30/11/15)
ਗੁਰਸ਼ਰਨ ਸਿੰਘ ਕਸੇਲ
ਸਤਿਕਾਰ ਯੋਗ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ॥
ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵ-ਸ਼ਾਂਤੀ (ਕਿਸ਼ਤ-13) ਵਿਸ਼ਵ ਸ਼ਾਂਤੀ ਦੀ ਪ੍ਰਾਪਤੀ ਅਤੇ ਮਨੁੱਖੀ ਜਨਮ
ਦੀ ਸਫ਼ਲਤਾ--- ਲੈਫ਼ ਕਰਨਲ (ਰਿਟਾ.)
ਕਰਨਲ ਗੁਰਦੀਪ ਸਿੰਘ
ਜੀ ਦਾ ਆਵਾਗਵਨ ਬਾਰੇ ਵਿਚਾਰ ਪੜ੍ਹਕੇ, ਇਹ ਵਿਚਾਰ ਮਨ ਵਿਚ ਆਇਆ ਕਿ ਅੱਜ ਜਿਹਨਾਂ ਨੂੰ ਅਸੀਂ ਨਾਸਤਕ
ਆਖਦੇ ਹਾਂ (ਰੱਬ ਦੀ ਹੋਂਦ ਨੂੰ ਨਾ ਮੰਨਣ ਵਾਲੇ ) ਅਤੇ ਉਹ ਆਵਾਗਵਨ ਦਾ ਡਰ ਵੀ ਨਹੀਂ ਮੰਨਦੇ । ਕੀ
ਉਹ ਰੱਬ ਦੀ ਹੋਂਦ ਨੂੰ ਮਨਣ ਵਾਲਿਆਂ ਨਾਲੋਂ ਜਿਆਦਾ ਅਪਰਾਧ ਕਰ ਰਹੇ ਹਨ ?
ਕਰਨਲ ਸਾਹਿਬ ਇਸ ਲੇਖ ਵਿਚ ਲਿਖਦੇ ਹਨ,
“ਨੋਟ: ਜਿਹੜੇ ਵਿਦਵਾਨ ਇਹ ਪ੍ਰਚਾਰਨ ਲਈ ਬਜ਼ਿੱਦ
ਹਨ ਕਿ ਮਨੁੱਖ ਦੀ ਸਰੀਰਕ ਮੌਤ ਹੋ ਜਾਣ ਤੋਂ ਬਾਅਦ, ਮਨੁੱਖ ਦੇ ਵਜ਼ੂਦ ਦਾ ਕੋਈ ਵੀ ਅੰਸ਼ (ਸਥੂਲ ਜਾਂ
ਸੂਖਮ) ਬਾਕੀ ਨਹੀਂ ਰਹਿੰਦਾ ਉਹ, ਲੇਖਕ ਦੀ ਸਮਝ ਅਨੁਸਾਰ, ਅਣਜਾਣੇ ਵਿੱਚ ਹੀ, ਮਨੁੱਖੀ ਸਮਾਜ ਨੂੰ
ਗੁਮਰਾਹ ਕਰਨ ਦੇ ਦੋਸ਼ੀ ਬਣ ਰਹੇ ਹਨ। ਜੇਕਰ ਉਨ੍ਹਾਂ ਦੀ ਇਸ ਦਲੀਲ ਨੂੰ ਸਵੀਕਾਰ ਕਰ ਲਿਆ
ਜਾਵੇ ਤਾਂ ਫਿਰ ਤਾਂ ਅਪ੍ਰਾਧ ਕਰਨ ਜਾਂ ਹੋਰ ਸਮਾਜ-ਵਿਰੋਧੀ ਮਨ-ਮਰਜ਼ੀਆਂ (ਮਾੜੀਆਂ ਕਰਤੂਤਾਂ) ਕਰਨ
ਦੀ ਮਨੁੱਖ ਨੂੰ ਖੁੱਲ੍ਹ ਮਿਲ ਜਾਵੇਗੀ ਅਤੇ ਉਹ ਗੁਨਾਹ ਕਰ ਕੇ ਭੀ, ਕਈ ਤਰ੍ਹਾਂ ਦੀਆਂ ਚਾਲਾਂ ਚੱਲ
ਕੇ, (ਆਪਣੇ ਅਸਰ-ਰਸੂਖ ਦੀ ਵਰਤੋਂ ਕਰ ਕੇ, ਵੱਢੀ-ਟੇਢੀ ਦੇ ਕੇ, ਗ਼ਲਤ ਗਵਾਹੀਆਂ ਭੁਗਤਾਅ ਕੇ,
ਗਵਾਹਾਂ ਨੂੰ ਲਾਲਚ ਦੇ ਕੇ ਜਾਂ ਡਰਾ-ਧਮਕਾਅ ਕੇ ਆਦਿ) ਆਪਣੇ ਕੀਤੇ ਅਪ੍ਰਾਧ ਦੀ ਸਜ਼ਾ ਭੁਗਤਣ ਤੋਂ
ਦੁਨਿਆਵੀ ਅਦਾਲਤਾਂ `ਚੋਂ ਤਾਂ ਬੱਚ ਸਕਦਾ ਹੈ (ਮੀਡੀਆ ਰਾਹੀਂ ਅਜਿਹੀ ਜਾਣਕਾਰੀ ਅਕਸਰ ਹੀ ਪ੍ਰਾਪਤ
ਹੁੰਦੀ ਰਹਿੰਦੀ ਹੈ), ਪਰ, ਰੱਬੀ-ਅਦਾਲਤ ਦੇ ਸੱਚੇ ਨਿਆਂ ਤੋਂ ਨਹੀਂ ਬਚ ਸਕਦਾ, ਅਤੇ ਜੇਕਰ ਉਸ ਦੇ
ਸਰੀਰ ਦਾ (ਸਰੀਰਕ ਮੌਤ ਤੋਂ ਬਾਅਦ) ਕੋਈ ਸੂਖਮ ਵਜ਼ੂਦ ਭੀ ਬਾਕੀ ਹੀ ਨਹੀਂ ਬਚਦਾ ਤਾਂ ਰੱਬ ਉਸ ਨੂੰ
ਉਸ ਦੇ ਕੀਤੇ ਅਪ੍ਰਾਧਾਂ ਦੀ ਸਜ਼ਾ, ਭਲਾ, ਕਦੋਂ ਅਤੇ ਕਿਵੇਂ ਭੁਗਤਾਏਗਾ? ਇਸ ਪ੍ਰਥਾਇ ਗੁਰ ਫ਼ੁਰਮਾਣੁ
ਹੈ -
ਮਾਣਸਾ ਕਿਅਹੁ ਦੀਬਾਣਹੁ ਕੋਈ ਨਸਿ ਭਜਿ ਨਿਕਲੈ ਹਰਿ ਦੀਬਾਣਹੁ ਕੋਈ ਕਿਥੈ
ਜਾਇਆ॥ (ਮ: 3, 591)”
ਚਲੋ, ਕਰਨਲ ਸਾਹਿਬ ਤਾਂ ਜਵਾਬ ਦੇਂਦੇ ਹੀ ਨਹੀਂ ਹੁੰਦੇ ਜੋ ਮਰਜੀ ਲਿਖੀ ਜਾਣ ਉਹਨਾਂ ਨੂੰ
ਸੱਭ ਛੋਟ ਹੈ ।
ਇਕ ਪਾਠਕ, ਗੁਰਸ਼ਰਨ ਸਿੰਘ ਕਸੇਲ
30/11/15)
ਗੁਰਨਾਮ ਸਿੰਘ ਅਕੀਦਾ
ਪੰਜਾਬ ਯੂਨੀਅਨ ਆਫ਼ ਜਰਨਲਿਸਟ ਨੇ ਲਿਆ ਸਖ਼ਤ ਨੋਟਿਸ
ਬਲਤੇਜ ਪੰਨੂ ਤੇ ਪਰਚਾ ਦਰਜ ਕਰਨਾ ਪ੍ਰੈੱਸ ਦੀ ਆਜ਼ਾਦੀ ਤੇ ਹਮਲਾ : ਜਸਪਾਲ ਸਿੰਘ ਹੇਰਾਂ
ਜ਼ਿਲ੍ਹਾ ਹੈੱਡ ਕੁਆਟਰਾਂ ਤੇ ਮੰਗ ਪੱਤਰ ਦਿਤੇ ਜਾਣਗੇ, 8 ਦਸੰਬਰ ਨੂੰ ਲੁਧਿਆਣਾ ਵਿਚ ਰੋਸ ਮਾਰਚ
ਸੈਮੀਨਾਰ ਕਰਵਾ ਸੰਸਥਾ ਕਰੇਗੀ ਪੰਜਾਬ ਸਰਕਾਰ ਦੀਆਂ ਪ੍ਰੈੱਸ ਵਿਰੁੱਧ ਅਪਣਾਈ ਨੀਤੀ ਦਾ ਖ਼ੁਲਾਸਾ
ਲੁਧਿਆਣਾ 30 ਨਵੰਬਰ ( )
ਪੰਜਾਬ ਦੇ ਪੱਤਰਕਾਰਾਂ ਦੀ ਜਥੇਬੰਦੀ ਪੰਜਾਬ ਯੂਨੀਅਨ ਆਫ਼ ਜਰਨਲਿਸਟ ਰਾਜਿ. (ਪੀਯੂਜੇ) ਨੇ ਅੱਜ
ਕੈਨੇਡੀਅਨ ਪੱਤਰਕਾਰ ਬਲਤੇਜ ਪੰਨੂ ਦੇ ਮਾਮਲੇ ਵਿਚ ਜਿੱਥੇ ਆਪਣਾ ਪ੍ਰਤੀਕਰਮ ਪ੍ਰਗਟ ਕੀਤਾ ਹੈ ਉੱਥੇ
ਹੀ ਪੰਜਾਬ ਸਰਕਾਰ ਨੂੰ ਇਸ ਗੱਲੋਂ ਖ਼ਬਰਦਾਰ ਕੀਤਾ ਹੈ ਕਿ ਉਹ ਪਿਛਲੇ ਸਮੇਂ ਤੋਂ ਪੱਤਰਕਾਰਾਂ ਦੇ
ਹੱਕਾਂ ਤੇ ਡਾਕੇ ਮਾਰ ਰਹੀ ਹੈ, ਇਸ ਤਰ੍ਹਾਂ ਕਿਸੇ ਵੀ ਪੱਤਰਕਾਰ ਨੂੰ ਜਦੋਂ ਮਰਜ਼ੀ ਪੁਲਸ ਚੁੱਕੇ ਤੇ
ਬਿਨਾਂ ਕਿਸੇ ਪੜਤਾਲ ਤੋਂ ਪਰਚਾ ਦਰਜ ਕਰਕੇ ਉਸ ਦੀ ਜ਼ਿੰਦਗੀ ਨੂੰ ਤਬਾਹ ਕਰ ਦੇਵੇ, ਇਹ ਗੱਲਾਂ
ਬਰਦਾਸ਼ਤ ਤੋਂ ਬਾਹਰ ਹਨ। ਇਸ ਸਮੇਂ ਬਿਆਨ ਜਾਰੀ ਕਰਦਿਆਂ ਪੀਯੁਜੇ ਦੇ ਸੂਬਾ ਪ੍ਰਧਾਨ ਜਸਪਾਲ ਸਿੰਘ
ਹੇਰਾਂ ਤੇ ਸੀਨੀਅਰ ਮੀਤ ਪ੍ਰਧਾਨ ਗੁਰਨਾਮ ਸਿੰਘ ਅਕੀਦਾ ਨੇ ਕਿਹਾ ਕਿ ਅਸੀਂ ਪੰਜਾਬ ਭਰ ਦੇ
ਪੱਤਰਕਾਰਾਂ ਨੂੰ ਇਸ ਗੱਲ ਦਾ ਸੱਦਾ ਦਿੰਦੇ ਹਾਂ ਕਿ ਉਹ ਪ੍ਰੈੱਸ ਦੀ ਆਜ਼ਾਦੀ 'ਤੇ ਪੰਜਾਬ ਸਰਕਾਰ
ਵੱਲੋਂ ਮਾਰੇ ਜਾ ਰਹੇ ਡਾਕਿਆਂ ਦਾ ਡਟ ਕੇ ਵਿਰੋਧ ਕਰਨ।
ਇਸ ਵੇਲੇ ਸ੍ਰੀ ਹੇਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਉਸ ਵਿਰੁੱਧ ਉੱਠ ਰਹੇ ਲੋਕ ਰੋਹ ਨੂੰ ਇਸ
ਤਰ੍ਹਾਂ ਪੁਲਸ ਦੀ ਤਾਕਤ ਨਾਲ ਨਹੀਂ ਦਬਾ ਸਕਦੀ। ਪਹਿਲਾਂ ਵੀ ਪ੍ਰੈੱਸ ਦੀ ਆਜ਼ਾਦੀ 'ਤੇ ਪੰਜਾਬ ਸਰਕਾਰ
ਨੇ ਕਾਫੀ ਤਰ੍ਹਾਂ ਦੇ ਹਮਲੇ ਕੀਤੇ ਹਨ ਪਰ ਹੁਣ ਜੋ ਪੱਤਰਕਾਰ ਬਲਤੇਜ ਪੰਨੂ ਤੇ ਬਿਨਾਂ ਪੜਤਾਲ ਤੋਂ
ਪਰਚਾ ਦਰਜ ਕੀਤਾ ਹੈ ਉਹ ਸਰਕਾਰ ਦੀ ਪੱਤਰਕਾਰਾਂ ਵਿਰੁੱਧ ਬੌਖਲਾਹਟ ਦਾ ਨਤੀਜਾ ਹੈ। ਸ੍ਰੀ ਪੰਨੂ
ਲੰਬੇ ਸਮੇਂ ਤੋਂ ਪੰਜਾਬ ਸਰਕਾਰ ਦੀਆ ਗਲਤ ਨੀਤੀਆਂ ਸੋਸ਼ਲ ਮੀਡੀਆ ਵਿਚ ਨਸ਼ਰ ਕਰ ਰਿਹਾ ਸੀ। ਪੰਜਾਬ ਦੇ
ਉਪ ਮੁੱਖ ਮੰਤਰੀ ਸੋਸ਼ਲ ਮੀਡੀਆ ਤੇ ਸਰਗਰਮ ਲੋਕਾਂ ਨੂੰ ਹਮੇਸ਼ਾ ਧਮਕੀਆਂ ਦੇ ਰਿਹਾ ਹੈ। ਆਗੂਆਂ ਨੇ
ਕਿਹਾ ਕਿ ਜੇਕਰ ਕਿਸੇ ਪੱਤਰਕਾਰ ਤੇ ਦੋਸ਼ ਲਗਦੇ ਹਨ ਤਾਂ ਇਸ ਸਬੰਧੀ ਨਿਯਮ ਵਿਧਾਨ ਅਪਣਾਉਣੇ ਚਾਹੀਦੇ
ਸਨ ਜੋ ਪੁਲਸ ਨੇ ਸ੍ਰੀ ਪੰਨੂ ਉੱਤੇ ਦਰਜ ਹੋਏ ਕੇਸ ਵਿਚ ਨਹੀਂ ਅਪਣਾਏ। ਸ੍ਰੀ ਹੇਰਾਂ ਨੇ ਕਿਹਾ ਕਿ
ਅਸੀਂ ਕਿਸੇ ਔਰਤ ਦੇ ਹੱਕਾਂ ਦੇ ਖ਼ਿਲਾਫ਼ ਨਹੀਂ ਹਾਂ ਪਰ ਪੱਤਰਕਾਰ ਸਮਾਜ ਦਾ ਇਕ ਸਤਿਕਾਰਯੋਗ ਵਿਅਕਤੀ
ਹੈ। ਉਸ ਦੇ ਹੱਕਾਂ ਦਾ ਖਿਆਲ ਰੱਖਣਾ ਵੀ ਜ਼ਰੂਰੀ ਹੈ। ਸ੍ਰੀ ਹੇਰਾਂ ਨੇ ਕਿਹਾ ਕਿ ਉਹ ਕੱਲ੍ਹ ਤੋਂ ਹੀ
ਪੰਜਾਬ ਸਰਕਾਰ ਵਿਰੁੱਧ ਇਕ ਮੰਗ ਪੱਤਰ ਪੰਜਾਬ ਦੇ ਰਾਜਪਾਲ, ਭਾਰਤ ਦੇ ਪ੍ਰਧਾਨ ਮੰਤਰੀ, ਚੀਫ਼ ਜਸਟਿਸ
ਮਾਨਯੋਗ ਸੁਪਰੀਮ ਕੋਰਟ ਭਾਰਤ ਤੇ ਚੀਫ਼ ਜਸਟਿਸ ਮਾਨਯੋਗ ਹਾਈ ਕੋਰਟ ਚੰਡੀਗੜ੍ਹ, ਮੁੱਖ ਮੰਤਰੀ ਪੰਜਾਬ
ਤੇ ਪ੍ਰੈੱਸ ਕੌਂਸਲ ਆਫ਼ ਇੰਡੀਆ ਨੂੰ ਭੇਜ ਰਹੇ ਹਾਂ। ਇਹ ਮੰਗ ਪੱਤਰ ਹਰੇਕ ਜ਼ਿਲ੍ਹੇ ਦੇ ਡਿਪਟੀ
ਕਮਿਸ਼ਨਰ ਰਾਹੀਂ ਭੇਜੇ ਜਾਣਗੇ। ਜਿਸ ਵਿਚ ਪ੍ਰੈੱਸ ਦੀ ਆਜ਼ਾਦੀ 'ਤੇ ਹਮਲੇ ਰੋਕਣ ਲਈ ਤਾਂ ਮੰਗ ਹੋਵੇਗੀ
ਹੀ, ਨਾਲ ਹੀ ਇਹ ਵੀ ਕਿਹਾ ਜਾਵੇਗਾ ਕਿ ਜਦੋਂ ਵੀ ਕਿਸੇ ਪੱਤਰਕਾਰ ਵਿਰੁੱਧ ਕੋਈ ਸ਼ਿਕਾਇਤ ਆਉਂਦੀ ਹੈ
ਤਾਂ ਉਸ ਸਮੇਂ ਦੋ ਸੀਨੀਅਰ ਪੱਤਰਕਾਰਾਂ, ਇਕ ਪੁਲਸ ਤੇ ਇਕ ਸਿਵਲ ਅਧਿਕਾਰੀ, ਅਤੇ ਇਕ ਸਮਾਜਕ ਕਾਰਕੁਨ
ਦੀ ਕਮੇਟੀ ਬਣਾ ਕੇ ਪਹਿਲਾਂ ਪੜਤਾਲ ਕਰਾਈ ਜਾਵੇ, ਜੇਕਰ ਪੱਤਰਕਾਰ ਦੋਸ਼ੀ ਸਾਬਤ ਹੁੰਦਾ ਹੈ ਤਾਂ ਉਸ
ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਹ ਮੰਗ ਵੀ ਕਰਾਂਗੇ ਕਿ ਬਲਤੇਜ ਪੰਨੂ ਖ਼ਿਲਾਫ਼ ਕੋਈ ਵੀ ਨਿਯਮ
ਵਿਧਾਨ ਨਾ ਅਪਣਾ ਕੇ ਗ੍ਰਿਫ਼ਤਾਰ ਕਰਨ ਵਾਲੇ ਪੁਲਸ ਅਧਿਕਾਰੀਆਂ 'ਤੇ ਸਖ਼ਤ ਕਾਰਵਾਈ ਹੋਵੇ ਤੇ ਉਸ ਨੂੰ
ਤੁਰੰਤ ਰਿਹਾਅ ਕੀਤਾ ਜਾਵੇ। ਸ੍ਰੀ ਹੇਰਾਂ ਨੇ ਕਿਹਾ ਕਿ ਮੋਗਾ ਰੈਲੀ ਵਿਚ ਪੱਤਰਕਾਰਾਂ ਨਾਲ ਪੁਲਸ
ਅਧਿਕਾਰੀਆਂ ਵੱਲੋਂ ਬਦਸਲੂਕੀ ਕੀਤੀ ਗਈ। ਤੇ ਨਾਲ ਹੀ ਬਠਿੰਡਾ ਦੇ ਪੱਤਰਕਾਰ ਅਨਿਲ ਵਰਮਾ ਨੂੰ ਵੀ
ਧਮਕਾਇਆ ਜਾ ਰਿਹਾ ਹੈ, ਇਹ ਬਰਦਾਸ਼ਤ ਨਹੀਂ ਹੋਵੇਗਾ।
ਸ੍ਰੀ ਹੇਰਾਂ ਨੇ ਕਿਹਾ ਕਿ ਇਸ ਸਬੰਧੀ ਵੱਖ ਵੱਖ ਪੱਤਰਕਾਰਾਂ ਨਾਲ ਕੀਤੀ ਗਈ ਗੱਲ ਤੋਂ ਬਾਅਦ ਇਹ ਤਹਿ
ਹੋਇਆ ਹੈ ਕਿ ਜੇਕਰ ਪੰਜਾਬ ਸਰਕਾਰ ਸੁਸਤ ਰਹਿੰਦੀ ਹੈ ਤਾਂ ਪੱਤਰਕਾਰ ਪੰਜਾਬ ਸਰਕਾਰ ਦੇ ਵਿਰੁੱਧ
ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਦਸੰਬਰ ਦੇ ਪਹਿਲੇ ਹਫ਼ਤੇ ਲੁਧਿਆਣਾ ਵਿਚ ਇਕ ਵੱਡਾ
ਰੋਸ ਮਾਰਚ ਪੰਜਾਬ ਸਰਕਾਰ ਦੇ ਵਿਰੁੱਧ ਪੱਤਰਕਾਰਾਂ ਵੱਲੋਂ ਕੀਤਾ ਜਾਵੇਗਾ। ਉਸ ਤੋਂ ਬਾਅਦ ਪ੍ਰਮੁੱਖ
ਵਿਦਵਾਨਾਂ ਦੀ ਸ਼ਮੂਲੀਅਤ ਨਾਲ ਇਕ ਵੱਡਾ ਸੈਮੀਨਾਰ ਕਰਾਇਆ ਜਾਵੇਗਾ। ਇਸ ਸਮੇਂ ਪੱਤਰਕਾਰਾਂ ਵੀਰਾਂ
ਨੂੰ ਬੇਨਤੀ ਕੀਤੀ ਗਈ ਕਿ ਇਹ ਮਾਮਲਾ ਅਜਿਹਾ ਹੈ ਜੋ ਕਿਸੇ ਵੀ ਆਦਰਸ਼ਵਾਦੀ ਪੱਤਰਕਾਰ ਦੇ ਵਿਰੁੱਧ
ਕਿਸੇ ਵੇਲੇ ਵੀ ਖੜਾ ਕੀਤਾ ਜਾ ਸਕਦਾ ਹੈ। ਇਸ ਲਈ ਸਾਰੇ ਪੱਤਰਕਾਰ ਵੀਰਾਂ ਨੂੰ ਇੱਕਮੁੱਠ ਹੋਣ ਦੀ
ਅਪੀਲ ਕੀਤੀ ਜਾਂਦੀ ਹੈ।
ਪ੍ਰਧਾਨ ਜਸਪਾਲ ਸਿੰਘ ਹੇਰਾਂ
9417037277
ਸੀ. ਮੀ. ਪ੍ਰ੍ਧਾਨ ਗੁਰਨਾਮ ਸਿੰਘ ਅਕੀਦਾ
8146001100
29/11/15)
ਸਿੰਘ ਸਭਾ ਜਰਮਨੀ
ਵਿਆਹ
ਜਾਂ ਅਨੰਦ ਕਾਰਜ
ਸਿਰਜਣਹਾਰ ਨੇ ਸ੍ਰਿਸ਼ਟੀ ਸਾਜ ਕੇ ਮਨੁੱਖ ਨੂੰ ਕੁਝ ਕਰਨ ਦੇ ਸਮਰੱਥ ਬਣਾਇਆ ਹੈ।
ਪੱਥਰ-ਯੁਗ ਤੋਂ ਵਿਗਿਆਨਿਕ-ਯੁਗ ਦੇ ਸਫਰ ਤਿੱਕਰ ਮਨੁੱਖ ਨੇ ਕਾਫੀ ਬਿਖੜੇ ਪੈਂਡੇ ਤੈਅ ਕੀਤੇ ਹਨ। ਇਸ
ਸਮੇਂ ਦੌਰਾਨ ਮਨੁੱਖ ਨੇ ਕੁਝ ਪ੍ਰਾਪਤੀਆਂ ਕੀਤੀਆਂ ਅਤੇ ਕੁਝ ਅਸਫਲਤਾਵਾਂ, ਕੁਝ ਅੱਛਾ ਕੀਤਾ ਅਤੇ
ਕੁਝ ਮੰਦਾ, ਕੁਝ ਸਭਿਅਕ ਕੀਰਤੀਆਂ ਸਥਾਪਤ ਕੀਤੀਆਂ ਅਤੇ ਕੁਝ ਅਸਭਿਅਕ ਪ੍ਰੰਪਰਾਵਾਂ ਨੂੰ ਜਨਮ
ਦਿੱਤਾ। ਸਮਾਜ ਨੂੰ ਰਿਸ਼ਤੇ ਦੀ ਤੰਦ ਵਿਚ ਬੰਨਣ ਲਈ ਮਨੁੱਖ ਨੇ ਵਿਆਹ ਦੀ ਰਸਮ ਈਜਾਦ ਕੀਤੀ । ਜਿਉਂ
ਜਿਉਂ ਮਨੁੱਖ ਵਿਚ ਰੁਹਾਨੀਅਤ ਰੁਚੀ ਵਿਕਸਤ ਹੋਈ ਇਸਨੇ ਇਸ ਰਸਮ ਨੂੰ ਧਾਰਮਿਕ ਰੰਗਤ ਪ੍ਰਦਾਨ ਕੀਤੀ।
ਸ੍ਰਿਸ਼ਟੀ ਦੇ ਸਿਰਜਣਹਾਰ ਦੀ ਅਦਿੱਖ ਅਤੇ ਅਸੀਮ ਤਾਕਤ ਵਿਚ ਵਿਸ਼ਵਾਸ਼ ਭਰੀ ਸੱਚੀ-ਸੁੱਚੀ ਸ਼ਰਧਾ ਅਤੇ
ਸਿਰਫ ਓਸਦੀ ਪੂਜਾ ਹੀ ਅਸਲ ਧਰਮ ਹੈ। ਪਰ ਅਫਸੋਸ ਕਿ ਧਰਮ ਦੇ ਖੇਤਰ ਵਿਚ ਵਿਚਰ ਰਹੇ ਮੁਖੀਆਂ ਨੇ
ਆਪਣੇ ਹਿਤ ਪਾਲਣ ਲਈ ਮਨੁੱਖਤਾ ਨੂੰ ਧਾਰਮਿਕ ਫਿਰਕਿਆਂ ਵਿਚ ਹੀ ਵੰਡ ਦਿੱਤਾ, ਜਿਸ ਨਾਲ ਵਿਆਹ ਦੀ
ਰਸਮ ਨੇ ਵੀ ਵਖ ਵਖ ਰੂਪ ਅਖਤਿਆਰ ਕਰ ਲਏ। ਮਨੁੱਖ ਦੀ ਇਹ ਵੰਡ, ਜੋ ਗ਼ੈਰ-ਕੁਦਰਤੀ ਵਰਤਾਰਾ ਹੈ, ਤੋਂ
ਕੁਲ ਮਾਨਵ ਜ਼ਾਤ ਨੂੰ ਸੁਰਖਰੂ ਕਰਨ ਲਈ, ਸਿੱਖ ਵਿਚਾਰਧਾਰਾ ਦੇ ਮੋਢੀ ਜਗਤ ਬਾਬਾ ਗੁਰੂ ਨਾਨਕ ਨੇ
ਉੱਚੀ ਆਵਾਜ਼ ਵਿਚ * ਏਕੁ ਪਿਤਾ ਏਕਸ ਕੇ ਹਮ ਬਾਰਿਕ * ਦਾ ਹੋਕਾ
ਦੇ ਕੇ ਇੱਕ ਨਵਾਂ ਅਤੇ ਨਰੋਆ ਸਮਾਜ ਸਿਰਜਿਆ। ਵਿਆਹ ਦੀ ਰਸਮ ਨੂੰ ਭੀ ਗੁਰੂ ਸਾਹਬ ਨੇ ਓਸ
ਸਿਰਜਣਹਾਰ ਨਾਲ ਰਿਸ਼ਤਾ ਗੰਢਣ ਨਾਲ ਜੋੜ ਕੇ ਇਸਨੂੰ ਰੁਹਾਨੀਅਤ ਦਾ ਦਰਜ਼ਾ ਦਿਤਾ, ਇਸੇ ਕਰਕੇ ਸਿੱਖ
ਸਮਾਜ ਦੇ ਉਸਰਈਆਂ ਨੇ ਇਸ ਰਸਮ ਨੂੰ ਅਨੰਦ ਕਾਰਜ ਦਾ ਨਾਮ ਦਿੱਤਾ ਹੈ।
ਗੁਰੂ ਸਹਿਬਾਂ ਵੇਲੇ ਹਰ ਧਾਰਮਿਕ ਫਿਰਕੇ ਵਿਚ ਔਰਤ ਨੂੰ ਮਰਦ ਨਾਲੋਂ ਨੀਵਾਂ ਸਮਝਿਆ ਜਾਂਦਾ ਸੀ ਜੋ
ਅੱਜ ਭੀ ਬਰਕਰਾਰ ਹੈ। ਇਸ ਇੰਨਸਾਨੀ ਨਾ-ਬਰਾਬਰੀ ਵਿਰੁਧ ਵੀ ਗੁਰੂ ਸਾਹਬ ਨੇ
* ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ * ਆਖਕੇ ਆਪਣੀ
ਸੱਚੀ ਆਵਾਜ਼ ਬੁਲੰਦ ਕੀਤੀ। ਅਨੰਦ ਕਾਰਜ ਦੀ ਰਸਮ ਦਾ ਮੁੱਖ ਮੰਤਵ ਹੀ ਔਰਤ-ਮਰਦ ਨੂੰ ਬਰਾਬਰੀ ਦਾ
ਐਹਿਸਾਸ ਕਰਾਉਣਾ ਹੈ।
ਹਿੰਦੂਆਂ ਦੇ ਮੁਖੀ ਪੰਡਤ ਨੇ ਤਾਂ ਔਰਤ ਨੂੰ ਦੇਵਦਾਸੀਆਂ ਦੇ ਰੂਪ ਵਿਚ ਅਪਣੇ ਭੋਗਣ ਲਈ ਗ਼ੁਲਾਮ ਬਣਾ
ਕੇ ਹੀ ਰੱਖਿਆ ਹੋਇਆ ਹੈ। ਹਿੰਦੂ ਔਰਤ ਦਾ ਪਤੀ ਮਰਨ ਤੇ ਔਰਤ ਨੂੰ ਨਾਲ ਹੀ ਸੜ ਕੇ ਮਰਨ ਜਾਂ ਬਾਕੀ
ਦੀ ਸਾਰੀ ਉਮਰ ਸਿਰ ਦਾ ਮੁੰਡਨ ਕਰਾ ਕੇ ਰੱਖਣਾ ਲਾਜ਼ਮੀ ਕੀਤਾ ਹੋਇਆ ਸੀ ਤਾਂ ਕਿ ਉਹ ਕਰੂਪ ਵਿਖਾਈ
ਦੇਵੇ। ਮੁਸਲਮਾਨਾਂ ਦੇ ਮੁਖੀ ਮੌਲਵੀ ਨੇ ਤਾਂ ਔਰਤ ਨੂੰ ਖੁਲੇਆਮ ਨਮਾਜ਼ ਗੁਜ਼ਾਰਨ ਦੇ ਹੱਕ ਤੋਂ ਹੀ
ਵਿਰਵਾ ਕੀਤਾ ਹੋਇਆ ਸੀ ਜੋ ਅੱਜ ਭੀ ਜਾਰੀ ਹੈ। ਮੁਸਲਮਾਨ ਔਰਤ ਨੂੰ ਆਪਣਾ ਚਿਹਰਾ ਢਕ ਕੇ ਰੱਖਣ ਦੀ
ਹਦਾਇਤ ਵੀ ਉਸਦੀ ਹੋਂਦ ਨੂੰ ਗ਼ੁਲਾਮੀ ਦਾ ਐਹਿਸਾਸ ਕਰਾਉਣ ਦਾ ਇੱਕ ਵਹਿਸ਼ੀ ਢੰਗ ਹੈ ਯਾਣੀ ਆਜ਼ਾਦੀ ਤੇ
ਪਾਬੰਦੀ। ਈਸਾਈਆਂ ਅਤੇ ਯਹੂਦੀਆਂ ਵਲੋਂ ਭੀ ਔਰਤ ਨੂੰ ਧਾਰਮਿਕ ਪੱਖੋਂ ਪੂਰੀ ਬਰਾਬਰਤਾ ਨਹੀਂ ਸੀ
ਦਿੱਤੀ ਹੋਈ, ਜੋ ਹਾਲੇ ਭੀ ਨਹੀਂ ਪੁਜਾਰੀ (ਪਾਦਰੀ) ਬਣਨ ਦੀ, ਸਿਵਾਏ ਪ੍ਰੋਟੈਸਟੈਂਟ ਫਿਰਕੇ ਦੇ।
ਪੱਛਮੀਂ ਦੁਨੀਆਂ ਵਿਚ ਤਾਂ ਇਸਤ੍ਰੀ ਨੂੰ ਵੋਟ ਦਾ ਹੱਕ ਵੀ ਵੀਹਮੀਂ ਸਦੀ ਵਿਚ ਮਿਲਿਆ ਹੈ। ਜਦ ਕਿ
ਸਿੱਖ ਵਿਚਾਰਧਾਰਾ ਸ਼ੁਰੂ ਤੋਂ ਹੀ ਔਰਤ ਨੂੰ ਹਰ ਖੇਤਰ ਵਿਚ ਪੂਰਨ ਬਰਾਬਰੀ, ਆਜ਼ਾਦੀ ਅਤੇ ਭਾਗੀਦਾਰੀ
ਦਿੰਦੀ ਹੈ। ਇਸ ਕਰਕੇ ਸਿੱਖ ਔਰਤ ਦੀ ਬਰਾਬਰਤਾ ਭਰੀ ਜੀਵਨ ਜਾਚ ਹੀ ਉਸਦੇ ਜੀਵਨ ਜੁਕਤ ਦਾ ਅਸਲ
ਸ਼ਿੰਗਾਰ ਹੈ। ਧਾਰਮਿਕ ਪੱਖੋਂ ਅਗਰ ਹਰ ਧਰਮ ਦੀ ਔਰਤ ਦੇ ਜੀਵਨ ਉੱਪਰ ਝਾਤ ਮਾਰੀਏ ਤਾਂ ਇਹ ਸਪਸ਼ਟ ਹੋ
ਜਾਂਦਾ ਹੈ ਕਿ ਸਿਰਫ ਸਿੱਖ ਔਰਤ ਹੀ ਧਾਰਮਿਕ ਤੌਰ ਉੱਤੇ ਸੁਤੰਤਰ ਅਤੇ ਆਤਮ ਨਿਰਭਰ ਹੈ।
ਅੱਜ-ਕਲ ਸਿੱਖਾਂ ਵਿਚ ਪ੍ਰੇਮ-ਵਿਆਹ ਦੀ ਆੜ ਹੇਠ ਅੰਤਰ-ਧਰਮੀ ਵਿਆਹ ਕਰਵਾਉਣ ਦਾ ਰੁਝਾਨ ਫੈਲ ਰਿਹਾ
ਹੈ ਜੋ ਨਿਰਾ ਪੁਰਾ ਅਤੇ ਬਿਨਾਂ ਸੋਚੇ-ਸਮਝੇ ਪੱਛਮੀ ਸਮਾਜ ਦੀ ਨਕਲ ਹੈ। ਸਾਮੀ ਧਰਮਾਂ ਦਾ ਸੋਮਾਂ
ਇੱਕ ਹੋਣ ਕਾਰਨ ਇਹਨਾਂ ਦੇ ਅੰਤਰ-ਧਰਮੀ ਵਿਆਹ ਕਿਸੇ ਹੱਦ ਤਿੱਕਰ ਕਾਮਯਾਬ ਹੋ ਸਕਦੇ ਹਨ, ਜਾਂ ਅਧਰਮੀ
(ਨਾਸਤਕ) ਸੋਚ ਦੇ ਦੋਨੋਂ ਧਿਰਾਂ ਵਾਲਿਆਂ ਦੇ ਆਪਸੀ ਵਿਆਹੁਤਾ ਰਿਸ਼ਤੇ ਤੋੜ ਨਿਭ ਸਕਦੇ ਹਨ, ਪਰ
ਸਿੱਖਾਂ ਦੇ ਨਿਆਰੇਪਣ ਕਾਰਨ ਸਿੱਖ ਬੱਚਿਆਂ ਵਾਸਤੇ ਅੰਤਰ-ਧਰਮੀ ਵਿਆਹ ਦੇ ਸਿੱਟੇ ਕਤਈ ਸਾਰਥਕ ਨਹੀਂ
ਹੋ ਸਕਦੇ। ਕਿਉਂ ਕਿ ਵੱਖਰੇ ਵੱਖਰੇ ਧਰਮ ਨਾਲ ਸਬੰਧਤ ਜੋੜਿਆਂ ਦੇ ਬੱਚਿਆਂ ਉੱਪਰ, ਧਰਮ ਦੀ ਚੋਣ ਨੂੰ
ਲੈ ਕੇ, ਮਾਪਿਆਂ ਦੇ ਆਪਸੀ ਰਿਸ਼ਤੇ ਵਿਚ ਤਕਰਾਰ ਪੈਦਾ ਹੋ ਸਕਦਾ ਹੈ। ਵੈਸੇ ਵੀ ਪੱਛਮੀ ਸਮਾਜ ਵਿਚ
ਇਸਤ੍ਰੀ ਪੁਰਸ਼ ਦੇ ਬਿਨ ਵਿਆਹ ਤੋਂ ਇੱਕਠੇ ਰਹਿਣ ਦੇ ਰਿਵਾਜ਼ ਨੇ ਇਹਨਾਂ ਨੂੰ ਜੀਵਨ ਦੇ ਅਸਲੀ ਮਕਸਦ
ਗ੍ਰਿਹਸਤੀ ਤੋਂ ਕੋਹਾਂ ਦੂਰ, ਸਿਰਫ ਕਾਮੁਕ ਤ੍ਰਿਪਤੀ ਤੱਕ ਹੀ ਸੀਮਤ, ਕਰ ਦਿੱਤਾ ਹੈ। ਜਿਸ ਕਾਰਨ
ਅੱਜ ਕਲ ਵਿਆਹ ਦੀ ਮਹੱਤਤਾ ਰਹਿ ਹੀ ਨਹੀਂ ਗਈ ਕਿਉਂ ਕਿ ਪੱਛਮੀਂ ਸਮਾਜ ਕੋਲ ਸਿੱਖਾਂ ਦੇ
* ਏਕ ਜੋਤਿ ਦੁਇ ਮੂਰਤੀ * ਵਾਲਾ ਫਲਸਫਾ ਹੈ ਹੀ ਨਹੀਂ। ਸਿੱਖ
ਬੱਚਿਆਂ ਨੂੰ ਦੂਸਰੇ ਧਰਮਾਂ ਦੇ ਬੱਚਿਆਂ ਨਾਲ ਵਿਆਹ ਕਰਵਾਉਣ ਤੋਂ ਪਹਿਲਾਂ ਅਨੰਦ ਕਾਰਜ ਦੀ ਰਸਮ
ਬਾਰੇ ਜਾਣਨਾ ਬਹੁਤ ਜ਼ਰੂਰੀ ਹੈ ਤਾਂ ਕਿ ਕਿਸੇ ਤਰਾਂ ਦਾ ਪ੍ਰਵਾਰਿਕ/ਸਮਾਜਿਕ ਤਣਾਅ ਪੈਦਾ ਨਾਂਹ
ਹੋਵੇ।
ਅਨੰਦ ਕਾਰਜ ਦੀ ਰਸਮ ਨੂੰ ਅਸੀਂ ਤਿੰਨ ਪੜਾਵਾਂ ਵਿਚ ਵੇਖ ਸਕਦੇ ਹਾਂ :- ਪਹਿਲੇ ਪੜਾਅ ਵਿਚ
ਪਰਮੇਸ਼ਰ ਅੱਗੇ ਅਰਦਾਸ ਕੀਤੀ ਜਾਂਦੀ ਹੈ ਜਦੋਂ * ਕੀਤਾ ਲੋੜੀਐ ਕੰਮੁ ਸੁ
ਹਰਿ ਪਹਿ ਆਖੀਐ * ਵਾਲਾ ਸ਼ਬਦ ਗਾਇਆ ਜਾਂਦਾ ਹੈ। ਸਤਿਗੁਰੂ ਸੁਭਾਗ ਜੋੜੀ ਦੀ ਇਸ ਅਰਦਾਸ ਦੀ
ਗਵਾਹੀ ਭਰਦੇ ਹਨ ਕਿ ਜੇ ਉਹ ਸਤਿਗੁਰੂ ਦੀ ਸਿੱਖਿਆ ਅਨੁਸਾਰ ਜੀਵਨ ਜੀਵੇਗੀ ਤਾਂ ਵਾਹਗੁਰੂ
* ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ * ਅਨੁਸਾਰ ਆਪ
ਸੁਭਾਗ ਜੋੜੀ ਦੇ ਕਾਰਜ ਵਿਚ ਸਹਾਈ ਹੋ ਕੇ ਅਨੰਦ ਕਾਰਜ ਨੂੰ ਸੁਹਾਵਣਾ ਬਣਾਉਨਣਗੇ।
ਦੂਸਰੇ ਪੜਾਅ ਵਿਚ ਚਾਰ ਲਾਵਾਂ ਦਾ ਪਾਠ ਆਉਂਦਾ ਹੈ। ਜਿਸ ਰਾਹੀਂ ਜੋੜੀ ਨੂੰ ਸ਼ਖ਼ਸੀ ਅਤੇ ਆਤਮਿਕ ਜੀਵਨ
ਦੇ ਵਿਗਾਸ ਬਾਰੇ ਸਿੱਖਿਆ ਦਿੱਤੀ ਜਾਂਦੀ ਹੈ। ਤਾਂ ਕਿ ਉਹ ਪ੍ਰਭੂ ਨਾਮ ਸਿਮਰਨ ਕਰਦਿਆਂ ਆਪਣਾ
ਗ੍ਰਿਹਸਤੀ ਜੀਵਨ ਧਾਰਮਿਕ ਅਤੇ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਤੋਂ ਸ਼ੁਰੂ ਕਰਨ। ਜਿਥੇ ਉਹ ਆਪਸ ਵਿਚ
ਪ੍ਰੇਮ-ਪਿਆਰ ਕਰਨ ਉਥੇ ਪ੍ਰਭੂ ਪਿਆਰ ਵਿਚ ਭੀ ਲੀਨ ਰਹਿਣ। ਇਸ ਤਰਾਂ ਗੁਰਮੁਖਾਂ ਦੀ ਸੰਗਤ ਦੁਆਰਾ
ਗੁਰੂ ਰਹਿਮਤ ਨਾਲ ਸਤਿਗੁਰੂ ਨਾਲ ਮਿਲਾਪ ਅਤੇ ਅਨੰਦ ਪ੍ਰਾਪਤੀ ਹੋਵੇਗੀ।
ਤੀਸਰਾ ਪੜਾਅ ਗੁਰੂ ਗ੍ਰੰਥ ਸਾਹਬ ਦੀਆਂ ਪਰਕਰਮਾਂ ਦਾ ਹੈ। ਪਰਕਰਮਾਂ ਦਾ ਮਨੋਰਥ ਗੁਰੂ ਗ੍ਰੰਥ ਸਾਹਬ
ਦੀ ਸਿੱਖਿਆ ਨੂੰ ਆਪਣੇ ਜੀਵਨ ਦਾ ਕੇਂਦਰ ਬਣਾਉਣਾ ਅਤੇ ਇਸ ਦੀ ਸਿੱਖਿਆ ਅਨੁਸਾਰ ਜੀਵਨ ਜਿਊਣ ਪ੍ਰਤੀ
ਆਪਣੀ ਬਚਨਬੱਧਤਾ ਪ੍ਰਗਟਾਉਣਾ ਹੈ।
ਜਿਹੜੇ ਸਿੱਖ ਬੱਚੇ/ਬੱਚੀਆਂ ਦੂਸਰੇ ਧਰਮ ਨਾਲ ਸਬੰਧਿਤ ਬੱਚੇ/ਬੱਚੀਆਂ ਨਾਲ ਵਿਆਹ ਦੀ ਰਸਮ ਅਨੰਦ
ਕਾਰਜ ਬਿਧੀ ਨਾਲ ਗੁਰਦੁਆਰਿਆਂ ਵਿਚ ਕਰਨਾ ਚਾਹੁੰਦੇ ਹਨ ਤਾਂ ਕਿ ਉਹਨਾਂ ਦੇ ਵਿਆਹ ਨੂੰ ਧਾਰਮਿਕ
ਮਾਣਤਾ ਮਿਲ ਸਕੇ। ਉਹਨਾਂ ਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਗੁਰਦੁਆਰੇ ਵਿਚ ਅਨੰਦ ਕਾਰਜ ਸਿਰਫ
ਸਿੱਖ ਰਹਿਤ ਮਰਯਾਦਾ ਅਨੁਸਾਰ ਹੀ ਹੋ ਸਕਦਾ ਹੈ। ਸਿੱਖ ਜੀਵਨ ਜਾਚ ਅਤੇ ਅਨੰਦ ਕਾਰਜ ਦੇ ਨਿਆਰੇਪਣ
ਕਾਰਨ ਇਸ ਉੱਪਰ ਓਹੀ ਖਰੇ ਉੱਤਰ ਸਕਦੇ ਹਨ ਜੋ ਗੁਰੂ ਵਲੋਂ ਬਖਸ਼ੀ ਰਹਿਤ ਅਤੇ ਵਿਚਾਰਧਾਰਾ ਵਿਚ ਪੂਰਨ
ਵਿਸ਼ਵਾਸ ਅਤੇ ਸ਼ਰਧਾ ਭਾਵਨਾ ਰੱਖਦੇ ਹੋਣ, ਭਾਵ ਅਨੰਦ ਕਾਰਜ ਕਰਾਉਣ ਵਾਲੀ ਜੋੜੀ ਸਿੱਖ ਵਿਚਾਰਧਾਰਾ
ਨੂੰ ਪੱਕੀ ਤਰਾਂ ਮੰਨਦੀ ਹੋਵੇ। ਅਨਧਰਮੀ ਬੱਚੇ/ਬੱਚੀਆਂ ਸਿੱਖ-ਰਹਿਤ ਵਿਚ ਪੂਰੇ ਨਾਂਹ ਹੋਣ ਕਾਰਨ
ਅਨੰਦ ਕਾਰਜ ਨਿਭਾਉਣ ਦੀ ਸ਼ਰਤ ਉੱਪਰ ਖ਼ਰੇ ਨਹੀਂ ਉੱਤਰਦੇ ਜਿਸ ਕਾਰਨ ਉਹਨਾਂ ਦਾ ਅਨੰਦ ਕਾਰਜ
ਗੁਰਦੁਆਰੇ ਵਿਚ ਨਹੀਂ ਹੋ ਸਕਦਾ, ਭਾਵ ਗੁਰਦੁਆਰੇ ਉਹਨਾਂ ਦੀ ਇਹ ਇੱਛਾ ਪੂਰੀ ਕਰਨ ਤੋਂ ਅਸਮਰੱਥ ਹਨ।
ਗੁਰੂ ਖ਼ਾਲਸਾ ਪੰਥ ਵਲੋਂ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਭੀ ਇਸਦੀ ਸ਼ਾਹਦੀ ਭਰਦੀ ਹੈ, ਇਸ ਲਈ ਹਰ
ਅਨੰਦ ਕਾਰਜ ਅਭਿਲਾਖੀ ਸਿੱਖ ਨੂੰ ਗੁਰੂ ਪੰਥ ਦਾ ਫੈਸਲਾ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ।
ਸਿੱਖ ਬੱਚੇ/ਬੱਚੀਆਂ ਨੂੰ ਇਹ ਭੀ ਪਤਾ ਹੋਣਾ ਚਾਹੀਦਾ ਹੈ ਕਿ ਸਿੱਖ ਵਿਚਾਰਧਾਰਾ ਇਸਤ੍ਰੀ ਨੂੰ ਖ਼ਾਸ
ਮਹੱਤਵ ਦਿੰਦੀ ਹੈ ਪਰ ਅਨਧਰਮਾਂ ਵਿਚ ਨਾਰੀ ਨੂੰ ਮਰਦ ਦੇ ਬਰਾਬਰ ਨਹੀਂ ਸਮਝਿਆ ਜਾਂਦਾ ਜਿਸ ਕਾਰਨ
ਉਹਨਾਂ ਨੂੰ ਵਿਆਹੁਤਾ ਜੀਵਨ ਵਿਚ ਔਕੜਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਈ ਦਫਾ ਤਾਂ ਨੌਬਤ ਤਲਾਕ
ਤਿੱਕਰ ਵੀ ਆ ਪਹੁੰਚਦੀ ਹੈ ਜਿਥੇ ਇਹ ਸਿੱਖੀ ਕਦਰਾਂ ਕੀਮਤਾਂ ਦੇ ਉਲਟ ਹੈ ਓਥੇ ਪ੍ਰਵਾਰ ਦੀ ਬਰਬਾਦੀ
ਦਾ ਕਾਰਨ ਵੀ ਬਣਦੀ ਹੈ। ੧) ਕਿਉਂ ਕਿ ਇਸ ਤਰਾਂ ਇੰਨਸਾਨ ਗੁਰੂ ਮਹਾਂਰਾਜ ਦੇ ਸਨਮੁੱਖ ਖੜ੍ਹ ਕੇ
ਅਕਾਲ ਪੁਰਖ ਅੱਗੇ ਕੀਤੀ ਹੋਈ ਅਰਦਾਸ ਤੋਂ ਮੁਨਕਰ ਹੋ ਕੇ ਓਸ ਦਾ ਗੁਨਹਗਾਰ ਬਣ ਜਾਂਦਾ ਹੈ। ਸਿੱਖ
ਤਵਾਰੀਖ ਇਸਦੀ ਉਗਾਹ ਹੈ ਕਿ ਸਿੱਖਾਂ ਨੇ ਕੀਤੀ ਹੋਈ ਅਰਦਾਸ ਨੂੰ ਨਿਭਾਉਣ ਲਈ ਭਾਵੇਂ ਉਹਨਾਂ ਨੂੰ
ਅਣਗਿਣਤ ਹੀ ਸ਼ਹੀਦੀਆਂ ਕਿਉਂ ਨਾਂਹ ਦੇਣੀਆਂ ਪਈਆਂ ਪਰ ਉਹਨਾਂ ਇਸ ਉੱਪਰ ਹਮੇਸ਼ਾਂ ਡਟ ਕੇ ਪਹਿਰਾ
ਦਿੱਤਾ। ੨) ਗੁਰੂ ਸਾਹਬ ਵਲੋਂ ਬਹੁਤ ਲੰਬੀ ਨਦਰ ਨਿਹਾਲ ਨਾਲ ਕੀਤੇ ਗ੍ਰਿਹਸਤੀ ਜੀਵਨ, ਜੋ ਚਾਰ
ਲਾਵਾਂ ਰਾਹੀਂ ਦ੍ਰਿੜ ਕਰਵਾਇਆ ਜਾਂਦਾ ਹੈ, ਦੇ ਪਵਿਤ੍ਰ ਫੈਸਲੇ ਉੱਪਰ ਸਿੱਖ ਨੇ ਹਮੇਸ਼ਾਂ ਫੁੱਲ
ਝੜ੍ਹਾਉਣੇ ਹਨ ਨਾਂਹ ਕਿ ਇਸ ਤੋਂ ਭਜਣਾ ਹੈ, ਕਿਉਂ ਕਿ ਇਸ ਤਰਾਂ ਗੁਰੂ ਹੁਕਮ ਤੋਂ ਮੁਨਕਰ ਹੋਣਾ ਹੈ।
ਮਨੁੱਖ ਦਾ ਗ੍ਰਿਹਸਤੀ ਜੀਵਨ ਜਿੰਦਗੀ ਨੂੰ ਅਗਾਂਹ ਤੋਰਨ ਦਾ ਇੱਕ ਮਾਤਰ ਸਾਧਨ ਅਤੇ ਪਾਕ ਰਿਸ਼ਤਾ ਹੋਣ
ਕਰਕੇ ਕੁਦਰਤੀ ਫਰਜ਼ ਭੀ ਹੈ। ਸ੍ਰਿਸ਼ਟੀ ਦੇ ਮਾਲਕ ਨੇ ਆਪਣੀ ਕਾਇਨਾਤ ਵਿਚਲੀ ਹਰ ਸ਼ੈ ਨੂੰ ਨਰ-ਮਾਦੇ ਦੇ
ਮਿਲਾਪ ਤੋਂ ਵਧਣ-ਫੁਲਣ ਦਾ ਗੁਣ ਬਖਸ਼ਿਆ ਹੋਇਆ ਹੈ। ਕੁਦਰਤ ਦੇ ਨਿਯਮ ਮੁਤਾਬਿਕ ਮਨੁੱਖਤਾ ਦੇ ਵਾਧੇ
ਦਾ ਸ੍ਰੇਸ਼ਟ ਇੰਨਸਾਨ ਨੂੰ ਜਾਂਦਾ ਹੈ। ਇਸ ਲਈ ਮਨੁੱਖ ਦਾ ਇਹ ਇਖ਼ਲਾਕੀ ਫਰਜ਼ ਬਣ ਜਾਂਦਾ ਹੈ ਕਿ ਜਿਸ
ਸਮਾਜ ਵਿਚ ਉਹ ਵਿਚਰ ਰਿਹਾ ਹੈ ਉਸਨੂੰ ਧਾਰਮਿਕ ਅਤੇ ਸਮਾਜਿਕ ਪੱਖੋਂ ਤੰਦਰੁਸਤ ਰੱਖਣ ਲਈ ਤਨਦੇਹੀ
ਨਾਲ ਕੰਮ ਕਰੇ ਤਾਂ ਕਿ ਉਸਦਾ ਬਹੁਪੱਖੀ ਵਿਕਾਸ ਸੰਭਵ ਹੋ ਸਕੇ। ਸਿੱਖ ਬੱਚੇ/ਬੱਚੀਆਂ ਨੂੰ ਸਿੱਖੀ
ਦੀਆਂ ਰੁਹਾਨੀ ਕਦਰਾਂ ਕੀਮਤਾਂ ਨੂੰ ਸਮਝਣਾ ਅਤੇ ਇਸ ਉੱਪਰ ਡਟ ਕੇ ਪਹਿਰਾ ਦੇਣਾ ਆਪਣਾ ਫਰਜ਼ ਸਮਝਣਾ
ਚਾਹੀਦਾ ਹੈ ਤਾਂ ਕਿ ਖ਼ਾਲਸਾ ਪੰਥ ਦੇ ਸਿਧਾਂਤ ਨੂੰ ਕੋਈ ਆਂਚ ਨਾਂਹ ਆਵੇ ਅਤੇ ਉਹ ਗੰਧਲਾ ਨਾਂਹ
ਹੋਵੇ। ਗੁਰੂ ਕੇ ਹਰ ਸਿੱਖ ਦਾ ਧਾਰਮਿਕ ਫਰਜ਼ ਹੈ ਕਿ ਉਹ ਆਪਣੀ ਨਿੱਜੀ ਕਮਜ਼ੋਰੀ ਕਾਰਨ ਖ਼ਾਲਸਾ ਪੰਥ ਦੇ
ਉੱਚਤਮ ਸਿਧਾਂਤਾਂ ਨੂੰ ਧੱਬਾ ਨਾਂਹ ਲੱਗਣ ਦੇਵੇ ਤਾਂ ਕਿ ਦੁਨੀਆਂ ਦੀਆਂ ਨਜ਼ਰਾਂ ਵਿਚ ਗੁਰਮਤਿ
ਸਿਧਾਂਤ ਦਾ ਮਖੌਲ ਨਾਂਹ ਉੜੇ। ਸਾਰੇ ਹੀ ਸਿੱਖ ਬੱਚੇ/ਬੱਚੀਆਂ ਨੂੰ ਦਿਲੀ ਅਪੀਲ ਹੈ ਕਿ ਆਓ ਖ਼ਾਲਸਾ
ਪੰਥ ਦਾ ਅੰਗ ਬਣਕੇ ਸਫਲ ਗਿਹ੍ਰਸਤੀ ਜੀਵਨ ਜਿਊਂਦਿਆਂ ਹੋਇਆਂ, ਮਿਸਾਲ ਬਣਕੇ, ਹੋਰਨਾਂ ਨੂੰ ਭੀ
ਗ੍ਰਿਹਸਤ ਦਾ ਮਤਲਵ ਸਮਝਾ ਸਕੀਏ। ਸਿੱਖੀ ਵਿਚ ਸਿਰਫ ਵਿਆਹ ਨਹੀਂ ਇਹ ਤਾਂ ਅਨੰਦ ਦਾ ਕਾਰਜ ਹੈ ਅਨੰਦ
ਮਈ ਜੀਵਨ ਵਾਸਤੇ ਅਨੰਦ ਕਾਰਜ ਹੀ ਹੋਣਾ ਚਾਹੀਦਾ ਹੈ ਜੋ ਸਿਰਫ ਦੋ ਸਿੱਖ ਜੀਆਂ (ਇਸਤ੍ਰੀ ਅਤੇ ਪੁਰਸ਼)
ਵਿਚਾਲੇ ਹੀ ਹੋ ਸਕਦਾ ਹੈ। ਅਨੰਦ ਮਈ ਜੀਵਨ ਜਿਉਣ ਦਾ ਮਾਰਗ ਸਿਰਫ ਸਤਿਗੁਰੂ ਰਾਹੀਂ ਹੀ ਸੰਭਵ ਹੈ।
* ਆਨੰਦੁ ਆਨੰਦੁ ਸਭੁ ਕੋ ਕਹੈ ਆਨੰਦੁ ਗੁਰੂ ਤੇ ਜਾਣਿਆ॥ ਜਾਣਿਆ ਆਨੰਦੁ
ਸਦਾ ਗੁਰ ਤੇ ਕ੍ਰਿਪਾ ਕਰੇ ਪਿਆਰਿਆ *
ਸਤਿਗੁਰੂ ਦੀ ਸਵੱਲੀ ਨਦਰ ਤਾਂ ਓਸ ਦੀ ਕ੍ਰਿਪਾ ਨਾਲ ਗੁਰੂ ਸਿੱਖਿਆ ਤੇ ਚਲਣ ਨਾਲ ਹੀ ਪ੍ਰਾਪਤ ਹੋਣੀ
ਹੈ। * ਸਿਖੀ ਸਿਖਿਆ ਗੁਰ ਵੀਚਾਰਿ। ਨਦਰੀ ਕਰਮਿ ਲਘਾਇ ਪਾਰ *
ਗੁਰੂ ਪੰਥ ਵਲੋਂ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਅਨੁਸਾਰ ਅਨੰਦ ਕਾਰਜ ਸਿਰਫ ਤੇ ਸਿਰਫ ਸਿੱਖ ਬੱਚੇ
ਦਾ ਸਿੱਖ ਬੱਚੀ ਨਾਲ ਹੀ ਹੋ ਸਕਦਾ ਹੈ ਅਨਮਤੀਆਂ ਦਾ ਨਹੀਂ। ਹਰ ਸਿੱਖ ਨੂੰ ਗੁਰੂ ਪੰਥ ਦੇ ਇਸ ਹੁਕਮ
ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ। ਯਾਦ ਰਹੇ ਕਿ * ਏਕ ਜੋਤਿ
ਦੁਇ ਮੂਰਤੀ * ਦਾ ਗੁਰਵਾਕ ਵੀ ਸਿਰਫ ਗੁਰੂ ਸਿੱਖਿਆ ਤੇ ਚਲਣ ਵਾਲੇ ਜੋੜਿਆਂ ਵਿਚ ਹੀ
ਮੂਰਤੀਮਾਨ ਹੋ ਸਕਦਾ ਹੈ।
ਸਿੰਘ ਸਭਾ ਜਰਮਨੀ
22/11/15)
ਗੁਰਸ਼ਰਨ ਸਿੰਘ ਕਸੇਲ
ਸ੍ਰ
ਗੁਰਦੀਪ ਸਿੰਘ ਬਾਗੀ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
ਆਪ ਜੀ ਦਾ ‘ਆਉਣ ਵਾਲੇ ਸਮੇਂ ਸਿੱਖ ਕੌਮ/ਧਰਮ ਦਾ ਭਵਿਖ ਕੀ ਹੋਵੇਗਾ’ ? ਬਾਰੇ ਆਪਣੇ ਵੀਚਾਰ ਦੇਣ ਲਈ
ਬਹੁਤ-ਬਹੁਤ ਧੰਨਵਾਦ ।
ਇਕ ਪਾਠਕ,
ਗੁਰਸ਼ਰਨ ਸਿੰਘ ਕਸੇਲ
22/11/15)
ਅਵਤਾਰ ਸਿੰਘ ਮਿਸ਼ਨਰੀ
ਧਰਮਾਂ ਦੀ ਬਰਾਬਰਤਾ ਬਾਰੇ
ਅਵਤਾਰ ਸਿੰਘ ਮਿਸ਼ਨਰੀ (5104325827)
ਆਮ ਲੋਕਾਂ ਖਾਸ ਕਰ ਧਰਮ ਪ੍ਰਚਾਰਕਾਂ ਅਤੇ ਪੁਲੀਟੀਕਲ ਲੀਡਰਾਂ ਦਾ ਧਰਿਆ
ਧਰਾਇਆ ਜਵਾਬ ਹੁੰਦਾ ਹੈ ਕਿ ਸਭ ਧਰਮ ਬਰਾਬਰ ਹਨ ਪਰ ਐਸਾ ਨਹੀਂ ਹੈ ਜੇ ਸ਼ੱਕ ਹੈ ਤਾਂ ਸਾਰੇ ਧਰਮਾਂ
ਭਾਰੇ ਸਟੱਡੀ ਕਰਕੇ ਦੇਖੋ, ਸਭ ਦੀਆਂ ਰਹੁ ਰੀਤਾਂ ਤੇ ਮਨੌਤਾਂ ਅਲੱਗ ਅਲੱਗ ਹਨ। ਹਰੇਕ ਦੇ ਰੱਬ,
ਜੀਵਨ, ਕਰਮ ਅਤੇ ਮੁਕਤੀ ਬਾਰੇ ਸਿਧਾਂਤ ਵੱਖ ਵੱਖ ਹਨ। ਇਸ ਲਈ ਸਾਰੇ ਧਰਮ ਬਰਾਬਰ ਨਹੀਂ ਹਨ ਜੇ
ਹੁੰਦੇ ਤਾਂ ਧਰਮ ਦੇ ਨਾਂ ਕੋਈ ਵੀ ਲੜਾਈ ਨਾਂ ਹੁੰਦੀ ਸਗੋਂ ਹਰੇਕ ਮਾਈ ਭਾਈ ਨੂੰ ਇੱਕ ਰੱਬ ਦੀ
ਸੰਤਾਨ ਇਨਸਾਨ ਸਮਝਿਆ ਜਾਂਦਾ। ਅੱਜ ਤਾਂ ਮੰਦਰਾਂ, ਮਸਜਦਾਂ ਅਤੇ ਗੁਰਦੁਆਰਿਆਂ ਦੇ ਨਾਂ ਤੇ ਇੱਕ
ਦੂਜੇ ਦਾ ਸਿਰ ਪਾੜ੍ਹਨ ਤੱਕ ਜਾਂਦੇ ਹਨ। ਜੇ ਬਰਾਬਰ ਹਨ ਤਾਂ ਐਸਾ ਕਿਉਂ? ਰੱਬ ਦੇ ਸ਼ਰੀਕਾਂ ਨੇ ਹੀ
ਅਲੱਗ ਅਲੱਗ ਧਰਮ ਪੈਦਾ ਕੀਤੇ ਹੋਏ ਹਨ ਅਤੇ ਇਹ ਰੱਬ ਵੀ ਆਪੋ ਆਪਣੇ ਬਣਾਈ ਫਿਰਦੇ ਹਨ।
ਜਰਾ ਇਧਰ ਵੀ ਧਿਆਨ ਦਿਉ ਕਿ ਸਿੱਖ ਧਰਮ ਇੱਕ ਨਿਰੰਕਾਰ ਨੂੰ ਅਕਾਲ ਪੁਰਖ
ਮੰਨਦਾ ਅਤੇ ਹਿੰਦੂ ਧਰਮ ਜਣੇ ਖਣੇ ਅਵਤਾਰ ਨੂੰ ਹੀ ਭਗਵਾਨ ਕਹੇ ਥਾਂ ਥਾਂ ਮੱਥੇ ਟੇਕੀ ਜਾਂਦਾ ਹੈ।
ਸਿੱਖ ਧਰਮ ਔਰਤ ਅਤੇ ਮਰਦ ਨੂੰ ਬਰਾਬਰ ਅਧਿਕਾਰ ਦਿੰਦਾ ਹੈ ਜਦ ਕਿ ਬਹੁਤੇ ਧਰਮ ਨਹੀਂ ਦਿੰਦੇ। ਸਿੱਖ
ਧਰਮ ਅਖੌਤੀ ਨਰਕ ਸਵਰਗ, ਦੇਵੀ ਦੇਵਤਾ, ਭੂਤ-ਪ੍ਰੇਤ, ਚੜੇਲਾਂ, ਥੋਥੇ ਕਰਮਕਾਂਡ, ਵਹਿਮ ਭਰਮ, ਜਾਦੂ
ਟੂਣੇ, ਧਰਮ ਦੇ ਨਾਂ ਤੇ ਬਲੀਆਂ ਦੇਣੀਆਂ, ਤੰਤ੍ਰ ਮੰਤ੍ਰ, ਜੋਤਿਸ਼ੀਆਂ, ਮਸਿਆ ਪੁਨਿਆਂ,
ਸੰਗ੍ਰਾਂਦਾਂ, ਚੰਗੇ ਮੰਦੇ ਦਿਨਾਂ, ਮੜੀਆਂ ਮਸਾਣੀਆਂ, ਪੁਜਾਰੀਆਂ ਅਤੇ ਕਿਰਤ ਤੇ ਗ੍ਰਿਹਸਤ ਤੋਂ
ਭਗੌੜੇ ਅਖੌਤੀ ਸਾਧਾਂ ਸੰਤਾਂ ਆਦਿਕ ਨੂੰ ਨਹੀ ਮੰਨਦਾ ਤੇ ਨਾਂ ਹੀ ਮਾਨਤਾ ਦਿੰਦਾ ਹੈ। ਸਿੱਖ ਧਰਮ
ਇੱਕ ਕਰਤਾਰ ਨੂੰ ਸਰਬ ਨਿਵਾਸੀ ਘਟਿ ਘਟਿ ਵਾਸੀ ਮੰਨਦਾ ਹੋਇਆਂ ਸਭ ਵਿੱਚ ਉਸ ਦੀ ਜੋਤਿ ਮੰਨਦਾ ਹੈ।
ਸਿੱਖ ਧਰਮ ਵਿੱਚ ਕੋਈ ਜਾਤ-ਪਾਤ ਨਹੀਂ। ਸਿੱਖ ਧਰਮ ਇੱਕ ਪ੍ਰਮਾਤਮਾਂ ਨੂੰ ਹੀ ਸਭ ਦਾ ਪਿਤਾ ਮੰਨਦਾ
ਹੈ-
ਏਕੁ ਪਿਤਾ ਏਕਸ ਕੇ ਹਮ
ਬਾਰਿਕ (611) ਜਦ ਕਿ
ਹਿੰਦੂ ਧਰਮ ਜਾਤ ਪਾਤੀ ਵਖਰੇਵਿਆਂ ਦਾ ਮੁਦਈ ਹੈ। ਸਿੱਖ ਧਰਮ ਕਿਰਤੀਆਂ ਦਾ ਧਰਮ ਹੈ ਇਸ ਵਿੱਚ
ਪੁਜਾਰੀਵਾਦ ਨੂੰ ਕੋਈ ਥਾਂ ਨਹੀਂ।
ਇਸਲਾਮ ਵਿੱਚ ਬੀਫ ਖਾਣਾ ਹਰਾਮ ਨਹੀਂ ਪਰ ਹਿੰਦੂ ਪਾਪ ਮੰਨਦੇ ਹਨ। ਮੁਸਲਿਮ
ਸੂਰ ਨਹੀਂ ਖਾਂਦੇ ਪਰ ਸਿੱਖਾਂ ਵਾਸਤੇ ਨਾਂ ਬੀਫ ਤੇ ਨਾਂ ਹੀ ਸੂਰ ਹਰਾਮ ਹੈ। ਹਿੰਦੂਆਂ ਦੇ ਮੰਦਰਾਂ
ਵਿੱਚ ਸ਼ੂਦਰ ਨੀਵੀਂ ਜਾਤ ਦਾ ਮਨੁੱਖ ਨਹੀਂ ਜਾ ਸਕਦਾ। ਇਵੇਂ ਹੀ ਇਸਲਾਮਿਕ ਕੇਂਦਰ ਮੱਕੇ ਵਿੱਚ ਕੋਈ
ਗੈਰ ਮੁਸਲਿਮ ਨਹੀਂ ਜਾ ਸਕਦਾ ਅਤੇ ਉਹ ਗੈਰ ਮੁਸਲਿਮ ਨੂੰ ਕਾਫਰ ਕਹਿੰਦੇ ਹਨ ਪਰ ਸਿੱਖ ਗੁਰਦੁਆਰਿਆਂ
ਦੇ ਦਰਵਾਜੇ ਸਭ ਲਈ ਖੁੱਲ੍ਹੇ ਹਨ ਫਿਰ ਕਿਵੇਂ ਕਿਹਾ ਜਾ ਸਕਦਾ ਹੈ ਕਿ ਸਭ ਧਰਮ ਬਰਾਬਰ ਹਨ? ਐਸਾ
ਕਹਿਣ ਜਾਂ ਮੰਨਣ ਵਾਲੇ ਜਰਾ ਠੰਡੇ ਦਿਲ ਦਿਮਾਗ ਨਾਲ ਸੋਚ ਕੇ ਜਵਾਬ ਦੇਣ ਹਾਂ ਇਹ ਵੱਖਰੀ ਗੱਲ ਹੈ ਕਿ
ਸਾਨੂੰ ਸਭ ਦਾ ਸਤਿਕਾਰ ਕਰਨਾ ਚਾਹੀਦਾ ਹੈ ਨਾਂ ਕਿ ਨਿਰਾਦਰ ਪਰ ਸਾਰਥਕ ਤਰਕ ਦੇ ਅਧਾਰ ਤੇ ਵਿਚਾਰ
ਚਰਚਾ ਤਾਂ ਕੀਤੀ ਹੀ ਜਾ ਸਕਦੀ ਹੈ ਜਿਸ ਬਾਰੇ ਬਾਬੇ ਨਾਨਕ ਜੀ ਨੇ ਫੁਰਮਾਇਆ ਹੈ ਕਿ-
ਜਬ
ਲਗੁ ਦੁਨੀਆਂ ਰਹੀਏ ਨਾਨਕ ਕਿਛੁ ਸੁਣੀਐਂ ਕਿਛੁ ਕਹੀਐ॥ (661)
ਅਤੇ
ਰੋਸੁ ਨਾ ਕੀਜੈ ਉਤਰੁ ਦੀਜੈ ਕਿਉਂ ਪਾਈਐ ਗੁਰ ਦੁਆਰੋ॥(938)
ਸੋ ਅੰਖਾਂ ਮੀਟ ਕੇ ਜਾਂ ਕਿਸੇ ਦੇ ਕਹੇ ਕਹਾਏ ਨਹੀ ਕਹੀ
ਜਾਣਾ ਕਿ ਸਭ ਧਰਮ ਬਰਾਬਰ ਹਨ ਜਥਾਰਥ ਨਹੀਂ ਹੈ ਸਗੋਂ ਸਚਾਈ ਤੋਂ ਅੱਖਾਂ ਮੀਟਣ ਵਾਲੀ ਗੱਲ ਹੈ। ਹਾਂ
ਇਨਸਾਨੀਅਤ ਤੌਰ ਤੇ ਸਾਰੀ ਦੁਨੀਆਂ ਦਾ ਸੱਚ ਧਰਮ ਇੱਕ ਹੀ ਹੈ-ਏਕੋ
ਧਰਮੁ ਦ੍ਰਿੜੈ ਸਚੁ ਕੋਈ॥ ਗੁਰਮਤਿ ਪੂਰਾ ਜਗਿ ਜੁਗਿ ਸੋਈ॥ (1188)
ਜੇ ਰੱਬ ਇੱਕ ਹੈ ਤਾਂ ਅਸੀਂ ਸਾਰੇ ਹੀ ਉਸ ਦੇ ਬੱਚੇ
ਬੱਚੀਆਂ ਹਾਂ ਇਸ ਲਈ ਜੋ ਸਾਡੇ ਪਿਤਾ ਰੱਬ ਦਾ ਧਰਮ ਹੈ ਉਹ ਹੀ ਸਾਡਾ ਸਭ ਦਾ ਤੇ ਜੋ ਉਸ ਦੀ ਜਾਤ ਹੈ
ਉਹ ਹੀ ਸਾਡੀ ਸਭ ਦੀ ਜਾਤ ਹੈ। ਅਜਿਹਾ ਸੱਚ ਧਰਮ ਹੀ ਸਭ ਲਈ ਬਰਾਬਰ ਹੈ ਬਾਕੀ ਸਭ ਵੱਖਰੇ ਵੱਖਰੇ ਹਨ।
17/11/15)
ਗੁਰਦੀਪ ਸਿੰਘ ਬਾਗੀ
ਆਦਰਜੋਗ ਗੁਰਸ਼ਰਨ ਸਿੰਘ ਕਸੇਲ ਜੀ
ਵਾਹਗੁਰੂ ਜੀ ਕਾ ਖਾਲਸਾ
ਵਾਹਗੁਰੂ ਜੀ ਕੀ ਫਤਿਹ
ਸਭ ਤੂੰ ਪਹਿਲਾਂ ਮੈ ਤੁਹਾਡੇ ਕੋਲੋ ਮੁਆਫੀ ਮੰਗ ਲਵਾਂ ਤੇ ਅਪਣਾ ਪੱਖ ਇਸ ਦੇ ਬਾਦ ਰੱਖਦਾ ਹਾਂ,
੧੫/੧੧/੧੫ ਵਾਲੇ ਆਪ ਜੀ ਦੇ ਪੱਤਰ ਵਿੱਚ ਜਾਹਿਰ ਕੀਤੀ ਗਈ ਚਿੰਤਾ ਮੈਨੂੰ ਤੇ ਬੇਵਜਹ ਲਗਦੀ ਹੈ।
ਕਾਰਨ ਸਿਰਫ ਇਕ ਹੈ, ਲੇਕਿਨ ਉਸ ਕਾਰਨ ਨੂੰ ਦੱਸਣ ਤੂੰ ਪਹਿਲਾਂ ਮੈ ਇਤਿਹਾਸ ਨੂੰ ਸਾਂਝਾ ਕਰ ਲੈਣਾ
ਚਾਹੁੰਦਾ ਹਾਂ।
ਅਸੀਂ ਅਕਸਰ ਕੌਮੀ ਏਕਤਾ ਦਾ ਰੋਣਾ ਲੈ ਕੇ ਬਹਿ ਜਾਂਦੇ ਹਾਂ ਤੇ ਇਹ ਭੁੱਲ ਜਾਂਦੇ ਹਾਂ ਕਿ ਸਾਡੀ ਕੌਮੀ
ਏਕਤਾ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਨਾਲ ਹੈ। ਪ੍ਰਥੀਚੰਦ ਵੀ ਅਪਣੇ ਆਪ ਨੂੰ ਗੁਰੂ ਆਖਦਾ ਸੀ
ਤੇ ਉਸ ਦੇ ਪਰਿਵਾਰ ਵਾਲੇ ਪੰਜਵੇ ਨਾਨਕ ਤਕ ਸਭ ਗੁਰੂ ਸਾਹਿਬਾਨ ਨੂੰ ਗੁਰੂ ਮੰਨਦੇ ਸਨ ਅਤੇ ਉਸ ਦੇ
ਬਾਦ ਅਪਣੀ ਅਲਗ ਪਰੰਪਰਾ ਚਲਾ ਬੈਠੇ ਕਿ ਸਾਡੀ ਏਕਤਾ ਉਨ੍ਹਾਂ ਨਾਲ ਹੈ, ਗੁਰੂ ਹੁਕਮ ਹੈ ਮੀਣੀਆ ਨਾਲ
ਮਿਲ-ਵਰਤਣ ਨਹੀ। ਧੀਰਮਲੀਏ ਵੀ ਇਕ ਮਿਸਾਲ ਹੈ ਅਤੇ ਜਦ ਪੰਥ ਨੂੰ ਖਾਲਸਾ ਕੀਤਾ ਗਿਆ ਸੀ ਭਾਵ ਮਸੰਦ
ਪ੍ਰਥਾ ਖਤਮ ਕੀਤੀ ਗਈ ਸੀ ਤੇ ਬਹੁਤ ਲੋਕਾਂ ਨੇ ਕੇਸ਼ਾ ਦਾ ਅਤੇ ਭੱਦਣ ਕਰਨ ਤੋਂ ਰੋਕਣ ਦਾ ਵਿਰੋਧ ਵੀ
ਕੀਤਾ ਸੀ, ਪਰ ਗੱਲ ਤੇ ਸਿਧਾਂਤ ਦੀ ਹੈ।
ਅਸੀਂ ਇਹ ਕਹਿ ਸਕਦੇ ਹਾਂ ਕਿ ਜੋ ਲੋਕ ਸਿੱਖ ਇਤਿਹਾਸ, ਗੁਰਬਾਣੀ ਨੂੰ ਪੜਦੇ ਨਹੀ ਅਤੇ ਉਹ ਭਟਕ ਗਏ
ਹਨ ਤੇ ਉਨ੍ਹਾਂ ਨੂੰ ਸਮਝਾਨਾ ਸਾਡਾ ਫਰਜ ਹੈ ਪਰ ਜੇੜ੍ਹੇ ਜਾਣਬੂਝ ਕੇ ਸਿੱਖ ਅਸੂਲਾਂ ਦਾ ਮਜਾਕ ਬਣਾ
ਰਹੇ ਹਨ ਉਹ ਸਿੱਖ ਨਹੀ ਤੇ ਉਨ੍ਹਾਂ ਨਾਲ ਕੋਈ ਏਕਤਾ ਨਹੀ।
ਸਾਡੀ ਰੁਲਨ ਦੀ ਇਕਲੌਤੀ ਵਜਹ ਹੈ “ਅਖੌਤੀ ਕੌਮੀ ਏਕਤਾ”, ਅਸੀਂ ਗੁਰ-ਸਿਧਾਂਤ ਨਾਲ ਏਕਤਾ ਕਰ ਲਈਏ ਇਹ
ਨੁਕਤਾ ਹੀ ਸਾਡੀ ਕੌਮ ਨੂੰ ਰੁਲਣ ਤੋਂ ਬਚਾ ਸਕਦਾ ਹੈ।
ਗੁਸਤਾਖੀ ਦੀ ਮੁਆਫੀ ਦਾ ਤਲਬਗਾਰ
ਗੁਰਦੀਪ ਸਿੰਘ ਬਾਗੀ
17/11/15)
ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਨੌਜਵਾਨੀ ਕਿੱਧਰ ਤੇ ਜ਼ਿੰਮੇਵਾਰ ਕੌਣ ?
- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਬਰਨਾਲੇ ਜ਼ਿਲ੍ਹੇ ਦੇ ਪਿੰਡ ਪੰਡੋਰੀ ਦੇ ਇਕ ਕੱਚੀ ਉਮਰ ਦੇ ਇੱਕ ਨੌਜਵਾਨ ਦੀ ਦੋ ਸਾਥੀ
ਨੌਜਵਾਨਾਂ ਵੱਲੋਂ ਤਾਸ਼ ਦੀ ਬਾਜ਼ੀ ਤੋਂ ਸ਼ੁਰੂ ਹੋਈ ਮਾਮੂਲੀ ਤਕਰਾਰ ਮਗਰੋਂ ਤੇਜ਼ਧਾਰ ਹਥਿਆਰਾਂ ਨਾਲ
ਕਥਿਤ ਹਮਲਾ ਕਰਕੇ ਕੀਤੀ ਹੱਤਿਆ ਦੀ ਖ਼ਬਰ
(http://punjabitribuneonline.com/2015/11/ਤਾਸ਼-ਦੀ-ਬਾਜ਼ੀ-ਦੌਰਾਨ-ਹੋਈ-ਮਾਮੂ/)
ਜਿੱਥੇ ਆਪਣੇ-ਆਪ ਵਿੱਚ ਹੀ ਬਹੁਤ ਦੁਖਦਾਈ ਹੈ ਉੱਥੇ ਉਸ ਤੋਂ ਵੀ ਵੱਡਾ ਧੱਕਾ ਉਦੋਂ ਲੱਗਾ ਜਦੋਂ ਕਤਲ
ਕਰਨ ਮਗਰੋਂ ਇਹਨਾਂ ਅੱਲ੍ਹੜਾ ਨੇ ਅਖ਼ਬਾਰ ਵਿੱਚ ਛਪੀ ਆਪਣੇ ਜੁਰਮ ਦੀ ਤਸਵੀਰ ਆਪਣੀ ਫ਼ੇਸਬੁੱਕ ‘ਤੇ
(https://www.facebook.com/photo.php?fbid=788243984619533&set=a.253557251421545.51918.100003018175248)
ਆਪਣੀ ਸੈਲਫ਼ੀ ਦੇ ਨਾਲ ਪਾ ਕੇ ਆਪਣੇ-ਆਪ ਦੇ
ਗੈਂਗਸਟਰ ਹੋਣ ਦੀ ਟਾਹਰ ਮਾਰ ਕੇ ਆਪਣੇ ਪਿੱਛੇ ਪੁਲਿਸ ਲੱਗੀ ਹੋਣ ਵਿੱਚ ਆਪਣੀ ਵਡਿਆਈ ਲਿਖੀ
(https://www.facebook.com/photo.php?fbid=788221724621759&set=a.253557251421545.51918.100003018175248)
|
ਅਸਲ ਦੇ ਵਿੱਚ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਮੈਂ ਨਿਜੀ ਤੌਰ ਤੇ ਬਹੁਤ ਨੇੜਿਓਂ ਦੇਖਿਆ ਹੈ, ਸਿਰਫ਼
ਤੇ ਸਿਰਫ਼ ਗਾਣਿਆਂ ਵਾਲੀ ਗੰਦਗੀ ਤੇ ਥੋਥੇ ਪੋਪ ਕਲਚਰ ਦੇ ਹਲਕਾਏ ਹੋਏ ਕੱਚੇ ਦਿਮਾਗ ਹਨ, ਨਾ ਸੋਚ,
ਨਾ ਸੇਧ ਅਤੇ ਨਾ ਹੀ ਜ਼ਿੰਦਗੀ ਪ੍ਰਤੀ ਕਿਸੇ ਪ੍ਰਕਾਰ ਦਾ ਨਜ਼ਰੀਆ...
Uncontrolled Aggression
ਵੱਧ ਰਿਹਾ ਹੈ, Value of Life
ਘੱਟ ਰਹੀ ਹੈ, ਵਕਤੀ Entertainment
ਲਈ ਕਿਸੇ ਵੀ ਹੱਦ ਤਕ ਜਾ ਸਕਦੇ ਹਨ, ਫੋਕੀ ਟਾਹਰ ਲਈ ਪੂਰੀ ਉਮਰ ਬਰਬਾਦ ਕਰਨ ਤੋਂ ਵੀ ਕਈ ਪਰਹੇਜ਼
ਨਹੀਂ ਕਰਦੇ, ਅਤੇ ਬਾਕੀ ਰਹੀ ਗੱਲ ਅਸੂਲ, ਕਿਰਦਾਰਾਂ ਤੇ ਮਿਆਰਾਂ ਦੀ, ਉਹ ਹੈ ਹੀ ਨਹੀਂ ਕਿਉਂਕਿ ਉਹ
ਨਾ ਤਾਂ ਪਰਿਵਾਰਾਂ 'ਚੋਂ ਮਿਲੇ, ਨਾ ਮੁੱਢਲੀ ਸਿੱਖਿਆ ਚੋਂ ਤੇ ਨਾ ਹੀ ਸਮਾਜ 'ਚੋਂ |
ਸਮਾਜਿਕ ਮਿਆਰ ਹੀ ਅਸਲ ਵਿੱਚ ਬਹੁਤ ਹੇਠਾਂ ਜਾ ਡਿੱਗਿਆ ਹੈ ਵਕਤ ਦੇ ਨਾਲ-ਨਾਲ ਤੇ ਵਿਸ਼ਵੀਕਰਨ ਦਾ
ਪਸਾਰਾ ਵੀ ਵਧਿਆ ਹੈ, ਜਿਸ ਨਾਲ ਅਮਰੀਕਾ ਵਰਗੇ ਮੁਲਕਾਂ ਦਾ ਹਿੱਪੀ ਤੇ ਬਲਿਊ-ਕਾਲਰ ਸੱਭਿਆਚਾਰ ਹੁਣ
ਦੇਸੀ ਵਲੇਂਵੇਂ 'ਚ ਪਰੋਸ ਕੇ ਮਿਲਣਾ ਸੌਖਾ ਹੋ ਗਿਆ ਹੈ... ਬਾਕੀ ਫ਼ੋਕੀ ਹਵਾ ਮਾਰਨ ਨੂੰ ਅੱਜ ਸ਼ੋਸ਼ਲ
ਮੀਡਿਆ ਜਿਹਾ ਹਥਿਆਰ ਕੱਚੀਆਂ ਉਮਰਾਂ ਵਿੱਚ ਹੀ ਸੌਖਿਆਂ ਉਪਲਭਧ ਹੈ |
ਇੱਕ ਬਹੁਤ ਵੱਡਾ ਕਾਰਕ ਪੰਜਾਬ ਦਾ ਏਸ ਵੇਲੇ ਵਿਸ਼ਵ ਦਾ ਡਰੱਗ-ਗੇਟ ਬਣ ਜਾਣਾ ਹੈ, ਜਿਸ ਵਿੱਚ ਵਿਸ਼ਵ
ਨਸ਼ਾ ਵਪਾਰ ਦਾ ਬਹੁਤ ਵੱਡਾ ਹਿੱਸਾ ਪੰਜਾਬ ਦੇ ਰਾਹੀਂ ਪੂਰੀ ਦੁਨੀਆ ਵਿੱਚ ਪੁੱਜ ਰਿਹੈ, ਸੋ
ਹੌਲੀ-ਹੌਲੀ ਇਸ ਧੰਦੇ ਦਾ ਪ੍ਰਭਾਵ ਸਮਾਜਿਕ ਮਿਆਰਾਂ ਤੇ ਵੀ ਪੈ ਰਿਹੈ ... ਨਸ਼ਾ ਪੀੜ੍ਹੀਆਂ 'ਤੇ ਅਸਰ
ਪਾਉਂਦਾ ਹੈ, ਫੇਰ ਅਗਲੀਆਂ ਪੀੜ੍ਹੀਆਂ ਦਾ ਖੋਰਾ ਸ਼ੁਰੂ ਹੁੰਦਾ ਹੈ |
17/11/15)
ਡਾ: ਗੁਰਮੀਤ ਸਿੰਘ ਬਰਸਾਲ
ਤਿੰਨ
ਪਾਸੇ !!!
