.


28/08/16)
ਮਨਮੀਤ ਸਿੰਘ, ਕਾਨਪੁਰ

ਸਮਾਂ ਰਹਿੰਦੇ ਸੁਚੇਤ ਹੋਣਾ ਜਾਗਣ ਦੀ ਨਿਸ਼ਾਨੀ ਹੈ

ਪੰਜਾਬ ਗੁਰੂਆਂ ਦੇ ਨਾਂ ਤੇ ਹੀ ਜੀੳਦਾ ਹੈ ਤੇ ਗੁਰੂ ਸਾਹਿਬਾਨ ਦੀ ਪਵਿਤ੍ਰ ਧਰਤੀ ਗੁਰੂਆਂ ਦੇ ਪਾਏ ਪੁਰਨਿਆਂ ਤੇ ਚਲ ਕੇ ਹਸਦੀ, ਵਸਦੀ ਰਹੀ ਹੈ। 2017 ਵਿਚ ਪੰਜਾਬ ਦੀ ਅਵਾਮ ਨੇ ਲੋਕਸ਼ਾਹੀ ਦੇ ਰਾਜਿਆਂ ਦੀ ਚੋਣ ਕਰਣੀ ਹੈ। ਸੋ ਇਸ ਅਤਿ ਦੇ ਅਹਿਮ ਮੋਕੇ ਤੇ ਗੁਰੂਆਂ ਦੇ ਉਪਦੇਸ਼ਾਂ ਤੇ ਜੀਉਣ ਵਾਲਿਆਂ ਦਾ ਫਰਜ ਹੋ ਨਿਬਣਦਾ ਹੈ ਕਿ ਉਹ ਇਦਾਂ ਦੇ ਨੁਮਾਇੰਦਿਆਂ ਦੀ ਚੋਣ ਕਰਣ, ਜੋ ਗੁਰੂਆਂ ਦੀ ਪਵਿਤ੍ਰ ਧਰਤੀ ਨੂੰ ਪੂਰਣ ਤੌਰ ਤੇ ਨਸ਼ਾ ਮੁਕਤ ਕਰਣ ਲਈ ਸਭ ਤੋ ਪਹਿਲਾਂ ਦ੍ਰਿੜ ਸੰਕਲਪਤ ਹੋਣ ਤੇ ਨਾਲ ਹੀ ਉਹ ਪੰਜਾਬ ਦੀ ਅਵਾਮ ਵਿਚ ਨਸ਼ਾਂ ਮੁਕਤੀ ਦੀ ਸੁਚਜੀ ਕਾਰਜ ਨੀਤਿ ਨੂੰ ਪੇਸ਼ ਕਰਣ ਭਾਵੇ ਉਹ ਕਿਸੀ ਭੀ ਸਿਆਸੀ ਪਾਰਟੀ ਨਾਲ ਸਬੰਧ ਰਖਦੇ ਹੋਣ।

ਪੰਜਾਬ ਵਿਚ ਗੁਰੂਆਂ ਦੇ ਉਪਦੇਸ਼ ਮੁਤਾਬਿਕ ਪੂਰਣ ਨਸ਼ਾਬੰਦੀ ਲਈ ਸਾਨੂੰ ਸਾਰਿਆਂ ਦਾ ਇਹ ਫਰਜ ਹੋ ਜਾੰਦਾ ਹੈ ਕਿ ਅਸੀਂ ਸਾਰਿਆਂ ਸਿਆਸੀ ਪਾਰਟੀਆਂ ਤੇ ਇਹ ਵਿਚਾਰਿਕ ਦਬਾਅ ਬਣਾਇਏ ਕਿ ਪੰਜਾਬ ਦੀਆਂ 2017 ਦੀਆਂ ਚੋਣਾਂ ਦੇ ਵਿਚ ਸਾਰਿਆਂ ਹੀ ਸਿਆਸੀ ਪਾਰਟਿਆਂ ਦੇ ਚੁਨਾਵੀ ਘੋਸ਼ਣਾ ਪਤਰ
(manifestoes) ਅਤੇ ਚੁਨਾਵੀ ਸਭਾਵਾਂ ਦਾ ਪਹਿਲਾਂ ਤੇ ਮੁਖ ਏਜੰਡਾ ਨਸ਼ਾ ਮੁਕਤ ਪੰਜਾਬ ਹੋਵੇ। ਜੇ ਅਸੀਂ ਇਸ ਵਿਚ ਕਾਮਯਾਬ ਹੋ ਜਾੰਦੇ ਹਾਂ ਤਾਂ ਪੰਜਾਬ ਦੀ ਜਵਾਨੀ ਦੇ ਅਰੋਗ ਸ਼ਰੀਰ ਅਤੇ ਨਰੋਏ ਦਿਮਾਗ ਨਾਲ ਅਸੀਂ ਹਰ ਤਰ੍ਹਾਂ ਦੇ ਵਿਕਾਸ ਵਿਚ ਅਗੇ ਹੋ ਨਿਬਣਾਗੇਂ, ਜਿਸਦਾ ਇਤਿਹਾਸ ਗਵਾਹ ਹੈ।

ਇਸ ਕਾਰਜ ਨੂੰ ਅਸੀਂ ਬੜੇ ਹੀ ਅਸਾਨ ਤਰੀਕੇ ਨਾਲ ਕਰ ਸਕਦੇ ਹਾਂ। ਕੇਵਲ ਤੇ ਕੇਵਲ ਸੋਸ਼ਲ ਮੀਡਿਆਂ ਤੇ, ਭਾਵੇ ਉਹ ਫੇਸਬੁਕ ਹੋਵੇਂ ਜਾਂ ਵਾਟਸਐਪ ਜਾਂ ਕੋਈ ਹੋਰ, ਹਰ ਇਕ ਸਾਇਟ ਤੇ ਪ੍ਰੋਫਾਇਲ ਪਿਕਚਰ, ਗਰੁਪ ਪਿਕਚਰ ਦੀ ਜਗ੍ਹਾਂ 2017 ਦੀਆਂ ਚੋਣਾਂ ਤਕ ਆਪਣੀ ਮੰਗ ਦੀ ਇਕ ਫੋਟੋ ਲਾਈਏ “ਮੇਰੀ ਮੰਗ ਹਸਦਾ ਵਸਦਾ ਨਸ਼ਾ ਮੁਕਤ ਪੰਜਾਬ”। ਜੇ ਅਸੀ ਕੁਛ ਦਿਨ ਆਪਣੀ-ਆਪਣੀ ਫੋਟੋ ਦਾ ਮੋਹ ਛੋੜ ਦਿਤਾ ਤਾਂ ਸਿਆਸੀ ਪਾਰਟਿਆਂ ਨੂੰ ਅਸੀਂ ਇਕ ਵਡਾ ਸਨੇਹਾ ਦੇਣ ਵਿਚ ਕਾਮਯਾਮ ਹੋ ਜਾਵਾਗੇ ਕਿ ਪੰਜਾਬ ਦਾ ਹਰ ਬਸ਼ਿੰਦਾ ਪੂਰੇ ਤੋਰ ਤੇ ਨਸ਼ਾ ਮੁਕਤ ਪੰਜਾਬ ਚਾਹੁੰਦਾ ਹੈ ਕਿਉਕਿ ਸਾਰਿਆਂ ਸਿਆਸੀ ਪਾਰਟਿਆਂ ਚੰਗੀ ਤਰ੍ਹਾਂ ਨਾਲ ਜਾਣਦਿਆਂ ਅਤੇ ਸਮਝਦਿਆਂ ਹਨ ਕਿ ਅੱਜ ਚੋਣਾਂ ਦਾ ਰਾਹ ਸੋਸ਼ਲ ਮੀਡਿਆਂ ਤੋ ਹੋ ਕੇ ਗੁਜਰਦਾ ਹੈ ਤੇ ਸੋਸ਼ਲ ਮੀਡਿਆਂ ਅਜ ਹਰ ਮਨੁਖ ਦੀ ਵਿਚਾਰਿਕ ਅਜਾਦੀ ਦਾ ਰਾਹ ਖੋਲਦਾ ਹੈ। ਬਸ ਲੋੜ ਹੈ ਆਪਣਾ ਫਰਜ ਪਹਿਚਾਨਣ ਦੀ।

2017 ਦੀਆਂ ਚੋਣਾਂ ਵਿਚ ਭਾਵੇ ਕਿਸੀ ਵੀ ਪਾਰਟੀ ਦੀ ਸਰਕਾਰ ਬਣੇ ਭਾਵੇ ਕੋਈ ਵੀ ਮੁਖਮੰਤਰੀ ਬਣੇ ਪਰ ਗੁਰੂਆਂ ਦੀ ਪਵਿਤ੍ਰ ਧਰਤੀ ‘ਪੰਜਾਬ’ 2017 ਦੀ ਚੋਣਾਂ ਤੋਂ ਬਾਦ ਪੂਰੇ ਤਰੀਕੇ ਨਾਲ ਨਸ਼ਾਂ ਮੁਕਤ ਹੋਣੀ ਚਾਹੀਦੀ ਹੈ।

ਮਨਮੀਤ ਸਿੰਘ, ਕਾਨਪੁਰ


28/08/16)
ਗਿਆਨੀ ਅਵਤਾਰ ਸਿੰਘ

ਸੰਸਾਰਕ ਧਰਮਾਂ ਦਾ ਸਾਰ ਹਨ: ‘ਗੁਰੂ ਗ੍ਰੰਥ ਸਾਹਿਬ ਜੀ’ (ਭਾਗ ਦੂਜਾ)

ਗਿਆਨੀ ਅਵਤਾਰ ਸਿੰਘ (ਸੰਪਾਦਕ gurparsad.com)-98140-35202

ਪਹਿਲੇ ਭਾਗ ’ਚ ਭਾਰਤ ਦੇ ਪਾਰਸੀ, ਵੈਦਿਕ, ਜੈਨੀ, ਬੋਧੀ ਆਦਿ ਮੱਤਾਂ (ਧਰਮ ਗੁਰੂਆਂ) ਦੁਆਰਾ ਕੀਤੀ ਗਈ ‘ਧਰਮ’ ਦੀ ਵਿਆਖਿਆ ਨੂੰ ਵਿਚਾਰਿਆ ਗਿਆ ਸੀ। ਵੈਸੇ ਦੁਨੀਆ ’ਚ ਅਣਗਿਣਤ ਕਬੀਲੇ ਹਨ ਜਿਨ੍ਹਾਂ ਦੀ ਆਪੋ ਆਪਣੀ ਕੋਈ ਨਾ ਕੋਈ ਵਿਚਾਰਧਾਰਾ ਵੀ ਹੈ, ਪਰ ਹਥਲੇ ਲੇਖ ’ਚ ਦੁਨੀਆ ਦੇ ਤਿੰਨ ਵੱਡੇ ਮੱਤਾਂ (ਯਹੂਦੀ, ਈਸਾਈ ਤੇ ਮੁਸਲਿਮ) ਦੁਆਰਾ ਕੀਤੀ ਗਈ ਧਰਮ ਦੀ ਵਿਆਖਿਆ ਨੂੰ ਵਿਚਾਰਿਆ ਜਾਵੇਗਾ ਤਾਂ ਜੋ ਹਰ ਧਰਮ ਦੀ ਚੰਗਿਆਈ ਅਤੇ ਬੁਰਿਆਈ ਨਾਲ਼ ਲੜਨ ਦੀ ਨੀਤੀ (ਸ਼ਕਤੀ) ਨੂੰ ਸਮਝਿਆ ਜਾ ਸਕੇ।

ਕਿਸੇ ਮੱਤ (ਧਰਮ) ਦਾ ਵਿਸ਼ਲੇਸ਼ਣ ਕਰਨ ਲਈ, ਜਿਨ੍ਹਾਂ ਅਸੂਲਾਂ ਨੂੰ ਸਾਹਮਣੇ ਰੱਖਣਾ ਜ਼ਰੂਰੀ ਹੁੰਦਾ ਹੈ, ਉਹ ਇਸ ਪ੍ਰਕਾਰ ਹਨ:

(1). ਉਸ ਮੱਤ ਦੇ ਸ੍ਰੋਤ (ਪੀਰ, ਪੈਗ਼ੰਬਰ, ਰਸੂਲ, ਨਬੀ, ਗੁਰੂ, ਆਚਾਰੀਆ ਆਦਿ) ਨੂੰ ਇਹ ਬੋਧ; ਕਿਸ ਯੁਕਤੀ ਨਾਲ਼, ਉਮਰ ਦੇ ਕਿਸ ਪੜਾਅ ’ਚ ਤੇ ਕਿਸ ਦੁਆਰਾ ਹੋਇਆ ?

(2). ਉਸ ਨੇ ਆਪਣੇ ਉਤਰਾਧਿਕਾਰੀ ਦੀ ਨਿਯੁਕਤੀ ਕਿਸ ਦ੍ਰਿਸ਼ਟੀਕੋਣ ਨਾਲ ਕੀਤੀ ਤੇ ਉਹ ਕਿੰਨੀ ਕੁ ਸਫਲ ਰਹੀ।

(3). ਉਸ ਵਿਚਾਰਧਾਰਾ (ਸਿਧਾਂਤ) ਨੂੰ ਲਿਖਤੀ ਰੂਪ ’ਚ ਕਿਸ ਦੁਆਰਾ ਤੇ ਕਿਵੇਂ ਸੰਭਾਲ਼ਿਆ ਗਿਆ ?

(4). ਮਾਨਵਤਾ ਦੇ ਹਿੱਤ ਲਈ ਸਮਾਜ ’ਚ ਇਸ ਵਿਚਾਰਧਾਰਾ ਨੇ ਕੀ ਕੀ ਸੁਧਾਰ ਲਿਆਂਦਾ ?, ਆਦਿ।

ਸੰਸਾਰ ’ਚ ‘ਧਰਮ’ ਦੀ ਵਿਆਖਿਆ ਕਰਨ ਵਾਲ਼ੀਆਂ ਦੋ ਵੱਡੀਆਂ ਤੇ ਪ੍ਰਮੁੱਖ ਸ਼ਾਖ਼ਾਵਾਂ ਹਨ: ਆਰੀਅਨ (ਈਰਾਨੀ) ਤੇ ਇਬਰਾਨੀ, ਜਿਸ ਦਾ ਇਲਾਕਾ ‘ਅਰਬ, ਇਜ਼ਰਾਈਲ, ਫ਼ਲਸਤੀਨ, ਰੋਮ (ਇਟਲੀ), ਮਿਸਰ’, ਆਦਿ ਤੱਕ ਹੈ। ਇਨ੍ਹਾਂ ਦੋਵੇਂ ਮਜ਼੍ਹਬਾਂ ਨੇ ਕਿਸੇ ਨਾ ਕਿਸੇ ਰੂਪ ’ਚ ਦੇਵੀ-ਦੇਵਤੇ, ਪੱਥਰ (ਮੂਰਤੀ), ਦਰਖ਼ਤ, ਚੰਦ, ਤਾਰਿਆਂ ਆਦਿ ਦੀ ਸ਼ਕਤੀ ਨੂੰ ਵਿਸ਼ੇਸ਼ ਮਹੱਤਵ ਦਿੱਤਾ ਤੇ ਪੂਜਿਆ ਹੈ। ਫ਼ਰਕ ਕੇਵਲ ਇਹੀ ਹੈ ਕਿ ਜਿਨ੍ਹਾਂ ਨੂੰ ਈਰਾਨੀ ਦੇਵੀ ਦੇਵਤੇ ਤੇ ਸਵਰਗ ਨਰਕ ਆਖਦੇ ਹਨ ਉਨ੍ਹਾਂ ਨੂੰ ਇਬਰਾਨੀ ਫ਼ਰਿਸ਼ਤੇ ਤੇ ਜੰਨਤ ਦੋਜ਼ਖ ਕਹਿੰਦੇ ਹਨ ਭਾਵ ਦੋਵੇਂ ਸ਼ਾਖ਼ਾਵਾਂ ਕਾਲਪਨਿਕ ਨਗਰੀ ਤੇ ਕਾਲਪਨਿਕ ਦੇਵਤੇ ਜਾਂ ਫ਼ਰਿਸ਼ਤਿਆਂ ਦੀ ਹੋਂਦ ਨੂੰ ਸਵੀਕਾਰਦੀਆਂ ਆ ਰਹੀਆਂ ਹਨ।

ਸਮੇਂ ਸਮੇਂ ਕੁਝ ਸੁਧਾਰਵਾਦੀਆਂ ਨੇ ਇਨ੍ਹਾਂ ’ਚੋਂ ਕੁਝ ਆਧਾਰਹੀਣ ਰਵਾਇਤਾਂ ਨੂੰ ਬਦਲਨ ਦਾ ਯਤਨ ਕੀਤਾ ਪਰ ਰੂੜ੍ਹੀਵਾਦੀਆਂ ਲਈ ਇਹ ਪਰੰਪਰਾ ਆਰਥਿਕ ਸਾਧਨ ਤੇ ਪ੍ਰਭੁਤਾ (ਸੁਤੰਤਰਤਾ) ਦਾ ਜ਼ਰੀਆ ਬਣ ਚੁੱਕੀ ਸੀ, ਇਸ ਲਈ ਉਨ੍ਹਾਂ ਵੱਲੋਂ ਕਬੀਲਿਆਂ ਦੇ ਸਰਦਾਰਾਂ ਜਾਂ ਹਾਕਮਾਂ (ਬਾਦਸ਼ਾਹਾਂ) ਦੀ ਮਦਦ ਨਾਲ਼ ਮਾਨਵਤਾ ਲਈ ਹਿਤਕਾਰੀ ਲਹਿਰ ਨੂੰ ਕੁਚਲ਼ਨ ’ਚ ਅਹਿਮ ਯੋਗਦਾਨ ਪਾਇਆ ਗਿਆ ਤੇ ਪਾਇਆ ਜਾ ਰਿਹਾ ਹੈ।

ਪਿਛਲੇ ਲੇਖ ’ਚ ਆਰੀਅਨ ਲੋਕਾਂ ਦੁਆਰਾ ਇਤਿਹਾਸ ਨੂੰ ਹੀ ਰੁਪਾਂਤਰ ਕਰਕੇ ਉਸ ਦਾ ਨਾਂ ‘ਧਰਮ’ ਰੱਖ ਦਿੱਤਾ, ਬਾਰੇ ਵਿਚਾਰ ਕੀਤੀ ਗਈ ਸੀ, ਤਾਂ ਤੇ ਹੁਣ ਇਬਰਾਨੀ (‘ਯਹੂਦੀ, ਈਸਾਈ ਤੇ ਮੁਸਲਿਮ’) ਵਰਗ ਦਾ ਇਤਿਹਾਸ ਸਮਝਣਾ ਵੀ ਜ਼ਰੂਰੀ ਹੈ ਤਾਂ ਜੋ ‘ਧਰਮ’ ਤੇ ‘ਇਤਿਹਾਸ’ ਦੇ ਅੰਤਰ ਦਾ ਬੋਧ ਹੋ ਸਕੇ। ਇਹ ਤਿੰਨੇ ਮਜ਼੍ਹਬ ਦਰਅਸਲ ਇੱਕ ਹੀ ਕਬੀਲੇ ਦੇ ਤਿੰਨ ਨਾਂ ਹਨ, ਜਿਨ੍ਹਾਂ ਦੀ ਸੰਖੇਪ ’ਚ ਵਿਚਾਰ ਇਸ ਪ੍ਰਕਾਰ ਹੈ:

ਬਾਈਬਲ ਤੇ ਕੁਰਾਨ ਮੁਤਾਬਕ ਮਨੁੱਖ ਜਾਤੀ ਦਾ ਪਹਿਲਾ ਮਨੁੱਖ (ਜਾਂ ਆਦਮੀ) ਬਾਬਾ ਆਦਮ ਸੀ, ਜਿਸ ਨੂੰ ਖ਼ੁਦਾ ਨੇ ਮਿੱਟੀ ਨਾਲ਼ ਆਪਣੀ ਸ਼ਕਲ ਵਰਗਾ ਬਣਾਇਆ। ਇੱਕ ਦਿਨ ਬਾਬਾ ਆਦਮ ਜੀ ਸੁੱਤੇ ਪਏ ਤੇ ਖ਼ੁਦਾ ਨੇ ਇਨ੍ਹਾਂ ਦੀ ਇੱਕ ਪਸਲੀ ਕੱਢੀ, ਜਿਸ ਨਾਲ ਬੀਬੀ ‘ਹੱਵਾ’ ਬਣਾ ਦਿੱਤੀ, ਇਸ ਉਪਰੰਤ ਇਸ ਜੋੜੇ ਨੂੰ ‘ਅਦਨ’ (ਭਾਵ ਨਿੱਤ ਫਲ਼ ਦੇਣ ਵਾਲ਼ੇ) ਬਾਗ਼ ’ਚ ਛੱਡ ਦਿੱਤਾ ਤੇ ਇੱਕ ਫਲ਼ ਨਾ ਖਾਣ ਦੀ ਮਨਾਹੀ (ਬੰਦਸ਼) ਵੀ ਕੀਤੀ ਗਈ ਪਰ ਸ਼ੈਤਾਨ (ਅੱਗ ਤੋਂ ਪੈਦਾ ਹੋਏ ਦੁਸ਼ਟ ਜੀਵ) ਨੇ ਇਨ੍ਹਾਂ ਨੂੰ ਵਰਗਲਾ ਕੇ ਉਹੀ ਫਲ਼ ਖਵਾ ਦਿੱਤਾ।

