ਸਚੈ ਤਖਤੁ ਰਚਾਇਆ ਬੈਸਣ ਕਉ ਜਾਂਈ॥
ਸਭੁ ਕਿਛੁ ਆਪੇ ਆਪਿ ਹੈ ਗੁਰ ਸਬਦਿ ਸੁਣਾਈ॥
ਆਪੇ ਕੁਦਰਤਿ ਸਾਜੀਅਨੁ ਕਰਿ ਮਹਲ ਸਰਾਈ॥
ਚੰਦੁ ਸੂਰਜੁ ਦੁਇ ਚਾਨਣੇ ਪੂਰੀ ਬਣਤ ਬਣਾਈ॥
ਆਪੇ ਵੇਖੈ ਸੁਣੇ ਆਪਿ ਗੁਰ ਸਬਦਿ ਧਿਆਈ॥ 1॥
ਵਾਹੁ ਵਾਹੁ ਸਚੇ ਪਾਤਿਸਾਹ ਤੂ ਸਚੀ ਨਾਈ॥ 1॥ ਰਹਾਉ॥
{ਰਾਮਕਲੀ ਕੀ ਵਾਰ: 1 (ਮਃ 3) ਗੁਰੂ ਗ੍ਰੰਥ ਸਾਹਿਬ –ਪੰਨਾ 947}
ਵਿਦਵਾਨ ਸੱਜਣਾ ਤੇ ਸੁਘੜ ਪਾਠਕਾਂ ਦੀ ਇਹ ਤਰਕ ਬਹੁਤ ਵਜ਼ਨਦਾਰ ਹੈ ਕਿ ਜੇ ਗੁਰੂ ਸਾਹਿਬ ਇਸ ਵਾਰ ਵਿੱਚ ‘ਵਾਹੁ ਵਾਹੁ ਸਚੇ ਪਾਤਿਸਾਹ, ਤੂ ਸਚੀ ਨਾਈ’ ਨੂੰ ਹਰੇਕ ਪਉੜੀ ਨਾਲ ਪੜ੍ਹਣਾ ਜਰੂਰੀ ਸਮਝਦੇ ਤਾਂ ਜਿਵੇਂ ਬਾਵਨ ਅਖਰੀ ਦੇ ਆਦਿ ਅਤੇ ਅੰਤ ਵਿੱਚ ਲਿਖੇ ਸਲੋਕ ਨੂੰ ਪੜ੍ਹਣ ਪ੍ਰਤੀ ਵਿਸ਼ੇਸ਼ ਹਦਾਇਤ ਅੰਕਿਤ ਹੈ “ਏਹੁ ਸਲੋਕੁ ਆਦਿ ਅੰਤਿ ਪੜਣਾ”, ਤਿਵੇਂ ਹੀ ਸਤਿਗੁਰੂ ਜੀ ਆਪ ਹੀ ਉਪਰੋਕਤ ਤੁਕ ਲਈ ਵੀ ਕੋਈ ਕੋਈ ਹਦਾਇਤ ਲਿਖ ਜਾਂਦੇ। ਇਸ ਮਸਲੇ ਸਬੰਧੀ ਇੱਕ ਹੋਰ ਦਲੀਲ ਵੀ ਬੜੀ ਢਕਵੀਂ ਹੈ ਕਿ ਵਾਰ ਦੀ 12ਵੀਂ ਪਉੜੀ ਦੇ ਛੇ ਤੁਕੀ ਸਲੋਕਾਂ 2, 3, 4 ਅਤੇ 5 ਵਿੱਚ ‘ਪਰਮਤੰਤ ਮਹਿ ਰੇਖ ਨ ਰੂਪੁ’ {ਪੰਨਾ 953} ਵਾਲੀ ਪੰਕਤੀ ਹਰੇਕ ਸਲੋਕ ਵਿੱਚ ਅੰਤ `ਤੇ ਦਰਜ ਹੈ। ਕੀ ਇਸ ਤਰ੍ਹਾਂ ਆਪ ‘ਰਹਾਉ’ ਵਾਲੀ ਪੰਕਤੀ ਦੀ ਸੰਪਾਦਨਾ ਵਾਰ ਦੀ ਹਰੇਕ ਪਉੜੀ ਨਾਲ ਨਹੀਂ ਸਨ ਕਰ ਸਕਦੇ?
ਸੋ ਸਾਰੀ ਵਿਚਾਰ ਦਾ ਸਾਰ ਤੱਤ ਇਹ ਹੈ ਕਿ ਗੁਰਬਾਣੀ ਦਾ ਪਾਠ ਕਰਨ ਵੇਲੇ ‘ਵਾਹੁ ਵਾਹੁ ਸਚੇ ਪਾਤਿਸਾਹ, ਤੂ ਸਚੀ ਨਾਈ॥’ ਤੁਕ ਨੂੰ ਵਾਰ ਦੀ ਹਰੇਕ ਪਉੜੀ ਨਾਲ ਮਿਲਾ ਕੇ ਪੜ੍ਹਣਾ ਮਨਮਰਜ਼ੀ ਹੈ, ਮਨਮਤਿ ਹੈ। ਕਿਉਂਕਿ, ਗੁਰਬਾਣੀ ਸਬੰਧੀ ਉਹੀ ਹਦਾਇਤ ਪ੍ਰਮਾਣੀਕ ਤੇ ਮੰਨਣ ਯੋਗ ਹੈ, ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਦਰਜ ਹੋਵੇ। ਧੁਰ ਦਾ ਫੈਸਲਾ ਹੈ: “ਮਨ ਕੀ ਮਤਿ ਮਤਾਗਲੁ ਮਤਾ॥ ਜੋ ਕਿਛੁ ਬੋਲੀਐ ਸਭੁ ਖਤੋ ਖਤਾ॥” {ਆਸਾ (ਮਃ 1) ਗੁਰੂ ਗ੍ਰੰਥ ਸਾਹਿਬ -ਪੰਨਾ 351} ਭੁੱਲ-ਚੁੱਕ ਮੁਆਫ਼।
ਗੁਰੂ ਪੰਥ ਦਾ ਦਾਸ: ਜਗਤਾਰ ਸਿੰਘ ਜਾਚਕ, ਨਿਊਯਾਰਕ 1-516-323-9188
ਮਿਤੀ: 17-5-2015


17/05/15)
ਨਿਰਮਲ ਸਿੰਘ-ਫੇਸਬੁੱਕ ਰਾਹੀਂ

ਰਹਿਤ ਮਰਯਾਦਾ ਦਾ ਸੱਚ !!
ਜਿਆਦਾ ਗਿਆਨ ਤੇ ਨਹੀਂ ਹੈ ਪਰ ਰਹਿਤ ਮਰਯਾਦਾ ਨੂੰ ਜੇ ਮੁਢ ਤੋਂ ਦੇਖਿਆ ਜਾਵੇ ਤੇ, ਜਾਨਣਾ ਚਾਹਾਂਗਾ ਕਿ ਭਾਈ ਮਨੀ ਸਿੰਘ ਵਾਲੇ ਜਾ ਬਾਬਾ ਦੀਪ ਸਿੰਘ ਵਾਲੇ ਸਮੇ ਕਿਹੜੀ ਰਹਿਤ ਮਰਯਾਦਾ ਦਾ ਪਾਲਣ ਕੀਤਾ ਜਾਂਦਾ ਸੀ । ਗੁਰੂਕਾਲ ਜਾਣੀ ਕਿ 1469 – 1708 ਤੱਕ ਸਮਾਂ ਬਿਲਕੁਲ ਵਿਵਾਦਾਂ ਤੋਂ ਰਹਿਤ ਹੈ, ਇਸ ਸਮੇ ਵਿਚ ਸਭ ਤੋਂ ਵੱਡੀ ਰਹਿਤ ਮਰਯਾਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸੱਨ । ਬਾਕੀ ਸਭ ਸਿਖੀ ਦੇ ਰੀਤੀ ਰਿਵਾਜ਼ ਜੋ ਵੀ ਸੱਨ, ਉਹ ਵੀ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਹੀ ਸਾਹਮਣੇ ਰੱਖ ਕਿ ਹੀ ਨਿਰਧਾਰਤ ਕੀਤੇ ਗਏ ਸੱਨ । 1708 ਤੋ ਬਾਦ ਦਾ ਸਮਾਂ ਸਿਖਾਂ ਵਾਸਤੇ ਹੋਰ ਕਾਫੀ ਮੁਸ਼ਕਲਾਂ ਭਰਿਆ ਰਿਹਾ । ਖਾਸ ਕਰਕੇ 18ਵੀ ਸਦੀ ਵਿਚ ਬਹੁਤ ਵਿਨਾਸ਼ ਹੋਇਆ । 19ਵੀ ਸਦੀ ਵਿਚ ਰਣਜੀਤ ਸਿੰਘ ਦਾ ਰਾਜ ਆਇਆ ਗੁਰਦੁਆਰਿਆਂ, ਮੰਦਰਾਂ ਮਸੀਤਾਂ ਨੂੰ ਸੋਨੇ ਚਾਂਦੀ ਵਿਚ ਮੜਿਆ ਗਿਆ । ਨਿਰਮਲਿਆਂ ਤੇ ਮਸੰਦਾ ਨੇ ਵੀ ਇਸੇ ਸਮੇ ਵਿਚ ਮੁੜ ਤੋਂ ਜੋਰ ਫੜਿਆ ਸੀ ਜਿਨਾਂ ਨੁੰ ਦਸਮੇ ਪਾਤਸ਼ਾਹ ਨੇ ਖਤਮ ਕਰ ਦਿਤਾ ਸੀ । ਮਹਾਰਾਜੇ ਤੋਂ ਬਾਦ ਗੋਰਿਆਂ ਦੀ ਮਦਦ ਦਾ ਸਦਕਾ ਮਹੰਤਾਂ ਤੇ ਨਿਰਮਲਿਆਂ ਦਾ ਝੰਡਾ ਪੂਰੀ ਤਰਾਂ ਝੂਲਣ ਲੱਗ ਪਿਆ ਸੀ । ਤੇ ਇਸੇ ਸਮੇ ਵਿਚ ਹੀ ਸਿਖ ਨੂੰ ਬ੍ਰਾਹਮਣਵਾਦ ਦੀ ਪੇਂਦ ਚੜਾਉਣ ਦੇ ਮਨਸੂਬੇ ਜੋਰ ਫੜ ਗਏ ਸੱਨ ਸ੍ਰੀ ਗੁਰੁ ਗ੍ਰੰਥ ਸਾਹਿਬ ਨੂੰ ਇਕ ਰਹਿਤ ਮਰਯਾਦਾ ਨਾ ਮੰਨ ਕਿ ਕੁਝ ਨਿਮਲਿਆਂ ਜਾ ਮਸੰਦ ਸਿਖਾਂ ਨੇ ਆਪਣੇ ਤਰੀਕੇ ਨਾਲ ਹੀ ਇਕ ਰਹਿਤ ਮਰਯਾਦਾ ਦਾ ਨਿਰਮਾਣ ਕਰ ਲਿਆ ਸੀ । 1897 ਵਿਚ ਦਸਮ ਗ੍ਰੰਥ ਨਾਮ ਦਾ ਸੱਪ ਵੀ ਪਟਾਰੀ ਵਿਚੋਂ ਬਾਹਰ ਆ ਚੁਕਾ ਸੀ ਸੁਭਾਵਕ ਹੀ ਨਿਰਮਲਿਆਂ ਦੀ ਦੇਣ ਕਰਕੇ ਇਸ ਦਾ ਅਸਰ ਵੀ ਰਹਿਤ ਮਰਯਾਦਾ ਤੇ ਹੋਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ । ਨਿਰਮਲਿਆਂ ਨੇ ਬ੍ਰਾਹਮਣਵਾਦ ਨੂੰ ਹਰ ਥਾਂ ਤਰਜੀਹ ਦਿਤੀ ਹੈ ਸ਼ਾਇਦ ਇਹ ਹੀ ਕਾਰਨ ਸੀ ਕਿ 1918 ਤੱਕ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਬ੍ਰਹਮਾਂ ਵਿਸ਼ਨੂੰ ਮਹੇਸ਼ ਦੀਆਂ ਮੂਰਤੀਆਂ ਲਗਾਈਆਂ ਹੋਈਆਂ ਸੱਨ ਤੇ 1918 ਵਿਚ ਇਨਾਂ ਨੂੰ ਇਥੋਂ ਹਟਾਇਆ ਗਿਆ ਸੀ । ਇਸ ਸਮੇ ਵਿਚ ਹੀ ਇਕ ਰਹਿਤ ਮਰਯਾਦਾ ਇਨਾਂ ਨਿਰਮਲਿਆਂ ਦੁਆਰਾ ਤਿਆਰ ਕੀਤੀ ਗਈ ਸੀ । ਕਾਫੀ ਸਮਾਂ ਇਹ ਚਲਦੀ ਰਹੀ ਤੇ ਆਖਰਕਾਰ 1945 ਵਿਚ ਹੁਣ ਵਾਲੀ ਰਹਿਤ ਮਰਯਾਦਾ ਨੂੰ ਲਾਗੂ ਕੀਤਾ ਗਿਆ, ਜੋ ਕਿ ਕਾਫੀ ਹੱਦ ਤੱਕ ਸਹੀ ਸੀ ਪਰ ਭੰਬਲ਼ਭੂਸੇ ਤੋਂ ਰਹਿਤ ਨਹੀਂ ਸੀ । ਇਸ ਰਹਿਤ ਮਰਯਾਦਾ ਨੂੰ ਸਿਰਜਣ ਵਾਲੇ ਵੀ ਭਾਈ ਵੀਰ ਸਿੰਘ ਵਰਗੇ ਨਿਰਮਲੇ ਹੀ ਸੱਨ, ਜੇ ਭਾਈ ਕਾਹਨ ਸਿੰਘ ਨਾਭਾ ਦੀ ਮੋਤ 1939 ਵਿਚ ਨਾ ਹੁੰਦੀ ਤੇ ਸ਼ਾਇਦ ਇਸ ਦੀ ਰੂਪ ਰੇਖਾ ਕੁਝ ਹੋਰ ਹੁੰਦੀ ।
ਚਲੋ ਇਹ ਸੀ ਇਕ ਛੋਟਾ ਜਿਹਾ ਸਪੱਸ਼ਟੀਕਰਨ, ਜੇ ਕਿਸੇ ਵੀਰ ਨੂੰ ਵੱਧ ਪਤਾ ਹੋਵੇ ਤੇ ਜਰੂਰ ਦੱਸ ਸਕਦਾ ਹੈ । ਪਰ ਮੇਰਾ ਇਸ ਸਭ ਕਹਿਣ ਦਾ ਮਕਸਦ ਇਹ ਸੀ ਕਿ ਅਸੀ ਸਿਖੀ ਨੂੰ ਚਾਰ ਫੇਜ਼ਾਂ ਵਿਚ ਵੰਡ ਸਕਦੇ ਹਾਂ ।
1. ਉਹ ਸਿਖ ਜਿਨਾਂ ਤੋਂ ਸਿਖੀ ਸ਼ੁਰੂ ਹੋਈ ਸੀ ਜਿਸ ਗੁਰੂਕਾਲ ਜਾ ਉਸ ਤੋਂ ਥੋੜਾ ਬਾਦ ਵਾਲਾ ਸਮਾਂ ਕਿਹਾ ਜਾ ਸਕਦਾ ਹੈ ਤੇ ਉਨਾਂ ਦੀ ਰਹਿਤ ਮਰਯਾਦਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸੀ ।
2. ਉਹ ਸਿਖ ਜੋ ਨਿਰਮਲਿਆ ਦੁਆਰਾ ਬਣਾਈ ਗਈ ਰਹਿਤ ਮਰਯਾਦਾ ਨੂੰ ਮਨਦੇ ਸੱਨ ਜਾਣੀ ਕਿ 1900 ਦੇ ਕਰੀਬ ਤੇ ਉਸ ਤੋਂ ਬਾਦ ਦਾ ਸਮਾਂ ।
3. ਉਹ ਸਿਖ ਜੋ 1945 ਵਿਚ ਬਣਾਈ ਗਈ ਰਹਿਤ ਮਰਯਾਦਾ ਨੂੰ ਮੰਨਦੇ ਹੱਨ ਤੇ ਉਪਰ ਵਾਲੇ ਸਾਰੇ ਖੱਸੀ ਢਾਂਚੇ ਨੂੰ ਮਨਦੇ ਹੱਨ ਬੇਸ਼ੱਕ ਉਨਾਂ ਦੀ ਇਹ ਇਕ ਮਜਬੂਰੀ ਹੀ ਹੈ । ਜਿਨਾਂ ਵਿਚੋਂ ਕਾਫੀ ਲੋਕ ਦੁਬਿਧਾ ਵਿਚ ਹੱਨ, ਕਈ ਮੁਦੇ ਇਹੋ ਜਿਹੇ ਹੱਨ ਜਿਨਾਂ ਵਾਰੇ ਵਿਚਾਰ ਵੀ ਨਹੀਂ ਕੀਤਾ ਜਾ ਸਕਦਾ, ਜਿਵੇਂ ਕਿ ਸਿਖ ਵਾਸਤੇ ਮਾਸ ਖਾਣ ਦਾ ਮੁਦਾ ਜਾ ਦਸਮ ਗ੍ਰੰਥ ਦੀਆਂ ਬਾਣੀਆਂ ਦਾ ਮੁਦਾ ।
4. ਨੰਬਰ 4 ਜੋ ਕਿ ਬਹੁਤ ਹੀ ਜਰੂਰੀ ਮੈਂ ਸਮਝਦਾ ਹਾਂ, ਜਿਸ ਕਰਕੇ ਉਪਰ ਸਾਰਾ ਕੁਝ ਲਿਖਣਾ ਪਿਆ, ਉਹ ਇਹ ਹੈ । ਕਿ ਇਕ ਨਵੀਂ ਕਿਸਮ ਦਾ ਨਵਾਂ ਯੁਗ ਸ਼ੁਰੂ ਹੋ ਰਿਹਾ ਹੈ । ਖਾਸ ਕਰਕੇ ਸਿਖਾਂ ਵਾਸਤੇ । ਜੋ ਨਵੇਂ ਸਿਖ ਪੈਦਾ ਹੋ ਰਹੇ ਹੱਨ ਇਹ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੀ ਸਿਖ ਹੱਨ । ਇਹ ਕਿਸੇ ਵੀ ਰਹਿਤ ਮਰਯਾਦਾ ਨੂੰ ਜਾ ਕਿਸੇ ਸ਼੍ਰੋਮਣੀ, ਟਕਸਾਲ, ਜਥੇਦਾਰੀ, ਜਾ ਸੰਤ ਸਮਾਜ ਵਰਗੀਆਂ ਸੰਸਥਾਵਾਂ ਦੀ ਸੋਚ ਦੇ ਗੁਲਾਮ ਨਹੀਂ ਹੱਨ । ਇਹ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਸਮਰਪਣ ਹੱਨ । ਬੇਸ਼ੱਕ ਇਨਾਂ ਲੋਕਾਂ ਦੀ ਗਿਣਤੀ ਕੋਈ ਜਿਆਦਾ ਨਹੀਂ ਹੈ, ਸ਼ਾਇਦ 1% ਵੀ ਨਹੀਂ ਪਰ ਆਉਣ ਵਾਲੇ ਸਮੇਂ ਵਿਚ ਇਹ ਲੋਕ ਕਾਫੀ ਮਾਤਰਾ ਵਿਚ ਵੱਧ ਰਹੇ ਹੱਨ । ਇਨਾਂ ਦੀ ਸੋਚ ਆਜ਼ਾਦ ਹੈ । ਸੋਚਣ ਦਾ ਤਰੀਕਾ ਆਪਣਾ ਹੈ, ਕਿਸੇ ਸੰਤ ਜਾ ਜਥੇਦਾਰ ਦਾ ਨਹੀਂ । ਮੈਂਨੂੰ ਖੁਸ਼ੀ ਹੁੰਦੀ ਹੈ ਕਿ ਮੈਂ ਵੀ ਇਸ ਆਉਣ ਵਾਲੇ ਇਸ ਨਵੇਂ ਕਾਫਲੇ ਦਾ ਹੀ ਇਕ ਹਿਸਾ ਹਾਂ, ਜਿਸ ਨੂੰ ਰੂੜੀਵਾਦੀ ਸਿਖ ਕਾਮਰੇਡ ਕਹਿ ਕਿ ਪੁਕਾਰਦੇ ਹੱਨ । ਪਰ ਸ਼ਾਇਦ ਉਨਾਂ ਨੂੰ ਇਹ ਨਹੀਂ ਪਤਾ ਕਿ ਇਸ ਨਵੇਂ ਕਾਫਲੇ ਦੀ ਸੋਚ ਹੁਣ ਗੁਲਾਮ ਨਹੀਂ ਰਹੀ ਜੋ ਦਿਨੋਂ ਦਿਨ ਬਹੁਤ ਤੇਜੀ ਨਾਲ ਵੱਧ ਰਿਹਾ ਹੈ । ਗੁਰਬਾਣੀ ਨੂੰ ਸਮਝਣ ਦੇ ਨਾਲ ਨਾਲ ਇਨਾਂ ਦੀ ਸੋਚ ਵੀ ਆਜ਼ਾਦ ਹੈ ਤੇ ਹਰ ਝੂਠ ਤੇ ਦਿਖਾਵੇ ਦੀ ਸਮਝ ਵੀ ਆ ਰਹੀ ਹੈ ।
ਇਸ ਦੇ ਨਾਲ ਹੀ ਮੈਂ ਇਹ ਵੀ ਕਹਿਣਾ ਜਰੂਰੀ ਸਮਝਾਂਗਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਾਲੀ ਸਿਖੀ ਨੂੰ ਮੈਂ ਅਡਵਾਂਸ ਸਿਖੀ ਮਨਦਾ ਹਾਂ । ਜਦੋ ਅਸੀਂ ਆਪਣੇ ਆਪ ਨੂੰ ਸਾਰੀਆਂ ਦੁਨਿਆਵੀ ਤਰੁਟੀਆਂ ਤੋਂ ਉਪਰ ਉਠ ਕਿ ਦੇਖ ਸਕਦੇ ਹਾਂ ਤਾਂ ਅਸੀ ਖਾਲਸਾ ਰੂਪ ਧਾਰਨ ਕਰ ਸਕਦੇ ਹਾਂ । ਜਿਸ ਵਾਸਤੇ ਸਾਬਤ ਸੂਰਤ ਹੋਣਾ ਅਤੀ ਜਰੂਰੀ ਹੈ । ਪਰ ਸਿਖ ਇਸ ਦੁਨੀਆਂ ਦਾ ਕੋਈ ਵੀ ਇਨਸਾਨ ਹੋ ਸਕਦਾ ਹੈ ਬੇਸ਼ੱਕ ਉਹ ਕਿਸੇ ਵੀ ਧਰਮ ਦਾ ਜਾ ਜਾਤ ਦਾ ਹੋਵੇ ।
ਜੇ ਕੁਝ ਗਲਤ ਹੋਵੇ ਤੇ ਮੁਆਫ ਕਰਨਾ,
ਸਹੀ ਲੱਗੇ ਤੇ ਸ਼ੇਅਰ ਕਰਨਾ ਨਾ ਭੁਲਣਾ ਵੀਰੋ,
ਇਕ ਵਾਰ ਸੋਚਣਾ ਜਰੂਰ !! ਤੁਹਾਡੇ ਵਿਚਾਰ ਵੀ ਬਹੁਤ ਜਰੂਰੀ ਹਨ ।
ਨਿਰਮਲ ਸਿੰਘ


ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।


17/05/15)
ਜਸਵੰਤ ਸਿੰਘ ‘ਅਜੀਤ’

ਸ੍ਰੀ ਅਨੰਦਪੁਰ ਸਾਹਿਬ ਦੀ ਸਥਾਪਨਾ ਦੀ 350ਵੀਂ ਵਰ੍ਹੇਗੰਢ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਲੋਂ ਵਸਾਏ ਸ੍ਰੀ ਅਨੰਦਪੁਰ ਸਾਹਿਬ ਦੀ ਸਥਾਪਨਾ ਦੀ 350ਵੀਂ ਸਲਾਨਾ ਯਾਦ ਮਨਾਏ ਜਾਣ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣ ਵਿੱਚ ਰੁਝੀ ਹੋਈ ਦਸੀ ਜਾਂਦੀ ਹੈ। ਸ੍ਰੀ ਅਨੰਦਪੁਰ ਸਾਹਿਬ ਦੀਆਂ ਇਮਾਰਤਾਂ ਦੇ ਸਫੇਦੀ-ਕਰਣ ਦੀ ਜ਼ਿਮੇਂਦਾਰੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਸੰਨ-1999 ਵਾਂਗ ਇਸ ਵਾਰ ਵੀ ਇਸ ਰੰਗਾਈ-ਪੁਤਾਈ ਦੇ ਖਰਚੇ ਉਸ ਸਿਰ ਪਾ ਦਿੱਤੇ ਗਏ ਹਨ, ਜਿਸਨੂੰ ਸਿਰ-ਮੱਥੇ ਪ੍ਰਵਾਨ ਕਰ, ਮਿਲੀ ਜ਼ਿਮੇਂਦਾਰੀ ਨੂੰ ਨਿਭਾਣ ਲਈ ਦਿੱਲੀ ਗੁਰਦੁਆਰਾ ਕਮੇਟੀ ਦੇ ਕੁੱਝ ਮੈਂਬਰ ਕਮੇਟੀ ਦੇ ਸਟਾਫ ਮੈਂਬਰਾਂ ਨੂੰ ਨਾਲ ਲੈ ਉਥੇ ਪੁਜ ਗਏ ਹਨ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜ. ਮਨਜੀਤ ਸਿੰਘ ਜੀਕੇ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਕਮੇਟੀ ਵਲੋਂ ਇਸ ਕੰਮ ਨੂੰ ਤਿੰਨ ਮਹੀਨਿਆਂ ਵਿੱਚ ਪੂਰਾ ਕਰ ਦਿੱਤਾ ਜਾਇਗਾ। ਧਾਰਮਕ ਵਿਸ਼ਵਾਸ ਵਾਲੇ ਸਜਣਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗਲ ਦੀ ਹੈਰਾਨੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਨੇ ਆਖਿਰ ਕੀ ਸੋਚ ਕੇ ਅਤੇ ਕਿਸ ਅਧਾਰ ਤੇ ਸ੍ਰੀ ਅਨੰਦਪੁਰ ਸਾਹਿਬ ਸ਼ਹਿਰ ਨੂੰ ਸਫੇਦ ਰੰਗ ਵਿੱਚ ਰੰਗਣ ਦਾ ਫੈਸਲਾ ਕੀਤਾ ਹੈ, ਜਦਕਿ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਸਿੱਖ ਧਰਮ ਦਾ ਸਫੇਦ ਰੰਗ ਨਾਲ ਕਿਧਰੇ ਵੀ ਕੋਈ ਸੰਬੰਧ ਵਿਖਾਈ ਨਹੀਂ ਦਿੰਦਾ।
ਗਲ ਇਤਿਹਾਸਕ ਮਹਤੱਵ ਦੀ: ਇਸ ਵਿੱਚ ਕੋਈ ਸ਼ਕ ਨਹੀਂ ਕਿ ਕੌਮੀ ਪਨੀਰੀ ਨੂੰ ਆਪਣੀ ਬਹੁਮੁਲੀ ਇਤਿਹਾਸਕ ਵਿਰਾਸਤ ਨਾਲ ਜੋੜਨ ਅਤੇ ਜੁੜੇ ਰਹਿਣ ਲਈ ਪ੍ਰੇਰਤ ਕਰਨ ਲਈ, ਅਜਿਹੇ ਮੌਕਿਆਂ ਪੁਰ ਕੀਤੇ ਗਏ ਆਯੋਜਨ ਬਹੁਤ ਹੀ ਮਹੱਤਵਪੂਰਣ ਸਾਬਤ ਹੋ ਸਕਦੇ ਹਨ। ਇਥੇ ਇਹ ਗਲ ਵਰਣਨਯੋਗ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਨੂੰ ਸੰਤ-ਸਿਪਾਹੀ ਖਾਲਸੇ ਦੀ ਸਿਰਜਨਾ ਦੀ ਇਤਿਹਾਸਕਤਾ ਦਾ ਗੁਆਹ ਹੋਣ ਦੇ ਨਾਲ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿਤ੍ਰ ਚਰਨ-ਛੋਹ ਪ੍ਰਾਪਤ ਹੋਣ ਦਾ ਮਾਣ ਵੀ ਹਾਸਲ ਹੈ। ਇਸਦੇ ਨਾਲ ਹੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉਹ ਧਰਤੀ ਹੈ, ਜਿਸਨੂੰ ਜਬਰ-ਜ਼਼ੁਲਮ ਅਤੇ ਅਨਿਆਇ ਵਿਰੁਧ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਿੱਚ ਲੜੀਆਂ ਗਈਆਂ ਲੜਾਈਆਂ ਵਿੱਚ ਸ਼ਹੀਦ ਹੋਏ ਅਨਗਿਣਤ ਸਿੱਖਾਂ ਨੇ ਆਪਣੇ ਖੂਨ ਨਾਲ ਸਿੰਜਿਆ ਹੈ।
ਦਿੱਲੀ ਹਾਈਕੋਰਟ ਦੇ ਸਾਬਕਾ ਜੱਜ. ਜਸਟਿਸ ਆਰ ਐਸ ਸੋਢੀ, ਜੋ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਾਹਿਬਜ਼ਾਦੇ ਸ੍ਰੀ ਸੂਰਜਮਲ ਜੀ ਦੇ ਵੰਸ਼ਜ ਹਨ, ਦਸਦੇ ਹਨ ਕਿ ਸ੍ਰੀ ਅਨੰਦਪੁਰ ਸਾਹਿਬ ਨਾਲ ਸੰਬੰਧਤ ਸਭ ਤੋਂ ਵੱਧ ਦੁਖਦਾਈ ਪਹਿਲੂ ਇਹ ਹੈ ਕਿ ਬੀਤੇ ਵਰ੍ਹਿਆਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸਕ ਸਥਾਨਾਂ ਦਾ ਨਵੀਕਰਣ ਕੀਤੇ ਜਾਣ ਦੇ ਨਾਂ `ਤੇ, ਉਸਨੂੰ ਇਤਿਹਾਸਕਤਾ ਦੀ ਮਾਨਤਾ ਪ੍ਰਦਾਨ ਕਰਨ ਵਾਲੀ ਕਿਸੇ ਵੀ ਨਿਸ਼ਾਨੀ ਨੂੰ ਸੁਰਖਿਅਤ ਨਹੀਂ ਰਹਿਣ ਦਿੱਤਾ ਗਿਆ। ਅੱਜ ਨਾ ਤਾਂ ਉਹ ‘ਕੋਠਾ (ਭੋਰਾ) ਸਾਹਿਬ’ ਆਪਣੇ ਮੂਲ ਰੂਪ ਵਿੱਚ ਕਾਇਮ ਹੈ, ਜਿਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤਪ ਕਰਿਆ ਕਰਦੇ ਸਨ ਅਤੇ ਨਾ ਹੀ ਉਸ ਕਿਲ੍ਹੇ (ਤਖਤ), ਕੇਸਗੜ੍ਹ ਸਾਹਿਬ ਦੇ ਪ੍ਰਾਚੀਨ ਮਹੱਤਵ ਨੂੰ ਕਾਇਮ ਰਹਿਣ ਦਿੱਤਾ ਗਿਆ ਹੈ, ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਦੁਤੀ ਪ੍ਰੀਖਿਆ ਲੈ, ਸੰਤ-ਸਿਪਾਹੀ ਖਾਲਸੇ ਦੀ ਸਿਰਜਨਾ ਸੰਪੂਰਨ ਕੀਤੀ ਸੀ। ਜਸਟਿਸ ਸੋਢੀ ਹੋਰ ਦਸਦੇ ਹਨ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਹਵੇਲੀ ਦਾ ਵਿਸਥਾਰ ਕਰਨ ਦੇ ਨਾਂ ਤੇ ਉਥੇ ਸਰਾਂ ਬਣਾ, ਉਸਦੀ ਇਤਿਹਾਸਕਤਾ ਨੂੰ ਪੂਰੀ ਤਰ੍ਹਾਂ ਨਸ਼ਟ ਕਰਕੇ ਰਖ ਦਿੱਤਾ ਗਿਆ ਹੈ। ਉਨ੍ਹਾਂ ਅਨੁਸਾਰ ਗੁਰੂ ਸਾਹਿਬਾਨ ਨਾਲ ਸੰਬੰਧਤ ਬਾਕੀ ਹੋਰ ਅਸਥਾਨਾਂ ਦਾ ਵੀ ਇਹੀ ਹਾਲ ਕੀਤਾ ਗਿਆ ਹੈ। ਕੇਵਲ ਇੱਕ ਖੂਹ, ਜੋ ‘ਮਸਦਾਂ ਦਾ ਖੂਹ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਸੂਰਜਮਲ ਜੀ ਦੀ ਸਮਾਧ, ਮਾਤ੍ਰ ਇਹ ਦੋ ਅਸਥਾਨ ਹੀ ਸ਼ਾਇਦ ਅਜਿਹੇ ਬਚੇ ਹਨ, ਜੋ ਆਪਣੇ ਮੂਲ ਰੂਪ ਵਿੱਚ ਕਾਇਮ ਰਹਿ ਗਏ ਹੋਏ ਹਨ।
ਇਹ ਕਿਹੋ ਜਿਹਾ ਤਾਲ-ਮੇਲ: ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਅੰਤ੍ਰਿੰਗ ਬੋਰਡ ਦੇ ਮੈਂਬਰਾਂ ਦੀ ਦੋ-ਸਾਲਾ ਚੋਣ ਹੋਇਆਂ ਤਿੰਨ ਮਹੀਨੇ ਹੋਣ ਨੂੰ ਆ ਰਹੇ ਹਨ। ਪ੍ਰੰਤੂ ਕਮੇਟੀ ਨਾਲ ਸੰਬੰਧਤ ਵੱਖ-ਵੱਖ ਕੰਮਾਂ ਲਈ ਗਠਤ ਕੀਤੀਆਂ ਜਾਂਦੀਆਂ ਚਲੀਆਂ ਆ ਰਹੀਆਂ ਸਬ-ਕਮੇਟੀਆਂ ਦਾ ਪੁਨਰਗਠਨ ਅਜੇ ਤਕ ਨਹੀਂ ਹੋ ਸਕਿਆ, ਜਦਕਿ ਇਨ੍ਹਾਂ ਦਾ ਗਠਨ ਅਹੁਦੇਦਾਰਾਂ ਅਤੇ ਅੰਤ੍ਰਿੰਗ ਬੋਰਡ ਦੇ ਮੈਂਬਰਾਂ ਦੀ ਚੋਣ ਦੇ ਤੁਰੰਤ ਬਾਅਦ ਹੀ ਹੋ ਜਾਣਾ ਚਾਹੀਦਾ ਸੀ। ਦਸਿਆ ਜਾਂਦਾ ਹੈ ਕਿ ਅਜੇ ਤਕ ਇਨ੍ਹਾਂ ਸਬ-ਕਮੇਟੀਆਂ ਦਾ ਪੁਨਰਗਠਨ ਨਾ ਹੋ ਪਾਣ ਦਾ ਮੁੱਖ ਕਾਰਣ, ਪ੍ਰਧਾਨ ਅਤੇ ਜਨਰਲ ਸਕਤੱਰ ਵਿੱਚ ਤਿੱਖੇ ਮਤਭੇਦਾਂ ਦਾ ਹੋਣਾ ਹੈ। ਹੈਰਾਨੀ ਦੀ ਗਲ ਤਾਂ ਇਹ ਹੈ ਕਿ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਤੇ ਜਨਰਲ ਸਕਤੱਰ ਵੱਖ-ਵੱਖ ਪਾਰਟੀਆਂ ਦੇ ਨਾ ਹੋ ਕੇ, ਇੱਕੋ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹੀ ਪ੍ਰਤੀਨਿਧੀ ਹਨ। ਇਤਨਾ ਹੀ ਨਹੀਂ, ਦਿੱਲੀ ਗੁਰਦੁਆਰਾ ਕਮੇਟੀ ਵਿੱਚ ਦਲ ਨੂੰ ਚੁਨੌਤੀ-ਹੀਨ ਬਹੁਮਤ ਵੀ ਪ੍ਰਾਪਤ ਹੈ।
ਅਜਿਹੀ ਹਾਲਤ ਵਿੱਚ ਵੀ ਪ੍ਰਧਾਨ ਅਤੇ ਜਨਰਲ ਸਕਤੱਰ ਵਿੱਚ ਤਿੱਖੇ ਮਤਭੇਦ ਹੋਣ ਦੀ ਚਰਚਾ, ਗੁਰਦੁਆਰਾ ਕਮੇਟੀ ਦੀ ਚਾਰ-ਦੀਵਾਰੀ ਪਾਰ ਕਰ ਬਾਹਰ ਹੋਣ ਲਗੇ ਤਾਂ ਉਸ ਨਾਲ ਪ੍ਰਧਾਨ ਅਤੇ ਜਨਰਲ ਸਕਤੱਰ ਦੀ ਹੀ ਨਹੀਂ, ਸਗੋਂ ਸ਼੍ਰੋਮਣੀ ਅਕਾਲੀ ਦਲ (ਬਾਦਲ), ਉਸਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਛਬੀ ਨੂੰ ਵੀ ਪ੍ਰਭਾਵਤ ਹੋਣ ਤੋਂ ਕੋਈ ਰੋਕ ਨਹੀਂ ਸਕਦਾ। ਦਸਿਆ ਜਾਂਦਾ ਹੈ ਕਿ ਜਦੋਂ ਪਿਛਲੇ ਫਰਵਰੀ ਮਹੀਨੇ ਦੇ ਅੰਤ ਵਿੱਚ ਦਿੱਲੀ ਕਮੇਟੀ ਦੇ ਅਹੁਦੇਦਾਰਾਂ ਅਤੇ ਅੰਤ੍ਰਿੰਗ ਬੋਰਡ ਦੇ ਮੈਂਬਰਾਂ ਦੀ ਨਵੀਂ ਚੋਣ ਹੋਣ ਜਾ ਰਹੀ ਸੀ, ਤਾਂ ਇਹ ਮੰਨਿਆ ਜਾਣ ਲਗਾ ਸੀ ਕਿ ਇਸ ਵਾਰ ਸ. ਸੁਖਬੀਰ ਸਿੰਘ ਬਾਦਲ ਗੁਰਦੁਆਰਾ ਕਮੇਟੀ ਨੂੰ ਅਜਿਹੀ ਪ੍ਰਬੰਧਕੀ ਟੀਮ ਦੇਣਗੇ, ਜੋ ਦੋ ਵਰ੍ਹੇ ਬਾਅਦ ਹੋਣ ਵਾਲੀਆਂ ਗੁਰਦੁਆਰਾ ਕਮੇਟੀ ਦੀਆਂ ਆਮ ਚੋਣਾਂ ਦੇ ਮੱਦੇ-ਨਜ਼ਰ ਪਾਰਟੀ ਦੀ ਅਜਿਹੀ ਛਬੀ ਬਨਾਣ ਲਈ ਇੱਕ-ਜੁਟ ਹੋ ਕੰਮ ਕਰੇਗੀ, ਜਿਸ ਨਾਲ ਚੋਣਾਂ ਵਿੱਚ ਪਾਰਟੀ ਨੁੰ ਫਿਰ ਤੋਂ ਗੁਰਦੁਆਰਾ ਕਮੇਟੀ ਦੀ ਸੱਤਾ `ਤੇ ਕਾਬਜ਼ ਹੋਣ ਵਿੱਚ ਕਿਸੇ ਵੀ ਤਰ੍ਹਾਂ ਦੀ ਚੁਨੌਤੀ ਦਾ ਸਾਹਮਣਾ ਨਹੀ ਕਰਨਾ ਪਵੇਗਾ। ਪ੍ਰੰਤੂ ਇਥੇ ਤਾਂ ਸਭ-ਕੁਝ ਉਲਟ-ਪੁਲਟ ਹੁੰਦਾ ਵਿਖਾਈ ਦੇਣ ਲਗਾ ਹੈ। ਜੇ ਇਸੇ ਤਰ੍ਹਾਂ ਹੀ ਚਲਦਾ ਰਿਹਾ ਤਾਂ ਇਸ ਸਮੇਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਤੇ ਜਨਰਲ ਸਕਤੱਰ ਦੇ ਮਤਭੇਦਾਂ ਦੀ ਹੋ ਰਹੀ ਚਰਚਾ ਨਾਲ ਆਮ ਸਿੱਖਾਂ ਸਾਹਮਣੇ ਦਲ ਅਤੇ ਉਸਦੇ ਰਾਸ਼ਟਰੀ ਮੁੱਖੀਆਂ ਦੀ ਜੋ ਤਸਵੀਰ ਉਭਰਦੀ ਵਿਖਾਈ ਦੇਣ ਲਗੀ ਹੈ, ਉਸਨੂੰ ਵੇਖਦਿਆਂ ਇਹ ਕਹਿਣਾ ਅਤਕੱਥਨੀ ਨਹੀਂ ਹੋਵੇਗੀ ਕਿ ਲਗਭਗ 21 ਮਹੀਨਿਆਂ ਬਾਅਦ ਹੋਣ ਵਾਲੀਆਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਆਮ ਚੋਣਾਂ ਹੋਣ ਤਕ ਹਾਲਾਤ ਅਜਿਹੇ ਬਣ ਜਾਣਗੇ ਕਿ ਪਾਰਟੀ ਦੀ ਲੀਡਰਸ਼ਿਪ ਆਮ ਸਿੱਖਾਂ ਦੇ ਸਾਹਮਣੇ ਜਾ, ਉਨ੍ਹਾਂ ਪਾਸੋਂ ਪਾਰਟੀ ਦੇ ਉਮੀਦਵਾਰਾਂ ਲਈ ਸਮਰਥਨ ਦੀ ਮੰਗ ਕਰਨ ਲਈ ਜਾਣ ਦੀ ਹਿੰਮਤ ਸ਼ਾਇਦ ਹੀ ਜੁਟਾ ਸਕਣ।
ਗਲ ਪ੍ਰਧਾਨ ਦੇ ਅਧਿਕਾਰਾਂ ਦੀ: ਇਧਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਧਿਕਾਰਾਂ ਨੂੰ ਲੈ ਕੇ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਗੁਰਦੁਆਰਾ ਪ੍ਰਬੰਧ ਨਾਲ ਸਬੰਧਤ ਕਾਨੂੰਨੀ ਮਾਹਿਰਾਂ ਦੀ ਮਾਨਤਾ ਹੈ ਕਿ ਦਿੱਲੀ ਗੁਰਦੁਆਰਾ ਮੈਨੇਜਮੈਂਟ ਐਕਟ-1971 ਅਨੁਸਾਰ ਮਿਲੇ ਹੋਏ ਅਧਿਕਾਰਾਂ ਨੂੰ ਪ੍ਰਧਾਨ ਆਪ ਜਾਂ ਗੁਰਦੁਆਰਾ ਕਮੇਟੀ ਦਾ ਕੋਈ ਅਹੁਦੇਦਾਰ ਜਾਂ ਅੰਤ੍ਰਿੰਗ ਬੋਰਡ ਤਕ ਵੀ ਕਿਸੇ ਹੋਰ ਨੂੰ ਨਹੀਂ ਦੇ ਸਕਦਾ। ਹਾਂ, ਦਿੱਲੀ ਤੋਂ ਬਾਹਰ ਹੋਣ ਦੀ ਸੂਰਤ ਵਿੱਚ ਪ੍ਰਧਾਨ ਹੀ ਸੀਨੀਅਰ ਮੀਤ ਪ੍ਰਧਾਨ ਨੂੰ ਅਜਿਹੇ ਕੰਮ-ਚਲਾਊ ਅਧਿਕਾਰਾਂ ਦਾ ਇਸਤੇਮਾਲ ਕਰਨ ਦਾ ਅਧਿਕਾਰ ਦੇ ਸਕਦਾ ਹੈ, ਜਿਨ੍ਹਾਂ ਨਾਲ ਕਮੇਟੀ ਦੇ ਰੂਟੀਨ ਕੰਮਾਂ ਵਿੱਚ ਰੁਕਾਵਟ ਨਾ ਪੈ ਸਕੇ। ਇਸ ਸਥਿਤੀ ਵਿੱਚ ਵੀ ਸੀਨੀਅਰ ਮੀਤ ਪ੍ਰਧਾਨ ਨੂੰ ਨੀਤੀ-ਗਤ ਫੈਸਲੇ ਕਰਨ ਦਾ ਕੋਈ ਅਧਿਕਾਰ ਪ੍ਰਾਪਤ ਨਹੀਂ ਹੁੰਦਾ। ਜਦੋਂ ਪ੍ਰਧਾਨ ਦਿੱਲੀ ਵਿੱਚ ਹੀ ਹੋਵੇ ਤਾਂ ਸੀਨੀਅਰ ਮੀਤ ਪ੍ਰਧਾਨ ਉਸਦੇ ਕਿਸੇ ਵੀ ਅਧਿਕਾਰ ਦੀ ਵਰਤੋਂ ਨਹੀਂ ਕਰ ਸਕਦਾ, ਜਦ ਤਕ ਕਿ ਗੁਰਦੁਆਰਾ ਕਮੇਟੀ ਦਾ ਜਨਰਲ ਹਾਊਸ ਉਸਨੂੰ ਕੋਈ ਵਿਸ਼ੇਸ਼ ਕੰਮ ਕਰਨ ਦਾ ਅਧਿਕਾਰ ਨਾ ਦੇਵੇ।
… ਅਤੇ ਅੰਤ ਵਿੱਚ: ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕਤੱਰ ਸ. ਮਨਜਿੰਦਰ ਸਿੰਘ ਸਿਰਸਾ ਨੇ ਦਾਅਵਾ ਕੀਤਾ ਕਿ ਜੇ ਗੁਰੂ ਹਰਿਕ੍ਰਿਸ਼ਨ ਹਸਪਤਾਲ ਬਾਲਾ ਸਾਹਿਬ ਨਾਲ ਸੰਬੰਧਤ ਮੈਡੀਕਲ ਟ੍ਰਸਟ ਨੂੰ ਹੇਠਲੀ ਅਦਾਲਤ ਵਲੋਂ ਗੈਰ-ਕਾਨੂੰਨੀ ਕਰਾਰ ਦਿਤੇ ਜਾਣ ਵਿਰੁਧ ਦਿੱਲੀ ਹਾਈਕੋਰਟ ਵਿੱਚ ਦਾਖਲ ਕੀਤੀ ਗਈ ਪਟੀਸ਼ਨ ਨੂੰ ਸਰਨਾ-ਭਰਾ ਵਾਪਸ ਲੈ ਲੈਣ ਤਾਂ ਗੁਰਦੁਆਰਾ ਕਮੇਟੀ ਤਿੰਨ ਮਹੀਨਿਆਂ ਵਿੱਚ ਹੀ ਬਾਲਾ ਸਾਹਿਬ ਹਸਪਤਾਲ ਵਿੱਚ ਓਪੀਡੀ ਸ਼ੁਰੂ ਕਰ ਸਕਦੀ ਹੈ। ਉਧਰ ਦਸਿਆ ਜਾਂਦਾ ਹੈ ਕਿ ਸਰਨਾ-ਭਰਾਵਾਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਬਾਲਾ ਸਾਹਿਬ ਹਸਪਤਾਲ ਦੇ ਸ਼ੁਰੂ ਹੋਣ ਦੇ ਰਸਤੇ ਵਿੱਚ ਰੁਕਾਵਟ ਪੈਦਾ ਕਰਨਾ ਨਹੀਂ ਚਾਹੁੰਦੇ ਅਤੇ ਨਾ ਹੀ ਉਨ੍ਹਾਂ ਨੇ ਇਸ ਸਬੰਧ ਵਿੱਚ ਕੋਈ ਕੇਸ ਕੀਤਾ ਹੋਇਆ ਹੈ। ਉਹ ਤਾਂ ਇਹ ਚਾਹੁੰਦੇ ਹਨ ਕਿ ਜੋ ‘ਲੋਕੀ’ ਹਸਪਤਾਲ ਦੇ ਸ਼ੁਰੂ ਹੋਣ ਦੇ ਰਸਤੇ ਵਿੱਚ ਰੁਕਾਵਟਾਂ ਪੈਦਾ ਕਰਨ ਲਈ ਜ਼ਿਮੇਂਦਾਰ ਰਹੇ ਹਨ, ਉਹ ਆਪਣੀ ਭੁਲ ਜਨਤਕ ਤੋਰ ਤੇ ਸਵੀਕਾਰ ਕਰਨ ਅਤੇ ਉਨ੍ਹਾਂ ਪੁਰ ਹਸਪਤਾਲ ਵੇਚ ਦੇਣ ਦੇ ਲਾਏ ਜਾਂਦੇ ਰਹੇ ਦੋਸ਼ਾਂ ਨੂੰ ਜਾਂ ਤਾਂ ਸਾਬਤ ਕਰਨ ਜਾਂ ਫਿਰ ਝੂਠਾ ਦੋਸ਼ ਲਾਣ ਦੇ ਕੀਤੇ ਗੁਨਾਹ ਲਈ ਮੁਆਫੀ ਮੰਗਣ।


