.


26/06/16)
ਹਰਮਿੰਦਰ ਸਿੰਘ ਭੱਟ

ਅਮੋਲਕ ਸਿੱਖਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!

ਮੈਂ ਅਹਿਮਦਗੜ੍ਹ ਜਾਣ ਲਈ ਪਿੰਡ ਦੇ ਬਸ ਅੱਡੇ ਵੱਲ ਜਾ ਰਿਹਾ ਸੀ। ਬਸ ਅੱਡੇ ਦੇ ਨੇੜੇ ਹੀ ਸੱਥ ਤੇ ਬੈਠੇ ਪਿੰਡ ਦੇ ਹੀ 8-10 ਬੰਦੇ ਦੇਖੇ ਕੁੱਝ ਤਾਸ਼ ਖੇਡ ਰਹੇ ਸੀ ਜਿੰਨਾ ਵਿਚੋਂ ਮੈਂ ਭੋਲੇ, ਜਗੇ, ਤਾਰੀ ਤੇ ਪਿੰਦਰ ਨੂੰ ਤਾਂ ਜਾਣਦਾ ਸੀ ਜੋ ਆਪਸ ਵਿੱਚ ਬਹਿਸ ਰਹੇ ਸੀ। ਮੈਂ ਸੋਚਿਆ ਕਿ “ਸ਼ਾਇਦ ਖੇਡਦਿਆਂ ਹੋਇਆਂ ਕੋਈ ਗੱਲ ਹੋ ਗਈ ਹੋਣੀ ਆ ਕਾਹਨੂੰ ਪੁੱਛਣਾ ਕੁਛ”। ਨਾਲ ਹੀ ਕੁੱਝ ਵੱਡੀ ਉਮਰ ਦੇ ਬਜ਼ੁਰਗ ਬੈਠੇ ਸੀ ਕੋਲੋਂ ਲੰਘਦਿਆਂ ਸਤਿ ਸ੍ਰੀ ਆਕਾਲ ਬੁਲਾਉਣੀ ਕੀਤੀ ਪਰ ਉਹ ਸਾਰੇ ਕਿਸੇ ਵੱਡੇ ਚਿੰਤਕ ਮਸਲੇ ਵਿੱਚ ਵਿਚਾਰਾਂ ਸਾਂਝੀਆਂ ਕਰ ਰਹੇ ਸਨ ਤਾਹਿਉ ਮੇਰੀ ਸਤਿ ਸ੍ਰੀ ਆਕਾਲ ਨੂੰ ਅਣਗੌਲਿਆ ਜਿਹਾ ਕਰ ਦਿੱਤਾ ਉਨ੍ਹਾਂ ਨੂੰ ਦੇਖ ਆਪਣੇ ਮਨ ਹੀ ਮਨ ਵਿੱਚ ਹੱਸਦਿਆਂ ਕਿਹਾ ਕਿ “ਵੋਟਾਂ ਵੀ ਨੇੜੇ ਹੀ ਨੇ ਬਈ ਹੁਣ ਚਿੰਤਾ ਤਾਂ ਵਧੇਗੀ ਹੀ ਵਿਕਾਸਾਂ ਦੀ ਆਖ਼ਿਰ ਫੇਰ ਕਿਸੇ ਲੁਟੇਰੇ ਲੀਡਰ ਦੀ ਚੋਣ ਜੋ ਫਿਰ ਅੱਖਾਂ ਬੰਦ ਕਰ ਕੇ ਕਰਨੀ ਹੈ” … … … … … ਮੇਰੀ ਨਜ਼ਰ ਥੋੜ੍ਹੀ ਦੂਰ ਕੁੱਝ ਬੱਚਿਆਂ ਤੇ ਵੀ ਪਈ ਜੋ ਪੇਪਰਾਂ ਤੋਂ ਸੁਰ ਖਰੂ ਹੋਏ ਆਪਣੀਆਂ ਖੇਡਾਂ ਵਿੱਚ ਮਸਤ ਸਨ। ਮੈਂ ਕੋਲ ਹੀ ਕਰਿਆਨੇ ਦੀ ਦੁਕਾਨ ਵਾਲੇ ਨੂੰ ਬਸ ਦੇ ਆਉਣ ਦੇ ਟਾਈਮ ਬਾਰੇ ਪੁੱਛਣ ਲੱਗਿਆ “ਰਾਜੂ ਆਹ ਅਹਿਮਦਗੜ੍ਹ ਵਾਲੀ ਬਸ ਤਾਂ ਨਹੀਂ ਆਈ ਅਜੇ ਜਾਂ ਕਿਤੇ ਨਿਕਲ ਤਾਂ ਨਹੀਂ ਗਈ” ਮੇਰੀ ਗੱਲ ਸੁਣ ਰਾਜੂ ਦੁਕਾਨਦਾਰ ਨੇ ਕਿਹਾ “ਉ ਤਾਂ ਅੱਜ ਆਈ ਨਹੀਂ” ਦੁਕਾਨ ਵਿੱਚ ਲੱਗੀ ਘੜੀ ਵੱਲ ਦੇਖਦਿਆਂ ਉਸ ਨੇ ਫੇਰ ਕਿਹਾ” ਹੁਣ ਤਾਂ ਅੱਧੇ ਘੰਟੇ ਤੱਕ ਸੰਦੌੜ ਵਾਲੀ ਆਵੇਗੀ ਉੱਥੋਂ ਤਾਂ ਬਿੰਦੇ ਬਿੰਦੇ ਜਾਂਦੀਆਂ ਨੇ ਝੁਨੇਰ ਵਿੱਚ ਦੀ” ਮੈਂ ਵੀ ਉਹ ਦੀ ਗੱਲ ਵਿੱਚ ਹਾਮੀ ਭਰਦਾ ਹੋਇਆ ਕਿਹਾ “ਆਹੋ ਆ ਠੀਕ ਆ ਉਹੀ ਚੜ੍ਹਦੇ ਆ” ਅਜੇ ਇੰਨਾ ਕਿਹਾ ਹੀ ਸੀ ਕੀ ਸੱਥ ਵਿਚੋਂ ਮਾਂਵਾਂ ਭੈਣਾਂ ਦੀਆਂ ਗਾਲ੍ਹਾਂ ਦੀ ਉੱਚੀਆਂ ਹੋਈਆਂ ਆਵਾਜ਼ਾਂ ਤੇ ਹੋ ਰਹੀ ਹੱਥੋ ਪਾਈ ਨੇ ਮੈਨੂੰ ਹੈਰਾਨੀ ਵਿੱਚ ਪਾ ਦਿੱਤਾ। ਸੱਥ ਵਿੱਚ ਬੈਠੇ ਤਾਸ਼ ਦੀ ਖੇਡ ਖੇਡਣ ਵਾਲਿਆਂ ਵਿੱਚ ਹੋ ਰਹੀ ਬਹਿਸ ਨੇ ਲੜਾਈ ਦਾ ਰੂਪ ਧਾਰਨ ਕਰ ਲਿਆ ਸੀ ਭੋਲਾ ਤੇ ਤਾਰੀ ਆਪਸ ਵਿੱਚ ਇੱਕ ਦੂਜੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ ਉਨ੍ਹਾਂ ਨੂੰ ਜਗੇ ਤੇ ਪਿੰਦਰ ਨੇ ਫੜਿਆ ਹੋਇਆ ਸੀ। ਉਨ੍ਹਾਂ ਦੇ ਆਲ਼ੇ ਦੁਆਲੇ ਦੇਖਣ ਵਾਲਿਆਂ ਦਾ ਘੇਰਾ ਵਧਦਾ ਜਾ ਰਿਹਾ ਸੀ ਬਜ਼ੁਰਗ ਵੀ ਆਪਣੀਆਂ ਗੱਲਾਂ ਨੂੰ ਭੁੱਲ ਚੁੱਕੇ ਸਨ, ਬੱਚੇ ਵੀ ਖੇਡ ਛੱਡ ਕੇ ਭੱਜ ਕੇ ਉਨ੍ਹਾਂ ਦੀ ਹੋ ਰਹੀ ਲੜਾਈ ਦੇਖਣ ਨੇੜੇ ਆ ਗਏ। ਭੋਲਾ ਕਹਿ ਰਿਹਾ ਸੀ “ਉ ਤੂੰ ਜਾ ਦੇਖੀ ਗਾਟਾ ਨਾ ਲਹਾ ਲਈਂ ਤੇਰੇ ਵਰਗਿਆਂ ਲਈ ਰੋਜ਼ ਗੰਡਾਸੇ ਨੂੰ ਧਾਰ ਲਾਈਦੀ ਆ ਕਿਤੇ ਗਿੱਟੇ ਨਾ ਤੁੜਵਾ ਲਈਂ” ਤਾਰੀ ਵੀ ਕਿਹੜਾ ਘੱਟ ਸੀ “ਉ ਜਾ ਚੱਲਿਆ ਜਾ ਚੱਲਿਆ ਜਾ ਵੱਡੇ ਦੇਖੇ ਤੇਰੇ ਵਰਗੇ ਗਾਟਾ ਲਾਉਣ ਵਾਲੇ ਅਜੇ ਕੱਲ੍ਹ ਸਾਡੀ 26 ਚੋਂ ਜ਼ਮਾਨਤ ਹੋਈ ਆ ਹੁਣ ਜੇ 302 ਵੀ ਜੇ ਬਣਜੂ ਪ੍ਰਵਾਹ ਨਹੀਂ ਲਾ ਦਾਂਗੇ ਕਿੱਲਾ ਲੇਖੇ ਤੇਰੇ”। ਮੈਂ ਆਲਾ ਦੁਆਲਾ ਦੇਖਿਆ ਕੋਈ ਉਨ੍ਹਾਂ ਨੂੰ ਹਟਾਉਣ ਦੀ ਜਗਾ ਸਭ ਦਰਸ਼ਕ ਬਣੇ ਦੇਖ ਹੀ ਰਹੇ ਸੀ ਮੇਰੀ ਨਜ਼ਰ ਕੋਲ ਖੜੇ ਬਚਿਆਂ ਵੱਲ ਗਈ ਜੋ ਬੜੇ ਧਿਆਨ ਨਾਲ ਇਸ ਲੜਾਈ ਨੂੰ ਇੱਕ ਫ਼ਿਲਮ ਦੇ ਵਾਂਗ ਦੇਖ ਰਹੇ ਸੀ ਉਨ੍ਹਾਂ ਦਾ ਇੰਜ ਦੇਖਣਾ ਮੇਰੇ ਲਈ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਸੀ। ਮੈਂ ਹੈਰਾਨ ਸੀ ਦੇਸ਼ ਦੇ ਨੇਤਾਵਾਂ ਦੀ ਤਾਂ ਚਿੰਤਾ ਸੀ ਪਰ ਸਾਹਮਣੇ ਹੋ ਰਹੀ ਬੇਵਜ੍ਹਾ ਦੀ ਲੜਾਈ ਦੇ ਮਸਲੇ ਨੂੰ ਸੁਲਝਾਉਣ ਦੀ ਕਿਸੇ ਵੀ ਸਿਆਣੀ ਸੋਚ ਦੀ ਹਿੰਮਤ ਨਹੀਂ ਹੋ ਰਹੀ ਸੀ। ਮੈਂ ਕੋਸ਼ਿਸ਼ ਕੀਤੀ ਤੇ ਬੜੀ ਮੁਸ਼ਕਿਲ ਨਾਲ ਉਨ੍ਹਾਂ ਨੂੰ ਸਮਝਾ ਬੁਝਾ ਕੇ ਚੁੱਪ ਕਰਾਉਣ ਦਾ ਯਤਨ ਕੀਤਾ ਉਹ ਇੱਕ ਦੂਜੇ ਨੂੰ ਗਾਲ੍ਹਾਂ ਤੇ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਉੱਥੋਂ ਚਲੇ ਗਏ। ਇਸ ਦੌਰਾਨ ਮੇਰੀ ਸੰਦੌੜ ਵਾਲੀ ਬਸ ਵੀ ਨਾ ਜਾਣੇ ਕਦੋਂ ਨਿਕਲ ਗਈ ਮੈਂ ਅਗਲੀ ਬਸ ਲਈ ਫੇਰ ਉੱਥੇ ਹੀ ਬੈਠ ਗਿਆ ਮਾਹੌਲ ਸ਼ਾਂਤ ਹੋ ਗਿਆ ਸੀ ਫੇਰ ਸਭ ਆਪਣੀਆਂ ਖੇਡਾਂ, ਗੱਲਾਂ ਵਿੱਚ ਮਸਤ ਹੋ ਗਏ ਸੀ ਪਰ ਅਚਾਨਕ ਫੇਰ ਮੇਰੇ ਕੰਨਾਂ ਵਿੱਚ ਲੜਨ ਦੀਆਂ ਆਵਾਜ਼ਾਂ ਪੈਣ ਲੱਗੀਆਂ ਇਸ ਬਾਰ ਵੱਡੇ ਨਹੀਂ ਉਹ ਬੱਚੇ ਲੜ ਰਹੇ ਸੀ ਤੇ ਬਿਲਕੁਲ ਉਸੇ ਤਰਾਂ ਇੱਕ ਦੂਜੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਤੇ ਗਾਲ੍ਹਾਂ ਕੱਢੇ ਰਹੇ ਸਨ ਜਿਵੇਂ ਥੋੜ੍ਹੀ ਦੇਰ ਪਹਿਲਾਂ ਭੋਲਾ ਤੇ ਤਾਰੀ ਲੜ ਰਹੇ ਸੀ ਪਰ ਉਨ੍ਹਾਂ ਦੀ ਲੜਾਈ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਸੀ ਤੇ ਫੇਰ ਹਟਾਉਣ ਤੇ ਸਮਝਾਉਣ ਵਾਲਾ ਵੀ ਕੋਈ ਹਿੰਮਤ ਨਹੀਂ ਕਰ ਰਿਹਾ ਸੀ ਉਨ੍ਹਾਂ ਦੀ ਲੜਾਈ ਤਾਂ ਕੁੱਝ ਪਲਾਂ ਬਾਅਦ ਰੁਕ ਗਈ ਤੇ ਇੰਨੇ ਨੂੰ ਮੇਰੀ ਬਸ ਵੀ ਆ ਗਈ ਮੈਂ ਬਸ ਚੜ੍ਹਿਆ ਤੇ ਸੀਟ ਤੇ ਬੈਠ ਗਿਆ ਸੋਚਣ ਲੱਗਿਆ ਕਿ ਆਪਣੇ ਆਪ ਨੂੰ ਸਿਆਣੇ ਤੇ ਚਿੰਤਕ ਹੋਣ ਦਾ ਦਾਅਵਾ ਕਰਨ ਵਾਲੇ ਲੋਕਾਂ ਵੱਲੋਂ ਦੇਸ਼ ਦੇ ਭਵਿੱਖ ਨੂੰ ਦਿੱਤੀ ਜਾ ਰਹੀ ਅਮੋਲਕ ਸਿੱਖਿਆ ਦਾ ਕਦੋਂ ਅੰਤ ਹੋਵੇਗਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!
ਭੁੱਲ ਚੁੱਕ ਦੀ ਖਿਮਾਂ
ਆਪ ਜੀ ਦਾ ਦਾਸ
ਹਰਮਿੰਦਰ ਸਿੰਘ ਭੱਟ
ਬਿਸਨਗੜ੍ਹ (ਬਈਏਵਾਲ)
ਸੰਗਰੂਰ
9914062205


26/06/16)
-ਮਿੰਟੂ ਬਰਾੜ, ਆਸਟ੍ਰੇਲੀਆ

‘ਆਸਟ੍ਰੇਲੀਆ `ਚ ਸਿਆਸੀ ਰੋਟੀਆਂ’
(ਪ੍ਰਵਾਸੀਆਂ ਹੱਥ ਅਗਲੀ ਸਰਕਾਰ ਦਾ ਭਵਿਖ)
-ਮਿੰਟੂ ਬਰਾੜ, ਆਸਟ੍ਰੇਲੀਆ


ਜਿਵੇਂ ਜਿਵੇਂ ਆਸਟ੍ਰੇਲੀਆ `ਚ ਚੋਣਾਂ ਨੇੜੇ ਆ ਰਹੀਆਂ ਹਨ, ਉਵੇਂ-ਉਵੇਂ ਬਹੁਤ ਸਾਰੇ ਸਿਆਸੀ ਸਮੀਕਰਨ ਬਦਲ ਰਹੇ ਹਨ। ਸਿਆਸੀ ਪਾਰਟੀਆਂ ਵੋਟਰਾਂ ਨੂੰ ਲੁਭਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੀਆਂ। ਜਿਹੜੇ ਕੰਮਾਂ ਨੂੰ ਫ਼ਾਲਤੂ ਦੇ ਕੰਮ ਕਹਿ ਕੇ ਨਕਾਰ ਦਿੱਤਾ ਗਿਆ ਸੀ ਹੁਣ ਉਨ੍ਹਾਂ ਹੀ ਕੰਮਾਂ ਤੇ ਆਪਣੀ-ਆਪਣੀ ਮੋਹਰ ਲਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਮਸਲਨ ‘ਪੇਰੈਂਟਸ ਲੌਂਗ ਸਟੇਅ ਵੀਜ਼ਾ’ ਲਈ ਜਿਸ ਦਿਨ ਐਡੀਲੇਡ ਦੇ ਤਿੰਨ ਨੌਜਵਾਨਾਂ ਅਰਵਿੰਦ ਦੁੱਗਲ, ਦਵਿੰਦਰ ਪਾਲ ਸਿੰਘ ਅਤੇ ਪਰਮਿੰਦਰ ਸੋਹਲ ਨੇ ਕੋਸ਼ਿਸ਼ ਸ਼ੁਰੂ ਕੀਤੀ ਸੀ ਤਾਂ ਉਸ ਦਿਨ ਉਨ੍ਹਾਂ ਦੀ ਕਿਸੇ ਨੇ ਬਾਂਹ ਨਹੀਂ ਸੀ ਫੜੀ। ਪਰ ਅੱਜ ਹਰ ਕੋਈ ਕਰੈਡਿਟ ਲੈਣ ਲਈ ਦੋੜ ਲਾ ਰਿਹਾ ਹੈ ਕਿ ‘ਮੈਂ ਹੀ ਇਹ ਕੀਤਾ’।
ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਜ਼ਰੂਰੀ ਹੋ ਜਾਂਦਾ ਹੈ ਕਿ ਇਹ ‘ਪੇਰੈਂਟਸ ਲੌਂਗ ਸਟੇਅ ਵੀਜ਼ਾ’ ਹੈ ਕੀ? ਅਸਲ `ਚ ਆਸਟ੍ਰੇਲੀਆ `ਚ ਮਾਈਗਰੇਸ਼ਨ ਕਾਨੂੰਨ ਬੜੀ ਤੇਜ਼ੀ ਨਾਲ ਬਦਲਦੇ ਰਹਿੰਦੇ ਹਨ। ਪੱਕੇ ਹੋ ਚੁੱਕੇ ਲੋਕ ਜਦੋਂ ਆਪਣੇ ਮਾਪਿਆਂ ਨੂੰ ਇੱਥੇ ਬੁਲਾਉਂਦੇ ਹਨ ਤਾਂ ਉਨ੍ਹਾਂ ਨੂੰ ਅਕਸਰ ਇੱਕ ਸਾਲ ਜਾਂ ਉਸ ਤੋਂ ਘੱਟ ਦਾ ਵੀਜ਼ਾ ਦਿੱਤਾ ਜਾਂਦਾ ਹੈ ਅਤੇ ਉਸ ਵਿੱਚ ਵੀ ਇਹ ਸ਼ਰਤ ਹੁੰਦੀ ਹੈ ਕਿ ਉਨ੍ਹਾਂ ਨੂੰ ਤਿੰਨ ਜਾਂ ਛੇ ਮਹੀਨੇ ਬਾਅਦ ਇੱਕ ਬਾਰ ਵਾਪਸ ਜਾਣਾ ਪੈਣਾ ਹੈ। ਇਸ ਹਾਲਤ `ਚ ਬਜ਼ੁਰਗ ਮਾਂ-ਬਾਪ ਜੋ ਇੱਕ ਬਾਰ ਹੀ ਬੜੀ ਮੁਸ਼ਕਲ ਨਾਲ ਇਹ ਤਕੱਦਰ ਕਰਦੇ ਹਨ, ਰੋਜ-ਰੋਜ ਉਨ੍ਹਾਂ ਨੂੰ ਖੱਜਲ ਖ਼ਰਾਬ ਹੋਣਾ ਔਖਾ ਲਗਦਾ ਹੈ। ਜਿਸ ਕਾਰਨ ਉਨ੍ਹਾਂ ਦੀ ਮਜਬੂਰੀ ਹੋ ਜਾਂਦੀ ਹੈ ਕਿ ਉਹ ਆਪਣੇ ਪਰਵਾਰ ਤੋਂ ਬੁਢਾਪੇ ਦੌਰਾਨ ਦੂਰ ਰਹਿਣ। ਇਸ ਸਮੱਸਿਆ ਨੂੰ ਜਦੋਂ ਸਰਕਾਰ ਦੇ ਧਿਆਨ `ਚ ਲਿਆਂਦਾ ਗਿਆ ਤਾਂ ਸਰਕਾਰ ਦੀ ਦਲੀਲ ਸੀ ਕਿ ਜਿਹੜੇ ਲੋਕਾਂ ਨੇ ਆਪਣਾ ਕੰਮ ਦਾ ਵਕਤ ਕਿਸੇ ਹੋਰ ਮੁਲਕ `ਚ ਗੁਜ਼ਰਿਆ ਅਤੇ ਹੁਣ ਉਹ ਬੁਢਾਪੇ ਵੇਲੇ ਆਸਟ੍ਰੇਲੀਆ ਉੱਤੇ ਬੋਝ ਕਿਉਂ ਬਣਨ? ਇਸ ਦਲੀਲ ਵਿੱਚ ਕੋਈ ਦੋ ਰਾਏ ਵੀ ਨਹੀਂ ਹੈ। ਪਰ ਇਹਨਾਂ ਸੂਝਵਾਨ ਪਟੀਸ਼ਨ ਕਰਤੱਵਾਂ ਨੇ ਸਰਕਾਰ ਨੂੰ ਇੱਕ ਵਿਚਲਾ ਰਸਤਾ ਦਰਸਾਉਣ ਦੀ ਕੋਸ਼ਿਸ਼ ਕੀਤੀ। ਜਿਸ ਤਹਿਤ ਮਾਪੇ ਵੀ ਇੱਥੇ ਆ ਜਾਣ ਤੇ ਸਰਕਾਰ ਤੇ ਬੋਝ ਵੀ ਨਾ ਬਣਨ। ਸੋ ਇਹੀ ਹੈ ਇਸ ਪਟੀਸ਼ਨ ਦਾ ਮੂਲ ਖਰੜਾ ਕਿ ਬਿਨਾਂ ਸਰਕਾਰੀ ਸਹੂਲਤਾਂ ਦੇ ਸਿਰਫ਼ ਲੰਮੇ ਵਕਤ ਲਈ ਮਾਪਿਆ ਨੂੰ ਆਸਟ੍ਰੇਲੀਆ `ਚ ਰੁਕਣ ਦੀ ਆਗਿਆ ਦਿਤੀ ਜਾਵੇ।
ਗੱਲ ਕਿਥੋਂ ਸ਼ੁਰੂ ਹੋਈ: ਅਸਲ `ਚ ‘ਡਾਨਾ ਵਾਟਲੇ’ ਐਮ. ਪੀ. ਫ਼ਾਰ ਟੌਰੈਂਸ ਦੀ ਕੋਸ਼ਿਸ਼ ਤੋਂ ਬਾਅਦ ਲੇਬਰ ਦੀ ਫੈਡਰਲ ਐਮ. ਪੀ.’ਕੇਟ ਐਲਿਸ’ ਨੇ ਇਸ ਪਟੀਸ਼ਨ ਦਾ ਖੁੱਲ੍ਹੇ ਦਿਲ ਨਾਲ ਸਮਰਥਨ ਕੀਤਾ ਸੀ ਅਤੇ ਹੋਲੀ-ਹੋਲੀ ਸਾਰੀ ਲੇਬਰ ਪਾਰਟੀ ਦਾ ਸਮਰਥਨ ਇਸ ਨੂੰ ਮਿਲ ਗਿਆ ਸੀ। ਜਦੋਂ ਇਹ ਮਸਲਾ ਲਿਬਰਲ ਮਾਈਗਰੇਸ਼ਨ ਮੰਤਰੀ ਕੋਲ ਭੇਜਿਆ ਗਿਆ ਸੀ ਤਾਂ ਉਨ੍ਹਾਂ ਵੱਲੋਂ ਇਹ ਮਸਲਾ ਠੰਢੇ ਬਸਤੇ `ਚ ਪਾ ਦਿੱਤਾ ਗਿਆ ਸੀ। ਪਰ ਹੁਣ ਜਦੋਂ ਚੋਣਾਂ ਸਿਰ ਤੇ ਆ ਗਈਆਂ ਤਾਂ ਪਟੀਸ਼ਨ ਤੇ ਹੋਏ ਤਕਰੀਬਨ ਪੈਂਤੀ ਹਜ਼ਾਰ ਦਸਖ਼ਤ ਇਹਨਾਂ ਪਾਰਟੀਆਂ ਨੂੰ ਵੋਟਾਂ ਦੇ ਰੂਪ `ਚ ਦਿੱਖਣ ਲੱਗ ਪਏ ਹਨ।
ਸੋ ਹੁਣ ਜਿੱਥੇ ਲੇਬਰ ਪਾਰਟੀ ਨੇ ਬੀਤੇ ਦਿਨੀਂ ਪੰਜ ਹਜ਼ਾਰ ਡਾਲਰ ਦਾ ਬਾਂਡ ਦੇਣ ਤੋਂ ਬਾਅਦ ਤਿੰਨ ਸਾਲਾਂ ਲਈ ਇਕੱਠਾ ਰੁਕਣ ਦਾ ਵੀਜ਼ਾ ਦੇਣ ਦਾ ਵਾਅਦਾ ਕੀਤਾ ਹੈ, ਉੱਥੇ ਲਿਬਰਲ ਨੇ ਪੰਜ ਸਾਲ ਦਾ ਸਬਜ਼ਬਾਗ ਦਿਖਾ ਕੇ ਵੋਟਰਾਂ ਨੂੰ ਭਰਮਾਉਣ ਦਾ ਕੰਮ ਕੀਤਾ ਹੈ। ਇਸ ਸਾਰੇ ਘਟਨਾ ਕਰਮ `ਚ ਕੁੱਝ ਸਵਾਲ ਉਠਦੇ ਹਨ ਜਿਵੇਂ ਕਿ;
੧. ਸਭ ਤੋਂ ਪਹਿਲਾਂ ਤਾਂ ਸਵਾਲ ਉਨ੍ਹਾਂ ਮਾਈਗਰਾਂਟਸ ਨੂੰ ਕਰਨਾ ਬਣਦਾ ਹੈ ਜੋ ਬੜੀ ਹਿੱਕ ਤਾਨ ਕੇ ਕਹਿੰਦੇ ਹਨ ਕਿ ਅਸੀਂ ਆਸਟ੍ਰੇਲੀਆ ਦੀ ਆਬਾਦੀ `ਚ ਪੰਝੱਤਰ ਲੱਖ ਦੇ ਕਰੀਬ ਹਾਂ, ਪਰ ਨਮੋਸ਼ੀ ਦੀ ਗੱਲ ਇਹ ਹੈ ਕਿ ਸਿਰਫ਼ ਪੈਂਤੀ ਹਜਾਰ ਲੋਕਾਂ ਨੇ ਇਸ ਪਟੀਸ਼ਨ `ਤੇ ਦਸਖ਼ਤ ਕੀਤੇ?
੨ ਲੇਬਰ ਨੇ ਪਹਿਲਾ ਇਸ ਕੇਸ ਦੀ ਬਾਂਹ ਫੜੀ ਸੀ, ਉਸ ਲਈ ਉਸ ਦਾ ਧੰਨਵਾਦ ਕਰਨਾ ਬਣਦਾ ਹੈ, ਪਰ ਉਨ੍ਹਾਂ ਵੀ ਆਪਣੇ ਨਾਗਰਿਕਾਂ ਤੇ ਵਿਸ਼ਵਾਸ ਨਹੀਂ ਜਿਤਾਇਆ ਤੇ ਪੰਜ ਹਜ਼ਾਰ ਬਾਂਡ ਲੈ ਕੇ ਅਤੇ ਆਸਟ੍ਰੇਲੀਅਨ ਕੰਪਨੀ ਤੋਂ ਇੰਸ਼ੋਰੈਂਸ ਲੈਣ `ਤੇ ਹੀ ਤਿੰਨ ਸਾਲ ਇਕੱਠਾ ਰੁਕਣ ਦਾ ਵੀਜ਼ਾ ਦੇਣ ਦੀ ਗੱਲ ਕੀਤੀ ਹੈ। ਇੰਸ਼ੋਰੈਂਸ ਵਾਲੀ ਗੱਲ ਤਾਂ ਮੰਨਣ ਲਾਇਕ ਹੈ ਕਿਉਂਕਿ ਇਹੋ ਜਿਹੀਆਂ ਉਧਾਰਨਾ ਅਸੀਂ ਹਰ ਰੋਜ ਸੁਣਦੇ ਹਾਂ ਕਿ ਭਾਰਤੀ ਇੰਸ਼ੋਰੈਂਸ ਕੰਪਨੀਆਂ ਛੋਟੇ ਮੋਟੇ ਪੱਧਰ ਤੇ ਤਾਂ ਤੁਹਾਡੇ ਨਾਲ ਖੜ੍ਹਦੀਆਂ ਹਨ ਪਰ ਵੱਡੀ ਲੋੜ ਪੈਣ `ਤੇ ਹੱਥ ਖੜ੍ਹੇ ਕਰ ਜਾਂਦੀਆਂ ਹਨ, ਪਰ ਬਾਂਡ ਵਾਲੇ ਮਸਲੇ `ਚ ਜਦੋਂ ਲੇਬਰ ਦੇ ਨੁਮਾਇੰਦਿਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਫ਼ਾਈ ਦਿੰਦਿਆਂ ਕਿਹਾ ਕਿ ਬਾਂਡ ਦੇ ਮਾਮਲੇ `ਚ ਉਹ ਕੁੱਝ ਨਵਾਂ ਨਹੀਂ ਕਰ ਰਹੇ, ਪਹਿਲਾਂ ਵੀ ਸਪਾਂਸਰ ਵੀਜ਼ੇ `ਚ ਇਹ ਸੀ। ਇਸ ਦੀ ਦਲੀਲ `ਚ ਉਨ੍ਹਾਂ ਦੱਸਿਆ ਕਿ ਇਹ ਬਾਂਡ ਵੀ ਰੀਫੰਡਏਬਲ ਹੋਵੇਗਾ।
੩ ਲਿਬਰਲ ਪਾਰਟੀ ਵੱਲੋਂ ਪਹਿਲਾਂ ਤਾਂ ਇਹ ਪਟੀਸ਼ਨ ਨਕਾਰ ਦਿੱਤੀ ਸੀ ਪਰ ਹੁਣ ਉਹ ਪੰਜ ਸਾਲ ਦੇ ਵੀਜ਼ੇ ਦੀ ਗੱਲ ਕਰ ਰਹੇ ਹਨ। ਪਰ ‘ਸ਼ਰਤਾਂ’ ਨਾਲ! ਜਿਨ੍ਹਾਂ ਵਿੱਚ ਉਨ੍ਹਾਂ ਕਿਤੇ ਇਹ ਨਹੀਂ ਦੱਸਿਆ ਕਿ ਪੰਜ ਸਾਲਾਂ `ਚ ਸਟੇਅ ਕਿੰਨਾ ਹੋਵੇਗਾ ਤੇ ਫੇਰ ਕਿੰਨੇ ਚਿਰ ਬਾਅਦ ਦੁਬਾਰਾ ਅਪਲਾਈ ਕਰ ਸਕਣਗੇ। ਇਹ ਐਲਾਨ ਧਿਆਨ ਨਾਲ ਪੜ੍ਹਨ ਤੇ ਉਹ ਚੋਣਾਂ ਤਕ ਦਾ ਲੋਲੀਪੋਪ ਹੀ ਦਿਖਾਈ ਦੇ ਰਿਹਾ ਹੈ। ਇੱਕ ਵੀ ਗੱਲ ਸਾਫ਼ ਨਹੀਂ ਕੀਤੀ ਗਈ। ਜਦੋਂ ਇਸ ਸੰਬੰਧ `ਚ ਮਾਈਗਰੇਸ਼ਨ ਮਹਿਕਮੇ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਵਿਚਾਰ ਅਧੀਨ ਹੈ ਤੇ ਚਾਰ ਹਫ਼ਤਿਆਂ `ਚ ਦੱਸਾਂਗੇ। ਮਤਲਬ ‘੨ ਜੁਲਾਈ’ ਯਾਨੀ ‘ਵੋਟਾਂ’ ਦਾ ਦਿਨ ਟਪਾ ਕੇ।
ਹੁਣ ਵਿਚਾਰਨ ਦੀ ਗੱਲ ਇਹ ਹੈ ਕਿ ਤਕਰੀਬਨ ਦੋ ਸਾਲ ਤੋਂ ਚਲਦੇ ਇਸ ਮਸਲੇ `ਚ ਹੁਣ ਏਨੀ ਤੇਜ਼ੀ ਕਿਵੇਂ ਆ ਗਈ? ਸੋ ਜਵਾਬ ਸਪਸ਼ਟ ਹੈ, ‘ਵੋਟਾਂ।’
ਅਸਲ ਕਹਾਣੀ ਇਹ ਹੈ ਕਿ ਇਨ੍ਹਾਂ ਫੈਡਰਲ ਚੋਣਾਂ `ਚ ਤਕਰੀਬਨ ੯/੧੦ ਸੀਟਾਂ ਤੇ ਜਿੱਤ-ਹਾਰ ਦਾ ਫ਼ਰਕ ਬਹੁਤ ਘੱਟ ਹੈ। ਪਿਛਲੇ ਕੁੱਝ ਸਾਲਾਂ `ਚ ਪ੍ਰਵਾਸ ਕਰਕੇ ਆਏ ਬਹੁਤ ਸਾਰੇ ਨਵੇਂ ਬਣੇ ਨਾਗਰਿਕਾਂ ਨੇ ਵੋਟ ਦੇ ਅਧਿਕਾਰ ਹਾਸਿਲ ਕਰ ਲਏ ਹਨ। ਸੋ ਨਵੇਂ ਵੋਟਰ ਜਿਹੜੀ ਪਾਰਟੀ ਵੱਲ ਵੋਟਾਂ ਪਾਉਣਗੇ ਉਹੀ ਪਾਰਟੀ ਫੈਡਰਲ ਸਰਕਾਰ ਬਣਾਉਣ `ਚ ਕਾਮਯਾਬ ਹੋਵੇਗੀ। ਸੋ ਨਵੇਂ ਬਣੇ ਨਾਗਰਿਕਾਂ ਨੂੰ ਲੁਭਾਉਣ ਲਈ ਉਨ੍ਹਾਂ ਦੀਆਂ ਜ਼ਰੂਰਤਾਂ ਤੇ ਧਿਆਨ ਦੇਣਾ ਲਾਜ਼ਮੀ ਹੋ ਗਿਆ ਸੀ। ‘ਲੌਂਗ ਸਟੇਅ ਵੀਜ਼ਾ’ ਪਟੀਸ਼ਨ `ਤੇ ਬੈਠੇ ਪੈਂਤੀ ਹਜਾਰ ਬੰਦਿਆਂ ਦੀ ਵੋਟ ਕਿਸੇ ਵੀ ਪਾਰਟੀ ਨੂੰ ਆਸਟ੍ਰੇਲੀਆ ਦੇ ਤਖਤ `ਤੇ ਬਿਠਾਉਣ ਲਈ ਫ਼ੈਸਲਾਕੁਨ ਰੋਲ ਅਦਾ ਕਰ ਸਕਦੀ ਹੈ।
ਕਹਿੰਦੇ ਹਨ ਸਿਆਸਤ ਵਿੱਚ ਸਭ ਜਾਇਜ਼ ਹੈ ਪਰ ਕੁੱਝ ਕੁ ਗੱਲਾਂ ਦਾ ਦੁੱਖ ਹੈ ਕਿ ਆਸਟ੍ਰੇਲੀਆ `ਚ ਬਰਾਬਰਤਾ ਦਾ ਹੋਕਾ ਅਕਸਰ ਅਸੀਂ ਦਿੰਦੇ ਹਾਂ। ਪਰ ਜੇ ਤੁਸੀਂ ਧਿਆਨ ਨਾਲ ਸਿਆਸੀ ਫ਼ਰਮਾਨ ਪੜ੍ਹੋਗੇ ਤਾਂ ਉਸ `ਚ ਸਾਫ਼-ਸਾਫ਼ ਇਹ ਸੁਨੇਹਾ ਹੈ ਕਿ ਆਸਟ੍ਰੇਲੀਆ ਤੇ ਕਾਬਜ਼ ਲੋਕ ਪਹਿਲੇ ਦਰਜੇ ਦੇ, ਚੀਨੀ ਦੂਜੇ ਦਰਜੇ ਤੇ ਭਾਰਤੀ ਅਤੇ ਹੋਰ ਤੀਜੇ ਦਰਜੇ ਦੇ ਨਾਗਰਿਕ ਹਨ। ਦਲੀਲ ਇਹ ਹੈ ਕਿ ਪਹਿਲੇ ਦਰਜੇ ਦੇ ਲੋਕਾਂ ਲਈ ਕੋਈ ਸ਼ਰਤ ਨਹੀਂ, ਦੂਜੇ ਦਰਜੇ ਦੇ ਲੋਕਾਂ ਨੂੰ ‘ਦਸ’ ਸਾਲ ਦੇ ਵੀਜ਼ੇ ਦੀ ਤਜਵੀਜ਼ ਅਤੇ ਬਾਕੀਆਂ ਲਈ ‘ਪੰਜ’ ਸਾਲ ਦੇ ਵੀਜ਼ੇ ਦੀ ਤਜਵੀਜ਼ ਦੇਣਾ ਹੈ।
ਸਿਆਸੀ ਪਾਰਟੀਆਂ ਅੱਜ ਕੱਲ੍ਹ ਧਾਰਮਿਕ ਅਸਥਾਨਾਂ ਦਾ ਵੀ ਖ਼ੂਬ ਲਾਹਾ ਲੈ ਰਹੀਆਂ ਹਨ। ਜਿਸ ਵਿੱਚ ਕੋਈ ਬੁਰਾਈ ਵੀ ਨਹੀਂ ਹੈ। ਉਹ ਧਾਰਮਿਕ ਥਾਂ ਤੇ ਜਾ ਕੇ ਆਪਣੀਆਂ ਨੀਤੀਆਂ ਲੋਕਾਂ ਮੂਹਰੇ ਰੱਖ ਸਕਦੇ ਹਨ। ਪਰ ਕੋਈ ਵੀ ਪਾਰਟੀ ਕਿਸੇ ਧਾਰਮਿਕ ਥਾਂ ਨੂੰ ਲੋਕਾਂ ਨੂੰ ਮੂਰਖ ਬਣਾਉਣ ਲਈ ਨਹੀਂ ਵਰਤ ਸਕਦੀ। ਕਿਉਂਕਿ ਵਕਤ ਨਾਲ ਸੱਚ ਸਾਹਮਣੇ ਆ ਹੀ ਜਾਂਦਾ ਹੈ। ਝੂਠੇ ਦਾਅਵੇ ਵਾਅਦੇ ਕਈ ਬਾਰ ‘ਬੈਕ ਫਾਇਰ’ ਕਰ ਜਾਂਦੇ ਹੁੰਦੇ ਹਨ। ਇਸ ਬਾਰ ਦੀਆਂ ਚੋਣਾ `ਚ ਸਿਡਨੀ ਵਿੱਚ ਇਸ ਗੱਲ ਦਾ ਸਬੂਤ ਮਿਲਣ ਹੀ ਵਾਲਾ ਲਗਦਾ ਹੈ ਕਿਉਂਕਿ ਦੋ ਬਾਰ ਸਿਡਨੀ ਦੇ ਇੱਕ ਗੁਰੂ ਘਰ ਨੂੰ ਲੱਖਾਂ ਡਾਲਰ ਦੇ ਚੈੱਕ ਦੇ ਕੇ ਅਖ਼ਬਾਰਾਂ `ਚ ਸੁਰਖ਼ੀਆਂ ਬਟੋਰ ਚੁੱਕੇ ਸਿਆਸੀ ਲੋਕ ਨੰਗੇ ਹੋ ਚੁੱਕੇ ਹਨ। ਸੰਗਤ ਬਾਰ-ਬਾਰ ਮੂਰਖ ਨਹੀਂ ਬਣ ਸਕਦੀ। ਦੇਖਣ `ਚ ਇਹ ਵੀ ਆ ਰਿਹਾ ਹੈ ਕਿ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਪਤਾ ਵੀ ਨਹੀਂ ਹੁੰਦਾ ਤੇ ਸਿਆਸੀ ਲੋਕ ਚਾਰ ਫ਼ੋਟੋਆਂ ਖਿੱਚ ਕੇ ਖ਼ਬਰ ਲਵਾ ਦਿੰਦੇ ਹਨ ਕਿ ਸਿੱਖ ਸੰਗਤਾਂ ਨੇ ਫਲਾਂ ਪਾਰਟੀ ਨੂੰ ਸਮਰਥਨ ਦਿੱਤਾ। ਇੱਥੇ ਜ਼ਿਕਰਯੋਗ ਹੈ ਕਿ ਵੀ ਧਾਰਮਿਕ ਅਦਾਰਾ ਸੰਗਤ ਦੇ ਨਿੱਜੀ ਫ਼ੈਸਲੇ ਨਹੀਂ ਲੈ ਸਕਦਾ। ਕਿਸ ਨੂੰ ਵੋਟ ਪਾਉਣੀ ਹੈ ਤੇ ਕਿਸ ਨੂੰ ਨਹੀਂ ਇਹ ਹਰ ਇੱਕ ਦਾ ਨਿੱਜੀ ਫ਼ੈਸਲਾ ਹੈ।
ਅਖੀਰ `ਚ ਇੱਕ ਗਿਲਾ ਤੇ ਇੱਕ ਧੰਨਵਾਦ ਕਰਨਾ ਬਣਦਾ; ਗਿਲਾ ਮੀਡੀਆ ਨਾਲ ਅਤੇ ਸੋਸ਼ਲ ਮੀਡੀਆ ਤੇ ਹਰ ਵਕਤ ਐਕਟਿਵ ਰਹਿਣ ਵਾਲੇ ਉਨ੍ਹਾਂ ਮਿੱਤਰਾਂ ਨਾਲ ਇਹ ਹੈ ਕਿ ਬਿਨਾਂ ਕਿਸੇ ਵੀ ਗੱਲ ਦੀ ਤਹਿ `ਤੇ ਗਿਆਂ, ਬਿਨਾਂ ਉਸ ਦੇ ਨਫ਼ੇ ਨੁਕਸਾਨ ਦੇਖਿਆ, ਧੜਾ-ਧੜ ਅੱਖਾਂ ਮੀਚ ਕੇ ਗੁਣਗਾਨ ਕਰਨ ਦੇ ਬਜਾਏ ਘੋਖ ਪੜਤਾਲ ਕਰੀਏ। ਕਿਸੇ ਇੱਕ ਨੀਤੀ ਨਾਲ ਕੋਈ ਪਾਰਟੀ ਚੰਗੀ ਮਾੜੀ ਨਹੀਂ ਹੋ ਜਾਂਦੀ ਸੋ ਓਵਰਆਲ ਨੀਤੀਆਂ ਦੇਖ ਕੇ ਆਪਣੀ ਵੋਟ ਦਾ ਇਸਤੇਮਾਲ ਕਰੀਏ ਤਾਂ ਚੰਗਾ ਰਹੇਗਾ।
ਇਸ ਮਸਲੇ ਨੂੰ ਏਨੇ ਵੱਡੇ ਪੱਧਰ ਤੇ ਲਿਜਾਣ ਲਈ ਜਿੱਥੇ ਇਹਨਾਂ ਤਿੰਨ ਨੌਜਵਾਨਾਂ ਦਾ ਧੰਨਵਾਦ ਕਰਨਾ ਬਣਦਾ ਹੈ, ਉੱਥੇ ਇਹਨਾਂ ਦੇ ਪਰਵਾਰਾਂ ਦੇ ਸਹਿਯੋਗ ਨੂੰ ਵੀ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਜਿਨ੍ਹਾਂ ਨੇ ਤਕਰੀਬਨ ਦੋ ਸਾਲ ਦੀ ਇਸ ਮੁਹਿੰਮ `ਚ ਇਹਨਾਂ ਦਾ ਦੱਬ ਕੇ ਸਾਥ ਦਿੱਤਾ। ਆਓ ਅਸੀਂ ਵੀ ਇਕੱਲੀ ਵਾਹ-ਵਾਹ ਨੂੰ ਛੱਡ ਕੇ, ਇਸ ਮੁਹਿੰਮ ਦਾ ਹਿੱਸਾ ਬਣੀਏ ਤੇ ਪਟੀਸ਼ਨ ਤੇ ਦਸਖ਼ਤਾਂ ਦੀ ਗਿਣਤੀ ਵਧਾ ਕੇ ਸਿਆਸੀ ਪਾਰਟੀਆਂ ਤੇ ਦਬਾ ਵਧਾਈਏ। ਕੋਈ ਗੱਲ ਨਹੀਂ ਇਸ ਮਸਲੇ `ਤੇ ਸੇਕਣ ਦਿਓ ‘ਸਿਆਸੀ ਰੋਟੀਆਂ’ ਇਹਨਾਂ ਪਾਰਟੀਆਂ ਨੂੰ। ਮਸਲੇ ਦਾ ਹੱਲ ਹੀ ਸਾਡਾ ਟੀਚਾ ਹੈ ਹੋਣਾ ਚਾਹੀਦਾ ਹੈ ਤੇ ‘ਸਾਡੀ ਇੱਕਜੁੱਟਤਾ’, ਸਾਡੀ ਜਿੱਤ ਲਈ ਜ਼ਰੂਰੀ ਹੈ।


26/06/16)
ਬੀ. ਐਸ. ਢਿੱਲੋਂ, ਐਡਵੋਕੇਟ

ਆਖਰ ਸਰਕਾਰ ਵੋਟਤੰਤਰ ਨੂੰ ਲੋਕਤੰਤਰ ਬਨਾਉਣ ਦੇ ਰਾਹ ਤੁਰ ਹੀ ਪਈ।
ਬੀ. ਐੱਸ. ਢਿੱਲੋਂ, ਐਡਵੋਕੇਟ
ਕੇਂਦਰ ਸਰਕਾਰ ਦੀ ਕੈਬਨਿਟ ਸਬ ਕਮੇੱਟੀ ਚੋਣ ਅਮਲ ਨੂੰ ਵਿਵਹਾਰਕ ਤੇ ਘੱਟ ਖਰਚੀਲਾ ਬਨਾਉਣ ਤੇ ਵਿਚਾਰ ਕਰ ਰਹੀ ਹੈ। ਇਸ ਮੁੱਦੇ ਤੇ ਬਹਿਸ ਹੋਣ ਲੱਗੀ ਹੈ ਕਿ ਕਿਉਂ ਨਾ ਦੇਸ਼ ਭਰ ਵਿੱਚ ਲੋਕ ਸਭਾ ਤੇ ਵਿਧਾਂਨ ਸਭਾਵਾਂ ਦੀਆਂ ਚੋਣਾਂ ਇਕੱਠੀਆਂ ਤੇ ਇੱਕੋ ਸਮੇਂ ਹੀ ਕਰਵਾਈਆਂ ਜਾਣ। ਇੰਜ ਕਰਨ ਨਾਲ ਸਾਧਨਾਂ, ਸਮੇਂ ਅਤੇ ਪੈਸੇ ਦੀ ਬਰਬਾਦੀ ਨਹੀਂ ਹੋਵੇਗੀ। ਗ੍ਰਹਿ ਮੰਤਰੀ ਰਾਜ ਨਾਥ ਸਿੰਘ ਦੀ ਅਗਵਾਹੀ ਚ ਬਣੀ ਇਹ ਮੰਤਰੀਆਂ ਦੀ ਕਮੇੱਟੀ ਅਜੇ ਮੁੱਢਲੇ ਦੌਰ ਤੇ ਹੀ ਵਿਚਰ ਰਹੀ ਹੈ ਕਿ ਕੀ ਉਹ ਅਜਿਹਾ ਕਰ ਸਕਦੇ ਹਨ? ਪ੍ਰਧਾਂਨ ਮੰਤਰੀ ਮੋਦੀ ਨੇ ਪਿਛਲੇ ਮਹੀਨੇ ਭਾਜਪਾ ਦੀ ਮੀਟਿੰਗ ਵਿੱਚ ਕਿਹਾ ਸੀ ਕਿ ਵੱਖੋ ਵੱਖ ਚੋਣਾਂ ਅਕਸਰ ਹੁੰਦੀਆਂ ਰਹਿਣ ਕਾਰਨ ਵਿਕਾਸ ਲਈ ਨੁਕਸਾਂਨ ਦੇਹ ਹਨ। ਇਸ ਲਈ ਪੰਜ ਸਾਲਾਂ ਵਿੱਚ ਇੱਕੋ ਵਾਰ ਸਾਰੀਆਂ ਚੋਣਾਂ ਹੋ ਜਾਣੀਆਂ ਚਾਹੀਦੀਆਂ ਹਨ। ਇਨ੍ਹਾਂ ਸਤਰਾਂ ਦਾ ਲੇਖਕ ਤਾਂ ਕਈ ਸਾਲਾਂ ਤੋਂ ਹੀ ਇਹ ਲੇਖ ਲਿਖਕੇ ਕਹਿ ਰਿਹਾ ਹੈ। ਆਖਰ ਸਾਡੀ ਸਲਾਹ ਪ੍ਰਧਾਂਨ ਮੰਤਰੀ ਦਫਤਰ ਤੱਕ ਪਹੁੰਚ ਹੀ ਗਈ।
ਜਦੋਂ ਇਬਰਾਹਿਮ ਲਿੰਕਨ ਨੇ ਲੋਕਤੰਤਰ ਨੂੰ ਲੋਕਾਂ ਦਵਾਰਾ, ਲੋਕਾਂ ਦੀ ਅਤੇ ਲੋਕਾਂ ਵਾਸਤੇ ਚੁਣੀ ਗਈ ਸਰਕਾਰ ਕਿਹਾ ਸੀ ਤਾਂ ਉਹਦਾ ਇਹ ਮਤਲਬ ਹਰਗਿਜ ਨਹੀਂ ਸੀ ਕਿ ਲੋਕ ਸਿਰਫ ਵੋਟਾਂ ਪਾਉਣ ਦਾ ਹੀ ਕੰਮ ਕਰਦੇ ਰਹਿਣਗੇ। ਸਾਡੇ ਦੇਸ਼ ਵਿੱਚ ਲੋਕਤੰਤਰ ਨੂੰ ਵੋਟਤੰਤਰ ਵਿੱਚ ਅਜਿਹਾ ਬਦਲਿਆ ਕਿ ਹੁਣ ਮੁਹੱਲਿਆਂ ਵਿੱਚ ਵੀ ਵੋਟਾਂ ਪੈਂਦੀਆਂ ਹਨ। ਵੋਟਾਂ ਦੇ ਚਸਕੇ ਨੇ ਨਾਂ ਦੀ ਭੁੱਖ ਇੰਨੀ ਜਿਆਦਾ ਵਧਾ ਦਿੱਤੀ ਹੈ ਕਿ ਚੋਣ ਕਿਸੇ ਪਰਵਾਸੀ ਪੰਜਾਬੀ ਵੱਲੋਂ, ਵਿਦੇਸ਼ ਵਿੱਚ ਮੁਹੱਲੇ ਦੀ ਛੋਟੀ ਮੋਟੀ ਮੈਂਬਰੀ ਦੀ ਲੜੀ ਜਾ ਰਹੀ ਹੁੰਦੀ ਹੈ। ਪਰ ‘ਵੋਟ ਜਰੁਰ ਪਾਇਉ’ ਦੇ ਫੋਟੋਆਂ ਅਤੇ ਦਰਜਨਾਂ ਨਾਵਾਂ ਵਾਲੇ ਇਸ਼ਤਿਹਾਰ ਪੰਜਾਬ ਵਿੱਚ ਲੱਗ ਰਹੇ ਹੁੰਦੇ ਹਨ। ਇੱਥੇ ਸਾਲ ਵਿੱਚ ਦੋ ਤਿੰਨ ਕਿਸਮ ਦੀਆਂ ਚੋਣਾਂ ਹੁੰਦੀਆਂ ਹਨ। ਲੋਕਾਂ ਨੂੰ ਪਤਾ ਹੀ ਨਹੀਂ ਚੱਲਿਆ ਕਿ ਲੋਕਤੰਤਰ ਦੇ ਨਾਂ ਤੇ ਉਨ੍ਹਾਂ ਨੂੰ ਕੰਮ ਲਾਇਆ ਗਿਆ ਹੈ। ਕਿਉਂ ਕਿ ਵਿਹਲੇ ਲੋਕ ਸਰਕਾਰ ਨੂੰ ਕੰਮ ਲਾ ਦਿੰਦੇ ਹਨ। ਇਸ ਵੋਟਤੰਤਰ ਨੇ ਕਿਰਤ ਸੱਭਿਆਚਾਰ ਹੀ ਖਤਮ ਕਰ ਦਿੱਤਾ ਹੈ। ਜਿੱਥੇ ਨਾ ਕਿਰਤ ਦੀ ਕਦਰ ਹੈ ਨਾ ਕਿਰਤੀ ਦੀ। ਹਰੇ ਇਨਕਲਾਬ ਪਿੱਛੋਂ, ਪਿਛਲੇ ਤਿੰਨ ਦਹਾਕਿਆਂ ਦੌਰਾਂਨ ਵਧੀ ਫੁੱਲੀ ਇਹ 40 ਕੁ ਲੱਖ ਦੇ ਕਰੀਬ ਵਿਹਲਿਆਂ ਦੀ ਧਾੜ ਰੋਜਾਨਾਂ ਸਵੇਰੇ ਕਚਹਿਰੀਆਂ, ਬਜਾਰਾਂ, ਸੱਥਾਂ, ਡੇਰਿਆਂ ਅਤੇ ਧਾਰਮਿਕ ਸਥਾਂਨਾਂ ਤੇ ਤੋਰੇ ਫੇਰੇ ਲਈ ਘਰੋਂ ਨਿੱਕਲਦੇ ਹਨ। ਇੰਨੇ ਕੁ ਹੀ ਪ੍ਰਵਾਸੀ ਮਜਦੂਰ ਸਾਡੇ ਖੇਤਾਂ, ਘਰਾਂ, ਕਾਰਖਾਨਿਆਂ ਅਤੇ ਦੁਕਾਂਨਾਂ ਤੇ ਇਨ੍ਹਾਂ ਦੀ ਥਾਂ ਕੰਮ ਕਰਦੇ ਹਨ। ਵਿਹਲੇ ਤੇ ਬੇਰੋਜਗਾਰ ਲੋਕ ਹੀ ਵੋਟਤੰਤਰ ਦਾ ਚਾਰਾ ਹਨ। ਜਦੋਂ ਗਲੀਆਂ ਪੁੱਟੀਆਂ ਜਾ ਰਹੀਆਂ ਹੋਣ ਤਾਂ ਲੋਕ ਸਮਝ ਜਾਂਦੇ ਹਨ ਕਿ ਹੁਣ ਸੀਵਰੇਜ ਪਵੇਗਾ, ਪਰ ਜਦੋਂ ਸਵੇਰ ਵੇਲੇ ਨੌਜਵਾਂਨ ਸੱਥਾਂ ਵਿੱਚ ਤਾਸ਼ ਖੇਡਣ ਲੱਗ ਪੈਣ ਤੇ ਵੋਟਾਂ ਦੀਆਂ ਹੀ ਗੱਲਾਂ ਕਰਦੇ ਰਹਿਣ ਤਾਂ ਸਮਝ ਲੈਣਾ ਚਾਹੀਦਾ ਗੜੇਮਾਰੀ ਹੋਣ ਵਾਲੀ ਹੈ। ਭਾਰਤੀ ਸੰਵਿਧਾਂਨ ਵਿੱਚ ਦੇਸ਼, ਸੂਬੇ ਅਤੇ ਪਿੰਡ/ਸ਼ਹਿਰ ਤੇ ਅਧਾਰਤ ਤਿੰਨ ਪੜਾਵੀ ਯਾਣੀ ਕਿ ਪਾਰਲੀਮੈਂਟ, ਵਿਧਾਂਨ ਸਭਾ ਅਤੇ ਪੰਚਾਇਤੀ ਚੋਣਾਂ ਹੋਣਗੀਆਂ ਦਾ ਜਿਕਰ ਹੈ। ਪਰ ਹੁਣ ਵੀਹ ਕਿਸਮ ਦੀਆਂ ਤਾਂ ਸਰਕਾਰੀ ਚੋਣਾਂ ਹਨ ਅਤੇ ਗੈਰ ਸਰਕਾਰੀ ਚੋਣਾਂ ਦੀ ਤਾਂ ਗਿਣਤੀ ਹੀ ਨਹੀਂ। ਲੋਕ ਵੀ ਚਾਅ ਨਾਲ ਵੋਟਾਂ ਦੇ ਦਿਨ ਉਡੀਕਦੇ ਹਨ। ਇਸ ਵੋਟਤੰਤਰ ਨੇ ਲੋਕਾਂ ਨੂੰ ਵੋਟਾਂ ਦਾ ਅਜਿਹਾ ਨਸ਼ਾ ਲਾ ਦਿੱਤਾ ਹੈ ਕਿ ਉਹ ਆਪਣੇ ਸਾਰੇ ਦਿਨ ਵਿੱਚ ਅੱਧਿਉਂ ਬਹੁਤਾ ਸਮਾਂ ਵੋਟਾਂ ਤੇ ਲੀਡਰਾਂ ਦੀਆਂ ਹੀ ਗੱਲਾਂ ਕਰਦੇ ਹਨ। ਅਜੀਬ ਲੋਕਤੰਤਰ ਹੈ ਜਿੱਥੇ ਕਰੋੜਾਂ ਦੇ ਬੱਜਟ ਵਾਲੇ ਮੰਡੀ ਬੋਰਡ ਦਾ ਚੇਅਰਮੈਨ ਤਾਂ ਸਰਕਾਰ ਲਾ ਦਿੰਦੀ ਹੈ ਪਰ ਪਿੰਡ ਦੀ ਛੋਟੀ ਮੋਟੀ ਸਹਿਕਾਰੀ ਸਭਾ ਲਈ ਲੋਕ ਲੜ ਲੜ ਮਰਦੇ ਹਨ। ਗਵਰਨਰਾਂ, ਰਾਜ ਸਭਾ, ਕੇਂਦਰੀ ਤੇ ਸੂਬਾਈ ਪਬਲਿਕ ਸਰਵਿਸ ਕਮਿਸ਼ਨਾਂ ਦੇ ਚੇਅਰਮੈਨਾਂ, ਮੈਂਬਰਾਂ ਅਤੇ ਵੱਡੇ ਵੱਡੇ ਜਨਤਕ ਅਦਾਰਿਆਂ, ਬੋਰਡਾਂ ਦੇ ਮੈਂਬਰਾਂ ਅਤੇ ਚੇਅਰਮੈਨਾਂ ਦੀਆਂ ਨਾਮਜ਼ਦਗੀਆਂ ਹੁੰਦੀਆਂ ਹਨ। ਪਰ ਸਰਪੰਚੀ ਦੀ ਜ਼ਿਮਨੀ ਚੋਣ ਲਈ ਪਿੰਡ ਲੜਾਈ ਦੇ ਅਖਾੜੇ ਬਣ ਜਾਂਦੇ ਹਨ। ਸਰਪੰਚ ਨੇ ਕਿਹੜਾ ਪ੍ਰਮਾਣੂੰ ਸਮਝੌਤੇ ਤੇ ਦਸਤਖਤ ਕਰਨੇ ਹੁੰਦੇ ਹਨ? ਉਝ ਵੀ ਜਿਮਨੀ ਚੋਣਾਂ ਵਿੱਚ ਪਹਿਲੇ ਉਮੀਦਵਾਰਾਂ ਦੇ ਪਰਿਵਾਰਾਂ ਨੂੰ ਹੀ ਟਿਕਟਾਂ ਮਿਲਦੀਆਂ ਹਨ। ਫਿਰ ਕਿਉਂ ਨਾ ਪਿਛਲੇ ਉਮੀਦਵਾਰ ਦੇ ਕਵਰਿੰਗ ਉਮੀਦਵਾਰ ਜੋ ਅਕਸਰ ਉਸਦਾ ਪ੍ਰੀਵਾਰਕ ਮੈੰਬਰ ਹੀ ਹੁੰਦਾ ਨੂੰ ਰਹਿੰਦੇ ਸਮੇਂ ਲਈ ਚੁਣ ਲਿਆ ਜਾਵੇ ਜਾਂ ਦੂਜੇ ਨੰਬਰ ਤੇ ਘੱਟ ਵੋਟਾਂ ਲਿਜਾਣ ਵਾਲੇ ਨੂੰ ਚੁਣ ਲਿਆ ਜਾਵੇ। ਜੇ ਦੋ ਦੋ ਵਾਰ ਹਾਰੇ ਅਤੇ ਵੋਟਰਾਂ ਵੱਲੋਂ ਰੱਦ ਕੀਤੇ ਗਏ ਉਮੀਦਵਾਰਾਂ ਨੂੰ ਅਰਬਾਂ ਦੇ ਬੱਜਟ ਵਾਲੇ ਬੋਰਡਾਂ ਦੇ ਚੇਅਰਮੈਨ, ਗਵਰਨਰ ਜਾਂ ਰਾਜ ਸਭਾ ਲਈ ਨਾਂਮਜ਼ਦ ਕੀਤਾ ਜਾ ਸਕਦਾ ਹੈ। ਤਾਂ ਵਿਧਾਇਕ ਦੀ ਜ਼ਿਮਨੀ ਚੋਣ ਨਾਲ ਲੋਕਰਾਜ ਮਜਬੂਤ ਨਹੀਂ ਹੁੰਦਾ। ਇੱਥੇ ਵੀ ਹਾਰਿਆ ਯਾਣੀਂ ਪਿਛਲੀ ਚੋਣ ਸਮੇਂ ਦੂਸਰੇ ਸਥਾਂਨ ਤੇ ਰਹੇ ਉਮੀਦਵਾਰ ਨੂੰ ਬਾਕੀ ਰਹਿੰਦੇ ਸਮੇਂ ਲਈ ਨਾਂਮਜਦ ਕਰਨ ਦੀ ਵਿਵਸਥਾ ਕੀਤੀ ਜਾ ਸਕਦੀ ਹੈ। ਪੰਜਾਬ ਵਿੱਚ ਪੰਜ ਵਿਧਾਇਕਾਂ ਨੇ ਅਸਤੈਫੇ ਦੇ ਕੇ ਲੋਕਾਂ ਨੂੰ ਬੇਲੋੜੀਆਂ ਚੋਣਾਂ ਦੇ ਬੂਥੇ ਦਿੱਤਾ। ਅਮਰੀਕਾ ਵਿੱਚ ਰਾਸ਼ਟਰਪਤੀ ਦੇ ਮਰ ਜਾਣ ਤੇ ਉੱਪ ਰਾਸ਼ਟਰਪਤੀ ਹੀ ਰਾਸ਼ਟਰਪਤੀ ਬਣ ਜਾਂਦਾ ਹੈ। ਜਿਮਨੀਂ ਚੋਣ ਨਹੀਂ ਹੁੰਦੀ। ਜਦੋਂ ਰਾਸ਼ਟਰਪਤੀ ਬਰਾਕ ਓਬਾਂਮਾਂ ਦੀ ਚੋਣ ਹੋਈ ਓਦੋਂ ਮੈਂ ਅਮਰੀਕਾ ਵਿੱਚ ਸੀ। ਉਸ ਸਮੇਂ ਮੈਨੂੰ ਦੱਸਿਆ ਗਿਆ ਸੀ ਕਿ ਸਹੂੰ ਚੁੱਕਣ ਪਿੱਛੋਂ ਅਮਰੀਕਨ ਰਾਸ਼ਟਰਪਤੀ ਉੱਪਰ ਤੋਂ ਲੈ ਕੇ ਹੇਠਾਂ ਤੱਕ ਹਜਾਰਾਂ ਛੋਟੇ ਵੱਡੇ ਅਹੁਦਿਆਂ ਤੇ ਨਾਂਮਜ਼ਦਗੀ ਕਰ ਕੇ ਆਪਣੇ ਬੰਦੇ ਲਗਾ ਦਿੰਦੇ ਹਨ। ਇੰਜ ਸਰਕਾਰੀ ਅਮਲ ਵਿੱਚ ਵਿਰੋਧੀ ਲੋਕ ਰੋਕ ਨਹੀਂ ਪਾ ਸਕਦੇ। ਸਾਡੀ ਸੰਸਦ ਵਿੱਚ ਬਹਿਸ, ਵਿਚਾਰ ਕਰਣ ਦੀ ਥਾਂ ਹੱਲਾ ਗੁੱਲਾ ਕਰਦੇ ਮੈਂਬਰਾਂ ਤੋਂ ਦੁਖੀ ਹੋਏ ਪ੍ਰਧਾਂਨ ਮੰਤਰੀ ਨੂੰ ਕਹਿਣਾ ਪਿਆ ਸੀ ਕਿ ਕੀ ਤੁਸੀਂ ਅਜਿਹਾ ਕੋਈ ਹੋਰ ਵੀ ਦੇਸ਼ ਵੇਖਿਆ ਹੈ ਜਿੱਥੇ ਸੰਸਦ ਇੰਜ ਚੱਲਦੀ ਹੋਵੇ? ਅਮਰੀਕਾ ਵਿੱਚ ਦੋ ਵਾਰ ਤੋਂ ਵੱਧ ਕੋਈ ਵਿਅਕਤੀ ਰਾਸ਼ਟਰਪਤੀ ਨਹੀਂ ਬਣ ਸਕਦਾ ਸਾਡੇ ਦੋ ਵਾਰ ਚੋਣਾਂ ਹਾਰਿਆ ਵਿਅਕਤੀ ਹਲਕਾ ਇੰਚਾਰਜ ਬਣਕੇ ਰਾਸ਼ਨ ਕਾਰਡ ਵੰਡਦਾ ਹੈ। ਸਾਡੇ ਹਰ ਤੀਜਾ ਆਦਮੀਂ ਸਿਆਸਤਦਾਂਨ ਹੈ। ਸਾਡੇ ਅੱਧਪੜ੍ਹ ਲੀਡਰਾਂ ਨੇ ਘਰਾਂ ਵਿੱਚ ਵੀ ਵੋਟਾਂ ਪੈਣ ਲਾ ਦਿੱਤੀਆਂ ਹਨ। ਇਸ ਰੁਝਾਂਣ ਨੂੰ ਬਦਲਣ ਦੀ ਲੋੜ ਹੈ। ਹੁਣ ਮੰਗ ਉੱਠਣ ਲੱਗੀ ਹੈ ਕਿ ਬੇਲੋੜੀਆਂ ਚੋਣਾਂ ਤੋਂ ਬਚਣ ਲਈ ਅਮਰੀਕਾ ਵਾਂਗ ਪ੍ਰਧਾਂਨਗੀ ਢਾਂਚਾ ਅਪਣਾਇਆ ਜਾਵੇ। ਅਮਰੀਕਾ ਵਿੱਚ ਰਾਸ਼ਟਰਪਤੀ ਦਾ ਉਮੀਦਵਾਰ ਬਨਣ ਲਈ ਉਮੀਦਵਾਰ ਪਾਰਟੀ ਡੈਲੀਗੇਟਾਂ ਤੋਂ ਵੋਟਾਂ ਮੰਗਦੇ ਹਨ। ਇੰਜ ਉਮੀਦਵਾਰ ਸਾਰੀ ਪਾਰਟੀ ਦਾ ਪਸੰਦੀਦਾ ਵਿਅਕਤੀ ਹੁੰਦਾ ਹੈ। ਪਰ ਭਾਰਤ ਵਿੱਚ ਸਿਆਸੀ ਪਾਰਟੀਆਂ ਦੇ ਪ੍ਰਧਾਂਨ ਇਕੱਠੀ ਲਿਸਟ ਕੱਢਦੇ ਹਨ। ਮਜਬੂਰਨ ਲੋਕਾਂ ਨੂੰ ਨਾਲਾਇਕ ਉਮੀਦਵਾਰ ਵੀ ਝੱਲਣੇ ਪੈਂਦੇ ਹਨ। ਬਹੁਤੇ ਸੰਸਦ ਮੈਂਬਰਾਂ ਨੂੰ ਯੂ. ਐੱਨ. ਓ. ਤੇ ਯੁਨੈੱਸਕੋ ਦੇ ਫਰਕ ਦਾ ਨਹੀਂ ਪਤਾ। ਉਹ ਲੋਕਾਂ ਨੂੰ ਭੜਕਾਉਣ ਵਾਲੇ ਊਲ ਜਲੂਲ ਬਿਆਂਨ ਦੇ ਕੇ ਵਕਤ ਟਪਾਉਂਦੇ ਹਨ। ਪੰਜਾਬ ਵਿੱਚ ਕਦੀ ਜ਼ਿਮਨੀਂ ਚੋਣ, ਕਦੀ ਕੋਈ ਸਭਾ ਸੁਸਾਇਟੀ, ਕਦੀ ਬੈਂਕਾਂ ਦੀ ਡਾਇਰੈਕਟਰੀ, ਕਦੀ ਮਿਲਕਫੈੱਡ ਤੇ ਕਦੀ ਮਾਰਕਫੈੱਡ, ਕਦੀ ਪੰਚਾਇਤ ਚੋਣਾਂ, ਕਦੀ ਬਲਾਕ ਸੰਮਤੀ ਤੇ ਕਦੀ ਜ਼ਿਲਾ ਪ੍ਰੀਸ਼ਦ, ਮਿਉਂਸਿਪਲ ਕਮੇਟੀਆਂ, ਮਿਉਂਸਿਪਲ ਕਰਪੋਰੇਸ਼ਨਾਂ, ਕੋਈ ਨਾ ਕੋਈ ਚੋਣ ਆਈ ਹੀ ਰਹਿੰਦੀ ਹੈ। ਇਸ ਨੂੰ ਲੋਕਤੰਤਰ ਨਹੀਂ ਕਹਿ ਸਕਦੇ ਬਲਕਿ ਸਮੇਂ ਦੀ ਬਰਬਾਦੀ ਹੈ। ਪਿੰਡਾਂ ਦੀਆਂ ਪੰਚਾਇਤੀ ਚੋਣਾਂ ਨੇ ਸਦੀਆਂ ਪੁਰਾਣਾ ਭਾਈਚਾਰਾ ਖਤਮ ਕਰਕੇ ਸ਼ਰੀਕੇ ਕਬੀਲੇ ਨੂੰ ਵੀ ਧੜਿਆਂ ਵਿੱਚ ਵੰਡ ਦਿੱਤਾ ਹੈ। ਜੋ ਵਿਕਾਸ ਦੀ ਥਾਂ ਵਿਰੋਧੀਆਂ ਦੇ ਵਿਨਾਸ਼ ਤੇ ਵੱਧ ਜੋਰ ਲਾਉਂਦੇ ਹਨ। ਪੰਚ ਹਰ ਸਮੇਂ ਇਹੀ ਸੋਚਦੇ ਰਹਿੰਦੇ ਹਨ ਕਿ ਸਰਪੰਚ ਨੂੰ ਕਿਵੇਂ ਹਟਾਇਆ ਜਾਵੇ। ਪੇਂਡੂ ਚੋਣਾਂ ਨੇ ਸੰਵਾਰਿਆ ਘੱਟ ਤੇ ਵਿਗਾੜਿਆ ਬਹੁਤਾ ਹੈ। ਅੱਸੀ ਲੱਖ ਲਾ ਕੇ ਸਰਪੰਚ ਬਣਿਆ ਵਿਅਕਤੀ ਕੀ ਵਿਕਾਸ ਕਰੇਗਾ? ਤਿੰਨ ਮੁੱਖ ਮੰਤਰੀ ਜੇਲ੍ਹ `ਚ ਬੈਠੇ ਹਨ। ਸਿਰਫ ਫੋਕੀ ਹਉਮੇਂ ਤੇ ਸ਼ਰੀਕੇ ਕਾਰਨ ਲੋਕ ਘਰ ਫੂਕ ਕੇ ਤਮਾਸ਼ਾ ਵੇਖ ਰਹੇ ਹਨ। ਪੰਚਾਇਤਾਂ ਚੋਣਾਂ ਰਾਹੀਂ ਨਹੀਂ ਬਲਕਿ ਸਰਬ ਸੰਮਤੀ ਜਾਂ ਨਾਮਜ਼ਦਗੀ ਨਾਲ ਬਨਣੀਆਂ ਚਾਹੀਦੀਆਂ ਹਨ। ਇੰਨੀਆਂ ਚੋਣਾਂ ਬਾਅਦ ਦੀ ਕਾਢ ਹਨ। ਲੋਕ ਹੋਰ ਕੁੱਝ ਸੋਚ ਹੀ ਨਹੀਂ ਸਕਦੇ। ਸੱਤਰਵਿਆਂ ਤੋਂ ਬਾਅਦ ਲੋਕਤੰਤਰ, ਵੋਟਤੰਤਰ ਵਿੱਚ ਬਦਲਿਆ ਤੇ ਹੁਣ ਨੋਟਤੰਤਰ ਬਣ ਗਿਆ ਹੈ। ਯਾਨੀ ਭੁੱਕੀ, ਸ਼ਰਾਬ ਅਤੇ ਪੈਸੇ ਨਾਲ ਵੋਟਾਂ ਪੈਂਦੀਆਂ ਹਨ। ਪੰਜਾਬ ਵਿੱਚ ਨਸ਼ਿਆਂ ਦੇ ਰੁਝਾਂਣ ਲਈ ਸੱਭ ਤੋਂ ਵੱਧ ਜਿੰਮੇਵਾਰ ਵੋਟਤੰਤਰ ਹੈ। ਜੇ ਕਿਸੇ ਵੀ ਪਿੰਡ ਦੀ ਸੱਥ ਵਿੱਚ ਬੱਸ ਜਾਂ ਟਰੱਕ ਖੜਾਂ ਕਰਕੇ ਵਿੱਚ ਦਾਰੂ ਦਾ ਡੱਬਾ ਤੇ ਭੁੱਕੀ ਦੀ ਬੋਰੀ ਰੱਖ ਦੇਵੋ ਤਾਂ ਕਿਤੇ ਵੀ ਜਾਣ ਲਈ ਸਾਰੇ ਚੜ੍ਹ ਜਾਣਗੇ। ਇਸ ਗੱਲ ਵਿੱਚ ਉਨ੍ਹਾਂ ਨੂੰ ਕੋਈ ਦਿਲਚਸਪੀ ਨਹੀਂ ਕਿ ਜਾਣ ਦਾ ਮਕਸਦ ਕੀ ਹੈ ਅਤੇ ਲਿਜਾਣ ਵਾਲਾ ਕੌਣ ਹੈ। ਇਹ ਲੋਕ ਭਗਤ ਸਿੰਘ ਦੇ ਬੁੱਤ ਨੂੰ ਵੇਖਕੇ ਵੀ ‘ਇਨਕਲਾਬ ਜਿੰਦਾਬਾਦ’ ਕਹਿ ਦਿੰਦੇ ਹਨ ਤੇ ਗਾਂਧੀ ਦੇ ਬੁੱਤ ਨੂੰ ਵੇਖਕੇ ਵੀ। ਵੋਟਾਂ ਵੇਲੇ ਅਖਬਾਰਾਂ ਦੇ ਮੁੱਖ ਪੰਨਿਆਂ ਤੇ ਪੇਂਡੂ ਸਰਕਾਰੀ ਸਕੂਲਾਂ, ਡਿਸਪੈਂਸਰੀਆਂ ਅਤੇ ਖੇਤਾਂ ਵਿੱਚ ਚੱਲ ਰਹੀਆਂ ਦੇਸੀ ਸ਼ਰਾਬ ਦੀਆਂ ਭੱਠੀਆਂ ਦੀਆਂ ਤਸਵੀਰਾਂ ਤੁਸੀਂ ਸਾਰੇ ਦੇਖਦੇ ਹੋ। ਇਹ ਸਿਰਫ ਵੋਟਾਂ ਵੇਲੇ ਹੀ ਚੱਲਦੀਆਂ ਹਨ। ਨਸ਼ੇ ਤੇ ਪੈਸੇ ਨਾ ਵੰਡਣ ਵਾਲਿਆਂ ਨੂੰ ਲੋਕ ਵੋਟਾਂ ਨਹੀਂ ਪਾਉਂਦੇ। ਇਸੇ ਲਈ ਲੋਕ ਸਭਾ ਚੋਣਾਂ ਵਿੱਚ ਦਿੱਲੀ ਤੋਂ ਡਾ. ਮਨਮੋਹਨ ਸਿੰਘ ਹਾਰ ਗਏ ਸਨ ਤੇ ਯੂ. ਪੀ. ਤੋਂ ਡਾਕੂ ਫੂਲਣ ਦੇਵੀ ਚੋਣ ਜਿੱਤ ਗਈ ਸੀ। ਦੇਸ਼ ਲੋਕਤੰਤਰ ਦੇ ਨਾਂ ਹੇਠ ਚੋਣਵਾਦ ਦਾ ਸ਼ਿਕਾਰ ਹੋ ਚੁੱਕਾ ਹੈ। ਸਰਕਾਰ ਜਾਂ ਪ੍ਰਸ਼ਾਸਨ ਦਾ ਹੀ ਨਹੀਂ ਆਂਮ ਲੋਕਾਂ ਦਾ ਵੀ ਸਮਾਂ ਬਰਬਾਦ ਹੁੰਦਾ ਹੈ। ਉਪਰੋਂ ਕੰਮ ਵੀ ਰੁਕ ਜਾਂਦੇ ਹਨ। ਪੰਜਾਬ ਵਿੱਚ ਨਸ਼ਿਆਂ ਦੇ ਦਰਿਆ ਲਈ ਇਹ ਨਿੱਤ ਦਿਨ ਹੁੰਦੀਆਂ ਚੋਣਾਂ ਹੀ ਜਿੰਮੇਵਾਰ ਹਨ। ਬਾਰ ਬਾਰ ਹੁੰਦੀਆਂ ਅਨੇਕਾਂ ਚੋਣਾਂ ਦੋਰਾਨ ਉਮੀਦਵਾਰਾਂ ਨੇ, ਲੋਕਾਂ ਲਈ ਸ਼ਰਾਬ ਤੇ ਭੁੱਕੀ ਦੇ ਲੰਗਰ ਲਾਉਣੇ ਸ਼ੁਰੂ ਕੀਤੇ। ਸਾਡੇ ਸੰਵਿਧਾਂਨ ਦੇ ਤਿੰਨ ਪੜਾਵੀ ਲੋਕਤੰਤਰ ਲਈ ਸਿਰਫ ਪਾਰਲੀਮੈਂਟ, ਅਸੈਂਬਲੀ, ਪੰਚਾਇਤਾਂ ਅਤੇ ਮਿਉਂਸਿਪਲ ਕਮੇਟੀਆਂ ਦੀਆਂ ਚੋਣਾਂ ਹੀ ਹੋਣ। ਉਹ ਵੀ ਪੰਜਾਂ ਸਾਲਾਂ ਵਿੱਚ ਇੱਕ ਵਾਰ ਤੇ ਹੋਇਆ ਵੀ ਸਾਰੀਆਂ ਇਕੱਠੀਆਂ ਤੇ ਇੱਕੋ ਮਹੀਨੇ `ਚ ਹੀ ਹੋਣ। ਸੱਤਰਵਿਆਂ ਤੋਂ ਪਹਿਲਾਂ ਸੰਸਦ ਅਤੇ ਵਿਧਾਂਨ ਸਭਾਵਾਂ ਦੀਆਂ ਚੋਣਾਂ ਇਕੱਠੀਆਂ ਹੀ ਹੋਇਆ ਕਰਦੀਆਂ ਸਨ। ਬਾਕੀ ਸੱਭ ਸੰਸਥਾਵਾਂ, ਅਦਾਰਿਆਂ ਦੇ ਪ੍ਰਬੰਧ ਲਈ ਨਾਮਜਦਗੀਆਂ ਹੀ ਕੀਤੀਆਂ ਜਾਣ। ਇਸ ਤਰ੍ਹਾਂ ਚਾਰ ਲਾਭ ਹੋਣਗੇ। ਪਹਿਲਾ, ਪੰਜਾਂ ਸਾਲਾਂ ਲਈ ਸੱਤਾਧਾਰੀ ਪਾਰਟੀ ਜਾਂ ਗੱਠਜੋੜ ਨੂੰ ਵਿਕਾਸ ਕਰਨ ਲਈ ਪੂਰਾ ਸਮਾਂ ਮਿਲੇਗਾ। ਦੂਜਾ ਨਸ਼ਿਆਂ ਦੇ ਰੁਝਾਂਨ ਨੂੰ ਠੱਲ੍ਹ ਪਵੇਗੀ। ਤੀਜਾ ਲੋਕ ਵੀ ਕਿਸੇ ਕਿੱਤੇ ਅਤੇ ਹੱਥੀਂ ਕੰਮ ਕਰਨ ਲੱਗ ਜਾਣਗੇ। ਚੌਥਾ ਵੋਟਾਂ ਦੀ ਖਰੀਦੋ ਫਰੋਖਤ ਬੰਦ ਹੋਣ ਨਾਲ ਭ੍ਰਿਸ਼ਟਾਚਾਰ ਨੂੰ ਵੀ ਠੱਲ੍ਹ ਪਵੇਗੀ। ਭਾਰਤੀ ਕਾਨੂੰਨ ਮੰਤਰੀ ਅਤੇ ਭਾਰਤੀ ਚੋਣ ਕਮਿਸ਼ਨ ਸਾਡੇ ਚੋਣ ਅਮਲ ਨੂੰ ਨੁਕਸਦਾਰ ਕਹਿੰਦੇ ਹੋਏ ਵੱਡੇ ਚੋਣ ਸੁਧਾਰਾਂ ਦੀ ਲੋੜ ਕਹਿ ਰਹੇ ਹਨ। ਤਾਂ ਆਸ ਕਰਦੇ ਹਾਂ ਕਿ ਸਾਡੇ ਪ੍ਰਧਾਨ ਮੰਤਰੀ ਨਿੱਜੀ ਦਿਲਚਸਪੀ ਲੈ ਕਿ ਫਿਰ ਤੋਂ ਵੋਟਤੰਤਰ ਨੂੰ ਲੋਕ ਤੰਤਰ ਵਿੱਚ ਬਦਲਣ।
‘ਗੈਰਮੁਮਕਿਨ ਹੈ ਕਿ ਹਾਲਾਤ ਕੀ ਗੁੱਥੀ ਸੁਲਝੇ,
ਅਹਿਲੇ-ਦਾਨਿਸ਼ ਨੇ ਬਹੁਤ ਸੋਚ ਕਰ ਉਲਝਾਈ ਹੈ।
ਬੀ. ਐਸ. ਢਿੱਲੋਂ, ਐਡਵੋਕੇਟ # 146, ਸੈਕਟਰ 49-ਏ. ਚੰਡੀਗੜ੍ਹ – 160047
ਮੋਬਾਇਲ: 9988091463
E-mail : [email protected]


26/06/16)
ਮੇਜਰ ਸਿੰਘ 'ਬੁਢਲਾਡਾ'

ਯੋਗਾ,ਦਵਾਈ ਦੋਨਾਂ ਨਾ ਕੰਮ ਕੀਤਾ,

'ਯੋਗਾ' ਨਾਲ ਸਾਰੇ ਰੋਗ ਦੂਰ ਕਰਨ ਵਾਲੇ,
'ਪੰਤਜ਼ਲੀ' ਲਾਏ ਦਵਾਈਆਂ ਦੇ ਬੋਹਲ਼ ਲੋਕੋ!
ਗ਼ੌਰ ਨਾਲ ਵੇਖੋ ਇਹਦੀ ਅੱਖ਼ ਖ਼ੱਬੀ,
ਇਹ 'ਰਾਮਦੇਵ' ਦੀ ਖੋਲਦੀ ਪੋਲ਼ ਲੋਕੋ!
ਯੋਗਾ, ਦਵਾਈ ਦੋਨਾਂ ਨਾ ਕੰਮ ਕੀਤਾ,
ਅੱਖ਼ੀ ਵੇਖਲੋ ਨਹੀਂ ਮਖ਼ੌਲ਼ ਲੋਕੋ!
ਸਦੀ ਇੱਕੀਵੀਂ ਵਿਗਿਆਨ ਦਾ ਯੁੱਗ ਇਹ,
ਮੇਜਰ ਆਖਦਾ ਚਲੋ ਅੱਖਾਂ ਖੋਲ਼ ਲੋਕੋ!
ਮੇਜਰ ਸਿੰਘ 'ਬੁਢਲਾਡਾ'
94176 42327


19/06/16)
ਮਹਿੰਦਰ ਸਿੰਘ ਜੋਸ਼ (ਕਿਤਾਬ -ਰੱਬ ਨੂੰ ਬਿਪਤਾ)

ਰਾਮ ਰਾਜ ਦੀ ਮੂਲ ਰਾਜਨੀਤੀ
(1) ਸਾਮ :– ਜਦ ਦੁਸ਼ਮਣ ਜਾਂ ਵਿਰੋਧੀ ਆਪਣੇ ਤੋਂ ਤਕੜਾ ਹੋਵੇ ਤਦ ਉਸ ਅੱਗੇ ਧਰਤੀ ਤੇ ਪੈ ਜਾਓ; ਯਰਕ ਜਾਓ ਅਤੇ ਉਸਦੀ ਸ਼ਰਨ ਲੈ ਲਓ ਤੇ ਸ਼ਾਂਤੀ ਨਾਲ ਵਸੋ। (ਭਾਵੇਂ ਵਿਰੋਧੀ ਜ਼ਾਲਮ, ਅਤਿਆਚਾਰੀ ਅਤੇ ਧੱਕਾ ਕਰਨ ਵਾਲਾ ਧਰਮ–ਵਿਰੋਧੀ ਹੀ ਕਿਉਂ ਨਾ ਹੋਵੇ, ਉਸ ਵਿਰੁੱਧ ਇਨਕਲਾਬ ਲਿਆਉਣ ਜਾਂ ਸੰਘਰਸ਼ ਕਰਨ ਦੀ ਗੱਲ ਕਦੀ ਨਹੀਂ ਸੋਚਣੀ।)
(2) ਦਾਮ :– ਆਪਣੇ ਦੁਸ਼ਮਣ ਜਾਂ ਵਿਰੋਧੀ ਦੇ ਨਜ਼ਦੀਕੀਆਂ ਤੇ ਵਫ਼ਾਦਾਰਾਂ ਨੂੰ ਜੁਗਤ ਵਰਤ ਕੇ ਰਿਸ਼ਵਤ ਰਾਹੀਂ ਖਰੀਦੋ ਤੇ ਦੁਸ਼ਮਣ ਨੂੰ ਕਮਜ਼ੋਰ ਕਰਦੇ ਜਾਓ।
(3) ਦੰਡ :– ਜੇ ਤੁਸੀਂ ਦੁਸ਼ਮਣ ਜਾਂ ਵਿਰੋਧੀ ਤੋਂ ਤਕੜੇ ਹੋ ਤਦ ਤਾਕਤ ਦੀ ਗੁਪਤ ਜਾਂ ਪ੍ਰਗਟ ਰੂਪਾਂ ਵਿੱਚ ਵਰਤੋਂ ਕਰਕੇ ਆਪਣੇ ਦੁਸ਼ਮਣ ਨੂੰ ਸਜ਼ਾ ਦੇ ਕੇ, ਨੁਕਸਾਨ ਪਹੰਚਾ ਕੇ ਜਾਂ ਆਪਣੇ ਸਿਆਸੀ ਬਲ ਰਾਹੀਂ ਪੂਰੀ ਤਰ੍ਹਾਂ ਫ਼ਨਾਹ ਕਰੋ ਜਿਵੇਂ ਕਿ ਅਜੌਕੇ ਸਮੇਂ ਵਿੱਚ ਭਾਰਤ ਦੀ ਬਹੁ–ਗਿਣਤੀ ਕੌਮ ਦੂਜੀਆਂ ਘਟ–ਗਿਣਤੀ ਕੌਮਾਂ ਨੂੰ ਖ਼ਤਮ ਕਰਨ ਦੀ ਪੂਰੀ ਵਾਹ ਲਗਾ ਰਹੀ ਹੈ।
(4) ਭੇਦ :– ਜੇ ਉਪਰ ਬਿਆਨੀਆਂ ਤਿੰਨ ਨੀਤੀਆਂ ਨਹੀਂ ਲਗ ਸਕਦੀਆਂ ਤਦ ਆਪਣੇ ਵਿਰੋਧੀਆਂ ਜਾਂ ਦੁਸ਼ਮਣਾਂ ਵਿੱਚ ਫੁੱਟ ਪਾ ਕੇ ‘‘ਦੋ ਬਿੱਲੀਆਂ ਅਤੇ ਬੰਦਰ’’ ਦੀ ਕਹਾਣੀ ਤੋਂ ਸਿਖਿਆ ਲੈ ਕੇ ਆਪਣਾ ਮਨਭਾਉਂਦਾ ਅਭੀਸ਼ਟ ਸਿੱਧ ਕਰੋ।
ਸਾਕਤ ਕਵੀ ਸ਼੍ਯਾਮ ਨੇ ਰਾਮਾਵਤਾਰ ਵਿੱਚ ਇਹਨਾਂ ਨੀਤੀਆਂ ਨੂੰ ਵੇਦ–ਮਾਰਗ ਦੀ ਸ਼ਾਸਨ ਬਿੱਧੀ ਦਸੀ ਹੈ ਭਾਵੇਂ ਆਮ ਤੌਰ ਤੇ ਇਸ ਨੂੰ ਚਾਣਕਿਆ ਬ੍ਰਾਹਮਣ ਦੀ ਰਾਜਨੀਤੀਕ ਦੀਖਿਆ ਕਰ ਕੇ ਵੀ ਜਾਣਿਆ ਜਾਂਦਾ ਹੈ।
ਰਾਮਾਵਤਾਰ ਦੇ ਰਾਮ–ਰਾਜ ਦਾ ਉਪਦੇਸ਼ ਤਾਂ ਸਾਫ਼ ਸਪੱਸ਼ਟ ਹੀ ਹੇਠ ਲਿਖੇ ਅਨੁਸਾਰ ਦਸ ਦਿੱਤਾ ਗਿਆ ਹੈ ਕਿ ਛਤ੍ਰੀ ਸ਼੍ਰੇਣੀ ਬ੍ਰਾਹਮਣਾਂ ਦੀ ਸੇਵਾ ਕਰੇ ਅਤੇ ਵੈਸ਼, ਜੱਟ, ਹਲਵਾਹਕ ਆਦਿਕ ਸ਼੍ਰੇਣੀਆਂ ਛਤ੍ਰੀ ਸ਼੍ਰੇਣੀ ਨੂੰ ਹੀ ਦੇਵਤਾ ਸਮਝੇ ਅਤੇ ਸ਼ੂਦ੍ਰ, ਸਮਾਜ ਦੇ ਬਾਕੀ ਸਭ ਵਰਗਾਂ ਦੇ ਸਭ ਨਿੱਕੇ–ਮੌਟੇ ਕੰਮ ਕਰਨ ਦੀ ਸੇਵਾ ਕਮਾਉਣ। ਸ਼ੂਦ੍ਰਾਂ ਨੇ ਇਹ ਸੇਵਾ ਦਿਲੋਂ ਮਨੋਂ ਸਾਵਧਾਨ ਹੋ ਕੇ ਕਮਾਉਣੀ ਹੈ। ਜਿੱਥੇ ਵੀ ਕੋਈ ਭਜਾਏ ਸ਼ੂਦ੍ਰ ਨੂੰ ਉਥੇ ਹੀ ਭਜਿਆ ਜਾਣਾ ਚਾਹੀਦਾ ਹੈ।
ਸਾਡੇ ਮਨ ਵਿੱਚ ਤਾਂ ਸੌ ਸੁਆਲਾਂ ਦਾ ਇੱਕੋ ਸੁਆਲ ਉਠਦਾ ਹੈ ਕਿ ਕੀ ਸਾਡੀ ਰਾਸ਼ਟ੍ਰ–ਪਿਤਾ ਅਖਵਾਉਣ ਵਾਲੀ ਸ਼ਖਸੀਅਤ, ਮਹਾਤਮਾ ਗਾਂਧੀ ਸੱਚ ਮੁਚ ਉੱਪਰ ਬਿਆਨੀ ਗਈ ਰਾਜ–ਬਣਤਰ ਤੇ ਸਮਾਜ–ਬਣਤਰ ਦੀ ਤਾਂਘ ਪਾਲਦੀ ਰਹੀ ਸੀ?
ਜਿਹੜੇ ਭਰਾ ਅਜੇ ਤਕ ਸਾਕਤ ਕਵੀ ਸ਼੍ਯਾਮ ਦੀ ਪਛਾਣਦੇਹੀ ਨਹੀਂ ਕਰ ਸਕੇ ਅਤੇ ਇਸ ਨਿੰਦਨੀਯ ਅਤੇ ਗੁਰ–ਨਿੰਦਾ ਤੇ ਗੁਰਮਤਿ ਵਿਰੋਧੀ ਰਚਨਾ ਦਾ ਰਚਣਹਾਰ ਕਲਗੀਧਰ ਸੁਆਮੀ ਨੂੰ ਦਸਣ ਦਾ ਕਸੂਤ ਕੁਕਰਮ ਕਮਾ ਰਹੇ ਹਨ ਉਹ ਇਹ ਤਾਂ ਸੋਚਣ ਕਿ ‘‘ਸਭੇ ਸਾਂਝੀਵਾਲ ਸਦਾਇਨਿ’’ (97) ‘‘ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ’’ (138) ਵਾਲਾ ਮਹਾਨ ਗੁਰਮਤਿ ਉਪਦੇਸ਼ ਤੇ ਵਿਧੀ–ਵਿਧਾਨ ਕਿੱਥੇ ਤੇ ਕਿਵੇਂ ਇਹ ਜਾਤ–ਪਾਤੀ ਵਿਤਕਰਿਆਂ ਜਾਂ ਤਫ਼ੱਰਕਾਂ ਵਾਲੀ ਗੁਰਮਤਿ ਵਿਰੋਧੀ ਸਮਾਜਕ ਬਿਵੱਸਥਾ ਨੂੰ ਪ੍ਰਵਾਨ ਕਰ ਸਕਦਾ ਹੈ।


12/06/16)
ਗੁਰਮਤਿ ਪ੍ਰਚਾਰਕ ਜਥੇਬੰਦੀਆਂ

ਗਿ. ਕੁਲਦੀਪ ਸਿੰਘ ਵਰਜ਼ੀਨੀਆਂ ਤੇ ਸਾਥੀਆਂ ਦੀ ਹਮਾਇਤ ਅਤੇ ਸੰਗਤ ਦੇ ਨਕਾਰੇ ਸਰਕਾਰੀ ਜਥੇਦਾਰਾਂ ਦੀ ਜੋਰਦਾਰ ਨਿਖੇਧੀ

(ਨਿਊਜ਼ ਬਿਉਰੋ ਕੈਲੇਫੋਰਨੀਆਂ) ਸੱਚੇ ਦਿਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਅਤੇ ਉਸ ਦੇ ਉਪਦੇਸ਼ਾਂ ਤੇ ਚੱਲਣ ਵਾਲੀਆਂ ਸਮੂਹ ਸਿੱਖ ਸੰਗਤਾਂ, ਪ੍ਰਚਾਰਕਾਂ ਅਤੇ ਪ੍ਰਬੰਧਕਾਂ ਵੱਲੋਂ ਗਿਆਨੀ ਕੁਲਦੀਪ ਸਿੰਘ ਜੀ ਵਰਜੀਨੀਆਂ ਅਤੇ ਉਨ੍ਹਾਂ ਦੇ ਸਾਥੀਆਂ ਦੀ ਪੂਰਨ ਹਮਾਇਤ ਅਤੇ ਸ਼ਾਲਾਘਾ ਕੀਤੀ ਜਾਂਦੀ ਹੈ ਜਿੰਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ ਪੜ੍ਹ ਕੇ, ਅਭਿਲਾਖੀਆਂ ਨੂੰ ਗੁਰਬਾਣੀ ਮਰਯਾਦਾ ਦੀ ਪਾਹੁਲ ਨਾਲ ਗੁਰੂ ਦੇ ਲੜ ਲਾਇਆ ਹੈ। ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਵਾਸਤੇ ਸਰਬਉੱਚ ਗਿਆਨਾ ਦਾਤਾ ਗੁਰੂ ਹਨ। ਬਾਕੀ ਸੰਤਾਂ, ਗ੍ਰੰਥਾਂ ਅਤੇ ਸੰਪ੍ਰਦਾਵਾਂ, ਜਥੇਬੰਦੀਆਂ ਦੀਆਂ ਬਣਾਈਆਂ ਮਰਯਾਦਾਵਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚੇ ਸੁੱਚੇ ਸਿਧਾਂਤਾਂ ਦੇ ਅਨੁਕੂਲ ਨਹੀਂ ਸਗੋਂ ਵਿਰੋਧੀ ਅਤੇ ਧੜੇਬੰਦੀਆਂ ਦੀਆਂ ਪ੍ਰਤੀਕ ਹਨ। ਗੁਰੂ ਸਾਹਿਬ ਵੀ ਫੁਰਮਾਂਦੇ ਹਨ ਕਿ-ਬਾਣੀ ਤਾਂ ਕੱਚੀ ਸਤਿਗੁਰੂ ਬਾਝਹੁ ਹੋਰਿ ਕੱਚੀ ਬਾਣੀ॥ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀਂ ਆਖਿ ਵਖਾਣੀ॥ ਕਹੈ ਨਾਨਕ ਸਤਿਗੁਰੂ ਬਾਝਹੁ ਹੋਰਿ ਕੱਚੀ ਬਾਣੀ॥ (ਗੁਰੂ ਗ੍ਰੰਥ) ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਬਲਕਿ ਸਿੱਖ ਮਿਸਲਾਂ ਤੱਕ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਗੁਰਸਿੱਖਾਂ ਲਈ ਰਹਿਤ ਮਰਯਾਦਾ ਸੀ। ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਅਧਾਰ ਬਣਾ ਕੇ ਜੀਵਨ ਜੀਂਦੇ ਅਤੇ ਜੀਵਨ ਸੇਧਾਂ ਲੈਂਦੇ ਸਨ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਅਤੇ ਮਰਯਾਦਾ ਦਾ ਕਿਤਾਬਚਾ ਤਾਂ ਅੰਗ੍ਰੇਜੀ ਸਰਕਾਰ, ਸੰਪ੍ਰਦਾਵਾਂ ਅਤੇ ਕੁਝ ਜਥੇਬੰਦੀਆਂ ਨੇ ਰਲ ਕੇ ਖੜਾ ਕੀਤਾ ਸੀ। ਬਾਕੀ ਜੇ ਗੁਰੂ ਸਾਹਿਬ ਵੱਡ ਅਕਾਰੀ ਗੁਰੂ ਗ੍ਰੰਥ ਸਾਹਿਬ ਲਿਖ ਸਕਦੇ ਸਨ ਤਾਂ ਜੇ ਕੋਈ ਵੱਖਰੀ ਮਰਯਾਦਾ ਹੁੰਦੀ ਉਹ ਵੀ ਲਿਖ ਦਿੰਦੇ। ਅਜੋਕੀ ਮਰਯਾਦਾ ਵੀ ਸਮੁੱਚੇ ਪੰਥ ਵਿੱਚ ਪ੍ਰਵਾਣਿਤ ਨਹੀਂ, ਡੇਰੇ, ਸੰਪ੍ਰਦਾਵਾਂ, ਟਕਸਾਲਾਂ ਅਤੇ ਹੋਰ ਜਥੇਬੰਦੀਆਂ ਦੀ ਵੱਖ ਵੱਖ ਮਰਯਾਦਾ ਹੈ ਅਤੇ ਉਹ ਵੀ ਜੋ ਉਨ੍ਹਾਂ ਦੇ ਮੁਖੀਆਂ ਜਾਂ ਗੁਰਮਤਿ ਵਿਰੋਧੀ ਗ੍ਰੰਥਾਂ ਦੇ ਅਧਾਰ ਤੇ ਚਲਾਈ ਹੋਈ ਹੈ।

ਬਾਕੀ ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਨੇ ਕਦੇ ਵੀ ਵਿਚਾਰ ਨਾਂ ਮਿਲਣ ਤੇ ਕਿਸੇ ਨੂੰ ਪੰਥ ਚੋਂ ਨਹੀਂ ਛੇਕਿਆ ਸਗੋਂ ਸਮਝਾਇਆ ਅਤੇ ਸਭ ਨੂੰ ਗਲੇ ਲਗਾਉਂਦੇ ਸਰਬਸਾਂਝਾ ਉਪਦੇਸ਼ ਦਿੱਤਾ ਹੈ-ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ...॥ ਅਤੇ ਖਤਰੀ ਬ੍ਰਾਹਮਣ, ਸੂਦ ਵੈਸ਼ ਉਪਦੇਸ਼ ਚਹੁੰ ਵਰਨਾ ਕਉ ਸਾਝਾ॥ (ਗੁਰੂ ਗ੍ਰੰਥ) ਅਸੀਂ ਸਾਰੇ ਅਕਾਲ ਤਖਤ ਤੇ ਬੈਠੇ ਅਜੋਕੇ ਸਰਕਾਰੀ ਜਥੇਦਾਰ ਮਸੰਦਾਂ ਦੀ ਜੋਰਦਾਰ ਲਫਜਾਂ ਵਿੱਚ ਨਿਖੇਦੀ ਕਰਦੇ ਹਾਂ ਜੋ ਆਏ ਦਿਨ ਅਕਾਲ ਤਖਤ ਦੇ ਹੁਕਮਨਾਮੇ ਦੇ ਹਊਏ ਨਾਲ, ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖਾਂ, ਵਿਦਵਾਨਾਂ ਅਤੇ ਪੰਥਕ ਆਗੂਆਂ ਨੂੰ ਛੇਕੀ ਜਾਂਦੇ ਹਨ। ਜਰਾ ਸੋਚੋ! ਕੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗੁਰੂ ਹਨ ਜਾਂ ਕੋਈ ਹੋਰ ਸੰਤ ਜਾਂ ਗ੍ਰੰਥ? ਜੇ ਨਹੀਂ ਤਾਂ ਫਿਰ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਰਲਗਡ ਕਿਉਂ ਕੀਤਾ ਜਾ ਰਿਹਾ ਹੈ? ਕੀ ਪਿਉ ਅਤੇ ਗੁਰੂ ਇੱਕ ਹੁੰਦਾ ਹੈ ਜਾਂ ਦੋ? ਭਲਿਓ ਸਾਡਾ ਸਭ ਦਾ ਪਿਉ ਅਕਾਲ ਪੁਰਖ, ਗੁਰੂ "ਗੁਰੂ ਗ੍ਰੰਥ ਸਾਹਿਬ", ਵਿਧਾਨ ਗੁਰੂ ਗ੍ਰੰਥ ਦੀ ਬਾਣੀ, ਨਿਸ਼ਾਨ ਅਤੇ ਕੌਮੀ ਨਾਨਕਸ਼ਾਹੀ ਕੈਲੰਡਰ ਇੱਕ ਹੈ। ਜਿਹੜਾ ਵੀ ਸਿੱਖ ਇਸ ਸਿਧਾਂਤ ਨੂੰ ਮੰਨਦਾ ਹੈ ਉਹ ਇਨ੍ਹਾਂ ਸਰਕਾਰੀ ਮਸੰਦਾਂ ਲਈ ਪੰਥ ਦੋਖੀ ਹੈ। ਇਸ ਲਈ ਹੁਣ ਸਿੱਖ ਜਾਗ ਰਹੇ ਹਨ ਅਤੇ ਇਨ੍ਹਾਂ ਮਹੰਤੀ ਤੇ ਮਸੰਦੀ ਡੇਰੇਦਾਰਾਂ ਅਤੇ ਸੰਪ੍ਰਦਾਈਆਂ ਦੇ ਬ੍ਰਾਹਮਣੀਜਾਲ ਦੇ ਚੁੰਗਲ ਚੋਂ ਬਾਹਰ ਨਿਕਲ ਰਹੇ ਹਨ।

ਅਜਿਹੇ ਮਸੰਦਾਂ ਨੇ ਹੀ ਗੁਰੂ ਸ਼ਰੀਕ ਪ੍ਰਿਥੀਆ ਖੜਾ ਕੀਤਾ, ਗੁਰੂ ਤੇਗ ਬਹਾਦਰ ਵੇਲੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਵਾਜੇ ਬੰਦ ਕੀਤੇ, ਸ਼ੀਹੇਂ ਮਸੰਦ ਰਾਹੀਂ ਗੁਰੂ ਤੇ ਗੋਲੀ ਚਲਾਈ, ਬੰਦਾ ਸਿੰਘ ਬਹਾਦਰ ਦਾ ਵਿਰੋਧ ਕੀਤਾ, ਸ਼ਹੀਦ ਭਾਈ ਮਨੀ ਸਿੰਘ ਨੂੰ ਸਰਾਪ ਦਿੱਤਾ ਕਿ ਤੂੰ ਪੋਥੀਆਂ ਬਣਾ ਕੇ ਪ੍ਰਚਾਰ ਕਿਉਂ ਕੀਤਾ ਹੈ? ਫਿਰ ਸਿੰਘ ਸਭਾ ਦੇ ਮੋਢੀ ਪ੍ਰੋ. ਗੁਰਮੁਖ ਸਿੰਘ ਵਰਗੇ ਧੁਨੰਤਰ ਵਿਦਵਾਨ ਨੂੰ ਪੰਥ ਚੋਂ ਛੇਕਿਆ। ਬਾਬੂ ਤੇਜਾ ਸਿੰਘ, ਗਿਆਨੀ ਭਾਗ ਸਿੰਘ ਅੰਬਾਲਾ, ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਪੁਸਤਕ ਦੇ ਵਿਦਵਾਨ ਬਜੁਰਬ ਲਿਖਾਰੀ ਸ੍ਰ. ਗੁਰਬਖਸ਼ ਸਿੰਘ ਕਾਲਾ ਅਫਗਾਨਾ, ਸਿੱਖ ਪੰਥ ਦੇ ਮਹਾਨ ਕੀਰਤਨੀਏਂ ਅਤੇ ਗੁਰਮੱਤੀ ਵਿਆਖਿਆਕਾਰ ਅਕਾਲ ਤਖਤ ਦੇ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਜੀ ਅਤੇ ਰੋਜ਼ਾਨਾ ਸਪੋਕਸਮੈਨ ਦੇ ਸੰਪਾਦਕ ਸ੍ਰ, ਜੋਗਿੰਦਰ ਸਿੰਘ ਨੂੰ ਛੇਕਿਆ। ਗੁਰਮਤਿ ਦੇ ਪ੍ਰਚਾਰਕ ਤੇ ਲਿਖਾਰੀ ਪ੍ਰੋ. ਇੰਦਰ ਸਿੰਘ ਘੱਗਾ ਅਤੇ ਮਿਸ਼ਨਰੀ ਪ੍ਰੋ. ਸਰਬਜੀਤ ਸਿੰਘ ਧੂੰਦਾ ਜੀ ਨੂੰ ਬੇਵਜਾ ਧਮਕੀਆਂ ਤੇ ਤਨਖਾਹਵਾਂ ਨਾਲ ਪਰੇਸ਼ਾਨ ਕੀਤਾ। ਕੁਰਸੀਆਂ ਤੇ ਤਪੜਾਂ ਦੇ ਰੌਲੇ ਪਵਾ ਕੇ ਕਨੇਡੀਅਨ ਸਿੱਖਾਂ ਨੂੰ ਛੇਕਿਆ ਅਤੇ ਹੁਣ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਅੰਮ੍ਰਿਤ ਛਕਾਉਣ ਵਾਲੇ ਗਿਆਨੀ ਕੁਲਦੀਪ ਸਿੰਘ ਤੇ ਸਾਥੀਆਂ ਨੂੰ ਛੇਕ ਦਿੱਤਾ ਹੈ।