ਸੋ, ਖ਼ੁਦਾਈ ਨਿਯਮ ਭੰਗ ਹੋਣ ਕਾਰਨ ਇਨ੍ਹਾਂ ਨੂੰ ਬਾਗ਼ ’ਚੋਂ ਕੱਢ ਕੇ ਧਰਤੀ ’ਤੇ ਇਸ ਮਕਸਦ ਨਾਲ਼ ਸੁੱਟਿਆ ਗਿਆ ਤਾਂ ਜੋ ਇਹ ਸਵੈ ਕਮਾਈ ਕਰਕੇ ਆਪਣਾ ਜੀਵਨ ਬਸਰ (ਨਿਰਬਾਹ) ਕਰਨ।

ਰੱਬੀ ਸ਼ਕਤੀ ਦੇ ਵਿਸਥਾਰ ’ਚ ਕਬੀਰ ਜੀ ਬਾਬਾ ਆਦਮ ਦਾ ਵੀ ਜ਼ਿਕਰ ਕਰਦੇ ਹਨ ਕਿ ਕਰਤਾਰ ਦਾ ਹੁਕਮ ਅਦੂਲੀ ਕਰਨ ਵਾਲ਼ਾ ਜੰਨਤ ’ਚ ਵੀ ਬੇਚੈਨ ਰਹਿੰਦਾ ਹੈ: ‘‘ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ ॥ ਉਨਿ ਭੀ ਭਿਸਤਿ; ਘਨੇਰੀ ਪਾਈ ॥’’ (ਭਗਤ ਕਬੀਰ/੧੧੬੧)

ਸੋ, ਜਦ ਇਹ ਜੋੜਾ ਧਰਤੀ ’ਤੇ ਡਿੱਗਿਆ ਤਾਂ ਬਾਬਾ ਆਦਮ ਜੀ ਲੰਕਾ ’ਚ ਤੇ ਬੀਬੀ ਹੱਵਾ ਜੀ ਅਰਬ ’ਚ ਜੱਦਾਹ ਪਾਸ ਚਲੀ ਗਈ। 200 ਸਾਲ ਬਾਅਦ ਜਬਰਾਈਲ ਫ਼ਰਿਸ਼ਤੇ ਨੇ ਇਨ੍ਹਾਂ ਦਾ ਮੇਲ਼ ਕਰਵਾਇਆ। ਬਾਬਾ ਆਦਮ ਜੀ, ਆਪਣੀ ਬੇਗਮ ਬੀਬੀ ਹੱਵਾ ਨੂੰ ਨਾਲ਼ ਲੈ ਕੇ ਦੁਬਾਰਾ ਲੰਕਾ ਚਲੇ ਗਏ। ਇਨ੍ਹਾਂ ਦੇ ਤਿੰਨ ਬੱਚੇ ਸਨ: ‘ਕਾਈਨ, ਹਾਬਿਲ ਤੇ ਸੇਤ’। ਬਾਬਾ ਆਦਮ ਜੀ ਦੀ ਕੁੱਲ ਉਮਰ 930 ਸਾਲ ਸੀ।

(ਨੋਟ: (1). ਜਿਸ ਜਬਰਾਈਲ ਫ਼ਰਿਸ਼ਤੇ ਦਾ ਉਕਤ ਜ਼ਿਕਰ ਆਇਆ ਹੈ, ਇਸੇ ਨੇ ਹੀ ਯਹੂਦੀ ਹਜ਼ਰਤ ਮੂਸਾ, ਈਸਾ ਮਸੀਹ ਤੇ ਮੁਸਲਿਮ ਮੁਹੰਮਦ ਸਾਹਿਬ ਨੂੰ ਖ਼ੁਦਾ ਦੇ ਸੰਦੇਸ਼ ਪੜ੍ਹ ਕੇ ਸੁਣਾਏ ਸਨ, ਜੋ ਕੁਰਾਨ ’ਚ 114 ਸੂਰਤ (ਭਾਵ 114 ਪੂਰੇ ਸ਼ਬਦ) ਤੇ 6666 ਆਇਤਾਂ (ਭਾਵ 6666 ਸ਼ਲੋਕ), ਬਾਈਬਲ (ਤੌਰੇਤ) ਤੇ ਬਾਈਬਲ (ਅੰਜੀਲ) ਰੂਪ ’ਚ ਮੌਜੂਦ ਹਨ।

(2). ਭਾਰਤ ਤੇ ਲੰਕਾ ਵਿਚਕਾਰ ਬਣੇ ਜਿਸ ਕਾਲਪਨਿਕ ਪੁਲ਼ ਨੂੰ, ਰਮਾਇਣ ਰਾਹੀਂ ਆਰੀਅਨ ਲੋਕ ਰਾਮ ਚੰਦ੍ਰ ਜੀ ਦੁਆਰਾ ਬਣਾਇਆ ਦੱਸਦੇ ਹਨ ਉਸੇ ਪੁਲ਼ ਨੂੰ ਇਬਰਾਨੀ ਲੋਕ ਬਾਬਾ ਆਦਮ ਜੀ ਦੁਆਰਾ ਬਣਾਇਆ ਆਖਦੇ ਹਨ ਕਿਉਂਕਿ ਲੰਕਾ ’ਚ ਅੱਜ ਵੀ ਇੱਕ ਪਹਾੜੀ ਦਾ ਨਾਂ ‘ਆਦਮ’ ਹੈ, ਜੋ ਬਾਬਾ ਆਦਮ ਜੀ ਦੀ ਲੰਕਾ ’ਚ ਆਮਦ (ਹਾਜ਼ਰੀ) ਨੂੰ ਪੁਖਤਾ ਕਰਦੀ ਹੈ, ਜਿਸ ਦੀ ਉਚਾਈ 7426 ਫੁੱਟ ਹੈ।)

ਬਾਈਬਲ ਤੇ ਕੁਰਾਨ ਮੁਤਾਬਕ ਬਾਬਾ ਆਦਮ ਜੀ ਦੀ 10ਵੀਂ ਪੀੜ੍ਹੀ ’ਚ ‘ਨੂਹ’ ਜੀ ਪੈਦਾ ਹੋਏ, ਜਿਨ੍ਹਾਂ ਦੀ ਉਮਰ ਜਦ 500 ਸਾਲ ਸੀ, ਤਦ ਹੋਈ ਪਰਲੋ ਦੌਰਾਨ ਖ਼ੁਦਾ ਦੇ ਆਦੇਸ਼ ਮੁਤਾਬਕ ਇਨ੍ਹਾਂ ਨੇ 300 ਹੱਥ ਲੰਬੀ, 50 ਹੱਥ ਚੌੜੀ ਤੇ 30 ਹੱਥ ਉੱਚੀ ਕਿਸ਼ਤੀ ਬਣਾ ਕੇ ਸਮੁੰਦਰ ’ਚ ਰੋੜ੍ਹ (ਧੱਕ) ਦਿੱਤੀ, ਜਿਸ ਵਿੱਚ ਹਰ ਜੂਨੀ ਦਾ ਇੱਕ ਇੱਕ ਜੋੜਾ (ਨਰ ਮਾਦਾ) ਤੇ ਉਨ੍ਹਾਂ ਲਈ ਇੱਕ ਸਾਲ ਦੀ ਖ਼ੁਰਾਕ ਰੱਖੀ ਗਈ। ਕਿਸ਼ਤੀ ਦਾ ਦਰਵਾਜ਼ਾ ‘ਰਾਲ’ (ਸਾਲ ਜਾਂ ਚੀੜ੍ਹ ਬ੍ਰਿਛ ਦੀ ਗੂੰਦ) ਨਾਲ਼ ਬੰਦ ਕਰ ਦਿੱਤਾ। ਧਰਤੀ ’ਤੇ 40 ਦਿਨ ਭਿਅੰਕਰ ਵਰਖਾ ਹੋਈ, ਜਿਸ ਨਾਲ਼ ਉੱਚੇ ਪਹਾੜਾਂ ’ਤੇ ਵੀ 15 ਹੱਥ ਪਾਣੀ ਭਰ ਗਿਆ, ਜੋ ਇੱਕ ਸਾਲ ਬਾਅਦ ਸੁੱਕਿਆ ਤੇ ਤਮਾਮ ਜੀਵ-ਜੰਤ ਬੇੜੀ ’ਚੋਂ ਉਤਾਰੇ ਗਏ।

‘ਨੂਹ’ ਜੀ ਦੇ ਤਿੰਨ ਬੇਟੇ (ਫ਼ਰਜ਼ੰਦ) ਸਨ: ‘ਸਾਮ’ (ਜਿਸ ਦੀ ਔਲਾਦ ਏਸ਼ੀਆ, ਮੰਨੀ ਗਈ) ‘ਹਾਮ’ (ਜਿਸ ਦੀ ਔਲਾਦ ਅਫ਼ਰੀਕਾ) ਤੇ ‘ਯਾਫ਼ਸ’ (ਜਿਸ ਨੇ ਯੂਰਪ ਆਬਾਦ ਕੀਤਾ, ਮੰਨਿਆ ਗਿਆ। ਸ਼ਾਇਦ ਅਮਰੀਕਾ ਦੀਪ ਦੀ ਤਦ ਸਮਝ ਨਹੀਂ ਸੀ।) ਇਬਰਾਨੀਆਂ ਲਈ, ਜੋ ‘ਨੂਹ’ ਹੈ; ਮਹਾਂਭਾਰਤ ’ਚ ਆਰੀਅਨਾਂ ਲਈ ਉਹ ‘ਮਨੁ’ ਹੈ। ‘ਨੂਹ’ ਦੀ ਕੁੱਲ ਉਮਰ 900 ਸਾਲ ਸੀ।

ਬਾਈਬਲ ਤੇ ਕੁਰਾਨ ਮੁਤਾਬਕ ‘ਨੂਹ’ ਦੀ 11ਵੀਂ ਪੀੜ੍ਹੀ ’ਚ ਇਬਰਾਹੀਮ ਜੀ ਦਾ ਜਨਮ ਲਗਭਗ 2300 ਪੂਰਵ ਈਸਵੀ (ਅੱਜ ਤੋਂ 4316 ਸਾਲ ਪਹਿਲਾਂ) ਹੋਇਆ। ਇਨ੍ਹਾਂ ਦੀ ਸ਼ਾਦੀ ਬੀਬੀ ‘ਸਾਰਾਹ’ ਨਾਲ਼ ਹੋਈ, ਜੋ ਲੰਬੇ ਸਮੇਂ ਤੱਕ ਮਾਂ ਨਹੀਂ ਬਣ ਸਕੀ, ਜਿਸ ਕਾਰਨ ਇਬਰਾਹੀਮ ਜੀ ਨੇ ਦੂਸਰੀ ਸ਼ਾਦੀ ਆਪਣੀ ਗੋਲੀ ਬੀਬੀ ਹਾਜਿਰਾ ਨਾਲ਼ ਕੀਤੀ, ਜਿਸ ਤੋਂ ‘ਇਸਮਾਇਲ’ (ਬੇਟਾ) ਪੈਦਾ ਹੋਇਆ। ਇਸ ਬੱਚੇ ਦੇ ਜਨਮ ਤੋਂ ਬਾਅਦ ਪਹਿਲੀ ਬੇਗਮ ਨੇ ਵੀ ‘ਇਸਹਾਕ’ (ਬੇਟੇ) ਨੂੰ ਜਨਮ ਦਿੱਤਾ।

ਪਹਿਲੀ ਬੀਬੀ ਦੇ ਬੇਟੇ ‘ਇਸਹਾਕ’ ਤੋਂ ‘ਇਸਰਾਈਲ’ ਵੰਸ਼ ਚੱਲਿਆ, ਜਿਸ ਵਿੱਚ ਦੋ ਪ੍ਰਮੁੱਖ ਪੈਗ਼ੰਬਰ ਹੋਏ:

(1). ‘ਯਹੂਦੀ ਧਰਮ’ ਦੇ ਧਰਮ ਗੁਰੂ ‘ਮੂਸਾ’ ਜੀ, ਜਿਨ੍ਹਾਂ ਦਾ ਜਨਮ 1571 ਪੂਰਵ ਈਸਵੀ ਨੂੰ ਹੋਇਆ।

(2). ‘ਈਸਾਈ ਧਰਮ’ ਦੇ ਪੈਗ਼ੰਬਰ ‘ਈਸਾ ਮਸੀਹ’, ਜਿਨ੍ਹਾਂ ਦਾ ਜਨਮ 6 ਪੂਰਵ ਈਸਵੀ, ਮੰਨਿਆ ਜਾਂਦਾ ਹੈ।

(ਨੋਟ: ਈਸਾ ਜੀ ਦੇ ਜਨਮ ਤੇ ਮਰਨ ਦੀ ਮਿਤੀ ’ਤੇ ਈਸਾਈ ਇੱਕ ਮਤ ਨਹੀਂ ਕਿਉਂਕਿ ਅਗਰ ਈਸਵੀ ਸੰਨ ਨੂੰ ਈਸਾ ਦਾ ਜਨਮ ਮੰਨੀਏ ਤਾਂ ਅੰਗ੍ਰੇਜ਼ੀ ’ਚ ਇਸ ਨਾਲ਼ ‘ਏ. ਡੀ.’ ਭਾਵ ‘ਆਫਟਰ ਡੈਥ’ ਨਹੀਂ ਲਿਖਣਾ ਚਾਹੀਦਾ ਜਿਸ ਦਾ ਮਤਲਬ ਹੈ ਕਿ ਈਸਵੀ ਸੰਨ ਨੂੰ ਉਨ੍ਹਾਂ ਦਾ ਜਨਮ ਨਹੀਂ ਬਲਕਿ ਮੌਤ ਹੋਈ ਸੀ ਅਤੇ ਅਗਰ ਇਨ੍ਹਾਂ ਦੀ ਮੌਤ ਤੋਂ ਈਸਵੀ ਸੰਨ ਸ਼ੁਰੂ ਕਰੀਏ ਤਾਂ ਇਨ੍ਹਾਂ ਦੀ ਉਮਰ 33 ਸਾਲ ਘਟਾ ਕੇ ਜਨਮ 33 ਪੂਰਵ ਈਸਵੀ ਮੰਨਣਾ ਪਵੇਗਾ।)

ਸੋ, ਪੈਗ਼ੰਬਰ ਇਬਰਾਹੀਮ ਦੀ ਦੂਸਰੀ ਬੇਗਮ ਬੀਬੀ ਹਾਜਿਰਾ ਦੇ ਫ਼ਰਜ਼ੰਦ ‘ਇਸਮਾਈਲ’ ਜੀ ਤੋਂ ਕੁਰੈਸ਼ੀ ਵੰਸ਼ ਚੱਲਿਆ, ਜਿਸ ਵਿੱਚ 15 ਅਪ੍ਰੈਲ 570 ਈਸਵੀ ਨੂੰ ‘ਇਸਲਾਮ ਧਰਮ’ ਦੇ ਬਾਨੀ ‘ਮੁਹੰਮਦ ਸਾਹਿਬ’ ਦਾ ਜਨਮ ਹੋਇਆ।

(ਨੋਟ: ਇੱਕ ਕਥਾ ਮੁਤਾਬਕ ਇਬਰਾਹੀਮ ਜੀ ਦੀ ਪਹਿਲੀ ਬੇਗਮ ਨੇ ਆਪਣੇ ਪਤੀ ਨੂੰ ਦੂਸਰੀ ਬੇਗਮ ਨਾਲ਼ ਸਰੀਰਕ ਸੰਬੰਧ ਨਾ ਰੱਖਣ ਲਈ ਕਿਹਾ, ਜਿਸ ਦੀ ਸਜ਼ਾ ਵੀ ਮੁਕੱਰਰ ਕਰ ਦਿੱਤੀ, ਪਰ ਇਬਰਾਹੀਮ ਜੀ ਵੱਲੋਂ ਇਹ ਪ੍ਰਣ ਭੰਗ ਹੋ ਗਿਆ, ਜਿਸ ਕਾਰਨ ਉਨ੍ਹਾਂ ਦੇ ਦੰਡ ਨੂੰ ਸੀਮਤ ਕਰਦਿਆਂ 99 ਸਾਲ ਦੀ ਉਮਰ ’ਚ ਸੁੰਨਤ ਕੀਤੀ ਤੇ ਦੋਵੇਂ ਮੁੱਛਾਂ ਕੱਟ ਦਿੱਤੀਆਂ। ਇਹ ਰੀਤ ਅੱਜ ਤੱਕ ਕਾਇਮ ਹੈ। (ਮਹਾਨ ਕੋਸ਼)

ਬਨਾਰਸ (ਵਾਰਾਨਸੀ, ਕਾਸ਼ੀ) ’ਚ ਭਗਤ ਕਬੀਰ ਜੀ ਦੀ ਪ੍ਰਸਿੱਧੀ ਨੂੰ ਵੇਖਦਿਆਂ ਉਨ੍ਹਾਂ ਪਾਸ ਮੁੱਲਾਂ (ਮੌਲਵੀਆਂ) ਨੇ ਆ ਕੇ ਧਰਮ-ਚਰਚਾ ਕਰਦਿਆਂ ਕਿਹਾ ਕਿ ਤੁਹਾਨੂੰ ਲੋਕ ਹਿੰਦੂ ਮੰਨਦੇ ਹਨ, ਜਿਨ੍ਹਾਂ ਦੀ ਵਿਚਾਰਧਾਰਾ ਨਾਲ਼ ਆਪ ਅਸਹਿਮਤ ਹੋ, ਇਸ ਲਈ ਤੁਸੀਂ ਮੁਸਲਮਾਨ ਬਣ ਜਾਓ। ਕਬੀਰ ਜੀ ਦਾ ਤਰਕ ਸੰਗਤ ਜਵਾਬ ਸੀ ਕਿ ਮੁਸਲਮਾਨ ਬਣਨ ਲਈ ਪਹਿਲੀ ਸ਼ਰਤ ਸੁੰਨਤ ਕਰਨਾ ਹੈ, ਜੋ ਮੇਰੀ ਬੇਗਮ ਦੀ ਨਹੀਂ ਹੋ ਸਕਦੀ ਫਿਰ ਮੈਂ ਮੁਸਲਮਾਨ ਤੇ ਉਹ ਹਿੰਦੂ, ਅਨਿਆਇ ਹੋਵੇਗਾ: ‘‘ਸੁੰਨਤਿ ਕੀਏ ਤੁਰਕੁ ਜੇ ਹੋਇਗਾ; ਅਉਰਤ ਕਾ ਕਿਆ ਕਰੀਐ  ? ॥ ਅਰਧ ਸਰੀਰੀ ਨਾਰਿ ਨ ਛੋਡੈ; ਤਾ ਤੇ ਹਿੰਦੂ ਹੀ ਰਹੀਐ ॥’’ (ਭਗਤ ਕਬੀਰ/੪੭੭) ਗੁਰੂ ਨਾਨਕ ਸਾਹਿਬ ਨੇ ਕਾਮ ਬਿਰਤੀ ਵੱਲੋਂ ਸੰਕੋਚ (ਸੰਗਣ) ਨੂੰ ਹੀ ਸੁੰਨਤ ਦੱਸਿਆ ਤੇ ਸ਼ੁਭ ਵਿਚਾਰ ਪੈਦਾ ਕਰਨ ਨੂੰ ਰੋਜ਼ਾ (ਵਰਤ), ਇਹੀ ਸੱਚੇ ਮੁਸਲਮਾਨ ਦੇ ਚਿਨ੍ਹ ਹਨ: ‘‘ਸਰਮ ਸੁੰਨਤਿ, ਸੀਲੁ ਰੋਜਾ; ਹੋਹੁ ਮੁਸਲਮਾਣੁ ॥’’ ਮ: ੧/੧੪੦)