12/05/15)
ਗੁਰਸ਼ਰਨ ਸਿੰਘ ਕਸੇਲ

ਸ੍ਰ. ਗੁਰਦੀਪ ਸਿੰਘ ਬਾਗੀ ਜੀ,
ਸਤਿ ਸ੍ਰੀ ਅਕਾਲ ।

ਆਪ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੱਥ ਲਿਖਤ ਵਿਚ ਰਾਗਮਾਲਾ ਨਾ ਹੋਣ ਬਾਰੇ ਜਾਣਕਾਰੀ ਦੇਣ ਲਈ ਧੰਨਵਾਦ । ਇਸ ਤੋਂ ਇਹ ਵੀ ਲੱਗਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਜੋਤੀ-ਜੋਤ ਸਮਾਉਣ ਦੀ ਤਾਰੀਖ ਦਰਜ ਕਰਨ ਵਾਲਾ ਲਿਖਾਰੀ ‘ਰਾਗਮਾਲਾ’ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਨਹੀਂ ਸਮਝਦਾ ।
ਆਦਰ ਸਹਿਤ, ਗੁਰਸ਼ਰਨ ਸਿੰਘ ਕਸੇਲ


11/05/15)
ਗੁਰਦੀਪ ਸਿੰਘ ਬਾਗੀ

ਆਦਰਜੋਗ ਗੁਰਸ਼ਰਨ ਸਿੰਘ ਕਸੇਲ ਜੀ
ਵਾਹ ਗੁਰੂ ਜੀ ਕਾ ਖਾਲਸਾ
ਵਾਹ ਗੁਰੂ ਜੀ ਕੀ ਫਤੇਹ


ਗੁਰਸ਼ਰਨ ਸਿੰਘ ਜੀ ਜੋ ਜਾਣਕਾਰੀ ਤੂੰਸੀ ਮੰਗੀ ਹੈ ਉਸ ਦੇ ਬਾਰੇ ਕਦੇ ਗੌਰ ਨਹੀ ਕੀਤਾ, ਇਹ ਅਲਗ ਖੋਜ ਦਾ ਵਿਸ਼ਯ ਹੈ। ਹਾਂ ਇਕ ਬੀੜ ਦਾ ਜਿਕਰ ਹਰਜਿਂਦਰ ਸਿੰਘ ਘੜਸਾਨਾ ਜੀ ਕਰਦੇ, ਹਰਜਿਂਦਰ ਸਿੰਘ ਜੀ ਦੀ ਦਿੱਤੀ ਜਾਣਕਾਰੀ ਮੁਤਾਬਿਕ ਇਕ ਆਦਿ ਬੀੜ ਦਾ ਉਤਾਰਾ ਜੋ ਸੰਵਤ 1750 ਦਾ ਹੈ ਉਸ ਵਿੱਚ ਰਾਗਮਾਲਾ ਅਤੇ ਹੋਰ ਕੋਈ ਫਾਲਤੂ ਰਚਨਾ ਵੀ ਨਹੀ ਹੈ ਅਤੇ ਆਖਰੀ ਵਿੱਚ ਚਲਿਤ੍ਰ ਜੋਤੀ-ਜੋਤ ਸਮਾਉਣ ਦੇ ਹਨ। ਬਾਕੀ ਹੋਰ ਇਸ ਤਰਹਾਂ ਦੀਆਂ ਬੀੜਾਂ ਰਾਗਮਾਲਾ ਤੂੰ ਬਗੈਰ ਕਿਨ੍ਹੀਆ ਹਨ ਇਸ ਬਾਰੇ ਮੇਰੇ ਕੋਲ ਹੋਰ ਜਾਣਕਾਰੀ ਨਹੀ ਹੈ।

ਗੁਰਦੀਪ ਸਿੰਘ ਬਾਗੀ


11/05/15)
ਡਾ: ਗੁਰਮੀਤ ਸਿੰਘ ਬਰਸਾਲ

ਅਜੋਕਾ ਪੰਜਾਬ
“ਗੁਰੂਆਂ ਦੇ ਨਾਂ ਤੇ ਵਸਦਾ ਹੈ”,
ਕਵੀਆਂ ਦਾ ਇਹ ਵਿਚਾਰ ਏ ।
ਸੁਣਿਆ ਸੀ ਹਰ ਹਮਲਾਵਰ ਲਈ,
ਰਿਹਾ ਬਣਦਾ ਇਹ ਤਲਵਾਰ ਏ ।।
ਗੈਰਾਂ ਦੀ ਇੱਜਤ ਖਾਤਿਰ ਵੀ,
ਸੀ ਸੀਸ ਤਲੀ ਤੇ ਧਰ ਲੈਂਦਾ ।
ਅੱਜ ਘਰ ਦੀ ਇਜੱਤ ਰਾਖੀ ਲਈ,
ਇਹ ਹੋਇਆ ਪਿਆ ਲਾਚਾਰ ਏ ।।
ਕਦੇ ਉੱਚ ਕਿਰਦਾਰ ਦੀ ਖਾਤਿਰ ਇਹ,
ਜੀਵਨ ਦੀ ਬਾਜੀ ਲਾਉਂਦਾ ਸੀ,
ਅੱਜ ਜੀਵਨ ਦੇ ਆਦਰਸ਼ਾਂ ਨੂੰ
ਨਸ਼ਿਆਂ ਤੋਂ ਦਿੱਤਾ ਵਾਰ ਏ ।।
ਹਵਸਾਂ ਦੀ ਲਤ ਨੂੰ ਪੂਰਨ ਲਈ,
ਚੋਰੀ ਤੇ ਸੀਨਾ-ਜੋਰੀ ਨੇ ।
ਕੋਈ ਬੰਦਾ ਵੀ ਮਹਿਫੂਜ ਨਹੀਂ,
ਅੱਜਕਲ ਇਹ ਬਹੁਤ ਬਿਮਾਰ ਏ ।।
ਅਬਦਾਲੀ ਤੋਂ ਛੁਡਵਾਉਂਦਾ ਸੀ ।
ਅੱਜ ਖੁਦ ਅਬਦਾਲੀ ਬਣਿਆਂ ਏ,
ਕਿੰਝ ਤੱਕੀਏ ਮੱਸੇ ਰੰਘੜ ਲਈ,
ਕੋਈ ‘ਸੁੱਖਾ’ ਫੇਰ ਤਿਆਰ ਏ ।।
ਇਹਨੂੰ ਗੁਰੂਆਂ ਨੇ ਉਪਦੇਸ਼ ਦਿੱਤੇ,
ਜੀਵਨ ਨੂੰ ਸਵਰਗ ਬਨਾਵਣ ਦੇ ।
ਇਸ ਗਿਆਨ ਸੇਲ ਤੇ ਲਾ ਦਿੱਤਾ,
ਖੁਦ ਮੰਨਣ ਤੋਂ ਇਨਕਾਰ ਏ ।।
ਭਾਵੇਂ ਬੱਸਾਂ ਅੰਦਰ ਲਿਖਿਆ ਨਹੀਂ,
ਪਰ ਤਾਂ ਵੀ ਇੰਝ ਹੀ ਲਗਦਾ ਹੈ ।
“ਹੁਣ ਸਵਾਰੀ ਆਪਣੀ ਇੱਜਤ ਦੀ,
ਖੁਦ ਆਪੇ ਜਿਮੇਵਾਰ ਏ” ।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)


11/05/15)
ਸੁਖਵਿੰਦਰ ਕੌਰ ‘ਹਰਿਆਓ’

(ਕਵਿਤਾ)
ਮੇਰਾ ਮਨ
ਆਪਣੇ ਅੰਦਰ ਪ੍ਰਤੀਤ ਹੁੰਦੇ
ਸੁਕੇ ਟੁੱਕਰ ਲੰਘਦੇ
ਅਲਾਣੀ ਮੰਜੀ ਤੇ ਪਏ ਬਾਪੂ
ਜਹਾਲਤ ਦੀ ਖੰਘ-ਖੰਘਦੇ
ਮਹਿਸੂਸ ਕਰਦਾ ਦੇਖ ਗਰੀਬ ਨੂੰ ਮੇਰਾ ਮਨ।
ਜਦ ਵਿਸ਼ਵਾਸਘਾਤ ਦੀ ਦਾਤਰੀ ਫਿਰਦੀ ਏ
ਕਿਸੇ ਰਿਸ਼ਤੇ ਦੀਆਂ ਜੜ੍ਹਾਂ ਵਿੱਚ
ਤਾਂ ਆਪਣੇ ਅੰਦਰ
ਕਿਤੇ ਟੋਲਦਾ ਰਹਿੰਦਾ ਕਮੀਆਂ ਮੇਰਾ ਮਨ।
ਜਦ ਪੈਂਦਾ ਵਾਹ
ਖੁਦਗਰਜਾਂ ਦੇ ਨਾਲ
ਤਾਂ ਆਪਣੇ ਸਾਏ ਨੂੰ ਵੀ
ਸ਼ੱਕ ਦੀ ਨਜ਼ਰ ਨਾਲ ਦੇਖਦਾ ਮੇਰਾ ਮਨ।
ਜਦ ਦੇਖਦਾ ਏ
ਧੀਆਂ ਦੀ ਇਜ਼ਤ ਰੁਲਦੀ ਬਜ਼ਾਰਾਂ `ਚ
ਤਾਂ ਦੇਵੀਆਂ ਦੀ ਪੂਜਾ ਕਰਨ ਨੂੰ
ਨਹੀਂ ਮੰਨਦਾ ਮੇਰਾ ਮਨ।
ਜਦ ਦੇਖਦਾ
ਖੁਦਕੁਸ਼ੀਆਂ ਕਰਦੇ ਕਿਸਾਨਾਂ ਨੂੰ
ਤਾਂ ਅੰਨਦਾਤਾ ਲਫ਼ਜ ਬੋਲਣ ਤੋਂ
ਗੁਰੇਜ ਕਰਦਾ ਮੇਰਾ ਮਨ।
ਜਿੱਥੇ ਮਾਪੇ ਬਿਰਧ ਆਸ਼ਰਮ
ਵਿੱਚ ਤੇ ਕੁੱਤੇ ਸੌਂਦੇ ਪਲੰਘ ਤੇ
ਉਹਨਾਂ ਮਕਾਨਾਂ ਨੂੰ ਘਰਾਂ ਦਾ ਦਰਜਾ
ਨਹੀਂ ਦਿੰਦਾ ਮੇਰਾ ਮਨ।
ਜੋ ਵਰਤ ਕੇ ਸਭ ਨੂੰ ਔੜੀਆਂ ਦੀ ਤਰ੍ਹਾਂ
ਮੱਕਾਰੀ ਦੀ ਚਲ ਚਲ ਕੇ
ਕੇ ਪਹੁੰਚਦੇ ਮੰਜ਼ਿਲ `ਤੇ ਉਹਨਾਂ ਨੇ ਜੇਤੂ
ਨਹੀਂ ਮਰਦਾ ਮੇਰਾ ਮਨ।
ਸੁਖਵਿੰਦਰ ਕੌਰ ‘ਹਰਿਆਓ’
ਸਕੱਤਰ ਮਾਲਵਾ ਲਿਖਾਰੀ ਸਭਾ, ਸੰਗਰੂਰ
+91-81464-47541
[email protected]


11/05/15)
ਅਵਤਾਰ ਸਿੰਘ ਮਿਸ਼ਨਰੀ

ਕੀ ਸਾਡੇ ਮਾਤਾ-ਪਿਤਾ ਦੋ ਹਨ ਅਤੇ ਮਦਰ-ਫਾਦਰ ਡੇ ਕਿਵੇਂ ਮਨਾਈਏ?

ਅਵਤਾਰ ਸਿੰਘ ਮਿਸ਼ਨਰੀ (510-432-5827)

ਹਾਂ ਸਾਡੇ ਮਾਤਾ-ਪਿਤਾ ਦੋ ਹਨ, ਇੱਕ ਨਿਰੰਕਾਰੀ ਅਤੇ ਦੂਜੇ ਸੰਸਾਰੀ। ਸਮੁੱਚੇ ਸੰਸਾਰ ਦੇ ਜੀਵਾਂ ਨੂੰ ਪੈਦਾ ਕਰਨ ਵਾਲਾ ਸਾਡਾ ਸਭ ਦਾ ਮਾਈ-ਬਾਪ ਕਰਤਾ-ਕਰਤਾਰ ਹੈ, ਜਿਸ ਨੇ ਕੁਦਰਤ ਰਚ ਕੇ ਸਭ ਜੀਵ ਜੰਤ ਪੈਦਾ ਕੀਤੇ ਹਨ। ਭਗਤਾਂ, ਸਿੱਖ ਗੁਰੂਆਂ ਅਤੇ ਭੱਟਾਂ ਨੇ ਗੁਰੂ ਗ੍ਰੰਥ ਸਾਹਿਬ ਵਿਖੇ ਬਾਣੀ ਦੁਆਰਾ ਦਰਸਾਇਆ ਹੈ ਕਿ-ਏਕੁ ਪਿਤਾ ਏਕਸ ਕੇ ਹਮ ਬਾਰਿਕ....॥(੬੧੧) ਤੁਮ ਮਾਤ ਪਿਤਾ ਹਮ ਬਾਰਿਕ ਤੇਰੇ॥(੨੬੮) ਇਕੋ ਭਾਈ ਮਿਤੁ ਇਕੁ ਇਕੋ ਮਾਤ ਪਿਤਾ॥(੪੫) ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ (੧੦੩) ਤੂੰ ਗੁਰੁ ਪਿਤਾ ਤੂੰਹੈ ਗੁਰੁ ਮਾਤਾ ਤੂੰ ਗੁਰੁ ਬੰਧਪੁ ਮੇਰਾ ਸਖਾ ਸਖਾਇ॥੩॥(੧੬੭) ਦੀਨਾ ਨਾਥ ਅਨਾਥ ਕਰੁਣਾ ਮੈ ਸਾਜਨ ਮੀਤ ਪਿਤਾ ਮਹਤਰੀਆ॥(੨੦੩) ਮਾਤ ਪਿਤਾ ਸੁਤ ਬੰਧਪੋ ਤੂੰ ਮੇਰੇ ਪ੍ਰਾਣ ਅਧਾਰ॥(੨੦੩) ਸਭ ਕੋ ਮਾਤ ਪਿਤਾ ਪ੍ਰਤਿਪਾਲਕ ਜੀਅ ਪ੍ਰਾਨ ਸੁਖ ਸਾਗਰੁ ਰੇ॥(੨੦੯) ਭਾਈ ਪੂਤੁ ਪਿਤਾ ਪ੍ਰਭੁ ਮਾਤਾ॥੩॥(੨੪੦) ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ॥(੨੫੦) ਪਿਤਾ ਕਾ ਜਨਮੁ ਕਿ ਜਾਨੈ ਪੂਤੁ॥(੨੮੪) ਹਮ ਬਾਰਿਕ ਤੂੰ ਗੁਰੁ ਪਿਤਾ ਹੈ ਦੇ ਮਤਿ ਸਮਝਾਏ॥(੪੫੦) ਆਪੇ ਪਿਤਾ ਮਾਤਾ ਹੈ ਆਪੇ ਆਪੇ ਬਾਲਕ ਕਰੇ ਸਿਆਣੇ॥(੫੫੨) ਪ੍ਰਭੁ ਆਪਿ ਸੁਆਮੀ ਆਪੇ ਰਖਾ ਆਪਿ ਪਿਤਾ ਆਪਿ ਮਾਇਆ ॥(੭੮੩) ਮਾਤ ਪਿਤਾ ਬੰਧਪ ਤੂਹੈ ਤੂ ਸਰਬ ਨਿਵਾਸੁ॥(੮੧੮) ਹਰਿ ਆਪੇ ਮਾਤਾ ਆਪੇ ਪਿਤਾ ਜਿਨਿ ਜੀਉ ਉਪਾਇ ਜਗਤੁ ਦਿਖਾਇਆ॥(੯੨੧) ਹਰਿ ਜੀ ਮਾਤਾ ਹਰਿ ਜੀ ਪਿਤਾ ਹਰਿ ਜੀਉ ਪ੍ਰਤਿਪਾਲਕ॥(੧੧੦੧) ਤੂ ਮੇਰਾ ਪਿਤਾ ਤੂਹੈ ਮੇਰਾ ਮਾਤਾ ॥(੧੧੪੪) ਹਮ ਬਾਰਿਕ ਪ੍ਰਤਿਪਾਰੇ ਤੁਮਰੇ ਤੂ ਬਡ ਪੁਰਖੁ ਪਿਤਾ ਮੇਰਾ ਮਾਇਆ॥੧॥ਰਹਾਉ॥(੧੧੧੯) ਮਤਿ ਮਾਤਾ ਸੰਤੋਖੁ ਪਿਤਾ ਸਰਿ ਸਹਜ ਸਮਾਯਉ॥(੧੩੯੭) ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥(੮) ਮੇਰਾ ਮਾਤ ਪਿਤਾ ਗੁਰੁ ਸਤਿਗੁਰੁ ਪੂਰਾ ਗੁਰ ਜਲ ਮਿਲਿ ਕਮਲੁ ਵਿਗਸੈ ਜੀਉ॥੩॥(੯੪) ਮਾਤਾ ਮਤਿ ਪਿਤਾ ਸੰਤੋਖੁ॥(੧੫੧) ਤੂੰ ਗੁਰੁ ਪਿਤਾ ਤੂੰਹੈ ਗੁਰੁ ਮਾਤਾ ਤੂੰ ਗੁਰੁ ਬੰਧਪੁ ਮੇਰਾ ਸਖਾ ਸਖਾਇ॥੩॥(੧੬੭) ਹਮ ਬਾਰਿਕ ਤੂੰ ਗੁਰੁ ਪਿਤਾ ਹੈ ਦੇ ਮਤਿ ਸਮਝਾਏ॥(੪੫੦)

ਉਪ੍ਰੋਕਤ ਪ੍ਰਮਾਣਾਂ ਤੋਂ ਸਿੱਧ ਹੁੰਦਾ ਹੈ ਕਿ ਰੂਹਾਨੀ ਤੌਰ ਤੇ ਮਾਤਾ ਪਿਤਾ ਪ੍ਰਮਾਤਮਾਂ ਹੈ, ਗਿਆਨ ਦਾਤਾ ਗੁਰੂ ਪਿਤਾ ਹੈ। ਪਾਣੀ ਵੀ ਕੁਦਰਤੀ ਪਿਤਾ, ਮਤਿ ਮਾਤਾ ਅਤੇ ਪਿਤਾ ਸੰਤੋਖ ਹੈ। ਜੋ ਸਭ ਦਾ ਰੂਹਾਨੀ ਮਾਤਾ ਪਿਤਾ ਹੈ ਕਰਤਾ-ਕਰਤਾਰ ਉਹ ਜਨਮ ਮਰਨ ਰਹਿਤ ਹੈ, ਇਸ ਕਰਕੇ ਉਸ ਦਾ ਤਾਂ, ਫਾਦਰ ਡੇ ਦੱਸਿਆ ਹੀ ਨਹੀਂ ਜਾ ਸਕਦਾ-ਪਿਤਾ ਕਾ ਜਨਮੁ ਕਿ ਜਾਨੈ ਪੂਤੁ॥(੨੮੪) ਉਸ ਦਾ ਫਾਦਰ ਡੇ ਤਾਂ ਹਰ ਵੇਲੇ ਹੈ-ਸਾਹਿਬੁ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰੁ॥(੬੬੦)  ਭਾਵ ਉਸ ਰੂਹਾਨੀ ਮਾਤਾ-ਪਿਤਾ ਪ੍ਰਮੇਸ਼ਵਰ ਨੂੰ ਤਾਂ ਜੀਵ ਨੇ ਹਰ ਵੇਲੇ ਯਾਦ ਕਰਨਾ ਹੈ। ਦੂਜਾ ਮਾਤ-ਪਿਤਾ ਪਾਣੀ ਹੈ-ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥(੪੭੨) ਪਾਣੀ ਪਿਤਾ ਦਾ ਡੇ ਵੀ ਐਵਰੀ ਡੇ ਹੈ। ਤੀਜਾ ਮਾਤਾ-ਪਿਤਾ ਗੁਰੂ ਹੈ ਜੋ ਗਿਆਨ ਦਾਤਾ ਹੋਣ ਕਰਕੇ ਸਾਨੂੰ ਹਰ ਵੇਲੇ ਗਿਆਨ ਦਿੰਦਾ ਹੈ। ਚੌਥਾ ਪਿਤਾ ਸੰਤੋਖ ਅਤੇ ਮਾਤਾ ਸ੍ਰੇਸ਼ਟ ਮਤਿ ਹੈ। ਸੰਤੋਖ ਅਤੇ ਚੰਗੀ ਮਤਿ ਵੀ ਸਾਨੂੰ ਹਰ ਰੋਜ ਚਾਹੀਦੀ ਹੈ। ਇਸ ਕਰਕੇ ਰੂਹਾਨੀ ਤੌਰ ਤੇ ਮਦਰ-ਫਾਦਰ ਡੇ ਤਾਂ ਰੋਜਾਨਾ ਹੀ ਹੈ। ਉਹ ਪ੍ਰਮਾਤਮਾਂ ਕਦੋਂ, ਕਿਹੜੀ ਤਰੀਕ ਅਤੇ ਕਿਹੜੇ ਦਿਨ ਜਨਮਿਆਂ ਸੀ? ਕੋਈ ਨਹੀਂ ਦੱਸ ਸਕਦਾ-ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨ ਕੋਈ॥(ਜਪੁਜੀ)

ਹੁਣ ਆਪਾਂ ਦੁਨਿਆਵੀ ਮਾਂ-ਬਾਪ ਦੀ ਗੱਲ ਕਰਦੇ ਹਾਂ ਜਿਨ੍ਹਾਂ ਦਾ ਜਨਮ ਅਤੇ ਮਰਨ ਵੀ ਹੈ। ਦੇਖੋ ਮਦਰ ਅਤੇ ਫਾਦਰ ਡੇ ਜਿਆਦਾ ਤਰ ਅਮਰੀਕਾ ਕਨੇਡਾ ਆਦਿਕ ਬਾਹਰਲੇ ਮੁਲਕ ਮਨਾਉਂਦੇ ਹਨ। ਭਾਰਤ ਵਿੱਚ ਇਹ ਦਿਨ ਪਹਿਲਾਂ ਨਹੀਂ ਸੀ ਮਨਾਏ ਜਾਂਦੇ, ਅੱਜ ਪੱਛਮੀ ਲੋਕਾਂ ਦੀ ਰੀਸ ਕਰਕੇ ਓਥੇ ਵੀ ਮਨਾਏ ਜਾ ਰਹੇ ਹਨ। ਗੋਰੇ-ਗੋਰੀਆਂ ਮਦਰ-ਫਾਦਰ ਡੇ ਤੇ ਆਪਣੇ ਮਾਤਾ-ਪਿਤਾ ਜੀਆਂ ਨੂੰ ਗਿਫਟਾਂ ਦਿੰਦੇ, ਖੁਸ਼ੀ ਦੇ ਉਹਾਰ ਕਰਦੇ ਅਤੇ ਸਟੋਰਾਂ ਤੇ ਇਨ੍ਹੀਂ ਦਿਨੀਂ ਸੇਲਾਂ ਲੱਗਦੀਆਂ ਹਨ। ਪਛਮ ਵਿੱਚ ਜਦ ਬੱਚੇ ੧੮ ਸਾਲ ਦੇ ਹੋ ਜਾਂਦੇ ਹਨ ਕਰੀਬ ਮਾਂ-ਬਾਪ ਨਾਲੋਂ ਜੁਦਾ ਹੋ ਆਪਣੀ ਮਨ ਮਰਜੀ ਕਰਦੇ ਹਨ ਫਿਰ ਮਾਂ-ਬਾਪ ਵੀ ਉਨ੍ਹਾਂ ਨੂੰ ਘਰੋਂ ਕੱਢ ਦਿੰਦੇ ਹਨ। ਬੁਡੇਪੇ ਵੇਲੇ ਮਾਂ-ਬਾਪ ਦੀ ਸੰਭਾਲ ਵਿਦੇਸ਼ੀ ਬੱਚੇ ਨਹੀਂ ਕਰਦੇ, ਉਨ੍ਹਾਂ ਨੂੰ ਸਰਕਾਰਾਂ ਤੇ ਹੀ ਨਿਰਭਰ (ਡੀਪੈਂਡ) ਹੋਣਾਂ ਪੈਂਦਾ ਹੈ। ਜੇ ਬੱਚੇ ਨੂੰ ਗਲਤੀ ਕਰਦੇ ਦੇਖ ਮਾਂ ਬਾਪ ਡਾਂਟਣ ਤਾਂ ਬੱਚੇ ਝੱਟ ੯੧੧ ਫੋਨ ਘੁੰਮਾਂ ਕੇ ਪੁਲੀਸ ਨੂੰ ਫੜਾ ਦਿੰਦੇ ਹਨ। ਬੱਚੀਆਂ ਅਤੇ ਬੱਚੇ ੧੦-੧੨ ਸਾਲ ਦੀ ਉਮਰ ਵਿੱਚ ਬੁਵਾਏ ਫਰੈਂਡ ਬਣਾ ਲੈਂਦੇ ਹਨ। ਸਕੂਲਾਂ ਵਿਖੇ ਅਧਿਆਪਕ ਖੁਦ ਬੱਚੇ ਬੱਚੀਆਂ ਨੂੰ ਨਿਰੋਧ ਦਿੰਦੇ ਹਨ। ਗੱਲ ਕੀ ਬੱਚੇ ਮਾਂ-ਬਾਪ ਨੂੰ ਵਿਸਾਰ ਕੇ ਆਪ ਹੁਦਰੇ ਹੋ ਜਾਂਦੇ ਹਨ।

ਜਰਾ ਸੋਚੋ! ਫਿਰ ਸਾਲ ਬਆਦ ਮਦਰ-ਫਾਦਰ ਡੇ ਮਨਾਇਆ ਕੀ ਅਰਥ ਰੱਖਦਾ ਹੈ? ਸੋ ਸਾਡਾ ਦੁਨੀਆਵੀ ਮਾਂ-ਬਾਪ ਦਾ ਮਦਰ-ਫਾਦਰ ਡੇ ਮਨਾਇਆ ਤਾਂ ਹੀ ਸਫਲਾ ਹੈ ਜੇ ਅਸੀਂ ਜਿੰਦੇ ਮਾਂ-ਬਾਪ ਦੇ ਆਗਿਆਕਾਰ ਰਹਿ ਕੇ ਬੁਢੇਪੇ ਵੇਲੇ ਉਨ੍ਹਾਂ ਦੀ ਸੇਵਾ ਕਰੀਏ ਨਾਂ ਕਿ ਘਰੋਂ ਹੀ ਕੱਢ ਦੇਈਏ। ਸਾਨੂੰ ਮਾਤਾ-ਪਿਤਾ ਨਾਲ ਫਾਲਤੂ ਝਗੜਾ ਵੀ ਨਹੀਂ ਕਰਨਾਂ ਚਾਹੀਦਾ। ਗੁਰ ਫੁਰਮਾਨ ਹੈ-ਜਿਨ ਕੇ ਜਨੇ ਬਡੀਰੇ ਤੁਮ ਹੋ ਤਿਨ ਸਿਉਂ ਝਗਰਤ ਪਾਪ॥(੧੨੦੦) ਮਾਂ ਬਾਪ ਨੂੰ ਛੱਡ ਕੇ ਤੀਰਥ ਇਸ਼ਨਾਨ ਕਰਨੇ, ਹੱਟੇ-ਕੱਟੇ ਸਾਧਾਂ-ਸੰਤਾਂ ਦੇ ਡੇਰਿਆਂ ਤੇ ਅੰਨ੍ਹੇਵਾਹ ਦਾਨ-ਪੁੰਨ ਅਤੇ ਇਕੋਤਰੀਆਂ ਦੇ ਪਾਠ ਕਰਾਈ ਜਾਣੇ, ਨਸ਼ਿਆਂ ਅਤੇ ਵਿਸ਼ੇ ਵਿਕਾਰਾਂ ਵਿੱਚ ਪੈਸਾ ਰੋੜੀ ਜਾਣਾ, ਆਪਣੀ ਚਾਦਰ ਦੇਖ ਕੇ ਪੈਰ ਨਾ ਪਸਾਰਨੇ, ਵੱਡਿਆਂ ਦੀ ਰੀਸ ਕਰਕੇ ਆਪਣਾ ਝੁੱਗਾ ਚੌੜ ਕਰੀ ਜਾਣਾ ਚੰਗੀ ਗੱਲ ਨਹੀਂ ਹੈ। ਜੇ ਅਸੀਂ ਬੁਰੇ ਕਰਮ ਕਰਦੇ ਹੋਏ ਦੇਖਾਂ-ਦੇਖੀ ਮਦਰ-ਫਾਦਰ ਡੇ ਵੀ ਮਨਾਈ ਜਾਂਦੇ ਹਾਂ ਤਾਂ ਇਹ ਇਵੇਂ ਹੈ ਕਿ-ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ॥ ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ॥ ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ॥ ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ॥੨॥(੭੮੯)
ਸਾਡੇ ਰੂਹਾਨੀ ਮਾਤਾ-ਪਿਤਾ ਨਿਰੰਕਾਰ ਜੀ ਅਤੇ ਸਾਡੇ ਸਰੀਰਕ ਜਨਮ ਦੇਣ ਵਾਲੇ ਦੁਨੀਆਵੀ ਮਾਂ-ਬਾਪ ਹਨ। ਸਾਨੂੰ ਮਾਤਾ ਪਿਤਾ ਦੇ ਹਰ ਵੇਲੇ ਆਗਿਆਕਾਰ ਰਹਿ ਕੇ, ਦੁਖ-ਸੁਖ ਅਤੇ ਬਢੇਪੇ ਵੇਲੇ ਉਨ੍ਹਾਂ ਦੀ ਵੱਧ ਤੋਂ ਵੱਧ ਸੇਵਾ ਕਰਨੀ ਚਾਹੀਦੀ ਹੈ। ਸਾਡੇ ਬਜੁਰਗ ਬਿਰਧ ਘਰਾਂ ਵਿੱਚ ਨਹੀਂ ਰੁਲਣੇ ਚਾਹੀਦੇ। ਚੇਤੇ ਰੱਖੋ ਇਹ ਦਿਨ ਸਾਡੇ ਤੇ ਵੀ ਆਉਣੇ ਹਨ ਅਤੇ ਜਦੋਂ ਇਨਸਾਨ ਦੀ ਉਮਰ ਵਡੇਰੀ ਹੋ ਜਾਂਦੀ ਹੈ ਤਾਂ ਉਸ ਦਾ ਸਰੀਰਕ ਬਲ ਵੀ ਘਟ ਜਾਂਦਾ ਹੈ, ਉਸ ਵੇਲੇ ਉਸਨੂੰ ਸਹਾਰੇ ਦੀ ਲੋੜ ਹੁੰਦੀ ਹੈ। ਧਿਆਨ ਦਿਓ ਜਿਨ੍ਹਾਂ ਬੱਚਿਆਂ ਦੀ ਖਾਤਰ ਮਾਂ-ਬਾਪ ਨੇ ਅਉਖੇ ਵੇਲੇ ਤੰਗੀਆਂ-ਤੁਰਸ਼ੀਆਂ ਕੱਟ ਕੇ, ਬੱਚਿਆਂ ਨੂੰ ਪਾਲਿਆਂ-ਪਲੋਸਿਆ ਅਤੇ ਪੜ੍ਹਾ-ਲਿਖਾ ਕੇ ਪੈਰਾਂ ਤੇ ਖੜੇ ਕੀਤਾ ਹੁੰਦਾ ਹੈ, ਉਹ ਦਿਨ ਬੱਚਿਆਂ ਨੂੰ ਯਾਦ ਕਰਕੇ, ਮਾਂ ਬਾਪ ਦੇ ਧੰਨਵਾਦੀ ਹੁੰਦੇ ਹੋਏ, ਉਨ੍ਹਾਂ ਨੂੰ ਬਣਦਾ ਪਿਆਰ ਸਤਿਕਾਰ ਦੇਣਾ ਚਾਹੀਦਾ ਹੈ। ਭਾਵੇਂ ਜਮਾਨਾਂ ਬਦਲਣ ਕਰਕੇ ਸਾਡੇ ਵਿਚਾਰ ਮਾਂ-ਬਾਪ ਨਾਲ ਨਹੀਂ ਵੀ ਮਿਲਦੇ, ਫਿਰ ਵੀ ਸਿਆਣਪ ਤੋਂ ਕੰਮ ਲੈਂਦੇ ਮਾਂ-ਬਾਪ ਦਾ ਤ੍ਰਿਸਕਾਰ ਨਹੀਂ ਕਰਨਾ ਚਾਹੀਦਾ। ਬੁੱਢੇ ਮਾਂ ਬਾਪ ਤੋਂ ਨੌਕਰਾਂ ਵਾਲਾ ਕੰਮ ਨਹੀਂ ਲੈਣਾ ਚਾਹੀਦਾ ਅਤੇ ਨਾਂ ਹੀ ਉਨ੍ਹਾਂ ਨੂੰ ਹਰ ਵੇਲੇ ਬੱਚਿਆਂ ਦੇ ਖਿਡਾਵੇ ਬਣਾਈ ਰੱਖਣਾ ਚਾਹੀਦਾ ਹੈ। ਸਗੋਂ ਮਾਂ-ਬਾਪ ਦੀ ਸੇਵਾ ਹੀ ਰੱਬ ਦੀ ਸੇਵਾ ਹੈ। ਮਾਂ-ਬਾਪ ਵਿੱਚੋਂ ਸਾਨੂੰ ਰੱਬ ਦੇ ਦਰਸ਼ਨ ਕਰਨੇ ਅਤੇ ਉਨ੍ਹਾਂ ਦੀਆਂ ਅਸੀਸਾਂ ਲੈਣੀਆਂ ਚਾਹੀਦੀਆਂ ਹਨ-ਪੂਤਾ ਮਾਤਾ ਕੀ ਅਸੀਸ॥(੪੯੬) ਇਸ ਦੇ ਉਲਟ ਭੇਖੀ ਡੇਰੇਦਾਰ ਸਾਧਾਂ ਨੂੰ ਤਾਂ ਮਹਿੰਗੇ ਤੋਂ ਮਹਿਗੇ ਕਪੜੇ, ਕਾਰਾਂ ਅਤੇ ਕੋਠੀਆਂ ਦਾਨ ਕਰੀ ਜਾਂਦੇ, ਗੌਣ ਵਾਲਿਆਂ ਅਤੇ ਫਿਲਮਾਂ ਤੇ ਬਿਨਾਂ ਸੋਚੇ ਖਰਚ ਕਰੀ ਜਾਂਦੇ ਹਾਂ ਪਰ ਮਾਂ-ਬਾਪ ਨੂੰ ਪਿਆਰ ਨਾਲ ਰੋਟੀ ਕਪੜਾ ਵੀ ਨਹੀਂ ਦਿੰਦੇ, ਫਿਰ ਸਾਡੇ ਮਦਰ-ਫਾਦਰ ਡੇ ਮਨਾਏ ਕੀ ਅਰਥ ਰੱਖਦੇ ਹਨ? ਜਿਵੇਂ ਸਾਡੇ ਸਰੀਰ ਨੂੰ ਹਰਰੋਜ ਅੰਨ, ਪਾਣੀ, ਕਪੜੇ ਅਤੇ ਸਿਰ ਲੁਕਾਵੇ ਦੀ ਇਵੇਂ ਹੀ ਮਾਂ-ਬਾਪ ਨੂੰ ਬੁਢੇਪੇ ਵੇਲੇ ਹਰ ਰੋਜ ਦੇਖ ਭਾਲ ਦੀ ਲੋੜ ਹੈ। ਸੋ ਆਓ ਆਦਰ ਮਾਨ ਨਾਲ ਮਾਂ-ਬਾਪ ਦੀ ਸੇਵਾ ਕਰਕੇ ਹਰ ਰੋਜ ਮਦਰ-ਫਾਦਰ ਡੇ ਮਨਾਈਏ ਨਾਂ ਕਿ “ਜਗਤ ਕੀ ਭੇਡਾ ਚਾਲ ਚਲਤੇ ਕਿ ਮਗਰ ਚਲੇਂ” ਵਾਂਗ ਲੋਕ ਦਿਖਾਵੇ ਹੀ ਕਰੀ ਜਾਈਏ।


11/05/15)
ਜਸਵਿੰਦਰ ਸਿੰਘ-ਫੇਸਬੁੱਕ ਰਾਹੀਂ

ਸਾਡੀ ਕੌਮ ਦੀ ਪਛਾਣ ਮਜਬੂਤ ਕਰਨ ਲਈ ਹਰ ਸਿਖ 3 - 4 ਬਚੇ ਪੈਦਾ ਕਰੇ -ਗਿਆਨੀ ਗੁਰਬਚਨ ਸਿੰਘ ਇਹ ਗੱਲ ਓਹਨਾਂ ਸਿਖਾਂ ਨੂੰ ਦੇ ਘਰ ਜਾ ਕੇ ਕਹੀ ਜਿਹੜੇ ਵਿਆਹ ਹੀ ਨਹੀਂ ਕਰਵੋੰਦੇ ,ਆਪਣੇ ਆਪ ਨੂੰ ਬਿਹੰਗਮ ਅਖਵੋੰਦੇ ਹਨ ਸਾਡੀ ਕੌਮ ਦੇ ਆਗੂਆਂ ਦੀ ਸੋਚ ਤੋਂ ਸਕਦੇ ਜਾਈਏ ਕਿ ਤੁਸੀਂ ਕਿਹੜੀ ਗੱਲ ਕਦੋਂ ਤੇ ਕਿਥੇ ਕਹਿਣੀ ਹੈ ਆਮ ਕਰਕੇ ਮੌਕੇ ਮੁਤਾਬਿਕ ਹੀ ਸਭ ਆਗੂ /ਮੰਤਰੀ ਆਦਿਕ ਗੱਲ ਕਰਦੇ ਹਨ ,ਸਕੂਲ ‘ਚ ਜਾਂਦੇ ਹਨ ਤਾਂ ਬਚਿਆਂ ਬਾਰੇ ਦੇਸ਼ ਕੌਮ ਬਾਰੇ ਬਾਰਡਰ ਤੇ ਜਾਂਦੇ ਹਨ ਤਾਂ ਆਮ ਕਰਕੇ ਗਵਾਂਢੀ ਮੁਲਕਾਂ ਬਾਰੇ ਹਾਲਤ ਚੰਗੇ ਕਰਨੇ ਹਨ ਜਾਂ ਧਮਕੀ ਦੇਣੀ ਹੈ ਸਾਡੀ ਕੌਮ ਨੇ ਅੱਜ ਤੱਕ ਗਿਣਤੀ ਵਧਾਉਣ ਦੀ ਗੱਲ ਗੰਭੀਰਤਾ ਨਾਲ ਨਹੀਂ ਕੀਤੀ ਗੁਣਾਂ ਦੀ ਗੱਲ ਬਾਰੇ ਜਿਆਦਾ ਜੋਰ ਦਿੱਤਾ ਜਾਂਦਾ ਹੈ ਜੇਕਰ ਸਾਡੇ ਸਿਖ ਰੋਲ ਧਾਰਮਿਕ /ਪ੍ਰਚਾਰਕ /ਸੰਸਥਾਵਾਂ ਦੇ ਪ੍ਰਬੰਧਕ ਰੋਲ ਮਾਡਲਾਂ ਵਾਲਾ ਕਮ ਖੁਦ ਨਹੀਂ ਕਰਦੇ ਤਾਂ ਜਿੰਨੀ ਮਰਜ਼ੀ ਗਿਣਤੀ ਵਧਾ ਲਓ ਕੋਈ ਫਾਇਦਾ ਨਹੀਂ ਹੋਵੇਗਾ। 19 ਵੀਂ ਸਦੀ ਤੱਕ ਸਿਖਾਂ ਦੀ ਗਿਣਤੀ ਕਈ ਵਾਰ ਵਧੀ ਤੇ ਕਈ ਵਾਰ ਘਟੀ ਪਰ ਕੌਮ ਦੇ ਲੀਡਰਾਂ ਨੇ ਇਸ ਬਾਰੇ ਐਮਰਜੰਸੀ ਕਦੇ ਨਹੀਂ ਲਾਈ ਗਿਣਤੀ ਵਧਾਉਣ ਲਈ। ਜਿੰਨੀ ਸਿਖਾਂ ਦੀ ਗਿਣਤੀ ਅੱਜ ਹੈ ਉਨੀ ਸ਼ਾਇਦ ਪਹਿਲਾਂ ਕਦੇ ਵੀ ਨਹੀ ਸੀ ਪਰ ਜਿਨਾਂ ਨਿਘਾਰ ਬਾਦਲ ਦੇ ਰਾਜ ਅਤੇ ਗੁਰਬਚਨ ਸਿੰਘ ਦੀ ਜਥੇਦਾਰੀ ਥਲੇ ਹੋਇਆ ਹੈ ਓਨਾ ਪਹਿਲਾਂ ਕਦੇ ਨਹੀਂ ਸੀ ਹੋਇਆ ਖਾਸ ਕਰਕੇ ਜਦੋਂ ਦੀ ਸ਼੍ਰੋਮਣੀ ਕਮੇਟੀ ਹੋਂਦ ‘ਚ ਆਈ ਉਸ ਸਮੇਂ ਤੋਂ।
ਜਸਵਿੰਦਰ ਸਿੰਘ


