.


31/12/15)
ਹਰਲਾਜ ਸਿੰਘ ਬਹਾਦਰਪੁਰ

ਆਵਾਰਾ ਪਸ਼ੂਆਂ ਦਾ ਮਾਮਲਾ: ਦੋ ਪਿੰਡਾਂ ਦੇ ਕਿਸਾਨ ਖਹਿਬੜੇ, ਗੋਲੀ ਚੱਲੀ

ਕਿਸਾਨ ਇਸ ਨੂੰ ਆਪਣੀ ਸ਼ਾਝੀ ਸਮੱਸਿਆ ਸਮਝ ਕੇ ਸ਼ਾਝੀ ਲੜਾਈ ਲੜਨ ਆਪਣੇ ਕਿਸਾਨ ਭਰਾਂਵਾਂ ਨੂੰ ਘੇਰਨ ਅਤੇ ਉਹਨਾ ਉਤੇ ਗੋਲੀਆਂ ਚਲਾਉਣ ਦੀ ਥਾਂ ਗਊਆਂ ਨੂੰ ਸਹਿਰਾਂ ਵਿੱਚ ਘੇਰ ਕੇ ਰੱਖਣ ਲਈ ਪਹਿਰੇ ਲਾ ਕੇ ਨਾਕੇ ਬੰਦੀਆਂ ਕਰਨ ਕਿਸੇ ਵੀ ਹਾਲਤ ਵਿੱਚ ਆਵਾਰਾ ਗਊਆਂ ਨੂੰ ਸਹਿਰਾਂ ਵਿੱਚੋਂ ਬਾਹਰ ਨਾ ਨਿਕਲਣ ਦੇਣ।


ਅੱਜ ਸਵੇਰੇ ਸਵੇਰੇ ਘਰੇ ਆਇਆ ਪੰਜਾਬੀ ਟ੍ਰਿਬਿਊਨ ਅਖਵਾਰ ਜਦੋਂ ਚੁੱਕ ਕੇ ਵੇਖਿਆ ਤਾਂ ਸਿੱਧੀ ਹੀ ਨਜਰ ਮਾਲਵਾ ਪੰਨੇ ਤੇ ਲੱਗੀ ਮੁੱਖ ਖਬਰ ਤੇ ਪਈ, ਜਿਸ ਦਾ ਸਿਰ ਲੇਖ ਸੀ ਆਵਾਰਾ ਪਸ਼ੂਆਂ ਦਾ ਮਾਮਲਾ: ਦੋ ਪਿੰਡਾਂ ਦੇ ਕਿਸਾਨ ਖਹਿਬੜੇ, ਗੋਲੀ ਚੱਲੀ। ਇਹ ਖਬਰ ਪੜ੍ਹ ਕੇ ਬੜਾ ਦੁਖ ਹੋਇਆ ਕਿ ਇਹ ਲੜਾਈ ਕਿੱਧਰ ਨੂੰ ਮੁੜ ਪਈ ਹੈ, ਜਿੰਨਾ ਕਿਸਾਨਾ ਦੀ ਇਹ ਸਾਂਝੀ ਸਮੱਸਿਆ ਹੈ, ਜਿੰਨਾ ਨੇ ਇਹ ਲੜਾਈ ਇਕੱਠੇ ਹੋ ਕੇ ਲੜਨੀ ਸੀ ਉਹ ਕਿਸਾਨ ਆਪਸ ਵਿੱਚ ਲੜ ਰਹੇ ਹਨ। ਇਸ ਸਮੱਸਿਆ ਦੇ ਜਨਮ ਦਾਤੇ ਉਹ ਹਿੰਦੂ ਵੀਰ ਹਨ ਜੋ ਨਾ ਤਾਂ ਗਊਆਂ ਨੂੰ ਮਰਨ ਦਿੰਦੇ ਹਨ ਅਤੇ ਨਾ ਹੀ ਸੰਭਾਲ ਕਰਦੇ ਹਨ। ਅਵਾਰਾ/ਸੁੰਨੀਆਂ ਗਊਆਂ ਅੱਜ ਕੱਲ੍ਹ ਕਿਸਾਨਾਂ ਲਈ ਬਹੁਤ ਵੱਡੀ ਸਮੱਸਿਆ ਬਣੀਆਂ ਹੋਈਆਂ ਹਨ। ਅਜੋਕੇ ਮਹਿੰਗਾਈ ਦੇ ਯੁਗ ਵਿੱਚ ਘਾਟੇ ਦਾ ਧੰਦਾ ਬਣੀ ਖੇਤੀ ਨੂੰ ਹੁਣ ਅਵਾਰਾ ਗਊਆਂ ਤੋਂ ਬਚਾਉਣਾ ਸੌਖੀ ਗੱਲ ਨਹੀਂ ਹੈ। ਫਸਲਾਂ ਨੂੰ ਹੋਰ ਕੀੜਿਆਂ (ਸੁੰਡੀਆਂ/ਤੇਲਿਆਂ ਆਦਿ) ਦੇ ਹਮਲਿਆਂ ਤੋਂ ਬਚਾਉਣ ਲਈ ਤਾਂ ਕਿਸਾਨ ਨਾ ਚਾਹੁੰਦੇ ਹੋਏ ਵੀ ਮੰਹਿਗੀਆਂ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਕੇ ਫਸਲਾਂ ਨੂੰ ਬਚਾ ਲੈਂਦੇ ਹਨ। ਇਸ ਵਾਰ ਤਾਂ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨ ਮਹਿੰਗੇ ਭਾਅ ਦੀਆਂ ਕੀਟਨਾਸ਼ਕ ਦਵਾਈਆਂ ਵਰਤ ਕੇ ਵੀ ਨਰਮੇ ਦੀ ਫਸ਼ਲ ਨੂੰ ਚਿੱਟੇ ਤੇਲੇ ਤੋਂ ਨਹੀਂ ਬਚਾ ਸਕੇ, ਆਰਥਿਕ ਮੰਦਹਾਲੀ ਦੇ ਸਿਕਾਰ ਹੋਏ ਖੁਦਕਸੀਆਂ ਕਰ ਰਹੇ ਕਿਸਾਨਾ ਲਈ ਸੁੰਨੀਆਂ ਗਾਵਾਂ ਬਹੁਤ ਵੱਡੀ ਆਫਤ ਹਨ। ਸੁੰਨੀਆਂ ਗਾਵਾਂ ਤੋਂ ਫਸਲਾਂ ਨੂੰ ਬਚਾਉਣ ਦੀ ਸਮੱਸਿਆ ਬਹੁਤ ਗੰਭੀਰ ਹੈ। ਜਿਸ ਕਾਰਨ ਅੰਤਾਂ ਦੀ ਠੰਡ ਵਿੱਚ ਫਸਲਾਂ ਦੀ ਰਾਖੀ ਕਰਦਿਆਂ ਕਿਸਾਨਾਂ ਨੂੰ ਰਾਤਾਂ ਖੁੱਲੇ ਆਸਮਾਨ ਹੇਠ ਖੇਤਾਂ ਵਿੱਚ ਸੁੰਨੀਆਂ ਗਾਵਾਂ ਦੇ ਮਗਰ ਭੱਜਦਿਆਂ ਗੁਜਾਰਨੀਆਂ ਪੈਂਦੀਆਂ ਹਨ। ਜੇ ਮਹੀਨਿਆਂ ਬੱਧੀ ਦਿਨ ਰਾਤ ਰਾਖੀ ਕਰਨ ਤੋਂ ਬਾਅਦ ਕਦੇ ਦੋ ਘੰਟੇ ਕਿਸਾਨ ਨੂੰ ਨੀਂਦ ਆ ਜਾਵੇ ਜਾਂ ਮਜਬੂਰੀ ਬੱਸ ਕਿਧਰੇ ਜਾਣਾ ਪੈ ਜਾਵੇ ਤਾਂ ਸਾਰੀ ਰਾਖੀ ਰੱਖੀ ਬੇਕਾਰ ਹੋ ਜਾਂਦੀ ਹੈ। ਕਿਉਂਕਿ ਜਦੋਂ ਭੁੱਖੀਆਂ ਮਰਦੀਆਂ 25-30 ਸੁੰਨੀਆਂ ਗਾਵਾਂ ਫਸਲ ਵਿੱਚ ਵੜ ਜਾਣ ਤਾਂ ਉਹ ਦੋ ਘੰਟਿਆਂ ਵਿੱਚ ਹੀ ਪੂਰੀ ਫਸਲ ਨੂੰ ਤਬਾਹ ਕਰਕੇ ਰੱਖ ਦਿੰਦੀਆਂ ਹਨ। ਇਸੇ ਲਈ ਕੁੱਝ ਲੋਕ ਫਸਲਾਂ ਦੀ ਰਾਖੀ ਲਈ ਘੋੜਿਆਂ ਵਾਲਿਆਂ ਨੂੰ ਰਾਖੀ ਕਰਨ ਦੇ ਪੈਸੇ ਦਿੰਦੇ ਹਨ, ਫਿਰ ਇਹ ਘੋੜਿਆਂ ਵਾਲੇ ਘੋੜਿਆਂ ਤੇ ਚੜ੍ਹ ਕੇ ਫਸਲਾਂ ਦੀ ਰਾਖੀ ਕਰਦੇ ਹਨ, ਕੁੱਝ ਲੋਕ ਗਾਵਾਂ ਨੂੰ ਇਕੱਠੀਆਂ ਕਰਕੇ ਟਰੱਕਾਂ/ਟਰਾਲੀਆਂ ਰਾਹੀਂ ਰਾਤਾਂ ਨੂੰ ਪੰਜ-ਸੱਤ ਪਿੰਡਾਂ ਤੋਂ ਅੱਗੇ ਛੱਡ ਆਉਂਦੇ ਹਨ, ਕਿਸੇ ਨੂੰ ਪਤਾ ਲੱਗ ਜਾਣ ਦੇ ਡਰੋਂ ਉਹ ਕਾਹਲੀ ਨਾਲ ਗਊਆਂ ਨੂੰ ਵਾਹਨਾਂ ਵਿੱਚੋਂ ਠੀਕ ਢੰਗ ਨਾਲ ਉਤਾਰਨ ਦੀ ਥਾਂ ਸੜਕਾਂ ਉੱਤੇ ਹੀ ਸੁੱਟ ਆਉਂਦੇ ਹਨ। ਜਿਸ ਕਾਰਨ ਕਈ ਗਾਵਾਂ ਦੇ ਸੱਟਾਂ ਵੀ ਵੱਜ ਜਾਂਦੀਆਂ ਹਨ। ਕਿਉਂਕਿ ਉਹਨਾਂ ਨੂੰ ਡਰ ਹੁੰਦਾ ਹੈ ਕਿ ਜੇਕਰ ਅਗਲੇ ਪਿੰਡ ਵਾਲੇ ਲੋਕ ਜਾਂ ਗਊ ਭਗਤ ਆ ਗਏ ਤਾਂ ਫਿਰ ਉਹਨਾਂ ਦੀ ਖੈਰ ਨਹੀਂ। ਕਿਉਂਕਿ ਗਊ ਭਗਤ ਗਊਆਂ ਨੂੰ ਤਾਂ ਭਾਵੇਂ ਨਾ ਸੰਭਾਲਣ ਪਰ ਗਊਆਂ ਨੂੰ ਲੈ ਕੇ ਜਾਣ ਵਾਲੇ ਵਾਹਨਾਂ ਦੀ ਭੰਨ ਤੋੜ, ਸਾੜ ਫੂਕ ਜਰੂਰ ਕਰ ਦਿੰਦੇ ਹਨ। ਘੋੜੇ ਵਾਲਿਆਂ ਤੋਂ ਫਸਲਾਂ ਦੀ ਰਾਖੀ ਕਰਵਾਉਣੀ ਜਾਂ ਦੂਜੇ ਪਿੰਡ ਗਊਆਂ ਨੂੰ ਛੱਡ ਆਉਣਾ ਇਸ ਸਮੱਸਿਆ ਦਾ ਢੁੱਕਵਾਂ ਹੱਲ ਨਹੀਂ ਹੈ। ਕਿਉਂਕਿ ਘੋੜੇ ਵਾਲਿਆਂ ਦੀਆਂ ਇੱਕ ਥਾਂ ਤੋਂ ਭਜਾਈਆਂ ਗਊਆਂ ਕਿਸੇ ਹੋਰ ਥਾਂ ਜਾ ਕੇ ਨੁਕਸਾਨ ਕਰਨਗੀਆਂ। ਇਸੇ ਤਰ੍ਹਾਂ ਕਿਸੇ ਹੋਰ ਪਿੰਡ ਛੱਡੀਆਂ ਗਊਆਂ ਉੱਥੇ ਜਾ ਕੇ ਨੁਕਸਾਨ ਕਰਨਗੀਆਂ, ਜਾਂ ਉਸ ਪਿੰਡ ਵਾਲੇ ਅੱਗੇ ਹੋਰ ਪਿੰਡ ਛੱਡ ਆਉਣਗੇ, ਅਗਲੇ ਪਿੰਡ ਕਿਤੇ ਹੋਰ।
ਹਿੰਦੂ ਮੱਤ ਵੱਲੋਂ ਗਊਆਂ ਨੂੰ ਧਰਮ ਨਾਲ ਜੋੜੇ ਜਾਣ ਕਾਰਨ ਹੀ ਇਹ ਸਮੱਸਿਆਂ ਗੰਭੀਰ ਬਣੀ ਹੋਈ ਹੈ। ਹਿੰਦੂ ਮੱਤ ਦੀ ਇਸ ਧਾਰਮਿਕ ਆਸਥਾ/ਸ਼ਰਧਾ ਦਾ ਖਮਿਆਜਾ ਕਿਸਾਨਾਂ ਨੂੰ ਭੁਗਤਣਾ ਪੈਂਦਾ ਹੈ। ਗਊਆਂ ਦੀ ਸੰਭਾਲ ਦੇ ਨਾਮ ਤੇ ਬਣੀਆਂ ਗਊਸ਼ਾਲਾਵਾਂ ਬੇਸ਼ੱਕ ਵੱਡੀ ਗਿਣਤੀ ਵਿੱਚ ਮੌਜੂਦ ਹਨ, ਪਰ ਗਊਆਂ ਨੂੰ ਸੰਭਾਲਣ ਵਿੱਚ ਉਹ ਵੀ ਨਾਕਾਮ ਹੀ ਸਾਬਤ ਹੋਈਆਂ ਹਨ। ਜਾਂ ਇਉਂ ਕਹਿ ਲਵੋ ਕਿ ਗਊਸ਼ਾਲਾਵਾਂ ਵੀ ਗਊਆਂ ਦੇ ਨਾਮ ਤੇ ਖੁੱਲੀਆਂ ਦੁਕਾਨਾਂ ਹੀ ਹਨ ਜੋ ਸਿਰਫ ਮੁਨਾਫੇ ਵਾਲੇ ਪਸ਼ੂਆਂ ਨੂੰ ਹੀ ਸੰਭਾਲਦੀਆਂ ਹਨ। ਦੁੱਧ ਨਾ ਦੇਣ ਵਾਲੀਆਂ ਫੰਡਰ ਗਾਵਾਂ ਅਤੇ ਖਾਸ ਕਰਕੇ ਅਮਰੀਕੀ ਨਸਲ ਦੇ ਵੱਛੇ/ਢੱਠਿਆਂ ਨੂੰ ਕੋਈ ਨਹੀਂ ਸੰਭਾਲਦਾ। ਅਜਿਹੇ ਅਵਾਰਾ ਪਸ਼ੂ ਜਿੱਥੇ ਕਿਸਾਨਾਂ ਲਈ ਮੁਸੀਬਤ ਬਣੇ ਹੋਏ ਹਨ ਉੱਥੇ ਬਜਾਰਾਂ ਅਤੇ ਬਾਹਰ ਸੜਕਾਂ ਉੱਤੇ ਵੀ ਸਮੱਸਿਆ ਪੈਦਾ ਕਰਦੇ ਹਨ ਅਤੇ ਹਾਦਸਿਆਂ ਦਾ ਕਾਰਨ ਬਣਦੇ ਹਨ। ਗਊਸ਼ਾਲਾਵਾਂ ਵਾਲੇ ਗਊਆਂ ਦੇ ਨਾਮ ਤੇ ਪਿੰਡਾਂ/ਸ਼ਹਿਰਾਂ ਵਿੱਚੋਂ ਤੂੜੀ, ਹਰਾ-ਚਾਰਾ, ਆਟਾ-ਦਾਣਾ, ਖਲ, ਗੁੜ ਅਤੇ ਪੈਸੇ ਇੱਕਠੇ ਕਰਦੇ ਹਨ, ਗਊਆਂ ਦੇ ਨਾਮ ਤੇ ਲਾਟਰੀਆਂ ਵੀ ਚਲਾਉਂਦੇ ਹਨ ਜਿਸ ਨਾਲ ਗਊਸ਼ਾਲਾਵਾਂ ਦੀ ਜਾਇਦਾਦ ਵਿੱਚ ਤਾਂ ਵਾਧਾ ਜਰੂਰ ਹੁੰਦਾ ਹੈ ਪਰ ਗਊਆਂ ਦੀ ਸੰਭਾਲ ਨਾ ਮਾਤਰ ਹੀ ਹੁੰਦੀ ਹੈ। ਆਪਣੇ ਆਪ ਨੂੰ ਗਊ ਭਗਤ ਕਹਾਉਣ ਵਾਲੇ ਲੋਕ ਗਊਆਂ ਨੂੰ ਸੰਭਾਲਣ ਦੇ ਨਾਂ ਤੇ ਖਰੂਦ ਹੀ ਪਾਉਂਦੇ ਹਨ, ਜਿਸ ਕਾਰਣ ਹੁਣ ਪੰਜਾਬ ਦੀਆਂ ਪਸ਼ੂ ਮੰਡੀਆਂ ਵਿੱਚ ਗਾਵਾਂ/ਬਲਦਾਂ ਨੂੰ ਖਰੀਦਣ ਲਈ ਕੋਈ ਵਪਾਰੀ ਨਹੀਂ ਪਹੁੰਚਦਾ। ਕਿਉਂਕਿ ਜੇਕਰ ਕੋਈ ਵਪਾਰੀ ਗਾਵਾਂ ਜਾਂ ਬਲਦਾਂ ਨੂੰ ਖਰੀਦ ਕੇ ਲੈ ਜਾਂਦਾ ਹੈ ਤਾਂ ਗਊਆਂ ਦੇ ਰਖਵਾਲੇ ਕਹਾਉਣ ਵਾਲੇ ਹਿੰਦੂ ਵੀਰ ਉਹਨਾਂ ਨੂੰ ਘੇਰ ਕੇ ਲੁੱਟ ਲੈਂਦੇ ਹਨ, ਭਾਵ ਕਿ ਉਹਨਾਂ ਦੇ ਖਰੀਦੇ ਹੋਏ ਗਾਵਾਂ/ਬਲਦਾਂ ਨੂੰ ਖੋਹ ਕੇ ਗਊਸ਼ਾਲਾਵਾਂ ਵਿੱਚ ਭੇਜ ਦਿੰਦੇ ਹਨ ਅਤੇ ਗਊਆਂ ਤੇ ਬਲਦਾਂ ਨੂੰ ਲਿਜਾਣ ਵਾਲੇ ਵਾਹਨਾਂ ਦੀ ਭੰਨ-ਤੋੜ/ਸਾੜ-ਫੂਕ ਕਰ ਦਿੰਦੇ ਹਨ।
ਬੇਸ਼ੱਕ ਗਊਆਂ ਦੀ ਸੰਭਾਲ ਲਈ ਗਊਸ਼ਾਲਾਵਾਂ ਬਣੀਆਂ ਹੋਈਆਂ ਹਨ ਅਤੇ ਗਊਆਂ ਦੇ ਰਖਵਾਲੇ ਕਹਾਉਣ ਵਾਲੇ ਵੀਰ ਵੀ ਗਊਆਂ ਦੀ ਪੂਜਾ ਕਰਨ ਦੀਆਂ ਗੱਲਾਂ ਤਾਂ ਕਰਦੇ ਹਨ ਪਰ ਇਹਨਾਂ ਨੇ ਗਊਆਂ ਦੀ ਸੰਭਾਲ ਲਈ ਕਦੇ ਵੀ ਕੁੱਝ ਖਾਸ ਨਹੀਂ ਕੀਤਾ। ਅਸਲ ਵਿੱਚ ਹੁਣ ਤੱਕ ਗਊਆਂ ਦੀ ਸੰਭਾਲ ਕਿਸਾਨਾਂ ਤੇ ਗਰੀਬ ਲੋਕਾਂ (ਮਜਦੂਰਾਂ) ਨੇ ਹੀ ਕੀਤੀ ਹੈ, ਕਿਉਂਕਿ ਕਿਸਾਨ ਦੀ ਖੇਤੀ ਵਿੱਚ ਬਲਦਾਂ ਦਾ ਅਹਿਮ ਯੋਗਦਾਨ ਸੀ, ਜਿਸ ਕਾਰਨ ਕਿਸਾਨ ਬਲਦਾਂ ਨੂੰ ਸ਼ੌਂਕ ਨਾਲ ਪਾਲਦੇ ਸਨ ਜੋ ਖੇਤੀ ਦੇ ਨਾਲ-ਨਾਲ ਖਰੀਦਣ-ਵੇਚਣ ਦੇ ਕੰਮ ਵੀ ਆਉਂਦੇ ਸਨ। ਪਰ ਹੁਣ ਮਸ਼ੀਨਰੀ ਦਾ ਯੁੱਗ ਹੋਣ ਦੇ ਕਾਰਨ ਖੇਤੀ ਵਿੱਚ ਬਲਦਾਂ ਦੀ ਲੋੜ ਨਹੀਂ ਰਹੀ, ਦੁੱਧ ਲਈ ਵੀ ਗਾਵਾਂ ਦੀ ਜਗ੍ਹਾ ਮੱਝਾਂ ਵੱਧ ਲਾਹੇਵੰਦ ਹਨ, ਜਿਸ ਕਾਰਨ ਪੰਜਾਬ ਦੇ ਕਿਸਾਨ ਤੇ ਮਜਦੂਰ ਨੇ ਗਾਵਾਂ/ਬਲਦਾਂ ਨਾਲੋਂ ਨਾਤਾ ਤੋੜ ਲਿਆ ਹੈ ਇਹੀ ਕਾਰਨ ਹੈ ਕਿ ਹੁਣ ਗਾਵਾਂ ਤੇ ਬਲਦ ਅਵਾਰਾ ਘੁੰਮ ਰਹੇ ਹਨ। ਅਵਾਰਾ ਗਊਆਂ ਦੀ ਸਮੱਸਿਆ ਦੇ ਦੋ ਮੁੱਖ ਕਾਰਨ ਹਨ, ਇੱਕ ਤਾਂ ਇਹ ਕਿ ਖੇਤੀ ਵਿੱਚ ਮਸ਼ੀਨਰੀ ਦੀ ਵਰਤੋਂ ਹੋਣ ਕਾਰਨ ਕਿਸਾਨਾਂ ਨੂੰ ਗਾਵਾਂ ਤੇ ਬਲਦਾਂ ਦੀ ਲੋੜ ਨਹੀਂ ਰਹੀ, ਦੂਜਾ ਗਊ ਭਗਤਾਂ ਦੀ ਧਾਰਮਿਕ ਆਸਥਾ/ਸ਼ਰਧਾ, ਜੋ ਨਾ ਤਾਂ ਗਊਆਂ ਨੂੰ ਨਾ ਮਰਨ ਦਿੰਦੇ ਹਨ ਤੇ ਨਾ ਖੁਦ ਸੰਭਾਲ ਕਰਦੇ ਹਨ। ਸਾਨੂੰ ਨਾ ਤਾਂ ਕਿਸੇ ਦੀ ਧਾਰਮਿਕ ਸ਼ਰਧਾ ਉਤੇ ਇਤਰਾਜ ਹੈ, ਤੇ ਨਾ ਹੀ ਅਸੀਂ ਗਊਆਂ ਨੂੰ ਮਾਰਨ ਦੇ ਹੱਕ ਵਿੱਚ ਹਾਂ। ਹਿੰਦੂ ਵੀਰਾਂ ਦੀ ਗਊਆਂ ਵਿੱਚ ਸ਼ਰਧਾ ਹੈ ਤਾਂ ਉਹਨਾਂ ਨੂੰ ਮੁਬਾਰਿਕ ਹੋਵੇ। ਪਰ ਜੇ ਕਿਸੇ ਦੀ ਸ਼ਰਧਾ ਕਿਸੇ ਦੂਜੇ ਵਾਸਤੇ ਮੁਸੀਬਤ ਬਣੇ ਉਹ ਵੀ ਚੰਗੀ ਗੱਲ ਨਹੀਂ ਹੈ। ਹਿੰਦੂ ਵੀਰ ਗਊਆਂ ਨੂੰ ਮਾਤਾ ਕਹਿਣ ਅਤੇ ਉਹਨਾ ਦੀ ਪੂਜਾ ਕਰਨ ਦੇ ਨਾਲ ਨਾਲ ਆਪਣੀਆਂ ਸਤਿਕਾਰਤ ਗਊ ਮਾਤਾਵਾਂ ਨੂੰ ਸੰਭਾਲ ਕੇ ਵੀ ਰੱਖਣ ਤਾਂ ਕਿ ਉਹਨਾ ਦੀਆਂ ਇਹ ਗਊ ਮਾਤਾਵਾਂ ਕਿਸੇ ਲਈ ਸਮੱਸਿਆ ਨਾ ਬਣਨ। ਬੇਸ਼ੱਕ ਕਿਸਾਨਾਂ ਵੱਲੋਂ ਅਵਾਰਾ ਗਾਵਾਂ ਦੀ ਕੁੱਟਮਾਰ ਕਰਨੀ ਉਹਨਾ ਦੀ ਮਜਬੂਰੀ ਹੈ ਪਰ ਫਿਰ ਵੀ ਕਿਸਾਨਾਂ ਨੂੰ ਚਾਹੀਂਦਾ ਹੈ ਕਿ ਉਹ ਵੀ ਆਪਣੇ ਗੁੱਸੇ ਨੂੰ ਕਾਬੂ ਰੱਖਣ ਗਾਵਾਂ ਦੀ ਨਜਾਇਜ ਕੁੱਟ-ਮਾਰ ਜਾਂ ਵੱਢ-ਟੁੱਕ ਨਾ ਕਰਨ, ਕਿਉਂਕਿ ਭੁੱਖੇ ਜਾਨਵਰ ਨੇ ਤਾਂ ਪੇਟ ਭਰਨਾ ਹੀ ਹੈ। ਇਸ ਲਈ ਕਿਸਾਨਾਂ ਨੂੰ ਚਾਹੀਂਦਾ ਹੈ ਕਿ ਉਹ ਗਊਸ਼ਾਲਾਵਾਂ ਨੂੰ ਤੂੜੀ, ਹਰਾ-ਚਾਰਾ, ਆਟਾ-ਦਾਣਾ ਅਤੇ ਪੈਸਾ ਦੇਣਾ ਬੰਦ ਕਰ ਦੇਣ ਅਤੇ ਆਪਿਸ ਵਿੱਚ ਲੜਨ ਅਤੇ ਇੱਕ ਪਿੰਡ ਤੋਂ ਦੂਜੇ ਪਿੰਡ ਛੱਡਣ ਦੀ ਥਾਂ ਸੁੰਨੀਆਂ ਅਵਾਰਾ ਗਊਆਂ ਨੂੰ ਘੇਰ ਕੇ ਨਜਦੀਕੀ ਗਊਸ਼ਾਲਾਵਾਂ ਜਾਂ ਸ਼ਹਿਰਾਂ ਵਿੱਚ ਵਾੜ ਦਿਆ ਕਰਨ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਹਿਰਾਂ ਨੇੜਲੇ ਪਿੰਡਾਂ ਨੂੰ ਇਸ ਦੀ ਤਕਲੀਫ ਜਿਆਦਾ ਹੋਵੇਗੀ ਕਿਉਂਕਿ ਸ਼ਹਿਰਾਂ ਵਿੱਚ ਇਕੱਠੀਆਂ ਹੋਈਆਂ ਗਾਵਾਂ ਨੇ ਸ਼ਹਿਰ ਵਿੱਚੋਂ ਨਿਕਲ ਕੇ ਪਹਿਲਾਂ ਨੇੜਲੇ ਪਿੰਡਾਂ ਦੀ ਫਸਲ ਦਾ ਹੀ ਨੁਕਸਾਨ ਕਰਨਾ ਹੈ ਇਸ ਲਈ ਸਹਿਰਾਂ ਦੇ ਨੇੜਲੇ ਅਤੇ ਦੂਰ ਵਾਲੇ ਪਿੰਡਾਂ ਦੇ ਕਿਸਾਨ ਇਸ ਨੂੰ ਆਪਣੀ ਸ਼ਾਝੀ ਸਮੱਸਿਆ ਸਮਝ ਕੇ ਸ਼ਾਝੀ ਲੜਾਈ ਲੜਨ ਆਪਣੇ ਕਿਸਾਨ ਭਰਾਂਵਾਂ ਨੂੰ ਘੇਰਨ ਅਤੇ ਉਹਨਾ ਉਤੇ ਗੋਲੀਆਂ ਚਲਾਉਣ ਦੀ ਥਾਂ ਗਊਆਂ ਨੂੰ ਸਹਿਰਾਂ ਵਿੱਚ ਘੇਰ ਕੇ ਰੱਖਣ ਲਈ ਪਹਿਰੇ ਲਾ ਕੇ ਨਾਕੇ ਬੰਦੀਆਂ ਕਰਨ ਕਿਸੇ ਵੀ ਹਾਲਤ ਵਿੱਚ ਆਵਾਰਾ ਗਊਆਂ ਨੂੰ ਸਹਿਰਾਂ ਵਿੱਚੋਂ ਬਾਹਰ ਨਾ ਨਿਕਲਣ ਦੇਣ ਅਤੇ ਹਿੰਦੂ ਵੀਰਾਂ ਨੂੰ ਪਿਆਰ ਨਾਲ ਕਹਿਣ ਕਿ ਕ੍ਰਿਪਾ ਕਰਕੇ ਆਪਣੀਆਂ ਸਤਿਕਾਰਤ ਗਊਆਂ ਨੂੰ ਸੰਭਾਲੋ। ਕਿਉਂਕਿ ਇਸ ਸਮੱਸਿਆ ਲਈ ਗਊਆਂ ਦੇ ਰਖਵਾਲੇ ਕਹਾਉਣ ਵਾਲੇ ਹਿੰਦੂ ਵੀਰ ਹੀ ਜਿੰਮੇਵਾਰ ਹਨ ਜੋ ਗਊਆਂ ਦੇ ਸਿੱਧੇ ਤੌਰ ਤੇ ਮਰਨ ਦੀ ਥਾਂ ਬੁਰੀ ਹਾਲਤ ਨਾਲ ਮਰਨ ਦਾ ਕਾਰਣ ਬਣ ਰਹੇ ਹਨ। ਸੁੰਨੀਆਂ/ਅਵਾਰਾਂ ਗਊਆਂ ਦੀ ਸਮੱਸਿਆ ਪੂਰੀ ਕਿਸਾਨੀ ਦੀ ਬਹੁਤ ਵੱਡੀ ਸਮੱਸਿਆ ਹੈ, ਇਸ ਲਈ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਚਾਹੀਂਦਾ ਹੈ ਕਿ ਉਹ ਇਸ ਸਮੱਸਿਆ ਲਈ ਵੀ ਸੰਘਰਸ਼ ਕਰਨ ਅਤੇ ਇਸ ਸਮੱਸਿਆ ਦਾ ਢੁੱਕਵਾਂ ਹੱਲ ਲੱਭਣ।
ਹਿੰਦੂ ਵੀਰਾਂ ਨੂੰ ਵੀ ਚਾਹੀਂਦਾ ਹੈ ਕਿ ਉਹ ਗਊਆਂ ਨੂੰ ਲੈ ਕੇ ਜਾਣ ਵਾਲਿਆਂ ਦੀ ਕੁੱਟਮਾਰ ਕਰਨ, ਪਰਚੇ ਦਰਜ ਕਰਵਾਉਣ ਅਤੇ ਗਊਆਂ ਨੂੰ ਲੈ ਕੇ ਜਾਣ ਵਾਲੇ ਵਾਹਨਾਂ ਦੀ ਭੰਨ-ਤੋੜ ਅਤੇ ਸਾੜ-ਫੂਕ ਕਰਨ ਦੀ ਬਜਾਇ ਕਿਸਾਨਾਂ ਦੀ ਸਮੱਸਿਆ ਨੂੰ ਸਮਝਦੇ ਹੋਏ ਆਪਣੇ ਧਰਮ ਨਾਲ ਸਬੰਧਤ ਹੋਣ ਕਾਰਨ ਇਸ ਮਸਲੇ ਦੀ ਜਿੰਮੇਵਾਰੀ ਆਪਣੇ ਸਿਰ ਲੈ ਕੇ ਇਸਦਾ ਢੁੱਕਵਾਂ ਹੱਲ ਕੱਢਣ ਲਈ ਸਹਿਣਸ਼ੀਲਤਾ ਰੱਖ ਕੇ ਵਿਚਾਰ ਕਰਨ ਤਾਂ ਕਿ ਇਹ ਸਮੱਸਿਆ ਕਿਤੇ ਹੋਰ ਜਿਆਦਾ ਗੰਭੀਰ ਨਾ ਬਣ ਜਾਵੇ ਜੋ ਧਰਮ ਦੇ ਨਾਮ ਤੇ ਹੁੰਦੇ ਦੰਗਿਆਂ ਵਿੱਚ ਬਦਲ ਜਾਵੇ। ਇਸ ਲਈ ਕਿਸਾਨਾਂ ਅਤੇ ਗਊ ਪ੍ਰੇਮੀਆਂ ਨੂੰ ਇਸ ਸਮੱਸਿਆ ਦੇ ਹੱਲ ਲਈ ਜਲਦੀ ਯਤਨ ਕਰਨੇ ਚਾਹੀਦੇ ਹਨ।
ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ: ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ: 94170-23911
e-mail : harlajsingh7 @ gmail.com
Dt. 31-12-2016


(ਟਿੱਪਣੀ:- ਇਸ ਵੇਲੇ ਦਿੱਲੀ ਵਿੱਚ ਹਿੰਦੂ ਗਊ ਭਗਤਾਂ ਦੀ ਸਰਕਾਰ ਬਣੀ ਹੋਈ ਹੈ। ਪੰਜਾਬ ਦੇ ਪਾਰਲੀਮੈਂਟ ਮੈਂਬਰ ਇਸ ਬਾਰੇ ਉਥੇ ਅਵਾਜ਼ ਕਿਉਂ ਨਹੀਂ ਉਠਾਉਂਦੇ? ਉਤਰੀ ਅਮਰੀਕਾ, ਯੂਰਪ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਵਿੱਚ ਗਊਆਂ ਨੂੰ ਵੀ ਬਾਕੀ ਫਸਲਾਂ ਵਾਂਗ ਪਾਲਿਆ ਜਾਂਦਾ ਹੈ। ਦੁੱਧ ਦੇਣ ਵਾਲੀਆਂ ਅਤੇ ਵੱਢ ਕੇ ਖਾਣ ਵਾਲੀਆਂ ਵੱਖਰੀ ਕਿਸਮ ਦੀਆਂ ਹੁੰਦੀਆਂ ਹਨ। ਜਦੋਂ ਕਈ ਵਾਰ ਗਾਈਆਂ ਨੂੰ ਕੋਈ ਬਿਮਾਰੀ ਲੱਗ ਜਾਂਦੀ ਹੈ ਤਾਂ ਉਹਨਾ ਨੂੰ ਮਾਰ ਕੇ ਧਰਤੀ ਵਿੱਚ ਦੱਬ ਦਿੱਤਾ ਜਾਂਦਾ ਹੈ। ਕੁੱਝ ਸਾਲ ਪਹਿਲਾਂ ਇੰਗਲੈਂਡ ਵਿੱਚ ਲੱਖਾਂ ਹੀ ਗਊਆਂ ਨੂੰ ਮਾਰ ਕੇ ਦੱਬਿਆ ਗਿਆ ਸੀ। ਜੇ ਕਰ ਇਸ ਤਰ੍ਹਾਂ ਕਰਨ ਵਾਲੇ ਗਊ ਭਗਤਾਂ ਦੀਆਂ ਨਜ਼ਰਾਂ ਵਿੱਚ ਪਾਪੀ ਹਨ ਤਾਂ ਫਿਰ ਇਹ ਦਿੱਲੀ ਦੀ ਸਰਕਾਰ ਵਾਲੇ ਗਊ ਭਗਤ ਇਹਨਾ ਪਾਪੀਆਂ ਨਾਲ ਵਪਾਰਕ ਸਮਝੌਤੇ ਕਰਨ ਲਈ ਕਿਉਂ ਰੋਜ ਹੀ ਜਹਾਜਾਂ ਤੇ ਚੜੇ ਰਹਿੰਦੇ ਹਨ-ਸੰਪਾਦਕ)


31/12/15)
ਅਵਤਾਰ ਸਿੰਘ ਮਿਸ਼ਨਰੀ

ਗੁਰੂ ਪਿਉ ਇੱਕ ਜਾਂ ਦੋ ਹੁੰਦੇ ਹਨ?

ਅਵਤਾਰ ਸਿੰਘ ਮਿਸ਼ਨਰੀ (504325827)

ਗੁਰੂ ਪਿਉ ਇੱਕ ਹੀ ਹੁੰਦਾ ਹੈ ਦੋ ਨਹੀਂ ਇਵੇਂ ਹੀ ਸਿੱਖਾਂ ਦਾ ਗੁਰੂ ਪਿਤਾ "ਗੁਰੂ ਗ੍ਰੰਥ ਸਾਹਿਬ" ਇੱਕ ਹੀ ਹੈ ਕੋਈ ਦੂਜਾ ਗ੍ਰੰਥ ਨਹੀਂ। ਇਹ ਅਖੌਤੀ ਦਸਮ ਗ੍ਰੰਥ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਕਿਤੇ ਬਾਅਦ ਵਿੱਚ ਲਿਖਿਆ ਜਾਂ ਵੱਖ ਵੱਖ ਕਵੀਆਂ ਦੀਆਂ ਰਚਨਾਵਾਂ ਇਕੱਠੀਆਂ ਕਰਕੇ ਬਣਾਇਆ ਗਿਆ। ਹਾਂ ਰਹਿਤਨਾਮੇ ਕਈ ਤਰ੍ਹਾਂ ਦੇ ਹਨ ਕੋਈ ਇੱਕ ਬਾਣੀ, ਕੋਈ ਦੋ, ਕੋਈ ਤਿੰਨ,ਕੋਈ ਚਾਰ ਅਤੇ ਕੋਈ ਪੰਜ ਲਿਖ ਰਿਹਾ ਹੈ। ਕੀ ਕੋਈ ਦਸ ਸੱਕਦਾ ਹੈ ਕਿ ਸਿੱਖ ਧਰਮ ਦੇ ਬਾਨੀ ਬਾਬਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ, ਗੁਰੂ ਗੋਬਿੰਦ ਸਿੰਘ ਤੇ ਸਿੱਖ ਮਿਸਲਾਂ ਤੱਕ ਸਿੱਖਾਂ ਦਾ ਕਿਹੜਾ ਨਿਤਨੇਮ ਅਤੇ ਅਰਦਾਸ ਸੀ? ਗੁਰੂਆਂ ਭਗਤਾਂ ਦੀ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਵਿਖੇ ਅੰਕਿਤ ਹੈ ਉਹ ਹੀ ਸਿੱਖਾਂ ਦਾ ਰਾਹ ਦਸੇਰਾ ਤੇ ਮਾਰਗ ਹੈ। ਗੁਰੂਆਂ ਦੇ ਵੇਲੇ ਤੋਂ ਹੀ ਕੱਚੀਆਂ ਰਚਨਾਵਾਂ ਪਿਰਥੀਏ ਤੇ ਮਿਹਰਬਾਨ ਹਿੰਦਾਲੀਏ ਵਰਗੇ ਲਿਖਨ ਲੱਗ ਪਏ ਸਨ। ਇਸ ਲਈ ਗੁਰੂ ਅਰਜਨ ਸਾਹਿਬ ਜੀ ਨੇ ਗੁਰਬਾਣੀ ਐਸੇ ਢੰਗ ਨਾਲ ਲਿਖੀ ਕਿ ਇਸ ਵਿੱਚ ਰਲਾ ਨਾ ਹੋ ਸੱਕੇ ਤੇ ਮੁੰਦਾਵਣੀ ਦੀ ਮੋਹਰ ਲਾ ਦਿੱਤੀ। ਰਾਗ ਮਾਲਾ ਵੀ ਕਿਸੇ ਪੰਥ ਦੋਖੀ ਨੇ ਬਾਅਦ ਵਿੱਚ ਅਖੀਰ ਤੇ ਬਾਣੀ ਤੋਂ ਬਾਅਦ ਜੋੜ ਦਿੱਤੀ ਪਰ ਵਿੱਚ ਵਿਚਾਲੇ ਕੋਈ ਰਲਾ ਨਾਂ ਕਰ ਸਕਿਆ।

ਸੱਚ ਵਿੱਚ ਝੂਠ ਨੂੰ ਅਤੇ ਅੰਮ੍ਰਿਤ ਵਿੱਚ ਜ਼ਹਿਰ ਨੂੰ ਰਲਾਉਣ ਲਈ ਬਾਮਣ, ਜੋਗੀ, ਮੁੱਲਾਂ ਮੁਲਾਣੇ, ਉਦਾਸੀ, ਨਿਰਮਲੇ, ਪ੍ਰਿਥੀ ਚੰਦੀਏ, ਹਿੰਦਾਲੀਏ, ਮੀਣੇ ਮਸੰਦ ਆਦਿਕ ਧਰਮ ਦਾ ਬੁਰਕਾ ਪਾਈ ਇਹ ਪੁਜਾਰੀਆਂ ਦਾ ਲੋਟੂ ਟੋਲਾ ਕਦ ਦਾ ਤਰਲੋ ਮੱਛੀ ਹੋ ਰਿਹਾ ਸੀ ਮਨਮੱਤਾਂ ਅਤੇ ਥੋਥੇ ਕਰਮਕਾਂਡਾਂ ਦਾ ਰਲਾ ਕਰਨ ਵਾਸਤੇ। ਜਦ ਇਨ੍ਹਾਂ ਦੀਆਂ ਆਸਾਂ ਤੇ ਪਾਣੀ ਫਿਰ ਗਿਆ ਪਰਵ ਜਦ ਸਿੱਖਾਂ ਤੇ ਔਖਾ ਵੇਲਾ ਆਇਆ ਉਹ ਜੰਗਲਾਂ ਬੇਲਿਆਂ ਛੰਬਾਂ ਵਿੱਚ ਚਲੇ ਗਏ ਤਾਂ ਓਦੋਂ ਧਰਮ ਅਸਥਾਨਾਂ ਦੀ ਸੇਵਾ ਸੰਭਾਲ ਤੇ ਨਾਂ ਤੇ ਕਾਸ਼ੀ ਬਾਮਣ ਉਦਾਸੀਆਂ ਅਤੇ ਨਿਰਮਲਿਆਂ ਦੇ ਭੇਖ ਵਿੱਚ ਧਰਮ ਪੁਜਾਰੀ ਬਣ ਸਿੱਖ ਧਰਮ ਅਸਥਾਨਾਂ ਵਿੱਚ ਵੀ ਆ ਵੜੇ। ਇਨ੍ਹਾਂ ਨੇ ਗੁਰੂਆਂ ਭਗਤਾਂ ਨੂੰ ਘੱਟ ਪੜ੍ਹੇ ਸਿੱਧ ਕਰਨ ਵਾਸਤੇ ਇਹ ਛੋਛਾ ਛੱਡ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਵਿਦਿਆ ਸਿੱਖਣ ਵਾਸਤੇ ਪੰਜ ਸਿੱਖ ਵਿਦਿਆ ਪੜ੍ਹਨ ਲਈ ਵਿਦਿਆ ਦੇ ਗੜ੍ਹ ਕਾਸੀ ਭੇਜੇ, ਜੋ ਨਿਰਮਲਿਆਂ ਦੇ ਰੂਪ ਵਿੱਚ ਓਦੋਂ ਧਰਮਸ਼ਾਲਾਵਾਂ ਤੇ ਹੁਣ ਡੇਰਿਆਂ ਤੇ ਟਕਸਾਲਾਂ ਵਿੱਚ ਬ੍ਰਾਹਮਣੀ ਰੰਗਤ ਵਾਲੀ ਧਰਮ ਵਿਦਿਆ ਪੜ੍ਹਾ ਰਹੇ ਹਨ। ਟਕਸਾਲਾਂ ਤੇ ਡੇਰਿਆਂ ਵਿੱਚ ਗੁੜਤੀ ਹੀ ਇਨ੍ਹਾਂ ਅਖੌਤੀ ਅਨਮਤੀ ਗ੍ਰੰਥਾਂ ਦੀ ਦਿੱਤੀ ਜਾਂਦੀ ਹੈ। ਇਹ ਉਦਾਸੀ ਅਤੇ ਭਗਵੇ ਹਿੰਦੂ ਸਾਧੂ ਜੋ ਸੰਸਕ੍ਰਿਤ, ਹਿੰਦੀ ਅਤੇ ਕਈ ਹੋਰ ਭਾਸ਼ਾਵਾਂ ਦੇ ਵਿਦਵਾਨ ਸਨ ਇਨ੍ਹਾਂ ਨੇ ਕਈ ਪੰਜਾਬੀ ਵਿਦਵਾਨ ਲੇਖਕਾਂ ਨੂੰ ਨਾਲ ਰਲਾ ਕੇ ਅਨੇਕਾਂ ਗ੍ਰੰਥ ਗੁਰਮੁਖੀ ਭਾਸ਼ਾ ਵਿੱਚ ਰਚੇ ਉਨ੍ਹਾਂ ਚੋਂ ਹੀ ਬਾਲੇ ਵਾਲੀ ਜਨਮ ਸਾਖੀ, ਗੁਰਬਿਲਾਸ ਪਾਤਸ਼ਾਹੀ ਛੇਵੀ ਗ੍ਰੰਥ, ਪੰਥ ਪ੍ਰਕਾਸ਼, ਸੂਰਜ ਪ੍ਰਕਾਸ਼, ਭਾਵਰ ਸਿਮਰਤ, ਚਾਨਣਕੀਆ, ਸਾਰੁਕਤਾਵਲੀ, ਬਚਿੱਤਰ ਨਾਟਕ ਜੋ ਬਾਅਦ ਵਿੱਚ ਦਸਮ ਗ੍ਰੰਥ ਬਣਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਕੇ ਉਸ ਦਾ ਪਾਠ, ਕੀਰਤਨ ਤੇ ਕਥਾ ਵੀ ਸ਼ੁਰੂ ਕਰ ਦਿੱਤੀ। ਦਮਦਮੀ ਟਕਸਾਲ ਵੀ ਹੁਣ ਤੱਕ ਮਹਿਤਾ ਚੌਂਕ ਵਿਖੇ ਦਸਮ ਗ੍ਰੰਥ ਦਾ ਪ੍ਰਕਾਸ਼ ਬਰਾਬਰ ਗੁਰੂ ਗ੍ਰੰਥ ਸਾਹਿਬ ਜੀ ਦੇ ਕਰਦੀ ਰਹੀ ਹੈ ਤੇ ਨਿਹੰਗ ਸਿੰਘ ਹੁਣ ਵੀ ਕਰ ਰਹੇ ਹਨ ਇਹ ਤਾਂ ਇੱਕ ਹੋਰ ਗ੍ਰੰਥ ਸਰਬਲੋਹ ਦਾ ਵੀ ਨਾਲ ਹੀ ਪ੍ਰਕਾਸ਼ ਕਰਦੇ ਹਨ। ਸਿੱਖੀ ਬਾਣਾ ਪਾਈ ਇਹ ਕਾਸ਼ੀ ਦਾ ਕੇਸਾਧਾਰੀ ਬਾਮਣ ਟੋਲਾ ਗੁਰੂ ਗ੍ਰੰਥ ਸਾਹਿਬ ਵਿਖੇ ਤਾਂ ਇੰਟਰ ਹੋ ਨਾ ਸਕਿਆ ਪਰ ਵੱਖ ਵੱਖ ਗ੍ਰੰਥਾਂ, ਧਰਮ ਪੁਸਤਕਾਂ, ਰਾਗੀਆਂ, ਗ੍ਰੰਥੀਆਂ, ਪੁਜਾਰੀਆਂ, ਸੰਤਾਂ ਮਹੰਤਾਂ ਧਰਮ ਅਤੇ ਰਾਜਨੀਤਕ ਲੀਡਰਾਂ ਦੇ ਰੂਪ ਵਿੱਚ ਸਿੱਖ ਧਰਮ ਸੰਸਥਾਵਾਂ ਵਿੱਚ ਵੱਡੀ ਪੱਧਰ ਤੇ ਇੰਟਰ ਹੋ ਚੁੱਕਾ ਹੈ ਜੋ ਆਏ ਦਿਨ ਗੁਰਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਵਿਸ਼ਵਾਸ਼ ਤੋੜਨ ਲਈ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਿਤਨੇਮ, ਅੰਮ੍ਰਿਤ, ਅਰਦਾਸ, ਮਰਯਾਦਾ, ਨਿਸ਼ਾਨ ਵਿਧਾਨ ਕੈਲੰਡਰ, ਰਹਿਣ ਸਹਿਣ, ਖਾਣ ਪੀਣ, ਉੱਠਣ ਬੈਠਣ ਆਦਿ ਵਿੱਚ ਬਾਮਣੀ ਕਰਮਕਾਂਡ ਰਲਾਈ ਜਾ ਰਿਹਾ ਹੈ। ਸਿੱਖ ਕੌਮ ਨੂੰ ਕੇਸਾਧਰੀ ਹਿੰਦੂਆਂ ਦਾ ਹੀ ਇੱਕ ਫਿਰਕਾ ਪ੍ਰਚਾਰਦਾ ਲਵ ਕੁਛ ਦੀ ਉਲਾਦ ਦੱਸ ਰਿਹਾ ਹੈ।

ਪਹਿਲੇ ਅੱਜ ਵਰਗੇ ਅਧੁਨਿਕ ਸਾਧਨ ਫੋਨ, ਇੰਟ੍ਰਨੈੱਟ ਆਦਿਕ ਨਾਂ ਹੋਣ ਕਰਕੇ ਇਹ ਟੋਲਾ ਹੀ ਸੰਤ, ਮਹੰਤ, ਭਾਈ, ਗ੍ਰੰਥੀ, ਕਥਾਵਾਚਕ, ਪ੍ਰਚਾਰਕ ਅਤੇ ਧਰਮ ਤੇ ਰਾਜਨੀਤਕ ਲੀਡਰ ਬਣ ਹਰ ਰੋਜ ਧਰਮ ਅਸਥਾਨਾਂ ਗੁਰਦੁਆਰਿਆਂ ਵਿੱਚ ਰਾਤ ਦਿਨ ਪ੍ਰਚਾਰ ਕਰਦਾ ਸੀ ਤੇ ਆਮ ਸੰਗਤ ਨੂੰ ਇਸ ਨੇ ਕੇਵਲ ਭਾੜੇ ਦੇ ਕਥਾ, ਕੀਰਤਨ, ਪਾਠ, ਅਰਦਾਸਾਂ ਆਦਿਕ ਕਰਮਕਾਂਡਾਂ ਵਿੱਚ ਲਾ ਛੱਡਿਆ ਸੀ। ਬਾਣੀ ਗਲਤ ਪੜ੍ਹਨ ਦੀ ਬੇਅਦਬੀ ਦਾ ਡਰਾਵਾ ਦੇ ਕੇ ਸ਼ਰਧਾਲੂਆਂ ਨੂੰ ਆਪ ਪੜ੍ਹਨ ਤੋਂ ਡਰਾਇਆ ਹੋਇਆ ਸੀ। ਇਤਿਹਸਕ ਗੁਰਦੁਆਰਿਆਂ ਅਤੇ ਸਿੱਖ ਤਖਤਾਂ ਤੇ ਵੀ ਇਹ ਟਕਸਾਲੀ ਡੇਰੇਦਾਰ ਨਿਰਮਲੇ ਕਾਬਜ ਸਨ। ਸੈਂਕੜੇ ਸਾਲਾਂ ਤੋਂ ਇਨ੍ਹਾਂ ਦੇ ਬ੍ਰਾਹਮਣੀ ਗ੍ਰੰਥਾਂ ਦੀ ਰੰਗਤ ਵਾਲੇ ਬੋਲ ਹੀ ਸਿੱਖ ਸੰਗਤਾਂ ਦੇ ਕੰਨੀ ਪੈ ਰਹੇ ਸਨ। ਗੁਰੂ ਗ੍ਰੰਥ ਸਾਹਿਬ ਨੂੰ ਰੇਸ਼ਮੀ ਰੁਮਾਲਿਆਂ, ਏਅਰ ਕੰਡੀਸ਼ਨ ਕਮਰਿਆਂ ਵਿੱਚ ਅੰਨ੍ਹੀ ਸ਼ਰਧਾ ਦੇ ਨਾਂ ਤੇ ਲੁਕੋ ਕੇ ਰੱਖਿਆ ਗਿਆ ਸੀ। ਇਨ੍ਹਾਂ ਲੋਕਾਂ ਨੇ ਆਪੋ ਆਪਣੀ ਮਰਜੀ ਦੇ ਅੰਮ੍ਰਿਤ, ਨਿਤਨੇਮ, ਆਰਤੀਆਂ, ਅਰਦਾਸਾਂ ਅਤੇ ਮਰਯਾਦਾ ਚਲਾਈਆਂ ਹੋਈਆਂ ਸਨ। ਜਦ ਅੰਗ੍ਰੇਜਾਂ ਦੇ ਰਾਜ ਤੋਂ ਬਾਅਦ ਪ੍ਰੋ. ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਵਰਗੇ ਗੁਰਮਤੀ ਵਿਦਵਾਨ ਉੱਠੇ ਗੁਰਮਤਿ ਦਾ ਪ੍ਰਚਾਰ ਹੋਇਆ ਤੇ ਸਿੱਖ ਮਰਯਾਦਾ ਨੂੰ ਇੱਕਸਾਰ ਕਰਨ ਲਈ 1932 ਈਸਵੀ ਵਿੱਚ ਵੱਖ ਵੱਖ ਜਥੇਬੰਦੀਆਂ ਦਾ ਇਕੱਠ ਹੋਇਆ ਉਸ ਵੇਲੇ ਵੀ ਵੀ ਜਿਆਦਾ ਇਹ ਸੰਪ੍ਰਦਾਈ, ਡੇਰੇਦਾਰ ਅਤੇ ਨਿਰਮਲੇ ਆਦਿਕ ਸ਼ਾਮਲ ਹੋਏ ਜਾਂ ਇਨ੍ਹਾਂ ਦੇ ਸਿਖਆਰਥੀ ਰਾਗੀ ਗ੍ਰੰਥੀ ਕਥਾਵਾਚ ਗਿਆਨੀ ਪ੍ਰਚਾਰਕ ਆਦਿ ਤਾਂ ਉਸ ਵੇਲੇ ਵੀ ਗੁਰਮਤੀ ਸਿੱਖ ਵਿਦਵਾਨਾਂ ਦੀ ਗਿਣਤੀ ਘੱਟ ਸੀ। ਇਸ ਕਰਕੇ 1932 ਵਿੱਚ ਬਣ ਕੇ ਜੋ 1945 ਵਿੱਚ ਲਾਗੂ ਹੋਈ ਮਰਯਾਦਾ ਹੈ ਉਸ ਵਿੱਚ ਵੀ ਇਹ ਲੋਕ ਅਖੌਤੀ ਦਸਮ ਗ੍ਰੰਥ ਅਤੇ ਕੁਝ ਸੰਪ੍ਰਦਾਈ ਕਰਮਕਾਂਡ ਸ਼ਾਮਲ ਕਰਾਉਣ ਵਿੱਚ ਭਾਰੂ ਰਹੇ।

ਹੁਣ ਜਮਾਨਾਂ ਬਦਲ ਗਿਆ ਹੈ। ਸਾਰਾ ਸੰਸਾਰ ਇੰਟ੍ਰਨੈੱਟ ਆਦਿਕ ਇਲੈਕਟ੍ਰੌਨਕ ਮੀਡੀਏ ਰਾਹੀਂ ਗਲੋਬਲ ਹੋ ਨੇੜੇ ਹੋ ਗਿਆ ਹੈ। ਜੋ ਸਿੱਖ ਡਰਦੇ ਗੁਰੂ ਗ੍ਰੰਥ ਸਾਹਿਬ ਘਰਾਂ ਵਿੱਚ ਨਹੀਂ ਰੱਖ ਸਕਦੇ ਸਨ ਉਹ ਹੁਣ ਘਰੇ ਬੈਠੇ ਇੰਟ੍ਰਨੈੱਟ ਫੇਸ ਬੁੱਕ ਆਦਿਕ ਤੇ ਬੜੀ ਅਸਾਨੀ ਨਾਲ ਅਰਥਾਂ ਸਮੇਤ ਪੜ੍ਹ ਵਿਚਾਰ ਲੈਂਦੇ ਹਨ। ਹੁਣ ਗੁਰਸਿੱਖ ਆਸ ਵਿਡਾਣੀ ਦੀ ਛੱਟ ਲਾਹੀ ਜਾ ਰਹੇ ਹਨ। ਹੁਣ ਤੱਕ ਇਨ੍ਹਾਂ ਸੰਪ੍ਰਦਾਈ ਧਰਮ ਪੁਜਾਰੀਆਂ ਨੇ ਗੁਰਦੁਆਰਿਆ ਵਿੱਚ ਧਰਮ ਕਰਮ ਵੀ ਸੇਲ ਤੇ ਲਾ ਰੱਖਿਆ ਸੀ ਪਾਠ, ਕੀਰਤਨ, ਕਥਾ ਆਰਦਾਸਾਂ ਸਭ ਮੁੱਲ ਵਿਕ ਰਹੀਆਂ ਸਨ ਤੇ ਅੱਜ ਵੀ ਹਨ। ਇਨ੍ਹਾਂ ਕਪਟੀ ਧਰਮ ਪੁਜਾਰੀਆਂ ਨੇ ਸਿੱਖ ਕੌਮ ਦਾ ਮਿਲੀਆਨ ਟ੍ਰੀਲਅਨ ਸਰਮਾਇਆ ਸੰਗ ਮਰਮਰੀ ਬਿਲਡਿੰਗਾਂ, ਭਾੜੇ ਦੇ ਪਾਠਾਂ, ਕੀਰਤਨਾਂ ਅਤੇ ਮਾਲਾ ਫੇਰੂ ਜਪਾਂ ਤਪਾਂ ਤੇ ਗਿਣਤੀ ਮਿਣਤੀ ਦੇ ਮੰਤ੍ਰ ਪਾਠਾਂ ਤੇ ਬਰਬਾਦ ਕਰ ਦਿੱਤਾ ਹੈ। ਇਹ ਪੁਜਾਰੀ ਟੋਲਾ ਦੋਹੀਂ ਹੱਥੀਂ ਹੇੜਾਂ ਦੇ ਰੂਪ ਵਿੱਚ ਹੜ ਹੜ ਕਰਦਾ ਸਿੱਖੀ ਦੀ ਹਰਿਆਵਲ ਖੇਤੀ ਨੂੰ ਅਵਾਰਾ ਪਸ਼ੂਆਂ ਵਾਂਗ ਉਜਾੜ ਰਿਹਾ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਇਨ੍ਹਾਂ ਧਰਮ ਪੁਜਾਰੀਆਂ ਨੂੰ ਉਜਾੜੇ ਕਾ ਬੰਧ ਕਿਹਾ ਸੀ-ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨ੍ਹਾਵੈ ਜੀਆਂ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੈ ਓਜਾੜੇ ਕਾ ਬੰਧੁ॥ (662)

ਅਖੀਰ ਤੇ ਦਾਸ ਦਾ ਇਨ੍ਹਾਂ ਪੁਜਾਰੀ ਨੁਮਾਂ ਪ੍ਰਬੰਧਕਾਂ ਅਤੇ ਪ੍ਰਚਾਰਕਾਂ ਨੂੰ ਸਵਾਲ ਹੈ ਕਿ ਜਦ ਬਾਬਾ ਨਾਨਕ ਸਾਹਿਬ ਧਰਮ ਪ੍ਰਚਾਰ ਤੇ ਘਰੋਂ ਤੁਰੇ ਸਨ ਤਾਂ ਉਨ੍ਹਾਂ ਨੇ ਆਪਣੇ ਨਾਲ ਕਿੰਨੇ ਰਾਗੀ, ਗ੍ਰੰਥੀ, ਪ੍ਰਚਾਰਕ, ਢਾਡੀ, ਕਵਿਸ਼ਰ, ਢੋਲਕੀਆਂ ਤੇ ਚਿਮਟੇ ਕੁੱਟਣ ਵਾਲੇ ਅਤੇ ਲਾਂਗਰੀ ਰਸੋਈਏ ਰੱਖ ਹੋਏ ਸਨ? ਜਦ ਕਿ ਭਾਈ ਗੁਰਦਾਸ ਜੀ ਦਸਦੇ ਹਨ ਕਿ-ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾਂ॥ ਇਤਿਹਾਸ ਦਸਦਾ ਹੈ ਕਿ ਇਕੱਲੇ ਬਾਬਾ ਨਾਨਕ ਸਾਹਿਬ ਜੀ ਨੇ ਤਿੰਨ ਕਰੋੜ ਨੂੰ ਰੱਬੀ ਗਿਆਨ ਵੰਡ ਕੇ ਸਿੱਖ ਬਣਾਇਆ। ਤੇ ਅੱਜ ਦੀਆਂ ਧਰਮ ਪੁਜਾਰੀਆਂ ਤੇ ਪ੍ਰਬੰਧਕਾਂ ਦੀਆਂ ਹੇੜਾਂ ਨੇ ਸਿੱਖੀ ਦੇ ਇਸ ਹਰਿਆਵਲ ਬੂਟੇ ਨੂੰ ਉਜਾੜਨ ਵਿੱਚ ਕੋਈ ਕਸਰ ਨਹੀਂ ਛੱਡੀ ਸਗੋਂ ਹੁਣ ਤਾਂ ਜੜਾਂ ਵੱਡਣ ਤੱਕ ਜਾ ਰਹੇ ਹਨ। ਇਨ੍ਹਾਂ ਨੇ ਸਿੱਖਾਂ ਦਾ ਇੱਕ ਗ੍ਰੰਥ-ਪੰਥ, ਨਿਸ਼ਾਨ, ਵਿਧਾਨ ਤੇ ਕੌਮੀ ਨਾਨਕਸ਼ਾਹੀ ਕੈਲੰਡਰ ਵੀ ਨਹੀਂ ਰਹਿਣ ਦਿੱਤਾ। ਬਾਹਰਲਾ ਭੇਖ ਸਿੱਖੀ ਦਾ ਧਾਰਨ ਕਰਕੇ ਸਿੱਖ ਕੌਮ ਦੇ ਆਲਮਗੀਰ ਸਿਧਾਂਤਾਂ ਨੂੰ ਅਖੌਤੀ ਦਸਮ ਗ੍ਰੰਥ, ਸ਼ੂਰਜ ਪ੍ਰਕਾਸ਼, ਗੁਰਬਿਲਾਸ ਪਾਤਸ਼ਾਹੀ ਛੇਵੀਂ, ਵੱਖ ਵੱਖ ਰਹਿਤਨਾਮੇ ਤੇ ਆਪੋ ਆਪਣੀਆਂ ਸੰਪ੍ਰਦਾਈ ਮਰਯਾਦਾਵਾਂ ਰਾਹੀਂ ਰੋਲ ਰਹੇ ਹਨ ਤੇ ਇਸ ਸਭ ਕਾਸੇ ਨੂੰ ਸੀਨੇ ਬਸੀਨੇ ਚੱਲੀ ਆ ਰਹੀ ਮਰਯਾਦਾ ਕਹਿ ਕੇ ਜਬਰੀ ਥੋਪ ਰਹੇ ਹਨ। ਹੁਣ ਜੇ ਕੁਝ ਪੰਥਕ ਜਥੇਬੰਦੀਆਂ, ਨੌਜਵਾਨ, ਬਾਬਾ ਗੁਰਬਖਸ਼ ਸਿੰਘ ਕਾਲਾ ਅਫਗਾਨਾਂ ਵਰਗੇ ਵਿਦਵਾਨ, ਇੰਟ੍ਰਨੈਸ਼ਨਲ ਸਿੰਘ ਸਭਾ ਕਨੇਡਾ, ਸਿੱਖਮਾਰਗ, ਸਿੱਖ ਵਿਰਸਾ, ਸਿੱਖ ਸਪੋਕਸਮੈਨ, ਯੂ ਨਿਊਜ ਟੂਡੇ ਅਤੇ ਵਿਸ਼ੇਸ਼ ਕਰਕੇ ਹਕੀਕਤ ਰੂਪ ਵਿੱਚ ਖਾਲਸਾ ਨਿਊਜ ਅਤੇ ਖਾਸ ਕਰਕੇ ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਸੁੱਚੀ ਬਾਣੀ ਨਾਲ ਜੁੜਨ, ਜੋੜਨ, ਪੜ੍ਹਨ, ਵਿਚਾਰਨ ਅਤੇ ਅਮਲੀ ਰੂਪ ਵਿੱਚ ਧਾਰਨ ਦਾ ਧੜੱਲੇ ਨਾਲ ਹਿੱਕ ਤੇ ਹੱਥ ਰੱਖ ਕੇ ਪ੍ਰਚਾਰ ਤੇ ਪਸਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਸੀਂ ਵੀ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ. ਦੇ ਸਮੂੰਹ ਸੇਵਾਦਾਰ ਕਿਰਤੀ ਸਿੱਖ ਉਨ੍ਹਾਂ ਦੇ ਨਾਲ ਕੇਵਕ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਰੱਬੀ ਰਹਿਬਰ, ਗਿਆਨ ਤੇ ਕਲਿਆਣ ਦਾਤਾ ਮੰਨਦੇ ਤੇ ਲਿਖ, ਬੋਲ ਕੇ ਪ੍ਰਚਾਰ ਰਹੇ ਹਾ। ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਦੇ ਸੰਪੂਰਨ ਗੁਰੂ ਹਨ ਇਸ ਲਈ ਹਰ ਧਰਮ ਕਰਮ ਵਿੱਚ ਉਨ੍ਹਾਂ ਦੀ ਪਵਿਤਰ ਬਾਣੀ ਦੀ ਹੀ ਅਗਵਾਈ ਲੈਣੀ ਚਾਹੀਦੀ ਹੈ ਨਾਂ ਕਿ ਹੋਰਨਾਂ ਗ੍ਰੰਥਾਂ ਪਿੱਛੇ ਲੱਗ ਗੁਰੂ ਗ੍ਰੰਥ ਸਾਹਿਬ ਦੀ ਮਹਾਂਨਤਾ ਘਟਾਉਣੀ ਤੇ ਉਸ ਦੀ ਸੰਪੂਰਨਤਾ ਤੇ ਪ੍ਰਸ਼ਨਚਿੰਨ ਲਾਉਣਾ ਚਾਹੀਦਾ ਹੈ। ਭਲਿਓ ਜੇ ਅਸੀਂ ਹਰ ਵੇਲੇ ਧਰਮ ਅਸਥਾਨਾਂ ਵਿੱਚ ਵੀ ਪੜ੍ਹਦੇ ਤੇ ਅਰਦਾਸ ਕਰਦੇ ਹਾਂ ਕਿ-ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥ ਫਿਰ ਹੋਰ ਕਵੀਆਂ ਦੇ ਗ੍ਰੰਥਾਂ ਨੂੰ ਵਿੱਚ ਕਿਉਂ ਘਸੋੜ ਦੇ ਹਾਂ?