ਸੋ, ਪੈਗ਼ੰਬਰ ਇਬਰਾਹੀਮ ਤੋਂ ਹੀ ਇਬਰਾਨੀ ਕੌਮ ਸਥਾਪਤ ਹੋਈ, ਜਿਨ੍ਹਾਂ ਦੀ ਕੁੱਲ ਉਮਰ 175 ਵਰ੍ਹੇ ਸੀ। ਬਾਈਬਲ ਮੁਤਾਬਕ ਇਨ੍ਹਾਂ ਨੂੰ ਸਾਰੀ ਉਮਰ ਰੱਬ ਨਾਲ ਬਾਤ-ਚੀਤ ਕਰਦਿਆਂ ਸੁਣਿਆ ਗਿਆ; ਜਿਵੇ ਕਿ ਇੱਕ ਵਾਰਤਾਲਾਪ ’ਚ ਇਬਰਾਹੀਮ ਨੇ ਰੱਬ ਨੂੰ ਪੁੱਛਿਆ ਕਿ ਮੈਂ ਲੋਕਾਂ ਨੂੰ ਕੀ ਦੱਸਾਂ ਕਿ ਇਹ ਹੁਕਮ ਕਿਸ ਦੇ ਹਨ ? ਤਾਂ ਰੱਬ ਨੇ ਜਵਾਬ ਦਿੱਤਾ ਕਿ ‘ਮੈਂ ਹਾਂ, ਜੋ ਹਾਂ, ਮੈਂ ਹਾਂ’; ਤੂੰ ਲੋਕਾਂ ਨੂੰ ਸਮਝਾ ਕਿ ‘ਮੈਂ ਹਾਂ’ ਨੇ ਕਿਹਾ ਹੈ।

(ਨੋਟ: ਇਬਰਾਨੀਆਂ ਦੇ ਰੱਬੀ ਨਿਵਾਸ ਸਥਾਨ ਬਾਰੇ ਇਸਲਾਮੀ ਇਤਿਹਾਸ ’ਚ ਜ਼ਿਕਰ ਆਉਂਦਾ ਹੈ ਕਿ ਪੈਗ਼ੰਬਰ ਪ੍ਰਗਟ ਹੋਣ ਤੋਂ 12 ਸਾਲ ਬਾਅਦ ਮੁਹੰਮਦ ਸਾਹਿਬ ‘ਮਿਅਰਾਜ’ (ਆਸਮਾਨੀ ਸਫ਼ਰ) ਲਈ ਜਬਰਾਈਲ ਫ਼ਰਿਸ਼ਤੇ ਦੁਆਰਾ ਲਿਆਂਦੇ ਗਏ ਬੁਰਾਕ (ਪੰਖਧਾਰੀ ਚਿੱਟਾ ਜੀਵ, ਜਿਸ ਦਾ ਕੱਦ ਖੱਚਰ ਜਾਂ ਗਧੇ ਵਰਗਾ ਤੇ ਨੌਂਹ ਸ਼ੇਰ ਵਰਗੇ) ਉੱਤੇ ਸਵਾਰ ਹੋ ਕੇ ਸੱਤ ਆਸਮਾਨ ਵੱਲ ਗਏ, ਜਿਨ੍ਹਾਂ ਦੇ ਬੂਹੇ ਖੁਲ੍ਹਦੇ ਗਏ (ਪਹਿਲਾ ਆਸਮਾਨ ਧੂੰਏਂ ਦਾ, ਦੂਜਾ ਬੱਦਲ (ਪਾਣੀ) ਦਾ, ਜਿੱਥੇ ਈਸਾ ਮਸੀਹ ਤੇ ਯਹੀਆ ਪੈਗ਼ੰਬਰ ਜੀ ਮਿਲੇ, ਤੀਜਾ ਲੋਹੇ ਦਾ, ਜਿੱਥੇ ਇਬਰਾਹੀਮ ਦੇ ਪੜੋਤੇ ਯੂਸਫ਼ ਮਿਲੇ, ਚੌਥਾ ਪਿੱਤਲ ਦਾ, ਜਿੱਥੇ ਅਦਰੀਸ਼ (ਹਨਕ) ਜੀ ਮਿਲੇ, ਪੰਜਵਾਂ ਚਾਂਦੀ ਦਾ, ਜਿੱਥੇ ‘ਮੂਸਾ’ ਜੀ ਦੇ ਵੱਡੇ ਭਰਾ ਹਾਰੂਨ (ਹਾਰੂੰ) ਮਿਲੇ, ਛੇਵਾਂ ਸੋਨੇ ਦਾ, ਜਿੱਥੇ ਮੂਸਾ ਜੀ ਮਿਲੇ, ਸੱਤਵਾਂ ਪੁਖਰਾਜ (ਨੌ ਰਤਨਾਂ ’ਚੋਂ ਇੱਕ ਰਤਨ) ਦਾ, ਜਿੱਥੇ ਇਬਰਾਹੀਮ ਜੀ ਮਿਲੇ), ਇੱਥੇ ਮੁਹੰਮਦ ਸਾਹਿਬ ਜੀ ਨੂੰ ਤਿੰਨ ਪਿਆਲੇ (ਸ਼ਰਾਬ, ਦੁੱਧ ਤੇ ਸ਼ਹਿਦ) ਦਿੱਤੇ ਗਏ, ਜਿਨ੍ਹਾਂ ’ਚੋਂ ਉਨ੍ਹਾਂ ਦੁੱਧ ਪੀਤਾ। ਇਸ ਤੋਂ ਅਗਾਂਹ ਰੱਬੀ ਤਖ਼ਤ ਪਾਸ ਪਹੁੰਚੇ, ਜਿੱਥੇ ਦੋ ਵਾਰ ਖ਼ੁਦਾ ਨੇ ‘ਮੁਹੰਮਦ ਹੋਰ ਨੇੜੇ ਆ’ ਕਿਹਾ। ਤਦ ਮੁਹੰਮਦ ਸਾਹਿਬ ਤੇ ਖ਼ੁਦਾ ਦੀ ਦੂਰੀ ਕੇਵਲ 2 ਕਮਾਨ (5 ਕੁ ਫੁੱਟ) ਸੀ ਜਦਕਿ ਗੁਰੂ ਰਾਮਦਾਸ ਜੀ ਰੱਬ ਨੂੰ ਸਰਬ ਵਿਆਪਕ ਮੰਨਦੇ ਹਨ; ਜਿਵੇਂ ਕਿ: ‘‘ਤੂੰ ਘਟ ਘਟ ਅੰਤਰਿ, ਸਰਬ ਨਿਰੰਤਰਿ ਜੀ ! ਹਰਿ ਏਕੋ ਪੁਰਖੁ ਸਮਾਣਾ ॥’’ (ਮ: ੪/੧੧)

ਭਗਤ ਰਵਿਦਾਸ ਜੀ ਦੁਆਰਾ ਕੀਤੀ ਗਈ ਰੱਬੀ ਨਿਵਾਸ ਸਥਾਨ ਦੀ ਵਿਆਖਿਆ ਭਗਤਾਂ ਅੰਤਰ ਉਤਸ਼ਾਹ ਪੈਦਾ ਕਰਦੀ ਹੈ। ਜਦ ਕਿਸੇ ਮਨੁੱਖ ’ਤੇ ਹਮਲਾ ਕੀਤਾ ਜਾਵੇ ਤਾਂ ਆਪਣੇ ਬਚਾਅ ਲਈ ਸਭ ਤੋਂ ਪਹਿਲਾਂ ਉਹ ਆਪਣਾ ਹੱਥ ਉਠਾਉਂਦਾ ਹੈ। ਹਮਲਾ ਸਿਰ ਉੱਤੇ ਹੋਵੇ ਜਾਂ ਲੱਤ (ਟੰਗ) ਉੱਤੇ; ਹਿਫ਼ਾਜ਼ਤ ਹੱਥ ਨੂੰ ਹੀ ਕਰਨੀ ਪੈਂਦੀ ਹੈ ਪਰ ਭਗਤ ਜੀ ਅਨੁਸਾਰ ਰੱਬ ਮਦਦ ਕਰਨ ਲਈ ਮਨੁੱਖ ਦੇ ਹੱਥ ਤੋਂ ਵੀ ਨੇੜੇ ਹੈ: ‘‘ਸਰਬੇ ਏਕੁ, ਅਨੇਕੈ ਸੁਆਮੀ; ਸਭ ਘਟ ਭੋੁਗਵੈ ਸੋਈ ॥ ਕਹਿ ਰਵਿਦਾਸ ! ਹਾਥ ਪੈ ਨੇਰੈ; ਸਹਜੇ ਹੋਇ, ਸੁ ਹੋਈ ॥’’ (ਭਗਤ ਰਵਿਦਾਸ/੬੫੮)

ਬਾਈਬਲ ਤੇ ਕੁਰਾਨ ਮੁਤਾਬਕ ਫ਼ਰਿਸ਼ਤੇ ਰੱਬ ਦੇ ਤਖ਼ਤ ਨੂੰ ਚੁੱਕ ਕੇ ਰੱਖਦੇ ਹਨ ਤੇ ਧਰਤੀ ਉੱਤੇ ਰਹਿੰਦੇ ਪੈਗ਼ੰਬਰਾਂ ਲਈ ਸੰਦੇਸ਼ ਵੀ ਲੈ ਕੇ ਆਉਂਦੇ ਹਨ। ਮੁਸਲਿਮ ਲੋਕ; ਹਜ਼ਰਤ ਮੂਸਾ ਤੇ ਈਸਾ ਮਸੀਹ ਨੂੰ ਵੀ ਪੈਗ਼ੰਬਰ ਮੰਨਦੇ ਹਨ ਪਰ ਯਹੂਦੀ ਕੇਵਲ ‘ਹਜ਼ਰਤ ਮੂਸਾ’ ਨੂੰ ਹੀ ਪੈਗ਼ੰਬਰ ਮੰਨਦੇ ਹਨ, ਬੇਸ਼ੱਕ ਬਾਈਬਲ (ਤੌਰੇਤ) ’ਚ ਈਸਾ ਮਸੀਹ ਦੇ ਪੈਗ਼ੰਬਰ ਹੋਣ ਬਾਰੇ ਭਵਿੱਖਬਾਣੀ ਵੀ ਦਰਜ ਹੈ।

ਯਹੂਦੀ ਧਰਮ: ਇਬਰਾਹੀਮ ਜੀ ਦੇ ਦੇਹਾਂਤ ਉਪਰੰਤ ਉਨ੍ਹਾਂ ਦੇ ਬੇਟੇ ਇਸਹਾਕ ਨੂੰ ਫ਼ਰਿਸ਼ਤੇ ਰਾਹੀਂ ਰੱਬੀ ਸੰਦੇਸ਼ ਆਏ। ਇੱਕ ਵਾਰੀ ਇਨ੍ਹਾਂ ਨੂੰ ਪਿਤਾ ਇਬਰਾਹੀਮ ਜੀ, ਖ਼ੁਦਾ (ਮੈ ਹਾਂ) ਦੇ ਕਹੇ ਮੁਤਾਬਕ ਬਲੀ ਦੇਣ ਲਈ ਇੱਕ ਪਹਾੜੀ ਉੱਤੇ ਲੈ ਗਏ ਪਰ ਜਦ ਬਲੀ ਦੇਣ ਲੱਗੇ ਤਾਂ ਖ਼ੁਦਾ ਨੇ ਰੋਕ ਦਿੱਤਾ ਕਿਉਂਕਿ ਇਨ੍ਹਾਂ ਦੇ ਭਰੋਸੇ ਨੂੰ ਪਰਖਿਆ ਜਾ ਰਿਹਾ ਸੀ। ਹਜ਼ਰਤ ਇਸਹਾਕ ਦੀ ਉਮਰ 180 ਵਰ੍ਹੇ ਸੀ।

ਇਸਹਾਕ ਦੇ ਦੇਹਾਂਤ ਉਪਰੰਤ ਇਨ੍ਹਾਂ ਦੇ ਬੇਟੇ ਯਾਕੂਬ (ਯਕੂਬ ਜਾਂ ਇਜ਼ਰਾਈਲ) ਨੂੰ ਸੰਦੇਸ਼ ਆਏ। ਇਨ੍ਹਾਂ ਦੇ 12 ਬੇਟੇ ਸੀ, ਜੋ ਇਜ਼ਰਾਈਲੀ ਕਹਾਏ, ਜਿਨ੍ਹਾਂ ਤੋਂ ਦੇਸ਼ ਦਾ ਨਾਂ ਹੀ ‘ਇਜ਼ਰਾਈਲ’ ਪ੍ਰਸਿੱਧ ਹੋ ਗਿਆ। ਬਾਈਬਲ ਮੁਤਾਬਕ ਇਨ੍ਹਾਂ ਦੀ ਉਮਰ 147 ਸਾਲ ਸੀ।

ਯਾਕੂਬ ਦੇ ਦੇਹਾਂਤ ਉਪਰੰਤ ਇਨ੍ਹਾਂ ਦੇ ਬੇਟੇ ਯੂਸਫ਼ ਨੂੰ ਫ਼ਰਿਸ਼ਤੇ ਰਾਹੀਂ ਸੰਦੇਸ਼ ਆਏ। ਇੱਕ ਸੰਦੇਸ਼ ਇਹ ਵੀ ਸੀ ਕਿ ਤੂੰ ਮਿਸਰ ਦਾ ਗਵਰਨਰ ਬਣੇਗਾ। ਇਹ ਬੜਾ ਸੁੰਦਰ, ਸੁਫਨਿਆਂ ਦੇ ਦਰੁਸਤ ਮਤਲਬ ਕੱਢਣ ਵਾਲ਼ਾ ਤੇ ਉੱਚੇ ਆਚਰਨ ਦਾ ਮਾਲਕ ਸੀ। ਇਸ ਦੇ 12 ਭਰਾਵਾਂ ’ਚੋਂ ਜ਼ਿਆਦਾਤਰ ਇਸ ਦੀ ਪ੍ਰਸਿੱਧੀ ਤੋਂ ਸੜਦੇ ਸਨ। ਉਨ੍ਹਾਂ ਨੇ ਮਿਲ ਕੇ ਇਸ ਨੂੰ ਜੰਗਲ ਵਿੱਚ ਅੰਨ੍ਹੇ ਖੂਹ ’ਚ ਸੁੱਟ ਦਿੱਤਾ ਜਿੱਥੋਂ ਇੱਕ ਵਪਾਰੀ ਟੋਲਾ ਕੱਢ ਕੇ ਮਿਸਰ ਲੈ ਗਿਆ ਤੇ ਉੱਥੇ ਕਿਤਫ਼ੀਰ ਧਨਾਢ ਪਾਸ ਵੇਚ ਦਿੱਤਾ ਜਿਸ ਦੀ ਤੀਵੀਂ (ਜ਼ੁਲੈਖਾਂ) ਇਸ ’ਤੇ ਮੋਹਿਤ ਹੋ ਗਈ ਪਰ ਇਸ ਨੇ ਦਿਲਚਸਪੀ ਨਾ ਲਈ, ਜਿਸ ਕਾਰਨ ਝੂਠੇ ਆਰੋਪ ਲਗਾ ਕੇ ਜੇਲ੍ਹ ’ਚ ਬੰਦ ਕਰਵਾ ਦਿੱਤਾ ਗਿਆ।

ਮਿਸਰ ਦੇ ਲੋਕ ਸੁਫਨਿਆਂ ਉੱਤੇ ਬਹੁਤ ਭਰੋਸਾ ਕਰਦੇ ਸਨ, ਜਿਨ੍ਹਾਂ ਦੇ ਠੀਕ ਮਤਲਬ ਕੱਢਣ ਵਾਲ਼ੇ ਨੂੰ ਇਨਾਮ ਦਿੱਤਾ ਜਾਂਦਾ ਸੀ। ਇੱਕ ਰਾਤ ਮਿਸਰ ਦੇ ਬਾਦਸ਼ਾਹ ਨੂੰ ਸੁਫਨਾ ਆਇਆ, ਜਿਸ ਦਾ ਠੀਕ ਫਲ਼ ਕੋਈ ਨਾ ਦੱਸ ਸਕਿਆ। ਮਤਲਬ ਜਾਣਨ ਲਈ ਉਹੀ ਸੁਫਨਾ ਯੂਸਫ਼ ਨੂੰ ਸੁਣਾਇਆ। ਯੂਸਫ਼ ਨੇ ਜੋ ਮਤਲਬ ਦੱਸਿਆ ਉਹ ਰਾਜੇ ’ਤੇ ਪੂਰਾ ਉਤਰਿਆ। ਇਸ ਕਾਬਲੀਅਤ ਕਾਰਨ ਰਾਜੇ ਨੇ ਕੈਦ ’ਚੋਂ ਰਿਹਾਅ ਕਰਕੇ ਇਨ੍ਹਾਂ ਨੂੰ ਆਪਣਾ ਅਹਿਲਕਾਰ ਨਿਯੁਕਤ ਕਰ ਲਿਆ। ਇਨ੍ਹਾਂ ਨੇ ਆਪਣਾ ਤਮਾਮ ਇਜ਼ਰਾਈਲੀ ਪਰਿਵਾਰ ਮਿਸਰ ਸੱਦ ਲਿਆ, ਜੋ ਮਿਸਰ ਦੇ ਦਲਿਦਰੀ ਤੇ ਨਿਕੰਮੇ ਲੋਕਾਂ ਦੇ ਮੁਕਾਬਲੇ ਮਿਹਨਤੀ ਸਨ। ਇਨ੍ਹਾਂ ਦੀ ਉਮਰ 110 ਸਾਲ ਸੀ।

(ਨੋਟ: ਉਕਤ ਵਿਸਥਾਰ ਦਾ ਮਤਲਬ ਮਿਸਰ ਲੋਕਾਂ ਦੁਆਰਾ ਇਜ਼ਰਾਈਲੀਆਂ ਉੱਪਰ ਕੀਤੇ ਗਏ ਜ਼ੁਲਮ ਹੀ ‘ਯਹੂਦੀ ਧਰਮ’ ਹੈ, ਨੂੰ ਸਪਸ਼ਟ ਕਰਨਾ ਹੈ।)

ਬਾਈਬਲ ਤੇ ਕੁਰਾਨ ਮੁਤਾਬਕ ਯੂਸਫ਼ ਦੇ ਦੇਹਾਂਤ ਉਪਰੰਤ ਇਨ੍ਹਾਂ ਦੇ ਭਰਾ ਤੇ ਯਾਕੂਬ ਦੇ ਚੌਥੇ ਬੇਟੇ ਜੂਡਾਹ (ਯਹੂਦਾ) ਨੂੰ ਫ਼ਰਿਸ਼ਤੇ ਰਾਹੀਂ ਸੰਦੇਸ਼ ਆਏ। ਇਨ੍ਹਾਂ ਤੋਂ ਹੀ ਧਰਮ ਦਾ ਨਾਂ ‘ਯਹੂਦੀ’ ਪੈ ਗਿਆ। ਯਹੂਦੀ ਰੁਜ਼ਾਨਾ 7 ਨਮਾਜ਼ਾ ਪੜ੍ਹਦੇ ਹਨ, 40 ਰੋਜ਼ੇ ਰੱਖਦੇ ਹਨ ਤੇ ਸ਼ਨਿੱਚਰਵਾਰ ਨੂੰ ਪਵਿੱਤਰ ਦਿਨ ਮੰਨਦੇ ਹਨ ਜਦਕਿ ਈਸਾਈ ਐਤਵਾਰ ਨੂੰ ਪਵਿੱਤਰ ਤੇ ਮੁਸਲਮਾਨ ਸ਼ੁਕਰਵਾਰ ਨੂੰ ਪਵਿੱਤਰ ਮੰਨਦੇ ਹਨ ਕਿਉਂਕਿ ਇਨ੍ਹਾਂ ਅਨੁਸਾਰ ਰੱਬ ਨੇ 6 ਦਿਨਾਂ ’ਚ ਕੁਦਰਤ ਰਚੀ ਤੇ ਸਤਵੇਂ ਦਿਨ ਆਰਾਮ ਕੀਤਾ ਪਰ ਉਹ ਸਤਵਾਂ ਪਵਿੱਤਰ ਦਿਨ ਭਿੰਨ ਭਿੰਨ ਹੈ।