11/05/15)
ਸੁਖਜੀਤ ਰੋੜਾਂ ਵਾਲੀਆ

(ਮਿੰਨੀ ਕਹਾਣੀ)
ਸੁਪਨਿਆਂ ਦਾ ਕਤਲ
ਸੋਹਣ ਸਿੰਘ ਦੇ ਘਰ ਕੁੜੀ ਦੇ ਜਨਮ ਲੈਣ ਨਾਲ ਸਾਰਾ ਪਰਿਵਾਰ ਬਹੁਤ ਖੁਸ਼ ਸੀ। ਕੁੜੀ ਵੱਡੀ ਹੋ ਗਈ ਤੇ ਸਮਝਦਾਰੀ ਨਾਲ ਹਰ ਕੰਮ-ਕਾਜ ਕਰਦੀ। ਉਹ ਹਰ-ਇੱਕ ਨੂੰ ਆਦਰ-ਸਤਿਕਾਰ ਦੀ ਭਾਵਨਾ ਨਾਲ ਬਲਾਉਂਦੀ।
ਇਕ ਦਿਨ ਉਸਨੇ ਕੁੱਝ ਬੱਚਿਆਂ ਨੂੰ ਇਕੋ ਜਿਹੇ ਕੱਪੜਿਆਂ `ਚ ਪਿੱਠ `ਤੇ ਅਣ-ਪਛਾਤੀ ਚੀਜ਼ ਚੁੱਕੀ ਹੋਏ ਵੇਖਿਆ। ਉਹ ਦੌੜੀ-ਦੌੜੀ ਅਤਪਣੀ ਦਾਦੀ ਕੋਲ ਗਈ ਤੇ ਪੁੱਛਿਆ, “ਅੰਮਾ, ਉਹ ਬੱਚੇ ਕਿੱਧਰ ਜਾਂਦੇ ਨੇ?” ਤਾਂ ਦਾਦੀ ਨੇ ਕਿਹਾ, “ਧੀਏ ਸਕੂਲ”। ਉਸਨੇ ਹੈਰਾਨ ਹੋ ਕੇ ਫਿਰ ਦਾਦੀ ਤੋਂ ਪੁੱਛਿਆ, “ਅੰਮਾ ਉਹ ਸਕੂਲ ਕਿਉਂ ਜਾਂਦੇ ਹਨ?” ਦਾਦੀ ਕਹਿਣ ਲੱਗੀ, “ਸਕੂਲ ਪੜ੍ਹਨ ਜਾਂਦੇ ਹਨ”। ਕੁੜੀ ਨੇ ਉਸੇ ਵੇਲੇ ਸਵਾਲ ਕੀਤਾ, “ਅੰਮਾ, ਮੈਂ ਕਿਉਂ ਨਹੀਂ ਜਾਂਦੀ ਸਕੂਲ?” ਤਾਂ ਉਸ ਦੀ ਦਾਦੀ ਚੁੱਪ ਜਿਹੀ ਹੋ ਗਈ।
ਸ਼ਾਮ ਹੋਈ ਸੋਹਣ ਖੇਤੋਂ ਆਇਆ ਤਾਂ ਦਾਦੀ ਨੇ ਸਾਰੀ ਗੱਲ ਦੱਸੀ। ਪਹਿਲਾਂ ਤਾਂ ਸੋਹਣ ਹੱਸਿਆ ਤੇ ਫਿਰ ਸ਼ਾਤ ਹੋ ਗਿਆ ਅਤੇ ਡੂੰਘੀ ਸੋਚ `ਚ ਪੈ ਗਿਆ। ਥੋੜ੍ਹੀ ਚੁੱਪ ਤੋਂ ਬਾਅਦ ਸੋਹਣ ਸਿੰਘ ਕਹਿੰਦਾ, “ਇਸ ਬਾਰੇ ਸਵੇਰੇ ਗੱਲ ਕਰਾਂਗੇ”।
ਸਵੇਰੇ-ਸਵੇਰੇ ਕੁੜੀ ਉਠ ਕੇ ਦਰਵਾਜ਼ੇ ਤੇ ਜਾ ਖੜੀ ਹੋਈ ਤੇ ਉਹੀ ਬੱਚਿਆਂ ਦੀ ਰਾਹ ਦੇਖਣ ਲੱਗੀ। ਕੁੱਝ ਦੇਰ ਬਾਅਦ ਸੋਹਣ ਸਿੰਘ ਉਸ ਕੋਲ ਆਇਆ ਤੇ ਪੁੱਛਣ ਲੱਗਿਆ, “ਧੀਏ! ਇੱਥੇ ਖੜ੍ਹ ਕੇ ਕੀ ਵੇਖ ਰਹੀ ਏ?” ਅੱਗੋਂ ਕੁੜੀ ਨੇ ਜਵਾਬ ਦਿੱਤਾ, “ਬਾਪੂ ਮੈਂ ਵੀ ਸਕੂਲ ਜਾਣਾ ਏ ਤੇ ਵੱਡੀ ਅਫ਼ਸਰ ਬਣਨਾ ਹੈ”। ਸੋਹਣ ਕੁੱਝ ਦੇਰ ਬਾਅਦ ਇਕਦਮ ਬੋਲਿਆ, “ਤੂੰ ਸਕੂਲ ਨਹੀਂ ਜਾਏਗੀ। ਘਰ ਮਾਂ ਨਾਲ ਕੰਮਾਂ `ਚ ਹੱਥ ਵਟਾਏਗੀ”। ਕੁੜੀ ਮਨ-ਹੀ-ਮਨ ਚੁੱਪ ਹੋ ਅੰਦਰ ਚਲੀ ਗਈ ਤੇ ਮੰਜੇ ਤੇ ਪਈ ਸੋਚਣ ਲੱਗੀ, ‘ਅੱਜ ਤੱਕ ਜੋ ਮਿਲਿਆ ਬਿਨਾਂ ਮੰਗਿਆ ਹੀ ਮਿਲਿਆ ਹੈ ਪਰ ਪੜ੍ਹਾਈ ਤਾਂ ਮੰਗ ਕੇ ਵੀ ਮਿਲ ਸਕੀ’। ਕੁੜੀ ਸੋਚ-ਸੋਚ ਕੇ ਮੰਜੇ ਤੇ ਪਈ ਰੋਈ ਜਾ ਰਹੀ ਸੀ।
- ਸੁਖਜੀਤ ਰੋੜਾਂ ਵਾਲੀਆ
ਫ਼ਾਜ਼ਿਲਕਾ
+91-8427573367


09/05/15)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸ੍ਰ. ਸੁਖਜੀਤ ਸਿੰਘ ਕਪੂਰਥਲਾ ਜੀ,
ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ।

ਆਪ ਜੀ ਦਾ ਧੰਨਵਾਦੀ ਹਾਂ ਜੋ ਤੁਸੀਂ ਮੇਰੀ 02-05-15 ਨੂੰ ਲਿਖੀ ਲਿਖਤ “ਕੀ ਜਿਥੇ ਵੀ ਕਿਸੇ ਸੰਤ-ਸਾਧ ਦੀ ਦੇਹ ਦਾ ਸਸਕਾਰ ਕੀਤਾ ਹੈ, ਭਾਵੇਂ ਕਿ ਉਥੇ ਸਮਾਧ ਵਗੈਰਾ ਨਹੀਂ ਬਣੀ ਹੋਈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੈ, ਕੀ ਉਹ ਥਾਂ ਸਮਾਧ ਜਾਂ ਮੜੀ ਵਿੱਚ ਨਹੀਂ ਆਉਂਦੀ? ਜੇ ਨਹੀਂ ਆਉਂਦੀ ਤਾਂ ਕਿਵੇਂ?’ ਦੇ ਸਬੰਧ ਵਿਚ ਗੁਰਬਾਣੀ ਅਤੇ ਸਿੱਖ ਰਹਿਤ ਮਰਯਾਦਾ ਦੇ ਹਵਾਲੇ ਦੇ ਕੇ ਜਾਣਕਾਰੀ ਦਿਤੀ ਹੈ ।
ਵੀਰ ਜੀ, ਵਿਚਾਰ ਵਾਲੀ ਗੱਲ ਇਹ ਵੀ ਹੈ ਕਿ ਗੁਰਬਾਣੀ ਤੇ ਮਰਯਾਦਾ ਦਾ ਸਿਧਾਂਤ ਤਾਂ ਗੁਰੂ ਸਹਿਬਾਨ, ਸੰਤ-ਸਾਧ ਅਤੇ ਸਿੱਖਾਂ ਸਾਰਿਆਂ ਤੇ ਹੀ ਲਾਗੂ ਹੋਣਾ ਚਾਹੀਦਾ ਸੀ/ ਹੈ । ਖੈਰ, ਆਪਣੇ ਵਿਚਾਰਾਂ ਦੀ ਸਾਂਝ ਕਰਨ ਲਈ ਇਕ ਵਾਰ ਫਿਰ ਤੁਹਾਡਾ ਧੰਨਵਾਦ ।

ਇਕ ਪਾਠਕ, ਗੁਰਸ਼ਰਨ ਸਿੰਘ ਕਸੇਲ
******************************************

ਸ੍ਰ. ਗੁਰਦੀਪ ਸਿੰਘ ਬਾਗੀ ਜੀ,
ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ।


ਵੀਰ ਜੀ, ਕੀ ਇਹ ਦੱਸਣ ਦੀ ਖੇਚਲ ਕਰੋਗੇ, ਕਿ ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੱਥ ਲਿਖਤ ਦੇ ਵਿਚ ਗੁਰੂ ਨਾਨਕ ਪਾਤਸ਼ਾਹ ਦੇ ਜੋਤੀ-ਜੋਤ ਸਮਾਉਣ ਦੀ ਤਾਰੀਖ ਦਰਜ ਹੈ, ਉਸ ਵਿਚ ਰਾਗਮਾਲਾ ਵੀ ਹੈ ਜਾਂ ਨਹੀਂ ?
ਜਾਣਕਾਰੀ ਦੇਣ ਲਈ ਧੰਨਵਾਦੀ ਹੋਵਾਂਗਾ ।
ਇਕ ਪਾਠਕ, ਗੁਰਸ਼ਰਨ ਸਿੰਘ ਕਸੇਲ


09/05/15)
ਸੁਖਵਿੰਦਰ ਕੌਰ ‘ਹਰਿਆਓ’

(ਮਿੰਨੀ ਕਹਾਣੀ)
ਕੱਚੇ ਕੋਠੇ
ਨਿੱਕਾ ਜਿਹਾ ਕੋਠਾ ਜਿੱਥੇ ਕਾਰੂ ਅਤੇ ਉਸਦੀ ਪਤਨੀ ਕਰਮੋ ਆਪਣੇ ਦੋ ਪੁੱਤਰ ਤੇ ਧੀ ਨਾਲ ਤੰਗ-ਤਰਸ਼ੀ ਦੀ ਜ਼ਿੰਦਗੀ ਗੁਜ਼ਾਰ ਰਹੇ ਸਨ, ਪਰ ਇੱਕ-ਦੂਜੇ ਨੂੰ ਜਾਨ ਤੋਂ ਵੱਧ ਪਿਆਰ ਕਰਦੇ ਤੇ ਹਮੇਸ਼ਾ ਖੁਸ਼ ਰਹਿੰਦੇ। ਹੌਲੀ-ਹੌਲੀ ਵੱਡਾ ਮੁੰਡਾ ਪੜ੍ਹ ਕੇ ਨੌਕਰੀ ਲੱਗ ਗਿਆ। ਉਸ ਨੇ ਸ਼ਹਿਰ ਵਿੱਚ ਤਿੰਨ ਮੰਜ਼ਿਲੀ ਕੋਠੀ ਪਾ ਲਈ। ਸਾਰੇ ਉੱਥੇ ਜਾ ਕੇ ਰਹਿਣ ਲੱਗੇ। ਦੋਵੇਂ ਪੁੱਤਰਾਂ ਦੇ ਵਿਆਹ ਹੋ ਗਏ। ਜਦੋਂ ਘਰ ਵਟਾਂਦਰੇ ਦੀ ਗੱਲ ਤੁਰੀ ਤਾਂ ਵੱਡੇ ਨੇ ਕਿਹਾ, “ਇਹ ਕੋਠੀ ਮੇਰੇ ਪੈਸਿਆਂ ਦੀ ਬਣੀ ਏ ਤੇ ਮੇਰੀ ਹੈ”।
ਛੋਟਾ ਕਹਿੰਦਾ, “ਮੈਂ ਇੱਕਲਾ ਖੇਤੀ ਕਰਦਾ ਸੀ, ਕੋਠੀ ਦਾ ਅੱਧਾ ਹਿੱਸਾ ਮੇਰਾ ਵੀ ਹੈ”। ਦੋਵੇਂ ਭਰਾਵਾਂ ਵਿੱਚ ਲੜਾਈ ਹੋਈ ਤੇ ਰੌਲਾ ਥਾਣੇ ਜਾ ਪਹੁੰਚਿਆ। ਇਕ- ਦੂਜੇ ਨੂੰ ਨਾ ਜਰਦੇ ਸੀ। ਦੋਵੇਂ ਭਰਾ ਦੁਸ਼ਮਣ ਬਣ ਗਏ।
ਇਕ ਦਿਨ ਕਰਮੋ ਕਹਿੰਦੀ, “ਮੈਂ ਪਿੰਡ ਜਾਣਾ ਹੈ”। ਵੱਡਾ ਪੁੱਤਰ ਕਹਿੰਦਾ, “ਮਾਂ ਇੱਥੇ ਹੀ ਰਹਿ। ਕੀ ਕਰਨਾ ਉਸ ਕੱਚੇ ਕੋਠੇ ਵਿੱਚ ਜਾ ਕੇ”।
“ਪੁੱਤਰਾ, ਚਾਹੇ ਕੋਠੇ ਕੱਚੇ ਹੀ ਸੀ ਪਰ ਰਿਸ਼ਤਿਆਂ ਦੇ ਪਿਆਰ ਦੀਆਂ ਡੋਰਾਂ ਪੱਥਰ ਤੇ ਲਕੀਰ ਵਰਗੀਆਂ ਸੀ। ਅੱਗ ਲੱਗੇ ਇਸ ਪੱਕੇ ਕੋਠੇ ਨੂੰ ਜਿਸ ਨੇ ਰਿਸ਼ਤਿਆਂ ਨੂੰ ਮਿੱਟੀ ਤੋਂ ਵੀ ਕੱਚਾ ਬਣਾ ਦਿੱਤਾ। ਸਾਨੂੰ ਨਹੀਂ ਲੋੜ ਪੱਕੇ ਕੋਠਿਆਂ ਦੀ ਸਾਨੂੰ ਕੱਚੇ ਕੋਠੇ ਹੀ ਪਿਆਰੇ ਨੇ, “ਕਹਿ ਕੇ ਕਰਮੋ ਤੇ ਕਾਰੂ ਪਿੰਡ ਵਾਲੇ ਰਾਹ ਤੁਰ ਪਏ।
- ਸੁਖਵਿੰਦਰ ਕੌਰ ‘ਹਰਿਆਓ’
ਸਕੱਤਰ ਮਾਲਵਾ ਲਿਖਾਰੀ ਸਭਾ, ਸੰਗਰੂਰ
+91-81464-47541
[email protected]


08/05/15)
ਡਾ: ਗੁਰਮੀਤ ਸਿੰਘ ਬਰਸਾਲ

ਸਤਿਕਾਰ ਯੋਗ ਵੀਰ ਗੁਰਦੀਪ ਸਿੰਘ ਬਾਗੀ ਜੀ,
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ !!

ਵੀਰ ਜੀਓ ਕੇਵਲ ਮੇਰੇ ਤੇ ਲਗਾਏ ਆਪ ਜੀ ਦੇ ਦੋਸ਼ ਕਿ ਮੈ ਦਿਲਗੀਰ ਜੀ ਨੂੰ ਇਹ ਕੁਮੈਂਟ ਕਿਤਾ ਸੀ ਕਿ
“either bring it up or shut up”
ਵਾਰੇ ਸਪੱਸ਼ਟ ਕਰਨ ਲਈ ਇਹ ਸਤਰਾਂ ਲਿਖ ਰਿਹਾਂ ਹਾਂ ਕਿ ਮੈ ਕਦੇ ਵੀ ਕਿਤੇ ਵੀ ਦਿਲਗੀਰ ਜੀ ਨੂੰ
SHUT UP ਨਹੀਂ ਲਿਖਿਆ , ਅਗਰ ਆਪ ਜੀ ਕਾਪੀ ਪੇਸਟ ਕਰ ਦੇਵੋ ਤਾਂ ਧੰਨਵਾਦੀ ਹੋਵਾਂਗਾ।
ਹਾਂ ਦਿਲਗੀਰ ਜੀ ਨੇ ਮੈਨੂੰ ਫੇਸਬੁਕ ਤੇ ਬਲਾਕ ਇਸ ਲਈ ਕੀਤਾ ਸੀ ਕਿ ਮੈ ਉਹਨਾਂ ਵਲੋਂ ਲਗਾਤਾਰ ਨਾਨਕਧਾਹੀ ਕੈਲੰਡਰ ਦੀ ਕਰੀ ਜਾ ਰਹੀ ਵਿਰੋਧਤਾ ਨੂੰ ਦੇਖਕੇ ਇਹ ਕੁਮੈਂਟ ਕੀਤਾ ਸੀ ਕਿ “ਨਾਨਕਸ਼ਾਹੀ ਕੈਲੰਡਰ ਤੁਹਾਡੀ ਮਨਜੂਰੀ ਦਾ ਮੁਹਤਾਜ ਨਹੀਂ।”
ਧੰਨਵਾਦ ਜੀ।


What: 2015 Windsor Khalsa Day Parade (Nagar Kirtan)
When: May 10, 2015 - 10.00 am to 3.00 pm
Where: Windsor Riverfront Festival Plaza

You are cordially invited to join Windsor Sikh Community at 2015 Windsor Khalsa Day Parade (Nagar Kirtan)!

Please also join/share the event on Facebook

https://www.facebook.com/events/1587803001479937/


08/05/15)
ਗੁਰਿੰਦਰ ਸਿੰਘ ਬਰਾੜ ਰਾਹੀਂ

ਚਿਤਾਵਨੀ
ਸਿਖੋ ਜਾਗੋ ਆਪਣੇ ਆਪ ਦੇ ਖਾਤਮੇ ਦਾ ਸ਼ੌਂਕ ਕਿਉਂ?
1971 ਦੀ ਮਰਦਮਸ਼ੁਮਾਰੀ ਅਨੁਸਾਰ ਸਿਖਾ ਦੀ ਅਬਾਦੀ=2.1ਕਰੋੜ (ਭਾਰਤ ਦੀ 65ਕਰੋੜ ਅਬਾਦੀ ਦਾ2.7%) 2011ਦੀ ਮਰਦਮਸ਼ੁਮਾਰੀ ਅਨੁਸਾਰ ਸਿਖਾਂ ਦੀ ਅਬਾਦੀ=1.3ਕਰੋੜ (ਭਾਰਤ ਦੀ 121ਕਰੋੜ ਅਬਾਦੀ ਦਾ1%) ਪਿਛਲੇ 40 ਸਾਲਾਂ ਵਿੱਚ ਸਿਖਾਂ ਦੀ ਅਬਾਦੀ ਵਿੱਚ ਘਾਟਾ 80ਲੱਖ। ਇਸ ਅਨੁਸਾਰ ਹਰ ਸਾਲ ਬੀਤਨ ਨਾਲ ਸਿੱਖ ਅਬਾਦੀ ਵਿੱਚ ਘਾਟਾ=1.7ਲੱਖ। ਕਿਉਂ? ਕਿਉਂਕਿ ਪਰਿਵਾਰ ਵਿੱਚ ਇੱਕ ਬੱਚਾ ਰੱਖਣ ਨਾਲ, ਅਗਲੀ ਪੀੜੀ ਵਿੱਚ, ਆਬਾਦੀ ਅੱਧੀ ਰਹੇ ਜਾਂਦੀ ਹੈ। ਇਸ ਤਰਾਂ ਚਾਰ ਪੀੜੀਆਂ ਤੱਕ ਇੱਕ ਬੱਚਾ ਰੱਖਣ ਨਾਲ 100 ਵਿੱਚੋ 94ਪਰਿਵਾਰ ਖਤਮ ਹੋ ਜਾਂਦੇ ਹਨ ਅਤੇ ਕੇਵਲ 6ਪਰਿਵਾਰ ਬਚਦੇ ਹਨ। ਜਿਸ ਤਰਾਂ ਕਿ ਥੱਲੇ ਦਿੱਤੀ ਡਾਇਗਰਮ ਵਿੱਚ ਵਿਖਾਇਆ ਹੈ।
ਦੋ ਬੱਚੇ ਰੱਖਣ ਨਾਲ ਇੱਕ ਪੀੜ੍ਹੀ ਵਿੱਚ 100ਵਿੱਚੋਂ 90ਪਰਿਵਾਰ ਬਚਦੇ ਹਨ, ਕਿਉਂ ਕਿ10%ਬੱਚੇ ਸ਼ਾਦੀ ਕਰਨ ਤਕ ਨਹੀਂ ਪਹੁੰਚ ਪਾਉਂਦੇ। ਇਸ ਤਰਾਂ ਦੂਜੀ ਪੀੜੀ ਵਿੱਚ 9x9=81ਅਤੇ ਚੌਥੀ ਪੀੜੀ ਤੱਕ 100ਪਰਿਵਾਰਾਂ ਵਿੱਚੋਂ ਕੇਵਲ 8x8=64ਪਰਿਵਾਰ ਬਚਦੇ ਹਨ। ਇਸ ਸਪੀਡ ਨਾਲ ਸਿਖ ਘਟਦੇ ਰਹੇ ਤਾਂ ਸਿਖੀ ਕੇਵਲ 78ਸਾਲ ਹੀ ਚਲੇਗੀ। ਸ਼ਾਇਦ ਅਸੀ ਇਸ ਗੱਲ ਨੂੰ ਸਮਝਿਆਂ ਹੀ ਨਹੀ ਅਤੇ ਆਪਣੇ ਆਪ ਦਾ ਖਾਤਮਾਂ ਕਰਕੇ ਬੜੇ ਖੁਸ਼ ਹੋ ਰਹੇ ਹਾਂ। ਪੰਜਾਬ ਵਿੱਚ 70% ਤੋਂ ਘਟ ਕੇ 50% ਤੋਂ ਵੀ ਘੱਟ ਰਹੇ ਗਏ ਹਾਂ। ਆਪਣਾ ਖਾਤਮੇ ਵੱਲ ਵੱਧਕੇ 70ਲੱਖ ਲੋਕ ਬਾਹਰਲੇ ਪ੍ਰਾਤਾਂ ਦੇ ਬੁਲਾਂ ਲਏ ਹਨ। ਜੋ ਤੁਹਾਡੀ ਸਭਿਅਤਾ/ਜਇਆਦਾਦ ਉਤੇ ਕਬਜਾ ਕਰਕੇ ਤੁਹਾਡੇ ਨਾਮੋਨਿਸ਼ਾਨ ਮਿਟਾਉਣ ਤੱਕ ਜਾਣਗੇ (ਤੁਹਾਨੂੰ ਪਤਾ ਵੀ ਨਹੀ ਹੋ ਰਿਹਾ)। ਕਿਉਂਕਿ ਯੂ ਐਨ ਉ ਅਨੁਸਾਰ ਪੰਜਾਬੀ 50ਸਾਲਾਂ ਵਿੱਚ ਖਤਮ ਹੋ ਜਾਏਗੀ, ਜਿਸਦਾ ਮਤਲਬ ਹੈ ਕਿ ਸਿੱਖ ਵੀ ਖਾਤਮੇ ਦੇ ਨੇੜੇ ਪਹੁੰਚ ਜਾਣਗੇ। ਕਿੱਥੇ ਰਹਿ ਜਾਏਗੀ ਤੁਹਾਡੀ ਮਾਂ ਬੋਲੀ, ਤੁਹਾਡੀ ਚੀਫ ਮਨਿਸਟਰੀ। ਤੁਸੀਂ ਇੱਕ ਦੋ ਹੋਰ ਬੱਚਿਆਂ ਨੂੰ ਪਾਲਣ ਦੀ ਤਕਲੀਫ ਕਰਨ ਦੀ ਥਾਂ ਆਪਣੇ ਆਪ ਦੀ ਹੌਂਦ ਨੂੰ ਖਤਮ ਕਰਨ ਲਈ ਤਿਆਰ ਕਿਉਂ ਹੋ ਗਏ ਹੋ? ਕਿੰਨੇ ਗੁਰਦੁਆਰੇ ਹੌਲੀ ਹੌਲੀ ਬੰਦ ਹੋ ਰਹੇ ਹਨ (ਹਰਿਦੁਆਰ, ਕੋਹੀਮਾਂ)। ਕਰਿਸਚਨਾਂ ਦੀ ਆਬਾਦੀ 1.7%ਘਟੀ ਤਾਂ ਪੋਪ ਤੱਕ ਦੁਹਾਈ ਮੱਚ ਗਈ, ਪਰ ਸਿੱਖਾਂ ਦੀ ਅਬਾਦੀ 45%ਘਟ ਗਈ ਹੈ ਅਤੇ ਕਿਸੇ ਨੂੰ ਕੋਈ ਪਤਾ/ਚਿੰਤਾ ਹੀ ਨਹੀਂ ਹੈ। ਜਿਸ ਤਰਾਂ 1947ਵਿੱਚ2-3ਕਰੋੜ ਪਾਰਸੀ ਅਮੀਰੀ/ਐਸ਼ੋ ਇਸ਼ਰਤ ਦੇ ਚਕਰ ਵਿੱਚ ਤਕਰੀਬਨ ਖਤਮ ਹੋ ਗਏ ਹਨ। ਹੁਣ ਸਿਖ ਉਹਨਾਂ ਦੇ ਨਕਸ਼ੇ ਕਦਮਾਂ ਉਪਰ ਚੱਲ ਪਏ ਹਨ, ਜੇ ਜਾਗੇ ਨਹੀ ਤਾਂ ਖਾਤਮਾਂ ਦੂਰ ਨਹੀ। ਯਾਦ ਰਹੇ ਕਿ ਸਿਖਾਂ ਦੀ ਅਬਾਦੀ ਘਟਾਉਣ ਨਾਲ ਦੇਸ਼ ਦੀ ਅਬਾਦੀ ਵਿੱਚ ਮਾਸਾ ਜਿੰਨਾਂ ਫਰਕ ਵੀ ਨਹੀਂ ਪੈਂਦਾ ਕਿਉਂਕਿ ਦੂਸਰੇ ਤਾਂ ਹਰ ਸਾਲ 1.5ਕਰੋੜ ਤੋ ਵੀ ਜਿਆਦਾ ਵਾਧਾ ਕਰ ਲੈਂਦੇ ਹਨ। ਸਾਡੇ ਅਮੀਰ ਰਹਿਣ ਦੀ ਲਾਲਸਾ (ਜਾਂ ਬਰਬਾਦ ਹੋਣ ਦੇ ਉਪਰਾਲੇ) ਅਤੇ ਜਮੀਨ ਨਾਂ ਵੰਡੀ ਜਾਣ ਦੇ ਮਕਸਦ ਨਾਲ ਇਕ/ਦੋ ਬੱਚੇ ਰੱਖਣ ਦੀ ਬੇਵੱਸੀ ਬਣੀ ਪਈ ਹੈ ਖਾਸ ਕਰਕੇ ਜਮੀਨਾਂ ਵਾਲਿਆਂ ਦੀ। ਕਈ ਪਰਿਵਾਰ/ਘਰ ਖੱਤਮ ਹੁੰਦੇ ਜਾ ਰਹੇ ਹਨ। ਕਿਉਂ ਕਿ ਇੱਕੋ ਇੱਕ ਬੱਚਾ ਸੀ, ਐਕਸੀਡੈਂਟ ਹੋਇਆ, ਬੱਚਾ ਖੱਤਮ, ਮਤਲਬ ਪਰਿਵਾਰ ਖੱਤਮ ਹੋ ਗਿਆ, ਉਹਨਾਂ ਦੀ ਅਮੀਰ ਹੋਣ ਦੀ ਲਾਲਸਾ ਕੀ ਤੂਫਾਨ ਲਿਆ ਰਹੀ ਹੈ। ਫਿਰ ਜਇਦਾਦ ਕਿਸਦੀ? ਅੱਜ ਕੱਲ ਖੇਤੀ ਦਾ ਕੰਮ ਤਾਂ ਕੁੱਝ ਵੀ ਨਹੀਂ ਹੈ, ਹੁਣ ਬੱਚੇ ਡਾਕਟਰ ਇੰਜੀਨੀਅਰ ਫਿਲਾਸਫਰ, ਬਿਜੀਨੈਸ ਮੈਗਨੈਟ ਅਤੇ ਹੋਰ ਕੀ ਕੁੱਝ ਬਣ ਸਕਦੇ ਹਨ। ਕੋਠੀਆਂ (ਖਾਲੀ), ਬਿਜਨੈੱਸ, ਕਾਲਜ, ਫਾਰਮ ਹਾਊਸ, ਪਰ ਰਹਿਣ ਵਾਸਤੇ ਜਾਂ ਕੰਮ ਕਰਨ ਵਾਸਤੇ ਘਰ ਦਾ ਕੋਈ ਮੈਂਬਰ ਨਹੀ, ਕੇਵਲ ਨੌਕਰ। ਨੌਕਰ ਸਾਡੀ ਰੋਟੀ ਖਾ ਕੇ ਪਲ ਜਾਣ, ਪਰ ਜੇ ਸਾਡੇ ਆਪਣੇ ਹੋਰ ਦੋ ਬੱਚੇ ਹੋ ਜਾਣ ਤਾਂ ਜੁਆਨ ਸਮਝਦੇ ਹਨ ਕਿ ਤੂਫਾਨ ਆ ਜਾਏਗਾ। ਅਸੀਂ ਨੌਕਰਾਂ ਵਾਲੀਆਂ ਰੋਟੀਆਂ ਹੀ ਆਪਣੇ ਹੋਰ ਦੋ ਬੱਚਿਆਂ ਨੂੰ ਖੁਆ ਦੇਈਏ ਤਾਂ ਕੌਮ ਖਾਤਮੇ ਤੋਂ ਬੱਚ ਜਾਏ।
ਦੂਸਰੇ ਧਰਮ ਵਧ ਫੁੱਲ ਕੇ ਦੁਨੀਆਂ ਉਤੇ ਆਪਣੇ ਕਬਜੇ ਜਮਾਉਣ ਦੀ ਪਲਾਨਿੰਗ ਬਣਾ ਰਹੇ ਹਨ। ਉਸ ਦੇ ਵਿਰੁੱਧ ਸਿੱਖ ਆਪਣੇ ਆਪ ਨੂੰ ਖਤਮ ਕਰਨ ਵਿੱਚ ਪੂਰਾ ਜੋਰ ਲਗਾ ਰਹੇ ਹਨ। ਕਿਉਂਕਿ ਕੁੱਝ ਜਵਾਨ ਸੋਚਦੇ ਹਨ ਕਿ ਅਸੀਂ ਸੱਭ ਤੋਂ ਜਿਆਦਾ ਸਿਆਣੇ ਹਾਂ, ਅਤੇ ਅਸਾਂ ਨੇ ਤਾਂ ਇੱਕ ਬੱਚਾ ਹੀ ਰੱਖਣਾ ਹੈ ਅਤੇ ਕੌਮ ਖਤਮ ਕਰਕੇ ਹੀ ਰਹਿਣਾ ਹੈ! ਅੱਜ ਕੁਆਲਿਟੀ ਜਿੰਦਗੀ ਦੀ ਗੱਲ ਹੁੰਦੀ ਹੈ। ਪਰ ਸਚਾਈ ਇਹ ਹੈ ਕਿ ਗਿਣਤੀ ਵਿੱਚੋਂ ਹੀ ਕੁਆਲਿਟੀ ਨਿਕਲਦੀ ਹੈ। 1974ਵਿੱਚ “ਆਈ ਏ ਐਸ” ਦੇ ਰੀਜੱਲਟ ਵਿੱਚ 30%ਬੰਗਾਲੀ ਨਾਮ ਦੇਖ ਕੇ ਮੈਂ ਆਪਣੇ ਬੰਗਾਲੀ ਦੋਸਤ ਨੂੰ ਹੈਰਾਨਗੀ ਨਾਲ ਪੁੱਛਿਆ ਕਿ ਤੁਹਾਡੇ ਬੱਚੇ ਕੀ ਖਾਂਦੇ ਹਨ? ਉਸ ਨੇ ਬੜੇ ਮਾਣ ਨਾਲ ਕਿਹਾ ਕਿ ਬੰਗਾਲੀ ਜੀਨੀਅਸ ਹੁੰਦੇ ਹਨ। ਫਿਰ2007ਵਿਚ ‘ਆਈ ਏ ਐਸ’ ਦਾ ਨਤੀਜਾ ਆਇਆ, ਪਰ ਇਸ ਵਿੱਚ ਮੁਸ਼ਕਿਲ ਨਾਲ ਹੀ ਕੋਈ ਬੰਗਾਲੀ ਨਾਮ ਲੱਭਿਆ। ਮੇਰੇ ਕਾਰਣ ਪੁਛਣ ਤੇ ਦੋਸਤ ਨੇ ਉਤੱਰ ਦਿੱਤਾ ਕਿ “ਅਸੀਂ ਇੱਕ ਗਲਤੀ ਕਰ ਬੈਠੇ ਹਾਂ”। ਮੈਂ ਪੁੱਛਿਆ ਕਿ ਕੀ ਗੱਲਤੀ ਕਰ ਲਈ ਹੈ ਤੁਸੀ? । ਦੋਸਤ ਨੇ ਕਿਹਾ ਕਿ “ਤੁਸੀਂ ਕਦੇ ਆਪਣੇ ਦੋਸਤਾਂ/ਰਿਸ਼ਤੇਦਾਰਾਂ ਵਿੱਚ ਦੇਖਿਆ ਹੋਵੇਗਾ ਕਿ ਦੂਸਰਾ ਬੱਚਾ ਪਹਿਲੇ ਨਾਲੋਂ ਤੇਜ, ਤੀਸਰਾ ਦੂਜੇ ਨਾਲੋਂ ਤੇਜ ਅਤੇ ਚੌਥਾ ਤੀਸਰੇ ਨਾਲੋਂ ਤੇਜ ਹੁੰਦਾ ਹੈ। ਅਤੇ ਆਮ ਤੌਰ ਤੇ ਤੀਸਰੇ/ਚੋਥੇ ਨੰਬਰ ਵਾਲੇ ਬੱਚੇ’ ਆਈ ਏ ਐਸ’ ਬਣਨ ਦੀ ਲਿਆਕਤ ਰੱਖਦੇ ਹਨ। ਪਰ ਅਸਾਂ ਬੰਗਾਲੀਆਂ ਨੇ ਇੱਕ ਦੋ ਬੱਚੇ ਰੱਖਕੇ ‘ਆਈ ਏ ਐਸ’ ਬਣਨ ਵਾਲਿਆਂ ਨੂੰ ਦੁਨੀਆਂ ਵਿੱਚ ਹੀ ਨਹੀਂ ਆਉਣ ਦਿੱਤਾ, ਫਿਰ ‘ਆਈ ਏ ਐਸ’ ਕਿਸ ਨੇ ਬਣਨਾ ਸੀ”। ਅੱਜ ਇਹ ਸੱਚ ਹੈ ਕਿ ਜਿੰਨਾਂ ਪ੍ਰਾਂਤਾ ਦੇ ਲੋਕ ਤਿੰਨ/ਚਾਰ ਬੱਚੇ ਰੱਖਦੇ ਹਨ, ਉਹਨਾਂ ਪ੍ਰਾਂਤਾ ਦੇ ਬੱਚੇ ਜਿਆਦਾ’ ਆਈ ਏ ਐਸ’ ਅਫਸਰ ਬਣ ਕੇ ਤੁਹਾਡੇ ਉਪਰ ਰਾਜ ਕਰਨ ਲਈ ਆ ਰਹੇ ਹਨ।
ਇਕ ਪੁੱਤਰ ਹੈ, ਕੋਠੀ ਹੈ ਨੌਕਰ ਚਾਕਰ ਹਨ, ਤਾਂ ਫਿਰ ਬੱਚਾ ਸੋਚਦਾ ਹੈ ਕਿ ਸੱਭ ਕੁੱਝ ਮੇਰਾ ਹੈ। ਸੱਭ ਕੁੱਝ ਹੈ, ਤਾਂ ਐਸ਼ ਕਰੋ। ਇਸ ਐਸ਼ ਦੇ ਕਾਰਣ ਹੀ ਪੰਜਾਬ ਵਿੱਚ ਨਸ਼ੇ/ਸਮੈਕ ਲੋਕਾਂ ਨੂੰ ਬਰਬਾਦ ਕਰ ਰਹੇ ਹਨ-ਇੱਕੋ ਇੱਕ ਸ਼ਿੰਦਾ ਪੁੱਤਰ (ਨਾ ਭੈਣ ਨਾਂ ਭਰਾ ਨਾਂ ਸਾਕ ਨਾਂ ਅੰਗ) ਮਸਤੀ ਕਰਨਾ ਚਾਹੁੰਦਾ ਹੈ ਜਦ ਰੋਕੋਗੇ ਕੰਮ ਗੜਬੜ ਹੋ ਜਾਵੇਗਾ। ਗੁਰੂ ਨਾਨਕ ਸਾਹਿਬ ਨੇ ਸਾਨੂੰ ਕਿਰਤ ਕਰਨਾ, ਵੰਡ ਛਕਣਾ ਦਾ ਸਬਕ ਦਿੱਤਾ ਸੀ। ਇੱਕ/ਦੋ ਬੱਚੇ ਰੱਖਕੇ ਅਸੀਂ ਬੱਚਿਆ ਨੂੰ ਕਿਰਤ ਤੋਂ ਵੀ ਹਟਾ ਲਿਆ ਅਤੇ ਵੰਡਣਾ ਕਿਸ ਨਾਲ? ਗੁਰੂ ਨਾਨਕ ਸਾਹਿਬ ਸਾਨੂੰ ਪੈਸੇ ਦੇ ਲਾਲਚ ਵਿੱਚ ਆ ਕੇ ਆਪਣੇ ਆਪ ਨੂੰ ਖਤਮ ਕਰਦਿਆਂ ਵੇਖਕੇ ਸਾਨੂੰ ਕਪੁੱਤਰ ਕਹਿਣਗੇ ਜਾਂ ਹੋਰ ਕੁਝ? ਜੇ ਕੋਈ ਆਦਮੀ ਅਪਣੇ ਆਪ ਨੂੰ ਖੱਤਮ ਕਰ ਲਵੇ ਤਾਂ ਦੁਨੀਆਂ ਦੇ ਲੋਕ ਉਹਨਾਂ ਨੂੰ ਕੀ ਕਹਿਣਗੇ? ਅੱਜ ਪੜ੍ਹੇ ਲਿਖੇ ਸੱਜਨਾਂ ਦੀ ਸੂਝਵਾਨੀ ਦਾ ਇਮਤਿਹਾਨ ਹੈ ਕਿ ਉਹ ਖੁਦ ਇਸ ਖਾਤਮੇਂ ਤੋਂ ਬਚਣ ਅਤੇ ਦੂਜਿਆਂ ਨੂੰ ਠੀਕ ਸਲਾਹ ਦੇਣ। ਵਾਹਿਗੁਰੂ ਜੀ ਬਖਸ਼ਿਸ਼ ਕਰਨ ਤਾਂਕਿ ਅਸੀਂ ਅਸਲੀਅਤ ਨੂੰ ਸਮਝ ਲਈਏ ਅਤੇ ਇਸ ਬਰਬਾਦੀ ਦੇ ਆਲਮ ਵਿੱਚੋਂ ਬਾਹਰ ਨਿਕਲ ਆਈਏ।
[email protected] 9999003508 9999900403