ਕੀ ਹੁਣ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਮੰਨਣ, ਸਰਕਾਰੀ ਜਥੇਦਾਰਾਂ ਜਾਂ ਸੰਪ੍ਰਦਾਈ ਸੰਤਾਂ ਦਾ? ਜਦ ਕਿ ਸਿੱਖ ਹਰ ਵੇਲੇ ਹਰ ਥਾਂ ਇਹ ਹੀ ਦੁਹਰਾਉਂਦੇ ਅਰਦਾਸ ਕਰਦੇ ਹਨ ਕਿ-ਸਭ ਸਿੱਖਨ ਕੁ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥ ਇਸ ਦਾ ਇਹ ਹੀ ਮਤਲਵ ਹੋਇਆ ਕਿ ਜਿਹੜਾ ਵੀ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ ਨੂੰ ਜੀਵਨਜਾਚ ਬਣਾਏਗਾ, ਉਹ ਪੰਥ ਦੋਖੀ ਅਤੇ ਜਿਹੜਾ ਇੰਨ੍ਹਾਂ ਕੱਚੀ ਬਾਣੀ ਵਾਲੇ ਗ੍ਰੰਥਾਂ ਅਤੇ ਸੰਤਾਂ ਦਾ ਹੁਕਮ ਮੰਨੇਗਾ ਉਹ ਹੀ ਪੰਥ ਹਿਤੈਸ਼ੀ ਹੋਏਗਾ। ਹੁਣ ਤਾਂ ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲਿਆਂ ਨੇ ਵੀ ਕਹਿ ਦਿੱਤਾ ਹੈ ਕਿ ਮੈਂ ਅਕਾਲ ਤਖਤ ਦਾ ਸਤਿਕਾਰ ਕਰਦਾ ਹਾਂ ਪਰ ਸੰਗਤ ਦੇ ਨਕਾਰੇ ਜਥੇਦਾਰਾਂ ਦਾ ਕਦਾਚਿਤ ਨਹੀਂ ਤੇ ਅਕਾਲ ਤਖਤ ਦੇ ਪੰਜਾਂ ਪਿਆਰਿਆਂ ਨੇ ਵੀ ਅਜੋਕੇ ਮਸੰਦ ਜਥੇਦਾਰਾਂ ਨੂੰ ਤਲਬ ਕੀਤਾ ਹਾਜਰ ਨਾਂ ਹੋਣ ਤੇ ਤਨਖਾਹੀਆ ਕਰਾਰ ਦਿੱਤਾ। ਹੁਣ ਸਿੱਖ ਸੰਗਤਾਂ ਅਤੇ ਪੰਥ ਹਿਤੇਸ਼ੀ ਜਥੇਬੰਦੀਆਂ ਨੇ ਸੋਚਣਾ ਹੈ ਕਿ ਉਨ੍ਹਾਂ ਹੁਣ ਗੁਰੂ ਗ੍ਰੰਥ ਦੇ ਖਾਲਸਾ ਪੰਥ ਨਾਲ ਖੜਨਾ ਹੈ ਜਾਂ ਡੇਰੇਦਾਰ, ਸੰਪ੍ਰਦਾਈ ਸੰਤਾਂ ਅਤੇ ਸਰਕਾਰੀ ਪੁਜਾਰੀਆਂ ਨਾਲ।

ਗੁਰਮਤਿ ਪ੍ਰਚਾਰਕ ਜਥੇਬੰਦੀਆਂ-ਸਿੰਘ ਸਭਾ ਇੰਟ੍ਰਨੈਸ਼ਨਲ (ਯੂ.ਐੱਸ.ਏ) ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ, ਵਰਲਡ ਸਿੱਖ ਫੈਡਰੇਸ਼ਨ, ਗੁਰੂ ਗ੍ਰੰਥ ਦਾ ਖਾਲਸਾ ਪੰਥ ਕਨੇਡਾ, ਇੰਟ੍ਰਨੈਸ਼ਨਲ ਸਿੰਘ ਸਭਾ ਕਨੇਡਾ, ਅਦਾਰਾ ਸਿੰਘ ਸਭਾ ਯੂ.ਐੱਸ.ਏ, ਅਤੇ ਸਹਿਯੋਗੀਆਂ ਵੱਲੋਂ ਸਾਝੇ ਤੌਰ ਤੇ ਮੀਟਿੰਗ ਕੀਤੀ ਗਈ ਜਿਸ ਵਿੱਚ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ-

ਮਤਾ-ਜੋ ਗਿਆਨੀ ਕੁਲਦੀਪ ਸਿੰਘ ਵਰਜ਼ੀਨੀਆਂ ਵਾਲਿਆਂ ਤੇ ਸਾਥੀਆਂ ਨੇ ਪਹੁਲ ਦੀ ਵਿਧੀ ਅਪਣਾਈ ਹੈ ਉਸ ਦੀ ਅਸੀਂ ਸ਼ਾਲਾਘਾ ਕਰਦੇ ਹਾਂ ਕਿਉਂਕਿ ਉਨ੍ਹਾਂ ਨੇ ਪੁਰਾਣੀ ਗਲਤੀ ਵਿੱਚ ਸਾਧਾਰ ਹੀ ਕੀਤਾ ਹੈ। ਸਾਡੇ ਕੋਲ ਕੋਈ ਵੀ ਇਤਿਹਾਸਕ ਸਬੂਤ ਨਹੀਂ ਕਿ ਗੁਰੂ ਸਾਹਿਬ ਨੇ ਪਹੁਲ ਦੇਣ ਵੇਲੇ ਕਿਹੜੀਆਂ ਬਾਣੀਆਂ ਪੜ੍ਹੀਆਂ ਸਨ? ਰਹਿਤਨਾਮੇ ਵੀ ਇਸ ਸਬੰਧ ਵਿੱਚ ਇੱਕਮਤਿ ਨਹੀਂ ਹਨ। ਸੋ ਸਿੱਖਾਂ ਦੇ ਗਰੂ ਗ੍ਰੰਥ ਸਾਹਿਬ ਹੀ ਵਾਹਿਦ ਗੁਰੂ ਹਨ। ਇਸ ਲਈ ਗੁਰੂ ਗ੍ਰੰਥ ਸਾਹਿਬ ਨੂੰ ਅਸਲੀ ਗੁਰੂ ਮੰਨਣ ਅਤੇ ਉਸ ਦੀਆਂ ਸਿਖਿਆਵਾਂ ਤੇ ਚੱਲਣ ਵਾਲੀਆਂ ਸਮੂਹ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਗਿਆਨੀ ਕੁਲਦੀਪ ਸਿੰਘ ਵਰਜੀਨੀਆਂ ਤੇ ਸਾਥੀਆਂ ਦੀ ਹਮਾਇਤ ਅਤੇ ਸਿੱਖ ਸੰਗਤਾਂ ਤੇ ਪੰਜਾਂ ਪਿਆਰਿਆਂ ਵੱਲੋਂ ਨਕਾਰੇ ਹੋਏ ਸਰਕਾਰੀ ਜਥੇਦਾਰਾਂ ਦੀ ਪੁਰਜੋਰ ਨਿਖੇਧੀ ਕਰਦੀਆਂ ਹਾਂ।

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥


ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।


12/06/16)
ਹਰਮਿੰਦਰ ਸਿੰਘ ਭੱਟ

ਵੱਖ ਵੱਖ ਟੀ ਵੀ ਚੈਨਲਾਂ ਵਲੋਂ ਦਰਸਾਏ ਜਾ ਰਹੇ ਸੀਰੀਅਲਾਂ ਵਿੱਚ ਅਸ਼ਲੀਲ ਪੁਣਾ ਕਿੰਨਾ ਕੁ ਜਾਇਜ਼
ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ
ਇਹ ਖ਼ਤ ਟੀ ਵੀ ਚੈਨਲਾਂ ਵਾਲਿਆਂ ਨੂੰ ਜਿੰਨਾਂ ਕਰਕੇ ਸਭਿਆਚਾਰ ਪਲੀਤ ਕੀਤਾ ਹੋ ਰਿਹਾ ਹੈ

ਇਸ ਮਹਿੰਗਾਈ ਭਰੇ ਵਿਅਸਤ ਜੀਵਨ ਨੂੰ ਥੋੜਾ ਬਹੁਤ ਅਰਾਮ ਦੇਣ ਲਈ ਮਨੋਰੰਜਨ ਦੇ ਸਾਧਨ ਦੁਆਰਾ ਕੁਝ ਮਾਨਸਿਕ ਸਕੂਨ ਪ੍ਰਾਪਤ ਕਰਨ ਲਈ ਮਨੁੱਖੀ ਜੀਵਨ ਵਿੱਚ ਖੇਡ ਸਰਗਰਮੀਆਂ, ਸਭਿਆਚਾਰਕ ਸਮਾਗਮ ਜਾਂ ਇਸ ਤੋ ਇਲਾਵਾ ਹੋਰ ਛੁੱਟੀ ਵਾਲੇ ਦਿਨ ਟੂਰ ਵਰਗੇ ਪ੍ਰੋਗਰਾਮ ਸਰੀਰਕ ਅਤੇ ਮਾਨਸਿਕ ਥਕਾਓ ਨੂੰ ਦੂਰ ਕਰਨ ਲਈ ਬੜਾ ਅਹਿਮ ਰੋਲ ਅਦਾ ਕਰਦੇ ਹਨ। ਇਸ ਤੋ ਇਲਾਵਾ ਸਵੇਰ ਵੇਲੇ ਜਾਂ ਸਾਮ ਵੇਲੇ ਅਖ਼ਬਾਰ ਜਾਂ ਟੀ ਬੀ ਦੇ ਜਰੀਏ ਦੁਨੀਆ ਵਿੱਚ ਹੋਣ ਵਾਲੀਆਂ ਘਟਨਾਵਾਂ ਤੋ ਜਾਣੂ ਹੋਣਾ ਵੀ ਸੁਭਾਵਿਕ ਹੈ ।ਇਸੇ ਕਰਕੇ ਮਨੋਰੰਜਨ ਲਈ ਮੀਡੀਏ ਦੁਆਰਾ ਜੋ ਚਲਾਏ ਜਾ ਰਹੇ ਕਈ ਪ੍ਰਕਾਰ ਦੇ ਸੀਰੀਅਲ,ਗਾਣੇ ਅਤੇ ਫਿਲਮਾਂ ਦਿਖਾਈਆਂ ਜਾਂਦੀਆਂ ਹਨ ਉਹਨਾਂ ਨੂੰ ਨਿਰੰਤਰ ਦੇਖਣਾ ਵੀ ਆਦਤ ਵਿੱਚ ਸ਼ਾਮਿਲ ਹੋ ਗਿਆ ਹੈ ਅਤੇ ਇਹਨਾਂ ਦਰਸਾਏ ਜਾ ਰਹੇ ਪ੍ਰੋਗਰਾਮਾਂ ਨੂੰ ਮਨੋਰੰਜਨ ਦਾ ਸਾਧਨ ਨਾ ਮੰਨ ਕੇ ਇਹਨਾਂ ਨੂੰ ਆਪਣੇ ਜੀਵਨ ਉਪਰ ਧਾਰ ਲੈਣਾ ਵੀ ਹੁਣ ਆਮ ਜਿਹਾ ਹੋ ਗਿਆ ਹੈ ਪਰ ਉਹਨਾਂ ਵਲੋਂ ਦਰਸਾਏ ਜਾ ਰਹੇ ਗੁਣਾਂ ਨੂੰ ਧਾਰਣਾ ਕਰਨ ਤੋ ਪਹਿਲਾਂ ਆਪਾਂ ਉਹਨਾਂ ਦੁਆਰਾ ਦਰਸਾਏ ਜਾ ਰਹੇ ਗਲਤ ਮਾਰਗਾਂ ਨੂੰ ਪਹਿਲ ਦੇ ਅਧਾਰ ਤੇ ਅਪਣਾ ਲੈਂਦੇ ਹਾਂ ਅਤੇ ਉਸ ਨੂੰ ਆਪਣੇ ਨਿਜੀ ਜੀਵਨ ਤੇ ਵੀ ਬਤੀਤ ਕਰਨ ਲੱਗ ਜਾਂਦੇ ਹਾਂ ਪਰ ਇਹਨਾਂ ਦਾ ਸਿੱਟਾ ਕਾਫ਼ੀ ਹੱਦ ਤੱਕ ਗ਼ਲਤ ਸਿੱਧ ਹੋ ਰਿਹਾ ਹੈ ਇਹਨਾਂ ਦਾ ਅਸਰ ਜਿੰਨਾਂ ਇਨਸਾਨੀ ਸੋਚ ਤੇ ਭਿਆਨਕ ਅਤੇ ਅਪਰਾਧੀ ਵਿ੍ਰਤੀ ਵਾਲੇ ਅਨਸਰਾਂ ਤੇ ਪੈ ਰਿਹਾ ਹੈ ਸ਼ਾਇਦ ਉਸ ਦਾ ਖਿਆਲ ਕਿਸੇ ਦੇ ਮਨ ਵਿੱਚ ਵੀ ਨਹੀਂ ਆਉਂਦਾ ਹੋਵੇਗਾ ਇਹਨਾਂ ਦਰਸਾਏ ਜਾ ਰਹੇ ਪ੍ਰੋਗਰਾਮਾਂ ਦੇ ਜਿੱਥੇ ਲਾਭ ਹਨ ਉਸ ਤੋ ਜਿਆਦਾ ਕਿਤੇ ਅੱਜ ਕੱਲ ਨੁਕਸਾਨ ਹੋ ਰਿਹਾ ਜਾਪ ਰਿਹਾ ਹੈ ਅਤੇ ਇਸ ਨਾਲ ਇਨਸਾਨ ਦੀ ਪਵਿਤਰ ਸੋਚ ਤੇ ਵੀ ਬਦਨੁਮਾ ਦਾਗ ਵੀ ਲੱਗਦਾ ਜਾ ਰਿਹਾ ਹੈ ਜਿਸ ਕਰਕੇ ਅਣਭੋਲ ਪੁਣੇ ਵਿੱਚ ਲਾਲਸਾ ਵੱਸ ਪੈ ਕੇ ਇਸ ਭਿਆਨਕ ਅਸਰ ਤੋ ਅਣਜਾਣ ਆਪਾਂ ਉਹਨਾਂ ਦੁਆਰਾ ਵਰਤੇ ਅਲਫਾਜ ਅਤੇ ਦਰਸਾਏ ਮਾਰਗ ਵਰਗੇ ਘਿਣਾਉਣੇ ਅਪਰਾਧ ਆਪਣੇ ਦੁਆਰਾ ਧਾਰ ਬੈਠਦੇ ਹਾਂ ਅੱਜ ਕੱਲ ਘਰਾਂ ਵਿੱਚ ਘਰੇਲੂ ਕਲ਼ੇਸਾਂ ਦਾ ਕਾਰਨ ਵੀ ਇਹ ਸੀਰੀਅਲ ਬਣਦੇ ਜਾ ਰਹੇ ਹਨ ਇਹਨਾਂ ਦਾ ਸਿੱਟਾ ਤਲਾਕ ਤੱਕ ਵੀ ਪਹੁੰਚ ਰਹੇ ਹਨ ਜੇਕਰ ਮੈ ਵਿਸਥਾਰ ਵਿੱਚ ਨਾ ਜਾਵਾਂ ਤਾਂ ਕੁਝ ਸਮੇਂ ਤੋ ਲਗਾਤਾਰ ਕੁਝ ਧਾਰਮਿਕ ਸੀਰੀਅਲਾਂ ਤੋ ਇਲਾਵਾ ਜਿੰਨਾਂ ਤੋ ਕੋਈ ਸੇਧ ਮਿਲਦੀ ਹੋਵੇ ਉਹਨਾਂ ਤੋ ਬਗੈਰ ਕਈ ਸੀਰੀਅਲ ਜਾਂ ਗੀਤ ਇਹੋ ਜਿਹੇ ਤਰੀਕਿਆਂ ਨਾਲ ਫਿਲਮਾਏ ਜਾ ਰਹੇ ਹੁੰਦੇ ਹਨ ਜਿਸ ਨੂੰ ਘਰ ਵਿੱਚ ਇਕੱਠੇ ਬੈਠੇ ਪਰਿਵਾਰਕ ਮੈਂਬਰਾਂ ਵਿੱਚ ਵੀ ਨਹੀਂ ਦੇਖਿਆ ਜਾ ਸਕਦਾ ਸੈਂਸਰ ਬੋਰਡ ਵਲੋਂ ਪਹਿਲਾਂ ਕਿਸੇ ਅਸ਼ਲੀਲ ਦ੍ਰਿਸ਼ ਦਰਸਾਉਣ ਵਾਲੀਆਂ ਫਿਲਮਾਂ ਉਪਰ ਏ ਗਰੇਡ ਲਿਖਿਆ ਜਾਂਦਾ ਸੀ ਅਤੇ ਲਿਖਿਆ ਜਾਂਦਾ ਸੀ ਕਿ ਇਸ ਫਿਲਮ ਨੂੰ ਦੇਖਣ ਲਈ ਘੱਟ ਘਟੋਂ ਉਮਰ 18 ਸਾਲ ਹੋਣੀ ਚਾਹੀਦੇ ਹੈ ਇਹ ਤਾਂ ਗੱਲ ਸੀ ਬੋਲੀਵੁਡ ਦੀਆਂ ਵੱਡੇ ਪਰਦੇ ਵਾਲੀਆਂ ਫਿਲਮਾਂ ਦੀ ਪਰ ਹੁਣ ਤਾਂ ਸ਼ਾਇਦ ਇਹ ਸੈਂਸਰ ਬੋਰਡ ਉਹਨਾਂ ਤੇ ਇਹ ਪਾਬੰਦੀ ਲਗਾਉਣਾ ਵੀ ਜਾਇਜ਼ ਨਹੀਂ ਸਮਝਦੇ ਪਰ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਛੋਟੇ ਪਰਦੇ ਤੇ ਦਿਖਾਏ ਜਾ ਰਹੇ ਸੀਰੀਅਲ ਜਾਂ ਗਾਣਿਆਂ ਦੀਆਂ ਬਣੀਆਂ ਵੀਡੀਉ ਵਿੱਚ ਅੱਧ ਨੰਗੇ ਸਰੀਰ ਵਿੱਚ ਨੱਚ ਰਹੀਆਂ ਕੁੜੀਆਂ ਨੂੰ ਜਾਂ ਉਹਨਾਂ ਨਾਲ ਨੱਚਣ ਜਾਂ ਗਾਉਣ ਵਾਲੇ ਕਲਾਕਾਰਾਂ ਨੂੰ ਸ਼ਾਇਦ ਇਹ ਯਾਦ ਨਹੀਂ ਕਿ ਇਹਨਾਂ ਵੀਡੀਉ ਨੂੰ ਦੁਖ ਕੇ ਉਹਨਾਂ ਦੀਆਂ ਭੈਣਾਂ ਜਾਂ ਧੀਆਂ ਵੀ ਇਸੇ ਰਾਹ ਤੇ ਚੱਲਣ ਲਈ ਪ੍ਰੇਰਿਤ ਹੋ ਰਹੀਆਂ ਹਨ ਥੋੜੇ ਜਿਹੀ ਕਾਮਯਾਬੀ ਲਈ ਕਿਉਂ ਇਹ ਭੁੱਲ ਜਾਂਦੇ ਨੇ ਕਿ ਉਹਨਾਂ ਦੀ ਵੀ ਕੋਈ ਮਾਂ ਭੈਣ ਹੈ ਮਾਫ਼ ਕਰਨਾ ਅੱਜ ਕੱਲ ਛੋਟੇ ਪਰਦੇ ਤੇ ਦਿਖਾਏ ਜਾ ਰਹੇ ਸੀਰੀਅਲ ਵਿੱਚ ਵੀ ਬੈੱਡ-ਰੂਮ ਵਾਲੇ ਅਸ਼ਲੀਲ ਸੀਨ ਆਮ ਤੌਰ ਤੇ ਦਿਖਾਏ ਜਾ ਰਹੇ ਹਨ ਅਤੇ ਜੁਰਮ ਕਰਨ ਦੇ ਗਲਤ ਤਰੀਕੇ ਸਿਖਾਏ ਜਾ ਰਹੇ ਹਨ ਇਹ ਸਭ ਉਸ ਵੇਲੇ ਵੀ ਦੇਖੇ ਜਾ ਰਹੇ ਹਨ ਜਦੋਂ ਅੰਮ੍ਰਿਤ ਵੇਲਾ ਗੁਰਬਾਣੀ ਦੇ ਪਾਠ ਦਾ ਜਾਪ ਹੋ ਰਿਹਾ ਹੋਵੇ ਫਿਰ ਕਿਵੇਂ ਆਪਾਂ ਆਪਣੀ ਨੌਜਵਾਨ ਪੀੜੀ ਤੋ ਇਹ ਆਸ ਰੱਖ ਸਕਦੇ ਹਾਂ ਕਿ ਉਹ ਗੁਰੂ ਕੇ ਸਿੰਘ ਸੱਜ ਕੇ ਗੁਰੂ ਵਾਲੇ ਬਣ ਸਕਣ ਇਸੇ ਕਰਕੇ ਮੇਰੇ ਪੰਜਾਬ ਦੀ ਨੌਜਵਾਨੀ ਹੁਣ ਨਸਿਆਂ ਦੇ ਵਿੱਚ ਬਹਿੰਦੀ ਜਾ ਰਹੀ ਹੈ ਜਿਸ ਕਰਕੇ ਬਲਾਤਕਾਰ ਵਰਗੇ ਘਿਣਾਉਣੇ ਅਪਰਾਧ ਆਮ ਹੁੰਦੇ ਜਾ ਰਹੇ ਹਨ ਇਹ ਕੋਈ ਇੱਕ ਤਰਫਾ ਨਹੀ ਨੌਜਵਾਨਾਂ ਤੋ ਇਲਾਵਾ ਮੇਰੇ ਪੰਜਾਬ ਦੀ ਇੱਜਤ ਵੀ ਬੇਇੱਜਤ ਇਹਨਾਂ ਭੈੜੇ ਫਿਲਮਾਏ ਜਾ ਰਹੇ ਸੀਰੀਅਲ ਅਤੇ ਗਾਣਿਆਂ ਦਾ ਹੀ ਕਾਰਨ ਹੈ ਦਾਸ ਕਿਸੇ ਖਿਲਾਫ ਨਹੀ ਪਰ ਹਰੇਕ ਸੀਰੀਅਲ ਜਾਂ ਗਾਣੇ ਦਾ ਸਿੱਟਾ ਕਿਸੇ ਇਸ ਅੰਦਾਜ਼ ਵਿੱਚ ਵੀ ਦਿਖਾਇਆ ਜਾ ਸਕਦਾ ਹੈ ਜਿਸ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਜਾਂ ਅਸ਼ਲੀਲਤਾ ਦੀ ਸੀਮਾ ਤੋ ਦੂਰ ਹੋਣ ਇਸ ਤਰਾਂ ਵੀ ਸੰਭਵ ਹੈ ਮੈਂ ਬੇਨਤੀ ਕਰਦਾ ਹਾਂ ਕਿ ਸਰਕਾਰ ਨੂੰ ਕਿ ਸੈਂਸਰ ਬੋਰਡ ਨੂੰ ਸਖ਼ਤ ਨਿਰਦੇਸ਼ ਜਾਰੀ ਕਰਨ ਉਹਨਾਂ ਵਲੋਂ ਇਹਨਾਂ ਸਾਰਿਆਂ ਇਹੋ ਜਿਹੇ ਸੀਰੀਅਲਾਂ ਅਤੇ ਗਾਣਿਆਂ ਤੇ ਬੈਨ ਲਗਾਉਣਾ ਚਾਹੀਦਾ ਹੈ ਜਿਸ ਵਿੱਚ ਅਸ਼ਲੀਲ ਪੁਣਾ ਬਗੈਰ ਕਿਸੇ ਝਿਜਕ ਤੇ ਕਮਾਈ ਦਾ ਸਾਧਨ ਬਣਾ ਕੇ ਪੰਜਾਬ ਦਾ ਸਭਿਆਚਾਰ ਹਵਾ ਵਿੱਚ ਵਰੋਲੇ ਵਾਂਗ ਉਡਾ ਰਹੇ ਹਨ ਪੰਜਾਬ ਦੀ ਆਨ ਹੀ ਪੰਜਾਬ ਦੀ ਸਾਨ ਹੈ ਆਖਰ ਕਿਉਂ ਇਸ ਆਨ ਨੂੰ ਸਰੇ ਆਮ ਆਪਣੇ ਹੀ ਅਣਖੀ ਰਖਵਾਲਿਆਂ ਦੁਆਰਾ ਪੰਜਾਬੀ ਸਭਿਆਚਾਰ ਗੰਧਲਾ ਕੀਤਾ ਜਾ ਰਿਹਾ ਹੈ ।

ਹੋਈ ਭੁੱਲ ਚੁੱਕ ਦੀ ਖਿਮਾ
ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ

ਆਪ ਜੀ ਦਾ ਦਾਸ
ਹਰਮਿੰਦਰ ਸਿੰਘ ਭੱਟ
9914062205


12/06/16)
ਮਹਿੰਦਰ ਸਿੰਘ ਜੋਸ਼ (ਕਿਤਾਬ -ਰੱਬ ਨੂੰ ਬਿਪਤਾ)

ਰਾਮਾਵਤਾਰ (20ਵਾਂ ਅਵਤਾਰ) (ਪੰਨਾ 188 ਤੋਂ254)
ਚੌਵੀ ਅਵਤਾਰਾਂ ਵਿੱਚੋਂ ਪ੍ਰਮੁੱਖ ਦੋ ਅਵਤਾਰ ਹਨ – ਰਾਮ ਜੀ ਤੇ ਕ੍ਰਿਸ਼ਨ ਜੀ ਜਿਹਨਾਂ ਦੀਆਂ ਕਹਾਣੀਆਂ ਪੁਰਾਣ–ਪੰਥੀ ਬ੍ਰਾਹਮਣੀ ਸਮਾਜ ਵਿੱਚ ਬਹੁਤ ਜ਼ਿਆਦਾ ਪ੍ਰਚਲਿਤ ਅਰ ਚਰਚਿਤ ਹਨ। ਬਚਿੱਤਰ ਨਾਟਕ ਨਾਮ ਦੀ ਇਸ ਪੁਸਤਕ ਵਿੱਚ ‘‘ਰਾਮ ਅਵਤਾਰ’’ ਨੇ 67 ਸਫ਼ੇ ਮਲੇ ਹੋਏ ਹਨ। ਇਸ ਦੀ ਕਹਾਣੀ ਵਾਲਮੀਕੀ ਦੀ ਰਾਮਾਇਣ, ਤੁਲਸੀਦਾਸ ਦੀ ਰਾਮ–ਚਰਿਤ–ਮਾਨਸ, ਰੀਤੀ ਕਾਲ ਦੀ ਰਾਮਚੰਦ੍ਰਿਕਾ ਅਤੇ ਦਰਜਨਾਂ ਹੋਰ ਪੁਸਤਕਾਂ ਵਿੱਚ ਵੀ ਬਿਆਨੀ ਹੋਈ ਕਈ ਰੂਪਾਂ ਵਿੱਚ ਮਿਲਦੀ ਹੈ। ਰਾਮਲੀਲਾ ਰਾਹੀਂ ਵੀ ਇਸ ਕਹਾਣੀ ਦਾ ਬਹੁਤ ਪ੍ਰਚਾਰ ਹੋਇਆ ਹੈ ਅਰ ਟੀ.ਵੀ. ਦੇ ਪਰਦੇ ਉਤੇ ਦਿਖਾਏ ਸੀਰੀਅਲ ਦੀ ਕਹਾਣੀ ਵੀ ਬਹੁਤ ਹੀ ਹਰਮਨ–ਪਿਆਰੀ ਬਣੀ ਰਹੀ ਸੀ। ਭਾਵੇਂ ਸਭ ਪੁਸਤਕਾਂ ਦੀ ਕਹਾਣੀ ਦੀਆਂ ਘਟਨਾਵਾਂ ਦੇ ਕਥਾਨਕਾਂ ਵਿੱਚ ਆਪੋ ਵਿੱਚ ਕਾਫ਼ੀ ਫ਼ਰਕ ਹਨ ਪਰ ਮੋਟੇ ਤੌਰ ਤੇ ਇਹ ਮੰਨਣਾ ਹੀ ਪੈਂਦਾ ਹੈ ਕਿ ਇਹ ਕਹਾਣੀ ਬਹੁਤ ਹੀ ਰੋਚਕ, ਦਿਲਚਸਪ ਅਤੇ ਕੁੱਝ ਕੁ ਘਰੋਗੀ ਜੀਵਨ ਸਬੰਧੀ ਸਿਖਿਆਵਾਂ ਨਾਲ ਵੀ ਭਰੀ ਹੋਈ ਕਰ ਕੇ ਜਾਣੀ ਜਾਂਦੀ ਹੈ।
ਧਰਮ ਚਰਚਾ ਦੇ ਮਾਮਲੇ ਵਿੱਚ ਇਸ ਕਹਾਣੀ ਨੂੰ ਪੁਰਾਣ–ਪੰਥੀਆਂ ਅਤੇ ਸਨਾਤਨੀ ਬ੍ਰਾਹਮਣਾਂ ਨੇ ਬਹੁਤ ਪ੍ਰੇਮ ਤੇ ਸ਼ਰਧਾ ਨਾਲ ਵਰਤਿਆ ਹੈ। ਹਿੰਦੀ ਖੇਤਰ ਦੇ ਵੱਡੇ ਪਾਏਦਾਰ ਹਿੰਦੂ ਵਿਦਵਾਨਾਂ ਤੋਂ ਅਲਾਵਾ ਦੱਖਣ ਭਾਰਤ ਦੇ ਕੁੱਝ ਕੁ ਹਿੰਦੂ ਵਿਦਵਾਨਾਂ, ਸਰਿਤਾ ਪਰਚੇ ਦੀ ਲਹਿਰ ਵਾਲੇ ਕੁੱਝ ਸੁਧਾਰਵਾਦੀਆਂ ਅਤੇ ਦਲਿਤ ਸ਼੍ਰੇਣੀ ਵਿੱਚ ਗਿਣੇ ਜਾਣ ਵਾਲੇ ਸਮਾਜ ਦੇ ਅਨੇਕਾਂ ਆਗੂਆਂ ਨੂੰ ਇਸ ਕਹਾਣੀ ਦੇ ਅਨੇਕਾਂ ਕਥਾਨਕਾਂ, ਮੋੜਾਂ ਅਤੇ ਕੁੱਝ ਕੁ ਬਾਬਾਂ ਨਾਲ ਗੰਭੀਰ ਮੱਤ–ਭੇਦ ਅਤੇ ਇਤਰਾਜ਼ ਵੀ ਰਹੇ ਹਨ। ਅਸੀਂ ਇੱਥੇ ਕੇਵਲ ਕਵੀ ਸ਼੍ਯਾਮ ਲਿਖਤ ਰਾਮਾਵਤਾਰ ਦੇ ਮਸੌਦੇ ਉਤੇ ਸੰਖੇਪ ਜਿਹੀ ਵਿਚਾਰ ਕਰਾਂਗੇ। ਇਹ ਕਹਾਣੀ ਆਮ–ਫ਼ਹਿਮ ਅਤੇ ਪ੍ਰਚਲਿਤ ਹੋਣ ਕਾਰਨ ਇਸ ਦੇ ਸਾਰੰਸ਼ ਨੂੰ ਲਿਖਣ ਦੀ ਥਾਂ ਅਸੀਂ ਇਸਦੀ ਤਫ਼ਸੀਲ, ਤਸ਼ਰੀਹ ਤੇ ਤਸ਼ਖ਼ੀਸ ਸਬੰਧੀ ਨੁਕਤੇ ਹੀ ਮੁਖ ਤੌਰ ਤੇ ਵਿਚਾਰ ਲਈ ਲੈ ਰਹੇ ਹਾਂ।
(1) ਸ਼੍ਯਾਮ ਕਵੀ ਨੇ ਆਪਣੀ ਲਿਖਤ ਵਿੱਚ ਸਾਰੀ ਧਰਤੀ ਉਤੇ ਰਾਜੇ ਅੱਜ ਦਾ ਅਤੇ ਜਾਂ ਫ਼ਿਰ ਦਸ਼ਰਥ ਦਾ ਰਾਜ ਦਸਿਆ ਹੈ। ਲਗਦਾ ਹੈ ਕਿ ਇਹ ਕਵੀ ਅਯੋਧਿਆ ਨਗਰ ਤੇ ਇਸ ਦੇ ਆਸ–ਪਾਸ ਦੇ ਕੁੱਝ ਖੇਤਰ ਨੂੰ ਹੀ ਸਾਰਾ ਸੰਸਾਰ ਜਾਂ ਧਰਤੀ ਸਮਝੀ ਬੈਠਾ ਹੈ।
(2) ਅੰਨ੍ਹੇ ਮਾਂ–ਬਾਪ ਦੀ ਸੇਵਾ ਭਾਵਨਾ ਵਾਲਾ ਆਦਰਸ਼ਕ ਪੁੱਤਰ, ਸ਼੍ਰਵਣ ਦਸ਼ਰਥ ਕੋਲੋਂ ਗ਼ਲਤੀ ਨਾਲ ਮਾਰਿਆ ਗਿਆ ਸੀ। ਦਸ਼ਰਥ ਪਸ਼ਚਾਤਾਪ ਕਰਕੇ ਮਰ ਜਾਣਾ ਚਾਹੁੰਦਾ ਸੀ। ਪਰ ਕਹਾਣੀ ਵਿੱਚ ਆਕਾਸ਼ਵਾਣੀ ਰਾਹੀਂ ਉਸਨੂੰ ਮਰਨੋਂ ਰੋਕ ਕੇ ਦਸਿਆ ਗਿਆ ਹੈ। ਆਕਾਸ਼ ਵਾਣੀ ਰਾਹੀਂ ਉਸਨੂੰ ਦਸਿਆ ਗਿਆ ਹੈ ਕਿ ਭਗਵਾਨ ਵਿਸ਼ਨੂੰ ਨੇ ਉਸ ਦੇ ਘਰ ਅਵਤਾਰ ਲੈਣਾ ਹੈ ਇਸ ਲਈ ਉਹ ਮਰਨ ਦਾ ਵਿਚਾਰ ਛੱਡ ਦੇਵੇ। ਆਕਾਸ਼ਵਾਣੀ ਮਹਿਜ਼ ਇੱਕ ਵਹਿਮ ਹੈ। (ਇਹ ਰੇਡੀਓ ਵਾਲੀ ਆਕਾਸ਼ਵਾਣੀ ਨਹੀਂ; ਆਕਾਸ਼ਵਾਣੀ ਤੋਂ ਭਾਵ ਆਸਮਾਨ ਤੋਂ ਆਈਆਂ ਆਵਾਜ਼ਾਂ ਹਨ। ਇਹ ਪੁਰਾਣ–ਪੰਥੀ ਨਾ ਤਾਂ ਆਕਾਸ਼ ਨੂੰ ਸਮਝ ਰਹੇ ਹਨ ਅਤੇ ਨਾ ਹੀ ਇਹਨਾਂ ਆਵਾਜ਼ਾਂ ਦੇ ਬੇ– ਬੁਨਿਆਦ ਕਿੱਸਿਆਂ ਨੂੰ ਆਮ ਪਾਠਕਾਂ ਲਈ ਸਮਝ–ਗੋਚਰਾ ਬਣਾ ਸਕਦੇ ਹਨ।)
(3) ਵੱਡੀ ਉਮਰ ਤਕ ਦਸ਼ਰਥ ਦੇ ਘਰ ਸੰਤਾਨ ਨਾ ਪੈਦਾ ਹੋਣ ਕਾਰਨ ਉਸ ਵਲੋਂ ਬ੍ਰਾਹਮਣਾਂ ਤੋਂ ਪੁੱਤਰ ਯੱਗ ਕਰਵਾਇਆ ਗਿਆ ਜਿਸ ਵਿੱਚ ਬ੍ਰਾਹਮਣਾਂ ਨੂੰ ਦਾਨ ਆਦਿਕ ਦਿੱਤਾ ਗਿਆ। ਜੱਗ ਦੀ ਖੀਰ ਦੇ ਚਾਰ ਹਿੱਸੇ ਬਣਾ ਕੇ ਦੋ ਰਾਣੀਆਂ ਨੂੰ ਇੱਕ–ਇੱਕ ਹਿੱਸਾ ਤੇ ਤੀਜੀ ਨੂੰ ਖੀਰ ਦੇ ਦੋ ਹਿੱਸੇ ਖਲਾਏ ਗਏ ਅਤੇ ਇਸ ਖੀਰ ਕਾਰਨ ਦਸ਼ਰਥ ਦੀਆਂ ਤਿੰਨ ਰਾਣੀਆਂ ਦੇ ਘਰ ਚਾਰ ਪੁੱਤਰ ਰਾਮ, ਲਛਮਣ, ਭਰਤ ਤੇ ਸ਼ਤਰੂਘਨ ਪੈਦਾ ਹੋਏ। ਇਹ ਚਾਰੋਂ ਪੁੱਤਰ ਰੱਬ ਦੀ ਵਿਸ਼ੇਸ਼ ਪੈਦਾਇਸ਼ ਹੋਣ ਕਾਰਨ ਜਨਮ ਲੈਣ ਲਈ 9–9 ਮਹੀਨਿਆਂ ਦੀ ਥਾਂ 12–12 ਮਹੀਨਿਆ ਤੋਂ ਵੀ ਵੱਧ ਦਾ ਸਮਾਂ ਲੈ ਗਏ। ਆਕਾਸ਼ਵਾਣੀ ਹੋਣਾ, ਦਸ਼ਰਥ ਵਲੋਂ ਪਹਿਲਾਂ ਵਾਲੀ ਸਾਰੀ ਉਮਰ ਵਿੱਚ ਪੁੱਤਰ ਜੱਗ ਨਾ ਕਰਨਾ ਤੇ ਬੜੀ ਪਿਛਲੇਰੀ ਉਮਰ ਵਿੱਚ ਪੁੱਜ ਕੇ ਪੁੱਤਰ ਯਗ ਦਾ ਆਯੋਜਨ ਕਰਕੇ, ਬ੍ਰਾਹਮਣਾਂ ਨੂੰ ਦਾਨ ਦੇ ਕੇ, ਰਾਣੀਆਂ ਨੂੰ ਖੀਰ ਖਲਾ ਕੇ ਪੁੱਤਰ ਉਤਪੰਨ ਕਰਨ ਦੇ ਯੋਗ ਬਣਾਉਣ ਵਾਲੀਆਂ ਗੱਲਾਂ, ਚਾਰ ਵਿੱਚੋਂ ਦੋ ਭਾਗ ਖੀਰ ਖਾਣ ਵਾਲੀ ਰਾਣੀ ਦੇ ਦੋ ਪੁੱਤਰ ਹੋਣ ਵਾਲੀਆਂ ਗੱਲਾਂ, ਤਾਂ ਕਥਾਨਕ ਦੀ ਰੋਚਕਤਾ ਵਧਾਉਣ ਤੇ ਕਲਪਨਾ ਦੇ ਸੋਮੇ ਤੋਂ ਉਪਜੇ ਹੋਣ ਕਾਰਨ ਕਰਕੇ ਕੁੱਝ– ਕੁੱਝ ਸਮਝ ਲਗਦੇ ਹਨ ਪਰ ਪੁੱਤਰ ਜਨਮਣ ਲਈ ਤਿੰਨਾਂ ਰਾਣੀਆਂ ਨੂੰ 9–9 ਮਹੀਨਿਆਂ ਦੀ ਥਾਈਂ 12–12 ਮਹੀਨਿਆਂ ਤੋਂ ਵੀ ਵੱਧ ਦਾ ਸਮਾਂ ਲਗਾਉਣ ਬਾਰੇ ਸ਼੍ਯਾਮ ਕਵੀ ਵਲੋਂ ਉਹਨਾਂ ਰਾਣੀਆਂ ਨੂੰ ਅਕਾਰਨ ਹੀ ਮਹਿਜ਼ ਜ਼ਲੀਲ ਕਰਾਉਣ ਦੀ ਤੁਕ ਉਕੀ ਸਮਝ ਨਹੀਂ ਆ ਰਹੀ।
(4) ਰਾਮ ਜੀ ਦਿਨਾਂ ਵਿੱਚ ਵੱਡੇ ਹੋ ਗਏ ਤੇ ਸਭ ਭਰਾਵਾਂ ਨੇ ਅੱਠ ਦਿਨਾਂ ਵਿੱਚ ਸਾਰੀ ਯੁੱਧ ਵਿਦਿਆ ਸਿਖ ਲਈ। ਅੱਠ ਦਿਨਾਂ ਵਿੱਚ ਸਾਰੀ ਯੁੱਧ ਵਿਦਿਆ ਕਿਵੇਂ ਸਿਖੀ ਗਈ? ਇਹ ਕੋਣ ਸਮਝਾਏਗਾ?
(5) ਆਮ ਪ੍ਰਚਲਿਤ ਕਹਾਣੀ ਵਿੱਚ ਰਾਮ ਜੀ ਤੇ ਸੀਤਾ ਜੀ ਨੂੰ ਆਦਰਸ਼ ਪਾਤਰਾਂ ਦੇ ਤੌਰ ਤੇ ਦਸਿਆ ਹੈ ਅਤੇ ਤੁਲਸੀ ਦੇ ਰਾਮਚਰਿਤ ਮਾਨਸ ਵਿੱਚ ਵੀ ਰਾਮ ਜੀ ਨੂੰ (ਬਮੈਅ ਸੀਤਾ ਜੀ ਦੇ) ਮਰਯਾਦਾ ਪੁਰਸ਼ੋਤਮ ਕਰ ਕੇ ਬਿਆਨਿਆ ਗਿਆ ਹੈ ਪਰ ਇਸ ਲਿਖਾਰੀ ਨੇ ਹੇਠ ਲਿਖੇ ਲਫ਼ਜ਼ ਲਿਖ ਕੇ ਸੀਤਾ ਜੀ ਦੀ ਇੱਕ ਤਰ੍ਹਾਂ ਬਹੁਤ ਹਤਕ ਜਿਹੀ ਹੀ ਕੀਤੀ ਹੈ ਤੇ ਉਹਨਾਂ ਨੂੰ ਬੜੇ ਘਟੀਆ ਤੇ ਗਿਰੇ ਜਿਹੇ ਰੂਪ ਵਿੱਚ ਪੇਸ਼ ਕਰ ਦਿੱਤਾ ਹੈ। ਸੁਅੰਬਰ ਸਮੇਂ ਸ਼ਿਵ ਧਨੁੱਖ ਰਾਹੀਂ ਪਰੀਖਿਆ ਦੀ ਗੱਲ ਵੀ ਸ਼ਾਇਦ ਸਮਝ ਪੈ ਜਾਏ ਪਰ ਰਾਮ ਜੀ ਨੂੰ ਨਗਰ ਵਿੱਚ ਵੜਦਿਆਂ ਦੇਖ ਕੇ ਹੀ ਸੀਤਾ ਜੀ ਦਾ ਕਾਮ ਵੱਸ ਹੋ ਕੇ ਹਾਲੋਂ–ਬੇਹਾਲ ਹੋ ਜਾਣਾ ਕਥਾਨਕ ਨੂੰ ਬਹੁਤ ਘਟੀਆ ਬਣਾ ਗਿਆ ਹੈ। ਤ੍ਰਿਯਾ–ਚਰਿਤ੍ਰਾਂ ਵਾਲੀ ਲਿਖਤ ਦੀ ਤਰ੍ਹਾਂ ਇੱਥੇ ਵੀ ਇਹ ਸਾਕਤ–ਮੱਤੀਆ ਸ਼੍ਯਾਮ ਆਪਣੀ ਅਸ਼ਲੀਲਤਾ ਤੋਂ ਬਾਜ਼ ਨਹੀਂ ਆਇਆ।
ਸੀਆ ਪੇਖ ਰਾਮੰ॥ ਬਿਧੀ ਬਾਣ ਕਾਮੰ॥
ਗਿਰੀ ਝੂਮਿ ਭੂਮੰ॥ ਮਦੀ ਜਾਣ ਘੂਮੰ॥ (ਪੰਨਾ 196)
ਸੀਤਾ ਜੀ ਦਾ ਕਾਮ ਦੇ ਤੀਰਾਂ ਨਾਲ ਵਿੰਨਿਆ ਜਾਣਾ ਅਤੇ ਰਾਮ ਜੀ ਨੂੰ ਦੇਖਣ ਮਾਤਰ ਤੇ ਹੀ ਸ਼ਰਾਬੀ ਦੀ ਤਰ੍ਹਾਂ ਮਦ–ਮੱਸਤ ਹੋ ਕੇ ਚੱਕਰ ਖਾ ਕੇ ਧਰਤੀ ਤੇ ਡਿੱਗ ਪੈਣਾ ਧਰਮੀ ਪੁਰਖਾਂ ਨੂੰ ਜਚ ਨਹੀਂ ਰਿਹਾ ਪਰ ਸਾਕਤ ਮੱਤੀਏ ਸ਼੍ਯਾਮ ਦੀਆਂ ਕਾਮੁਕ ਰੁੱਚੀਆਂ ਆਦਿਕ ਦਾ ਅਸੀਂ ਕੀ ਕਰ ਸਕਦੇ ਹਾਂ?
(6) ਸੀਤਾ ਸੁਅੰਬਰ ਵੇਲੇ ਰਾਮ ਜੀ ਨੇ ਸ਼ਿਵ ਧਨੁੱਖ ਹੀ ਭੰਨ ਕੇ ਰਖ ਦਿੱਤਾ। ਪਰਸ਼ੂਰਾਮ ਜੀ ਆਏ ਅਤੇ ਉਹ ਰਾਮ ਜੀ ਤੇ ਵਰ੍ਹੇ ਤੇ ਦੋਹਾਂ ਵਿੱਚ ਜੰਗ ਹੋਇਆ। ਪਰਸ਼ੂਰਾਮ ਦਾ ਕੁਹਾੜਾ ਰਾਮ ਜੀ ਵਲੋਂ ਤੋੜ ਦਿੱਤਾ ਗਿਆ। ਇਥੇ ਇਹ ਗੱਲ ਧਿਆਨ ਮੰਗਦੀ ਹੈ ਕਿ ਪਰਸ਼ੂਰਾਮ ਜੀ ਪਿੱਛੇ ਜਿਹੇ ਵਿਸ਼ਨੂੰ ਜੀ ਦੇ 9ਵੇਂ ਅਵਤਾਰ ਦੇ ਤੌਰ ਤੇ ਬਿਆਨੇ ਜਾ ਚੁੱਕੇ ਹਨ ਪਰ ਇੱਥੇ ਫ਼ਿਰ ਆ ਟਪਕੇ ਹਨ। ਭਗਵਾਨ ਦੇ ਇਹਨਾਂ ਦੋਹਾਂ ਅਵਤਾਰਾਂ ਦੇ ਇਕੱਠੇ ਹੋ ਜਾਣ ਦੀ ਗੱਲ ਬੜੀ ਅਜੀਬ ਜਿਹੀ ਲਗਦੀ ਹੈ। ਇਹ ਦੋਵੇਂ ਵਿਸ਼ਨੂੰ ਜੀ ਦੇ ਹੀ ਅਵਤਾਰ ਹਨ ਅਤੇ ਕਹਾਣੀ ਵਿੱਚ ਆਪੋ ਵਿੱਚ ਵਿਰੋਧੀ ਦੱਸੇ ਗਏ ਹਨ।
(7) ਫ਼ਿਰ ਜਦੋਂ–ਜਦੋਂ ਧਰਮ ਦੀ ਗਲਾਨੀ ਹੁੰਦੀ ਹੈ ਧਰਮ ਦੀ ਸੰਸਥਾਪਨਾ ਲਈ ਭਗਵਾਨ ਜੀ ਵਲੋਂ ਦੇਹ ਰੂਪ ਵਿੱਚ ਜਨਮ ਲੈਣ ਤੇ ਭਾਂਤ ਸੁਭਾਂਤੀ ਕਾਰਵਾਈ ਪਾਉਂਦੇ ਫਿਰਨ ਦੀ ਗੱਲ ਤਾਂ ਸ਼ਾਇਦ ਕੁੱਝ ਬੰਦੇ ਮੰਨ ਹੀ ਜਾਣ ਪਰ ਹੁਣ ਇਹ ਦੋਵੇਂ ਭਗਵਾਨ ਆਪੋ ਵਿੱਚ ਜੰਗ ਕਰਦੇ ਦਸੇ ਗਏ ਹਨ ਅਤੇ ਇਸ ਗੱਲ ਨੂੰ ਪਚਾ ਸਕਣਾ ਕਾਫ਼ੀ ਔਖਾ ਹੈ। ਜੰਗ ਵੇਲੇ ਦੋ ਭਗਵਾਨਾਂ ਦਾ ਕਵੀ ਸ਼੍ਯਾਮ ਵਲੋਂ ਦਿੱਤਾ ਸਾਰਾ ਵਾਰਤਾਲਾਪ ਪੜ੍ਹਨ–ਸੁਣਨ ਵਾਲਾ ਹੈ। ਕੁੱਕੜਾਂ ਦੀ ਤਰ੍ਹਾਂ ਦੋਹਾਂ ਭਗਵਾਨਾਂ ਨੂੰ ਲੜਦਿਆਂ ਦੇਖ ਤੇ ਉਹਨਾਂ ਦੇ ਬਚਨ ਸੁਣ ਕੇ ਹਾਸਾ ਛੁੱਟ ਜਾਂਦਾ ਹੈ ਉਥੇ ਅਵਤਾਰਵਾਦ ਵਾਲਾ ਇਹ ਥੋਥਾ ਸਿਧਾਂਤ ਆਪਣੀ ਕਲਈ ਖੁਲ੍ਹ ਜਾਣ ਪਿੱਛੋਂ ਡਿਗਦਾ ਢਹਿੰਦਾ ਪ੍ਰਤੀਤ ਹੁੰਦਾ ਹੈ, ਯਥਾ :– ਪਰਸਰਾਮ ਬਾਚ ਰਾਮ ਸੋ :
ਜੇਤਕ ਬੈਨ ਕਹੇ ਸੁ ਕਹੇ, ਜੁ ਪੈ ਫੇਰਿ ਕਹੇ ਤੁ ਪੈ ਜੀਤ ਨ ਜੈਹੋ।
ਹਾਥਿ ਹਥਿਆਰ ਗਹੇ ਸੁ ਗਹੇ, ਜੁ ਪੈ ਫੇਰਿ ਗਹੇ ਤੁਪੈ ਫੇਰਿ ਨ ਲੈਹੋ।
ਰਾਮ ਰਿਸੈ ਰਣ ਮੈ ਰਘੁਬੀਰ ਕਹੋ ਭਜਿ ਕੈ ਕਤ ਪ੍ਰਾਨ ਬਚੈਹੋ।
ਤੋਰ ਸ਼ਰਾਸਨ ਸ਼ੰਕਰ ਕੋ, ਹਰਿ ਸੀਅ ਚਲੇ ਘਰਿ ਜਾਨ ਨ ਪੈਹੋ।150।।
(ਪੰਨਾ 198)
(ਜੋ ਗੱਲਾਂ ਮੂੰਹੋਂ ਕੱਢ ਚੁੱਕਾ ਹੈਂ; ਉਹ ਤਾਂ ਕੱਢੀਆਂ ਗਈਆਂ, ਹੁਣ ਹੋਰ ਫ਼ਾਲਤੂ ਗੱਲ ਮੂੰਹੋਂ ਕੱਢਣ ਨਾਲ ਜ਼ਿੰਦਾ ਵਾਪਸ ਨਹੀਂ ਜਾ ਸਕੇਂਗਾ। ਹੁਣ ਤਕ ਜੋ ਹਥਿਆਰ ਤੂੰ ਚੁੱਕ ਚੁੱਕਾ ਹੈਂ, ਚੁੱਕ ਚੁੱਕਾ ਹੈਂ; ਪਰ ਹੁਣ ਹੋਰ ਚੁੱਕ ਕੇ ਵਾਪਸ ਨਹੀਂ ਜਾ ਸਕੇਂਗਾ। ਪਰਸਰਾਮ ਨੇ ਗੁੱਸੇ ਵਿੱਚ ਕਿਹਾ ਕਿ ਹੇ ਰਾਮਚੰਦ੍ਰ, ਤੂੰ ਸ਼ੰਕਰ ਜੀ ਦਾ ਧਨੁੱਖ ਤੋੜ ਕੇ ਇਹ ਕਿਵੇਂ ਸੋਚ ਲਿਆ ਕਿ ਹੁਣ ਤੂੰ ਸੀਤਾ ਨੂੰ ਇੱਥੋਂ ਲੈ ਕੇ ਘਰ ਚਲਾ ਜਾਏਂਗਾ? )
ਰਾਮ ਬਾਚ ਪਰਸਰਾਮ ਸੋ :
ਬੋਲ ਕਹੇ ਸਹੇ ਦਿਜ ਜੂ, ਜੁ ਪੈ ਫੇਰਿ ਕਹੇ ਤੁ ਪੈ ਪ੍ਰਾਨ ਖ੍ਵੈਹੋ।
ਬੋਲਤ ਐਂਟ ਕਹਾਂ ਸਠ ਜਿੳਂੁ ਸਭ ਦਾਂਤ ਤੁਰਾਇ ਅਬੈ ਘਰਿ ਜੈਹੋ।
ਧੀਰ ਤਬੈ ਲਹਿਹੈ ਤੁਮ ਕਉ, ਜਦ ਭੀਰ ਪਰੀ ਇਕ ਤੀਰ ਚਲੈਹੋ।
ਬਾਤ ਸੰਭਾਰ ਕਹੋ ਮੁਖਿ ਤੇ, ਇਨ ਬਾਤਨ ਕੋ ਅਬ ਹੀ ਫਲ ਪੈਹੋ।151।
(ਪੰਨਾ 199)
(ਹੇ ਬਾਹਮਣ ਜੀ, ਜੋ ਬੋਲ ਤੂੰ ਬਕ ਚੁੱਕਿਆਂ ਹੈਂ, ਉਹ ਤਾਂ ਹੁਣ ਬੋਲੇ ਗਏ ਹਨ, ਪਰ ਜੇ ਤੂੰ ਦੁਬਾਰਾ ਉਹੋ ਬੋਲ ਬੇਲੇ ਤਾਂ ਜਾਨ ਤੋਂ ਹੱਥ ਧੋ ਬੈਠੇਂਗਾ। ਦੁਸ਼ਟ ਦੀ ਤਰ੍ਹਾਂ ਤੂੰ ਕੀ ਟਾਂ–ਟਾਂ ਲਗਾ ਰੱਖੀ ਹੈ, ਤੂੰ ਤਾਂ ਹੁਣੇ ਮੇਰੇ ਕੋਲੋਂ ਆਪਣੇ ਸਾਰੇ ਦੰਦ ਭੰਨਾ ਕੇ ਘਰ ਵਾਪਸ ਜਾਏਂਗਾ। ਤੂੰ ਠੰਡਾ ਹੀ ਤਦ ਹੋਵੇਂਗਾ ਜੇ ਮੈਂ ਤੈਨੂੰ ਇੱਕ ਅੱਧ ਤੀਰ ਠੋਕ ਦਿਆਂ। ਮੂੰਹ ਸੰਭਾਲ ਕੇ ਗੱਲ ਕਰ ਕਿਉਂਕਿ ਮੈਂ ਤੈਨੂੰ ਇਹਨਾਂ ਗੱਲਾਂ ਦਾ ਹੁਣੇ ਸੁਆਦ ਚਖਾਉਣਾ ਹੈ) (8) ਕੈਕਈ ਨੂੰ ਚੁੱਕਣਾ ਦੇਣ ਵਾਲੀ ਮੰਥਰਾ ਬ੍ਰਹਮਾ ਜੀ ਵਲੋਂ ਭੇਜੀ ਦਸ ਕੇ ਕਹਾਣੀ ਇਹ ਸਾਬਤ ਕਰਦੀ ਹੈ ਕਿ ਅਸਲ ਸ਼ਰਾਰਤ ਕੈਕਈ ਵਲੋਂ ਨਹੀਂ, ਬ੍ਰਹਮਾ ਜੀ ਵਲੋਂ ਕੀਤੀ ਗਈ ਸੀ। ਫ਼ਿਰ ਤਾਂ ਕੈਕਈ ਬਰੀ ਹੋ ਗਈ।
ਮੰਥਰਾ ਇਕ ਗਾਂਧ੍ਰਬੀ, ਬ੍ਰਹਮਾ ਪਠੀ ਤਿਹ ਕਾਲ॥
ਬਾਜ ਸਾਜ ਸਣੈ ਚੜ੍ਹੀ ਸਭ ਸ਼ੁਭ੍ਰ ਧਉਲ ਉਤਾਲ॥198॥...
ਜਾਤ ਹੀ ਸੰਗਿ ਕੇਕਈ ਇਹ ਭਾਂਤਿ ਬੋਲੀ ਬਾਤਿ॥
ਹਾਥ ਬਾਤ ਛੁਟ ਚਲੀ, ਬਰ ਮਾਂਗ ਹੈਂ ਕਿਹ ਰਾਤਿ॥199॥
(ਪੰਨਾ 203)
ਬ੍ਰਹਮਾ ਜੀ ਤ੍ਰੈਮੂਰਤੀ ਦੇ ਤਿੰਨ ਭਗਵਾਨਾਂ ਵਿੱਚੋਂ ਇੱਕ ਹਨ। ਕਮਾਲ ਦੇ ਹਨ ਇਹ ਭਗਵਾਨ ਤੇ ਕਮਾਲ ਦੇ ਹੀ ਹਨ ਇਹਨਾਂ ਦੇ ਅਵਤਾਰ; ਜਿਹਨਾਂ ਦਾ ਆਪੋ ਵਿੱਚ ਕੋਈ ਤਾਲ ਮੇਲ ਹੀ ਨਹੀਂ ਬਣ ਰਿਹਾ।
(9) ਕੁਬਚਨ ਬੋਲਣ ਵਿੱਚ ਲਗਪਗ ਸਾਰੇ ਪਾਤਰ ਹੀ ਸ਼ੇਰ ਬਣਾ ਕੇ ਪੇਸ਼ ਕੀਤੇ ਗਏ ਹਨ। ਵੈਸੇ ਅਵਤਾਰ–ਵਾਦੀ ਭਗਤ ਇਹਨਾਂ ਸਭ ਮਰਯਾਦਾ ਪੁਰਸ਼ੋਤਮਾਂ ਦੀ ਉਪਮਾ ਕਰਦੇ ਥਕਦੇ ਹੀ ਨਹੀਂ ਪਰ ਬੋਲਣ ਵੇਲੇ ਲਛਮਣ ਜੀ ਨੇ ਵੀ ਅੱਗਾ–ਪਿੱਛਾ ਨਹੀਂ ਦੇਖਿਆ। ਪਿਤਾ ਦਸ਼ਰਥ ਪ੍ਰਤੀ ਲਛਮਣ ਜੀ ਦੇ ਬਚਨ ਕੇਵਲ ਗੰਭੀਰ ਵਿਚਾਰ ਦੇ ਹੀ ਯੋਗ ਨਹੀਂ, ਬਹੁਤ ਇਤਰਾਜ਼ ਯੋਗ ਵੀ ਹਨ, ਯਥਾ :–
ਲਛਮਣ ਵਾਚ :
ਕਾਮ ਕੇ ਬਾਨ ਬਧਿਯੋ ਬਸ ਕਾਮਨਿ,
ਕੂਰ ਕੁਚਾਲ ਮਹਾਂ ਮਤਿ ਹੀਨੇ।
ਰਾਂਡ ਕੁਭਾਂਡ ਕੇ ਹਾਥਿ ਬਿਕਿਯੋ,
ਕਪਿ ਨਾਚਤ ਨਾਚ ਛਰੀ ਜਿਮ ਚੀਨੇ। (ਪੰਨਾ 207)
(ਸਾਡੀ ਮਤਰੇਈ ਮਾਂ ਕੈਕਈ ਨੇ ਕਾਮ ਦੇ ਤੀਰਾਂ ਨਾਲ ਸਾਡੇ ਪਿਤਾ ਦਸ਼ਰਥ ਨੂੰ ਵਿੰਨ੍ਹ ਰਖਿਆ ਹੈ ਅਤੇ ਉਸਦੀ ਕੁਚਾਲ ਨਾਲ ਉਹ ਨਿਰਬੁੱਧ ਹੋ ਗਿਆ ਹੈ ਉਹ ਗੰਦੀ ਤੇ ਰੰਡੀ ਔਰਤ ਦੇ ਹੱਥੋਂ ਵਿਕ ਕੇ ਉਸ ਹੱਥੋਂ ਬਾਂਦਰ ਦੀ ਤਰ੍ਹਾਂ ਨੱਚ ਰਿਹਾ ਹੈ।)
ਕਾਮ ਕੋ ਡੰਡ ਲੀਏ ਕਰ ਕੇਕਈ, ਬਾਨਰ ਜਿਉਂ ਨ੍ਰਿਪ ਨਾਚ ਨਚਾਵੈ॥
ਐਠਨ ਐਠ ਆਮੈਠ ਲੀਏ, ਢਿਗ ਬੈਠ ਸੂਆ ਜਿਮ ਪਾਠ ਪੜ੍ਹਾਵੈ॥
(ਪੰਨਾ 207)
(ਕੈਕਈ ਕਾਮ ਦਾ ਡੰਡਾ ਹੱਥ ਵਿੱਚ ਫੜ੍ਹ ਕੇ ਸਾਡੇ ਪਿਤਾ ਦਸ਼ਰਥ ਨੂੰ ਬਾਂਦਰ ਦੀ ਤਰ੍ਹਾਂ ਨਚਾ ਰਹੀ ਹੈ। ਹੰਕਾਰਨ ਤੇ ਅਮੋੜ ਕੈਕਈ ਦਸ਼ਰਥ ਕੋਲ ਬੈਠ ਕੇ ਉਸ ਨੂੰ ਤੋਤੇ ਦੀ ਤਰ੍ਹਾਂ ਪੁੱਠੇ ਸਬਕ ਪੜ੍ਹਾ ਰਹੀ ਹੈ। )
(10) ਬਨਵਾਸ ਦੌਰਾਨ ਇੱਕ ਦਿਨ ਰਾਮ ਜੀ ਗੋਦਾਵਰੀ ਕੰਢੇ ਗਏ ਤੇ ਉਹ ਸਰੂਪਨਖਾ ਦੇ ਬਾਗ਼ ਵਿੱਚ ਜਾ ਵੜੇ। ਉਹ ਰਾਮ ਵਲ ਵਿਮੋਹਿਤ ਹੋਈ ਤੇ ਉਸਨੇ ਰਾਮ ਨਾਲ ਸ਼ਾਦੀ ਕਰਨ ਦਾ ਇਰਾਦਾ ਜ਼ਾਹਿਰ ਕੀਤਾ। ਰਾਮ ਜੀ ਨੇ ਮਖ਼ੌਲ ਕਰਦਿਆਂ ਭਾਵੇਂ ਆਪਣੇ ਆਪ ਨੂੰ ਤਾਂ ਸ਼ਾਦੀ–ਸ਼ੁਦਾ ਦੱਸਿਆ ਪਰ ਉਸਨੂੰ ਲਛਮਣ ਵੱਲ ਭੇਜ ਦਿੱਤਾ ਜਦ ਕਿ ਲਛਮਣ ਵੀ ਵਿਆਹਿਆ ਹੋਇਆ ਸੀ। ਉਸਨੂੰ ਸ਼ਾਦੀ ਦਾ ਪ੍ਰਸਤਾਵ ਰਖਣ ਪੁਰ ਲਛਮਣ ਨੇ ਉਸਦਾ ਨੱਕ ਤੇ ਗੁੱਤ ਦੋਨੋ ਕੱਟ ਦਿੱਤੇ। ਸਰੂਪਨਖਾ, ਲਛਮਣ ਤੇ ਰਾਮ ਹੱਥੋਂ ਜ਼ਲੀਲ ਤੇ ਖ਼ੁਆਰ ਹੋਣ ਪਿੱਛੋਂ ਆਪਣੇ ਭਰਾ ਰਾਵਣ ਕੋਲ ਇਸ ਸਬੰਧੀ ਸ਼ਿਕਾਇਤ ਲੈ ਕੇ ਗਈ ਸੀ।
ਜੇ ਇਹ ਕਥਾਨਕ ਸਹੀ ਹੈ ਤਾਂ ਸੁਆਲ ਪੈਦਾ ਹੁੰਦਾ ਹੈ ਕਿ ਕੀ ਧਰਮ ਦੀ ਸੰਸਥਾਪਨਾ ਕਰਨ ਵਾਲੇ ਅਵਤਾਰ ਜੀ ਨੂੰ ਇੱਕ ਇਸਤ੍ਰੀ ਨਾਲ ਇਹ ਮਜ਼ਾਕ ਕਰਨਾ ਸ਼ੋਭਦਾ ਸੀ ਕਿ ਸਰੂਪਨਖ਼ਾ ਉਸਦੇ ਭਰਾ ਲਛਮਣ ਨਾਲ ਸ਼ਾਦੀ ਕਰ ਲਵੇ ਜਿਸ ਬਾਰੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੀ ਸੀ ਕਿ ਉਹ ਵੀ ਸ਼ਾਦੀ–ਸ਼ੁਦਾ ਹੈ। ਫ਼ਿਰ ਸਰੂਪਨਖਾ ਦਾ ਨੱਕ ਤੇ ਗੁੱਤ ਕੱਟ ਦੇਣੀ ਤਾਂ ਬੜਾ ਘਿਨਾਉਣਾ ਤੇ ਫ਼ੌਜਦਾਰੀ ਅਪਰਾਧ ਹੈ।
(11) ਰਾਮ ਅਤੇ ਲਛਮਣ ਨੂੰ ਮਾਰਨ ਲਈ ਰਾਵਣ ਦੇ ਘਲੇ ਦੋ ਦੈਂਤ ਖਰ ਤੇ ਦੂਸ਼ਣ ਵੀ ਮਾਰੇ ਗਏ। ਰਾਵਣ ਦੇ ਭੇਜੇ ਮਾਰੀਚ ਦੈਂਤ ਨੇ ਸੁਨਹਿਰੀ ਹਿਰਨ ਬਣ ਕੇ ਰਾਮ–ਸੀਤਾ ਦੀ ਕੁਟੀਆ ਵਲ ਜਾਣਾ ਕੀਤਾ। ਸੀਤਾ ਜੀ ਦੇ ਕਹੇ ਤੇ ਰਾਮ ਹਿਰਨ ਦੇ ਸ਼ਿਕਾਰ ਤੇ ਤੁਰ ਪਏ। ਸੀਤਾ–ਹਰਨ ਵਾਲੇ ਪ੍ਰਸੰਗ ਵਿੱਚ ਸਾਫ਼ ਲਿਖਿਆ ਗਿਆ ਹੈ ਕਿ ਇਸ ਛਲ ਭਰਪੂਰ ਹਿਰਨ ਬਾਰੇ ਰਾਮ ਜੀ ਨੂੰ ਸਭ ਕੁੱਝ ਪਹਿਲਾਂ ਹੀ ਮਲੂਮ ਸੀ। ਇਸ ਬਾਰੇ ਸਭ ਕੁੱਝ ਸੀਤਾ ਤੇ ਲਛਮਣ ਨੂੰ ਦਸ ਦੇਣ ਪਿੱਛੋਂ ਹਿਰਨ ਮਗਰ ਦੌੜਨ ਤੇ ਲਛਮਣ ਨੂੰ ਸੀਤਾ ਦੀ ਰਖਵਾਲੀ ਕਰਨ ਦੀ ਤਾਕੀਦ ਦੀ ਤੁਕ ਬੇ–ਮਾਅਨੀ ਹੈ, ਪਰ ਧਨ ਹਨ ਅਵਤਾਰ–ਵਾਦੀ ਭਗਤ ਜੋ ਇਸ ਸਭ ਕਾਸੇ ਨੂੰ ਭਗਵਾਨ ਜੀ ਦੀ ਲੀਲਾ ਕਹਿੰਦੇ ਨਹੀਂ ਥਕਦੇ। ਭਗਵਾਨ ਜੀ ਦੇ ਸੀਤਾ ਤੇ ਲਛਮਣ ਪ੍ਰਤੀ ਕਹੇ ਬਚਨ ਵਿਚਾਰਨੀਯ ਹਨ :–
ਰਾਮ ਬਾਚ :
ਸੀਅ ਮ੍ਰਿਗਾ ਕਹੂੰ ਕੰਚਨ ਕੋ ਨਹਿ ਕਾਨ ਸੁਨ੍ਯੋ ਬਿਧਿ ਨੈ ਨ ਬਨਾਯੋ॥
ਬੀਸ ਬਿਸਵੇ ਛਲ ਦਾਨਵ ਕੋ ਬਨ ਮੈ ਜਿਹ ਆਨ ਤੁਮੈ ਡਹਕਾਯੋ॥
ਪਿਆਰੀ ਕੋ ਆਇਸ ਮੇਟ ਸਕੈ ਨ ਬਿਲੋਕ ਸੀਆ ਕੋ ਆਤੁਰ ਭਾਰੀ॥
ਬਾਂਧਿ ਨਿਖੰਗ ਚਲੇ ਕਟਿ ਸੌਂ ਕਹਿ ਭ੍ਰਾਤ ਈਹਾਂ ਕਰਿਜੈ
ਰਖਵਾਰੀ॥353॥
(ਪੰਨਾ 216)
ਮਾਰੀਚ ਨੇ ਰਾਮ ਦੀ ਨਕਲ ਉਤੇ ਉਹਨਾਂ ਦੀ ਆਵਾਜ਼ ਵਿੱਚ ਚੀਕਾਂ ਮਾਰੀਆਂ। ਲਛਮਣ ਨੇ ਸੀਤਾ ਦੀ ਕੁਟੀਆ ਤੇ ਰਾਮ–ਕਾਰ ਵਾਲੀ ਰੇਖਾ ਖਿੱਚ ਕੇ ਉਸਨੂੰ ਉਸਦੇ ਅੰਦਰ ਰਹਿਣ ਦੀ ਹਿਦਾਇਤ ਕਰ ਦਿੱਤੀ ਸੀ। ਲਛਮਣ ਰਾਮ ਦੀ ਆਵਾਜ਼ ਵਾਲੇ ਪਾਸੇ ਨੂੰ ਦੌੜਿਆ। ਪਿੱਛੋਂ ਰਾਵਣ ਜੋਗੀ ਦਾ ਭੇਸ ਧਾਰ ਕੇ ਸੀਤਾ ਜੀ ਕੋਲ ਪੁੱਜਿਆ ਤੇ ਸੀਤਾ ਜੀ ਦੇ ਰਾਮ–ਕਾਰ ਰੇਖਾ ਤੋਂ ਬਾਹਰ ਵਾਰ ਆ ਕੇ ਭਿੱਛਿਆ ਦੇਣ ਸਮੇਂ ਉਹਨਾਂ ਨੂੰ ਚੁੱਕ ਕੇ ਲੰਕਾ ਵੱਲ ਹਵਾ ਦੇ ਰਸਤੇ ਉੱਡ ਕੇ ਜਾ ਪੁੱਜਾ।
ਇਹ ਗੱਲ ਸਮਝ ਨਹੀਂ ਆਉਂਦੀ ਕਿ ਜੇ ਲਛਮਣ ਐਸੀ ਰਾਮ– ਕਾਰ ਜਾਂ ਲਛਮਣ ਰੇਖਾ ਖਿੱਚ ਸਕਦਾ ਸੀ ਜਿਸਦੇ ਅੰਦਰ–ਅੰਦਰ ਰਹਿਣ ਨਾਲ ਸੀਤਾ ਦੁਸ਼ਮਣ ਦੀ ਪਕੜ ਵਿੱਚ ਨਹੀਂ ਸੀ ਆ ਸਕਦੀ ਤਾਂ ਕੀ ਸੀਤਾ ਜੀ ਨੂੰ ਇਤਨੀ ਆਮ ਪੱਧਰ ਜਿਡੀ ਸਮਝ ਵੀ ਕਿਉਂ ਨਹੀਂ ਸੀ ਕਿ ਉਸ ਰੇਖਾ ਦੇ ਅੰਦਰ–ਅੰਦਰ ਰਹਿੰਦੀ ਅਤੇ ਕੀ ਲਛਮਣ ਨੂੰ ਵੀ ਉਸ ਵੇਲੇ ਤਕ ਇਤਨੀ ਗੱਲ ਵੀ ਸਾਫ਼ ਨਹੀਂ ਸੀ ਹੋ ਸਕੀ ਕਿ ਸੀਤਾ ਜੀ ਲਛਮਣ–ਰੇਖਾ ਜਾਂ ਰਾਮ ਕਾਰ ਦੇ ਅੰਦਰ ਟਿਕ ਕੇ ਰਹਿਣ ਵਾਲੀ ਚੀਜ਼ ਨਹੀਂ ਸਨ?
(12) ਰਾਮ ਜੀ ਨੇ ਬਾਲੀ ਦੇ ਭਰਾ ਸੁਗ੍ਰੀਵ ਨੂੰ ਬਾਲੀ–ਵਿਰੁੱਧ ਆਪਣੇ ਨਾਲ ਗੰਢ ਲਿਆ ਸੀ। ਹਨੂਮਾਨ ਨੇ ਸਮੁੰਦਰ ਪਾਰ ਕਰ ਕੇ ਰਾਵਣ ਦੀ ਅਸ਼ੋਕ ਵਾਟਿਕਾ ਜਾ ਉਜਾੜੀ ਤੇ ਸੀਤਾ ਜੀ ਨੂੰ ਜਾ ਮਿਲਿਆ। ਬਾਲੀ ਦੇ ਲੜਕੇ ਅੰਗਦ ਅਤੇ ਰਾਵਣ ਦੇ ਭਰਾ ਵਿਭੀਸ਼ਣ ਨੂੰ ਵੀ ਰਾਮ ਜੀ ਨੇ ਆਪਣੇ ਨਾਲ ਗੰਢ ਲਿਆ ਸੀ। ‘ਪਾੜੋ ਤੇ ਰਾਜ ਕਰੋ’ ਵਾਲੀ ਨੀਤੀ ਘਟੋ ਘਟ ਧਰਮ ਸੰਸਥਾਪਨਾ ਕਰਨ ਵਾਲੇ ਭਗਵਾਨ ਲਈ ਤਾਂ ਇਤਰਾਜ਼–ਯੋਗ ਹੀ ਹੈ।
(13) ਕੁੰਭਕਰਨ ਸੌਂਦਾ ਸੀ ਤਾਂ ਉਸਦੀਆਂ ਨਾਸਾਂ ਵਿੱਚ ਹਾਥੀ ਤੇ ਘੋੜੇ ਵੜ ਜਾਂਦੇ ਸਨ। ਰਾਵਣ ਨੇ ਲਛਮਣ ਤੇ ਹਮਲਾ ਬੋਲ ਕੇ ਉਸ ਨੂੰ ਮ੍ਰਿਤ ਸਮਾਨ ਜਾਂ ਬੇਹੋਸ਼ ਜਿਹਾ ਕਰ ਦਿੱਤਾ ਸੀ। ਹਨੂੰਮਾਨ ਉਸ ਨੂੰ ਰਾਜ਼ੀ ਕਰਨ ਲਈ ਸੰਜੀਵਨੀ ਲੈਣ ਗਿਆ ਪਰ ਸਾਰਾ ਪਹਾੜ ਚੁੱਕ ਲਿਆਇਆ। ਇਥੇ ਕਹਾਣੀ ਗ਼ੈਰ–ਕੁਦਰਤੀ ਅਤੇ ਮਨਘੜਤ ਕਥਾਨਕਾਂ ਤੇ ਅਜਿਹੀਆਂ ਗੱਲਾਂ ਨਾਲ ਭਰੀ ਪਈ ਹੈ ਜਿਸ ਉਤੇ ਵਿਗਿਆਨਕ ਸੋਚ ਵਾਲਾ ਕੋਈ ਬੰਦਾ ਵਿਸ਼ਵਾਸ ਨਹੀਂ ਕਰ ਸਕਦਾ।
(14) ਇੱਕ ਬੰਦਾ ਆਪਣਾ ਮੋਇਆ ਮੁੰਡਾ ਚੁੱਕ ਕੇ ਰਾਮ ਜੀ ਕੋਲ ਲੈ ਆਇਆ ਤੇ ਪਤਾ ਚਲਿਆ ਕਿ ਰਾਮ ਜੀ ਦੇ ਵੱਧੀਆ ਰਾਜ ਵਿੱਚ ਇਹ ਮੁੰਡਾ ਕੇਵਲ ਇਸ ਕਰ ਕੇ ਕੁਵੇਲੇ ਮਰ ਗਿਆ ਸੀ ਕਿਉਂਕਿ ਰਾਮ–ਰਾਜ ਵਿੱਚ ਇੱਕ ਵੱਡਾ ਪਾਪ ਕਰਮ ਵਾਪਰ ਰਿਹਾ ਸੀ ਕਿ ਇੱਕ ਸ਼ੂਦਰ ਸੰਭੂਕ ਜੰਗਲ ਵਿੱਚ ਜਾਂ ਖੂਹ ਵਿੱਚ ਪੁੱਠਾ ਲਟਕ ਕੇ ਤਪ ਕਰ ਰਿਹਾ ਹੈ। ਐਸੇ ਰਾਜ ਨੂੰ ਆਦਰਸ਼ਕ ਤੇ ਧਰਮ ਦਾ ਰਾਜ ਕਿਵੇਂ ਮੰਨਿਆ ਜਾ ਸਕਦਾ ਹੈ ਜਿਸ ਵਿੱਚ ਦਲਿਤਾਂ ਨੂੰ ਸ਼ੂਦ੍ਰ ਕਰਾਰ ਦੇ ਕੇ ਉਹਨਾਂ ਤੇ ਇਤਨਾ ਜ਼ੁਲਮ ਕੀਤਾ ਜਾਂਦਾ ਸੀ?
(15) ਜਦੋਂ ਮਹਿਲਾਂ ਵਿੱਚ ਸੀਤਾ ਦੇ ਗਰਭਵਤੀ ਹੋਣ ਬਾਰੇ ਪਤਾ ਚਲਿਆ ਸੀ ਤਾਂ ਸੀਤਾ ਨੂੰ ਲਛਮਣ ਰਾਹੀਂ ਧੋਖੇ ਨਾਲ ਜੰਗਲ ਵਿੱਚ ਸੁੱਟ ਦਿੱਤਾ ਗਿਆ ਜੋ ਅੰਤਾਂ ਦਾ ਧੱਕੇ ਵਾਲਾ ਕਰਮ ਸੀ। ਸੀਤਾ ਨੂੰ ਵਾਲਮੀਕੀ ਜੀ ਦੀ ਕੁਟੀਆ ਨੇੜੇ ਸੁਟਿਆ ਗਿਆ ਸੀ ਜਿਥੇ ਵਾਲਮੀਕੀ ਜੀ ਚੰਡੀ ਦੀ ਅਰਾਧਨਾ ਕਰ ਰਹੇ ਸਨ। ਵੈਸੇ ਉਸ ਜੁਗ ਦੀਆਂ ਮਿਥਿਹਾਸਕ ਪੁਸਤਕਾਂ ਵਿੱਚ ਵੀ ਚੰਡੀ ਜਾਂ ਚੰਡੀ ਪੂਜਾ ਦਾ ਕਿਤੇ ਕੋਈ ਜ਼ਿੱਕਰ ਨਹੀਂ।
ਉਥੇ ਸੀਤਾ ਦਾ ਪੁੱਤਰ ਲਵ ਜੰਮਿਆ। ਇੱਕ ਦਿਨ ਸੀਤਾ ਨਦੀ ਵਿੱਚ ਨਹਾਉਣ ਗਈ। ਪਿੱਛੋਂ ਸੀਤਾ ਦਾ ਪੁੱਤਰ ਲਵ ਗ਼ਾਇਬ ਦੇਖ ਕੇ ਰਿਸ਼ੀ ਨੇ ਘਾਹ ਦੇ ਗੱਠੇ ਵਿੱਚ ਫੂਕ ਮਾਰ ਕੇ ਕੁਸ਼ ਨਾਮ ਦਾ ਦੂਜਾ ਮੁੰਡਾ ਤਿਆਰ ਕਰ ਲਿਆ। ਘਾਹ ਵਿੱਚ ਭਾਵੇਂ ਰਿਸ਼ੀ ਫੂਕਾਂ ਮਾਰੇ ਭਾਵੇਂ ਹੋਰ ਕੋਈ, ਇਸ ਤਰ੍ਹਾਂ ਮੁੰਡਾ ਜੰਮ ਸਕਣਾ ਕੁਦਰਤੀ ਨਿਯਮਾਂ ਦੇ ਵਿਰੁੱਧ ਹੋਣ ਕਰਕੇ ਸੰਭਵ ਹੀ ਨਹੀਂ।
ਰਾਮ ਨੇ ਅਸ਼ਵਮੇਧ ਜੱਗ ਕੀਤਾ। ਘੋੜੇ ਨੂੰ ਬਾਕੀ ਰਾਜਿਆਂ ਰਜਵਾੜਿਆਂ ਨੇ ਤਾਂ ਈਨ ਮੰਨਦਿਆਂ ਲੰਘਣ ਦਿੱਤਾ ਪਰ ਲਵ–ਕੁਸ਼ ਨੇ ਘੋੜਾ ਬੰਨ੍ਹ ਲਿਆ ਤੇ ਜੰਗ ਕੀਤਾ। ਸ਼ਤਰੂਘਨ ਤੇ ਰਾਮ ਜੀ ਸਮੇਤ ਚਾਰੋਂ ਭਰਾ ਜੰਗ ਵਿੱਚ ਮਾਰੇ ਗਏ। ਜਦੋਂ ਚੌਹਾਂ ਦੀਆਂ ਮਿਰਤਕ ਦੇਹਾਂ ਸੀਤਾ ਦੇ ਸਾਹਮਣੇ ਲਿਆਂਦੀਆਂ ਗਈਆਂ ਤਾਂ ਸੀਤਾ ਨੇ ਪਹਿਲਾਂ ਤਾਂ ਰਾਮ ਨਾਲ ਸਤੀ ਹੋ ਜਾਣ ਦਾ ਮਨ ਬਣਾਇਆ ਪਰ ਫ਼ਿਰ ਸੰਕਲਪ ਕੀਤਾ ਕਿ ਜੇ ਉਸਦੀ ਪਵਿਤ੍ਰਤਾ ਸੱਚੀ ਹੈ ਤਾਂ ਇਹ ਚਾਰੋਂ ਭਰਾ ਜ਼ਿੰਦਾ ਹੋ ਜਾਣ। ਸਭ ਭਰਾ ਉਠ ਖੜੇ੍ਹ ਹੋਏ। ਸਭ ਅਯੁਧਿਆ ਪੁੱਜੇ ਤੇ ਕਈ ਵੱਡੇ–ਵੱਡੇ ਜੱਗ ਕੀਤੇ। ਸ੍ਰੀ ਰਾਮਚੰਦਰ ਜੀ ਨੇ 10010 ਸਾਲ ਰਾਜ ਕੀਤਾ। ਇਸ ਤੋਂ ਪਹਿਲੇ ਆਏ ਹਿੱਸੇ ਵਿੱਚ ਉਹ 10000 ਸਾਲ ਪਹਿਲਾਂ ਵੀ ਰਾਜ ਕਰ ਚੁੱਕੇ ਹਨ। ਉਹਨਾਂ ਨੇ ਸਾਮ, ਦਾਮ, ਢੰਡ, ਭੇਦ ਦੀਆਂ ਸਾਰੀਆਂ ਵਿਧੀਆਂ ਲਾਗੂ ਕੀਤੀਆਂ ਅਤੇ ਜਾਤ–ਪਾਤਿ ਦੇ ਵਰਣ ਵਿਤਕਰੇ ਲਾਗੂ ਕੀਤੇ।
ਇੱਕ ਦਿਨ ਸੀਤਾ ਜੀ ਨੇ ਘਰ ਦੀ ਕੰਧ ਉਤੇ ਰਾਵਣ ਦੀ ਤਸਵੀਰ ਬਣਾਈ। ਰਾਮ ਜੀ ਨੂੰ ਸ਼ਕ ਪੈ ਜਾਣ ਕਾਰਨ ਸਹਿ ਨਾ ਸਕੇ। ਸੀਤਾ ਜੀ ਨੂੰ ਮਹਿਸੂਸ ਹੋ ਗਿਆ ਕਿ ਉਸ ਦੇ ਆਚਰਨ ਤੇ ਰਾਮ ਨੂੰ ਸ਼ਕ ਹੈ। ਉਸ ਨੇ ਦੁਖੀ ਹੋ ਕੇ ਧਰਤੀ ਮਾਤਾ ਨੂੰ ਮੁਖ਼ਾਤਿਬ ਕੀਤਾ ਅਤੇ ਉਸੇ ਵਿੱਚ ਸਮਾ ਗਈ। ਰਾਮ ਜੀ ਇਹ ਗੱਲ ਬਰਦਾਸ਼ਤ ਨਾ ਕਰ ਸਕੇ ਤੇ ਉਹ ਵੀ ਚਲਾਣਾ ਕਰ ਗਏ ਤੇ ਫ਼ਿਰ ਉਸ ਪਿੱਛੋਂ ਤਿੰਨ ਭਰਾ ਤੇ ਉਹਨਾਂ ਦੀਆਂ ਪਤਨੀਆਂ ਸਤੀ ਹੋ ਗਈਆਂ। ਪੰਨਾ 253–254 ਦੇ 858 ਤੇ 859 ਨੰਬਰ ਬੰਦਾਂ ਵਿੱਚ ਹੇਠ ਲਿਖੇ ਅਨੁਸਾਰ ਰਾਮ ਕਥਾ ਦਾ ਮਹਾਤਮ ਦਸਦਿਆਂ ਕਵੀ ਸ਼੍ਯਾਮ ਕਹਿ ਰਿਹਾ ਹੈ ਕਿ ਰਾਮ ਦੀ ਇਹ ਕਹਾਣੀ ਜੁਗੋ ਜੁਗ ਅਟਲ ਹੈ ਤੇ ਰਾਮ ਜੀ ਇਹ ਸਭ ਕੌਤਕ ਕਰ ਕੇ ਸਾਰੇ ਸ਼ਹਿਰ ਸਮੇਤ ਸਰੀਰ ਤਿਆਗ ਗਏ ਅਤੇ ਇਸ ਕਹਾਣੀ ਨੂੰ ਗਾਉਣ ਜਾਂ ਸੁਣਨ ਨਾਲ ਕੋਈ ਦੁਖ ਤਕਲੀਫ਼ ਤੇ ਰੋਗ ਮਨੁੱਖ ਦੇ ਨੇੜੇ ਨਹੀਂ ਫਟਕ ਸਕਦਾ, ਯਥਾ:–
ਰਾਮ ਕਥਾ ਜੁਗ ਜੁਗ ਅਟਲ, ਸਭ ਕੋਈ ਭਾਖਤ ਨੇਤ॥
ਸੁਰਗਬਾਸ ਰਘੁਬਰ ਕਰਾ, ਸਗਰੀ ਪੁਰੀ ਸਮੇਤ॥858॥ (ਪੰਨਾ 253)
ਜੋ ਇਹ ਕਥਾ ਸੁਨੈ ਅਰੁ ਗਾਵੈ॥
ਦੂਖ ਪਾਪ ਤਿਹ ਨਿਕਟਿ ਨ ਆਵੈ॥
ਬਿਸ਼ਨ ਭਗਤਿ ਕੀ ਏ ਫਲ ਹੋਈ॥
ਆਧਿ ਬ੍ਯਾਧਿ ਛ੍ਵੈ ਸਕੈ ਨ ਕੋਈ॥859॥
(ਪੰਨਾ 254)

ਪਰ ਸ਼੍ਯਾਮ ਨੇ ਪੰਨਾ 254 ਦੇ ਬੰਦ 863 ਵਿੱਚ ਬੜੀ ਬੇਬਾਕੀ ਤੇ ਸਪੱਸ਼ਟਤਾ ਨਾਲ ਇਹ ਲਿਖ ਦਿੱਤਾ ਹੈ ਕਿ ਹੇ ਕਾਲ ਦੇਵ, ਜਦ ਦਾ ਮੈਂ ਤੇਰਾ ਸੇਵਕ ਬਣਿਆ ਹਾਂ ਹੋਰ ਸਭ ਦੇਵੀ–ਦੇਵਤਿਆਂ ਨੂੰ ਟਿਚ ਤੇ ਬੇਕਾਰ ਸਮਝਿਆ ਹੈ। ਰਾਮ, ਰਹੀਮ ਤੇ ਪੁਰਾਨ ਕੁਰਾਨ ਵਿੱਚੋਂ ਮੈਂ ਕਿਸੇ ਨੂੰ ਨਹੀਂ ਮੰਨਦਾ। ਸਿਮ੍ਰਿਤੀਆਂ, ਸ਼ਾਸਤ੍ਰਾਂ, ਬੇਦਾਂ ਆਦਿਕਾਂ ਵਿੱਚੋਂ ਵੀ ਮੈਂ ਕਿਸੇ ਚੀਜ਼ ਨੂੰ ਨਹੀਂ ਮੰਨਦਾ, ਯਥਾ :–
ਪਾਂਇ ਗਹੇ ਜਬ ਤੇ ਤੁਮਰੇ, ਤਬ ਤੇ ਕੋਊ ਆਂਖ ਤਰੇ ਨਹੀਂ ਆਨ੍ਯੋ॥
ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੈਂ ਮਤ ਏਕ ਨ ਮਾਨ੍ਯੋ॥
ਸਿਮ੍ਰਿਤਿ ਸ਼ਾਸਤ੍ਰ ਬੇਦ ਸਭੈ, ਬਹੁ ਭੇਦ ਕਹੈਂ ਹਮ ਏਕ ਨ ਜਾਨ੍ਯੋ॥
ਸ੍ਰੀ ਅਸਪਾਨ ਕ੍ਰਿਪਾ ਤੁਮਰੀ ਕਰਿ, ਮੈਂ ਨ ਕਹ੍ਯੋ ਸਭ ਤੋਹਿ
ਬਖਾਨ੍ਯੋ॥863 (ਪੰਨਾ 254)
ਰਾਮ–ਕਥਾ ਵਿੱਚ ਦਰਜ ਕਪੋਲ ਕਾਲਪਨਿਕ ਘਟਨਾਵਾਂ ਨਜ਼ਰ– ਅੰਦਾਜ਼ ਨਹੀਂ ਕੀਤੀਆਂ ਜਾ ਸਕਦੀਆਂ ਪਰ ਉਂਝ ਇਹ ਰਾਮ–ਅਵਤਾਰ ਦੀ ਕਥਾ ਵੀ ਚੰਡੀ ਦੇਵੀ ਦੀ ਪੂਜਾ ਤੇ ਹੋਰ ਕਈ ਪ੍ਰਕਾਰ ਦੇ ਬ੍ਰਾਹਮਣੀ ਕਰਮ–ਕਾਂਡਾਂ ਨੂੰ ਕਰਨ ਲਈ ਪ੍ਰਰਨਾ ਦਿੰਦੀ ਹੈ। ਇਹ ਕਥਾ ਜਾਤ–ਪਾਤਿ ਵਿਤਕਰਿਆਂ ਨੂੰ ਪੂਰੀ ਤਰ੍ਹਾਂ ਮੰਨਣ ਦੀ ਪ੍ਰਰਨਾ ਦਿੰਦੀ ਹੈ ਅਤੇ ਇਹਨਾਂ ਦਾ ਭਰਵਾਂ ਪ੍ਰਚਾਰ ਕਰਦੀ ਹੈ। ਇਹ ਅਵਤਾਰ ਕਹਾਣੀ ਵਿਸ਼ਨੂੰ ਤੇ ਇਸਦੇ ਅਵਤਾਰ ਦਾ ਬਹੁਤ ਮਾਣ ਕਰਦੀ ਹੈ। ਇਹ ਸਾਮ, ਦਾਮ, ਦੰਡ, ਭੇਦ ਆਦਿਕ ਸਭ ਨੀਤੀਆਂ ਅਪਨਾਉਣ ਦੀ ਸਿਖਿਆ ਦਿੰਦੀ ਹੈ ਜੋ ਧਰਮ ਤੇ ਨੀਤੀ ਦੇ ਨਾਮ ਤੇ ਅਪਰਾਧ ਹੀ ਹੈ। ਅਚੇਤ ਤੌਰ ਤੇ ਇਹ ਕਥਾ ਔਰਤਾਂ ਉਤੇ ਸਖ਼ਤੀ ਅਤੇ ਅਤਿਆਚਾਰ ਸਿਖਾਉਂਦੀ ਹੈ। ਸੀਤਾ ਨੂੰ ਬਿਨਾ ਕਿਸੇ ਗ਼ਲਤੀ ਦੇ ਜੰਗਲਾਂ ਵੱਲ ਧੋਖੇ ਨਾਲ ਧੱਕ ਦੇਣ ਨੂੰ ਭਗਵਾਨ ਦੀ ਲੀਲਾ ਦਸਦੀ ਹੈ।
ਬਹੁ ਬਿਧਿ ਕਰੋ ਰਾਜ ਕੋ ਸਾਜਾ॥ ਦੇਸ ਦੇਸ ਕੇ ਜੀਤੇ ਰਾਜਾ॥
ਸਾਮ ਦਾਮ ਅਰੁ ਦੰਡ ਸਭੇਦਾ॥ ਜਿਹ ਬਿਧਿ ਹੁਤੀ ਸ਼ਾਸਨਾ ਬੇਦਾ॥
(ਪੰਨਾ 252)
ਛਤ੍ਰੀ ਕਰੈ ਬਿਪ੍ਰ ਕੀ ਸੇਵਾ॥ ਬੈਸ ਲਖੈ ਛਤ੍ਰੀ ਕਹ ਦੇਵਾ॥
ਸ਼ੂਦ੍ਰ ਸਭਨ ਕੀ ਸੇਵ ਕਮਾਵੈ॥ ਜਹਂ ਕੋਈ ਕਹੈ, ਤਹੀਂ ਵਹ ਧਾਵੈ॥
(ਪੰਨਾ 252)


12/06/16)
ਸੁਖਵਿੰਦਰ ਕੌਰ ‘ਹਰਿਆਓ’

(ਲੇਖ)
ਸਚੁ ਕੀ ਬੇਲਾ
ਵਿਸ਼ਾ: ਮੈਂ ਖੁਦਕੁਸ਼ੀ ਕਿਉਂ ਕਰਾਂ?
ਅੱਜ-ਕੱਲ੍ਹ ਨਿੱਤ ਅਖ਼ਬਾਰਾਂ ਦੀ ਸੁਰਖੀ ਹੁੰਦੀ ਹੈ ਕਿ ਕਰਜੇ ਤੋਂ ਤੰਗ ਆ ਕੇ ਕਿਸਾਨ ਨੇ ਫਾਹਾ ਲੈ ਜਾਂ ਕੋਈ ਜ਼ਹਿਰ (ਸਪਰੇਅ) ਪੀ ਕੇ ਆਤਮ-ਹੱਤਿਆ ਕਰ ਲਈ ਹੈ। ਖ਼ਬਰ ਪੜ੍ਹਨ ਵਾਲੇ ਹਰ ਇਨਸਾਨ ਦੇ ਦਿਮਾਗ `ਚ ਸਰਕਾਰ ਪ੍ਰਤੀ ਗੁੱਸਾ ਅਤੇ ਕਿਸਾਨ ਪ੍ਰਤੀ ਹਮਦਰਦੀ ਪੈਦਾ ਹੁੰਦੀ ਹੈ। ਕਿਸਾਨ ਤਰਸ ਦਾ ਪਾਤਰ ਬਣ ਕੇ ਰਹਿ ਜਾਂਦਾ ਹੈ। ਕਿਸਾਨ ਯੂਨੀਅਨ ਦੀਆਂ ਜੱਥੇਬੰਦੀਆਂ ਵਲੋਂ ਧਰਨੇ ਦਿੱਤੇ ਜਾਂਦੇ ਹਨ। ਫਿਰ ਰੋਸ-ਰੈਲੀਆਂ ਵੀ ਕੱਢੀਆਂ ਜਾਂਦੀਆਂ ਹਨ। ਇਹਨਾਂ ਜੱਥੇਬੰਦੀਆਂ ਵਲੋਂ ਕਿਸਾਨ ਦਾ ਕਰਜਾ ਮਾਫ਼ੀ ਦੀਆਂ ਮੰਗਾਂ ਸਰਕਾਰ ਸਾਹਮਣੇ ਰੱਖੀਆਂ ਜਾਂਦੀਆਂ ਹਨ। ਕਿਸਾਨ ਦਾ ਪਰਿਵਾਰ ਦਾਣੇ-ਦਾਣੇ ਤੋਂ ਤਰਸ ਜਾਂਦਾ ਹੈ। ਕਈ ਵਾਰ ਤਾਂ ਜ਼ਮੀਨ ਘਰ ਵੀ ਨਿਲਾਮ ਹੋ ਜਾਂਦੇ ਹਨ। ਇਸ ਦੀ ਦੋਸ਼ੀ ਸਰਕਾਰ ਮੰਨੀ ਜਾਂਦੀ ਹੈ। ਜੇਕਰ ਇੱਕ ਨਜ਼ਰ ਨਾਲ ਵੇਖੀਏ ਤਾਂ ਆਪਣੀ ਮੌਤ ਦਾ ਜ਼ਿੰਮੇਵਾਰ ਕਿਸਾਨ ਖੁਦ ਹੁੰਦਾ ਹੈ।
ਜੇਕਰ ਕਿਸਾਨ ਨੇ ਬੈਂਕ ਵਲੋਂ ਕਰੁਕੀ ਲਈ ਹੁੰਦੀ ਹੈ ਤਾਂ ਹੀ ਆਉਂਦੇ ਹਨ। ਕਿਸਾਨ ਬੈਂਕਾਂ ਵਲੋਂ ਲੋਨ ਅਤੇ ਆੜਤੀਏ ਤੋਂ ਲੋੜ ਨਾਲੋਂ ਵੱਧ ਕਰਜ ਚੁੱਕ ਲੈਂਦਾ ਹੈ। ਆੜਤੀਆ ਮੱਲੋ-ਮੱਲੀ ਤਾਂ ਵੱਧ ਪੈਸੇ ਨਹੀਂ ਦਿੰਦਾ। ਪੈਸੇ ਦਾ ਲੈਣ ਦੇਣ ਧੁਰੋਂ ਚਲਦਾ ਆਇਆ ਹੈ। ਜੇਕਰ ਕੋਈ ਚਾਦਰ ਤੋਂ ਵੱਧ ਪੈਰ ਪਸਾਰਦਾ ਹੈ ਤਾਂ ਦੋਸ਼ ਚਾਦਰ ਦਾ ਨਹੀਂ ਪੈਰ ਪਸਾਰਨ ਵਾਲੇ ਦਾ ਹੁੰਦਾ ਹੈ।
ਵਿੱਤੋਂ ਵੱਧ ਖ਼ਰਚ, ਫੋਕੀ ਟੌਹਰ, ਦਿਖਾਵੇ ਭਰਪੂਰ ਜ਼ਿੰਦਗੀ ਕਿਸਾਨ ਦੇ ਪਤਨ ਦਾ ਕਾਰਨ ਬਣਦੀ ਹੈ। ਜੇਕਰ ਕਿਸਾਨ ਕਾਮੇ ਤੋਂ ਘੱਟ ਕੰਮ ਲੈ ਕੇ ਆਪ ਹੱਥੀਂ ਕੰਮ ਕਰੇ ਤਾਂ ਪੈਸੇ ਦੀ ਬੱਚਤ ਵੀ ਹੁੰਦੀ ਹੇ ਅਤੇ ਸਰੀਰਕ ਕਸਰਤ ਵੀ ਹੁੰਦੀ ਹੈ। ‘ਆਪਣਾ ਕੰਮ ਕਰਦੀ ਰਾਣੀ ਨੌਕਰਾਣੀ ਨਹੀਂ ਕਹਾਉਂਦੀ’ ਕਹਾਵਤ ਸਹੀ ਹੈ। ਇਹ ਮੰਨਦੇ ਹਾਂ ਕਿ ਮਹਿੰਗਾਈ ਬਹੁਤ ਵੱਧੀ ਹੈ ਪਰ ਕਿਸਾਨ ਘਰੇਲੂ ਖਾਣ-ਪੀਣ ਵਾਲੀਆਂ ਵਸਤਾਂ ਦੀ ਖੇਤੀ ਆਪ ਵੀ ਕਰ ਸਕਦਾ ਹੈ। ਜਿਸ ਨਾਲ ਨਾ ਤਾਂ ਮਿਲਾਵਟ ਦਾ ਖਤਰਾ ਅਤੇ ਨਾ ਹੀ ਜ਼ਿਆਦਾ ਖ਼ਰਚ ਹੂੰਦਾ ਹੈ। ਕੱਪੜੇ ਮਹਿੰਗੇ ਖ੍ਰੀਦਾਣ ਦੀ ਬਜਾਏ ਲੋੜ ਮੁਤਾਬਕ ਪਹਿਨਣ ਤਾਂ ਕਿ ਹਰਜ ਹੈ। ਅੱਜ-ਕੱਲ੍ਹ ਲੋਕ ਕੱਪੜੇ ਆਪਣਾ ਸਰੀਰ ਕੱਜਣ ਅਤੇ ਆਰਮ ਲਈ ਘੱਟ ਦਿਖਾਵੇ ਲਈ ਜ਼ਿਆਦਾ ਪਾਉਂਦੇ ਹਨ।
ਨਸ਼ਾ ਵੀ ਅੱਜ ਕਿਸਾਨੀ ਜੀਵਨ ਨੂੰ ਬਹੁਤ ਬਰਬਾਦ ਕਰ ਰਿਹਾ ਹੈ। ਨਸ਼ੇ ਕਿਸਾਨ ਨੂੰ ਅੰਦਰੋਂ ਅਤੇ ਬਾਹਰੋਂ ਦੋਵੇਂ ਤੌਰ ਤੇ ਖੋਖਲਾ ਕਰਦੇ ਹਨ। ਗੀਤਾਂ ਵਾਲੇ ਕਿੰਨੀ ਟੌਹਰ ਨਾਲ ਸ਼ਰਾਬ `ਤੇ ਗੀਤ ਗਾ ਜਾਂਦੇ ਹਨ। ਪਰ ਉਹੀ ਬੋਤਲ ਕਿਸੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਪੀਂਦੀ ਨਜ਼ਰ ਕਿਉਂ ਨਹੀਂ ਆਉਂਦੀ? ਜਦਕਿ ਹਰ ਕੋਈ ਜਾਣਦਾ ਹੈ ਕਿ ਨਸ਼ਾ ਨਾ ਤਾਂ ਛੁਟਦਾ ਹੈ ਅਤੇ ਨਾ ਹੀ ਜ਼ਿੰਦਗੀ ਨੂੰ ਛੱਡਦਾ ਹੈ। ਫਿਰ ਕਿਉਂ ਕਿਸਾਨ ਫ਼ਸਲ ਵੇਚ ਕੇ ਮੰਡੀਓ ਘਰ ਜਾਣ ਦੀ ਬਜਾਏ ਸਿੱਧਾ ਠੇਕੇ ਜਾਂਦਾ ਹੈ? ਗ਼ਲ ਵਿੱਚ ਪਾਉਣ ਵਾਲੇ ਫਾਹੇ ਦਾ ਰੱਸਾ ਉਹ ਖੁਦ ਤਿਆਰ ਕਰਦਾ ਹੈ।
ਇਹ ਸੱਚ ਹੈ ਕਿ ਕਿਸਾਨ ਦਾ ਨੱਕ ਹੀ ਕਿਸਾਨ ਨੂੰ ਮੌਤ ਵੱਲ ਲੈ ਕੇ ਜਾਂਦਾ ਹੈ। ਵਿਆਹ-ਸ਼ਾਦੀਆਂ ਦੇ ਮੌਕੇ ਦਾਜ, ਪੇਲਸਾਂ ਦੀ ਬੁਕਿੰਗ, ਵਿਸ਼ੇਸ਼ ਗੱਡੀਆਂ, ਵੱਧ-ਤੋਂ-ਵੱਧ ਬਰਾਤ, ਸ਼ਰਾਬ-ਮੀਟ ਦਾ ਪ੍ਰਬੰਧ ਆਦਿ `ਤੇ ਕਿੰਨਾ ਖ਼ਰਚ ਕਰਦਾ ਹੈ। ਸਿਰਫ਼ ਆਪਣੇ ਸ਼ਰੀਕੇ ਵਿੱਚ ਆਪਣਾ ਨੱਕ ਰੱਖਣ ਦੇ ਲਈ ਹੀ ਇਹ ਸਭ ਕਰਦਾ ਹੈ ਕਿ ਲੋਕ ਕਹਿਣਗੇ ਕਿ ਫਲ੍ਹਾਣੇ ਨੇ ਬਈ ਕਿੰਨਾ ਖ਼ਰਚ ਕਰ ਦਿੱਤਾ ਹੈ, ਬੱਲੇ-ਬੱਲੇ ਕਰਵਾ ਦਿੱਤੀ ਹੈ। ਪਰ ਜਦੋਂ ਕਿਸਾਨ ਕਰਜੇ ਦੇ ਬੋਝ ਥੱਲੇ ਦੱਬ ਜਾਂਦਾ ਹੈ ਤਾਂ ਫਿਰ ਉਹੀ ਸ਼ਰੀਕਾ ਕਿੱਤੇ ਨਜ਼ਰ ਨਹੀਂ ਆਉਂਦਾ। ਜੰਮਣ ਤੋਂ ਲੈ ਕੇ ਮਰਨ ਤੱਕ ਫਾਲਤੂ ਖ਼ਰਚ ਹੀ ਕਰਦਾ ਹੈ। ਭਾਵੇਂ 80 ਸਾਲਾ ਬੁੱਢਾ ਮਰੇ ਜਾਂ ਨੌਜਵਾਨ ਮਰੇ, ਖਾਣ-ਪੀਣ ਦਾ ਖਾਸ ਪ੍ਰਬੰਧ ਕੀਤਾ ਜਾਂਦਾ ਹੈ। ਲੋਕ ਵੀ ਕਹਿਣਗੇ, ‘ਬਈ ਚਲੋ ਜਾਣ ਵਾਲਾ ਤਾਂ ਤੁਰ ਗਿਆ ਲੋਕ ਲਿਹਾਜ ਦਾ ਵਿਹਾਰ ਤਾਂ ਕਰਨਾ ਹੀ ਪਉ’। ਬੁੱਢਿਆਂ ਦਾ ਮਰਨਾ ਉਹਨਾਂ ਦੇ ਵਿਆਹ ਤੋਂ ਵੀ ਵੱਧ ਹੋ ਨਿਬੜਦਾ ਹੈ। ਜਲੇਬੀਆਂ, ਖੀਰਾਂ ਤੇ ਲਈ ਤਰ੍ਹਾਂ ਦੇ ਕੜਾਹ ਪ੍ਰਸ਼ਾਦ ਆਦਿ ਬਣਦੇ ਹਨ। ਬੁੱਢਾ ਭਾਵੇਂ ਪਾਣੀ ਵਲੋਂ ਤਿਹਾਇਆ ਮਰ ਜਾਵੇ ਪਰ ਮਹਿਮਾਨਾਂ ਨੂੰ ਭੋਗ ਤੇ ਕੋਲਡ-ਡਰਿੰਕ ਪੇਸ਼ ਕੀਤੇ ਜਾਂਦੇ ਹਨ। ਫਿਰ ਮਕਾਣਾਂ ਰਹਿੰਦੀ-ਖੁੰਹਦੀ ਬੱਸ ਕਰਵਾ ਦਿੰਦੀਆਂ ਹਨ। ਅਗਲਾ ਬੁੱਢੇ ਨੂੰ ਘੱਟ ਅਤੇ ਖ਼ਰਚ ਨੂੰ ਵੱਧ ਰੌਂਦਾ ਹੈ। ਸਭ ਕੁੱਝ ਸਾਦੇ ਤਰੀਕੇ ਨਾਲ ਵੀ ਕੀਤਾ ਜਾ ਸਕਦਾ ਹੈ। ਕਿਉਂਕਿ ਅਸੀਂ ਕਿਸੇ ਦੀ ਰੀਸ ਕਰਕੇ ਆਪਣੀ ਬਰਬਾਦੀ ਖੁਦ ਸਹੇੜਦੇ ਹਾਂ। ਜੇਕਰ ਨਾ ਕਰੀਏ ਤਾਂ ਚਾਰ ਦਿਨ ਲੋਕ ਇਹੀ ਕਹਿਣਗੇ, ‘ਆ ਨਹੀਂ ਕੀਤਾ, ਉਹ ਨਹੀਂ ਕੀਤਾ’ ਪਰ ਜ਼ਿੰਦਗੀ ਜਿਉਣ ਦਾ ਸਹਾਰਾ ਰਹਿ ਸਕਦਾ ਹੈ।
ਜਿਹੜਾ ਕਿਸਾਨ ਸਾਰੇ ਪਿੰਡ ਨੂੰ ਰਜਾਉਂਦਾ ਹੋਇਆ ਮਰ ਜਾਂਦਾ ਹੈ, ਇੱਕ ਦਿਨ ਉਸੇ ਦੇ ਹੀ ਬੱਚੇ ਭੁੱਖੇ ਮਰਦੇ ਹਨ। ਇਹ ਸ਼ਰੀਕੇਬਾਜੀ ਦਾ ਕੋਈ ਵੀ ਉਨ੍ਹਾਂ ਨੂੰ ਪਾਣੀ ਤੱਕ ਨਹੀਂ ਪੁੱਛਦਾ। ਅਸੀਂ ਜਾਣਦੇ ਹਾਂ ਪਾਣੀ ਉਪਰ ਦੀ ਲੰਘ ਰਿਹਾ ਹੈ ਫਿਰ ਕਿਉਂ ਅੱਗੇ ਵੱਧਦੇ ਹਾਂ। ਪੁਰਾਣੇ ਸਮਿਆਂ `ਚ ਕਦੀ ਨਹੀਂ ਸੀ ਸੁਣਿਆ ਕਿ ਕਿਸਾਨ ਕਰਜੇ ਤੋਂ ਤੰਗ ਆ ਕੇ ਮਰਿਆ ਹੋਵੇ। ਕਿਉਂਕਿ ਉਸ ਵੱਕਤ ਸਾਦੀ ਜ਼ਿੰਦਗੀ ਅਤੇ ਸੱਚਾ ਰਹਿਣ-ਸਹਿਣ ਸੀ।
ਆਓ! ਹਰ ਕਦਮ ਆਪਣੇ ਬੱਚਿਆਂ ਦੇ ਭਵਿੱਖ ਵੱਲ ਵੇਖ ਕੇ ਉਠਾਈਏ। ਪੈਸੇ ਦੀ ਵਰਤੋਂ ਸਹੀ ਅਤੇ ਸੰਭਾਲ ਕੇ ਕਰੀਏ। ਫੋਕੇ ਦਿਖਾਵਿਆਂ ਨੂੰ ਤਿਆਗੀਏ ਅਤੇ ਨਵੀਆਂ ਪੈੜਾਂ ਪਾਈਏ, ਨਾ ਕਿ ਖੁਦਕੁਸ਼ੀ ਕਰਕੇ ਆਪਣੇ-ਆਪ ਨੂੰ ਮਿਟਾ ਦੇਈਏ। ਜੇਕਰ ਅੱਜ ਸੰਭਲ ਕੇ ਤੁਰਾਂਗੇ ਤਾਂ ਹੀ ਕੱਲ੍ਹ ਦੇ ਰਾਹ ਸਾਫ਼ ਹੋਣਗੇ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ `ਤੇ ਮਾਣ ਕਰ ਸਕਣ ਗਈਆਂ।
- ਸੁਖਵਿੰਦਰ ਕੌਰ ‘ਹਰਿਆਓ’
ਸਕੱਤਰ ਮਾਲਵਾ ਲਿਖਾਰੀ ਸਭਾ, ਸੰਗਰੂਰ
[email protected]