29/12/15)
ਸਤਨਾਮ ਸਿੰਘ ਜੌਹਲ

ਕੈਨੇਡੀਅਨ ਸਿੱਖ ਸਟੱਡੀ ਅਤੇ ਟੀਚਿੰਗ ਸੁਸਾਇਟੀ
ਮਿਤੀ 26 ਦਸੰਬਰ 2015 ਨੂੰ ਬਾਦ ਦੁਪਿਹਰ ਵਿਸ਼ਵ ਸਿੱਖ ਸ਼ਹੀਦੀ ਦਿਵਸ ਨੂੰ ਸਮਰਪਿਤ ਕੈਨੇਡੀਅਨ ਸਿੱਖ ਸਟੱਡੀ ਤੇ ਟੀਚਿੰਗ ਸੁਸਾਇਟੀ ਵਲੋਂ ਇੱਕ ਸੈਮੀਨਾਰ, ਤਾਜ ਹਾਲ ਅਤੇ ਕਨਵੈਂਸ਼ਨ ਸੈਂਟਰ 8580 -132 ਸਟਰੀਟ ਸਰੀ ਵਿਖੇ ਕਰਵਾਇਆ ਗਿਆ। ਜਿਸ ਵਿੱਚ ਪੰਥ ਦੇ ਮਹਾਨ ਵਿਦਵਾਨ ਭਾ: ਹਰਜਿੰਦਰ ਸਿੰਘ ਸਭਰਾ ਨੇ ਸਿੱਖ ਧਰਮ `ਚ ਸਹਾਦਿਤ ਦੇ ਸੰਕਲਪ ਵਾਰੇ ਆਪਣੇ ਵਿਚਾਰ ਪੇਸ਼ ਕੀਤੇ। ਡਾ: ਪੂਰਨ ਸਿੰਘ ਗਿੱਲ ਨੇ ਪੰਜਾਬ ਦੀ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਸਥਿਤੀ ਉਪਰ ਚਾਨਣਾ ਪਾਇਆ। ਪ੍ਰਸਿਧ ਕਥਾਵਾਚਕ ਗਿਆਨੀ ਸ਼ਿਵਤੇਗ ਸਿੰਘ ਨੇ ਅਕਾਲ ਤਖਤ, ਹੁਕਮਨਾਮਾ ਅਤੇ ਸਰਬੱਤ ਖਾਲਸਾ ਵਾਰੇ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ। ਸਰੋਤੇ ਵਿਦਵਾਨਾਂ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਆਉਣ ਵਾਲੇ ਸਮੇਂ ਵਿੱਚ ਇਸ ਤਰਾਂ ਦੇ ਸੈਮੀਨਾਰ ਕਰਵਾਉਣ ਲਈ ਪ੍ਰਬੰਧਕਾਂ ਨੂੰ ਸੁਝਾਹ ਵੀ ਦਿੱਤੇ। ਸਟੇਜ ਦੀ ਕਾਰਵਾਈ ਸ: ਸਤਨਾਮ ਸਿੰਘ ਜੌਹਲ ਨੇ ਨਿਬਾਹੀ।
ਇਕੱਤਰਤਾ ਵਿੱਚ ਵਿਦਵਾਨ ਸੱਜਨਾਂ ਦੇ ਵਿਚਾਰਾਂ ਤੋਂ ਬਾਦ ਸਰੋਤਿਆਂ ਵਲੋਂ ਆਏ ਸੁਝਾਵਾਂ ਉਪਰੰਤ ਹੇਠ ਲਿਖੇ ਮਤੇ ਨੂੰ ਪਰਵਾਨਗੀ ਦਿਤੀ ਗਈ:
(ੳ) ਵਿਦੇਸ਼ਾਂ `ਚ ਵਸਦੀ ਸਿੱਖ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕੌਮ ਦੇ ਦਰਪੇਸ਼ ਮਸਲਿਆਂ ਨੂੰ ਸਲਝਾਉਣ ਲਈ ਭਾਰਤ ਤੋਂ ਬਾਹਰ ਵੱਡੀ ਪੰਥਕ ਇਕੱਤਰਤਾ ਕੀਤੀ ਜਾਵੇ ਜਿਸ ਨੂੰ ਸਰਬੱਤ ਖਾਲਸੇ ਦਾ ਰੂਪ ਵੀ ਦਿਤਾ ਜਾ ਸਕਦਾ ਹੈ।
(ਅ) ਇਸ ਤੋਂ ਪਹਿਲੋਂ ਸੰਘਣੀ ਸਿੱਖ ਵਸੋਂ ਵਾਲੇ ਮੁਲਕ ਆਪਣੇ ਲੋਕਲ ਲੈਵਲ ਉਪਰ ਪੰਥਕ ਇਕੱਤਰਤਾਵਾਂ ਤੇ ਵਿਚਾਰਾਂ ਕਰਕੇ ਆਪਣੇ ਆਪਣੇ ਦੇਸ ਤੋਂ ਸੂਝਵਾਨ, ਬੇ- ਦਾਗ, ਬੇ-ਲਾਗ ਸੱਜਨਾਂ ਨੂੰ ਡੇਲੀਕੇਟ ਦੇ ਤੌਰ ਤੇ ਭੇਜਣ ਤਾਂ ਕੇ ਕੌਮ ਦੇ ਭਵਿਖ ਲਈ ਉਸਾਰੂ ਹੰਭਲੇ ਮਾਰੇ ਜਾਣ।


29/12/15)
ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਜੱਥੇਦਾਰ ਪਿਆਰੇ
- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਘਰ ਘਰ ਜੱਥੇਦਾਰ ਬਹੇ ਤੇ ਗਲੀ ਗਲੀ ਪਿਆਰੇ ।
ਵੱਖਰੀ ਵੱਖਰੀ ਪੀਪਣੀ ਆਪਣੇ ਸਭ ਦੇ ਨਗਾਰੇ ।
ਆਪਣੇ ਸਭ ਦੇ ਨਗਾਰੇ ਲਗਾਵਣ ਡੱਗਾ ਠੋਕ ਕੇ ।
ਹੱਥ ਫੜ੍ਹੀ ਖੂੰਢੀ ਸ਼ਮਸ਼ੀਰ ਕੋਈ ਦਿਖਾਵੇ ਰੋਕ ਕੇ ।
ਪੱਤ ਰੁਲੇ ਗਰੀਬ ਦੀ ਰੁਲਦੀ ਫਿਰੇ ਦੁਬਕ ਰਹੇ ।
ਕੰਵਲ ਪੰਥ ਦੇ ਨਾਮ ਘਰ ਘਰ ਜੱਥੇਦਾਰ ਬਹੇ ।


29/12/15)
ਗੁਰਿੰਦਰ ਸਿੰਘ ਕੋਟਕਪੂਰਾ

ਕੌੜੀਆਂ-ਕੁਸੈਲੀਆਂ ਯਾਦਾਂ ਛੱਡਦਾ ਹੋਇਆ 2015 ਸਮਾਪਤ, ਸਾਰਾ ਸਾਲ ਪੰਥ `ਤੇ ਬਣੀ ਰਹੀ ਭੀੜ੍ਹ
-ਗੁਰਿੰਦਰ ਸਿੰਘ ਕੋਟਕਪੂਰਾ-

ਤਖ਼ਤਾਂ ਦੇ ਜਥੇਦਾਰਾਂ ਦੇ 24 ਸਤੰਬਰ ਦੇ ਸੌਦਾ ਸਾਧ ਨੂੰ ਦੋਸ਼ਮੁਕਤ ਕਰਾਰ ਦੇਣ ਦੇ ਹੈਰਾਨੀਜਨਕ ਫੈਸਲੇ ਦੀ ਖ਼ਬਰ ਜਦੋਂ ਦੁਨੀਆਂ ਦੇ ਕੋਨੇ-ਕੋਨੇ `ਚ ਬੈਠੇ ਪੰਥਦਰਦੀਆਂ ਤਾਈਂ ਪੁੱਜੀ ਤਾਂ ਹਾ-ਹਾ ਕਾਰ ਮੱਚਣੀ ਸੁਭਾਵਿਕ ਸੀ ਤੇ ਉਕਤ ਖ਼ਬਰ ਨਾਲ ਪੰਥਦਰਦੀਆਂ ਦੇ ਹਿਰਦੇ ਵੀ ਵਲੂੰਧਰੇ ਗਏ। ਭਾਵੇਂ ਸਿਆਸਤਦਾਨਾਂ ਦੀ ਇਸ ਘਟਨਾਕ੍ਰਮ `ਚ ਵੋਟ ਰਾਜਨੀਤੀ, ਨਿੱਜੀ ਮੁਫ਼ਾਦ, ਕੋਈ ਮਜਬੂਰੀ ਜਾਂ ਸਿਆਸੀ ਚਾਲ ਹੋਵੇ ਪਰ ਪਿਛਲੇ ਕਈ ਦਹਾਕਿਆਂ ਤੋਂ ਪੁਜਾਰੀਵਾਦ ਦੇ ਪੰਥ ਨੂੰ ਢਾਅ ਲਾਉਣ ਵਾਲੇ ਮਨਸੂਬਿਆਂ ਲਈ ਜਾਗਦੇ ਰਹੋ ਦਾ ਹੌਕਾ ਦਿੰਦੇ ਆ ਰਹੇ ਤੱਤ ਗੁਰਮਤਿ ਨੂੰ ਪ੍ਰਣਾਏ ਮੀਡੀਏ ਦਾ ਦੁਨੀਆਂ ਦੇ ਕੋਨੇ-ਕੋਨੇ `ਚ ਵਸਦੀਆਂ ਸੰਗਤਾਂ ਦੇ ਅੱਖਾਂ ਦਾ ਤਾਰਾ ਬਣਨਾ ਸੁਭਾਵਿਕ ਸੀ। ਸ਼ੋਸ਼ਲ ਮੀਡੀਏ ਰਾਹੀਂ ਤਖ਼ਤਾਂ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰਾਂ ਅਤੇ ਇਨ੍ਹਾਂ ਦੇ ਸਿਆਸੀ ਅਕਾਵਾਂ ਖਿਲਾਫ਼ ਗੁੱਸਾ ਕੱਢਦਿਆਂ ਜਾਗਰੂਕ ਸਿੱਖਾਂ ਤੇ ਪੰਥਦਰਦੀਆਂ ਨੇ ਉਸ ਸਖ਼ਤ ਸ਼ਬਦਾਵਲੀ ਦੀ ਵਰਤੋਂ ਕੀਤੀ, ਜੋ ਇਥੇ ਦੁਹਰਾਉਣੀ ਸ਼ੋਭਾ ਹੀ ਨਹੀਂ ਦਿੰਦੀ। ਕਿਉਂਕਿ ਉਹ ਸ਼ਬਦਾਵਲੀ ਲਿਖਣੀ ਤੇ ਬੋਲਣੀ ਬੜੀ ਮੁਸ਼ਕਲ ਜਾਪਦੀ ਹੈ। ਸੌਦਾ ਸਾਧ ਬਾਰੇ ਤਖ਼ਤਾਂ ਦੇ ਉਕਤ ਫ਼ੈਸਲੇ ਦੀ ਰਿਪੋਰਟ ਤਾਂ 25 ਸਤੰਬਰ ਦੇ ਅਖ਼ਬਾਰਾਂ `ਚ ਪ੍ਰਕਾਸ਼ਤ ਹੋਣੀ ਸੀ ਪਰ 24 ਤੇ 25 ਸਤੰਬਰ ਦੀ ਦਰਮਿਆਨੀ ਰਾਤ ਨੂੰ ਸੌਦਾ ਸਾਧ ਦੇ ਕਥਿਤ ਚੇਲਿਆਂ ਨੇ ਦੋ ਵੱਡੇ-ਵੱਡੇ ਹੱਥਲਿਖ਼ਤ ਪੋਸਟਰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦਵਾਰਾ ਸਾਹਿਬ ਦੀਆਂ ਕੰਧਾਂ `ਤੇ ਚਿਪਕਾ ਕੇ ਸਿੱਖਾਂ ਖਿਲਾਫ਼ ਬੜੀ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ। ਉਨ੍ਹਾਂ ਪਾਵਨ ਸਰੂਪ ਆਪਣੇ ਕੋਲ ਅਤੇ ਬਰਗਾੜੀ `ਚ ਹੀ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ‘ਤੁਸੀਂ ਸਾਡੇ ਬਾਬੇ ਦੀ ਫ਼ਿਲਮ ਨਹੀਂ ਚੱਲਣ ਦਿੱਤੀ, ਇਸ ਲਈ ਅਸੀਂ ਸਿੱਖਾਂ ਦਾ ਵੱਡਾ ਗੁਰੂ ਆਪਣੇ ਕਬਜ਼ੇ `ਚ ਲੈ ਲਿਆ ਹੈ ਤੇ ਜੇ ਕਿਸੇ `ਚ ਹਿੰਮਤ ਹੈ ਤਾਂ ਲੱਭ ਕੇ ਦਿਖਾਵੇ।’ ਪੰਥਦਰਦੀਆਂ ਦੇ 1 ਜੂਨ 2015 ਨੂੰ ਚੋਰੀ ਹੋਏ ਪਾਵਨ ਸਰੂਪ ਦੀ ਘਟਨਾ ਨੂੰ ਲੈ ਕੇ ਹਿਰਦੇ ਵਲੂੰਧਰੇ ਪਏ ਸਨ ਤੇ ਉਕਤ ਹੱਥਲਿਖ਼ਤ ਪੋਸਟਰਾਂ ਨੇ ਵਲੂੰਧਰੇ ਹੋਏ ਹਿਰਦੇ ਹੋਰ ਜ਼ਖ਼ਮੀ ਕਰ ਦਿੱਤੇ ਅਰਥਾਤ ਜ਼ਖ਼ਮੀ ਹਿਰਦਿਆਂ `ਤੇ ਉਕਤ ਸ਼ਬਦਾਵਲੀ ਨੇ ਲੂਣ ਛਿੜਕਣ ਦਾ ਕੰਮ ਕੀਤਾ। ਗੁਰਮਤਿ ਸੇਵਾ ਲਹਿਰ ਦੇ ਕਰੀਬ ਇੱਕ ਦਰਜਨ ਨਿਸ਼ਕਾਮ ਤੇ ਨਿਧੜਕ ਮਿਸ਼ਨਰੀ ਪ੍ਰਚਾਰਕਾਂ ਨੇ ਜ਼ਿਲ੍ਹਾ ਮੋਗਾ ਦੇ ਪਿੰਡ ਮਧੇ ਕੇ ਵਿਖੇ ਹਜ਼ਾਰਾਂ ਸੰਗਤਾਂ ਦੇ ਵਿਸ਼ਾਲ ਇਕੱਠ `ਚ ਮਤਾ ਪਾਸ ਕਰਦਿਆਂ ਜਿਥੇ ਤਖ਼ਤਾਂ ਦੇ ਪੁਜਾਰੀਆਂ ਦਾ ਸੌਦਾ ਸਾਧ ਨੂੰ ਮਾਫ਼ ਕਰਨ ਵਾਲਾ ਫ਼ੈਸਲਾ ਰੱਦ ਕਰ ਦਿੱਤਾ, ਉਥੇ ਸੌਦਾ ਸਾਧ ਤੇ ਨੂਰਮਹਿਲੀਏ ਵਰਗੇ ਕੱਚੇ-ਪਿੱਲੇ ਸਾਧਾਂ ਕੋਲ ਜਾਣ ਵਾਲੇ ਸਿਆਸੀ ਲੋਕਾਂ ਦਾ ਬਾਈਕਾਟ ਕਰਨ ਦਾ ਐਲਾਨ ਵੀ ਕੀਤਾ। ਭਾਈ ਪੰਥਪ੍ਰੀਤ ਸਿੰਘ ਖਾਲਸਾ ਤੇ ਉਸਦੇ ਸਾਥੀ ਪ੍ਰਚਾਰਕਾਂ ਨੇ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਦੀ ਨਿਯੁਕਤੀ ਲਈ ਵਿਧੀ-ਵਿਧਾਨ ਅਰਥਾਤ ਅਧਿਕਾਰ ਤੇ ਯੋਗਤਾ ਦਾ ਮਾਪਦੰਡ ਜਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸੌਦਾ ਸਾਧ ਪਹਿਲਾਂ ਪ੍ਰੈਸ ਕਾਨਫਰੰਸ ਬੁਲਾ ਕੇ ਦਸਮੇਸ਼ ਪਿਤਾ ਦਾ ਸਵਾਂਗ ਰਚਾਉਣ ਦੀ ਮਾਫ਼ੀ ਮੰਗਦਾ, ਉਹੀ ਮਾਫ਼ੀਨਾਮਾ ਅਕਾਲ ਤਖ਼ਤ `ਤੇ ਭੇਜਦਾ, ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਉਕਤ ਮਾਫ਼ੀਨਾਮਾ ਸੰਗਤਾਂ ਦੇ ਸਨਮੁੱਖ ਜਨਤਕ ਕਰਕੇ ਸੰਗਤਾਂ ਤੋਂ ਪ੍ਰਵਾਨਗੀ ਲਈ ਜਾਂਦੀ, ਫ਼ਿਰ ਤਾਂ ਮਾਫ਼ੀ ਵਾਲੀ ਗੱਲ ਸਮਝ ਆਉਂਦੀ ਪਰ ਸਪਸ਼ਟੀਕਰਨ ਦੇ ਨਾਂਅ `ਤੇ ਆਮ ਸੰਗਤਾ ਨਾਲ ਐਨਾ ਵੱਡਾ ਧੋਖਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਤਖ਼ਤਾਂ ਦੇ ਤਤਕਾਲੀਨ ਤੇ ਮੌਜੂਦਾ ਜਥੇਦਾਰ ਕ੍ਰਮਵਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਬਲਵੰਤ ਸਿੰਘ ਨੰਦਗੜ੍ਹ ਤੇ ਗਿਆਨੀ ਇਕਬਾਲ ਸਿੰਘ ਪਟਨਾ ਖੁਦ ਮੰਨ ਚੁੱਕੇ ਹਨ ਕਿ ਅਕਾਲ ਤਖ਼ਤ ਤੋਂ ਆਰ. ਐਸ. ਐਸ. ਦੇ ਕਹਿਣ `ਤੇ ਹੁਕਮਨਾਮੇ/ਆਦੇਸ਼ ਜਾਰੀ ਅਤੇ ਲਾਗੂ ਹੁੰਦੇ ਰਹੇ ਹਨ। ਸਮਾਗਮ ਦੌਰਾਨ ਨਾਨਕਸ਼ਾਹੀ ਕੈਲੰਡਰ ਦਾ ਕਤਲ, ਪਿੰਕੀ ਵਰਗੇ ਕੈਟਾਂ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਦੀ ਰਿਹਾਈ ਲਈ ਵਰਤੇ ਦੋਹਰੇ ਕਿਰਦਾਰ, ਤਖ਼ਤਾਂ ਦੇ ਪੁਜਾਰੀਆਂ ਵੱਲੋਂ ਕੀਤੇ ਜਾ ਰਹੇ ਪੰਥ ਦੇ ਨੁਕਸਾਨ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬਾਹਰੋਂ ਤੇ ਅੰਦਰੋਂ ਖੋਖਲਾ ਕਰਨ ਦੀਆਂ ਸਾਜ਼ਿਸ਼ਾਂ ਦਾ ਵੀ ਵਿਸਥਾਰ ਸਹਿਤ ਜ਼ਿਕਰ ਹੋਇਆ ਤੇ ਅੱਧੀ ਰਾਤ 1 ਵਜੇ ਤੱਕ ਚੱਲੇ ਗੁਰਮਤਿ ਸਮਾਗਮ `ਚ ਸ਼ਾਮਲ ਹਜ਼ਾਰਾਂ ਦੀ ਗਿਣਤੀ `ਚ ਪੁੱਜੀਆਂ ਸੰਗਤਾਂ ਨੇ ਜੈਕਾਰੇ ਛੱਡਦਿਆਂ ਹੱਥ ਖੜੇ ਕਰਕੇ ਤਖ਼ਤਾਂ ਦੇ ਜਥੇਦਾਰਾਂ ਖਿਲਾਫ਼ ਪੇਸ਼ ਕੀਤੇ ਮਤਿਆਂ ਨੂੰ ਪ੍ਰਵਾਨਗੀ ਦਿੱਤੀ।
25 ਸਤੰਬਰ ਨੂੰ ਤੜਕਸਾਰ ਜਦੋਂ ਸੌਦਾ ਸਾਧ ਦੇ ਕਥਿਤ ਚੇਲਿਆਂ ਵੱਲੋਂ ਲਾਏ ਹੱਥਲਿਖ਼ਤ ਪੋਸਟਰਾਂ ਦਾ ਸ਼ੋਸ਼ਲ ਮੀਡੀਏ ਰਾਹੀਂ ਪਤਾ ਲੱਗਾ ਤਾਂ ਸਿੱਖ ਸੰਗਤਾਂ `ਚ ਗੁੱਸਾ ਤੇ ਰੋਹ ਪੈਦਾ ਹੋਣਾ ਸੁਭਾਵਿਕ ਸੀ। ਕੁੱਝ ਸਿੱਖ ਜੱਥੇਬੰਦੀਆਂ ਨੇ ਡੀ. ਐਸ. ਪੀ. ਜੈਤੋ, ਐਸ. ਐਚ. ਓ. ਬਾਜਾਖਾਨਾ ਤੇ ਪੁਲਿਸ ਚੌਂਕੀ ਬਰਗਾੜੀ ਦੇ ਇੰਚਾਰਜ ਨੂੰ ਮਿਲ ਕੇ ਉਕਤ ਸ਼ਰਾਰਤੀ ਅਨਸਰਾਂ ਦੀ ਤੁਰਤ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਖਦਸ਼ਾ ਜ਼ਾਹਰ ਕੀਤਾ ਕਿ ਕਿਤੇ ਕੋਈ ਅਜਿਹੀ ਦੁਖਦਾਇਕ ਜਾਂ ਹਿਰਦੇਵੇਦਕ ਘਟਨਾ ਨਾ ਵਾਪਰ ਜਾਵੇ। ਆਖ਼ਿਰ 12 ਅਕਤੂਬਰ ਨੂੰ ਬਰਗਾੜੀ ਵਿਖੇ ਪੁਲਿਸ ਪ੍ਰਸ਼ਾਸ਼ਨ ਅਤੇ ਖੁਫ਼ੀਆ ਵਿਭਾਗ ਦੀ ਅਣਗਹਿਲੀ ਸਦਕਾ ਚੋਰੀ ਹੋਏ ਪਾਵਨ ਸਰੂਪ ਦੀ ਬੇਅਦਬੀ ਦੀ ਘਟਨਾ ਸਾਹਮਣੇ ਆ ਗਈ। ਜਿਸ ਦੀ ਚਰਚਾ 12, 13 ਅਤੇ 14 ਅਕਤੂਬਰ ਦੀਆਂ ਅਖ਼ਬਾਰਾਂ `ਚ ਸੁਰਖੀਆਂ ਬਣਦੀ ਰਹੀ। ਇਸ ਦੌਰਾਨ ਪੁਲਸੀਆ ਕਹਿਰ ਨਾਲ ਸ਼ਹੀਦ ਹੋਏ ਦੋ ਸਿੱਖ ਨੌਜਵਾਨਾਂ ਤੇ 100 ਦੇ ਕਰੀਬ ਜ਼ਖ਼ਮੀ ਹੋਏ ਨਿਹੱਥੇ ਸਿੰਘਾਂ ਦੀਆਂ ਖ਼ਬਰਾਂ ਵੀ ਅਖ਼ਬਾਰਾਂ ਦੀਆਂ ਸੁਰਖੀਆਂ ਬਣੀਆਂ। ਮਿਤੀ 25 ਅਕਤੂਬਰ ਨੂੰ ਦੋ ਸਿੱਖ ਨੌਜਵਾਨਾਂ ਨਮਿੱਤ ਬਰਗਾੜੀ ਵਿਖੇ ਹੋਏ ਸ਼ਰਧਾਂਜ਼ਲੀ ਸਮਾਗਮ `ਚ 50, 000 ਦੇ ਕਰੀਬ ਸੰਗਤਾਂ ਦੇ ਇਕੱਠ ਅਤੇ ਦਰਜਨ ਤੋਂ ਵੀ ਜ਼ਿਆਦਾ ਸਿਆਸੀ ਤੇ ਗੈਰਸਿਆਸੀ ਧਾਰਮਿਕ ਸਖ਼ਸ਼ੀਅਤਾਂ ਨੇ ਪਾਵਨ ਸਰੂਪ ਦੀ ਹੋਈ ਬੇਅਦਬੀ ਦੇ ਮਾਮਲੇ `ਚ 9 ਮਤੇ ਸਰਬ-ਸੰਮਤੀ ਨਾਲ ਪਾਸ ਕਰ ਦਿੱਤੇ। ਜਿਵੇਂਕਿ
ਮਤਾ ਨੰ. 1: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਬੁੱਧੀ ਭ੍ਰਿਸ਼ਟ ਹੋਣ, ਸਿੱਖ ਕੌਮ ਦੇ ਖੂਨ ਦਾ ਪਿਆਸਾ ਹੋਣ, ਮੁੱਖ ਮੰਤਰੀ ਦੇ ਖੂਨ ਦੀ ਪਿਆਸ ਬੁਝਾਉਣ ਲਈ ਸਿੱਖਾਂ ਦੀਆਂ ਧਾਰਮਿਕ ਸਖ਼ਸ਼ੀਅਤਾਂ, ਪ੍ਰਚਾਰਕ, ਰਾਗੀ, ਢਾਡੀ, ਕਥਾਵਾਚਕਾਂ ਅਤੇ ਸਾਬਕਾ ਜਥੇਦਾਰਾਂ ਆਦਿ ਦਾ ਵਫ਼ਦ ਭਾਈ ਪੰਥਪ੍ਰੀਤ ਸਿੰਘ ਖਾਲਸਾ, ਬਾਬਾ ਰਣਜੀਤ ਸਿੰਘ ਢੱਡਰੀਆਂ, ਦਲੇਰ ਸਿੰਘ ਖੇੜੀ, ਬਲਜੀਤ ਸਿੰਘ ਦਾਦੂਵਾਲ ਤੇ ਅਮਰੀਕ ਸਿੰਘ ਅਜਨਾਲਾ ਦੀ ਅਗਵਾਈ `ਚ 30 ਅਕਤੂਬਰ ਨੂੰ ਗੁਰਦਵਾਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਇਕੱਠੇ ਹੋ ਕੇ ਸਵੇਰੇ 11 ਵਜੇ ਮੁੱਖ ਮੰਤਰੀ ਨੂੰ ਖੂਨ ਪੇਸ਼ ਕਰਨ ਲਈ ਸਮੁੱਚੇ ਰੂਪ `ਚ ਮੁੱਖ ਮੰਤਰੀ ਦੀ ਕੋਠੀ ਲਈ ਰਵਾਨਾ ਹੋਣਗੇ।
ਮਤਾ ਨੰ. 2: ਪੰਥਕ ਇਕੱਠ ਨੂੰ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਤੋਂ ਇਲਾਵਾ ਦੇਸ਼-ਵਿਦੇਸ਼ `ਚ ਪਸ਼ਚਾਤਾਪ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਨ, 27 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਆਰੰਭ ਕਰਕੇ 29 ਅਕਤੂਬਰ ਨੂੰ ਭੋਗ ਪਾਏ ਜਾਣ ਦੀ ਅਪੀਲ ਕੀਤੀ ਗਈ।
ਮਤਾ ਨੰ. 3: ਮਿਤੀ 3 ਨਵੰਬਰ ਨੂੰ ਪੰਜਾਬ ਦੀਆਂ ਸਮੂਹ ਸੰਗਤਾਂ 12 ਵਜੇ ਤੋਂ ਲੈ ਕੇ 3 ਵਜੇ ਤੱਕ ਆਪੋ-ਆਪਣੇ ਪਿੰਡਾਂ, ਕਸਬਿਆਂ ਤੇ ਸ਼ਹਿਰਾਂ `ਚੋਂ ਸਮੁੱਚੇ ਰੂਪ `ਚ ਬਾਹਰ ਨਿਕਲ ਕੇ ਸੜਕਾਂ ਦੇ ਦੋਹਾਂ ਕਿਨਾਰਿਆਂ `ਤੇ ਕਾਲੀਆਂ ਝੰਡੀਆਂ ਲੈ ਕੇ ਬਿਨ੍ਹਾਂ ਟ੍ਰੈਫਿਕ ਰੋਕਿਆਂ ਸ਼ਾਂਤਮਈ ਰੋਸ ਕਰਨ ਤੇ ਹੋਰ ਭਾਈਚਾਰਿਆਂ ਤੋਂ ਵੀ ਸਹਿਯੋਗ ਲੈਣ।
ਮਤਾ ਨੰ. 4: ਜਿਵੇਂ ਪੁਰਾਤਨ ਸਮੇਂ `ਚ ਸਿੱਖ ਕੌਮ `ਤੇ ਸੰਕਟ ਆਇਆ ਤਾਂ ਕੌਮ ਨੇ ਦੀਵਾਲੀ ਦੇ ਦਿਹਾੜੇ ਨੂੰ ਕਾਲੀ ਦੀਵਾਲੀ ਦੇ ਤੌਰ `ਤੇ ਮਨਾਇਆ, ਉਸੇ ਤਰ੍ਹਾਂ ਇਸ ਵਾਰ ਵੀ ਸਿੱਖ ਕੌਮ ਰੋਸ ਵਜੋਂ ਦੀਵਾਲੀ ਨੂੰ ਆਪਣੇ ਘਰਾਂ `ਤੇ ਕਾਲੇ ਝੰਡੇ ਲਾ ਕੇ ਦੀਵੇ ਆਦਿ ਨਾ ਜਗਾ ਕੇ ਰੋਸ ਵਜੋਂ ਕਾਲੀ ਦੀਵਾਲੀ ਮਨਾਵੇ।
ਮਤਾ ਨੰ. 5: ਮੁੱਖ ਮੰਤਰੀ ਤੋਂ ਮੰਗ ਕੀਤੀ ਗਈ ਕਿ ਪੰਜਾਬ ਅਤੇ ਬਾਹਰਲੇ ਰਾਜਾਂ ਦੀਆਂ ਜ਼ੇਲ੍ਹਾਂ `ਚ ਬੈਠੇ ਸਮੂਹ ਰਾਜਸੀ ਸਿੱਖ ਬੰਦੀਆਂ ਨੂੰ ਰਿਹਾਅ ਕੀਤਾ ਜਾਵੇ। ਜੇਕਰ ਉੱਤਰ ਪ੍ਰਦੇਸ਼ ਦੀ ਸਰਕਾਰ ਵੱਲੋਂ ਸ੍ਰ. ਵਰਿਆਮ ਸਿੰਘ ਦੀ ਰਿਹਾਈ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦਾ ਕੁਫ਼ਰ ਤੇ ਦੰਭ ਨੰਗਾ ਹੁੰਦਾ ਹੈ ਤਾਂ ਅੱਜ ਦਾ ਪੰਥਕ ਇਕੱਠ ਮੁੱਖ ਮੰਤਰੀ ਤੋਂ ਸਪਸ਼ਟੀਕਰਨ ਮੰਗਦਾ ਹੈ ਕਿ ਕੀ ਪੰਜਾਬ ਅਤੇ ਯੂ. ਪੀ. ਦੇ ਵੱਖਰੇ-ਵੱਖਰੇ ਕਾਨੂੰਨ ਅਤੇ ਅਦਾਲਤਾਂ ਹਨ?
ਮਤਾ ਨੰ. 6: ਬਰਗਾੜੀ ਕਾਂਡ `ਚ ਝੂਠਾ ਕੇਸ ਪਾ ਕੇ ਫੜੇ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਸਮੇਤ 20-25 ਸਾਲਾਂ ਤੋਂ ਜ਼ੇਲ੍ਹਾਂ `ਚ ਬੰਦ ਰਾਜਸੀ ਬੰਦੀਆਂ ਦੀ ਤੁਰਤ ਰਿਹਾਈ, ਪਿਛਲੇ ਲੰਮੇ ਸਮੇਂ ਤੋਂ ਭੁੱਖ ਹੜ੍ਹਤਾਲ `ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਦੀ ਜੇਕਰ ਸ਼ਹੀਦੀ ਹੋ ਜਾਂਦੀ ਹੈ ਤਾਂ ਇਸ ਨੂੰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜਾਣਬੁੱਝ ਕੇ ਕੀਤਾ ਗਿਆ ਸਿਆਸੀ ਕਤਲ ਸਮਝਿਆ ਜਾਵੇਗਾ। ਕਿਉਂਕਿ ਕਾਨੂੰਨ ਮੁਤਾਬਕ ਭਾਰਤ ਦਾ ਰਾਸ਼ਟਰਪਤੀ ਕਿਸੇ ਵੀ ਬੰਦੀ ਨੂੰ ਰਿਹਾਅ ਕਰ ਸਕਦਾ ਹੈ, ਜੇਕਰ ਪੰਜਾਬ ਦੇ ਸ਼ਾਂਤ ਹਲਾਤ ਵਿਗੜਦੇ ਹਨ ਤਾਂ ਇਨ੍ਹਾਂ ਸ਼ਾਂਤ ਹਲਾਤਾਂ ਨੂੰ ਵਿਗਾੜਨ ਦੀ ਜਿੰਮੇਵਾਰੀ ਸ੍ਰ. ਬਾਦਲ ਦੀ ਹੋਵੇਗੀ।
ਮਤਾ ਨੰ. 7: ਸੁਪਰੀਮ ਕੋਰਟ ਵੱਲੋਂ ਸਿੱਖਾਂ ਦੀ ਪਾਰਲੀਮੈਂਟ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਹਿੰਦ ਹਕਮੂਤ ਦੇ ਇਸ਼ਾਰੇ `ਤੇ ਪਿਛਲੇ 4 ਸਾਲਾਂ ਤੋਂ ਮੁਅੱਤਲ ਕੀਤੇ ਜਾਣ ਨੂੰ ਸਿੱਖਾਂ ਦੇ ਧਾਰਮਿਕ ਮਸਲਿਆਂ `ਚ ਸਿੱਧੀ ਦਖਲ-ਅੰਦਾਜ਼ੀ ਸਮਝਦੇ ਹੋਏ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਤੁਰਤ ਕਰਾਉਣ ਦੀ ਮੰਗ ਕੀਤੀ ਗਈ। ਕਿਉਂਕਿ ਸਿੱਖ ਕੌਮ ਜਮਹੂਰੀਅਤ ਪਸੰਦ ਹੈ, ਇਸ ਲਈ ਸਿੱਖਾਂ ਦੀ ਪਾਰਲੀਮੈਂਟ ਦੀ ਚੋਣ ਦਾ ਅਧਿਕਾਰ ਸਿੱਖਾਂ ਕੋਲੋਂ ਖੋਹਣਾ ਸਿੱਖ ਕੌਮ ਨਾਲ ਵੱਡਾ ਧੱਕਾ ਤੇ ਅਸਹਿਣਯੋਗ ਗੈਰਕਾਨੂੰਨੀ ਕਾਰਵਾਈ ਹੈ। ਪੰਥਕ ਇਕੱਠ ਮਹਿਸੂਸ ਕਰਦਾ ਹੈ ਕਿ ਸਮੁੱਚੀ ਸਿੱਖ ਕੌਮ ਦਾ ਮੌਜੂਦਾ ਸ਼੍ਰੋਮਣੀ ਕਮੇਟੀ ਤੋਂ ਵਿਸ਼ਵਾਸ਼ ਉੱਠ ਗਿਆ ਹੈ, ਇਸ ਲਈ ਪੰਜ ਪਿਆਰਿਆਂ ਵੱਲੋਂ ਦਿੱਤੇ ਇਤਿਹਾਸਕ ਫੈਸਲੇ ਪ੍ਰਤੀ ਸਿੱਖ ਕੌਮ ਦਾ ਵਿਸ਼ਵਾਸ਼ ਵੱਧ ਰਿਹਾ ਹੈ।
ਮਤਾ ਨੰ. 8: ਮੌਜੂਦਾ ਸਰਕਾਰ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸੰਜੀਦਗੀ ਨਾ ਹੋਣ, ਸੌਦਾ ਸਾਧ ਸਮੇਤ ਹੋਰ ਪੰਥ ਵਿਰੋਧੀ ਡੇਰੇਦਾਰਾਂ ਨੂੰ ਸਰਕਾਰੀ ਸ਼ਹਿ, ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ ਦੀਆਂ ਕਾਰਵਾਈਆਂ, ਸਿੱਖ ਪ੍ਰਚਾਰਕਾਂ `ਤੇ ਜਬਰ, ਤਰ੍ਹਾਂ-ਤਰ੍ਹਾਂ ਦੇ ਨਸ਼ਿਆਂ ਰਾਹੀਂ ਨੌਜਵਾਨੀ ਦਾ ਘਾਣ, ਥਾਣਿਆਂ `ਚ ਬੀਬੀਆਂ ਦੀ ਬੇਪਤੀ, ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ `ਚ ਫਸਾ ਕੇ ਕੌਮ ਦਾ ਅਕਸ ਵਿਗਾੜ ਕੇ ਕੌਮੀ ਪੱਧਰ `ਤੇ ਬਦਨਾਮ ਕਰਨ ਦੀ ਨਿਖੇਧੀ ਕਰਦਿਆਂ ਸਰਕਾਰੀ ਚਾਲਾਂ ਨੂੰ ਸਮਝਣ ਦੇ ਨਾਲ-ਨਾਲ ਰਾਜਨੀਤਿਕ, ਸਮਾਜਿਕ, ਆਰਥਿਕ ਵਧੀਕੀਆਂ ਬਾਰੇ ਵੀ ਵਿਚਾਰਣ ਦੀ ਲੋੜ ਮਹਿਸੂਸ ਕੀਤੀ ਗਈ।
ਮਤਾ ਨੰ. 9: ਬਾਦਲ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਮੰਗ ਕੀਤੀ ਗਈ ਕਿ ਜੇਕਰ ਬੁਰਜ ਜਵਾਹਰ ਸਿੰਘ ਵਾਲਾ `ਚ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਘਟਨਾ ਦੇ ਅਸਲ ਦੋਸ਼ੀ ਨਾ ਫੜੇ ਗਏ, ਸ਼ਹੀਦ ਕ੍ਰਿ੍ਰਸ਼ਨ ਸਿੰਘ ਨਿਆਮੀਵਾਲਾ ਅਤੇ ਸ਼ਹੀਦ ਗੁਰਜੀਤ ਸਿੰਘ ਸਰਾਵਾਂ ਦੇ ਕਾਤਲ ਨਾਮਜ਼ਦ ਕਰਕੇ ਕਾਬੂ ਨਾ ਕੀਤੇ, ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਤੋਂ ਇਲਾਵਾ ਕਪੂਰਥਲੇ `ਚ ਗ੍ਰਿਫ਼ਤਾਰ ਕੀਤੇ ਗਏ ਨਰਿੰਦਰ ਸਿੰਘ ਖੁਸਰੋਪੁਰ ਅਤੇ ਸਾਥੀਆਂ ਸਮੇਤ 20-25 ਸਾਲਾਂ ਤੋਂ ਜ਼ੇਲ੍ਹਾਂ `ਚ ਬੈਠੇ ਸਿਆਸੀ ਬੰਦੀ ਸਿੰਘਾਂ ਨੂੰ 15 ਨਵੰਬਰ ਤੱਕ ਰਿਹਾਅ ਨਾ ਕੀਤਾ ਗਿਆ ਅਤੇ ਉਪਰੋਕਤ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਉਸ ਤੋਂ ਬਾਅਦ ਪੰਜਾਬ ਭਰ ਦੀਆਂ ਸੰਗਤਾਂ ਵੱਲੋਂ ਅਕਾਲੀ ਐਮ. ਪੀਜ਼, ਵਿਧਾਇਕਾਂ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਵਿਰੁੱਧ ਰੋਸ ਪ੍ਰਦਰਸ਼ਨ ਅਤੇ ਘਿਰਾਓ ਕੀਤੇ ਜਾਣਗੇ। ਪੰਥਕ ਇਕੱਠ ਨੇ ਉਕਤ ਮਤੇ ਸਰਬ-ਸੰਮਤੀ ਨਾਲ ਪਾਸ ਕਰਕੇ ਇਨ੍ਹਾਂ `ਤੇ ਅਮਲੀ ਰੂਪ `ਚ ਪਹਿਰਾ ਦੇਣ ਲਈ ਗੁਰੂ ਦੀ ਹਜ਼ੂਰੀ `ਚ ਪ੍ਰਣ ਵੀ ਕੀਤਾ।
ਪੰਥਕ ਧਿਰਾਂ ਦੇ 9 ਮਤਿਆਂ `ਚੋਂ ਬਾਕੀ ਸਾਰੇ ਮਤਿਆਂ ਨੂੰ ਦੇਸ਼ ਹੀ ਨਹੀਂ, ਬਲਕਿ ਵਿਦੇਸ਼ ਦੀਆਂ ਸੰਗਤਾਂ ਨੇ ਵੀ ਭਰਵਾਂ ਹੁੰਗਾਰਾ ਦਿੱਤਾ ਪਰ ਮਤਾ ਨੰ. 9 ਸਖ਼ਤ ਹੋਣ ਕਰਕੇ ਹਕੂਮਤ ਨੇ ਪੰਥਕ ਧਿਰਾਂ ਦੀ ਅਗਵਾਈ ਕਰਨ ਵਾਲੇ ਆਗੂਆਂ ਨੂੰ ਜਾਂ ਤਾਂ ਉਨ੍ਹਾਂ ਦੇ ਘਰਾਂ `ਚ ਹੀ ਨਜ਼ਰਬੰਦ ਕਰ ਦਿੱਤਾ ਤੇ ਜਾਂ ਫ਼ਿਰ ਉਨ੍ਹਾਂ ਦੀਆਂ ਗਤੀਵਿਧੀਆਂ `ਤੇ ਸਖ਼ਤ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਨੌਵੇਂ ਮਤੇ ਰਾਹੀਂ ਪੰਥਕ ਧਿਰਾਂ ਵੱਲੋਂ ਦਿੱਤਾ ਗਿਆ ਅਲਟੀਮੇਟਮ ਵੀ 15 ਨਵੰਬਰ ਨੂੰ ਖ਼ਤਮ ਹੋ ਜਾਣਾ ਸੀ ਪਰ ਉਸ ਤੋਂ ਪਹਿਲਾਂ 10 ਦਸੰਬਰ ਨੂੰ ਸਿਮਰਨਜੀਤ ਸਿੰਘ ਮਾਨ ਤੇ ਉਸ ਦੇ ਸਾਥੀਆਂ ਵੱਲੋਂ ਬੁਲਾਏ ਗਏ ‘ਸਰਬੱਤ ਖਾਲਸਾ’ `ਚ 4 ਤਖ਼ਤਾਂ ਦੇ ਜਥੇਦਾਰਾਂ ਨੂੰ ਹਟਾ ਕੇ ਭਾਈ ਜਗਤਾਰ ਸਿੰਘ ਹਵਾਰਾ, ਬਲਜੀਤ ਸਿੰਘ ਦਾਦੂਵਾਲ, ਅਮਰੀਕ ਸਿੰਘ ਅਜਨਾਲਾ ਤੇ ਧਿਆਨ ਸਿੰਘ ਮੰਡ ਨੂੰ ਨਵੇਂ ਜਥੇਦਾਰ ਥਾਪਣ ਦੇ ਨਾਲ-ਨਾਲ ਐਲਾਨ ਕਰ ਦਿੱਤਾ ਕਿ ਨਵੇਂ ਜਥੇਦਾਰ ਦੀਵਾਲੀ ਮੌਕੇ ਦਰਬਾਰ ਸਾਹਿਬ ਵਿਖੇ ਕੌਮ ਦੇ ਨਾਂਅ ਸੰਦੇਸ਼ ਜਾਰੀ ਕਰਨਗੇ। ਇਸ ਤੋਂ ਇਲਾਵਾ ਬਾਦਲ ਕੋਲੋਂ ‘ਫਖ਼ਰ-ਇ-ਕੌਮ’ ਦਾ ਖ਼ਿਤਾਬ ਵਾਪਸ ਲੈਣ, ਵਰਲਡ ਸਿੱਖ ਪਾਰਲੀਮੈਂਟ ਦੇ ਗਠਨ ਦਾ ਫੈਸਲਾ, ਅਗਲਾ ਸਰਬੱਤ ਖਾਲਸਾ ਵਿਸਾਖੀ `ਤੇ ਸੱਦਣ, ਕੇ. ਪੀ. ਐਸ. ਗਿੱਲ ਤੇ ਜਨਰਲ ਬਰਾੜ ਨੂੰ ਤਨਖਾਹੀਏ ਕਰਾਰ ਦੇ ਕੇ 30 ਨਵੰਬਰ ਨੂੰ ਅਕਾਲ ਤਖ਼ਤ `ਤੇ ਪੇਸ਼ ਹੋਣ ਦੀ ਹਦਾਇਤ ਕੀਤੀ ਗਈ। ਸਰਬੱਤ ਖਾਲਸਾ `ਚ ਸ਼ਾਮਲ ਹੋਣ ਜਾਂ ਨਾ ਹੋਣ ਅਤੇ ਜਾਰੀ ਹੋਏ ਫੈਸਲਿਆਂ ਨੂੰ ਲੈ ਕੇ ਪੰਥਕ ਧਿਰਾਂ ਦੋ ਹਿੱਸਿਆਂ `ਚ ਵੰਡੀਆਂ ਗਈਆਂ। ਮਿਤੀ 25 ਅਕਤੂਬਰ ਦੇ ਬਰਗਾੜੀ ਵਿਖੇ ਹੋਏ ਸ਼ਰਧਾਂਜ਼ਲੀ ਸਮਾਗਮ ਦੌਰਾਨ 50, 000 ਤੋਂ ਵੀ ਜ਼ਿਆਦਾ ਅਤੇ ਅੰਮ੍ਰਿਤਸਰ ਨੇੜਲੇ ਪਿੰਡ ਚੱਬਾ ਵਿਖੇ ਹੋਏ ਸਰਬੱਤ ਖਾਲਸਾ ਦੌਰਾਨ 1 ਲੱਖ ਤੋਂ ਵੀ ਜ਼ਿਆਦਾ ਸੰਗਤਾਂ (ਸਰਬੱਤ ਖਾਲਸਾ ਦੇ ਪ੍ਰਬੰਧਕਾਂ ਮੁਤਾਬਕ 5 ਲੱਖ ਦੀ ਗਿਣਤੀ) ਦੇ ਇਕੱਠ ਦੇ ਬਾਵਜੂਦ ਨਾ ਬਰਗਾੜੀ ਅਤੇ ਨਾ ਹੀ ਚੱਬਾ ਵਿਖੇ ਕਿਸੇ ਬੁਲਾਰੇ ਨੇ ਅਕਾਲ ਤਖ਼ਤ ਨੂੰ ਕਚਹਿਰੀ ਦਾ ਰੂਪ ਦੇਣ ਦੀ ਨੁਕਤਾਚੀਨੀ ਤੇ ਪੁਜਾਰੀਵਾਦ ਦੀ ਮਾਨਤਾ ਖਤਮ ਕਰਨ ਦੀ ਗੱਲ ਨਾ ਕੀਤੀ। ਬਿਨ੍ਹਾਂ ਸ਼ੱਕ ਉਕਤ ਇਕੱਠਾਂ `ਚ ਸੰਗਤਾਂ ਆਪੋ-ਆਪਣੇ ਸਾਧਨਾਂ ਰਾਹੀਂ ਉਥੇ ਪੁੱਜੀਆਂ ਸਨ।
ਮਿਤੀ 14 ਅਕਤੂਬਰ ਨੂੰ ਕੋਟਕਪੂਰੇ ਅਤੇ ਬਹਿਬਲ ਕਲਾਂ ਵਿਖੇ ਵਾਪਰੇ ਗੋਲੀਕਾਂਡ ਤੋਂ ਬਾਅਦ ਪੰਜਾਬ `ਚ ਜਾਗਦੀ ਜ਼ਮੀਰ ਵਾਲੇ ਅਕਾਲੀ ਆਗੂਆਂ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਕਈ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇਣ ਦਾ ਦੌਰ ਸ਼ੁਰੂ ਹੋ ਗਿਆ। ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਆਗੂਆਂ ਨੂੰ ਲੋਕਾਂ `ਚ ਵਿਚਰਣ ਦੀ ਕੀਤੀ ਹਦਾਇਤ ਦਾ ਅਸਰ ਇਹ ਹੋਇਆ ਕਿ ਕਈ ਥਾਂ ਮੰਤਰੀਆਂ, ਵਿਧਾਇਕਾਂ ਤੇ ਪਾਰਟੀ ਆਗੂਆਂ ਦੇ ਵਿਰੋਧ ਦੇ ਨਾਲ-ਨਾਲ ਗੱਲ ਹੱਥੋਪਾਈ ਤੱਕ ਵੀ ਪੁੱਜੀ। ਸਰਬੱਤ ਖਾਲਸਾ ਨਾਲ ਸਬੰਧਤ ਸਿਆਸੀ ਤੇ ਗੈਰਸਿਆਸੀਆਂ ਦੀ ਵੱਖਰੀ, ਜਦਕਿ ਗੋਲੀਕਾਂਡ ਨਾਲ ਜੁੜੀਆਂ ਪੰਥਕ ਧਿਰਾਂ ਦੀ ਉਸ ਤੋਂ ਵੱਖਰੀ ਬਿਆਨਬਾਜ਼ੀ ਅਖ਼ਬਾਰਾਂ ਤੇ ਸ਼ੋਸ਼ਲ ਮੀਡੀਏ `ਚ ਛਾਈ ਰਹੀ। ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਵੱਲੋਂ ਜ਼ਿਲ੍ਹਾ ਫਰੀਦਕੋਟ ਨਾਲ ਸਬੰਧਤ ਲੀਡਰਸ਼ਿਪ ਨੂੰ ਹਦਾਇਤ ਕੀਤੀ ਗਈ ਕਿ ਸ਼ਹੀਦ ਹੋਏ ਨੌਜਵਾਨਾਂ ਦੇ ਪਿੰਡਾਂ `ਚ ਉਨ੍ਹਾਂ ਦੀ ਫੇਰੀ ਦਾ ਮਾਹੌਲ ਤਿਆਰ ਕੀਤਾ ਜਾਵੇ। ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ, ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਤੋਂ ਇਲਾਵਾ ਸੂਬਾਈ ਆਗੂਆਂ ਦੀ ਪਿੰਡ ਸਰਾਵਾਂ ਤੇ ਨਿਆਮੀਵਾਲਾ ਦੀ ਫੇਰੀ ਨੇ ਬਾਦਲ ਪਰਿਵਾਰ ਲਈ ਹੋਰ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ। ਹੁਣ ਉਹ ਬਰਗਾੜੀ ਅਤੇ ਉਕਤ ਪਿੰਡਾਂ `ਚ ਫੇਰੀ ਪਾਉਣ ਲਈ ਉਤਾਵਲੇ ਸਨ ਤੇ ਜ਼ਿਲ੍ਹਾ ਫਰੀਦਕੋਟ ਦੀ ਲੀਡਰਸ਼ਿਪ ਨੇ ਸ਼੍ਰੋਮਣੀ ਕਮੇਟੀ ਵੱਲੋਂ 10-10 ਲੱਖ ਰੁਪਏ ਦੇ ਚੈੱਕ ਲੈ ਕੇ ਦੋਨਾਂ ਪਿੰਡਾਂ `ਚ ਦਸਤਕ ਦਿੱਤੀ, ਸ਼ਹੀਦਾਂ ਦੇ ਪਰਿਵਾਰਾਂ ਨੂੰ ਆਪਣੇ ਪ੍ਰਭਾਵ ਹੇਠ ਲੈ ਕੇ ਸੁਖਬੀਰ ਸਿੰਘ ਬਾਦਲ ਦੀ ਫੇਰੀ ਦਾ ਮਾਹੌਲ ਤਿਆਰ ਕਰ ਲਿਆ। ਸੁਖਬੀਰ ਸਿੰਘ ਬਾਦਲ ਨੇ 23 ਨਵੰਬਰ ਨੂੰ ਬਠਿੰਡਾ ਵਿਖੇ ਸਦਭਾਵਨਾ ਰੈਲੀ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਪੰਜਾਬ ਭਰ `ਚ ਅਜਿਹੀਆਂ ਰੈਲੀਆਂ ਕਰਨਗੇ ਤੇ ਆਮ ਲੋਕਾਂ ਨੂੰ ਦੱਸਣਗੇ ਕਿ ਗੋਲੀਕਾਂਡ ਵਰਗੇ ਸੰਵੇਦਨਸ਼ੀਲ ਮੁੱਦਿਆਂ `ਤੇ ਸਿਆਸਤ ਕਰਨਾ ਠੀਕ ਨਹੀਂ। ਬਾਦਲ ਪਰਿਵਾਰ ਲਈ 23 ਨਵੰਬਰ ਤੋਂ ਪਹਿਲਾਂ-ਪਹਿਲਾਂ ਬਰਗਾੜੀ ਤੇ ਸ਼ਹੀਦਾਂ ਦੇ ਪਿੰਡਾਂ `ਚ ਜਾਣ ਦੀ ਮਜਬੂਰੀ ਬਣ ਗਈ ਤੇ 17 ਨਵੰਬਰ ਦੀ ਸੁਖਬੀਰ ਦੀ ਫੇਰੀ ਮੌਕੇ ਪਿੰਡ ਵਾਸੀਆਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕਰਨਾ ਚਾਹਿਆ ਤਾਂ ਪੁਲਿਸ ਨੇ ਦੋ ਔਰਤਾਂ ਸਮੇਤ 12 ਵਿਅਕਤੀਆਂ ਨੂੰ ਹਿਰਾਸਤ `ਚ ਲੈ ਕੇ ਥਾਣੇ `ਚ ਬੰਦ ਕਰ ਦਿੱਤਾ।
ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੁਰੂ ਕੀਤਾ ਮਰਨ ਵਰਤ, ਨਾਨਕਸ਼ਾਹੀ ਕੈਲੰਡਰ ਦਾ ਵਿਵਾਦ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਦੀ ਨਿਯੁਕਤੀ, ਸੌਦਾ ਸਾਧ ਦੇ ਮੁਖੀ ਨੂੰ ਮਾਫ਼ੀ ਦੇਣ ਤੇ ਫ਼ਿਰ ਮਾਫ਼ੀਨਾਮਾ ਰੱਦ, ਬਰਗਾੜੀ ਤੋਂ ਇਲਾਵਾ ਪੰਜਾਬ ਦੇ ਹੋਰ ਅਨੇਕਾਂ ਹਿੱਸਿਆਂ `ਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ, ਪੰਜ ਪਿਆਰਿਆਂ ਵੱਲੋਂ ਤਖ਼ਤਾਂ ਦੇ ਜਥੇਦਾਰਾਂ ਨੂੰ ਤਲਬ ਕਰਨ ਦੀ ਘਟਨਾ, ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਪੰਜ ਪਿਆਰਿਆਂ ਦਾ ਹੁਕਮ ਨਾ ਮੰਨਣਾ, ਦੇਸ਼ ਵਿਦੇਸ਼ ਤੋਂ ਇਲਾਵਾ ਦਰਬਾਰ ਸਾਹਿਬ `ਚ ਵੀ ਕਾਲੀ ਦੀਵਾਲੀ, ਬੰਦੀਛੋੜ ਦਿਵਸ ਦੀਵਾਲੀ ਮੌਕੇ ਦਰਬਾਰ ਸਾਹਿਬ `ਚ ਵਿਵਾਦ, ਸਰਬੱਤ ਖਾਲਸਾ ਦੇ ਪ੍ਰਬੰਧਕਾਂ ਖਿਲਾਫ਼ ਦੇਸ਼-ਧ੍ਰੋਹ ਦੇ ਮਾਮਲੇ ਦਰਜ, ਅਰਦਾਸ `ਚ ਤਬਦੀਲੀ ਪਰ ਅਕਾਲ ਤਖ਼ਤ ਦੇ ਇਤਰਾਜ਼ `ਤੇ ਮਾਫ਼ੀ ਮੰਗਣ ਵਰਗੀਆਂ ਅਨੇਕਾਂ ਅਜਿਹੀਆਂ ਘਟਨਾਵਾਂ ਵਾਪਰੀਆਂ, ਜੋ ਬਾਦਲ ਪਰਿਵਾਰ, ਅਕਾਲੀ ਦਲ, ਸ਼੍ਰੋਮਣੀ ਕਮੇਟੀ ਤੇ ਤਖ਼ਤਾਂ ਦੇ ਜਥੇਦਾਰਾਂ ਦੇ ਵਿਰੁੱਧ ਹੀ ਜਾਂਦੀਆਂ ਹਨ।
1 ਜੂਨ ਨੂੰ ਪਾਵਨ ਸਰੂਪ ਦੀ ਚੋਰੀ ਪਰ ਮਿੰਨਤਾ-ਤਰਲੇ ਕਰਨ ਤੋਂ ਬਾਅਦ ਪੰਥਕ ਧਿਰਾਂ ਵੱਲੋਂ ਪੁਲਿਸ ਨੂੰ ਮਾਮਲਾ ਦਰਜ ਕਰਨ ਲਈ ਕਹਿਣਾ ਤੇ 2 ਜੂਨ ਨੂੰ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ, 25 ਸਤੰਬਰ ਨੂੰ ਧਮਕੀ ਭਰੇ ਤੇ ਅਪਮਾਨਜਨਕ ਸ਼ਬਦਾਵਲੀ ਵਾਲੇ ਪੋਸਟਰਾਂ ਦੇ ਸਬੰਧ `ਚ ਮਾਮਲਾ ਦਰਜ, 12 ਅਕਤੂਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਇਸ ਤਰ੍ਹਾਂ ਪੁਲਿਸ ਥਾਣਾ ਬਾਜਾਖਾਨਾ ਵਿਖੇ 3 ਪੁਲਿਸ ਕੇਸ ਕ੍ਰਮਵਾਰ 2 ਜੂਨ ਮੁਕੱਦਮਾ ਨੰ. 63 ਆਈ. ਪੀ. ਸੀ. ਦੀ ਧਾਰਾ 295-ਏ/380 ਤਹਿਤ, ਮਿਤੀ 25 ਸਤੰਬਰ ਮੁਕੱਦਮਾ ਨੰ. 117 ਆਈ. ਪੀ. ਸੀ. ਦੀ ਧਾਰਾ 295-ਏ, ਮਿਤੀ 12 ਅਕਤੂਬਰ ਮੁਕੱਦਮਾ ਨੰ. 128 ਆਈ. ਪੀ. ਸੀ. ਦੀ ਧਾਰਾ 295-ਏ/120-ਬੀ ਤਹਿਤ ਦਰਜ ਹੋਏ ਤੇ ਤਿੰਨੇ ਮਾਮਲੇ ਅਣਪਛਾਤੇ ਵਿਅਕਤੀਆਂ ਖਿਲਾਫ਼ ਦਰਜ ਕੀਤੇ ਗਏ। ਤਿੰਨਾਂ ਮਾਮਲਿਆਂ ਦੀ ਜਾਂਚ ਕ੍ਰਮਵਾਰ ਏ. ਐਸ. ਆਈ. ਹਰੀ ਕ੍ਰਿਸ਼ਨ, ਏ. ਐਸ. ਆਈ. ਦਲਜੀਤ ਸਿੰਘ ਅਤੇ ਸਬ-ਇੰਸਪੈਕਟਰ ਛਿੰਦਰਪਾਲ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਭਾਵੇਂ ਤਿੰਨੋਂ ਮਾਮਲਿਆਂ ਦੀ ਜਾਂਚ ਸੀ. ਬੀ. ਆਈ. ਹਵਾਲੇ ਕਰ ਦਿੱਤੀ ਗਈ ਪਰ ਤਿੰਨਾਂ ਦੁਖਦਾਇਕ, ਸ਼ਰਮਨਾਕ, ਹਿਰਦੇਵੇਦਕ ਤੇ ਅਫ਼ਸੋਸਨਾਕ ਮਾਮਲਿਆਂ ਨੂੰ ਲੈ ਕੇ ਮੁੱਖ ਮੰਤਰੀ ਨੇ ਵਿਸ਼ੇਸ਼ ਜਾਂਚ ਟੀਮ, ਇੱਕ ਮੈਂਬਰੀ ਕਮਿਸ਼ਨ ਦਾ ਗਠਨ ਕਰਨ ਤੋਂ ਇਲਾਵਾ ਤਿੰਨਾਂ ਮਾਮਲਿਆਂ ਦੀ ਜਾਂਚ ਸੀ. ਬੀ. ਆਈ. ਹਵਾਲੇ ਕਰਨ ਉਪਰੰਤ ਵੀ ਅਜੇ ਤੱਕ ਇਹ ਪਤਾ ਨਹੀਂ ਚੱਲਿਆ ਕਿ ਤਿੰਨਾਂ ਮਾਮਲਿਆਂ ਦੀ ਘਟਨਾ ਸਮੇਂ ਤੋਂ ਜਾਂਚ ਕਰ ਰਹੇ ਜਾਂਚ ਅਧਿਕਾਰੀਆਂ ਦੀ ਜਾਂਚ ਕਿੱਥੋਂ ਤੱਕ ਪੁੱਜੀ?
ਸਾਲ 2015 `ਚ ਲੋਕ ਰੋਹ ਨੂੰ ਸ਼ਾਂਤ ਕਰਨ ਲਈ ਪੁਲਿਸ ਦੀਆਂ ਵਿਸ਼ੇਸ਼ ਜਾਂਚ ਟੀਮਾਂ ਤੇ ਕਮਿਸ਼ਨਾਂ ਦਾ ਗਠਨ ਹੋਇਆ ਪਰ ਉਕਤ ਸਾਰੀ ਕਾਰਵਾਈ ਮਸਲਿਆਂ ਨੂੰ ਨਜਿੱਠਣ ਤੋਂ ਜਿਆਦਾ ਡੰਗ ਟਪਾਉਣ ਤੱਕ ਹੀ ਸੀਮਤ ਰਹੀ। ਜਿਵੇਂਕਿ ਗੰਨੇ ਦੇ ਬਕਾਏ ਦੀ ਮੰਗ ਨੂੰ ਲੈ ਕੇ ਮੁੱਖ ਸੜਕਾਂ ਤੇ ਰੇਲਵੇ ਮਾਰਗ ਜਾਮ ਕਰਨ ਤੋਂ ਇਲਾਵਾ ਸਤੰਬਰ ਮਹੀਨੇ `ਚ ਫ਼ਸਲਾਂ ਦੇ ਖਰਾਬੇ, ਕੀਟਨਾਸ਼ਕਾਂ ਦੀ ਖਰੀਦੋ-ਫਰੋਖਤ `ਚ ਘੁਟਾਲੇ ਨੂੰ ਲੈ ਕੇ ਬਠਿੰਡਾ `ਚ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਲੱਗਾ ਪੱਕਾ ਮੋਰਚਾ, ਕਿਸਾਨਾਂ ਵੱਲੋਂ ਅਕਤੂਬਰ ਮਹੀਨੇ `ਚ ਰੇਲਾਂ ਰੋਕਣ ਦਾ ਸੱਦਾ।
ਸੌਦਾ ਸਾਧ ਦੀ ਦੂਜੀ ਫ਼ਿਲਮ ਰਿਲੀਜ਼ ਹੋ ਜਾਣ ਦੇ ਬਾਵਜੂਦ ਵੀ ਜਦੋਂ ਪੰਜਾਬ ਦਾ ਕੋਈ ਸਿਨੇਮਾ ਮਾਲਕ ਇਸਨੂੰ ਦਿਖਾਉਣ ਲਈ ਤਿਆਰ ਨਾ ਹੋਇਆ ਤਾਂ ਡੇਰਾ ਸਮਰਥਕਾਂ ਨੇ ਸਤੰਬਰ ਮਹੀਨੇ `ਚ ਇੱਕ ਤੋਂ ਵੱਧ ਦਿਨਾਂ ਤੱਕ ਰੇਲਾਂ ਜਾਮ ਕਰ ਦਿੱਤੀਆਂ, ਇਸ ਦੌਰਾਨ ਪੁਲਿਸ ਮੂਕ ਦਰਸ਼ਕ ਬਣੀ ਰਹੀ ਤੇ 24 ਸਤੰਬਰ ਨੂੰ ਅਕਾਲ ਤਖ਼ਤ ਨੇ ਸੌਦਾ ਸਾਧ ਨੂੰ ਮਾਫ਼ੀ ਦੇਣ ਦਾ ਐਲਾਨ ਕਰ ਦਿੱਤਾ।
12 ਅਕਤੂਬਰ ਦੇ ਬੇਅਦਬੀ ਕਾਂਡ ਨੂੰ ਲੈ ਕੇ ਕੋਟਕਪੂਰੇ ਵਿਖੇ ਸ਼ਾਂਤਮਈ ਧਰਨਾ ਦੇ ਰਹੀ ਸੰਗਤ ਉੱਪਰ 14 ਅਕਤੂਬਰ ਨੂੰ ਅੱਥਰੂ ਗੈਸ ਦੇ ਗੋਲੇ, ਪਾਣੀ ਦੀਆਂ ਵਾਛੜਾਂ, ਲਾਠੀਚਾਰਜ ਤੇ ਸਿੱਧੀਆਂ ਗੋਲੀਆਂ ਚੱਲਣ ਨਾਲ ਦੋ ਨੌਜਵਾਨਾਂ ਦੀ ਮੌਤ ਤੇ 100 ਦੇ ਕਰੀਬ ਜ਼ਖ਼ਮੀ ਹੋ ਜਾਣ ਦੀ ਘਟਨਾ ਨਾਲ ਪੰਜਾਬ ਭਰ `ਚ ਸਥਿਤੀ ਵਿਸਫੋਟਕ ਬਣ ਗਈ। ਕਿਉਂਕਿ ਨਿਹੱਥੀਆਂ ਤੇ ਸ਼ਾਂਤਮਈ ਸੰਗਤਾਂ ਉੱਪਰ ਪੁਲਸੀਆ ਕਹਿਰ ਦੇ ਬਾਵਜੂਦ ਕੋਟਕਪੂਰੇ ਅਤੇ ਬਾਜਾਖਾਨਾ ਪੁਲਿਸ ਥਾਣਿਆਂ `ਚ ਸੰਗੀਨ ਧਾਰਾਵਾਂ ਤਹਿਤ ਮਾਮਲੇ ਵੀ ਪੰਥਕ ਧਿਰਾਂ ਦੇ ਆਗੂਆਂ ਅਤੇ ਸੰਗਤਾਂ ਖਿਲਾਫ਼ ਦਰਜ ਕਰ ਦਿੱਤੇ ਗਏ, ਸੂਬੇ ਵਿਚਲਾ ਪੂਰਾ ਪ੍ਰਬੰਧਕੀ ਢਾਂਚਾ ਜਾਮ ਹੋ ਗਿਆ, ਸੜਕਾਂ `ਤੇ ਆਵਾਜਾਈ ਠੱਪ, ਬਜ਼ਾਰ ਬੰਦ, ਹਰ ਕੰਮ-ਧੰਦਾ ਚੌਪਟ। ਸਰਕਾਰ ਸਿਆਸੀ ਅਤੇ ਕਾਨੂੰਨੀ ਵਿਵਸਥਾ ਦੇ ਮਾਮਲੇ `ਚ ਬੇਵੱਸ ਤੇ ਲਾਚਾਰ ਦਿਖਾਈ ਦਿੱਤੀ ਪਰ ਅੰਦੋਲਨਕਾਰੀਆਂ ਨੇ ਖੁਦ ਸੜਕਾਂ ਜਾਮ ਨਾ ਕਰਨ ਦਾ ਐਲਾਨ ਕਰਕੇ ਸਾਰੇ ਅੰਦੋਲਨ ਨੂੰ ਸ਼ਾਂਤਮਈ ਰੱਖਣ ਦੀ ਕੋਸ਼ਿਸ਼ ਕੀਤੀ।
ਫਰਵਰੀ ਮਹੀਨੇ `ਚ ਤਰਨਤਾਰਨ ਦੇ ਐਸ. ਡੀ. ਐਮ. ਦਫ਼ਤਰ `ਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਦੇ ਭਰਾ ਰਾਜਾ ਜੋਸ਼ੀ ਤੇ ਅਕਾਲੀਆਂ ਵਰਕਰਾਂ ਦਰਮਿਆਨ ਹੋਈ ਝੜਪ ਦੌਰਾਨ ਚੱਲੀ ਗੋਲੀ ਦੇ ਸਬੰਧ `ਚ ਮੁੱਖ ਮੰਤਰੀ ਨੇ ਆਈ. ਜੀ. ਈਸ਼ਵਰ ਚੰਦਰ ਦੀ ਅਗਵਾਈ `ਚ ਦੋ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ।
ਮੋਗਾ ਨੇੜੇ ਔਰਬਿਟ ਬੱਸ `ਚੋਂ ਕਥਿਤ ਤੌਰ `ਤੇ ਧੱਕਾ ਦੇਣ ਉਪਰੰਤ ਮੌਤ ਦੇ ਮੂੰਹ `ਚ ਜਾ ਪਈ ਅਰਸ਼ਦੀਪ ਕੌਰ ਦੇ ਮਾਮਲੇ ਦੀ ਜਾਂਚ ਲਈ ਸਾਬਕਾ ਮੁੱਖ ਜੱਜ ਦੀ ਅਗਵਾਈ `ਚ ਜਸਟਿਸ ਵੀ. ਕੇ. ਬਾਲੀ ਕਮਿਸ਼ਨ ਬਣਾਇਆ ਗਿਆ ਅਤੇ ਕਮਿਸ਼ਨ ਨੂੰ ਦੋ ਮਹੀਨੇ `ਚ ਰਿਪੋਰਟ ਦੇਣ ਲਈ ਆਖ਼ਿਆ ਗਿਆ ਪਰ ਛੇ ਮਹੀਨੇ ਬੀਤ ਜਾਣ ਦੇ ਬਾਵਜੂਦ ਹਾਲੇ ਵੀ ਰਿਪੋਰਟ ਨਹੀਂ ਦਿੱਤੀ ਗਈ।
ਕੀਟਨਾਸ਼ਕ ਖਰੀਦ ਮਾਮਲੇ ਦੀ ਜਾਂਚ ਲਈ ਏ. ਡੀ. ਜੀ. ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ `ਚ ਚਾਰ ਮੈਂਬਰੀ ਐਸ. ਆਈ. ਟੀ. ਬਣਾਈ ਗਈ। ਭਾਵੇਂ ਪੁਲਿਸ ਨੇ ਖੇਤੀ ਵਿਭਾਗ ਦੇ ਡਾਇਰੈਕਟਰ ਡਾ. ਮੰਗਲ ਸਿੰਘ ਸੰਧੂ ਨੂੰ ਤਾਂ ਗ੍ਰਿਫ਼ਤਾਰ ਕੀਤਾ ਪਰ ਇਸ ਕੇਸ `ਚ ਸ਼ਾਮਲ ਦੋ ਹੋਰ ਸੰਯੁਕਤ ਨਿਰਦੇਸ਼ਕਾਂ ਸਬੰਧੀ ਸਰਕਾਰ ਚੁੱਪ ਰਹੀ। ਇਸ ਮਾਮਲੇ `ਚ ਮੁਕੰਮਲ ਰਿਪੋਰਟ ਦੀ ਫ਼ਿਲਹਾਲ ਉਡੀਕ ਹੈ।
ਬਹਿਬਲ ਕਾਂਡ ਦੀ ਜਾਂਚ ਲਈ 14 ਅਕਤੂਬਰ ਨੂੰ ਇੱਕ ਮੈਂਬਰੀ ਜਸਟਿਸ ਜ਼ੋਰਾ ਸਿੰਘ ਨਿਆਇਕ ਕਮਿਸ਼ਨ ਦਾ ਐਲਾਨ ਹੋਇਆ ਤੇ ਉਕਤ ਕਮਿਸ਼ਨ ਨੇ ਦੋ ਮਹੀਨਿਆਂ `ਚ ਰਿਪੋਰਟ ਦੇਣੀ ਸੀ ਪਰ ਕਮਿਸ਼ਨ ਨੇ ਜਾਂਚ ਦਾ ਕੰਮ ਹੀ ਦੋ ਮਹੀਨੇ ਬੀਤਣ ਉਪਰੰਤ ਸ਼ੁਰੂ ਕੀਤਾ।
ਰੋਪੜ ਨੇੜੇ ਬਾਦਲ ਪਰਿਵਾਰ ਦੀ ਬੱਸ ਤੇ ਇੱਕ ਕਾਰ ਨਾਲ ਹੋਏ ਹਾਦਸੇ `ਚ ਮਾਰੇ ਗਏ ਇੱਕ ਮੋਟਰਸਾਈਕਲ ਸਵਾਰ ਦੇ ਮਾਮਲੇ `ਚ ਤਤਕਾਲੀਨ ਡੀ. ਜੀ. ਪੀ. ਸੁਮੇਧ ਸੈਣੀ ਨੇ ਏ. ਡੀ. ਜੀ. ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ `ਚ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਤੇ ਉਕਤ ਜਾਂਚ ਟੀਮ ਨੇ ਇਸ ਮਾਮਲੇ `ਚ ਬੱਸ ਡਰਾਈਵਰ ਨੂੰ ਦੋਸ਼ਮੁਕਤ ਕਰਾਰ ਦੇ ਦਿੱਤਾ।
ਅੰਮ੍ਰਿਤਸਰ ਪੁਲਿਸ ਵੱਲੋਂ ਮਾਰੇ ਗਏ ਇੱਕ ਅਕਾਲੀ ਆਗੂ ਮੁਖਵਿੰਦਰ ਸਿੰਘ ਮੁੱਖਾ ਦੀ ਗਲਤ ਪਛਾਣ ਦੇ ਮੁੱਦੇ `ਤੇ ਸਰਕਾਰ ਨੇ ਆਈ. ਜੀ. ਕਰਾਈਮ ਨਗੇਸ਼ਵਰ ਰਾਓ ਦੀ ਅਗਵਾਈ `ਚ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ, ਭਾਵੇਂ ਉਕਤ ਮਾਮਲੇ `ਚ ਸਬੰਧਤ ਪੁਲਿਸ ਅਧਿਕਾਰੀ ਮੁਅੱਤਲ ਕੀਤੇ ਗਏ ਪਰ ਉਸ ਦੀ ਰਿਪੋਰਟ ਅੱਜ ਤੱਕ ਸਾਹਮਣੇ ਨਹੀਂ ਆਈ।
ਲੰਬੀ ਵਿਧਾਨ ਸਭਾ ਹਲਕੇ ਦੇ ਪਿੰਡ ਚੰਨੂ ਦੀ 12 ਸਾਲਾ ਲੜਕੀ ਨੂੰ ਅਕਾਲੀ ਆਗੂ ਦੀ ਬੱਸ ਵੱਲੋਂ ਦਰੜ ਕੇ ਮਾਰ ਦੇਣ ਉਪਰੰਤ ਅੱਧੀ ਰਾਤ ਬੱਚੀ ਦੀ ਲਾਸ਼ ਵਾਰਸਾਂ ਤੋਂ ਜਬਰੀ ਖੋਹ ਕੇ ਸੰਸਕਾਰ ਕਰਵਾ ਦੇਣ ਦਾ ਮਾਮਲਾ ਵੀ ਅਖ਼ਬਾਰਾਂ ਦੀਆਂ ਸੁਰਖੀਆਂ ਬਣਿਆ ਤੇ ਵਿਰੋਧੀ ਸਿਆਸੀ ਆਗੂਆਂ ਨੇ ਇਸ ਮਾਮਲੇ ਨੂੰ ਬਹੁਤ ਤੂਲ ਦੇਣ ਦੀ ਕੋਸ਼ਿਸ਼ ਵੀ ਕੀਤੀ ਪਰ ਇਹ ਭੇਤ ਬਣਿਆ ਹੋਇਆ ਹੈ ਕਿ ਪੀੜ੍ਹਤ ਬੱਚੀ ਦੇ ਪਰਿਵਾਰ ਵਾਲੇ ਚੁੱਪ ਕਿਉਂ ਹਨ?
ਅਬੋਹਰ ਨੇੜੇ ਇੱਕ ਅਕਾਲੀ ਆਗੂ ਦੇ ਫ਼ਾਰਮ ਹਾਊਸ `ਤੇ ਭੀਮ ਟਾਂਕ ਦੇ ਹੱਥ-ਪੈਰ ਵੱਢ ਦੇਣ ਦੇ ਮਾਮਲੇ `ਚ ਐਫ਼. ਆਈ. ਆਰ. 28 ਘੰਟੇ ਬਾਅਦ ਦਰਜ ਕੀਤੀ ਗਈ ਤੇ ਇਸ ਮਾਮਲੇ ਦੀ ਜਾਂਚ ਲਈ ਵੀ ਫਿਰੋਜ਼ਪੁਰ ਰੇਂਜ਼ ਦੇ ਡੀ. ਆਈ. ਜੀ. ਅਮਰ ਸਿੰਘ ਚਾਹਲ ਦੀ ਅਗਵਾਈ `ਚ ਵਿਸ਼ੇਸ਼ ਜਾਂਚ ਟੀਮ ਦਾ ਗਠਨ ਹੋਇਆ।
ਸਾਲ 2015 ਦੌਰਾਨ ਪੰਥਕ ਧਿਰਾਂ ਵੱਲੋਂ ਵਿਆਪਕ ਪੱਧਰ `ਤੇ ਸਰਕਾਰ ਵਿਰੁੱਧ ਬਗਾਵਤ, ਪੁਲਿਸ ਮੁਖੀ ਸੁਮੇਧ ਸੈਣੀ ਨੂੰ ਬਦਲ ਕੇ ਬਾਦਲ ਪਰਿਵਾਰ ਵੱਲੋਂ ਲੋਕ ਰੋਹ ਸ਼ਾਂਤ ਕਰਨ ਦੇ ਯਤਨ, ਦੀਨਾ ਨਗਰ ਥਾਣੇ `ਚ 3 ਦਹਿਸ਼ਤ ਗਰਦਾਂ ਵੱਲੋਂ ਕੀਤੇ ਹਮਲੇ, ਸਾਬਕਾ ਪੁਲਿਸ ਅਧਿਕਾਰੀ ਗੁਰਮੀਤ ਸਿੰਘ ਪਿੰਕੀ ਕੈਟ ਦੇ ਖੁਲਾਸੇ, ਬੇਅਦਬੀ ਮਾਮਲੇ `ਚ ਦੋ ਨਿਰਦੋਸ਼ ਭਰਾਵਾਂ ਨੂੰ ਦੋਸ਼ੀ ਸਿੱਧ ਕਰਨ `ਚ ਅਸਫ਼ਲਤਾ, ਨਿਰਦੋਸ਼ ਸਿੱਧ ਹੋਏ ਨੌਜਵਾਨਾਂ ਤੋਂ ਬਾਅਦ ਸ਼ੋਸ਼ਲ ਮੀਡੀਏ ਰਾਹੀਂ ਸੱਤਾਧਾਰੀ ਧਿਰ ਨੂੰ ਪਾਈਆਂ ਫਿਟਕਾਰਾਂ ਦੀ ਨਮੋਸ਼ੀ, ਸਰਬੱਤ ਖਾਲਸਾ `ਚ ਸ਼ਾਮਲ ਆਗੂਆਂ ਖਿਲਾਫ਼ ਦੇਸ਼-ਧ੍ਰੋਹ ਦੇ ਮਾਮਲੇ ਤੇ ਉਨ੍ਹਾਂ ਦੀਆਂ ਗ੍ਰਿਫ਼ਤਾਰੀਆਂ, ਗੈਂਗਸਟਰ ਸੁਖਬੀਰ ਸਿੰਘ ਉਰਫ਼ ਸੁੱਖਾ ਕਾਹਲਵਾਂ ਨੂੰ 22 ਜਨਵਰੀ ਨੂੰ ਫਗਵਾੜਾ ਨੇੜੇ ਪੁਲਿਸ ਦੀ ਮੌਜੂਦਗੀ `ਚ ਗੋਲੀਆਂ ਮਾਰ ਕੇ ਕਤਲ ਕਰਨ ਦੀ ਘਟਨਾ, ਹਾਕਮ ਧਿਰ ਦੀਆਂ ਬੱਸਾਂ ਵੱਲੋਂ ਕਥਿਤ ਤੌਰ `ਤੇ ਵੱਖ-ਵੱਖ ਥਾਈਂ ਲੋਕਾਂ ਨੂੰ ਦਰੜ ਦੇਣ ਦੀਆਂ ਘਟਨਾਵਾਂ, ਕੈਨੇਡਾ ਰਹਿੰਦੇ ਇੱਕ ਐਨ. ਆਰ. ਆਈ. ਬਲਤੇਜ ਸਿੰਘ ਪੰਨੂੰ ਵੱਲੋਂ ਸ਼ੋਸ਼ਲ ਮੀਡੀਏ `ਚ ਬਾਦਲ ਸਰਕਾਰ ਵਿਰੋਧੀ ਵਿੱਢੀ ਮੁਹਿੰਮ ਤੋਂ ਬਾਅਦ ਉਸਨੂੰ ਪੁਲਿਸ ਕੇਸ `ਚ ਉਲਝਾਉਣ, ਮੋਗਾ ਜ਼ਿਲ੍ਹੇ ਦੇ ਐਸ. ਐਸ. ਪੀ. ਚਰਨਜੀਤ ਸ਼ਰਮਾ ਦੀ ਮੁਅੱਤਲੀ ਵਰਗੀਆਂ ਅਨੇਕਾਂ ਘਟਨਾਵਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ।
ਮੋਬਾ. 98728-10153


29/12/15)
ਅਵਤਾਰ ਸਿੰਘ ਮਿਸ਼ਨਰੀ

ਗੁਰੂ ਗ੍ਰੰਥ ਬਨਾਮ ਸਿੱਖ ਰਹਿਤ ਮਰਯਾਦਾ
ਜਾਹਰ ਪੀਰ ਜਗਤ ਗੁਰ ਬਾਬਾ ਨਾਨਾਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਸਿੱਖ ਮਿਸਲਾਂ ਤੱਕ ਸਿੱਖ ਕਿਹੜੀ ਮਰਯਾਦਾ ਦਾ ਪਾਲਨ ਕਰਦੇ ਸਨ? ਜੇ ਸਿੱਖਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੋਈ ਮਰਯਾਦਾ ਹੁੰਦੀ ਤਾਂ ਗੁਰੂ ਸਾਹਿਬ ਆਪ ਲਿਖ ਕੇ ਦੇ ਜਾਂਦੇ। ਗੁਰੂ ਕਾਲ ਤੋਂ ਲੈ ਕੇ ਸਿੱਖ ਮਿਸਲਾਂ ਤੱਕ ਗੁਰੂਆਂ-ਭਗਤਾਂ ਦੀ ਬਾਣੀ ਹੀ ਗੁਰਸਿੱਖਾਂ ਲਈ ਮਰਯਾਦਾ ਅਤੇ ਅਰਦਾਸ ਪ੍ਰਾਰਥਨਾਂ ਸੀ। ਅਜੋਕੀ ਸਿੱਖ ਰਹਿਤ ਮਰਯਾਦਾ ਤਾਂ ੧੯੩੨ ਵਿੱਚ ਬਣੀ ਸੀ ਜਿਸ ਵਿੱਚ ਕਈ ਡੇਰੇ ਅਤੇ ਸੰਪ੍ਰਦਾਵਾਂ ਵੀ ਸ਼ਾਮਲ ਸਨ ਜਿਸ ਕਰਕੇ ਇਸ ਵਿੱਚ ਕੁੱਝ ਕਰਮਕਾਂਡ ਅਤੇ ਅਖੌਤੀ ਦਸਮ ਗ੍ਰੰਥ ਦੀਆਂ ਰਚਨਾਵਾਂ ਵੀ ਸ਼ਾਮਲ ਕਰ ਲਈਆਂ ਗਈਆਂ।
ਯਾਦ ਰਹੇ ਕਿ ਸਿੱਖਾਂ ਦਾ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਹੈ, ਇਸ ਲਈ ਸਿੱਖ ਨੇ ਜੋ ਵੀ ਰਹਿਣੀ ਬਹਿਣੀ ਦਾ ਸਵਿਧਾਨ ਤਿਆਰ ਕਰਨਾ ਹੈ, ਉਹ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਅਨੁਸਾਰ ਹੀ ਹੋਵੇ। ਗੁਰੂ ਗ੍ਰੰਥ ਸਾਹਿਬ ਇਕੱਲੇ ਸਿੱਖਾਂ ਦੇ ਹੀ ਨਹੀਂ ਸਗੋਂ ਸਮੁੱਚੇ ਸੰਸਾਰ ਦੇ ਰਹਿਨੁਮਾਂ ਹਨ। ਗੁਰੂ ਨੇ ਸਿੱਖ-ਪੰਥ (ਖਾਲਸਾ-ਪੰਥ) ਦੀ ਸਾਜਨਾ ਕੀਤੀ ਸੀ ਨਾਂ ਕਿ ਵੱਖ-ਵੱਖ ਡੇਰੇ ਅਤੇ ਸੰਪ੍ਰਦਾਵਾਂ ਚਲਾਈਆਂ ਸਨ। ਇਸ ਲਈ ਸਿੱਖਾਂ ਦਾ ਗੁਰੂ-ਪੰਥ ਇੱਕ, ਨਿਸ਼ਾਨ ਅਤੇ ਵਿਧਾਨ ਵੀ ਇੱਕ ਹੈ। ਅੱਜ ਪੰਥ ਦੀ ਅਧੋਗਤੀ ਹੀ ਸਮਝੀ ਜਾਣੀ ਚਾਹੀਦੀ ਹੈ ਕਿ ਇਸ ਵਿੱਚ ਵੱਖ-ਵੱਖ ਸੰਪ੍ਰਦਾਵਾਂ ਅਤੇ ਡੇਰੇ ਪੈਦਾ ਹੋ ਗਏ ਅਤੇ ਹੋ ਰਹੇ ਹਨ। ਉਨ੍ਹਾਂ ਨੇ ਆਪੋ-ਆਪਣੇ ਵਿਧੀ ਵਿਧਾਨ ਵੀ ਬਣਾਏ ਹੋਏ ਹਨ। ਸੰਨ ੧੯੩੨ ਵੇਲੇ ਜਦ ਗੁਰੂ-ਪੰਥ ਇਕੱਠਾ ਹੋ ਕੇ, ਇੱਕ ਮਰਯਾਦਾ ਤਿਆਰ ਕਰ ਰਿਹਾ ਸੀ, ਉਸ ਵੇਲੇ ਵੀ ਇਹ ਡੇਰੇਦਾਰ ਅਤੇ ਸੰਪ੍ਰਦਾਈ ਹਾਵੀ ਸਨ। ਇਸ ਕਰਕੇ ਅੱਜ ਜੇ ਸਿੱਖ ਰਹਿਤ ਮਰਯਾਦਾ ਵਿੱਚ ਕੁੱਝ ਗੁਰਮਤਿ ਦੇ ਉਲਟ ਦਿੱਸ ਰਿਹਾ ਹੈ ਤਾਂ ਇਨ੍ਹਾਂ ਭੱਦਰਪੁਰਸ਼ਾਂ ਦੀ ਹੀ ਦੇਣ ਹੈ। ਜਿਵੇਂ ਇਨ੍ਹਾਂ ਨਾਨਕਸ਼ਾਹੀ ਕੈਲੰਡਰ ਵਿੱਚ ਸਿੱਧਾ ਦਖਲ ਦੇ ਕੇ ਕੀਤਾ ਹੈ ਓਵੇਂ ਹੀ ੧੯੩੨ ਵਿੱਚ ਸਿੱਖ ਰਹਿਤ ਮਰਯਾਦਾ ਨਾਲ ਕੀਤਾ ਸੀ।
ਅੱਜ ਇਲੈਕਟ੍ਰੌਣਕ ਮੀਡੀਏ ਕਰਕੇ, ਗੁਰੂ-ਪੰਥ ਕੁੱਝ ਜਾਗ੍ਰਿਤ ਹੋਇਆ ਹੈ ਸਿੱਖ ਆਪ ਗੁਰਬਾਣੀ ਅਤੇ ਇਤਿਹਾਸ ਪੜ੍ਹਨ ਸੁਣਨ ਅਤੇ ਵਿਚਾਰਨ ਲੱਗ ਪਏ ਹਨ। ਇਸ ਲਈ ਹੁਣ ਇਕੱਠੇ ਹੋ ਕੇ, ਸਿੱਖ ਰਹਿਤ ਮਰਯਾਦਾ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਲਾ ਕੇ ਸੋਧ ਕਰ ਲੈਣੀ ਚਾਹੀਦੀ ਹੈ। ਸਮੇਂ ਅਨੁਸਾਰ ਜੋ ਸੰਸਾਰ ਵਿੱਚ ਸਾਰਥਕ ਬਦਲਾਵ ਆਉਂਦੇ ਹਨ ਉਨ੍ਹਾਂ ਮੁਤਾਬਕ ਰਹਿਣ-ਸਹਿਣ ਵੀ ਬਦਲਦਾ ਹੈ ਅਤੇ ਮਰਯਾਦਾ ਵੀ ਉਹ ਹੀ ਹੋਣੀ ਚਾਹੀਦੀ ਹੈ ਜੋ ਸਮੁੱਚੇ ਸੰਸਾਰ ਵਿੱਚ ਅਪਣਾਈ ਜਾ ਸੱਕੇ। ਉਹ ਕੇਵਲ ਤੇ ਕੇਵਲ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਬਕਾਲੀ ਸਿਧਾਂਤਾਂ ਅਨੁਸਾਰ ਹੀ ਹੋਵੇ ਹੈ ਨਾਂ ਕਿ ਡੇਰੇਦਾਰ ਸਾਧਾਂ ਸੰਪ੍ਰਦਾਈਆਂ ਜਾਂ ਕਿਸੇ ਵਿਸ਼ੇਸ਼ ਜਥੇਬੰਦੀ ਗਿਆਨੀ, ਬ੍ਰੁਹਮ ਗਿਆਨੀ ਜਾਂ ਸੰਤ ਅਨੁਸਾਰ।
ਗੁਰੂ ਗ੍ਰੰਥ ਸਾਹਿਬ ਜੀ ਨੂੰ ਮੁਖੀ ਮੰਨਣ ਨਾਲ ਸਿੱਖਾਂ ਵਿੱਚ ਏਕਤਾ ਪੈਦਾ ਹੁੰਦੀ ਹੈ ਪਰ ਅੱਜ ਤਾਂ ਹੋਰ ਹੀ ਭਾਣੇ ਵਰਤਾਏ ਜਾ ਰਹੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਨਾਲ ਹੋਰ ਕਈ ਗ੍ਰੰਥ ਬਰਾਬਰ ਪ੍ਰਕਾਸ਼ ਕੀਤੇ ਜਾ ਰਹੇ ਹਨ। ਸਿੱਖਾਂ ਨੂੰ ਭੰਬਲਭੂਸੇ ਵਿੱਚ ਪਾਇਆ ਜਾ ਰਿਹਾ ਹੈ। ਆਪੋ ਆਪਣੇ ਕੈਲੰਡਰ ਅਤੇ ਮਰਯਾਦਾਵਾਂ ਬਣਾਈਆਂ ਜਾ ਰਹੀਆਂ ਹਨ। ਨੋਟ-ਸਿੱਖ ਕਦੋਂ ਸੋਚਣਗੇ ਕਿ ਗੁਰੂ ਗ੍ਰੰਥ ਸਾਹਿਬ ਪੂਰਾ ਗੁਰੂ ਹੈ, ਅਧੂਰਾ ਨਹੀਂ, ਜੇ ਅਧੂਰੇ ਹਾਂ ਤਾਂ ਅਸੀਂ ਹਾਂ ਜੋ ਗੁਰੂ ਗ੍ਰੰਥ ਸਾਹਿਬ ਤੇ ਪੂਰਨ ਵਿਸ਼ਵਾਸ਼ ਨਹੀਂ ਕਰਦੇ, ਟਪਲੇ ਖਾ ਕੇ, ਹੋਰ ਗ੍ਰੰਥਾਂ ਅਤੇ ਸੰਤਾਂ ਦੇ ਵੀ ਮੱਗਰ ਤੁਰੇ ਫਿਰਦੇ ਹਾਂ। ਆਓ ਭਲਿਓ ਦੁਬਿਧਾ ਦੂਰ ਕਰਕੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਦਿਲੋਂ ਲੜ ਲੱਗੀਏ ਅਤੇ ਜੋ ਵੀ ਵਿਧੀ ਵਿਧਾਨ ਮਰਯਾਦਾ ਬਣਾਈਏ ਉਹ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਤੇ ਪੂਰੀ ਹੋਵੇ ਨਾਂ ਕਿ ਕਿਸੇ ਡੇਰੇ ਸੰਪ੍ਰਦਾਈ ਸਾਧ ਦੀਆਂ ਮਿਥਿਹਾਸਕ ਸਾਖੀਆਂ ਜਾਂ ਭਾਂਤ ਸੁਭਾਂਤੇ ਵੱਖ-ਵੱਖ ਰਹਿਤਨਾਮਿਆਂ ਤੇ ਅਧਾਰਤ ਹੋਵੇ। ਗੁਰਮਤਿ ਵਿਰੋਧੀ ਸਰਕਾਰੀ ਤੇ ਪੁਜਾਰੀ ਲੋਕ “ਗੁਰੂ ਗ੍ਰੰਥ ਸਾਹਿਬ” ਵਿੱਚ ਤਾਂ ਰਲਾ ਕਰ ਨਹੀਂ ਸਕਦੇ ਕਿਉਂਕਿ ਗੁਰੂ ਸਾਹਿਬ ਦਾ ਲਿਖਣ ਢੰਗ ਹੀ ਨਿਰਾਲਾ ਤੇ ਵਿਆਕਰਣਕ ਹੈ। ਇਸ ਲਈ ਉਹ ਵੱਖ-ਵੱਖ ਸੰਪ੍ਰਦਾਵਾਂ, ਪ੍ਰੰਪਰਾਵਾਂ ਅਤੇ ਸੀਨਾ ਬਸੀਨੀ ਮਰਯਾਦਾ ਦਾ ਵਾਸਤਾ ਪਾਉਂਦੇ ਤੇ ਆਪੂੰ ਜਾਂ ਕਵੀਆਂ ਦੇ ਰਚੇ ਅਖੌਤੀ ਗ੍ਰੰਥ, ਵੱਖ-ਵੱਖ ਰਹਿਤਨਾਮਿਆਂ ਦਾ ਜੋਰ ਜਬਰੀ ਨਾਲ ਧੂੰਆਂਧਾਰ ਪ੍ਰਚਾਰ ਕਰਕੇ, ਆਪੋ ਆਪਣੀ ਡਫਲੀ ਵਜਾਉਂਦੇ ਹੋਏ, ਗੁਰੂ ਗ੍ਰੰਥ ਸਾਹਿਬ ਨੂੰ ਅਧੂਰਾ ਸਾਬਤ ਕਰਨ ਅਤੇ ਆਪੋ ਆਪਣੇ ਸੰਤਾਂ, ਮਹਾਂਪੁਰਸ਼ਾਂ ਜਾਂ ਅਖੌਤੀ ਬ੍ਰਹਮਗਿਆਨੀਆਂ ਨੂੰ ਪੂਰਨ ਬ੍ਰਹਮ ਗਿਆਨੀ ਅਤੇ ਸੰਪ੍ਰਦਾਈ ਮਰਯਾਦਾ ਨੂੰ ਪੂਰਨ ਰਹਿਤ ਮਰਯਾਦਾ ਪ੍ਰਚਾਰ ਰਹੇ ਹਨ।
ਲਗਦਾ ਜਿਵੇਂ ਮੁਸਲਮਾਨ ਮੌਲਾਨਿਆਂ ਨੇ ਪਵਿਤ੍ਰ ਕੁਰਾਨ ਸ਼ਰੀਫ ਬਰਾਬਰ ਸ਼ਰਾ ਬਣਾ ਲਈ ਤੇ ਫਤਵੇ ਦੇਣੇ ਸ਼ੁਰੂ ਕਰ ਦਿੱਤੇ, ਹਿੰਦੂਆਂ ਨੇ ਬ੍ਰਾਹਮਣੀ ਸੂਤਰ ਅਪਨਾਅ ਲਏ ਇਵੇਂ ਹੀ ਸਿੱਖਾਂ ਵਿੱਚ ਵੀ ਕਾਂਸ਼ੀ ਤੋਂ ਪੜ੍ਹੇ ਡੇਰੇਦਾਰ ਸੰਪ੍ਰਦਾਈ ਟਕਸਾਲੀਆਂ ਨੇ ਆਪੋ ਆਪਣੇ ਸੰਤਾਂ ਮਹੰਤਾਂ ਦੇ ਕਹਿ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੀ ਸ਼ਰੀਕ ਰਹਿਤ ਮਰਯਾਦਾ ਬਣਾ ਲਈ ਅਤੇ ਵੱਖ-ਵੱਖ ਕ੍ਰਮਕਾਂਡ ਰਚ ਕੇ ਵੱਖਰੀ-ਵੱਖਰੀ ਮਰਯਾਦਾ ਦੇ ਮੰਤ੍ਰ ਪਾਠਾਂ, ਜਪਾਂ, ਤਪਾਂ, ਮਾਲਾ ਫੇਰ ਅਤੇ ਅੱਖਾਂ ਮੀਟ ਸਿਮਰਨਾਂ ਰਾਹੀਂ ਸੰਗਤਾਂ ਨੂੰ ਅੰਧਵਿਸ਼ਵਾਸ਼ਾਂ ਵਿੱਚ ਪਾ, ਅੰਨ੍ਹੀ ਸ਼ਰਧਾ ਅਤੇ ਮਰਯਾਦਾ ਰਾਹੀਂ ਲੁੱਟ ਤੇ ਕੁੱਟ ਰਹੇ ਹਨ। ਜੇ ਕੋਈ ਗੁਰਮੁਖ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਪਵਿਤ੍ਰ ਬਾਣੀ ਦੀ ਹੀ ਵਿਚਾਰ ਕਰਦਾ ਹੈ ਤਾਂ ਉਸ ਨੂੰ ਨਾਸਤ ਕਹਿ ਉਸ ਦੀ ਜ਼ਬਾਨ ਬੰਦ ਕਰਕੇ, ਕੁੱਟਣ ਮਾਰਨ ਤੱਕ ਜਾਂਦੇ ਹਨ। ਇਸ ਲਈ ਗੁਰਸਿੱਖੋ ਜਾਗੋ ਸੰਪ੍ਰਦਾਵਾਂ, ਡੇਰੇ, ਸੰਤ ਅਤੇ ਭੇਖੀ ਬਾਬੇ ਤਿਆਗੋ ਅਤੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਗੋ ਕਿਉਂਕਿ ਗੁਰਬਾਣੀ ਹੀ ਗੁਰਸਿੱਖਾਂ ਦੀ ਪੂਰਨ ਰਹਿਤ ਮਰਯਾਦਾ ਅਤੇ ਜੀਵਨ ਜਾਚ ਤੇ ਰਾਹ ਦਸੇਰਾ ਹੈ। ਫਿਰ ਵੀ ਸਿੱਖਾਂ ਨੇ ਜੇ ਇੱਕ ਰਹਿਤ ਮਰਯਾਦਾ ਬਣਾਉਣੀ ਹੀ ਹੈ ਤਾਂ ਉਹ ਗੁਰੂ ਗ੍ਰੰਥ ਸਾਹਿਬ ਚੋਂ ਹੀ ਹੋਵੇ ਅਤੇ ਗੁਰੂ ਗ੍ਰੰਥ ਸਾਹਿਬ ਦੀ ਸਿਧਾਂਤਕ ਕਸਵੱਟੀ ਤੇ ਪਰਖ ਕੇ ਬਣਾਈ ਜਾਂ ਪਹਿਲਾਂ ਬਣੀ ਸੋਧ ਲਈ ਜਾਵੇ। ਗੁਰੂ ਭਲੀ ਕਰੇ ਆਪਾਂ ਸਾਰੇ ਗੁਰਸਿੱਖ ਸੁਚੇਤ ਹੋਈਏ, ਇਸ ਨਾਲ ਹੀ ਪੁਜਰੀਵਾਦ ਨੂੰ ਠੱਲ੍ਹ ਪੈਣੀ ਅਤੇ ਸਿੱਖ ਪੰਥ ਦੀ ਚੜ੍ਹਦੀ ਕਲ੍ਹਾ ਹੋਣੀ ਹੈ।