ਇੱਕ ਪਾਸੇ ਤੇ ਸਿੱਖ ਗੁਰੂ ਦੇ,
ਸਿਦਕ ਨਿਭਾਉਣਾ ਸੋਚ ਰਹੇ ਨੇ ।
ਸਬਰ-ਜਬਰ ਦੀ ਜੰਗ ਦੇ ਅੰਦਰ,
ਸਬਰ ਵਿਖਾਉਣਾ ਸੋਚ ਰਹੇ ਨੇ ।
ਜੈਤੋਂ, ਨਨਕਾਣੇ ਦੀ ਨੀਤੀ,
ਮੁੜ ਦੁਹਰਾਉਣਾ ਸੋਚ ਰਹੇ ਨੇ ।
ਜਾਲਿਮ ਦਾ ਸੰਸਾਰ ਸਾਹਮਣੇ,
ਚਿਹਰਾ ਲਿਆਉਣਾ ਸੋਚ ਰਹੇ ਨੇ ।।
ਦੂਜੇ ਪਾਸੇ ਜਾਲਿਮ ਸ਼ਾਸ਼ਕ,
ਜੁਲਮ ਘਿਨਾਉਣਾ ਸੋਚ ਰਹੇ ਨੇ ।
ਸ਼ਾਂਤ ਚਲ ਰਹੀ ਰੋਸ ਲਹਿਰ ਦਾ,
ਰੁਖ ਪਲਟਾਉਣਾ ਸੋਚ ਰਹੇ ਨੇ ।
ਬਦਲੇ ਵਾਲੀ ਲਹਿਰ ਬਣਾਕੇ,
ਲਾਂਬੂ ਲਾਉਣਾ ਸੋਚ ਰਹੇ ਨੇ ।
ਸਹਿਕ ਰਹੇ ਪੰਜਾਬ ਨੂੰ ਉਹ ਤਾਂ,
ਲਾਸ਼ ਬਨਾਉਣਾ ਸੋਚ ਰਹੇ ਨੇ ।।
ਤੀਜੇ ਪਾਸੇ ਡੇਰਿਆਂ ਵਾਲੇ,
ਸੱਚ ਛੁਪਾਉਣਾ ਸੋਚ ਰਹੇ ਨੇ ।
ਦਰਦ-ਪਰੁੰਨੀਆਂ ਭਾਵਨਾਵਾਂ ਨੂੰ,
ਕੈਸ਼ ਕਰਾਉਣਾ ਸੋਚ ਰਹੇ ਨੇ ।
ਸੰਗਤ ਵਾਲੇ ਜੋਸ਼ ਨੂੰ ਆਪਣੇ,
ਖਾਤੇ ਪਾਉਣਾ ਸੋਚ ਰਹੇ ਨੇ ।
ਜਾਗਣ ਲੱਗੀ ਸਿੱਖ ਸੋਚ ਨੂੰ,
ਕਿੰਝ ਸਲਾਉਣਾ ਸੋਚ ਰਹੇ ਨੇ ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ )
ਨਵੀਂ ਦਿੱਲੀ: 18, ਨਵੰਬਰ, 2015 ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ
ਸੋਢੀ ਨੇ ਪੰਜਾਬ ਦੇ ਉਪ-ਮੁਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ
ਸਿੰਘ ਬਾਦਲ ਵਲੋਂ ਬੀਤੇ ਦਿਨੀਂ ਹੋਏ ‘ਸਰਬਤ ਖਾਲਸਾ’ ਵਿੱਚ ਕਾਂਗ੍ਰਸੀਆਂ ਦੀ ਕਥਤ ਸ਼ਮੂਲੀਅਤ ਨੂੰ ਲੈ
ਕੇ ਉਸ ਪੁਰ ਕਿੰਤੂ ਕੀਤੇ ਜਾਣ ਪੁਰ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਤਿਹਾਸਕ ਮਾਨਤਾਵਾਂ ਦੇ
ਇਤਿਹਾਸ ਦੀ ਰੋਸ਼ਨੀ ਵਿੱਚ ਬੀਤੇ ਦਿਨੀਂ ਹੋਏ ‘ਸਰਬਤ ਖਾਲਸਾ’ ਦੀ ਸਾਰਥਕਤਾ ਪੁਰ ਤਾਂ ਕੋਈ ਕਿੰਤੂ
ਕੀਤਾ ਜਾ ਸਕਦਾ ਹੈ, ਪ੍ਰੰਤੂ ਜਿਥੋਂ ਤਕ ‘ਸਰਬਤ ਖਾਲਸਾ’ ਦੀ ਪਰੰਪਰਾ ਦਾ ਸੰਬੰਧ ਹੈ, ਉਸਨੂੰ ਮੁੱਖ
ਰਖਦਿਆਂ ਉਸ ਵਿੱਚ ਹੋਈ ਕਿਸੇ ਵੀ ਸਿੱਖ ਦੀ ਸ਼ਮੂਲੀਅਤ ਪੁਰ ਕਿਸੇ ਵੀ ਤਰ੍ਹਾਂ ਦਾ ਕਿੰਤੂ ਨਹੀਂ ਕੀਤਾ
ਜਾ ਸਕਦਾ। ਜਸਟਿਸ ਸੋਢੀ ਨੇ ਇਸ ਸੰਬੰਧ ਵਿੱਚ ਜਾਰੀ ਆਪਣੇ ਬਿਆਨ ਵਿੱਚ ਕਿਹਾ ਕਿ ‘ਸਰਬਤ ਖਾਲਸਾ’ ਦਾ
ਮਤਲਬ ਸਿੱਖਾਂ ਦੇ ਕਿਸੇ ਧੜੇ ਵਿਸ਼ੇਸ਼ ਦਾ ਇਕੱਠ ਨਹੀਂ ਹੁੰਦਾ, ਸਗੋਂ ਇਸਦਾ ਮਤਲਬ ਸਿੱਖ ਪੰਥ ਦੇ
ਹਿਤਾਂ-ਅਧਿਕਾਰਾਂ ਦੀ ਰਖਿਆ ਲਈ ਵਿਚਾਰ-ਵਟਾਂਦਰਾ ਕਰਨ ਹਿਤ ਸਮੁਚੇ ਪੰਥ ਦਾ ਹੋਇਆ ਸਾਂਝਾ ਇਕੱਠ ਹੈ,
ਅਤੇ ਉਸ ਵਿੱਚ ਸਾਰੀਆਂ ਜਥੇਬੰਦੀਆਂ ਵਿਚਲੇ ਸਿੱਖ ਪ੍ਰਤੀਨਿਧੀਆਂ ਦੀ ਸ਼ਮੂਲੀਅਤ ਨਿਸ਼ਚਿਤ ਹੋਵੇ,
ਭਾਵੇਂ ਉਨ੍ਹਾਂ ਦਾ ਸੰਬੰਧ ਕਿਸੇ ਵੀ ਰਾਜਸੀ ਪਾਰਟੀ ਨਾਲ ਹੋਵੇ। ‘ਸਰਬਤ ਖਾਲਸਾ’ ਦੀ ਇਸ ਪਰੰਪਰਾ
ਅਨੁਸਾਰ ਜੇ ਕੋਈ ਸਿੱਖ, ਭਾਵੇਂ ਉਹ ਕਾਂਗ੍ਰਸ ਨਾਲ ਸੰਬੰਧਤ ਹੈ ਤੇ ਭਾਵੇਂ ਭਾਜਪਾ ਜਾਂ ਕਿਸੇ ਅਕਾਲੀ
ਦਲ ਨਾਲ ਜਾਂ ਕਿਸੇ ਫਿਰ ਹੋਰ ਰਾਜਸੀ ਪਾਰਟੀ ਨਾਲ, ਜੇ ਉਸਦਾ ਨਿਸ਼ਚਾ ਸਿੱਖੀ ਦੀਆਂ ਮਾਨਤਾਵਾਂ,
ਮਰਿਆਦਾਵਾਂ ਤੇ ਪਰੰਪਰਾਵਾਂ, ਵਿੱਚ ਹੈ, ਤਾਂ ਉਸਦੀ ‘ਸਰਬਤ ਖਾਲਸਾ’ ਵਿੱਚ ਸ਼ਮੂਲੀਅਤ ਅਤੇ ਉਸ ਵਲੋਂ
‘ਸਰਬਤ ਖਾਲਸਾ’ ਵਿੱਚ ਹੋ ਰਹੇ ਵਿਚਾਰ ਵਟਾਂਦਰੇ ਦੌਰਾਨ ਸਿੱਖ ਪੰਥ ਦੇ ਹਿਤ ਵਿੱਚ ਪ੍ਰਗਟ ਕੀਤੇ ਜਾਣ
ਵਾਲੇ ਵਿਚਾਰਾਂ ਪੁਰ ਕਿਸੇ ਵੀ ਤਰ੍ਹਾਂ ਦਾ ਕਿੰਤੂ ਨਹੀਂ ਕੀਤਾ ਜਾ ਸਕਦਾ। ਜਸਟਿਸ ਆਰ ਐਸ ਸੋਢੀ ਨੇ
ਕਿਹਾ ਕਿ ‘ਸਰਬਤ ਖਾਲਸਾ’ ਵਿੱਚ ਕਿਸੇ ਵੀ ਪਾਰਟੀ ਨਾਲ ਸੰਬੰਧਤ ਸਿੱਖ ਦੀ ਸ਼ਮੂਲ਼ੀਅਤ ਪੁਰ ਕਿੰਤੂ ਕਰਨ
ਦੀ ਬਜਾਏ, ਜੇ ‘ਸਰਬਤ ਖਾਲਸਾ’ ਦੇ ਆਯੋਜਨ ਵਿੱਚ ਸਥਾਪਤ ਇਤਿਹਾਸਕ ਜਾਂ ਧਾਰਮਕ ਪਰੰਪਰਾਵਾਂ ਦੇ ਪਾਲਣ
ਵਿੱਚ ਕੋਈ ਕੁਤਾਹੀ ਹੋਈ ਹੈ ਜਾਂ ਹੋ ਰਹੀ ਹੇ ਤਾਂ ਉਸ ਪੁਰ ਸੁਆਲੀਆ ਨਿਸ਼ਾਨ ਲਾਇਆ ਜਾ ਸਕਦਾ ਹੈ, ਨਾ
ਕਿਸੇ ਰਾਜਸੀ ਪਾਰਟੀ ਨਾਲ ਸੰਬੰਧਤ ਕਿਸੇ ਸਿੱਖ ਦੀ ਸ਼ਮੂਲੀਅਤ ਨੂੰ ਲੈ ਕੇ।
17/11/15)
ਗਿਆਨੀ ਅਵਤਾਰ ਸਿੰਘ
ਗੁਰਮਤਿ ਪ੍ਰਚਾਰਕਾਂ ਦੇ ਸੰਘਰਸ਼ ਨੂੰ ਖ਼ਤਮ ਕਰਨ ਲਈ ਗ਼ਰਮ ਖ਼ਿਆਲੀ ਰਾਜਨੀਤਿਕ ਬੰਦੇ ਅਪਣਾ ਰਹੇ ਹਨ:
‘ਹਥਕੰਡੇ’
ਗਿਆਨੀ ਅਵਤਾਰ ਸਿੰਘ (ਸੰਪਾਦਕ
gurparsad.com) -98140-35202
ਪੰਜਾਬ ਦੇ ਜ਼ਮੀਨੀ ਹਾਲਾਤਾਂ ਨੂੰ
ਆਪਣੇ ਹੱਕ ਵਿੱਚ ਭੁਗਤਾਉਣ ਵਾਲੀ ਮਨਸਾ ਨਾਲ ਸਿਮਰਨਜੀਤ ਸਿੰਘ ਮਾਨ ਤੇ ਯੂਨਾਈਟੇਡ ਅਕਾਲੀ ਦਲ ਨੇ
ਮਿਲ ਕੇ ਜੋ ਮੁਹਿਮ ਸ਼ੁਰੂ ਕੀਤੀ ਸੀ, ਉਸ ਵਿੱਚ ਮਿਤੀ 25-10-2015 (ਸ਼ਹੀਦ ਹੋਏ 2 ਸਿੰਘਾਂ ਦੇ ਭੋਗ)
ਤੋਂ ਮਾਤ੍ਰ ਕੁਝ ਕੁ ਦਿਨ ਪਹਿਲਾਂ ਹੀ ਆਏ ਬਦਲਾਅ ਕਿ ਅਸੀਂ ਗੁਰਮਤਿ ਪ੍ਰਚਾਰਕਾਂ ਨਾਲ ਮਿਲ ਕੇ
ਸੰਘਰਸ਼ ਨੂੰ ਜਾਰੀ ਰੱਖਾਂਗੇ, ਇੱਕ ਸੰਦੇਹ ਪੂਰਵਕ ਕਦਮ ਸੀ ਕਿਉਂਕਿ ਰਾਜਨੀਤਿਕ ਬੰਦਿਆਂ ਨੇ ਕੁਝ ਕਦਮ
ਆਮ ਸਹਿਮਤੀ ਤੋਂ ਬਿਨਾ ਵੀ ਉਠਾਏ; ਜਿਵੇਂ ਕਿ ‘ਸਰਬੱਤ ਖ਼ਾਲਸਾ’ ਬੁਲਾਉਣਾ, ਜਥੇਦਾਰਾਂ ਦੀਆਂ
ਨਿਯੁਕਤੀਆਂ ਆਦਿ, ਰਾਜਨੀਤਿਕ ਬੰਦਿਆਂ ਦੇ ਗੁਪਤ ਏਜੰਡੇ ਵਿੱਚ ਸੀ, ਜਿਸ ਨੂੰ ਪ੍ਰਚਾਰਕਾਂ ਦੇ ਧਿਆਨ
’ਚੋਂ ਨਿਰੰਤਰ ਗੁਪਤ ਰੱਖਿਆ ਜਾ ਰਿਹਾ ਸੀ।
ਦੂਸਰੇ ਪਾਸੇ ਆਪਣੀਆਂ ਕੁਝ ਮੰਗਾਂ ਪ੍ਰਚਾਰਕਾਂ ਦੇ ਹੱਥ ’ਚ ਫੜਾਉਣ ਵਿੱਚ ਵੀ ਇਹ ਬੰਦੇ ਕਾਮਯਾਬ ਹੋ
ਗਏ; ਜਿਵੇਂ ਕਿ ਖ਼ੂਨ ਦਾ ਪਿਆਲਾ ਬਾਦਲ ਨੂੰ ਭੇਟ ਕਰਨਾ, ਮੰਤ੍ਰੀਆਂ ਦਾ ਘਿਰਾਉ ਆਦਿ ਉਕਸਾਉਣ ਵਾਲੀਆਂ
ਮੰਗਾਂ ਤਾਂ ਜੋ ਪੰਜਾਬ ਦੇ ਮਾਹੌਲ ਨੂੰ 2017 ਦੇ ਚੁਣਾਵ ਤੱਕ ਨਿਰੰਤਰ ਗ਼ਰਮ ਰੱਖਿਆ ਜਾ ਸਕੇ। ਅੱਜ
ਵੀ ਇਨ੍ਹਾਂ ਦੇ ਕੁਝ ਕੁ ਗੁਪਤ ਏਜੰਡੇ ਹਨ; ਜਿਵੇਂ ਕਿ ਵਿਸਾਖੀ 2016 ਅਤੇ ਦਿਵਾਲੀ 2016 ’ਚ
‘ਸਰਬੱਤ ਖਾਲਸਾ’ ਦੇ ਨਾਂ ਹੇਠ ਵੱਡੇ ਇਕੱਠ ਕਰਨੇ ਅਤੇ ਕਾਂਗਰਸ ਪਾਰਟੀ ਨਾਲ ਮਿਲ ਕੇ ਅਗਲਾ ਚੁਣਾਵ
ਲੜਨਾ । ਇਸ ਲਈ ਵੱਧ ਤੋਂ ਵੱਧ ਸੀਟਾਂ ’ਤੇ ਆਪਣੇ ਵਿਧਾਇਕਾਂ ਦੀ ਮੰਗ ਕਰਨ ਲਈ ਕਾਂਗਰਸ ਦੇ ਸਾਹਮਣੇ
ਆਪਣਾ ਜਨਾਧਾਰ ਖੜ੍ਹਾ ਕਰਨ ਲਈ ਉਕਤ ‘ਸਰਬੱਤ ਖ਼ਾਲਸਾ’ ਬੁਲਾਉਣੇ ਅਤਿ ਜ਼ਰੂਰੀ ਜਾਪਦੇ ਹਨ ਕਿਉਂਕਿ ਘੱਟ
ਖਰਚੇ ਨਾਲ ਵੱਧ ਬੰਦਿਆਂ ਤੱਕ ਆਪਣੀ ਗੱਲ ਪਹੁੰਚਾਉਣ ਲਈ ‘ਸਰਬੱਤ ਖ਼ਾਲਸਾ’ ਦਾ ਨਾਂ ਬੜਾ ਹੀ ਢੁੱਕਵਾਂ
ਇਨ੍ਹਾਂ ਲਈ ਪ੍ਰਤੀਤ ਹੁੰਦਾ ਜਾਪਦਾ ਹੈ। ਇਹ ਵੀ ਹੋ ਸਕਦਾ ਹੈ ਕਿ ਇਹੀ ਤਰੀਕਾ ਹੋਰ ਵੀ ਰਾਜਨੀਤਿਕ
ਪਾਰਟੀਆਂ ਵਾਲੇ ਅਪਣਾਉਣਾ ਸ਼ੁਰੂ ਕਰ ਦੇਣ।
ਲਗਭਗ ਪਿਛਲੇ 2 ਮਹੀਨਿਆਂ ਤੋਂ ਨਿਰੰਤਰ ਜੂਝ ਰਹੀ ਸਿੱਖ ਕੌਮ ਦੇ ਇਨ੍ਹਾਂ ਅਖੌਤੀ ਆਗੂਆਂ ਨੇ ਇੱਕ
ਵਾਰ ਵੀ ਜਨਤਾ ਨੂੰ ਸ਼ਾਂਤਮਈ ਰਹਿਣ ਦਾ ਫ਼ੁਰਮਾਨ ਨਹੀਂ ਸੁਣਾਇਆ ਅਤੇ ਕਾਂਗਰਸ ਪ੍ਰਤਿ ਨਰਮ ਰਵੱਈਆ ਰੱਖ
ਕੇ ਇਹ ਲੋਕ ਕੀ ਸੰਦੇਸ਼ ਕੌਮ ਨੂੰ ਦੇਣਾ ਚਾਹੁੰਦੇ ਹਨ ? ਕੀ ਸਿੱਖਾਂ ਉੱਪਰ ਹੋਏ ਅਤਿਆਚਾਰ ਲਈ
ਕਾਂਗਰਸ ਪਾਰਟੀ ਜ਼ਿੰਮੇਵਾਰ ਨਹੀਂ ? ਇਨ੍ਹਾਂ ਬੰਦਿਆ ਦੁਆਰਾ ਸਿੱਖ ਪ੍ਰਚਾਰਕਾਂ ਅਤੇ ਬੰਦੀ ਸਿੰਘਾਂ
ਦੇ ਨਾਂ, ਕੇਵਲ ਆਪਣੇ ਹਿਤਾਂ ਦੀ ਪੂਰਤੀ ਲਈ ਹੀ ਵਰਤੇ ਜਾ ਰਹੇ ਹਨ।
ਸਿੱਖਾਂ ਨੂੰ ਕੁਝ ਕਰਨ ਤੋਂ ਪਹਿਲਾਂ ਇਹ ਵੀਚਾਰਨਾ ਜ਼ਰੂਰੀ ਹੈ:
25-10-2015 ਨੂੰ ਪਾਸ ਕੀਤੇ ਗਏ ਮਤਿਆਂ ’ਚ 9 ਵੇਂ ਮਤੇ ’ਚ ਤਿੰਨ ਮੰਗਾਂ ਸ਼ਾਮਲ ਸਨ:
(1) ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰ ਕੇ ਸਜਾ ਦੇਣੀ (ਜੋ ਕਿ
ਹੁਣ ਕੇਸ ਸੀ. ਬੀ. ਆਈ. ਕੋਲ ਹੈ)।
(2). ਸ਼ਾਂਤੀਮਈ ਬੈਠ ਕੇ ਸਿਮਰਨ ਕਰਨ ਵਾਲੀਆਂ ਸੰਗਤਾਂ ਉੱਪਰ ਕੀਤੇ ਗਏ ਫਾਇਰ ਦੌਰਾਨ 2 ਸਿੰਘਾਂ ਨੂੰ
ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਿਰੁਧ ਧਾਰਾ 302 ਦਾ ਮੁਕੱਦਮਾ ਦਰਜ ਕਰਨਾ (ਜੋ ਕਿ ਬਿਨਾ
ਕਿਸੇ ਦੇ ਨਾਮ ਤੋਂ ਐੱਫ. ਆਈ. ਆਰ. ਨੰਬਰ 130, ਮਿਤੀ 21-10-2015 ਨੂੰ ਪਹਿਲਾਂ ਹੀ ਕੇਸ ਦਰਜ
ਕੀਤਾ ਜਾ ਚੁੱਕਾ ਸੀ)।
(3). ਗ਼ਲਤ ਪਕੜੇ ਗਏ ਦੋ ਸਿੰਘਾਂ ਨੂੰ ਬਿਨਾ ਸ਼ਰਤ ਰਿਹਾ ਕਰਨਾ (ਜੋ ਕਿ ਰਿਹਾ ਹੋ ਚੁੱਕੇ ਹਨ)।
ਉਕਤ ਮੰਗਾਂ ਨਾ ਮੰਨਣ ’ਤੇ ਮਿਤੀ 15-11-2015 ਤੋਂ ਉਪਰੰਤ ਪੰਜਾਬ ਸਰਕਾਰ ਦੇ ਮੰਤ੍ਰੀਆਂ, ਸੰਸਦਾਂ
ਦਾ ਘਿਰਾਉ ਕੀਤਾ ਜਾਣਾ ਸ਼ਾਮਲ ਸੀ, ਇਨ੍ਹਾਂ ਮੰਗਾਂ ਬਾਰੇ ਸਿੱਖ ਕੌਮ ਨੂੰ ਚਾਹੀਦਾ ਹੈ ਕਿ ਉਹ ਕੁਝ
ਸਮਾਂ ਬਾਦਲ ਸਰਕਾਰ ਨੂੰ ਹੋਰ ਦੇਵੇ ਜਿਸ ਨਾਲ ਸਾਡਾ ਕੇਸ ਮਜ਼ਬੂਤ ਹੋਵੇਗਾ ਕਿਉਂਕਿ ਉਕਤ ਕੇਸ ਦੇ ਅਸਲ
ਦੋਸ਼ੀ ਕੌਣ ਹਨ? ਇਸ ਬਾਰੇ ਸਿੱਖ ਕੌਮ ਤੋਂ ਇਲਾਵਾ ਸਭ ਨੂੰ ਪਤਾ ਹੈ, ਇਸ ਲਈ ਇਨ੍ਹਾਂ ਕੇਸਾਂ ਦਾ ਸੱਚ
ਵੀ ਸਿੱਖ ਕੌਮ ਕਦੇ ਨਹੀਂ ਜਾਣ ਸਕੇਗੀ। ਗ਼ਰਮ ਖਿਆਲੀ ਰਾਜਨੀਤਿਕ ਬੰਦੇ ਵੀ ਇੱਕ ਤਰ੍ਹਾਂ ਨਾਲ ਇਨ੍ਹਾਂ
ਮਸਲਿਆਂ ਬਾਰੇ ਪੰਜਾਬ ਸਰਕਾਰ ਦੇ ਹੀ ਹੱਥ ਮਜ਼ਬੂਤ ਕਰ ਰਹੇ ਹਨ ਕਿਉਂਕਿ ਜੋ ਸਿੱਖ ਕੌਮ ਦੇ ਵੀਚਾਰਾਂ
’ਚ ਉਛਾਲ ਆਇਆ ਸੀ ਉਸ ਨੂੰ ਬਾਦਲ ਸ਼ਾਂਤ ਨਹੀਂ ਕਰ ਸਕਿਆ ਪਰ ‘ਸਰਬੱਤ ਖ਼ਾਲਸੇ’ ਰਾਹੀਂ ਬਾਦਲ ਉਹ ਕੰਮ
ਕਰ ਗਿਆ ਜੋ ਕਦੇ ਵੀ ਨਹੀਂ ਕਰ ਸਕਦਾ ਸੀ; ਜਿਵੇਂ ਬਾਦਲ ਨੂੰ ਛੱਡ ਕੇ ਜਾਣ ਵਾਲਿਆਂ ਨੂੰ ਰੋਕਣਾ,
ਜਨਤਾ ਦਾ ਮੂੰਹ ਬੰਦ ਕਰਨਾ ਆਦਿ।
ਸਿੱਖ ਸਮਾਜ ਲਈ ਇਹ ਵੀ ਵੀਚਾਰ ਦਾ ਵਿਸ਼ਾ ਹੈ ਕਿ ਸਿਮਰਨਜੀਤ ਸਿੰਘ ਮਾਨ ਦਾ ‘ਸਰਬੱਤ ਖਾਲਸਾ’ ਸਟੇਜ
ਤੋਂ ਭਾਸ਼ਨ ਨਾ ਦੇ ਕੇ ਇਹ ਸਿੱਧ ਕਰਨਾ ਕਿ ਉਹ ਤਾਂ ਕੇਵਲ ਕੌਮ ’ਚ ਏਕਤਾ ਨੂੰ ਬਣਾਏ ਰੱਖਣ ਲਈ ਹੀ
ਸੰਘਰਸ਼ ਦੀ ਅਗਵਾਈ ਕਰ ਰਹੇ ਹਨ, ਜਿਸ ਵਿੱਚ ਉਨ੍ਹਾਂ ਦਾ ਨਿਜੀ ਕੋਈ ਲਾਭ ਨਹੀਂ ਪਰ ਹੋ ਇਸ ਦੇ
ਵਿਪਰੀਤ ਹੀ ਸਭ ਕੁਝ ਰਿਹਾ ਹੈ ਜਿਸ ਵਿੱਚ ਉਨ੍ਹਾਂ ਦਾ ਕੇਵਲ ਰਾਜਨੀਤਿਕ ਸੁਆਰਥ ਹੀ ਸੁਆਰਥ ਛੁਪਿਆ
ਵਿਖਾਈ ਦੇ ਰਿਹਾ ਹੈ।
‘ਸਰਬੱਤ ਖ਼ਾਲਸਾ’ ਰੂਪੀ ਮੁਹਿਮ ਨੂੰ ਖੜ੍ਹਾ ਕਰਨ ਵਾਲੇ ਪ੍ਰਮੁੱਖ ਵਿਅਕਤੀ ਮਾਨ ਸਾਹਿਬ ਵਿਰੁਧ
ਦੇਸ਼-ਦਰੋਹ ਦਾ ਕੇਸ ਦਰਜ ਨਾ ਕਰਨਾ, ਕੀ ਇਹ ਸੰਦੇਸ਼ ਨਹੀਂ ਦੇਂਦਾ ਕਿ ਬਾਦਲ ਸਾਹਿਬ ਖ਼ੁਦ ਹੀ ਉਨ੍ਹਾਂ
ਨੂੰ ਅਗਲੇ ਉਲੀਕੇ ਗਏ ਪ੍ਰੋਗਰਾਮਾ ਨੂੰ ਮੁਕੰਬਲ ਕਰਨ ਲਈ ਅਸਿੱਧੀ ਮਦਦ ਕਰ ਰਹੇ ਹਨ ਕਿਉਂਕਿ ਪੰਜਾਬ
ਦਾ ਮਾਹੌਲ ਗ਼ਰਮ ਰੱਖਣ ’ਚ ਜਿੱਥੇ ਮਾਨ ਨੂੰ ਕੁਝ ਮਿਲਦਾ ਵਿਖਾਈ ਦੇਂਦਾ ਹੈ ਉੱਥੇ ਬਾਦਲ ਨੂੰ ਵੀ
ਵਿਰੋਧੀ ਵੋਟ ’ਚ ਫੁੱਟ ਪਾਉਣ ਵਾਲੀ (ਭੇਦ) ਕੂਟਨੀਤੀ ਕਾਰਨ ਲਾਭ ਹੀ ਲਾਭ ਮਿਲਦਾ ਵਿਖਾਈ ਦੇ ਰਿਹਾ
ਹੈ।
17/11/15)
ਕੁਲਵੰਤ ਸਿੰਘ ਢੇਸੀ
ਬ੍ਰਿਟੇਨ ਵਿਚ ਸਿੱਖ ਮੁਜ਼ਾਹਰੇਦਾਰਾਂ ਅਤੇ ਮੁਲਾਹਜ਼ੇਦਾਰਾਂ ਦਾ ਰੇੜਕਾ
ਕੁਲਵੰਤ ਸਿੰਘ ਢੇਸੀ
0044 7854 136 413
[email protected]
ਜਦੋਂ ਵੀ ਪੰਜਾਬ ਜਾਂ ਭਾਰਤ ਵਿਚ ਸਿੱਖ ਭਾਈਚਾਰੇ ਨੂੰ ਕਿਸੇ ਸੰਕਟ ਦਾ ਸਾਹਮਣਾ ਕਰਨਾ ਪਿਆ ਹੈ ਤਾਂ
ਯੂ ਕੇ ਵਿਚ ਉਸਦਾ ਪ੍ਰਤੀਕਰਮ ਅਕਸਰ ਮੁਜ਼ਾਹਰੇ ਵਿਚ ਹੁੰਦਾ ਹੈ। ਇਹ ਮੁਜ਼ਾਹਰਾ ਫੈਡਰੇਸ਼ਨ ਆਫ ਸਿੱਖ
ਆਰਗੇਨਾਈਜ਼ੇਸ਼ਨ ( ਐਫ ਐਸ ਓ) ਦੇ ਬੈਨਰ ਹੇਠ ਹੁੰਦਾ ਹੈ। ਪਿਛਲੇ ਲੰਬੇ ਸਮੇਂ ਤੋਂ ਚੁਰਾਸੀ ਦੇ
ਘੱਲੂਘਾਰੇ ਦੇ ਸਬੰਧ ਵਿਚ ਐਫ ਐਸ ਓ ਸਲਾਨਾ ਵਿਸ਼ਾਲ ਮੁਜ਼ਾਹਰੇ ਕਰਨ ਵਿਚ ਕਾਮਯਾਬ ਰਹੀ ਹੈ ਭਾਵੇਂ ਕਿ
ਇਹਨਾ ਮੁਜ਼ਾਹਰਿਆਂ ਨੂੰ ਯੂ ਕੇ ਦੇ ਮੇਨ ਸਟਰੀਮ ਮੀਡੀਏ ਵਲੋਂ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ।
ਪਹਿਲਾਂ ਭਾਈ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਵੇਲੇ, ਫਿਰ ਬਾਪੂ ਸੂਰਤ ਸਿੰਘ ਦੀ ਭੁੱਖ ਹੜਤਾਲ ਵੇਲੇ
ਅਤੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂ ਲੈ ਕੇ ਲੰਡਨ ਅਤੇ ਬ੍ਰਮਿੰਘਮ ਵਿਚ ਹੋਏ
ਮੁਜ਼ਾਹਰਿਆਂ ਵਿਚ ਸਿੱਖ ਨੌਜਵਾਨਾ ਦਾ ਰੋਹ ਕਾਬੂ ਤੋਂ ਬਾਹਰ ਹੁੰਦਾ ਗਿਆ ਅਤੇ ਉਹਨਾ ਦੇ ਨਾਅਰੇ ਵੀ
ਕਾਬੂ ਤੋਂ ਬਾਹਰ ਹੁੰਦੇ ਗਏ। ਵੀਰਵਾਰ 22 ਅਕਤੂਬਰ ਦਾ ਮੁਜ਼ਾਹਰਾ ਬ੍ਰਤਾਨਵੀ ਮੀਡੀਏ ਵਿਚ ‘ਸਿੱਖ
ਲਾਈਵਜ਼ ਮੈਟਰ’ (Sikh lives matter)
ਦੇ ਸਿਰਲੇਖ ਹੇਠ ਸੁਰਖੀਆਂ ਵਿਚ ਆਇਆ ਕਿਓਂਕਿ ਇਸ ਮੁਜ਼ਾਹਰੇ ਵਿਚ ਪੁਲਸ ਨਾਲ ਮੁੱਠ ਭੇੜ ਹੋਣ ਕਰਕੇ
ਜਿਥੇ ਕੁਝ ਨੌਜਵਾਨਾਂ ਦੀ ਗ੍ਰਿਫਤਾਰੀਆਂ ਹੋਈਆਂ ਉਥੇ ਇੱਕ ਪੁਲਸ ਵਾਲਾ ਜ਼ਖਮੀ ਵੀ ਹੋ ਗਿਆ ਸੀ।
ਬਾਅਦ ਵਿਚ ਪੁਲਸ ਨੇ ਆਪਣੇ ਵਤੀਰੇ ਕਰਕੇ ਮੁਆਫੀ ਵੀ ਮੰਗੀ ਸੀ ਕਿਓਂਕਿ ਘੋੜੇ ਝੜਾ ਕੇ ਨੌਜਵਾਨਾਂ
ਨੂੰ ਭੜਕਾਇਆ ਗਿਆ ਸੀ। ਇਹ ਮੁਜ਼ਾਹਰਾ ਪੰਜਾਬ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋ ਰਹੀ ਬੇਅਦਬੀ
ਦੇ ਸਬੰਧ ਵਿਚ ਕੀਤਾ ਗਿਆ ਸੀ ਕਿਓਕਿ ਬਰਗਾੜੀ ਦੇ ਸ਼ਾਂਤਮਈ ਸਿੱਖ ਧਰਨੇ ਦੌਰਾਨ ਪੰਜਾਬ ਪੁਲਸ ਨੇ ਦੋ
ਸਿੱਖਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ ਜਿਸ ਸਬੰਧੀ ਹਮੇਸ਼ਾਂ ਵਾਂਗ ਹੀ ਆਲਮੀ ਮੀਡੀਏ
ਅਤੇ ਸਰਕਾਰਾਂ ਨੇ ਅੱਖਾ ਮੀਟ ਲਈਆਂ ਸਨ।
ਵੀਰਵਾਰ 12 ਨਵੰਬਰ ਦਾ ਮੁਜ਼ਹਰਾ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬ੍ਰਿਟੇਨ ਵਿਚ ਆਉਣ ਤੇ
ਕੀਤਾ ਗਿਆ ਸੀ ਜਿਸ ਵਿਚ ਸਿੱਖਾਂ ਤੋਂ ਇਲਾਵਾ ਤਾਮਿਲ, ਨਿਪਾਲੀ, ਕਸ਼ਮੀਰੀ, ਡਾ: ਅੰਬੇਦਕਰ ਸੁਸਾਇਟੀ,
ਬਲੈਕ ਸਿਸਟਰਜ਼ ਅਤੇ ਕੁਝ ਹੋਰ ਭਾਈਚਾਰੇ ਵੀ ਸ਼ਾਮਲ ਸਨ। ਇਸ ਮੁਜ਼ਹਾਰੇ ਵਿਚ ਸਿੱਖ ਗਿਣਤੀ ਪਿਛਲੀ
ਵੇਰ ਦੇ ਮੁਕਾਬਲੇ ਘੱਟ ਸੀ ਅਤੇ ਇੱਕ ਥਾਂ ਕਸ਼ਮੀਰੀਆਂ ਵਿਚ ਸ਼ਾਮਲ ਸਿੱਖ ਅਤੇ ਮੋਦੀ ਦੇ ਹੱਕ ਵਿਚ
ਗਿਣਤੀ ਦੇ ਲੋਕ ਆਹਮੋ ਸਾਹਮਣੇ ਨਾਅਰੇ ਲਾ ਰਹੇ ਸਨ। ਜਦੋਂ ਗਰਮੀ ਵਧ ਗਈ ਤਾਂ ਮੋਦੀ ਦੇ ਹੱਕ ਵਿਚ
ਵਿਖਾਵਾਕਾਰੀਆਂ ਨੂੰ ਪੁਲਸ ਨੇ ਘਰ ਤੋਰ ਦਿੱਤਾ। ਇਸ ਵਾਰ ਸਭ ਤੋਂ ਅਜੀਬ ਇਹ ਗੱਲ ਹੋਈ ਕਿ ਜਿਸ ਵੇਲੇ
ਸਿੱਖ ਮੋਦੀ ਦੇ ਖਿਲਾਫ ਮੁਜ਼ਾਹਰਾ ਕਰ ਰਹੇ ਸਨ ਤਾਂ ਕੁਝ ਸਿੱਖ ਆਗੂ ਮੋਦੀ ਨਾਲ ਮੀਟਿੰਗ ਵੀ ਕਰ ਰਹੇ
ਸਨ। ਇਹਨਾ ਵਿਚ ਭਾਈ ਸਾਹਬ ਮਹਿੰਦਰ ਸਿੰਘ ਮੁਖੀ ਨਿਸ਼ਕਾਮ ਸੇਵਕ ਜਥਾ ਬ੍ਰਮਿੰਘਮ, ਸ: ਗੁਰਮੇਲ ਸਿੰਘ
ਕੰਦੋਲਾ ਮੁਖੀ ਸਿੱਖ ਕੌਂਸਲ ਆਫ ਯੂ ਕੇ, ਸ: ਗੁਰਮੇਲ ਸਿੰਘ ਮੱਲੀ ਪ੍ਰਧਾਨ ਸਿੰਘ ਸਭਾ ਗੁਰਦਵਾਰਾ
ਸਾਊਥਾਲ ਅਤੇ ਬ੍ਰਿਟਿਸ਼ ਸਿੱਖ ਕੰਨਸਲਟੇਟਿਵ ਫੋਰਮ ਦੇ ਜਨਰਲ ਸਕੱਤਰ ਅਤੇ ਸਿੱਖ ਹਿਊਮਨ ਰਾਈਟਸ ਦੇ
ਡਾਏਰੈਕਟਰ ਸ: ਜਸਦੇਵ ਸਿੰਘ ਰਾਏ ਦੇ ਨਾਮ ਜ਼ਿਕਰ ਯੋਗ ਹਨ।
ਨਰਿੰਦਰ ਮੋਦੀ ਨੇ ਸਿੱਖਾਂ ਨਾਲ ਇਸ ਮੀਟਿੰਗ ਨੂੰ ਟਵੀਟ ਕਰਕੇ ਤਤਕਾਲ ਹੀ ਦੁਨੀਆਂ ਵਿਚ ਪਹੁੰਚਾ
ਦਿੱਤਾ । ਚੇਤੇ ਰਹੇ ਕਿ ਨਰਿੰਦਰ ਮੋਦੀ ਦੇ ਟਵਿਟਰ ਤੇ 16 ਮਿਲੀਅਨ ਪ੍ਰਸ਼ੰਸਕ ਹਨ ਅਤੇ ਅਮਰੀਕਾ ਦੇ
ਰਾਸ਼ਟਰਪਤੀ ਬੈਰੇਕ ਓਬਾਮਾ ਤੋਂ ਬਾਅਦ ਉਸ ਦੀ ਸੋਸ਼ਲ ਮੀਡੀਏ ਵਿਚ ਝੰਡੀ ਲਈ ਦੂਜਾ ਨੰਬਰ ਹੈ। ਹੁਣ ਨਰਮ
ਸਿੱਖ ਆਗੂਆਂ ਨੂੰ ਗਰਮ ਸਿੱਖਾਂ ਅੱਗੇ ਆਪਣਾ ਪੱਖ ਪੇਸ਼ ਕਰਨ ਦੀ ਵੱਡੀ ਬਿਪਤਾ ਵੀ ਆ ਪਈ ਹੈ। ਟੀ ਵੀ
ਸਿੱਖ ਚੈਨਲਾਂ ਵਿਚ ਮੁਲਾਹਜ਼ੇਦਾਰ ਸਿੱਖ ਆਗੂਆਂ ਨੇ ਆਪਣਾ ਪੱਖ ਇਹ ਕਹਿ ਕੇ ਪੇਸ਼ ਕਰਨ ਦੀ ਕੋਸ਼ਿਸ਼
ਕੀਤੀ ਹੈ ਕਿ ਉਹ ‘ਸਿੱਖ ਕੇਸ’ ਨੂੰ ਹੀ ਮੋਦੀ ਸਾਹਮਣੇ ਰੱਖਣ ਗਏ ਸਨ ਜੋ ਕਿ ਹਰ ਵਿਅਕਤੀ ਦਾ ਜਾਇਜ
ਤੇ ਮੁਨਾਸਬ ਹਕ ਹੈ ਪਰ ਇਸ ਨਾਲ ਮੁਜ਼ਾਹਰੇਦਾਰਾਂ ਦੀ ਸਥਿਤੀ ਕਾਫੀ ਹਾਸੋਹੀਣੀ ਵੀ ਹੋ ਗਈ ਕਿ ਜਿਥੇ
ਉਹਨਾ ਦੇ ਆਗੂ ਮਸਲੇ ਦੇ ਹੱਲ ਲਈ ਗਲਬਾਤ ਨੂੰ ਮੁਨਾਸਬ ਸਮਝਦੇ ਹਨ ਉਥੇ ਗੁਸੈਲੇ ਤੇ ਗਾਲੀ ਗਲੋਚ
ਵਾਲੇ ਮੁਜ਼ਾਹਰੇ ਦਾ ਕੀ ਤੁੱਕ ਬਣਦਾ ਹੈ। ਮੁਲਾਹਜ਼ੇਦਾਰ ਆਗੂਆਂ ਵਿਚ ਸਭ ਤੋਂ ਨਾਜ਼ੁਕ ਸਥਿਤੀ ਸਿੱਖ
ਕੌਂਸਲ ਯੂ ਕੇ ਦੇ ਸ: ਕੰਦੋਲਾ ਦੀ ਬਣ ਗਈ ਹੈ ਜਿਸ ਦੀ ਕਿ ਆਉਣ ਵਾਲੇ ਦਿਨਾ ਵਿਚ ਜਵਬਾਦੇਹੀ ਦੇ
ਇਮਕਾਨ ਹਨ ਕਿਓਂਕਿ ਐਫ ਐਸ ਓ ਅਤੇ ਸਿੱਖ ਫੈਡਰੇਸ਼ਨ ਦੇ ਆਗੂ ਤਲਖੀ ਵਿਚ ਹਨ ਜਦ ਕਿ ਸ: ਕੰਦੋਲਾ ਦਾ
ਕਹਿਣਾ ਹੈ ਕਿ ਉਹ ਐਫ ਐਸ ਓ ਆਗੂਆਂ ਨੂੰ ਵਿਸ਼ਵਾਸ ਵਿਚ ਲੈ ਕੇ ਹੀ ਮੀਟਿੰਗ ਵਿਚ ਸ਼ਾਮਲ ਹੋਏ ਹਨ।
ਮੋਦੀ ਨੂੰ ਮਿਲਣ ਗਏ ਤੀਹ ਦੇ ਕਰੀਬ ਸਿੱਖ ਡੈਲੀਗੇਸ਼ਨ ਦੇ ਆਗੂਆਂ ਵਲੋਂ ਜੋ ਮੰਗਾਂ ਮੋਦੀ ਤੋਂ
ਮੰਗੀਆਂ ਗਈਆਂ ਉਹਨਾ ਵਿਚ ਪ੍ਰਮੁਖ ਤੌਰ ਤੇ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਅਤੇ ਬਾਹਰਲੇ ਸਿੱਖਾਂ
ਦੀਆਂ ਕਾਲੀਆਂ ਸੂਚੀਆਂ ਨੂੰ ਖਤਮ ਕਰਨ ਵਰਗੇ ਮੁੱਦੇ ਸਨ। ਸ: ਰਾਏ ਮੁਤਬਕ ਸਿੱਖਾਂ ਅਤੇ ਸਰਕਾਰ
ਦਰਮਿਆਨ ਸੰਨ ਚੁਰਾਸੀ ਤੋਂ ਪਈ ਹੋਈ ਦੁਫੇੜ ਸਬੰਧੀ ਇਹ ਮੀਟਿੰਗ ਇੱਕ ‘ਟਰਨਿੰਗ ਪੁਆਇੰਟ’ ਸੀ। ਇਹ ਵੀ
ਕਿਹਾ ਗਿਆ ਹੈ ਕਿ ਸਿੱਖ ਰਾਜਸੀ ਕੈਦੀ ਜਿਹਨਾ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਹਨ,ਉਹਨਾ ਦੀ
ਰਿਹਾਈ ਸਬੰਧੀ ਨਰਿੰਦਰ ਮੋਦੀ ਸਿਧਾਂਤਕ ਤੌਰ ਤੇ ਮੰਨ ਗਏ ਹਨ।
ਗੁਜਰਾਤ ਦੇ ਮੁਸਲਮਾਨਾਂ ਦੇ ਕਤਲੇਆਮ ਮਗਰੋਂ ਨਰਿੰਦਰ ਮੋਦੀ ਤੇ ਯੂ ਕੇ ਵਿਚ ਵੜਨ ਤੇ ਕਰੀਬ ਦਸ ਸਾਲ
ਰੋਕ ਲੱਗੀ ਰਹੀ ਸੀ ਪਰ ਇਸ ਵਾਰ ਉਹ ਤਿੰਨ ਦਿਨਾ ਸਟੇਟ ਵਿਜਟ ਤੇ ਆਏ ਸਨ ਜਿਸ ਵਿਚ ਮਹਾਰਾਣੀ
ਅਲਿਜ਼ਬੈਥ ਨਾਲ ਖਾਣਾ ਖਾਣ, ਬ੍ਰਤਾਨਵੀ ਪਾਰਲੀਮੈਂਟ ਨੂੰ ਸੰਬੋਧਨ ਕਰਨਾ ਅਤੇ ਬ੍ਰਤਾਨਵੀ ਪ੍ਰਧਾਨ
ਮੰਤਰੀ ਡੇਵਿਡ ਕੈਮਰਨ ਨਾਲ ਉਹਨਾ ਦੀ ਪਹਾੜੀ ਰਿਹਾਇਸ਼ ਗਾਹ ‘ਚੈਕੁਅਰ’ ਵਿਖੇ ਸਮਾਂ ਬਤਾਉਣਾ ਸੀ।
ਦੁਨੀਆਂ ਭਰ ਦੇ ਚਿੰਤਕ ਮੋਦੀ ਦੀ ਇਸ ਯੂ ਕੇ ਫੇਰੀ ਪ੍ਰਤੀ ਸਕਤੇ ਵਿਚ ਹਨ ਕਿ ਭਾਰਤ ਵਿਚ ਹੁਣ ਜਦੋਂ
ਮੋਦੀ ਦੀ ਉਲਾਰ ਅਤੇ ਪੱਖਪਾਤੀ ਸਰਕਾਰ ਸਬੰਧੀ ਭਾਰਤ ਦੇ ਲੇਖਕ, ਚਿੰਤਕ ਅਤੇ ਮਨੁੱਖੀ ਅਧਿਕਾਰਾਂ ਦੇ
ਕਾਰਕੁੰਨ ਵਾ ਵੇਲਾ ਕਰ ਰਹੇ ਹਨ ਤਾਂ ਯੂ ਕੇ ਫੇਰੀ ਦੇ ਦਮਗਜ਼ਿਆਂ ਦਾ ਕੀ ਤੁਕ ਬਣਦਾ ਹੈ। ਪਿਛਲੇ ਦੋ
ਮਹੀਨਿਆਂ ਤੋਂ ਚੀਨ ਦੇ ਰਾਸ਼ਟਰਪਤੀ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੀ ਯੂ ਕੇ ਫੇਰੀ ਤੇ ਤਾਂ
ਦੁਨੀਆਂ ਦੀਆਂ ਪਹਿਲਾਂ ਹੀ ਉਂਗਲਾਂ ਉਠ ਹੀ ਰਹੀਆਂ ਸਨ ਅਤੇ ਹੁਣ ਰਹਿੰਦੀ ਖੂੰਹਦੀ ਕਸਰ ਭਾਰਤੀ
ਪ੍ਰਧਾਨ ਮੰਤਰੀ ਦੀ ਫੇਰੀ ਨੇ ਕੱਢ ਦਿੱਤੀ ਹੈ।
ਗੁਜਰਾਤ ਦੇ ਮੁਸਲਮਾਨਾਂ ਦੇ ਹੋਏ 2002 ਦੇ ਕਤਲੇਆਮ ਵਿਚ ਮੋਦੀ ਦਾ ਕਥਿਤ ਤੌਰ ਤੇ ਹੱਥ ਹੋਣ ਕਾਰਨ
ਉਸ ਤੇ ਬ੍ਰਿਟੇਨ, ਅਮਰੀਕਾ ਅਤੇ ਈ ਯੂ ਵਿਚ ਬੰਦਸ਼ਾਂ ਲਾਈਆਂ ਗਈਆਂ ਸਨ ਪਰ ਸੰਨ 2012 ਵਿਚ ਜਦੋਂ
ਭਾਰਤੀ ਸੁਪਰੀਮ ਕੋਰਟ ਦੀ ਰੂਲਿੰਗ ਪਿੱਛੋਂ ਮੋਦੀ ਨੂੰ ਕਲੀਨ ਚਿੱਟ ਮਿਲ ਗਈ ਤਾਂ ਇਹ ਬੰਦਸ਼ਾਂ ਹਟਾ
ਲਈਆਂ ਗਈਆਂ । ਹੁਣ ਨਾ ਕੇਵਲ ਦੁਨੀਆਂ ਦੀਆਂ ਸਿਰਕੱਢ ਸਰਕਾਰਾਂ ਹੀ ਸਗੋਂ ਸਿੱਖਾਂ ਦੇ ਨਰਮ ਸੋਚ
ਵਾਲੇ ਆਗੂ ਵੀ ਮੋਦੀ ਨਾਲ ਹੱਥ ਮਿਲਾ ਕੇ ਆਪੋ ਆਪਣੇ ਹਿੱਤ ਪੂਰਨ ਦੀ ਕੋਸ਼ਿਸ਼ ਵਿਚ ਹਨ। ਇਥੇ ਫਰਕ
ਸਿਰਫ ਏਨਾ ਹੈ ਕਿ ਸਰਕਾਰਾਂ ਨੇ ਤਾਂ ਹਰ ਵਿਰੋਧ ਦੇ ਹੁੰਦਿਆਂ ਵੀ ਆਪਣੇ ਹਿੱਤ ਪੂਰ ਹੀ ਲੈਣੇ ਹੁੰਦੇ
ਨੇ ਪਰ ਨਰਮ ਸਿੱਖ ਆਗੂ ਗਰਮ ਸਿੱਖ ਆਗੂਆਂ ਦੇ ਵਿਰੋਧ ਅੱਗੇ ਸ਼ਾਇਦ ਹੀ ਟਿਕ ਸਕਣ ਕਿਓਂਕਿ ਗਰਮ ਸਿੱਖ
ਆਗੂਆਂ ਦੀ ਅਗਵਾਈ ਕੇਵਲ ਤੇ ਕੇਵਲ ਅੰਧਾ ਧੁੰਦ ਵਿਰੋਧ ਤੇ ਹੀ ਖੜ੍ਹੀ ਹੈ।
ਸਿੱਖ ਮੁਜ਼ਾਹਰੇਦਾਰਾਂ ਦੇ ਪੱਖ ਵਿਚ ਜੁਲਾਈ ਦਾ ਪਾਲੀਮੈਂਟ ਅਰਲੀ ਡੇ ਮੋਸ਼ਨ ਵੀ ਜਾਂਦਾ ਹੈ ਜਿਸ ਵਿਚ
39 ਮੈਂਬਰ ਪਾਰਲੀਮੈਂਟ ਜਾਂਦੇ ਹਨ ਜਿਹਨਾ ਨੇ ਕਿ ਮੋਦੀ ਦੀ ਫੇਰੀ ਤੇ ਸਿੱਖ ਅਧਿਕਾਰਾਂ ਦਾ ਮੁੱਦਾ
ਚੁੱਕਣ ਤੇ ਜ਼ੋਰ ਦਿੱਤਾ ਸੀ ਅਤੇ ਵਿਰੋਧੀ ਧਿਰ ਦੇ ਨੇਤਾ ਜਰਮੀ ਕੋਰਬੇਨ ਨੇ ਉਹਨਾ ਦੀ ਹਿਮਾਇਤ ਕੀਤੀ
ਸੀ। ਚੇਤੇ ਰਹੇ ਕਿ ਕਸ਼ਮੀਰ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਮਨੁੱਖੀ ਅਧਿਕਾਰਾਂ ਦਾ ਲਗਾਤਾਰ
ਘਾਣ ਜਾਰੀ ਹੈ। ਭਾਰਤੀ ਸਰਕਾਰ ਨੇ ਬੀਬੀਸੀ ਦੀ ‘ਇੰਡੀਆ’ਜ਼ ਡਾਟਰ’
(India’s daughter)
ਡਾਕੂਮੈਂਟਰੀ ਵੀ ਬੈਨ ਕੀਤੀ ਹੋਈ ਹੈ ਜਿਸ ਵਿਚ ਔਰਤਾਂ ਦੇ ਗੈਂਗ ਰੇਪ ਅਤੇ ਦਿੱਲੀ ਵਿਚ ਨੌਜਵਾਨ
ਅੋਰਤ ਦੇ ਕਤਲ ਦੇ ਸਨਸਨੀਖੇਜ਼ ਹਵਾਲੇ ਹਨ। ਭਾਰਤੀ ਸਰਕਾਰ ਕੌਮਾਂਤਰੀ ਮਨੁੱਖੀ ਅਧਿਕਾਰ ਸੰਸਥਾਵਾਂ
ਅੱਗੇ ਵੀ ਅੜਿੱਕਾ ਬਣੀ ਹੋਈ ਹੈ ਅਤੇ ਸਰਕਾਰ ਨੇ ਗਰੀਨ ਪੀਸ ਦੀ ਆਗੂ ਪਰੀਆ ਪਾਲੀ ਨੂੰ ਵੀ ਯੂ ਕੇ
ਆਉਣ ਦੀ ਇਜ਼ਜਤ ਨਹੀਂ ਦਿੱਤੀ ਜੋ ਕਿ ਪਾਲੀਮੈਂਟ ਵਿਚ ਐਮ ਪੀਜ਼ ਨੂੰ ਸੰਬੋਧਨ ਹੋ ਰਹੀ ਸੀ। ਭਾਰਤ
ਵਿਚ ਘੱਟ ਗਿਣਤੀਆਂ ਪ੍ਰਤੀ ਦਿਨੋ ਦਿਨ ਅਸਹਿਣਸ਼ੀਲਤਾ ਵਧ ਰਹੀ ਹੈ ਅਤੇ ਸਰਕਾਰੀ ਪਰਗਣੇ ਸਿਰ ਦੇਸ਼ ਨੂੰ
ਭਗਵਾਂ ਕਰਨ ਦੀ ਧੁੰਨ ਸਵਾਰ ਹੈ। ਇਹ ਸਾਰੀਆਂ ਗੱਲਾਂ ਸਿੱਖ ਮੁਜ਼ਾਹਰੇਦਾਰਾਂ ਨੂੰ ਬਣਦੀ ਜ਼ਮੀਨ
ਪ੍ਰਦਾਨ ਕਰਦੀਆਂ ਹਨ।
ਮੁਲਾਹਜ਼ੇਦਾਰਾਂ ਦੇ ਹੱਕ ਵਿਚ ਵੈਮਬਲੇ ਅਰੀਨਾ ਵਿਚ ਮੋਦੀ ਦੇ ਸਵਾਗਤ ਵਿਚ 60,000 ਲੋਕਾਂ ਦਾ
ਸਵਾਗਤ ਜਾਂਦਾ ਹੈ ਜੋ ਕਿ ‘ਦੋ ਮਹਾਨ ਕੌਮਾਂ ਦੇ ਸਾਂਝੇ ਅਤੇ ਚੜ੍ਹਦੀਕਲਾ ਵਾਲੇ ਭਵਿੱਖ’
(Two Great Nations. One Glorious Future)
ਦੇ ਨਾਅਰੇ ਹੇਠ ਹੋਇਆ ਸੀ। ਮੁਲਾਹਜ਼ੇਦਾਰ ਇਹ ਵੀ ਦੇਖ ਰਹੇ ਹਨ ਕਿ ਮੋਦੀ ਦੀ ਕੈਮਰਨ ਨਾਲ 20
ਕਾਰੋਬਾਰਾਂ ਪ੍ਰਤੀ 13.7 ਬਿਲੀਅਨ ਡਾਲਰ ਦੀ ਡੀਲ ਹੋਈ ਹੈ ਅਤੇ ਇਹ ਪੇਸ਼ਨਗੋਈ ਵੀ ਹੋ ਰਹੀ ਹੈ ਕਿ
ਭਾਰਤ ਦੀ ਲਗਾਤਾਰ ਆਰਥਕ ਬੜੌਤਰੀ ਅਗਲੇ ਵੀਹ ਸਾਲਾਂ ਵਿਚ ਉਸਨੂੰ ਇਕ ਸੁਪਰ ਪਾਵਰ ਵਜੋਂ ਉਭਾਰ ਰਹੀ
ਹੈ। ਉਹ ਸੋਚਦੇ ਹਨ ਕਿ ਦੁਨੀਆਂ ਦੀ ਚੌਥੀ ਵੱਡੀ ਫੌਜੀ ਤਾਕਤ ਨਾਲ ਟਕਰਾ ਕੇ ਹੱਕ ਨਹੀਂ ਲਏ ਜਾ ਸਕਦੇ
ਤਾਂ ਕਿਓਂ ਨਾ ਪਤਿਆ ਕੇ ਕੋਸ਼ਿਸ਼ ਕੀਤੀ ਜਾਵੇ। ਇਹ ਸਭ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਨਰਿੰਦਰ
ਮੋਦੀ ਸਿੱਖਾਂ ਦੀਆਂ ਜਾਇਜ਼ ਮੰਗਾਂ ਮੰਨ ਕੇ ਨਰਮ ਸਿੱਖ ਲੀਡਰਸ਼ਿਪ ਦੇ ਪੈਂਤੜੇ ਨੂੰ ਜਾਇਜ਼ ਸਿੱਧ
ਕਰਦਾ ਹੈ ਜਾਂ ਕਿ ਕਾਂਗਰਸ ਵਾਂਗ ਲਗਾਤਾਰ ਸਿੱਖ ਵਿਰੋਧੀ ਨੀਤੀ ਅਪਣਾ ਕੇ ਮੁਜ਼ਾਹਰੇਦਾਰਾਂ ਦੇ
ਖਾਲਿਸਤਾਨੀ ਨਾਅਰੇ ਨੂੰ ਬੱਲ ਦਿੰਦਾ ਹੈ।
15/11/15)
ਗੁਰਸ਼ਰਨ ਸਿੰਘ ਕਸੇਲ
ਆਉਣ
ਵਾਲੇ ਸਮੇਂ ਸਿੱਖ ਕੌਮ/ਧਰਮ ਦਾ ਭਵਿਖ ਕੀ ਹੋਵੇਗਾ ?
ਇਸ ਸਮੇਂ ਸਿੱਖ ਬਹੁਤ ਸਾਰੇ ਡੇਰਿਆਂ, ਸੰਸਥਾਵਾਂ ਮਸਾਲ ਦੇ ਤੌਰ ਤੇ ਜਿਵੇਂ ਕਿ ਨਾਨਕਸ਼ਾਹੀ ਠਾਠ,
ਟਕਸਾਲ, ਅਖੰਡ ਕੀਰਤਨੀਏ, ਨਿਰਮਲੇ, ਉਦਾਸੀਏ, ਬਾਬਾ ਸ੍ਰੀ ਚੰਦੀਏ, ਨਾਨਕ ਮਿਸ਼ਨ ਵਾਲੇ, ਨੀਲੇ ਪਰਨੇ
ਲੱਕ ਨੂੰ ਬੰਨਣ ਵਾਲੇ, ਪੱਗ ਦਾ ਪੂੰਜਾ (ਪਿਛਲਾ ਪੱਲਾ) ਨਾ ਰੱਖਣ ਵਾਲੇ, ਲੱਤਾਂ ਨਾ ਢੱਕਣ ਵਾਲੇ
ਆਦਿ ਬਹੁਤ ਅਜਿਹੇ ਵੱਖ-ਵੱਖ ਵਿਚਾਰਾਂ ਵਾਲੇ ਹਨ ।
ਫਿਰ ਕਈ ਅਜਿਹੇ ਸਿੱਖ ਵੀ ਹਨ ਜਿਹੜੇ ਆਪਣੀ ਅਰਦਾਸ ਕਰਦੇ ਹਨ, ਕਈ ਅਖੌਤੀ ਦਸਮ ਗ੍ਰੰਥ ਤੋਂ ਲਈ
ਅਰਦਾਸ ਨੂੰ ਨਹੀਂ ਮੰਨਦੇ (ਪ੍ਰਚਲਤ ਅਰਦਾਸ) , ਕਈ ਅਖੌਤੀ ਦਸਮ ਗ੍ਰੰਥ, ਸੂਰਜ ਪ੍ਰਕਾਸ਼ ਅਤੇ ਸ੍ਰੀ
ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਨ । ਕਈ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਦੇ ਹਨ ਪਰ
ਕਈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਮੰਨਦੇ ਹਨ ਪਰ ਇਸ ਵਿਚ ਰਾਗ ਮਾਲਾ ਨੂੰ ਨਹੀਂ ਮੰਨਦੇ ।
ਕਈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮਨੁੱਖਾਂ ਦੇਹ ਵਾਂਗਰ ਪੂਜਦੇ ਹਨ ਅਤੇ ਪੰਨਿਆਂ ਨੂੰ ਅੰਗ ਆਖਦੇ
ਤੇ ਭੋਗ ਲਾਉਂਦੇ ਹਨ ਪਰ ਕਈ ਸ਼ਬਦ ਗੁਰੂ ਮੰਨਦੇ ਹਨ । ਕਈ ਤਾਂ ਆਂਪਣੇ ਆਪ ਨੂੰ ਸਿੱਖ ਤਾਂ ਆਖਦੇ ਹਨ
ਪਰ ਸਿੱਖ ਧਰਮ / ਕੌਮ ਨੂੰ ਨਹੀਂ ਮੰਨਦੇ ।
ਏਨੇ ਵੱਖਰੇਵਿਆਂ ਦੇ ਹੁੰਦਿਆਂ ਹੋਇਆਂ ਸਿੱਖ ਧਰਮ/ ਕੌਮ ਦਾ ਆਉਣ ਵਾਲੇ ਸਾਲਾਂ ਵਿਚ ਕੀ ਭਵਿਖ
ਹੋਵੇਗਾ ? ਜੇ ਪਾਠਕ ਆਪਣੇ ਵਿਚਾਰ ਦੇਣ ਤਾਂ ਧੰਨਵਾਦੀ ਹੋਵਾਂਗਾ ।
ਇਕ ਪਾਠਕ, ਗੁਰਸ਼ਰਨ ਸਿੰਘ ਕਸੇਲ
15/11/15)
ਅਵਤਾਰ ਸਿੰਘ ਮਿਸ਼ਨਰੀ
ਸਰਬੱਤ ਖਾਲਸਾ 2015 ਉੱਤੇ ਸੰਪ੍ਰਦਾਈ ਤੇ ਡੇਰੇਦਾਰ ਭਾਰੂ
ਅਵਤਾਰ ਸਿੰਘ ਮਿਸ਼ਨਰੀ (5104325827)
ਦਾਸ ਸਰਬੱਤ
ਖਾਲਸਾ ਦਾ ਹਮਾਇਤੀ ਅਤੇ ਸਤਿਕਾਰ ਕਰਦਾ ਹੈ ਪਰ 10 ਨਵੰਬਰ 2015 ਵਾਲੇ ਸਰਬੱਤ ਖਾਲਸੇ ਬਾਰੇ
ਸਾਰਥਕ ਅਤੇ ਸਿਧਾਂਤਕ ਵਿਚਾਰ ਕਰ ਰਿਹਾ ਹੈ ਜੋ ਹਰੇਕ ਸਿੱਖ ਨੂੰ ਹੱਕ ਹੈ। ਸਰਬੱਤ ਖਾਲਸਾ ਸਭ
ਦਾ ਸਾਂਝਾ ਹੋਵੇ ਪਰ ਉਸ ਦੇ ਮੁਖੀ ਜਾਂ ਆਗੂ ਇਕ-ਪਾਸੜ ਹੋਣ ਇਹ ਕਿੱਧਰ ਦੀ ਗੁਰਮਤਿ ਹੈ? ਵੇਖੋ!
ਗੁਰੂ ਗੋਬਿੰਦ ਸਿੰਘ ਜੀ ਨੇ ਜਦ ਪੰਜ ਪਿਆਰੇ ਸਾਜੇ ਸਨ ਤਾਂ ਪੰਜੇ ਹੀ ਵੱਖ ਵੱਖ ਜਾਤਾਂ,
ਇਲਾਕਿਆਂ ਅਤੇ ਬੋਲੀਆਂ ਦੇ ਸਨ। ਗੁਰੂ ਜੀ ਨੇ ਇੱਕ ਡੈਮੋਕਰੇਸੀ ਪੰਚਾਇਤੀ ਸਿਸਟਮ ਚਲਾਇਆ ਸੀ।
ਪੰਥ ਦੀ ਵਾਗਡੋਰ ਅਤੇ ਗੁਰਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੌਂਪ ਕੇ ਉਸ ਦੀ
ਤਾਬਿਆ ਪੰਜਾਂ ਦੀ ਪੰਚਾਇਤ ਬਣਾਈ ਜੋ ਸਭ ਕਿਰਤੀ ਅਤੇ ਗ੍ਰਿਹਸਤੀ ਗੁਰਸਿੱਖ ਸਨ। ਕੋਈ ਉਨ੍ਹਾਂ
ਵਿੱਚੋਂ ਪੂਜਾ ਦਾ ਧਾਨ ਖਾਣ ਵਾਲਾ ਪੁਜਾਰੀ ਨਹੀਂ ਸੀ। ਪੁਜਾਰੀਵਾਦ ਦਾ ਸਖਤ ਵਿਰੋਧ ਕਰਦੇ ਹੋਏ
ਗੁਰੂ ਬਾਬਾ ਨਾਨਕ ਸਾਹਿਬ ਜੀ ਨੇ ਪਹਿਲਾਂ ਹੀ ਫੁਰਮਾਇਆ ਸੀ-ਕਾਦੀ
ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨ੍ਹਾਵੈ ਜੀਆਂ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੈ
ਉਜਾੜੈ ਕਾ ਬੰਧੁ॥ (662) ਪੁਜਾਰੀ ਤਾਂ ਵਿਹਲੜ ਪਸ਼ੂਆਂ
ਵਾਂਗ ਉਜਾੜਾ ਹੀ ਕਰਦੇ ਹਨ। ਅੱਜ ਧਰਮ ਦੀ ਖੇਤੀ ਭੂਤਰੇ ਹੋਏ ਹੰਕਾਰੀ
ਵਿਕਾਰੀ ਪੁਜਾਰੀ ਪਸ਼ੂ ਹੀ ਉਜਾੜ ਰਹੇ ਹਨ।
ਇਸ ਸਰਬੱਤ
ਖਾਲਸੇ ਵਿੱਚ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਸ਼ਾਮਲ ਹੋਈਆਂ ਪਰ ਸਮੁੱਚਾ ਪੰਥ ਸ਼ਾਮਲ ਨਹੀਂ
ਹੋਇਆ ਜਿਸ ਵਿੱਚ ਚੋਟੀ ਦੇ ਕਥਾਕਾਰ, ਵਿਦਵਾਨ, ਪ੍ਰਚਾਰਕ, ਫਿਲਾਸਫਰ, ਬੁੱਧੀਜੀਵੀ ਅਤੇ ਸਾਰੇ
ਸਿੱਖ ਪੁਲੀਟੀਕਲ ਲੀਡਰ ਵੀ ਸ਼ਾਮਲ ਨਹੀਂ ਹੋਏ ਕਿਉਂਕਿ ਜਲਦੀ ਅਤੇ ਥੋੜੇ ਸਮੇਂ ਵਿੱਚ ਸੱਦਿਆ ਗਿਆ
ਸੀ। ਸਿੱਖ ਸੰਗਤਾਂ ਜੋ 40-50 ਸਾਲਾਂ ਤੋਂ ਮਾਨਸਕ, ਧਾਰਮਿਕ, ਆਰਥਕ ਅਤੇ ਰਾਜਨੀਤਕ ਪੀੜਾ ਅਤੇ
ਪ੍ਰੇਸ਼ਾਨੀਆਂ ਹੰਡਾ ਰਹੀਆਂ ਸਨ। ਅਜਾਦੀ ਤੋਂ ਬਾਅਦ ਸਿੱਖਾਂ ਨਾਲ ਭਾਰਤੀ ਹਕੂਮਤਾਂ ਨੇ ਇਨਸਾਫ
ਨਹੀਂ ਕੀਤਾ ਸਗੋਂ ਜਰਾਇਮਪੇਸ਼ਾ ਕੌਮ ਕਹਿ ਕੇ, ਭਾਰੀ ਜੁਲਮ ਕੀਤੇ ਅਤੇ ਦੁਰਕਾਰਿਆ ਹੀ ਸੀ। ਬਲਦੀ
ਤੇ ਤੇਲ ਪਾਉਣ ਵਾਲਾ ਕੰਮ ਸਿੱਖ ਇਤਿਹਾਸ ਅਤੇ ਧਰਮ ਗ੍ਰੰਥਾਂ ਵਿੱਚ ਰਲਾ ਕਰਨਾ, 1984 ਵਿੱਚ
ਸ੍ਰੀ ਦਰਬਾਰ ਸਾਹਿਬ ਅੰਮ੍ਰਤਸਰ ਸਮੇਤ 37 ਗੁਰਦੁਆਰਿਆਂ ਗੁਰਧਾਮਾਂ ਤੇ ਬੇਕਿਰਕੀ ਨਾਲ ਭਾਰਤੀ
ਫੌਜਾਂ ਨੇ ਹਮਲਾ ਕਰਕੇ ਲੱਖਾਂ ਬੇਦੋਸ਼ੇ ਸਿੱਖਾਂ ਨੂੰ ਮਾਰਨਾ, ਬਾਕੀਆਂ ਬਹੁਤਿਆਂ ਨੂੰ ਜੇਲੀਂ
ਡੱਕਣਾ ਅਤੇ ਧੀਆਂ ਭੈਣਾ ਦੀ ਬੇਪਤੀ ਕਰਨਾ, ਸਿੱਖ ਇਤਿਹਾਸ ਦਾ ਖਜਾਨਾ ਸਿੱਖ ਰੈਫਰੈਂਸ
ਲਾਇਬ੍ਰੇਰੀ ਸਾੜਨਾ, 84 ਦੇ ਸਿੱਖਾਂ ਦੇ ਕਾਤਲਾਂ ਨੂੰ ਸਜਾ ਨਾਂ ਦੇਣਾ, ਉਮਰ ਕੈਦਾਂ ਭੋਗ
ਚੁੱਕੇ ਸਿੱਖ ਕੈਦੀਆਂ ਨੂੰ ਵੀ ਨਾ ਛੱਡਣਾ ਆਦਿਕ।
ਹੁਣ ਬੇਸ਼ਰਮ ਹੋ
ਕੇ ਸਿੱਖਾਂ ਦੇ ਮਹਾਨ ਰਹਿਬਰ ਸ਼ਬਦ ਗੁਰੂ ਜੁਗੋ ਜੁਗ ਅਟੱਲ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ
ਬੀੜਾਂ ਨੂੰ ਸਾੜਨਾਂ, ਪਾੜਨਾਂ ਅਤੇ ਪਾਵਨ ਪਤਰੇ ਗੰਦੀਆਂ ਥਾਵਾਂ ਅਤੇ ਗਲੀਆਂ ਵਿੱਚ ਖਿਲਾਰਨੇ
ਅੱਲੇ ਜਖਮਾਂ ਤੇ ਲੂਣ ਛਿੜਕਨ ਵਾਲਾ ਕੰਮ ਕੀਤਾ ਹੈ।
ਪੰਜਾਬ ਵਿੱਚ
ਕਾਂਗਰਸ ਤੋਂ ਬਾਅਦ ਲੰਬਾ ਸਮਾਂ ਹੁਣ ਬਾਦਲਾਂ ਅਤੇ ਭਾਜਪਾਈਆਂ ਦੀ ਸਾਂਝੀ ਸਰਕਾਰ ਚਲੀ ਆ ਰਹੀ
ਹੈ ਤੇ ਹੁਣ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ ਪਰ ਕਾਂਗਰਸ ਤੇ ਭਾਜਪਾ ਦੋਨਾਂ ਸਰਕਾਰਾਂ ਨੇ
ਸਿੱਖ ਕੌਮ ਨੂੰ ਕੋਈ ਇਨਸਾਫ ਨਹੀਂ ਦਿੱਤਾ। ਉਲਟਾ ਬਾਦਲ ਤਾਂ ਸਿੱਖੀ ਮਖੌਟਾ ਧਾਰ ਕੇ ਸਿੱਖਾਂ
ਤੇ ਪੰਜਾਬੀਆਂ ਨੂੰ ਹੀ ਲੁੱਟਦਾ, ਕੁੱਟਦਾ, ਆਰਥਕ ਕਮਜੋਰ ਕਰਦਾ ਆ ਰਿਹਾ ਹੈ। ਇਸ ਨੇ ਸਿੱਖ ਪੰਥ
ਨੂੰ ਕੁਕਰਮੀ ਡੇਰੇਦਾਰਾਂ ਅਤੇ ਸੰਪ੍ਰਦਾਈਆਂ ਨੂੰ ਵੇਚ ਦਿੱਤਾ ਹੈ। ਜਿੰਨੇ ਡੇਰੇ ਅਤੇ
ਸੰਪ੍ਰਦਾਵਾਂ ਬਾਦਲ ਦੇ ਰਾਜ ਵਿੱਚ ਪੈਦਾ ਹੋਏ ਅਤੇ ਹੋਈਆਂ ਹਨ ਸ਼ਾਇਦ ਹੀ ਪਹਿਲਾਂ ਹੋਈਆਂ ਹੋਵਣ।
ਧਰਮ ਅਤੇ ਰਾਜਨੀਤੀ ਸਭ ਕਾਸੇ ਤੇ ਬਾਦਲ ਦਲ ਦਾ ਕਬਜਾ ਹੈ। ਜਾਲਮ ਸਰਕਾਰਾਂ ਨੇ ਤਾਂ ਸਿੱਖ ਕੌਮ
ਤੇ ਭਾਰੀ ਜੁਲਮ ਕੀਤੇ ਹੀ ਕੀਤੇ ਸਨ ਪਰ ਬਾਦਲ ਦਲ ਨੇ ਤਾਂ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ
ਦਲ ਅਤੇ ਅਕਾਲ ਤਖਤ ਤੇ ਕਬਜਾ ਕਰਕੇ ਅਖੌਤੀ ਪੁਜਾਰੀ ਮਸੰਦ ਟਾਈਪ ਜਥੇਦਾਰਾਂ ਕੋਲੋਂ ਪੰਥ ਦੇ
ਚੋਟੀ ਦੇ ਸਿੱਖ ਵਿਦਵਾਨਾਂ, ਧਰਮ ਅਤੇ ਰਾਜਨੀਤਕ ਲੀਡਰਾਂ ਨੂੰ ਕੋਝੇ ਫਤਵਿਆਂ ਰਾਹੀਂ ਛੇਕ ਕੇ,
ਧਰਮ ਅਤੇ ਰਾਜਨੀਤੀ ਖੇਤਰ ਵਿੱਚ ਵੱਧ ਚੱੜ੍ਹ ਕੇ ਪਛਾੜਿਆ ਹੈ।
ਹੁਣ ਜੋ ਸਿੱਖ
ਕੌਮ ਦੇ ਸਿਰਕੱਢ ਪ੍ਰਚਾਰਕਾਂ ਖਾਸ ਕਰ ਮਿਸ਼ਨਰੀਆਂ ਨੇ ਪਿੰਡਾਂ, ਸ਼ਹਿਰਾਂ ਵਿੱਚ ਗੁਰਮਤਿ ਕਲਾਸਾਂ
ਅਤੇ ਕਥਾ ਵਿਚਾਰਾਂ ਰਾਹੀਂ ਕੌਮ ਨੂੰ ਸੁਚੇਤ ਅਤੇ ਜਾਗ੍ਰਤ ਕੀਤਾ। ਸਿੱਖ ਮਿਸ਼ਨਰੀਆਂ ਦੇ ਪ੍ਰਭਾਵ
ਸਦਕਾ ਕਈ ਬਾਬੇ ਵੀ ਇਸ ਲਹਿਰ ਵਿੱਚ ਸ਼ਮਲ ਹੋ ਗਏ ਜਿਵੇਂ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ
ਕਈ ਹੋਰ ਵੀ ਬਾਬਾ ਤੋਂ ਭਾਈ ਬਣ ਚੁੱਕੇ ਹਨ ਅਤੇ ਸਿੱਖ ਪ੍ਰਚਾਰਕਾਂ ਨਾਲ ਮੋਢੇ ਨਾਲ ਮੋਢਾ ਲਾ
ਕੇ ਧਰਮ ਪ੍ਰਚਾਰ ਕਰ ਰਹੇ ਹਨ। ਇਨ੍ਹਾਂ ਪ੍ਰਚਾਰਕ ਵੀਰਾਂ ਸਦਕਾ ਹੀ ਕੌਮ ਵਿੱਚ ਜਗ੍ਰਤੀ ਆਈ।
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਂ ਸਹਾਰਦੇ ਹੋਏ ਪਿੰਡਾਂ ਸ਼ਹਿਰਾਂ ਵਿੱਚ ਲਾਮਬੰਦ ਹੋਏ।
ਸ਼ਾਤਮਈ ਧਰਨੇ ਲਾਏ ਹਜਾਰਾਂ ਲੱਖਾਂ ਦੀ ਤਦਾਦ ਵਿੱਚ ਸੰਗਤਾਂ ਨੇ ਹਾਜਰੀਆਂ ਭਰੀਆਂ ਪਰ ਸਰਕਾਰ ਨੇ
ਦੋਸ਼ੀਆਂ ਨੂੰ ਫੜਨ ਦੀ ਬਜਾਏ ਸਿੰਘ ਹੀ ਫੜੇ ਕੁੱਟੇ ਅਤੇ ਕਈ ਜਖਮੀ ਕਰ, ਦੋ ਭਾਈ ਕਿਸ਼ਨ ਸਿੰਘ
ਅਤੇ ਗੁਰਜੀਤ ਸਿੰਘ ਸ਼ਹੀਦ ਵੀ ਕਰ ਦਿੱਤੇ। ਉਲਟਾ ਦੋ ਸਕੇ ਭਰਾਵਾਂ ਰੁਪਿੰਦਰ ਸਿੰਘ ਅਤੇ
ਜਸਵਿੰਦਰ ਸਿੰਘ ਨੂੰ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਵਿੱਚ ਮੋਹਰੀ ਸਨ ਨੂੰ
ਪਤਰਿਆਂ ਦੀ ਚੋਰੀ ਵਿੱਚ ਫੜ ਕੇ ਜੇਲ੍ਹ ਡੱਕ ਦਿੱਤਾ ਜੋ ਸੰਗਤਾਂ ਦੇ ਰੋਹ ਕਾਰਨ ਰਿਹਾ ਕਰਨੇ
ਪਏ।
ਹੌਲੀ ਹੌਲੀ
ਸਿੱਖ ਪ੍ਰਚਾਰਕਾਂ ਹੱਥੋਂ ਇਸ ਜਬਰ ਵਿਰੁੱਧ ਉੱਠੀ ਸਬਰ ਦੀ ਲਹਿਰ ਨੂੰ ਪੀਰ ਮੁਹੰਮਦ ਅਤੇ
ਦਾਦੂਵਾਲ ਵਰਗੇ ਆਪੂੰ ਬਣੇ ਲੀਡਰਾਂ ਨੇ ਹਾਈਜੈਕ ਕਰ ਲਿਆ ਅਤੇ ਫਿਰ ਸਰਦਾਰ ਸਿਮਰਨਜੀਤ ਸਿੰਘ
ਮਾਨ ਨਾਲ ਰਲ ਕੇ ਜਲਦਬਾਜੀ ਵਿੱਚ ਸਰਬਤ ਖਾਲਸੇ ਦਾ ਐਲਾਨ ਕਰ ਦਿੱਤਾ। ਉਹ ਸਾਰੇ ਪ੍ਰਸਿੱਧ
ਪ੍ਰਚਾਰਕ ਜਿਨ੍ਹਾਂ ਨੇ ਕਈ ਸਾਲਾਂ ਤੋਂ ਗੁਰਮਤਿ ਪ੍ਰਚਾਰ ਕਰਕੇ ਇਹ ਸਾਰੀ ਗਰਾਉਂਡ ਤਿਆਰ ਕੀਤੀ
ਸੀ ਨੂੰ ਪਿੱਛੇ ਕਰ ਦਿੱਤਾ ਗਿਆ।
ਪ੍ਰਚਾਰਕ ਗਰਮ ਨਾਹਰਿਆਂ ਦੇ ਹਾਮੀ ਨਹੀਂ ਸਨ ਉਹ ਕਹਿੰਦੇ ਸਨ ਕਿ ਪਹਿਲਾਂ ਹੀ ਸਿੱਖ ਨੌਜਵਾਨ
ਖਤਮ ਕੀਤੇ ਜਾ ਚੁੱਕੇ ਹਨ ਤੇ ਹੁਣ ਨਸ਼ਿਆਂ ਦੇ ਜਹਿਰ ਰਾਹੀਂ ਕੀਤੇ ਜਾ ਰਹੇ ਹਨ ਉਨ੍ਹਾਂ ਨੂੰ
ਬਲਦੀ ਦੇ ਬੂਥੇ ਨਾਂ ਸੁੱਟਿਆ ਜਾਵੇ। ਸਿੰਘਾਂ ਦੇ ਸ਼ਹੀਦੀ ਸਮਾਗਮ ਤੇ ਹੀ ਚੋਟੀ ਦੇ ਪ੍ਰਚਾਰਕਾਂ
ਨੂੰ ਨਿਕਾਰ ਸਰਬੱਤ ਖਾਲਸਾ ਦਾ ਐਲਾਨ ਕਰ ਦਿੱਤਾ ਗਿਆ। ਲੋਹਾ ਗਰਮ ਸੀ ਭਾਵ ਸਿੱਖ ਸੰਗਤਾਂ ਵਿੱਚ
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਤਾਜਾ ਰੋਹ ਸੀ ਦੂਜਾ ਲੋਕ ਬਾਦਲ ਭਾਜਪਾ ਸਰਕਾਰ ਦੇ
ਜੁਲਮਾਂ ਤੋਂ ਤੰਗ ਆ ਚੁੱਕੇ ਸਨ ਭਾਵੇਂ ਉਹ ਕਿਰਸਾਨ. ਅਧਿਆਪਕ, ਸਰਕਾਰੀ ਮੁਲਾਜਮ, ਵਾਪਾਰੀ,
ਧਰਮ ਪ੍ਰਚਾਰਕ ਇੱਥੋਂ ਤੱਕ ਕਿ ਸਕੂਲਾਂ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਵਾਂ ਵੀ ਦੁੱਖੀ ਸਨ
ਜੋ ਸਭ ਰਲ ਮਿਲ ਪੂਰੇ ਜੋਸ਼ ਨਾਲ 10 ਨਵੰਬਰ 2015 ਦੇ ਸਰਬੱਤ ਖਾਲਸੇ ਵਿੱਚ ਸੰਗਤ ਰੂਪ ਵਿੱਚ
ਭਾਰੀ ਗਿਣਤੀ ਵਿੱਚ ਪਹੁੰਚੇ। ਪਰ ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਕੁਝ ਕੁ ਚੋਟੀ ਦੇ ਸਿੱਖ
ਲੀਡਰਾਂ ਨੂੰ ਛੱਡ ਕੇ ਬਾਕੀ ਬਹੁਤ ਸਾਰੇ ਡੇਰੇਦਾਰ ਹੀ ਸਟੇਜ ਦਾ ਸ਼ਿੰਗਾਰ ਬਣੇ ਜੋ ਸ੍ਰੀ ਅਕਾਲ
ਤਖਤ ਸਾਹਿਬ ਜੀ ਦੀ ਮਰਯਾਦਾ ਅਤੇ ਨਾਨਕਸ਼ਾਹੀ ਕੈਲੰਡਰ ਦੇ ਵੀ ਵਿਰੋਧੀ ਸਨ ਤੇ ਹਨ। ਏਡਾ ਵੱਡਾ
ਇਕੱਠ ਬਾਦਲ ਦੀ ਸਰਕਾਰ ਅਤੇ ਕੇਂਦਰ ਦੀ ਜਾਲਮ ਸਰਕਾਰ ਵਿਰੁੱਧ ਉੱਠਿਆ ਰੋਸ ਉਬਾਲਾ ਸੀ।
ਸਰਬੱਤ ਖਾਲਸੇ
ਵਿੱਚ ਸਾਰੀਆਂ ਧਿਰਾਂ ਆਉਂਦੀਆਂ ਹਨ ਪਰ ਓਥੇ ਕਰੀਬ ਸਾਰੀਆਂ ਹੀ ਸੰਪ੍ਰਦਾਈ ਅਤੇ ਡੇਰੇਦਾਰ
ਧਿਰਾਂ ਸਨ ਜੋ ਸਟੇਜ ਤੇ ਵੀ ਬੋਲੀਆਂ। ਓਥੇ ਮਿਸ਼ਨਰੀ ਪ੍ਰਚਾਰਕ ਵੀ ਭਾਰੀ ਗਿਣਤੀ ਵਿੱਚ ਪਹੁੰਚੇ
ਹੋਏ ਸਨ ਪਰ ਉਨ੍ਹਾਂ ਨੂੰ ਸਟੇਜ ਤੇ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ। ਵਿਦੇਸ਼ਾਂ ਤੋਂ ਜੋ
ਚਿੰਤਕ ਵਿਦਵਾਨ ਸੱਜਨਾਂ ਦਾ ਪੈਨਲ ਗਿਆ ਸੀ ਉਨ੍ਹਾਂ ਨੂੰ ਵੀ ਸਮਾਂ ਨਹੀਂ ਦਿੱਤਾ ਗਿਆ ਕੇਵਲ
ਮਤਿਆਂ ਦੀ ਇੰਗਲਿਸ਼ ਵਿੱਚ ਟ੍ਰਾਂਸਲੇਸ਼ਨ ਹੀ ਉਨ੍ਹਾਂ ਤੋਂ ਕਰਵਾਈ ਗਈ।
ਜੋ ਤੇਰਾਂ ਮਤੇ ਓਥੇ ਪੜ੍ਹ ਕੇ ਸੁਣਾਏ ਗਏ ਉਨ੍ਹਾਂ ਚੋਂ ਜੋ ਪੰਜ ਸਿੰਘ ਸਹਿਬਾਨਾਂ ਜਾਂ
ਜਥੇਦਾਰਾਂ ਦਾ ਸੀ ਜਿਸ ਕਰਕੇ ਹੀ ਸਾਰਾ ਬੁਆਲ ਉੱਠਿਆ ਸੀ ਕਿ ਬਾਦਲ ਦੇ ਜਥੇਦਾਰਾਂ ਨੇ ਸਰਸੇ
ਵਾਲੇ ਡੇਰੇਦਾਰ ਸਾਧ ਬਾਰੇ ਜੋ ਡਰਾਮਾ ਕੀਤਾ ਅਤੇ ਸਿੱਖ ਕੌਮ ਦੀ ਤਰਜਮਾਨੀ ਵਾਲੇ ਕਦੇ ਵੀ
ਫੈਸਲੇ ਨਹੀਂ ਲੈ ਸਗੋਂ ਪੁਜਾਰੀਆਂ ਵਾਲਾ ਹੀ ਰੋਲ ਨਿਭਾਇਆ ਹੈ ਨੂੰ ਖਤਮ ਕਰਨਾ ਹੈ। ਵੇਖੋ! ਵੱਖ
ਵੱਖ ਸਿਸਟਮ ਕੌਮਾਂ ਦੀ ਭਲਾਈ ਲਈ ਪੈਦਾ ਕੀਤੇ ਜਾਂਦੇ ਹਨ ਜਿਵੇਂ ਗੁਰੂ ਰਾਮਦਾਸ ਜੀ ਨੇ ਕੌਮ
ਭਲਾਈ ਲਈ ਮਸੰਦ ਸਿਸਟਮ ਕਾਇਮ ਕੀਤਾ ਸੀ ਜੋ ਬਾਅਦ ਵਿੱਚ ਭ੍ਰਿਸ਼ਟ ਹੋ ਗਿਆ ਅਤੇ ਦਸਵੇਂ ਗੁਰੂ
ਗੋਬਿੰਦ ਸਿੰਘ ਜੀ ਨੂੰ ਖਤਮ ਕਰਨਾ ਪਿਆ। ਅੱਜ ਜਥੇਦਾਰੀ ਸਿਸਟਮ ਜੋ ਅੰਗ੍ਰੇਜ ਸਰਕਾਰ ਦੀ ਦੇਣ
ਹੈ, ਮਸੰਦ ਅਤੇ ਪੁਜਾਰੀ ਬਣ ਭ੍ਰਿਸ਼ਟ ਹੋ ਚੁੱਕਾ ਹੈ ਨੂੰ ਖਤਮ ਕਰਕੇ ਕੋਈ ਨਵਾਂ ਤੇ ਨਰੋਆ
ਸਿਸਟਮ ਪੈਦਾ ਕਰਨ ਦੀ ਲੋੜ ਹੈ। ਪੁਰਾਤਨ ਸਰਬੱਤ ਖਾਲਸਿਆਂ ਨੇ ਵੀ ਕੋਈ ਪਰਮਾਂਨੈਟ (ਪੱਕੇ)
ਜਥੇਦਾਰ ਨਹੀਂ ਸਨ ਥਾਪੇ, ਕੇਵਲ ਗੁਰਮਤੇ ਪੜ੍ਹਨ ਲਈ ਵਕਤੀ ਹੁੰਦੇ ਸਨ ਜੋ ਬਾਅਦ ਵਿੱਚ ਸੰਗਤ
ਵਿੱਚ ਹੀ ਮਿਲ ਜਾਂਦੇ ਸਨ।
ਪਰ ਏਡੇ ਵੱਡੇ
ਇਕੱਠ ਵਿੱਚ ਵੀ ਇਹ ਪੁਜਾਰੀਆਂ ਵਾਲਾ ਸਿਸਟਮ ਖਤਮ ਨਹੀਂ ਕੀਤਾ ਗਿਆ ਸਗੋਂ ਪੁਰਾਣਿਆਂ ਦੀ ਥਾਂ
ਆਪਣੇ ਨਵੇਂ ਬਣਾ ਦਿੱਤੇ ਗਏ ਹਨ ਜੋ ਜਥੇਦਾਰ ਭਾਈ ਜਗਤਾਰ ਸਿੰਘ ਹਵਾਰੇ ਨੂੰ ਛੱਡ ਕੇ, ਬਾਕੀ
ਸਭ ਸੰਗਤਾਂ ਨੇ ਪ੍ਰਵਾਨ ਨਹੀਂ ਕੀਤੇ, ਤੇ ਜੋ ਪੰਜਾਂ ਦੀ ਥਾਂ ਤਿੰਨ ਹੀ ਥਾਪੇ ਹਨ ਤੇ ਉਹ ਵੀ
ਇੱਕ ਜਾਤ ਅਤੇ ਸੰਪ੍ਰਦਾ ਨਾਲ ਸਬੰਧਤ।
ਫਿਰ ਇੱਕ ਬੀਬੀ ਪ੍ਰੀਤਮ ਕੌਰ ਜੀ ਵੀ ਸਟੇਜ ਤੇ ਬੋਲੇ ਸਨ ਤੇ ਉਨ੍ਹਾਂ ਨੇ ਜੋਰ ਦੇ ਕੇ ਕਿਹਾ ਵੀ
ਸੀ ਕਿ ਵੇਖਣਾ ਬੀਬੀਆਂ ਦਾ ਹਿੱਸਾ ਵੀ ਬਰਾਬਰ ਰੱਖਣਾ ਜੋ ਨਹੀਂ ਰੱਖਿਆ ਗਿਆ। ਗੁਰੂ ਸਾਹਿਬ ਜੀ
ਨੇ ਤਾਂ ਦਲਤ, ਜੱਟ, ਬ੍ਰਾਹਮਣ ਸਭਨਾਂ ਨੂੰ ਪੰਜਾਂ ਵਿੱਚ ਸ਼ਾਮਲ ਕੀਤਾ ਸੀ ਫਿਰ ਅਸੀਂ ਅੱਜ ਗੁਰੂ
ਤੋਂ ਸਿਆਣੇ ਹੋ ਗਏ ਹਾਂ ਜੋ ਗੁਰਮਤਿ ਸਿਧਾਂਤਾਂ ਦੀਆਂ ਧੱਜੀਆਂ ਉਡਾ ਰਹੇ ਹਾਂ। ਫਿਰ ਇਹ
ਮਤਾ ਕਿਉਂ ਨਹੀਂ ਪਾਇਆ ਗਿਆ ਕਿ ਸਿੱਖ ਦੀ ਕੋਈ ਜਾਤ ਬਰਾਦਰੀ ਨਹੀਂ ਅਤੇ ਜੋ ਸਿੱਖ ਹੋ ਕੇ ਜਾਤ
ਬਰਾਦਰੀ ਮੰਨਦਾ ਹੈ ਉਹ ਸਿੱਖ ਨਹੀਂ ਹੋ ਸਕਦਾ। ਇਸ ਨਾਲ ਆਪਸ ਵਿੱਚ ਭਰਾਤ੍ਰੀਭਾਵ ਵਧਣਾ ਸੀ
ਅਤੇ ਵੱਖਰੇਵੇਂ ਦੂਰ ਹੋਣੇ ਸਨ।
ਬਾਕੀ ਸਿੱਖ ਕੌਮ
ਦਾ ਵਾਹਿਦ ਆਗੂ ਜਥੇਦਾਰ ਤਾਂ ਜੁਗੋ ਜੁਗ ਅਟੱਲ ਗੁਰੂ ਗ੍ਰੰਥ ਸਾਹਿਬ ਹੀ ਹੈ ਜਿਸ ਨੂੰ ਕਦੇ ਵੀ
ਬਦਲਿਆ ਨਹੀਂ ਜਾ ਸਕਦਾ। ਅੱਜ ਸਿੱਖ ਵੱਖ ਵੱਖ ਆਗੂਆਂ ਦੀ ਸੋਚ ਤੇ ਪਹਿਰਾ ਦੇਣ ਦੀ ਬਜਾਏ ਗੁਰੂ
ਗ੍ਰੰਥ ਸਾਹਿਬ ਜੀ ਦੀ ਪਵਿਤਰ ਅਟੱਲ ਸੋਚ ਤੇ ਪਹਿਰਾ ਕਿਉਂ ਨਹੀਂ ਦਿੰਦੇ? ਕੀ ਕਿਸੇ ਵੱਡੇ ਤੋਂ
ਵੱਡੇ ਸਿੱਖ ਆਗੂ ਦੀ ਸੋਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਤੋਂ ਵੱਡੀ ਤੇ ਉੱਪਰ ਹੋ ਸਕਦੀ ਹੈ?
ਵੈਸੇ ਤਾਂ ਸਿੱਖ ਕੌਮ ਨੂੰ ਅੱਜ ਭ੍ਰਿਸ਼ਟ ਹੋ ਚੁੱਕਾ ਪੁਜਾਰੀ ਜਥੇਦਾਰ ਸਿਸਟਮ
ਖਤਮ ਕਰ ਦੇਣਾ ਚਾਹੀਦਾ ਹੈ ਪਰ ਜੇ ਅਜੇ ਨਹੀਂ ਵੀ ਕਰ ਸਕਦੇ ਤਾਂ ਘੱਟੋ ਘੱਟ ਅੱਜ ਵੋਟਾਂ ਦਾ
ਰਾਜ ਹੈ ਵੋਟ ਹੀ ਸ਼ਕਤੀ ਹੈ ਇਸ ਦੀ ਵਰਤੋਂ ਕਰਕੇ ਆ ਰਹੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ
ਲੜਣੀਆਂ ਚਾਹੀਦੀਆਂ ਹਨ ਤੇ ਫਿਰ ਤੁਸੀਂ ਸਵਿਧਾਨ ਮੁਤਾਬਿਕ ਵੀ ਢੁੱਕਵੇਂ ਅਤੇ ਸਰਬ ਪ੍ਰਵਾਣਿਤ
ਜਥੇਦਾਰ ਚੁਣ ਸਕਦੇ ਹੋ ਵਰਣਾ ਪਾਣੀ ਚ’ ਮਧਾਣੀ ਹੀ ਪਈ ਰਹਿਣੀ ਹੈ।
ਕੀ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ
ਸਮ੍ਰਪਿਤ ਜਥੇਦਾਰ ਨਹੀਂ ਚੁਣੇ ਜਾ ਸਕਦੇ?
ਜਰਾ ਧਿਆਨ ਦਿਓ!