12/06/16)
ਅਨੁਰਾਧਾ

ਕਵਿਤਾ – ਰੱਬਾ
ਰੱਬਾ ਜਦੋਂ ਇਕ ਤਾਰਾ ਟੁੱਟਦਾ,
ਤਾਂ ਮਨ ਬਹੁਤ ਖੁਸ਼ ਹੁੰਦਾ।

ਰੱਬਾ ਜਦੋਂ ਇਕ ਦਿਨ ਦਿਲ ਟੁੱਟਿਆ,
ਤਾਂ ਪਤਾ ਲੱਗਿਆ ਟੁੱਟੇ ਦਾ ਦਰਦ ਕੀ ਹੁੰਦਾ।

ਰੱਬਾ ਜਦੋਂ ਔਖਾ ਵੇਲਾ ਆਇਆ,
ਤਾਂ ਸਭ ਪਾਸਾ ਵੱਟ ਗਏ।

ਜਦ ਇਕ ਦਿਨ ਆਇਆ ਹਨ੍ਹੇਰਾ ਹੱਟਿਆ,
ਤਾਂ ਸਭ ਸਾਡੇ ਵਿਹੜੇ ਭੱਜ ਪਏ।

ਉਦੋਂ ਇੱਕਲੇ ਖੜੇ ਸੀ,
ਜਦੋਂ ਮੁਸੀਬਤਾਂ ਨਾਲ ਲੜੇ ਸੀ।

ਉਹਨਾਂ ਵਿੱਚੋਂ ਕੋਈ ਨਾ ਆਇਆ,
ਜਿਹੜੇ ਖੁਸ਼ੀਆਂ ਵਿੱਚ ਨਾਲ ਸਾਡੇ ਖੜੇ ਸੀ।

ਅੱਜ ਰੌਂਦੇ ਐ ਸਭ ਸਾਨੂੰ ਖੁਸ਼ ਵੇਖ ਕੇ,
ਜਿਹੜੇ ਸਾਨੂੰ ਰਵਾਉਣ ਲਈ ਅੱਗੇ ਖੜ੍ਹੇ ਸੀ।

ਕਰਦੇ ਹਾਂ ਸ਼ੁਕਰੀਆ ਰੱਬਾਂ ਉਹਨਾਂ ਦਾ,
ਹਰ ਮੁਸੀਬਤ ਵੇਲੇ ਸਾਡੀ ਬਾਂਹ ਫੜ੍ਹ ਖੜੇ ਸੀ।

ਸਮਝ ਨਾ ਸਕੇ, ਜੋ ਕਰਦੇ ਰਹੇ ਵਾਰ ਸਾਡੇ 'ਤੇ,
ਅਸੀਂ ਰੱਬ ਨੂੰ ਛੱਡ ਉਹਨਾਂ ਨਾਲ ਹੀ ਖੜ੍ਹੇ ਸੀ।

-ਅਨੁਰਾਧਾ
ਸੋਹਣਾ ਸਾਂਦੜ, ਜਲਾਲਾਬਾਦ-152024
98034-15980
[email protected]


05/06/16)
-ਬੀ ਐੱਸ ਢਿੱਲੋਂ

ਅੱਜ ਫਿਰ ਬਲਿਊ ਸਟਾਰ ਦੀ ਚਰਚਾ ਹੋ ਰਹੀ ਹੈ। ਦੋਸਤੇ ਹਮਾਂਮ 'ਚ ਸਾਰੇ ਨੰਗੇ ਹਨ। ਜੇ ਉਸ ਡੇਢ ਦਹਾਕੇ ਦੇ ਬਰਬਾਦੀ ਦੇ ਦੌਰ ਦੀ ਗੱਲ ਕਰਨੀ ਹੋਵੇ ਤਾਂ ਸਿੱਟਾ ਇਹੀ ਨਿੱਕਲਦਾ ਕਿ ਇਹ ਘਾਗ ਸਿਆਸਤਦਾਨਾਂ ਵੱਲੋਂ ਨਰੋਲ ਸਿਆਸੀ ਖੇਡ ਖੇਡੀ ਗਈ ਸੀ। ਜਿਸ ਵਿੱਚ ਭਾਰਤ ਵਿੱਚ ਸਾਰੇ ਵਰਗਾਂ ਦੇ ਪੰਜਾਹ ਕੁ ਹਜਾਰ ਲੋਕ ਮਾਰੇ ਗਏ ਅਤੇ ਪੰਜਾਬ ਦੀ ਉਹ ਤਬਾਹੀ ਹੋਈ ਕਿ ਅੱਜ ਤੱਕ ਪੈਰ ਨਹੀਂ ਲੱਗੇ। ਗੈਰਜਿੰਮੇਂਵਾਰ ਲੋਕਾਂ ਨੇ ਧਰਮਾਂ ਦੇ ਅਜਿਹੇ ਜਹਿਰੀਲੇ ਤੀਰ ਛੱਡੇ ਕਿ ਆਂਮ ਆਦਮੀਂ ਦੀ ਤਾਂ ਗੱਲ ਹੀ ਛੱਡੋ, ਧਰਮ ਨੂੰ ਅਫੀਂਮ ਕਹਿਣ ਵਾਲੇ ਨਾਸਤਿਕ ਕਹਾਉਂਦੇ ਕਾਂਮਰੇਡ ਵੀ ਸਿੱਖ ਕਾਂਮਰੇਡ ਤੇ ਹਿੰਦੂ ਕਾਂਮਰੇਡ ਬਣ ਗਏ ਸਨ । ਇਸ ਦੌਰ ਦੀ ਸ਼ੁਰੂਆਤ ਵੋਟ ਨੀਤੀ ਨਾਲ ਸ਼ੁਰੂ ਹੋਈ ਤੇ ਜਦੋਂ ਪੰਜਾਬ ਪੱਤੇ ਦੀ ਲੋੜ ਨਾ ਰਹੀ ਤਾਂ ਇਸ ਦੋਰ ਦਾ ਖਾਤਮਾਂ ਕਰ ਦਿੱਤਾ ਗਿਆ। ਇਸ ਸਾਰੇ ਦੌਰ ਵਿੱਚ ਬਹੁਤੇ ਸਿੱਖ ਲੀਡਰਾਂ ਦਾ ਰੋਲ 'ਸਮੱਸਿਆਵਾਂ' ਨੂੰ ਸੁਲਝਾਉਣ ਦੀ ਥਾਂ, ਖੁਦਗਰਜ ਅਤੇ ਇੱਕ ਦੂਜੇ ਨੂੰ ਵਰਤਣ ਅਤੇ ਠਿੱਬੀ ਲਾਉਣ ਵਾਲਾ ਰਿਹਾ।ਜਿਨਹਾਂ ਮੁੱਦਿਆਂ ਨਾਲ ਲੋਕਾਂ ਦੇ ਜਜਬਾਤ ਭੜਕਾਕੇ ਪੰਜਾਬ ਨੂੰ ਅੱਗ ਲਾਈ ਸੀ ਉਨਾਂ ਚੋ ਕੋਈ ਵੀ ਹੱਲ ਨਹੀ ਹੋਇਆ ਤੇ ਨਾਂ ਹੀ ਕਿਸੇ ਨੇ ਗੱਲ ਕੀਤੀ। ਜਵਾਂਨ ਹੁੰਦੀ ਪੀਹੜੀ ਨੂੰ ਦੁਨਿਆਵੀ ਸੱਚ ਜਾਣ ਲੈਣਾ ਚਾਹੀਦਾ ਕਿ ਪੱਠੇ ਕੁਤਰਣ ਵਾਲੇ ਹੋਰ (ਮਰਨ ਵਾਲੇ)ਤੇ ਦੁੱਧ ਪੀਣ ਵਾਲੇ ਹੋਰ(ਮੰਤਰੀ ਸੰਤਰੀ) ਹੁੰਦੇ ਹਨ। ਨੌਜਵਾਂਨਾਂ ਨੂੰ ਇਹ ਸਬਕ ਲੈਣਾ ਚਾਹੀਦਾ ਕਿ ਕਿਸੇ ਪਿੱਛੇ ਲੱਗਣ ਤੋਂ ਪਹਿਲਾਂ ਦਸ ਵਾਰ ਸੋਚਣ ।
---ਬੀ ਐੱਸ ਢਿੱਲੋਂ
9988091463


05/06/16)
ਮੇਜਰ ਸਿੰਘ ‘ਬੁਢਲਾਡਾ’

‘ਗੁਰੂ ‘ਰਵਿਦਾਸ’ ਜੀ ਦੀ ਬਾਣੀ ਵਿਚ ਕੀਤੀ ਮਿਲਾਵਟ’

‘ਡੇਰਾ ਬੱਲਾਂ’ ਦੇ ਮੁਖੀ ਨਰਿੰਜਣ ਦਾਸ ਜੀ ਨੇ ਸੰਤ ਰਾਮਾ ਨੰਦ ਦੀ ਮੌਤ ਤੋਂ ਬਾਅਦ ਛੇਤੀ ਹੀ ਆਪਣਾ ਨਵਾਂ ‘ਰਵਿਦਾਸੀਆ ਧਰਮ’ ਬਣਾਉਣ ਦਾ ਐਲਾਨ ਕਰ ਦਿੱਤਾ ਅਤੇ ‘ਅਮ੍ਰਿਤਬਾਣੀ’ ਨਾਂ ਦੀ ਧਾਰਮਿਕ ਪੁਸਤਕ ਆਪਣੇ ਸੇਵਕਾਂ ਲਈ ਜਾਰੀ ਕਰ ਦਿਤੀ।‘ਅਮ੍ਰਿਤਬਾਣੀ’ ਨਾਂ ਦੀ ਇਸ ਪੁਸਤਕ ਦੀ ਥੋੜੇ ਸਮੇਂ ਬਾਅਦ ਹੀ, ‘ਚੱਕ ਹਕੀਮਾਂ’ (ਫਗਵਾੜਾ ) ਦੇ ਮਹੰਤ ਪ੍ਰਸ਼ੋਤਮ ਦਾਸ ਨੇ ਅਲੋਚਨਾ ਕਰ ਦਿਤੀ ਅਤੇ ਪ੍ਰੈੱਸ ਕਾਨਫ੍ਰੰਸ ਕਰਕੇ ਵੱਖ –ਵੱਖ ਅਖ਼ਵਾਰਾਂ ਵਿਚ ਬਿਆਨ ਦਿੱਤਾ "ਕਿ ‘ਚੱਕ ਹਕੀਮ’ਵਿਖੇ ‘ਦੇਹਰਾ ਗੁਰੁ ਰਵਿਦਾਸ ਜੀ’ ਦੇ ਪਹਿਲੇ ਸੰਤ ਹੀਰਾ ਦਾਸ ਦੇ 1912 ਵਿਚ ਲਿਖੇ ‘ਸ੍ਰੀ ਗੁਰੂ ਰਵਿਦਾਸ ਦੀਪ ਗਰੰਥ’ ਵਿਚੋਂ ਵੱਡੀ ਪੱਧਰ ਤੇ ਰਚਨਾਵਾਂ ਚੋਰੀ ਕਰਕੇ ‘ਅਮ੍ਰਿਤਬਾਣੀ’ ਵਿਚ ਪਾ ਦਿਤੀਆਂ ਅਤੇ ਰਚਨਾਵਾਂ ਵਿਚੋਂ ਸੰਤ ਹੀਰਾ ਦਾਸ ਨਾਮ ਕੱਟਕੇ ‘ਰਵਿਦਾਸ ਜੀ’ ਦਾ ਨਾਮ ਲਿਖ ਦਿਤਾ।" ਜਿਸ ਕਰਕੇ ਮਹੰਤ ਪ੍ਰਸ਼ੋਤਮ ਦਾਸ ਨੇ ‘ਡੇਰਾ ਬੱਲਾਂ’ ਤੇ ਕੋਰਟ ਵਿਚ ਕੇਸ ਦਰਜ ਕਰਵਾਇਆ ਹੋਇਆ ਹੈ।

ਹੁਣ ਜਦੋਂ ਸਬੱਬ ਬਣਿਆਂ ਤਾਂ ਸੰਤ ਹੀਰਾ ਦਾਸ ਦਾ ਲਿਖਿਆ ‘ਸ਼੍ਰੀ ਗੁਰੁ ਰਵਿਦਾਸ ਦੀਪ ਗਰੰਥ’ ਅਤੇ ਡੇਰਾਂ ਬੱਲਾਂ ਵਲੋਂ ਤਿਆਰ ਕੀਤੀ ‘ਅਮ੍ਰਿਤਬਾਣੀ’ ਨੂੰ ਸਾਹਮਣੇ ਰੱਖਕੇ ‘ਉਪਰੋਕਤ ਸੱਚ’ ਜਾਨਣ ਦੀ ਕੋਸ਼ਿਸ ਕੀਤੀ, ਤਾਂ ਸਾਹਮਣੇ ਆਇਆ ,ਕਿ ਡੇਰਾ ਬੱਲਾਂ ਵਾਲਿਆਂ ਨੇ ‘ਸ੍ਰੀ ਗੁਰੁ ਰਵਿਦਾਸ ਦੀਪ’ ਗਰੰਥ ਵਿਚੋਂ ਕਾਫੀ ਸਾਰੀਆਂ ਰਚਨਾਵਾਂ ‘ਅਮ੍ਰਿਤਬਾਣੀ’ ਵਿਚ ਪਾਈਆਂ ਹੋਈਆਂ ਹਨ।ਜਿਸ ਨੂੰ ਦੇਖਕੇ ਮਨ ਨੂੰ ਬੜੀ ਭਾਰੀ ਠੇਸ ਪਹੁੰਚੀ,ਕਿਉਂ ਕਿ ਗੁਰਬਾਣੀ ਨਾਲ ਮਾਮੂਲੀ ਜਿਹੀ ਛੇੜ-ਛਾੜ ਹੀ ਬਹੁਤ ਵੱਡਾ ਤੇ ਭਾਰੀ ਜ਼ੁਰਮ ਹੈ।ਇਸ ਸਬੰਧੀ ਅੱਗੇ ਚੱਲਣ ਤੋਂ ਪਹਿਲਾਂ ਇਤਿਹਾਸ ਵਿਚ ‘ਬਾਣੀ’ ਨਾਲ ਸਬੰਧਤ ਦੋ ਅਹਿਮ ਘਟਨਾਵਾਂ/ਜਾਣਕਾਰੀਆਂ ਦਾ ਜਿਕਰ ਕਰਨਾ ਚਾਹਗਾਂ।

‘ਬਾਣੀ’ ਨਾਲ ਛੇੜ-ਛਾੜ ਦੇ ਸਬੰਧ ਵਿਚ, ਇਤਿਹਾਸ ਵਿਚ ਇਕ ਬੜੀ ਮਸ਼ਹੂਰ ਸਾਖੀ ਹੈ -" ਇਤਿਹਾਸਕਾਰ ਲਿਖਦੇ ਹਨ ਕਿ-"ਔਰੰਗਜ਼ੇਬ ਨੇ ਗੁਰੂ ‘ਹਰਿ ਰਾਇ’ਸਹਿਬ ਨੂੰ ਦਿੱਲੀ ਆਉਣ ਦਾ ਸੱਦਾ ਭੇਜਿਆ।ਉਸ ਵੇਲੇ ਤੱਕ ਗੁਰੂ ‘ਹਰਿ ਰਾਇ’ ਜੀ ਮਾਝੇ,ਮਾਲਵੇ,ਅਤੇ ਦੁਆਬੇ ਦੇ ਪਿੰਡਾਂ ਦਾ ਚੱਕਰ ਲਾ ਕੇ ‘ਕੀਰਤਪੁਰ’ ਵਾਪਸ ਆ ਚੁੱਕੇ ਸਨ। ਗੁਰੁ ਜੀ ਨੇ ਆਪਣੇ ਵੱਡੇ ਪੁੱਤਰ ਬਾਬਾ ‘ਰਾਮ ਰਾਇ’ ਨੂੰ ਆਪਣੀ ਜਗਾ ਔਰੰਗਜ਼ੇਬ ਕੋਲ ਭੇਜ ਦਿੱਤਾ,ਕਿਉਂ ਕਿ ‘ਬਾਬਾ ਰਾਮ ਰਾਇ’ ਵੀ ਬੜੇ ਹੁਸ਼ਿਆਰ ਤੇ ਹਾਜਰ-ਜਵਾਬੀ ਸਨ, ਤੇ ਨਾਲ ਕੁਝ ਸਿਆਣੇ ਮਸੰਦ (ਪ੍ਰਚਾਰਕ) ਵੀ ਭੇਜ ਦਿੱਤੇ।ਤੁਰਨ ਲੱਗਿਆ ਨੂੰ ਗੁਰੂ ਜੀ ਨੇ ਸਿਖਿਆ ਦਿੱਤੀ ਕਿ ਗੁਰੂ ਆਸਰੇ ਰਹਿਣਾ,ਗੁਰੂ ਨੂੰ ਸਦਾ ਅੰਗ-ਸੰਗ ਸਮਝਣਾ। ਇਤਿਹਾਸਕਾਰ ਲਿਖਦੇ ਹਨ ਕਿ ਔਰੰਗਰੇਜ਼ ਬਾਦਸ਼ਾਹ ਨੇ ਬਾਬਾ ‘ਰਾਮ ਰਾਇ’ ਜੀ ਨੂੰ ਪਰਖਣ ਵਾਸਤੇ ਕਈ ਅਜ਼ਮਾਇਸ਼ਾ ਕੀਤੀਆਂ ਤੇ ਬਾਬਾ ਜੀ ਹਰੇਕ ਅਜ਼ਮਾਇਸ਼ ਵਿਚ ਪੂਰੇ ਉਤਰਦੇ ਰਹੇ,ਜਿਸ ਕਰਕੇ ‘ਔਰੰਗਜ਼ੇਬ’ ਬਾਬਾ ‘ਰਾਮ ਰਾਇ’ ਦਾ ਬੜਾ ਆਦਰ-ਸਤਿਕਾਰ ਕਰਨ ਲੱਗ ਪਿਆ, ਪਰ ਰਾਜੇ ਦੇ ਦਰਬਾਰੀਆਂ ਨੂੰ ਇਹ ਗੱਲ ਚੰਗੀ ਨਾ ਲੱਗੀ। ਕਾਜ਼ੀਆਂ ਦੀ ਪ੍ਰੇਰਨਾ ਤੇ ਇਕ ਦਿਨ ਔਰੰਗਜ਼ੇਬ ਨੇ ‘ਰਾਮ ਰਾਇ’ ਜੀ ਤੋਂ ਪੁਛਿਆ, ਕਿ ਗੁਰੂ ਨਾਨਕ ਦੇਵ ਜੀ ਨੇ ਜੋ ਮੁਸਲਮਾਨਾਂ ਵਾਰੇ ਲਿਖਿਆ ਹੈ, "ਮਿਟੀ ਮੁਸਲਮਾਨ ਦੀ ਪੇੜੈ ਪਈ ਕਮ੍ਹਿਆਰ॥" ਦਾ ਕੀ ਭਾਵ ਹੈ ? ਬਾਦਸ਼ਾਹ ਔਰੰਗਜ਼ੇਬ ਨਾਲ ਬਣਿਆ ਰਸੂਖ ਕਾਇਮ ਰੱਖਣ ਲਈ, ਬਾਬਾ ‘ਰਾਮ ਰਾਇ’ ਨੇ ਕਹਿ ਦਿੱਤਾ, ਕਿ "ਗੁਰੁ ਨਾਨਕ ਜੀ ਨੇ ਤਾਂ ਅਸਲ ਵਿਚ "ਮਿਟੀ ਬੇਈਮਾਨ ਕੀ" ਉਚਾਰਿਆ ਸੀ, ਲਿਖਾਰੀ ਦੀ ਭੁੱਲ ਨਾਲ "ਮਿਟੀ ਮਸੁਲਮਾਨ ਕੀ" ਲਿਖਿਆ ਗਿਆ ਹੈ।"

ਜਦੋਂ ਇਸ ਗੱਲ ਦਾ ਗੁਰੁ ‘ਹਰਿ ਰਾਇ’ ਜੀ ਨੂੰ ਪਤਾ ਲੱਗਾ, ਤਾਂ ਗੁਰੁ ‘ਹਰਿ ਰਾਇ’ ਜੀ ਨੇ ਉਸੇ ਵਕਤ ਆਪਣੇ ਹੋਣਹਾਰ ਸਿਆਣੇ ਪੁੱਤਰ ਨੂੰ ਸੁਨੇਹਾ ਘੱਲ ਦਿਤਾ, ਤੁਸਾਂ ਬਾਦਸ਼ਾਹ ਔਰੰਗਜ਼ੇਬ ਨਾਲ ਆਪਣਾ ਰਸ਼ੂਖ ਕਾਇਮ ਰੱਖਣ ਲਈ ‘ਗੁਰੁ ਨਾਨਕ’ ਸਹਿਬ ਦੀ ਬਾਣੀ ਬਦਲ ਦਿੱਤੀ,ਇਸ ਲਈ ਸਾਰੀ ਉਮਰ ਮੇਰੇ ਮੱਥੇ ਨਹੀਂ ਲੱਗਣਾ।"

ਇਹ ਹੈ ਆਪਣੇ ਗੁਰੂ ਅਤੇ ਉਹਦੀ ਬਾਣੀ ਦਾ ਸਤਿਕਾਰ।ਗੁਰੂ ‘ਹਰਿ ਰਾਇ’ ਜੀ ਨੇ ਆਪਣੇ ਗੁਰੂ ਦੀ ਬਾਣੀ ਨਾਲ ਮਾਮੂਲੀ ਛੇੜ-ਛਾੜ ਬਰਦਾਸਤ ਨੀ ਕੀਤੀ,ਆਪਣੇ ਪੁੱਤਰ ਦਾ ਸਦਾ ਲਈ ਵਿਛੋੜਾ ਬਰਦਾਸਤ ਕਰ ਲਿਆ।

ਇਸ ਦੇ ਨਾਲ ਹੀ ‘ਬਾਣੀ’ ਸਬੰਧੀ ਇਕ ਹੋਰ ਬੜੀ ਹੀ ਮਹੱਤਮਪੂਰਨ ਜਾਣਕਾਰੀ ਸਾਂਝੀ ਕਰਦੇ ਹਾਂ,ਗੁਰੁ ਗਰੰਥ ਸਹਿਬ ਅੰਦਰ ਇਕ ਪੰਗਤੀ (ਲਾਇਨ) ਹੈ, ਉਹ ਹੈ -"ਛਾਡਿ ਮਨ ਹਰਿ ਬਿਮੁਖਨ ਕੋ ਸੰਗੁ॥" (ਪੰਨਾ 1253)ਜਿਸ ਨੂੰ ਪੜ੍ਹਕੇ ਇਹ ਵੀ ਪਤਾ ਨਹੀਂ ਚਲਦਾ, ਇਹ ਕਿਸ ਮਹਾਂਪੁਰਸ਼ ਨੇ ਲਿਖੀ ਹੈ, ਇਹ ਇਕ ਹੀ ਪੰਗਤੀ ਨੂੰ ਗੁਰੂ ‘ਨਾਨਕ’ ਸਹਿਬ ਨੇ ਆਪਣੀ ਅਤੇ ਹੋਰ ਸੰਤਾਂ ਦੀ ਬਾਣੀ ਨਾਲ ਸਾਂਭਕੇ ਰੱਖਿਆ ਹੋਇਆ ਸੀ,ਕਿਉਂ ਕਿ ਨਾਨਕ ਸਹਿਬ ਨੂੰ ਪਤਾ ਸੀ, ਵੀ ਇਹ ਪੰਗਤੀ ਵਾਲੇ ਸ਼ਬਦ ਰੱਬ ਦੇ ਪਿਆਰੇ ਭਗਤ ‘ਸੂਰ ਦਾਸ’ ਜੀ ਦੇ ਹਨ। ਗੁਰੁ ਨਾਨਕ ਸਹਿਬ ਦੇ ਸਰੀਰਕ ਤੋਰ ਤੇ ਜਾਣ ਤੋਂ ਪਿਛੋਂ ਪੰਜਵੇਂ ਪਾਤਸਾਹ ਗੁਰੁ ਅਰਜਨ ਦੇਵ ਜੀ ਤੱਕ, ਕਿਸੇ ਵੀ ਗੁਰੂ ਨੇ ਇਸ ਨੂੰ ਅਣਗੋਲ਼ਿਆ ਨਹੀਂ ਕੀਤਾ। ਆਖਿਰ ਗੁਰੁ ਗਰੰਥ ਸਹਿਬ ਦੀ ਰਚਨਾਂ ਵੇਲੇ ਇਸ ਤੁਕ ਨੂੰ ਗੁਰੁ ਗਰੰਥ ਸਹਿਬ ਵਿਚ ਸ਼ਾਮਲ ਕੀਤਾ ਗਿਆ, ਇਸ ਸਮੇਂ ਤੱਕ ਕਿਸੇ ਵੀ ਗੁਰੁ ਸਹਿਬਾਨ ਨੇ ਇਸ ਪੰਗਤੀ ਨਾਲ ਕੋਈ ਛੇੜ-ਛਾੜ ਨਹੀਂ ਕੀਤੀ।ਜੇ ਕਿਤੇ ਇਸ ਤੁਕ ਨੂੰ ਗੁਰੁ ਗਰੰਥ ਸਹਿਬ ਅੰਦਰ ਸ਼ਾਮਲ ਨਾ ਵੀ ਕਰਦੇ, ਤਾਂ ਦੁਨੀਆਵੀ ਮੱਤ ਰੱਖਣ ਵਾਲਿਆ ਮੁਤਾਬਕ ਤਾਂ ਕੋਈ ਫਰਕ ਨਹੀਂ ਸੀ ਪੈਣਾ।ਪਰ ਦੂਰਅੰਦੇਸ਼ੀ ਦੇ ਮਾਲਕ, ਸੱਚ ਨੂੰ ਸੱਚ,ਅਤੇ ਝੂਠ ਨੂੰ ਝੂਠ ਕਹਿਣ ਵਾਲੇ ਸੱਚੇ-ਸੁੱਚੇ ਮਹਾਨ ਰਹਿਬਰਾਂ ਨੇ ਆਪਣਾ ਫਰਜ ਨਿਭਾਕੇ ਆਪਣੀ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ; ਕਿਸੇ ਮਹਾਂਪੁਰਸ਼ ਦੀ ਕਿਰਤ ਨੂੰ ਕਿਵੇਂ ਸਾਂਭਕੇ ਰੱਖਿਆ ਜਾਂਦਾ ਅਤੇ ਗੁਰੁ ਦਾ ਸਤਿਕਾਰ ਕਿਵੇਂ ਕਾਇਮ ਰੱਖੀਦਾ ਹੈ, ਇਸ ਤੋਂ ਵੱਡੀ ਮਿਸਾਲ ਹੋਰ ਕੀ ਹੋ ਸਕਦੀ ਹੈ।ਇਥੇ ਇਕ ਗੱਲ ਹੋਰ ਨੋਟ ਕਰਨ ਵਾਲੀ ਹੈ, ਛੇਵੇਂ, ਸੱਤਵੇਂ, ਅੱਠਵੇ, ਅਤੇ ਦਸਵੇਂ ਗੁਰੂ ਗੌਬਿੰਦ ਸਹਿਬ ਦੀ ਗੁਰੁ ਗਰੰਥ ਸਹਿਬ ਵਿਚ ਕੋਈ ਬਾਣੀ ਨਹੀਂ,ਕੀ ਗੁਰੁ ਗੌਬਿੰਦ ਸਿੰਘ ਨੇ ਜਦ ਆਪਣੇ ਪਿਤਾ ਨੌਵੇਂ ਗੁਰੁ ‘ਤੇਗ ਬਹਾਦਰ’ ਸਹਿਬ ਦੀ ਬਾਣੀ ‘ਗਰੰਥ ਸਹਿਬ’ ਵਿਚ ਦਰਜ਼ ਕੀਤੀ, ਕੀ ਉਹ ਛੇਵੇਂ,ਸੱਤਵੇਂ,ਅੱਠਵੇਂ ਗੁਰੁ ਦੇ ਨਾਮ ਉੱਤੇ ਕੋਈ ਬਾਣੀ ਨਹੀਂ ਸੀ ਪਾ ਸਕਦੇ? ਪਾ ਸਕਦੇ ਸੀ,ਪਰ ਸੱਚੇ-ਸੁੱਚੇ ਮਹਾਂਪੁਰਸ਼ ਕਦੇ ਇਹੋ-ਜਿਹਾ (ਗਲਤ) ਕੰਮ ਨਹੀਂ ਕਰਦੇ।

ਇਤਿਹਾਸ ਵਿਚ ਉਪਰੋਕਤ ਦੋ ਮਹਤੱਮਪੂਰਨ ਘਟਨਾਵਾਂ / ਸਚਾਈਆਂ ਤੋਂ ਸਾਨੂੰ ਪਤਾ ਲੱਗਦਾ ਹੈ,ਕਿ ਗੁਰੂ ਦੀ ‘ਬਾਣੀ’ ਅਤੇ ‘ਗੁਰੂ’ ਵਲੋਂ ਸਾਂਭੀ ਵਸਤ ਕਿੰਨੀ ਮਹਤੱਮਪੂਰਨ ਹੁੰਦੀ ਹੈ ਅਤੇ ‘ਗੁਰੁ ਬਾਣੀ’ ਨਾਲ ਮਾਮੂਲੀ ਛੇੜ-ਛਾੜ ਅਤੇ ਤਬਦੀਲ਼ੀ ਕਿਨਾ ਵੱਡਾ ਜ਼ੁਰਮ ਹੁੰਦਾ ਹੈ।

ਉਪਰੋਕਤ ਘਟਨਾਂ ਦੇ ਮੁਕਾਬਲੇ ‘ਡੇਰਾ ਬੱਲਾਂ’ ਵਾਲਿਆਂ ਨੇ ਤਾਂ ਇਕ ਅੱਧੇ ਸ਼ਬਦ ਦੀ ਨਹੀਂ ਸਗੋਂ ਬਹੁਤ ਸਾਰੇ ਗ਼ੈਰ ਸ਼ਬਦ ‘ਰਵਿਦਾਸ’ ਜੀ ਨਾਲ ਜੋੜਕੇ 'ਬਾਣੀ' ਵਿਚ ਭਾਰੀ ਮਿਲਾਵਟ ਕਰ ਦਿਤੀ,ਜਿਹਨਾਂ ਵਿਚੋਂ ਇਥੇ ਆਪ ਜੀ ਦੇ ਨਾਲ ਦੋ ਕੁ ਸ਼ਬਦ ਸਾਂਝੇ ਕਰਦਾ ਹਾਂ, ਜੋ ਸਬੂਤ ਵਜੋਂ ਕਾਫੀ ਹਨ –

"ਮੰਗਲਾਚਾਰ ਚੌਥਾ"

ਮੰਗਲ ਚਾਰ ਆਨੰਦ ਸਖੀ ਮੁਖ ਗਾਇਆ।ਕਾਰਜ ਭਇਆ ਸੁਹੇਲਾ ਹਰਿ ਹਰਿ ਧਿਆਇਆ।ਧੰਨ ਔਰ ਪਿਰ ਕੀ ਪ੍ਰੀਤ ਬਣੀ ਇੱਕ ਸਾਰ ਹੈ।ਘਟਾ ਛਟਾ ਸਮ ਮਿਲੀ ਮੀਨ ਜਿਉਂ ਵਾਰ ਹੈ॥1॥ਪਿਰ ਸੰਗ ਪਾਇ ਆਨੰਦ ਨਾ ਦੁੱਖ ਕੀ ਲੇਸ ਹੈ।ਪਤੀ ਕੀ ਆਗਿਯਾ ਮੇਂ ਜੋ ਰਹੇ ਹਮੇਸ਼ ਹੈ।ਪਤੀ ਪਰਮੇਸ਼ਵਰ ਕਰਕੇ ਜਿਨ ਧੰਨ ਜਾਣਿਆ।ਸਦਾ ਸੁਖੀ ਬਹੁ ਨਾਰ ਸਰਬ ਸੁੱਖ ਮਾਣਿਆ॥2॥ਜਨਿ ਪਰ ਸਤਿਗੁਰ ਦਯਾਲ ਸੁਖੀ ਬਹੁ ਗਾਈਏ। ਮਹਿਮਾ ਅਪਰ ਅਪਾਰ ਨਾ ਕੀਮਤ ਪਾਈਏ।ਤਿਨ੍ਹਾਂ ਕੇ ਸੰਗ ਤਰੇ ਅਵਰ ਵੀ ਕੇਤੜੇ।ਕਰ ਕੇ ਦ੍ਰਿੜ ਪ੍ਰੀਤ ਪ੍ਰੇਮ ਕਰੋ ਜੇਤੜੇ॥3॥ਕਾਰਜ ਸਭ ਹੀ ਪੂਰੇ ਸਤਿਗੁਰ ਕਰ ਦੀਏ ਪੂਰਬ ਪੁੰਨ ਅਨੇਕ ਫਲ ਤਿਸ ਅਬ ਲੀਏ।ਜਨ ਰਵਿਦਾਸ ਪਿਆਸ ਰਹੇ ਸਦਾ ਨਾਮ ਕੀ।ਹੀਰਾ ਦਾਸ ਸਬ ਜਗਤ ਤੁਛ ਬਿਨ ਨਾਮ ਕੀ॥4॥

ਇਹ ਸ਼ਬਦ ‘ਸ੍ਰੀ ਗੁਰੁ ਰਵਿਦਾਸ ਦੀਪ ਗਰੰਥ’ ਵਿਚ ਪੰਨਾ ਨੰਬਰ 488/489 ਤੇ ਦਰਜ ਹੈ।ਇਹੋ ਸ਼ਬਦ ਅਮ੍ਰਿਤਬਾਣੀ ਦੇ ਪੰਨਾ ਨੰਬਰ 148 ਤੇ ਦਰਜ਼ ਹੈ। ਇਸ ਵਿਚੋਂ ਜਿਥੇ "ਹੀਰਾ ਦਾਸ ਸਬ ਜਗਤ ਤੁਛ ਬਿਨ ਨਾਮ ਕੀ॥" ਪੰਗਤੀ ਨੂੰ ਕੱਟਕੇ "ਹਰਿ ਸੰਗ ਰਹੇ ਪ੍ਰੀਤ,ਓਟ ਨਾਮ ਕੀ॥" ਲਿਖ ਦਿਤਾ ਹੈ।

ਇਸੇ ਤਰਾਂ ‘ਸ੍ਰੀ ਗੁਰੁ ਰਵਿਦਾਸ ਦੀਪ ਗਰੰਥ’ ਵਿਚ ‘ਬਾਰਾਂ ਮਾਸ’ਪੰਨਾ ਨੰਬਰ 492 ਤੋਂ ਸ਼ੁਰੂ ਹੁੰਦਾ,ਇਸੇ ਪੰਨੇ ਤੇ ਸ਼ਬਦ ਹੈ-

"॥ਛੰਦ॥ਚੜਿਆ ਚੇਤ ਸੁਲਖਣਾ,ਕਰ ਸੰਤਨ ਸੰਗ ਪ੍ਰੀਤ।ਗੁਰ ਚਰਨਨ ਚਿਤੁ ਲਾਇ ਕਰ ਰਾਮ ਨਾਮ ਜੱਪ ਨੀਤ। ਗੁਰ ਗੌਬਿੰਦ ਜਹਿ ਗਾਈਏ ਕਰੋ ਸਰਵਣ ਨਿੱਤ ਨੀਤ।ਗੁਰ ਕੇ ਚਰਨਨ ਪ੍ਰੇਮ ਕਰ ਹਿਰਦੇ ਧਰੋ ਗੁਰ ਮੀਤ।ਬਚਨ ਗੁਰ ਕੇ ਸੁਨਤ ਹੀ ਮਿਟਤ ਭਰਮ ਸਭ ਭੀਤ।ਮਨ ਮੁੱਖ ਸੰਗ ਨਾ ਕੀਜੀਏ,ਗੁਰਮੁਖ ਸੰਗਤ ਧਾਰ।ਮਨਮੁਖ ਸੰਗਤ ਬਿਗਨ ਹੈ ਗੁਰਮੁਖ ਸੰਗਤ ਸਾਰ। ਮਨਮੁੱਖ ਸੰਗਤ ਡੂਬਣੋ ਗੁਰਮੁਖ ਸੰਗਤ ਪਾਰ।ਗੁਰਮੁਖ ਹਿਰਦੈ ਪ੍ਰਗਾਸ ਹੈ ਮਨਮੁੱਖ ਅੰਧ ਗਵਾਰ। ਗੁਰ ਕੇ ਅੰਮ੍ਰਿਤ ਵਚਨ ਸੁਣ ਸ਼ਰਧਾ ਹਿਰਦੇ ਧਾਰ॥ਸਰਵਣ ਭਗਤ ਇਤ ਹੈ ਹਿਰਦੇ ਖੂਬ ਬਿਚਾਰ।ਚੈਤ ਸੁਹਾਵੇ ਤਿਨ੍ਹਾਂ ਨੂੰ ਜੋ ਸਰਵਣ ਸਾਥ ਪਿਆਰ।ਜਨ ਰਵਿਦਾਸ ਗੁਰੂ ਚਰਨ ਕੋ ਹੀਰਾ ਦਾਸ ਬਲਿਹਾਰ॥1॥"

ਇਹੋ ਸ਼ਬਦ ਡੇਰੇ ਵਾਲੀ ‘ਅਮ੍ਰਿਤਬਾਣੀ ਪੁਸਤਕ ਵਿਚ ਪੰਨਾ ਨੰ: 127 ਤੇ ਹੈ, ਫਰਕ ਇਹ ਪਾਇਆ ਗਿਆ ਹੈ,ਜਿਥੇ ਉਪਰੋਕਤ ਸ਼ਬਦ ਦੇ ਅਖੀਰ ਵਿਚ ਤਿੰਨ ਲਾਇਨਾ "ਸਰਵਣ ਭਗਤ ਏਤ ਹੈ ਹਿਰਦੇ ਖੂਬ ਬਿਚਾਰ।ਚੈਤ ਸੁਹਾਵੇ ਤਿੰਹਾਂ ਨੂੰ ਜੋ ਸਰਵਣ ਸਾਥ ਪਿਆਰ।ਜਨ ਰਵਿਦਾਸ ਗੁਰੂ ਚਰਨ ਕੋ ਹੀਰਾ ਦਾਸ ਬਲਿਹਾਰ॥1॥" ਨੂੰ ਕੱਟਕੇ, ਲਿਖ ਦਿੱਤਾ " ਰਵਿਦਾਸ ਭਗਤੀ ਇਹੀ ਹੈ, ਹਿਰਦੇ ਖੂਬ ਵਿਚਾਰ॥ ਚੇਤ ਸੁਹਣਾ ਤਿਨ੍ਹਾਂ ਨੂੰ ਜਿਨਾਂ ਸੋਹੰ ਨਾਲ ਪਿਆਰ॥"

ਉਪਰੋਕਤ ਲਿਖਤ ਇਕ ਸਚਾਈ ਹੈ।ਇਕ ਪਾਸੇ ਤਾਂ ਗੁਰੂ ‘ਹਰਿ ਰਾਇ’ ਜੀ ਨੇ ਆਪਣੇ ਗੁਰੁ ਦੀ ਬਾਣੀ ਦੀ ਮਾਮੂਲੀ ਬਦਲੀ ਪਿਛੇ (ਉਹ ਵੀ ਬੋਲਕੇ)ਆਪਣੇ ਹੋਣਹਾਰ ਪੁੱਤਰ ਬਾਬਾ ‘ਰਾਮ ਰਾਇ’ ਜੀ ਨੂੰ ਮੁੜਕੇ ਆਪਣੇ ਮੱਥੇ ਨਹੀਂ ਲੱਗਣ ਦਿੱਤਾ ,ਜਦ ਕਿ ਇਕ ਵਾਰ ਗਲਤੀ ਮੁਆਫ਼ ਵੀ ਕੀਤੀ ਜਾ ਸਕਦੀ ਸੀ ਅਤੇ ਅੱਗੇ ਦੂਜੇ ਗੁਰੁ ਅੰਗਦ ਦੇਵ ਜੀ ਤੋਂ ਲੈਕੇ ਪੰਜਵੇਂ ਗੁਰੂ ਅਰਜਨ ਦੇਵ ਜੀ ਤੱਕ ਚਾਰੇ ਗੁਰੂ ਸਹਿਬਾਨਾਂ ਵਲੋਂ ਆਪਣੇ ਰਹਿਬਰ ਗੁਰੂ ਨਾਨਕ ਸਹਿਬ ਵਲੋਂ ਸਤਿਕਾਰੀ ਤੇ ਸਾਂਭਕੇ ਰੱਖੀ ਉਪਰੋਕਤ ਇਕ ਪੰਗਤੀ ਦਾ ਉਵੇਂ ਸਤਿਕਾਰ ਕਾਇਮ ਰੱਖਿਆ, ਅਖੀਰ ਗੁਰੂ ਗਰੰਥ ਸਹਿਬ ਦੀ ਰਚਨਾਂ ਵੇਲੇ ਬਰਾਬਰ ਸਤਿਕਾਰ ਦਿਤਾ।

ਦੂਜੇ ਪਾਸੇ ‘ਡੇਰਾ ਬੱਲਾਂ’ ਦੇ ਮੁਖੀਆਂ ਨੇ ਆਪਣੇ ‘ਗੁਰੂ ਰਵਿਦਾਸ’ ਜੀ ਦੇ ਨਾਲ ‘ਰਵਿਦਾਸ ਦੀਪ ਗਰੰਥ’ ਵਿਚੋਂ ਇਕ-ਅੱਧਾ ਨਹੀਂ, ਪੂਰਾ ਬਾਰਾਂ ਮਾਂਹ ,ਮੰਗਲਾਚਰਨ ਆਦਿ ਕੱਚੀ ਬਾਣੀ ਨੂੰ, ਗੁਰੂ ਰਵਿਦਾਸ ਜੀ ਦੀ ਬਾਣੀ ਬਣਾਕੇ, ਡੇਰੇ ਵਲੋਂ ਤਿਆਰ ਕੀਤੀ ‘ਅੰਮ੍ਰਿਤਬਾਣੀ’ ਵਿਚ ਸ਼ਾਮਲ ਕਰ ਦਿਤੀ ਅਤੇ ਜਿਹੜਾ ਕੰਮ ਦੁਸ਼ਮਣ ਵੀ (‘ਬਾਣੀ’ ਵਿਚ ਮਿਲਾਵਟ ਕਰਨ ਲੱਗੇ) ਖੌਫ਼ ਮੰਨਦੇ ਸਨ ,ਉਹ ਕੰਮ ਗੁਰੂ ਦੇ ਸੇਵਕ ਅਖਵਾਉਣ ਵਾਲਿਆਂ ਨੇ, ਬਿਨਾਂ ਝਿਜਕ ਕਰ ਦਿੱਤਾ।

ਕਿਸੇ ਦੀ ‘ਮੱਤ (ਮਨਮਤਿ) ਨੂੰ ‘ਗੁਰੂ’ ਦੀ ‘ਮੱਤ’ (ਗੁਰਮਤਿ) ਬਣਾਕੇ ਲੋਕਾਂ ਵਿਚ ਪ੍ਰਚਾਰਨਾ ਮਹਾਂਪਾਪ ਹੈ,ਮਹਾਂ ਅਪਰਾਧ ਹੈ,ਜਿਹੜਾ ਕਿ ਗੁਰੁ ਰਵਿਦਾਸ ਜੀ ਦੇ ਬਹੁਤ ਸਾਰੇ ( ਖਾਸ਼ ਕਰਕੇ ਡੇਰਾ ਬੱਲਾਂ ਦੇ) ਸੇਵਕ ਜਾਣੇ-ਅਣਜਾਣੇ ਵਿਚ ਕਰ ਰਹੇ ਹਨ। ਚਾਹੀਂਦਾ ਤਾਂ ਇਹ ਸੀ ,ਜਦ ‘ਚੱਕ ਹਕੀਮਾਂ ਦੇ ‘ਮਹੰਤ’ ਦਾ ਪ੍ਰੈੱਸ ਵਿਚ ਬਿਅਨ ਆ ਗਿਆ ਸੀ,ਤਾਂ ਤਰੁੰਤ ਡੇਰੇ ਦੇ ਟਰੱਸਟੀ ਅਤੇ ਇਸ ਡੇਰੇ ਨਾਲ ਸਬੰਧਤ ਸੂਝਵਾਨ ਸਿਆਣੇ ਲੋਕ, ਘੋਖ-ਪੜਤਾਲ ਕਰਕੇ ਸੱਚ ਨੂੰ ਸੱਚ ਹੀ ਰਹਿਣ ਦਿੰਦੇ,ਪਰ ਅਫ਼ਸੋਸ ! ਐਸਾ ਹੋਇਆ ਨਹੀਂ । ਉਪਰੋਕਤ ਮਿਲਾਵਟ ਦੀ ਜਾਣਕਾਰੀ ਦਾ ਜਦੋਂ ਗੁਰੁ ਰਵਿਦਾਸ ਜੀ ਦੇ ਸਾਰੇ ਸੂਝਵਾਨ ਸੇਵਕਾਂ ਨੂੰ ਜਾਣਕਾਰੀ ਮਿਲੇਗੀ,ਤਾਂ ਉਹਨਾਂ ਦੇ ਮਨ ਨੂੰ ਕਿਨੀ ਠੇਸ ਪਹੁੰਚੇਗੀ, ਇਹ ਤਾਂ ਬਿਆਨ ਹੀ ਨਹੀਂ ਕੀਤੀ ਜਾ ਸਕਦੀ। ਇਥੇ ਹੋਰ ਵੀ ਨੋਟ ਕਰਨ ਵਾਲੀ ਗੱਲ ਹੈ, ਇਹ ਤਾਂ ਉਹ ਜਾਣਕਾਰੀ (ਮਿਲਾਵਟ) ਹੈ,ਜਿਹੜੀ ਸਾਹਮਣੇ ਆ ਗਈ ਹੈ,ਹੋ ਸਕਦਾ ਹੋਰ ਵੀ ਇਸ ਤਰਾਂ' ਰਵਿਦਾਸ' ਜੀ ਦੀ 'ਬਾਣੀ' ਵਿਚ ਮਿਲਾਵਟ ਕੀਤੀ ਗਈ ਹੋਵੇ। ਕਿਉਂ ਕਿ ਗੁਰੂ ਗਰੰਥ ਸਹਿਬ ਅੰਦਰ ਬਾਣੀ ਤੋਂ ਪਤਾ ਚਲਦਾ ਕਿ 'ਰਵਿਦਾਸ' ਜੀ ਸਮੇਂ ਅਤੇ ਇਸ ਤੋਂ ਪਹਿਲਾਂ ਅਤੇ ਬਾਅਦ ਵਿਚ 'ਬਾਣੀ' ਨੂੰ ਰਾਗਾਂ ਵਿਚ ਲਿਖਿਆ ਜਾਂਦਾ ਸੀ ਅਤੇ ਸ਼ਬਦ ਦਾ ਸਾਰ/ਭਾਵ 'ਰਹਾ੍ਓ' ਦੀ ਤੁਕ ਵਿਚ ਦਿੱਤਾ ਜਾਂਦਾ ਸੀ। ਪਰ ਡੇਰੇ ਵਾਲੀ ਅਮ੍ਰਿਤਬਾਣੀ' ਵਿਚ ਸ਼ਾਮਲ 'ਰਵਿਦਾਸ' ਜੀ ਦੇ ਨਾਮ ਹੇਠ (ਗੁਰੂ ਗਰੰਥ ਸਹਿਬ ਵਿਚਲੇ ਚਾਲੀ (40) ਸ਼ਬਦਾਂ ਤੋਂ ਬਿਨਾਂ)ਕਿਸੇ ਵੀ ਸ਼ਬਦ ਵਿਚ 'ਰਹਾਓ' ਸ਼ਬਦ ਹੀ ਨਹੀਂ ਹੈ। ਇਸ ਲਈ ਸ਼ੱਕ ਪੈਦਾ ਹੁੰਦਾ, ਸਾਹਮਣੇ ਆਈ ਮਿਲਾਵਟ ਤੋਂ ਬਿਨਾਂ, ਹੋਰ ਵੀ ਮਿਲਾਵਟ ਹੋ ਸਕਦੀ ਹੈ।

ਇਸ ਲਈ ਸਾਰੇ ਸੂਝਵਾਨ ਬੁੱਧੀਜੀਵੀਆਂ , ਵਿਦਵਾਨ ਸੱਜਣਾਂ ਨੂੰ ਗੁਰੁ ਰਵਿਦਾਸ ਦੇ ਸੇਵਕ ਅਖਵਾਉਣ ਵਾਲੇ ਸਿਆਣੇ ਲੋਕਾਂ ਨੂੰ ਚਾਹੀਂਦਾ, ਇਕ ਐਸੀ ਸੰਸਥਾ ਬਣਾਕੇ, ਇਸ ਤਰਾਂ ਦੀ ਮਿਲਾਵਟ ਰੋਕਣ ਲਈ ਜੋਰਦਾਰ ਯਤਨ ਕਰਨੇ ਚਾਹੀਂਦੇ ਹਨ ਅਤੇ ਐਸਾ ਸਖ਼ਤ ਫ਼ੈਸਲਾਂ ਲੈਣਾ ਚਾਹੀਂਦਾ, ਤਾਂ ਜੋ ਅੱਗੇ ਤੋਂ ਕਿਸੇ ਨੂੰ ਇਸ ਤਰਾਂ ਦੀ ਮਿਲਾਵਟ ਕਰਨ ਦਾ ਹੌਂਸਲਾ ਨਾ ਪਵੇ।

*******************************************************************

ਮੇਜਰ ਸਿੰਘ ‘ਬੁਢਲਾਡਾ’

94176 42327


05/06/16)
ਅਕੇਸ਼ ਕੁਮਾਰ

ਮਾਨਯੋਗ ਹਾਈਕੋਰਟ ਵੱਲੋਂ ਕਰਾਉਨ ਕੰਪਨੀ ਦੇ ਐਮ ਡੀ ਨੂੰ ਤਿੰਨ ਮਹੀਨੇ ਵਿੱਚ ਪੈਸੇ ਵਾਪਸ ਕਰਨ ਦਾ ਆਦੇਸ਼
ਅਕੇਸ਼ ਕੁਮਾਰ
ਬਰਨਾਲਾ ਕਰਾਉਨ ਕੰਪਨੀ ਦਾ ਘੋਟਾਲਾ ਜੋਕਿ 10,000 ਕਰੋੜ ਤੱਕ ਦਾ ਮੰਨਿਆ ਜਾ ਰਿਹਾ ਸੀ, ਜਿਸ ਨੇ ਪੰਜਾਬ, ਹਰਿਆਣਾ, ਹਿਮਾਚਲ ਤੇ ਕਈ ਹੋਰ ਰਾਜਾਂ ਵਿੰਚ ਪੈਰ ਪਸਾਰੇ ਹੋਏ ਸਨ ਅਤੇ ਇਸ ਦੇ ਐਮ ਡੀ ਅਤੇ ਹੋਰ ਏਜੰਟ ਦੇ ਖਿਲਾਫ਼ 11 ਐਫ ਆਈ ਆਰ ਦਰਜ ਹੋਈਆਂ ਸਨ ਪਰ ਕਿਸੀ ਏਜੰਸੀ ਨੇ ਇਹ ਜਾਂਚ ਨਹੀਂ ਕੀਤੀ ਕਿ ਇਹ ਕੰਪਨੀ ਕਿਸ ਤਰ੍ਹਾਂ 9 ਸਾਲ ਪ੍ਰਸ਼ਾਸਨ ਦੀ ਨੱਕ ਹੇਂਠ ਨਿਵੇਸ਼ਕਰਤਾਵਾਂ ਤੋਂ ਕਰੋੜਾਂ ਰੁਪਏ ਇੱਕਠੇ ਕਰਦੀ ਰਹੀ। ਇਨਕਮਟੈਕਸ ਵਿਭਾਗ ਜੋਕਿ ਆਪਣੇ ਆਪ ਨੂੰ ਇਮਾਨਦਾਰ ਮਹਿਕਮਾ ਕਹਿੰਦਾ ਨਹੀ ਥੱਕਦਾ ਉਸ ਦੀ ਨੱਕ ਹੇਂਠ ਕਰੋੜਾਂ ਰੁਪਏ ਦਾ ਦੋ ਨੰਬਰ ਦਾ ਕੰਮ ਧੱੜਲੇ ਨਾਲ ਚੱਲਦਾ ਰਿਹਾ ਉਸ ਮਹਿਕਮੇ ਕੋਲੇ ਇਸ ਸੰਬਧੀ ਸ਼ਕਾਇਤਾਂ ਵੀ ਹੋਈਆਂ ਪਰ ਮਹਿਕਮੇ ਵਿੱਚ ਫੈਲੇ ਭਰਸ਼ਟਾਚਾਰ ਕਾਰਨ ਹੀ ਕੋਈ ਕਾਰਵਾਈ ਨਹੀਂ ਹੋਈ। ਕੰਪਨੀ 9 ਸਾਲ ਚੱਲਦੀ ਰਹੀ ਤੇ ਉਸਦੇ ਪ੍ਰਬੰਧਕਾਂ ਅਤੇ ਏਜੰਟਾ ਵਲੋਂ ਕਰੋੜਾਂ ਦੀਆਂ ਜਾਇਦਾਦਾਂ ਬਣਾ ਲਈਆਂ ਗਈਆਂ ਤੇ ਇਨਕਮਟੈਕਸ ਵਿਭਾਗ ਨੂੰ ਕੋਈ ਖਬਰ ਨਹੀਂ ਹੋਈ ਜੱਦਕਿ ਉਥੇ ਹੀ ਜੇ ਕੋਈ ਆਮ ਬੰਦਾ ਇੱਕ ਕਮਰਾ ਵੀ ਪਾ ਲਵੇ ਤਾਂ ਉਸਤੋਂ ਕਮਾਈ ਦਾ ਹਿਸਾਬ ਲੈਣ ਲਈ ਇਨਕਮਟੈਕਸ ਦਾ ਨੋਟਿਸ ਪਹੁੰਚ ਜਾਂਦਾ ਹੈ। 9 ਸਾਲ ਤੱਕ ਨਾ ਤਾਂ ਇਨਕਮਟੈਕਸ ਵਿਭਾਗ ਅਤੇ ਨਾ ਹੀ ਪ੍ਰਸ਼ਾਸਨ ਦਾ ਹੋਰ ਮਹਿਕਮਾ ਹਰਕਤ ਵਿੱਚ ਆਇਆ। ਹਾਈ ਕੋਰਟ ਵਿੱਚ ਇਸ ਕੰਪਨੀ ਦੇ ਐਮ ਡੀ ਵੱਲੋਂ 7 ਕਰੋੜ ਦੀ ਦੇਣਦਾਰੀ ਦੀ ਗੱਲ ਕੀਤੀ ਗਈ ਅਤੇ ਜੋ ਐਫ ਆਈ ਆਰ ਹੋਈਆਂ ਉਹ ਵੀ ਤਕਰੀਬਨ 7 ਕਰੋੜ ਰੁਪਏ ਦੀਆ ਹੀ ਹਨ। ਮਾਨਯੋਗ ਹਾਈਕੋਰਟ ਵੱਲੋਂ ਕੰਪਨੀ ਦੇ ਐਮ ਡੀ ਨੂੰ ਤਿੰਨ ਮਹੀਨੇ ਦੀ ਇਨਟਰਮਬੇਲ ਦੇ ਦਿੱਤੀ ਹੈ ਅਤੇ ਪੈਸੇ ਵਾਪਸ ਕਰਨ ਦਾ ਹੁਕਮ ਦਿੱਤਾ ਹੈ ਪਰ ਸਵਾਲ ਇੱਥੇ ਇਹ ਖੜਾ ਹੁੰਦਾ ਹੈ ਕਿ ਕੰਪਨੀ ਦੇ ਐਮ ਡੀ ਦੇ ਵਕੀਲ ਵਲੋਂ 7 ਕਰੋੜ ਰੁਪਏ ਦੇ ਇੱਕ ਪਰੋਜੈਕਟ ਨੂੰ ਪਨੂੰਰਾ ਕਰਕੇ ਨਿਵੇਸ਼ਕਰਤਾ ਦੇ ਪੈਸੇ ਦੇਣ ਬਾਰੇ ਕਿਹਾ ਜਾ ਰਿਹਾ ਹੈ ਪਰ ਕਈ ਸੁਬਿਆਂ ਵਿੱਚੋਂ ਕੰਪਨੀ ਵਿੱਚ ਲੱਗੇ 10000 ਹਜਾਰ ਕਰੋੜ ਰੁਪਏ ਕਿਵੇਂ ਵਾਪਸ ਆਵਣਗੇ।
ਇਹ ਸੀ ਮਾਮਲਾ -ਅਕਾਲੀ ਸਰਪੰਚ ਲਵਪ੍ਰੀਤ ਸਿੰਘ ਅਤੇ ਉਸਦੇ ਰਿਸ਼ਤੇਦਾਰ ਗੁਰਚਰਨ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਪੁਲਿਸ ਨੇ ਕਰਾਉਣ ਚਿਟਫੰਡ ਕੰਪਨੀ ਦੇ ਮਾਲਕ ਅਤੇ ਏਜੰਟ ਜਗਜੀਤ ਸਿੰਘ, ਜਸਵਿੰਦਰ ਸਿੰਘ, ਈਸ਼ ਸਿੰਗਲਾ, ਗੁਲਸ਼ਨ ਉਪਲ ਪ੍ਰਬੰਧਕ ਅਤੇ ਕਈ ਏਜੰਟਾਂ ਕੇਵਲ ਕਿ੍ਰਸ਼ਨ, ਰਾਜੇਸ਼ ਕੁਮਾਰ, ਸ਼ਿਵ ਸਿੰਗਲਾ, ਮਨਜੀਤ ਸਿੰਘ ਇਹਨਾ ਸਾਰਿਆਂ ਦੇ ਖਿਲਾਫ ਮਾਮਲਾ ਦਰਜ਼ ਕੀਤਾ ਸੀ। ਇਸ ਕੰਪਨੀ ਦੀਆਂ ਪਹਿਲਾ ਵੀ ਕਈ ਵਾਰ ਸ਼ਕਾਇਤਾਂ ਹੋਇਆ ਸਨ । ਕਈ ਸੂਬਿਆਂ ਵਿੱਚ ਇਸ ਚਿਟਫੰਡ ਕੰਪਨੀ ਦੇ ਏਜੰਟਾਂ ਨੇ ਲੋਕਾਂ ਦੀ ਹੱਕ ਹਲਾਲ ਦੀ ਕਮਾਈ ਦੀ ਸਾਰੀ ਜਮਾਪੁੰਜੀ ਇਸ ਕੰਪਨੀ ਵਿੱਚ ਲਗਵਾ ਦਿੱਤੀ ਅਤੇ ਇਹਨਾਂ ਏਜੰਟਾਂ ਨੇ ਕਰੋੜਾਂ ਰੁਪਏ ਇੱਕਠਾ ਕਰ ਲਏ ਅਤੇ ਫਿਰ ਇਹਨਾਂ ਨੇ ਨਿਵੇਸ਼ਕਰਤਾ ਦੇ ਪੈਸੇ ਦੇਣ ਦੀ ਬਜਾਏ ਲਾਰੇ ਲਗਾਉਣੇ ਸ਼ੁਰੂ ਕਰ ਦਿੱਤੇ ਸਨ। ਜਿਕਰਯੋਗ ਹੈ ਕਿ ਇਸ ਕੰਪਨੀ ਵਿੱਚ ਪੈਸੇ ਲੱਗੇ ਹੋਣ ਕਾਰਨ ਮਾਨਸਿਕ ਤਨਾਵ ਕਾਰਨ ਇੱਕ ਵਪਾਰੀ ਅਤੇ ਕਿਸਾਨ ਵੱਲੋਂ ਆਤਮਹੱਤਿਆ ਕਰਣ ਦਾ ਮਾਮਲਾ ਵੀ ਸਾਹਮਣੇ ਆਇਆ ਸੀ।
ਲੋਕਾਂ ਦੇ ਹੱਕ ਹਲਾਲ ਦੀ ਕਮਾਈ ਇਕੱਠੀ ਕਰਕੇ ਧੋਖਾ ਦੇਣ ਵਾਲੀ ਇਹ ਕੋਈ ਪਹਿਲੀ ਕੰਪਨੀ ਨਹੀਂ। ਇਸ ਤੋਂ ਪਹਿਲਾ ਵੀ ਸਟਾਕ ਗੁਰੂ, ਸ਼ਾਰਦਾ ਚਿੱਟਫੰਡ ਕੰਪਨੀ, ਸਹਾਰਾ, ਪਰਲਜ਼ ਅਤੇ ਅਜਿਹੀਆਂ ਕਿੰਨੀਆਂ ਹੀ ਅਣਗਿਣਤ ਕੰਪਨੀਆਂ ਲੋਕਾਂ ਦੇ ਅਰਬਾਂ ਰੁਪਏ ਲੈ ਕੇ ਭੱਜ ਚੁੱਕਿਆ ਹਨ ਅਤੇ ਲਾਇਵ ਟਰੇਡਿੰਗ ਕੰਨੇ ਲੋਕਾਂ ਦਾ ਤਕਰੀਬਨ 550 ਕਰੋੜ ਡਕਾਰ ਚੁੱਕੀ ਹੈ ਅਤੇ ਰੋਜ ਵੈਲੀ ਚਿੱਟਫੰਡ ਕੰਪਨੀ ਵੱਲੋਂ ਅਰਬਾਂ ਰੁਪਏ ਦੀ ਠੱਗੀ ਮਾਰ ਲਈ ਗਈ ਅਤੇ ਸਰਕਾਰ ਸੇਬੀ ਅਤੇ ਪ੍ਰਸ਼ਾਸਨ ਨਿਵੇਸ਼ਕਰਤਾਂ ਨੂੰ ਝੁਠੇ ਲਾਰੇ ਹੀ ਲਗਾਉਂਦੇ ਰਹੇ ਅਤੇ ਕੰਪਨੀ ਦੇ ਐਮ ਡੀ ਜੇਲ ਵਿੱਚ ਹੋਣ ਦੇ ਬਾਵਜੁਦ ਬਰਨਾਲਾ ਅਤੇ ਬਠਿੰਡਾ ਵਿੱਚ ਇਸ ਕੰਪਨੀ ਦੇ ਦਫਤਰ ਖੁਲੇ ਰਹੇ ਅਤੇ ਏਜੰਟਾ ਵੱਲੋਂ ਨਿਵੇਸ਼ਕਰਤਾ ਨੂੰ ਗੁਮਰਾਹ ਕਰਕੇ ਪੈਸੇ ਲੈਂਦੇ ਰਹੇ ਅਜਿਹੇ ਕਈ ਮਾਮਲੇ ਬਰਨਾਲਾ ਪੁਲਿਸ ਕੋਲੇ ਹਨ ਹੁਣ ਦੇਖਣ ਇਹ ਹੈ ਕਿ ਅਜਿਹੇ ਮਾਮਲੇ ਉਪਰ ਕੀ ਕਾਰਵਾਈ ਹੁੰਦੀ ਹੈ।


05/06/16)
ਸੁਖਵਿੰਦਰ ਕੌਰ ‘ਹਰਿਆਓ’

(ਮਿੰਨੀ ਕਹਾਣੀ)
ਸ਼ਰਾਬ

ਕੁਲਜੀਤ ਦੀ ਸ਼ਰਾਬ ਪੀਣ ਦੀ ਆਦਤ ਵੱਧਦੀ ਜਾ ਰਹੀ ਸੀ। ਘਰਦੇ ਉਸਦੇ ਰੋਜ਼ ਸ਼ਰਾਬ ਪੀਣ ਤੋਂ ਬਹੁਤ ਦੁੱਖੀ ਸਨ। ਇੱਕ ਤਾਂ ਪੈਸੇ ਦੀ ਬਰਬਾਦੀ ਤੇ ਦੂਜਾ ਕੁਲਜੀਤ ਦੀ ਸਿਹਤ ਵੀ ਦਿਨੋਂ-ਦਿਨ ਖਰਾਬ ਹੁੰਦੀ ਜਾ ਰਹੀ ਸੀ। ਇੱਕ ਦਿਨ ਕੁਲਜੀਤ ਦੀ ਸਿਹਤ ਬਹੁਤ ਵਿਗੜ ਗਈ `ਤੇ ਉਸ ਨੂੰ ਨੇੜੇ ਦੇ ਸ਼ਹਿਰ ਲੈ ਗਏ। ਡਾਕਟਰ ਨੇ ਸਾਰੇ ਟੈਸਟ ਕਰਵਾਏ `ਤੇ ਰਿਪੋਰਟ ਆਉਣ ਤੇ ਉਸਨੇ ਕੁਲਜੀਤ ਦੇ ਪਿਤਾ ਨੂੰ ਇੱਕ ਤਰਫ਼ ਲਿਜਾ ਕੇ ਕਿਹਾ, “ਸਰਦਾਰ ਜੀ…ਤੁਹਾਡੇ ਮੁੰਡੇ ਦੇ ਦੋਵੇਂ ਗੁਰਦੇ ਖਰਾਬ ਹੋ ਚੁੱਕੇ ਹਨ। ਇਸ ਕੋਲ ਜ਼ਿੰਦਗੀ ਦੇ ਗਿਣਤੀ ਦੇ ਦਿਨ ਹੀ ਬਚੇ ਹਨ, ਇਲਾਜ ਦਾ ਵੱਕਤ ਲੰਘ ਚੁੱਕਾ ਹੈ। …ਮਾਫ਼ ਕਰਨਾ ਹੁਣ ਤਾਂ ਰੱਬ ਅੱਗੇ ਅਰਦਾਸ ਕਰੋ”।
ਕੁਲਜੀਤ ਦੇ ਪਿਤਾ ਥਾਏ ਹੀ ਪੱਥਰ ਹੋ ਗਏ ਤੇ ਮੂੰਹੋਂ ਬੁੜਬੜਾਏ, “ਡਾਕਟਰ ਸਾਹਬ ਕੁਲਜੀਤ ਠੇਕਿਆਂ ਦੀ ਸ਼ਰਾਬ ਤਾਂ ਖ਼ਤਮ ਨਹੀਂ ਕਰ ਸਕਿਆ ਪਰ ਸ਼ਰਾਬ ਨੇ ਇਸਨੂੰ ਜਰੂਰ ਖਤਮ ਕਰ ਦਿੱਤਾ ਹੈ। ਇਹ ਸ਼ਰਾਬ ਨੀਂ ਪੀ ਰਿਹਾ ਸੀ …ਸ਼ਰਾਬ ਮੇਰੇ ਪੁੱਤਰ ਨੂੰ ਪੀ ਰਹੀ ਸੀ”। ਕਹਿ ਕੇ ਉਹ ਧਾਹਾਂ ਮਾਰ ਕੇ ਰੋਣ ਲੱਗਾ।
- ਸੁਖਵਿੰਦਰ ਕੌਰ ‘ਹਰਿਆਓ’
ਸਕੱਤਰ ਮਾਲਵਾ ਲਿਖਾਰੀ ਸਭਾ, ਸੰਗਰੂਰ
+91-81464-47541
[email protected]


29/05/16)
ਮਹਿੰਦਰ ਸਿੰਘ ਜੋਸ਼ (ਕਿਤਾਬ -ਰੱਬ ਨੂੰ ਬਿਪਤਾ)

ਤਫ਼ਸੀਲ, ਤਸ਼ਰੀਹ, ਤਸ਼ਖ਼ੀਸ ਸਬੰਧੀ ਟਿੱਪਣੀਆਂ
(1) ਅਰਿਹੰਤ ਅਵਤਾਰ ਵਿੱਚ ਇਹ ਬ੍ਰਾਹਮਣ ਲਿਖਾਰੀ ਇਹ ਪ੍ਰਚਾਰ ਕਰ ਰਿਹਾ ਹੈ ਕਿ ਤੀਰਥ ਇਸ਼ਨਾਨ ਅਤੇ ਜੱਗ–ਹਵਨ ਆਦਿਕ ਕਰਮ ਕਰਨ ਨਾਲ ਅਤੇ ਜੱਗਾਂ ਵਿੱਚ ਪਸ਼ੂਆਂ ਦੀਆਂ ਬਲੀਆਂ ਦੇਣ ਨਾਲ ਹੀ ਮਨੁੱਖ ਸਮਾਜ ਦੀ ਤਰੱਕੀ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੀਰਥ ਇਸ਼ਨਾਨਾਂ, ਜੱਗਾਂ–ਹਵਨਾਂ ਅਤੇ ਪਸ਼ੂਆਂ ਦੀਆਂ ਬਲੀਆਂ ਦਾ ਜ਼ੋਰਦਾਰ ਖੰਡਨ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਵਲੋਂ ਦਿੱਤੀ ਚਲੀ ਜਾ ਰਹੀ ਨਿਰਨਾ–ਜਨਕ ਵਿਚਾਰਧਾਰਾ ਦੇ ਉਲਟ ਕਿਸੇ ਹੋਰ ਵਿਚਾਰ ਦਾ ਗੁਰੂ ਦਸਮੇਸ਼ ਕਿਵੇਂ ਪ੍ਰਚਾਰ ਕਰ ਸਕਦੇ ਹਨ?
(2) ਅਰਿਹੰਤ ਅਵਤਾਰ ਵਿੱਚ ਸਾਕਤੀ ਇੱਸ਼ਟ ਕਾਲ ਪੁਰਖ ਵਿਸ਼ਨੂੰ ਨੂੰ ਹੁਕਮ ਦੇ ਰਿਹਾ ਹੈ ਕਿ ਵਿਸ਼ਨੂੰ ਜੀ ਅਰਿਹੰਤ ਦਾ ਅਵਤਾਰ ਲੈ ਕੇ ਦਾਨਵਾਂ (ਤੇ ਹੋਰ ਲੋਕਾਂ) ਨੂੰ ਕੁਰਾਹੇ ਪਾਏ ਤਾ ਕਿ ਦਾਨਵਾਂ ਦਾ ਜ਼ਵਾਲ ਹੋ ਸਕੇ। ਕੀ ਧਰਮ ਦੀ ਗ਼ਲਾਨੀ ਹੋਣ ਦੀ ਹਾਲਤ ਵਿੱਚ ਵਿਸ਼ਨੂੰ ਜੀ ਦੇ ਅਵਤਾਰ ਨੇ ਇਹੋ ਜਿਹੇ ਧਰਮ ਦੀ ਸੰਸਥਾਪਨਾ ਕਰਨੀ ਹੁੰਦੀ ਹੈ? ਜੇ ਰੱਬ ਹੀ ਆਪਣੀ ਕਾਇਨਾਤ ਨੂੰ ਕੁਰਾਹੇ ਪਾਉਣ ਦਾ ਜਤਨ ਕਰੇ ਤਾਂ ਕੀ ਉਸ ਨੂੰ ਰੱਬ ਮੰਨਿਆ ਜਾ ਸਕਦਾ ਹੈ? ਅਸਲੀਅਤ ਇਹ ਹੈ ਕਿ ਵਿਪ੍ਰ ਜੀ ਨੇ ਆਪਣੀ ਨੀਵੀਂ ਸੋਚਣੀ ਨਾਲ ਇਹੋ ਜਿਹੇ ਪੁੱਠਾ ਪ੍ਰਚਾਰ ਕਰਨ ਵਾਲੇ ਬਨਾਵਟੀ ਰੱਬ ਖੜ੍ਹੇ ਕਰਨ ਦਾ ਅਪਰਾਧ ਕੀਤਾ ਹੈ।
(3) ਕੀ ਕੋਈ ਵਿਵੇਕਪੂਰਨ ਮਨੁੱਖ ਵਿਪ੍ਰਵਾਦੀਆਂ ਦੀ ਇਹ ਬੇਤੁਕੀ ਗੱਲ ਥੋੜੀ ਬਹੁਤ ਵੀ ਮੰਨ ਸਕਦਾ ਹੈ ਕਿ ਪਸ਼ੂਆਂ ਦਾ ਬਲਿਦਾਨ ਦੇ ਕੇ ਅਤੇ ਸ਼ਿਖਾ–ਸੰਜੁਗਤ ਹੋ ਕੇ ਹੀ ਮੰਤ੍ਰ ਜਾਪ ਕਰਨ ਨਾਲ ਮੰਤ੍ਰ ਫਲੀਭੂਤ ਹੋ ਸਕਦੇ ਹਨ? ਗੁਰਮਤਿ ਫੋਕੇ ਮੰਤ੍ਰਾਂ, ਜੰਤ੍ਰਾਂ ਅਤੇ ਤੰਤ੍ਰਾਂ ਉਤੇ ਇਸ ਕਿਸਮ ਦਾ ਵਿਸ਼ਵਾਸ ਕਰਨ ਦੀ ਕਿਤੇ ਵੀ ਆਗਿਆ ਨਹੀਂ ਦਿੰਦੀ।
(4) ਅਰਿਹੰਤ ਦੇਵ 10,000 ਸਾਲ ਉਪਰ ਬਿਆਨੀ ਪੁੱਠੀ ਵਿਚਾਰਧਾਰਾ ਦਾ ਅਤੇ ਨਾਸਕਤਾ ਦਾ ਪ੍ਰਚਾਰ ਕਿਵੇਂ ਕਰ ਸਕਦਾ ਹੈ? ਇਤਨੇ ਲੰਬੇ ਸਮੇਂ ਦੀ ਇਤਿਹਾਸਕਤਾ ਨਾਲ ਇੱਕ ਵੀ ਇਤਿਹਾਸਕਾਰ ਕਿਸੇ ਤਰ੍ਹਾਂ ਵੀ ਸਹਿਮਤ ਨਹੀਂ ਹੋ ਸਕਦਾ। ਜੈਨੀਆਂ ਦੇ ਪੂਜ੍ਯ ‘ਜਿਨ’ ਨੂੰ ਜਾਂ ਬੁੱਧ ਮਤ ਦਾ ਉਸ ਰਿਖੀ ਨੂੰ ਜੋ ਗਿਆਨ ਦੁਆਰਾ ਨਿਰਵਾਣ ਨੂੰ ਪ੍ਰਾਪਤ ਹੋਇਆ ਸੀ, ਨੂੰ ਹੀ ਅਰਿਹੰਤ (ਅਰ੍ਹੰਤ) ਮੰਨਿਆ ਜਾ ਸਕਦਾ ਹੈ। ਰੱਬ ਦੀ ਹੋਂਦ ਤੋਂ ਹੀ ਮੁਨਕਰ ਹੋਣ ਦਾ ਪ੍ਰਚਾਰ ਕਰਨ ਨਾਲ ਧਰਮ ਦੀ ਸੰਸਥਾਪਨਾ ਕਿਵੇਂ ਹੋ ਸਕੇਗੀ।
(5) ਵਿਸ਼ਨੂੰ ਜੀ ਵੀ ਧੰਨ ਹਨ ਕਿ ਕਦੀ ਤਾਂ ਦੈਂਤਾਂ ਨੂੰ ਗੁੰਮਰਾਹ ਕਰਨ ਲਈ ਬ੍ਰਾਹਮਣੀ ਮੱਤ ਦੇ ਵਿਰੁੱਧ ਚੱਲਣ ਵਾਲਾ ਅਰਿਹੰਤ ਅਵਤਾਰ ਲੈਂਦੇ ਹਨ ਅਤੇ ਕਦੀ ਨਿਰੋਲ ਬ੍ਰਾਹਮਣਵਾਦੀ ਪ੍ਰਚਾਰ ਲਈ ਉਹ ਕੇਵਲ ਮਨੂ ਅਵਤਾਰ ਧਾਰਨ ਕਰ ਕੇ ਮਨੂ ਸਿਮ੍ਰਿਤੀ ਹੀ ਨਹੀਂ ਰਚਦੇ ਬਲਕਿ ਉਸ ਬਾਰੇ ਸਿਰਜੇ ਕਾਨੂੰਨਾਂ ਤੋਂ ਮੂੰਹ ਮੋੜਨ ਵਾਲਿਆਂ ਨੂੰ ਮੌਤ ਦੀਆਂ ਸਜ਼ਾਵਾਂ ਤਕ ਵੀ ਦਿੰਦੇ ਹਨ।
(6) ਇਸੇ ਸ਼੍ਯਾਮ ਕਵੀ ਨੇ ਖੀਰ ਸਮੁੰਦਰ ਦੇ ਮੰਥਨ ਕਰਵਾਉਣ ਦਾ ਮਹਾਨ ਕਾਰਜ ਪਹਿਲੇ ਹੀ ਕਰਵਾ ਲਿਆ ਸੀ, ਜਿਸ ਅਨੁਸਾਰ ਖੀਰ ਸਮੁੰਦਰ ਵਿੱਚੋਂ ਧਨੰਤਰ ਵੈਦ ਬਹੁਤ ਪਹਿਲੇ ਹੀ ਨਿਕਲ ਚੁੱਕਾ ਸੀ।
(7) ਇਹ ਸਮਝਾਉਣ ਦੀ ਜ਼ਿਮੇਵਾਰੀ ਵੀ ਕਵੀ ਸ਼੍ਯਾਮ ਦੀ ਹੈ ਕਿ ਧਨੰਤਰ ਵੈਦ ਸਮੁੰਦਰ ਵਿੱਚ ਪਹਿਲਾਂ ਹੀ ਜੰਮਿਆ ਪਿਆ ਸੀ ਜਾਂ ਇਸ ਨੂੰ ਸਮੁੰਦਰ ਮੰਥਨ ਵੇਲੇ ਤਾਜ਼ੇ ਤੌਰ ਤੇ ਜਮਾਇਆ ਗਿਆ ਸੀ। ਜੇ ਪਹਿਲਾਂ ਹੀ ਜੰਮਿਆ–ਜੰਮਾਇਆ ਪਿਆ ਸੀ ਅਤੇ ਕਈ ਹਜ਼ਾਰ ਬਰਸ ਪਹਿਲਾਂ ਉਹ ਸਮੁੰਦਰ ਵਿਚੋਂ ਮੰਥਨ ਸਮੇਂ ਬਾਹਰ ਕੱਢ ਲਿਆ ਗਿਆ ਸੀ ਤਾਂ ਹੁਣ ਲੋਕਾਂ ਦੀ ਬਿਪਤਾ ਟਾਰਨ ਵਾਸਤੇ ਵਿਸ਼ਨ ਚੰਦ ਨੇ ਧਨੰਤਰ ਵੈਦ ਦੇ ਰੂਪ ਵਿੱਚ ਅਵਤਾਰ ਲੈਣਾ ਕਿਵੇਂ ਮੰਨ ਲਿਆ ਸੀ ਅਤੇ ਉਸ ਨੇ ਅਮਲੀ ਰੂਪ ਵਿੱਚ ਇਹ ਅਵਤਾਰ ਕਿਵੇਂ ਲਿਆ ਹੋਣਾ ਹੈ ?
(8) ਇਤਨੇ ਮਹਾਨ ਵਿਸ਼ਨੂੰ ਜੀ ਦੇ ਇਤਨੇ ਮਹਾਨ ਵੈਦ, ਧਨੰਤਰ ਦੇ ਰੂਪ ਵਿਚ ਅਵਤਾਰ ਲੈਣ ਦੇ ਬਾਵਜੂਦ ਅਤੇ ਆਯੁਰਵੇਦ ਦੇ ਗਿਆਨ ਨੂੰ ਈਜਾਦ ਕਰਨ ਤੇ ਪ੍ਰਚਾਰ ਕਰਨ ਦੇ ਬਾਵਜੂਦ ਸਾਡਾ ਮਹਾਨ ਭਾਰਤ ਦੇਸ਼ ਬੀਮਾਰਾਂ ਤੇ ਬੀਮਾਰੀਆਂ ਨਾਲ ਭਰੇ ਵੱਡੇ ਤੇ ਸਿਰਕੱਢ ਦੇਸ਼ਾਂ ਦੀ ਪਹਿਲੀ ਕਤਾਰ ਵਿੱਚ ਕਿਵੇਂ ਆ ਰਿਹਾ ਹੈ, ਇਹ ਗੱਲ ਸਮਝ ਨਹੀਂ ਆ ਰਹੀ।
(9) ਸੂਰਜ ਅਵਤਾਰ ਵਾਲੇ ਕਾਂਡ ਵਿੱਚ ਬਹੁਤ ਸਾਰੇ ਅਸੰਭਵ ਬਿਆਨ ਅਤੇ ਹੱਦੋਂ ਵੱਧ ਮਨੋ–ਕਲਪਿਤ ਅਤੇ ਦਲੀਲ–ਵਿਹੂਣੇ ਤਤ ਭਰੇ ਪਏ ਹਨ ਜਿਹਨਾਂ ਨੂੰ ਪੜ੍ਹ–ਵਾਚ ਕੇ ਐਉਂ ਲਗਦਾ ਹੈ ਕਿ ਜਾਂ ਤਾਂ ਸ਼੍ਯਾਮ ਕਵੀ ਆਪ ਹੀ ਇੱਕ ਵੱਡਾ ਸ਼੍ਰੋਮਣੀ ਮੂਰਖ ਹੈ ਅਥਵਾ ਉਸ ਨੇ ਪਹਿਲਾਂ ਹੀ ਐਸਾ ਮਿਥ ਰਖਿਆ ਹੈ ਕਿ ਉਸਦੇ ਇਸ ‘‘ਬਚਿਤ੍ਰ ਨਾਟਕ’’ ਨੂੰ ਪੜ੍ਹਨ ਲਈ ਨਾਮੀ ਗਿਰਾਮੀ ਮੂਰਖ ਮਿਲ ਹੀ ਜਾਣਗੇ।
(10) ਸੂਰਜ ਅਵਤਾਰ ਦੀ ਕਹਾਣੀ ਵਿੱਚ ਦਸਿਆ ਗਿਆ ਹੈ ਕਿ ਦੀਰਘ ਬਪੁ ਦੈਂਤ ਦਾ ਸਰੀਰ ਰੋਜ਼ਾਨਾ ਇੱਕ ਗਜ਼ ਵਧਦਾ ਜਾਂਦਾ ਸੀ। ਅਜ ਦੇ ਵਿਗਿਆਨ ਦੇ ਜੁੱਗ ਵਿੱਚ ਇਹੋ ਜਿਹੀ ਗੱਪ ਨੂੰ ਕਿਸਨੇ ਮੰਨਣਾ ਹੈ? ਫ਼ਿਰ ਇਹ ਕੋਣ ਹਿਸਾਬ ਲਗਾ ਕੇ ਦਸੇਗਾ ਕਿ ਇਹ ਸਰੀਰ ਕਿਤਨਾ ਕੁ ਵੱਧਿਆ ਅਤੇ ਕਿਥੇ ਜਾ ਕੇ ਰੁਕਿਆ।
(11) ਕੀ ਸੂਰਜ ਜੋ ਗੈਸ ਦਾ ਇੱਕ ਅਤਿ ਵੱਡਾ ਤੇ ਅਤਿ ਗਰਮੀ ਵਾਲਾ ਗੋਲਾ ਹੈ, ਹੱਥ ਵਿੱਚ ਧਨੁੱਖ ਬਾਣ ਲੈ ਕੇ ਮਨੁੱਖ ਦੀ ਤਰ੍ਹਾਂ ਤੀਰ ਚਲਾਉਂਦਿਆਂ ਜੰਗ ਕਰ ਸਕਦਾ ਹੈ? ਜੇ ਨਹੀਂ ਤਾਂ ਇਸ ਗਪੌੜ ਸੰਖ ਸ਼੍ਯਾਮ ਦੀਆਂ ਬੇਤੁਕੀਆਂ ਗੱਲਾਂ ਦਾ ਕੀ ਕਰੀਏ?
(12) ਅਜ ਦੇ ਗਿਆਨ ਦੇ ਜੁਗ ਵਿੱਚ ਆਪਣੇ ਮਨ ਨੂੰ ਇਹ ਮੰਨਣ ਲਈ ਕਿਵੇਂ ਰਾਜ਼ੀ ਕੀਤਾ ਜਾਏ ਕਿ ਸੂਰਜ ਆਸਮਾਨ ਵਿਚ ਚਲਦਾ ਹੈ ਅਤੇ ਉਸਨੇ ਰੱਥ ਉਤੇ ਸਵਾਰ ਹੋ ਕੇ ਆਕਾਸ਼ ਦਾ ਸਫ਼ਰ ਕਰਨਾ ਹੁੰਦਾ ਹੈ।
(13) ਸੂਰਜ ਅੱਗ ਦਾ ਬੁਹੁਤ ਹੀ ਵਿਸ਼ਾਲ–ਕਾਇ ਗੋਲਾ ਹੈ ਜੋ ਸਾਡੀ ਧਰਤੀ ਤੋਂ ਕਈ ਗੁਣਾ ਵੱਡਾ ਅਤੇ ਹੱਦ ਦਰਜੇ ਦੀ ਗਰਮੀ ਵਾਲਾ ਹੈ। ਉਹ ਇੱਕ ਸਾਧਾਰਣ ਔਰਤ ਦੀ ਕੁਖੋਂ ਕਿਵੇਂ ਪੈਦਾ ਹੁੰਦਾ ਦਸਿਆ ਜਾ ਰਿਹਾ ਹੈ? ਦੂਸਰਾ ਸੁਆਲ ਭਾਵੇਂ ਬਹੁਤ ਸਾਧਾਰਨ ਹੈ ਪਰ ਉਸਦਾ ਉੱਤਰ ਕਵੀ ਸ਼੍ਯਾਮ ਕੋਲ ਕਦਾਚਿਤ ਨਹੀਂ ਹੋ ਸਕਦਾ। ਜਦ ਤਕ ਵਿਸ਼ਨੂੰ ਨੇ ਸੂਰਜ ਦਾ ਅਵਤਾਰ ਨਹੀਂ ਸੀ ਲਿਆ ਤਦ ਤਕ ਸੂਰਜ ਕਿੱਥੇ ਸੀ? ਉਸ ਤੋਂ ਪਹਿਲਾਂ ਜੋ 17 ਅਵਤਾਰ ਹੋਏ ਹਨ, ਕੀ ਉਹ ਸਾਰੀ ਕਾਰਵਾਈ ਹਨੇਰੇ ਵਿੱਚ ਹੀ ਪਾਉਂਦੇ ਰਹੇ ਸਨ? ਸੂਰਜ ਮਨੁੱਖ ਤਾਂ ਹੈ ਨਹੀਂ, ਫ਼ਿਰ ਉਸ ਨੇ ਦੈਂਤਾਂ ਨੂੰ ਕਿਵੇਂ ਮਾਰਿਆ ਤੇ ਹਰਾਇਆ।
(14) ਜਦੋਂ ਸੂਰਜ ਨਿਕਲ ਆਇਆ ਉਸ ਪਿਛੋਂ ਹੀ ਲੋਕਾਂ ਨੇ ਬ੍ਰਾਹਮਣੀ ਕਰਮ–ਕਾਂਡ ਕੀਤੇ ਤੇ ਧਰਮ ਦੇ ਨਾਮ ਉੁਤੇ ਕਈ ਕਾਰਵਾਈਆਂ ਕੀਤੀਆਂ। ਗਾਇਤ੍ਰੀ, ਵੇਦ ਪਾਠ, ਸੰਧਿਆ, ਜੱਗ, ਹਵਨ, ਸਿਮਿ੍ਰਤੀਆਂ ਤੇ ਸ਼ਾਸਤਰਾਂ ਦੇ ਪਾਠ ਆਦਿਕ ਬਿਪ੍ਰਨੀ ਕਰਮ ਵੀ ਇਸ ਅਵਤਾਰ ਨੇ ਬਹੁਤ ਪ੍ਰਚਲਿਤ ਕਰਵਾਏ। ਫ਼ਿਰ ਕੀ ਕਾਰਨ ਸੀ ਕਿ ਦੈਂਤ ਅਤੇ ਦੀਰਘ– ਕਾਇ ਰਾਖਸ਼ ਫ਼ਿਰ ਵੀ ਵੱਧੇ–ਫੁਲੇ ਅਤੇ ਦੇਵਤੇ ਆਪਣੇ ਕੁਲਾ ਧਰਮ ਅਨੁਸਾਰ ਪਿਛਾਖੜ ਹੀ ਰਹਿ ਗਏ?
(15) ਕਵੀ ਦੀ ਲਿਖਤ ਅਨੁਸਾਰ ਸੂਰਜ ਅਵਤਾਰ ਦੇ ਮਾੜੇ ਅਸਰ ਨੂੰ ਜ਼ਾਇਲ ਕਰਨ ਲਈ ਸਾਕਤੀ ਇੱਸ਼ਟ ਕਾਲ ਪੁਰਖ ਦੀ ਆਗਿਆ ਅਨੁਸਾਰ ਵਿਸ਼ਨੂੰ ਨੇ ਚੰਦ੍ਰਮਾ ਦਾ ਅਵਤਾਰ ਲਿਆ। ਕੀ ਸਿ੍ਰਸ਼ਟੀ ਵਿੱਚ ਪਹਿਲਾਂ ਚੰਦ੍ਰਮਾ ਨਹੀਂ ਸੀ? ਫ਼ਿਰ ਚੰਦ੍ਰਮਾ ਦਾ ਜਨਮ ਤਾਂ ਸਮੁੰਦਰ ਮੰਥਨ ਸਮੇਂ ਹੋ ਜਾਣ ਦੀ ਕਹਾਣੀ ਵੀ ਇਹ ਬ੍ਰਾਹਮਣ ਕਵੀ ਪਾ ਚੁੱਕਾ ਹੈ। ਇਸ ਹਾਲਤ ਵਿੱਚ ਵਿਸ਼ਨੂੰ ਵਲੋਂ ਚੰਦ੍ਰ ਅਵਤਾਰ ਦੇ ਰੂਪ ਵਿੱਚ ਅਵਤਾਰ ਲੈਣ ਵਾਲੀ ਗੱਲ ਸਮਝ ਤੋਂ ਬਾਹਰ ਹੈ।
(16) ਕੀ ਇਹ ਬਹੁਤ ਹਾਸੋ ਹੀਣੀ ਯਭਲੀ ਨਹੀਂ ਕਿ ਚੰਦ੍ਰਮਾ ਨੇ ਇਸਤ੍ਰੀਆਂ ’ਤੇ ਕਾਮ ਦਾ ਤੀਰ ਚਲਾਇਆ ਅਤੇ ਫ਼ਲਸਰੂਪ ਉਹ ਮਰਦਾਂ ਪ੍ਰਤੀ ਆਪਣੇ ਫ਼ਰਜ਼ ਅਦਾ ਕਰਨ ਲਗ ਗਈਆਂ ਅਤੇ ਸੰਸਾਰ ਦੀ ਖੇਤੀ ਬਾੜੀ ਦੀ ਉਪਜ ਵੀ ਵੱਧ ਗਈ।
(17) ਕੀ ਚੰਦ੍ਰਮਾ ਮਨੁੱਖ ਸੀ ਜਿਸਨੇ ਗੁਰੂ ਬ੍ਰਹਸਪਤੀ ਦੀ ਇਸਤ੍ਰੀ ਅਥਵਾ ਗੌਤਮ ਦੀ ਇਸਤ੍ਰੀ ਨਾਲ ਵਿਭਚਾਰ ਜਾਂ ਜ਼ਬਰ ਜਿਨਾਹ ਕੀਤਾ। ਨਾ ਹੀ ਚੰਦ੍ਰਮਾ ਨੂੰ ਦੇਵਤਿਆਂ ਦੇ ਸ੍ਰਾਪ ਕਾਰਨ ਕਲੰਕ ਲਗਣ ਅਤੇ ਚੰਦ੍ਰਮਾ ਵਲੋਂ ਤੱਪ ਸਾਧਣ ਨਾਲ ਉਸਨੂੰ ਤਪਦਿਕ ਰੋਗ ਤੋਂ ਛੁਟਕਾਰਾ ਮਿਲ ਜਾਣ ਦੀ ਗੱਲ ਉਤੇ ਕੋਈ ਵਿਵੇਕੀ ਤੇ ਸੋਚ ਸੂਝ ਵਾਲਾ ਮਨੁੱਖ ਯਕੀਨ ਕਰ ਸਕਦਾ ਹੈ।
(18) ਕਹਾਣੀ ਦਾ ਪੌਰਾਣਕ ਤੇ ਬੇਸਿਰਪੈਰ ਤਤ ਇਸ ਅਵਤਾਰ– ਕਥਾ ਨੂੰ ਬਹੁਤ ਹੀ ਵਾਹਿਯਾਤ ਰੂਪ ਵਿੱਚ ਪੇਸ਼ ਕਰਦਾ ਹੈ। ਚੰਦ੍ਰਮਾ ਤਾਂ ਖ਼ੁਦ ਇੱਕ ਗ੍ਰਹਿ ਹੈ ਜਿਸਦਾ ਆਕਾਰ ਆਪਣੇ ਆਪ ਵਿੱਚ ਬਹੁਤ ਵੱਡਾ ਹੈ। ਚੰਨ੍ਹ ਬਿਨਾ ਖੇਤੀ–ਬਾੜੀ ਸੜ੍ਹਨ ਲਗੀ ਤੇ ਤੀਵੀਆਂ ਕਾਮ
(sex) ਤੋਂ ਪੂਰੀ ਤਰ੍ਹਾਂ ਭਜ ਨਿਕਲੀਆਂ, ਆਪਣੇ ਆਪ ਵਿੱਚ ਇੱਕ ਵਾਹਿਯਾਤ ਅਤੇ ਮੂਰਖਾਨਾ ਕਲਪਨਾ ਹੈ। ਫ਼ਿਰ ਚੰਦ੍ਰਮਾ ਨਾਮ ਦੇ ਅਵਤਾਰ ਦੇ ਪੈਦਾ ਹੋਣ ਉਤੇ ਤੀਵੀਆਂ ਵਿੱਚ ਕਾਮ ਪੈਦਾ ਹੋਣਾ ਕਿਵੇਂ ਸ਼ੁਰੂ ਹੋ ਗਿਆ? ਇਹ ਸਭ ਕੁੱਝ ਬਾਵਲੇ ਹੋਏ ਦਿਮਾਗ਼ ਦੀ ਪੈਦਾਵਾਰ ਪ੍ਰਤੀਤ ਹੁੰਦੇ ਹਨ।
(19) ਵਿਸ਼ਨੂੰ ਦੇ ਇਸ 19ਵੇਂ ਅਵਤਾਰ, ਚੰਦ੍ਰਮਾ ਤੋਂ ਪਹਿਲਾਂ ਦੇ ਸਮੇਂ ਵਿਚ ਖੇਤੀ ਉਪਜ ਕਿਵੇਂ ਹੁੰਦੀ ਤੇ ਪੂਰੀ ਪੈਂਦੀ ਰਹੀ ਅਤੇ ਤੀਵੀਆਂ ਅਗਲੀਆਂ ਪੀੜ੍ਹੀਆਂ ਨੂੰ ਕਿਵੇਂ ਜਨਮ ਦਿੰਦੀਆਂ ਰਹੀਆਂ? ਇਹਨਾਂ ਸੁਆਲਾਂ ਦਾ ਜਵਾਬ ਦੇਣ ਦੀ ਸ਼ਾਇਦ ਸਾਕਤ ਕਵੀ ਸ਼੍ਯਾਮ ਵਿੱਚ ਕਦੀ ਵੀ ਸ਼ਕਤੀ ਨਾ ਪੈਦਾ ਹੋ ਸਕੇ।
(20) ਫ਼ਿਰ ਜਬ ਜਬ ਹੋਤ ਅਰਿਸ਼ਟ ਅਪਾਰਾ ’’ ਅਤੇ ‘‘ ਜਬ ਜਬ ਹੋਇ ਧਰਮ ਧਰਮ ਕੀ ਹਾਨੀ ’’ ਵਾਲੀਆਂ ਗੱਪਾਂ ਦੀ ਰੋਸ਼ਨੀ ਵਿੱਚ ਇਸ ਤਥ ਨੂੰ ਕਿਵੇਂ ਹਜ਼ਮ ਕਰੀਏ ਕਿ ਵਿਸ਼ਨੂੰ ਜੀ ਦੇ 19 ਵੇਂ ਅਵਤਾਰ, ਚੰਦ੍ਰਮਾ ਦੇ ਦੌਰ ਵਿੱਚ ਇਕ ਤਰ੍ਹਾਂ ਭਗਵਾਨ ਵਿਸ਼ਨੂੰ ਖ਼ੁੱਦ ਕਿਵੇਂ ਦੇਵਤਿਆਂ ਦੇ ਗੁਰੂ ਬ੍ਰਹਸਪਤੀ ਦੀ ਇਸਤ੍ਰੀ ਤਾਰਾ ਜਾਂ ਗੋਤਮ ਦੀ ਪਤਨੀ ਅਹਿਲਿਆ ਨੂੰ ਉਧਾਲ ਕੇ ਲੈ ਜਾਂਦੇ ਤੇ ਉਸ ਨਾਲ ਕੁਕਰਮ ਕਮਾਉਂਦੇ ਹਨ।


29/05/16)
ਸੁਖਵਿੰਦਰ ਕੌਰ ‘ਹਰਿਆਓ’

(ਮਿੰਨੀ ਕਹਾਣੀ)
ਖਰੀਦਦਾਰ

ਹਰਨੇਕ ਨੇ ਆਪਣੀ ਧੀ ਦਾ ਵਿਆਹ ਅਮੀਰ ਘਰ ਵਿੱਚ ਵੀਹ ਲੱਖ ਦਾਜ ਦੇ ਕੇ ਕੀਤਾ ਤੇ ਇੱਕ ਦਿਨ ਉਨ੍ਹਾਂ ਦਾ ਜੁਵਾਈ ਉਹਨਾਂ ਦੀ ਧੀ ਨੂੰ ਆਨੀ-ਬਹਾਨੀ ਤੰਗ ਕਰਨ ਲੱਗਿਆ। ਕੁੱਝ ਸਮਾਂ ਹਰਨੇਕ ਨੇ ਦੇਖਿਆ `ਤੇ ਇੱਕ ਦਿਨ ਰਿਸ਼ਤੇਦਾਰ ਬੁਲਾਏ ਹਰਨੇਕ ਨੇ ਜੁਵਾਈ ਦੀ ਲਿਆਂਦੀ ਨਵੀਂ ਗੱਡੀ ਦੇਖ ਕੇ ਕਿਹਾ, “ਕਾਕਾ ਇਹ ਗੱਡੀ”।
“ਹਾਂਜੀ ਕੱਲ੍ਹ ਲਿਆਂਦੀ ਏ ਐ, ਪੰਜ ਲੱਖ ਦੀ”, ਜੁਵਾਈ ਨੇ ਧੌਣ ਅਕੜਾ ਕੇ ਕਿਹਾ। ਹਰਨੇਕ ਨੇ ਗੱਡੀ ਦੀ ਤਾਕੀ ਖੋਲ੍ਹੀ ਤੇ ਗੱਡੀ `ਚ ਬੈਠਦਿਆਂ ਕੇ ਕਿਹਾ, “ਮੈਂ ਲਿਜਾਵਾਂ ਕਾਕਾ ਗੱਡੀ ਨੂੰ…”। ਜੁਵਾਈ ਨੇ ਸਟੇਰਿੰਗ ਫੜਦਿਆਂ ਕਿਹਾ, “ਇਸ ਤੇ ਮੈਂ ਪੰਜ ਲੱਖ ਲਾਇਆ, ਮੁੱਲ ਖਰੀਦੀ ਐ, ਮੁਫ਼ਤ ਨ੍ਹੀਂ। ਆਪਣੇ ਘਰ ਰੱਖਾਂਗਾ, ਦਾਨ ਨਹੀਂ ਕਰਨੀ”।
ਹਰਨੇਕ ਗੱਡੀ `ਚੋਂ ਉਤਰ ਕੇ ਜੁਵਾਈ ਦਾ ਹੱਥ ਫੜ ਕੇ ਗੇਟ ਵੱਲ ਤੁਰ ਪਿਆ। ਸਾਰੇ ਹੈਰਾਨ ਹੋਏ, ਰੌਲਾ ਪੈ ਗਿਆ। ਮਾਂ-ਬਾਪ ਕਹਿਣ ਕਿੱਥੇ ਲੈ ਚਲਿਆ ਏ ਸਾਡੇ ਪੁੱਤਰ ਨੂੰ”, ਹਰਨੇਕ ਨੇ ਕਿਹਾ, “ਆਪਣੇ ਘਰ…”। ਜੁਵਾਈ ਨੇ ਹੈਰਾਨ ਹੋ ਕੇ ਕਿਹਾ, “ਮੱਤ ਮਾਰੀ ਗਈ ਆ ਤੇਰੀ, ਮੇਰਾ ਘਰ ਇਹ ਹੈ, ਤੇਰੇ ਘਰ ਕਿਉਂ ਜਾਵਾਂ”। ਹਰਨੇਕ ਨੇ ਕਿਹਾ, “ਪੁੱਤਰ ਜੀ ਅਕਲ ਤਾਂ ਹੁਣ ਆਈ ਏ, ਤੂੰ ਪੰਜ ਲੱਖ ਗੱਡੀ ਤੇ ਲਾ ਕੇ ਮਾਲਕ ਬਣ ਗਿਆ। ਮੈਂ ਤਾਂ ਫਿਰ ਵੀ ਤੈਨੂੰ ਪੂਰੇ ਵੀਹ ਲੱਖ ਰੁਪਏ `ਚ ਖਰੀਦਿਆਂ ਏ, ਮਾਲਕ ਤਾਂ ਮੈ ਹੀ ਤੇਰਾ। ਕਿਤੇ ਵੀ ਰੱਖਾਂ, ਮੁਫ਼ਤ `ਚ ਨਹੀਂ ਮਿਲਿਆ ਜੋ ਲੋਕਾਂ ਨੂੰ ਦਾਨ ਕਰਾਂ”। ਮੁੰਡੇ ਦੇ ਮਾਂ-ਬਾਪ ਕੋਰਾ ਸੱਚ ਸੁਣ ਕੇ ਹੱਕੇ-ਬੱਕੇ ਰਹਿ ਗਏ। ਜੁਵਾਈ ਨੇ ਨੀਵੀਂ ਪਾ ਲਈ ਕਿਉਂਕਿ ਹਰਨੇਕ ਉਸਦਾ ਸਹੁਰਾ ਨਹੀਂ, ਖਰੀਦਦਾਰ ਸੀ, ਵੇਚਣ ਵਾਲੇ ਤਾਂ ਉਸ ਦੇ ਮਾਂ-ਬਾਪ ਸਨ।
- ਸੁਖਵਿੰਦਰ ਕੌਰ ‘ਹਰਿਆਓ’
ਸਕੱਤਰ ਮਾਲਵਾ ਲਿਖਾਰੀ ਸਭਾ, ਸੰਗਰੂਰ
+91-81464-47541
[email protected]


22/05/16)
ਵਰਲਡ ਸਿੱਖ ਫੈਡਰੇਸ਼ਨ

ਭਾਈ ਪਿੰਦਰਪਾਲ ਸਿੰਘ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ
ਤਰੀਕ:- 18 ਮਈ 2016
ਭਾਈ ਪਿੰਦਰਪਾਲ ਸਿੰਘ ਜੀ, ਪਿਛਲੇ ਲੰਮੇ ਸਮੇਂ ਤੋਂ ਆਪ ਜੀ ਸ਼ਬਦ ਦੀ ਵਿਚਾਰ ਰਾਹੀ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਨੂੰ ਸੰਗਤਾਂ ਤਾਈ ਪੁਜਦਾ ਕਰ ਰਹੇ ਹੋ । ਆਪ ਜੀ ਦੀ ਇਸ ਸੇਵਾ ਨੂੰ ਮੁਖ ਰੱਖਦੇ ਹੋਏ, ਅਕਾਲ ਤਖਤ ਸਾਹਿਬ ਵੱਲੋਂ ਆਪ ਜੀ ਨੂੰ ਭਾਈ ਸਾਹਿਬ ਦੀ ਉਪਾਧੀ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਜਿਵੇ ਕਿ ਆਪ ਜੀ ਜਾਣਦੇ ਹੀ ਕਿ ਰਾਗੀ ਸਿੰਘਾਂ ਅਤੇ ਕਥਾਕਾਰਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚੋਂ ਕੁਝ ਚੋਣਵੇਂ ਸ਼ਬਦਾਂ ਦਾ ਹੀ ਕੀਰਤਨ ਅਤੇ ਕਥਾ ਕੀਤੀ ਜਾਂਦੀ ਹੈ। ਬਹੁਤ ਸਾਰੇ ਅਜੇਹੇ ਸ਼ਬਦ ਹਨ ਜਿਨ੍ਹਾਂ ਦਾ ਕੀਰਤਨ ਜਾਂ ਕਥਾ ਨਹੀ ਕੀਤੀ ਗਈ। ਇਸੇ ਤਰ੍ਹਾਂ ਹੀ ਕੁਝ ਹੋਰ ਮਸਲੇ ਹਨ ਜਿਨ੍ਹਾਂ ਬਾਰੇ ਪ੍ਰਚਾਰਕ ਹੀ ਨਹੀ ਸਗੋਂ ਯੂਨੀਵਰਸਿਟੀਆਂ ਦੇ ਵਿਦਵਾਨ ਵੀ ਗੱਲ ਕਰਨ ਤੋਂ ਪਾਸਾ ਵੱਟ ਜਾਂਦੇ ਹਨ। ਆਪ ਜੀ ਦੇ ਤਜਰਬੇ, ਖੋਜ ਅਤੇ ਸਟੇਜ ਤੋਂ ਗੱਲ ਕਰਨ ਦੀ ਜੁਰਅਤ ਨੂੰ ਵੇਖਦੇ ਹੋਏ ਆਪ ਜੀ ਨਾਲ ਕੁਝ ਨੁਕਤੇ ਸਾਂਝੇ ਕਰਨੇ ਚਾਹੁੰਦੇ ਹਾਂ ਤਾਂ ਜੋ ਆਪ ਜੀ ਰਾਹੀ ਸੰਗਤਾਂ ਵਿੱਚ ਜਾਗਰਤੀ ਲਿਆ ਕਿ ਗੁਰਬਾਣੀ ਦੀ ਰਹਿਨੁਮਾਈ ਵਿੱਚ ਸਹੀ ਹੱਲ ਲੱਭੇ ਜਾ ਸਕਣ।
੧) ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 927 ਉਪਰ ਦਰਜ ਸ਼ਬਦ, “ਰਾਗੁ ਰਾਮਕਲੀ ਮਹਲਾ ੫ ॥ ਰਣ ਝੁੰਝਨੜਾ ਗਾਉ ਸਖੀ ਹਰਿ ਏਕੁ ਧਿਆਵਹੁ ॥ ਸਤਿਗੁਰੁ ਤੁਮ ਸੇਵਿ ਸਖੀ ਮਨਿ ਚਿੰਦਿਅੜਾ ਫਲੁ ਪਾਵਹੁ”॥ ਸਬੰਧੀ ਬੇਨਤੀ ਹੈ ਕਿ ਇਥੇ ਇਸ ਸ਼ਬਦ ਦਿਆ ਸਿਰਫ ਦੋ ਪੰਗਤੀਆਂ ਹੀ ਦਰਜ ਹਨ ਜਦੋ ਕਿ ਹੱਥ ਲਿਖਤ ਬੀੜਾਂ ਵਿਚ ਇਹ ਪੂਰਾ ਸ਼ਬਦ ਦਰਜ ਹੈ। ਇਸ ਦਾ ਕੀ ਕਾਰਨ ਹੋ ਸਕਦਾ ਹੈ?
੨) ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1253 ਉਪਰ ਦਰਜ ਸੂਰਦਾਸ ਜੀ ਦਾ ਸ਼ਬਦ, “ਛਾਡਿ ਮਨ ਹਰਿ ਬਿਮੁਖਨ ਕੋ ਸੰਗੁ”॥ ਇਥੇ ਵੀ ਸਿਰਫ ਇਕ ਪੰਗਤੀ ਹੀ ਦਰਜ ਹੈ। ਹੱਥ ਲਿਖਤ ਬੀੜਾਂ ਵਿੱਚ ਇਹ ਸ਼ਬਦ ਪੂਰਾ ਦਰਜ ਹੈ। ਇਸ ਸ਼ਬਦ ਦੇ ਅਖੀਰ ਵਿੱਚ ਕੋਈ ਅੰਕ ਵੀ ਨਹੀ ਹੈ ਜਦੋ ਕਿ ਇਸ ਤੋਂ ਪਹਿਲੇ ਸ਼ਬਦ ਦੇ ਅਖੀਰ ਤੇ 6 ਅਤੇ ਇਸ ਤੋਂ ਅਗਲੇ ਸ਼ਬਦ ਦੇ ਅਖੀਰ ਤੇ 8 ਅੰਕ ਦਰਜ ਹੈ । ਕੀ ਇਸ ਸ਼ਬਦ ਦਾ ਅੰਕ 7 ਨਹੀ ਹੋਣਾ ਚਾਹੀਦਾ?
੩) ਗੁਰੂ ਗ੍ਰੰਥ ਸਾਹਿਬ ਜੀ ਵਿਚ ਇਕ ਰਚਨਾ ਅਜੇਹੀ ਵੀ ਦਰਜ ਹੈ ਜਿਸ ਦੇ ਲੇਖ ਬਾਰੇ ਕੋਈ ਜਾਣਕਾਰੀ ਦਰਜ ਨਹੀ ਹੈ। ਰਾਗਮਾਲਾ ਬਾਰੇ ਆਪ ਜੀ ਦਾ ਕਿ ਵਿਚਾਰ ਹੈ ਕਿ ਇਸ ਦਾ ਕਰਤਾ ਕੌਣ ਹੈ ਅਤੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਸਾਹਿਬ ਜੀ ਨੇ ਆਪ ਦਰਜ ਕੀਤਾ ਸੀ ਜਾਂ ਪਿਛੋਂ ਕਿਸੇ ਨੇ ਦਰਜ ਕੀਤਾ ਹੈ?
੪) ਅਕਾਲ ਤਖਤ ਤੋਂ ਭਾਈ ਸਾਹਿਬ ਦੀ ਉਪਾਧੀ ਦਾ ਮਤਲਬ ਸਿੱਧਾ ਜਿਹਾ ਬਣਦਾ ਹੈ ਕਿ ਤੁਸੀਂ ਗੁਰਮਤਿ ਪ੍ਰਚਾਰ ਸਮੇ ਅਕਾਲ ਤਖਤ ਸਾਹਿਬ ਅਤੇ ਅਕਾਲ ਤਕਤ ਸਾਹਿਬ ਵੱਲੋ ਪ੍ਰਵਾਨ ਕਿਤੀ ਗਈ ਮਰਿਆਦਾ ਨੂੰ ਸਮਰਪਿਤ ਹੋ । ਕੀ ਕਾਰਣ ਹੈ ਕਿ ਤੁਸੀਂ ਅਕਾਲ ਤਖਤ ਦੀ ਮਰਿਆਦਾ ਦੇ ਵਿਰੋਧੀ ਗੁਰਦਵਾਰਿਆਂ ਵਿੱਚ ਵੀ ਕਥਾ ਕਰਦੇ ਹੋ ਅਤੇ ਕਦੇ ਉਹਨਾ ਨੂੰ ਇਸ ਮਰਿਆਦਾ ਨੂੰ ਲਾਗੂ ਕਰਨ ਲਈ ਆਖਦੇ ਵੀ ਨਹੀਂ ?