ਮਿਸਰ ਦੇ ਲੋਕ ਦਿਨ ਪਰ ਦਿਨ ਗ਼ਰੀਬ ਹੁੰਦੇ ਗਏ ਤੇ ਇਜ਼ਰਾਈਲੀ ਮਿਹਨਤੀ ਹੋਣ ਕਾਰਨ ਧਨੀ ਬਣਦੇ ਗਏ। ਸੁਫਨਿਆਂ ਦੇ ਵਹਿਮ-ਭਰਮ ’ਚ ਜਕੜੇ ਮਿਸਰ ਦੇ ਹਾਕਮ (ਫ਼ਰਔਨ) ਨੂੰ ਜੋਤਸ਼ੀਆਂ ਨੇ ਭਰਮ ਪਾ ਦਿੱਤਾ ਕਿ ਤੇਰੀ ਸ਼ਕਤੀ ਨੂੰ ਕੋਈ ਯਹੂਦੀ ਲੜਕਾ ਨਸ਼ਟ ਕਰੇਗਾ। ਫ਼ਰਔਨ ਬਾਦਸ਼ਾਹ ਨੇ ਹੁਕਮ ਜਾਰੀ ਕਰ ਦਿੱਤਾ ਕਿ ਯਹੂਦੀਆਂ ਦੇ 2 ਸਾਲ ਤੋਂ ਛੋਟੇ ਤੇ ਤਮਾਮ ਨਵਜਾਤ ਬੱਚਿਆਂ ਨੂੰ ਮਾਰ ਦਿੱਤਾ ਜਾਵੇ। ਅਜਿਹੀ ਭਿਅੰਕਰ ਮੁਸੀਬਤ ’ਚ ਨੂਹ ਦੀ ਇਸਰਾਈਲੀ (ਯਹੂਦੀ) ਵੰਸ਼ ’ਚ ਪਿਤਾ ਆਮਰਾਨ (ਇਮਰਾਨ) ਦੇ ਘਰ ਸੰਨ 1571 ਪੂਰਵ ਈਸਵੀ ਨੂੰ ਮੂਸਾ ਜੀ ਦਾ ਜਨਮ ਹੋਇਆ। ਮਾਤਾ ਪਿਤਾ ਨੇ ਇਨ੍ਹਾਂ ਨੂੰ ਤਿੰਨ ਮਹੀਨੇ ਤੱਕ ਛੁਪ ਛੁਪਾ ਕੇ ਪਾਲ਼ ਲਿਆ। ਭੇਤ ਖੁੱਲ੍ਹ ਜਾਣ ਦੇ ਡਰ ਕਾਰਨ ਇਨ੍ਹਾਂ ਨੂੰ ਇੱਕ ਟੋਕਰੀ (ਸੰਦੂਕ) ’ਚ ਪਾ ਕੇ ਨੀਲ ਦਰਿਆ ’ਚ, ਜਿੱਥੇ ਕੁਝ ਬੂਟੇ ਸਨ, ਰੱਖ ਦਿੱਤਾ ਤੇ ਨਿਗਰਾਨੀ ਲਈ ਵੱਡੀ ਭੈਣ ਨੂੰ ਪਾਸ ਰਹਿਣ ਲਈ ਕਿਹਾ। ਬਾਦਸ਼ਾਹ ਫ਼ਰਔਨ ਦੀ ਬੇਟੀ ਸਹੇਲੀਆਂ ਨਾਲ਼ ਸੈਰ ਕਰਦੀ ਇੱਧਰ ਆਈ ਤੇ ਉਸ ਨੇ ਬੱਚੇ ਨੂੰ ਪਾਣੀ ’ਚ ਵੇਖਿਆ ਤੇ ਬਾਹਰ ਕੱਢਵਾ ਲਿਆ। ‘ਬਾਹਰ ਕੱਢਣ’ ਦਾ ਨਾਂ ਹੀ ਇਸਰਾਈਲੀ ਭਾਸ਼ਾ ’ਚ ‘ਮੂਸਾ’ ਹੈ। ਇਨ੍ਹਾਂ ਦੀ ਦੇਖਭਾਲ਼ ਲਈ ਪਾਸ ਖੜ੍ਹੀ ਲੜਕੀ ਤੋਂ ਦਾਈ ਦੀ ਭਾਲ਼ ਕਰਵਾਈ ਗਈ, ਜੋ ਆਪਣੀ ਮਾਤਾ ਜੀ ਨੂੰ ਲੈ ਆਈ ਤੇ ਰਾਜ ਮਹਿਲ ’ਚ ‘ਮੂਸਾ’ ਜੀ ਦੀ ਦੇਖ ਰੇਖ ਆਪਣੀ ਹੀ ਮਾਤਾ ਰਾਹੀਂ ਹੁੰਦੀ ਰਹੀ।

ਜਦ ਮੂਸਾ ਜੀ 40 ਸਾਲ ਦੇ ਹੋਏ ਤਾਂ ਉਸ ਨੇ ਗਰਮੀ ’ਚ ਇੱਟਾਂ ਪੱਥਦੇ ਹੋਏ ਇੱਕ ਯਹੂਦੀ ਦੇ ਕੋਰੜੇ ਮਾਰਦੇ ਹੋਏ ਇੱਕ ਮਿਸਰ ਨਾਗਰਿਕ ਨੂੰ ਵੇਖਿਆ। ਮੂਸਾ ਨੇ ਉਸ ਨੂੰ ਸਮਝਾਇਆ ਪਰ ਉਸ ਨੇ ਭੱਦੇ ਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ ਜਿਸ ਉਪਰੰਤ ਮੂਸਾ ਜੀ ਨੇ ਉਸ ਨੂੰ ਮਾਰ ਦਿੱਤਾ। ਬਾਦਸ਼ਾਹ ਨੇ ਮੂਸਾ ਨੂੰ ਗ੍ਰਿਫ਼ਤਾਰ ਕਰਨ ਦੇ ਆਦੇਸ਼ ਦੇ ਦਿੱਤੇ ਪਰ ਇਹ ਮਿਸਰ ਨੂੰ ਛੱਡ ਅਰਬ ਦੇ ‘ਮਦੀਆਨ’ ਇਲਾਕੇ ’ਚ ਇੱਕ ਖੂਹ ’ਤੇ ਆ ਬੈਠੇ, ਜਿੱਥੇ ਕਾਹਨ (ਪ੍ਰੋਹਿਤ) ਦੀਆਂ 7 ਲੜਕੀਆਂ ਆਪਣੀਆਂ ਭੇਡਾਂ ਨੂੰ ਪਾਣੀ ਪਿਲਾਉਣ ਲਈ ਆਈਆਂ। ਜਿਨ੍ਹਾਂ ਨੇ ਘਰ ਜਾ ਕੇ ਆਪਣੇ ਪਿਤਾ ਨੂੰ ਹਜ਼ਰਤ ਮੂਸਾ ਦੇ ਸੁਭਾਅ ਬਾਰੇ ਜਾਣਕਾਰੀ ਦਿੱਤੀ। ਪਿਤਾ ਕਾਹਨ ਨੇ ਮੂਸਾ ਜੀ ਨੂੰ ਬੁਲਾ ਕੇ ਆਪਣੇ ਘਰ ਠਹਿਰਨ ਲਈ ਕਿਹਾ ਤੇ ਬਾਅਦ ’ਚ ਆਪਣੀ ਬੇਟੀ ‘ਸਫ਼ੂਰ’ ਦਾ ਉਸ ਨਾਲ਼ ਨਿਕਾਹ (ਵਿਆਹ) ਕਰ ਦਿੱਤਾ। ਮੂਸਾ ਜੀ 40 ਸਾਲ ਇਨ੍ਹਾਂ ਦੇ ਘਰ ਰਹੇ।

ਇੱਕ ਦਿਨ ਜਦ ਹਜ਼ਰਤ ਮੂਸਾ ਜੀ ਭੇਡਾਂ ਲੈ ਕੇ ਜੰਗਲ ’ਚ ਗਏ ਤਾਂ ਉਨ੍ਹਾਂ ਨੇ ਝਾੜੀਆਂ ’ਚੋਂ ਅੱਗ ਵਰਗੀ ਲਾਟ ਨਿਕਲਦੀ ਵੇਖੀ, ਜੋ ਝਾੜੀਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਰਹੀ ਸੀ। ਮੂਸਾ ਡਰ ਗਿਆ, ਉਸ ਅੱਗ ’ਚੋਂ ਆਵਾਜ਼ ਆਈ ਕਿ ‘ਮੂਸਾ ! ਡਰ ਨਾ, ਮੇਰਾ ਹੁਕਮ ਸੁਣ। ਪੈਰਾਂ ’ਚੋਂ ਜੁੱਤੀ ਲਾਹ ਕਿਉਂਕਿ ਇਹ ਪਵਿੱਤਰ ਜਗ੍ਹਾ ਹੈ। ਮੈਂ ਤੇਰੀ ਕੌਮ ਦਾ ਦਰਦ ਵੇਖ ਲਿਆ ਹੈ। ਮੈਂ ਜਹੋਵਾ ਹਾਂ ਜਿਸ ਨੇ ‘ਇਬਰਾਹੀਮ, ਇਸਹਾਕ, ਯਾਕੂਬ, ਯੂਸਫ਼’ ਆਦਿ ਨੂੰ ਸੰਦੇਸ਼ੇ ਦਿੱਤੇ। ਤੂੰ ਮਿਸਰ ਜਾਹ ਤੇ ਫ਼ਰਔਨ ਬਾਦਸ਼ਾਹ ਨੂੰ ਆਖੀਂ ਕਿ ਮੈਨੂੰ ਖ਼ੁਦਾ (ਮੈਂ ਹਾਂ) ਨੇ ਭੇਜਿਆ ਹੈ ਤਾਂ ਜੋ ਤੂੰ (ਫ਼ਰਔਨ) ਯਹੂਦੀਆਂ ਨੂੰ ਆਜ਼ਾਦ ਕਰ ਦੇਵੇਂ।’

40 ਦਿਨਾਂ ਤੱਕ ਭੁੱਖੇ ਰਹਿ ਕੇ ਮੂਸਾ ਜੀ (ਕੋਹ ਤੂਰ ਪਹਾੜੀ ਉੱਤੇ) ਰੱਬ ਨਾਲ਼ ਗੱਲਾਂ ਕਰਦੇ ਰਹੇ, ਇਸ ਲਈ ਯਹੂਦੀ 40 ਦਿਨ ਰੋਜ਼ੇ ਰੱਖਦੇ ਹਨ। ਇਸ ਦੌਰਾਨ ਉਨ੍ਹਾਂ ਨੂੰ 10 ਨਿਯਮ (ਮੇਰੇ ਬਿਨਾ ਤੇਰੇ ਭਰੋਸੇ ਵਾਸਤੇ ਕੋਈ ਹੋਰ ਖ਼ੁਦਾ ਨਾ ਹੋਵੇ, ਮੂਰਤੀ ਪੂਜਾ ਨਾ ਕਰੀਂ, ਖ਼ੁਦਾ (ਭਾਵ ਮੇਰਾ) ਨਾਂ ਅਕਾਰਥ (ਲਾਭਹੀਣ ਸਮਝ ਕੇ) ਨਾ ਲਈਂ, ਸ਼ਨਿੱਚਰਵਾਰ (ਸ਼ਨੀਵਾਰ) ਪਵਿੱਤਰ ਦਿਨ ਹੈ ਕਿਉਂਕਿ ਇਸ ਦਿਨ ਮੈਂ ਦੁਨੀਆ ਬਣਾ ਕੇ ਆਰਾਮ ਕੀਤਾ, ਮਾਤਾ ਪਿਤਾ ਦਾ ਆਦਰ ਕਰੀਂ, ਕਿਸੇ ਦਾ ਖ਼ੂਨ ਨਾ ਕਰੀਂ, ਗ਼ੈਰ ਔਰਤ ਨਾਲ਼ ਯਾਰੀ ਨਾ ਲਾਈਂ, ਚੋਰੀ ਨਾ ਕਰੀਂ, ਗੁਆਂਢੀ ’ਤੇ ਝੂਠੀ ਗਵਾਹੀ ਨਾ ਦੇਈਂ ਅਤੇ ਗੁਆਂਢੀ ਦੀ ਕਿਸੇ ਵਸਤੂ ਲਈ ਲਾਲਚ ਨਾ ਕਰੀਂ।) ਬਖ਼ਸ਼ਸ਼ ਕੀਤੇ।

ਹਜ਼ਰਤ ਮੂਸਾ ਜੀ ਨੂੰ ਤਿੰਨ ਮੁਹਜਜ਼ੇ (ਪ੍ਰਤਿਸ਼ਠਤਾਂ, ਯੋਗਤਾਵਾਂ) ਵਿਖਾਉਣ ਦੀਆਂ ਸ਼ਕਤੀਆਂ ਵੀ ਬਖ਼ਸ਼ੀਆਂ; ਜਿਵੇਂ ਕਿ

(1). ਸੋਟੇ ਦਾ ਸੱਪ ਬਣ ਜਾਣਾ।

(2). ਜਦ ਹੱਥ ਬੁੱਕਲ ’ਚੋਂ ਨਿਕਲਣ ਤਾਂ ਸਫ਼ੈਦ ਲੱਗਣ ਤੇ ਜਦ ਮੁੜ ਛਾਤੀ ’ਤੇ ਰੱਖਿਆ ਜਾਵੇ ਤਾਂ ਆਮ ਵਰਗੇ ਹੋ ਜਾਣ।

(3). ਡੰਡਾ ਪਾਣੀ (ਨਦੀ ਜਾਂ ਦਰਿਆ) ’ਚ ਮਾਰਨ ਨਾਲ਼ ਪਾਣੀ; ਲਹੂ ਬਣ ਜਾਵੇ।

ਉਕਤ ਸੰਦੇਸ਼ ਤੇ ਸ਼ਕਤੀ ਮਿਲਣ ਉਪਰੰਤ ਮੂਸਾ ਜੀ ਆਪਣੇ ਭਰਾ ਹਾਰੂਨ (ਹਾਰੂੰ) ਨੂੰ ਨਾਲ਼ ਕੇ ਫ਼ਰਔਨ ਬਾਦਸ਼ਾਹ ਪਾਸ ਮਿਸਰ ਗਏ, ਜਿਸ ਨੇ ਇਨ੍ਹਾਂ ਦੁਆਰਾ ਕਹੀ ਗਈ ਹਰ ਗੱਲ ਨੂੰ ਝੂਠਾ ਸਾਬਤ ਕਰਨ ਲਈ ਮਿਸਰ ਦੇ ਜਾਦੂਗਰਾਂ ਤੋਂ ਉਕਤ ਤਿੰਨੇ ਕੰਮ (ਸੋਟੇ ਦਾ ਸੱਪ ਬਣਨਾ, ਹੱਥ ਸਫ਼ੈਦ ਵਿਖਾਈ ਦੇਣੇ ਤੇ ਪਾਣੀ ਦਾ ਰੰਗ ਲਾਲ ਹੋਣਾ) ਕਰ ਵਿਖਾਏ।

ਹਜ਼ਰਤ ਮੂਸਾ ਦੀ ਸ਼ਕਤੀ ਨਾਲ਼ ਮਿਸਰ ਦੇ ਸਾਰੇ ਖੂਹ ਡੱਡੂਆਂ ਨਾਲ਼ ਭਰ ਗਏ ਤੇ ਡੱਡੂ ਖੂਹਾਂ ’ਚੋਂ ਬਾਹਰ ਨਿਕਲ ਕੇ ਮਰਨ ਲੱਗੇ, ਬੋ (ਬਦਬੂ) ਮਾਰਨ ਲੱਗੀ, ਮੱਖੀਆਂ ਦੀ ਤਾਦਾਦ ਹਵਾ ’ਚ ਬਹੁਤ ਵਧ ਗਈ, ਪਸ਼ੂ ਰੋਗਾਂ ਨਾਲ਼ ਮਰਨ ਲੱਗੇ, ਫਸਲਾਂ ਗੜਿਆਂ ਨਾਲ਼ ਤਬਾਹ ਹੋ ਗਈਆਂ, ਟਿੱਡੀ ਦਲ ਨੇ ਦੇਸ਼ ਉੱਪਰ ਹਨੇਰਾ ਕਰ ਦਿੱਤਾ, ਅਮੀਰਾਂ ਦੇ ਬੱਚੇ ਮਰਨ ਲੱਗੇ ਤੇ ਰਾਜੇ ਦਾ ਬੇਟਾ ਵੀ ਮਰ ਗਿਆ, ਮੂਸਾ ਨੇ ਆਪਣਾ ਹੱਥ ਉੱਪਰ ਵੱਲ ਕੀਤਾ ਤਾਂ ਸਾਰੇ ਮਿਸਰ ’ਚ ਘੁੱਪ-ਹਨੇਰਾ ਛਾ ਗਿਆ ਕੇਵਲ ਯਹੂਦੀਆਂ ਦੇ ਘਰ ਰੋਸ਼ਨੀ ਰਹੀ। ਮੂਸਾ ਨੇ ਯਹੂਦੀਆਂ ਨੂੰ ਦੇਸ਼ ਛੱਡਣ ਲਈ ਕਹਿ ਦਿੱਤਾ ਤਾਂ ਜੋ ਆਪਣੇ ਵਤਨ (ਫ਼ਲਸਤੀਨ) ਜਾਇਆ ਜਾ ਸਕੇ।

ਆਪਣੇ ਕਬੀਲੇ ਦੇ 35 ਲੱਖਾਂ ਲੋਕਾਂ ਸਮੇਤ ਹਜ਼ਰਤ ਮੂਸਾ 40 ਸਾਲ ਤੱਕ ਜੰਗਲ ’ਚ ਵਿਚਰਦੇ ਰਹੇ, ਜਿਨ੍ਹਾਂ ਦੇ ਪਿੱਛੇ ਮਿਸਰ ਸੈਨਾ ਲੱਗੀ ਹੋਈ ਸੀ ਜਿਸ ਨੇ ਅਣਗਿਣਤ ਯਹੂਦੀਆਂ ਦਾ ਕਤਲ ਕੀਤਾ ਆਖ਼ਿਰ ਜ਼ਿਆਦਾਤਰ ਯਹੂਦੀ ਆਪਣੇ ਵਤਨ ਪਹੁੰਚਣ ’ਚ ਕਾਮਯਾਬ ਹੋ ਗਏ।

ਯਹੂਦੀ ਧਰਮ ਦੇ ਨਿਯਮ:

(1). ਖ਼ੁਦਾ ਇੱਕ ਹੈ, ਜੋ ਆਪਣੇ ਬੰਦਿਆਂ ਦੀ ਪੂਰੀ ਤਾਕਤ ਨਾਲ਼ ਮਦਦ ਕਰਦਾ ਹੈ।

(2). ਮੂਸਾ ਇਸਰਾਈਲੀ ਕੌਮ ਦਾ ਨਬੀ ਹੈ ਜਿਸ ਨੇ ਰੱਬ ਨਾਲ਼ ਗੱਲਾਂ ਕੀਤੀਆਂ। ਇਸਰਾਈਲ ਕੌਮ ਰੱਬ ਦੁਆਰਾ ਚੁਣੀ ਹੋਈ ਤੇ ਸਰਬੋਤਮ ਕੌਮ ਹੈ।

(3). ਰੱਬ ਨੇ ਯਾਕੂਬ ਨੂੰ ਕਈ ਵਰ ਦਿੱਤੇ ਕਿ ਮੈਂ ਤੁਹਾਨੂੰ (ਭਾਵ ਇਸਰਾਈਲੀਆਂ ਨੂੰ) ਵਧਾਵਾਂਗਾ, ਫੁਲਾਵਾਂਗਾ।

(4). ਰੱਬ ਦੇ ਨਾਂ ਉੱਤੇ ਕੁਰਬਾਨੀ ਦੇਣੀ ਅਧਿਆਤਮਿਕ ਕਰਮ ਹੈ।

(5). ਭੇਡ, ਬੱਕਰੀ, ਬੈਲ ਆਦਿ ਖਾਣੇ ਪਾਕ (ਹਲਾਲ) ਹਨ ਤੇ ਊਠ, ਸਹਿਆ, ਸੂਰ ਆਦਿ ਖਾਣੇ ਨਾ-ਪਾਕ (ਹਰਾਮ)। ਪੰਛੀ ਸਭ ਖਾਣਯੋਗ ਹਨ ਸਿਵਾਏ ‘ਇੱਲ, ਗਿਰਝ, ਕਾਂ, ਉੱਲੂ, ਬਗਲਾ, ਬਾਜ਼, ਚਮਗਿੱਦੜ’ ਦੇ।

(6). ਸੁੰਨਤ ਕਰਵਾਉਣੀ ਤੇ 40 ਦਿਨ ਰੋਜ਼ੇ ਰੱਖਣੇ ਧਰਮ ਹੈ।

(7). ਦਸਵਾਂ ਹਿੱਸਾ ਆਪਣੇ ਲੋਕਾਂ (ਯਹੂਦੀਆਂ) ਲਈ ਕੱਢਣਾ।

(8). ਅਗਰ ਕੋਈ ਗੁਲਾਮ ਤੁਹਾਡੇ ਪਾਸ ਵੇਚਿਆ ਜਾਵੇ ਤਾਂ ਛੇ ਸਾਲ ਰੱਖ ਕੇ ਸਤਵੇਂ ਸਾਲ ਆਜ਼ਾਦ ਕਰ ਦੇਣਾ।