ਗੁਰੂ ਨੇ ਖਾਲਸਾ ਪੰਥ ਸਾਜਿਆਂ ਸੀ ਨਾਂ ਕਿ ਵੱਖ ਵੱਖ ਡੇਰੇ ਜਾਂ ਸੰਪ੍ਰਦਾਵਾਂ ਚਲਾਈਆਂ ਸਨ।
ਫਿਰ ਅਸੀਂ ਖਾਲਸਾ ਪੰਥ ਨੂੰ ਡੇਰੇ, ਟਕਸਾਲਾਂ ਅਤੇ ਸੰਪ੍ਰਦਾਵਾ ਵਿੱਚ ਕਿਉਂ ਵੰਡਦੇ ਹਾਂ? ਸਿੱਖ
ਕੌਮ ਦੀ ਕਲਿਆਣ ਉਸ ਦਿਨ ਹੀ ਹੋਣੀ ਹੈ ਜਿਸ ਦਿਨ ਇਸ ਨੇ ਮੰਨ ਲਿਆ ਕਿ ਸਾਡਾ ਇੱਕ ਅਕਾਲ ਪੁਰਖ,
ਇੱਕ ਗੁਰੂ ਗ੍ਰੰਥ ਸਾਹਿਬ, ਇੱਕ ਵਿਧਾਨ, ਇੱਕ ਨਿਸ਼ਾਨ ਅਤੇ ਇੱਕ ਨਾਨਕਸ਼ਾਹੀ ਕੈਲੰਡਰ ਪ੍ਰਵਾਨ
ਹੋਵੇਗਾ। ਘੱਟੋ ਘੱਟ
ਬਹਾਦਰ ਸਿੱਖ ਕੌਮ ਨੂੰ ਡੇਰਾਵਾਦ ਤਾਂ ਖਤਮ ਕਰ ਹੀ ਦੇਣਾ ਚਾਹੀਦਾ ਹੈ ਤੇ ਅਕਾਲ ਤਖਤ ਦਾ ਨਾਂ
ਵਰਤਨ ਵਾਲਿਆਂ ਨੂੰ ਅਕਾਲ ਤਖਤ ਤੋਂ ਪੰਥ ਪ੍ਰਵਾਣਿਤ ਮਰਯਾਦਾ ਵੀ ਗੁਰੂ ਗ੍ਰੰਥ ਦੀ ਕਸਵਟੀ ਲਾ,
ਸੋਧ ਕੇ ਮੰਨ ਹੀ ਲੈਣੀ ਚਾਹੀਦੀ ਹੈ ਫਿਰ ਹੀ ਖਾਲਸਾ ਪੰਥ ਸਦੀਵ ਚੜ੍ਹਦੀਆਂ ਕਲਾਂ ਵਿੱਚ ਜਾ
ਸਕਦਾ ਹੈ। ਜੇ ਜਾਤ ਬਰਾਦਰੀਆਂ, ਧੜੇਬੰਦੀਆਂ ਅਤੇ ਇਲਾਕਾਵਾਦ ਦੇ ਭਰਮਜਾਲ ਵਿੱਚ ਹੀ
ਫਸੇ ਰਹੇ ਤਾਂ ਸਰਬੱਤ ਖਾਲਸਾ ਸਮਾਗਮਾਂ ਦੇ ਵੀ ਬਹੁਤੇ ਫਾਇਦੇ ਨਹੀਂ ਹੋਣੇ। ਇਸ ਲਈ ਸਾਨੂੰ
ਸੰਪ੍ਰਦਾਈ ਕਾਣੀ ਵੰਡ ਅਤੇ ਕਰਮਕਾਂਡੀ ਮਰਯਾਦਾ ਬੰਦ ਕਰ ਦੇਣੀ ਚਾਹੀਦੀ ਹੈ ਅਤੇ ਸਰਬ ਪ੍ਰਵਾਣਿਤ
ਸਿਸਟਮ ਅਪਣਾ ਲੈਣਾ ਚਾਹੀਦਾ ਹੈ। ਆਸ ਹੈ ਕਿ ਪੰਥ ਦਰਦੀ ਦਾਸ ਦੇ ਇਸ ਪੰਥਕ ਸੁਝਾਅ ਅਤੇ ਗੁਰੂ
ਗ੍ਰੰਥ ਸਾਹਿਬ ਦੀ ਸਦੀਵੀ ਰਹਿਨੁਮਾਈ ਨੂੰ ਕਬੂਲ ਕਰਨਗੇ ਜਿਸ ਵਿੱਚ ਹੀ ਸਰਬੱਤ ਦਾ ਭਲਾ ਹੈ।
ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ
ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।
15/11/15)
ਪ੍ਰੋ: ਕਵਲਦੀਪ ਸਿੰਘ ਕੰਵਲ
ਤੇਰਾ
ਸੰਤਾਪ
- ਕਵਲਦੀਪ ਸਿੰਘ ਕੰਵਲ
ਕੁੱਤੇ ਤੇਰੀ ਬੋਟੀਆਂ ਨੋਚ ਰਹੇ ਤੇ ਗਿੱਧਾਂ ਵਾਰੀ ਰਹੀਆਂ ਉਡੀਕ |
ਕਿਸੇ ਬਾਂਹ ਨਹੀਂ ਤੇਰੀ ਫੜਨੀ ਨਾਂਹ ਕਿਸ ਸੁਣਨੀ ਤੇਰੀ ਚੀਕ |
ਜਿਸ ਦੀ ਸਰਹੱਦ ਦੀ ਰਾਖੀ ਲਈ ਹਰ ਗੋਲੀ ਸੀਨੇ ਜਰਦਾ ਤੂੰ,
ਅੱਜ ਗੱਦਾਰ ਉਹੀ ਗਰਦਾਨੇ ਤੈਨੂੰ ਇਓਂ ਸਿੱਧੀ ਖਿੱਚ ਕੇ ਲੀਕ |
ਸੋਚ ਇਹੀ ਕਿਓਂ ਹੋਣੀ ਤੇਰੀ ਕਿਓਂ ਭੁਗਤੇ ਸੰਤਾਪ ਹਰ ਪੀੜ੍ਹੀ,
ਕਿਓਂ ਹਰ ਵਾਰੀ ਧੋਖੇ ਖਾਧੇ ਕਿਓਂ ਹੱਥੋਂ ਕਿਰਦੀ ਰਹੀ ਤਾਰੀਖ਼ |
ਕਿਓਂ ਪੱਲੇ ਰਹਿ ਜਾਂਦਾ ਤੇਰੇ ਬੱਸ ਨੈਣੀ ਵੱਗਦਾ ਜੋ ਖਾਰਾ ਪਾਣੀ,
ਤੇਰੇ ਭਾਗਾਂ ਦੇ ਮਿੱਠੇ ਝਰਨੇ ਆਖ਼ਰ ਜਿੰਨ ਕਿਹੜਾ ਲੈਂਦਾ ਡੀਕ |
ਤੇਰੇ ਚਾਨਣ ਦਾ ਕਾਤਲ ਜੋ ਵਿੱਚ ਰਹਿ ਖੇਡ ਰਚਾਉਂਦਾ ਫਿਰੇ,
ਅੰਦਰੋਂ ਅੰਦਰੀਂ ਕਰੇ ਖੋਖ਼ਲਾ ਬਣ ਹਿੱਸਾ ਤੇਰਾ ਨਾਮ ਧਰੀਕ |
ਤੇਰੇ ਮੁਸਤਕਬਿਲ ਨੂੰ ਵੱਟ ਕੇ ਪੁਸ਼ਤਾਂ ਜੋ ਰਜਾਉਂਦਾ ਰਿਹਾ,
ਪਤਵਾਰ ਕੌਮੀ ਬੇੜੀ ਦੀ ਓਨ੍ਹੀਂ ਹੱਥੀ ਦੇਣੀ ਮੁੜ੍ਹ ਕਦ ਤੀਕ |
ਸੁੱਤਾ ਰਹਿਓਂ ਕੋਹ ਲੁੱਟ ਲੈ ਜਾਸਣ ਬਾਕੀ ਰਹਿ ਗਿਆ ਜਿਹੜਾ,
ਕੰਵਲ ਹੁਣ ਤੇ ਛੱਡ ਦੇ ਗਫ਼ਲਤ ਪਹਿਚਾਣ ਗਲਤ ਕੀ ਠੀਕ |
15/11/15)
ਮਿੰਟੂ ਬਰਾੜ ਅਸਟ੍ਰੇਲੀਆ
ਅੱਜ ਦੀ ਇਕ ਨਿੱਕੀ ਜਿਹੀ
ਹੱਡਬੀਤੀ ਆਪ ਜੀ ਨਾਲ ਸਾਂਝੀ ਕਰ ਰਿਹਾ ਹਾਂ ਜੀ ਉਮੀਦ ਆ ਆਪ ਜੀ ਨੂੰ ਚੰਗੀ ਲੱਗੇਗੀ।
'ਜ਼ਮੀਰ ਤੇ ਇਮਾਨ'
ਹੋਇਆ ਇਹ ਕਿ ਮੈਂ ਅੱਜ ਆਪਣੇ ਕੁੱਝ ਨਿੱਜੀ ਰੁਝੇਵਿਆਂ 'ਚ ਐਡੀਲੇਡ ਦੀ ਇਕ ਸੁੰਨੀ
ਜਿਹੀ ਗਲੀ 'ਚ ਕਾਰ ਪਾਰਕ ਕਰਕੇ ਆਪਣੇ ਮਿੱਤਰ ਜੌਲੀ ਦੇ ਘਰ ਗੱਲੀਂ ਲੱਗ ਗਿਆ। ਜਦੋਂ ਦੋ ਕੁ ਘੰਟਿਆਂ
ਬਾਅਦ ਕਾਰ 'ਚ ਆ ਕੇ ਬੈਠਿਆ ਤਾਂ ਸ਼ੀਸ਼ੇ ਤੇ ਵਾਈਪਰ ਹੇਠ ਇਕ ਲੰਡੀ ਜਿਹੀ ਪਰਚੀ ਪਈ ਦੇਖੀ। ਪਹਿਲੀ
ਨਜ਼ਰੇ ਖ਼ਿਆਲ ਆਇਆ ਮਾਸਾ ਕੀਤੇ ਯੈਲੋ ਲਾਈਨ ਤੇ ਤਾਂ ਨਹੀਂ ਪਾਰਕ ਕਰ ਗਿਆ ਸੀ? ਕਿਉਂਕਿ ਇਹੋ ਜਿਹੇ
ਵੇਲੇ ਕਈ ਬਾਰ ਕੌਂਸਲ ਵਾਲੇ ਪੰਜਾਹ ਕੁ ਡਾਲਰ ਦੀ ਪਰਚੀ ਲਾ ਜਾਂਦੇ ਹਨ। ਪਰ ਇਹ ਤਾਂ ਐਵੇਂ ਪਾਟੇ
ਜਿਹੇ ਕਾਗ਼ਜ਼ ਤੇ ਪੈੱਨ ਨਾਲ ਲਿਖੀਆਂ ਚਾਰ ਲਾਈਨਾਂ ਸਨ। ਜਿਸ ਤੇ ਅੰਗਰੇਜ਼ੀ 'ਚ ਸੱਤ ਸ੍ਰੀ ਅਕਾਲ ਮਤਲਬ
'ਹਾਏ' ਲਿਖਣ ਤੋਂ ਬਾਅਦ ਲਿਖਿਆ ਸੀ ਕਿ ''ਐਕਸੀਡੈਂਟਲੀ ਮੇਰੇ ਤੋਂ ਤੁਹਾਡੀ ਨੰਬਰ ਪਲੇਟ ਦੇ ਹੁੱਜ
ਵੱਜ ਗਈ ਹੈ। ਜੇ ਤੁਹਾਨੂੰ ਇਸ ਨੂੰ ਬਦਲਣ ਤੇ ਕੋਈ ਖ਼ਰਚਾ ਆਉਂਦਾ ਹੈ ਤਾਂ ਬਿਨਾਂ ਝਿਜਕ ਮੈਨੂੰ ਹੇਠ
ਦਿੱਤੇ ਨੰਬਰ ਤੇ ਕਾਲ ਕਰ ਲਿਉ।'' ਇਸ ਪਿੱਛੋਂ ਲਿਖਣ ਵਾਲੇ ਨੇ ਆਪਣਾ ਨਾਂ ਤੇ ਮੋਬਾਈਲ ਨੰਬਰ ਲਿਖਿਆ
ਸੀ।
ਕਿੰਨੀ ਦੇਰ ਮਨ ਅੰਦਰ ਹੀ ਅਧੇੜ ਬੁਣ ਕਰਦਾ ਓਥੇ ਖੜਾ ਰਿਹਾ। ਫੇਰ ਚਿਹਰੇ ਤੇ ਮੁਸਕਾਨ ਤੇ ਦਿਲ 'ਚ
ਉਸ ਇਨਸਾਨ ਨੂੰ ਦੁਆਵਾਂ ਦਿੰਦੇ ਹੋਏ ਪਰਚੀ ਤੇ ਲਿਖੇ ਨੰਬਰ ਤੇ ਸੁਨੇਹਾ ਭੇਜ ਦਿੱਤਾ ਕਿ ''ਥੈਂਕਸ
ਮੇਟ ਆਲ ਗੁੱਡ।'' ਕਿਉਂਕਿ ਨੁਕਸਾਨ ਨਾ ਦੀ ਕੋਈ ਚੀਜ਼ ਨਹੀਂ ਸੀ ਦਿਖਾਈ ਦੇ ਰਹੀ। ਐਵੇਂ ਥੋੜ੍ਹੀ
ਜਿਹੀ ਨੰਬਰ ਪਲੇਟ ਉੱਪਰ ਨੂੰ ਉਠੀ ਸੀ ਤੇ ਮੈਂ ਪੈਰ ਨਾਲ ਦੱਬ ਦਿੱਤੀ ਸੀ। ਜੋ ਕਿ ਉਹ ਇਨਸਾਨ ਵੀ
ਬੜੀ ਆਰਾਮ ਨਾਲ ਕਰ ਸਕਦਾ ਸੀ। ਨਾ ਉਸ ਨੂੰ ਕੋਈ ਇਸ ਸੁੰਨੀ ਗਲੀ 'ਚ ਦੇਖਣ ਵਾਲਾ ਸੀ।
ਮੈਂ ਆਪਣੇ ਆਪ ਨੂੰ ਪੁਛਿਆ! ਉਸ ਨੇ ਇੰਜ ਕਿਉਂ ਨਹੀਂ ਕੀਤਾ? ਫੇਰ ਪਰਮਿੰਦਰ ਸੋਢੀ ਦੀ 'ਸੰਸਾਰ
ਪ੍ਰਸਿੱਧ ਮੁਹਾਵਰੇ' ਕਿਤਾਬ ਵਿਚੋਂ 'ਸਲੋਵਾਕੀਆ' ਦੀ ਇਕ ਕਹਾਵਤ ਕਿ ''ਜ਼ਮੀਰ ਹਜਾਰ ਗਵਾਹਾਂ ਦੇ
ਬਰਾਬਰ ਹੁੰਦੀ ਹੈ'' ਤੇ ਰੋਮਨ ਕਹਾਵਤ ''ਇਕ ਇਮਾਨ ਹਜਾਰ ਗਵਾਹਾਂ ਦੇ ਬਰਾਬਰ ਹੁੰਦਾ ਹੈ'' ਚੇਤੇ ਆ
ਗਈਆਂ।
ਸੋਚਿਆ! ਇਹ ਪਰਚੀ ਉਸ ਇਨਸਾਨ ਦੀ ਜ਼ਮੀਰ ਅਤੇ ਇਮਾਨ ਦੀ ਆਵਾਜ਼ ਹੈ। ਪਰ ਇਸ ਸੋਚ ਨੇ ਵੀ ਫੇਰ ਮੈਨੂੰ
ਸੋਚਾਂ ਦੀ ਘੁੰਮਣ ਘੇਰੀ 'ਚ ਸੁੱਟ ਦਿਤਾ। ਅੰਦਰੋਂ ਆਵਾਜ਼ ਆਈ ਇਸ ਇਮਾਨ ਅਤੇ ਜ਼ਮੀਰ ਨੇ ਉਸ ਵਕਤ
ਮੈਨੂੰ ਆਵਾਜ਼ ਕਿਉਂ ਨਹੀਂ ਮਾਰੀ, ਜਦੋਂ ਮੈਂ ਕਾਰ ਪਾਰਕ ਕਰ ਕੇ ਜਾਨ ਲੱਗੇ ਨੇ ਇਸ ਸੋਹਣੇ ਤੇ ਸਾਫ਼
ਮੁਲਕ 'ਚ ਆਸਾ ਪਾਸਾ ਜਿਹਾ ਦੇਖ ਕੇ ਮੂੰਹ ਵਿਚੋਂ ਅੱਧ ਚੱਬੀ ਜਿਹੀ ਚਿੰਗਮ ਸੜਕ ਤੇ ਸੁੱਟ ਦਿਤੀ ਸੀ?
ਚਲੋ! ਇਸ ਘਟਨਾਕ੍ਰਮ ਨੇ ਮੇਰੇ ਗੁੜ੍ਹੀ ਨੀਂਦੇ ਸੁੱਤੇ ਪਏ ਜ਼ਮੀਰ ਤੇ ਇਮਾਨ ਨੂੰ ਹਲੂਣਿਆ ਤੇ ਮੈਂ
ਕਾਰ 'ਚੋਂ ਉਤਰ ਆਇਆ। ਮੇਰੀ ਨਿਗ੍ਹਾ ਚਾਰ ਚੁਫੇਰੇ ਉਸ ਚਿੰਗਮ ਨੂੰ ਤਲਾਸ਼ਣ ਲੱਗ ਪਈ ਪਰ ਉਸ ਦਾ ਨਾਮੋ
ਨਿਸ਼ਾਨ ਨਾ ਦਿਖਾਈ ਦਿੱਤਾ। ਇਹ ਸੋਚ ਕੇ ਘਰ ਨੂੰ ਚਾਲੇ ਪਾ ਲਏ ਕਿ ਲਗਦਾ ਮਿੰਟੂ ਬਰਾੜਾ ਤੇਰੀ ਜ਼ਮੀਰ
ਤੇ ਇਮਾਨ ਨੂੰ ਤਾਂ ਕੋਈ ਕਾਰ ਆਪਣੇ ਟਾਇਰ ਨਾਲ ਚੰਬੇੜ ਕੇ ਲੈ ਗਈ।
(ਨਿਜ਼ਤਾ ਨੂੰ ਧਿਆਨ 'ਚ ਰੱਖਦੇ ਹੋਏ ਅਸਲੀ ਪਰਚੀ ਤੇ ਲਿਖਿਆ ਨਾਂ ਅਤੇ ਨੰਬਰ ਮਿਟਾ ਦਿਤੇ ਹਨ)
ਮਿੰਟੂ ਬਰਾੜ ਆਸਟ੍ਵੇਲੀਆ
12/11/15)
ਗਿਆਨੀ ਅਵਤਾਰ ਸਿੰਘ
(ਸੰਪਾਦਕੀ ਨੋਟ:- ਭਾਵੇਂ
ਅਸਿੱਧੇ ਤੌਰ ਤੇ ਗਿ: ਅਵਤਾਰ ਸਿੰਘ ਜੀ ਸਾਡੇ ਬਾਰੇ ਕਈ ਗਲਤ/ਝੂਠੀਆਂ ਗੱਲਾਂ ਵੀ ਲਿਖ ਚੁੱਕੇ ਹਨ ਪਰ
ਫਿਰ ਵੀ ਅਸੀਂ ਉਹਨਾ ਦੀਆਂ ਕਈ ਲਿਖਤਾਂ ਪਾਠਕਾਂ ਦੇ ਪੰਨੇ ਤੇ ਪਾ ਦਿੰਦੇ ਹਾਂ ਕਿਉਂਕਿ ਉਹ ਦਲੀਲ
ਨਾਲ ਅਕਲ ਦੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਲੇਖ ਵਿੱਚ ਵੀ ਉਹਨਾ ਨੇ ਅਕਲ ਅਤੇ ਦਲੀਲ ਨਾਲ ਗੱਲ
ਕਰਨ ਦੀ ਕੋਸ਼ਿਸ਼ ਕੀਤੀ ਹੈ ਭਾਵੇਂ ਕਿ ਕਈ ਮੁੱਦਿਆਂ ਤੇ ਸਾਡੇ ਵਿਚਾਰ ਉਹਨਾ ਨਾਲੋਂ ਵੱਖਰੇ ਹਨ।
ਬਹੁਤੇ ਸਿੱਖ ਤਾਂ ਇਸ ਤਰ੍ਹਾਂ ਲਿਖਦੇ ਬੋਲਦੇ ਹਨ ਜਿਵੇਂ ਕਿ ਅਕਲ ਦੇ ਪੱਕੇ ਵੈਰੀ ਹੋਣ। ਦੋ ਦਿਨ
ਪਹਿਲਾਂ 10 ਨਵੰਬਰ ਨੂੰ ਹੋ ਚੁੱਕੇ ਅਖੌਤੀ ਸਰਬੱਤ ਖ਼ਾਲਸਾ ਵਿੱਚ ਵੀ ਬਹੁਤੇ ਅਕਲ ਦੇ ਪੱਕੇ ਵੈਰੀ ਹੀ
ਮੂਹਰੇ ਸਨ ਜਿਹੜੇ ਕਿ ਸ਼ਰਧਾ ਵਾਲੀ ਰੋਸ ਵਿੱਚ ਆਈ ਸੰਗਤ ਨੂੰ ਆਪਣੇ ਮੁਫਾਦਾਂ ਲਈ ਵਰਤ ਗਏ। ਮਾਨ
ਜਦੋਂ ਪਹਿਲੀ ਵਾਰੀ ਸਭ ਤੋਂ ਵੱਧ ਵੋਟਾਂ ਲੈ ਕੇ ਐੱਮ: ਪੀ: ਬਣਿਆਂ ਸੀ ਤਾਂ ਬਹੁਤੇ ਅਕਾਲੀ ਇਸ ਦੇ
ਮਗਰ ਲੱਗਣ ਲਈ ਤਿਆਰ ਸਨ। ਇਸ ਦੀ ਇੱਕ ਸ਼ਰਤ ਹੁੰਦੀ ਸੀ ਕਿ ਜਿਸ ਨੇ ਸਾਡੇ ਨਾਲ ਏਕਤਾ ਕਰਨੀ ਹੈ ਅਤੇ
ਸਾਡੇ ਮਗਰ ਲੱਗ ਕੇ ਚੱਲਣਾ ਹੈ ਤਾਂ ਉਸ ਨੂੰ ਧਾਰਮਿਕ ਸੇਧ ਬਾਬਾ ਠਾਕਰ ਸਿੰਘ {ਇਕ ਝੂਠ ਬੋਲਣ ਵਾਲੇ
ਡੇਰੇ ਦੇ ਸਾਧ} ਤੋਂ ਲੈਣੀ ਪਵੇਗੀ। ਮੈਂ ਉਸ ਵੇਲੇ ਹੀ ਬਹੁਤਿਆਂ ਨੂੰ ਕਿਹਾ ਸੀ ਕਿ ਜਿਸ ਬੰਦੇ ਨੂੰ
ਇਤਨੀ ਵੀ ਅਕਲ ਨਹੀਂ ਹੈ ਕਿ ਧਾਰਮਿਕ ਸੇਧ ਕਿੱਥੋਂ ਲੈਣੀ ਹੈ ਤਾਂ ਉਹ ਦੂਸਰਿਆਂ ਨੂੰ ਕੀ ਸੇਧ ਦੇ
ਸਕਦਾ ਹੈ? ਇਹੀ ਗੱਲਾਂ ਜਦੋਂ ਮੈਂ ਲਿਖਤੀ ਰੂਪ ਵਿੱਚ ਕੀਤੀਆਂ ਤਾਂ ਇਸ ਦੇ ਬੰਦਿਆਂ ਨੇ ਮੇਰੇ ਜਾਣ
ਪਛਾਣ ਵਾਲਿਆਂ ਕੋਲ ਬੁਰਾ ਮਨਾਇਆ ਕਿ ਇਹੋ ਤਾਂ ਇੱਕ ਲੀਡਰ ਹੈ ਜੋ ਕੌਮ ਨੂੰ ਕੁੱਝ ਲੈ ਕੇ ਦੇ ਸਕਦਾ
ਹੈ ਤੁਸੀਂ ਉਸ ਨੂੰ ਵੀ ਚੰਗਾ ਨਹੀਂ ਸਮਝਦੇ। ਇਹ ਗੱਲ ਕਈ ਦਹਾਕੇ ਪੁਰਾਣੀ ਹੈ। ਹੁਣ ਤਾਂ ਹੋਰ ਵੀ
ਬਹੁਤਿਆਂ ਨੂੰ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਇਸ ਦੀ ਸੋਚਣੀ ਕੀ ਹੈ?)
ਪੰਜਾਬ ’ਚ ਵਰਤਮਾਨ ਦੇ ਜ਼ਮੀਨੀ ਹਾਲਾਤ ’ਤੇ ਇੱਕ ਵਿਸ਼ਲੇਸ਼ਣ ਤੇ ਢੁੱਕਵਾਂ
ਸੁਝਾਅ
ਗਿਆਨੀ ਅਵਤਾਰ ਸਿੰਘ (ਸੰਪਾਦਕ
gurparsad.com) -98140-35202
ਸਿੱਖੀ ਜਜ਼ਬਾਤਾਂ ’ਚ ਆਏ ਉਛਾਲ ਨੂੰ ਅਗਵਾਈ ਦੇਣ ਵਾਲੇ ਦੋ ਕੇਂਦਰ
ਨੁਕਸਾਨਦੇਹ
ਡੇਢ-ਦੋ ਦਹਾਕੇ ਪੂਰਬ (ਸੰਨ 1999 ਦੀ ਵਿਸਾਖੀ) ਤੋਂ ‘ਗੁਰਮਤਿ ਵਿਚਾਰਧਾਰਾ’
ਦੀ ਵਿਆਖਿਆ, ਪੂਰਨ ਤੌਰ ’ਤੇ ਬਾਦਲ ਪਰਿਵਾਰ ਨੇ ਆਪਣੇ ਹੀ ਦ੍ਰਿਸ਼ਟੀਕੋਣ ਨੂੰ ਮੁੱਖ ਰੱਖ ਕੇ
ਕਰਵਾਉਣੀ ਆਰੰਭ ਕਰਵਾ ਦਿੱਤੀ ਸੀ ਜਿਸ ਉਪਰੰਤ ਸਿੱਖ ਚਿੰਤਕਾਂ (ਵਿਦਵਾਨਾਂ) ਦੇ ਵਿਚਾਰਾਂ ’ਚ ਆਪਣੀ
ਆਤਮਾ ਦੀ ਖ਼ੁਰਾਕ (ਵਿਰਾਸਤ) ਨੂੰ ਲੈ ਕੇ ਆਪਣੇ ਅੰਦਰ ਹੀ ਅੰਦਰ ਜਵਾਲਾਮੁਖੀ ਦੀ ਤਪਸ਼ ਭਖਣੀ ਆਰੰਭ
ਹੋਣੀ ਸੁਭਾਵਕ ਸੀ। ਮਿਤੀ 12-10-2015 ਨੂੰ ਪਿੰਡ ਬਰਗਾੜੀ (ਕੋਟਕਪੂਰਾ) ਵਿਖੇ ਗੁਰੂ ਗ੍ਰੰਥ ਸਾਹਿਬ
ਜੀ ਦੇ ਕੀਤੇ ਗਏ ਘੋਰ ਨਿਰਾਦਰ ਅਤੇ ਮਿਤੀ 24-10-2015 ਨੂੰ ਸਿਰਸੇ ਵਾਲੇ ਢੌਂਗੀ ਅਸਾਧ ਨੂੰ
ਦਿਲਵਾਈ ਗਈ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਨੇ ਇਸ ਜਵਾਲਾਮੁਖੀ ਦੀ ਤਪਸ਼ ’ਤੇ ਘੀ ਪਾਉਣ ਦਾ ਕੰਮ
ਕੀਤਾ, ਇਸ ਸਿਧਾਂਤਕ ਤੇ ਸਚਾਈ ਭਰਪੂਰ ਜਜ਼ਬਾਤਾਂ ਦੀ ਮਦਦ ਲਈ ਸਮੂਹ ਸਿੱਖ ਸਮਾਜ ਦੇ ਨਾਲ-ਨਾਲ ਗ਼ੈਰ
ਸਿੱਖ ਭਾਈਚਾਰੇ ’ਚ ਵੀ ਰੋਸ ਦੀ ਲਹਿਰ ਦੌੜ ਗਈ, ਜੋ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਹੀ ਕਿਉਂਕਿ
ਇਨ੍ਹਾਂ ਦਿਲ ਦਹਿਲਾਉਣ ਵਾਲੀਆਂ ਘਟਨਾਵਾਂ ਤੋਂ ਉਪਰੰਤ ਵੀ ਪੰਥਕ ਅਖਵਾਉਣ ਵਾਲੀ ਬਾਦਲ ਸਰਕਾਰ ਨੇ
ਕੋਈ ਠੋਸ ਕਦਮ ਨਹੀਂ ਪੁੱਟੇ, ਜਿਸ ਕਾਰਨ ਗੁਰੂ ਗ੍ਰੰਥ ਸਾਹਿਬ / ਗੁਰਬਾਣੀ ਦੀਆਂ ਪੋਥੀਆਂ /
ਗੁਟਕਿਆਂ ਦੇ ਨਿਰਾਦਰ ਦੀਆਂ ਘਟਨਾਵਾਂ ਦਿਨ-ਬ-ਦਿਨ ਵਧਦੀਆਂ ਗਈਆਂ। ਇਸ ਜਾਇਜ਼ ਮੰਗ ਨੂੰ ਲੈ ਕੇ ਗੁਰੂ
ਗ੍ਰੰਥ ਸਾਹਿਬ ਪ੍ਰਤੀ ਸਤਿਕਾਰ ਰੱਖਣ ਵਾਲਿਆਂ ਦੇ ਜਜ਼ਬਾਤਾਂ ’ਚ ਆਇਆ ਉਛਾਲ ਠੰਡਾ ਹੋਣ ਦੀ ਬਜਾਏ
ਵਧਦਾ ਗਿਆ, ਜਿਸ ਦੀ ਅਗਵਾਈ ਲਈ ਦੋ ਪ੍ਰਮੁੱਖ ਪੰਥਕ ਧਿਰਾਂ ਸਾਹਮਣੇ ਆ ਗਈਆਂ; ਇਹ ਦੋ ਧਿਰਾਂ ਹਨ:
(1). ਗੁਰਮਤਿ ਮਿਸ਼ਨਰੀ ਪ੍ਰਚਾਰਕ ਵਰਗ, ਜਿਨ੍ਹਾਂ ਵਿੱਚ ‘ਭਾਈ ਪੰਥਪ੍ਰੀਤ
ਸਿੰਘ ਜੀ, ਬਾਬਾ ਰਣਜੀਤ ਸਿੰਘ ਜੀ (ਢੱਡਰੀਆਂ), ਭਾਈ ਅਮਰੀਕ ਸਿੰਘ ਜੀ (ਚੰਡੀਗੜ੍ਹ), ਗਿਆਨੀ ਕੇਵਲ
ਸਿੰਘ ਜੀ (ਸਾਬਕਾ ਜਥੇਦਾਰ ਤਖ਼ਤ ਦਮਦਮਾ ਸਾਹਿਬ, ਤਲਵੰਡੀ ਸਾਬੋ), ਭਾਈ ਹਰਜਿੰਦਰ ਸਿੰਘ ਜੀ (ਮਾਝੀ),
ਭਾਈ ਸਤਨਾਮ ਸਿੰਘ (ਚੰਦੜ), ਭਾਈ ਨਿਰਮਲ ਸਿੰਘ (ਧੂਰਕੋਟ), ਭਾਈ ਹਰਜੀਤ ਸਿੰਘ ਜੀ (ਢਪਾਲੀ), ਪ੍ਰੋ.
ਸਰਬਜੀਤ ਸਿੰਘ ਜੀ (ਧੁੰਦਾ)’ ਆਦਿ ਸ਼ਾਮਲ ਹਨ।
(2). ਦਮਦਮੀ ਟਕਸਾਲ ਦੀ ਅਜੋਕੀ ਵਿਚਾਰਧਾਰਾ ਨਾਲ ਸਬੰਧਤ ਸ਼ਖ਼ਸੀਅਤਾਂ ਤੇ ਕੁਝ
ਰਾਜਨੀਤਿਕ ਪਾਰਟੀਆਂ, ਜਿਨ੍ਹਾਂ ਵਿੱਚ ‘ਸ. ਸਿਮਰਨਜੀਤ ਸਿੰਘ ਜੀ (ਮਾਨ), ਭਾਈ ਮੋਹਕਮ ਸਿੰਘ ਜੀ ਤੇ
ਭਾਈ ਗੁਰਦੀਪ ਸਿੰਘ ਜੀ (ਯੂਨਾਈਟੇਡ ਅਕਾਲੀ ਦਲ), ਭਾਈ ਰਾਮ ਸਿੰਘ ਜੀ ਸੰਗਰਾਵਾਂ (ਦਮਦਮੀ ਟਕਸਾਲ),
ਭਾਈ ਬਲਜੀਤ ਸਿੰਘ ਜੀ (ਦਾਦੂਵਾਲ)’ ਆਦਿ ਸ਼ਾਮਲ ਹਨ।
ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਨਾਲ ਸਬੰਧਤ ਘਟਨਾਵਾਂ ਅਤੇ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕੇਮਟੀ ’ਚ ਆ ਰਹੇ ਦਿਨ ਪ੍ਰਤਿ ਦਿਨ ਨਿਘਾਰ ਨੂੰ ਵੇਖਦਿਆਂ ਜਜ਼ਬਾਤੀ ਹੋਏ
ਸਿੱਖਾਂ ਦੇ ਰੋਸ ਦੀ ਅਗਵਾਈ ‘ਗੁਰਮਤਿ ਮਿਸ਼ਨਰੀ ਪ੍ਰਚਾਰਕ’ ਵਰਗ ਸ਼ਾਂਤਮਈ ਤਰੀਕੇ ਨਾਲ ਸਰਕਾਰ ’ਤੇ
ਦਬਾਅ ਬਣਾਉਣ ਦੇ ਨਾਲ-ਨਾਲ ਆਪਣੀ ਮੰਜ਼ਿਲ (2017 ’ਚ ਆਉਣ ਵਾਲੇ ਵਿਧਾਨ ਸਭਾ ਦੇ ਚੁਣਾਵ) ਵੱਲ ਵਧਣਾ
ਚਾਹੁੰਦਾ ਹੈ ਤਾਂ ਜੋ ਪੰਥਕ ਜਜ਼ਬਾਤਾਂ ਨੂੰ ਸਮਝਣ ਵਾਲੀ ਕਿਸੇ ਗ਼ੈਰ ਸਿੱਖ ਰਾਜਨੀਤਿਕ ਪਾਰਟੀ ਦੀ ਮਦਦ
ਨਾਲ ਪੰਜਾਬ ਦੀ ਸੱਤਾ ਪ੍ਰਾਪਤ ਕੀਤੀ ਜਾ ਸਕੇ ਤੇ 1978 ਤੋਂ ਲੈ ਕੇ ਸਿੱਖ ਕੌਮ ਦੀ ਕੀਤੀ ਗਈ
ਨਸਲਕੁਸ਼ੀ ਦੀਆਂ ਤਮਾਮ ਘਟਨਾਵਾਂ ’ਤੇ ਕੋਈ ਠੋਸ ਜਾਂਚ ਟੀਮ ਗਠਤ ਕਰਕੇ ਦੋਸ਼ੀਆਂ ਨੂੰ ਸਜਾਵਾਂ
ਦਿਲਵਾਈਆਂ ਜਾ ਸਕਣ ਅਤੇ ਸੰਨ 2017-2018 ’ਚ (ਜਦ ਪੰਜਾਬ ਦੀ ਸੱਤਾ ’ਤੇ ਹਮਖ਼ਿਆਲੀ ਪਾਰਟੀ ਕਾਬਜ਼
ਹੋਵੇ) ਸਰਬੱਤ ਖ਼ਾਲਸਾ (ਕੇਵਲ ਗੁਰੂ ਦੀ ਭੈ-ਭਾਵਨੀ ਵਾਲੇ ਬੁਧੀਜੀਵੀ) ਬੁਲਾ ਕੇ ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਦਾ ਚੁਣਾਵ ਇਲੈਕਸ਼ਨ
(election)
ਦੀ ਬਜਾਏ ਸਿਲੈਕਸ਼ਨ (selection)
ਲਈ ਜ਼ਮੀਨ ਤਿਆਰ ਕੀਤੀ ਜਾਏ, ਜਿਸ ਵਿੱਚ ਜਥੇਦਾਰ ਦੀ ਨਿਯੁਕਤੀ ਵੀ ਕੇਵਲ ਆਰਜੀ ਹੀ ਰੱਖੀ ਜਾਵੇ,
ਸ਼ਾਮਲ ਹੈ ਜਦਕਿ ਰਾਜਨੀਤਿਕ ਪਾਰਟੀਆਂ ਪੰਥਕ ਜਜ਼ਬਾਤਾਂ ਨੂੰ ‘‘ਸੂਰਾ ਸੋ ਪਹਿਚਾਨੀਐ, ਜੁ ਲਰੈ ਦੀਨ ਕੇ
ਹੇਤ ॥ ਪੁਰਜਾ ਪੁਰਜਾ ਕਟਿ ਮਰੈ, ਕਬਹੂ ਨ ਛਾਡੈ ਖੇਤੁ ॥’’ (ਭਗਤ ਕਬੀਰ/੧੧੦੫), ਜਉ ਤਉ, ਪ੍ਰੇਮ
ਖੇਲਣ ਕਾ ਚਾਉ ॥ ਸਿਰੁ ਧਰਿ ਤਲੀ, ਗਲੀ ਮੇਰੀ ਆਉ ॥ ਇਤੁ ਮਾਰਗਿ, ਪੈਰੁ ਧਰੀਜੈ ॥ ਸਿਰੁ ਦੀਜੈ,
ਕਾਣਿ ਨ ਕੀਜੈ ॥’’ (ਮ: ੧/੧੪੧੨) ਆਦਿ ਵਾਕਾਂ ਰਾਹੀਂ ਨੌਜਵਾਨਾਂ ਦੇ ਵਿਚਾਰਾਂ ’ਚ ਹੋਰ ਉਛਾਲ ਭਰ
ਕੇ ਪੰਜਾਬ (ਬਾਦਲ) ਸਰਕਾਰ ਉੱਤੇ ਰਾਜਨੀਤਿਕ ਦਬਾਅ ਬਣਾਉਣਾ ਚਾਹੁੰਦੀਆਂ ਹਨ, ਇਸੇ ਰਾਜਨੀਤਿਕ ਸੋਚ
ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਾਬਜ ਹੋਣਾ ਵੀ ਸ਼ਾਮਲ ਹੈ। ਇਸੇ ਮੁਹਿੰਮ ਨੂੰ
ਅਗਾਂਹ ਵਧਾਉਂਦਿਆਂ ਮਿਤੀ 10-11-2015 ਨੂੰ ਪਿੰਡ ਚੱਬਾ (ਅੰਮ੍ਰਿਤਸਰ) ਵਿਖੇ ‘ਸਰਬੱਤ ਖ਼ਾਲਸਾ’ ਦੇ
ਨਾਮ ਹੇਠ ਬੁਲਾਏ ਗਏ ਇਕੱਠ ’ਚ ਹੇਠਾਂ ਲਿਖੇ 13 ਮਤੇ ਪਾਸ ਕੀਤੇ ਗਏ:
(1). ਮੌਜੂਦਾ ਚਾਰੇ ਤਖ਼ਤਾਂ (ਪੰਜਾਬ ਦੇ 3 ਤਖ਼ਤ ਤੇ ਇੱਕ ਪਟਨਾ ਸਾਹਿਬ ਤਖ਼ਤ
ਸਮੇਤ) ਦੇ ਚਾਰੇ ਜਥੇਦਾਰਾਂ ਨੂੰ ਉਨ੍ਹਾਂ ਦੇ ਪਦਾਂ ਤੋਂ ਲਾਂਭੇ ਕੀਤਾ ਜਾਂਦਾ ਹੈ।
(ਨੋਟ: ਧਿਆਨ ਰਹੇ ਕਿ ਪੰਜਵੇਂ ਤਖ਼ਤ ਹਜੂਰ ਸਾਹਿਬ ਦੇ ਜਥੇਦਾਰ ਦੀ ਬਜਾਏ
ਕੇਵਲ ਧੂਫ਼ੀਆ ਹੀ ਉਨ੍ਹਾਂ ਪੰਜ ਪਿਆਰਿਆਂ ’ਚ ਸ਼ਾਮਲ ਸੀ, ਜਿਨ੍ਹਾਂ ਨੇ ਸਿਰਸੇ ਵਾਲੇ ਅਸਾਧ ਨੂੰ
ਮੁਆਫ਼ੀਨਾਮਾ ਦਿੱਤਾ ਸੀ।)
(2). ਸ੍ਰੀ ਅਕਾਲ ਤਖ਼ਤ (ਅੰਮ੍ਰਿਤਸਰ) ਦੇ ਨਵੇਂ ਜਥੇਦਾਰ ‘ਭਾਈ ਜਗਤਾਰ ਸਿੰਘ
ਹਵਾਰਾ’ ਹੋਣਗੇ ਅਤੇ ਕਾਰਜਕਾਰੀ ਜਥੇਦਾਰ ‘ਸ. ਧਿਆਨ ਸਿੰਘ’ ਮੰਡ (ਅਕਾਲੀ ਦਲ ‘ਮਾਨ’ ਦੇ ਆਗੂ) ਨੂੰ
ਲਾਇਆ ਜਾਂਦਾ ਹੈ।
ਭਾਈ ਅਮਰੀਕ ਸਿੰਘ ‘ਅਜਨਾਲਾ’ (ਟਕਸਾਲੀ) ਤਖ਼ਤ ਕੇਸਗੜ੍ਹ ਸਾਹਿਬ ਅਤੇ ਭਾਈ
ਬਲਜੀਤ ਸਿੰਘ ‘ਦਾਦੂਵਾਲ’ (ਟਕਸਾਲੀ) ਨੂੰ ਦਮਦਮਾ ਸਾਹਿਬ ਦਾ ਜਥੇਦਾਰ ਲਾਇਆ ਜਾਂਦਾ ਹੈ।
(3). ਕੇ ਪੀ ਐਸ ‘ਗਿੱਲ’ ਅਤੇ ਜਨਰਲ ਕੁਲਦੀਪ ਸਿੰਘ ‘ਬਰਾੜ’ ਨੂੰ ਤਨਖਾਹੀਆ
ਕਰਾਰ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ 20 ਨਵੰਬਰ 2015 ਤੱਕ ਸ੍ਰੀ ਅਕਾਲ ਤਖਤ ’ਤੇ ਪੇਸ਼ ਹੋ ਕੇ
ਸਪਸ਼ਟੀਕਰਨ ਦੇਣ ਲਈ ਕਿਹਾ ਜਾਂਦਾ ਹੈ।
(4). ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਅਤੇ ਪ੍ਰਭੂਸਤਾ ਨੂੰ ਬਣਾਇ
ਰੱਖਣ ਲਈ ਦੇਸ਼-ਵਿਦੇਸ਼ ਦੇ ਸਿੱਖਾਂ ਦੀ ਰਾਇ ਨਾਲ ਗੰਭੀਰ ਯਤਨ ਕੀਤੇ ਜਾਣਗੇ।
(5). ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ‘ਫਖਰ ਏ ਕੌਮ’ ਤੇ ‘ਪੰਥ ਰਤਨ’
ਦਾ ਖ਼ਿਤਾਬ ਅਤੇ ਅਵਤਾਰ ਸਿੰਘ ਮੱਕੜ ਤੋਂ ‘ਸ਼੍ਰੋਮਣੀ ਸੇਵਕ’ ਦਾ ਖ਼ਿਤਾਬ ਵਾਪਸ ਲਿਆ ਜਾਂਦਾ ਹੈ।
(6). ਵਰਲਡ ਸਿੱਖ ਪਾਰਲੀਮੈਂਟ ਦਾ ਗਠਨ ਕਰਨ ਦਾ ਐਲਾਨ ਕੀਤਾ ਜਾਂਦਾ ਹੈ ਅਤੇ
ਇਸ ਲਈ 30 ਨਵੰਬਰ ਤੱਕ ਖਰੜੇ ਸਬੰਧੀ ਸਾਂਝੀ ਕਮੇਟੀ ਦਾ ਐਲਾਨ ਕੀਤਾ ਜਾਵੇਗਾ।
(7). ਸਮੂਹ ਸੰਗਤਾਂ, ਗ੍ਰੰਥੀ ਸਿੰਘਾਂ ਅਤੇ ਕਮੇਟੀਆਂ ਨੂੰ ਗੁਰੂ ਗ੍ਰੰਥ
ਸਾਹਿਬ ਦੀ ਹੁੰਦੀ ਬੇਅਦਬੀ ਲਈ ਸੁਚੇਤ ਰਹਿਣ ਦਾ ਸੱਦਾ ਦਿੱਤਾ ਜਾਂਦਾ ਹੈ ਅਤੇ ਬੇਅਦਬੀ ਕਰਨ ਵਾਲਿਆਂ
ਨੂੰ ਸਿਖੀ ਰਵਾਇਤਾਂ ਮੁਤਾਬਿਕ ਸਜ਼ਾਵਾਂ ਦੇਣ ਦਾ ਐਲਾਨ ਕੀਤਾ ਜਾਂਦਾ ਹੈ।
(8). ਸਰਕਾਰ ਨੂੰ ਤਾਕੀਦ ਕੀਤੀ ਜਾਂਦੀ ਹੈ ਕਿ ਸਜ਼ਾ ਪੂਰੀ ਕਰ ਚੁੱਕੇ ਸਾਰੇ
ਸਿੱਖ ਕੈਦੀ ਜੇਲ੍ਹਾਂ ਵਿੱਚੋਂ ਰਿਹਾਅ ਕੀਤੇ ਜਾਣ, ਬਾਪੂ ਸੂਰਤ ਸਿੰਘ ਖਾਲਸਾ ਦਾ ਜੇਕਰ ਕੋਈ ਨੁਕਸਾਨ
ਹੋਇਆ ਤਾਂ ਇਸ ਦੀ ਜ਼ਿੰਮੇਵਾਰ ਬਾਦਲ ਸਰਕਾਰ ਦੀ ਹੋਵੇਗੀ।
(9). ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਨਵੀਂ ਚੋਣ ਕਰਵਾ ਕੇ
ਜਮਹੂਰੀਅਤ ਬਹਾਲ ਕਰਵਾਉਣ ਦਾ ਸੱਦਾ ਦਿੱਤਾ ਜਾਂਦਾ ਹੈ।
(10). ਸਿੱਖਾਂ ਨੂੰ ਵੱਖਰੇ ਸਰਵ ਪ੍ਰਵਾਣਿਤ ਕੈਲੰਡਰ ਦੀ ਲੋੜ ਹੈ।
(11). ਹਰਿਮੰਦਰ ਸਾਹਿਬ ਨੂੰ ਵੈਟੀਕਨ ਸਿਟੀ ਦਾ ਦਰਜਾ ਮਿਲੇ ਅਤੇ ਦਰਬਾਰ
ਸਾਹਿਬ ਸਮੂਹ ਵਿੱਚ ਕਿਸੇ ਵੀ ਮੁਲਕ ਦਾ ਕਾਨੂੰਨ ਲਾਗੂ ਨਾ ਹੋਵੇ।
(12). ਇਕੱਠ 26 ਜਨਵਰੀ 1986 ਨੂੰ ਹੋਏ ਸਰਬੱਤ ਖਾਲਸਾ ਦੇ ਮਤਿਆਂ ਨੂੰ
ਸਹਿਮਤੀ ਦਿੰਦਾ ਹੈ।
(13). ਜਾਤਾਂ ’ਤੇ ਅਧਾਰਿਤ ਗੁਰਦੁਆਰੇ ਅਤੇ ਸ਼ਮਸ਼ਾਨਘਾਟ ਖ਼ਤਮ ਕਰਨ ਦੇ ਯਤਨ
ਕੀਤੇ ਜਾਣ।
ਉਪਰੋਕਤ ਲਏ ਗਏ 13 ਮਤਿਆਂ ਬਾਰੇ ਜਦ ਪੱਤਰਕਾਰਾਂ ਨੇ ਸਵਾਲ ਪੁੱਛੇ ਕਿ (1).
ਇਹ ‘ਮਤੇ’ ਲਾਗੂ ਕਿਵੇਂ ਹੋਣਗੇ ?, (2). ਕੀ ਤੁਸੀਂ 2017 ਦੇ ਪੰਜਾਬ ਵਿਧਾਨ ਸਭਾ ਦੇ ਚੁਣਾਵ
ਲੜੋਗੇ ?, (3). ਕੀ ਇਨ੍ਹਾਂ ਮਤਿਆਂ ਨੂੰ ਵੀਚਾਰਨ ਲਈ ਇੱਕ ਹੋਰ ਸਰਬੱਤ ਖ਼ਾਲਸਾ ਬੁਲਾਇਆ ਜਾਵੇਗਾ ?
ਆਦਿ ਸਵਾਲਾਂ ਬਾਰੇ ਸ. ਸਿਮਰਨਜੀਤ ਸਿੰਘ ‘ਮਾਨ’, ਸ. ਮੋਹਕਮ ਸਿੰਘ, ਭਾਈ ਵੱਸਣ ਸਿੰਘ ‘ਜੱਫਰਵਾਲ’
ਆਦਿ ਨੇ ਅਲੱਗ-ਅਲੱਗ ਪੱਤਰਕਾਰਾਂ ਨੂੰ ਜਵਾਬ ਦਿੰਦਿਆਂ ਕਿਹਾ ਕਿ (1). ਸਾਡੀ ਚੁਣਾਵ ਲੜਨ ਦੀ ਪੂਰੀ
ਤਿਆਰੀ ਹੈ। (2). ਇੱਕ ਸਰਬੱਤ ਖ਼ਾਲਸਾ ਵਿਸਾਖੀ 2016 ਨੂੰ ਬੁਲਾਇਆ ਜਾਵੇਗਾ। (3). ਇਹ ਮਤੇ ਪਾਸ
ਕਰਵਾਉਣ ਲਈ ਸਰਬੱਤ ਖਾਲਸਾ ਪੂਰੀ ਤਰ੍ਹਾਂ ਸਮਰੱਥ ਹੈ ਆਦਿ।
ਇਨ੍ਹਾਂ ‘ਮਤਿਆਂ’ ਬਾਰੇ ‘ਸਰਬੱਤ ਖ਼ਾਲਸਾ’ ਦੀ ਸਟੇਜ ਤੋਂ ਕਹੇ ਗਏ ਕੁਝ ਕੁ
ਸੱਜਣਾਂ ਦੇ ਵੀਚਾਰ ਇਸ ਪ੍ਰਕਾਰ ਹਨ:
(1). ਖਾਲਿਸਤਾਨ ਲੈਣ ਲਈ ਮੈਦਾਨ ’ਚ ਆਉਣਾ ਹੀ ਪਵੇਗਾ: (ਜੋਗਾ ਸਿੰਘ)
(2). ਸਰਬੱਤ ਖਾਲਸਾ ’ਚ ਵਿਕੇ ਹੋਏ ਲੋਕ ਵੀ ਪਹਿਲੀ ਕਤਾਰ ਚ ਬੈਠੇ ਨੇ:
(ਬਾਬਾ ਗੁਲਜਾਰ ਸਿੰਘ, ਨਾਨਕਸਰ ਸੰਪਰਦਾ)
(3). ਥਾਲੀ ’ਚ ਪਰੋਸ ਕੇ ਨਹੀਂ ਦੇਣਾ ਰਾਜ ਕਿਸੇ ਨੇ, ਰਾਜ ਸ਼ਸਤਰਾਂ ਨਾਲ ਹੀ
ਮਿਲਦੈ: (ਬਾਬਾ ਪਰਮਜੀਤ ਸਿੰਘ ਜੀ, ਅਨੰਦਪੁਰ ਸਾਹਿਬ ਵਾਲੇ)
(4). ਬਾਦਲ ਪੰਥ ਦਾ ਗੱਦਾਰ, ਮਾਨ ਪੰਥ ਦਾ ਆਗੂ, ਇਨ੍ਹਾਂ ਦੇ ਹੱਥ ਮਜ਼ਬੂਤ
ਕਰੋ: (ਭਾਈ ਰੇਸ਼ਮ ਸਿੰਘ) ਆਦਿ।
ਉਪਰੋਕਤ ਬੁਲਾਰਿਆਂ ਦੇ ਵੀਚਾਰਾਂ ’ਚ ਖ਼ਾਲਿਸਤਾਨ ਦਾ ਜ਼ਿਕਰ ਵਾਰ-ਵਾਰ ਆ ਰਿਹਾ
ਸੀ, ਜਿਸ ਬਾਰੇ ਇਹ ਵੀਚਾਰ ਅਤਿ ਜ਼ਰੂਰੀ ਹਨ:
(1). ਕੀ ਖ਼ਾਲਿਸਤਾਨ ਵਿੱਚ ਲੋਕਤੰਤਰ ਹੋਵੇਗਾ ?
(2). ਕੀ ਵਰਤਮਾਨ ਦੇ ਪੰਜਾਬ ਦੀ ਸਮੂਹਿਕ ਜਨਤਾ ਖ਼ਾਲਿਸਤਾਨ ’ਚ ਹੋਵੇਗੀ ?
(3). ਅਗਰ ਉਪਰੋਕਤ ਦੋਵੇਂ ਸਵਾਲਾਂ ਦਾ ਜਵਾਬ ਹਾਂ ਵਿੱਚ ਹੈ ਤਾਂ ਇਸ ਸਵਾਲ
ਦਾ ਜਵਾਬ ਵੀ ਅਤਿ ਜ਼ਰੂਰੀ ਹੈ ਕਿ ਅਗਰ ਵਰਤਮਾਨ ਦੇ ਪੰਜਾਬ ਵਿੱਚ ਹੀ ਸਾਨੂੰ ਸਮਾਜ ਵੱਲੋਂ ਪੂਰਨ
ਸਹਿਯੋਗ ਨਹੀਂ ਮਿਲ ਰਿਹਾ ਹੈ ਤਾਂ ਇਹੀ ਜਨਤਾ ਖ਼ਾਲਿਸਤਾਨ ’ਚ ਵੀ ਸਾਡਾ ਸਹਿਯੋਗ ਕਿਵੇਂ ਕਰੇਗੀ ? ਕੀ
ਉਸ ਖ਼ਾਲਿਸਤਾਨ ਦਾ ਪ੍ਰਧਾਨ ਮੰਤ੍ਰੀ ਵੀ ਬਾਦਲ (ਸੋਚ) ਹੀ ਹੋਵੇਗਾ ?
(4). ਅੱਜ ਵਿਗਿਆਨਿਕ ਯੁੱਗ ਦੇ ਨਾਲ-ਨਾਲ ਵਪਾਰਿਕ ਯੁੱਗ ਵੀ ਹੈ ਜਿਸ ਕਾਰਨ
ਹਰ ਦੇਸ਼ ਆਪਣਾ ਨਫ਼ਾ-ਨੁਕਸਾਨ ਵੇਖ ਕੇ ਹੀ ਕਿਸੇ ਦੀ ਮਦਦ ਕਰਦਾ ਹੈ। ਪੰਜਾਬ ਦੇ ਪਾਸ ਅਜਿਹੀ ਕਿਹੜੀ
ਵਸਤੂ ਹੈ ਜਿਸ ਨੂੰ ਪ੍ਰਾਪਤ ਕਰਨ ਲਈ ਕੋਈ ਦੇਸ਼ ਪੰਜਾਬ ਨੂੰ ਆਜ਼ਾਦ ਕਰਵਾਉਣ ਲਈ ਸਾਡੀ ਮਦਦ ਕਰੇਗਾ ?
ਬਿਨਾ ਕਿਸੇ ਬਾਹਰੀ ਮਦਦ ਦੇ ਅਸੀਂ ਆਪਣੀ ‘ਜ਼ਰ’ (ਕੌਮੀ ਤੇ ਨਿਜੀ ਦੌਲਤ),
‘ਜੋਰੂ’ (ਇੱਜ਼ਤ), ‘ਜ਼ਮੀਨ’ ਬਚਾਉਣ ਵਿੱਚ ਪਹਿਲਾਂ ਵੀ ਅਸਫਲ ਰਹੇ ਹਾਂ ਅਤੇ ਉਸ ਦੇ ਇਨਸਾਫ਼ ਦੀ ਬਜਾਏ
ਹੋਰ ਵੀ ਨੁਕਸਾਨ ਕਰਵਾ ਲਵਾਂਗੇ। ਇਸ ਸੋਚ ਨੂੰ ਬੁਜ਼ਦਿਲੀ ਨਹੀਂ ਬਲਕਿ ਸਿਆਣਪ ਮੰਨਣਾ ਚਾਹੀਦਾ ਹੈ
ਕਿਉਂਕਿ ਭੂਮੀ ਦੇ ਕਿਸੇ ਵੀ ਵੱਖਰੇ ਟੁਕੜੇ ਦੀ ਮੰਗ ਉਹ ਕੌਮਾਂ ਕਰਦੀਆਂ ਹਨ ਜਿਨ੍ਹਾਂ ਦੇ ਕੌਮੀ
ਸਿਧਾਂਤ ’ਚ ਅਸਪਸ਼ਟਤਾ ਤੇ ਅਸਰਲਤਾ ਹੋਵੇ। ਸਵਾ ਲੱਖ ਨਾਲ ਇੱਕ ਲੜਨ ਦਾ ਮਾਦਾ ਰੱਖਣ ਵਾਲੀ ਅਕਾਲ
ਪੁਰਖ ਦੀ ਫੌਜ (ਸਿੰਘ) ਅਗਰ ਭਾਰਤ ਦੀ ਕੁਲ ਆਬਾਦੀ ਦੇ 2% ਹੋਣ ਦੇ ਬਾਵਜੂਦ ਆਪਣਾ ਹੱਕ ਲੈਣ ’ਚ
ਅਸਫਲ ਰਹਿੰਦੇ ਹਨ ਤਾਂ ਪੰਜਾਬ ਨੂੰ ਖ਼ਾਲਿਸਤਾਨ ਬਣਾ ਕੇ ਬਾਕੀ ਭਾਰਤ ’ਚ ਬਚੇ ਅੱਧਾ ਪ੍ਰਤਿਸ਼ਤ
ਸਿੱਖਾਂ ਨੂੰ ‘ਸਿੰਘ’ ਨਹੀਂ ਬਲਕਿ ‘ਬ੍ਰਾਹਮਣ’ ਸਮਝਣਾ ਪਵੇਗਾ।
ਭਾਰਤ ਦੇ ਜੰਮੂ ਕਸ਼ਮੀਰ ਦਾ ਮਸਲਾ ਸਾਰੀ ਦੁਨੀਆਂ ਤੇ ਭਾਰਤ ਦੀਆਂ ਨਜ਼ਰਾਂ
ਵਿੱਚ ਖਾਲਿਸਤਾਨ ਨਾਲੋਂ ਕਿਤੇ ਵੱਧ ਸੰਵੇਦਨਸ਼ੀਲ ਹੈ, ਜਿੱਥੇ ਭਾਰਤ ਦੇ ਕਾਨੂੰਨ ਅਨੁਸਾਰ ਵੀ ਧਾਰਾ
377 (ਜਿੱਥੇ ਕੋਈ ਬਾਹਰੀ ਆਦਮੀ ਆਪਣੀ ਸੰਪਤੀ ਖ਼ਰੀਦ ਨਹੀਂ ਸਕਦਾ) ਲਾਗੂ ਹੈ, ਜਿਸ ਉੱਤੇ ਸੰਯੁਕਤ
ਰਾਸਟ੍ਰ ਵਿੱਚ ਵੀ ਚਰਚਾ ਹੋ ਚੁੱਕੀ ਹੈ ਤੇ ਕਈ ਦੇਸ਼ ਅੱਜ ਵੀ ਕਸ਼ਮੀਰ ਨੂੰ ਭਾਰਤ ਨਾਲੋਂ ਅਲੱਗ
ਕਰਵਾਉਣ ਲਈ ਪਾਕਿਸਤਾਨ ਦੀ ਮਦਦ ਕਰ ਰਹੇ ਹਨ ਇਸ ਦੇ ਬਾਵਜੂਦ ਵੀ ਕੋਈ ਦੇਸ਼ ਭਾਰਤ ਦੇ ਵਿਰੁਧ ਖੁੱਲ
ਕੇ ਬੋਲਣ ਤੋਂ ਡਰਦਾ ਹੈ ਕਿਉਂਕਿ ਭਾਰਤ ਉਭਰ ਰਹੀ ਇੱਕ ਆਰਥਿਕ ਸ਼ਕਤੀ ਹੈ, ਜਿਸ ਦਾ ਲਾਭ ਹਰ ਕੋਈ ਦੇਸ਼
ਲੈਣਾ ਚਾਹੁੰਦਾ ਹੈ। ਖਾਲਿਸਤਾਨ ਦੇ ਸੁਫ਼ਨੇ ਵਿਖਾਉਣ ਵਾਲਿਆਂ ਤੋਂ ਇਨ੍ਹਾਂ ਬਾਰੇ ਸਵਾਲ ਪੁੱਛਣੇ
ਚਾਹੀਦੇ ਹਨ; ਜਿਵੇਂ ਪੱਤਰਕਾਰਾਂ ਨੇ ਉਪਰੋਕਤ ਸਵਾਲ ਪੁੱਛੇ ਸੀ ਕਿ ਇਹ ਤਮਾਮ ਮਤੇ ਲਾਗੂ ਕਿਵੇਂ
ਕਰਵਾਉਂਗੇ ?
ਉਪਰੋਕਤ ਲਏ ਗਏ ਫ਼ੈਸਲਿਆਂ ਅਨੁਸਾਰ ਮਿਤੀ 11-11-2015 ਤੋਂ ਤਿੰਨੇ
ਜਥੇਦਾਰਾਂ ਨੇ ਆਪਣਾ ਕਾਰਜ ਸੰਭਾਲਣਾ ਸੀ ਪਰ ਕੀ ਅਜਿਹਾ ਕੁਝ ਹੋਇਆ ? ਅਗਰ ਨਹੀਂ, ਤਾਂ ਬੇਸ਼ੱਕ
ਜ਼ੋਰ-ਸ਼ੋਰ ਨਾਲ ਆਖੀਏ ਕਿ ਭਾਰਤ ਦਾ ਕਾਨੂੰਨ ਸਾਡੀ ਮਦਦ ਨਹੀਂ ਕਰਦਾ ਤੇ ਆਪਣੀ ਬਿਬੇਕਤਾ ਨੂੰ ਕਦੇ ਵੀ
ਇਸਤੇਮਾਲ ਨਾ ਕਰਨਾ। ਪਿਛਲੇ ਦਿਨੀ ਹੋਏ ਬਿਹਾਰ ਚੁਣਾਵ ਨੇ ਸਾਬਤ ਕਰ ਦਿੱਤਾ ਕਿ ਭਾਰਤ ਜੀ ਜਨਤਾ
ਅਮਨ-ਪਸੰਦ ਹੈ, ਜਿਸ ਵਿੱਚ ਅਹੰਕਾਰ ਨੂੰ ਕੋਈ ਜਗ੍ਹਾ ਨਹੀਂ।
ਆਮ ਪੜ੍ਹਨ ਸੁਣਨ ’ਚ ਆ ਰਿਹਾ ਕਿ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੋਂ
ਉਪਰੰਤ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਬਦਲਾ ਲੈਣ ਲਈ ਤਲਵਾਰ ਚੁੱਕੀ ਤੇ ਗੁਰੂ ਤੇਗ਼ ਬਹਾਦਰ
ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਗੋਬਿੰਦ ਸਾਹਿਬ ਜੀ ਨੇ ਤਲਵਾਰ ਚੁੱਕੀ ਪਰ ਇਹ ਸੋਚ ਗੁਰਮਤਿ
ਅਨੁਸਾਰੀ ਨਹੀਂ ਹੈ ਕਿਉਂਕਿ ਗੁਰੂ ਹਰਿ ਗੋਬਿੰਦ ਸਾਹਿਬ ਜੀ ਤੇ ਗੁਰੂ ਗੋਬਿਦ ਸਾਹਿਬ ਜੀ ਨੇ ਤਲਵਾਰ
ਕੇਵਲ ਆਪਣੀ ਸੁਰੱਖਿਆ ਲਈ ਚੁੱਕੀ ਸੀ ਜਦ ਦੁਸ਼ਮਣ ਘਰ ਵਿੱਚ ਹਮਲਾ ਕਰਨ ਲਈ ਵਾਰ ਵਾਰ ਆ ਰਿਹਾ ਸੀ,
ਅਗਰ ਦੁਸ਼ਮਣ ਨਾ ਆਉਂਦਾ ਤਾਂ ਇਹ ਗੁਰੂ ਸਾਹਿਬਾਨ ਵੀ ਤਲਵਾਰ ਨਾ ਚੁੱਕਦੇ। ਇੱਥੇ ਇਹ ਵੀ ਵੀਚਾਰ ਦਾ
ਵਿਸ਼ਾ ਹੈ ਕਿ ਗੁਰੂ ਅਰਜਨ ਸਾਹਿਬ ਜੀ ਵੀ ਘਰ ਆ ਕੇ ਹਮਲਾ ਕਰਨ ਵਾਲੇ ਦੁਸ਼ਮਣ ਲਈ ਤਲਵਾਰ ਚੁੱਕਣ ਦੀ
ਗੱਲ ਕਰ ਰਹੇ ਹਨ; ਜਿਵੇਂ: ‘‘ਤ੍ਰਿਤੀਏ ਮਤਾ, ਕਿਛੁ ਕਰਉ ਉਪਾਇਆ ॥’’ (ਮ: ੫/੩੭੧) ਪਰ ਵਰਤਮਾਨ ਦਾ
ਸਿੱਖ ਆਤਮ ਸੁਰੱਖਿਆ ਲਈ ਨਹੀਂ ਬਲਕਿ ਹਮਲਾਵਰ ਮੁਦਰਾ ’ਚ ਵਿਚਰ ਰਿਹਾ ਹੈ।
ਸਿੱਖਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ‘‘ਸੂਰਾ ਸੋ ਪਹਿਚਾਨੀਐ, ਜੁ
ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ, ਕਬਹੂ ਨ ਛਾਡੈ ਖੇਤੁ ॥’’ (ਭਗਤ ਕਬੀਰ/੧੧੦੫) ਤੇ
‘‘ਜਉ ਤਉ, ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ, ਗਲੀ ਮੇਰੀ ਆਉ ॥ ਇਤੁ ਮਾਰਗਿ, ਪੈਰੁ ਧਰੀਜੈ ॥
ਸਿਰੁ ਦੀਜੈ, ਕਾਣਿ ਨ ਕੀਜੈ ॥’’ (ਮ: ੧/੧੪੧੨) ਵਾਕ ਉਚਾਰਨ ਕਰਨ ਵਾਲੇ ਭਗਤ ਕਬੀਰ ਜੀ ਤੇ ਗੁਰੂ
ਨਾਨਕ ਸਾਹਿਬ ਜੀ ਨੇ ਕਦੇ ਵੀ ਤਲਵਾਰ ਨਹੀਂ ਚੁੱਕੀ। ਕੀ ਇਨ੍ਹਾਂ ਵਾਕਾਂ ਦਾ ਮਤਲਬ ਉਹੀ ਹੈ ਜੋ
ਅਜੋਕਾ ਸਿੱਖ ਲੈ ਰਿਹਾ ਹੈ ?, ਕੀ ਸਮਾਜਿਕ ਏਕਤਾ ਬਣਾ ਕੇ ਦੁਸਮਣ ਨੂੰ ਕਮਜ਼ੋਰ ਕਰਨਾ ਯੁੱਧ ਨਹੀਂ ?
ਉਪਰੋਕਤ ਸਥਿਤੀ ਦੇ ਪੂਰਨ ਸੱਚ ਨੂੰ ਜਾਣਨ ਲਈ ਥੋੜਾ ਪਿੱਛੇ ਜਾਣ ਦੀ ਜ਼ਰੂਰਤ
ਹੈ। ਪਿੰਡ ਬਰਗਾੜੀ ਵਿਖੇ ਸ਼ਾਂਤਮਈ ਬੈਠ ਕੇ ਸਿਮਰਨ ਕਰ ਰਹੀਆਂ ਸੰਗਤਾਂ ਉੱਪਰ ਪੰਜਾਬ ਪੁਲਿਸ ਵੱਲੋਂ
ਗੋਲੀ ਚਲਾਉਣ ਕਾਰਨ ਸ਼ਹੀਦ ਹੋਏ ਭਾਈ ਕਿਸ਼ਨ ਸਿੰਘ (ਨਿਆਮੀ ਵਾਲਾ) ਤੇ ਭਾਈ ਗੁਰਜੀਤ ਸਿੰਘ (ਸਰਾਵਾਂ)
ਦੇ ਭੋਗ ’ਤੇ ਮਿਤੀ 25-10-2015 ਨੂੰ ਪਾਸ ਕੀਤੇ ਗਏ 9 ਮਤਿਆਂ ’ਚ ਇੱਕ ਮਤਾ ਇਹ ਵੀ ਸੀ ਕਿ
30-10-2105 ਨੂੰ ਬਾਦਲ ਦੀ ਕੋਠੀ ਦਾ ਘਿਰਾਉ ਕਰਕੇ ਉਸ ਨੂੰ ਖ਼ੂਨ ਦਾ ਪਿਆਲਾ ਦਿੱਤਾ ਜਾਵੇਗਾ।
ਦਰਅਸਲ, ‘ਮਤਿਆਂ’ ’ਚ ਸ਼ਾਮਲ ਕੀਤਾ ਗਿਆ ਇਹ (ਉਕਤ) ਸੁਝਾਅ ਗੁਰਮਤਿ
ਪ੍ਰਚਾਰਕਾਂ ਦਾ ਨਹੀਂ ਬਲਕਿ ਸ. ਸਿਮਰਨਜੀਤ ਸਿੰਘ ‘ਮਾਨ’ ਦਾ ਸੀ, ਜੋ ਉਨ੍ਹਾਂ ਨੇ ਸ਼ਹੀਦ ਹੋਏ
ਸਿੱਖਾਂ ਦੇ ਭੋਗ ਤੋਂ 7 ਦਿਨ ਪਹਿਲਾਂ ਹੀ (ਮਿਤੀ 19-10-2015 ਨੂੰ) ਬਿਆਨ ਦਿੱਤਾ ਸੀ ਜਿਸ ਬਾਰੇ
ਪਹਿਰੇਦਾਰ ਪੇਪਰ ’ਚ 20-10-2015 (ਪੇਜ 10) ’ਤੇ ‘ਸਿੱਖਾਂ ਦਾ ਖ਼ੂਨ ਬਾਦਲ ਨੂੰ ਭੇਜਿਆ ਜਾਵੇਗਾ:
‘ਸਿਮਰਨਜੀਤ ਸਿੰਘ ਮਾਨ’, ਖ਼ਬਰ ਲੱਗੀ ਹੋਈ ਹੈ ਪਰ ਅਚੰਭਾ ਵੇਖੀਏ ਕਿ ਮਿਸ਼ਨਰੀ ਪ੍ਰਚਾਰਕਾਂ ਦੇ ਹੱਥ
ਫੜਾਈ ਗਈ ਆਪਣੀ ਮੰਗ ਵਾਲੇ ਦਿਨ (30-10-2015 ਨੂੰ) ਹੀ ਆਪ ਪ੍ਰੀਤ ਨਗਰ (ਜਲੰਧਰ) ’ਚ ਸਰਬੱਤ
ਖ਼ਾਲਸੇ ਦੀਆਂ ਤਿਆਰੀਆਂ
ਲਈ ਮੀਟਿੰਗ ਰੱਖ ਲਈ ਭਾਵ ਆਪਣੀ ਮੰਗ ਅਨੁਸਾਰ ਖ਼ੂਨ ਦੇਣ ਵਾਲਿਆਂ ’ਚ ਸ਼ਾਮਲ
ਹੀ ਨਹੀਂ ਹੋਏ। ਜਲੰਧਰ ਮੀਟਿੰਗ ਵਿੱਚ ਬੋਲਦਿਆਂ ਬੀਬੀ ਪ੍ਰੀਤਮ ਕੌਰ ਸੁਪਤਨੀ ਸ. ਰਛਪਾਲ ਸਿੰਘ (ਪੀ.
ਏ. ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ) ਨੇ ਕਿਹਾ ਕਿ ਜੋ ਲੋਕ ‘ਸਰਬੱਤ ਖ਼ਾਲਸਾ’ (10-11-2015) ਦਾ
ਵਿਰੋਧ ਕਰਦੇ ਹਨ ਉਹ ਔਰਤਾਂ ਨਾਲੋਂ ਵੀ ਮਾੜੇ ਹਨ। ਬੀਬੀ ਜਜ਼ਬਾਤੀ ਹੋ ਕੇ ਬੋਲਦਿਆਂ ਇਹ ਵੀ
ਭੁੱਲ ਗਈ ਕਿ ਉਹ ਆਪ ਵੀ ਇੱਕ ਔਰਤ ਹੈ ਤੇ ਸਿੱਖ ਸਮਾਜ ਵਿੱਚ ਔਰਤ ਨੂੰ ਨੀਵਾਂ ਨਹੀਂ ਮੰਨਿਆ ਜਾਂਦਾ।
ਬੀਬੀ ਦਾ ਸੰਕੇਤ ਉਨ੍ਹਾਂ ਪ੍ਰਚਾਰਕਾਂ ਵੱਲ ਵੀ ਸੀ ਜੋ ਉਨ੍ਹਾਂ ਦੀ ਹੀ ਇੱਕ ਮੰਗ ’ਤੇ ਪਹਿਰਾ
ਦੇਂਦਿਆਂ ਉਸੇ ਦਿਨ ਆਪਣਾ ਖ਼ੂਨ ਕਢਵਾ ਰਹੇ ਸੀ।
ਉਪਰੋਕਤ ਕੀਤੀ ਗਈ ਤਮਾਮ ਵੀਚਾਰ ਅਨੁਸਾਰ ‘ਗੁਰਮਤਿ ਮਿਸ਼ਨਰੀ ਪ੍ਰਚਾਰਕਾਂ’ ਤੇ
‘ਅਜੋਕੀ ਦਮਦਮੀ ਟਕਸਾਲ ਸੋਚ’ (ਰਾਜਨੀਤਿਕ ਬੰਦਿਆਂ) ’ਚ ਭਿੰਨਤਾ ਸਿਧਾਂਤਕ ਹੈ, ਜਿਸ ਅਨੁਸਾਰ
ਰਾਜਨੀਤਿਕ ਬੰਦੇ ਵਕਤੀ ਹਾਲਾਤਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣਾ ਚਾਹੁੰਦੇ ਹਨ ਬੇਸ਼ੱਕ ਇਸ ਲਈ
ਕਿੰਨੀਆਂ ਵੀ ਕੁਰਬਾਨੀਆਂ (ਸ਼ਹੀਦੀਆਂ) ਦੇਣੀਆਂ ਪੈਣ ਤੇ ਪ੍ਰਾਪਤੀ ਬੇਸ਼ੱਕ ਕੁਝ ਵੀ ਨਾ ਹੋਵੇ ਜਦਕਿ
ਪ੍ਰਚਾਰਕ ਵਰਗ ਨਿਸ਼ਕਾਮ ਭਾਵਨਾ ਨਾਲ ਕੌਮ ਲਈ ਕੁਝ ਪ੍ਰਾਪਤੀ ਕਰਨੀ ਚਾਹੁੰਦਾ ਹੈ, ਜਿਸ ਵਿੱਚ ਕੌਮੀ
ਤੇ ਨਿਜੀ ਨੁਕਸਾਨ ਘੱਟ ਹੋਵੇ ਤੇ ਪ੍ਰਾਪਤੀ ਵੱਧ ਹੋਵੇ। ਇਸ ਕਾਰਨ ਕਰਕੇ ‘ਗੁਰਮਤਿ ਮਿਸ਼ਨਰੀ
ਪ੍ਰਚਾਰਕਾਂ’ ਦੀ ਸਰਬੱਤ ਖਾਲਸਾ ਦੇ ਨਾਂ ’ਤੇ ਸੱਦੇ ਗਏ ਇਕੱਠ ’ਚ ਸਮੂਲੀਅਤ ਨਹੀਂ ਹੋ ਸਕੀ।
ਮੇਰੀ ਨਿਜੀ ਰਾਇ ਅਨੁਸਾਰ ਅਗਰ ਸਿੱਖ ਬੁਧੀਜੀਵੀ ਵਰਗ ਆਪਣਾ ਪੂਰਾ ਧਿਆਨ
2017 ਦੇ ਚੁਣਾਵ ਵੱਲ ਲਗਾਵੇ, ਜਿਸ ਲਈ ਜ਼ਮੀਨੀ ਹਾਲਾਤਾਂ ਨੂੰ ਨਿਰੰਤਰ ਸ਼ਾਂਤਮਈ ਢੰਗ ਨਾਲ ਸਿਰਜਣ ਲਈ
ਛੋਟੇ-ਛੋਟੇ ਪ੍ਰੋਗਰਾਮ ਤੇ ਪ੍ਰਚਾਰ ਦੁਆਰਾ ਇਸ ਵਿਸ਼ੇ ਦੀ ਜਾਣਕਾਰੀ ਤਮਾਮ ਸਿੱਖਾਂ ਨੂੰ ਨਿਰੰਤਰ
ਉਪਲਬਧ ਕਰਵਾਈ ਜਾਵੇ ਤੇ ਇਹ ਵੀ ਧਿਆਨ ਰੱਖੇ ਕਿ ਇਸ ਦਾ ਲਾਭ ਅਯੋਗ (ਰਾਜਨੀਤਿਕ) ਵਿਅਕਤੀ ਨਾ ਲੈ
ਸਕਣ। ਅਗਰ ਇੱਕ ਵਾਰ ਚੁਣਾਵ ਉਪਰੰਤ ਪੰਥਕ ਭਾਵਨਾਵਾਂ ਨੂੰ ਸਮਝਣ ਵਾਲੀ ਪੰਜਾਬ ’ਚ ਸਰਕਾਰ ਬਣਾਉਣ ’ਚ
ਸਿੱਖ ਕੌਮ ਸਫਲ ਹੋ ਜਾਂਦੀ ਹੈ ਤਾਂ ਪਹਿਲਾ ਕੰਮ ਐਸ. ਆਈ. ਟੀ. ਬਣਾਉਣਾ ਹੋਵੇ, ਜੋ ਸਿੱਖਾਂ ਨੂੰ
ਇਨਸਾਫ਼ ਦਿਲਵਾ ਸਕੇ। ਇੱਕ ਤਰਫ਼ ਇਹ ਜਾਂਚ ਟੀਮ ਇਨ੍ਹਾਂ (ਪਾਪੀਆਂ) ਉੱਪਰ ਸ਼ਕੰਜਾ ਕਸੇ ਤੇ ਦੂਸਰੇ
ਪਾਸੇ ਦੇਸ਼-ਵਿਦੇਸ਼ ਦੀਆਂ ਤਮਾਮ ਪੰਥਕ ਜਥੇਬੰਦੀਆਂ ਵਿੱਚੋਂ ਖ਼ਾਸ-ਖ਼ਾਸ ਬੁਧੀਜੀਵੀਆਂ ਨੂੰ ਇਕੱਤਰ ਕਰਨ
ਦਾ ਨਾਮ ਸਰਬੱਤ ਖ਼ਾਲਸਾ ਰੱਖ ਕੇ ਬੁਲਾਇਆ ਜਾਵੇ, ਜੋ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਦੀ
ਚੋਣ ਪ੍ਰਣਾਲੀ ਤੇ ‘ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ’ ਬਾਰੇ ਹਰ ਇੱਕ ਦੇ ਵੀਚਾਰ ਸੁਣੇ
ਬੇਸ਼ੱਕ ਇਸ ਲਈ ਕਿੰਨਾ ਵੀ ਸਮਾ ਲੱਗ ਜਾਵੇ। ਜ਼ਰੂਰਤ ਪਏ ਤਾਂ ਉਨ੍ਹਾਂ ਜਥੇਬੰਦੀਆਂ ਦੀ ਵੀ ਇੱਕ ਵਾਰ
ਦੁਬਾਰਾ ਰਾਇ ਲੈਣ ਲਈ ਇਨ੍ਹਾਂ ਮੁਦਿਆਂ ਨੂੰ ਲਿਖਤੀ ਰੂਪ ’ਚ ਭੇਜਿਆ ਜਾਵੇ ਜੋ ਕਿਸੀ ਕਾਰਨ ਇਕੱਤਰਤਾ
’ਚ ਸ਼ਾਮਲ ਨਾ ਹੋ ਸਕਣ। ਇੱਕ ਵਾਰ ਆਮ ਸਹਿਮਤੀ ਬਣਨ ਉਪਰੰਤ ਸਰਕਾਰ ਨੂੰ ਇਸ ਬਾਰੇ ਕਾਨੂੰਨ ਬਣਾਉਣ ਲਈ
ਭੇਜਿਆ ਜਾਵੇ।
ਬੁਧੀਜੀਵੀਆਂ ਦੇ ਰੂਪ ’ਚ ਹੋਂਦ ’ਚ ਆਈ ਨਵੀਂ ‘ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ’ ਨੂੰ ਹੇਠ ਲਿਖੇ ਕੁਝ ਕੁ ਨੁਕਤਿਆਂ ’ਤੇ ਧਿਆਨ ਦੇਣਾ ਅਤਿ ਜ਼ਰੂਰੀ ਹੋਵੇ:
(1). ਤਮਾਮ ਰਾਜਨੀਤਿਕ ਪਾਰਟੀਆਂ ਨੂੰ ਹਦਾਇਤ ਕਰੇ ਕਿ ਕੋਈ ਵੀ ਰਾਜਨੀਤਿਕ
ਪਾਰਟੀ ਆਪਣੀ ਪਾਰਟੀ ਦੇ ਨਾਮ ਨਾਲ ‘ਅਕਾਲੀ’ ਜਾਂ ‘ਸ਼੍ਰੋਮਣੀ’ ਸ਼ਬਦ ਦਾ ਇਸਤੇਮਾਲ ਨਹੀਂ ਕਰੇਗੀ ਤੇ
ਸਿੱਖਾਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਆਪਣਾ ਚੋਣ ਵਾਅਦਾ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’
ਦੇ ਸਨਮੁਖ ਰੱਖੇਗੀ ਤੇ ਪਾਰਟੀ ਦੇ ਨੇਤਾਵਾਂ ਨੂੰ 10 ਤੋਂ ਵੱਧ ਸਮਰਥਕਾਂ ਨਾਲ ਦਰਬਾਰ ਸਾਹਿਬ ’ਚ
ਜਾਣ ਦੀ ਅਨੁਮਤੀ ਨਹੀਂ ਹੋਵੇਗੀ।
(2). ਸ਼੍ਰੋਮਣੀ ਕਮੇਟੀ ਨੂੰ ਆਪਣੀ ਰਾਜਨੀਤਿਕ ਵੋਟ ਸ਼ਕਤੀ ਵਧਾਉਣ ਲਈ ਜ਼ਮੀਨੀ
ਤੌਰ ’ਤੇ ਯੋਗ ਪੰਥ ਦਰਦੀ ਪ੍ਰਚਾਰਕਾਂ ਦੀ ਨਵੀਂ ਭਰਤੀ ਕਰਨੀ ਜ਼ਰੂਰੀ ਹੋਵੇ, ਜਿਸ ਵਿੱਚ ਆਪਣੇ ਬਜਟ
ਨਾਲ ਚੱਲਣ ਵਾਲੇ ਤਮਾਮ ਗੁਰਦੁਆਰੇ, ਸਕੂਲ, ਕਾਲਜ, ਯੂਨੀਵਰਸਿਟੀ ਦੇ ਅਯੋਗ ਮੁਲਾਜ਼ਮਾਂ ਦੀ ਛਾਂਟੀ
ਕਰਨੀ ਵੀ ਸ਼ਾਮਲ ਹੋਵੇ ਤਾਂ ਜੋ ਸਮੇਂ ਅਨੁਸਾਰ ਢੁੱਕਵੀਂ ਪਾਰਟੀ ਨੂੰ ਸਤਾ ਪ੍ਰਾਪਤ ਕਰਵਾ ਕੇ ਉਸ ਤੋਂ
ਕੌਮੀ ਤੇ ਸਮਾਜਿਕ ਕੰਮ ਕਰਵਾਏ ਜਾ ਸਕਣ।
(3). ਕੁਝ ਗੁਰੀਲਾ ਗੁਰਮਤਿ ਪ੍ਰਚਾਰਕਾਂ ਦੀਆਂ ਸੇਵਾਵਾਂ ਲਈਆਂ ਜਾਣ, ਜੋ
ਬਚਾਅ ਮੁਦਰਾ ’ਚ ਨਹੀਂ ਬਲਕਿ ਸਿਧਾਂਤਕ ਹਮਲਾਵਰ ਦੀ ਯੋਗਤਾ ਰੱਖਦੇ ਹੋਣ।
(4). ਸਿੱਖ ਇਤਿਹਾਸ ਦੀ ਪੜਚੋਲ, ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨਾ,
ਜ਼ਰੂਰਤ ਹੋਵੇ ਤਾਂ ਸਿੱਖ ਰਹਿਤ ਮਰਿਆਦਾ ’ਚ ਵੀ ਕੁਝ ਸੁਧਾਰ, ਅਖੰਡਪਾਠ, ਸੰਪਟਪਾਠ, ਦੁੱਖ ਭੰਜਨੀ
ਆਦਿ ’ਤੇ ਮੁਕੰਬਲ ਰੋਕ ਆਦਿ, ਅਤਿ ਜ਼ਰੂਰੀ ਵਿਸ਼ੇ ਹਨ।
(5). ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਅਗਨੀ ਤੇ ਪਾਣੀ ਦੇ ਪ੍ਰਭਾਵ ਤੋਂ
ਮੁਕਤ ਕੀਤੀ ਜਾਵੇ ਤੇ ਹਰ ਇੱਕ ਗੁਰੂ ਘਰ ਲਈ ਕੇਵਲ 2 ਹੀ ਸਰੂਪ ਦਿੱਤੇ ਜਾਣ। ਕਿਸੇ ਵਿਸ਼ੇਸ਼ ਕਾਰਨਾ
ਕਰਕੇ ਹੀ ਵੱਧ ਸਰੂਪ ਉਪਲਬਧ ਕਰਵਾਉਣ ਦੀ ਅਨੁਮਤੀ ਹੋਵੇ।
(6). ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’; ਦੇਸ਼-ਵਿਦੇਸ਼ ਦੇ ਤਮਾਮ
ਉਨ੍ਹਾਂ (ਕਈ-ਕਈ) ਗੁਰਦੁਆਰਿਆਂ ਦੇ ਸਹਿਯੋਗ ਨਾਲ ਸਬ ਕਮੇਟੀਆਂ ਬਣਾਉਣ ਦੀ ਇਜਾਜ਼ਤ ਦੇਵੇ ਜਿੱਥੇ
ਸਿੱਖਾਂ ਦੀ ਵਸੋਂ 10, 000 ਤੋਂ ਉੱਪਰ ਹੋਵੇ ਤੇ ਇਨ੍ਹਾਂ ਰਾਹੀਂ ਹੀ ਸਾਲ ’ਚ 2 ਵਾਰ ਸੁਝਾਅ ਲਏ
ਜਾਣ ਤੇ ‘ਸਰਬੱਤ ਖਾਲਸੇ’ ਦੇ ਇਕੱਠ ਦੀ ਜ਼ਰੂਰਤ ਨੂੰ ਮਹਿਸੂਸ ਕਰਦਿਆਂ ਇਨ੍ਹਾਂ ਵਿੱਚੋਂ ਹੀ ਚੁਣੀਦੇ
ਮੈਬਰ ਵੀ ਬੁਲਾਏ ਜਾਣ।
(7). ‘ਸਿਖ ਰਹਿਤ ਮਰਿਆਦਾ’ ਦੀ ਪਾਲਣਾ ਨਾ ਕਰਨ ਵਾਲੇ ਗੁਰਦੁਆਰਿਆਂ ਵਿੱਚੋਂ
ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਵਾਪਸ ਲੈ ਲਿਆ ਜਾਵੇ।
(8). ਪੰਜਾਬ ’ਚ ਫੈਲੇ ਤਮਾਮ ਭ੍ਰਿਸ਼ਟਾਚਾਰ ਨੂੰ ਕਾਬੂ ਕਰਨ ਲਈ ਸਰਕਾਰ ’ਤੇ
ਦਬਾਅ ਬਣਾ ਕੇ ਰੱਖਿਆ ਜਾਵੇ ਤੇ ਸਮਾਜਿਕ ਭਲਾਈ ਦੇ ਕੰਮਾਂ ਲਈ ਨਵੀਆਂ - ਨਵੀਆਂ ਸਕੀਮਾ ਸੁਝਾਈਆਂ
ਜਾਣ।
(9). ਤਮਾਮ ਬੰਦੀ ਸਿੰਘਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਤਬਦੀਲ ਕਰਕੇ
ਕਾਨੂੰਨ ਅਨੁਸਾਰ ਸਥਾਈ ਰਿਹਾਈ ਮਿਲਣ ਤੱਕ ਪੈਰੋਲ (ਅਸਥਾਈ ਮੁਕਤੀ) ਦੀ ਸੁਵਿਧਾ ਵੱਧ ਤੋਂ ਵੱਧ
ਦਿਲਵਾਈ ਜਾਵੇ।
(10). ਪੰਜਾਬ ਦੇ ਹਰ ਸਕੂਲ ਦੀ ਪਹਿਲੀ ਕਲਾਸ ਤੋਂ ਲੈ ਕੇ ਯੂਨੀਵਰਸਿਟੀ ਤੱਕ
ਦੇ ਸਿਲੇਬਸ ’ਚ ਪੰਜਾਬੀ ਭਾਸ਼ਾ ਲਾਜ਼ਮੀ ਕੀਤੀ ਜਾਵੇ।
(11). ਪੰਜਾਬੀ ਭਾਸ਼ਾ ਨੂੰ ਤਮਾਮ ਆਧੁਨਿਕ ਤਕਨੀਕਾਂ ’ਚ ਸਮੇਂ ਦਾ ਹਾਣੀ
ਬਣਾਇਆ ਜਾਵੇ। ਆਦਿ।
ਉਪਰੋਕਤ ਦਿੱਤੇ ਗਏ ਤੁਛ ਬੁੱਧੀ ਅਨੁਸਾਰ ਕੁਝ ਕੁ ਸੁਝਾਵਾਂ ’ਚ ਹੋਰ ਵਿਸਥਾਰ
ਅਤਿ ਜ਼ਰੂਰੀ ਹੈ ਪਰ ਰਾਜਨੀਤਿਕ ਬੰਦਿਆਂ ਦੁਆਰਾ ਬੰਦ ਕਮਰੇ ’ਚ ਤਿਆਰ ਕੀਤੇ ਗਏ ਤੇ ਇੱਕ ਇਕੱਠ ਬੁਲਾ
ਕੇ ਪਾਸ ਕਰਵਾਏ ਗਏ ਰਾਜਨੀਤਿਕ ਸੋਚ ਅਧੀਨ ਉਕਤ ਫ਼ੈਸਲੇ ਕੇਵਲ ਸਿੱਖ ਜਜ਼ਬਾਤਾਂ ’ਚ ਆਏ ਉਛਾਲ ਨੂੰ
ਮੁੱਖ ਰੱਖ ਕੇ ਹੀ ਕੀਤੇ ਗਏ ਹਨ, ਜਿਨ੍ਹਾਂ ਨਾਲ ਸਿੱਖ ਕੌਮ ਨੂੰ ਲਾਭ ਘੱਟ ਤੇ ਨੁਕਸਾਨ ਵੱਧ ਹੋਵੇਗਾ
ਕਿਉਂਕਿ ਇਨ੍ਹਾਂ ਵਿੱਚ ਬਹੁਤੇ ਉਹ ਲੋਕ ਹਨ ਜੋ ਸਿੱਖ ਰਹਿਤ ਮਰਿਆਦਾ ਨੂੰ ਹੀ ਨਹੀਂ ਮੰਨਦੇ। ਅਜਿਹੇ
ਫ਼ੈਸਲੇ ਅਕਾਲੀ ਦਲ (ਬਾਦਲ) ਨਾਲੋਂ ਦੂਰੀ ਬਣਾਉਣ ਵਾਲਿਆਂ ਨੂੰ ਵੀ ਇੱਕ ਵਾਰ ਫਿਰ ਸੋਚਣ ਲਈ ਮਜ਼ਬੂਰ
ਕਰਨਗੇ ਤੇ ਸਿੱਖ ਕੌਮ ਇਸ ਬੁੱਢੀ ਮਾਨਸਿਕਤਾ (ਪ੍ਰਕਾਸ ਸਿੰਘ ਬਾਦਲ 85 ਸਾਲ ਤੇ ਸਿਮਰਨਜੀਤ ਸਿੰਘ
ਮਾਨ 70 ਸਾਲ) ਤੋਂ ਛੁਟਕਾਰਾ ਪਾਉਣ ’ਚ ਇੱਕ ਵਾਰ ਫਿਰ ਅਸਫਲ ਰਹਿ ਜਾਏਗੀ ਇਸ ਲਈ ਹਰ ਇੱਕ ਗੁਰੂ
ਪਿਆਰੇ ਨੂੰ ਸੋਚਣਾ ਚਾਹੀਦਾ ਹੈ ਕਿ
‘ਕੀ ‘ਏ’ ਦੀ ਬਜਾਏ ‘ਬੀ’ ਰਾਜਨੀਤਿਕ
ਪਾਰਟੀ ਦੇ ਨੁਮਾਇੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਾਬਜ ਹੋਣ ਨਾਲ ਸਿੱਖ ਸਮੱਸਿਆਵਾਂ
ਖ਼ਤਮ ਹੋ ਸਕਦੀਆਂ ਹਨ ?’