07/05/15)
ਸਤਿਨਾਮ ਸਿੰਘ ਮੌਂਟਰੀਅਲ

॥ਐਸੇ ਲੋਗਨ ਸਿਉ ਕਿਆ ਕਹੀਐ॥
ਅੱਜ ਦੁਨੀਆਂ ਬੜੀ ਤੇਜੀ ਨਾਲ ਬਦਲ ਰਹੀ ਹੈ, ਪੁਜਾਰੀ ਲੋਕਾਂ ਵਲੋ ਮਨੁੱਖਤਾ ਨੂੰ ਲੁਟਣ ਲਈ ਪਾਏ ਹੋਇ ਬਹਿਮ ਭਰਮ ਦਮ ਤੋੜਦੇ ਜਾ ਰਹੇ ਹਨ, ਕੱਲ੍ਹ ਤੱਕ ਜੋ ਲੋਕ ਚੰਦਮਾਂ ਨੂੰ ਮਾਮਾਂ ਮਨਦੇ ਸਨ ਅੱਜ ਸਮਝ ਚੁਕੇ ਹਨ ਕਿ ਇਹ ਇੱਕ ਧਰਤੀ ਦੀ ਤਰਾਂ ਬ੍ਰਹਿਮੰਡ ਵਿੱਚ ਘੁਮ ਰਿਹਾ ਇੱਕ ਗੋਲ਼ਾ ਹੀ ਹੈ, ਕੱਲ੍ਹ ਤੱਕ ਜੋ ਲੋਕ ਜੰਮਦੇ ਹਨੂਮਾਨ ਦੇ ਮੂਹ ਵਿੱਚ ਸੂਰਜ ਪਾ ਰਹੇ ਸਨ ਸਨ ਅੱਜ ਸਮਝ ਚੁਕੇ ਹਨ ਕਿ ਸੂਰਜ ਤਾਂ ਧਰਤੀ ਨਾਲੋਂ 13 ਲੱਖ ਗੁਣਾਂ ਵੱਡਾ ਹੈ, ਪਰ ਕੁਝ ਸਿੱਖੀ ਭੇਸ ਵਿੱਚ ਛੁਪੇ ਬਹ੍ਰਮਣ ਅੱਜ ਵੀ ਤੇਰਵੀਂ ਸਦੀ ਵਿੱਚ ਜਿਊ ਰਹੇ ਹਨ, ਆਏ ਦਿੱਨ ਇਹ ਲੋਕ ਤੱਤ ਗੁਰਮਤਿ ਦੇ ਪ੍ਰਚਾਰਕਾਂ ਨੂੰ ਗੁਰਮਤਿ ਤੋਂ ਹੀਣੇ ਸਵਾਲ ਪੁਛਕੇ ਕੇ ਗੁਰਮਤਿ ਦੇ ਰਾਹ ਵਿੱਚ ਰੋੜਾ ਬਣਨ ਦੀ ਕੋਸ਼ਿਸ਼ ਵਿੱਚ ਲਗੇ ਰਹਿੰਦੇ ਹਨ, ਪੇਸ਼ ਹਨ ਡੇਰੇ ਟਕਸਾਲਾਂ ਵਲੋਂ ਗੁਰਮਤਿ ਪ੍ਰਚਾਰਕਾਂ ਨੂੰ ਅਕਸਰ ਪੁਛੇ ਜਾਂਦੇ ਸਵਾਲ ਦੇ ਜਵਾਬ ਅਤੇ ਉਨਾਂ ਨੂੰ ਨਾਲ ਨਾਲ ਕੁਝ ਸਵਾਲ,
1- ਹਾਏ ਇਹ 84 ਲੱਖ ਜੂਨਾਂ ਨੂੰ ਨਹੀਂ ਮੰਨਦੇ?
ਜਵਾਬ -
ਕਈ ਬਾਰ ਵਿਚਾਰ ਦੱਸ ਚੁਕੇ ਹਾਂ ਕਿ ਭਾਈ ਗੁਰਬਾਣੀ 84 ਲੱਖ ਜੂਨਾਂ ਦੀਆਂ ਗਿਣਤੀਆਂ ਮਿਣਤੀਆਂ ਨੂੰ ਨਹੀ ਮਾਨਤਾ ਦਿੰਦੀ, ਗੁਰਬਾਣੀ ਦਾ ਫੈਸਲਾ ਹੈ ਕਿ ਪ੍ਰਮਾਤਮਾਂ ਦਾ ਪਸਾਰਾ ਆਦਿ ਅੰਤ ਵਿੱਚ ਹੈ ਹੀ ਨਹੀ, ਗੁਰਬਾਣੀ ਤਾਂ ਕਹਿੰਦੀ ਹੈ ਕਿ “ਬਹੁਤਾ ਕਹੀਐ ਬਹੁਤਾ ਹੋਇ” 84 ਲੱਖ ਜੂਨਾਂ ਦਾ ਜ਼ਿਕਰ ਗੁਰਬਾਣੀ ਵਿੱਚ ਮੁਹਾਵਰੇ ਦੇ ਰੂਪ ਵਰਤਿਆ ਹੋਇਆ ਹੈ, ਤਾਂ ਕਿ ਲੋਕਾਂ ਨੂੰ ਗੁਰਬਾਣੀ ਦਾ ਗਿਆਨ ਸੌਖਾ ਸਮਝ ਵਿੱਚ ਆ ਸਕੇ, ਤੁਸੀਂ ਦੱਸੋ ਜੇ ਰੱਬ ਦਾ ਪਸਾਰਾ ਗਿਣਤੀਆਂ ਮਿਣਤੀਆਂ ਵਿੱਚ ਹੈ ਫਿਰ ਗੁਰਬਾਣੀ ਦੇ ਇਨਾਂ ਸ਼ਬਦਾਂ ਦੇ ਕੀ ਅਰਥ ਕਰੋਂਗੇ “ਜੇਵਡ ਆਪ ਜਾਣੇ ਆਪ ਆਪ” “ਬੇਸੁਮਾਰ ਅਥਾਹ ਅਗਨਤ ਅਤੋਲੈ, ਜਿਉ ਬੁਲਾਬੋ ਨਾਨਕ ਦਾਸ ਬੋਲੈ” ??
2- ਹਾਏ ਇਹ ਜਮਣ ਮਰਣ ਨੂੰ ਨਹੀ ਮੰਨਦੇ?
ਜਵਾਬ - ਕਈ ਬਾਰ ਕਿਹਾ ਕਿ ਵੀਰੋ ਜੇ ਥੁਹਾਡੇ ਬਾਬੇ ਨੂੰ ਗੁਰਮਤਿ ਦੀ ਸਮਝ ਨਹੀ ਹੈ ਤਾਂ ਆਪਣੇ ਬਾਬੇ ਦੀ ਮੱਤ ਪੰਥ ਤੇ ਕਿਉਂ ਥੋਪਦੇ ਹੋ? ਪਰ ਕਿਥੇ! ਮਰ ਕੇ ਗਧਾਂ ਕੁੱਤਾ ਬਣਨ ਨੂੰ ਕਾਹਲੇ ਲੋਕ ਸਮਝਣ ਨੂੰ ਤਿਆਰ ਹੀ ਨਹੀ, ਗੁਰਬਾਣੀ ਤਾਂ ਸਿਰਫ ਮਨ ਦੇ ਅੰਦਰ ਦੇ ਸੁਭਾ ਦੀ ਗੱਲ ਕਰਦੀ ਹੈ, ਜਿਹੜਾ ਮਨੁੱਖ ਦੇ ਅੰਦਰ ਨਿਤ ਜਮਦਾ ਤੇ ਮਰਦਾ ਰਹਿੰਦਾ ਹੈ, ਗੁਰਬਾਣੀ ਵਿੱਚ ਸਾਫ ਲਿਖਿਆ ਕਿ “ਕਾਇਆ ਅੰਦਰਿ ਹਉਮੈ ਮੇਰਾ ॥ ਜੰਮਣ ਮਰਣੁ ਨ ਚੂਕੈ ਫੇਰਾ ॥ ਗੁਰਮੁਖਿ ਹੋਵੈ ਸੁ ਹਉਮੈ ਮਾਰੇ ਸਚੋ ਸਚੁ ਧਿਆਵਣਿਆ ॥126॥” ਹੁਣ ਤੁਸੀਂ ਸਾਨੂੰ ਦੱਸੋ ਕਿ ਅਸੀਂ ਗੁਰਬਾਣੀ ਦੀ ਮਨੀਏ ਜਾ ਥੁਹਾਡੇ ਕਿਸੇ ਭ੍ਰਮਗਿਆਨੀ ਦੀ ਮਨੀਏ??
3- ਹਾਏ ਇਹ ਨਾਮੁ ਸਿਮਰਨ ਨੂੰ ਨਹੀ ਮੰਨਦੇ?
ਜਵਾਬ – ਉਹ ਭਰਾਵੋ ਪਹਿਲਾਂ ਇਹ ਤਾਂ ਫੈਸਲਾ ਕਰ ਲਉ ਕਿ ਕਿਹੜਾ ਨਾਮੁ ਸਿਮਰਨ? ਨੰਦਸਰੀਆਂ ਵਾਂਗੂੰ ਪ੍ਰੀਤ ਪ੍ਰੀਤ ਕਰਨ ਵਾਲਾ? ਜਾ ਤਰਮਾਲੇ ਵਾਂਗੂੰ ਵਾਲ਼ ਖਿਲਾਰਕੇ ਵਾਹਿਗੁਰੂ ਵਾਹਿਗੁਰੂ ਕਰਨ ਵਾਲ਼ਾ? ਜਾ ਮਨਪ੍ਰੀਤ ਕਾਨਪੁਰੀ ਵਾਂਗੂੰ ਕੂਕਾਂ ਮਾਰਨ ਵਾਲਾ? ਥੁਹਾਡਾ ਧਰਮ ਸਿਓ ਨਿਹੰਗ ਕਹਿੰਦਾ ਕਿ ਭਾਈ ਗੁਰਦਾਸ ਨੇ ‘ਵਹਿਗੁਰੂ ਗੁਰਮੰਤ੍ਰ ਹੈ’ ਲਿਖਿਆ ਹੀ ਨਹੀ, ਉਹ ਇਹ ਵੀ ਕਹਿੰਦਾ ਹੈ ਕਿ ਸਿੱਖਾ ਦਾ ਕੋਈ ਇੱਕ ਅੱਖਰ ਨਾਮ ਨਹੀਂ ਹੈ, ਉਸ ਨੂੰ ਜਾ ਉਸ ਦੇ ਚੇਲੇ ਗੁਰਪ੍ਰੀਤ ਨੂੰ ਤਾਂ ਕੋਈ ਨਹੀਂ ਪੁਛਦਾ ਕਿਉ? ਤੁਸੀਂ ਪਹਿਲਾਂ ਇਹ ਫੈਸਲਾ ਕਰਕੇ ਦੱਸੋ ਕਿ ਕਿਹੜਾ ਨਾਮੁ ਸਿਮਰਨ ਸਹੀ ਹੈ??
4- ਹਾਏ ਇਹ ਹੇਮਕੁੰਡ ਨੂੰ ਨਹੀ ਮੰਨਦੇ?
ਜਵਾਬ – ਡਾ: ਹਰਭਜਨ ਸਿੰਘ ਕਹਿੰਦਾ ਕਿ ਬਚਿਤ੍ਰ ਨਾਟਕ ਦੇ ਪਾਤਰ ਕਾਲਪਨਿਕ ਹਨ, ਹੁਣ ਅਸਿਧੇ ਰੂਪ ਵਿੱਚ ਉਹ ਵੀ ਹੇਮਕੁੰਡ ਨੂੰ ਰੱਦ ਕਰਦਾ ਹੈ, ਧਰਮ ਸਿਉਂ ਨਿਹੰਗ ਕਹਿੰਦਾ ਕਿ ਹੇਮਕੁੰਡ ਦਾ ਅਰਥ ਹੈ ਟਿਕਿਆ ਹੋਇਆ ਹਿਰਦਾ, ਹੇਮ-ਬਰਫ’ ਕੁੰਡ-ਹਿਰਦਾ’ ਉਸ ਸਾਫ ਕਹਿੰਦਾ ਹੈ ਕਿ ਉਤਰਾਖੰਡ ਵਾਲੇ ਹੇਮਕੁੰਡ ਨਾਲ ਸਿੱਖਾ ਦਾ ਕੋਈ ਸਵੰਧ ਨਹੀਂ ਹੈ, ਗੁਰਬਾਣੀ ਵੀ ਨਾਂ ਤਾਂ ਪਿਛਲੇ ਜਨਮ ਨੂੰ ਹੀ ਮੰਨਦੀ ਹੈ, ਨਾ ਹੀ ਜੰਗਲ਼ਾ ਵਿੱਚ ਬੈਠਕੇ ਜਪਤਪ ਕਰਨ ਨੂੰ ਹੀ ਮਾਨਤਾ ਦਿੰਦੀ ਹੈ, ਬੱਸ ਟਕਸਾਲੀ ਬ੍ਰਹਮਣਾਂ ਨੇ ਹੀ ਰੱਟ ਲਾਈ ਹੋਈ ਹੈ ਕਿ ਹਾਏ ਹੇਮਕੁੰਡ ਹਾਏ ਹੇਮਕੁੰਡ, ਹੁਣ ਤੁਸੀਂ ਦੱਸੋ ਅਸੀਂ ਕਿਸ ਦੀ ਮਨੀਏ??
5- ਹਾਏ ਘੱਗਾ ਕਹਿੰਦਾ ਕਿ ਗੁਰੂ ਨਾਨਕ ਨੇ ਹਲਾਲ ਮੀਟ ਖਾਧਾ?
ਜਵਾਬ – ‘ਜਨਮ ਸਾਖੀਆਂ ਦੀ ਪ੍ਰੰਪਰਾ’ ਬੁੱਕ ਵਿੱਚ ਲਿਖਿਆ ਹੋਇਆ ਹੈ ਕਿ ਗੁਰੂ ਨਾਨਕ ਜੀ ਨੇ ਸ੍ਰੀ ਲੰਕਾ ਦੇ ਰਾਜੇ ਸ਼ਿਵਨਾਭ ਦੇ 12 ਸਾਲ ਦੇ ਲੜਕੇ ਦਾ ਮਨੁੱਖੀ ਮਾਸ ਖਾਧਾ, (ਸਾਲ ਬਾਦ ਕਹਿੰਦੇ ਕਿ ਗੁਰੂ ਜੀ ਨੇ ਹੱਡੀਆਂ ਦੁਵਾਰਾ ਜੋੜਕੇ ਬੱਚਾ ਜਿਊਂਦਾ ਕਰ ਦਿੱਤਾ) ਸੂਰਜ ਪ੍ਰਕਾਸ਼ ਗਰੰਥ ਵਿੱਚ ਲਿਖਿਆ ਹੋਇਆ ਹੈ ਕਿ ਗੁਰੂ ਨਾਨਕ ਜੀ ਨੇ ਹਰਦੁਵਾਰ ਵਿੱਚ ਹਿਰਨ ਦਾ ਮਾਸ ਰ੍ਹਿਨਿਆਂ, (ਬਾਦ ਵਿੱਚ ਕੁਹਿੰਦੇ ਕਿ ਦੇਗ ਬਣ ਗਈ) ਟਕਸਾਲੀ ਆਪਣੀਆਂ ਕਥਾ ਕਹਾਣੀਆਂ ਵਿੱਚ ਕਹਿੰਦੇ ਹਨ ਕਿ ਗੁਰੂ ਨਾਨਕ ਜੀ ਨੇ ਭਾਈ ਲਹਿਣੇ ਨੂੰ ਮੁਰਦਾ ਖਾਣ ਨੂੰ ਕਿਹਾ, ਜਦੋ ਭਾਈ ਲਹਿਣੇ ਜੀ ਨੇ ਮੁਰਦੇ ਤੋਂ ਚਾਦਰ ਚੁਕੀ ਤਾਂ ਮੁਰਦੇ ਦੀ ਦੇਗ ਬਣ ਗਈ, ਓ ਮੂਰਖੋ ਮੁਰਦਿਆਂ ਦੀ ਦੇਗ ਨਹੀ ਬਣਦੀ ਹੁੰਦੀ, ਨਾਹੀ ਰ੍ਹਿਨੇ ਹੋਇ ਮਾਸ ਦੀ ਹੀ ਦੇਗ ਬਣਦੀ ਹੈ, ਨਾ ਕਦੇ ਖਾਧੇ ਹੋਇ ਜੀਵ ਦੀਆਂ ਹੱਡੀਆਂ ਦੁਵਾਰਾ ਜੁੜਦੀਆਂ ਹਨ, ਕਿਉਂ ਸਿੱਖੀ ਦਾ ਜਲੂਸ ਕੱਡਦੇ ਹੋ? ਚਲੋ ਮਾਸ ਤਾਂ ਕੋਈ ਖਾਂਦਾ ਕੋਈ ਨਹੀ ਖਾਂਦਾ, ਪਰ ਜੋ ਗੱਲ ‘ਗੁਰਬਿਲਾਸ ਪਾ: ਛੇਵੀ’ ਬੁੱਕ ਵਿੱਚ ਲਿਖੀ ਹੋਈ ਹੈ ਜਿਸ ਨੂੰ ਟਕਸਾਲੀ ਹੁਬ ਹੁਬ ਕੇ ਸਣਾਉਂਦੇ ਹਨ, ਉਹ ਸੁਣ ਕੇ ਤਾਂ ਹਰ ਸੱਚੇ ਸਿੱਖ ਦਾ ਹਿਰਦਾ ਵਲੂਧ੍ਰਿਆ ਜਾਂਦਾ ਹੈ, ਕਹਿੰਦੇ ਕਿ ਜਦੋ ਗੁਰੂ ਨਾਨਕ ਜੀ ਨੇ ਗੁਰੂ ਅੰਗਦ ਜੀ ਨੂੰ ਗੁਰਗੱਦੀ ਦਿੱਤੀ ਤਾਂ ਗੁਰੂ ਨਾਨਕ ਜੀ ਨੇ ਗੁਰੂ ਅੰਗਦ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਗੁਰੂ ਅੰਗਦ ਜੀ ਨੇ ਆਪਣੇ ਆਪ ਨੂੰ ਸਰਾਪ ਦੇ ਦਿੱਤਾ ਕਿ ਜਿਸ ਪੈਰਾਂ ਨੂੰ ਗੁਰੂ ਨਾਨਕ ਜੀ ਦਾ ਮੱਥਾ ਲੱਗਾ ਹੈ ਐਸੇ ਪੈਰਾਂ ਨੂੰ ਕੋਹੜ ਹੋ ਜਾਵੇ, ਕਹਿੰਦੇ ਕਿ ਗੁਰੂ ਅੰਗਦ ਜੀ ਦੇ ਪੈਰ ਦੇ ਗੂਠੇ ਤੇ ਕੋਹੜ ਹੋ ਗਿਆ, ਜਦੋਂ ਗੁਰੂ ਅੰਗਦ ਜੀ ਦੇ ਕੋਹੜ ਵਾਲੇ ਗੂਠੇ ਵਿੱਚ ਪੀਕ ਭਰਨ ਨਾਲ ਦਰਦ ਹੋਣਾਂ ਤਾਂ (ਗੁਰੂ) ਅਮਰਦਾਸ ਜੀ ਆਪਣੇ ਮੂਹ ਨਾਲ ਗੁਰੂ ਅੰਗਦ ਜੀ ਦੇ ਕੋਹੜ ਦੀ ਪੀਕ (ਗੰਦਗੀ) ਚੂਸ ਦੇ ਹੁੰਦੇ ਸੀ, ਪੈਰ ਦੇ ਗੂਠੇ ਦਾ ਕੋਹੜ ਪੰਜਮੇਂ ਪਾਤਸ਼ਾਹ ਤੱਕ ਗਿਆ, ਇਸ ਤਰਾਂ ਦੂਜੇ ਪਾਤਸ਼ਾਹ ਦੀ ਤੀਜੇ ਪਾਤਸ਼ਾਹ’ ਤੀਜੇ ਪਾਤਸ਼ਾਹ ਦੀ ਚੌਥੇ ਪਾਤਸ਼ਾਹ’ ਚੌਥੇ ਪਾਤਸ਼ਾਹ ਦੀ ਪੰਜਮੇਂ ਪਾਤਸ਼ਾਹ ਗੂਠੇ ਦੇ ਕੋਹੜ ਦੀ ਪੀਕ (ਗੰਦਗੀ) ਚੂਸਦੇ ਹੁੰਦੇ ਸੀ, ਦੁਰ ਫਿਟੇ ਮੂਹ ਇਹੋ ਜਿਹੀਆਂ ਸਾਖੀਆਂ ਪੜਨ ਤੇ ਸੁਣਨ ਵਾਲਿਆਂ ਦੇ!!! (ਆਪ ਇਹ ਲੋਕ ਗੁਰੂਆਂ ਨੂੰ ਮਨੁੱਖੀ ਮਾਸ ਵੀ ਖਵਾਈ ਜਾਂਦੇ ਹਨ, ਹਿਰਨ ਦਾ ਮਾਸ ਵੀ ਖਵਾਈ ਜਾਂਦੇ ਹਨ, ਮੁਰਦੇ ਵੀ ਖਵਾਈ ਜਾਂਦੇ ਹਨ, ਕੋਹੜ ਦੇ ਜ਼ਖਮ ਵਿੱਚ ਪਈ ਹੋਈ ਪੀਕ (ਗੰਦਗੀ) ਵੀ ਖਵਾਈ ਜਾਂਦੇ ਹਨ, ਪਰ ਜੇ ਕੋਈ ਹੋਰ ਮੀਟ ਖਾਣ ਦੀ ਗੱਲ ਵੀ ਕਰਦਾ ਤਾਂ ਉਸ ਨੂੰ ਇਹ ਲੋਕ ਵੱਢ ਖਾਣ ਨੂੰ ਪੈਂਦੇ ਹਨ, ਅਸੀਂ ਪੁਛਣਾਂ ਚਾਹੁੰਦੇ ਹਾ ਕਿ ਇੰਦਰ ਸਿੰਘ ਘੱਗੇ ਤੇ ਉਗਲ਼ ਚੁਕਣ ਵਾਲਿਓ ਕੀ ਕਦੇ ਇਨਾਂ ਨੂੰ ਕੁਝ ਪੁਛਣ ਦੀ ਜੁਰਤ ਕੀਤੀ ਕਿਸੇ ਨੇ??
6- ਹਾਏ ਘੱਗਾ ਕਹਿੰਦਾ ਕਿ ਗੁਰੂ ਅਰਜਨ ਜੀ ਤੱਤੀ ਤਵੀ ਤੇ ਬੈਠੇ ਬਿਹੋਸ਼ ਹੋ ਗਏ?
ਜਵਾਬ – ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਦੀਆਂ 50% ਬੁੱਕਾਂ ਵਿੱਚ ਇਹ ਲਿਖਿਆ ਹੋਇਆ ਹੈ ਕਿ ਜਦੋਂ ਸਹਿਬਜ਼ਾਦੇ ਨੀਹਾਂ ਵਿੱਚ ਚਿਣ ਦਿੱਤੇ ਗਏ ਤਾਂ ਸਹਿਬਜ਼ਾਦਿਆਂ ਨੂੰ ਬਿਹੋਸ਼ੀ ਦੀ ਹਾਲਤ ਵਿੱਚ ਨੀਹਾਂ ਵਿੱਚੋ ਕੱਡ ਕੇ ਸਿਰ ਕਲਮ ਕੀਤੇ ਗਏ, ਅੱਜ ਦੇ ਸਮੇਂ ਦੀ ਗੱਲ ਹੈ ਕੁਝ ਸਾਲ ਪਹਿਲਾਂ ਭਾਈ ਗੁਰਦੇਵ ਸਿੰਘ ਕੌਉਂਕੇ ਦੀ ਸ਼ਹੀਦੀ ਦੀ ਰਿਪੋਟ ਅਖਬਾਰ ਵਿੱਚ ਛਪੀ ਸੀ, ਉਸ ਰਿਪੋਟਰ ਨੇ ਲਿਖਿਆ ਕਿ ਜਦੋਂ ਮੈ ਠਾਣੇ ਗਿਆ ਜਿਥੇ ਭਾਈ ਸਾਬ ਨੂੰ ਰੱਖਿਆ ਹੋਇਆ ਸੀ, ਮੈ ਦੇਖਿਆ ਕਿ ਇੱਕ ਕਮਰੇ ਦੇ ਇੱਕ ਖੂੰਜੇ ਅੱਧ ਮੋਇਆ ਬਿਹੋਸ਼ ਆਦਮੀ ਪਿਆ ਸੀ, ਜਿਸ ਉਪਰ ਫਟਿਆ ਜਿਹਾ ਕੰਬਲ ਸੀ, ਸਰੀਰ ਵਿੱਚੋ ਲਹੂ ਵੱਗ ਰਿਹਾ ਸੀ, ਪਿਸ਼ਾਬ ਨਿਕਲ ਕੇ ਕਪੜੇ ਗਿਲੇ ਹੋਏ ਸਨ, ਉਹ ਰਿਪੋਟਰ ਕਹਿੰਦਾ ਕਿ ਜਦੋਂ ਮੈ ਡੀ ਐਸ ਪੀ ਸਵੱਰਨੇ (ਘੋਟਨੇ) ਨੂੰ ਭਾਈ ਗੁਰਦੇਵ ਸਿੰਘ ਜੀ ਬਾਰੇ ਪੁਛਿਆ ਤਾਂ ਉਸ ਨੇ ਖੂੰਜੇ ਬਿਹੋਸ਼ ਪਏ ਆਦਮੀ ਵੱਲ ਨੂੰ ਹੱਥ ਕਰਕੇ ਕਿਹਾ ਕਿ ਅਹ ਪਿਆ ਈ ਥੁਹਾਡਾ ਜਥੇਦਾਰ, ਗੁਰੂ ਸਾਹਿਬ ਜੀ ਨੂੰ ਲੱਗਭਗ ਚਾਰ ਦਿਨ ਤਸੀਹੇ ਦਿੱਤੇ ਗਏ ਹਨ, ਜੁਲਮ ਕਰਨ ਵਾਲਾ ਜਾਲਮ ਉਦੋਂ ਤੱਕ ਤਹੀਹੇ ਦੇਣ ਤੋ ਨਹੀ ਹਟਦਾ ਹੁੰਦਾ ਜਿਨਾ ਚਿਰ ਤਸੀਹੇ ਝਲਣ ਵਾਲਾ ਜਾ ਮਰਦਾ ਨਹੀ ਜਾ ਬਿਹੋਸ਼ ਨਹੀਂ ਹੁੰਦਾ, ਬਿਹੋਸ਼ ਹੋਇ ਨੂੰ ਹੋਸ਼ ਆਣ ਤੇ ਫੇਰ ਤਸੀਹੇ ਦਿੱਤੇ ਜਾਂਦੇ ਹਨ, ਬਿਹੋਸ਼ ਹੋਣਾ ਇੱਕ ਸਰੀਰ ਦੀ ਕਿਰਿਆ ਹੈ ਇਸ ਨਾਲ ਡਰਨ ਦਾ ਕੋਈ ਸਵੰਧ ਨਹੀ ਹੈ, ਤੁਸੀਂ ਦੱਸੋ ਕਿਸ ਕਿਤਾਬ ਵਿੱਚ ਲਿਖਿਆ ਹੈ ਕਿ ਬਿਹੋਸ਼ ਹੋਣਾ ਡਰਨਾਂ ਹੁੰਦਾ ਹੈ??
7- ਕੀ ਤੁਸੀਂ ਸਿੱਖ ਰਹਿਤ ਮਰਿਆਦਾ ਨੂੰ ਮਨਦੇ ਹੋ?
ਜਵਾਬ –ਇਹ ਸਵਾਲ ਗੁਰੂ ਗਰੰਥ ਸਾਹਿਬ ਜੀ ਨੂੰ ਸਮੱਰਪਤ ਅਤੇ ਸਿੱਖ ਰਹਿਤ ਮਰਿਆਦਾ ਨੂੰ ਨੰਗੇ ਧੜ ਮੰਨਣ ਵਾਲੇ ਪ੍ਰਚਾਰਕ ਸ੍ਰਬਜੀਤ ਸਿੰਘ ਧੂੰਦਾ ਜੀ ਨੂੰ ਕੈਲੀਫੋਰਨੀਆਂ ਵਿੱਚ ਪੁਛਿਆ ਗਿਆ, ਇਹ ਸਵਾਲ ਪੁਛਣ ਵਾਲੇ ਉਹ ਲੋਕ ਹਨ ਜਿਨਾਂ ਨੇ ਕਦੇ ਸਿੱਖ ਰਹਿਤ ਮਰਿਆਦਾ ਨੂੰ ਆਪਣੀ ਸਰਦਣ ਵੀ ਨਹੀ ਟੱਪਣ ਦਿੱਤੀ, ਜਦੋਂ ਧੁੰਦਾ ਜੀ ਨੇ ਕਿਹਾ ਕਿ ਹਾਂ ਮਨਦੇ ਹਾਂ, ਫਿਰ ਅਗਲਾ ਸਵਾਲ ਕੀਤਾ ਗਿਆ ਕਿ ਸਿੱਖ ਰਹਿਤ ਮਰਿਆਦਾ ਵਿੱਚ ਕਿਥੇ ਲਿਖਿਆ ਹੋਇਆ ਹੈ ਕਿ ਦਸਮ ਗਰੰਥ (ਬਚਿਤ੍ਰ ਨਾਟਕ) ਦੀ ਨੰਗੇ ਧੜ ਵਿਰੋਧਤਾ ਕਰਨੀ? ਜਦੋਂ ਧੁੰਦਾ ਜੀ ਨੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਤਾਂ ਕਹਿੰਦੇ ਕਿ ਜਵਾਬ ਹਾ ਜਾ ਨਾ ਵਿੱਚ ਦਿਉ, ਅਸੀਂ ਇਨਾਂ ਸਵਾਲ ਕਾਰੀਆਂ ਨੂੰ ਕੁਝ ਪੁਛਣਾਂ ਚਾਹੁੰਦੇ ਹਾ ਕਿ ਕੀ ਸਿੱਖ ਰਹਿਤ ਮਰਿਆਦਾ ਵਿੱਚ ਲਿਖਿਆ ਹੋਇਆ ਹੈ ਕਿ ਦਸਮ ਗਰੰਥ (ਬਚਿਤ੍ਰ ਨਾਟਕ) ਦੇ ਅਖੰਡ ਪਾਠ ਕੀਤੇ ਜਾ ਸਕਦੇ ਹਨ?? ਕੀ ਦਸਮ ਗਰੰਥ (ਬਚਿਤ੍ਰ ਨਾਟਕ) ਦੀ ਨੰਗੇ ਧੜ ਹਮਾਇਤ ਕਰਨੀ ਸਿੱਖ ਰਹਿਤ ਮਰਿਆਦਾ ਵਿੱਚ ਲਿਖਿਆ ਹੋਇਆ ਹੈ?? ਜਵਾਬ ਹਾ ਵਿੱਚ ਜਾ ਨਾ ਵਿੱਚ ਦੇਣਾ, ਡੇਰੇ ਟਕਸਾਲਾ ਵਾਲਿਓ ਯਾਦ ਰਖਿਓ ਜਿਸ ਦਿਨ ਕੌਮ ਜਾਗ ਪਈ ਸਵਾਲ ਜਵਾਬਾਂ ਦਾ ਸਿਲਸਿਲਾ ਸੁਰੂ ਹੋਗਿਆ ਜੇ ਥੁਹਾਡੇ ਗਿਆਨ ਦਾ ਡੀ ਐਨ ਏ ਚੈਕ ਹੋਗਿਆ ਤਾ ਥੁਹਾਡੇ ਗਿਆਨ ਦਾ ਡੀ ਐਨ ਏ ਕਾਂਸ਼ੀ ਦੇ ਪੰਡਤਾਂ ਨਾਲ ਮੈਚ ਕਰ ਜਾਣਾ ਹੈ, ਕਿਉਂਕੇ ਤੁਸੀਂ ਹਾਲੇ ਬਹ੍ਰਮਣ ਦੀ ਧੋਤੀ ਵਿੱਚੋਂ ਬਾਹਰ ਨਹੀਂ ਨਿਕਲੇ, ਤੁਸੀਂ ਜੋ ਗੁਰਮਤਿ ਪ੍ਰਚਾਰਕਾਂ ਦੇ ਖਿਲਾਫ ਝੂਠ ਤੁਫਾਨ ਲਿਖ ਲਿਖ ਕੇ ਫੇਸਬੁਕ ਤੇ ਅਖਬਾਰਾਂ ਵਿੱਚ ਦੇ ਰਹੇ ਹੋ, ਥੁਹਾਡੇ ਦਿੱਤੇ ਹੋਇ ਫੋਨ ਨੰਬਰਾਂ ਤੇ ਅਸੀਂ ਕਈ ਬਾਰੀ ਕਾਲ ਕਰ ਚੁਕੇ ਹਾਂ ਤੁਸੀਂ ਫੋਨ ਹੀ ਨਹੀਂ ਚੁਕਦੇ ਜਾ ਕੋਈ ਢੰਗ ਦੀ ਗੱਲ ਹੀ ਨਹੀ ਕਰਦੇ, ਜੇ ਥੁਹਾਡੇ ਅੰਦਰ ਥੋੜਾ ਵੀ ਗੁਰਮਤਿ ਦਾ ਕਣ ਬਾਕੀ ਹੈ ਤਾ ਰੇਡੀਓ ਵਿਰਸਾ ਨਿਊਜੀਲੈਂਡ ਤੇ ਫੋਨ ਕਰਕੇ ਆਪਣੇ ਸਵਾਲਾਂ ਦੇ ਜਵਾਬ ਲਉ ਤੇ ਸਾਡੇ ਸਵਾਲਾਂ ਦੇ ਜਵਾਬ ਦਿਉ, ਤਾਂ ਕਿ ਦੁਧ ਦਾ ਦੁਧ ਪਾਣੀ ਦਾ ਪਾਣੀ ਹੋ ਸਕੇ, ਸਰੋਤੇ ਆਪ ਫੈਸਲਾ ਕਰਨ ਕਿ ਕੌਣ ਸਹੀ ਤੇ ਕੌਣ ਗਲਤ ਹੈ, ਰੇਡੀਓ ਵਿਰਸਾ ਦੇ ਫੋਨ ਨ: 011-64-9277-0107 ਅਤੇ 011-64-9277-0108,

ਸਤਿਨਾਮ ਸਿੰਘ ਮੌਂਟਰੀਅਲ 514-219-2525


07/05/15)
ਗੁਰਦੀਪ ਸਿੰਘ ਬਾਗੀ

ਆਦਰਜੋਗ ਡਾ ਗੁਰਮੀਤ ਸਿੰਘ ਬਰਸਾਲ ਜੀ
ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ
ਡਾ. ਸਾਹਿਬ ਮੈਂ ਪਹਿਲਾਂ ਵੀ ਸੁਹਿਰਦ ਸੀ ਤੇ ਹੁਣ ਵੀ ਹਾਂ, ਨਾ ਤੁਸੀਂ ਪਹਿਲਾਂ ਕੋਈ ਜਵਾਬ ਦੇ ਸਕੇ ਤੇ ਨਾ ਹੁਣ। ਵੀਰ ਜੀ ਤੁਸੀਂ ਕਦੇ ਵੀ ਵਿਚਾਰ ਨਹੀਂ ਕੀਤੀ ਬਲਕਿ ਸਵਾਲ ਕੀਤੇ ਤੇ ਆਪ ਜੀ ਨੇ ਕਦੇ ਵੀ ਕਿਸੇ ਸਵਾਲ ਦਾ ਜਵਾਬ ਨਹੀ ਦਿੱਤਾ। ਇਕ ਸਾਲ ਪਹਿਲਾਂ ਵੀ ਤੁਸੀਂ “ਕੂਲ ਉਮਰ ਵਾਲੇ ਨੁਕਤੇ” ਨੂੰ ਸਾਬਿਤ ਨਹੀ ਕਰ ਪਾਏ ਸੀ ਤੇ ਹੁਣ ਵੀ ਨਹੀ ਕਰ ਪਾਏ।
ਵੀਰ ਜੀ ਤੁਹਾਡਾ ਇਹ ਖਿਆਲ ਕਾਫੀ ਬੇਤੁਕਾ ਹੈ “ਪਰ ਤੁਸੀਂ ਸ਼ਾਇਦ ਫੇਸਬੁਕ ਕੁਮੈਂਟਾਂ ਵਾਂਗ ਹੀ (ਮੈ ਸਹੀ ਤੂੰ ਗਲਤ ਜਾਂ ਮੈ ਫਲਾਣੇ ਨੂੰ ਭਜਾਤਾ ਜਾਂ ਮੇਰਾ ਕੁਮੈਂਟ ਹਰ ਹਾਲਤ ਵਿੱਚ ਦੂਸਰੇ ਤੋਂ ਬਾਅਦ ਵਿੱਚ ਜਾਣੀ ਅਖੀਰ ਵਿੱਚ ਹੋਣਾ ਚਾਹੀਦਾ ਜੋ ਦੂਸਰੇ ਨੂੰ ਭਜਾਉਣ ਦਾ ਝੰਡਾ ਜਾਪਦਾ ਹੋਵੇ) ਸੋਚ ਰਹੇ ਹੋ।” ।
ਸ਼ਾਅਦ ਵੀਰ ਜੀ ਤੁਸੀਂ ਪਿਛਲੇ ਸਾਲ ਵੀ ਇਸ ਭਾਵ ਦੀ ਗੱਲ ਕਹੀ ਸੀ “ਹਲੇ ਤੱਕ ਕੋਈ ਵੀ ਅਜਿਹਾ ਵਸੀਲਾ ਨਹੀਂ ਮਿਲਿਆ ਜਿਸ ਵਿੱਚ ਜਨਮ ਅਤੇ ਜੋਤੀ ਜੋਤ ਦੀ ਅਰਥਾਤ ਦੋਵੇਂ ਤਰੀਕਾਂ ਮਿਲਦੀਆਂ ਹੋਣ।” ਤੇ ਵੀਰ ਜੀ ਮੈ ਅੱਗੇ ਕੋਈ ਪੱਤਰ ਨਹੀ ਲਿਖੀਆ, ਪਰ ਵੀਰ ਸਰਵਜੀਤ ਸਿੰਘ ਮੈਨੂੰ ਕਹਿਨ ਲਗ ਪਏ ਤੂੰਸੀ ਵਿਚਾਰ ਵਿੱਚ ਛੜ ਕੇ ਭੱਜ ਗਏ।
ਡਾ. ਸਾਹਿਬ ਨਾਨਕਸ਼ਾਹੀ ਕਲੈਂਡਰ ਤੇ ਤੁਸੀਂ ਡਾ. ਦਿਲਗੀਰ ਵਾਸਤੇ ਇਕ ਟਿੱਪਣੀ ਕੀਤੀ ਸੀ
“either bring it up or shut up”, ਮੈਂ ਤੇ ਤੁਹਾਨੂੰ ਸਿਰਫ ਇਹ ਕਹਿ ਰਹਿਆ ਹਾਂ ਤੁਸੀਂ ਅਪਣੇ ਅਹਮ “ਕੂਲ ਉਮਰ ਵਾਲੇ ਨੁਕਤੇ” ਵਾਸਤੇ ਸਬੂਤ ਪੇਸ਼ ਕਰੋ ਯਾ ਸਿੱਧੇ ਸ਼ਬਦਾਂ ਵਿੱਚ “just bring it up”। ਡਾ. ਸਾਹਿਬ ਤੁਸੀਂ ਵਿਚਾਰ ਕਦੇ ਵੀ ਨਹੀ ਕੀਤਾ ਅਤੇ ਨਾ ਕਦੇ “ਕੂਲ ਉਮਰ ਵਾਲੇ ਨੁਕਤੇ” ਨੂੰ ਸਥਾਪਿਤ ਕਰ ਸਕੇ। ਵਿਚਾਰ ਦੀ ਕੋਈ ਜਰੂਰਤ ਵੀ ਨਹੀ ਹੈ ਕਉਂਕਿ ਤੁਹਾਡੇ ਕੋਲ ਕੋਈ ਤੱਥ ਨਹੀ ਹੈ, ਤੁਹਾਡਾ ਕਲੈਂਡਰ ਜਾਲਸਾਜੀ ਹੈ ਤੇ ਨਾਲ ਪਹਿਲੀ ਬੈਸਾਖ ਵਾਲੀ ਤਾਰੀਖ ਵੀ।
ਗੁਰਦੀਪ ਸਿੰਘ ਬਾਗੀ


07/05/15)
ਸੁਖਜੀਤ ਸਿੰਘ ਕਪੂਰਥਲਾ

ਸਤਿਕਾਰਯੋਗ ਸ੍ਰ. ਗੁਰਸ਼ਰਨ ਸਿੰਘ ਕਸੇਲ ਜੀ,

ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।।

ਦਾਸ ਵਲੋਂ ਸਭ ਤੋਂ ਪਹਿਲਾਂ ਗੁਰਮਤਿ ਸਿਧਾਂਤਾਂ ਪ੍ਰਤੀ ਅਤਿ ਲੋੜੀਂਦੇ ਮੁੱਦੇ ਉਠਾਉਣ ਲਈ ਆਪ ਜੀ ਦਾ ਧੰਨਵਾਦ। ਜੇਕਰ ਸੰਭਵ ਹੋਵੇ ਤਾਂ ਆਪ ਜੀ ਨੇ ਆਪਣਾ ਈ. ਮੇਲ ਐਡਰੈਸ ਅਤੇ ਮੋਬਾਇਲ ਨੰਬਰ ਦਸਣਾ ਜੀ।

‘ਸਿੱਖ ਮਾਰਗ’ ਉਪਰ ਮਿਤੀ 2/5/15 ਨੂੰ ਆਪ ਜੀ ਦੇ ਪੋਸਟ ਕੀਤੇ ਗਏ ਪੱਤਰ ਵਿੱਚ ਹੇਠ ਲਿਖੇ ਮੁੱਦੇ ਉਪਰ ਵਿਚਾਰ ਕਰਨ ਦੀ ਇਛਾ ਜ਼ਾਹਰ ਕੀਤੀ ਹੈ-

ਕੀ ਜਿਥੇ ਵੀ ਕਿਸੇ ਸੰਤ-ਸਾਧ ਦੀ ਦੇਹ ਦਾ ਸਸਕਾਰ ਕੀਤਾ ਹੈ, ਭਾਵੇਂ ਕਿ ਉਥੇ ਸਮਾਧ ਵਗੈਰਾ ਨਹੀਂ ਬਣੀ ਹੋਈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੈ, ਕੀ ਉਹ ਥਾਂ ਸਮਾਧ ਜਾਂ ਮੜੀ ਵਿੱਚ ਨਹੀਂ ਆਉਂਦੀ? ਜੇ ਨਹੀਂ ਆਉਂਦੀ ਤਾਂ ਕਿਵੇਂ?’

ਇਸ ਸਬੰਧ ਵਿੱਚ ਦਾਸ ਗੁਰਮਤਿ ਸਿਧਾਂਤ ਦੀ ਗਲ ਕਰਨ ਤੋਂ ਪਹਿਲਾਂ ਇਹ ਦਸਣਾ ਚਾਹੇਗਾ ਕਿ ਦਾਸ ਦੇ ਮਨ ਅੰਦਰ ਵੀ ਇਸ ਤਰਾਂ ਦੇ ਅਤੇ ਹੋਰ ਕਈ ਪ੍ਰਸ਼ਨ ਬਾਰ-ਬਾਰ ਪੈਦਾ ਹੁੰਦੇ ਸਨ, ਪ੍ਰੰਤੂ ਇਹਨਾਂ ਸ਼ੰਕਿਆਂ ਦੇ ਸਮਾਧਾਨ ਲਭਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਮੱਤ ਦਿਤੀ ਹੈ ਕਿ ‘ਐਸਾ ਕਰਨ ਵਾਲੇ ਦਾ ਮਕਸਦ ਕੀ ਹੈ?’ ਇਸ ਸਵਾਲ ਦੇ ਜਵਾਬ ਵਿਚੋਂ ਲਗਭਗ ਬਹੁਤ ਸਾਰੇ ਹੱਲ ਆਪਣੇ ਆਪ ਨਿਕਲ ਆਉਂਦੇ ਹਨ।

ਆਪ ਵਲੋਂ ਉਠਾਏ ਗਏ ਨੁਕਤੇ ਸਬੰਧੀ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ (ਪ੍ਰਕਾਸ਼ਕ-ਸਕੱਤਰ, ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ) ਵਿਚੋਂ ‘ਮਿਰਤਕ ਸੰਸਕਾਰ’ ਸਿਰਲੇਖ ਹੇਠ ਦਰਜ਼ ਨਿਮਨਲਿਖਤ ਪੱਖ ਵਾਚਣੇ ਲਾਹੇਵੰਦ ਰਹਿਣਗੇ-

(ੲ) ਪ੍ਰਾਣੀ ਭਾਵੇਂ ਛੋਟੀ ਤੋਂ ਛੋਟੀ ਉਮਰ ਦਾ ਹੋਵੇ, ਸੋ ਭੀ ਸਸਕਾਰਨਾ ਚਾਹੀਏ। ਜਿਥੇ ਸਸਕਾਰ ਦਾ ਪ੍ਰਬੰਧ ਨਾ ਹੋ ਸਕੇ ਉਥੇ ਜਲ ਪ੍ਰਵਾਹ ਜਾਂ ਹੋਰ ਤਰੀਕਾ ਵਰਤਣ ਤੋਂ ਸ਼ੰਕਾ ਨਹੀ ਕਰਨੀ।

(ਹ) … … …. ਦੁਸਹਿਰੇ ਦੇ ਪਿਛੋਂ ਚਲਾਣੇ ਦੀ ਕੋਈ ਰਸਮ ਬਾਕੀ ਨਹੀ ਰਹਿੰਦੀ।

(ਕ) ਮਿਰਤਕ ਪ੍ਰਾਣੀ ਦਾ ਅੰਗੀਠਾ ਠੰਡਾ ਹੋਣ ਤੇ ਸਾਰੀ ਦੇਹ ਦੀ ਭਸਮ ਅਸਥੀਆਂ ਸਮੇਤ ਉਠਾ ਕੇ ਜਲ ਵਿੱਚ ਪ੍ਰਵਾਹ ਕਰ ਦਿਤੀ ਜਾਵੇ ਜਾਂ ਉਥੇ ਹੀ ਦੱਬ ਕੇ ਜਿਮੀਂ ਬਰਾਬਰ ਕਰ ਦਿਤੀ ਜਾਵੇ। ਸਸਕਾਰ ਸਥਾਨ ਤੇ ਮ੍ਰਿਤਕ

ਪ੍ਰਾਣੀ ਦੀ ਯਾਦਗਾਰ ਬਨਾਉਣੀ ਮਨ੍ਹਾ ਹੈ।

(ਖ) ਅਧ ਮਾਰਗ, ਸਿਆਪਾ, ਫੂਹੜੀ, ਦੀਵਾ, ਪਿੰਡ, ਕਿਰਿਆ, ਸਰਾਧ, ਬੁੱਢਾ ਮਰਨਾ ਆਦਿ ਕਰਨਾ ਮਨਮਤ ਹੈ। ਅੰਗੀਠੇ ਵਿਚੋਂ ਫੁੱਲ ਚੁਗ ਕੇ ਗੰਗਾ, ਪਤਾਲਪੁਰੀ, ਕਰਤਾਰਪੁਰ ਸਾਹਿਬ ਆਦਿਕ ਥਾਵਾਂ ਵਿੱਚ ਜਾ ਕੇ ਪਾਣੇ ਮਨਮਤ ਹੈ।

ਅਜ ਸਾਡੇ ਸਿੱਖ ਸਮਾਜ ਵਿੱਚ ‘ਮਿਰਤਕ ਸੰਸਕਾਰ’ ਨਾਲ ਸਬੰਧਿਤ ਇੱਕ ਨਹੀਂ ਅਨੇਕਾਂ ਐਸੇ ਕਰਮ ਗੁਰਮਤਿ ਸਮਝ ਕੇ ਵੇਖਾ ਵੇਖੀ ਹੀ ਕੀਤੇ ਜਾ ਰਹੇ ਹਨ, ਜਿੰਨ੍ਹਾਂ ਦਾ ਗੁਰਮਤਿ ਨਾਲ ਨੇੜੇ ਦਾ ਸਬੰਧ ਵੀ ਨਹੀਂ ਹੁੰਦਾ। ਇਸ ਵਿਸ਼ੇ ਉਪਰ ਜਦੋਂ ਅਸੀਂ ਪੜਚੋਲ ਕਰਕੇ ਵੇਖਦੇ ਹਾਂ ਤਾਂ ਇਹਨਾਂ ਮਨਮਤਾਂ ਲਈ ਮੁਖ ਦੋਸ਼ੀ ਸਾਡੇ ਆਪਣੇ ਵੱਖ-ਵੱਖ ਰੂਪਾਂ ਵਿੱਚ ਬਣੇ ਆਗੂ ਹੀ ਸਾਹਮਣੇ ਆਉਂਦੇ ਹਨ। ਜਿਸ ਕੌਮ ਦੇ ‘ਖਸਮਹੁ ਘੁਥੇ’ ਆਗੂ ਹੀ ਅਗਿਆਨਤਾ ਵਸ ਜਾਂ ਆਪਣੇ ਨਿੱਜੀ ਸਵਾਰਥਾਂ ਹਿਤ ਗੁਰਮਤਿ ਦੀ ਥਾਂ ਤੇ ਮਨਮਤਿ ਦਾ ਸਹਾਰਾ ਲੈਣਗੇ, ਉਸ ਕੌਮ ਦਾ ਰੱਬ ਹੀ ਰਾਖਾ ਹੈ। ਇਸ ਪੱਖ ਉਪਰ ਕੁੱਝ ਗੁਰਬਾਣੀ ਫੁਰਮਾਣ ਵਾਚਣੇ ਲਾਹੇਵੰਦ ਰਹਿਣਗੇ-

- ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ।।

ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ।।

(ਰਾਗ ਸੂਹੀ ਛੰਤ ਮਹਲਾ ੧-੭੬੭)

-ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ।।

ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ।।

(ਵਾਰ ਰਾਮਕਲੀ-ਮਹਲਾ ੨-੯੫੪)

-ਸੋ ਕਿਉ ਅੰਧਾ ਆਖੀਐ ਜਿ ਹੁਕਮਹੁ ਅੰਧਾ ਹੋਇ।।

ਨਾਨਕ ਹੁਕਮੁ ਨ ਬੁਝਈ ਅੰਧਾ ਕਹੀਐ ਸੋਇ।।

(ਵਾਰ ਰਾਮਕਲੀ-ਮਹਲਾ ੨-੯੫੪)

-ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ।।

ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ।।

(ਵਾਰ ਰਾਮਕਲੀ-ਮਹਲਾ ੨-੯੫੪)

ਉਪਰੋਕਤ ਗੁਰਬਾਣੀ ਫੁਰਮਾਣਾਂ ਅਤੇ ਸਿੱਖ ਰਹਿਤ ਮਰਿਆਦਾ ਵਲੋਂ ਨਿਰਧਾਰਤ ਨਿਯਮਾਵਲੀ ਅਨੁਸਾਰ ਕਾਰਜ ਕਰਨ ਦੀ ਜਿੰਮੇਵਾਰੀ ਕਿਸ ਦੀ ਹੈ? ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ, ਆਗੂਆਂ ਦੀ, ਸੰਗਤ ਦੀ ਵਾਰੀ ਤਾਂ ਬਾਅਦ ਵਿੱਚ ਆਉਣੀ ਹੈ। ਸਵਾਲ ਪੈਦਾ ਹੁੰਦਾ ਹੈ ਕਿ ਕੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਸਿੱਖ ਰਹਿਤ ਮਰਿਆਦਾ ਪੰਥ ਪ੍ਰਵਾਨਿਤ ਹੋਣ ਦੇ ਨਾਮ ਉਪਰ 1945 ਈ. ਤੋਂ ਹੁਣ ਤਕ ਕਰੋੜਾਂ ਦੀ ਗਿਣਤੀ ਅੰਦਰ ਸਿੱਖ ਰਹਿਤ ਮਰਿਆਦਾ ਸੰਗਤਾਂ ਵਿੱਚ ਵੰਡਣ ਦਾ ਦਾਅਵਾ ਵੀ ਕਰਦੀ ਹੈ, ਆਪਣੇ ਪ੍ਰਬੰਧ ਅਧੀਨ ਗੁਰਦੁਆਰਿਆਂ ਵਿਚ, ਕਮੇਟੀ ਦੇ ਅਹੁਦੇਦਾਰਾਂ, ਮੁਲਾਜ਼ਮਾਂ ਆਦਿ ਦੇ ਸਮਾਜਿਕ-ਨਿੱਜੀ-ਪ੍ਰਵਾਰਿਕ ਜੀਵਨ ਵਿੱਚ ਲਾਗੂ ਹੋਣ ਦਾ ਦਾਅਵਾ ਵੀ ਕਰ ਸਕਦੀ ਹੈ?