(9). ਯਹੂਦੀਆਂ ਦਾ ਇੱਕ ਬਾਦਸ਼ਾਹ ਕਾਇਮ ਕਰੋ।

(10). ਬੇਕਸੂਰ ਕੁਆਰੀ ਲੜਕੀ ’ਤੇ ਲਾਏ ਗਏ ਦੋਸ਼ਾਂ ਦੇ ਬਦਲੇ ਦੋਸ਼ੀ ਤੋਂ 100 ਰੁਪਏ ਲੈ ਕੇ ਲੜਕੀ ਦੇ ਪਿਤਾ ਨੂੰ ਦੇਵੋ ਅਗਰ ਲੜਕੀ ਕਸੂਰਵਾਰ ਹੈ ਤਾਂ ਉਸ ਨੂੰ ਸੰਗ-ਸਾਰ ਕਰੋ ਭਾਵ ਪੱਥਰ ਮਾਰੋ ਜਾਂ ਜ਼ਲੀਲ ਕਰੋ।

ਫ਼ਿਰਕੇ ਤੇ ਧਰਮ ਗ੍ਰੰਥ: ਯਹੂਦੀਆਂ ਦੇ ਦੋ ਕਬੀਲੇ ਹਨ (1). ਇਸਰਾਈਲੀ (2) ਕਿਰਾਨੀ, ਜਿਨ੍ਹਾਂ ਦੀ ਪੁਸਤਕ ਹੈ: ‘ਤੌਰੇਤ’, ਜਿਸ ਨੂੰ ਬਾਈਬਲ ਜਾਂ ਪੁਰਾਣੇ ਅਹਿਦਨਾਮੇ ਵੀ ਕਿਹਾ ਜਾਂਦਾ ਹੈ। ਹਜ਼ਰਤ ਮੂਸਾ ਤੇ ਹਜ਼ਰਤ ਈਸਾ ਦੇ ਵਿਚਕਾਰ ਪੈਦਾ ਹੋਏ ਦੋ ਬਾਦਸ਼ਾਹ (ਹਜ਼ਰਤ ਦਾਊਦ, ਉਮਰ 70 ਸਾਲ ਤੇ ਹਜ਼ਰਤ ਸੁਲੇਮਾਨ (ਦਾਊਦ ਦਾ ਬੇਟਾ, ਉਮਰ 58 ਸਾਲ; 1033 ਪੂਰਵ ਈਸਵੀ ਤੋਂ 975 ਪੂਰਵ ਈਸਵੀ) ਇਨ੍ਹਾਂ ਨੂੰ, ਜੋ ਖ਼ੁਦਾਈ ਸੰਦੇਸ਼ ਨਾਜ਼ਲ ਹੋਏ ਉਨ੍ਹਾਂ ਨੂੰ ‘ਜ਼ਬੂਰ’ ਕਿਹਾ ਜਾਂਦਾ ਹੈ, ਇਨ੍ਹਾਂ ਨੇ ਹੀ ਮੂਸਾ ਜੀ ਦੀ ਮੌਤ ਤੋਂ 400-600 ਸਾਲ ਬਾਅਦ ਬਾਈਬਲ (ਤੌਰੇਤ) ਲਿਖੀ। ਯਹੂਦੀ ਮੌਤ ਨੂੰ ਘਰ ਵਾਪਸੀ ਮੰਨਦੇ ਹਨ। ਯਹੂਦੀਆਂ ਦੇ ਵਿਸ਼ਵਾਸ ਮੁਤਾਬਕ ਮੂਸਾ ਜੀ ਕੇਵਲ ਇਸਰਾਈਲ (ਯਹੂਦੀ) ਕੌਮ ਲਈ ਪੈਦਾ ਹੋਏ। ਯਹੂਦੀ; ਵਿਅਕਤੀਗਤ (ਇੱਕ ਜਾਤੀ ਦਾ) ਧਰਮ ਹੈ, ਨਾ ਕਿ ਸਮੂਹਿਕ ਮਾਨਵਤਾ ਲਈ; ਜਦਕਿ ਗੁਰੂ ਅਰਜਨ ਦੇਵ ਜੀ ਫ਼ੁਰਮਾ ਰਹੇ ਹਨ: ‘‘ਖਤ੍ਰੀ ਬ੍ਰਾਹਮਣ ਸੂਦ ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ ॥ ਗੁਰਮੁਖਿ ਨਾਮੁ ਜਪੈ, ਉਧਰੈ ਸੋ ਕਲਿ ਮਹਿ; ਘਟਿ ਘਟਿ ਨਾਨਕ ਮਾਝਾ ॥’’ (ਮ: ੫/੭੪੮) ਭਾਵ ਗੁਰੂ ਸਿੱਖਿਆ ਸਮੂਹਿਕ ਮਾਨਵਤਾ ਲਈ ਹੈ, ਨਾ ਕਿ ਕਿਸੇ ਇੱਕ ਖ਼ਾਸ ਕਬੀਲੇ ਲਈ।

ਹਜ਼ਰਤ ਮੂਸਾ ਨੇ ਅੱਖ ਦੇ ਬਦਲੇ ਅੱਖ ਤੇ ਦੰਦ ਦੇ ਬਦਲੇ ਦੰਦ ਕੱਢਣ ਦੀ ਸਲਾਹ ਦਿੱਤੀ ਜਦਕਿ ਗੁਰਬਾਣੀ ਜਿੱਥੇ ਬਾਬਰ ਦੇ ਸਨਮੁਖ ਜਾਬਰ (ਜ਼ਾਲਮ) ਕਹਿਣ ਦੀ ਹਿੰਮਤ ਬਖ਼ਸ਼ ਕਰਦੀ ਹੈ, ਉੱਥੇ ਫ਼ਜ਼ੂਲ ਦੀਆਂ ਮੁਸੀਬਤਾਂ ਤੋਂ ਕਿਨਾਰਾ ਕਰਕੇ ਸ਼ਾਂਤ ਰਹਿਣ ਨੂੰ ਸਰਬੋਤਮ ਮੰਨਦੀ ਹੈ; ਜਿਵੇਂ: ‘‘ਫਰੀਦਾ ! ਜੋ ਤੈ ਮਾਰਨਿ ਮੁਕੀਆਂ; ਤਿਨ੍ਾ ਨ ਮਾਰੇ ਘੁੰਮਿ ॥ ਆਪਨੜੈ ਘਰਿ ਜਾਈਐ; ਪੈਰ ਤਿਨ੍ਾ ਦੇ ਚੁੰਮਿ ॥’’ (ਬਾਬਾ ਫਰੀਦ/੧੩੭੮)

ਈਸਾਈ ਧਰਮ: ਹਜ਼ਰਤ ਮੂਸਾ ਜੀ ਦੇ ਦੇਹਾਂਤ (1451 ਪੂਰਵ ਈਸਵੀ) ਤੋਂ ਲਗਭਗ 1445 ਸਾਲ ਬਾਅਦ (ਜਬਰਾਈਲ ਫ਼ਰਿਸ਼ਤੇ ਦੁਆਰਾ ਮਿਲੇ ਸੰਦੇਸ਼ ਨਾਲ਼) ਫ਼ਲਸਤੀਨ ਦੇ ਯੂਸਫ਼ ਤਰਖਾਣ ਦੇ ਘਰ ਕੁਆਰੀ ਬੀਬੀ ਮੇਰੀ (ਮਰੀਅਮ) ਦੀ ਕੁੱਖੋਂ ਈਸਾ ਜੀ ਦਾ ਜਨਮ (ਸੰਨ 6 ਪੂਰਵ ਈਸਵੀ ’ਚ) ਹੋਇਆ। ਕੁਰਾਨ ਅਨੁਸਾਰ ਈਸਾ ਦੇ ਜਨਮ ਦੌਰਾਨ ਕਬੀਲੇ ਦੇ ਲੋਕਾਂ ਨੇ ਮੇਰੀ ਤੋਂ ਪੁੱਛਿਆ ਕਿ ਤੈਂ ਕੁਆਰੀ ਨੇ ਬੱਚੇ ਨੂੰ ਜਨਮ ਕਿਵੇਂ ਦਿੱਤਾ ਤਾਂ ਮੇਰੀ ਨੇ ਬੱਚੇ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਤੁਸੀਂ ਖ਼ੁਦ ਇਸ ਤੋਂ ਪੁੱਛੋ ਤਾਂ ਈਸਾ ਨੇ ਕਿਹਾ ਕਿ ਮੈਨੂੰ ਖ਼ੁਦਾ ਵੱਲੋਂ ਭੇਜਿਆ ਗਿਆ ਹੈ, ਜਿਸ ਨਾਲ਼ ਯਹੂਦੀ ਪਰਿਵਾਰ ਨੂੰ ਤਸੱਲੀ ਹੋਈ।

ਅੰਜੀਲ ਮੁਤਾਬਕ ‘ਈਸਾ, ਮਸੀਹ, ਯਸੂਹ (ਯਸੂ), ਜੀਸਸ ਕ੍ਰਾਈਸਟ’ ਆਦਿ ਨਾਂ ਜਬਰਾਈਲ ਫ਼ਰਿਸ਼ਤੇ ਨੇ ਰੱਖੇ ਹਨ। ਈਸਾ ਮਸੀਹ ਦੇ ਪਿਤਾ ਯੂਸਫ਼; ਹਜ਼ਰਤ ਇਬਰਾਹੀਮ ਦੀ 42ਵੀਂ ਪੀੜ੍ਹੀ ’ਚ ਸਨ। ਈਸਾ ਜੀ 12 ਸਾਲ ਤੱਕ ਆਪਣੇ ਪਿਤਾ ਨਾਲ਼ ਤਰਖਾਣ ਦਾ ਕੰਮ ਕਰਦੇ ਰਹੇ। ਇਤਿਹਾਸਕਾਰਾਂ ਮੁਤਾਬਕ ਈਸਾ 6 ਸਾਲ (12 ਤੋਂ 18) ਅਲੋਪ ਰਹੇ। ਕਿਸੇ ਦੀ ਰਾਇ ਹੈ ਕਿ ਇਹ ਵਾਪਾਰੀਆਂ ਨਾਲ਼ ਮਿਲ ਕੇ ਭਾਰਤ ਆਏ ਤੇ ਜੋਗੀਆਂ ਜਾਂ ਬੁੱਧ-ਭਿਖਸ਼ੂਆਂ ਪਾਸੋਂ ਵਿਦਿਆ ਲਈ।, ਰੂਸੀ ਰਮਤੇ ‘ਜ਼ਾਊਚ’ (ਇਤਿਹਾਸਕਾਰ) ਮੁਤਾਬਕ ਈਸਾ ਤਿੱਬਤ ’ਚ ਬ੍ਰਾਹਮਣਾਂ ਤੇ ਬੁੱਧ ਪੁਜਾਰੀਆਂ ਦਾ ਚੇਲਾ ਸੀ ਤੇ ਤਾਂਤ੍ਰਿਕ ਵਿੱਦਿਆ ਪ੍ਰਾਪਤ ਕਰਦਾ ਰਿਹਾ, ਆਦਿ।

(ਨੋਟ: ਸ਼ਾਇਦ ਇਹੀ 6 ਸਾਲ ਦਾ ਅੰਤਰ (ਦੁਬਿਧਾ) ਈਸਾ ਦੇ ਜਨਮ ਨੂੰ 6 ਪੂਰਵ ਈਸਵੀ ’ਚ ਬਦਲ ਦਿੰਦਾ ਹੈ।)

18 ਤੋਂ 30 ਸਾਲ ਦੀ ਉਮਰ ਦੌਰਾਨ ਈਸਾ ਜੀ ਦੁਬਾਰਾ ਆਪਣੇ ਪਿਤਾ ਪਾਸ (ਨੇਜ਼ਰਥ) ਰਹੇ। ਯਹੂਦੀ ਧਰਮ ਮੁਤਾਬਕ ਹਜ਼ਰਤ ਈਸਾ ਦੀ ਸੁੰਨਤ (ਜਦ ਉਮਰ 8 ਦਿਨ ਸੀ) ਹੋਈ ਤੇ 30 ਸਾਲ ਦੀ ਉਮਰ ’ਚ ਇਨ੍ਹਾਂ ਨੇ ਯੂਹੰਨ (ਜੌਨ) ਪਾਸੋਂ ਬਪਤਿਸਮਾ (ਅੰਮ੍ਰਿਤ ਜਲ) ਲਿਆ। ਇਸੇ ਸਮੇਂ ਰੂਹ-ਉਲ-ਕੁਦਸ (ਭਾਵ ਰੱਬ ਦੀ ਆਤਮਾ) ਕਬੂਤਰ ਦੀ ਸ਼ਕਲ ’ਚ ਈਸਾ ਉੱਤੇ ਉਤਰੀ। ਆਕਾਸ਼ਬਾਣੀ ਹੋਈ ਕਿ ‘ਇਹ ਮੇਰਾ ਪਿਆਰਾ ਪੁੱਤਰ ਹੈ, ਮੈਂ ਇਸ ’ਤੇ ਬਹੁਤ ਪ੍ਰਸੰਨ ਹਾਂ।’

ਇਸ ਤੋਂ ਬਾਅਦ ਈਸਾ ਨੇ 40 ਦਿਨਾਂ ਤੱਕ ਜੰਗਲ ’ਚ ਵਰਤ ਰੱਖਿਆ ਤੇ ਧਰਮ ਪ੍ਰਚਾਰ ਆਰੰਭ ਕੀਤਾ। ਇਨ੍ਹਾਂ ਦੇ ਕਈ ਚੇਲੇ ਬਣੇ ਪਰ ਪ੍ਰਮੁੱਖ ਚੇਲੇ 12 (ਪੀਟਰ, ਏਂਡਰਸ, ਯਾਕੂਬ, ਫਿਲਪਸ, ਮਤੀ, ਯਹੂਦਾ ਅਸ਼ਕਰੂਤੀ, ਮਾਰਕਸ, ਲੂਕਾ ਆਦਿ) ਸਨ। ਇੱਕ ਵਾਰ ਈਸਾ ਜੀ ਨੇ ਸਾਰੇ ਚੇਲਿਆਂ ਦੇ ਪੈਰ ਧੋ ਕੇ ਪਾਣੀ ਪੀਤਾ, ਚੇਲਿਆਂ ਦੁਆਰਾ ਪੁੱਛਣ ’ਤੇ ਈਸਾ ਨੇ ਜਵਾਬ ਦਿੱਤਾ ਕਿ ਮਾਲਕ; ਨੌਕਰਾਂ ਤੋਂ ਉੱਪਰ ਨਹੀਂ ਹੁੰਦਾ ਤੁਹਾਨੂੰ ਵੀ ਇੱਕ-ਦੂਜੇ ਦੇ ਪੈਰ ਧੋ ਕੇ ਪੀਣੇ ਚਾਹੀਦੇ ਹਨ।

ਈਸਾ ਮਸੀਹ ਦੇ ਧਰਮ ਪ੍ਰਚਾਰ ’ਚ ਦੋ ਗੱਲਾਂ ਪ੍ਰਮੁੱਖ ਸਨ:

(1). ਪੁਰਾਤਨ (ਪ੍ਰਚਲਿਤ) ਅਧਾਰਹੀਣ ਰਸਮਾਂ ਨੂੰ ਖ਼ਤਮ ਕਰਨਾ ਤੇ ਭ੍ਰਿਸ਼ਟ ਪੁਜਾਰੀਵਾਦ ਦਾ ਵਿਰੋਧ ਕਰਨਾ।

(2). ਦੀਨ ਦੁਖੀਆਂ ਦੀ ਮਦਦ ਕਰਨੀ। (ਈਸਾ ਜੀ ਨੇ ਭੂਤ-ਪ੍ਰੇਤ ਤੋਂ ਪੀੜਤ, ਅਧਰੰਗ, ਮਿਰਗੀ ਆਦਿ ਰੋਗਾਂ ਦਾ ਤਾਂਤ੍ਰਿਕ ਵਿਦਿਆ ਨਾਲ਼ ਇਲਾਜ ਕੀਤਾ, ਮੰਨਿਆ ਜਾਂਦਾ ਹੈ।)

ਈਸਾ ਮਸੀਹ ਨੂੰ ਕੇਵਲ ਤਿੰਨ ਸਾਲ ਹੀ ਧਰਮ ਪ੍ਰਚਾਰ ਕਰਨ ਲਈ ਮਿਲੇ। ਯਹੂਦੀ ਲੋਕਾਂ ਤੇ ਮੰਦਿਰਾਂ ਦੇ ਪੁਜਾਰੀਆਂ (ਖ਼ਾਸ ਕਰ ਜਰੂਸਲਮ ਦੇ ਵੱਡੇ ਮਹੰਤ) ਨੇ ਆਪਣੀ ਪ੍ਰਭੁਤਾ (ਪੂਰਨ ਸੁਤੰਤਰਤਾ) ਨੂੰ ਨੁਕਸਾਨ ਹੁੰਦਾ ਵੇਖ ਇਨ੍ਹਾਂ ਉੱਪਰ ਆਰੋਪ ਲਗਾ ਦਿੱਤੇ ਕਿ ਇਹ ਸਵੈ ਨੂੰ ਖ਼ੁਦਾ ਦਾ ਪਿਆਰਾ ਬੇਟਾ ਦੱਸ ਕੇ ਦੇਸ਼ ’ਚ ਦੰਗਾ ਫ਼ਸਾਦ ਕਰਵਾ ਸਕਦਾ ਹੈ। ਈਸਾ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਜਾਰੀ ਕੀਤੇ ਗਏ ਤੇ ਸੂਚਨਾ ਦੇਣ ਵਾਲ਼ੇ ਨੂੰ ਇਨਾਮ ਰਾਸ਼ੀ ਮੁਕੱਰਰ ਕਰ ਦਿੱਤੀ ਗਈ। ਈਸਾ ਮਸੀਹ ਦੇ (12 ’ਚੋਂ) ਇੱਕ ਪ੍ਰਮੁੱਖ ਚੇਲੇ (ਯਹੂਦਾ ਅਸ਼ਕਰੂਤੀ) ਨੇ 30 ਰੁਪਏ ਦਾ ਇਨਾਮ ਲੈਣ ਲਈ ਈਸਾ ਮਸੀਹ ਨੂੰ ਕੈਦ ਕਰਵਾ ਦਿੱਤਾ ਤੇ ਅਦਾਲਤੀ ਪਾਈਲੇਟ ਅੱਗੇ ਪੇਸ਼ ਕੀਤਾ ਗਿਆ। ਭਾਵੇਂ ਜੱਜ ਜਾਣਦਾ ਸੀ ਕਿ ਈਸਾ ਬੇਕਸੂਰ ਹੈ ਪਰ ਭਾਰੀ ਦਬਾਅ ਕਾਰਨ ਬਾਦਸ਼ਾਹ ਹੀਰੋਡ ਪਾਸ ਚਲਾਨ ਕੀਤਾ ਗਿਆ, ਜਿਸ ਨੇ ਹੁਕਮ ਕਰ ਦਿੱਤਾ ਕਿ ਈਸਾ ਨੂੰ ਸਲੀਬ ਉੱਤੇ ਚੜ੍ਹਾਇਆ ਜਾਵੇ। ਈਸਾ ਮਸੀਹ ਨੂੰ ਸੰਨ 27 ਈਸਵੀ ਨੂੰ ਸੂਲੀ ’ਤੇ ਚੜ੍ਹਾ ਕੇ, ਹੱਥਾਂ ’ਚ ਕਿੱਲ ਮਾਰ ਕੇ ਕਤਲ ਕਰ ਦਿੱਤਾ ਗਿਆ, ਤਦ ਉਨ੍ਹਾਂ ਦੀ ਉਮਰ 33 ਸਾਲ ਸੀ।