25/12/15)
ਜਗਤਾਰ ਸਿੰਘ ਜਾਚਕ

ਗੁਰਬਾਣੀ ਦੇ ਪੰਥ ਪ੍ਰਸਿੱਧ ਤੇ ਸਤਿਕਾਰਤ ਵਿਦਵਾਨ, ਲੇਖਕ, ਟੀਕਾਕਾਰ ਅਤੇ ਨਿਰਬਾਣ ਕੀਰਤਨੀਏ ਸਤਿਕਾਰਯੋਗ ਗਿਆਨੀ ਹਰਿਬੰਸ ਸਿੰਘ ਜੀ ਪਟਿਆਲਾ ਦੇ ਅਕਾਲ ਚਲਾਣੇ ਉਪਰੰਤ ਅੰਤਮ ਅਰਦਾਸ ਸਮਾਗਮ ਤੇ ਵਿਸ਼ੇਸ਼
‘ਸਰਬ ਜੀਆ ਸਿਰਿ ਲੇਖੁ ਧੂਰਾਹੂ’ ਅਨੁਸਾਰ ਲਿਖਣਹਾਰਾ ਕਰਤਾਪੁਰਖੁ ਵਾਹਿਗੁਰੂ ਆਪ ਇੱਕ ਅਜਿਹਾ ਅਲੇਖ ਲਿਖਾਰੀ ਹੈ, ਜਿਸ ਦੀ ਲਿਖਤ ਸਦਾ ਥਿਰ ਤੇ ਅਮਿਟ ਹੈ। ਇਸ ਲਈ ਮਨੁੱਖ ਦਾ ਲੇਖਾਰੀ ਹੋਣਾ ਭਾਵੇਂ ਇੱਕ ਸੁਭਾਵਿਕ ਅਤੇ ਰੱਬੀ-ਗੁਣ ਦਾ ਹੀ ਪ੍ਰਗਟਾਵਾ ਹੈ। ਪਰ, ਫਿਰ ਵੀ ਗੁਰਬਾਣੀ ਵਿੱਚ ਰੱਬੀ ਯਾਦ ਤੋਂ ਸੱਖਣੇ ਤੇ ਵਾਪਾਰਕ ਦ੍ਰਿਸ਼ਟੀ ਤੋਂ ਲਿਖਣ ਵਾਲੇ ਉਨ੍ਹਾਂ ਲੇਖਕਾਂ ਦੀ ‘ਬਿਖ ਭੂਲੇ ਲੇਖਾਰੀ’ ਵਜੋਂ ਪਹਿਚਾਣ ਕਰਵਾਈ ਗਈ ਹੈ, ਜੋ ਆਪਣੀ ਲਿਖਤਾਂ ਰਾਹੀਂ ਸਮਾਜ ਭਾਈਚਾਰੇ ਨੂੰ ਜ਼ਿੰਦਗੀ ਦੇ ਸਹੀ ਰਾਹ ਤੋਂ ਭਟਕਾਉਣ ਦਾ ਕਾਰਨ ਬਣਦੇ ਹਨ। ਗੁਰਵਾਕ ਹੈ:
ਨਾਉ ਵਿਸਾਰਹਿ, ਬੇਦੁ ਸਮਾਲਹਿ; ਬਿਖੁ ਭੂਲੇ ਲੇਖਾਰੀ॥ {ਗੁਰੂ ਗ੍ਰੰਥ ਸਾਹਿਬ – ਪੰਨਾ 1015}
ਦੂਜੇ ਪਾਸੇ ਉਸ ਮਨੁੱਖਾਂ ਨੂੰ ‘ਧੰਨ ਲੇਖਾਰੀ’ ਕਹਿ ਕੇ ਆਦਰ ਦਿੱਤਾ ਗਿਆ ਹੈ, ਜੋ ਮਨੁੱਖਤਾ ਦੇ ਭਲੇ ਲਈ ਕਲਮੀ ਸੇਵਾ ਨਿਭਾਉਂਦਾ ਹੋਏ ਆਪਣੀ ਕਾਂਇਆ ਨੂੰ ਕਾਗਜ਼, ਮਨ ਨੂੰ ਸਿਆਹੀ ਦੀ ਦਵਾਤ ਅਤੇ ਜੀਭ ਨੂੰ ਸਿਫ਼ਤ-ਸਾਲਾਹ ਲਿਖਣ ਵਾਲੀ ਕਲ਼ਮ ਬਣਾ ਕੇ ਪਰਮਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੀ ਪੱਟੀ `ਤੇ ਉੱਕਰ ਲੈਂਦੇ ਹਨ। ਗੁਰਵਾਕ ਹੈ:
ਧਨੁ ਲੇਖਾਰੀ ਨਾਨਕਾ ਪਿਆਰੇ! ਸਾਚੁ ਲਿਖੈ ਉਰਿ ਧਾਰਿ॥ {ਗੁਰੂ ਗ੍ਰੰਥ ਸਾਹਿਬ -ਪੰਨਾ 636}
ਅਜਿਹੀ ਅਵਸਥਾ ਵਾਲੇ ਸਨ, ਬਹੁ-ਪੱਖੀ ਤੇ ਗੁਰਮੁਖ ਸ਼ਖ਼ਸੀਅਤ ਦੇ ਮਾਲਕ ਅਤਿ ਸਤਿਕਾਰਯੋਗ ਗਿਆਨੀ ਹਰਬਿੰਸ ਸਿੰਘ ਜੀ ਪਟਿਆਲਾ, ਜੋ ਵੈਰਾਗੀ ਮੰਡਲ ਦੇ ਜਮਾਂਦਰੂ ਕਵੀ ਵੀ ਸਨ ਅਤੇ ਰਸਿਕ ਤੇ ਨਿਰਬਾਣ ਕੀਰਤਨੀਏ ਵੀ। ਗੁਰਬਾਣੀ ਦੇ ਨਿਰਨਾਇਕ ਟੀਕਾਕਾਰ ਵੀ ਸਨ ਅਤੇ ਗੁਰਮਤਿ ਦੇ ਮਹਾਨ ਵਿਆਖਿਆਕਾਰ ਵੀ। ਉਹ ਗੁਰਬਾਣੀ ਪੜ੍ਹਦੇ ਹੀ ਨਹੀਂ, ਪੜ੍ਹਾਉਂਦੇ ਵੀ ਸਨ। ਉਨ੍ਹਾਂ ਦਾ ਜਨਮ ਗੁਰਮੁਖ ਪਿਆਰੇ ਸ੍ਰ. ਅਤਰ ਸਿੰਘ ਜੀ ਦੇ ਘਰ ਮਾਤਾ ਰਾਜ ਕੌਰ ਜੀ ਦੀ ਕੁੱਖੋਂ ਪਿੰਡ ਹਾਸਲ (ਤਹਿਸੀਲ ਚਕਵਾਲ, ਜ਼ਿਲਾ ਜੇਹਲਮ, ਪਾਕਿਸਤਾਨ) ਵਿਖੇ 25 ਅਪ੍ਰੈਲ 1925 ਨੂੰ ਜਨਮ ਹੋਇਆ ਅਤੇ ਪਿਛਲੇ ਦਿਨੀਂ 22 ਦਸੰਬਰ 2015 ਦੇ ਦਿਹਾੜੇ ਉਨ੍ਹਾਂ ਦਾ ਅਕਾਲ ਚਲਾਣਾ ਹੋਇਆ। ਇਸ ਪ੍ਰਕਾਰ 90 ਸਾਲ ਦੀ ਸਫਲ ਜੀਵਨ ਯਾਤਰਾ ਦਰਿਮਿਆਨ 19 ਸਾਲ ਦੀ ਜੁਆਨ ਉਮਰੇ ਬੀਬੀ ਆਗਿਆ ਕੌਰ ਸਪੁਤਰੀ ਸ੍ਰ. ਰਵੇਲ ਸਿੰਘ ਸਭਰਵਾਲ ਨਾਲ ਅਨੰਦ ਕਾਰਜ ਹੋਇਆ, ਜਿਨ੍ਹਾਂ ਦੀ ਕੁੱਖੋਂ ਤਿੰਨ ਪੁਤਰ ਤੇ ਤਿੰਨ ਪੁਤਰੀਆਂ ਨੇ ਜਨਮ ਲਿਆ।
ਆਪ ਅਗਸਤ ਸੰਨ 1947 ਵਿੱਚ ਦੇਸ਼ ਦੀ ਵੰਡ ਹੋਣ ਸਮੇਂ ਪ੍ਰਵਾਰ ਸਮੇਤ ਪਟਿਆਲੇ ਆ ਵੱਸੇ ਅਤੇ ਜੀਵਨ ਨਿਰਬਾਹ ਲਈ ਪਹਿਲਾਂ ਪੈਪਸੂ ਤੇ ਫਿਰ ਪੰਜਾਬ ਦੇ ਪੁਲੀਸ ਵਿਭਾਗ ਵਿੱਚ ਸਰਵਿਸ ਕੀਤੀ। ਇਸ ਜੀਵਨ ਯਾਤਰਾ ਦਾ ਅਤਿ ਮਹਤਵ ਪੂਰਨ ਪੱਖ, ਜਿਹੜਾ ਸਾਡੇ ਸਾਰਿਆਂ ਲਈ ਪ੍ਰੇਰਨਾ ਦਾ ਸ੍ਰੋਤ ਹੈ, ਉਹ ਹੈ ਕਿ ਸਰਕਾਰੀ ਨੌਕਰੀ ਤੇ ਗ੍ਰਹਿਸਥ ਦੇ ਸਾਰੇ ਫ਼ਰਜ ਪੂਰੇ ਕਰਦਿਆਂ ਉਨ੍ਹਾਂ ਨੇ 14 ਪੋਥੀਆਂ ਦੇ ਰੂਪ ਵਿੱਚ ‘ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ’ ਸਪੂੰਰਨ ਕਰਨ ਤੋਂ ਇਲਾਵਾ 39 ਹੋਰ ਪੁਸਤਕਾਂ ਖ਼ਾਲਸਾ ਪੰਥ ਰਾਹੀਂ ਮਨੁੱਖਤਾ ਦੀ ਝੋਲੀ ਪਾਈਆਂ, ਜਿਨ੍ਹਾਂ ਲਈ ਸਮਾਜ ਭਾਈਚਾਰਾ ਉਨ੍ਹਾਂ ਦਾ ਸਦਾ ਰਿਣੀ ਰਹੇਗਾ।
ਚੜ੍ਹਦੀਕਲਾ ਅਖ਼ਬਾਰ ਤੇ ਟਾਈਮ ਟੀ. ਵੀ. ਪਟਿਆਲਾ ਦੇ ਸੰਚਾਲਕ ਸ੍ਰ. ਜਗਜੀਤ ਸਿੰਘ ਦਰਦੀ ਹੁਰੀਂ ਉਨ੍ਹਾਂ ਦੇ ਜੀਵਣ ਵਿਹਾਰ ਦੀ ਪ੍ਰਸੰਸਾ ਕਰਦਿਆਂ ਕਹਿੰਦੇ ਹਨ ਕਿ ਮੈਂ ਉਨ੍ਹਾਂ ਨੂੰ ਸਦਾ ਕਥਾ ਕੀਰਤਨ ਕਰਦਿਆਂ ਹੀ ਦਰਸ਼ਨ ਕਰਦਾ ਰਿਹਾ ਹਾਂ। ਉਨ੍ਹਾਂ ਦੱਸਿਆ ਕਿ ਜੁਆਨੀ ਸਮੇਂ ਗਿਆਨੀ ਜੀ ਗੁਰਦੁਆਰਾ ਮੋਤੀ ਬਾਗ ਅਤੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਗੁਰਬਾਣੀ ਵਿਆਖਿਆ ਦੀ ਸੇਵਾ ਵੀ ਨਿਭਾਉਂਦੇ ਰਹੇ ਹਨ। ਆਪ ਇੱਕ ਸੁਲਝੇ ਕਥਾਵਾਚਕ ਤੇ ਰਸਭਿੰਨਾ ਕੀਰਤਨ ਕਰਨ ਵਾਲੇ ਸਫਲ ਕੀਰਤਨੀਏ ਵੀ ਸਨ। ਦਾਸ (ਜਾਚਕ) ਨੂੰ 1976 ਤੋਂ 1981 ਤੱਕ ਚੰਡੀਗੜ ਵਿਖੇ ਨਿਰੰਤਰ ਸੰਗਤ ਤੇ ਗਰੁਬਾਣੀ ਵੀਚਾਰਾਂ ਦੀ ਸਾਂਝ ਪਾਉਣ ਦਾ ਸੁਭਾਗ ਹੁੰਦਾ ਰਿਹਾ ਹੈ। ਉਹ ਸੁਭਾਅ ਦੇ ਨਰਮ, ਮਿਲਣਸਾਰ, ਮਿੱਠ-ਬੋਲੜੇ, ਖੋਜੀ, ਮਿਹਨਤੀ, ਤੇ ਦ੍ਰਿੜ ਇਰਾਦੇ ਦੇ ਮਾਲਕ ਸਨ।
‘ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ’ ਦੀ ਜਦੋਂ ਪਹਿਲੀ ਪੋਥੀ ਸੰਪੂਰਨ ਹੋਈ ਤਾਂ ਪੰਥ ਪ੍ਰਸਿੱਧ ਵਿਦਵਾਨ ਪ੍ਰਿੰਸੀਪਲ ਸਤਬੀਰ ਸਿੰਘ ਹੁਰਾਂ ਗਿਆਨੀ ਜੀ ਦੀ ਘਾਲਣਾ ਨੂੰ ਨਮੋ ਕਰਦਿਆਂ ‘ਘਾਲ ਮਰਦੀ ਘਾਲੀ’ ਦੇ ਸਿਰਲੇਖ ਹੇਠ ਲਿਖਿਆ ਸੀ “ਲੋੜ ਸੀ ਕੋਈ ਅਨੁਭਵੀ ਜੀਅੜਾ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥ ਕੇ ਤੱਥ ਕੱਢੇ ਤੇ ਫਿਰ ਹੋਏ ਟੀਕਿਆਂ ਅਤੇ ਸੰਥਿਆ ਦੀ ਰੌਸ਼ਨੀ ਵਿੱਚ ਟਿਕਵੇਂ ਬਝਵੇਂ ਅਰਥ ਨਿਰਣੈ ਲਿਖੇ। ਮੈਨੂੰ ਖੁਸ਼ੀ ਹੋਈ ਹੈ ਕਿ ਗਿਆਨੀ ਹਰਿਬੰਸ ਸਿੰਘ ਜੀ ਨੇ ਇਹ ਬਿਖਮ ਕਾਰਜ ਗੁਰੂ ਕਿਰਪਾ ਸਕਦਾ ਆਪਣੇ ਜ਼ਿਮੇਂ ਲਿਆ ਤੇ ਨੰਗ-ਧੜੰਗ ਜੁੱਟ ਪਏ ਹਨ।” ਇਹ ਕਥਨ ਬਿਲਕੁਲ ਸੱਚ ਹੈ। ਕਿਉਂਕਿ, ਮਿਲਦੀ ਤਨਖਾਹ ਨਾਲ ਤਾਂ ਪ੍ਰਵਾਰ ਦਾ ਗੁਜ਼ਾਰਾ ਹੀ ਮੁਸ਼ਕਲ ਚਲਦਾ ਸੀ। ਇਸ ਪਹਾੜ ਜਿੱਡੇ ਕਾਰਜ ਨੂੰ ਗੁਰੂ ਤੇ ਸੰਗਤ ਸਹਾਰੇ ਸਿਰੇ ਚਾੜਣਾ ਉਨ੍ਹਾਂ ਦੀ ਲਗਨ ਤੇ ਹਿੰਮਤ ਦਾ ਸਿੱਟਾ ਹੀ ਸੀ। ਇਸ ਲਈ ਭਾਵੇਂ ਦਾਸ ਵੀ ਚੰਡੀਗੜ੍ਹ ਵਿਖੇ ਸੰਗਤ ਨੂੰ ਪ੍ਰੇਰਕੇ ਛਪਾਈ ਦੀ ਸੇਵਾ ਕਰਵਾਉਂਦਾ ਰਿਹਾ। ਪਰ, ਇਸ ਪੱਖੋਂ ਸਭ ਤੋਂ ਵਧੇਰੇ ਯੋਗਦਾਨ ਹੈ ਗਿਆਨੀ ਜਗਮੋਹਣ ਸਿੰਘ ਮਿਸ਼ਨਰੀ ਲੁਧਿਆਣਾ ਤੇ ਭਾਈ ਕਸ਼ਮੀਰਾ ਸਿੰਘ ਮੁਹਾਲੀ ਅਤੇ ਉਨ੍ਹਾਂ ਦੇ ਭਾਣਜੇ ਸ੍ਰ. ਹਰਿਭਜਨ ਸਿੰਘ ਦਿੱਲੀ ਦਾ, ਜਿਹੜੇ ਮਨੁੱਖਤਾ ਦੀ ਸੇਵਾ ਕਰਨ ਵਾਲੀ ਸੰਸਾਰ ਪ੍ਰਸਿੱਧ ਸਿੱਖ ਸੰਸਥਾ ‘ਨਿਸ਼ਕਾਮ’ ਦੇ ਸਭ ਤੋਂ ਸਰਗਰਮ ਸੇਵਾਦਾਰ ਹਨ। ਉਨ੍ਹਾਂ ਦਾ ਕਥਨ ਹੈ ਕਿ ਮੇਰੇ ਪ੍ਰੇਰਨਾ ਸਰੋਤ ਸਤਿਕਾਰਯੋਗ ਮਾਮਾ ਜੀ ਗਿਆਨੀ ਹਰਿਬੰਸ ਸਿੰਘ ਹਨ।
ਇਸੇ ਤਰ੍ਹਾਂ ਜਦੋਂ ਸਟੀਕ ਦੀ ਸੰਪੂਰਨਤਾ ਵਾਲੀ 14ਵੀਂ ਪੋਥੀ ਤਿਆਰ ਹੋਈ ਤਾਂ ਉਸ ਦੀ ਭੂਮਿਕਾ ਦੇ ਅੰਤ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਅੰਦਰਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੇ ਮੁਖੀ ਡਾ. ਗੁਰਨਾਮ ਕੌਰ ਜੀ ਨੇ ਲਿਖਿਆ “ਸਿੱਖ ਧਰਮ ਦੀ ਵਿਦਿਆਰਥਣ ਵਜੋਂ ਮੈਂ ਚੇਤੰਨ ਹਾਂ ਕਿ ਗਿਆਨੀ ਜੀ ਦੀ ਇਹ ਘਾਲ ਥਾਇਂ ਪਈ ਹੈ। ਕਿਉਂਕਿ ਉਨ੍ਹਾਂ ਨੇ ਸਿੱਖ ਮਿਸ਼ਨਰੀ ਹੋਣ ਦਾ ਸਬੂਤ ਦੇਂਦਿਆਂ, ਬਹੁਤ ਸਾਰੀਆਂ ਗੁੰਝਲਾਂ ਨੂੰ ਗੁਹਜ ਪ੍ਰਸੰਗ ਦੀ ਸਥਾਪਤੀ ਵਿੱਚ ਕੋਕੜੂ ਬਣਨ ਤੋਂ ਬਚਾਅ ਲਿਆ ਹੈ। ਇਨ੍ਹਾਂ ਪੋਥੀਆਂ ਵਿੱਚ ਫਰੀਦਕੋਟੀ ਟੀਕੇ ਤੋਂ ਲੈ ਕੇ ਹੁਣ ਤਕ ਹੋਏ ਟੀਕਿਆਂ ਦੀਆਂ ਉਹ ਸਾਰੀਆਂ ਪਰਤਾਂ ਸ਼ਾਮਲ ਹੋ ਗਈਆਂ ਹਨ, ਜਿਨ੍ਹਾਂ ਨੂੰ ਘੜਣਾ ਅਤੇ ਜਗਿਆਸੂਆਂ ਤੱਕ ਪਹੁੰਚਾਇਆ ਜਾਣਾ ਜ਼ਰੂਰੀ ਸੀ।” ‘ਲਿਖਤ ਸੇਵਾ ਨੂੰ ਨਮੋ ਨਮੋ’ ਦੇ ਸਿਰਲੇਖ ਹੇਠ ਪ੍ਰਸਿੱਧ ਸਿੱਖ ਚਿੰਤਕ ਡਾ. ਬਲਕਾਰ ਸਿੰਘ ਜੀ ਲਿਖਦੇ ਹਨ “ਵਿਦਵਤਾ ਵਿੱਚੋਂ ਵਿਦਿਆਰਥੀ ਦਾ ਮਨਫ਼ੀ ਹੋਣਾ ਕਿਨਾਂ ਖ਼ਤਰਨਾਕ ਹੈ, ਇਹ ਅਹਿਸਾਸ ਗਿਆਨੀ ਜੀ ਨੂੰ ਹੈ। ਉਨ੍ਹਾਂ ਨੇ ਕਦੇ ਅੰਤਮ ਰਾਇ ਹੋਣ ਦਾ ਭਰਮ ਨਹੀਂ ਪਾਲਿਆ।” ਇਹੀ ਕਾਰਣ ਹੈ ਕਿ ਉਹ ਹਰ ਪੋਥੀ ਦੇ ਅੰਤ ਵਿੱਚ ਇਹੀ ਅਰਦਾਸ ਕਰਦੇ ਰਹੇ –
ਹਮ ਜਾਨਿਆ ਕਛੂ ਨ ਜਾਨਹ ਆਗੈ; ਜਿਉ ਹਰਿ ਰਾਖੈ, ਤਿਉ ਠਾਢੇ॥
ਹਮ ਭੂਲ ਚੂਕ, ਗੁਰ ਕਿਰਪਾ ਧਾਰਹੁ; ਜਨ ਨਾਨਕ ਕੁਤਰੇ ਕਾਢੇ॥ {ਗੁਰੂ ਗ੍ਰੰਥ ਸਾਹਿਬ-ਪੰਨਾ 171}

ਗੁਰਬਾਣੀ ਖੇਤਰ ਦੀਆਂ ਸਾਹਿਤਕ ਸੇਵਾਵਾਂ ਨੂੰ ਮੁਖ ਰੱਖ ਕੇ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ 1987 ਵਿੱਚ ‘ਅਕਾਲੀ ਕੌਰ ਸਿੰਘ ਸ਼ਤਾਬਦੀ’ ਦੇ ਪਹਿਲੇ ਪੁਰਸਕਾਰ ਨਾਲ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ 1994 ਵਿੱਚ ‘ਭਾਈ ਸਾਹਿਬ ਭਾਈ ਵੀਰ ਸਿੰਘ’ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਨ੍ਹਾਂ ਨੂੰ ਫ਼ੈਲੋਸ਼ਿਪ ਵੀ ਪ੍ਰਦਾਨ ਕੀਤੀ। ਦਾਸ (ਜਾਚਕ) ਦੀ ਪ੍ਰਧਾਨਗੀ ਹੇਠ ‘ਗੁਰਮਤਿ ਗ੍ਰੰਥੀ ਸਭਾ ਲੁਧਿਆਣਾ’ ਵੱਲੋਂ 1988 ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੱਥੀਂ ‘ਭਾਈ ਸਾਹਿਬ’ ਦੀ ਪਦਵੀ ਅਤੇ ‘ਭਾਈ ਗੁਪਾਲਾ ਐਵਾਰਡ’ ਦੀ ਬਖ਼ਸ਼ਿਸ਼ ਕੀਤੀ ਗਈ ਅਤੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ 400 ਸਾਲਾ ਸ਼ਹੀਦੀ ਦਿਵਸ ਮੌਕੇ 2006 ਵਿੱਚ ਸ੍ਰੀ ਤਰਨ ਤਾਰਨ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਦਕ ਕਮੇਟੀ ਵੱਲੋਂ ਵਿਸ਼ੇਸ਼ ‘ਸਨਮਾਨ-ਪੱਤਰ’ ਅਰਪਣ ਕੀਤਾ ਗਿਆ। ਇਸ ਪ੍ਰਕਾਰ ਚੀਫ਼ ਖ਼ਾਲਸਾ ਦੀਵਾਨ ਅੰਮਿਤਸਰ ਸਮੇਤ ਦੇਸ਼ ਵਿਦੇਸ਼ ਦੀਆਂ ਲਗਭਗ 20 ਸੰਸਥਾਵਾਂ ਵਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਹਰੇਕ ਮਨੁੱਖ ਭੁਲਣਹਾਰ ਹੈ, ਅਭੁਲ ਕੇਵਲ ਗੁਰੂ ਕਰਤਾਰ ਹੈ। ਇਸ ਲਈ ਇਹ ਜ਼ਰੂਰੀ ਨਹੀਂ ਕਿ ਸਾਰੇ ਵਿਦਵਾਨ ਉਨ੍ਹਾਂ ਦੀ ਲਿਖਤਾਂ ਨਾਲ ਸੌ ਫੀਸਦੀ ਸਹਿਮਤ ਹੋਣ। ਭਾਵੇਂ ਕਈ ਪੱਖੋਂ ਤੋਂ ਮੈਂ ਵੀ ਉਨ੍ਹਾਂ ਨਾਲ ਸਹਿਮਤ ਨਹੀਂ ਹੁੰਦਾ ਰਿਹਾ। ਪਰ ਲਗਭਗ ਸਾਰੇ ਖੋਜੀ ਵਿਦਵਾਨ ਜਦੋਂ ਉਨ੍ਹਾਂ ਦੀ ਲਗਨ ਤੇ ਮਰਦੀ ਘਾਲਣਾ ਨੂੰ ਨਿਹਾਰਦੇ ਹਨ ਤਾਂ ਆਪ ਮੁਹਾਰੇ ਹੀ ਉਹ ਗਿਆਨੀ ਜੀ ਦੀ ਬਹੁਪੱਖੀ ਸ਼ਖ਼ਸੀਅਤ ਅੱਗੇ ਸਿਰ ਝੁਕਾ ਦਿੰਦੇ ਹਨ। ਗੁਰਬਾਣੀ ਸਟੀਕ ਦੀ ਸਪੰਰਨਤਾ ਹੋਣ `ਤੇ ਡਾ. ਗੁਰਨਾਮ ਕੌਰ ਜੀ ਹੁਰਾਂ ਇਹ ਵੀ ਲਫ਼ਜ਼ ਲਿਖੇ ਸਨ ਕਿ “ਮੈਂ ਗਿਆਨੀ ਜੀ ਨੂੰ ਗੁਰੂ ਖ਼ਾਲਸਾ ਪੰਥ ਦੇ ਦਰਬਾਰ ਵਿੱਚ ਇਨ੍ਹਾਂ ਪੋਥੀਆਂ ਦੀ ਬਦੌਲਤ ਸੁਰਖ਼ਰੂ ਹੋ ਜਾਣ ਤੇ ਵਧਾਈ ਦਿੰਦੀ ਹਾਂ”।
ਅੱਜ ਉਨ੍ਹਾਂ ਨੂੰ ਸ਼ਰਧਾਜਲੀ ਦੇ ਉਪਰੋਕਤ ਲਫ਼ਜ਼ ਲਿਖਦਿਆਂ ਦਾਸ (ਜਾਚਕ) ਇਹ ਬੇਨਤੀ ਕਰਨ ਦੀ ਸਿੱਖ ਸੰਗਤ ਪਾਸੋਂ ਆਗਿਆ ਲੈਂਦਾ ਹੈ ਕਿ ਜੇ ਉਹ ਆਪਣੀਆ ਸੇਵਾਵਾਂ ਕਾਰਨ ਖ਼ਾਲਸਾ ਪੰਥ ਦੇ ਦਰਬਾਰ ਵਿੱਚ ਸੁਰਖ਼ੁਰੂ ਹੋਏ ਹਨ ਤਾਂ ਫਿਰ ਉਹ ਅਕਾਲਪੁਰਖ ਦੇ ਸਨਮੁਖ ਵੀ ਸੁਰਖ਼ਰੂ ਹਨ। ਆਓ ਅੱਜ ਉਸ ਜੀਰਾਣ ਜਾਇ ਬੈਠੇ ਰੰਗਲੇ ਸੱਜਣ ਨੂੰ ਸਰਧਾਂਜਲੀ ਅਰਪਣ ਕਰਦੇ ਹੋਏ ਸਾਰੇ ਮਿਲ ਗਾਈਏ–
ਜੰਮਣੁ ਮਰਣੁ ਨ ਤਿਨੑ ਕਉ; ਜੋ ਹਰਿ ਲੜਿ ਲਾਗੇ॥
ਜੀਵਤ ਸੇ ਪਰਵਾਣੁ ਹੋਏ; ਹਰਿ ਕੀਰਤਨਿ ਜਾਗੇ॥ {ਗੁਰੂ ਗ੍ਰੰਥ ਸਾਹਿਬ - ਪੰਨਾ 322}

ਗੁਣਵੰਤਿਆਂ ਪਾਛਾਰ: ਜਗਤਾਰ ਸਿੰਘ ਜਾਚਕ, ਲੁਧਿਆਣਾ। ਮਿਤੀ 25 ਦਸੰਬਰ 2015

***************************************

(ਨੋਟ:- ਜਦੋਂ ਸਾਨੂੰ ਗੁਰਮਤਿ ਸਿੱਖਣ ਅਤੇ ਕਿਤਾਬਾਂ ਪੜ੍ਹਨ ਦਾ ਸ਼ੌਂਕ ਸੀ ਤਾਂ ਅਸੀਂ ਉਸ ਵੇਲੇ ਗਿ: ਹਰਿਬੰਸ ਸਿੰਘ ਨਾਲ ਵੀ ਚਿੱਠੀ ਪੱਤਰ ਕੀਤਾ ਸੀ। ਉਹਨਾ ਵਲੋਂ ਲਿਖਆਂ ਚਿੱਠੀਆਂ ਦੀ ਫੋਟੋ ਕਾਪੀ ਹੇਠਾਂ ਪਾ ਰਿਹਾ ਹਾਂ। ਇਹ ਕੋਈ 25 ਕੁ ਸਾਲ ਪਹਿਲਾਂ ਦੀਆਂ ਹਨ। ਸਟੀਕ ਦੀਆਂ ਪਹਿਲੀਆਂ 10 ਪੋਥੀਆਂ ਅਤੇ ਇਹਨਾ ਦੀਆਂ ਕਈ ਹੋਰ ਕਿਤਾਬਾਂ ਵੀ ਮੇਰੇ ਕੋਲ ਹਨ। ਜਦੋਂ ਦਸਮ ਗ੍ਰੰਥ ਨਾਮ ਦੀ ਗੰਦੀ ਜਿਹੀ ਕਿਤਾਬ ਨਾਲੋਂ ਇਹਨਾ ਦਾ ਮੋਹ ਨਾ ਘਟਿਆ ਤਾਂ ਸਾਡੀ ਵੀ ਇਹਨਾ ਦੀਆਂ ਕਿਤਾਬਾਂ ਵਿੱਚ ਰੁਚੀ ਘਟ ਗਈ। ਮੂਲ ਮੰਤਰ ਦੀ ਵਿਸਥਾਰ ਨਾਲ ਜਾਣਕਾਰੀ ਚੰਗੀ ਲੱਗੀ ਪਰ ਅਰਥਾਂ ਵੇਲੇ ਬਹੁਤਾ ਸ਼ਰਧਾ ਨੂੰ ਹੀ ਪਹਿਲ ਦਿੰਦੇ ਸਨ। ਥੋੜੀ ਜਿਹੀ ਅੰਨੀ ਸ਼ਰਧਾ ਵਾਲਿਆਂ ਲਈ ਇਹਨਾ ਦੀਆਂ ਕਿਤਾਬਾਂ/ਸਟੀਕ ਚੰਗਾ ਪ੍ਰਭਾਵ ਦੇ ਸਕਦੀਆਂ ਹਨ-ਸੰਪਾਦਕ)


25/12/15)
ਸਪੋਕਸਮੈਨ ਸੰਪਾਦਕੀ

'ਦਲਿਤ' ਕਹਿ ਕੇ ਤੇ ਗ਼ਰੀਬ ਮਨੁੱਖਾਂ ਨੂੰ ਅਪਣੇ ਸਮਾਜ ਵਿਚੋਂ ਛੇਕ ਕੇ, ਕਦੋਂ ਤਕ ਬਾਬੇ ਨਾਨਕ ਦੇ 'ਹੁਕਮਨਾਮੇ' ਨੂੰ ਪੈਰਾਂ ਹੇਠ ਰੋਲਿਆ ਜਾਂਦਾ ਰਹੇਗਾ?
ਗੁਰਬਾਣੀ ਦੀ ਬੇਅਦਬੀ ਨੇ ਤਾਂ ਸਿੱਖਾਂ ਨੂੰ ਜਗਾ ਦਿਤਾ ਸੀ ਪਰ ਨਿਰਦੋਸ਼ ਮਨੁੱਖਾਂ ਨਾਲ ਹੁੰਦੀ ਜ਼ਿਆਦਤੀ ਵੇਖ ਕੇ ਸਿੱਖ ਚੁੱਪ ਕਿਉਂ ਹਨ?
ਮਾਨਸਾ ਦੇ ਪਿੰਡ ਬੁਰਜ ਢਿਲਵਾਂ ਵਿਚ 10 ਦਲਿਤ ਪ੍ਰਵਾਰਾਂ ਨੂੰ ਪਿੰਡ ਵਲੋਂ 'ਛੇਕਣ' ਦਾ ਫ਼ੈਸਲਾ ਕੀਤਾ ਗਿਆ ਹੈ | ਛੇਕਣ ਦਾ ਫ਼ੈਸਲਾ ਇਸ ਲਈ ਕੀਤਾ ਗਿਆ ਕਿਉਂਕਿ ਇਨ੍ਹਾਂ ਪ੍ਰਵਾਰਾਂ ਨੇ ਅਪਣੇ ਘਰਾਂ ਦੇ ਬਾਹਰ ਖੁਲ੍ਹੇ ਨਾਲਿਆਂ ਨੂੰ ਢੱਕ ਦੇਣ ਦਾ ਆਰਜ਼ੀ ਪ੍ਰਬੰਧ ਕੀਤਾ ਸੀ | ਇਸ ਕਦਮ ਨਾਲ 'ਉੱਚ ਜਾਤੀ' ਦੇ ਸਿਆਣਿਆਂ ਨੂੰ ਏਨਾ ਗੁੱਸਾ ਆਇਆ ਕਿ ਉਨ੍ਹਾਂ ਨੇ ਗੁਰਦਵਾਰਾ ਸਾਹਿਬ ਜਾ ਕੇ ਐਲਾਨ ਕਰ ਦਿਤਾ ਕਿ ਇਨ੍ਹਾਂ ਪ੍ਰਵਾਰਾਂ ਨੂੰ ਕੋਈ ਵੀ ਕੰਮ ਨਹੀਂ ਦੇਵੇਗਾ | 'ਉੱਚ ਜਾਤੀ' ਦੇ ਪ੍ਰਵਾਰਾਂ ਵਲੋਂ ਇਨ੍ਹਾਂ ਪ੍ਰਵਾਰਾਂ ਦਾ ਘਰ ਦਾ ਸਮਾਨ ਨਾਲੇ ਵਿਚ ਸੁੱਟ ਦਿਤਾ ਗਿਆ | ਇਨ੍ਹਾਂ ਪ੍ਰਵਾਰਾਂ ਨੇ ਇਹ ਵੀ ਦੋਸ਼ ਲਾਇਆ ਕਿ ਉਨ੍ਹਾਂ ਦੀਆਂ ਔਰਤਾਂ ਦੇ ਕਪੜੇ ਵੀ ਪਾੜ ਦਿਤੇ ਗਏ | ਹੁਣ ਇਸ ਮਾਮਲੇ ਨੇ ਸਿਆਸੀ ਮੋੜ ਵੀ ਲੈ ਲਿਆ ਹੈ ਕਿਉਂਕਿ ਇਸ ਪਿੱਛੇ ਇਕ ਅਕਾਲੀ ਆਗੂ ਦਾ ਹੱਥ ਦਸਿਆ ਜਾ ਰਿਹਾ ਹੈ | ਪਰ ਮੁੱਦਾ ਸਿਰਫ਼ ਅਕਾਲੀ ਦਲ ਦੀ ਸ਼ਮੂਲੀਅਤ ਦਾ ਨਹੀਂ ਹੈ | ਇਹ ਮਾਮਲਾ, ਸਿੱਖ ਧਰਮ ਨੂੰ ਮੰਨਣ ਵਾਲਿਆਂ ਲਈ ਬੜਾ ਸ਼ਰਮਨਾਕ ਮਾਮਲਾ ਹੈ | ਇਸ ਪ੍ਰਵਾਰ ਦੇ ਘਰ ਦੇ ਬਾਹਰੋਂ ਸ਼ਮਸ਼ਾਨ ਘਾਟ ਤੋਂ ਨਿਕਲਦਾ ਨਾਲਾ ਦੋ ਸਾਲ ਪਹਿਲਾਂ ਕਢਿਆ ਗਿਆ ਸੀ | ਉਸ ਨੂੰ ਢੱਕ ਦੇਣ ਵਿਰੁਧ ਉੱਚ ਜਾਤੀ ਲੋਕਾਂ ਦੇ ਇਤਰਾਜ਼ ਪਿੱਛੇ ਦਲੀਲ ਕੀ ਹੈ? ਕੀ ਉਹ ਇਹ ਚਾਹੁੰਦੇ ਹਨ ਕਿ ਛੋਟੀ ਜਾਤੀ ਦੇ ਲੋਕ ਗੰਦਗੀ ਅਤੇ ਬਦਬੂ ਵਿਚ ਰਹਿਣ ਤੇ ਅੱਗੇ ਨਾ ਵਧ ਸਕਣ? ਅੱਜ ਜੋ ਕੁੱਝ ਸਿੱਖ ਧਰਮ ਵਿਚ ਹੋ ਰਿਹਾ ਹੈ, ਉਹ ਬਾਬਾ ਨਾਨਕ ਦੇ ਹੁਕਮਨਾਮਿਆਂ ਤੋਂ ਬਿਲਕੁਲ ਉਲਟ ਹੋ ਰਿਹਾ ਹੈ | ਇੰਜ ਲਗਦਾ ਹੈ ਜਿਵੇਂ ਸਿੱਖ ਕੌਮ ਬਾਬਾ ਨਾਨਕ ਦੇ ਹੁਕਮਾਂ ਨੂੰ ਭੁਲਦੀ ਜਾ ਰਹੀ ਹੈ ਤੇ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਵਾਲਾ ਮਾਹੌਲ ਮੁੜ ਤੋਂ ਬਣਦਾ ਜਾ ਰਿਹਾ ਹੈ | ਜਿਸ ਬਾਬੇ ਨਾਨਕ ਨੇ ਹਰ ਇਨਸਾਨ ਨੂੰ ਇਕ ਪਿਤਾ ਦੀ ਸੰਤਾਨ ਦਸਿਆ ਸੀ, ਅੱਜ ਉਸ ਧਰਮ ਵਿਚ ਇਸ ਤਰ੍ਹਾਂ ਦੀਆਂ ਗੱਲਾਂ ਕਿਵੇਂ ਬਰਦਾਸ਼ਤ ਕੀਤੀਆਂ ਜਾ ਰਹੀਆਂ ਹਨ?
'ਦਲਿਤ' ਸ਼ਬਦ ਦੀ ਵਰਤੋਂ ਹੀ ਸਿੱਖ ਫ਼ਲਸਫ਼ੇ ਦੀ ਬੇਅਦਬੀ ਹੈ | ਪਰ ਅੱਜ ਪੰਜਾਬ ਵਿਚ ਹੀ ਜਾਤ-ਪਾਤ ਦੀ ਵੰਡ ਮੁਤਾਬਕ ਗੁਰਦਵਾਰੇ ਬਣਾਏ ਜਾ ਰਹੇ ਹਨ | ਗੁਰਦਵਾਰਿਆਂ ਅੰਦਰ ਬੈਠ ਕੇ ਇਸ ਤਰ੍ਹਾਂ ਦਾ ਐਲਾਨ ਕਰਨ ਦੀ ਹਿੰਮਤ ਕਿਸ ਤਰ੍ਹਾਂ ਪੈਦਾ ਹੋ ਗਈ? ਗੁਰਦਵਾਰਾ ਸਾਹਿਬ ਦੇ ਗ੍ਰੰਥੀ, ਸਿੱਖੀ ਦੇ ਨਾਨਕੀ ਫ਼ਲਸਫ਼ੇ ਨੂੰ ਅੱਗੇ ਕਿਉਂ ਨਹੀਂ ਵਧਾ ਰਹੇ? ਸ਼ੋ੍ਰਮਣੀ ਕਮੇਟੀ ਜਾਤ-ਪਾਤ ਦੇ ਨਾਮ ਤੇ ਗੁਰਦਾਵਰਿਆਂ ਬਾਰੇ ਪੁਜਾਰੀਆਂ ਦੇ 'ਹੁਕਮਨਾਮੇ' ਕਿਉਂ ਨਹੀਂ ਕੱਢ ਰਹੀ? ਸ਼ੋ੍ਰਮਣੀ ਕਮੇਟੀ ਇਨ੍ਹਾਂ ਗੁਰਦਵਾਰਿਆਂ ਨੂੰ ਪ੍ਰਵਾਨਗੀ ਕਿਉਂ ਦੇ ਰਹੀ ਹੈ?
ਅਬੋਹਰ ਕਾਂਡ ਵਿਚ ਇਕ 'ਦਲਿਤ' ਦਾ ਕਤਲ ਹੋਇਆ | ਕਤਲ ਦਾ ਕਾਰਨ ਆਪਸੀ ਰੰਜਿਸ਼ ਸੀ, ਸਿਆਸਤਦਾਨਾਂ ਦੇ ਤਹਿਖ਼ਾਨਿਆਂ ਵਿਚ ਬਾਗ਼ੀਆਂ ਨਾਲ ਹੁੰਦੇ ਵਤੀਰੇ ਦੀ ਇਕ ਝਲਕ ਸੀ ਜਾਂ ਇਹ ਦਰਿੰਦਗੀ, ਗੁੰਡਿਆਂ ਦਾ ਆਮ ਵਰਤਾਰਾ ਸੀ? ਇਸ ਤਰ੍ਹਾਂ ਦੇ ਗੁੰਡਿਆਂ ਨੂੰ ਕਿਸੇ ਵਪਾਰੀ ਨੇ ਅਪਣੇ ਕੰਮ ਲਈ ਕਿਉਂ ਰਖਿਆ ਹੋਇਆ ਹੈ? ਅੱਜ ਉਹ ਪ੍ਰਵਾਰ ਹਾਈ ਕੋਰਟ ਵਿਚ ਮਦਦ ਲੈਣ ਲਈ ਕਿਉਂ ਮਜਬੂਰ ਹੋ ਗਿਆ? ਸੋਚਣ ਵਾਲੀਆਂ ਗੱਲਾਂ ਤਾਂ ਹੋਰ ਵੀ ਹਨ ਪਰ ਜ਼ੋਰ 'ਦਲਿਤ' ਲਫ਼ਜ਼ ਤੇ ਦੇ ਕੇ ਅਸੀ ਜ਼ਾਤ-ਪਾਤ ਦੀ ਵੰਡ ਨੂੰ ਆਪ ਹੀ ਗ਼ਲਤ ਮੰਨ ਲਿਆ ਹੈ | ਕਾਂਗਰਸ ਦੇ ਦਲਿਤ ਆਗੂ ਹੀ ਕਿਉਂ ਅੱਗੇ ਆ ਕੇ ਉਸ ਕਤਲ ਦੀ ਲੜਾਈ ਲੜ ਰਹੇ ਹਨ? ਆਖ਼ਰ ਇਕ ਇਨਸਾਨ ਦਾ ਬੜੇ ਹੀ ਭਿਆਨਕ ਤਰੀਕੇ ਨਾਲ ਕਤਲ ਹੋਇਆ ਹੈ | ਸਾਰੇ ਪੰਜਾਬ ਨੂੰ ਇਸ ਲਈ ਆਵਾਜ਼ ਚੁਕਣ ਦੀ ਲੋੜ ਹੈ | ਲੋਕਾਂ ਨੂੰ ਆਪਸ ਵਿਚ ਵੰਡ ਕੇ ਸੱਤਾ ਵਿਚ ਟਿਕੇ ਰਹਿਣ ਦਾ ਸਿਆਸਤਦਾਨਾਂ ਨੂੰ ਹੀ ਫ਼ਾਇਦਾ ਹੁੰਦਾ ਹੈ | ਪਰ ਸਿੱਖਾਂ ਨੂੰ ਸੋਚਣ ਦੀ ਜ਼ਰੂਰਤ ਹੈ ਕਿ ਸਿੱਖੀ ਵਿਰੁਧ ਜਾ ਕੇ ਉਸ ਨੂੰ ਕੀ ਫ਼ਾਇਦਾ ਹੋਵੇਗਾ? ਜਦ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਪਾੜ-ਪਾੜ ਕੇ ਸੁੱਟੇ ਗਏ ਤਾਂ ਪੂਰਾ ਪੰਜਾਬ ਰੋਹ ਵਿਚ ਆ ਗਿਆ ਸੀ | ਪਰ ਇਸ ਮਾਮਲੇ ਵਿਚ ਤਾਂ ਬਾਬੇ ਨਾਨਕ ਦੇ ਫ਼ਲਸਫ਼ੇ ਨੂੰ ਹੀ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ | ਫਿਰ ਕਿਉਂ ਨਹੀਂ ਸਿੱਖ ਉਨ੍ਹਾਂ 10 ਪ੍ਰਵਾਰਾਂ ਦੇ ਦਰਦ ਨੂੰ ਸਮਝ ਰਹੇ?


25/12/15)
ਮਿੰਟੂ ਬਰਾੜ ਆਸਟ੍ਰੇਲੀਆ

ਪੱਥਰ ਕਹੇ ਖੁਰੀ ਜਾਨ੍ਹੇ ਆ ਯਾਰ
ਆਜ਼ਾਦੀ ਕੀ ਹੈ? ਸਮਝਣ ਦੀ ਲੋੜ ਹੈ। ਅਸੀਂ ਪਹਿਲਾ ਵੀ ਆਜ਼ਾਦ ਸੀ, ਅਸੀਂ ਹੁਣ ਵੀ ਆਜ਼ਾਦ ਹਾਂ। ਸਾਡੀ ਮਾਨਸਿਕਤਾ ਪਹਿਲਾ ਵੀ ਗ਼ੁਲਾਮ ਸੀ ਤੇ ਹੁਣ ਵੀ ਗ਼ੁਲਾਮ ਹੈ। ਭਵਿਖ `ਚ ਕਿਤੇ ਨੇੜੇ-ਤੇੜੇ ਦਿਖਾਈ ਵੀ ਨਹੀਂ ਦੇ ਰਿਹਾ ਕਿ ਅਸੀਂ ਇਸ ਮਾਨਸਿਕ ਗ਼ੁਲਾਮੀ `ਚੋਂ ਬਾਹਰ ਵੀ ਨਿਕਲ ਆਵਾਂਗੇ। ਇਤਿਹਾਸ ਗਵਾਹ ਹੈ ਕਿ ਅਸੀਂ ਓਨ੍ਹੇ ਮਾੜੇ ਦਿਨ ਨਹੀਂ ਦੇਖੇ ਜਿੰਨੇ ਹੋਰਨਾ ਮੁਲਕਾਂ ਦੇ ਗ਼ੁਲਾਮਾਂ ਨੇ ਦੇਖੇ। ਉਧਾਰਣ ਦੇ ਤੌਰ ਤੇ ਅਫ਼ਰੀਕੀ ਦੇਸ਼ਾਂ ਦਾ ਇਤਿਹਾਸ ਪੜ੍ਹਿਆ ਜਾ ਸਕਦਾ ਹੈ ਜਿੱਥੇ ਗ਼ੁਲਾਮਾਂ ਤੋਂ ਬੇੜੀਆਂ ਪਾ ਕੇ, ਕੋੜ੍ਹੇ ਮਾਰ-ਮਾਰ ਕੇ ਕੰਮ ਲਿਆ ਜਾਂਦਾ ਸੀ ਤੇ ਅੰਨ ਦੇ ਨਾਂ ਤੇ ਜਾਨਵਰਾਂ ਵਾਂਗ ਧਰਤੀ ਤੇ ਕੁੱਝ ਰਾਸ਼ਨ ਖਿਲਾਰ ਦਿਤਾ ਜਾਂਦਾ ਸੀ। ਦੁਨੀਆ `ਚ ਆਜ਼ਾਦੀ ਲਈ ਸੰਘਰਸ਼ ਕਰਨ ਵਾਲਿਆਂ ਮੁਲਕਾਂ `ਚ ਅਫ਼ਰੀਕਾ ਤੇ ਭਾਰਤ ਦਾ ਨਾਂ ਸਭ ਤੋਂ ਉੱਤੇ ਆਉਂਦਾ ਹੈ। ਪਰ ਜਦੋਂ ਦੋਹਾ ਮੁਲਕਾਂ ਦੀ ਤੁਲਨਾ ਕੀਤੀ ਜਾਂਦੀ ਹੈ ਤਾਂ ਭਾਰਤ ਆਜ਼ਾਦ ਹੋਣ ਦੀ ਬਾਜੀ ਪਹਿਲਾਂ ਮਾਰ ਗਿਆ ਤੇ ਅਫ਼ਰੀਕਾ ਦੇਰੀ ਨਾਲ ਆਜ਼ਾਦ ਹੋਇਆ। ਦੂਜੇ ਪਾਸੇ ਜੇ ਦੇਖਦੇ ਹਾਂ ਤਾਂ ਅਫ਼ਰੀਕਾ ਦੇਰੀ ਨਾਲ ਆਜ਼ਾਦ ਹੋ ਕੇ ਵੀ ਭਾਰਤ ਤੋਂ ਮੂਹਰੇ ਨਿਕਲ ਗਿਆ। ਕਾਰਨ ਸਪਸ਼ਟ ਹੈ ਕਿ ਆਜ਼ਾਦ ਹੋਣ ਤੋਂ ਬਾਅਦ ਆਪਣੇ ਪਹਿਲੇ ਭਾਸ਼ਣ `ਚ ਮਾਨਯੋਗ ਮੰਡੇਲਾ ਸਾਹਿਬ ਨੇ ਕਿਹਾ ਸੀ ਕਿ “ਮਾੜੇ ਦਿਨਾਂ ਨੂੰ ਭੁੱਲ ਜਾਉ ਤੇ ਤਰੱਕੀ ਦੇ ਰਾਹ ਪੈ ਜਾਓ। ਬੀਤਿਆ ਵੇਲਾ ਵਾਪਸ ਨਹੀਂ ਆਉਣਾ ਤੇ ਜੇ ਤੁਸੀਂ ਬਦਲੇ ਦੀ ਭਾਵਨਾ `ਚ ਅਟਕੇ ਰਹੇ ਤਾਂ ਤੁਸੀਂ ਦੁਨੀਆ ਤੋਂ ਪਿਛੜ ਜਾਵੋਗੇ, ਦੁਨੀਆ ਹਮੇਸ਼ਾ ਚੜ੍ਹਦੇ ਨੂੰ ਸਲਾਮਾਂ ਕਰਦੀ ਹੈ।”
ਪਰ ਭਾਰਤ ਦੀ ਮਾਨਸਿਕਤਾ ਕੁੱਝ ਵੱਖਰੀ ਰਹੀ, ਆਜ਼ਾਦ ਹੋਏ, ਪਰ ਮੁਲਕ ਦੇ ਬਟਵਾਰੇ ਨੇ ਆਜ਼ਾਦੀ ਦਾ ਮੁਲਾਂਕਣ ਬਦਲ ਕੇ ਰੱਖ ਦਿੱਤਾ। ਗੋਰਿਆਂ ਦੇ ਰਾਜ `ਚ ਡਾਂਗਾਂ ਉਨ੍ਹਾਂ ਤੇ ਵਰ੍ਹਦੀਆਂ ਰਹੀਆਂ ਜਿਨ੍ਹਾਂ ਨੇ ਮੋਹਰੋਂ ਆਵਾਜ਼ ਉਠਾਈ। ਆਵਾਜ਼ ਕਿਸ ਨੇ ਉਠਾਈ! ਮੁੱਠੀ ਭਰ ਨੇਤਾਵਾਂ ਨੇ। ਹੁਣ ਸਵਾਲ ਇਹ ਆਉਂਦਾ ਹੈ ਕਿ ਫਿਰ ਡਾਂਗ ਨੇਤਾਵਾਂ ਤੇ ਵਰ੍ਹੀ ਹੋਣੀ ਹੈ? ਨਹੀਂ ਜੀ! ਕਦੇ ਤੁਸੀਂ ਕਿਤੇ ਦੇਖਿਆ ਕਿ ਨਹਿਰੂ ਨੂੰ ਲੰਮਾ ਪਾ ਰੱਖਿਆ ਜਾਂ ਜ਼ਿਨਾਹ ਨੂੰ? ਸੋ ਧਿਆਨ ਨਾਲ ਦੇਖੋਗੇ ਤਾਂ ਹਾਲਾਤ ਉਦੋਂ ਵੀ ਉਹੀ ਸੀ, ਹਾਲਾਤ ਹੁਣ ਵੀ ਉਹੀ ਹਨ। ਉਦੋਂ ਵੀ ਕੁੱਝ ਕੁ ਬੰਦਿਆਂ ਦੀ ਚੌਧਰ ਕਰਨ ਦੀ ਮਾਨਸਿਕਤਾ ਨੇ ਤਕਰੀਬਨ ਦੱਸ ਲੱਖ ਲੋਕਾਂ ਦੀ ‘ਬਲੀ’ ਦਿੱਤੀ, ਅੱਜ ਵੀ ਇਹੀ ਹੋ ਰਿਹਾ। ਜਦੋਂ ਰਾਜ-ਕਾਜ ਮਿਲ ਗਿਆ ਫੇਰ ਕੀ ਹੋਇਆ? ਉਹੀ ਜੋ ਆਜ਼ਾਦੀ ਤੋਂ ਪਹਿਲਾਂ ਹੁੰਦਾ ਸੀ। ਫੇਰ ਆਵਾਜ਼ ਉਠਾਉਣ ਵਾਲੇ ਆਮ ਬੰਦੇ ਦੇ ਡਾਂਗਾਂ ਵਰ੍ਹੀਆਂ, ਜੋ ਨਿਰੰਤਰ ਜਾਰੀ ਹਨ। ਹੁਣ ਵੀ ਤੁਹਾਨੂੰ ਕਦੇ ਨਹੀਂ ਦਿਖਾਈ ਦੇਵੇਗਾ ਕਿ ਅੱਜ ਕੈਪਟਨ ਢਾਹ ਰੱਖਿਆ ਜਾਂ ਰਾਹੁਲ ਜਾਂ ਸੁਖਬੀਰ। ਅੱਜ ਵੀ ਕੁੱਟ ਤੇਰੇ ਮੇਰੇ ਵਰਗਿਆਂ ਤੇ ਪੈਂਦੀ ਹੈ। ਚੰਦ ਕੁ ਚੌਧਰੀਆਂ ਕੋਲ ਤਜਰਬਾ ਹੀ ਏਨਾ ਹੋ ਗਿਆ ਹੈ ਕਿ ਉਹ ਅਵਾਮ ਦੀ ਮਾਨਸਿਕਤਾ ਨੂੰ ਬਦਲਣ ਹੀ ਨਹੀਂ ਦਿੰਦੇ।
ਆਓ ਹੁਣ ਇਸ ਦੇ ਦੂਜੇ ਪੱਖ `ਤੇ ਝਾਤ ਮਾਰਦੇ ਹਾਂ; ਆਜ਼ਾਦੀ ਦਿਵਸ ਦੇ ਮੌਕੇ ਕੋਈ ਆਜ਼ਾਦੀ ਦੀਆਂ ਵਧਾਈਆਂ ਦੇ ਰਿਹਾ ਹੁੰਦਾ ਹੈ ਅਤੇ ਕੋਈ ਤਾਨ੍ਹੇ ਮਾਰ ਰਿਹਾ ਹੁੰਦਾ ਹੈ। ਪਰ ਸਹੀ ਮਾਅਨਿਆਂ `ਚ ਲੋੜ ਸੋਚਣ ਦੀ ਹੈ ਕਿ ਅਸੀਂ ਕਿਹੜੀ ਆਜ਼ਾਦੀ ਦੀ ਗੱਲ ਕਰਦੇ ਹਾਂ। ਕਹਿੰਦੇ ਹਨ ਕਿ ਆਜ਼ਾਦ ਮੁਲਕ `ਚ ਤੁਹਾਨੂੰ ਬੋਲਣ ਲਿਖਣ ਦੀ ਆਜ਼ਾਦੀ ਹੁੰਦੀ ਹੈ। ਜੇ ਇਹੀ ਆਜ਼ਾਦੀ ਹੁੰਦੀ ਹੈ ਤਾਂ ਫੇਰ ਕੋਣ ਕਹਿੰਦਾ ਕਿ ਅਸੀਂ ਆਜ਼ਾਦ ਨਹੀਂ ਹਾਂ? ਸਾਡੇ ਤਾਂ ਆਜ਼ਾਦੀ ਡੁੱਲ੍ਹ-ਡੁੱਲ੍ਹ ਪੈ ਰਹੀ ਹੈ। ਅੱਜ ਦੇ ਆਧੁਨਿਕ ਦੌਰ `ਚ ਅਸੀਂ ਬੋਲਣ ਦੀ ਥਾਂ ਜਦੋਂ ਮਰਜ਼ੀ ਕਿਸੇ ਦੀ ਧੀ ਭੈਣ ਇੱਕ ਕਰ ਦਿੰਦੇ ਹਾਂ। ਲਿਖਣ ਵੇਲੇ ਅੱਗਾ ਪਿਛਾ ਨਹੀਂ ਦੇਖਦੇ। ਮੈਨੂੰ ਤਾਂ ਲਗਦਾ ਹੋਰਨਾ ਮੁਲਕਾਂ ਨਾਲੋ ਅਸੀਂ ਆਜ਼ਾਦੀ ਦੀ ਕੁੱਝ ਜ਼ਿਆਦਾ ਹੀ ਵਰਤੋਂ ਕਰਦੇ ਹਾਂ। ਜਿੱਥੇ ਮਰਜ਼ੀ, ਜਦੋਂ ਮਰਜ਼ੀ ਅਸੀਂ ਕਾਨੂੰਨ ਨੂੰ ਟਿੱਚ ਜਾਣ ਸਕਦੇ ਹਾਂ। ਕਾਨੂੰਨ ਭਾਵੇਂ ਸੜਕਾਂ ਦੇ ਹੋਣ ਭਾਵੇਂ ਦਫ਼ਤਰਾਂ ਦੇ, ਅਸੀਂ ਜਦੋਂ ਮਰਜ਼ੀ ਆਪਣੇ ਮੁਤਾਬਿਕ ਢਾਲ ਸਕਦੇ ਹਾਂ। ਇਹ ਨਾ ਦਿਸਣ ਵਾਲੀ ਆਜ਼ਾਦੀ ਵਿਦੇਸ਼ ਆ ਕੇ ਮਹਿਸੂਸ ਹੋਈ, ਜਦੋਂ ਮੋੜ ਮੋੜ ਤੇ ਆਪਣੇ ਆਪ ਨੂੰ ਰੋਕਣਾ ਪਿਆ ਕਿ ਇਹ ਨਹੀਂ ਕਰਨਾ, ਉਹ ਨਹੀਂ ਕਰਨਾ, ਜਾ ਇਹ ਨਹੀਂ ਕਰ ਸਕਦੇ, ਜੁਰਮਾਨਾ ਹੋ ਜਾਊ।
ਦੋਸਤੋ ਤੁਸੀਂ ਤਾਂ ਐਵੇਂ ਹੁੰਦੇ-ਸੁੰਦੇ ਰੋਈ ਜਾਂਦੇ ਹੋ, ਗ਼ੁਲਾਮੀ ਤਾਂ ਅਸੀਂ ਵਿਦੇਸ਼ੀ ਭੋਗ ਰਹੇ ਹਾਂ। ਕੁੱਝ ਕੁ ਨਮੂਨੇ ਸੁਣ ਲਵੋ! ਅਸੀਂ ਆਪਣੇ ਘਰ ਵੀਕ ਐਂਡ ਤੋਂ ਬਿਨਾਂ ਉਚੀ ਆਵਾਜ਼ `ਚ ਰੌਲਾ ਨਹੀਂ ਪਾ ਸਕਦੇ ਜਾਂ ਉੱਚਾ ਸੰਗੀਤ ਨਹੀਂ ਸੁਣ ਸਕਦੇ, ਸੜਕ ਦੇ ਕੰਢੇ ਖਲ੍ਹੋ ‘ਹੌਲੇ’ ਨਹੀਂ ਹੋ ਸਕਦੇ, ਭਾਵੇਂ ਵਿੱਚ ਹੀ ਨਿਕਲ ਜਾਵੇ। ਥੁੱਕਣ ਨੂੰ ਜਦੋਂ ਦਿਲ ਕਰਦਾ ਮਨ-ਮਸੋੜ ਕੇ ਰਹਿ ਜਾਈਦਾ। ਕੀ ਮਜਾਲ ਹੈ ਕਿ ਦੋ ਨੀਲ ਦੀਆਂ ਡੱਬੀਆਂ ਲੈ ਕੇ ਆਪਣੇ ਕੰਮ ਦੀ ਮਸ਼ਹੂਰੀ ਕਿਸੇ ਕੰਧ-ਕੌਲੇ ਤੇ ਕਰ ਦੇਈਏ। ਭਾਵੇਂ ਬਥੇਰੇ ਡਾਲਰ ਕਮਾਈ ਦੇ ਆ ਪਰ ਕੀ ਮਜਾਲ ਹੈ ਕਿ ਕੁੱਝ “ਲੈ-ਦੇ” ਕੇ ਕੋਈ ਕੰਮ ਕਰਾ ਲਈਏ, ਪਰ ਨਹੀਂ ਸਾਰੇ ਕੰਮ ਖੁਦ ਲਾਈਨ `ਚ ਲੱਗ ਕੇ ਹੀ ਕਰਾਉਣੇ ਪੈਂਦੇ ਹਨ। ਹੋਰ ਸੁਣ ਲਵੋ, ਪਿਛਲੇ ਸਾਲ ਖੇਤ `ਚ ਪਏ ਵਾਧੂ ਜਿਹੇ ਬਾਲਣ ਨੂੰ ਅੱਗ ਲਾਉਣੀ ਸੀ, ਪਰ ਦੇਖ ਲਓ ਸਾਡੀ ਗ਼ੁਲਾਮੀ, ਆਪਣਾ ਖੇਤ, ਆਪਣਾ ਬਾਲਣ ਤੇ ਆਪਣੀ ਸੀਖਾਂ ਵਾਲੀ ਡੱਬੀ, ਪਰ ਸਰਕਾਰ ਕਹੇ! ਨਾ ਜੀ ਨਾ ਇਸ ਰੁੱਤੇ ਤੁਸੀਂ ਅੱਗ ਨਹੀਂ ਲਾ ਸਕਦੇ, ਜਦੋਂ ਠੰਢ ਹੋਈ ਉਦੋਂ ਸਾਡੇ ਕੋਲੋਂ ਮਨਜ਼ੂਰੀ ਲੈ ਕੇ ਲਾਇਓ।
ਮੁੱਕਦੀ ਗੱਲ! ਭਾਰਤ ਵਿੱਚ ਭਾਵੇਂ ਲੱਖ ਕਾਨੂੰਨ ਹਨ, ਪਰ ਨਾ ਹੱਗਣ ਤੋਂ ਨਾ ਮੂਤਣ ਤੋਂ, ਨਾ ਨੱਚਣ ਤੋਂ ਨਾ ਟੱਪਣ ਤੋਂ, ਨਾ ਵੱਡਣ ਤੋਂ ਨਾ ਟੁੱਕਣ ਤੋਂ, ਨਾ ਮਾਰਨ ਤੋਂ ਨਾ ਕੁੱਟਣ ਤੋਂ, ਨਾ ਭੱਜਣ ਤੋਂ ਨਾ ਨੱਸਣ ਤੋਂ, ਨਾ ਬੋਲਣ ਤੋਂ ਨਾ ਚੱਲਣ ਤੋਂ, ਕੋਈ ਨਹੀਂ ਡਰਦਾ, ਆਜ਼ਾਦੀ ਹੀ ਆਜ਼ਾਦੀ। ਇੱਥੋਂ ਤੱਕ ਕਿ ਪੱਗੋ ਪੱਗੀ ਹੋਣ ਤੋਂ ਪਹਿਲਾਂ ਕਦੇ ਵੀ ਤੁਹਾਨੂੰ ਇੱਕ ਪਲ ਲਈ ਇਸ ਦੇ ਅੰਜਾਮ ਬਾਰੇ ਸੋਚਣਾ ਨਹੀਂ ਪੈਂਦਾ? ਕਿਉਂਕਿ ਤੁਹਾਨੂੰ ਪਤਾ ਤੁਸੀਂ ਆਜ਼ਾਦੀ ਦਾ ‘ਨਜਾਇਜ਼ ਫ਼ਾਇਦਾ’ ਜਿੱਥੇ ਮਰਜ਼ੀ ਤੇ ਜਦੋਂ ਮਰਜ਼ੀ ਚੁੱਕ ਸਕਦੇ ਹੋ। ਕਈ ਬਾਰ ਤਾਂ ਸਦਾ ਨਫ਼ਰਤ ਦੇ ਪਾਤਰ ਭਾਰਤੀ ਨੇਤਾਵਾਂ ਤੇ ਵੀ ਤਰਸ ਆ ਜਾਂਦਾ ਹੈ ਤੇ ਆਪ ਮੁਹਾਰੇ ਮੁੰਹੋ ਨਿਕਲ ਜਾਂਦਾ ਹੈ, "ਧੰਨ ਹਨ ਇਹ ਨੇਤਾ ਜਿਹੜੇ ਐਨੀ ਆਪ ਮੁਹਾਰੀ ਖ਼ਲਕਤ ਨੂੰ ਸਾਂਭਦੇ ਹਨ! "
ਹੁਣ ਤੁਸੀਂ ਦੱਸੋ ਗ਼ੁਲਾਮ ਕੋਣ ਹੋਇਆ? ਲੂਣ ਚੁਪ ਹੈ ਤੇ ਪੱਥਰ ਖੁਰਨ ਦਾ ਰੌਲਾ ਪਾ ਰਿਹਾ। ਲੋਹੜਿਆਂ ਦੀ ਆਜ਼ਾਦ ਫ਼ਿਜ਼ਾ `ਚ ਸਾਹ ਲੈ ਰਹੇ ਹੋ ਤੁਸੀਂ, ਐਵੇਂ ਨਾ ਮਰੂ-ਮਰੂ ਕਰੀ ਜਾਓ। ਹਾਂ ਜੇ ਲੋੜ ਹੈ ਤਾਂ ਅੱਜ ਉਨ੍ਹਾਂ ਤੇ ਕਾਬੂ ਪਾਉਣ ਦੀ, ਜੋ ਆਜ਼ਾਦੀ ਨਾਲ ਚਿੱਟੇ ਦਿਨ ਬਲਾਤਕਾਰ ਕਰ ਰਹੇ ਹਨ। ਜਾਂ ਫੇਰ ਗ਼ੁਲਾਮ ਮਾਨਸਿਕਤਾ ਵਿੱਚ ਜਿਉਂ ਰਹੀ ਅਵਾਮ ਦੀ ਸੋਚ ‘ਜਾਇਜ਼’ ਤਰੀਕੇ ਨਾਲ ਬਦਲਣ ਦੀ। ਕਿਉਂਕਿ ਜਿੱਥੇ ‘ਨਾਜਾਇਜ਼’ ਸ਼ਬਦ ਜੁੜ ਗਿਆ ਉਹ ਕੰਮ ਕਦੇ ਵੀ ਸਤਿਕਾਰ ਦਾ ਹੱਕਦਾਰ ਨਹੀਂ ਬਣਦਾ। ਕਹਿੰਦੇ ਆ ਕਿ ਜਿੱਥੇ ਮਾਨਸਿਕ ਤੰਦਰੁਸਤੀ ਹੈ, ਉੱਥੇ ਚੰਗੀ ਸਿਹਤ ਹੈ ਤੇ ਜਿੱਥੇ ਚੰਗੀ ਸਿਹਤ ਹੈ, ਉੱਥੇ ਚੰਗਾ ਸਮਾਜ ਹੈ ਤੇ ਜਿਹੜੇ ਮੁਲਕ ਦਾ ਸਮਾਜ ਚੰਗਾ ਹੈ, ਉਸ ਮੁਲਕ ਨੂੰ ਧਰਤੀ ਦਾ ਸਵਰਗ ਕਿਹਾ ਜਾ ਸਕਦਾ ਹੈ।
ਮਿੰਟੂ ਬਰਾੜ ਆਸਟ੍ਰੇਲੀਆ
+61 434 289 905
[email protected]


24/12/15)
ਮੇਜਰ ਸਿੰਘ 'ਬੁਢਲਾਡਾ'

‘ਮੋਤੀ ਮਹਿਰਾ ਦੀ ਕੁਰਬਾਨੀ’

ਬਾਬਾ ਮੋਤੀ ਮਹਿਰਾ ਨੇ ਠੰਡੇ ਬੁਰਜ਼ ਅੰਦਰ,
ਮਾਤਾ ਤੇ ਬੱਚਿਆਂ ਦਾ ਕੀਤਾ ਸਤਿਕਾਰ ਲੋਕੋ!
ਜਿਨੀ ਹੋ ਸਕੀ ਇਹਨੇ ਕਰੀ ਸੇਵਾ,
ਦੁੱਧ ਪਿਲਾਉਂਦਾ ਰਿਹਾ ਨਾਲ ਪਿਆਰ ਲੋਕੋ!
ਜਦ ਮਾਤਾ-ਬੱਚੇ ਰੱਬ ਨੂੰ ਹੋਏ ਪਿਆਰੇ,
ਚੰਨਣ ਲਿਆਂਦੀ ਕਰਨ ਲਈ ਸੰਸਕਾਰ ਲੋਕੋ!
ਮੇਜਰ ਜਦ ਪਤਾ ਲੱਗ ਗਿਆ ਜਾਲਮਾ ਨੂੰ,
ਕੋਹਲੂ ਪੀੜ ਦਿੱਤਾ ਸਣੇ ਪਰਿਵਾਰ ਲੋਕੋ!