ਭਾਈ ਪਿੰਦਰਪਾਲ ਸਿੰਘ ਜੀ, ਅਸੀਂ ਆਸ ਕਰਦੇ ਹਾਂ ਕਿ ਆਪ ਜੀ ਖੋਜੀ ਵਿਦਵਾਨ ਅਤੇ ‘ਭਾਈ ਸਾਹਿਬ’ ਹੋਣ ਦੇ ਨਾਤੇ ਆਪਣੀ ਕੌਮੀ ਜਿੰਮੇਵਾਰੀ ਨੂੰ ਸਮਝਦੇ ਹੋਏ, ਫਰੀਮੌਟ (ਕੇਲੀਫੋਰਨਿਆ) ਦੀ ਸਟੇਜ ਤੋਂ ਉਪ੍ਰੋਕਤ ਸ਼ਬਦਾਂ ਦੀ ਕਥਾਂ ਕਰਕੇ ਕੌਮ ਨੂੰ ਇਕ ਨਿੱਗਰ ਸੇਧ ਦਿਓਗੇ।
ਅਗਰ ਆਪ ਗੁਰੂ ਗ੍ਰੰਥ ਸਾਹਿਬ ਜੀ ਦੇ ਇਹਨਾ ਸ਼ਬਦਾਂ ਵਾਰੇ ਸਵਾਲਾਂ ਤੋਂ ਕਿਸੇ ਵੀ ਬਹਾਨੇ ਪਾਸਾ ਵੱਟਣ ਦੀ ਕੋਸ਼ਿਸ਼ ਕਰਦੇ ਹੋ ਤਾਂ ਆਪ ਜੀ ਦੀ ਸੇਵਾ ਅਤੇ ਭਾਈ ਸਾਹਿਬ ਦੀ ਉਪਾਧੀ ਤੇ ਪ੍ਰਸ਼ਨ ਚਿੰਨ ਲਗਣੇ ਸੁਭਾਵਿਕ ਹਨ ਕਿ ਕੀ ਕਾਰਣ ਹੈ ਆਪ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦੀ ਵਿਚਾਰ ਤਾਂ ਛੱਡ ਸਕਦੇ ਹੋ ਪਰ ਜੋ ਰਚਨਾ ਸਾਡੀ ਗੁਰੂ ਨਹੀਂ, ਉਸ ਨੂੰ ਪੜਨ ਲਈ ਸੰਗਤ ਵਿੱਚ ਪ੍ਰਚਾਰ ਕਰਦੇ ਹੋ।
ਧੰਨਵਾਦ
ਸਮੂਹ ਸੇਵਾਦਾਰ ਵਰਲਡ ਸਿੱਖ ਫੈਡਰੇਸ਼ਨ


22/05/16)
ਗੁਰਮੀਤ ਸਿੰਘ (ਸਿੱਡਨੀ)

ਸਤਿਕਾਰਯੋਗ ਗਿਆਨੀ ਜਗਤਾਰ ਸਿੰਘ ਜੀਓ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

ਜਿਵੇਂ ਆਪਜੀ ਨੂੰ ਪਤਾ ਹੀ ਹੈ ਕਿ ਸਿੱਖ ਗੁਰਦੁਆਰਾਜ਼ ਐਕਟ ੧੯੨੫ ਦੇ ਨਾਲ ਹੀ ਪੁਰਾਣੇ ਮਹੰਤਾਂ ਨੇ ਵੀ ਆਪਣੇ ਕਮਰ-ਕੱਸੇ ਬੰਨ੍ਹਣ ਵਿੱਚ ਦੇਰ ਨ ਕੀਤੀ ਅਤੇ ਆਪਣੇ ਆਪਣੇ ਡੇਰੇ/ਠਾਠ/ਟਕਸਾਲ, ਆਦਿਕ ਅਰੰਭ ਦਿੱਤੇ! ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੋਟਾਂ ਦੀ ਖ਼ਾਤਰ, ਐਸੇ ਅਖੌਤੀ ਸੰਤ-ਬਾਬਿਆਂ ਦੇ ਗੁਲਾਮ ਬਣਦੇ ਗਏ, ਜਿਸ ਸਦਕਾ ਇਨ੍ਹਾਂ ਨੇ ਦੈਂਤ ਦਾ ਰੂਪ ਧਾਰ ਲਿਆ ਹੈ। ਪਿਛਲੇ (੨੦) ਸਾਲਾਂ ਵਿੱਚ ਪੰਜਾਬ ਦੇ ਹਾਲਾਤ ਬਹੁਤ ਹੀ ਖ਼ਰਾਬ ਹੋ ਗਏ ਹਨ। ਹੁਣ ਇਨ੍ਹਾਂ ਨੇ ਆਪ ਹੀ ਲੜਣਾ ਸ਼ੁਰੂ ਕਰ ਦਿੱਤਾ ਹੈ ਅਤੇ ਅਖੌਤੀ ਸਿੱਖ ਲੀਡਰ ਐਸੇ ਡੇਰਿਆਂ `ਤੇ ਜਾ ਕੇ ਉਨ੍ਹਾਂ ਦੀ ਖੁਸ਼ਾਮੰਦ ਕਰਦੇ ਹਨ ਕਿ ਅਸੀਂ ਤੁਹਾਡੇ ਨਾਲ ਹੈਂ?

ਪਰ, ਦੂਸਰੇ ਪਾਸੇ ਜਦੋਂ ਅਸੀਂ ਸਿੱਖ ਮਿਸ਼ਨਰੀਆਂ ਦੀ ਹਾਲਤ ਦੇਖਦੇ ਹਾਂ, ਉਹ ਵੀ ਇਸ ਦਲ-ਦਲ ਵਿੱਚ ਫੱਸ ਗਏ ਹਨ ਅਤੇ ਹੁਣ ਉਨ੍ਹਾਂ ਨੂੰ ਸੋਧਣ ਦੇ ਓਪਰਾਲੇ ਕਰ ਰਹੇ ਹਨ ਕਿ ਉਹ ਦਸਮ-ਗ੍ਰੰਥ ਦਾ ਪ੍ਰਚਾਰ ਕਿਉਂ ਨਹੀਂ ਕਰਦੇ। ਇਸ ਵਿੱਚ ਮਿਸ਼ਨਰੀਆਂ ਦਾ ਵੀ ਕਸੂਰ ਹੈ ਕਿਉਂਕਿ ਉਹ ਵੀ ਸਿੱਖ ਰਹਤ ਮਰਯਾਦਾ ੧੯੪੫ ਨੂੰ ਆਪਣੇ ਸਿਰ ਉਪਰ ਚੁੱਕੀ ਫਿਰਦੇ ਹਨ! ਪਿਛਲੇ (੧੦) ਸਾਲਾਂ ਵਿੱਚ ਜਿਹੜੀਆਂ ਊਨਤਾਈਆਂ ਦੇਖਣ ਵਿੱਚ ਆਈਆਂ ਹਨ, ਇਨ੍ਹਾਂ ਨੇ ਕਦੇ ਆਵਾਜ਼ ਨਹੀਂ ਉਠਾਈ ਅਤੇ ਭੇਡਾਂ ਦੇ ਇੱਜੜ ਵਾਂਗ ਸਿਰ ਨੀਵਾਂ ਕਰਕੇ ਮੰਨੀ ਜਾ ਰਹੇ ਹਨ ਕਿ ਅਸੀਂ ਤਾਂ ਪ੍ਰਵਾਣਿਤ ਸਿੱਖ ਮਰਯਾਦਾ ਅਨੁਸਾਰ ਹੀ ਪ੍ਰਚਾਰ ਕਰਦੇ ਹਾਂ? ਵਿਬਸਾਈਟ ਸਿੱਖ ਮਾਰਗ ਅਤੇ ਖ਼ਾਲਸਾ ਨਿਯੂਜ਼ ਇਹ ਸੱਭ ਪੜ੍ਹਦੇ ਹਨ, ਪਰ ਇਨ੍ਹਾਂ ਦੀ ਸੋਚਣੀ ਵਿੱਚ ਕੋਈ ਫਰਕ ਨਹੀਂ ਪਿਆ। ਅਰਦਾਸਿ ਵਿਖੇ ਭਗਉਤੀ, ਰਾਗ ਮਾਲਾ, ਬਚਿਤ੍ਰ ਨਾਟਕ ਵਿਚੋਂ ਟੋਟਕੇ, ਇਹ ਸੱਚੀ ਬਾਣੀ ਵਾਂਗ ਮੰਨੀ ਜਾ ਰਹੇ ਹਨ। ਇਨ੍ਹਾਂ ਦਾ ਫਰਜ ਬਣਦਾ ਸੀ ਕਿ ਇਹ ਵੀ ਪ੍ਰੋਫੈਸਰ ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਵਾਂਗ ਸੱਚ ਨੂੰ ਸੱਚ ਕਹਿੰਦੇ ਕਿ ਸ਼ਬਦ-ਗੁਰੂ ਹੀ ਸਾਡਾ ਗੁਰੂ ਹੈ। ਇਵੇਂ ਹੀ ਗੁਰਬਾਣੀ ਅਨੁਸਾਰ ਜਥੇਦਾਰਾਂ ਅਤੇ ਤਖਤਾਂ ਨੂੰ ਕਿਵੇਂ ਮਾਣਤਾ ਪ੍ਰਵਾਨ ਕੀਤੀ ਹੋਈ ਹੈ? ਇਹ ੧੯੨੫ ਐਕਟ ਨੂੰ ਵੀ ਨਹੀਂ ਮੰਨਦੇ ਹਾਲਾਂਕਿ ਇਨ੍ਹਾਂ ਨੂੰ ਉਸ ਦੇ ਅਧੀਨ ਪ੍ਰਚਾਰ ਕਰਨਾ ਚਾਹੀਦਾ ਹੈ। ਇਸ ਲਈ ਦਾਸਰੇ ਦੀ ਬੇਨਤੀ ਹੈ ਕਿ ਇਹ ਦੋ ਬੇੜੀਆਂ ਉਪਰ ਸਫਰ ਕਰਨਾ ਛੱਡ ਦੇਣ ਅਤੇ ਸਿਰਫ ਗੁਰੂ ਗਰੰਥ ਸਾਹਿਬ (ਪੰਨੇ ੧-੧੪੨੯) ਸਾਡਾ ਸੱਭ ਦਾ ਗੁਰੂ, ਦਰਬਾਰ, ਤੱਖਤ ਅਤੇ ਸਿੱਖ ਕੇਂਦਰ ਹੈ।
ਪੰਜਾਬ ਦੀ ਅਗਲੀ ਫੇਰੀ ਸਮੇਂ ਸਾਰੇ ਮਿਸ਼ਨਰੀਆਂ ਦੀ ਮੀਟਿੰਗ ਬਲਾਵੋ ਅਤੇ ਇੱਕ ਸਾਰਤਾ ਲਿਆਵੋ, ਨਹੀਂ ਤਾਂ ਇਹ ਦੈਂਤ ਇੱਕਲੇ ਇੱਕਲੇ ਨੂੰ ਖਾ ਜਾਣਗੇ।
ਆਪਜੀ ਦਾ ਸ਼ੁੱਭ-ਚਿੰਤਕ,
ਗੁਰਮੀਤ ਸਿੰਘ (ਸਿੱਡਨੀ)


22/05/16)
ਗਿ. ਜਾਚਕ

ਸਿੱਖ ਮਿਸ਼ਨਰੀ ਕਾਲਜਾਂ ਨੇ ਸੰਪਰਦਾਈ ਟਕਸਾਲਾਂ ਦੇ ਵਿਗਾੜੇ ਗੁਰਇਤਿਹਾਸ ਨੂੰ ਸੁਧਾਰਿਆ ਹੈ : ਗਿ. ਜਾਚਕ
ਨਿਊਯਾਰਕ 18 ਮਈ (ਮਨਜੀਤ ਸਿੰਘ) ਸਿੱਖ ਮਿਸ਼ਨਰੀ ਕਾਲਜਾਂ ਨੇ ਪਿੱਛਲੇ 30 ਕੁ ਸਾਲਾਂ ਵਿੱਚ ਸੰਪਰਦਾਈ ਗੁਰਮਤਿ ਵਿਦਿਆਲਿਆਂ ਤੇ ਟਕਸਾਲਾਂ ਵੱਲੋਂ ਵਿਗਾੜੇ ਜਾ ਰਹੇ ਗੁਰਇਤਿਹਾਸ ਨੂੰ ਸੁਧਾਰਨ ਅਤੇ ਬਿਪਰਵਾਦ ਨਾਲ ਰਲਗੱਢ ਕੀਤੇ ਜਾ ਰਹੇ ਗੁਰਮਤਿ ਸਿਧਾਂਤਾਂ ਨੂੰ ਨਿਖਾਰਨ ਲਈ ਦੇਸ਼ ਵਿਦੇਸ਼ ਵਿੱਚ ਵੱਡਾ ਹੰਭਲਾ ਮਾਰਿਆ ਹੈ । ਚਾਹੀਦਾ ਤਾਂ ਇਹ ਸੀ ਕਿ ਸ਼੍ਰੋਮਣੀ ਕਮੇਟੀ ਵਰਗੀਆਂ ਪ੍ਰਮੁਖ ਸਿੱਖ ਸੰਸਥਾਵਾਂ ਤੇ ਖ਼ਾਲਸਈ ਤਖ਼ਤਾਂ ਵੱਲੋਂ ਉਨ੍ਹਾਂ ਨੂੰ ਸ਼ਾਬਾਸ਼ ਸਹਿਤ ਆਰਥਿਕ ਸਹਿਯੋਗ ਦਿੱਤਾ ਜਾਂਦਾ । ਪਰ, ਦੁੱਖ ਦੀ ਗੱਲ ਹੈ ਕਿ ਸਰਕਾਰੀ ਤੇ ਸੰਪਰਦਾਈ ਏਜੰਟਾਂ ਦੀ ਸਾਜਿਸ਼ ਦਾ ਸ਼ਿਕਾਰ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਰਾਹੀਂ ਵਾਰ ਵਾਰ ਕਾਲਜਾਂ ਦਾ ਸਿਲੇਬਸ ਇੱਕ ਕਰਨ ਦੇ ਪਰਦੇ ਹੇਠ ਉਨ੍ਹਾਂ ਨੂੰ ਬੰਦ ਕਰਾਉਣ ਦੀਆਂ ਕੁਟਿਲ ਚਾਲਾਂ ਚੱਲੀਆਂ ਜਾਂਦੀਆਂ ਹਨ । ਇਹ ਲਫ਼ਜ਼ ਹਨ ਪੰਥਕ ਵਿਚਾਰ ਮੰਚ ਨਿਊਯਾਰਕ ਦੇ ਚੇਅਰਮੈਨ ਗਿ. ਜਗਤਾਰ ਸਿੰਘ ਜਾਚਕ ਦੇ, ਜਿਹੜੇ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੁਆਰਾ ਮਿਸ਼ਨਰੀ ਕਾਲਜਾਂ ਸਬੰਧੀ ਜਾਰੀ ਕੀਤੇ ਤਾਜ਼ੇ ਆਦੇਸ਼ ਦੇ ਪ੍ਰਤੀਕਰਮ ਵੱਜੋਂ ਭੇਜੇ ਇੱਕ ਪ੍ਰੈਸਨੋਟ ਵਿੱਚ ਕਹੇ ।
ਉਨ੍ਹਾਂ ਸਪਸ਼ਟ ਕੀਤਾ ਕਿ ਸੰਪਰਦਾਈ ਟਕਸਾਲਾਂ ਵੱਲੋਂ ਹੁਣ ਤੱਕ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਪੁਰਾਣਿਕ-ਮੱਤੀ ਤ੍ਰੇਤੇ ਯੁਗ ਦੇ ਅਵਤਾਰ ਮੰਨੇ ਜਾਂਦੇ ਸ੍ਰੀ ਰਾਮਚੰਦਰ ਦੇ ਵੰਜਸ਼ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੰਜਵਾਂ ਵੇਦ ਪ੍ਰਚਾਰ ਕੇ ਗੁਰਮਤਿ ਫ਼ਲਸਫ਼ੇ ਨੂੰ ਭਗਵੇਂ ਰੰਗ ਵਿੱਚ ਰੰਗਿਆ ਜਾ ਰਿਹਾ ਹੈ । ਦਸਮ ਪਾਤਸ਼ਾਹ ਵੱਲੋਂ ਖ਼ਾਲਸਾ ਪੰਥ ਦੇ ਜਥੇਬੰਦਕ ਮੁੱਖੀ ਥਾਪੇ ਪੰਜ ਪਿਆਰਿਆਂ ਵਿੱਚੋਂ ਭਾਈ ਦਇਆ ਸਿੰਘ ਨੂੰ ਸ੍ਰੀ ਰਾਮਚੰਦਰ ਦੇ ਬੇਟੇ ਲਊ (ਲਵ) ਦਾ ਅਵਤਾਰ, ਭਾਈ ਧਰਮ ਸਿੰਘ ਜੀ ਨੂੰ ਭਗਤ ਧੰਨੇ ਦਾ, ਭਾਈ ਹਿੰਮਤ ਸਿੰਘ ਜੀ ਨੂੰ ਸ਼ਿਕਾਰੀ ਫੰਧਕ ਦਾ, ਭਾਈ ਮੁਹਕਮ ਸਿੰਘ ਨੂੰ ਭਗਤ ਸ੍ਰੀ ਨਾਮਦੇਵ ਜੀ ਦਾ ਅਤੇ ਭਾਈ ਸਾਹਿਬ ਸਿੰਘ ਜੀ ਨੂੰ ਭਗਤ ਸੈਣ ਦਾ ਅਵਤਾਰ ਦੱਸ ਕੇ ਦੱਸ ਕੇ ਖ਼ਾਲਸਤਾਨੀ ਬੁਰਕੇ ਹੇਠ ਸਿੱਖੀ ਨੂੰ ਹਿੰਦੂ-ਮੱਤ ਦੀ ਇੱਕ ਸ਼ਾਖਾ ਸਿੱਧ ਕੀਤਾ ਜਾ ਰਿਹਾ ਹੈ । ਸਿੱਖ ਮਿਸ਼ਨਰੀ ਕਾਲਜਾਂ ਦੇ ਪ੍ਰਚਾਰਕਾਂ ਤੇ ਉਨ੍ਹਾਂ ਦੀਆਂ ਪੁਸਤਕਾਂ ਨੇ ਗੁਰਮਤਿ ਦੀ ਰੌਸ਼ਨੀ ਵਿੱਚ ਉਪਰੋਕਤ ਮਿੱਥਾਂ ਦਾ ਜ਼ੋਰਦਾਰ ਖੰਡਨ ਕੀਤਾ ਹੈ । ਕਿਉਂਕਿ, ਸਿੱਖੀ ਅਵਤਾਰਵਾਦ ਨੂੰ ਮਾਨਤਾ ਨਹੀਂ ਦਿੰਦੀ । ਅਸਲ ਵਿੱਚ ਇਹੀ ਕਾਰਣ ਹੈ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਸਥਾਪਿਤ ਕਰਨ ਦੇ ਸੁਪਨੇ ਲੈਣ ਵਾਲੀਆਂ ਭਾਰਤੀ ਹਕੂਮਤਾਂ ਦੇ ਮੱਕੜ-ਜਾਲ ਵਿੱਚ ਫਸ ਕੇ ਤਖ਼ਤਾਂ ਦੇ ਜਥੇਦਾਰ ਵੀ ਗੁਰਮਤਿ ਕਾਲਜਾਂ ਨੂੰ ਬੰਦ ਕਰਾਉਣ ਦਾ ਇੱਕ ਹੋਰ ਕਲੰਕ ਆਪਣੇ ਮੱਥੇ ’ਤੇ ਲਵਾਉਣ ਲਈ ਕਾਹਲੇ ਪੈ ਰਹੇ ਹਨ । ਪਰ, ਅਜਿਹੇ ਯਤਨ ਕਰਨ ਵਾਲੇ ਸਫਲ ਨਹੀਂ ਹੋ ਸਕਣਗੇ । ਕਿਉਂਕਿ, ਮਿਸ਼ਨਰੀ ਪ੍ਰਚਾਰਕਾਂ ਦੀ ਬਦੌਲਤ ਖ਼ਾਲਸਾ ਪੰਥ ਦਾ ਵੱਡਾ ਹਿੱਸਾ ਹੁਣ ਜਾਗਰੂਕ ਹੋ ਚੁੱਕਾ ਹੈ ।
ਸਿੱਖ ਜਗਤ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਰਕਾਰੀ ਸ਼ਹਿ ਵਾਲੀਆਂ ਉਪਰੋਕਤ ਕਿਸਮ ਦੀਆਂ ਸੰਪਰਦਾਈ ਤਾਕਤਾਂ ਹੀ ਹਨ; ਜਿਨ੍ਹਾਂ ਨੇ ਕੁਝ ਸਮਾਂ ਪਹਿਲਾਂ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਉੱਪਰ ਤੇ ਹੁਣ ਭਾਈ ਰਣਜੀਤ ਸਿੰਘ ਢਢਰੀਆਂ ਵਾਲਿਆਂ ’ਤੇ ਜਾਨ-ਲੇਵਾ ਹਮਲੇ ਕੀਤੇ ਹਨ । ਕਿਉਂਕਿ, ਸਿੱਖ ਮਿਸ਼ਨਰੀ ਲਹਿਰ ਦੇ ਮੋਢੀ ਪ੍ਰੋ. ਸਾਹਿਬ ਸਿੰਘ ਜੀ ਵਰਗੇ ਵਿਦਵਾਨਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ ਇਹ ਦੋਵੇਂ ਸ਼ਖ਼ਸੀਅਤਾਂ ਸੰਪਰਦਾਈ-ਜਾਲ਼ ਵਿੱਚੋਂ ਸਹਿਜੇ ਸਹਿਜੇ ਮੁਕਤ ਹੋ ਗਈਆਂ ਹਨ । ਇਹ ਦੋਵੇਂ ਸ਼ਰਮਨਾਕ ਘਟਨਾਵਾਂ ਓਵੇਂ ਹੀ ਹਨ ; ਜਿਵੇਂ ਗੈਂਗਸਟੱਰ (ਬਲੈਕੀਏ ਆਗੂ) ਆਪਣੇ ਗੈਂਗ ਵਿੱਚੋਂ ਨਿਕਲੇ ਵਿਅਕਤੀ ਨੂੰ ਭੇਦ ਖੁਲ੍ਹਣ ਦੇ ਡਰੋਂ ਮਾਰ ਮਕਾਉਂਦੇ ਹਨ । ਯਾਦ ਰੱਖਣ ਦੀ ਲੋੜ ਹੈ ਕਿ ਕਾਂਸ਼ੀ ਦੇ ਬ੍ਰਾਹਮਣਾਂ ਨੇ ਕ੍ਰਾਂਤੀਕਾਰੀ ਭਗਤ ਕਬੀਰ ਜੀ ਦੇ ਘਰ ਨੂੰ ਅੱਗ ਲਾ ਕੇ ਪ੍ਰਵਾਰ ਸਮੇਤ ਸਾੜਣ ਦਾ ਕੋਝਾ ਯਤਨ ਕੀਤਾ ਸੀ ।


22/05/16)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਰੀਠਾ ਸਾਹਿਬ ਉਤਰਾਖੰਡ ਤੇ ਰੀਠਾ ਸਾਹਿਬ ਕੁਰੂਕਲਮੰਡਮ ਸ੍ਰੀ ਲੰਕਾ ਦੇ ਮਿੱਠੇ ਰੀਠੇ
ਡਾ: ਦਲਵਿੰਦਰ ਸਿੰਘ ਗ੍ਰੇਵਾਲ, 1925, ਬਸੰਤ ਐਵੇਨਿਊ ਲੁਧਿਆਣਾ: 919815366726

ਇਨ੍ਹਾਂ ਸਤਰਾਂ ਦਾ ਲਿਖਾਰੀ ਸ੍ਰੀ ਲੰਕਾ ਦੀ ਗੁਰੂ ਨਾਨਕ ਚਰਨ ਚਿੰਨ੍ਹ ਖੋਜ ਯਾਤਰਾ ਪਿੱਛੋਂ ਹੁਣੇ ਹੀ ਵਾਪਿਸ ਪਰਤਿਆ ਹੈ। ਗੁਰੂ ਨਾਨਕ ਦੇਵ ਜੀ ਨੇ ਦੱਖਣ ਉਦਾਸੀ ਸਮੇਂ ਸ੍ਰੀ ਲੰਕਾ ਦੇ ਪ੍ਰਮੁੱਖ ਧਾਰਮਿਕ ਤੇ ਰਾਜਨੀਤਿਕ ਸਥਾਨਾਂ ਤੇ ਗਏ ਤੇ ਵਹਿਮਾਂ-ਭਰਮਾਂ ਤੋਂ ਹਟਾ ਕੇ, ਇੱਕ ਈਸ਼ਵਰ, ਭਰਾਤਰੀਵਾਦ ਤੇ ਸੱਚੇ-ਸੁੱਚੇ-ਸੁਚੱਜੇ ਜੀਵਨ ਦੀ ਜਾਚ ਦਾ ਸੁਨੇਹਾ ਹਰ ਥਾਂ ਦਿਤਾ। ਸਾਰੀਆਂ ਹੀ ਜਨਮਸਾਖੀਆਂ ਅਨੁਸਾਰ ਗੁਰੂ ਨਾਨਕ ਦੇਵ ਜੀ ਮਨਸੁੱਖ ਦੀ ਬਿਨਤੀ ਤੇ ਰਾਜਾ ਸ਼ਿਵਨਾਭ ਨੂੰ ਸੱਚਾ-ਸੁੱਚਾ ਮਾਰਗ ਦਰਸਾਣ ਲਈ ਸ੍ਰੀ ਲੰਕਾ ਪਹੁੰਚੇ।‘ਹਕੀਕਤ ਰਾਹ ਮੁਕੀਮ’ ਵਿਚ ਇਸ ਪੈਂਡੇ ਦਾ ਜ਼ਿਕਰ ਹੈ।ਗਿਆਨੀ ਗਿਆਨ ਸਿੰਘ ਤੇ ਡਾ: ਕਿਰਪਾਲ ਸਿੰਘ ਨੇ ਇਨ੍ਹਾਂ ਸਥਾਨਾਂ ਦੀ ਖੋਜ ਕੀਤੀ। ਉਹ ਜਾਫਨਾ, ਤ੍ਰਿਕਨੋਮਲੀ, ਬੈਟੀਕਲੋਆ, ਡੀਬਰ, ਕੁਰੂਕਲਮੰਡਮ, ਕਤਰਗਾਮਾ, ਬਾਡੁਲਾ, ਨੁਵਾਰਾ ਏਲੀਆ, ਆਦਮ-ਚੋਟੀ, ਕੋਟੇ, ਸੀਤਵਾਕਾ, ਕੈਂਡੀ, ਅਨੁਰਾਧਾਪੁਰ ਆਦਿ ਸਥਾਨਾਂ ਤੇ ਗਏ ਜਿੱਥੇ ਧਰਮਸਾਲਾ ਬਣੀਆਂ ਤੇ ਵੱਡੀ ਗਿਣਤੀ ਵਿਚ ਸੰਗਤ ਇਕੱਠੀ ਹੁੰਦੀ। ਪਰ ਹੁਣ ਇਨ੍ਹਾਂ ਸਭ ਧਰਮਸਾਲਾ ਦੀ ਹੋਂਦ ਮਿੱਟ ਜਾਣਾ ਚਿੰਤਾ ਦਾ ਵਿਸ਼ਾ ਹੈ। ਡਾ: ਕੈਂਥ ਤੇ ਸਰਦਾਰ ਮੋਦੀ ਜੋ ਹਾਲ ਹੀ ਵਿਚ ਇਨ੍ਹਾਂ ਥਾਵਾਂ ਦੀ ਖੋਜ ਲਈ ਨਿਕਲੇ ਉਨ੍ਹਾਂ ਨੂੰ ਨਾ ਤਾਂ ਕਿਧਰੇ ਕੋਈ ਸਿੱਖ ਮਿਲਿਆ ਤੇ ਤੇ ਨਾ ਹੀ ਧਰਮਸਾਲ ਜਿੱਥੇ ਹਕੀਕਤ ਰਾਹ ਮੁਕੀਮ ਅਨੁਸਾਰ ਕਦੇ ਲਗਾਤਾਰ ਕੀਰਤਨ ਹੁੰਦਾ ਸੀ, ਤੇ ਮਣਾਂ ਮੂੰਹੀ ਅੰਨ ਪਕਦਾ ਸੀ ਜਿਸ ਨੂੰ ਸਾਰੀ ਸੰਗਤ ਬੈਠ ਕੇ ਇਕੱਠੀ ਛਕਦੀ ਸੀ।ਹਾਂ, ਉਨ੍ਹਾਂ ਨੇ ਕੁਰੂਕਲਮੰਡਮ ਵਿਚ ਗੁਰੂ ਜੀ ਦੇ ਆ ਕੇ ਕਾਫੀ ਸਮਾਂ ਰਹਿਣ ਤੇ ਰੀਠੇ ਮਿਠੇ ਹੋਣ ਦੀ ਗਲ ਵੀ ਕਹੀ।
ਉਥੋਂ ਦੇ ਸ਼ਿਲਾਲੇਖਾਂ ਦੇ ਉਪ-ਡਾਇਰੈਕਟਰ ਨੇ ਇਕ ਸ਼ਿਲਾ ਲੇਖ (ਮ-111) ਬਾਰੇ ਲਿਖਿਆ ਸੀ ਜਿਸ ਉਪਰ ਗੁਰੂ ਨਾਨਕ ਦੇ ਸ੍ਰੀ ਲੰਕਾ ਜਾਣ, ਰਾਜੇ ਨੂੰ ਸਿਖਿਆਵਾਂ ਦੇਣ, ਰਾਜੇ ਦੇ ਪ੍ਰਭਾਵਿਤ ਹੋਣ ਤੇ ਰਾਜੇ ਦੇ ਕਹਿਣ ਤੇ ਉਥੋਂ ਦੇ ਧਰਮਪ੍ਰਮੁਖ ਨਾਲ ਬਹਿਸ ਕਰਕੇ ਹਰਾਉਣ ਦਾ ਜ਼ਿਕਰ ਹੈ।
ਗੁਰੂ ਜੀ ਦੇ ਚਰਨ-ਚਿਨ੍ਹਾਂ ਦੀ ਖੋਜ ਲਈ ਅਪ੍ਰੈਲ 2016 ਵਿਚ ਜਾਣ ਦਾ ਸਬੱਬ ਬਣਿਆ ਤੇ ਉਹ ਵੀ ਅਚਾਨਕ ਹੀ ਹੋਇਆ। ਸ੍ਰੀ ਲੰਕਾ ਦਾ ਪੀ. ਐਚ ਡੀ ਦਾ ਮੇਰਾ ਇੱਕ ਵਿਦਿਆਰਥੀ ਰਵੀਂਦਰਨ ਮੈਨੂੰ ਸ੍ਰੀ ਲੰਕਾ ਆਉਣ ਲਈ ਕਹਿ ਰਿਹਾ ਸੀ ਜਿਸ ਨਾਲ ਉਸ ਨੂੰ ਵੀ ਕਾਫੀ ਮਦਦ ਮਿਲ ਜਾਣੀ ਸੀ।ਇਕ ਸ਼ਾਮ ਇੰਟਰਨੈਟ ਤੇ ਬੈਠੇ ਨੂੰ ਖਿਆਲ ਆਇਆ ਕਿ ਸ੍ਰੀ ਲੰਕਾ ਲਈ ਵੀਜ਼ੇ ਬਾਰੇ ਚੈਕ ਕਰ ਲਿਆ ਜਾਵੇ। ਸ੍ਰੀ ਲੰਕਾ ਸਰਕਾਰ ਨੇ ਫੁਰਤੀ ਦਿਖਾਈ ਤੇ ਨੈਟ ਤੇ ਹੀ ਫਾਰਮ ਭਰਵਾ ਕੇ ਫਟਾ ਫਟ ਵੀਜ਼ਾ ਲਾ ਦਿਤਾ। ਏਅਰਲਾਈਨ ਵਾਲਿਆਂ ਨੇ ਸਸਤੇ ਟਿਕਟ ਪੇਸ਼ ਕਰ ਦਿਤੇ ਤਾਂ ਅਚਾਨਕ ਮਿਲੇ ਮੌਕੇ ਦਾ ਲਾਭ ਉਠਾਉਣਾ ਚਾਹਿਆ। ਅਜੇ ਦੁਚਿਤੀ ਵਿਚ ਹੀ ਸੀ ਕਿ ਪੋਤਰੇ ਨੇ ਜਨਮਦਿਨ ਲਈ ਦਿਲੀ ਪਹੁੰਚਣ ਦਾ ਆਦੇਸ਼ ਦੇ ਦਿਤਾ। ਸੋਨੇ ਤੇ ਸੁਹਾਗਾ। ਅਗਲੇ ਦਿਨ ਹੀ ਸ਼ਤਾਬਦੀ ਵਿਚ ਦਿੱਲੀ ਜਾ ਪਹੁੰਚੇ ਤੇ ਫਿਰ ਅਗਲੀ ਸ਼ਾਮ 23 ਅਪ੍ਰੈਲ 2016 ਨੂੰ ਫਲਾਈਟ ਲੈਕੇ ਦੂਸਰੇ ਦਿਨ ਸੁਬਹ ਕੋਲੰਬੇ ਜਾ ਉਤਰੇ।
ਤੜਕੇ 2 ਵਜੇ ਚੈਕਿੰਗ ਤੋਂ ਵਿਹਲੇ ਹੋ ਬਾਹਰ ਨਿਕਲੇ ਤਾਂ ਰਵੀਂਦਰਨ ਦੇ ਭੇਜੇ ਸਿਨਹਾਲੀ ਗਾਈਡ, ਫੋਟੋਗ੍ਰਾਫਰ ਤੇ ਡਰਾਈਵਰ ਹਵਾਈ ਅੱਡੇ ਦੇ ਲਾਊਂਜ ਵਿਚ ਮਿਲੇ। ਤਹਿ ਸ਼ੁਦਾ ਪ੍ਰੋਗ੍ਰਾਮ ਅਨੁਸਾਰ ਸਭ ਤੋਂ ਪਹਿਲਾਂ ਬੈਟੀਕਲੋਆ ਤੇ ਕੁਰੂਕਲਮੰਡਮ ਜਾਣਾ ਸੀ। ਕੋਲੰਬੋ ਤੋਂ ਬੈਟੀਕਲੋਆ 7 ਘੰਟੇ ਦਾ ਸਫਰ ਹੈ ਤੇ ਕੁਰੂਕਲਮੰਡਮ ਅੱਗੇ 12 ਕੁ ਕਿਲੋਮੀਟਰ ਹੈ। ਸਾਰਾ ਰਸਤਾ ਨੈਸ਼ਨਲ ਹਾਈਵੇ ਹੋਣ ਕਰਕੇ ਬਿਨਾ ਝਟਕੇ-ਖਟਕੇ ਰਫਤਾਰ ਨਾਲ ਵਧਦਿਆਂ 9 ਕੁ ਵਜੇ ਬੈਟੀਕਲੋਆ ਪਹੁੰਚੇ ਜਿਥੇ ਗੁਰੂ ਨਾਨਕ ਦੇਵ ਜੀ ਬਾਰੇ ਪੁੱਛ-ਗਿੱਛ ਕੀਤੀ ਪਰ ਕਿਸੇ ਨੂੰ ਵੀ ਇਸ ਬਾਰੇ ਪਤਾ ਨਹੀਂ ਸੀ।ਬੈਟੀਕਲੋਆ ਕੋਲ ਡੀਬਰ ਬਾਰੇ ਵੀ ਕੋਈ ਉਘ-ਸੁਘ ਨਾ ਲੱਗੀ। ਕੁਰੂਕਲਮੰਡਮ ਬਾਰੇ ਪੁਛਿਆ ਤਾਂ ਉਸ ਬਾਰੇ ਆਮ ਜਾਣਕਾਰੀ ਸੀ। ਅਸੀਂ ਤਕਰੀਬਨ 11.30 ਵਜੇ ਕੁਰੂਕਲਮੰਡਮ ਪਹੁੰਚੇ ਜਿਥੇ ਸਾਨੂੰ ਉਥੋਂ ਦਾ ਲੋਕਲ ਗਾਈਡ ਸਾਡੀ ਉਡੀਕ ਕਰਦਾ ਮਿਲਿਆ। ਬਿਨਾ ਸਮਾਂ ਗਵਾਏ ਅਸੀਂ ਉਸ ਥਾਂ ਤੇ ਪਹੁੰਚੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਦੱਸੇ ਜਾਂਦੇ ਹਨ। ਦ~ਸਣ ਮੁਤਾਬਕ ਇਕ ਵੱਡੇ ਮੰਦਿਰ ਦੇ ਕੋਲ ਇੱਕ ਵੱਡਾ ਸਾਰਾ ਛੱਪੜਨੁਮਾ ਤਲਾ ਸੀ ਜਿਸ ਕਿਨਾਰੇ ਗੁਰੂ ਜੀ ਇੱਕ ਰੀਠੇ ਦੇ ਰੁੱਖ ਥੱਲੇ ਟਿਕਾਣਾ ਲਾਕੇ ਬੈਠੇ ਸਨ ਤੇ ਸਾਰੇ ਵਚਨ-ਬਿਲਾਸ ਕਰਦੇ ਸਨ। ਤਲਾ ਵਿਚ ਇਸ਼ਨਾਨ ਕਰਦੇ ਸਨ।ਸੰਗਤ ਰੀਠੇ ਦੇ ਰੁੱਖ ਥਲੇ ਹੀ ਜੁੜਦੀ ਸੀ।

ਇਸ ਥਾਂ ਵਲ ਜਾਣ ਤੋਂ ਪਹਿਲਾਂ ਗਾਈਡ ਨੇ ਸਾਨੂੰ ਜੋੜੇ ਉਤਾਰ ਕੇ ਜਾਣ ਦੀ ਤਾਕੀਦ ਕੀਤੀ।ਸਮੁੰਦਰ ਦਾ ਕਿਨਾਰਾ ਨੇੜੇ ਹੋਣ ਕਰਕੇ ਇਲਾਕਾ ਰੇਤਲਾ ਸੀ ਧੁੱਪ ਬੜੀ ਤੇਜ਼ ਸੀ ਤੇ ਰੇਤ ਤੇ ਇਸ ਧੁਪ ਵਿਚ ਨੰਗੇ ਪੈਰ ਜਾਵਾਂਣਾ ਬੜਾ ਮੁਸ਼ਕਲ ਸੀ । ਤਲਾ ਤੋਂ ਅੱਗੇ ਅਸੀਂ ਉਸ ਰੀਠੇ ਦੇ ਰੁੱਖ ਥਲੇ ਪਹੁੰਚੇ।ਹਰਾ ਭਰਾ ਵੇਖਿਆ ਤਾਂ ਮਿੱਠਾ ਜਾਪਿਆ ਪਰ ਹੈਰਾਨ ਸੀ ਕਿ ਜਦ ਬਾਕੀ ਸਾਥੀਆਂ ਨੇ ਚੱਖਿਆ ਤਾਂ ਉਨ੍ਹਾਂ ਨੂੰ ਮਿੱਠਾ ਨਹੀਂ ਜਾਪਿਆ। ਇਹ ਸਮਝਾਉਂਦਿਆਂ ਗਾਈਡ ਨੇ ਦਸਿਆ ਕਿ ਜਦ ਗੁਰੂ ਨਾਨਕ ਦੇਵ ਜੀ ਦੇ ਸਾਥੀ ਨੇ ਕੁਝ ਖਾਣ ਲਈ ਮੰਗਿਆ ਤਾਂ ਗੁਰੂ ਨਾਨਕ ਦੇਵ ਜੀ ਨੇ ਉਸਨੂੰ ਰੀਠੇ ਖਾਣ ਲਈ ਕਿਹਾ ਜੋ ਉਸ ਨੂੰ ਮਿੱਠੇ ਲੱਗੇ।ਜਦ ਇਹ ਸਵਾਲ ਕੀਤਾ ਕਿ ਇੱਥੇ ਰੀਠੇ ਦਾ ਰੁੱਖ ਕਿਵੇਂ ਉੱਗਿਆ ਤਾਂ ਉਸਨੇ ਇਕ ਪੁਰਾਣੀ ਗਾਥਾ ਦਸਦਿਆਂ ਕਿਹਾ ਕਿ ਜਦ ਮੂਰਛਿਤ ਲਛਮਣ ਨੂੰ ਬਚਾਉਣ ਲਈ ਹਨੂਮਾਨ ਨੂੰ ਸੰਜੀਵਨੀ ਲਿਆਉਣ ਲਈ ਕਿਹਾ ਗਿਆ ਤਾਂ ਸੰਜੀਵਨੀ ਪਛਾਨਣੋਂ ਅਸਮਰਥ ਉਤਰਾਖ੍ਰੰਡ ਤੋਂ ਦ੍ਰੋਣ ਪਰਬਤ ਹੀ ਸ੍ਰੀ ਲੰਕਾ ਲੈ ਗਿਆ।ਤੇ ਵਿਚ ਜੜੀ ਭੁਟੀਆਂ ਡਿਗਦੀਆਂ ਗਈਆਂ ਜਿਨ੍ਹਾਂ ਵਿਚ ਇਹ ਰੀਠੇ ਦਾ ਰੁੱਖ ਵੀ ਸੀ। ਸ੍ਰੀ ਲੰਕਾ ਦੇ ਇਸ ਦ੍ਰੋਣ ਪਰਬਤ ਵਿਚ ਜੋ ਵੀ ਜੜੀ ਬੂਟੀਆਂ ਹਨ ਉਹ ਹਿਮਾਲੀਆ ਵਾਲੀਆਂ ਹੀ ਹਨ। ਅਸੀਂ ਉਸ ਥਾਂ ਦੀ ਆਲੇ ਦੁਆਲੇ ਦੀ ਤੇ ਗਾਈਡ ਨਾਲ ਇੰਟਰਵਿਊ ਦੀ ਰਿਕਾਰਡਿੰਗ ਕਰ ਲਈ ਤਾਂ ਕਿ ਪਰੂਫ ਰਹੇ।ਹੋਰ ਕਈ ਲੋਕ ਵੀ ਇਕੱਠ ਹੋ ਗਏ ਸਨ ਜਿਨ੍ਹਾਂ ਦੀਆਂ ਇੰਟਰਵਿਊਆਂ ਵੀ ਰਿਕਾਰਡ ਕਰ ਲਈਆਂ। ਸਾਰੇ ਸ੍ਰੀ ਲੰਕਾ ਵਿਚ ਵਸਦੇ ਤਮਿਲ ਸਨ।ਇਸ ਪਿੱਛੋਂ ਅਨੁਰਾਧਾਪੁਰ ਗਏ ਜਿਥੇ ਸ਼ਿਲਾਲੇਖ ਉਪਰ ਗੁਰੂ ਨਾਨਕ ਦੇਵ ਜੀ ਬਾਰੇ ਲਿਖਿਆ ਹੋਇਆ ਹੈ। ਸਾਰਾ ਸ੍ਰੀ ਲੰਕਾ ਘੁੰਮਣ ਦਾ ਅਵਸਰ ਮਿਲਿਆ ਜੋ ਲੇਖ-ਲੜੀ ਰਾਹੀਂ ਪਾਠਕਾਂ ਕੋਲ ਜਲਦੀ ਹੀ ਪੇਸ਼ ਹੋਵੇਗਾ।

ਇਕ ਖਾਸ ਗਲ ਦਸਣੀ ਜ਼ਰੂਰੀ ਹੈ ਕਿ ਜਦ ਇਹ ਲਿਖਿਆ ਜਾ ਰਿਹਾ ਸੀ ਤਾਂ ਮੇਰੇ ਨਜ਼ਦੀਕੀ ਸੁਪਰਟੈਂਡਿੰਗ ਇੰਜਨੀਅਰ ਸਤਪਾਲ ਸਿੰਘ ਤੇ ਇੰਜਨੀਅਰ ਜਸਪਾਲ ਸਿੰਘ ਪਰਿਵਾਰ ਸਮੇਤ ਨਾਨਕਮਤਾ।ਰੀਠਾ ਸਾਹਿਬ ਉਤਰਾਖੰਡ ਦੀ ਯਾਤਰਾ ਕਰਕੇ ਪਰਤੇ ਸਨ ਤਾਂ ਉਨ੍ਹਾਂ ਨੇ ਇਸ ਲਿਖਾਰੀ ਦੇ ਸੀ੍ਰ ਲੰਕਾ ਤੋਂ ਲਿਆਂਦੇ ਰੀਠੇ ਤੇ ਦਰਖਤ ਦੇ ਪੱਤੇ ਦੇਖਕੇ ਹੈਰਾਨੀ ਪਰਗਟ ਕੀਤੀ ਕਿ ਉਹ ਤਾਂ ਉਤਰਾਖੰਡ ਤੋਂ ਲਿਆਂਦੇ ਰੀਠਿਆਂ ਵਰਗੇ ਹਨ ਤੇ ਕਹਾਣੀ ਵੀ ਵੱਖਰੀ ਨਹੀਂ। ਦੋਨਾਂ ਥਾਵੁਾਂ ਦੇ ਰੀਠਿਆਂ ਦੀ ਤੇ ਫਲਾਂ ਦੀਆਂ ਫੋਟੋਆਂ ਪਾਠਕਾਂ ਦੇ ਹਾਜ਼ਿਰ ਹਨ।
ਸ: ਜਗਪਾਲ ਸਿੰਘ ਨੇ ਦਸਿਆ ਕਿ ਉਤਰਾਖੰਡ ਜਾਣ ਲਈ ਪੰਜਾਬ ਤੋਂ ਜਾਣ ਵਾਲਿਆਂ ਲਈ ਪਹਿਲਾਂ ਰੁਦਰਪੁਰ ਰੇਲਵੇ ਸਟੇਸ਼ਨ ਤੇ ਉਤਰ ਕੇ ਨਾਨਕ ਮਤਾ ਦੇ ਦਰਸ਼ਨ ਕਰਕੇ ਅੱਗੇ 192 ਕਿਲੋਮੀਟਰ ਦਾ ਸਫਰ ਟੈਕਸੀਆਂ ਰਾਹੀਂ ਕੀਤਾ ਜਾਂਦਾ ਹੈ। ਟੈਕਸੀਆਂ ਨਾਨਕਮਤਾ ਤੋਂ ਸਵੇਰੇ ਸਤ ਕੁ ਵਜੇ ਚਲਦੀਆਂ ਹਨ ਤੇ ਦੋ ਕੁ ਵਜੇ ਦੁਪਿਹਰ ਰੀਠਾ ਸਾਹਿਬ ਗੁਰਦਵਾਰਾ ਪੁਚਾ ਦਿੰਦੀਆਂ ਹਨ। ਸਾਰਾ ਤ ਦਪਹਾੜੀ ਹੈ ਪਰ ਸੜਕ ਚੰਗੀ ਹੈ। ਕੁਝ ਯਾਤਰੀ ਟਨਕਪੁਰ ਤਕ ਬਸ ਰਾਹੀਂ ਤੇ ਅਗੇ ਟੈਕਸੀ ਰਾਹੀਂ ਰੀਠਾ ਸਾਹਿਬ ਪਹੁੰਚ ਜਾਂਦੇ ਹਨ। ਰਹਿਣ ਦਾ ਬੰਦੋਬਸਤ ਦੋਨੋਂ ਥਾਵੀਂ ਬਹੁਤ ਵਧੀਆ ਹੈ।ਗੁਰੂ ਨਾਨਕ ਦੇਵ ਜੀ ਕਤਕ ਦੀ ਪੂਰਨਮਾਸ਼ੀ ਨੂੰ ਰੀਠਾ ਸਾਹਿਬ ਆਏ ਦਸੇ ਜਾਂਦੇ ਹਨ ਪਰ ਇਨ੍ਹੀ ਦਿਨੀ ਏਥੇ ਬਹੁਤ ਸਰੀ ਹੌਣ ਕਰਕੇ 21 ਮਈ ਦੀ ਬੁੱਧ-ਪੂਰਨਿਮਾ ਨੂੰ ਮਨਾਇਆ ਜਾਂਦਾ ਹੈ ਜੋ ਹੁਣੇ ਆਉਣ ਵਾਲਾ ਹੈ।


22/05/16)
ਜਰਮਨ ਦੀਆਂ ਸਿੱਖ ਸੰਸਥਾਵਾ

ਗੁਰੂ ਗ੍ਰੰਥ ਸਾਹਿਬ ਜੀ ਦੇ ਵੀਚਾਰਧਾਰਿਕ ਸਿੱਖ ਪ੍ਰਚਾਰਿਕਾਂ ਉਪੱਰ ਹਮਲੇ ਅੱਤਨਿੰਦਣਯੋਗ :--ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਸੰਸਥਾਵਾਂ ਜਰਮਨ

ਜਰਮਨ :-ਨਾਗਪੁਰੀ ਸੰਘਵਾਦ ਦੀ ਬ੍ਰਾਂਚ ਬਣ ਚੁੱਕੀ ਹਰਨਾਮ ਸਿੰਘ ਧੁੰਮੇ ਵਾਲੀ ਟਕਸਾਲ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾਂ ਦੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੇ ਕਰਵਾਇਆ ਜਾਨ ਲੇਵਾ ਹਮਲਾ ਜਿਸ ਵਿੱਚ ਭਾਈ ਭੁਪਿੰਦਰ ਸਿੰਘ ਖ਼ਾਸੀ ਕਲਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਅਤਿ ਨਿੰਦਨੀਐ, ਕਾਇਰਾਨਾ ਅਤੇ ਸਿੱਖੀ ਰਵਾਇਤਾਂ ਨੂੰ ਹੀ ਕਤਲ ਕਰ ਦੇਣਾ ਵਾਲਾ ਕਾਰਾ ਹੈ।ਪਿਛੋਕੜ ਤੇ ਝਾਤ ਮਾਰੀਏ ਤਾਂ ਬਾਦਲ ਦੀ ਪੁਸ਼ਤ ਪਨਾਹੀ ਹੀ ਹਮੇਸ਼ਾ ਪੰਜਾਬ ਵਿਚ ਅਤਿਵਾਦ ਅਤੇ ਵੱਖਵਾਦ ਖੜ੍ਹਾ ਕਰਦੀ ਆ ਰਹੀ ਹੈ । ਇਹ ਵੀ ਉਸੇ ਦਾ ਹੀ ਇੱਕ ਅਗਲਾ ਪਹਿਲੂ ਹੈ। ਇਹ ਕਿਸ ਦੇ ਪੱਖ ਵਿਚ ਜਾਏਗਾ ਇਹ ਹੁਣ ਪੰਜਾਬ ਦੇ ਲੋਕਾਂ ਅਤੇ ਖ਼ਾਸ ਕਰ ਸਿੱਖ ਕੌਮ ਨੂੰ ਸੋਚਣਾ ਚਾਹੀਦਾ ਹੈ। ਜਰਮਨ ਦੀਆਂ ਗੁਰੂ ਗ੍ਰੰਥ ਤੇ ਪੰਥ ਨੂੰ ਸਮਰਪਿਤ ਸਿੱਖ ਸੰਸਥਾਵਾਂ , ਗੁਰਦੁਆਰਾ ਪ੍ਰਬੰਧਕ ਕਮੇਟੀਆਂ ਇਸ ਦੀ ਭਰਪੂਰ ਨਿਖੇਧੀ ਕਰਦੀਆਂ ਹੋਈਆਂ ਇਸ ਹਮਲੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾਂ ਦੇ ਪ੍ਰਚਾਰ ਉਪੱਰ ਹਮਲਾ ਕਰਾਰ ਦਿੰਦੀਆ ਹਨ ਤੇ ਸਿੱਖ ਸੰਗਤਾਂ ਨੂੰ ਅਪੀਲ ਕਰਦੀਆਂ ਹਨ ਕਿ ਉਹ ਅਖੌਤੀ ਜਥੇਦਾਰਾਂ ਤੇ ਸੰਤ ਸਿਪਾਹੀ ਦੇ ਸਿਧਾਤ ਤੋਂ ਭਗੌੜੇ , ਅਸੰਤਾਂ ,ਡੇਰੇਦਾਰਾਂ , ਪੰਖਡੀ ਸਾਧਾ ਤੇ ਧਰਮ ਨੂੰ ਰਾਜਨੀਤੀ ਲਈ ਵਰਤਣ ਵਾਲੇ ਲੀਡਰਾਂ ਤੋਂ ਸੁਚੇਤ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ “ਸਭ ਸਿੱਖਨ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਨੂੰ ਆਪਣਾ ਇਸ਼ਟ ਮੰਨਣ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਯਾਦਾ ਦਾ ਪਾਲਣ ਕਰਨ ਵਾਲੇ ਤੇ ਇਸਦਾ ਪ੍ਰਚਾਰ ਕਰਨ ਵਾਲੇ ਸਿੱਖ ਪ੍ਰਚਾਰਿਕਾਂ ਸਿੱਖ ਮਿਸ਼ਨਰੀ ਕਾਲਜਾਂ ਦਾ ਵੱਧ ਤੋਂ ਵੱਧ ਸਹਿਯੋਗ ਕਰਨ ਇਹਨਾਂ ਕਾਲਜਾਂ ਨੇ ਹੀ ਪੰਥ ਪ੍ਰਮਾਣਿਤ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਯਾਦਾ ਦਾ ਪਾਲਣ ਤੇ ਇਸ ਨੂੰ ਪ੍ਰਚਾਰਿਆਂ ਹੈ ।ਸਿੱਖ ਭੇਸ ਵਿੱਚ ਨਾਗਪੁਰੀ ਸੋਚ ਵਾਲਿਆਂ ਨੂੰ ਇਹ ਭਲੇਖਾ ਹੈ ਕਿ ਉਹ ਸਿੱਖ ਪ੍ਰਚਾਰਿਕਾਂ ਉਪੱਰ ਸਰੀਰਕ ਹਮਲਿਆਂ ਵਰਗੀਆਂ ਅੱਤਨਿੰਦਣ ਯੋਗ ਕਾਰਵਾਈਆਂ ਕਰਕੇ ਸੱਚ ਦੀ ਅਵਾਜ਼ ਨੂੰ ਬੰਦ ਕਰਵਾ ਲੈਣਗੇ ।ਪਰ ਮੌਕੇ ਦੀਆਂ ਜ਼ਾਲਮਾਂ ਸਰਕਾਰਾਂ ਵੀ ਹਮੇਸ਼ਾਂ ਇਹੋ ਹੀ ਚਹੁੰਦੀਆਂ ਹਨ ਕਿ ਸੱਚ ਦੀ ਅਵਾਜ਼ ਨੂੰ ਬੰਦ ਕਰਵਾਇਆ ਜਾਵੇ ਤੇ ਇਹੋ ਅਜਿਹੀ ਘਟੀਆਂ ਸੋਚ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਉਹ ਇਹੋ ਅਜਿਹੇ ਹਮਲੇ ਕਰਕੇ ਜ਼ਾਲਮ ਸਰਕਾਰਾਂ ਦੇ ਕੁਹਾੜਿਆਂ ਦੇ ਦਸਤੇ ਬਣਨ ਤੋਂ ਗੁਰੇਜ਼ ਕਰਨ।ਗੁਰਦੁਆਰਾ ਸਿੱਖ ਸੈਂ ਟਰ ਫਰੈਕਫੋਰਟ ਦੇ ਪ੍ਰਧਾਨ ਭਾਈ ਅਨੂਪ ਸਿੰਘ ਘੋਤੜਾ, ਗੁਰਦੁਆਰਾ ਸ਼੍ਰੀ ਗੁਰੂ ਦਸ਼ਮੇਸ਼ ਸਿੰਘ ਸਭਾ ਕਲੋਨ ਦੇ ਪ੍ਰਧਾਨ ਭਾਈ ਗੁਰਪਾਲ ਸਿੰਘ ,ਗੁਰਦੁਅਰਾ ਸਟੁਟਗਾਟ ਦੇ ਪ੍ਰਧਾਨ ਭਾਈ ਉਂ ਕਾਰ ਸਿੰਘ ਗਿੱਲ ,ਗੁਰਦੁਆਰਾ ਲਾਈਪਸਿਕ ਦੇ ਪ੍ਰਧਾਨ ਭਾਈ ਬਲਦੇਵ ਸਿੰਘ ਬਾਜਵਾ , ਗੁਰਦੁਆਰਾ ਨਿਉਨਬਰਗ ਭਾਈ ਦਿਲਬਾਗ ਸਿੰਘ, ਗੁਰਦੁਆਰਾ ਰੀਗਨਸਬਰਗ ਭਾਈ ਸੁਖਵਿੰਦਰ ਸਿੰਘ ਲਾਡੀ ,ਗੁਰਦੁਆਰਾ ਔਕਸਬਰਗ ਭਾਈ ਜੋਗਿੰਦਰ ਸਿੰਘ , ਗੁਰਦੁਆਰਾ ਗੁਰੂ ਤੇਗ ਬਹਾਦਰ ਕਲੋਨ ਦੇ ਸਾਬਕਾ ਪ੍ਰਧਾਨ ਭਾਈ ਰੁਲਦਾ ਸਿੰਘ, ਗੁਰਦੁਆਰਾ ਸਿੱਖ ਸੈਂ ਟਰ ਆਖਨ ਭਾਈ ਜਗਦੀਸ਼ ਸਿੰਘ, ਗੁਰਦੁਆਰਾ ਮਿਉਨਿਚਨ ਦੇ ਪ੍ਰਧਾਨ ਭਾਈ ਦਵਿੰਦਰ ਸਿੰਘ ,ਸਾਬਕਾ ਪ੍ਰਧਾਨ ਭਾਈ ਤਰਸੇਮ ਸਿੰਘ ਅਟਵਾਲ, ਸਿੱਖ ਫੈਡਰੇਸ਼ਨ ਜਰਮਨੀ ਦੇ ਭਾਈ ਜਸਵੀਰ ਸਿੰਘ ਬਾਬਾ, ਭਾਈ ਜਤਿੰਦਰਬੀਰ ਸਿੰਘ ,ਸਿੰਘ ਸਭਾ ਜਰਮਨੀ ਭਾਈ ਅਵਤਾਰ ਸਿੰਘ ਪ੍ਰਧਾਨ, ਭਾਈ ਸੰਤੋਖ ਸਿੰਘ, ਭਾਈ ਗੁਰਚਰਨ ਸਿੰਘ ਗੋਰਾਇਆ ,ਸਿੰਘ ਸਭਾ ਫਰੈਕਫੋਰਟ ਭਾਈ ਗੁਰਵਿੰਦਰ ਸਿੰਘ,ਫਰੈਕਫੋਰਟ ਦੇ ਸਾਬਕਾ ਪ੍ਰਧਾਨ ਭਾਈ ਬਲਕਾਰ ਸਿੰਘ ,ਸਾਬਕਾ ਪ੍ਰਧਾਨ ਭਾਈ ਭਾਈ ਨਰਿੰਦਰ ਸਿੰਘ ਘੋਤੜਾ ,ਦਲ ਖਾਲਸਾ ਜਰਮਨੀ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ ਪ੍ਰਦੇਸੀ ਹਾਈਜੈਕਰ, ਸਿੱਖ ਸੰਦੇਸ਼ਾਂ ਜਰਮਨੀ ਭਾਈ ਜਗਦੀਸ਼ ਸਿੰਘ ਆਖਨ, ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਵੈਲਫੇਅਰ ਐਸੋਸ਼ੀਏਸ਼ਨ ਫਰੈਕਫੋਰਟ, ਬਾਬਾ ਪ੍ਰੇਮ ਸਿੰਘ ਜੀ ਸਿੱਖ ਵੈਲਫੇਅਰ ਫਰੈਕਫੋਰਟ,ਭਾਈ ਘਨਈਆਂ ਸੇਵਾ ਸੁਸਇਟੀ ਫਰੈਂਕਫੋਰਟ,ਪੰਜਾਬ ਸਪੋਰਟਸ ਅਕੈਡੰਮੀ ਫਰੈਂਕਫੋਰਟ ਪ੍ਰਧਾਨ ਸੁਖਰਾਜ ਸਿੰਘ ਹੁੰਦਲ, ਸ੍ਰ. ਦਵਿੰਦਰ ਸਿੰਘ ਘਲੋਟੀ, ਸ੍ਰ ਸ਼ਹੀਦ ਭਗਤ ਸਿੰਘ ਵੈਲਫੇਅਰ ਐਸੋਸ਼ੀਏਸ਼ਨ ਫਰੈਕਫੋਰਟ ਦੇ ਸ਼ਿਵਦੇਵ ਸਿੰਘ ਕੰਗ ਦਲ ਖਾਲਸਾ ਸਵਿਟਜ਼ਰਲੈਂ ਡ ਦੇ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਖਾਲਸਾ , ਭਾਈ ਗੁਰਦਾਵਰ ਸਿੰਘ ਭਾਈ ਅਮਰਜੀਤ ਸਿੰਘ ਸਵਿੰਟਜ਼ਰਲੈਂਡ,ਗੁਰੂ ਨਾਨਕ ਸੇਵਾ ਸੋਸਾਇਟੀ ਬੈਲਜ਼ੀਅਮ ਭਾਈ ਮਹਿੰਦਰ ਸਿੰਘ ਜੀ ਖਾਲਸਾ ,ਭਾਈ ਸੁਰਿੰਦਰ ਸਿੰਘ।


22/05/16)
ਅਵਤਾਰ ਸਿੰਘ ਮਿਸ਼ਨਰੀ

ਭਾਈ ਰਣਜੀਤ ਸਿੰਘ ਜੀ ਤੇ ਕੀਤੇ ਗਏ ਤਾਲੇਬਾਨੀ ਹਮਲੇ ਦੀ ਜੋਰਦਾਰ ਨਿਖੇਧੀ
(ਅਵਤਾਰ ਸਿੰਘ ਮਿਸ਼ਨਰੀ) ਭਾਈ ਰਣਜੀਤ ਸਿੰਘ ਢੱਡਰੀਆਂ ਅਤੇ ਉਨ੍ਹਾਂ ਦੇ ਸਾਥੀਆਂ ਤੇ ਹੋਏ ਇਸ ਬੁਜਦਿਲਾਨਾ ਹਮਲੇ ਦੀ ਅਸੀਂ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂ.ਐਸ.ਏ. ਦੇ ਸਮੂੰਹ ਸੇਵਕਅਤੇ ਹਮ ਖਿਆਲੀ ਪ੍ਰਚਾਰਕ, ਪੁਰਜੋਰ ਨਿਖੇਦੀ ਕਰਦੇ ਹੋਏ ਸ਼ਹੀਦ ਕੀਤੇ ਗਏ ਭਾਈ ਭੂਪਿੰਦਰ ਸਿੰਘ ਦੇ ਪ੍ਰਵਾਰ ਅਤੇ ਭਾਈ ਖਾਲਸਾ ਢੱਡਰੀਆਂ ਵਾਲਿਆਂ ਨਾਲ ਇਸ ਦੁਖਦਾਈ ਹਾਲਾਂਤਾਂ ਵਿੱਚ ਹਮਦਰਦੀ ਪ੍ਰਗਟ ਕਰਦੇ ਹਾਂ। ਇਸ ਔਖੇ ਵੇਲੇ ਭਾਈ ਰਣਜੀਤ ਸਿੰਘ ਦੀ ਸਿਹਤਯਾਬੀ ਤੇ ਗੁਰਮਤਿ ਪ੍ਰਚਾਰ ਦੀ ਚੜ੍ਹਦੀ ਕਲਾ ਲਈ ਕਾਮਨਾ ਕਰਦੇ ਹਾਂ।
ਧਮਕੀਆਂ ਬਾਰੇ ਵਿਚਾਰ-ਕਿਸੇ ਫੈਡਰੇਸ਼ਨ ਦੇ ਪਰਮਜੀਤ ਸਿੰਘ ਖਾਲਸਾ ਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਅੰਮ੍ਰਿਤ ਛਕਾਉਣ ਵਾਲਿਆਂ ਨੂੰ ਮੱਸੇ ਰੰਘੜ ਵਾਂਗ ਸੋਧਣ ਦੀਆਂ ਧਮਕੀਆਂ ਦਿੰਦੇ 50 ਹਜਾਰ ਡਾਲਰ ਦਾ ਇਨਾਮ ਰੱਖਿਆ ਹੈ। ਇਨ੍ਹਾਂ ਤੇ ਲੋਕਾਂ ਨੂੰ ਉਕਸਾ ਕੇ ਇਰਾਦਾ ਕਤਲ ਕਰਨ ਦਾ ਕੇਸ ਬਣਦਾ ਹੈ। ਕੀ ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਸਾਰੀਆਂ ਰਸਮਾਂ ਕਰਨ ਅਤੇ ਗੁਰਉਪਦੇਸ਼ਾਂ ਤੇ ਚੱਲਣ ਵਾਲਿਆਂ ਨੂੰ ਅਜੋਕੇ ਮਸੰਦ ਜਥੇਦਾਰਾਂ ਦੀ ਸ਼ਹਿ ਤੇ ਕਰਲ ਕਰ ਦਿੱਤਾ ਜਾਇਆ ਕਰੇਗਾ? ਭਰਾਤ ਵਿੱਚ ਤਾਂ ਸ਼ਾਇਦ ਐਸਾ ਹੋ ਜਾਵੇ ਕਿਉਂਕਿ ਓਥੇ ਸਰਕਾਰਾਂ ਦੇ ਬਹਤੇ ਲੀਡਰ ਕੁਰੱਪਟ ਹਨ ਪਰ ਅਮਰੀਕਾ, ਕਨੇਡਾ ਅਤੇ ਇੰਗਲੈਂਡ ਵਰਗੇ ਕਾਨੂੰਨ ਦੀ ਪਾਲਣਾ ਤੇ ਨਾਗਰਿਕਾਂ ਰੱਖਿਆ ਕਰਨ ਵਾਲੇ ਹੋਰ ਵੀ ਵਿਕਸਤ ਦੇਸ਼ਾਂ ਵਿੱਚ ਅਜਿਹਾ ਕਰਨਾ ਸੌਖਾ ਨਹੀਂ! ਦੇਖੋ! ਮਸੰਦਾਂ ਨੇ ਤਾਂ ਗੁਰੂ ਤੇਗ ਬਹਾਦਰ ਜੀ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਨਹੀਂ ਸੀ ਵੜਨ ਦਿੱਤਾ। ਸ਼ੀਹੇਂ ਮਸੰਦ ਰਾਹੀਂ ਗੁਰੂ ਜੀ ਤੇ ਗੋਲੀ ਵੀ ਚਲਾ ਦਿੱਤੀ ਸੀ। ਲਗਦਾ ਇਹ ਲੋਕ ਸਿੱਖਾਂ ਦਾ ਅਕਸ ਔਰੰਗਜ਼ੇਬ ਤੇ ਲਾਦੇਨ ਵਾਲਾ ਪੈਦਾ ਕਰਕੇ, ਕੌਮਾਂਤਰੀ ਪੱਧਰ ਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੀਆਂ ਕਰਤੂਤਾਂ ਕਰ ਰਹੇ ਹਨ। ਫਿਰ ਕਹਿੰਦੇ ਇੰਡੀਆ ਸਰਕਾਰ ਨੇ ਸਿੱਖਾਂ ਦਾ ਕਤਲੇਆਮ ਕੀਤਾ! ਕੀ ਤੁਸੀਂ ਵੀ ਆਪਣੇ ਹੀ ਸਿੱਖ ਭਰਾਵਾਂ ਦਾ ਵਿਰੋਧ ਤੇ ਕਤਲ ਕਰਕੇ, ਇੰਡੀਆ ਸਰਕਾਰ ਵਾਲਾ ਕੰਮ ਕਰਨਾ ਚਾਹੁੰਦੇ ਹੋ? ਯਾਦ ਰੱਖੋ! ਹੁਣ ਗੁਰੂ ਗ੍ੰਥ ਸਾਹਿਬ ਜੀ ਨੂੰ ਪੂਰਨ ਗੁਰੂ ਮੰਨਣ ਵਾਲੀਆਂ ਸੰਗਤਾਂ, ਤੁਹਾਡੇ ਤ੍ਰਿਆਚਰਿਤ੍ਰੀ ਚੁੰਗਲ ਚੋਂ, ਗੁਰੂ ਗਿਆਨ ਦੁਵਾਰਾ ਬਾਹਰ ਨਿਕਲ ਰਹੀਆਂ ਹਨ। ਤੁਹਾਡਾ ਹਲਵਾ ਮੰਡਾ ਬੰਦ ਹੁੰਦਾ ਜਾ ਰਿਹਾ ਹੈ। ਇਸੇ ਕਰਕੇ ਤੁਸੀਂ ਹੁਣ ਹੋਛੇ ਹਥਿਆਰਾਂ ਤੇ ਉਤਰ ਆਏ ਹੋ।
ਜਿਹੜਾ ਵੀ ਪ੍ਰਚਾਰਕ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਸਰਬੋਤਮ ਮੰਨ ਕੇ ਅਤੇ ਹੋਰ ਗ੍ਰੰਥਾਂ ਤੇ ਸੰਤਾਂ ਦੀ ਆਸ ਬਿਡਾਨੀ ਲਾਹ ਕੇ ਗੁਰਮਤਿ ਦਾ ਪ੍ਰਚਾਰ ਕਰਦਾ ਹੈ, ਉਸ ਨੂੰ ਤੁਹਾਡੀ ਚੰਗੇਜੀ, ਜਗਾਂਗੀਰੀ, ਔਰੰਗਜੇਬੀ, ਤਾਲੇਬਾਨੀ, ਡੇਰਾਵਾਦੀ, ਸੰਪ੍ਰਦਾਈ ਅਤੇ ਸੁੱਚ-ਭਿੱਟ ਵਾਲੀ ਬ੍ਰਾਹਮਣੀ ਸੋਚ ਬਰਦਾਸ਼ਤ ਨਹੀਂ ਕਰਦੀ। ਤੁਸੀਂ ਅਨੇਕਾਂ ਸੰਤਾਂ ਅਤੇ ਗ੍ਰੰਥਾਂ ਦੇ ਮਗਰ ਬਲਾਈਂਡ ਫੇਥ ਅਤੇ ਧੜੇਬੰਦੀ ਦੀ ਆੜ ਵਿੱਚ ਲੱਗੇ ਹੋਏ ਹੋ। ਇਹੋ ਭਾਈ ਢੱਡਰੀਆਂ ਵਾਲਾ ਡੇਰੇ ਵਿੱਚ ਪਲਿਆ ਹੋਣ ਕਰਕੇ ਜਦ ਸੰਤ ਕਹਾਉਂਦਾ, ਕੱਚੀ ਬਾਣੀ ਦਾ ਕੀਰਤਨ ਕਰਦਾ ਅਤੇ ਮਨਘੜਤ ਸੰਪ੍ਰਦਾਈ ਸਾਖੀਆਂ ਸੁਣਾਉਂਦਾ ਸੀ, ਤੁਹਾਨੂੰ ਚੰਗਾ ਲਗਦਾ ਸੀ। ਹੁਣ ਜਦ ਗੁਰਮਤਿ ਦੀ ਪੜ੍ਹਾਈ ਅਤੇ ਖੋਜ ਕਰਨੇ ਅਤੇ ਚੰਗੇ ਚੰਗੇ ਵਿਦਵਾਨਾਂ ਨੂੰ ਸੁਣ ਅਤੇ ਲੇਖਕਾਂ ਨੂੰ ਪੜ੍ਹ ਕੇ, ਗੁਰਮਤਿ ਦੇ ਤੱਤ ਪ੍ਰਚਾਰ ਵੱਲ ਦਿਨ ਬ-ਦਿਨ ਅੱਗੇ ਵਧਦਾ ਜਾ ਰਿਹਾ ਹੈ। ਗੁਰਮਤਿ ਪ੍ਰਚਾਰਕਾਂ ਨਾਲ ਰਾਬਤਾ ਰੱਖ, ਥੋਥੇ ਕਰਮਕਾਡਾਂ, ਵਹਿਮਾਂ ਭਰਮਾਂ, ਅਣਹੋਣੀਆਂ ਕਰਾਮਾਤਾਂ, ਰਾਜਸੀ ਵਧੀਕੀਆਂ ਅਤੇ ਪਾਖੰਡੀ ਡੇਰੇਦਾਰਾਂ ਦੇ ਡੱਟ ਕੇ ਪੜ੍ਹਦੇਫਾਸ਼ ਕਰਨ ਲੱਗ ਪਿਆ ਹੈ। ਸੰਪ੍ਰਦਾਈ, ਡੇਰਾਵਾਦੀ ਅਤੇ ਸਰਕਾਰੀ ਤਿਲਕਣਬਾਜੀ ਸੋਚ ਨੂੰ ਆਪਣੇ ਹਲਵੇ ਮੰਡੇ ਦਾ ਫਿਕਰ ਪੈ ਗਿਆ ਹੈ। ਜਦ ਦੀ ਤੁਹਾਡੀ ਅੰਧਵਿਸ਼ਵਾਸ਼ੀ ਕਥਾ-ਕਹਾਣੀਆਂ ਅਤੇ ਗਪੌੜਾਂ ਵਾਲੀ ਸੰਪ੍ਰਦਾਈ ਦੁਕਾਨਦਾਰੀ ਫਿੱਕੀ ਪੈਣ ਲੱਗ ਪਈ ਹੈ ਓਦੋਂ ਦੇ ਹੀ ਤੁਸੀਂ ਗੈਰ ਇਨਸਾਨੀਅਤ ਦੇ ਹੋਸ਼ੇ ਹਥਿਆਰਾਂ ਤੇ ਉੱਤਰ ਆਏ ਹੋ। ਯਾਦ ਰੱਖਣਾ ਹੁਣ ਇਹ ਮਿਸ਼ਨਰੀ ਪ੍ਰਚਾਰਕ ਲਹਿਰ ਸੰਸਾਰ ਭਰ ਵਿੱਚ ਫੈਲ ਚੁੱਕੀ ਹੈ। ਹੁਣ ਸਰਕਾਰੀ ਅਤੇ ਡੇਰੇਦਾਰਾਂ ਦੀ ਸ਼ਹਿ ਤੇ ਇੱਕ ਦੋ ਪ੍ਰਚਾਰਕਾਂ ਨੂੰ ਮਾਰ ਅਤੇ ਡਰਾ ਧਮਕਾ ਕੇ ਖਤਮ ਨਹੀਂ ਕੀਤੀ ਜਾ ਸਕਦੀ।
ਭਲਿਓ ਅਜੋਕੇ ਡੈਮੋਕਰੇਸੀ ਤੇ ਵਿਗਿਆਨਕ ਯੁੱਗ ਵਿੱਚ ਸਭ ਨੂੰ ਆਪੋ ਆਪਣੇ ਵਿਚਾਰ ਰੱਖਣ ਪ੍ਰਚਾਰਣ ਦੀ ਖੁੱਲ੍ਹ ਹੈ ਪਰ ਵਿਚਾਰ ਨਾਂ ਮਿਲਣ ਤੇ ਗੋਲੀਆਂ ਮਾਰ ਕੇ ਜਾਂ ਕਿਸੇ ਹੋਰ ਢੰਗ ਨਾਲ ਵਿਰੋਧੀਆਂ ਨੂੰ ਕਤਲ ਕਰਨਾ ਕੋਈ ਬਹਾਦਰੀ ਨਹੀਂ ਸਗੋਂ ਜ਼ਾਲਮਾਨਾ ਬੁਜਦਿਲੀ ਹੈ। ਸਾਡੇ ਨਾਲੋਂ ਤਾਂ ਸਿੱਧ ਜੋਗੀ ਹੀ ਚੰਗੇ ਸੀ ਜਿੰਨ੍ਹਾਂ ਨਾਲ ਬਾਬਾ ਗੁਰੂ ਨਾਨਕ ਸਾਹਿਬ ਜੀ ਨੇ ਨਿੱਠ ਕੇ ਵਿਚਾਰ (ਸਿੱਧ ਗੋਸ਼ਟ) ਕੀਤੀ ਜਿਨ੍ਹਾਂ ਨਾਲ ਉਨ੍ਹਾਂ ਦੇ ਵਿਚਾਰ ਬਿਲਕੁਲ ਨਹੀਂ ਮਿਲਦੇ ਸਨ ਪਰ ਕਿਸੇ ਨੇ ਵੀ ਕਤਲਾਨਾਂ ਹਮਲਾ ਨਹੀਂ ਕੀਤਾ ਸਗੋਂ “ਰੋਸ ਨ ਕੀਜੈ ਉਤਰ ਦੀਜੈ” ਵਾਲਾ ਸਿਧਾਂਤ ਅਪਣਾਇਆ ਗਿਆ ਸੀ। ਭਲਿਓ ਅਸੀਂ ਸਾਰੇ-ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦਿ ਵਿਚਾਰ॥ (ਗੁਰੂ ਗ੍ਰੰਥ) ਦੇ ਧਾਰਨੀ ਗੁਰੂ ਦੇ ਸਿੱਖ ਹਾਂ। ਜਰਾ ਠੰਡੇ ਦਿਲ ਦਿਮਾਗ ਨਾਲ ਸੋਚੋ! ਸਾਨੂੰ ਇੱਕ ਗ੍ਰੰਥ ਅਤੇ ਇੱਕ ਗੁਰੂ ਦੇ ਪੰਥ ਨਾਲੋਂ ਕਿਸ ਨੇ ਵੱਖ ਕੀਤਾ ਹੈ। ਕੀ ਗੁਰੂ ਸਾਹਿਬਾਨਾਂ ਨੂੰ ਅਨਪੜ੍ਹ ਦਿਖਾਉਣ ਵਾਲੇ ਸੰਪ੍ਰਦਾਈ ਡੇਰੇਦਾਰ ਜੋ ਪੰਜ ਸਿੱਖਾਂ ਨੂੰ ਕਾਸ਼ੀ (ਬਨਾਰਸ) ਬਾਮਣਾਂ ਕੋਲ ਵਿਦਿਆ ਸਿੱਖਣ ਲਈ ਘੱਲਦੇ ਹਨ ਤੇ ਫਿਰ ਉਨ੍ਹਾਂ ਤੋਂ ਹੀ ਟਕਸਾਲਾਂ ਅਤੇ ਨਿਰਮਲਾ ਸੰਪ੍ਰਦਾਵਾਂ ਖੜੀਆਂ ਕਰਾਉਂਦੇ ਹਨ। ਕੀ ਅੱਜ ਅਸੀਂ ਉਨ੍ਹਾਂ ਮਗਰ ਅੱਖਾਂ ਮੀਟ ਕੇ ਤਾਂ ਨਹੀਂ ਲੱਗੇ ਹੋਏ? ਜੋ ਸਰਕਾਰਾਂ ਨਾਲ ਮਿਲ ਕੇ ਸਿੱਖਾਂ ਵਿੱਚ ਫੁੱਟ ਪਾ ਕੇ, ਸਿੱਖੀ ਦਾ ਅਕਸ ਦੁਨੀਆਂ ਭਰ ਵਿੱਚ ਵਿਗਾੜ ਰਹੇ ਹਨ। ਯਾਦ ਰੱਖੋ ਬਗਲਾ ਹੰਸਾਂ ਵਰਗੇ ਚਿੱਟੇ ਪੰਖ ਹੋਣ ਕਰਕੇ ਕਦੇ ਹੰਸ ਨਹੀਂ ਬਣ ਜਾਂਦਾ। ਇਵੇਂ ਹੀ ਡੇਰੇਦਾਰ ਸੰਪ੍ਰਦਾਈ ਲੋਕ ਸਿੱਖੀ ਦਾ ਬਾਣਾ ਪਾ ਕੇ ਗੁਰਸਿੱਖ ਨਹੀਂ ਬਣ ਜਾਂਦੇ। ਅੱਜ ਬਗਲੇ ਤੇ ਹੰਸਾਂ ਨੂੰ ਪਛਾਨਣ ਦੀ ਲੋੜ ਹੈ।
ਭਲਿਓ ਆਓ ਰਲ ਮਿਲ ਬੈਠ ਕੇ, ਉਲਝੇ ਜਾਂ ਉਲਝਾਅ ਦਿੱਤੇ ਗਏ ਮਸਲੇ ਆਪਸੀ ਵਿਚਾਰ ਵਿਟਾਂਦਰੇ ਨਾਲ ਹੱਲ ਕਰੀਏ ਨਾਂ ਕਿ ਬੰਦੂਕ ਦੀ ਨੋਲ ਨਾਲ ਭਰਾਮਾਰੂ ਜੰਗ ਹੀ ਕਰੀ ਜਾਈਏ। ਇਸ ਤੋਂ ਪਹਿਲਾਂ ਅਤੇ ਇਹ ਧੋਖੇ ਨਾਲ ਕੀਤਾ ਹਮਲਾ ਇੱਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਜਾਂ ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ ਤੇ ਹੀ ਨਹੀਂ ਸਗੋਂ ਗੁਰੂ ਗ੍ਰੰਥ ਸਾਹਿਬ ਦੀ ਸੱਚੀ ਸੁੱਚੀ ਵਿਚਾਰਧਾਰਾ ਦੇ ਪ੍ਰਚਾਰ ਤੇ ਹੈ। ਪਤਾ ਨਹੀਂ ਹਰ ਵੇਲੇ “ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ” ਪੜ੍ਹਨ ਵਾਲੇ ਉਸ ਪਵਿੱਤਰ ਅਤੇ ਸੱਚੇ ਸੁੱਚੇ ਗ੍ਰੰਥ ਨੂੰ ਛੱਡ ਕੇ ਹੋਰਾਂ ਹੀ ਸੰਤਾਂ ਤੇ ਗ੍ਰੰਥਾਂ ਮਗਰ ਲੱਗ ਕੇ, ਆਪਸ ਵਿੱਚ ਕਿਉਂ ਲੜ੍ਹਦੇ ਰਹਿੰਦੇ ਹਨ? ਅਸੀਂ ਫਿਰ ਸਾਰੇ “ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ ਐਸ ਏ” ਦੇ ਸੇਵਕ ਅਤੇ ਸਮੂੰਹ ਹਮਖਿਆਲੀ ਸਿੱਖ ਤੇ ਪ੍ਰਚਾਰਕ, ਇਸ ਘਿਨਾਉਣੇ ਹਮਲੇ ਦੀ ਨਿਖੇਧੀ ਕਰਦੇ ਹੋਏ ਆਪਸੀ ਭਾਈਚਾਰਾ ਤੇ ਪਿਆਰ ਬਣਾਈ ਰੱਖਣ ਦੀ ਅਪੀਲ ਕਰਦੇ ਹਾਂ। ਨਾਨਕ ਨਾਮ ਚੜ੍ਹਦੀ ਕਲਾ॥ ਤੇਰੇ ਭਾਣੇ ਸਰਬੱਤ ਦਾ ਭਲਾ॥


15/05/16)
ਹਰਚਰਨ ਸਿੰਘ ਪਰਹਾਰ

ਸਿੱਖ ਮਿਸ਼ਨਰੀ ਪ੍ਰਚਾਰਕਾਂ, ਵਿਦਵਾਨਾਂ ਤੇ ਲੇਖਕਾਂ ਦਾ ਗੁਰਦੁਅਰਿਆਂ ਵਿੱਚ ਵਿਰੋਧ ਕਿਉਂ?
-ਹਰਚਰਨ ਸਿੰਘ ਪਰਹਾਰ (ਮੁੱਖ ਸੰਪਾਦਕ-ਸਿੱਖ ਵਿਰਸਾ, ਮੈਗਜ਼ੀਨ)
ਫੋਨ: 403-681-8689 ਈ. ਮੇਲ:
[email protected]