ਅੰਜੀਲ ਮੁਤਾਬਕ ਈਸਾ ਦੀ ਗ੍ਰਿਫ਼ਤਾਰੀ ਦੌਰਾਨ ਉਨ੍ਹਾਂ ਦਾ ਸਭ ਤੋਂ ਪ੍ਰਮੁੱਖ ਚੇਲਾ ‘ਪੀਟਰ’ ਨਾਲ਼ ਸੀ। ਜਦ ਈਸਾ ਜੀ ਨੂੰ ਸੂਲ਼ੀ ’ਤੇ ਚੜ੍ਹਾਉਣ ਦੀ ਸਜ਼ਾ ਦਿੱਤੀ ਗਈ ਤਾਂ ‘ਪੀਟਰ’ ਤੋਂ ਪੁੱਛਿਆ ਗਿਆ ਕਿ, ਕੀ ਈਸਾ ਤੇਰਾ ਧਰਮ ਗੁਰੂ ਹੈ ? ਤਾਂ ਪੀਟਰ ਨੇ ਤਿੰਨ ਵਾਰ ਸੋਂਹ (ਕਸਮ) ਖਾ ਕੇ ਇਨਕਾਰ ਕਰ ਦਿੱਤਾ। ਪੀਟਰ ਨੂੰ ਇੱਥੋਂ ਤੱਕ ਕਿਹਾ ਗਿਆ ਕਿ ਅਗਰ ਇਹ ਤੇਰਾ ਗੁਰੂ ਨਹੀਂ ਤਾਂ ਤੂੰ ਇਸ ਨੂੰ ਲਾਹਨਤ (ਫਿਟਕਾਰ) ਪਾ। ‘ਪੀਟਰ’ ਨੇ ਐਸਾ ਵੀ ਕੀਤਾ।

(ਨੋਟ: ਦਿੱਲੀ ਦੇ ਚਾਂਦਨੀ ਚੌਕ ’ਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ (11 ਨਵੰਬਰ 1675 ’ਚ) ਇਸ ਲਈ ਸ਼ਹੀਦ ਕੀਤਾ ਜਾ ਰਿਹਾ ਸੀ ਕਿਉਂਕਿ ਕਸ਼ਮੀਰ ’ਚ ਹਿੰਦੂ ਬ੍ਰਾਹਮਣਾਂ ਦੇ ਧਾਰਮਿਕ ਚਿੰਨ੍ਹ (ਜਨੇਊ) ਨੂੰ ਉਨ੍ਹਾਂ ਦੀ ਮਰਜ਼ੀ ਬਿਨਾਂ ਜਬਰਨ ਉਤਾਰਿਆ ਜਾ ਰਿਹਾ ਸੀ ਤੇ ਬ੍ਰਾਹਮਣ ਆਗੂ ਫ਼ਰਿਆਦੀ ਬਣ ਕੇ ਗੁਰੂ ਜੀ ਪਾਸ (ਅਨੰਦਪੁਰ ਸਾਹਿਬ) ਮਦਦ ਲਈ ਆਏ। ਗੁਰੂ ਜੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਅਗਰ ਹਕੂਮਤ ਧੱਕੇ ਨਾਲ਼ ਮੈਨੂੰ (ਗੁਰੂ ਨਾਨਕ ਜੋਤ ਨੂੰ) ਅਸੂਲਾਂ ਤੋਂ ਸੁੱਟ ਦੇਵੇ ਤਾਂ ਤਮਾਮ ਕਸ਼ਮੀਰੀ ਬ੍ਰਾਹਮਣ ਵੀ ਮੁਸਲਮਾਨ ਬਣ ਜਾਣਗੇ, ਅਜਿਹਾ ਤੁਸੀਂ ਸੰਬੰਧਿਤ ਹਾਕਮ ਨੂੰ ਜਾ ਕੇ ਕਹਿ ਦੇਵੋ। ਰਾਜੇ ਦੀ ਨੀਤੀ ਸੀ ਕਿ ਅਗਰ ਬ੍ਰਾਹਮਣ ਮੁਸਲਿਮ ਬਣ ਜਾਣ ਤਾਂ ਤਮਾਮ ਹਿੰਦੂ ਵੀ ਮੁਸਲਿਮ ਬਣ ਸਕਦੇ ਹਨ ਭਾਵ ਅਗਰ ਗੁਰੂ ਤੇਗ ਬਹਾਦਰ ਸਾਹਿਬ ਜੀ (ਨਾਨਕ ਜੋਤ) ਆਪਣੇ ਇਕਰਾਰ (ਅਸੂਲ) ਨੂੰ ਭੰਗ ਕਰਕੇ ਮੁਸਲਿਮ ਬਣ ਜਾਂਦੇ ਤਾਂ ਤਮਾਮ ਹਿੰਦੂ ਵੀ ਮੁਸਲਮਾਨ ਬਣਨ ਲਈ ਤਿਆਰ ਸਨ।

ਬਾਦਸ਼ਾਹ ਔਰੰਗਜ਼ੇਬ ਨੇ ਗੁਰੂ ਜੀ ਦੇ ਸਾਹਮਣੇ ਤਿੰਨ ਸ਼ਰਤਾਂ ਰੱਖੀਆਂ/ ਰਖਵਾਈਆਂ (1). ਮੁਸਲਿਮ ਬਣ ਜਾਓ। (2). ਕਰਾਮਾਤ ਦਿਖਾਓ (3). ਮੌਤ ਪ੍ਰਵਾਨ ਕਰੋ। ਗੁਰੂ ਜੀ ਨੇ ਤੀਸਰੀ ਸ਼ਰਤ ਮਨਜ਼ੂਰ ਕਰ ਲਈ, ਜਿਸ ਉਪਰੰਤ ਗੁਰੂ ਜੀ ਨੂੰ ਕਾਫ਼ਰ ਦੱਸ ਕੇ ਸ਼ਹੀਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ। ਗੁਰੂ ਜੀ ਨੂੰ ਸਿਦਕ ਤੋਂ ਡੁਲ੍ਹਾਉਣ ਲਈ ਪਹਿਲਾਂ ਤਿੰਨ ਸਿੱਖਾਂ (ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ) ਨੂੰ ਧਰਮ ਤੋਂ ਡੁਲ੍ਹਾ ਕੇ ਗੁਰੂ ਜੀ ਦੇ ਹੌਸਲੇ-ਅਫ਼ਜ਼ਾਈ ਨੂੰ ਪਸਤ (ਨੀਵਾਂ) ਕਰਨਾ ਸੀ। ਇਸ ਲਈ ਗੁਰੂ ਜੀ ਨਾਲ਼ ਕੈਦ ਕੀਤੇ ਗਏ ਤਿੰਨੇ ਸਿੱਖਾਂ ਨੂੰ ਕਤਲ ਕਰਨਾ ਨਹੀਂ ਬਲਕਿ ਅਸੂਲਾਂ ਤੋਂ ਗਿਰਾਉਣਾ ਜ਼ਰੂਰੀ ਸਮਝਿਆ, ਇਸ ਲਈ ਉਨ੍ਹਾਂ ਅੱਗੇ (ਈਸਾ ਦੇ ਚੇਲੇ ਪੀਟਰ ਵਾਙ) ਆਪਣੀ ਇੱਛਾ ਜ਼ਾਹਰ ਕਰਨ ਦੀ ਮੰਗ ਰੱਖੀ ਗਈ। ਉਨ੍ਹਾਂ ਜਵਾਬ ਦਿੱਤਾ ਕਿ ਸਾਡਾ ਮੂੰਹ ਗੁਰੂ ਵੱਲ ਹੋਵੇ, ਤਾਂ ਜੋ ਗੁਰੂ ਆਪਣੇ ਬੀਜੇ ਨੂੰ ਆਪ ਅੱਖਾਂ ਨਾਲ਼ ਕੱਟਿਆ ਜਾਂਦਾ ਵੇਖੇ ਤੇ ਸਾਡੀ ਆਪਣੇ ਗੁਰੂ ਨਾਲ਼ ਅੰਤ ਤੱਕ (ਤੋੜ) ਨਿਭੇ; ਅਜਿਹੀ ਸੋਚ ਸਾਮ੍ਹਣੇ ਔਰੰਗਜ਼ੇਬ ਹਕੂਮਤ ਆਪਣੇ ਮਕਸਦ ’ਚ ਕਾਮਯਾਬ ਨਾ ਹੋ ਸਕੀ ਭਾਵ ਤਿੰਨੇ ਸਿੱਖਾਂ ਨੂੰ ਗੁਰੂ ਜੀ ਦੇ ਸਨਮੁਖ ਤਰਤੀਬਵਾਰ ਆਰੇ ਨਾਲ਼ ਚੀਰਿਆ ਗਿਆ, ਗਰਮ ਪਾਣੀ ਨਾਲ਼ ਉਬਲਦੀ ਦੇਗ ’ਚ ਬੈਠਾ ਕੇ ਸ਼ਹੀਦ ਕੀਤਾ ਗਿਆ ਤੇ ਰੂੰ ’ਚ ਲਪੇਟ ਕੇ ਅੱਗ ਲਾ ਕੇ ਸ਼ਹੀਦ ਕਰਨ ਉਪਰੰਤ ਆਪਣੀ ਹਾਰ ਹੁੰਦੀ ਵੇਖ ਗੁਰੂ ਜੀ ਦਾ ਸਿਰ (ਸੀਸ), ਧੜ ਤੋਂ ਜੁਦਾ ਕਰ ਦਿੱਤਾ ਗਿਆ। ਇਸ ਕਤਲੋਗਾਰਤ (ਖ਼ੂਨ ਖ਼ਰਾਬੇ) ’ਚ ਅਸੂਲਾਂ (ਸਿਧਾਂਤ) ਦੀ ਜਿੱਤ ਹੋਏ ਜਦਕਿ ਜ਼ੁਲਮ ਦੀ ਹਾਰ ਹੋਈ ਪਰ ਈਸਾ ਮਸੀਹ ਦੀ ਮੌਜੂਦਗੀ ’ਚ ਪ੍ਰਮੁੱਖ ਚੇਲੇ ‘ਪੀਟਰ’ ਵੱਲੋਂ ਤਿੰਨ ਵਾਰ ਸੌਂਹ ਖਾ ਕੇ ਆਪਣੇ ਪੈਗ਼ੰਬਰ ਨੂੰ ਲਾਹਨਤਾਂ ਪਾਉਣ ਨਾਲ਼ ਅਸੂਲਾਂ ਦੀ ਹਾਰ ਹੋਈ, ਨੂੰ ਪ੍ਰਵਾਨ ਕਰਨਾ ਚਾਹੀਦਾ ਸੀ ਪਰ ਰੂੜ੍ਹੀਵਾਦੀ ਈਸਾਈ ਮਹੰਤਾਂ ਨੇ ‘ਪੀਟਰ’ ਨੂੰ ਕੈਥੋਲਿਕ ਚਰਚ ਦੇ ਪਹਿਲੇ ‘ਪੋਪ’ (ਪਿਤਾਮਾ) ਹੋਣ ਦੀ ਪਦਵੀ ਦੇ ਦਿੱਤੀ, ਜੋ ਹੁਣ ਤੱਕ ਚਲਦੀ ਹੋਣ ਕਾਰਨ ਕੁੱਲ ਸੰਖਿਆ 265 ਪੋਪ ਹੋ ਚੁੱਕੇ ਹਨ।

ਆਪਣੇ ਆਪ ਨੂੰ ਪੈਦਾ ਹੋਣ ਤੋਂ ਹੀ ਖ਼ੁਦਾ ਦਾ ਪਿਆਰਾ ਬੇਟਾ ਦੱਸਣ ਵਾਲ਼ੇ ਈਸਾ ਮਸੀਹ ਜੀ ਨੂੰ ਜਦ ਸੂਲ਼ੀ ’ਤੇ ਚੜ੍ਹਾਇਆ ਜਾ ਰਿਹਾ ਸੀ ਤਾਂ ਉਨ੍ਹਾਂ ਉੱਚੀ ਆਵਾਜ਼ ’ਚ ਕਿਹਾ ‘ਹੇ ਪ੍ਰਭੂ ! ਤੂੰ ਮੈਨੂੰ ਕਿਉਂ ਭੁਲਾ ਦਿੱਤਾ ?’, ਸ਼ਬਦ ਵੀ ਚੜ੍ਹਦੀ ਕਲਾ ਦੇ ਪ੍ਰਤੀਕ ਨਹੀਂ ਬਲਕਿ ਨਿਰਾਸਾ ਬਿਆਨ ਕਰਦੇ ਹਨ ਜਦਕਿ ਗੁਰੂ ਅਰਜਨ ਸਾਹਿਬ ਜੀ ਨੂੰ ਤੱਤੀ ਤਵੀ ਉੱਤੇ ਬਿਠਾ ਕੇ, ਸੀਸ ਉੱਤੇ ਗਰਮ ਰੇਤ ਪਾ ਕੇ ਅਤਿ ਦੀ ਗਰਮੀ ’ਚ (30 ਮਈ 1606 ਨੂੰ ਲਹੌਰ ਵਿੱਚ) ਜਦ ਸ਼ਹੀਦ ਕੀਤਾ ਜਾ ਰਿਹਾ ਸੀ ਤਾਂ ਸੂਫ਼ੀ ਸੰਤ ਮੀਆਂ ਮੀਰ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਅਗਰ ਇਜਾਜ਼ਤ ਹੋਵੇ ਤਾਂ ਮੈਂ ਇਹ ਕਹਿਰ (ਜ਼ੁਲਮ) ਰੁਕਵਾ ਸਕਦਾ ਹਾਂ ਤਾਂ ਗੁਰੂ ਜੀ ਨੇ ਕਰਤਾਰ ਦੇ ਰੂ ਬਰੂ ਹੁੰਦਿਆਂ ਜਵਾਬ ਦਿੱਤਾ: ‘‘ਤੇਰਾ ਕੀਆ; ਮੀਠਾ ਲਾਗੈ ॥ ਹਰਿ ਨਾਮੁ ਪਦਾਰਥੁ; ਨਾਨਕੁ ਮਾਂਗੈ ॥ (ਮ: ੫/੩੯੪) ਕਿਉਂਕਿ ਗੁਰੂ ਜੀ ਦਾ ਮਕਸਦ ਸਰੀਰ ਨਹੀਂ ਬਲਕਿ ਸਿਧਾਂਤ ਬਚਾਉਣਾ ਸੀ, ਜਿਸ ਦਾ ਨੁਕਸਾਨ ਉਕਤ ਪੈਗ਼ੰਬਰਾਂ ਰਾਹੀਂ ਹੁੰਦਾ ਸਪਸ਼ਟ ਵਿਖਾਈ ਦੇ ਰਿਹਾ ਹੈ।

ਉਕਤ ਕੀਤੀ ਗਈ ਤੁਲ਼ਨਾ ਦਾ ਮਕਸਦ ਮਾਨਵਤਾ ਸਾਹਮਣੇ ਰੱਖੇ ਗਏ ਉਨ੍ਹਾਂ ਅਸੂਲਾਂ ਪ੍ਰਤਿ ਸਪਰਪਤ ਭਾਵਨਾ ਨੂੰ ਪ੍ਰਗਟ ਕਰਨਾ ਹੈ ਜਿਨ੍ਹਾਂ ਉੱਤੇ ਪਹਿਰਾ ਦੇਣ ਲਈ ਆਚਾਰੀਆ, ਨਬੀ ਆਦਿ ਆਪਣੇ ਅਨੁਯਾਈਆਂ ਨੂੰ ਪ੍ਰੇਰਦੇ ਵੇਖੇ ਜਾ ਸਕਦੇ ਹਨ।)

ਅੰਜੀਲ (ਜਾਂ ਬਾਈਬਲ): ਈਸਾ ਮਸੀਹ ਜੀ ਦੇ ਦੇਹਾਂਤ ਤੋਂ 8 ਸਾਲ ਬਾਅਦ 40 ਲੇਖਕਾਂ ਨੇ ਮਿਲ ਕੇ ‘ਅੰਜੀਲ’ ਪੁਸਤਕ ਲਿਖੀ, ਜਿਸ ’ਚ ਈਸਾ ਦੀ ਮੌਤ ਤੋਂ 70 ਸਾਲ ਬਾਅਦ ਦੀਆਂ ਅੰਜੀਲਾਂ ਵੀ ਦਰਜ ਹਨ ਤੇ ਇਸ ਦਾ ਸੰਸਾਰ ਦੀਆਂ 1100 ਬੋਲੀਆਂ ’ਚ ਅਨੁਵਾਦ ਹੋ ਚੁੱਕਾ ਹੈ। ਈਸਾਈ ਮਿਸ਼ਨਰੀਆਂ ਦੀ ਸੋਚ ਹੈ ਕਿ ‘ਅੰਜੀਲ’ (ਬਾਈਬਲ) ਨੂੰ ਮੁਫ਼ਤ ਵੰਡੋ, ਅਗਰ ਲੋਕ ਕਹਿਣ ਕਿ ਸਾਡੇ ਘਰ ਕੋਈ ਪੜ੍ਹਨ ਵਾਲ਼ਾ ਨਹੀਂ, ਇਸ ਲਈ ਸੁੱਟ ਦਿੱਤੀ ਜਾਂਦੀ ਹੈ ਤਾਂ ਕਹੋ ਕਿ ਕਿੱਥੇ ਸੁੱਟੋਗੇ, ਘਰ ਦੇ ਕਿਸੇ ਕੋਨੇ (ਖੂੰਜੇ) ’ਚ ? ਜਦ ਉਹ ਅੰਜੀਲ ਕਦੇ ਤੁਹਾਡੇ ਬੱਚਿਆਂ ਦੇ ਹੱਥ ਲੱਗੇਗੀ ਤਾਂ ਉਹ ਤੁਹਾਡੀ ਈਸਾਈ ਧਰਮ ’ਚ ਸ਼ਰਧਾ ਨੂੰ ਵੇਖਣਗੇ ਤੇ ਇੱਕ ਦਿਨ ਉਹ ਵੀ ਈਸਾਈ ਬਣ ਜਾਣਗੇ। ਈਸਾਈ ਪ੍ਰਚਾਰਕਾਂ ਨੇ ‘ਈਸ਼ਵਰ ਭਗਤੀ, ਸਮਾਨਤਾ, ਸੇਵਾ ਤੇ ਤਿਆਗ’ ਵਿਸ਼ਿਆਂ ਨੂੰ ਪ੍ਰਚਾਰ ਦਾ ਸਾਧਨਾ ਬਣਾਇਆ।

ਈਸਾਈ ਤਿੰਨ ਪੁਰਬ ਮਨਾਉਂਦੇ ਹਨ (1). ਈਦ, ਈਸਾ ਦਾ ਜਨਮ ਦਿਨ (25 ਦਸੰਬਰ), ਜਿਸ ਨੂੰ ਵੱਡਾ ਦਿਨ ਵੀ ਕਿਹਾ ਜਾਂਦਾ ਹੈ। (2). ਈਸਾ ਦੀ ਮੌਤ ਦਿਹਾੜਾ (3). ਈਦੁਲ ਕਿਆਮਤ, ਜਿਸ ਦਿਨ ਈਸਾ ਦੁਬਾਰਾ ਜੀਵਤ ਹੋਏ।

ਈਸਾਈਆਂ ਮੁਤਾਬਕ ਈਸਾ ਨੇ ਮਨੁੱਖਾਂ ਦੇ ਗੁਨਾਹਾਂ ਬਦਲੇ ਆਪਣੇ ਆਪ ਨੂੰ ਕੁਰਬਾਨ ਕੀਤਾ। ਈਸਾ ਜੀ ਸਣਦੇਹੀ ਆਕਾਸ਼ ’ਚ ਗਏ, ਜਿੱਥੇ ਉਹ ਰੱਬ ਦੇ ਸੱਜੇ ਪਾਸੇ ਬੈਠ ਕੇ ਹਕੂਮਤ ਕਰਦੇ ਹਨ। ਰੱਬ ਦੇ ਕੰਮਾਂ ’ਚ ਦਖ਼ਲ ਦਿੰਦੇ ਹਨ। ‘ਕੁਨ’ ਸ਼ਬਦ ਕਹਿਣ ਨਾਲ਼ ਸ੍ਰਿਸ਼ਟੀ ਦੀ ਰਚਨਾ ਹੋਈ। ਈਸਾ ਨੇ ਈਸ਼ਵਰ ਨਾਲ਼ ਪਿਆਰ, ਗੁਆਢੀ ਨਾਲ਼ ਮੇਲ਼-ਮਿਲਾਪ ਤੇ ਪਸ਼ਚਾਤਾਪ ਕਰਨ ਨੂੰ ਧਰਮ ਦੱਸਿਆ। ਈਸਾ ਮੁਤਾਬਕ ਜੇ ਕੋਈ ਤੁਹਾਡੀ ਗੱਲ੍ਹ ’ਤੇ ਥੱਪੜ ਮਾਰੇ ਤਾਂ ਤੁਸੀਂ ਦੂਸਰੀ ਗੱਲ੍ਹ ਅੱਗੇ ਕਰ ਦਿਓ। ਈਸਾ ਅਨੁਸਾਰ ਇੱਕ ਹਾਥੀ ਸੂਈ ਦੇ ਨੱਕੇ ਵਿੱਚ ਦੀ ਲੰਘ ਸਕਦਾ ਹੈ ਪਰ ਇੱਕ ਦੌਲਤਮੰਦ ਰੱਬ ਦੀ ਬਾਦਸ਼ਾਹਤ (ਹਕੂਮਤ) ’ਚ (ਈਸਾ ਮਸੀਹ ਵਾਙ) ਦਖ਼ਲ ਨਹੀਂ ਦੇ ਸਕਦਾ।