12/11/15)
ਸੁਰਿੰਦਰ ਸਿੰਘ 'ਖਾਲਸਾ'
ਸਰਬੱਤ
ਖਾਲਸਾ 2015
ਆ ਰਹੀ ਤਰੀਕ ਦਸ ਨਵੰਬਰ ਦੋ ਹਜਾਰ ਪੰਦਰਾਂ ਦੀ, ਸਰਬੱਤ ਖਾਲਸਾ ਅੰਮਿਤ੍ਰਸਰ ਵਿਖੇ ਹੋ
ਰਹਿਆ ਏ।
ਬਹੁਤ ਆਸਾਂ ਨੇ ਸਿੱਖਾਂ ਨੂੰ ਸਰਬੱਤ ਖਾਲਸਾ ਤੋਂ, ਪਰ ਖਾਲਸਾ ਜੀ ਤੁਹਾਡੇ ਨਾਂ ਤੇ ਇਹ ਕੀ ਹੋ ਰਹਿਆ
ਏ।
ਉਹੀ ਚੇਹਰੇ ਨੇ ਬਾਰ-ਬਾਰ ਪਹਿਚਾਨੇ ਹੋਏ, ਜਿਹਨਾਂ ਦੇ ਤਾਰ ਪਿੱਛੇ ਬੈਠਾ ਕੋਈ ਹੋਰ ਹਿਲਾਅ ਰਹਿਆ ਏ।
ਫਜ਼ੂਲ ਐ ਸਾਰਥਕ ਸਿੱਟੇ ਦੀ ਕੋਈ ਆਸ ਰਖਣੀ, ਇਤਿਹਾਸ ਹੀ ਅਪਣੇ ਆਪ ਨੂੰ ਦੁਹਰਾਅ ਰਹਿਆ ਏ।
ਏਥੋਂ ਵੀ ਹੱਥ ਪੱਲੇ ਸਿੱਖਾਂ ਦੇ ਕੁੱਝ ਵੀ ਨਹੀਂ ਪੈਣਾ, ਇਹ ਕੌੜਾ ਸੱਚ ਸਾਹਮਣੇ ਹੀ ਨਜ਼ਰ ਆ ਰਹਿਆ
ਏ।
ਸਰਬੱਤ ਖਾਲਸਾ ਲੰਘੇ ਤੋਂ ਬਾਅਦ।
ਸ਼ਰਬੱਤ ਖਾਲਸਾ ਦਾ ਰੌਲਾ ਕਈ ਦਿਨਾਂ ਤੋਂ ਪਾ ਰਹੇ ਸੀ, ਪਰ ਉਹ ਵੀ ਫਲਾਪ ਸ਼ੋ ਹੋ ਕਿ
ਰਹਿ ਗਿਆ ਏ।
ਪੰਥ ਦਰਦੀਆਂ ਦੇ ਹੱਥੋਂ ਵਾਗਡੋਰ ਖਿਸਕੀ, ਇਹ ‘ਅੰਦੋਲਣ’ ਵੀ ਹਾਈ ਜੈਕ ਹੋਣਾ ਹੀ ਸੀ ਹੋ ਗਿਆ ਏ।
ਪੰਥਪ੍ਰੀਤ ਤੇ ਢਡਰੀਆਂ ਵਾਲੇ ਆਏ ਹੀ ਨਹੀਂ, ਕਿਉਂ ਨਹੀਂ? ਇਹ ਇਸ਼ਾਰਾ ਹੀ ਸਭ ਕੁੱਝ ਕਹਿ ਗਿਆ ਏ।
ਬਿਨਾਂ ਪ੍ਰਾਪਤੀ ਤੋਂ ਹੋਏ ਐਲਾਨ ਨਾਮੇ, ਇੱਟ-ਇੱਟ ਕਰਕੇ ਉਸਾਰਿਆ ਕਿਲਾ ਇਕੋ ਝੱਟਕੇ ਢਹਿ ਗਿਆ ਏ।
ਕੀਤੇ ਤੇਰਾਂ ਐਲਾਨ ਨਾਮੇ ਸਰਬਤ ਖਾਲਸਾ ਜੀ ਨੇ, ਪਰ ਮੁਖ ਮਸਲਾ ਤਾਂ ਉਥੇ ਦਾ ਉਥੇ ਹੀ ਰਹਿ ਗਿਆ ਏ।
ਗੋਟੀਆਂ ਫਿੱਟ ਹੋਈਆਂ ਫਿਰ ਤੋਂ ਸ਼ਤਰੰਜ ਦੀਆਂ, ‘ਪੰਥ ਦੋਖੀ’ ਬਾਦਲ ਫੇਰ ਪੰਥ ਦੇ ਹਡੀਂ ਬਹਿ ਗਿਆ ਏ।
ਸਿੱਖਾਂ ਨੂੰ ਊਲੂ ਬਣਾਉਣਾ ਸੀ ਫਿਰ ਬਣਾ ਗਏ ਨੇ, ਇੱਕ ਵਾਰੀ ਫੇਰ ਦੁਸ਼ਮਨ ਮੈਦਾਨ ਮਾਰ ਕੇ ਲੈ ਗਿਆ
ਏ।
ਵਿਦੇਸ਼ੀਂ ਵਸੇ ਸਿੱਖਾਂ ਤੋਂ ਕੁੱਝ ਆਸ ਸੀ, ਸਭ ਨੂੰ, ਪਰ ਉਨ੍ਹਾਂ ਦਾ ਮੁਲ੍ਹਮਾਂ ਵੀ ਕੁੱਝ ਨਾ ਕੁੱਝ
ਲਹਿ ਗਿਆ ਏ।
ਜਗਤਾਰ ਸਿੰਘ ਹਵਾਰੇ ਦੇ ਨਾਮ ਨੂੰ ਵਰਤ ਲਿਆ ਏ, ਬਾਕੀਆਂ ਬਾਰੇ ਮੀਡੀਆ ਬਹੁਤ ਕੁੱਝ ਕਹਿ ਰਿਹਾ ਏ।
ਕੋਈ ਉਸਾਰੂ ਸੇਧ ਨਹੀਂ ਸਿੱਖਾਂ ਨੂੰ ਦੇ ਸਕਿਆ, ਇੱਕ ਗਧਾਰ ਦੀ ਗੱਦੀ ਕੋਈ ਦੂਜਾ ਹੋਰ ਬਹਿ ਗਿਆ ਏ।
ਕੌਣ ਨਫੇ `ਚ ਰਿਹਾ ਕੌਣ ਫਾਇਦਾ ਉਠਾ ਗਿਆ ਮੌਕੇ ਦਾ, ਪਰ ਸਿੱਖ ਕੌਮ ਨੂੰ ਤਾਂ ਘਾਟਾ ਹੀ ਪੈ ਗਿਆ ਏ।
ਸਿੱਖ ਕੌਮ `ਚ ਜ਼ੋਸ਼ ਤਾਂ ਕਦੇ ਵੀ ਘਟਿਆ ਨਹੀਂ, ਪਰ ਹਮੇਸ਼ਾ ਹੀ ਲੀਡਰਸ਼ਿੱਪ ਦਾ ਹੀ ਭੱਠਾ ਬਹਿ ਗਿਆ ਏ।
ਸ਼ਰਕਾਰ ਤੇ ਐਸ. ਜੀ. ਪੀ. ਸੀ ਕਿਉਂ ਇਨ੍ਹਾਂ ਦੀ ਗੱਲ ਮਨੇਂ, ‘ਮੱਕੜ’ ਤਾਂ ਸ਼ਰੇਆਮ ਪ੍ਰੈਸ `ਚ ਕਹਿ
ਰਿਹਾ ਏ।
ਕਿਤੇ ਫੇਰ ਨਾ ਸਿੱਖ, ਸਿੱਖਾਂ ਭਰਾਵਾਂ ਦਾ ਲਹੂ ਡੋਲ੍ਹਣ, ਇਸ ਖਦਸ਼ੇ ਦਾ ਅਲਾਰਮ. ਅੱਜ ਸਮਾਂ ਦੇ
ਰਿਹਾ ਏ।
ਸੁਰਿੰਦਰ ਸਿੰਘਾ ਸਿੱਖਾਂ ਦੀ ਏਹੋ ਟ੍ਰੇਜ਼ਡੀ ਏ, ਹੱਥ ਆਇਆ ਮੌਕਾ ਬਿਨਾਂ ਵਰਤਿਆਂ ਹਮੇਸ਼ਾ ਰਹਿ ਗਿਆ
ਏ।
ਸ੍ਰ ਸੁਰਿੰਦਰ ਸਿੰਘ 'ਖਾਲਸਾ' ਮਿਉਦ ਕਲਾਂ {ਫਤਿਹਾਬਾਦ} ਫੋਨ=94662
66708, 97287 43287,
E
-MAIL= [email protected] [email protected]
12/11/15)
ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਸਵੇਰਾ
- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਓਏ ਸ਼ੰਘਰਸ਼ ਦਿਆ ਪਾਂਧੀਆ ਬਹੁਤ ਔਖਾ ਰਾਹ ਅਜੇ ਤੇਰਾ,
ਅਜੇ ਸੂਰਜ ਦਾ ਬੀਅ ਨਹੀਂ ਫੁੱਟਿਆ ਹੈ ਅਜੇ ਵੀ ਘੁੱਪ ਹਨੇਰਾ ।
ਹੱਥ ਸਥਾਪਤੀ ਦੇ ਖੇਡੇ ਸੀ ਓਹ ਤੇ ਖੇਡ ਰਹੇ ਅੱਜ ਇਹ ਵੀ,
ਦੱਭ ਦੀ ਜੜ੍ਹ ਨਾ ਹਾਲੀਂ ਗਈ ਪੁੱਟੀ ਥੋੜ੍ਹਾ ਰੱਖ ਲੈ ਲੰਮਾ ਜੇਰਾ ।
ਤੇਰੇ ਗਲ਼ ਪਾਟੜੇ ਸੀ ਕੱਲ ਵੀ ਲੀਰਾਂ ਅੱਜ ਵੀ ਤੁਧ ਥਿਆਈਆਂ,
ਤੇਰੇ ਹੱਕ ਚਾਅ ਓਦਾਂ ਈ ਲੁੱਟੇ ਸੋਗੀ ਰਹਿ ਗਿਆ ਤੇਰਾ ਵਿਹੜਾ ।
ਜਿਉਂਦਿਆਂ ਸ਼ੁਮਾਰ ਨਹੀਂ ਹੁਣ ਵੀ ਕੀਤਾ ਲਾ ਅੱਗੇ ਬੱਸ ਹੱਕਿਆ,
ਜਬਰ ਓਂਵੇਂ ਤਖ਼ਤ 'ਤੇ ਕਾਬਜ਼ ਬਦਲਿਆ ਤਾਂ ਬੱਸ ਚਿਹਰਾ ।
ਅੱਖਾਂ 'ਤੇ ਬੱਧੇ ਜਦ ਤੱਕ ਇਹ ਖੋਪੇ ਪੰਜਾਲੀ ਗਲ਼ੋ ਨਾ ਲਹਿਣੀ,
ਓਹਨੀਂ ਘੇਰੀਂ ਘੁੰਮਦੇ ਰਹਿਣਾ ਰੁੱਲ ਜਾਣਾ ਸੁਫ਼ਨ ਸੁਨਹਿਰਾ ।
ਵਰਤਿਆ ਜਾਵੇ ਓਹੀ ਹਮੇਸ਼ਾ ਜੋ ਖ਼ੁਦ ਆਪਾ ਵਰਤਣ ਦੇਵੇ,
ਰਹਿੰਦੀ ਲੋੜ ਗਫ਼ਲਤ ਤੋਂ ਉੱਠੇ ਤਾਂ ਹੀ ਜਾਗੇ ਦਾ ਹੋਏ ਸਵੇਰਾ ।
ਜੋਸ਼ ਨਾਲ ਹੈ ਹੋਸ਼ ਜ਼ਰੂਰੀ ਕੰਵਲ ਵੇਗ ਸਹੀ ਰਾਹ ਲੋੜੰਦਾ,
ਰੋਹ ਨੂੰ ਸੰਗ ਜਦ ਮਿਲੇ ਸੋਚ ਦਾ ਫ਼ਿਰ ਟਿੱਕਦਾ ਅੱਗੇ ਕਿਹੜਾ ।
12/11/15)
ਗਿ: ਸੰਤੋਖ ਸਿੰਘ
ਜਿੰਨੇ
ਮੂੰਹ ਓਨੀਆਂ ਗੱਲਾਂ
ਉਪ੍ਰੋਕਤ ਸ਼ਬਦ ਪੇਂਡੂ ਪੰਜਾਬੀਆਂ ਦੇ ਵਿੱਚ ਆਮ ਹੀ ਮੂੰਹ ਚੜ੍ਹਿਆ ਮੁਹਾਵਰਾ ਹੈ। ਇਹ
ਹਰੇਕ ਉਸ ਸਮੇ ਵਰਤਿਆ ਜਾਂਦਾ ਹੈ ਜਦੋਂ ਕੋਈ ਹੈਰਾਨੀਜਨਕ ਮਾੜੀ ਘਟਨਾ ਵਾਪਰ ਜਾਵੇ ਤਾਂ ਹਰ ਕੋਈ ਖ਼ੁਦ
ਨੂੰ ਦੂਜਿਆਂ ਨਾਲ਼ੋਂ ਵਧੇਰੇ ਜਾਣਕਾਰੀ ਦਾ ਮਾਲਕ ਹੋਣ ਦਾ ਭਰਮ ਪਾਲ਼ਦਾ ਹੋਇਆ, ਆਪਣਾ ਤਬਸਰਾ ਕਰਦਾ ਹੈ
ਤੇ ਵਾਪਰਨ ਵਾਲੀ ਘਟਨਾ ਬਾਰੇ ਕੁੱਝ ਨਾ ਕੁੱਝ ਕਹਿੰਦਾ ਹੈ।
ਬੜਾ ਹੀ ਖ਼ੁਦ ਨੂੰ ਰੋਕ ਰੋਕ ਕੇ ਰੱਖਣ ਦਾ ਅਸਫ਼ਲ ਯਤਨ ਕੀਤਾ ਕਿ ਇਸ ਦੁਰਘਟਨਾਵਾਂ ਦੀ ਵਾਪਰ ਰਹੀ
ਲਗਾਤਾਰ ਕੜੀ ਬਾਰੇ ਮੈਂ ਨਾ ਕੁੱਝ ਬੋਲਾਂ ਤੇ ਨਾ ਲਿਖਾਂ ਕਿਉਂਕਿ ਮੇਰੇ ਨਾਲੋਂ ਕਿਤੇ ਵਧੇਰੇ
ਜਾਣਕਾਰ ਇਸ ਬਾਰੇ ਬਹੁਤ ਕੁੱਝ ਬੋਲ ਅਤੇ ਲਿਖ ਰਹੇ ਹਨ ਤੇ ਮੇਰੇ ਵਿਚਾਰ ਵੀ ਬਹੁਤੇ ਸੱਜਣਾਂ ਦੇ
ਵਿਚਾਰਾਂ ਦੇ ਅਨਕੂਲ ਵੀ ਸ਼ਾਇਦ ਨਾ ਹੀ ਹੋਣ! ਪਰ ਫਿਰ ਵੀ ਰਿਹਾ ਨਹੀਂ ਗਿਆ ਤੇ ਮੀਡੀਏ ਤੇ ਫ਼ੋਨਾਂ
ਤੋਂ ਪ੍ਰਾਪਤ ਹੋਈ ਜਾਣਕਾਰੀ ਦੇ ਆਧਾਰ ਤੇ ਮੈਂ ਇਸ ਬਾਰੇ ਕੁੱਝ ਕਹਿਣ ਦਾ ਵਿਚਾਰ ਬਣਾ ਹੀ ਲਿਆ।
ਪੰਜਾਬ ਦੀ ਮੌਜੂਦਾ ਘਟਨਾ ਬਾਰੇ ਵੀ ਜਿੰਨੇ ਮੂੰਹ ਓਨੀਆਂ ਗੱਲਾਂ ਹੀ ਹੋ ਰਹੀਆਂ ਹਨ। ਸੋਸ਼ਲ ਮੀਡੀਏ
ਉਪਰ ਹਰ ਕੋਈ ਆਪਣੇ ਵਿਚਾਰ ਦੇ ਕੇ, ਦੂਜਿਆਂ ਨਾਲ਼ੋਂ ਖ਼ੁਦ ਨੂੰ ਵਧੇਰੇ ਠੀਕ ਦਰਸਾਉਣ ਵਿੱਚ ਰੁਝਿਆ
ਹੋਇਆ ਦਿਖਾਈ ਦਿੰਦਾ ਹੈ। ਜਦੋਂ ਸਿਰਸੇ ਵਾਲ਼ੇ ਬਾਰੇ ੨੦੦੭ ਵਿੱਚ ਰੌਲ਼ਾ ਪਿਆ ਸੀ ਤਾਂ ਮੈਂ ਓਦੋਂ
ਯੂਰਪ ਵਿੱਚ ਸਾਂ ਤੇ ਉਸ ਸਮੇ ਮੈਂ ਆਪਣੇ ਵਿਚਾਰ ਪਰਗਟ ਕਰਨ ਵਾਲਾ ਇੱਕ ਲੇਖ ਲਿਖਿਆ ਸੀ ਜਿਸ ਵਿੱਚ
ਇਸ ਦੁਰਘਟਨਾ ਰਾਹੀਂ, ਪੰਜਾਬ ਦੇ ਅਮਨ ਨੂੰ ਅੱਗ ਲਾਉਣ ਦੇ ਕੋਝੇ ਯਤਨਾਂ ਬਾਰੇ ਦੱਸਣ ਦਾ ਯਤਨ ਕੀਤਾ
ਸੀ। ਉਸ ਸਮੇ ਸਿੱਖ ਨੌਜਵਾਨੀ ਦੇ ਗਰਮ ਖ਼ੂਨ ਨੇ ਉਬਾਲ਼ਾ ਖਾਧਾ ਤੇ ਸਿੱਖ ਸੰਗਤਾਂ ਪਾਸੋਂ ਫੋਕੀ ਵਡਿਆਈ
ਲੈਣ ਵਾਸਤੇ, ਸਾਡੇ ਧਰਮ ਦੇ ਆਗੂਆਂ ਵੱਲੋਂ ਉਸ ਦੇ ਬਾਈਕਾਟ ਕਰਨ ਦਾ ‘ਹੁਕਮਨਾਮਾ’ ਜਾਰੀ ਕਰ ਦਿਤਾ
ਗਿਆ ਸੀ ਜਿਸ ਉਪਰ ਅਮਲ ਕਰਦਿਆਂ ਹੋਇਆਂ ਕਈ ਥਾਂਵਾਂ ਤੇ ਸਿੱਖੀ ਜੋਸ਼ ਵਾਲ਼ੇ ਨੌਜਵਾਨਾਂ ਅਤੇ ਸਿਰਸੇ
ਵਾਲੇ ਦੇ ਸ਼ਰਧਾਲੂਆਂ ਵਿੱਚ ਟਕਰਾ ਵੀ ਹੋਏ। ਦੋਹੀਂ ਪਾਸੀਂ ਮਾਰ ਕੁੱਟ ਨਾਲ਼ ਕੁੱਝ ਜੋਸ਼ੀਲਿਆਂ ਨੂੰ
ਸੱਟਾਂ ਲੱਗੀਆਂ ਤੇ ਮੌਤਾਂ ਵੀ ਹੋਈਆਂ ਤੇ ਮੁਕਦਮਿਆਂ ਦਾ ਸਾਹਮਣਾ ਵੀ ਕਰਨਾ ਪਿਆ। ਇਹ ਘਟਨਾ ਸਮੇ ਦੇ
ਗੁਜ਼ਰਨ ਸਦਕਾ ਠੰਡੀ ਪੈ ਰਹੀ ਸੀ ਤਾਂਹੀਉਂ ਅਚਾਨਕ ਇੱਕ ਦਿਨ ਸਵੇਰੇ ਸਵੇਰੇ ਫ਼ੇਸ ਬੁੱਕ ਉਪਰ, ਨਾ
ਮੰਨਣ ਯੋਗ ਖ਼ਬਰ ਪਰਗਟ ਹੋਈ ਕਿ ਸਾਡੇ ਧਰਮ ਦੇ ਆਗੂਆਂ ਨੇ ਸਿਰਸੇ ਵਾਲ਼ੇ ਨੂੰ ਮਾਫ਼ੀ ਦੇ ਦਿਤੀ ਹੈ।
ਧਰਮ ਸਥਾਨਾਂ ਦੀਆਂ ਗੱਦੀਆਂ ਉਪਰ ਸਜੇ ਹੋਏ ਤੇ ਲਾਲ ਬੱਤੀਆਂ ਰਫ਼ਲਾਂ ਵਾਲ਼ੇ ਪੁਲਸੀਆਂ ਦੀਆਂ ਟੁਕੜੀਆਂ
ਵਿੱਚ ਘਿਰ ਕੇ ਵਿਚਰਨ ਵਾਲ਼ੇ ਪੰਜ ਸੱਜਣਾਂ ਵੱਲੋਂ, ਚੁੱਪ ਚੁਪੀਤੇ ਅਚਾਨਕ ਹੀ ਚੌਵੀ ਸਤੰਬਰ ਵਾਲ਼ੇ
ਦਿਨ, ਉਸ ਨੂੰ ‘ਮਾਫ਼ੀ’ ਦੇਣ ਦਾ ਐਲਾਨ ਕੱਛ ਵਿਚੋਂ ਕਢ ਮਾਰਿਆ ਜਿਸ ਨਾਲ਼ ਚਾਰ ਚਾਰ ਚੁਫੇਰੇ ਸਿਖ
ਸੰਗਤਾਂ ਵਿੱਚ ਹਾਹਾਕਾਰ ਮਚ ਗਈ। ਇਸ ਦੌਰਾਨ ਇੱਕ ਹੋਰ ਇਤਿਹਾਸ ਵਿਚੋਂ ਪਹਿਲਾਂ ਕੋਈ ਮਿਸਾਲ ਨਾ
ਮਿਲਣ ਵਾਲ਼ੀ ਘਟਨਾ ਵੀ ਵਾਪਰ ਗਈ ਕਿ ਇਸ ਰੌਲ਼ੇ ਗੌਲ਼ੇ ਦੌਰਾਨ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ
ਅੰਮ੍ਰਿਤ ਛਕਾਉਣ ਸਮੇ ਪੰਜ ਪਿਆਰਿਆਂ ਦੀ ਸੇਵਾ ਨਿਭਾਉਣ ਵਾਲ਼ੇ ਪੰਜ ਸਿੰਘਾਂ ਨੇ, ਅਸਾਧਾਰਣ ਦਲੇਰੀ
ਵਿਖਾਉਂਦਿਆਂ ਹੋਇਆਂ, ਸਿਰਸੇ ਵਾਲ਼ੇ ਨੂੰ ਮਾਫ਼ੀ ਦੇਣ ਵਾਲ਼ੇ ਪੰਜ ਮੁਖੀ ਸੱਜਣਾਂ ਨੂੰ ਸ੍ਰੀ ਅਕਾਲ ਤਖ਼ਤ
ਸਾਹਿਬ ਵਿਖੇ ਪੇਸ਼ ਹੋ ਕੇ ਇਸ ਬਾਰੇ ਆਪਣਾ ਪੱਖ ਦੱਸਣ ਲਈ ਤਲਬ ਕਰ ਲਿਆ। ਅਜਿਹਾ ਪਹਿਲਾਂ ਕਦੇ
ਇਤਿਹਾਸ ਵਿੱਚ ਨਹੀਂ ਸੀ ਹੋਇਆ। ਇਹ ਵੱਖਰੀ ਗੱਲ ਹੈ ਕਿ ਪੰਜ ਮੁਖੀ ਜਥੇਦਾਰ ਉਹਨਾਂ ਸਾਹਮਣੇ ਪੇਸ਼
ਨਹੀਂ ਹੋਏ। ਇਸ ਦੌਰਾਨ ਸੰਗਤਾਂ ਦੇ ਰੋਹ ਨੂੰ ਵੇਖ ਕੇ ‘ਮਾਫ਼ੀ’ ਵਾਲ਼ਾ ਫੈਸਲਾ ਵਾਪਸ ਲੈਣਾ ਪਿਆ। ਇਹ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੀ ਹੋਇਆ। ਇਸ ਦੌਰਾਨ ਸ੍ਰੀ ਪਟਨਾ ਸਾਹਿਬ
ਤੋਂ ਹੋਰ ਪੰਜ ਸਿੰਘਾਂ ਦਾ ਬਿਆਨ ਆ ਗਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਾਲ਼ੇ ਪੰਜ ਪਿਆਰਿਆਂ ਦਾ ਪੰਜ
ਸਿੰਘ ਸਾਹਿਬਾਨ ਨੂੰ ਦਿਤਾ ਗਿਆ ਸੱਦਾ ਗ਼ਲਤ ਹੈ। ਇਸ ਤਰ੍ਹਾਂ ਪੰਜ ਪਿਆਰਿਆਂ ਦੀ ਸੰਸਥਾ ਨੂੰ ਵੀ
ਹਾਸੋਹੀਣੀ ਹਾਲਤ ਵਿੱਚ ਲਿਆਉਣ ਦਾ ਕੋਝਾ ਯਤਨ ਕਰਕੇ, ਇਸ ਸੰਸਥਾ ਦੇ ਵਕਾਰ ਨੂੰ ਢਾਹ ਲਾਉਣ ਦੇ ਯਤਨ
ਹੋਏ। ਇਹ ਵੀ ਸਿੱਖ ਇਤਿਹਾਸ ਦੀਆਂ ਮੰਦਭਾਗੀਆਂ ਘਟਨਾਵਾਂ ਵਿਚੋਂ ਇੱਕ ਹੋਰ ਦੁਰਘਟਨਾ ਘਟ ਗਈ।
ਅਜਿਹੇ ਘਟਨਾ ਕਰਮਾਂ ਵਿੱਚ ਸਿੱਖੀ ਸਿਧਾਂਤਾਂ ਨੂੰ ਜੋ ਢਾਹ ਲੱਗ ਰਹੀ ਹੈ ਇਸ ਵਰਗਾ ਇਤਿਹਾਸ ਵਿੱਚ
ਪਹਿਲਾਂ ਕੋਈ ਸਮਾ ਵੇਖਣ ਸੁਣਨ ਵਿੱਚ ਨਹੀਂ ਆਇਆ।
ਇਕ ਜੂਨ ਦੀ ਰਾਤ ਨੂੰ ਇੱਕ ਪਿੰਡ ਦੇ ਗੁਰਦੁਆਰਾ ਸਾਹਿਬ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ
ਸਰੂਪ ਚੋਰੀ ਹੋ ਗਿਆ। ਜੁਮੇਵਾਰਾਂ ਵੱਲੋਂ ਦੋ ਜੂਨ ਨੂੰ ਠਾਣੇ ਵਿੱਚ ਐਫ਼. ਆਈ. ਆਰ. ਦਰਜ ਕਰਵਾ ਦਿਤੀ
ਗਈ ਪਰ ਪੁਲਿਸ ਦੋਸ਼ੀ ਨਹੀਂ ਲਭ ਸਕੀ। ਜੇਹੜੇ ਛੇ ਸ਼ੱਕੀ ਬੰਦਿਆਂ ਦੇ ਰੀਪੋਰਟ ਵਿੱਚ ਨਾ ਲਿਖਵਾਏ ਗਏ
ਸਨ ਉਹਨਾਂ ਨੂੰ ਪੁੱਛ ਪੜਤਾਲ ਕਰਨ ਲਈ ਠਾਣੇ ਲਿਜਾਣ ਦੀ ਬਜਾਇ, ਉਹਨਾਂ ਦੀ ਰੱਖਿਆ ਵਾਸਤੇ ਗੰਨ ਮੈਨ
ਦੇ ਦਿਤੇ ਗਏ। ਪੰਜਾਬ ਪੁਲਿਸ ਦਾ ਤਾਂ ਰੀਕਾਰਡ ਰਿਹਾ ਹੈ ਕਿ ਜੇ ਕਿਤੇ ਪਿੰਡ ਵਿੱਚ ਕੋਈ ਘਟਨਾ ਵਾਪਰ
ਜਾਵੇ ਤਾਂ ਸਾਰਾ ਪਿੰਡ ਹੀ ਲੰਮਾ ਪਾ ਕੇ ਗਿੱਦੜ ਕੁੱਟ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੀ ਤੇ ਜੇ
ਚਾਹੇ ਤਾਂ ਅਸਲ ਦੋਸ਼ੀ ਲਭ ਲੈਂਦੀ ਹੈ ਪਰ ਏਥੇ ਬਿਲਕੁਲ ਇਸ ਤੋਂ ਉਲਟ ਹੀ ਹੋਇਆ; ਸ਼ੱਕੀਆਂ ਨੂੰ ਫੜਨ
ਦੀ ਬਜਾਇ ਨਿਰਦੋਸ਼ ਦੋ ਭਰਾਵਾਂ ਨੂੰ ਠਾਣੇ ਵਿੱਚ ਕਈ ਦਿਨ ਤੌਣੀ ਲਾਈ ਗਏ ਤੇ ਬਾਵਜੂਦ ਸਾਰੇ ਪੁਲਿਸੀ
ਹੱਥ ਕੰਡਿਆਂ ਦੇ, ਉਹਨਾਂ ਪਾਸੋਂ ਇਕਬਾਲ ਨਹੀ ਕਰਵਾ ਸਕੇ; ਤੇ ਅਖੀਰ ਚਾਰ ਚੁਫੇਰਿਉਂ ਦੁਰਲਾਹਨਤ ਪੈਣ
ਕਰਕੇ, ਉਹਨਾਂ ਨੂੰ ਛੱਡਣਾ ਹੀ ਪਿਆ। ਮੇਰੇ ਖਿਆਨ ਅਨਸੁਾਰ ਇਹ ਸਾਰਾ ਡਰਾਮਾ ਅਸਲ ਦੋਸ਼ੀਆਂ ਵੱਲੋਂ
ਜਨਤਾ ਦਾ ਧਿਆਨ ਹਟਾਉਣ ਵਾਸਤੇ ਹੀ ਕੀਤਾ ਗਿਆ ਤੇ ਕੀਤਾ ਜਾ ਰਿਹਾ ਹੈ। ਫਿਰ ਕੁੱਝ ਦਿਨਾਂ ਪਿੱਛੋਂ
ਕੰਧ ਉਪਰ ਹੱਥ ਲਿਖਤ ਇਸ਼ਤਿਹਾਰ ਚਿਪਕਿਆ ਪੜ੍ਹਿਆ ਗਿਆ ਜਿਸ ਵਿੱਚ ਕੁੱਝ ਇਸ ਭਾਵ ਦੀਆਂ ਗੱਲਾਂ
ਲਿਖੀਆਂ ਹੋਈਆਂ ਪੜ੍ਹੀਆਂ ਗਈਆਂ ਕਿ ਤੁਹਾਡਾ ਵੱਡਾ ਗੁਰੂ ਸਾਡੀ ਕੈਦ ਵਿੱਚ ਹੈ, ਤੇ ਹੈ ਵੀ ਏਸੇ
ਪਿੰਡ ਵਿਚ; ਹਿੰਮਤ ਹੈ ਤਾਂ ਲਭ ਲਵੋ। ਜੇਕਰ ਸਾਡੇ ‘ਗੁਰੂ’ ਦੀ ਫ਼ਿਲਮ ਨਾ ਚੱਲਣ ਦਿਤੀ ਗਈ ਤਾਂ ਅਸੀਂ
ਤੁਹਾਡੇ ਗੁਰੂ ਦੇ ਪੱਤਰੇ ਗਲ਼ੀਆਂ ਵਿੱਚ ਖਿਲਾਰਾਂਗੇ। ਇਸ ਰੌਲ਼ੇ ਗੌਲ਼ੇ ਵਿੱਚ ਹੀ ਸਿੰਘ ਸਾਹਿਬਾਨ ਨੇ
ਚੁਪ ਚੁਪੀਤੇ ਹੀ ਸਿਰਸੇ ਵਾਲ਼ੇ ਦੀ ਮੁਆਫ਼ੀ ਵਾਲਾ ਕੱਛ ਵਿਚੋਂ ਬੰਬ ਚਲਾ ਦਿਤਾ। ਇਸ ਨਾਲ਼ ਸਿੱਖ
ਸੰਗਤਾਂ ਵਿੱਚ ਰੋਸ ਦੀ ਲਹਿਰ ਚੱਲ ਪਈ ਤੇ ਥਾਂ ਥਾਂ ਤੇ ਧਰਨੇ ਦੇ ਕੇ ਜੋਸ਼ੀਲੇ ਸਿੰਘਾਂ ਨੇ ਆਮ ਜਨਤਾ
ਦਾ ਨੱਕ ਵਿੱਚ ਦਮ, ਹਫ਼ਤਾ ਭਰ ਕਰੀ ਰਖਿਆ। ਬੰਦਾ ਪੁੱਛੇ ਭਈ ਇਸ ਵਿੱਚ ਆਮ ਜਨਤਾ ਦਾ ਕੀ ਕਸੂਰ
ਜਿਨ੍ਹਾਂ ਨੂੰ ਤੁਸੀਂ ਬਿਨਾ ਕਸੂਰੋਂ ਸਜਾ ਦੇ ਰਹੇ ਓ? ਜੇਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ
ਨਹੀਂ ਮੰਨਦੇ ਤੇ ਉਹਨਾਂ ਨੂੰ ਇਹਨਾਂ ਦੁਰਘਟਨਾਵਾਂ ਦਾ ਕੋਈ ਦੁੱਖ ਨਹੀਂ ਹੈ, ਉਹਨਾਂ ਦੇ ਕਾਰੋਬਾਰਾਂ
ਨੂੰ ਤੁਸੀਂ ਤਲਵਾਰਾਂ ਦੀਆਂ ਨੋਕਾਂ ਨਾਲ਼ ਬੰਦ ਕਰਵਾਉਣ ਦਾ ਨਾਜਾਇਜ਼ ਕਾਰਜ ਕਰਕੇ ਹਿੰਦੂ ਸਿੱਖ
ਫ਼ਸਾਦਾਂ ਨੂੰ ਜਨਮ ਦੇ ਰਹੋ ਹੋ। ਸੜਕਾਂ ਉਪਰ ਧਰਨਿਆਂ ਸਮੇ ਨੰਗੀਆਂ ਤਲਵਾਰਾਂ ਲਹਿਰਾ ਕੇ ਖ਼ੁਦ ਮੀਡੀਏ
ਸਾਹਮਣੇ ਦੋਸ਼ੀ ਬਣ ਰਹੇ ਹੋ। ਘੇਰੋ ਉਸ ਠਾਣੇ ਨੂੰ ਜਿਥੇ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਉਸ ਵੱਲੋਂ
ਦੋਸ਼ੀ ਨਹੀਂ ਲਭੇ ਜਾ ਰਹੇ। ਘੇਰੋ ਉਸ ਵਜ਼ੀਰ ਦਾ ਘਰ ਤੇ ਦਫ਼ਤਰ ਜੋ ਪੁਲਿਸ ਮਹਿਕਮੇ ਦਾ ਇਨਚਾਰਜ ਵਜ਼ੀਰ
ਹੈ। ਘੇਰੋ ਮੁਖ ਮੰਤਰੀ ਨੂੰ ਜਿਸ ਦੇ ਰਾਜ ਵਿੱਚ ਇਹ ਅਨਰਥ ਹੋ ਰਿਹਾ ਹੈ। ਫਿਰ ਹੋਰ ਅਣਹੋਣੀ ਹੋ ਰਹੀ
ਹੈ ਕਿ ਆਏ ਦਿਨ ਅਜਿਹੀਆਂ ਦੁਰਘਟਨਾਵਾਂ ਲਗਾਤਾਰ ਹੋਈ ਹੀ ਜਾ ਰਹੀਆਂ ਹਨ; ਇਹਨਾਂ ਵਿੱਚ ਠਲ੍ਹ ਨਹੀਂ
ਪੈ ਰਹੀ। ਨਾ ਕੋਈ ਦੋਸ਼ੀ ਫੜਿਆ ਜਾਂਦਾ ਹੈ ਤੇ ਨਾ ਹੀ ਗੁਰਦੁਆਰਿਆਂ ਦੇ ਪ੍ਰਬੰਧਕ, ਸੰਗਤਾਂ, ਸਤਿਕਾਰ
ਕਮੇਟੀਆਂ ਦੋਸ਼ੀਆਂ ਨੂੰ ਫੜਨ ਲਈ ਕੋਈ ਉਦਮ ਕਰ ਰਹੀਆਂ ਹਨ।
ਬਹੁਤਾ ਰੌਲ਼ਾ ਪੈਣ ਤੇ ਫਿਰ ਜੇ ਫੜਿਆ ਵੀ ਹੈ ਤੇ ਉਹਨਾਂ ਬੇਕਸੂਰ ਗੁਰਸਿੱਖ ਨੌਜਵਾਨਾਂ ਨੂੰ ਜੇਹੜੇ
ਇਸ ਦੁੱਖ ਵਿੱਚ ਆਪ ਸ਼ਾਮਲ ਹਨ। ਫਿਰ ਬਿਨਾ ਪੜਤਾਲ ਕਰਕੇ ਸਚਾਈ ਲਭਣ ਤੋਂ ਪਹਿਲਾਂ ਹੀ ਉਹਨਾਂ ਨੂੰ
ਮੀਡੀਏ ਸਾਹਮਣੇ ਪੇਸ਼ ਕਰਕੇ ਦੋਸ਼ੀ ਗਰਦਾਨ ਦਿਤਾ ਗਿਆ ਤੇ ਵਿਦੇਸ਼ੀ ਫ਼ੰਡਾਂ ਬਾਰੇ ਵੀ ਬੜੀ ਬੇਬਾਕੀ ਨਾਲ
ਦੱਸਿਆ ਗਿਆ। ਹੈਰਾਨੀ ਵਾਲ਼ੀ ਗੱਲ ਇਹ ਵੀ ਹੈ ਕਿ ਪੰਜਾਬ ਪੁਲਿਸ ਵਿੱਚ ਬਹੁਤੇ ਮੁਲਾਜ਼ਮ ਤੇ ਅਫ਼ਸਰ
ਦਾਹੜੀਆਂ ਕੁਤਰੀਆਂ ਵਾਲੇ ਸਿੱਖ ਹੀ ਹਨ ਪਰ ਇਹ ਝੂਠ ਬੁਲਵਾਉਣ ਲਈ ਚੁਣਿਆ ਵੀ ਉਸ ਬਹੁਤ ਵੱਡੇ ਸਿੱਖ
ਅਫ਼ਸਰ ਨੂੰ ਗਿਆ ਜਿਸ ਦੀ ਦਾਹੜੀ ਸਾਬਤ ਹੈ। ਸ਼ਾਇਦ ਇਹ ਇਸ ਲਈ ਕੀਤਾ ਗਿਆ ਹੋਵੇ ਕਿ ਸਿੱਖ ਇਹ ਭਲੇਖਾ
ਖਾ ਜਾਣ ਕਿ ਸਾਬਤ ਦਾਹੜੀ ਵਾਲਾ ਸਿੱਖ ਸ਼ਾਇਦ ਸੱਚ ਹੀ ਬੋਲ ਰਿਹਾ ਹੋਵੇ!
ਜਿੰਨੇ ਮੂੰਹ ਓਨੀਆਂ ਗੱਲਾਂ:
1. ਹੁਣ ਗੱਲ ਵਿਚਾਰ ਲਈਏ ਉਪ੍ਰੋਕਤ ਸਿਰਲੇਖ ਦੀ ਰੋਸ਼ਨੀ ਵਿਚ: ਕੋਈ ਤਾਂ ਆਖਦਾ ਹੈ ਕਿ
ਇਹ ਪਾਕਿਸਤਾਨ ਦੀ ਸ਼ਰਾਰਤ ਹੈ। ਉਹ ਪੰਜਾਬ ਵਿੱਚ ਗੜਬੜ ਫੈਲਾਉਣ ਲਈ ਕਰਵਾ ਰਿਹਾ ਹੈ ਕਿਉਂਕਿ ਉਹ
ਬੰਗਲਾ ਦੇਸ਼ ਵਾਲ਼ੀ ਘਟਨਾ ਨੂੰ ਨਹੀਂ ਭੁੱਲਿਆ।
2. ਇਕ ਜਾਣਕਾਰ ਸੱਜਣ ਨੇ ਫ਼ੋਨ ਰਾਹੀਂ ਦੱਸਿਆ ਕਿ ਇਹ ਘਟਨਾਕ੍ਰਮ ਦੀ ਉਸ ਨੂੰ ਵੀ ਕੋਈ ਸਮਝ ਨਹੀਂ ਆ
ਰਹੀ।
3. ਇਕ ਸੱਜਣ ਦਾ ਇਹ ਵਿਚਾਰ ਹੈ ਕਿ ਇਹ ਸਾਰਾ ਕੁੱਝ ਸਰਕਾਰ ਉਪਰ ਕਾਬਜ਼ ਲੋਕ ਹੀ ਕਰਵਾ ਰਹੇ ਹਨ
ਕਿਉਂਕਿ ਅਗਲੀਆਂ ਚੋਣਾਂ ਜਿੱਤਣ ਲਈ ਇਹ ਸਾਰੇ ਹੱਥਕੰਡੇ ਵਰਤੇ ਜਾ ਰਹੇ ਹਨ। ਪਿਛਲੀਆਂ ਲੋਕ ਸਭਾ
ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਫ਼ਲਤਾ ਦੀ ਰੋਸ਼ਨੀ ਵਿਚ, ਜਰੂਰੀ ਹੈ ਕਿ ਉਸ ਦਾ ਵੋਟ ਬੈਂਕ ਵਾਪਸ
ਖਿੱਚਿਆ ਜਾਵੇ ਜਿਸ ਉਪਰ ਸਿਰਸੇ ਵਾਲ਼ੇ ਦਾ ਪ੍ਰਭਾਵ ਹੈ। ਭਗਵੰਤ ਮਾਨ ਦੀ ਸ਼ਰਾਬ ਵਾਲ਼ੀ ਘਟਨਾ ਨੂੰ ਵੀ
ਇਸ ਨਾਲ ਹੀ ਜੋੜਿਆ ਜਾ ਰਿਹਾ ਹੈ। ਇਹ ਕੁੱਝ ਕਰਨ ਲਈ ਉਸ ਦੀ ਮਾਫ਼ੀ ਦਾ ਡਰਾਮਾ ਕਰਨਾ ਜਰੂਰੀ ਸੀ। ਇਸ
ਡਰਾਮੇ ਦਾ ਬੁਰਾ ਪ੍ਰਭਾਵ ਸਿੱਖ ਜਨਤਾ ਉਪਰ ਪੈਣਾ ਸੀ ਤੇ ਸਿੱਖ ਜਨਤਾ ਦੇ ਧਿਆਨ ਨੂੰ ਹੋਰ ਪਾਸੇ ਮੋੜ
ਦੇਣ ਲਈ ਇਹ ਕੁੱਝ ਕੀਤਾ/ਕਰਵਾਇਆ ਜਾ ਰਿਹਾ ਹੈ ਤਾਂ ਕਿ ਉਸ ਦੀ ਮਾਫ਼ੀ ਵਾਲ਼ੀ ਗੱਲ ਪਿਛੋਕੜ ਵਿੱਚ ਚਲੀ
ਜਾਵੇ।
4. ਇਕ ਹੋਰ ਵਿਚਾਰ ਵੀ ਹੈ ਕਿ ਜਦੋਂ ਸਰੂਪ ਚੋਰੀ ਕਰਨ ਵਾਲ਼ੇ ਇਹ ਲਿਖਤੀ ਮੰਨਦੇ ਹਨ ਕਿ ਉਹਨਾਂ ਦੇ
‘ਗੁਰੂ’ ਦੀ ਫ਼ਿਲਮ ਚੱਲਣ ਵਿੱਚ ਰੁਕਾਵਟ ਨਾ ਪਾਈ ਜਾਵੇ ਇਸ ਲਈ ਇਹ ਕੁੱਝ ਕੀਤਾ ਜਾ ਰਿਹਾ ਹੈ ਤਾਂ
ਕਿਉਂ ਨਹੀਂ ਉਸ ਪਾਸੇ ਨੂੰ ਪੁਲਸੀ ਪੜਤਾਲ ਦਾ ਮੂੰਹ ਕੀਤਾ ਜਾ ਰਿਹਾ! ਸ਼ਿਕਾਇਤ ਵਿੱਚ ਲਿਖਵਾਏ ਗਏ
ਸ਼ੱਕੀ ਨਾਵਾਂ ਵਾਲ਼ਿਆਂ ਨੂੰ ਕਿਉਂ ਨਹੀਂ ਪੜਤਾਲ ਵਿੱਚ ਸ਼ਾਮਲ ਕੀਤਾ ਜਾ ਰਿਹਾ!
ਸਿਰਸੇ ਵਾਲ਼ੇ ਬਾਰੇ ੨੦੦੭ ਵਿੱਚ ਪਿਆ ਰੌਲ਼ਾ ਤੇ ਉਸ ਤੋਂ ਪੈਦਾ ਹੋਏ ਜੋਸ਼ੀਲੇ ਹਾਲਾਤ ਵਿਚ, ਸਿੱਖ ਧਰਮ
ਦੇ ਪੰਜ ਮੁਖੀ ਜਥੇਦਾਰਾਂ ਵੱਲੋਂ ਉਸ ਦੇ ਖ਼ਿਲਾਫ਼ ਕੋਈ ਫਤਵਾ ਜਾਰੀ ਕਰਵਾਇਆ ਜਾਣਾ ਹੀ ਗ਼ਲਤ ਗੱਲ ਸੀ।
ਜੇਹੜਾ ਸ਼ਖ਼ਸ਼ ਖ਼ੁਦ ਨੂੰ ਸਿੱਖ ਹੀ ਨਹੀਂ ਮੰਨਦਾ ਤੇ ਉਸ ਨੇ ਵੱਖਰਾ ਮਜ਼ਹਬ ਚਲਾ ਲਿਆ ਹੈ; ਉਸ ਦੇ ਬਾਰੇ
ਦੂਸਰੇ ਧਰਮ ਦੇ ਆਗੂਆਂ ਵੱਲੋਂ ਜਾਰੀ ਕੀਤੇ ਗਏ ਕਿਸੇ ਫਤਵੇ ਦਾ ਕੀ ਮਤਲਬ ਰਹਿ ਜਾਂਦਾ ਹੈ! ਫਿਰ ਜੇ
ਇਹ ਗ਼ਲਤੀ ਉਹਨਾਂ ਪਾਸੋਂ ਕਰਵਾ ਹੀ ਲਈ ਗਈ ਸੀ ਤਾਂ ਉਹਨਾਂ ਪਾਸੋਂ ‘ਮਾਫ਼ੀ’ ਵਾਲਾ ਡਰਾਮਾ ਨਹੀਂ ਸੀ
ਕਰਵਾਉਣਾ ਚਾਹੀਦਾ। ਹੌਲ਼ੀ ਹੌਲ਼ੀ ਆਪਣੇ ਆਪ ਇਹ ਗੱਲ ਠੰਡੀ ਪੈਂਦੀ ਜਾ ਰਹੀ ਸੀ। ਜਦੋਂ ਇਹ ‘ਮਾਫ਼ੀ’
ਵਾਲ਼ੀ ਗੋਲ਼ੀ ਸਿੱਖਾਂ ਦੇ ਸੰਘੋਂ ਉਤਰਨੀ ਔਖੀ ਹੋ ਗਈ ਤੇ ਸਿੱਖ ਸੰਸਾਰ ਅੰਦਰ ਚਾਰ ਚੁਫੇਰੇ ਹਾਹਾਕਾਰ
ਮਚ ਗਈ ਤਾਂ ਜਥੇਦਾਰਾਂ ਪਾਸੋਂ ਇੱਕ ਹੋਰ ਗ਼ਲਤੀ, ‘ਮਾਫ਼ੀ’ ਵਾਪਸ ਲੈਣ ਵਾਲ਼ੀ ਕਰਵਾ ਦਿਤੀ ਗਈ। ਇਸ
ਤਰ੍ਹਾਂ ਲਗਾਤਾਰ ਇਕੋ ਮਸਲੇ ਤੇ ਤਿੰਨ ਗ਼ਲਤੀਆਂ ਕਰਵਾਈਆਂ ਗਈਆਂ। ਇਸ ਵਿੱਚ ਮੈਂ ਉਹਨਾਂ ਪੰਜ
ਜਥੇਦਾਰਾਂ ਦਾ ਕੋਈ ਖਾਸ ਕਸੂਰ ਨਹੀਂ ਮੰਨਦਾ ਕਿਉਂਕਿ ਉਹਨਾਂ ਦੀ ਪੁਜ਼ੀਸ਼ਨ ਤਾਂ, “ਕਾਠ ਕੀ ਪੁਤਲੀ
ਕਹਾ ਕਰੈ ਬਪੁਰੀ ਖੇਲਾਵਨਹਾਰੋ ਜਾਨੈ॥” ਵਾਲ਼ੀ ਹੀ ਹੈ।
ਬਹੁਤ ਸਾਰੇ ਸਿੱਖ ਇਹ ਸੋਚਣ ਲਈ ਹੱਕ ਬਜਾਨਬ ਨੇ ਕਿ ਉਹਨਾਂ ਨੂੰ ‘ਮਾਫ਼ੀ’ ਵਾਲ਼ੇ ਡਰਾਮੇ ਦਾ ਭਾਗ ਬਣਨ
ਤੋਂ ਨਾਂਹ ਕਰ ਦੇਣੀ ਚਾਹੀਦੀ ਸੀ। ਭੋਲ਼ੇ ਪਾਤਸ਼ਾਹੋ, “ਨੌਕਰ ਕੀ ਤੇ ਨਖਰਾ ਕੀ?” ਜੋ ਉਸ ਨੌਕਰ ਦਾ
ਮਾਲਕ ਉਸ ਪਾਸੋਂ ਕੰਮ ਲੈਣਾ ਚਾਹੇ ਉਹੀ ਉਸ ਨੂੰ ਕਰਨਾ ਪੈਂਦਾ ਹੈ। ਉਹ ਵਿਚਾਰੇ ਨਾਂਹ ਕਰਕੇ,
ਆਪਣੀਆਂ ਨੌਕਰੀਆਂ ਦਾ ਸਦਕਾ ਪ੍ਰਾਪਤ ਸੁਖ ਸਹੂਲ਼ਤਾਂ ਨੂੰ ਕਿਵੇਂ ਲੱਤ ਮਾਰ ਦਿੰਦੇ! ਹੋਰ ਉਹਨਾਂ ਦੇ
ਕਿਤੇ ਫਾਰਮ ਜਾਂ ਕਾਰਖਾਨੇ ਚੱਲਦੇ ਨੇ ਜਿਥੋਂ ਉਹ ਆਪਣੇ ਪਰਵਾਰ ਪਾਲ਼ ਸਕਣ! ਇਹ ਸਾਰਾ ਤੇ ਸਾਰਾ ਕਸੂਰ
ਉਹਨਾਂ ਦੇ ਮਾਲਕ ਦਾ ਹੈ ਜਿਸ ਨੇ, ਵੋਟਾਂ ਦੀ ਖਾਤਰ ਉਹਨਾਂ ਪਾਸੋਂ ਲਗਾਤਾਰ ਇੱਕ ਮਸਲੇ ਉਪਰ ਤਿੰਨ
ਗ਼ਲਤੀਆਂ ਕਰਵਾਈਆਂ ਹਨ।
ਲਿਖਦੇ ਲਿਖਦੇ:
ਸਿੱਖਾਂ ਦੇ ਧਰਮ ਗ੍ਰੰਥ ਦੇ ਅਪਮਾਨ ਕਰਵਾਉਣ ਨਾਲ਼ ਤੇ ਪੰਜਾਬ ਵਿੱਚ ਫਿਰਕੂ ਦੰਗੇ ਨਹੀਂ ਭੜਕੇ
ਕਿਉਂਕਿ ਸਿੱਖ ਹਿੰਦੁਸਤਾਨ ਵਿੱਚ ਗੁਲਾਮ ਹੋਣ ਕਰਕੇ, ਕੇਵਲ ਸ਼ਾਂਤਮਈ ਰਹਿ ਕੇ ਪ੍ਰੋਟੈਸਟ, ਧਰਨੇ,
ਰੋਸ ਵਿਖਾਵੇ ਆਦਿ ਹੀ ਕਰ ਸਕਦੇ ਹਨ। ਹੁਣ ਹਿੰਦੂਆਂ ਦੇ ਪਾਵਨ ਗ੍ਰੰਥਾਂ ਦਾ ਅਪਮਾਨ ਕਰਵਾਉਣਾ ਸ਼ੁਰੂ
ਕਰਵਾ ਦਿਤਾ ਗਿਆ ਹੈ ਤਾਂ ਕਿ ਪੰਜਾਬ ਵਿੱਚ ਸਿੱਖਾਂ ਦੇ ਖ਼ਿਲਾਫ਼ ਫਿਰਕੂ ਭੀੜਾਂ ਨੂੰ ਉਕਸਾ ਕੇ ਦੰਗੇ
ਕਰਵਾਏ ਜਾ ਸਕਣ। ਵੇਖੋ, ਊਠ ਕਿਸ ਕਰਵਟ ਬੈਠਦਾ ਹੈ! ।
12/11/15)
ਪ੍ਰਮਿੰਦਰ ਸਿੰਘ ਸੋਚ
ਸੋਸ਼ਲ ਮੀਡੀਏ ਦੀ ਭਰੂਣ ਹਤਿਆ
ਕਾਲੁ ਅਹੇਰੀ ਫਿਰੈ ਬਧਿਕ ਜਿਉ ਕਹਹੁ ਕਵਨ ਬਿਧਿ ਕੀਜੈ॥
ਪ੍ਰਮਿੰਦਰ ਸਿੰਘ ਸੋਚ
ਰਾਲੇ, ਨਾਰਥ ਕੈਰੋਲਾਈਨਾ ੫੮੫-੯੦੫-੧੩੧੨
ਇਸ ਲੇਖ ਦੇ ਸਿਰਲੇਖ ਵਿੱਚ ਭਗਤ ਕਬੀਰ ਜੀ ਰਾਗ ਧਨਾਸਰੀ ਵਿੱਚ ਸਾਨੂੰ ਖ਼ਬਰਦਾਰ ਕਰ ਰਹੇ ਹਨ ਕਿ ਮੌਤ
ਦਾ ਸ਼ਿਕਾਰੀ ਬਾਜ਼ ਇੱਕ ਕਸਾਈ ਦੀ ਤਰ੍ਹਾਂ ਸਾਡੇ ਸਿਰਾਂ ਉਤੇ ਮੰਡਲਾ ਰਿਹਾ ਹੈ ਤੇ ਪਤਾ ਨਹੀਂ ਉਹ ਕਿਸ
ਵੇਲੇ ਝਪਟਾ ਮਾਰ ਕੇ ਸਾਨੂੰ ਮਾਰ ਮੁਕਾਵੇ? ਹੇ ਪ੍ਰਮਾਤਮਾ ਮੈਨੂੰ ਦਸ ਕਿ ਮੈਂ ਕੀ ਉਪਾਏ ਕਰਾਂ ਤੇ
ਕਿਵੇਂ ਆਪਣਾ ਬਚਾਅ ਕਰਾਂ?
ਇਹੋ ਹਾਲ ਹੋ ਗਿਆ ਹੈ ਪੰਜਾਬ ਵਿਚਲੀ ਬਾਦਲ ਸਰਕਾਰ ਦਾ, ਜੋ ਬੇਰਹਿਮ ਕਸਾਈਆਂ ਦੀ ਤਰ੍ਹਾਂ ਜਨਤਾ ਨੂੰ
ਕੋਹ ਕੋਹ ਕੇ ਮਾਰ ਰਹੀ ਹੈ, ਝੂਠੇ ਮੁਕਦਮੇ ਦਰਜ ਕਰਕੇ ਡਰਾ ਤੇ ਧਮਕਾ ਰਹੀ ਹੈ। ਲੁਟ ਖਸੁਟ ਏਨੀ ਵੱਧ
ਗਈ ਹੈ ਕਿ ਉਨ੍ਹਾਂ ਕੋਲੋਂ ਹੁਣ ਹਿਸਾਬ ਪੁਛਣ ਵਾਲਾ ਵੀ ਕੋਈ ਨਹੀਂ ਦਿਸਦਾ। ਜ਼ੁਲਮ ਤਸ਼ਦੱਦ ਹਦੋਂ ਵੱਧ
ਟੱਪ ਚੁਕਾ ਹੈ। ਗੁਰਸਿਖਾਂ ਦੀਆਂ ਪਗਾਂ ਪੈਰਾਂ ਵਿੱਚ ਰੋਲੀਆਂ ਜਾ ਰਹੀਆਂ ਹਨ। ਮਾਵਾਂ, ਧੀਆਂ,
ਭੈਣਾਂ ਤੇ ਅਬਲਾਵਾਂ ਦੀ ਇਜ਼ਤ ਨਹੀਂ ਰਹਿ ਗਈ। ਉਨ੍ਹਾਂ ਦੇ ਸਿਰਾਂ ਉਤੋਂ ਚੁੰਨੀਆਂ ਲਾਹ, ਗੁਤਾਂ
ਪੁਟ, ਬਾਹਵਾਂ ਮਰੋੜ ਕੇ ਜ਼ਮੀਨਾਂ ਉਤੇ ਢਾਹਿਆ ਜਾਂਦਾ ਤੇ ਸ਼ਰੇ ਆਮ ਬੇਪਤ ਕੀਤਾ ਜਾ ਰਿਹਾ ਹੈ। ਹਰ
ਕਿਸਮ ਦੇ ਮੁਲਾਜ਼ਮ ਰੱਜ ਕੇ ਦੁਖੀ ਹਨ ਇਸ ਸਰਕਾਰ ਤੋਂ, ਚਾਹੇ ਉਹ ਚੌਥੇ ਦਰਜੇ ਦੇ ਮੁਲਾਜ਼ਮ ਹੋਣ ਜਾਂ
ਪਹਿਲੇ ਦਰਜੇ ਦੇ ਗਜ਼ਟਡ ਅਫ਼ਸਰ।
ਇਥੋਂ ਤਕ ਕਿ ਗੁਰੂ ਘਰ ਦੇ ਵਜ਼ੀਰ ਵੀ, ਜਿਨ੍ਹਾਂ ਅਗੇ ਲੋਕ ਝੁਕਦੇ ਸਨ, ਝੁਕ ਝੁਕ ਕੇ ਸਿਜਦੇ ਕਰਦੇ
ਸਨ, ਆਪਣੀਆਂ ਪਲਕਾਂ ਉਤੇ ਉਨ੍ਹਾਂ ਨੂੰ ਬਿਠਾਉਂਦੇ ਸਨ, ਉਨ੍ਹਾਂ ਦੀ ਕਦਰ ਵੀ ਫੁਟੀ ਕੌਡੀ ਜਿੰਨੀ
ਨਹੀਂ ਰਹਿ ਗਈ। ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ
ਬੈਠੇ ਗ੍ਰੰਥੀ ਜਾਂ ਹੈਡ ਗ੍ਰੰਥੀ ਵੀ ਬਾਦਲ ਪਰਿਵਾਰ ਦੇ ਜੀਆਂ ਦੇ ਅੰਦਰ ਆਉਣ ਉਤੇ ਅੱਖ ਦੇ ਇਸ਼ਾਰੇ
ਉਤੇ ਹੀ ਮਹਾਰਾਜ ਦੀ ਤਾਬਿਆ ਤੋਂ ਝਟ ਉਠ ਖਲੋਂਦੇ ਹਨ ਤੇ ਅਗਲਵਾਂਢੀ ਹੋ ਕੇ ਉਨ੍ਹਾਂ ਨੂੰ ਸਿਰੋਪਾਓ
ਦੇਣ ਲਗ ਪੈਂਦੇ ਹਨ, ਕਿਉਂਕਿ ਉਨ੍ਹਾਂ ਨੂੰ ਐਸਾ ਕਰਨ ਦਾ ਹੁਕਮ ਦਿਤਾ ਗਿਆ ਹੈ। ਇਹ ਸ਼ਰਮਨਾਕ ਨਜ਼ਾਰਾ
ਮੈਂ ਪਿਛਲੇ ਸਾਲ ਵਿੱਚ ਕਈ ਵਾਰ ਪੀ. ਟੀ. ਸੀ. ਦੇ ਚੈਨਲ ਉਤੇ ਵੇਖ ਚੁਕਾ ਹਾਂ। ਸਿਰੋਪਾਓ ਦੇਣ
ਵਾਲਿਆਂ ਤੇ ਲੈਣ ਵਾਲਿਆਂ ਨੇ ਸ਼ਰਮ ਲਾਹ ਛਡੀ ਹੈ। ਪਰ ਹਰ ਦੇਖਣ ਵਾਲੀ ਅੱਖ ਨੂੰ ਇਹ ਕਾਰਾ ਸ੍ਰੀ
ਹਰਿਮੰਦਰ ਸਾਹਿਬ ਜੀ ਪ੍ਰਤੀ ਤ੍ਰਿਸਕਾਰ ਵਾਲਾ ਦਿਸਦਾ ਹੈ। ਐਸੀਆਂ ਕਾਲੀਆਂ ਕਰਤੂਤਾਂ ਇਤਿਹਾਸ ਵਿੱਚ
ਅਗੇ ਕਦੇ ਵੀ ਨਹੀਂ ਸੀ ਹੋਈਆਂ, ਜੋ ਬਾਦਲਾਂ ਦੇ ਪ੍ਰਬੰਧ ਹੇਠ ਹੋ ਰਹੀਆਂ ਹਨ।
ਹਾਂ, ਗਲ ਚਲ ਰਹੀ ਸੀ “ਕਾਲੁ ਅਹੇਰੀ” ਦੇ ਸ਼ਿਕਾਰੀ ਦੀ, ਜੋ ਸ਼ਿਕਾਰ ਉਤੇ ਨਿਕਲਿਆ ਹੋਇਆ ਹੈ ਤੇ ਉਸਦੇ
ਹੱਥ ਜੋ ਵੀ ਲਗੇ ਉਹ ਉਸਨੂੰ ਛਡਦਾ ਨਹੀਂ ਦਬੋਜ ਕੇ ਆਪਣੇ ਜਬਾੜੇ ਵਿੱਚ ਪਾ ਲੈਂਦਾ ਹੈ।
ਅੰਮ੍ਰਿਤਸਰ ਵਿੱਚ ਚੱਬਾ ਪਿੰਡ ਨੇੜੇ ਇੱਕ ਵਿਸ਼ਾਲ ਪੰਡਾਲ ਵਿੱਚ ਜੋ ਸਰਬਤ ਖਾਲਸਾ ਸਦਿਆ ਗਿਆ ਸੀ,
ਉਸਨੂੰ ਰੋਕਣ ਤੇ ਉਸਨੂੰ ਗ਼ੈਰ ਵਾਜਿਬ ਗਰਦਾਨਣ ਲਈ ਬਾਦਲ ਸਰਕਾਰ, ਬਾਦਲ ਅਕਾਲੀ ਦਲ, ਉਨ੍ਹਾਂ ਦੇ ਹਰ
ਇੱਕ ਕਾਰਕੁੰਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਵਤਾਰ ਸਿੰਘ ਮਕੜ, ਜਥੇਦਾਰ ਗਿਆਨੀ ਗੁਰਬਚਨ
ਸਿੰਘ, ਦਮਦਮੀ ਟਕਸਾਲ ਦੇ ਧਕੇ ਨਾਲ ਬਣੇ ਤੇ ਬਾਦਲ ਦੀ ਝੋਲੀ ਵਿੱਚ ਬੈਠੇ ਮੁਖੀ ਹਰਨਾਮ ਸਿੰਘ ਧੁਮੇ
ਨੇ ਅਡੀ ਚੋਟੀ ਦਾ ਜ਼ੋਰ ਲਾ ਦਿਤਾ ਕਿ ਕਿਸੇਤਰ੍ਹਾਂ ਸਰਬਤ ਖਾਲਸੇ ਦਾ ਇਕਠ ਨਾ ਹੋਵੇ। ਇਸਨੂੰ ਰੋਕਣ,
ਰੁਕਵਾਣ ਤੇ ਇਸਦਾ ਹਰ ਵਰਗ ਵਲੋਂ ਵਿਰੋਧ ਕਰਵਾਉਣ ਲਈ ਉਨ੍ਹਾਂ ਹਰ ਤਰ੍ਹਾਂ ਦੇ ਹੱਥ ਕੰਢੇ ਵਰਤੇ, ਪਰ
ਉਨ੍ਹਾਂ ਦੀ ਇੱਕ ਨਾ ਚਲੀ, ਸਗੋਂ ਭਰਵੀਂ ਤੇ ਸ਼ਰਮਿੰਦਗੀ ਵਾਲੀ ਹਾਰ ਦਾ ਮੂੰਹ ਵੇਖਣਾ ਪਿਆ।
ਇਕ ਗਲ ਜਿਹੜੀ ਸਭ ਤੋਂ ਘਿਨਾਉਣੀ ਕੀਤੀ ਗਈ ਉਹ ਇਹ ਕਿ ਇਨ੍ਹਾਂ ਦਿਨਾਂ ਵਿੱਚ ਸਮੁਚੇ ਭਾਰਤ ਵਿੱਚ
“ਕਾਲੁ ਅਹੇਰੀ” ਰਾਹੀਂ ਸੋਸ਼ਲ ਮੀਡੀਏ ਦੀ ਵੀ ਭਰੂਣ ਹਤਿਆ ਕਰ ਦਿਤੀ ਗਈ। ਇਹ ਗਲ ਭਾਰਤ ਨੂੰ ਛੱਡ ਕੇ
ਕਦੇ ਕਿਸੇ ਜਮਹੂਰੀਅਤ ਵਾਲੇ ਮੁਲਕ ਵਿੱਚ ਪ੍ਰੈਸ ਦਾ ਗਲਾ ਇਸਤਰ੍ਹਾਂ ਨਹੀਂ ਘੁਟਿਆ ਜਾਂਦਾ ਵੇਖਿਆ,
ਜਿਸਤਰ੍ਹਾਂ ਦਾ ਭਾਰਤ ਵਿਚ। ਮੈਨੂੰ ਯਾਦ ਹੈ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ, ਤਾਂ
ਅਖ਼ਬਾਰਾਂ ਵਿਚੋਂ ਕਾਫ਼ੀ ਸਾਰਾ ਕੰਪੋਜ਼ ਕੀਤਾ ਹਿਸਾ ਕਢ ਲਿਆ ਜਾਂਦਾ ਸੀ ਤੇ ਅਖ਼ਬਾਰ ਗਾਹਕਾਂ ਤਕ ਅਧੇ
ਛਪੇ ਤੇ ਅਧੇ ਅਣਛਪੇ ਪਹੁੰਚਦੇ ਸਨ। ਪਰਕਾਸ਼ ਸਿੰਘ ਬਾਦਲ ਵੀ ਉਸੇ ਪ੍ਰੰਪਰਾ ਨੂੰ ਪੂਰੀ ਤਰ੍ਹਾਂ
ਬਾਖੂਬੀ ਨਿਭਾ ਰਿਹਾ ਹੈ। ਜਾਂ ਤਾਂ ਉਸਨੇ ਪੀ. ਟੀ. ਸੀ. ਵਰਗੇ ਮਗਰ ਮਛ ਚੈਨਲਾਂ ਨੂੰ ਖ੍ਰੀਦ ਲਿਆ
ਹੈ ਤੇ ਜਾਂ ਭੁਖੇ ਤੇ ਬੇਅਣਖੇ ਪਤਰਕਾਰਾਂ ਦਾ ਮੁਲ ਤਾਰ ਕੇ ਉਨ੍ਹਾਂ ਨੂੰ ਆਪਣੇ ਗੁਲਾਮ ਬਣਾ ਕੇ
ਰਖਿਆ ਹੋਇਆ ਹੈ।
ਇਥੇ ਇੱਕ ਦਿਲਚਸਪ ਘਟਨਾ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਬਣਦਾ ਹੈ, ਕੁੱਝ ਮਹੀਨੇ ਹੋਏ ਮੇਰੇ ਇੱਕ ਬਹੁਤ
ਹੀ ਪੁਰਾਣੇ, ਪਿਆਰੇ ਤੇ ਬਜ਼ੁਰਗ ਮਿਤਰ ਸ: ਦਲਬੀਰ ਸਿੰਘ ਪਤਰਕਾਰ, ਜੋ ਅੰਗ੍ਰੇਜ਼ੀ ਟ੍ਰੀਬੀਯੂਨ ਦੇ
ਸਪੈਸ਼ਲ ਪਤਰ ਪ੍ਰੇਰਕ ਦੇ ਤੌਰ ਉਤੇ ਸੇਵਾ ਨਿਭਾਉਂਦੇ ਰਹੇ, ਨੇ ਇੱਕ ਲੇਖ ਲਿਖਿਆ ਤੇ ਰੋਜ਼ਾਨਾ
ਪਹਿਰੇਦਾਰ ਅਖ਼ਬਾਰ ਵਿੱਚ ਛਪਣ ਹਿਤ ਭੇਜਿਆ। ਲੇਖ ਛੱਪ ਗਿਆ, ਪਰ ਅਖ਼ਬਾਰਾਂ ਲੁਧਿਆਣੇ ਤੋਂ ਜਲੰਧਰ ਤਕ
ਨਾ ਪਹੁੰਚੀਆਂ। ਸ: ਦਲਬੀਰ ਸਿੰਘ ਨੇ ਰੋਜ਼ ਦੀ ਤਰ੍ਹਾਂ ਸਵੇਰੇ ਆਪਣੇ ਘਰ ਦੇ ਬਾਹਰ ਅਖਬਾਰ ਨਾ ਵੇਖ
ਕੇ ਆਂਢ ਗੁਆਂਢ ਨੂੰ ਪੁਛਿਆ ਕਿ ਕਿਸੇ ਹੋਰ ਦੇ ਘਰ ਅਖ਼ਬਾਰ ਆਈ ਹੈ ਤਾਂ ਪਤਾ ਲਗਾ ਕਿ ਕਿਸੇ ਦੇ ਘਰ
ਵੀ ਅਖ਼ਬਾਰ ਨਹੀਂ ਪਹੁੰਚੀ। ਸ: ਦਲਬੀਰ ਸਿੰਘ ਪਤਰਕਾਰ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਨੂੰ
ਟੈਲੀਫੋਨ ਕੀਤਾ ਤੇ ਪੁਛਿਆ ਕਿ ਉਸਦੀਆਂ ਅਖ਼ਬਾਰਾਂ ਜਲੰਧਰ ਨਹੀਂ ਆਈਆਂ, ਤਾਂ ਪਤਾ ਲਗਾ ਕਿ ਉਸਦੇ
ਦਫ਼ਤਰੋਂ ਤਾਂ ਅਖ਼ਬਾਰਾਂ ਜਲੰਧਰ ਲਈ ਰਵਾਨਾ ਹੋ ਚੁਕੀਆਂ ਹਨ। ਹੋਰ ਖੋਜ ਕਰਨ ਤੋਂ ਪਿਛੋਂ ਪਤਾ ਲਗਾ ਕਿ
ਸੁਖਬੀਰ ਨੇ ਉਹ ਸਾਰੀਆਂ ਅਖ਼ਬਾਰਾਂ, ਜਿਨ੍ਹਾਂ ਟੈਕਸੀਆਂ ਰਾਹੀਂ ਜਲੰਧਰ ਪਹੁੰਚਣੀਆਂ ਸਨ ਨੂੰ
ਲੁਧਿਆਣੇ ਵਿੱਚ ਹੀ ਦਬੋਚ ਲਿਆ ਤੇ ਜਾਣ ਬੁਝ ਕੇ ਉਥੇ ਹੀ ਰੋਕੀ ਰਖਿਆ। ਸੋ ਇਹ ਹਾਲ ਹੈ ਇਨ੍ਹਾਂ
ਬਾਦਲਾਂ ਦਾ ਤੇ ਇਸ ਲੋਕ ਰਾਜ ਦਾ ਜਿਥੇ ਬੋਲਣ ਉਤੇ ਪਾਬੰਦੀ, ਆਪਣੇ ਵੀਚਾਰ ਰਖਣ ਉਤੇ ਪਾਬੰਦੀ, ਰੋਸ
ਮੁਜ਼ਾਹਰਾ ਕਰਨ ਉਤੇ ਪਾਬੰਦੀ, ਅਖ਼ਬਾਰਾਂ ਉਤੇ ਪਾਬੰਦੀ, ਇਥੋਂ ਤਕ ਕਿ ਹੁਣ ਸੋਸ਼ਲ ਮੀਡੀਏ ਦੀ ਵੀ ਭਰੂਣ
ਹਤਿਆ ਹੋਣ ਲਗ ਪਈ ਹੈ। ਮੇਰੇ ਨੋਟਿਸ ਵਿੱਚ ਲਿਆਂਦਾ ਗਿਆ ਹੈ ਕਿ “ਸਿਖ ਵਾਇਸ” “ਫ਼ਤਿਹ ਚੈਨਲ” ਵਰਗੇ
ਕਈ ਹੋਰ ਚੈਨਲਾਂ ਨੂੰ ਭਾਰਤ ਵਿੱਚ ਕਿਤੇ ਵੀ ਨਹੀਂ ਵੇਖਿਆ ਜਾ ਸਕਦਾ। ਬਾਹਰਲੇ ਦੇਸ਼ ਤਾਂ ਉਨ੍ਹਾਂ
ਨੂੰ ਵੇਖ ਸਕਦੇ ਹਨ, ਪਰ ਭਾਰਤ ਵਾਸੀ ਨਹੀਂ। ਇਸਨੂੰ ਲੋਕ ਰਾਜ ਤੇ ਬਿਲਕੁਲ ਨਹੀਂ ਪਰ “ਜੰਗਲ ਰਾਜ”
ਜ਼ਰੂਰ ਕਿਹਾ ਜਾ ਸਕਦਾ ਹੈ।
06/11/15)
ਦਲਜੀਤ ਸਿੰਘ ਲੁਧਿਆਣਾ
ਨਾਨਕ ਮਿਸ਼ਨ'
(ਮਾਨਵ-ਵਾਦ)
''ਕਬੀਰ ਅਵਰਹ ਕਉ ਉਪਦੇਸਤੇ ਮੁਖ ਮੈ ਪਰਿ ਹੈ ਰੇਤੁ ॥ ਰਾਸਿ ਬਿਰਾਨੀ
ਰਾਖਤੇ ਖਾਯਾ ਘਰ ਕਾ ਖੇਤੁ ॥੯੮॥''..
ਭਗਤ ਕਬੀਰ ਜੀ ਕਹਿੰਦੇ ਹਨ ਕਿ ਜੋ ਲੋਕ ਹੋਰਨਾਂ ਨੂੰ ਉਪਦੇਸ਼ ਕਰਦੇ ਹਨ ਖੁਦ ਅਮਲ ਨਹੀਉਂ ਕਰਦੇ
ਓਹਨਾਂ ਦੇ ਮੂੰਹ 'ਚ ਸੁਆਹ ,ਓਹ ਤਾਂ ਓਹ ਲੋਕ ਨੇ ਜੋ ਬਿਗਾਨੀ ਧੜ ਦੀ ਆਸ ਤੇ ਆਪਣਾ ਖੇਤ ਖੜਾ ਹੀ ਖਾ
ਜਾਂਦੇ ਹਨ। ਬਿਗਾਨੀ ਧੜ 'ਚੋਂ ਓਹਨਾਂ ਨੂੰ ਮਿਲਣਾ ਕੁਝ ਨਹੀਂ। ਉਸਨੂੰ ਹੀ ਗੁਰਬਾਣੀ ਨਾਲ ਜੁੜਿਆ
ਜਾਣੀਏਂ ਜੋ ਲੋਕਾਂ ਨੂੰ ਓਹੀ ਉਪਦੇਸ਼ ਦੇਂਦਾ ਹੈ ਜਿਸਤੇ ਪਹਿਲਾਂ ਖੁਦ ਅਮਲ ਕਰਦਾ ਹੋਵੇ। ਸਾਰੇ
ਸੰਸਥਾ-ਗੱਤ ਧਰਮ ਅੱਜ ਵਿਉਪਾਰ ਬਣ ਚੁੱਕੇ ਹਨ।ਮਨੁੱਖ ਦਾ ਅਸਲੀ ਧਰਮ ਗੁਰਬਾਣੀ ਵਿੱਚ ਵਿਦਮਾਨ ਹੈ,
''ਸਰਬ ਧਰਮ ਮਹਿਂ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥''
ਸਾਰੀ ਸ੍ਰਿਸ਼ਟੀ ਦੇ ਮਨੁੱਖਾਂ ਦਾ ਅਸਲੀ ਧਰਮ ਇਹੀ ਹੈ। ਇਸ ਦਾ ਮਤਲਬ ਇਹੀ ਹੋਣਾ ਚਾਹੀਦਾ ਹੈ ਕਿ
ਗੁਰਬਾਣੀ ਸਾਰੀ ਮਨੁੱਖਤਾ ਲਈ ਹੈ ਨਾ ਕਿ ਕੇਵਲ ਸਿੱਖਾਂ ਲਈ । ਜਿਸ ਦਿਨ ਸਾਨੂੰ ਇਸ ਗੱਲ ਦੀ ਸਮਝ ਆ
ਗਈ ਅਤੇ ਅਸੀਂ ਇਸ ਉੱਤੇ ਅਮਲ ਸ਼ੁਰੂ ਕਰ ਦਿੱਤਾ ਤਾਂ ਸਾਡੇ ਬੰਧਨ ਟੁੱਟਣੇ ਸ਼ੁਰੂ ਹੋ ਜਾਣਗੇ। ਮਨੁੱਖ
ਦਾ ਅਧਿਕਾਰ ਹੈ ਕਿ ਓਹ ਕਿਸੇ ਵੀ ਤਰ੍ਹਾਂ ਪ੍ਰਭੁ ਦੀ ਬੰਦਗੀ ਕਰੇ , ਭਾਵੇਂ ਉਸਦਾ ਰਸਤਾ ਗਲਤ ਵੀ
ਕਿਓਂ ਨਾ ਹੋਵੇ ਪਰ ਉਸਨੂੰ ਸਹੀ ਰਸਤਾ ਦਿਖਾਉਣ ਦਾ ਤਰੀਕਾ ਬਾਬਾ ਨਾਨਕ ਵਾਲਾ ਹੀ ਕਾਰਗਾਰ ਹੋਏਗਾ।
ਸਾਡਾ ਫਰਜ਼ ਲੋਕਾਂ ਨੂੰ ਅਸਲੀ ਧਰਮ ਦੇ ਪਿਆਰ ਨਾਲ ਦਰਸ਼ਨ ਕਰਾਉਣ ਦਾ ਹੈ ਨਾ ਕਿ ਐਵੇਂ ਹੀ ਮਨਮਤੀ
ਲੋਕਾਂ ਨੂੰ ਦੇਖ ਦੇਖ ਕੇ ਆਪਣੀ ਅੰਤਰ-ਆਤਮਾਂ ਨੂੰ ਪੀੜਤ ਕਰਨ ਦਾ, ਹੁਣ ਇਹੀ ਹੋ ਰਿਹਾ ਹੈ। ਨਾਲ
ਆਪਣਾ ਫਰਜ਼ ਨਿਭਾਉਣ ਦੀ ਸ਼ਰਤ ਉਪਰਲੇ ਭਗਤ ਕਬੀਰ ਜੀ ਦੇ ਸਲੋਕ ਦੀ ਵੀ ਹੈ। ਹੁਣ ਉਪਰੋਕਤ ਲਿਖੇ ਨੂੰ
ਪੜ੍ਹ ਕੇ ਆਪਣੇ ਸੰਪ੍ਰਦਾਈ ਸਿੱਖ ਧਰਮ ਵੱਲ ਝਾਤ ਅਸੀਂ ਖੁਦ ਮਾਰੀਏ ਕਿ ਅਸੀਂ ਕਿਥੇ ਖੜੇ ਹਾਂ। ਜੇ
ਧਰਮ ਇਹ ਹੈ ਤਾਂ ਫਿਰ ਅ-ਧਰਮ ਕਿਸ ਨੂੰ ਕਹੀਏ। ਕਿਓਂਕਿ ਅਸੀਂ ਦਰਬਾਰ ਸਾਹਿਬ ਅਮ੍ਰਿਤਸਰ ਤੋਂ ਲਾਕੇ
ਦੁਨੀਆਂ ਦੇ ਕਿਸੇ ਵੀ ਗੁਰਦਵਾਰੇ ਵੀ ਚਲੇ ਜਾਈਏ ਸਾਨੂੰ ਰੱਜ ਕੇ ਕ੍ਰਮ-ਕਾਂਡ ਹੁੰਦੇ ਨਜ਼ਰ ਆਉਂਦੇ ਹਨ
ਜਿਸ ਦਾ ਸਾਹਮਣੇ ਬਿਰਾਜਮਾਨ ਸਤਿਗੁਰੂ ਵਿਰੋਧ ਕਰਦਾ ਹੈਂ।
ਸਾਡੀ ਲੜਾਈ ਜਿਆਦਾ-ਤਰ ਨਿੱਜ ਦੇ ਸੁਆਰਥਾਂ ਦੀ ਹੈ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਨਹੀਂ ਜਦ ਕਿ
ਗੁਰਬਾਣੀ ਗੱਲ ਹੀ ਸਮੁੱਚੀ ਮਾਨਵਤਾ ਦੀ ਕਰਦੀ ਹੈ ਅਤੇ ਬਾਬਾ ਨਾਨਕ ਜੀ ਮਾਨਵ-ਵਾਦ ਦੇ ਮੋਢੀ ਹਨ। ਇਸ
ਲਈ ਸਾਨੂੰ ਤੌੜੀ ਦੀ ਤਰ੍ਹਾਂ ਆਪਣੇ ਕੰਢੇ ਸਾੜਨ ਦੀ ਥਾਂ ਗੁਰਬਾਣੀ ਨੂੰ ਸਮਝ ਕੇ ਅੱਗੇ ਵਧਣ ਦੀ ਲੋੜ
ਹੈ ਨਾ-ਕਿ ਧਰਮ ਦੀ ਆੜ ਲੈਕੇ ਨਿੱਜੀ ਸਵਾਰਥਾਂ ਲਈ ਹਉਮੈਂ ਦੇ ਫਰਾਟੇ ਮਾਰਨ ਦੀ, ਅਤੇ ਸਦਾ ਆਪਣਾ
ਅੰਦਰ ਸਾੜਦੇ ਰਹਿਣ ਦੀ ਲੋੜ ਨਹੀਂ ਹੈ।
''ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ ॥''...ਪੰਨਾਂ ੪੭੦
''ਖਸਮੁ ਵਿਸਾਰਹਿ ਤੇ ਕਮਜਾਤਿ ॥''....ਪੰਨਾਂ ੧੦
ਉਪਰੋਕਤ ਪੰਗਤੀਆਂ ਨੂੰ ਸਮਝ ਕੇ ਆਪਣੇ ਅੰਦਰ ਇਹ ਵੀ ਝਾਤ ਮਾਰਨ ਦੀ ਲੋੜ ਹੈ ਕਿ ਕਿਤੇ ਅਸੀਂ ਦੋਗਲੇ
ਤਾਂ ਨਹੀਂ ਹਾਂ ਕਿਓਂਕਿ ਗੁਰੂ ਨੂੰ ਦੋਗਲਾ ਮਨੁੱਖ ਕਤਈ ਪ੍ਰਵਾਨ ਨਹੀਂ ਹੈ। ਗੁਰੂ ਸਾਡੀ ਬਹੁੜੀ
ਕਿਓਂ ਨਹੀਂ ਕਰ ਰਿਹਾ ਇਸਦਾ ਅਸਲੀ ਕਾਰਨ ਸਦਾ ਦੋਗਲਾ-ਪਣ ਹੀ ਹੈ।
ਦਲਜੀਤ ਸਿੰਘ ਲੁਧਿਆਣਾ
06/11/15)
ਵਰਲਡ ਸਿੱਖ ਫੈਡਰੇਸ਼ਨ
ਵਰਲਡ ਸਿੱਖ ਫੈਡਰੇਸ਼ਨ ਵੱਲੋਂ ਡਾ ਗੁਰਮੀਤ ਸਿੰਘ ‘ਬਰਸਾਲ’ ਦੇ ਗੀਤਾਂ ਦੀ ਸੀ ਡੀ ਰਲੀਜ !