ਮੇਜਰ ਸਿੰਘ 'ਬੁਢਲਾਡਾ'


24/12/15)
ਸੁਰਿੰਦਰ ਸਿੰਘ ‘ਖਾਲਸਾ’

ਨਸ਼ਾ ਮੁਕਤ ਪੰਜਾਬ
ਕਹਿੰਦੇ ਹਨ ਨਸ਼ਾ ਮੁਕਤ ਪੰਜਾਬ ਹੈ ਕਰ ਦੇਣਾ, ਲੀਡਰ ਅਖਬਾਰਾਂ `ਚ ਬਿਆਨ ਖੂਬ ਲਵਾਉਣ ਬੀਬਾ।
ਰੋਜ਼ ਰੈਲੀਆਂ `ਚ ਇਹੋ ਹੀ ਹੋਕਾ ਹੈ, ਪਰ ਰੈਲੀਆਂ `ਚ ਆਉਣ ਵਾਲਿਆਂ ਨੂੰ ਖੁਦ ਵਰਤਾਉਣ ਬੀਬਾ।
ਪੈੱਗ ਲਾ ਕੇ, ਜਾਂ ਗੋਲਾ ਖਾ ਕੇ ਚੜ੍ਹਨ ਸਟੇਜਾਂ ਉਤੇ, ਪੁਲਿਸ ਵਾਲੇ ਵੀ ਇਨ੍ਹਾਂ ਨੂੰ ‘ਹੱਥ ਨਾ ਪਾਉਣ ਬੀਬਾ।
ਕਹਿਣਾ ਕੁੱਝ ਕਰਨਾ ਕੁੱਝ ਲੀਡਰਾਂ ਦੀ ਫਿਤਰਤ ਹੁੰਦੀ, ਸਵੇਰੇ ਹੋਰ, ਸ਼ਾਮੀ ਹੋਰ ਰੰਗ ਦਿਖਾਉਣ ਬੀਬਾ।
ਨਸ਼ੇ ਵੇਚਦਾ ਜੇ ਕੋਈ ਬਲੈਕੀਆ ਪੁਲਿਸ ਨੂੰ ਫੱਸ ਜਾਵੇ, ਝੱਟ ਹੀ ਫੋਨ ਕਰ ਖੁਦ ਹੀ ਛੁਡਵਾਉਣ ਬੀਬਾ।
ਨਸ਼ੇ ਬੇਚਣ `ਚ ਵੀ ਹੱਥ ਵੱਡੇ-ਵੱਡੇ ਲੀਡਰਾਂ ਦਾ, ਪੁਲਿਸ ਵਾਲੇ ਵੀ ਡਰਦੇ ‘ਹੱਥ’ ਕਿਵੇਂ ਪਾਉਣ ਬੀਬਾ।
ਨਾਹਰੇ ਨਸ਼ਿਆਂ ਵਿਰੁਧ ਨਿੱਤ ਲਾਈ ਜਾਂਦੇ ਪਰ ਵੋਟਾਂ ਸਮੇਂ ਖੁਲਮ-ਖੁੱਲਾ ਨਸ਼ੇ ਖੁਦ ਵਰਤਾਉਣ ਬੀਬਾ।
ਨਸ਼ਿਆਂ ਦੇ ਬਾਲੇ ਹੋਏ ਸਿਵੇ ਘਰ-ਘਰ ਨਜ਼ਰ ਆਉਂਦੇ, ਬਲਦੀ ਤੇ ਤੇਲ ‘ਲੀਡਰ’ ਹੋਰ ਪਾਉਣ ਬੀਬਾ।
ਨੋਂਜਵਾਨੀ ਦੇਸ਼ ਦੀ ਨਸ਼ਿਆਂ ਦੇ ਵਿੱਚ ਪਈ ਡੁੱਬੀ, ਬੇੜਾ ਦੇਸ਼ ਦਾ ਆਗੂ ਹੀ ਲੱਗੇ ਨੇ ‘ਡੁਬਾਉਣ ਬੀਬਾ।
ਸਾਰੇ ਲੀਡਰ ਚਿੱਟੇ-ਵੱਟੇ’ ਹਨ ਇਕੋ ਹੀ ਥਾਲੀ ਦੇ, ਪਾਰਟੀ ਕਿਸੇ ਦਾ ਵੀ ਠੱਪਾ ਭਾਂਵੇਂ ਲਗਾਉਣ ਬੀਬਾ।
ਨਾਪਾਕ ਗੱਠਜੋੜ ਐ ਸਾਧਾਂ, ਗੁੰਡਿਆਂ ਤੇ ਲੀਡਰਾਂ ਦਾ, ਕਰਤੂਤੀਂ ਠੱਗ ਭੇਖ ਮੋਮਨਾਂ ਦੇ ਬਣਾਉਣ ਬੀਬਾ।
ਸੁਰਿੰਦਰ ਸਿੰਘਾ’ ਢਹੇ ਚੜ੍ਹ ਗਿਆ ਜੋ ਇਨ੍ਹਾਂ ਦੇ, ਕਿਤੇ ਦਾ ਨਹੀਂ ਰਹਿੰਦਾ ਐਸਾ ‘ਖੂੰਜੇ’ ਲਾਉਣ ਬੀਬਾ।

ਸ੍ਰ ਸੁਰਿੰਦਰ ਸਿੰਘ ‘ਖਾਲਸਾ’ ਮਿਉਦ ਕਲਾਂ {ਫਤਿਹਾਬਾਦ} ਫੋਨ= 94662 66708, 97287 43287,


24/12/15)
ਮਨਦੀਪ ਸਿੰਘ ਲੁਧਿਆਣਾ/ਗਿਆਨੀ ਜਾਚਕ

ਬਲਵੰਤ ਸਿੰਘ ਰਾਜੋਆਣਾ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਆਪਣੇ ਦਸਤਾਰ ਉਤਾਰੂ ਦੁਰਵਿਹਾਰ ਪ੍ਰਤੀ ਖ਼ਾਲਸਾ ਪੰਥ ਪਾਸੋਂ ਖ਼ਿਮਾ ਮੰਗਣੀ ਚਾਹੀਦੀ ਹੈ: ਗਿਆਨੀ ਜਾਚਕ
ਲੁਧਿਆਣਾ 24 ਦਸੰਬਰ () ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਪਟਿਆਲਾ ਜੇਲ੍ਹ ਵਿੱਚ ਪ੍ਰਸਿੱਧ ਪਤਰਕਾਰ ਕੰਵਰ ਸੰਧੂ ਨਾਲ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਤੇ ਭਰੇ ਦੀਵਾਨ ਵਿੱਚ ਇੱਕ ਪੰਥ ਦਰਦੀ ਸੱਜਣ ਭਾਈ ਰਣਜੀਤ ਸਿੰਘ ਸੰਤੋਖਗੜ੍ਹ ਨਾਲ ਕੀਤੇ ਆਪਣੇ ਜਾਂਗਲੀ ਕਿਸਮ ਦੇ ਦਸਤਾਰ ਉਤਾਰੂ ਦੁਰਵਿਹਾਰ ਪ੍ਰਤੀ ਖ਼ਾਲਸਾ ਪੰਥ ਪਾਸੋਂ ਖ਼ਿਮਾ ਜਾਚਨਾ ਕਰਨੀ ਚਾਹੀਦੀ ਹੈ। ਕਿਉਂਕਿ, ਇਨ੍ਹਾਂ ਦੀ ਇਸ ਕਰਤੂਤ ਨਾਲ ਸਿੱਖੀ ਜਜ਼ਬਾ ਰੱਖਣ ਵਾਲਾ ਹਰੇਕ ਗੁਰਸਿੱਖ ਆਪਣੇ ਆਪ ਨੂੰ ਸ਼ਰਮਸਾਰ ਮਹਿਸੂਸ ਕਰ ਰਿਹਾ ਹੈ। ਸਾਨੂੰ ਭੁਲਣਾ ਨਹੀਂ ਚਾਹੀਦਾ ਕਿ ਸਿੱਖੀ ‘ਸਹਜ ਘਰਿ’ ਵਿੱਚ ਧਰਤੀ ਵਰਗੀ ਸਹਿਨਸ਼ੀਲਤਾ ਸਹਿਤ ਜੀਊਣ ਦਾ ਨਾਂ ਹੈ। ਇਹ ਲਫ਼ਜ਼ ਹਨ ‘ਪੰਥਕ ਵੀਚਾਰ ਮੰਚ ਇੰਟਰਨੈਸ਼ਨਲ (ਨਿਊਯਾਰਕ) ‘ਦੇ ਚੇਅਰਮੈਨ ਗਿਆਨੀ ਜਗਤਾਰ ਸਿੰਘ ਜਾਚਕ ਦੇ, ਜੋ ਉਨ੍ਹਾਂ ਅੱਜ ਮੰਚ ਦੀ ਪਲੇਠੀ ਵੀਡੀਓ ਕਾਨਫਰੰਸ ਉਪਰੰਤ ਇੱਕ ਲਿਖਤੀ ਪ੍ਰੈਸਨੋਟ ਰਾਹੀਂ ਕਹੇ।
ਉਨ੍ਹਾਂ ਆਖਿਆ ਕਿ ਕੰਵਰ ਸੰਧੂ ਦੀ ਪਤਰਕਾਰੀ ਨਾਲ ਕਿਸੇ ਦੇ ਮੱਤਭੇਦ ਹੋ ਸਕਦੇ ਹਨ। ਕਿਉਂਕਿ, ਪਤਰਕਾਰੀ ਦੇ ਖੇਤਰ ਵਿੱਚ ਅਜਿਹਾ ਹੋਣਾ ਸੁਭਾਵਿਕ ਹੈ। ਪਰ ਜਿਸ ਢੰਗ ਤੇ ਦਲੇਰੀ ਨਾਲ ਉਸ ਨੇ ਪਿੰਕੀ ਕੈਟ ਰਾਹੀਂ ਗੁਰਸਿੱਖ ਨੌਜਵਾਨਾਂ ਨੂੰ ਪੰਜਾਬ ਪੁਲੀਸ ਦੁਆਰਾ ਝੂਠੇ ਮੁਕਾਬਲੇ ਬਣਾ ਕੇ ਮਾਰਨ ਅਤੇ ਉਨ੍ਹਾਂ ਨਾਲ ਹੋਏ ਅਣਮਨੁੱਖੀ ਵਿਹਾਰ ਦੇ ਸੱਚ ਦਾ ਦੁਨੀਆ ਦੀ ਕਚਿਹਰੀ ਵਿੱਚ ਭਾਂਡਾ ਭੰਨਿਆ ਹੈ, ਉਸ ਲਈ ਤਾਂ ਉਹ ਪੰਥਕ ਸ਼ਾਬਾਸ਼ ਦਾ ਪਾਤਰ ਮੰਨਿਆ ਜਾ ਰਿਹਾ ਹੈ। ਇਸ ਲਈ ਜੇਕਰ ਉਹ ਆਪਣੇ ਪਤਰਕਾਰੀ ਫਰਜ਼ ਦੀ ਪੂਰਤੀ ਲਈ ਭਾਈ ਰਾਜੋਆਣਾ ਦਾ ਪੱਖ ਸੁਣਨ ਲਈ ਯਤਨ ਕਰਕੇ ਜੇਲ੍ਹ ਪਹੁੰਚਾ ਸੀ ਤਾਂ ਉਸ ਨਾਲ ਸਭਿਅਕ ਵਿਹਾਰ ਕਰਨਾ ਹੀ ਸ਼ੋਭਦਾ ਸੀ। ਕਿਉਂਕਿ, ਗੁਰਬਾਣੀ ਸਾਨੂੰ ‘ਰੋਸ ਨ ਕੀਜੈ ਉਤਰ ਦੀਜੈ’ ਦਾ ਸਬਕ ਸਿਖਾਉਂਦੀ ਹੈ।
ਵਿਚਾਰਨ ਦੀ ਲੋੜ ਹੈ ਕਿ ਖ਼ਾਲਸਾ ਪੰਥ ਦੀਆਂ ਬਖਸ਼ਸ਼ਾਂ ਤੇ ਸਨਮਾਨ ਦੇ ਪਾਤਰ ਬਣੇ ਭਾਈ ਰਾਜੋਆਣਾ ਅਤੇ ਪੰਥਕ ਆਗੂ ਅਖਵਾਉਂਦੇ ਪ੍ਰੋ. ਚੰਦੂ ਮਾਜਰਾ ਵਰਗੇ ਲੋਕ ਹੀ ਖ਼ਾਲਸੇ ਦੀ ਪਾਤਸ਼ਾਹੀ ਸ਼ਾਨ ਦੇ ਪ੍ਰਤੀਕ ਦਸਤਾਰ ਨੂੰ ਪੈਰਾਂ ਵਿੱਚ ਰੋਲਣ ਲੱਗ ਪੈਣ ਤਾਂ ਸਧਾਰਨ ਸਿੱਖ ਅਤੇ ਪੰਥਕ ਘੇਰੇ ਤੋਂ ਬਾਹਰ ਵਿਚਰਦੇ ਲੋਕਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ। ਬਾਦਲਕਿਆਂ ਦੀ ਧੱਕੇਸ਼ਾਹੀ ਵਿਰੁਧ ਵਿਦੇਸ਼ੀ ਸਿੱਖ ਬਹੁਤ ਚਿੰਤਤ ਹਨ। ਤਖ਼ਤ ਸਹਿਬਾਨ ਦੇ ਵਰਤਮਾਨ ਜਥੇਦਾਰਾਂ ਨੂੰ ਆਪਣੇ ਆਪ ਨੋਟਿਸ ਲੈ ਕੇ ਪੰਥਕ ਵਿਧਾਨ ਦੇ ਅੰਤਰਗਤ ਕਾਰਵਾਈ ਕਰਨੀ ਚਾਹੀਦੀ ਹੈ। ਕਿਉਂਕਿ, ਇੱਕ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ‘ਜਿੰਦਾ ਸ਼ਹੀਦ ਦਾ ਖ਼ਿਤਾਬ ਬਖ਼ਸ਼ਿਸ਼ ਕੀਤਾ ਜਾ ਚੁੱਕਾ ਹੈ ਅਤੇ ਦੂਜਾ, ਉਸ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਮੁਖ ਅਹੁਦੇਦਾਰ ਹੈ, ਜਿਸ ਦੇ ਸਰਪ੍ਰਸਤ ਮੁਖੀ ਨੂੰ ‘ਪੰਥ ਰਤਨ’ ਦਾ ਸਨਮਾਨ ਵੀ ਦਿੱਤਾ ਗਿਆ ਹੈ।
ਅੱਜ ਦੀ ਵੀਡੀਓ ਕਾਨਫਰੰਸ ਵਿੱਚ ਮੰਚ ਦੇ ਜਨਰਲ ਸਕਤਰ ਗਿਆਨੀ ਜਸਬੀਰ ਸਿੰਘ ਵੈਨਕੂਵਰ ਤੋਂ ਇਲਾਵਾ ਨਿਊਯਾਰਕ ਤੋਂ ਸ੍ਰ. ਮਨਜੀਤ ਸਿੰਘ ਐਡਵੋਕੇਟ, ਮੈਲਬੌਰਨ ਤੋਂ ਅੰਤਰਾਸ਼ਟਰੀ ਰਾਜਨੀਤੀ ਚਿੰਤਕ ਸ੍ਰ. ਅਰਵਿੰਦਰ ਸਿੰਘ, ਲੰਡਨ ਤੋਂ ਗਿਆਨੀ ਗੁਰਮੀਤ ਸਿੰਘ ਗੌਰਵ ਅਤੇ ਇੰਡੀਆ, ਨਿਊਜ਼ੀਲੈਂਡ, ਜਰਮਨ, ਫਰਾਂਸ, ਸਿੰਘਾਪੁਰ ਤੇ ਮਲੇਸ਼ੀਆ ਦੇ ਬਹੁਤ ਸਾਰੇ ਵਿਦਵਾਨ ਤੇ ਪੰਥ-ਦਰਦੀ ਸੱਜਣਾਂ ਨੇ ਭਾਗ ਲਿਆ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਜਥੇਦਾਰ ਗਿਆਨੀ ਕੇਵਲ ਸਿੰਘ ਜੀ ਦੀ ਅਗਵਾਈ ਹੇਠਲੇ ‘ਪੰਥਕ ਤਾਲ-ਮੇਲ ਸਗੰਠਨ’ ਦੀਆਂ ਧਾਰਮਿਕ ਤੇ ਰਾਜਨੀਤਕ ਸਰਗਰਮੀਆਂ ਦੀ ਸ਼ਲਾਘਾ ਕਰਦਿਆਂ ਮੰਚ ਵੱਲੋਂ ਸਗੰਠਨ ਨੂੰ ਹਰ ਕਿਸਮ ਦਾ ਸਹਿਯੋਗ ਦੇਣ ਦਾ ਫੈਸਲਾ ਵੀ ਲਿਆ ਗਿਆ।
ਜਾਰੀ ਕਰਤਾ: ਮਨਦੀਪ ਸਿੰਘ ਲੁਧਿਆਣਾ, ਮੀਡੀਆ ਇੰਚਾਰਜ। ਸਪੰਰਕ 98722 81325

************************************************************

(ਨੋਟ:- ਕੰਵਰ ਸੰਧੂ ਇੱਕ ਨਿਰਪੱਖ ਪ੍ਰਸਿੱਧ ਪਤਰਕਾਰ ਹਨ। ਜਿਹੜੇ ਕਿ ਬਹੁਤ ਸਾਰੇ ਮੁੱਦਿਆਂ ਤੇ ਦੋਹਾਂ ਪਾਸਿਆਂ ਦਾ ਪੱਖ ਪੇਸ਼ ਕਰ ਚੁੱਕੇ ਹਨ। ਇਹਨਾ ਦੀ ਲੋਕਾਂ ਵਿਚ ਹਰਮਨਪਿਆਰਤਾ ਦਾ ਸਬੂਤ ਇਹਨਾ ਦੀ ਉਹ ਵੀਡੀਓ ਹੈ ਜਿਹੜੀ ਕਿ ਇਹਨਾ ਨੇ ਪੰਜ ਕੁ ਦਿਨ ਪਹਿਲਾਂ ਵਾਪਰੀ ਘਟਨਾ ਤੋਂ ਬਾਅਦ ਯੂ-ਟਿਊਬ ਤੇ ਪਾਈ ਸੀ। ਇਸ ਦਾ ਲਿੰਕ ਅਸੀਂ ਇੱਥੇ ਵੀ ਪਾ ਰਹੇ ਹਾਂ। ਇਸ ਵੀਡੀਓ ਨੂੰ ਹੁਣ ਤੱਕ 70, 000 ਤੋਂ ਉਪਰ ਲੋਕ ਦੇਖ ਚੁੱਕੇ ਹਨ ਅਤੇ 170 ਤੋਂ ਵੱਧ ਇਸ ਵੀਡੀਓ ਦੇ ਹੇਠਾਂ ਕੁਮਿੰਟਸ ਕੀਤੇ ਹੋਏ ਹਨ। ਇਹ ਤਕਰੀਬਨ 99% ਇਹਨਾ ਦੀ ਪ੍ਰਸੰਸਾ ਵਿੱਚ ਹਨ। ਜੇ ਕਰ ਅਜਿਹੇ ਪਤਰਕਾਰ ਨਾਲ ਅਜਿਹਾ ਸਲੂਕ ਹੁੰਦਾ ਹੈ ਤਾਂ ਸੋਚਣਾ ਬਣਦਾ ਹੈ ਕਿ ਸਿੱਖਾਂ ਦੀ ਸੋਚਣੀ ਇਤਨੀ ਹੇਠਾਂ ਕਿਉਂ ਗਿਰਦੀ ਜਾ ਰਹੀ ਹੈ? -ਸੰਪਾਦਕ)


23/12/15)
ਸਰਵਜੀਤ ਸਿੰਘ ਸੈਕਰਾਮੈਂਟੋ

ਸ. ਹਰਚਰਨ ਸਿੰਘ ਜੀ,
ਮੁਖ ਸਕੱਤਰ, ਸ਼੍ਰੋ . ਗੁ. ਪ੍ਰ. ਕਮੇਟੀ ਅੰਮ੍ਰਿਤਸਰ ਸਾਹਿਬ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।
ਮਿਤੀ 20 ਦਸੰਬਰ 2015
ਵਿਸ਼ਾ:- ਨਾਨਕਸ਼ਾਹੀ ਕੈਲੰਡਰ

ਸ. ਹਰਚਰਨ ਸਿੰਘ ਜੀ, 9 ਮਾਰਚ 2015 ਦਿਨ ਸੋਮਵਾਰ ਨੂੰ ਪੰਜ ਸਿੰਘ ਸਾਹਿਬ ਨੇ ਆਪਣੀ ਇਕ ਇਕੱਤਰਤਾ ਵਿੱਚ ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਨੂੰ ਹਲ ਕਰਨ ਲਈ 18 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ ਅਤੇ ਇਸ ਕਮੇਟੀ ਨੂੰ ਆਪਣੀ ਰਿਪੋਰਟ ਪੋਹ ਦੀ ਸੰਗਰਾਦ ਤਾਈ ਦੇਣ ਦਾ ਹੁਕਮ ਵੀ ਕੀਤਾ ਸੀ। ਪੋਹ ਦੀ ਸੰਗਰਾਂਦ, ਨਾਨਕਸ਼ਾਹੀ ਕੈਲੰਡਰ ਮੁਤਾਬਕ 14 ਦਸੰਬਰ ਅਤੇ ਕਥਿਤ ਸੋਧੇ ਹੋਏ ਕੈਲੰਡਰ ਮੁਤਾਬਕ 16 ਦਸੰਬਰ ਨੂੰ ਸੀ। ਆਸ ਕਰਦੇ ਹਾਂ ਕਿ ਅਕਾਲ ਤਖਤ ਸਾਹਿਬ ਦੇ ਹੁਕਮ ਮੁਤਾਬਕ, ਕੈਲੰਡਰ ਕਮੇਟੀ ਆਪਣੀ ਰਿਪੋਰਟ ਅਕਾਲ ਤਖਤ ਸਾਹਿਬ ਤੇ ਪੇਸ਼ ਕਰ ਚੁੱਕੀ ਹੋਵੇਗੀ। ਬੇਨਤੀ ਹੈ ਕਿ ਕੈਲੰਡਰ ਕਮੇਟੀ ਦੀ ਰਿਪੋਰਟ ਨੂੰ ਦੇਸ਼-ਵਿਦੇਸ਼ ਦੀਆਂ ਸੰਗਤਾਂ, ਜਥੇਬੰਦੀਆਂ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੀ ਜਾਣਕਾਰੀ ਲਈ ਛੇਤੀ ਤੋਂ ਛੇਤੀ ਜਨਤਕ ਕੀਤਾ ਜਾਵੇ ਤਾ ਜੋ ਉਸ ਰਿਪੋਰਟ ਸਬੰਧੀ ਵਿਚਾਰ ਚਰਚਾ ਕਰਕੇ ਨਵੇ ਸਾਲ (ਨਾਨਕਸ਼ਾਹੀ ਸੰਮਤ ੫੪੮) ਦਾ ਸਰਬ ਪ੍ਰਮਾਣਿਤ ਕੈਲੰਡਰ ਤਿਆਰ ਕੀਤਾ ਜਾ ਸਕੇ।
ਸ. ਹਰਚਰਨ ਸਿੰਘ ਜੀ, ਸਾਨੂੰ ਪੂਰੀ ਆਸ ਹੈ ਕਿ ਤੁਹਾਡੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਦਾ ਅਹੁਦਾ ਸੰਭਾਲਣ ਤੋਂ ਪਿਛੋਂ , ਸ਼੍ਰੋਮਣੀ ਕਮੇਟੀ ਦੇ ਦਫ਼ਤਰੀ ਕੰਮ-ਕਾਜ `ਚ ਬਹੁਤ ਸੁਧਾਰ ਹੋਇਆ ਹੋਵੇਗਾ ਅਤੇ ਇਸ ਪੱਤਰ ਰਾਹੀ ਮੰਗੀ ਗਈ ਜਾਣਕਾਰੀ ਕੁਝ ਹੀ ਦਿਨਾਂ `ਚ ਸੰਗਤਾਂ ਦੇ ਸਾਹਮਣੇ ਹੋਵੇਗੀ। ਜਿਵੇ ਕਿ ਆਪ ਜੀ ਜਾਣਦੇ ਹੀ ਕਿ ਨਵੇ ਸਾਲ ਦਾ ਕੈਲੰਡਰ ਮਾਰਚ ਦੇ ਪਹਿਲੇ ਹਫ਼ਤੇ ਛੱਪਣਾ ਹੈ ਇਸ ਲਈ ਕਮੇਟੀ ਦੀ ਰਿਪੋਰਟ ਤੇ ਵਿਚਾਰ ਚਰਚਾ ਕਰਕੇ ਕਿਸੇ ਨਤੀਜੇ ਤੇ ਪੁੱਜਣ ਲਈ ਸਿਰਫ ਦੋ ਮਹੀਨੇ (ਜਨਵਰੀ ਅਤੇ ਫਰਵਰੀ) ਹੀ ਬਚਦੇ ਹਨ। ਆਸ ਕਰਦੇ ਹਾਂ ਕਿ ਆਪ ਜੀ ਇਸ ਪਾਸੇ ਨਿਜੀ ਦਿਲਚਸਪੀ ਲੈ ਕੇ ਕੈਲੰਡਰ ਕਮੇਟੀ ਦੀ ਰਿਪੋਰਟ ਨੂੰ ਜਲਦੀ ਤੋਂ ਜਲਦੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਸਾਹਮਣੇ ਅਗਲੇਰੀ ਵਿਚਾਰ ਚਰਚਾ ਲਈ ਪੁੱਜਦੀ ਕਰੋਗੇ।
ਆਸ ਸਹਿਤ
ਸਰਵਜੀਤ ਸਿੰਘ ਸੈਕਰਾਮੈਂਟੋ


20/12/15)
ਗਿ: ਸੰਤੋਖ ਸਿੰਘ

ਜਿੰਨੇ ਮੂੰਹ ਓਨੀਆਂ ਗੱਲਾਂ
ਉਪ੍ਰੋਕਤ ਸ਼ਬਦ ਪੇਂਡੂ ਪੰਜਾਬੀਆਂ ਦੇ ਵਿੱਚ ਆਮ ਹੀ ਮੂੰਹ ਚੜ੍ਹਿਆ ਮੁਹਾਵਰਾ ਹੈ। ਇਹ ਹਰੇਕ ਉਸ ਸਮੇ ਵਰਤਿਆ ਜਾਂਦਾ ਹੈ ਜਦੋਂ ਕੋਈ ਹੈਰਾਨੀਜਨਕ ਮਾੜੀ ਘਟਨਾ ਵਾਪਰ ਜਾਵੇ ਤਾਂ ਹਰ ਕੋਈ ਖ਼ੁਦ ਨੂੰ ਦੂਜਿਆਂ ਨਾਲ਼ੋਂ ਵਧੇਰੇ ਜਾਣਕਾਰੀ ਦਾ ਮਾਲਕ ਹੋਣ ਦਾ ਭਰਮ ਪਾਲ਼ਦਾ ਹੋਇਆ, ਆਪਣਾ ਤਬਸਰਾ ਕਰਦਾ ਹੈ ਤੇ ਵਾਪਰਨ ਵਾਲੀ ਘਟਨਾ ਬਾਰੇ ਕੁੱਝ ਨਾ ਕੁੱਝ ਕਹਿੰਦਾ ਹੈ।
ਬੜਾ ਹੀ ਖ਼ੁਦ ਨੂੰ ਰੋਕ ਰੋਕ ਕੇ ਰੱਖਣ ਦਾ ਅਸਫ਼ਲ ਯਤਨ ਕੀਤਾ ਕਿ ਇਸ ਦੁਰਘਟਨਾਵਾਂ ਦੀ ਵਾਪਰ ਰਹੀ ਲਗਾਤਾਰ ਕੜੀ ਬਾਰੇ ਮੈਂ ਨਾ ਕੁੱਝ ਬੋਲਾਂ ਤੇ ਨਾ ਲਿਖਾਂ ਕਿਉਂਕਿ ਮੇਰੇ ਨਾਲੋਂ ਕਿਤੇ ਵਧੇਰੇ ਜਾਣਕਾਰ ਇਸ ਬਾਰੇ ਬਹੁਤ ਕੁੱਝ ਬੋਲ ਅਤੇ ਲਿਖ ਰਹੇ ਹਨ ਤੇ ਮੇਰੇ ਵਿਚਾਰ ਵੀ ਬਹੁਤੇ ਸੱਜਣਾਂ ਦੇ ਵਿਚਾਰਾਂ ਦੇ ਅਨਕੂਲ ਵੀ ਸ਼ਾਇਦ ਨਾ ਹੀ ਹੋਣ! ਪਰ ਫਿਰ ਵੀ ਰਿਹਾ ਨਹੀਂ ਗਿਆ ਤੇ ਮੀਡੀਏ ਤੇ ਫ਼ੋਨਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਦੇ ਆਧਾਰ ਤੇ ਮੈਂ ਇਸ ਬਾਰੇ ਕੁੱਝ ਕਹਿਣ ਦਾ ਵਿਚਾਰ ਬਣਾ ਹੀ ਲਿਆ।
ਪੰਜਾਬ ਦੀ ਮੌਜੂਦਾ ਘਟਨਾ ਬਾਰੇ ਵੀ ਜਿੰਨੇ ਮੂੰਹ ਓਨੀਆਂ ਗੱਲਾਂ ਹੀ ਹੋ ਰਹੀਆਂ ਹਨ। ਸੋਸ਼ਲ ਮੀਡੀਏ ਉਪਰ ਹਰ ਕੋਈ ਆਪਣੇ ਵਿਚਾਰ ਦੇ ਕੇ, ਦੂਜਿਆਂ ਨਾਲ਼ੋਂ ਖ਼ੁਦ ਨੂੰ ਵਧੇਰੇ ਠੀਕ ਦਰਸਾਉਣ ਵਿੱਚ ਰੁਝਿਆ ਹੋਇਆ ਦਿਖਾਈ ਦਿੰਦਾ ਹੈ। ਜਦੋਂ ਸਿਰਸੇ ਵਾਲ਼ੇ ਬਾਰੇ ੨੦੦੭ ਵਿੱਚ ਰੌਲ਼ਾ ਪਿਆ ਸੀ ਤਾਂ ਮੈਂ ਓਦੋਂ ਯੂਰਪ ਵਿੱਚ ਸਾਂ ਤੇ ਉਸ ਸਮੇ ਮੈਂ ਆਪਣੇ ਵਿਚਾਰ ਪਰਗਟ ਕਰਨ ਵਾਲਾ ਇੱਕ ਲੇਖ ਲਿਖਿਆ ਸੀ ਜਿਸ ਵਿੱਚ ਇਸ ਦੁਰਘਟਨਾ ਰਾਹੀਂ, ਪੰਜਾਬ ਦੇ ਅਮਨ ਨੂੰ ਅੱਗ ਲਾਉਣ ਦੇ ਕੋਝੇ ਯਤਨਾਂ ਬਾਰੇ ਦੱਸਣ ਦਾ ਯਤਨ ਕੀਤਾ ਸੀ। ਉਸ ਸਮੇ ਸਿੱਖ ਨੌਜਵਾਨੀ ਦੇ ਗਰਮ ਖ਼ੂਨ ਨੇ ਉਬਾਲ਼ਾ ਖਾਧਾ ਤੇ ਸਿੱਖ ਸੰਗਤਾਂ ਪਾਸੋਂ ਫੋਕੀ ਵਡਿਆਈ ਲੈਣ ਵਾਸਤੇ, ਸਾਡੇ ਧਰਮ ਦੇ ਆਗੂਆਂ ਵੱਲੋਂ ਉਸ ਦੇ ਬਾਈਕਾਟ ਕਰਨ ਦਾ ‘ਹੁਕਮਨਾਮਾ’ ਜਾਰੀ ਕਰ ਦਿਤਾ ਗਿਆ ਸੀ ਜਿਸ ਉਪਰ ਅਮਲ ਕਰਦਿਆਂ ਹੋਇਆਂ ਕਈ ਥਾਂਵਾਂ ਤੇ ਸਿੱਖੀ ਜੋਸ਼ ਵਾਲ਼ੇ ਨੌਜਵਾਨਾਂ ਅਤੇ ਸਿਰਸੇ ਵਾਲੇ ਦੇ ਸ਼ਰਧਾਲੂਆਂ ਵਿੱਚ ਟਕਰਾ ਵੀ ਹੋਏ। ਦੋਹੀਂ ਪਾਸੀਂ ਮਾਰ ਕੁੱਟ ਨਾਲ਼ ਕੁੱਝ ਜੋਸ਼ੀਲਿਆਂ ਨੂੰ ਸੱਟਾਂ ਲੱਗੀਆਂ ਤੇ ਮੌਤਾਂ ਵੀ ਹੋਈਆਂ ਤੇ ਮੁਕਦਮਿਆਂ ਦਾ ਸਾਹਮਣਾ ਵੀ ਕਰਨਾ ਪਿਆ। ਇਹ ਘਟਨਾ ਸਮੇ ਦੇ ਗੁਜ਼ਰਨ ਸਦਕਾ ਠੰਡੀ ਪੈ ਰਹੀ ਸੀ ਤਾਂਹੀਉਂ ਅਚਾਨਕ ਇੱਕ ਦਿਨ ਸਵੇਰੇ ਸਵੇਰੇ ਫ਼ੇਸ ਬੁੱਕ ਉਪਰ, ਨਾ ਮੰਨਣ ਯੋਗ ਖ਼ਬਰ ਪਰਗਟ ਹੋਈ ਕਿ ਸਾਡੇ ਧਰਮ ਦੇ ਆਗੂਆਂ ਨੇ ਸਿਰਸੇ ਵਾਲ਼ੇ ਨੂੰ ਮਾਫ਼ੀ ਦੇ ਦਿਤੀ ਹੈ। ਧਰਮ ਸਥਾਨਾਂ ਦੀਆਂ ਗੱਦੀਆਂ ਉਪਰ ਸਜੇ ਹੋਏ ਤੇ ਲਾਲ ਬੱਤੀਆਂ ਰਫ਼ਲਾਂ ਵਾਲ਼ੇ ਪੁਲਸੀਆਂ ਦੀਆਂ ਟੁਕੜੀਆਂ ਵਿੱਚ ਘਿਰ ਕੇ ਵਿਚਰਨ ਵਾਲ਼ੇ ਪੰਜ ਸੱਜਣਾਂ ਵੱਲੋਂ, ਚੁੱਪ ਚੁਪੀਤੇ ਅਚਾਨਕ ਹੀ ਚੌਵੀ ਸਤੰਬਰ ਵਾਲ਼ੇ ਦਿਨ, ਉਸ ਨੂੰ ‘ਮਾਫ਼ੀ’ ਦੇਣ ਦਾ ਐਲਾਨ ਕੱਛ ਵਿਚੋਂ ਕਢ ਮਾਰਿਆ ਜਿਸ ਨਾਲ਼ ਚਾਰ ਚਾਰ ਚੁਫੇਰੇ ਸਿਖ ਸੰਗਤਾਂ ਵਿੱਚ ਹਾਹਾਕਾਰ ਮਚ ਗਈ। ਇਸ ਦੌਰਾਨ ਇੱਕ ਹੋਰ ਇਤਿਹਾਸ ਵਿਚੋਂ ਪਹਿਲਾਂ ਕੋਈ ਮਿਸਾਲ ਨਾ ਮਿਲਣ ਵਾਲ਼ੀ ਘਟਨਾ ਵੀ ਵਾਪਰ ਗਈ ਕਿ ਇਸ ਰੌਲ਼ੇ ਗੌਲ਼ੇ ਦੌਰਾਨ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੰਮ੍ਰਿਤ ਛਕਾਉਣ ਸਮੇ ਪੰਜ ਪਿਆਰਿਆਂ ਦੀ ਸੇਵਾ ਨਿਭਾਉਣ ਵਾਲ਼ੇ ਪੰਜ ਸਿੰਘਾਂ ਨੇ, ਅਸਾਧਾਰਣ ਦਲੇਰੀ ਵਿਖਾਉਂਦਿਆਂ ਹੋਇਆਂ, ਸਿਰਸੇ ਵਾਲ਼ੇ ਨੂੰ ਮਾਫ਼ੀ ਦੇਣ ਵਾਲ਼ੇ ਪੰਜ ਮੁਖੀ ਸੱਜਣਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਇਸ ਬਾਰੇ ਆਪਣਾ ਪੱਖ ਦੱਸਣ ਲਈ ਤਲਬ ਕਰ ਲਿਆ। ਅਜਿਹਾ ਪਹਿਲਾਂ ਕਦੇ ਇਤਿਹਾਸ ਵਿੱਚ ਨਹੀਂ ਸੀ ਹੋਇਆ। ਇਹ ਵੱਖਰੀ ਗੱਲ ਹੈ ਕਿ ਪੰਜ ਮੁਖੀ ਜਥੇਦਾਰ ਉਹਨਾਂ ਸਾਹਮਣੇ ਪੇਸ਼ ਨਹੀਂ ਹੋਏ। ਇਸ ਦੌਰਾਨ ਸੰਗਤਾਂ ਦੇ ਰੋਹ ਨੂੰ ਵੇਖ ਕੇ ‘ਮਾਫ਼ੀ’ ਵਾਲ਼ਾ ਫੈਸਲਾ ਵਾਪਸ ਲੈਣਾ ਪਿਆ। ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੀ ਹੋਇਆ। ਇਸ ਦੌਰਾਨ ਸ੍ਰੀ ਪਟਨਾ ਸਾਹਿਬ ਤੋਂ ਹੋਰ ਪੰਜ ਸਿੰਘਾਂ ਦਾ ਬਿਆਨ ਆ ਗਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਾਲ਼ੇ ਪੰਜ ਪਿਆਰਿਆਂ ਦਾ ਪੰਜ ਸਿੰਘ ਸਾਹਿਬਾਨ ਨੂੰ ਦਿਤਾ ਗਿਆ ਸੱਦਾ ਗ਼ਲਤ ਹੈ। ਇਸ ਤਰ੍ਹਾਂ ਪੰਜ ਪਿਆਰਿਆਂ ਦੀ ਸੰਸਥਾ ਨੂੰ ਵੀ ਹਾਸੋਹੀਣੀ ਹਾਲਤ ਵਿੱਚ ਲਿਆਉਣ ਦਾ ਕੋਝਾ ਯਤਨ ਕਰਕੇ, ਇਸ ਸੰਸਥਾ ਦੇ ਵਕਾਰ ਨੂੰ ਢਾਹ ਲਾਉਣ ਦੇ ਯਤਨ ਹੋਏ। ਇਹ ਵੀ ਸਿੱਖ ਇਤਿਹਾਸ ਦੀਆਂ ਮੰਦਭਾਗੀਆਂ ਘਟਨਾਵਾਂ ਵਿਚੋਂ ਇੱਕ ਹੋਰ ਦੁਰਘਟਨਾ ਘਟ ਗਈ।
ਅਜਿਹੇ ਘਟਨਾ ਕਰਮਾਂ ਵਿੱਚ ਸਿੱਖੀ ਸਿਧਾਂਤਾਂ ਨੂੰ ਜੋ ਢਾਹ ਲੱਗ ਰਹੀ ਹੈ ਇਸ ਵਰਗਾ ਇਤਿਹਾਸ ਵਿੱਚ ਪਹਿਲਾਂ ਕੋਈ ਸਮਾ ਵੇਖਣ ਸੁਣਨ ਵਿੱਚ ਨਹੀਂ ਆਇਆ।
ਇਕ ਜੂਨ ਦੀ ਰਾਤ ਨੂੰ ਇੱਕ ਪਿੰਡ ਦੇ ਗੁਰਦੁਆਰਾ ਸਾਹਿਬ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਹੋ ਗਿਆ। ਜੁਮੇਵਾਰਾਂ ਵੱਲੋਂ ਦੋ ਜੂਨ ਨੂੰ ਠਾਣੇ ਵਿੱਚ ਐਫ਼. ਆਈ. ਆਰ. ਦਰਜ ਕਰਵਾ ਦਿਤੀ ਗਈ ਪਰ ਪੁਲਿਸ ਦੋਸ਼ੀ ਨਹੀਂ ਲਭ ਸਕੀ। ਜੇਹੜੇ ਛੇ ਸ਼ੱਕੀ ਬੰਦਿਆਂ ਦੇ ਰੀਪੋਰਟ ਵਿੱਚ ਨਾ ਲਿਖਵਾਏ ਗਏ ਸਨ ਉਹਨਾਂ ਨੂੰ ਪੁੱਛ ਪੜਤਾਲ ਕਰਨ ਲਈ ਠਾਣੇ ਲਿਜਾਣ ਦੀ ਬਜਾਇ, ਉਹਨਾਂ ਦੀ ਰੱਖਿਆ ਵਾਸਤੇ ਗੰਨ ਮੈਨ ਦੇ ਦਿਤੇ ਗਏ। ਪੰਜਾਬ ਪੁਲਿਸ ਦਾ ਤਾਂ ਰੀਕਾਰਡ ਰਿਹਾ ਹੈ ਕਿ ਜੇ ਕਿਤੇ ਪਿੰਡ ਵਿੱਚ ਕੋਈ ਘਟਨਾ ਵਾਪਰ ਜਾਵੇ ਤਾਂ ਸਾਰਾ ਪਿੰਡ ਹੀ ਲੰਮਾ ਪਾ ਕੇ ਗਿੱਦੜ ਕੁੱਟ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੀ ਤੇ ਜੇ ਚਾਹੇ ਤਾਂ ਅਸਲ ਦੋਸ਼ੀ ਲਭ ਲੈਂਦੀ ਹੈ ਪਰ ਏਥੇ ਬਿਲਕੁਲ ਇਸ ਤੋਂ ਉਲਟ ਹੀ ਹੋਇਆ; ਸ਼ੱਕੀਆਂ ਨੂੰ ਫੜਨ ਦੀ ਬਜਾਇ ਨਿਰਦੋਸ਼ ਦੋ ਭਰਾਵਾਂ ਨੂੰ ਠਾਣੇ ਵਿੱਚ ਕਈ ਦਿਨ ਤੌਣੀ ਲਾਈ ਗਏ ਤੇ ਬਾਵਜੂਦ ਸਾਰੇ ਪੁਲਿਸੀ ਹੱਥ ਕੰਡਿਆਂ ਦੇ, ਉਹਨਾਂ ਪਾਸੋਂ ਇਕਬਾਲ ਨਹੀ ਕਰਵਾ ਸਕੇ; ਤੇ ਅਖੀਰ ਚਾਰ ਚੁਫੇਰਿਉਂ ਦੁਰਲਾਹਨਤ ਪੈਣ ਕਰਕੇ, ਉਹਨਾਂ ਨੂੰ ਛੱਡਣਾ ਹੀ ਪਿਆ। ਮੇਰੇ ਖਿਆਨ ਅਨਸੁਾਰ ਇਹ ਸਾਰਾ ਡਰਾਮਾ ਅਸਲ ਦੋਸ਼ੀਆਂ ਵੱਲੋਂ ਜਨਤਾ ਦਾ ਧਿਆਨ ਹਟਾਉਣ ਵਾਸਤੇ ਹੀ ਕੀਤਾ ਗਿਆ ਤੇ ਕੀਤਾ ਜਾ ਰਿਹਾ ਹੈ। ਫਿਰ ਕੁੱਝ ਦਿਨਾਂ ਪਿੱਛੋਂ ਕੰਧ ਉਪਰ ਹੱਥ ਲਿਖਤ ਇਸ਼ਤਿਹਾਰ ਚਿਪਕਿਆ ਪੜ੍ਹਿਆ ਗਿਆ ਜਿਸ ਵਿੱਚ ਕੁੱਝ ਇਸ ਭਾਵ ਦੀਆਂ ਗੱਲਾਂ ਲਿਖੀਆਂ ਹੋਈਆਂ ਪੜ੍ਹੀਆਂ ਗਈਆਂ ਕਿ ਤੁਹਾਡਾ ਵੱਡਾ ਗੁਰੂ ਸਾਡੀ ਕੈਦ ਵਿੱਚ ਹੈ, ਤੇ ਹੈ ਵੀ ਏਸੇ ਪਿੰਡ ਵਿਚ; ਹਿੰਮਤ ਹੈ ਤਾਂ ਲਭ ਲਵੋ। ਜੇਕਰ ਸਾਡੇ ‘ਗੁਰੂ’ ਦੀ ਫ਼ਿਲਮ ਨਾ ਚੱਲਣ ਦਿਤੀ ਗਈ ਤਾਂ ਅਸੀਂ ਤੁਹਾਡੇ ਗੁਰੂ ਦੇ ਪੱਤਰੇ ਗਲ਼ੀਆਂ ਵਿੱਚ ਖਿਲਾਰਾਂਗੇ। ਇਸ ਰੌਲ਼ੇ ਗੌਲ਼ੇ ਵਿੱਚ ਹੀ ਸਿੰਘ ਸਾਹਿਬਾਨ ਨੇ ਚੁਪ ਚੁਪੀਤੇ ਹੀ ਸਿਰਸੇ ਵਾਲ਼ੇ ਦੀ ਮੁਆਫ਼ੀ ਵਾਲਾ ਕੱਛ ਵਿਚੋਂ ਬੰਬ ਚਲਾ ਦਿਤਾ। ਇਸ ਨਾਲ਼ ਸਿੱਖ ਸੰਗਤਾਂ ਵਿੱਚ ਰੋਸ ਦੀ ਲਹਿਰ ਚੱਲ ਪਈ ਤੇ ਥਾਂ ਥਾਂ ਤੇ ਧਰਨੇ ਦੇ ਕੇ ਜੋਸ਼ੀਲੇ ਸਿੰਘਾਂ ਨੇ ਆਮ ਜਨਤਾ ਦਾ ਨੱਕ ਵਿੱਚ ਦਮ, ਹਫ਼ਤਾ ਭਰ ਕਰੀ ਰਖਿਆ। ਬੰਦਾ ਪੁੱਛੇ ਭਈ ਇਸ ਵਿੱਚ ਆਮ ਜਨਤਾ ਦਾ ਕੀ ਕਸੂਰ ਜਿਨ੍ਹਾਂ ਨੂੰ ਤੁਸੀਂ ਬਿਨਾ ਕਸੂਰੋਂ ਸਜਾ ਦੇ ਰਹੇ ਓ? ਜੇਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਤੇ ਉਹਨਾਂ ਨੂੰ ਇਹਨਾਂ ਦੁਰਘਟਨਾਵਾਂ ਦਾ ਕੋਈ ਦੁੱਖ ਨਹੀਂ ਹੈ, ਉਹਨਾਂ ਦੇ ਕਾਰੋਬਾਰਾਂ ਨੂੰ ਤੁਸੀਂ ਤਲਵਾਰਾਂ ਦੀਆਂ ਨੋਕਾਂ ਨਾਲ਼ ਬੰਦ ਕਰਵਾਉਣ ਦਾ ਨਾਜਾਇਜ਼ ਕਾਰਜ ਕਰਕੇ ਹਿੰਦੂ ਸਿੱਖ ਫ਼ਸਾਦਾਂ ਨੂੰ ਜਨਮ ਦੇ ਰਹੋ ਹੋ। ਸੜਕਾਂ ਉਪਰ ਧਰਨਿਆਂ ਸਮੇ ਨੰਗੀਆਂ ਤਲਵਾਰਾਂ ਲਹਿਰਾ ਕੇ ਖ਼ੁਦ ਮੀਡੀਏ ਸਾਹਮਣੇ ਦੋਸ਼ੀ ਬਣ ਰਹੇ ਹੋ। ਘੇਰੋ ਉਸ ਠਾਣੇ ਨੂੰ ਜਿਥੇ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਉਸ ਵੱਲੋਂ ਦੋਸ਼ੀ ਨਹੀਂ ਲਭੇ ਜਾ ਰਹੇ। ਘੇਰੋ ਉਸ ਵਜ਼ੀਰ ਦਾ ਘਰ ਤੇ ਦਫ਼ਤਰ ਜੋ ਪੁਲਿਸ ਮਹਿਕਮੇ ਦਾ ਇਨਚਾਰਜ ਵਜ਼ੀਰ ਹੈ। ਘੇਰੋ ਮੁਖ ਮੰਤਰੀ ਨੂੰ ਜਿਸ ਦੇ ਰਾਜ ਵਿੱਚ ਇਹ ਅਨਰਥ ਹੋ ਰਿਹਾ ਹੈ। ਫਿਰ ਹੋਰ ਅਣਹੋਣੀ ਹੋ ਰਹੀ ਹੈ ਕਿ ਆਏ ਦਿਨ ਅਜਿਹੀਆਂ ਦੁਰਘਟਨਾਵਾਂ ਲਗਾਤਾਰ ਹੋਈ ਹੀ ਜਾ ਰਹੀਆਂ ਹਨ; ਇਹਨਾਂ ਵਿੱਚ ਠਲ੍ਹ ਨਹੀਂ ਪੈ ਰਹੀ। ਨਾ ਕੋਈ ਦੋਸ਼ੀ ਫੜਿਆ ਜਾਂਦਾ ਹੈ ਤੇ ਨਾ ਹੀ ਗੁਰਦੁਆਰਿਆਂ ਦੇ ਪ੍ਰਬੰਧਕ, ਸੰਗਤਾਂ, ਸਤਿਕਾਰ ਕਮੇਟੀਆਂ ਦੋਸ਼ੀਆਂ ਨੂੰ ਫੜਨ ਲਈ ਕੋਈ ਉਦਮ ਕਰ ਰਹੀਆਂ ਹਨ।
ਬਹੁਤਾ ਰੌਲ਼ਾ ਪੈਣ ਤੇ ਫਿਰ ਜੇ ਫੜਿਆ ਵੀ ਹੈ ਤੇ ਉਹਨਾਂ ਬੇਕਸੂਰ ਗੁਰਸਿੱਖ ਨੌਜਵਾਨਾਂ ਨੂੰ ਜੇਹੜੇ ਇਸ ਦੁੱਖ ਵਿੱਚ ਆਪ ਸ਼ਾਮਲ ਹਨ। ਫਿਰ ਬਿਨਾ ਪੜਤਾਲ ਕਰਕੇ ਸਚਾਈ ਲਭਣ ਤੋਂ ਪਹਿਲਾਂ ਹੀ ਉਹਨਾਂ ਨੂੰ ਮੀਡੀਏ ਸਾਹਮਣੇ ਪੇਸ਼ ਕਰਕੇ ਦੋਸ਼ੀ ਗਰਦਾਨ ਦਿਤਾ ਗਿਆ ਤੇ ਵਿਦੇਸ਼ੀ ਫ਼ੰਡਾਂ ਬਾਰੇ ਵੀ ਬੜੀ ਬੇਬਾਕੀ ਨਾਲ ਦੱਸਿਆ ਗਿਆ। ਹੈਰਾਨੀ ਵਾਲ਼ੀ ਗੱਲ ਇਹ ਵੀ ਹੈ ਕਿ ਪੰਜਾਬ ਪੁਲਿਸ ਵਿੱਚ ਬਹੁਤੇ ਮੁਲਾਜ਼ਮ ਤੇ ਅਫ਼ਸਰ ਦਾਹੜੀਆਂ ਕੁਤਰੀਆਂ ਵਾਲੇ ਸਿੱਖ ਹੀ ਹਨ ਪਰ ਇਹ ਝੂਠ ਬੁਲਵਾਉਣ ਲਈ ਚੁਣਿਆ ਵੀ ਉਸ ਬਹੁਤ ਵੱਡੇ ਸਿੱਖ ਅਫ਼ਸਰ ਨੂੰ ਗਿਆ ਜਿਸ ਦੀ ਦਾਹੜੀ ਸਾਬਤ ਹੈ। ਸ਼ਾਇਦ ਇਹ ਇਸ ਲਈ ਕੀਤਾ ਗਿਆ ਹੋਵੇ ਕਿ ਸਿੱਖ ਇਹ ਭਲੇਖਾ ਖਾ ਜਾਣ ਕਿ ਸਾਬਤ ਦਾਹੜੀ ਵਾਲਾ ਸਿੱਖ ਸ਼ਾਇਦ ਸੱਚ ਹੀ ਬੋਲ ਰਿਹਾ ਹੋਵੇ!
ਜਿੰਨੇ ਮੂੰਹ ਓਨੀਆਂ ਗੱਲਾਂ:
1. ਹੁਣ ਗੱਲ ਵਿਚਾਰ ਲਈਏ ਉਪ੍ਰੋਕਤ ਸਿਰਲੇਖ ਦੀ ਰੋਸ਼ਨੀ ਵਿਚ: ਕੋਈ ਤਾਂ ਆਖਦਾ ਹੈ ਕਿ ਇਹ ਪਾਕਿਸਤਾਨ ਦੀ ਸ਼ਰਾਰਤ ਹੈ। ਉਹ ਪੰਜਾਬ ਵਿੱਚ ਗੜਬੜ ਫੈਲਾਉਣ ਲਈ ਕਰਵਾ ਰਿਹਾ ਹੈ ਕਿਉਂਕਿ ਉਹ ਬੰਗਲਾ ਦੇਸ਼ ਵਾਲ਼ੀ ਘਟਨਾ ਨੂੰ ਨਹੀਂ ਭੁੱਲਿਆ।
2. ਇਕ ਜਾਣਕਾਰ ਸੱਜਣ ਨੇ ਫ਼ੋਨ ਰਾਹੀਂ ਦੱਸਿਆ ਕਿ ਇਹ ਘਟਨਾਕ੍ਰਮ ਦੀ ਉਸ ਨੂੰ ਵੀ ਕੋਈ ਸਮਝ ਨਹੀਂ ਆ ਰਹੀ।
3. ਇਕ ਸੱਜਣ ਦਾ ਇਹ ਵਿਚਾਰ ਹੈ ਕਿ ਇਹ ਸਾਰਾ ਕੁੱਝ ਸਰਕਾਰ ਉਪਰ ਕਾਬਜ਼ ਲੋਕ ਹੀ ਕਰਵਾ ਰਹੇ ਹਨ ਕਿਉਂਕਿ ਅਗਲੀਆਂ ਚੋਣਾਂ ਜਿੱਤਣ ਲਈ ਇਹ ਸਾਰੇ ਹੱਥਕੰਡੇ ਵਰਤੇ ਜਾ ਰਹੇ ਹਨ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਫ਼ਲਤਾ ਦੀ ਰੋਸ਼ਨੀ ਵਿਚ, ਜਰੂਰੀ ਹੈ ਕਿ ਉਸ ਦਾ ਵੋਟ ਬੈਂਕ ਵਾਪਸ ਖਿੱਚਿਆ ਜਾਵੇ ਜਿਸ ਉਪਰ ਸਿਰਸੇ ਵਾਲ਼ੇ ਦਾ ਪ੍ਰਭਾਵ ਹੈ। ਭਗਵੰਤ ਮਾਨ ਦੀ ਸ਼ਰਾਬ ਵਾਲ਼ੀ ਘਟਨਾ ਨੂੰ ਵੀ ਇਸ ਨਾਲ ਹੀ ਜੋੜਿਆ ਜਾ ਰਿਹਾ ਹੈ। ਇਹ ਕੁੱਝ ਕਰਨ ਲਈ ਉਸ ਦੀ ਮਾਫ਼ੀ ਦਾ ਡਰਾਮਾ ਕਰਨਾ ਜਰੂਰੀ ਸੀ। ਇਸ ਡਰਾਮੇ ਦਾ ਬੁਰਾ ਪ੍ਰਭਾਵ ਸਿੱਖ ਜਨਤਾ ਉਪਰ ਪੈਣਾ ਸੀ ਤੇ ਸਿੱਖ ਜਨਤਾ ਦੇ ਧਿਆਨ ਨੂੰ ਹੋਰ ਪਾਸੇ ਮੋੜ ਦੇਣ ਲਈ ਇਹ ਕੁੱਝ ਕੀਤਾ/ਕਰਵਾਇਆ ਜਾ ਰਿਹਾ ਹੈ ਤਾਂ ਕਿ ਉਸ ਦੀ ਮਾਫ਼ੀ ਵਾਲ਼ੀ ਗੱਲ ਪਿਛੋਕੜ ਵਿੱਚ ਚਲੀ ਜਾਵੇ।
4. ਇਕ ਹੋਰ ਵਿਚਾਰ ਵੀ ਹੈ ਕਿ ਜਦੋਂ ਸਰੂਪ ਚੋਰੀ ਕਰਨ ਵਾਲ਼ੇ ਇਹ ਲਿਖਤੀ ਮੰਨਦੇ ਹਨ ਕਿ ਉਹਨਾਂ ਦੇ ‘ਗੁਰੂ’ ਦੀ ਫ਼ਿਲਮ ਚੱਲਣ ਵਿੱਚ ਰੁਕਾਵਟ ਨਾ ਪਾਈ ਜਾਵੇ ਇਸ ਲਈ ਇਹ ਕੁੱਝ ਕੀਤਾ ਜਾ ਰਿਹਾ ਹੈ ਤਾਂ ਕਿਉਂ ਨਹੀਂ ਉਸ ਪਾਸੇ ਨੂੰ ਪੁਲਸੀ ਪੜਤਾਲ ਦਾ ਮੂੰਹ ਕੀਤਾ ਜਾ ਰਿਹਾ! ਸ਼ਿਕਾਇਤ ਵਿੱਚ ਲਿਖਵਾਏ ਗਏ ਸ਼ੱਕੀ ਨਾਵਾਂ ਵਾਲ਼ਿਆਂ ਨੂੰ ਕਿਉਂ ਨਹੀਂ ਪੜਤਾਲ ਵਿੱਚ ਸ਼ਾਮਲ ਕੀਤਾ ਜਾ ਰਿਹਾ!
ਸਿਰਸੇ ਵਾਲ਼ੇ ਬਾਰੇ ੨੦੦੭ ਵਿੱਚ ਪਿਆ ਰੌਲ਼ਾ ਤੇ ਉਸ ਤੋਂ ਪੈਦਾ ਹੋਏ ਜੋਸ਼ੀਲੇ ਹਾਲਾਤ ਵਿਚ, ਸਿੱਖ ਧਰਮ ਦੇ ਪੰਜ ਮੁਖੀ ਜਥੇਦਾਰਾਂ ਵੱਲੋਂ ਉਸ ਦੇ ਖ਼ਿਲਾਫ਼ ਕੋਈ ਫਤਵਾ ਜਾਰੀ ਕਰਵਾਇਆ ਜਾਣਾ ਹੀ ਗ਼ਲਤ ਗੱਲ ਸੀ। ਜੇਹੜਾ ਸ਼ਖ਼ਸ਼ ਖ਼ੁਦ ਨੂੰ ਸਿੱਖ ਹੀ ਨਹੀਂ ਮੰਨਦਾ ਤੇ ਉਸ ਨੇ ਵੱਖਰਾ ਮਜ਼ਹਬ ਚਲਾ ਲਿਆ ਹੈ; ਉਸ ਦੇ ਬਾਰੇ ਦੂਸਰੇ ਧਰਮ ਦੇ ਆਗੂਆਂ ਵੱਲੋਂ ਜਾਰੀ ਕੀਤੇ ਗਏ ਕਿਸੇ ਫਤਵੇ ਦਾ ਕੀ ਮਤਲਬ ਰਹਿ ਜਾਂਦਾ ਹੈ! ਫਿਰ ਜੇ ਇਹ ਗ਼ਲਤੀ ਉਹਨਾਂ ਪਾਸੋਂ ਕਰਵਾ ਹੀ ਲਈ ਗਈ ਸੀ ਤਾਂ ਉਹਨਾਂ ਪਾਸੋਂ ‘ਮਾਫ਼ੀ’ ਵਾਲਾ ਡਰਾਮਾ ਨਹੀਂ ਸੀ ਕਰਵਾਉਣਾ ਚਾਹੀਦਾ। ਹੌਲ਼ੀ ਹੌਲ਼ੀ ਆਪਣੇ ਆਪ ਇਹ ਗੱਲ ਠੰਡੀ ਪੈਂਦੀ ਜਾ ਰਹੀ ਸੀ। ਜਦੋਂ ਇਹ ‘ਮਾਫ਼ੀ’ ਵਾਲ਼ੀ ਗੋਲ਼ੀ ਸਿੱਖਾਂ ਦੇ ਸੰਘੋਂ ਉਤਰਨੀ ਔਖੀ ਹੋ ਗਈ ਤੇ ਸਿੱਖ ਸੰਸਾਰ ਅੰਦਰ ਚਾਰ ਚੁਫੇਰੇ ਹਾਹਾਕਾਰ ਮਚ ਗਈ ਤਾਂ ਜਥੇਦਾਰਾਂ ਪਾਸੋਂ ਇੱਕ ਹੋਰ ਗ਼ਲਤੀ, ‘ਮਾਫ਼ੀ’ ਵਾਪਸ ਲੈਣ ਵਾਲ਼ੀ ਕਰਵਾ ਦਿਤੀ ਗਈ। ਇਸ ਤਰ੍ਹਾਂ ਲਗਾਤਾਰ ਇਕੋ ਮਸਲੇ ਤੇ ਤਿੰਨ ਗ਼ਲਤੀਆਂ ਕਰਵਾਈਆਂ ਗਈਆਂ। ਇਸ ਵਿੱਚ ਮੈਂ ਉਹਨਾਂ ਪੰਜ ਜਥੇਦਾਰਾਂ ਦਾ ਕੋਈ ਖਾਸ ਕਸੂਰ ਨਹੀਂ ਮੰਨਦਾ ਕਿਉਂਕਿ ਉਹਨਾਂ ਦੀ ਪੁਜ਼ੀਸ਼ਨ ਤਾਂ, “ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਖੇਲਾਵਨਹਾਰੋ ਜਾਨੈ॥” ਵਾਲ਼ੀ ਹੀ ਹੈ।
ਬਹੁਤ ਸਾਰੇ ਸਿੱਖ ਇਹ ਸੋਚਣ ਲਈ ਹੱਕ ਬਜਾਨਬ ਨੇ ਕਿ ਉਹਨਾਂ ਨੂੰ ‘ਮਾਫ਼ੀ’ ਵਾਲ਼ੇ ਡਰਾਮੇ ਦਾ ਭਾਗ ਬਣਨ ਤੋਂ ਨਾਂਹ ਕਰ ਦੇਣੀ ਚਾਹੀਦੀ ਸੀ। ਭੋਲ਼ੇ ਪਾਤਸ਼ਾਹੋ, “ਨੌਕਰ ਕੀ ਤੇ ਨਖਰਾ ਕੀ?” ਜੋ ਉਸ ਨੌਕਰ ਦਾ ਮਾਲਕ ਉਸ ਪਾਸੋਂ ਕੰਮ ਲੈਣਾ ਚਾਹੇ ਉਹੀ ਉਸ ਨੂੰ ਕਰਨਾ ਪੈਂਦਾ ਹੈ। ਉਹ ਵਿਚਾਰੇ ਨਾਂਹ ਕਰਕੇ, ਆਪਣੀਆਂ ਨੌਕਰੀਆਂ ਦਾ ਸਦਕਾ ਪ੍ਰਾਪਤ ਸੁਖ ਸਹੂਲ਼ਤਾਂ ਨੂੰ ਕਿਵੇਂ ਲੱਤ ਮਾਰ ਦਿੰਦੇ! ਹੋਰ ਉਹਨਾਂ ਦੇ ਕਿਤੇ ਫਾਰਮ ਜਾਂ ਕਾਰਖਾਨੇ ਚੱਲਦੇ ਨੇ ਜਿਥੋਂ ਉਹ ਆਪਣੇ ਪਰਵਾਰ ਪਾਲ਼ ਸਕਣ! ਇਹ ਸਾਰਾ ਤੇ ਸਾਰਾ ਕਸੂਰ ਉਹਨਾਂ ਦੇ ਮਾਲਕ ਦਾ ਹੈ ਜਿਸ ਨੇ, ਵੋਟਾਂ ਦੀ ਖਾਤਰ ਉਹਨਾਂ ਪਾਸੋਂ ਲਗਾਤਾਰ ਇੱਕ ਮਸਲੇ ਉਪਰ ਤਿੰਨ ਗ਼ਲਤੀਆਂ ਕਰਵਾਈਆਂ ਹਨ।
ਲਿਖਦੇ ਲਿਖਦੇ:
ਸਿੱਖਾਂ ਦੇ ਧਰਮ ਗ੍ਰੰਥ ਦੇ ਅਪਮਾਨ ਕਰਵਾਉਣ ਨਾਲ਼ ਤੇ ਪੰਜਾਬ ਵਿੱਚ ਫਿਰਕੂ ਦੰਗੇ ਨਹੀਂ ਭੜਕੇ ਕਿਉਂਕਿ ਸਿੱਖ ਹਿੰਦੁਸਤਾਨ ਵਿੱਚ ਗੁਲਾਮ ਹੋਣ ਕਰਕੇ, ਕੇਵਲ ਸ਼ਾਂਤਮਈ ਰਹਿ ਕੇ ਪ੍ਰੋਟੈਸਟ, ਧਰਨੇ, ਰੋਸ ਵਿਖਾਵੇ ਆਦਿ ਹੀ ਕਰ ਸਕਦੇ ਹਨ। ਹੁਣ ਹਿੰਦੂਆਂ ਦੇ ਪਾਵਨ ਗ੍ਰੰਥਾਂ ਦਾ ਅਪਮਾਨ ਕਰਵਾਉਣਾ ਸ਼ੁਰੂ ਕਰਵਾ ਦਿਤਾ ਗਿਆ ਹੈ ਤਾਂ ਕਿ ਪੰਜਾਬ ਵਿੱਚ ਸਿੱਖਾਂ ਦੇ ਖ਼ਿਲਾਫ਼ ਫਿਰਕੂ ਭੀੜਾਂ ਨੂੰ ਉਕਸਾ ਕੇ ਦੰਗੇ ਕਰਵਾਏ ਜਾ ਸਕਣ। ਵੇਖੋ, ਊਠ ਕਿਸ ਕਰਵਟ ਬੈਠਦਾ ਹੈ! ।
ਗਿ: ਸੰਤੋਖ ਸਿੰਘ


20/12/15)
ਸੁਰਿੰਦਰ ਸਿੰਘ ‘ਖਾਲਸਾ’

{ਪਾਠੀ ਤੇ ਪਾਠ ਨਾ ਕਰਨ ਦਾ ਇਲਜ਼ਾਮ}
ਇਕ ਆਦਮੀ ਇੱਕ ਦਿਨ ਆਕੇ ਕਹਿਣ ਲੱਗਾ, ਲੱਗਦੈ ਪਾਠੀਆਂ ਨੇ ਗੁਰੂ ਦਾ ਭੈਅ ਭੁਲਾ ਦਿੱਤਾ।
ਗੱਲ ਹੋਈ ਕੀ, ਖੋਹਲ ਕੇ ਦੱਸ ਤਾਂ ਜ਼ਰਾ, ਐਵੇਂ ਝੱਟ ਹੀ ਕਿਸੇ ਤੇ ਕਿਉਂ ਇਲਜ਼ਾਮ ਲੱਗਾ ਦਿੱਤਾ।
ਪਾਠ ਕਰਵਾਇਆ ਸੀ ਕਿਸੇ ਪਾਠੀ ਤੋਂ, ਬਿਨਾਂ ਪੜ੍ਹਿਆਂ ਉਸਨੇ ਕਈ ਪੰਨਿਆਂ ਨੂੰ ਪਲਟਾ ਦਿੱਤਾ।
ਮੈਂ ਕਹਿਆ ‘ਕੀ ਬਾਕੀ ਪਾਠ ਤੁਸਾਂ ਸਭ ਸੁਣਿਆਂ ਐ, ਉਸਨੇ ਨਾਂਹ ਵਿੱਚ ਸਿਰ ਹਿਲਾਅ ਦਿੱਤਾ।
ਫਿਰ ਉਸ ਵਿੱਚ ਤੇ ਤੁਹਾਡੇ ਵਿੱਚ ਫਰਕ ਕੀ ਐ, ਤੁਸਾਂ ਦੋਹਾਂ ਨੇ ਹੀ ‘ਗੁਰੁ ਉਪਦੇਸ਼ ਭੁਲਾ ਦਿੱਤਾ।
ਉਸ ਨੇ ਜੋ ਬਾਣੀ ਪੜ੍ਹੀ ਉਹ ਤਾਂ ਤੁਸੀਂ ਸੁਣੀ ਨਹੀਂ, ਬਿਨਾਂ ਵੀਚਾਰੇ ਹੀ ਇਹ ਮੁੱਦਾ ਬਣਾ ਦਿੱਤਾ।
ਜ਼ਰਾ ਸੋਚੋ ਤੁਸੀਂ ਪਾਠ ਸੁਣਦੇ ਨਹੀਂ, ਪਾਠੀ ਕਰੇ ਜਾਂ ਨਾ ਕਰੇ ਤੁਹਾਡੇ ਭਾਣੇ ਤਾਂ ‘ਭੋਗ ਪਾ ਦਿੱਤਾ।
ਦੋਵੇਂ ਧਿਰਾਂ ਇਸ ਵਿੱਚ ਬਰਾਬਰ ਦੇ ਦੋਸ਼ੀ ਹੋ, ਜਿਹਨਾਂ ਗੁਰ ਉਪਦੇਸ਼ ਨੂੰ ਕਰਮਕਾਂਡ ਬਣਾ ਦਿੱਤਾ।
ਇਕ ‘ਧਰਮੀ ਹੋਣ ਦਾ ਪ੍ਰਮਾਨ ਚਾਹੁਂਦਾ, ਇੱਕ ਨੇ ਮਾਇਆ ਕਮਾਉਣ ਦਾ ਮਕਸਦ ਬਣਾ ਲੀਤਾ।
ਨਾ ਪਾਠੀ ਦਾ ਕੁੱਝ ਗਿਆ ਨਾ ਘਰ ਵਾਲੇ ਦਾ, ਗੁਰੂ ਗ੍ਰੰਥ ਜੀ ਦੇ ਸਤਿਕਾਰ ਨੂੰ ਵੱਟਾ ਲਗਾ ਦਿੱਤਾ।
ਤੁਸੀਂ ਪਾਠ ਕਰਾਉਂਦੇ ਉਹ ਕਰੀ ਜਾਂਦੇ, ਪ੍ਰੋਹਤ ਨੇ ਜਜਮਾਨ ਨੂੰ ਸਵਰਗ ਦਾ ਖੁਆਬ ਦਿਖਾ ਦਿੱਤਾ।
ਪਾਠੀ ਦੀ ਡਿਊਟੀ ਪਾਠ ਸੁਣਾਉਣ ਦੀ ਏ, ਘਰ ਵਾਲਿਆਂ ਅਪਣਾ ਭਾਰ ਵੀ ਉਸੇ ਨੂੰ ਚੁਕਾ ਦਿੱਤਾ।
ਰਾਹ ਦਸੇਰਾ ਸੀ ਬਾਣੀ ‘ਗੁਰੂ ਗ੍ਰੰਥ ਜੀ ਦੀ, ਪਾਠ ਕਰਨ ਕਰਾਉਣ ਵਾਲਿਆਂ ਮੰਤਰ ਬਣਾ ਦਿੱਤਾ।
ਤੋਤਾ ਰਟਨ ਪਾਠਾਂ ਨੇ ਕੁੱਝ ਵੀ ਸੰਵਾਰਨਾ ਨਹੀਂ, ਪਤਾ ਨਹੀਂ ਸਿੱਖਾਂ ਨੂੰ ਇਧਰ ਕਿਸ ਲਗਾ ਦਿੱਤਾ।
ਗੁਰਬਾਣੀ ਖੁਦ ਪੜ੍ਹਦੇ ਸੁਣਦੇ ਵੀਚਾਰਦੇ ਨਹੀਂ, ਇਹ ‘ਉਪਦੇਸ਼ ਸਭ ਨੇ ਹੀ ਮੂਲੋਂ ਵਿਸਾਰ ਦਿੱਤਾ।
ਗੁਰਬਾਣੀ ਖੁੱਦ ਪੜ੍ਹਣੀ ਵੀਚਾਰਨੀ ਤੇ ‘ਅਮਲ ਕਰਨਾ, ਸਤਿਗੁਰਾਂ ਬਾਣੀ `ਚ ਏਹੀ ਸਮਝਾ ਦਿੱਤਾ।
ਉਸ ਰਾਸਤੇ ਅਸੀਂ ਚੱਲਦੇ ਨਹੀਂ, ਢਾਈ ਸਦੀਆਂ ਲਗਾ ਕੇ ਸਤਿਗੁਰਾਂ ਨੇ ਸਾਨੂੰ ਜੋ ਦਰਸਾ ਦਿੱਤਾ।
ਸਿੱਖਿਆ ਲੈਣੀ ਸੀ ਜੀਵਨ ਬਣਾਉਣ ਖਾਤਰ, ਅਸੀਂ ਗੁਰੂਗ੍ਰੰਥ ਦੇ ਸਰੂਪ ਹੀ ਨੂੰ ਸੰਦ ਬਣਾ ਲੀਤਾ।
ਜਨਮ ਮਰਨ ਤੇ ਵਿਆਹਾਂ ਤੇ ਪ੍ਰੋਗਰਾਮ ਖਾਤਰ, ਗੁਰੂ ਗ੍ਰੰਥ ਜੀ ਦੀ ਬਾਣੀ ਦਾ ਪਾਠ ਕਰਵਾ ਦਿੱਤਾ।
ਸਿੱਖਿਆ ਲੈਣੀ ਸੀ ਗੁਰੂ ਗ੍ਰੰਥ ਜੀ ਤੋਂ, ਪਰ ਅਸੀਂ ਵਿਆਹਾਂ ਪਾਠਾਂ ਦੇ ਲਈ ਹੀ ਬਣਾ ਲੀਤਾ।

ਸ੍ਰ ਸੁਰਿੰਦਰ ਸਿੰਘ 'ਖਾਲਸਾ' ਮਿਉਦ ਕਲਾਂ {ਫਤਿਹਾਬਾਦ} ਫੋਨ= 94662 66708, 97287 43287,
E -MAIL= [email protected] [email protected]

*****************************************************

{ਚਮਕੌਰ ਦੀ ਜੰਗ}
ਜੰਗ ਚਮਕੌਰ’ ਦੀ ‘ਨਵੇਕਲੀ ਏ ਦੁਨੀਆਂ ਦੇ ਇਤਿਹਾਸ ਅੰਦਰ, ਹੋਰ ਏਦਾਂ ਦੀ ਹੋਈ ਕੋਈ ‘ਲੜਾਈ ਤਾਂ ਨਹੀਂ ਸੀ।
ਇਹ ਜੰਗ, ਨਾ ਜ਼ਰ, ਨਾ ਜੋਰੂ ਅਤੇ ਨਾਂ ਹੀ ਜਮੀਨ ਖਾਤਰ ਸੀ, ਰਾਜਨੀਤਕਾਂ ਦੀ ਵੀ ਕੋਈ ‘ਉਣਤਾਈ’ ਤਾਂ ਨਹੀਂ ਸੀ।
ਜ਼ੁਲਮ ਵਿਰੁਧ ਅਤੇ ਖਾਲਸੇ ਦੀ ਆਨ ਖਾਤਰ, ਧਰਮ ਯੁੱਧ ਸੀ, ਆਮ ਲੜਾਈਆਂ ਜਿਹੀ ਕੋਈ ਲੜਾਈ ਤਾਂ ਨਹੀਂ ਸੀ।
ਇਕ ਪਾਸੇ ਲੱਖਾਂ ਦੀ ਤਦਾਦ ਵਿੱਚ ਮੁਲਖੀਆ ਸੀ, ਸਿਪਾਹੀਆਂ ਅਤੇ ਹਥਿਆਰਾਂ ਦੀ ਕੋਈ ਅੰਤਤਾਈ ਤਾਂ ਨਹੀਂ ਸੀ।
ਦੁਸ਼ਮਨ ਕਾਹਲੇ ਸਨ ਹਮਲਾ ਕਰਨ ਦੇ ਲਈ, ਵਜੀਦ ਖਾਨ’ ਤੇ ਉਸਦੀ ‘ਫੌਜ ਨੂੰ ਆਉਂਦੀ ‘ਟਿਕਾਈ ਤਾਂ ਨਹੀਂ ਸੀ।
ਪਰ ਅੱਗੇ ਲੱਗਨ’ ਨੂੰ ਕੋਈ ‘ਜਰਨੈਲ’ ਤਿਆਰ ਨਹੀਂ ਸੀ, ਪਿੱਛਲੇ ਨੁਕਸਾਨ ਦੀ ਵੀ ਹੋਈ ‘ਭਰਪਾਈ ਤਾਂ ਨਹੀਂ ਸੀ।
ਇਧਰ ਭੁਖਣ ਭਾਣੇ, ਗਿਣਤੀ ਦੇ ਚਾਲੀ ਕੁ ‘ਸਿੰਘ’ ਹੈ ਸਨ, ਕਈ ਰਾਤਾਂ ਤੋਂ ਨੀਂਦ ਦੀ ਝੱਪਕੀ ਪਾਈ ਤਾਂ ਨਹੀਂ ਸੀ।
ਇਕ ਉਨੀਂਦਰਾ’ ਅਤੇ ਦੂਜੀ ਸੀ ‘ਬੇ-ਅਰਾਮੀ, ਉਪਰੋਂ ਕੱਚੀ ਗੜ੍ਹੀ ਸੀ ਕੋਈ ਕਿਲੇ ਵਾਲੀ ਪਕਿਆਈ ਤਾਂ ਨਹੀਂ ਸੀ।
ਉਪਰੋਂ ਕਹਿਰਾਂ ਦੀ ਠੰਡ ਅਤੇ ਮਹੀਨਾ ਪੋਹ ਦਾ ਸੀ, ਇਸ ਹਾਲਤ `ਚ ਵੀ ਖਾਲਸੇ ਨੇ ‘ਹਿੰਮਤ ਗਵਾਈ ਤਾਂ ਨਹੀਂ ਸੀ।
ਗਿਣਤੀ ਦੇ ਹਥਿਆਰ’ ਸਨ, ਤੀਰ ਕਮਾਨ, ਤੇਗਾਂ, ਵਿਛੜੇ’ ਹੋਏ ਪਰਿਵਾਰਾਂ ਦੀ ‘ਖਬਰ ਵੀ ਕੋਈ ਆਈ ਤਾਂ ਨਹੀਂ ਸੀ।
ਭਾਰੀ ਫੌਜ’ ਦੁਸ਼ਮਨ ਦੀ ਨੇ ਹਮਲਾ ਕੀਤਾ, ਪਰ ਗੜ੍ਹੀ ਦੇ ਨਜਦੀਕ ਆਉਣ ਦੀ ਹਿਮੰਤ’ ਹਾਲੇ ਆਈ ਤਾਂ ਨਹੀਂ ਸੀ।
ਗੁਰੂ ਜੀ ਨੇ ਵਿਉਂਤ ਬਣਾਕੇ ਮੁਕਾਬਲਾ ਸ਼ੁਰੂ ਕੀਤਾ, ਝੱਟ ਜਥਾ’ ਮੈਦਾਨ ਨੂੰ ਤੋਰ ਦਿੱਤਾ, ਦੇਰ ਭੋਰਾ ਲਾਈ ਤਾਂ ਨਹੀਂ ਸੀ।
ਸਿੰਘਾਂ ਦੇ ਜਥੇ ਨੇ ਬਾਹਰ ਆ ਕੇ ਵੱਡ-ਟੁੱਕ ਕਰਤੀ, ਮੁਗਲਾਂ ਦੀ ਪਹਿਲਾਂ ਹੋਈ ਇਉਂ ਕਦੇ ਵੀ ਤਬਾਹੀ ਤਾਂ ਨਹੀਂ ਸੀ।
ਇਕ ਜਥਾ ਸ਼ਹੀਦ ਹੋਇਆ ‘ਦੂਜਾ ਤੋਰ ਦਿੱਤਾ, ਪਿਆਰੇ ਸਿੰਘ, ਸਨ ਜਿਹਨਾਂ ਦੀ ਹੋਣੀ ਕਦੇ, ਭਰਪਾਈ ਤਾਂ ਨਹੀ ਸੀ।
ਥਾਪੜਾ ਦੇਕੇ ਅਜੀਤ ਸਿੰਘ ਨੂੰ ਕਿਹਾ ਸਤਿਗੁਰ ਮੈਦਾਨੇ ਜੰਗ ਜਾਅ, ਸਾਹਿਬਜਾਦੇ ਦੇਰ ਭੋਰਾ ਵੀ ਲਾਈ ਤਾਂ ਨਹੀਂ ਸੀ।
ਤੇਗ-ਏ ਜੌਹਰ’ ਮੈਦਾਨ `ਚ ਦੇਖ ਅਜੀਤ ਸਿੰਘ ਦੇ, ਵੈਰੀ ਕਹਿਣ ਕਿਤੇ ਬਿਜਲੀ ਅਸਮਾਨੋਂ ਲਿਸ਼ਕਾਈ ਤਾਂ ਨਹੀਂ ਸੀ।
ਆਖਿਰ ਬਾਬਾ ਅਜੀਤ ਸਿੰਘ ਜੀ’ ਸ਼ਹੀਦ ਹੋ ਗਏ, ਏਹੋ ਜਿਹੀ ‘ਸ਼ਹੀਦੀ’ ਹਰ ਇੱਕ ਦੇ ਹਿੱਸੇ ਆਈ ਤਾਂ ਨਹੀਂ ਸੀ।
ਹੁਣ ਵਾਰੀ ਗੁਰਾਂ ਦੇ ਲਖਤ-ਏ ਜਿਗਰ ਬਾਬਾ ਜੁਝਾਰ ਸਿੰਘ ਦੀ ਸੀ, ਜਿਨ੍ਹਾਂ ਦੇ ਮੁੱਛ ਦਾੜ੍ਹੀ ਹਾਲੇ ਆਈ ਤਾਂ ਨਹੀ ਸੀ।
ਜੁਝਾਰ ਸਿੰਘ ਵੀ ਜੂਝ ਸ਼ਹੀਦੀ ਦਾ ਜਾਮ ਪੀਤਾ, ਅਮਾਨਤ ਅਦਾ ਹੂਈ, ਪਿਤਾ ਨੇ ਸ਼ੁਕਰ ਨੂੰ ਦੇਰ ਲਾਈ ਤਾਂ ਨਹੀਂ ਸੀ।
ਸੁਰਿੰਦਰਾ’ ਜੋਗੀ ਅਲ੍ਹਾ ਯਾਰਖਾਂ ਕਿਹਾ ਸੀ, ਤੀਰਥ ਏਕੋ ਚਮਕੌਰ ਹੈ ਹੋਰ ਕੋਈ ਥਾਂ ਇਸਦੇ ਸਮ ਆਈ ਤਾਂ ਨਹੀਂ ਸੀ।

ਸ੍ਰ ਸੁਰਿੰਦਰ ਸਿੰਘ 'ਖਾਲਸਾ' ਮਿਉਦ ਕਲਾਂ {ਫਤਿਹਾਬਾਦ} ਫੋਨ= 94662 66708, 97287 43287,
E -MAIL= [email protected] [email protected]


16/12/15)
ਨਿਰਮਲ ਸਿੰਘ ਕੰਧਾਲਵੀ

ਸਦਭਾਵਨਾ ਰੈਲੀ
ਹੀਰ:- ਹੀਰ ਆਖਦੀ ਵੇ ਰਾਂਝਿਆ ਗੱਲ ਦੱਸ ਖਾਂ, ਕੀਤੀਆਂ ਕਿਧਰ ਨੂੰ ਅੱਜ ਤਿਆਰੀਆਂ ਨੇ।
ਬੂਥਾ ਲਿਸ਼ਕਦੈ ਨਿਹੰਗਾਂ ਦੇ ਡੋਲ ਵਾਂਗੂੰ, ਅੱਜ ਤਾਂ ਜਟੂਰੀਆਂ ਵੀ ਖ਼ੂਬ ਸੰਵਾਰੀਆਂ ਨੇ।
ਰਾਂਝਾ:- ਰਾਂਝਾ ਆਖਦਾ ਅੱਜ ਰੈਲੀ ਏ ਬਾਦਲਾਂ ਦੀ, ਨਾਲ਼ ਸੰਗੀਆਂ ਦੇ ਮੈਂ ਉੱਥੇ ਜਾਵਣਾ ਏ।
ਸਕੂਲ ਦੀ ਬੱਸ ਨੇ ਹੁਣੇ ਹੈ ਲੈਣ ਆਉਣਾ, ਲੰਗਰ ਪਾਣੀ ਵੀ ਉੱਥੇ ਹੀ ਖਾਵਣਾ ਏ।
ਹੀਰ:- ਔਂਤ ਜਾਣਿਆ ਵੇ ਮੈਨੂੰ ਡਰ ਲਗਦੈ, ਸਰਕਾਰ ਗੋਲ਼ੀ ਦਾ ਹੁਕਮ ਸੁਣਾ ਦਿੰਦੀ।
ਲੰਗਰ ਛਕਦੀਆਂ ਛਕਾਉਂਦੀਆਂ ਸੰਗਤਾਂ ਨੂੰ, ਜਹਾਨ ਅਗਲੇ ਦੇ ਵਿੱਚ ਪਹੁੰਚਾ ਦਿੰਦੀ।
ਰਾਂਝਾ:- ਸਦਭਾਵਨਾ ਦੀ ਰੈਲੀ ਆ ਇਹ ਹੀਰੇ, ਉੱਥੇ ਬੀਬੇ ਰਾਣੇ ਹੀ ਪੁਲਸੀਏ ਆਵਣੇ ਨੇ।
ਡੱਟ ਖੋਲ੍ਹ ਕੇ ਨਸ਼ੇ ਦੀਆਂ ਬੋਤਲਾਂ ਦੇ, ਪੈੱਗ ਆਪ ਹੀ ਉਹਨੀਂ ਵਰਤਾਵਣੇ ਨੇ।
ਹੀਰ:- ਕਿਹੜੀ ਸਦਭਾਵਨਾ ਰਾਂਝਿਆ ਲੱਭਨਾ ਏਂ, ਵੋਟ ਤੰਤਰ ਲਈ ਸਾਰਾ ਪਖੰਡ ਮੀਆਂ।
ਵਿਸ ਘੋਲ਼ਦੇ ਇਹ ਜ਼ਹਿਰੀ ਨਾਗ ਵਾਂਗੂੰ, ਮੂੰਹ ਵਿੱਚ ਰੱਖਦੇ ਨੇ ਮਿਸ਼ਰੀ ਖੰਡ ਮੀਆਂ।
ਰਾਂਝਾ:- ਨੁਕਤਾਚੀਨੀਆਂ `ਚੋਂ ਆਪਾਂ ਕੀ ਲੈਣੈ, ਭੁੱਕੀ ਪਾਣੀ ਦਾ ਆਪਣਾ ਪ੍ਰਬੰਧ ਹੋ ਜਾਊ।
ਨੋਟ ਦਿੰਦੇ ਨੇ ਖੋਤੇ ਦੇ ਕੰਨ ਵਰਗਾ, ਮੈਂ ਨਾ ਗਿਆ ਤਾਂ ਰੈਲੀ ਕਿਹੜਾ ਬੰਦ ਹੋ ਜਾਊ।


16/12/15)
ਡਾ: ਗੁਰਮੀਤ ਸਿੰਘ ‘ਬਰਸਾਲ’

ਸਿੱਖ ਸੋਚ !!
ਭਲਾ ਸਰਬੱਤ ਵਾਲਾ ਸੋਚਦੀ ਸੀ ਸੋਚ ਜਿਹੜੀ,
ਸੋਚੇ ਅੱਜ ਆਪ ਕਿੰਝ ਬਚਣਾ ਖੁਆਰੀ ਤੋਂ ।
ਵਰਗਾਂ ਦੀ ਘੜੀ ਮਰਿਆਦਾ ਕੋਲੋਂ ਬਾਗੀ ਹੋਕੇ,
ਲੁੱਟ-ਕੁੱਟ ਵਾਲੀ ਲੀਕ ਲੀਡਰਾਂ ਦੀ ਮਾਰੀ ਤੋਂ ।।
ਪੰਥ-ਪੰਥ ਆਖਕੇ ਵੀ ਪੰਥ ਦੇ ਵਿਰੁੱਧ ਰਹਿੰਦੀ,
ਰਹਿੰਦੀ ਬੇ-ਧਿਆਨੀ ਰਾਜਨੀਤੀ ਦੀ ਮਕਾਰੀ ਤੋਂ ।
ਏਕਤਾ ਦੇ ਨਾਮ ਉੱਤੇ ਰੈਲੀਆਂ ‘ਚ ਪੁੱਜ ਜਾਂਦੀ,
ਭਾਵੇਂ ਪਛਤਾਉਂਦੀ ਪਿੱਛੋਂ ਉੱਥੇ ਹੋਈ ਖੁਆਰੀ ਤੋਂ ।।
ਵਾਰ-ਵਾਰ ਥੋਖਾ ਖਾਕੇ ਹਰ ਵਾਰ ਭੁੱਲ ਜਾਂਦੀ,
ਝੱਟ ਪਿੱਛੇ ਲੱਗ ਜਾਂਦੀ ਥੋੜਾ ਪੁਚਕਾਰੀ ਤੋਂ ।
ਸਿੱਖ ਸੋਚ ਕਦੇ ਕੁਰਬਾਨੀ ਤੋਂ ਨਾ ਪਿੱਛੇ ਰਹਿੰਦੀ,
ਲੀਡਰ ਨਾ ਰਹਿੰਦੇ ਪਿੱਛੇ ਕਦੇ ਵੀ ਗਦਾਰੀ ਤੋਂ ।।
ਭਾਵੇਂ ਨਹੀਂ ਜਾਗੀ ਪਰ ਅੰਗੜਾਈ ਲੈ ਰਹੀ ਏ,
ਮਜਹਬੀ ਜਨੂਨ ਵਾਲੀ ਨੀਤੀ ਦੀ ਖੁਮਾਰੀ ਤੋਂ ।
ਬੰਦਿਆਂ ਨੂੰ ਛੱਡਕੇ ਵਿਚਾਰ ਜਦੋਂ ਆਗੂ ਬਣੇ,
ਬੇਗਮਪੁਰੇ ਦੀ ਕਿਹੜਾ ਰੋਕਲੂ ਉਸਾਰੀ ਤੋਂ ।।।।
ਡਾ ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)


16/12/15)
ਸਪੋਕਸਮੈਨ ਸੰਪਾਦਕੀ

ਪਿ੍ਥਮੇ ਅਕਾਲ ਪੁਰਖ ਨੂੰ ਸਿਮਰ ਕੇ ਅਰਦਾਸ ਕਰਨੀ ਮਨ੍ਹਾਂ ਹੈ, ਛੇਕੇ ਜਾਉਗੇ!
ਅਜਿਹਾ ਕਹਿਣ ਵਾਲੇ ਤੇ ਹੁਕਮਨਾਮਿਆਂ ਵਾਲੇ ਜਥੇਦਾਰਾਂ ਨੇ ਕਦੇ ਬਾਬੇ ਨਾਨਕ ਦਾ 'ਹੁਕਮਨਾਮਾ' ਵੀ ਪੜਿ੍ਹਆ ਹੈ?