ਡਾ. ਗੁਰਸ਼ਰਨਜੀਤ ਸਿੰਘ ਵਲੋਂ ਆਪਣੀ ਪੁਸਤਕ ‘ਗੁਰਮਤ ਨਿਰਨਯ ਕੋਸ਼’ ਅੰਦਰ ਇਸ ਵਿਸ਼ੇ ਉਪਰ ਦਿਤੇ ਵਿਚਾਰ ਧਿਆਨਯੋਗ ਹਨ-

-ਜੇ ਅਸੀਂ ਸਿੱਖ ਮ੍ਰਿਤਕ ਸੰਸਕਾਰਾਂ ਵਿਚੋਂ ਬ੍ਰਾਹਮਣਵਾਦ ਕੱਢਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਸ਼ਮਸ਼ਾਨ ਵੱਖਰੇ ਬਣਾਉਣ ਦੀ ਲੋੜ ਹੈ। ਕਿਉਂਕਿ ਸ਼ਮਸ਼ਾਨਾਂ ਵਿੱਚ ਮੁਰਦੇ ਜਲਾਉਣ ਵਾਲੇ ਸਿੱਖਾਂ ਕੋਲੋਂ ਵੀ ਹਿੰਦੂ ਰੀਤਾਂ ਕਰਵਾ ਲੈਂਦੇ ਹਨ। (ਪੰਨਾ 154)

-ਵਿਹਾਰ ਵਿੱਚ ਇਸ ਤੋਂ ਉਲਟ ਇਹ ਹੈ ਕਿ ਅਸਾਂ ਨੇ ਹਰਦੁਆਰ ਤਿਆਗ ਕੇ ਕੁੱਝ ਨਵੇਂ ਹਰਦੁਆਰ ਸਥਾਪਤ ਕਰ ਦਿੱਤੇ ਹਨ। ਇਹਨਾਂ ਨਵੇਂ ਹਰਦੁਆਰਾਂ ਵਿਚੋਂ ਕੀਰਤਪੁਰ ਪ੍ਰਮੁੱਖ ਹੈ। ਪਰ ਹੁਣ ਗੋਇੰਦਵਾਲ ਅਤੇ ਹਰੀਕੇ ਪੱਤਣ ਉਪਰ ਵੀ ਕਾਫੀ ਗਿਣਤੀ ਵਿੱਚ ਸਿੱਖ ਜਾ ਕੇ ਮ੍ਰਿਤਕ ਪ੍ਰਾਣੀ ਦੇ ਚੁਣੇ ਹੋਏ ਫੁੱਲਾਂ ਨੂੰ ਪ੍ਰਵਾਹ ਕਰਦੇ ਦੇਖੇ ਜਾ ਸਕਦੇ ਹਨ। ਇਨ੍ਹਾਂ ਸਥਾਨਾਂ ਉਪਰ ਅਜਿਹੀ ਮਨਮਤ ਨੂੰ ਪ੍ਰਬੰਧਕਾਂ ਨੇ ਮਾਨਤਾ ਦਿੰਦਿਆਂ, ਕੁੱਝ ਵਿਸ਼ੇਸ਼ ਸਹੂਲਤਾਂ ਦਾ ਪ੍ਰਬੰਧ ਕੀਤਾ ਹੋਇਆ ਹੈ। ਇਥੇ ਪ੍ਰਬੰਧਕਾਂ ਦਾ ਨਿਸ਼ਾਨਾ ਸੰਗਤ ਨੂੰ ਸਿਖਿਅਤ ਕਰਨਾ ਨਹੀਂ, ਸਗੋਂ ਲੋਕਾਂ ਦੀ ਅਗਿਆਨਤਾ ਦਾ ਲਾਭ ਉਠਾ ਕੇ ਪੂਰਾ ਸ਼ੋਸ਼ਣ ਕਰਨਾ ਹੈ। ਜਿਵੇਂ ਬਾਜ਼ਾਰ ਵਿੱਚ ਵਿਕਦੀ ਸ਼ਰਾਬ ਦੀ ਬੋਤਲ ਉਪਰ ਲਿਖਣਾ ਜਰੂਰੀ ਹੈ ਕਿ ‘ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ।’ ਉਸੇ ਤਰਾਂ ਸਿੱਖਾਂ ਨੂੰ ਸਿਖਿਅਤ ਕਰਨ ਲਈ ਇਸ ਤਰਾਂ ਦੇ ਬੋਰਡ ਇਨ੍ਹਾਂ ਸਥਾਨਾਂ ਉਪਰ ਨਹੀਂ ਲਗ ਸਕਦੇ ਜਿਨ੍ਹਾਂ ਉਪਰ ਦਸਿਆ ਜਾਵੇ ਕਿ ਪ੍ਰਾਣੀ ਦੇ ਫੁਲ ਇਸ ਸਥਾਨ ਉਪਰ ਪ੍ਰਵਾਹ ਕਰਨ ਦਾ ਗੁਰਮਤ ਨਾਲ ਕੋਈ ਸਬੰਧ ਨਹੀਂ।

(ਪੰਨਾ 155-156)

ਸਿਖ ਧਰਮ ਅੰਦਰ ਮ੍ਰਿਤਕ ਪ੍ਰਾਣੀ ਦੇ ਅਗਨ ਸੰਸਕਾਰ ਕਰਨ ਦੀ ਪ੍ਰਮੁੱਖਤਾ ਸਬੰਧੀ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ-

-ਮੁਰਦੇ ਨੂੰ ਫੂਕਣ ਤੋਂ ਸ਼ੁਭ ਗਤਿ ਪ੍ਰਾਪਤ ਹੋਂਦੀ ਹੈ, ਏਹ ਵਿਸ਼ਵਾਸ ਸਿੱਖਾਂ ਦਾ ਨਹੀਂ ਕੇਵਲ ਸਿਹਤ ਦੇ ਨਿਯਮਾਂ ਨੂੰ ਮੁੱਖ ਰੱਖ ਕੇ ਸੰਸਕਾਰਣਾ ਉਤਮ ਸਮਝਿਆ ਗਿਆ ਹੈ।

(ਗੁਰਮਤ ਮਾਰਤੰਡ-ਪੰਨਾ ੪੬੯)

ਗੁਰਬਾਣੀ ਅੰਦਰ ਵੀ ਇਸ ਸਬੰਧ ਵਿੱਚ ਸਪਸ਼ਟ ਆਦੇਸ਼ ਹਨ ਕਿ ਮ੍ਰਿਤਕ ਪ੍ਰਾਣੀ ਦੇ ਸਰੀਰ ਨੂੰ ਬਿਲੇ ਲਾਉਣ ਸਬੰਧੀ ਕੀਤੀ ਜਾਣ ਵਾਲੀ ਕਿਰਿਆ ਦਾ ਧਰਮ ਜਾਂ ਜੀਵ ਦੀ ਗਤੀ ਨਾਲ ਕੋਈ ਸਬੰਧ ਨਹੀਂ ਹੈ।

-ਊਡਿ ਜਾਇਗੋ ਧੂਮੁ ਬਾਦਰੋ ਇਕੁ ਭਾਜਹੁ ਰਾਮੁ ਸਨੇਹੀ।।

ਤੀਨਿ ਸੰਙਿਆ ਕਰਿ ਦੇਹੀ ਕੀਨੀ ਜਲ ਕੂਕਰ ਭਸਮੇਹੀ।।

(ਸੋਰਠਿ ਮਹਲਾ ੫-੬੦੯)

-ਇਕ ਦਝਹਿ ਇੱਕ ਦਬੀਅਹਿ ਇਕਨਾ ਕੁਤੇ ਖਾਹਿ।।

ਇੱਕ ਪਾਣੀ ਵਿੱਚ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ।।

ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ।।

(ਵਾਰ ਸੋਰਠਿ-ਮਹਲਾ ੧-੬੪੮)

-ਜੇ ਮਿਰਤਕ ਕਉ ਚੰਦਨੁ ਚੜਾਵੈ।।

ਉਸ ਤੇ ਕਹਹੁ ਕਵਨ ਫਲ ਪਾਵੈ।।

ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ।।

ਤਉ ਮਿਰਤਕ ਕਾ ਕਿਆ ਘਟਿ ਜਾਈ।।

(ਮਹਲਾ ੫-ਭੈਰਉ ਕਬੀਰ-੧੧੬੦)

ਸੋਚਣ ਦੀ ਲੋੜ ਤਾਂ ਇਹ ਹੈ ਕਿ ਭਗਤ ਕਬੀਰ ਜੀ ਦੇ ਪਾਵਨ ਬਚਨ ‘ਜੀਵਤ ਪਿਤਰ ਨ ਮਾਨੈ ਕੋਊ’ (੩੩੨) ਨੂੰ ਭੁੱਲ ਕੇ ਮ੍ਰਿਤਕ ਪ੍ਰਾਣੀ ਨਮਿਤ ਅਸੀਂ ਫੋਕਟ ਕਰਮਕਾਂਡਾਂ ਵਿੱਚ ਜਿਆਦਾ ਵਿਸ਼ਵਾਸ ਕਿਉਂ ਰਖਣ ਲਗ ਪਏ ਹਾਂ ? ਲੋਕ ਐਸਾ ਕਿਉਂ ਨਾ ਕਰਨ ਜਦੋਂ ਸਾਡੇ ਵੱਡੇ ਅਖਵਾਉਣ ਵਾਲੇ ਨਹੀਂ ਹਟਦੇ। ਜਿਵੇਂ ਧੁਰੰਤਰ ਅਖਵਾਉਣ ਵਾਲੇ ਆਗੂਆਂ, ਬਾਬਿਆਂ ਦੀਆਂ ਅਸਥੀਆਂ, ਦੇਹਾਂ ਜਲ ਪ੍ਰਵਾਹ ਕਰਨ ਲਈ ਵੱਡੇ-ਵੱਡੇ ਜਲੂਸ ਲਿਜਾਏ ਜਾਂਦੇ ਹਨ। ਜਿਵੇਂ ਪਿਛਲੇ ਸਮੇਂ ਦੌਰਾਨ ਇੱਕ ਬਾਬੇ ਦੇ ਸਰੀਰ ਨੂੰ ਜਲ ਪ੍ਰਵਾਹ ਕਰਨ ਲਈ ਬਹੁਤ ਵੱਡੀ ਗਿਣਤੀ ਨਾਲ ਜਲੂਸ ਦੀ ਸ਼ਕਲ ਵਿੱਚ ਆਪਣੇ ਸ਼ਰਧਾਲੂ ਨਾਲ ਲੈ ਕੇ ਹਰੀਕੇ ਹੈਡ ਵਰਕਸ (ਜੋ ਸਤਲੁਜ-ਬਿਆਸ ਦਰਿਆਵਾਂ ਦਾ ਸੰਗਮ ਹੈ) ਲਿਜਾਇਆ ਗਿਆ ਹੈ। ਇੱਕ ਬੇੜੀ ਪਲਟਣ ਨਾਲ ਪਾਣੀ ਵਿੱਚ ਡੁੱਬ ਕੇ ਕਈ ਮਾਰੇ ਗਏ, ਜਿਨ੍ਹਾਂ ਵਿੱਚ ਹਰਬੰਸ ਸਿੰਘ ਜਗਾਧਰੀ ਵਾਲੇ ਦਾ ਲੜਕਾ ਵੀ ਸ਼ਾਮਲ ਸੀ। ਪ੍ਰਤੱਖ ਦਰਸ਼ੀਆਂ ਦੇ ਦਸਣ ਅਨੁਸਾਰ ਇੱਕ ਬੇੜੀ ਵਿੱਚ ਸਵਾਰ ਮੀਡੀਏ ਵਾਲਿਆਂ ਦੇ ਕੈਮਰਿਆਂ ਸਾਹਮਣੇ ਆਪਣੀ-ਆਪਣੀ ਫੋਟੋ/ਵੀਡੀਓ ਕਰਵਾਉਣ ਲਈ ਦੂਜੀ ਬੇੜੀ ਵਿੱਚ ਸਵਾਰਾਂ ਨੇ ਇੱਕ ਦੂਜੇ ਤੋਂ ਉਪਰ-ਉਪਰ ਹੋ ਕੇ ਧੌਣਾਂ ਉਪਰ ਚੁਕੀਆਂ, ਐਸਾ ਕਰਨ ਨਾਲ ਬੇੜੀ ਤੇ ਭਾਰ ਇੱਕ ਪਾਸੇ ਪੈਣ ਨਾਲ ਬੇੜੀ ਪਲਟਣ ਦਾ ਕਾਰਣ ਬਣਿਆ। ਹਰੀਕੇ ਹੈਡ ਵਰਕਸ ਤੇ ਐਸਾ ਕਰਨ ਦੀ ਇਜ਼ਾਜ਼ਤ ਕਿਸਨੇ, ਕਿਉਂ ਦਿਤੀ? ਬਸ ਵੋਟਾਂ ਦੀ ਰਾਜਨੀਤੀ/ਅੰਧ ਵਿਸ਼ਵਾਸ ਨੇ ਕਈ ਕੀਮਤੀ ਜਾਨਾਂ ਲੈ ਲਈਆਂ।

ਐਸੇ ਅਡੰਬਰਾਂ ਵਿੱਚ ਕਿੰਨਾਂ ਸਮਾਂ, ਪੈਸਾ, ਕੌਮ ਦੀ ਤਾਕਤ ਵਿਅਰਥ ਚੱਲੀ ਜਾਂਦੀ ਹੈ ਇਸ ਬਾਰੇ ਕੌਣ ਸੋਚੇਗਾ? ਇਹ ਸਭ ਕੁੱਝ ਵੇਖ ਕੇ ਇਹੀ ਕਹਿਣਾ ਬਣਦਾ ਹੈ- ‘ਇਸ ਘਰ ਕੋ ਆਗ ਲਗੀ ਘਰ ਕੇ ਚਿਰਾਗ ਸੇ।’

ਅਸੀਂ ਬਿਨਾ ਸੋਚੇ ਸਮਝੇ ਭੀੜ ਦਾ ਹਿਸਾ ਬਣ ਜਾਂਦੇ ਹਾਂ। ਸਿਆਣਿਆਂ ਦਾ ਕਥਨ ਹੈ ਕਿ ‘ਭੀੜ ਵਿੱਚ ਚੰਗੇ ਮਨੁੱਖ ਨਹੀਂ ਹੁੰਦੇ ਅਤੇ ਚੰਗੇ ਮਨੁੱਖਾਂ ਦੀ ਕਦੀ ਭੀੜ ਨਹੀਂ ਹੁੰਦੀ। ‘

ਜਿਵੇਂ ਕਬੀਰ ਸਾਹਿਬ ਦੇ ਬਚਨ ਹਨ-

-ਕਬੀਰ ਸਿਖ ਸਾਖਾ ਬਹੁਤੇ ਕੀਏ ਕੇਸੋ ਕੀਓ ਨ ਮੀਤੁ।।

ਚਾਲੇ ਥੇ ਹਰਿ ਮਿਲਨ ਕਉ ਬੀਚੈ ਅਟਕਿਓ ਚੀਤੁ।।

(ਸਲੋਕ ਕਬੀਰ ਜੀ- ੧੩੬੯)

-ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੈ ਪਰੀ ਬਹੀਰ।।

ਇੱਕ ਅਵਘਟ ਘਾਟੀ ਰਾਮ ਕੀ ਤਿਹ ਚੜਿ ਰਹਿਓ ਕਬੀਰ।।

(ਸਲੋਕ ਕਬੀਰ ਜੀ-੧੩੭੩)

- ਕਬੀਰ ਮਾਇ ਮੂੰਡਉ ਤਿਹ ਗੁਰੂ ਕੀ ਜਾ ਤੇ ਭਰਮੁ ਨ ਜਾਇ।।

ਆਪ ਡੁਬੇ ਚਹੁ ਬੇਦ ਮਹਿ ਚੇਲੇ ਦੀਏ ਬਹਾਇ।।

(ਸਲੋਕ ਕਬੀਰ ਜੀ- ੧੩੬੯)

ਸਿਖ ਰਹਿਤ ਮਰਿਆਦਾ ਵਿੱਚ ਦਿਤੇ ਗਏ ਨਿਯਮਾਂ ਦੇ ਪਿਛੇ ਫਿਲਾਸਫੀ ਨੂੰ ਸਮਝਣ ਦੀ ਲੋੜ ਹੈ। ਦੁਸਹਿਰੇ ਤੋਂ ਪਿਛੋਂ ਚਲਾਣੇ ਦੀ ਕੋਈ ਰਸਮ ਬਾਕੀ ਨਾ ਰਹਿਣ ਦਾ ਮਤਲਬ ਹੈ ਕਿ ਜੇ ਅਸੀਂ ਐਸਾ ਕਰਨ ਲਗੀਏ ਤਾਂ ਕੀ ਸਾਡੀ ਜਿੰਮੇਵਾਰੀ ਕੇਵਲ ਮਾਤਾ ਪਿਤਾ ਤਕ ਹੀ ਹੈ ਕਿ ਵਰੀਣੇ, ਬਰਸੀਆਂ ਮਨਾਈਆਂ ਜਾਣ। ਕੀ ਦਾਦਾ-ਦਾਦੀ, ਪੜਦਾਦਾ-ਪੜਦਾਦੀ, ਲਕੜਦਾਦਾ-ਲਕੜਦਾਦੀ ਅਤੇ ਇਸੇ ਤਰਾਂ ਹੋਰ ਪਿਛੇ ਚਲੇ ਗਏ ਸਾਡੇ ਬਜੁਰਗਾਂ ਪ੍ਰਤੀ ਸਾਡੀ ਕੋਈ ਜਿੰਮੇਵਾਰੀ ਨਹੀਂ ਬਣਦੀ। ਜੇ ਅਸੀਂ ਐਸਾ ਕਰਨ ਲਗ ਪਏ ਤਾਂ ਬਾਕੀ ਕੰਮ ਧੰਦੇ ਕਦੋਂ, ਕਿਵੇਂ ਕਰਾਂਗੇ। ਅਸੀਂ ਮ੍ਰਿਤਕ ਦੇ ਭੋਗ ਵਾਲੇ ਦਿਨ ਅੰਤਿਮ ਅਰਦਾਸ ਕਰਦੇ ਹਾਂ ਪਰ ਸ਼ਾਇਦ ‘ਅੰਤਿਮ’ ਦੇ ਅਰਥ ਸਾਨੂੰ ਸਮਝ ਨਹੀਂ ਆਉਂਦੇ ਜਾਂ ਸਮਝਣਾ ਨਹੀਂ ਚਾਹੁੰਦੇ। ਬਜੁਰਗਾਂ ਨੂੰ ਯਾਦ ਕਰਨ ਲਈ ਬਹਾਨਿਆਂ ਦੀ ਜਰੂਰਤ ਨਹੀਂ ਹੁੰਦੀ ਜਿਥੇ ਪਿਆਰ ਸਤਿਕਾਰ ਹੋਵੇ, ਉਥੇ ਯਾਦ ਤਾਂ ਕਦੀ ਭੁਲਦੀ ਹੀ ਨਹੀਂ ਹੈ।

ਸ਼ਮਸ਼ਾਨ ਘਾਟ ਵਿੱਚ ਅੰਗੀਠਾ ਸਾਂਭਣਾਂ ਦਾ ਮਤਲਬ ਸਮਝਣ ਦੀ ਜਰੂਰਤ ਹੈ ਭਾਵ ਕਿ ਉਸ ਜਗ੍ਹਾ ਦੀ ਸਹੀ ਤਰੀਕੇ ਨਾਲ ਸਾਫ ਸਫਾਈ ਕਰ ਦੇਣਾ। ਸਾਡੇ ਸਬੰਧੀ ਤੋਂ ਪਹਿਲਾਂ ਕਿੰਨੇ ਪ੍ਰਾਣੀਆਂ ਦਾ ਸਸਕਾਰ ਇਸੇ ਜਗ੍ਹਾ ਤੇ ਹੋ ਚੁਕਾ ਹੈ ਸਾਡੇ ਬਾਅਦ ਪਤਾ ਨਹੀਂ ਕਿੰਨੇ ਹੋਰਾਂ ਦਾ ਇਥੇ ਹੋ ਜਾਣਾ ਹੈ। ਬਸ ਮੰਤਵ ਇਹ ਹੈ। ਅਜ ਈਸਾਈ, ਮੁਸਲਿਮ ਅਬਾਦੀ ਵਾਲੇ ਬਹੁਗਿਣਤੀ ਦੇਸ਼ਾਂ ਵਿਚੋਂ ਸੁਨਣ ਨੂੰ ਮਿਲਦਾ ਹੈ ਕਿ ਕਬਰਸਤਾਨਾਂ ਲਈ ਜਗ੍ਹਾ ਘਟਦੀ ਜਾ ਰਹੀ ਹੈ। ਜਗ੍ਹਾਂ ਮੁਲ ਲੈਣੀ ਪੈਂਦੀ ਹੈ। ਅਮੀਰ ਲੋਕ ਆਪਣੀ ਕਬਰ ਲਈ ਜਗ੍ਹਾ ਪਹਿਲਾਂ ਹੀ ਖਰੀਦ ਕੇ ਆਪਣੇ ਨਾਮ ਬੁੱਕ ਕਰਵਾ ਰਹੇ ਹਨ। ਕਈ ਥਾਵਾਂ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਕਬਰਾਂ ਲਈ ਜਗ੍ਹਾ ਦੀ ਕਮੀ ਕਾਰਣ ਗੋਲਾਈ ਵਿੱਚ ਜਗ੍ਹਾ ਖਰੀਦ ਕੇ ਸਰਕੂਲਰ ਪੁਟਾਈ ਕਰਕੇ ਮੁਰਦੇ ਨੂੰ ਲੇਟਵੇਂ ਦੀ ਥਾਂ ਤੇ ਖੜੇ ਰੁਖ ਦਫਨਾਉਣ ਦੀ ਨੌਬਤ ਆ ਰਹੀ ਹੈ।

ਸਿਖ ਰਹਿਤ ਮਰਿਆਦਾ ਵਿੱਚ ਸਪਸ਼ਟ ਹਦਾਇਤ ਹੈ ਕਿ ਸਸਕਾਰ ਅਸਥਾਨ ਤੇ ਮ੍ਰਿਤਕ ਪ੍ਰਾਣੀ ਦੀ ਯਾਦਗਾਰ ਬਣਾਉਣੀ ਮਨ੍ਹਾ ਹੈ। ਕਿਉਂ ਕਿ ਜੇਕਰ ਇਦਾਂ ਯਾਦਗਾਰਾਂ ਹੀ ਬਣਦੀਆਂ ਗਈਆਂ ਤਾਂ ਕੀ ਕਬਰਸਤਾਨਾਂ ਵਾਂਗ ਸ਼ਮਸ਼ਾਨ ਘਾਟਾਂ ਲਈ ਜਗ੍ਹਾ ਵੀ ਨਹੀਂ ਘਟ ਜਾਵੇਗੀ, ਕਿੰਨੇ ਕੁ ਸ਼ਮਸ਼ਾਨ ਘਾਟ ਹੋਰ ਬਣਾਵਾਂਗੇ। ਇਸ ਲੜੀ ਦਾ ਤਾਂ ਫਿਰ ਅੰਤ ਹੀ ਨਹੀਂ ਹੋਵੇਗਾ। ਇਹ ਯਾਦਗਾਰਾਂ ਹੀ ਸ਼ਮਸ਼ਾਨ ਘਾਟਾਂ ਦੀ ਜਗ੍ਹਾ ਮੱਲ ਲੈਣਗੀਆਂ।

ਬਹੁਗਿਣਤੀ ਬਾਬੇ ਇਸ ਗੱਲ ਨੂੰ ਜਾਣਦੇ ਹਨ ਕਿ ਸ਼ਮਸ਼ਾਨਘਾਟ ਵਿੱਚ ਸਾਡੇ ਮਨ ਦੀ ਯਦਗਾਰ ਰੂਪੀ ਮਨਸ਼ਾ ਪੂਰੀ ਨਹੀਂ ਹੋਵੇਗੀ, ਇਸ ਲਈ ਉਹ ਆਪਣੇ ਵੱਡੇ ਬਾਬੇ ਦਾ ਸਸਕਾਰ ਸ਼ਮਸ਼ਾਨਘਾਟ ਵਿੱਚ ਕਰਨ ਦੀ ਥਾਂ ਤੇ ਡੇਰੇ ਦੇ ਅੰਦਰ ਹੀ ਕਰਦੇ ਹਨ ਤਾਂ ਜੋ ਯਾਦਗਾਰ ਬਨਾਉਣ ਵਿੱਚ ਕੋਈ ਅੜਚਣ ਨਾਂ ਪਵੇ।

ਹੁਣ ਵਿਚਾਰਣ ਵਾਲਾ ਮੁੱਦਾ ਹੈ ਕਿ ਭਾਵੇਂ ਸਸਕਾਰ ਅਸਥਾਨ ਉਪਰ ਸਮਾਧ ਵਗੈਰਾ ਨਹੀਂ ਬਣਾਉਂਦੇ, ਉਸ ਯਾਦਗਾਰ ਦਾ ਬਾਹਰੀ ਰੂਪ ਗੁਰਦੁਆਰੇ ਵਾਲਾ ਹੀ ਦਿਖਾਈ ਦਿੰਦਾ ਹੈ, ਪ੍ਰਕਾਸ਼ ਵੀ ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੀ ਹੈ। ਇਹ ਸਭ ਕੁੱਝ ਦੇ ਪਿਛੇ ਉਸ ਡੇਰੇ ਦੇ ਪ੍ਰਬੰਧਕਾਂ ਦੀ ਮਨਸ਼ਾ/ ਮਕਸਦ ਕੀ ਹੈ?

ਜਿਵੇਂ ਉਦਾਹਰਣ ਦੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਸ਼ਰਾਬ ਦੀ ਬੋਤਲ ਉਪਰ ਬਾਹਰਲੇ ਪਾਸੇ ਅੰਮ੍ਰਿਤ ਦਾ ਲੇਬਲ ਲਾਉਣ ਨਾਲ ਵੀ ਉਹ ਸ਼ਰਾਬ ਹੀ ਰਹੇਗੀ। ਇਥੇ ਤਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹਨਾਂ ਬਾਬਿਆਂ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਿਨਾਂ ਸਰਦਾ ਨਹੀਂ ਹੈ ਜਿਦਣ ਇਹਨਾਂ ਨੂੰ ਲੱਗਾ ਕਿ ਇਸ ਤੋਂ ਬਿਨਾਂ ਸਰ ਸਕਦਾ ਹੈ ਤਾਂ ਸਭ ਤੋਂ ਪਹਿਲਾ ਕੰਮ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਡੇਰੇ ਤੋਂ ਬਾਹਰ ਕਰਨ ਦਾ ਕਰਨਗੇ।

ਫਿਰ ਆਉਣ ਵਾਲੇ ਸਮੇਂ ਅੰਦਰ ਇਹਨਾਂ ਯਾਦਗਾਰਾਂ ਉਪਰ ਪ੍ਰਕਾਸ਼ ਭਾਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੈ, ਇਸ ਗੁਰੂ ਦਾ ਪ੍ਰਕਾਸ਼ ਦਿਹਾੜਾ ਜਾਂ ਗੁਰਤਾ ਗੱਦੀ ਦਿਹਾੜਾ, ਹੋਰ ਗੁਰਪੁਰਬ, ਇਤਿਹਾਸਕ ਸ਼ਹੀਦੀ ਦਿਹਾੜੇ ਬਾਬਿਆਂ ਨੇ ਥੋੜੀ ਮਨਾਉਣੇ ਹਨ, ਸਗੋਂ ਆਪਣੇ ਵੱਡੇ ਬਾਬਿਆਂ ਦੀਆਂ ਬਰਸੀਆਂ ਹੀ ਲਗਾਤਾਰ ਹਰ ਸਾਲ ਵੱਡੇ ਪੱਧਰ ਤੇ ਮਨਾਈਆਂ ਜਾਣੀਆਂ ਹਨ। ਐਸਾ ਵਰਤਦਾ ਹੋਇਆ ਅਸੀਂ ਅਕਸਰ ਵੇਖਦੇ ਵੀ ਹਾਂ।

ਪ੍ਰਸ਼ਨ ਕਰਤਾ ਵਲੋਂ ਕੀਤੇ ਗਏ ਪ੍ਰਸ਼ਨ ਦਾ ਉਤਰ ‘ਗੁਰਮਤ ਨਿਰਨਯ ਕੋਸ਼‘ ਦੇ ਕਰਤਾ ਡਾ. ਗੁਰਸ਼ਰਨਜੀਤ ਸਿੰਘ ਦੇ ਸ਼ਬਦਾਂ ਵਿੱਚ ਸ਼ਪਸ਼ਟ ਹੋ ਜਾਂਦਾ ਹੈ ਕਿ- ‘ਇਥੇ ਪ੍ਰਬੰਧਕਾਂ ਦਾ ਨਿਸ਼ਾਨਾ ਸੰਗਤ ਨੂੰ ਸਿਖਿਅਤ ਕਰਨਾ ਨਹੀਂ, ਸਗੋਂ ਲੋਕਾਂ ਦੀ ਅਗਿਆਨਤਾ ਦਾ ਲਾਭ ਉਠਾ ਕੇ ਪੂਰਾ ਸ਼ੋਸ਼ਣ ਕਰਨਾ ਹੈ।

ਕਬੀਰ ਸਾਚਾ ਸਤਿਗੁਰ ਕਿਆ ਕਰੈ ਜਉ ਸਿਖਾ ਮਹਿ ਚੂਕ।।

ਅੰਧੇ ਏਕ ਨ ਲਾਗਈ ਜਿਉ ਬਾਂਸ ਬਜਾਈਐ ਫੂਕ।।

(ਸਲੋਕ ਕਬੀਰ ਜੀ-੧੩੭੨)

ਦਾਸ ਵਲੋਂ ਦਿਤੇ ਗਏ ਉਕਤ ਵਿਚਾਰਾਂ ਸਬੰਧੀ ਕੋਈ ਦਾਅਵੇਦਾਰੀ ਨਹੀਂ ਕੀਤੀ ਜਾ ਰਹੀ ਸਗੋਂ ਇਹ ਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਜਿੰਨੀ ਕੁ ਮੱਤ ਦਿਤੀ ਹੈ, ਉਸ ਅਨੁਸਾਰ ਸਪਸ਼ਟ ਕਰਨ ਦਾ ਯਤਨ ਕੀਤਾ ਗਿਆ ਹੈ।

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]


06/05/15)
ਡਾ: ਗੁਰਮੀਤ ਸਿੰਘ ਬਰਸਾਲ

ਸਤਿਕਾਰਯੋਗ ਗੁਰਦੀਪ ਸਿੰਘ ਬਾਗੀ ਜੀ,
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ !!

ਵੀਰ ਜੀਓ, ਵਿਚਾਰ ਵਿੱਚ ਹਲੇ ਤੱਕ ਕੋਈ ਵੀ ਅਜਿਹਾ ਵਸੀਲਾ ਨਹੀਂ ਮਿਲਿਆ ਜਿਸ ਵਿੱਚ ਜਨਮ ਅਤੇ ਜੋਤੀ ਜੋਤ ਦੀ ਅਰਥਾਤ ਦੋਵੇਂ ਤਰੀਕਾਂ ਮਿਲਦੀਆਂ ਹੋਣ।ਇਕ ਦਾ ਵਸੀਲਾ ਹੋਰ ਦੂਜੀ ਦਾ ਹੋਰ। ਹੁਣ ਆਪ ਹੀ ਦੱਸੋ ਕਿਸ ਧਿਰ ਨੂੰ ਕਿਹੜੇ ਆਧਾਰ ਤੇ ਗਲਤ ਜਾਂ ਠੀਕ ਕਿਹਾ ਜਾਵੇ।ਮੈ ਆਪ ਜੀ ਨੂੰ ਪਿਛਲੇ ਸਾਲ ਹੀ ਕਹਿ ਦਿੱਤਾ ਸੀ ਕਿ ਇਹਨਾਂ ਤਰੀਕਾਂ ਦੇ ਕੀ ਸਰੋਤ ਰਹੇ ਹੋਣਗੇ ਜਾਨਣਾ ਮੁਸ਼ਕਿਲ ਹੈ।
ਤੁਹਾਨੂੰ ਕਿਹਾ ਸੀ ਇਹ ਵਿਚਾਰ ਦਾ ਵਿਸ਼ਾ ਹੈ ਕਿਸੇ ਜਿੱਤ ਹਾਰ ਦਾ ਨਹੀਂ।
ਪਰ ਤੁਸੀਂ ਸ਼ਾਇਦ ਫੇਸਬੁਕ ਕੁਮੈਂਟਾਂ ਵਾਂਗ ਹੀ (ਮੈ ਸਹੀ ਤੂੰ ਗਲਤ ਜਾਂ ਮੈ ਫਲਾਣੇ ਨੂੰ ਭਜਾਤਾ ਜਾਂ ਮੇਰਾ ਕੁਮੈਂਟ ਹਰ ਹਾਲਤ ਵਿੱਚ ਦੂਸਰੇ ਤੋਂ ਬਾਅਦ ਵਿੱਚ ਜਾਣੀ ਅਖੀਰ ਵਿੱਚ ਹੋਣਾ ਚਾਹੀਦਾ ਜੋ ਦੂਸਰੇ ਨੂੰ ਭਜਾਉਣ ਦਾ ਝੰਡਾ ਜਾਪਦਾ ਹੋਵੇ) ਸੋਚ ਰਹੇ ਹੋ।
ਹੁਣ ਤੱਕ ਜੋ ਦਰਜਣਾ ਸਰੋਤ ਸਾਹਮਣੇ ਆਏ ਹਨ ਉਹਨਾ ਵਿੱਚੋਂ ਹੀ ਸਭ ਤੋਂ ਜਿਆਦਾ ਢੁਕਵੇਂ ਸਰੋਤ ਨਾਲ ਖੜਿਆ ਜਾ ਸਕਦਾ ਹੈ ਜਿਸਦੇ ਲਈ ਸੰਵਾਦ ਦੀ ਜਰੂਰਤ ਹੈ ਵਿਵਾਦ ਦੀ ਨਹੀਂ ।
ਵੀਰ ਜੀਓ ਤੁਹਾਨੂੰ ਕਿਹਾ ਸੀ ਕਿ ਕਾਹਲੇਪਣ ਨਾਲ ਕੁਝ ਨਹੀਂ ਹੋਣਾ। ਤੁਸਾਂ ਕੇਵਲ ਆਪਦੀ ਤਰੀਕ ਹੀ ਸਹੀ ਨਹੀਂ ਠਹਿਰਾਈ ਬਲਕਿ ਦੂਜਿਆਂ ਨੂੰ ਗਲਤ ਸਾਬਤ ਕਰ ਉਹਨਾਂ ਨੂੰ ਜਾਲਸਾਜੀ ਆਖ ਨਾਨਕਸ਼ਾਹੀ ਕੈਲੰਡਰ ਨੂੰ ਵੀ ਜਲਦੀ ਨਾਲ ਗਲਤ ਆਖ ਦਿੱਤਾ ਕਿਓਂਕਿ ਤੁਹਾਡੇ ਅਨੁਸਾਰ ਉਸ ਵਿੱਚ ਇਕ ਗਲਤ ਤਰੀਕ ਹੈ। ਸੋ ਇਸ ਤਰਾਂ ਤੁਸਾਂ ਸਾਬਤ ਕਰ ਦਿੱਤਾ ਜੋ ਤੁਹਾਡੇ ਨਾਲ ਸਹਿਮਤ ਨਹੀਂ ਉਹ ਕੇਵਲ ਗਲਤ ਹੀ ਨਹੀਂ ਸਗੋਂ ਜਾਲਸਾਜ ਹੈ । ਸ਼ਾਇਦ ਤੁਹਾਡੀ ਅਜਿਹੀ ਸੋਚ ਕਾਰਣ ਹੀ ਸਰਬਜੀਤ ਸਿੰਘ ਨੇ ਤੁਹਾਨੂੰ ਕਿਹਾ ਸੀ ਕਿ ਤੁਸੀਂ ਨਾ ਪਹਿਲਾਂ ਸ਼ੁਹਿਰਦ ਸੀ ਨਾ ਹੁਣ ਹੋ। ਸਵਾਲ ਇੱਕ ਜਾਂ ਤਿੰਨ ਵੈਸਾਖ ਤੇ ਝਗੜਨ ਦਾ ਨਹੀਂ ਹੈ ਬਲਕਿ ਇਹਨਾਂ ਤਰੀਕਾਂ ਵੱਲ ਇਸ਼ਾਰਾ ਕਰ ਰਹੇ ਸਰੋਤਾਂ ਦੇ ਇਸ਼ਾਰਿਆਂ ਰਾਹੀਂ ਸਾਝੀ ਸੋਚ ਅਪਣਾਉਣ ਦਾ ਹੈ। ਸੋ ਵੀਰ ਜੀਓ ਇਕ ਵਾਰ ਫਿਰ ਦੁਹਰਾ ਦੇਵਾਂ ਗੱਲ ਵਿਚਾਰ ਦੀ ਹੈ ਸਹੀ ਗਲਤ ਸਾਬਤ ਕਰਨ ਦੀ ਨਹੀਂ। ਵਿਚਾਰ ਵਾਲਾ ਵਿਰੋਧੀ ਨੂੰ ਵਿਚਾਰ ਨਾਲ ਕੀਲਦਾ ਹੈ ਨੀਚਾ ਦਖਾਉਣ ਦੀ ਪਰਿਵਿਰਤੀ ਨਹੀਂ ਪਾਲਦਾ। ਅਜਿਹੇ ਮਹੌਲ ਵਿੱਚ ਲਗਦਾ ਨਹੀਂ ਕਿ ਕੋਈ ਵੀ ਆਪ ਜੀ ਨਾਲ ਵਿਚਾਰ ਕਰ ਕਿਸੇ ਨਤੀਜੇ ਤੇ ਪੁੱਜ ਸਕੇ।ਦਾਸ ਇਸ ਵਿਸ਼ੇ ਤੇ ਆਪ ਜੀ ਨਾਲ ਅੱਗੇ ਵਿਚਾਰ ਨਹੀਂ ਕਰ ਸਕੇਗਾ।
ਗੁਰਮੀਤ ਸਿੰਘ ਬਰਸਾਲ


06/05/15)
ਬਲਦੀਪ ਸਿੰਘ ਰਾਮੂੰਵਾਲੀਆ-ਫੇਸਬੁੱਕ ਰਾਹੀਂ

ਮੇਰੀ ਦਰਦ ਕਹਾਣੀ ..(ਪੰਜਾਬ)

ਪੰਜਾਬ ਇੱਕ ਖੁਸ਼ਹਾਲ ਖਿੱਤਾ ਸੀ ।ਤਾਂ ਹੀ ਕਦੇ ਪ੍ਰੋ. ਪੂਰਨ ਸਿੰਘ ਵਰਗਾ ਅਲਬੇਲਾ ਸ਼ਾਇਰ ਕਹਿ ਉਠਿਆ ਸੀ ਪੰਜ਼ਾਬ ਜਿਊਦਾ ਗੁਰਾਂ ਦੇ ਨਾਮ ਤੇ ....ਸੱਚੀ ਇਥੋ ਦੀਆਂ ਫਿਜ਼ਾਵਾਂ ਚ ਘੁਲੀ ਹੋਈ ਬਾਣੀ ਇਸ ਨੂੰ ਸਾਰਿਆ ਤੋ ਵਖਰਾਉਦੀ ਸੀ ...ਇਥੋ ਦਾ ਸਭਿਆਚਾਰ /ਅਣਖੀਲਾ ਸੁਭਾਅ /ਸ਼ਰਮ ਹਯਾ ਦਾ ਪਰਦਾ /ਭਾਈਚਾਰਕ ਸਾਂਝ /.....ਅਣਖੀਲਾ ਪੰਜਾਬ ਸੀ ਇਹ ਮੇਰਾ ਪਰ ਜ਼ਾਲਮਾ ਦੀਆਂ ਨਜ਼ਰਾ ਲੱਗ ਗਈਆਂ ਆਪਣਿਆ ਦੀਆਂ ਬੇਵਫਾਈਆਂ ਨੇ ਰੋਲ ਤਾਂ ਮੇਰਾ ਪੰਜ਼ਾਬ ਹੁਣ ਤਾਂ ਬਾਪੂ ਪੰਜਾਬ ਸਿਉ ਅੰਮਾ ਪੰਜਾਬ ਕੌਰ ਸਮੇਤ ਮੰਜੇ ਪਕੜੀ ਬੈਠਾ ....ਖੂਨ ਦੇ ਅੱਥਰੂ ਵਹਾਉਦਾ ਪਇਆ ਤੁਰਨ ਤੋ ਸਮਰੱਥ ਹੈ ਬਸ ਅੰਦਰੋ ਅੰਦਰ ਟੁਟ ਰਿਹਾ ਕੁਝ ਗੱਲਾਂ ਕਰਨੀਆਂ ਚਾਹੁੰਦਾ ਸੀ ਤੁਹਾਡੇ ਨਾਲ ਹੋ ਸਕਿਆ ਤਾਂ ਉਸਦੇ ਮਰਨ ਤੋ ਪਹਿਲਾਂ ਸੁਣ ਜ਼ਰੂਰ ਲੈਣੀਆਂ ਜੋ ਉਸਨੇ ਕਹੀਆਂ ਨੇ ਤੁਹਾਡੇ ਨਾਮ ਤੇ ਖਤ ਪਾਇਆ ਤੁਹਾਡੇ ਪੰਜਾਬ ਸਿਉ ਬਾਪੂ ਨੇ ਆਸ ਨਾਲ ਕਿ ਪੜ੍ਹੋਗੇ ਜ਼ਰੂਰ ............
ਪਿਉ ਨੂੰ ਭੁਲ ਗਏ ਧੀਆਂ ਪੁਤਰਾਂ ਦੇ ਨਾ, ਲਿਖਤਮ ਪੰਜਾਬ ਸਿੰਘ

ਮੇਰੇ ਬਚਿਓ ਸ਼ਾਇਦ ਤੁਸੀ ਮੈਨੂੰ ਭੁਲ ਗਏ ਹੋਵੋਗੇ? ਮੈ ਤੁਹਾਡਾ ਬਾਪੂ ਪੰਜਾਬ ਸਿੰਘ ਬੋਲਦਾ ਜਿਸ ਨੇ ਆਪਣਾ ਸਭ ਕੁਝ ਤੁਹਾਡੇ ਝੋਲੀ ਚ ਪਾਤਾ ਸੀ ਇਸ ਆਸ ਨਾਲ ਕਿ ਬਾਪੂ ਦੀ ਬਜ਼ੁਰਗੀ ਚ ਸੇਵਾ ਕਰੋਗੇ ਤੇ ਨੇਕੀਆਂ ਦੇ ਮਾਰਗ ਤੇ ਚਲ ਕਿ ਮੇਰੀ ਪੱਗ ਦਾ ਫਰਲਾ ਉਚਾ ਕਰੋਗੇ ਪਰ ਤੁਸੀ ਤਾਂ ਪੁਤਰੋ ਮੇਰੀ ਪੱਗ ਹੀ ਲਾਤੀ ....ਲਾਤੀ ਕੀ ਸਗੋ ਰੋਲਤੀ ਮਿਟੀ ਦੇ ਵਿੱਚ ....ਮੈ ਤੁਹਾਨੂੰ ਸ਼ਾਇਦ ਅਜੇ ਵੀ ਖ਼ੱਤ ਨਾ ਲਿਖਦਾ ਜੇ ਮੇਰੇ ਸਬਰ ਦਾ ਬੰਨ੍ਹ ਨ ਟੁਟਦਾ ਪੁਤਰੋ ਮੈਨੂੰ ਮੁਆਫ ਕਰਨਾ ਮੈਥੋ ਰੁਕਿਆ ਨਹੀ ਗਿਆ ਤੁਸੀ ਤਾਂ ਮੈਨੂੰ ਭੁਲਾ ਦਿੱਤਾ ਪਰ ਮੈ ਤੁਹਾਨੂੰ ਨਹੀ ਭੁਲਾ ਸਕਦਾ ..ਤੁਸੀ ਤਾਂ ਮੇਰੇ ਨਾਲੋ ਰਿਸ਼ਤਾ ਤੋੜ ਲਿਆ ਪਰ ਮੈ ਤੁਹਾਡੇ ਨਾਲੋ ਕਿਵੇ ਰਿਸ਼ਤਾ ਤੋੜ੍ਹਾ? ..ਪੁਤ ਕਪੁਤ ਹੋ ਜਾਂਦੇ ਨੇ ਪਰ ਮਾਪੇ ਕੁਮਾਪੇ ਕਿਵੇ ਹੋ ਜਾਣ .....ਆਪਣੇ ਆਖਰੀ ਸਾਹ ਲੈਣ ਤੋ ਪਹਿਲਾਂ ਤੁਹਾਡੇ ਨਾਲ ਆਪਣਾ ਦਿੱਲ ਹੌਲਾ ਕਰਨਾ ਚਾਹੁੰਦਾ ਆ...ਹੋ ਸਕਦਾ ਇਸ ਖਤ ਨੂੰ ਪੜ੍ਹਣ ਤੋ ਬਾਅਦ ਹੀ ਤੁਸੀ ਮੇਰੀ ਤੇ ਆਪਣੀ ਅੰਮਾ ਪੰਜਾਬ ਕੌਰ ਦੀ ਖਬਰ ਸਾਰ ਲੈਣ ਲਈ ਆ ਜਾਵੋ ....ਪੁਤਰੋ ਧੀਓ ਇਕ ਸਮਾਂ ਸੀ ਮੇਰੀ ਸਰਦਾਰੀ ਬੋਲਦੀ ਸੀ ਇਸ ਮੁਲਕ ਬਿਚ ....ਮੇਰੀ ਖੂਬਸੂਰਤੀ ਅਤੇ ਤਾਕਤ ਦੇ ਕਿਸੇ ਕਾਬਲ ਕੰਧਾਰ ਤਕ ਗੂੰਜਦੇ ਸਨ .....ਬਹੁਤ ਅਮੀਰ ਵਿਰਾਸਤ ਦਾ ਮਾਲਕ ਸਾਂ ...ਮੇਰੇ ਪੁਤਰ ਧੀਆ ਉਸ ਵਕਤ ਮੇਰੇ ਤੋ ਜਾਣ ਨਿਛਾਵਰ ਕਰਦੇ ਸਨ .....ਮੇਰੇ ਵੱਲੇ ਕਿਸੇ ਨੇ ਕਦੇ ਕੈੜ੍ਹੀ ਨਜ਼ਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਸ਼ੇਰ ਬੱਗਿਆ ਨੇ ਉਹਨਾਂ ਦੇ ਦੰਦ ਭੰਨ ਸੁਟੇ ....ਮੇਰੇ ਪੁਤਰਾਂ ਨੂੰ ਗੁੜਤੀ ਬਾਣੀ ਦੀ ਜੋ ਮਿਲੀ ਹੋਈ ਸੀ ....ਤੁਸੀ ਕਿਤੇ ਆਉਣਾ ਮੇਰੇ ਕੋਲ ਤੁਹਾਨੂੰ ਦਸੋ ਉਹਨਾਂ ਮੇਰੇ ਪੁਤਰਾਂ ਨੇ ਮੇਰੀ ਸਰਦਾਰੀ ਬਚਾਉਣ ਲਈ ਆਪਣਾ ਖੂਨ ਤਕ ਪਾਣੀ ਬਣਾ ਕਿ ਡੋਲਿਆ ...ਮੇਰੀਆਂ ਧੀਆਂ ਨੇ ਆਪਣੇ ਬਾਪੂ ਦੀ ਪੱਗ ਨੂੰ ਦਾਗੀ ਨਹੀ ਹੋਣ ਦਿਤਾ ਭਾਵੇ ਕੀਮਾ ਕੀਮਾ ਹੋਣਾ ਪਿਆ ......ਸਮਾਂ ਆਇਆ ਮੇਰੇ ਪੁਤਾਂ ਦਾ ਡੁਲਿਆਂ ਖੂਨ ਰੰਗ ਲੈ ਆਇਆ ਮੇਰੇ ਇਕ ਪੁਤ ਰਣਜੀਤ ਸਿੰਘ ਨੇ ਆਪਣੇ ਬਾਪੂ ਦੀ ਮੁਛ ਮਾਣ ਨਾਲ ਖੜ੍ਹੀ ਕਰਤੀ ਜਦ ਮੇਰੀ ਚੌਧਰ ਦੀ ਹਦ ਨੇਪਾਲ /ਜਮਰੌਦ ਤਕ ਅਪੜ ਗਈਆਂ...ਸ਼ਰੀਕਾਂ ਦੀਆਂ ਨੀਦਾਂ ਹਰਾਮ ਹੋ ਗਈਆਂ ਮੇਰੀ ਚੜਤ ਦੇਖ ਕਿ ਉਹਨ੍ਹਾਂ ਦੀ ਛਾਤੀ ਤੇ ਸੱਪ ਮੇਲਦੇ ਸਨ ਮੇਰੀ ਟੌਅਰ ਦੇਖ ਕੇ ...ਪਰ ਮੇਰੇ ਪੁਤਰਾਂ ਇੱਕ ਵਾਰ ਸੰਸਾਰ ਚ ਤੂਤੀ ਬੋਲਾਤੀ ਕਿ ਇਹ ਪੰਜਾਬ ਸਿਉ ਦੀ ਔਲਾਦ ਆ ਕਿੰਨੀ ਸੱਲਗ ਨਿਕਲੀ ਆ ਬਾਂਛਾ ਖਿੜ ਜਾਂਦੀਆਂ ਸਨ ਮੇਰੀਆਂ .....ਪਰ ਇੱਕ ਫਿਕਰ ਵੀ ਸੀ ਆਪਣੇ ਸ਼ਰੀਕਾਂ ਤੋ ਕਿਉਕਿ ਸਦੀਆਂ ਤੋ ਉਹ ਮੈਨੂੰ ਮਾਰਨ ਉਝਾੜਣ ਦੀਆਂ ਤਰਕੀਬਾਂ ਘੜ ਰਹੇ ਸਨ ਆਹ ਸੁਖ ਦੇ ਦਿਨ ਦੇਖਣ ਲਈ ਪਤਾ ਨਹੀ ਮੈਨੂੰ ਆਪਣੇ ਕਿਨੇ ਪੁਤਾਂ ਧੀਆਂ ਦੀਆਂ ਲਾਸ਼ਾਂ ਨੂੰ ਆਪਣੇ ਮੋਢੇ ਤੇ ਟੋਹਣਾ ਪਿਆ ਪਰ ਧਨ ਸਨ ਮੇਰੇ ਉਹ ਸ਼ੇਰ ਬਗੇ ਜੋ ਬਾਪੂ ਦੀ ਸਰਦਾਰੀ ਲਈ ਜੂਝਦੇ ਰਹੇ ਤੇ ਇਕ ਦਿਨ ਉਹਨਾਂ ਨੇ ਸਭ ਕੁਝ ਜਿਤ ਕੇ ਮੇਰੀ ਝੋਲੀ ਪਾ ਦਿਤਾ .....ਮੇਰੇ ਪੁਤ ਰਣਜੀਤ ਸਿਉ ਦਾ ਰਾਜ ਤਾਂ ਸਵਰਗ ਸੀ ਇਸ ਧਰਤੀ ਹਰ ਇਕ ਪ੍ਰਾਣੀ ਨੂੰ ਉਸਨੇ ਖੁਸ਼ ਰਖਣ ਦਾ ਸਫਲਤਾ ਪੂਰਵਕ ਕੰਮ ਕੀਤਾ ..ਮੇਰੇ ਪੁਤ ਜਿਥੇ ਬਹਾਦਰ ਸਨ ਉਥੇ ਭੋਲੇ ਵੀ ਬਹੁਤ ਸਨ ਬੱਚਿਆ ਵਾਂਗ ਬਸ ਉਹਨਾਂ ਦੇ ਇਸ ਭੋਲੇਪਨ ਦਾ ਫਾਇਦਾ ਮੇਰੇ ਸਰੀਕਾਂ ਨੇ ਚੁਕ ਲਿਆ ਤੇ ਜਿਸ ਗੱਲ ਦਾ ਮੈਨੂੰ ਡਰ ਸੀ ਉਹ ਹੀ ਹੋਈ ....ਆਹ ਗੱਲ ਲਿਖਦਿਆ ਇਕ ਲੰਮੀ ਚੀਸ ਪੰਜਾਬ ਸਿੰਘ ਦੇ ਦਿਲ ਚੋ ਉਠੀ ਅੱਖਾਂ ਚ ਪਾਣੀ ਆ ਗਿਆ ਹੱਥ ਕੰਬਣ ਲਗ ਗਏ ਉਸਨੇ ਕਾਗਤ ਕਲਮ ਪਾਸੇ ਰਖ ਦਿਤਾ ...ਉਸਦਾ ਦਿਲ ਕੀਤਾ ਕਿ ਉਚੀ ਉਚੀ ਧਾਹਾਂ ਮਾਰੇ ਪਰ........ਚੱਲਦਾ (ਇਹ ਲੇਖ ਦੋ ਚਾਰ ਕਿਸ਼ਤਾਂ ਚ ਲਿਖਾਂਗਾ ਚੰਗੇ ਲਗੇ ਤਾਂ ਸ਼ੇਅਰ ਜ਼ਰੂਰ ਕਰਨਾ ......ਕੁਝ ਸੁਧਾਰ ਕਰਨਾ ਹੋਵੇ ਤਾਂ ਉਹ ਵੀ ਦਸ ਦੇਣਾ .......