ਯੂਬਾ ਸਿਟੀ ਦੇ ਜੋੜ ਮੇਲੇ ਤੇ ਜਿੱਥੇ ਵਰਲਡ ਸਿੱਖ ਫੈਡਰੇਸ਼ਨ ਨੇ ਹਮੇਸ਼ਾਂ ਦੀ ਤਰਾਂ ਤੱਤ ਗੁਰਮਤਿ
ਨਾਲ ਸਬੰਧਿਤ ਸੀਡੀਆਂ,ਐਮ ਪੀ ਥਰੀਜ਼ ਮੁਫਤ ਵੰਡੀਆਂ , ਜੱਥੇਬੰਦੀ ਦਾ ਇੰਗਲਿਸ਼ ਵਿੱਚ ਮੈਗਜੀਨ ਅਤੇ
ਨਵੇਂ ਸਾਲ ਦਾ ਨਾਨਕ ਸ਼ਾਹੀ ਕੈਲੰਡਰ ਰਲੀਜ ਕੀਤਾ, ਚੋਣਵੇਂ ਲੇਖਕਾਂ ਦੀਆਂ ਕਿਤਾਬਾਂ ਦੀ ਸਟਾਲ ਲਗਾਈ
ਉੱਥੇ ਡਾ ਗੁਰਮੀਤ ਸਿੰਘ ਬਰਸਾਲ ਦੇ ਲਿਖੇ ਗੀਤਾਂ ਦੀ ਸੀ ਡੀ “ਰੱਬ ਹੈ ਕੇਹਾ” ਵੀ ਰਲੀਜ
ਕਰਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਮੁਫਤ ਵੰਡੀ। ਯਾਦ ਰਹੇ ਕਿ ਇਹ ਸੀ ਡੀ ‘ਡਾ ਬਰਸਾਲ’ ਦੇ
ਗੀਤਾਂ ਦੀ ਪੁਸਤਕ “ਵਿਰਸੇ ਦੇ ਗੀਤ” ਵਿੱਚੋਂ ਸੱਤ ਗੀਤ ਚੁਣਕੇ ਤਿਆਰ ਕੀਤੀ ਗਈ ਹੈ। ਇਸ਼ਮੀਤ
ਇੰਸਟੀਚਿਊਟ ਆਫ ਮਿਊਜਿਕ ਲੁਧਿਆਣੇ ਰਿਕਾਰਡ ਕੀਤੀ ਗਈ ਇਹ ਐਮ ਪੀ ਥਰੀ ਨਵੀਂ ਪੀੜੀ ਦੇ ਸੰਗੀਤਕ
ਰੁਝਾਨ ਨੂੰ ਦੇਖਕੇ ਤਿਆਰ ਕੀਤੀ ਗਈ ਹੈ। ਸੀ ਡੀ ਦੇ ਸਾਰੇ ਗੀਤ ਧਾਰਮਿਕ ਅਤੇ ਸਮਾਜਿਕ ਵਿਸ਼ਿਆਂ ਨੂੰ
ਗੁਰਮਤਿ ਦੀ ਕਸਵੱਟੀ ਤੇ ਪਰਖਦੇ ਅਤੇ ਗੁਰਮਤਿ ਦੇ ਸਿਧਾਂਤਾਂ ਅਨੁਸਾਰ ਪ੍ਰਭਾਸ਼ਿਤ ਕਰਦੇ ਨਜਰੀਂ
ਪੈਂਦੇ ਹਨ। ਚਾਰ ਗੀਤ ਮਰਹੂਮ ਵੋਇਸ ਆਫ ਇੰਡੀਆ ਖਿਤਾਬ ਜਿੱਤਣ ਵਾਲੇ ਇਸ਼ਮੀਤ ਸਿੰਘ ਦੀ ਚਚੇਰੀ ਭੈਣ
ਗੁਰਵੀਰ ਕੌਰ ਸਰਗਮ ਦੇ ਗਾਏ ਹਨ। ਇੱਕ ਗੀਤ ਇੰਸਟੀਚੀਓਟ ਦੇ ਡਾਇਰੈਕਟਰ ਅਤੇ ਸਰਗਮ ਦੇ ਪਿਤਾ ਡਾ ਚਰਨ
ਕੰਵਲ ਸਿੰਘ ਦੀ ਆਪਣੀ ਆਵਾਜ ਵਿੱਚ ਹੈ। ਇੱਕ ਇੱਕ ਗੀਤ ਡਾ ਸਤਨਾਮ ਸਿੰਘ ਅਤੇ ਇੰਦਰਪ੍ਰੀਤ ਸਿੰਘ
ਦੀਆਂ ਆਵਾਜਾਂ ਵਿੱਚ ਹੈ। ਕੁੱਲ ਮਿਲਾਕੇ ਜਿੱਥੇ ਇਹ ਸੀਡੀ ਸੰਗੀਤ ਵਿੱਚ ਇਕ ਨਵਾਂ ਕੀਰਤੀਮਾਨ ਸਥਾਪਤ
ਕਰਦੀ ਹੈ ਉੱਥੇ ਗੀਤਾਂ ਦਾ ਇੱਕ ਇੱਕ ਸ਼ਬਦ ਗੁਰਮਤਿ ਅਨੁਸਾਰੀ ਸਮਾਜਿਕ ਬਦਲਾਵ ਵਾਲੇ ਇੰਕਲਾਬ ਦਾ
ਹੋਕਾ ਦਿੰਦਾ ਹੈ ।ਉਮੀਦ ਹੈ ਇਹ ਸੀ ਡੀ ਸੰਜੀਦਾ ਸੰਗੀਤ ਪ੍ਰੇਮੀਆਂ ਦੀਆਂ ਉਮੀਦਾਂ ਤੇ ਖਰੀ ਉਤਰੇਗੀ।
ਸੀ ਡੀ ਅਤੇ ਮੈਗਜੀਨ ਰਲੀਜ ਕਰਨ ਸਮੇ ਸਾਹਿਤ ਸਭਾ ਕੈਲੇਫੋਰਨੀਆਂ ਦੇ ਮੁਢਲੇ ਮੈਂਬਰ ਸ ਹਰਬੰਸ਼ ਸਿੰਘ
ਜਗਿਆਸੂ, ਅੰਤਰ ਰਾਸ਼ਟਰੀ ਕਾਲਮਨਿਸਟ ਅਤੇ ਪੱਤਰਕਾਰ ਸ ਤਰਲੋਚਨ ਸਿੰਘ ਦੁਪਾਲਪੁਰ, ਮਸ਼ਹੂਰ ਲੇਖਕ ਸ
ਮਝੈਲ ਸਿੰਘ ਸਰਾਂ, ਸਿੱਖ ਸਕਾਲਰ ਸ ਸਰਬਜੀਤ ਸਿੰਘ ਸੈਕਰਾਮੈਂਟੋ ਅਤੇ ਚਮਕੌਰ ਸਿੰਘ ਫਰਿਜਨੋ, ਸਿੰਘ
ਸਭਾ ਇੰਟਰਨੈਸ਼ਨਲ ਦੇ ਮੋਢੀ ਮੈਂਬਰ ਪ੍ਰੋ ਮੱਖਣ ਸਿੰਘ ਸੈਕਰਾਮੈਂਟੋ ਅਤੇ ਕੁਲਦੀਪ ਸਿੰਘ
ਯੂਬਾਸਿਟੀ,ਵਰਲਡ ਸਿੱਖ ਫੈਡਰੇਸ਼ਨ ਦੇ ਵਰਿੰਦਰ ਸਿੰਘ ਗੋਲਡੀ, ਜੀ ਡੀ ਸਿੰਘ,ਹਰਬਕਸ਼ ਸਿੰਘ ਰਾਊਕੇ,
ਬਲਰਾਜ ਸਿੰਘ ਸਪੋਕਨ, ਜੱਗੀ ਟੁੱਟ, ਜਸਕਰਨ ਸਿੰਘ ਮਨਟਿੱਕਾ, ਗੁਰਵਿੰਦਰ ਸਿੰਘ ਮਡੈਸਟੋ, ਹਰਮਿੰਦਰ
ਸਿੰਘ ਸੇਖਾ, ਸਰਬਜੀਤ ਸਿੰਘ ਜਪਰਾ, ਬਲਵਿੰਦਰ ਸਿੰਘ ਲੰਗੜੋਆ , ਤਰਲੋਚਨ ਸਿੰਘ ਸਟਾਕਟਨ, ਕਮਲਦੀਪ
ਕੌਰ ਲੈਥਰੋਪ, ਬਾਵਾ ਸਿੰਘ, ਸੁਖਦੇਵ ਸਿੰਘ ਲੈਥਰੋਪ , ਗੁਰਿੰਦਰ ਸਿੰਘ ਅਟਵਾਲ, ਕੁਲਵਿੰਦਰ ਸਿੰਘ
ਸੈਕਰਾਮੈਂਟੋ, ਹਰਜੀਤ ਸਿੰਘ ਸੈਕਰਾਮੈਂਟੋ, ਦਲਜੀਤ ਸਿੰਘ ਬਰਮਾਲੀਪੁਰ ਅਤੇ ਤਾਜਾ ਤਾਜਾ ਸ਼ਰੋਮਣੀ
ਕਮੇਟੀ ਨੂੰ ਅਲਵਿਦਾ ਆਖਕੇ ਆਏ ਸ ਮਹਿੰਦਰ ਸਿੰਘ ਹੁਸੈਨਪੁਰੀ ਆਦਿ ਹਾਜਰ ਸਨ।
06/11/15)
ਉੱਤਰੀ ਅਮਰੀਕੀ ਸਿੱਖ ਜਥੇ ਵਲੋਂ
ਪ੍ਰੈਸ ਨੋਟ
6 ਨਵੰਬਰ 2015
ਕੈਨੇਡਾ ਅਤੇ ਅਮਰੀਕਾ ਦੀ 100 ਸਿੱਖ ਜਥੇਬੰਦੀਆਂ ਦੇ ਨੁਮਾਇੰਦੇਆਂ ਵਜੋਂ ਉੱਤਰੀ ਅਮਰੀਕੀ ਸਿੱਖਾਂ
ਦਾ ਇੱਕ ਜੱਥਾ ਪੰਜਾਬ ਆਇਆ ਹੈ। ਇਸ ਪ੍ਰਤਿਨਿਧ ਜੱਥੇ ਵਿੱਚ ਹਰਿੰਦਰ ਸਿੰਘ, ਮਨਜੀਤ ਸਿੰਘ ਉੱਪਲ,
ਮਨਜੀਤ ਸਿੰਘ ਬਰਾੜ, ਰੇਸ਼ਮ ਸਿੰਘ ਅਤੇ ਯਾਦਵਿੰਦਰ ਸਿੰਘ ਸ਼ਾਮਿਲ ਹਨ। ਇਸ ਜੱਥੇ ਦੇ ਨਿਰੋਲ ਦੋ ਮਕਸਦ
ਹਨ: ਅਕਾਲ ਤਖ਼ਲ ਸਾਹਿਬ ਦੀ ਆਜ਼ਾਦੀ ਬਹਾਲ ਕਰਨ ਲਈ ਵਿਚਾਰ ਚਰਚਾ ਕਰਨਾ ਅਤੇ ਸਰਬੱਤ ਖ਼ਾਲਸਾ ਦੀ
ਰਿਵਾਇਤ ਨੂੰ ਮੁੜ ਸੁਰਜੀਤ ਕਰਨਾ। ਇਨ੍ਹਾਂ ਮਕਸਦਾਂ ਦੀ ਨਿਸ਼ਾਨਦੇਹੀ ਅਮਰੀਕਾ ਦੇ ਕੈਲੀਫੋਰਨੀਆ ਸੂਬੇ
ਦੇ ਯੂਬਾ ਸਿਟੀ ਵਿੱਚ 31 ਅਕਤੂਬਰ ਨੂੰ ਹੋਏ ਇੱਕ ਰੋਜ਼ਾ ਨੌਰਥ ਅਮੈਰੀਕਨ ਸਿੱਖ ਸੱਮਿਟ ਦੌਰਾਨ ਵਿਚਾਰ
ਵਟਾਂਦਰੇ ਰਾਹੀਂ ਸਰਬਸੰਮਤੀ ਨਾਲ ਕੀਤੀ ਗਈ ਸੀ।
ਇਹ ਜੱਥਾ ਪਰਦੇਸ ਵਸਦੇ ਸਿੱਖਾਂ ਵਿੱਚ ਸੰਵਾਦ ਦੀ ਭਾਵਨਾ ਦੀ ਨੁਮਾਇੰਦਗੀ ਕਰਦਾ ਹੈ, ਅਤੇ ਇਸ ਇੱਛਾ
ਤਹਿਤ ਪੰਜਾਬ ਆਇਆ ਹੈ। ਜੱਥੇ ਦੇ ਕੋਔਰਡੀਨੇਟਰ, ਹਰਿੰਦਰ ਸਿੰਘ ਨੇ ਕਿਹਾ ਕਿ “ਅਕਾਲ ਤਖ਼ਲ ਸਾਹਿਬ
ਅਤੇ ਜਥੇਦਾਰਾਂ ਦੇ ਫ਼ੈਸਲੇ ਪੂਰੀ ਦੁਨਿਆ ਵਿੱਚ ਵਸਦੇ ਸਿੱਖਾਂ ਉੱਤੇ ਅਸਰਅੰਦਾਜ਼ ਹੁੰਦੇ ਹਨ ਜਿਸ
ਕਾਰਨ ਫ਼ੈਸਲੇ ਲੈਣ ਵਿੱਚ ਸਭ ਦੀ ਸ਼ਮੂਲੀਅਤ ਜ਼ਰੂਰੀ ਹੈ।” ਇਹ ਜੱਥਾ 10 ਨਵੰਬਰ ਨੂੰ ਹੋਣ ਵਾਲੇ ਸਰਬੱਤ
ਖ਼ਾਲਸਾ ਦੇ ਸਿਲਸਿਲੇ ਵਿੱਚ ਵਖ-ਵਖ ਸਿੱਖ ਜਥੇਬੰਦੀਆਂ ਨੂੰ ਮਿਲੇਗਾ। ਇਸ ਮਾਮਲੇ ਵਿੱਚ ਇਸ ਜੱਥੇ ਦਾ
ਕੰਮ ਜਥੇਦਾਰਾਂ ਦੀ ਨਿਯੁਕਤੀ ਵਿੱਚ ਅਪਣਾਈ ਜਾਣ ਵਾਲੀ ਪਰਕ੍ਰਿਆ ਦੀ ਭਰੋਸੇਯੋਗਤਾ ਯਕੀਨੀ ਬਣਾਉਣਾ
ਹੈ। ਨਿਯੁਕਤ ਜਥੇਦਾਰ 2016 ਦੀ ਵਿਸਾਖੀ ਤੱਕ ਆਰਜ਼ੀ ਤੋਰ ਤੇ ਕਮ ਕਰਨ।
ਇਹ ਜੱਥਾ ਅਪ੍ਰੈਲ 2016 ਤੱਕ ਅਕਾਲ ਤਖ਼ਤ ਦੀ ਖ਼ੁਦਮੁਖ਼ਤਿਆਰੀ, ਜੋ ਕਿ ਹਰ ਸਰਕਾਰ ਅਤੇ ਰਾਜਸੀ ਦਲ ਦੇ
ਦਬਾਅ ਤੋ ਮੁਕਤ ਹੋਵੇ ਤੇ ਕੇਵਲ ਦਸਾਂ ਗੁਰੂਆਂ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਮਿਲਦੀ
ਸੇਧ ਨੂੰ ਹੀ ਮੁਖ ਰਖੇ, ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਢਾਂਚੇ ਦਾ ਨਕਸ਼ਾ ਤਿਆਰ ਕਰਨ ਵਾਸਤੇ
ਸੁਹਿਰਦ ਧਿਰਾਂ ਨਾਲ ਤਾਲਮੇਲ ਬਨਾਉਣ ਦੀ ਇੱਛਾ ਰੱਖਦਾ ਹੈ। ਅਕਾਲ ਤਖ਼ਤ ਸਾਹਿਬ ਤੋਂ ਪੰਥ ਦੀ
ਕੂਟਨੀਤਕ ਸੋਚ ਅਤੇ ਦੂਰਅੰਦੇਸ਼ਕ ਯੋਜਨਾਵਾਂ ਨੂੰ ਹੁਲਾਰਾ ਮਿਲਣਾ ਚਾਹੀਦਾ ਹੈ, ਅਤੇ ਨਾਲ ਹੀ ਗੁਰਮਤੇ
ਤੇ ਹੁਕਮਨਾਮੇ ਲਾਗੂ ਕਰਨ ਵਿੱਚ ਸੇਧ ਲਈ ਸਲਾਹਕਾਰ ਕਮੇਟੀਆਂ ਹੋਣੀਆਂ ਚਾਹੀਦੀਆਂ ਹਨ। ਸਰਬੱਤ ਖ਼ਾਲਸਾ
ਸੱਦੇ ਜਾਣ ਅਤੇ ਇਸ ਵਿੱਚ ਸੰਸਾਰ ਦੇ ਹਰ ਕੋਨੇ ਤੋਂ ਤਿੰਨ ਕਰੋੜ ਸਿੱਖਾਂ ਦੇ ਸਰੋਕਾਰ ਸ਼ਾਮਿਲ ਕਰਨ
ਦਾ ਵਿਧੀਵਿਧਾਨ ਤੈਅ ਹੋਣਾ ਚਾਹੀਦਾ ਹੈ। ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰਾਂ ਦੀ ਕਾਰਗੁਜ਼ਾਰੀ ਨੂੰ
ਯਕੀਨੀ ਬਨਾਉਣ ਲਈ ਲੋਣੀਨੇ ਕਾਨੂੰਨੀ ਅਤੇ ਮਾਇਕ ਪਰਬੰਧ ਕੀਤੇ ਜਾਣ, ਜੋ ਕੇ ਪਾਰਦਰਸ਼ੀ ਅਤੇ ਜੁਆਬਦੇਹ
ਹੋਣ, ਅਤੇ ਨਾਲ ਹੀ ਪੰਥਕ ਯੋਜਨਾਵਾਂ ਨੂੰ ਅਗਾਂਹ ਤੋਰਨ। ਪੰਜ ਜਥੇਦਾਰਾਂ ਨੂੰ ਥਾਪਣ ਜਾਂ ਅਹੁਦੇ
ਤੋਂ ਹਟਾਉਣ, ਉਨ੍ਹਾਂ ਦੀ ਭੂਮਿਕਾ ਅਤੇ ਜ਼ਿੰਮੇਵਾਰੀਆਂ ਦੇ ਨਾਲ-ਨਾਲ ਗੁਰੂ ਗ੍ਰੰਥ ਸਾਹਿਬ ਦੀ ਸੋਚ
ਮੁਤਾਬਕ ਫ਼ੈਸਲੇ ਕਰਨ ਦਾ ਪੁਖਤਾ ਵਿਧੀ-ਵਿਧਾਨ ਹੋਣਾ ਜ਼ਰੂਰੀ ਹੈ।
ਇਹ ਜੱਥਾ 10 ਨਵੰਬਰ ਨੂੰ ਹੋਣ ਵਾਲੇ ਸਰਬੱਤ ਖ਼ਾਲਸਾ ਵਿੱਚ ਸ਼ਮੂਲੀਅਤ ਕਰੇਗਾ, ਅਤੇ ਹੁਣ ਤੋਂ ਉਸ
ਸਮੇਂ ਤੱਕ ਦੇ ਸਮੁੱਚੇ ਘਟਨਾਕ੍ਰਮ ਅਤੇ ਵਿਚਾਰ ਵਟਾਂਦਰੇ ਦੀ ਸੂਚਨਾ ਤਿਆਰ ਕਰੇਗਾ। ਇਸ ਦਾ ਬੁਨਿਆਦੀ
ਮਕਸਦ ਪੰਥ ਅੰਦਰ ਹਾਜ਼ਰ ਵੰਨਸਵੰਨੀ ਆਵਾਜ਼ਾਂ ਵਿੱਚ ਪਰਵਾਸੀ ਸਿੱਖਾਂ ਦੇ ਸਰੋਕਾਰ ਦਰਜ ਕਰਵਾਉਣਾ ਹੈ।
ਹਰਿੰਦਰ ਸਿੰਘ ਨੇ ਆਖਿਆ ਕਿ, “ਇਹ ਜੱਥਾ ਸਭ ਸਿੱਖ ਜਥੇਬੰਦੀਆਂ ਦੇ ਨਾਲ-ਨਾਲ ਨੌਜਵਾਨ ਪੀੜ੍ਹੀ,
ਔਰਤਾਂ ਅਤੇ ਨਜ਼ਰਅੰਦਾਜ਼ ਤਬਕਿਆਂ ਦੀ ਸ਼ਮੂਲੀਅਤ ਦੀ ਵਕਾਲਤ ਕਰਦਾ ਹੈ, ਤਾਂ ਜੋ ਪੰਥਕ ਭਾਵਨਾਵਾਂ ਅਤੇ
ਸੰਵੇਦਨਾਵਾਂ ਦਾ ਘੇਰਾ ਵੱਡਾ ਕੀਤਾ ਜਾ ਸਕੇ।”
ਜਾਰੀ ਕਰਤਾ,
ਹਰਿੰਦਰ ਸਿੰਘ, ਉੱਤਰੀ ਅਮਰੀਕੀ ਸਿੱਖ ਜਥੇ ਵਲੋਂ
+91-98140-01469
04/11/15)
ਡਾ: ਇਕਬਾਲ ਸਿੰਘ ਢਿੱਲੋਂ
‘ਸਿਖਮਾਰਗ’ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀਓ,
ਸਤਿ ਕਰਤਾਰ !
ਜਿਵੇਂ ਕਿ ਆਪ ਜੀ ਨੇ ਸੰਪਾਦਕੀ ਟਿੱਪਣੀ ਵਿਚ ਦੱਸਿਆ ਹੈ ਲੈਫ. ਕਰਨਲ ਗੁਰਦੀਪ ਸਿੰਘ ਜੀ ਸਿਖਮਾਰਗ
ਵੈਬਸਾਈਟ ਤੇ ਆਈਆਂ ਉਹਨਾਂ ਦੀਆਂ ਲਿਖਤਾਂ ਸਬੰਧੀ ਆਪਣਾ ਉੱਤਰ ਦੇਣ ਦਾ ਨੈਤਿਕ ਫਰਜ਼ ਨਿਭਾਉਣ ਲਈ
ਤਿਆਰ ਨਹੀਂ, ਮੈਂ ਇੱਥੇ ਆਪ ਜੀ ਰਾਹੀਂ ਇੱਸੇ ਵੈਬਸਾਈਟ ਉੱਤੇ ਪਿਛਲੇ ਦੋ ਦਿਨਾਂ ਵਿਚ ਪੱਤਰਾਂ ਵਾਲੇ
ਹਿੱਸੇ ਵਿਚ ਪਾਈਆਂ ਗਈਆਂ ਉਹਨਾਂ ਦੀਆਂ ਲਿਖਤਾਂ ਵਿਚਲੀਆਂ ਗੰਭੀਰ ਅਸੰਗਤੀਆਂ ਵੱਲ ਉਹਨਾਂ ਦਾ ਅਤੇ
ਪਾਠਕਾਂ ਦਾ ਧਿਆਨ ਦਿਵਾਉਣ ਦਾ ਨਿਮਾਣਾ ਜਿਹਾ ਯਤਨ ਕਰ ਰਿਹਾ ਹਾਂ।
ਪਹਿਲਾਂ ਤਾਂ ਲੈਫ. ਕਰਨਲ ਗੁਰਦੀਪ ਸਿੰਘ ਜੀ ਦਾਵਾ ਕਰਦੇ ਹਨ ਕਿ ‘ਅਕਾਲ-ਤਖਤ’ ਦਾ ਸਿਧਾਂਤ ਗੁਰਬਾਣੀ
ਵਿਚ ਮੌਜੂਦ ਹੈ ਅਤੇ ਨਾਲ ਹੀ ਇਹ ਦਾਵਾ ਵੀ ਕਰਦੇ ਹਨ ਕਿ ਗੁਰੂ ਹਰਿਗੋਬਿੰਦ ਜੀ ਨੇ ਇਸ ਵਿਸ਼ੇਸ਼
ਸਿਧਾਂਤ ਦੇ ਪ੍ਰਗਟਾਵੇ ਲਈ ‘ਸਥੂਲ’ ਰੂਪ ਵਿਚ ਕੋਈ ‘ਅਕਾਲ-ਤਖਤ’ ਸਥਾਪਤ ਕੀਤਾ ਸੀ। ਇਸ ਦਾ ਸਿੱਧਾ
ਅਰਥ ਇਹ ਨਿਕਲਦਾ ਹੈ ਕਿ ਗੁਰੂ ਹਰਿਗੋਬਿੰਦ ਜੀ ਨੂੰ ਗੁਰਬਾਣੀ ਦੀ ਕਿਸੇ ਵਿਸ਼ੇਸ਼ ਸਿਧਾਂਤ ਨੂੰ ਪਰਗਟ
ਕਰਨ ਦੀ ਸਮਰੱਥਾ ਤੇ ਭਰੋਸਾ ਨਹੀਂ ਸੀ, ਇਸ ਲਈ ਉਹਨਾਂ ਨੂੰ ਗੁਰਮੱਤ ਦੇ ਉਲਟ ਜਾ ਕੇ ਸਥੂਲ ਰੂਪ ਭਾਵ
ਮੂਰਤੀ ਰੂਪ ਵਿਚ ਕਿਸੇ ਅਕਾਲ-ਤਖਤ ਨੂੰ ‘ਪਰਗਟ’ ਕਰਨ ਦੀ ਲੋੜ ਪੈ ਗਈ ਸੀ। ਉਂਜ ਲੈਫ. ਕਰਨਲ ਗੁਰਦੀਪ
ਸਿੰਘ ਜੀ ਇਹ ਨਹੀਂ ਸਪਸ਼ਟ ਕਰਦੇ ਕਿ ਇਸ ‘ਅਕਾਲ-ਤਖਤ’ ਦਾ ਮੂਰਤੀ ਰੂਪ ਕੀ ਸੀ। ਅਜੋਕੇ ਸਮੇਂ ਦੇ
ਸੰਪਰਦਾਈ ਸਿੱਖਾਂ ਵਿਚ ਅਕਾਲ-ਤਖਤ ਦੇ ਜਿਸ ਸਥੂਲ ਰੂਪ ਦੀ ਮਾਨਤਾ ਹੈ ਉਹ ਇਕ ਪੰਜ-ਮੰਜ਼ਿਲੀ ਇਮਾਰਤ
ਹੈ (ਜਿਸ ਲਈ ਜਾਹਲੀ ਤੌਰ ਤੇ ਇਕ ਅਖੌਤੀ ‘ਜੱਥੇਦਾਰ’ ਨਿਯੁਕਤ ਕੀਤਾ ਜਾਂਦਾ ਹੈ ਅਤੇ ਇਸ ਇਮਾਰਤ ਦੇ
ਨਾਲ ਇਕ ਸਕੱਤਰੇਤ ਵੀ ਸਥਾਪਤ ਕੀਤਾ ਗਿਆ ਹੋਇਆ ਹੈ) ਜਦੋਂ ਕਿ ਤਖਤ ਇਕ ਕੁਰਸੀ-ਨੁਮਾ ਸਿੰਘਾਸਣ
ਹੁੰਦਾ ਹੈ ਜਿਸ ਦੇ ਉੱਤੇ ਕਿਸੇ ਰਾਜੇ/ਮਹਾਂਰਾਜੇ ਨੇ ਆਪਣਾ ਦਰਬਾਰ ਲਗਾਉਂਦੇ ਸਮੇਂ ਬੈਠਣਾ ਹੁੰਦਾ
ਹੈ (ਕਈ ਸੱਜਣ ਥੜ੍ਹੇ ਨੂੰ ਅਖੌਤੀ ਅਕਾਲ-ਤਖਤ ਦਾ ਸਥੂਲ ਰੂਪ ਮੰਨਦੇ ਹਨ ਕਿਉਂਕਿ ਉਹ ਬਦਨਾਮ ਮਨਮੱਤੀ
ਪੁਸਤਕ ‘ਗੁਰਬਿਲਾਸ ਪਾਤਸ਼ਾਹੀ 6’ ਦੇ ਉਪਾਸ਼ਕ ਹਨ ਅਤੇ ਇਸ ਪੁਸਤਕ ਵਿਚ ਅਜਿਹਾ ਹੀ ਦਰਸਾਇਆ ਗਿਆ ਹੈ)।
ਕੀ ਲੈਫ. ਕਰਨਲ ਗੁਰਦੀਪ ਸਿੰਘ ਜੀ ਕਦੀ ਇਹ ਸਮਝਾਉਣ ਦੀ ਕਿਰਪਾਲਤਾ ਕਰਨਗੇ ਕਿ ਛੇਵੇਂ ਗੁਰੂ ਜੀ ਦੇ
ਤਖਤ ਭਾਵ ਸਿੰਘਾਸਣ (ਜੇਕਰ ਉਹਨਾਂ ਨੇ ਕਿਸੇ ਸਿੰਘਾਸਣ ਦੀ ਵਰਤੋਂ ਕੀਤੀ ਸੀ) ਦਾ ਕੀ ਬਣਿਆ ?
ਦੂਸਰੇ ਪਾਸੇ ਲੈਫ. ਕਰਨਲ ਗੁਰਦੀਪ ਸਿੰਘ ਜੀ ਮਜ਼ਹਬ (ਸੰਸਥਾਗਤ ਧਰਮ) ਸਬੰਧੀ ਲਿਖਦੇ ਹਨ ਕਿ “ਸੰਸਾਰ
ਅੰਦਰ ਹੁਣ ਤੱਕ ਦੇ ਪ੍ਰਚਲਤ ਹੋ ਚੁੱਕੇ ਵੱਡੇ ਮਜ਼੍ਹਬਾਂ ਦੇ ਹੋਂਦ ਵਿੱਚ ਆਉਣ ਦੇ ਮੁੱਢਲੇ ਕਾਰਨ ਸਨ
ਖੁਦਗਰਜ਼ ਮਾਨਵ-ਵਿਰੋਧੀ ਸੰਗਠਨਾਂ ਵੱਲੋਂ ਮਨੁੱਖੀ ਵਰਗਾਂ ਦੀ ਲੁੱਟ-ਖਸੁੱਟ ਅਤੇ ਸਰਬ-ਪੱਖੀ ਸ਼ੋਸ਼ਨ ”
ਅਤੇ ਨਾਲ ਹੀ ਉਹ ‘ਸਿਖ’ ਮਜ਼ਹਬ ਨੂੰ ਸੰਸਾਰ ਦਾ ਪੰਜਵਾਂ ਵੱਡਾ ਮਜ਼ਹਬ ਬਣਾ ਕੇ ਪੇਸ਼ ਕਰਦੇ ਹਨ। ਇਸ
ਤਰ੍ਹਾਂ ਤਾਂ ਸੰਸਥਾਗਤ ਸਿਖ ਧਰਮ ਵੀ ‘ਮਨੁੱਖੀ ਵਰਗਾਂ ਦੀ ਲੁੱਟ-ਖਸੁੱਟ ਅਤੇ ਸਰਬ-ਪੱਖੀ ਸ਼ੋਸ਼ਨ’ ਦੇ
ਮੰਤਵ ਨਾਲ ਹੀ ਹੋਂਦ ਵਿਚ ਆਇਆ ਹੈ ਅਤੇ ਇਹ ਹੈ ਵੀ ਸੱਚ ਕਿਉਂਕਿ ਅੱਜ ਸਿਖ ਫਿਰਕੇ ਵੱਲੋਂ ਜਿਸ
ਸੰਸਥਾਗਤ ‘ਸਿਖ ਧਰਮ’ ਨੂੰ ਅਪਣਾਇਆ ਗਿਆ ਹੋਇਆ ਹੈ ਉਹ ਇੱਸੇ ਕਿਸਮ ਦਾ ਹੀ ਹੈ। ਲੈਫ. ਕਰਨਲ ਗੁਰਦੀਪ
ਸਿੰਘ ਜੀ ਨੂੰ ਸ਼ਾਇਦ ਇਹ ਜਾਣਕਾਰੀ ਨਹੀਂ ਕਿ ਗੁਰੂ ਨਾਨਕ ਜੀ ਜਾਂ ਕਿਸੇ ਹੋਰ ਸਿਖ ਗੁਰੂ ਸਾਹਿਬ ਨੇ
ਕਦੀ ਕੋਈ ਅਜਿਹਾ ਸੰਸਥਾਗਤ ਸਿਖ ਧਰਮ ਚਾਲੂ ਹੀ ਨਹੀਂ ਕੀਤਾ ਸੀ। ਜਿਸ ‘ਇੱਕੋ-ਇਕ ਰੱਬੀ-ਧਰਮ’ ਦੀ ਉਹ
ਗੱਲ ਕਰਦੇ ਹਨ ਉਹ ਤਾਂ ਗੁਰੂ ਸਾਹਿਬਾਨ ਵੱਲੋਂ ਦਿੱਤਾ ਹੋਇਆ ਗੁਰਮੱਤ ਦਾ ਫਲਸਫਾ ਹੈ ਜੋ ਗੁਰਬਾਣੀ
ਰਾਹੀਂ ਵਿਅਕਤ ਹੁੰਦਾ ਹੈ। ਸਿਖ ਗੁਰੂ ਸਾਹਿਬਾਨ ਨੇ ਇੱਸੇ ਫਲਸਫੇ ਦੇ ਆਧਾਰ ਤੇ ਇਕ ਮਾਨਵਵਾਦ ਦੀ
ਲਹਿਰ ਉਸਾਰੀ ਸੀ ਅਤੇ ਅਠਾਰ੍ਹਵੀਂ ਸਦੀ ਈਸਵੀ ਵਿਚ ਉਸ ਲਹਿਰ ਨੂੰ ਸਾਜ਼ਿਸ਼ ਤਹਿਤ ਸੰਸਥਾਗਤ ‘ਸਿਖ
ਧਰਮ’ ਦਾ ਰੂਪ ਦੇ ਦਿੱਤਾ ਗਿਆ ਸੀ (ਅਤੇ ਪੁਜਾਰੀ-ਵਿਵਸਥਾ ਨੇ ਇਸ ਦਾ ਅੰਗ ਬਣਨਾ ਹੀ ਸੀ)। ਪਰਤੱਖ
ਹੈ ਕਿ ਲੈਫ. ਕਰਨਲ ਗੁਰਦੀਪ ਸਿੰਘ ਜੀ ਸਿਖ ਗੁਰੂ ਸਾਹਿਬਾਨ ਦੇ ਮਾਨਵਵਾਦ ਦੇ ਫਲਸਫੇ ਅਤੇ
ਅਠਾਰ੍ਹਵੀਂ ਸਦੀ ਤੋਂ ਚਾਲੂ ਹੋਏ ਸੰਸਥਾਗਤ ਸਿਖ ਧਰਮ ਨੂੰ ਰਲਗੱਢ ਕਰ ਰਹੇ ਹਨ।
ਮਾਨਯੋਗ ਸੰਪਾਦਕ ਜੀ, ਮੈਂ ਆਪ ਜੀ ਰਾਹੀਂ ਲੈਫ. ਕਰਨਲ ਗੁਰਦੀਪ ਸਿੰਘ ਜੀ ਨੂੰ ਨਿਮਰਤਾ ਸਹਿਤ ਇਹ
ਬੇਨਤੀ ਪਹੁੰਚਾਉਣਾ ਚਾਹੁੰਦਾ ਹਾਂ ਕਿ ਉਹ ਇਹੋ ਜਿਹੀਆਂ ਅਸੰਗਤੀਆਂ ਭਰਪੂਰ ਲਿਖਤਾਂ ਰਾਹੀਂ ਪਾਠਕਾਂ
ਨੂੰ ਗੁਮਰਾਹ ਨਾ ਕਰਿਆ ਕਰਨ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(ਸੰਪਾਦਕੀ ਟਿੱਪਣੀ:- ਡਾ:
ਇਕਬਾਲ ਸਿੰਘ ਢਿੱਲੋਂ ਜੀ ਤੁਹਾਡੇ ਇਸ ਪੱਤਰ ਦਾ ਜਵਾਬ ਤੁਹਾਨੂੰ ਮੇਰੇ ਹੁਣ ਦੇ ਤਾਜ਼ਾ ਛਪੇ ਦੋ
ਲੇਖਾਂ ਵਿੱਚ ਮਿਲ ਜਾਵੇਗਾ। ਇਹ ਲੇਖ ਤੁਸੀਂ ਪੜ੍ਹ ਹੀ ਲਏ ਹੋਣਗੇ। ਇਹ ਲੇਖ ਹਨ; “ਸਿੱਖ ਕੌਮ ਦੁਨੀਆ
ਦੇ ਲੈਵਲ ਦਾ ਇੱਕ ਵੀ ਵਿਦਵਾਨ ਕਿਉਂ ਨਹੀਂ ਪੈਦਾ ਕਰ ਸਕੀ? ਅਤੇ ਸਿੱਖ ਦੁਨੀਆ ਦੇ ਸਭ ਤੋਂ ਵੱਡੇ
ਬੁੱਤ-ਪ੍ਰਸਤ ਕਿਵੇਂ ਹਨ?” ਇਹਨਾ ਲੇਖਾਂ ਵਿੱਚ ਮੈਂ ਸਿੱਖਾਂ ਦੀ ਮਾਨਸਿਕ ਗੁਲਾਮੀ ਅਤੇ
ਬੁੱਤ-ਪ੍ਰਸਤੀ ਦਾ ਜ਼ਿਕਰ ਕੀਤਾ ਹੈ। ਸਿੱਖ ਇਸ ਮਾਨਸਿਕ ਗੁਲਾਮੀ ਤੋਂ ਇੱਕ ਦਮ ਨਹੀਂ ਬਾਹਰ ਆ ਸਕਦੇ।
ਇਸ ਤੋਂ ਬਾਹਰ ਆਉਣ ਲਈ ਕੁੱਝ ਸਮਾ ਲੱਗੇਗਾ। ਇਹ ਮਾਨਸਿਕ ਗੁਲਾਮੀ ਮੈਂ 20 ਕੁ ਸਾਲ ਪਹਿਲਾਂ ਹੀ ਲਾਹ
ਦਿੱਤੀ ਸੀ। ਇਸ ਲਈ ਮੈਂ ਆਪਣੀਆਂ ਪਿਛਲੇ 20 ਕੁ ਸਾਲਾਂ ਦੀਆਂ ਲਿਖਤਾਂ ਵਿੱਚ ਕਦੀ ਵੀ ਇਸ ਅਕਾਲ ਤਖ਼ਤ
ਦੀ ਸਰਵਉਚਤਾ ਵਾਲੀ ਗੱਲ ਨਹੀਂ ਕੀਤੀ। ਪਰ ਸਾਰੇ ਸਿੱਖ ਇਸ ਤਰ੍ਹਾਂ ਨਹੀਂ ਕਰ ਸਕਦੇ। ਜਿਸ ਬੰਦੇ ਨੇ
ਦਸਮ ਗ੍ਰੰਥ ਬਾਰੇ ਸਭ ਤੋਂ ਵੱਧ ਲੋਕਾਂ ਨੂੰ ਜਾਗਰਤ ਕੀਤਾ ਹੈ ਉਹ ਹੈ ਗੁਰਚਰਨ ਸਿੰਘ ਜਿਊਣ ਵਾਲਾ।
ਭਾਂਵੇਂ ਕਿਸੇ ਕਾਰਨ ਉਸ ਦੀਆਂ ਲਿਖਤਾਂ ਹੁਣ ਇੱਥੇ ਨਹੀਂ ਛਪਦੀਆਂ ਪਰ ਪਹਿਲਾਂ ਦੀਆਂ ਕਾਫੀ ਛਪੀਆਂ
ਹੋਈਆਂ ਹਨ। ਉਹ ਦਸ ਕੁ ਸਾਲ ਪਹਿਲਾਂ ਜਾਣਦੇ ਹੋਏ ਵੀ ਇਸ ਗੁਲਾਮੀ ਤੋਂ ਮੁਕਤੀ ਨਹੀਂ ਸੀ ਪਾ ਸਕਿਆ
ਅਤੇ ਉਹ ਆਪਣੇ ਲੇਖਾਂ ਵਿੱਚ ਅਕਾਲ ਤਖ਼ਤ ਦੀ ਸਰਵਉਚਤਾ ਦੀ ਗੱਲ ਕਰਦੇ ਰਹੇ ਹਨ ਪਰ ਹੁਣ ਦੇ ਤਾਜ਼ਾ
ਲੇਖਾਂ ਵਿੱਚ ਇਸ ਨੂੰ ਰੱਦ ਕਰ ਚੁੱਕੇ ਹਨ। ਲੈਫ. ਕਰਨਲ ਗੁਰਦੀਪ ਸਿੰਘ ਵੀ ਚਾਰ ਤਖ਼ਤਾਂ ਅਤੇ
ਪੁਜਾਰੀਵਾਦ ਨੂੰ ਰੱਦ ਕਰਦੇ ਹਨ ਅਤੇ ਹੋ ਸਕਦਾ ਹੈ ਕਿਸੇ ਦਿਨ ਅਕਾਲ ਤਖ਼ਤ ਵਾਲੀ ਗੁਲਾਮੀ ਤੋਂ ਵੀ
ਬਾਹਰ ਆ ਜਾਣ। ਇਸੇ ਤਰ੍ਹਾਂ ਅਵਤਾਰ ਸਿੰਘ ਮਿਸ਼ਨਰੀ ਅਤੇ ਡਾ: ਗੁਰਮੀਤ ਸਿੰਘ ਬਰਸਾਲ ਵੀ ਬਹੁਤਾ ਕੁੱਝ
ਰੱਦ ਕਰਦੇ ਹਨ ਅਤੇ ਇਸ ਮਾਨਸਿਕ ਗੁਲਾਮੀ ਨੂੰ ਸਮਝਦੇ ਹਨ ਪਰ ਆਲੇ ਦੁਆਲੇ ਦਾ ਮਹੌਲ ਕਰਕੇ ਹਾਲੇ
ਪੂਰਾ ਸੱਚ ਕਹਿਣ ਤੋਂ ਝਿਜਕਦੇ ਹਨ)
03/11/15)
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)
ਗੁਰਮੁੱਖ ਪਿਆਰੇ ਖ਼ਾਲਸਾ ਮੱਖਣ ਸਿੰਘ ਜੀ, … ਸਿੱਖ ਮਾਰਗ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਦਾਸਰੇ ਦੀ ਬੇਨਤੀ ਹੈ ਕਿ “ਅਕਾਲ ਤਖਤ ਅਤੇ ਜਥੇਦਾਰ” ਬਾਰੇ ਸਿੱਖ ਮਾਰਗ ਵਿੱਬ-ਸਾਈਟ ਵਿਖੇ “ਲੇਖ
ਲੜੀ ਦੂਜੀ” ਨੂੰ ਕਲਿਕ ਕਰਕੇ ਮੇਰੇ ਪਹਿਲਾਂ ਲਿਖੇ ਦੋ ਲੇਖ ਪੜ੍ਹੇ ਜਾ ਸਕਦੇ ਹਨ:
(1) “ਅਕਾਲ ਤਖਤ” ਕਿਥੇ ਹੈ? ਅਤੇ
(2) “ਗੁਰੂ ਗਰੰਥ ਸਾਹਿਬ ਅਨੁਸਾਰ ਅਕਾਲ ਤਖਤ ਦੀ ਹੋਂਦ!”
ਮੇਰੀ ਸਮਝ ਅਨੁਸਾਰ “ਅਕਾਲ ਤਖਤ ਅਤੇ ਉਥੇ ਥਾਪੇ ਜਥੇਦਾਰਾਂ” ਨੂੰ ਕਿਸੇ ਵੀ ਗੁਰੂ
ਸਾਹਿਬਾਨ ਨੇ ਮਾਨਤਾ ਨਹੀਂ ਦਿੱਤੀ ਹੋਈ। ਅਕਾਲ ਤਖਤ ਦਾ ਹਊਆ ਕਿਸੇ ਅਗਿਆਤ ਲੇਖਕ ਨੇ ਭੁਲੇਖਾ ਪਾਇਆ
ਹੋਇਆ ਹੈ। ਦੇਖੋ, ਕਿਤਾਬ ਗੁਰ ਬਿਲਾਸ ਪਾਤਸ਼ਾਹੀ ੬ ਦਾ ਅਧਿਆਇ ਅੱਠਵਾਂ! (ਇਸ ਕਿਤਾਬ ਦੀ ਬਿਕਰੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ੬ ਜਨਵਰੀ ੨੦੦੧ ਤੋਂ ਬੰਦ ਕਰ ਦਿੱਤੀ ਹੋਈ ਹੈ) ਇਸ ਤੋਂ
ਇਲਾਵਾ, ਕਿਸੇ ਲੇਖਕ ਨੇ ਹੋਰ ਕੋਈ ਪਰਮਾਣ ਨਹੀਂ ਦਿੱਤਾ ਅਤੇ ਨਾ ਹੀ ਭਾਈ ਗੁਰਦਾਸ ਦੀਆਂ ਵਾਰਾਂ
ਵਿਖੇ ਕੋਈ ਵੇਰਵਾ ਮਿਲਦਾ ਹੈ? ਹੋ ਸਕਦਾ ਹੈ ਕਿ ਮੇਰੀ ਜਾਣਕਾਰੀ ਅਧੂਰੀ ਹੋਵੇ, ਖਿਮਾ ਕਰ ਦੇਣਾ ਜੀ!
ਵੈਸੇ ਵੀ, ਮੈਂ ਅਸਟ੍ਰੇਲੀਆ ਦਾ ਨਿਵਾਸੀ ਹੋਂਣ ਕਰਕੇ, ਸ਼੍ਰੋਮਣੀ ਕਮੇਟੀ, ਉਨ੍ਹਾਂ ਵਲੋਂ ਥਾਪੇ
ਜਥੇਦਾਰ ਜਾਂ ਇੰਡੀਅਨ ਦੇਸ਼ ਦੇ ਕਿਸੇ ਵੀ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਮੇਰੇ ਲਈ ਤਾਂ “ਗੁਰੂ
ਗਰੰਥ ਸਾਹਿਬ” ਹੀ ਸੱਭ ਤੋਂ ਉੱਤਮ ਹੈ।
ਆਪਜੀ ਦਾ ਭੁਲਣਹਾਰ ਪਾਠਕ,
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ) ੩ ਨਵੰਬਰ ੨੦੧੫
03/11/15)
ਲੈਫ਼ ਕਰਨਲ (ਰਿਟਾ.) ਗੁਰਦੀਪ ਸਿੰਘ
ਸੰਸਾਰ ਦੇ ਅਹਿਮ ਮਜ਼੍ਹਬ
(Religions)
ਤੇ ਪੁਜਾਰੀਵਾਦ
ਲੈਫ਼ ਕਰਨਲ (ਰਿਟਾ.) ਗੁਰਦੀਪ ਸਿੰਘ 001-778-549-7679
ਹਥਲੇ ਵਿਸ਼ੇ `ਤੇ ਵਿਚਾਰ ਅਰੰਭ ਕਰਨ ਤੋਂ ਪਹਿਲਾਂ ‘ਮਜ਼੍ਹਬ` ਅਤੇ
‘ਪੁਜਾਰੀਵਾਦ` ਦੀ ਪ੍ਰੀਭਾਸ਼ਾ ਬਾਰੇ ਵਿਚਾਰ ਕਰ ਲੈਣਾ ਲਾਭਦਾਇਕ ਹੋਵੇਗਾ ਤਾਕਿ ਇਨ੍ਹਾਂ ਸ਼ਬਦਾਂ ਦੇ
ਅਰਥਾਂ ਬਾਬਤ ਕੋਈ ਭੁਲੇਖਾ ਨਾ ਰਹੇ।
ਮਜ਼੍ਹਬ
ਦੀ
ਪ੍ਰੀਭਾਸ਼ਾ
ਸਿੱਖ ਕੌਮ ਦੇ ਪ੍ਰਸਿੱਧ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼
ਵਿੱਚ ਇਸ ਸ਼ਬਦ ਦੇ ਹੇਠ ਲਿਖੇ ਅਰਥ ਕੀਤੇ ਹਨ -
1. (ਚੱਲਣ) ਦਾ ਥਾਂ, ਰਸਤਾ, ਪੰਥ। 2. ਧਰਮ, ਦੀਨ। (ਮਹਾਨ ਕੋਸ਼, ਪੰਨਾ
941) ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਤ ‘ਪੰਜਾਬੀ-ਅੰਗਰੇਜ਼ੀ ਕੋਸ਼` ਦੇ ਪੰਨਾ 660
ਉਲ਼ਪਰ ਇਸ ਸ਼ਬਦ ਦੇ ਅਰਥ ਇੰਜ ਕੀਤੇ ਹਨ -
religion, creed, faith, belief, religious denomination.
ਸੰਸਾਰ ਅੰਦਰ ਹੁਣ ਤੱਕ ਪ੍ਰਚਲਤ ਹੋ ਚੁੱਕੇ ਵੱਡੇ ਮਜ਼੍ਹਬਾਂ ਦੇ ਹੋਂਦ ਵਿੱਚ
ਆਉੱਣ ਦੇ ਮੁੱਢਲੇ ਕਾਰਨ ਸਨ ਖ਼ੁਦਗਰਜ਼ ਮਾਨਵ-ਵਿਰੋਧੀ ਸੰਗਠਨਾਂ ਵੱਲੋਂ ਮਨੁੱਖੀ ਵਰਗਾਂ ਦੀ
ਲੁੱਟ-ਖਸੁੱਟ ਅਤੇ ਸਰਬ-ਪੱਖੀ ਸ਼ੋਸ਼ਨ। ਯਾਨੀ ਕਿ, ਖ਼ੁਦਗਰਜ਼ ਸੰਗਠਨਾਂ ਦਾ ਗ਼ੈਰ-ਮਨੁੱਖੀ, ਫ਼ਿਰਕਾਪ੍ਰਸਤ
ਤੇ ਫ਼ਾਸ਼ੀ ਕਿਰਦਾਰ। ਇਸ ਬਾਰੇ ਸੰਖੇਪ ਵਿਚਾਰ ਕਰਨ ਲਈ ਮਨੁੱਖੀ ਵਿਕਾਸ ਦੇ ਪਿਛੋਕੜ `ਤੇ ਇੱਕ
ਪੰਛੀ-ਝਾਤ ਇਸ ਲੇਖ ਵਿੱਚ ਅੱਗੇ ਜਾ ਕੇ ਮਾਰੀ ਜਾਵੇਗੀ।
ਪੂਜਾ
‘ਪੂਜਾ` ਸ਼ਬਦ ਆਮਤੌਰ `ਤੇ ਕਿਸੇ ਦੇਵੀ-ਦੇਵਤੇ ਦੀ (ਮੂਰਤੀ ਦੀ) ਕਿਸੇ ਖ਼ਾਸ
ਸਥਾਨ (ਮੰਦਰ ਆਦਿ) `ਤੇ ਕਿਸੇ ਖ਼ਾਸ ਵਿਧੀ ਅਨੁਸਾਰ (ਖ਼ਾਸ ਪੂਜਾ-ਸਮੱਗਰੀ ਦੀ ਵਰਤੋਂ ਕਰ ਕੇ) ਪੂਜਾ
(ਸੇਵਾ) ਕਰਨ ਲਈ ਵਰਤਿਆ ਜਾਂਦਾ ਹੈ। ਇਹ ਕਾਰਵਾਈ ਵਿਸ਼ੇਸ਼ ਕਰ ਕੇ ਬ੍ਰਾਹਮਣੀ ਧਰਮ-ਕਰਮਾਂ
(ਕਰਮ-ਕਾਂਡਾਂ) ਦਾ ਅਹਿਮ ਅੰਗ ਹੈ। ਯਾਨੀ ਕਿ, ਹਵਨ ਜਾਂ ਯੱਗ ਆਦਿ ਦੀਆਂ ਰਸਮਾਂ ਦੌਰਾਨ ਇਹ
ਕ੍ਰਿਆ-ਕਰਮ ਕੀਤਾ ਜਾਂਦਾ ਹੈ। ਪਰ, ਅਜਿਹਾ ਕਰਨਾ ਪਰੀ-ਪੂਰਨ ਤੇ ਸਰਬ-ਸਮਰੱਥ ਪ੍ਰਭੂ-ਪਿਤਾ ਦੀ ਹੋਂਦ
ਤੋਂ ਹੀ ਬੇ-ਮੁੱਖ ਹੋਣ ਤੁੱਲ ਹੈ ਕਿਉੱਕਿ ਉਸ ਮਾਲਿਕ-ਪ੍ਰਭੂ ਦੀ ਪੂਜਾ (ਯਾਨੀ ਉਸ ਦੀ ਕੁਦਰਤਿ ਦੇ
ਨਿਯਮਾਂ ਦੀ ਪਾਲਣਾ ਕਰਨਾ) ਹੀ ਰੱਬੀ ਦਰਗਾਹ ਅੰਦਰ ਪਰਵਾਨ ਹੈ, ਉਸ ਦੀ ਸਾਜੀ ਕਿਸੇ ਸ਼ਕਤੀ ਜਾਂ
ਵਿਅਕਤੀ ਦੀ ਨਹੀਂ।
ਪੁਜਾਰੀ
ਉਹ ਅਖੌਤੀ ਧਾਰਮਿਕ ਆਗੂ ਜਿਸ ਦੀ ਨਿੱਜੀ ਦੇਖ-ਰੇਖ ਹੇਠ ਪੂਜਾ ਕਰਨ ਦੀ
ਕਾਰਵਾਈ ਕੀਤੀ ਜਾਂਦੀ ਹੈ। ਕੁੱਝ ਕੁ ਮਜ਼੍ਹਬਾਂ ਅੰਦਰ ਪੁਜਾਰੀ ਦਾ ਇਹ ਅਹੁਦਾ ਪੁਜਾਰੀ ਨੂੰ ਸਬੰਧਤ
ਸਮਾਜਕ ਵਰਗ ਲਈ ਅਣਅਧਿਕਾਰਤ ਤੌਰ `ਤੇ ਫ਼ਤਵੇ ਜਾਰੀ ਕਰਨ ਦਾ ਅਧਿਕਾਰ ਵੀ ਦਿੰਦਾ ਹੈ।
ਪੁਜਾਰੀਵਾਦ
ਪੂਜਾ ਕਰਨ ਦੀ ਵਿਚਾਰਧਾਰਾ ਜਾਂ ਫ਼ਲਸਫ਼ਾ ਜਿਸ ਅਨੁਸਾਰ ‘ਪੂਜਾ` ਨੂੰ ਇਕ ਬਹੁਤ
ਹੀ ਅਹਿਮ ਧਰਮ-ਕਰਮ ਵਜੋਂ ਮਾਨਤਾ ਦਿੱਤੀ ਜਾਂਦੀ ਹੈ ਅਤੇ ਪੁਜਾਰੀ ਨੂੰ ਸਬੰਧਤ ਸਮਾਜਕ ਵਰਗ ਲਈ
ਫ਼ਤਵੇ, ਹਦਾਇਤਾਂ (ਹੁਕਮਨਾਮੇ) ਜਾਰੀ ਕਰਨ ਦਾ ‘ਦੈਵੀ-ਅਧਿਕਾਰ`
(divine right) ਵੀ ਪ੍ਰਾਪਤ ਹੋ ਜਾਂਦਾ ਹੈ।
ਸਪੱਸ਼ਟ ਹੈ ਕਿ ਪੁਜਾਰੀਵਾਦ ਨੂੰ ਮਾਨਤਾ ਦੇਣ ਵਾਲਾ ਫ਼ਲਸਫ਼ਾ ਕਾਦਿਰ ਦੀ ਕੁਦਰਤਿ ਦੇ ਅਟੱਲ ਨਿਯਮਾਂ ਦੀ
ਉਲੰਘਣਾ ਕਰਦਾ ਹੈ ਅਤੇ ਖ਼ੁਦਗਰਜ਼ ਸੰਗਠਨਾਂ ਨੇ ਮਨੁੱਖੀ ਸਮਾਜ ਦਾ ਬਹੁ-ਪੱਖੀ ਸ਼ੋਸ਼ਨ ਕਰਨ ਲਈ ਹੀ ਇਸ
ਗ਼ੈਰ-ਕੁਦਰਤੀ ਵਿਚਾਰਧਾਰਾ ਨੂੰ ਪ੍ਰਚਲਤ ਕੀਤਾ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਦਾ ਫ਼ੁਰਮਾਣ ਹੈ -
ਤੇਰਾ ਨਾਮੁ ਕਰੀ ਚਨਣਾਠੀਆ ਜੇ ਮਨੁ ਉਰਸਾ ਹੋਇ।। ਕਰਣੀ ਕੁੰਗੂ ਜੇ ਰਲੈ ਘਟ
ਅੰਤਰਿ ਪੂਜਾ ਹੋਇ।। 1. । ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ।। 1. । ਰਹਾਉ।।
ਪਦ
ਅਰਥ :
ਚਨਣਾਠੀਆ - (ਚੰਦਨ ਕਾਠ) ਚੰਦਨ ਦੀ ਲੱਕੜੀ।
ਕਰੀ-ਮੈਂ ਕਰਾਂ। ਉਰਸਾ-ਸਿਲ, ਚੰਦਨ ਘਸਾਣ ਵਾਲਾ ਵੱਟਾ। ਕਰਣੀ-ਉੱਚਾ ਆਚਰਨ। ਕੁੰਗੂ - ਕੇਸਰ। ਘਟ -
ਹਿਰਦਾ। 1.
ਕੀਚੈ - ਕਰਨੀ ਚਾਹੀਦੀ ਹੈ। ਪੂਜਾ - ਪੂਜਾ। 1. ਰਹਾਉ।
ਭਾਵ
:
(ਹੇ ਪ੍ਰਭੂ!) ਜੇ ਮੈਂ ਤੇਰੇ ਨਾਮ (ਦੀ ਯਾਦ) ਨੂੰ
ਚੰਨਣ ਦੀ ਲੱਕੜੀ ਬਣਾ ਲਵਾਂ, ਜੇ ਮੇਰਾ ਮਨ (ਉਸ ਚੰਦਣ ਦੀ ਲੱਕੜੀ ਨੂੰ ਘਸਾਉਣ ਵਾਸਤੇ) ਸਿਲ ਬਣ
ਜਾਏ, ਜੇ ਮੇਰਾ ਉੱਚਾ ਆਚਰਨ (ਇਨ੍ਹਾਂ ਦੇ ਨਾਲ) ਕੇਸਰ (ਬਣ ਕੇ) ਰਲ ਜਾਏ, ਤਾਂ ਤੇਰੀ ਪੂਜਾ ਮੇਰੇ
ਹਿਰਦੇ ਦੇ ਅੰਦਰ ਹੀ ਪਈ ਹੋਵੇਗੀ। 1.
(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, ਇਹੀ ਪੂਜਾ ਕਰਨੀ
ਚਾਹੀਦੀ ਹੈ। ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਹੋਰ ਕ’ ਈ ਪੂਜਾ (ਐਬੀ) ਨਹੀਂ (ਜੋ ਰੱਬੀ
ਦਰਗਾਹ ਅੰਦਰ ਪਰਵਾਨ ਹੋ ਸਕੇ)। 1. ਰਹਾਉ ।
ਇਤਿਹਾਸਕ
ਪਿਛੋਕੜ
ਪੁਜਾਰੀਵਾਦ ਦਾ ਅਰੰਭ ਕਾਲ ਈਸਵੀ ਸੰਨ ਦੇ ਅਰੰਭਲੇ ਸਮੇਂ ਤੋਂ ਹੀ ਮੰਨਿਆ
ਜਾਂਦਾ ਹੈ।
ਪੱਥਰ
ਯੁਗ ਦਾ
ਮਨੁੱਖ
ਇੰਜ ਲਗਦਾ ਹੈ ਕਿ ਉਸ ਸਮੇਂ ਤੱਕ ਮਨੁੱਖੀ ਸਭਿਅਤਾ ਅਤੇ ਸੂਝ-ਬੂਝ ਦਾ ਬਹੁਤ
ਹੀ ਘੱਟ ਵਿਕਾਸ ਹੋਇਆ ਹੋਵੇਗਾ। ਪਰ, ਫਿਰ ਵੀ ਮਨੁੱਖ ਜੰਗਲਾਂ-ਬੇਲਿਆਂ ਵਿੱਚ ਜੰਗਲੀ ਜਾਨਵਰਾਂ ਤੋਂ
ਬਚਾਅ ਕਰਨ ਲਈ, ਟੋਲਿਆਂ ਦੇ ਰੂਪ ਵਿੱਚ ਰਹਿੰਦਾ ਹੋਵੇਗਾ। ਮਨੁੱਖੀ ਟੋਲਿਆਂ ਜਾਂ ਫ਼ਿਰਕਿਆਂ ਦੇ ਆਪਸ
ਵਿੱਚ, ਕਈ ਕਾਰਨਾਂ ਕਰ ਕੇ, ਲੜਾਈ-ਝਗੜੇ ਵੀ ਜ਼ਰੂਰ ਹੁੰਦੇ ਹੋਣਗੇ। ਮਨੁੱਖ ਨੇ ਆਪੋ-ਆਪਣੇ ਟੋਲੇ
(ਫ਼ਿਰਕੇ) ਦੀ ਰੱਖਿਆ ਤੇ ਵਿਕਾਸ ਲਈ ਜਥੇਬੰਦਕ ਢਾਂਚੇ, ਰਹਿਣ-ਸਹਿਣ ਦੇ ਢੰਗ ਅਤੇ ਕੁੱਝ ਕੁ ਸਮਾਜਕ
ਅਸੂਲ ਵੀ ਹੋਂਦ ਵਿੱਚ ਲਿਆਂਦੇ ਹੋਣਗੇ। ਹਰੇਕ ਮਨੁੱਖੀ ਟੋਲੇ ਨੇ, ਮੋਟੇ ਤੌਰ `ਤੇ, ਆਪੋ-ਆਪਣਾ
ਇਲਾਕਾ ਵੀ ਨਿਰਧਾਰਤ ਕੀਤਾ ਹੋਵੇਗਾ ਜਿਸ ਅੰਦਰ, ਆਮਤੌਰ `ਤੇ, ਉਸ ਨੇ ਵਿਚਰਨਾ ਹੁੰਦਾ ਸੀ।
ਆਮ ਮਨੁੱਖੀ ਸੁਭਾਅ ਅਨੁਸਾਰ, ਜ਼ਿਆਦਾ ਤਾਕਤਵਰ ਟੋਲਿਆਂ ਨੇ ਘੱਟ ਤਾਕਤਵਰ
ਟੋਲਿਆਂ ਨੂੰ, ਹਿੱਕ ਦੇ ਜ਼ੋਰ ਨਾਲ, ਆਪਣੇ ਅਧੀਨ ਕਰਨਾ ਵੀ ਅਰੰਭ ਕਰ ਦਿੱਤਾ ਹੋਵੇਗਾ। ਤਾਕਤਵਰ
ਟੋਲਿਆਂ ਦੇ ਸਤਾਏ ਹੋਏ ਕਮਜ਼ੋਰ ਟੋਲੇ ਆਪਣਾ ਇਲਾਕਾ ਛੱਡ ਕੇ ਦੂਰ-ਦੂਰਾਡੇ ਦੇ ਇਲਾਕਿਆਂ ਵਿੱਚ ਰਹਿਣ
ਲਈ ਚਲੇ ਜਾਇਆ ਕਰਦੇ ਹੋਣਗੇ। ਮਨੁੱਖ ਕੰਦ-ਮੂਲ, ਜੰਗਲੀ ਫ਼ਲ ਆਦਿ ਖਾ ਕੇ ਗੁਜ਼ਾਰਾ ਕਰਦਾ ਹੋਵੇਗਾ।
ਮਨੁੱਖ ਜੰਗਲੀ ਜਾਨਵਰਾਂ ਵਾਂਗ ਨਿਰ-ਬਸਤਰ ਹੀ ਰਹਿੰਦਾ ਹੋਵੇਗਾ। ਪਰ, ਇੱਕ ਗੱਲ ਯਕੀਨ ਨਾਲ ਕਹੀ ਜਾ
ਸਕਦੀ ਹੈ ਕਿ ਉਸ ‘ਪੱਥਰ-ਯੁਗ` ਦੇ ਸਮੇਂ ਦੌਰਾਨ ਕੋਈ ਮਜ਼੍ਹਬ, ਜਾਤ-ਪਾਤੀ ਵਰਗੀ ਊਚ-ਨੀਚ ਦੀ ਭਾਵਨਾ
ਬਿਲਕੁਲ ਹੀ ਨਹੀਂ ਹੋਵੇਗੀ। ਪੱਥਰ-ਯੁਗ ਦਾ ਸਮਾਂ ਕਿਤਨੀ ਦੇਰ ਤੱਕ ਰਿਹਾ, ਇਸ ਬਾਰੇ ਵੀ ਨਿਸ਼ਚਿਤ
ਤੌਰ `ਤੇ ਕੁੱਝ ਕਹਿ ਸਕਣਾ ਔਖਾ ਹੈ, ਕਿਉੱਕਿ, ਇਤਿਹਾਸ ਨੂੰ ਲਿਖਤੀ ਰੂਪ ਵਿੱਚ ਸੰਭਾਲ ਕੇ ਰੱਖਣ ਦਾ
ਰਿਵਾਜ਼ ਉਸ ਵਕਤ, ਸ਼ਾਇਦ, ਨਹੀਂ ਸੀ ਕਿਉੱਕਿ ਮਨੁੱਖੀ ਬੋਲੀ (ਭਾਸ਼ਾ) ਅਤੇ ਬੋਲੀ ਦੀਆਂ ਲਿਪੀਆਂ ਅਜੇ
ਹੋਂਦ ਵਿੱਚ ਹੀ ਨਹੀਂ ਆਈਆਂ ਸਨ। ਪਰ, ਮਨੁੱਖੀ ਸਭਿਅਤਾ ਕੁੱਝ ਕੁ ਵਿਕਾਸ ਵੱਲ ਜ਼ਰੂਰ ਵਧੀ ਹੋਵੇਗੀ।
ਮਨੁੱਖੀ
ਕਬੀਲੇ
ਹੋਂਦ ਵਿੱਚ ਆਏ-ਰਜਵਾੜਾਸ਼ਾਹੀ ਦਾ ਅਰੰਭ
ਛੋਟੇ-ਵੱਡੇ ਟੋਲਿਆਂ ਦੇ ਰੂਪ ਵਿੱਚ ਵਿਚਰਦਾ ਹੋਇਆ ਮਨੁੱਖ ਵਿਕਾਸ
ਕਰਦਾ-ਕਰਦਾ ਕਬੀਲਿਆਂ ਦੇ ਰੂਪ ਵਿੱਚ ਆਇਆ। ਦੂਸਰਿਆਂ ਨਾਲੋਂ ਸਰੀਰਕ ਤੌਰ `ਤੇ ਜਿਆਦਾ ਤਾਕਤਵਰ
ਮਨੁੱਖ, ਕਬੀਲਿਆਂ ਦੇ ਮੁਖੀ (ਸਿਰਦਾਰ) ਬਣ ਗਏ ਜਿਨ੍ਹਾਂ ਦੀ ਜ਼ਿੰਮੇਵਾਰੀ ਆਪਣੇ ਕਬੀਲੇ ਦੀ ਰੱਖਿਆ
ਕਰਨੀ ਹੁੰਦੀ ਸੀ। ਸਾਰਾ ਕਬੀਲਾ ‘ਕਬੀਲਾ-ਮੁੱਖੀ` ਦੇ ਹੁਕਮਾਂ ਦੀ ਪਾਲਣਾ ਕਰਦਾ ਸੀ। ਜਿਵੇਂ-ਜਿਵੇਂ
ਕਬੀਲੇ ਵੱਡੇ ਹੁੰਦੇ ਗਏ, ਕਬੀਲਾ-ਮੁੱਖੀ ਕਬੀਲੇ ਦੇ ਸਰੀਰਕ ਤੌਰ `ਤੇ ਰਿਸ਼ਟ-ਪੁਸ਼ਟ ਹੋਰ ਮਨੁੱਖਾਂ
ਨੂੰ ਆਪਣੀ ਮਦਦ ਲਈ, ਨਾਲ ਰਲਾ ਕੇ ਰੱਖਣ ਲੱਗ ਪਏ। ਇਹ ਇੱਕ ਕਿਸਮ ਦੀ ਫ਼ੌਜੀ ਜਥੇਬੰਦੀ ਦਾ ਅਰੰਭਕ
ਦੌਰ ਹੀ ਸੀ। ਇੰਜ ਕਬੀਲਿਆਂ ਦੇ ਮੁੱਖੀ ਆਪੋ-ਆਪਣੇ ਕਬੀਲਿਆਂ `ਚ ਆਪੋ-ਆਪਣਾ ਸ਼ਾਸਨ (ਸਮਾਜ-ਪ੍ਰਬੰਧ)
ਚਲਾਉੱਣ ਲੱਗ ਪਏ। ਇਥੋਂ ਹੀ, ਅਜੋਕੀ ਰਾਜਨੀਤੀ ਦਾ ਅਰੰਭ ਹੋਇਆ ਕਿਹਾ ਜਾ ਸਕਦਾ ਹੈ। ਸਮਾਂ ਬੀਤਣ
ਨਾਲ, ਇਹ ਰਾਜਨੀਤਕ ਸ਼੍ਰੇਣੀ, ਮਨੁੱਖਤਾ ਦਾ ਸ਼ੋਸ਼ਨ ਕਰ ਕੇ, ਐਸ਼-ਪ੍ਰਸਤੀ ਵੀ ਕਰਨ ਲੱਗ ਪਈ ਹੋਵੇਗੀ,
ਕਿਉੱਕਿ, ਸਿਆਸੀ ਸੱਤਾ ਅਤੇ ਐਸ਼-ਪ੍ਰਸਤੀ ਦਾ, ਅਕਸਰ, ਨੇੜੇ ਦਾ ਸਬੰਧ ਹੁੰਦਾ ਹੈ।
ਪੁਜਾਰੀ
ਸ਼੍ਰੇਣੀ
ਦਾ ਮੁੱਢ ਬੱਝਣ ਲੱਗਾ
ਜੰਗਲਾਂ ਅਤੇ ਪਹਾੜਾਂ ਵਿੱਚ ਰਹਿੰਦੇ ਮਨੁੱਖ ਨੂੰ ਜਿੱਥੇ ਜੰਗਲੀ ਜਾਨਵਰਾਂ
ਅਤੇ ਦੂਜੇ ਮਨੁੱਖੀ ਟੋਲਿਆਂ ਦਾ ਭੈਅ ਹੁੰਦਾ ਸੀ, ਉਲ਼ਥੇ ਕੁਦਰਤੀ ਆਫ਼ਤਾਂ (ਮੀਂਹ, ਹਨ੍ਹੇਰੀ, ਤੂਫ਼ਾਨ,
ਆਸਮਾਨੀ ਬਿਜਲੀ, ਭੁਚਾਲ, ਹੜ੍ਹ ਆਦਿ) ਦਾ ਵੀ ਡਰ ਰਹਿੰਦਾ ਸੀ। ਇਸੇ ‘ਮਨੁੱਖੀ-ਭੈਅ` ਦੀ ਕੁਦਰਤੀ
ਕਮਜ਼ੋਰੀ ਦਾ ਨਾਜਾਇਜ਼ ਫਾਇਦਾ ਉਠਾ ਕੇ, ਮਨੁੱਖ ਦਾ ਸ਼ੋਸ਼ਨ ਕਰਨ ਲਈ, ਅਤੇ ਵਿਹਲੀਆਂ ਖਾ ਕੇ ਮਨੁੱਖਾਂ
ਨੂੰ ਆਪਣੇ ਹੁਕਮਾਂ ਅਨੁਸਾਰ ਚਲਾਉੱਣ ਦੀ ਰੁਚੀ ਅਧੀਨ, ਪੁਜਾਰੀ ਸ਼੍ਰੇਣੀ ਹੋਂਦ ਵਿੱਚ ਆਉੱਣ ਲੱਗੀ।
ਇਸ ਸ਼੍ਰੇਣੀ ਵਿੱਚ ਉਹ ਮਨੁੱਖ ਸ਼ਾਮਿਲ ਹੋਣ ਲੱਗ ਪਏ ਜਿਹੜੇ ਦਿਮਾਗੀ ਪੱਧਰ `ਤੇ ਸਾਧਾਰਨ ਮਨੁੱਖਾਂ
ਨਾਲੋਂ ਵਧੇਰੇ ਚੁਸਤ-ਚਾਲਾਕ ਹੁੰਦੇ ਸਨ। ਇਨ੍ਹਾਂ ਨੇ ਮਨੁੱਖ ਨੂੰ ਕੁਦਰਤੀ ਆਫ਼ਤਾਂ ਦੇ ਭੈਅ ਤੋਂ
ਛੁਟਕਾਰਾ ਦਿਵਾਉੱਣ ਲਈ, ਤਰ੍ਹਾਂ-ਤਰ੍ਹਾਂ ਦੇ, ਮਨਘੜਤ ਨੁਸਖ਼ੇ (ਫ਼ਾਰਮੂਲੇ, ਮੰਤਰ-ਜਾਪ ਆਦਿ) ਤਿਆਰ
ਕਰਨੇ ਸ਼ੁਰੂ ਕਰ ਦਿੱਤੇ ਅਤੇ ਮਨੁੱਖੀ ਮਨਾਂ ਨੂੰ ਵਹਿਮਾਂ-ਭਰਮਾਂ ਦੇ ਜਾਲ ਵਿੱਚ ਫਸਾਉੱਣਾ ਸ਼ੁਰੂ ਕਰ
ਦਿੱਤਾ-ਯਾਨੀ ਕਿ, ਕੁਦਰਤੀ ਆਫ਼ਤਾਂ ਦੇ ਪਿੱਛੇ ਗ਼ੈਬੀ ਸ਼ਕਤੀਆਂ ਦੀ ਹੋਂਦ ਦੱਸ ਕੇ ਉਨ੍ਹਾਂ ਤੋਂ ਬਚਾਅ
ਦੇ ਨੁਸਖ਼ੇ (ਕਰਮ-ਕਾਂਡਾਂ, ਮਰਿਯਾਦਾਵਾਂ, ਰਸਮਾਂ-ਰੀਤਾਂ, ਜੰਤਰਾਂ-ਮੰਤਰਾਂ ਆਦਿ ਦੇ ਰੂਪ ਵਿੱਚ)
ਪ੍ਰਚੱਲਤ ਕਰ ਦਿੱਤੇ। ਇਨ੍ਹਾਂ ਨੁਸਖ਼ਿਆਂ ਦੀ ਵਿਧੀ-ਪੂਰਬਕ ਵਰਤੋਂ ਦਾ ‘ਗਿਆਨ` ਅਤੇ ‘ਅਧਿਕਾਰ` ਆਪਣੇ
ਲਈ ਰਾਖਵਾਂ ਕਰ ਕੇ, ਇਹ ਸ਼ਾਤਰ ਪੁਜਾਰੀ ਸ਼੍ਰੇਣੀ ਵੀ, ਮਨੁੱਖਤਾ ਦਾ ਹਰ ਪੱਧਰ `ਤੇ ਸ਼ੋਸ਼ਨ ਕਰਨ ਲੱਗ
ਪਈ। ਇਥੇ ਹੀ ਬੱਸ ਨਹੀਂ, ਸਮਾਂ ਪਾ ਕੇ ਇਹ ਪ੍ਰਜੀਵੀ ਜਮਾਤ
(Parasite class)
ਮਨੁੱਖ ਅਤੇ ਰੱਬ ਵਿਚਕਾਰ ਵਿਚੋਲੀ ਬਣ ਕੇ ‘ਫ਼ਤਵੇ/ਹੁਕਮਨਾਮੇ` ਵੀ ਜਾਰੀ ਕਰਨ ਲੱਗ ਪਈ ਅਤੇ ਅੱਜ ਤੱਕ
ਕਰਦੀ ਆ ਰਹੀ ਹੈ।
ਆਓ, ਹੁਣ ਵਰਤਮਾਨ ਸੰਸਾਰ ਦੇ ਅਹਿਮ ਮੱਤਾਂ (ਮਜ਼੍ਹਬਾਂ) ਬਨਾਮ ਪੁਜਾਰੀਵਾਦ
ਬਾਰੇ ਵਿਚਾਰ ਸਾਂਝੇ ਕਰਨ ਦਾ ਯਤਨ ਕਰੀਏ। ਸੰਸਾਰ ਦਾ ਸਭ ਤੋਂ ਪੁਰਾਣਾ ਮੱਤ ਯਹੂਦੀ ਮੱਤ ਕਿਹਾ
ਜਾਂਦਾ ਹੈ। ਇਸ ਲਈ ਯਹੂਦੀ ਮੱਤ ਤੋਂ ਹੀ ਗੱਲ ਸ਼ੁਰੂ ਕਰਨੀ ਠੀਕ ਹੋਵੇਗੀ।
੧. ਯਹੂਦੀ-ਮੱਤ
ਤੇ ਪੁਜਾਰੀਵਾਦ
ਇਹ ਸੰਸਾਰ ਦਾ ਸਭ ਤੋਂ ਪੁਰਾਣਾ ਮੱਤ ਹੈ ਅਤੇ ਈਸਵੀ ਸੰਨ ਤੋਂ ਡੇਢ ਕੁ ਹਜ਼ਾਰ
ਸਾਲ ਪਹਿਲਾਂ ਹੋਂਦ ਵਿੱਚ ਆਇਆ ਸੀ। ਈਸਾਈ-ਮੱਤ ਤੇ ਇਸਲਾਮ-ਮੱਤ ਇਸੇ ਮੱਤ `ਚੋਂ ਪੈਦਾ ਹੋਏ ਸਨ। ਇਹ
ਮੱਤ ਮੂਰਤੀ ਪੂਜਾ ਦੇ ਸਖ਼ਤ ਖਿਲਾਫ਼ ਹੈ। ਹਜ਼ਰਤ ਮੂਸਾ ਜੀ ਇਸ ਮੱਤ ਦੇ ਬਾਨੀ ਸਨ। ਉਨ੍ਹਾਂ ਤੋਂ
ਪਿੱਛੋਂ ਯਹੂਦੀਆਂ ਦੇ ਦੂਜੇ ਬਾਦਸ਼ਾਹ ਹਜ਼ਰਤ ਦਾਊਦ ਨੇ ਵੀ ਪੈਗ਼ੰਬਰ ਹੋਣ ਦਾ ਦਾਅਵਾ ਕੀਤਾ। ਲੇਖਕ ਦੀ
ਜਾਣਕਾਰੀ ਅਨੁਸਾਰ, ਯਹੂਦੀ-ਮੱਤ ਵਿੱਚ ਪੁਜਾਰੀਵਾਦ ਨੂੰ ਕੋਈ ਮਾਨਤਾ ਨਹੀਂ ਹੈ।
੨. ਜੈਨ-ਮੱਤ
ਤੇ
ਪੁਜਾਰੀਵਾਦ
ਜੈਨ-ਮੱਤ ਇੱਕ ਗ਼ੈਰ-ਵੈਦਿਕ ਅਤੇ ਗ਼ੈਰ-ਆਰੀਆ ਮੱਤ ਹੈ। ਇਸ ਮੱਤ ਦੇ ਬਾਨੀ
ਸ੍ਰੀ ਪਾਰਸ਼ਵਨਾਥ, ਵਾਰਾਨਾਸੀ ਦੇ ਰਾਜੇ ਅਸ਼ਵਸੇਨ ਦੇ ਘਰ, ਈਸਵੀ ਸਨ ਤੋਂ ਤਕਰੀਬਨ ਸਾਢੇ ਛੇ ਕੁ ਸੌ
ਸਾਲ ਪਹਿਲਾਂ ਪੈਦਾ ਹੋਏ ਸਨ। ਉਨ੍ਹਾਂ ਤੋਂ ਪਿੱਛੋਂ ਸ੍ਰੀ ਵਰਧਮਾਨ ਮਹਾਂਵੀਰ 599 (ਪੁਰਾਣਾ ਕਾਲ,
ਯਾਨੀ ਬੀ. ਸੀ.) ਵਿੱਚ ਜ਼ਿਲ੍ਹਾ ਮੁਜ਼ੱਫ਼ਰਨਗਰ ਦੇ ਵੈਸ਼ਾਲੀ ਸ਼ਹਿਰ ਦੇ ਨਜ਼ਦੀਕ ਪਿੰਡ ਕੰਡ ਗ੍ਰਾਮ ਵਿਖੇ
ਜਨਮੇ ਸਨ ਜਿਨ੍ਹਾਂ ਨੇ ਜੈਨ-ਮੱਤ ਦੇ ਵਰਤਮਾਨ ਫ਼ਲਸਫ਼ੇ ਨੂੰ ਸੰਪੂਰਨ ਰੂਪ ਦਿੱਤਾ।
ਜੈਨ-ਮੱਤ ਰੱਬੀ ਹੋਂਦ ਨੂੰ ਨਹੀਂ ਮੰਨਦਾ ਅਤੇ ਨਾ ਹੀ ਕਿਸੇ ਦੇਵੀ-ਦੇਵਤੇ ਦੀ
ਮੂਰਤੀ ਦੀ ਪੂਜਾ ਕਰਦਾ ਹੈ। ਇਸ ਮੱਤ ਦਾ ਸਮੁੱਚਾ ਫ਼ਲਸਫ਼ਾ ‘ਅਹਿੰਸਾ` ਅਤੇ ‘ਕਰਮ-ਸਿਧਾਂਤ` ਦੇ ਧੁਰੇ
ਦੁਆਲੇ ਹੀ ਘੁੰਮਦਾ ਹੈ। ਇਹ ਇੱਕ ਸੁਤੰਤ੍ਰ ਮੱਤ ਹੈ। ਪਰ, ਭਾਰਤੀ ਸੰਵਿਧਾਨ ਨੂੰ ਲਿਖਤੀ ਰੂਪ ਦੇਣ
ਸਮੇਂ (ਬਿੱਪਰਵਾਦੀਆਂ ਦੀ ਸਾਜਿਸ਼ ਅਧੀਨ) ਇਸ ਨੂੰ ਭਾਰਤ ਦੇ ਸੰਵਿਧਾਨ ਦੀ ਧਾਰਾ 25 (2) (ਬੀ) ਅਧੀਨ
ਅਖੌਤੀ ਹਿੰਦੂ-ਮੱਤ ਦੀ ਸਾਖ ਵਜੋਂ ਦਰਜ ਕਰ ਕੇ ਇਸ ਮੱਤ ਨਾਲ ਘੋਰ ਬੇ-ਇਨਸਾਫ਼ੀ ਕੀਤੀ ਗਈ ਹੈ। ਇਹ
ਮੱਤ ਪੁਜਾਰੀਵਾਦ ਨੂੰ ਕੋਈ ਮਾਨਤਾ ਨਹੀਂ ਦਿੰਦਾ।
੩. ਬੁੱਧ-ਮੱਤ
ਤੇ
ਪੁਜਾਰੀਵਾਦ
ਇਹ ਮੱਤ ਜੈਨ-ਮੱਤ ਤੋਂ ਕੁੱਝ ਕੁ ਦਹਾਕੇ ਬਾਅਦ ਵਿੱਚ ਹੋਂਦ ਵਿੱਚ ਆਇਆ ਸੀ।
ਇਸ ਮੱਤ ਦੇ ਬਾਨੀ ਮਹਾਤਮਾ ਬੁੱਧ (ਪਹਿਲਾ ਨਾਮ ਸਿਧਾਰਥ) ਦਾ ਜਨਮ ਕਪਲ ਵਸਤੂ ਗਣਤੰਤਰ ਦੇ ਲੰਬਿਨੀ
ਬਾਗ ਵਿੱਚ 567 (ਪੁਰਾਣਾ ਕਾਲ) ਵਿੱਚ ਹੋਇਆ ਸੀ। ਉਨ੍ਹਾਂ ਦਾ ਪਿਤਾ ਸ਼ਧੋਦਨ (ਤੇ ਮਾਤਾ ਮਹਾਮਾਯਾ)
ਹਿਮਾਲਾ ਦੀਆਂ ਪਹਾੜੀਆਂ ਦੇ ਕਪਲ ਵਸਤੂ ਗਣਤੰਤਰ ਦਾ ਰਾਜਾ ਸੀ।
ਬੁੱਧ-ਮੱਤ ਮੂਰਤੀ ਪੂਜਾ ਦੇ ਸਖ਼ਤ ਖ਼ਿਲਾਫ਼ ਹੈ ਅਤੇ ਰੱਬ ਦੀ ਹੋਂਦ ਵਿੱਚ ਵੀ
ਵਿਸ਼ਵਾਸ਼ ਨਹੀਂ ਰਖਦਾ। ਪਰ, ਇਸ ਨੂੰ ਬ੍ਰਾਹਮਣਵਾਦੀਆਂ ਦੀ ਬੇਈਮਾਨੀ ਦਾ ਕਮਾਲ ਹੀ ਕਿਹਾ ਜਾ ਸਕਦਾ ਹੈ
ਕਿ ਇਸ ਸੁਤੰਤ੍ਰ ਮੱਤ ਨੂੰ ਵੀ ਫ਼ਰਜ਼ੀ ਹਿੰਦੂ-ਮੱਤ ਦੀ ਇੱਕ ਸ਼ਾਖ ਵਜੋਂ ਭਾਰਤ ਦੇ ਸੰਵਿਧਾਨ ਦੀ ਧਾਰਾ
25 (2) (ਬੀ) ਅਧੀਨ ਦਰਜ ਕੀਤਾ ਹੋਇਆ ਹੈ। ਇਥੇ ਹੀ ਬੱਸ ਨਹੀਂ। ਮੂਰਤੀ ਪੂਜਾ `ਤੇ ਪਾਬੰਦੀ ਲਗਾਉੱਣ
ਵਾਲੇ ਬੁੱਧ-ਮੱਤ ਦੇ ਬਾਨੀ ਮਹਾਤਮਾ ਬੁੱਧ ਨੂੰ, ਬ੍ਰਾਹਮਣਵਾਦੀ (ਮਨੂੰਵਾਦੀ) ਸਾਜਿਸ਼ ਅਧੀਨ, ਵਿਸ਼ਨੂੰ
ਦੇ ਅਵਤਾਰ ਵਜੋਂ ਮਾਨਤਾ ਦੇ ਕੇ ਉਸ ਦੀ ਮੂਰਤੀ ਦੀ ਪੂਜਾ ਕੀਤੀ ਜਾ ਰਹੀ ਹੈ। ਇਥੇ ਇਹ ਹਕੀਕਤ ਵੀ
ਵਰਣਨਯੋਗ ਹੈ ਕਿ ਛੇਵੀਂ ਸਦੀ ਈਸਵੀ ਦੌਰਾਨ ਬੋਧੀ ਰਾਜਿਆਂ ਦੇ ਬ੍ਰਾਹਮਣ ਵਜੀਰਾਂ-ਅਮੀਰਾਂ ਨੇ, ਬੋਧੀ
ਰਾਜਿਆਂ ਨਾਲ ਗ਼ੱਦਾਰੀਆਂ ਕਰ ਕੇ, ਰਾਜਪੂਤਾਨੇ ਦੇ ਰਾਜਿਆਂ ਦੀ ਸਹਾਇਤਾ ਨਾਲ (ਸ਼ੰਕਰਾਚਾਰੀਆ ਨੂੰ
ਮੁਹਰੇ ਦੇ ਤੌਰ `ਤੇ ਵਰਤ ਕੇ) ਬੋਧੀਆਂ ਨੂੰ ਜਿਊੱਦਿਆਂ ਨੂੰ ਸਾੜ ਕੇ ਵਹਿਸ਼ੀਆਨਾ ਢੰਗਾਂ ਨਾਲ ਭਾਰਤ
`ਚੋਂ ਬੋਧੀਆਂ ਦਾ ਸਫਾਇਆ ਕੀਤਾ ਸੀ।
ਬੁੱਧ-ਮੱਤ ਸਦ-ਆਚਾਰ `ਤੇ ਬਹੁਤ ਜ਼ੋਰ ਦਿੰਦਾ ਹੈ। ਇੱਕ ਮਾਨਵਵਾਦੀ ਮੱਤ ਹੋਣ
ਦੇ ਬਾ-ਵਜੂਦ ਬੁੱਧ-ਮੱਤ ਰੱਬ ਦੀ ਹੋਂਦ ਬਾਰੇ ਖਾਮੋਸ਼ ਹੈ; ਉੱਜ ਬੁੱਧ-ਮੱਤ ਦੇ ਕਈ ਅਸੂਲ ਗੁਰਮਤਿ
ਨਾਲ ਮੇਲ ਜ਼ਰੂਰ ਖਾਂਦੇ ਹਨ। ਇਥੇ ਇਹ ਹਕੀਕਤ ਵੀ ਜ਼ਿਕਰਯੋਗ ਹੈ ਕਿ ਬ੍ਰਾਹਮਣਵਾਦੀਆਂ (ਮਨੂੰਵਾਦੀਆਂ)
ਨੇ ਜਿਹੜੇ ਢੰਗਾਂ ਨਾਲ ਭਾਰਤ `ਚ ਬੁੱਧ-ਮੱਤ ਦਾ ਵਿਨਾਸ਼ ਕੀਤਾ ਸੀ, ਹੂ-ਬ-ਹੂ ਉਨ੍ਹਾਂ ਢੰਗਾਂ ਨਾਲ
ਹੀ ਸਿੱਖ-ਮੱਤ ਦਾ ਵਿਨਾਸ਼ ਕਰਨ ਲਈ ਗੁਰੂ ਨਾਨਕ ਸਾਹਿਬ ਦੇ ਵਕਤ ਤੋਂ ਹੀ ਲੁਕਵੇਂ ਢੰਗਾਂ ਨਾਲ
ਯਤਨਸ਼ੀਲ ਹਨ।
੪. ਈਸਾਈ-ਮੱਤ
ਹਜ਼ਰਤ ਈਸਾ ਮਸੀਹ ਇਸ ਮੱਤ ਦੇ ਬਾਨੀ ਹਨ। ਇਨ੍ਹਾਂ ਦਾ ਜਨਮ ਫਿਲਸਤੀਨ ਦੇ
ਸ਼ਹਿਰ ਬੈਥਲਹਮ ਵਿੱਚ 6 (ਪੁਰਾਣਾ ਕਾਲ, ਬੀ. ਸੀ.) ਵਿੱਚ ਕੁਮਾਰੀ ਇਸਤਰੀ ਮੇਰੀ ਦੀ ਕੁੱਖੋਂ ਹੋਇਆ
ਸੀ। ਇਹ ਮੱਤ ਵੀ ਭਾਵੇਂ ਇੱਕ ਵਾਹਿਦ ਪਰਮਾਤਮਾ (ਭਰਦ) ਵਿੱਚ ਵਿਸ਼ਵਾਸ਼ ਰਖਦਾ ਹੈ, ਪਰ ਹਜ਼ਰਤ ਈਸਾ
ਮਸੀਹ ਦੀ ਮੂਰਤੀ ਨੂੰ ਹਰ ਗਿਰਜਾਘਰ (ਚਰਚ) ਵਿੱਚ ਲਗਾ ਕੇ ਉਸ ਦੀ ਮੂਰਤੀ ਵਿੱਚ ਵੀ ਆਪਣੀ ਆਸਥਾ ਦਾ
ਪਰਗਟਾਵਾ ਕਰਦਾ ਹੈ। ਉੱਜ ਮੂਤਰੀ ਪੂਜਾ ਦਾ ਇਸ ਮੱਤ ਵਿੱਚ ਕੋਈ ਵਿਧਾਨ ਨਹੀਂ ਹੈ। ਇਹ ਮੱਤ ਹਜ਼ਰਤ
ਈਸਾ ਮਸੀਹ ਨੂੰ ਰੱਬ ਦਾ ਇਕਲੌਤਾ ਪੁੱਤਰ ਸਵੀਕਾਰ ਕਰਦਾ ਹੈ। ਯਾਨੀ ਕਿ, ਰੱਬ ਨੂੰ ਸਰਬ-ਵਿਆਪਕ ਮੰਨਣ
ਤੋਂ ਇਨਕਾਰੀ ਹੈ ਅਤੇ ਸ੍ਰਿਸ਼ਟੀ ਤੋਂ ਦੂਰ ਕਿਤੇ ਆਸਮਾਨਾਂ ਵਿੱਚ ਰਹਿੰਦਾ ਮੰਨਦਾ ਹੈ ਅਤੇ ਉਸ
ਮਾਲਿਕ-ਪ੍ਰਭੂ ਨੂੰ ਈਸਾ ਮਸੀਹ ਦੇ ਅਵਤਾਰ ਵਿੱਚ ਪਰਗਟ ਹੋਇਆ ਮੰਨਦਾ ਹੈ। ਇਹ ਮੱਤ ਇਹ ਗੱਲ ਵੀ
ਕਹਿੰਦਾ ਹੈ ਕਿ ਜਿਹੜੇ ਲੋਕ ਹਜ਼ਰਤ ਈਸਾ ਮਸੀਹ `ਤੇ ਵਿਸ਼ਵਾਸ ਨਹੀਂ ਲਿਆਉੱਣਗੇ, ਉਹ ਪਰਮਾਤਮਾ ਦੇ
ਕ੍ਰੋਧ ਦੇ ਭਾਗੀ ਬਣਨਗੇ (ਯੂਹਨਾ 3. 36, 3. 18-19)। ਈਸਾਈ ਮੱਤ ਅਨੁਸਾਰ ਰੱਬ ਦੇ ਤਿੰਨ ਪੱਖ ਹਨ,
ਯਾਨੀ ਕਿ, ਰੱਬ ਇੱਕ ਨਹੀਂ, ਸਗੋਂ ਤਿੰਨ ਵੱਖ-ਵੱਖ ਵਿਅਕਤੀ
(trinity)ਹਨ
-
(ੳ) ਪਰਮਾਤਮਾ ਖ਼ੁਦ।
(ਅ) ਪਰਮਾਤਮਾ ਦੀ ਪਵਿੱਤ੍ਰ ਆਤਮਾ ਜਾਂ ਰੂਹ।
(ੲ) ਪਰਮਾਤਮਾ ਦਾ ਇਕਲੌਤਾ ਪੁੱਤਰ ਹਜ਼ਰਤ ਈਸਾ ਮਸੀਹ।
ਇਹ ਗੱਲਾਂ ਗੁਰਮਤਿ ਫ਼ਲਸਫ਼ੇ, ਜੋ ਕਿ ਰੱਬੀ ਹੁਕਮ, ਕਾਇਦੇ-ਕਾਨੂੰਨ, ਅਟੱਲ
ਨਿਯਮਾਂ ਦੀ ਭਰਪੂਰ ਅਤੇ ਵਿਗਿਆਨਕ ਢੰਗਾਂ ਨਾਲ ਵਿਆਖਿਆ ਕਰਦਾ ਹੈ, ਨਾਲ ਉਲ਼ਕਾ ਹੀ ਮੇਲ ਨਹੀਂ
ਖਾਂਦੀਆਂ। ਆਧੁਨਿਕ ਸਾਇੰਸ ਦੀ ਖੋਜ ਵੀ ਇਨ੍ਹਾਂ ਗੱਲਾਂ ਦੀ ਪੁਸ਼ਟੀ ਨਹੀਂ ਕਰਦੀ। ਖ਼ੈਰ, ਸਾਡਾ ਇਰਾਦਾ
ਕਿਸੇ ਮੱਤ ਨੂੰ ਮਾੜਾ ਕਹਿਣਾ ਨਹੀਂ ਸਗੋਂ ਕਾਦਿਰ ਦੀ ਕੁਦਰਤਿ ਦੀਆਂ ਅਟੱਲ ਸਚਾਈਆਂ ਦੇ ਆਧਾਰ `ਤੇ
ਹੀ ਗੱਲ ਕਰਨ ਤੱਕ ਸੀਮਤ ਹੈ। ਹਰ ਇੱਕ ਨੂੰ ਆਪੋ-ਆਪਣਾ ਮੱਤ ਮੁਬਾਰਕ।
ਈਸਾਈ ਮੱਤ ਵਿੱਚ ਜਦੋਂ ਤੋਂ ਪੋਪ ਦੇ ਅਹੁਦੇ ਨੂੰ ਸਰਬ-ਉਲ਼ਚ ਪਰਵਾਨ ਕੀਤਾ
ਗਿਆ ਸੀ, ਉਦੋਂ ਤੋਂ ਹੀ ਪੋਪ ਨੇ ਆਪਣੇ ਆਪ ਨੂੰ ਰੱਬ ਦਾ ਵਿਸ਼ੇਸ਼ ਨੁਮਾਇੰਦਾ ਪ੍ਰਚਾਰ ਕੇ
ਦੈਵੀ-ਅਧਿਕਾਰਾਂ ਦਾ ਮਾਲਿਕ
(Divine Rights of
Pope or church) ਸਮਝ ਲਿਆ ਸੀ। ਉਹ ਈਸਾਈ
ਪ੍ਰਾਣੀਆਂ ਦੇ ਗੁਨਾਹਾਂ ਨੂੰ ਹੀ ਰੱਬ ਪਾਸੋਂ ਮੁਆਫ਼ ਕਰਾਉੱਣ ਦਾ ਦਾਅਵਾ ਨਹੀਂ ਸੀ ਕਰਦਾ ਬਲਕਿ
ਅਖੌਤੀ ਸੁਰਗਾਂ ਵਿੱਚ ਪਲਾਟ ਵੀ (ਅਲੱਗ-ਅਲੱਗ ਪਲਾਟਾਂ ਦੇ ਅਲੱਗ-ਅਲੱਗ ਭਾਅ ਮੁਕੱਰਰ ਕਰ ਕੇ) ਕੱਟ
ਕੇ ਵੇਚਣ ਲੱਗ ਪਿਆ ਸੀ। ਉਧਰ, ਈਸਾਈ ਰਾਜੇ ਵੀ ਆਪਣੇ ਆਪ ਨੂੰ ਰੱਬ ਵੱਲੋਂ ਮਿਲੇ ਸਿੱਧੇ ਅਧਿਕਾਰਾਂ
(Divine Rights of Kings)ਦੀ
ਵਰਤੋਂ ਕਰ ਕੇ ਇੱਕ ਤਰ੍ਹਾਂ ਨਾਲ ਆਪਣੇ ਆਪ ਨੂੰ ਰੱਬ ਦੇ ਅਵਤਾਰ ਹੀ ਸਮਝਣ ਲੱਗ ਪਏ ਸਨ। ਅਜਿਹੇ
ਹਾਲਾਤਾਂ ਵਿੱਚ ਪੋਪ ਅਤੇ ਈਸਾਈ ਰਾਜਿਆਂ ਵਿਚਕਾਰ ਟਕਰਾਅ ਹੋਣਾ ਲਾਜ਼ਮੀ ਸੀ ਅਤੇ ਇਹ ਹੋਇਆ ਵੀ। ਚਰਚ
ਤੇ ਰਾਜਿਆਂ ਵਿਚਕਾਰ ਕਾਫ਼ੀ ਸਮੇਂ ਤੱਕ ਕਸ਼ਮ-ਕਸ਼ ਚੱਲੀ। ਅਖੀਰ, ਪੋਪ ਨੂੰ ਫੜ੍ਹ ਕੇ ਜੇਲ੍ਹ ਵਿੱਚ
ਸੁੱਟ ਦਿੱਤਾ ਗਿਆ ਅਤੇ ਗੱਲ ਇੱਥੇ ਜਾ ਕੇ ਨਿਬੜੀ ਕਿ ਪੋਪ ਤੋਂ "ਦੇਵੀ-ਅਧਿਕਾਰਾਂ" ਦੀਆਂ ਸਾਰੀਆਂ
ਸ਼ਕਤੀਆਂ ਖੋਹ ਲਈਆਂ ਗਈਆਂ ਅਤੇ ਉਸ ਵੱਲੋਂ ਰਵਾਇਤੀ ਜਿਹੀਆਂ ਧਾਰਮਿਕ ਰਸਮਾਂ ਅਦਾ ਕਰਨ ਦੀਆਂ
ਕਾਰਵਾਈਆਂ ਨੂੰ ਰੋਮ ਦੇ ਸੁਤੰਤਰ ਵੈਟੀਕਨ ਸ਼ਹਿਰ ਤੱਕ ਹੀ ਸੀਮਤ ਕਰ ਦਿੱਤਾ ਗਿਆ। ਯਾਨੀ ਕਿ, ਉਸ ਨੂੰ
ਫ਼ਤਵੇ ਜਾਰੀ ਕਰਨ ਤੋਂ ਸਦਾ ਵਾਸਤੇ ਰੋਕ ਦਿੱਤਾ ਗਿਆ।
5. ਇਸਲਾਮ-ਮੱਤ
ਤੇ ਪੁਜਾਰੀਵਾਦ
‘ਇਸਲਾਮ` ਅਰਬੀ ਬੋਲੀ ਦਾ ਸ਼ਬਦ ਹੈ, ਜਿਸ ਦੇ ਅਰਥ ਹਨ ‘ਰੱਬੀ ਰਜ਼ਾ ਅਨੁਸਾਰ
ਚੱਲਣਾ`। ਇਹ ਮੱਤ ਵੀ ਈਸਾਈ-ਮੱਤ ਦੀ ਤਰ੍ਹਾਂ, ਯਹੂਦੀ-ਮੱਤ ਵਿੱਚੋਂ ਹੀ ਨਿਕਲ ਕੇ ਹੋਂਦ ਵਿੱਚ ਆਇਆ
ਹੈ। ਹਜ਼ਰਤ ਮੁਹੰਮਦ ਇਸ ਮੱਤ ਦੇ ਬਾਨੀ ਹਨ। ਇਹ ਮੱਤ ਵੀ ਮੂਰਤੀ-ਪੂਜਾ ਦੇ ਸਖ਼ਤ ਖ਼ਿਲਾਫ਼ ਹੈ। ਪਰ,
ਹੈਰਾਨੀ ਦੀ ਗੱਲ ਹੈ ਕਿ ਇਸ ਮੱਤ ਦੇ ਧਾਰਮਿਕ ਆਗੂ (ਕਾਜ਼ੀ) ਅਣਅਧਿਕਾਰਤ ਤੌਰ `ਤੇ ਦੈਵੀ-ਅਧਿਕਾਰਾਂ
ਦੇ ਮਾਲਿਕ ਅਤੇ ਜੱਜ ਬਣ ਕੇ ਅੱਜ ਤੱਕ ਵੀ ਫ਼ਤਵੇ ਜਾਰੀ ਕਰਦੇ ਆ ਰਹੇ ਹਨ। ਭਾਵੇਂ ਇਹ ਮੱਤ ਇੱਕ ਈਸ਼ਵਰ