ਇਸਲਾਮ ਧਰਮ: ਈਸਾ ਮਸੀਹ ਜੀ ਦੇ ਦੇਹਾਂਤ (ਸੰਨ 27 ਈਸਵੀ) ਤੋਂ 543 ਸਾਲ ਬਾਅਦ ਮੱਕੇ ਦੇ ਪੁਜਾਰੀ (ਬਨੀ ਹਾਸ਼ਮ) ਦੇ ਘਰਾਣੇ ’ਚ ਅਬਦੁੱਲ ਕੁਰੈਸ਼ੀ ਦੇ ਘਰ ਮਾਤਾ ਆਮਨਾ ਜੀ ਦੀ ਕੁੱਖੋਂ ਸੰਨ 15 ਅਪ੍ਰੈਲ 570 ਈਸਵੀ ਨੂੰ ਮੁਹੰਮਦ ਸਾਹਿਬ ਜੀ ਦਾ ਜਨਮ ਹੋਇਆ। ਜਨਮ ਤੋਂ ਪਹਿਲਾਂ ਹੀ ਪਿਤਾ ਦਾ ਦੇਹਾਂਤ ਹੋ ਚੁੱਕਾ ਸੀ, ਮਾਤਾ ਜੀ 6 ਸਾਲ ਤੇ ਦਾਦਾ ਜੀ 8 ਸਾਲ ਦੀ ਉਮਰ ’ਚ ਸਾਥ ਛੱਡ ਗਏ। ਹਲੀਮਾ ਦਾਈ ਨੇ ਇਨ੍ਹਾਂ ਨੂੰ 2 ਸਾਲ ਦੁੱਧ ਚੁੰਘਾਇਆ, ਜਿਸ ਉਪਰੰਤ ਚਾਚਾ ਅਬੂ ਤਾਲਬ ਨੇ ਪਾਲ਼ਿਆ, ਜੋ ਵਾਪਾਰੀ ਸੀ।

ਉਕਤ ਕੀਤੀ ਗਈ ਵਿਚਾਰ ਕਿ ਪੈਗ਼ੰਬਰ ਇਬਰਾਹੀਮ ਦੀ ਦੂਸਰੀ ਬੇਗਮ ਹਾਜਿਰਾ ਦੇ ਬੇਟੇ ‘ਇਸਮਾਇਲ’ ਤੋਂ ਕੁਰੈਸ਼ੀ ਵੰਸ਼ ਆਰੰਭ ਹੋਇਆ, ਜਿਸ ਦੇ ਸਰਦਾਰ ਮੁਹੰਮਦ ਸਾਹਿਬ ਦੇ ਬਜ਼ੁਰਗ (ਦਾਦਾ ਅਬਦੁੱਲ ਮੁੱਤਲਿਬ ਆਦਿ) ਰਹੇ। ਮੁਹੰਮਦ ਸਾਹਿਬ ਬਚਪਨ ਤੋਂ ਧਾਰਮਿਕ ਰੁਚੀ ਦੇ ਮਾਲਕ ਸਨ, ਪੜ੍ਹਾਈ ਵੱਲ ਧਿਆਨ ਨਾ ਦਿੱਤਾ, ਅਨਪੜ੍ਹ (ਓਮੀ) ਰਹੇ। ਯਹੂਦੀ ਤੇ ਈਸਾਈ ਪਾਦਰੀਆਂ ਦੀਆਂ ਗੱਲਾਂ ਸੁਣ ਕੇ ਧਰਮ ਪ੍ਰਤਿ ਲਗਨ ਹੋਰ ਵਧ ਗਈ।

ਇੱਕ ਵਿਧਵਾ ਵਪਾਰਨ ਬੀਬੀ ਖ਼ਦੀਜਾ (35 ਸਾਲ) ਨੇ ਮੁਹੰਮਦ ਸਾਹਿਬ (20 ਸਾਲ) ਨੂੰ ਨੌਕਰ ਰੱਖ ਲਿਆ ਤੇ 5 ਸਾਲ ਬਾਅਦ ਇਨ੍ਹਾਂ ਨਾਲ਼ ਨਿਕਾਹ ਕਰ ਲਿਆ। ਇਨ੍ਹਾਂ ਦੇ ਘਰ 6 ਬੱਚੇ (2 ਲੜਕੇ 4 ਲੜਕੀਆਂ) ਹੋਏ। 10 ਸਾਲ ਬਾਅਦ ਕਾਬੇ ਦਾ ਮੰਦਿਰ ਨੀਵੀਂ ਜਗ੍ਹਾ ਹੋਣ ਕਾਰਨ ਦੁਬਾਰਾ ਬਣਾਉਣ ਲਈ ਕੁਰੈਸ਼ ਸਰਦਾਰ ਇਕੱਠੇ ਹੋਏ, ਜਿਨ੍ਹਾਂ ਨੇ ਚਾਰੋਂ ਦਿਵਾਰਾਂ (ਕੰਧਾਂ) ਤਾਂ ਸੁਲ੍ਹਾ ਨਾਲ਼ ਬਣਾ ਲਈਆਂ ਪਰ ਵਿਚਕਾਰ ਰੱਖਣ ਵਾਲ਼ੇ ‘ਸੰਗ ਅਸਵਦ’ (6-7 ਇੰਚ ਦਾ ਕਾਲਾ ਪੱਥਰ, ਜੋ ਸੁਰਗ ’ਚੋਂ ਸਫ਼ੈਦ ਡਿੱਗਿਆ ਸੀ ਪਰ ਆਦਮ ਦੀ ਔਲਾਦ ਨੇ ਹੱਥ ਲਾ ਕੇ ਕਾਲਾ ਕਰ ਦਿੱਤਾ। ਕਿਆਮਤ ’ਚ ਇਨਸਾਫ਼ ਦੌਰਾਨ ਇਸ ਦੇ ਦੋ ਅੱਖਾਂ ਤੇ ਇੱਕ ਜ਼ਬਾਨ ਹੋਵੇਗੀ, ਜੋ ਉਨ੍ਹਾਂ ਨੂੰ ਪਹਿਚਾਨ ਕੇ ਗਵਾਹੀ ਦੇਵੇਗੀ, ਜਿਨ੍ਹਾਂ ਦੀ ਬਦੌਲਤ ਇਹ ਕਾਲਾ ਹੋਇਆ।) ਉੱਤੇ ਆਮ ਰਾਇ ਨਾ ਬਣ ਸਕੀ ਕਿ ਕਿਹੜਾ ਸਰਦਾਰ ਰੱਖੇ। ਮੁਹੰਮਦ ਸਾਹਿਬ ਦੇ ਬਜ਼ੁਰਗ ਕੁਰੈਸ਼ੀਆਂ ਦੇ ਸਰਦਾਰ ਰਹਿਣ ਕਾਰਨ ਲੜ ਰਹੇ ਕੁਰੈਸ਼ੀ ਸਰਦਾਰਾਂ ’ਚ ਸੁਲ੍ਹਾ ਕਰਵਾਈ ਕਿ ਸਾਰੇ ਸਰਦਾਰ ਚਾਦਰ ਨੂੰ ਚਾਰੋਂ ਤਰਫ਼ ਪਕੜੋ ਤੇ ਉੱਪਰ ਉਠਾਓ ਤਾਂ ਜੋ ਚਾਦਰ ਉੱਤੇ ਰੱਖਿਆ ‘ਸੰਗ ਅਸਵਦ’ ਸਭ ਦੇ ਹੱਥਾਂ ਨਾਲ਼ ਹੀ ਸਥਾਪਤ ਹੋਵੇ।

39 ਸਾਲ ਦੀ ਉਮਰ ’ਚ ਮੁਹੰਮਦ ਸਾਹਿਬ ਉਦਾਸ ਹੋ ਕੇ ‘ਹਿਰਾਂ’ ਪਹਾੜ ਦੀ ਗੁਫਾ ’ਚ ਬੈਠ ਗਏ, ਜਿੱਥੇ ਮੈਂ ਕੀ ਹਾਂ ?, ਕਿੱਥੋਂ ਆਇਆ ?, ਜੀਵਨ ਤੇ ਮੌਤ ਕੀ ਹੈ ?, ਦੁਨੀਆ ਕਿਸ ਨੇ ਬਣਾਈ ? ਆਦਿ ਨੁਕਤਿਆਂ ’ਤੇ ਗੰਭੀਰ ਹੋ ਗਏ। ਅਚਨਚੇਤ ਹੀ ਇੱਕ ਦਿਨ ਆਵਾਜ਼ ਆਈ ਕਿ ‘ਮੁਹੰਮਦ! ਮੈਂ ਜਬਰਾਈਲ ਫ਼ਰਿਸ਼ਤਾ ਹਾਂ ਤੇ ਤੂੰ ਖ਼ੁਦਾ ਦਾ ਪੈਗ਼ੰਬਰ ਹੈਂ’। ਇਸ ਤੋਂ ਬਾਅਦ ਵੀ 23 ਵਾਰ (ਸੰਨ 610-632 ਮ੍ਰਿਤੂ ਤੱਕ) ਮੁਹੰਮਦ ਸਾਹਿਬ ਨੂੰ ਇਸ ਫ਼ਰਿਸ਼ਤੇ ਨੇ ਦਰਸ਼ਨ ਦਿੱਤੇ ਤੇ ਰੱਬ ਦੇ ਸੰਦੇਸ਼ ਸੁਣਾਏ। ਇਨ੍ਹਾਂ ਦੇ ਬਚਨਾਂ ਉੱਤੇ ਬੇਗਮ ਖ਼ਦੀਜਾ, ਖ਼ਦੀਜਾ ਦੇ ਚਾਚੇ ਦਾ ਬੇਟਾ ਵਰਕਾ, ਮੁਹੰਮਦ ਸਾਹਿਬ ਦੇ ਚਾਚੇ ‘ਅਬੂ ਤਾਲਬ’ ਦਾ ਬੇਟਾ ਅਲੀ (ਮੁਹੰਮਦ ਸਾਹਿਬ ਦਾ ਦਾਮਾਦ), ਅਬੂਬਕਰ (ਮੁਹੰਮਦ ਸਾਹਿਬ ਦਾ ਸਹੁਰਾ) ਤੇ ਜ਼ੈਦ (ਜਿਸ ਦੀ ਤਲਾਕੀ ਹੋਈ ਔਰਤ ਨਾਲ਼ ਮੁਹੰਮਦ ਨੇ ਸ਼ਾਦੀ ਕੀਤੀ) ਨੇ ਯਕੀਨ ਕੀਤਾ ਭਾਵ ਮੁਹੰਮਦ ਨੂੰ ਪੈਗ਼ੰਬਰ ਮੰਨਣ ਵਾਲ਼ੇ ਇਹ ਪਹਿਲੇ ਵਿਅਕਤੀ ਸਨ। 40 ਤੋਂ 43 ਸਾਲ ਦੀ ਉਮਰ ਤੱਕ ਮੁਹੰਮਦ ਸਾਹਿਬ ਖਾਮੋਸ਼ ਰਹੇ, ਤਦ 30-40 ਕੁਰੈਸ਼ੀ; ਮੁਸਲਿਮ ਬਣ ਗਏ ਸਨ। ਜਿਸ ਤਰ੍ਹਾਂ ਈਸਾਈਆਂ ਨੂੰ ਯਹੂਦੀਆਂ ਦੀ ਸੁਧਾਰਵਾਦੀ ਸ਼ਾਖ਼ਾ ਆਖ ਸਕਦੇ ਹਾਂ, ਉਸ ਤਰ੍ਹਾਂ ਹੀ ਮੁਸਲਮਾਨ ਧਰਮ ਨੂੰ ਈਸਾਈਆਂ ਦੀ ਸੁਧਾਰਵਾਦੀ ਸ਼ਾਖ਼ ਕਹਿਣਾ ਦਰੁਸਤ ਹੋਵੇਗਾ।

ਪੈਗ਼ੰਬਰ ਘੋਸ਼ਿਤ ਹੋਣ ਉਪੰਰਤ ਇਨ੍ਹਾਂ ਦੇ ਚਾਚਾ (ਅਬੂ ਤਾਲਬ, ਜਿਨ੍ਹਾਂ ਨੇ ਬਚਪਨ ’ਚ ਪਾਲ਼ਿਆ ਸੀ) ਮੁਹੰਮਦ ਸਾਹਿਬ ਪਾਸ ਆਏ, ਇਨ੍ਹਾਂ ਨੇ ਕਿਹਾ ਕਿ ‘ਚਾਚਾ ! ਮੈਨੂੰ ਅਫ਼ਸੋਸ ਹੈ ਕਿ ਸਾਰੀ ਉੱਮਤ (ਸੰਗਤ) ਮੇਰੇ ’ਤੇ ਇਮਾਨ (ਯਕੀਨ) ਲਿਆ ਕੇ ਸਵਰਗ ’ਚ ਹੋਵੇਗੀ ਪਰ ਤੂੰ ਨਰਕ ’ਚ ਹੋਵੇਂਗਾ।’ ਚਾਚੇ ਨੇ ਜਵਾਬ ਦਿੱਤਾ ਕਿ ‘ਮੁਹੰਮਦ ! ਮੈ ਤੈਨੂੰ ਭਤੀਜਾ ਸਮਝ ਕੇ ਮਦਦ ਕਰਦਾ ਰਿਹਾ ਪਰ ਜੇ ਕਹੇਂ ਕਿ ਤੇਰੇ ’ਤੇ ਇਮਾਨ ਲੈ ਆਵਾਂ, ਇਹ ਨਹੀਂ ਹੋ ਸਕਦਾ। ਮੈਨੂੰ ਤੇਰਾ ਬਹਿਸ਼ਤ (ਮੁਸਲਿਮ) ਪ੍ਰਵਾਨ ਨਹੀਂ, ਆਪਣਾ ਦੋਜਖ਼ (ਈਸਾਈ) ਕਬੂਲ ਹੈ। ਮੈ ਪੁਰਾਣੇ ਮਜ਼੍ਹਬ ਨੂੰ ਛੱਡਣ ਲਈ ਤਿਆਰ ਨਹੀਂ।’

ਹਜ਼ਰਤ ਮੁਹੰਮਦ ’ਤੇ ਇਮਾਨ ਲਿਆਉਣ ਵਾਲ਼ਿਆਂ ’ਚ ਉਕਤ ਚਾਚੇ (ਅਬੂ ਤਾਲਬ) ਦਾ ਬੇਟਾ ਅਲੀ ਵੀ ਸੀ, ਜਿਸ ਨੇ ਮੁਹੰਮਦ ਸਾਹਿਬ ਦੀ ਬੇਟੀ ਫ਼ਾਤਿਮਾ ਨਾਲ਼ ਸ਼ਾਦੀ ਕੀਤੀ। ਹਜ਼ਰਤ ਸਾਹਿਬ ਨੇ ਇਸ ਦਾਜ ’ਚ ਦੋ ਹਥਿਆਰ, ਦੋ ਮਿੱਟੀ ਦੇ ਘੜੇ, ਇੱਕ ਮਿੱਟੀ ਦਾ ਕੁੱਜਾ ਤੇ ਇੱਕ ਬਿਸਤਰਾ ਦਿੱਤਾ, ਇਨ੍ਹਾਂ ਤੋਂ ਹੀ ਸ਼ੀਆ ਸੰਪਰਦਾਇ ਚੱਲੀ। ‘ਸੁੰਨੀ’ (ਸੁੰਨਤਧਾਰੀ) ਇਨ੍ਹਾਂ ਨੂੰ ਰਾਫ਼ਜ਼ੀ (ਭਾਵ ਤਿਆਗੀ, ਸੱਚ ਦੇ ਤਿਆਗੀ, ਝੂਠੇ) ਆਖਦੇ ਹਨ। ਕੁੱਝ ਵਿਦਵਾਨਾਂ ਦੀ ਰਾਇ ਹੈ ਕਿ ਸੂਫ਼ੀ ਸੰਤ ਵੀ ‘ਸ਼ੀਆ’ ਸਮੁਦਾਇ ’ਚੋਂ ਬਣੇ, ਜੋ ਮਨ ਤੋਂ ਕੇਵਲ ‘ਅੱਲ੍ਹਾ ਹੂ’ ਦਾ ਜਾਪ ਕਰਦੇ ਹਨ ਭਾਵ ਪੈਗ਼ੰਬਰ ਦੀ ਬਜਾਏ ਅੱਲ੍ਹਾ ਨੂੰ ਤਰਜੀਹ ਦੇਂਦੇ ਹਨ। ਇਨ੍ਹਾਂ ’ਚੋਂ ਹੀ ਬਾਬਾ ਫ਼ਰੀਦ ਜੀ ਹੋਏ, ਜਿਨ੍ਹਾਂ ਦੇ ਬਚਨ ਹਨ: ‘‘ਦਿਲਹੁ ਮੁਹਬਤਿ ਜਿੰਨ੍, ਸੇਈ ਸਚਿਆ ॥ ਜਿਨ੍ ਮਨਿ ਹੋਰੁ, ਮੁਖਿ ਹੋਰੁ; ਸਿ ਕਾਂਢੇ ਕਚਿਆ ॥’’ (ਬਾਬਾ ਫਰੀਦ ਜੀ/੪੮੮)

3 ਸਾਲ ਬਾਅਦ ਮੁਹੰਮਦ ਸਾਹਿਬ ਨੇ ਦੁਬਾਰਾ ਪ੍ਰਚਾਰ ਸ਼ੁਰੂ ਕੀਤਾ, ਜਿਨ੍ਹਾਂ ਦੇ ਮੁੱਖ ਉਦੇਸ਼ (ਟੀਚੇ) ਸਨ: ‘ਰੱਬ ਦੀ ਬੰਦਗੀ, ਬੁੱਤ ਜਾਂ ਤਸਵੀਰ ਪੂਜਾ ਵਰਜਿਤ, ਚੋਰੀ, ਯਾਰੀ ਤੇ ਠੱਗੀ ਨਾ ਮਾਰਨੀ, ਲੜਕੀ ਨੂੰ ਮਾਰਨਾ ਪਾਪ, ਖ਼ੁਦਾ ਦੇ ਰਸੂਲ (ਪੈਗ਼ੰਬਰ) ਉੱਤੇ ਇਮਾਨ ਲਿਆਓ’ ਆਦਿ। ਉਨ੍ਹਾਂ ਮੁਅੱਜ਼ਜ਼ਾ (ਪ੍ਰਤਿਸ਼ਠਤ, ਜਿਸ ਨੂੰ ਮਾਣ ਬਖ਼ਸ਼ਿਆ ਹੋਵੇ) ਸ਼ਰਤ ਰੱਖੀ ਕਿ ‘ਲਾ ਇਲਾ ਹੂ ਇਲਿੱਲਾ ਮੁਹੰਮਦ ਰਸੂਲ ਅੱਲਾਹ’ ਭਾਵ ਮੈਂ ਗਵਾਹੀ ਦਿੰਦਾ ਹਾਂ ਕਿ ਬਿਨਾ ਅੱਲ੍ਹਾ ਦੇ ਹੋਰ ਕੁਝ ਵੀ ਨਹੀਂ, ਉਹ ਇੱਕ ਹੈ ਮੁਹੰਮਦ ਉਸ ਦਾ ਰਸੂਲ (ਪੈਗ਼ੰਬਰ) ਹੈ। ਹਜ਼ਰਤ ਜੀ ਨੇ ਈਸਾ ਵਾਙ ਸਵੈ ਨੂੰ ਖ਼ੁਦਾ ਦਾ ਇਕਲੌਤਾ ਬੇਟਾ ਨਹੀਂ ਕਿਹਾ ਬਲਕਿ ਮੂਰਤੀ ਪੂਜਾ, ਪਾਖੰਡਵਾਦ ਆਦਿ ਨੂੰ ਖ਼ਤਮ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ। ਪੰਜ ਨਮਾਜ਼ਾ ਪੜ੍ਹਨੀਆਂ, 40ਵਾਂ ਹਿੱਸਾ ਜ਼ਕਾਤ (ਦਾਨ) ਦੇਣਾ ਤੇ ਹੱਜ (ਕਾਬੇ ਦੀ ਯਾਤਰਾ) ਕਰਨੀ ਜ਼ਰੂਰੀ ਦੱਸਿਆ।