ਪਿਛਲੇ ਕੁੱਝ ਸਮੇਂ ਤੋਂ ਅਜਿਹਾ ਦੇਖਣ ਸੁਣਨ ਨੂੰ ਮਿਲ ਰਿਹਾ ਹੈ ਕਿ ਵਿਦੇਸ਼ਾਂ ਦੇ ਗੁਰਦੁਆਰਿਆਂ ਵਿੱਚ ਮਿਸ਼ਨਰੀ ਕਾਲਿਜ਼ਾਂ ਤੋਂ ਪੜ੍ਹੇ-ਲਿਖੇ ਪ੍ਰਚਾਰਕਾਂ, ਸਿੱਖ ਵਿਦਵਾਨਾਂ ਜਾਂ ਸਿੱਖ ਲੇਖਕਾਂ ਦਾ ਵਿਰੋਧ ਹੋ ਰਿਹਾ ਹੈ। ਕਈ ਥਾਈਂ ਇਸ ਵਿਾਵਦ ਵਿੱਚ ਲੜਾਈਆਂ ਵੀ ਹੋ ਚੁੱਕੀਆਂ ਹਨ। ਮੋਟੇ ਰੂਪ ਵਿੱਚ ਵਿਦੇਸ਼ੀ ਗੁਰਦੁਆਰੇ ਸ਼ਰਧਾਵਾਦੀ, ਵਿਸ਼ਵਾਸ਼ਵਾਦੀ ਜਾਂ ਡੇਰਾਵਾਦੀ ਲੋਕਾਂ ਦੇ ਕੰਟਰੋਲ ਵਿੱਚ ਹਨ। ਇਸ ਧੜੇ ਦੀ ਅਗਵਾਈ ਦਮਦਮੀ ਟਕਸਾਲ (ਭਿੰਡਰਾਂਵਾਲਾ ਜਥਾ), ਅਖੰਡ ਕੀਰਤਨੀ ਜਥਾ (ਭਾਈ ਰਣਧੀਰ ਸਿੰਘ ਜਥਾ), ਨਾਨਕਸਰ ਸੰਪਰਦਾ (ਅਨੇਕਾਂ ਧੜੇ) ਜਾਂ ਹੋਰ ਬਹੁਤ ਸਾਰੇ ਸੰਤਾਂ-ਮਹੰਤਾਂ ਤੇ ਡੇਰੇਦਾਰਾਂ ਦੇ ਪੈਰੋਕਾਰ ਕਰ ਰਹੇ ਹਨ। ਬੇਸ਼ਕ ਸਿੱਖਾਂ ਨੇ 20ਵੀਂ ਸਦੀ ਦੇ ਦੂਜੇ ਦਹਾਕੇ ਵਿੱਚ ਬੜੀਆਂ ਕੁਰਬਾਨੀਆਂ ਤੇ ਸੰਘਰਸ਼ਾਂ ਤੋਂ ਬਾਅਦ ਗੁਰਦੁਆਰਿਆਂ ਦੇ ਪ੍ਰਬੰਧ ਤੇ ਸਿੱਖੀ ਪ੍ਰਚਾਰ ਲਈ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਬਣਾਈ ਸੀ ਤੇ ਫਿਰ ਇਸੇ ਕਮੇਟੀ ਨੇ ਵੱਖ-ਵੱਖ ਸਿੱਖ ਸੰਸਥਾਵਾਂ, ਤਖਤਾਂ ਦੇ ਜਥੇਦਾਰਾਂ ਤੇ ਵਿਦਵਾਨਾਂ ਦੇ ਸਹਿਯੋਗ ਨਾਲ 14-15 ਸਾਲ ਲਗਾ ਕੇ ‘ਸਿੱਖ ਰਹਿਤ ਮਰਿਯਾਦਾ’ ਵੀ ਬਣਾਈ ਸੀ ਤਾਂ ਕਿ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਇੱਕ ਸਾਂਝੀ ‘ਸਿੱਖ ਰਹਿਤ ਮਰਿਯਾਦਾ’ ਅਨੁਸਾਰ ਹੋ ਸਕੇ। ਪਰ ਬਹੁਤ ਜਲਦੀ ਹੀ ਇਹ ਸੰਸਥਾ ਆਪਣੀ ਧਾਰਮਿਕ ਦਿੱਖ ਗੁਆ ਕੇ ਰਾਜਨੀਤਕ ਲੋਕਾਂ ਦੀ ਪਿਛਲੱਗ ਬਣ ਕੇ ਰਹਿ ਗਈ। ਗੁਰਦੁਆਰਿਆਂ ਦੀ ਗੋਲਕ ਨੂੰ ਧਰਮ ਪ੍ਰਚਾਰ ਦੀ ਜਗ੍ਹਾ ਸਿਆਸਤ ਲਈ ਵਰਤਿਆ ਜਾਣ ਲੱਗਾ। ਬਹੁਤ ਸਾਰੇ ਛੋਟੇ ਸਿੱਖ ਲੀਡਰਾਂ ਨੇ ਸਿੱਖ ਸਿਆਸਤ (ਅਕਾਲੀ ਦਲ) ਵਿੱਚ ਆਉਣ ਲਈ ਸ਼੍ਰੋਮਣੀ ਕਮੇਟੀ ਤੇ ਧਰਮ ਨੂੰ ਪੌੜੀ ਦੀ ਤਰ੍ਹਾਂ ਵਰਤਿਆ। ਜਿਸਦੇ ਨਤੀਜੇ ਵਜੋਂ ਸ਼੍ਰੋਮਣੀ ਕਮੇਟੀ ਅਰਥਹੀਣ ਹੋ ਗਈ ਤੇ ਉਹ ਮਹੰਤ (ਭਗਵੇਂ ਕੱਪੜਿਆਂ ਵਾਲੇ), ਜਿਨ੍ਹਾਂ ਨੂੰ ਗੁਰਦੁਆਰਾ ਸੁਧਾਰ ਲਹਿਰ ਮੌਕੇ ਸਿੱਖਾਂ ਨੇ ਸ਼ਹੀਦੀਆਂ ਪਾ ਕੇ ਗੁਰਦੁਆਰਿਆਂ ਵਿਚੋਂ ਕੱਢਿਆ ਸੀ, ਉਹ ਨਵੇਂ ਨਾਵਾਂ (ਸੰਤ, ਮਹਾਂਪੁਰਸ਼, ਬ੍ਰਹਮ ਗਿਆਨੀ ਆਦਿ) ਤੇ ਨਵੇਂ ਪਹਿਰਾਵੇ (ਚਿੱਟੇ ਚੋਲ਼ੇ ਤੇ ਗੋਲ ਪੱਗਾਂ ਆਦਿ) ਨਾਲ ਆਪਣੇ ਵੱਖਰੇ ਡੇਰੇ ਬਣਾ ਕੇ ਸਾਹਮਣੇ ਆਏ। ਸ਼੍ਰੋਮਣੀ ਕਮੇਟੀ ਆਪਣੀ ਧਾਰਮਿਕ ਤੇ ਪ੍ਰਬੰਧਕੀ ਜਿੰਮੇਵਾਰੀ ਤੋਂ ਭੱਜ ਕੇ ਰਾਜਨੀਤਕ ਦਲ-ਦਲ ਵਿੱਚ ਅਜਿਹੀ ਫਸੀ ਕਿ ਸਿੱਖਾਂ ਵਿੱਚ ਧਾਰਮਿਕ ਤੇ ਅਧਿਆਤਮਕ ਖਲਾਅ ਪੈਦਾ ਹੋ ਗਿਆ, ਜਿਸਦਾ ਲਾਭ ਉਠਾ ਕੇ ਨਵੇਂ ਪ੍ਰਗਟ ਹੋਏ ਸੰਤਾਂ-ਮਹਾਂਪੁਰਸ਼ਾਂ ਤੇ ਨਕਲੀ ਗੁਰੂਆਂ ਨੂੰ ਆਪਣੇ ਡੇਰੇ ਮਜਬੂਤ ਕਰਨ ਦਾ ਮੌਕਾ ਮਿਲ ਗਿਆ। ਸਿੱਖਾਂ ਦੀ ਬਹੁਤ ਵੱਡੀ ਗਿਣਤੀ ਇਨ੍ਹਾਂ ਡੇਰਿਆਂ ਨਾਲ ਸਿੱਧੇ ਜਾਂ ਅਸਿੱਧੇ ਢੰਗ ਨਾਲ ਜੁੜ ਗਈ। ਇਸ ਸਮੱਸਿਆ ਨੂੰ ਦੇਖ ਕੇ ਸ਼੍ਰੋਮਣੀ ਕਮੇਟੀ ਨੇ ਆਪਣੇ ਆਪ ਨੂੰ ਮਜਬੂਤ ਕਰਨ, ਸਿੱਖੀ ਦੇ ਪ੍ਰਚਾਰ-ਪ੍ਰਸਾਰ ਨੂੰ ਸਹੀ ਲੀਹਾਂ ਤੇ ਲਿਆਉਣ ਦੀ ਥਾਂ, ਰਾਜਨੀਤਕ ਲੋਕਾਂ ਦੀ ਵੋਟ ਰਾਜਨੀਤੀ ਅਧੀਨ ਇਨ੍ਹਾਂ ਡੇਰੇਦਾਰਾਂ ਦੀ ਪੁਸ਼ਤਪਨਾਹੀ ਕਰਨੀ ਸ਼ੁਰੂ ਕਰ ਦਿੱਤੀ। ਇਨ੍ਹਾਂ ਡੇਰਿਆਂ ਵਲੋਂ 40-50 ਸਾਲ ਅਜਿਹਾ ਪ੍ਰਚਾਰ ਕੀਤਾ ਕਿ ਗੁਰੂ ਨਾਨਕ ਸਾਹਿਬ ਦੀ ਇਨਕਲਾਬੀ ਵਿਚਾਰਧਾਰਾ ਅਧਾਰਿਤ ਸ਼ੁਰੂ ਹੋਇਆ ਸਿੱਖ ਧਰਮ, ਨਵੀਂ ਤਰ੍ਹਾਂ ਦੀਆਂ ਕਰਮਕਾਂਡੀ ਮਰਿਯਾਦਾਵਾਂ, ਅੰਧ ਵਿਸ਼ਵਾਸ਼ੀ ਰੀਤਾਂ-ਰਸਮਾਂ, ਧਾਰਮਿਕ ਪਾਖੰਡਾਂ, ਵਹਿਮਾਂ-ਭਰਮਾਂ ਦਾ ਰੂਪ ਧਾਰਨ ਕਰ ਗਿਆ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਅਨੁਸਾਰ ਜਿਹੜੀਆਂ ਰੀਤਾਂ-ਰਸਮਾਂ, ਕਰਮਕਾਂਡਾਂ, ਧਾਰਮਿਕ ਚਿੰਨ੍ਹਾਂ, ਵਹਿਮਾਂ-ਭਰਮਾਂ ਨੂੰ ਪਾਖੰਡ ਕਿਹਾ ਗਿਆ ਸੀ, ਉਹ ਸਭ ਆਮ ਗੁਰਦੁਆਰਿਆਂ ਤੇ ਡੇਰਿਆਂ ਵਿੱਚ ਸ਼ੁਰੂ ਹੋ ਗਿਆ। ਪੰਥ ਵਲੋਂ ਬਣਾਈ ਹੋਈ ਸਾਂਝੀ ਸਿੱਖ ਰਹਿਤ ਮਰਿਯਾਦਾ ਦੀ ਥਾਂ ਹਰ ਡੇਰੇ ਨੇ ਆਪਣੀ ਵੱਖਰੀ ਮਰਿਯਾਦਾ ਬਣਾ ਲਈ। ਆਮ ਲੋਕ ਗੁਰਬਾਣੀ ਆਪ ਪੜ੍ਹਨ ਸਮਝਣ ਦੀ ਥਾਂ ਬਾਹਰੀ ਪੂਜਾ-ਪਾਠ, ਧਾਰਮਿਕ ਚਿੰਨ੍ਹਾਂ ਤੇ ਅੰਧ ਵਿਸ਼ਵਾਸ਼ੀ ਰੀਤਾਂ-ਰਸਮਾਂ ਨਿਭਾਉਣ ਨੂੰ ਹੀ ਧਰਮ ਸਮਝਣ ਲੱਗੇ ਤੇ ਵੱਡੀ ਗਿਣਤੀ ਵਿੱਚ ਅੱਜ ਵੀ ਅਜਿਹਾ ਹੀ ਸਮਝਦੇ ਹਨ।
ਅਜਿਹੇ ਹਾਲਾਤਾਂ ਦੇ ਮੱਦੇਨਜ਼ਰ ਪਿਛਲੀ ਸਦੀ ਦੇ 8ਵੇਂ ਦਹਾਕੇ ਵਿੱਚ ਕੁੱਝ ਵਿਦਵਾਨਾਂ ਤੇ ਸੁਹਿਰਦ ਸਿੱਖਾਂ ਨੇ 19ਵੀਂ ਸਦੀ ਦੇ ਅਖੀਰਲੇ ਦਹਾਕਿਆਂ ਵਿੱਚ ਸ਼ੁਰੂ ਹੋਈ ਸਿੰਘ ਸਭਾ ਲਹਿਰ ਦੀ ਤਰਜ ਤੇ ਸਿੱਖੀ ਦੀ ਪੁਨਰਜਾਗਰਤੀ ਲਈ ਸਿੱਖ ਮਿਸ਼ਨਰੀ ਕਾਲਿਜਾਂ ਦੀ ਸਥਾਪਨਾ ਕੀਤੀ ਤੇ ਸਿੱਖੀ ਪ੍ਰਚਾਰ ਲਈ ਨਵੇਂ ਢੰਗ ਨਾਲ ਲਿਟਰੇਚਰ ਤਿਆਰ ਕਰਨਾ ਸ਼ੁਰੂ ਕੀਤਾ। ਜਿਸ ਨਾਲ ਪੜ੍ਹੀ ਲਿਖੀ ਨੌਜਵਾਨ ਪੀੜ੍ਹੀ ਵਿੱਚ ਸਿੱਖੀ ਨੂੰ ਦੁਬਾਰਾ ਪੜ੍ਹਨ, ਸਮਝਣ ਲਈ ਮੌਕਾ ਮਿਲਿਆ। ਇਸੇ ਸੋਚ ਵਿਚੋਂ ਪਿਛਲੀ ਸਦੀ ਦੇ ਆਖਰੀ ਦਹਾਕੇ ਵਿੱਚ ਕੁੱਝ ਅਜਿਹੇ ਕਾਲਿਜ ਸਾਹਮਣੇ ਆਏ, ਜਿਨ੍ਹਾਂ ਨੇ ਅਜਿਹੀ ਸੋਚ ਨੂੰ ਸਮਰਪਿਤ ਸਿੱਖ ਪ੍ਰਚਾਰਕ ਪੈਦਾ ਕਰਨੇ ਸ਼ੁਰੂ ਕੀਤੇ, ਜਿਨ੍ਹਾਂ ਨੇ ਪਿਛਲੇ 10-15 ਸਾਲ ਤੋਂ ਆਮ ਗੁਰਦੁਆਰਿਆਂ ਵਿੱਚ ਆ ਕੇ ਪ੍ਰਚਾਰ ਸ਼ੁਰੂ ਕੀਤਾ। ਹੁਣ ਤੱਕ ਤਾਂ ਡੇਰਿਆਂ ਤੋਂ ਪੜ੍ਹੇ ਹੋਏ ਅਨਪੜ੍ਹ ਪ੍ਰਚਾਰਕ ਹੀ ਸ਼ਰਧਾ, ਕਰਮਕਾਂਡਾਂ, ਕਰਾਮਾਤੀ ਸਾਖੀਆਂ ਅਧਾਰਿਤ ਪ੍ਰਚਾਰ ਕਰਦੇ ਸਨ, ਪਰ ਨਵੇਂ ਮਿਸ਼ਨਰੀ ਪ੍ਰਚਾਰਕਾਂ ਤੇ ਪੜ੍ਹੇ ਲਿਖੇ ਸਿੱਖ ਵਿਦਵਾਨਾਂ ਨੇ ਸਿੱਖੀ ਨੂੰ ਤਰਕ, ਦਲੀਲ, ਵਿਗਿਆਨ ਤੇ ਸਿੱਖ ਰਹਿਤ ਮਰਿਯਾਦਾ ਅਧਾਰਿਤ ਪ੍ਰਚਾਰਨਾ ਸ਼ੁਰੂ ਕਰ ਦਿੱਤਾ। ਜਿਸ ਨਾਲ ਦੋਨੋ ਧੜਿਆਂ ਵਿੱਚ ਪਿਛਲੇ ਕੁੱਝ ਸਾਲਾਂ ਤੋਂ ਟਕਰਾਅ ਚੱਲ ਰਿਹਾ ਹੈ। ਵਿਦੇਸ਼ਾਂ ਵਿੱਚ 1984 ਦੇ ਹਰਿਮੰਦਰ ਸਾਹਿਬ ਤੇ ਭਾਰਤੀ ਫੌਜਾਂ ਦੇ ਹਮਲੇ ਦਾ ਲਾਭ ਉਠਾ ਕੇ ਡੇਰਿਆਂ ਦੇ ਪੈਰੋਕਾਰਾਂ ਨੇ ਆਪਣੇ ਡੇਰੇ ਛੱਡ ਕੇ ਆਮ ਸੰਗਤੀ ਗੁਰਦੁਆਰਿਆਂ ਤੇ ਕਬਜ਼ੇ ਕਰ ਲਏ ਸਨ। ਪਿਛਲੇ 2-3 ਦਹਾਕਿਆਂ ਤੋਂ ਵਿਦੇਸ਼ੀ ਗੁਰਦੁਆਰਿਆਂ ਤੇ ਅਜਿਹੇ ਲੋਕ ਹੀ ਸਿੱਧੇ ਅਸਿੱਧੇ ਢੰਗ ਨਾਲ ਕਾਬਿਜ਼ ਹਨ। ਮਿਸ਼ਨਰੀ ਪ੍ਰਚਾਰਕਾਂ ਤੇ ਸਿੱਖ ਵਿਦਵਾਨਾਂ ਦੀਆਂ ਲਿਖਤਾਂ ਨਾਲ ਜਿਵੇਂ ਜਿਵੇਂ ਆਮ ਲੋਕਾਂ ਵਿੱਚ ਸਿੱਖ ਧਰਮ ਪ੍ਰਤੀ ਜਾਗਰਤੀ ਪੈਦਾ ਹੋ ਰਹੀ ਹੈ ਤਾਂ ਇਹ ਲੋਕ ਇਨ੍ਹਾਂ ਪ੍ਰਚਾਰਕਾਂ ਨਾਲ ਦਲੀਲ, ਤਰਕ ਜਾਂ ਗੁਰਬਾਣੀ ਆਧਾਰ ਤੇ ਵਿਚਾਰ ਕਰਨ ਦੀ ਥਾਂ, ਲੜਾਈ ਝਗੜੇ ਖੜੇ ਕਰ ਰਹੇ ਹਨ। ਮਿਸ਼ਨਰੀ ਪ੍ਰਚਾਰਕਾਂ, ਲੇਖਕਾਂ, ਵਿਦਵਾਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ, ਹਰ ਢੰਗ ਨਾਲ ਉਨ੍ਹਾਂ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਹੁਣ ਜਦੋਂ ਵੱਖ-ਵੱਖ ਸ਼ਹਿਰਾਂ ਵਿੱਚ ਆਮ ਸੰਗਤ ਇਨ੍ਹਾਂ ਨਵੇਂ ਪ੍ਰਚਾਰਕਾਂ ਜਾਂ ਵਿਦਵਾਨਾਂ ਨੂੰ ਸੁਣਨਾ ਚਾਹੁੰਦੀ ਹੈ ਤਾਂ ਇਹ ਆਪਣੇ ਕਬਜ਼ੇ ਅਧੀਨ ਗੁਰਦੁਆਰਿਆਂ ਵਿੱਚ ਤਾਂ ਉਨ੍ਹਾਂ ਨੂੰ ਵੜਨ ਨਹੀਂ ਦਿੰਦੇ, ਉਨ੍ਹਾਂ ਨੂੰ ਬੋਲਣ ਜਾਂ ਆਪਣਾ ਪੱਖ ਰੱਖਣ ਦਾ ਮੌਕਾ ਨਹੀਂ ਦਿੰਦੇ। ਸਗੋਂ ਕੁੱਝ ਗੁਰਦੁਆਰੇ, ਜਿਨ੍ਹਾਂ ਵਿੱਚ ਦੂਜੀ ਧਿਰ ਪੱਖੀ ਲੋਕ ਕਮੇਟੀਆਂ ਵਿੱਚ ਹਨ, ਉਨ੍ਹਾਂ ਤੇ ਵੀ ਦਬਾਅ ਪਾਉਂਦੇ ਹਨ ਕਿ ਮਿਸ਼ਨਰੀ ਪ੍ਰਚਾਰਕਾਂ ਜਾਂ ਸਿੱਖ ਵਿਦਵਾਨਾਂ ਨੂੰ ਬੋਲਣ ਦਾ ਮੌਕਾ ਨਾ ਦਿੱਤਾ ਜਾਵੇ। ਜੇ ਕੋਈ ਪ੍ਰਬੰਧਕ ਕਮੇਟੀ ਇਨ੍ਹਾਂ ਦੇ ਦਬਾਅ ਅਧੀਨ ਨਾ ਆ ਕੇ ਅਜਿਹੇ ਪ੍ਰਚਾਰਕਾਂ ਜਾਂ ਵਿਦਵਾਨਾਂ ਨੂੰ ਸੱਦਦੀ ਹੈ ਤਾਂ ਇਹ ਉਥੇ ਲੜਾਈ ਕਰਨ ਆ ਪਹੁੰਚਦੇ ਹਨ। ਇਥੋਂ ਤੱਕ ਕਿ ਬਹੁਤ ਸਾਰੇ ਥਾਈਂ ਗੁਰਦੁਆਰਿਆਂ ਤੋਂ ਬਾਹਰ ਹਾਲਾਂ ਵਿੱਚ ਰੱਖੇ ਸੈਮੀਨਾਰਾਂ ਵਿੱਚ ਵੀ ਲੜਾਈ ਕਰਨ ਲਈ ਗਏ ਹਨ। ਸ਼ਾਇਦ ਉਨ੍ਹਾਂ ਨੂੰ ਅਜਿਹਾ ਲਗਦਾ ਹੈ ਕਿ ਜੇ ਲੋਕ ਵਹਿਮਾਂ-ਭਰਮਾਂ, ਕਰਮਕਾਂਡਾਂ, ਅੰਧ ਵਿਸ਼ਵਾਸ਼ਾਂ, ਝੂਠੀਆਂ ਕਰਾਮਾਤੀ ਕਥਾ ਕਹਾਣੀਆਂ `ਚੋਂ ਨਿਕਲ ਕੇ ਜਾਗਰੂਕ ਹੋ ਗਏ ਤਾਂ ਇਨ੍ਹਾਂ ਦਾ ਧਰਮ ਦਾ ਧੰਦਾ ਬਹੁਤਾ ਚਿਰ ਚੱਲ ਨਹੀਂ ਸਕਦਾ। ਪਿਛਲੇ ਸਮੇਂ ਵਿੱਚ ਅਜਿਹੇ ਲੋਕ ਗੁਰਦੁਆਰਿਆਂ ਵਿੱਚ ਚੌਧਰ ਅਤੇ ਗੋਲਕ ਤੇ ਕਬਜ਼ੇ ਦੀਆਂ ਲੜਾਈਆਂ ਕਰਕੇ ਸਿੱਖਾਂ ਦੇ ਅਕਸ ਨੂੰ ਢਾਹ ਲਾਉਣ ਕਰਕੇ ਬਦਨਾਮ ਹੋ ਚੁੱਕੇ ਹਨ ਤਾਂ ਕੁੱਝ ਸਾਲਾਂ ਤੋਂ ਇਹ ਆਪ ਤੇ ਪਿਛੇ ਰਹਿੰਦੇ ਹਨ, ਪਰ ਵਿਦੇਸ਼ਾਂ ਦੇ ਜੰਮਪਲ ਸਿੱਖੀ ਪਹਿਰਾਵੇ ਵਾਲੇ ਬੱਚਿਆਂ ਨੂੰ ਗੁੰਮਰਾਹ ਕਰਕੇ ਲੜਾਈ ਝਗੜੇ ਲਈ ਵਰਤਦੇ ਹਨ। ਜਿਸ ਲਈ ਆਮ ਲੋਕਾਂ ਨੂੰ ਸੁਚੇਤ ਹੋ ਕੇ ਆਪਣੇ ਬੱਚਿਆਂ ਨੂੰ ਗੁੰਮਰਾਹ ਹੋਣ ਤੋਂ ਰੋਕਣ ਦੀ ਲੋੜ ਹੈ।
ਪ੍ਰਚਾਰਕ ਤੇ ਵਿਦਵਾਨ ਕਿਸੇ ਵੀ ਕੌਮ ਜਾਂ ਧਾਰਮਿਕ ਫਿਰਕੇ ਦਾ ਸਰਮਾਇਆ ਹੁੰਦੇ ਹਨ। ਜੋ ਕੌਮਾਂ ਆਪਣੇ ਪ੍ਰਚਾਰਕਾਂ, ਵਿਚਾਰਕਾਂ, ਵਿਦਵਾਨਾਂ, ਲੇਖਕਾਂ ਆਦਿ ਦੀ ਕਦਰ ਨਹੀਂ ਕਰਦੀਆਂ, ਕਦੇ ਤਰੱਕੀ ਨਹੀਂ ਕਰ ਸਕਦੀਆਂ। ਸਿੱਖਾਂ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਿੱਖ ਸੰਘਰਸ਼ ਤਾਂ ਕਰ ਲੈਂਦੇ ਹਨ, ਸ਼ਹੀਦੀਆਂ ਵੀ ਪਾ ਲੈਂਦੇ ਹਨ, ਕੁਰਬਾਨੀਆਂ ਵੀ ਕਰਦੇ ਹਨ, ਪਰ ਜਦੋਂ ਟੇਬਲ ਤੇ ਬੈਠ ਕੇ ਗੱਲ ਕਰਨ ਦਾ ਸਮਾਂ ਆਉਂਦਾ ਹੈ ਤਾਂ ਬੁਰ੍ਹੀ ਤਰ੍ਹਾਂ ਫੇਲ ਹੋ ਜਾਂਦੇ ਹਨ। ਸਿੱਖ ਫੌਜਾਂ ਹਮੇਸ਼ਾਂ ਜਿੱਤ ਕੇ (ਮੈਦਾਨ ਵਿੱਚ) ਅੰਤ ਨੂੰ ਹਾਰਦੀਆਂ (ਗੱਲਬਾਤ ਜਾਂ ਟੇਬਲ ਤੇ) ਰਹੀਆਂ ਹਨ। ਸਿੱਖਾਂ ਵਿੱਚ ਪੜ੍ਹਨ ਲਿਖਣ ਦੀ ਰੁਚੀ ਪਹਿਲਾਂ ਤੋਂ ਬੜੀ ਘੱਟ ਹੈ, ਜਿਸ ਕਰਕੇ ਅੱਜ ਵੀ ਸਿੱਖਾਂ ਕੋਲ ਉਚ ਕੋਟੀ ਦੇ ਪੜ੍ਹੇ ਲਿਖੇ ਵਿਦਵਾਨ ਨਹੀਂ ਹਨ, ਪੜ੍ਹੇ ਲਿਖੇ ਤੇ ਸੂਝਵਾਨ ਲੀਡਰ ਨਹੀਂ ਹਨ, ਸਿੱਖਾਂ ਕੋਲ ਅੰਤਰਰਾਸ਼ਟਰੀ ਭਾਸ਼ਾ ਅੰਗਰੇਜ਼ੀ ਵਿੱਚ ਕੋਈ ਚੰਗੀ ਕਿਤਾਬ ਨਹੀਂ ਹੈ। ਅੰਤਰਰਾਸ਼ਟਰੀ ਪੱਧਰ ਤੇ ਸਿੱਖੀ ਜਾਂ ਸਿੱਖਾਂ ਦੀ ਗੱਲ ਕਰਨ ਵਾਲਾ ਕੋਈ ਵਿਦਵਾਨ ਨਹੀਂ ਹੈ। ਇਸਦਾ ਮੁੱਖ ਕਾਰਨ ਇਹੀ ਹੈ ਕਿ ਸਿੱਖ ਸੰਸਥਾਵਾਂ, ਸਿੱਖ ਗੁਰਦੁਆਰਿਆਂ, ਸਿੱਖ ਪਾਰਟੀਆਂ ਵਿੱਚ ਹੂੜਮੱਤੀਆਂ ਤੇ ਲੱਠਮਾਰਾਂ ਦਾ ਕੰਟਰੋਲ ਹੈ। ਜੋ ਥੋੜੇ ਬਹੁਤੇ ਵਿਦਵਾਨ ਜਾਂ ਲੇਖਕ ਆਪਣੀ ਹਿੰਮਤ ਨਾਲ ਅੱਗੇ ਆਏ ਹਨ, ਅਗਰ ਉਨ੍ਹਾਂ ਦੀ ਮੱਦਦ ਲਈ ਸਿੱਖਾਂ ਦਾ ਪੜ੍ਹਿਆ-ਲਿਖਿਆ ਤੇ ਸੂਝਵਾਨ ਤਬਕਾ ਮਜਬੂਤ ਹੋ ਕੇ ਅੱਗੇ ਨਹੀਂ ਆਉਂਦਾ ਤਾਂ ਗੁਰਦੁਆਰਿਆਂ ਵਿੱਚ ਲੜਾਈਆਂ ਹੁੰਦੀਆਂ ਰਹਿਣਗੀਆਂ ਤੇ ਮਿਸ਼ਨਰੀ ਪ੍ਰਚਾਰਕਾਂ ਦਾ ਵਿਰੋਧ ਹੁੰਦਾ ਰਹੇਗਾ-----।


15/05/16)
ਹਰਲਾਜ ਸਿੰਘ ਬਹਾਦਰਪੁਰ

ਮਸਲਾ ਸਹਿਜਧਾਰੀ ਸਿੱਖਾਂ ਦਾ

ਸਿੱਖਾਂ ਨੂੰ ਦੋ ਹਿਸਿਆਂ ਵਿੱਚ ਵੰਡਣ ਤੋਂ ਰੋਕਣ ਵਾਲੇ ਇਸ ਚੰਗੇ ਫੈਂਸਲੇ ਦਾ ਸਵਾਗਤ ਕਰਨਾ ਬਣਦਾ ਹੈ।

ਸਿਆਸੀ ਲੋਕਾਂ ਨੇ ਸਿਆਸਤ ਦੇ ਦਾਅ ਪੇਚ ਖੇਡਦਿਆਂ ਹਮੇਸਾਂ ਹੀ ਆਮ ਲੋਕਾਂ ਵਿੱਚ ਵੰਡੀਆਂ ਹੀ ਪਾਈਆਂ ਹਨ ਪਰ ਸਹਿਜਧਾਰੀਆਂ ਦੇ ਮੁਦੇ ਤੇ ਇਸ ਦੇ ਉਲਟ ਖੇਡ ਖੇਡੀ ਗਈ ਹੈ ਜਿਸ ਵਿੱਚ ਵੰਡੀਆਂ ਪਾਉਣ ਦੀ ਥਾਂ ਵੰਡੀ ਪਾਉਣ ਤੋਂ ਰੋਕਣ ਵਾਲਾ ਫੈਸਲਾ ਕੀਤਾ ਗਿਆ ਹੈ ਜਿਸ ਦਾ ਸਵਾਗਤ ਕਰਨਾ ਬਣਦਾ ਹੈ। ਇਸ ਵਿੱਚ ਕੋਈ ਸੱਕ ਨਹੀਂ ਹੈ ਸ੍ਰੋਮਣੀ ਅਕਾਲੀ ਦਲ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਧੜੇ (ਬਾਦਲ ਪ੍ਰੀਵਾਰ) ਨੇ ਗੈਰ ਸਿੱਖਾਂ ਅਤੇ ਸਿੱਖ ਵਿਰੋਧੀਆਂ ਨਾਲੋਂ ਵੀ ਸਿੱਖੀ ਦਾ ਵੱਧ ਨੁਕਸਾਨ ਕੀਤਾ ਹੈ ਅਤੇ ਕਰ ਵੀ ਰਿਹਾ ਹੈ, ਹੋ ਸਕਦੈ ਇਹ ਫੈਂਸਲਾ ਵੀ ਉਹਨਾ ਨੇ ਆਪਣੀ ਸੋਚ ਮੁਤਾਬਿਕ ਸਿੱਖੀ ਦੇ ਨੁਕਸਾਨ ਲਈ ਹੀ ਕੀਤਾ ਹੋਵੇ ਪਰ ਇਹ ਉਹਨਾ ਦੀ ਸੋਚ ਦੇ ਉਲਟ ਹੋਇਆ ਹੈ। ਵਿਰੋਧੀ ਪਾਰਟੀਆ ਹੋਣ ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਇਸ ਫੈਂਸਲੇ ਦਾ ਵਿਰੋਧ ਵੀ ਕੀਤਾ ਹੈ। ਹੁਣ ਨਵੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ ਕਿ ਇਸ ਨਾਲ ਸਿੱਖਾਂ ਦੀ ਗਿਣਤੀ ਘੱਟੇਗੀ, ਕੋਈ ਕਹਿ ਰਿਹਾ ਹੈ ਕਿ ਸਿੱਖਾਂ ਵਿੱਚ ਫੁੱਟ ਪੈ ਗਈ, ਕੋਈ ਕਹਿ ਰਿਹਾ ਹੈ ਕਿ ਸਹਿਜਧਾਰੀਆਂ ਨੂੰ ਗਲੇ ਨਾਲ ਲਗਾਉਣ ਦੀ ਵਜਾਏ ਪਰੇ ਧੱਕ ਦਿੱਤਾ ਹੈ ਪਰ ਮੇਰੀ ਸੋਚ ਮੁਤਾਬਿਕ ਅਜਿਹਾ ਕੁੱਝ ਵੀ ਨਹੀਂ ਹੋਇਆ ਇਹ ਸੱਭ ਸਿਆਸੀ ਵਿਰੋਧ ਹਨ। ਹਾਂ ਸਹਿਜਧਾਰੀਆਂ ਨੂੰ ਮਾਨਤਾ ਦੇਣ ਨਾਲ ਸਿੱਖਾਂ ਦੀ ਗਿਣਤੀ ਘੱਟਣੀ ਸੀ, ਸਿੱਖਾਂ ਵਿੱਚ ਫੁੱਟ ਵੀ ਪੈਣੀ ਸੀ ਅਤੇ ਸਹਿਜਧਾਰੀਆਂ ਨੂੰ ਸਿੱਖੀ ਤੋਂ ਦੂਰ ਵੀ ਧੱਕਿਆ ਜਾਣਾ ਸੀ। ਕਿਉਕਿ ਸਹਿਜਧਾਰੀਆਂ ਨੂੰ ਮਾਨਤਾ ਮਿਲਣ ਨਾਲ ਸਿੱਖਾਂ ਦੇ ਦੋ ਧੜੇ ਪੱਕੇ ਤੌਰ ਤੇ ਬਣ ਜਾਣੇ ਸਨ, ਇੱਕ ਸਿੱਖ ਅਤੇ ਦੂਜੇ ਸਹਿਜਧਾਰੀ ਸਿੱਖ, ਇਸ ਨਾਲ ਖੰਡੇ ਦੀ ਪਹੁਲਧਾਰੀ ਸਿੱਖਾਂ ਦੀ ਗਿਣਤੀ ਵੀ ਘੱਟ ਜਾਣੀ ਸੀ ਅਤੇ ਸਹਿਜਧਾਰੀ ਸਿੱਖ ਸਦਾ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਪਾਹੁਲਧਾਰੀ ਸਿੱਖ ਪੰਥ ਤੋਂ ਦੂਰ ਹੋ ਜਾਣੇ ਸੀ।

ਬੇਸੱਕ ਅਜੋਕੀ ਸਿੱਖੀ ਅੱਜ ਸਿਆਸੀ ਲੀਡਰਾਂ ਅਤੇ ਪੁਜਾਰੀਵਾਦ ਦੇ ਕਬਜੇ ਵਿੱਚ ਹੋਣ ਕਾਰਨ ਆਪਣੇ ਅਸਲੀ ਸਿਧਾਂਤਾਂ ਤੋਂ ਦੂਰ ਜਾ ਚੁੱਕੀ ਹੈ ਪਰ ਇਸ ਸਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਬ੍ਰਾਹਮਣ ਦੀ ਜਾਤ ਵਰਣ ਵੰਡ ਦੀ ਤਰਾਂ ਸਿੱਖੀ ਪਿਤਾ ਪੁਰਖੀ ਨਹੀਂ ਹੈ, ਸਿੱਖ ਦੇ ਘਰ ਸਿੱਖ ਨਹੀਂ ਜੰਮਦਾ, ਸਿੱਖ ਤਾਂ ਬਣਨਾ ਪੈਂਦਾ ਹੈ। ਸਿੱਖੀ ਇੱਕ ਵਿਚਾਰਧਾਰਾ ਹੈ ਇਸ ਨੂੰ ਮੰਨਣ ਵਾਲਾ ਸਿੱਖ ਹੈ, ਕੋਈ ਵੀ ਵਿਅੱਕਤੀ ਇਸ ਵਿਚਾਰਧਾਰਾ ਨੂੰ ਅਪਣਾ ਕੇ ਸਿੱਖ ਬਣ ਸਕਦਾ ਹੈ ਤੇ ਕੋਈ ਸਿੱਖੀ ਨੂੰ ਛੱਡ ਵੀ ਸਕਦਾ ਹੈ। ਸਹਿਜਧਾਰੀ ਸਿੱਖ ਪਾਰਟੀ ਦੇ ਕੌਮੀ ਪ੍ਰਧਾਨ ਡਾ: ਪਰਮਜੀਤ ਸਿੰਘ ਰਾਣੂੰ ਜੀ ਵੀ ਕਹਿੰਦੇ ਰਹੇ ਹਨ ਕਿ ਸਿੱਖਾਂ ਦੇ ਘਰ ਜਨਮਿਆ ਹਰ ਬੱਚਾ ਸਿੱਖ ਹੈ। ਡਾ: ਰਾਣੂੰ ਜੀ ਦੀ ਇਹ ਗੱਲ ਕਿ ਸਿੱਖਾਂ ਦੇ ਘਰ ਜਨਮਿਆ ਹਰ ਬੱਚਾ ਸਿੱਖ ਹੁੰਦਾ ਹੈ, ਬਿਲਕੁਲ ਗਲਤ ਹੈ। ਕਿਉਂਕਿ ਸਿੱਖੀ ਇੱਕ ਸੱਚ ਦਾ ਮਾਰਗ ਹੈ। ਇਸ ਮਾਰਗ ਤੇ ਤੁਰਨ ਵਾਲਾ ਹੀ ਇਸ ਮਾਰਗ ਦਾ ਪਾਂਧੀ ਕਹਾ ਸਕਦਾ ਹੈ। ਸਿੱਖਾਂ ਦੇ ਘਰ ਜਨਮ ਲੈਣ ਵਾਲਾ ਤਾਂ ਕੀ, ਸਿੱਖ ਗੁਰੂਆਂ ਦੇ ਘਰ ਜਨਮ ਲੈਣ ਵਾਲੇ ਵੀ ਸਿੱਖੀ ਤੋਂ ਦੂਰ ਰਹੇ ਸਨ। ਜਿਵੇਂਕਿ ਗੁਰੁ ਨਾਨਕ ਪਾਤਸ਼ਾਹ ਜੀ ਦੇ ਪੁੱਤਰ ਬਾਬਾ ਸ਼੍ਰੀ ਚੰਦ ਤੇ ਲੱਖਮੀ ਦਾਸ, ਗੁਰੁ ਨਾਨਕ ਜੀ ਦੀ ਸਿੱਖੀ (ਸੋਚ) ਤੋਂ ਉਲਟ ਸਨ। ਚੌਥੇ ਪਾਤਸ਼ਾਹ ਗੁਰੁ ਰਾਮਦਾਸ ਜੀ ਦੇ ਤਿੰਨ ਪੁੱਤਰ ਸਨ, ਜਿੰਨ੍ਹਾਂ ਵਿੱਚੋਂ ਜਿੱਥੇ ਗੁਰੂ ਅਰਜਨ ਦੇਵ ਜੀ ਸਿੱਖ ਗੁਰੂ ਹੋਏ ਹਨ, ਉੱਥੇ ਪਿਰਥੀ ਚੰਦ ਸਿੱਖ ਵਿਰੋਧੀ ਸੀ। ਸੱਤਵੇਂ ਪਾਤਸ਼ਾਹ ਗੁਰੂ ਹਰ ਰਾਇ ਸਾਹਿਬ ਜੀ ਦੇ ਵੀ ਦੋ ਪੁੱਤਰ ਸਨ, ਜਿੰਨ੍ਹਾਂ ਵਿੱਚੋਂ ਇੱਕ ਗੁਰੂ ਹਰ ਕ੍ਰਿਸ਼ਨ ਬਣਿਆ ਤੇ ਦੂਜਾ ਰਾਮ ਰਾਇ ਸੀ ਜੋ ਸਤਗੁਰਾਂ ਦੀ ਸੋਚ ਦੇ ਉਲਟ ਸੀ। ਅਜੋਕੇ ਸਿੱਖਾਂ ਬਾਰੇ ਤਾਂ ਸਭ ਨੂੰ ਪਤਾ ਹੀ ਹੈ ਕਿ ਸਿੱਖਾਂ ਦੇ ਘਰ ਜਨਮੇ ਬੱਚੇ ਕਿੰਨੇ ਕੁ ਸਿੱਖ ਹਨ। ਸਿੱਖੀ ਦਾ ਮੂਲ ਸਿਧਾਂਤ ਇੱਕ ਹੈ। ਸਿੱਖੀ ਵਿੱਚ ਦੇਵੀ-ਦੇਵਤਿਆਂ ਅਵਤਾਰਾਂ ਆਦਿ ਲਈ ਕੋਈ ਥਾਂ ਨਹੀਂ। ਸਿਰਫ ਇੱਕ ਅਕਾਲ ਪੁਰਖ ਪ੍ਰਮਾਤਮਾ ਨੂੰ ਹੀ ਸਰਵ ਉੱਚ ਮੰਨਿਆ ਗਿਆ ਹੈ। ਜਾਤ-ਪਾਤ, ਊਚ-ਨੀਚ, ਵਰਣ ਵੰਡ ਨੂੰ ਵੀ ਸਿੱਖੀ ਵਿੱਚ ਕੋਈ ਥਾਂ ਨਹੀਂ ਹੈ। ਸਿੱਖੀ ਦਾ ਸਿਧਾਂਤ ਸਮੁੱਚੀ ਮਨੁੱਖਤਾ ਨੂੰ ਇੱਕ ਬਰਾਬਰ ਸਮਝਦਾ ਹੈ ਅਤੇ ਇੱਕ ਦੇ ਹੀ ਲੜ ਲਾਉਂਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਏਕਤਾ (ਇੱਕ) ਦਾ ਪਾਠ ਪੜ੍ਹਾਉਣ ਵਾਲੀ ਸਿੱਖੀ ਅੱਜ ਅਨੇਕਤਾ (ਹਜਾਰਾਂ ਧੜਿਆਂ) ਵਿੱਚ ਵੰਡੀ ਜਾ ਚੁੱਕੀ ਹੈ। ਇੱਕ ਗ੍ਰੰਥ (ਗੁਰੂ ਗ੍ਰੰਥ ਸਾਹਿਬ ਜੀ) ਅਤੇ ਇੱਕ ਪੰਥ ਦੇ ਪੈਰੋਕਾਰ ਕਹਾਉਣ ਵਾਲੇ ਸਾਡੇ ਅਜੋਕੇ ਸਿੱਖਾਂ ਦਾ ਨਾ ਤਾਂ ਗ੍ਰੰਥ ਇੱਕ ਰਿਹਾ ਤੇ ਨਾ ਪੰਥ ਇੱਕ ਰਿਹਾ। ਕਹਿਣ ਨੂੰ ਭਾਵੇਂ ਅਸੀਂ ਸਾਰੇ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਸਿੱਖ ਕਹਾਉਂਦੇ ਹਾਂ, ਪਰ ਇੱਕ ਗ੍ਰੰਥ (ਗੁਰੂ ਗ੍ਰੰਥ ਸਾਹਿਬ ਜੀ) ਦੀ ਥਾਂ ਸਾਡੇ ਗ੍ਰੰਥ ਵੀ ਬਹੁਤ ਸਾਹਮਣੇ ਆ ਚੁੱਕੇ ਹਨ, ਜਿੰਨ੍ਹਾਂ ਤੋਂ ਅੱਜ ਸਿੱਖ ਕੌਮ ਸੇਧ ਲੈ ਰਹੀ ਹੈ। ਇੱਕ ਪੰਥ ਵੀ ਸਾਡਾ ਨਹੀਂ ਰਿਹਾ। ਅੱਜ ਜਿੰਨੇ ਸਿੱਖ ਹਨ ਉਨੇ ਹੀ ਡੇਰੇ, ਟਕਸਾਲਾਂ, ਦਲ, ਜਥੇ ਆਦਿ ਹਨ। ਸਭ ਸਿੱਖ ਆਪੋ ਆਪਣੇ ਡੇਰੇ, ਟਕਸਾਲਾਂ, ਦਲ, ਜਥੇ, ਬਾਬੇ, ਸੰਤ, ਬ੍ਰਹਮ ਗਿਆਨੀ ਆਦਿ ਨੂੰ ਸਰਵਉੱਚ ਮੰਨਦੇ ਹਨ। ਸਹਿਜਧਾਰੀ ਸਿੱਖ ਪਾਰਟੀ ਦੇ ਕੌਮੀ ਪ੍ਰਧਾਨ ਡਾ: ਰਾਣੂੰ ਸਾਹਿਬ ਜੀ ਵੀ ਅਜਿਹਿਆਂ ਵਿੱਚੋਂ ਹੀ ਇੱਕ ਹਨ। ਜੋ ਇੱਕ ਹੋਰ ਧੜਾ ਖੜਾ ਕਰ ਰਹੇ ਸਨ। ਜੇ ਡਾ: ਰਾਣੂੰ ਜੀ ਸੱਚਮੁੱਚ ਸਿੱਖੀ ਨੂੰ ਪਿਆਰ ਕਰਦੇ ਹਨ ਤਾਂ ਉਨ੍ਹਾਂ ਨੂੰ ਚਾਹੀਂਦਾ ਸੀ ਕਿ ਉਹ ਵੱਖਰਾ ਧੜਾ ਪੈਦਾ ਕਰਨ ਦੀ ਥਾਂ ਸਿੱਖੀ ਵਿੱਚ ਆਪੋ ਆਪਣੇ ਨਾਮ ਚਮਕਾਉਣ ਲਈ ਬਣੇ ਧੜਿਆਂ ਨੂੰ ਖਤਮ ਕਰਨ ਦਾ ਬੀੜਾ ਚੁੱਕਦੇ। ਪਰ ਅਫਸੋਸ ਕਿ ਡਾ: ਰਾਣੂੰ ਜੀ ਨੇ ਵੀ ਇੱਕ ਹੋਰ ਧੜਾ ਖੜਾ ਕਰ ਲਿਆ ਹੈ। ਜਿਨੇ ਧੜੇ, ਡੇਰੇ, ਟਕਸਾਲਾਂ, ਦਲ, ਜਥੇ ਆਦਿ ਸਿੱਖੀ ਵਿੱਚ ਘੁਸਪੈਠ ਕਰ ਚੁੱਕੇ ਹਨ, ਉਨ੍ਹਾਂ ਸਭ ਲਈ ਸਿੱਖੀ ਸਿਧਾਤਾਂ ਨਾਲੋਂ ਆਪਣੇ ਧੜੇ ਹੀ ਸਰਵੋਤਮ ਹਨ। ਸਿੱਖੀ ਸਿਧਾਂਤਾਂ ਦੇ ਸੋਹਣੇ ਰੁੱਖ ਉੱਪਰ ਇਹ ਧੜੇ ਅਮਰ ਵੇਲ ਬਣ ਕੇ ਛਾਏ ਹੋਏ ਹਨ, ਜੋ ਆਪ ਤਾਂ ਵਧ ਫੁੱਲ ਰਹੇ ਹਨ ਪਰ ਸਿੱਖੀ ਸਿਧਾਂਤਾਂ ਨੂੰ ਖਤਮ ਕਰ (ਸੁਕਾ) ਰਹੇ ਹਨ। ਹੋ ਸਕਦੈ ਡਾ: ਰਾਣੂੰ ਜੀ ਅੰਦਰ ਸਿੱਖੀ ਪ੍ਰਤੀ ਹਮਦਰਦੀ ਹੋਵੇ, ਉਹ ਸਿੱਖੀ ਤੇ ਕਬਜਾ ਕਰੀ ਬੈਠੇ ਮਾਫੀਏ (ਗਰੋਹ) ਤੋਂ ਦੁਖੀ ਹੋਣ, ਇਸ ਲਈ ਉਨ੍ਹਾਂ ਨੇ ਇਹ ਰਾਹ ਚੁਣਿਆ ਹੋਵੇ। ਇਹ ਸੋਚ ਤਾਂ ਚੰਗੀ ਹੈ। ਕਿਉਂਕਿ ਸਿੱਖੀ ਤੇ ਕਬਜਾ ਕਰੀ ਬੈਠੇ ਇਹਨਾਂ ਭੇਖੀ ਸਿੱਖਾਂ (ਸਿੱਖੀ ਦੇ ਠੇਕੇਦਾਰਾਂ) ਤੋਂ ਸਿੱਖੀ ਨੂੰ ਮੁਕਤ ਕਰਵਾਉਣਾ ਜਰੂਰੀ ਹੈ। ਡਾ: ਰਾਣੂੰ ਜੀ ਜੇਕਰ ਤੁਸੀਂ ਇਹਨਾਂ ਭੇਖੀ ਸਿੱਖਾਂ (ਸਿੱਖੀ ਦੇ ਠੇਕੇਦਾਰਾਂ) ਤੋਂ ਸਿੱਖੀ ਨੂੰ ਮੁਕਤ ਕਰਵਾਉਣਾ ਚਾਹੁੰਦੇ ਹੋਂ ਤਾਂ ਸਿਰਫ ਸਿੱਖ ਬਣ ਕੇ ਆਓ, ਸਿੱਖੀ ਤੇ ਕਬਜਾ ਕਰੀ ਬੈਠੇ ਮਾਫੀਏ ਨੂੰ ਭਜਾਓ, ਇਸ ਵਿੱਚ ਹੀ ਸਭ ਦਾ ਭਲਾ ਹੈ ਪਰ ਬੇਨਤੀ ਹੈ ਕਿ ਕ੍ਰਿਪਾ ਕਰਕੇ ਸਿੱਖ ਨੂੰ ਇੱਕ ਸਿੱਖ ਹੀ ਰਹਿਣ ਦਿਓ, ਇਹ ਤਾਂ ਪਹਿਲਾਂ ਹੀ ਬਹੁਤ ਵੰਡਿਆ ਜਾ ਚੁੱਕਾ ਹੈ। ਹੁਣ ਤੁਸੀਂ ਇਸ ਵਿੱਚ ਇੱਕ ਵੰਡ ਹੋਰ (ਸਹਿਜਧਾਰੀ ਸਿੱਖਾਂ ਵਾਲੀ) ਨਾ ਪਾਓ। ਸਹਿਜਧਾਰੀਆਂ ਦੇ ਨਾਮ ਤੇ ਇੱਕ ਹੋਰ ਧੜਾ ਖੜਾ ਕਰਕੇ ਸ਼੍ਰੋ: ਗੁ: ਪ੍ਰ: ਕਮੇਟੀ ਦੀਆਂ ਚੋਣਾਂ ਵਿੱਚ ਵੋਟਾਂ ਦਾ ਹੱਕ ਪ੍ਰਾਪਤ ਕਰਨ ਲਈ ਡਾ: ਰਾਣੂੰ ਜੀ ਕਹਿ ਰਹੇ ਸਨ ਕਿ ਸਹਿਜਧਾਰੀ ਸਿੱਖ ਵੋਟ ਪਾਉਣ ਦਾ ਅਧਿਕਾਰ ਮੰਗਦੇ ਹਨ, ਚੋਣ ਲੜਨ ਦਾ ਨਹੀਂ। ਇਹ ਗੱਲ ਠੀਕ ਨਹੀਂ ਸੀ ਕਿਉਂਕਿ ਜੋ ਬੰਦਾ ਕਿਸੇ ਸੰਸਥਾ ਦਾ ਵੋਟਰ ਬਣ ਸਕਦਾ ਹੈ, ਉਹ ਉਸਦਾ ਉਮੀਦਵਾਰ ਵੀ ਹੋ ਸਕਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਜੋਕੇ ਬਹੁਤੇ ਸਿੱਖਾਂ ਜਿੰਨਾਂ ਨੇ ਖੰਡੇ ਦੀ ਪਹੁਲ ਲਈ ਹੋਈ ਹੈ ਨਾਲੋਂ ਗੈਰ ਸਿੱਖ ਚੰਗੇ ਹੋ ਸਕਦੇ ਹਨ। ਪਰ ਇਸਦਾ ਮਤਲਬ ਇਹ ਨਹੀਂ ਕਿ ਜੇਕਰ ਖੰਡੇ ਦੀ ਪਹੁਲ ਲੈਣ ਵਾਲੇ ਬਹੁਤੇ ਸਿੱਖਾਂ ਵਿੱਚ ਕਮੀਆਂ ਆ ਜਾਣ ਤਾਂ ਆਪਾਂ ਖੰਡੇ ਦੀ ਪਹੁਲ ਨੂੰ ਹੀ ਨਕਾਰ ਦੇਈਏ। ਸਾਨੂੰ ਚਾਹੀਂਦਾ ਹੈ ਕਿ ਅਸੀਂ ਖੰਡੇ ਦੀ ਪਹੁਲ ਲੈ ਕੇ ਕੁਰੀਤੀਆਂ ਕਰਨ ਵਾਲੇ ਭੇਖੀ ਸਿੱਖਾਂ ਦੀ ਅਸਲੀਅਤ ਲੋਕਾਂ ਸਾਹਮਣੇ ਰੱਖੀਏ ਅਤੇ ਚੰਗੇ ਕਿਰਦਾਰ ਵਾਲੇ ਸਿੰਘਾਂ ਨੂੰ ਅੱਗੇ ਲਿਆਈਏ ਤੇ ਅਸੀਂ ਖੁਦ ਚੰਗੇ ਸਿੱਖ ਬਣੀਏ। ਬਿਨ੍ਹਾਂ ਸ਼ੱਕ ਸਿੱਖ ਕੌਮ ਨੇ ਦੇਸ਼ ਦੀ ਅਜਾਦੀ ਵਿੱਚ ਰਿਕਾਰਡ ਤੋੜ ਕੁਰਬਾਨੀਆਂ ਕੀਤੀਆਂ ਸਨ। ਪਰ ਹਿੰਦੂਸਤਾਨੀ ਹਕੂਮਤਾਂ ਨਹੀਂ ਚਾਹੁੰਦੀਆਂ ਕਿ ਸਿੱਖ ਕੌਮ ਦੀ ਵੱਖਰੀ ਹੋਂਦ ਜਾਂ ਪਹਿਚਾਣ ਕਾਇਮ ਰਹੇ। ਹਿੰਦੂਸਤਾਨੀ ਸਰਕਾਰਾਂ ਆਨੇ-ਬਹਾਨੇ ਸਿੱਖ ਕੌਮ ਦੀ ਹੋਂਦ ਨੂੰ ਖਤਮ ਕਰਨ ਲਈ ਉਤਾਲੀਆਂ ਹੀ ਰਹਿੰਦੀਆਂ ਹਨ। ਸਹਿਜਧਾਰੀ ਸਿੱਖ ਫੈਡਰੇਸ਼ਨ ਦੇ ਪਿੱਛੇ ਵੀ ਸਿੱਖ ਵਿਰੋਧੀ ਤਾਕਤਾਂ ਹੀ ਕੰਮ ਕਰ ਰਹਂੀਆਂ ਸਨ। ਸਿੱਖ ਕੌਮ ਨੇ ਦੇਸ਼ ਅਜਾਦ ਹੋਣ ਤੋਂ ਵੀ ਪਹਿਲਾਂ ਆਪਣੇ ਗੁਰੂ ਘਰਾਂ ਨੂੰ ਅੰਗਰੇਜ ਸਰਕਾਰ ਦੇ ਪਾਲਤੂ ਮਹੰਤਾਂ ਤੋਂ ਅਜਾਦ ਕਰਵਾ ਲਿਆ ਸੀ। ਪਰ ਦੁੱਖ ਦੀ ਗੱਲ ਹੈ ਕਿ ਉਸ ਸਮੇਂ ਗੁਲਾਮ ਹਿੰਦੂਸਤਾਨ ਵਿੱਚ ਸਿੱਖ ਅਜਾਦ ਸਨ ਪਰ ਅੱਜ ਅਜਾਦ ਹਿੰਦੂਸਤਾਨ ਵਿੱਚ ਸਿੱਖ ਗੁਲਾਮ ਹਨ। ਅੱਜ ਸਿੱਖਾਂ ਨੂੰ ਆਪਣੇ ਗੁਰੂ ਘਰਾਂ ਦੀ ਸੇਵਾ ਸੰਭਾਲ ਲਈ ਕਮੇਟੀ ਚੁਣਨ ਵਾਸਤੇ ਵੀ ਹਿੰਦੂਸਤਾਨ ਦੀਆਂ ਸਰਕਾਰਾਂ ਤੇ ਅਦਾਲਤਾਂ ਦੇ ਹੁਕਮਾਂ ਦੀ ਉਡੀਕ ਕਰਨੀ ਪੈਂਦੀ ਹੈ। ਜਿੰਨ੍ਹਾਂ ਮਹੰਤਾਂ ਤੋਂ ਗੁਰੂ ਘਰਾਂ ਨੂੰ ਅਜਾਦ ਕਰਵਾਉਣ ਲਈ ਸਿੱਖ ਕੌਮ ਨੇ ਬੇਹਿਸਾਬਾ ਖੂਨ ਬਹਾਇਆ ਸੀ, ਬਾਦਲ ਦੀ ਕ੍ਰਿਪਾ ਸਕਦਾ ਉਹੀ ਮਹੰਤ ਅੱਜ ਫੇਰ ਗੁਰੂ ਘਰਾਂ ਉੱਪਰ ਕਾਬਜ ਹੋ ਚੁੱਕੇ ਹਨ। ਡਾ: ਪਰਮਜੀਤ ਸਿੰਘ ਰਾਣੂ ਵਰਗਿਆਂ ਨੇ ਜੋ ਸਿੱਖੀ ਦੀ ਪਹਿਚਾਣ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਸੀ, ਇਹ ਵੀ ਸਭ ਬਾਦਲ/ਆਰ. ਐਸ. ਐਸ. ਆਦਿ ਸਿੱਖ ਵਿਰੋਧੀ ਸਕਤੀਆਂ ਦੀ ਹੀ ਦੇਣ ਹੈ। ਜਾਂ ਇਉਂ ਕਹਿ ਲਵੋ ਕਿ ਇਹ ਸਿੱਖ ਵਿਰੋਧੀ ਸ਼ਕਤੀਆਂ ਦੀ ਅਸਿੱਧੇ ਰੂਪ ਵਿੱਚ ਮੱਦਦ ਕਰ ਰਹੇ ਹਨ। ਇਹੀ ਕਾਰਨ ਹੈ ਕਿ ਅੱਜ ਸਿੱਖ ਸੰਸਥਾਵਾਂ ਵਿੱਚ ਦਾਖਲਾ ਲੈਣ ਲਈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਲਈ ਉਹ ਲੋਕ ਅੱਗੇ ਆ ਰਹੇ ਹਨ, ਜਿੰਨ੍ਹਾਂ ਦਾ ਸਿੱਖੀ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ। ਜਨਮ ਸਮੇਂ ਮਨੁੱਖ ਦਾ ਕੋਈ ਵੀ ਦੁਨਿਆਵੀ ਧਰਮ ਨਹੀਂ ਹੁੰਦਾ, ਇਹ ਤਾਂ ਬਾਅਦ ਵਿੱਚ ਗ੍ਰਹਿਣ ਕੀਤਾ ਜਾਂਦਾ ਹੈ। ਕੋਈ ਵੀ ਮੁਨੱਖ ਕਿਸੇ ਵੀ ਦੁਨਿਆਵੀ ਧਰਮ ਨੂੰ ਅਪਣਾ ਸਕਦਾ ਹੈ ਅਤੇ ਛੱਡ ਸਕਦਾ ਹੈ। ਇਸ ਲਈ ਇੱਥੇ ਗੁਰੂ ਨਾਨਕ ਜੀ ਦੀ ਮਿਸਾਲ ਹੀ ਕਾਫੀ ਹੋਵੇਗੀ ਕਿ ਗੁਰੂ ਨਾਨਕ ਜੀ ਦਾ ਜਨਮ ਹਿੰਦੂ ਘਰਾਣੇ ਵਿੱਚ ਹੋਇਆ ਪਰ ਉਨ੍ਹਾਂ ਨੇ ਹਿੰਦੂ ਰੀਤੀ-ਰਿਵਾਜਾਂ ਨੂੰ ਛੱਡ ਕੇ ਸਿੱਖ ਧਰਮ ਦੀ ਨੀਂਹ ਰੱਖੀ। ਜੋ ਲੋਕ ਆਪਣੇ ਆਪ ਨੂੰ ਸਹਿਜਧਾਰੀ ਕਹਾ ਰਹੇ ਸਨ ਅਸਲ ਵਿੱਚ ਇਹ ਤਾਂ ਅਜੇ ਕੁੱਝ ਵੀ ਨਹੀਂ ਸਨ। ਕਿਉਂਕਿ ਜੋ ਸਿੱਖ ਹੈ ਉਹੀ ਸਿੱਖ ਹੈ ਜੋ ਸਿੱਖ ਨਹੀਂ ਉਹ ਕੁੱਝ ਹੋਰ ਹੋਵੇਗਾ। ਸਿੱਖ ਕੌਣ ਹੈ? ਸਿੱਖ ਉਹ ਵਿਅਕਤੀ ਹੈ ਜੋ ਦਸਾਂ ਗੁਰੂਆਂ ਦੀ ਸਿੱਖਿਆ ਗੁਰਬਾਣੀ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ। ਇੱਕ ਰੱਬ ਤੋਂ ਵਗੈਰ ਹੋਰ ਕਿਸੇ ਦੇਵੀ ਦੇਵਤੇ, ਮੜੀ-ਮਸਾਣੀ, ਪੀਰ-ਫਕੀਰ ਆਦਿ ਨੂੰ ਨਹੀਂ ਮੰਨਦਾ ਅਤੇ ਸਿੱਖੀ ਵਿੱਚ ਪ੍ਰਵੇਸ਼ ਕਰਨ ਦੀ ਰੀਤ ਅਨੁਸਾਰ ਖੰਡੇ ਦੀ ਪਹੁਲ ਲੈ ਕੇ ਕੁਰਹਿਤਾਂ ਤੋਂ ਬਚਿਆ ਹੋਇਆ, ਰਹਿਤਾਂ ਦਾ ਧਾਰਨੀ ਹੈ। ਬੇਸ਼ੱਕ ਗੁਰਮਤਿ ਵਿੱਚ ਨਿਰੇ ਭੇਖ ਲਈ ਵੀ ਕੋਈ ਥਾਂ ਨਹੀਂ ਪਰ ਦੁਨਿਆਵੀ ਤੌਰ ਤੇ ਇੱਕ ਕੌਮ ਵੱਜੋਂ ਬਾਹਰੀ ਪਛਾਣ ਵੀ ਹੋਣੀ ਜਰੂਰੀ ਹੈ। ਜਿਵੇਂਕਿ ਆਪਣੀ ਪਛਾਣ ਲਈ ਹਰ ਇੱਕ ਸਕੂਲ ਦੀ ਆਪਣੀ ਵੱਖਰੀ ਵਰਦੀ ਹੁੰਦੀ ਹੈ। ਜੇ ਕੋਈ ਆਪਣੇ ਆਪ ਨੂੰ ਦੁਨਿਆਵੀ ਧਾਰਮਿਕ ਰੀਤਾਂ ਤੋਂ ਉੱਚਾ ਉੱਠਿਆ ਹੋਇਆ ਅਤੇ ਅਧਿਆਤਮਕਵਾਦੀ ਸਮਝਦਾ ਹੈ ਤਾਂ ਉਸਨੂੰ ਦੁਨਿਆਵੀ ਧਾਰਮਿਕ ਸੰਸਥਾਵਾਂ ਵਿੱਚ ਦਾਖਲੇ ਅਤੇ ਵੋਟ ਪਰਚੀਆਂ ਬਣਾਉਣ ਲਈ ਵੀ ਲੜਨ ਦੀ ਲੋੜ ਨਹੀਂ ਹੈ। ਪਰ ਅੱਜ ਕੱਲ੍ਹ ਉਹ ਲੋਕ ਜਿੰਨ੍ਹਾਂ ਦਾ ਕੋਈ ਅਸੂਲ ਜਾਂ ਰਹਿਤ ਹੀ ਨਹੀਂ ਹੈ, ਆਪਣੇ ਸਵਾਰਥ ਲਈ ਸਹਿਜਧਾਰੀਆਂ ਦੇ ਨਾਮ ਤੇ ਸਿੱਖੀ ਵਿੱਚ ਘੁਸਪੈਠ ਕਰਕੇ ਸਿੱਖੀ ਨੂੰ ਖਤਮ ਕਰਨ ਲਈ ਉਤਾਵਲੇ ਹੋਏ ਪਏ ਸਨ। ਕੌਣ ਹਨ ਇਹ ਸਹਿਜਧਾਰੀ? ਇਹ ਨਾ ਹਿੰਦੂ ਹਨ, ਨਾ ਮੁਸਲਮਾਨ ਅਤੇ ਨਾ ਹੀ ਸਿੱਖ। ਭਾਵ ਕਿ ਇਹ ਲੋਕ ਦੁਨਿਆਵੀ ਤੌਰ ਤੇ ਕਿਸੇ ਵੀ ਫਿਰਕੇ ਦੀਆਂ ਧਾਰਮਿਕ ਰੀਤਾਂ ਨੂੰ ਮੰਨਣ ਲਈ ਤਿਆਰ ਨਹੀਂ ਹਨ, ਪਰ ਆਪਣੇ ਆਪ ਨੂੰ ਧਰਮੀ ਅਖਵਾਕੇ ਧਾਰਮਿਕ ਸੰਸਥਾਵਾਂ ਦਾ ਲਾਭ ਵੀ ਲੈਣਾ ਚਾਹੁੰਦੇ ਹਨ। ਸਹਿਜਧਾਰੀਆਂ ਨੂੰ ਵੋਟਾਂ ਦਾ ਅਧਿਕਾਰ ਨਾ ਦੇਣ ਅਤੇ ਇੱਕ ਲੜਕੀ ਨੂੰ ਗੁਰੂ ਰਾਮਦਾਸ ਮੈਡੀਕਲ ਕਾਲਜ ਵਿੱਚ ਦਾਖਲਾ ਨਾ ਦੇਣ ਸਬੰਧੀ ਉੱਠੇ ਵਿਵਾਦ ਤੇ ਸਹਿਜਧਾਰੀ ਸਿੱਖ ਫੈਡਰੇਸ਼ਨ ਦੇ ਮੁਖੀ ਡਾ: ਪਰਮਜੀਤ ਸਿੰਘ ਰਾਣੂ ਜੀ ਨੇ ਇੱਕ ਵਾਰ ਅਖਵਾਰੀ ਬਿਆਨ ਵਿੱਚ ਭਾਈ ਕਾਹਨ ਸਿੰਘ ਨਾਭਾ ਵੱਲੋਂ ਲਿਖੇ ਗਏ ਮਹਾਨ ਕੋਸ਼ ਦੇ ਪੰਨਾ ਨੰ: 137 ਦੀ ਉਦਹਾਰਣ ਦਿੰਦੇ ਹੋਏ ਕਿਹਾ ਸੀ ਕਿ ਨਾਭਾ ਜੀ ਨੇ ਸਹਿਜਧਾਰੀਆਂ ਬਾਰੇ ਇਸ ਤਰ੍ਹਾਂ ਲਿਖਿਆ ਹੈ, ਸਹਿਜਧਾਰੀ ਵਿ-ਸਹਜ (ਗਯਾਨ) ਧਾਰਨ ਕਰਨ ਵਾਲਾ, ਵਿਚਾਰਵਾਨ, ਸੁਖਾਲੀ ਧਾਰਨਾ ਵਾਲਾ, ਸੌਖੀ ਰੀਤ ਅੰਗੀਕਾਰ ਕਰਨ ਵਾਲਾ, ਸਿੱਖਾਂ ਦਾ ਇੱਕ ਅੰਗ ਜੋ ਖੰਡੇ-ਵਾਟੇ ਦਾ ਅੰਮ੍ਰਿਤਪਾਨ ਨਹੀਂ ਕਰਦਾ ਅਤੇ ਕੱਛ ਕ੍ਰਿਪਾਨ ਦੀ ਰਹਿਤ ਨਹੀਂ ਰੱਖਦਾ ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨ੍ਹਾਂ ਆਪਣਾ ਹੋਰ ਧਰਮ ਪੁਸਤਕ ਨਹੀਂ ਮੰਨਦਾ, ਪੰਜਾਬ ਅਤੇ ਸਿੰਧ ਵਿੱਚ ਸਹਿਜਧਾਰੀ ਬਹੁਤ ਗਿਣਤੀ ਦੇ ਹਨ, ਖਾਸ ਕਰਕੇ ਸਿੰਧ ਦੇ ਸਹਿਜਧਾਰੀ ਵੱਡੇ ਪ੍ਰੇਮੀ ਅਤੇ ਸ਼ਰਧਾਵਾਨ ਹਨ। ਜੋ ਸਿੰਘ ਸਹਿਜਧਾਰੀਆਂ ਨੂੰ ਨਫਰਤ ਦੀ ਨਿਗ੍ਹਾ ਨਾਲ ਦੇਖਦੇ ਹਨ, ਉਹ ਸਿੱਖ ਧਰਮ ਤੋਂ ਅਨਜਾਣ ਹਨ। ਡਾ: ਰਾਣੂ ਨੇ ਉਪਰੋਕਤ ਹਵਾਲਾ ਦਿੰਦਿਆਂ ਨਾਲ ਇਹ ਵੀ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਹੀ ਅਰਥਾਂ ਨੂੰ ਸਾਹਮਣੇ ਰੱਖ ਕੇ ਕੋਈ ਫੈਸਲਾ ਲੈਣਾ ਚਾਹੀਂਦਾ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਪਤਿਤ ਸਿਰਫ ਅੰਮ੍ਰਿਤਧਾਰੀ ਸਿੱਖ ਹੁੰਦਾ ਹੈ, ਜਿਸਨੇ ਅੰਮ੍ਰਿਤਪਾਨ ਨਹੀਂ ਕੀਤਾ ਉੇਸਨੂੰ ਪਤਿਤ ਨਹੀਂ ਕਿਹਾ ਜਾ ਸਕਦਾ। ਡਾ: ਰਾਣੂ ਜੀ ਇਹ ਵੀ ਕਹਿ ਰਹੇ ਸਨ ਕਿ ਸਹਿਜਧਾਰੀ ਸਿੱਖੀ ਦੀ ਪਨੀਰੀ ਹਨ, ਪਰ ਡਾ: ਰਾਣੂ ਜੀ ਨੂੰ ਇਹ ਵੀ ਪਤਾ ਹੋਣਾ ਚਾਹੀਂਦਾ ਹੈ ਕਿ ਇਸੇ ਮਹਾਨ ਕੋਸ਼ ਦੇ ਇਸੇ ਪੰਨੇ ਤੇ ਕਈ ਥਾਂ ਹੋਰ ਅਤੇ ਇਸੇ ਪਹਿਰੇ ਵਿੱਚ ਵੀ ਸਹਿਜ ਦਾ ਅਰਥ ਗਿਆਨ ਦਿੱਤਾ ਹੋਇਆ ਹੈ। ਸਹਿਜਧਾਰੀ ਨੂੰ ਗਿਆਨ ਧਾਰਣ ਵਾਲਾ (ਵਿਚਾਰਵਾਨ) ਵੀ ਲਿਖਿਆ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 638 ਤੇ ਦਰਜ ਹੈ ਕਿ:-

ਗੁਰ ਬਿਨੁ ਸਹਜੁ ਨ ਉਪਜੈ ਭਾਈ ਪੂਛਹੁ ਗਿਆਨੀਆ ਜਾਇ॥ ਇਸ ਪੰਗਤੀ ਦੇ ਅਰਥ ਪ੍ਰੋ: ਸਾਹਿਬ ਸਿੰਘ ਜੀ ਨੇ ਇਸ ਤਰ੍ਹਾਂ ਕੀਤੇ ਹਨ ਕਿ ਗੁਰੂ ਦੀ ਸ਼ਰਨ ਪੈਣ ਤੋਂ ਬਿਨ੍ਹਾਂ ਮਨੁੱਖ ਦੇ ਅੰਦਰ ਸਹਜੁ-ਆਤਮਕ ਅਡੋਲਤਾ ਪੈਦਾ ਨਹੀਂ ਹੋ ਸਕਦੀ। ਅੱਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 68 ਤੇ ਸਹਿਜ ਬਾਰੇ ਪੂਰਾ ਸ਼ਬਦ ਇਸ ਤਰ੍ਹਾਂ ਦਰਜ ਹੈ:- ਸਿਰੀਰਾਗੁ ਮਹਲਾ ੩॥ ਸਹਜੈ ਨੋ ਸਭ ਲੋਚਦੀ ਬਿਨੁ ਗੁਰ ਪਾਇਆ ਨ ਜਾਇ॥ ਪੜਿ ਪੜਿ ਪੰਡਿਤ ਜੋਤਕੀ ਥਕੇ, ਭੇਖੀ ਭਰਮਿ ਭੁਲਾਇ॥ ਗੁਰ ਭੇਟੇ ਸਹਜੁ ਪਾਇਆ ਆਪਣੀ ਕਿਰਪਾ ਕਰੇ ਰਜਾਇ॥ ੧॥ ਭਾਈ ਰੇ, ਗੁਰ ਬਿਨੁ ਸਹਜੁ ਨ ਹੋਇ॥ ਸਬਦੈ ਹੀ ਤੇ ਸਹਜੁ ਊਪਜੈ ਹਰਿ ਪਾਇਆ ਸਚੁ ਸੋਇ॥ ੧॥ ਰਹਾਉ॥ ਸਹਜੇ ਗਾਵਿਆ ਥਾਇ ਪਵੈ ਬਿਨੁ ਸਹਜੈ ਕਥਨੀ ਬਾਦਿ॥ ਸਹਜੇ ਹੀ ਭਗਤਿ ਸਹਜਿ ਪਿਆਰਿ ਬੈਰਾਗਿ॥ ਸਹਜੈ ਹੀ ਤੇ ਸੁਖ ਸਾਤਿ ਹੋਇ, ਬਿਨੇ ਸਹਜੈ ਜੀਵਣੁ ਬਾਦਿ॥ ੨॥ ਸਹਜਿ ਸਾਲਾਹੀ ਸਦਾ ਸਦਾ ਸਹਜਿ ਸਮਾਧਿ ਲਗਾਇ॥ ਸਹਜੇ ਹੀ ਗੁਣ ਉਚਰੈ ਭਗਤਿ ਕਰੇ ਲਿਵ ਲਾਇ॥ ਸਬਦੇ ਹੀ ਹਰਿ ਮਨਿ ਵਸੈ ਰਸਨਾ ਹਰਿ ਰਸੁ ਖਾਇ॥ ੩॥ ਸਹਜੇ ਕਾਲੁ ਵਿਡਾਰਿਆ ਸਚ ਸਰਣਾਈ ਪਾਇ॥ ਸਹਜੇ ਹਰਿ ਨਾਮੁ ਮਨਿ ਵਸਿਆ ਸਚੀ ਕਾਰ ਕਮਾਇ॥ ਸੋ ਵਡਭਾਗੀਜਿਨੀਪਾਇਆ ਸਹਜੇ ਰਹੇ ਸਮਾਇ॥ ੪॥ ਮਾਇਆ ਵਿਚਿ ਸਹਜ ਨ ਉਪਜੈ ਮਾਇਆ ਦੂਜੈ ਭਾਇ॥ ਮਨਮੁਖ ਕਰਮ ਕਮਾਵਣੇ ਹਉਮੈ ਜਲੈ ਜਲਾਇ॥ ਜੰਮਣੁ ਮਰਣੁ ਨ ਚੂਕਈ ਫਿਰਿ ਫਿਰਿ ਆਵੈ ਜਾਇ॥ ੫॥ ਤ੍ਰਿਹੁ ਗੁਣਾ ਵਿਚਿ ਸਹਜੁ ਨ ਪਾਈਐ ਤ੍ਰੈ ਗੁਣ ਭਰਮਿ ਭੁਲਾਇ॥ ਪੜੀਐ ਗੁਣੀਐ ਕਿਆ ਕਥੀਐ ਜਾ ਮੁੰਢਹੁ ਘੁਥਾ ਜਾਇ॥ ਚਉਥੇ ਪਦ ਮਹਿ ਸਹਜੁ ਹੈ ਗੁਰਮੁਖ ਪਲੈ ਪਾਇ॥ ੬॥ ਨਿਰਗੁਣ ਨਾਮੁ ਨਿਧਾਨੁ ਹੈ ਸਹਜੇ ਸੋਝੀ ਹੋਇ॥ ਗੁਣਵੰਤੀ ਸਾਲਾਹਿਆ ਸਚੇ ਸਚੀ ਸੋਇ॥ ਭੁਲਿਆ ਸਹਜਿ ਮਿਲਾਇਸੀ ਸਬਦਿ ਮਿਲਾਵਾ ਹੋਇ॥ ੭॥ ਬਿਨੁ ਸਹਜੈ ਸਭੁ ਅੰਧੁ ਹੈ ਮਾਇਆ ਮੋਹੁ ਗੁਬਾਰੁ॥ ਸਹਜੇ ਹੀ ਸੋਝੀ ਪਈ ਸਚੈ ਸਬਦਿ ਅਪਾਰਿ॥ ਆਪੇ ਬਖਸਿ ਮਿਲਾਇਨੁ ਪੂਰੇ ਗੁਰ ਕਰਤਾਰਿ॥ ੮॥ ਸਹਜੇ ਅਦਿਸਟੁ ਪਛਾਣੀਐ ਨਿਰਭਉ ਜੋਤਿ ਨਿਰੰਕਾਰੁ॥ ਸਭਨਾ ਜੀਆਂ ਕਾ ਇਕੁ ਦਾਤਾ ਜੋਤੀ ਜੋਤਿ ਮਿਲਾਵਣਹਾਰੁ॥ ਪੂਰੈ ਸਬਦਿ ਸਲਾਹੀਐ ਜਿਸ ਦਾ ਅੰਤੁ ਨ ਪਾਰਾਵਾਰੁ॥ ੯॥ ਗਿਆਨੀਆ ਕਾ ਧਨੁ ਨਾਮੁ ਹੈ ਸਹਜਿ ਕਰਹਿ ਵਾਪਾਰੁ॥ ਅਨਦਿਨੁ ਲਾਹਾ ਹਰਿ ਨਾਮੁ ਲੈਨਿ, ਅਖੁਟ ਭਰੇ ਭੰਡਾਰ॥ ਨਾਨਕ ਤੋਟਿ ਨ ਆਵਈ ਦੀਏ ਦੇਵਣਹਾਰਿ॥ ੧0॥ ੬॥ ੨੩॥

ਗੁਰਬਾਣੀ ਅਨੁਸਾਰ ਤਾਂ ਸਹਿਜ ਅਵਸਥਾ ਬਹੁਤ ਉੱਚੀ ਅਵਸਥਾ ਹੈ ਜੋ ਗੁਰੂ ਦੀ ਸ਼ਰਨ ਪਿਆਂ ਗੁਰਮਤਿ ਅਨੁਸਾਰ ਚੱਲਦਿਆਂ ਹੀ ਪ੍ਰਾਪਤ ਹੋ ਸਕਦੀ ਹੈ। ਪਰ ਡਾ: ਰਾਣੂ ਵਰਗੇ ਗੁਰਮਤਿ ਦੇ ਧਾਰਨੀ ਹੋਏ ਵਗੈਰ ਹੀ ਸਹਿਜਧਾਰੀਆਂ ਦੇ ਆਗੂ ਬਣੇ ਬੈਠੇ ਹਨ। ਜੇ ਹੁਣ ਡਾ: ਰਾਣੂ ਅਨੁਸਾਰ ਦਿੱਤੀ ਦਲੀਲ ਦੀ ਗੱਲ ਕਰੀਏ ਕਿ ਸੌਖੀ ਰੀਤ ਅੰਗੀਕਾਰ ਕਰਨ ਵਾਲਾ ਸਹਿਜਧਾਰੀ ਹੁੰਦਾ ਹੈ ਤਾਂ ਇਸ ਸੌਖ ਦੀ ਕੋਈ ਹੱਦ ਵੀ ਹੋ ਸਕਦੀ ਹੈ? ਕੀ ਖੰਡੇ ਦੀ ਪਹੁਲ ਲੈਣਾ ਔਖੀ ਰੀਤ ਹੈ? ਜੋ ਵਿਅਕਤੀ ਕੱਛ ਵੀ ਨਹੀਂ ਪਹਿਨ ਸਕਦਾ ਅਤੇ ਗਾਤਰੇ ਕ੍ਰਿਪਾਨ ਵੀ ਨਹੀਂ ਪਾ ਸਕਦਾ ਜੇ ਉਹ ਆਪਣੇ ਆਪ ਨੂੰ ਸਿੱਖ ਨਾ ਕਹਾਵੇ ਤਾਂ ਉਸਦਾ ਕੀ ਥੁੜਿਆ ਪਿਆ ਹੈ। ਅਜਿਹੇ ਨਾਮ ਧਰੀਕ ਸਹਿਜਧਾਰੀਆਂ ਜੋ ਕੱਛ ਪਹਿਨਣਨੂੰਹੀ ਔਖੀ ਰੀਤ ਸਮਝਦੇ ਹਨ ਤੋਂ ਗੁਰਸਿੱਖ ਬਣਨ ਦੀ ਕੀ ਆਸ ਰੱਖੀ ਜਾ ਸਕਦੀ ਹੈ। ਖੰਡੇ ਦੀ ਪਹੁਲ ਨੂੰ ਛੱਡੋ ਪਰ ਕੀ ਸਾਡੇ ਗੁਰੂ ਕੇਸਧਾਰੀ ਨਹੀਂ ਸਨ? ਕੀ ਸਾਡੇ ਗੁਰੂ ਕੱਛ ਨਹੀਂ ਸਨ ਪਹਿਨਦੇ? ਜਦੋਂ ਸਾਡੇ ਗੁਰੂ ਕੇਸ ਰੱਖਦੇ ਸਨ ਅਤੇ ਕੱਛ ਪਹਿਨਦੇ ਸਨ ਤਾਂ ਫਿਰ ਉੇਨ੍ਹਾਂ ਦੇ ਸਿੱਖ ਕਹਾਉਣ ਵਾਲ਼ਿਆਂ ਨੂੰ ਕੇਸ ਰੱਖਣ ਜਾਂ ਕੱਛ ਪਹਿਨਣ ਵਿੱਚ ਕੀ ਔਖਾਈ ਹੈ? ਗੁਰ ਫਰਮਾਨ ਹੈ ਕਿ:- ਗੁਰ ਸਿਖ ਮੀਤ ਚਲਹੁ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ॥ (ਪੰਨਾ ਨੰ: 667) ਗੁਰਸਿੱਖਾਂ ਨੂੰ ਤਾਂ ਗੁਰੂ ਹੁਕਮ ਹੈ ਕਿ ਗੁਰ ਸਿੱਖ ਮਿੱਤਰੋ ਗੁਰੂ ਦੇ ਦੱਸੇ ਰਸਤੇ, ਗੁਰੂ ਦੀ ਚਾਲ ਚੱਲੋ। ਇੱਥੇ ਔਖੀ ਸੌਖੀ ਰੀਤ ਦੀ ਕੋਈ ਗੱਲ ਹੀ ਨਹੀਂ ਹੈ। ਜੇ ਔਖੀ ਸੌਖੀ ਰੀਤ ਧਾਰਨ ਕਰਨ ਦਾ ਫੈਸਲਾ ਅਸੀਂ ਆਪ ਕਰਨਾ ਹੈ ਫਿਰ ਤਾਂ ਇਹ ਸਵਾਲ ਗੁਰੂ ਤੇ ਹੀ ਉੱਠੇਗਾ ਕਿ ਗੁਰੂ ਵੱਲੋਂ ਦੱਸਿਆ ਰਸਤਾ ਔਖਾ ਹੈ। ਫਿਰ ਤਾਂ ਅਸੀਂ ਗੁਰੂ ਨਾਲੋਂ ਸਿਆਣੇ ਹੋ ਗਏ। ਜਿੰਨ੍ਹਾਂ ਨੇ ਗੁਰੂ ਵੱਲੋਂ ਦੱਸੀ ਔਖੀ ਰੀਤ ਨੂੰ ਛੱਡ ਕੇ ਸੌਖੀ ਰੀਤ ਧਾਰਨ ਕਰ ਲਈ ਹੈ। ਗੁਰ ਫਰਮਾਨ ਹੈ ਕਿ:- ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ॥ ਨਾਨਕ ਦੋਵੈ ਕੂੜੀਆਂ ਥਾਇ ਨ ਕਾਈ ਪਾਇ॥ ਪੰਨਾ ਨੰ: 474॥ ਪ੍ਰੋ: ਸਾਹਿਬ ਸਿੰਘ ਜੀ ਨੇ ਇਸ ਸ਼ਬਦ ਦੇ ਅਰਥ ਇਸ ਤਰ੍ਹਾਂ ਕੀਤੇ ਹਨ:- ਜੋ ਮਨੁੱਖ ਆਪਣੇ ਮਾਲਕ ਪ੍ਰਭੂ ਦੇ ਹੁਕਮ ਅੱਗੇ ਤਾਂ ਸਿਰ ਨਿਵਾਉਂਦਾ ਹੈ ਅਤੇ ਕਦੇ ਉਸਦੇ ਕੀਤੇ ਉੱਤੇ ਇਤਰਾਜ ਕਰਦਾ ਹੈ, ਉਹ ਮਾਲਕ ਦੀ ਰਜਾ ਦੇ ਰਾਹ ਉੱਤੇ ਤੁਰਨ ਤੋਂ ਉੱਕਾ ਹੀ ਖੁੰਝਿਆ ਜਾ ਰਿਹਾ ਹੈ। ਹੇ, ਨਾਨਕ! ਸਿਰ ਨਿਵਾਣਾ ਅਤੇ ਇਤਰਾਜ ਕਰਨਾ ਦੋਵੇਂ ਹੀ ਝੂਠੇ ਹਨ ਇਹਨਾਂ ਦੋਹਾਂ ਵਿੱਚੋਂ ਕੋਈ ਗੱਲ ਭੀ ਮਾਲਕ ਦੇ ਦਰ ਉੱਤੇ ਕਬੂਲ ਨਹੀਂ ਹੁੰਦੀ।

ਮੇਰੇ ਖਿਆਲ ਅਨੁਸਾਰ ਤਾਂ ਉਪਰੋਕਤ ਸ਼ਬਦ ਗੁਰਮਤਿ ਦੀ ਰਹਿਤ ਨੂੰ ਔਖੀ ਕਹਿਣ ਅਤੇ ਅਪਾਣੀ ਮਨ ਮੱਤ ਅਨੁਸਾਰ ਆਪਣੇ ਆਪ ਨੂੰ ਸਹਿਜਧਾਰੀ ਕਹਾਉਣ ਵਾਲਿਆਂ ਉੱਤੇ ਪੂਰੀ ਤਰ੍ਹਾਂ ਢੁੱਕਦਾ ਹੈ। ਰਹੀ ਗੱਲ ਸਹਿਜਧਾਰੀਆਂ ਨੂੰ ਨਫਰਤ ਦੀ ਨਿਗ੍ਹਾ ਨਾਲ ਵੇਖਣ ਦੀ। ਗੁਰਮਤਿ ਅਨੁਸਾਰ ਸਿੱਖ ਨੇ ਤਾਂ ਨਫਰਤ ਕਿਸੇ ਵੀ ਪ੍ਰਾਣੀ ਮਾਤਰ ਨਾਲ ਨਹੀਂ ਕਰਨੀ। ਸਿੱਖ ਤਾਂ ਹੋਰ ਮੱਤਾਂ ਦੇ ਧਾਰਨੀਆਂ ਨਾਲ ਵੀ ਨਫਰਤ ਨਹੀਂ ਕਰਦਾ। ਇੱਥੇ ਸਹਿਜਧਾਰੀਆਂ ਨਾਲ ਨਫਰਤ ਦੀ ਗੱਲ ਕਰਨੀ ਢੁੱਕਵੀਂ ਹੀ ਨਹੀਂ ਹੈ। ਕਿਉਂਕਿ ਸਿੱਖ ਤਾਂ ਸਿਰਫ ਬੁਰਾਈਆਂ ਤੋਂ ਹੀ ਨਫਰਤ ਕਰਦਾ ਹੈ, ਕਿਸੇ ਕੌਮ ਜਾਂ ਫਿਰਕੇ ਤੋਂ ਨਹੀਂ। ਜੇ ਇਹਨਾਂ ਨਾਮ ਧਰੀਕ ਸਹਿਜਧਾਰੀਆਂ ਨੂੰ ਵੋਟਾਂ ਅਤੇ ਸਿੱਖ ਸੰਸਥਾਵਾਂ ਵਿੱਚ ਦਾਖਲ ਹੋਣ ਦਾ ਹੱਕ ਨਾ ਦੇਣਾ ਹੀ ਨਫਰਤ ਦੀ ਨਿਗ੍ਹਾ ਹੈ, ਫਿਰ ਤਾਂ ਹਿੰਦੂ, ਮੁਸਲਮਾਨਾਂ ਆਦਿ ਨੂੰ ਵੀ ਇਹ ਹੱਕ ਦੇ ਦੇਣਾ ਚਾਹੀਦਾ ਹੈ। ਕਿਉਂਕਿ ਸਿੱਖਾਂ ਨੂੰ ਤਾਂ ਇਹਨਾਂ ਨਾਲ ਵੀ ਕੋਈ ਨਫਰਤ ਨਹੀਂ ਹੈ। ਹਿੰਦੂ ਅਤੇ ਮੁਸਲਮਾਨ ਵੀ ਗੁਰੂਆਂ ਦੇ ਅਜਿਹੇ ਸ਼ਰਧਾਲੂ ਸਨ, ਜਿੰਨ੍ਹਾਂ ਨੇ ਸ਼ਹੀਦੀਆਂ ਵੀ ਦਿੱਤੀਆਂ ਹਨ। ਇੱਥੇ ਇਹ ਵੀ ਨਹੀਂ ਹੋ ਸਕਦਾ ਕਿ ਜਿਸਨੂੰ ਸਿੱਖ ਨਫਰਤ ਨਹੀਂ ਕਰਦੇ ਉਹ ਸਿੱਖਾਂ ਦੀਆਂ ਸੰਸਥਾਵਾਂ ਉੱਪਰ ਕਾਬਜ ਹੋ ਜਾਣ। ਜਾਂ ਕੀ ਅਜਿਹੇ ਲੋਕਾਂ ਨੂੰ ਸਿੱਖ ਧਰਮ ਦੀਆਂ ਸੰਸਥਾਵਾਂ ਵਿੱਚ ਘੁਸਪੈਠ ਕਰਨ ਤੋਂ ਰੋਕਣਾ ਹੀ ਇਹਨਾਂ ਨਾਲ ਨਫਰਤ ਕਰਨਾ ਹੈ? ਡਾ: ਰਾਣੂ ਜੀ ਤਾਂ ਖੁਦ ਕਹਿ ਚੁੱਕੇ ਹਨ ਕਿ ਅੰਮ੍ਰਿਤਧਾਰੀ ਸਿੱਖ ਹੀ ਕਿਸੇ ਕੁਰਹਿਤ ਕਾਰਨ ਪਤਿਤ ਹੁੰਦਾ ਹੈ। ਜਿਸਨੇ ਅੰਮ੍ਰਿਤ ਨਹੀਂ ਛਕਿਆ ਉੇਹ ਪਤਿਤ ਨਹੀਂ ਹੁੰਦਾ। ਫਿਰ ਕੋਈ ਖੰਡੇ ਦੀ ਪਹੁਲ ਕਿਉਂ ਲਵੇਗਾ? ਕਿਉਂਕਿ ਉਹ ਜੇ ਕੋਈ ਕੁਰਹਿਤ ਕਰੇਗਾ ਤਾਂ ਉਹ ਪਤਿਤ (ਦੋਸ਼ੀ) ਹੋ ਜਾਵੇਗਾ। ਇਹਨਾਂ ਨਾਮ ਧਾਰੀਕ ਸਹਿਜਧਾਰੀਆਂ ਨੂੰ ਇਹ ਖੁੱਲ ਹੈ ਕਿ ਉਹ ਦਾੜੀ ਕੇਸ ਕਟਵਾਉਣ, ਭਰਵੱਟੇ ਕਟਾਉਣ, ਤੰਬਾਕੂ ਪੀਣ ਭਾਵ ਕੋਈ ਮਰਜੀ ਗਲਤੀ ਕਰਨ ਉਹ ਤਾਂ ਵੀ ਪਤਿਤ ਨਹੀਂ ਹੋਣਗੇ। ਵਾਹ ਕੈਸੀ ਦਲੀਲ ਹੈ! ਜੇ ਡਾ: ਰਾਣੂ ਦੀ ਇਸ ਦਲੀਲ ਨੂੰ ਮੰਨ ਲਈਏ ਫਿਰ ਤਾਂ ਸਿੱਖ ਦੀ ਪਛਾਣ ਹੀ ਨਹੀਂ ਰਹਿਣੀ। ਕਿਉਂਕਿ ਫਿਰ ਤਾਂ ਖੰਡੇ ਦੀ ਪਹੁਲ ਲੈਣ ਵਾਲਾ ਵੀ ਸਿੱਖ ਅਤੇ ਪਹੁਲ ਨਾ ਲੈਣ ਵਾਲਾ ਵੀ ਸਿੱਖ। ਦਾੜੀ ਕੇਸ ਕੱਟਣ ਵਾਲਾ ਵੀ ਸਿੱਖ ਅਤੇ ਨਾ ਕੱਟਣ ਵਾਲਾ ਵੀ ਸਿੱਖ। ਰਹਿਤਾਂ ਰੱਖਣ ਵਾਲਾ ਵੀ ਸਿੱਖ ਅਤੇ ਜਿਸਦਾ ਕਿਸੇ ਵੀ ਰਹਿਤ ਨਾਲ ਕੋਈ ਵਾਸਤਾ ਨਹੀਂ ਉਹ ਵੀ ਸਿੱਖ। ਡਾ: ਰਾਣੂ ਜੀ ਇਹ ਵੀ ਕਹਿੰਦੇ ਰਹੇ ਸਨ ਕਿ ਸਹਿਜਧਾਰੀ ਸਿੱਖੀ ਦੀ ਪਨੀਰੀ ਹਨ। ਕੀ ਪਨੀਰੀ ਸਾਰੀ ਉਮਰ ਪਨੀਰੀ ਹੀ ਰਹਿੰਦੀ ਹੈ? ਪਨੀਰੀ ਤਾਂ ਕੁੱਝ ਸਮੇਂ ਲਈ ਹੀ ਹੁੰਦੀ ਹੈ। ਕੁੱਝ ਸਮੇਂ ਬਾਅਦ ਪਨੀਰੀ ਨੂੰ ਪੁੱਟ ਕੇ ਲਗਾਇਆ ਜਾਂਦਾ ਹੈ। ਫਿਰ ਹੀ ਪਨੀਰੀ ਤੋਂ ਕੋਈ ਫਸਲ ਤਿਆਰ ਹੁੰਦੀ ਹੈ। ਪਰ ਜੇ ਪਨੀਰੀ ਡਾ: ਰਾਣੂ ਜੀ ਵਾਂਗ ਅੜ ਜਾਵੇ ਤੇ ਕਹੇ ਕਿ ਮੈਂ ਪਨੀਰੀ ਹਾਂ, ਮੇਰੇ ਤੋਂ ਹੀ ਫਸਲ ਤਿਆਰ ਹੁੰਦੀ ਹੈ, ਮੈਨੂੰ ਕੋਈ ਨਾ ਪੁੱਟੋ, ਮੇਰੀ ਪਨੀਰੀ ਦੇ ਨਾਮ ਤੇ ਵੱਖਰੀ ਹੋਂਦ ਹੈ ਅਤੇ ਮੈਂ ਤਾਂ ਸਾਰੀ ਉਮਰ ਪਨੀਰੀ ਹੀ ਰਹਿਣਾ ਹੈ ਤਾਂ ਅਜਿਹੀ ਪਨੀਰੀ ਤੋਂ ਨਾ ਤਾਂ ਫਸਲ ਪੈਦਾ ਹੋ ਸਕਦੀ ਹੈ ਅਤੇ ਨਾ ਹੀ ਅਜਿਹੀ ਪਨੀਰੀ ਦੀ ਕਿਸੇ ਕੌਮ ਨੂੰ ਲੋੜ ਹੈ। ਜੇ ਇਸ ਪਨੀਰੀ ਨੇ ਪਨੀਰੀ ਹੀ ਰਹਿਣਾ ਹੈ ਤਾਂ ਅਜਿਹੀ ਪਨੀਰੀ (ਸਹਿਜਧਾਰੀਆਂ) ਨੂੰ ਚਾਹੀਦਾ ਹੈ ਕਿ ਉਹ ਕਿਸੇ ਫਸਲ (ਸੰਪੂਰਨ ਸਿੱਖ ਕੌਮ ਦੀਆਂ ਸੰਸਥਾਵਾਂ) ਵਿੱਚ ਜਾ ਕੇ ਟੰਗਾਂ ਨਾ ਅੜਾਵੇ। ਸਕੂਲੀ ਵਿੱਦਿਆ ਦੀ ਦਸਵੀਂ ਜਾਂ ਇਸ ਤੋਂ ਉੱਚੀਆਂ ਜਮਾਤਾਂ ਪਾਸ ਕਰਨ ਲਈ ਪਹਿਲੀ ਜਮਾਤ ਦਾ ੳ, ਅ ਪੜ੍ਹਣਾ ਲਾਜਮੀ ਹੈ। ਪਰ ਜੇ ਪਹਿਲੀ ਜਮਾਤ ਦੇ ਵਿਦਿਆਰਥੀ ਇਹ ਧਾਰ ਲੈਣ ਕੇ ਅਸੀਂ ਪਹਿਲੀ ਜਮਾਤ ਤੋਂ ਅੱਗੇ ਨਹੀਂ ਜਾਣਾ, ਪਹਿਲੀ ਜਮਾਤ ਹੀ ਵੱਡੀਆਂ ਜਮਾਤਾਂ ਦੀ ਪਨੀਰੀ ਅਤੇ ਨਾਲ ਇਹ ਵੀ ਮੰਗ ਕਰਨ ਕਿ ਸਾਨੂੰ ਵੱਡੀਆਂ ਜਮਾਤਾਂ ਦੇ ਬਾਲਗ ਵਿਦਿਆਰਥੀਆਂ ਦੀ ਤਰ੍ਹਾਂ ਵੋਟਾਂ ਦਾ ਅਧਿਕਾਰ ਦਿਓ ਜਾਂ ਸਾਨੂੰ ਸਿੱਧਾ ਕਾਲਜਾਂ ਵਿੱਚ ਦਾਖਲਾ ਦਿਉ। ਤਾਂ ਕੀ ਅਜਿਹੀ ਪਹਿਲੀ ਜਮਾਤ ਨੂੰ ਕੋਈ ਸੰਸਥਾ ਆਪਣੇ ਸਕੂਲ ਵਿੱਚ ਰੱਖੇਗੀ? ਜਾਂ ਕੀ ਅਜਿਹੀ ਪਹਿਲੀ ਜਮਾਤ ਤੋਂ ਵੱਡੀਆਂ ਜਮਾਤਾਂ ਪਾਸ ਕਰਨ ਦੀ ਆਸ ਰੱਖੀ ਜਾ ਸਕਦੀ ਹੈ ਜੋ ਸਾਰੀ ਉਮਰ ਹੀ ਪਹਿਲੀ ਜਮਾਤ ਵਿੱਚ ਰਹਿਣਾ ਚਾਹੁੰਦੀ ਹੋਵੇ। ਮੈਂ ਤਾਂ ਆਪਣੇ ਆਪ ਨੂੰ ਸਹਿਜਧਾਰੀ ਸਿੱਖ ਕਹਾਉਣ ਵਾਲੇ ਵੀਰਾਂ ਭੈਣਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਸਹਿਜਧਾਰੀ ਤਾਂ ਦੁਨਿਆਵੀ ਗੱਲਾਂ ਤੋਂ ਵੀ ਅੱਗੇ ਲੰਘੇ ਹੋਏ, ਚੌਥੇ ਪਦ ਵਿੱਚ ਪਹੁੰਚੇ ਗੁਰਮੁਖ ਜਨ ਹੁੰਦੇ ਹਨ ਤੁਸੀਂ ਸਹਿਜਧਾਰੀ ਸਿੱਖ ਤਾਂ ਕੀ ਤੁਸੀਂ ਤਾਂ ਅਜੇ ਕੁੱਝ ਵੀ ਨਹੀਂ ਹੋਂ। ਤੁਸੀਂ ਆਪਣੀਆਂ ਮਨ-ਮਰਜੀਆਂ ਕਰੋ, ਦਾੜ੍ਹੀ-ਕੇਸ ਕੱਟੋ, ਭਰਵੱਟੇ ਕਟਾਓ ਤੁਹਾਡੇ ਤੇ ਕੋਈ ਬੰਦਿਸ਼ ਨਹੀਂ ਹੈ ਪਰ ਆਪਣੇ ਨਾਮ ਨਾਲ ਸਹਿਜਧਾਰੀ ਸਿੱਖ ਲਗਾ ਕਿ ਸਿੱਖੀ ਦੀ ਪਛਾਣ ਨੂੰ ਖਤਮ ਨਾ ਕਰੋ। ਜੇ ਤੁਸੀਂ ਸਹਿਜਧਾਰੀ ਦੇ ਅਰਥ ਇਹ ਕਰਦੇ ਹੋ ਕਿ ਹੌਲੀ-ਹੌਲੀ ਸਿੱਖੀ ਨੂੰ ਗ੍ਰਹਿਣ ਕਰਨ ਵਾਲਾ ਸਹਿਜਧਾਰੀ ਹੁੰਦਾ ਹੈ ਤਾਂ ਇਹ ਵੀ ਗਲਤ ਹੈ। ਕਿਉਂਕਿ ਜਿਵੇਂ ਕ੍ਰਿਪਾਨਧਾਰੀ ਜਾਂ ਬੰਦੂਕਧਾਰੀ ਉਹੀ ਹੁੰਦਾ ਹੈ, ਜਿਸਨੇ ਇਹ ਵਸਤਾਂ ਪ੍ਰਾਪਤ ਕਰਕੇ ਧਾਰਨ ਕਰ ਲਈਆਂ ਹੋਣ। ਜੇ ਕੋਈ ਵਿਅਕਤੀ ਬੰਦੂਕ ਜਾਂ ਕ੍ਰਿਪਾਨ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਸਨੂੰ ਬੰਦੂਕ ਜਾਂ ਕ੍ਰਿਪਾਨਧਾਰੀ ਨਹੀਂ ਕਿਹਾ ਜਾ ਸਕਦਾ। ਜੇ ਤੁਹਾਡੀ ਗੱਲ ਮੰਨ ਵੀ ਲਈਏ ਕਿ ਤੁਸੀਂ ਸਹਿਜੇ-ਸਹਿਜੇ (ਹੌਲੀ-ਹੌਲੀ) ਸਿੱਖੀ ਵੱਲ ਵੱਧ ਰਹੇ ਹੋ ਤਾਂ ਤੁਹਾਡੇ ਇਸ ਸਹਿਜ ਦੀ ਹੱਦ ਕੀ ਹੈ? ਕੀ ਸਾਰੀ ਉਮਰ ਸਹਿਜੇ-ਸਹਿਜੇ (ਹੌਲੀ-ਹੌਲੀ) ਤੋਂ ਅੱਗੇ ਨਾ ਟੱਪਣ ਵਾਲਾ ਹੀ ਸਹਿਜਧਾਰੀ ਹੁੰਦਾ ਹੈ? ਚਲੋ ਬੇਸੱਕ ਇਹ ਫੈਂਸਲਾ ਲੇਟ ਹੋਇਆ ਹੈ ਪਰ ਜੋ ਹੋਇਆ ਉਹ ਵਧੀਆ ਹੋਇਆ, ਏਕਤਾ (ਇੱਕ) ਦਾ ਪਾਠ ਪੜ੍ਹਾਉਣ ਵਾਲੀ ਸਿੱਖੀ ਜਿਸ ਨੂੰ ਖੁਦ ਸਿੱਖਾਂ ਨੇ ਅੱਜ ਅਨੇਕਤਾ (ਹਜਾਰਾਂ ਧੜਿਆਂ) ਵਿੱਚ ਵੰਡ ਰੱਖਿਆ ਹੈ ਨੂੰ ਕਾਨੂੰਨ ਨੇ ਵੰਡਣ ਤੋਂ ਇੰਨਕਾਰ ਕਰਕੇ ਸਿੱਖ ਨੂੰ ਸਿਰਫ ਸਿੱਖ ਰਹਿਣ ਤੇ ਮੋਹਰ ਲਾ ਕੇ ਸਹਿਜਧਾਰੀ ਸਿੱਖ ਦੇ ਮਸਲੇ ਨੂੰ ਖਤਮ ਕਰ ਦਿੱਤਾ ਹੈ। ਹੁਣ ਕਾਨੂੰਨ ਮੁਤਾਬਿਕ ਜੋ ਵਿਅੱਕਤੀ ਦਾੜ੍ਹੀ ਅਤੇ ਸਿਰ ਦੇ ਕੇਸ ਕੱਟਦਾ ਹੈ ਸਰਾਬ, ਤੰਬਾਕੂ ਜਾਂ ਹੋਰ ਨਸ਼ਿਆਂ ਦੀ ਵਰਤੋਂ ਕਰਦਾ ਹੈ ਉਹ ਵੋਟਰ ਨਹੀਂ ਬਣ ਸਕਦਾ। ਹੁਣ ਜੋ ਸਿੱਖ ਹੈ ਉਹ ਸਿੱਖ ਹੈ ਜੋ ਸਿੱਖ ਨਹੀਂ ਉਹ ਸਿੱਖ ਨਹੀਂ ਹੈ। ਸਿੱਖਾਂ ਨੂੰ ਦੋ ਹਿਸਿਆਂ (ਸਿੱਖ ਅਤੇ ਸਹਿਜਧਾਰੀ ਸਿੱਖ) ਵਿੱਚ ਵੰਡਣ ਤੋਂ ਰੋਕਣ ਵਾਲਾ ਇਹ ਫੈਂਸਲਾ ਸਿੱਖ ਪੰਥ ਲਈ ਇੱਕ ਚੰਗਾ ਫੈਂਸਲਾ ਹੈ ਜਿਸ ਦਾ ਸਵਾਗਤ ਕਰਨਾ ਬਣਦਾ ਹੈ। ਸਹਿਜਧਾਰੀ ਸਿੱਖ ਪਾਰਟੀ ਦੇ ਕੌਮੀ ਪ੍ਰਧਾਨ ਡਾ: ਪਰਮਜੀਤ ਸਿੰਘ ਰਾਣੂੰ ਜੀ ਨੂੰ ਵੀ ਬੇਨਤੀ ਹੈ ਕਿ ਉਹ ਸਹਿਜਧਾਰੀ ਸਿੱਖ ਪਾਰਟੀ ਨੂੰ ਖਤਮ ਕਰਕੇ ਸਿੱਖੀ ਦੀ ਮੁੱਖਧਾਰਾ ਵਿੱਚ ਸਾਮਲ ਹੋ ਕੇ ਸਿੱਖ ਬਣ ਕੇ ਸਿੱਖ ਪੰਥ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ।

ਹਰਲਾਜ ਸਿੰਘ ਬਹਾਦਰਪੁਰ ਪਿੰਡ ਤੇ ਡਾਕ: ਬਹਾਦਰਪੁਰ ਪਿੰਨ - 151501

ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ) ਮੋ: 94170-23911

e-mail : [email protected]

Dt. 12-05-2016


ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।


15/05/16)
ਮਹਿੰਦਰ ਸਿੰਘ ਜੋਸ਼ (ਕਿਤਾਬ -ਰੱਬ ਨੂੰ ਬਿਪਤਾ)