(ਅਲਾਹ) ਵਿੱਚ ਯਕੀਨ ਰਖਦਾ ਹੈ, ਪਰ, ਅਲਾਹ ਨੂੰ ਸਰਬ-ਵਿਆਪੀ ਨਹੀਂ ਬਲਕਿ ਸਤਵੇਂ ਅਸਮਾਨ `ਤੇ
ਰਹਿੰਦਾ ਮੰਨਦਾ ਹੈ। ਇਸ ਮੱਤ ਅਨੁਸਾਰ, ਹਜ਼ਰਤ ਮੁਹੰਮਦ ਰੱਬ ਦਾ ਆਖਰੀ ਤੇ ਸਭ ਤੋਂ ਵੱਡਾ ਪੈਗ਼ੰਬਰ
ਹੈ। ਇਸ ਬਾਰੇ ਇਸਲਾਮ ਮੱਤ ਦੇ ਮੁਕੱਦਸ ਧਰਮ ਗ੍ਰੰਥ ਕੁਰਾਨ ਸ਼ਰੀਫ਼ ਵਿੱਚ ਇੰਜ ਅੰਕਿਤ ਹੈ -
"ਲਾ-ਇਲਾ-ਲਿਲ ਇਲਾ ਮੁਹੰਮਦ ਰਸੂਲ ਅਲਾਹ"
ਭਾਵ
: ਮੈਂ
ਗਵਾਹੀ ਦੇਂਦਾ ਹਾਂ ਕਿ ਬਿਨਾ ਅਲਾਹ ਦੇ ਹੋਰ ਕੁੱਝ ਵੀ ਨਹੀਂ। ਉਹ ਇੱਕ ਹੈ ਤੇ ਮੁਹੰਮਦ ਉਸ ਦਾ ਰਸੂਲ
ਹੈ।
ਲੇਖਕ ਦਾ ਵਿਚਾਰ ਹੈ ਕਿ ਸਮਾਂ ਪਾ ਕੇ, ਇਸਲਾਮ-ਮੱਤ ਵਿੱਚ ਵੀ ਪੁਜਾਰੀਵਾਦ
ਦੀ ਅਹਿਮੀਅਤ ਘਟਦੀ ਚਲੀ ਜਾਵੇਗੀ ਅਤੇ ਆਖਿਰ ਨੂੰ ਸ਼ਾਇਦ ਖ਼ਤਮ ਹੀ ਹੋ ਜਾਵੇਗੀ।
੬.’ਹਿੰਦੂ-ਮੱਤ`
ਤੇ ਪੁਜਾਰੀਵਾਦ
ਇੱਕ ਨੁਕਤਾ ਅਰੰਭ ਵਿੱਚ ਹੀ ਸਪੱਸ਼ਟ ਕਰਨਯੋਗ ਹੈ ਕਿ ਬਾਕੀ ਮੱਤਾਂ
(ਮਜ਼੍ਹਬਾਂ) ਦੀ ਤਰ੍ਹਾਂ, ਤਕਨੀਕੀ ਪੱਖ ਤੋਂ, ਅਖੌਤੀ ਹਿੰਦੂ-ਮੱਤ ਨੂੰ ਇੱਕ ਮੱਤ (ਮਜ਼੍ਹਬ) ਹੀ ਨਹੀਂ
ਕਿਹਾ ਜਾ ਸਕਦਾ ਕਿਉੱਕਿ ਇਸ ਕਰਮ-ਕਾਂਡੀ ਵਿਚਾਰਧਾਰਾ ਦਾ ਕੋਈ ਇੱਕ ਬਾਨੀ ਨਹੀਂ, ਕੋਈ ਇੱਕ ਇਕਸਾਰਤਾ
ਵਾਲਾ ਧਰਮ ਗ੍ਰੰਥ ਵੀ ਨਹੀਂ, ਕੋਈ ਸਾਂਝਾ ਇਤਿਹਾਸ ਨਹੀਂ, ਮਨੁੱਖਤਾ ਦੀ ਬਰਾਬਰਤਾ ਦੇ ਆਧਾਰ `ਤੇ
ਭਵਿੱਖ ਵਿੱਚ ਇਕੱਠੇ ਰਹਿਣ ਲਈ ਸਰਬ-ਸਾਂਝੀ ਵਿਚਾਰਧਾਰਾ ਵੀ ਨਹੀਂ ਅਤੇ ਨਾ ਹੀ ਕਾਦਿਰ ਦੀ ਕੁਦਰਤਿ
ਦੇ ਅਟੱਲ ਨਿਯਮਾਂ ਦੀ ਪਾਲਣਾ ਕਰਨ ਵਾਲਾ ਕੋਈ ਸਾਂਝਾ ਫ਼ਲਸਫ਼ਾ ਹੀ ਹੈ। ਇਸ ਵਰਨ-ਆਸ਼ਰਮ (ਜਾਤ-ਪਾਤੀ
ਸਮਾਜਕ ਪ੍ਰਬੰਧ) ਸਮਾਜਕ ਸਿਸਟਮ ਦਾ ਕੋਈ ਵੀ ਅਸੂਲ ਕਾਦਿਰ ਦੀ ਕੁਦਰਤਿ ਦੇ ਅਟੱਲ ਨਿਯਮਾਂ ਦੇ
ਅਨੁਕੂਲ ਨਹੀਂ ਹੈ ਅਤੇ ਇਸ ਨੂੰ ਅਤੰਕਵਾਦੀ ਵਿਚਾਰਧਾਰਾ ਕਹਿਣਾ ਅਤਿਕਥਨੀ ਨਹੀਂ ਹੋਵੇਗੀ।
ਅਸਲ ਵਿੱਚ, ਇਹ ਕੁੱਝ ਕੁ ਸ਼ਾਤਰ ਟੋਲਿਆਂ (ਜੋ ਆਪਣੇ ਆਪ ਨੂੰ ਬ੍ਰਾਹਮਣ ਆਖਦੇ
ਹਨ) ਵੱਲੋਂ ਮਨੁੱਖੀ ਸਮਾਜ ਦੀ ਪਿੱਠ `ਤੇ ਕਾਠੀ ਪਾ ਕੇ ਪੱਕੇ ਤੌਰ `ਤੇ ਸਵਾਰੀ ਕਰਨ ਦੀ ਲਾਲਸਾ
ਅਧੀਨ ਬਣਾਏ ਹੋਏ ਕਰਮ-ਕਾਂਡਾਂ, ਰਸਮਾਂ-ਰੀਤਾਂ, ਵਹਿਮਾਂ-ਭਰਮਾਂ ਆਦਿ ਦਾ ਭਰਮ-ਜਾਲ ਹੀ ਹੈ ਜਿਸ
ਵਿੱਚ ਅਖੌਤੀ ਬ੍ਰਾਹਮਣ (ਪਰੋਹਤ) ਦਾ ਸਮਾਜਿਕ ਦਰਜਾ (ਅਹੁਦਾ) ਛਤਰਪਤੀ ਰਾਜੇ ਦੇ ਅਹੁਦੇ ਤੋਂ ਵੀ
ਉਲ਼ਪਰ ਮੰਨਿਆ ਗਿਆ ਹੈ। ਇਸ ਕਰਮ-ਕਾਂਡੀ ਵਿਚਾਰਧਾਰਾ ਦਾ ਮੁੱਢ ਅਠੱਵੀਂ ਸਦੀ ਦੇ ਅਖੀਰ ਜਾਂ ਨੌਵੀਂ
ਸਦੀ ਈਸਵੀ ਦੇ ਅਰੰਭ ਕਾਲ ਦੌਰਾਨ ਬੱਝਣਾ ਸ਼ੁਰੂ ਹੋਇਆ ਸੀ। ਵੀਹਵੀਂ ਸਦੀ ਤੱਕ ਇਹ ਜਮਾਤ (ਪੁਰੋਹਤ)
ਸਬੰਧਤ ਸਮਾਜਿਕ ਜਾਤ-ਪਾਤੀ ਵਰਗ ਲਈ ਫ਼ਤਵੇ ਵੀ ਜਾਰੀ ਕਰਦੀ ਰਹੀ ਸੀ। ਪਰ, ਹੁਣ ਇਹ ਅਜਿਹੀਆਂ
ਕਾਰਵਾਈਆਂ ਕਰਨ ਤੋਂ ਬਾਜ ਆ ਗਈ ਜਾਪਦੀ ਹੈ। ਇਸ ਦੇ ਬਾ-ਵਜੂਦ ਮਨੂੰਵਾਦੀਏ (ਵਿਸ਼ੇਸ਼ ਤੌਰ `ਤੇ ਆਪਣੇ
ਆਪ ਨੂੰ ਰਾਸ਼ਟਰੀਆ ਸਵੈਮਸੇਵਕ ਸੰਘ ਅਖਵਾਉੱਣ ਵਾਲੇ) ਭਾਰਤ ਵਿਚਲੀਆਂ ਛੋਟੀਆਂ ਕੌਮਾਂ, ਹੋਰ
ਘੱਟ-ਗਿਣਤੀਆਂ ਅਤੇ ਅਖੋਤੀ ਦਲਤ ਵਰਗ ਨੂੰ ਭੈ-ਭੀਤ ਕਰ ਕੇ (ਸਰਕਾਰੀ ਸਰਪ੍ਰਸਤੀ ਅਧੀਨ) ਮਨੂੰਵਾਦ
ਵਿੱਚ ਸ਼ਾਮਿਲ ਕਰਨ ਲਈ ਵਿਉੱਤਬੰਦ ਢੰਗ ਨਾਲ ਜਥੇਬੰਦਕ ਹੋ ਕੇ ਜੰਗੀ ਪੱਧਰ `ਤੇ ਕਾਰਵਾਈਆਂ ਕਰਦੇ ਆ
ਰਹੇ ਹਨ।
7. ਸਿੱਖ-ਮੱਤ
ਤੇ
ਪੁਜਾਰੀਵਾਦ
ਅੱਜ ਮਨੁੱਖਤਾ ਪਾਸ, ਸਿੱਖ-ਮੱਤ (ਨਾਮ-ਧਰਮ) ਹੀ ਮੁਕੰਮਲ ਤੌਰ `ਤੇ ਕਾਦਿਰ
ਦੀ ਕੁਦਰਤਿ ਦੇ ਸਦੀਵਕਾਲੀ ਨਿਯਮਾਂ ਦੀ ਪਾਲਣਾ ਕਰਨ ਵਾਲਾ ਇੱਕੋ-ਇਕ ਰੱਬੀ-ਧਰਮ ਹੈ। ਹੁਣ ਤੱਕ ਦੀ
ਹੋ ਚੁੱਕੀ ਵਿਗਿਆਨਕ ਖੋਜ਼ ਜਿੱਥੇ ਸੰਸਾਰ ਦੇ ਬਾਕੀ ਦੇ ਮਜ਼੍ਹਬਾਂ ਦੇ ਕੁੱਝ-ਕੁ ਅਹਿਮ ਅਸੂਲਾਂ ਨੂੰ
ਰੱਦ ਕਰ ਚੁੱਕੀ ਹੈ, ਉਲ਼ਥੇ ਸਿੱਖ ਮੱਤ ਦੇ ਨਿਯਮਾਂ ਦੀ ਪੁਸ਼ਟੀ ਹੀ ਕਰਦੀ ਆ ਰਹੀ ਹੈ ਅਤੇ ਲੇਖਕ ਦਾ
ਦ੍ਰਿੜ੍ਹ ਵਿਸ਼ਵਾਸ ਹੈ ਕਿ ਭਵਿੱਖ ਵਿੱਚ ਹੋਣ ਵਾਲੀ ਵਿਗਿਆਨਕ ਖੋਜ ਵੀ ਗੁਰੂ ਗ੍ਰੰਥ ਸਾਹਿਬ ਵਿੱਚ
ਅੰਕਿਤ ਸਰਬ-ਸਾਂਝੇ ਅਟੱਲ ਸਿਧਾਂਤਾਂ ਦੀ ਪੁਸ਼ਟੀ ਹੀ ਕਰੇਗੀ, ਕਿਉੱਕਿ ਇਹ ਮਨੁੱਖਤਾ ਦਾ ਸਰਬ-ਸਾਂਝਾ
ਧਰਮ, ਪ੍ਰਭੂ-ਪਿਤਾ ਨਾਲ ਆਤਮਿਕ ਮੰਡਲ ਵਿੱਚ ਇੱਕਸੁਰ ਹੋਈਆਂ ਰੂਹਾਂ ਦੀ ਅਨੁਭਵਤਾ ਰਾਹੀਂ, ਪਰਗਟ
ਹੋਇਆ ਹੈ ਅਤੇ ਉਨ੍ਹਾਂ ਸਤਿਕਾਰਤ ਰੂਹਾਂ ਦੁਆਰਾ ਹੀ ਖ਼ੁਦ ਕਲਮਬੰਦ ਕੀਤਾ ਗਿਆ ਹੈ।
ਸੰਸਾਰ ਦੇ ਬਾਕੀ ਦੇ ਸਾਰੇ ਮੱਤ ਉਨ੍ਹਾਂ ਦੇ ਬਾਨੀਆਂ ਨੇ ਨਾ ਤਾਂ ਆਪ ਹੀ
ਕਲਮਬੰਦ ਕੀਤੇ ਅਤੇ ਨਾ ਹੀ ਆਪਣੇ ਕਿਸੇ ਪੈਰੋਕਾਰ ਤੋਂ ਆਪਣੇ ਜੀਵਨ-ਕਾਲ ਦੌਰਾਨ ਕਲਮਬੰਦ ਕਰਾਏ। ਇਹ,
ਉਨ੍ਹਾਂ ਦੇ ਇਸ ਫ਼ਾਨੀ ਸੰਸਾਰ ਤੋਂ ਚਲੇ ਜਾਣ ਤੋਂ ਸੈਂਕੜੇ ਸਾਲਾਂ ਬਾਅਦ, ਲਿਖਤੀ ਰੂਪ ਵਿੱਚ ਸਾਡੇ
ਸਾਹਮਣੇ ਆਏ ਜਿਸ ਵਿੱਚ ਤਰੁੱਟੀਆਂ ਰਹਿ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇੱਥੇ
ਹੀ ਬੱਸ ਨਹੀਂ। ਮਾਨਵ-ਵਿਰੋਧੀ ਖ਼ੁਦਗਰਜ਼ ਤੇ ਸ਼ਾਤਰ ਧਿਰਾਂ, ਜਿਨ੍ਹਾਂ ਵਿੱਚ
‘ਰਾਜਨੀਤਕ-ਪੁਜਾਰੀ-ਸਰਮਾਏਦਾਰ` ਦੀ ਤਿੱਕੜੀ ਖ਼ਾਸ ਕਰ ਕੇ ਵਰਣਨਯੋਗ ਹੈ, ਨੇ ਪੈਗ਼ੰਬਰੀ ਮੱਤਾਂ ਦੇ
ਅਸਲੀ ਫ਼ਲਸਫ਼ੇ ਨਾਲ ਵੱਡੀ ਪੱਧਰ `ਤੇ ਛੇੜ-ਛਾੜ ਕਰ ਕੇ ਉਨ੍ਹਾਂ ਫ਼ਲਸਫ਼ਿਆਂ ਨੂੰ ਆਪਣੇ ਸੁਆਰਥ ਅਨੁਸਾਰ
ਲਿਖ ਕੇ, ਉਨ੍ਹਾਂ ਅਤਿ ਸਤਿਕਾਰਤ ਵਿਅਕਤੀਆਂ ਦੇ ਨਾਂ `ਤੇ ਹੀ ਪ੍ਰਚਲਤ ਕਰ ਦਿੱਤਾ ਸੀ। ਲੇਖਕ ਦਾ
ਦ੍ਰਿੜ੍ਹ ਵਿਸ਼ਵਾਸ ਹੈ ਕਿ ਉਨ੍ਹਾਂ ਮੱਤਾਂ ਦੇ ਬਾਨੀ ਇਸ ਤਿੱਕੜੀ ਵੱਲੋਂ ਮਨੁੱਖੀ ਸਮਾਜ ਦੇ ਕੀਤੇ ਜਾ
ਰਹੇ ਸਰਬਪੱਖੀ ਸ਼ੋਸ਼ਨ, ਵਿਤਕਰੇ ਅਤੇ ਧੱਕੇਸ਼ਾਹੀਆਂ ਦੇ ਖ਼ਿਲਾਫ਼ ਉਲ਼ਠ ਖੜ੍ਹੇ ਹੋਏ ਸਨ ਅਤੇ ਜੀਵਨ-ਭਰ
ਜਦੋਜਹਿਦ ਕਰ ਕੇ ਉਨ੍ਹਾਂ ਨੇ ਆਪੋ-ਆਪਣੇ ਇਲਾਕਿਆਂ ਵਿੱਚ ਆਪੋ-ਆਪਣੇ ਮਾਨਵ-ਵਾਦੀ ਮੱਤ ਚਲਾਏ ਸਨ।
ਇਨ੍ਹਾਂ ਮੱਤਾਂ ਦੇ ਵਰਤਮਾਨ ਫ਼ਲਸਫ਼ਿਆਂ ਅੰਦਰ, ਵਿਤਕਰਿਆਂ, ਈਰਖਾ, ਊਲ਼ਚ-ਨੀਚ ਦੀ ਭਾਵਨਾ ਅਤੇ ਮਨੁੱਖੀ
ਨਾ-ਬਰਾਬਰੀ ਵਾਲੀਆਂ ਵਿਚਾਰਧਾਰਾਵਾਂ ਦੇ ਅੰਸ਼ਾਂ ਦੀ ਹੋਂਦ ਹੀ ਸਭ ਤੋਂ ਵੱਡਾ ਸਬੂਤ ਹੈ ਇਨ੍ਹਾਂ ਦੇ
ਨਕਲੀ ਹੋਣ ਦਾ।
ਖ਼ੈਰ, ਵਿਸ਼ੇ `ਤੇ ਕੇਂਦਰਤ ਹੁੰਦਿਆਂ ਇਸ ਹਕੀਕਤ ਦਾ ਜ਼ਿਕਰ ਮੋਟੇ ਅਖੱਰਾਂ
ਵਿੱਚ ਕਰਨਾ ਬਣਦਾ ਹੈ ਕਿ ਸਿੱਖ-ਮੱਤ (ਗੁਰਮਤਿ ਫ਼ਲਸਫ਼ਾ) ਅੰਦਰ ਪੁਜਾਰੀ ਅਤੇ ਪੁਜਾਰੀਵਾਦ ਲਈ ਕੋਈ
ਥਾਂ ਹੀ ਨਹੀਂ ਹੈ। ਪਰ, ਵੱਡੀ ਹੈਰਾਨੀ ਦੀ ਗੱਲ ਹੈ ਕਿ ਸਿੱਖ-ਮੱਤ ਅੰਦਰ ਵੀ ਪੁਜਾਰੀ ਸ਼੍ਰੇਣੀ,
ਮੌਜੂਦਾ ਤਖ਼ਤ ਸਾਹਿਬਾਨ ਦੇ ਅਖੌਤੀ ਜਥੇਦਾਰਾਂ ਦਾ ਰੂਪ ਧਾਰ ਕੇ, ਖ਼ੁਦਗਰਜ਼ ਸਿੱਖ ਰਾਜਨੀਤਕ ਅਤੇ
ਗੁਰਮਤਿ ਵਿਹੂਣੇ ਧਾਰਮਿਕ ਲੀਡਰਾਂ ਦੀ ਸਰਪ੍ਰਸਤੀ ਅਧੀਨ (ਪਿਛਲੇ ਚੋਰ-ਦਰਵਾਜੇ ਰਾਹੀਂ) ਦਾਖ਼ਲ ਹੋ
ਚੁੱਕੀ ਹੈ।
ਇਥੇ ਇਹ ਹਕੀਕਤ ਵੀ ਜ਼ਿਕਰਯੋਗ ਹੈ ਕਿ 1608 ਵਿੱਚ ਗੁਰਮਤਿ ਫ਼ਲਸਫ਼ੇ ਦੇ ਹੇਠ
ਲਿਖੇ ਸਿਧਾਂਤ ਨੂੰ ਸਥੂਲ ਰੂਪ ਵਿੱਚ ਪਰਗਟ ਕਰਨ ਲਈ ਗੁਰੂ ਹਰਿਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖ਼ਤ
ਸਾਹਿਬ ਨੂੰ ਅਕਾਲ ਪੁਰਖੁ ਦੇ ਤਖ਼ਤ ਦੇ ਰੂਪ ਵਿੱਚ ਪਰਗਟ ਕੀਤਾ ਸੀ-
ਵਡਾ
ਤੇਰਾ
ਦਰਬਾਰੁ ਸਚਾ ਤੁਧੁ ਤਖਤੁ।। ਸਿਰਿ ਸਾਹਾ ਪਾਤਿਸਾਹੁ ਨਿਹਚਲੁ ਚਉਰੁ ਛਤੁ।। (ਮ: ੫, ੯੬੪)
ਪਦ ਅਰਥ : ਸਚਾ-ਸਦਾ
ਕਾਇਮ ਰਹਿਣ ਵਾਲਾ। ਸਿਰਿ-ਸਿਰ ਉਲ਼ਤੇ। ਛਤੁ-ਛਤਰ
ਭਾਵ
: ਹੇ
ਪ੍ਰਭੂ! ਤੇਰਾ ਇਲਾਹੀ ਦਰਬਾਰ (ਹੋਰ ਸਾਰੇ ਦਰਬਾਰਾਂ ਨਾਲੋਂ) ਵੱਡਾ ਹੈ, ਤੇਰਾ ਤਖ਼ਤ ਸਦਾ ਕਾਇਮ ਰਹਿਣ
ਵਾਲਾ ਹੈ, ਤੇਰਾ ਚਵਰ ਤੇ ਛਤਰ ਅਟੱਲ ਹੈ, ਤੂੰ ਸ੍ਰਿਸ਼ਟੀ ਦੇ ਸਾਰੇ ਬਾਦਸ਼ਾਹਾਂ ਦੇ ਸਿਰ ਉਲ਼ਤੇ
ਪਾਤਿਸ਼ਾਹ ਹੈ। ਇਸ ਸਰਬਉਚ ਸੰਸਥਾ ਦੇ ਦੋ ਸਪੱਸ਼ਟ ਸੁਨੇਹੇ ਹਨ ਮਨੁੱਖਤਾ ਲਈ। ਪਹਿਲਾ ਅਕਾਲ ਪੁਰਖੁ ਹੀ
ਸਮੁੱਚੀ ਸ੍ਰਿਸ਼ਟੀ ਦਾ ਇੱਕੋ-ਇੱਕ ਵਾਹਿਦ ਹਾਕਮ (ਪਾਤਿਸ਼ਾਹ) ਹੈ। ਦੂਜਾ ਵਿਲੱਖਣ ਸਿੱਖ ਕੌਮ, ਅਕਾਲ
ਪੁਰਖੁ ਦੀ ਸਲਤਨਤ ਅਧੀਨ, ਇੱਕ ਸੰਪੂਰਨ ਤੇ ਪ੍ਰਭੂ-ਸੱਤਾ-ਸੰਪੰਨ ਕੌਮ ਹੈ।
ਦੂਜੇ ਚਾਰੇ ਤਖ਼ਤ ਸਾਹਿਬਾਨ, ਬੇ-ਸਮਝ ਸਿੱਖ ਲੀਡਰਾਂ ਨੇ, ਵੀਹਵੀਂ ਸਦੀ
ਵਿੱਚ, ਗੁਰਮਤਿ ਸਿਧਾਂਤਾਂ ਦੀ ਉਲੰਘਣਾ ਕਰ ਕੇ ਸਥਾਪਤ ਕੀਤੇ ਹਨ ਜਿਸ ਦਾ ਖ਼ਮਿਆਜਾ ਹੁਣ ਕੌਮ ਭੁਗਤ
ਰਹੀ ਹੈ।
ਜਥੇਦਾਰ
ਜਥੇਦਾਰ ਕਿਸੇ ਟੋਲੇ, ਗਿਰੋਹ ਜਾਂ ਜਥੇ ਦਾ ਮੁੱਖੀ ਹੁੰਦਾ ਹੈ। ਪਰ ਸ੍ਰੀ
ਅਕਾਲ ਤਖ਼ਤ ਕੋਈ ਟੋਲਾ, ਗਿਰੋਹ ਜਾਂ ਜਥਾ ਨਹੀਂ ਹੈ। ਇਹ ਉਲ਼ਪਰ ਵਰਣਨ ਕੀਤੇ ਗੁਰਮਤਿ ਸਿਧਾਂਤ ਨੂੰ
ਸਥੂਲ ਰੂਪ ਵਿੱਚ ਪਰਗਟ ਕਰਨ ਵਾਲੀ ਮੀਰੀ-ਪੀਰੀ ਦੀ ਸਰਬ-ਉਲ਼ਚ ਗੁਰਮਤਿ ਸੰਸਥਾ ਹੈ। ਕੀ ਕਿਸੇ ਸਿਧਾਂਤ
ਦਾ ਕੋਈ ਜਥੇਦਾਰ ਹੋ ਸਕਦਾ ਹੈ? ਨਹੀਂ। ਇਸ ਲਈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਗੁਰ-ਇਤਿਹਾਸ ਅਤੇ
ਗੁਰਮਤਿ ਫ਼ਲਸਫ਼ੇ ਵਿੱਚ ਕੋਈ ਅਹੁਦਾ ਹੀ ਨਹੀਂ ਹੈ। ਅਖੌਤੀ ਸਿੱਖ ਖ਼ੁਦਗਰਜ਼ ਲੀਡਰਾਂ ਨੇ ਇਸ
ਗੁਰਮਤਿ-ਵਿਰੋਧੀ ਅਹੁਦੇ ਦੀ 20ਵੀਂ ਸਦੀ ਦੇ ਦੂਜੇ ਅੱਧ ਦੌਰਾਨ ਕਾਢ ਕੱਢ ਲਈ ਅਤੇ ਇਹ
ਗੁਰਮਤਿ-ਵਿਹੂਣੇ ਅਖੌਤੀ ਜਥੇਦਾਰ ਆਪਣੇ ਆਪ ਨੂੰ ਗਿਆਰਵੀਂ ਪਾਤਿਸ਼ਾਹੀ ਸਮਝ ਕੇ ‘ਹੁਕਮਨਾਮੇ` ਜਾਰੀ
ਕਰਨ ਲੱਗ ਪਏ ਅਤੇ ਸਿੱਖ ਕੌਮ ਲਈ ਸ਼ਰਮਿੰਦਗੀ ਦਾ ਕਾਰਨ ਬਣਦੇ ਆ ਰਹੇ ਹਨ ਅਤੇ ਅਹਿਮ ਸਿੱਖ ਮਸਲਿਆਂ
ਨੂੰ ਉਲਝਾਉੱਦੇ ਅਤੇ ਕੌਮ ਵਿੱਚ ਭੰਬਲਭੂਸੇ ਪੈਦਾ ਕਰਦੇ ਆ ਰਹੇ ਹਨ।
ਗੁਰਦਵਾਰਾ
ਗੁਰਦਵਾਰਾ ਸਰਬ-ਸਾਂਝੇ ਗੁਰਮਤਿ ਫ਼ਲਸਫ਼ੇ ਦਾ ਪ੍ਰਚਾਰ ਤੇ ਪਾਸਾਰ ਦਾ ਕੇਂਦਰ
ਹੈ, ਪੂਜਾ ਦਾ ਸਥਾਨ ਨਹੀਂ। ਪਰ, ਗੁਰਮਤਿ ਫ਼ਲਸਫ਼ੇ ਤੋਂ ਥਿੜਕੀ ਸਿੱਖ ਕੌਮ ਦੇ ਵੱਡੇ ਹਿੱਸੇ ਨੇ ਇਸ
ਸੰਸਥਾ ਨੂੰ ਪੂਜਾ ਦਾ ਸਥਾਨ ਹੀ ਬਣਾ ਧਰਿਆ ਹੈ। ਜਿੱਥੇ ਗੁਰੂ ਗ੍ਰੰਥ ਸਾਹਿਬ ਨੂੰ ਪਾਲਕੀਆਂ `ਚ
ਸਥਾਪਤ ਕਰ ਕੇ ਨਿਰੰਕਾਰ-ਸਰੂਪ ਸ਼ਬਦ-ਗੁਰੂ (ਗੁਰੂ ਗ੍ਰੰਥ ਸਾਹਿਬ) ਦੀ ਪੂਜਾ ਕੀਤੀ ਜਾ ਰਹੀ ਹੈ, ਇਸ
ਦੇ ਅਟੱਲ ਫ਼ਲਸਫ਼ੇ ਨੂੰ ਸਮਝ ਕੇ ਜੀਵਨ-ਜਾਚ ਵਿੱਚ ਨਹੀਂ ਢਾਲਿਆ ਜਾ ਰਿਹਾ। ਇਹੀ ਇੱਕ ਕਾਰਨ ਹੈ ਕਿ
ਕੌਮ ਵਿਕਾਸ ਕਰਨ ਦੀ ਬਜਾਏ ਨਿਘਾਰ ਵੱਲ ਨੂੰ ਵਧਦੀ ਜਾ ਰਹੀ ਹੈ। ਇਸ ਅਹਿਮ ਸਥਾਨਕ ਗੁਰਮਤਿ ਸੰਸਥਾ
ਦੇ ਪ੍ਰਬੰਧਕਾਂ ਨੂੰ ਸੀਲੈਕਟ ਕਰਨ ਦੀ ਜੁਗਤਿ ਅਤੇ ਇਨ੍ਹਾਂ ਲਈ ਜੋ ਯੋਗਤਾਵਾਂ ਗੁਰੂ ਨਾਨਕ ਸਾਹਿਬ
ਨੇ ਸਾਨੂੰ ਦ੍ਰਿੜ੍ਹ ਕਰਵਾਈਆਂ ਸਨ, ਕੌਮ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਕੇ ਖ਼ੁਆਰ ਹੁੰਦੀ ਆ ਰਹੀ ਹੈ,
ਕਿਉੱਕਿ ‘ਵੋਟ-ਵਿਧਾਨ’ ਦੁਆਰਾ ਗੁਰਮਤਿ ਯੋਗਤਾਵਾਂ ਪੂਰੀਆਂ ਨਾ ਕਰਨ ਵਾਲੇ ਚੌਧਰ ਦੇ ਭੁੱਖੇ ਅਤੇ
ਹੈਂਕੜਬਾਜ ਕਿਸਮ ਦੇ ਧੜੇਬੰਦਕ ਆਦਮੀ ਇਸ ਸੰਸਥਾ ਦੇ ਪ੍ਰਬੰਧਕ ਬਣਦੇ ਆ ਰਹੇ ਹਨ। ਇਹ ਬੇ-ਸਮਝ
ਪ੍ਰਬੰਧਕ, ਗੁਰਦਵਾਰਾ ਸੰਸਥਾ ਰਾਹੀਂ ਗੁਰਮਤਿ ਸਿਧਾਂਤਾਂ ਦਾ ਪ੍ਰਚਾਰ ਕਰ ਕੇ ਚੰਗੇ ਸਮਾਜ ਦੀ
ਸਿਰਜਨਾ ਕਰਨ ਵੱਲ ਯੋਗਦਾਨ ਪਾਉੱਣ ਦੀ ਬਜਾਏ, ਇਸ ਸੰਸਥਾ ਨੂੰ ਧੜੇਬੰਦੀਆਂ ਦੇ ਅੱਡੇ ਬਣਾ ਕੇ
ਗੁਰਮਤਿ ਦੇ ਲੇਬਲ ਹੇਠ ਬਿੱਪਰਵਾਦ ਦਾ ਕਰਮ-ਕਾਂਡੀ ਪ੍ਰਚਾਰ ਹੀ ਕਰਦੇ ਆ ਰਹੇ ਹਨ। ਸਤਿਗੁਰੂ ਜੀ
ਮਿਹਰ ਕਰਨ। ਕੌਮ ਗ਼ਫ਼ਲਤ ਦੀ ਗੂੜ੍ਹੀ ਨੀਂਦ `ਚੋਂ ਛੇਤੀ ਹੀ ਜਾਗ ਕੇ ਗੁਰੂ ਨਾਨਕ ਸਾਹਿਬ ਵੱਲੋਂ
ਸਰਬੱਤ ਦੇ ਭਲੇ ਲਈ ਵਿਸ਼ਵ-ਪੱਧਰੀ ਸਦੀਵਕਾਲੀ ਰੱਬੀ-ਰਾਜ ਦੀ ਸਥਾਪਨਾ ਕਰਨ ਲਈ ਅਰੰਭ ਕੀਤੀ ਇਨਕਲਾਬੀ
ਲਹਿਰ ਨੂੰ ਪੁਨਰ-ਸੁਰਜੀਤ ਕਰਨ ਲਈ ਯਤਨਸ਼ੀਲ ਹੋ ਜਾਵੇ! ਇਹ ਗੁਰਮਤਿ ਵਿਹੂਣੇ ਜਥੇਦਾਰ ਗੁਰਮਤਿ ਦਾ
ਸ਼ੁੱਧ ਰੂਪ ਵਿੱਚ ਪ੍ਰਚਾਰ ਕਰਨ ਵਾਲੇ ਵਿਦਵਾਨਾਂ ਨੂੰ ਅਣਅਧਿਕਾਰਤ ਤੌਰ `ਤੇ ਪੰਥ `ਚੋਂ ਛੇਕਣ ਦੀਆਂ
ਹਾਸੋ-ਹੀਣੀਆਂ ਕਾਰਵਾਈਆਂ ਕਰ ਕੇ ਕੌਮਾਂਤਰੀ ਪੱਧਰ `ਤੇ ਕੌਮ ਦਾ ਅਤੇ ਆਲਮਗੀਰੀ ਗੁਰਮਤਿ ਸਿਧਾਂਤਾਂ
ਦਾ ਮਜਾਕ ਉਡਾਉੱਦੇ ਆ ਰਹੇ ਹਨ ਅਤੇ ਗੁਰਮਤਿ-ਵਿਹੂਣੇ ਗੁਰਦਵਾਰਾ ਕਮੇਟੀਆਂ ਦੇ ਪ੍ਰਬੰਧਕ ਇਨ੍ਹਾਂ
ਅਖੌਤੀ ਜਥੇਦਾਰਾਂ ਦੇ ‘ਹੁਕਮਨਾਮਿਆਂ` ਦੀ ਪਾਲਣਾ ਕਰ ਕੇ ਰਹਿੰਦੀ-ਖੁੰਹਦੀ ਕਸਰ ਪੂਰੀ ਕਰਦੇ ਆ ਰਹੇ
ਹਨ। ਸਤਿਗੁਰੂ ਜੀ ਸਾਨੂੰ ਸਾਰਿਆਂ ਨੂੰ ਸੁਮਤਿ ਬਖ਼ਸ਼ਣ! ! !
03/11/15)
ਗਿਆਨੀ ਅਵਤਾਰ ਸਿੰਘ
ਜਬਰ
ਦਾ ਮੁਕਾਬਲਾ ਸਬਰ ਨਾਲ ਕਰਨ ’ਚ ਸਿੱਖ ਕੌਮ ਨੇ ਇੱਕ ਕਦਮ ਹੋਰ ਪੁੱਟ ਕੇ ਦਿੱਤਾ ਸਬੂਤ
ਗਿਆਨੀ ਅਵਤਾਰ ਸਿੰਘ (ਸੰਪਾਦਕ
gurparsad.com)-98140-35202
ਸਦੀਆਂ ਤੋਂ ਧਾਰਮਿਕ (ਆਸਤਿਕ) ਕੱਟੜਤਾ ਨੇ ਆਮ ਲੁਕਾਈ ਜਾ ਜੀਉਣਾ ਹਰਾਮ ਕਰ ਰੱਖਿਆ ਸੀ/ ਹੈ, ਜਿਸ
ਕਾਰਨ ਅਜੋਕੇ ਸਮੇਂ ’ਚ ਮਨੁੱਖਤਾ ਦਾ ਧਰਮ (ਆਸਥਾ) ਤੋਂ ਹੀ ਵਿਸ਼ਵਾਸ ਉੱਠ ਗਿਆ, ਪ੍ਰਤੀਤ ਹੁੰਦਾ ਹੈ
ਤੇ ਲੋਕ ਨਾਸਤਿਕ ਬਣ ਕੇ ਦਾਹਵੇ ਨਾਲ ਕਹਿਣ ਲੱਗ ਪਏ ਹਨ ਕਿ ਮਾਨਵਤਾ ਦਾ ਜਿਤਨਾ ਸਰੀਰਕ ਸ਼ੋਸ਼ਣ
(ਲੁੱਟ-ਖਸੁੱਟ) ਧਰਮੀ ਬੰਦਿਆਂ ਦੁਆਰਾ ਕੀਤਾ ਗਿਆ ਹੈ ਉਤਨਾ ਕਸ਼ਟ ਤਾਂ ਜੰਗਾਂ-ਯੁੱਧਾਂ (ਲੜਾਈ)
ਦੌਰਾਨ ਪ੍ਰਮਾਣੂ ਬੰਬਾਂ ਨੇ ਵੀ ਨਹੀਂ ਦਿੱਤਾ ਹੈ।
‘‘ਮਾਰਿਆ ਸਿਕਾ ਜਗਤ੍ਰਿ ਵਿਚਿ, ਨਾਨਕ ! ਨਿਰਮਲ ਪੰਥ ਚਲਾਇਆ।’’ (ਭਾਈ ਗੁਰਦਾਸ ਜੀ) ਭਾਵ
ਪ੍ਰਚਲਿਤ (ਰਵਾਇਤੀ) ਧਾਰਮਿਕ ਕੱਟੜਤਾ ਵਾਲੀ ਰਹੁ-ਰੀਤੀ ਨੂੰ ਤਿਆਗ ਕੇ ਪ੍ਰੇਮ, ਸਬਰ ਰੂਪ ਗੁਣਾਂ
ਨਾਲ ਧਰਮ (ਆਸਥਾ) ਦਾ ਮੁੱਢ ਬੰਨਣ ਵਾਲੇ ਗੁਰੂ ਨਾਨਕ ਸਾਹਿਬ ਜੀ ਦੇ ਉਤਰਾਧਿਕਾਰੀ ਗੁਰੂ ਅਰਜਨ
ਸਾਹਿਬ ਜੀ ਨੇ ਸਮੇਂ ਦੇ ਜਾਲਮ ਹਾਕਮਾਂ ਨੂੰ ‘‘ਮੁਸਲਮਾਣੁ ਮੋਮ ਦਿਲਿ
ਹੋਵੈ ॥’’ (ਮ: ੫/੧੦੮੪) ਬਚਨਾਂ ਰੂਪ ਅਸਧਾਰਨ ਤੀਰ ਮਾਰਦਿਆਂ ਆਪ ਤੱਤੀ ਤਵੀ ਉੱਤੇ ਬੈਠ ਕੇ
(ਜਬਰ ਦਾ ਮੁਕਾਬਲਾ ਸਬਰ ਨਾਲ ਕਰਨ ਵਾਲੀ) ਸ਼ਹਾਦਤ (ਸ਼ਹੀਦੀ) ਦੀ ਉਦਾਹਰਣ ਦੇ ਕੇ ਕਥਨੀ ਤੇ ਕਰਨੀ ਦੇ
ਸੂਰਮੇ ਨੇ ਸਿੱਖੀ ਦੀ ਨੀਂਵ ਪੱਕੀ ਕਰ ਦਿੱਤੀ।
ਸਿੱਖੀ ਬਗ਼ੀਚੀ ਉੱਤੇ ਬਾਬਰ, ਜਹਾਂਗੀਰ, ਔਰੰਗਜ਼ੇਬ, ਵਜ਼ੀਰ ਖ਼ਾਂਨ, ਜ਼ਕਰੀ ਖ਼ਾਨ, ਯਹੀਆਖ਼ਾਨ, ਲਖਪਤ ਰਾਇ,
ਜਸਪਤ ਰਾਇ, ਮੀਰ ਮੰਨੂ, ਅੰਗਰੇਜ਼ ਬੀ. ਟੀ. ਆਦਿ ਦੇ ਤਸ਼ੱਦਦਾਂ (ਜਬਰ) ਨੂੰ ਤੱਤੀਆਂ ਤਵੀਆਂ ’ਤੇ ਬੈਠ
ਕੇ, ਚਾਦਨੀ ਚੌਕ ’ਚ ਸੀਸ ਕਟਵਾ ਕੇ, ਆਰਿਆਂ ਨਾਲ ਸਰੀਰ ਚਿਰਵਾ ਕੇ, ਰੂੰ ’ਚ ਲਪੇਟ ਕੇ, ਨੀਹਾਂ ’ਚ
ਆਪਣੇ ਆਪ ਨੂੰ ਚਿਣਵਾ ਕੇ, ਸਰੀਰ ਦਾ ਬੰਦ-ਬੰਦ ਕਟਵਾ ਕੇ, ਖੋਪਰੀਆਂ ਉਤਰਵਾ ਕੇ, ਬੱਚਿਆਂ ਦੇ ਅੰਗਾਂ
(ਟੁਕੜਿਆਂ) ਦੇ ਹਾਰ ਗਲਾਂ ’ਚ ਪਵਾ ਕੇ, ਗੋਲੀਆਂ ਛਾਤੀਆਂ ’ਚ ਮਰਵਾ ਕੇ, ਪੁਲਿਸ ਦੀਆਂ ਡਾਗਾਂ
ਸਰੀਰਾਂ ਉੱਤੇ ਸਹਾਰੇ ਕੇ ਆਦਿ ਆਦਰਸ਼ ਕਰਨੀ ਦੁਆਰਾ ‘‘ਮੁਸਲਮਾਣੁ ਮੋਮ
ਦਿਲਿ ਹੋਵੈ ॥’’ ਉਪਦੇਸ਼ਮਈ ’ਤੇ ਆਪ ਵੀ ਪਹਿਰਾ ਦੇਣ ਵਾਲਾ ਸਬੂਤ ਦਿੱਤਾ।
ਜਿੱਥੇ ਜਬਰ ਕਰਨ ਵਾਲੇ ਜਾਲਮਾਂ ਦੇ ਚੋਲੇ (ਸਰੀਰ) ਬਦਲੇ; ਜਿਵੇਂ ਕਿਤੇ ਟੋਪੀਧਾਰੀ, ਕਦੇ ਪਗੜੀਧਾਰੀ
ਤੇ ਕਦੇ ਕੇਸਾਂਧਾਰੀ ਆਦਿ ਉੱਥੇ ਹੀ ਜਬਰ ਦਾ ਮੁਕਾਬਲਾ ਸਬਰ ਨਾਲ ਕਰਨ ਵਾਲੇ ਸਿੱਖਾਂ ਦੇ ਆਦਰਸ਼ਮਈ
ਸਰੂਪ ਵੀ ਬਦਲੇ; ਜਿਵੇਂ ਕਿਤੇ ਗੁਰੂ ਅਰਜਨ ਸਾਹਿਬ ਜੀ, ਕਿਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ, ਕਦੇ
ਭਾਈ ਦਿਆਲਾ ਜੀ, ਭਾਈ ਮਨੀ ਸਿੰਘ ਜੀ ਜਾਂ ਅਜੋਕੇ ਸਮੇਂ ’ਚ ਭਾਈ ਲਛਮਣ ਸਿੰਘ ਜੀ, ਭਾਈ ਦਰਸਨ ਸਿੰਘ
ਜੀ ਫੇਰੂਮਾਨ ਤੇ ਬਾਪੂ ਸੂਰਤ ਸਿੰਘ ਜੀ ਆਦਿ।
ਇੱਥੇ ਇਹ ਵੀ ਵੀਚਾਰ ਦਾ ਵਿਸ਼ਾ ਹੈ ਕਿ ਜ਼ਮੀਨੀ ਹਾਲਾਤਾਂ ਨੂੰ ਮੁੱਖ ਰੱਖਦਿਆਂ ਜਾਬਰਾਂ ਦੁਆਰਾ ਆਪਣੀ
ਰਣਨੀਤੀ ’ਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਹਨ; ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ
ਹੀ ਅਪਮਾਣਿਤ ਕਰਕੇ ਸਿੱਖ ਕੌਮ (ਸ਼ਾਂਤੀ ਪਸੰਦ ਲੋਕਾਂ) ਨੂੰ ਜਲੀਲ ਕਰਨਾ, ਸਿੱਖੀ ਸਰੂਪ ’ਚ
‘ਖਾਲਿਸਤਾਨ ਜਿੰਦਾਬਾਦ’ ਦੇ ਨਾਹਰੇ ਲਗਾਉਣੇ ਤੇ ਕਸਮੀਰ ’ਚ ਟੋਪੀ ਪਹਿਨ ਕੇ ‘ਪਾਕਿਸਤਾਨ ਜਿੰਦਾਬਾਦ’
ਦੇ ਨਾਹਰੇ ਲਗਵਾ ਕੇ ਬਹੁ ਗਿਣਤੀ ਲੋਕਾਂ ਨੂੰ ਘੱਟ ਗਿਣਤੀਆਂ ਪ੍ਰਤੀ ਵਰਗਲਾਉਣਾ (ਮੰਦ ਭਾਵਨਾ ਅਧੀਨ
ਉਕਸਾਉਣਾ) ਆਦਿ ਜਿਸ ਦੀ ਇੱਕ ਉਦਾਹਰਣ ਦੇਹਰਾਦੁਨ (ਉਤਰਾਖੰਡ) ਦੀ ਹੈ ਜਿੱਥੇ ਪਿਛਲੇ ਦਿਨੀ ਕੇਸਾਂ
ਨੂੰ ਨੰਗੇ ਕਰਕੇ ‘ਖਾਲਿਸਤਾਨ ਜਿੰਦਾਬਾਦ’ ਦੇ ਨਾਹਰੇ ਲਗਵਾ ਕੇ ਸਿੱਖ ਕੌਮ ਨੂੰ ਬਦਨਾਮ ਕਰਨ ਦਾ
ਕੋਝਾ ਯਤਨ ਕੀਤਾ ਗਿਆ ਸੀ।
ਪਿਛਲੇ ਮਹੀਨੇ ਬਰਗਾੜੀ ’ਚ ਹੋਏ ਗੁਰੂ ਗੰਥ ਸਾਹਿਬ ਜੀ ਦੇ ਅਪਮਾਨ ਉਪਰੰਤ ਸ਼ਾਂਤੀਮਈ ਤਰੀਕੇ ਨਾਲ ਰੋਸ
ਪ੍ਰਗਟ ਕਰ ਰਹੀਆਂ ਸਿੱਖ ਸੰਗਤਾਂ ਉੱਪਰ ਸਿੱਖੀ ਬੁਰਕੇ ’ਚ ਹੀ ਛੁਪੇ ਬੈਠੇ ‘ਜ਼ਕਰੀਆ ਖ਼ਾਂਨ’ (ਫ਼ਕਰ ਏ
ਕੌਮ) ਵੱਲੋਂ ਸ਼ਹੀਦ ਕੀਤੇ ਗਏ ਦੋ ਸਿੰਘਾਂ ਦੇ ਅੰਤਿਮ ਸੰਸਕਾਰ ਦੌਰਾਨ ਮਿਤੀ 25-9-2015 ਨੂੰ
ਸੰਗਤਾਂ ਵੱਲੋਂ ਪਾਸ ਕੀਤੇ ਗਏ 9 ਮਤਿਆਂ ’ਚ ਇੱਕ ਮਤਾ ਇਹ ਵੀ ਸੀ ਕਿ ਸਾਡੀਆਂ ਜਾਇਜ਼ ਮੰਗਾਂ (ਗੁਰੂ
ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਵਾਲੇ ਦੋਸ਼ੀਆਂ ਨੂੰ ਪਕੜ ਕੇ ਸਖ਼ਤ ਸਜ਼ਾਵਾਂ ਦਿਲਵਾਉਣੀਆਂ,
ਅਪਰਾਧੀਆਂ ਨੂੰ ਬਚਾਉਣ ਦੇ ਮਕਸਦ ਨਾਲ ਗ਼ਲਤ ਪਕੜੇ ਗਏ ਦੋਵੇਂ ਭਰਾਵਾਂ (ਸਿੰਘਾਂ) ਦੀ ਰਿਹਾਈ ਅਤੇ
ਗੋਲੀਆਂ ਨਾਲ ਦੋ ਸਿੰਘਾਂ ਨੂੰ ਸ਼ਹੀਦ ਅਤੇ ਲਗਭਗ 4 ਦਰਜਨ ਸਿੰਘਾਂ ਨੂੰ ਜਖਮੀ ਕਰਨ ਵਾਲੇ ਦੋਸ਼ੀ
ਪੁਲਿਸ ਅਫਸਰਾਂ ਉੱਪਰ ਹੱਤਿਆ ਦਾ ਮੁਕੱਦਮਾ ਦਰਜ ਕਰਨਾ) ਨਾ ਮੰਨਣ ਉਪਰੰਤ ਮਿਤੀ 3-10-2015 ਨੂੰ
ਸਿੱਖ ਸੰਗਤਾਂ ਆਵਾਜਾਈ ’ਚ ਵਿਘਨ ਨਾ ਪਾਉਣ ਤੋਂ ਸੁਚੇਤ ਰਹਿ ਕੇ ਸੜਕਾਂ ਦੇ ਦੋਵੇਂ ਕਿਨਾਰਿਆਂ ’ਤੇ
ਖੜ੍ਹੇ ਹੋ ਕੇ ਰੋਸ ਪ੍ਰਗਟ ਕਰਨਗੀਆਂ। ਇਨ੍ਹਾਂ ਯੋਗ ਮੰਗਾਂ ਬਾਰੇ ਪੰਜਾਬ ਸਰਕਾਰ ਕਿੰਨੀ ਕੁ
ਸੰਵੇਦਨਸ਼ੀਲ ਹੈ ਇਸ ਗੱਲ ਤੋਂ ਅਨੁਮਾਨ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਬਿਨਾ ਕਿਸੇ ਮੰਗ ਤੋਂ
ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਕਰਨ ਨਾਲ ਸੰਬੰਧਿਤ ਕੇਸ ਹੀ ਸੀ. ਬੀ. ਆਈ. ਦੇ ਹਵਾਲੇ ਕਰਕੇ
ਆਪਣੀ ‘ਫ਼ਕਰੇ ਏ ਕੌਮ’ ਵਾਲੀ ਅਖੌਤੀ ਜਵਾਬਦੇਹੀ ਤੋਂ ਹੀ ਕਿਨਾਰਾ ਕਰ ਲਿਆ ਤੇ ਦੋਸ਼ੀ ਪੁਲਿਸ ਅਫਸਰਾਂ
ਨੂੰ ਬਚਾਉਣ ਦੇ ਮਕਸਦ ਨਾਲ ਸੀ. ਬੀ. ਆਈ. ਜਾਂਚ ਤੋਂ ਉਨ੍ਹਾਂ ਨੂੰ ਬਾਹਰ ਰੱਖ ਲਿਆ।
ਉਪਰੋਕਤ ਜਾਇਜ਼ ਮੰਗਾਂ ਪ੍ਰਤੀ ਪੰਜਾਬ ਦੀ ਪੰਥਕ ਅਖਵਾਉਂਦੀ ਸਰਕਾਰ ਵੱਲੋਂ ਕੋਈ ਢੁੱਕਵੀਂ ਕਾਰਵਾਈ ਨਾ
ਕਰਨ ਉਪਰੰਤ ਅੱਜ (3 ਨਵੰਬਰ ਨੂੰ ) ਪੰਜਾਬ ਅਤੇ ਪੰਜਾਬ ਤੋਂ ਬਾਹਰ ਵਾਲੇ ਸੂਬਿਆਂ ’ਚ ਵੱਡੀ ਗਿਣਤੀ
’ਚ ਸੰਗਤਾਂ ਨੇ ਰੋਸ਼ ਮਾਰਚ ’ਚ ਭਾਗ ਲਿਆ, ਜਿਸ ਵਿੱਚ ਬੱਚੇ, ਬੁੱਢੇ, ਬੀਬੀਆਂ, ਨੌਜਵਾਨ ਆਦਿ ਸ਼ਾਮਲ
ਸਨ। ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਪੰਜਾਬ ਦੇ ਹਰ ਇਲਾਕੇ ਨਾਲ ਸੰਬੰਧਤ ਸਿੱਖ ਸੰਗਤਾਂ ਦੇ
ਨਾਲ-ਨਾਲ ਗ਼ੈਰ ਸਿੱਖਾਂ ਨੇ ਵੀ ਵਧ ਚੜ ਕੇ ਰੋਸ ਮਾਰਚ ’ਚ ਭਾਗ ਲਿਆ। ਸਾਹਿਬਜ਼ਾਦਾ ਜੁਝਾਰ ਸਿੰਘ
ਗੁਰਮਤਿ ਮਿਸ਼ਨਰੀ ਕਾਲਜ (ਰੋਪੜ) ਦੇ ਬੱਚਿਆਂ ਨੇ ਰੋਪੜ (ਪੰਜਾਬ) ’ਚ ਵੱਡੀ ਗਿਣਤੀ ’ਚ ਸੰਗਤਾਂ ਸਮੇਤ
ਸੜਕਾਂ ’ਤੇ ਹਾਜ਼ਰੀ ਭਰਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਪੂਰੇ ਪੰਜਾਬ ਵਿੱਚ ਇਸ ਰੋਸ ਦੌਰਾਨ
ਇੱਕ ਵੀ ਭੜਕਾਉ ਘਟਨਾ ਸਿੱਖ ਸੰਗਤਾਂ ਵੱਲੋਂ ਵੇਖਣ ਨੂੰ ਨਹੀਂ ਮਿਲੀ। ਪੰਜਾਬ ਸਰਕਾਰ ਨੇ ਅਗਰ ਅਜੇ
ਵੀ ਉਪਰੋਕਤ ਮੰਗਾਂ ਪ੍ਰਤੀ ਠੋਸ ਕਦਮ ਨਾ ਪੁਟਿਆ ਤਾਂ ਇਹ ਰੋਸ ਸਿੱਖਾਂ ਅਤੇ ਗ਼ੈਰ ਸਿੱਖ ਸੰਗਤਾਂ ਦੇ
ਮਨਾਂ ਅੰਦਰ ਲੰਬੇ ਸਮੇਂ ਤੱਕ ਰਹਿਣ ਦੀ ਸੰਭਾਵਨਾ ਹੈ।
ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਘੱਟ ਗਿਣਤੀਆਂ ਆਪਣੇ ਆਪ ਨੂੰ ਅਸੁਰੱਖਿਅਤ
ਮਹਿਸੂਸ ਕਰ ਰਹੀਆਂ ਹਨ। ਲੇਖਕ, ਇਤਿਹਾਸਕਾਰ, ਫਿਲਮਕਾਰ, ਵਿਗਿਆਨੀ ਆਦਿ (ਜਿਨ੍ਹਾਂ ਨੇ ਸਮਾਜ ਦੀ
ਮਾਨਸਿਕਤਾ ਨੂੰ ਬਦਲਣ ’ਚ ਆਪਣਾ ਕੀਮਤੀ ਯੋਗਦਾਨ ਪਾਇਆ ਸੀ ਅਤੇ ਆਪਣੀ ਯੋਗਤਾ ਨਾਲ ਅਵਾਰਡ ਵੀ
ਪ੍ਰਾਪਤ ਕੀਤੇ ਸਨ) ਇਸ ਅਸਹਿਨਸ਼ੀਲਤਾ ਕਾਰਨ ਆਪਣੇ ਪੁਰਸਕਾਰ ਵਾਪਸ ਕਰ ਰਹੇ ਹਨ ਪਰ ਢੀਠ ਜਾਲਮ (ਆਪਣੇ
ਚਹੇਤਿਆਂ ਕੋਲੋਂ ਆਪਣੀ ਅਯੋਗਤਾ ਦੇ ਬਾਵਜੂਦ ਵੀ ਪ੍ਰਾਪਤ ਕੀਤੇ ਨਕਲੀ ਅਵਾਰਡ ਲੈ ਕੇ ਇਨ੍ਹਾਂ ਨੂੰ
ਵਾਪਸ ਕਰਨਾ ਤਾਂ ਦੂਰ ਰਿਹਾ ਸਗੋਂ ਪੁਰਸਕਾਰਾਂ ਦੇ ਯੋਗ ਹੱਕਦਾਰਾਂ ਵੱਲੋਂ) ਇਸ ਜਬਰ ਦਾ ਮੁਕਾਬਲਾ
ਸਬਰ ਨਾਲ ਕਰਨ ਨੂੰ ਵੀ ਵਿਰੋਧੀ ਧਿਰਾਂ ਦੀ ਸਾਜ਼ਸ਼ ਕਹਿ ਕੇ ਆਪਣੀ ਜਾਲਮਤਾਈ ਨੂੰ ਹੋਰ ਵਧਾਇਆ ਜਾ
ਰਿਹਾ ਹੈ। ਸੰਕੀਰਨਤਾ (ਤੰਗ-ਦਿਲੀ) ਬੁਧੀ ਦੇ ਮਾਲਕ ‘ਜਾਲਮ’ ਇਤਿਹਾਸ (ਭੂਤ) ਤੋਂ ਸਬਕ ਨਹੀਂ ਲੈ
ਰਹੇ ਕਿ ਰਾਜਾ ਔਰੰਗਜ਼ੇਬ ਵਰਗੇ ਜਾਲਮ ਦਾ ਨਾਮ-ਨਿਸ਼ਾਨ ਨਹੀਂ ਰਿਹਾ ਪਰ ‘ਜਬਰ ਦਾ ਮੁਕਾਬਲਾ ਸਬਰ ਨਾਲ
ਕਰਨ ਵਾਲਿਆਂ’ ਨੂੰ ਦੁਨੀਆਂ ਪੂਜਦੀ ਹੈ ਤੇ ਸਦਾ ਪੂਜਦੀ ਰਹੇਗੀ।
03/11/15)
ਸ੍ਰ ਸੁਰਿੰਦਰ ਸਿੰਘ ‘ਖਾਲਸਾ’
ਗੁਰੂ
ਗ੍ਰੰਥ ਜੀ ਦੀ ਬੇ-ਅਦਬੀ
ਗੁਰੂ ਗ੍ਰੰਥ ਜੀ’ ਦੇ ਪਾਵਨ ਸਰੂਪਾਂ ਦੀ, ਦੁਸ਼ਟ ਦੋਖੀ ਕਰੀ ਜਾਂਦੇ ਏ ਬੇ-ਅਦਬੀ।
ਬਖਸ਼ਿਆ ਨਹੀਂ ਜਾਵੇਗਾ ਇੱਕ ਵੀ ਦੋਸ਼ੀ, ਸਿਖਾਂ’ ਦੀ ਹਿਸਟਰੀ ਇਹ ਦੱਸਦੀ।
ਇਹ ਕਾਰੇ ਸਰਕਾਰੀ ਇਜੈੰਸੀਆਂ ਦੇ ਨੇ, ਉਹ ਵਰਦੀ ਵਿੱਚ ਨੇ ਭਾਂਵੇਂ ਬੇ-ਵਰਦੀ।
ਤਾਂ ਹੀ ਤਾਂ ਧਰਨੇ ਤੇ ਬੈਠੇ ਸ਼ਾਂਤ ਸਿੱਖਾਂ ਤੇ, ਪੁਲੀਸ ਰੱਜ ਰੱਜਕੇ ਜ਼ੁਲਮ ਹੈ ਕਰਦੀ।
ਆਉਂਦੇ ਸਾਰ ਲਾਠੀਆਂ ਵਰ੍ਹਾ ਦਿੱਤੀਆਂ, ਨਾਲੇ ਗੋਲੀਆਂ ਦੀ ਬੁਛਾਰ ਕਰ ਦਿੱਤੀ।
ਦੋ ਸਿੰਘਾਂ ਨੂੰ ਸ਼ਹੀਦ ਥਾਂਏਂ ਕਰ ਦਿੱਤੈ, ਨਾਲੇ ਅਨੇਕਾਂ ਹੀ ਕਰ ਦਿੱਤੇ ਹਨ ਜਖਮੀ।
ਰੋਸ ਕਰਦਿਆਂ ਕਾਫੀ ਨੂੰ ਦਿਨ ਹੋ ਗੲ ਨੇ, ਹਾਲੇ ਕੋਈ ਨਹੀਂ ਪਹੁੰਚਿਆ ਦਰਦੀ।
ਭੇ-ਅਦਬੀ ਦੇ ਦੋਸ਼ੀ ਵੀ ਸਿੱਖ ਹੀ ਬਣਾ ਦਿੱਤੇ, ਸਰਕਾਰ ਨੇ ਕਮਾਲ ਹੀ ਕਰ ਤੀ।
ਆਪੇ ਕਾਤਲ ਆਪ ਹੀ ਜਜ ਬਣ ਬੈਠੇ, ਇੰਨਸਾਫ ਦੀ ਆਸ ਕੌਮ ਕਿਥੋਂ ਕਰਦੀ।
ਏਥੇ ਪੁਲਿਸ, ਪਾਲਤੂ ਐ ਲੀਡਰਾਂ ਦੀ, ਉਨ੍ਹਾਂ ਦੇ ਕਹੇ ਤੇ ਹੀ ਕਾਰਵਾਈ ਹੈ ਕਰਦੀ।
ਬਾਈਕਾਟ ਕਰੋ ਲੀਡਰਾਂ ਦੀ ਜਾਤ ਦਾ, ਸਾਡੀਆਂ ਲਾਸ਼ਾਂ ਤੇ ਜੋ ਰਾਜਨੀਤੀ ਕਰਦੀ।
ਦਿਖਾਦੋ ਹੱਥ ਕਰਾਰੇ ਇਨ੍ਹਾਂ ਪਾਜੀਆਂ ਨੂੰ, ਪਸੀਨੇ ਆਉਣ ਇਨ੍ਹਾਂ ਨੂੰ ਵਿੱਚ ਸਰਦੀ।
ਸਿੱਖੀ ਭੇਖ ਦੇਖ ਗਧਾਰਾਂ ਨੂੰ ਤਾਜ ਦਿੱਤਾ, ਉਸੇ ਦਾ ਫਲ ਹੀ ਸਿੱਖ ਕੌਮ ਭੁਗਤਦੀ।
ਵਿਵੇਕ ਦਾਨ ਕੌਮ ਹਮੇਸ਼ਾ ਮੰਗਦੀ ਐ, ਵੋਟਾਂ ਵੇਲੇ ਵਿਵੇਕ ਕਿਉਂ ਨਹੀਂ ਵਰਤਦੀ।
ਅੱਤ ਹੋ ਗਈ ਸਿੱਖ ਕੌਮੇ ਜਾਗ ਹੁਣ ਤਾਂ, ਆਲਸ ਫੜ੍ਹ ਲਈ ਤੂੰ ਜਮਾਨੇ ਭਰ ਦੀ।
ਸਾਡੀ ਗਫਲਤ ਨੇ ਆਹ ਦਿਨ ਦਿਖਾ ਦਿੱਤੇ, ਸ਼ੈਤਾਨ ਜੁੰਡਲੀ ਰਾਜ ਸਾਡੇ ਤੇ ਕਰਦੀ।
ਥੋੜ੍ਹਾ ਜਾਗੇ ਬੇਦੋਸ਼ੇ ਸਿੰਘ ਰਿਹਾਅ ਹੋ ਗਏ, ਲੋਕਾਂ ਦੇ ਰੋਹ ਤੋਂ ਹੀ ਸਰਕਾਰ ਡਰਦੀ।
ਗੁਰੂ ਗ੍ਰੰਥ ਜੀ ਦੇ ਦੋਸ਼ੀ ਫੜਣੇ ਬਾਕੀ ਨੇ, ਦੇਖੋ
CBI ਕੀ ਕਾਰਵਾਈ ਕਰਦੀ।
ਜੋਸ਼ ਨੂੰ ਠੰਡਾ ਹੋਣ ਨਾ ਦਿਉ, ਪਰ ਹਰ ਸਿਆਣੀ ਕੌਮ ਹੋਸ਼ ਦਾ ਪੱਲਾ ਨਹੀਂ ਛੱਡਦੀ।
ਪੰਥ ਅਗੇ ‘ਸੁੰਿਰੰਦਰ’ ਇੱਕ ਅਰਜ ਗੁਜ਼ਾਰੇ, ਇਕੱਠ ਹੋ ਜਾਉ ਇੱਕ ਮੰਚ ਤੇ ਸਾਰੇ।
ਇਕੱਠੇ ਹੋ ਕੋਈ ਬਣਤ ਬਣਾਈਏ, ਪੰਥ ਦੋਖੀਆਂ ਨੂੰ ਬਾਹਰ ਦਾ ਰਾਹ ਦਿਖਾਈਏ।
ਸ੍ਰ ਸੁਰਿੰਦਰ ਸਿੰਘ 'ਖਾਲਸਾ' ਮਿਉਦ ਕਲਾਂ {ਫਤਿਹਾਬਾਦ}
ਫੋਨ=9466266708, 9728743287,
E -MAIL=
[email protected] [email protected]
02/11/15)
ਲੈਫ਼ ਕਰਨਲ (ਰਿਟਾ.) ਗੁਰਦੀਪ ਸਿੰਘ
ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ?
ਲੈਫ਼ ਕਰਨਲ (ਰਿਟਾ.) ਗੁਰਦੀਪ ਸਿੰਘ
+91-94654-47897
001-778-549-7679
ਜਥੇਦਾਰ ਦੀ ਪ੍ਰੀਭਾਸ਼ਾ
ਭਾਈ ਕਾਨ੍ਹ ਸਿੰਘ ਨਾਭਾ ਨੇ ‘ਜਥਾ` ਸ਼ਬਦ ਦੇ ਹੇਠ ਲਿਖੇ ਅਰਥ ਕੀਤੇ ਹਨ:-
1. ਟੋਲਾ 2. ਗਰੋਹ (ਮਹਾਨ ਕੋਸ਼ ਪੰਨਾ 502)
ਕੀ ਸ੍ਰੀ ਅਕਾਲ ਤਖ਼ਤ ਸਾਹਿਬ ਇੱਕ ਜਥਾ ਜਾਂ ਟੋਲਾ (ਗਰੋਹ) ਹੈ?
ਨਹੀਂ। ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨਿਯੁਕਤ ਕਰਨਾ ਗੁਰਮਤਿ
ਸਿਧਾਂਤਾਂ ਦੀ ਉਲੰਘਣਾ ਤਾਂ ਹੈ ਹੀ, ਇਹ ਕਾਰਵਾਈ ਹਾਸੋ-ਹੀਣੀ ਵੀ ਹੈ। ਅਕਾਲ ਤਖ਼ਤ ਦਾ ਮਤਲਬ ਹੈ
ਅਕਾਲ ਪੁਰਖੁ ਦਾ ਤਖ਼ਤ। ਅਕਾਲ ਪੁਰਖੁ (ਰੱਬ, ਕਰਤਾ ਪੁਰਖੁ) ਸ੍ਰਿਸ਼ਟੀ ਦੇ ਜ਼ਰੇ-ਜ਼ਰੇ ਵਿੱਚ ਰਮਿਆ
ਹੋਇਆ ਹੈ। ਗੁਰਮਤਿ ਫ਼ਲਸਫ਼ੇ ਅਨੁਸਾਰ, ਅਕਾਲ ਪੁਰਖੁ ਕਿਸੇ ਵਿਸ਼ੇਸ਼ ਅਸਥਾਨ `ਤੇ ਬੈਠਾ ਹੋਇਆ ਨਹੀਂ
ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੰਕਲਪ ਨੂੰ ਸਮਝਣ ਲਈ ਇਸ ਦੇ ਇਤਿਹਾਸਕ ਤੇ ਸਿਧਾਂਤਕ ਪੱਖ
ਨੂੰ ਸਮਝਣਾ ਜ਼ਰੂਰੀ ਹੈ।
ਇਤਿਹਾਸਕ ਤੇ ਸਿਧਾਂਤਕ ਪੱਖ
ਗੁਰੂ ਹਰਿਗੋਬਿੰਦ ਸਾਹਿਬ ਨੇ ਜੂਨ 1608 (ਹਾੜ 1665) ਵਿੱਚ ਅਕਾਲ ਤਖ਼ਤ
ਸਾਹਿਬ ਪਰਗਟ ਕੀਤਾ। ਅਕਾਲ ਤਖ਼ਤ ਸਾਹਿਬ ਪਰਗਟ ਕਰਨ ਦਾ ਮਕਸਦ ਇਹ ਸੀ ਕਿ ਸਿੱਖ ਸਿਰਫ਼ ਅਕਾਲ ਪੁਰਖੁ
ਨੂੰ ਹੀ ‘ਸੱਚਾ ਪਾਤਿਸ਼ਾਹ` ਮੰਨਦਾ ਹੈ ਅਤੇ ਆਪਣੇ ਆਪ ਨੂੰ ਸਿਰਫ਼ ਉਸ ਵਾਹਿਗੁਰੂ ਦੀ ਹੀ ਰਿਆਇਆ
(ਪਰਜਾ) ਮੰਨਦਾ ਹੈ। (ਡਾ. ਹਰਜਿੰਦਰ ਸਿੰਘ ਦਿਲਗੀਰ: ਸਿੱਖ ਤਵਾਰੀਖ, ਪੰਨਾ 227)।
ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਗੁਰਮਤਿ ਫ਼ਲਸਫ਼ਾ ਸਮੁੱਚੀ ਮਨੁੱਖਤਾ ਲਈ
ਸਾਂਝਾ ਫ਼ਲਸਫ਼ਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੰਕਲਪ ਬਾਰੇ ਗੁਰੂ ਗ੍ਰੰਥ ਸਾਹਿਬ ਦਾ ਫ਼ੁਰਮਾਣੁ ਹੈ
-
ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ।। ਸਿਰਿ ਸਾਹਾ ਪਾਤਿਸਾਹੁ ਨਿਹਚਲੁ
ਚਉਰੁ ਛਤੁ।। (ਮ: 5, 964)
ਪਦ ਅਰਥ: ਸਚਾ-ਸਦਾ ਕਾਇਮ ਰਹਿਣ ਵਾਲਾ। ਸਿਰਿ-ਸਿਰ ਉਲ਼ਤੇ। ਛਤੁ-ਛਤਰ।
ਭਾਵ: ਹੇ ਪ੍ਰਭੂ! ਤੇਰਾ ਇਲਾਹੀ ਦਰਬਾਰ (ਹੋਰ ਸਾਰੇ ਦਰਬਾਰਾਂ ਨਾਲੋਂ)
ਵੱਡਾ ਹੈ, ਤੇਰਾ ਤਖ਼ਤ ਸਦਾ ਕਾਇਮ ਰਹਿਣ ਵਾਲਾ ਹੈ। ਤੇਰਾ ਚਵਰ ਤੇ ਛਤਰ ਅਟੱਲ ਹੈ ਅਤੇ ਤੂੰ (ਸਾਰੇ)
ਬਾਦਸ਼ਾਹਾਂ ਦੇ ਸਿਰ ਉਲ਼ਤੇ ਪਾਤਿਸ਼ਾਹ ਹੈਂ।
ਇੰਜ ਜਾਪਦਾ ਹੈ, ਕਿ, ਗੁਰਮਤਿ ਦੇ ਉਪਰੋਕਤ ਸਿਧਾਂਤ ਨੂੰ ਸਾਕਾਰ (ਸਥੂਲ)
ਰੂਪ ਵਿੱਚ ਪਰਗਟ ਕਰਨ ਲਈ ਗੁਰੂ ਹਰਿਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ (ਮੀਰੀ-ਪੀਰੀ ਦੀ
ਸਰਬ-ਉੱਚ ਸੰਸਥਾ) ਨੂੰ ਪਰਗਟ ਕੀਤਾ ਸੀ। ਮਨੁੱਖਤਾ ਦੀ ਇਸ ਸਰਬ-ਉਚ ਗੁਰਮਤਿ ਸੰਸਥਾ ਰਾਹੀਂ ਦੋ ਅਹਿਮ
ਤੇ ਸਪੱਸ਼ਟ ਸੰਦੇਸ਼ ਮਿਲਦੇ ਨਜ਼ਰ ਆ ਰਹੇ ਹਨ। ਪਹਿਲਾ, ਅਕਾਲ ਪੁਰਖ਼ (ਰੱਬ) ਹੀ ਸਮੁੱਚੀ
ਸ੍ਰਿਸ਼ਟੀ ਦਾ ਇੱਕੋ-ਇੱਕ ਹਾਕਮ (ਰਾਜਾ) ਹੈ। ਯਾਨੀ ਕਿ, ਸਾਰਾ ਬ੍ਰਹਮੰਡੀ ਵਰਤਾਰਾ ਉਸੇ ਦੇ ਹੁਕਮ
ਅਧੀਨ ਹੀ ਚੱਲ ਰਿਹਾ ਹੈ। ਇਸ ਪਰਥਾਇ ਗੁਰ ਫ਼ੁਰਮਾਣੁ ਹੈ -
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ।। ਨਾਨਕ ਹੁਕਮੈ ਜੇ ਬੁਝੈ ਤ
ਹਉਮੈ ਕਹੈ ਨ ਕੋਇ।। (ਮ: ੧, ੧)
ਪਦ ਅਰਥ: ਅੰਦਰਿ-ਰੱਬ ਦੇ ਹੁਕਮ ਵਿੱਚ ਹੀ। ਸਭੁ ਕੋ-ਹਰੇਕ ਜੀਵ। ਬਾਹਰਿ
ਹੁਕਮ-ਹੁਕਮ ਤੋਂ ਬਾਹਰ। ਹੁਕਮੈ-ਹੁਕਮ ਨੂੰ। ਬੁਝੈ-ਸਮਝ ਲਏ। ਹਉਮੈ ਕਹੈ ਨ - ਹਉਮੈ ਦੇ ਬਚਨ ਨਹੀਂ
ਆਖਦਾ, ਮੈਂ ਮੈਂ ਨਹੀਂ ਆਖਦਾ, ਸੁਆਰਥੀ ਨਹੀਂ ਬਣਦਾ।
ਭਾਵ: ਹਰੇਕ ਜੀਵ ਰੱਬ ਦੇ ਹੁਕਮ ਵਿੱਚ ਹੀ ਹੈ, ਕੋਈ ਜੀਵ ਉਸ ਮਾਲਿਕ ਪ੍ਰਭੂ
ਦੇ ਹੁਕਮ ਤੋਂ ਬਾਹਰ (ਭਾਵ, ਹੁਕਮ ਤੋਂ ਆਕੀ) ਨਹੀਂ ਹੋ ਸਕਦਾ। ਹੇ ਨਾਨਕ! ਜੇ ਕੋਈ ਮਨੁੱਖ ਅਕਾਲ
ਪੁਰਖ ਦੇ ਹੁਕਮ ਨੂੰ ਸਮਝ ਲਏ ਤਾਂ ਫਿਰ ਉਹ ਸੁਆਰਥ ਦੀਆਂ ਗੱਲਾਂ ਨਹੀਂ ਕਰਦਾ (ਭਾਵ, ਫਿਰ ਉਹ
ਸੁਆਰਥੀ ਜੀਵਨ ਛੱਡ ਦਿੰਦਾ ਹੈ)।
ਇਸ ਇਲਾਹੀ ਸੰਸਥਾ ਦਾ ਦੂਜਾ ਸੰਦੇਸ਼ ਇਹ ਹੈ ਕਿ ਸਿੱਖ ਕੌਮ,
ਪ੍ਰਭੂ-ਰਾਜੇ ਦੀ ਸਲਤਨਤ ਅਧੀਨ, ਇੱਕ ਸੁਤੰਤਰ ਤੇ ਪ੍ਰਭੂ-ਸੱਤਾ-ਸੰਪੰਨ ਵਿਲੱਖਣ ਹਸਤੀ ਦੀ ਮਾਲਿਕ,
ਕੌਮ ਹੈ।
ਸਪੱਸ਼ਟ ਹੈ ਕਿ ਅਕਾਲ ਤਖ਼ਤ ਨਾ ਤਾਂ ਕਿਸੇ ਇਮਾਰਤ ਦਾ ਨਾਮ ਹੈ ਅਤੇ ਨਾ ਹੀ ਇਸ
ਦੇ ਪ੍ਰਬੰਧਕੀ ਨਿਜ਼ਾਮ ਦਾ।
ਕੀ ਕਿਸੇ ਗੁਰਮਤਿ ਸਿਧਾਂਤ ਦਾ ਕੋਈ ਜਥੇਦਾਰ ਮੁਕੱਰਰ ਕੀਤਾ ਜਾ ਸਕਦਾ ਹੈ?
ਹਰਗਿਜ਼ ਨਹੀਂ। ਅਜਿਹਾ ਕਰਨਾ ਗੁਰਮਤਿ ਸਿਧਾਂਤ ਦੇ ਉਲਟ ਹੈ। ਇਤਿਹਾਸ ਗਵਾਹ
ਹੈ ਕਿ 1920 ਤੱਕ ਇਸ ਇਲਾਹੀ ਸੰਸਥਾ ਦਾ ਕੋਈ ਜਥੇਦਾਰ ਨਹੀਂ ਸੀ ਥਾਪਿਆ ਗਿਆ। ਭਾਵ ਕਿ, 1608 ਤੋਂ
ਲੈ ਕੇ 1920 ਤੱਕ ਇਸ ਦਾ ਕੋਈ ਜਥੇਦਾਰ ਨਹੀਂ ਸੀ। ਫਿਰ, ਸੁਭਾਵਿਕ ਹੀ ਇਹ ਸਵਾਲ ਪੈਦਾ ਹੁੰਦਾ ਹੈ
ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ‘ਜਥੇਦਾਰ’ ਦਾ ਅਹੁਦਾ ਕਿਵੇਂ, ਕਦੋਂ ਅਤੇ ਕਿਸ ਨੇ ਹੋਂਦ ਵਿੱਚ
ਲਿਆਂਦਾ? ਆਓ, ਵਿਚਾਰਨ ਦਾ ਯਤਨ ਕਰੀਏ।
"10 ਤੋਂ 12 ਅਕਤੂਬਰ 1920 ਨੂੰ, ‘ਖ਼ਾਲਸਾ ਬਰਾਦਰੀ ਕਾਰਜ ਸਾਧਕ ਦਲ`
ਜਥੇਬੰਦੀ ਵੱਲੋਂ ਜਲ੍ਹਿਆਂਵਾਲਾ ਬਾਗ ਵਿੱਚ ਇੱਕ ਦੀਵਾਨ ਸਜਾਇਆ ਗਿਆ। ਇਸ ਜਥੇਬੰਦੀ ਦੇ ਮੁੱਖੀ ਭਾਈ
ਮਹਿਤਾਬ ਸਿੰਘ ਬੀਰ ਸਨ (ਭਾਈ ਮਹਿਤਾਬ ਸਿੰਘ ਦਾ ਪਹਿਲਾ ਨਾਂ ਰੁਕਨਦੀਨ ਸੀ। ਆਪ ਮੌਲਵੀ ਕਰੀਮ ਬਖਸ਼,
ਜੋ ਬਕਾਪੁਰ, ਜਲੰਧਰ, ਵਿੱਚ 14 ਜੂਨ 1893 ਦੇ ਦਿਨ ਖੰਡੇ ਦੀ ਪਾਹੁਲ ਲੈ ਕੇ ਭਾਈ ਲਖਬੀਰ ਸਿੰਘ ਬਣ
ਗਏ ਸਨ, ਦੇ ਬੇਟੇ ਸਨ)। …. . ਉਨ੍ਹਾਂ ਨੇ ਇਸ ਦੀਵਾਨ ਵਾਸਤੇ ਇੱਕ ਇਸ਼ਤਿਹਾਰ ਵੀ ਛਾਪਿਆ ਸੀ। ….
ਉਨ੍ਹੀ ਦਿਨੀ ਦਰਬਾਰ ਸਾਹਿਬ ਦੇ ਪੁਜਾਰੀ ਅਖੌਤੀ ਪਛੜੀਆਂ ਜਾਤਾਂ ਦੇ ਸਿੱਖਾਂ
ਦਾ ਪ੍ਰਸ਼ਾਦ ਕਬੂਲ ਨਹੀਂ ਕਰਦੇ ਸੀ। 11 ਅਕਤੂਬਰ ਰਾਤ ਵੇਲੇ ਮਤਾ ਪਾਸ ਹੋਇਆ ਕਿ ਅਗਲੀ ਸਵੇਰ ਨੂੰ
ਅਖੌਤੀ ਪਛੜੀਆਂ ਜਾਤਾਂ ਦੇ ਸਿੱਖ ਪ੍ਰਸ਼ਾਦ ਲੈ ਕੇ ਦਰਬਾਰ ਸਾਹਿਬ ਜਾਣ। ਉਨ੍ਹਾਂ ਦੇ ਨਾਲ ਕਈ ਸਿੱਖ
ਆਗੂ ਜਾਣ ਵਾਸਤੇ ਤਿਆਰ ਹੋ ਗਏ। ਅਗਲੇ ਦਿਨ ਅਖੌਤੀ ਪਛੜੀਆਂ ਜਾਤਾਂ ਦੇ ਕਈ ਸਿੰਘਾਂ ਨੇ ਅੰਮ੍ਰਿਤ
ਛਕਿਆ। ਦੀਵਾਨ ਦੇ ਖਤਮ ਹੋਣ ਤੋਂ ਬਾਅਦ, ਇਹ ਸਾਰੇ ਸਿੰਘ ਇਕੱਠੇ ਹੋ ਕੇ ਸੁੰਦਰ ਸਿੰਘ ਮਜੀਠੀਆ ਦੀ
ਅਗੁਵਾਈ ਵਿੱਚ ਦਰਬਾਰ ਸਾਹਿਬ ਗਏ। ਜਿਹਾ ਕਿ ਉਮੀਦ ਸੀ, ਪੁਜਾਰੀਆਂ ਨੇ ਪ੍ਰਸ਼ਾਦ ਕਬੂਲ ਨਾ ਕੀਤਾ।
ਪ੍ਰੋ. ਹਰਕਿਸ਼ਨ ਸਿੰਘ ਬਾਵਾ ਨੇ ਗਲ ਵਿੱਚ ਪੱਲਾ ਪਾ ਕੇ ਤਿੰਨ ਵਾਰ ਪੁਜਾਰੀਆਂ ਨੂੰ ਅਰਜ਼ ਕੀਤੀ ਕਿ
ਉਹ ਪ੍ਰਸ਼ਾਦ ਕਬੂਲ ਕਰ ਲੈਣ। ਪਰ, ਪੁਜਾਰੀਆਂ ਨੇ ‘ਨੱਨਾ` ਹੀ ਫੜੀ ਰੱਖਿਆ। ਏਨੇ ਚਿਰ ਵਿੱਚ, ਜਥੇਦਾਰ
ਕਰਤਾਰ ਸਿੰਘ ਝੱਬਰ ਤੇ ਜਥੇਦਾਰ ਤੇਜਾ ਸਿੰਘ ਭੁੱਚਰ ਵੀ ਪੁੱਜ ਗਏ। ਹੁਣ ਸੰਗਤਾਂ ਦੀ ਗਿਣਤੀ ਬਹੁਤ
ਹੋ ਚੁੱਕੀ ਸੀ। ਅਖੀਰ ਫ਼ੈਸਲਾ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਦਾ ਵਾਕ ਲਿਆ ਜਾਵੇ। ਗੁਰੂ ਗ੍ਰੰਥ
ਸਾਹਿਬ ਦਾ ਹੁਕਮ ਸੀ -
ਨਿਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ।। ਸਤਿਗੁਰ ਕੀ
ਸੇਵਾ ਉਤਮ ਹੈ ਭਾਈ ਰਾਮ ਨਾਮਿ ਚਿਤੁ ਲਾਇ।। ….
ਗੁਰੂ ਗ੍ਰੰਥ ਸਾਹਿਬ ਦਾ ਹੁਕਮ ਸੁਣ ਕੇ ਸੰਗਤਾਂ ਵਿਸਮਾਦ ਵਿੱਚ ਆ ਗਈਆਂ।
ਅਖੀਰ, ਪੁਜਾਰੀਆਂ ਨੂੰ ਅਰਦਾਸ ਕਰਨੀ ਪਈ ਤੇ ਪ੍ਰਸ਼ਾਦ ਵਰਤਾਇਆ ਗਿਆ। ਇਸ ਤੋਂ ਬਾਅਦ, ਸੰਗਤਾਂ ਅਕਾਲ
ਤਖ਼ਤ ਸਾਹਿਬ ਵੱਲ ਗਈਆਂ। ਸੰਗਤਾਂ ਨੂੰ ਆਉੱਦਿਆਂ ਵੇਖ ਕੇ ਪੁਜਾਰੀ ਤਖ਼ਤ ਸਾਹਿਬ ਨੂੰ ਸੁੰਞਾ ਛੱਡ ਕੇ
ਚਲੇ ਗਏ। ਉਨ੍ਹਾਂ ਦੇ ਜਾਣ ਮਗਰੋਂ, ਸੰਗਤਾਂ ਨੇ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਲਈ। ਅਕਾਲ ਤਖ਼ਤ
ਸਾਹਿਬ `ਤੇ ਸਿੱਖ ਆਗੂਆਂ ਦੇ ਲੈਕਚਰ ਹੋਏ। ਬਾਅਦ ਵਿੱਚ ਹਾਜ਼ਰ ਸੰਗਤਾਂ ਨੇ ਅਕਾਲ ਤਖ਼ਤ ਸਾਹਿਬ ਦੀ
ਸੇਵਾ-ਸੰਭਾਲ ਵਾਸਤੇ 25 ਸਿੰਘਾਂ ਦਾ ਇੱਕ ਜਥਾ ਬਣਾਉੱਣ ਦਾ ਫ਼ੈਸਲਾ ਕੀਤਾ। 17 ਮੈਂਬਰਾਂ ਨੇ ਉਸੇ
ਵੇਲੇ ਆਪਣੇ ਆਪ ਨੂੰ ਸੇਵਾ ਵਾਸਤੇ ਪੇਸ਼ ਕੀਤਾ। (ਇਸ ਕਮੇਟੀ ਦੇ ਜਥੇਦਾਰ ਤੇਜਾ ਸਿੰਘ ਭੁੱਚਰ ਬਣਾਏ
ਗਏ)। ਇਸ ਜਥੇ ਦੀ ਡਿਊਟੀ ਅਕਾਲ ਤਖ਼ਤ ਸਾਹਿਬ `ਤੇ ਪਹਿਰਾ ਦੇਣਾ ਤੇ ਸੇਵਾ-ਸੰਭਾਲ ਕਰਨਾ ਸੀ (ਰੋਜ਼ਾਨਾ
ਅਕਾਲੀ, 18 ਅਕਤੂਬਰ 1920)। ਮਗਰੋਂ ਅਕਾਲ ਤਖ਼ਤ ਸਾਹਿਬ ਦੇ ‘ਜਥੇਦਾਰ` ਦਾ ਇੱਕ ਨਵਾਂ ਅਹੁਦਾ
ਖੜਾ ਹੋ ਗਿਆ। ਇਸ ਤੋਂ ਪਹਿਲਾਂ ਸਿੱਖ ਤਵਾਰੀਖ਼ ਅਤੇ ਸਿੱਖ ਫ਼ਲਸਫ਼ੇ ਵਿੱਚ ‘ਜਥੇਦਾਰ` ਦੇ ਅਹੁਦੇ ਦਾ
ਕੋਈ ਵਜ਼ੂਦ ਨਹੀਂ ਸੀ। ਉੱਞ ਭਾਈ ਤੇਜਾ ਸਿੰਘ ਦੇ ਜਥੇ ਨੇ ਦੋ ਮਹੀਨੇ ਬਾਅਦ ਛੁੱਟੀਆਂ ਮੰਗ ਲਈਆਂ
ਸਨ। …. ਇਸ `ਤੇ ਉਨ੍ਹਾਂ ਦੀ ਥਾਂ ਦੀਦਾਰ ਸਿੰਘ ਮੱਟੂ ਭਾਈਕੇ ਤੇ ਉਨ੍ਹਾਂ ਦੇ ਜਥੇ ਨੂੰ ਇਹ ਸੇਵਾ
ਸੌਂਪੀ ਗਈ ਸੀ" (ਰੋਜ਼ਾਨਾ ਅਕਾਲੀ, 26 ਦਸੰਬਰ, 1920)।
(ਡਾ. ਹਰਜਿੰਦਰ ਸਿੰਘ ਦਿਲਗ਼ੀਰ: ਸਿੱਖ ਤਵਾਰੀਖ਼, ਪੰਨੇ 794-96)
ਅਸਲ ਵਿੱਚ, ਤੇਜਾ ਸਿੰਘ ਭੁੱਚਰ ਅਤੇ ਦੀਦਾਰ ਸਿੰਘ ਮੱਟੂ ਭਾਈਕੇ, ਦੋਨੋਂ
ਹੀ, ਆਪੋ-ਆਪਣੇ ਜਥੇ ਦੇ ਜਥੇਦਾਰ ਸਨ ਅਤੇ ਉਨ੍ਹਾਂ ਨੂੰ ‘ਜਥੇਦਾਰ ਜੀ` ਕਹਿ ਕੇ ਬੁਲਾਇਆ ਜਾਂਦਾ ਸੀ।
ਉਨ੍ਹਾਂ ਤੋਂ ਪਿੱਛੋਂ ਇਹ ਇੱਕ ਕਿਸਮ ਦੀ ਅੱਲ ਜਿਹੀ ਹੀ ਪੈ ਗਈ ਕਿ ਜਿਹੜਾ ਵੀ ਸਿੰਘ ਅਕਾਲ ਤਖ਼ਤ
ਸਾਹਿਬ ਦੀ ਸੇਵਾ ਸੰਭਾਲ ਕਰਨ ਵਾਲੇ ਜਥੇ ਦਾ ਮੁੱਖੀ ਹੁੰਦਾ ਸੀ, ਉਸ ਨੂੰ ‘ਜਥੇਦਾਰ ਜੀ` ਕਹਿ ਕੇ ਹੀ
ਬੁਲਾਇਆ ਜਾਣ ਲੱਗ ਪਿਆ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਉਦੋਂ ਇਸ ਸੇਵਾ-ਸੰਭਾਲ ਦੇ ਜਥਿਆਂ ਦੇ
ਮੁੱਖੀ ਅਕਾਲ ਤਖ਼ਤ ਸਾਹਿਬ ਦੀ ਰਾਖੀ ਅਤੇ ਗੁਰਮਤਿ ਮਰਯਾਦਾ ਅਨੁਸਾਰ ਇਸ ਕੇੱਦਰੀ ਸੰਸਥਾ ਦੀ
ਸੇਵਾ-ਸੰਭਾਲ ਤੱਕ ਹੀ ਸੀਮਤ ਰਹਿੰਦੇ ਸਨ ਅਤੇ ਅਜੋਕੇ ਅਖੌਤੀ ਜਥੇਦਾਰ ਅਕਾਲ ਤਖ਼ਤ ਸਾਹਿਬ ਦੀ ਤਰ੍ਹਾਂ
‘ਗਿਆਰਵੀਂ ਪਾਤਿਸ਼ਾਹੀ` ਬਣ ਕੇ ਕੌਮ ਦੇ ਨਾਂ ‘ਹੁਕਮਨਾਮੇ` ਤੇ ਆਦੇਸ਼ ਨਹੀਂ ਜਾਰੀ ਕਰਿਆ ਕਰਦੇ ਸਨ।
ਇੰਜ ਜਾਪਦਾ ਹੈ ਕਿ, ਜਿਵੇਂ ਅੰਗਰੇਜ਼ੀ ਹਕੂਮਤ ਨੇ ਆਪਣੇ ਵੱਲੋਂ ‘ਸਰਬਰਾਹ`
ਨਿਯੁਕਤ ਕੀਤੇ, ਗੁਰਮਤਿ-ਵਿਹੂਣੇ, ਅਰੂੜ ਸਿੰਘ ਤੋਂ ਕਾਮਾਗਾਟਾਮਾਰੂ ਜਹਾਜ਼ ਦੇ ਅੰਗਰੇਜ਼ੀ ਸਾਮਰਾਜ
ਵੱਲੋਂ ਮਾਰੇ ਗਏ ਸਿੱਖ ਯਾਤਰੂਆਂ ਅਤੇ ਗ਼ਦਰ ਪਾਰਟੀ ਦੇ ਸਿੱਖ ਸ਼ਹੀਦਾਂ ਨੂੰ ਸਿੱਖੀ `ਚੋਂ ਖਾਰਜ਼ ਕਰਨ
ਲਈ ਵਰਤਿਆ ਸੀ, ਉਸੇ ਤਰ੍ਹਾਂ ਹੀ ਗੁਰਮਤਿ-ਵਿਹੂਣੇ ਤੇ ਖ਼ੁਦਗਰਜ਼ ਸਿੱਖ ਰਾਜਨੀਤਕ ਆਗੂਆਂ ਨੇ, 1970
ਦੇ ਆਸ-ਪਾਸ ਤੋਂ, ਇਸ ਗ਼ੈਰ-ਸਿਧਾਂਤਕ ਅਹੁਦੇ ਦੀ ਕਾਢ ਕੱਢ ਕੇ ਆਪਣੇ ਵਿਰੋਧੀਆਂ ਨੂੰ ਦਬਕਾਅ ਕੇ
ਰੱਖਣ ਦੀਆਂ ਗੁਰਮਤਿ ਵਿਰੋਧੀ ਕਾਰਵਾਈਆਂ ਸ਼ੁਰੂ ਕੀਤੀਆਂ ਹੋਈਆਂ ਹਨ। ਅੱਜ ਹਾਲਾਤ ਇਤਨੇ ਨਿੱਘਰ ਗਏ
ਹਨ ਕਿ ਅਖੌਤੀ ਸ਼੍ਰੋਮਣੀ ਅਕਾਲੀ ਦਲ (ਕਿਉਂਕਿ 1996 ਦੀ ਮੋਗਾ ਕਨਵੈਨਸ਼ਨ ਤੋਂ ਬਾਅਦ ਸ਼੍ਰੋਮਣੀ ਅਕਾਲੀ
ਦਲ ਦੀ ਰੂਹ ਦਾ ਕਤਲ ਕਰ ਕੇ ਇਸ ਨੂੰ ਇੱਕ ਪਰਵਾਰ ਦੇ ਕਬਜ਼ੇ ਹੇਠਲੀ ਪੰਜਾਬੀ ਪਾਰਟੀ ਬਣਾ ਦਿੱਤਾ ਗਿਆ
ਹੈ) `ਤੇ ਕਾਬਜ਼ ਹੋਇਆ ਇੱਕੋ ਪਰਵਾਰ ਦਾ ਮੁਖੀ ਹੀ, ਆਪਣੀ ਮਰਜ਼ੀ ਅਨੁਸਾਰ, ਆਪਣੇ ਕਿਸੇ ‘ਜੀ-ਹਜ਼ੂਰੀਏ`
ਗ੍ਰੰਥੀ ਨੂੰ ‘ਜਥੇਦਾਰ ਅਕਾਲ ਤਖ਼ਤ ਸਾਹਿਬ` ਨਿਯੁਕਤ ਕਰਦਾ ਆ ਰਿਹਾ ਹੈ। ਜਦੋਂ ਇਹ ‘ਜਥੇਦਾਰ` ਉਸ
ਸਿਆਸੀ ਆਗੂ ਦੇ ਇਸ਼ਾਰਿਆਂ `ਤੇ ਨੱਚਣਾ ਖੁੰਝ ਜਾਵੇ ਤਾਂ ਇਸ ਨੂੰ ਇੱਕਦਮ ਇਸ ਅਹੁਦੇ ਤੋਂ ਲਾਹ ਕੇ
ਬੇ-ਇੱਜ਼ਤ ਕਰ ਕੇ ਘਰੇ ਬਿਠਾ ਦਿੱਤਾ ਜਾਂਦਾ ਹੈ। ਅਕਾਲ ਤਖ਼ਤ ਸਾਹਿਬ ਦੇ ਤੱਤਕਾਲੀਨ ‘ਐਕਟਿੰਗ
ਜਥੇਦਾਰ` ਭਾਈ ਮਨਜੀਤ ਸਿੰਘ, ਭਾਈ ਰਣਜੀਤ ਸਿੰਘ, ਪੂਰਨ ਸਿੰਘ ਤੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ
ਦਾ ਵੀ ਇਹੀ ਹਾਲ ਕੀਤਾ ਗਿਆ ਸੀ। ਅਜੋਕੇ ‘ਜਥੇਦਾਰ` ਅਕਾਲ ਤਖ਼ਤ ਸਾਹਿਬ ਦਾ ਤਾਂ ਇਹ ਹਾਲ ਹੈ ਕਿ
ਇਹ ਆਪਣੇ ‘ਆਕਾ` ਦੇ ਹੁਕਮਾਂ ਦੀ ਪੂਰੀ ਵਫ਼ਾਦਾਰੀ ਨਾਲ ਪਾਲਣਾ ਕਰਦਾ ਆ ਰਿਹਾ ਹੈ। ਇਸ ਦਾ ਆਕਾ
ਭਾਵੇੱ ਮੁਕਟ ਪਾ ਕੇ ਹਵਨ ਕਰਾਏ, ਕਿਸੇ ਗੁਰੂ-ਡੰਮੀਏ ਅਤੇ ਗੁਰਮਤਿ ਫ਼ਲਸਫ਼ੇ ਦਾ ਵਿਰੋਧ ਕਰਨ ਵਾਲੇ
ਸਾਧ ਦੇ ਚਰਨਾਂ ਵਿੱਚ ਬੈਠੇ ਜਾਂ ਹੋਰ ਕੋਈ ਗੁਰਮਤਿ-ਵਿਰੋਧੀ ਕਾਰਵਾਈ ਕਰੇ ਤਾਂ ਇਹ ਕੌਮ ਦੇ ਨਾਂ
‘ਹੁਕਮਨਾਮੇ` ਜਾਰੀ ਕਰਨ ਵਾਲਾ ‘ਜਥੇਦਾਰ` ਮਚਲਾ ਬਣ ਕੇ ਮੌਨ ਧਾਰਨ ਕਰ ਲੈਂਦਾ ਹੈ। ਪਰ, ਜਦੋਂ ਇਸ
ਦੇ ਆਕਾ ਦਾ ਕੋਈ ਵਿਰੋਧੀ ਮਾੜੀ-ਮੋਟੀ ਉਕਾਈ ਵੀ ਕਰ ਜਾਵੇ ਤਾਂ, ਆਪਣੇ ਮਾਲਿਕ ਦੇ ਇਸ਼ਾਰੇ `ਤੇ, ਉਸ
ਨੂੰ ਅਕਾਲ ਤਖ਼ਤ ਸਾਹਿਬ `ਤੇ ਤਲਬ ਕਰ ਕੇ ਜ਼ਲੀਲ ਕਰਨ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦਾ।
ਨਿਰਸੰਦੇਹ, ਅਜਿਹੀਆਂ ਗੁਰਮਤਿ-ਵਿਰੋਧੀ ਕਾਰਵਾਈਆਂ ਜਿੱਥੇ ਸਿੱਖ ਕੌਮ ਅਤੇ ਆਲਮਗੀਰੀ ਗੁਰਮਤਿ
ਫ਼ਲਸਫ਼ੇ ਦੇ ਮਾਣ-ਸਤਿਕਾਰ ਨੂੰ ਮਿੱਟੀ-ਘੱਟੇ ਰੋਲ ਕੇ ਕੌਮ ਦੀ ਜੱਗ-ਹਸਾਈ ਦਾ ਕਾਰਨ ਬਣਦੀਆਂ ਆ ਰਹੀਆਂ
ਹਨ ਉਥੇ ਅਕਾਲ ਤਖ਼ਤ ਸਾਹਿਬ ਦੀ ਸਰਬ-ਉਲ਼ਚ ਕੇੱਦਰੀ ਗੁਰਮਤਿ ਸੰਸਥਾ ਦੀ ਅਜ਼ਮਤ ਅਤੇ ਵਕਾਰ ਨੂੰ ਗਹਿਰੀ
ਚੋਟ ਵੀ ਮਾਰਦੀਆਂ ਹਨ।
ਹੁਣ ਸਿੱਖ ਕੌਮ ਦੇ ਗਲ ਪਏ ਅਖੌਤੀ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਗੁਰਮਤਿ
ਵਿਰੋਧੀ-ਅਹੁਦੇ ਦਾ ਕੀ ਕੀਤਾ ਜਾਵੇ?