ਪੰਜ ਸਦੀਆਂ ਪਹਿਲਾਂ ਤਕ, ਜਦ ਈਸਾਈ ਧਰਮ ਵਿਚ ਪੋਪ ਦੀ ਸ਼ਕਲ ਵਿਚ, ਪੁਜਾਰੀਵਾਦ ਛਾਇਆ ਹੋਇਆ ਸੀ, ਕਈ ਦੇਸ਼ਾਂ ਦੇ ਬਾਦਸ਼ਾਹ ਵੀ ਪੋਪ ਅੱਗੇ ਸਿਰ ਝੁਕਾਉਾਦੇ ਸਨ ਤੇ ਉਸ ਦੇ ਹੁਕਮ ਪ੍ਰਵਾਨ ਕਰਦੇ ਸਨ, ਉਸ ਵੇਲੇ ਦੇ ਚੁਟਕਲੇ ਅੱਜ ਵੀ ਮਸ਼ਹੂਰ ਹਨ ਕਿ ਕਿਵੇਂ ਪੁਜਾਰੀ ਲੋਕ, ਅਪਣੀਆਂ ਬੇਪਨਾਹ ਤਾਕਤਾਂ ਦੀ ਦੁਰਵਰਤੋਂ ਕਰਦੇ ਸਨ ਤੇ ਕਿੰਨੇ ਤਰਕ-ਹੀਣ ਹੁਕਮ ਜਾਰੀ ਕਰਦੇ ਰਹਿੰਦੇ ਸਨ | ਇਨ੍ਹਾਂ ਹੀ ਵੱਡੇ ਪੁਜਾਰੀਆਂ ਨੇ ਸਾਇੰਸਦਾਨਾਂ ਨੂੰ ਮੌਤ ਦੀ ਸਜ਼ਾ ਤਕ ਵੀ ਦੇ ਦਿਤੀ ਕਿਉਾਕਿ ਸਾਇੰਸਦਾਨਾਂ ਦੀ ਖੋਜ ਨੇ, ਬਾਈਬਲ ਵਿਚ ਲਿਖੇ ਨੂੰ ਗ਼ਲਤ ਸਾਬਤ ਕਰ ਦਿਤਾ ਸੀ | ਹੌਲੀ ਹੌਲੀ, ਸਮਝਦਾਰ ਈਸਾਈ ਲੋਕਾਂ ਨੇ, ਪੋਪ ਵਿਰੁਧ ਹੀ ਬਗ਼ਾਵਤ ਕਰ ਦਿਤੀ ਤੇ ਪੁਜਾਰੀਆਂ ਕੋਲੋਂ ਸਾਰੀਆਂ ਤਾਕਤਾਂ ਖੋਹ ਲਈਆਂ | ਇਸ ਵੇਲੇ ਸਿੱਖ ਧਰਮ, ਇਕੋ ਇਕ ਧਰਮ ਰਹਿ ਗਿਆ ਹੈ ਜਿਸ ਦੇ ਫ਼ਲਸਫ਼ੇ ਵਿਚ ਭਾਵੇਂ ਪੁਜਾਰੀਵਾਦ ਲਈ ਕੋਈ ਥਾਂ ਹੀ ਨਹੀਂ ਰੱਖੀ ਗਈ ਪਰ ਸਿਆਸਤਦਾਨਾਂ ਦੇ ਕੰਧਾੜੇ ਚੜ੍ਹ ਕੇ ਤੇ ਪਿਛਲੇ ਦਰਵਾਜ਼ਿਉਾ, ਸਿੱਖੀ ਦੇ ਵਿਹੜੇ ਵਿਚ ਦਾਖ਼ਲ ਹੋ ਕੇ, ਸਿੱਖੀ ਨੂੰ ਤਾਂ ਉਾਗਲੀਆਂ ਉਤੇ ਨਚਾ ਹੀ ਰਿਹਾ ਹੈ ਪਰ ਇੰਜ ਕਰਦਿਆਂ 'ਅਕਲੀ ਸਾਹਿਬ ਸੇਵੀਏ' ਦਾ ਹੁਕਮ ਦੇਣ ਵਾਲੇ ਸਿੱਖ ਧਰਮ ਨੂੰ, ਇਕ ਤਰਕ-ਹੀਣ ਰੰਗਤ ਦੇਣ ਵਿਚ ਵੀ ਕੋਈ ਕਸਰ ਨਹੀਂ ਛੱਡ ਰਿਹਾ |
ਰੋਜ਼ਾਨਾ ਸਪੋਕਸਮੈਨ ਵਿਰੁਧ ਜਾਰੀ ਕੀਤੇ 'ਹੁਕਮਨਾਮੇ' ਬਾਰੇ ਜਥੇਦਾਰ ਗੁਰਬਚਨ ਸਿੰਘ ਆਪ ਸਾਨੂੰ ਟੈਲੀਫ਼ੋਨ ਕਰ ਕੇ ਕਹਿੰੇਦ ਹਨ ਕਿ, ''ਮੈਂ ਬਤੌਰ ਜਥੇਦਾਰ ਅਕਾਲ ਤਖ਼ਤ, ਕਹਿੰਦਾ ਹਾਂ ਕਿ ਤੁਸੀ ਕੋਈ ਭੁੱਲ ਨਹੀਂ ਸੀ ਕੀਤੀ ਅਤੇ ਭੁੱਲ ਵੇਦਾਂਤੀ ਨੇ ਕੀਤੀ ਸੀ ਜਿਸ ਨੇ ਕਾਲਾ ਅਫ਼ਗ਼ਾਨਾ ਦਾ ਗੁੱਸਾ ਤੁਹਾਡੇ ਤੇ ਕੱਢ ਕੇ, ਗ਼ਲਤ ਹੁਕਮਨਾਮਾ ਜਾਰੀ ਕਰ ਦਿਤਾ... ਪਰ ਮਰਿਆਦਾ ਹੀ ਅਜਿਹੀ ਹੈ ਕਿ ਭੁੱਲ ਭਾਵੇਂ ਤੁਹਾਡੀ ਕੋਈ ਨਹੀਂ ਤੇ ਸਾਡੇ ਪਾਸੇ ਦੀ ਹੈ ਪਰ ਅਕਾਲ ਤਖ਼ਤ ਤੇ ਪੇਸ਼ ਹੋ ਕੇ ਭੁੱਲ ਤੁਹਾਨੂੰ ਹੀ ਬਖ਼ਸ਼ਵਾਣੀ ਪਵੇਗੀ... |''
ਹੈ ਕੋਈ ਦਲੀਲ ਜਾਂ ਤਰਕ ਦੀ ਗੱਲ? ਦਿੱਲੀ ਦੇ ਤਖ਼ਤ ਵਾਲੇ ਗ਼ਲਤੀ ਕਰ ਲੈਣ ਤਾਂ ਉਹ ਅਦਾਲਤ ਕੋਲੋਂ ਵੀ ਤੇ ਪੀੜਤ ਵਿਅਕਤੀ ਕੋਲੋਂ ਵੀ ਮਾਫ਼ੀ ਮੰਗ ਲੈਂਦੇ ਹਨ ਪਰ ਇਹ ਚੰਗਾ 'ਅਕਾਲ ਦਾ ਤਖ਼ਤ' ਹੈ ਜੋ ਇਹ ਮੰਨ ਕੇ ਵੀ ਕਿ ਪੀੜਤ ਨੇ ਕੋਈ ਗ਼ਲਤੀ ਨਹੀਂ ਕੀਤੀ, ਕਹਿੰਦਾ ਹੈ, ''ਕੀ ਕਰੀਏ ਜੀ, ਮਰਿਆਦਾ ਹੀ ਇਹ ਹੈ ਕਿ ਭੁੱਲ ਬਖ਼ਸ਼ਵਾਉਣੀ ਤਾਂ ਉਸ ਨੂੰ ਹੀ ਪਵੇਗੀ ਜਿਸ ਨੇ ਭੁੱਲ ਕੀਤੀ ਹੀ ਕੋਈ ਨਹੀਂ ਸੀ!!''
ਯੂ.ਏ.ਈ. ਦੇ ਇਕ ਗੁਰਦਵਾਰੇ ਦੀ ਸੰਗਤ ਨੇ ਬੜਾ ਸੋਚ ਸਮਝ ਕੇ ਫ਼ੈਸਲਾ ਕੀਤਾ ਕਿ ਸਾਡੀ ਅਰਦਾਸ ਵਿਚ 'ਪਿ੍ਥਮ ਭਗੌਤੀ ਸਿਮਰ ਕੇ' ਵਾਲੀ ਗੱਲ ਸਿੱਖ ਸਿਧਾਂਤ ਨਾਲ ਮੇਲ ਨਹੀਂ ਖਾਂਦੀ ਬਲਕਿ ਸਿੱਖੀ ਦੇ ਪਹਿਲੇ ਮੁਢਲੇ ਅਸੂਲ (ਅਕਾਲ ਪੁਰਖ ਤੋਂ ਉਪਰ ਕਿਸੇ ਨੂੰ ਨਹੀਂ ਮੰਨਣਾ) ਦੀ ਉਲੰਘਣਾ ਕਰਦੀ ਹੈ, ਇਸ ਲਈ ਅਰਦਾਸ 'ਅਕਾਲ ਪੁਰਖ ਨੂੰ ਸਿਮਰ ਕੇ...', ਨਾਲ ਸ਼ੁਰੂ ਕੀਤੀ ਜਾਇਆ ਕਰੇ | ਅਕਾਲ ਤਖ਼ਤ ਦੇ ਇਕ ਸਾਬਕਾ 'ਜਥੇਦਾਰ' ਪ੍ਰੋ. ਦਰਸ਼ਨ ਸਿੰਘ ਨੇ ਇਸ ਬਾਰੇ ਸੰਗਤਾਂ ਨੂੰ ਸਥਿਤੀ ਸਪੱਸ਼ਟ ਕੀਤੀ ਸੀ | 'ਅਕਾਲ ਪੁਰਖ ਨੂੰ ਸਿਮਰ ਕੇ' ਨਾਲ ਅਰਦਾਸ ਤਾਂ ਹੋ ਗਈ ਪਰ ਸਾਡੇ ਅੰਮਿ੍ਤਸਰ ਦੇ 'ਹੁਕਮਨਾਮਾ ਪੁਜਾਰੀਆਂ' ਤੇ ਉਨ੍ਹਾਂ ਦੇ ਮਾਲਕਾਂ (ਸ਼੍ਰੋਮਣੀ ਕਮੇਟੀ) ਨੂੰ ਇਹ ਗੱਲ ਚੰਗੀ ਨਾ ਲੱਗੀ ਤੇ ਉਨ੍ਹਾਂ ਸ਼ੋਰ ਪਾ ਦਿਤਾ ਕਿ ਘੋਰ ਅਨਰਥ ਹੋ ਗਿਆ ਹੈ ਜੀ... |
ਕਿਉ ਕਿਹੜੀ ਗੱਲ ਉਨ੍ਹਾਂ ਨੂੰ ਚੰਗੀ ਨਹੀਂ ਲੱਗੀ? ਕੀ ਅਕਾਲ ਪੁਰਖ ਨੂੰ ਸਿਮਰ ਕੇ, ਅਰਦਾਸ ਕਰਨੀ ਗ਼ਲਤ ਗੱਲ ਹੈ? ਉਹ ਇਹ ਤਾਂ ਨਹੀਂ ਕਹਿ ਸਕਦੇ ਪਰ ਕਹਿੰਦੇ ਹਨ ਕਿ ਅਨਰਥ ਇਹ ਹੋਇਆ ਹੈ ਕਿ ਅਕਾਲ ਤਖ਼ਤ ਵਲੋਂ ਪ੍ਰਵਾਨਤ 'ਰਹਿਤ ਮਰਿਆਦਾ' ਦੀ ਉਲੰਘਣਾ ਹੋ ਗਈ ਹੈ | ਸੋ ਰਹਿਤ ਮਰਿਆਦਾ, ਅਕਾਲ ਪੁਰਖ ਨਾਲੋਂ ਵੀ ਵੱਡੀ ਹੋ ਗਈ? ਬਾਬੇ ਨਾਨਕ ਨੇ ਪੁਜਾਰੀਆਂ ਦੀ 'ਮਰਿਆਦਾ' ਨੂੰ ਵੀ ਅਕਾਲ ਪੁਰਖ ਨਾਲੋਂ ਕਿਸੇ ਥਾਂ ਵੱਡਾ ਲਿਖਿਆ ਹੈ? ਨਾਨਕਸ਼ਾਹੀ ਕੈਲੰਡਰ ਬਾਰੇ ਸਮੁੱਚੇ ਪੰਥ ਅਤੇ ਅਕਾਲ ਤਖ਼ਤ ਦਾ ਫ਼ੈਸਲਾ ਕਿਉਂ ਚੁੱਪ ਚਪੀਤੇ, ਸੰਤ ਸਮਾਜ ਨਾਲ ਸੌਦੇਬਾਜ਼ੀ ਕਰ ਕੇ, ਬਦਲ ਦਿਤਾ ਗਿਆ ਸੀ? ਉਦੋਂ ਅਕਾਲ ਤਖ਼ਤ ਦੇ ਪ੍ਰਵਾਨਤ ਕੈਲੰਡਰ ਨੂੰ ਚਾਰ ਬੰਦਿਆਂ ਨੇ ਕਿਵੇਂ ਉਲਟਾ ਦਿਤਾ? ਸੰਤ ਸਮਾਜ ਦੇ ਹਜ਼ਾਰਾਂ ਗੁਰਦਵਾਰੇ, ਵਖਰੀ ਮਰਿਆਦਾ ਨਹੀਂ ਚਲਾ ਰਹੇ? ਕੇਵਲ ਅਕਾਲ ਪੁਰਖ ਤੇ ਉਸ ਦੇ ਸ਼ਰਧਾਵਾਨ ਸਿੱਖਾਂ ਦੀ ਗੱਲ ਹੀ ਚੁਭਦੀ ਹੈ 'ਜਥੇਦਾਰਾਂ' ਨੂੰ?
ਪਰ 'ਘੋਰ ਅਨਰਥ ਹੋ ਗਿਆ' ਚੀਕਣ ਵਾਲੇ ਜੱਥੇ ਨੇ ਕਦੀ ਬਾਬੇ ਨਾਨਕ ਦੀ ਬਾਣੀ ਪੜ੍ਹੀ ਵੀ ਹੈ? ਪੜ੍ਹਦੇ ਤਾਂ ਰੋਜ਼ ਹੀ ਹਨ ਪਰ ਉਹ ਤਾਂ ਪੈਸੇ ਕਮਾਉਣ ਲਈ ਪੜ੍ਹਦੇ ਹਨ, ਸਮਝਣ ਲਈ ਨਹੀਂ | ਨਿਸ਼ਕਾਮ ਹੋ ਕੇ ਪੜ੍ਹਨ ਤਾਂ ਉਸ ਵਿਚ ਪੈਰ ਪੈਰ ਤੇ ਲਿਖਿਆ ਮਿਲੇਗਾ ਕਿ ਉਹੀ ਗੱਲ ਚੰਗੀ ਹੈ ਜੋ ਮੈਨੂੰ ਅਕਾਲ ਪੁਰਖ ਦੇ ਨੇੜੇ ਲੈ ਜਾਵੇ ਤੇ ਅਕਾਲ ਪੁਰਖ ਤੋਂ ਬਿਨਾਂ ਸੱਭ ਕੁੱਝ ਝੂਠ ਹੈ | ਭਗੌਤੀ ਵੀ ਅਕਾਲ ਪੁਰਖ ਦੇ ਸਾਹਮਣੇ ਝੂਠ ਹੈ (ਭਗੌਤੀ ਦੇ ਅਰਥ ਤੇ ਅਨਰਥ ਭਾਵੇਂ ਕੁੱਝ ਵੀ ਕਰ ਲਵੋ) | ਇਸੇ ਲਈ ਨਿਰੰਕਾਰੀ ਦਰਬਾਰ, ਰਾਵਲਪਿੰਡੀ (ਅਸਲ) ਨੇ ਸੱਭ ਤੋਂ ਪਹਿਲਾਂ ਆਵਾਜ਼ ਉਠਾਈ ਸੀ ਕਿ 'ਪਿ੍ਥਮ ਭਗੌਤੀ ਸਿਮਰ ਕੇ' ਦੀ ਥਾਂ 'ਪਿ੍ਥਮ ਅਕਾਲ ਪੁਰਖ ਸਿਮਰ ਕੇ' ਕੀਤਾ ਜਾਏ | ਉਨ੍ਹਾਂ ਦੀ ਆਵਾਜ਼ ਨਾ ਸੁਣੀ ਗਈ ਪਰ ਉਹ ਅੱਜ ਤਕ ਵੀ ਅਪਣੇ ਗੁਰਦਵਾਰਿਆਂ ਵਿਚ ਅਰਦਾਸ 'ਪਿ੍ਥਮੇ ਅਕਾਲ ਪੁਰਖ ਸਿਮਰ ਕੇ' ਨਾਲ ਹੀ ਕਰਦੇ ਹਨ ਤੇ 100 ਸਾਲ ਤੋਂ ਵੱਧ ਸਮੇਂ ਤੋਂ ਹੀ ਕਰਦੇ ਆ ਰਹੇ ਹਨ | ਕੋਈ ਅਸਮਾਨ ਨਹੀਂ ਡਿਗਿਆ | ਸਿੱਖ ਵਿਦਵਾਨ ਵੀ ਬੜੀ ਦੇਰ ਤੋਂ ਮੰਗ ਕਰਦੇ ਆ ਰਹੇ ਹਨ ਕਿ ਅਰਦਾਸ ਸਮੇਤ, ਸਿੱਖ ਰਹਿਤ ਮਰਿਆਦਾ ਦੀਆਂ ਬਾਕੀ ਗ਼ਲਤੀਆਂ ਦੀ ਵੀ ਸੋਧ ਸੁਧਾਈ ਕਰ ਦੇਣੀ ਚਾਹੀਦੀ ਹੈ ਕਿਉਾਕਿ ਜਦ ਇਹ ਮਰਿਆਦਾ ਬਣਾਈ ਗਈ ਸੀ, ਉਸ ਵੇਲੇ ਦਲੀਲ ਇਹ ਦਿਤੀ ਜਾਂਦੀ ਸੀ ਕਿ 'ਧਿਆਨ ਗੁਰਦਵਾਰਾ ਪ੍ਰਬੰਧ ਨੂੰ ਪੰਥ ਦੇ ਕਬਜ਼ੇ ਹੇਠ ਲਿਆਉਣ ਵਲ ਕੇਂਦਰਿਤ ਕਰੋ ਤੇ ਪੁਜਾਰੀ ਤੇ ਸਾਧ ਵਰਗ ਦੀਆਂ ਕੁੱਝ ਗੱਲਾਂ ਆਰਜ਼ੀ ਤੌਰ ਤੇ ਮੰਨ ਵੀ ਲਉ ਤਾਕਿ ਇਹ ਕੋਈ ਰੁਕਾਵਟ ਨਾ ਖੜੀ ਕਰ ਦੇਣ | ਗੁਰਦਵਾਰੇ ਪੂਰੀ ਤਰ੍ਹਾਂ ਪੰਥ ਦੇ ਕਬਜ਼ੇ ਹੇਠ ਆ ਜਾਣਗੇ ਤਾਂ ਜਿਨ੍ਹਾਂ ਬੁਰਾਈਆਂ ਨੂੰ ਮੰਨਣਾ ਅੱਜ ਸਾਡੀ ਮਜਬੂਰੀ ਬਣੀ ਹੋਈ ਹੈ, ਕਲ ਉਨ੍ਹਾਂ ਨੂੰ ਆਰਾਮ ਨਾਲ ਬਾਹਰ ਕੱਢ ਸੁੱਟਾਂਗੇ |''
ਪਰ ਅਜਿਹਾ ਹੋ ਨਾ ਸਕਿਆ | ਕੁੱਝ ਜਾਗਰੂਕ ਤੇ ਸੂਝਵਾਨ ਸਿੱਖਾਂ ਦਾ ਸਬਰ ਖ਼ਤਮ ਹੁੰਦਾ ਜਾ ਰਿਹਾ ਹੈ ਤੇ ਉਹ ਹੋਰ ਉਡੀਕ ਕਰਨ ਲਈ ਤਿਆਰ ਨਹੀਂ | ਉਨ੍ਹਾਂ ਨੂੰ 'ਪੰਥ-ਦੋਖੀ' ਕਹਿ ਦੇਣਾ ਤੇ ਬੇਦਲੀਲੇ ਢੰਗ ਨਾਲ ਉਨ੍ਹਾਂ ਦਾ ਵਿਰੋਧ ਕਰਨਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ | ਹਾਕਮਾਂ ਨੇ ਜਦ ਕਿਸੇ ਸੁਧਾਰ ਦਾ ਰਾਹ ਰੋਕਣਾ ਹੋਵੇ ਤਾਂ ਉਹ ਪੁਜਾਰੀਆਂ ਨੂੰ ਅੱਗੇ ਕਰ ਦੇਂਦੇ ਹਨ ਤੇ ਪੁਜਾਰੀ ਤਾਂ ਰੱਬ ਦੇ ਸ਼ਰੀਕ ਮੰਨੇ ਜਾਂਦੇ ਹਨ ਜੋ ਰੱਬ ਦਾ ਨਾਂ ਲੈ ਕੇ ਬੰਦੇ ਨੂੰ ਅਪਣੇ ਪੈਰਾਂ ਤੇ ਸੁਟ ਲੈਂਦੇ ਹਨ ਤੇ ਰੱਬ ਤੋਂ ਬੰਦੇ ਨੂੰ ਸਗੋਂ ਦੂਰ ਕਰ ਦੇਂਦੇ ਹਨ | ਸਿੱਖਾਂ ਨੂੰ ਬਾਬੇ ਨਾਨਕ ਦਾ 'ਹੁਕਮਨਾਮਾ' ਮੰਨਣਾ ਚਾਹੀਦਾ ਹੈ, ਪੁਜਾਰੀਆਂ ਦਾ ਨਹੀਂ | ਅਤੇ ਬਾਬੇ ਨਾਨਕ ਦਾ ਹੁਕਮਨਾਮਾ ਇਹੀ ਹੈ ਕਿ ਅਕਾਲ ਪੁਰਖ ਵਲ ਕਦਮ ਵਧਾ ਲਏ ਤਾਂ ਫਿਰ ਕਿਸੇ ਹੋਰ ਪਾਸੇ ਤਕਣਾ ਵੀ ਹਰਾਮ ਹੈ | ਪੁਜਾਰੀ ਕਦੇ ਵੀ ਅਕਾਲ ਪੁਰਖ ਵਲ ਨਹੀਂ ਜਾਣ ਦੇਣਗੇ | ਉਹ ਜ਼ਰੂਰ ਕਿਸੇ ਹੋਰ ਨੂੰ ਵਿਚਕਾਰ ਲੈ ਆਉਣਗੇ |


16/12/15)
ਅਵਤਾਰ ਸਿੰਘ ਮਿਸ਼ਨਰੀ

ਮੋਕਮਾਰੂ ਪ੍ਰਬੰਧਕਾਂ, ਪੁਜਾਰੀਆਂ ਅਤੇ ਡੇਰੇਦਾਰ ਵਿਦਵਾਨਾਂ ਤੋਂ ਕੌਮ ਨੂੰ ਬਚਾਓ!!!

ਅਵਤਾਰ ਸਿੰਘ ਮਿਸ਼ਨਰੀ (5104325827)

ਗੁਰੂ ਗ੍ਰੰਥ ਸਾਹਿਬ ਜੀ ਦੇ ਅਟੱਲ ਵਿਸ਼ਵਾਸ਼ ਰੱਖਣ ਅਤੇ ਇਸ ਦੀ ਸੱਚੀ ਵਿਚਾਰਧਾਰਾ ਨੂੰ ਮੰਨਣਵਾਲੇ ਸਿੱਖ ਆਗੂ ਵੀ ਜਦੋਂ ਪੁਜਾਰੀ ਜਥੇਦਾਰਾਂ ਦੇ ਦਸਮ ਗ੍ਰੰਥੀ ਫਤਵੇ ਅੱਗੇ ਮੋਕ ਮਾਰ ਜਾਂਦੇ ਹਨ ਤਾਂ ਇਹ ਗੁਰਮਤਿ ਦਾ ਸਭ ਤੋਂ ਵੱਧ ਨੁਕਸਾਨ ਕਰਦੇ ਹਨ। ਇਹ ਮਸਲਾ ਭਾਵੇਂ ਨਾਨਕਸ਼ਾਹੀ ਕੈਲੰਡਰ ਦਾ ਹੋਵੇ, ਭਾਵੇਂ ਸਿੱਖ ਰਹਿਤ ਮਰਯਾਦਾ ਜੋ ਕਈ ਥਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਤੇ ਪੂਰੀ ਨਹੀਂ ਉਤਰਦੀ, ਭਾਵੇਂ ਅਖੌਤੀ ਦਸਮ ਗ੍ਰੰਥ ਜੋ ਵਿਸ਼ੇ ਵਿਕਾਰਾਂ, ਬ੍ਰਾਹਮਣੀ ਗਾਥਾਵਾਂ, ਔਰਤ ਦੀ ਨਿੰਦਾ, ਮਾਰੂ ਨਸ਼ਿਆਂ ਅਤੇ ਚ੍ਰਿਤਰਹੀਨ “ਤ੍ਰਿਆਚ੍ਰਿਤਰ” ਵਰਗੀਆਂ ਮਾਰੂ ਰਚਨਾਵਾਂ ਨਾਲ ਭਰਿਆ ਹੋਇਆ ਸਿੱਖ ਕੌਮ ਨੂੰ ਲਵ-ਕੁਛ ਦੀ ਉਲਾਦ ਦਸਦਾ ਹੈ ਦਾ ਹੋਵੇ, ਭਾਵੇਂ ਰਾਗਮਾਲਾ ਜੋ ਕਾਮਕੰਧਲਾ ਆਸ਼ਕਾਂ ਦੇ ਕਿਸੇ ਦੀ ਰਚਨਾਂ ਦਾ ਹੋਵੇ, ਝੱਟਕਾ ਮਾਸ ਸਿੰਘ ਭੋਜਨ ਛਕਣ ਬਾਰੇ ਹੋਵੇ, ਸਿੰਘਣੀਆਂ ਦੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕੀਰਤਨ ਜਾਂ ਖੰਡੇ ਦੀ ਪੁਹਲ ਦੀ ਸੇਵਾ ਵਿੱਚ ਸ਼ਾਮਲ ਹੋਣ ਦੀ ਬਰਾਬਰਤਾ ਦਾ ਹੋਵੇ, ਨਿਤਨੇਮ, ਆਰਤੀ, ਰਹਿਰਾਸ ਅਤੇ ਅੰਮ੍ਰਿਤ ਦੀਆਂ ਬਾਣੀਆਂ ਜੋ ਗੁਰੂ ਗ੍ਰੰਥ ਸਾਹਿਬ ਤੋਂ ਬਾਹਰੀ ਹਨ ਦਾ ਹੋਵੇ, ਕੱਚੀਆਂ ਰਚਨਾਵੀ ਧਾਰਨਾ ਦਾ ਹੋਵੇ, ਖਾਸ ਕਰਕੇ ਜਾਤ-ਪਾਤ, ਊਚ-ਨੀਚ ਵਾਲੀ ਹੈਂਕੜ ਅਤੇ ਛੂਆ-ਛਾਤ ਦਾ ਹੋਵੇ। ਇਹ ਸਾਰੇ ਵਿਸ਼ੇਸ਼ ਸਿਧਾਂਤਕ ਮਸਲੇ ਜੋ ਸਿੱਖ ਕੌਮ ਦੀ ਵਿਲੱਖਤਾ ਦੇ ਪ੍ਰਤੀਕ ਹਨ। ਗੁਰਮਤਿ ਨੂੰ ਪ੍ਰਣਾਏ ਸਿੱਖ ਵੀ ਜੇ ਇਨ੍ਹਾਂ ਮਸਲਿਆਂ ਤੇ ਪੁਜਾਰੀਆਂ ਦੇ ਡਰਾਵੇ ਅੱਗੇ ਨਿਧੜਕਤਾ ਨਾਲ ਵਿਚਾਰ ਕਰਨ ਤੇ ਠੀਕ ਫੈਸਲਾ ਲੈਣ ਦੀ ਬਜਾਏ ਪਾਰਟੀਆਂ, ਦੁਨਿਆਵੀ ਰਿਸ਼ਤੇਦਾਰੀਆਂ ਤੇ ਭਾਈ ਬੰਧੀਆਂ ਨੂੰ ਦੇਖ ਕੇ ਮੋਕ ਮਾਰ ਜਾਣ ਤਾਂ ਸਿੱਖ ਕੌਮ ਵਾਸਤੇ ਇਸ ਤੋਂ ਨਿਰਾਸਤਾ ਤੇ ਵੱਡੀ ਦੁਖਦਾਈ ਘਟਨਾਂ ਹੋਰ ਕਿਹੜੀ ਹੋ ਸਕਦੀ ਹੈ?

ਜਿਹੜੀਆਂ ਵੀ ਸਿੱਖ ਜਥੇਬੰਦੀਆਂ, ਸੰਸਥਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਵਿਅਕਤੀਗਤ ਸੰਗਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਪੂਰਨ ਰੂਪ ਵਿੱਚ ਗੁਰੂ ਮੰਨਦੀਆਂ, ਪ੍ਰਚਾਰਦੀਆਂ ਤੇ ਪ੍ਰੈਕਟੀਕਲ ਧਾਰਨ ਕਰਦੀਆਂ ਹਨ ਉਹ ਸ਼ਲਾਘਾ ਸਤਿਕਾਰਯੋਗ ਹਨ। ਦੋਗਲਿਆਂ ਤੋਂ ਬਚਣ ਦੀ ਲੋੜ ਹੈ ਜੋ ਸਦੀਆਂ ਤੋਂ ਲਕੀਰ ਦੇ ਫਕੀਰ ਬਣ ਕੇ ਨੁਕਸਾਨ ਕਰਦੇ ਆ ਰਹੇ ਹਨ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਤੋਂ ਚਲੇ ਆ ਰਹੇ ਮਹਜਬਾਂ (ਧਰਮਾਂ) ਦੀਆਂ ਕਰਮਕਾਂਡੀ ਰਹੁਰੀਤਾਂ, ਮਰਯਾਦਾਵਾਂ, ਸ਼ਰਾ ਫਤਵਿਆਂ, ਅੰਧ ਵਿਸ਼ਵਾਸ਼ਾਂ, ਪੁਜਾਰੀ ਤੇ ਸਰਕਾਰੀ ਜੋਰਾ-ਜਬਰੀਆਂ, ਜਾਤਾਂ-ਪਾਤਾਂ, ਛੂਆ-ਛਾਤਾਂ, ਖਾਣ-ਪੀਣ, ਉੱਠਣ-ਬੈਠਣ, ਭੇਖ-ਪਹਿਰਾਵਿਆਂ ਅਤੇ ਜਗਤ ਜਨਨੀ ਔਰਤ ਨੂੰ ਅਤਿ ਜਲੀਲ ਕਰਨ ਵਾਲੀਆਂ ਕੋਝੀਆਂ ਰੀਤਾਂ ਅਤੇ ਮਨੁੱਖਤਾ ਦੀ ਨਾਂ ਬਰਾਬਰੀ ਕਾਲੇ ਕਨੂੰਨਾਂ ਵਿਰੁੱਧ ਗੁਰੂ ਗਿਆਨ ਦਾ ਡੰਕਾ ਵਜਾ ਕੇ, ਇਨ੍ਹਾਂ ਰੂੜੀਵਾਦੀ ਰੀਤਾਂ, ਰਸਮਾਂ, ਕਰਮਾਂ, ਧੱਕੇ-ਧੌਂਸਾਂ ਅਤੇ ਜਬਰ-ਜੁਲਮ ਦਾ ਕਰੜਾ ਵਿਰੋਧ ਕਰਕੇ, ਜਨਤਾ ਨੂੰ ਅਗਿਆਨਤਾ, ਗਾਫਲਤਾ, ਰਾਜਿਆਂ ਤੇ ਭੇਖੀ ਧਰਮ ਆਗੂਆਂ ਦੇ ਫਤਵਿਆਂ ਦੇ ਡਰ ਤੋਂ ਜਗਾਇਆ ਤੇ ਬਚਾਇਆ ਸੀ। ਅੱਜ ਉਨ੍ਹਾਂ ਹੀ ਹਨੇਰਗਰਦੀ ਦੇ ਖੱਡਿਆਂ ਵਿੱਚ ਸਾਡੇ ਸਾਧ ਲਾਣੇ, ਸੰਪ੍ਰਦਾਵਾਂ, ਟਕਸਾਲਾਂ, ਡੇਰਿਆਂ ਅਤੇ ਕੁਰਪਟ ਰਾਜਨੀਤਕ ਲੀਡਰਾਂ ਨੇ ਸੁੱਟ ਦਿੱਤਾ ਹੈ।

ਭਲਿਓ ਜੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਖਰੀ ਤੇ ਸਰਬਉੱਚ ਕੋਈ ਰਹਿਤ ਮਰਯਾਦਾ ਦੇਣੀ ਹੁੰਦੀ ਤਾਂ ਉਹ ਆਪ ਵੀ ਬਣਾ ਕੇ ਲਿਖ ਕੇ ਦੇ ਜਾਂਦੇ। ਸਿੱਖ ਲਈ ਬਲਿਕ ਸੰਸਾਰ ਲਈ ਹੀ ਗੁਰਬਾਣੀ ਤੋਂ ਵੱਡੀ ਹੋਰ ਕਿਹੜੀ ਰਹਿਤ ਮਰਯਾਦਾ ਹੋ ਸਕਦੀ ਹੈ ਜੋ ਸਾਨੂੰ ਰੱਬ ਨੂੰ ਯਾਦ ਰੱਖਣ, ਉਸ ਅੱਗੇ ਹੀ ਅਰਦਾਸ ਬੇਨਤੀ ਕਰਨ, ਮਨੁੱਖਤਾ ਦੀ ਸੇਵਾ ਕਰਨ, ਪਰਉਪਕਾਰੀ ਹੋਣ, ਚੰਗਾ ਚਰਿਤਰ ਰੱਖਣ, ਆਪਣੇ ਆਪ ਨੂੰ ਰੱਬ ਦੇ ਬੱਚੇ ਬੱਚੀਆਂ ਸਮਝਣ-ਏਕੁ ਪਿਤਾ ਏਕਸ ਕੇ ਹਮ ਬਾਰਿਕ...(611) ਦਾ ਉਪਦੇਸ਼ ਦਿੰਦੀ ਹੋਈ ਸਭ ਪ੍ਰਕਾਰ ਦੇ ਵਿਸ਼ੇਵਿਕਾਰਾਂ, ਨਸ਼ਿਆਂ ਅਤੇ ਹਰ ਤਰ੍ਹਾਂ ਦੀਆਂ ਬੁਰਿਆਈਆਂ ਤੋਂ ਬਚਣ, ਹਉਮੇਂ ਤਿਆਗਣ ਤੇ ਨਿਵੈ ਸੁ ਗਉਰਾ ਹੋਏ॥ (470) ਗੁਣਾਂ ਦੀ ਸਾਂਝ ਰੱਖਦੇ ਮਨੁੱਖੀ ਏਕਤਾ ਦਾ ਸਰਬਸਾਂਝਾ ਉਪਦੇਸ਼ ਦਿੰਦੀ ਹੋਈ ਇੱਕ ਚੰਗੇ ਇਨਸਾਨ ਬਣ ਕੇ, ਸਰਬੱਤ ਦਾ ਭਲਾ ਮੰਗਦੇ ਹੋਏ, ਮਨੁੱਖੀ ਜਨਮ ਸਫਲ ਕਰਨ ਦਾ ਉਪਦੇਸ਼ ਦਿੰਦੀ ਹੈ।

ਸਿੱਖ ਕਿਵੇਂ ਅਤੇ ਕੈਸਾ ਬਣਨਾ ਹੈ? ਬਾਰੇ ਵੀ ਹੁਕਮ ਕਰਦੀ ਹੈ ਕਿ-ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥(601) ਸਿੱਖੀ ਕੀ ਹੈ? ਸਿਖੀ ਸਿਖਿਆ ਗੁਰਿ ਵੀਚਾਰਿ॥ (465) ਕੀ ਇਸ ਤੋਂ ਵੀ ਵੱਡੀ ਕੋਈ ਹੋਰ ਰਹਿਤ ਮਰਯਾਦਾ ਹੋ ਸਕਦੀ ਹੈ? ਜਦ ਗੁਰੂ ਨੇ ਗੁਰੂ ਗ੍ਰੰਥ ਸਹਿਬ ਸੰਪੂਰਨ ਕਰਕੇ, ਉਸ ਤੇ ਸਦੀਵੀ ਗੁਰਤਾ ਦੀ ਮੋਹਰ ਲਾ ਦਿੱਤੀ ਅਤੇ ਹੁਕਮ ਕਰ ਦਿੱਤਾ ਕਿ-ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥ (ਅਰਦਾਸੀ ਦੋਹਰਾ) ਫਿਰ ਕਿਸੇ ਸਰਕਾਰੀ ਪੁਜਾਰੀ ਦੇ ਹੁਕਮ ਮੰਨਣ ਦੀ ਕੀ ਗੁੰਜਾਇਸ਼ ਰਹਿ ਗਈ। ਗੁਰੂ ਸਾਹਿਬ ਨੇ ਮੁੰਦਾਣਵੀ ਦੀ ਐਸੀ ਮੋਹਰ ਲਾ ਦਿੱਤੀ ਕਿ ਗੁਰੂ ਗ੍ਰੰਥ ਸਹਿਬ ਰੂਪੀ ਥਾਲ ਵਿੱਚ ਮਨਮੱਤਾਂ, ਕਰਮਕਾਡਾਂ, ਅੰਧਵਿਸ਼ਵਾਸ਼ਾਂ, ਭੇਖੀ ਸਾਧਾਂ-ਸੰਤਾਂ, ਸੰਪ੍ਰਦਾਈ ਪੁਜਾਰੀਆਂ ਦੀ ਮੰਤ੍ਰ ਪਾਠਾਂ ਰਾਹੀਂ ਜਨਤਾ ਲੁੱਟੂ ਜ਼ਹਿਰ ਨਾਂ ਇਸ ਅੰਮ੍ਰਿਤ ਭਰੇ ਥਾਲ ਵਿੱਚ ਰਲ ਜਾਵੇ। ਇਹ ਬ੍ਰਾਹਮਣਵਾਦੀ ਸਰਕਾਰੀ ਤੇ ਭੇਖੀ ਪੁਜਾਰੀ ਲੋਕ ਉਸ ਵਿੱਚ ਤਾਂ ਆਪੋ ਆਪਣੇ ਪਾਖੰਡੀ ਜ਼ਹਰ ਦਾ ਰਲਾ ਤਾਂ ਕਰ ਨਾਂ ਸੱਕੇ ਪਰ ਕੁਟਲਨੀਤੀ ਨਾਲ ਸਿੱਖ ਸ਼ਬਦਾਵਲੀ ਵਾਲੇ ਅਖੌਤੀ ਦਸਮ ਗ੍ਰੰਥ, ਸਰਬਲੋਹ ਗ੍ਰੰਥ, ਸੂਰਜਪ੍ਰਕਾਸ਼ ਗ੍ਰੰਥ, ਗੁਰਬਿਲਾਸ ਪਾਤਸ਼ਾਹੀ ਛੇਵੀਂ ਗ੍ਰੰਥ, ਰਹਿਤਨਾਮੇ, ਆਰਤੀਆਂ, ਵੱਖ ਵੱਖ ਅਰਦਾਸਾਂ ਅਤੇ ਰਹਿਤ ਮਰਯਾਦਾ ਬਣਾ ਕੇ ਸ਼ਰਧਾਲੂ ਸਿੱਖਾਂ ਨੂੰ ਭੰਬਲਭੂਸੇ ਵਿੱਚ ਪਾ ਕੇ, ਫਿਰ ਲੁੱਟਣ, ਕੁੱਟਣ, ਫਤਵਿਆਂ ਰਾਹੀ ਡਰੌਣ, ਗੁਰੂ ਗ੍ਰੰਥ ਦੇ ਖਾਲਸਾ ਪੰਥ ਨੂੰ ਛੱਡ ਕੇ ਵੱਖ ਵੱਖ ਡੇਰਿਆਂ ਅਤੇ ਟਕਸਾਲਾਂ ਦੀ ਮਰਯਾਦਾ ਦੇ ਸਿੱਖ ਬਣਨ-ਬਨੌਣ ਵਿੱਚ ਕਾਮਯਾਬ ਹੋ ਗਏ ਹਨ। ਅੱਜ ਇਨ੍ਹਾਂ ਨੇ ਬਹੁਤੇ ਸ਼ਰਧਾਲੂ ਸਿੱਖਾਂ ਦਾ ਵਿਸ਼ਵਾਸ਼ ਇੱਕ ਰੱਬ, ਇੱਕ ਗੁਰੂ ਗ੍ਰੰਥ ਸਾਹਿਬ ਦੇ ਵਿਧਾਨ, ਇੱਕ ਨਿਸ਼ਾਨ ਅਤੇ ਇੱਕ ਨਾਨਕਸ਼ਾਹੀ ਕੈਲੰਡਰ ਤੋਂ ਤੋੜ ਦਿੱਤਾ ਹੈ।

ਬਹੁਤੇ ਸਿੱਖ ਪ੍ਰਚਾਰਕ ਤੇ ਧਰਮ ਆਗੂ ਵੀ ਮਾਇਆ, ਵਡਿਆਈ, ਦੁਨਿਆਵੀ ਨੱਕ ਰੱਖਣ ਦੀ ਆਦਤ ਅਤੇ ਅੰਦਰੂਨੀ ਕਮਜੋਰੀਆਂ ਕਰਕੇ ਲਕੀਰ ਦੇ ਫਕੀਰ ਬਣੇ ਹੋਏ, ਧਰਮ ਦੇ ਬੁਰਕੇ ਵਿੱਚ ਸਭ ਕੁਝ ਕਰੀ ਕਰਾਈ ਜਾ ਰਹੇ ਹਨ। ਮੈਨੂੰ ਉਮੀਦ ਨਹੀਂ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਅੱਜ ਜਿੰਨ੍ਹੇ ਲੱਖਾਂ ਦੀ ਤਦਾਦ ਵਿੱਚ ਪੇਡ ਪ੍ਰਚਾਰਕ ਪੈਦਾ ਕੀਤੇ ਹੋਣ ਜੋ ਪ੍ਰਬੰਧਕਾਂ ਦਾ ਹੁਕਮ ਸਭ ਤੋਂ ਵੱਧ ਅਤੇ ਪਹਿਲੇ ਮੰਨਦੇ ਹੋਣ ਅਤੇ ਗੁਰੂ ਦੇ ਹੁਕਮ ਨੂੰ ਬਹੁਤੇ ਅਜੋਕੇ ਪ੍ਰਚਾਰਕਾਂ ਵਾਂਗ ਟਿੱਚ ਜਾਣਦੇ ਹੋਣ। ਇਕੱਲੇ ਗੁਰੂ ਨਾਨਕ ਸਾਹਿਬ ਨੇ, ਭਾਈ ਮਨਦਾਨਾਂ ਜੀ ਨੂੰ ਨਾਲ ਲੈ ਕੇ ਗੁਰਮਤਿ ਪ੍ਰਚਾਰ ਕਰਕੇ, ਤਿੰਨ ਕਰੋੜ ਨੂੰ ਸਿੱਖ ਅਤੇ ਚੰਗੇ ਇਨਸਾਨ ਬਣਾਇਆ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਸਮਕਾਲੀ ਇਤਿਹਾਸਕਾਰ ਮੋਹਸਨਫਾਨੀ ਆਪਣੀ ਕਿਤਾਬ ਦਬਸਤਾਨੇ ਮਜਾਹਬ ਵਿੱਚ ਲਿਖਦਾ ਹੈ ਕਿ ਸਚਾਈ ਅਤੇ ਲੋਕ ਭਲਾਈ ਸੇਵਾ ਕਰਕੇ ਲੋਕਾਂ ਵਿੱਚ ਗੁਰੂ ਨਾਨਕ ਦਾ ਰੱਬੀ ਧਰਮ ਏਨਾਂ ਹਰਮਨ ਪਿਆਰਾ ਹੋ ਗਿਆ ਕਿ ਉਸ ਵੇਲੇ ਹਿੰਦੁਸਤਾਨ ਦੀ ਨੌਂ ਕਰੋੜ ਦੀ ਅਬਾਦੀ ਚੋਂ ਛੇ ਕਰੋੜ ਗੁਰੂ ਨਾਨਕ ਨਾਮ ਲੇਵਾ ਸਿੱਖ ਸਨ। ਸੋ ਭਲਿਓ ਗੁਰੂਆਂ ਭਗਤਾਂ ਨੇ ਕਿਰਤੀਆਂ ਨੂੰ ਹੀ ਪ੍ਰਚਾਰਕ ਬਣਾਇਆ ਸੀ ਜੋ ਆਪਣੀ ਕਿਰਤ ਕਰਦੇ ਰੱਬੀ ਪ੍ਰਚਾਰ ਵੀ ਕਰਦੇ ਸਨ। ਉਹ ਕਿਸੇ ਪ੍ਰਬੰਧਕ ਜਾਂ ਭੇਖੀ ਸਾਧ ਅੱਗੇ ਪੇਟ ਦੀ ਖਾਤਰ ਲਿਲਕੜੀਆਂ ਨਹੀਂ ਕੱਢਦੇ ਸਨ। ਅੱਜ ਵੀ ਜੇ ਸਿੱਖ ਕੌਮ ਸਮਝ ਜਾਵੇ ਕਿਰਤੀ ਸਿੱਖ ਆਪੋ ਆਪਣੀ ਵਿਤ ਅਨੁਸਾਰ ਗੁਰਮਿਤ ਦਾ ਪ੍ਰਚਾਰ ਕਰਨ ਤਾਂ ਗੁਰੂ ਦੀ ਗੋਲਕ ਲੋੜਵੰਦਾਂ ਤੇ ਲੋਕ ਭਲਾਈ ਲਈ ਵਰਤੀ ਜਾ ਸਕਦੀ ਹੈ। ਲੱਖਾਂ ਕਰੋੜਾਂ ਰੁਪਏ ਜੋ ਪੁਜਾਰੀ, ਪ੍ਰਚਾਰਕ, ਅਖੌਤੀ ਸਾਧ-ਸੰਤ ਡੇਰੇਦਾਰ ਅਤੇ ਹੰਕਾਰੀ ਤੇ ਲਾਲਚੀ ਪ੍ਰਬੰਧਕ ਛਕ ਜਾਂਦੇ ਹਨ। ਵੱਡੀਆਂ ਵੱਡੀਆਂ ਮਹਿੰਗੀਆਂ ਬਿਲਡਿੰਗਾਂ ਬਣਾ ਅਤੇ ਕੋਟ ਕਚਿਹਰੀਆਂ ਵਿੱਚ ਕੌਮ ਦਾ ਪੈਸਾ ਬਰਬਾਦ ਕਰ ਦਿੱਤਾ ਜਾਂਦਾ ਹੈ ਬਚ ਸਕਦਾ ਹੈ। ਸੋ ਇਸ ਕਰਕੇ ਕੌਮ ਨੂੰ ਕਿਰਤੀ ਪ੍ਰਬੰਧਕਾਂ ਅਤੇ ਪ੍ਰਚਾਰਕਾਂ ਦੀ ਲੋੜ ਹੈ ਨਾਂ ਕਿ ਉਨ੍ਹਾਂ ਪ੍ਰਬੰਧਕਾਂ, ਪੁਜਾਰੀ ਪ੍ਰਚਾਰਕਾਂ ਅਤੇ ਵਿਕਾਊ ਵਿਦਵਾਨਾਂ ਅਤੇ ਆਗੂਆਂ ਦੀ ਮੌਕੇ ਤੇ ਮੋਕ ਮਾਰ ਜਾਣ।


14/12/15)
ਬਲਦੇਵ ਸਿੰਘ ਫਿਰੋਜ਼ਪੁਰ।

ਪਰਮ ਸਤਿਕਾਰ ਯੋਗ ਡਾ: ਸਰਬਜੀਤ ਸਿੰਘ ਜੀ।

ਗੁਰੂ ਫਤਹਿ ਪ੍ਰਵਾਨ ਕਰਨੀਂ ਜੀ।

ਕਾਫੀ ਦਿਨ ਹੋ ਗਏ, ਸ਼ਾਇਦ ੧੫ ਨਵੰਬਰ ਅਤੇ ਐਤਵਾਰ ਦਾ ਦਿਨ ਸੀ, ਉਸ ਦਿਨ ਕੁੱਝ ਵਕਤ ਮਿਲਿਆ, ਸੋਚਿਆ ਅੱਜ ਕੋਈ ਲੇਖ ਪੜ੍ਹ ਲੈਂਦਾ ਹਾਂ। ਲੇਖਾਂ ਵਾਲੇ ਮੁੱਖ ਪੰਨੇਂ ਤੇ ਆਪ ਜੀ ਦੇ ਲੇਖ, "ਨਾਮ ਦੀ ਪ੍ਰਾਪਤੀ ਸਹਿਜੇ ਸਹਿਜੇ ਅਡੋਲ ਅਵਸਥਾ ਵਿੱਚ ਹੁੰਦੀ ਹੈ" ਦਾ ਹੈਡਿੰਗ ਪੱੜ੍ਹ ਕੇ ਮਨ ਨੂੰ ਬਹੁਤ ਅੱਛਾ ਲਗਿਆ। ਹੈਡਿੰਗ ਵਿੱਚ ਹੀ ਕਾਫੀ ਸਚਾਈ ਸੀ।

ਹੈਡਿੰਗ ਤੇ ਕਲਿਕ ਕੀਤਾ ਤਾਂ ਪੂਰਾ ਲੇਖ ਸਾਹਮਣੇਂ ਖੁੱਲ ਗਿਆ। ਤਾਂ ਪਤਾ ਲੱਗਾ, ਕੇ ਇਹ ਤਾਂ ਆਪ ਜੀ ਦਾ ਨਾਮ ਦੇ ਵਿਸ਼ੇ ਤੇ ਲੇਖ ਲੜੀ ਦਾ ‘ਛੇਵਾਂ ਭਾਗ` ਸੀ। ਮੁੱਖ ਪੱਨੇਂ ਤੇ ਲੇਖ ਦੇ ਹੈਡਿੰਗ ਦੇ ਨਾਲ ਭਾਗਾਂ ਦਾ ਵੇਰਵਾ ਜਾਂ ਤਰਤੀਬ ਨਹੀਂ ਸੀ,

ਫਿਰ ਮੈਂ ਆਪ ਜੀ ਦੇ ਲੇਖਾਂ ਵਾਲਾ ਫੋਲਡਰ ਖੋਲਿਆ। ਅਤੇ ਇਸ ਤੋਂ ਪਹਿਲੇ ਵਾਲੇ ਪੰਜਾਂ ਸਮੇਤ ਛੇ ਲੇਖ, ਮੈਂ ਇੱਕ ਅਲੱਗ ਫੋਲਡਰ ਵਿੱਚ ਸੇਵ ਕੀਤੇ। ਅਤੇ ਧਿਆਨ ਨਾਲ ਪੜ੍ਹਨੇਂ ਸ਼ੁਰੂ ਕੀਤੇ। ਬਹੁਤੇ ਵਿਦਵਾਨ (ਪਾਠਕ) ਕਿਸੇ ਦੇ ਲਿਖੇ ਲੇਖਾਂ ਵਿਚੋਂ ਆਮ ਕਰਕੇ ਪਹਿਲੇ ਗਲਤੀਆਂ ਜਾਂ ਸਿਰਫ ਗਲਤੀਆਂ ਢੂੰਡਦੇ ਹਨ। ਪਰ ਮੈਂ ਵਿਦਵਾਨਾਂ ਦੇ ਲੇਖਾਂ ਵਿਚੋਂ ਸਚਾਈ ਢੂੰਡਦਾ ਹਾਂ। ਜਿੱਥੇ ਮੈਨੂੰ ਸਚਾਈ ਦਿੱਸਦੀ ਹੈ, ਮੈਂ ਤਾਰੀਫ ਕੀਤੇ ਬਿਨਾਂ ਨਹੀਂ ਰਹਿ ਸੱਕਦਾ।

ਮੈਂ ਆਪ ਜੀ ਦੇ ਪਹਿਲੇ ਦੋ ਲੇਖ, ਇਕ-ਇਕ ਲਾਈਨ ਬੜੇ ਧਿਆਨ ਨਾਲ ਪੜ੍ਹੇ ਹਨ ਜੀ। ਲੇਖਾਂ ਵਿੱਚ ਮੈਨੂੰ ਕੁੱਝ ਵੀ ਝੂਠ ਨਹੀਂ ਸੀ ਲੱਗਿਆ। ਕੁੱਝ ਇੱਕ ਲਾਈਨਾਂ ਨੂੰ ਸੁਧਾਰਨ ਦੀ ਲੋੜ ਜਰੂਰ ਹੈ ਜੀ, ਪਰ ਇਸ ਨੂੰ ਅਸੀਂ ਗੱਲਤੀ ਨਹੀਂ ਕਹਿ ਸੱਕਦੇ। ਮੈਂ ਸੱਭ ਪਾਠਕਾਂ ਨੂੰ ਬੇਨਤੀ ਕਰਨੀਂ ਚਾਹਵਾਂ ਗਾ ਜੀ, ਸਾਰੇ ਵੀਰ ਧਿਆਨ ਨਾਲ ਡਾ: ਸਰਬਜੀਤ ਸਿੰਘ ਜੀ ਦੇ ਇਹਨਾਂ ਲੇਖਾਂ ਨੂੰ ਪੜ੍ਹਨ, ਵਿਚਾਰਨ ਅਤੇ ਲਾਭ ਉਠਾਉਣ। ਕਿਸੇ ਵੀਰ ਨੂੰ ਕੋਈ ਗਲਤੀ ਨਜ਼ਰ ਆਵੇ, ਜੋ ਮੇਰੇ ਧਿਆਨ ਵਿੱਚ ਨਾਂ ਆਈ ਹੋਵੇ, ਤਾਂ ਦੱਸਣ ਦੀ ਕ੍ਰਿਪਾਲਤਾ ਕਰਨ ਜੀ।

(ਡਾ ਸਾਹਿਬ ਜੀ ਆਪ ਜੀ ਦੇ ਲੇਖ ਪੜ੍ਹਨ ਤੋਂ ਬਾਅਦ, ਆਪ ਜੀ ਦੇ ਨਾਮ ਪੱਤਰ ਲਿਖਣਾਂ ਚਾਹੁੰਦਾ ਸੀ, ਕਾਫੀ ਦਿਨਾਂ ਬਾਦ ਅੱਜ ਕੁੱਝ ਵਕਤ ਮਿਲਿਆ, ਸੋ ਅੱਜ ਲਿਖ ਰਿਹਾ ਹਾਂ ਜੀ)

ਡਾ ਸਰਬਜੀਤ ਸਿੰਘ ਜੀ, ਆਪ ਜੀ ਦੇ ਬਾਕੀ ਚਾਰ ਲੇਖ ਵੀ ਤਰਦੀ ਜਿਹੀ ਨਿਗਾਹ ਨਾਲ ਪੜ੍ਹੇ ਹਨ ਜੀ, ਆਪ ਜੀ ਦੇ ਸਾਰੇ ਹੀ ਲੇਖ ਗੁਰਬਾਣੀਂ ਅਨੂਸਾਰ ਸਹੀ ਹਨ ਜੀ।

ਸਿਰਫ ਇੱਕ ਛੋਟਾ ਜਿਹਾ ਸ਼ੰਕਾ ਹੈ ਮਨ ਵਿਚ, ਜੋ ਮੈਂ ਇਸ ਪੱਤਰ ਵਿੱਚ ਆਪ ਜੀ ਨਾਲ ਸਾਂਝਾ ਕਰਾਂ ਗਾ ਜੀ। ਜੇ ਕਰ ਮੇਰਾ ਇਹ ਸ਼ੰਕਾ ਨਿਰਮੂਲ ਸਿੱਧ ਹੋ ਜਾਵੇ, ਤਾਂ ਮੈਨੂੰ ਬਹੁਤ ਖੁਸ਼ੀ ਹੋਵੇ ਗੀ ਜੀ।

ਅਗਰ ਮੇਰਾ ਸ਼ੰਕਾ ਸਹੀ ਹੈ ਤਾਂ ਮੈਨੂੰ ਦੁੱਖ ਹੋਵੇ ਗਾ, ਕਿਉਂ ਕੇ ਆਪ ਜੀ ਦੇ ਲੇਖ ਪੱੜ੍ਹ ਕੇ ਬਹੁਤ ਆਸਾਂ ਲੱਗੀਆਂ ਹਨ ਤੁਹਾਡੇ ਤੇ।

ਸੋ ਮੇਰਾ ਇਹ ਸੰਕਾ ਗਲਤ ਸਿੱਧ ਹੋਣ ਨਾਲ ਮੈਨੂੰ ਬੇਹਦ-ਬੇਹੱਦ ਖੁਸ਼ੀ ਹੋਵੇ ਗੀ ਜੀ, ਇਤਨੀਂ ਖੁਸ਼ੀ ਸਾਇਦ ਕਿਸੇ ਨੂੰ ਪੂਰੀ ਧਰਤੀ ਦਾ ਰਾਜ (ਬਾਦਸ਼ਾਹਤ) ਮਿਲਣ ਨਾਲ ਵੀ ਨਾਂ ਹੋਵੇ।

ਇਹ ਸੰਕਾ ਜਾਂ ਸਵਾਲ ਸਿਰਫ ਤੁਹਾਡੇ ਨਾਲ ਹੀ ਨਹੀਂ, ਇੱਕ ਤਰਾਂ ਸਾਰੇ ਹੀ ਵਿਦਵਾਨ ਵੀਰਾਂ ਨਾਲ ਸਾਂਝਾ ਹੈ ਜੀ।

(ਅਤੇ ਮੈਂ ਇਹ ਕੰਮ, ਇੱਕ ਸੇਵਾ ਸਮਝ ਕੇ, ਜਾਂ ਇੱਕ ‘ਮਾਨਵਵਾਦੀ` ਕੰਮ ਸਮਝ ਕੇ ਕਰ ਰਿਹਾ ਹਾਂ ਜੀ)

ਪਹਿਲੇ ਇੱਕ ਉਧਾਰਨ ਦੇਣਾਂ ਚਾਹੁੰਦਾ ਹਾਂ ਜੀ,

ਜਿਵੇਂ ਕਿ ਪੈਸੇ ਦੀ ਕੀਮਤ ਨੂੰ ਤਕਰੀਬਨ ਸਾਰੇ ਹੀ ਜਾਣਦੇ ਹਨ।

ਇਕ ਆਦਮੀਂ, ਸੰਸਾਰ ਦੀਆਂ ਪ੍ਰਮੁਖ ਕਰੰਸੀਆਂ, ਯੂ. ਐਸ. ਡਾਲਰ, ਪਾਊਂਡ, ਯੁਰੋ, ਭਾਰਤੀ ਰੁਪਈਆ, ਆਦੀ ਦੀ ਕੀਮਤ ਦਾ ਵੇਰਵਾ, ਬਾ-ਖੂਬੀ ਜਾਣਦਾ ਹੋਵੇ। ਅਰਥ-ਸ਼ਾਸਤ੍ਰੀ ਹੋਵੇ, ਸੰਸਾਰ ਦੇ ਸਾਰੇ ਦੇਸ਼ਾਂ, ਅਤੇ ਰਾਜਾਂ ਦੇ ਵੱਖ-ਵੱਖ ਜੀ. ਡੀ. ਪੀ. ਦਾ, ਅਤੇ ਕੁੱਲ ਖਰਚਿਆਂ ਦਾ ਵੇਰਵਾ ਜਾਣਦਾ ਹੋਵੇ। ਅਰਥ-ਵਿਵਸਥਾ ਦੇ ਸੁਥਾਰ ਵਾਸਤੇ, ਸੁਝਾਉ ਵੀ ਦੇ ਸੱਕਦਾ ਹੋਵੇ। ਪਰ ਜੇ ਉਸ ਦੀ ਆਪਣੀਂ ਜੇਬ ਵਿੱਚ ਹਜ਼ਾਰ ਰੁਪਈਆ ਵੀ ਨਾਂ ਹੋਵੇ, ਤਾਂ ਅਰਥ-ਸ਼ਾਸਤ੍ਰੀ ਹੋਣ ਦਾ ਉਸ ਨੂੰ ਕੀ ਫਾਇਦਾ।

੧੧ ਅਕਤੂਬਰ ਵਾਲੇ ਆਪਣੇਂ ਲੇਖ ਵਿੱਚ ਸਰਦਾਰ ਮੱਖਣ ਸਿੰਘ ਜੀ ਪੁਰੇਵਾਲ ਜੀ ਨੇਂ ਬਹਤ ਵੱਡੀ ਗੱਲ ਕਹੀ ਸੀ ਜੀ। ਉਹ ਲਿਖਦੇ ਹਨ,

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗੁਰਬਾਣੀ ਵਿਚਲੇ ਸਿਧਾਂਤ ਸਾਰੀ ਲੋਕਾਈ ਨੂੰ ਸਹੀ ਸੇਧ ਦੇਣ ਦੇ ਸਮਰੱਥ ਹਨ। ਇਸ ਬਾਰੇ ਅਨੇਕਾਂ ਹੀ ਲੇਖ ਅਤੇ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ। ‘ਸਿੱਖ ਮਾਰਗ’ ਤੇ ਵੀ ਇੱਕ ਲੇਖ ਲੜੀ ਇਸੇ ਵਿਸ਼ੇ ਨਾਲ ਸੰਬੰਧਿਤ ਚੱਲ ਰਹੀ ਹੈ। ਇਹ ਲੇਖ ਲੈਫ਼ ਕਰਨਲ (ਰਿਟਾਇਰ) ਗੁਰਦੀਪ ਸਿੰਘ ਦੇ ਲਿਖੇ ਹੋਏ ਹਨ। ਇਸ ਤਰ੍ਹਾਂ ਦੇ ਲੇਖ ਇਹ ਪਹਿਲਾਂ ਵੀ ਲਿਖ ਚੁੱਕੇ ਹਨ। ਇਸ ਤਰ੍ਹਾਂ ਦੇ ਲੇਖ ਲਿਖਣੇ ਕੋਈ ਮਾੜੀ ਗੱਲ ਨਹੀਂ ਸਗੋਂ ਬਹੁਤ ਵਧੀਆ ਗੱਲ ਹੈ। ਪਰ ਕੀ ਲੇਖ ਲਿਖਣ ਨਾਲ ਹੀ ਗੱਲ ਮੁੱਕ ਜਾਂਦੀ ਹੈ? ਨਹੀਂ, ਬਿੱਲਕੁੱਲ ਨਹੀਂ। ਪਹਿਲਾਂ ਆਪ ਇਹ ਗੁਰਬਾਣੀ ਦੇ ਸਿਧਾਂਤ ਅਪਣਾਉਣੇਂ ਪੈਣਗੇ ਅਤੇ ਫਿਰ ਸਾਰੀ ਲੋਕਾਈ ਨੂੰ ਦੱਸਣੇ ਪੈਣਗੇ। ਹਾਲੇ ਤਾਂ ਆਪ ਵੀ ਕਿਨਕਾ ਮਾਤਰ ਨਹੀਂ ਅਪਣਾਏ ਤਾਂ ਦੁਨੀਆ ਨੂੰ ਕੀ ਦੱਸਣੇ ਹਨ ਅਤੇ ਜੇ ਕਰ ਦੱਸ ਵੀ ਦਿੱਤੇ ਤਾਂ ਦੁਨੀਆ ਤੇ ਉਸ ਦਾ ਕੀ ਅਸਰ ਹੋਵੇਗਾ? ਕੁੱਝ ਵੀ ਨਹੀਂ।

ਬਹੁਤ ਵੱਡੀ ਸਚਾਈ ਹੈ ਇਹ, ਜੋ ਸਰਦਾਰ ਮੱਖਣ ਸਿੰਘ ਜੀ ਪੁਰੇਵਾਲ ਜੀ ਨੇਂ ਕਹੀ ਹੈ।

ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਵਿਆਯਾਮ ਬਹੁਤ ਜਰੂਰੀ ਹੈ। ਪਰ ਵਿਆਯਾਮ ਦੇ ਖਾਲੀ ਤਰੀਕੇ ਪੜ੍ਹਨ ਨਾਲ, ਸਰੀਰ ਤੰਦਰੁਸਤ ਨਹੀਂ ਹੋ ਸੱਕਦਾ, ਵਿਆਯਾਮ ਵਾਸਤੇ ਸਖਤ ਮੇਹਨਤ ਕਰਨੀਂ ਪੈਂਦੀ ਹੈ, ਪਸੀਨਾਂ ਬਹਾਉਣਾਂ ਪੈਂਦਾ ਹੈ। ਫਿਰ ਸਰੀਰ ਤੰਦਰੁਸਤ ਹੁੰਦਾ ਹੈ। ਅਗਰ ਕਿਤਾਬਾਂ ਪੜ੍ਹਿਆਂ ਹੀ ਸਰੀਰ ਨਿਰੋਗ ਹੋ ਜਾਵੇ, ਤਾਂ, ਫਿਰ ਤਾਂ ਕੋਈ ਬਿਮਾਰ ਹੀ ਨਾਂ ਹੋਵੇ, ਅਤੇ ਨਾਂ ਹੀ ਕਿਸੇ ਨੂੰ ਦਵਾਈ, ਹਕੀਮ ਜਾਂ ਡਾਕਟਰ ਹੀ ਲੋੜ ਪਵੇ।

ਇਸ ਵਾਸਤੇ ਬੇਨਤੀ ਹੈ ਜੀ ਕੇ, ਗੁਰਬਾਣੀਂ ਦੀ ਵਿਚਾਰ, ਵਿਆਖਿਆ, ਟੀਕੇ ਜਾਂ ਲੇਖਾਂ ਰਾਹੀਂ ਦੂਸਰਿਆਂ ਨੂੰ ਸਮਝਾਉਣ ਤੋਂ ਪਹਿਲੇ, ਸਾਨੂੰ ਖੁਦ ਆਪਣੇਂ ਜੀਵਨ ਨੂੰ ਗੁਰਬਾਣੀਂ ਦੇ ਦੱਸੇ ਅਨੂਸਾਰ ਢਾਲਣਾਂ, ਜਾਂ ਗੁਰਬਾਣੀਂ ਦੇ ਦੱਸੇ ਰਸਤੇ ਤੇ ਚੱਲਣਾਂ, ਜਾਂ ਗੁਰਬਾਣੀਂ ਦੇ ਸਿਧਾਂਤਾਂ ਤੇ ਅਮਲ ਕਰਨਾਂ ਚਾਹੀਦਾ ਹੈ ਜੀ।

ਵੀਰ ਡਾ ਸਰਬਜੀਤ ਸਿੰਘ ਜੀ, ਗੁਰਬਾਣੀਂ ਦਾ ਪੂਰੇ ਦਾ ਪੂਰਾ ਫਲਸਫਾ (ਸਿਧਾਂਤ) ‘ਨਾਮ` ਦੇ ਇਰਦ ਗਿਰਦ ਘੁੰਮਦਾ ਹੈ। ਆਪ ਜੀ ਦੇ ਲੇਖ ਵੀ ਇਸ ਗੱਲ ਦੀ ਹਾਮੀਂ ਭਰਦੇ ਹਨ। ਨਾਮ ਤੋਂ ਬਿਨਾਂ ਕੁੱਝ ਵੀ ਨਹੀਂ। ਨਾਮ ਤੋਂ ਸ਼ੁਰੂ ਹੋ ਕੇ ਨਾਮ ਵਿੱਚ ਸਮਾਉਣਾਂ ਹੀ ਗੁਰਬਾਣੀਂ ਦਾ ਸਿਧਾਂਤ ਹੈ।