ਅਰਿਹੰਤ, ਮਨੂ, ਧਨੰਤਰ, ਸੂਰਜ ਅਤੇ ਚੰਦ੍ਰ ਅਵਤਾਰ
(15ਵੇਂ ਤੋਂ 19ਵਾਂ ਅਵਤਾਰ)
15. ਅਰਿਹੰਤ ਦੇਵ (ਪੰਨਾ 182 – 184)
ਦੈਂਤ ਇੱਕਠੇ ਹੋ ਕੇ ਸੋਚਣ ਲੱਗੇ ਕਿ ਜਦੋਂ–ਜਦੋਂ ਉਹਨਾਂ ਦੀ ਤਰੱਕੀ ਹੁੰਦੀ ਹੈ ਤੇ ਤਪ–ਤੇਜ ਵੱਧਦਾ ਹੈ, ਤਦ–ਤਦ ਵਿਸ਼ਨੂੰ ਅਵਤਾਰ ਲੈ ਕੇ ਉਹਨਾਂ ਦਾ ਨਾਸ ਅਤੇ ਪਤਨ ਕਰਦਾ ਹੈ। ਦੈਂਤਾਂ ਦੇ ਗੁਰੂ ਨੇ ਆਪਣੀ ਅਕਲ ਮੂਜਬ ਦੈਂਤਾਂ ਨੂੰ ਰਾਏ ਦਿੱਤੀ ਕਿ ਤੁਸੀਂ ਵੀ ਦੇਵਾਂ ਦੀ ਤਰ੍ਹਾਂ ਬਰਾਹਮਣਾਂ ਦੇ ਦਸੇ ਜੱਗ–ਹਵਨ ਅਤੇ ਹੋਰ ਬ੍ਰਾਹਮਣੀ ਕਰਮ–ਕਾਂਡ ਕਰਿਆ ਕਰੋ। ਜਿਉਂ ਹੀ ਦੈਂਤਾਂ ਵਲੋਂ ਇਹ ਬ੍ਰਾਹਮਣੀ ਰਾਹ ਅਪਨਾਉਣਾ ਸ਼ੁਰੂ ਹੋਇਆ, ਦੇਵਤੇ ਘਬਰਾਏ ਤੇ ਸੋਚਣ ਲਗੇ ਕਿ ਹੁਣ ਦੈਂਤ ਧਰਤੀ ਤੇ ਬਹੁਤ ਹੀ ਛਾ ਜਾਣਗੇ ਤੇ ਉਹਨਾਂ ਦਾ ਜਾਹੋ–ਜਲਾਲ ਵੱਧ ਜਾਏਗਾ। ਦੇਵਾਂ ਦੀ ਮਦਦ ਕਰਨ ਦੇ ਮਨੋਰਥ ਨਾਲ ਸਾਕਤੀ ਇੱਸ਼ਟ, ਕਾਲ ਪੁਰਖ ਨੇ ਵਿਸ਼ਨੂੰ ਨੂੰ ਸਲਾਹ ਦਿੱਤੀ ਕਿ ਉਹ ਅਰਿਹੰਤ ਦੇਵ ਦਾ ਅਵਤਾਰ ਧਾਰ ਕੇ ਦੈਂਤਾਂ ਦਾ ਆਗੂ ਬਣ ਜਾਏ ਤੇ ਸਭ ਦੈਂਤਾਂ ਨੂੰ ਬ੍ਰਾਹਮਣੀ ਮੱਤ ਦੇ ਉੁਲਟ ਚਲਾ ਕੇ ਕੁਰਾਹੇ ਪਾ ਦਏ ਜਿਸ ਨਾਲ ਦੈਂਤ ਕਮਜ਼ੋਰ ਹੋ ਜਾਣਗੇ ਤੇ ਉਹਨਾਂ ਦਾ ਜ਼ਵਾਲ ਆ ਜਾਏਗਾ।
ਅਰਿਹੰਤ ਦੇਵ ਸ੍ਰਾਵਗ ਗੁਰੂ ਦੇ ਤੌਰ ਤੇ ਦੈਂਤਾਂ ਦਾ ਆਗੂ ਬਣ ਗਿਆ। ਉਸਨੇ ਦੈਂਤਾਂ ਦੇ ਹੱਥ ਮੋਚਨੇ ਫੜਾ ਕੇ ਉਹਨਾਂ ਨੂੰ ਕੇਸ–ਹੀਣ ਹੋਣ ਦੀ ਸਿਖਿਆ ਦਿੱਤੀ। ਸ਼ਿੱਖਾ–ਹੀਣ ਦੈਂਤਾਂ ਦੇ ਪੜ੍ਹੇ ਗਏ ਮੰਤ੍ਰ ਤੇ ਕੀਤੇ ਜੱਗ ਨਿਸਫਲ ਜਾਣ ਲਗੇ। ਅਰਿਹੰਤ ਦੇਵ ਨੇ ਜੀਵ–ਹਿੰਸਾ ਵਿਰੁੱਧ ਜ਼ੋਰਦਾਰ ਪ੍ਰਚਾਰ ਕੀਤਾ ਜਿਸਦੇ ਫਲ–ਸਰੂਪ ਜੱਗਾਂ ਵਿੱਚ ਜਾਨਵਰਾਂ ਦੀ ਬਲੀ ਨਹੀਂ ਸੀ ਦਿੱਤੀ ਜਾ ਸਕਦੀ। ਤੀਰਥ ਇਸ਼ਨਾਨਾਂ ਤੇ ਪਾਣੀ ਨਾਲ ਨਹਾਉਣ ਵਿਰੁੱਧ ਪ੍ਰਚਾਰ ਕਰਨ ਨਾਲ ਅਪਵਿਤ੍ਰਤਾ ਹੀ ਅਪਵਿਤ੍ਰਤਾ ਫੈਲ ਗਈ ਜਿਸ ਕਾਰਨ ਕੀਤੇ ਜਾ ਰਹੇ ਜੱਗ ਤੇ ਰਟੇ ਜਾ ਰਹੇ ਮੰਤ੍ਰ ਫਲ ਦੇਣੋਂ ਹਟ ਗਏ। ਭਾਗਵਤ ਪੁਰਾਣ ਵਿੱਚ ਇਸੇ ਅਵਤਾਰ ਨੂੰ ਬੌਧ ਅਵਤਾਰ ਕਰਕੇ ਲਿਖਿਆ ਹੈ, ਜਿਸ ਰਾਹੀਂ ਪਤਾ ਚਲਦਾ ਹੈ ਕਿ ਇਸ ਆਗੂ ਨੇ ਦੈਂਤਾਂ ਵਿੱਚ ਇਹ ਪ੍ਰਚਾਰ ਕੀਤਾ ਕਿ ਸਾਫ਼ ਪਾਣੀ ਨਹੀਂ ਵਰਤਣਾ, ਜੱਗਾਂ ਵਿੱਚ ਬਲੀ ਨਹੀਂ ਦੇਣੀ ਅਤੇ ਗੰਦੇ–ਮੰਦੇ ਕਪੜੇ ਪਾਈ ਰਖਣੇ ਹਨ। ਇਸ ਸਭ ਕਾਸੇ ਨਾਲ ਦੈਂਤਾਂ ਨੇ ਸ੍ਰਾਵਗਾਂ ਦੇ ਮੱਤ ਨੂੰ ਮੰਨਦਿਆਂ ਆਪਣੀ ਤਰੱਕੀ ਦਾ ਰਾਹ ਰੋਕ ਕੇ ਪਤਨ ਜਾਂ ਗਿਰਾਵਟ ਨੂੰ ਜਾ ਗਲੇ ਲਗਾਇਆ।
ਇਸ ਅਵਤਾਰ ਬਾਰੇ ਲਿਖੇ ਬੰਦ ਨੰ: 17 ਵਿਚ ਇਹ ਦਸਿਆ ਗਿਆ ਹੈ ਕਿ ਅਰਿਹੰਤ ਦੇਵ ਨੇ 10000 ਸਾਲ ਤਕ ਦੈਂਤਾਂ ਵਿੱਚ ਉੁਲਟੇ ਮੱਤ ਦਾ ਪ੍ਰਚਾਰ ਜਾਰੀ ਰੱਖਿਆ ਜਿਸ ਕਾਰਨ ਦੈਂਤ ਆਪਣੀ ਸਤਿਆ ਅਤੇ ਤਾਕਤ ਗਵਾ ਬੈਠੇ। ਉਂਝ, ਇਹ ਤੱਥ ਆਪਣੇ ਆਪ ਵਿੱਚ ਇਤਿਹਾਸ–ਵਿਰੁੱਧ, ਪੂਰੀ ਤਰ੍ਹਾਂ ਨਾ ਮੰਨਣ–ਯੋਗ ਅਤੇ ਦਲੀਲ ਤੋਂ ਬੁਰੀ ਤਰ੍ਹਾਂ ਵਿਹੂਣਾ ਹੈ।
ਰੱਬ ਦੀ ਹੋਂਦ ਤੋਂ ਹੀ ਮੁਨਕਰ ਕਰਨ ਵਾਲਾ ਪ੍ਰਸਿੱਧ ਬੰਦ ਇਸੇ ਅਵਤਾਰ–ਕਥਾ ਵਿੱਚੋਂ ਹੇਠਾਂ ਲਿਖੇ ਅਨੁਸਾਰ ਪੇਸ਼ ਕੀਤਾ ਜਾ ਰਿਹਾ ਹੈ:– ਅੰਨ ਅੰਨ ਤੋਂ ਹੋਤ ਜ੍ਯੋਂ ਘਾਸ ਘਾਸ ਤੇ ਹੋਇ॥ ਤੈਸੇ ਮਨੁਛ ਮਨੁਛ ਤੇ ਅਵਰੁ ਨ ਕਰਤਾ ਕੋਇ॥14॥ ( ਪੰਨਾ 183)
16. ਮਨੂ ਰਾਜਾ ਅਵਤਾਰ (ਪੰਨਾ 184)
ਅੱਠ ਕੁ ਬੰਦਾਂ ਵਾਲੇ ਅੱਧੇ ਸਫ਼ੇ ਮਾਤਰ ਵਿੱਚ ਵਿਸ਼ਨੂੰ ਜੀ ਦਾ ਸੋਲ੍ਹਵਾਂ ਅਵਤਾਰ ਮਨੂੰ ਰਾਜੇ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਵਿਸ਼ਨੂੰ ਨੇ ਅਰਿਹੰਤ ਅਵਤਾਰ ਧਾਰ ਕੇ ਅਤੇ ਦੈਂਤਾਂ ਨੂੰ ਸ੍ਰਾਵਗੀ ਮੱਤ ਵਲ ਲਗਾ ਕੇ 10000 ਸਾਲ ਤਕ ਕਮਜ਼ੋਰ ਕੀਤਾ ਸੀ ਪਰ ਦੇਵਾਂ ਬਾਰੇ ਉਥੇ ਐਸੀ ਕੋਈ ਗੱਲ ਨਹੀਂ ਲਿਖੀ ਗਈ ਸੀ।
ਸੋਲ੍ਹਵੇਂ ਅਧਿਆਇ ਵਿੱਚ ਕਾਂਟਾ ਹੀ ਬਦਲ ਦਿੱਤਾ ਗਿਆ ਹੈ। ਇਹ ਮੰਨ ਲਿਆ ਗਿਆ ਹੈ ਕਿ ਕਿਆ ਦੈਂਤ ਤੇ ਕਿਆ ਦੇਵਤੇ ਸਭ ਲੋਕਾਈ ਅਰਿਹੰਤ ਦੇਵ ਵਲੋਂ ਪ੍ਰਚਾਰੇ ਗਏ ਸ੍ਰਾਵਗ ਮੱਤ ਦੇ ਰਗੇਦੇ ਵਿੱਚ ਆ ਗਈ ਸੀ ਅਤੇ ਸਭ ਨੇ ਬ੍ਰਾਹਮਣੀ ਮੱਤ ਦੇ ਕਰਮ–ਕਾਂਡੀ ਨਿਯਮਾਂ ਤੇ ਰਹੁ–ਰੀਤਾਂ ਨੂੰ ਛੱਡ ਕੇ ਬ੍ਰਾਹਮਣੀ ਧਰਮ ਦੇ ਉੁਲਟ ਚਲਣਾ ਸ਼ੁਰੂ ਕਰ ਦਿੱਤਾ ਸੀ। ਇਸ ਸਭ ਕਾਸੇ ਕਾਰਨ ਸਾਕਤ ਕਵੀ ਸ਼੍ਯਾਮ ਦੇ ਇੱਸ਼ਟ ਕਾਲ ਪੁਰਖ ਨੇ ਵਿਸ਼ਨੂੰ ਜੀ ਨੂੰ ਹੁਕਮ ਦਿੱਤਾ ਕਿ ਹੁਣ ਉਹ ਰਾਜੇ ਮਨੂ ਦੇ ਰੂਪ ਵਿੱਚ ਸੋਲ੍ਹਵਾਂ ਅਵਤਾਰ ਲੈ ਲੈਣ ਅਤੇ ਮਨੂ ਸਿਮਿ੍ਰਤੀ ਰਚ ਕੇ ਉਸਦੇ ਨਿਯਮਾਂ ਨੂੰ ਵੀ ਸਖ਼ਤੀ ਨਾਲ ਸਭ ਉਤੇ ਲਾਗੂ ਕਰ ਦੇਣ। ਅਗੋਂ ਤੋਂ ਜੋ ਵੀ ਜੀਵ ਇਸ ਸਿਮਿ੍ਰਤੀ ਦੇ ਨਿਯਮਾਂ ਜਾਂ ਕਾਨੂੰਨਾਂ ਨੂੰ ਨਾ ਮੰਨੇ, ਉਸਨੂੰ ਸਜ਼ਾ ਦਿੱਤੀ ਜਾਏ ਤੇ ਰਾਜੇ ਵਲੋਂ ਉਸਨੂੰ ਮਾਰ ਤਕ ਦਿੱਤਾ ਜਾਏ। ਇੱਕ ਤਾਂ ਮਨੂ ਸਿਮਿ੍ਰਤੀ ਲਿਖਕੇ ਬ੍ਰਾਹਮਣੀ ਨਿਯਮ ਤੇ ਰਹੁ–ਰੀਤਾਂ ਦਾ ਨਿਰਨਾ ਕਰ ਦਿੱਤਾ ਗਿਆ ਅਤੇ ਦੂਜੇ, ਇਹਨਾਂ ਨੂੰ ਸਭ ਪਰਜਾ ਲਈ ਲਾਜ਼ਮੀ ਕਰਾਰ ਦਿੱਤਾ ਗਿਆ। ਕੁੱਝ ਲੋਕਾਂ ਨੇ ਮਨੂ ਸਿਮਿ੍ਰਤੀ ਦੇ ਪ੍ਰਚਾਰ ਕਾਰਨ ਤੇ ਕੁੱਝ ਲੋਕਾਂ ਨੇ ਰਾਜ–ਬਲ ਦੇ ਡਰ ਕਾਰਨ ਸ੍ਰਾਵਗੀ ਮੱਤ ਛੱਡ ਕੇ ਮਨੂੰ ਸਿਮਿ੍ਰਤੀ ਦੁਆਰਾ ਪ੍ਰਚਾਰਿਆ ਜਾਤ–ਪਾਤ ਦੇ ਵਿਤਕਰਿਆਂ ਅਤੇ ਕਰਮ–ਕਾਂਡਾਂ ਵਾਲਾ ਅਰ ਬ੍ਰਾਹਮਣੀ ਰਹੁ–ਰੀਤਾਂ ਨਾਲ ਲੱਦਿਆ ਹੋਇਆ ਸਿਮਿ੍ਰਤੀ ਮੱਤ ਪ੍ਰਵਾਨ ਕਰ ਲਿਆ।
17. ਧਨੰਤਰ ਵੈਦ ਅਵਤਾਰ (ਪੰਨਾ 185)
ਵਿਸ਼ਨੂੰ ਜੀ ਦਾ ਧਨੰਤਰ ਵੈਦ ਅਵਤਾਰ ਬਹੁਤ ਅਜੀਬ ਕਿਸਮ ਦੀ ਚੀਜ਼ ਪੇਸ਼ ਹੋਈ ਹੈ। ਇਸ ਸਾਕਤੀ ਪੁਸਤਕ ਦੇ ਪੰਨਾ ਨੰਬਰ 185 ’ਤੇ ਅੰਕਿਤ 6 ਬੰਦਾਂ ਵਿੱਚ ਇਸਦਾ ਆਪਣੇ ਕਿਸਮ ਦਾ ਬਿਓਰਾ ਦੇ ਕੇ ਕਵੀ ਸ਼੍ਯਾਮ ਨੇ ਆਪਣੀ ਕਾਵਿ ਕਲਾ ਦਾ ਅਤੇ ਆਪਣੇ ਵੈਦਗੀਰੀ ਕਰਨ ਵਾਲੇ ਵੈਦ ਅਵਤਾਰ ਜੀ ਦਾ ਪੂਰਾ ਜਲੂਸ ਹੀ ਕਢਵਾ ਲਿਆ ਹੈ। ਕਵੀ ਸ਼੍ਯਾਮ ਮੁਤਾਬਿਕ ਲੋਕਾਂ ਨੇ ਬਹੁਤ ਹੀ ਧਨਵਾਨ ਹੋ ਜਾਣ ਕਾਰਨ ਭਾਂਤ–ਸੁਭਾਂਤੇ ਸੁਆਦੀ ਪਕਵਾਨ ਤੇ ਵਿਅੰਜਨ ਬਹੁਤ ਮਾਤਰਾ ਵਿੱਚ ਖਾਣੇ ਸ਼ੁਰੂ ਕਰ ਦਿੱਤੇ ਸਨ।
ਫਲ–ਸਰੂਪ ਲੋਕੀਂ ਆਮ ਹੀ ਬੀਮਾਰ ਰਹਿਣੇ ਸ਼ੁਰੂ ਹੋ ਗਏ ਸਨ। ਅਜ ਦੇ ਜੁਗ ਦੇ ਕੁਦਰਤੀ ਇਲਾਜਾਂ ਦੇ ਸਰਬ–ਪ੍ਰਮੁੱਖ ਵਿਦਵਾਨ ਅਤੇ ਮਾਹਿਰ ਅਤੇ ਨਿਸ਼ਕਾਮ ਹੋ ਕੇ ਲੋਕਾਂ ਦੀ ਸੇਵਾ ਕਰਨ ਵਾਲੇ, ਸ੍ਰੀ ਸਵਾਮੀਨਾਥਨ ਜੀ ਦਿੱਲੀ ਵਾਲਿਆਂ ਦਾ, ਜਿਹਨਾਂ ਨੂੰ ਕਿਸੇ ਵਿਅਕਤੀ ਨੇ ਵੀ ਪਿਛਲੇ ਸੱਠ ਸਾਲਾਂ ਵਿੱਚ ਕਦੀ ਬੀਮਾਰ ਨਹੀਂ ਦੇਖਿਆ, ਸਪਸ਼ੱਟ ਕਥਨ ਹੈ ਕਿ ਬਹੁਤੇ ਸੁਆਦੀ ਖਾਣੇ ਖਾਣ ਨਾਲ ਅਤੇ ਵਿੱਤੋਂ ਵੱਧ ਖਾਣ ਨਾਲ ਬੀਮਾਰੀਆਂ ਦਾ ਪੈਦਾ ਹੋ ਜਾਣਾ ਸਦਾ ਹੀ ਸੁਭਾਵਕ ਰਿਹਾ ਹੈ। ਸਿਹਤਯਾਬੀ ਦੇ ਨਿਯਮ ਭੰਗ ਕਰਨ ਨਾਲ ਸਰੀਰ ਵਿੱਚ ਬੀਮਾਰੀ ਆਉਣੀ ਹੀ ਆਉਣੀ ਹੁੰਦੀ ਹੈ। ਜਦ ਤੋਂ ਜਗਤ ਬਣਿਆ ਹੈ ਤਦ ਤੋਂ ਸਿਹਤਯਾਬੀ ਦੇ ਨਿਯਮ ਭੰਗ ਕਰਨ ਵਾਲੇ ਮਨੁੱਖ ਬੀਮਾਰ ਹੁੰਦੇ ਆਏ ਹਨ ਅਤੇ ਇਹਨਾਂ ਨਿਯਮਾਂ ਨੂੰ ਪਾਲਣ ਵਾਲੇ ਤੰਦਰੁਸਤ ਜੀਵਨ ਬਸਰ ਕਰਦੇ ਰਹੇ ਹਨ। ਕਾਮ, ਕ੍ਰੋਧ, ਲੋਭ, ਈਰਖਾ, ਮਤਸਰ ਆਦਿਕ ਵਿਸ਼ਿਆਂ ਵਿਕਾਰਾਂ ਨਾਲ ਬੀਮਾਰੀਆਂ ਦਾ ਵਾਧਾ ਹੀ ਹੁੰਦਾ ਆਇਆ ਹੈ।
ਜਦ ਲੋਕੀਂ ਬੀਮਾਰ ਹੋਣ ਲਗੇ ਤਾਂ ਬੀਮਾਰੀਆਂ ਤੋਂ ਨਜਾਤ ਪ੍ਰਾਪਤ ਕਰਨ ਹਿਤ ਕਾਲ ਪੁਰਖ ਕੋਲ ਬੇਨਤੀਆਂ ਕਰਨ ਲਈ ਪੁੱਜੇ। ਉਹਨਾਂ ਦੀ ਬੇਨਤੀ ਸੁਣ ਕੇ ਸਾਕਤੀ ਇਸ਼ੱਟ, ਕਾਲ ਪੁਰਖ ਨੇ ਵਿਸ਼ਨੂੰ ਜੀ ਨੂੰ ਧਨੰਤਰ ਵੈਦ ਦਾ ਅਵਤਾਰ ਲੈਣ ਦਾ ਮਸ਼ਵਰਾ ਅਤੇ ਹੁਕਮ ਦਿੱਤਾ। ਇਥੇ ਸ਼੍ਯਾਮ ਕਵੀ ਇਹ ਨਹੀਂ ਸਮਝਾ ਸਕਿਆ ਕਿ ਲੋਕਾਂ ਨੇ ਕਾਲ ਪੁਰਖ ਕੋਲ ਇਹ ਬੇਨਤੀ ਕਦੋਂ ਕੀਤੀ ਤੇ ਕਾਲ ਪੁਰਖ ਨੇ ਵਿਸ਼ਨ ਚੰਦ ਨੂੰ ਧਨੰਤਰ ਵੈਦ ਦਾ ਅਵਤਾਰ ਲੈਣ ਦਾ ਹੁਕਮ ਕਦੋਂ ਅਤੇ ਕਿਹਨਾਂ ਹਾਲਤਾਂ ਵਿੱਚ ਦਿੱਤਾ ਸੀ?
18 ਸੂਰਜ ਅਵਤਾਰ (ਪੰਨਾ 185 ਤੋਂ 187)
ਸ਼੍ਯਾਮ ਕਵੀ ਨੇ 27 ਬੰਦਾਂ ਵਿੱਚ ਵਿਸ਼ਨੂੰ ਦੇ ਅਠਾਰ੍ਹਵੇਂ ਅਵਤਾਰ ਸੂਰਜ ਬਾਰੇ ਕਾਫ਼ੀ ਵਿਸਥਾਰ ਨਾਲ ਵੇਰਵਾ ਦਿੱਤਾ ਹੈ। ਇਹ ਵੇਰਵਾ ਬਹੁਤ ਹੀ ਅਜੀਬੋ–ਗਰੀਬ ਅਤੇ ਅਸੰਭਵ ਅਰ ਬੇ–ਦਲੀਲੇ ਤਤਾਂ ਨਾਲ ਭਰਿਆ ਪਿਆ ਹੈ ਅਤੇ ਹੱਦੋਂ ਵੱਧ ਹਾਸੋ–ਹੀਣਾ ਹੈ।
ਉਹੀ ਪੁਰਾਣੀ ਰਟ ਕਿ ਸਾਕਤੀ ਇੱਸ਼ਟ, ਕਾਲ ਪੁਰਖ ਦੀ ਆਗਿਆ ਨਾਲ ਵਿਸ਼ਨੂੰ ਨੇ ਸੂਰਜ ਦਾ ਅਵਤਾਰ ਲਿਆ। ਸੂਰਜ ਦੇ ਨਿਕਲਦਿਆਂ ਹੀ ਲੋਕੀਂ ਧਰਮ ਦੇ ਨਾਮ ਉੁਤੇ ਸਭ ਪ੍ਰਕਾਰ ਦੇ ਬ੍ਰਾਹਮਣੀ ਕਰਮ–ਕਾਂਡ ਪੂਰੇ ਉਤਸ਼ਾਹ ਨਾਲ ਕਰਨ ਲਗ ਗਏ ਸਨ। ਪਰ ਕੁੱਝ ਅਰਸੇ ਪਿਛੋਂ ਫ਼ਿਰ ਉਹੀ ਪੁਰਾਣੀ ਖੇਡ ਸ਼ੁਰੂ ਹੋ ਗਈ। ਦੈਂਤਾਂ ਦਾ ਪ੍ਰਤਾਪ ਵੱਧਣ ਲਗਾ ਅਤੇ ਦੇਵਤੇ ਪਿਤਾ–ਪੁਰਖੀ ਮਰਯਾਦਾ ਜਾਂ ਆਪਣੀ ਰਘੂਕੁਲ ਰੀਤ ਮੁਤਾਬਕ ਫ਼ਿਰ ਤੋਂ ਫਾਡੀ ਰਹਿਣ ਲਗ ਗਏ ।
ਦੀਰਘ ਬਪੁ ਨਾਮ ਦਾ ਇੱਕ ਵੱਡਾ ਦੈਂਤ ਆਗੂ ਪ੍ਰਗਟ ਹੋਇਆ ਜਿਸਦਾ ਸਰੀਰ ਇੱਕ ਗਜ਼ ਰੋਜ਼ ਵੱਧ ਕੇ ਬਹੁਤ ਹੀ ਵੱਡ–ਆਕਾਰੀ ਬਣ ਰਿਹਾ ਸੀ। ਸੂਰਜ ਦੇ ਰੱਥ ਦੇ ਰਥਵਾਨ ਵੀ ਉਸ ਨੂੰ ਦੇਖ ਕੇ ਕੰਬਣ ਲਗ ਜਾਂਦੇ ਸਨ ਤੇ ਰੱਥ ਰੋਕਣ ਤੇ ਮਜਬੂਰ ਹੋ ਜਾਂਦੇ ਸਨ। ਜਦੋਂ ਦੈਂਤਾਂ ਨੇ ਸੂਰਜ ਦਾ ਰੱਥ ਪੂਰੀ ਤਰ੍ਹਾਂ ਰੋਕ ਦਿੱਤਾ ਤਾਂ ਸੂਰਜ ਨੇ ਦੈਂਤਾਂ ਨਾਲ ਉਸੇ ਅਸੰਭਵ ਕਿਸਮ ਦਾ ਭਿਆਨਕ ਜੰਗ ਸ਼ੁਰੂ ਕਰ ਦਿੱਤਾ ਜਿਸ ਕਿਸਮ ਦੇ ਜੰਗ ਕਵੀ ਸ਼੍ਯਾਮ ਨੇ ਸਾਰੇ ਹੀ ‘‘ਬਚਿਤ੍ਰ ਨਾਟਕ’’ ਵਿੱਚ ਆਮ ਖ਼ਾਸ ਦੋਹਾਂ ਹੀ ਹਾਲਤਾਂ ਵਿੱਚ ਬਹੁਤਾਇਤ ਵਿੱਚ ਦਿਖਾਏ ਹਨ। ਸੂਰਜ ਨੇ ਆਪਣੇ ਹੱਥ ਵਿੱਚ ਧਨੁੱਖ ਬਾਣ ਲੈ ਕੇ ਐਸਾ ਬਾਣ ਚਲਾਇਆ ਕਿ ਦੈਂਤ ਫ਼ੌਜਾਂ ਹਾਰ ਗਈਆਂ ਤੇ ਦੈਂਤ ਆਗੂ ਵੀ ਮਾਰਿਆ ਗਿਆ।
ਇਹ ਅਵਤਾਰ–ਕਥਾ ਕਰਮ–ਕਾਂਡੀ, ਪੁਰਾਣ ਮਤੀਏ ਸਾਕਤ ਬ੍ਰਾਹਮਣਾਂ ਦੀ ਲਿਖੀ ਹੋਈ ਹੈ ਜੋ ਆਦਿ ਤੋਂ ਹੀ ਲੋਕਾਂ ਵਿਚ ਜੱਗਾਂ, ਹਵਨਾਂ, ਕਰਮ–ਕਾਂਡਾਂ, ਸ਼ਰਾਧਾਂ, ਵੇਦ–ਪਾਠਾਂ, ਮੰਤ੍ਰ–ਪਾਠਾਂ, ਭਰਮਾਂ–ਵਹਿਮਾਂ ਅਰ ਪਖੰਡ ਜਾਲਾਂ ਦਾ ਪ੍ਰਚਾਰ ਕਰਨਾ ਚਾਹੁੰਦੇ ਰਹੇ ਸਨ।
19. ਚੰਦ੍ਰ ਅਵਤਾਰ (ਪੰਨਾ 187 ਤੋਂ 188)
ਸੂਰਜ ਅਵਤਾਰ ਦੇ ਦੌਰ ਵਿੱਚ ਵਿਸ਼ਨੂੰ ਜੀ ਨੇ ਕਾਲ ਪੁਰਖ ਦੀ ਆਗਿਆ ਨੂੰ ਮੰਨ ਕੇ ਬੜੀ ਹਾਸੋ–ਹੀਣੀ ਸਥਿਤੀ ਪੈਦਾ ਕਰ ਲਈ ਸੀ ਅਤੇ ਇਸ ਨੂੰ ਮੋੜਾ ਦੇਣ ਦੇ ਆਸ਼ੇ ਨਾਲ ਕਾਲ ਪੁਰਖ ਦੇ ਹੁਕਮ ਨਾਲ ਵਿਸ਼ਨੂੰ ਜੀ ਨੇ ਚੰਦ੍ਰਮਾ ਦਾ ਅਵਤਾਰ ਲਿਆ। ਸ਼੍ਯਾਮ ਕਵੀ ਵਲੋਂ ਲਿਖਿਆ ਗਿਆ ਇਸ ਅਵਤਾਰ ਦਾ ਸਾਰਾ ਬਿਓਰਾ 15 ਬੰਦਾਂ ਵਿੱਚ ਆ ਗਿਆ ਹੈ ਜੋ ਬੜਾ ਹੀ ਗ਼ੈਰ–ਵਿਗਿਆਨਕ ਅਤੇ ਦਲੀਲ–ਵਿਹੂਣਾ ਹੈ ਅਰ ਕਿਤੇ ਵੀ ਯੁਕਤੀ– ਸੰਗਤ ਉਕਾ ਹੀ ਨਹੀਂ।
ਸੂਰਜ ਦੀ ਅਤਿ ਦੀ ਤਪਸ਼ ਕਾਰਨ ਇੱਕ ਪਾਸੇ ਦੇਸ਼ ਦੀ ਖੇਤੀ–ਬਾੜੀ ਸੜ੍ਹ ਕੇ ਤਬਾਹ ਹੋ ਰਹੀ ਸੀ ਅਤੇ ਦੂਜੇ ਪਾਸੇ ਕਾਮ ਦੀ ਉਤੇਜਨਾ ਮਰ ਜਾਣ ਕਾਰਨ ਇਸਤ੍ਰੀਆਂ ਆਪਣੇ ਪਤੀਆਂ ਦੀਆਂ ਸੇਵਾ ਕਰਨੋਂ ਹਟ ਗਈਆਂ ਸਨ। ਕਵੀ ਸ਼੍ਯਾਮ ਦਾ ਇਹ ਬਹੁਤ ਹੀ ਬੇਤੁਕਾ ਜਿਹਾ ਅਤੇ ਬਹੁਤ ਹੀ ਘਟੀਆ ਟੋਟਕਾ ਹੀ ਹੈ। ਕਵੀ ਸ਼੍ਯਾਮ ਮੁਤਾਬਿਕ ਸੰਸਾਰ ਦੀ ਸਭ ਕਿਸਮ ਦੀ ਪੈਦਾਵਾਰ ਹੀ ਰੁੱਕਣ ਲਗ ਗਈ ਸੀ।
ਕਾਲ ਪੁਰਖ ਨੇ ਵਿਸ਼ਨੂੰ ਨੂੰ ਸਾਰੀ ਗੱਲ ਸਮਝਾਈ ਤੇ ਉਸ ਮੁਤਾਬਿਕ ਵਿਸ਼ਨੂੰ ਨੇ ਚੰਦ੍ਰਮਾ ਦੇ ਰੂਪ ਵਿਚ ਜਨਮ ਲੈ ਲਿਆ ਸੀ। ਇੱਕ ਦੰਮ ਹੀ ਖੇਤੀ– ਬਾੜੀ ਦੀ ਉਪਜ ਵੱਧਣ ਲਗੀ। ਨਾਲ ਹੀ ਚੰਦ੍ਰਮਾ ਨੇ ਇਸਤ੍ਰੀਆਂ ਉਤੇ ਖਿੱਚ ਕੇ ਕਾਮ ਦਾ ਤੀਰ ਚਲਾ ਦਿੱਤਾ। ਨਤੀਜੇ ਦੇ ਤੌਰ ਤੇ ਉਹ ਆਪਣੇ ਪਤੀਆਂ ਦੀ ਸੇਵਾ ਲਈ ਤਤਪਰ ਹੋ ਗਈਆਂ ਅਤੇ ਸੰਸਾਰ ਵਿਚ ਚਹਿਲ–ਪਹਿਲ ਸ਼ੁਰੂ ਹੋ ਗਈ।
ਅਜਿਹੀ ਹਾਲਤ ਵਿਚ ਚੰਦ੍ਰਮਾ ਦਾ ਹੰਕਾਰ ਬਹੁਤ ਵੱਧ ਗਿਆ। ਦਿਮਾਗ਼ ਭੌਂ ਜਾਣ ਕਾਰਨ ਚੰਦ੍ਰ ਅਵਤਾਰ ਨੇ ਦੇਵਤਿਆਂ ਦੇ ਗੁਰੂ ਬਿ੍ਰਹਸਪਤੀ ਦੀ ਇਸਤ੍ਰੀ ਉਧਾਲ ਕੇ ਉਸ ਨਾਲ ਵਿਭਚਾਰ ਕੀਤਾ। ਕੁੱਝ ਬ੍ਰਾਹਮਣੀ ਗ੍ਰੰਥਾਂ ਨੇ ਗੋਤਮ ਰਿਖੀ ਦੀ ਇਸਤ੍ਰੀ ਨਾਲ ਵੀ ਕੁਕਰਮ ਦੀ ਗੱਲ ਲਿਖੀ ਹੈ। ਚੰਦ੍ਰਮਾ ਨੂੰ ਰਿਖੀ ਨੇ ਕਾਲੇ ਮਿਰਗ ਦੀ ਖਲ ਮਾਰੀ ਜਿਸ ਕਾਰਨ ਉਸ ਦੇ ਮੱਥੇ ਤੇ ਸਦਾ ਲਈ ਕਲੰਕ ਲਗ ਗਿਆ। ਚੰਦ੍ਰਮਾ ਨੂੰ ਉਸ ਦੀਆਂ ਕਲਾਵਾਂ ਘਟਦੇ ਰਹਿਣ ਦਾ ਸਰਾਪ ਵੀ ਮਿਲਿਆ। ਇਸ ਕਾਰਨ ਚੰਦ੍ਰਮਾ ਨੂੰ ਬਹੁਤ ਸ਼ਰਮਸਾਰ ਹੋਣਾ ਪਿਆ। ਇਸ ਸ਼ਰਮ ਤੇ ਪਾਪ ਦੇ ਪ੍ਰਭਾਵ ਤੋਂ ਬੱਚਣ ਲਈ ਬੜਾ ਲੰਬਾ ਸਮਾਂ ਚੰਦ੍ਰਮਾ ਨੇ ਤਪੱਸਿਆ ਕੀਤੀ ਜੋ ਸਮਾਂ ਪਾ ਕੇ ਕਾਲ ਪੁਰਖ ਨੇ ਪ੍ਰਵਾਨ ਕੀਤੀ ਤੇ ਉਸ ਦਾ ਤਪਦਿੱਕ ਰੋਗ ਦੂਰ ਕੀਤਾ ਅਤੇ ਚੰਦ੍ਰਮਾ ਨੂੰ ਸੂਰਜ ਤੋਂ ਵੀ ਉਚਾ ਮੁਰਾਤਬਾ ਬਖਸ਼ ਦਿੱਤਾ।


15/05/16)
ਸੁਰਿੰਦਰ ਸਿੰਘ 'ਖਾਲਸਾ'

ਸ਼ਹੀਦੀ ਪੁਰਬ-ਬਨਾਮ ਸਿੱਖ
ਗੁਰ ਅਰਜਨ ਦੇਵ ਜੀ’ ਦੀ ਸ਼ਹੀਦੀ ਦੇ ਪੁਰਬ ਤੇ, ਮਿੱਠੇ ਜਲ ਦੀ ਛਬੀਲ ਸਿੱਖਾਂ ਲਗਾਈ ਐ।
ਆਉਂਦਿਆਂ ਜਾਂਦਿਆਂ ਨੂੰ ਪ੍ਰੇਮ ਸਹਿਤ ਛਕਾਈਏ, ਏਸੇ ਖਾਤਰ ਤਾਂ ਮੁੱਖ ਸੜਕ ਰੁੱਕਵਾਈ ਐ।
ਨੌਂਜਵਾਨਾਂ ਤੇ ਬੱਚਿਆਂ ਇਹ ਜਿਮੇਂਵਾਰੀ ਸੰਭਾਲੀ ਏ, ਬਜ਼ੁਰਗਾਂ ਨੇ ਵੀ ‘ਡਿਊਟੀ ਨਿਭਾਈ ਐ।
ਕੀ ਹੋਇਆ ਸੀ, ਇਸ ਦਿਹਾੜੇ, ਪੁਛਿਆ ਤਾਂ, ਅਗਿਆਣਤਾ ਹੀ ਬਹੁਤਿਆਂ ਨੇ ਦਰਸਾਈ ਐ।
ਜਦ ਬਹੁਤੇ ‘ਸਿੱਖਾਂ ਨੂੰ ਹੀ ਇਸ ਬਾਰੇ ਪਤਾ ਨਹੀਂ, ਤਾਂ ਬੇਗਾਨਿਆਂ ਤੇ ਕਾਹਦੀ ‘ਰੁਸਵਾਈ ਐ।
ਸਿੱਖ ਇਹ ਵੀ ਲੋਕਾਂ ਨੂੰ ਨਾ ਦੱਸ ਸਕੇ, ਇਸ ਦਿਨ ਸ਼ਹੀਦਾਂ ਦੇ ਸਿਰਤਾਜ਼ ‘ਸ਼ਹੀਦੀ ਪਾਈ ਐ।
ਕੌਣ-ਕਿਹੜਾ’ ਜਿਮੇਂਵਾਰ ਸੀ, ਗੁਰਾਂ ਦੀ ਸ਼ਹੀਦੀ ਦਾ, ਦੋਖੀਆਂ ਕੀ-ਕੀ ਭੂਮਿਕਾ’ ਨਿਭਾਈ ਐ।
ਇਸ ਸ਼ਹੀਦੀ’ ਨਾਲ ਲੋਕਾਂ ਤੇ ਕੀ ਅਸਰ ਹੋਇਆ, ਸਮਾਜ ਤੇ ‘ਕੀ-ਕੀ ਤਬਦੀਲੀ ਆਈ ਐ।
ਸ਼ਹੀਦੀ ਦੇ ਕਾਰਨ’ ਦੱਸਣਾ ਸਿੱਖਾਂ ਦਾ ਫਰਜ਼ ਸੀ, ਸਤਿਗੁਰਾਂ ਕਿਉਂ ਇਹ ਰਾਹ ਅਪਣਾਈ ਐ।
ਸਿੱਖਾਂ ਨੇ ਛਬੀਲਾਂ ਤੇ ਹੀ ਸਾਰਾ ਜ਼ੋਰ ਦਿੱਤਾ, ਇਤਿਹਾਸ ਪੜ੍ਹਨ ਸੁਨਣ ਦੀ ਅਲਖ ਮੁਕਾਈ ਐ।
ਇਹ ਸੱਭ ਦਸੱਣ ਦਾ ਫਰਜ਼ ਸੀ ਜਿਨ੍ਹਾਂ ਦਾ, ਉਨ੍ਹਾਂ ਨੇ ਹੀ ਤਾਂ ਕੌਮ ‘ਭੰਬਲ ਭੁਸੇ `ਚ ਪਾਈ ਐ।
ਇਸ ਦਾ ਸਿੱਟਾ’ ਸਾਡੇ ਸਾਹਮਣੇ ਐ, ਅਗਲੀ ਪੀੜ੍ਹੀ ਨੇ ਅਪਣੇ ‘ਵਿਰਸੇ ਤੋਂ ਦੂਰੀ ਬਣਾਈ ਐ।
ਬਹੁਤਿਆਂ ਲੋਕਾਂ ਤਾਂ ਠੰਡਾ ਜਲ ਪੀ ਕੇ ਆਖਿਆ ਸੀ, ਗੁਰੁ ਪੁਰਬ’ ਦੀ ਲੱਖ-ਲੱਖ ਵਧਾਈ ਐ।
ਇਹੋ ਜਹੇ ‘ਪੁਰਬ’ ਸਿੱਖ ਮਨਾਉਂਦੇ ਰਹਿਣ ਸਦਾ, ਇਹ ਦੁਆ ਵੀ ਸਿੱਖਾਂ ਦੀ ਝੋਲੀ ਪਾਈ ਐ।
ਇਕ ਸਾਲ ਇਸ ਦਿਨ ਬਾਰਿਸ਼’ ਵੀ ਹੋ ਰਹੀ ਸੀ, ਕੁਦਰੱਤ ਰਾਣੀ ਨੇ ਵੀ ‘ਝੱੜੀ ਲਗਾਈ {ਸੀ} ਐ।
ਠੰਡੀ-ਠਾਰ ਹਵਾ ਵੀ ‘ਰੁਮਕ ਰਹੀ ਸੀ, ਸਾਵਣ-ਭਾਦੋਂ ਦੇ ਮਹੀਨਿਆਂ ਦੀ ‘ਯਾਦ ਦਿਵਾਈ {ਸੀ} ਐ।
ਫਿਰ ਵੀ ਬਹੁਤੀਂ ਥਾਈਂ ਕਈ ‘ਅਕਲ ਦੇ ਅਨ੍ਹਿਆਂ ਨੇ, ਛਬੀਲਾਂ ਲਗਾਉਣ ਜਿਦ ਪੁਗਾਈ {ਸੀ} ਐ।
ਨਾਲੇ ‘ਪੈਸਾ’ ਬਰਬਾਦ ਕੀਤਾ ਸਮਾਂ ਅੇਨਰਜੀ ਵੀ, ਕਰਵਾਈ ਖੁੱਦ ਦੀ ਵੀ ‘ਜਗ-ਹੰਸਾਈ {ਸੀ} ਐ।
ਇਕੋ ਦਿਨ ਪਾਣੀ ਪਿਲਾ ਕੇ ਸਿੱਖ ਸਮਝਦੇ ਨੇ, ਸਾਰੀ ਹੀ ‘ਗਰਮੀ ਦੀ ਪਿਆਸ ਮਿਟਾਈ ਐ।
ਛਬੀਲਾਂ ਲਗਾਉ ਲਾਉਣੀਆਂ ਚਾਹੀਦੀਆਂ ਨੇ, ਪਰ ਗੁਰੁ ਦੀ ਸਿੱਖਿਆ ਕਿਉਂ ਮਨੋ ਭੁਲਾਈ ਐ।
ਸੇਵਾ ਦੀ ਸਿੱਖਿਆ ਲਉ ਉਨ੍ਹਾਂ ਤੋਂ, ਜਿਨ੍ਹਾਂ ਸਟੇਸ਼ਨਾਂ, ਅਡਿਆਂ ਤੇ ਰੋਜ਼ ਦੀ ਛਬੀਲ ਲਗਾਈ ਐ।
ਠੰਡੇ/ਸਾਫ ਪਾਣੀ ਦਾ ਪ੍ਰਬੰਧ ਸਾਂਝੀ ਥਾਂ ਹੋਵੇ ‘ਸੁਰਿੰਦਰ, ਬਿਨਾਂ ਵਿਤਕਰੇ ਪੀਵੇ ਮਾਈ ਭਾਈ ਐ।
ਸ; ਸੁਰਿੰਦਰ ਸਿੰਘ 'ਖਾਲਸਾ' ਮਿਉਦ ਕਲਾਂ {ਫਤਿਹਾਬਾਦ} ਫੋਨ= 94662 66708, 97287 43287,
E -MAIL= [email protected] [email protected]


08/05/16)
ਪ੍ਰੋ. ਕਵਲਦੀਪ ਸਿੰਘ ਕੰਵਲ

ਮਿੰਨ੍ਹੀ ਕਹਾਣੀ - ਟਰੰਪ ਆ ਰਿਹਾ ਊ
- ਪ੍ਰੋ. ਕਵਲਦੀਪ ਸਿੰਘ ਕੰਵਲ


"ਬਾਹਲੀ ਓ ਮਾੜ੍ਹੀ ਖ਼ਬਰ ਆਈ ਆ ਦੀਪਿਆ, ਅਮਰੀਕਾ ਤੋਂ, ਸਵੇਰੇ-ਸਵੇਰੇ !"

"ਕਿਉਂ ! ਕੀ ਹੋ ਗਿਆ ਜੱਸਿਆ?"

"ਸੁਣਿਆ ਉੱਥੇ ਕੱਟੜਵਾਦੀ ਟਰੰਪ ਆ ਰਿਹਾ ਊ, ਅਗਲੇ ਰਸ਼ਟਰਪਤੀ ਵਜੋਂ ! ਭਾਰੀ ਵਿਰੋਧ ਦੇ ਬਾਵਜੂਦ ਵੀ ਉਹ ਮੁੱਖ ਵਿਰੋਧੀ ਦਲ ਦੇ ਉਮੀਦਵਾਰ ਵਜੋਂ ਉਭਰ ਆਇਆ ਵੇ..."

"ਐਤਾਂ ਬਾਹਲੀ ਓ ਚੰਗੀ ਖ਼ਬਰ ਸੁਣਾਈ ਤੂੰ, ਜੱਸਿਆ! ਸੱਚੀਂਓ, ਰੂਹ ਖੁਸ਼ ਕਰ ਤੀ !"

"ਓਏ ਦੀਪਿਆ, ਦਿਮਾਗ ਤਾਂ ਨੀਂ ਫਿਰ ਗਿਆ ਈ ਤੇਰਾ ? ਜਾਂ ਤੇਰੀ ਰਾਤ ਦੀ ਖਾਧੀ ਪੀਤੀ ਨੀਂ ਉੱਤਰੀ ਊ ਕੋਈ, ਹਾਲੇ ਤਾਂਈ ?"

"ਭਲਿਆ, ਏਡੀ ਕੀ ਆਖ਼ਰ ਆਗੀ ਊ ਤੈਨੂੰ ਜੋ ਇੰਨਾ ਤੱਤਾ ਪਿਆ ਹੋ ਗਿਐਂ ਯੱਕੇ ਦਮ ?"

"ਤੂੰ ਤੱਤੇ ਦੀ ਗੱਲ ਕਰਦੈਂ ? ਓਏ, ਜਿਹੜੇ ਨਿਖਸਮੇ ਦੀ ਤੈਨੂੰ ਖੁਸ਼ੀ ਪਈ ਚੜ੍ਹੀ ਊ, ਤੈਨੂੰ ਪਤਾ ਵੀ ਊ ਕਿ ਉਹ ਤੇਰੀ ਕੁਲੱਗਦੀ ਦਾ ਜਾਇਆ ਕਿੱਡੀ ਖ਼ਤਰਨਾਕ ਸ਼ੈਅ ਵੇ ? ਨਸਲਵਾਦੀ ਸੱਜੇਪੱਖੀ ਊ, ਜੋ ਘੱਟਗਿਣਤੀਆਂ ਤੇ ਹੋਰਨਾਂ ਕੌਮੀਅਤਾਂ ਪ੍ਰਤੀ ਨਾ ਕੇਵਲ ਮਾੜ੍ਹੀ ਭਾਵਨਾ ਰੱਖਦਾ ਵੇ ਬਲਕਿ ਓਸਦਾ ਸਪਸ਼ਟ ਪ੍ਰਗਟਾਵਾ ਵੀ ਕਰ ਚੁਕਿਆ ਵੇ ! ਏਸ ਦੇ ਬਿਨਾਂ ਉਹ ਪੂੰਜੀਪਤੀਆਂ ਦੇ ਹੱਕੀ ਅਤੇ ਗਰੀਬ-ਮਾਹਤੜ ਤਬਕੇ ਦੇ ਵਿਰੋਧੀ ਅਤੇ ਜਮਹੂਰੀ ਤੇ ਮਨੁੱਖੀ ਹਕੂਕਾਂ 'ਤੇ ਨਾਜਾਇਜ਼ ਪਾਬੰਦੀਆਂ ਲਗਾਉਣ ਵਾਲੀਆਂ ਨੀਤਿਆਂ ਲਿਆਉਣ ਦਾ ਵੀ ਸਾਫ਼ ਸੰਕੇਤ ਦੇ ਚੁਕਾ ਵੇ ! ਨਾਲ ਹੀ ਨਾਲ, ਉਹ ਸੰਸਾਰ ਪੱਧਰ 'ਤੇ ਵੀ ਫ਼ਿਰਕਾਪ੍ਰਸਤ, ਮਾਰੂ ਵੰਡੀਆਂ ਪਾਉਣ ਅਤੇ ਨਫ਼ਰਤ ਤੇ ਜੰਗਾਂ ਦੀ ਕਾਰਜਪ੍ਰਣਾਲੀ ਅਪਣਾ ਮਨੁੱਖਤਾ ਦੇ ਘਾਣ ਦੇ ਸਿੱਧੇ ਇਸ਼ਾਰੇ ਦਿੰਦਾ ਆ ਰਿਹਾ ਵੇ !"

"ਯਾਰਾ, ਇਸੇ ਲਈ ਤਾਂ ਕਹਿੰਨਾ ਪਿਆ ਵਾਂ ਕਿ ਬੜੀ ਚੰਗੀ ਖ਼ਬਰ ਸੁਣਾਈ ਊ ?"

"ਕੀ ਮਤਲਬ ??"

"ਮਤਲਬ ਇਹ ਕਿ ਦੂਏ ਦੇ ਘਰ ਲੱਗੀ ਨੂੰ ਦੇਖ ਸਾਰੇ ਬੈਸੰਤਰ ਜਾਣ ਈ ਖੁਸ਼ ਹੰਦੇ ਐ। ਆਹ ਪਿੱਛਲੇ ਦੁਹਾਂ ਸਾਲਾਂ ਤੋਂ ਅਸੀਂ ਭਾਰਤ ਵਿੱਚ ਇਹੋ ਸਾਰਾ ਕੱਟੜਵਾਦੀ ਘਾਣ ਈ ਹੰਢਾ ਰਹੇ ਆਂ ਤੇ ਕੂਕ ਪੁਕਾਰ ਪਏ ਕਰਨੇ ਆਂ ਪਰ ਅਮਰੀਕਾ ਸਮੇਤ ਸਾਰੀ ਦੁਨੀਆ ਲੰਮੀ ਤਾਣ ਕੇ ਆਪਣੀ ਮਸਤੀ ਵਿੱਚ ਸੁੱਤੀ ਰਹੀ ਊ । ਹੁਣ ਗੱਲ ਇਹਨਾਂ ਦੇ ਆਪਣੇ ਘਰੀਂ ਆ ਅੱਪੜੀ ਊ, ਸੋ ਹੁਣ ਈ ਇਹਨਾਂ ਨੂੰ ਏਸ ਜ਼ਹਰੀਲੇ ਡੰਗ ਦੀ ਟੀਸ ਦਾ ਸਹੀ ਅੰਦਾਜ਼ਾ ਹੋਊ ..."


08/05/16)
ਮਹਿੰਦਰ ਸਿੰਘ ਜੋਸ਼ (ਕਿਤਾਬ -ਰੱਬ ਨੂੰ ਬਿਪਤਾ)

ਬ੍ਰਹਮਾ, ਰੁਦ੍ਰ, ਜਲੰਧਰ, ਵਿਸ਼ਨੂੰ,
(10ਵੇਂ ਤੋਂ 14ਵੇਂ ਅਵਤਾਰ ਤਕ)
10. ਬ੍ਰਹਮਾ ਅਵਤਾਰ (ਪੰਨਾ 172)

ਇਸ ਚਾਰ ਮੂੰਹ ਵਾਲੇ ਬ੍ਰਹਮਾ ਦੇ ਅਵਤਾਰ ਦੇ ਵੇਰਵੇ ਵਿੱਚ ਇਹ ਦਸਿਆ ਗਿਆ ਹੈ ਕਿ ਜਦ ਕਦੀ ਵੀ ਧਰਤੀ ਉਂਤੇ ਵੇਦ ਮੱਤ ਵਿੱਚ ਗਿਰਾਵਟ ਆਈ ਤਦੋਂ–ਤਦੋਂ ਵਿਸ਼ਨੂੰ ਬ੍ਰ²ਹਮਾ ਰੂਪ ਵਿੱਚ ਅਵਤਾਰ ਲੈਂਦਾ ਰਿਹਾ ਹੈ ਤੇ ਪਾਪਾਂ ਨੂੰ ਖ਼ਤਮ ਕਰਦਾ ਤੇ ਵੇਦ ਮੱਤ ਪ੍ਰਚਲਿਤ ਕਰਦਾ ਰਿਹਾ ਹੈ। ਬ੍ਰਹਮਾ ਅਵਤਾਰ ਦੇ ਅੱਧੇ ਪੰਨੇ ਦੇ ਬਿਆਨ ਵਿੱਚ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਬ੍ਰਹਮੇ ਤੇ ਵਿਸ਼ਨੂੰ ਵਿੱਚ ਕੋਈ ਫ਼ਰਕ ਨਹੀਂ ਸਮਝਣਾ ਚਾਹੀਦਾ।
11. ਰੁਦ੍ਰ (ਸ਼ਿਵ ਅਵਤਾਰ) (ਪੰਨਾ 172 ਤੋਂ 179)
ਵਿਸ਼ਨੂੰ ਜੀ ਦੇ ਇਸ ਗਿਆਰਵੇਂ ਅਵਤਾਰ ਦੇ ਵੇਰਵੇ ਭੀ ਬਹੁਤ ਬੇਕਾਇਦਾ, ਬੇਦਸਤੂਰੇ ਤੇ ਬੇਤਰਤੀਬੇ
(Anomalous) ਜਿਹੇ ਹਨ ਜੋ ਪੰਨਾ 172 ਤੋਂ 179 ਤਕ ਦੇ 50 ਬੰਦਾਂ ਵਿੱਚ ਬੱਧੇ ਹੋਏ ਹਨ। ਇਸ ਗਿਆਰਵੇਂ ਕਾਂਡ ਵਿੱਚ ਦਸਿਆ ਗਿਆ ਹੈ ਕਿ ਲੋਕਾਂ ਵਲੋਂ ਯੋਗ ਮੱਤ ਦੇ ਨਿਯਮ ਛੱਡ ਦਿੱਤੇ ਜਾਣ ਕਾਰਨ ਧਰਤੀ ’ਤੇ ਪਾਪਾਂ ਦਾ ਭਾਰ ਵੱਧ ਗਿਆ ਅਤੇ ਧਰਤੀ ਨੂੰ ਗਾਂ ਦਾ ਰੂਪ ਧਾਰ ਕੇ ਖੀਰ ਸਮੁੰਦਰ ਵਿਖੇ ਪੁੱਜਣਾ ਪਿਆ । ਸਾਕਤੀ ਇੱਸ਼ਟ, ਕਾਲ ਨੇ ਵਿਸ਼ਨੂੰ ਜੀ ਨੂੰ ਆਪਣੇ ਕੋਲ ਬੁਲਾ ਕੇ ਰੁਦ੍ਰ ਦੇ ਰੂਪ ਵਿੱਚ ਗਿਆਰਵਾਂ ਅਵਤਾਰ ਧਾਰਨ ਕਰਕੇ ਕਾਰਵਾਈ ਪਾਉਣ ਦੀ ਆਗਿਆ ਦਿੱਤੀ। ਸ਼ਿਵ ਨੇ ਜੁੱਧ ਲੜੇ ਅਤੇ ਸੁਅੰਬਰ ਤੋਂ ਪਰਬਤ–ਪੁੱਤਰੀ, ਪਾਰਬਤੀ ਪ੍ਰਾਪਤ ਕੀਤੀ ਸੀ। ਅੰਧਕ ਦੈਂਤ ਨਾਲ ਜੁੱਧ ਕੀਤਾ ਅਤੇ ਅਨੇਕਾਂ ਦੈਂਤਾਂ ਦਾ ਹਨਨ ਕੀਤਾ। ਸ਼ਿਵ ਨੇ ਕਾਮਦੇਵ ਨੂੰ ਜ਼ਲੀਲ ਕਰਕੇ ਸ਼ਰੀਰ–ਵਿਹੂਣਾ ਕਰ ਦਿੱਤਾ ਸੀ।
ਤ੍ਰਿਪੁਰ ਨਾਮ ਦੇ ਇਕ ਅਲੌਕਿਕ ਅਸਥਾਨ ਨੂੰ ਮਯ ਤੇ ਹੋਰ ਰਾਖਸ਼ਾਂ ਨੇ ਰਲ ਕੇ ਤਾਰਕ ਦੈਂਤ ਦੇ ਤਿੰਨ ਲੜਕਿਆਂ ਤਰਕਾਕਸ਼, ਕਮਲਾਕਸ਼ ਅਤੇ ਵਿਦ੍ਯੁਨਮਾਲੀ ਲਈ ਸਿਰਜਿਆ ਸੀ। ਤ੍ਰਿਪੁਰ ਵਿੱਚ ਇੱਕ ਵੱਡਾ ਦੈਂਤ ਤ੍ਰਿਪਰ ਹੋਇਆ ਜਿਸਨੇ ਚੌਦਾਂ ਲੋਕਾਂ ਨੂੰ ਜਿੱਤ ਲਿਆ ਹੋਇਆ ਸੀ। ਉਸਨੂੰ ਕੇਵਲ ਉਹ ਵਿਅਕਤੀ ਮਾਰ ਸਕਦਾ ਸੀ ਜੋ ਕੇਵਲ ਇੱਕ ਤੀਰ ਮਾਤਰ ਨਾਲ ਤਿੰਨਾਂ ਹੀ ਪੁਰਾਂ ਨੂੰ ਵਿੰਨ੍ਹ ਸਕੇ। ਸ਼ਿਵ ਨੇ ਤਿੰਨੋਂ ਪੁਰ ਤੇ ਫ਼ੇਰ ਉਸ ਕਰੜੇ ਦੈਂਤ ਨੂੰ ਵੀ ਵਿੰਨ੍ਹ ਦਿੱਤਾ। ਆਸਮਾਨ ਤੋਂ ਦੇਵਾਂ ਨੇ ਫੁੱਲਾਂ ਦੀ ਵਰਖਾ ਕੀਤੀ। ਕਈ ਸਾਲਾਂ ਪਿਛੋਂ ਕਸ਼੍ਯਪ ਦੇ ਪੁਤੱਰ ਅੰਧਕ ਦੈਂਤ ਨੇ ਜੋ ਇੱਕ ਹਜ਼ਾਰ ਸਿਰਾਂ ਅਤੇ ਦੋ ਦੋ ਹਜ਼ਾਰ ਭੁਜਾਵਾਂ ਤੇ ਨੇਤਰਾਂ ਵਾਲਾ ਸੀ, ਉਠ ਕੇ ਊਧਮ ਮਚਾਇਆ। ਸ਼ਿਵ ਜੀ ਆਪਣੇ ਬੱਲਦ ਤੇ ਬੈਠੇ ਅਤੇ ਉਹਨਾਂ ਨੇ ਆਪਣੇ ਤਿ੍ਰਸੂਲ ਨਾਲ ਉਸ ਉੱਤੇ ਕਹਿਰੀ ਹਮਲਾ ਕਰ ਦਿਤਾ। ਮਹਾਂ ਭਿਆਨਕ ਤੇ ਨਾ ਸਮਝ ਸਕਿਆ ਜਾਣ ਵਾਲਾ ਜੰਗ ਦੇਵਾਂ ਤੇ ਦੈਂਤਾਂ ਵਿਚ ਹੋਇਆ। ਦਾਨਵ ਸੈਨਾ ਮਾਰੀ ਗਈ ਤੇ ਫ਼ਿਰ ਅੰਧਕ ਤੇ ਸ਼ਿਵ ਵਿੱਚ ਦ੍ਵੰਦ੍ਵ ਜੁੱਧ ਸ਼ੁਰੂ ਹੋਇਆ। ਭਿਆਨਕ ਜੰਗ ਪਿਛੋਂ ਸ਼ਿਵ ਨੇ ਤ੍ਰਿਸੂਲ ਨਾਲ ਅੰਧਕ ਦਾ ਸਿਰ ਵੱਢ ਦਿੱਤਾ। ਰੁਦ੍ਰ ਨੇ ਸ਼ਿਵ ਦਾ ਹੋਰ ਭਿਆਨਕ ਰੂਪ ਧਾਰਿਆ। ਬਹੁਤ ਹੀ ਬੇ– ਹੱਦ ਗਰਮੀ ਪੈਦਾ ਹੋਈ। ਜਗਤ ਦੇ ਜੀਵ ਸੜਨ ਮਰਨ ਲਗੇ। ਰੁਦ੍ਰ ਨੇ ਆਪਣੇ ਹਥਿਆਰ ਤੇ ਕ੍ਰੋਧ ਸਮੁੰਦਰ ਵਿੱਚ ਸੁਟ ਦਿੱਤੇ। ਸ਼ਿਵ ਜੀ ਦਾ ਉਹ ਕ੍ਰੋਧ ਜਲੰਧਰ ਦੈਂਤ ਦਾ ਰੂਪ ਧਾਰ ਗਿਆ। ਇਸ ਬਲਵਾਨ ਦੈਂਤ ਨੇ ਕੁਬੇਰ ਦੇ ਖਜ਼ਾਨੇ ਨੂੰ ਲੁਟ ਲਿਆ, ਬ੍ਰਹਮੇ ਦੀਆਂ ਚੀਕਾਂ ਕਢਵਾ ਦਿੱਤੀਆਂ, ਇੰਦ੍ਰ ਦੇ ਸਿਰ ਤੇ ਝੁਲਣ ਵਾਲਾ ਛਤ੍ਰ ਖੋਹ ਕੇ ਆਪਣੇ ਸਿਰ ’ਤੇ ਕਰ ਲਿਆ। ਉਸਨੇ ਸੂਰਜ ਚੰਨ੍ਹ ਸਮੇਤ ਨੌਂ ਦੇ ਨੌਂ ਗ੍ਰਹਿ ਆਪਣੇ ਕਬਜ਼ੇ ਵਿੱਚ ਲੈ ਲਏ। ਸਭ ਦੇਵਤੇ ਬੇ–ਹਾਲ ਹੋ ਕੇ ਕੈਲਾਸ਼ ਪਰਬਤ ਤੇ ਸ਼ਿਵ ਜੀ ਦੀ ਪੂਜਾ ਅਤੇ ਪ੍ਰਾਰਥਨਾ ਲਈ ਪੁੱਜੇ।
ਇਸ ਕਾਂਡ ਵਿੱਚ ਸ਼੍ਯਾਮ ਨੇ ਦਕਸ਼ ਪ੍ਰਜਾਪਤੀ ਨਾਮ ਦੇ ਇੱਕ ਵੱਧੀਆ ਰਾਜੇ ਦਾ ਹੋਣਾ ਵੀ ਲਿਖਿਆ ਹੈ ਜਿਸ ਦੇ ਘਰ ਦਸ ਹਜ਼ਾਰ ਕੰਨਿਆਵਾਂ ਪੈਦਾ ਹੋਈਆਂ ਦੱਸੀਆਂ ਗਈਆਂ ਹਨ। ਦਕਸ਼ ਨੇ ਸੁਅੰਬਰ ਰਚਿਆ ਜਿਸ ਰਾਹੀਂ ਕਸ਼ਿਅਪ ਨੂੰ ਚਾਰ ਅਤੇ ਚੰਦ੍ਰਮਾ ਨੂੰ ਕਈ ਕੰਨਿਆਵਾਂ ਹੱਥ ਲਗੀਆਂ। ਜਿਸ ਕੰਨਿਆਂ ਨੂੰ ਜੋ ਰਾਜਾ ਪਸੰਦ ਆਇਆ, ਦੇਸ਼ ਵਿਦੇਸ਼ ਵਿੱਚੋਂ ਆਏ ਉਸੇ ਰਾਜੇ ਨਾਲ ਉਸ ਨੇ ਸੰਜੋਗ ਕਰ ਲਿਆ।
(ਗਰੁੜ ਪੁਰਾਣ ਅਨੁਸਾਰ ਦੱਕਸ਼ ਬ੍ਰਹਮਾ ਦੇ ਸੱਜੇ ਅੰਗੂਠੇ ਵਿੱਚੋਂ ਨਿਕਲਿਆ ਸੀ ਤੇ ਖੱਬੇ ਵਿੱਚੋਂ ਉਸ ਦੀ ਇਸਤ੍ਰੀ ਪੈਦਾ ਹੋਈ ਸੀ। ਭਾਗਵਤ ਅਨੁਸਾਰ ਦੱਕਸ਼ ਬ੍ਰਹਮਾ ਦਾ ਮਾਨਸ ਪੁੱਤਰ ਹੈ। ਵਿਸ਼ਨੂੰ ਪੁਰਾਣ ਅਤੇ ਮਹਾਂ ਭਾਰਤ ਅਨੁਸਾਰ ਦੱਕਸ਼ ਪ੍ਰਜਾਪਤਿ ਪ੍ਰਚੇਤਾ ਦਾ ਪੁੱਤਰ ਸੀ। ਇਹਨਾਂ ਪੁਰਾਣਾਂ ਅਨੁਸਾਰ ਧਰਮਰਾਜ ਨੂੰ 10, ਕਸ਼ਿਅਪ ਨੂੰ 13, ਚੰਦ੍ਰਮਾ ਨੂੰ 17 ਤੇ ਸ਼ਿਵ ਨੂੰ ਇੱਕ ਸਤੀ ਮਿਲੀ ਸੀ। ਸਤੀ ਜਾਂ ਗਿਰਿਜਾ ਨੂੰ ਰੁਦ੍ਰ ਵਿਆਹ ਕੇ ਘਰ ਲੈ ਆਇਆ ਪਰ ਇੱਥੇ ਹੋਰ ਪੰਗਾ ਪੈ ਗਿਆ। ਦੱਕਸ਼ ਨੇ ਹੋਰ ਧੀਆਂ ਤੇ ਜਵਾਈਆਂ ਨੂੰ ਨਿਓਤਾ ਦਿੱਤਾ ਪਰ ਗਿਰਿਜਾ ਤੇ ਰੁਦ੍ਰ ਨੂੰ ਨਾ ਬੁਲਾਇਆ। ਨਾਰਦ ਨੇ ਗਿਰਿਜਾ ਨੂੰ ਉਸਦੇ ਪਿਤਾ ਵਿਰੁੱਧ ਜਾ ਭੜਕਾਇਆ। ਆਪਣੀ ਤੇ ਆਪਣੇ ਪਤੀ ਰੁਦ੍ਰ ਦੀ ਹਤਕ ਨੂੰ ਨਾ ਸਹਾਰਦਿਆਂ ਗਿਰਿਜਾ ਨੇ ਜੱਗ ਦੀ ਅਗਨੀ ਦੇ ਕੁੰਡ ਵਿੱਚ ਛਾਲ ਮਾਰ ਕੇ ਆਤਮ–ਹੱਤਿਆ ਕਰ ਲਈ। ਉੁਧਰ ਨਾਰਦ ਰੁਦ੍ਰ ਨੂੰ ਭੜਕਾਉਣ ਦੇ ਇਰਾਦੇ ਨਾਲ ਰੁਦ੍ਰ ਨੂੰ ਇਸ ਦੁਰਘਟਨਾ ਬਾਰੇ ਵੀ ਦਸ ਆਇਆ। ਰੁਦ੍ਰ ਨੇ ਜਦ ਆਪਣੀ ਪਤਨੀ ਦੀ ਸੜੀ ਲਾਸ਼ ਦੇਖੀ ਤਾਂ ਉਸ ਨੇ ਕ੍ਰੋਧ ਵਿਚ ਆ ਕੇ ਮਹਾਂ ਭਿਆਨਕ ਪ੍ਰਲੈ ਮਚਾ ਦਿੱਤੀ ਤੇ ਸਭ ਰਾਜੇ ਮਾਰ ਦਿੱਤੇ ਤੇ ਕੇਵਲ ਇੱਕਲਾ ਦੱਕਸ਼ ਹੀ ਬਚਿਆ ਤੇ ਅੰਤ ੳਸ ਦਾ ਸੀਸ ਵੀ ਤ੍ਰਿਸੂਲ ਨਾਲ ਲਾਹ ਦਿੱਤਾ ਗਿਆ।
ਬਚੇ ਹੋਏ ਸਭ ਜੀਵ ਤੇ ਰਾਜੇ ਗੱਲ ਵਿੱਚ ਪਲੂ ਪਾ ਕੇ ਰੁਦ੍ਰ ਪਾਸ ਪੁਜੇ ਤੇ ਉਸਦੀ ਖੁਸ਼ਾਮਦ ਕਰਦਿਆਂ ਕਹਿਣ ਲਗੇ ਕਿ ਅਸੀਂ ਆਪ ਦੇ ਤਪ ਤੇਜ ਨੂੰ ਪਹਿਲਾਂ ਪਛਾਣ ਨਹੀਂ ਸੀ ਸਕੇ। ਹੁਣ ਸਾਡੇ ਤੇ ਤੁਸੀਂ ਕਿਰਪਾ ਕਰ ਦਿਓ। ਰੁਦ੍ਰ ਇਹ ਸੁਣ ਕੇ ਕਿਰਪਾ ਦੇ ਘਰ ਵਿੱਚ ਆ ਗਿਆ ਤੇ ਉਸਨੇ ਦੱਕਸ਼ ਪ੍ਰਜਾਪਤਿ ਦੇ ਸਿਰ ਤੇ ਬਕਰੇ ਦਾ ਸਿਰ ਫ਼ਿਟ ਕਰ ਦਿੱਤਾ। ਸ਼ਿਵ ਨਾਰ– ਹੀਣ ਹੋ ਜਾਣ ਕਾਰਨ ਖਿੱਝ ਖਿੱਝ ਕੇ ਬਹੁਤ ਦੁਖੀ ਹੋਏ ਅਤੇ ¬ਕ੍ਰੋਧ–ਵਸ ਹੋ ਕੇ ਉਹਨਾਂ ਨੇ ਕਾਮ ਨੂੰ ਸਾੜ ਕੇ ਸਰੀਰ–ਹੀਣ ਕਰ ਦਿਤਾ।
12. ਜਲੰਧਰ ਅਵਤਾਰ (ਪੰਨਾ 179 ਤੋਂ 181)
ਵਿਸ਼ਨੂੰ ਦੇ ਇਸ ਬਾਰ੍ਹਵੇਂ ਅਵਤਾਰ ਦੀ ਇਹ ਬੇ–ਸਿਰਪੈਰ ਗਾਥਾ ਸ਼੍ਯਾਮ ਕਵੀ ਨੇ 28 ਬੰਦਾਂ ਵਿੱਚ ਮੁਕਾਈ ਹੈ। ਰੁਦ੍ਰ ਦੀ ਇਸਤ੍ਰੀ ਸੜ੍ਹ ਮਰਨ ਉਪਰੰਤ ਕੈਲਾਸ਼ ਪਰਬਤ ਤੇ ਜਾ ਉਤਰੀ ਅਤੇ ਬਚਪਨਾ ਖਤਮ ਹੋਣ ਤੇ ਜਵਾਨ ਹੋ ਜਾਣ ਪੁਰ ਆਪਣੇ ਪਤੀ ਨਾਲ ਇੱਕ–ਮਿਕ ਹੋਣ ਲਗੀ। ਰੁਦ੍ਰ ਨੇ ਉਸ ਨੂੰ ਵਿਆਹ ਕੇ ਆਪਣੇ ਘਰ ਲੈ ਆਂਦਾ।
ਉਧਰ ਦੂਜੇ ਪਾਸੇ ਵਿਸ਼ਨੂੰ ਤੇ ਉਸ ਦੀ ਇਸਤ੍ਰੀ ਵਿੱਚ ਕੁੱਝ ਹੋਰ ਭਾਣਾ ਵਾਪਰ ਗਿਆ। ਉਸਦੀ ਇਸਤ੍ਰੀ ਨੇ ਵੈਂਗਣਾਂ ਦੀ ਸਬਜ਼ੀ ਪਕਾਈ। ਵਿਸ਼ਨੂੰ ਤੋਂ ਪਹਿਲਾਂ ਉਥੇ ਨਾਰਦ ਆ ਧਮਕਿਆ। ਭੁੱਖ ਲਗੀ ਹੋਣ ਕਾਰਣ ਨਾਰਦ ਨੇ ਉਸ ਤੋਂ ਇਹ ਸਬਜ਼ੀ ਮੰਗ ਲਈ। ਇਸ ਸਬਜ਼ੀ ਨੂੰ ਉਹ ਵਿਸ਼ਨੂੰ ਤੋਂ ਪਹਿਲਾਂ ਨਾਰਦ ਨੂੰ ਦੇਣ ਲਈ ਤਿਆਰ ਨ ਹੋਈ ਜਿਸ ਕਾਰਨ ਉਹ ਨਾਰਦ ਦੇ ਸਰਾਪ ਦੀ ਅਧਿਕਾਰੀ ਬਣੀ। ਉਸ ਨੇ ਉਸ ਨੂੰ ਸਰਾਪ ਦਿੱਤਾ ਕਿ ਉਹ ਦੂਜਾ ਸਰੀਰ ਧਾਰ ਕੇ ਜਲੰਧਰ ਦੈਂਤ ਦੇ ਘਰ ਵਸੇ। ਜਦ ਵਿਸ਼ਨੂੰ ਜੀ ਘਰ ਪੁੱਜੇ ਤਾਂ ਸ੍ਰਾਪ ਬਾਰੇ ਜਾਣ ਕੇ ਬਹੁਤ ਦੁਖੀ ਹੋਏ। ਉਹਨਾਂ ਨੇ ਆਪਣੀ ਇਸਤ੍ਰੀ ਦੀ ਛਾਇਆ ਤੋਂ ਨਕਲੀ ਬਿੰਦ੍ਰਾ ਜਲੰਧਰ ਦੈਂਤ ਦੀ ਇਸਤ੍ਰੀ ਸਾਜ ਲੈਣ ਦੀ ਯੋਜਨਾ ਬਣਾਈ ਜਿਸਨੇ ਧੂਮ੍ਰਕੇਸ਼ ਨਾਮ ਦੇ ਦੈਂਤ ਦੇ ਘਰ ਜਨਮ ਲਿਆ ਤੇ ਜਲੰਧਰ ਦੈਂਤ ਦੀ ਪਤਨੀ ਬਣੀ ਪਰ ਉਥੇ ਵੀ ਜਲ ਵਿੱਚ ਕਮਲ ਦੀ ਤਰ੍ਹਾਂ ਨਿਰਲੇਪ ਤੇ ਪਵਿੱਤਰ ਰਹੀ।
ਜਲੰਧਰ ਦੈਂਤ ਨੂੰ ਜਦ ਰੁਦ੍ਰ ਦੀ ਨਾਰ ਦੀ ਖ਼ੂਬਸੂਰਤੀ ਬਾਰੇ ਪਤਾ ਚਲਿਆ ਤਾਂ ਉਸ ਉਤੇ ਮੋਹਿਤ ਹੋ ਕੇ ਰੁਦ੍ਰ (ਸ਼ਿਵ ਜੀ) ਨੂੰ ਨੋਟਿਸ ਦੇ ਦਿਤਾ:– ਕੈ ਸ਼ਿਵ ਨਾਰ ਸ਼ੀਂਗਾਰ ਕੈ ਮਮ ਗਿ੍ਰਹ ਦੇਹੁ ਪਠਾਇ।
ਨਾਤਰ ਸ਼ੂਲ ਸੰਭਾਲ ਕੈ ਸੰਗ ਲਰਹੁ ਮੁਰ ਆਇ।
(ਚੌਬੀਸ ਅਵਤਾਰ ਪੰਨਾ 179)
‘‘ਮਾਂਗੀ ਨਾਰ ਨ ਦੀਨੀ ਰੁਦ੍ਰਾ’’ ਦੀ ਗਲ ਬਣ ਜਾਣ ਤੇ ਜਲੰਧਰ ਦੈਂਤ ਔਖਾ ਹੋਇਆ। ਉਸਨੇ ਨੇ ਆਪਣੀ ਹਾਥੀਆਂ, ਘੋੜਿਆਂ, ਰੱਥਾਂ ਤੇ ਪੈਦਲ ਸੂਰਮਿਆਂ ਦੀਆਂ ਫ਼ੌਜਾਂ ਲੈ ਕੇ ਰੁਦ੍ਰ ਤੇ ਹਮਲਾ ਕਰ ਦਿੱਤਾ। ਰੁਦ੍ਰ ਦੀ ਬੇਨਤੀ ਉਤੇ ‘‘ਕਾਲ ਪੁਰਖ’’ ਨੇ ਪ੍ਰਸੰਨ ਹੋ ਕੇ ਉਸ ਦੀ ਮਦਦ ਕਰਨ ਲਈ ਵਿਸ਼ਨੂੰ ਨੂੰ ਜਲੰਧਰ ਦੇ ਰੂਪ ਵਿੱਚ ਬਾਰ੍ਹਵਾਂ ਅਵਤਾਰ ਧਾਰਨ ਕਰਕੇ ਜਲੰਧਰ ਦੈਂਤ ਦਾ ਸਰਬ–ਨਾਸ਼ ਕਰਨ ਦੀ ਹਦਾਇਤ ਦਿੱਤੀ।
ਜਲੰਧਰ ਦੈਂਤ ਤੇ ਰੁਦ੍ਰ ਦਾ ਭਿਆਨਕ ਜੰਗ ਛਿੜ ਗਿਆ। ਨਾਲ ਹੀ ਵਿਸ਼ਨੂੰ ਦੇ 12 ਵੇਂ ਅਵਤਾਰ ਜਲੰਧਰ ਨੇ ਵੀ ਜਲੰਧਰ ਦੈਂਤ ਨੂੰ ਮਾਰਨ ਦੀ ਯੋਜਨਾ ਸ਼ੁਰੂ ਕਰ ਦਿੱਤੀ। ਦੈਂਤ ਦੀ ਬੇਸ਼ੁਮਾਰ ਸੈਨਾ ਮਾਰੀ ਜਾਣ ਲਗੀ। ਦੋਹਾਂ ਧਿਰਾਂ ਤੋਂ ਤੀਰਾਂ ਦੀ ਬਰਖਾ ਹੋਣ ਲਗੀ। ਧਰਤੀ ਤੇ ਆਕਾਸ਼ ਦੇ ਦਰਮਿਆਨ ਤੀਰ ਹੀ ਤੀਰ ਚਲਣ ਲਗੇ। ਰਣ ਦੇ ਦ੍ਰਿਸ਼ ਨੂੰ ਦੇਖ ਕੇ ਹਰੀ ਨੇ ਦੈਂਤ ਦਲ ਵਿੱਚ ਛਾਲ ਮਾਰ ਕੇ ਭਿਆਨਕ ਹਮਲਾ ਕੀਤਾ। ਤ੍ਰਿਸੂਲ ਦੇ ਡਰਾਉਣੇ ਹਮਲੇ ਨਾਲ ਦੇਵ ਦਾਨਵ ਸਭ ਡਰ ਕੇ ਕੰਬਣ ਲਗੇ।
ਕਾਲ ਪੁਰਖ ਦੀ ਆਗਿਆ ਹੋਣ ਤੇ ਵਿਸ਼ਨੂੰ ਨੇ ਜਲੰਧਰ ਦੇ ਰੂਪ ਵਿੱਚ ਅਵਤਾਰ ਲਿਆ ਸੀ। ਉਹ ਜਲੰਧਰ ਦੈਂਤ ਦੀ ਤਰ੍ਹਾਂ ਸਜ ਧਜ ਗਿਆ ਤੇ ਬਿ੍ਰੰਦਾ ਕੋਲ ਜਾ ਪੁੱਜਾ। ਉਸ ਨੇ ਉਸੇ ਰੂਪ ਵਿੱਚ ਬਿ੍ਰੰਦਾ ਦਾ ਸਤ ਭੰਗ ਕਰ ਦਿੱਤਾ। ਬਿ੍ਰੰਦਾ ਨੂੰ ਵਰ ਸੀ ਕਿ ਉਸਦਾ ਪਤੀ ਜਲੰਧਰ ਜੰਗ ਵਿੱਚ ਕੇਵਲ ਤਦ ਹੀ ਹਾਰੇਗਾ ਜਦ ਕੋਈ ਬਿ੍ਰੰਦਾ ਦਾ ਸਤ ਭੰਗ ਕਰ ਲਏਗਾ। ਜਲੰਧਰ ਦੈਂਤ ਨੂੰ ਸਰੀਰ ਤਿਆਗਣਾ ਪਿਆ ਤੇ ਬਿ੍ਰੰਦਾ ਵਿਸ਼ਨੂੰ ਦੀ ਨਾਰ ਬਣ ਗਈ ਸੀ। ਭਗਵਾਨ ਦੀ ਇਸ ਯੋਜਨਾ ਬਿਨਾ ਜਲੰਧਰ ਦੈਂਤ ਮਰਨਾ ਹੀ ਨਹੀਂ ਸੀ। ਵਿਸ਼ਨੂੰ ਨੇ ਇਸੇ ਕਾਰਨ ਜਲੰਧਰ ਦਾ ਅਵਤਾਰ ਧਾਰਨ ਕੀਤਾ ਸੀ। ਬਿ੍ਰੰਦਾ ਦਾ ਸਤਿ ਕੀ ਭੰਗ ਹੋਇਆ, ਜਲੰਧਰ ਦੈਂਤ ਦੀ ਸਾਰੀ ਸੈਨਾ ਹੀ ਮਾਰੀ ਕਟੀ ਗਈ। ਜਲੰਧਰ ਦੈਂਤ ਦਾ ਹੰਕਾਰ ਚੂਰ ਹੋਰ ਗਿਆ। ਤੇਜ–ਹੀਣ ਹੋਣ ਪੁਰ ਵੀ ਉਸਨੇ ਜੁੱਧ ਜਾਰੀ ਰਖਿਆ। ਪਰ ਉਸ ਦੇ ਸਭ ਸਾਥੀ ਭੱਜ ਗਏ। ਹੁਣ ਦੋਹਾਂ ਵਿੱਚ ਜੁੱਧ ਹੋਇਆ। ਉਥੇ ਤੀਸਰਾ ਕੋਈ ਵੀ ਨਹੀਂ ਸੀ। ਕਿਤਨੇ ਮਹੀਨਿਆਂ ਤਕ ਇਹ ਜੁੱਧ ਹੁੰਦਾ ਰਿਹਾ। ਜਲੰਧਰ ਸ਼ਿਵ ਉਤੇ ਕ੍ਰੋਧਵਾਨ ਹੋਇਆ। ਸ਼ਿਵ (ਰੁਦ੍ਰ) ਨੇ ਸ਼ਕਤੀ ਦਾ ਧਿਆਨ ਧਾਰਿਆ। ਸ਼ਕਤੀ ਨੇ ਕਿਰਪਾ ਕੀਤੀ ਅਤੇ ਰੁਦ੍ਰ ਬਹੁਤ ਬਲਵਾਨ ਹੋ ਗਿਆ, ਤੇ ਜੁੱਧ ਲਈ ਅੜ ਬੈਠਾ। ਉਧਰ ਵਿਸ਼ਨੂੰ ਨੇ ਉਸਦੀ ਨਾਰ ਦਾ ਸਤਿ ਭੰਗ ਕੀਤਾ ਅਤੇ ਰੁਦ੍ਰ ਇਧਰ ਦੇਵੀ ਵਲੋਂ ਦਿੱਤੇ ਗਏ ਤੇਜ ਨਾਲ ਤਪ ਗਿਆ। ਵਿਸ਼ਨੂੰ ਜੀ ਨੇ ‘‘ਤਾਂ ਤੇ ਹੋਤ ਪਵਿਤ੍ਰ ਸਰੀਰਾ ਜਸ ਨਾਏ ਜਲ ਗੰਗ ਗਹੀਰਾ। ’’ ਇਥੇ ਕਵੀ ਅਨੁਸਾਰ ਉਸ ਨੇ ਥੋੜੇ ਵਿੱਚ ਹੀ ਅਧੂਰੇ ਰੂਪ ਅੰਦਰ ਗੱਲ ਮੁਕਾਈ ਹੈ :–
ਤਾ ਤੇ ਕਥਾ ਥੋਰ ਹੀ ਭਾਸੀ।
ਨਿਰਖ ਭੂਲਿ ਕਬਿ ਕਰੋ ਨ ਹਾਸੀ।।2॥ (ਪੰਨਾ 181)
ਪਦਮ ਪੁਰਾਣ ਮੁਤਾਬਿਕ ਜਲੰਧਰ ਦੈਂਤ ਸ਼ਿਵ ਦੀ ਕ੍ਰੋਧ ਅਗਨੀ ਪ੍ਰਗਟ ਕਰਨ ਸਮੇਂ ਸਮੁੰਦਰ ਵਿੱਚ ਪੈਦਾ ਹੋਇਆ ਸੀ। ਵੱਡਾ ਹੋ ਕੇ ਉਸ ਨੇ ਬਹੁਤ ਦੇਵਤਿਆਂ ਨੂੰ ਮਾਰਿਆ ਤੇ ਇੰਦ੍ਰ ਲੋਕ ਤਕ ਨੂੰ ਜਿੱਤਿਆ। ਇੰਦ੍ਰ ਦੀ ਮਦਦ ਲਈ ਸ਼ਿਵ ਵੀ ਆ ਗਿਆ ਸੀ।
ਜਲੰਧਰ ਦੈਂਤ ਦੀ ਇਸਤ੍ਰੀ ਬਿ੍ਰੰਦਾ ਪਤੀ ਦੀ ਜਿੱਤ ਲਈ ਬ੍ਰਹਮੇ ਦੀ ਪੂਜਾ ਕਰਨ ਬੈਠੀ। ਵਿਸ਼ਨੂੰ ਜੀ ਨੇ ਧੋਖੇ ਨਾਲ ਜਲੰਧਰ ਦੈਂਤ ਦਾ ਰੂਪ ਧਾਰ ਕੇ ਸਤ ਭੰਗ ਕੀਤਾ ਸੀ ਕਿਉਂਕਿ ਉਸ ਬਾਰੇ ਇਹ ਸ੍ਰਾਪ ਸੀ ਕਿ ਉਸ ਦਾ ਸਤ ਭੰਗ ਹੋਣ ਤੇ ਹੀ ਉਸਦੇ ਪਤੀ ਦੀ ਹਾਰ ਹੋਏਗੀ ਤੇ ਉਹ ਮਾਰਿਆ ਜਾਏਗਾ। ਇਸ ਪੁਰਾਣ ਵਿੱਚ ਬਿ੍ਰੰਦਾ ਵਲੋਂ ਪਤੀ ਨਾਲ ਸਤੀ ਹੋ ਜਾਣਾ ਹੀ ਲਿਖਿਆ ਹੈ ।
13. ਵਿਸ਼ਨੂੰ ਅਵਤਾਰ (ਪੰਨਾ 181 ਤੋਂ 182)

ਆਮ ਤੋਰ ਤੇ ਵਿਸ਼ਨੂੰ ਜੀ ਵਲੋਂ ਹੀ ਚੌਵੀ ਜਾਂ ਦਸ ਅਵਤਾਰ ਲੈ ਕੇ ਸਮੇਂ ਸਮੇਂ ਧਰਤੀ ਤੇ ਪਾਪਾਂ ਦਾ ਭਾਰ ਹੌਲਾ ਕਰਨ ਦੀ ਗੱਲ ਹੀ ਅਵਤਾਰ ਕਥਾਵਾਂ ਵਿੱਚ ਅਤੇ ਪੁਰਾਣਾਂ ਵਿੱਚ ਚਲਦੀ ਹੈ ਅਤੇ ਲਗਪਗ ਐਸੀ ਚਰਚਾ ਹੀ ਇਸ ਸਾਕਤੀ ਗ੍ਰੰਥ ਬਚਿਤ੍ਰ ਨਾਟਕ ਦੇ ਅਵਤਾਰਾਂ ਦੇ ਵੇਰਵਿਆਂ ਵਿੱਚ ਹੈ, ਪਰ ਚੂਂਕਿ ਸ੍ਯਾਮ ਕਵੀ ਬਹੁਤ ਹੀ ਅਲਪ–ਬੁਧੀ ਦਾ ਸੁਆਮੀ ਅਤੇ
(highly confused) ਵਿਅਕਤੀ ਹੈ, ਇਸ ਲਈ ਉਹ ਕਿਸੇ ਇਕ ਗੱਲ ਜਾਂ ਸਿਧਾਂਤ ਤੇ ਨਹੀਂ ਟਿਕਦਾ ਅਤੇ ਸਮੇਂ ਸਮੇਂ ਪਲਟਾ ਮਾਰ ਕੇ ਆਪਾ–ਵਿਰੋਧੀ ਗੱਲਾਂ ਕਰ ਜਾਂਦਾ ਹੈ ਜਿਹਨਾਂ ਤੋਂ ਉਸਦੇ ਮੂਲਕ ( basic) ਵਿਚਾਰ ਵੀ ਉਘੜ ਆਉਂਦੇ ਹਨ। ਚੌਵੀ ਅਵਤਾਰਾਂ ਵਾਲੀ ਰਚਨਾ ਵਿੱਚ ਉਸਨੇ 17 ਵਾਰੀ ਮੰਗਲ ਦੇ ਤੌਰ ਤੇ ‘‘ਸ੍ਰੀ ਭਗਉਤੀ ਜੀ ਸਹਾਇ’’ ਲਿਖ ਕੇ ਅਤੇ 3–4 ਵਾਰ ਦੇਵੀ ਜੂ ਕੀ ਉਸਤਤਿ ਦੇ ਕਈ ਬੰਦ ਲਿਖ ਕੇ ਆਪਣੇ ਆਪ ਨੂੰ ਦੇਵੀ ਭਗਤ ਸਪੱਸ਼ਟ ਕਰ ਦਿੱਤਾ ਹੈ। ਇਸ ਤੋਂ ਇਲਾਵਾ ਉਸਦੀ ਰਚਨਾ ਵਿੱਚ ਅਕਾਲ ਪੁਰਖ ਪਰਮੇਸ਼ਰ ਦੀ ਜਗ੍ਹਾ ਥਾਂ ਥਾਂ ਤੇ ‘‘ ਕਾਲ ਪੁਰਖ ’’ ‘‘ਕਾਲ’’ ‘‘ਮਹਾਂਕਾਲ’’ ਦਾ ਜ਼ਿੱਕਰ ਬੜੀ ਸ਼ਿੱਦਤ ਨਾਲ ਕੀਤਾ ਜਾਂਦਾ ਹੈ ਅਤੇ ਉਸ ਦੇ ਸਰੂਪ ਨਿਰੂਪਣ ਸਮੇਂ ਉਸ ਨੂੰ ਕਈ ਵਾਰ ਗੁਰਮਤਿ ਵਲੋਂ ਦਰਸਾਏ ਨਿਰਾਕਾਰ ਤੇ ਸਤਿ ਸਦੀਵੀ ਪਰਮੇਸ਼ਰ ਦੇ ਨੇੜੇ ਤੇੜੇ ਲੈ ਕੇ ਖੜਾ ਕਰਨ ਦਾ ਕੁਜਤਨ ਕੀਤਾ ਜਾਂਦਾ ਹੈ; ਭਾਵੇਂ ਬਹੁਤੀ ਥਾਈਂ ਇਹ ਸਾਕਤਮਤੀਆ ਕਵੀ ਇਸ ਨੂੰ ਆਪਣੇ ਇੱਸ਼ਟ ਦੇਵ ਦੇ ਤੌਰ ਤੇ ਪੂਰੇ ਭਿਆਨਕ ਤੇ ਸਾਕਾਰ ਰੂਪ ਵਿੱਚ ਚਿਤਰਦਾ ਹੈ ਜੋ ਉਂਝ ਨਿਰਾ ਕਾਲਪਨਿਕ ਸਰੂਪ ਹੀ ਹੁੰਦਾ ਹੈ।
ਇਥੇ ਤੇਰ੍ਹਵੇਂ ਅਵਤਾਰ ਦੇ ਆਰੰਭ ਵਿੱਚ ਵੀ ‘‘ਵਿਕਲ ਹੋਤੁ ਧਰਨ ਜਬ ਭਾਰਾ – ਕਾਲ ਪੁਰਖ ਪਹਿ ਕਰਤ ਪੁਕਾਰਾ’’। ਸਭ ਦੇਵਾਂ ਦੀ ਅੰਸ਼ (?) ਲੈ ਕੇ ਵਿਸ਼ਨੂੰ ਜੀ ਨੇ ਤੇਰ੍ਹਵਾਂ ਅਵਤਾਰ ਵਿਸ਼ਨੂੰ ਰੂਪ ਵਿੱਚ ਲੈ ਲਿਆ, ਕਹਿ ਕੇ ਬੇ ਹੱਦ ਹਾਸੋ–ਹੀਣੀ
(ludicrous) ਤੇ ਮੂਰਖਤਾ ਭਰੀ ਵਿਚਾਰ ਪੇਸ਼ ਕੀਤੀ ਹੈ। ਫ਼ਿਰ ਅਠ–ਨੌ ਪੰਗਤੀਆਂ ਵਿੱਚ ਹੀ ਇਸ ਅਵਤਾਰ ਦਾ ਕੋਈ ਵੇਰਵਾ ਦੇਣ ਤੋਂ ਬਿਨਾ ਹੀ ‘‘ਆਨ ਹਰਤ ਪਿ੍ਰਥਵੀ ਕੋ ਭਾਰਾ ’’ ਅਤੇ ‘‘ਭੂਮਿ ਭਾਰ ਹਰਿ ਸੁਰਪੁਰ ਜਾਈ ’’ ਕਹਿ ਕੇ ਇਸ ਦਾ ਸਿਆਪਾ ਹੀ ਮੁਕਾ ਦਿੱਤਾ ਹੈ।
14. ਵਿਸ਼ਨੂੰ ਅਵਤਾਰ (ਬਿਨਾ ਨਾਮ ਦੇ) (ਪੰਨਾ 182)
ਸਾਕਤ ਕਵੀ ਸ੍ਯਾਮ ਚੌਵੀ ਅਵਤਾਰਾਂ ਦੇ ਵੇਰਵੇ ਦਿੰਦਿਆਂ ਆਪਣੇ ਭੰਗ, ਅਫ਼ੀਮ ਆਦਿ ਨਸ਼ਿਆਂ ਦੇ ਪ੍ਰਭਾਵ ਕਾਰਨ ਇਥੇ ਚੌਦਵੇਂ ਅਵਤਾਰ ਤੇ ਆ ਕੇ ਦਿਮਾਗ਼ੀ ਤੋਰ ਤੇ ਬਹੁਤ ਹੀ ਹਿਲ ਗਿਆ ਪ੍ਰਤੀਤ ਹੁੰਦਾ ਹੈ। ਵਿਸ਼ਨੂੰ ਦੇ ਇਸ ਚੌਦਵੇਂ ਅਵਤਾਰ ਦੇ ਵੇਰਵੇ ਤੇ ਕਰਤਬ ਇਸ ਕਵੀ ਨੇ ਕੀ ਦੇਣੇ ਹਨ, ਇਹ ਆਪਣੀ ਇਸ ਦਸ–ਬਾਰਾਂ ਪੰਗਤੀਆਂ ਵਿੱਚ ਮੁਕਾਈ ਰਚਨਾ ਵਿਚ ਸਿਰਲੇਖ ਅਤੇ ਅੰਤਿਕਾ ਵਿੱਚ ਵੀ ਵਿਸ਼ਨੂੰ ਅਵਤਾਰ ਦਾ ਨਾਮ ਨਹੀਂ ਦੇ ਸਕਿਆ। ਯਭਲੀਆਂ ਮਾਰਦਿਆਂ ਉਹ ਕੁੱਝ ਪੰਗਤੀਆਂ ਜ਼ਰੂਰ ਐਸੀਆਂ ਲਿਖ ਗਿਆ ਹੈ ਜਿਹਨਾਂ ਨੂੰ ਪੜ੍ਹ ਸੁਣ ਕੇ ਕੁੱਝ ਸਿੱਖ ਗੁਮਰਾਹ ਹੋ ਕੇ ਇਸ ਰਚਨਾ ਨੂੰ ਇੱਕ ਸਿਖ ਵਿਚਾਰਧਾਰਾ ਵਾਲੇ ਕਵੀ ਦੀ ਰਚਨਾ ਮੰਨਣ ਦਾ ਭੁਲੇਖਾ ਖਾ ਸਕਦੇ ਹਨ।
ਵਿਸ਼ਨੂੰ ਜੀ ਧਰਤੀ ਤੇ ਪਾਪਾਂ ਦਾ ਭਾਰ ਹਰਨ ਲਈ ਅਵਤਾਰ ਲੈ ਲੈ ਕੇ ਖੀਰ ਸਮੁੰਦਰ ਵਿੱਚ ਥਕੇ ਟੁਟੇ ਹੋਏ ਸੱਪ ਦੀ ਛਾਂ ਹੇਠ ਲੰਮੇ ਪਏ ਸਨ। ਵਿਸ਼ਨੂੰ ਜੀ ਨੇ ਇਹ ਅਵਤਾਰ ਮਧੁ ਤੇ ਕੀਟਭ ਨਾਮ ਦੇ ਦੈਂਤਾਂ ਦੇ ਉਪਦ੍ਰਵਾਂ ਤੋਂ ਦੇਵਾਂ ਨੂੰ ਬਚਾਉਣ ਲਈ ਹੀ ਧਾਰਨ ਕੀਤਾ ਸੀ ਅਤੇ ਮਧੁ ਕੀਟਭ ਨੂੰ ਮਾਰਨ ਲਈ 5000 ਸਾਲ ਤਕ ਦਾ ਲੰਬਾ ਸਮਾਂ ਇਸ ਅਵਤਾਰ ਦਾ ਲਗ ਗਿਆ ਸੀ। ਉਂਝ ਇਹਨਾਂ ਦੋਨਾਂ ਦੈਂਤਾਂ ਦਾ ਜਨਮ ਵਿਸ਼ਨੂੰ ਜੀ ਦੇ ਕੰਨਾਂ ਵਿੱਚੋਂ ਨਿਕਲੀ ਮੈਲ ਤੋਂ ਵੀ ਹੋਇਆ ਦੱਸਿਆ ਗਿਆ ਹੈ ਤੇ ਨਿਰਮਤ ਹੁੰਦਿਆਂ ਹੀ ਸੂਰਜ ਤੇ ਚੰਨ੍ਹ ਦੀ ਤਰ੍ਹਾਂ ਰੋਸ਼ਨੀ ਦੇਣ ਲਗ ਗਏ ਸਨ। ਪੁਰਾਣਾਂ ਵਿੱਚੋਂ ਜਾਂ ਇਸੇ ਸਾਕਤ ਮਤੀ ਪੁਸਤਕ ਬਚਿਤ੍ਰ ਨਾਟਕ ਦੇ ਹੋਰ ਅਧਿਆਵਾਂ ਨੂੰ ਵਾਚੀਏ ਤਾਂ ਇਹ ਦੋਵੇਂ ਦੈਂਤ ਚੰਡੀ ਦੇਵੀ ਨੇ ਮਾਰੇ ਸਨ, ਵਿਸ਼ਨੂੰ ਨੇ ਨਹੀਂ। ਇਹ ਕਹਾਣੀ ਮਾਰਕੰਡੇਯ ਵਿੱਚ ਵੀ ਦਿੱਤੀ ਹੋਈ ਹੈ।
ਤਫ਼ਸੀਲ, ਤਸ਼ਰੀਹ ਤੇ ਤਸ਼ਖ਼ੀਸ ਸਬੰਧੀ ਟਿੱਪਣੀਆਂ
(1) ਬਚਿਤ੍ਰ ਨਾਟਕ ਦੇ ਚੌਵੀ ਅਵਤਾਰਾਂ ਵਿੱਚੋਂ ਵਿਸ਼ਨੂੰ ਦੇ ਦਸਵੇਂ ਅਵਤਾਰ ਨੂੰ ਪੰਨਾ ਨੰਬਰ 172 ਦੇ ਅੱਧੇ ਕੁ ਸਫ਼ੇ ਵਿੱਚ ਬੜੇ ਅਜੀਬ ਤਰੀਕੇ ਨਾਲ ਅੰਕਿਤ ਕੀਤਾ ਗਿਆ ਹੈ। ਇੱਕ ਪਾਸੇ ਤਾਂ ਵਿਸ਼ਨੂੰ ਤੇ ਬ੍ਰਹਮਾ ਦੋਨੋਂ ਹੀ ਤ੍ਰੈ–ਮੂਰਤੀ
(Trinity) ਦੇ ਮੈਂਬਰ ਹਨ ਤੇ ਦੂਜੇ ਪਾਸੇ ਵਿਸ਼ਨੂੰ ਜੀ ਦਸਵੇਂ ਅਵਤਾਰ ਦੇ ਤੌਰ ਤੇ ਬ੍ਰਹਮੇ ਦੇ ਰੂਪ ਵਿੱਚ ਪੇਸ਼ ਕੀਤੇ ਜਾ ਰਹੇ ਹਨ। ਸ਼੍ਯਾਮ ਜੈਸੇ ਨਿਰਬੁਧ ਜਾਂ ਅਲਪ–ਬੁੱਧ ਲਿਖਾਰੀ ਪਾਸੋਂ ਐਸੇ ਆਪਾ–ਵਿਰੋਧ (paradoxes) ਰਹਿ ਜਾਣੇ ਸੁਭਾਵਕ ਹਨ।
(2) ਦਲੀਲ ਦੀ ਦੁਨੀਆਂ ਵਿੱਚ ਇਹ ਵਿਚਾਰ ਬਹੁਤ ਹੀ ਕਾਲਪਨਿਕ ਤੇ ਨਾ ਸਮਝ ਆਉਣ ਵਾਲਾ ਹੈ ਕਿ ਤ੍ਰੈਮੂਰਤੀ
(Trinity) ਦਾ ਇੱਕ ਦੇਵਤਾ ਦੂਜੇ ਦੇਵਤੇ ਦਾ ਅਵਤਾਰ ਕਿਵੇਂ ਧਾਰ ਰਿਹਾ ਹੈ। ਜਿਵੇਂ ਪਿਛਲੇ ਕਾਂਡ ਵਿੱਚ ਵਿਸ਼ਨੂੰ ਜੀ ਨੇ ਬੋਗਸ ਤੌਰ ਤੇ ਬ੍ਰਹਮਾ ਦੇ ਰੂਪ ਵਿੱਚ ਦਸਵਾਂ ਅਵਤਾਰ ਧਾਰਿਆ ਹੈ ਤਿਵੇਂ ਹੀ ਇਸ ਕਾਂਡ ਵਿਚ ਵਿਸ਼ਨੂੰ ਜੀ ਨੇ ਰੁਦ੍ਰ (ਸ਼ਿਵ) ਦੇ ਰੂਪ ਵਿਚ 11 ਵਾਂ ਅਵਤਾਰ ਉਸੇ ਬੋਗਸ ਤੇ ਸਮਝ ਤੋਂ ਪਰੇ ਰਹਿਣ ਵਾਲੇ ਢੰਗ ਨਾਲ ਧਾਰਨ ਕੀਤਾ ਹੈ।
(3) ਰੁਦ੍ਰ ਨੇ ਅਨੇਕਾਂ ਸੂਰਮਿਆਂ ਤੇ ਰਾਜਿਆਂ ਨੂੰ ਕਾਲ ਪੁਰਖ ਦਾ ਧਿਆਨ ਧਰ ਕੇ ਉਸ ਦੇ ਬਲ ਨਾਲ ਜ਼ਿੰਦਾ ਕਰ ਦਿੱਤਾ ਸੀ। ਰਾਜੇ ਦੀਆਂ ਹੋਰ ਕੁੜੀਆਂ ਤੇ ਜਵਾਈ ਤਾਂ ਉਸ ਵਲੋਂ ਜ਼ਿੰਦਾ ਕਰ ਦਿੱਤੇ ਗਏ ਸਨ ਪਰ ਰੁਦ੍ਰ ਆਪਣੀ ਪਤਨੀ ਨੂੰ ਜ਼ਿੰਦਾ ਨਾ ਕਰ ਸਕਿਆ। ਇਹ ਗੱਲ ਸਾਧਾਰਨ ਸਮਝ ਦੇ ਅਨੁਕੂਲ ਤਾਂ ਨਹੀਂ ਬੈਠਦੀ।
(4) ਰੁਦ੍ਰ ਅਤੇ ਜਲੰਧਰ ਅਵਤਾਰ ਦੇ ਵੇਰਵੇ ਅਤੇ ਘਟਨਾਵਾਂ ਅਸੰਭਵ ਅਰ ਨਿਰਾਧਾਰ ਕਿਸਮ ਦੀਆਂ ਹਨ। ਇਹਨਾਂ ਦੇ ਕਥਾਨਕ ਸਪੱਸ਼ਟ ਰੂਪ ਵਿੱਚ ਕਾਲਪਨਿਕ ਅਤੇ ਅਣਹੋਣੇ ਹਨ। ਪੰਜ–ਪੰਜ ਹਜ਼ਾਰ ਸਾਲਾਂ ਦੇ ਜੰਗ ਇਹਨਾਂ ਵੇਰਵਿਆਂ ਨੂੰ ਪੂਰੀ ਤਰ੍ਹਾਂ ਝੂਠਾ ਸਾਬਤ ਕਰਦੇ ਹਨ।
(5) ਰੁਦ੍ਰ ਅਵਤਾਰ ਨੂੰ ਅਤਿ ਦਾ ਕ੍ਰੋਧੀ, ਖੁੰਦਕੀ, ਇਸਤ੍ਰੀ–ਪ੍ਰਸਤ ਅਰ ਖ਼ੁਸ਼ਾਮਦ–ਪਸੰਦ ਦੇ ਰੂਪ ਵਿੱਚ ਚਿਤਰਿਆ ਗਿਆ ਹੈ। ਜਲੰਧਰ ਅਵਤਾਰ ਕੇਵਲ ਧੋਖਾ ਤੇ ਫ਼ਰੇਬ ਹੀ ਨਹੀਂ ਕਰਦਾ, ਜਲੰਧਰ ਦੈਂਤ ਦੀ ਆਚਰਨਸ਼ੀਲ ਇਸਤ੍ਰੀ ਦਾ ਧੋਖੇ ਨਾਲ ਸਤਿ ਭੰਗ ਕਰਦਾ ਹੈ। ਇਹ ਅਵਤਾਰ ਧਰਮ ਦੀ ਸੰਸਥਾਪਨਾ ਦੀ ਥਾਂ ਧਰਮ–ਵਿਰੋਧੀ ਆਚਰਨ ਅਪਨਾਉਂਦੇ ਅਤੇ ਪ੍ਰਚਾਰਦੇ ਪ੍ਰਤੀਤ ਹੋ ਰਹੇ ਹਨ।
(6) 14ਵੇਂ ਅਵਤਾਰ ਬਾਰੇ ਲਿਖੀ ਤੀਜੀ ਪੰਗਤੀ ਤੋਂ ਪ੍ਰਤੀਤ ਹੁੰਦਾ ਹੈ ਕਿ ਤੇਰ੍ਹਵੇਂ ਦੀ ਤਰ੍ਹਾਂ ਚੌਦਵਾਂ ਅਵਤਾਰ ਵੀ ਵਿਸ਼ਨੂੰ ਜੀ ਦਾ ਹੀ ਹੈ।
ਇਸ 10–12 ਪੰਗਤੀਆਂ ਦੀ ਰਚਨਾ ਦੇ ਚੌਥੇ ਬੰਦ ਵਿਚ ਕਵੀ ਨੇ ਆਪਣੇ ਨਾਮ ਦੀ ਵੀ ਸਪੱਸ਼ਟ ਘੋਸ਼ਣਾ ਕੀਤੀ ਹੈ ਅਤੇ ਪਹਿਲੇ ਬੰਦ ਵਿੱਚ ਹੀ ਉਸਨੇ ਇਸ ਗੱਲ ਨੂੰ ਲੁਕਾ ਕੇ ਨਹੀਂ ਰਖਿਆ ਕਿ ਉਸਦਾ ਇੱਸ਼ਟ ਬ੍ਰਹਮਾ, ਵਿਸ਼ਨੂੰ, ਸ਼ਿਵ, ਇੰਦ੍ਰ, ਚੰਦ੍ਰ ਜਾਂ ਸੂਰਜ ਦੇਵਤਾ ਨਹੀਂ, ਬਲਕਿ ਸਾਕਤੀ ਇੱਸ਼ਟ ‘‘ਕਾਲ ਪੁਰਖ’’ ਜਾਂ ‘‘ਮਹਾਂਕਾਲ’’ ਹੈ, ਯਥਾ:–
ਕਾਲ ਪੁਰਖ ਕੀ ਦੇਹ ਮੋਂ, ਕੋਟਿਕ ਬਿਸ਼ਨ ਮਹੇਸ਼।
ਕੋਟਿ ਇੰਦ੍ਰ ਬ੍ਰਹਮਾ ਕਿਤੇ, ਰਵਿ ਸਸਿ ਕੋਟਿ ਜਲੇਸ਼।1॥
ਮਧੁ ਕੀਟਭ ਕੇ ਬਧ ਨਮਿਤ ਜਾ ਦਿਨ ਜਗਤੁ ਮੁਰਾਰ॥
ਸੁ ਕਬਿ ਸ੍ਯਾਮ ਤਾ ਕੋ ਕਰੇ ਚੌਦਸਵੋਂ ਅਵਤਾਰ॥4॥
(ਚੌਬੀਸ ਅਵਤਾਰ) (ਪੰਨਾ 182)


01/05/16)
ਹਰਮਿੰਦਰ ਸਿੰਘ ਭੱਟ

ਪਿੰਡਾਂ ਦੇ ਸਰਪੰਚ ਅਤੇ ਪੰਚ ਨੇ ਮੁੱਢਲੀ ਵਿੱਦਿਅਕ ਸਿੱਖਿਆ ਤੋਂ ਵੀ ਵਾਂਝੇ
ਬਗੈਰ ਪੜੇ ਅਤੇ ਸਮਝੇ ਕਰਦੇ ਨੇ ਸਰਕਾਰੀ ਕਾਗ਼ਜ਼ਾਂ ਤੇ ਦਸਤਖ਼ਤ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
ਪਿੰਡਾਂ ਵਿਚ ਪੰਚਾਇਤਾਂ ਦੇ ਪੰਚਾਂ ਅਤੇ ਸਰਪੰਚਾਂ ਦਾ ਅਨਪੜ੍ਹ ਹੋਣਾ ਅਤੇ ਘੱਟ ਪੜੇ ਲਿਖੇ ਹੋਣਾ ਵੱਡਾ ਕਾਰਨ ਬਣ ਰਿਹਾ ਹੈ ਦਿਨੋਂ ਦਿਨ ਵੱਧ ਰਹੀਆਂ ਲੜਾਈਆਂ ਅਤੇ ਘਰੇਲੂ ਕਲੇਸ਼ਾਂ ਦਾ, ਵਧੇਰੇ ਸਰਵੇਖਣ ਦੇ ਅਨੁਸਾਰ ਪਿੰਡਾਂ ਅਤੇ ਕਸਬਿਆਂ ਦੇ ਪੰਚਾ ਅਤੇ ਸਰਪੰਚਾਂ ਵਿਚੋਂ ਸਿਰਫ਼ 20 ਪ੍ਰਤੀਸ਼ਤ ਹੀ ਪੜੇ ਲਿਖੇ ਹਨ ਪਰ ਬਾਕੀ 80 ਪ੍ਰਤੀਸ਼ਤ ਤਾਂ ਸਿਰਫ਼ ਹਸਤਾਖ਼ਰ ਕਰਨ ਵੇਲੇ ਵੀ ਕਤਰਾਉਂਦੇ ਹਨ ਕਿਉਂਕਿ ਉਨ੍ਹਾਂ ਦੀ ਮੁੱਢਲੀ ਵਿੱਦਿਅਕ ਯੋਗਤਾ ਬਹੁਤ ਥੋੜ੍ਹੀ ਹੁੰਦੀ ਹੈ ਪਰ ਉਨ੍ਹਾਂ ਕੋਲ ਸਰਕਾਰੀ ਮੋਹਰਾਂ ਸਰਕਾਰ ਦੁਆਰ ਦਸਤਖ਼ਤ ਕਰਵਾਉਣ ਨੂੰ ਬਕਾਇਦਾ ਕੋਈ ਵੀ ਸਵੈ ਘੋਸ਼ਣਾ ਪੱਤਰ, ਗਵਾਹੀ ਜਾਂ ਕੋਈ ਹੋਰ ਕਾਗ਼ਜ਼ੀ ਕਾਰਵਾਈ ਨੂੰ ਪ੍ਰਮਾਣਿਤ ਕਰਨ ਲਈ ਦੇ ਦਿੱਤੀ ਜਾਂਦੀ ਹੈ ਪਰ ਉਸ ਕਾਗ਼ਜ਼ ਉੱਪਰ ਲਿਖਿਆ ਜਾਂ ਕੁੱਝ ਵੀ ਦਸਤਾਵੇਜ਼ ਉਨ੍ਹਾਂ ਲਈ ਕਾਲਾ ਅੱਖਰ ਮੱਝ ਬਰਾਬਰ ਪ੍ਰਤੀਤ ਹੁੰਦਾ ਹੈ ਜਿਸ ਨੂੰ ਅਣਗੌਲਿਆ ਕਰ ਕੇ ਪੈਨਸ਼ਨਾਂ, ਨੀਲੇ ਕਾਰਡ ਅਤੇ ਹੋਰ ਸਰਕਾਰੀ ਸਕੀਮਾਂ ਦਾ ਫ਼ਾਇਦਾ ਲੈ ਕੇ ਪਤਾ ਨਹੀਂ ਕਿੰਨੇ ਹੀ ਗ਼ਲਤ ਸੋਚ ਵਾਲੇ ਲੋਕ ਅਨੰਦ ਲੈ ਰਹੇ ਹਨ ਪਰ ਸਰਕਾਰਾਂ ਬਿਲਕੁਲ ਇਸ ਮਸਲੇ ਨੂੰ ਗੰਭੀਰ ਨਾ ਲੈ ਕੇ ਆਪਣਾ ਹੀ ਉੱਲੂ ਸਿਧਾ ਕਰ ਰਹੀਆਂ ਪ੍ਰਤੀਤ ਹੋ ਰਹੀਆਂ ਹਨ।
ਜਿਸ ਦਾ ਵੱਡਾ ਕਾਰਨ ਸਰਕਾਰਾਂ ਦੁਆਰਾ ਉਕਤ ਅਹੁਦਿਆਂ ਦੀਆਂ ਵੋਟਾਂ ਵੇਲੇ ਨਾ ਤਾਂ ਇਹ ਦੇਖਿਆ ਜਾਂਦਾ ਹੈ ਕਿ ਉਮੀਦਵਾਰ ਦੀ ਵਿੱਦਿਅਕ ਯੋਗਤਾ ਕਿੰਨੀ ਹੈ? ਅਤੇ ਕੀ ਉਹ ਇਨ੍ਹਾਂ ਪੜ੍ਹਿਆ ਲਿਖਿਆ ਹੈ ਕਿ ਆਪਣੇ ਇਲਾਕੇ ਅਤੇ ਪਿੰਡ ਦਾ ਵਿਕਾਸ ਆਪਣੀ ਯੋਗਤਾ ਅਨੁਸਾਰ ਕਰ ਸਕੇ? ਪਰ ਇੰਜ ਨਾ ਕਰ ਕੇ ਅਨਪੜ੍ਹ ਜਾਂ ਸਿਫ਼ਾਰਸ਼ੀ ਉਮੀਦਵਾਰ ਜੋ ਕਿ ਰਿਜ਼ਰਵ/ਰਾਖਵੀਂਆਂ ਸੀਟਾਂ ਤੇ ਚੋਣ ਲੜ ਰਿਹਾ ਹੁੰਦਾ ਹੈ ਉਸ ਨੂੰ ਜਿਤਾਉਣ ਪਿੱਛੇ ਧਨਾਢਾਂ ਵੱਲੋਂ ਹੰਭਲਾ ਮਾਰਿਆ ਜਾਂਦਾ ਹੈ ਤੇ ਕਈ ਜਗਾਵਾਂ ਤੇ ਪੈਸੇ ਦੇ ਸਿਰ ਤੇ ਇਹ ਚੋਣਾਂ ਆਰਾਮ ਨਾਲ ਜਾਂ ਸਰਬਸੰਮਤੀ ਨਾਲ ਜਿੱਤੀਆਂ ਜਾਂਦੀਆਂ ਹਨ।ਕਈ ਸਰਪੰਚਾਂ ਅਨੁਸਾਰ ਕਿਹਾ ਗਿਆ ਏ ਕਿ ਸਾਨੂੰ ਤਾਂ ਮੋਹਰ ਬਗੈਰ ਦੇਖੇ ਹੀ ਲਾਉਣੀ ਪੈਂਦੀ ਹੈ ਕਿਉਂਕਿ ਪੜ੍ਹ ਕੇ ਸਮਝਣਾ ਨਹੀਂ ਆਉਂਦਾ ਅਤੇ ਕਈ ਪਿੰਡਾਂ ਦੇ ਲੋਕਾਂ ਨੂੰ ਨਿਰਾਸਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਨ੍ਹਾਂ ਦੇ ਪਿੰਡਾਂ ਦੇ ਸਰਪੰਚ ਤਾਂ ਮੋਹਰ ਹੀ ਨਹੀਂ ਲਗਾਉਂਦੇ ਕਿ ਸ਼ਾਇਦ ਕਿਸੇ ਅਸ਼ਟਾਮ ਤੇ ਸਾਈਨ ਕਰਵਾ ਕਿ ਉਨ੍ਹਾਂ ਦੀ ਸਾਰੀ ਜਾਇਦਾਦ ਹੀ ਨਾ ਹੜੱਪ ਲਈ ਜਾਵੇ। ਖ਼ਾਸ ਕਰ ਸਕੂਲ ਕਾਲਜ ਦੇ ਵਿਦਿਆਰਥੀਆਂ ਨੂੰ ਤਾਂ ਬਹੁਤੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਸਰਕਾਰ ਨੂੰ ਸਮਾਜਸੇਵੀ ਸੰਸਥਾਵਾਂ ਅਤੇ ਬੁੱਧੀਜੀਵੀ ਵਰਗ ਵੱਲੋਂ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਇਹਨਾਂ ਗੰਭੀਰ ਜਨਤਕ ਮਸਲਿਆਂ ਤੇ ਪਹਿਲ ਦੇ ਆਧਾਰ ਤੇ ਅਮਲ ਕਰ ਕੇ ਪੰਚਾ ਅਤੇ ਸਰਪੰਚਾਂ ਸਮੇਤ ਹਰੇਕ ਚੋਣਾਂ ਵੇਲੇ ਵਿੱਦਿਅਕ ਯੋਗਤਾ ਨੂੰ ਦੇਖ ਉਮੀਦਵਾਰ ਦੀ ਚੋਣ ਕਰੇ ਅਤੇ ਅਜੋਕੇ ਸਮੇਂ ਅਸਿੱਖਿਅਤ ਪੰਚਾਇਤਾਂ ਨੂੰ ਕਿਸੇ ਯੋਜਨਾ ਤਹਿਤ ਸਿੱਖਿਅਕ ਕਰੇ ਤਾਂ ਕਿ ਉੱਜਵਲ ਸਮਾਜ ਦੀ ਸਿਰਜਣਾ ਹੋ ਸਕੇ।
ਭੁੱਲ ਚੁੱਕ ਦੀ ਖਿਮਾ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
ਹਰਮਿੰਦਰ ਸਿੰਘ ਭੱਟ
ਬਿਸਨਗੜ੍ਹ (ਸੰਗਰੂਰ)
09914062205