ਬਲਦੀਪ ਸਿੰਘ ਰਾਮੂੰਵਾਲੀਆ)


ਮਾਂ ਤੇ ਮਾਂ ਹੁੰਦੀ ਆ .....Love u bebe

ਮਾਂ ਤਾਂ ਮਾਂ ਹੁੰਦੀ ਹੈ
ਬੋਹੜ੍ਹ ਤੋ ਸੰਘਣੀ, ਜਿਸਦੀ
ਮਮਤਾ ਦੀ ਛਾਂ ਹੁੰਦੀ ਹੈ
ਉਸਦੇ ਪਿਆਰ ਦੀ ਜਗੀਰ
ਬਚਿਆਂ ਦੇ ਨਾਂ ਹੁੰਦੀ ਹੈ
ਆਪਣੇ ਦੁਖ ਲਕੌਦੀ
ਬਚਿਆਂ ਦੇ ਸੁਖਾਂ ਦੀ ਚਾਹ ਹੁੰਦੀ ਹੈ
ਮਾਂ ਰਬ ਤੋ ਵੀ ਉਤਾਹ ਹੁੰਦੀ ਹੈ,
ਕਿਉਕਿ ਸਾਡੇ ਸਾਹਾਂ ਚ ਮਾਂ ਹੁੰਦੀ ਹੈ
ਮਾਂ ਦੀਆਂ ਝਿੜਕਾਂ ਵਿਚ ਵੀ
ਪਿਆਰ ਦੀ ਭਰਮਾਰ ਹੁੰਦੀ ਹੈ
ਫੁਲਾਂ ਬਿਨਾਂ ਇਹ ਜੜ੍ਹ ਕੁਮਲਾ ਜਾਂਦੀ ਹੈ
ਮਾਂ ਸਭ ਕੁਝ ਬਚਿਆ ਤੋ ਲੁਟਾ ਜਾਂਦੀ ਹੈ
ਦੁਨੀਆਂ ਅੰਦਰ ਸਭ ਤੋ ਕੀਮਤੀ ਮਾਂ ਹੁੰਦੀ ਹੈ
ਉਸਨੂੰ ਪੁਛੋ ਜਿਸ ਕੋਲ ਨਾ ਇਹ ਛਾਂ ਹੁੰਦੀ ਹੈ
ਜਦ ਕਦੇ ਫੁਲ ਆਪਣਾ ਰਿਸ਼ਤਾ ਤੋੜਦੇ ਨੇ
ਇਸ ਜੜ੍ਹ ਦੀ ਹੋਦ ਤਬਾਹ ਹੁੰਦੀ ਹੈ ..
ਪਰ ਫੁਲਾਂ ਲਈ ਫਿਰ ਵੀ ਦੁਆ ਹੁੰਦੀ ਹੈ
ਕਿਉਕਿ ਮਾਂ ਤੇ ਮਾਂ ਹੁੰਦੀ ਹੈ

ਮਾਵਾਂ ਦੀਆਂ ਅੱਖਾਂ ਚ ਹੰਝੂ ਨਾ ਲਿਆਇਉ ਸੋਹਣਿਉ,
ਰਬ ਤੋ ਵੀ ਪਹਿਲਾ ਇਨਾ ਦੀ ਸੇਵਾ ਕਮਾਇਉ ਸੋਹਣਿਉ

ਬਲਦੀਪ ਸਿੰਘ ਰਾਮੂੰਵਾਲੀਆ


06/05/15)
ਅਵਤਾਰ ਸਿੰਘ ਮਿਸ਼ਨਰੀ

ਦਮਦਮੀ ਟਕਸਾਲ ਵਿੱਚ ਬ੍ਰਾਮਣਵਾਦ?
ਅਵਤਾਰ ਸਿੰਘ ਮਿਸ਼ਨਰੀ (510-432-5827)
ਸਿੱਖੀ ਦੇ ਵਿਹੜੇ ਵਿੱਚ ਆ ਵੜੇ ਬ੍ਰਾਹਮਣਵਾਦ ਦੇ ਵਿਰੁੱਧ ਨਿਧੱੜਕ ਹੋ ਕੇ ਲਿਖਣ ਵਾਲੇ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਵਿਰੁੱਧ ਇਸੇ ਟਕਸਾਲ ਨੇ ਧੂੰਆਂਧਾਰ ਪ੍ਰਚਾਰ ਕਰਕੇ ਪੁਲੀਟੀਕਲ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹੱਥ ਠੋਕੇ ਜਥੇਦਾਰਾਂ ਕੋਲੋਂ ਪਾਬੰਦੀ ਲਗਵਾ ਦਿੱਤੀ ਸੀ ਤੇ ਇੱਧਰ ਜੋ ਦਮਦਮੀ ਟਕਸਾਲ ਦੀ ਪੁਸਤਕ "ਗੁਰਬਾਣੀ ਪਾਠ ਦਰਸ਼ਨ" ਸਿੱਖਾਂ ਨੂੰ ਲਵ ਕੁਛ ਦੀ ਉਲਾਦ ਦਸਦੀ, ਬ੍ਰਾਹਮਣੀ ਕਰਮਕਾਡਾਂ ਦਾ ਹਿੱਕ ਦੇ ਜੋਰ ਨਾਲ ਪ੍ਰਚਾਰ ਕਰਦੀ ਅਤੇ ਅਸ਼ਲੀਲ ਰਚਨਾਵਾਂ ਨਾਲ ਭਰੇ ਅਖੌਤੀ ਦਸਮ ਗ੍ਰੰਥ ਦੇ ਪੋਥੇ ਦਾ "ਸਾਹਿਬ ਗੁਰੂ ਗ੍ਰੰਥ ਜੀ" ਨਾਲ ਬਰਾਬਰ ਪ੍ਰਕਾਸ਼ ਕਰਦੀ ਹੈ ਕੀ ਕੋਈ ਅਣਖੀ ਜੋਧਾ ਜਥੇਦਾਰ ਜਾਂ ਪੰਥ ਖਾਲਸਾ ਇਕੱਠਾ ਹੋ ਕੇ ਇਨ੍ਹਾਂ ਦੀਆਂ ਬਾਮਣਵਾਦ ਨੂੰ ਪ੍ਰਣਾਈਆਂ ਪੁਸਤਕਾਂ ਤੇ ਵੀ ਪਾਬੰਦੀ ਲਾ ਕੇ ਨਿਆਰੇ ਖਾਲਸਾ ਹੋਣ ਦਾ ਮਾਣ ਪ੍ਰਾਪਤ ਕਰੇਗਾ? ਜਾਂ ਘੱਟ ਤੋਂ ਘੱਟ ਡੇਰਿਆਂ ਅਤੇ ਸੰਪ੍ਰਦਾਈ ਟਕਸਾਲਾਂ ਦਾ ਬ੍ਰਾਹਮਣਵਾਦੀ ਪ੍ਰਚਾਰ ਗੁਰਦੁਵਾਰਿਆਂ ਵਿੱਚੋਂ ਬੰਦ ਕਰਨ ਦਾ ਐਲਾਨ ਕਰੇਗਾ? ਜਾਂ ਕੇਵਲ ਵੋਟਾਂ ਤੇ ਨੋਟਾਂ ਦੀ ਖਾਤਰ ਜੀ ਹਜੂਰੀਆਂ ਕਰਦਾ ਇਨ੍ਹਾਂ ਦੇ 108 ਮਹਾਂਪੁਰਖਾਂ ਅੱਗੇ ਜਮੀਰ ਮਾਰ ਕੇ ਨੱਕ ਹੀ ਰਗੜਦਾ ਰਹੇਗਾ??????????????????
ਨੋਟ-ਇਸ ਸਬੰਧ ਵਿੱਚ 4 ਮਈ 2015 ਦੀ ਖਾਲਸਾ ਨਿਊਜ ਜਰੂਰ ਪੜ੍ਹੋ ਜੀ! ਜਾਂ ਆਪ ਟਕਸਾਲਾਂ ਦੇ ਲਿਖੇ ਗ੍ਰੰਥ ਪੜ੍ਹ ਕੇ ਦੇਖੋ!!!!!


05/05/15)
ਗੁਰਦੀਪ ਸਿੰਘ ਬਾਗੀ

ਆਦਰਜੋਗ ਡਾ ਗੁਰਮੀਤ ਸਿੰਘ ਬਰਸਾਲ ਜੀ
ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ
ਡਾ. ਸਾਹਿਬ ਤੁਹਾਡਾ ਇਹ ਖਿਆਲ “ਵੀਰ ਜੀ ਤੁਸੀਂ ਤਾਂ ਧੁਰ ਕੀ ਬਾਣੀ ਵਿਚ ਕਿਸੇ ਦੁਆਰਾ ਲਿਖੀਆਂ ਤਰੀਕਾਂ ਨੂੰ ਸੱਚ ਮੰਨ ਰਹੇ ਹੋ ਭਾਵੇਂ ਕਿ ਇਹ ਦੱਸ ਨਹੀਂ ਸਕੇ ਕਿ ਧੁਰ ਕੀ ਬਾਣੀ ਵਿੱਚ ਅਜਿਹੀਆਂ ਤਰੀਕਾਂ ਕਿਸਨੇ ,ਕਦੋਂ ਅਤੇ ਕਿਓਂ ਦਰਜ ਕਰੀਆਂ ਹੋਣਗੀਆਂ?”। ਆਦਰਜੋਗ ਡਾ. ਸਾਹਿਬ ਤੁਹਾਡੇ ਅਨੁਸਾਰ ਗੁਰੂ ਨਾਨਕ ਸਾਹਿਬ ਦੀ ਜੋਤੀ-ਜੋਤ ਸਮਾਉਣ ਦੀ ਸਹੀ ਤਾਰੀਖ ਅਸੂ ਵਦੀ 10 ਸੰਵਤ 1596 (07 ਸਿਤੰਬਰ 1539 ਇ.) ਦਾ ਵਸੀਲਾ ਗੁਰੂ ਗ੍ਰੰਥ ਸਾਹਿਬ ਦੀ ਹੱਥ-ਲਿਖਤਾਂ ਦੇ ਵਿੱਚ ਦਰਜ ਚਰਿਤ੍ਰ ਜੋਤੀ-ਜੋਤ ਸਮਾਉਣ ਵਾਲੀ ਟੂਕ ਹੇਠਾਂ ਦਰਜ ਹੈ, ਤੂਹਾਨੂੰ ਇਸ ਗੱਲ ਦੀ ਜਾਣਕਾਰੀ ਨਹੀ ਹੈ ਤੇ ਕੋਈ ਹੈਰਾਣੀ ਵਾਲੀ ਗੱਲ ਨਹੀ ਹੈ। ਇਹ ਕਿਸ ਨੇ ਲਿਖੇ ਹੋਣੇ ਹੈ, ਜਾਹਿਰ ਤੌਰ ਤੇ ਜੇ ਗੁਰੂ ਗ੍ਰੰਥ ਸਾਹਿਬ ਦੀਆਂ ਯਾ ਆਦਿ ਬੀੜ ਵਿੱਚ ਦਰਜ ਹੈ ਤੇ ਉਨ੍ਹਾਂ ਦਾ ਉਤਾਰਾ ਕਰਨ ਵਾਲੇ ਸਮਕਾਲੀਨ ਲਿਖਾਰੀਆਂ ਨੇ ਲਿਖੇ ਹੋਣੇ ਨੇ, ਜੇ ਉਤਾਰਾ ਕਰਨ ਵਾਲੇਆਂ ਨੇ ਅਪਣਾ ਨਾਮ ਵੀ ਦਿੱਤਾ ਹੋਣਾ ਹੈ ਤੇ ਉਹ ਵੀ ਪਤਾ ਚਲ ਜਾਵੇਗਾ।
ਸਵਾਲ ਉਠਦਾ ਹੈ ਜੋਤੀ-ਜੋਤ ਸਮਾਉਣ ਦੀਆਂ ਤਾਰੀਖਾਂ ਕਉਂ ਲਿਖੀਆਂ ਨੇ, ਕਿਆਸ ਹੀ ਲਗਾਈਆ ਜਾ ਸਕਦਾ ਹੈ, ਸ਼ਾਅਦ ਗੁਰੂ ਸਾਹਿਬਾਨ ਦੇ ਗੁਰੂ ਕਾਲ ਦੇ ਸਮਯ ਨੂੰ ਦਰਸ਼ਾਉਣ ਵਾਸਤੇ ਲਿਖੀਆ ਹੋਣੀਆਂ ਨੇ।
ਡਾ. ਸਾਹਿਬ ਤੁਹਾਡਾ ਇਹ ਮੱਤ “ਵੀਰ ਗੁਰਦੀਪ ਸਿੰਘ ਜੀ ਤੁਹਾਨੂੰ ਸਿਧੇ ਸਵਾਲ ਕਰਨ ਤੋਂ ਭਾਵ ਕੇਵਲ ਇਹ ਅਹਿਸਾਸ ਕਰਵਾਉਣਾ ਸੀ ਕਿ ਜਦੋ ਤੱਥ ਸਪੱਸ਼ਟ ਨਾ ਹੋਣ ਤਾਂ ਇੰਨੇ ਕਾਹਲੇ ਨਹੀਂ ਚੱਲੀਦਾ।” ਆਦਰਜੋਗ ਡਾ. ਸਾਹਿਬ ਜੇ ਤੁਹਾਡੇ ਕੋਲੋ ਜਵਾਬ ਨਹੀ ਦਿੱਤਾ ਜਾਂਦਾ ਤੇ ਇਸ ਤਰਹ ਦਿਆਂ ਹਾਸੋਹੀਣੀ ਗੱਲਾਂ ਨ ਕਰੋ, ਜੇ ਤੁਹਾਡੇ ਤੱਥ ਸਪਸ਼ਟ ਨਹੀ ਸੀ ਤੇ ਪਹਿਲੀ ਬੈਸਾਖ ਵਾਲੀ ਤਾਰੀਖ ਦੇਕੇ ਜਾਲਸਾਜੀ ਨ ਕਰਦੇ।
ਕੱਤਕ ਦੀ ਤਾਰੀਖ ਵਾਲੀ ਗਲ ਤੇ ਕਦੇ ਵੀ ਸਹੀ ਨਹੀ ਸੀ ਤੇ ਉਸ ਦਾ ਪਿਛੇ ਰਹਿਨ ਦਾ ਸਵਾਲ ਹੀ ਪੈਦਾ ਨਹੀ ਹੋਂਦਾ, ਬਾਕੀ ਤਾਰੀਖਾਂ ਦੀ ਹੋਰ ਕਿਸੇ ਪੜਤਾਲ ਦੀ ਜਰੂਰਤ ਨਹੀ ਹੈ ਕਉਂਕਿ ਗੁਰੂ ਨਾਨਕ ਸਾਹਿਬ ਦੀ ਪ੍ਰਕਾਸ਼ ਤਾਰੀਖ ਸੁਦੀ 3 ਸੰਵਤ 1526 (15 ਅਪ੍ਰੈਲ 1469) ਹੈ। ਇਹ ਤੱਥ ਵੀ ਸਾਮ੍ਹਣੇ ਹੈ ਕਿ ਗੁਰੂ ਨਾਨਕ ਸਾਹਿਬ ਦੀ ਕੂਲ ਉਮਰ ਕਿਸੇ ਜਨਮਸਾਖੀ ਵਿੱਚ ਦਰਜ ਨਹੀ ਹੈ ਕਉਂਕਿ ਤੁਹਾਡੇ ਕੋਲੋ ਮੇਰੇ ਏਸ ਸਵਾਲ ਦਾ ਜਵਾਬ ਪਿਛਲੇ ਇਕ ਸਾਲ ਤੂੰ ਨਹੀ ਦਿੱਤਾ ਗਿਆ।
ਹੁਣ ਰਹੀ ਗੱਲ ਨਾਨਕਸ਼ਾਹੀ ਕਲੈਂਡਰ, ਜੋ ਜਾਲਸਾਜੀ ਨਾਲ ਕੋਈ ਤਾਰੀਖ ਅਪਣੇ ਵਿੱਚ ਸਮੇਟੇ ਹੋਵੇ ਤੇ ਸਮਝੋ ਉਸ ਦਾ ਮਕਸਦ ਕੌਮ ਦਾ ਨੁਕਸਾਨ ਕਰਨਾ ਹੀ ਹੈ ਤੇ ਉਸ ਨੂੰ ਰੱਦ ਕਰ ਦੇਣਾ ਚਾਹਿਦਾ ਹੈ, ਚਾਹੇ ਉਹ ਕਮੇਟੀ ਵਾਲੇਆਂ ਦਾ ਹੈ ਯਾ ਪਾਲ ਸਿੰਘ ਪੁਰੇਵਾਲ ਦਾ ਹੈ।
ਧੰਨਵਾਦ
ਗੁਰਦੀਪ ਸਿੰਘ ਬਾਗੀ


05/05/15)
ਜਸਪ੍ਰੀਤ ਕੌਰ ਫਰੀਦਾਬਾਦ/ਗੁਰਸੇਵਕ ਸਿੰਘ ਮਦਰੱਸਾ

ਸਿੱਖੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣ ਦਾ ਨਾਮ ਨਹੀਂ ਬਲਕਿ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਨੂੰ ਮੱਥੇ ਵਿੱਚ ਵਸਾਉਣ ਦਾ ਨਾਮ ਹੈ
ਜੇ ਮਰਨ ਤੋਂ ਬਾਅਦ ਹੀ ਰਬ ਦੇ ਚਰਨਾਂ ਵਿੱਚ ਨਿਵਾਸ ਥਾਂ ਮਿਲਦਾ ਹੈ ਤਾਂ ਫਿਰ ਇਸ ਸੰਸਾਰ ਵਿੱਚ ਸਾਨੂੰ ਸਮਾਂ ਖਰਾਬ ਕਰਨ ਦੀ ਕੀ ਲੋੜ ਹੈ? :
ਸ. ਗੁਰਸੇਵਕ ਸਿੰਘ ਮਦਰੱਸਾ
ਬੀਬੀ ਸੁਰਜੀਤ ਕੌਰ ਦੀ ਇੱਛਾ ਮੁਤਾਬਕ ਉਨ੍ਹਾਂ ਦੀਆਂ ਅੱਖਾਂ ਲੋੜਵੰਦ ਲਈ ਦਿੱਤੀਆਂ ਗਈਆਂ

(ਜਸਪ੍ਰੀਤ ਕੌਰ ਫਰੀਦਾਬਾਦ ੫ ਮਈ ੨੦੧੫)
ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਰਪੱਤ ਜੱਥੇਬੰਦੀ ਗੁਰਮਤਿ ਪ੍ਰਚਾਰ ਜੱਥਾ ਦਿੱਲੀ ਦੇ ਆਗੂ ਸ. ਗੁਰਬਖਸ਼ ਸਿੰਘ ਜੀ ਦੀ ਸੁਪਤਨੀ ਬੀਬੀ ਸੁਰਜੀਤ ਕੌਰ ਜੀ ਪਿਛਲੇ ਦਿਨੀਂ ਬਿਮਾਰੀ ਕਾਰਨ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਨਮਿਤ ਰਖੇ ਗੁਰਮਤਿ ਸਮਾਗਮ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸ਼ਹੀਦ ਭਗਤ ਸਿੰਘ ਮਾਰਕੀਟ ਸ਼ਿਵਾ ਜੀ ਇਨਕਲੇਵ, ਰਾਜਾ ਗਾਰਡਨ ਦਿੱਲੀ ਵਿਖੇ ਹੋਏ। ਇਸ ਮੌਕੇ ਲੁਧਿਆਣਾ ਤੋਂ ਉਚੇਚੇ ਤੌਰ’ ਤੇ ਪੁੱਜੇ ਵੀਰ ਗੁਰਸੇਵਕ ਸਿੰਘ ਮੱਦਰਸਾ ਜੀ ਨੇ ਮੌਤ ਵਿਸ਼ੇ ਨੂੰ ਗੁਰਬਾਣੀ ਦੀ ਰੌਸ਼ਨੀ ਵਿੱਚ ਸਪਸ਼ਟ ਕੀਤਾ। ਉਨ੍ਹਾਂ ਮਨੁੱਖੀ ਜਿੰਦਗੀ ਦੀ ਮਹੱਤਤਾ ਸਮਝਾਉਂਦਿਆਂ ਸਚਿਆਰ ਬਣਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਸਿੱਖੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣ ਦਾ ਨਾਮ ਨਹੀਂ ਬਲਕਿ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਨੂੰ ਮੱਥੇ ਵਿੱਚ ਵਸਾਉਣ ਦਾ ਨਾਮ ਹੈ। ਉਨ੍ਹਾਂ ਦਸਿਆ ਕਿ ਮਰਣ ਤੋਂ ਬਾਅਦ ਦੇ ਜੀਵਨ ਨੂੰ ਤਾਂ ਗੁਰਬਾਣੀ ਵੀ ਪ੍ਰਵਾਣ ਨਹੀਂ ਕਰਦੀ ਫਿਰ ਇਹ ਅਰਦਾਸੀਏ ਸਿੰਘ ਪਤਾ ਨਹੀਂ ਕਿਸ ਦੀ ਆਤਮਾ ਨੂੰ ਚਰਣਾਂ ਵਿੱਚ ਨਿਵਾਸ ਬਖਸ਼ਣ ਦੀ ਗੱਲ ਕਰ ਕੇ ਲੋਕਾਂ ਨੂੰ ਮੂਰਖ ਬਣਾਉਂਦੇ ਆ ਰਹੇ ਹਨ। ਇਸ ਮੌਕੇ ਫਰੀਦਾਬਾਦ ਤੋਂ ਪੁੱਜੇ ਸ. ਸੁਰਿੰਦਰ ਸਿੰਘ ਫਰੀਦਾਬਾਦ ਨੇ ਕਿਹਾ ਕਿ ਸਾਨੂੰ ਰੋਜਾਨਾ ਗੁਰੂ ਗ੍ਰੰਥ ਸਾਹਿਬ ਸਨਮੁਖ ਅਰਦਾਸ ਕਰਨੀ ਚਾਹੀਦੀ ਹੈ ਕਿ ਗੁਰੂ ਸਾਹਿਬ ਸਾਨੂੰ ਜਿਉਂਦਿਆ ਜੀਅ ਅਪਨੇ ਚਰਣਾਂ ਵਿੱਚ ਨਿਵਾਸ ਬਖਸ਼ਣ। ਇਸ ਮੌਕੇ ਕਈ ਧਾਰਮਕ ਤੇ ਪੰਥਕ ਸ਼ਖਸੀਅਤਾਂ ਅਤੇ ਮਿਸ਼ਨਰੀ ਕਾਲਜਾਂ ਦੇ ਆਗੂ ਹਾਜ਼ਰ ਸਨ। ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਆਗੂ ਸ. ਉਪਕਾਰ ਸਿੰਘ ਫਰੀਦਾਬਾਦ ਅਤੇ ਯੰਗ ਸਿੱਖ ਐਸੋਸਿਏਸ਼ਨ ਫ਼ਰੀਦਾਬਾਦ ਦੇ ਸ. ਜਤਿੰਦਰ ਸਿੰਘ ਵੱਲੋਂ ਭਾਈ ਗੁਰਬਖਸ਼ ਸਿੰਘ ਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨੂੰ ਗੁਰਮਤਿ ਲਿਟਰੇਚਰ ਦਾ ਸੈਟ ਭੇਂਟ ਕੀਤਾ ਗਿਆ। ਸਿੱਖ ਮਸਾਲਾ ਦੇ ਮੋਢੀ ਸ. ਜਰਨੈਲ ਸਿੰਘ ਨੇ ਗੁਰਦੁਆਰੇ ਵਿਖੇ ਗੁਰਮਤਿ ਸਟਾਲ ਲਾਇਆ ਅਤੇ ਸੰਗਤਾਂ ਨੂੰ ਗੁਰਮਤਿ ਲਿਟਰੇਚਰ ਵੰਡਿਆ।


04/05/15)
ਡਾ: ਗੁਰਮੀਤ ਸਿੰਘ ਬਰਸਾਲ

ਸਤਿਕਾਰ ਯੋਗ ਗੁਰਦੀਪ ਸਿੰਘ ਬਾਗੀ ਜੀ,
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ !!


ਆਪਾਂ ਸਾਰੇ ਹੀ ਇਸ ਗਲ ਨਾਲ ਸਹਿਮਤ ਹਾਂ ਕਿ ਆਪਾਂ ਨੂੰ ਅਜੇ ਤੱਕ ਕਿਸੇ ਵੀ ਇਕ ਵਸੀਲੇ ਤੋਂ ਜਨਮ ਤਰੀਕ, ਜੋਤੀ ਜੋਤ ਸਮਾਉਣ ਦੀ ਤਰੀਕ ਅਤੇ ਕੁਲ ਉਮਰ ਨਹੀਂ ਮਿਲੀਆਂ । ਆਪਾਂ ਇਕ ਫੈਕਟਰ ਇਕ ਵਸੀਲੇ ਤੋਂ ਅਤੇ , ਦੂਜੇ ਲਈ ਹੋਰ ਵਸੀਲਾ ਦੇਖ ਰਹੇ ਹਾਂ ਅਤੇ ਇਕ ਦੂਸਰੇ ਤੋਂ ਸਰੋਤਾਂ ਦੀ ਜਾਣਕਾਰੀ ਮੰਗ ਰਹੇ ਹਾਂ। ਵੀਰ ਜੀ ਤੁਸੀਂ ਤਾਂ ਧੁਰ ਕੀ ਬਾਣੀ ਵਿਚ ਕਿਸੇ ਦੁਆਰਾ ਲਿਖੀਆਂ ਤਰੀਕਾਂ ਨੂੰ ਸੱਚ ਮੰਨ ਰਹੇ ਹੋ ਭਾਵੇਂ ਕਿ ਇਹ ਦੱਸ ਨਹੀਂ ਸਕੇ ਕਿ ਧੁਰ ਕੀ ਬਾਣੀ ਵਿੱਚ ਅਜਿਹੀਆਂ ਤਰੀਕਾਂ ਕਿਸਨੇ ,ਕਦੋਂ ਅਤੇ ਕਿਓਂ ਦਰਜ ਕਰੀਆਂ ਹੋਣਗੀਆਂ? ਅਜਿਹੇ ਮਹੌਲ ਵਿੱਚ ਕੋਈ ਵੀ ਤੁਹਾਡੇ ਵਾਂਗ ਵੱਖ ਵੱਖ ਵਸੀਲਿਆਂ ਨੂੰ ਰਲਾਕੇ ਸਪੱਸ਼ਟ ਜਵਾਬ ਤਾਂ ਦੇ ਸਕਦਾ ਹੈ (ਜਿਵੇ ਤੁਸੀ ਕੁਲ ਉਮਰ ਪੇਸ਼ ਕੀਤੀ ਹੈ) ਪਰ ਕੀ ਇੰਝ ਕਰਨਾ ਜਾਇਜ ਹੋਵੇਗਾ ਇਹੀ ਤਾਂ ਆਪਾਂ ਸੋਚ ਰਹੇ ਹਾਂ।

ਵੀਰ ਗੁਰਦੀਪ ਸਿੰਘ ਜੀ ਤੁਹਾਨੂੰ ਸਿਧੇ ਸਵਾਲ ਕਰਨ ਤੋਂ ਭਾਵ ਕੇਵਲ ਇਹ ਅਹਿਸਾਸ ਕਰਵਾਉਣਾ ਸੀ ਕਿ ਜਦੋ ਤੱਥ ਸਪੱਸ਼ਟ ਨਾ ਹੋਣ ਤਾਂ ਇੰਨੇ ਕਾਹਲੇ ਨਹੀਂ ਚੱਲੀਦਾ। ਜਿਵੇ ਤੁਸੀ ਦੋ ਤੱਥਾ ਤੋਂ ਕੁਲ ਉਮਰ ਪੇਸ਼ ਕੀਤੀ ਹੈ ਇਸੇ ਤਰ੍ਹਾਂ ਹੀ ਕੋਈ ਨਵੀ ਜਨਮ ਤਰੀਕ ਜਾਂ ਜੋਤੀ ਜੋਤ ਸਮਾਉਣ ਦੀ ਨਵੀ ਤਰੀਕ ਵੀ ਪੇਸ਼ ਕੀਤੀ ਜਾ ਸਕਦੀ ਹੈ। ਹੁਣ ਤੱਕ ਵੱਖ ਵੱਖ ਵਸਿਆਂ ਤੋਂ ਜੋ ਜਾਣਕਾਰੀ ਸਾਹਮਣੇ ਆਈ ਹੈ ੳਸੇ ਦੀ ਹੀ ਜਮਾ-ਘਟਾਉ ਕਰਕੇ ਕਿਸੇ ਨਤੀਜੇ ਤੇ ਪੁਜਿਆ ਜਾ ਸਕਦਾ ਹੈ। ਗੁਰੂ ਜੀ ਦੇ ਜਨਮ ਦੀਆਂ ਦੋ ਤਾਰੀਖਾਂ, ਜੋਤੀ ਜੋਤ ਸਮਾਉਣ ਦੀਆਂ ਦੋ ਤਰੀਕਾਂ ਅਤੇ ਦੋ ਉਮਰਾਂ ਮਿਲਦੀਆਂ ਹਨ । ਜਨਮ ਤਰੀਕਾਂ ਵਿਚ ਕੱਤਕ ਦੀ ਤਰੀਕ ਤਾਂ ਹੁਣ ਬਹੁਤ ਪਿਛੇ ਰਹਿ ਗਈ ਹੈ ਆਪਾਂ ਸਾਰੇ ਵੈਸਾਖ ਤੇ ਸਹਿਮਤ ਹਾ। ਹੁਣ ਬਾਕੀਆਂ ਤੱਥਾ ਦੀ ਆਪਾਂ ਨੇ ਰਲ-ਮਿਲ ਕੇ ਪੜਤਾਲ ਕਰਨੀ ਹੈ।

ਗੁਰਮੀਤ ਸਿੰਘ ਬਰਸਾਲ


03/05/15)
ਗੁਰਦੀਪ ਸਿੰਘ ਬਾਗੀ

ਆਦਰਜੋਗ ਡਾ ਗੁਰਮੀਤ ਸਿੰਘ ਬਰਸਾਲ ਜੀ
ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ
ਤੂੰਸੀ ਬਹੁਤ ਵਧਿਆ ਸਵਾਲ ਕੀਤਾ ਕਿ ਧੁਰ ਦੀ ਬਾਣੀ ਦੀਆਂ ਬੀੜਾਂ ਵਿੱਚ ਜੋਤੀ-ਜੋਤ ਸਮਾਉਣ ਦੀਆਂ ਤਾਰੀਖਾਂ ਕਿਨ੍ਹੇ ਦਰਜ ਕੀਤੀਆਂ ਅਤੇ ਕਦੇ, ਸਵਾਲ ਦਾ ਜਵਾਬ ਜਰੂਰ ਲੱਭਨਾ ਚਾਹਿਦਾ ਹੈ, ਹਾਂ ਇਸ ਬਾਰੇ ਰਾਯ ਤੇ ਮੈ ਪਹਿਲਾਂ ਵੀ ਦੇ ਚੁਕਾ ਹਾਂ।
ਪਰ ਤੁਹਾਡਾ ਏਸ ਸਵਾਲ “ਜਨਮ ਸਾਖੀਆਂ ਵਿੱਚ ਜੋਤੀ ਜੋਤ ਸਮਾਉਣ ਦੀ ਕਿਹੜੀ ਤਾਰੀਖ ਦਰਜ ਹੈ? ਜੇ ਨਹੀਂ ਤਾਂ ਇਹ ਦਰਜ ਕਿਉਂ ਨਹੀਂ ਹੈ?”, ਵੀਰ ਜੀ ਇਸ ਦਾ ਜਵਾਬ ਤੂੰਸੀ ਪਾਠਕਾਂ ਤਕ ਪਹੁਚਾਉ ਕਉਂ ਕਿ “ਸਹੀ ਜੋਤੀ-ਜੋਤ ਸਮਾਉਣ ਦੀ ਤਾਰੀਖ ਪਤਾ ਹੋਵੇ ਅਤੇ ਕੂਲ ਉਮਰ ਪਤਾ ਹੋਵੇ" ਤੁਹਾਡੇ ਨੁਕਤੇ ਦਾ ਹਿੱਸਾ ਹੈ, ਏਸ ਦਾ ਜਵਾਬ ਤੂੰਸੀ ਦੇਵੋ ਵੇਨਤੀ ਹੈ । ਤੂੰਸੀ ਹਾਲੇ ਤਕ ਇਹ ਨਹੀ ਦੱਸੀਆ ਕਿ ਤੁਹਾਡਾ ਸਹੀ ਜੋਤੀ-ਜੋਤ ਸਮਾਉਣ ਦੀ ਤਾਰੀਖ ਦਾ ਵਸੀਲਾ ਕੇੜ੍ਹੀ ਜਨਮਸਾਖੀ ਹੈ ਅਤੇ ਕੁਲ ਉਮਰ 70 ਸਾਲ 5 ਮਹੀਨੇ ਤੇ 7 ਦਿਨ ਕਿਸ ਜਨਮਸਾਖੀ ਵਿੱਚ ਦਰਜ ਹੈ। ਵਿਚਾਰ ਚਰਚਾ ਵਿੱਚ ਹਾਲੇ ਤਕ ਏਸ ਸਵਾਲ ਦੇ ਜਵਾਬ ਦੀ ਆਸ ਸ਼ਾਅਦ ਤੂੰਸੀ ਹੁਣ ਪੂਰੀ ਕਰ ਦੋ।
ਵੀਰ ਜੀ, ਗੁਰੂ ਨਾਨਕ ਸਾਹਿਬ ਦੀ ਸਹੀ ਕੁਲ ਉਮਰ 70 ਸਾਲ 4 ਮਹੀਨੇ ਅਤੇ 23 ਦਿਨ ਤੂੰਸੀ ਪਹਿਲੀ ਬਾਰ ਪੜ੍ਹੀ ਹੈ, ਮੈ ਉਮੀਦ ਕਰਦਾ ਹਾਂ ਕਿ ਮੈ ਪਿਛਲੇ ਸਾਲ ਤੂੰ ਜੋ ਸਵਾਲ ਤੁਹਾਨੂੰ ਕਰ ਰਹਿਆ ਹਾਂ ਅਤੇ ਇਸ ਖਤ ਵਿੱਚ ਵੀ ਹੈ, ਉਨ੍ਹਾਂ ਦਾ ਜਵਾਬ ਤੁਹਾਡੇ ਅਗਲੇ ਖਤ ਵਿੱਚ ਪਹਿਲੀ ਬਾਰ ਪੜ੍ਹਾਗਾਂ।
ਵੀਰ ਜੀ, ਮੈ ਉਮਦੀ ਕਰਦਾ ਹਾਂ ਕਿ ਅਗਲੇ ਖਤ ਵਿੱਚ ਮੈ ਲਿਖ ਸਕਾਂ “ਸਪੱਸ਼ਟ ਜਵਾਬ ਦੇਣ ਲਈ ਧੰਨਵਾਦ।”
ਗੁਰਦੀਪ ਸਿੰਘ ਬਾਗੀ


03/05/15)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸ. ਹਾਕਮ ਸਿੰਘ ਜੀਓ, ਸਤਿ ਕਰਤਾਰ!

01. 05. 2015 ਨੂੰ ‘ਸਿਖਮਾਰਗ’ ਵੈਬਸਾਈਟ ਉੱਤੇ ਪਾਏ ਗਏ ਆਪ ਜੀ ਦੇ ਪੱਤਰ ਲਈ ਆਪ ਜੀ ਦਾ ਧੰਨਵਾਦ ਹੈ ਜੋ ਇੱਸੇ ਵੈਬਸਾਈਟ ਉੱਤੇ 30. 04. 2015 ਨੂੰ ਪਾਏ ਗਏ ਮੇਰੇ ਪੱਤਰ ਦੇ ਜਵਾਬ ਵਜੋਂ ਹੈ। ਆਪ ਜੀ ਨੇ ਆਪਣੇ ਇਸ ਪੱਤਰ ਦੀਆਂ ਅਖੀਰਲੀਆਂ ਤਿੰਨ ਸਤਰਾਂ ਵਿਚ ਵਿਚਾਰ-ਚਰਚਾ ਨੂੰ ਬੰਦ ਕਰਨ ਦਾ ਸੁਝਾ ਦਿੱਤਾ ਹੈ । ਜੇਕਰ ਆਪ ਜੀ ਦੇ ਇਸ ਪੱਤਰ ਵਿਚ ਕੇਵਲ ਇਹ ਤਿੰਨ ਸਤਰਾਂ ਹੀ ਸ਼ਾਮਲ ਹੁੰਦੀਆਂ ਤਾਂ ਹੋਰ ਗੱਲ ਸੀ। ਪਰੰਤੂ ਇਹਨਾਂ ਸਤਰਾਂ ਤੋਂ ਪਹਿਲਾਂ ਆਪ ਜੀ ਨੇ ਇਕ ਵਾਰ ਫਿਰ ਕੁਝ ਅੱਤਕਥਨੀਆਂ ਪੇਸ਼ ਕਰ ਦਿੱਤੀਆਂ ਹਨ ਜਿਹਨਾਂ ਬਾਰੇ ਗੱਲ ਕਰਨੀ ਜ਼ਰੂਰੀ ਹੋ ਜਾਂਦੀ ਹੈ।

ਆਪਣੇ ਪੱਤਰ ਦੇ ਪਹਿਲੇ ਭਾਗ ਵਿੱਚ ਆਪ ਜੀ ਇਹ ਦਾਵਾ ਪੇਸ਼ ਕਰ ਰਹੇ ਜਾਪਦੇ ਹੋ ਕਿ ਮਨ ਨੇ ਸਰੀਰਕ ਮੌਤ ਤੋਂ ਪਿੱਛੋਂ ਇਸ ਕਰਕੇ ਜਿਉਂਦੇ ਰਹਿਣਾ ਹੁੰਦਾ ਹੈ ਕਿਉਂਕ ਉਸ ਦਾ ਪ੍ਰਭੂ ਨਾਲ ਮੇਲ ਹੋਣਾ ਹੁੰਦਾ ਹੈ। ਹੁਣ, ਗੁਰਬਾਣੀ ਤਾਂ ਸਰੀਰਕ ਮੌਤ ਦੇ ਪਿੱਛੋਂ ਪ੍ਰਭੂ ਨਾਲ ਮੇਲ ਦੀ ਗੱਲ ਹੀ ਨਹੀਂ ਕਰਦੀ। ਗੁਰਬਾਣੀ ਅਨੁਸਾਰ ਤਾਂ ਮਨੁੱਖ ਦਾ ਪ੍ਰਭੂ ਨਾਲ ਮੇਲ ਉਸਦੀ ਸਰੀਰਕ ਮੌਤ ਤੋਂ ਪਹਿਲਾਂ ਭਾਵ ਵਰਤਮਾਨ ਜੀਵਨ ਵਿਚ ਹੀ ਹੋਣਾ ਹੁੰਦਾ ਹੈ ਅਤੇ ਇਹ ਮਨ ਨੂੰ ਵਿਕਾਰਮਈ ਭਾਵਨਾਵਾਂ ਤੋਂ ਮੁਕਤ ਕਰਦੇ ਹੋਏ ‘ਸਚਿਆਰ’ ਵਾਲੀ ਜੀਵਨ-ਜਾਚ ਅਪਣਾਉਣ ਨਾਲ ਹੀ ਸੰਭਵ ਹੁੰਦਾ ਹੈ।