ਸਤਿਕਾਰ ਯੋਗ ਵੀਰ ਜੀ, ਮੇਰਾ ਸ਼ੰਕਾ ਜਾਂ ਸਵਾਲ ਆਪ ਸਮਝ ਹੀ ਗਏ ਹੋਵੋ ਗੇ ਜੀ।

ਪਰ ਫਿਰ ਵੀ ਮੈਂ ਸਪਸ਼ਟ ਸ਼ਬਦਾਂ ਵਿੱਚ ਦੱਸਣਾਂ ਚਾਹੁੰਦਾ ਹਾਂ ਜੀ, ਕਿ ਜਿਵੇਂ ਕੇ ਪਹਿਲੇ ਵੀ ਮੈਂ ਲਿਖ ਵੀ ਚੁਕਾ ਹਾਂ ਜੀ, ਕਿ ਆਪ ਜੀ ਦੇ ਛੇ ਦੇ ਛੇ ਲੇਖਾਂ ਵਿੱਚ ਆਪ ਜੀ ਨੇਂ ਸੱਭ ਸੱਚ ਲਿਖਿਆ ਹੈ, ਕੁੱਝ ਵੀ ਝੂਠ ਨਹੀਂ ਲਿਖਿਆ।

ਇਸ ਦੇ ਬਾਵਜੂਦ ਮੇਰਾ ਸ਼ੰਕਾ ਇਹ ਜੀ, ਕਿ ਮੇਰੇ ਵਿਚਾਰ ਵਿਚ, ਆਪ ਜੀ ਨੂੰ ਨਾਮ ਦਾ ਪਤਾ ਨਹੀਂ ਹੈ ਜੀ। ਕਿਉਂ ਕਿ ਇਸ ਗੱਲ ਦਾ ਪਤਾ ਦਾਸ ਨੂੰ ਆਪ ਜੀ ਦੇ ਲੇਖ ਪੜ੍ਹ ਕੇ ਲੱਗਾ ਹੈ ਜੀ।

(ਇਹ ਗੱਲ ਮੈਂ ਆਪ ਜੀ ਦੇ ਲੇਖਾਂ ਦਾ ਇੱਕ ਕਦਰਦਾਨ ਹੋਣ ਦੇ ਨਾਤੇ ਲਿਖ ਰਿਹਾ ਹਾਂ ਜੀ। ਕਿਸੇ ਬਹਿਸ ਜਾਂ ਕਿਸੇ ਵੀ ਹੋਰ ਮਕਸਦ ਨਾਲ ਨਹੀਂ ਲਿਖ ਲਿਖ ਰਿਹਾ ਹਾਂ ਜੀ) ਮੈਨੂੰ ਆਪਣਾਂ ਸੇਵਾਦਾਰ ਸਮਝਣਾਂ ਜੀ।

ਜੇ ਮੇਰਾ ਸੰਕਾ ਸੱਚ ਹੈ, ਕਿ ਆਪ ਜੀ ਨੂੰ ਨਾਮ ਦਾ ਪਤਾ ਨਹੀਂ ਹੈ। ਤਾਂ ਖਾਲੀ ਲੇਖ ਲਿਖਣ ਦਾ ਕੀ ਫਾਇਦਾ ਹੋਵੇ ਗਾ ਜੀ।

ਜੇ ਮੇਰਾ ਇਹ ਸੰਕਾ ਝੂਠਾ ਸਾਬਤ ਹੋ ਜਾਵੇ, ਤਾਂ ਸੱਚਮੁਚ ਮੈਨੂੰ ਬੇਹੱਦ ਖੁਸ਼ੀ ਹੋਵੇ ਗੀ ਜੀ।

ਆਪ ਜੀ ਨਰਾਜ਼ ਨਾਂ ਹੋਣਾਂ ਜੀ, ਝਗੜਾ ਨਹੀਂ ਕਰਨਾਂ ਜੀ ਵਿਚਾਰ ਦੇਣਾਂ ਜੀ, ਅਤੇ ਵਿਚਾਰ ਕਰਨਾਂ ਜੀ। ਮੇਰੀਆਂ ਗੱਲਾਂ ਪੜ੍ਹ ਕੇ, ਆਪ ਜੀ ਦੇ ਮਨ ਨੂੰ (ਜਾਂ ਕਿਸੇ ਦੇ ਵੀ ਮਨ ਨੂੰ) ਕੋਈ ਠੇਸ ਪਹੁੰਚੇ ਤਾਂ ਮੈਨੂੰ ਬਹੁਤ ਦੁੱਖ ਹੋਵੇ ਗਾ ਜੀ। ਮੈਂ ਤਾਂ ਉਹੀ ਲਿਖਦਾ ਹਾਂ ਜੋ ਬਾਣੀਂ ਕਹਿੰਦੀ ਹੈ ਜੀ। ਗੁਰਬਾਣੀਂ ਨੂੰ ਗੋਪ ਨਹੀਂ ਸੱਕਦਾ, ਝੂਠ ਬੋਲ ਨਹੀਂ ਸੱਕਦਾ। ਲੋਕ ਕੀ ਸੁਣਨਾਂ ਚਾਹੁੰਦੇ ਹਨ, ਇਸ ਦਾ ਥੋੜਾ ਬਹੁਤ ਅੰਦਾਜ਼ਾ ਮੈਨੂੰ ਵੀ ਹੈ ਜੀ। ਪਰ ਮੈਂ ਗੁਰਬਾਣੀਂ ਦੇ ਸੱਚ ਨਾਲ ਤਿਲ ਭਰ ਵੀ ਸਮਝੌਤਾ ਨਹੀਂ ਕਰ ਸੱਕਦਾ ਜੀ। ਸੱਚਮੁੱਚ ਮੈਂ ਕਿਸੇ ਦੇ ਦਿਲ ਨੂੰ ਰਤੀ ਭਰ ਵੀ ਠੇਸ ਨਹੀਂ ਪਹੁੰਚਾੳਣਾਂ ਚਾਹੁੰਦਾ ਜੀ। ਸਾਰੇ ਵੀਰੋ ਅਤੇ ਭਰਾਉ ਮੈਨੂੰ ਮਾਫ ਕਰ ਦੇਣਾਂ ਜੀ। ਜਾਣ ਬੁੱਝ ਕੇ ਮੈਂ ਕਿਸੇ ਦੇ ਖਿਲਾਫ ਕਦੇ ਵੀ ਨਹੀਂ ਲਿਖਦਾ ਜੀ। ਮੇਰਾ ਸੱਭ ਨੂੰ ਤਰਲਾ ਹੈ ਵੀਰੋ ਮੈਨੂੰ ਮਾਫ ਕਰ ਦੇਣਾਂ ਜੀ, ਮੈਨੂੰ ਮਾਫ ਕਰ ਦੇਣਾਂ ਜੀ, ਮੈਨੂੰ ਮਾਫ…. . ।

ਅੱਗੇ ਨਾਮ ਬਾਰੇ ਕੁੱਝ ਆਪਣੇਂ ਵਿਚਾਰ ਵੀ, ਮੈਂ ਆਪ ਜੀ ਨਾਲ ਸਹਿਯੋਗੀ ਵਜੋਂ ਸਾਝੇ ਕਰਨੇਂ ਚਾਹੁੰਦਾ ਹਾਂ ਜੀ।

ਹਰਿ ਕੇ ਨਾਮ ਬਿਨਾ ਸੁੰਦਰਿ ਹੈ ਨਕਟੀ।। ਜਿਉ ਬੇਸੁਆ ਕੇ ਘਰਿ ਪੂਤੁ ਜਮਤੁ ਹੈ ਤਿਸੁ ਨਾਮੁ ਪਰਿਓ ਹੈ ਧ੍ਰਕਟੀ।। ੧।। ਰਹਾਉ।।

(ਕਿਸੇ ਮਨੁੱਖ ਵਿੱਚ ਹੋਰ ਚਾਹੇ ਹਜ਼ਾਰ ਔਗੁਣ ਹੋਣ, ਤਾਂ ਇਤਨੀ ਭਾਰੀ ਸਜਾ ਨਹੀਂ ਮਿਲਦੀ, ਜਿਤਨੀ ਕੇ ਨਾਮ ਵਿਹੂਣੇਂ ਮਨੁੱਖ ਵਾਸਤੇ ਗੁਰਬਾਣੀਂ ਦੱਸਦੀ ਹੈ) (ਹੋਰ ਵੱਡੇ ਤੋਂ ਵੱਡੇ ਗੁਨਾਂਹ ਬਖਸ਼ੇ ਜਾ ਸਕਦੇ ਹਨ। ਅਘਘੋਰ ਪਾਪ ਵੀ ਬਖਸ਼ੇ ਜਾ ਸੱਕਦੇ ਹਨ ਜੀ। ਪਰ ਇਹ ‘ਨਾਮ ਵਾਲਾ ਗੁਨਾਹ` ਕਿਸੇ ਵੀ ਤਰੀਕੇ ਜਾਂ ਕਿਸੇ ਵੀ ਕਰਮ ਨਾਲ ਬਖਸਿਆ ਨਹੀਂ ਜਾ ਸੱਕਦਾ। ਬੇਸ਼ਕ ਲੱਖ ਚਾਹੇ, ਪ੍ਰਮਾਤਮਾਂ ਵੀ ਇਸ ਗੁਨਾਹ ਨੂੰ ਬਖਸ਼ ਨਹੀਂ ਸੱਕਦਾ)

ਇਸਤਰੀ ਦੀ ਸੁੰਦਰਤਾ ਜੁਗਾਂ ਤੋਂ ਚਰਚਾ ਦਾ ਵਿਸ਼ਾ ਰਹੀ ਹੈ। ਇਤਿਹਾਸਕ ਕਥਾ ਕਹਾਣੀਆਂ ਵਿੱਚ ਵੀ ਕਈ ਸੁੰਦਰ ਇਸਤਰੀਆਂ ਦਾ ਨਾਮ ਬਹੁਤ ਮਸ਼ਹੂਰ ਹੈ। ਜਰਾ ਸੋਚੋ! ਕਿਸੇ ਸੁੰਦਰ ਇਸਤਰੀ ਦਾ ਜੇ ਨੱਕ ਹੀ ਕੱਟਿਆ ਜਾਵੇ, ਤਾਂ ਉਸ ਇਸਤਰੀ ਨੂੰ ਕੀ ਫਿਰ ਵੀ ਕੋਈ ਸੰਦਰ ਕਹੇ ਗਾ।

ਇਸੇ ਤਰਾਂ ਮਨੁਖ ਚਾਹੇ ਕਿਤਨਾਂ ਵੀ ਪਰਾਕਰਮੀ ਹੋਵੇ, ਚਹੁ ਕੁੰਟਾ ਵਿੱਚ ਉਸ ਦਾ ਨਾਮ ਹੋਵੇ, ਸਾਰੀ ਦੁਨੀਆਂ ਤੇ ਉਸ ਦਾ ਰਾਜ ਹੋਵੇ, ਮਹਾਂ ਗਿਆਨੀ ਵੀ ਹੋਵੇ, ਸੰਸਾਰ ਦੀਆਂ ਸਾਰੀਆਂ ਭਾਸ਼ਾਵਾਂ ਜਾਣਦਾ ਹੋਵੇ, ਸੰਸਾਰ ਦੇ ਸਾਰੇ ਧਰਮ ਗ੍ਰੰਥਾਂ ਦਾ ਗਿਆਤਾ, ਅਤੇ ਜੁਬਾਨੀਂ ਟੀਕਾਕਾਰ ਵੀ ਹੋਵੇ। ਪਰ ਜੇ ਉਸ ਦੇ ਪਾਸ ਨਾਮ ਨਹੀਂ ਤਾਂ, ਉਹ ਮਨੁੱਖ ਇਸਤਰਾਂ ਹੈ, ਜਿਵੇਂ ਨੱਕ ਕੱਟੇ ਵਾਲੀ ਇਸਤਰੀ। ਨਾਮ ਤੋਂ ਬਿਨਾਂ ਸੱਭ ਦੇ ਨੱਕ ਕਟੇ ਜਾਣ ਗੇ। (ਕਲਪਨਾਂ ਕਰੋ, ਨੱਕ ਕਟੇ ਵਾਲੀ ਇਸਤਰੀ ਕੈਸੀ ਲੱਗੇ ਗੀ)

ਅਤੇ ਨਾਮ ਤੋਂ ਬਿਨਾਂ ਮਨੁੱਖ ਇਸ ਤਰਾਂ ਹੈ, ਜਿਵੇਂ ਵੇਸਵਾ ਦਾ ਪੁੱਤਰ ਹੁੰਦਾ ਹੈ। ਵੇਸੁਆ ਦੇ ਪੁੱਤਰ ਨੂੰ ਲੋਕ ਧ੍ਰਟਕੀ (ਵਿਭਚਾਰਨ ਇਸਤਰੀ ਦਾ ਹਰਾਮੀ ਪੁੱਤਰ) ਕਹਿੰਦੇ ਹਨ। (ਰਹਾਉ)

ਨਾਮ ਤੋ ਬਿਨਾਂ ਮਨੁਖ, "ਵੇਸਵਾ ਦਾ ਪੁੱਤਰ ਕਿਵੇਂ ਅਤੇ ਕਿਉਂ ਕਹਿਲਾਂਦਾ ਹੈ" ਇਸ ਨੂੰ ਪੂਰੀ ਤਰਾਂ ਸਮਝਣ ਵਾਸਤੇ ਸ਼ਾਇਦ ਲੇਖ ਬਹੁਤ ਲੰਬਾ ਹੋ ਜਾਵੇ ਗਾ, ਇਸ ਵਾਸਤੇ ਇਸ ਬਾਰੇ ਕਿਤੇ ਫਿਰ ਵਿਸਥਾਰ ਨਾਲ ਲਿਖਣ ਦੀ ਕੋਸ਼ਿਸ਼ ਕਰਾਂ ਗਾ ਜੀ।

ਜਿਨ ਹਰਿ ਹਿਰਦੈ ਨਾਮੁ ਨ ਵਸਿਓ ਤਿਨ ਸਭਿ ਕਾਰਜ ਫੀਕ।। ਜੈਸੇ ਸੀਗਾਰੁ ਕਰੈ ਦੇਹ ਮਾਨੁਖ ਨਾਮ ਬਿਨਾ ਨਕਟੇ ਨਕ ਕੀਕ।। ੩।।

‘ਨੱਕ` ਅਤੇ ਪੱਗ ਬੰਦੇ ਦੀ ਇੱਜਤ ਦੇ ਪ੍ਰਤੀਕ ਹੁੰਦੇ ਹਨ।

ਬਾਣੀਂ ਦੀਆਂ ਇਹਨਾਂ ਤੁਕਾਂ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਮਹਾਂਰਾਜ ਜੀ ਵੀ ਸਮਝਾ ਰਹੇ ਹਨ, ਕਿ ਸੰਸਾਰ ਵਿੱਚ ਵਡੀਆਂ ਵੱਡੀਆਂ ਇਜਤਾਂ ਵਾਲੇ, (ਇਥੇ ‘ਸੀਗਾਰ` ਤੋਂ ਭਾਵ ਕੋਈ ਸੁਰਖੀ-ਬਿੰਦੀ ਜਾਂ ਗਹਿਣੇਂ-ਗੱਟੇ ਤੋਂ ਨਹੀਂ ਹੈ) ਵੱਡੇ-ਵਡੇ ਰੁਤਬਿਆਂ ਵਾਲੇ, ਸਨਮਾਨਤ ਹਸਤੀਆਂ, ਵੱਡਿਆਂ ਨਾਵਾਂ ਅਤੇ ਹੋਰ ਵੀ ਸੰਸਾਰੀ ਉਪਾਧੀਆਂ ਅਤੇ ਰਤਨਾਂ ਨਾਲ ‘ਸ਼ਿੰਗਾਰੇ ਹੋਏ` ਮਨੁੱਖ, ਆਪਣੇਂ ਆਪ ਵਿੱਚ ਅਤੇ ਸੰਸਾਰ ਦੀਆਂ ਨਜ਼ਰਾਂ ਵਿਚ, ਚਾਹੇ ਉਹ ਕਿਤਨੇਂ ਵੀ ਸ਼ਿੰਗਾਰੇ ਹੋਏ ਕਿਉਂ ਨਾਂ ਹੋਣ, ਨਾਮ ਤੋਂ ਬਿਨਾਂ ਉਹ ਨਕਟੇ ਹੀ ਹਨ।

ਅਗਲੀ ਕੜੀ ਵਿੱਚ ਗੁਰੂ ਰਾਮਦਾਸ ਜੀ ਨਾਮ ਤੋਂ ਬਿਨਾਂ ਮਨੁੱਖ ਨੂੰ ਕੋਹੜੀ ਦੀ ਸੰਗਿਆ ਦੇ ਰਹੇ ਹਨ।

ਨਾਮ ਬਿਨਾ ਕੁਸਟੀ ਮੋਹ ਅੰਧਾ।। ਸਭ ਨਿਹਫਲ ਕਰਮ ਕੀਏ ਦੁਖੁ ਧੰਧਾ।। ੩।।

ਨਾਮ ਤੋਂ ਬਿਨਾਂ ਹੋਰ ਸਾਰੇ ਹੀ ਕਰਮ ਧਰਮ ਨਿਹਫਲ ਹਨ, ਅਤੇ ਦੁੱਖਾਂ ਦਾ ਧੰਦਾ (ਦੁੱਖਾਂ ਦਾ ਕਾਰੋਬਾਰ ਜਾਂ ਦੁੱਖਾਂ ਦਾ ਵਪਾਰ) ਹਨ। ਜੈਸਾ ਧੰਦਾ ਤੈਸਾ ਫੰਦਾ।

(ਅਜੇਹਾ ਹੈ ਜੀ ਨਾਮ ਤੋਂ ਬਿਨਾਂ ਮਨੁੱਖਾ ਦੇਹੀ ਦਾ ਫਲ)

ਇਸ ਵਾਸਤੇ ਸਾਨੂੰ ਨਿਰਾ ਜੁਬਾਨੀਂ ਜੁਬਾਨੀਂ ਹੀ ਨਾਮ ਧਨ ਦੀ ਲਾਲਸਾ ਵਿਚ, ਜਾਂ ਨਾਮ ਦੇ ਫਲ ਦੀ ਆਸ ਦੇ ਭੁਲੇਖੇ ਵਿਚ, ਇਹ ਮਨੁੱਖਾ ਜੀਵਨ ਨਿਹਫਲ ਹੀ ਬਰਬਾਦ ਨਹੀਂ ਕਰਨਾਂ ਚਾਹੀਦਾ।

ਸੱਭ ਦਾ ਸੇਵਕ ਸੱਭ ਦਾ ਦਾਸ

ਬਲਦੇਵ ਸਿੰਘ ਫਿਰੋਜ਼ਪੁਰ।


ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।


12/12/15)
ਜਸਪ੍ਰੀਤ ਕੌਰ ਫਰੀਦਾਬਾਦ/ ਉਪਕਾਰ ਸਿੰਘ ਫ਼ਰੀਦਾਬਾਦ

ਅਕਾਲਪੁਰਖ ਅਗੇ ਅਰਦਾਸ ਤਾਂ ਅਕਾਲਪੁਰਖ ਨੂੰ ਸਿਮਰ ਕੇ ਹੋ ਸਕਦੀ ਹੈ ਨਾ ਕਿ ਭਗੌਤੀ ਨੂੰ ਸਿਮਰ ਕੇ: ਸ. ਉਪਕਾਰ ਸਿੰਘ ਫ਼ਰੀਦਾਬਾਦ
੨੦੦੩ ਵਿੱਚ ਮੌਹਾਲੀ ਵਿਖੇ ਹੋਈ ਵਰਲਡ ਸਿੱਖ ਕਨਵੈਨਸ਼ਨ ਵਿੱਚ ਵੀ ਭਗੌਤੀ ਦਾ ਖਹਿੜਾ ਛੱਡ ਕੇ ਦਲੇਰੀ ਭਰਿਆ ਕਦਮ ਚੁੱਕਿਆ ਗਿਆ:
ਜਸਪ੍ਰੀਤ ਕੌਰ ਫਰੀਦਾਬਾਦ: ੧੨ ਦਸੰਬਰ ੨੦੧੫
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫ਼ਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਦੁਬਈ ਦੀਆਂ ਸੰਗਤਾਂ ਵਧਾਈ ਦੀਆਂ ਪਾਤਰ ਹਨ ਜਿੰਨ੍ਹਾਂ ਨੇ ਇੱਕ ਸਾਹਸ ਵਾਲਾ ਕਦਮ ਚੁਕੱਦਿਆਂ ਭਗੌਤੀ ਦੇਵੀ ਤੋਂ ਖਹਿੜਾ ਛੱਡਾ ਕੇ ਅਕਾਲਪੁਰਖ ਅੱਗੇ ਅਰਦਾਸ ਕੀਤੀ। ਉਨ੍ਹਾਂ ਦਸਿਆ ਕਿ ੨੦੦੩ ਵਿੱਚ ਮੌਹਾਲੀ ਵਿਖੇ ਹੋਈ ਵਰਲਡ ਸਿੱਖ ਕਨਵੈਨਸ਼ਨ ਵਿੱਚ ਵੀ ਇਹ ਦਲੇਰੀ ਭਰਿਆ ਕਦਮ ਚੁੱਕਿਆ ਗਿਆ ਤੇ ਉਥੇ ਹਾਜ਼ਰੀਨ ਸੰਗਤਾਂ ਨੇ ਭਗੌਤੀ ਨੂੰ ਛੱਡ ਕੇ ਅਕਾਲਪੁਰਖ ਅੱਗੇ ਅਰਦਾਸ ਕੀਤੀ ਸੀ। ਇਸ ਤੋਂ ਇਲਾਵਾ ਦੇਸ਼ ਵਿਦੇਸ਼ਾਂ ਵਿੱਚ ਬੈਠੀਆਂ ਅਨੇਕਾਂ ਜਾਗਰੂਕ ਧਿਰਾਂ ਨੇ ਤਾਂ ਕਦੋਂ ਦਾ ਭਗੌਤੀ ਦੇਵੀ ਦਾ ਤਿਆਗ ਕਰ ਦਿੱਤਾ ਹੈ ਅਤੇ ਉਹ ਅਪਣੇ ਸਮਾਗਮਾਂ ਵਿੱਚ ਕੇਵਲ ਅਕਾਲਪੁਰਖ ਦਾ ਧਿਆਨ ਧਰ ਕੇ ਹੀ ਅਰਦਾਸ ਦੀ ਅਰੰਭਤਾ ਕਰਦੇ ਹਨ। ਸ. ਉਪਕਾਰ ਸਿੰਘ ਨੇ ਦਸਿਆ ਕਿ ਅਸਲ ਵਿੱਚ ਅਖੌਤੀ ਦਸਮ ਗ੍ਰੰਥ ਦੀ ਰਚਨਾ ਵਾਰ ਭਗੌਤੀ ਕੀ ਵਿਚੋਂ ਜਿਸ ਭਗੌਤੀ ਸਿਮਰ ਕੈ. . ਨੂੰ ਸਿੱਖ ਅਰਦਾਸ ਦਾ ਮੁੱਖੜਾ ਬਣਾ ਕੇ ਸਾਜਸ਼ ਤਹਿਤ ਸਿੱਖ ਰਹਿਤ ਮਰਿਆਦਾ ਵਿੱਚ ਦਰਜ ਕੀਤਾ ਗਿਆ ਹੈ ਉਹ ਅਸਲ ਵਿੱਚ ਇੱਕ ਦੇਵੀ ਹੈ। ਜਿਸ ਨੂੰ ਅਖੌਤੀ ਦਸਮ ਗ੍ਰੰਥ ਵਿੱਚ ਹੀ ਕਦੇ ਦੁਰਗਾ, ਮੰਗਲਾ, ਜਯੰਤੀ, ਕਾਲੀ, ਚੰਡੀ, ਕਾਲਕਾ, ਕਪਾਲਿਨੀ, ਹਿੰਗੁਲਾ, ਪਿੰਗੁਲਾ, ਸ਼ਿਵਾ ਆਦਿ ਨਾਵਾਂ ਨਾਲ ਸੰਬੋਧਨ ਕੀਤਾ ਗਿਆ ਹੈ। ਇਹ ਗੱਲ ਵਾਰ ਭਗੌਤੀ ਕੀ ਦੀ ੫੫ ਤੇ ਅੰਤਲੀ ਪਉੜੀ ਪੜ੍ਹਨ ਨਾਲ ਹੋਰ ਵੀ ਸਪਸ਼ਟ ਹੋ ਜਾਂਦਾ ਹੈ ਜਿਸ ਵਿੱਚ ਸਪਸ਼ਟ ਲਿਖਾ ਹੈ ਕਿ ਅਰਦਾਸ ਵਿੱਚ ਦਰਜ਼ ਭਗੌਤੀ ਸਿਮਰ ਕੈ …. ਵਾਲਾ ਬੰਦ ਦੁਰਗਾ ਪਾਠ ਦਾ ਹਿੱਸਾ ਹੈ। (ਦੁਰਗਾ ਪਾਠ ਬਣਾਇਆ ਸਭੇ ਪਉੜੀਆ ਫੇਰਿ ਨਾ ਜੂਨੀ ਆਇਆ ਜਿਨਿ ਇਹ ਗਾਇਆ॥ ੫੫॥ - ਅਖੌਤੀ ਦਸਮ ਗ੍ਰੰਥ/ਵਾਰ ਭਗੌਤੀ ਕੀ) ਜੇਕਰ ਕਿਸੇ ਨੂੰ ਇਸ ਗੱਲ ਬਾਬਤ ਸ਼ੰਕਾ ਹੋਵੇ ਤਾਂ ਉਹ ਅਖੌਤੀ ਦਸਮ ਗ੍ਰੰਥ ਦੇ ਹਮਾਇਤੀ ਵਿਰਸਾ ਸਿੰਘ ਦੇ ਡੇਰੇ ਵੱਲੋਂ ੫ ਭਾਗਾਂ ਵਿੱਚ ਛੱਪੇ ਦਸਮ ਗ੍ਰੰਥ ਦੇ ਅਰਥ ਪੜ੍ਹ ਕੇ ਅਪਣਾ ਭੁਲੇਖਾ ਦੂਰ ਕਰ ਸਕਦਾ ਹੈ। ਸ. ਉਪਕਾਰ ਸਿੰਘ ਨੇ ਕਿਹਾ ਕਿ ਸਿੱਖ ਸਮਾਜ ਜਾਗਰੂਕ ਹੋ ਰਿਹਾ ਹੈ ਅਤੇ ਅਖੌਤੀ ਦਸਮ ਗ੍ਰੰਥ ਤੋਂ ਖਹਿੜਾ ਛੱਡਾ ਕੇ ਕੇਵਲ ਗੁਰੁ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਮੁਤਾਬਕ ਜੀਵਨ ਜਿਉਣ ਲਈ ਨਿਡਰਤਾ ਨਾਲ ਫੈਸਲੇ ਲੈ ਰਿਹਾ ਹੈ ਜਿਸ ਨਾਲ ਪੰਥ ਵਿਰੋਧੀਆਂ ਦੀਆਂ ਤੜਫਨਾ ਲਾਜ਼ਮੀ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਮੱਕੜ ਨੂੰ ਇੰਨ੍ਹਾਂ ਤੜਫਨ ਦੀ ਲੋੜ ਨਹੀਂ ਕਿਉਂਕਿ ਪਿਛਲੀ ਦਿਨੀਂ ਅਖੌਤੀ ਜੱਥੇਦਾਰਾਂ ਵੱਲੋਂ ਸੌਦਾ ਸਾਧ ਦੀ ਮੁਆਫੀ ਨੂੰ ਸਹੀ ਕਰਾਰ ਦੇਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਜੋ ਗੁਰੁ ਦੀ ਗੋਲਕ ਦਾ ਲੱਖਾਂ ਰੁਪਇਆਂ ਅੰਨ੍ਹੇ ਵਾਹ ਸੁਟਿਆ ਗਿਆ ਉਸ ਨਾਲ ਤੁਹਾਡੇ ਪੰਥ ਹਿਤੇਸ਼ੀ ਹੋਣ ਦਾ ਪੱਕਾ ਸਬੂਤ ਮਿਲ ਚੁੱਕਾ ਹੈ ਤੇ ਅਕਾਲੀ ਸਰਕਾਰ ਦੇ ਰਾਜ ਵਿੱਚ ਪੰਜਾਬ ਵਿੱਚ ਗੁਰੁ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਲਗਾਤਾਰ ਬੇਅਦਬੀ ਵਾਲੀਆਂ ਘਟਨਾਵਾਂ ਤੋਂ ਸਿੱਖ ਸੰਗਤਾਂ ਚੰਗੀ ਤਰ੍ਹਾਂ ਸਮਝ ਚੁਕੀਆਂ ਹਨ ਕਿ ਅਖੌਤੀ ਜੱਥੇਦਾਰ ਅਤੇ ਸ਼੍ਰੋਮਣੀ ਕਮੇਟੀ ਸਿੱਖ ਕੌਮ ਦੀ ਵਾਗਡੋਰ ਸਾਂਭਣ ਦੇ ਸਮਰਥ ਨਹੀਂ ਹਨ। ਇਸ ਲਈ ਹੁਣ ਸਿੱਖਾਂ ਨੂੰ ਸਿੱਖ ਮਸਲਿਆਂ ਦੇ ਹੱਲ ਲਈ ਕੇਵਲ ਗੁਰੁ ਗ੍ਰੰਥ ਸਾਹਿਬ ਜੀ ਤੋਂ ਹੀ ਸੇਧ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਿਵਾਦਤ ਪੁਸਤਕ ਅਖੌਤੀ ਦਸਮ ਗ੍ਰੰਥ ਦੀ ਰਚਨਾ ਵਾਰ ਭਗੌਤੀ ਕੀ ਵਿੱਚ ਭਗੌਤੀ ਇੱਕ ਦੇਵੀ ਹੈ ਅਤੇ ਗੁਰੁ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਦੇਵੀ ਦੇਵਤਾਵਾਂ ਦੀ ਹੋਂਦ ਨੂੰ ਨਹੀਂ ਮੰਨਦੀ ਇਸ ਕਰਕੇ ਗੁਰੁ ਗ੍ਰੰਥ ਸਾਹਿਬ ਜੀ ਉਤੇ ਨਿਸ਼ਚਾ ਰਖਣ ਵਾਲੇ ਸਿੱਖਾਂ ਨੂੰ ਗੁਰੁ ਗ੍ਰੰਥ ਸਾਹਿਬ ਜੀ ਦੇ ਇਸ ਫੈਸਲੇ ਨੂੰ ਸਮਝਦਿਆਂ ਹੋਇਆ ਬਿਨਾਂ ਦੇਰੀ ਕੀਤੇ ਨਿਡਰਤਾ ਨਾਲ ਅਪਣੇ ਸਮਾਗਮਾਂ ਵਿੱਚ ਹੋਣ ਵਾਲੀ ਅਰਦਾਸ ਵਿਚੋਂ ਭਗੌਤੀ ਨਾਂ ਦੀ ਦੇਵੀ ਨੂੰ ਬਹਾਰ ਕੱਢ ਕੇ ਅਕਾਲਪੁਰਖ ਅੱਗੇ ਅਰਦਾਸ ਕਰਦਿਆਂ ਬ੍ਰਾਹਮਣਵਾਦੀ ਸੋਚ ਦੇ ਮਨਸੂਬਿਆਂ’ ਤੇ ਪਾਣੀ ਫੇਰ ਦੇਣਾ ਚਾਹੀਦਾ ਹੈ।


12/12/15)
ਅਵਤਾਰ ਸਿੰਘ ਮਿਸ਼ਨਰੀ

ਮੱਝ ਨੂੰ ਘੋੜਾ ਤੇ ਗਧੇ ਨੂੰ ਸ਼ੇਰ ਕਹਿਣ ਦੀ ਅੜੀ ਕਿਉਂ?

ਕੀ ਮੱਝ ਨੂੰ ਘੋੜਾ ਤੇ ਗਧੇ ਨੂੰ ਸ਼ੇਰ ਕਿਹਾ ਜਾ ਸਕਦਾ ਹੈ? ਕਦਾਚਿਤ ਵੀ ਨਹੀਂ ਫਿਰ ਅਖੌਤੀ ਦੁਰਗਾ-ਭਗਾਉਤੀ ਜਿਸ ਨੂੰ ਹਿੰਦੂ ਬ੍ਰਾਹਮਣ ਦੇਵੀ ਮੰਨ ਕੇ ਪੂਜਦੇ ਹਨ ਨੂੰ ਦਸਮ ਗ੍ਰੰਥੀਏ ਸਿੱਖ ਰੱਬ ਮਨ ਕੇ ਕਿਉਂ ਸਿਮਰ ਰਹੇ ਹਨ? ਕੀ ਇਹ ਮੱਝ ਨੂੰ ਘੋੜਾ ਤੇ ਗਧੇ ਨੂੰ ਸ਼ੇਰ ਕਹਿਣ ਵਾਲੀ ਅੜੀ ਨਹੀਂ? ਕੀ ਗੁਰਸਿੱਖ ਨੇ ਪ੍ਰਿਥਮ ਅਕਾਲ ਪੁਰਖ ਸਿਮਰਨਾਂ ਹੈ ਜਾਂ ਕੋਈ ਦੁਰਗਾ-ਭਗਾਉਤੀ ਦੇਵੀ? ਹਰੇਕ ਗੁਰਸਿੱਖ ਦਾ ਉੱਤਰ ਇਹ ਹੀ ਹੋਣਾ ਚਾਹਿਦਾ ਹੈ ਕਿ "ਅਕਾਲ ਪੁਰਖ" ਕਿਉਂਕਿ- ਏਕੋ ਸਿਮਰ ਨ ਦੂਜਾ ਭਾਉ॥ (199) ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮੁ ਨਹੀਂ ਜਾਨਾ॥ (332) ਬਾਕੀ ਅਰਦਾਸ ਕੋਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਕਿ ਉਸ ਵਿੱਚ ਕੁਝ ਬਦਲੀ ਨਹੀਂ ਹੋ ਸਕਦੀ। ਜੋ ਇਸ ਦੀ ਪਹਿਲੀ ਪਉੜੀ ਨੂੰ ਦਸਮ ਗ੍ਰੰਥ ਦੀ ਰਚਨਾ ਮੰਨਦੇ ਹਨ ਉਨ੍ਹਾਂ ਅਨੁਸਾਰ ਜੇ ਬਾਣੀ ਹੈ ਤਾਂ ਉਨ੍ਹਾਂ ਨੂੰ ਕਿਸ ਨੇ ਹੱਕ ਦਿੱਤਾ ਸੀ ਕਿ "ਵਾਰ ਦੁਰਗਾ ਕੀ" ਨੂੰ ਬਦਲ ਕੇ "ਵਾਰ ਸ੍ਰੀ ਭਗਾਉਤੀ ਜੀ ਕੀ" ਕਰ ਦੇਣ? ਨਾਲੇ ਬਹੁਤੇ ਡੇਰੇ, ਨਿਹੰਗ, ਸੰਪ੍ਰਦਾਈ, ਨਿਰਮਲੇ, ਉਦਾਸੀ ਅਤੇ ਨਾਮਧਾਰੀ ਸਭ ਅਲੱਗ ਅਲੱਗ ਅਰਦਾਸ ਕਰਦੇ ਹਨ ਅਤੇ ਆਪਣੇ ਡੇਰਿਆਂ, ਸੰਪ੍ਰਦਾਵਾਂ ਅਤੇ ਸੰਸਥਾਵਾਂ ਵਿੱਚ ਗੁਰਮਤਿ ਵਿਰੋਧੀ ਬ੍ਰਾਹਮਣੀ ਕਰਮਕਾਂਡ ਮੂਰਖਤਾ, ਧੱਕੇ, ਧੌਂਸ ਅਤੇ ਆਪਣੇ ਆਪ ਨੂੰ ਪੂਰਨ ਬ੍ਰਹਮਗਿਆਨੀ ਦਰਸਾ ਕੇ ਕਰੀ ਕਰਾਈ ਜਾ ਰਹੇ ਹਨ, ਓਥੇ ਮੱਕੜ, ਧੁੱਮੇ, ਮਾਨ ਅਤੇ ਉਨ੍ਹਾਂ ਧਿਰਾਂ ਦਾ ਖੂਨ ਕਿਉਂ ਨਹੀਂ ਖੌਲਦਾ ਜੋ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਨ ਗੁਰੂ ਮੰਨਣ ਵਾਲਿਆਂ ਵਿਰੁੱਧ ਖੌਲਦਾ ਹੈ?

ਕੀ ਪੈਸੇ ਖਾਤਰ ਧਰਮ ਅਸਥਾਨਾਂ ਤੇ ਬਿਨਾਂ ਸੁਣੇ, ਸੋਚੇ, ਸਮਝੇ ਅਤੇ ਵਿਚਾਰੇ ਸੈਂਕੜਿਆਂ ਦੀ ਤਦਾਦ ਵਿੱਚ ਅਖੰਡ ਪਾਠ ਕਰਨੇ ਗੁਰਮਤਿ ਹਨ? ਕੀ ਗੁਰੂ ਗਾਹਿਬ ਗੁਰੂ ਗ੍ਰੰਥ ਸਾਿਹਬ ਜੀ ਸਾਨੂੰ ਪੈਸੇ ਕਮਾਉਣ ਲਈ ਲਿਖ ਕੇ ਦੇ ਗਏ ਸਨ? ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ, ਗੁਰੂ ਗੋਬਿੰਦ ਸਿੰਘ ਜੀ ਅਤੇ ਮਿਸਲਾਂ ਦੇ ਸਮੇਂ ਤੱਕ ਸਿੱਖ ਕਿਹੜੀ ਅਰਦਾਸ ਕਰਦੇ ਸਨ? ਜਦ ਕਿ ਇਹ ਅਖੌਤੀ ਦਸਮ ਗ੍ਰੰਥ ਇਧਰ ਓਧਰ ਦੇ ਕਵੀਆਂ ਦੀਆਂ ਰਚਨਾਵਾਂ ਜੋੜ ਕੇ ਹੋਂ ਵਿੱਚ ਵੀ ਨਹੀਂ ਆਇਆ ਸੀ? ਜੇ ਹੋਰ ਗ੍ਰੰਥ ਵੀ ਗੁਰੂ ਗ੍ਰੰਥ ਸਾਹਿਬ ਵਾਂਗ ਹੀ ਮੰਨਣੇ ਹਨ ਤਾਂ ਫਿਰ ਹਰ ਰੋਜ ਸੁਭਾ ਸ਼ਾਮ ਅਤੇ ਦਿਨ ਵਿੱਚ ਕਈ ਵਾਰ ਸਾਰੇ ਸੰਗਤ ਰੂਪ ਵਿੱਚ ਇਕੱਠੇ ਹੋ ਕੇ ਇਹ ਕਿਉਂ ਪੜ੍ਹਦੇ ਤੇ ਬਾਰ ਬਾਰ ਦੁਹਰਾਉਂਦੇ ਕਿ-ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ? ਕੀ ਇਹ ਤੋਤਾ ਰਟਨੀ ਸਿਰਫ ਦਿਖਾਵੇ ਜਾਂ ਦੁਹਰਾਉਣ ਮਾਤਰ ਹੀ ਹੈ? ਭਲਿਓ ਜੋ ਵੀ ਗੁਰੂਆਂ, ਭਗਤਾਂ, ਭੱਟਾਂ ਅਤੇ ਗੁਰਸਿੱਖਾਂ ਨੇ ਬਾਣੀ ਰਚੀ ਉਹ ਗੁਰੂ ਗ੍ਰੰਥ ਸਾਹਿਬ ਵਿਖੇ ਸੁਭਾਏ ਮਾਨ ਹੈ ਕਿਉਂਕਿ ਜੋਤਿ ਸਿਧਾਂਤ ਇੱਕ ਹੈ ਫਿਰ ਜੇ ਗੁਰੂ ਗੋਬਿੰਦ ਸਿੰਘ ਜੀ ਵੀ ਬਾਣੀ ਰਚਦੇ ਤਾਂ ਉਹ ਵੀ ਗੁਰੂ ਗ੍ਰੰਥ ਸਾਹਿਬ ਵਿਖੇ ਸੁਭਾਇਮਾਨ ਹੋਣੀ ਸੀ ਨਾਂ ਕਿ ਕਿਸੇ ਹੋਰ ਗ੍ਰੰਥ ਵਿੱਚ। ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨਾਲੋਂ ਤੋੜਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਧੂਰਾ ਸਾਬਤ ਕਰਨ ਲਈ ਹੀ ਅਖੌਤੀ ਦਸਮ ਗ੍ਰੰਥ ਬਰਾਬਰ ਸੇਮ ਅਕਾਰ ਦਾ ਖੜਾ ਕਰ ਦਿੱਤਾ ਗਿਆ ਹੈ। ਗੁਰਸਿੱਖੋ ਜਰਾ ਠੰਡੇ ਦਿਲ ਦਿਮਾਗ ਨਾਲ ਸੋਚੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਿੱਖ ਦਾ ਪਾਰਉਤਾਰਾ ਨਹੀਂ ਕਰ ਸਕਦੀ ਕਿ ਉਸ ਨੂੰ ਕਿਸੇ ਹੋਰ ਗ੍ਰੰਥ ਦੀ ਆਸਤਾ ਦੀ ਵੀ ਓਟ ਲੈਣੀ ਪੈਂਦੀ ਹੈ? ਸੋ ਸਿੱਖ ਨੂੰ "ਪ੍ਰਿਥਮ ਅਕਾਲ ਪੁਰਖ ਸਿਮਰ ਕੈ" ਹੀ ਅਰਦਾਸ ਅਰੰਭ ਕਰਨੀ ਚਾਹੀਦੀ ਹੈ ਨਾਂ ਕਿ "ਪ੍ਰਿਥਮ ਭਗਾਉਤੀ (ਦੁਰਗਾ) ਸਿਮਰ ਕੈ" ਦੇਖੋ ਸਾਫ ਲਿਖਿਆ ਪਿਆ ਹੈ ਕਿ-ਦੁਰਗਾ ਪਾਠ ਬਣਾਇਆ ਸਭੇ ਪਾਉੜੀਆਂ॥ (ਦੁਰਗਾ ਕੀ ਵਾਰ ਦਸਮ ਗ੍ਰੰਥ) ਫਿਰ ਧੱਕੇ ਨਾਲ ਮੱਝ ਨੂੰ ਘੋੜਾ ਤੇ ਗਧੇ ਨੂੰ ਸ਼ੇਰ ਕਹੀ ਜਾਣਾ ਕਿੱਧਰ ਦੀ ਸਿਆਣਪ ਹੈ? ਭਲਿਓ ਗਧੇ ਅੱਗੇ ਬੀਨ ਵਜੌਣ ਨਾਲ ਗਧਾ ਸ਼ੇਰ ਨਹੀਂ ਬਣ ਜਾਣਾ। ਜਿਨਾਂ ਮੱਝ ਤੇ ਘੋੜੇ ਅਤੇ ਗਧੇ ਤੇ ਸ਼ੇਰ ਵਿੱਚ ਅੰਦਰ ਹੈ ਏਦੋਂ ਵੀ ਕਿਤੇ ਜਿਆਦਾ ਦੁਰਗਾ-ਭਗਾਉਤੀ ਦੇਵੀ ਨੂੰ ਰੱਬ ਸਮਝ ਕੇ ਸਿਮਰਨ ਵਿੱਚ ਹੈ। ਦੁਰਗਾ-ਭਗਾਉਤੀ ਹਿੰਦੂ ਬ੍ਰਾਹਮਣ ਧਿਆਂਉਂਦੇ ਹਨ, ਅਸੀਂ ਨਾ ਬ੍ਰਾਹਮਣ, ਹਿੰਦੂ ਤੇ ਨਾਂ ਹੀ ਮੁਸਲਮਾਨ ਹਾਂ-ਨਾ ਹਮ ਹਿੰਦੂ ਨ ਮੁਸਲਮਾਨ॥ (1136) ਦੁਰਗਾ-ਭਗਾਉਤੀ ਸਿਮਰ ਕੇ ਵੀ ਕਿਉਂ ਕਹੀ ਜਾਂਦੇ ਹੋ ਕਿ ਹਮ ਹਿੰਦੂ ਨਹੀਂ? ਅਖੋਤੀ ਦਸਮ ਗ੍ਰੰਥ ਹੀ ਸਿੱਖ ਗੁਰੂਆਂ ਨੂੰ ਲਵ-ਕੁਛ ਦੀ ਉਲਾਦ ਦੱਸਦਾ ਹੈ ਤੇ ਕੁਝ ਸਾਲ ਪਹਿਲੇ ਗਿ. ਪੂਰਨ ਸਿੰਘ ਨੇ ਵੀ ਇਸੇ ਕਰਕੇ ਸਿੱਖਾਂ ਨੂੰ ਲਵ-ਕੁਛ ਦੀ ਉਲਾਦ ਕਿਹਾ ਸੀ। ਕੀ ਅਸੀਂ ਇਸ ਬਾਰੇ ਠਰੰਮੇ ਨਾਲ ਸੋਚਾਂਗੇ ਜਾਂ ਬਿਨਾਂ ਸੋਚੇ ਸਮਝੇ ਆਪਸ ਵਿੱਚ ਦੁਰਗਾ-ਭਗਾਉਤੀ ਦੀ ਤਲਵਾਰ ਫੜ ਕੇ ਹੀ ਲੜੀ ਜਾਂਵਾਂਗੇ?


09/12/15)
ਦਲਜੀਤ ਸਿੰਘ ਲੁਧਿਆਣਾ

ਦਲਜੀਤ ਸਿੰਘ ਲੁਧਿਆਣਾ
ਅਰਦਾਸ ਵਿੱਚ ਬਦਲਾਅ ਦੇ ਰੌਲੇ ਰੱਪੇ ਬਾਰੇ


ਗੁਰੂ ਨਾਨਕ ਜੀ ਨੇ ਕੋਈ ਧਰਮ ਨਹੀਂ ਬਣਾਇਆ ਬਲਕਿ ਸਮੁਚੇ ਧਰਮਾਂ ਜੋ ਸੰਪ੍ਰਦਾਈ ਲੋਕਾਂ ਦੇ ਆਪੋ-ਆਪਣੇ ਬਣਾਏ ਹੋਏ ਧਰਮ ਹਨ, ਤੇ ਕਾਟਾ ਮਾਰਿਆ ਹੈ ਅਤੇ ਮਨੁਖਤਾ ਦੇ ਧਰਮ (ਮਾਨਵਵਾਦ) ਦੀ ਗੱਲਕੀਤੀ ਹੈ:
''ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥''....ਪੰਚਮ ਗੁਰੂ ਨਾਨਕ (ਅਧਿਆਪਕ)
ਪਰ ਸਾਡੇ ਵਿਚ ਘੁਸ-ਪੈਠ ਕਰਕੇ ਆਏ ਨਿਰਮਲਿਆਂ ਅਤੇ ਸੰਪਰਦਾਈ ਲੋਕਾਂ ਨੇ ਬ੍ਰਾਹਮਣ ਦੀ ਨਕਲ ਕਰਦੇ ਹੋਏ ਸਿੱਖ ਧਰਮ ਖੜਾ ਕਰ ਲਿਆ ਅਤੇ ਅਸੀਂ ਤਸਲੀਮ ਵੀ ਕਰ ਲਿਆ। ਬਾਬਾ ਨਾਨਕ ਦਾ ਘਰ ਤਾਂ ਓਹ ਹੈ ਜੋ ਸਮੁੱਚੀ ਮਾਨਵਤਾ ਦਾ ਪਹਿਰੇਦਾਰ ਹੈ ਨਾ ਕਿ ਨਿੱਜ ਦਾ, ਪਰ ਸਾਡੀ ਤਾ ਅਰਦਾਸ ਵੀ ਨਿੱਜ ਦੀ ਹੈ ਜਿਸ ਦਾ ਅਸੀਂ ਰੌਲਾ ਪਾ ਰਹੇ ਹਾਂ ਕਿ ਇਸ ਨੂੰ ਕੋਈ ਨਹੀਂ ਬਦਲ ਸਕਦਾ। ਮਾਨਵਤਾ ਦੀ ਗੱਲ ਤਾਂ ਕ਼ੀ ਕਰਨੀ ਹੈ ਅਸੀਂ ਤਾਂ ਅਤੀ ਸਤਿਕਾਰ ਯੋਗ ਭਗਤਾਂ ਦੀ ਵੀ ਗੱਲ ਅਰਦਾਸ ਵਿੱਚ ਨਹੀਂ ਕਰਦੇ, ਇੱਸੇ ਲਈ ਤਾਂ ਲੰਬੇ ਸਮੇਂ ਤੋ ਆਪਣੇ ਕੀਤੇ ਦੀ ਸਜ਼ਾ ਭੁਗਤ ਰਹੇ ਹਾਂ। ਪਹਿਲਾਂ ਕੋਈ ਇਹ ਤਾਂ ਦੱਸੇ ਕਿ ਸਾਡੀ ਅਰਦਾਸ ਸੁਣਦਾ ਕੌਣ ਐਂ ? ਕੀ ਸਾਨੂੰ ਗੁਰੂ ਸਹਿਬਾਨ ਨੇ ਆਪਣੇ ਸਰੀਰਾਂ ਨਾਲ ਜੋੜਿਆ ਸੀ ਜਾਂ ਸ਼ਬਦ ਨਾਲ, ਅਸੀਂ ਤਾਂ ਗੁਰੂ ਸਹਿਬਾਨ ਦੇ ਸਰੀਰਾਂ ਨਾਲ ਜੁੜਨ ਦੀ ਗੱਲ ਨੂੰ ਛੱਡੋ ਆਪਣੇ ਚਹੇਤੇ ਲੋਕਾਂ ਦੇ ਸਰੀਰਾਂ ਨਾਲ ਜੁੜੇ ਲੋਕ ਹਾਂ, ਆਪਣੇ ਨਿਜੀ ਹਿਤਾਂ, ਨਿੱਜੀ ਹਉਮੈਂ ਦੀ ਭੁੱਖ ਲਈ। ਜਿਨ੍ਹਾਂ ਨਾਲ ਅਸੀਂ ਜੁੜੇ ਹੋਏ ਹਾਂ ਓਹਨਾਂ 'ਚੋਂ ਵੀ ਬਹੁ-ਗਿਣਤੀ ਨੱਕੋ-ਨੱਕ ਹਉਮੈਂ ਨਾਲ ਭਰੇ ਲੋਕ ਹਨ, ਜੋ ਸਿੱਖ ਭਾਈ-ਚਾਰੇ ਲਈ ਘਾਤਕ ਹਨ। ਇੱਕ ਅਰਦਾਸ ਦੀ ਗੱਲ ਛੱਡੋ ਸਾਰੀ ਰਹਿਤ-ਮਰਿਯਾਦਾ ਹੀ ਗੁਰਮੱਤ ਦੀ ਕਸਵੱਟੀ ਤੇ ਖਰੀ ਨਹੀਂ ਉੱਤਰਦੀ। ਮਨੁੱਖ ਦੀ ਮਰਿਯਾਦਾ ਗੁਰਬਾਣੀ ਹੀ ਹੈ ਜੋ ਮਨੁੱਖ ਨੂੰ ਜਨਮ ਤੋ ਲੈਕੇ ਚੜ੍ਹਾਈ ਕਰਨ ਤੱਕ ਸੁਖੀ ਜੀਵਨ ਸਬੰਧ ਹਰ ਗੱਲ ਦੀ ਪ੍ਰੇਰਨਾ ਦੇਂਦੀ ਹੈ । ਇਹ ਧਰਮ ਬਣਾਉਣ ਵਾਲੇ ਲੋਕਾਂ ਵੱਲੋਂ ਬਣਾਈ ਮਰਿਯਾਦਾ ਤਾਂ ਸ਼ਰਧਾਲੂਆਂ ਨੂੰ ਕੈਦ ਕਰਨ ਲਈ ਬਣਾਈ ਜਾਂਦੀ ਹੈ ਜੋ ਮਨੁੱਖ ਨੂੰ ਗਿਆਨਹੀਣ ਕਰਦੀ ਹੈ ਜਾਂ ਗਿਆਨ ਦੇ ਦਰਵਾਜੇ ਬੰਦ ਕਰ ਦੇਂਦੀ ਹੈ ਅਤੇ ਵਿਚਾਰਾ ਮਨੁੱਖ ਭੇਡ ਦੀ ਨਿਆਈਂ ਇਹਨਾ ਧਰਮ ਦੇ ਠੇਕੇਦਾਰਾਂ ਅੱਗੇ ਸਿਰ ਨਿਵਾਈ ਖੜਾ ਰਹਿੰਦਾ ਹੈ । ਇਹ ਮਰਿਯਾਦਾਵਾਂ ਮਨੁੱਖ ਨੂੰ ਬੰਧਨਾਂ ਵਿੱਚ ਬੰਨਦੀਆਂ ਹਨ ਜਦ ਕਿ ਗੁਰਬਾਣੀ ਮਨੁੱਖ ਦੇ ਬੰਧਨ ਤੋੜਦੀ ਹੈ, ਫਿਰ ਕਿਉ ਅਸੀਂ ਐਸੀ ਮਰਿਯਾਦਾ ਨੂੰ ਮਨੀਏਂ ਜੋ ਮਨੁੱਖ ਨੂੰ ਗਿਆਨਹੀਣ ਅਤੇ ਡਰਪੋਕ ਬਣਾਵੇ। ਜੇ ਸਿੱਖ ਭਾਈਚਾਰੇ ਦਾ ਮਰਿਯਾਦਾ ਬਗੈਰ ਨਹੀਂ ਸਰਦਾ ਤਾਂ ਉਸ ਦੀ ਹਰ ਮਦ ਨਾਲ ਗੁਰਬਾਣੀ ਦੇ ਪੰਜ ਸ਼ਬਦ ਜੋੜੇ ਜਿਨ੍ਹਾਂ ਤੇ ਓਹ ਮਦ ਪੂਰੀ ਉੱਤਰਦੀ ਹੋਵੇ ਅਤੇ ਜੋ ਪੂਰੀ ਮਨੁੱਖਤਾ ਨੂੰ ਆਪਣੇ ਕਲਾਵੇ ਵਿੱਚ ਲਵੇ ਔਰ ਉਸ ਵਿੱਚ ਕੋਈ ਵੀ ਬੰਦਨ ਮਨੁੱਖ ਦੀ ਆਪਣੀ ਸੋਚ ਵਾਲਾ ਨਾ ਹੋਕੇ ਕੇਵਲ ਅਤੇ ਕੇਵਲ ਗੁਰਬਾਣੀ ਅਨੁਸਾਰੀ ਹੋਵੇ। ਗੁਰਬਾਣੀ ਕੇਵਲ ਪ੍ਰੇਮ (ਮਾਨਵਵਾਦ ਦੇ ਫਲਸਫੇ) ਨਾਲ ਜੋੜਦੀ ਹੈ, ਤੋੜਦੀ ਬਿਲਕੁਲ ਨਹੀਂ। ਇਸ ਲਈ ਉਸ ਗੁਰਬਾਣੀ ਉੱਤੇ ਉਤਰਦੀ ਮੱਦ ਦੀ ਮਰਿਯਾਦਾ ਕਦੇ ਵੀ ਮਨੁੱਖ ਨੂੰ ਡਰਾਵੇਗੀ ਨਹੀਂ ਬਲਕਿ ਗਿਆਨਵਾਨ ਹੋਣ ਲਈ ਉਤਸ਼ਾਹਤ ਕਰੇਗੀ।
ਦਲਜੀਤ ਸਿੰਘ ਲੁਧਿਆਣਾ।


09/12/15)
ਨਿਰਮਲ ਸਿੰਘ ਕੰਧਾਲਵੀ

ਛੋਟੀ ਵੱਡੀ ਅਰਦਾਸ
ਸੁਬਾਹ ਸਵੇਰੇ ਇੱਕ ਮਾਈ,
ਆਈ ਗੁਰੂਦੁਆਰੇ।
ਭਾਈ ਜੀ ਅਰਦਾਸ ਕਰੌਣੀ,
ਹੱਥ ਬੰਨ੍ਹ ਅਰਜ਼ ਗੁਜ਼ਾਰੇ।
ਇੰਡੀਆ ਦੀ ਮੈਂ ਕਰੀ ਤਿਆਰੀ,
ਅਰਦਾਸ ਕਰਿਓ ਜ਼ਰਾ ਚੰਗੀ।
ਸਿਹਤ ਵੀ ਰਹਿੰਦੀ ਢਿੱਲੀ ਮੱਠੀ,
ਹੋਵੇ ਰਾਹ ਵਿੱਚ ਨਾ ਕੋਈ ਤੰਗੀ।
ਦੋ ਅਰਦਾਸਾਂ ਅਸੀਂ ਕਰਦੇ ਬੀਬੀ,
ਇਕ ਵੱਡੀ ਇੱਕ ਛੋਟੀ।
ਉਂਜ ਸਭ ਵੱਡੀ ਕਰਵਾਉਂਦੇ,
ਘੱਟ ਹੀ ਕਰੀਏ ਛੋਟੀ।
ਭਾਈ ਜੀ ਕੀ ਫਰਕ ਦੋਹਾਂ ਵਿਚ,
ਮੈਨੂੰ ਇਹ ਸਮਝਾਉ।
ਅਰਦਾਸ ਹੋਵੇ ਬਸ ਚੰਗੀ ਜੇਹੀ,
ਜੋ ਮਰਜ਼ੀ ਰੇਟ ਲਗਾਉ।
ਛੋਟੀ ਦੇ ਨੇ ਲਗਦੇ ਗਿਆਰਾਂ,
ਵੱਡੀ ਦੇ ਲਗਦੇ ਇੱਕੀ।
ਵੱਡੀ ਆਖਰ ਵੱਡੀ ਹੁੰਦੀ,
ਨਿੱਕੀ ਦੀ ਗੱਲ ਨਿੱਕੀ।
ਹੋਰ ਫਰਕ ਕੀ ਵਿੱਚ ਦੋਹਾਂ ਦੇ,
ਕਰ ਦਿਉ ਜ਼ਰਾ ਖੁਲਾਸਾ।
ਗੱਲ ਖੋਲ੍ਹ ਕੇ ਦੱਸੋ ਸਾਰੀ,
ਭੇਦ ਨਾ ਰੱਖਿਓ ਮਾਸਾ।
ਵੱਡੀ ਦੇਊ ਫੁੱਲ ਪਰੋਟੈਕਸ਼ਨ,
ਛੋਟੀ ਜ਼ਰਾ ਹੈ ਰਿਸਕੀ।
ਵੱਡੀ ਹਰ ਥਾਂ ਪਾਰ ਲੰਘਾਊ,
ਛੋਟੀ ਖਿਸਕੀ ਕਿ ਖਿਸਕੀ।
ਭਾਈ ਜੀ ਤੁਸੀਂ ਕਰ ਦਿਉ ਵੱਡੀ,
ਕੋਈ ਫਰਕ ਨਹੀਂ ਪੈਣਾ।
ਦਸਾਂ ਪੌਂਡਾਂ ਦੇ ਨੋਟ ਪਿੱਛੇ,
ਮੈਂ ਕੋਈ ਰਿਸਕ ਨਹੀਂ ਲੈਣਾ।
ਨਿਸ਼ਚਿੰਤ ਹੋ ਕੇ ਦੂਜੇ ਦਿਨ ਮਾਈ,
ਚੜ੍ਹ ਗਈ ਫੇਰ ਜਹਾਜ਼ੇ।
ਖੁਸ਼ੀ ਖੁਸ਼ੀ ਪਹੁੰਚੀ ਅੰਮ੍ਰਿਤਸਰ,
ਕੰਨਾਂ ਵਿੱਚ ਵੱਜਣ ਵਾਜੇ।
ਉਡੀਕ ਉਡੀਕ ਕੇ ਥੱਕ ਗਈ ਮਾਈ,
ਪਰ ਟੈਚੀਕੇਸ ਨਾ ਆਇਆ।
ਪਟਾ ਜਿਹਾ ਵੀ ਰੁਕ ਗਿਆ ਜਦ,
ਮਾਈ ਨੇ ਰੌਲਾ ਪਾਇਆ।
ਏਅਰਲਾਈਨ ਦਾ ਬੰਦਾ ਕਹਿੰਦਾ,
ਕਦੇ ਐਸਾ ਵੀ ਹੋ ਜਾਂਦਾ।
ਲੱਦਣ ਵਾਲ਼ੇ ਗ਼ਲਤੀ ਕਰਦੇ,
ਸਾਮਾਨ ਮਿਕਸ ਹੋ ਜਾਂਦਾ।
ਸੱਤ ਦਿਨਾਂ ਤੋਂ ਮਾਈ ਆਪਣਾ,
ਹੁਣ ਟੈਚੀਕੇਸ ਉਡੀਕੇ।
ਏਅਰਲਾਈਨ ਕੁੱਝ ਦੱਸਦੀ ਨਾਹੀਂ,
ਜਿਵੇਂ ਸੌਂ ਗਏ ਭੰਗ ਪੀ ਕੇ।
ਗੁੱਸੇ ਦੇ ਵਿੱਚ ਮਾਈ ਨੇ ਫਿਰ,
ਫੋਨ ਭਾਈ ਨੂੰ ਕੀਤਾ।
ਖ਼ੂਬ ਸੁਣਾਈਆਂ ਤੱਤੀਆਂ ਠੰਢੀਆਂ,
ਹਿਰਦਾ ਠੰਢਾ ਕੀਤਾ।
ਕਹਿੰਦੀ ਆਉਣ ਦੇ ਮੈਨੂੰ ਵਾਪਸ ਯੂ. ਕੇ.
ਤੈਨੂੰ ਨਾ ਮੈਂ ਛੱਡੂੰ।
ਇੱਕੀਆਂ ਦੇ ਮੈਂ ‘ਕੱਤੀ ਭਾਈ,
ਤੇਰਿਆਂ ਹੱਡਾਂ `ਚੋਂ ਕੱਢੂੰ।
ਸਿੱਖਿਆ
ਕਰਨ ਲਈ ਅਰਦਾਸ ਗੁਰੂ ਨੂੰ,
ਤੂੰ ਲੱਭ ਨਾ ਕੋਈ ਵਿਚੋਲਾ।
ਭੋਲ਼ੇ ਭਾਅ ਗੱਲ ਗੁਰੂ ਨੂੰ ਕਹਿ ਦੇ,
ਕਿਉਂ ਰੱਖਨੈ ਵਿੱਚ ਓਹਲਾ?
ਜਾਣੀਜਾਣ ਤੇਰੇ ਉਹ ਦਿਲ ਦਾ,
ਬਿਨ ਬੋਲੇ ਸਭ ਜਾਣੇ।
ਸ਼ੁੱਧ ਹਿਰਦੇ ਦੀ ਬਾਤ ਹੈ ਸਾਰੀ,
ਕਹਿੰਦੇ ਸਭ ਸਿਆਣੇ।
ਜਿਸ ਪੰਡੇ ਤੋਂ ਬਾਬੇ ਨਾਨਕ,
ਸੀ ਖਹਿੜਾ ਛੁਡਵਾਇਆ।
ਉਹ ਪੰਡਾ ਅੱਜ ਰੂਪ ਬਦਲ ਕੇ,
ਸਿੱਖੀ ਦੇ ਵਿਹੜੇ ਆਇਆ।