01/05/16)
ਗੁਰਿੰਦਰ ਸਿੰਘ ਕੋਟਕਪੂਰਾ

‘ਮਾਮਲਾ ਸਹਿਜਧਾਰੀਆਂ ਦੇ ਵੋਟ ਹੱਕ ਦਾ’
ਪੰਥਕ ਮਸਲਿਆਂ ’ਤੇ ਹਰ ਵਾਰ ਸਿੱਖਾਂ ਨਾਲ ਹੀ ਵਿਤਕਰੇਬਾਜ਼ੀ ਕਿਉਂ?
-ਗੁਰਿੰਦਰ ਸਿੰਘ ਕੋਟਕਪੂਰਾ

ਸਹਿਜਧਾਰੀਆਂ ਨੂੰ ਗੁਰਦਵਾਰਾ ਚੋਣਾਂ ’ਚ ਵੋਟ ਦੇ ਹੱਕ ਤੋਂ ਵਾਂਝਾ ਕਰਨ ਦੇ ਲੋਕ ਸਭਾ ’ਚ ਪਾਸ ਹੋਏ ਬਿੱਲ ਦੀ ਵੱਖ-ਵੱਖ ਸਿਆਸੀ, ਗੈਰਸਿਆਸੀ ਪਾਰਟੀਆਂ, ਸੰਸਥਾਵਾਂ ਤੇ ਜੱਥੇਬੰਦੀਆਂ ਨਾਲ ਸਬੰਧਤ ਲੋਕਾਂ ਵੱਲੋਂ ਵੱਖੋ-ਵੱਖਰੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ ਪਰ ਸੋਚਣ ਤੇ ਵਿਚਾਰਣ ਵਾਲੀ ਗੱਲ ਇਹ ਹੈ ਕਿ ਕਿਸੇ ਵੀ ਲੇਖਕ ਨੇ ਅਜਿਹਾ ਲਿਖਣ ਦੀ ਜਰੂਰਤ ਨਹੀਂ ਸਮਝੀ ਕਿ ਸਿੱਖਾਂ ਨੂੰ ਛੱਡ ਕੇ ਹਿੰਦੂ, ਮੁਸਲਿਮ, ਈਸਾਈ, ਜੈਨੀ, ਬੋਧੀ, ਪਾਰਸੀ, ਯਹੂਦੀ ਜਾਂ ਹੋਰ ਕੋਈ ਵੀ ਧਰਮ ਜਾਂ ਕੌਮ ਅਜਿਹੀ ਨਹੀਂ, ਜਿਸ ਦੇ ਧਾਰਮਿਕ ਮਸਲਿਆਂ ਦਾ ਫ਼ੈਸਲਾ ਅਦਾਲਤ ਜਾਂ ਲੋਕ ਸਭਾ ਵੱਲੋਂ ਕੀਤਾ ਜਾਂਦਾ ਹੋਵੇ, ਫ਼ਿਰ ਇਕੱਲੇ ਸਿੱਖਾਂ ਦੇ ਫ਼ੈਸਲੇ ਅਦਾਲਤਾਂ ਜਾਂ ਲੋਕ ਸਭਾ ’ਚ ਕਿਉਂ? ਉਕਤ ਮਾਮਲੇ ਦਾ ਦੁਖਦਾਇਕ ਪਹਿਲੂ ਇਹ ਵੀ ਹੈ ਕਿ ਗੈਰ ਸਿੱਖਾਂ ਨੂੰ ਛੱਡੋ, ਪੰਥ ਦੇ ਠੇਕੇਦਾਰ ਅਖਵਾਉਣ ਵਾਲੇ ਅਤੇ ਸਿੱਖ ਸੰਸਥਾਵਾਂ ਤੇ ਧਾਰਮਿਕ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੀ ਅਜਿਹਾ ਰੋਸ ਕਰਨ ਦੀ ਜਰੂਰਤ ਹੀ ਨਹੀਂ ਸਮਝੀ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ 18 ਸਤੰਬਰ 2011 ਨੂੰ ਹੋਈਆਂ ਆਮ ਚੋਣਾਂ ਮੌਕੇ ਇਕ ਵਿਲੱਖਣ ਇਤਿਹਾਸ ਜੁੜ ਗਿਆ, ਜਦੋਂ ਪੰਥ ਦਾ ਦਰਦ ਰੱਖਣ ਵਾਲੇ ਤੇ ਸਾਬਤ-ਸੂਰਤ ਪਰਿਵਾਰਾਂ ਨਾਲ ਸਬੰਧਤ ਵੋਟਰਾਂ ਦੇ ਸਾਹਮਣੇ ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਗਈਆਂ ਅਤੇ ਬਹੁਤੇ ਉਮੀਦਵਾਰ ਉਹ ਜਿੱਤੇ, ਜੋ ਸਮੇਂ-ਸਮੇਂ ਅਕਾਲ ਤਖ਼ਤ ਸਾਹਿਬ ਦੇ ਫ਼ੈਸਲਿਆਂ ਨੂੰ ਅੰਗੂਠਾ ਦਿਖਾਉਂਦੇ ਰਹੇ ਹਨ। ਉਕਤ ਚੋਣਾਂ ’ਚ ਗੁਰਦਵਾਰਾ ਚੋਣ ਕਮਿਸ਼ਨਰ ਦੀਆਂ ਸਖਤ ਹਦਾਇਤਾਂ ਦੇ ਬਾਵਜੂਦ ਵੱਡੀ ਗਿਣਤੀ ’ਚ ਗੈਰ-ਸਿੱਖ, ਪਤਿੱਤ, ਨਸ਼ੱਈ ਅਤੇ ਇਕ ਵੀ ਸ਼ਰਤ ’ਤੇ ਪੂਰੇ ਨਾ ਉਤਰਣ ਵਾਲੇ ਨਕਲੀ ਵੋਟਰਾਂ ਨੇ ਵੀ ਆਪਣੀ ਵੋਟ ਦਾ ਇਸਤੇਮਾਲ ਕੀਤਾ। ਅੱਜ ਸ਼ੋ੍ਰਮਣੀ ਕਮੇਟੀ ਚੋਣਾਂ ਤੋਂ ਸਹਿਜਧਾਰੀ ਸਿੱਖਾਂ ਨੂੰ ਵਾਂਝੇ ਕਰਨ ਲਈ ਲੋਕ ਸਭਾ ’ਚ ਪਾਸ ਹੋਏ ਬਿੱਲ ਬਾਰੇ ਖ਼ਬਰ ਅਖ਼ਬਾਰਾਂ ਦੀ ਸੁਰਖੀ ਬਣੀ ਤਾਂ ਜ਼ਿਆਦਾਤਰ ਲੋਕ ਇਸ ਸ਼ਸ਼ੋਪੰਜ ’ਚ ਸਨ ਕਿ ਸਹਿਜਧਾਰੀਆਂ ਨੂੰ ਵੋਟ ਪਾਉਣ ਜਾਂ ਨਾ ਪਾਉਣ ਨਾਲ ਆਖ਼ਿਰ ਸ਼੍ਰੋਮਣੀ ਕਮੇਟੀ ਚੋਣਾਂ ’ਤੇ ਕੀ ਪ੍ਰਭਾਵ ਪਵੇਗਾ? ਮੀਡੀਏ ’ਚ ਛਪੀ ਪੀ.ਟੀ.ਆਈ. ਦੀ ਰਿਪੋਰਟ ਮੁਤਾਬਕ 2004 ਦੀਆਂ ਐਸ.ਜੀ.ਪੀ.ਸੀ. ਚੋਣਾਂ ਮੌਕੇ ਕੇਸਾਧਾਰੀ ਸਿੱਖਾਂ ਦੀ ਗਿਣਤੀ 54 ਲੱਖ, ਸਹਿਜਧਾਰੀ ਸਿੱਖਾਂ ਦੀ 7.96 ਲੱਖ ਸੀ ਪਰ 18 ਸਤੰਬਰ 2011 ਨੂੰ ਹੋਈਆਂ ਆਮ ਚੋਣਾਂ ਮੌਕੇ ਗੁਰਦਵਾਰਾ ਚੋਣ ਕਮਿਸ਼ਨਰ ਵੱਲੋਂ (ੳ.) ਕੇਸਾਧਾਰੀ ਸਿੱਖ ਹਾਂ, (ਅ.) ਆਪਣੀ ਦਾੜ੍ਹੀ ਜਾਂ ਕੇਸ ਨਹੀਂ ਕੱਟਦਾ ਤੇ ਨਾ ਹੀ ਸ਼ੇਵ ਕਰਦਾ ਹਾਂ, (ੲ.) ਕਿਸੇ ਵੀ ਰੂਪ ’ਚ ਧੁਮਰਪਾਨ ਨਹੀਂ ਕਰਦਾ, (ਸ.) ਸ਼ਰਾਬ ਨਹੀਂ ਪੀਂਦਾ, (ਹ.) ਪਤਿੱਤ ਨਹੀਂ ਹਾਂ ਆਦਿ ਸ਼ਰਤਾਂ ਨੂੰ ਸਖਤੀ ਨਾਲ ਲਾਗੂ ਕਰਨ ਦੀ ਹਦਾਇਤ ਕੀਤੀ ਗਈ ਸੀ। ਇਸ ਤੋਂ ਇਲਾਵਾ ਗਲਤ ਤਸਦੀਕ ਕਰਨ ਵਾਲੇ ਪਟਵਾਰੀ, ਨਗਰ ਕੌਂਸਲਰ ਜਾਂ ਅਜਿਹੇ ਹੋਰ ਅਧਿਕਾਰੀ ਨੂੰ ਵੀ ਸਖਤ ਹਦਾਇਤ ਸੀ ਕਿ ਜੇ ਉਨ੍ਹਾਂ ਨੇ ਕਿਸੇ ਵੀ ਵੋਟਰ ਦੇ ਗਲਤ ਫ਼ਾਰਮ ਨੂੰ ਤਸਦੀਕ ਕੀਤਾ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਹੋਣੀ ਲਾਜ਼ਮੀ ਹੈ ਪਰ ਕੁਮਾਰ ਜਾਂ ਲਾਲ ਨੂੰ ‘ਸਿੰਘ’ ਲਿਖ ਕੇ, ਰਾਣੀ ਜਾਂ ਕੁਮਾਰੀ ਨੂੰ ‘ਕੌਰ’ ਲਿਖ ਕੇ ਜਾਰੀ ਹੋਈਆਂ ਵੋਟਰ ਸੂਚੀਆਂ ਦੀਆਂ ਅਨੇਕਾਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ। ਉਸ ਸਮੇਂ ਪੰਥਦਰਦੀਆਂ ਦਾ ਕਹਿਣਾ ਸੀ ਕਿ ਸੱਤਾਧਾਰੀ ਪਾਰਟੀ ਦੇ ਆਗੂਆਂ ਦੀ ਮਿਲੀਭੁਗਤ ਹੋਣ ਕਰਕੇ ਗਲਤ ਤਸਦੀਕ ਕਰਨ ਵਾਲੇ ਅਜਿਹੇ ਅਧਿਕਾਰੀਆਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਸ ਸਮੇਂ ਬਾਦਲ ਵਿਰੋਧੀ ਉਮੀਦਵਾਰਾਂ ਨੇ ਦੋਸ਼ ਲਾਏ ਕਿ ਭਾਵੇਂ ਬਾਦਲ ਦਲ ਦੇ ਉਮੀਦਵਾਰਾਂ ਨੇ ਪਹਿਲਾਂ ਹੀ ਲੱਖਾਂ ਅਜਿਹੇ ਵੋਟਰਾਂ ਦੇ ਫ਼ਾਰਮ ਭਰ ਦਿੱਤੇ ਸਨ, ਜੋ ਸ਼ਰਤਾਂ ’ਤੇ ਪੂਰੇ ਨਹੀਂ ਉਤਰਦੇ ਪਰ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਨਵੇਂ ਵੋਟਰ ਬਣਾਉਣ ਦੀ ਦਿੱਤੀ ਛੋਟ ਨੇ ਤਾਂ ਕਮਾਲ ਹੀ ਕਰ ਦਿੱਤੀ। ਕਿਉਂਕਿ ਇਕ ਪਾਸੇ ਬਾਦਲ ਦਲ ਦੇ ਆਗੂ ਬੰਡਲਾਂ ਦੇ ਬੰਡਲ ਲੈ ਕੇ ਨਜਾਇਜ਼ ਵੋਟਾਂ ਬਣਾਉਂਦੇ ਰਹੇ ਪਰ ਦੂਜੇ ਪਾਸੇ ਬਾਦਲ ਵਿਰੋਧੀ ਉਮੀਦਵਾਰਾਂ ਦੇ ਸਮਰਥਕਾਂ ਦੀਆਂ ਅੰਮ੍ਰਿਤਧਾਰੀ ਜਾਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਨਵੀਂ ਵੋਟ ਬਣਾਉਣ ਦੀ ਇਜਾਜ਼ਤ ਨਾ ਮਿਲੀ। ਇਨ੍ਹਾਂ ਚੋਣਾਂ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਆਸਥਾ ਨਾ ਰੱਖਣ ਤੇ ਦੇਹਧਾਰੀਆਂ ਨੂੰ ਮੰਨਣ ਵਾਲੇ ਲੋਕਾਂ ਨੇ ਵੀ ਆਪਣੀ ਵੋਟ ਦੀ ਵਰਤੋਂ ਕੀਤੀ। ਉਸ ਸਮੇਂ ਸੱਤਾਧਾਰੀ ਪਾਰਟੀ ਨਾਲ ਸਬੰਧਤ ਉਮੀਦਵਾਰਾਂ ਲਈ ਇਕ ਨਵੀਂ ਮੁਸ਼ਕਲ ਦੇਖਣ ਨੂੰ ਮਿਲੀ। ਕਿਉਂਕਿ ਉਕਤ ਉਮੀਦਵਾਰ ਆਪਣੀ ਪਤਿੱਤ ਔਲਾਦ ਨੂੰ ਚੋਣ ਮੁਹਿੰਮ ’ਚ ਨਾਲ ਤੋਰਨ ਤੋਂ ਸੰਕੋਚ ਕਰਦੇ ਰਹੇ। ਇਸ ਤੋਂ ਇਲਾਵਾ ਉਨ੍ਹਾਂ ਦੇ ਜ਼ਿਆਦਾਤਰ ਸਮਰਥਕ ਘੋਨ-ਮੋਨ, ਪਤਿੱਤ ਜਾਂ ਨਸ਼ੱਈ ਕਿਸਮ ਦੇ ਹੀ ਸਨ, ਜਦਕਿ ਦੂਜੇ ਪਾਸੇ ਵਿਰੋਧੀ ਉਮੀਦਵਾਰਾਂ ਦੇ ਸਮਰਥਕ ਸਾਬਤ-ਸੂਰਤ, ਨਸ਼ਾ ਰਹਿਤ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਪੂਰੀ ਆਸਥਾ ਰੱਖਣ ਵਾਲੇ ਹੀ ਨਜ਼ਰ ਆਏ। ਪੰਥਕ ਵਿਦਵਾਨਾਂ ਤੇ ਸਿੱਖ ਚਿੰਤਕਾਂ ਦਾ ਦੋਸ਼ ਹੈ ਕਿ ਰਾਜਨੀਤਿਕ ਲੋਕ ਤੇ ਸਿੱਖ ਵਿਰੋਧੀ ਤਾਕਤਾਂ ਸਹਿਜਧਾਰੀ ਦਾ ਨਵਾਂ ਮਸਲਾ ਖੜਾ ਕਰਕੇ ਕੌਮ ’ਚ ਦੁਬਿਧਾ ਪੈਦਾ ਕਰਨਾ ਚਾਹੁੰਦੀਆਂ ਹਨ। ਜੋ ਕਿ ਅਫਸੋਸਨਾਕ ਤੇ ਚਿੰਤਾਜਨਕ ਰੁਝਾਨ ਹੈ। ਜੇਕਰ ਕੋਈ ਵਿਅਕਤੀ ਗੁਰੂ ਦੀ ਮੋਹਰ ਅਰਥਾਤ ਰੋਮਾਂ ਦੀ ਬੇਅਦਬੀ ਨਹੀਂ ਕਰਦਾ ਤੇ ਸਾਬਤ-ਸੂਰਤ ਹੈ ਪਰ ਅੰਮ੍ਰਿਤਧਾਰੀ ਨਹੀਂ, ਉਸਨੂੰ ਸਹਿਜਧਾਰੀ ਕਿਹਾ ਜਾ ਸਕਦਾ ਹੈ ਪਰ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗਾਂ ’ਚੋਂ ਕਿਤੇ ਵੀ ਸਹਿਜਧਾਰੀ ਸ਼ਬਦ ਲਿਖਿਆ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਿੱਖ ਰਹਿਤ ਮਰਿਆਦਾ ਜਾਂ ਸਿੱਖ ਇਤਿਹਾਸ ’ਚ ਕਿਸੇ ਥਾਂ ਵੀ ਸਹਿਜਧਾਰੀ ਸਿੱਖ ਦੀ ਸ਼ਬਦਾਵਲੀ ਜਾਂ ਪਰਿਭਾਸ਼ਾ ਬਾਰੇ ਕੋਈ ਜ਼ਿਕਰ ਤੱਕ ਵੀ ਨਹੀਂ ਪਰ ਫਿਰ ਵੀ ਸਿੱਖਾਂ ’ਚ ਦੁਬਿਧਾ ਪੈਦਾ ਕਰਨ ਲਈ ਪੰਥਵਿਰੋਧੀ ਤਾਕਤਾਂ ਵਲੋਂ ਨਵੀਂਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਦੁਨੀਆਂ ਭਰ ’ਚ ਜਿੰਨ੍ਹੇ ਵੀ ਧਰਮ ਹੋਏ ਹਨ ਕਿਸੇ ਵੀ ਧਰਮ ’ਚ ਸਹਿਜਧਾਰੀ ਦਾ ਜ਼ਿਕਰ ਨਹੀਂ ਪਰ ਸਿੱਖਾਂ ਉੱਪਰ ਹੀ ਸਹਿਜਧਾਰੀ ਕਿਉਂ ਠੋਸੇ ਜਾ ਰਹੇ ਹਨ? ਇਸ ਦੀ ਕੌਮ ਦੇ ਸੁਚੇਤ ਵਰਗ ਨੂੰ ਪੜਤਾਲ ਕਰਾਉਣੀ ਚਾਹੀਦੀ ਹੈ। ਈਸਾਈ, ਮੁਸਲਿਮ, ਯਹੂਦੀ, ਹਿੰਦੂ, ਜੈਨੀ, ਬੋਧੀ, ਪਾਰਸੀ ਆਦਿ ਧਰਮਾਂ ’ਚ ਸਹਿਜਧਾਰੀ ਪੜ੍ਹਨ/ਸੁਨਣ ਨੂੰ ਨਹੀਂ ਮਿਲਦਾ। ਇਸ ਤੋਂ ਇਲਾਵਾ ਨਿਰੰਕਾਰੀ, ਰਾਧਾ ਸੁਆਮੀ, ਨਾਮਧਾਰੀ ਆਦਿ ਡੇਰੇਦਾਰਾਂ ਜਾਂ ਹੋਰ ਸੰਪਰਦਾਈਆਂ ’ਚ ਵੀ ਸਹਿਜਧਾਰੀ ਸ਼ਬਦਾਵਲੀ ਬਾਰੇ ਕੋਈ ਜ਼ਿਕਰ ਨਹੀਂ। ਫਿਰ ਸਿੱਖ ਕੌਮ ’ਚ ਸਹਿਜਧਾਰੀ ਸਿੱਖ ਖੜੇ ਕਰਨੇ ਪੰਥ ਵਿਰੋਧੀ ਤਾਕਤਾਂ ਜਾਂ ਰਾਜਨੀਤਿਕ ਲੋਕਾਂ ਦੀ ਬੇਇਮਾਨੀ ਕਹੀ ਜਾ ਸਕਦੀ ਹੈ। ਉਨ੍ਹਾਂ ਆਖ਼ਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਲਈ ਪ੍ਰੇਰਣਾ-ਸਰੋਤ ਹਨ ਤੇ ਇਸ ਤੋਂ ਬਾਹਰਲੀ ਬਾਣੀ ਨੂੰ ਗੁਰੂਆਂ ਦੀ ਕੱਚੀ ਬਾਣੀ ਕਿਹਾ ਸੀ ਪਰ ਸਹਿਜਧਾਰੀ ਸ਼ਬਦ ਤਾਂ ਭਾਈ ਕਾਹਨ ਸਿੰਘ ਨਾਭਾ ਅਤੇ ਭਾਈ ਵੀਰ ਸਿੰਘ ਵਰਗੇ ਪੰਥਕ ਵਿਦਵਾਨ ਸ਼ਪਸ਼ਟ ਕਰਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨ੍ਹਾਂ ਹੋਰ ਕਿਸੇ ਧਰਮ ਪੁਸਤਕ ਜਾਂ ਵਿਅਕਤੀ ਵਿਸ਼ੇਸ਼ ਨੂੰ ਜੋ ਵਿਅਕਤੀ ਗੁਰੂ ਨਹੀਂ ਮੰਨਦਾ ਤੇ ਰੋਮਾਂ ਦੀ ਬੇਅਦਬੀ ਨਹੀਂ ਕਰਦਾ, ਉਸਨੂੰ ਸਹਿਜਧਾਰੀ ਮੰਨਿਆ ਜਾ ਸਕਦਾ ਹੈ ਅਰਥਾਤ ਅਜਿਹੇ ਸਹਿਜਧਾਰੀ ਸਿੱਖ ਪੰਥ ਦਾ ਅੰਗ ਹਨ। ਅਜੋਕੀ ਰਾਜਨੀਤੀ ਅਨੁਸਾਰ ਸਹਿਜਧਾਰੀ ’ਤੇ ਕੋਈ ਪਾਬੰਦੀਆਂ ਨਹੀਂ ਭਾਵੇ ਉਹ ਕੇਸ ਕੱਟੇ, ਜ਼ਰਦਾ/ਤਮਾਕੂ, ਸਿਗਰਟਾਂ ਆਦਿਕ ਕੋਈ ਵੀ ਨਸ਼ਾ ਖਾਵੇ ਜਾਂ ਪੀਵੇ, ਚੋਰੀ ਕਰੇ, ਚੁਫੇਰ ਗੜੀਆ ਹੋਵੇ ਭਾਵ ਗੁਰਦਵਾਰੇ ਤੋਂ ਇਲਾਵਾ ਮੰਦਰਾਂ ’ਚ ਜਾ ਕੇ ਮੂਰਤੀ ਪੂਜਾ ਕਰੇ, ਸੰਧੂਰ ਦੇ ਟਿੱਕੇ ਲਵਾਵੇ, ਵੀਰਵਾਰ ਨੂੰ ਪੀਰ ਖਾਨੇ ਜਾ ਕੇ ਦੀਵੇ ਵੀ ਬਾਲੇ, ਮੂਰਤੀਆਂ ਨੂੰ ਮੱਥੇ ਵੀ ਟੇਕੇ, ਗਲ ’ਚ ਜਾਂ ਮੋਢੇ ’ਤੇ ਤਵੀਤ ਵੀ ਬਨ੍ਹਾਈ ਫਿਰੇ, ਜੋਤਸ਼ੀਆਂ ਨੂੰ ਹੱਥ ਦਿਖਾਉਂਦਾ ਫਿਰੇ ਭਾਵ ਜਿਸਦਾ ਕੋਈ ਇੱਕ ਅਕੀਦਾ ਨਾ ਹੋਵੇ, ਉਹ ਸਹਿਜਧਾਰੀ ਸਿੱਖ ਹੈ। ਫਿਰ ਇਸ ਦੀ ਚਰਚਾ ਬੇਲੋੜੀ ਤੇ ਸਾਜਿਸ਼ੀ ਪ੍ਰਤੀਤ ਹੁੰਦੀ ਹੈ।
ਪੰਥਕ ਪਾਰਟੀ ਹੋਣ ਦਾ ਦਾਅਵਾ ਕਰਨ ਵਾਲੇ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੀ ਭਾਈਵਾਲ ਪਾਰਟੀ ਅਟਲਬਿਹਾਰੀ ਵਾਜਪਾਈ ਦੀ ਕੇਂਦਰੀ ਸਰਕਾਰ ਵੱਲੋਂ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ’ਚ ਸਹਿਜਧਾਰੀਆਂ ਦਾ ਵੋਟ ਪਾਉਣ ਦਾ ਅਧਿਕਾਰ ਖਤਮ ਕਰਨ ਦਾ ਨੋਟੀਫਿਕੇਸ਼ਨ ਜਾਰੀ ਤਾਂ ਕਰ ਦਿੱਤਾ ਗਿਆ ਸੀ ਪਰ ਉਸ ਸਬੰਧੀ 6 ਮਹੀਨੇ ਦੇ ਅੰਦਰ-ਅੰਦਰ ਐਕਟ ਪਾਸ ਨਾ ਕਰਨ ਤੋਂ ਵਾਜਪਾਈ ਸਰਕਾਰ ਦੀ ਬਦਨੀਤੀ ਜ਼ਾਹਰ ਹੋ ਗਈ। ਪੰਥਦਰਦੀਆਂ, ਪੰਥਕ ਵਿਦਵਾਨਾਂ ਤੇ ਸਿੱਖ ਚਿੰਤਕਾਂ ਅਨੁਸਾਰ ਵੱਖ-ਵੱਖ ਅਕਾਲੀ ਦਲਾਂ, ਸਿੱਖ ਜੱਥੇਬੰਦੀਆਂ ਤੇ ਸਿੱਖ ਕਾਨੂੰਨਦਾਨਾਂ ਦੀ ਬੁੱਧੀ ’ਤੇ ਵੀ ਲੋਕ ਹੱਸਦੇ ਰਹੇ। ਕਿਉਂਕਿ ਸਿੱਖ ਆਗੂਆਂ ਦੀ ਅਣਗਹਿਲੀ ਸਦਕਾ ਪੂਰੀ ਕੌਮ ਦੀ ਜੱਗ ਹਸਾਈ ਹੁੰਦੀ ਰਹੀ। ਉਨ੍ਹਾਂ ਕਿਹਾ ਕਿ ਕਾਨੂੰਨ ਦਾ ‘ੳ-ਅ’ ਜਾਨਣ ਵਾਲਾ ਵਿਅਕਤੀ ਵੀ ਇਸ ਬਾਰੇ ਸੁਚੇਤ ਹੈ ਕਿ ਕੋਈ ਵੀ ਸੰਵਿਧਾਨਿਕ ਸੋਧ ਲੋਕ ਸਭਾ ਤੇ ਰਾਜ ਸਭਾ ਵੱਲੋਂ ਬਿੱਲ (ਮਤਾ) ਪਾਸ ਹੋਣ ਉਪਰੰਤ ਰਾਸ਼ਟਰਪਤੀ ਦੇ ਦਸਤਖਤਾਂ ਨਾਲ ਹੀ ਐਕਟ ਬਣਦਾ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਨੋਟੀਫਿਕੇਸ਼ਨ ਤਾਂ ਕੰਮ ਚਲਾਊ ਪ੍ਰਕਿਰਿਆ ਹੈ, ਜੋ ਲੋੜ ਪੈਣ ’ਤੇ ਸ਼ੈਸ਼ਨ ਦੀ ਬੈਠਕ ਹੋਣ ’ਚ ਜੇ ਕੁਝ ਸਮਾਂ ਰਹਿੰਦਾ ਹੋਵੇ ਤਾਂ ਬਿੱਲ ਪਾਸ ਹੋਣ ਤੋਂ ਪਹਿਲਾਂ ਅਪਨਾਉਣੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਵਾਜਪਾਈ ਸਰਕਾਰ ਨੇ 8 ਅਕਤੂਬਰ 2003 ’ਚ ਨੋਟੀਫਿਕੇਸ਼ਨ ਜਾਰੀ ਕੀਤਾ ਤੇ ਸਰਕਾਰ ਮਈ 2004 ਤੱਕ 7 ਮਹੀਨੇ ਸਤਾ ਉੱਪਰ ਕਾਬਜ਼ ਰਹੀ ਪਰ ਇਸ ਦੇ ਬਾਵਜੂਦ ਵੀ ਐਕਟ ਪਾਸ ਨਾ ਕਰਨਾ ਸਰਕਾਰ ਦੀ ਬਦਨੀਤੀ ਜ਼ਾਹਰ ਕਰ ਗਿਆ। ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਪੰਥ ਦੀਆਂ ਠੇਕੇਦਾਰ ਪਾਰਟੀਆਂ ਦੀ ਕਾਨੂੰਨੀ ਸੋਚ ਦੇ ਵੀ ਵਾਰੇ-ਨਿਆਰੇ ਹੋ ਗਏ। ਕਿਉਂਕਿ ਉਹ ਕੇਂਦਰੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਦਾ ਕਾਗਜ਼ੀ ਖਿਡੌਣਾ ਲੈ ਕੇ ਹੀ ਖੁਸ਼ ਫਿਰਦੀਆਂ ਰਹੀਆਂ। ਸਾਰਾ ਸਿੱਖ ਪੰਥ ਪੰਥਕ ਆਗੂਆਂ ਦੀ ਕਾਬਲੀਅਤ ਤੋਂ ਜਾਣੂ ਹੋ ਗਿਆ ਕਿ ਉਹ ਸਿੱਖ ਕੌਮ ਦੀ ਅਗਵਾਈ ਕਰਨ ਦੇ ਯੋਗ ਨਹੀਂ। ਸਤੰਬਰ 2011 ਦੀਆਂ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਮੌਕੇ ਗੁਰਮਤਿ ਦੇ ਧਾਰਨੀ ਵਿਅਕਤੀਆਂ ਨੂੰ ਹੀ ਵੋਟਾਂ ਪਾਉਣ ਸਬੰਧੀ ਪੰਥਦਰਦੀਆਂ ਨੇ ਫ਼ਲੈਕਸ ਬੋਰਡ ਲਾ ਕੇ ਸੰਗਤਾਂ ਨੂੰ ਅਪੀਲਾਂ ਕੀਤੀਆਂ। ਉਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਮੁਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਸ਼ੋ੍ਰਮਣੀ ਕਮੇਟੀ ਦੀਆਂ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਸਖਤ ਹਦਾਇਤ ਕੀਤੀ ਗਈ ਸੀ ਕਿ ਉਹ 25 ਅਗਸਤ ਤੋਂ ਪਹਿਲਾਂ-ਪਹਿਲਾਂ ਆਪਣੇ ਸਮੁੱਚੇ ਪਰਿਵਾਰ ਸਮੇਤ ਅੰਮ੍ਰਿਤਧਾਰੀ ਹੋਣ। ਉਨਾਂ ਇਹ ਵੀ ਕਿਹਾ ਸੀ ਕਿ 25 ਤਰੀਕ ਤੋਂ ਪਹਿਲਾਂ-ਪਹਿਲਾਂ ਪਰਿਵਾਰ ਸਮੇਤ ਅੰਮ੍ਰਿਤ ਨਾ ਛਕਣ ਵਾਲੇ ਉਮੀਦਵਾਰਾਂ ਨੂੰ ਇਹ ਚੋਣ ਲੜਨ ਦਾ ਅਧਿਕਾਰ ਨਹੀਂ ਹੋਵੇਗਾ। ਦਿਲਚਸਪ ਗੱਲ ਇਹ ਹੈ ਕਿ 170 ਸੀਟਾਂ ’ਤੋਂ ਚੋਣ ਲੜ ਰਹੇ ਬਾਦਲ ਦਲ ਦੇ 50ਫ਼ੀ ਸਦੀ ਤੋਂ ਜ਼ਿਆਦਾ ਉਮੀਦਵਾਰ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਸ਼ਰਤਾਂ ਮੁਤਾਬਕ ਪੂਰੇ ਨਹੀਂ ਸਨ ਉਤਰਦੇ, ਜਦਕਿ ਬਾਦਲ ਵਿਰੋਧੀ ਦਲਾਂ ਦੇ 90ਫ਼ੀ ਸਦੀ ਤੋਂ ਵੀ ਜ਼ਿਆਦਾ ਉਮੀਦਵਾਰ ਇਹ ਸ਼ਰਤ ਪੂਰੀ ਕਰਦੇ ਸਨ ਪਰ ਗਿਆਨੀ ਗੁਰਬਚਨ ਸਿੰਘ ’ਤੇ ਸਿਆਸੀ ਦਬਾਅ ਜਾਂ ਉਨ੍ਹਾਂ ਦੀ ਬੇਵਸੀ ਕਾਰਨ ਉਕਤ ਸ਼ਰਤ ’ਤੇ ਕੋਈ ਅਮਲ ਨਹੀਂ ਸੀ ਹੋਇਆ। ਉਸ ਸਮੇਂ 40 ਧਾਰਮਿਕ ਜੱਥੇਬੰਦੀਆਂ ਨੂੰ ਮਿਲਾ ਕੇ ਹੋਂਦ ’ਚ ਆਈ ਪੰਥਕ ਤਾਲਮੇਲ ਕਮੇਟੀ ਦੇ ਸਟੇਜਾਂ ਤੋਂ ਐਲਾਨੀਆ ਇਹ ਕਹਿਣ ਕਿ ਉਹ ਸਿੱਖ ਰਹਿਤ ਮਰਿਆਦਾ ’ਤੇ ਪੂਰਾ ਨਾ ਉਤਰਣ ਵਾਲੇ ਅਤੇ ਚੋਣਾਂ ਦੌਰਾਨ ਨਸ਼ਾ ਵੰਡਣ ਵਾਲੇ ਉਮੀਦਵਾਰਾਂ ਦਾ ਬਾਈਕਾਟ ਕਰਾਉਣ ਲਈ ਸੰਗਤਾਂ ਨੂੰ ਸੁਚੇਤ ਕਰੇਗੀ ਤੇ ਅਜਿਹੇ ਉਮੀਦਵਾਰਾਂ ਦੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਜਾਵੇਗੀ ਤੇ ਜੇਕਰ ਫ਼ਿਰ ਵੀ ਉਸਦੀ ਨਾਮਜ਼ਦਗੀ ਰੱਦ ਨਾ ਹੋਈ ਤਾਂ ਹਾਈਕੋਰਟ ਅਤੇ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ ਪਰ ਸਭ ਕੁਝ ਇਸ ਦੇ ਉਲਟ ਹੋਣ ਦੇ ਬਾਵਜੂਦ ਪੰਥਕ ਤਾਲਮੇਲ ਕਮੇਟੀ ਦੇ ਕਿਸੇ ਵੀ ਆਗੂ ਦਾ ਉਸਤੋਂ ਬਾਅਦ ਕੋਈ ਬਿਆਨ ਪੜ੍ਹਨ/ਸੁਨਣ ਨੂੰ ਨਹੀਂ ਮਿਲਿਆ। ਜ਼ਿਲ੍ਹਾ ਫਰੀਦਕੋਟ ਅਧੀਨ ਆਉਂਦੀਆਂ 4 ਸੀਟਾਂ ’ਤੇ ਸਤੰਬਰ 2011 ਦੀਆਂ ਆਮ ਚੋਣਾਂ ਮੌਕੇ ਹੋਈ ਪੋਲਿੰਗ ’ਚ 75ਫ਼ੀ ਸਦੀ ਤੋਂ ਵੀ ਜ਼ਿਆਦਾ ਵੋਟਰ ਗੈਰ ਸਿੱਖ, ਪਤਿੱਤ, ਨਸ਼ੱਈ, ਘੋਨ-ਮੋਨ ਜਾਂ ਗੁਰਦਵਾਰਾ ਚੋਣ ਕਮਿਸ਼ਨਰ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਵਾਲੇ ਭੁਗਤੇ। ਜਿਨ੍ਹਾਂ ’ਚ ਨੇੜਲੇ ਪਿੰਡ ਬਾਹਮਣਵਾਲਾ ਦੇ ਬ੍ਰਾਹਮਣ ਭਾਈਚਾਰੇ ਨਾਲ ਸਬੰਧਤ ਮਰਦ/ਔਰਤਾਂ ਵੀ ਸ਼ਾਮਲ ਸਨ। ਕੁਝ ਮਰਦਾਂ ਨੇ ਕੁਮਾਰ ਜਾਂ ਲਾਲ ਦੀ ਥਾਂ ‘ਸਿੰਘ’ ਅਤੇ ਔਰਤਾਂ ਨੇ ਰਾਣੀ, ਦੇਵੀ ਜਾਂ ਕੁਮਾਰੀ ਦੀ ਜਗ੍ਹਾ ‘ਕੌਰ’ ਲਿਖ਼ਾ ਕੇ ਆਪਣੀਆਂ ਵੋਟਾਂ ਬਣਵਾ ਲਈਆਂ ਪਰ ਕਈ ਥਾਂ ਰੇਨੂੰ ਸ਼ਰਮਾ ਪਤਨੀ ਹਰਦੀਪ ਕੁਮਾਰ ਤੇ ਰਾਣੀ ਸ਼ਰਮਾ ਪਤਨੀ ਪਵਨ ਕੁਮਾਰ ਨਾਂਅ ਦੀਆਂ ਵੋਟਾਂ ਵੀ ਉਕਤ ਸੂਚੀ ’ਚ ਸ਼ਾਮਲ ਸਨ, ਜਿਨ੍ਹਾਂ ਦੀਆਂ ਖ਼ਬਰਾਂ ਵੀ ਮੀਡੀਏ ’ਚ ਛਾਈਆਂ ਰਹੀਆਂ। ਉਸ ਸਮੇਂ ਪੰਥਦਰਦੀਆਂ ਨੇ ਦੋਸ਼ ਲਾਇਆ ਕਿ ਇਹ ਅਧਿਕਾਰੀਆਂ ਦੀ ਅਣਗਹਿਲੀ ਜਾਂ ਲਾਪ੍ਰਵਾਹੀ ਨਹੀਂ, ਬਲਕਿ ਜਾਣਬੁੱਝ ਕੇ ਬਣਾਈਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਜਿਸ ਕੌਮ ਕੋਲ ਕੁਰਬਾਨੀਆਂ ਭਰਿਆ ਇਤਿਹਾਸ ਹੋਵੇ, ਜਿਸ ਕੋਲ ਮਹਾਨ ਗੁਰੂ ਸਾਹਿਬਾਨ ਦੀਆਂ ਮਹਾਨ ਸਿੱਖਿਆਵਾਂ ਅਤੇ ਅਮਲੀ ਜੀਵਨ ਜਾਂਚ ਹੋਵੇ, ਜਿਸ ਕੌਮ ਕੋਲ ਗੁਰੂ ਨਾਨਕ ਸਾਹਿਬ ਜੀ ਦੀ ਅਦੁੱਤੀ, ਸਾਇੰਟੈਫਿਕ ਵਿਚਾਰਧਾਰਾ ਹੋਵੇ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਉਹ ਮਹਾਨ ਤੇ ਪਵਿੱਤਰ ਗ੍ਰੰਥ ਹੋਵੇ, ਜਿਸਦੇ ਅੱਗੇ ਸਾਰਾ ਸੰਸਾਰ ਆਪਣਾ ਸਿਰ ਝੁਕਾਉਂਦਾ ਹੋਵੇ ਅਤੇ ਵੱਡੇ-ਵੱਡੇ ਸਾਇੰਸਦਾਨ ਵੀ ਉਸ ਮਹਾਨ ਭਵਸਾਗਰ ਰੂਪੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਪੜ੍ਹਨ ਤੋਂ ਬਾਅਦ ਉਸਦੇ ਕਾਇਲ ਹੋ ਜਾਂਦੇ ਹੋਣ ਪਰ ਉਹ ਕੌਮ ਆਪ ਹੀ ਉਸ ਮਹਾਨ ਵਿਚਾਰਧਾਰਾ ਤੋਂ ਬਾਗੀ ਹੋ ਜਾਵੇ ਤਾਂ ਦੋਸ਼ ਕਿਸ ਨੂੰ ਦੇਵਾਂਗੇ? ਅੱਜ ਸਾਰੀ ਦੀ ਸਾਰੀ ਕੌਮ ‘ਏਕਾ ਬਾਣੀ, ਏਕ ਗੁਰ, ਏਕੋ ਸਬਦ ਵੀਚਾਰ’ ਨੂੰ ਛੱਡ ਕੇ ਬਹੁ-ਟੁਕੜਿਆਂ ’ਚ ਵੰਡੀ ਪਈ ਹੈ। ਆਪਣੇ ਘਰ ’ਚ ਹੀ ਐਨੇ ਕੁ ਜ਼ਿਆਦਾ ਮੁੱਦਿਆਂ, ਸੰਕਟਾਂ ਨਾਲ ਜੂਝ ਰਹੀ ਹੈ ਕਿ ਬਾਹਰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਚਾਰ-ਪ੍ਰਸਾਰ ਕਰਨ ਦੀ ਤਾਂ ਗੱਲ ਹੀ ਬੜੀ ਦੂਰ ਦੀ ਹੈ। ਕਦੀ ਸੋਚਿਆ ਕਿ ਇਹ ਸੱਭ ਕਿਉਂ ਹੋ ਰਿਹਾ ਹੈ? ਕਿਉਂਕਿ ਅਸੀਂ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਬੁੱਤ ਪੂਜਾ ਵਾਂਗ ਪੂਜਣਾ ਸ਼ੁਰੂ ਕਰ ਦਿੱਤਾ ਅਤੇ “ਬਾਬੇ ਨਾਨਕ ਦੀ ਵਿਚਾਰਧਾਰਾ (ਸ੍ਰ.ਜੋਗਿੰਦਰ ਸਿੰਘ ਸਪੋਕਸਮੈਨ ਦੇ ਕਹੇ ਅਨੁਸਾਰ) ਨੂੰ ਰੁਮਾਲਿਆਂ ’ਚ ਚੰਗੀ ਤਰ੍ਹਾਂ ਲਪੇਟ ਕੇ ਗੁਰਦਵਾਰਿਆਂ ’ਚ ਕੈਦ ਕਰ ਦਿੱਤਾ। ਗੁਰਬਾਣੀ ਕਥਾ ਤੋਂ ਪੂਰੀ ਤਰ੍ਹਾਂ ਗੁਰਦਵਾਰਾ ਸਾਹਿਬਾਨਾਂ ’ਚੋਂ ਵਿਸਾਰ ਕੇ ਹੋਰ ਹੀ ਆਪੂੰ ਰਚੇ ਅਪ੍ਰਮਾਣਿਕ ਗ੍ਰੰਥਾਂ ਦੀਆਂ ਬ੍ਰਹਾਮਣਵਾਦੀ ਕਥਾਵਾਂ ਸ਼ੁਰੂ ਕਰਵਾ ਦਿੱਤੀਆਂ। ਫਿਰ ਗੁਰਦਵਾਰਾ ਸਾਹਿਬ ਦੇ ਪ੍ਰਬੰਧ ਨੂੰ ਅਜਿਹੇ ਪ੍ਰਬੰਧਕਾਂ ਹਵਾਲੇ ਕਰ ਦਿੱਤਾ ਜਿਨ੍ਹਾਂ ਨੇ ਬਚਪਨ ’ਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਹੀ ਸ਼ਾਇਦ ਇਸੇ ਵਾਸਤੇ ਲਈ ਸੀ ਕਿ ਭਵਿੱਖ ’ਚ ਰੁਜ਼ਗਾਰ ਪ੍ਰਾਪਤੀ ਲਈ ਬਹੁਤਾ ਖੱਜਲ-ਖੁਆਰ ਨਹੀਂ ਹੋਣਾ ਪਵੇਗਾ, ਕਿਉਂਕਿ ਪੜ੍ਹਾਈ-ਲਿਖਾਈ ਦੇ ਮਾਮਲੇ ’ਚ ਸਾਡੀ ਲੀਡਰਸ਼ਿਪ ਦਾ ਸਭ ਨੂੰ ਪਤਾ ਹੀ ਹੈ। ਤਨਖਾਹਦਾਰ ਪੁਜਾਰੀ ਕੌਮ ਦੇ ਭਵਿੱਖ ਦੇ ਫੈਂਸਲੇ ਦਿੰਦੇ ਹੋਏ ਇਕ ਹਿਸਾਬ ਨਾਲ ਕੌਮ ਦਾ ਬੇੜਾ ਗਰਕ ਕਰ ਰਹੇ ਹੁੰਦੇ ਹਨ, ਜਦੋਂ ਆਪਣੀ ਮਰਜ਼ੀ ਨਾਲ ਬਣਾਈ ਆਪਣੀ ਹੀ ਮਰਿਆਦਾ ਮੁਤਾਬਕ ਕੌਮ ਦੇ ਚੋਟੀ ਦੇ ਵਿਦਵਾਨਾਂ/ਲੇਖਕਾਂ/ਬੁੱਧੀਜੀਵੀਆਂ ਨੂੰ ਆਪਣੀ ਬਣਾਈ ਨਵੀਂ ਕਚਹਿਰੀ (ਸਕੱਤਰੇਤ) ’ਚੋਂ ਹੁਕਮਨਾਮੇ ਜਾਰੀ ਕਰਨ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉੱਚੀ ਸਾਰੀ ਹੋਕਾ ਦੇ ਦਿੰਦੇ ਹਨ ਅਤੇ ਸਪਸ਼ਟੀਕਰਨ ਦੇਣ ਵਾਲੇ ਨੂੰ ਸੱਦਾ ਅਕਾਲ ਤਖ਼ਤ ਸਾਹਿਬ ਦਾ ਦਿੰਦੇ ਹਨ ਪਰ ਇਸ਼ਾਰਾ ਆਪਣੇ ਨਿੱਜੀ ਦਫ਼ਤਰ ਵੱਲ ਹੁੰਦਾ ਹੈ। ਸਿੱਖਾਂ ਦੀ ਸਿਰਮੌਰ ਜੱਥੇਬੰਦੀ ਦੀ ਇਕ ਆਪਣੀ ਨਿੱਜੀ ਪ੍ਰਕਾਸ਼ਨਾ ਵੀ ਹੈ, ਜਿਸ ’ਚ ਹਿੰਦੀ ਸਿੱਖ ਇਤਿਹਾਸ ਛਾਪਿਆ ਜਾਂਦਾ ਹੈ, ਗੁਰ ਬਿਲਾਸ ਪਾਤਸ਼ਾਹੀ ਛੇਵੀਂ ਵਰਗੀਆਂ ਪੁਸਤਕਾਂ ਛਾਪੀਆਂ ਜਾਂਦੀਆਂ ਹਨ, ਜਿਸ ਨਾਲ ਸਾਡੀ ਕੌਮ ਦਾ ਇਤਿਹਾਸ, ਕੁਰਬਾਨੀਆਂ ਤੇ ਗੁਰੂ ਸਾਹਿਬ ਦੇ ਜੀਵਨ ਨੂੰ ਰੱਜ ਕੇ ਦਾਗਦਾਰ ਕੀਤਾ ਹੁੰਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤੀ ਸਿੱਖ ਰਹਿਤ ਮਰਿਆਦਾ ਨੂੰ ਕੁਝ ਫੁੱਟ ਦੀ ਦੂਰੀ ਭਾਵ ਦਰਬਾਰ ਸਾਹਿਬ ਦੇ ਕੰਪਲੈਕਸ ’ਚ ਹੀ ਨਾ-ਮਨਜ਼ੂਰ ਕਰ ਦਿੱਤਾ ਜਾਂਦਾ ਹੈ ਪਰ ਕੌਮ ਨੂੰ ਦੁਹਾਈ ਦਿੱਤੀ ਜਾਂਦੀ ਹੈ ਕਿ ਰਹਿਤ ਮਰਿਆਦਾ ਦੀ ਪਾਲਣਾ ਕੀਤੀ ਜਾਵੇ। ਸੰਖੇਪ ਰੂਪ ’ਚ ਸਮੁੱਚੀ ਕੌਮ ਨੂੰ ਸੁਆਲ ਹੈ ਕਿ ਅਜਿਹਾ ਸਭ ਕਿਉਂ ਵਾਪਰ ਰਿਹਾ ਹੈ? ਕਿਉਂ ਦਿਨ-ਬ-ਦਿਨ ਗੁਰਦਵਾਰਾ ਪ੍ਰਬੰਧਾਂ ’ਚ ਗਿਰਾਵਟ ਆ ਰਹੀ ਹੈ ਅਤੇ ਇਸਦਾ ਉਪਾਅ ਕੀ ਹੈ? ਉਪਾਅ ਵੀ ਸਾਨੂੰ ਆਪ ਹੀ ਕਰਨਾ ਪੈਣਾ ਹੈ, ਇਸ ਲਈ ਅੱਜ ਜੇਕਰ ਅਸੀਂ ਗੁਰਦਵਾਰਿਆਂ ’ਚ ਗੁਰ ਮਰਿਆਦਾ ਬਹਾਲ ਕਰਵਾ ਕੇ ਗੁਰਦਵਾਰਾ ਗੋਲਕ ਦੀ ਸਦਵਰਤੋਂ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਸੁਚੇਤ ਹੋਣਾ ਪਵੇਗਾ। ਜ਼ਿਕਰਯੋਗ ਹੈ ਕਿ ਐਸ.ਜੀ.ਪੀ.ਸੀ. ਦੀਆਂ ਪਹਿਲੀਆਂ ਚੌਣਾਂ 1926, 1930, 1933, 1936, 1939 ’ਚ ਫ਼ਿਰ 1942 ’ਚ ਹੋਏ ਫੈਸਲੇ ਅਨੁਸਾਰ ਮਿਆਦ 3 ਸਾਲ ਤੋਂ ਵਧਾ ਕੇ 5 ਸਾਲ ਕਰ ਦਿੱਤੀ ਗਈ ਸੀ, ਜਿਸ ਕਾਰਨ ਫ਼ਿਰ 1939 ਤੋਂ ਬਾਅਦ 1944 ’ਚ ਹੋਈਆਂ ਸਨ। ਫ਼ਿਰ ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਅਜ਼ਾਦ ਭਾਰਤ ’ਚ ਪਹਿਲੀਆਂ ਚੌਣਾਂ 1960 ’ਚ ਅਤੇ ਫ਼ਿਰ 1965 ’ਚ ਹੋਈਆਂ ਸਨ, 1966 ਤੋਂ ਜਦ ਪੰਜਾਬ 3 ਹਿੱਸਿਆਂ ’ਚ ਵੰਡਿਆ ਗਿਆ ਤਾਂ ਚੋਣਾਂ ਕਰਾਉਣ ਦਾ ਹੱਕ ਦਿੱਲੀ ਦੇ ਹਾਕਮਾਂ ਕੋਲ ਚੱਲਿਆ ਗਿਆ, ਫ਼ਿਰ ਕਦੇ ਵੀ ਇਹ ਚੋਣਾਂ ਸਮੇਂ-ਸਿਰ ਨਹੀਂ ਹੋਈਆਂ। ਕਿਉਂਕਿ ਉਸਤੋਂ ਬਾਅਦ ਦਾ ਹਾਲ ਇਹੀ ਦੱਸਦਾ ਹੈ ਕਿ 1965 ਤੋਂ ਬਾਅਦ 1979, 1996, 2004 ਤੇ ਫ਼ਿਰ 2009 ’ਚ ਹੋਣ ਵਾਲੀਆਂ ਚੋਣਾਂ ਸਤੰਬਰ 2011 ’ਚ ਹੋਈਆਂ। ਸਾਰਿਆਂ ਨੂੰ ਰਲਮਿਲ ਕੇ ਹੰਭਲਾ ਮਾਰਨਾ ਪਵੇਗਾ ਕਿ ਗੁਰਦਵਾਰਿਆਂ ’ਚ ਗੁਰਮਤਿ ਲਾਗੂ ਕਰਨ ਹਿੱਤ ਪੜ੍ਹੇ ਲਿਖੇ ਗੁਰਮਤਿ ਧਾਰਕ ਉਮੀਦਵਾਰਾਂ ਨੂੰ ਹੀ ਆਪਣੀ ਵੋਟ ਦਾ ਹੱਕ ਦਿੱਤਾ ਜਾਵੇ ਅਤੇ ਸਹੀ ਚੋਣ ਕਰਕੇ ਸਹੀ ਪ੍ਰਬੰਧਕਾਂ ਨੂੰ ਗੁਰਦਵਾਰਾ ਪ੍ਰਬੰਧ ਸੌਂਪਿਆ ਜਾਵੇ।
ਮੋਬਾ.98728-10153


01/05/16)
ਅਵਤਾਰ ਸਿੰਘ ਮਿਸ਼ਨਰੀ

ਸਹਿਜਧਾਰੀ ਹਊਏ ਨਾਲ ਲੱਖਾਂ ਸਿੱਖਾਂ ਦਾ ਵੋਟ ਅਧਿਕਾਰ ਖੋਇਆ ਗਿਆ?

ਅਵਤਾਰ ਸਿੰਘ ਮਿਸ਼ਨਰੀ (5104325827)

ਬਾਦਲ ਅਕਾਲੀ ਦਲ ਅਤੇ ਭਾਜਪਾ ਸਰਕਾਰ ਦੀ ਵੋਟ ਬਦਨੀਤੀ ਕਰਕੇ ਲੱਖਾਂ ਸਿੱਖਾਂ ਦਾ ਵੋਟ ਅਧਿਕਾਰ ਖੋਇਆ ਗਿਆ ਹੈ ਜੋ ਸਿੱਖ ਕੌਮ ਦੇ ਵਾਧੇ ਤੇ ਸਰਕਾਰੀ ਠੱਪੇ ਨਾਲ ਪੱਕੀ ਰੋਕ ਲਗਾ ਦਿੱਤੀ ਗਈ ਹੈ। ਇਸ ਨਾਲ ਸਿੱਖ ਕੌਮ ਦਾ ਬਹੁਤ ਵੱਡਾ ਹਿੱਸਾ ਤੋੜ ਕੇ, ਨਾ ਪੂਰਾ ਹੋਣ ਵਾਲਾ ਨੁਕਸਾਨ ਕੀਤਾ ਗਿਆ ਹੈ। ਆਓ ਆਪਾਂ ਇਸ ਬਾਰੇ ਵਿਚਾਰ ਕਰੀਏ ਕਿ ਗੁਰਮਤਿ ਗਿਆਨ ਦੇ ਭੰਡਾਰ ਗੁਰੂ ਗ੍ਰੰਥ ਸਾਹਿਬ ਵਿੱਚ ਸਹਜਧਾਰੀ ਸ਼ਬਦ ਕਿਤੇ ਵੀ ਲਿਖਿਆ ਨਹੀਂ ਮਿਲਦਾ ਸਗੋਂ ਨਾਮਧਾਰੀ (੧੩੨੨) ਮੋਨਿਧਾਰੀ (੭੧) ਮਲਧਾਰੀ (੧੩੯) ਅੰਮਿਤ੍ਰਧਾਰੀ (੪੦੪) ਮਾਇਅਧਾਰੀ (੧੭੨) ਭੇਖਧਾਰੀ (੨੩੦) ਦੂਧਾਧਾਰੀ (੮੭੨) ਜੋਗਾਧਾਰੀ (੯੯੫) ਅਤੇ ਮੁਗਧਾਰੀ (੧੨੬੨) ਆਦਿਕ ਸ਼ਬਦ ਲਿਖੇ ਮਿਲਦੇ ਹਨ। ਜੇ ਸਹਜਧਾਰੀ ਕੋਈ ਪ੍ਰਥਾ ਹੁੰਦੀ ਤਾਂ ਇਸ ਦਾ ਵੀ ਜਿਕਰ ਆਉਣਾ ਸੀ। ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਦੂਜਾ ਸਰੋਤ ਸਿੱਖ ਰਹਿਤ ਮਰਯਾਦਾ ਹੈ, ਉਸ ਵਿੱਚ ਵੀ ਸਹਜਧਾਰੀ ਸਿੱਖ ਸ਼ਬਦ ਨਹੀਂ ਵਰਤਿਆ ਗਿਆ। ਤੀਜਾ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਵਿੱਚ ਵੀ ਸਹਜਧਾਰੀ ਸਿੱਖ ਨਹੀਂ ਆਇਆ, ਫਿਰ ਸੋਚੋ ਇਹ ਕਿਧਰੋਂ ਆ ਗਿਆ?

ਜੇ ਮੋਟੇ ਤੌਰ ਤੇ ਵੀਚਾਰ ਕਰੀਏ ਤਾਂ ਕਿਸੇ ਧਰਮ ਵਿੱਚ ਵੀ ਐਸੀ ਸਹਜਧਾਰੀ ਪ੍ਰਥਾ ਨਹੀਂ ਹੈ। ਦੇਖੋ ਕੋਈ ਈਸਾਈ ਸਹਜਧਾਰੀ ਈਸਾਈ ਨਹੀਂ, ਕੋਈ ਮੁਸਲਮਾਨ ਸਹਜਧਾਰੀ ਮੁਸਲਮਾਨ ਨਹੀਂ, ਕੋਈ ਯਹੂਦੀ ਸਹਜਧਾਰੀ ਯਹੂਦੀ ਨਹੀਂ, ਕੋਈ ਹਿੰਦੂ ਸਹਜਧਾਰੀ ਹਿੰਦੂ ਨਹੀਂ, ਕੋਈ ਬੋਧੀ ਸਹਜਧਾਰੀ ਬੋਧੀ ਨਹੀਂ, ਕੋਈ ਜੈਨੀ ਸਹਜਧਾਰੀ ਜੈਨੀ ਨਹੀਂ, ਕੋਈ ਪਾਰਸੀ ਸਹਜਧਾਰੀ ਪਾਰਸੀ ਨਹੀਂ, ਕੋਈ ਜੋਗੀ ਸਹਜਧਾਰੀ ਜੋਗੀ ਨਹੀਂ, ਕੋਈ ਨਾਮਧਾਰੀ ਸਹਜਧਾਰੀ ਨਾਮਧਾਰੀ ਨਹੀਂ, ਕੋਈ ਨਿਰੰਕਾਰੀ ਸਹਜਧਾਰੀ ਨਿਰੰਕਾਰੀ ਨਹੀਂ, ਕੋਈ ਰਾਧਾ ਸੁਆਮੀ ਸਹਜਧਾਰੀ ਰਾਧਾ ਸੁਆਮੀ ਨਹੀਂ ਅਤੇ ਕੋਈ ਆਦਿ ਧਰਮੀ ਸਹਜਧਾਰੀ ਆਦਿ ਧਰਮੀ ਨਹੀਂ ਫਿਰ ਗੁਰਸਿੱਖਾਂ ਵਿੱਚ ਵੱਖਰਾ ਸਹਜਧਾਰੀ ਸਿੱਖ ਫਿਰਕਾ ਕਿਵੇਂ ਹੋ ਸਕਦਾ ਹੈ?

ਆਓ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਸਹਜ ਅਤੇ ਧਾਰੀ ਸ਼ਬਦਾਂ ਦੇ ਅਰਥ ਅਤੇ ਭਾਵ ਅਰਥ ਸਮਝਣ ਦੀ ਕੋਸ਼ਿਸ਼ ਕਰੀਏ। ਸਹਜ, ਸਹਜੁ, ਸਹਿਜ, ਸਹਜਿ ਸੰਸਕ੍ਰਿਤ ਦੇ ਲਫਜ਼ ਅਤੇ ਸਹਜ ਤੇ ਸਹਜੇ ਪੰਜਾਬੀ ਵਿੱਚ ਵਰਤੇ ਜਾਂਦੇ ਹਨ। ਮਹਾਨ ਕੋਸ਼ ਵਿੱਚ ਪ੍ਰਕਰਨ ਅਨੁਸਾਰ ਸਹਜ ਦੇ ਕਈ ਅਰਥ ਹਨ ਜਿਵੇਂ-ਸਾਥ ਪੈਦਾ ਹੋਣ (ਜੌੜਾ ਜੰਮਣ) ਵਾਲਾ ਭਾਈ, ਸੁਭਾਵ, ਆਦਤ ਅਤੇ ਫਿਤਰਤ, ਵਿਚਾਰ, ਬਿਬੇਕ (ਸਹਜੇ ਗਾਵਿਆ ਥਾਇ ਪਵੈ) ਗਿਆਨ (ਕਰਮੀ ਸਹਜ ਨ ਉਪਜੈ) ਅਤੇ (ਗੁਰੁ ਬਿਨ ਸਹਜ ਨ ਉਪਜੈ ਭਾਈ) ਅਨੰਦ-ਜਿੱਥੇ ਸ਼ੋਕ ਨਹੀਂ (ਚਉਥੈ ਪਦ ਮਹਿ ਸਹਜ ਹੈ ਗੁਰਮੁਖਿ ਪਲੈ ਪਾਇ) ਸ਼ੁਸ਼ੀਲ-ਪਤਿਵ੍ਰਤ, ਪਾਰਬ੍ਰਹਮ-ਕਰਤਾਰ (ਸਹਜ ਸਲਾਹੀ ਸਦਾ ਸਦਾ) ਸਨਮਾਨ-ਆਦਰ, ਨਿਰਯਤਨ (ਸਤਿਗੁਰੁ ਤਾ ਪਾਇਆ ਸਹਜ ਸੇਤੀ) ਸੁਭਾਵਿਕ (ਜੋ ਕਿਛੁ ਹੋਇ ਸੁ ਸਹਜੇ ਹੋਇ) ਆਸਾਨੀ ਨਾਲ (ਮੁਕਤਿ ਦੁਆਰਾ ਮੋਕਲਾ ਸਹਿਜੇ ਆਵਉ ਜਾਉ) ਸਿੰਧੀ ਵਿੱਚ ਸਹਜ (ਘੋਟੀ ਹੋਈ ਭੰਗ) ਧਾਰੀ-ਧਾਰਨ ਕੀਤੀ (ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ-ਸੁਖਮਨੀ) ਅੰਗੀਕਾਰ ਕੀਤੀ (ਸਾਈ ਸੁਹਾਗਣਿ ਠਾਕੁਰ ਧਾਰੀ) ਡੋਰੀ, ਤੰਦਾਂ ਨੂੰ ਮਿਲਾ ਕੇ ਵੱਟਿਆ ਡੋਰਾ (ਪਉਣ ਹੋਵੈ ਸੂਤਧਾਰੀ) ਮਨੌਤ (ਬਿਨਸੈ ਅਪਨੀ ਧਾਰੀ) ਧਾਰਨ ਵਾਲਾ, ਤਿਖੀ ਧਾਰਾ, ਤੇਜ ਸ਼ਸਤ੍ਰ, ਨਦੀ ਅਤੇ ਦਰਿਆ।

ਸਹਜ ਦਾ ਅਰਥ ਗਿਆਨ, ਪਰਮਪਦ, ਸੁਭਾਵਿਕ ਅਤੇ ਕੁਦਰਤੀ ਵੀ ਹੈ। ਇਹ ਅਵਸਥਾ ਮਾਇਆ ਮੋਹ ਵਿੱਚ ਪ੍ਰਾਪਤ ਨਹੀਂ ਕੀਤੀ ਜਾ ਸਕਦੀ-ਮਾਇਆ ਵਿਚਿ ਸਹਜੁ ਨ ਉਪਜੈ (੬੮) ਸੁਖ ਸਰੂਪ ਅਤੇ ਹੌਲੇ ਹੌਲੇ-ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ॥(੪੭੮) ਸਹਜਿ ਸੇਤੀ-ਵਿਚਾਰ ਨਾਲ ਗਿਆਨ ਸਹਿਤ-ਸਹਜਿ ਸੇਤੀ ਰੰਗ ਮਾਣ॥ ਸਹਜ ਕਥਾ-ਗਿਆਨ ਦੀ ਕਥਾ-ਸਹਜ ਕਥਾ ਕੇ ਅੰਮ੍ਰਿਤ ਕੁੰਟਾ॥ (੧੮੬)

ਸਹਿਜਧਾਰੀ-ਭਾਈ ਕਾਨ੍ਹ ਸਿੰਘ ਨ੍ਹਾਭਾ ਅਨੁਸਾਰ-ਸਹਜ (ਗਿਆਨ) ਧਾਰਨ ਵਾਲਾ (ਵਿਚਾਰਵਾਨ) ਸੌਖਾਲੀ ਧਾਰਨਾ ਵਾਲਾ, ਸੌਖੀ ਰੀਤ ਅੰਗੀਕਾਰ ਕਰਨ ਵਾਲਾ ਜੋ ਖੰਡੇ ਦਾ ਅੰਮ੍ਰਿਤ ਪਾਨ ਨਹੀਂ ਕਰਦਾ ਅਤੇ ਕਛ ਕ੍ਰਿਪਾਨ ਦੀ ਰਹਿਤ ਨਹੀਂ ਰੱਖਦਾ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਬਿਨਾ ਆਪਣਾ ਹੋਰ ਧਰਮ ਪੁਸਤਕ ਨਹੀਂ ਮੰਨਦਾ ਉਹ ਸਹਜਧਾਰੀ ਸਿੱਖ ਹੈ। ਭਾਈ ਸਾਹਿਬ ਗੁਰਮਤਿ ਮਾਰਤੰਡ ਵਿੱਚ ਭਾਈ ਮਨੀ ਸਿੰਘ ਵਾਲੀ ਭਗਤ ਰਤਨਾਵਲੀ ਦਾ ਹਵਾਲਾ ਦੇ ਕੇ ਲਿਖਦੇ ਹਨ ਜੋ ਕੋਈ ਬ੍ਰਾਹਮਣਾਂ ਜਾਂ ਸਾਧ ਪੀਰਾਂ ਵਾਲੇ ਕਰਮਕਾਂਡ ਨਹੀਂ ਕਰਦਾ ਅਤੇ ਗੁਰੂ ਦੇ ਕਹੇ ਅਨੁਸਾਰ ਭੱਦਣ (ਬੱਚੇ ਦੇ ਵਾਲ ਕੱਟਣ ਦੀ ਰਸਮ) ਭਾਵ ਕੇਸ ਨਹੀਂ ਕੱਟਦਾ ਉਹ ਸਹਜਧਾਰੀ ਸਿੱਖ ਹੈ। ਅਜਿਹੇ ਸਹਜਧਾਰੀ ਸਿੱਖ ਪੰਥ ਦਾ ਅੰਗ ਹਨ।

ਅਜੋਕੀ ਰਾਜਨੀਤੀ ਅਤੇ ਕੁਟਲਨੀਤੀ ਅਨੁਸਾਰ ਸਹਜਧਾਰੀ ਤੇ ਕੋਈ ਪਾਬੰਦੀਆਂ ਨਹੀਂ ਭਾਵੇ ਉਹ ਕੇਸ ਕੱਟੇ, ਜ਼ਰਦਾ ਤਮਾਕੂ, ਸਿਗਰਟਾਂ ਆਦਿਕ ਕੋਈ ਵੀ ਨਸ਼ਾ ਖਾਵੇ ਜਾਂ ਪੀਵੇ, ਚੋਰੀ ਯਾਰੀ ਕਰੇ, ਚੁਫੇਰ ਗੜੀਆ ਹੋਵੇ ਭਾਵ ਗੁਰਦੁਆਰੇ ਤੋਂ ਇਲਾਵਾ ਮੰਦਰਾਂ ਵਿੱਚ ਜਾ ਕੇ ਮੂਰਤੀ ਪੂਜਾ ਕਰੇ, ਸੰਧੂਰ ਦੇ ਟਿੱਕੇ ਲਵਾਵੇ, ਵੀਰਵਾਰ ਨੂੰ ਪੀਰ ਖਾਨੇ ਜਾ ਕੇ ਦੀਵੇ ਵੀ ਬਾਲੇ, ਰਾਮ ਸ਼ਾਮ ਦੀਆਂ ਮੂਰਤੀਆਂ ਨੂੰ ਮੱਥੇ ਵੀ ਟੇਕੇ, ਗਲ ਵਿੱਚ ਜਾਂ ਮੋਢੇ ਤੇ ਮੰਤਰੇ ਤਵੀਤ ਵੀ ਬੰਨ੍ਹਾਈ ਫਿਰੇ, ਜੋਤਸ਼ੀਆਂ ਨੂੰ ਹੱਥ ਦਿਖਾਉਂਦਾ ਫਿਰੇ ਭਾਵ ਜਿਸਦਾ ਕੋਈ ਇੱਕ ਅਕੀਦਾ ਨਾਂ ਹੋਵੇ, ਉਹ ਸਹਜਧਾਰੀ ਸਿੱਖ ਹੈ। ਇੱਕ ਹੁਣੇ ਉੱਠੀ ਮਿਸਟਰ ਰਾਣੂ ਵਾਲੀ ਸਹਜਧਾਰੀ ਫੈਡਰੇਸ਼ਨ ਕਲਪਿਤ ਸਹਜਧਾਰੀ ਸਿੱਖਾਂ ਨੂੰ ਸ੍ਰੌਮਣੀ ਕਮੇਟੀ ਵਿੱਚ ਵੋਟਾਂ ਪੌਣ ਦਾ ਅਧਿਕਾਰ ਤਾਂ ਮੰਗਦੀ ਹੈ। ਕੀ ਇਹ ਫੈਡਰੇਸ਼ਨ ਜਾਂ ਇਸ ਦੇ ਮੈਂਬਰ ਜਾਂ ਅਨੁਯਾਈ ਖੰਡੇ ਦੀ ਪਹੁਲ ਨੂੰ ਛੱਡ ਕੇ ਬਾਕੀ ਰਹਿਤਾਂ ਦੇ ਧਾਰਨੀ ਹਨ? ਕੀ ਇਹ ਕੇਸ ਨਹੀਂ ਕਟਦੇ? ਕੀ ਇਹ ਸਹਜੇ-ਸਹਜੇ ਸਿੱਖ ਬਣ ਰਹੇ ਹਨ? ਕੀ ਇਹ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਅਖੌਤੀ ਸਾਧਾਂ-ਸੰਤਾਂ ਦੇ ਸ਼ਰਧਾਲੂ ਤਾਂ ਨਹੀਂ? ਫਿਰ ਸਹਜਧਾਰੀ ਦੇ ਪੜਦੇ ਪਿੱਛੇ ਸਿੱਖ ਵਿਰੋਧੀ ਤਾਕਤਾਂ, ਜਿਵੇਂ ਆਰ. ਐਸ. ਐਸ., ਸ਼ਿਵ ਸੈਨਾ, ਭਾਜਪਾ,  ਆਸ਼ੂਤੋਸ਼, ਸਰਸੇਵਾਲਾ, ਭਨਿਆਰੇ ਵਾਲਾ, ਨਕਲੀ ਨਿਰੰਕਾਰੀ, ਵਡਭਾਗੀਏ, ਰਾਧਾਸੁਆਮੀ ਅਤੇ ਸਿੱਖ ਰਹਿਤ ਮਰਯਾਦਾ ਦੇ ਵਿਰੋਧੀ ਡੇਰੇਦਾਰ ਸਾਧ-ਸੰਤ ਆਦਿਕ ਤਾਂ ਸਹਜਧਾਰੀ ਸਿੱਖਾਂ ਦੇ ਲੇਬਲ ਥੱਲੇ ਸਿੱਖ ਸੰਸਥਾਵਾਂ ਅਤੇ ਗੁਰਦੁਆਰਿਆਂ ਦੀਆਂ ਕਮੇਟੀਆਂ ਵਿੱਚ ਘੁਸੜਨ ਵਿੱਚ ਕਾਮਯਾਬ ਨਹੀਂ ਹੋ ਜਾਣਗੇ?

ਇਹ ਉਪ੍ਰੋਕਤ ਸਭ ਗੱਲਾਂ ਧਿਆਨ ਨਾਲ ਵਿਚਾਰਨ ਵਾਲੀਆਂ ਹਨ। ਭਲਿਓ ਜਿਵੇਂ ਬਾਕੀ ਧਰਮਾਂ ਵਿੱਚ ਕੋਈ ਸਹਜਧਾਰੀ ਨਹੀਂ ਤਾਂ ਸਿੱਖ ਧਰਮ ਵਿੱਚ ਕਿਧਰੋਂ ਆ ਗਿਆ? ਜਰਾ ਧਿਆਨ ਨਾਲ ਵਿਚਾਰੋ ਕਿ ਉਹ ਹੀ ਸਿੱਖ ਹੈ ਜੋ ਸਿੱਖ ਧਰਮ ਦੇ ਨਿਯਮਾਂ ਦੀ ਪਾਲਣਾ ਕਰਦਾ ਹੈ ਭਾਵੇਂ ਉਹ ਅੰਮ੍ਰਿਤਧਾਰੀ ਹੈ ਜਾਂ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਸਰਬਸਾਂਝੀ ਗਿਆਨਮਈ ਬਾਣੀ ਅਨੁਸਾਰ ਜੀਵਣ ਬਤੀਤ ਕਰਨ ਵਾਲਾ ਹਰੇਕ ਪ੍ਰਾਣੀ ਸਿੱਖ ਹੈ-ਸੋ ਸਿੱਖੁ ਸਖਾ ਬੰਧਪੁ ਹੈ ਭਾਈ ਜੇ ਗੁਰ ਕੇ ਭਾਣੇ ਵਿਚਿ ਆਵੈ॥ ਆਪਣੇ ਭਾਣੇ ਜੋ ਚਲੈ ਭਾਈ ਵਿਛੁੜ ਚੋਟਾਂ ਖਾਵੈ॥(੬੦੧) ਰਹਿਣੀ ਰਹੈ ਸੋਈ ਸਿੱਖ ਮੇਰਾ ਭਾਵ ਗੁਰਬਾਣੀ ਅਨੁਸਾਰ ਰਹਿਣੀ ਰੱਖੇ ਇਧਰ-ਉਧਰ ਨਾਂ ਭਟਕੇ, ਉਹ ਹੀ ਮੇਰਾ ਸਿੱਖ ਹੈ।

ਸਾਡੇ ਬਹੁਤ ਸਾਰੇ ਅੰਮ੍ਰਿਤਧਾਰੀ ਸਿੱਖ ਵੀ, ਬਾਣਾ ਗੁਰੂ ਦਾ ਪਾ ਕੇ, ਬ੍ਰਾਹਮਣੀ ਕਰਮਕਾਂਡ ਕਰਦੇ ਹੋਏ, ਅਖੌਤੀ ਸਾਧਾਂ ਸੰਤਾਂ ਦੇ ਡੇਰਿਆਂ ਤੇ ਭਟਕਦੇ ਫਿਰਦੇ ਹਨ। ਕੁਝ ਤਾਂ ਏਨੇ ਕਟੜਵਾਦੀ ਹੋ ਗਏ ਹਨ ਕਿ ਇਕੱਲੇ ਪੰਜ ਕਕਾਰਾਂ ਨੂੰ ਹੀ ਸਿੱਖੀ ਸਮਝਣ ਲੱਗ ਪਏ ਹਨ। ਜੇ ਕਿਤੇ ਕ੍ਰਿਪਾਨ ਲਹਿ ਗਈ, ਕਛਹਿਰਾ ਲਹਿ ਗਿਆ ਤਾਂ ਸਿੱਖੀ ਟੁੱਟ ਗਈ, ਜੇ ਦਾੜੀ ਬੰਨ੍ਹ ਲਈ ਜਾਂ ਪੈਂਟ ਸ਼ਰਟ ਪਾ ਲਈ ਤਾਂ ਸਿੱਖੀ ਟੁੱਟ ਗਈ, ਜੇ ਚਾਹ ਪੀ ਲਈ ਜਾਂ ਮਾਸ ਮਛਲੀ ਖਾ ਲਈ ਤਾਂ ਸਿੱਖੀ ਟੁੱਟ ਗਈ, ਜੇ ਮੇਜ ਕੁਰਸੀਆਂ ਤੇ ਲੰਗਰ ਛਕ ਲਿਆ ਤਾਂ ਸਿੱਖੀ ਜਾਂਦੀ ਰਹੀ, ਜੇ ਕਿਤੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖ ਲਿਆ ਤਾਂ ਸਿੱਖੀ ਟੁੱਟ ਗਈ ਅਤੇ ਕਟੜਵਾਦੀ ਡਾਗਾਂ ਲੈ ਕੇ ਮਗਰ ਪੈ ਗਏ, ਐਹੋ ਜਿਹੇ ਹੋਰ ਵੀ ਕਈ ਕਾਰਨਾਮੇ ਹਨ ਜਿਨ੍ਹਾਂ ਦੇ ਡਰ ਕਰਕੇ, ਆਮ ਆਦਮੀ ਅਤੇ ਬੱਚੇ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਹਨ। ਦੇਖੋ ਸਿੰਧੀ ਲੋਕਾਂ ਵਿੱਚ ਕਿੰਨੀ ਸ਼ਰਧਾ ਹੈ ਉਹ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜਰੂਰ ਰੱਖਦੇ ਹਨ ਅਤੇ ਲੜਕੀ ਨੂੰ ਦਾਜ ਵਿੱਚ ਹੋਰ ਵਸਤੂਆਂ ਤੋਂ ਇਲਾਵਾ ਕਈ ਪ੍ਰਵਾਰ ਗੁਰੂ ਗ੍ਰੰਥ ਸਾਹਿਬ ਦੀ ਪਵਿਤ੍ਰ ਬੀੜ ਵੀ ਦਿੰਦੇ ਹਨ। ਜੇ ਉਹ ਗੁਰ ਉਪਦੇਸ਼ਾਂ ਤੇ ਚਲਦੇ ਹੋਏ ਇਧਰ-ਉਧਰ ਨਹੀਂ ਭਟਕਦੇ ਤਾਂ ਕੀ ਉਹ ਸਿੱਖ ਨਹੀਂ ਹਨ?

ਸਾਨੂੰ ਆਪਣੇ ਆਪ ਨੂੰ ਸੁਧਾਰਨ ਦੀ ਲੋੜ ਹੈ। ਕੀ ਚੋਣਾਂ ਵਿੱਚ ਭੁੱਕੀਆਂ, ਸ਼ਰਾਬਾਂ, ਹੋਰ ਨਸ਼ੇ, ਮਾਇਆ ਦਾ ਲਾਲਚ, ਚੌਧਰ ਅਤੇ ਹਕੂਮਤ ਦੀ ਤਾਕਤ ਦੇ ਡਰਾਵੇ ਦੇ ਕੇ, ਵੋਟਾਂ ਲੈਣ ਵਾਲਿਆਂ ਨੂੰ ਸਿੱਖ ਮੰਨਿਆਂ ਜਾ ਸਕਦਾ ਹੈ? ਭਾਵੇਂ ਉਨ੍ਹਾਂ ਨੇ ਗੁਰੂ ਦਾ ਬਾਣਾ ਪਾਇਆ ਅਤੇ ਦਾੜੀਆਂ ਵੀ ਖੁਲ੍ਹੀਆਂ ਛੱਡੀਆਂ ਹੋਣ? ਸੋ ਦੂਜੇ ਪਾਸੇ ਰਾਜਨੀਤੀ ਵਰਤ ਕੇ ਤਾਕਤ ਨਾਲ ਹਕੂਮਤ ਜਾਂ ਅਹੁਦੇਦਾਰੀਆਂ ਹਥਿਆਉਣ ਲਈ ਹੀ, ਸਹਜਧਾਰੀ ਸਿੱਖ ਹੋਣ ਦਾ ਡਰਾਮਾ ਕਰਨਾ ਵੀ ਕੋਈ ਸਿੱਖੀ ਵਾਲੀ ਗੱਲ ਨਹੀਂ। ਸੋ ਭਲਿਓ ਜੇ ਸਹਜਧਾਰੀ ਸਿੱਖ ਬਣਨਾ ਜਾਂ ਅਖਵਾਉਣਾ ਹੀ ਹੈ ਤਾਂ ਗੁਰੂ ਗ੍ਰੰਥ ਦੇ ਪੰਥ ਅਤੇ ਗੁਰ ਮਰਯਾਦਾ ਨੂੰ ਛੱਡ ਕੇ ਮੰਦਰਾਂ ਵਿੱਚ ਟੱਲ ਖੜਕਾਉਣੇ, ਪੀਰਾਂ ਦੀਆਂ ਕਬਰਾਂ ਤੇ ਦੀਵੇ ਬਾਲਣੇ, ਬੂਬਣੇ ਸਾਧਾਂ ਦੇ ਡੇਰਿਆਂ ਤੇ ਜਾਣਾਂ, ਤੋਤਾ ਰਟਨੀ ਪਾਠ ਕਰਨੇ ਕਰਾਉਣੇ, ਕੇਸ ਕਟਣੇ ਅਤੇ ਨਸ਼ੇ ਆਦਿਕ ਵਰਤਣੇ ਛੱਡਣੇ ਪੈਣਗੇ। ਸਿੱਖ ਘਰਾਣੇ ਵਿੱਚ ਪੈਦਾ ਹੋਇਆ ਬੱਚਾ ਜੇ ਸਿੱਖੀ ਤੋਂ ਬਾਗੀ ਹੋ ਜਾਦਾ ਹੈ ਤਾਂ ਉਹ ਸਹਜਧਾਰੀ ਸਿੱਖ ਨਹੀਂ ਬਣ ਜਾਂਦਾ, ਸਹਜਧਾਰੀ ਦਾ ਮਤਲਵ ਤਾਂ ਹੌਲੀ ਹੌਲੀ ਅੱਗੇ ਵੱਧਣ ਦਾ ਹੈ ਨਾਂ ਕਿ ਪਿੱਛੇ ਮੁੜ ਜਾਣ ਦਾ-ਅਗਾਹਾਂ ਕੂ ਤ੍ਰਾਂਘਿ ਪਿਛਾ ਫੇਰਿ ਨਾ ਮੋਹਡੜਾ॥(੧੦੯੬)

ਭਲਿਓ ਆਓ ਆਪਾਂ ਸਾਰੇ ਗੁਰੂ ਗ੍ਰੰਥ ਨੂੰ ਸਮਰਪਿਤ ਹੋ ਜਾਈਏ ਤਾਂ ਹੀ ਅਸੀਂ ਅੰਮ੍ਰਿਤਧਾਰੀ ਜਾਂ ਸਹਜਧਾਰੀ ਸਿੱਖ ਹਾਂ ਵਰਨਾ ਫੋਕੇ ਦਿਖਾਵੇ ਅਤੇ ਭੇਖ ਹਨ ਜਾਂ ਭੇਡਾ ਚਾਲ ਹੀ ਹੈ। ਦਾਸ ਨੂੰ ਪੂਰਨ ਵਿਸ਼ਵਾਸ਼ ਹੈ ਕਿ ਜਦ ਸਿੱਖ ਗੁਰੂ ਗ੍ਰੰਥ ਸਾਹਿਬ ਵਿੱਚ ਦਰਸਾਏ ਗਏ ਅੰਮ੍ਰਿਤ ਦੇ ਧਾਰਨੀ ਭਾਵ ਅੰਮ੍ਰਿਤਧਾਰੀ ਬਣ ਜਾਣਗੇ, ਫਿਰ ਕੋਈ ਸਹਜਧਾਰੀ ਅਤੇ ਕੋਈ ਡੇਰਾਧਾਰੀ ਨਹੀਂ ਰਹਿ ਜਾਵੇਗਾ। ਫਿਰ ਗੁਰੂ ਗੁਰੂ ਅਤੇ ਸਿੱਖ ਸਿੱਖ ਹੀ ਹੋਵੇਗਾ ਅਤੇ ਕੋਈ ਵੱਖਰੇ-ਵੱਖਰੇ ਡੇਰੇ ਨਹੀਂ ਚਲਾਏਗਾ ਅਤੇ ਨਾਂ ਹੀ ਧਰਮ ਦੇ ਨਾਂ ਉੱਤੇ ਚਲਾਏ ਹੋਏ ਡੇਰਿਆਂ ਤੇ ਜਾਏਗਾ। ਭਲਿਓ ਜੇ ਸਿੱਖਾਂ ਦਾ ਰੱਬ ਇੱਕ, ਗ੍ਰੰਥ ਇੱਕ, ਪੰਥ ਇੱਕ, ਨਿਸ਼ਾਨ ਇੱਕ, ਵਿਧਾਨ ਇੱਕ ਹੈ ਫਿਰ ਇਹ ਸਹਜਧਾਰੀ ਅਤੇ ਅੰਮ੍ਰਿਤਧਾਰੀ ਸਿੱਖ ਵਾਲਾ ਪਾੜਾ ਕਿਉਂ? ਗੁਰੂ ਭਲੀ ਕਰੇ ਅਸੀਂ ਪੁਲੀਟੀਕਲ ਲੋਕਾਂ ਅਤੇ ਪਾਖੰਡੀ ਸਾਧਾਂ ਦੀਆਂ ਬਦਨੀਤੀਆਂ ਦੀ ਚਾਲ ਸਮਝ ਕੇ ਇਉਂ ਇਕ-ਮਿਕ ਹੋਏ ਰਹੀਏ-ਸਾਧਸੰਗਤਿ ਮਿਲਿ ਰਹੀਐ ਮਾਧਉ ਜੈਸੇ ਮਧੁਪ ਮਖੀਰਾ॥ (੪੮੬)

ਉਪ੍ਰੋਕਤ ਵਿਚਾਰ-ਚਰਚਾ ਤੋਂ ਭਲੀ ਭਾਂਤ ਪਤਾ ਚਲ ਜਾਂਦਾ ਹੈ ਕਿ ਜੇ ਬਾਕੀ ਧਰਮਾਂ ਵਿੱਚ ਵੱਖਰੇ ਸਹਜਧਾਰੀ ਨਹੀਂ ਹਨ ਤਾਂ ਸਿੱਖ ਧਰਮ ਵਿੱਚ ਕਿਵੇਂ ਹੋ ਸਕਦੇ ਹਨ? ਸਿੱਖ ਸਿੱਖ ਹੀ ਹੈ ਉਸ ਨਾਲ ਸਹਿਜਧਾਰੀ ਲਫਜ ਕਿਸੇ ਸਾਜਿਸ਼ ਅਧੀਨ ਜੋੜਿਆ ਗਿਆ ਹੈ। ਗੁਰਮਤਿ ਦੇ ਸਹਜਧਾਰੀ ਗੁਰੂ ਦੇ ਸਿੱਖ ਅਤੇ ਰਾਜਨੀਤੀ ਦੇ ਸਹਜਧਾਰੀ ਆਪੋ ਆਪਣੀ ਪਾਰਟੀ ਅਤੇ ਮਨ-ਮਨੌਤਾਂ ਦੇ ਧਾਰੀ ਹਨ। ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਤੇ ਚੱਲਣ ਅਤੇ ਇਨਸਾਨੀਅਤ ਨੂੰ ਧਾਰਨ ਵਾਲਾ ਹੀ ਗੁਰਸਿੱਖ ਹੋ ਸਕਦਾ ਹੈ ਨਾਂ ਕਿ ਵੱਖ ਵੱਖ ਡੇਰਿਆਂ, ਸੰਪ੍ਰਦਾਵਾਂ ਦੀ ਮਰਯਾਦਾ ਅਤੇ ਸਰਕਾਰੀ ਡੈਫੀਨੇਸ਼ਨ ਨੂੰ ਮੰਨਣਵਾਲਾ। ਸੋ ਸਿੱਖ ਧਰਮ ਵਿੱਚ ਸਹਿਜਧਾਰੀ ਕੋਈ ਪ੍ਰਥਾ ਨਹੀਂ ਸਗੋਂ ਇਹ ਸਿੱਖ ਕੌਮ ਵਿੱਚ ਫੁੱਟ ਪਾਊ ਸਰਕਾਰੀ ਸਟੰਟ ਹੈ। ਵੋਟਾਂ ਵੇਲੇ ਲਾਸਟ ਨਾਵਾਂ ਨਾਲ ਸਿੰਘ, ਕੌਰ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਪੂਰਨ ਆਸਤਾ ਦੇਖੀ ਜਾਣੀ ਚਾਹੀਦੀ ਹੈ ਨਾਂ ਕਿ ਕੇਵਲ ਪੰਜ ਕਕਾਰਾਂ ਵਾਲਾ ਫੱਟਾ ਹੀ ਦੇਖਣਾ ਚਾਹੀਦਾ ਹੈ। ਪੰਜ ਕਕਾਰ ਫੌਜੀ ਖਾਲਸੇ ਦੀ ਵਰਦੀ ਹਨ ਨਾਂ ਕਿ ਹਰੇਕ ਸਿੱਖ ਦੀ ਪਰ ਪੰਜ ਕਕਾਰਧਾਰੀ ਤਦ ਹੀ ਖਾਲਸਾ ਹੈ ਜੇ ਉਹ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਤੇ ਚਲਦਾ ਹੈ ਨਾਂ ਕਿ ਡੇਰੇ, ਟਕਸਾਲਾਂ ਅਤੇ ਸੰਪ੍ਰਦਾਵਾਂ ਦੀ ਕਰਮਕਾਂਡੀ ਮਰਯਾਦਾ ਦਾ ਧਾਰਨੀ ਹੈ-ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਂਨੀ॥ (ਗੁਰੂ ਗ੍ਰੰਥ)


01/05/16)
ਰਾਜਿੰਦਰ ਸਿੰਘ (ਮੁੱਖ ਸੇਵਾਦਾਰ) ਸ਼੍ਰੋਮਣੀ ਖ਼ਾਲਸਾ ਪੰਚਾਇਤ

ਅਸ਼ਲੀਲਤਾ ਕਿਸ ਨੂੰ ਕਹਿੰਦੇ ਹਨ?