ਆਪਣੇ ਪੱਤਰ ਦੇ ਦੂਸਰੇ ਭਾਗ ਵਿਚ, ਆਪ ਜੀ ਨੇ ਆਪਣੇ ਵਿਚਾਰਾਂ ਦੀ ਪਰੋੜਤਾ ਹਿਤ ਗੁਰਬਾਣੀ ਵਿੱਚੋਂ ਕੁਝ ਤੁੱਕਾਂ ਪੇਸ਼ ਕੀਤੀਆਂ ਹਨ ਪਰੰਤੂ ਆਪ ਜੀ ਨੇ ਇਹਨਾਂ ਸਾਰੀਆਂ ਤੁੱਕਾਂ ਦੀ ਆਪਣੀ ਮਨ-ਮਰਜ਼ੀ ਮੁਤਾਬਿਕ ਵਿਆਖਿਆ ਪੇਸ਼ ਕਰ ਦਿੱਤੀ ਹੈ। ਆਪ ਜੀ ਵੱਲੋਂ ਪੇਸ਼ ਕੀਤੀਆਂ ਗੁਰਬਾਣੀ ਦੀਆਂ ਤੁੱਕਾਂ ਅਤੇ ਆਪ ਜੀ ਵੱਲੋਂ ਕੀਤੀ ਵਿਆਖਿਆ ਦੀ ਸਥਿਤੀ ਹੇਠਾਂ ਦਿੱਤੇ ਅਨੁਸਾਰ ਹੈ:
1. ਇਹੁ ਮਨੁ ਸਕਤੀ ਇਹੁ ਮਨੁ ਸੀਉ॥ ਇਹੁ ਮਨੁ ਪੰਚ ਤਤੁ ਕੋ ਜੀਉ॥
ਇੱਥੇ ਆਪ ਜੀ ਗਲਤੀ ਨਾਲ ‘ਸੀਉ’ ਦਾ ਅਰਥ ‘ਪ੍ਰਭੂ’ ਤੋਂ ਕਰਦੇ ਹੋ ( ‘ਜੋਤਿ’ ਵਾਂਗ!) ਜਦੋਂ ਕਿ ਇਹ ‘ਸ਼ਿਵ’ ਤੋਂ ਹੈ (ਇੱਥੇ ‘ਸਕਤੀ’ ਦਾ ਅਰਥ ‘ਦੁਰਗਾ’ ਵੀ ਬਣ ਸਕਦਾ ਹੈ)। ਅਸਲ ਵਿੱਚ ਇੱਥੇ ਮਨ ਦੀ ਅਪਾਰ ਸਮਰੱਥਾ ਦਰਸਾਈ ਗਈ ਹੈ ਅਤੇ ਨਾਲ ਇਹ ਵੀ ਦੱਸਿਆ ਗਿਆ ਹੈ ਕਿ ਮਨ ਦੀ ਹੋਂਦ ਕੇਵਲ ਪੰਜ-ਤੱਤਾਂ ਤੋਂ ਬਣੇ ਸਰੀਰ ਕਰਕੇ ਹੀ ਹੁੰਦੀ ਹੈ ਅਤੇ ਸਰੀਰ ਦੀ ਹੋਂਦ ਤੀਕਰ ਹੀ ਹੁੰਦੀ ਹੈ।
2. ਤਨ ਮਹਿ ਮਨੂਆ ਮਨ ਮਹਿ ਸਾਚਾ॥ ਸੋ ਸਾਚਾ ਮਿਲਿ ਸਾਚੇ ਰਾਚਾ॥
ਇਹ ਸਤਰਾਂ ਸਪਸ਼ਟ ਦਰਸਾ ਰਹੀਆਂ ਹਨ ਕਿ ਸਰੀਰ ਵਿੱਚ ਕਿਰਿਆਸ਼ੀਲ ਮਨ ਦੇ ਅੰਦਰ ਪ੍ਰਭੂ ਦਾ ਵਾਸਾ ਹੋ ਸਕਦਾ ਹੈ ਜੇਕਰ ਇਸ ਨੂੰ ਵਿਕਾਰਮਈ ਭਾਵਨਾਵਾਂ ਤੋਂ ਮੁਕਤ ਕਰ ਲਿਆ ਜਾਵੇ ਅਤੇ ਇਸ ਨੂੰ ਹਾਂ-ਪੱਖੀ ਭਾਵਨਾਵਾਂ ਦਾ ਭੰਡਾਰ ਬਣਾ ਲਿਆ ਜਾਵੇ।
ਜੇਕਰ ਆਪ ਜੀ ਦੀ ਗੱਲ ਮੰਨਣੀ ਹੋਵੇ ਤਾਂ ਕਿਸੇ ਚੋਰ-ਬਿਰਤੀ ਵਾਲੇ, ਭਰਿਸ਼ਟ ਜਾਂ ਵਿਭਚਾਰੀ ਵਿਅਕਤੀ ਦੇ ਮਨ ਵਿੱਚ ਵੀ ਪ੍ਰਭੂ ਦਾ ਵਾਸ ਹੋਵੇਗਾ ਅਤੇ ਉਹ ਵੀ ਸਰੀਰਕ ਮੌਤ ਪਿੱਛੋਂ ਅਵੱਸ਼ ਹੀ ਪ੍ਰਭੂ ਵਿੱਚ ਸੰਮਿਲਿਤ ਹੋ ਜਾਵੇਗਾ।
3. ………. . ਮਨਿ ਜੀਤੈ ਜਗੁ ਜੀਤੁ॥
ਜੇਕਰ ਹਰ ਤਰ੍ਹਾਂ ਦੇ ਮਨ ਉੱਤੇ ਜਿਤ ਪਰਾਪਤ ਕਰ ਲੈਣਾ ਬੜੀ ਵੱਡੀ ਗੱਲ ਹੈ ਤਾਂ ਕੀ ਜਿਸ ਮਨ ਨੂੰ ਆਪ ਜੀ ‘ਪ੍ਰਭੂ’ ਦਾ ਰੂਪ ਕਰਕੇ ਦਰਸਾਉਂਦੇ ਹੋ ਉਸ ਨੂੰ ਵੀ ਨੂੰ ਜਿੱਤਣ ਦੀ ਲੋੜ ਪਵੇਗੀ? ਸਪਸ਼ਟ ਹੈ ਕਿ ਜਿੱਤਣ ਦੀ ਲੋੜ ਕੇਵਲ ਉਸ ਮਨ ਨੂੰ ਹੈ ਜੋ ਵਿਕਾਰਮਈ ਭਾਵਨਾਵਾਂ ਵਿੱਚ ਗਰੱਸਿਆ ਹੋਇਆ ਹੋਵੇ।
4. ਨਾ ਇਹ ਮਾਨਸੁ ਨ ਇਹ ਦੇਉ॥ ………. . ਜਸ ਕਾਗਦ ਪਰ ਮਿਟੈ ਨ ਮੰਸੁ॥
ਇਹਨਾਂ 4. ਨੰਬਰ ਵਾਲੀਆਂ ਸਾਰੀਆਂ ਸਤਰਾਂ ਵਿੱਚੋਂ ਕਿਸੇ ਵਿੱਚ ਵੀ ਮਨੁੱਖੀ ਮਨ ਦੀ ਗੱਲ ਨਹੀਂ ਕੀਤੀ ਗਈ। ਇੱਥੇ ਤਾਂ ਉਸ ਪ੍ਰਭੂ ਦੀ ਗੱਲ ਕੀਤੀ ਗਈ ਹੈ ਜੋ ਪੰਜਾਂ ਤੱਤਾਂ ਤੋਂ ਸੰਰਚਿਤ ਮਨੁੱਖੀ ਸਰੀਰ ਵਿੱਚ ਵੀ ਸਮਾਇਆ ਹੋਇਆ ਹੈ ਅਤੇ ਮਨੁੱਖੀ ਮਨ ਦੀਆਂ ਹਾਂ-ਪੱਖੀ ਭਾਵਨਾਵਾਂ ਵਿੱਚ ਵੀ।

ਆਪਣੇ ਪੱਤਰ ਦੇ ਤੀਸਰੇ ਭਾਗ ਵਿੱਚ ਆਪ ਜੀ ਕਹਿੰਦੇ ਹੋ ਕਿ ਸਰੀਰਕ ਮੌਤ ਹੋ ਜਾਣ ਨਾਲ ਮਨੁੱਖੀ ਸਰੀਰ ਵਿੱਚੋਂ ਕੁੱਝ ਗਾਇਬ ਹੋ ਜਾਂਦਾ ਹੈ। ਅਜਿਹਾ ਹੋਣਾ ਇਸ ਹੱਦ ਤਕ ਸਹੀ ਹੈ ਕਿ ਇਸ ਸਥਿਤੀ ਵਿੱਚ ਸਰੀਰ ਦੇ ਸਾਰੇ ਸਿਸਟਮ ਕੰਮ ਕਰਨਾ ਬੰਦ ਕਰ ਦਿੰਦੇ ਹਨ ਅਤੇ ਉਹਨਾਂ ਤੇ ਨਿਰਭਰ ਕਰਨ ਵਾਲਾ ਸਾਰਾ ਮਨੋਵਿਗਿਆਨਕ ਢਾਂਚਾ ਵੀ ਨਾਕਾਰਾ (ਨੌਨ-ਫੰਕਸ਼ਨਲ) ਹੋ ਜਾਂਦਾ ਹੈ। ਪਰੰਤੂ ਨਿਰਜੀਵ ਹੋਏ ਸਰੀਰ ਵਿੱਚੋਂ ਮਨ ਵਰਗਾ ਕੁੱਝ ਨਿਕਲਕੇ ਬਾਹਰ ਜਾਣਾ ਸੰਭਵ ਨਹੀਂ ਕਿਉਂਕਿ ਮਨ ਦੀ ਪਦਾਰਥਕ ਹੋਂਦ ਤਾਂ ਹੁੰਦੀ ਹੀ ਨਹੀਂ। ਇਸ ਸਥਿਤੀ ਵਿੱਚ ਜੇਕਰ ਕੁੱਝ ਬਾਹਰ ਨੂੰ ਜਾਂਦਾ ਹੈ ਤਾਂ ਉਹ ਕੁੱਝ ਗੈਸਾਂ ਹੀ ਹੁੰਦੀਆਂ ਹਨ ਜੋ ਸਰੀਰ ਦੇ ਸੱੈਲਾਂ ਦੇ ਸੁੰਗੜ ਜਾਣ ਕਰਕੇ ਅਤੇ ਅੰਦਰੂਨੀ ਖੋਲਾਂ ਦੇ ਅਕਾਰ ਘਟਣ ਕਰਕੇ ਖਾਰਜ ਹੋ ਜਾਂਦੀਆਂ ਹਨ ਅਤੇ ਗੈਸਾਂ ਦਾ ਆਪਣਾ ਭਾਰ ਵੀ ਹੁੰਦਾ ਹੈ।

ਸ. ਹਾਕਮ ਸਿੰਘ ਜੀ, ਪਹਿਲਾਂ-ਪਹਿਲ ਆਪ ਜੀ ਆਤਮਾ ਭਾਵ ਰੂਹ (ਸੋਲ) ਦੀ ਗੱਲ ਕਰਿਆ ਕਰਦੇ ਸੀ ਹੁਣ ਆਪ ਜੀ ਨੇ ‘ਰੂਹ’ ਦੀ ਜਗਹ ਤੇ ਤਾਂ ‘ਮਨ’ ਨੂੰ ਲੈ ਆਂਦਾ ਹੈ ਪਰੰਤੂ ਆਪ ਜੀ ‘ਪ੍ਰਭੂ’ ਨੂੰ ਪਹਿਲਾਂ ਵਾਂਗ ਹੀ ਸਰਵਸ੍ਰੇਸ਼ਟ-ਰੂਹ (ਪਰਮ-ਆਤਮਾ ਭਾਵ ਸੁਪਰੀਮ ਸੋਲ) ਜਾਂ ‘ਬ੍ਰਹਮ’ ਦੇ ਤੌਰ ਤੇ ਹੀ ਕਿਆਸ ਰਹੇ ਹੋ। ਆਪ ਜੀ ਦੀ ਇਹ ਸੋਚ ਬ੍ਰਾਹਮਣਵਾਦੀ ਅਧਿਆਤਮਿਕਤਾ ਵਾਲੀ ਹੈ, ਗੁਰਮੱਤ ਵਾਲੀ ਨਹੀਂ।

ਸ. ਹਾਕਮ ਸਿੰਘ ਜੀ, ਆਪ ਜੀ ਆਪਣੇ ਵਿਚਾਰ-ਅਧੀਨ ਪੱਤਰ ਦੇ ਅੰਤ ਤੇ ਕਹਿੰਦੇ ਹੋ: “ਪੱਕੇ ਵਿਸ਼ਵਾਸ ਨੂੰ ਦਲੀਲ ਜਾਂ ਬਹਿਸ ਨਾਲ ਬਦਲਣ ਦੀ ਪਰਕਿਰਿਆ ਕਾਫੀ ਤਣਾਓਪੂਰਨ ਹੁੰਦੀ ਹੈ।” ਮੈਂ ਇੱਥੇ ਨਿਮਰਤਾ-ਸਹਿਤ ਇਹ ਦੱਸਣਾ ਚਾਹੁੰਦਾ ਹਾਂ ਕਿ ਮੇਰਾ ਇਰਾਦਾ ਆਪ ਜੀ ਦੇ ਵਿਸ਼ਵਾਸਾਂ ਨੂੰ ਬਦਲਣ ਦਾ ਉੱਕਾ ਨਹੀਂ, ਆਪ ਜੀ ਨੂੰ ਆਪਣੇ ਵਿਸ਼ਵਾਸ ਮੁਬਾਰਕ। ਮੇਰਾ ਯਤਨ ਆਪ ਜੀ ਨੂੰ ਗੁਰਬਾਣੀ ਦੀ ਮਨਮਰਜ਼ੀ ਦੀ ਵਿਆਖਿਆ ਕਰਨ ਤੋਂ ਰੋਕਣ ਦਾ ਉਪਰਾਲਾ ਕਰਨ ਦਾ ਹੈ ਜੋ ਆਪ ਜੀ ਆਪਣੇ ਵਿਸ਼ਵਾਸਾਂ ਨੂੰ ਦਰਸਾਉਣ ਹਿਤ ਕਰਦੇ ਹੋ ਅਤੇ ਮੇਰੇ ਵੱਲੋਂ ਅਜਿਹਾ ਕੀਤਾ ਜਾਣਾ ਮੇਰਾ ਪਵਿੱਤਰ ਫਰਜ਼ ਹੈ।

ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


03/05/15)
ਜਸਵੰਤ ਸਿੰਘ ਅਜੀਤ

ਨਵੀਂ ਦਿੱਲੀ:
ਪੰਜਾਬ ਵਿੱਚ ਬਲਾਤਕਾਰ, ਭ੍ਰਿਸ਼ਟਾਚਾਰ ਅਤੇ ਹਿੰਸਕ ਘਟਨਾਵਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਪੁਰ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਕਿਹਾ ਕਿ ਪੰਜਾਬ ਵਿੱਚ ਬਲਾਤਕਾਰ ਅਤੇ ਮਾਸੂਮ ਕੁੜੀਆਂ ਦੀਆਂ ਹਤਿਆਵਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਨੂੰ, ਇਹ ਆਖਕੇ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਦੇਸ਼ ਦੇ ਦੂਸਰੇ ਹਿਸਿਆਂ ਵਿੱਚ ਵੀ ਤਾਂ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ, ਪੰਜਾਬ ਵਿੱਚ ਉਨ੍ਹਾਂ ਤੋਂ ਕੋਈ ਵੱਖਰਾ ਨਹੀਂ ਹੋ ਰਿਹਾ। ਜਸਟਿਸ ਸੋਢੀ ਨੇ ਇਸ ਸਬੰਧ ਵਿੱਚ ਜਾਰੀ ਆਪਣੇ ਬਿਆਨ ਵਿੱਚ ਕਿਹਾ ਕਿ ਪੰਜਾਬ ਦੀ ਸਥਿਤੀ ਦੇਸ਼ ਦੇ ਦੂਸਰੇ ਹਿਸਿਆਂ ਤੋਂ ਇਸ ਕਰਕੇ ਵਖਰੀ ਹੈ, ਕਿਉਂਕਿ ਪੰਜਾਬ ਉਨ੍ਹਾਂ ਸਤਿਗੁਰਾਂ ਦੀ ਚਰਨ ਛਹੁ ਪ੍ਰਾਪਤ ਧਰਤੀ ਹੈ, ਜਿਨ੍ਹਾਂ ਮਨੁਖ ਨੂੰ ਨਾ ਕੇਵਲ ਸੱਚਾ-ਸੁੱਚਾ ਜੀਵਨ ਜੀਣ ਦਾ ਸੰਦੇਸ਼ ਦਿੱਤਾ, ਸਗੋਂ ਰਾਜਿਆਂ ਤਕ ਦੀ ਜਨਮਦਾਤੀ ਔਰਤ ਦੀ ਇਜ਼ਤ ਅਤੇ ਉਸਦੇ ਸਨਮਾਨ ਦੀ ਰਖਿਆ ਲਈ ਵੀ ਉਸਨੂੰ ਵਚਨਬੱਧ ਕੀਤਾ। ਜਸਟਿਸ ਸੋਢੀ ਨੇ ਕਿਹਾ ਕਿ ਇਤਿਹਾਸ ਗੁਆਹ ਹੈ ਕਿ ਕੋਈ ਵੀ ਵਿਦੇਸ਼ੀ ਲੁਟੇਰਾ, ਭਾਵੇਂ ਉਹ ਕਿਤਨਾ ਹੀ ਵੱਡਾ ਅਤੇ ਸ਼ਕਤੀਸ਼ਾਲੀ ਕਿਉਂ ਨਹੀਂ ਸੀ, ਦੇਸ਼ ਦੀ ਇਜ਼ਤ ਲੁਟ ਸੁਰਖਿਅਤ ਆਪਣੇ ਦੇਸ ਵਾਪਸ ਨਹੀਂ ਸੀ ਮੁੜ ਸਕਿਆ। ਅੱਜ ਸਤਿਗੁਰਾਂ ਦੀ ਨਿਵਾਜੀ ਉਸੇ ਧਰਤੀ ਤੇ ਦਿਨ-ਦਿਹਾੜੇ ਮਾਸੂਮ ਬਚੀਆਂ ਦੀ ਇਜ਼ਤ ਨਾਲ ਖਿਲਵਾੜ ਅਤੇ ਉਨ੍ਹਾਂ ਦੀਆਂ ਹਤਿਆਵਾਂ ਹੋਣਾ ਸਮੁਚੇ ਪੰਜਾਬੀਆਂ, ਵਿਸ਼ੇਸ਼ ਕਰ ਸਿੱਖਾਂ ਲਈ ਬਹੁਤ ਹੀ ਸ਼ਰਮਨਾਕ ਹੈ।
ਜਸਟਿਸ ਸੋਢੀ ਨੇ ਆਪਣੇ ਬਿਆਨ ਵਿੱਚ ਹੋਰ ਕਿਹਾ ਕਿ ਜਾਪਦਾ ਹੈ ਕਿ ਪੰਜਾਬ ਵਿੱਚ ‘ਬਾਦਲ ਕੋਡ’ ਲਾਗੂ ਹੋ ਚੁਕਾ ਹੈ, ਜਿਸਦੇ ਅਧੀਨ ਇਹ ਸਭ ਕੁੱਝ ਹੋ ਰਿਹਾ ਹੈ। ਸ਼ਰੀਫ ਤੇ ਇਮਾਨਦਾਰ ਆਪਣੀ ਇਜ਼ਤ ਅਤੇ ਜਾਨ ਬਚਾਈ ਰਖਣ ਲਈ, ਡਰਦੇ ਮੂੰਹ ਖੋਲਣ ਦੀ ਹਿੰਮਤ ਨਹੀਂ ਜੁਟਾ ਪਾ ਰਹੇ, ਤੇ ਸਮਾਜ-ਵਿਰੋਧੀ ਸਮੁਚੇ ਪੰਜਾਬ ਵਿੱਚ ਹਰਲ-ਹਰਲ ਕਰਦੇ ਫਿਰ ਰਹੇ ਹਨ, ਉਨ੍ਹਾਂ ਨੂੰ ਨਾ ਤਾਂ ਕਾਨੂੰਨ ਦਾ ਡਰ ਹੈ ਅਤੇ ਨਾ ਹੀ ਕਾਨੂੰਨ ਦੇ ਰਾਖੇ ਸੁਰਖਿਆ ਬਲਾਂ ਅਤੇ ਸਰਕਾਰ ਦਾ। ਉਨ੍ਹਾਂ ਇਸ ਗਲ ਤੇ ਵੀ ਹੈਰਾਨੀ ਪ੍ਰਗਟ ਕੀਤੀ ਕਿ ਭਾਜਪਾ ਦੇ ਆਗੂ, ਜੋ ਗੈਰ- ਭਾਜਪਾ ਰਾਜਾਂ ਵਿੱਚ ਹੋਣ ਵਾਲੀਆਂ ਅਜਿਹੀਆਂ ਹੀ ਘਟਨਾਵਾਂ ਦੇ ਵਿਰੁਧ ਆਏ ਦਿਨ ਮੁਜ਼ਾਹਿਰੇ ਅਤੇ ਅੰਦੋਲਣ ਕਰਨ ਲਈ ਚੜ੍ਹੇ ਫਿਰਦੇ ਹਨ, ਪੰਜਾਬ ਵਿੱਚ ਉਨ੍ਹਾਂ ਆਪਣੇ ਮੂੰਹਾਂ ਤੇ ਪਟੀਆਂ ਬੰਨ੍ਹ ਰਖੀਆਂ ਹਨ। ਉਨ੍ਹਾਂ ਕਿਹਾ ਕਿ ਜਾਪਦਾ ਹੈ ਕਿ ਉਹ ਪੰਜਾਬ ਵਿੱਚ ਨਾ ਕੇਵਲ ਅਕਾਲੀ ਦਲ ਨਾਲ ਸਰਕਾਰ ਵਿੱਚ ਹੀ, ਸਗੋਂ ਬਾਦਲ-ਕੋਡ ਦੇ ਸਹਾਰੇ ਰਾਜ ਵਿੱਚ ਅਰਾਜਕਤਾ ਦਾ ਵਾਤਾਵਰਣ ਬਣਾਉਣ ਵਿੱਚ ਵੀ ਭਾਈਵਾਲੀ ਨਿਭਾ ਰਹੇ ਹਨ।


02/05/15)
ਡਾ: ਗੁਰਮੀਤ ਸਿੰਘ ਬਰਸਾਲ

ਸਤਿਕਾਰ ਯੋਗ ਗੁਰਦੀਪ ਸਿੰਘ ਬਾਗ਼ੀ ਜੀ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫ਼ਤਿਹ।


ਵੀਰ ਜੀਓ, ਸਪੱਸ਼ਟ ਜਵਾਬ ਦੇਣ ਲਈ ਧੰਨਵਾਦ।
ਇਕ ਹੋਰ ਸ਼ੰਕਾਂ ਜੋ ਪਿਛਲੇ ਪੱਤਰ ਵਿੱਚ ਵੀ ਦਰਜ ਸੀ (ਧੁਰ ਕੀ ਬਾਣੀ ਦੀਆਂ ਬੀੜਾਂ ਵਿੱਚ ਜਨਮ ਤਰੀਕਾਂ ਦਰਜ ਕਰਨ ਵਾਲੀ ਗਲ ਸਮਝ ਨਹੀਂ ਆ ਰਹੀ) ਅਤੇ ਤੁਹਾਡੇ ਅੱਜ ਦੇ ਜਵਾਬ ਵਿਚੋਂ ਵੀ ਉਹੀ ਸਵਾਲ ਪੈਦਾ ਹੋਇਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਵਿੱਚ ਇਹ ਤਾਰੀਖ ਕਿਉਂ ਦਰਜ ਕੀਤੀ ਗਈ ਹੈ? ਅਜੇਹਾ ਕਿਸ ਨੇ ਅਤੇ ਕਦੋਂ ਕੀਤਾ ਹੋਵੇਗਾ? ਡਾ ਢਿੱਲੋਂ ਜੀ ਦਾ ਵੀ ਅਜੇਹਾ ਹੀ ਸਵਾਲ ਸੀ ਉਸ ਵੱਲ ਆਪ ਨੇ ਧਿਆਨ ਨਹੀ ਦਿੱਤਾ।
ਜਨਮ ਸਾਖੀਆਂ ਵਿੱਚ ਜੋਤੀ ਜੋਤ ਸਮਾਉਣ ਦੀ ਕਿਹੜੀ ਤਾਰੀਖ ਦਰਜ ਹੈ? ਜੇ ਨਹੀਂ ਤਾਂ ਇਹ ਦਰਜ ਕਿਉਂ ਨਹੀਂ ਹੈ?
ਤੁਹਾਡੇ ਵੱਲੋਂ ਲਿਖੀ ਗਈ ਕੁਲ ਉਮਰ ਅੱਜ ਪਹਿਲੀ ਵਾਰ ਪੜ੍ਹੀ ਹੈ। ਜਿਹੜੀਆਂ ਦੋ ਉਮਰਾਂ ਪਹਿਲਾਂ ਮਿਲਦੀਆਂ ਹਨ ( 70 ਸਾਲ 5 ਮਹੀਨੇ 7 ਦਿਨ ਅਤੇ 69 ਸਾਲ 10 ਮਹੀਨੇ 10 ਦਿਨ ) ਇਹ ਕਿਸੇ ਨਾਲ ਵੀ ਮੇਲ ਨਹੀ ਖਾਂਦੀ। ਇਸ ਨੂੰ ਸਹੀ ਕਿਉਂ ਮੰਨਿਆ ਜਾਵੇ? ਇਹ ਸਪੱਸ਼ਟ ਕਰੋ ਜੀ। ਯਾਦ ਰਹੇ ਡਾ ਦਿਲਗੀਰ ਜੀ ਨੇ ਗੁਰੂ ਜੀ ਦੀ ਕੁਲ ਉਮਰ 69 ਸਾਲ 10ਮਹੀਨੇ 19 ਦਿਨ ਲਿਖੀ ਸੀ।

ਵੀਰ ਜੀ, ਚਰਚਾ ਨੂੰ ਅੱਗੇ ਤੋਰਨ ਲਈ ਅਜੇਹੇ ਬਹੁਤ ਸਾਰੇ ਸਵਾਲਾਂ ਤੇ ਵਿਚਾਰ ਹੋਣੀ ਜਰੂਰੀ ਹੈ।
ਗੁਰਮੀਤ ਸਿੰਘ ਬਰਸਾਲ


02/05/15)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਪਾਠਕੋ,
ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ।

ਆਪ ਸੱਭ ‘ਸਿੱਖ ਮਾਰਗ ਸਾਈਟ’ ਪੜ੍ਹਨ ਵਾਲਿਆਂ ਸਿੱਖਾਂ ਤੋਂ ਇਹ ਜਾਣਨਾ ਚਾਹੁੰਦਾ ਹਾਂ, ਕਿ ਕੀ ਜਿਥੇ ਵੀ ਕਿਸੇ ਸੰਤ-ਸਾਧ ਦੀ ਦੇਹ ਦਾ ਸਸਕਾਰ ਕੀਤਾ ਹੈ, ਭਾਂਵੇਂ ਕਿ ਉਥੇ ਸਮਾਧ ਵਗੈਰਾ ਨਹੀਂ ਬਣੀ ਹੋਈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੈ, ਕੀ ਉਹ ਥਾਂ ਸਮਾਧ ਜਾਂ ਮੜੀ ਵਿਚ ਨਹੀਂ ਆਉਂਦੀ ? ਜੇ ਨਹੀਂ ਆਉਂਦੀ ਤਾਂ ਕਿਵੇਂ ?
ਇਕ ਪਾਠਕ, ਗੁਰਸ਼ਰਨ ਸਿੰਘ ਕਸੇਲ


02/05/15)
ਰਘਬੀਰ ਸਿੰਘ ਮਾਨਾਂਵਾਲੀ

ਔਰਬਿਟ ਬੱਸ
ਇਕ ਨੰਨ੍ਹੀ ਛਾਂ ਨੂੰ, ਨੰਨ੍ਹੀ ਛਾਂ ਦੀ,
ਬੱਸ ਵਿਚੋਂ ਧੱਕਾ ਮਾਰਿਆ ਸੀ।
ਹੋਣਹਾਰ ਮਾਸੂਮ ਕਲੀ ਨੂੰ,
ਮੌਤ ਦੇ ਘਾਟ ਉਤਾਰਿਆ ਸੀ।

ਨਾਲੇ ਇਹ ਵੱਧ ਕਿਰਾਇਆ ਲੈਂਦੇ,
ਨਾਲੇ ਇੱਜ਼ਤਾਂ ਨੂੰ ਹੱਥ ਪਾਉਂਦੇ ਨੇ।
ਔਰਬਿਟ ਦੀਆਂ ਬੱਸਾਂ ਦੇ ਸਾਰੇ ਕਰਿੰਦੇ,
ਅੱਜ ਠਾਣੇਦਾਰ ਕਹੌਂਦੇ ਨੇ।

ਕਦੀ ਨੰਨ੍ਹੀ ਛਾਂ ਦੇ ਥੱਪੜ ਮਾਰੇ,
ਕਦੀ ਮਾਰੇ ਅੰਮ੍ਰਿਤਸਰ ਦੇ ਠਾਣੇਦਾਰ।
ਰਾਜ ਨਹੀਂ ਲੋਕੋ ਇਹ ਸੇਵਾ ਹੈ,
ਫੇਰ ਵੀ ਕਹਿੰਦੀ ਹੈ ਸਰਕਾਰ।

ਹੁਣ ਅਮਨ ਕਾਨੂੰਨ ਦੀ ਹਾਲਤ ਬਿਗੜੀ,
ਗੁੰਡਾ-ਗਰਦੀ ਹੋ ਰਹੀ ਵਿੱਚ ਪੰਜਾਬ।
ਮਾਵਾਂ-ਧੀਆਂ ਵੀ ਹੁਣ ਮਹਿਫੂਜ਼ ਨਹੀਂ ਹਨ,
ਸਭ ਤਾਣਾ-ਬਾਣਾ ਹੋਇਆ ਖਰਾਬ।

ਉਠੋ ਲੋਕੋ! ਸਭ ਅਵਾਜ਼ ਉਠਾਓ,
ਇਸ ਗੁੰਡਾ ਰਾਜ ਦੇ ਬਰਖਿਲਾਫ਼।
ਬਚਾਅ ਲਓ ਇੱਜ਼ਤ ਮਾਵਾਂ-ਧੀਆਂ ਦੀ,
ਨਹੀਂ ਤਾਂ ਕਦੀ ਔਰਤ ਨੇ ਸਾਨੂੰ ਕਰਨਾ ਨਹੀਂ ਮੁਆਫ਼।

ਰਘਬੀਰ ਸਿੰਘ ਮਾਨਾਂਵਾਲੀ
ਮੋਬਾਇਲ: 88728-54500


02/05/15)
ਜਸਪ੍ਰੀਤ ਕੌਰ /ਸ. ਉਪਕਾਰ ਸਿੰਘ

ਔਰਬਿਟ ਵਰਗੇ ਕਾਂਡ ਮਨੁੱਖਤਾ ਨੂੰ ਸ਼ਰਮਸਾਰ ਕਰਦੇ ਹਨ: ਸ. ਉਪਕਾਰ ਸਿੰਘ ਫਰੀਦਾਬਾਦ
(ਜਸਪ੍ਰੀਤ ਕੌਰ ਫ਼ਰੀਦਾਬਾਦ: ੨ ਮਈ ੨੦੧੫)
ਬੀਤੇਂ ਦਿਨੀਂ ਮੋਗਾ ਵਿਖੇ ਚਲਦੀ ਬਸ ਵਿੱਚ ਇੱਕ ਧੀ ਅਤੇ ਮਾਂ ਨਾਲ ਛੇੜਖਾਨੀ ਅਤੇ ਉਸ ਨੂੰ ਤੇ ਉਸ ਦੀ ਮਾਂ ਨੂੰ ਚਲਦੀ ਬਸ ਵਿਚੋਂ ਸੁਟ ਦਿੱਤਾ ਗਿਆ ਜਿਸ ਵਿੱਚ ੧੪ ਸਾਲਾ ਬੱਚੀ ਅਰਸ਼ਦੀਪ ਕੌਰ ਦੀ ਮੌਤ ਹੋ ਗਈ ਅਤੇ ਉਸ ਦੀ ਮਾਂ ਬੁਰੀ ਤਰ੍ਹਾਂ ਜਖਮੀ ਹਸਪਤਾਲ ਵਿੱਚ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ। ਮੋਗੇ ਵਿੱਚ ਵਾਪਰੀ ਇਸ ਘਟਨਾ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕਿਹਾ ਕਿ ਪੰਜਾਬ ਦੇ ਮੋਗਾ ਜਿਲ੍ਹੇ ਵਿੱਚ ਵਾਪਰੀ ਇਸ ਘਟਨਾ ਨੇ ਪੂਰੇ ਸੰਸਾਰ ਵਿੱਚ ਪੰਜਾਬ ਦੇ ਨਾਂ ਨੂੰ ਸ਼ਰਮਸਾਰ ਕਰ ਦਿੱਤਾ ਅਤੇ ਇੱਕ ਮਾਂ ਦੇ ਹਿਰਦੇ ਨੂੰ ਝੰਜੋੜ ਕੇ ਰੱਖ ਦਿੱਤਾ ਕਿਉਂਕਿ ਦੂਜਿਆਂ ਦੀਆਂ ਧੀਆਂ-ਭੈਣਾਂ ਦੀ ਇਜੱਤ ਦੀ ਰਾਖੀ ਕਰਨ ਵਾਲੇ ਸਿੱਖਾਂ ਦੀ ਅੱਜ ਆਪਣੀ ਹੀ ਧਰਤੀ `ਤੇ ਧੀਆਂ-ਭੈਣਾਂ ਸੁਰੱਖਿਅਤ ਨਹੀਂ। ਸ. ਉਪਕਾਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਵਾਪਰੀ ਇਸ ਘਟਨਾ ਤੋਂ ਸਪਸ਼ਟ ਹੋ ਗਿਆ ਕਿ ਪੰਜਾਬ ਵਿੱਚ ਗੁੰਡਾ ਰਾਜ ਕਿਸ ਕਦਰ ਅਪਣੇ ਪੈਰ ਪਸਾਰ ਚੁੱਕਿਆ ਹੈ ਕਿਉਂਕਿ ਇਹ ਪਹਿਲੀ ਵਾਰ ਨਹੀਂ ਇਸ ਤੋਂ ਪਹਿਲਾਂ ਵੀ ਧੀਆਂ-ਭੈਣਾਂ ਨੂੰ ਬੇਪੱਤ ਕੀਤਾ ਗਿਆ ਹੈ। ਨੰਨ੍ਹੀ ਛਾਂ ਦੀ ਮੁਹਿੰਮ ਚਲਾਉਣ ਵਾਲੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਵਾਲਾ ਇਹ ਡਰਾਮਾ ਬੰਦ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਦੇ ਕਾਲੇ ਕਾਰਨਾਮਿਆਂ ਤੋਂ ਤਾਂ ਸਿੱਖ ਜਗਤ ਚੰਗੀ ਤਰ੍ਹਾਂ ਵਾਕਫ ਹੀ ਹੈ ਉਹ ਜਦ ਵੀ ਮੁੰਹ ਖੋਲਦਾ ਹੈ ਸਿੱਖੀ ਨੂੰ ਢਾਹ ਲਾਉਣ ਵਾਲੀਆਂ ਗੱਲਾਂ ਹੀ ਕਰਦਾ ਹੈ ਪਰ ਗਿਆਨੀ ਗੁਰਬਚਨ ਸਿੰਘ ਵੱਲੋਂ ਔਰਬਿਟ ਬਸ ਮਾਮਲੇ ਵਿੱਚ ਬਾਦਲਾਂ ਦਾ ਪੱਖ ਲੈਣ ਕਰਕੇ ਬਾਦਲਾਂ ਨਾਲ ਉਸ ਦੀ ਵਫਾਦਾਰੀ ਨੇ ਤਾਂ ਕੁੱਤਿਆਂ ਨੂੰ ਵੀ ਮਾਤ ਪਾ ਦਿੱਤੀ। ਸ. ਉਪਕਾਰ ਸਿੰਘ ਨੇ ਕਿਹਾ ਕਿ ਇੰਨ੍ਹਾਂ ਦਿਨਾਂ ਵਿੱਚ ਜਦ ਸਮੁੱਚਾ ਸੰਸਾਰ ਮਾਂ ਦਿਵਸ ਮਨਾ ਰਿਹਾ ਹੈ ਅਤੇ ਗੁਰਬਾਣੀ ਵਿੱਚ ਵੀ ਉਸ ਮਾਂ ਨੂੰ ਸਨਮਾਨ ਦੇਣ ਦੀ ਗੱਲ ਕੀਤੀ ਹੈ ਜੋ ਵੱਡੇ ਵੱਡੇ ਰਾਜਿਆਂ ਨੂੰ ਜਨਮ ਦਿੰਦੀ ਹੈ ਤਾਂ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਅਪਣੀਆਂ ਮਾਵਾਂ ਧੀਆਂ ਨੂੰ ਸੁਰੱਖਿਅਤ ਮਾਹੌਲ ਦੇਈਏ।


02/05/15)
ਦਲਬੀਰ ਸਿੰਘ ਪੱਤਰਕਾਰ

ਬਾਦਲ ਪਰਿਵਾਰ ਅਤੇ ਸਹਿਯੋਗੀ ਕਿੰਨੀਆਂ ਫਾਂਸੀਆਂ ਤੇ ਉਮਰ ਕੈਦਾਂ ਦੇ ਭਾਗੀ ਬਣਨ? ਆਓ ਵੇਖੀਏ … …. !
ਦਲਬੀਰ ਸਿੰਘ ਪੱਤਰਕਾਰ ਮੋਬਾਇਲ: 99145-71713
ਜਲੰਧਰ, 2 ਮਈ, 2015