ਨਿਰਮਲ ਸਿੰਘ ਕੰਧਾਲਵੀ


09/12/15)
ਰਘਬੀਰ ਸਿੰਘ ਮਾਨਾਂਵਾਲੀ

ਸੌਦਾ ਸਾਧ ਦਾ ‘ਮੁਆਫੀਨਾਮਾ’ ਅਤੇ ‘ਸਦਭਾਵਨਾ’ ਦਾ ਅਸਲੀ ਸੱਚ
-ਰਘਬੀਰ ਸਿੰਘ ਮਾਨਾਂਵਾਲੀ

ਅਕਾਲ ਤਖ਼ਤ ਦੇ ਅਦਬ, ਸਤਿਕਾਰ ਅਤੇ ਮਾਣ ਮਰਿਆਦਾ ਨੂੰ ਲਾਂਭੇ ਕਰਕੇ ਜਥੇਦਾਰਾਂ ਦੇ ਸੌਦਾ ਸਾਧ ਨੂੰ ਦਿਤੇ ਮੁਆਫੀਨਾਮੇ ਨੇ ਪੰਜਾਬ ਦੇ ਸ਼ਾਂਤ ਪਾਣੀਆਂ ਵਿੱਚ ਖਲਬਲੀ ਮਚਾਅ ਦਿਤੀ। ਬਿਨ੍ਹਾਂ ਮੰਗੇ, ਥਾਲੀ ਵਿੱਚ ਪਰੋਸ ਕੇ ਦਿਤੇ ਇਸ ਮੁਆਫੀਨਾਮੇ ਦੀ ਬਖਸ਼ਿਸ਼ ਜਥੇਦਾਰਾਂ ਨੇ ਅਕਾਲੀ ਦਲ ਬਾਦਲ ਨੂੰ 2017 ਦੀਆਂ ਚੋਣਾਂ ਲਈ ਲਾਭ ਦੇਣ ਲਈ ਕੀਤੀ ਸੀ। ਅਕਾਲ ਤਖ਼ਤ ਦੇ ਧਾਰਮਿਕ ਅਤੇ ਇਤਿਹਾਸਕ ਸਿਧਾਂਤਾਂ `ਤੇ ਸੁਹਾਗਾ ਫੇਰਨ ਤੋਂ ਉਹਨਾਂ ਨੇ ਰੀਣ ਮਾਤਰ ਵੀ ਸੰਕੋਚ ਅਤੇ ਗੁਰੇਜ਼ ਨਹੀਂ ਕੀਤਾ। ਸਿੱਖ ਕੌਮ ਦੀ ਹੇਠੀ ਕਰਨ ਵਾਲੀ ਇਸ ਗੈਰ-ਸਿਧਾਂਤਿਕ ਘਟਨਾ ਕਰਕੇ ਸਿੱਖ ਸਮਾਜ ਵਿੱਚ ਤਖ਼ਤਾਂ ਦੇ ‘ਜੀਅ ਹਜੂਰੀਏ’ ਜਥੇਦਾਰਾਂ ਬਨਾਮ ਪੁਜਾਰੀਆਂ ਅਤੇ ਅਕਾਲੀ ਦਲ ਬਾਦਲ ਦੇ ਤਾਕਤ ਹਾਸਲ ਕਰਨ ਦੇ ਮੋਹ ਖਿਲਾਫ਼ ਰੋਹ ਭਰੀ ਕ-ਰੁੱਤੀ ਅਤੇ ਇਨਕਲਾਬੀ ਹਨੇਰੀ ਵੱਗ ਤੁਰੀ। ਹਾਕਮ ਆਗੂਆਂ ਨੂੰ ਆਸ ਸੀ ਕਿ ਅਕਾਲ ਤਖ਼ਤ ਦੇ ਨਾਮ ਥੱਲੇ ਜਥੇਦਾਰਾਂ ਦੇ ਇਸ ਹੁਕਮ `ਤੇ ਸਿੱਖ ਕੌਮ ਸਿਰ ਨਿਭਾਅ ਦੇਵੇਗੀ। ਪਰ ਉਹਨਾਂ ਦੀ ਆਸ ਦੇ ਐਨ ਉਲਟ ਚੰਡੀਗੜ੍ਹ ਤੋਂ ਆਏ ਅਤੇ ਅਕਾਲ ਤਖ਼ਤ ਦਾ ਨਾਮ ਲੈ ਕੇ ਜਥੇਦਾਰਾਂ ਬਨਾਮ ਪੁਜਾਰੀਆਂ ਦੁਆਰਾ ਜਾਰੀ ਕੀਤੇ ਇਸ ਹੁਕਮ ਨੂੰ ਸਿੱਖਾਂ ਨੇ ਮੰਨਣ ਤੋਂ ਦੋ-ਟੁੱਕ ਇਨਕਾਰ ਕਰ ਦਿਤਾ ਅਤੇ ਧਰਮ `ਤੇ ਪਏ ਸਿਆਸੀ ਗੁਲ਼ਾਮੀ ਦੇ ਜੂਲੇ ਨੂੰ ਪ੍ਰਰ੍ਹੇ ਵਗਾਹ ਮਾਰਨ ਲਈ ਨੰਗੇ ਧੜ੍ਹ ਸੜਕਾਂ `ਤੇ ਉਤਰ ਆਏ। ਲੋਕਾਂ ਦੀ ‘ਪੰਥਕ ਏਜੰਡੇ’ ਹੇਠ ਮਰੀ ਪਈ ਜ਼ਮੀਰ ਜਾਗ ਪਈ। ਉਹ ਅਕਾਲੀ ਦਲ ਬਾਦਲ ਦੀਆਂ ‘ਅੰਦਰਲੀਆਂ ਚਲਾਕੀਆਂ’ ਨੂੰ ਚੰਗੀ ਤਰ੍ਹਾਂ ਸਮਝ ਗਏ ਕਿ ਉਹ ਤਾਂ ਜਾਗਦੇ ਹੀ ਲੁਟੇ ਗਏ ਹਨ। ਉਹਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰਮਤਿ ਸਿਧਾਂਤਾਂ ਨੂੰ ਸਰਬਉਚ ਮੰਨਦਿਆਂ ਮੁਆਫੀਨਾਮੇ ਦਾ ਵਿਰੋਧ ਕਰਨ ਦਾ ਜੈਕਾਰਾ ਬੁਲਾਅ ਦਿਤਾ।
ਪੁਜਾਰੀਆਂ ਦੇ ਦਿਤੇ ਮੁਆਫੀਨਾਮੇ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲ ਸਰਕਾਰ ਦੀ 2017 ਦੀ ਡੁੱਬਦੀ ਜਾਂਦੀ ਬੇੜੀ ਨੂੰ ਮੋਢਾ ਦੇਣ ਲਈ ਪੱਬਾਂ ਭਾਰ ਹੋ ਗਈ ਸੀ। ਮੁਆਫੀਨਾਮੇ ਦੇ ਹੁਕਮ ਨੂੰ ਜਾਇਜ਼ ਠਹਿਰਾਉਣ ਲਈ ਉਸ ਨੇ ਬਹੁਤ ਸਾਰੀਆਂ ਅਖਬਾਰਾਂ ਵਿੱਚ ਵੱਡੇ-ਵੱਡੇ ਇਸ਼ਤਿਹਾਰ ਦੇਣੇ ਸ਼ੁਰੂ ਕਰ ਦਿਤੇ। ਇਹਨਾਂ ਇਸ਼ਤਿਹਾਰਾਂ `ਤੇ ਸ਼੍ਰੋਮਣੀ ਕਮੇਟੀ ਨੇ ਸੰਗਤਾਂ ਵਲੋਂ ਸਤਿਕਾਰ ਅਤੇ ਸ਼ਰਧਾ ਨਾਲ ਚੜ੍ਹਾਇਆ ਕਰੀਬ 91 ਲੱਖ ਰੁਪਏ ਦਾ ਚੜ੍ਹਾਵਾ ਪੂਰੀ ਬੇਦਰਦੀ ਨਾਲ ਲੁਟਾਇਆ। ਅਕਾਲੀ ਦਲ ਬਾਦਲ ਦੇ ਸਿਆਸੀ ਆਗੂਆਂ ਨੇ ਕਈ ਟੀ. ਵੀ. ਚੈਨਲਾਂ `ਤੇ ਇਸ ਮੁਆਫੀਨਾਮੇ ਦਾ ਪੱਖ ਪੂਰਿਆਂ। ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੀ ਪਿੱਛੇ ਨਹੀਂ ਰਹੀ। ਉਹ ਵੀ ਸਾਰੇ ਲਾਮ-ਲਸ਼ਕਰ ਨਾਲ ਅਕਾਲ ਤਖ਼ਤ `ਤੇ ਪੁੱਜ ਕੇ ਪੁਜਾਰੀਆਂ ਨੂੰ ਥਾਪੜਾ ਦੇ ਗਏ। ਇਸ ਮੁਆਫੀਨਾਮੇ ਦੇ ਵਿਰੋਧ ਵਿੱਚ ਪੈਦਾ ਹੋਈ ਰੋਸ ਦੀ ਸੁਲਗਦੀ ਚੰਗਿਆੜੀ ਦਿਨੋ-ਦਿਨ ਭਾਂਬੜ ਬਣਨ ਵੱਲ ਵੱਧਣ ਲੱਗੀ। ਅਕਾਲੀ ਦਲ ਬਾਦਲ ਦੇ ਪ੍ਰਧਾਨ ਦਾ ਬਲੱਡ ਪ੍ਰੈਸ਼ਰ ਪੱਲ-ਪੱਲ ਇਸ ਕਰਕੇ ਵੱਧ ਰਿਹਾ ਸੀ ਕਿ ਸਿੱਖ, ਚੰਡੀਗੜ੍ਹ ਬਨਾਮ ਜਥੇਦਾਰਾਂ ਦੇ ਹੁਕਮ `ਤੇ ਸਿਰ ਕਿਉਂ ਨਹੀਂ ਝੁਕਾਅ ਰਹੇ?
ਲੋਕਾਂ ਦੁਆਰਾ ਇਸ ਮੁਆਫੀਨਾਮੇ ਦਾ ਵਿਰੋਧ ਕਰਨ `ਤੇ ਬਰਗਾੜੀ ਪਿੰਡ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਦੀ ਦੁਖਦਾਈ ਘਟਨਾ ਵਾਪਰ ਗਈ। ਸਿੱਖਾਂ ਵਿੱਚ ਰੋਹ ਦੀ ਸੁਲਗਦੀ ਚੰਗਿਆੜੀ ਭਾਂਬੜ ਬਣ ਗਈ। ਲੋਕ ਸੜਕਾਂ `ਤੇ ਉਤਰ ਆਏ … ਸ਼ਾਂਤਮਈ ਰੋਸ ਧਰਨੇ ਲਾਏ ਗਏ …। ਪਰ ਸ਼ਾਂਤਮਈ ਰੋਸ ਧਰਨੇ ਦਿੰਦੇ ਸਿੱਖਾਂ `ਤੇ ਚੰਡੀਗੜ੍ਹ ਮਾਰਕੇ ਦੀਆਂ ਪੁਲਿਸ ਦੀਆਂ ਗੋਲੀਆਂ ਨੇ ਦੋ ਸਿੰਘਾਂ ਦੇ ਸੀਨੇ ਚੀਰ ਸੁੱਟੇ। ਅਕਾਲੀ ਦਲ ਬਾਦਲ ਵਿਰੁੱਧ ਇਨਕਲਾਬੀ ਲਹਿਜ਼ੇ ਵਿੱਚ ਭਿੱਜੀ ਬਗਾਵਤੀ ਕ-ਰੁੱਤੀ ਹਨੇਰੀ ਪੂਰੇ ਜੋਬਨ `ਤੇ ਵੱਗ ਤੁਰੀ। ਜੱਗੋਂ ਤੇਰਵੀਂ ਤਾਂ ਉਦੋਂ ਹੋਈ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਾਦਰ ਦਾ ਦੋਸ਼ ਸਿੱਖਾਂ `ਤੇ ਹੀ ਮੜ੍ਹ ਦਿਤਾ ਅਤੇ ਦੋ ਸਕੇ ਭਰਾਵਾਂ ਨੂੰ ਉਹਨਾਂ ਦੇ ਘਰੋਂ ਚੁੱਕ ਕੇ ਹਵਾਲਾਤ ਵਿੱਚ ਬੰਦ ਕਰ ਦਿਤਾ। ਸਾਡੇ ਗੁਰੂ ਦਾ ਨਿਰਾਦਰ ਤੇ ਅਸੀਂ ਹੀ ਦੋਸ਼ੀ … ਹੈ ਨੀ ਮੁਆਫੀਨਾਮੇ ਦਾ ਕਮਾਲ …।
ਨਾਗਪੁਰ ਅਤੇ ਦਿੱਲੀ ਦੇ ਦਬਾਅ ਅਧੀਨ ਚਲ ਰਹੀ ਪੰਜਾਬ ਸਰਕਾਰ `ਤੇ ਦੁਨੀਆਂ ਭਰ ਦੇ ਸਿੱਖਾਂ ਵੱਲੋਂ ਸਿਆਸੀ ਹਮਲੇ ਤੇਜ਼ ਹੋ ਗਏ। ਦੁਨੀਆਂ ਭਰ ਦੇ ਸਿੱਖ ਅਕਾਲੀ ਦਲ ਬਾਦਲ ਦੇ ਵਰਖਿਲਾਫ਼ ਭੜਕ ਪਏ। ਪਿੰਡਾਂ ਵਿੱਚ ਅਕਾਲੀ ਆਗੂਆਂ ਨੂੰ ਨਾ ਵੜ੍ਹਨ ਦੇਣ ਦੀਆਂ ਧਮਕੀਆਂ ਉਠਣ ਲੱਗੀਆਂ। ਅਕਾਲੀ ਦਲ ਬਾਦਲ ਨੂੰ ਡਰ ਪੈ ਗਿਆ ਕਿ ਕਿਤੇ ਇਸ ਖੇਡੀ ਜਾ ਰਹੀ ਸਿਆਸੀ ਖੇਡ ਵਿੱਚ ਉਸ ਦੀ ਬਾਜ਼ੀ ਚਿੱਤ ਨਾ ਹੋ ਜਾਏ। ‘ਪੰਥਕ ਏਜੰਡੇ’ ਵਾਲੀ ਖੇਡ ਵਿਗੜ ਕੇ ਕਿਸੇ ਹੋਰ ਪਾਸੇ ਨਾ ਤਿਲਕ ਜਾਵੇ। ਇਹਨਾਂ ਘਟਨਾਵਾਂ ਦੇ ਵਿਰੋਧ ਵਿੱਚ ਚਿੰਤਕ ਸਿੱਖ ਜਥੇਬੰਦੀਆਂ ਦੀ ਆਪਸੀ ਏਕਤਾ, ਤਾਲ-ਮੇਲ ਅਤੇ ਸਹਿਯੋਗ ਨਾਲ ਬਗ਼ਾਵਤੀ ਅਤੇ ਇਨਕਲਾਬੀ ਕਾਫ਼ਲਾ ਵੱਡਾ ਹੁੰਦਾ ਵੇਖ ਬਾਦਲ ਦਲ ਦੇ ਪੈਰਾਂ ਥੱਲਿਓ ਜ਼ਮੀਨ ਖਿਸਕ ਗਈ। ਉਹਨਾਂ ਤੁਰੰਤ ਸੌਦਾ ਸਾਧ ਦਾ ਮੁਆਫੀਨਾਮਾ ਜਥੇਦਾਰਾਂ ਤੋਂ ਵਾਪਸ ਕਰਵਾ ਦਿਤਾ। ਨਾਲ ਹੀ ਅਕਾਲੀ ਆਗੂਆਂ ਨੇ ਬੜ੍ਹਕ ਵੀ ਮਾਰੀ ‘ਕੋਈ ਖੰਘ ਕੇ ਵਿਖਾਵੇ’ ਅਤੇ ਪਿੰਡ ਚੱਬਾ ਦੇ 10 ਨਵੰਬਰ ਵਾਲੇ ਇਕੱਠ ਨੂੰ ‘ਸਾਬਕਾ ਵੱਖਵਾਦੀ ਅਤੇ ਅਤਵਾਦੀਆਂ ਦਾ ਤਾਲਿਬਾਨੀ ਇਕੱਠ’ ਦੱਸਿਆ।
ਪੰਜਾਬ ਅਤੇ ਦੁਨੀਆਂ ਭਰ ਵਿੱਚ ਸਿੱਖ ਲੋਕ ਰੋਹ ਦੀ ਕ-ਰੁੱਤੀ ਹਨੇਰੀ ਦਿਨੋ-ਦਿਨ ਤੇਜ਼ ਹੁੰਦੀ ਗਈ। ਭਾਈ ਪੰਥ ਪ੍ਰੀਤ ਸਿੰਘ ਖਾਲਸਾ, ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲੇ, ਭਾਈ ਹਰਜਿੰਦਰ ਸਿੰਘ ਮਾਝੀ ਅਤੇ ਭਾਈ ਦਲੇਰ ਸਿੰਘ ਖੇੜੀ ਵਾਲਿਆਂ ਦੀ ਸ਼ਾਂਤਮਈ ਅਤੇ ਸੁਚੱਜੀ ਅਗਵਾਈ ਵਿੱਚ ਸ਼੍ਰੋਮਣੀ ਗੁਰਦੁਆਰਾ ਕਮੇਟੀ ਅੰਮ੍ਰਿਤਸਰ ਅਤੇ ਜਥੇਦਾਰੀ ਬਨਾਮ ਪੁਜਾਰੀਵਾਦ ਸਿਸਟਮ ਨੂੰ ਅਜ਼ਾਦ ਕਰਾਉਣ ਲਈ ਸੰਘਰਸ਼ ਚੱਲ ਰਿਹਾ ਸੀ। ਇਸ ਰਣ-ਤੱਤੇ ਦੇ ਸਹੀ ਦਿਸ਼ਾਂ ਵੱਲ ਜਾ ਰਹੇ ਇਨਕਲਾਬੀ ਸੰਘਰਸ਼ ਨੂੰ ਮੋੜਾ ਦੇਣ ਅਤੇ ਸੱਤਾ ਦੀ ਭੁੱਖ ਮਿਟਾਉਣ ਵਾਲੇ ਕੁੱਝ ਆਗੂਆਂ ਨੇ ਚਲਾਕੀ ਦੀ ਉਂਗਲ ਨੂੰ ਹੁਸ਼ਿਆਰੀ ਦਾ ਸ਼ਹਿਦ ਲਾ ਕੇ ਸਿੱਖੀ ਨੂੰ ਪਿਆਰ ਕਰਨ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਨਿਰਦਾਰੀ ਦਾ ਰੋਸ ਪ੍ਰਗਟ ਕਰਨ ਵਾਲਿਆਂ ਨੂੰ ‘ਸਰਬਤ ਖਾਲਸਾ’ ਦਾ ਸ਼ੀਸ਼ਾ ਵਿਖਾਅ ਕੇ ਸਾਵਣ ਦੀਆਂ ਕਾਲੀਆਂ ਘਟਾਵਾਂ ਵਾਂਗ ਉਠੀ ਆਮ ਸਿੱਖ ਦੀ ਧਾਰਮਿਕ ਭਾਵਨਾ ਦਾ ਲਾਹਾ ਲੈਣ ਲਈ ‘ਗ੍ਹੋਟੇ ਨਾਲ ਸੈਹਾ ਮਾਰਨ’ ਦੀ ਤਰਕੀਬ ਬਣਾ ਲਈ। ਪਿੰਡ ਚੱਬਾ ਦੇ ਉਸ ਇਕੱਠ ਦੀ ਸਟੇਜ `ਤੇ ਡੇਰਾਵਾਦ ਭਾਰੂ ਹੋ ਗਿਆ ਜੋ ਪਹਿਲਾਂ ਹੀ ਬਾਬੇ ਨਾਨਕ ਦੀ ਸਿੱਖੀ ਨੂੰ ਅੰਦਰੋਂ-ਅੰਦਰੀਂ ਸਿਊਂਕ ਵਾਂਗ ਖੋਖਲਾ ਕਰਨ ਲਈ ਸਰਗਰਮ ਹੈ। ਸਵੈ-ਇੱਛਾ ਨਾਲ ਅਤੇ ਧਾਰਮਿਕ ਭਾਵਨਾਵਾਂ ਵਿੱਚ ਭਿੱਜੇ ਉਥੇ ਪੁੱਜੇ ਰਿਕਾਰਡ ਤੋੜ ਇਕੱਠ ਵਿੱਚ ਗੁਰੂ ਦੇ ਸਿੱਖਾਂ ਦੇ ਭਾਵਨਾਤਮਕ ਜੋਸ਼ ਅਤੇ ਧਾਰਮਿਕ ਸ਼ਰਧਾ ਦਾ ਖਿਲਵਾੜ ਹੋਇਆ। ਚੱਬਾ ਪਿੰਡ ਵਿੱਚ ਹੋਏ ਸਮਾਗਮ ਵਿੱਚ ਲੋਕਾਂ ਨੂੰ ਠੱਗੇ ਜਾਣ ਦਾ ਅਹਿਸਾਸ ਹੋਇਆ। ਪਰ ਹਾਕਮ ਪਾਰਟੀ ਦੇ ਆਗੂ ਇਨਕਲਾਬੀ ਅਤੇ ਬਗ਼ਾਵਤੀ ਇਕੱਠ ਨੂੰ ਵੇਖ ਕੇ ਮੱਛੀਆਂ ਛਿੱਲਣ ਲੱਗੇ। ਉਹਨਾਂ ਇਸ ਇਕੱਠ ਨੂੰ ਵੱਖਵਾਦੀ ਤੇ ਦੇਸ਼ ਧ੍ਰੋਹ ਦਾ ਫਤਵਾ ਦੇ ਦਿਤਾ।
ਪਾਰਟੀ ਦੀ ਡੁੱਬਦੀ ਜਾਂਦੀ ਬੇੜੀ ਨੂੰ ਬਚਾਉਣ ਲਈ ਅਕਾਲੀ ਆਗੂ ਹੱਥ ਪੈਰ ਮਾਰਨ ਲੱਗੇ। ਇਸ ਤਰ੍ਹਾਂ ਸੌਦਾ ਸਾਧ ਦੇ ਮੁਆਫੀਨਾਮੇ ਦੀ ਬਦੌਲਤ ‘ਸਦਭਾਵਨਾ’ ਰੈਲੀਆਂ ਦਾ ਸਿਲਸਿਲਾ ਸ਼ੁਰੂ ਹੋਇਆ। ਸਦਭਾਵਨਾ ਦਾ ਅਰਥ ਤਾਂ ਆਪਸੀ ਪਿਆਰ ਅਤੇ ਮਿਲਵਰਤਣ, ਇੱਕ ਦੂਸਰੇ ਪ੍ਰਤੀ ਪਿਆਰ ਭਰੀ ਨੇੜਤਾ, ਹਲੀਮੀ ਤੇ ਸਲੀਕੇ ਭਰਿਆ ਉਦਮ ਹੁੰਦਾ ਹੈ। ਪਰ ਇਹਨਾ ਕੀਤੀਆਂ ਜਾ ਰਹੀਆਂ ਰੈਲੀਆਂ ਵਿੱਚ ਸਲੀਕੇ ਅਤੇ ਆਪਸੀ ਭਾਈਚਾਰੇ ਨੁੰ ਘੁਮੰਡ ਅਤੇ ਹੰਕਾਰ ਦੇ ਹਥਿਆਰ ਨਾਲ ਲੀਰੋ-ਲੀਰ ਕਰਕੇ ਵਿਰੋਧੀ ਪਾਰਟੀਆਂ ਦੇ ਆਗੂਆਂ ਲਈ ਕੁਪੱਤੀ ਅਤੇ ਅਸਭਿਅਕ ਭਾਸ਼ਾ ਵਰਤੀ ਗਈ। ਜੋ ਸਿੱਖ ਸਭਿਆਚਾਰ ਦੇ ਗੁਰਮਤਿ ਲਹਿਜ਼ੇ ਤੋਂ ਕੋਹਾਂ ਦੂਰ ਹੈ। ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਲਲਕਾਰਿਆ, ਵੰਗਾਰਿਆ ਅਤੇ ਬੁਰੀ ਤਰ੍ਹਾਂ ਭੰਡਿਆ ਗਿਆ। ਉਹਨਾਂ `ਤੇ ਚਿੱਕੜ ਸੁੱਿਟਆ ਗਿਆ। ਪੰਜਾਬ ਦੇ ਗੁਜ਼ਰ ਚੁੱਕੇ ਦੁਖਾਂਤ ਦੇ ਰਿਸਦੇ ਜ਼ਖਮਾਂ ਨੂੰ ਮੁੜ ਉਚੇੜ ਕੇ ਲੋਕਾਂ ਵਿੱਚ ਦਹਿਸ਼ਤ ਫੈਲਾਈ ਗਈ। ਇਹ ਵੀ ਯਾਦ ਕਰਨਾ ਚਾਹੀਦਾ ਹੈ ਕਿ ਉਸ ਪੰਜਾਬ ਦੇ ਦੁਖਾਂਤ ਦਾ ਮੁੱਢ ਕਿਸ ਨੇ ਬੰਨਿਆ ਸੀ?
ਇਸ ਤਰ੍ਹਾਂ ਦੀਆਂ ਰੈਲੀਆਂ ਨੂੰ ਸਫ਼ਲ ਕਰਨ ਲਈ ਸਾਰੀ ਸਰਕਾਰੀ ਮਸ਼ਿਨਰੀ ਵਰਤੀ ਗਈ। ਸ਼ਰਾਬ ਅਤੇ ਪੈਸਾ ਵੰਡਿਆ ਗਿਆ। ਪ੍ਰਾਈਵੇਟ ਟ੍ਰਾਂਸਪੋਰਟ ਨੂੰ ‘ਹਾਈਜੈਕ’ ਕੀਤਾ ਗਿਆ। ਇਸ ਤਰ੍ਹਾਂ ਦੇ ‘ਪੇਡ’ ਇਕੱਠ ਨੂੰ ਅਕਾਲੀ ਆਗੂ ਅਕਾਲੀ ਦਲ ਬਾਦਲ ਪ੍ਰਤੀ ਲੋਕਾਂ ਦਾ ਪਿਆਰ ਦੱਸ ਕੇ ਮਨ ਹੌਲਾ ਕਰ ਰਹੇ ਸਨ। ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਇੱਕ ‘ਆਪ’ ਪਾਰਟੀ ਦੇ ਸਰਗਰਮ ਆਗੂ ਨੇ ਮੈਨੂੰ ਕਿਹਾ ਕਿ ‘ਉਹ ਅਕਾਲੀ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪੈਰੀਂ ਹੱਥ ਲਾਉਣ ਨੂੰ ਤਿਆਰ ਹੈ … ਆਪਣੀ ਅਤੇ ਆਪਣੇ ਪਰਿਵਾਰ ਦੀ ਵੋਟ ਵੀ ਉਹਨੂੰ ਪਾਉਣ ਨੂੰ ਤਿਆਰ ਹੈ। ਜੋ ਉਹ ਕਹੁ ਮੈਂ ਓਹੀ ਕਰੂੰਗਾ … ਪਰ ਇੱਕ ਵਾਰੀ ਸੁਖਬੀਰ ਸਿੰਘ ਬਾਦਲ ਬਿਨ੍ਹਾਂ ਸੁਰੱਖਿਆ ਤੋਂ ਫਰੀਦਕੋਟ ਜਿਲ਼੍ਹੇ ਦੇ ਕਿਸੇ ਵੀ ਪਿੰਡ ਵਿੱਚ ਆ ਕੇ ਵਿਖਾਏ …।’ ਹਾਲ ਦੀਆਂ ਵਾਪਰੀਆਂ ਘਟਨਾਵਾਂ ਤੋਂ ਬਾਅਦ ਇਹ ਹੈ ਪਿੰਡਾਂ ਦੇ ਆਮ ਲੋਕਾਂ ਦਾ ਅਕਾਲੀ ਦਲ ਬਾਦਲ ਪ੍ਰਤੀ ਦਿਲੀ ਪਿਆਰ, ਜਿਸ ਵਿੱਚੋਂ ਗੁੱਸਾ ਡੁਲ੍ਹ-ਡੁਲ੍ਹ ਪੈ ਰਿਹਾ ਹੈ।
ਅਸਲ ਵਿੱਚ “ਆਪ” ਪਾਰਟੀ ਵੱਲ ਪੰਜਾਬ ਦੇ ਲੋਕਾਂ ਦੇ ਝੁਕਾਓ ਨੇ, ਅਕਾਲੀ ਦਲ ਬਾਦਲ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਦੇ ਦਿਨ ਦਾ ਚੈਨ ਅਤੇ ਰਾਤਾਂ ਦੀ ਨੀਂਦ ਹਰਾਮ ਕਰ ਦਿਤੀ ਹੈ। ਦੋਹਾਂ ਪਾਰਟੀਆਂ ਦੇ ਆਗੂ ਨੀਂਦ ਵਿੱਚ ਵੀ ਬੜ੍ਹਾਅ-ਬੜ੍ਹਾਅ ਕੇ ਉੱਠਦੇ ਹਨ। ਦੋਵੇਂ ਪਾਰਟੀਆਂ ਆਪਣੀ ਗੱਲਬਾਤ ਵਿੱਚ ‘ਆਪ’ ਪਾਰਟੀ ਦਾ ਜ਼ਿਕਰ ਕਰਨੋਂ ਕਦੀ ਵੀ ਨਹੀਂ ਖੁੰਝਦੇ ਤੇ ਆਪਣੇ ਆਪ ਨੂੰ ਵਾਰ-ਵਾਰ ਝੂਠੀ ਤਸੱਲੀ ਵੀ ਦਿੰਦੇ ਹਨ ਕਿ ‘ਆਪ’ ਪਾਰਟੀ ਤੋਂ ਉਹਨਾਂ ਨੂੰ ਕੋਈ ਖਤਰਾ ਨਹੀਂ ਪਰ ਸੱਚੀ ਗੱਲ ਤਾਂ ਇਹ ਹੈ ਕਿ ਦੋਵੇਂ ਪਾਰਟੀਆਂ ਅੰਦਰੋਂ-ਅੰਦਰੀਂ ‘ਆਪ’ ਪਾਰਟੀ ਤੋਂ ਬੁਰੀ ਤਰ੍ਹਾਂ ਡਰੀਆਂ ਪਈਆਂ ਹਨ।
‘ਸਦਭਾਵਨਾ’ ਦੇ ਨਾਮ ਹੇਠ ਕੀਤੀਆਂ ਜਾ ਰਹੀਆਂ ਇਹ ਰੈਲੀਆਂ 2017 ਦੀਆਂ ਚੋਣ ਰੈਲੀਆਂ ਹਨ। ਇਹ ਸਦਭਾਵਨਾ ਨਹੀਂ … ਮੰਦਭਾਵਨਾ ਰੈਲੀਆਂ, ਵਿਰੋਧੀ ਪਾਰਟੀ ਦੇ ਆਗੂਆਂ ਨੂੰ ਨਿੰਦਣ ਰੈਲੀਆਂ ਅਤੇ ਉਹਨਾਂ `ਤੇ ਹੱਲਾ-ਬੋਲ ਰੈਲੀਆਂ ਹਨ। ਇਹਨਾਂ ਰੈਲੀਆਂ ਵਿੱਚ ਪੰਜਾਬ ਦੇ ਮਸਲੇ ਜਿਵੇਂ ਰਾਜਧਾਨੀ ਦਾ ਮਸਲਾ, ਪੰਜਾਬ ਦੇ ਪਾਣੀਆਂ ਦਾ ਮਸਲਾ, ਜੇਲ੍ਹਾਂ ਵਿੱਚ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਦਾ ਮਸਲਾ, ਵਿਦੇਸ਼ੀ ਸਿੱਖਾਂ ਦੀਆਂ ਬਣਾਈਆਂ ਕਾਲੀਆਂ ਸੂਚੀਆਂ ਦਾ ਮਸਲਾ, ਕਿਸਾਨਾਂ ਦੀਆਂ ਖੁਦਕਸ਼ੀਆਂ ਅਤੇ ਰੁਲ ਰਹੀਆਂ ਫਸਲਾਂ ਦਾ ਮਸਲਾ, ਪੰਜਾਬ ਵਿੱਚ ਫੈਲੇ ਨਸ਼ਿਆਂ ਦਾ ਮਸਲਾ, ਨਸ਼ਿਆਂ ਨਾਲ ਮਰ ਰਹੇ ਪੰਜਾਬ ਦੇ ਗਭਰੂਆਂ ਦਾ ਮਸਲਾ, ਬੇ-ਰੁਜ਼ਗਾਰੀ ਦਾ ਮਸਲਾ ਅਤੇ ਫਸਲਾਂ ਦੇ ਸਮਰਥਨ ਮੁੱਲ ਲਾਗੂ ਕਰਨ ਲਈ ਸਵਾਮੀ ਨਾਥਨ ਦੀ ਰਿਪੋਰਟ ਲਾਗੂ ਨਾ ਕਰਨ ਦਾ ਮਸਲਾ ਆਦਿ ਵਿਸ਼ਿਆਂ ਨੂੰ ਛੋਹਿਆ ਤੱਕ ਨਹੀਂ। ਸਹੀ ਅਰਥਾਂ ਵਿੱਚ ਇਹ ਰੈਲੀਆਂ ਤਾਂ ਸੌਦਾ ਸਾਧ ਦੇ ਮੁਆਫੀਨਾਮੇ ਦਾ ਵਿਰੋਧ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਦਾਰ ਦਾ ਰੋਸ ਕਰ ਰਹੇ ਸਿੱਖਾਂ ਵਿਰੁੱਧ ਹਨ। ਇਹ ਰੈਲੀਆਂ ਤਾਂ ਅਕਾਲੀ ਦਲ ਬਾਦਲ ਵੱਲੋਂ ਅਗਲੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਅਤੇ ਪੰਜਾਬ ਵਿੱਚ ਆਪਣੀ ਹਕੂਮਤ ਬਰਕਰਾਰ ਰੱਖਣ ਲਈ ਕੀਤੀਆਂ ਜਾ ਰਹੀਆਂ ਹਨ।
ਹਾਕਮ ਪਾਰਟੀ ਦਾ ਇਹ ਵੀ ਦੋਸ਼ ਹੈ ਕਿ ਕੁੱਝ ਲੋਕਾਂ ਨੂੰ ਉਹਨਾਂ ਦੇ ਰਾਜ ਵਿੱਚ ਸੂਬੇ ਦਾ ਹੋਇਆ ਵਿਕਾਸ ਹਜ਼ਮ ਨਹੀਂ ਹੋ ਰਿਹਾ। ਅਕਾਲੀ ਪਾਰਟੀ ਦੇ 9 ਸਾਲ ਦੇ ਰਾਜ ਵਿੱਚ ਸੂਬੇ ਦਾ ਜੋ ਵਿਕਾਸ ਹੋਇਆ ਹੈ ਉਹ ਹੈ; ਭੂੰ ਮਾਫੀਏ ਦਾ ਵਿਕਾਸ, ਰੇਤ ਮਾਫੀਏ ਦਾ ਵਿਕਾਸ, ਹਰ ਕਿਸਮ ਦੇ ਨਸ਼ਿਆਂ ਦਾ ਵਿਕਾਸ, ਨਸ਼ਈ ਨੌਜਵਾਨਾਂ ਦੇ ਮਰਨ ਦਾ ਵਿਕਾਸ, ਕਿਸਾਨਾਂ ਦੀਆਂ ਖੁਦਕਸ਼ੀਆਂ ਦਾ ਵਿਕਾਸ, ਹਰ ਸਾਲ ਫਸਲਾਂ ਦੀ ਹੁੰਦੀ ਖੱਜਲ-ਖੁਆਰੀਆਂ ਦਾ ਵਿਕਾਸ, ਨਕਲੀ ਕੀਟਨਾਸ਼ਕ ਦਵਾਈਆਂ ਅਤੇ ਬੀਜਾਂ ਦਾ ਵਿਕਾਸ, ਬਿਜਾਈ ਵੇਲ਼ੇ ਖਾਦਾਂ ਤੇ ਬੀਜਾਂ ਦੀ ਕਿਲਤ ਦਾ ਵਿਕਾਸ, ਨੰਨ੍ਹੀ ਛਾਂ ਦੇ ਥੱਪੜ ਮਾਰਨ, ਗੁੱਤਾਂ ਪੁੱਟਣ, ਉਹਨਾ `ਤੇ ਲਾਠੀ ਚਾਰਜ਼ ਕਰਨ ਦਾ ਵਿਕਾਸ, ਬੰਦੂਕ ਦੀ ਨੋਕ `ਤੇ ਧੀਆਂ ਉਧਾਲਣ ਦਾ ਵਿਕਾਸ, ਔਰਬਿਟ ਬੱਸਾਂ ਵਿਚੋਂ ਨੰਨ੍ਹੀ ਛਾ ਨੂੰ ਧੂਹ ਕੇ ਬਾਹਰ ਸੁੱਟ ਕੇ ਕਤਲ ਕਰਨ ਦਾ ਵਿਕਾਸ ਅਤੇ ਸਿੱਖ ਧਰਮ ਦੇ ਸਿਧਾਂਤਾਂ ਨੂੰ ਸਿਆਸੀ ਲਾਭ ਲਈ ਪੈਰਾਂ ਥੱਲੇ ਰੋਂਦਣ ਦਾ ਵਿਕਾਸ ਆਦਿ। ਸੂਬੇ ਵਿਚਲੇ ਹੋਏ ਇਸ ਵਿਕਾਸ ਨੇ ਸਿੱਖ ਸਮਾਜ ਵਿੱਚ ਖੌਰੂ ਪਾਇਆ ਹੋਇਆ ਹੈ। ਪੰਜਾਬ ਦੇ ਪਿੰਡਾਂ ਦੀਆਂ ਬਹੁਤ ਸਾਰੀਆਂ ਸੜਕਾਂ ਲੀਰੋ-ਲੀਰ ਹੋਈਆਂ ਪਈਆਂ ਅਤੇ ਬੁਰੀ ਤਰ੍ਹਾਂ ਟੁੱਟੀਆਂ ਪਈਆਂ ਹਨ। ਕਿਸਾਨ ਦੁੱਖੀ ਹੈ, ਨਾ ਫਸਲ ਸਮੇਂ ਸਿਰ ਵਿਕਦੀ ਹੈ ਨਾ ਉਸ ਦੀ ਪੇਮੈਂਟ ਸਮੇਂ ਸਿਰ ਮਿਲਦੀ ਹੈ। ਹਰ ਪਿੰਡ ਦਾ ਗਭਰੂ ਨਸ਼ਿਆਂ ਵਿੱਚ ਡੁਬਿਆ ਪਿਆ ਹੈ। ਕਈ ਸਿਆਸੀ ਆਗੂਆਂ ਦੇ ਨਾਮ ਨਸ਼ਿਆਂ ਦੀ ਤਸਕਰੀ ਵਿੱਚ ਜਾਹਿਰ ਹੋ ਚੁੱਕੇ ਹਨ। ਅਫਸੋਸ ਹੈ ਕਿ 9 ਸਾਲ ਤੋਂ ਲਗਾਤਾਰ ਸੂਬੇ ਵਿੱਚ ਰਾਜ ਕਰਨ ਵਾਲੀ ਪਾਰਟੀ ਨੂੰ ਵੀ ਲੋਕਾਂ ਨੂੰ ਗੈਰ-ਇਖਲਾਕੀ ਲਾਲਚ ਦੇ ਕੇ ਰੈਲੀਆਂ ਦਾ ‘ਪੇਡ’ ਇਕੱਠ ਕਰਕੇ ਆਪਣੇ ਕੀਤੇ ਵਿਕਾਸ ਬਾਰੇ ਦੱਸਣਾ ਪੈ ਰਿਹਾ ਹੈ। ਅਕਾਲੀ ਦਲ ਬਾਦਲ ਦੀਆਂ ਇਹਨਾਂ ਰੈਲੀਆਂ ਦਾ ਮਕਸਦ ਤਾਂ ਸਿਰਫ ਲੋਕਾਂ ਨੂੰ ਟੋਹਣਾ ਹੈ ਕਿ 2017 ਦੀਆਂ ਚੋਣਾਂ ਜਿੱਤਣ ਲਈ ਲੋਕਾਂ ਤੋਂ ਅਕਾਲੀ ਦਲ ਬਾਦਲ ਦੀ ਜਿੱਤ ਲਈ ਵੋਟ ਕਿਵੇਂ ਲੈਣੀ ਹੈ? ਪੈਸੇ ਅਤੇ ਹਰ ਕਿਸਮ ਦੇ ਨਸ਼ੇ ਵੰਡ ਕੇ …? ਸਖ਼ਤੀ ਜਾਂ ਗੁੰਡਾ ਗਰਦੀ ਵਰਤ ਕੇ …? ਜਾਂ ਸ਼ਾਂਤਮਈ ਢੰਗ ਨਾਲ …? ਜੇ ਇਹ ਰੈਲੀਆਂ ਦਾ ਮਕਸਦ ਸਿਰਫ ਪੰਜਾਬ ਵਿੱਚ ਪਿਆਰ ਭਾਵਨਾ ਦਿਖਾਉਣ ਦਾ ਹੁੰਦਾ ਤਾਂ ਇਹਨਾਂ ਰੈਲੀਆਂ ਦੀ ਸਟੇਜ ਤੋਂ ਘੁੰਮਡ, ਹੰਕਾਰ ਤੇ ਹਿਟਲਰੀ ਲਹਿਜ਼ੇ ਦੀ ਬਜਾਇ ਨਿਮਰਤਾ, ਨਿਰਮਾਣਤਾ, ਮਿਲਨਸਾਰਤਾ ਅਤੇ ਆਪਸੀ ਪਿਆਰ ਭਾਵਨਾ ਡੁਲ੍ਹ-ਡੁਲ੍ਹ ਪੈਣੀ ਚਾਹੀਦੀ ਸੀ। ਇਹਨਾਂ ਰੈਲੀਆਂ ਰਾਹੀਂ ਪੰਜਾਬ ਦੇ ਮਾਹੌਲ ਨੂੰ ਇੱਕ ਵਾਰ ਫਿਰ ਗੰਧਲਾ ਕਰਨ ਦੀਆਂ ਅਤੇ ਪੰਜਾਬ ਦੇ ਗਭਰੂਆਂ ਦੇ ਜੋਸ਼ ਨੂੰ ਵਰਤ ਕੇ ਤਾਕਤ ਦੀ ਕੁਰਸੀ ਹਥਿਆਉਣ ਦੀਆਂ ਚਾਲਾਂ ਹਨ।
ਅੱਜ ਸਿਆਸੀ ਆਗੂਆਂ ਦੇ ਬਣਾਏ ਮਾਹੌਲ ਵਿਚੋਂ ਵਿਚਰਨ ਲਈ ਨੌਜਵਾਨਾਂ ਨੂੰ ਹੋਸ਼ੋ-ਹਵਾਸ ਨਾਲ ਚੱਲਣਾ ਚਾਹੀਦਾ ਹੈ। ਉਹ ਇਹਨਾਂ ਰੈਲੀਆਂ ਤੋਂ ਦੂਰੀ ਬਣਾ ਕੇ ਰੱਖਣ। ਪੰਜਾਬ ਦੇ ਦੁਖਾਂਤ ਵੇਲ਼ੇ ਵੀ ਇਹਨਾਂ ਪਾਰਟੀਆਂ ਨੇ ਨੌਜਵਾਨਾਂ ਦੇ ਜੋਸ਼ ਨੂੰ ਵਰਤਿਆ ਸੀ। ਉਹਨਾਂ ਨੂੰ ਭੜਕਾ ਕੇ ਬਲੀ ਦੇ ਬੂਥੇ ਵਿੱਚ ਧੱਕ ਕੇ ਅੱਤਵਾਦੀ ਅਤੇ ਵੱਖਵਾਦੀ ਦੱਸ ਕੇ ਮਰਵਾ ਦਿਤਾ ਸੀ। ਪੁਲਿਸ ਅਤੇ ਸਰਕਾਰ ਨੇ ਉਹਨਾਂ ਦੇ ਪਰਿਵਾਰਾਂ, ਰਿਸ਼ਤੇਦਾਰਾਂ, ਸਕੇ-ਸਬੰਧੀਆਂ `ਤੇ ਅਕਿਹ ਅਤੇ ਅਸਿਹ ਜ਼ੁਲਮ ਕੀਤੇ ਸਨ ਅਤੇ ਉਹਨਾਂ ਦੇ ਘਰ-ਬਾਰ ਤਬਾਹ ਕਰ ਦਿਤੇ ਸਨ। ਪਰ ਆਪ ਇਹਨਾਂ ਸਿਆਸੀ ਆਗੂਆਂ ਨੇ ਰਾਜ ਭਾਗ ਮਾਣਿਆਂ ਹੈ ਅਤੇ ਉਹਨਾਂ ਨੌਜਵਾਨਾਂ ਦੇ ਤਬਾਹ ਹੋ ਚੁੱਕੇ ਪਰਿਵਾਰਾਂ ਅਤੇ ਯਤੀਮ ਹੋ ਚੁੱਕੇ ਬੱਚਿਆਂ ਦੀ ਕਦੀ ਸਾਰ ਨਹੀਂ ਲਈ। ਅੱਜ ਫਿਰ ਇਹ ਓਹੀ ਹਥਿਆਰ ਵਰਤਣ ਲਈ ਤਤਪਰ ਹਨ। ਪੰਜਾਬ ਦੇ ਸਾਰੇ ਨੌਜਵਾਨਾਂ ਨੂੰ ਅੱਜ ਇਹਨਾਂ ਦੀਆਂ ਚਾਲਾਂ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ। ਨੌਜਵਾਨ ਪੀੜ੍ਹੀ ਦਾ ਕੰਮ ਸਿਆਸੀ ਗਤੀਵਿਧੀਆਂ ਨਹੀਂ ਸਗੋਂ ਨਸ਼ਿਆਂ ਤੋਂ ਦੂਰ ਰਹਿ ਕੇ ਉੱਚ ਮਿਆਰੀ ਕਿੱਤਾਕਾਰੀ ਸਿੱਖਿਆ ਪ੍ਰਾਪਤ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦੇ ਭਵਿੱਖ ਦਾ ਨਿਰਮਾਣ ਕਰਨਾ, ਜਵਾਨੀਆਂ ਮਾਨਣੀਆਂ ਅਤੇ ਦੇਸ਼ ਦੇ ਵਿਕਾਸ ਵਿੱਚ ਬਣਦਾ ਸਰਦਾ ਹਿੱਸਾ ਪਾਉਣਾ ਹੈ।
ਗੰਭੀਰਤਾ ਨਾਲ ਸੋਚ ਵਿਚਾਰ ਕਰਨ ਵਾਲਾ ਮਸਲਾ ਹੈ ਕਿ ਸੌਦਾ ਸਾਧ ਦੇ ਮੁਆਫੀਨਾਮੇ ਨੇ ਸ਼ਾਂਤ ਪੰਜਾਬ ਨੂੰ ਕਿਥੇ ਤੋਂ ਕਿਥੇ ਪਹੁੰਚਾ ਦਿਤਾ ਹੈ। ਸਾਰੇ ਪੁਆੜੇ ਦੀ ਜੜ੍ਹ ਇਹ ਮੁਆਫੀਨਾਮਾ ਹੀ ਹੈ ਜੋ ਵੋਟ ਦੀ ਗੰਦੀ ਰਾਜਨੀਤੀ ਦੀ ਉਪਜ ਸੀ।
ਮਾਣਯੋਗ ਸੁਪਰੀਮ ਕੋਰਟ ਨੂੰ ਅਜਿਹੀਆਂ ਰੈਲੀਆਂ ਦਾ ਆਪਣੇ ਤੌਰ `ਤੇ ਸਵੈ-ਨੋਟਿਸ ਲੈਣਾ ਚਾਹੀਦਾ ਹੈ। ਚੋਣ ਕਮਿਸ਼ਨ ਨੂੰ ਵੀ ਪਾਰਟੀਆਂ ਦੀਆਂ ਚੋਣ ਰੈਲੀਆਂ ਵਿੱਚ ਸਭਿਅਕ ਭਾਸ਼ਾ ਵਰਤਣ ਦੀ ਹਦਾਇਤ ਹੋਵੇ। ਉਲੰਘਣ ਕਰਨ `ਤੇ ਉਹਨਾਂ ਦੀ ਮਾਨਤਾ ਰੱਦ ਕਰਨ ਦੀ ਕਾਰਵਾਈ ਕਰਨੀ ਚਾਹੀਦੀ ਹੈ। ਵੱਡੇ ਇਕੱਠ ਕਰਨ `ਤੇ ਪੂਰਨ ਪਾਬੰਦੀ ਲਗਾਈ ਜਾਵੇ। ਇਹੋ ਜਿਹੀਆਂ ਰੈਲੀਆਂ ਕਰਕੇ ਪੰਜਾਬ ਦਾ ਪੈਸਾ, ਸਮਾਂ, ਜਵਾਨੀ ਅਤੇ ਸ਼ਕਤੀ ਨੂੰ ਜ਼ਾਇਆ ਨਾ ਕੀਤਾ ਜਾਵੇ। ਪੰਜਾਬ ਦੇ ਲੇਖਕਾਂ ਅਤੇ ਬੁੱਧੀਜੀਵੀਆਂ ਨੂੰ ਸੂਬੇ ਵਿੱਚ ਸਿਰਜੇ ਜਾ ਰਹੇ ਸਿਆਸੀ ਅਤੇ ਸਮਾਜਿਕ ਨਫ਼ਰਤ ਅਤੇ ਫ਼ਿਰਕੂ ਮਾਹੌਲ ਨੂੰ ਰੋਕਣ ਲਈ ਜਾਗਦੀਆਂ ਜ਼ਮੀਰਾਂ ਨਾਲ ਅਤੇ ਦੋਗ਼ਲੇਪਨ ਤੋਂ ਨਿਰਲੇਪ ਹੋ ਕੇ ਇਸ ਨੂੰ ਠੱਲ ਪਾਉਣ ਲਈ ਯਤਨ ਕਰਨ ਤੋਂ ਪਿੱਛੇ ਨਹੀਂ ਹੱਟਣਾ ਚਾਹੀਦਾ। ਨਹੀਂ ਤਾਂ ਸ਼ਾਂਤ ਪੰਜਾਬ ਦਹਿਸ਼ਤ ਦੀ ਦਲਦਲ ਵਿੱਚ ਧੱਸ ਜਾਵੇਗਾ। ਜਿਸ ਦੀ ਸਜ਼ਾ ਆਪਾਂ ਸਾਰਿਆਂ ਨੂੰ ਸਹਿਣੀ ਪਵੇਗੀ।
ਮੋਬਾਇਲ: 88728-54500


09/12/15)
ਗਿਆਨੀ ਅਵਤਾਰ ਸਿੰਘ

ਲੜੀ ਜੋੜਨ ਲਈ ‘ਭਾਗ ਪਹਿਲਾ’ ਪੜੋ, ਜੀ।
ਮੰਜ਼ਲ ਵੱਲ ਤੁਰੇ ਸਿੱਖਾਂ ਨੂੰ ਚੁਰਾਹੇ ’ਚ ਛੱਡਣ ਲਈ ਜ਼ਿੰਮੇਵਾਰ ਕੌਣ ?, ਬਾਰੇ ਵੀਚਾਰ ਤੇ ਸੁਝਾਵ (ਭਾਗ ਦੂਜਾ)
ਗਿਆਨੀ ਅਵਤਾਰ ਸਿੰਘ (ਸੰਪਾਦਕ gurparsad.com)-98140-35202

ਪਿਛਲੇ ਲੇਖ (ਭਾਗ ਪਹਿਲੇ) ’ਚ ਸਿੱਖ ਬੁਧੀਜੀਵੀ ਵਰਗ ਦੇ ਵੀਚਾਰਕ ਮਤਭੇਦਾਂ ’ਚ ਇੱਕ ਕਾਰਨ ‘ਸਿੱਖ ਰਹਿਤ ਮਰਿਆਦਾ’ (ਪੰਥਕ ਏਕਤਾ) ਬਾਰੇ ਅਸਹਿਮਤੀ ’ਤੇ ਵੀਚਾਰ ਕੀਤੀ ਗਈ ਸੀ ਤੇ ਇਸ ਲੇਖ (ਭਾਗ ਦੂਜਾ) ਵਿੱਚ ‘ਪੰਜਾਬ’ ਤੇ ‘ਸਿੱਖ ਭਾਈਚਾਰੇ’ ਨਾਲ ਸਬੰਧਿਤ ਕੁਝ ਕੁ ਅਜਿਹੇ ਮਸਲਿਆਂ ਬਾਰੇ ਵੀਚਾਰ ਕੀਤੀ ਜਾਵੇਗੀ, ਜਿਨ੍ਹਾਂ ਨੂੰ ਆਧਾਰ ਬਣਾ ਕੇ ਰਾਜਨੀਤਿਕ ਪਾਰਟੀਆਂ ਉਨ੍ਹਾਂ ਦੇ ਦਰ ’ਤੇ ਜਾਂਦੀਆਂ ਹਨ ਪਰ ਸੱਤਾ ਪ੍ਰਾਪਤ ਕਰਨ ਉਪਰੰਤ ਆਪਣੇ ਵਾਅਦਿਆਂ ਤੋਂ ਮੁਕਰ ਜਾਂਦੀਆਂ ਹਨ। ਅਜਿਹੀ ਵਾਅਦਾਖ਼ਿਲਾਫ਼ੀ ਕਰਨ ਦੇ ਪਿਛੋਕੜ ਵਿੱਚ ਕੀ ਕਾਰਨ ਹੁੰਦੇ ਹਨ, ਬਾਰੇ ਵੀਚਾਰ ਕਰਨੀ ਜ਼ਰੂਰੀ ਹੈ ਤਾਂ ਜੋ ਅੱਖਾਂ ਬੰਦ ਕਰਕੇ ਇਨ੍ਹਾਂ ਦੇ ਹੱਕ ਜਾਂ ਵਿਰੋਧ ’ਚ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ, ਲੇਖਕਾਂ ਆਦਿ ਦੀ ਮਜ਼ਬੂਰੀ ਜਾਂ ਕਮਜ਼ੋਰੀ ਨੂੰ ਸਮਝਿਆ ਜਾ ਸਕੇ।
ਪੰਜਾਬ ਦੀਆਂ ਮੂਲ ਸਮੱਸਿਆਵਾਂ ਨੂੰ ਮੋਟੇ ਤੌਰ ’ਤੇ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ; ਜਿਵੇਂ:
(ੳ). ਰਾਜਨੀਤਿਕ ਮੁੱਦੇ-
(1). ਪੰਜਾਬੀ ਬੋਲਦਾ ਉਹ ਇਲਾਕਾ ਜੋ (ਕਾਂਗਰਸ ਦੀ ਵਿਸ਼ਵਾਸਘਾਤ ਨੀਤੀ ਕਾਰਨ) ਸੰਨ 1966 ਦੀ ਸੂਬਾ-ਵੰਡ ਦੌਰਾਨ ਪੰਜਾਬ ਦੇ ਨਕਸ਼ੇ ਵਿੱਚੋਂ ਬਾਹਰ (ਹਰਿਆਣਾ, ਹਿਮਾਚਲ ਤੇ ਰਾਜਸਥਾਨ ’ਚ) ਰਹਿ ਗਿਆ।
(2). ਕੇਂਦਰ ਸ਼ਾਸਕ ‘ਚੰਡੀਗੜ੍ਹ’ ਨੂੰ ਪੰਜਾਬ ਸੂਬੇ ਨਾਲ ਮਿਲਾਉਣਾ।
(3). ਪੰਜਾਬ ਦੇ ਪਾਣੀ ਅਤੇ ਬਿਜਲੀ ’ਤੇ ਪੰਜਾਬ ਦਾ ਹੀ ਅਧਿਕਾਰ ਸਵੀਕਾਰ ਕਰਨਾ, ਆਦਿ।
(ਅ). ਧਾਰਮਿਕ ਮੁੱਦੇ-
(1). ਅਕਾਲ ਤਖ਼ਤ ਸਾਹਿਬ ’ਤੇ ਕੀਤੇ ਗਏ ਫੌਜੀ ਹਮਲੇ ਦੇ ਕਾਰਨਾਂ ਨੂੰ ਪੜਚੋਲਨਾ ਕਿਉਂਕਿ ਭਾਰਤ ਦੀ ਸੰਸਦ ਵਿੱਚ ਅੱਤਵਾਦੀਆਂ ਦੀ ਨਫ਼ਰੀ ਤੇ ਉਨ੍ਹਾਂ ਦੇ ਹਥਿਆਰਾਂ ਬਾਰੇ ਦਿੱਤੀ ਗਈ ਸੂਚਨਾ ਦੇ ਵਿਪਰੀਤ ਹਥਿਆਰਾਂ ਦਾ ਵੱਡਾ ਜਖ਼ੀਰਾ ਦਰਬਾਰ ਸਾਹਿਬ ਅੰਦਰੋਂ ਮਿਲਣ ਬਾਰੇ ਸੱਚ ਸਾਹਮਣੇ ਲਿਆਉਣਾ ਜ਼ਰੂਰੀ ਹੈ।
(2). ਦਰਬਾਰ ਸਾਹਿਬ (ਅੰਮ੍ਰਿਤਸਰ) ਵਿੱਚੋਂ ਭਾਰਤੀ ਫੌਜ ਰਾਹੀਂ ਚੁੱਕੀ ਗਈ ਧਾਰਮਿਕ ਸਮੱਗਰੀ ਦੀ ਪੜਚੋਲ।
(3). ਪੰਜਾਬ ਵਿੱਚ ਮਾਰੇ ਗਏ ਅਣਗਿਣਤ ਨਿਰਦੋਸ਼ਾਂ (ਝੂਠੇ ਮੁਕਾਬਲਿਆਂ) ਦੀ ਨਿਰਪੱਖ ਜਾਂਚ ਕਰਵਾਉਣੀ।
(4). ਅਨੰਦ ਮੈਰਿਜ ਐਕਟ ਬਿਲ ਨੂੰ ਲਾਗੂ ਕਰਵਾਉਣਾ (ਜੋ ਕਿ ਪੰਜਾਬ ਤੋਂ ਇਲਾਵਾ ‘ਹਰਿਆਣਾ, ਪਾਕਿਸਤਾਨ, ਬੰਗਲਾਦੇਸ਼’ ਆਦਿ ’ਚ ਲਾਗੂ ਹੋ ਚੁੱਕਾ ਹੈ)।
(5). ‘ਸਹਿਜਧਾਰੀ’ ਸ਼ਬਦ ਦੀ ਵਿਆਖਿਆ ਵਾਲੇ ਵਿਵਾਦ ਨੂੰ ਖ਼ਤਮ ਕਰਨਾ।
(6). ਸੰਵਿਧਾਨ ਦੀ ਧਾਰਾ 25/2/ਬੀ/2 ’ਚ ਸੰਸ਼ੋਧਨ ਕਰਵਾਉਣਾ, ਜਿਸ ਰਾਹੀਂ ‘ਸਿੱਖਾਂ’ ਨੂੰ ‘ਹਿੰਦੂ’ ਸਮਾਜ ਦਾ ਹੀ ਅੰਗ ਮੰਨਿਆ ਜਾਂਦਾ ਹੈ। ਆਦਿ।
(ੲ). ਸਮਾਜਿਕ ਮੁੱਦੇ-
(1). ਨਸ਼ਾ ਮੁਕਤੀ, ਫਸਲ ਵਿਭਿੰਨਤਾ ਤੇ ਗਾਰੰਟੀ, ਸਿਖਿਆ, ਚਕਿਤਸਾ (ਮੈਡੀਕਲ), ਰੁਜ਼ਗਾਰ, ਨਿਆਂ ਪ੍ਰਣਾਲੀ ’ਚ ਸੁਧਾਰ, ਪੰਜਾਬੀ ਭਾਸ਼ਾ ਦਾ ਵਿਕਾਸ, ਵਾਤਾਵਰਨ ਪਰਦੂਸ਼ਨ ਮੁਕਤ ਤੇ ਭ੍ਰਿਸ਼ਟਾਚਾਰ ਮੁਕਤ ਸਮਾਜ ਦੀ ਸਿਰਜਣਾ ਆਦਿ ਯੋਜਨਾਵਾਂ ਨੂੰ ਪਾਰਦਰਸ਼ੀ ਢੰਗ ਨਾਲ ਹਰ ਬੰਦੇ ਦੀ ਪਹੁੰਚ ਤੱਕ ਯਕੀਨੀ ਬਣਾਉਣਾ, ਆਦਿ।
ਉਕਤ ਬਿਆਨ ਕੀਤੇ ਗਏ ਕੁਝ ਕੁ ਮੁੱਦਿਆਂ ਨੂੰ ਕਿਹੜੀ ਰਾਜਨੀਤਿਕ ਪਾਰਟੀ ਤੇ ਕਿੱਥੋਂ ਤੱਕ ਲਾਗੂ ਕਰਵਾ ਸਕਦੀ ਹੈ; ਇਸ ਬਾਰੇ ਇੱਕ ਵੀਚਾਰ:
(1). ਅਕਾਲੀ ਦਲ (ਬਾਦਲ)- ਇਸ ਪਾਰਟੀ ਦਾ ਜਨਮ ਉਸ ‘ਸ਼੍ਰੋਮਣੀ ਅਕਾਲੀ ਦਲ’ ਦੀ ਹੋਂਦ ਮਿਟਾ ਕੇ ਹੋਇਆ ਹੈ, ਜਿਸ ਦੀ ਵਰਕਿੰਗ ਕਮੇਟੀ ਨੇ 20 ਜੁਲਾਈ 1966 ਨੂੰ ਉਕਤ ‘ਰਾਜਨੀਤਿਕ ਮੁੱਦਿਆਂ’ ਨੂੰ ਲੈ ਕੇ ਇੱਕ ਮਤਾ ਪਾਸ ਕੀਤਾ ਸੀ, ਜੋ ਸਰਦਾਰ ਕਪੂਰ ਸਿੰਘ ਜੀ ਨੇ 6 ਸਤੰਬਰ 1966 ਨੂੰ ਪੰਜਾਬ ਪੁਨਰ ਗਠਨ ਬਿੱਲ 1966 ’ਤੇ ਭਾਰਤ ਦੀ ਪਾਰਲੀਮੈਂਟ ’ਚ ਬੋਲਦਿਆਂ ਪੜ੍ਹ ਕੇ ਸੁਣਾਇਆ, ਜਿਸ ਵਿੱਚ ਪੰਜਾਬ ਦੀ ਕੀਤੀ ਜਾ ਰਹੀ ਵੰਡ ਨੂੰ ‘ਗੰਦਾ ਅੰਡਾ’ ਕਹਿ ਕੇ ਅਸਵੀਕਾਰ ਕੀਤਾ ਗਿਆ ਸੀ। ਉਸ ਭਾਸ਼ਣ ਵਿੱਚ ਹੀ ਲੋਕ ਸਭਾ ਸਪੀਕਰ ਨੂੰ ਸੰਬੋਧਨ ਕਰਦਿਆਂ ਸਰਦਾਰ ਕਪੂਰ ਸਿੰਘ ਜੀ ਨੇ ਮਾਸਟਰ ਤਾਰਾ ਸਿੰਘ ਤੇ ਜਵਾਹਰ ਲਾਲ ਨਹਿਰੂ ਦੀ ਵਾਰਤਾਲਾਪ ਬਾਰੇ ਇੱਕ ਜਾਣਕਾਰੀ ਇਉਂ ਦਿੱਤੀ ਕਿ ਸੰਨ 1954 ’ਚ ਜਦ ਮਾਸਟਰ ਤਾਰਾ ਸਿੰਘ ਨੇ ਜਵਾਹਰ ਲਾਲ ਨਹਿਰੂ ਨੂੰ ਯਾਦ ਕਰਵਾਇਆ ਕਿ ਕਾਂਗਰਸ ਤੇ ਹਿੰਦੂਆਂ ਵੱਲੋਂ ਸਿੱਖਾਂ ਨਾਲ ਕੀਤੇ ਗਏ ਬਚਨ ਪੂਰੇ ਨਹੀਂ ਹੋਏ ਤਾਂ ਪੰਡਿਤ ਜਵਾਹਰ ਲਾਲ ਨਹਿਰੂ ਨੇ ਬਿਨਾ ਝਿਜਕ ਉਤਰ ਦਿੱਤਾ ਕਿ ‘ਹੁਣ ਸਮਾਂ ਬਦਲ ਗਿਆ ਹੈ।’
‘ਪੰਡਿਤ ਜਵਾਹਰ ਲਾਲ ਨਹਿਰੂ’ ਵੱਲੋਂ ਦਿੱਤਾ ਗਿਆ ਉਕਤ ਜਵਾਬ ਹੀ ਹੁਣ ‘ਅਕਾਲੀ ਦਲ ਬਾਦਲ’ ਪਾਰਟੀ ਦੁਹਰਾਉਂਦੀ ਹੈ ਭਾਵ ਉਕਤ ਮੁੱਦਿਆਂ ਨੂੰ ਲੈ ਕੇ ਜੋ ਨਿਰਣਾ ‘ਸ਼੍ਰੋਮਣੀ ਅਕਾਲੀ ਦਲ’ ਦਾ ਸੀ ‘ਹੁਣ ਉਹ ਸਮਾਂ ਬਦਲ ਗਿਆ’ ਹੈ ਤੇ ਸਾਡੀ ਪਾਰਟੀ ‘ਸ਼੍ਰੋਮਣੀ ਅਕਾਲੀ ਦਲ’ ਨਹੀਂ, ਬਲਕਿ ਪੰਜਾਬੀ ਪਾਰਟੀ ਜਾਨੀ ਕਿ ‘ਅਕਾਲੀ ਦਲ ਬਾਦਲ’ ਹੈ।
ਇਸ ਪਾਰਟੀ ਦੀ ਹੋਂਦ ‘ਗੁਰਮਤਿ ਸਿਧਾਂਤਾਂ’ ਦੀ ਰਾਖੀ ਲਈ ਕਾਇਮ ਕੀਤੀ ਗਈ ਸੀ ਪਰ ਅਜੋਕੇ ਹਾਲਾਤਾਂ ਨੂੰ ਵੇਖਿਆਂ ਲਗਦਾ ਹੈ ਕਿ ‘ਗੁਰਮਤਿ ਸਿਧਾਂਤਾਂ’ ਨੂੰ ਸਭ ਤੋਂ ਵੱਧ ਖ਼ਤਰਾ ਇਸ ਪਾਰਟੀ ਤੋਂ ਹੀ ਹੈ। ਵੈਸੇ ਇਹ ਪਾਰਟੀ ਪੰਥਕ ਨਾ ਰਹਿ ਕੇ ਪਰਿਵਾਰਕ ਬਣ ਗਈ ਹੈ ਫਿਰ ਵੀ ਇੱਕ ਲੱਤ ਪੰਥ ’ਚ ਰੱਖੀ ਹੋਈ ਹੈ। ਨਿੱਜ ਸੁਆਰਥਾਂ ਕਾਰਨ ਇਸ ਨੇ ਜਿੱਥੇ ‘ਗੁਰਮਤਿ’ ਦੇ ਪ੍ਰਚਾਰ ਤੇ ਪ੍ਰਸਾਰ ’ਚ ਵਿਘਨ ਪਾਇਆ ਹੈ ਉੱਥੇ ‘ਗੁਰਮਤਿ’ ’ਤੇ ਪਹਿਰਾ ਦੇਣ ਵਾਲਿਆਂ ਨਾਲ ਭਾਰਤ ਸਰਕਾਰ ਵੱਲੋਂ ਕੀਤੀ ਗਈ ਬੇਇਨਸਾਫ਼ੀ ਦੇ ਸਬੂਤ ਵੀ ਨਸ਼ਟ ਕਰਾ ਦਿੱਤੇ, ਜਿਨ੍ਹਾਂ ਰਾਹੀਂ ਸਿੱਖ ਕੌਮ ਨੂੰ ਕੁਝ ਇਨਸਾਫ਼ ਮਿਲਣ ਦੀ ਉਮੀਦ ਸੀ।
ਉਕਤ ‘ਰਾਜਨੀਤਿਕ ਮੁੱਦਿਆਂ’ ਵਿੱਚੋਂ ਇਹ ਪਾਰਟੀ ਇਲਾਕਾਈ (ਖੇਤਰੀ) ਹੋਣ ਕਾਰਨ ਪੰਜਾਬੀ ਬੋਲਦਾ ਇਲਾਕਾ ਤੇ ਚੰਡੀਗੜ੍ਹ ਨੂੰ ਪੰਜਾਬ ’ਚ ਮਿਲਾਉਣ ਲਈ ਆਪਣੀ ਆਵਾਜ਼ ਜ਼ੋਰ-ਸ਼ੋਰ ਨਾਲ ਬੁਲੰਦ ਕਰ ਸਕਦੀ ਸੀ ਪਰ ਅਜਿਹਾ ਕੁਝ ਵੀ ਨਹੀਂ ਕੀਤਾ ਗਿਆ।
‘ਧਾਰਮਿਕ ਮੁੱਦਿਆਂ’; ਜਿਵੇਂ ਕਿ ਅਕਾਲ ਤਖ਼ਤ ਸਾਹਿਬ ’ਤੇ ਹਮਲਾ ਕਰਵਾਉਣ ਤੋਂ ਲੈ ਕੇ ਝੂਠੇ ਪੁਲਿਸ ਮੁਕਾਬਲਿਆਂ ਦੇ ਸਬੂਤ ਮਿਟਾਉਣ ਤੱਕ ਇਨ੍ਹਾਂ ਦਾ ਹੱਥ ਹੋਣ ਦੇ ਸੰਕੇਤ ਮਿਲਦੇ ਹਨ ਕਿਉਂਕਿ ਇਨ੍ਹਾਂ ਦੇ ਅਜੋਕੇ ਰਾਜਨੀਤਿਕ ਸਫ਼ਰ ਤੱਕ ਭਿੰਡਰਾਂਵਾਲੀ ਸੋਚ ਵੱਡੀ ਰੁਕਾਵਟ ਸੀ। ਬੰਦੀ ਸਿੰਘਾਂ ਦੀ ਰਿਹਾਈ ਪ੍ਰਤੀ ਸੰਵੇਦਨਸ਼ੀਲਤਾ ਨਾ ਵਿਖਾਉਣਾ, ਇਸ ਦੀ ਇੱਕ ਉਦਾਹਰਨ ਹੈ।
‘ਸਮਾਜਿਕ ਮੁੱਦਿਆਂ’ ਬਾਰੇ ਇਨ੍ਹਾਂ ਦੀ ਆਪਣੀ ਸੋਚ ਵਾਪਾਰਿਕ ਹੋਣ ਕਾਰਨ ਆਪਣਾ ਹਿਸਾ ਪਹਿਲਾਂ ਰੱਖਿਆ ਜਾਂਦਾ ਹੈ ਜਿਸ ਕਾਰਨ ਕੋਈ ਬਾਹਰਲਾ ਸੇਠ ਪੰਜਾਬ ’ਚ ਪੈਸਾ ਲਗਾਉਣ ਨੂੰ ਤਿਆਰ ਨਹੀਂ ਤੇ ਨੌਜਵਾਨ ਵਰਗ ਰੁਜ਼ਗਾਰ ਵਿਹੂਣਾ ਠੋਕਰਾਂ ਖਾਂਦਾ ਨਸ਼ਿਆਂ ਦੇ ਵਾਪਾਰ ਦੀ ਦਲਦਲ ’ਚ ਫਸਦਾ ਹੋਇਆ ਸਿੱਖੀ ਤੋਂ ਪਤਿਤ ਹੋ ਰਿਹਾ ਹੈ। ਚੰਗੇ ਸਮਾਜ ਦੀ ਸਿਰਜਣਾ ਲਈ ਮੰਨੇ ਜਾਂਦੇ ਚਾਰੇ ਥੰਮ (ਪਾਰਲੀਮੈਂਟ, ਨੌਕਰਸ਼ਾਹੀ, ਅਦਾਲਤਾਂ ਤੇ ਪ੍ਰੈਸ) ਇਨ੍ਹਾਂ ਦੀ ਸਿੱਧੇ ਜਾਂ ਅਸਿੱਧੇ ਰੂਪ ’ਚ ਮਦਦ ਕਰਦੇ ਹਨ।
(2). ਕਾਂਗਰਸ ਪਾਰਟੀ- ਇਸ ਪਾਰਟੀ ਨੂੰ ਵਿਸ਼ਵਾਸਘਾਤ ਦੀ ਜਨਨੀ ਕਹਿਣਾ ਉਚਿਤ ਹੋਵੇਗਾ। ਸੰਨ 1978 ਤੋਂ ਲੈ ਕੇ 1995 ਤੱਕ ਇਸ ਨੇ ਆਪਣੀ ਬੇਵਫ਼ਾਈ (ਧ੍ਰੋਹ) ਦਾ ਜੋ ਸਬੂਤ ਸਿੱਖਾਂ ਨੂੰ ਦਿੱਤਾ ਹੈ ਉਹ ਜੱਗ ਜ਼ਾਹਰ ਹੈ। ਇਸ ਈਰਖਾ ਦਾ ਇਹ ਕਾਰਨ ਵੀ ਹੋ ਸਕਦਾ ਹੈ ਕਿ ਅਮਰਜੈਂਸੀ ਦੌਰਾਨ 21 ਮਹੀਨੇ (26 ਜੂਨ 1975 ਤੋਂ 21 ਮਾਰਚ 1977 ਤੱਕ) ਸਿੱਖਾਂ ਨੇ ‘ਜਨਤਾ ਦਲ’ ਦੀ ਮਦਦ ਕੀਤੀ ਸੀ।
‘ਸਰਬੱਤ ਦਾ ਭਲਾ’ ਮੰਗਣ ਵਾਲੇ ਸਿੱਖ ਸਮਾਜ ਪ੍ਰਤੀ ਇਨ੍ਹਾਂ ਦੀ ਈਰਖਾਲੂ ਸੋਚ ’ਤੇ ਪਰਦਾ ਪਾਉਣ ਲਈ ਪੰਜਾਬ ਵਿਧਾਨ ਸਭਾ ਚੁਣਾਵ (2017) ਨੂੰ ਮੁੱਖ ਰੱਖਦਿਆਂ ਕੈਪਟਨ ਅਮਰਿੰਦਰ ਸਿੰਘ (ਸਿੱਖ) ਨੂੰ ਅੱਗੇ ਕੀਤਾ ਹੈ, ਜੋ ਪਿਛਲੇ ਡੇਢ ਸਾਲ ਤੋਂ ਦਿੱਲੀ ਸੰਸਦ ਵਿੱਚ ਵਿਰੋਧੀ ਧਿਰ ਦਾ ਉਪ ਨੇਤਾ ਸੀ, ਜਿੱਥੇ ਕੈਪਟਨ ਨੂੰ ਮਾਨਵਤਾ ਪ੍ਰਤੀ ਆਪਣਾ ਪਿਆਰ ਵਿਖਾਉਣ ਲਈ ਸੁਨਹਿਰਾ ਮੌਕਾ ਮਿਲਿਆ ਸੀ ਕਿਉਂਕਿ ਪਿਛਲੇ ਇੱਕ-ਡੇਢ ਸਾਲ ’ਚ ਭਾਰਤ ਵਿੱਚ ਅਨੇਕਾਂ ਨਵੀਆਂ ਸਮੱਸਿਆਵਾਂ ਨੇ ਜਨਮ ਲਿਆ; ਜਿਵੇਂ ਵਧ ਰਹੀ ਅਸਹਿਨਸ਼ੀਲਤਾ, ਬੁਧੀਜੀਵੀ ਵਰਗ ਵੱਲੋਂ ਵਾਪਸ ਕੀਤੇ ਜਾ ਰਹੇ ਸਨਮਾਨ ਚਿੰਨ੍ਹ, ਵਧ ਰਹੀ ਮਹਿੰਗਾਈ, ਕਿਸਾਨ ਵਿਰੋਧੀ ਭੂਮੀ ਬਿਲ, ਫੌਜੀਆਂ ਦੀਆਂ ਪੈਨਸ਼ਨ ਮੰਗਾਂ, ਮੋਗਾ ਔਰਬਿੱਟ ਬੱਸ ਕਾਂਡ, ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਆਦਿ ਕਈ ਸਮਾਜਿਕ ਮੁੱਦੇ ਸਨ, ਪਰ ਇਸ (ਵਿਰੋਧੀ ਧਿਰ ਦੇ ਨੇਤਾ) ਨੇ ਕਦੇ ਵੀ ਇਨ੍ਹਾਂ ਘਟਨਾਵਾਂ ਵਿੱਚੋਂ ਇੱਕ ਵੀ ਮੁੱਦਾ ਸੰਸਦ ’ਚ ਉੱਠਾਉਣਾ ਤਾਂ ਦੂਰ ਰਿਹਾ ਸੰਸਦ ਵਿੱਚ ਹਾਜ਼ਰੀ ਲਗਵਾਉਣੀ ਵੀ ਉਚਿਤ ਨਹੀਂ ਸਮਝੀ। ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ’ਚ ਵੀ ਕੋਈ ਸਮਾਜਿਕ ਜਾਂ ਪੰਥਕ ਮੁੱਦਾ ਉੱਠਾਉਂਦਿਆਂ ਨਹੀਂ ਵੇਖਿਆ ਗਿਆ।
ਉਕਤ ਕੀਤੀ ਗਈ ਵੀਚਾਰ ਅਨੁਸਾਰ ਪੰਜਾਬ ਦੇ ਤਿੰਨੇ ਪ੍ਰਮੁੱਖ ਮੁੱਦੇ (ਰਾਜਨੀਤਿਕ, ਧਾਰਮਿਕ ਤੇ ਸਮਾਜਿਕ) ਵਿੱਚੋਂ ਕੈਪਟਨ ਦੀ ਸੀਮਾ ਕੇਵਲ ਪਾਣੀ ਵੰਡ ਵਾਲੇ ਸਮਝੌਤੇ ਨੂੰ ਰੱਦ ਕਰਵਾਉਣ ਤੋਂ ਵੱਧ ਨਹੀਂ ਸੀ, ਜਿਸ ਨੂੰ ਇਸ ਨੇ ਪੂਰਾ ਕਰਕੇ ਆਪਣੇ ਆਪ ਨੂੰ ਪੰਜਾਬ ਦਾ ਅਸਲ ਸਪੁੱਤਰ ਹੋਣ ਦਾ ਸਬੂਤ ਦੇ ਦਿੱਤਾ ਇਸ ਤੋਂ ਇਲਾਵਾ ਪੰਜਾਬ ਦੀ ਜਨਤਾ ਅਗਰ ਇਨ੍ਹਾਂ ਤੋਂ ਉਕਤ ਮੁੱਦਿਆਂ ਵਿੱਚੋਂ ਕਿਸੇ ਇੱਕ ਨੂੰ ਵੀ ਪੂਰਾ ਕਰਨ ਦੀ ਉਮੀਦ ਲਗਾਈ ਬੈਠੀ ਹੈ ਤਾਂ ਉਹ ਆਪਣੇ ਆਪ ਨਾਲ ਹੀ ਬਹੁਤ ਵੱਡਾ ਧੋਖਾ ਹੋਵੇਗਾ ਕਿਉਂਕਿ ਇਹ ਕਾਂਗਰਸ ਦਾ ਵਰਕਰ ਹੈ, ਪਾਰਟੀ ਪ੍ਰਧਾਨ ਨਹੀਂ। ਇਸ ਦਾ ਸਬੂਤ ਇਸ ਨੇ ਸੰਨ 2002- 2007 ਤੱਕ (5 ਸਾਲ) ਪੰਜਾਬ ਦਾ ਮੁੱਖ ਮੰਤ੍ਰੀ ਰਹਿ ਕੇ ਦੇ ਦਿੱਤਾ ਹੈ।
ਅਗਰ ਪੰਜਾਬ ’ਚ ਇਹ ਜਾਂਚ ਕਰਵਾ ਲਈ ਜਾਂਦੀ ਕਿ ਪੰਜਾਬ ਦੇ ਹਰ ਛੋਟੇ ਵੱਡੇ ਉਦਯੋਗਿਕ ਧੰਦਿਆਂ ਨੂੰ ਆਰੰਭ ਕਰਨ ਤੋਂ ਕੁਝ ਕੁ ਸਮਾਂ ਪਹਿਲਾਂ ਉਸ ਦੇ ਆਸ ਪਾਸ ਦੀ ਜ਼ਮੀਨ ਨੂੰ ਕੌਡੀਆਂ ਦੇ ਭਾਅ ਕੌਣ ਬੰਦਾ ਜਾਂ ਕਿਸ ਦੇ ਸਬੰਧੀ ਖਰੀਦਦੇ ਹਨ ਤਾਂ ਉਹ (ਸਬੰਧਿਤ) ਵਿਅਕਤੀ ਜ਼ਿੰਦਗੀਭਰ ਦੁਬਾਰਾ ਪੰਜਾਬ ਦਾ ਮੁੱਖ ਮੰਤ੍ਰੀ ਨਹੀਂ ਬਣ ਸਕਦਾ ਸੀ ਪਰ ਇਸ ਸੁਸਤ ਬੰਦੇ ਨੇ ਅਜਿਹਾ ਕੁਝ ਵੀ ਕਰਕੇ ਪੰਜਾਬ ਦੀ ਜਨਤਾ ਨੂੰ ਇਨਸਾਫ਼ ਨਹੀਂ ਦਿਲਵਾਇਆ। ਇਨ੍ਹਾਂ ਕਾਰਨ ਕਰਕੇ ਹੀ ਸਮਾਜਿਕ ਮੰਗਾਂ ਲਈ ਯਤਨਸ਼ੀਲ ਰਹਿਣ ਵਾਲੇ ‘ਸ. ਸੁਖਪਾਲ ਸਿੰਘ ਖਹਿਰਾ’ ਵਰਗੇ ਇਸ ਪਾਰਟੀ ਨੂੰ ਅਲਵਿਦਾ ਕਹਿਣਾ ਉਚਿਤ ਸਮਝਦੇ ਹਨ।
(3). ਅਕਾਲੀ ਦਲ (ਮਾਨ)- ਪੰਜਾਬ ’ਤੇ ਸ਼ਾਸਨ ਕਰਦੀਆਂ ਆ ਰਹੀਆਂ ਉਕਤ ਦੋਵੇਂ ਰਾਜਨੀਤਿਕ ਪਾਰਟੀਆਂ ਦੁਆਰਾ ਸਿੱਖ ਕੌਮ ਨੂੰ ਵਾਰ ਵਾਰ ਲਿਤਾੜਨ ਕਾਰਨ ਜਦ ਵੀ ਕਿਸੇ ਵਿਸ਼ੇ ਨੂੰ ਲੈ ਕੇ ਸਿੱਖਾਂ ਦੇ ਵੀਚਾਰਾਂ ’ਚ ਉਛਾਲ ਆਇਆ ਤਾਂ ਇਸ ਪਾਰਟੀ ਨੇ ਸਭ ਤੋਂ ਪਹਿਲਾਂ ਉਸ ਮੁਹਿਮ ਦੀ ਅਗਵਾਈ ਕੀਤੀ। ਆਰੰਭਕ ਦੌਰ ’ਚ ਕੁਝ ਹੱਦ ਤੱਕ ਇਸ ਨੂੰ ਸਫਲਤਾ ਵੀ ਮਿਲੀ; ਜਿਵੇਂ ਨਵੰਬਰ 1989 ’ਚ ਹੋਏ ਲੋਕ ਸਭਾ ਚੁਣਾਵ, ਜਦ ਪੰਜਾਬ ਦੀਆਂ 13 ਸੀਟਾਂ ਵਿੱਚੋਂ 10 ਸੀਟਾਂ (44% ਵੋਟਾਂ ਨਾਲ) ਜਿੱਤ ਲਈਆਂ। ਸਿੱਖਾਂ ਨੂੰ ਮਦਦ ਦੀ ਨਿਗਾਹ ਨਾਲ ਵੇਖਣ ਵਾਲੀ ‘ਜਨਤਾ ਦਲ’ ਵੀ ਤਦ ਭਾਰਤ ਦੀ ਸੱਤਾ ’ਤੇ ਕਾਬਜ਼ ਹੋ ਚੁੱਕੀ ਸੀ।
ਸਿੱਖ ਸਮਾਜ; ‘ਮਾਨ’ ਤੋਂ ਇਸ ਲਈ ਨਰਾਜ਼ ਹੈ ਕਿ ਅਮਰਜੈਂਸੀ (1975-77) ਦੌਰਾਨ ਜਿਸ ‘ਜਨਤਾ ਦਲ’ ਦੀ ਮਦਦ ਕਰਨ ਕਰਕੇ ਸਿੱਖਾਂ ਨੂੰ (1978 ਤੋਂ 1995 ਤੱਕ) ਅਸਹਿ ਤਸੀਹੇ ਝੱਲਣੇ ਪਏ, ਉਸ ਪਾਰਟੀ ਦੀ ਸਰਕਾਰ 19 ਮਹੀਨੇ (2 ਦਸੰਬਰ 1989 ਤੋਂ 21 ਜੂਨ 1991 ਤੱਕ) ਦੀ ਮਦਦ ਮਿਲਣ ਉਪਰੰਤ ਅਨੇਕਾਂ ਸਿੱਖਾਂ ਦੇ ਕਾਤਲ ਪੰਜਾਬ ਦੇ ਡੀ. ਜੀ. ਪੀ. (1984-1995 ਤੱਕ) ਕੇ. ਪੀ. ਐੱਸ. ਗਿੱਲ ਨੂੰ ਹਟਾਉਣ ਦੀ ਬਜਾਏ ਕੇਵਲ ਭੜਕਾਉ ਗੱਲਾਂ ਤੱਕ ਹੀ ਰਾਜਨੀਤੀ ਨੂੰ ਉਲਝਾਈ ਰੱਖਿਆ। ‘ਜਨਤਾ ਦਲ’ ਸਿੱਖਾਂ ਦੀ ਮਦਦ ਕਰਨ ਲਈ ਵੀ ਤਿਆਰ ਸੀ ਤੇ ਪੰਜਾਬ ’ਚ ਸੰਨ 1987 1992 ਤੱਕ ਰਾਸ਼ਟ੍ਰਪਤੀ ਰਾਜ ਹੋਣ ਕਾਰਨ ਡੀ. ਜੀ. ਪੀ. ਨੂੰ ਬਦਲਣਾ ਕੇਂਦਰ ਦੇ ਅਧਿਕਾਰ ਵਿੱਚ ਆਉਂਦਾ ਸੀ। ਅਗਰ ਇਸ ਕੰਮ ਨੂੰ ਪਹਿਲ ਦੇ ਆਧਾਰ ’ਤੇ ਕਰਵਾਇਆ ਜਾਂਦਾ ਤਾਂ ਪੰਜਾਬ ’ਚ ਅਨੇਕਾਂ ਜਾਨਾਂ ਬਚਾਈਆਂ ਜਾ ਸਕਦੀਆਂ ਸਨ।
ਇਸ ਪਾਰਟੀ ਤੋਂ ਪੰਜਾਬ ਦਾ ਇੱਕ ਉਹ ਸਿੱਖ ਵਰਗ ਵੀ ਦੂਰੀ ਬਣਾ ਕੇ ਰੱਖਣਾ ਉਚਿਤ ਸਮਝਦਾ ਹੈ ਜਿਸ ਲਈ ‘ਨਾਨਕਸਰੀਏ, ਸੰਤ ਸਮਾਜ, ਡੇਰਾਵਾਦ’ ਆਦਿ ਦੀ ਮਰਿਆਦਾ ‘ਗੁਰਮਤਿ ਸਿਧਾਂਤਾਂ’ ਦੇ ਮੁਕਾਬਲੇ ਸਿਰ ਦਰਦ ਬਣੀ ਹੋਈ ਹੈ ਕਿਉਂਕਿ ਇਹ ਤਬਕਾ ਨਹੀਂ ਚਾਹੁੰਦਾ ਕਿ ਸਿੱਖ ਰਹਿਤ ਮਰਿਆਦਾ ਰਾਹੀਂ ਥੋੜੀ ਬਹੁਤੀ ਤਿਆਰ ਕੀਤੀ ਗਈ ਜ਼ਮੀਨ ਨੂੰ ਮਿੱਟੀ ’ਚ ਮਿਲਾਇਆ ਜਾਵੇ।
ਉਕਤ ਕਾਰਨਾਂ ਕਰਕੇ ਹੀ ਪੰਜਾਬ ਦੀ ਜਨਤਾ ਨੇ ਦੁਬਾਰਾ ਇਸ ਪਾਰਟੀ ਨੂੰ ਕੋਈ ਮੌਕਾ ਦੇਣ ਉਚਿਤ ਨਹੀਂ ਸਮਝਿਆ। ਸਗੋਂ ਜਿਸ ਅੰਦੋਲਨ ’ਚ ਇਹ ਸ਼ਾਮਲ ਹੋਏ ਉਸ ਅੰਦੋਲਨ ਦਾ ਵੀ ਅੰਤ ਹੋ ਗਿਆ; ਜਿਵੇਂ: ‘ਬਾਪੂ ਸੂਰਤ ਸਿੰਘ ਦਾ ਅੰਦੋਲਨ, ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਉਪਰੰਤ ਉੱਠੇ ਸਿੱਖੀ ਰੋਹ ਦਾ ਲਾਭ ਇਹ ਲੋਕ ਲੈ ਰਹੇ ਹਨ, ਨੂੰ ਸਮਝਦਿਆਂ ਵੀਚਾਰਕ ਉਛਾਲ ਵੀ ਠੰਡਾ ਪੈ ਗਿਆ, ਆਦਿ।
(4). ਆਮ ਆਦਮੀ ਪਾਰਟੀ-ਇਸ ਪਾਰਟੀ ਦੀ ਬੁਨਿਆਦ ਰਾਜਨੀਤਿਕ ਸੋਚ ਦੀ ਬਜਾਏ ਅਫ਼ਸਰਸ਼ਾਹੀ ਵਿੱਚੋਂ ਪੈਦਾ ਹੋਈ ਹੈ, ਇਸ ਲਈ ਇਸ ਕੋਲ ਤਰਕ-ਦਲੀਲ ਲਾਜਵਾਬ ਹੈ, ਜੋ ਸਮਝਦਾਰ ਵਰਗ ਨੂੰ ਪ੍ਰਭਾਵਤ ਕਰਦੀ ਹੈ ਪਰ ਇੱਕ ਚਿੰਤਾ ਵੀ ਹੈ ਕਿ ਇਸ ਪਾਰਟੀ ਦਾ ਮੂਲ ਏਜੰਡਾ (ਸਵਰਾਜ ਤੇ ਜਨ-ਲੋਕਪਾਲ) ਤਦ ਤੱਕ ਕੋਈ ਖ਼ਾਸ ਮਾਇਨਾ ਨਹੀਂ ਰੱਖਦਾ ਜਦ ਤੱਕ ਇਹ ਭਾਰਤ ਦੀ ਸੱਤਾ ’ਤੇ ਪੂਰਨ ਬਹੁਮਤ ਨਾਲ ਕਾਬਜ਼ ਨਹੀਂ ਹੋ ਜਾਂਦੀ ਤੇ ਇਸ ਮਕਸਦ ਲਈ ਕਿਤੇ ਇਹ ਵੀ ਉਸ ਆਰ. ਐੱਸ. ਐੱਸ. ਦੀ ਝੋਲੀ ਵਿੱਚ ਨਾ ਬੈਠ ਜਾਵੇ ਜਿਸ ਵਿੱਚ ਭਾਰਤ ਦੀ ਸੱਤਾ ’ਤੇ ਕਾਬਜ਼ ਹੋਣ ਵਾਲੀ ਹਰ ਇੱਕ ਰਾਜਨੀਤਿਕ ਪਾਰਟੀ ਬੈਠਦੀ ਆ ਰਹੀ ਹੈ।
ਇਹ ਵੀ ਸੱਚ ਹੈ ਕਿ ਰਾਜਨੀਤਿਕ ਸਫ਼ਰ ਆਰੰਭ ਕਰਨ ਵਾਲੀ ਹਰ ਇੱਕ ਪਾਰਟੀ ਦਾ ਸ਼ੁਰੂਆਤੀ ਪੜਾਅ ਉਸ ਦੇਸ਼ ਦੇ ਦਬੇ-ਕੁਚਲੇ ਲੋਕ ਹੀ ਹੁੰਦੇ ਹਨ, ਇਸ ਲਈ ਦਬੇ-ਕੁਚਲੇ ਲੋਕਾਂ ਦੀ ਵੀ ਇਹੀ ਸਿਆਣਪ ਮੰਨੀ ਜਾਵੇਗੀ ਕਿ ਆਰਜੀ ਤੌਰ ’ਤੇ (ਸੀਮਤ ਸਮੇਂ ਤੱਕ, ‘ਜਨਤਾ ਦਲ’ ਵਾਙ) ਮਦਦ ਲਈ ਆਏ ਅਜਿਹੇ ਰਾਜਨੀਤਿਕ ਦਲ ਤੋਂ ਉਹ ਕਿੰਨਾ ਕੁ ਲਾਭ ਉੱਠਾ ਸਕਦੇ ਹਨ।
ਪੰਜਾਬ ’ਚ ਚੱਲ ਰਹੀ ਚਰਚਾ ਅਨੁਸਾਰ ਇਹ ਪਾਰਟੀ 2017 ਦੇ ਚੁਣਾਵ ਉਪਰੰਤ ਪੂਰਨ ਬਹੁਮਤ ਨਾਲ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਵੇਗੀ; ਇਸ ਚਰਚਾ ਨੂੰ ਯਕੀਨ ’ਚ ਬਦਲਣ ਲਈ ਉਹ ਇਉਂ ਦਲੀਲਾਂ ਦੇਂਦੇ ਹਨ:
(1). ਪੰਜਾਬ ਦੀ ਜਨਤਾ ਇਨ੍ਹਾਂ ਦੋਵੇਂ (ਕਾਂਗਰਸ ਤੇ ਅਕਾਲੀ ਦਲ ਬਾਦਲ) ਪਾਰਟੀਆਂ ਤੋਂ ਮੁਕਤੀ ਚਾਹੁੰਦੀ ਹੈ।
(2). ਕਾਂਗਰਸ ਪਾਰਟੀ ਅਗਰ ਸੱਤਾ ’ਤੇ ਕਾਬਜ਼ ਹੁੰਦੀ ਹੈ ਤਾਂ ਇਸ ਦਾ ਵੱਧ ਨੁਕਸਾਨ ‘ਬਾਜਵਾ’ ਧੜੇ ਨੂੰ ਹੋਵੇਗਾ, ਇਸ ਲਈ ਕਰਾੱਸ ਵੋਟਿੰਗ ਵੀ ‘ਆਪ’ ਨੂੰ ਮਿਲੇਗੀ।
(3). ਅਗਰ ਭਾਜਪਾ, ਅਕਾਲੀ ਦਲ ਤੋਂ ਅਲੱਗ ਹੋ ਕੇ ਚੁਣਾਵ ਨਹੀਂ ਲੜੀ ਤਾਂ ਭਾਜਪਾ ਦੀ ਕਰਾੱਸ ਵੋਟਿੰਗ ਵੀ ‘ਆਪ’ ਵੱਲ ਜਾਏਗੀ।
(4). ਲੰਬੇ ਸਮੇਂ ਤੋਂ ਬਾਅਦ ਭਾਰਤ ਦੀ ਜਨਤਾ ਨੇ 2014 ’ਚ ਭਾਜਪਾ ਨੂੰ ਪੂਰਨ ਬਹੁਮਤ ਨਾਲ ਭਾਰਤੀ ਸੰਸਦ ’ਚ ਭੇਜਿਆ ਸੀ ਪਰ ਹੁਣ ਇਸ ਪਾਰਟੀ ਤੋਂ ਜਨਤਾ ਦਾ ਮੋਹ ਭੰਗ ਇਸ ਕਦਰ ਹੋ ਗਿਆ ਹੈ ਕਿ ਜਨਤਾ ਵਿਰੋਧੀ ਧਿਰ ਨੂੰ ਦੋ ਤਿਹਾਈ ਬਹੁਮਤ ਨਾਲ ਜਿਤਾਉਂਦੀ ਹੈ; ਜਿਵੇਂ: ‘ਦਿੱਲੀ’ ਤੇ ‘ਬਿਹਾਰ’। ਇਹੀ ਪਰਿਵਰਤਨ ਪੰਜਾਬ ’ਚ ਵੇਖਣ ਨੂੰ ਮਿਲੇਗਾ। ਆਦਿ।
ਅਗਰ ਉਕਤ ਧਾਰਨਾਵਾਂ ਯਕੀਨ ’ਚ ਬਦਲ ਜਾਂਦੀਆਂ ਹਨ ਤਾਂ ਸਿੱਖ ਸਮਾਜ ਉਕਤ ਮੁੱਦਿਆਂ ਵਿੱਚੋਂ ਕਿੰਨੇ ਕੁ ਮੁੱਦੇ ਇਸ ਪਾਰਟੀ ਤੋਂ ਮੰਨਵਾਉਣ ’ਚ ਸਫਲ ਹੁੰਦਾ ਹੈ ਇਹ ਇਸ ਗੱਲ ’ਤੇ ਵਧੇਰੇ ਨਿਰਭਰ ਕਰੇਗਾ ਕਿ ਦੂਜੀਆਂ ਪਾਰਟੀਆਂ ਸਿੱਖਾਂ ਦੀਆਂ ਵੋਟਾਂ ਇਸ ਪਾਰਟੀ ਨਾਲੋਂ ਤੋੜਨ ’ਚ ਕਿੰਨੀਆਂ ਕੁ ਅਸਫਲ ਹੁੰਦੀਆਂ ਹਨ।
ਪੂਰੇ ਭਾਰਤ ਨੂੰ ਕੁਝ ਨਿਵੇਕਲਾ ਕਰਕੇ ਵਿਖਾਉਣ ਲਈ ਕੇਜਰੀਵਾਲ ਲਈ ਪੰਜਾਬ ਦਾ ਚੁਣਾਵ ਜਿੱਤਣਾ ਅਤਿ ਜ਼ਰੂਰੀ ਹੋਵੇਗਾ; ਜਿੱਥੇ ‘ਨਸ਼ਿਆਂ, ਭਰੂਣ ਹੱਤਿਆਂ, ਖ਼ੁਦਕਸ਼ੀਆਂ’ ਆਦਿ ਕਾਰਨ ਪੰਜਾਬ ਬਹੁਤ ਬਦਨਾਮ ਹੋ ਚੁੱਕਾ ਹੈ।
(5). ਪੰਜਾਬ ’ਚ ਇੱਕ ਵਰਗ ਅਜਿਹਾ ਵੀ ਹੈ ਜੋ ਚਾਹੁੰਦਾ ਹੈ ਕਿ ਸਿੱਖਾਂ ਪਾਸ ਆਪਣੀ ਰਾਜਨੀਤਿਕ ਸ਼ਕਤੀ ਹੋਣੀ ਜ਼ਰੂਰੀ ਹੈ ਕਿਉਂਕਿ ਜ਼ਿਆਦਾ ਦੇਰ ਤੱਕ ਕਿਸੇ ਵੀ ਗ਼ੈਰ ਸਿੱਖ ਰਾਜਨੀਤਿਕ ਪਾਰਟੀ ’ਤੇ ਨਿਰਭਰ ਨਹੀਂ ਰਿਹਾ ਜਾ ਸਕਦਾ। ਇਹ ਸੁਝਾਵ ਬੜਾ ਹੀ ਮਹੱਤਵ ਪੂਰਨ ਹੈ ਪਰ ਕੀ ਕੇਵਲ ਇੱਕ ਸਾਲ ’ਚ ਕੋਈ ਅਜਿਹੀ ਸਥਿਤੀ ਪੈਦਾ ਕੀਤੀ ਜਾ ਸਕਦੀ ਹੈ, ਜੋ ਇਤਨੇ ਕੁ ਵਿਧਾਇਕ ਜਿਤਾਉਣ ’ਚ ਸਫਲ ਹੋ ਜਾਵੇ ਕਿ ਅਗਲੀ ਬਣਨ ਵਾਲੀ ਪੰਜਾਬ ਦੀ ਸਰਕਾਰ ’ਚ ਅਹਿਮ ਰੋਲ ਅਦਾ ਕੀਤਾ ਜਾ ਸਕੇ ? ਇਹ ਕੰਮ ਅਸੰਭਵ ਨਹੀਂ ਬਲਕਿ ਮੁਸ਼ਕਲ ਜ਼ਰੂਰ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਆਪਣੀ ਵੋਟ ਖ਼ਰਾਬ ਹੋਣ ਦਾ ਵੀ ਖ਼ਤਰਾ ਬਣਿਆ ਰਹੇਗਾ, ਜਿਸ ਦਾ ਲਾਭ ਅਯੋਗ ਵਿਅਕਤੀ ਉੱਠਾ ਸਕਦੇ ਹਨ।
ਉਕਤ ਰਾਜਨੀਤਿਕ ਪਾਰਟੀਆਂ ’ਚ ਇੱਕ ਗ਼ੈਰ ਸਿੱਖ (ਕੇਜਰੀਵਾਲ) ਤੇ ਬਾਕੀ ਤਿੰਨੇ ਸਿੱਖ (ਬਾਦਲ, ਕੈਪਟਨ ਤੇ ਮਾਨ) ਹਨ। ਅਸੀਂ ਇਹ ਨਿਰਣਾ ਕਰ ਲੈਂਦੇ ਹਾਂ ਕਿ ਸਿੱਖ ਧਾਰਮਿਕ ਵੀਚਾਰਾਂ ਦੇ ਹੁੰਦੇ ਹਨ ਪਰ ਪਿਛਲੇ 2 ਸਾਲਾਂ ’ਚ ਕੇਜਰੀਵਾਲ ਨੇ ਜਿੱਥੇ ਵੀ ਕਿਸੇ ਵੱਡੇ ਮੰਚ ’ਤੇ ਭਾਸ਼ਣ ਦੇਣਾ ਸ਼ੁਰੂ ਕੀਤਾ, ਉੱਥੇ ਸਭ ਤੋਂ ਪਹਿਲਾਂ ਈਸ਼ਵਰ, ਰਾਮ, ਅੱਲ੍ਹਾ ਦੀ ਕਿਰਪਾ ਬਾਰੇ ਜਾਣਕਾਰੀ ਦਿਤੀ ਗਈ ਹੈ। ਕੀ ਅਜਿਹੀ ਭਾਵਨਾ ਉਕਤ ਤਿੰਨੇ ਧਾਰਮਿਕ ਮੰਨੇ ਜਾਂਦੇ ਸਿੱਖ ਨੇਤਾਵਾਂ ‘ਚ ਕਦੇ ਵੇਖਣ ਨੂੰ ਮਿਲੀ ਹੈ ?
ਉਕਤ ਕੀਤੀ ਗਈ ਵੀਚਾਰ ਤੋਂ ਇਲਾਵਾ ਸਿੱਖਾਂ ਸਾਹਮਣੇ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਨੂੰ ਇਲੈੱਕਸ਼ਨ ਦੀ ਬਜਾਏ ਸਿੱਲੈੱਕਸ਼ਨ ਨਿਯਮਾਂ ਵੱਲ ਤਬਦੀਲ ਕਰਨਾ ਵੱਡੀ ਚਨੌਤੀ ਹੈ, ਜਿਸ ਨੂੰ ਵਰਤਮਾਨ ’ਚ ਕੇਵਲ ‘ਸਹਿਜਧਾਰੀ’ ਸ਼ਬਦ ਨੂੰ ਅਧਾਰ ਬਣਾ ਕੇ ਮੁਲਤਵੀ ਕਰਵਾ ਰੱਖਿਆ ਹੈ। ਸਿੱਖਾਂ ਦੀ ਅਜਿਹੀ ਸਥਿਤੀ ਬਣਾਉਣ ਲਈ ਤਮਾਮ ਰਾਜਨੀਤਿਕ ਪਾਰਟੀਆਂ (‘ਅਕਾਲੀ ਦਲ, ਭਾਜਪਾ, ਕਾਂਗਰਸ’ ਆਦਿ) ਸਿੱਧੇ ਜਾਂ ਅਸਿੱਧੇ ਤੌਰ ’ਤੇ ਭੂਮਿਕਾ ਨਿਭਾ ਰਹੀਆਂ ਹਨ। ਇਹ ਸਾਰੇ ਹੀ ਮੁੱਦੇ ਦਿਸ਼ਾਹੀਣ ਤੇ ਜਜ਼ਬਾਤੀ ਹੋਣ ਨਾਲ ਕਿਸੇ ਚੁਰਾਹੇ ’ਚ ਖੜ੍ਹ ਕੇ ਹੱਲ ਨਹੀਂ ਹੋਣੇ ਬਲਕਿ ਵਿਵੇਕਤਾ ਨਾਲ ਕੌਮੀ ਸੰਘਰਸ਼ ਦਾ ਭਾਗ ਬਣਿਆਂ ਹੀ ਹੱਲ ਹੋ ਸਕਦੇ ਹਨ।
ਅਗਲੇ ਭਾਗ ’ਚ ਅਵਿਵੇਕਤਾ ਕਾਰਨ ਕੀਤਾ ਜਾਂਦਾ ‘ਗੁਰਮਤਿ’ ਪ੍ਰਚਾਰ ਵਿਸ਼ੇ ਨੂੰ ਵੀਚਾਰਿਆ ਜਾਵੇਗਾ।
ਚਲਦਾ