(ਅਖੌਤੀ ਦਸਮ ਗ੍ਰੰਥ ਦੇ ਸੰਧਰਭ ਵਿੱਚ)

(ਕਿਸ਼ਤ ਚੌਥੀ)

ਬਚਿੱਤ੍ਰ ਨਾਟਕ ਪੁਸਤਕ ਦੇ 'ਪਖਯਾਨ ਚਰਿਤ੍ਰ'' ਭਾਵ ਤ੍ਰਿਆ ਚਰਿਤ੍ਰ ਭਾਗ ਦੇ ੪੦੪ ਚਰਿਤ੍ਰਾਂ ਚੋਂ ਦੋ-ਤਿੰਨ ਛੱਡ ਕੇ ਬਾਕੀ ਸਭ ਰਚਨਾਵਾਂ ਵਿੱਚ ਜਿਥੇ ਕਾਮ ਨੂੰ ਵੱਧ ਤੋਂ ਵੱਧ ਉਕਸਾਇਆ ਗਿਆ ਹੈ, ਕਾਮ ਵਿੱਚ ਗਲਤਾਨ ਵਿਕਾਰੀ ਜੀਵਨ ਦੇ ਸੋਹਲੇ ਗਾਏ ਗਏ ਹਨ, ਇਸ ਦੇ ਉਲਟ ਗੁਰਬਾਣੀ ਦੀ ਉਪਰਲੀ ਪਾਵਨ ਪੰਕਤੀ ਵਿੱਚ ਸਤਿਗੁਰੁ ਸਾਨੂੰ ਸੁਚੇਤ ਕਰ ਰਹੇ ਹਨ ਕਿ ਕਾਮ ਅਤੇ ਕ੍ਰੋਧ ਐਸੇ ਵਿਕਾਰ ਹਨ, ਜਿਨ੍ਹਾਂ ਨਾਲ ਸ਼ਰੀਰ ਗਲ ਜਾਂਦਾ ਹੈ ਭਾਵ ਕਮਜ਼ੋਰ ਅਤੇ ਰੋਗੀ ਹੋ ਜਾਂਦਾ ਹੈ। ਅਜ ਦੇ ਸਮਾਜ ਵਿੱਚ ਏਡਜ਼ ਵਰਗੇ ਮਾਰੂ ਰੋਗਾਂ ਦਾ ਫੈਲਣਾ, ਇਸ ਦੀ ਸੱਚਾਈ ਅਤੇ ਸਾਰਥਕਤਾ ਆਪੇ ਸਿੱਧ ਕਰਦਾ ਹੈ। ਬਲਿਹਾਰ ਹਾਂ ਉੱਘੇ ਵਿਦਵਾਨ ਜੀ ਦੇ ਜਿਨ੍ਹਾਂ ਸਗੋਂ ਉਲਟਾ, ਇਸ ਪੰਕਤੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਅਸ਼ਲੀਲਤਾ ਦੱਸਣ ਲਈ ਵਰਤਿਆ ਹੈ।

ਅਗਲੇ ਪ੍ਰਮਾਣ ਨੂੰ ਵਿਚਾਰਨ ਤੋਂ ਪਹਿਲਾਂ ਗੁਰਮਤਿ ਦਾ ਇਕ ਹੋਰ ਮੂਲ ਸਿਧਾਂਤ ਸਮਝ ਲੈਣਾ ਜ਼ਰੂਰੀ ਹੈ, ਕਿ ਗੁਰਬਾਣੀ ਵਿੱਚ ਕੇਵਲ ਇਕ ਪ੍ਰਮੇਸਰ ਨੂੰ 'ਪੁਰਖੁ' ਭਾਵ ਮਰਦ ਅਤੇ ਪਤੀ (ਕੰਤ) ਮੰਨਿਆ ਗਿਆ ਹੈ। ਬਾਕੀ ਸਭ ਭਾਵੇਂ ਮਰਦ ਜਾਂ ਇਸਤ੍ਰੀ, ਅਕਾਲ-ਪੁਰਖੁ ਦੀਆਂ ਜੀਵ ਇਸਤਰੀਆਂ ਹਨ। ਗੁਰਬਾਣੀ ਦਾ ਪਾਵਨ ਫੁਰਮਾਨ ਹੈ:

''ਮ: ੩ ॥ ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ ॥

ਸਭਿ ਘਟ ਭੋਗਵੈ ਅਲਿਪਤੁ ਰਹੈ ਅਲਖੁ ਨ ਲਖਣਾ ਜਾਈ ॥'' {ਪੰਨਾ ੫੯੨}

ਅਰਥ:-ਇਸ ਸੰਸਾਰ ਵਿੱਚ ਪਤੀ ਇੱਕੋ ਪਰਮਾਤਮਾ ਹੀ ਹੈ, ਹੋਰ ਸਾਰੀ ਸ੍ਰਿਸ਼ਟੀ (ਉਸ ਦੀਆਂ) ਇਸਤ੍ਰੀਆਂ ਹਨ; ਪਰਮਾਤਮਾ ਪਤੀ ਸਾਰੇ ਘਟਾਂ ਨੂੰ ਭੋਗਦਾ ਹੈ (ਭਾਵ, ਸਾਰੇ ਸਰੀਰਾਂ ਵਿੱਚ ਵਿਆਪਕ ਹੈ) ਤੇ ਨਿਰਲੇਪ ਭੀ ਹੈ, ਇਸ ਅਲੱਖ ਪ੍ਰਭੂ ਦੀ ਸਮਝ ਨਹੀਂ ਪੈਂਦੀ ।

''ਏਕੋ ਪ੍ਰਿਉ ਸਖੀਆ ਸਭ ਪ੍ਰਿਅ ਕੀ ਜੋ ਭਾਵੈ ਪਿਰ ਸਾ ਭਲੀ ॥

ਨਾਨਕੁ ਗਰੀਬੁ ਕਿਆ ਕਰੈ ਬਿਚਾਰਾ ਹਰਿ ਭਾਵੈ ਤਿਤੁ ਰਾਹਿ ਚਲੀ ॥'' {ਦੇਵਗੰਧਾਰੀ ਮਹਲਾ ੪, ਪੰਨਾ ੫੨੭}

(ਹੇ ਸਖੀ!) ਇਕ ਪਰਮਾਤਮਾ ਹੀ ਸਭ ਦਾ ਖਸਮ ਹੈ, ਸਾਰੀਆਂ ਸਖੀਆਂ (ਜੀਵ-ਇਸਤ੍ਰੀਆਂ) ਉਸ ਪਿਆਰੇ ਦੀਆਂ ਹੀ ਹਨ; ਪਰ ਜੇਹੜੀ ਪਤੀ-ਪ੍ਰਭੂ ਨੂੰ ਪਸੰਦ ਆ ਜਾਂਦੀ ਹੈ ਉਹ ਚੰਗੀ ਬਣ ਜਾਂਦੀ ਹੈ ।ਵਿਚਾਰਾ ਗਰੀਬ ਨਾਨਕ (ਉਸ ਦੇ ਰਸਤੇ ਉਤੇ ਤੁਰਨ ਲਈ) ਕੀਹ ਕਰ ਸਕਦਾ ਹੈ? ਜੇਹੜੀ ਜੀਵ-ਇਸਤ੍ਰੀ ਹਰੀ-ਪ੍ਰਭੂ ਨੂੰ ਚੰਗੀ ਲੱਗ ਪਏ, ਉਹੀ ਉਸ ਰਸਤੇ ਉਤੇ ਤੁਰ ਸਕਦੀ ਹੈ ।

ਆਓ ਹੁਣ ਅਗਲੇ ਸ਼ਬਦ ਨੂੰ ਵਿਚਾਰਦੇ ਹਾਂ।

''ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ ॥ ਜਾਇ ਪੁਛਹੁ ਡੋਹਾਗਣੀ ਤੁਮ ਕਿਉ ਰੈਣਿ ਵਿਹਾਇ ॥੩੦॥'' {ਸੇਖ ਫਰੀਦ ਜੀ, ਪੰਨਾ ੧੩੭੯}

ਇਸ ਸਲੋਕ ਦੇ ਅਰਥ ਪ੍ਰੋ ਸਾਹਿਬ ਸਿੰਘ ਜੀ ਨੇ ਇੰਝ ਕੀਤੇ ਹਨ:

ਮੈਂ (ਤਾਂ ਕੇਵਲ) ਅੱਜ (ਹੀ) ਪਿਆਰੇ ਨਾਲ ਨਹੀਂ ਸੁੱਤੀ (ਭਾਵ, ਮੈਂ ਤਾਂ ਕੇਵਲ ਅੱਜ ਹੀ ਪਿਆਰੇ ਪਤੀ-ਪਰਮਾਤਮਾ ਵਿੱਚ ਲੀਨ ਨਹੀਂ ਹੋਈ, ਤੇ ਹੁਣ) ਇਉਂ ਹੈ ਜਿਵੇਂ ਮੇਰਾ ਸਰੀਰ ਟੁੱਟ ਰਿਹਾ ਹੈ । ਜਾ ਕੇ ਛੁੱਟੜਾਂ (ਮੰਦ-ਭਾਗਣਾਂ) ਨੂੰ ਪੁੱਛੋ ਕਿ ਤੁਹਾਡੀ (ਸਦਾ ਹੀ) ਰਾਤ ਕਿਵੇਂ ਬੀਤਦੀ ਹੈ (ਭਾਵ, ਮੈਨੂੰ ਤਾਂ ਅੱਜ ਹੀ ਥੋੜਾ ਚਿਰ ਪ੍ਰਭੂ ਵਿਸਰਿਆ ਹੈ ਤੇ ਮੈਂ ਦੁਖੀ ਹਾਂ । ਜਿਨ੍ਹਾਂ ਕਦੇ ਭੀ ਉਸ ਨੂੰ ਯਾਦ ਨਹੀਂ ਕੀਤਾ, ਉਹਨਾਂ ਦੀ ਤਾਂ ਸਾਰੀ ਉਮਰ ਹੀ ਦੁਖੀ ਗੁਜ਼ਰਦੀ ਹੋਵੇਗੀ) ।

ਇਹ ਪਾਵਨ ਪੰਕਤੀ ਸ਼ੇਖ ਫਰੀਦ ਜੀ ਦੇ ਸਲੋਕਾਂ ਵਿੱਚੋਂ ੩੦ਵਾਂ ਸਲੋਕ ਹੈ, ਜਿਸ ਵਿੱਚ ਭਗਤ ਸਾਹਿਬ ਜੀ ਅਕਾਲ-ਪੁਰਖ ਦੇ ਨਿਰਮਲ ਰੰਗ ਵਿੱਚ ਰੰਗੀ ਹੋਈ ਜੀਵ ਇਸਤਰੀ ਦੀ ਬਿਰਹੋਂ ਦੀ ਅਵਸਥਾ ਬਿਆਨ ਕਰਦੇ ਹਨ ਕਿ ਜੋ ਉਸ ਪ੍ਰਮੇਸਰ ਕੰਤ ਦੇ ਰੰਗ ਵਿੱਚ ਰੰਗੇ ਜਾਂਦੇ ਹਨ, ਉਨ੍ਹਾਂ ਨੂੰ ਇਕ ਪਲ ਦਾ ਵਿਛੋੜਾ ਵੀ ਬਰਦਾਸ਼ਤ ਨਹੀਂ ਹੁੰਦਾ, ਉਨ੍ਹਾਂ ਨੂੰ ਵਿਛੋੜੇ ਦਾ ਹਰ ਸੁਆਸ ਅਜਾਂਈ ਗਿਆ ਜਾਪਦਾ ਹੈ। ਨਾਲ ਹੀ ਉਨ੍ਹਾਂ ਦੇ ਜੀਵਨ ਤੇ ਹੈਰਾਨਗੀ ਅਤੇ ਚਿੰਤਾ ਜਤਾਈ ਗਈ ਹੈ ਜੋ ਪ੍ਰਮੇਸਰ ਨਾਲੋਂ ਪੂਰੀ ਤਰ੍ਹਾਂ ਟੁੱਟੇ ਹੋਏ ਹਨ, ਕਿ ਉਨ੍ਹਾਂ ਦੀ ਜੀਵਨ ਰੂਪੀ ਰਾਤ ਕਿਵੇਂ ਬਤੀਤ ਹੋ ਰਹੀ ਹੈ।

ਐਸੇ ਉੱਚੇ ਅਧਿਆਤਮਕ ਜੀਵਨ ਦੀ ਅਵਸਥਾ ਨੂੰ ਸਾਡੇ ਉੱਘੇ ਵਿਦਵਾਨ ਮਸਕੀਨ ਜੀ ਨੇ ਅਸ਼ਲੀਲ ਗਰਦਾਨ ਦਿੱਤਾ ਹੈ। ਬਲਿਹਾਰ ਜਾਵਾਂ ਇਸ ਵਿਦਵਤਾ ਤੋਂ ਕਿ ਅਸ਼ਲੀਲ ਸ਼ਬਦਾਵਲੀ ਵਿੱਚ ਪਰਾਏ ਮਰਦ ਅਤੇ ਇਸਤਰੀ ਨਾਲ ਬਣਾਏ ਆਚਰਣ-ਹੀਨ, ਅਨੈਤਿਕ ਸੰਬੰਧਾਂ ਅਤੇ ਅਨਮੋਲ ਅਧਿਆਤਮਕ ਅਵਸਥਾ ਦੇ ਵਿੱਚ ਫਰਕ ਹੀ ਨਹੀਂ ਮਹਿਸੂਸ ਹੋਇਆ।

ਚਲੋ ਅਧਿਆਤਮਕ ਪੱਖ ਨੂੰ ਪਾਸੇ ਰਖ ਕੇ ਨਿਰੋਲ ਦੁਨਿਆਵੀ ਪੱਖ ਹੀ ਵਿਚਾਰ ਲਈਏ। ਕੀ ਕਿਸੇ ਇਸਤਰੀ ਦਾ ਆਪਣੇ ਕੰਤ(ਪਤੀ) ਨਾਲ ਸੌਣਾ ਆਚਰਣ-ਹੀਨਤਾ ਅਤੇ ਅਨੈਤਿਕ ਕਰਮ ਹੈ? ਇਥੇ ਇਕ ਪਤੀਵ੍ਰਤਾ ਇਸਤਰੀ ਦੀ ਆਪਣੇ ਪਤੀ ਤੋਂ ਵਿਛੋੜੇ ਦੀ ਹਾਲਤ ਬਿਆਨ ਕੀਤੀ ਗਈ ਹੈ ਕਿ ਪਤੀ ਤੋਂ ਵਿਛੁੜ ਕੇ ਪਤੀਵ੍ਰਤਾ ਇਸਤਰੀ ਨੂੰ ਨੀਂਦ ਨਹੀਂ ਆਉਂਦੀ। ਜਿਸ ਬਚਿਤ੍ਰ ਨਾਟਕ ਦੀਆਂ ਰਚਨਾਵਾਂ ਨਾਲ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਉਸ ਵਿੱਚ ਤਾਂ ਸਾਰੀ ਗੱਲ ਹੀ ਯਾਰ ਨਾਲ ਸੇਜਾ ਮਾਨਣ ਦੀ ਅਤੇ ਪਤੀ ਨੂੰ ਧੋਖਾ ਦੇਣ ਦੀ ਹੈ। ਫਿਰ ਕਿਸ ਕਾਮ ਅੰਗ ਦਾ ਜਾਂ ਉਸ ਦੀ ਕਿਰਿਆ ਦਾ ਵਰਨਣ ਕੀਤਾ ਗਿਆ ਹੈ, ਜਿਸ ਨਾਲ ਇਹ ਅਸ਼ਲੀਲ ਬਣ ਗਿਆ ਹੈ? ਸ਼ਾਇਦ ਬਚਿੱਤ੍ਰ ਨਾਟਕ ਦੀਆਂ ਰਚਨਾਵਾਂ ਪੜ੍ਹ ਪੜ੍ਹ ਕੇ ਅਸ਼ਲੀਲਤਾ ਵਿਦਵਾਨ ਜੀ ਦੀ ਸੋਚ ਵਿੱਚ ਵੜ ਗਈ ਹੈ।

''ਗਿਆਨਰਾਉ ਜਬ ਸੇਜੈ ਆਵੈ ਤ ਨਾਨਕ ਭੋਗੁ ਕਰੇਈ ॥''

ਇਹ ਪੰਕਤੀ ਗੁਰੂ ਨਾਨਕ ਸਾਹਿਬ ਦੇ ਉਚਾਰਨ ਕੀਤੇ, ਹੇਠ ਦਿੱਤੇ ਸ਼ਬਦ ਦੇ ਆਖਰੀ ਚੌਥੇ ਬੰਦ ਦੀ ਦੂਸਰੀ ਪੰਕਤੀ ਹੈ:

''ੴਸਤਿਗੁਰ ਪ੍ਰਸਾਦਿ ॥ ਆਸਾ ਘਰੁ ੬ ਮਹਲਾ ੧ ॥ ਮਨੁ ਮੋਤੀ ਜੇ ਗਹਣਾ ਹੋਵੈ ਪਉਣੁ ਹੋਵੈ ਸੂਤ ਧਾਰੀ ॥ ਖਿਮਾ ਸੀਗਾਰੁ ਕਾਮਣਿ ਤਨਿ ਪਹਿਰੈ ਰਾਵੈ ਲਾਲ ਪਿਆਰੀ ॥੧॥ ਲਾਲ ਬਹੁ ਗੁਣਿ ਕਾਮਣਿ ਮੋਹੀ ॥ ਤੇਰੇ ਗੁਣ ਹੋਹਿ ਨ ਅਵਰੀ ॥੧॥ ਰਹਾਉ ॥ ਹਰਿ ਹਰਿ ਹਾਰੁ ਕੰਠਿ ਲੇ ਪਹਿਰੈ ਦਾਮੋਦਰੁ ਦੰਤੁ ਲੇਈ ॥ ਕਰ ਕਰਿ ਕਰਤਾ ਕੰਗਨ ਪਹਿਰੈ ਇਨ ਬਿਧਿ ਚਿਤੁ ਧਰੇਈ ॥੨॥ ਮਧੁਸੂਦਨੁ ਕਰ ਮੁੰਦਰੀ ਪਹਿਰੈ ਪਰਮੇਸਰੁ ਪਟੁ ਲੇਈ ॥ ਧੀਰਜੁ ਧੜੀ ਬੰਧਾਵੈ ਕਾਮਣਿ ਸ੍ਰੀਰੰਗੁ ਸੁਰਮਾ ਦੇਈ ॥੩॥ ਮਨ ਮੰਦਰਿ ਜੇ ਦੀਪਕੁ ਜਾਲੇ ਕਾਇਆ ਸੇਜ ਕਰੇਈ ॥ ਗਿਆਨਰਾਉ ਜਬ ਸੇਜੈ ਆਵੈ ਤ ਨਾਨਕ ਭੋਗੁ ਕਰੇਈ ॥੪॥੧॥੩੫॥'' {ਪੰਨਾ ੩੫੯}

ਇਸ ਪੰਕਤੀ ਦੇ ਅਰਥ ਸਮਝਣ ਤੋਂ ਪਹਿਲਾਂ ਇਹ ਸਮਝ ਲਈਏ ਕਿ ਇਹ ਸ਼ਬਦ ਕਿਸ ਸੰਧਰਭ ਵਿੱਚ ਹੈ ਅਤੇ ਇਸ ਰਾਹੀਂ ਸਤਿਗੁਰੂ ਸਾਨੂੰ ਕੀ ਉਪਦੇਸ਼ ਦੇ ਰਹੇ ਹਨ।

ਸਭ ਤੋਂ ਪਹਿਲਾਂ 'ਰਹਾਉ' ਦੀ ਪੰਕਤੀ ਦੇ ਅਰਥ ਗੁਰੂ ਗ੍ਰੰਥ ਸਾਹਿਬ ਦਰਪਨ ਵਿੱਚ ਇੰਝ ਅੰਕਿਤ ਹਨ:

ਹੇ ਬਹੁ-ਗੁਣੀ ਲਾਲ ਪ੍ਰਭੂ! ਜੇਹੜੀ ਜੀਵ-ਇਸਤ੍ਰੀ ਤੇਰੇ ਗੁਣਾਂ ਵਿੱਚ ਸੁਰਤਿ ਜੋੜਦੀ ਹੈ, ਉਸ ਨੂੰ ਤੇਰੇ ਵਾਲੇ ਗੁਣ ਕਿਸੇ ਹੋਰ ਵਿੱਚ ਨਹੀਂ ਦਿੱਸਦੇ (ਉਹ ਤੈਨੂੰ ਵਿਸਾਰ ਕੇ ਕਿਸੇ ਹੋਰ ਪਾਸੇ ਪ੍ਰੀਤ ਨਹੀਂ ਜੋੜਦੀ) ।੧।ਰਹਾਉ।

ਜਿਵੇਂ ਕੋਈ ਇਸਤ੍ਰੀ ਆਪਣੇ ਪਤੀ ਨੂੰ ਮਿਲਣ ਦੀ ਆਸ ਤੇ ਆਪਣਾ ਸਰੀਰ ਸਿੰਗਾਰਦੀ ਹੈ ਤਾ ਕਿ ਪਤੀ ਨੂੰ ਉਸ ਦਾ ਸਰੀਰ ਚੰਗਾ ਲੱਗੇ ਅਤੇ ਪਤਨੀ ਪਤੀ ਨੂੰ ਭਾ ਜਾਵੇ ਤਾਂ ਉਨ੍ਹਾਂ ਦਾ ਮਿਲਾਪ ਹੋ ਜਾਂਦਾ ਹੈ, ਉਸੇ ਤਰ੍ਹਾਂ ਜੀਵ-ਇਸਤ੍ਰੀ ਅਤੇ ਪਰਮਾਤਮਾ-ਪਤੀ ਦਾ ਆਤਮਕ ਮੇਲ ਹੀ ਹੋ ਸਕਦਾ ਹੈ, ਇਸ ਮੇਲ ਦੀ ਸੰਭਾਵਨਾ ਤਦੋਂ ਹੀ ਹੋ ਸਕਦੀ ਹੈ, ਜੇ ਜੀਵ-ਇਸਤ੍ਰੀ ਆਪਣੇ ਆਤਮਾ ਨੂੰ ਸੁੰਦਰ ਬਣਾਏ। ਸਤਿਗੁਰੂ ਬਖਸ਼ਿਸ਼ ਕਰਦੇ ਸਮਝਾ ਰਹੇ ਹਨ ਕਿ ਆਤਮਾ ਦੀ ਖ਼ੂਬ-ਸੂਰਤੀ ਵਾਸਤੇ ਵਿਖਾਵੇ ਦੇ ਦੁਨਿਆਵੀ ਹਾਰ-ਸ਼ਿੰਗਾਰ ਦੀ ਜਗ੍ਹਾਂ ਪਵਿਤ੍ਰ ਆਚਰਨ, ਸੁਆਸ ਸੁਆਸ ਨਾਮ ਸਿਮਰਨ, ਖਿਮਾ, ਧੀਰਜ, ਗਿਆਨ, ਆਦਿਕ ਗੁਣ ਜੀਵਨ ਵਿੱਚ ਧਾਰਨ ਕਰਨੇ ਪੈਂਦੇ ਹਨ। ਪਹਿਲੇ, ਦੂਸਰੇ ਅਤੇ ਤੀਸਰੇ ਬੰਦ ਵਿੱਚ ਸਤਿਗੁਰੂ ਨੇ ਅਕਾਲ-ਪੁਰਖ ਪਤੀ ਨਾਲ ਮਿਲਾਪ ਲੋਚਦੀ ਜੀਵ ਇਸਤ੍ਰੀ ਨੂੰ ਸਮਝਾਇਆ ਹੈ ਕਿ ਦੁਨਿਆਵੀ ਵਿਖਾਵੇ ਛੱਡ ਕੇ ਆਪਣੇ ਜੀਵਨ ਨੂੰ ਉਪਰੋਕਤ ਗੁਣਾਂ ਨਾਲ ਸ਼ਿੰਗਾਰ ਲੈ।

''ਜੇ ਜੀਵ-ਇਸਤ੍ਰੀ ਆਪਣੇ ਮਨ ਨੂੰ ਸੁੱਚੇ ਮੋਤੀ ਵਰਗਾ ਗਹਿਣਾ ਬਣਾ ਲਏ (ਮੋਤੀਆਂ ਦੀ ਮਾਲਾ ਬਣਾਨ ਲਈ ਧਾਗੇ ਦੀ ਲੋੜ ਪੈਂਦੀ ਹੈ) ਜੇ ਸੁਆਸ ਸੁਆਸ (ਦਾ ਸਿਮਰਨ ਮੋਤੀ ਪ੍ਰੋਣ ਲਈ) ਧਾਗਾ ਬਣੇ, ਜੇ ਦੁਨੀਆ ਦੀ ਵਧੀਕੀ ਨੂੰ ਸਹਾਰ ਲੈਣ ਦੇ ਸੁਭਾਵ ਨੂੰ ਜੀਵ-ਇਸਤ੍ਰੀ ਸਿੰਗਾਰ ਬਣਾ ਕੇ ਆਪਣੇ ਸਰੀਰ ਉਤੇ ਪਹਿਨ ਲਏ, ਤਾਂ ਪਤੀ-ਪ੍ਰਭੂ ਦੀ ਪਿਆਰੀ ਹੋ ਕੇ ਉਸ ਨੂੰ ਮਿਲ ਪੈਂਦੀ ਹੈ ।੧।

ਜੇ ਜੀਵ-ਇਸਤ੍ਰੀ ਪਰਮਾਤਮਾ ਦੀ ਹਰ ਵੇਲੇ ਯਾਦ ਨੂੰ ਹਾਰ ਬਣਾ ਕੇ ਆਪਣੇ ਗਲ ਵਿੱਚ ਪਾ ਲਏ, ਜੇ ਪ੍ਰਭੂ-ਸਿਮਰਨ ਨੂੰ (ਦੰਦਾਂ ਦਾ) ਦੰਦਾਸਾ ਵਰਤੇ, ਜੇ ਕਰਤਾਰ ਦੀ ਭਗਤੀ-ਸੇਵਾ ਨੂੰ ਕੰਗਣ ਬਣਾ ਕੇ ਹੱਥੀਂ ਪਾ ਲਏ, ਤਾਂ ਇਸ ਤਰ੍ਹਾਂ ਉਸ ਦਾ ਚਿੱਤ ਪ੍ਰਭੂ-ਚਰਨਾਂ ਵਿੱਚ ਟਿਕਿਆ ਰਹਿੰਦਾ ਹੈ ।੨।

ਜੇ ਜੀਵ-ਇਸਤ੍ਰੀ ਹਰੀ-ਭਜਨ ਦੀ ਮੁੰਦਰੀ ਬਣਾ ਕੇ ਹੱਥ ਦੀ ਉਂਗਲੀ ਵਿੱਚ ਪਾ ਲਏ, ਪ੍ਰਭੂ ਨਾਮ ਦੀ ਓਟ ਨੂੰ ਆਪਣੀ ਪਤ ਦਾ ਰਾਖਾ ਰੇਸ਼ਮੀ ਕਪੜਾ ਬਣਾਏ, (ਸਿਮਰਨ ਦੀ ਬਰਕਤਿ ਨਾਲ ਪ੍ਰਾਪਤ ਕੀਤੀ) ਗੰਭੀਰਤਾ ਨੂੰ ਪੱਟੀਆਂ ਸਜਾਣ ਹਿਤ ਵਰਤੇ, ਲੱਛਮੀ-ਪਤੀ ਪ੍ਰਭੂ ਦੇ ਨਾਮ ਦਾ (ਅੱਖਾਂ ਵਿਚ) ਸੁਰਮਾ ਪਾਏ ।੩।

ਜਾਪਦਾ ਹੈ ਕਿ ਉੱਘੇ ਵਿਦਵਾਨ ਮਸਕੀਨ ਜੀ ਨੇ ਸੇਜ ਅਤੇ ਭੋਗ ਦੇ ਲਫ਼ਜ਼ ਵੇਖ ਕੇ ਹੀ ਇਸ ਪੰਕਤੀ ਉਤੇ ਅਸ਼ਲੀਲਤਾ ਦਾ ਲੇਬਲ ਲਾ ਕੇ ਲੋਕਾਈ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਹੈ ਜਦਕਿ ਆਖਰੀ ਚੌਥੇ ਬੰਦ ਵਿੱਚ, ਜਿਸ ਵਿੱਚ ਇਹ ਪੰਕਤੀ ਵੀ ਆਉਂਦੀ ਹੈ, ਇਹ ਬਿਲਕੁਲ ਸਪੱਸ਼ਟ ਹੈ ਕਿ ਇਥੇ ਕਿਸੇ ਰਾਜੇ ਦੇ ਮਹਿਲ ਵਿੱਚ ਦੁਨਿਆਵੀ ਮਖਮਲੀ ਪਲੰਘ ਉਤੇ ਕਾਮ-ਸੁਖ ਮਾਨਣ ਦੀ ਗੱਲ ਨਹੀਂ ਹੋ ਰਹੀ। ਬਲਕਿ ਸਤਿਗੁਰੂ ਜੀਵ ਇਸਤਰੀ ਨੂੰ ਸਮਝਾ ਰਹੇ ਹਨ ਕਿ ਤੂੰ ਮਨ ਦੇ ਮਹਿਲ ਵਿੱਚ, ਗਿਆਨ ਦਾ ਚਾਨਣ ਕਰਕੇ ਆਪਣੀ ਹਿਰਦੇ ਰੂਪੀ ਸੇਜ ਤਿਆਰ ਕਰੇਂ ਤਾਂ ਉਸ ਉਤੇ ਗਿਆਨ ਦੇ ਦਾਤੇ ਅਕਾਲ-ਪੁਰਖ ਨਾਲ ਆਤਮਕ ਮਿਲਾਪ ਦਾ ਆਨੰਦ ਮਾਣ ਸਕੇਗੀ।

ਇਸ ਚੌਥੇ ਬੰਦ ਦੇ ਅਰਥ ਗੁਰੂ ਗ੍ਰੰਥ ਸਾਹਿਬ ਦਰਪਨ ਵਿੱਚ ਇੰਝ ਅੰਕਿਤ ਹਨ:

ਜੇ ਜੀਵ-ਇਸਤ੍ਰੀ ਆਪਣੇ ਮਨ ਦੇ ਮਹਿਲ ਵਿੱਚ ਗਿਆਨ ਦਾ ਦੀਵਾ ਜਗਾਏ, ਹਿਰਦੇ ਨੂੰ (ਪ੍ਰਭੂ-ਮਿਲਾਪ ਵਾਸਤੇ) ਸੇਜ ਬਣਾਏ, ਹੇ ਨਾਨਕ! (ਉਸ ਦੇ ਇਸ ਸਾਰੇ ਆਤਮਕ ਸਿੰਗਾਰ ਉਤੇ ਰੀਝ ਕੇ) ਜਦੋਂ ਗਿਆਨ-ਦਾਤਾ ਪ੍ਰਭੂ ਉਸ ਦੀ ਹਿਰਦੇ-ਸੇਜ ਉਤੇ ਪਰਗਟ ਹੁੰਦਾ ਹੈ, ਤਾਂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ।

ਹੁਣ ਨਿਰਣਾ ਪਾਠਕ ਹੀ ਕਰ ਲੈਣ ਕਿ ਉਨ੍ਹਾਂ ਨੂੰ ਇਸ ਪੰਕਤੀ ਚੋਂ ਕਾਮ-ਰਸ ਪ੍ਰਾਪਤ ਹੋਇਆ ਹੈ ਕਿ ਆਤਮਕ ਰਸ?

''ਕਹਉ ਕਹਾ ਅਪਨੀ ਅਧਮਾਈ ॥ ਉਰਝਿਓ ਕਨਕ ਕਾਮਨੀ ਕੇ ਰਸ ਨਹ ਕੀਰਤਿ ਪ੍ਰਭ ਗਾਈ ॥'' {ਟੋਡੀ ਮਹਲਾ ੯, ਪੰਨਾ ੭੧੮}

ਗੁਰੂ ਤੇਗ ਬਹਾਦਰ ਸਾਹਿਬ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੭੧੮ ਤੇ ਸਭਾਏਮਾਨ ਹੈ। ਜਿਸ ਵਿੱਚ ਸਤਿਗਰੂ ਪ੍ਰਮੇਸਰ ਤੋਂ ਟੁੱਟ ਕੇ ਸੰਸਾਰਕ ਮੋਹ ਮਾਇਆ ਵਿੱਚ ਗੁਆਚੇ ਹੋਏ ਮਨੁੱਖ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪੂਰਾ ਸ਼ਬਦ ਹੇਠ ਦਿੱਤਾ ਜਾ ਰਿਹਾ ਹੈ:

''ਟੋਡੀ ਮਹਲਾ ੯ ੴ ਸਤਿਗੁਰ ਪ੍ਰਸਾਦਿ ॥ ਕਹਉ ਕਹਾ ਅਪਨੀ ਅਧਮਾਈ ॥ ਉਰਝਿਓ ਕਨਕ ਕਾਮਨੀ ਕੇ ਰਸ ਨਹ ਕੀਰਤਿ ਪ੍ਰਭ ਗਾਈ ॥੧॥ ਰਹਾਉ ॥ ਜਗ ਝੂਠੇ ਕਉ ਸਾਚੁ ਜਾਨਿ ਕੈ ਤਾ ਸਿਉ ਰੁਚ ਉਪਜਾਈ ॥ ਦੀਨਬੰਧ ਸਿਮਰਿਓ ਨਹੀ ਕਬਹੂ ਹੋਤ ਜੁ ਸੰਗਿ ਸਹਾਈ ॥੧॥ ਮਗਨ ਰਹਿਓ ਮਾਇਆ ਮੈ ਨਿਸਦਿਨਿ ਛੁਟੀ ਨ ਮਨ ਕੀ ਕਾਈ ॥ ਕਹਿ ਨਾਨਕ ਅਬ ਨਾਹਿ ਅਨਤ ਗਤਿ ਬਿਨੁ ਹਰਿ ਕੀ ਸਰਨਾਈ ॥''੨॥੧॥੩੧॥

ਜਿਸ ਪੰਕਤੀ ਵਿੱਚ ਮਸਕੀਨ ਜੀ ਨੂੰ ਅਸ਼ਲੀਲਤਾ ਨਜ਼ਰ ਆਈ ਹੈ, ਉਹ 'ਰਹਾਉ' ਦੀ ਪੰਕਤੀ ਹੈ ਭਾਵ ਸ਼ਬਦ ਦਾ ਕੇਂਦਰੀ ਭਾਵ ਹੈ, ਜਿਸ ਦੇ ਅਰਥ ਪ੍ਰੋ. ਸਾਹਿਬ ਸਿੰਘ ਜੀ ਨੇ ਇਹ ਕੀਤੇ ਹਨ:

ਹੇ ਭਾਈ! ਮੈਂ ਆਪਣੀ ਨੀਚਤਾ ਕਿਤਨੀ ਕੁ ਬਿਆਨ ਕਰਾਂ? ਮੈਂ (ਕਦੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਹੀਂ ਕੀਤੀ, (ਮੇਰਾ ਮਨ) ਧਨ-ਪਦਾਰਥ ਅਤੇ ਇਸਤ੍ਰੀ ਦੇ ਰਸਾਂ ਵਿੱਚ ਹੀ ਫਸਿਆ ਰਹਿੰਦਾ ਹੈ ।

ਗਿਆਨੀ ਸੰਤ ਸਿੰਘ ਮਸਕੀਨ ਜੀ ਜਿਹੇ ਉੱਘੇ ਵਿਦਵਾਨ ਵਲੋਂ ਸਿਰਫ ਕਾਮਨੀ ਅਤੇ ਰਸ ਜਿਹੇ ਸ਼ਬਦ ਵੇਖ ਕੇ ਉਸ ਸ਼ਬਦ ਨੂੰ ਅਸ਼ਲੀਲ ਦੀ ਪੰਕਤੀ ਵਿੱਚ ਲਿਆ ਖੜਾ ਕਰਨਾ, ਸੱਚ-ਮੁੱਚ ਹੈਰਾਨ ਕਰ ਦੇਣ ਵਾਲੀ ਗੱਲ ਹੈ, ਜਦਕਿ ਗੁਰੂ ਤੇਗ ਬਹਾਦੁਰ ਸਾਹਿਬ ਸ਼ਬਦ ਦੇ ਇਸ 'ਰਹਾਉ' ਦੇ ਬੰਦ ਦੀ ਪਹਿਲੀ ਪੰਕਤੀ ਵਿੱਚ ਬਖਸ਼ਿਸ਼ ਕਰਦੇ ਹਨ ਕਿ ਮੈਂ ਆਪਣੀ 'ਅਧਮਾਈ' ਭਾਵ ਮਾੜਾ ਕਿਰਦਾਰ ਕਿਵੇਂ ਬਿਆਨ ਕਰਾਂ? ਸਤਿਗੁਰੂ ਤਾਂ ਧਨ-ਪਦਾਰਥਾਂ ਅਤੇ ਇਸਤਰੀ ਦੇ ਰਸਾਂ ਵਿੱਚ ਫਸਨ ਨੂੰ ਨੀਚ ਕਰਮ ਦਸ ਰਹੇ ਹਨ।

ਪੂਰਾ ਸ਼ਬਦ ਦੋ ਬੰਦਾਂ ਦਾ ਹੈ, ਜਿਸ ਦੇ ਪਹਿਲੇ ਬੰਦ ਵਿੱਚ ਸਤਿਗੁਰੂ ਅਕਾਲ-ਪੁਰਖ ਨਾਲੋਂ ਟੁੱਟੇ ਮਨੁੱਖਾਂ ਦੀ ਹਾਲਤ ਬਿਆਨ ਕਰਦੇ ਹਨ ਕਿ ਉਹ ਪ੍ਰਮੇਸਰ ਦੇ ਨਾਮ ਨਾਲੋਂ ਟੁੱਟ ਕੇ ਕੇਵਲ ਸੰਸਾਰਕ ਪਦਾਰਥਾਂ ਨਾਲ ਹੀ ਮੋਹ ਬਣਾਈ ਰਖਦੇ ਹਨ:

ਹੇ ਭਾਈ! ਇਸ ਨਾਸਵੰਤ ਸੰਸਾਰ ਨੂੰ ਸਦਾ ਕਾਇਮ ਰਹਿਣ ਵਾਲਾ ਸਮਝ ਕੇ ਮੈਂ ਇਸ ਸੰਸਾਰ ਨਾਲ ਹੀ ਪ੍ਰੀਤਿ ਬਣਾਈ ਹੋਈ ਹੈ । ਮੈਂ ਉਸ ਪਰਮਾਤਮਾ ਦਾ ਨਾਮ ਕਦੇ ਨਹੀਂ ਸਿਮਰਿਆ ਜੋ ਨਿਮਾਣਿਆਂ ਦਾ ਰਿਸ਼ਤੇਦਾਰ ਹੈ, ਅਤੇ ਜੇਹੜਾ (ਸਦਾ ਸਾਡੇ) ਨਾਲ ਮਦਦਗਾਰ ਹੈ ।੧।

ਸ਼ਬਦ ਦੇ ਆਖਰੀ ਬੰਦ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਹਨ ਕਿ ਕੇਵਲ ਅਕਾਲ-ਪੁਰਖ ਦੀ ਸਰਨ ਪਿਆਂ ਭਾਵ ਗੁਰੂ ਦੇ ਉਪਦੇਸ਼ ਤੇ ਚੱਲ ਕੇ ਹੀ ਵਿਕਾਰਾਂ ਦੀ ਮੈਲ ਉਤਰ ਸਕਦੀ ਹੈ ਅਤੇ ਉੱਚੀ ਆਤਮਕ ਅਵਸਥਾ ਪਰਾਪਤ ਹੋ ਸਕਦੀ ਹੈ। ਪ੍ਰੋ. ਸਾਹਿਬ ਸਿੰਘ ਜੀ ਨੇ ਇਸ ਬੰਦ ਦੇ ਅਰਥ ਗੁਰੂ ਗ੍ਰੰਥ ਸਾਹਿਬ ਦਰਪਨ ਵਿੱਚ ਇੰਝ ਅੰਕਿਤ ਕੀਤੇ ਹਨ:

ਹੇ ਭਾਈ! ਮੈਂ ਰਾਤ ਦਿਨ ਮਾਇਆ (ਦੇ ਮੋਹ) ਵਿਚ ਮਸਤ ਰਿਹਾ ਹਾਂ, (ਇਸ ਤਰ੍ਹਾਂ ਮੇਰੇ) ਮਨ ਦੀ ਮੈਲ ਦੂਰ ਨਹੀਂ ਹੋ ਸਕੀ । ਹੇ ਨਾਨਕ! ਆਖ ਹੁਣ (ਜਦੋਂ ਮੈਂ ਗੁਰੂ ਦੀ ਸਰਨ ਪਿਆ ਹਾਂ, ਤਾਂ ਮੈਨੂੰ ਸਮਝ ਆਈ ਹੈ ਕਿ) ਪ੍ਰਭੂ ਦੀ ਸਰਣ ਪੈਣ ਤੋਂ ਬਿਨਾ ਕਿਸੇ ਭੀ ਹੋਰ ਥਾਂ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ ।੨।

ਸਤਿਗੁਰੂ ਸਾਨੂੰ ਮਾੜੇ ਸੰਸਾਰਕ ਰਸ-ਕਸ ਤਿਆਗ ਕੇ ਇਕ ਅਕਾਲ-ਪੁਰਖ ਨਾਲ ਜੁੜਨ ਦੀ ਪ੍ਰੇਰਨਾ ਦੇ ਰਹੇ ਹਨ ਅਤੇ ਸਾਡੇ ਸਤਿਕਾਰਤ ਵੀਰਾਂ ਨੂੰ ਇਸ ਵਿੱਚੋਂ ਅਸ਼ਲੀਲਤਾ ਅਤੇ ਆਚਰਣਹੀਨਤਾ ਨਜ਼ਰ ਆ ਰਹੀ ਹੈ। ਬਲਿਹਾਰ ਜਾਵਾਂ ਐਸੀ ਗੁਰਮਤਿ ਦੀ ਸੋਝੀ ਅਤੇ ਸੋਚ ਤੋਂ !!

''ਰੂਪ ਰੰਗ ਸੁਗੰਧ ਭੋਗ ਤਿਆਗਿ ਚਲੇ ਮਾਇਆ ਛਲੇ ਕਨਿਕ ਕਾਮਿਨੀ ॥''

ਇਹ ਪਾਵਨ ਪੰਕਤੀ ਗੁਰੂ ਅਰਜਨ ਸਾਹਿਬ ਦੀ ਉਚਾਰਨ ਕੀਤੀ ਹੋਈ, ਗੁਰੂ ਗ੍ਰੰਥ ਸਾਹਿਬ ਦੇ ਪੰਨਾ ੯੦੧ ਤੇ ਸੁਸ਼ੋਭਤ, ਹੇਠਾਂ ਅੰਕਤ ਕੀਤੇ ਸ਼ਬਦ ਵਿੱਚ 'ਰਹਾਉ' ਦੀ ਪੰਕਤੀ ਹੈ:

''ਰਾਮਕਲੀ ਮਹਲਾ ੫ ॥ ਰੂਪ ਰੰਗ ਸੁਗੰਧ ਭੋਗ ਤਿਆਗਿ ਚਲੇ ਮਾਇਆ ਛਲੇ ਕਨਿਕ ਕਾਮਿਨੀ ॥੧॥ ਰਹਾਉ ॥ ਭੰਡਾਰ ਦਰਬ ਅਰਬ ਖਰਬ ਪੇਖਿ ਲੀਲਾ ਮਨੁ ਸਧਾਰੈ ॥ ਨਹ ਸੰਗਿ ਗਾਮਨੀ ॥੧॥ ਸੁਤ ਕਲਤ੍ਰ ਭ੍ਰਾਤ ਮੀਤ ਉਰਝਿ ਪਰਿਓ ਭਰਮਿ ਮੋਹਿਓ ਇਹ ਬਿਰਖ ਛਾਮਨੀ ॥ ਚਰਨ ਕਮਲ ਸਰਨ ਨਾਨਕ ਸੁਖੁ ਸੰਤ ਭਾਵਨੀ ॥੨॥੨॥੬੦॥''

'ਰਹਾਉ' ਦੀ ਪੰਕਤੀ ਹੋਣ ਨਾਤੇ ਇਹ ਸ਼ਬਦ ਦਾ ਕੇਂਦਰੀ ਭਾਵ ਹੈ, ਇਸ ਦੇ ਅਰਥ ਉੱਘੇ ਸਿੱਖ ਵਿਦਵਾਨ ਪ੍ਰੋ. ਸਾਹਿਬ ਸਿੰਘ ਜੀ ਨੇ ਇੰਝ ਕੀਤੇ ਹਨ:

ਹੇ ਭਾਈ! ਸੋਨਾ, ਇਸਤ੍ਰੀ ਆਦਿਕ ਮਾਇਆ ਦੇ ਠੱਗੇ ਹੋਏ ਜੀਵ (ਆਖ਼ਰ ਦੁਨੀਆ ਦੇ ਸਾਰੇ) ਸੋਹਣੇ ਰੂਪ ਰੰਗ ਸੁਗੰਧੀਆਂ ਤੇ ਭੋਗ-ਪਦਾਰਥ ਛੱਡ ਕੇ (ਇਥੋਂ) ਤੁਰ ਪੈਂਦੇ ਹਨ।੧।ਰਹਾਉ।

ਇਸ 'ਰਹਾਉ' ਦੀ ਪੰਕਤੀ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਸਮਝਾ ਰਹੇ ਹਨ, ਕਿ ਇਕ ਆਮ ਮਨੁੱਖ ਸਾਰੀ ਜ਼ਿੰਦਗੀ ਧਨ-ਦੌਲਤ, ਇਸਤ੍ਰੀ ਆਦਿ ਮਾਇਆ ਦੇ ਰੰਗਾਂ ਵਿੱਚ ਠੱਗਿਆ ਹੋਇਆ ਹੀ ਜੀਵਨ ਬਤੀਤ ਕਰਕੇ, ਆਖਿਰ ਇਹ ਸਾਰੇ ਭੋਗ-ਪਦਾਰਥ ਜੋ ਉਸ ਨੂੰ ਜੀਵਨ ਵਿੱਚ ਬੜੇ ਸੋਹਣੇ ਅਤੇ ਪਿਆਰੇ ਲਗਦੇ ਸਨ, ਇਥੇ ਹੀ ਛੱਡ ਕੇ ਸੰਸਾਰ ਤੋਂ ਚਲਾ ਜਾਂਦਾ ਹੈ।

ਇਹ ਵੀ ਦੋ ਪਦਿਆਂ(ਬੰਦਾਂ) ਦਾ ਸ਼ਬਦ ਹੈ, ਅੱਗੇ ਦੋ ਪਦਿਆਂ ਦੇ ਅਰਥ ਗੁਰੂ ਗ੍ਰੰਥ ਸਾਹਿਬ ਦਰਪਨ ਵਿੱਚ ਇੰਝ ਅੰਕਿਤ ਹਨ:

ਹੇ ਭਾਈ! ਬੇਅੰਤ ਧਨ ਦੇ ਖ਼ਜ਼ਾਨਿਆਂ ਦੀ ਮੌਜ ਵੇਖ ਵੇਖ ਕੇ (ਮਨੁੱਖ ਦਾ) ਮਨ (ਆਪਣੇ ਅੰਦਰ) ਢਾਰਸ ਬਣਾਂਦਾ ਰਹਿੰਦਾ ਹੈ, (ਪਰ ਇਹਨਾਂ ਵਿਚੋਂ ਕੋਈ ਚੀਜ਼ ਇਸ ਦੇ) ਨਾਲ ਨਹੀਂ ਜਾਂਦੀ।੧।

ਹੇ ਭਾਈ! ਪੁੱਤਰ, ਇਸਤ੍ਰੀ, ਭਰਾ, ਮਿੱਤਰ (ਆਦਿਕ ਦੇ ਮੋਹ) ਵਿੱਚ ਜੀਵ ਫਸਿਆ ਰਹਿੰਦਾ ਹੈ, ਭੁਲੇਖੇ ਦੇ ਕਾਰਨ ਮੋਹ ਵਿੱਚ ਠੱਗਿਆ ਜਾਂਦਾ ਹੈ૷ਪਰ ਇਹ ਸਭ ਕੁਝ ਰੁੱਖ ਦੀ ਛਾਂ (ਵਾਂਗ) ਹੈ। (ਇਸ ਵਾਸਤੇ) ਹੇ ਨਾਨਕ! ਪਰਮਾਤਮਾ ਦੇ ਸੋਹਣੇ ਚਰਨਾਂ ਦੀ ਸਰਨ ਦਾ ਸੁਖ ਹੀ ਸੰਤ ਜਨਾਂ ਨੂੰ ਚੰਗਾ ਲੱਗਦਾ ਹੈ।

ਹੁਣ ਸ਼ਬਦ ਨੂੰ ਸਮਝੀਏ, ਵਿਚਾਰੀਏ ਤਾਂ ਸਤਿਗੁਰੂ ਸਮਝਾ ਰਹੇ ਹਨ ਕਿ ਇਕ ਆਮ ਮਨੁੱਖ ਸਾਰੀ ਜ਼ਿੰਦਗੀ ਪਦਾਰਥੀ ਰਸਾਂ-ਕਸਾਂ ਵਿੱਚ ਗਲਤਾਨ ਹੋਇਆ ਹੀ ਸੰਸਾਰ ਤੋਂ ਚਲਾ ਜਾਂਦਾ ਹੈ ਅਤੇ ਇਹ ਸਾਰੇ ਧਨ ਦੌਲਤ ਆਦਿ ਦੁਨਿਆਵੀ ਸੁੱਖ ਸਾਧਨ ਇਥੇ ਹੀ ਛੱਡ ਜਾਂਦਾ ਹੈ, ਇਨ੍ਹਾਂ ਵਿੱਚੋਂ ਕੁਝ ਵੀ ਉਸ ਦੇ ਨਾਲ ਨਹੀਂ ਜਾਂਦਾ। ਪਰ ਸੰਤ-ਜਨ ਭਾਵ ਸ਼ੁਭ ਗੁਣਾਂ ਵਾਲੇ ਮਨੁੱਖ ਇਨ੍ਹਾਂ ਪਦਾਰਥਕ ਸੁੱਖਾਂ ਵਿੱਚ ਗਲਤਾਨ ਨਹੀਂ ਹੁੰਦੇ ਅਤੇ ਆਪਣਾ ਚਿੱਤ ਸਦਾ ਪ੍ਰਭੂ ਚਰਨਾਂ ਵਿੱਚ ਜੋੜੀ ਰਖਦੇ ਹਨ। ਇਹੀ ਸੁੱਖ ਉਨ੍ਹਾਂ ਨੂੰ ਸਭ ਤੋਂ ਚੰਗਾ ਲਗਦਾ ਹੈ।

ਇਕ ਉੱਘੇ ਵਿਦਵਾਨ ਵਲੋਂ ਸ਼ਬਦ ਦੀ ਇਕ ਪੰਕਤੀ ਵਿੱਚ ਕੇਵਲ 'ਕਾਮਿਨੀ' ਅਤੇ 'ਭੋਗ' ਸ਼ਬਦ ਵੇਖ ਕੇ ਉਸ ਨੂੰ ਅਸ਼ਲੀਲ ਅਤੇ ਆਚਰਣ-ਹੀਨਤਾ ਵਾਲੀਆਂ ਰਚਨਾਵਾਂ ਨਾਲ ਤੁਲਨਾ ਦੇਣੀ, ਭੋਲੀ ਭੋਲੀ ਸੰਗਤ ਨੂੰ ਗੁੰਮਰਾਹ ਕਰਨ ਅਤੇ ਮੂਰਖ ਬਨਾਉਣ ਤੋਂ ਸਿਵਾ ਹੋਰ ਕੁਝ ਨਹੀਂ ਕਿਹਾ ਜਾ ਸਕਦਾ। ਹਾਲਾਂਕਿ ਇਹ ਵੀ ਸਭ ਜਾਣਦੇ ਹਨ ਕਿ ਭੋਗ ਸ਼ਬਦ ਕੇਵਲ ਇਸਤ੍ਰੀ ਸੁਖ ਵਾਸਤੇ ਹੀ ਨਹੀਂ ਆਉਂਦਾ, ਸਗੋਂ ਸੰਸਾਰਕ ਪਦਾਰਥਾਂ ਦੇ ਸੁੱਖਾਂ ਨੂੰ ਮਾਨਣਾ ਵੀ ਭੋਗਣਾ ਹੀ ਕਹਾਉਂਦਾ ਹੈ।

''ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ ॥''

ਗੁਰਬਾਣੀ ਦੀ ਇਹ ਪੰਕਤੀ ਗੁਰੂ ਨਾਨਕ ਸਾਹਿਬ ਦੇ ਉਚਾਰਨ ਕੀਤੇ ਹੋਏ, ਗੁਰੂ ਗ੍ਰੰਥ ਸਾਹਿਬ ਦੇ ਪੰਨਾ ੮੭੮-੮੭੯ ਤੇ ਅੰਕਤ, ਚਾਰ ਬੰਦਾਂ ਵਾਲੇ, ਇਸ ਪਾਵਨ ਸ਼ਬਦ ਦੇ ਤੀਸਰੇ ਬੰਦ ਦੀ ਪਹਿਲੀ ਪੰਕਤੀ ਹੈ:

''ਰਾਮਕਲੀ ਮਹਲਾ ੧ ॥ ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰੁ ਕਵਣੁ ਬੁਝੈ ਬਿਧਿ ਜਾਣੈ ॥ ਉਤਭੁਜ ਚਲਤ ਆਪਿ ਕਰਿ ਚੀਨੈ ਆਪੇ ਤਤੁ ਪਛਾਣੈ ॥੧॥ ਐਸਾ ਗਿਆਨੁ ਬੀਚਾਰੈ ਕੋਈ ॥ ਤਿਸ ਤੇ ਮੁਕਤਿ ਪਰਮ ਗਤਿ ਹੋਈ ॥੧॥ ਰਹਾਉ ॥ ਦਿਨ ਮਹਿ ਰੈਣਿ ਰੈਣਿ ਮਹਿ ਦਿਨੀਅਰੁ ਉਸਨ ਸੀਤ ਬਿਧਿ ਸੋਈ ॥ ਤਾ ਕੀ ਗਤਿ ਮਿਤਿ ਅਵਰੁ ਨ ਜਾਣੈ ਗੁਰ ਬਿਨੁ ਸਮਝ ਨ ਹੋਈ ॥੨॥ ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ ॥ ਧੁਨਿ ਮਹਿ ਧਿਆਨੁ ਧਿਆਨ ਮਹਿ ਜਾਨਿਆ ਗੁਰਮੁਖਿ ਅਕਥ ਕਹਾਨੀ ॥੩॥ ਮਨ ਮਹਿ ਜੋਤਿ ਜੋਤਿ ਮਹਿ ਮਨੂਆ ਪੰਚ ਮਿਲੇ ਗੁਰ ਭਾਈ ॥ ਨਾਨਕ ਤਿਨ ਕੈ ਸਦ ਬਲਿਹਾਰੀ ਜਿਨ ਏਕ ਸਬਦਿ ਲਿਵ ਲਾਈ ॥੪॥੯॥''

ਗੁਰੂ ਗ੍ਰੰਥ ਸਾਹਿਬ ਦਰਪਨ ਵਿੱਚ, ਸ਼ਬਦ ਦੇ ਭਾਵ ਅਰਥ ਇੰਝ ਦਿੱਤੇ ਗਏ ਹਨ:

(ਜਿਵੇਂ) ਸਮੁੰਦਰ ਵਿੱਚ ਬੂੰਦਾਂ ਹਨ (ਜਿਵੇਂ) ਬੂੰਦਾਂ ਵਿੱਚ ਸਮੁੰਦਰ ਵਿਆਪਕ ਹੈ (ਤਿਵੇਂ ਸਾਰੇ ਜੀਅ ਜੰਤ ਪਰਮਾਤਮਾ ਵਿੱਚ ਜੀਊਂਦੇ ਹਨ ਅਤੇ ਸਾਰੇ ਜੀਵਾਂ ਵਿੱਚ ਪਰਮਾਤਮਾ ਵਿਆਪਕ ਹੈ) ਉਤਭੁਜ (ਆਦਿਕ ਚਾਰ ਖਾਣੀਆਂ ਦੀ ਰਾਹੀਂ ਉਤਪੱਤੀ) ਦਾ ਤਮਾਸ਼ਾ ਰਚ ਕੇ ਪ੍ਰਭੂ ਆਪ ਹੀ ਵੇਖ ਰਿਹਾ ਹੈ, ਤੇ ਆਪ ਹੀ ਇਸ ਅਸਲੀਅਤ ਨੂੰ ਸਮਝਦਾ ਹੈ૷ਕੋਈ ਵਿਰਲਾ ਮਨੁੱਖ ਇਸ ਭੇਤ ਨੂੰ ਬੁੱਝਦਾ ਹੈ ਤੇ ਵਿਓਂਤ ਨੂੰ ਸਮਝਦਾ ਹੈ।੧।

ਉਸ (ਸਰਬ-ਸਿਰਜਣਹਾਰ ਤੇ ਸਰਬ-ਵਿਆਪਕ ਪ੍ਰਭੂ ਦੀ ਸਿਫ਼ਤਿ-ਸਾਲਾਹ) ਦੀ ਬਰਕਤਿ ਨਾਲ ਮਨੁੱਖ ਨੂੰ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਹੁੰਦੀ ਹੈ ਤੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਹੁੰਦੀ ਹੈ૷ਅਜੇਹਾ ਗਿਆਨ ਕੋਈ ਵਿਰਲਾ (ਗੁਰਮੁਖਿ) ਵਿਚਾਰਦਾ ਹੈ।੧।ਰਹਾਉ।

ਦਿਨ (ਦੇ ਚਾਨਣ) ਵਿੱਚ ਰਾਤ (ਦਾ ਹਨੇਰਾ) ਲੀਨ ਹੋ ਜਾਂਦਾ ਹੈ, ਰਾਤ (ਦੇ ਹਨੇਰੇ) ਵਿੱਚ ਸੂਰਜ (ਦਾ ਚਾਨਣ) ਮੁੱਕ ਜਾਂਦਾ ਹੈ। ਇਹੀ ਹਾਲਤ ਹੈ ਗਰਮੀ ਦੀ ਤੇ ਠੰਢ ਦੀ (ਕਦੇ ਗਰਮੀ ਹੈ ਕਦੇ ਠੰਢ, ਕਿਤੇ ਗਰਮੀ ਹੈ ਕਿਤੇ ਠੰਢ)(ਇਹ ਸਾਰੀ ਖੇਡ ਉਸ ਪਰਮਾਤਮਾ ਦੀ ਕੁਦਰਤਿ ਦੀ ਹੈ)। ਉਹ ਪਰਮਾਤਮਾ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ (ਪਰਮਾਤਮਾ ਤੋਂ ਬਿਨਾ) ਕੋਈ ਹੋਰ ਨਹੀਂ ਜਾਣਦਾ। ਗੁਰੂ ਤੋਂ ਬਿਨਾ ਇਹ ਸਮਝ ਨਹੀਂ ਆਉਂਦੀ (ਕਿ ਅਕਾਲ ਪੁਰਖ ਬੇਅੰਤ ਹੈ ਤੇ ਅਕੱਥ ਹੈ)।੨।

ਹੇ ਪਰਮਾਤਮਾ ਨਾਲ ਡੂੰਘੀ ਸਾਂਝ ਰੱਖਣ ਵਾਲੇ! ਵੇਖ ਅਚਰਜ ਖੇਡ ਕਿ ਮਨੁੱਖਾਂ ਦੇ ਵੀਰਜ ਤੋਂ ਇਸਤ੍ਰੀਆਂ ਪੈਦਾ ਹੁੰਦੀਆਂ ਹਨ ਤੇ ਇਸਤ੍ਰੀਆਂ ਤੋਂ ਮਨੁੱਖ ਜੰਮਦੇ ਹਨ। ਪਰਮਾਤਮਾ ਦੀ ਕੁਦਰਤਿ ਦੀ ਕਹਾਣੀ ਬਿਆਨ ਨਹੀਂ ਹੋ ਸਕਦੀ। ਪਰ ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਉਹ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿੱਚ ਆਪਣੀ ਸੁਰਤਿ ਜੋੜਦਾ ਹੈ ਤੇ ਉਸ ਸੁਰਤਿ ਵਿਚੋਂ ਪਰਮਾਤਮਾ ਨਾਲ ਜਾਣ-ਪਛਾਣ ਪਾ ਲੈਂਦਾ ਹੈ।੩।

ਹੇ ਨਾਨਕ! (ਆਖ) ਮੈਂ ਉਹਨਾਂ ਗੁਰਮੁਖਾਂ ਤੋਂ ਕੁਰਬਾਨ ਹਾਂ ਜਿਨ੍ਹਾਂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿੱਚ ਸੁਰਤਿ ਜੋੜੀ ਹੈ। ਉਹਨਾਂ ਦੇ ਮਨ ਵਿੱਚ ਅਕਾਲ ਪੁਰਖ ਦੀ ਜੋਤਿ ਪਰਗਟ ਹੋ ਜਾਂਦੀ ਹੈ, ਪਰਮਾਤਮਾ ਦੀ ਯਾਦ ਵਿੱਚ ਉਹਨਾਂ ਦਾ ਮਨ ਸਦਾ ਲੀਨ ਰਹਿੰਦਾ ਹੈ, ਉਹਨਾਂ ਦੇ ਪੰਜੇ ਗਿਆਨ-ਇੰਦ੍ਰੇ ਇਕੋ ਇਸ਼ਟ ਵਾਲੇ ਹੋ ਕੇ ਭਟਕਣੋਂ ਹਟ ਜਾਂਦੇ ਹਨ।੪।

ਜਿਸ ਸਮੇਂ ਸ਼ਬਦ ਨੂੰ ਅਰਥਾਂ ਸਮੇਤ ਵਿਚਾਰੀਏ ਤਾਂ ਪਤਾ ਲਗਦਾ ਹੈ ਕਿ ਸਤਿਗੁਰੁ, ਅਕਾਲ ਪੁਰਖ ਵਲੋਂ ਇਸ ਸ੍ਰਿਸ਼ਟੀ ਦਾ ਸਾਜਨਾ ਅਤੇ ਪਾਲਣਾ ਲਈ ਬਣਾਏ, ਆਚੰਭਤ ਕਰ ਦੇਣ ਵਾਲੇ ਅਟੱਲ ਨੇਮਾਂ ਦੀ ਵਿਆਖਿਆ ਅਲੌਕਿਕ ਸ਼ਬਦਾਂ ਵਿੱਚ ਕਰ ਰਹੇ ਹਨ। ਸਤਿਗੁਰੂ ਸਮਝਾਉਂਦੇ ਹਨ ਕਿ ਇਨ੍ਹਾਂ ਅਚੰਭਤ ਕਰ ਦੇਣ ਵਾਲੇ ਗੁਣਾਂ ਨੂੰ ਉਹ ਵਿਰਲੇ ਹੀ ਸਮਝ ਸਕਦੇ ਹਨ, ਜੋ ਗੁਰੂ ਦਾ ਗਿਆਨ ਪ੍ਰਾਪਤ ਕਰ ਲੈਂਦੇ ਹਨ। ਅਕਾਲ-ਪੁਰਖ ਦੇ ਇਸ ਗਿਆਨ ਦੀ ਬਰਕਤ ਨਾਲ ਉਨ੍ਹਾਂ ਦਾ ਜੀਵਨ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ ਅਤੇ ਉਨ੍ਹਾਂ ਨੂੰ ਜੀਵਨ ਵਿੱਚ ਉੱਚੀ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ ।

''ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ ॥'' ਇਸ ਪੰਕਤੀ ਵਿੱਚ ਗੁਰੂ ਨਾਨਕ ਪਾਤਿਸ਼ਾਹ ਕਹਿੰਦੇ ਹਨ ਕਿ ਅਕਾਲ-ਪੁਰਖ ਦਾ ਰਚਿਆ ਹੋਇਆ ਇਹ ਖੇਲ ਐਸਾ ਕਮਾਲ ਦਾ ਹੈ ਕਿ ਆਦਮੀ ਦੇ ਵੀਰਜ ਤੋਂ ਔਰਤ ਪੈਦਾ ਹੋ ਜਾਂਦੀ ਹੈ ਅਤੇ ਔਰਤ ਦੀ ਕੁੱਖ ਤੋਂ ਮਰਦ ਵੀ ਜਨਮ ਲੈ ਲੈਂਦਾ ਹੈ। ਕੁਦਰਤ ਦਾ ਬਣਾਇਆ ਹੋਇਆ ਇਹ ਹੈਰਾਨ ਕਰ ਦੇਣ ਵਾਲਾ ਖੇਲ ਹੈ। ਇਸ ਖੇਲ ਨੂੰ ਉਸ ਅਕਾਲ-ਪੁਰਖ ਦੇ ਅਲੌਕਿਕ ਗਿਆਨ ਵਿੱਚ ਜੁੜ ਕੇ ਹੀ ਸਮਝਿਆ ਜਾ ਸਕਦਾ ਹੈ।

ਸ਼ਬਦ ਦੇ ਅਖੀਰ ਤੇ ਸਤਿਗੁਰੂ ਕਹਿੰਦੇ ਹਨ ਕਿ ਮੈਂ ਉਨ੍ਹਾਂ ਤੋਂ ਬਲਿਹਾਰ ਜਾਂਦਾ ਹਾਂ ਜਿਨ੍ਹਾਂ ਨੇ ਆਪਣੀ ਸੁਰਤਿ ਗਰੂ ਦੇ ਸ਼ਬਦ ਵਿੱਚ ਜੋੜੀ ਹੈ। ਉਨ੍ਹਾਂ ਦੇ ਹਿਰਦੇ ਵਿੱਚ ਅਕਾਲ-ਪੁਰਖ ਦੀ ਜੋਤਿ ਪ੍ਰਗਟ ਹੋ ਜਾਂਦੀ ਹੈ। ਉਨ੍ਹਾਂ ਦੇ ਗਿਆਨ ਇੰਦ੍ਰਿਆਂ ਦੀ ਵਿਕਾਰਾਂ ਪਿਛੇ ਭਟਕਣਾ ਖਤਮ ਹੋ ਜਾਂਦੀ ਹੈ ਅਤੇ ਮਨ ਸਦਾ ਪ੍ਰਮੇਸਰ ਦੀ ਯਾਦ ਵਿੱਚ ਲੀਨ ਰਹਿੰਦਾ ਹੈ।

ਹੁਣ ਅਗਰ ਕਿਸੇ ਨੂੰ ਇਸ ਸ਼ਬਦ ਜਾਂ ਇਸ ਦੀ ਕਿਸੇ ਪੰਕਤੀ ਚੋਂ ਕੋਈ ਅਸ਼ਲੀਲਤਾ ਜਾਂ ਆਚਰਣ-ਹੀਨਤਾ ਨਜ਼ਰ ਆਉਂਦੀ ਹੈ ਤਾਂ ਉਸ ਦੀ ਅਕਲ ਅਤੇ ਸੋਝੀ ਉਤੇ ਤਰਸ ਹੀ ਖਾਧਾ ਜਾ ਸਕਦਾ ਹੈ।

ਸਤਿਕਾਯੋਗ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਅਸ਼ਲੀਲਤਾ ਲੱਭਣ ਦੀ ਕੋਸ਼ਿਸ਼ ਵਿੱਚ ਜੋ ਆਖਰੀ ਪ੍ਰਮਾਣ ਦਿੱਤਾ ਹੈ ਉਹ ਇਹ ਹੈ:

''ਚਉਥਹਿ ਚੰਚਲ ਮਨ ਕਉ ਗਹਹੁ ॥ ਕਾਮ ਕ੍ਰੋਧ ਸੰਗਿ ਕਬਹੁ ਨ ਬਹਹੁ ॥''

ਇਹ ਪੰਕਤੀ ਭਗਤ ਕਬੀਰ ਜੀ ਦੀ ਉਚਾਰਨ ਕੀਤੀ ਹੋਈ 'ਥਿੰਤੀ' ਬਾਣੀ ਵਿੱਚੋਂ ਪੰਜਵਾਂ ਬੰਦ ਹੈ। ਜਿਵੇ ਕਿ ਅਸੀਂ ਜਾਣਦੇ ਹਾਂ ਕਿ ਬ੍ਰਾਹਮਣ ਨੇ ਥਿੱਤਾਂ ਬਾਰੇ ਸਮਾਜ ਨੂੰ ਵੱਡੇ ਭਰਮ ਜਾਲ ਫਸਾਇਆ ਹੋਇਆ ਹੈ। ਉਹ ਕਿਸੇ ਥਿਤ ਨੂੰ ਪਵਿੱਤਰ ਅਤੇ ਕਿਸੇ ਨੂੰ ਭਾਰੀ ਭਾਵ ਅਪਵਿੱਤਰ ਗਰਦਾਨਦਾ ਹੈ। ਫਿਰ ਉਸੇ ਅਨੁਸਾਰ ਉਨ੍ਹਾਂ ਥਿੱਤਾਂ ਤੇ ਦਾਨ, ਪੁੰਨ, ਤੀਰਥ ਇਸਨਾਨ, ਪੂਜਾ ਆਦਿ ਭਾਂਤ ਭਾਂਤ ਦੇ ਕਰਮ-ਕਾਂਡ ਕਰਨ ਲਈ ਕਹਿਕੇ, ਆਪਣੀ ਲੁੱਟ ਦਾ ਸਾਧਨ ਬਣਾਉਂਦਾ ਹੈ। ਗੁਰਬਾਣੀ ਨੇ ਬਾਰ-ਬਾਰ ਇਸ ਭਰਮਜਾਲ ਨੂੰ ਤੋੜਿਆ ਹੈ, ਜਿਸ ਵਿੱਚ ਭਗਤ ਕਬੀਰ ਸਾਹਿਬ ਦੀ ਬਾਣੀ ਦਾ ਵੀ ਵੱਡਾ ਯੋਗਦਾਨ ਹੈ। ਇਹ ਬੰਦ ਚਉਥੀ ਥਿਤਿ ਨਾਲ ਸੰਬੰਧਤ ਹੈ, ਜਿਸ ਵਿੱਚ ਭਗਤ ਕਬੀਰ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਚਉਥਹਿ ਵਾਲੇ ਦਿਨ ਕੋਈ ਕਰਮ-ਕਾਂਡ ਕਰਨ ਦੀ ਬਜਾਏ ਆਪਣੇ ਮਨ ਨੂੰ ਕਾਬੂ ਵਿੱਚ ਰਖਣਾ ਸਿੱਖੋ, ਕਾਮ ਕ੍ਰੋਧ ਜਿਹੀਆ ਭੈੜੀਆਂ ਲ੍ਹਾਨਤਾਂ ਤੋਂ ਬਚ ਕੇ ਰਹੋ ਅਤੇ ਸਰਬ ਵਿਆਪਕ ਅਕਾਲ-ਪੁਰਖ ਦੀ ਯਾਦ ਵਿੱਚ ਜੁੜ ਕੇ ਸਦਾ ਉਸ ਦਾ ਨਾਮ ਜਪੋ।

ਗੁਰੂ ਗ੍ਰੰਥ ਸਾਹਿਬ ਦਰਪਨ ਵਿੱਚ, ਸ਼ਬਦ ਦੇ ਭਾਵ ਅਰਥ ਇੰਝ ਅੰਕਤ ਹਨ:

''ਚਉਥਹਿ ਚੰਚਲ ਮਨ ਕਉ ਗਹਹੁ ॥ ਕਾਮ ਕ੍ਰੋਧ ਸੰਗਿ ਕਬਹੁ ਨ ਬਹਹੁ ॥ ਜਲ ਥਲ ਮਾਹੇ ਆਪਹਿ ਆਪ ॥

ਆਪੈ ਜਪਹੁ ਆਪਨਾ ਜਾਪੁ ॥੫॥'' {ਰਾਗੁ ਗਉੜੀ ਥਿਤੀੰ ਕਬੀਰ ਜੀ ਕੀ ॥, ਪੰਨਾ ੩੪੩}

ਚੌਥੀ ਥਿੱਤ ਨੂੰ (ਕਿਸੇ ਕਰਮ-ਧਰਮ ਦੇ ਥਾਂ) ਇਸ ਚੰਚਲ ਮਨ ਨੂੰ ਪਕੜ ਕੇ ਰੱਖੋ, ਕਦੇ ਕਾਮ ਕ੍ਰੋਧ ਦੀ ਸੰਗਤਿ ਵਿੱਚ ਨਾਹ ਬੈਠੋ । ਜੋ ਪਰਮਾਤਮਾ ਜਲ ਵਿਚ, ਧਰਤੀ ਉੱਤੇ (ਹਰ ਥਾਂ) ਆਪ ਹੀ ਆਪ ਵਿਆਪਕ ਹੈ, ਉਸ ਦੀ ਜੋਤ ਵਿੱਚ ਜੁੜ ਕੇ ਉਹ ਜਾਪ ਜਪੋ ਜੋ ਤੁਹਾਡੇ ਕੰਮ ਆਉਣ ਵਾਲਾ ਹੈ ।

ਜਿਸ ਪੰਕਤੀ ਉਤੇ ਅਸ਼ਲੀਲਤਾ ਦਾ ਠੱਪਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਆਪਣੇ ਆਪ ਵਿੱਚ ਇਤਨੀ ਸਪੱਸ਼ਟ ਹੈ ਕਿ ਕਿਸੇ ਲੰਬੇ ਚੌੜੇ ਵਿਚਾਰ ਦੀ ਲੋੜ ਨਹੀਂ। ਸਪੱਸ਼ਟ ਤੌਰ ਤੇ ਭਗਤ ਕਬੀਰ ਸਾਹਿਬ ਆਪਣੇ ਮਨ ਨੂੰ ਕਾਬੂ ਰਖ ਕੇ ਵਿਕਾਰਾਂ ਤੋਂ ਬਚਣ ਅਤੇ ਹਰ ਵੇਲੇ ਅਕਾਲ-ਪੁਰਖ ਨੂੰ ਹਾਜ਼ਰ ਨਾਜ਼ਰ ਮਹਿਸੂਸ ਕਰਨ ਦਾ ਉਪਦੇਸ਼ ਕਰ ਰਹੇ ਹਨ।

ਇਨ੍ਹਾਂ ਸਾਰੇ ਸ਼ਬਦਾਂ ਨੂੰ ਵਿਚਾਰਨ ਤੋਂ ਬਾਅਦ ਇਕ ਵੱਡਾ ਸੁਆਲ ਪੈਦਾ ਹੁੰਦਾ ਹੈ ਕਿ ਕੀ ਗਿਆਨੀ ਸੰਤ ਸਿੰਘ ਮਸਕੀਨ ਜੀ ਜਿਹੇ ਉੱਘੇ ਵਿਦਵਾਨ ਨੂੰ ਇਸ ਦੀ ਸਮਝ ਨਹੀਂ ਸੀ। ਇਹ ਤਾਂ ਹੋ ਨਹੀਂ ਸਕਦਾ। ਉਨ੍ਹਾਂ ਦੀ ਵਿਦਵਤਾ ਬਾਰੇ ਤਾਂ ਕੋਈ ਸ਼ੰਕਾ ਨਹੀਂ ਕੀਤਾ ਜਾ ਸਕਦਾ। ਫਿਰ ਕਿਤੇ ਕੋਈ ਉਨ੍ਹਾਂ ਦਾ ਨਾਂ ਵਰਤਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਿਹਾ? ਇਕ ਗੱਲ ਹੋਰ ਹੈ ਕਿ ਮਸਕੀਨ ਜੀ ਨੂੰ ਇਹ ਪਤਾ ਸੀ ਕਿ ਬਹੁਤੇ ਸਿੱਖਾਂ ਨੇ ਆਪ ਗੁਰਬਾਣੀ ਪੜ੍ਹਨੀ ਵਿਚਾਰਨੀ ਨਹੀਂ, ਇਸ ਲਈ ਅਸੀਂ ਜੋ ਕਹਿ ਦਿਆਂਗੇ, ਉਹੀ ਵਿਦਵਾਨ ਦੇ ਬਚਨ ਸਮਝ ਕੇ ਮੰਨ ਲੈਣਾ ਹੈ। ਇਸ ਲਈ ਉਨ੍ਹਾਂ ਗੁੰਮਰਾਹ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਫਿਰ ਉਨ੍ਹਾਂ ਦੀ ਨੀਯਤ ਉਤੇ ਹੀ ਸ਼ੰਕਾ ਕਰਨੀ ਪਵੇਗੀ।

ਆਪਣੇ ਲੇਖ ਦੇ ਦੋ(੨) ਨੰਬਰ ਤੇ ਉਹ ਲਿਖਦੇ ਹਨ ਕਿ ਇਸ ਦੇ ਵਿੱਚ ਜਿਨ੍ਹਾਂ ਰਚਨਾਵਾਂ ਨੂੰ ਅਸ਼ਲੀਲ ਕਿਹਾ ਜਾ ਰਿਹਾ ਹੈ, ਉਨ੍ਹਾਂ ਦਾ ਮਕਸਦ ਕਾਮ ਫੈਲਾਉਣਾ ਨਹੀਂ। ਉਨ੍ਹਾਂ ਨੇ ਕਾਮ ਦੀ ਭਰਪੂਰ ਸ਼ਬਦਾਂ ਵਿੱਚ ਵਕਾਲਤ ਵੀ ਕੀਤੀ ਹੈ। ਬੇਸ਼ਕ ਸਮਾਜਿਕ ਨੇਮਾਂ ਅਨੁਸਾਰ, ਸੰਜਮ ਵਿੱਚ ਕੀਤਾ ਗਿਆ ਕਾਮ ਕੋਈ ਮਾੜੀ ਚੀਜ਼ ਨਹੀਂ, ਇਸੇ ਕਰ ਕੇ ਗੁਰਬਾਣੀ ਵਿੱਚ ਗ੍ਰਿਹਸਥ ਜੀਵਨ ਨੂੰ ਪ੍ਰਵਾਨ ਕੀਤਾ ਗਿਆ ਹੈ। ਪਰ ਇਸ ਲੇਖ ਦੇ ਪਹਿਲੇ ਭਾਗ ਵਿੱਚ ਵਿਚਾਰੇ ਗਏ ਪ੍ਰਮਾਣਾਂ ਤੋਂ ਬਾਅਦ ਕੋਈ ਸ਼ੰਕਾ ਹੀ ਨਹੀਂ ਰਹਿ ਜਾਂਦੀ ਕਿ ਬਚਿਤ੍ਰ ਨਾਟਕ ਪੁਸਤਕ ਵਿਚਲੇ ਚਰਿਤ੍ਰੋ ਪਖਯਾਨ (ਤ੍ਰਿਆ ਚਰਿਤ੍ਰ) ਭਾਗ ਵਿਚਲੀਆਂ ਅਸ਼ਲੀਲ ਸ਼ਬਦਾਵਲੀ ਵਰਤ ਕੇ ਲਿਖੀਆਂ ਗਈਆਂ ਰਚਨਾਵਾਂ, ਸਿੱਧਾ ਅਨੈਤਿਕਤਾ ਅਤੇ ਆਚਰਣ-ਹੀਨਤਾ ਵੱਲ ਉਤੇਜਿਤ ਕਰਕੇ, ਕਾਮ ਦੀ ਦੁਰਵਰਤੋਂ ਵੱਲ ਲੈ ਕੇ ਜਾਂਦੀਆਂ ਹਨ। ਫਿਰ ਇਹ ਤਾਂ ਉਪਰ ਐਵੇਂ ਨਮੂਨਾ ਪੇਸ਼ ਕੀਤਾ ਗਿਆ ਹੈ, ਇਹੋ ਜਿਹੀਆਂ ਤਾਂ ਤਕਰੀਬਨ ੪੦੦ ਦੇ ਕਰੀਬ ਰਚਨਾਵਾਂ ਹਨ। ਇਥੇ ਹੀ ਬਸ ਨਹੀਂ ਇਸ ਦੇ ਲੇਖਕ ਨੂੰ ਇਸ ਭਾਗ ਤੋਂ ਇਲਾਵਾ ਵੀ ਜਿਥੇ ਮੌਕਾ ਮਿਲਿਆ ਹੈ, ਉਸ ਨੇ ਆਪਣੀ ਅਸ਼ਲੀਲ ਪ੍ਰਵਿਰਤੀ ਦਾ ਵਿਖਾਵਾ ਕਰਨ ਦਾ ਮੌਕਾ ਨਹੀਂ ਛੱਡਿਆ।

ਇਸ ਲੇਖ ਦੇ ਦੂਸਰੇ ਭਾਗ ਤੋਂ ਇਹ ਵੀ ਸਪੱਸ਼ਟ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਬਾਰ ਬਾਰ ਉੱਚਾ-ਸੁੱਚਾ ਆਚਰਣ ਬਨਾਉਣ ਦੀ ਪ੍ਰੇਰਨਾ ਦੇਂਦੀ ਹੈ। ਗੁਰਬਾਣੀ ਵਿੱਚ ਸੁਹਾਗਣ ਦੇ ਜੀਵਨ ਨੂੰ ਸਤਿਕਾਰਿਆ ਅਤੇ ਦੁਹਾਗਣ ਦੇ ਜੀਵਨ ਨੂੰ ਦੁਰਕਾਰਿਆ ਗਿਆ ਹੈ।

ਅੱਗੋਂ ਆਪ ਹੀ ਮਹਾਨ ਵਿਦਵਾਨ ਜੀ ਆਪਣੇ ਲੇਖ ਦੇ ਤੀਸਰੇ(੩) ਨੰਬਰ ਤੇ ਲਿਖਦੇ ਹਨ ਕਿ ਇਹ ਚਰਿਤ੍ਰੋ ਪਖਯਾਨ (ਤ੍ਰਿਆ ਚਰਿਤ੍ਰ) ਭਾਗ, ਮਹਾਨ 'ਰਿਸ਼ੀ ਬਾਤਸਾਇਨ' ਦੇ 'ਕਾਮਸੂਤ੍ਰ' ਗ੍ਰੰਥ ਦਾ ਤਰਜਮਾ ਹੈ। ਇਤਨਾਂ ਹੀ ਨਹੀਂ ਉਹ ਆਪ ਅਗੇ ਮੰਨਦੇ ਹਨ ਕਿ ਸਾਰੇ ਦਸਮ ਗ੍ਰੰਥ (ਬਚਿਤ੍ਰ ਨਾਟਕ) ਦਾ ਨੱਬੇ ਪ੍ਰਤੀਸ਼ਤ ਪੁਰਾਤਨ ਹਿੰਦੂ ਧਰਮ ਗ੍ਰੰਥਾਂ ਦਾ ਤਰਜਮਾ ਹੈ। ਪਹਿਲਾਂ ਤਾਂ ਤਰਜਮਾ ਕਰਨ ਵਾਲਾ ਉਸ ਦਾ ਲੇਖਕ ਨਹੀਂ, ਸਗੋਂ ਕੇਵਲ ਤਰਜਮਾਕਾਰ(ਅਨੁਵਾਦਕ-Translator) ਹੁੰਦਾ ਹੈ। ਫੇਰ ਸਤਿਗੁਰੂ ਨੂੰ ਕੀ ਲੋੜ ਪਈ ਸੀ ਕਿ ਉਹ ਹਿੰਦੂ ਧਰਮ ਗ੍ਰੰਥਾਂ ਦਾ ਤਰਜਮਾ ਕਰਦੇ ਜਾਂ ਕਰਾਉਂਦੇ? ਆਪ ਵਲੋਂ ਦਿੱਤੀ ਗਈ ਇਹ ਦਲੀਲ ਤਾਂ ਬਿਲਕੁਲ ਥੋਥੀ ਹੈ ਕਿ ਕਿਉਂਕਿ ਬ੍ਰਾਹਮਣ ਛੋਟੀਆਂ ਜ਼ਾਤਾਂ ਵਾਲਿਆਂ ਨੂੰ ਧਰਮ ਗ੍ਰੰਥ ਪੜ੍ਹਨ ਦੀ ਆਗਿਆ ਨਹੀਂ ਸੀ ਦੇਂਦਾ, ਇਸ ਲਈ ਬਹੁਤ ਲੋਕ ਅਗਿਆਨੀ ਰਹਿ ਜਾਂਦੇ ਸਨ। ਜਦ ਸਤਿਗੁਰੂ ਨੇ ਆਪ ਗੁਰੂ ਗ੍ਰੰਥ ਸਾਹਿਬ ਤਿਆਰ ਕਰ ਦਿੱਤਾ ਸੀ, ਜਿਨ੍ਹਾਂ ਦੀ ਅਲੌਕਿਕ ਬਾਣੀ ਦਾ ਗਿਆਨ ਕਿਸੇ ਊਚ-ਨੀਚ, ਜਾਤ ਪਾਤ ਦੇ ਭੇਦ ਭਾਵ ਤੋਂ ਬਗੈਰ ਸਾਰੀ ਮਨੁੱਖਤਾ ਲਈ ਖੁੱਲ੍ਹਾ ਹੈ, ਜਿਸ ਦੀ ਪਵਿੱਤਰ ਬਾਣੀ ਦਾ ਫੁਰਮਾਨ ਹੈ:

''ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ ॥

ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ ॥'' {ਸੂਹੀ ਮਹਲਾ ੫, ਪੰਨਾ ੭੪੭}

ਹੇ ਭਾਈ! (ਪਰਮਾਤਮਾ ਦਾ ਨਾਮ ਸਿਮਰਨ ਦਾ) ਉਪਦੇਸ਼ ਖੱਤ੍ਰੀ ਬ੍ਰਾਹਮਣ ਵੈਸ਼ ਸ਼ੂਦਰ ਚੌਹਾਂ ਵਰਨਾਂ ਦੇ ਲੋਕਾਂ ਵਾਸਤੇ ਇਕੋ ਜਿਹਾ ਹੈ। (ਕਿਸੇ ਭੀ ਵਰਨ ਦਾ ਹੋਵੇ) ਜੇਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਪ੍ਰਭੂ ਦਾ ਨਾਮ ਜਪਦਾ ਹੈ ਉਹ ਜਗਤ ਵਿਚ ਵਿਕਾਰਾਂ ਤੋਂ ਬਚ ਨਿਕਲਦਾ ਹੈ । ਹੇ ਨਾਨਕ! ਉਸ ਮਨੁੱਖ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਵੱਸਦਾ ਦਿੱਸਦਾ ਹੈ ।

ਗੁਰੂ ਗ੍ਰੰਥ ਸਾਹਿਬ ਵਰਗੀ ਮਹਾਨ ਦੇਣ, ਉੱਚੀ ਸੁੱਚੀ ਧੁਰ ਕੀ ਬਾਣੀ, ਮਨੁੱਖੀ ਸਮਾਜ ਨੂੰ ਦੇਕੇ, ਸਤਿਗੁਰੂ ਜੀ ਨੂੰ ਕੀ ਲੋੜ ਪਈ ਸੀ ਕਿ ਬ੍ਰਾਹਮਣ ਦੇ ਕੂੜ ਭਾਰ ਨੂੰ ਢੋਈ ਜਾਂਦੇ?

ਇਹ ਲੇਖ ਕਿਉਂਕਿ ਕੇਵਲ ਅਨੈਤਿਕਤਾ, ਆਚਰਣ-ਹੀਨਤਾ ਅਤੇ ਅਸ਼ਲੀਲਤਾ ਨਾਲ ਸੰਬੰਧਤ ਹੈ, ਇਸ ਲਈ ਇਥੇ ਸਮਾਪਤ ਕਰਦਾ ਹਾਂ। ਗਿਆਨੀ ਜੀ ਦੇ ਲੇਖ ਦੀਆਂ ਹੋਰ ਢੁੱਚਰਾਂ ਦਾ ਜੁਆਬ ਫੇਰ ਕਿਸੇ ਹੋਰ ਲੇਖ ਰਾਹੀਂ ਦੇਣ ਦੀ ਕੋਸ਼ਿਸ਼ ਕਰਾਂਗਾ। ਉਂਝ ਵੀ ਇਸ ਬਾਰੇ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਜਾ ਚੁਕੀਆਂ ਹਨ ਜੋ ਪੂਰੇ ਭਰਮਜਾਲ ਨੂੰ ਤੋੜ ਦੇਂਦੀਆਂ ਨੇ।

ਆਖਿਰ ਵਿੱਚ ਸਿਰਫ ਇਤਨੀ ਬੇਨਤੀ ਕਰਾਂਗਾ ਕਿ ਸੱਚ ਨੂੰ ਪਛਾਣੀਏ। ਜੋ ਲੋਕ ਕਿਸੇ ਸੁਆਰਥ ਜਾਂ ਆਪਣੀ ਹਉਮੈਂ ਅਧੀਨ ਬਚਿਤ੍ਰ ਨਾਟਕ ਨੂੰ ਚੁੱਕੀ ਫਿਰਦੇ ਹਨ, ਉਨ੍ਹਾਂ ਤਾਂ ਭੋਲੀ-ਭਾਲੀ ਸੰਗਤ ਨੂੰ ਗੁੰਮਰਾਹ ਕਰਨ ਲਈ ਢੁੱਚਰਾਂ ਲਭਦੇ ਹੀ ਰਹਿਣਾ ਹੈ। ਆਪ ਸੁਚੇਤ ਹੋਈਏ। ਆਪ ਸਮਝ ਕੇ ਗੁਰਬਾਣੀ ਪੜ੍ਹੀਏ, ਫਿਰ ਬਚਿਤ੍ਰ ਨਾਟਕ ਪੜ੍ਹ ਕੇ ਵੇਖੀਏ, ਕਿਸੇ ਦੇ ਕੁਝ ਸਮਝਾਉਣ ਦੀ ਲੋੜ ਹੀ ਨਹੀਂ ਰਹੇਗੀ। ਸਾਰੇ ਭਰਮਜਾਲ ਆਪੇ ਟੁੱਟ ਜਾਣਗੇ ਅਤੇ ਮਨ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਲੀਨ ਹੋ ਜਾਵੇਗਾ।

ਘੱਟੋ ਘੱਟ- ਘੱਟੋ ਘੱਟ ਆਪਣੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਤੇ ਐਸੇ ਅਸ਼ਲੀਲਤਾ ਵਰਗੇ ਲਾਂਛਣ ਲਾਕੇ ਸਤਿਗੁਰੂ ਦੇ ਅਪਮਾਨ ਦੇ ਭਾਗੀ ਨਾ ਬਣੀਏ। ਸਤਿਗੁਰੂ ਅੱਗੇ ਨਿਮਾਣੇ ਬਣ ਕੇ ਜੋਦੜੀ ਕਰੀਏ,

ਮੈ ਸਤਿਗੁਰ ਸੇਤੀ ਪਿਰਹੜੀ ਕਿਉ ਗੁਰ ਬਿਨੁ ਜੀਵਾ ਮਾਉ ॥

ਮੈ ਗੁਰਬਾਣੀ ਆਧਾਰੁ ਹੈ ਗੁਰਬਾਣੀ ਲਾਗਿ ਰਹਾਉ ॥ (ਗੁਰ ਗ੍ਰੰਥ ਸਾਹਿਬ, ੭੫੯)

ਵਾਹਿਗੁਰੂ ਜੀ ਕਾ ਖ਼ਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥


01/05/16)
ਮਹਿੰਦਰ ਸਿੰਘ ਜੋਸ਼ (ਕਿਤਾਬ -ਰੱਬ ਨੂੰ ਬਿਪਤਾ)

ਤਫ਼ਸੀਲ, ਤਸ਼ਰੀਹ ਤੇ ਤਸ਼ਖ਼ੀਸ ਸਬੰਧੀ ਟਿੱਪਣੀਆਂ
(1) ਸਾਕਤੀ ਕਵੀ ਸ਼੍ਯਾਮ ਨੇ ਭਗਤਾਂ ਦੇ ਉਧਾਰ ਲਈ ਰੱਬ ਵਲੋਂ ਅਵਤਾਰ ਧਾਰਨ ਦੀ ਗੱਲ ਤਾਂ ਨਰਸਿੰਘ ਅਵਤਾਰ ਰਾਹੀਂ ਜ਼ਰੂਰ ਪੂਰੀ ਕਰ ਲਈ ਹੈ ਪਰ ਇਸ ਅਵਤਾਰ ਕਥਾ ਵਿੱਚ ਚਾਲੂ ਕਹਾਣੀ ਤੋਂ ਵਖਰਾ ਤੁਰ ਕੇ ਬਿਨਾ ਲੋੜ ਦੇ ਆਪਣੀ ਵਖਰੀ ਹੀ ਚਲਾ ਗਿਆ ਹੈ। ਪ੍ਰਹਿਲਾਦ ਦਾ ਜਨਮ ਗ਼ੈਰ ਕੁਦਰਤੀ ਢੰਗ ਨਾਲ ਦਿਖਾਉਣ ਵਿੱਚ ਇਸ ਕਵੀ ਦਾ ਅਭੀਪ੍ਰਾਇ ਸਮਝ ਵਿੱਚ ਨਹੀਂ ਆਉਂਦਾ। ਉਂਝ, ਅਵਤਾਰ ਕਥਾ ਵਿੱਚ ਉਸਦਾ ਇਹ ਲਿਖਣਾ ਬਹੁਤ ਹੀ ਅਜੀਬ ਤੇ ਹਾਸੋ–ਹੀਣਾ ਜਿਹਾ ਹੈ ਕਿ ਇੱਕ ਦਿਨ ਹਰਨਾਕਸ਼ ਸੱਜ–ਧੱਜ ਕੇ ਆਪਣੀ ਰਾਣੀ ਕੋਲ ਪੁੱਜਾ ਪਰ ਉਸਦਾ ਧਰਤੀ ਉਤੇ ਹੀ ਸਖੱਲਨ ਹੋ ਗਿਆ – ‘‘ ਇਕ ਦ੍ਯੋਸ ਗਯੋ ਨਿਜ ਨਾਰਿ ਤੀਰ .........॥ ਤਬ ਭਯੋ ਦੁਸ਼ਟ ਕੋ ਬੀਰਜ ਮੁਕਤ॥3॥ (ਪੰਨਾ 164)। ਚਾਲੂ ਕਹਾਣੀ ਵਿੱਚ ਕਵੀ ਨੂੰ ਇਥੇ ਇਹ ਲੁੱਚ ਤੁੱਲਣ ਦੀ ਉਕੀ ਹੀ ਲੋੜ ਨਹੀਂ ਸੀ।
(2) ਆਮ ਚਾਲੂ ਕਥਾ ਵਿੱਚ ਥੰਮ੍ਹ ਪਾੜ ਕੇ ਨਰਸਿੰਘ ਹਰਨਾਕਸ਼ ਨੂੰ ਖ਼ੁੱਦ ਹੀ ਆਪਣੇ ਨਹੁੰਆਂ ਨਾਲ ਪਾੜ ਕੇ ਮਾਰ ਦਿੰਦਾ ਹੈ ਪਰ ਕਵੀ ਸ਼੍ਯਾਮ ਨੇ ਇਥੇ ਵੀ ਦੋਹਾਂ ਦੇ ਆਪਸੀ ਦੰਵਦ੍ਵ ਜੁੱਧ ਤੋਂ ਪਹਿਲੇ ਗ਼ੈਰ–ਕੁਦਰਤੀ ਰੂਪ ਵਿੱਚ ਦੋਹਾਂ ਦੀਆਂ ਹਜ਼ਾਰਾਂ ਹਾਥੀਆਂ, ਘੋੜਿਆਂ ਨਾਲ ਸੁਸੱਜਿਤ ਫ਼ੌਜਾਂ ਦਾ ਬੇਲੋੜਵਾਂ ਪਰ ਬੜਾ ਭਿਆਨਕ ਜੁੱਧ ਹੋਇਆ ਦੱਸਿਆ ਹੈ ਜਿਸ ਨਾਲ ਬ੍ਰਹਮਾ ਜੀ ਕੰਬਣ ਲਗ ਗਏ ਸਨ ਤੇ ਸ਼ਿਵ ਜੀ ਦੀ ਸਮਾਧੀ ਭੰਗ ਹੋ ਗਈ ਸੀ।
(3) ਸ਼ਿਵ ਪੁਰਾਣ ਆਦਿਕ ਗ੍ਰੰਥਾਂ ਦੀ ਗਾਥਾ ਅਨੁਸਾਰ ਤਾਂ ਵਿਸ਼ਨੂੰ ਜੀ ਦੇ ਇਸ ਨਰਸਿੰਘ ਅਵਤਾਰ ਦਾ ¬ਕ੍ਰੋਧ ਉਤਰਨ ਵਿੱਚ ਨਹੀਂ ਸੀ ਆ ਰਿਹਾ ਤੇ ਉਹ ਕਿਸੇ ਤੋਂ ਵੀ ਕਾਬੂ ਨਾ ਆਉਣ ਕਾਰਨ ਸ਼ਿਵ ਜੀ ਨੇ ਬਹੁਤ ਜੁਗਤ ਨਾਲ ਉਸ ਨੂੰ ਆਪਣੀ ਮਜ਼ਬੂਤ ਚੁੰਝ, ਖਤਰਨਾਕ ਦੰਦਾਂ ਤੇ ਖੂੰਖਾਰ ਨਾਖ਼ੂਨਾਂ ਨਾਲ ਪਹਿਲਾਂ ਆਕਾਸ਼ ਵਲ ਉਡਾ ਕੇ ਫ਼ਿਰ ਧਰਤੀ ਤੇ ਪਟਕਾ ਕੇ ਜਗ੍ਹਾ ਤੇ ਲਿਆਂਦਾ ਸੀ। ਕੀ ਇਹੋ ਹੀ ਰੱਬੀ ਅਵਤਾਰ ਦੇ ਲੱਛਣ ਹਨ?
(4) ਅਠਵੇਂ ਅਵਤਾਰ ਬਾਵਨ ਨੇ ਤਾਂ ਹੱਦ ਹੀ ਮੁਕਾ ਦਿੱਤੀ ਹੈ। ਜਦ ਦੈਂਤ ਵੀ ਬ੍ਰਾਹਮਣਾਂ ਦੁਆਰਾ ਪ੍ਰਚਾਰੇ ਜੱਗ–ਹਵਨ ਆਦਿਕ ਕਰਨ ਲੱਗ ਗਏ ਸਨ ਤਾਂ ਦੇਵਾਂ ਨੂੰ ਦੈਂਤਾਂ ਨਾਲ ਵਿਅਰਥ ਹੀ ਵੈਰ ਕਰਨਾ ਬੰਦ ਕਰ ਦੇਣਾ ਚਾਹੀਦਾ ਸੀ। ਵਿਸ਼ਨੂੰ ਜੀ ਤੇ ਦੇਵਾਂ ਦੇ ਤਤਕਾਲੀ ਮੂਰਖ ਟੋਲੇ ਨਾਲੋਂ ਤਾਂ ਅਜ ਦੀ ਆਰ.ਐਸ.ਐਸ. ਵਾਲੀ ਫ਼ਿਰਕੂ ਲੀਡਰਸ਼ਿਪ ਹੀ ਜ਼ਿਆਦਾ ਸਿਆਣੀ ਹੈ ਜੋ ਸਿੱਖਾਂ ਨਾਲੋਂ ਟੁਟ ਕੇ ਹਵਨ–ਜੱਗ ਅਤੇ ਹੋਰ ਬ੍ਰਾਹਮਣੀ ਕਰਮ–ਕਾਂਡ ਅਪਨਾਉਣ ਵਾਲੇ ਨਾਮਧਾਰੀਆਂ ਨੂੰ ਵਡਿਆਉਂਦੇ ਹੀ ਨਹੀਂ ਥਕਦੇ ਤੇ ਉਹਨਾਂ ਨੂੰ ਪੂਰੀ ਤਰ੍ਹਾਂ ਗਲ ਲਾਉਂਦੇ ਹਨ ਕਿਉਂਕਿ ਉਹਨਾਂ ਨੂੰ ਪੂਰਾ ਯਕੀਨ ਹੈ ਕਿ ‘‘ਬਾਣੀ ਗੁਰੂ’’ ਦਾ ਤਿਆਗ ਕਰਨ ਵਾਲੇ, ਚੰਡੀ ਜਾਂ ਦੁਰਗਾ ਦੇਵੀ ਦੇ ਪਾਠਾਂ ਦਾ ਪ੍ਰਚਾਰ ਕਰਨ ਵਾਲੇ, ਸੁੱਚ–ਭਿਟ ਆਦਿਕ ਅਨੇਕਾਂ ਹਿੰਦੂ ਕਰਮ ਕਾਂਡਾਂ ਦਾ ਪ੍ਰਚਾਰ ਕਰਨ ਵਾਲੇ ਅਤੇ ਦੇਹਧਾਰੀ ਗੁਰੂ ਥਾਪ–ਥਾਪ ਕੇ ਟਿੰਡ ਵਿੱਚ ਕਾਨਾ ਫਸਾ ਕੇ ਫੁਟ ਪਾਉਣ ਵਾਲੇ ਸੰਪ੍ਰਦਾਇ ਉਹਨਾਂ ਦੇ ਕੰਮ ਆਉਣੇ ਹੀ ਆਉਣੇ ਹਨ। ਇਸ ਦੇ ਉਲਟ ਦੇਵਾਂ ਨੇ ਦੈਂਤਾਂ ਦਾ ਵਿਰੋਧ ਹੀ ਜਾਰੀ ਨਹੀਂ ਰਖਿਆ, ਬਲਕਿ ਵਿਸ਼ਨੂੰ ਜੀ ਨੂੰ ਵੀ ਪੁੱਠੇ ਪਾਸੇ ਲਾ ਕੇ ਉਹਨਾਂ ਤੋਂ ਧਰਮ ਦੀ ਥਾਂ ਅਧਰਮ ਦੀ ਸੰਸਥਾਪਨਾ ਕਰਵਾਈ।
(5) ਕਹਾਣੀ ਅਨੁਸਾਰ ਤਾਂ ਬਾਲੀ ਮਾੜਾ ਬੰਦਾ ਨਹੀਂ ਸੀ। ਬਚਨ ਦਾ ਬਲੀ ਸੀ। ਸ਼ੁਕਰਾਚਾਰੀਆ ਵਲੋਂ ਬਾਵਨ ਅਵਤਾਰ ਦੀ ਅਸਲੀਅਤ ਖੁਲ੍ਹ ਜਾਣ ਪਿਛੋਂ ਵੀ ਉਸਨੇ ਆਪਣਾ ਬਚਨ ਪੂਰਾ ਕੀਤਾ ਸੀ।
(6) ਵਿਸ਼ਨੂੰ ਦੇ ਇਸ ਅਵਤਾਰ ਬਾਵਨ ਨੇ ਧੋਖਾ, ਫ਼ਰੇਬ ਅਤੇ ਮਕਰ ਦੀ ਇੰਤਹਾ ਕਰਦਿਆਂ ਅਵਤਾਰ ਵਾਲੀ ਸਾਰੀ ਕਾਰਵਾਈ ਪਾਈ ਹੈ ਜਿਸ ਵਿੱਚ ਧਰਮ ਦੀ ਸੰਸਥਾਪਨਾ ਦਾ ਨਾਮੋ ਨਿਸ਼ਾਨ ਨਹੀਂ ਸੀ ਅਤੇ ਜੋ ਪੁਕਾਰ–ਪੁਕਾਰ ਕੇ ਉਸਨੂੰ ਅਧਰਮ ਅਤੇ ਧੋਖੇ ਦਾ ਪੱਖ ਪੁਰਾ ਕਰਨ ਵਾਲਾ ਸਾਬਤ ਕਰਦੀ ਹੈ।
(7) ਵਿਸ਼ਨੂੰ ਜੀ ਦੇ ਨੌਵੇਂ ਅਵਤਾਰ ਪਰਸਰਾਮ ਜੀ ਦੀਆਂ ਜੀਵਨ ਘਟਨਾਵਾਂ ਅੱਡ–ਅੱਡ ਬ੍ਰਾਹਮਣ ਗ੍ਰੰਥਾਂ ਤੇ ਪੁਰਾਣਾਂ ਵਿੱਚ ਅੱਡ–ਅੱਡ ਕਿਸਮ ਦੀਆਂ ਲਿਖੀਆਂ ਮਿਲਦੀਆਂ ਹਨ ਤੇ ਆਪਾ–ਵਿਰੋਧਾਂ ਨਾਲ ਵੀ ਭਰੀਆਂ ਪਈਆਂ ਸਨ।
ਸਾਕਤ ਕਵੀ ਸ਼੍ਯਾਮ ਨੇ ਪਰਸਰਾਮ ਅਵਤਾਰ ਦੀ ਚਰਚਾ ਸਮੇਂ ਇਹ ਦਸਿਆ ਹੈ ਕਿ ਛਤ੍ਰੀ ਰਾਜਿਆਂ ਨੇ ਸਾਰੀ ਧਰਤੀ ਨੂੰ ਜਿੱਤ ਕੇ ਕਬਜ਼ਾ ਕਰ ਲਿਆ ਹੋਇਆ ਸੀ। ਬ੍ਰਾਹਮਣਾਂ ਨੂੰ ਜੱਗਾਂ ਵਿੱਚ ਬਲੀ ਦੇਣ ਲਈ ਜਾਨਵਰ ਨਹੀਂ ਸੀ ਮਿਲ ਰਹੇ। ਉਹ ਇਕੱਠੇ ਹੋ ਕੇ ਸਾਰੀ ਦਸ਼ਾ ਸਮਝਾਉਣ ਲਈ ਦੇਵਰਾਜ ਇੰਦ੍ਰ ਕੋਲ ਗਏ। ਉਹ ਵੀ ਅਗੋਂ ਛਤ੍ਰੀਆਂ ਦੇ ਵਤੀਰੇ ਤੋਂ ਔਖਾ ਹੋਇਆ ਪਿਆ ਸੀ। ਸਭ ਰਲ ਕੇ ਖੀਰ ਸਮੁੰਦਰ ਵਿਖੇ ਪੁੱਜੇ ਅਰ ਕਾਲ ਜੀ ਅਤੇ ਵਿਸ਼ਨੂੰ ਜੀ ਨੂੰ ਮਿਲੇ।
(8) ਪੁਰਾਣਾਂ ਨੇ ਇਹ ਵੀ ਲਿਖਿਆ ਹੈ ਕਿ ਦੈਂਤਾਂ ਨੇ ਛਤ੍ਰੀਆਂ ਦਾ ਰੂਪ ਧਾਰ ਲਿਆ ਸੀ ਅਤੇ ਸਾਕਤੀ ਇੱਸ਼ਟ, ਕਾਲ ਨੇ ਵਿਸ਼ਨੂੰ ਨੂੰ ਜਮਦਗਨੀ ਰਿਸ਼ੀ ਦੇ ਘਰ ਪੁੱਜ ਕੇ ਪਰਸਰਾਮ ਰੂਪ ਵਿੱਚ ਅਵਤਾਰ ਲੈ ਕੇ ਛਤ੍ਰੀ ਰਾਜੇ ਮਾਰਨ ਦੀ ਹਦਾਇਤ ਕਰ ਦਿੱਤੀ। ਦੂਜੇ ਪਾਸੇ ਜਿਵੇਂ ਉਪਰ ਦਸਿਆ ਜਾ ਚੁੱਕਾ ਹੈ ਕਿ ਛਤ੍ਰੀ ਰਾਜੇ ਸਹਸ੍ਰਬਾਹੂ ਨੇ ਆਪਣੇ ਸਾਂਢੂ ਜਮਦਗਨੀ ਬ੍ਰਾਹਮਣ ਕੋਲੋਂ ਕਾਮਧੇਨ ਗਾਂ ਖੋਹਣ ਦਾ ਜਤਨ ਕੀਤਾ ਅਤੇ ਨਾ ਮਿਲਣ ਦੀ ਹਾਲਤ ਵਿੱਚ ਜਮਦਗਨੀ ਬ੍ਰਾਹਮਣ ਨੂੰ ਮਾਰ ਦਿੱਤਾ। ਪਰਸਰਾਮ ਨੂੰ ਘਰ ਪੁੱਜ ਕੇ ਆਪਣੀ ਮਾਤਾ ਤੋਂ ਰਾਜੇ ਸਹਸ੍ਰਬਾਹੂ ਵਲੋਂ ਜੋ ਜਮਦਗਨੀ ਦਾ ਸਾਂਢੂ ਵੀ ਸੀ, ਆਪਣੇ ਪਿਤਾ ਦੇ ਕਤਲ ਬਾਰੇ ਪਤਾ ਚਲਿਆ। ਪਰਸਰਾਮ ਨੇ ਆਪਣੀ ਮਾਤਾ ਨੂੰ 21 ਵਾਰ ਤਿਹਥੜ ਵਿਰਲਾਪ ਕਰਦਿਆਂ ਦੇਖ ਕੇ ਪ੍ਰਣ ਕੀਤਾ ਸੀ ਕਿ ਉਹ 21 ਵਾਰੀ ਸਾਰੀ ਧਰਤੀ ਤੋਂ ਛਤ੍ਰੀਆਂ ਦਾ ਸਮੂਲ ਨਾਸ ਕਰੇਗਾ। ਕਿਹਾ ਜਾਂਦਾ ਹੈ ਕਿ ਉਸਨੇ ਆਪਣੇ ਕੁਹਾੜੇ ਨਾਲ ਧਰਤੀ ਦੇ ਸਾਰੇ ਛਤ੍ਰੀ ਮਾਰ ਦਿੱਤੇ।
(9) ਵਿਸ਼ਨੂੰ ਜੀ ਦਾ ਇਹ ਪਰਸਰਾਮ ਅਵਤਾਰ ਬਹੁਤ ¬ਕ੍ਰੋਧੀ ਦੇ ਰੂਪ ਵਿੱਚ ਹੀ ਚਿਤ੍ਰਿਆ ਗਿਆ ਹੈ। ਉਸਨੇ ਬਦਲੇ ਦੀ ਭਾਵਨਾ ਨਾਲ ਛਤ੍ਰੀਆਂ ਦੇ ਸਮੂਹਕ ਕਤਲ ਕਰ ਕੇ ਉਹਨਾਂ ਨੂੰ ਮੁਕਾਇਆ ਸੀ। ਇਸ ਭ੍ਰਾਂਤੀ ਨੂੰ ਕੋਈ ਵੀ ਪੁਰਾਣ ਜਾਂ ਬ੍ਰਾਹਮਣ ਲਿਖਾਰੀ ਦੂਰ ਨਹੀਂ ਕਰ ਸਕਿਆ ਕਿ ਸਮੂਲ ਨਾਸ ਕਰ ਦੇਣ ਪਿਛੋਂ ਛਤ੍ਰੀ ਬਾਰ–ਬਾਰ ਫ਼ਿਰ ਕਿਵੇਂ ਪੈਦਾ ਹੋ ਜਾਂਦੇ ਰਹੇ ਹਨ।
(10) ਇਹ ਵੀ ਬੜੀ ਵਿਡੰਬਨਾ ਹੈ ਕਿ ਪਰਸਰਾਮ ਤੇ ਰਾਮਚੰਦ੍ਰ ਨਾਮ ਦੇ ਵਿਸ਼ਨੂੰ ਦੇ ਦੋ ਅਵਤਾਰ ਸਮਕਾਲੀ ਸਨ। ‘‘ਇਕੋ ਸਮੇਂ ਵਿਸ਼ਨੂੰ ਜੀ ਦੋ ਥਾਵਾਂ ਤੇ ਕਿਵੇਂ ਜਨਮ ਲੈਣ ਵਿੱਚ ਕਾਮਯਾਬ ਹੋਏ ਸਨ? ’’ – ਸਮਝ ਵਿੱਚ ਆ ਸਕਣ ਵਾਲੀ ਚੀਜ਼ ਨਹੀਂ।


01/05/16)
ਸੁਖਵਿੰਦਰ ਕੌਰ ‘ਹਰਿਆਓ’

(ਮਿੰਨੀ ਕਹਾਣੀ)
ਅਸਲੀ ਪੁੰਨ

ਮੈਂ ਤੇ ਮੇਰਾ ਪਤੀ ਨੇੜਲੇ ਪਿੰਡ ਵਿੱਚ ਮੇਲਾ ਦੇਖ ਰਹੇ ਸੀ। ਭੀੜ ਵਿੱਚੋਂ ਲੰਘ ਕੇ ਅਸੀਂ ਦੁਕਾਨਾਂ ਵੱਲ ਆਏ। ਖਾਣ-ਪੀਣ, ਖਿਡੌਣੇ, ਚੂੜੀਆਂ ਤੇ ਹੋਰ ਸਾਜੋ-ਸਮਾਨ ਦੀਆਂ ਦੁਕਾਨਾਂ ਅੱਗੇ ਲੋਕ ਆ ਜਾ ਰਹੇ ਸਨ। ਬਹੁਤ ਚੰਗਾ ਲੱਗ ਰਿਹਾ ਸੀ ਕਿ ਇੱਕ ਬਾਰ੍ਹਾਂ ਕੁ ਸਾਲ ਦਾ ਲੜਕਾ ਫਟੇ-ਪੁਰਾਣੇ ਕੱਪੜੇ ਸਰੀਰਕ ਪੱਖ ਤੋਂ ਬਹੁਤ ਕਮਜ਼ੋਰ ਦਿਸ ਰਿਹਾ ਸੀ। ਹੱਥ ਵਿੱਚ ਕਾਸਾ ਫੜੀ ਸਾਡੇ ਵੱਲ ਆ ਕੇ ਬੋਲਿਆ, “ਬਾਬੂ ਜੀ, ਪੈਸੇ ਦੇ ਦੋ ਕੁੱਝ ਖਾਣਾ ਏ, ਦੋ ਦਿਨ ਤੋਂ ਭੁੱਖਾ ਹਾਂ……ਰੱਬ ਤੁਹਾਡਾ ਭਲਾ ਕਰੂਗਾ”। ਮੇਰੇ ਪਤੀ ਨੇ ਉਸਨੂੰ ਹੱਥ ਦਾ ਇਸ਼ਾਰਾ ਕਰਕੇ ਉੱਥੇ ਹੀ ਰੁਕਣ ਲਈ ਕਿਹਾ ਤੇ ਜਲਬੀਆਂ ਦੀ ਦੁਕਾਨ ਤੋਂ ਵੀਹ ਰੁਪਏ ਦੀਆਂ ਜਲੇਬੀਆਂ ਲੈ ਕੇ ਉਸ ਗਰੀਬ ਤੇ ਭੁੱਖੇ ਲੜਕੇ ਦੇ ਹੱਥ ਫੜਾ ਦਿੱਤੀਆਂ।
ਮੈ ਕਿਹਾ, “ਇਹ ਕੀ ਐ ਜੀ? ਉਸ ਨੇ ਤਾਂ ਪੈਸੇ ਮੰਗੇ ਸੀ”। ਉਸਨੇ ਕਿਹਾ, “ਨ੍ਹੀਂ ਸੁੱਖੀ ਉਹ ਭੁੱਖਾ ਸੀ…ਉਸਦੀ ਭੁੱਖ ਪੈਸੇ ਨਾਲ ਨਹੀਂ ਕੁੱਝ ਖਾਣ ਨਾਲ ਮਿਟਦੀ। ਜੇ ਮੈਂ ਉਸਨੂੰ ਪੈਸੇ ਦੇ ਦਿੰਦਾ ਸ਼ਾਇਦ ਉਸਦਾ ਪਿਓ ਉਸ ਤੋਂ ਪੈਸੇ ਲੈ ਸ਼ਰਾਬ ਪੀਂਦਾ ਜਾਂ ਬੱਚਾ ਕਿਤੇ ਗਲਤ ਵਰਤੋ ਕਰਦਾ। ਭੁੱਖੇ ਨੂੰ ਪੈਸੇ ਦੇਣਾ ਨਹੀਂ ਖਾਣ ਲਈ ਕੁੱਝ ਦੇਣਾ ਅਸਲੀ ਪੁੰਨ ਐ। ਸਿਰਫ਼ ਪੈਸੇ ਦਾਨ ਕਰਨ ਨਾਲ ਹੀ ਦਾਨੀ ਬਣਿਆ ਨਹੀਂ ਜਾਂਦਾ, ਕਿਸੇ ਦੀ ਜਰੂਰਤ ਪੂਰੀ ਕਰਨਾ ਅਸਲੀ ਪੁੰਨ ਦਾਨ ਹੁੰਦਾ ਐ”।
- ਸੁਖਵਿੰਦਰ ਕੌਰ ‘ਹਰਿਆਓ’
ਸਕੱਤਰ ਮਾਲਵਾ ਲਿਖਾਰੀ ਸਭਾ, ਸੰਗਰੂਰ
+91-81464-47541
[email protected]

****************************************

(ਮਿੰਨੀ ਕਹਾਣੀ)
ਪੁੰਨ ਤੇ ਫ਼ਲੀਆਂ

ਪਿੰਡ ਦੇ ਗੁਰੂਦੁਆਰੇ ਅਨਾਉਸਮੈਂਟ ਹੋਈ ਕਿ ਜਿਸ-ਜਿਸ ਮਾਈ ਭਾਈ ਨੇ ਹਜੂਰ ਸਾਹਿਬ ਦੇ ਦਰਸ਼ਨ ਕਰਨ ਜਾਣਾ ਹੈ ਦੋ ਦਿਨ ਦੇ ਅੰਦਰ-ਅੰਦਰ ਫੀਸ ਜਮ੍ਹਾਂ ਕਰਵਾ ਕੇ ਸੀਟਾਂ ਬੁੱਕ ਕਰਵਾਓ ਜੀ। ਦੂਸਰੇ ਦਿਨ ਹੀ ਸਾਰੀਆਂ ਸੀਟਾਂ ਦੀ ਬੁੱਕਿੰਗ ਹੋ ਗਈ। ਸੀਟਾਂ ਖਤਮ ਹੋਣ ਕਾਰਨ ਬਹੁਤ ਯਾਤਰਾ ਦੇ ਚਾਹਵਾਨ ਵਾਪਸ ਮੁੜ ਗਏ।
ਜਦੋਂ ਜਾਣ ਵੇਲੇ ਸਵਾਰੀਆਂ ਬੱਸ ਚੜੀਆਂ ਤਾਂ ਕੰਡਕਟਰ ਕਹਿਣ ਲੱਗਿਆ, "ਬੜੀ ਸਰਦਲ 'ਤੇ ਧਾਰਮਿਕ ਖਿਆਲਾਂ ਦਾ ਪਿੰਡ ਹੈ ਜੋ ਇਕ ਦਿਨ ਵਿੱਚ ਹੀ ਸੀਟਾਂ ਦੀ ਬੁੱਕਿੰਗ ਹੋ ਗਈ"। ਟੇਡੀ ਜਿਹੀ ਪੱਗ ਵਾਲੇ ਮਾੜਕੂ ਜਿਹੇ ਬੰਦੇ ਨੇ ਸੀਟਾ ਤੇ ਬੈਠਦੇ ਨੇ ਕਿਹਾ, "ਭਾਈ ਸਾਹਬ ਸਰਧਾਲੂ ਘੱਟ ਤੇ ਮੇਰੇ ਵਰਗੇ ਜ਼ਿਆਦਾ ਨੇ… ਭੁੱਕੀ ਦੀ ਤੋਟ ਕਰਕੇ ਸਾਰੀ ਅਮਲੀ ਮਡਲੀ ਜਾ ਰਹੀ ਐ। ਹਜੂਰ ਸਾਹਿਬ ਦੇ ਇਲਾਕੇ ਵਿੱਚ ਭੁੱਕੀ ਸਸਤੀ ਮਿਲ ਜਾਂਦੀ ਐ, ਸੋਚਿਆ ਨਾਲੇ ਸਨਾਨ ਕਰ ਆਵਾਂਗੇ……ਨਾਲੇ ਮਾਲ-ਭੱਤਾ ਬਈ ਬਾਈ ਨਾਲੇ ਪੁੰਨ ਨਾਲੇ ਫ਼ਲੀਆਂ, ਨਾਲੇ ਰੱਬ ਖੁਸ਼ ਨਾਲੇ ਮਨ ਖੁਸ਼ ਹੋ ਜਾਊ"।

- ਸੁਖਵਿੰਦਰ ਕੌਰ 'ਹਰਿਆਓ'
ਸਕੱਤਰ ਮਾਲਵਾ ਲਿਖਾਰੀ ਸਭਾ, ਸੰਗਰੂਰ
+91-81464-47541



{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.