29 ਅਪ੍ਰੈਲ, ਨਾਨਕ ਦੀ ਜਨਮ ਭੂਮੀ ਪੰਜਾਬ ਅੰਦਰ, ਜਦ ‘ਆਰਬਿਟ’ (ਘੇਰਾ) ਨੇ ‘ਅਰਸ਼ਦੀਪ’ ਨੂੰ ਆਪਣੇ ਚੁੰਗਲ ਵਿੱਚ ਲੈ ਕੇ ਕੁਚਲਿਆ ਤਾਂ ਮੋਗਾ ਵਿਖੇ ਉੱਠੀਆਂ ਕੂਕਾਂ ਦੀ ਇੱਕੋ ਸੁਰ ਸੀ:- ‘ਬਾਦਲਾਂ ਨੂੰ ਫਾਹੇ ਲਾਓ’, ‘ਇਨ੍ਹਾਂ ਦੀਆਂ ਬੱਸਾਂ ਤੇ ਲੁੱਟੀਆਂ ਜਾਇਦਾਦਾਂ ਖੋਹ ਲਓ ਜਾਂ ਸਾੜ ਦਿਓ’। ਬੱਚੀ ਦੇ ਛੋਟੇ ਵੀਰ ਅਕਾਸ਼ਦੀਪ ਨੇ ਕਿਹਾ ਕਿ ਆਪਣੀ ਵੱਡੀ ਭੈਣ ਦੀ ਇੱਜ਼ਤ ਤੇ ਜੀਵਨ ਤਾਂ ਉਹ ਬਚਾ ਨਹੀਂ ਸਕਿਆ, ਪਰ ਇਨਸਾਫ ਅਵੱਛ ਲੈ ਕੇ ਰਹੇਗਾ।
ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਮਾਲਕੀ ਹੇਠ ਵਿਚਰਦੇ ਵੱਡੇ ਪੁਲਿਸ ਅਧਿਕਾਰੀਆਂ ਨੇ ਜਦ ਅਸਮਾਨ ਨੂੰ ਚਾਨਣ ਦੇਣ ਵਾਲੀ (ਅਰਸ਼ਦੀਪ) ਆਪਣੀ (ਸੁਖਦੇਵ ਸਿੰਘ ਦੀ) ਧੀ ਦੀ ਮ੍ਰਿਤਕ ਦੇਹ ਦਾ 20 ਲੱਖ ਰੁਪਇਆ ਮੁੱਲ ਦੇਣ ਦਾ ਯਤਨ ਕੀਤਾ। ਤਾਂ ਉਸ ਨੇ ਨਫਰਤ ਭਰੇ ਲਹਿਜੇ ਵਿੱਚ ਕਿਹਾ ਕਿ ਇਸ ਪੀੜਤ ਵਰਤਾਰੇ ਦਾ ਆਰੰਭਕ ਮੁੱਲ ਹੈ, ਸੁਖਬੀਰ ਬਾਦਲ ਅਤੇ ਉਸਦੀ ਪਤਨੀ ਹਰਸਿਮਰਨ ਕੌਰ ਬਾਦਲ ਦਾ ਜੇਲ੍ਹ ਬੰਦ ਹੋਣਾ। ਅਗਲੀ ਕਾਰਵਾਈ ਕਰੇ ‘ਫਾਸਟ ਟਰੈਕ ਕੋਰਟ’। ਮੈਂ ਭਾਵੇਂ ਦਿਹਾੜੀ-ਦੱਪਾ ਕਰਨ ਵਾਲਾ ਮਜ਼ਦੂਰ ਹਾਂ, ਪਰ ਇਨਸਾਫ ਲੈਣ ਲਈ ਸਿਰੜੀ ਹਾਂ। ਪੁਲਿਸ ਹਾਕਮਾਂ ਨੇ ਮੇਰੇ ਪਾਸੋਂ ਕੋਰੇ ਕਾਗਜ਼ਾਂ ਤੇ ਅੰਗੂਠਾ ਲਗਵਾ ਕੇ ਉੱਪਰ ਲਿਖ ਦਿੱਤਾ ਕਿ ਪੁਲਿਸ ਦੀ ਸਾਰੀ ਕਾਰਵਾਈ ਮੈਨੂੰ ਮਨਜ਼ੂਰ ਹੈ। ਇਹ ਕੋਰਾ ਝੂਠ ਹੈ। ਸੁਖਦੇਵ ਸਿੰਘ ਦੇ ਟੁੱਟੇ ਜਿਹੇ ਘਰ ਅੱਗੇ ਜੁੜੀ ਭੀੜ `ਚੋਂ ਕੁੱਝ ਹੋਰ ਅਵਾਜ਼ਾਂ ਉੱਠੀਆਂ, ਕਿ ਪਾਪ ਤੇ ਪਾਪੀਆਂ ਦੇ ਦੋਸ਼ ਘਟਾਉਣ ਅਤੇ ਮੁਕਤ ਕਰਨ-ਕਰਾਉਣ ਵਾਲੇ ਹਾਕਮਾਂ ਅਤੇ ਬਾਦਲਕੇ ਦੋਸ਼ੀਆਂ ਵਿਰੁੱਧ ਉੱਚ ਕਾਨੂੰਨਦਾਨਾਂ ਦੀ ਨਿਗ੍ਹਾ ਥੱਲੇ ਮੁਕੱਦਮੇ ਚਲਾਏ ਜਾਣ। ਅੱਗੋਂ ਕੀ ਹੁੰਦਾ ਹੈ, ਸਮਾਂ ਦੱਸੇਗਾ।
ਆਓ ਹੁਣ ਵੇਖੀਏ! ਕਿ ਇਹ ‘ਆਰਬਿਟ’ ਕੰਪਨੀ ਕੀ ਹੈ? ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਦਾ ਰਾਜ ਭਾਗ ਸਾਂਭਣ ਸਮੇਂ ਜਦ ਹਰਿਆਣੇ ਦੇ ਮੁੱਖ ਮੰਤਰੀ ਸ੍ਰੀ ਦੇਵੀ ਲਾਲ ਨੇ ਆਪਣੇ ਸੂਬੇ ਲਈ ਪਾਣੀ ਦਾ ਹਿੱਸਾ ਮੰਗਿਆ ਤਾਂ ਬਾਦਲ ਨੇ ਉਸ ਪਾਸੋਂ ਸਰਕਾਰੀ ਖਜ਼ਾਨੇ ਵਿੱਚ 2 ਕਰੋੜ ਰੁਪਇਆ ਲੈ ਕੇ ‘ਸਤਲੁਜ, ਯਮੁਨਾ ਲਿੰਕ’ ਨਾਂ ਦੀ ਨਹਿਰ ਪੁੱਟਣ ਦੀ ਆਗਿਆ ਦੇ ਦਿੱਤੀ। ਪਰ ਜਨਤਕ ਅੱਖਾਂ ਤੋਂ ਪਰੇ ਸ੍ਰੀ ਦੇਵੀ ਲਾਲ ਜੀ ਨੇ ਸੁਖਬੀਰ ਬਾਦਲ ਦੇ ਨਾਂ ਤੇ ਲਗਭਗ 17 ਏਕੜ ਧਰਤੀ ਦਾ ਇੱਕ ਪਲਾਟ ਗੁੜਗਾਉਂ ਵਿਖੇ ਉਸਦੇ ਨਾਂ ਕਰ ਦਿੱਤਾ। ਅਜਕਲ੍ਹ ਉੱਥੇ ਸੱਤ-ਤਾਰਾ ਹੋਟਲਾਂ ਦੀਆਂ ਉਸਾਰੀਆਂ ਹੋਂਦ ਵਿੱਚ ਆਈਆਂ ਹੋਈਆਂ ਹਨ। ਏਸੇ ਲੜੀ ਵਿੱਚ ਆਪਣੀ ਪੰਜਾਬ ਤੇ ਸਰਕਾਰੀ ਮਾਲਕੀ ਸਮੇਂ ਟਰਾਂਸਪੋਰਟ ਮਹਿਕਮੇ ਵਿੱਚ ‘ਆਰਬਿਟ’ ਨਾਂ ਦੀ ਇਸ ਕੰਪਨੀ ਲਈ ਲਗਭਗ 250 ਬੱਸਾਂ ਦਾ ਜੁਗਾੜ ਚਾਲੂ ਕਰ ਲਿਆ। ਇਹ ਖਿਲਾਰਾ ਅਜਕੱਲ੍ਹ ਹਵਾਈ ਜਹਾਜ਼ਾਂ ਤੇ ਹੈਲੀਕਾਪਟਰਾਂ ਦੀ ਮਾਲਕੀ ਤਾਈਂ ਅੱਪੜ ਚੁੱਕਾ ਹੈ। ਜਨਤਕ ਜਾਣਕਾਰੀ ਅਨੁਸਾਰ ‘ਬੇਨਾਮੀ’ ਸ਼ਬਦ ਦੀ ਵਰਤੋਂ ਅਧੀਨ ਅਨੇਕ ਨਿੱਜੀ ਕਾਰੋਬਾਰਾਂ ਵਿੱਚ ਇਸ ਪਰਿਵਾਰ ਨੇ ਹਿੱਸੇ ਪੱਤੀਆਂ ਰੱਖੇ ਹੋਏ ਹਨ। ਜੰਗਲਾਂ ਤੇ ਨੀਮ ਪਹਾੜੀ ਇਲਾਕਿਆਂ, ਪੰਚਾਇਤੀ, ਦਰਿਆਈ, ਛੱਪੜਾਂ, ਟੋਭਿਆਂ, ਚਿਰਾਂਦਾਂ, ਵਾਕਫ ਬੋਰਡਾਂ, ਆਦਿ-ਆਦਿ ਦੀਆਂ ਜ਼ਮੀਨਾਂ, ਰੇਤ-ਬਜਰੀ, ਪਾਣੀ, ਰੁੱਖਾਂ ਅਤੇ ਕਈ ਕਿਸਮ ਦੀਆਂ ਸਰਕਾਰੀ ਜਾਇਦਾਦਾਂ ਅਤੇ ਟੈਲੀਵਿਜ਼ਨ ਤੇ ਟੈਲੀਫੋਨਾਂ ਦੀਆਂ ਕੇਬਲਾਂ ਤੇ ਇਸ ਪਰਿਵਾਰ ਨੇ ਪੁਲਿਸ ਦੀ ਸਹਾਇਤਾ ਨਾਲ ਕਬਜ਼ੇ ਜ਼ਮਾਏ ਹੋਏ ਹਨ। ਹਾਈਕੋਰਟ ਵਰਗੀਆਂ ਉੱਚ ਅਦਾਲਤਾਂ ਵਿੱਚ ਵੀ ਇਨ੍ਹਾਂ ਵੱਡੇ ਖਿਲਾਰਿਆਂ ਸਬੰਧੀ ਕਈ ਕੇਸ ਚੱਲ ਰਹੇ ਹਨ। ਪਰ ਕਿਉਂਕਿ ਇਸ ਸਾਂਝੇ ਵਰਤਾਰੇ ਵਿੱਚ ਪੈਰਵੀ ਕਰਨ ਵਾਲੀਆਂ ਕੋਈ ਮਜ਼ਬੂਤ ਧਿਰਾਂ ਨਹੀਂ ਅਤੇ ਲੁੱਟ ਦੇ ਇਸ ਖਿਲਾਰੇ ਵਿੱਚ ਹਰ ਪਾਰਟੀ ਦੇ ਰਾਜਨੀਤਿਕ ਆਗੂ ਅਤੇ ਉੱਚ ਪਦਵੀਆਂ ਤੇ ਬੈਠੀ ਨੌਕਰਸ਼ਾਹੀ ਵੀ ਸ਼ਾਮਲ ਹੈ, ਇਸ ਲਈ ਨੇੜੇ ਭਵਿੱਖ ਵਿੱਚ ਪੰਜਾਬ ਦੀ ਆਰਥਿਕ ਤੇ ਰਾਜਨੀਤਿਕ ਦਿਸ਼ਾ ਸੁਧਰਨ ਦੇ ਸੁਰ ਬੜੇ ਮੱਧਮ ਪਏ ਹੋਏ ਸਨ। ਕਹਾਵਤ ਹੈ ਕਿ ‘ਪਾਪੀ ਦੇ ਮਾਰਨੇ ਕੋ ਪਾਪ ਮਹਾਂ ਬਲੀ ਹੈ’ ਦੇ ਸੁਰ ਅਨੁਸਾਰ ਸ਼ਾਇਦ ਕੁਦਰਤ ਨੇ ਹੀ ਬਾਦਲਾਂ ਨੂੰ ਨੱਥ ਪਵਾਉਣ ਲਈ ਉਨ੍ਹਾਂ ਦੇ ਗੁੰਡਿਆਂ ਰਾਹੀਂ ਇਸ ਪੱਤ ਲੁੱਟਣ ਅਤੇ ਅਕਾਸ਼ਦੀਪ ਦੀ ਹੱਤਿਆ ਕਰਨ ਦਾ ਵਰਤਾਰਾ ਕਰਵਾ ਦਿੱਤਾ ਹੋਵੇ।
ਇੱਥੇ ਅਸੀਂ ਮਇਆ ਅਤੇ ਜਾਇਦਾਦਾਂ ਦੇ ਭੰਡਾਰ ਜਮ੍ਹਾਂ ਕਰਨ ਲਈ ਬਾਦਲਾਂ ਦੀਆਂ ਹੋਰ ਅਨੇਕ ਖੁਨਾਮੀਆਂ ਦੀ ਚਰਚਾ ਕਰਨੀ ਜ਼ਰੂਰੀ ਸਮਝਦੇ ਹਾਂ। ਪੰਜਾਬ ਦੇ ਸਿੱਖੀ ਅਧਾਰਿਤ ਮੁੱਖ ਸੱਭਿਆਚਾਰ ਤੇ ਕਬਜ਼ਾ ਕਰਨਾ ਇਸ ਮਨਸ਼ੇ ਦੀ ਪੂਰਤੀ ਲਈ ਜ਼ਰੂਰੀ ਸੀ। ਬਾਦਲ ਨੇ ਪਹਿਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਤੇ ਹਰਿਮੰਦਰ ਸਾਹਿਬ ਦੇ ਅਸਥਾਨਾਂ ਤੇ ਆਪਣੇ ਪੱਖ ਦੇ ਵਿਅਕਤੀ ਬਿਠਾਏ ਅਤੇ ਉਨ੍ਹਾਂ ਰਾਹੀਂ ਆਪਣੀ ਧਾਰਮਿਕ ਯੋਗਤਾ ਨੂੰ ਪ੍ਰਵਾਨ ਕਰਵਾਇਆ। ਇਸਦੇ ਨਾਲ-ਨਾਲ ਬ੍ਰਾਹਮਣਵਾਦੀ ਅਤੇ ਕਰਮਕਾਂਡੀ ਸਾਧਾਂ ਦੇ ਡੇਰਿਆਂ ਰਾਹੀਂ ਸਿੱਖੀ ਵਿਚਾਰਧਾਰਾ ਨੂੰ ਢਾਹ ਲਾਉਣ ਦੀ ਵੱਡੀ ਮੁਹਿੰਮ ਚਾਲੂ ਰੱਖੀ। ਆਪਣੇ ਚੇਲਿਆਂ ਤੋਂ ਇਸ ਵਿਸ਼ੇ ਤੇ ਇੱਕ ਮੁਹਿੰਮ ਚਲਵਾਈ ਕਿ ਸਿੱਖੀ ਕੇਵਲ ਪੱਗ, ਦਾੜ੍ਹੀ-ਕੇਸਾਂ ਅਤੇ ਦਿੱਖ ਦਾ ਵਿਸ਼ਾ ਹੈ, ਮਨ ਦੇ ਨੇਕੀ ਵੱਲ ਪਰਿਵਰਤਨ ਨਾਲ ਇਸਦਾ ਕੋਈ ਸਬੰਧ ਨਹੀਂ। ਗੁਰਦੁਆਰਿਆਂ ਅੰਦਰ ਸੋਨੇ ਦੀਆਂ ਪਾਲਕੀਆਂ, ਕੀਮਤੀ ਚੰਦੋਏ, ਰੁਮਾਲੇ ਅਤੇ ਚਾਂਦੀ ਦੇ ਬਾਟੇ ਤੇ ਕੲ੍ਹੀਆਂ, ਸਿੱਖ ਮਰਿਯਾਦਾ ਦਾ ਹਿੱਸਾ ਬਣਾ ਦਿੱਤੇ। ਬਾਬਾ ਨਾਨਕ ਜੀ ਨੇ ਗਿਆਨ ਦੀ ਪ੍ਰਾਪਤੀ ਹਰ ਸਿੱਖ ਲਈ ਮੁਢਲੀ ਯੋਗਤਾ ਦੱਸੀ ਸੀ, ਪਰ ਹੁਣ ਇਸਦੇ ਉਲਟ ‘ਸਿਮਰਨ’ ਭਾਵ ਅੱਖਰਾਂ ਨੂੰ ਘੋਟਾ ਚਾੜ੍ਹਨਾ, ਅਰਥਾਤ ਮੂਰਖਤਾ ਨੂੰ ਸਾਂਭ ਕੇ ਰੱਖਣਾ, ਸਿੱਖੀ ਆਦਰਸ਼ ਬਣ ਗਿਆ ਹੈ। ਸਿੱਖ ਵਿਚਾਰਧਾਰਾ ਦੇ ਖੇਤਰ ਅੰਦਰ ਬਾਦਲਾਂ ਦੀ ਇਹ ਵੱਡੀ ਦੇਣ ਹੈ।
ਬਾਦਲਾਂ ਦੀ ਲੁੱਟ-ਘਸੁੱਟ ਵਿੱਚ ਉਨ੍ਹਾਂ ਹੱਥੋਂ ਖ੍ਰੀਦੇ ਗਏ ਅਖਬਾਰਾਂ ਤੇ ਪੱਤਰਕਾਰਾਂ ਦੀ ਵੱਡੀ ਭੂਮਿਕਾ ਰਹੀ ਹੈ। ਇਸਦਾ ਸਿਖਰ ਚੰਡੀਗੜ੍ਹ ਦੇ ਕੁੱਝ ਨਿੱਜੀ ਪੱਤਰਕਾਰਾਂ ਦੇ ਨਾਲ-ਨਾਲ ਮੁੱਖ ਰੂਪ ਵਿੱਚ ਅਜੀਤ ਅਖਬਾਰ ਦੇ ਖਾਤੇ ਪੈਂਦਾ ਹੈ। ਇਸਦੇ ਪਿਉ-ਪੁੱਤ ਅਡੀਟਰਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਬਣੀ ਸਨਮਾਨਿਤ ਯੂਨੀਵਰਸਿਟੀ ਵੱਲੋਂ ‘ਡਾਕਟਰੀ’, ਡਿਗਰੀਆਂ ਦੇ ਪੁਰਸਕਾਰ, ਸਰਕਾਰੀ ਇਸ਼ਤਿਹਾਰਾਂ ਰਾਹੀਂ ਨਿਵਾਜਣਾਂ ਅਤੇ ਸ਼ਹੀਦਾਂ ਦੇ ਨਾਂਵਾ ਨਾਲ ਜੋੜ-ਜੋੜ ਕੇ ਉਨ੍ਹਾਂ ਤੋਂ ਜੋ ‘ਸੇਵਾ’ ਲਈ ਉਸਦਾ ਹੀ ਸਿੱਟਾ ਹੈ, ਬਾਦਲਾਂ ਦੀ ਅਜੋਕੀ ਹਸਤੀ। ਪਰ ਦੂਜੇ ਪਾਸੇ ਭਾਰਤੀ ਫੌਜ ਸੱਦ ਕੇ ਹਰਿਮੰਦਰ ਸਾਹਿਬ ਸਮੂਹ ਅੰਦਰ ਟੈਂਕਾਂ ਦੀ ਵਰਤੋਂ ਰਾਹੀਂ ਸਿੱਖਾਂ ਤੇ ਸਿੱਖ ਵਿਚਾਰਧਾਰਾ ਦਾ ਵਿਨਾਸ਼ ਵੀ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਵੱਡੀ ‘ਦੇਣ’ ਹੈ, ਜੋ ਇਤਿਹਾਸਕ ਪੱਖੋਂ ਉਸਦੇ ਮੱਥੇ ਤੇ ਲੱਗਾ ਕਾਲਾ ਟਿੱਕਾ ਬਣੀ ਰਹੇਗੀ।
ਮਾਇਆ ਹੜੱਪਣ, ਜਾਇਦਾਦਾਂ ਦੇ ਭੰਡਾਰ ਇਕੱਠੇ ਕਰਨ ਅਤੇ ਰਾਜਨੀਤਿਕ ਸ਼ਕਤੀ ਦੀ ਪ੍ਰਾਪਤੀ ਦੇ ਨਿਸ਼ਾਨਿਆਂ ਦੀਆਂ ਬਾਦਲਾਂ ਨੇ ਅਜਕਲ੍ਹ ਲਗਭਗ ਸਿਖਰਾਂ ਛੋਹ ਲਈਆਂ ਹਨ, ਪਰ ਭੁੱਖ ਨਹੀਂ ਮਿਟੀ। ‘ਅਕਾਸ਼ਦੀਪ’ ਦੀ ਮੌਤ ਇਸ ਪਰਿਵਾਰ ਦੇ ਹਲਕਾਅ ਨੂੰ ਕਿੰਨੀ ਢਾਹ ਲਾਉਂਦੀ ਹੈ, ਇਹ ਨਿਰਭਰ ਕਰਦਾ ਹੈ, ਪੰਜਾਬ ਦੇ ਗੱਭਰੂਆਂ ਦੀ ਅਣਖ `ਤੇ। ਇਸ ਅਣਖ ਦਾ ਵਰਤਾਰਾ ਤਾਂ 1978 ਵਿੱਚ 13 ਅਪ੍ਰੈਲ ਦੀ ਵਿਸਾਖੀ ਵਾਲੇ ਦਿਨ ਖਾਲਸੇ ਦੇ ਜਨਮ ਦਿਨ ਤੇ ਸਿੱਖਾਂ ਦੀ ਰਾਜਨਧਾਨੀ ਅੰਮ੍ਰਿਤਸਰ ਵਿਖੇ ਨਿਰੰਕਾਰੀਆਂ ਨਾਲ ਹੋਈ ਝੜਪ ਵਿੱਚ ਵੀ ਪਰਖਿਆ ਗਿਆ ਸੀ। ਫਿਰ ਇਸਦੀ ਪਰਖ ਹੋਈ ਸੀ ‘ਸਾਕਾ ਨੀਲਾ ਤਾਰਾ’ ਸਮੇਂ। ‘ਅਣਪਛਾਤੀਆਂ ਲਾਸ਼ਾਂ’ ਅਤੇ ‘ਸਿੱਖ ਕੁਲ਼ਨਾਸ’ ਦੇ ਵਰਤਾਰਿਆਂ ਨੂੰ ਸ਼ਹੀਦ ਜਸਵੰਤ ਸਿੰਘ ਖਾਲੜਾ ਰਾਹੀਂ ਨੰਗੇ ਕੀਤੇ ਜਾਣਾ ਵੀ ਇੱਕ ਪਹੁੰਚ ਸੀ, ਉਸ ਸਮੇਂ ਦੇ ਗੱਭਰੂਆਂ ਦੀ ਅਣਖ ਦੀ, ਜਿਸਨੇ ਸਿਖਰਾਂ ਛੋਹ ਲਈਆਂ ਸਨ, ਇੰਦਰਾ ਗਾਂਧੀ, ਜਨਰਲ ਵੈਦੀਆ, ਲਾਲਾ ਜਗਤ ਨਾਰਾਇਣ, ਰਮੇਸ਼ ਚੰਦਰ, ਨਿਰੰਕਾਰੀ ਗੁਰਬਚਨ ਸਿੰਘ, ਹਰਚੰਦ ਸਿੰਘ ਲੌਂਗੋਵਾਲ ਆਦਿ ਨੂੰ ਗੱਡੀ ਚੜ੍ਹਾਉਣ ਸਮੇਂ। ਆਓ ਦ੍ਰਿੜਤਾ ਬਣਾਈ ਰੱਖੀਏ ਕਿ ਸਿੱਖ ਵਿਚਾਰਧਾਰਾ ਦਾ ਬੁਨਿਆਦੀ ਨਾਅਰਾ ‘ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ’ ਦਾ ਸਦੀਵੀ ਪਹਿਰਾ ਸਮੁੱਚੀ ਧਰਤੀ ਤੇ ਵਰਤਦਾ ਰਹੇ।


01/05/15)
ਹਾਕਮ ਸਿੰਘ

ਸਤਿਕਾਰਯੋਗ ਡਾ. ਇਕਬਾਲ ਸਿੰਘ ਢਿਲੋਂ ਜੀ,
ਸਤਿ ਸ੍ਰੀ ਅਕਾਲ। ਆਪ ਜੀ ਦੇ ੩੦ ਅਪਰੈਲ ਦੇ ਪਤਰ ਲਈ ਧੰਨਵਾਦ।

ਆਪ ਜੀ ਦਾ ਵਿਚਾਰ ਹੈ ਕਿ ਮਨੁੱਖੀ ਮਨ ਅਬੀਨਾਸ਼ੀ ਨਹੀਂ ਹੈ। ਗੁਰਬਾਣੀ ਅਨੁਸਾਰ ਪਰਭੂ ਸਰਬਵਿਆਪਕ ਹੈ ਅਤੇ ਕਣ ਕਣ ਵਿੱਚ ਵਸਿਆ ਹੋਇਆ ਹੈ। ਜੇਕਰ ਇਹ ਸੱਚ ਹੈ ਤਾਂ ਜਦੋਂ ਮਨੁੱਖ ਦੀ ਮੌਤ ਹੁੰਦੀ ਹੈ ਤਾਂ ਉਸ ਵਿੱਚ ਵਸਿਆ ਪਰਭੂ ਜਾਂ ਤੇ (੧) ਮਰ ਜਾਂਦਾ ਹੈ, (੨) ਜਾਂ ਨਹੀਂ ਮਰਦਾ। ਗੁਰਬਾਣੀ ਪਰਭੂ ਨੂੰ ਅਬੀਨਾਸ਼ੀ ਮੰਨਦੀ ਹੈ। ਇਸ ਲਈ ਇਹ ਮੰਨਣਾ ਪਵੇਗਾ ਕਿ ਮਨੁੱਖੀ ਸਰੀਰ ਦੀ ਮੌਤ ਤੇ ਉਸ ਵਿੱਚ ਵਸਿਆ ਪਰਭੂ ਨਹੀਂ ਮਰਦਾ ਅਤੇ ਉਹ (੧) ਪਰਭੂ ਵਿੱਚ ਜਾ ਮਿਲਦਾ ਹੈ, (੨) ਜਾਂ ਫਿਰ ਪਰਭੂ ਵਿੱਚ ਮਿਲਣ ਦੇ ਸਮਰਥ ਨਹੀਂ ਹੁੰਦਾ। ਜੇਕਰ ਉਹ ਪਰਭੂ ਵਿੱਚ ਮਿਲ ਜਾਂਦਾ ਹੈ ਤਾਂ ਗੁਰਬਾਣੀ ਦਾ ਇਹ ਉਪਦੇਸ਼ ਕਿ ਮਨੁੱਖ ਨੂੰ ਪ੍ਰਭੂ ਨਾਲ ਮਿਲਾਪ ਕਰਨ ਲਈ ਨਾਮ ਸਿਮਰਨ ਕਰਨਾ ਅਤੇ ਸੇਵਾ ਭਾਵਨਾ ਅਤੇ ਹਲੀਮੀ ਵਾਲਾ ਜੀਵਨ ਧਾਰਨ ਕਰਨਾ ਚਾਹੀਦਾ ਹੈ ਅਰਥਹੀਣ ਹੋ ਜਾਂਦਾ ਹੈ, ਕਿਊਂਕੇ ਫਿਰ ਤੇ ਪਰਭੂ ਨਾਲ ਮਿਲਾਪ ਦੀ ਸ਼ਰਤ ਹੀ ਮਨੁੱਖਾ ਜੀਵਨ ਅਤੇ ਉਸ ਦੀ ਮੌਤ ਰਹਿ ਜਾਂਦੀ ਹੈ।
ਦੂਜਾ, ਗੁਰਬਾਣੀ ਮਨ ਨੂੰ ਸੀਉ, ਪਰਭੂ ਆਖਦੀ ਹੈ ਅਤੇ ਮਨ ਦੇ ਗੁਣਾਂ ਦਾ ਵਰਨਨ ਕੁੱਝ ਇਸ ਪਰਕਾਰ ਕਰਦੀ ਹੈ: “ਇਹੁ ਮਨੁ ਸਕਤੀ ਇਹੁ ਮਨੁ ਸੀਉ॥ ਇਹੁ ਮਨੁ ਪੰਚ ਤਤ ਕੋ ਜੀਉ॥ ਇਹੁ ਮਨੁ ਲੇ ਜਉ ਉਨਮਨਿ ਰਹੈ॥ ਤਉ ਤੀਨਿ ਲੋਕ ਕੀ ਬਾਤੈ ਕਹੈ॥’ (ਪੰ: ੩੪੨); “ਤਨ ਮਹਿ ਮਨੂਆ ਮਨ ਮਹਿ ਸਾਚਾ॥ ਸੋ ਸਾਚਾ ਮਿਲਿ ਸਾਚੇ ਰਾਚਾ॥” (ਪੰ: ੬੮੬); “ਮਨਿ ਜੀਤੈ ਜਗੁ ਜੀਤੁ॥” (ਪੰ: ੬੦) ਅਤੇ “ਨਾ ਇਹ ਮਾਨਸੁ ਨ ਇਹੁ ਦੇਉ॥ ਨਾ ਇਹੁ ਜਤੀ ਕਹਾਵੈ ਸੇਉ॥ ਨਾ ਇਹੁ ਜੋਗੀ ਨ ਅਵਧੂਤਾ॥ ਨਾ ਇਸੁ ਮਾਇ ਨ ਕਾਹੂ ਪੂਤਾ॥ ੧॥ ਇਆ ਮੰਦਰ ਮਹਿ ਕੌਨ ਬਸਾਈ॥ ਤਾ ਕਾ ਅੰਤੁ ਨ ਕੋਊ ਪਾਈ॥ ੧॥ ਰਹਾਉ॥ ਨਾ ਇਹੁ ਗਿਰਹੀ ਨ ਉਦਾਸੀ॥ ਨਾ ਇਹੁ ਰਾਜ ਨ ਭੀਖ ਮੰਗਾਸੀ॥ ਨਾ ਇਸੁ ਪਿੰਡ ਨ ਰਕਤੂ ਰਾਤੀ॥ ਨਾ ਇਹੁ ਬ੍ਰਹਮਨੁ ਨ ਇਹ ਖਾਤੀ॥ ੨॥ ਨਾ ਇਹੁ ਤਪਾ ਕਹਾਵੈ ਸੇਖੁ॥ ਨਾ ਇਹੁ ਜੀਵੈ ਨ ਮਰਤਾ ਦੇਖੁ॥ ਇਸੁ ਮਰਤੇ ਕਉ ਜੋ ਕੋਊ ਰੋਵੈ॥ ਜੋ ਰੋਵੈ ਸੋਈ ਪਤਿ ਖੋਵੈ॥ ੩॥ ਗੁਰ ਪ੍ਰਸਾਦਿ ਮੈ ਡਗਰੋ ਪਾਇਆ॥ ਜੀਵਨ ਮਰਨੁ ਦੋਊ ਮਿਟਵਾਇਆ॥ ਕਹੁ ਕਬੀਰ ਇਹੁ ਰਾਮ ਕੀ ਅੰਸੁ॥ ਜਸ ਕਾਗਦ ਪਰ ਮਿਟੈ ਨ ਮੰਸੁ॥” (ਪੰ: ੮੭੧)।
ਤੀਜਾ, ਜਿਊਂਦੇ ਅਤੇ ਮਰੇ ਹੋਏ ਮਨੁੱਖ ਵਿੱਚ ਇਹ ਫਰਕ ਹੁੰਦਾ ਹੈ ਕਿ ਮਰੇ ਹੋਏ ਮਨੁੱਖ ਦੀ ਖੂਨ ਦੀ ਗਰਦਿਸ ਬੰਦ ਹੋ ਜਾਂਦੀ ਹੈ ਅਤੇ ਉਸ ਦੀ ਸ਼ਕਤੀ, ਊਰਜਾ, ਜਿਸ ਨੂੰ ਪਰਾਣ ਵੀ ਕਿਹਾ ਜਾਂਦਾ ਹੈ, ਨਿਕਲ ਜਾਂਦੇ ਹਨ। ਮਰੇ ਹੋਏ ਮਨੁੱਖ ਵਿਚੋਂ ਕੁੱਝ ਨਾ ਕੁੱਝ ਤੇ ਗਾਇਬ ਹੁੰਦਾ ਹੀ ਹੈ ਅਤੇ ਉਹ ਨਜ਼ਰ ਵੀ ਨਹੀਂ ਆਉਂਦਾ। ਵਿਗਿਆਨ ਵਿੱਚ ਊਰਜਾ ਦਾ ਸੰਕਲਪ ਹੈ। ਊਰਜਾ ਨਜ਼ਰ ਨਹੀਂ ਆਉਂਦੀ ਪਰ ਉਸ ਦੇ ਪਰਭਾਵ ਨੂੰ ਮਸ਼ੀਨਾਂ ਨਾਲ ਵੇਖਿਆ ਅਤੇ ਇੰਦਰੀਆਂ ਰਾਹੀਂ ਅਨੁਭਵ ਕੀਤਾ ਜਾ ਸਕਦਾ ਹੈ। ਊਰਜਾ ਅਵਿਨਾਸ਼ੀ ਹੈ। ਇਹ ਰੂਪ ਬਦਲਦੀ ਰਹਿੰਦੀ ਹੈ ਪਰ ਇਸ ਦਾ ਵਿਨਾਸ਼ ਨਹੀਂ ਹੁੰਦਾ। ਮਰੇ ਹੋਏ ਮਨੁੱਖ ਵਿਚੋਂ ਊਰਜਾ ਗਾਇਬ ਹੁੰਦੀ ਹੈ। ਆਇਨਸਟਾਇਨ ਦਾ ਸਿਧਾਂਤ ਹੈ:
e=mc2 ਜਾਂ ਇਊਂ ਕਹੋ ਕਿ ਪਦਾਰਥ ਅਦਿੱਖ ਊਰਜਾ ਦਾ ਹੀ ਦਿਖਾਈ ਦੇ ਰਿਹਾ ਸਰੂਪ ਹੈ। ਮਰੇ ਹੋਏ ਸਰੀਰ ਵਿਚੋਂ ਊਰਜਾ ਦਾ ਗਾਇਬ ਹੋ ਜਾਣਾ ਜਾਂ ਰੂਪ ਬਦਲ ਲੈਣਾ ਸੰਭਵ ਹੈ। ਜੇਕਰ ਮਨੁੱਖੀ ਸਰੀਰ ਦੀ ਤੁਲਣਾ ਕਿਸੇ ਮਸ਼ੀਨ ਜਾਂ ਕੰਪਯੂਟਰ ਨਾਲ ਕੀਤੀ ਜਾਵੇ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਕੰਪਯੂਟਰ ਜਾਂ ਮਸ਼ੀਨ ਨੂੰ ਚਲਾਉਣ ਲਈ ਬਾਹਰੋਂ ਊਰਜਾ ਜਾਂ ਪਾਵਰ ਦੇਣੀ ਬਹੁਤ ਜ਼ਰੂਰੀ ਹੁੰਦੀ ਹੈ। ਪਾਵਰ ਤੋਂ ਬਿਨਾ ਕੰਪਯੂਟਰ ਜਾਂ ਮਸ਼ੀਨ ਡੈਡ ਰਹਿੰਦੀ ਹੈ।
ਆਪ ਦਾ ਵਿਸ਼ਵਾਸ ਹੈ ਕਿ ਮਨੁੱਖ ਦੀ ਮੌਤ ਨਾਲ ਉਸ ਦੇ ਮਨ ਦੀ ਵੀ ਮੌਤ ਹੋ ਜਾਂਦੀ ਹੈ। ਮੇਰਾ ਵਿਸ਼ਵਾਸ ਇਸ ਤੋਂ ਉਲਟ ਹੈ। ਪੱਕੇ ਵਿਸ਼ਵਾਸ ਨੂੰ ਦਲੀਲ ਜਾਂ ਬਹਿਸ ਨਾਲ ਬਦਲਨ ਦੀ ਪਰਕਿਰਿਆ ਕਾਫੀ ਤਣਾਓਪੂਰਨ ਹੁੰਦੀ ਹੈ। ਇਸ ਲਈ ਮੇਰਾ ਵਿਚਾਰ ਹੈ ਕਿ ਇਸ ਬਹਿਸ ਨੂੰ ਇਥੇ ਹੀ ਖਤਮ ਕਰ ਦਿੱਤਾ ਜਾਵੇ ਤਾਂ ਜੋ ‘ਸਿੱਖ ਮਾਰਗ’ ਦੇ ਪਾਠਕ ਇਸ ਵਿਸ਼ੇ ਬਾਰੇ ਆਪੋ ਆਪਣੀ ਸਮਝ ਅਨੁਸਾਰ ਨਿਰਨੇ ਲੈ ਸਕਣ।
ਹਾਕਮ ਸਿੰਘ


01/05/15)
ਗੁਰਦੀਪ ਸਿੰਘ ਬਾਗੀ

ਆਦਰਜੋਗ ਡਾ. ਗੁਰਮੀਤ ਸਿੰਘ ਬਰਸਾਲ ਜੀ

ਵਾਹ ਗੁਰੂ ਜੀ ਕਾ ਖਾਲਸਾ
ਵਾਹ ਗੁਰੂ ਜੀ ਕੀ ਫਤਿਹ

ਵੀਰ ਜੀ ਤੁਹਾਡੇ ਸਵਾਲਾਂ ਦਾ ਜਵਾਬ------
(ੳ) ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦੀ ਸਹੀ ਤਾਰੀਕ ਕਿੰਨੀ ਹੈ? (ਤੁਹਾਡਾ ਵਸੀਲਾ ਕੀ ਹੈ)
ਉਤਰ--- ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦੀ ਸਹੀ ਤਾਰੀਖ ਬੈਸਾਖ ਸੁਦੀ 3 ਸੰਵਤ 1526 (15 ਅਪ੍ਰੈਲ 1469), ਇਸ ਤਾਰੀਖ ਦਾ ਵਸੀਲਾ ਜਨਮਸਾਖੀਆਂ ਹਨ।
(ਅ) ਗੁਰੂ ਨਾਨਕ ਸਾਹਿਬ ਦੇ ਜੋਤੀ-ਜੋਤ ਸਮਾਉਣ ਦੀ ਤਾਰੀਖ ਕਿੰਨੀ ਹੈ? (ਤੁਹਾਡਾ ਵਸੀਲਾ ਕੀ ਹੈ)
ਗੁਰੂ ਸਾਹਿਬ ਦੀ ਸਹੀ ਜੋਤੀ-ਜੋਤ ਸਮਾਉਣ ਦੀ ਤਾਰੀਖ ਅਸੂ ਵਦੀ 10 ਸੰਵਤ 1596 (07 ਸਿਤੰਬਰ 1539 ਇ.) ਅਤੇ ਇਸ ਤਾਰੀਖ ਦਾ ਵਸੀਲਾ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤਾਂ ਵਿੱਚ ਚਲਿਤ੍ਰ ਜੋਤੀ-ਜੋਤ ਸਮਾਉਣ ਦੇ ਹਨ।
(ੲ) ਗੁਰੂ ਨਾਨਕ ਸਾਹਿਬ ਜੀ ਦੀ ਕੁਲ ਉਮਰ ਕਿੰਨੀ ਹੈ? (ਅ-ੳ=ੲ)
ਤਾਰੀਖ ਅਸੂ ਵਦੀ 10 ਸੰਵਤ 1596 (07 ਸਿਤੰਬਰ 1539 ਇ.) ਵਿੱਚੋ ਬੈਸਾਖ ਸੁਦੀ 3 ਸੰਵਤ 1526 (15 ਅਪ੍ਰੈਲ 1469) ਘਟਾਉਣ ਤੇ ਸਹੀ ਕੁਲ ਉਮਰ ਸਾਮ੍ਹਣੇ ਆਈ ਹੈ ਉਹ 70 ਸਾਲ 4 ਮਹੀਨੇ ਅਤੇ 23 ਦਿਨ ਬਣਦੀ ਹੈ।

ਡਾ. ਸਾਹਿਬ ਹੁਣ ਉਮੀਦ ਹੈ ਕਿ ਚਰਚਾ ਅੱਗੇ ਵੱਧੇਗੀ ਤੇ ਤੂੰਸੀ ਮੇਰੇ ਸਵਾਲ ਦਾ ਜਵਾਬ ਦੇਵੋਗੇ ਕਿ “ਕਿਸ ਜਨਮਸਾਖੀ ਦੇ ਕਰਤਾ ਨੇ ਗੁਰੂ ਨਾਨਕ ਸਾਹਿਬ ਦੀ ਕੁਲ ਉਮਰ 70 ਸਾਲ 5 ਮਹੀਨੇ ਅਤੇ 7 ਦਿਨ ਦਿੱਤੀ ਹੈ ਤੇ ਉਸ ਦੇ ਅਧਾਰ ਤੇ ਬੈਸਾਖ ਸੁਦੀ 3 ਦੀ ਜਨਮਤਾਰੀਖ ਦਿੱਤੀ ਹੈ”।
ਗੁਰਦੀਪ ਸਿੰਘ ਬਾਗੀ


ਗੁਰਮਤਿ ਸਿਖਲਾਈ ਕੈਂਪ

ਗੁਰਮਤਿ ਗਿਆਨ ਮਿਸ਼ਨਰੀ ਕਾਲਜ਼ ਲੁਧਿਆਣਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 30 ਅਪ੍ਰੈਲ 2015 ਤੋਂ 30 ਜੂਨ 2015 ਤੱਕ ਗੁਰਮਤਿ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ। ਗੁਰਦੁਆਰਾ ਸਾਹਿਬਾਨ ਅਤੇ ਸਕੂਲਾਂ/ਕਾਲਜਾਂ ਦੇ ਪ੍ਰਬੰਧਕਾਂ ਨੂੰ ਬੇਨਤੀ ਹੈ ਕਿ ਗੁਰਮਤਿ ਸਿਖਲਾਈ ਕੈਂਪ ਬੁੱਕ ਕਰਵਾਉਣ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ ਜੀ।

98555-51699
99140-12349
94177-04970


01/05/15)
ਮਨਮੀਤ ਸਿੰਘ ਕਾਨਪੁਰ

ਅਮ੍ਰਿੰਤ ਤੇ ਸਾਡੀ ਵਚਨਬੱਧਤਾ
ਕੋਈ ਮਨੁਖ ਜਦੋਂ ਅਮ੍ਰਿੰਤਪਾਨ ਕਰਣ ਦਾ ਸੰਕਲਪ ਲੈ ਕੇ ਪੰਜ ਪਿਆਰਿਆਂ ਦੇ ਸਨਮੁਖ ਹਾਜਿਰ ਹੁੰਦਾ ਹੈ ਤਾਂ ਪੰਜ ਪਿਆਰੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀ ਪਵਿਤ੍ਰ ਹਾਜਰੀ ਵਿੱਚ ਉਸ ਮਨੁਖ ਨੂੰ ਇਸ ਪਰਥਾਏ ਉਪਦੇਸ਼ ਕਰਦੇ ਹਨ ਕਿ ਅੱਜ ਤੋ ਤੇਰਾ ਜਨਮ ਸਿੱਖੀ ਦੇ ਘਰ ਹੋ ਰਿਹਾ ਹੈ ਤੇ ਅੱਜ ਤੋ ਪਿਛਲੇ ਸਾਰੇ ਧਰਮ ਕਰਮ ਅਤੇ ਵਿਸ਼ਵਾਸਾਂ ਦਾ ਤਿਆਗ ਕਰ ਕੇ ਆ ਤੇ ਹੁਣ ਮੁੜ ਤੇਰਾ ਆਪਣੇ ਪਿਛਲੇ ਕਿਸੀ ਵਿਸ਼ਵਾਸਾਂ ਨਾਲ ਕੋਈ ਸਬੰਧ ਨਹੀਂ ਰਹ ਜਾਵੇਗਾ ਤੇ ਤੇਰੀ ਮਕਤੀ ਦਾ ਦਾਤਾ ਕੇਵਲ ਤੇ ਕੇਵਲ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਹੀ ਹੋਣਗੇ, ਤੇਰਾ ਧਾਰਮਿਕ ਪਿਤਾ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਤੇ ਧਾਰਮਕ ਮਾਤਾ ਮਾਤਾ ਸਾਹਿਬ ਕੌਰ ਜੀ ਹੋਣਗੇ। ਅਮ੍ਰਿੰਤ ਅਭਿਲਾਖੀ ਸੱਜਣ ਆਪਣੀ ਸਵਸਥ ਮਨੋ ਬਿਰਤਿਆਂ ਨਾਲ ਹੀ ਬਚਨ ਕਰਦਾ ਹੈ ਕਿ ਉਸ ਨੂੰ ਇਹ ਸਾਰਿਆ ਸ਼ਰਤਾਂ ਮਨਜੂਰ ਨੇ, ਉਹ ਬਿਨਾਂ ਕਿਸੀ ਦਬਾਵ ਦੇ ਇਹ ਬਚਨ ਕਰ ਰਿਹਾ ਹੈ, ਉਸਦੇ ਇਹ ਵਚਨ ਕਰਣ ਤੋਂ ਬਾਦ ਹੀ ਪੰਜ ਸਿੰਘ ਅਮ੍ਰਿੰਤ ਦੀ ਤਿਆਰੀ ਸ਼ੂਰੁ ਕਰਦੇ ਨੇ ਤੇ ਉਹ ਅਮ੍ਰਿੰਤ ਅਭਿਲਾਖੀ ਜੋ ਕੁੱਝ ਸਮਾਂ ਪਹਿਲਾਂ ਪਤਾ ਨਹੀਂ ਕਿਹੜੇ ਜਾਤ ਗੋਤ ਜਾਂ ਦੇਸ਼ ਦਾ ਹੁੰਦਾ ਹੈ ਤੇ ਹੁਣ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੇ ਸਨਮੁਖ ਕੀਤੇ ਆਪਣੇ ਵਚਨ ਕਰਕੇ ਖਾਲਸਾ ਪੰਥ ਦਾ ਮੈਂਬਰ ਬਣ ਕੇ ਅਨੰਦਪੁਰ ਦਾ ਵਾਸੀ ਹੋ ਜਾਂਦਾ ਹੈ ਤੇ ਉਸਦੀ ਮੁਕਤੀ ਦਾ ਦਾਤਾ ਉਸ ਦਾ ਸਤਿਗੁਰੂ ਸ਼੍ਰੀ ਗੁਰੁ ਗ੍ਰੰਥ ਸਾਹਿਬ ਹੀ ਹੁੰਦਾ ਹੈ। ਸ਼੍ਰੀ ਗੁਰੁ ਗ੍ਰੰਥ ਸਾਹਿਬ ਦਾ ਮਾਨ ਸਨਮਾਨ ਤੇ ਉਪਦੇਸ਼ ਇੱਕ ਸਿੱਖ ਵਾਸਤੇ ਆਪਣੀ ਜਾਨ ਤੋ ਵੀ ਵੱਧ ਪਿਆਰੇ ਹੁੰਦੇ ਨੇ।
ਲੇਕਿਨ ਪਿਛਲੇ ਕੂਛ ਸਮੇਂ ਤੋਂ ਇਹ ਵਿਚਾਰ ਦੇ ਸੰਕਲਪ ਦੇ ਵਿੱਚ ਤੇਜੀ ਨਾਲ ਗਿਰਾਵਟ ਆਉਂਦੀ ਜਾ ਰਹੀ ਹੈ। ਸਿੱਖ ਸੰਕਲਪ ਵਜੋਂ ਤਾਂ ਸ਼੍ਰੀ ਗੁਰੁ ਗ੍ਰੰਥ ਸਾਹਿਬ ਦਾ ਹੁੰਦਾ ਹੈ ਲੇਕਿਨ ਉਸ ਦੀ ਕਰਮਬੱਧਤਾ ਅਤੇ ਵਿਚਾਰ ਸ਼ਕਤੀ ਆਪਣੇ ਗੁਰੁ ਵਲੋਂ ਪਾਏ ਉਪਦੇਸ਼ਾਂ ਤੋ ਲਾਮੇ ਜਾਉਂਦੀ ਹੀ ਦਿਸਦੀ ਹੈ। ਕਾਰਣ ਵੀ ਬੜਾ ਸਪਸ਼ਟ ਹੈ ਕਿ ਬਥੇਰੇ ਇਥੇਂ ਸਤਿਗੁਰੂ ਦੀ ਅਸੀਸ ਲ਼ੈਣ ਨਹੀਂ ਆਉਂਦੇ ਉਹ ਤਾਂ ਧੀਆਂ-ਪੁਤਰ, ਮਹਲ-ਮਾੜਿਆਂ, ਤੇ ਦੇਹ ਅਰੋਗਤਾ ਜਾਂ ਹੋਰ ਕੂਛ ਹੀ ਲੈਣ ਆਉਂਦੇ ਨੇ ਤੇ ਸਤਿਗੁਰੂ ਵੀ ਬਖਸ਼ਸ਼ਾਂ ਆਪਣੇ ਸੁਭਾਵ ਮੁਤਾਬਿਕ ਕਰੀ ਜਾੰਦੇ ਨੇ ਤੇ ਝੋਲਿਆਂ ਭਰਦਿਆਂ ਜਾਂਦਿਆਂ ਨੇ। ਹਉਮੈਂ ਤਿਆਗਣ ਵਾਲੇ ਦਰ ਤੇ ਕੂਝ ਲੋਕ ਹਉਮੈਂ ਦਾ ਜਾਂ ਅਗਿਆਨਤਾ ਦਾ ਸ਼ਿਕਾਰ ਹੋ ਕੇ ਸਤਿਗੁਰੂ ਨੂੰ ਕੀਤੀ ਵਚਨਬੱਧਤਾ ਤੋਂ ਹੀ ਮੁਕਰੀ ਜਾਂਦੇ ਨੇ ਤੇ ਦਾਵਾ ਇਹ ਹੀ ਕਰੀ ਜਾਂਦੇ ਨੇ ਕਿ ਉਹ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੇ ਹੀ ਸਿੱਖ ਨੇ ਜਦਕਿ ਹਾਲੇ ਵੀ ਮਾਇਆ ਦੇ ਇਸ ਜੁਗ ਵਿੱਚ ਵਿਰਲੇ ਅਜੇ ਵੀ ਕਾਇਮ ਨੇ ਆਪਣੇ ਸਤਿਗੁਰੂ ਨੂੰ ਕੀਤੇ ਵਚਨ ਤੇ। ਉਨ੍ਹਾਂ ਨੂੰ ਆਪਣੇ ਸਤਿਗੁਰੂ ਤੋ ਚੰਗਾ ਕੁਛ ਵੀ ਨਹੀਂ ਲਗਦਾ।
ਇਹ ਖਿਆਲ ਕੇਵਲ ਦੁਨਿਆਵੀ ਖੇਤਰ ਵਿੱਚ ਹੀ ਨਹੀਂ ਸਗੋਂ ਧਾਰਮਕ ਖੇਤਰ ਵਿੱਚ ਵੀ ਪੂਰੇ ਤੋਰ ਤੇ ਲਾਗੂ ਹੂੰਦਾ ਹੈ। ਅੱਜ ਦੇ ਸਿੱਖ ਸੁਪਣੇ ਵਾੰਗ ਹੀ ਸ਼੍ਰੀ ਗੁਰੁ ਗ੍ਰੰਥ ਸਾਹਿਬ ਨੂੰ ਕੀਤੀ ਆਪਣੀ ਵਚਨ ਬੱਧਤਾ ਨਂੂ ਵਿਸਾਰੀ ਜਾ ਰਹੇ ਨੇ। ਉਹ ਇਹ ਪਤਾ ਨਹੀਂ ਕੀਵੇ ਬਾਰ-ਬਾਰ ਸੁਨਣ ਸਮਝਣ ਤੋ ਬਾਦ ਵੀ ਵਿਸਰ ਜਾੰਦੇ ਨੇ ਜਾਂ ਸਮਝਣਾ ਹੀ ਨਹੀਂ ਚਾਹੁੰਦੇ ਕਿ ਇੱਕ ਸਿੱਖ ਦੀ ਵਚਨ ਬੱਧਤਾ ਉਸਦੇ ਗੁਰੁ ਸ਼੍ਰੀ ਗੁਰੁ ਗ੍ਰੰਥ ਸਾਹਿਬ ਨਾਲ ਹੈ ਕੀਸੀ ਹੋਰ ਗ੍ਰੰਥ ਦੀ ਕੀਸੀ ਵੀ ਰਚਨਾ ਨਾਲ ਨਹੀਂ। ਸਿੱਖ ਤੇ ਕੇਵਲ ਉਹੀ ਹੈ ਜੋ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਆਦੇਸ਼ ਨਾਲ ਥਾਪੇ ਗੁਰੁ ਸ਼੍ਰੀ ਗੁਰੁ ਗ੍ਰੰਥ ਸਾਹਿਬ ਲਈ ਮਨ ਬਚ ਕਰਮ ਨਾਲ ਸਮਰਪਿਤ ਹੋਵੇਂ। ਕੀਸੀ ਹੋਰ ਨੂੰ ਸਮਰਪਿਤ ਹੋਣ ਵਾਲਾ ਤਾਂ ਸਿੱਖ ਹੋ ਹੀ ਨਹੀਂ ਸਕਦਾ ਕਿਉਕਿ ਉਸ ਨੇ ਗੁਰੁ ਗ੍ਰੰਥ ਅਤੇ ਪੰਥ ਦੀ ਹਜੂਰੀ ਵਿੱਚ ਗੁਰੁ ਗ੍ਰੰਥ ਸਾਹਿਬ ਨੂੰ ਹੀ ਕੇਵਲ ਆਪਣੀ ਮੁਕਤੀ ਦਾ ਦਾਤਾ ਮੰਨਿਆਂ ਸੀ ਕੀਸੀ ਹੋਰ ਨੂੰ ਨਹੀਂ।
ਜੇ ਸਾਨੂੰ ਸਿੱਖੀ ਦੇ ਧਾਰਮਕ ਸੰਸਕਾਰਾਂ ਸਮੇਂ ਕਿਸੀ ਹੋਰ ਗ੍ਰੰਥ ਦੀਆਂ ਰਵਨਾਵਾਂ ਦੀ ਪ੍ਰੋੜਤਾ ਸਭ ਕੂਛ ਸਮਜਣ ਤੋਂ ਬਾਦ ਵੀ ਕਰਣੀ ਪੈ ਜਾਵੇ ਤਾਂ ਇਹ ਉਸ ਬਿਮਾਰੀ ਦਾ ਲਛਣ ਹੈ ਜਿਸ ਵਿੱਚ ਦਿਲ ਆਪਣਾ ਤੇ ਪ੍ਰੀਤ ਪਰਾਈ ਹੂੰਦੀ ਹੈ ਬਾਵ ਦਿਖਾਈ ਤਾਂ ਭਾਵੇ ਅਸੀਂ ਕਿਸੇ ਸਿੱਦਕੀ ਸਿੱਖ ਤੋ ਵੱਧਰੇ ਪੰਥਕ ਦੇਂਦੇ ਹੋਈਏ ਤੇ ਸ਼ਾਇਦ ਸੰਗਤਾਂ ਦੀਆਂ ਨਜਰਾਂ ਵਿੱਚ ਘਟਾਂ ਪਾ ਕੇ ਅਸੀਂ ਵਡੇ ਪੰਥਕ ਵਿਦਵਾਨ ਵੀ ਬਣ ਜਾਈਏ ਪਰ ਹਕੀਕਤ ਤੋ ਤੇ ਨਾ ਸਾਡਾ ਤੇ ਨਾ ਸਾਡੇ ਸਤਿਗੁਰੂ ਦਾ ਕੋਈ ਪੜਦਾ ਹੈ ਜੋ ਨਿਸ਼ਚੈ ਨਾਲ ਇਹ ਜਾਣਦਾ ਹੈ ਕਿ ਸਾਡੀ ਆਪਣੇ ਸਤਿਗੁਰੂ ਦੇ ਨਾਲ ਕੀਤੀ ਵਚਨਬੱਧਤਾ ਨਾਲ ਕਿਨ੍ਹੀ ਵਫਾਦਾਰੀ ਹੈ।
ਅੱਜ ਦੇ ਪੰਥਕ ਹਲਾਤਾਂ ਵਿੱਚ ਸਾਡੀ ਇਹ ਜਿਮੇਵਾਰੀ ਹੋ ਨਿਬੜਦੀ ਹੈ ਕਿ ਅਸੀਂ ਆਪਣੇ ਸਤਿਗੁਰੂ ਨੂੰ ਆਪ ਵੀ ਮੁਕਤੀ ਦਾ ਦਾਤਾ ਮੰਨਣ ਦੀ ਕਿਤੀ ਵਚਨਬੱਧਤਾ ਨੂੰ ਮਨ ਬਚ ਤੇ ਕਰਮ ਨਾਲ ਨਿਭਾ ਕੇ ਪੰਥਕ ਇੱਕ ਸੁਰਤਾ ਵੱਲ ਕਦਮ ਵੱਧਾ ਕੇ ਕੇਸਰੀ ਨਿਸ਼ਾਨ ਦੇ ਟੀਚੇ ਨੂੰ ਪ੍ਰਾਪਤ ਕਰਣ ਦਾ ਸਫਲ ਜਤਨ ਕਰੀਏ ਨਹੀਂ ਤਾਂ ਕੱਲ ਤਕ ਤੇ ਵਧੇਰੇ ਦੇਰ ਹੋ ਚੁਕੀ ਹੋਵੇਗੀ ਕਿਉਕਿ ਗੁਰੁ ਗ੍ਰੰਥ ਸਾਹਿਬ ਦੀ ਗੁਰੁ ਹਸਤੀ ਨੂੰ ਚੇਲੈਂਜ ਕਰ ਰਹੇ ਗ੍ਰੰਥਾਂ ਨੂੰ ਪਿਛਲੇ ਤੀਨ ਸੌ ਸਾਲ ਦੇ ਇਤਿਹਾਸ ਵਿੱਚ ਗੁਰੁ ਕੇ ਸਿਦਕੀ ਸਿੱਖਾਂ ਵਲੋਂ ਕਦੀ ਵੀ ਇਸ ਤਰ੍ਹਾਂ ਨਾਲ ਨਹੀਂ ਲਲਕਾਇਆ ਗਿਆ ਹੈ।
ਮਨਮੀਤ ਸਿੰਘ ਕਾਨਪੁਰ



{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.