09/12/15)
ਕੁਲਵੰਤ ਸਿੰਘ ‘ਢੇਸੀ’

ਦਰ ਖੁਲ੍ਹਾ ਹਸ਼ਰ ਅਜ਼ਾਬ ਦਾ, ਬੁਰਾ ਹਾਲ ਹੋਇਆ ਪੰਜਾਬ ਦਾ
ਪੰਥ ਦਾ ਹੋਕਾ ਤੇ ਲਫਾਫੇ ਦੀ ਲੋਚਾ


ਕੁਲਵੰਤ ਸਿੰਘ ‘ਢੇਸੀ’

[email protected]

ਪਿਛਲੇ ਦਿਨੀ ਸਿੱਖ ਸਿਆਸਤ ਡਾਟ ਕਾਮ ਤੇ ਭਾਈ ਪ੍ਰਮਜੀਤ ਸਿੰਘ (ਗਾਜੀ) ਨੇ ਜਿਹਨਾ ਪੰਥ ਪ੍ਰਸਿੱਧ ਵਿਦਵਾਨਾਂ ਦੀਆਂ ਇੰਟਰਵਿਊ ਲਈਆਂ ਹਨ ਉਹਨਾ ਵਿਚ ਸ: ਅਜਮੇਰ ਸਿੰਘ, ਪ੍ਰੋ: ਗੁਰਦਰਸ਼ਨ ਸਿੰਘ ਢਿੱਲੋਂ, ਸ: ਗੁਰਤੇਜ ਸਿੰਘ ਅਤੇ ਸ: ਜਸਪਾਲ ਸਿੰਘ ਸਿੱਧੂ ਦੇ ਨਾਮ ਵਿਸ਼ੇਸ਼ ਤੌਰ ਤੇ ਵਰਨਣ ਯੋਗ ਹਨ। ਇਹਨਾ ਵਿਦਵਾਨਾਂ ਨੇ 10 ਨਵੰਬਰ ਨੂੰ ਪਿੰਡ ਚੱਬੇ ਵਿਚ ਹੋਏ ਸਰਬਤ ਖਾਲਸੇ ਸਬੰਧੀ ਬੜੇ ਹੀ ਨਿਰਾਸ਼ਾਜਨਕ ਖੁਲਾਸੇ ਕੀਤੇ ਹਨ । ਜੇਕਰ ਇਹਨਾ ਸਾਰੇ ਸਿੱਖ ਚਿੰਤਕਾਂ ਦੇ ਵਿਚਾਰ ਮੋਟੇ ਲਹਿਜੇ ਵਿਚ ਬਿਆਨ ਕਰਨੇ ਹੋਣ ਤਾਂ ਉਹਨਾ ਦਾ ਤਤਸਾਰ ਇਹ ਹੀ ਬਣਦਾ ਹੈ ਕਿ ਬਾਦਲ ਵਿਰੋਧੀ ਸਮਝੀ ਜਾਣ ਵਾਲੀ ਸਿੱਖ ਲੀਡਰਸ਼ਿਪ ਅਸਲ ਵਿਚ ਉਸ ਦੇ ਹੱਕ ਵਿਚ ਹਰਕਤਾਂ ਕਰ ਰਹੀ ਹੈ ਅਤੇ ਜਿਵੇਂ ਬਾਦਲ ਦੇ ਲਫਾਫੇ ਵਿਚੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਜਥੇਦਾਰਾਂ ਦੇ ਨਾਮ ਨਿਕਲਦੇ ਹਨ ਤਿਵੇਂ ਹੀ ਇਹਨਾ ਆਗੂਆਂ ਦੇ ਲਫਾਫਿਆਂ ਵਿਚੋਂ ਸਰਬਤ ਖਾਲਸਾ ਵਿਚ ਐਲਾਨੇ ਨਾਮ ਨਿਕਲੇ ਸਨ ਜਦ ਕਿ ਲੱਖਾਂ ਦੀ ਤਾਦਾਦ ਵਿਚ ਸਿੱਖ ਸੰਗਤ ਬੜੀ ਨਿਰਾਸ਼ਾ ਵਿਚ ਘਰੀਂ ਪਰਤੀ ਸੀ। ਇਹਨਾ ਵਿਚਾਰਵਾਨਾਂ ਨੇ ਇਹ ਵੀ ਪ੍ਰਤੀਕਰਮ ਦਿਤਾ ਹੈ ਕਿ ਚੌਧਰ ਦੀ ਲੋਚਾ ਰੱਖਣ ਵਾਲੇ ਇਹਨਾ ਚੌਧਰੀਆਂ ਨੇ ਜਿਥੇ ਬਾਦਲਾਂ ਦੇ ਥਾਂ ਤੇ ਸੱਚੇ ਸੁੱਚੇ ਬਦਲ ਤੇ ਪੋਚਾ ਫੇਰ ਦਿੱਤਾ ਹੈ ਉਥੇ ਵੱਖੋ ਵੱਖ ਧੜਿਆਂ ਵਿਚ ਆਕੜੇ ਰਹਿ ਕੇ ਇਹਨਾ ਨੇ ਖਾਲਸਾ ਪੰਥ ਨੂੰ ਨਿਰਾਸ਼ ਵੀ ਕੀਤਾ ਹੈ।
ਉਪਰੋਕਤ ਵਿਚਾਰ ਨਿਰਸੰਦੇਹ ਪ੍ਰੇਸ਼ਾਨ ਕਰਨ ਵਾਲੇ ਹਨ। ਇੱਕ ਪਾਸੇ ਤਾ ਅਖੌਤੀ ਅਕਾਲੀ ਹੁਕਮਰਾਨ ਹਨ ਜਿਹਨਾ ਨੇ ਕਿ ਹੁਣ ਹਰ ਵਿਰੋਧ ਨਾਲ ਤਾਨਾਸ਼ਾਹੀ ਤਰੀਕੇ ਨਾਲ ਨਜਿੱਠਣ ਦੀ ਠਾਣ ਲਈ ਹੈ ਅਤੇ ਉਹਨਾ ਨੂੰ ਕੇਂਦਰ ਦੀ ਪੂਰੀ ਪੂਰੀ ਸ਼ਹਿ ਵੀ ਹੈ। ਦੂਸਰੇ ਪਾਸੇ ਖਿਚੜੀ ਅਕਾਲੀ ਹਨ ਜਿਹਨਾ ਦੇ ਚਿਹਰੇ ਮੋਹਰੇ ਸਿੱਖ ਸਮੂਹ ਵਿਚ ਸਤਿਕਾਰ ਵਾਲੇ ਰਹੇ ਹੋਣ ਕਾਰਨ ਉਹ ਆਪਣੇ ਆਪ ਨੂੰ ਤਾਨਾਸ਼ਾਹ ਹੀ ਸਮਝਦੇ ਹਨ ਅਤੇ ਉਹਨਾ ਦੇ ਇਰਾਦਿਆਂ ਤੇ ਵੱਡੇ ਵੱਡੇ ਸਵਾਲੀਆ ਚਿੰਨ ਹਨ। ਪੰਥਕ ਵਿਦਵਾਨਾ ਨੇ ਇਹ ਗੱਲ ਬੜੀ ਹੀ ਬੇਬਾਕੀ ਨਾਲ ਕਹੀ ਹੈ ਕਿ ਬਾਦਲਾਂ ਦੇ ਵਿਰੋਧ ਵਿਚ ਖੜ੍ਹੇ ਇਹ ਧੜੇ ਏਨਾ ਕੁਝ ਹੋਣ ਦੇ ਬਾਵਜੂਦ ਵੀ ਆਪਣੀ ਧੜੇਬਾਜੀ ਤਿਆਗ ਕੇ ਇੱਕ ਸਰਬ ਸਾਂਝੇ ਪਲੇਟਫਾਰਮ ਤੇ ਇੱਕਮੁ੍ਠ ਅਤੇ ਇੱਕਜੁੱਟ ਹੋਣੋ ਆਨਾ ਕਾਨੀ ਕਰ ਰਹੇ ਹਨ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਇਹ ਧੜੇ ਅਸਲ ਵਿਚ ਬਾਦਲ ਦੇ ਲਾਹੇ ਵਿਚ ਹੀ ਭੁਗਤ ਰਹੇ ਹਨ।
ਸੂਬੇ ਵਿਚ ਪਹਿਲਾਂ ਸੌਦੇ ਵਾਲੇ ਸਾਧ ਦੀ ਮੁਆਫੀ ਤੇ ਅਤੇ ਫਿਰ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਬੇਅਦਬੀ ਮਗਰੋਂ ਹਾਲਾਤ ਬਹੁਤ ਵਿਗੜ ਗਏ ਸਨ। ਸੌਦੇ ਵਾਲੇ ਸਾਧ ਦਾ ਮਾਮਲਾ ਸਿੱਧਾ ਸਿੱਧਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਰਾਜਨੀਤੀ ਨਾਲ ਸਬੰਧਤ ਸੀ ਜਦ ਕਿ ਪਵਿੱਤਰ ਬੀੜਾਂ ਦੀ ਬੇਅਦਬੀ ਦੇ ਦੋਸ਼ੀ ਹਾਲੇ ਤਕ ਵੀ ਸਰਕਾਰ ਨੇ ਫੜੇ ਨਹੀਂ ਹਨ। ਪੰਜਾਬ ਦੇ ਵਿਗੜੇ ਹਾਲਾਤਾਂ ਲਈ ਬਾਦਲ ਪਹਿਲਾਂ ਜਿਥੇ ‘ਬਾਹਰੀ ਤਾਕਤਾਂ’ ਨੂੰ ਦੋਸ਼ ਦਿੰਦਾ ਸੀ ਉਥੇ ਹੁਣ ਰਾਜਨੀਤਕ ਲੋੜ ਮੁਤਾਬਕ ਉਹ ਦਿਨ ਰਾਤ ਇਹਨਾ ਹਾਲਾਤਾਂ ਲਈ ਕਾਂਗਰਸ ਤੇ ਤੀਰ ਕੱਸ ਰਿਹਾ ਹੈ। ਅਖੌਤੀ ਸਦਭਾਵਨਾ ਰੈਲੀਆਂ ਤੇ ਸਟੇਟ ਮਸ਼ਿਨਰੀ ਕੇਂਦਰਤ ਹੈ ਅਤੇ ਮਾਇਆ ਦੀ ਵੰਡ ਵੰਡਾਈ ਨਾਲ ਵੋਟਾਂ ਪੱਕੀਆਂ ਕੀਤੀਆਂ ਜਾ ਰਹੀਆਂ ਹਨ। ਸਰਬਤ ਖਾਲਸਾ ਵਾਲੇ ਨਵੇਂ ਜਥੇਦਾਰ ਅਤੇ ਆਗੂ ਜਿਹਲਾਂ ਵਿਚ ਬੰਦ ਹਨ ਜਦ ਕਿ ਸ੍ਰੀ ਅਕਾਲ ਦੇ ਨਵੇਂ ਬਣਾਏ ਐਕਟਿੰਗ ਜਥੇਦਾਰ ਧਿਆਨ ਸਿੰਘ ਮੰਡ ਵਲੋਂ ਬਾਦਲ ਦੀ ਸੱਦਭਾਵਨਾ ਰੈਲੀ ਦੇ ਵਿਰੋਧ ਵਿਚ 23 ਨਵੰਬਰ ਨੂੰ ਕੀਤੇ ਐਲਾਨ ਦਾ ਲੋਕਾਂ ਤੇ ਕੋਈ ਅਸਰ ਨਾ ਹੋਇਆ। ਆਓ ਹੁਣ ਵਿਦਵਾਨਾਂ ਦੇ ਬਿਆਨਾਂ ਦਾ ਤਤਸਾਰ ਦੇਖੀਏ-

ਦਿਸ਼ਾ ਹੀਣ ਆਗੂ
ਪ੍ਰੋ: ਗੁਰਦਰਸ਼ਨ ਸਿੰਘ ਢਿੱਲੋਂ- ਅੰਮ੍ਰਿਤਸਰ ਅਕਾਲੀ ਦਲ ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਅਤੇ ਯੁਨਾਈਟਿਡ ਅਕਾਲੀ ਦਲ ਦੇ ਭਾਈ ਮੋਹਕਮ ਸਿੰਘ ਨੇ ਸਰਬਤ ਖਾਲਸਾ ਕਾਹਲੀ ਵਿਚ ਕੀਤਾ ਜਦ ਕਿ ਸੰਜੀਦਾ ਸੋਚ ਦੀ ਘਾਟ ਰਹੀ। ਭਾਈ ਧਿਆਨ ਸਿੰਘ ਮੰਡ ਨੂੰ ਕਾਰਜਕਾਰੀ ਜਥੇਦਾਰ ਐਲਾਨਣ ਤੋਂ ਪਹਿਲਾਂ ਤਤਕਾਲ ਪਹਿਲਾਂ ਉਸ ਤੋਂ ਅਕਾਲੀ ਦਲ ਮਾਨ ਦੀ ਪ੍ਰਧਾਨਗੀ ਤੋਂ ਅਸਤੀਫਾ ਲਿਆ ਗਿਆ ਅਤੇ ਮਨਜ਼ੂਰ ਕੀਤਾ ਗਿਆ ਸੀ ਇਸੇ ਤਰਾਂ ਸੰਤ ਦਾਦੂਵਾਲ ਨੇ ਵੀ ਖੜ੍ਹੇ ਪੈਰ ਸੰਤ ਪਦ ਨੂੰ ਤਿਆਗ ਕੇ ਜਥੇਦਾਰੀ ਪ੍ਰਾਪਤ ਕੀਤੀ ਜੋ ਕਿ ਹਾਸੋ ਹੀਣਾ ਸੀ। ਖਾਲਸਾ ਪੰਚਾਇਤ ਅਤੇ ਹੋਰ ਧਿਰਾਂ ਦਾ ਸੁਝਾਅ ਸੀ ਕਿ ਇਸ ਇੱਕਠ ਨੂੰ ਵਿਸ਼ਵ ਸਿੱਖ ਸੰਮੇਲਨ ਦੇ ਤੌਰ ਤੇ ਲਿਆ ਜਾਵੇ ਨਾ ਕਿ ਸਰਬਤ ਖਾਲਸਾ ਦੇ ਤੌਰ ਤੇ। ਅੱਧੇ ਦਿਨ ਦਾ ਪੰਜਾਬ ਬੰਦ ਵੀ ਕਾਹਲੀ ਵਿਚ ਐਲਾਨਿਆ ਗਿਆ ਅਤੇ ਉਹ ਫਿਹਲ ਹੋ ਗਿਆ। ਸਾਰਾ ਕੁਝ ਹੀ ਬੜੀ ਕਾਹਲੀ ਵਿਚ ਬੇਭਰੋਸਗੀ ਵਿਚ ਕੀਤਾ ਗਿਆ।
ਬਾਦਲ ਆਰ ਐਸ ਐਸ ਦੀ ਹਿਮਾਇਤ ਨਾਲ ਹਕੂਮਤ ਚਲਾ ਰਿਹਾ ਹੈ ਅਤੇ ਆਰ ਐਸ ਐਸ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨਾ ਚਾਹੁੰਦੀ ਹੈ ਅਤੇ ਉਹ ਸਿੱਖ ਪ੍ਰੰਪਰਾਵਾਂ ਅਤੇ ਸਿੱਖਾਂ ਦਾ ਘਾਣ ਬਾਦਲ ਰਾਹੀਂ ਕਰਵਾ ਰਹੀ ਹੈ। ਇਸੇ ਲਈ ਹੀ ਸਿੱਖ ਕੈਲੰਡਰ ਰੱਦੀ ਕਰਕੇ ਬਾਬਾ ਵਡਭਾਗ ਸਿੰਘ ਡੇਰੇ ਨੂੰ ਕਲੀਨ ਚਿੱਟ ਦਿੱਤੀ ਗਈ, (ਬਾਬਾ) ਸ੍ਰੀ ਚੰਦ ਦੇ ਨਾਮ ਤੇ ਪੰਜਾਬ ਵਿਚ ਛੁੱਟੀ ਕੀਤੀ ਗਈ ਅਤੇ ਸੌਦੇ ਵਾਲੇ ਸਾਧ ਨੂੰ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕੀਤੀ ਗਈ। ਤੇਰਾਂ ਮਤਿਆਂ ਵਿਚੋਂ ਬਾਦਲ ਖਿਲਾਫ ਇੱਕ ਹੀ ਮਤਾ ਸੀ ਕਿ ਉਸ ਤੋਂ ਫਖਰੇ ਕੌਮ ਅਤੇ ਪੰਥ ਰਤਨ ਦੇ ਰੁਤਬੇ ਵਾਪਸ ਲਏ ਜਾਣ। ਲੋੜ ਤਾਂ ਇਸ ਗੱਲ ਦੀ ਸੀ ਕਿ ਸਾਰੇ ਨਿੱਕੇ ਵੱਡੇ ਧੜੇ ਭੰਗ ਕਰਕੇ ਇੱਕ ਅਕਾਲੀ ਦਲ ਬਣਾਇਆ ਜਾਂਦਾ ਜੋ ਕਿ 2017 ਵਿਚ ਬਾਦਲ ਦਾ ਰਾਜਸੀ ਬਦਲ ਪੇਸ਼ ਕਰਦਾ ਪਰ ਆਪੋ ਆਪਣੀ ਚੌਧਰ ਦੀ ਲੋਚਾ ਨੇ ਇਹ ਹੋਣ ਨਾ ਦਿੱਤਾ ਅਤੇ ਸਰਬਤ ਖਾਲਸੇ ਤੋਂ ਲੋਕੀ ਖਾਲੀ ਹੱਥ ਪਰਤੇ।
ਸੁਆਰਥੀ ਮੀਰ
ਸ: ਅਜਮੇਰ ਸਿੰਘ--
ਪੰਥ ਦਾ ਮੌਜੂਦਾ ਸੰਕਟ ਅਸਲ ਵਿਚ ਸੁਆਰਥੀ ਰਾਜਨੀਤਕਾਂ ਕਾਰਨ ਹੈ। ਐਸੇ ਸੁਆਰਥ ਦੀਆਂ ਢਿੱਲੀਆਂ ਮੱਸੀਆਂ ਕੋਸ਼ਿਸ਼ਾਂ ਭਾਵੇਂ ਪਹਿਲਾਂ ਵੀ ਹੋਈਆਂ ਪਰ ਬਾਦਲ ਦੇ ਸਮੇਂ ਇਹ ਸੁਆਰਥ ਸਿੜ ਚੜ੍ਹ ਕੇ ਬੋਲਿਆ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਕੋਲ ਸਾਰੀ ਸਮਰਥਾ ਹੋਣ ਦੇ ਬਾਵਜੂਦ ਵੀ ਉਹਨਾ ਨੇ ਜਥੇਦਾਰ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ ਕਿਓਂਕਿ ਉਹ ਸੁਆਰਥੀ ਨਹੀਂ ਸਨ। ਅੱਜ ਪੰਥਕ ਮੂੰਹ ਮੁਹਾਂਦਰੇ ਵਾਲੇ ਆਗੂ ਸਿਆਸੀ ਲਾਲਸਾ ਤਹਿਤ ਗੈਰ ਅਸੂਲੀ ਸਮਝੌਤੇ ਕਰ ਰਹੇ ਹਨ। ਪੰਥ ਦੇ ਹੀਰੋ ਭਾਈ ਹਵਾਰਾ ਨੂੰ ਵੀ ਸ਼ਾਇਦ ਹਨੇਰੇ ਵਿਚ ਰੱਖਿਆ ਗਿਆ ਹੋਵੇ ਤਾਂ ਕਿ ਉਸ ਦਾ ਨਾਮ ਵਰਤ ਕੇ ਰਾਜਸੀ ਲਾਲਸਾਵਾਂ ਪੁਰੀਆਂ ਕੀਤੀਆਂ ਜਾ ਸਕਣ। ਵਿਆਪਕ ਸਮੱਸਿਆਵਾਂ ਅਤੇ ਸੰਕਟ ਨੂੰ ਸਮਝ ਕੇ ਹੀ ਜਥੇਦਾਰਾਂ ਦੀ ਚੋਣ ਕੀਤੀ ਜਾਣੀ ਚਾਹੀਦੀ ਹੈ ਨਾ ਕਿ ਧਿਰਾਂ ਦੀ ਲਾਲਸਾ ਮੁਤਾਬਕ। ਕੌਮ ਦੇ ਮਸਲੇ ਸੋਸ਼ਲ ਮੀਡੀਏ ਤੇ ਨਹੀਂ ਨਜਿੱਠੇ ਜਾ ਸਕਦੇ। ਸੋਸ਼ਲ ਮੀਡੀਆ ਸੰਜੀਦਾ ਅਤੇ ਗੰਭੀਰ ਮੁੱਦਿਆਂ ਨੂੰ ਧੁਆਂਖ ਰਿਹਾ ਹੈ। ਨਾਨਕਸ਼ਸ਼ਾਹੀ ਕੈਲੰਡਰ ਦੀ ਬਲੀ ਅਤੇ ਡੇਰੇਵਾਲਿਆਂ ਦੀ ਹਿਮਾਇਤ ਇਹ ਸਾਬਤ ਕਰਦੀ ਹੈ ਕਿ ਜਦੋਂ ਜਦੋਂ ਸਤਾ ਦੀ ਭੁੱਖ ਜਾਗਦੀ ਹੈ ਤਾਂ ਆਗੂ ਹੌਲੀ ਹੌਲੀ ਸਮਝੋਤਾਵਾਦੀ ਹੋ ਜਾਂਦੇ ਹਨ।
ਜਿਹੜਾ ਬੰਦਾ ਨਾਅਰੇ ਨਹੀਂ ਮਾਰਦਾ, ਜਿਹਲ ਨਹੀਂ ਜਾਂਦਾ ਜਾਂ ਸਿਆਸੀ ਚਣੌਤੀ ਨਹੀਂ ਦੇ ਸਕਦਾ ਉਸ ਨੂੰ ਬੰਦਾ ਹੀ ਨਾ ਸਮਝਣਾ ਵੀ ਕੱਚੀ ਮਾਨਸਿਕਤਾ ਦੀ ਨਿਸ਼ਾਨੀ ਹੈ।
ਵਨ ਮੈਨ ਸ਼ੋ
ਸ: ਗੁਰਤੇਜ ਸਿੰਘ-
ਜਦੋਂ ਅਸੀਂ ਸਰਬਤ ਖਾਲਸਾ ਦੀ ਪੁਨਰ ਸੁਰਜੀਤੀ ਦੀ ਗੱਲ ਕਰਦੇ ਹਾਂ ਤਾਂ ਇਹ ਸਮਝਣਾ ਚਾਹੀਦਾ ਹੈ ਕਿ ਪਾਰਲੀਮੈਂਟ ਅਤੇ ਯੂ ਐਨ ਓ ਦਾ ਜੋ ਮਾਡਲ ਹੈ ਉਸ ਦਾ ਮਨੋਰਥ ਹੀ ਇਹ ਹੈ ਕਿ ਲੋਕ ਇੱਕਠੇ ਹੋ ਕੇ ਫੈਸਲੇ ਕਰ ਸਕਣ। ਸਾਰੇ ਲੋਕ ਨਾ ਤਾਂ ਇੱਕ ਥਾਂ ਇੱਕਠੇ ਹੋ ਸਕਦੇ ਹਨ ਅਤੇ ਨਾ ਹੀ ਇੰਝ ਹੋਣਾ ਜ਼ਰੂਰੀ ਹੈ ਪਰ ਬਹੁਮਤ ਦੀ ਆਵਾਜ਼ ਆਗੂਆਂ ਤਕ ਪਹੁੰਚਣੀ ਜ਼ਰੂਰੀ ਹੈ। ਸਾਰੇ ਦੇਸ਼ਾਂ ਦੇ ਸਿੱਖ ਪ੍ਰਤੀਨਿਧਾਂ ਦੀ ਆਵਾਜ਼ ਜ਼ਰੂਰ ਸਰਬਤ ਖਾਲਸੇ ਤਕ ਪਹੁੰਚਣੀ ਚਾਹੀਦੀ ਹੈ। ਇਹਨਾ ਵਿਚ ਇਲੈਕਟਡ ਅਤੇ ਨੌਮੀਨੇਟਡ ਪ੍ਰਤੀਨਿਧ ਆ ਸਕਦੇ ਹਨ। ਸਰਬਤ ਖਾਲਸੇ ਦਾ ਹਿੱਸਾ ਉਹ ਲੋਕ ਹੋ ਸਕਦੇ ਹਨ ਜਿਹਨਾ ਨੂੰ ਪੰਥ ਦਾ ਦਰਦ ਹੋਵੇ ਅਤੇ ਨਿੱਜ ਤੋਂ ਉਪਰ ਹੋਣ। ਬਾਦਲ ਦਾ ਬਦਲ ਪੇਸ਼ ਕਰਨ ਦਾ ਭੁਲੇਖਾ ਦੇਣ ਵਾਲੇ ਆਗੂ ਵਨ ਮੈਨ ਸ਼ੋ ਹਨ ਅਤੇ ਉਹ ਆਪਣੀ ਜਥੇਬੰਦੀ ਦਾ ਕਿਸੇ ਨੂੰ ਹਿਸਾਬ ਵੀ ਨਹੀਂ ਦਿੰਦੇ। ਐਸੇ ਆਗੂ ਪੰਥ ਦੀ ਕਿਹੋ ਜਹੀ ਅਗਵਾਈ ਕਰ ਸਕਦੇ ਹਨ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਸਰਬਤ ਖਾਲਸੇ ਦੇ ਰੁਤਬੇ ਨੂੰ ਢਾਅ
ਜਸਪਾਲ ਸਿੰਘ ਸਿੱਧੂ—
10 ਨਵੰਬਰ ਦਾ ਇੱਕਠ ਵੀ 26 ਜਨਵਰੀ 86 ਦੇ ਸਰਬਤ ਖਾਲਸੇ ਵਰਗਾ ਸੀ। ਸਾਰਾ ਮਹੌਲ ਸਿਆਸੀ ਮੰਤਵਾਂ ਵਾਲਾ ਸੀ। ਇਸ ਸਰਬਤ ਖਾਲਸੇ ਦੇ ਕੇਂਦਰ ਵਿਚ 2017 ਦੀਆਂ ਅਸੈਂਬਲੀ ਚੋਣਾਂ ਸਨ। ਇਸ ਇੱਕਠ ਵਿਚ ਪੰਚ ਪ੍ਰਧਾਨੀ ਅਤੇ ਦਲ ਖਾਲਸਾ ਸਟੇਜੀ ਪੱਧਰ ‘ਤੇ ਸ਼ਾਮਲ ਨਹੀਂ ਹੋਏ ਅਤੇ ਪੰਥ ਪ੍ਰਚਾਰਕ ਤਾਂ ਉੱਕਾ ਹੀ ਬਾਹਰ ਰਹੇ। ਅਸਲ ਵਿਚ 25 ਅਕਤੂਬਰ ਦੇ ਇੱਕਠ ਨੂੰ ਸਰਬਤ ਖਾਲਸੇ ਦੇ ਨਾਮ ਹੇਠ ਹਾਈਜੈਕ ਕਰ ਲਿਆ ਗਿਆ ਸੀ। ਜੋ ਸੰਗਤ ਦੀਆਂ ਭਾਵਨਾਵਾਂ ਸਨ ਉਹ ਭਾਵਨਾਵਾਂ ਸਟੇਜ ਤੇ ਨਹੀਂ ਸਨ। ਸੰਗਤ ਦੀ ਧਾਰਮਕ ਭਾਵਨਾਂ ਨੂੰ ਸਿਆਸੀ ਲਾਲ੍ਹਾਂ ਨੇ ਲਿਬੇੜ ਦਿੱਤਾ। ਇਸ ਨਾਲ ਸਰਬਤ ਖਾਲਸੇ ਦੇ ਪਵਿੱਤਰ ਰੁਤਬੇ ਨੂੰ ਢਾ ਲੱਗੀ ਹੈ।

ਪੰਥ ਅਤੇ ਪੰਜਾਬ ਦੀ ਸਾਂਝ
ਸੁਣਿਆ ਹੈ ਕਿ ਭਾਈ: ਪ੍ਰਮਜੀਤ ਸਿੰਘ ਗਾਜੀ ਦੂਜੀ ਧਿਰ ਦੇ ਆਗੂਆਂ ਦਾ ਪੱਖ ਪੇਸ਼ ਕਰਨ ਦੀ ਕੋਸ਼ਿਸ਼ ਵਿਚ ਹਨ ਜਿਹਨਾ ਵਿਚ ਸ: ਸਿਮਰਨਜੀਤ ਸਿੰਘ ਮਾਨ ਪ੍ਰਮੁਖ ਹਨ। ਸ: ਮਾਨ ਦਾ ਇਹ ਖਿਆਲ ਹੈ ਕਿ 10 ਨਵੰਬਰ ਦਾ ਇਕੱਠ ਸੰਨ 2017 ਵਿਚ ਬਾਦਲ ਦੇ ਬਦਲ ਵਜੋਂ ਜਲਵਾਗਰ ਹੋਵੇਗਾ। ਕਾਂਗਰਸ ਅਤੇ ਆਮ ਆਦਮੀ ਪਾਰਟੀ ਵੀ ਅਸੈਂਬਲੀ ਚੋਣਾਂ ਲਈ ਆਪਣੇ ਪਰ ਤੋਲ ਰਹੇ ਹਨ। ਪੰਥਕ ਵਿਦਵਾਨ ਇਹ ਤਾਂ ਸਮਝਦੇ ਹਨ ਕਿ ਸੁਖਬੀਰ ਬਾਦਲ ਹਾਲਾਤਾਂ ਨੂੰ ਟਕਰਾਓ ਵਲ ਲਿਜਾ ਰਿਹਾ ਹੈ ਅਤੇ ਉਸ ਦੀ ਭਾਸ਼ਾ ਅਤੇ ਹਰਕਤਾਂ ਵਿਚੋਂ ਬੁਰਛਾਗਰਦੀ ਝਲਕਦੀ ਹੈ ਪਰ ਕਿਸੇ ਵੀ ਸਿੱਖ ਚਿੰਤਕ ਜਾਂ ਦਾਨਸ਼ਵਰ ਨੇ ਪੰਜਾਬ ਮਸਲੇ ਨੂੰ ਪੰਜਾਬੀਆਂ ਦੇ ਮਸਲੇ ਵਜੋਂ ਦੇਖਣ ਵਿਚ ਕਮਜ਼ੋਰੀ ਦਿਖ਼ਾਈ ਹੈ ਅਤੇ ਸਿੱਖ ਸਾਂਝ ਨੂੰ ਪੰਜਾਬੀਆਂ ਅਤੇ ਪੰਜਾਬੀਅਤ ਦੀ ਸਾਂਝ ਵਜੋਂ ਦੇਖਣ ਲਈ ਅਰੁਚੀ ਵਿਖਾਈ ਹੈ। ਉਹਨਾ ਨੂੰ ਇਹ ਤਾ ਸਮਝ ਲੱਗੀ ਹੈ ਕਿ ਆਗੂ ਧਿਰ ਦਾ ਨੈਤਕ ਨਿਘਾਰ ਹੀ ਸਮੱਸਿਆ ਦੀ ਅਸਲ ਜੜ੍ਹ ਹੈ ਅਤੇ ਇਹ ਨਾ ਕੇਵਲ ਬਾਦਲ ਦਲ ਸਗੋਂ ਬਾਦਲ ਦੇ ਬਦਲ ਵਾਲੇ ਦਲ ਵਿਚ ਵੀ ਫੈਲ ਰਹੀ ਹੈ ਪਰ ਉਹਨਾ ਨੇ ਇਸ ਤੋਂ ਛੁਟਕਾਰੇ ਲਈ ਆਮ ਆਦਮੀ ਵਰਗੀ ਕਿਸੇ ਤੀਸਰੀ ਸੰਭਾਵਨਾ ਦਾ ਨਾਮ ਤਕ ਲੈਣ ਤੋਂ ਗੁਰੇਜ਼ ਕੀਤਾ ਹੈ।


06/12/15)
ਅਵਤਾਰ ਸਿੰਘ ਮਿਸ਼ਨਰੀ

ਪੰਜਾਬ ਨੂੰ ਵੀ ਕੇਜਰੀਵਾਲ ਵਰਗੇ ਲੀਡਰ ਦੀ ਲੋੜ

ਅਵਤਾਰ ਸਿੰਘ ਮਿਸ਼ਨਰੀ (5104325827)

ਕਿਸੇ ਵੇਲੇ ਕਹਾਉਂਦੇ ਸੀ ‘ਅੰਨ-ਦਾਤੇ’, ਹੁਣ ਪੋਹ ਰਿਹਾ ‘ਆਟਾ ਤੇ ਦਾਲ਼’ ਸਾਨੂੰ।

ਖੂਨ ਡ੍ਹੋਲਦੇ ਆਏ ਹਾਂ ਚਿਰਾਂ ਤੋਂ ਹੀ, ਇਨਕਲਾਬ ਦੀ ਰਹੀ ਏ ਭਾਲ਼ ਸਾਨੂੰ।

ਸਾਡੀ ਅਣਖ ਸਿਆਣਪ‘ਤੇ ਫੇਰ ਪੋਚਾ, ਫਾਹ ਲੈਂਦਾ ਏ ਸਿਆਸਤ ਦਾ ਜਾਲ਼ ਸਾਨੂੰ।

ਸਿਰ ‘ਤੇ ਰੱਖ ਕੇ ਗੱਪਾਂ ਦੀ ਪੰਡ ਸਾਡੇ, ਕੁਫਰ ਤੋਰਦਾ ਆਪਦੇ ਨਾਲ਼ ਸਾਨੂੰ।

ਚੰਦ ਦਿਨਾ ਦਾ ਦਿੱਲੀ ਵਿਚ ਦੇਖ ਜਲਵਾ ! ਗ਼ਫਲਤ-ਨੀਂਦ ‘ਚ ਆ ਗਿਆ ਖਿਆਲ ਸਾਨੂੰ।

ਕਰੀਏ ਅਸੀਂ ਅਰਦਾਸ ਪੰਜਾਬ ਵਾਸੀ, ਮਿਲ਼ੇ ਛੇਤੀ ਕੋਈ ‘ਕੇਜਰੀਵਾਲ’ਸਾਨੂੰ!!

ਉਪ੍ਰੋਕਤ ਚੰਦ ਲਾਈਨਾਂ ਵਿੱਚ ਸ੍ਰ. ਤਰਲੋਚਨ ਸਿੰਘ ਦੁਪਾਲਪੁਰ ਜੀ ਨੇ ਸਮੇਂ ਦੀ ਹਾਲਤ ਦਾ ਕਾਵਿ ਰੂਪ ਵਿੱਚ ਬਹੁਤ ਸੋਹਣਾ ਨਕਸ਼ਾ ਖਿਚਿਆ ਹੈ ਕਿਉਂਕਿ ਆਪ ਵੀ ਕੇਜਰੀਵਾਲ ਵਾਂਗੂੰ ਸਮਾਜ ਤੇ ਲੀਡਰ ਸੁਧਾਰ ਲਈ ਕਲਮ ਰਾਹੀਂ ਪ੍ਰਯਤਨਸ਼ੀਲ ਹਨ। ਜਰਾ ਧਿਆਨ ਨਾਲ ਸੋਚੀਏ ਕਿ ਗੁਰੂਆਂ-ਭਗਤਾਂ ਨੇ ਜੋ ਮਨੁੱਖਤਾ ਨੂੰ ਸਰਬਸਾਂਝਾ ਅਤੇ ਕ੍ਰਾਤੀਕਾਰੀ ਉਪਦੇਸ਼ ਦਿੱਤਾ ਜੋ ਅੱਜ ਵੀ "ਗੁਰੂ ਗ੍ਰੰਥ ਸਾਹਿਬ" ਵਿਖੇ ਸੁਭਾਇਮਾਨ ਹੈ। ਸਮੇਂ ਸਮੇਂ ਇਸ ਤੋਂ ਸੇਧ ਲੈ ਕੇ ਜੁੱਗ ਪਲਟਾਊ ਜਰਨੈਲ ਪੈਦਾ ਹੁੰਦੇ ਰਹੇ ਹਨ ਜਿਨ੍ਹਾਂ ਨੇ ਮੁਗਲਾਂ ਅਤੇ ਗੋਰਿਆਂ ਦੀਆਂ ਸ਼ਕਤੀਸ਼ਾਲੀ ਜ਼ਾਲਮ ਸਰਕਾਰਾਂ ਦੇ ਤਖਤੇ ਪਲਟ ਦਿੱਤੇ। ਗੁਲਾਮ ਭਾਰਤ ਨੂੰ ਅਜ਼ਾਦ ਕਰਾਉਣ ਵਾਲੇ ਗੁਰਸਿੱਖ ਅਤੇ ਹੋਰ ਪੰਜਾਬੀ ਵੀ ਕੇਜਰੀਵਾਲ ਵਰਗੇ ਨਿਡਰ ਸਗੋਂ ਇਸ ਤੋਂ ਵੀ ਵੱਧ ਬਹਾਦਰ ਸਨ। ਅੱਜ ਜਿੱਥੇ ਪੰਜਾਬ ਨੂੰ ਹੀ ਨਹੀਂ ਬਲਕਿ ਸਮੁੱਚੇ ਭਾਰਤ ਨੂੰ ਹੰਕਾਰੀ-ਸਰਕਾਰੀ ਤੇ ਭੇਖੀ ਧਰਮ ਪੁਜਾਰੀ ਜੋਕਾਂ ਤੋਂ ਬਚਾਉਣ ਦੀ ਸਖਤ ਲੋੜ ਹੈ ਜੋ ਡੀਕਾਂ ਲਾ ਲਾ ਆਮ ਜਨਤਾ ਦਾ ਖੂਨ ਪੀ ਰਹੀਆਂ ਹਨ।

ਗੁਰੂ ਸਿਧਾਂਤ ਨੂੰ ਫਾਲੋ ਕਰਕੇ ਹਿੰਦੂ, ਮੁਸਲਿਮ, ਸਿੱਖ, ਈਸਾਈ ਹੁਣ ਵੀ ਕੇਜਰੀਵਾਲ ਬਣ ਸਕਦੇ ਹਨ ਕਿਉਂਕਿ-ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥(1105) ਲੋੜ ਦ੍ਰਿੜਤਾ ਨਾਲ ਸੁਹਿਰਦ ਅਤੇ ਇੱਕਮੁੱਠ ਹੋ ਕੇ ਚੱਲਣ ਦੀ ਹੈ। ਪੰਜਾਬ ਵਿੱਚ ਗਦਾਰਾਂ ਦੀ ਲਿਸਟ ਬਹੁਤ ਵੱਡੀ ਹੈ ਜੋ ਆਪਣੇ ਗੁਰੂ ਅਤੇ ਆਪਣੀ ਕੌਮ ਨਾਲ ਵੀ ਬੇਸ਼ਰਮ ਹੋ ਕੇ ਗਦਾਰੀਆਂ ਕਰ ਰਹੇ ਹਨ। ਪੰਜਾਬੀਆਂ ਦਾ ਤਾਂ ਵਿਰਸਾ ਹੈ ਕਿ "ਉਹ ਕਿਸੇ ਦੀ ਟੈਂ ਨਹੀਂ ਮੰਨਦੇ" ਫਿਰ ਅਜੋਕੇ ਗਦਾਰ ਲੀਡਰਾਂ ਅਤੇ ਲੋਟੂ ਸਾਧਾਂ ਦੇ ਪਿੱਛੇ ਕਿਉਂ ਲੱਗੇ ਫਿਰਦੇ ਹਨ? ਕਿਸ ਨੇ ਇਨ੍ਹਾਂ ਨੂੰ ਲੁੱਟੂ ਅਤੇ ਕੁੱਟੂ ਲੀਡਰਾਂ ਮਗਰ ਲਾਇਆ ਹੈ। ਬਾਕੀ ਅਰਵਿੰਦ ਕੇਜਰੀਵਾਲ ਤਾਂ ਹੁਣ ਭਾਰਤ ਵਾਸੀਆਂ ਨੂੰ ਮਿਲ ਚੁੱਕਾ ਹੈ, ਲੋੜ ਉਸ ਨੂੰ ਹੁਣ ਪੰਜਾਬ ਵਿੱਚ ਵੀ ਲਿਆਉਣ ਦੀ ਹੈ। ਜਿਵੇਂ "ਦੁਪਾਲਪੁਰ" ਜੀ ਨੇ ਲਿਖਿਆ ਹੈ ਕਿ ਅਰਦਾਸ ਕਰੀਏ "ਮਿਲੇ ਛੇਤੀ ਕੋਈ ਕੇਜਰੀਵਾਲ ਸਾਨੂੰ" ਦਾਸ ਦਾ ਵਿਚਾਰ ਹੈ ਕਿ ਅਰਦਾਸ ਦੇ ਨਾਲ ਨਾਲ ਪ੍ਰਯਾਸ ਤੇ ਪ੍ਰਯਤਨ ਵੀ ਕਰੀਏ ਕਿ ਅਉਣ ਵਾਲੀਆਂ ਚੋਣਾਂ ਵਿੱਚ, ਆਪਣੀਆਂ ਕੀਮਤੀ ਵੋਟਾਂ "ਕੇਜਰੀਵਾਲ ਦੀ ਆਮ ਆਦਮੀ ਪਾਰਟੀ" ਨੂੰ ਪਾ ਕੇ ਪੰਜਾਬ ਵਿੱਚ ਵੀ ਕੋਈ ਪੰਜਾਬੀ ਕੇਜਰੀਵਾਲ ਲੈ ਆਵਾਂਗੇ ਜੋ ਜਨਤਾ ਲੁੱਟੂ-ਕੁੱਟੂ ਲੀਡਰਾਂ, ਖੂਨ ਪੀਣੇ ਹਾਕਮਾਂ ਤੇ ਅਫਸਰਾਂ ਨੂੰ ਕਨੂੰਨੀ ਨੱਥ ਪਾ ਕੇ, ਜਨਤਾ ਨਾਲ ਇਨਸਾਫ ਕਰ, ਪੰਜਾਬ ਨੂੰ ਫਿਰ "ਗੁਰਾਂ ਦੇ ਨਾਂ ਤੇ ਵਸਦਾ, ਰਸਦਾ ਅਤੇ ਹਸਦਾ" ਖੁਸ਼ਹਾਲ ਸੂਬਾ ਬਣਾ ਕੇ, ਕੰਗਾਲ ਕਰ ਦਿੱਤੇ ਗਏ ਪੰਜਾਬ ਨੂੰ ਫਿਰ "ਅੰਨ ਦਾਤਾ" ਬਣਾ ਦੇਵੇ।


06/12/15)
ਗਿਆਨੀ ਅਵਤਾਰ ਸਿੰਘ

ਮੰਜ਼ਲ ਵੱਲ ਤੁਰੇ ਸਿੱਖਾਂ ਨੂੰ ਚੁਰਾਹੇ ’ਚ ਛੱਡਣ ਲਈ ਜ਼ਿੰਮੇਵਾਰ ਕੌਣ ?, ਬਾਰੇ ਵੀਚਾਰ ਤੇ ਸੁਝਾਵ (ਭਾਗ ਪਹਿਲਾ)
ਗਿਆਨੀ ਅਵਤਾਰ ਸਿੰਘ (ਸੰਪਾਦਕ
gurparsad.com)-98140-35202

ਅੱਜ ਪੰਜਾਬ ਦੇ ਜ਼ਮੀਨੀ ਹਾਲਾਤਾਂ ਨੂੰ ਥੋੜਾ ਜਿਹਾ ਗਹੁ ਨਾਲ ਵੀਚਾਰਿਆਂ ਵੇਖਣ ਨੂੰ ਮਿਲਦਾ ਹੈ ਕਿ ਅਗਰ ਕਿਤੇ 4 ਸਿੱਖ ਖੜ੍ਹੇ ਹੋਣ ਤਾਂ ਉਨ੍ਹਾਂ ਦੇ ਪੰਜਾਬ ਦੇ ਰਾਜਨੀਤਿਕਾਂ ਬਾਰੇ ਵਿਚਾਰ ਭਿੰਨ-ਭਿੰਨ ਹੁੰਦੇ ਹਨ ਭਾਵ ਇੱਕ ਬਾਦਲ ਪੱਖੀ, ਦੂਜਾ ਮਾਨ ਪੱਖੀ, ਤੀਜਾ ਕੈਪਟਨ ਪੱਖੀ, ਚੌਥਾ ਕੇਜਰੀਵਾਲ ਪੱਖੀ ਆਦਿ। ਇਸ ਤਰ੍ਹਾਂ ਦੀ ਸਿੱਖ ਵੋਟ (ਸ਼ਕਤੀ) ਦੀ ਵੰਡ ਪੰਜਾਬ ਅਤੇ ਸਿੱਖ ਕੌਮ ਦੇ ਭਵਿੱਖ ਲਈ ਬਹੁਤ ਹੀ ਨੁਕਸਾਨਦੇਹ ਸਾਬਤ ਹੋਵੇਗੀ। ਸਿੱਖ ਵਿਚਾਰਧਾਰਾ ’ਚ ਪੈਦਾ ਹੋਈ ਇਸ ਬੇਚੈਨੀ ਦੇ ਸੰਦਰਭ ’ਚ ਅਗਰ ਕਿਸੇ ਗ਼ੈਰ ਸਿੱਖ ਬੁਧੀਜੀਵੀ ਤੋਂ ਇਸ ਦਾ ਹੱਲ ਪੁੱਛਿਆ ਜਾਵੇ ਤਾਂ ਉਹ ਇਸ ਦਾ ਅਸਲ ਜ਼ਿੰਮੇਵਾਰ ਸਿੱਖ ਕੌਮ ਦੇ ਬੁਧੀਜੀਵੀ (ਪ੍ਰਚਾਰਕ, ਲੇਖਕ, ਸੰਪਾਦਕ ਆਦਿ) ਵਰਗ ਨੂੰ ਮੰਨੇਗਾ ਕਿਉਂਕਿ ਇਹ ਬੀਜ ਉਨ੍ਹਾਂ ਦੁਆਰਾ ਹੀ ਬੋਇਆ ਗਿਆ ਹੈ। ਇਸ ਬੋਏ ਹੋਏ ਬੀਜ ਦੀ ਪਿਛੋਕੜ ਭਾਵਨਾ ਨੂੰ ਵੀਚਾਰਨਾ ਬਹੁਤ ਜ਼ਰੂਰੀ ਹੈ।
ਕੌਮੀ ਸਿਧਾਂਤ (‘ਗੁਰਮਤਿ’) ਦੇ ਪ੍ਰਚਾਰ ਤੇ ਪ੍ਰਸਾਰ ਲਈ ਕੁਝ ਬੁਧੀਜੀਵੀ ਲੋਕ ਮਿਲ ਬੈਠ ਕੇ ਆਪਣੇ ਪ੍ਰਚਾਰਕਾਂ, ਲੇਖਕਾਂ, ਸੰਪਾਦਕਾਂ ਆਦਿ ਦੇ ਵੀਚਾਰਾਂ ਵਿੱਚ ਸੰਤੁਲਨ ਨੂੰ ਬਣਾਏ ਰੱਖਣ ਲਈ ਸੀਮਤ ਜਿਹੇ ਸ਼ਬਦਾਂ ’ਚ (ਆਰਜੀ ਤੌਰ ’ਤੇ) ਕੁਝ ਨਿਯਮ ਬਣਾ ਲੈਣੇ ਚਾਹੀਦੇ ਹਨ, ਜਿਸ ਨੂੰ ਮਰਿਆਦਾ (ਅਨੁਸ਼ਾਸਨ) ਕਹਿ ਕੇ ਆਮ (ਸਾਧਾਰਨ ਸੋਚ ਰੱਖਣ ਵਾਲੇ ਕੌਮੀ) ਵਰਗ ਨੂੰ ਉਸ ’ਤੇ ਪਹਿਰਾ ਦੇਣ ਲਈ ਪ੍ਰੇਰਿਆ ਜਾਵੇ। ਅਜਿਹੀ ਅਨੁਸ਼ਾਸਨਿਕ ਏਕਤਾ ਤਦ ਬਣਾਉਣ ਦੀ ਜ਼ਰੂਰਤ ਪੈਂਦੀ ਹੈ ਜਦ ਜ਼ਮੀਨੀ ਹਾਲਾਤ ਬਹੁਤ ਹੀ ਅਨੁਸ਼ਾਸਨਹੀਣ ਹੋ ਜਾਂਦੇ ਹਨ। ਇਹ ਵੀ ਸਚਾਈ ਹੈ ਕਿ ਜ਼ਮੀਨੀ ਹਾਲਾਤ ਨਿਰੰਤਰ ਬਦਲਦੇ ਰਹਿੰਦੇ ਹਨ ਜਿਸ ਲਈ ਕੌਮੀ ਏਕਤਾ ਤੇ ਕੌਮੀ ਅਨੁਸ਼ਾਸਨ ’ਚ ਹਮੇਸ਼ਾਂ ਤਬਦੀਲੀ ਕਰਨ ਦੀ ਉਮੀਦ ਵੀ ਬਣੀ ਰਹਿੰਦੀ ਹੈ। ਆਪਣੇ ਕੌਮੀ ਸਿਧਾਂਤ (ਗੁਰਮਤਿ) ਤੋਂ ਸੇਧ ਲੈ ਕੇ ਆਰਜੀ ਤੌਰ ’ਤੇ ਤਿਆਰ ਕੀਤੇ ਗਏ ਆਪਣੇ ਕੌਮੀ ‘ਅਨੁਸ਼ਾਸਨ’ (ਮਰਿਆਦਾ) ’ਚ ਤਬਦੀਲੀ ਕਰਨ ਦੀ ਗਤੀ ਨੂੰ ਅਗਰ ਕੋਈ ਕੌਮ ਨਿਰੰਤਰ ਜਾਰੀ ਨਹੀਂ ਰੱਖੇਗੀ ਤਾਂ ਜ਼ਮੀਨੀ ਹਾਲਾਤ ਤੇ ਕੌਮੀ ਸਿਧਾਂਤ ਵਿੱਚ ਬਹੁਤ ਹੀ ਭਿੰਨਤਾ ਵੇਖਣ ਨੂੰ ਮਿਲੇਗੀ ਭਾਵ ਉਸ ਕੌਮ ’ਚ ਵੀਚਾਰਕ ਮਤਭੇਦ ਉਕਤ ਬਿਆਨ ਕੀਤੇ ਗਏ ਹਾਲਾਤ ਪ੍ਰਗਟ ਕਰ ਦੇਣਗੇ।
ਉਕਤ ਬਿਆਨ ਕੀਤਾ ਗਿਆ ਦ੍ਰਿਸ਼ਟੀਕੋਣ ਕੇਵਲ ਚੈਰੀਟੇਬਲ ਅਦਾਰਿਆਂ ਤੱਕ ਹੀ ਸੀਮਤ ਨਹੀਂ ਰਹਿੰਦਾ ਬਲਕਿ ਹਰ ਦੇਸ਼ ਦੇ ਕਾਨੂੰਨ ਵਿੱਚ ਵੀ ਨਿਰੰਤਰ ਤਬਦੀਲੀ ਕਰਨ ਦੀ ਸੰਭਾਵਨਾ ਬਣੀ ਰਹਿੰਦੀ ਹੈ ਪਰ ਇਹ ਤਬਦੀਲੀ ਕਰਨ ਦੀ ਪਰਕਿਰਿਆ ’ਚ ਰੱਤੀ ਭਰ ਊਣਤਾਈ ਵੀ ਏਕਤਾ ਰੂਪੀ ਬੀਜ ਨੂੰ ਨਸ਼ਟ ਕਰ ਸਕਦੀ ਹੈ। ਇਸ ਲਈ ਏਕਤਾ ਕਰਵਾਉਣ ਵਾਲਿਆਂ ’ਚ ਉੱਚ ਦਰਜੇ ਦੀ ਯੋਗਤਾ ਹੋਣੀ ਚਾਹੀਦੀ ਹੈ।
ਭਾਰਤ ਦੀ ਆਜ਼ਾਦੀ ਸਮੇਂ ਭਾਰਤ ’ਚ ਲਗਭਗ 565 ਰਿਆਸਤਾਂ ਸਰਗਰਮ ਸਨ, ਜਿਨ੍ਹਾਂ ਨੂੰ ਏਕਤਾ ਰੂਪ ਸੂਤਰ ’ਚ ਬੰਨ੍ਹਣ ਲਈ ਕਸ਼ਮੀਰ ਦੇ ਹਿੰਦੂ ਰਾਜੇ (ਹਰੀ ਚੰਦ) ਦੀ ਸੁਣੀ ਗਈ ਜਦਕਿ ਉੱਥੇ ਜਨਤਾ ਮੁਸਲਿਮ ਸੋਚ ਨਾਲ ਸਬੰਧਿਤ ਵਧੀਕ ਸੀ ਤੇ ਹੈਦਰਾਬਾਦ ’ਚ ਹਿੰਦੂ ਜਨਤਾ ਦੀ ਸੁਣੀ ਗਈ ਜਦਕਿ ਉੱਥੇ ਮੁਸਲਿਮ ਰਾਜੇ ਦੀ ਭਾਵਨਾ ਨੂੰ ਦਰਕਿਨਾਰ ਕਰ ਦਿੱਤਾ ਗਿਆ। ਕਿਸੇ ਵੀ ਦੇਸ਼ ਜਾਂ ਕੌਮ ਦੀ ਏਕਤਾ ਲਈ ਇਹੀ ਕੂਟਨੀਤੀ ਸਫਲ ਮੰਨੀ ਜਾਂਦੀ ਹੈ। ਕਸ਼ਮੀਰੀ ਜਨਤਾ ਦੀਆਂ ਭਾਵਨਾਵਾਂ ਨੂੰ ਸ਼ਾਂਤ ਕਰਨ ਲਈ ਧਾਰਾ 370 ਭਾਰਤੀ ਸੰਵਿਧਾਨ ’ਚ ਸ਼ਾਮਲ ਕੀਤੀ ਗਈ। ਇਸ ਤਰ੍ਹਾਂ ਦੀ ਹੀ ਕੂਟਨੀਤੀ ਹਰ ਦੇਸ਼ ਤੇ ਹਰ ਕੌਮ ਅਗਰ ਨਹੀਂ ਕਰੇਗੀ ਤਾਂ ਦੇਸ਼ ਤੇ ਕੌਮ ’ਚ ਏਕਤਾ ਰੱਖਣੀ ਹੀ ਅਸੰਭਵ ਹੈ ਬੇਸ਼ੱਕ ਇਸ ਰਣਨੀਤੀ ਵਿੱਚ ਕਈਆਂ ਦੇ ਅਧਿਕਾਰ ਮਰ ਵੀ ਜਾਂਦੇ ਹਨ। ਅਗਰ ਇਨ੍ਹਾਂ ਅਧਿਕਾਰਾਂ ਦੇ ਹੋਏ ਨੁਕਸਾਨ ਨੂੰ ਆਧਾਰ ਬਣਾ ਕੇ ਦੇਸ਼ ਤੇ ਕੌਮ ਪ੍ਰਤੀ ਬਗਾਵਤ ਜਾਰੀ ਰੱਖੀ ਜਾਵੇ ਤਾਂ ਇਸ ਸੰਘਰਸ਼ ਵਿੱਚ ਲਾਭ ਘੱਟ ਤੇ ਨੁਕਸਾਨ ਵਧੇਰੇ ਹੁੰਦਾ ਹੈ ਕਿਉਂਕਿ ਬਹੁ ਗਿਣਤੀ ਜਨਤਾ ਤੇ ਸੰਵਿਧਾਨ ਉਨ੍ਹਾਂ ਨੂੰ ਦੇਸ਼ ਵਿਰੋਧੀ ਦ੍ਰਿਸ਼ਟੀ ਨਾਲ ਵੇਖਣਾ ਸ਼ੁਰੂ ਕਰ ਦਿੰਦਾ ਹੈ ਇਹੀ ਹਾਲ ਭਾਰਤ ’ਚ ਘੱਟ ਗਿਣਤੀਆਂ ਦਾ ਹੋਇਆ ਹੈ।
‘ਗੁਰਮਤਿ’ ਦੀ ਰੌਸ਼ਨੀ ’ਚ ਕੁਝ ਬੁਧੀਜੀਵ ਸਿੱਖ ਵਰਗ ਨੇ ਵੀ ਜ਼ਮੀਨੀ ਹਾਲਤਾਂ ਨੂੰ ਧਿਆਨ ’ਚ ਰੱਖਦਿਆਂ ਆਪਣੇ ਪ੍ਰਚਾਰਕਾਂ, ਲੇਖਕਾਂ ਆਦਿ ਦੇ ਵੀਚਾਰਾਂ ’ਚ ਸੰਤੁਲਨ ਨੂੰ ਬਣਾਏ ਰੱਖਣ ਲਈ ਆਪਣਾ ਇੱਕ ਕੌਮੀ ਸੰਵਿਧਾਨ (ਅਨੁਸ਼ਾਸਨ) ਬਣਾਉਣ ਲਈ ਮਿਲ ਬੈਠ ਕੇ (ਆਪਸੀ ਮਤਭੇਦ ਦੂਰ ਕਰਕੇ) ‘ਸਿੱਖ ਰਹਿਤ ਮਰਿਆਦਾ’ ਸੰਨ 1931-45 ’ਚ ਤਿਆਰ ਕੀਤੀ। ਇਸ ਤੋਂ ਪਹਿਲਾਂ ਦੇ ਜ਼ਮੀਨੀ ਹਾਲਾਤ ਕੁਝ ਇਸ ਪ੍ਰਕਾਰ ਸਨ: ‘ਅੰਮ੍ਰਿਤ ਪਹੁਲ’ ਤਿਆਰ ਕਰਦਿਆਂ ਕੋਈ ਤਿੰਨ ਬਾਣੀਆਂ ਪੜ੍ਹਦਾ ਸੀ, ਕੋਈ ਪੰਜ ਬਾਣੀਆਂ, ਕੋਈ ਕੇਵਲ ਮੂਲ ਮੰਤਰ, ਕੋਈ ‘ਜਪੁ’ ਬਾਣੀ ਦੀਆਂ ਪਹਿਲੀਆਂ 5 ਪਉੜੀਆਂ, ਕੋਈ ‘ਅਨੰਦੁ’ ਬਾਣੀ ਦੀਆਂ ਕੇਵਲ 6 ਪਉੜੀਆਂ’ ਆਦਿ ਪਰੰਪਰਾਵਾਂ ਨੂੰ ਸਮਾਪਤ ਕਰਕੇ ਸਭ ਤੋਂ ਵਧੀਕ ਪੜ੍ਹੇ ਜਾਣ ਵਾਲੀਆਂ ਪੰਜ ਬਾਣੀਆਂ ਨਿਰਧਾਰਿਤ ਕਰ ਦਿੱਤੀਆਂ ਗਈਆਂ। ਇਸ ਤਰ੍ਹਾਂ ਤਿਆਰ ਕੀਤੇ ਗਏ ‘ਅਨੁਸ਼ਾਸਨ’ ਵਿੱਚ ਵੀ ਉਨ੍ਹਾਂ ਸੱਜਣਾਂ ਦੇ ਅਧਿਕਾਰ ਮਰ ਗਏ, ਪ੍ਰਤੀਤ ਹੁੰਦੇ ਹਨ, ਜੋ ਪੰਜ ਬਾਣੀਆਂ ਪਹਿਲਾਂ ਨਹੀਂ ਪੜ੍ਹਦੇ ਸਨ ਪਰ ਕੌਮੀ ਏਕਤਾ ਨੂੰ ਬਣਾਏ ਰੱਖਣ ਲਈ ਇਹ ਕੂਟਨੀਤੀ ਬਣਾਉਣੀ ਹੀ ਸਫਲਤਾ ਮੰਨੀ ਗਈ।
ਜਿਸ ਤਰ੍ਹਾਂ ਦੇਸ਼ ਦੇ ਸੰਵਿਧਾਨ ਦੇ ਵਿਪ੍ਰੀਤ ਵੀਚਾਰ ਰੱਖਣ ਵਾਲੇ ਨੂੰ ਦੇਸ਼ ਧ੍ਰੋਹੀ ਦੀ ਦ੍ਰਿਸ਼ਟੀ ਨਾਲ ਵੇਖਿਆ ਜਾਂਦਾ ਹੈ, ਇਸ ਤਰ੍ਹਾਂ ਧਾਰਮਿਕ ਆਦਾਰਿਆਂ ’ਚ ਨਿਯਮ ਲਾਗੂ ਕਰਨੇ ਮੁਸ਼ਕਲ ਹੁੰਦੇ ਹਨ ਕਿਉਂਕਿ ਇਹ ਵਿਸ਼ਾ ਆਦਮੀ ਦੀ ਸੁਤੰਤਰਤਾ ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਇਸ ਦਾ ਫ਼ਾਇਦਾ ਉਠਾਉਂਦਿਆਂ ਹੀ ਕੁਝ ਸੁਤੰਤਰ ਬਿ੍ਰਤੀ ਦੇ ਮਾਲਕ (ਲੋਕ) ਕੌਮੀ ਏਕਤਾ ਰੂਪ ਅਨੁਸ਼ਾਸਨ ’ਚ ਚੱਲਣ ਦੀ ਬਜਾਏ ਆਪਣੀ ਪੁਰਾਣੀ ਜ਼ਿੱਦ ’ਤੇ ਹੀ ਕਾਇਮ ਰਹਿੰਦੇ ਹਨ ਤੇ ਉਸ ਅਨੁਸਾਰ ਹੀ ਏਕਤਾ ਵਿਰੋਧੀ ਸਮਾਜ ਸਿਰਜਦੇ ਰਹਿੰਦੇ ਹਨ। ਵਰਤਮਾਨ ਦੀ ‘ਸਿੱਖ ਰਹਿਤ ਮਰਿਆਦਾ’ ਵਿੱਚ ਸੁਧਾਰ ਕਰਨਾ ਇੱਕ ਅਲੱਗ ਵਿਸ਼ਾ ਹੈ ਪਰ ਇਸ ਪ੍ਰਤੀ ਇੱਕ ਵਰਗ ਵੱਲੋਂ ਇਹ ਪ੍ਰਚਾਰ ਕਰਨਾ ਕਿ ਇਸ ਨਾਲ ਅਸੀਂ ਬ੍ਰਾਹਮਣ ਬਣ ਰਹੇ ਹਾਂ ਤੇ ਦੂਸਰੇ ਵੱਲੋਂ ਇਹ ਕਹਿਣਾ ਕਿ ਇਹ ਸਾਨੂੰ ਬ੍ਰਾਹਮਣ ਭਾਈਚਾਰੇ ਤੋਂ ਦੂਰ ਕਰ ਰਹੀ ਹੈ, ਕੌਮ ਏਕਤਾ ਤੇ ਕੌਮੀ ਸਿਧਾਂਤ ਲਈ ਆਤਮਘਾਤੀ ਸਿੱਧ ਹੋ ਰਿਹਾ ਹੈ। ਇਸ ਤਰ੍ਹਾਂ ਦੀ ਆਪਾ ਵਿਰੋਧੀ ਭਾਵਨਾ ਰੱਖਣ ਨਾਲ ਆਮ ਸਿੱਖਾਂ ’ਚ ਬੇਚੈਨੀ ਵਧਦੀ ਜਾ ਰਹੀ ਹੈ ਜਿਸ ਦਾ ਨਤੀਜਾ ਉੱਪਰ ਬਿਆਨ ਕੀਤਾ ਗਿਆ ਹੈ।
ਸੰਵਿਧਾਨ ਜਾਂ ਮਰਿਆਦਾ ’ਚ ਕੋਈ ਨਵੀਂ ਤਬਦੀਲੀ ਕਰਵਾਉਣ ਲਈ ਦੋ ਯੁਕਤੀਆਂ ਪ੍ਰਮੁੱਖ ਵੇਖਣ ਨੂੰ ਮਿਲਦੀਆਂ ਹਨ : (1). ਅਜਿਹਾ ਸਮਾਜ ਸਿਰਜਿਆ ਜਾਵੇ ਕਿ ਉਹ ਤਬਦੀਲੀ ਕਰਵਾਉਣ ਲਈ ਕੌਮ ਨੂੰ ਮਜ਼ਬੂਰ ਕਰ ਦੇਵੇ।
(2). ਬੁਧੀਜੀਵੀ ਵਰਗ ਤਬਦੀਲੀ ਕਰਨ ਨੂੰ ਆਪਣੇ ਗੁਪਤ ਏਜੰਡੇ ਵਿੱਚ ਰੱਖੇ ਤੇ ਸਫਲ ਕੂਟਨੀਤੀ ਨਾਲ ਉਸ ਸ਼ਕਤੀ ਨੂੰ ਆਪਣੇ ਹੱਕ ’ਚ ਭੁਗਤਾਉਣ ਲਈ ਸਫਲ ਹੋ ਜਾਵੇ ਜਿਸ ਰਾਹੀਂ ਇਹ ਤਬਦੀਲੀ ਕੀਤੀ ਜਾਣੀ ਹੈ।
ਉਕਤ ਦੋਵੇਂ ਵਿਧੀਆਂ ਵਿੱਚੋਂ ਪਹਿਲੀ ਦੇ ਮੁਕਾਬਲੇ ਦੂਸਰੀ ਜ਼ਿਆਦਾ ਕਾਰਗਰ ਹੈ ਇਹੀ ਯੁਕਤੀ ਬੁਧੀਜੀਵੀ ਲੋਕ ਹਰ ਦੇਸ਼ ਵਿੱਚ ਅਪਣਾਉਂਦੇ ਆ ਰਹੇ ਹਨ ਤੇ ਪਹਿਲੀ ਯੁਕਤੀ ਦੂਸਰੇ ਦੇ ਮੁਕਾਬਲੇ ਕਮਜ਼ੋਰ ਦੀ ਇੱਕ ਤਾਜ਼ਾ ਉਦਾਹਰਨ ਇਹ ਹੈ ਕਿ ਭਾਰਤੀ ’ਚ ‘ਜਨ ਲੋਕਪਾਲ’ ਲਈ ਜ਼ਮੀਨ ਤਿਆਰ ਕਰਨ ਦੇ ਬਾਵਜੂਦ ਵੀ ਨਹੀਂ ਬਣ ਸਕਿਆ ਤੇ ‘ਨਾਨਕਸ਼ਾਹੀ ਕੈਲੰਡਰ’ ਵੀ ਜ਼ਮੀਨ ਤਿਆਰ ਕਰਨ ਉਪਰੰਤ ਲਾਗੂ ਨਹੀਂ ਕਰਵਾਇਆ ਜਾ ਸਕਿਆ।
ਸਿੱਖ ਕੌਮ ਦੇ ਪ੍ਰਚਾਰਕ, ਲੇਖਕ, ਸੰਪਾਦਕ ਆਦਿ ਵਰਗ ਨੇ ਉਕਤ ਪਹਿਲੀ ਯੁਕਤੀ ਨੂੰ ਵਧੇਰੇ ਸਫਲ ਮੰਨ ਕੇ ਜੋ ਸਿੱਖ ਕੌਮ ਨੂੰ ਨੁਕਸਾਨ ਪਹੁੰਚਾਇਆ ਹੈ ਉਸ ਦੀ ਭਰਪਾਈ ਅਗਲੇ 100 ਸਾਲ ਤੱਕ ਵੀ ਹੋਣੀ ਮੁਸ਼ਕਲ ਹੈ। ਪੰਥ ਦਰਦੀ ਵਰਗ ਨੂੰ ਇਹ ਚਿੰਤਾ ਸਤਾ ਰਹੀ ਹੈ ਕਿ ਕਦੇ ‘ਹਿੰਦੂ’ ਸ਼ਬਦ ਦੀ ਵਿਆਖਿਆ ਵਾਙ ‘ਸਿੱਖ’ ਸ਼ਬਦ ਦੀ ਪਰਿਭਾਸ਼ਾ ਵੀ ਇੱਕ ਦਿਨ ਭਾਰਤ ਦੀ ਸੁਪਰੀਮ ਕੋਰਟ ਹੀ ਨਿਰਧਾਰਿਤ ਨਾ ਕਰੇ ਕਿਉਂਕਿ ਇਤਿਹਾਸ ਗਵਾਹ ਹੈ; ਜਿਵੇਂ: ‘ਪਾਖੰਡੀ’ ਸ਼ਬਦ ਦਾ ਅਰਥ ‘ਪਾਪਾਂ ਨੂੰ ਖੰਡਨ (ਨਾਸ਼) ਕਰਨ ਵਾਲਾ’ ਹੁੰਦਾ ਸੀ ਪਰ ਅੱਜ ਇਸ ਸ਼ਬਦ ਨੂੰ ਲੋਕ ਨਫ਼ਰਤ ਭਰੀ ਦ੍ਰਿਸ਼ਟੀ ਨਾਲ ਵੇਖਦੇ ਹਨ ਇਹੀ ਹਾਲ ‘ਮਸੰਦ, ਨਿਹੰਗ, ਮਹੰਤ, ਪੂਜਾਰੀ, ਸਹਿਜਧਾਰੀ, ਜਥੇਦਾਰ, ਸਰੋਪਾ’ ਆਦਿ ਸ਼ਬਦਾਂ ਦਾ ਬਣ ਚੁੱਕਾ ਹੈ। ਜੇ ਅੱਜ ‘ਸਹਿਜਧਾਰੀ’ ਸਿੱਖ ਦੀ ਪਰਿਭਾਸ਼ਾ ਤਹਿ ਕਰਨ ਲਈ ਅਦਾਲਤ ਦੀ ਟੇਕ ਲਈ ਜਾ ਰਹੀ ਹੈ ਤਾਂ ਕੀ ਭਵਿੱਖ ਵਿੱਚ ਸਿੱਖ ਨੂੰ ‘ਅੰਮ੍ਰਿਤਧਾਰੀ’ ਤੇ ‘ਖ਼ਾਲਸਾ’ ਸ਼ਬਦ ਦੀ ਵਿਆਖਿਆ ਲਈ ਵੀ ਕਿਸੇ ਅਦਾਲਤ ਦੀ ਟੇਕ ਲੈਣੀ ਪਵੇਗੀ ?
-- ਚੱਲਦਾ



{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.