ਲੇਖਕ ਦਾ ਸੁਝਾਅ ਹੈ ਕਿ ਜਦੋਂ ਤੱਕ ਸਿੱਖ ਕੌਮ ਗੁਰੂ ਗ੍ਰੰਥ ਸਾਹਿਬ ਦੇ
ਸਿਧਾਂਤਾਂ ਬਾਰੇ (ਵਿਸ਼ਵ-ਪੱਧਰੀ ਵਿਉੱਤਬੰਦ ਗੁਰਮਤਿ ਪ੍ਰਚਾਰ ਦਾ ਸਦਕਾ) ਜਾਗਰੂਕ ਹੋ ਕੇ,
ਗੁਰਮਤਿ-ਵਿਧੀ ਅਨੁਸਾਰ ਸਰਬੱਤ ਖ਼ਾਲਸਾ ਦੀ ਕੇੱਦਰੀ ਸੰਸਥਾ ਨੂੰ ਸਥਾਪਤ ਨਹੀਂ ਕਰ ਲੈਂਦੀ, ਉਦੋਂ ਤੱਕ
ਅਕਾਲ ਤਖ਼ਤ ਸਾਹਿਬ `ਤੇ ਅਣਅਧਿਕਾਰਤ ਤੌਰ `ਤੇ ਚੜ੍ਹੇ ਬੈਠੇ ‘ਜਥੇਦਾਰ ਅਕਾਲ ਤਖ਼ਤ ਸਾਹਿਬ (ਅਸਲ ਵਿੱਚ
ਪੁਜਾਰੀ) ਦੇ ਸਾਰੇ ਦੇ ਸਾਰੇ ਗੁਰਮਤਿ-ਵਿਰੋਧੀ ‘ਫ਼ੁਰਮਾਣਾਂ` ਤੇ ਆਦੇਸ਼ਾਂ ਨੂੰ ਮੁਕੰਮਲ ਤੌਰ `ਤੇ
ਨਜ਼ਰ-ਅੰਦਾਜ਼ ਕਰ ਦਿੱਤਾ ਜਾਵੇ। ਇਸ ਤਰ੍ਹਾਂ ਇਸ ਗੁਰਮਤਿ-ਵਿਰੋਧੀ ਅਹੁਦੇ ਨੂੰ ਕਾਬੂ ਵਿੱਚ ਰੱਖਿਆ ਜਾ
ਸਕਦਾ ਹੈ। ਜਦੋਂ ਕੌਮ ਨੇ ਇਸ ਦੀ ਪੁੱਛ-ਪੜਤਾਲ ਬੰਦ ਕਰ ਦਿੱਤੀ ਤਾਂ ਪੂਰੀ ਸੰਭਾਵਨਾ ਹੈ ਕਿ ਇਹ ਆਪ
ਹੀ ਆਪਣੇ ਇਸ ਅਹੁਦੇ ਤੋਂ ਤਿਆਗ ਪੱਤਰ ਦੇ ਕੇ ਘਰ ਚਲਾ ਜਾਵੇਗਾ। ਪਰ, ਇਸ ਵਿਧੀ ਨੂੰ ਅਪਣਾਉੱਣ ਦੇ
ਰਾਹ ਵਿੱਚ ਕੁੱਝ ਗੁਰਮਤਿ-ਵਿਹੂਣੇ ਸਿਆਸੀ ਤੇ ਧਾਰਮਿਕ ਆਗੂ ਹੀ ਰੁਕਾਵਟ ਬਣਦੇ ਆ ਰਹੇ ਹਨ, ਜਿਹੜੇ
ਇਸ ਪੁਜਾਰੀ ਦੇ ਜਾਰੀ ਕੀਤੇ ਸੰਮਣਾਂ ਦੀ ਤਾਮੀਲ ਕਰ ਕੇ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਇਨ੍ਹਾਂ
ਪੰਜ ਪੁਜਾਰੀਆਂ (ਅਖੋਤੀ ਪੰਜ ਪਿਆਰੇ) ਦੀ ਜੁੰਡਲੀ ਮੂਹਰੇ, ਇਨ੍ਹਾਂ ਦੇ ਦਫ਼ਤਰ (ਅਕਾਲ ਤਖ਼ਤ ਸਾਹਿਬ
`ਤੇ ਨਹੀਂ) ਦੇ ਬੰਦ ਕਮਰੇ `ਚ, ਹੱਥ ਜੋੜ ਕੇ ਜਾ ਹਾਜ਼ਰ ਹੁੰਦੇ ਹਨ ਅਤੇ ਜ਼ਲੀਲ ਹੋ ਕੇ ਬਾਹਰ ਨਿਕਲਦੇ
ਹਨ। ਅਜਿਹੇ ਸਿਆਸੀ/ਧਾਰਮਿਕ ਆਗੂਆਂ ਅਤੇ ਗੁਰਮਤਿ ਸਿਧਾਂਤਾਂ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਨਿਮਰਤਾ
ਸਹਿਤ ਬੇਨਤੀ ਹੈ ਕਿ ਹਿੰਮਤ ਕਰ ਕੇ ਸ਼ਬਦ-ਗੁਰੂ ਦੇ ਸਨਮੁੱਖ ਹੋਣ ਅਤੇ ਕਿਸੇ ਵੀ ਵਿਅਕਤੀ ਅੱਗੇ ਨਾ
ਝੁੱਕਣ। ਸ਼ਬਦ-ਗੁਰੂ `ਤੇ ਦ੍ਰਿੜ ਭਰੋਸਾ ਰੱਖਣ ਨਾਲ ਹੀ ਹਲਤ-ਪਲਤ ਸੰਵਰਨਗੇ, ਪੁਜਾਰੀਆਂ ਅੱਗੇ ਸੀਸ
ਝੁਕਾਉੱਣ ਨਾਲ ਨਹੀਂ। ਅੱਜ ਸਭ ਤੋਂ ਪਹਿਲੀ ਲੋੜ ਹੈ, ਇਨ੍ਹਾਂ ਪੁਜਾਰੀਆਂ ਦੀ ਮਾਨਤਾ ਨੂੰ ਰੱਦ ਕੀਤਾ
ਜਾਵੇ। ਜਦੋਂ ਸਰਬੱਤ ਖ਼ਾਲਸਾ ਦੀ ਸੰਸਥਾ, ਗੁਰਮਤਿ-ਵਿਧੀ ਅਨੁਸਾਰ, ਹੋਂਦ ਵਿੱਚ ਆ ਗਈ ਤਾਂ ਉਹ ਆਪੇ
ਹੀ ਇਨ੍ਹਾਂ ਪੁਜਾਰੀਆਂ ਨੂੰ ਗਿੱਚੀ ਤੋਂ ਫੜ ਕੇ ਤਖ਼ਤ ਸਾਹਿਬਾਨ ਤੋਂ ਥੱਲੇ ਉਤਾਰ ਦੇਵੇਗੀ। ਪਰ,
ਉਦੋਂ ਤੱਕ, ਇਨ੍ਹਾਂ ਵੱਲੋਂ ਜਾਰੀ ਕੀਤੇ ਜਾ ਰਹੇ ਸੰਮਣਾਂ ਨੂੰ ਰੱਦੀ ਦੀ ਟੋਕਰੀ `ਚ ਸੁੱਟ ਦੇਣਾ ਹੀ
ਠੀਕ ਹੈ।
ਪੰਜ-ਪਿਆਰਿਆਂ ਦੀ ਗੁਰਮਤਿ ਸੰਸਥਾ
ਗੁਰਮਤਿ ਫ਼ਲਸਫ਼ੇ ਅਨੁਸਾਰ, ਜਿੱਥੇ ਪੰਜ ਪਿਆਰਿਆਂ ਦੀ ਅਗੁਵਾਈ
(collective
leadership)
ਵਾਲੀ ਗੁਰਮਤਿ ਸੰਸਥਾ ਸਥਾਈ
(permanent)
ਹੈ, ਉਲ਼ਥੇ ਪੰਜ ਪਿਆਰੇ ਸਥਾਈ ਨਹੀਂ ਹਨ। ਗੁਰ-ਇਤਿਹਾਸ ਇਸ ਹਕੀਕਤ ਦਾ ਗਵਾਹ ਹੈ। ਕੌਮੀ ਮਸਲਿਆਂ ਦੇ
ਹੱਲ ਲਈ ਕੌਮੀ ਪੱਧਰ ਦੇ ਸਰਬੱਤ ਖ਼ਾਲਸਾ ਇਕੱਠ ਵਿੱਚੋਂ, ਆਮ-ਸਹਿਮਤੀ ਨਾਲ, ਸੀਲੈਕਟ ਕੀਤੇ ਪੰਜ
ਪਿਆਰੇ, ਗੁਰਮਤਿ-ਵਿਧੀ ਅਨੁਸਾਰ, ‘ਗੁਰਮੱਤਾ` ਸੋਧਣ ਦੇ ਅਧਿਕਾਰੀ ਹਨ ਅਤੇ ਸਰਬੱਤ ਖ਼ਾਲਸਾ ਦੇ ਇਕੱਠ
ਦਾ ਜਥੇਦਾਰ ਉਸ ਗੁਰਮੱਤੇ ਨੂੰ ਕੌਮ ਦੇ ਨਾਂ ਜਾਰੀ ਕਰਨ ਦਾ ਅਧਿਕਾਰ ਰਖਦਾ ਹੈ।
ਇਸੇ ਤਰ੍ਹਾਂ ਹੀ, ਸਥਾਨਿਕ ਮਸਲਿਆਂ ਨੂੰ ਹੱਲ ਕਰਨ ਲਈ ਸਥਾਨਕ ਸੰਗਤ `ਚੋਂ
ਸੀਲੈਕਟ ਕੀਤੇ ਪੰਜ ਪਿਆਰੇ ‘ਮੱਤਾ` ਸੋਧ ਕੇ ਸੰਗਤਿ ਨੂੰ ਗੁਰਮਤਿ ਅਨੁਸਾਰ ਅਗੁਵਾਈ ਦੇਣ ਦੇ ਹੱਕਦਾਰ
ਹਨ।
ਪਰ, ਇੱਥੇ ਤਾਂ ਭਾਣਾ ਹੀ ਹੋਰ ਵਾਪਰਿਆ ਪਿਆ ਹੈ। ਪੰਜਾਂ ਤਖ਼ਤਾਂ ਦੇ ਪੁਜਾਰੀ
(ਜਾਂ ਗ੍ਰੰਥੀ) ਹੀ ਸਿੱਖ ਕੌਮ ਨੂੰ ਸਰਬ-ਪੱਖੀ ਅਗੁਵਾਈ ਦੇਣ ਲਈ, (ਅਣਅਧਿਕਾਰਤ ਤੌਰ ਤੇ) ਸਿੱਖ ਕੌਮ
ਦੇ ਪੱਕੇ
/
(permanent)
ਪੰਜ ਪਿਆਰੇ ਬਣੇ ਬੈਠੇ ਹਨ। ਇਨ੍ਹਾਂ ਵਿੱਚੋਂ ਦੋ
ਪੁਜਾਰੀ (ਪਟਨੇ ਸਾਹਿਬ ਵਾਲਾ ਤੇ ਹਜ਼ੂਰ ਸਾਹਿਬ ਵਾਲਾ) ਤਾਂ ਸਤਿਗੁਰਾਂ ਵੱਲੋਂ ਮੁਕੱਰਰ ਕੀਤੀ ਜਾ
ਚੁੱਕੀ ਸਿੱਖ ਦੀ ਪ੍ਰੀਭਾਸ਼ਾ (ਜਿਸ ਦਾ ਜ਼ਿਕਰ ਇਸ ਲਿਖਤ ਵਿੱਚ ਕੀਤਾ ਜਾ ਚੁਕਾ ਹੈ) `ਤੇ ਹੀ ਖਰੇ
ਨਹੀਂ ਉਤਰਦੇ (ਫਿਰ ਇਨ੍ਹਾਂ ਨੂੰ ਪੰਜ ਪਿਆਰਿਆਂ `ਚ ਕਿਵੇੱ ਸ਼ਾਮਿਲ ਕੀਤਾ ਜਾ ਸਕਦਾ ਹੈ?) ਕਿਉੱਕਿ,
ਇਹ ਇਨ੍ਹਾਂ ਤਖ਼ਤ ਸਾਹਿਬ `ਤੇ ਦਸਮੇਸ਼ ਪਿਤਾ ਜੀ ਦੇ ਹੁਕਮਾਂ ਦੀ ਘੋਰ ਉਲੰਘਣਾ ਕਰ ਕੇ, ਕੁੱਝ ਕੁ
ਹੋਰ ਗੁਰਮਤਿ ਵਿਰੋਧੀ ਗ੍ਰੰਥਾਂ ਦੀ ਮੰਜੀ ਵੀ (ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕਾਂ ਵਜੋਂ) ਗੁਰੂ
ਗ੍ਰੰਥ ਸਾਹਿਬ ਦੇ ਬਰਾਬਰ (ਵਾਕਰ) ਡਾਹੀ ਬੈਠੇ ਹਨ। ਇਨ੍ਹਾਂ ਗ੍ਰੰਥਾਂ ਉਲ਼ਪਰ ਗੁਰੂ ਗ੍ਰੰਥ ਸਾਹਿਬ
ਦੀ ਤਰ੍ਹਾਂ ਚੰਦੋਆ ਤਾਣਿਆ ਜਾਂਦਾ ਹੈ, ਚਵਰ ਕੀਤਾ ਜਾਂਦਾ ਹੈ, ‘ਹੁਕਮਨਾਮਾ` ਲਿਆ ਜਾਂਦਾ ਹੈ,
ਅਖੰਡ-ਪਾਠ ਕੀਤਾ ਜਾਂਦਾ ਹੈ ਤੇ ਇਨ੍ਹਾਂ ਨੂੰ ਮੱਥੇ ਟੇਕੇ ਜਾਂਦੇ ਹਨ। ਇਥੇ ਹੀ ਬੱਸ ਨਹੀਂ। ਇਨ੍ਹਾਂ
ਗ੍ਰੰਥਾਂ `ਚੋਂ ਇੱਕ ਗ੍ਰੰਥ (ਅਖੌਤੀ ਦਸਮ ਗ੍ਰੰਥ) ਦੇ ਸਿਰਲੇਖ ਵਿੱਚ (ਕਿਸੇ-ਕਿਸੇ ਗ੍ਰੰਥ ਵਿੱਚ)
‘ਗੁਰੂ` ਸ਼ਬਦ ਦੀ ਵੀ ਵਰਤੋਂ ਕੀਤੀ ਮਿਲਦੀ ਹੈ। ਪੁੱਛਣਾ ਬਣਦਾ ਹੈ ਕਿ ਇਨ੍ਹਾਂ ਗ੍ਰੰਥਾਂ ਦੀ ਮੰਜੀ
‘ਗੁਰੂ` ਸਾਹਿਬ ਦੇ ਬਰਾਬਰ ਡਾਹੁਣ ਦੀ ਅਤੇ ਇਨ੍ਹਾਂ ਦੇ ਸਿਰਲੇਖ ਵਿੱਚ ‘ਗੁਰੂ` ਸ਼ਬਦ ਦੀ ਵਰਤੋਂ ਕਰਨ
ਦਾ ਅਧਿਕਾਰ ਇਨ੍ਹਾਂ ਪੁਜਾਰੀਆਂ (ਜਾਂ ਪ੍ਰਕਾਸ਼ਕਾਂ) ਨੂੰ ਕਿੱਥੋਂ ਪ੍ਰਾਪਤ ਹੋਇਆ ਹੈ? ਇਸ
ਗੁਰਮਤਿ-ਵਿਰੋਧੀ ਅਤੇ ਦਸਮੇਸ਼ ਜੀ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੀ ਕਾਰਵਾਈ ਨੂੰ ਤੁਰੰਤ ਬੰਦ
ਕੀਤਾ ਜਾਣਾ ਚਾਹੀਦਾ ਹੈ।
(ਸੰਪਾਦਕੀ ਨੋਟ:- ਲੈਫ਼
ਕਰਨਲ (ਰਿਟਾ.) ਗੁਰਦੀਪ ਸਿੰਘ ਜੀ ਬਹੁਤ ਹੀ ਸੁਲਝੇ ਹੋਏ ਵਿਆਕਤੀ ਹਨ। ‘ਸਿੱਖ ਮਾਰਗ’ ਦੇ ਬਹੁਤੇ
ਪਾਠਕ ਇਹਨਾ ਦੀਆਂ ਬਹੁਤ ਸਾਰੀਆਂ ਗੱਲਾਂ ਨਾਲ ਸਹਿਮਤ ਹੋਣਗੇ। ਕਿਉਂਕਿ ਇਹਨਾ ਨੇ ਪਹਿਲਾਂ ਹੀ ਕਹਿ
ਦਿੱਤਾ ਸੀ ਕਿ ਅਸੀਂ ਆਪਣੀਆਂ ਲਿਖਤਾਂ ਪ੍ਰਤੀ ਵਿਚਾਰ ਚਰਚਾ ਨਹੀਂ ਕਰਨੀ। ਇਹਨਾ ਦੇ ਬਹੁਤੇ ਵਿਚਾਰ
ਗੁਰਮਤਿ ਅਨੁਸਾਰੀ ਹੋਣ ਕਰਕੇ ਅਸੀਂ ਮਜ਼ਬੂਰ ਵੀ ਨਹੀਂ ਕਰ ਸਕਦੇ। ਇਸ ਦਾ ਇਹ ਮਤਲਬ ਵੀ ਨਹੀਂ ਕਿ
ਇਹਨਾ ਦੀਆਂ ਲਿਖਤਾਂ ਬਾਰੇ ਕੋਈ ਵੀ ਆਪਣੇ ਖਿਆਲ ਪ੍ਰਗਟ ਨਹੀਂ ਕਰ ਸਕਦਾ। ਜਰੂਰ ਕਰ ਸਕਦਾ ਹੈ। ਅਸੀਂ
ਵੀ ਕਰ ਰਹੇ ਹਾਂ ਅਤੇ ਹਰ ਕੋਈ ਪਾਠਕ/ਲੇਖਕ ਵੀ ਕਰ ਸਕਦਾ ਹੈ। ਫਰਕ ਸਿਰਫ ਇਹ ਹੋਣਾ ਚਾਹੀਦਾ ਹੈ ਕਿ
ਇਹਨਾ ਨੂੰ ਸਵਾਲ ਪੁੱਛਣ ਦੀ ਬਿਜਾਏ ਸਹਿਮਤੀ ਜਾਂ ਅਸਹਿਮਤੀ ਪ੍ਰਗਟ ਕਰਨੀ ਚਾਹੀਦੀ ਹੈ। ਜੇ ਕਰ ਇਹ
ਚਾਹੁੰਣ ਤਾਂ ਜਵਾਬ ਦੇ ਸਕਦੇ ਹਨ ਅਤੇ ਜਾਂ ਫਿਰ ਅਗਲੀ ਲਿਖਤ ਵਿੱਚ ਸੋਧ ਵੀ ਕਰ ਸਕਦੇ ਹਨ। ਇਹਨਾ ਦੇ
ਅੱਜ ਦੇ ਇਸ ਲੇਖ ਵਿੱਚ ਪਹਿਲੇ ਪੈਰੇ ਵਿੱਚ ਇਹ ਜੋ ਪੰਗਤੀਆਂ ਹਨ,
"ਗੁਰਮਤਿ ਫ਼ਲਸਫ਼ੇ ਅਨੁਸਾਰ, ਅਕਾਲ ਪੁਰਖੁ ਕਿਸੇ ਵਿਸ਼ੇਸ਼ ਅਸਥਾਨ `ਤੇ ਬੈਠਾ ਹੋਇਆ ਨਹੀਂ ਹੈ।"
ਬਿੱਲਕੁੱਲ ਗੁਰਮਤਿ ਅਨੁਸਾਰੀ ਹਨ ਪਰ ਅਗਾਂਹ ਜਾ ਕੇ ਆਪ ਹੀ ਆਪਣੀ ਗੱਲ ਨੂੰ ਕੱਟਦੇ ਹੋਏ ਇਸ ਨੂੰ
ਸਥੂਲ ਰੂਪ ਵਿੱਚ ਪ੍ਰਗਟ ਕਰਕੇ ਦੱਸਦੇ ਹਨ। ਜੋ ਕਿ ਗੁਰਮਤਿ ਅਨੁਸਾਰੀ ਨਹੀਂ ਹੈ। ਜੇ ਕਰ ਅਕਾਲ ਪੁਰਖ
ਦੇ ਤਖ਼ਤ ਨੂੰ ਸਥੂਲ ਰੂਪ ਵਿੱਚ ਪ੍ਰਗਟ ਕਰਨਾ ਹੈ ਤਾਂ ਅਕਾਲ ਪੁਰਖ ਨੂੰ ਵੀ ਸਥੂਲ ਰੂਪ ਵਿੱਚ ਪ੍ਰਗਟ
ਕਰਕੇ ਉਸ ਦੇ ਤਖ਼ਤ ਤੇ ਬਠਾਉਣਾ ਪਵੇਗਾ ਜੋ ਕਿ ਨਾ ਮੁਮਕਿਨ ਹੈ। ਇਹਨਾ ਨੇ ਆਪਣੀਆਂ ਲਿਖਤਾਂ ਵਿੱਚ
ਖਾਸ ਕਰਕੇ ਇਸ ਲਿਖਤ ਵਿੱਚ ਡਾ: ਦਿਲਗੀਰ ਦੀਆਂ ਲਿਖਤਾਂ ਦੇ ਹਵਾਲੇ ਦਿੱਤੇ ਹਨ। ਸਿੱਖ ਮਾਰਗ ਦੇ
ਤਕਰੀਬਨ ਸਾਰੇ ਪਾਠਕ ਡਾ: ਦਿਲਗੀਰ ਦੀਆਂ ਲਿਖਤਾਂ ਤੋਂ ਜਾਣੂ ਹਨ। ਪਰ ਉਹਨਾ ਦੀ ਹਰ ਗੱਲ ਨਾਲ ਸਹਿਮਤ
ਨਹੀਂ ਹੋਇਆ ਜਾ ਸਕਦਾ। ਇੱਥੇ ਲਿਖਣ ਵਾਲੇ ਸ: ਗੁਰਮੀਤ ਸਿੰਘ ਜੀ ਅਸਟ੍ਰੇਲੀਆ ਵਾਲੇ ਬਹੁਤਾ ਕਰਕੇ
ਡਾ: ਦਿਲਗੀਰ ਦੇ ਹੱਕ ਵਿੱਚ ਭੁਗਤਦੇ ਹਨ ਪਰ ਉਹ ਵੀ ਅਕਾਲ ਤਖ਼ਤ ਅਤੇ ਗੁਰੂਆਂ ਦੀਆਂ ਸ਼ਾਦੀਆਂ ਬਾਰੇ
ਡਾ: ਦਿਲਗੀਰ ਨਾਲੋਂ ਵੱਖਰੇ ਵਿਚਾਰ ਰੱਖਦੇ ਹਨ)
02/11/15)
ਕੁਲਵੰਤ ਸਿੰਘ ਢੇਸੀ
ਵੀਡੀਓ ਰਾਹੀਂ ਸਰਤਬ ਖਾਲਸਾ ਬਾਰੇ ਸਿੱਖ ਵੋਇਸ ਤੋਂ ਸ: ਜਸਪਾਲ ਸਿੰਘ ਦੇ ਸੁਣੇ ਵਿਚਾਰਾਂ ਨੂੰ ਕਲਮ
ਰੂਪ ਦੇ ਰਿਹਾ ਹਾਂ ਤਾਂ ਕਿ ਵਧ ਤੋਂ ਵੱਧ ਪਾਠਕ ਜਾਣ ਸਕਣ ਕਿ ਆਖਰ ਹੋ ਕੀ ਰਿਹਾ ਹੈ
ਕੁਲਵੰਤ ਸਿੰਘ ਢੇਸੀ
ਦੇਖਿਓ ਕਿਤੇ ਆਪਣਾ ਹੀ ਨੁਕਸਾਨ ਨਾ ਕਰਵਾ ਬੈਠਿਓ
Tel: 0064
2040 355 468
Jaspal Singh
ਸਿੱਖ ਵੋਇਸ ਨਾਲ ਗੁਰਮਤ ਦੀ ਸਾਂਝ ਪਾ ਰਹੇ ਗੁਰਸਿੱਖ ਪਿਆਰਿਓ ਸਤਗੁਰ ਦੀ ਬਖਸ਼ੀ ਹੋਈ ਫਤਹਿ ਪ੍ਰਵਾਨ
ਕਰਨੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਗੁਰਸਿੱਖ ਪਿਆਰਿਓ ਅੱਜ ਦੇ ਪੰਥਕ ਹਾਲਾਤਾਂ ਤੇ ਆਪ ਜੀ ਨਾਲ ਕੁਝ ਬਹੁਤ ਹੀ ਅਹਿਮ ਗੱਲਾਂ ਕਰਨੀਆਂ
ਨੇ। ਕਿਰਪਾ ਕਰਕੇ ਇਸ ਨੂੰ ਇਕ ਵਾਰੀ ਜ਼ਰੂਰ ਸੁਣ ਲੈਣਾ। ਸਭ ਤੋਂ ਪਹਿਲਾਂ ਸਰਬਤ ਖਾਲਸਾ ਦੇ ਸਬੰਧ
ਵਿਚ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਨੇ। ਅੱਜ ਕਲ ਵਾਟਸ ਅੱਪ, ਫੇਸ ਬੁੱਕ ਅਤੇ ਹੋਰ ਸੋਸ਼ਲ
ਸਾਈਟਾਂ ਤੇ ਬੜੇ ਜ਼ੋਰ ਸ਼ੋਰ ਨਾਲ ਇਹ ਪ੍ਰਚਾਰ ਹੋ ਰਿਹਾ ਹੈ ਕਿ ਸਰਬਤ ਖਾਲਸਾ ਇੱਕਠਾ ਹੋਵੇ। ਕਿ ਆਓ
ਸਾਰੇ ਰਲ ਕੇ ਦਸ ਨਵੰਬਰ ਨੂੰ ਸਰਬਤ ਖਾਲਸੇ ਤੇ ਇਕੱਠੇ ਹੋਈਏ।
ਸਰਬਤ ਖਾਲਸਾ ਸੱਦਣ ਵਾਲਿਆਂ ਨੂੰ ਮੇਰੇ ਕੁਝ ਸਵਾਲ ਨੇ ਪਹਿਲਾ ਸਵਾਲ ਇਹ ਹੈ ਕਿ ਕੀ ਸਰਬਤ ਖਾਲਸਾ
ਨੂੰ ਬਲਾਉਣ ਲਈ ਕੋਈ ਪਲੈਨਿੰਗ ਕੀਤੀ ਗਈ ਹੈ? ਭਾਵ ਕਿ ਕੀ ਕੋਈ ਪਲੈਨਿੰਗ ਹੈ ਕਿ ਸਰਬਤ ਖਾਲਸੇ ਨੂੰ
ਕਿਵੇਂ ਸਿਰੇ ਚੜ੍ਹਾਉਣਾ ਹੈ? ਕੀ ਸਰਬਤ ਖਾਲਸਾ ਸਬੰਧੀ ਜਥੇਬੰਦੀਆਂ ਦੀ ਕੋਈ ਰਾਏ ਲਈ ਗਈ ਹੈ? ਕੀ
ਸਰਬਤ ਖਾਲਸਾ ਬੁਲਾ ਕੇ ਪਾਸ ਕਰਨ ਵਾਲੇ ਮਤੇ ਲਿਖ ਲਏ ਗਏ ਨੇ? ਕੀ ਸਚਮੁਚ ੧੦ ਨਵੰਬਰ ਨੂੰ ਹੋਣ ਵਾਲੇ
ਫੈਸਲਿਆਂ ਤੇ ਸਰਬਤ ਖਾਲਸਾ ਸਹਿਮਤ ਹੋਵੇਗਾ? ਕੀ ਟੇਬਲ ਵਰਕ ਕੀਤਾ ਗਿਆ ਹੈ? ਕੀ ਸਰਬਤ ਖਾਲਸੇ ਦੇ
ਫੈਸਲਿਆਂ ਨੂੰ ਪਾਸ ਕਰਵਾਉਣ ਲਈ ਕੋਈ ਯੋਜਨਾ ਉਲੀਕੀ ਹੈ? ਜਾਂ ਬਸ ਐਵੇਂ ਹੀ ਅਸੀਂ ਨੌਜਵਾਨਾਂ ਨੂੰ
ਸਰਬਤ ਖਾਲਸਾ ਦੇ ਨਾਮ ਤੇ ਜਜ਼ਬਾਤੀ ਕਰ ਰਹੇ ਹਾਂ। ਕਿਤੇ ਇਹ ਪਹਿਲਾਂ ਵਾਪਰੀ ਘਟਨਾ ਵਾਂਗ ਹੀ ਨਾ ਹੋ
ਜਾਵੇ ਜਿਸ ਨੂੰ ਮੀਡੀਏ ਨੇ ਬਹੁਤ ਉਛਾਲਿਆ ਅਤੇ ਸਾਡਾ ਰੱਜ ਕੇ ਜਲੂਸ ਕੱਢਿਆ ਗਿਆ ਹੈ। ਕੀ ਇਸ ਵਾਰ
ਉਥੇ ਕੁਝ ਐਸਾ ਤਾਂ ਨਹੀਂ ਹੋ ਸਕਦਾ ਕਿ ਸਿੱਖ ਇੱਕ ਦੂਸਰੇ ਤੇ ਹੀ ਕਿਰਪਾਨਾਂ ਕੱਢ ਲੈਣ। ਕੀ ਐਸੀ
ਮੰਦ ਘਟਨਾ ਨੂੰ ਰੋਕਣ ਲਈ ਲੋੜੀਂਦਾ ਪ੍ਰਬੰਧ ਕੀਤਾ ਗਿਆ ਹੈ?
ਮੇਰੇ ਸਤਕਾਰ ਯੋਗ ਵੀਰੋ, ਭੈਣੋਂ ਅਤੇ ਬਜ਼ੁਰਗੋ ਇੱਕ ਸਵਾਲ ਮੈਂ ਤੁਹਾਡੇ ਸਾਹਮਣੇ ਰੱਖਦਾ ਹਾਂ ਕਿ
ਕਿ ਇੱਕ ਸੀਮਤ ਜਹੀ ਥਾਂ ਤੇ ਸਮੁੱਚੀ ਸਿੱਖ ਕੌਮ ਇੱਕਠੀ ਹੋ ਸਕਦੀ ਹੈ? ਆਪਾਂ ਕਰੋੜਾਂ ਦੀ ਗਿਣਤੀ
ਵਿਚ ਹਾਂ। ਕੇਵਲ ਪੰਜਾਬ ਜਾਂ ਭਾਰਤ ਵਿਚ ਹੀ ਨਹੀਂ ਸਗੋਂ ਦੁਨੀਆਂ ਭਰ ਵਿਚ ਸਿੱਖ ਵਸਦੇ ਹਨ ਅਤੇ ਉਹ
ਵੀ ਸਰਬਤ ਖਾਲਸੇ ਦਾ ਹਿੱਸਾ ਹਨ। ਤਾਂ ਫਿਰ ਸਾਰਾ ਖਾਲਸਾ ਇੱਕ ਸੀਮਤ ਜਹੀ ਜਗ੍ਹਾ ਤੇ ਕਿਵੇਂ ਇੱਕਠਾ
ਹੋ ਸਕਦਾ ਹੈ? ਜਿਹੜੇ ਆਮ ਸਿੱਖਾਂ ਨੂੰ ਤੁਸੀਂ ਸੱਦਾ ਦੇ ਰਹੇ ਹੋ ਕੀ ਇਕੱਲੇ ਇਕੱਲੇ ਸਿੱਖ ਦੀ ਉਥੇ
ਰਾਏ ਲਈ ਜਾਵੇਗੀ? ਜੇ ਰਾਏ ਲੈਣੀ ਹੀ ਨਹੀਂ ਤਾਂ ਬੁਲਾ ਕਿਓਂ ਰਹੇ ਹੋ? ਤੇ ਜੇ ਰਾਏ ਲੈਣ ਲੱਗ ਪਏ
ਤਾਂ ਤੁਹਾਨੂੰ ਪਤਾ ਹੈ ਕਿ ਸਾਡੇ ਤਾਂ ਭਰਾ ਭਰਾ ਦੇ ਵਿਚਾਰ ਨਹੀਂ ਮਿਲਦੇ। ਉਥੇ ਫਿਰ ਕੀ ਬਣੇਗਾ? ਤੇ
ਰੱਬ ਨਾ ਕਰੇ ਜੇ ਸਰਕਾਰ ਨੇ ਦਖਲ ਅੰਦਾਜ਼ੀ ਕਰਕੇ ਕੁਝ ਐਸਾ ਕਰ ਦਿੱਤਾ ਕਿ ਸਿੱਖਾਂ ਨੇ ਫਿਰ
ਕਿਰਪਾਨਾਂ ਕੱਢ ਲਈਆਂ ਤੇ ਪੁਲਸ ਨੇ ਫਿਰ ਗੋਲੀ ਚਲਾ ਕੇ ਕੋਈ ਐਸਾ ਕਾਰਾ ਕਰ ਦਿੱਤਾ ਤਾਂ ਕੀ
ਖੱਟੋਗੇ? ਸਮੱਚੀ ਸਿੱਖ ਸੰਗਤ ਨੂੰ ਇੱਕ ਥਾਂ ਇਕੱਠਾ ਕਰਕੇ ਕਿਤੇ ਸੌਖੇ ਤਰੀਕੇ ਨਾਲ ਮਰਵਾਉਣਾ ਤਾਂ
ਨਹੀਂ ਚਹੁੰਦੇ ਤੁਸੀਂ ?
ਮਾਫ ਕਰਨਾ ਸ਼ਬਦ ਤਿੱਖੇ ਲੱਗਣਗੇ। ਸ਼ਾਇਦ ਤੁਹਾਨੂੰ ਇਹ ਵਿ ਲੱਗੇ ਕਿ ਇਹ ਬਹੁਤ ਗੁੱਸੇ ਨਾਲ ਬੋਲ ਰਿਹਾ
ਹੈ। ਗੁੱਸਾ ਨਹੀਂ ਮਨ ਵਿਚ ਰੋਸ ਹੈ ਅਤੇ ਇਸ ਗੱਲ ਨੂੰ ਬੜੀ ਗੰਭੀਰਤਾ ਨਾਲ ਲੈਣਾ ਮੇਰੇ ਵੀਰੋ ਅਤੇ
ਭੈਣੋਂ। ਹਾਂ ਜੇਕਰ ਮੈਂ ਗਲਤ ਹੋਵਾਂ ਤਾਂ ਬਿਲੁਕਲ ਦੱਸ ਦੇਣਾ ਅਸੀਂ ਮੁਆਫੀ ਮੰਗਣ ਨੂੰ ਤਿਆਰ ਹਾਂ।
ਕੋਈ ਗੱਲ ਨਹੀਂ ਆਪੋ ਆਪਣੇ ਵਿਚਾਰ ਨੇ। ਜੇਕਰ ਮੈਂ ਗਲਤ ਹਾਂ ਤਾਂ ਦੱਸੋ ਕਿ ਇਸ ਤਰੀਕੇ ਨਾਲ ਤੁਸੀਂ
ਗਲਤ ਹੋ। ਤੁਹਾਡੇ ਵਿਚਾਰ ਅਸੀਂ ਜ਼ਰੂਰ ਸੁਣਾਂਗੇ। ਪਰ ਇੱਕ ਹੀ ਬੇਨਤੀ ਹੈ ਕਿ ਜ਼ਰਾ ਹੋਸ਼ ਤੋਂ ਕੰਮ
ਲਈਏ ਐਵੇਂ ਇਮੋਸ਼ਨਲ ਹੋ ਕੇ ਕੋਈ ਕਦਮ ਨਾ ਚੁੱਕੀਏ ਕਿਓਂਕਿ ਮੁੜ ਕੇ ਥੱਲੇ ਡਿਗਦਿਆਂ ਵੀ ਸਮਾਂ ਨਹੀਂ
ਲੱਗਦਾ। ਸੋ ਬੇਨਤੀ ਹੈ ਕਿ ਸਰਬਤ ਖਾਲਸਾ ਜੇ ਬੁਲਾਉਣਾ ਹੈ ਤਾਂ ਪੰਥ ਦੀਆਂ ਸਮੂ੍ਹ ਜਥੇਬੰਦੀਆਂ ਨਾਲ
ਸੰਪਰਕ ਕੀਤਾ ਜਾਵੇ। ਹਰੇਕ ਜਥੇਬੰਦੀ ਆਪਣਾ ਇੱਕ ਨੁਮਾਇੰਦਾ ਭੇਜੇ ਅਤੇ ਸਾਂਝੀ ਮੀਟਿੰਗ ਰੱਖੀ ਜਾਵੇ।
ਸਿੱਖ ਧਰਮ ਦੇ ਮੁਖ ਪ੍ਰਚਾਰਕਾਂ ਨੂੰ ਮੀਟਿੰਗ ਵਿਚ ਸ਼ਾਮਲ ਕੀਤਾ ਜਾਵੇ। ਮੀਟਿੰਗ ਵਿਚ ਸੂਝਵਾਨ ਤਰੀਕੇ
ਨਾਲ ਪੰਥ ਦੀ ਬਿਹਤਰੀ ਲਈ ਕੁਝ ਮਤੇ ਲਿਖੇ ਜਾਣ ਅਤੇ ਉਥੇ ਬੈਠੇ ਸਮੂਹ ਜਥੇਬੰਦੀਆਂ ਦੇ ਆਗੂ ਅਤੇ
ਪ੍ਰਚਾਰਕ ਉਹਨਾ ਮਤਿਆ ਨਾਲ ਆਪਣੀ ਸਹਿਮਤੀ ਪ੍ਰਗਟਾਉਣ। ਫਿਰ ਸਰਬ ਸੰਮਤੀ ਨਾਲ ਉਹ ਮਤੇ ਪਾਸ ਕੀਤੇ
ਜਾਣ। ਉਸ ਤੋਂ ਮਗਰੋਂ ਪ੍ਰੈਸ ਕਾਨਫਰੰਸ ਰੱਖਕੇ ਉਹ ਮਤੇ ਸਰਬਤ ਖਾਲਸੇ ਵਿਚ ਪਾਸ ਕੀਤੇ ਜਾਣ। ਦੇਸ
ਪ੍ਰਦੇਸ ਵਿਚ ਬੈਠੀ ਸਮੂਹ ਸੰਗਤ; ਸਮੂਹ ਖਲਾਸਾ ਆਪਣੇ ਘਰਾਂ ਵਿਚ ਹੀ ਜੈਕਾਰਾ ਲਾ ਕੇ ਇਹਨਾ ਨੂੰ ਪਾਸ
ਕਰੇ। ਕਿਓਂਕਿ ਸਰਬਤ ਖਾਲਸਾ ਇੱਕ ਥਾਂ ਤੇ ਇਕੱਠਾ ਨਹੀਂ ਹੋ ਸਕਦਾ – ‘ਇਟ ਇਜ਼ ਇੰਪਾਸੇਬਲ’- ਨਾ
ਮੁਮਕਿਨ ਹੈ।
ਉਦਾਹਰਨ ਦੇ ਤੌਰ ਤੇ ਦੇਖੋ ਕਿ ਕੈਲੇਫੋਰਨੀਆਂ ਦੀ ਖਬਰ ਆਈ ਹੈ, ਨਿਊਯਾਰਕ ਦੀ ਖਬਰ ਆਈ ਹੈ, ਵਰਜੀਨੀਆ
ਦੀ ਖਬਰ ਆਈ ਹੈ ਅਤੇ ਹੋਰ ਵੱਖ ਵੱਖ ਸਟੇਟਾਂ ਦੀਆਂ ਖਬਰਾਂ ਆਈਆਂ ਨੇ ਕਿ ਸਟੇਟਾਂ ਦੇ ਸਾਰੇ
ਗੁਰਦੁਆਰਿਆਂ ਦੇ ਪ੍ਰਬੰਧਕਾਂ ਨੇ ਮਿਲ ਕੇ ਮੀਟਿੰਗ ਕੀਤੀ, ਮਤੇ ਲਖੇ ਅਤੇ ਸਰਬ ਸਮਤੀ ਨਾਲ ਉਹ ਮਤੇ
ਪਾਸ ਕੀਤੇ। ਉਸ ਤੋਂ ਬਾਅਦ ਮੀਡੀਏ ਦੇ ਸਾਹਮਣੇ ਉਹ ਮਤੇ ਰੱਖ ਦਿੱਤੇ ਗਏ ਅਤੇ ਸਾਰੀਆਂ ਸੰਗਤਾਂ ਨੂੰ
ਸੁਣਾਏ ਗਏ। ਜੇ ਹੁਣ ਮਨ ਲਓ ਨਿਊਜਰਸੀ ਵਿਚ ਮੀਟਿੰਗ ਹੋਈ ਜਿਸ ਵਿਚ ੫੦ ਗੁਰਅਦੁਆਰਿਆਂ ਦੇ
ਨੁਮਾਂਇੰਦੇ ਪਹੁੰਚੇ ਨੇ ਪਰ ਇਸ ਦੀ ਬਜਾਏ ਅਗਰ ਪੰਜਾਹ ਗੁਰਦੁਆਰਿਆਂ ਦੀ ਸੰਗਤ ਉਥੇ ਇੱਕੱਠੀ ਹੋ
ਜਾਵੇ ਅਤੇ ਤੁਸੀਂ ਇਕੱਲੇ ਇਕੱਲੇ ਨੂੰ ਪੁੱਛਣ ਲਗ ਜਾਵੋ ਕਿ ਹੁਣ ਕੀ ਕਰਨਾ ਹੈ ਇਸ ਤਰਾਂ ਤਾਂ ਸਾਲ
ਬੀਤ ਜਾਏਗਾ ਤਾਂ ਵੀ ਤੁਹਾਡੇ ਤੋਂ ਮਤੇ ਨਹੀਂ ਲਿਖੇ ਜਾਣੇ। ਵਰਨਾ ਕਿਸ ਕਿਸ ਨੂੰ ਪੁੱਛੋਗੇ? ਇਸ
ਤਰਾਂ ਸਾਰੇ ਗੁਰਦੁਆਰਿਆਂ ਦੇ ਪ੍ਰਧਾਨਾਂ ਨੇ ਇਕੱਠੇ ਹੋ ਕੇ ਮਤੇ ਪਾਸ ਕੀਤੇ ਅਤੇ ਸੰਗਤਾਂ ਨੇ ਉਹਨਾ
ਤੇ ਫੁੱਲ ਚੜ੍ਹਾਏ ਕਿਓਂਕਿ ਉਹਨਾ ਮਤਿਆਂ ਵਿਚ ਪੰਥ ਦੀ ਚੜ੍ਹਦੀ ਕਲਾ ਦੀ ਝਲਕ ਪੈਂਦੀ ਸੀ।
ਖਾਲਸਾ ਜੀ ਇਹਨਾ ਗੱਲਾਂ ਵਲ ਗੌਰ ਕਰਨਾ। ਮਹਿਜ਼ ਜਜ਼ਬਾਤੀ ਵਹਿਣ ਵਿਚ ਵਹਿ ਕੇ ਆਪਣਾ ਹੀ ਨੁਕਸਾਨ ਨਾ
ਕਰਵਾ ਲਈਏ। ਹੁਣ ਫਿਰ ਪਿੰਡ ਬਰਗਾੜੀ ਵਿਚ ਪਾਸ ਕੀਤੇ ਕੁਝ ਮਤਿਆਂ ਵਾਂਗ ਨਾ ਹੋਵੇ ਕਿ ਕੌਮ ਕਾਲੀਆਂ
ਝੰਡੀਆਂ ਲੈ ਕੇ ਸੜਕਾਂ ਦੇ ਪਾਸਿਆਂ ਤੇ ਆਪਣੇ ਮੂੰਹ ਤੇ ਮਿੱਟੀ ਘੱਟਾ ਪਵਾਉਣ ਲਈ ਬੈਠ ਜਾਵੇ। ਹੋਇਆ
ਉਥੇ ਵੀ ਇਹ ਹੀ ਹੈ ਕਿ ਕੋਈ ਪਲੈਨਿੰਗ ਨਹੀਂ, ਕੋਈ ਸਰਬਸੰਮਤੀ ਨਾਲ ਸਮਝੌਤਾ ਨਹੀਂ, ਬਸ ਹੁਲੜਬਾਜ਼ੀ
ਵਿਚ ਨੌਂ ਮਤੇ ਕਿੱਲ ਕਿੱਲ ਕੇ ਸੁਣਾ ਦਿੱਤੇ ਕਿ ਉਹ ਬਾਦਲ ਦੀ ਕੋਠੀ ਦਾ ਘਿਰਾਓ ਕਰਨਗੇ ਅਤੇ ਆਪਣਾ
ਖੂਨ ਬਾਦਲ ਨੂੰ ਦੇਣਗੇ ਜਦ ਕਿ ਅਗਲਾ ਤਾਂ ਪਹਿਲਾਂ ਹੀ ਤੁਹਾਡਾ ਖੂਨ ਪੀਣ ਲਈ ਬੈਠਾ ਹੈ। ਤੁਸੀਂ
ਸਗੋਂ ਉਸ ਨੂੰ ਇੱਕ ਹਫਤੇ ਦਾ ਸਮਾਂ ਦੇ ਦਿੱਤਾ ਹੈ ਕਿ ਉਹ ਆਪਣਾ ਕੋਈ ਬੰਦੋਬਦਤ ਕਰ ਲਵੇ। ਤੁਹਾਡਾ
ਕੀ ਖਿਆਲ ਹੈ ਕਿ ਬਾਦਲ ਦੀ ਕੋਠੀ ਤਕ ਤੁਸੀਂ ਪਹੁੰਚ ਜਾਵੋਗੇ- ਦੇਖ ਲਿਓ ਤੀਹ ਤਰੀਖ ਨੂੰ ਕੀ ਬਣਦਾ
ਹੈ। ਇੰਝ ਕਰਕੇ ਆਪਣੀ ਕੌਮ ਦੇ ਹੀਰੇ ਵਰਗੇ ਪ੍ਰਚਾਰਕਾਂ ਨੂੰ ਸ਼ਹੀਦ ਨਾ ਕਰਵਾ ਲਿਓ। ਅਗਲਾ ਤਾਂ ਪੂਰੀ
ਤਿਆਰੀ ਕਰੀ ਬੈਠਾ ਹੋਊ। ਸੋ ਹੱਥ ਜੋੜ ਕੇ ਬੇਨਤੀ ਹੈ। ਕੋਈ ਵੀ ਵੀਰ ਭੈਣ ਗੁੱਸਾ ਨਾ ਕਰਿਓ। ਆਪਣਿਆਂ
ਨਾਲ ਹੀ ਕੌਮ ਦਾ ਦੁੱਖ ਦਰਦ ਸਾਂਝਾ ਹੋ ਸਕਦਾ ਹੈ। ਜੇ ਮੇਰੀ ਕੋਈ ਗੱਲ ਨਾ ਚੰਗੀ ਲੱਗੀ ਹੋਵੇ ਤਾਂ
ਜ਼ਰੂਰ ਦੱਸ ਦੇਣਾ। ਭੁੱਲਾਂ ਨਾ ਚਿਤਾਰਨੀਆਂ ਸਾਧ ਸੰਗਤ ਜੀ। ਤੁਸੀਂ ਬਖਸ਼ਣ ਹਾਰ ਹੋ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
02/11/15)
ਜਰਨੈਲ ਸਿੰਘ ਬਹਾਦਰਪੁਰ
ਭਗਵੰਤ ਮਾਨ ਦੇ ਪੁਤਲੇ ਫੂਕਣ ਵਾਲੇ ਅਕਾਲੀਓ ਜੇ ਤੁਹਾਡੇ ਵਿੱਚ ਮਾੜੀ ਮੋਟੀ ਵੀ ਗੈਰਤ ਬਾਕੀ ਹੈ ਤਾਂ
ਭਗਵੰਤ ਮਾਨ ਦੀ ਥਾਂ ਬਾਦਲ ਦੇ ਪੁਤਲੇ ਫੂਕੋ – ਚੇਅਰਮੈਨ ਜਰਨੈਲ ਸਿੰਘ ਬਹਾਦਰਪੁਰ।
ਬਰੇਟਾ 2 ਨਵੰਬਰ (ਪੱਤਰ ਪ੍ਰੇਰਕ) ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਵਿਰੁੱਧ ਬਹਿਬਲ
ਕਲਾਂ ਵਿੱਖੇ ਸ਼ਾਂਤ ਮਈ ਰੋਸ ਪ੍ਰਦਰਸਨ ਕਰ ਰਹੀ ਸਿੱਖ ਸੰਗਤ ਉਤੇ ਬਾਦਲ ਦੀ ਪੁਲਿਸ ਨੇ ਗੋਲੀਆਂ ਚਲਾ
ਕੇ ਦੋ ਸਿੰਘਾਂ ਨੂੰ ਸ਼ਹੀਦ ਅਤੇ ਦਰਜਨਾ ਵਿਅਕਤੀਆਂ ਨੂੰ ਜਖਮੀ ਕਰ ਦਿੱਤਾ ਸੀ। ਸ਼ਹੀਦ ਹੋਏ ਸਿੰਘਾਂ
ਦੇ ਨਮਿਤ ਪਿੰਡ ਬਰਗਾੜੀ ਵਿਖੇ ਰੱਖੇ ਸ੍ਰੀ ਅਖੰਡ ਪਾਠ ਦੇ ਭੋਗ ਸਮੇ ਸਿੰਘਾਂ ਨੂੰ ਸਰਧਾਂਜਲੀ ਦੇਣ
ਲਈ ਹਜਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚੇ ਸਨ। ਭਗਵੰਤ ਮਾਨ ਮੈਬਰ ਪਾਰਲੀਮੈਂਟ ਵੀ ਸ਼ਹੀਦ ਸਿੰਘਾਂ
ਨੂੰ ਸਰਧਾਂਜਲੀ ਦੇਣ ਲਈ ਇਸ ਇਕੱਠ ਵਿੱਚ ਪਹੁੰਚੇ ਹੋਏ ਸਨ। ਸਿੱਧੇ ਰੂਪ ਵਿੱਚ ਬਾਦਲ ਸਰਕਾਰ ਦੇ
ਵਿਰੁੱਧ ਹੋ ਰਹੇ ਇਸ ਸਰਧਾਂਜਲੀ ਸਮਾਗਮ ਤੋਂ ਬਾਦਲ ਕੇ ਬਹੁਤ ਘਬਰਾਏ ਹੋਏ ਸਨ, ਇਸ ਸਮਾਗਮ ਨੂੰ
ਬੇਅਸਰ ਕਰਨ ਲਈ ਸਰਕਾਰ ਵੱਲੋਂ ਹਰ ਤਰਾਂ ਦੇ ਹੱਥ ਕੰਡੇ ਵਰਤੇ ਗਏ ਸਨ, ਭਗਵੰਤ ਮਾਨ ਨੂੰ ਬਦਨਾਮ
ਕਰਨਾ ਵੀ ਇਸੇ ਕੜੀ ਦਾ ਇੱਕ ਹਿੱਸਾ ਸੀ ਤਾਂ ਕਿ ਲੋਕਾਂ ਦਾ ਧਿਆਨ ਅਸਲ ਮੁੱਦੇ ਤੋਂ ਭਟਕਾ ਕੇ ਹੋਰ
ਪਾਸੇ ਲਾਇਆ ਜਾ ਸਕੇ। ਇਸੇ ਝੂਠੀ ਗੱਲ ਨੂੰ ਬਹਾਨਾ ਬਣਾ ਕੇ ਅਕਾਲੀ ਭਗਵੰਤ ਮਾਨ ਦੇ ਪੁਤਲੇ ਫੂਕ ਰਹੇ
ਹਨ, ਇਹਨਾ ਵਿਚਾਰਾਂ ਦਾ ਪ੍ਰਗਟਾਵਾ ਕਰਦਿਆ ਮਨੁੱਖੀ ਅਧਿਕਾਰ ਮੰਚ ਜਿਲਾ ਮਾਨਸਾ ਦੇ ਚੇਅਰਮੈਨ ਜਰਨੈਲ
ਸਿੰਘ ਬਹਾਦਰਪੁਰ ਨੇ ਕਿਹਾ ਕਿ ਅਸਲ ਵਿੱਚ ਬਾਦਲ ਸਰਕਾਰ ਹੀ ਸਿੱਖਾਂ ਅਤੇ ਪੰਜਾਬ ਦੀ ਦੁਸ਼ਮਣ ਹੈ,
ਪੰਜਾਬ ਦਾ ਪਾਣੀ ਲੁਟਾਉਣ ਲਈ ਬਾਦਲ ਨੇ ਹੀ ਫਰਵਰੀ 1978 ਵਿੱਚ ਸਤਲੁਜ ਯਮਨਾ ਲਿੰਕ ਨਹਿਰ ਦੀ ਉਸਾਰੀ
ਕਰਨ ਦੀ ਮੰਨਜੂਰੀ ਦਿੱਤੀ ਸੀ, ਅਪ੍ਰੈਲ 1978 ਵਿੱਚ ਇਸੇ ਬਾਦਲ ਨੇ ਅੰਮ੍ਰਿਤਸਰ ਦੀ ਧਰਤੀ ਤੇ ਸਿੱਖ
ਵਿਰੋਧੀ ਨਿਰੰਕਾਰੀਆਂ ਦਾ ਸਮਾਗਮ ਕਰਵਾ ਕੇ ਸਿੱਖਾਂ ਦੇ ਖੂਨ ਦੀ ਹੋਲੀ ਖੇਡਦਿਆਂ 13 ਸਿੰਘਾਂ ਨੂੰ
ਸ਼ਹੀਦ ਅਤੇ ਦਰਜਨਾ ਸਿੰਘਾਂ ਨੂੰ ਜਖਮੀ ਕਰਵਾਇਆ ਸੀ, ਇਸੇ ਬਾਦਲ ਨੇ ਦਸੰਬਰ 2009 ਵਿੱਚ ਲੁਧਿਆਣੇ
ਵਿੱਚ ਆਸੂਤੋਸ਼ ਦੇ ਸਮਾਗਮ ਨੂੰ ਰੁਕਵਾਉਣ ਲਈ ਸ਼ਾਂਤ ਮਈ ਰੋਸ ਮਾਰਚ ਕਰਦੇ ਸਿੰਘਾਂ ਉਤੇ ਗੋਲੀ ਚਲਵਾ
ਕੇ ਇੱਕ ਸਿੰਘ ਸ਼ਹੀਦ ਅਤੇ ਕਈਆਂ ਨੂੰ ਜਖਮੀ ਕਰਵਾਇਆ ਸੀ, ਇਸੇ ਬਾਦਲ ਨੇ ਗੁਰਦਾਸ ਪੁਰ ਵਿਖੇ 30
ਮਾਰਚ 2012 ਨੂੰ ਰਾਜੋਆਣਾ ਦੀ ਫਾਸੀ ਦੇ ਸਬੰਧ ਵਿੱਚ ਰੋਸ ਮਾਰਚ ਕਰ ਰਹੇ ਸਿੱਖਾਂ ਉਤੇ ਗੋਲੀ ਚਲਵਾ
ਕੇ ਇੱਕ ਸਿੰਘ ਨੂੰ ਸ਼ਹੀਦ ਅਤੇ ਕਈਆਂ ਨੂੰ ਜਖਮੀ ਕਰਵਾਇਆ ਸੀ, ਹੁਣ ਫੇਰ ਗੁਰੂ ਗ੍ਰੰਥ ਸਾਹਿਬ ਜੀ ਦੀ
ਹੋਈ ਬੇਅਦਬੀ ਦੇ ਵਿਰੁੱਧ ਸ਼ਾਂਤ ਮਈ ਧਰਨੇ ਤੇ ਬੈਠੀ ਸਿੱਖ ਸੰਗਤ ਉਤੇ ਗੋਲੀਆਂ ਚਲਵਾ ਕੇ ਦੋ ਸਿੰਘਾਂ
ਨੂੰ ਸ਼ਹੀਦ ਅਤੇ ਦਰਜਨਾ ਨੂੰ ਜਖਮੀ ਕਰਵਾਇਆ ਹੈ ਜਰਨੈਲ ਸਿੰਘ ਨੇ ਸਵਾਲ ਕੀਤਾ ਕੇ ਸਿੱਖਾਂ ਉਪਰ ਗੋਲੀ
ਬਾਦਲ ਸਰਕਾਰ ਸਮੇਂ ਹੀ ਕਿਉਂ ਚਲਦੀ ਹੈ? ਉਹਨਾ ਕਿਹਾ ਕਿ ਭਗਵੰਤ ਮਾਨ ਦੇ ਪੁਤਲੇ ਫੂਕਣ ਵਾਲੇ
ਅਕਾਲੀਓ ਜੇ ਤੁਹਾਡੇ ਵਿੱਚ ਮਾੜੀ ਮੋਟੀ ਵੀ ਗੈਰਤ ਬਾਕੀ ਹੈ ਤਾਂ ਭਗਵੰਤ ਮਾਨ ਦੀ ਥਾਂ ਬਾਦਲ ਦੇ
ਪੁਤਲੇ ਫੂਕੋ ਜਿਸ ਨੇ ਪੂਰੇ ਪੰਜਾਬ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ। ਮਨੁੱਖੀ ਅਧਿਕਾਰ ਮੰਚ
ਜਿਲਾ ਮਾਨਸਾ ਦੇ ਚੇਅਰਮੈਨ ਨੇ ਕਿਹਾ ਭਗਵੰਤ ਮਾਨ ਦੇ ਪੁਤਲੇ ਫੂਕਣ ਵਾਲੇ ਅਕਾਲੀਆਂ ਨੇ ਸਿੰਘਾਂ ਉਪਰ
ਗੋਲੀਆਂ ਚਲਵਾਉਣ ਵਾਲਿਆਂ ਦੇ ਪੁਤਲੇ ਕਦੇ ਕਿਉਂ ਨਹੀਂ ਫੂਕੇ, ਭਗਵੰਤ ਮਾਨ ਦੇ ਸ਼ਰਾਬ ਪੀਣ ਦੇ ਸਵਾਲ
ਦੇ ਜਵਾਬ ਵਿੱਚ ਉਹਨਾ ਕਿਹਾ ਕਿ ਭਗਵੰਤ ਮਾਨ ਸਰਾਬ ਪੀਦਾ ਹੋਣਾ, ਅਸੀ ਨਾਂ ਤਾਂ ਭਗਵੰਤ ਮਾਨ ਦੇ
ਸ਼ਰਾਬ ਪੀਣ ਨਾਲ ਸਹਿਮਤ ਹਾਂ ਅਤੇ ਨਾ ਹੀ ਇਸ ਨੂੰ ਚੰਗਾ ਸਮਝਦੇ ਹਾਂ ਪਰ ਉਹ ਇਸ ਸਮਾਗਮ ਵਿੱਚ ਸਰਾਬ
ਪੀ ਕੇ ਨਹੀਂ ਆਇਆ ਕਿਉਂਕਿ ਭਗਵੰਤ ਮਾਨ ਇੱਕ ਸਮਝਦਾਰ ਵਿਅਕਤੀ ਹੈ ਅਜਿਹੇ ਸਮਾਗਮ ਵਿੱਚ ਤਾਂ ਕੋਈ
ਮੂਰਖ ਤੋਂ ਮੂਰਖ ਵੀ ਸ਼ਰਾਬ ਪੀ ਕੇ ਨਹੀਂ ਜਾ ਸਕਦਾ। ਇਸ ਸਮੇ ਉਹਨਾ ਨਾਲ ਰਾਮਲਾਜ ਸਿੰਘ ਸਾਬਕਾ
ਸਰਪੰਚ, ਛਿੰਦਰਪਾਲ ਸਿੰਘ ਸੈਕਟਰੀ ਪੰਜਾਬ ਲੇਬਰ, ਗੁਰਮੀਤ ਸਿੰਘ, ਬਿਕਰ ਸਿੰਘ, ਦਰਸ਼ਨ ਸਿੰਘ, ਜਰਨੈਲ
ਸਿੰਘ ਪ੍ਰਧਾਂਨ ਐਫ ਸੀ ਆਈ ਯੁਨੀਅਨ, ਚਰਨਜੀਤ ਸਿੰਘ ਭੋਲਾ ਮਜੂਦ ਸਨ।
ਮਨੁੱਖੀ ਅਧਿਕਾਰ ਮੰਚ ਜਿਲਾ ਮਾਨਸਾ ਦੇ
ਚੇਅਰਮੈਨ ਜਰਨੈਲ ਸਿੰਘ ਬਹਾਦਰਪੁਰ 9876642646
01/11/15)
ਗੁਰਮੀਤ ਸਿੰਘ ‘ਬਰਸਾਲ’
ਧਰਮ ਨੂੰ
ਰਾਜਨੀਤੀ ਦੀ ਪਕੜ ਤੋਂ ਬਚਾਉਣਾ ਸਮੇ ਦੀ ਵੱਡੀ ਲੋੜ !!
ਅਜੋਕੇ ਰਾਜਨੀਤਕ ਮਹੌਲ ਵਿੱਚ ਪਲਿਆ ਇਨਸਾਨ ਇਹ ਸਮਝਦਾ ਹੈ ਕਿ ਅੱਜ ਦੇ ਸਮੇ ਰਾਜਨੀਤਕ ਸ਼ਕਤੀ
ਹਥਿਆਉਣਾ ਹੀ ਸਭ ਤੋਂ ਵੱਡੀ ਤਾਕਤ ਹਾਸਲ ਕਰਨਾ ਹੈ। ਰਾਜਨੀਤੀ ਹਥਿਆਉਂਦਾ ਉਹ ਇਹ ਜਾਣ ਜਾਂਦਾ ਹੈ ਕਿ
ਸਿੱਧੇ-ਸਾਧੇ ਲੋਕ ਧਰਮ ਦਾ ਸਤਿਕਾਰ ਕਰਦੇ ਹੋਏ ਧਰਮ ਤੋਂ ਸਭ ਕੁਝ ਵਾਰਨ ਲਈ ਤਿਆਰ ਹੋ ਜਾਦੇ ਹਨ, ਸੋ
ਕਿਓਂ ਨਾ ਉਹਨਾਂ ਦੀ ਇਸ ਸ਼ਰਧਾਲੂ ਭਾਵਨਾ ਦਾ ਫਾਇਦਾ ਉਠਾਇਆ ਜਾਵੇ। ਮੀਰੀ-ਪੀਰੀ ਜਾਂ ਧਰਮ-ਰਾਜਨੀਤੀ
ਦੇ ਸੁਮੇਲ ਦੇ ਕੇਵਲ ਆਪਦੇ ਸਵਾਰਥੀ ਹਿਤਾਂ ਲਈ ਅਰਥ ਕਰਦਿਆਂ ਰਾਜਨੀਤਕ ਲੋਕ ਇਹਨਾ ਸ਼ਬਦ-ਜੁੱਟਾਂ ਦੀ
ਗਲਤ ਵਰਤੋਂ ਰਾਹੀਂ ਅਸਲ ਵਿੱਚ ਧਰਮ ਤੇ ਰਾਜਨੀਤੀ ਨੂੰ ਠੋਸਣ ਦਾ ਯਤਨ ਕਰ ਰਹੇ ਹੁੰਦੇ ਹਨ।
ਗੁਰੂ ਸਾਹਿਬਾਂ ਨੇ ਕਦੇ ਵੀ ਧਰਮ ਤੇ ਰਾਜਨੀਤੀ ਨੂੰ ਬਰਾਬਰ ਜਾਂ ਰਲਗੱਡ ਨਹੀਂ ਸੀ ਕੀਤਾ ਸਗੋਂ ਸਦਾ
ਧਰਮ ਨੂੰ ਉੱਪਰ ਰੱਖਿਆ ਸੀ। ਵੈਸੇ ਵੀ ਧਰਮ ਗੁਣ ਰੂਪੀ ਸਚਾਈ ਹੈ ਜਦ ਕਿ ਰਾਜਨੀਤੀ ਕੇਵਲ ਸ਼ਤਰੰਜੀ
ਚਾਲਾਂ ਵਾਲਾ ਝੂਠ ਫਰੇਬ ਅਤੇ ਹਰ ਜਾਇਜ/ਨਜਾਇਜ ਤਰੀਕੇ ਰਾਜਸੀ ਗੱਦੀ ਹਥਿਆਉਣ ਦਾ ਢੰਗ। ਇਹ ਦੋਵੇਂ
ਇਕੱਠੇ ਹੋ ਹੀ ਨਹੀਂ ਸਕਦੇ। ਗੁਰੂ ਸਾਹਿਬਾਂ ਤਾਂ ਰਾਜਨੀਤੀ ਨੂੰ ਧਰਮ ਦਾ ਕੁੰਡਾ ਦਿੱਤਾ ਸੀ ਕਿ ਅਗਰ
ਸਾਸ਼ਕ ਰੱਬ ਦੇ ਭੈਅ ਵਾਲੇ ਹੋਣਗੇ, ੳਹਨਾਂ ਨੂੰ ਆਪਣੀ ਪਰਜਾ ਦੇ ਹਰ ਇਨਸਾਨ ਵਿੱਚ ਰੱਬ ਨਜਰ ਆਵੇਗਾ
ਤਾਂ ਉਹ ਸਮਾਜ ਦਾ ਕਦੇ ਬੁਰਾ ਨਹੀਂ ਕਰ ਸਕਣਗੇ। ਪਰ ਅੱਜ ਕਲ ਰਾਜਨੀਤਕ ਲੋਕ ਧਾਰਮਿਕ ਸ਼ਰਧਾ ਨੂੰ
ਆਪਣੇ ਹਿੱਤ ਵਿੱਚ ਭਗਤਾਉਣ ਨੂੰ ਹੀ ਧਰਮ-ਰਾਜਨੀਤੀ ਦਾ ਸੁਮੇਲ ਕਰਨਾ ਆਖ ਰਹੇ ਹਨ।
ਸਿੱਖ ਰਾਜਨੀਤਕਾਂ ਨੇ ਛੇਵੇਂ ਨਾਨਕ ਦੇ ਮੁਗਲੀਆ ਹਕੂਮਤ ਨੂੰ ਚੈਲੇਂਜ
ਵਜੋਂ ਬਣਾਏ ਤਖਤ ਨੂੰ ਅਕਾਲ-ਤਖਤ ਦਾ ਨਾਮ ਦੇਕੇ ਇਸੇ ਕਾਰਜ ਨੂੰ ਕਰਨ ਦੀ ਨੀਤੀ ਧਾਰੀ ਹੋਈ ਹੈ।
ਜਾਣੇ ਅਣਜਾਣੇ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਇਸ ਤਖਤ ਨੂੰ ਉੱਪਰ ਕਰਨ ਲਈ ਅਕਾਲ ਤਖਤ ਦਾ ਸਰਬ ਉੱਚ
ਹੋਣਾ ਵੀ ਸੰਗਤਾਂ ਦੇ ਜਿਹਨ ਵਿੱਚ ਵਸਾ ਦਿੱਤਾ ਗਿਆ ਹੈ ਜਦ ਕਿ ਅਸੀਂ ਸਭ ਜਾਣਦੇ ਹਾਂ ਕਿ ਸਿੱਖ ਲਈ
ਸਰਬ ਉੱਚ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਸਰਬ ਉੱਚ ਕੇਵਲ ਇਕ ਹੁੰਦਾ ਹੈ ਦੋ ਨਹੀਂ
। ਅਸਲ ਵਿੱਚ ਰਾਜਨੀਤੀ ਦੀ ਮਨਸ਼ਾ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤਖਤ ਨੂੰ ਉੱਚਿਆਂ ਦਿਖਾਕੇ ਸਭ
ਸਿੱਖਾਂ ਨੂੰ ਤਖਤ ਅੱਗੇ ਝੁਕਦਾ ਕਰ ਉੱਥੋਂ ਹੋਏ ਰਾਜਨੀਤਕ ਫੈਸਲਿਆਂ ਨੂੰ ਰੱਬੀ ਫੈਸਲੇ ਗਰਦਾਨਕੇ
ਸੰਗਤਾਂ ਨੂੰ ਮੰਨਣ ਲਈ ਮਜਬੂਰ ਕਰਕੇ ਆਪਣਾ ਉੱਲੂ ਸਿੱਧਾ ਕਰਨਾ ਹੈ। ਕਾਰਜ ਪ੍ਰਣਾਲੀ, ਕਾਰਜ
ਖੇਤਰ ਅਤੇ ਕਾਰਜ ਵਿਧੀ ਤੋਂ ਬਗੈਰ ਕੇਵਲ ਆਪਣੀ ਨੀਤੀ ਰਾਹੀਂ ਜਗਿਆਸੂ ਸੰਗਤਾਂ ਨੂੰ ਅਕਾਲ ਤਖਤ ਇਕ
ਫਲਸਫਾ ਆਖ ਪਤਿਆਉਣਾ ਵੀ ਰਾਜਨੀਤਕਾਂ ਦੀ ਚਾਲ ਦਾ ਹਿੱਸਾ ਹੈ ਜਦ ਕਿ ਇਕ ਇਮਾਰਤ ਦੇ ਅਖੌਤੀ ਪ੍ਰਬੰਧਕ
ਨੂੰ ਜੱਥੇਦਾਰ ਆਖ, ਪ੍ਰਾਚੀਨ ਕਾਲ ਤੋਂ ਵੱਖ ਵੱਖ ਜੱਥਿਆਂ ਦੀ ਪ੍ਰਤੀਨਿਧਤਾ ਕਰਦੇ ਜੱਥਿਆਂ ਦੇ
ਜੱਥੇਦਾਰਾਂ ਦੀ ਉਪਾਧੀ ਨਾਲ ਬੁਲਾਉਣਾ, ਉਹਨਾਂ ਬਿਖੜੇ ਸਮਿਆਂ ਵਿੱਚ ਸਿਰ ਦੀ ਬਾਜੀ ਲਾਕੇ ਕੌਮ ਨੂੰ
ਅਗਵਾਈ ਦੇਣ ਵਾਲੇ ਜੱਥੇਦਾਰਾਂ ਦੀ ਬੇ-ਇੱਜਤੀ ਕਰਨ ਬਰਾਬਰ ਹੈ। ਸੋ ਸਭ ਤੋਂ ਪਹਿਲਾਂ ਸਾਨੂੰ ਚਾਹੀਦਾ
ਹੈ ਕਿ ਅਗਰ ਸਾਨੂੰ ਉਹਨਾ ਜੱਥੇਦਾਰਾਂ ਤੇ ਮਾਣ ਹੈ ਤਾਂ ਅੱਜ ਦੇ ਰਾਜਨੀਤਕਾਂ ਨੂੰ ਅਜਿਹੇ ਜੱਥੇਦਾਰ
ਵਰਗੇ ਲਕਬ ਦੇਣੇ ਤੁਰੰਤ ਬੰਦ ਕਰ ਦੇਣੇ ਚਾਹੀਦੇ ਹਨ ।
ਅਸੀਂ ਸਭ ਜਾਣਦੇ ਹਾਂ ਕਿ ਛੇਵੇਂ ਨਾਨਕ ਇਸ ਤਖਤ ਤੇ ਬੈਠਦੇ ਸਨ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਇਸ
ਤਖਤ ਤੇ ਕੇਵਲ ਗੁਰੂ ਹੀ ਬੈਠ ਸਕਦੇ ਹਨ । ਅਗਰ ਅੱਜ ਦੇ ਸਮੇ ਇਸ ਤਖਤ ਉੱਪਰ ਕੋਈ ਬਿਰਾਜਮਾਨ ਅਖਵਾ
ਸਕਦਾ ਹੈ ਤਾਂ ੳਹ ਤੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹੀ ਹੋ ਸਕਦੇ ਹਨ ਜੱਥੇਦਾਰੀ ਦੀ ਆੜ
ਵਿੱਚ ਕੋਈ ਮਨੁੱਖ ਨਹੀਂ । ਰਾਜ, ਤਖਤ ਜਾਂ ਅਕਾਲ ਤਖਤ ਦਾ ਸਿਧਾਂਤ ਵੀ ਕੇਵਲ ਓਹ ਹੀ ਹੋ ਸਕਦਾ ਹੈ
ਜੋ ਗੁਰੂ ਗ੍ਰੰਥ ਸਾਹਿਬ ਵਿਚਲੇ ਗੁਰ ਉਪਦੇਸ਼ਾਂ ਰਾਹੀਂ ਪ੍ਰਗਟ ਹੋ ਰਿਹਾ ਹੋਵੇ। ਸੋ ਛੇਵੇਂ ਨਾਨਕ ਦੇ
ਸਿਰਜੇ ਇਸ ਤਖਤ ਦੀ ਬਹਾਲੀ ਲਈ ਇਹ ਬਹੁਤ ਜਰੂਰੀ ਹੈ ਕਿ ਇਸ ਤਖਤ/ਅਕਾਲ ਤਖਤ ਦੇ ਬਣਾਏ ਗਏ ਜੱਥੇਦਾਰ
ਦੀ ਪ੍ਰਥਾ ਤੁਰੰਤ ਬੰਦ ਕਰ ਦਿੱਤੀ ਜਾਵੇ ਤਾਂ ਕਿ ਰਾਜਨੀਤੀ ਰਾਹੀਂ ਧਰਮ ਦੀ ਦੁਰਵਰਤੋਂ ਖਤਮ ਕਰੀ ਜਾ
ਸਕੇ।
ਵੈਸੇ ਆਪਾਂ ਸਭ ਦੇਖ ਰਹੇ ਹਾਂ ਕਿ ਇਹ ਜੱਥੇਦਾਰ ਜੋ ਰਾਜਨੀਤਕਾਂ ਦੇ ਹੁਕਮ ਸੁਣਾਉਂਦੇ ਹਨ ਉਹ
ਸ਼ਰੋਮਣੀ ਕਮੇਟੀ ਦੇ ਮੁਲਾਜਮ ਹਨ । ਸ਼ਰੋਮਣੀ ਕਮੇਟੀ ਅਕਾਲੀ ਦਲ ਦੇ ਹੇਠਾਂ ਵਿਛਾ ਲਈ ਗਈ ਹੈ ਅਤੇ
ਅਕਾਲੀ ਦਲ ਆਪਣੀਆਂ ਰਾਜਸੀ ਲਾਲਸਾਵਾਂ ਕਾਰਣ ਕੇਂਦਰੀ ਸਰਕਾਰ ਜਾਂ ਕੁਝ, ਦੇਸ਼ ਨੂੰ ਕੰਟਰੋਲ ਕਰ
ਰਹੀਆਂ ਫਿਰਕੂ ਜੱਥੇਬੰਦੀਆਂ ਦੇ ਪ੍ਰਭਾਵ ਅਧੀਨ ਹੈ। ਸੋ ਸਪੱਸ਼ਟ ਹੈ ਕਿ ਇਹ ਤਖਤ ਆਜਾਦ ਨਹੀਂ ਹੈ
ਕੇਵਲ ਰਾਜਨੀਤਕਾਂ ਦੀ ਕਠਪੁਤਲੀ ਹੈ । ਸੋ ਇਹ ਉੱਪਰ ਤੋਂ ਚੱਲੀ ਕੜੀ ਜੋ ਆਮ ਸਿੱਖ ਨੂੰ ਪਰਭਾਵਤ ਕਰ
ਮੂਰਖ ਬਣਾ ਰਹੀ ਹੈ ਨੂੰ ਤੋੜਨਾ ਬੇਹੱਦ ਜਰੂਰੀ ਹੈ। ਸੋ ਜੱਥੇਦਾਰੀ ਪ੍ਰਥਾ ਨੂੰ ਤੁਰੰਤ ਰੱਦ ਕਰਕੇ
ਇਸ ਸਿੱਖ ਤਖਤ/ਅਕਾਲ ਤਖਤ ਨੂੰ ਅਜਾਦ ਕਰਵਾਇਆ ਜਾ ਸਕਦਾ ਹੈ ਤਾਂ ਕਿ ਕੋਈ ਵੀ ਕਿਸੇ ਰਾਜਨੀਤਕ ਕੁਚਾਲ
ਵੱਲੋਂ ਆਇਆ ਹੁਕਮ ਤਖਤ ਰਾਹੀਂ ਸੰਗਤਾਂ ਤੇ ਅਸਰ ਨਾ ਪਾ ਸਕੇ। ਸੋ ਇਸ ਕੜੀ ਦਾ ਟੁੱਟ ਜਾਣਾ ਹੀ ਧਰਮ
ਨੂੰ ਰਾਜਨੀਤਕਾਂ ਦੀ ਚਾਲ ਤੋਂ ਬਚਾਉਣਾ ਹੈ ਅਤੇ ਅਕਾਲ ਤਖਤ ਦਾ ਆਜਾਦ ਹੋਣਾ ਹੈ। ਇਹ ਕੰਮ ਕਿਤੇ ਵੀ
ਪੰਥ ਦੇ ਇਕੱਠ ਵਿੱਚ ਜਾਂ ਤਖਤ ਤੇ ਸੰਗਤੀ ਰੂਪ ਵਿੱਚ ਅਰਦਾਸ ਕਰਕੇ ਕੀਤਾ ਜਾ ਸਕਦਾ ਹੈ ਜਿਸ ਵਿੱਚ
ਸੰਗਤ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਣ ਤਕ ਕੀਤੀ ਗਈ ਅਵੱਗਿਆ ਦੀ ਮਾਫੀ ਮੰਗ ਤੁਰੰਤ ਤਖਤ ਗੁਰੂ ਜੀ
ਦੇ ਸਪੁਰਦ ਕਰ ਦੇਣ ਦੀ ਬੇਨਤੀ ਕਰੇ।
ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)
01/11/15)
ਗਿ: ਸੰਤੋਖ ਸਿੰਘ
ਸਿੱਖਾਂ ਦੇ ਹਿਰਦੇ ਵਲੂੰਧਰੇ ਗਏ
ਗੱਲ ਮੈਂ ਓਥੋਂ ਹੀ ਸ਼ੁਰੂ ਕਰਦਾ ਹਾਂ ਜਿਥੋਂ ਕੁ ਮੈਨੂੰ ਇਸ ਝਮੇਲੇ ਦੀ ਕੁੱਝ ਕੁੱਝ ਸਮਝ ਆਉਣੀ ਸ਼ੁਰੂ
ਹੋਈ ਸੀ।
੧੯੫੮ ਦੇ ਜਨਵਰੀ ਮਹੀਨੇ ਦਾ ਵਾਕਿਆ ਹੈ ਕਿ ਇੱਕ ਦਿਨ ਸਵੇਰ ਵੇਲ਼ੇ ਹੀ, ਸ਼ਹੀਦ ਸਿੱਖ
ਮਿਸ਼ਨਰੀ ਕਾਲਜ ਦੇ ਪ੍ਰੌੜ੍ਹ ਵਿਦਿਆਰਥੀ, ਸ. ਦਲੀਪ ਸਿੰਘ ਫੱਕਰ, ਮਾਸਟਰ ਤਾਰਾ ਸਿੰਘ ਜੀ ਦੇ ਉਰਦੂ
ਅਖ਼ਬਾਰ ‘ਪ੍ਰਭਾਤ’ ਵਿਚੋਂ ਇੱਕ ਖ਼ਬਰ ਪੜ੍ਹ ਕੇ ਸੁਣਾ ਰਿਹਾ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਉਸ
ਤੋਂ ਪਿਛਲੇਰੀ ਰਾਤ ਕੋਈ ਸ਼ਰਾਰਤੀ, ਇੱਕ ਸ਼ੀਸ਼ੇ ਦੇ ਮਰਤਬਾਨ ਵਿੱਚ ਸੁਖਮਨੀ ਸਾਹਿਬ ਦੇ ਕੁੱਝ ਪੱਤਰੇ,
ਤਮਾਕੂ ਅਤੇ ਇੱਕ ਕੈਂਚੀ ਪਾ ਕੇ ਰਾਤ ਦੇ ਹਨੇਰੇ ਵਿੱਚ ਮਾਸਟਰ ਜੀ ਦੇ ਘਰ ਦੇ ਅੱਗੇ ਰੱਖ ਗਿਆ ਸੀ।
ਮੈਂ ਵੀ ਇਹ ਖ਼ਬਰ ਸੁਣਨ ਵਾਲ਼ਿਆਂ ਵਿੱਚ ਸ਼ਾਮਲ ਸਾਂ।
ਉਹਨੀਂ ਦਿਨੀਂ ਅਜਿਹੀਆਂ ਘਟਨਾਵਾਂ ਆਮ ਹੀ ਵਾਪਰਦੀਆਂ ਸੁਣਨ ਵਿੱਚ ਆਉਂਦੀਆਂ ਸਨ। ਪੰਜਾਬ ਦੇ ਦੋ
ਸਮਾਜਾਂ, ਹਿੰਦੂਆਂ ਅਤੇ ਸਿੱਖਾਂ ਵਿੱਚ ਕੁੜੱਤਣ ਪੈਦਾ ਕਰਨ ਦੇ ਯਤਨ ਕੀਤੇ ਜਾ ਰਹੇ ਸਨ। ੧੯੫੫ ਦੇ
‘ਪੰਜਾਬੀ ਸੂਬਾ ਜਿੰਦਾਬਾਦ’ ਦੇ ਮੋਰਚੇ ਦੀ ਸਫ਼ਲਤਾ ਸਹਿਤ ਸਮਾਪਤੀ ਉਪ੍ਰੰਤ, ਭਾਰਤ ਸਰਕਾਰ ਅਤੇ
ਸ਼੍ਰੋਮਣੀ ਅਕਾਲੀ ਦਲ ਵਿਚਕਾਰ ਹੋਏ ਸਮਝੌਤੇ ਅਨੁਸਾਰ, ਵਜੂਦ ਵਿੱਚ ਆਏ ਰੀਜਨਲ ਫ਼ਾਰਮੂਲੇ ਅਧੀਨ,
ਪੰਜਾਬ ਨੂੰ ਦੋ ਜ਼ੋਨਾਂ, ਹਿੰਦੀ ਅਤੇ ਪੰਜਾਬੀ ਵਿੱਚ ਵੰਡਿਆ ਗਿਆ ਸੀ ਤੇ ਇਸ ਅਨੁਸਾਰ ਪੰਜਾਬੀ ਜ਼ੋਨ
ਦੀ ਪਹਿਲੀ ਭਾਸ਼ਾ ਗੁਰਮੁਖੀ ਅੱਖਰਾਂ ਵਿੱਚ ਪੰਜਾਬੀ ਪ੍ਰਵਾਨੀ ਗਈ ਸੀ। ਇਸ ਦੇ ਵਿਰੁਧ ਕੁੱਝ ਸ਼ਰਾਰਤੀ
ਫਿਰਕੂ ਵਿਆਕਤੀਆਂ ਵੱਲੋਂ, ‘ਹਿੰਦੀ ਰਕਸ਼ਾ ਸਮਿਤੀ’ ਦੇ ਨਾਂ ਹੇਠ ਪੰਜਾਬ ਵਿੱਚ ਅੰਦੋਲਨ ਸ਼ੁਰੂ ਕੀਤਾ
ਗਿਆ ਹੋਇਆ ਸੀ, ਜਿਸ ਕਰਕੇ ਪੰਜਾਬ ਦਾ ਫਿਰਕੂ ਮਾਹੌਲ ਤਣਾਪੂਰਣ ਬਣਿਆ ਰਿਹਾ। ਅਜਿਹਾ ਤਣਾ, ੯ ਮਾਰਚ
੧੯੬੭ ਤੱਕ ਬਣਿਆਂ ਰਿਹਾ ਤੇ ਓਦੋਂ ਕੁੱਝ ਸਮੇ ਲਈ ਸਮਾਪਤ ਹੋਇਆ ਜਦੋਂ ਸੰਤ ਫ਼ਤਿਹ ਸਿੰਘ ਦੀਆਂ
ਕੋਸ਼ਿਸ਼ਾਂ ਸਦਕਾ, ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਬਣਨ ਵਾਲ਼ੀ ਫ਼ਰੰਟ ਸਰਕਾਰ ਵਿਚ, ਪੰਜਾਬ ਦੇ
ਹਿੰਦੂਆਂ ਦੀ ਪ੍ਰਤੀਨਿਧਤਾ ਕਰਨ ਵਾਲ਼ੀ ਪਾਰਟੀ ਜਨਸੰਘ ਨੰਬਰ ਦੋ ਵਾਲ਼ੀ ਪੋਜ਼ੀਸ਼ਨ ਤੇ ਸ਼ਾਮਲ ਹੋ ਗਿਆ।
ਸੁਖਮਨੀ ਸਾਹਿਬ ਦੇ ਪੱਤਰਿਆਂ ਵਾਲ਼ੀ ਖ਼ਬਰ ਸੁਣਨ ਤੋਂ ਬਾਅਦ ਹੌਲ਼ੀ ਹੌਲ਼ੀ ਸਮਝ ਆਉਣ ਲੱਗੀ ਕਿ ੧੯੫੬/੫੭
ਵਿੱਚ ਇੱਕ ਗੁਰਦੁਆਰਿਆਂ ਦੀ ਰੱਖਿਆ ਲਈ ਇੱਕ ਸ਼ਹੀਦੀ ਦਲ ਜਾਂ ਇਹੋ ਜਿਹਾ ਕੋਈ ਹੋਰ ਨਾਂ ਰਖ ਕੇ, ਇੱਕ
ਜਥੇਬੰਦੀ ਸਿਰਜੀ ਗਈ ਸੀ ਤੇ ਇਹਨਾਂ ਦੀਆਂ ਸਰਗਰਮੀਆਂ ਸ੍ਰੀ ਦਰਬਾਰ ਸਾਹਿਬ ਦੇ ਆਲ਼ੇ ਦੁਆਲ਼ੇ ਕਦੀ
ਕਦਾਈਂ ਵੇਖੀਆਂ ਜਾਂਦੀਆਂ ਸਨ। ਇਹਨਾਂ ਵਿਚੋਂ ਇੱਕ ਚੇਹਰਾ ਅਜੇ ਵੀ ਮੈਨੂ ਯਾਦ ਹੈ। ਬਾਅਦ ਵਿੱਚ ਉਹ
ਸੱਜਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਵੀ ਬਣਿਆਂ ਤੇ ਫਿਰ ੧੯੭੭ ਵਿੱਚ ਐਮ. ਐਲ.
ਏ. ਵੀ। ਉਸ ਦਾ ਨਾਂ ਸੀ ਜਥੇਦਾਰ ਖ਼ਜ਼ਾਨ ਸਿੰਘ ਸਿੰਘ ਮੀਰਾਂਕੋਟ।
ਇਸ ਜਥੇ ਦੀ ਸਿਰਜਣਾ ਦੀ ਲੋੜ ਇਸ ਲਈ ਪਈ ਸੀ ਕਿ ਉਹਨੀਂ ਦਿਨੀਂ ਗੁਰਦੁਆਰਾ ਸਾਹਿਬਾਨ ਦੇ ਸਰੋਵਰਾਂ
ਵਿੱਚ ਸਿਗਰਿਟਾਂ ਸੁੱਟਣ ਅਤੇ ਗੁਰਬਾਣੀ ਦੇ ਪੱਤਰਿਆਂ ਦਾ ਅਪਮਾਨ ਕਰਨ ਦੀਆਂ ਘਟਨਾਵਾਂ ਵਾਪਰਦੀਆਂ
ਸਨ। ਇਹ ਕੁੱਝ ਪੰਜਾਬ ਵਿੱਚ ਫਿਰਕੂ ਤਣਾ ਪੈਦਾ ਕਰਨ ਵਾਸਤੇ ਹੀ ਸ਼ਰਾਰਤੀ ਅਨਸਰਾਂ ਵੱਲੋਂ ਕੀਤਾ
ਜਾਂਦਾ ਹੋਵੇਗਾ!
੧੯੫੮, ਜਦੋਂ ਤੋਂ ਮੈਂ ਅਖ਼ਬਾਰ ਪੜ੍ਹਨ ਲੱਗਾ ਹਾਂ, ਹੁਣ ਤੱਕ, ਆਏ ਦਿਨ ਇਹੋ ਕੁੱਝ ਹੀ ਪੜ੍ਹਨ ਨੂੰ
ਮਿਲ਼ਦਾ ਹੈ ਕਿ ਫਲਾਣੀ ਫ਼ਿਲਮ ਵਿੱਚ ਸਿੱਖ ਕਿਰਦਾਰ ਨੂੰ ਇਤਰਾਜ਼ ਯੋਗ ਰੂਪ ਵਿੱਚ ਪੇਸ਼ ਕੀਤਾ ਗਿਆ ਹੈ।
ਇਸ ਨਾਲ਼ ਸਿੱਖ ਕਿਰਦਾਰ ਦੀ ਕਿਰਦਾਰ ਕੁਸ਼ੀ ਹੋਈ ਹੈ। ਇਸ ਨਾਲ਼ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ।
ਫਲਾਣੀ ਅਖ਼ਬਾਰ ਨੇ ਕੁੱਝ ਇਹੋ ਜਿਹਾ ਲਿਖ ਦਿਤਾ ਹੈ ਜਿਸ ਨਾਲ਼ ਸਿੱਖਾਂ ਦੇ ਆਚਰਣ ਉਪਰ ਚੋਟ ਕੀਤੀ ਗਈ
ਹੈ। ਫਲਾਣੇ ਹਿੰਦੂ ਲੀਡਰ ਨੇ, ਸਿੱਖ ਗੁਰੂਆਂ, ਸਿੱਖ ਕੌਮ, ਸਿੱਖ ਧਰਮ, ਗੁਰਮੁਖੀ ਅੱਖਰ, ਪੰਜਾਬੀ
ਬੋਲੀ ਬਾਰੇ ਅਜਿਹਾ ਕੁੱਝ ਆਖ ਦਿਤਾ ਹੈ ਜਿਸ ਨਾਲ਼ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ। ਕਦੀ
ਮਹਾਂਰਾਣਾ ਪ੍ਰਤਾਪ ਤੇ ਸ਼ਿਵਾ ਜੀ ਮਰਹੱਟਾ ਦੇ ਨਾਲ਼ ਦਸਮ ਪਾਤਿਸ਼ਾਹ ਦੀ ਫ਼ੋਟੋ ਕਿਸੇ ਕਲੰਡਰ ਉਪਰ ਛਾਪ
ਦੇਣ ਨਾਲ਼ ਵੀ ਸਿੱਖਾਂ ਦੇ ਹਿਰਦੇ ਵਲੂੰਧਰੇ ਜਾਂਦੇ ਹਨ। ਕੀ ਅਸੀਂ ਪਿਛਲੇ ਛੇ ਸੱਤ ਦਹਾਕਿਆਂ ਤੋਂ
ਚਲੇ ਆ ਰਹੇ ਇਸ ਤਰ੍ਹਾਂ ਕੀਤੇ ਜਾਂਦੇ ਸਿੱਖਾਂ ਦੀ ਕਿਰਦਾਰਕੁਸ਼ੀ ਦੇ ਵਾਕਿਆਤ ਨੂੰ ਰੋਕਣ ਲਈ ਕੋਈ
ਪ੍ਰਬੰਧ ਨਹੀਂ ਕਰ ਸਕੇ? ਕਦੀ ਕੋਈ ਸਿੱਖ ਮੁਖ ਧਾਰਾ ਨਾਲ਼ੋਂ ਟੁੱਟ ਕੇ ਵੱਖਰੀ ਸੰਪਰਦਾ ਚਲਾਉਣ ਵਾਲਾ
ਗੁਰੂ ਸ਼ਾਹਿਬਾਨ ਦਾ ਸਾਂਗ ਰਚ ਕੇ, ਸਿੱਖਾਂ ਦੇ ਹਿਰਦੇ ਵਲੂੰਧਰਨ ਦੀ ਹਮਾਕਤ ਕਰਦਾ ਹੈ।
ਕੁਝ ਦਿਨ ਗੁਰਦੁਆਰਿਆਂ ਦੀਆਂ ਸਟੇਜਾਂ ਉਪਰ ਧੂਆਂਧਾਰ ਭਾਸ਼ਨ ਕਰਕੇ, ਸੜਕਾਂ ਉਪਰ ਨੰਗੀਆਂ ਤਲਵਾਰਾਂ
ਘੁਮਾ ਕੇ, ਨਾਹਰੇ ਲਾ ਕੇ, ਪੁਲਿਸ ਦੀਆਂ ਡਾਂਗਾਂ ਖਾ ਕੇ, ਕੁੱਝ ਨੌਜਵਾਨਾਂ ਨੂੰ ਭੜਕਾ ਕੇ ਤੇ
ਉਹਨਾਂ ਵਿਚੋਂ ਕੁੱਝ ਨੂੰ ਬਲੀ ਦੇ ਬੱਕਰੇ ਬਣਾ ਕੇ, ਫਿਰ ਚੁੱਪ ਕਰਕੇ ਬਹਿ ਜਾਂਦੇ ਹਾਂ। ਸਿੱਖਾਂ ਦੇ
ਵੋਟਾਂ ਨਾਲ਼ ਚੁਣੀ ਹੋਈ ਨਿਰੋਲ਼ ਸਿੱਖਾਂ ਦੀ ‘ਸਰਕਾਰ’ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇੱਕ
ਮਤਾ ਪਾਸ ਕਰਕੇ ਆਖ ਦਿੰਦੀ ਹੈ ਕਿ ਸਰਕਾਰ ਇਹਨਾਂ ਘਟਨਾਵਾਂ ਨੂੰ ਰੋਕੇ ਤੇ ਦੋਸ਼ੀਆਂ ਨੂੰ ਸਜ਼ਾ ਦੇਵੇ।
ਨਹੀਂ ਤਾਂ ਨਿਕਲਣ ਵਾਲ਼ੇ ਨਤੀਜਿਆਂ ਦੀ ਜੁੰਮੇਵਾਰੀ ਸਰਕਾਰ ਦੇ ਸਿਰ ਹੋਵੇਗੀ। ਫਿਰ ਪਤਾ ਨਹੀਂ ਇਹ
ਮਤਾ ਅੱਗੇ ਕਿਸੇ ਸਰਕਾਰੀ ਅਧਿਕਾਰੀ ਪਾਸ ਭੇਜਿਆ ਵੀ ਜਾਂਦਾ ਹੈ ਕਿ ਨਹੀਂ! ਜੇ ਭੇਜਿਆ ਜਾਂਦਾ ਹੈ
ਤਾਂ ਉਸ ਉਪਰ ਕੀ ਅਮਲ ਹੋਇਆ ਹੈ, ਜਾਂ ਕਿ ਨਹੀਂ ਹੋਇਆ! ਅਜਿਹੀ ਜਾਣਕਾਰੀ ਲੈਣ ਦਾ ਨਾ ਕਿਸੇ ਪਾਸ
ਸਮਾ ਹੁੰਦਾ ਹੈ ਤੇ ਨਾ ਹੀ ਇਸ ਦੀ ਲੋੜ ਹੀ ਸਮਝੀ ਜਾਂਦੀ ਹੈ। ਫਿਰ ਮੀਡੀਏ ਵਾਸਤੇ ਇਹ ਖ਼ਬਰ ਕੋਈ ਖ਼ਬਰ
ਨਹੀਂ ਰਹਿੰਦੀ। ਸਾਰੇ ਪਾਸੇ ਚੁੱਪ ਚਾਂ ਹੋ ਜਾਂਦੀ ਦੈ। ਫਿਰ ਹੋਰ ਕਿਸੇ ਥਾਂ ਇਸ ਨਾਲ਼ ਮਿਲ਼ਦਾ ਜੁਲ਼ਦਾ
ਕੋਈ ਕਾਰਾ ਕਰਵਾ ਦਿਤਾ ਜਾਂਦਾ ਹੈ ਤੇ ਫਿਰ ਚਾਰ ਕੁ ਦਿਨ ਮੀਡੀਆ ਵਿੱਚ ਓਹੀ “ਲਾਲਾ ਲਾਲਾ, ਫੜ ਲਉ
ਫੜ ਲਉ” ਦਿਨ ਹੋ ਜਾਂਦੀ ਹੈ ਤੇ ਫਿਰ ਸ਼ਾਂਤੀ ਵਰਤ ਜਾਂਦੀ ਹੈ। ਘਟਨਾ ਵਾਪਰ ਜਾਂਦੀ ਹੈ ਤੇ ਫਿਰ ਚਾਰ
ਦਿਨ ਮੀਡੀਆ ਵਿੱਚ ਹਲਚਲ ਹੁੰਦੀ ਹੈ ਤੇ ਫਿਰ ਸ਼ਾਂਤੀ ਵਰਤ ਜਾਂਦੀ ਹੈ।
ਇਸ ‘ਰਾਮਰੌਲ਼ੇ’ ਵਿੱਚ ਜੇਹੜੇ ਜੋਸ਼ੀਲੇ ਨੌਜਵਾਨ ਵਿਰੋਧੀਆਂ ਦੇ ਗੁੰਡਿਆਂ ਹੱਥੋਂ ਜਾਂ ਪੁਲਿਸ ਦੇ
ਹੱਥੋਂ ਮਾਰੇ ਜਾਂਦੇ ਹਨ, ਉਹਨਾਂ ਦੇ ਪਰਵਾਰਾਂ ਨੂੰ, ਉਹਨਾਂ ਦੇ ਬੱਚੇ ਸਿੱਖ ਧਰਮ ਦੇ ਸ਼ਹੀਦ ਬਣਾ ਕੇ
ਤਸੱਲੀ ਦੇਣ ਦਾ ਯਤਨ ਕੀਤਾ ਜਾਂਦਾ ਹੈ ਤੇ ਡਾਂਗਾਂ ਖਾਣ ਵਾਲ਼ਿਆਂ, ਜੇਹਲਾਂ ਵਿੱਚ ਤਸੀਹੇ ਝੱਲਣ
ਵਾਲ਼ਿਆਂ ਨੂੰ, ਕੌਮ ਲਈ ਕੁਰਬਾਨੀ ਕਰਨ ਵਾਲੇ ਆਖਿਆ ਜਾਂਦਾ ਹੈ।
ਆਖਰ ਵਿੱਚ ਸਾਡੀ ਮੰਗ ਇਹੀ ਰਹਿ ਜਾਂਦੀ ਹੈ ਕਿ ਇਸ ਸਾਰੀ ‘ਗੜਬੜ ਚੌਥ’ ਵਿਚ, ਜੇਹਲੀਂ ਜਾ ਕੇ ਕੈਦ
ਭੁਗਤ ਰਹਿਆਂ ਨੂੰ, ਸਰਕਾਰ ਮੁਆਫ਼ੀ ਦੇ ਕੇ ਰਿਹਾ ਕਰ ਦੇਵੇ। ਉਹ ਕਿਸ ਮੰਗ ਨੂੰ ਮੰਨਵਾਉਣ ਲਈ ਕੁਰਬਾਨ
ਹੋਏ ਤੇ ਜੇਹਲੀਂ ਗਏ, ਇਹ ਸਭ ਕੁੱਝ ਭੁੱਲ ਭੁਲਾ ਦਿਤਾ ਜਾਂਦਾ ਹੈ। ਕੁੱਝ ਸਮੇ ਬਾਅਦ ਕੋਈ ਹੋਰ ਇਹੋ
ਜਿਹਾ ਝਮੇਲਾ ਖੜ੍ਹਾ ਕਰ/ਕਰਵਾ ਕੇ ਫਿਰ ਸਿੱਖ ਨੌਜਵਾਨਾਂ ਨੂੰ ਬਲਦੀ ਦੇ ਬੁੱਥੇ ਫਸਾ ਦਿਤਾ ਜਾਂਦਾ
ਹੈ।
ਇਹ ਕੇਹੜੀ ਸ਼ਕਤੀ ਹੈ ਜੋ ਸਮੇ ਸਮੇ ਸਿੱਖਾਂ ਨੂੰ ਚੂੰਢੀਆਂ ਵਢ ਵਢ ਕੇ, ਉਹਨਾਂ ਦਾ ਸਬਰ ਪਰਖ ਰਹੀ
ਹੈ! ਕੀ ਉਹ ਵੇਖਣਾ ਚਾਹੁੰਦੇ ਹਨ ਕਿ ਸਿੱਖਾਂ ਵਿਚ, ਭਾਈ ਬੋਤਾ ਸਿੰਘ ਗਰਜਾ ਸਿੰਘ, ਭਾਈ ਸੁੱਖਾ
ਸਿੰਘ ਮਹਿਤਾਬ ਸਿੰਘ ਅਤੇ ਸੁਖਦੇਵ ਸਿੰਘ ਹਰਜਿੰਦਰ ਸਿੰਘ ਵਾਲ਼ੀ ਅਣਖ ਅਜੇ ਵੀ ਹੈ ਕਿ ਨਹੀਂ! ਜਾਂ
ਫਿਰ ਸਿੱਖਾਂ ਵਿਚੋਂ ਅਣਖੀਲੇ ਗਭਰੂਆਂ ਦੀ ਪਛਾਣ ਕਰਕੇ, ਸਮੇ ਸਿਰ ਉਹਨਾਂ ਦਾ ਬਾਹਨਣੂੰ ਬੰਨ੍ਹਣਾ
ਚਾਹੁੰਦੇ ਹੋਣ!
ਹਿੰਦੁਸਤਾਨ ਵਿੱਚ ਵੱਸਦੀ ਕਿਸੇ ਹੋਰ ਘਟ ਗਿਣਤੀ ਬਾਰੇ ਇਹੋ ਜਿਹੀ ਖ਼ਬਰ ਕਦੀ ਪੜ੍ਹਨ ਨੂੰ ਨਹੀਂ ਮਿਲ਼ੀ
ਕਿ ਉਹਨਾਂ ਦੇ ਧਰਮ ਜਾਂ ਧਰਮ ਸਥਾਨ ਦੀ ਬੇਹੁਰਮਤੀ ਕੀਤੀ ਗਈ ਹੋਵੇ! ਹੋ ਸਕਦਾ ਹੈ ਕਿ ਮੈਂ ਉਹਨਾਂ
ਦਾ ਪ੍ਰੈਸ ਨਹੀਂ ਪੜ੍ਹਦਾ ਤੇ ਨਾ ਹੀ ਉਹਨਾਂ ਦੇ ਇਕੱਠਾਂ ਵਿੱਚ ਜਾਂਦਾ ਹਾਂ; ਇਸ ਲਈ ਮੈਂ ਅਜਿਹੀ
ਜਾਣਕਾਰੀ ਤੋਂ ਵਾਂਝਾ ਰਹਿ ਜਾਂਦਾ ਹੋਵਾਂ।
ਇਕ ਗੱਲ ਛੇ ਕੁ ਦਹਾਕਿਆਂ ਤੋਂ ਸਮੇ ਸਮੇ ਵੇਖਣ ਵਿੱਚ ਆ ਰਹੀ ਹੈ ਕਿ ਜਦੋਂ ਵੀ ਅਜਿਹੀ ਦੁਰਘਟਨਾ ਘਟਣ
ਦੇ ਰੋਸ ਵਜੋਂ ਸਿੱਖ ਨੌਜਵਾਨੀ ਕੋਈ ਵਿਖਾਵਾ ਕਰਦੀ ਹੈ ਤਾਂ ਮੀਡੀਏ ਵਿੱਚ ਸਿੱਖ ਨੌਜਵਾਨ ਨੰਗੀਆਂ
ਤਲਵਾਰਾਂ ਲਹਿਰਾਉਂਦੇ ਵਿਖਾਏ ਜਾਂਦੇ ਹਨ। ਵਿਰੋਧੀਆਂ ਦੇ ਗੁੰਡੇ ਸਿੱਖਾਂ ਨੂੰ ਕੁੱਟਦੇ ਤੇ ਪੁਲਿਸ
ਵਾਲ਼ੇ ਸਿੱਖਾਂ ਉਪਰ ਜ਼ੁਲਮ ਕਰਦੇ, ਮੀਡੀਏ ਵਿੱਚ ਕਦੀ ਦਿਖਾਈ ਨਹੀਂ ਦਿੰਦੇ। ਵਿਰੋਧੀਆਂ ਦੀ ਆਪਣੀ
ਪ੍ਰਾਈਵੇਟ ‘ਫੌਜ’ ਅਤੇ ਉਹਨਾਂ ਦੀ ਸਹਾਇਤਾ ਉਪਰ ਆਈ ਪੁਲਿਸ ਦਾ ਜ਼ੁਲਮ ਵੀ ਸਾਰਾ ‘ਸਵੈ ਰੱਖਿਆ’ ਦੇ
ਘੇਰੇ ਵਿੱਚ ਆ ਜਾਂਦਾ ਹੈ ਤੇ ਸਿੱਖ ਨੌਜਵਾਨ, ਵਿਰੋਧੀਆਂ ਨੂੰ ਆਪਣੀਆਂ ਧਾਰਮਿਕ ਰਸਮਾਂ ਕਰ ਰਹੀਆਂ
‘ਸੰਗਤਾਂ’ ਉਪਰ ਤਲਵਾਰਾਂ ਨਾਲ਼ ਹਮਲਾ ਕਰਨ ਵਾਲ਼ੇ ਸਾਬਤ ਹੋ ਜਾਂਦੇ ਹਨ। ਕਦੀ ਸਾਡੇ ਆਗੂਆਂ ਨੇ ਇਸ
ਪੱਖ ਤੋਂ ਸੋਚਣ ਦਾ ਯਤਨ ਕੀਤਾ ਹੈ?
ਡੇਰਾ ਸਿਰਸਾ ਨਾਲ਼ ਸਬੰਧਤ, ਪੰਜਾਬ ਵਿਚਲੀ ੨੦੦੭ ਤੋਂ ਬਲ਼ ਬਲ਼ ਕੇ ਧੁਖਦੀ ਆ ਰਹੀ ਅੱਗ ਬਾਰੇ ਮੈਂ ਅਜੇ
ਕੁੱਝ ਨਹੀਂ ਲਿਖ ਰਿਹਾ। ਇਹ ਬਹੁਤ ਹੀ ਵੱਡਾ ਝਮੇਲਾ ਹੈ। ਇਸ ਬਾਰੇ ਲਿਖਣ ਲੱਗਿਆਂ, ਮੇਰਾ ਖਿਆਲ ਹੈ
ਕਿ ਮੈਂ ਖ਼ੁਦ ਨੂੰ ਕਾਬੁ ਵਿੱਚ ਨਹੀਂ ਰੱਖ ਸਕੂੰਗਾ; ਤੇ ਮੇਰੇ ਵਿਚਾਰ ਕਿਸੇ ਦੇ ਵੀ ਫਿੱਟ ਨਹੀਂ
ਆਉਣਗੇ। ਹੁਣ ਤਾਂ ਪੰਜਾਬ ਦੀ ਧਰਤੀ ਤੇ ਇਸ ਦੇ ਭਾਂਬੜ ਬਲ਼ ਪਏ ਹਨ।
ਸਮਝਣ ਵਾਲ਼ੀ ਗਲ ਇਹ ਹੈ ਕਿ ਇਹ ਸਿਰਫ ਸਿੱਖਾਂ ਨਾਲ਼ ਹੀ ਕਿਉਂ ਹੋ ਰਿਹਾ ਹੈ? ਸਿੱਖ ਬਹੁ ਸੰਮਤੀ ਵਾਲੇ
ਇਲਾਕੇ ਵਿਚ, ਸਿੱਖ ਅਤੇ ਉਹ ਵੀ ਅਕਾਲੀ ਮੁਖ ਮੰਤਰੀ ਦੇ ਹੁੰਦਿਆਂ, ਵਾਰ ਵਾਰ ਸਿੱਖਾਂ ਦੇ ਹਿਰਦੇ
ਵਲੂੰਧਰਨ ਵਾਲ਼ੀਆਂ ਦੁਰਘਟਨਾਵਾਂ ਦਾ ਵਾਪਰਨ ਨੂੰ, ਕੀ ਅਸੀਂ ਸਵਾ ਦੋ ਕਰੋੜ ਦੀ ਗਿਣਤੀ ਵਾਲ਼ੀ ਕੌਮ
ਰੋਕ ਨਹੀਂ ਸਕਦੀ! ਇਸ ਪੱਖ ਤੇ ਕਦੇ ਸਾਡੇ ਆਗੂਆਂ ਨੇ ਸੰਜੀਦਗੀ ਨਾਲ਼ ਸੋਚਣ ਦਾ ਯਤਨ ਕੀਤਾ ਹੈ?
ਗਿ: ਸੰਤੋਖ ਸਿੰਘ
01/11/15)
ਦਲਬੀਰ ਸਿੰਘ ਪੱਤਰਕਾਰ
ਚਿਟੇ
ਜਿਨ ਕੇ ਕਪੜੇ ਮੈਲੇ ਚਿਤ ਕਠੋਰ ਜੀਉ॥ ਤਿਨ ਮੁਖਿ ਨਾਮੁ ਨ ਉਪਜੈ ਦੂਜੇ ਵਿਆਪੇ ਚੋਰ ਜੀਉ॥ (751)
ਗੁਰੂ ਗ੍ਰੰਥ ਦਾ ਅਪਮਾਨ-ਭਾਰਤ ਦਾ ਬ੍ਰਾਹਮਣੀਕਰਨ
ਦਲਬੀਰ ਸਿੰਘ ਪੱਤਰਕਾਰ ਮੋਬਾਇਲ 99145-71713
ਜਲੰਧਰ, 1 ਨਵੰਬਰ 2015
ਸ੍ਰੇਸ਼ਟ ਗਿਆਨ ਦੇ ਮਾਲਕ ਛੇ ਸਿੱਖ ਗੁਰੂ ਸਹਿਬਾਨਾਂ ਅਤੇ 15 ਭਗਤਾਂ ਨੇ ਕੁਦਰਤੀ ਵਿਕਾਸ ਅਤੇ
ਧਰਤੀ ਦੇ ਹਜ਼ਾਰਾਂ ਸਾਲ ਪੁਰਾਣੇ ਸੱਭਿਆਚਾਰ ਦੇ ਤੱਤਾਂ ਨੂੰ ਇੱਕ ਥਾਂ ਪਰੋਸ ਕੇ ਗੁਰੂ ਗ੍ਰੰਥ ਸਾਹਿਬ
ਨੂੰ ‘ਭਾਰਤੀ ਵਿਗਿਆਨਕ ਇਨਸਾਈਕਲੋਪੀਡੀਆ’ ਬਣਾ ਦਿੱਤਾ। ਪਰ ਅਜੋਕੇ ਬ੍ਰਾਹਮਣ ਅਤੇ ਬਾਣੀਆ ਸੋਚ ਦੇ
ਹਾਕਮ ਇਸ ਨੂੰ ਆਦਰ ਦੇਣ ਦੀ ਥਾਂ ਪਲੀਤ ਕਰਨ ਤੇ ਤੁਲੇ ਹੋਏ ਹਨ।
ਇਹ ਵੱਡਾ ਪਲਟਾ ਤਾਂ ਭਾਵੇਂ ਰਾਜਨੀਤਿਕ ਖੇਤਰ ਵਿੱਚ 2014 ਦੀਆਂ ਪਾਰਲੀਮਾਨੀ ਚੋਣਾਂ ਪਿੱਛੋਂ
ਮੋਦੀਕਿਆਂ ਦੀ ਜਿੱਤ ਮਗਰੋਂ ਆਇਆ, ਪਰ ਇਸਦਾ ਆਰੰਭ ਅੰਗਰੇਜ਼ ਦੇ 1947 ਨੂੰ ਦੇਸ਼ ਛੱਡਣ ਸਮੇਂ ਹੀ ਹੋ
ਗਿਆ ਸੀ। ਉਦੋਂ ਫਿਰਕੂ ਖੂਨ ਦੀਆਂ ਨਦੀਆਂ ਵਗੀਆਂ ਸਨ। ਭਾਰਤ ਤਾਂ ਵੰਡਿਆ ਗਿਆ, ਪਰ ਅਜੋਕਾ ਸਰਦਾਰ
ਪਟੇਲ ਦੀ ਏਕਤਾ ਦਾ ਰਾਗ ਅਤੇ ਗਾਂਧੀ ਦੀ ਉਸ ਸਮੇਂ ਦੀ ਧਾਰਮਿਕ ਏਕਤਾ ਦੀ ਸੁਰ ਦੀਆਂ ਤਾਂ ਧੱਜੀਆਂ
ਉੱਡ ਗਈਆਂ ਸਨ। ਜਵਾਹਰ ਲਾਲ ਨਹਿਰੂ ਵਲੋਂ ਦਿੱਤੀ ਗਈ ਸੇਧ ਸਦਕਾ ਜਦ ਗਾਂਧੀ ਨੂੰ ਭਾਰਤੀਆਂ ਦਾ
‘ਬਾਪੂ’ ਬਣਾ ਦਿੱਤਾ ਗਿਆ ਤਾਂ ਨਾਲ ਦੀ ਨਾਲ ਕਾਲਪਨਿਕ ਕਥਾ ਕਹਾਣੀਆਂ ਭਾਵ ਰਾਮਾਇਣ, ਮਹਾਂਭਾਰਤ,
ਗੀਤਾ ਅਤੇ ਆਦੀ-ਗ੍ਰੰਥਾਂ ਨੂੰ ਵੀ ਪੂਜਾ ਦੇ ਤਖਤਾਂ ਤੇ ਬਿਠਾ ਦਿੱਤਾ ਗਿਆ ਸੀ। ਇਸ ਤਰ੍ਹਾਂ ਛੁਪਵੇਂ
ਰੂਪ ਵਿੱਚ ਭਾਰਤੀ ਵਿਧਾਨ ਦੇ ਹੁੰਦਿਆਂ ਹੋਇਆਂ ਇਸ ਦੇਸ਼ ਦੇ ਸੱਭਿਆਚਾਰ ਉੱਪਰ ਹਿੰਦੂਤਵ ਦੀ ਸਰਦਾਰੀ
ਦਾ ਆਰੰਭ ਹੋ ਗਿਆ ਸੀ। ਕੁਰਾਨ ਸ਼ਰੀਫ, ਗੁਰੂ ਗ੍ਰੰਥ ਸਾਹਿਬ, ਬੋਧੀ ਗ੍ਰੰਥ ਆਦਿ ਆਦਿ ਅੱਖੋਂ ਪਰੋਖੇ
ਹੋਣ ਦੇ ਨਾਲ-ਨਾਲ ਨੁਕਤਾਚੀਨੀ ਦੇ ਪਾਤਰ ਬਣਾ ਦਿੱਤੇ ਗਏ ਸਨ। ਇਹਨਾਂ ਦੇ ਸਮੂਹ ਸਮਰਥਕ ਵੀ ਕਥਿਤ
ਬਹੁ-ਗਿਣਤੀ ਵੱਲੋਂ ਨਿਰਾਦਰੇ ਜਾਣ ਲੱਗੇ ਸਨ। ਇੰਦਰਾ ਤੇ ਰਾਜੀਵ ਸਮੇਂ ਅਮਲੀ ਰੂਪ ਵਿੱਚ ਇਹਨਾਂ ਘੱਟ
ਗਿਣਤੀ ਭਾਈਚਾਰਿਆਂ ਦੇ ਪੂਜਨੀਕ ਅਸਥਾਨ ਢਾਏ ਜਾਣ ਲੱਗੇ ਅਤੇ ਇਹਨਾਂ ਦੇ ਫਿਰਕੂ ਫਸਾਦਾਂ ਰਾਹੀਂ
ਜਾਨੀ ਨੁਕਸਾਨਾਂ ਦਾ ਵੀ ਵੱਡੀ ਪੱਧਰ ਤੇ ਖਿਲਾਰਾ ਖਿਲਰ ਗਿਆ। ਹੋਰਨਾਂ ਦੇ ਨਾਲ ਨਾਲ ਸਿੱਖਾਂ ਦੇ
ਬੁਨਿਆਦੀ ਵਿਧਾਨਕ ਹੱਕਾਂ ਤੇ ਵੀ ਤਕੜੇ ਵਾਰ ਹੋਏ ਅਤੇ ਸਾਦਾ ਜਿਹੀ ‘ਪੰਜਾਬੀ ਸੂਬੇ’ ਦੀ ਪ੍ਰਾਪਤੀ
ਦੀ ਖੂਨੀ ਟੋਭਿਆਂ ਵਿੱਚ ਨੁਆਈ ਗਈ। ਅੱਜ ਤਾਈਂ ਵੀ ਏਥੇ ਨਾ ਪੰਜਾਬੀ ਬੋਲੀ ਦੀ ਕਦਰ ਹੈ ਤੇ ਨਾ ਹੀ
ਇਸ ਪ੍ਰਾਂਤ ਦੇ ਵਿਧਾਨਕ ਹੱਕਾਂ ਦੀ ਪ੍ਰਵਾਨਗੀ।
1966 ਦੇ ਬੀਤੇ ਉਪਰੋਕਤ ਇਤਿਹਾਸ ਪਿੱਛੋਂ ਇੰਦਰਾ ਗਾਂਧੀ ਨੇ ਜਿੱਥੇ ਸਾਰੇ ਦੇਸ਼ `ਚ 1975 ਵਿੱਚ
‘ਐਮਰਜੈਂਸੀ’ ਲਾਗੂ ਕੀਤੀ, ਉੱਥੇ 1978 ਵਿੱਚ ਪੰਜਾਬ ਦੇ ਆਰੀਆ ਸਮਾਜੀਆਂ ਨੂੰ ਸ਼ਹਿ ਦੇ ਕੇ ਸਿੱਖਾਂ
ਦੀ ਧਾਰਮਿਕ ਰਾਜਧਾਨੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ‘ਨਿਰੰਕਾਰੀ-ਸਿੱਖ ਟਕਰਾਅ’ ਕਰਵਾ ਦਿੱਤਾ।
ਪੰਜਾਬ ਅੰਦਰ ਆਰੀਆ ਸਮਾਜ ਰਾਹੀਂ ਫਿਰਕੂ ਹਿੰਦੂ ਪ੍ਰੰਪਰਾ ਨੂੰ ਪੱਕੇ ਪੈਰੀਂ ਕਰਨ ਦਾ ਆਰੰਭ ਤਾਂ
ਜਵਾਹਰ ਲਾਲ ਨਹਿਰੂ ਸਮੇਂ ਹੀ ਹੋ ਗਿਆ ਸੀ। ਦੇਸ਼ ਦੀ ਵੰਡ ਸਮੇਂ ਉਸਦੀ ਸੋਚ ਹੀ ਭਾਰੂ ਰਹੀ ਅਤੇ ਸਿੱਖ
ਭਾਈਚਾਰੇ ਦੀ ਚੀਰ-ਫਾੜ ਨੇ ਨਾਨਕ ਸਮਰਥਕਾਂ ਦਾ ਤਾਣਾ ਪੇਟਾ ਤੋੜ ਦਿੱਤਾ। ਗਾਂਧੀ ਨਹਿਰੂ ਦੇ ਸਿੱਖਾਂ
ਨੂੰ ਦਿੱਤੇ ਹੋਏ ਵਚਨ ਵੀ ਹਵਾ ਵਿੱਚ ਉੱਡ ਗਏ। ‘ਸਾਕਾ ਨੀਲਾ ਤਾਰਾ’ ਰਾਹੀਂ ਹਰ ਸਿੱਖ ਨੂੰ ਅੱਤਵਾਦੀ
ਅਤੇ ਹਰ ਗੁਰਧਾਮ ਨੂੰ ਉਨ੍ਹਾਂ ਦੇ ਅੱਡੇ ਦੀ ਸੁਰ ਦਿੱਤੀ ਗਈ, ਜੋ ਅੱਜ ਤਾਈਂ ਚਾਲੂ ਹੈ। ਕੱਲ੍ਹ
ਪਰਸੋਂ ਨਹਿਰੂ ਪਰਿਵਾਰ ਦਾ ਖਾਸ ਅੰਗ ਫੋਤੇਦਾਰ ਆਪਣੀ ਨਵੀਂ ਪੁਸਤਕ ਵਿੱਚ ਅੱਜ ਵੀ ਇਹੋ ਰਾਗ ਅਲਾਪ
ਰਿਹਾ ਹੈ ਅਤੇ ਪਾਪਣ ਇੰਦਰਾ ਅੱਜ ਵੀ ਉਨ੍ਹਾਂ ਦੀ ‘ਦੇਵੀ’ ਹੈ।
ਮੋਦੀਕਿਆਂ ਦੀ ਚੜ੍ਹਤ ਭਾਰਤ ਅੰਦਰ ਬ੍ਰਾਹਮਣ ਦੀ ਹਾਰ ਅਤੇ ਬਾਣੀਆ ਦੀ ਜਿੱਤ ਦਾ ਵੱਡਾ ਪਲਟਾ ਸੀ।
ਵੱਡੀ ਤੇਜ਼ੀ ਨਾਲ ਗੁਜਰਾਤ ਅੰਦਰ ਮੁਸਲਮਾਨੀ ਕਤਲਾਂ ਦੇ ਪਹਿਰੇਦਾਰ ਮੋਦੀ ਨੇ ਬਿਦੇਸ਼ਾਂ ਦੇ 30 ਕੁ
ਚੱਕਰ ਲਾ ਕੇ ਇਹ ਟੋਹ ਲਿਆ ਹੈ ਕਿ ਹਿੰਦੂਤਵ ਵਿਚਾਰਧਾਰਾ ਕਿੰਨੀ ਕੁ ਯੋਗਤਾ ਨਾਲ ਸਾਰੀ ਧਰਤੀ ਤੇ
ਫੈਲਾਈ ਜਾ ਸਕਦੀ ਹੈ। ਦੇਸ਼ ਅੰਦਰ ਗਾਂ ਨੂੰ ‘ਮਾਂ’ ਦਾ ਦਰਜਾ ਦੇ ਕੇ ਤੇ ਉਸਦੇ ਮਾਸ ਨੂੰ ‘ਬੱਜਰ
ਗੁਨਾਹ’ ਦੱਸ ਕੇ ਜਦ ਵਿਰੋਧੀ ਮਾਰਨ ਨਾਲ ਤਸੱਲੀ ਨਹੀਂ ਹੋਈ ਤਾਂ ਵਿਧਾਨ ਨੂੰ ਪਲਟਾ ਦੇਣ ਲਈ ਸੁਪਰੀਮ
ਕੋਰਟ ਨਾਲ ਵੀ ਮੱਥਾ ਲਾ ਲਿਆ। ਵਿਗਿਆਨਕ ਸੰਸਥਾਵਾਂ ਦੇ ਮੁਖੀ ਤੇ ਕਮੇਟੀਆਂ ਨਿੱਕਰਧਾਰੀ ਸੋਚ
ਵਾਲਿਆਂ ਵਿਅਕਤੀਆਂ ਨਾਲ ਭਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਐਮਰਜੈਂਸੀ ਵੇਲੇ ਪੰਜਾਬ ਅੰਦਰ ਸਾਡੀ
ਜਾਣਕਾਰੀ ਅਨੁਸਾਰ ਇਨ੍ਹਾਂ ਨਿੱਕਰਾਂ ਨਾਲ ਸ਼ਹਿਰੀ ਕੂੜਿਆਂ ਦੇ ਡਰੰਮ ਭਰ ਗਏ ਸਨ। ਹੁਣ ਸਮਾਂ ਇਹ ਆ
ਗਿਆ ਕਿ ਫਿਰਕੂ ਵੰਡੀਆਂ ਦੇ ਵੱਧ ਤੋਂ ਵੱਧ ਪੈਂਤੜੇ ਲਏ ਜਾਣ। ਪੰਜਾਬ ਅੰਦਰ ਬਾਦਲਕਿਆਂ ਨੂੰ ਤਾਂ
ਕੇਵਲ ਤੇ ਕੇਵਲ ਚੌਧਰਾਂ ਦੀ ਹਵਸ ਤੇ ਮਾਇਆ ਦਾ ਹਲਕਾਅ ਹੈ। ਜਿਸਦੀ ਪੂਰਤੀ ਭਾਜਪਾਈਆਂ ਨਾਲ ਭਾਈਵਾਲੀ
ਬਣਾ ਕੇ ਹੋ ਰਹੀ ਹੈ।
ਪਰ ਵਿਚਾਰਧਾਰਾ ਪੱਖੋਂ ਆਰ. ਐੱਸ. ਐੱਸ. ਮੁਖੀ ਮੋਹਰ ਭਾਗਵਤ ਮੋਦੀਕਿਆਂ ਦੇ ਸਰਕਾਰੀ ਲਾਮ ਲਸ਼ਕਰ ਦੀ
ਪ੍ਰਾਪਤੀ ਸਦਕਾ ਜਦ ਭਾਰਤ ਦੇ ‘ਹਿੰਦੂਕਰਨ’ ਦੀ ਸੇਧ ਲੈ ਕੇ ਸਿੱਖਾਂ ਦੇ ਇੱਕ ਮੂਰਖ ਟੋਲੇ ਨੂੰ ਨਾਲ
ਗੰਢ ਰਾਜਨੀਤਿਕ ਮੈਦਾਨ ਵਿੱਚ ਉੱਤਰੇ ਤਾਂ ਇਸ ਖਿੱਤੇ ਵਿੱਚ ਇੱਕ ਤੂਫਾਨ ਆ ਗਿਆ। ਭਾਵੇਂ ਇਹ ਗੱਲ
ਪੁਰਾਣੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਰੰਭ ਹੀ ਮਨੁੱਖੀ ਵੰਡੀਆਂ ਭਾਵ ਵਰਣ ਆਸ਼ਰਮ ਦੇ ਵਿਨਾਸ਼ ਦਾ
ਪੈਂਤੜਾ ਲੈ ਕੇ ਕੀਤਾ ਸੀ, ਪਰ ਭਾਗਵਤ-ਕਿਆਂ ਨੇ ਰਾਜਨੀਤਿਕ ਖੇਡ ਰਚਦਿਆਂ ਪੰਜਾਬ ਅੰਦਰ ਗੁਰੂ ਗ੍ਰੰਥ
ਸਾਹਿਬ ਦੀ ਵਿਚਾਰਧਾਰਾ ਦੀ ਪਕੜ ਨੂੰ ਪਰਖਣ ਦੀ ਨਵੀਂ ਸੇਧ ਉਲੀਕੀ। ਉਹ ਸੇਧ ਸੀ ਕਤਲਾਂ, ਬਲਾਤਕਾਰਾਂ
ਅਤੇ ਖੱਸੀ ਕਰਨ ਦੇ ਦੋਸ਼ਾਂ ਵਿੱਚ ਉਲਝੇ ਸਿਰਸਾ ਡੇਰੇ ਦੇ ਮੁਖੀ ਤੇ ਉਹਦੇ ਸਮਰਥਕਾਂ ਰਾਹੀਂ ਗੁਰੂ
ਨਾਨਕ ਦੇਵ ਜੀ ਦੀ ਉਪਜ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਅਤੇ ਬੇਅਦਬੀ ਦੇ ਪੈਂਤੜੇ। ਬਾਦਲਕੇ
ਦਾਹੜੀ ਕੇਸ ਤੇ ਪੱਗਾਂ ਦੇ ਹੁੰਦਿਆਂ ਹੋਇਆਂ ਵੀ ਇਸ ਪਾਪੀ ਵਰਤਾਰੇ ਦੇ ਭਾਈਵਾਲ ਬਣੇ ਰਹੇ, ਪਰ
ਸਧਾਰਨ ਸਿੱਖਾਂ ਦੀ ਅਣਖ ਉਬਾਲੇ ਖਾ ਗਈ। ਅੱਜ ਸਾਰੇ ਪੰਜਾਬ ਅਤੇ ਸਾਰੇ ਸਿੱਖ ਜਗਤ ਅੰਦਰ ਇਨ੍ਹਾਂ
ਦੀਆਂ ਬਿੱਚੀਆਂ ਪੈ ਰਹੀਆਂ ਹਨ ਅਤੇ ਇਹ ਹੋਰ ਵਧਣਗੀਆਂ। ਪਰ ਮੋਦੀਕੇ ਅਤੇ ਭਾਗਵਤਕੇ ਆਪਣੀ ਖੇਡ ਤੋਂ
ਪਿੱਛੇ ਨਹੀਂ ਹਟਣਗੇ। ਭਾਵੇਂ ਇਹ ਫਿਰਕੂ ਟਕਰਾਅ ਸਾਰੇ ਭਾਰਤ ਵਿੱਚ ਵਧੇਗਾ, ਪਰ ਇਸਦੀ ਮੁੱਖ ਧਾਰਾ
ਜਾਂ ਟੱਕਰ ਪੰਜਾਬ ਵਿੱਚ ਹੀ ਚੱਲੇਗੀ। ਹੋ ਸਕਦਾ ਇਸਦਾ ਸਿਖਰਲਾ ਰੂਪ ਸਾਰੇ ਦੇਸ਼ ਵਿੱਚ ਖਾਨਾਜੰਗੀ ਦਾ
ਰੂਪ ਲੈ ਲਵੇ। ਪੰਜਾਬ ਅੰਦਰ ਅਜਿਹੀ ਭਿਆਨਕ ਸਥਿਤੀ ਦਾ ਖਤਰਾ ਇਸ ਲਈ ਵੱਧ ਹੈ ਕਿਉਂਕਿ ਹਿੰਦੂਤਵੀਆਂ
ਦਾ ਮੁੱਢ ਬ੍ਰਾਹਮਣ ਤੇ ਬਾਣੀਆ ਦੇ ਗਠਜੋੜ ਵਿੱਚੋਂ ਉਪਜਿਆ ਅਤੇ ਉਸ ਦੀ ਵਿਚਾਰਧਾਰਕ ਪਹੁੰਚ ਸੀ
ਕਾਲਪਨਿਕ ਬ੍ਰਾਹਮਣਵਾਦੀ ਝੂਠ ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਵੰਗਾਰਿਆ ਅਤੇ ਗੁਰੂ ਗ੍ਰੰਥ ਸਾਹਿਬ
ਅੱਜ ਵੀ ਉਸ ਵੰਗਾਰ ਦਾ ਟਕਸਾਲੀ ਸਰੂਪ ਹਨ। ਪੰਜਾਬ ਅੰਦਰ ਬਾਣੀਆ ਉਪਜਾਊ ਕਿਰਤ ਤੋਂ ਸੱਖਣਾ ਅਤੇ
ਮੁੱਖ ਰੂਪ ਵਿੱਚ ਸ਼ਹਿਰਾਂ ਵਿੱਚ ਬੈਠ ਕੇ ਝੂਠ ਫਰੇਬ ਅਤੇ ਹਰ ਕਿਸਮ ਦੀ ਧੋਖੇਬਾਜ਼ੀ ਰਾਹੀਂ ਕਥਿਤ
ਕਮਾਈ ਕਰਦਾ ਹੈ।
ਗਧਿਆਂ ਵਾਲੀ ਸੋਚ ਦੇ ਮਾਲਕ ਕਈ ਸਿੱਖ ਸਦਵਾਉਣ ਵਾਲਿਆਂ ਨੇ ਸਿੱਖੀ ਨੂੰ ਕੇਵਲ ਸਰੂਪ ਨਾਲ ਹੀ ਬੰਨ੍ਹ
ਦਿੱਤਾ ਹੈ। ਜੋ ਸੱਚ ਨਹੀਂ। ਪਰਖ ਵਜੋਂ ਅੱਜ ਦੇ ਕਾਂਗਰਸੀ ਸਮਰਥਕ, ਭਾਜਪਾਈ ਸਮਰਥਕ, ਸੱਚਾ-ਸੌਦਾ
ਸਮਰਥਕ, ਅਨੇਕ ਬਾਬਿਆਂ ਅਤੇ ਡੇਰਿਆਂ ਦੇ ਸਮਰਥਕ, ਲਗਭਗ ਸਮੂਹ ਗੁਰਧਾਮਾਂ ਵਿੱਚ ਵਿਚਰ ਰਹੇ ਪੁਜਾਰੀ,
ਸਿੱਖ ਸਦਵਾਉਂਦਿਆਂ ਹੋਇਆਂ ਵੀ ਕਰਾਮਾਤਾਂ ਦੇ ਸਮਰਥਕ-ਇਹ ਸਾਰਾ ਲਾਣਾ ਗੁਰੂ ਗ੍ਰੰਥ ਸਾਹਿਬ ਦੀ
ਸਿੱਖਿਆ ਦੀ ਥਾਂ ਹਾਕਮਾਂ ਦੇ ਟੁਕੜਿਆਂ ਤੇ ਪਲ਼ਣ ਨੂੰ ਪਹਿਲ ਦੇਵੇਗਾ। ਬੁੱਧੀਜੀਵੀਆਂ ਦੀ ਇੱਕ ਵੱਡੀ
ਲੜੀ ਵੀ ਇਸ ਲਾਣੇ ਵਿੱਚ ਸ਼ਾਮਲ ਰਹੇਗੀ। ਇਹ ਕਹਿਣ ਦਾ ਨਿਚੋੜ ਹੈ ਸਿੱਖ ਭਾਈਚਾਰੇ ਲਈ ਆਉਣ ਵਾਲੀ
ਕਥਿਤ ਸਾੜਸਤੀ ਵੱਲ ਇਸ਼ਾਰਾ।
ਚੇਤੇ ਰੱਖਣ ਵਾਲੀ ਅਤੇ ਕਦੇ ਨਾ ਭੁੱਲਣ ਵਾਲੀ ਗੱਲ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦਾ
ਅਰੰਭ ਇਹ ਕਹਿ ਕੇ ਕੀਤਾ ਕਿ ‘ਨਾ ਕੋ ਹਿੰਦੂ ਨਾ ਮੁਸਲਮਾਨ’। ਜਿਨ੍ਹਾਂ ਵਿਚਾਰਾਂ ਦੀ ਪ੍ਰੋੜਤਾ ਮਹਾਨ
ਹੇਠਾਂ ਦਰਜ ਭਗਤ ਸਾਹਿਬਾਨ ਨੇ ਵੀ ਕੀਤੀ:- ਕਬੀਰ ਜੀ, ਫਰੀਦ ਜੀ, ਨਾਮਦੇਵ ਜੀ, ਰਵੀਦਾਸ ਜੀ,
ਤ੍ਰਿਲੋਚਨ ਜੀ, ਬੈਣੀ ਜੀ, ਧੰਨਾ ਜੀ, ਜੈਦੇਵ ਜੀ, ਭੀਖਣ ਜੀ, ਪਰਮਾਨੰਦ ਜੀ, ਰਾਮਾਨੰਦ ਜੀ, ਸੈਣ
ਜੀ, ਪੀਪਾ ਜੀ, ਸਦਨਾ ਜੀ, ਸੂਰਦਾਸ ਜੀ, ਬਲਵੰਡ ਅਤੇ ਸੱਤਾ ਜੀ, ਬਾਬਾ ਸੁੰਦਰ ਜੀ, ਮਰਦਾਨਾ ਜੀ।
ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਜੀ ਸਬੰਧੀ ਗਿਆਨ ਦੀ ਪਰਖ ਕਰਦਿਆਂ ‘ਜਲਦੀ ਧਰਤ ਲੁਕਾਈ’ ਦੀ ਚਰਚਾ
ਕੀਤੀ ਹੈ। ਜੋ ਅਜੋਕੇ ਰੂਪ ਵਿੱਚ ਅੱਜ ਵੀ ਸਾਡੇ ਸਾਹਮਣੇ ਹੈ। ਅਸੀਂ ਵੀਹਵੀਂ ਸਦੀ ਵਿੱਚ ਦੋ ਵੱਡੀਆਂ
ਜੰਗਾਂ ਤੇ ਫਿਰ ਵੇਅਤਨਾਮ, ਕੋਰੀਆ, ਅਫਗਾਨਿਸਤਾਨ ਅਤੇ ਹੁਣ ਮੱਧ ਏਸ਼ੀਆ ਦੇ ਲਗਭਗ ਸਮੂਹ ਮੁਸਲਿਮ
ਦੇਸ਼ਾਂ ਵਿੱਚ ਸਾੜਸਤੀ ਵੇਖ ਰਹੇ ਹਾਂ। ਅਮਰੀਕਾ, ਰੂਸ ਅਤੇ ਨਾਟੋ ਦੇਸ਼ਾਂ ਨੇ ਕਰਾਰੀਆਂ ਸੱਟਾਂ ਖਾ ਕੇ
ਵੀ ਜੰਗੀ ਭੱਠੀਆਂ ਚਾਲੂ ਰੱਖੀਆਂ ਹੋਈਆਂ ਹਨ। ਵਿਚਾਰਧਾਰਕ ਪੱਖੋਂ ਤਕੜੇ ਤੇ ਹੈਂਕੜਬਾਜ਼ ਗਰੀਬਾਂ ਤੇ
ਮਾੜਿਆਂ ਨੂੰ ‘ਅੱਤਵਾਦੀ’ ਗਰਦਾਨ ਕੇ ਉਨ੍ਹਾਂ ਦੇ ਲਹੂ ਦੇ ਇਸ਼ਨਾਨ ਕਰ ਰਹੇ ਹਨ। ਅੱਜ ਕੇਵਲ ਤੇ ਕੇਵਲ
ਨਾਨਕ ਵਿਚਾਰਧਾਰਾ ਅਤੇ ਗੁਰੂ ਗ੍ਰੰਥ ਸਾਹਿਬ ਦੀ ਸੋਚ ਹੀ ਸਮੁੱਚੀ ਲੋਕਾਈ ਨੂੰ ਇਨ੍ਹਾਂ ਅਗਨ ਭੱਠੀਆਂ
ਵਿੱਚੋਂ ਕੱਢਣ ਯੋਗ ਹੈ। ਮੋਹਣ ਭਾਗਵਤ ਜੀ ਅਤੇ ਸਮੂਹ ਮੋਦੀਕਿਓ, ਭਾਜਪਾਈਓ, ਉਲਟਾ ਰਾਹ ਛੱਡੋ ਗੁਰੂ
ਗ੍ਰੰਥ ਸਾਹਿਬ ਦੀ ਸੋਚ ਫਿਰਕੂ ਨਹੀਂ, ਇਸਤੋਂ ਉੱਪਰ ਕਿਸੇ ਕੋਲ ਕੋਈ ਧਰਮ ਨਿਰਪੇਖਤਾ ਦੀ ਦਾਤ ਨਹੀਂ।
ਸਿੱਖ ਵਿਚਾਰਧਾਰਾ ਮੁਸਲਮਾਨਾਂ ਜਾਂ ਹੋਰ ਧਾਰਮਿਕ ਭਾਈਚਾਰਿਆਂ ਨਾਲ ਝਗੜਿਆਂ ਦਾ ਰਾਹ ਨਹੀਂ
ਖੋਲ੍ਹਦੀ। ਪਾਗਲਪਨ ਤਿਆਗੋ!
01/11/15)
ਬੀ ਐੱਸ ਢਿੱਲੋਂ ਐਡਵੋਕੇਟ
ਆਖਰ
ਦਾਦਰੀ ਅਤੇ ਦਿੱਲੀ ਵਰਗੀਆਂ ਘਟਣਾਵਾਂ ਰੋਕਣ ਲਈ ਸਾਡਾ ਕਾਨੂੰਨ ਕਾਰਗਰ ਕਿਉਂ ਨਹੀਂ ?
………. ਬੀ ਐੱਸ ਢਿੱਲੋਂ ਐਡਵੋਕੇਟ
ਅਠਾਰਵੀਂ ਸਦੀ ਦੇ ਸ਼ੁਰੂ ਵਿੱਚ ਇੰਗਲੈਂਡ ਵਿੱਚ ਦੰਗਾ ਰੋਕੂ ਕਾਨੂੰਨ ਬਣਾਇਆ ਗਿਆ ਸੀ।ਜਿਸ ਅਨੁਸਾਰ
ਹਮਲਾ ਕਰਨ ਦੀ ਨੀਅਤ ਨਾਲ ਇਕੱਠੇ ਹੋਏ ਦਰਜ਼ਨ ਜਾਂ ਇਸ ਤੋਂ ਵੱਧ ਲੋਕਾਂ ਦੀ ਭੀਡ਼ ਨੂੰ ਗੈਰ
ਕਾਨੂੰਨੀ ਕਹਿ ਕਿ ਤੁਰੰਤ ਬਿੱਖਰਣ ਦਾ ਹੁਕਮ ਦਿੱਤਾ ਜਾ ਸਕਦਾ ਸੀ।ਹੁਕਮ ਨਾ ਮੰਨਣ ਵਾਲਿਆਂ ਨੂੰ
ਪੁਲਿਸ ਜਾਂ ਫੌਜ ਦੀ ਵਰਤੋਂ ਕਰਕੇ ਖਿਦੇਡ਼ਿਆ ਜਾ ਸਕਦਾ ਸੀ। ਉੱਪਰੋਂ ਮੌਤ ਦੀ ਸਜਾ ਦੇਣ ਦੀ
ਵਿਵੱਸਥਾ ਸੀ। ਅਜਿਹਾ ਹੀ ਕਾਨੂੰਨ ਅਮਰੀਕਾ ਨੇ ਅਠਾਰਵੀਂ ਸਦੀ ਦੇ ਅੰਤ ਵਿੱਚ ਬਣਾਇਆ ਸੀ।ਅਸੀਂ ਤਿੰਨ
ਸੌ ਸਾਲ ਬਾਅਦ ਵੀ ਨਹੀਂ ਸੋਚ ਰਹੇ ।
ਭਾਰਤ ਵਿੱਚ ਕਿਉਂ ਕਿ ਅੱਗ ਨੂੰ ਸਾਡ਼ ਦੇਣ ਵਾਲੀ ਸ਼ਕਤੀ ਵਜੋਂ ਵੇਖਣ ਦਾ ਸੁਭਾਅ ਨਹੀਂ।ਜਦੋਂ ਤੱਕ
ਕਿ ਖੁਦ ਹੱਥ ਜਲਾ ਕੇ ਨਾ ਵੇਖ਼ ਲਿਆ ਜਾਵੇ।ਬਿਹਾਰ ਵਿਧਾਨ ਸਭਾ ਚੋਣਾਂ ਸਿਆਸੀ ਪਾਰਟੀਆਂ ਲਈ ਵੱਕਾਰ
ਦਾ ਸਵਾਲ ਬਣੀਆਂ ਹੋਈਆਂ ਹਨ। ਚੋਣਾਂ ਤੋਂ ਪਹਿਲਾਂ ਦੰਗੇ ਕਰਾਉਣਾ ਭਾਰਤੀ ਸਿਆਸਤ ਦੀ ਰਵਾਇਤ ਜਿਹੀ
ਬਣ ਗਈ ਹੈ। ਦਾਦਰੀ ਕਾਂਡ ਇਸਦੀ ਤਾਜਾ ਉਧਾਹਰਣ ਹੈ। ਗਾ ਦਾ ਮਾਸ ਖਾਣ ਦੀ ਗੱਲ ਕਹਿ ਕੇ ਬਿਸਹਾਡ਼ਾ
ਪਿੰਡ ਵਿਚ ਮੁਹੰਮਦ ਅਖ਼ਲਾਕ ਦੀ ਹੱਤਿਆ ਕੋਈ ਹਾਦਸਾ ਨਹੀਂ ਸੀ, ਬਲਕਿ ਇਸ ਪਿੱਛੇ ਮਕਸਦ ਫਿਰਕੂ ਦੰਗੇ
ਭਡ਼ਕਾ ਕੇ ਬੁਰੇ ਹਾਲਾਤ ਪੈਦਾ ਕਰਨਾ ਸੀ। ਗਾਂ ਦਾ ਮਾਸ ਖਾਣ ਦੇ ਸ਼ੱਕ ਵਿਚ ਕਤਲ ਕੀਤੇ ਗਏ ਅਖ਼ਲਾਕ
ਦੇ ਘਰੋਂ ਬਰਾਮਦ ਮਾਸ ਦੀ ਜਾਂਚ ਰਿਪੋਰਟ ਮੁਤਾਬਕ ਇਹ ਗਾਂ ਦਾ ਮਾਸ ਨਹੀਂ ਸਗੋਂ ਮਟਨ ਸੀ। ਪੀਡ਼ਤ
ਪਰਿਵਾਰ ਲਗਾਤਾਰ ਦਾਅਵਾ ਕਰਦਾ ਆਇਆ ਹੈ ਕਿ ਉਨ੍ਹਾਂ ਦੇ ਘਰ ਗਾਂ ਦਾ ਮਾਸ ਨਹੀਂ ਸੀ l ਇਸੇ ਲਈ ਸਾਡੇ
ਦੇਸ਼ ਵਿੱਚ ਕਸ਼ਮੀਰ,ਦਿੱਲੀ ਅਤੇ ਗੁਜਰਾਤ ਵਰਗੀ ਫਿਰਕੂ ਹਿੰਸਾ ਵਿੱਚ ਹੋਈ ਤਬਾਹੀ ਤੋਂ ਬਾਅਦ,ਪਿਛਲੇ
ਦਹਾਕੇ ਕੁ ਤੋਂ ਅਜਿਹੇ ਕਾਨੂਨ ਬਣਾਉਣ ਦੀ ਮੰਗ ਉਠ ਰਹੀ ਹੈ। ਸੰਸਦ ਦੇ ਦੋਵਾਂ ਸਦਨਾਂ ਨੂੰ ਸੰਬੋਧਨ
ਕਰਦਿਆਂ ਸਾਬਕਾ ਰਾਸ਼ਟਰਪਤੀ ਡਾ. ਕਲਾਂਮ ਸਾਹਿਬ ਨੇ ਕਿਹਾ ਸੀ ਕਿ ਫਿਰਕੂ ਹਿੰਸਾ ਨਾਲ ਨਿਪਟਣ ਲਈ
ਨਵਾਂ ਕਾਨੂੰਨ ਬਣਾਇਆ ਜਾਵੇਗਾ। ਸਾਬਕਾ ਪ੍ਰਧਾਂਨ ਮੰਤਰੀ ਮਨਮੋਹਨ ਸਿੰਘ ਵੀ ਅਜਿਹਾ ਕਾਨੂੰਨ ਬਣਾਉਣ
ਬਾਰੇ ਕਹਿੰਦੇ ਆ ਰਹੇ ਹਨ। ਭਾਰਤ ਸਰਕਾਰ ਅਜਿਹੇ ਬਿੱਲ ਦੇ ਖਰਡ਼ੇ ਤੇ ਵਿਚਾਰ ਕਰਦੀ ਆ ਰਹੀ ਹੈ।ਪਰ
ਇੱਕ ਵਾਰ ਫਿਰ ਭਾਰਤੀ ਜਨਤਾ ਪਾਰਟੀ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਵੱਲੋਂ ਸੋਧੇ ਹੋਏ ਖਰਡ਼ੇ ਦਾ
‘ਹਿੰਦੂ ਵਿਰੋਧੀ’ ਕਹਿ ਕਿ ਵਿਰੋਧ ਕਰਨ ਕਰਕੇ ਇਹ ਸੰਸਦ ਵਿੱਚ ਪੇਸ਼ ਹੋਣੋ ਰੁਕ ਗਿਆ ਹੈ। ਇੱਥੇ ਵੀ
ਵੋਟ ਰਾਜਨੀਤੀ ਹੋ ਰਹੀ ਹੈ।
ਕਸ਼ਮੀਰ ਤੋਂ ਕੰਨਿਆ ਕੁਮਾਰੀ ਤੇ ਗੁਜਰਾਤ ਤੋਂ ਨਾਗਾਲੈਡ ਤੱਕ ਸਾਰਾ ਭਾਰਤ ਫਿਰਕੂ ਹਿੰਸਾ ‘ਚ ਜਲਦਾ
ਰਿਹਿੰਦਾ ਹੈ। ਇੱਕ ਨਿੱਕੀ ਜਿਹੀ ਘਟਣਾ ਤੇ ਦੰਗੇ, ਫਸਾਦ, ਸਾਡ਼, ਫੂਕ ਸ਼ੁਰੂ ਹੋ ਜਾਂਦੀ ਹੈ। ਸੱਚ
ਤਾਂ ਇਹ ਹੈ ਕਿ ਗਰੀਬੀ ਰੇਖਾ ਤੋਂ ਹੇਠਾਂ ਰਹਿੰਦਾ ਹਰ ਭਾਰਤੀ ਹਮੇਸ਼ਾ ਹੀ ਫਿਰਕੂ ਹਿੰਸਾ ਤੇ ਲੱਟ
ਮਾਰ ਦਾ ਸੌਖਾ ਸਿ਼ਕਾਰ ਰਹਿੰਦਾ ਹੈ।1947 ਤੋਂ ਲੈ ਕੇ ਪਿਛਲੇ ਸੱਠਾਂ ਸਾਲਾਂ ‘ਚ ਫਿਰਕੂ ਹਿੰਸਾ ‘ਚ
ਲੱਖਾਂ ਲੋਕ ਮਾਰੇ ਗਏ,ਹਜਾਰਾਂ ਔਰਤਾਂ ਨਾਲ ਬਲਾਤਕਾਰ ਹੋਏ ਤੇ ਕਰੋਡ਼ਾਂ ਦੀ ਸੰਪਤੀ ਤਬਾਹ ਹੋਈ ਪਰ
ਕਦੀ ਕੋਈ ਦੰਗਾਕਾਰੀ ਫਾਸੀ ਲੱਗਦਾ ਜਾਂ ਤਾ ਜਿੰਦਗੀ ਦੀ ਉਮਰ ਕੈਦ ਕੱਟਦਾ ਨਹੀਂ ਵੇਖਿਆ। ਸਾਡੇ
ਸਧਾਰਣ ਫੌਜਦਾਰੀ ਕਾਨੂੰਨਾਂ ਨਾਲ ਦੰਗਿਆਂ ਦੇ ਅਪਰਾਧੀਆਂ ਨੂੰ ਸਜ਼ਾ ਨਹੀਂ ਹੁੰਦੀ। ਦੋਸ਼ੀ ਅਦਾਲਤਾਂ
ਵਿਚੋਂ ‘ਸ਼ੱਕ ਦੀ ਬਿਨ੍ਹਾਂ’ ‘ਤੇ ‘ਬਾਇੱਜ਼ਤ ਬਰੀ’ ਹੋ ਜਾਂਦੇ ਹਨ। ਪੀਡ਼ਤ ਲੋਕ ਇਨਸਾਫ ਲਈ ਤਰਸਦੇ
ਰਹੇ, ਪਰ ਕਿਸੇ ਨੇ ਇਹ ਨਹੀਂ ਸੋਚਿਆ ਕਿ ਸਾਡੇ ਕੋਲ ਤਾਂ ਦੰਗਾਕਾਰੀਆਂ ਨੂੰ ਸਜਾ ਦਵਾਉਣ ਵਾਲਾ
ਕਾਨੂੰਨ ਹੀ ਨਹੀਂ। ਦੰਗੇ ਸਧਰਣ ਕਤਲਾਂ ਨਾਲੋਂ ਵੱਖਰੇ ਹੁੰਦੇ ਹਨ।ਇਨ੍ਹਾਂ ਲਈ ਸਬੂਤ ਜਟਾਉਣੇ ਅਸਾਂਨ
ਨਹੀਂ ਹੁੰਦੇ। ਜਿਨ੍ਹਾਂ ਲਈ ‘ਰੱਤੀ ਭਰ ਵੀ ਸ਼ੱਕ ਦੀ ਗੁੰਜਾਇਸ਼ ਨਾ ਹੋਵੇ’ ਵਾਲਾ ਫਾਰਮੂਲਾ ਨਹੀਂ
ਲਾਗੂ ਹੋਣਾ ਚਾਹੀਦਾ। ਸਾਡੇ ਫੌਜਦਾਰੀ ਤੇ ਗਵਾਹੀ ਦੇ ਕਾਨੂੰਨਾਂ ਅਨੁਸਾਰ ਮੁਦੱਈ ਧਿਰ ਵੱਲੋਂ ਦੱਸੀ
ਗਈ ਕਹਾਣੀ ਵਿੱਚ ਰੱਤੀ ਮਾਸਾ ਵੀ ਸ਼ੱਕ ਦੀ ਗੁਜਾਇਸ਼ ਨਹੀਂ ਹੋਣੀ ਚਾਹੀਦੀ। ਕੋਈ ਢੁੱਕਵਾਂ ਕਾਨੂੰਨ
ਨਾ ਹੋਣ ਕਾਰਨ ਦੰਗਿਆਂ ਵਿੱਚ ਮਾਰੇ ਗਏ ਲੋਕਾਂ ਨੂੰ ਇਨਸਾਫ ਦਾਵਉਣ ਦੇ ਨਾਂ ਤੇ, ਸਾਲਾਂ ਬੱਧੀ ਨੋਟ
ਤੇ ਵੋਟ ਬਟੋਰਨ ਦਾ ਸਿਲਸਲਾ ਚੱਲਦਾ ਰਹਿੰਦਾ ਹੈ। ਅਮਰੀਕਾ ਵਿੱਚ ਮੇਰੇ ਪਾਠਕਾਂ ਤੋਂ ਮਿੱਤਰ ਬਣੇ ਕਈ
ਦੋਸਤ ਹਨ ਜੋ ਅਕਸਰ ਮੈਨੂੰ ਫੋਂਨ ਕਰਦੇ ਰਹਿੰਦੇ ਹਨ। ਪੰਜਾਬ ਤੋਂ ਡੀ.ਈ.ਓ.ਰਿਟਾਇਰ ਹੋਕੇ ਅਮਰੀਕਾ
ਰਹਿੰਦੇ ਮੇਰੇ ਮਿੱਤਰ ਦਾ ਇਸ ਸਾਲ ਗਰਮੀਆਂ ਵਿੱਚ ਫੋਂਨ ਆਇਆ ਕਿ ਉਸ ਐਂਤਵਾਰ ਨੂੰ ਉਸਦੇ ਸ਼ਹਿਰ ਦੇ
ਗੁਰਦਵਾਰੇ ਵਿੱਚ ਦਿੱਲੀ ਦੇ ਕਿਸੇ ਵਕੀਲ ਨੂੰ ਫੀਸ ਦੇਣ ਲਈ ਮਾਇਆ ਇਕੱਠੀ ਕੀਤੀ ਜਾ ਰਹੀ ਸੀ। ਜੋ
ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰ ਸਜਾ ਦਵਾਏਗਾ ਕਿਉਂਕਿ ਉਸ ਨੂੰ 25 ਸਾਲਾਂ ਬਾਅਦ ਮੌਕੇ ਦੇ ਸਬੂਤ
ਲੱਭ ਗਏ ਹਨ। ਉਸਨੇ ਇਹ ਵੀ ਦੱਸਿਆ ਕਿ ਉਹ ਅਮਰੀਕਾ ਕਨੇਡਾ ਵਿੱਚ ਘੁੰਮਕੇ ਪੈਸੇ ਇਕੱਠੇ ਕਰ ਰਿਹਾ
ਹੈ। ਫੋਂਨ ਸੁਣਕੇ ਮੈਨੂੰ ਦੰਗਿਆਂ ‘ਚ ਮਰਨ ਵਾਲਿਆ ਤੇ ਤਰਸ ਆਇਆ । ਕਾਨੂੰਨ ਦੀ ਮਾਡ਼ੀ ਮੋਟੀ ਸਮਝ
ਰੱਖਣ ਵਾਲਾ ਵੀ ਜਾਣਦਾ ਹੈ ਕਿ ਜਦੋਂ ਖੁਦ ਪੁਲਿਸ ਨੇ ਸਬੂਤ ਖੁਰਦ ਬੁਰਦ ਕੀਤੇ ਹੋਣ,ਓਦੋਂ ਦੋ
ਦਹਾਕਿਆਂ ਬਾਅਦ ਕਿਹਡ਼ੀ ਅਦਾਲਤ ਸਜਾ ਕਰੇਗੀ ? ਜੇ ਮੀਡੀਏ ਦੇ ਰੌਲਾ ਪਾਉਣ ਕਾਰਣ, ਕਮਜੋਰ ਜਿਹੇ
ਸਬੂਤਾਂ ਦੇ ਅਧਾਰ ਤੇ ਕਦੀ ਕੋਈ ਅਦਾਲਤ ਸਜਾ ਕਰ ਵੀ ਦੇਵੇ, ਤਾਂ ਸਾਲ ਛੇ ਮਹੀਨੇ ਵਿੱਚ ਹੀ ਦੋਸ਼ੀ
ਸ਼ੱਕ ਦੀ ਬਿਨਾਂ ਤੇ ਉੱਪਰਲੀ ਅਦਾਲਤ ਵਿੱਚੋਂ ਅਪੀਲ ਵਿੱਚ ਬਰੀ ਹੋ ਜਾਇਆ ਕਰਦੇ ਹਨ। ਸਾਡੇ ਮੌਜੂਦਾ
ਫੌਜਦਾਰੀ ਕਾਨੂੰਨਾਂ ਹੇਠ ਦੰਗਾਕਾਰੀਆਂ ਨੂੰ ਸਜ਼ਾ ਹੋਣੀ ਅਸੰਭਵ ਹੀ ਹੈ। ਸਿਰਫ ਅਦਾਲਤੀ ਕਾਰਵਾਈ ਹੀ
ਚੱਲਦੀ ਰਹਿੰਦੀ ਹੈ। ਤਰੀਕਾਂ ਪੈਂਦੀਆਂ ਹਨ।ਅਰਜੀਆਂ ਦਿੱਤੀਆਂ ਜਾਂਣ ਦੀਆਂ ਖਬਰਾਂ ਲੱਗਦੀਆਂ
ਰਹਿੰਦੀਆਂ ਹਨ। ਨਤੀਜਾ ਕੁੱਝ ਵੀ ਨਹੀਂ ਹੁੰਦਾ। ਸੱਠਾਂ ਸਾਲਾਂ ਤੋਂ ਇੰਜ ਹੀ ਹੁੰਦਾ ਆ ਰਿਹਾ ਹੈ।
ਇੱਕ ਵਾਰ ਬਰੀ ਹੋਏ ਦੋਸ਼ੀ ਤੇ ਦੋਬਾਰਾ ਕੇਸ ਨਹੀਂ ਚੱਲ ਸਕਦਾ।ਸਾਡਾ ਫੌਜਦਾਰੀ ਕਾਨੂੰਨ ਮੰਗ ਕਰਦਾ
ਹੈ ਕਿ ਮੁਲਜ਼ਮਾਂ ਦੇ ਨਾਂ ਐਫ਼ ਆਈ਼ ਆਰ਼ ਵਿਚ ਹੋਣੇ ਚਾਹੀਦੇ ਹਨ। ਇਹ ਸੰਭਵ ਹੀ ਨਹੀਂ ਹੈ। ਰਿਪੋਰਟ
ਲਿਖਣਾ ਪੁਲੀਸ ਦਾ ਕੰਮ ਹੈ ਤੇ ਪੁਲੀਸ ਸਰਕਾਰੀ ਹੁਕਮਾਂ ਅਨੁਸਾਰ ਚੱਲਦੀ ਹੈ।ਦਿੱਲੀ , ਗੁਜਰਾਤ ਤੇ
ਹੁਣ ਉਡ਼ੀਸਾ ਵਿੱਚ ਪੁਲਿਸ ਨੇ ਇਹੀ ਕੁੱਝ ਕੀਤਾ ਸੀ। ਦੋਸ਼ੀ ਪਿੱਛੋਂ ਝੂਠੇ ਫਸਾਏ ਕਹਿ ਕੇ ਬਰੀ ਹੋ
ਜਾਂਦੇ ਹਨ। ਸਾਡਾ ਸਾਡਾ ਸਵਾ ਸੌ ਸਾਲ ਪੁਰਾਣਾ,ਗਵਾਈ ਕਾਨੂੰਨ (1872) ਗਵਾਹੀ ਕਾਨੂੰਨ ਕਹਿੰਦਾ ਹੈ
ਗਵਾਹ ਇਹ ਦੱਸੇ ਕਿ ਕਿਸ ਕਿਸ ਦੋਸ਼ੀ ਨੇ ਕਿਸ ਤਰਾਂ ਦਾ ਵਾਰ ਕੀਤਾ ਸੀ।?ਹਰ ਦੋਸ਼ੀ ਵੱਲੋੰ ਕੀਤਾ
ਗਿਆ ਜੁਰਮ ਚਸ਼ਮਦੀਦ ਗਵਾਹ ਵੱਲੋਂ ਬਿਆਂਨ ਕੀਤਾ ਜਾਵੇ। ਫਿਰ ਅਗਾਂਹ ਗੱਲ ਤੁਰਦੀ ਹੈ ਕਿ ਕੀ ਪੋਸਟ
ਮਾਰਟਮ ਹੋਇਆ ਸੀ (ਦੰਗਿਆਂ ਦੌਰਾਣ ਰੁਲਦੀਆਂ ਲਾਸ਼ਾਂ ਦੇ ਪੋਸਟ ਮਾਰਟਮ ਅਕਸਰ ਨਹੀਂ ਹੁੰਦੇ) ਜੇ
ਨਹੀਂ ਹੋਇਆ ਤਾਂ ਮ੍ਰਿਤਕ ਦੀ ਮੌਤ ਸ਼ੱਕੀ ਹੈ। ਕੀ ਡਾਕਟਰੀ ਰਿਪੋਰਟ ਤੇ ਗਵਾਹ ਦੀ ਗਵਾਹੀ ਮਿਲਦੀ
ਹੈ? ਜੇ ਡਾਕਟਰੀ ਮੌਤ ਛੁਰਾ ਵੱਜਿਆ ਦੱਸਦੀ ਹੈ ਤੇ ਗਵਾਹ ਲਾਠੀਆਂ ਨਾਲ ਕੁੱਟ ਕੇ ਮਾਰਿਆ ਕਹਿੰਦੇ ਹਨ
ਤਾਂ ਫਿਰ ‘ਕਹਾਣੀ ਫਿਰ ਸ਼ੱਕੀ ਹੈ’। ਜੇ ਵਕੀਲ ਤੇ ਮੁਲਜਮ ਕੇਸ ਨੂੰ ਲਮਕਾਉਣ ‘ਤੇ ਹੀ ਤੁਰ ਪੈਣ ਤਾਂ
ਕੇਸ ਪੁਰਾਣਾ ਹੋਣ ਕਾਰਨ ਅਦਾਲਤ ਕਹਿੰਦੀ ਹੈ ਕਿ ਹੁਣ “ਇੰਨੇ ਸਾਲਾਂ ਬਾਅਦ ਦੋਸ਼ੀ ਨੂੰ ਜੇਲ੍ਹ
ਭੇਜਣਾ” ਬੇਇਨਸਾਫੀ ਹੈ, ਰਹਿਮ ਕਰਨ ਦੀ ਲੋਡ਼ ਹੈ। ਜੇ ਮੁਲਜ਼ਮ ਗੈਰਹਾਜ਼ਰ ਹੋ ਜਾਵੇ ਤਾਂ ਫਿਰ ਕੇਸ
ਲਟਕ ਜਾਂਦਾ ਹੈ, ਕਿਉਂਕਿ ਮੁਲਜ਼ਮ ਦੀ ਹਾਜ਼ਰੀ ਜ਼ਰੂਰੀ ਹੈ। ਅਦਾਲਤ ਨੂੰ ਮੁਲਜ਼ਮ ਨੂੰ ਭਗੌਡ਼ਾ
ਕਰਾਰ ਦਿੰਦਿਆਂ ਸਾਲਾਂ ਲੰਘ ਜਾਂਦੇ ਹਨ ਤੇ ਜਦੋਂ ਅਚਾਨਕ ਮੁਲਜ਼ਮ ਪ੍ਰਗਟ ਹੋ ਜਾਵੇ ਤਾਂ ਫਿਰ ਸਾਰੀ
ਕਹਾਣੀ ਮੁੱਢੋਂ ਸ਼ੁਰੂ ਹੋਵੇਗੀ। ਉਦੋਂ ਤੱਕ ਪੇਸ਼ੀਆਂ ਭੁਗਤ ਚੁੱਕੇ ਗਵਾਹ ਤੇ ਮੁਦੱਈ ਖੁਦ ਹੀ ਥੱਕ
ਕੇ ਘਰੇ ਬੈਠ ਜਾਂਦੇ ਹਨ। ਜੇ ਡਾਕਟਰ ਪੈਸੇ ਲੈ ਕੇ, ਗਵਾਹ ਪੈਸੇ ਲੈ ਕੇ ਜਾਂ ਮੁਦੱਈਆਂ ਦੀਆਂ
ਧਮਕੀਆਂ ਤੋਂ ਡਰ ਕੇ ਅਤੇ ਕੋਈ ਵਕੀਲ ‘ਬੇਈਮਾਨੀ’ ਕਰਕੇ ਕੇਸ ਦਾ ਭੱਠਾ ਬਿਠਾ ਦੇਵੇ ਤਾਂ ਦੋਸ਼ੀ ਫਿਰ
ਬਰੀ। ਜੇ ਗਵਾਹਾਂ ਨੇ ਦੋਸ਼ੀਆਂ ਦੀ ਸ਼ਨਾਖਤ ਠੀਕ ਸਮੇਂ ਨਹੀਂ ਕੀਤੀ, ਤਾਂ ਵੀ ਦੋਸ਼ੀ ਬਰੀ। ਜੇ
ਸਤਾਰਾਂ ਸਾਲ ਉਮਰ ਦਾ ਵਿਗਡ਼ਿਆ ਦੰਗਾਕਾਰੀ ਅੱਗ ਲਾ ਕੇ ਵੀਹ ਆਦਮੀਆਂ ਨੂੰ ਮਾਰ ਦੇਵੇ ਤਾਂ ਵੀ ਸਜ਼ਾ
ਕੋਈ ਨਹੀਂ। ਉਸ ਨੂੰ ਸੁਧਾਰ ਘਰ ਭੇਜ ਕੇ ਚੰਗਾ ਮਨੁੱਖ ਬਣਨ ਦਾ ਮੌਕਾ ਦੇਣ ਦਾ ਕਾਨੂੰਨ ਹੈ। ਮਰਨ
ਵਾਲੇ ਭਾਵੇਂ ਪੇਟਾਂ ’ਚੋਂ ਕੱਢ ਕੇ ਮਾਰੇ ਗਏ ਮਾਸੂਮ ਹੀ ਹੋਣ।ਜੇ ਚਾਰ ਦੋਸ਼ੀਆਂ ਨੇ ਦੰਗਾ ਪੀਡ਼ਤ
ਕੁੱਟ ਕੇ ਮਾਰ ਦਿੱਤਾ ਪਰ ਡਾਕਟਰੀ ਰਿਪੋਰਟ ਕਹਿੰਦੀ ਹੈ ਕਿ ਮੌਤ ਸਿਰਫ ਸਿਰ ਦੀ ਸੱਟ ਨਾਲ ਹੋਈ ਤੇ
ਸਿਰ ਵਾਲੀ ਸੱਟ ਬਾਰੇ ਗਵਾਹਾਂ ਨੇ ਕਿਸੇ ਦੋਸ਼ੀ ਦੇ ਕੀਤੇ ਵਾਰ ਬਾਰੇ ਨਹੀਂ ਲਿਖਿਆ, ਇਸ ਕਾਰਨ
‘ਸ਼ੱਕ ਦੀ ਬਿਨ੍ਹਾ’ ‘ਤੇ ਸਾਰੇ ਹੀ ਬਰੀ।ਦੰਗਾਕਾਰੀਆਂ ਦੇ ਇੰਝ ਹੀ ਬਰੀ ਹੁੰਦੇ ਰਹਿਣ ਤੋਂ ਜਨ
ਸਧਾਰਣ ਦਾ ਕਾਨੂੰਨ ਅਤੇ ਨਿਆ ਪਾਲਿਕਾ ਵਿੱਚੋਂ ਵਿਸ਼ਵਾਸ ਉੱਠ ਜਾਵੇਗਾ ਅਤੇ ਅਜਿਹੀ ਸਥਿਤੀ ਕਾਨੂੰਨ
ਨੂੰ ਆਪਣੇ ਹੱਥ ਵਿੱਚ ਲੈਣ ਲਈ ਮਜ਼ਬੂਰ ਕਰਦੀ ਹੈ ਅਤੇ ਬਦਲੇ ਦੀ ਭਾਵਨਾ ਨੂੰ ਜਨਮ ਦਿੰਦੀ ਹੈ।
ਮਨੁੱਖ ਖਤਰਨਾਕ ਜਾਨਵਰ ਹੈ।ਇਹ ਸਿਰਫ ਕਾਨੂੰਨ ਤੋਂ ਹੀ ਡਰਦਾ ਹੈ। ਤੁਸੀਂ ਅਕਸਰ ਪਡ਼੍ਹਦੇ/ਸੁਣਦੇ
ਰਹਿੰਦੇ ਹੋ ਕਿ ਦੰਗਿਆਂ ਪਿੱਛੋਂ ਫੌਜ ਸੱਦ ਲਈ ਤੇ ਫਸਾਦੀਆਂ ਨੂੰ ਵੇਖਦਿਆਂ ਹੀ ਗੋਲੀ ਮਾਰਨ ਦਾ
ਹੁਕਮ ਹੋ ਗਿਆ। ਤੁਰੰਤ ਸ਼ਾਂਤੀ ਹੋ ਜਾਂਦੀ ਹੈ। ਜੇ ਸਖਤ ਕਾਨੂੰਨ ਦਾ ਪਹਿਲਾਂ ਹੀ ਡਰ ਹੋਵੇ ਤਾਂ
ਦੰਗਾਕਾਰੀ ਡਰਦੇ ਰਹਿਣਗੇ। ਪਰ ਸਾਡੇ ਦੇਸ਼ ‘ਚ ਤਾਂ ਫਿਰਕੂ ਜਜਬਾਤ ਭਡ਼ਕਾਉਣ ਵਾਲਿਆਂ ਨੂੰ ਪੁਲਿਸ
ਸੁਰੱਖਿਆ ਦਿੱਤੀ ਜਾਂਦੀ ਹੈ। ਅਮਰੀਕਾ ਵਿੱਚ ਨੌਂ ਗਿਆਰਾਂ ਦੇ ਟਾਵਰਾਂ ਤੇ ਹਮਲੇ ਵੇਲੇ ਦੇਸ਼ ਵਿੱਚ
ਕੋਈ ਫਸਾਦ ਨਹੀਂ ਹੋਏ। ਜੇ ਕੋਈ ਇੱਕਾ ਦੁੱਕਾ ਘਟਣਾਵਾਂ ‘ਚ ਕਤਲ ਹੋਏ ਵੀ ਸਨ ਤਾਂ ਸਬੰਧਤ ਦੋਸੀ ਨੂੰ
ਸਾਲ ਦੇ ਵਿੱਚ ਵਿੱਚ ਹੀ ਫਾਂਸੀ ਦੇ ਦਿੱਤੀ ਗਈ ਸੀ, ਤੇ ਮਰਨ ਵਾਲਿਆਂ ਦੇ ਸਾਰੇ ਪ੍ਰਿਵਾਰਾਂ ਨੂੰ
ਅਮਰੀਕਾ ਬੁਲਾ ਲਿਆ ਗਿਆ ਸੀ। ਰੂਸ ਵਿੱਚ ਇੱਕ ਨਸਲੀ ਹਿੰਸਾ ਦੇ ਦੋਸ਼ੀ ਨੂੰ ਤੁਰੰਤ ਫਾਸੀ ਦੇ ਦਿੱਤੀ
ਗਈ ਸੀ।ਜੱਜ ਨੇ ਆਪਣੇ ਫੈਸਲੇ ਵਿੱਚ ਲਿਖਿਆ ਸੀ ਕਿ ਇਸ ਦੇਸ਼ ਵਿੱਚ ਅਜਿਹੇ ਜੁਰਮਾਂ ਨੂੰ ਸਿਰ ਚੁੱਕਣ
ਨਹੀਂ ਦਿੱਤਾ ਜਾ ਸਕਦਾ।ਅਮਰੀਕਾ ਕਨੇਡਾ,ਅਸਟਰੇਲੀਆ ਵੀ ਸਾਡੀ ਤਰਾਂ ਬਹੁ ਕੌਮੀਂ/ਨਸਲੀ ਦੇਸ਼ ਹਨ।ਪਰ
ਕਦੀ ਹੀ ਹਿੰਸਾ ਹੁੰਦੀ ਹੈ। ਉੱਥੇ ਕਾਨੂੰਨ ਦਾ ਡਰ ਹੈ। ਸਾਡਾ ਕਾਨੂੰਨ ਇਹ ਨਹੀਂ ਕਹਿੰਦਾ ਕਿ ਮਾਰਿਆ
ਤਾਂ ਸਾਰਿਆਂ ਨੇ ਹੀ ਸੀ।
ਪੰਦਰਾਂ ਸਾਲ ਲਟਕੇ ਕੇਸ ਵਿਚ ਜੇ
ਸਾਰੇ ਗਵਾਹਾਂ ਨੇ ਇੰਨ ਬਿੰਨ ਇਕੋ ਜਿਹੀ ਕਹਾਣੀ ਨਹੀਂ ਦੱਸੀ ਤਾਂ ਗਵਾਹ ਸ਼ੱਕੀ ਹਨ। ਦੋਸ਼ੀ ਫੇਰ
ਬਰੀ। ਕਿਸੇ ਭਲੇ ਵੇਲੇ ਗਵਾਹਾਂ ਦੀ ਝੂਠੀ ਗਵਾਹੀ ਤੇ ਜਾਅਲੀ ਤਿਆਰ ਕੀਤੇ ਸਬੂਤਾਂ ਕਾਰਨ ਕੋਈ
ਬੇਗੁਨਾਹ ਫਾਂਸੀ ਚਡ਼੍ਹ ਗਿਆ ਸੀ। ਉਦੋਂ ਤੋਂ ਹੀ ਸਾਡੇ ਕਾਨੂੰਨ ਅਤੇ ਅਦਾਲਤਾਂ ਦੀ ਅੰਤਰ ਆਤਮਾ ਕੰਬ
ਉੱਠੀ। ਨਿਆਂ ਸ਼ਾਸਤਰ ਦੀ ਇਹ ਫਿਲਾਸਫੀ ਬਣਾ ਲਈ ਗਈ ਕਿ ਕਿਸੇ ਬੇਗੁਨਾਹ ਨੂੰ ਛੱਡਣ ਲਈ ਸੌ
ਗੁਨਾਹਗਾਰਾਂ ਨੂੰ ਬਰੀ ਕਰ ਦੇਵੋ। ਇਹੀ ਇਨਸਾਫ ਹੈ। ਕਿਉਂ ਕਿ ਬੇਗੁਨਾਹ ਨੂੰ ਸਜਾ ਦੇਣੀ ਘੋਰ ਪਾਪ
ਹੈ। ਪਰ ਦੰਗਾਕਾਰੀਆਂ ਨੂੰ ਉਕਸਾਉਣ ਵਾਲੇ ਬਹੁਤ ਚਲਾਕ ਅਤੇ ਜਨੂੰਨੀਂ ਲੋਕ ਹੁੰਦੇ ਹਨ। ਹੁਣ ਇਨਸਾਫ
ਦੀ ਧਾਰਨਾ ਇਹ ਹੋਣੀ ਚਾਹੀਦੀ ਹੈ ਕਿ ਇਕ ਬੇਕਸੂਰ ਨੂੰ ਜੇ ਛੱਡਣਾ ਪਵੇ ਤਾਂ ਬੇਸ਼ੱਕ ਛੱਡ ਦਿਉ, ਪਰ
ਸੌ ਗੁਨਾਹਗਾਰਾਂ ਨੂੰ ਵੀ ਨਾਲ ਹੀ ਛੱਡਣਾ ਮੁਦੱਈ ਧਿਰ ਨਾਲ ਸਰਾਸਰ ਬੇਇਨਸਾਫੀ ਹੋਵੇਗੀ। ਹੁਣ ਲੋਡ਼
ਹੈ ਕਿ ਦੋਸ਼ੀ ਤੇ ਹੀ ਇਹ ਜਿੰਮੇਵਾਰੀ ਪਾਈ ਜਾਵੇ ਕਿ ਉਹ ਸਾਬਤ ਕਰੇ ਕਿ ਉਹ ਬੇਕਸੂਰ ਹੈ। ਮੁਦੱਈ
ਧਿਰ ਦੀ ਥਾਂ ਮੁਲਜਮ ਨੇ ਸਬੂਤ ਇਕੱਠੇ ਕਰਕੇ ਦੱਸਣਾ ਹੋਵੇ ਕਿ ਉਹ ਦੰਗਾਕਾਰੀ ਨਹੀਂ ਹੈ।ਅਦਾਲਤ
ਸਬੰਧਤ ਦੋਸ਼ੀ ਬਾਰੇ ਇਹ ਮੰਨ ਕੇ ਚੱਲੇ ਕਿ ਇਹ ਮੁਲਜਮ ਹੈ। ਮੌਕੇ ਤੇ ਕਾਨੂੰਨੀ ਕਾਰਵਾਈ ਨਾ ਕਰਨ
ਵਾਲੇ ਜਾਂ ਪੁਲਿਸ ਨੂੰ ਰੋਕਣ ਵਾਲੇ ਸਿਆਸੀ ਤੇ ‘ਧਾਰਮਿਕ’ ਲੀਡਰ ਵੀ ਦੰਗਿਆਂ ਦੇ ਦੋਸ਼ੀ ਹੀ ਮੰਨੇ
ਜਾਣ। ਸਪੈਸ਼ਲ ਅਦਾਲਤਾ ਲਾ ਕੇ ਦੋ ਤਿੰਨ ਮਹੀਨਿਆਂ ਵਿੱਚ ਹੀ ਫੈਸਲਾ ਕੀਤਾ ਜਾਵੇ।ਸਭ ਲਈ ਇਨਸਾਫ ਅਤੇ
ਸਮਾਜਿਕ ਬਰਾਬਰੀ ਲਈ ਦੰਗਾਕਾਰੀਆਂ ਨਾਲ ਨਜਿੱਠਣ ਲਈ ਨਵਾਂ ਕਾਨੂੰਨ ਛੇਤੀ ਪਾਸ ਕਰਨ ਦੀ ਲੋਡ਼ ਹੈ ।
ਤਾਂ ਜੋ ਅੱਗੇ ਤੋਂ ਦੰਗਾ ਕਾਰੀਆਂ ਨਾਲ ਸਖਤੀ ਨਾਲ ਨਿੱਪਟਿਆ ਜਾਵੇ ਅਤੇ ਪੀਡ਼ਤ ਵਿਅਕਤੀਆਂ ਨੂੰ
ਇਨਸਾਫ ਮਿਲ ਸਕੇ।ਦੰਗਾ ਕਾਰੀਆਂ ਲਈ ਬਨਣ ਵਾਲਾ ਇਹ ਕਾਨੂੰਨ ਹੋਰ ਦੇਰ ਤੱਕ ਲਟਕਣਾ ਨਹੀਂ
ਚਾਹੀਦਾ।ਦੇਸ਼ ਦੇ ਮੌਜੂਦਾ ਹਾਲਾਤ ਵਿੱਚ ਜਦੋਂ ਘੱਟ ਗਿਣਤੀਆਂ ਲਗਾਤਾਰ ਹਮਲੇ ਦਾ ਸ਼ਿਕਾਰ ਹੋ ਰਹੀਆਂ
ਹਨ ਅਜਿਹੇ ਕਾਨੂੰਨ ਦੀ ਤੁਰੰਤ ਲੋਡ਼ ਹੈ ਤਾਂ ਜੋ ਆਪਸੀ ਭਾਈਚਾਰਾ ਤੇ ਅਮਨ ਬਹਾਲ ਰਹਿ ਸਕੇ ।
ਬੀ. ਐੱਸ. ਢਿੱਲੋਂ ਐਡਵੋਕੇਟ
Cell :
9988091463
# 146 ਐਡਵੋਕੇਟ ਸੋਸਾਇਟੀ,
ਸੈਕਟਰ 49-ਏ ਚੰਡੀਗਡ਼ਡ਼- 160047
{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}