ਇੱਕ ਗੱਲ ਮੁਹੰਮਦ ਸਾਹਿਬ ਨੇ ਜੰਨਤ ਬਾਰੇ ਅਜੀਬ ਦੱਸੀ ਕਿ ਉੱਥੇ ‘ਬਾਗ਼, ਅੰਗੂਰ, ਮੇਵੇ, ਤੀਵੀਆਂ, ਸੇਵਕ, ਅਰੋਗ ਰੱਖਣ ਵਾਲ਼ਾ ਪਾਣੀ, ਮਾਸ, ਮੱਛੀ, ਆਂਡੇ, ਸਫ਼ੈਦ ਸ਼ਰਾਬ’ ਆਦਿ ਭਰਪੂਰ ਮਿਲਦੇ ਹਨ।

ਪੁਰਾਤਨ ਸੋਚ ਵਾਲ਼ੇ ਕੁਰੈਸ਼ੀ (ਅਰਬੀ) ਮੁਹੰਮਦ ਸਾਹਿਬ ਦੇ ਵਿਰੁਧ ਹੋ ਗਏ ਤੇ ਇਹ ਟਕਰਾਅ ਵਧਦਾ ਗਿਆ। ਸੰਨ 622 ਈਸਵੀ (ਭਾਵ ਦੁਬਾਰਾ ਪ੍ਰਚਾਰ ਆਰੰਭ ਕਰਨ ਤੋਂ 8-9 ਸਾਲ ਬਾਅਦ) ਕੁਰੈਸ਼ੀ ਸਰਦਾਰਾਂ ਨੇ ਹਜ਼ਰਤ ਨੂੰ ਮਾਰਨ ਦੀ ਸਲਾਹ ਬਣਾ ਲਈ। ਰਾਤ ਨੂੰ ਉਨ੍ਹਾਂ ਨੇ ਹਜ਼ਰਤ ਦੇ ਮਕਾਨ ਨੂੰ ਘੇਰਾ ਪਾ ਲਿਆ। ਪਹਿਲਾਂ ਖ਼ਬਰ ਮਿਲਣ ਕਾਰਨ ਇਹ ਅਬੂਬਕਰ ਦੇ ਘਰ ‘ਸੌਰ’ ਨਾਮੀ ਕੰਦਰਾ (ਪਾਣੀ ਦੀ ਬਣਾਈ ਦਰਾਰ) ’ਚ ਜਾ ਲੁਕੇ। ਇਸਲਾਮ ਕਿਤਾਬਾਂ ਅਨੁਸਾਰ ਕੰਦਰਾ ਉੱਤੇ ਮੱਕੜੀ ਨੇ ਜਾਲ਼ਾ ਤਣ (ਬੁਣ) ਦਿੱਤਾ ਤਾਂ ਜੋ ਕੁਝ ਵਿਖਾਈ ਨਾ ਦੇਵੇ। ਤੀਜੇ ਦਿਨ ਹਜ਼ਰਤ ਜੀ ਉੱਥੋਂ ਨਿਕਲ ਕੇ ਮਦੀਨੇ ਨੂੰ ਚਲੇ ਗਏ। ਇਸ ਦਿਨ ਤੋਂ ਸੰਨ ਹਿਜਰੀ (ਭਾਵ ਮੱਕੇ ਤੋਂ ਵਿਛੱੜਨਾ) ਸ਼ੁਰੂ ਹੁੰਦਾ ਹੈ। ਇਸੇ ਸੰਨ ’ਚ ਹੀ ਉਕਤ ਕੀਤੀ ਗਈ ਵਿਚਾਰ ਮੁਤਾਬਕ ਹਜ਼ਰਤ ਜੀ ‘ਸ਼ਬੇ ਮਿਅਰਾਜ’ (ਆਕਾਸ਼ੀ ਸਫ਼ਰ) ਲਈ ਗਏ, ਮੰਨੇ ਜਾਂਦੇ ਹਨ।

ਮਦੀਨੇ ਜਾ ਕੇ ਹਜ਼ਰਤ ਦੇ ਵਿਚਾਰਾਂ ਨਾਲ਼ ਬਹੁਤ ਸਾਰੇ ਕੁਰੈਸ਼ੀ ਸਹਿਮਤ ਹੋ ਗਏ ਤੇ ਉਹ ਮੁਸਲਮਾਨ ਬਣਨ ਲੱਗੇ। ਮੱਕੇ ਵਾਲ਼ੇ ਕੁਰੈਸ਼ੀਆਂ ਨੇ ਮਦੀਨੇ ਜਾ ਕੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ ਪਰ ਮਦੀਨੇ ਵਾਲ਼ੇ ਮੁਸਲਮਾਨਾਂ ਨੇ ਕੁਰੈਸ਼ੀਆਂ ਨੂੰ ਹਰਾ ਦਿੱਤਾ। ਕਈ ਲੜਾਈਆਂ ਹੋਈਆਂ ਜਿਨ੍ਹਾਂ ’ਚ ਕੁਰੈਸ਼ੀਆਂ ਦੇ ਸਰਦਾਰ ਤੇ ਸੈਨਾਪਤੀ ਮਾਰੇ ਗਏ। ਅਬੂ ਜੇਹਲ ਕੁਰੈਸ਼ੀ ਨੇ ਮੁਹੰਮਦ ਦੇ ਸਿਰ ਦਾ ਇਨਾਮ 100 ਊਠ ਰੱਖ ਦਿੱਤਾ, ਜਿਸ ਨੂੰ ਪੂਰਾ ਕਰਨ ਦਾ ਪ੍ਰਣ ਉਮਰ ਸਰਦਾਰ ਨੇ ਲਿਆ। ਜਦ ਉਮਰ ਛੁਪ ਕੇ ਮਦੀਨੇ ਗਿਆ ਤਾਂ ਇਨ੍ਹਾਂ ਨੂੰ ਕਿਹਾ ਗਿਆ ਕਿ ਤੇਰੀ ਭੈਣ ਵੀ ਮੋਮਨ ਬਣ ਚੁੱਕੀ ਹੈ, ਪਹਿਲਾਂ ਉਸ ਨੂੰ ਮਾਰ। ਉਮਰ ਆਪਣੀ ਭੈਣ ਦਾ ਕਤਲ ਕਰਨ ਗਿਆ ਪਰ ਭੈਣ ਦੇ ਸਮਝਾਉਣ ਨਾਲ਼ ਉਮਰ ਦਾ ਦਿਮਾਗ਼ ਬਦਲ ਗਿਆ ਤੇ ਇਹ ਖ਼ੁਦ ਮੁਸਲਮਾਨ ਬਣ ਗਿਆ। ਇਸ ਨਾਲ਼ ਮੁਸਲਮਾਨਾਂ ਦੀ ਸ਼ਕਤੀ ਬਹੁਤ ਵਧ ਗਈ, ਜੋ ਨਮਾਜ਼ ਛੁਪ ਕੇ ਪੜ੍ਹਦੇ ਸਨ ਉਹ ਬਾਹਰ ਨਿਕਲ ਕੇ ਪੜ੍ਹਨ ਲੱਗੇ।

ਮੁਹੰਮਦ ਸਾਹਿਬ ਨੇ ਰੂਮ ਦੇ ਈਸਾਈ ਕੈਸਰ, ਈਰਾਨ ਦੇ ਪਾਰਸੀ ਅਤੇ ਐਬੀਸੀਨੀਆ ਦੇ ਬਾਦਸ਼ਾਹ ਨੂੰ ਚਿੱਠੀਆਂ ਲਿਖੀਆਂ ਕਿ ਉਹ ਇਸਲਾਮ ਧਰਮ ਕਬੂਲ ਕਰਨ, ਪਰ ਉਨ੍ਹਾਂ ਨੇ ਇਸ ਦੀ ਗੱਲ ਨਾ ਮੰਨੀ।

(ਨੋਟ: ਅਜਿਹਾ ਖ਼ਿਆਲ ਪੈਗ਼ੰਬਰ ਨੂੰ ਸ਼ੋਭਾ ਨਹੀਂ ਦਿੰਦਾ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਵਿਚਾਰ ਚਰਚਾ ਕਰਨ ਲਈ 40-50 ਹਜ਼ਾਰ ਕਿਲੋ ਮੀਟਰ ਪੈਦਲ ਯਾਤਰਾ ਕੀਤੀ, ਨਾ ਕਿ ਚਿੱਠੀ-ਪੱਤਰ ਨਾਲ਼ ਧਮਕੀ ਦਿੱਤੀ। ਗੁਰਬਾਣੀ ਮੁਤਾਬਕ ਡਰ ਦੇਣਾ ਜਾਂ ਲੈਣਾ ਮਨ੍ਹਾ ਹੈ: ‘‘ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ॥’’ ਮ: ੯/੧੪੨੭)

ਸੰਨ 630 ਈਸਵੀ ’ਚ ਹਜ਼ਰਤ ਜੀ ਨੇ 10, 000 ਮੁਸਲਮਾਨਾਂ ਸਮੇਤ ਮੱਕੇ ਉੱਤੇ ਹਮਲਾ ਕਰ ਦਿੱਤਾ, ਜਿਸ ਵਿੱਚ ਕੁਰੈਸ਼ੀ ਸਰਦਾਰਾਂ ਦਾ ਬਹੁਤ ਨੁਕਸਾਨ ਹੋਇਆ। ਕਾਬੇ ’ਚ ਸਥਿਤ 360 ਮੂਰਤੀਆਂ ਨੂੰ ਤੋੜ ਕੇ ਬਾਹਰ ਕੱਢ ਦਿੱਤਾ ਗਿਆ ਤੇ ਕੰਧਾਂ ਤੋਂ ਦੇਵਤਿਆਂ ਦੀਆਂ ਤਸਵੀਰਾਂ ਖੁਰਚਵਾ ਦਿੱਤੀਆਂ, ਜਿਨ੍ਹਾਂ ਦੀ ਸਦੀਆਂ ਤੋਂ ਪੂਜਾ ਹੁੰਦੀ ਚਲੀ ਆ ਰਹੀ ਸੀ ਅਤੇ ਕਾਬੇ ਦੇ ਮੰਦਿਰ ਦਾ ਨਾਂ ਬਦਲ ਕੇ ਮਸਜਿਦ (ਮਸੀਤ) ਰੱਖ ਦਿੱਤਾ ਗਿਆ।

(ਨੋਟ: (1). ਕਾਬਾ; ਮੱਕੇ ’ਚ ਸਥਿਤ ਇੱਕ ਮੰਦਿਰ ਹੈ ਜਿਸ ਨੂੰ ਹਜ਼ਰਤ ਆਦਮ ਨੇ ਬਣਾਇਆ, ਜੋ ਨੂਹ ਦੇ ਤੁਫ਼ਾਨ ’ਚ ਢਹਿ ਗਿਆ ਤੇ ਮੁੜ ਉਸਾਰੀ ਪੈਗ਼ੰਬਰ ਇਬਰਾਹੀਮ ਨੇ ਕਰਵਾਈ। ਇਸ ਦੀ ਇਮਾਰਤ ਨੂੰ ਮੁਹੰਮਦ ਸਾਹਿਬ ਸਮੇਤ ਕਈ ਕੁਰੈਸ਼ੀ ਸਰਦਾਰਾਂ ਨੇ ਮਿਲ ਕੇ ਸੰਨ 605 ਈਸਵੀ ’ਚ ਉੱਚਾ ਚੁੱਕਿਆ।

(2). ਆਰੀਅਨ ਲੋਕ ਮੂਰਤੀ ਪੂਜਕ ਸਨ ਜਿਨ੍ਹਾਂ ਦਾ ਪ੍ਰਭਾਵ ਇਬਰਾਨੀਆਂ ਉੱਤੇ ਵੀ ਪਿਆ। ਇਸ ਸੋਚ ਤੋਂ ਮੁਕਤੀ ਪਾਉਣ ਲਈ ਹਜ਼ਰਤ ਮੂਸਾ, ਹਜ਼ਰਤ ਈਸਾ ਤੇ ਹਜ਼ਰਤ ਮੁਹੰਮਦ ਸਾਹਿਬ ਨੇ ਸੰਘਰਸ਼ ਕੀਤਾ ਪਰ ਵਧੇਰੇ ਸਫਲਤਾ ਮੁਹੰਮਦ ਸਾਹਿਬ ਨੂੰ ਮਿਲੀ। ਆਰੀਅਨ ਲੋਕ; ਜੈਨੀ, ਬੋਧੀ, ਰਵੀਦਾਸੀਏ, ਕਬੀਰ ਪੰਥੀਏ, ਸਿੱਖਾਂ ਆਦਿ ਨੂੰ ਵੀ ਮੂਰਤੀ ਪੂਜਕ ਜਾਂ ਤਸਵੀਰ ਪੂਜਕ ਬਣਾਉਣਾ ਚਾਹੁੰਦੇ ਹਨ, ਜਿਸ ਵਿੱਚ ਉਨ੍ਹਾਂ ਨੂੰ ਸਫਲਤਾ ਵੀ ਮਿਲ ਰਹੀ ਹੈ ਬੇਸ਼ੱਕ ਇਨ੍ਹਾਂ ਸਭ ਦਾ ਸਿਧਾਂਤ ਇਹ ਇਜਾਜ਼ਤ ਨਹੀਂ ਦੇਂਦਾ। ਮੁਹੰਮਦ ਸਾਹਿਬ ਦਾ ਉਕਤ ਕਦਮ ਸਲਾਹੁਣਯੋਗ ਹੈ।)

ਜਦ ਹਜ਼ਰਤ ਮੁਹੰਮਦ ਸਾਹਿਬ ਦੀ ਉਮਰ 50 ਸਾਲ ਹੋਈ ਤਾਂ ਬੇਗਮ ਖ਼ਦੀਜਾ ਦਾ ਦੇਹਾਂਤ ਹੋ ਗਿਆ। ਇਨ੍ਹਾਂ ਦੂਸਰੀ ਸ਼ਾਦੀ ‘ਸੋਦਾਹ’ (ਵਿਧਵਾ) ਨਾਲ਼ ਕੀਤੀ। ਤੀਜੀ ਸ਼ਾਦੀ ਅਬੂਬਕਰ ਦੀ 11 ਸਾਲ ਦੀ ਬੇਟੀ ਆਇਸ਼ਾ ਨਾਲ਼ ਕੀਤੀ, ਜੋ ਹਜ਼ਰਤ ਸਾਹਿਬ ਦੀ ਮੌਤ ਸਮੇਂ 23 ਸਾਲ ਦੀ ਸੀ, ਉਪਰੰਤ 44 ਸਾਲ ਹੋਰ ਜੀਵਤ ਰਹੀ। ਮੁਸਲਮਾਨਾਂ ’ਚ ਇਹ ‘ਅੰਮੁਲ ਮੋਮਨੀਨ’ (ਭਾਵ ਵਿਸ਼ਵਾਸੀਆਂ ਦੀ ਮਾਂ) ਕਰਕੇ ਪ੍ਰਸਿੱਧ ਹੈ। ਹਜ਼ਰਤ ਸਾਹਿਬ ਜੀ ਦੀ ਇੱਕ ਸ਼ਾਦੀ ਜ਼ੈਦ ਮੁਹੰਮਦ ਦੀ ਤਲਾਕ ਹੋਈ ਔਰਤ ਬੀਬੀ ‘ਜੈਕਬ’ ਨਾਲ਼ ਹੋਈ। ਮੁਹੰਮਦ ਸਾਹਿਬ ਦੀਆਂ ਕੁਲ 11 ਸ਼ਾਦੀਆਂ ਤੇ ਦੋ ਦਾਸੀਆਂ ਸਨ। ਬੇਗਮਾਂ ’ਚ 9 ਵਿਧਵਾ, ਇੱਕ ਕੁਆਰੀ ਤੇ ਇੱਕ ਤਲਾਕੀ ਹੋਈ ਹੈ। ਹਜ਼ਰਤ ਜੀ ਦੇ 7 ਬੱਚੇ ਸਨ, ਜਿਨ੍ਹਾਂ ’ਚੋਂ 5 ਛੋਟੀ ਉਮਰ ਵਿੱਚ ਹੀ ਮਰ ਚੁੱਕੇ ਸਨ। 8 ਜੂਨ 632 ਈਸਵੀ ਨੂੰ ਹਜ਼ਰਤ ਮੁਹੰਮਦ ਸਾਹਿਬ ਜੀ ਦਾ ਨਮੂਨੀਏ ਕਾਰਨ ਦੇਹਾਂਤ ਹੋ ਗਿਆ, ਤਦ ਉਨ੍ਹਾਂ ਦੀ ਉਮਰ 63 ਵਰ੍ਹੇ ਸੀ।

ਮੁਸਲਿਮ ਵਿਸ਼ਵਾਸ ਹੈ ਕਿ ਸਾਰਾ ਕੁਰਾਨ ‘ਲੋਹੰਲਮਹਫ਼ੂਜ਼’ (ਖ਼ੁਦਾ ਦੀ ਸੁਰੱਖਿਅਤ ਤਖ਼ਤੀ, ਜਿਸ ਉੱਤੇ ਜੀਵਾਂ ਦੇ ਸ਼ੁਭ-ਅਸ਼ੁਭ ਕਰਮ ਲਿਖੇ ਰਹਿੰਦੇ ਹਨ, ਅਜਿਹੀ ਤਖ਼ਤੀ ਉੱਤੇ ਲਿਖ ਕੇ ਹੀ ਖ਼ੁਦਾ ਨੇ ਹਜ਼ਰਤ ਮੂਸਾ ਜੀ ਨੂੰ 10 ਸੰਦੇਸ਼ ਦਿੱਤੇ ਸਨ) ਤਖ਼ਤੀ ਤੋਂ ਇੱਕ ਰਾਤ ’ਚ ਦੁਨੀਆ ਦੇ ਆਸਮਾਨ ਉੱਤੇ ਲਿਆਂਦਾ ਗਿਆ, ਜਿੱਥੋਂ ਥੋੜ੍ਹਾ ਥੋੜ੍ਹਾ ਕਰਕੇ 23 ਸਾਲ (ਸੰਨ 610 ਤੋਂ 632 ਤੱਕ ਭਾਵ ਹਜ਼ਰਤ ਦੀ ਉਮਰ 40 ਤੋਂ 62 ਮ੍ਰਿਤੂ ਸੰਨ ਤੱਕ) ’ਚ ਹਜ਼ਰਤ ਮੁਹੰਮਦ ਸਾਹਿਬ ਉੱਤੇ (ਕਦੇ ਫ਼ਰਿਸ਼ਤੇ ਰਾਹੀਂ, ਕਦੇ ਸੁਫਨਿਆਂ ’ਚ ਤੇ ਕਦੇ ਖ਼ੁਦਾ ਵੱਲੋਂ ਸਿੱਧੀਆਂ ਆਵਾਜਾਂ ਰਾਹੀਂ) ਉਤਰਿਆ (ਨਜ਼ਲ ਹੋਇਆ)। ਗੁਰਬਾਣੀ ਸੁਫਨੇ ’ਤੇ ਵਿਸ਼ਵਾਸ ਨਾ ਕਰਨ ਲਈ ਕਹਿੰਦੀ ਹੈ: ‘‘ਨਾਨਕ ! ਹਰਿ ਗੁਨ ਗਾਇ ਲੈ; ਸਭ ਸੁਫਨ ਸਮਾਨਉ ॥’’ (ਮ: ੯/੭੨੭) ਭਾਵ ਸਮਾਜਿਕ ਜੀਵਨ ਸੁਫਨੇ ਵਾਙ ਸੱਚ ਨਹੀਂ, ਇਸ ਲਈ ਹਰੀ ਦੇ ਗੁਣ ਗਾ, ਜੋ ਸੱਚ ਹੈ।

ਮੁਕਤੀ ਬਾਰੇ ਮੁਹੰਮਦ ਸਾਹਿਬ ਦੇ ਬਚਨ ਹਨ ਕਿ ‘ਭੁਲਾਂ ’ਤੇ ਰੋਵੋ, ਜ਼ਬਾਨ ਨੂੰ ਕਾਬੂ ਰੱਖੋ, ਇਕੱਲਿਆਂ ਨਾਲੋਂ ਸੰਗਤ ਚੰਗੀ ਪਰ ਬੁਰੀ ਸੰਗਤ ਨਾਲ਼ੋਂ ਇਕੱਲਾ ਚੰਗਾ, ਚੁੱਪ ਰਹਿਣ ਨਾਲੋਂ ਮਿੱਠੇ ਬਚਨ ਬੋਲਣੇ ਚੰਗੇ ਪਰ ਭੈੜੇ ਬਚਨਾਂ ਨਾਲੋਂ ਚੁੱਪ ਰਹਿਣਾ ਚੰਗਾ, ਗੁੱਸੇ ’ਤੇ ਕਾਬੂ ਰੱਖਣਾ, ਲਾਲਚ ਤੇ ਕੰਜੂਸੀ ਨਹੀਂ ਕਰਨੀ, ਸਹਾਇਤਾ ਲਈ ਧੰਨਵਾਦੀ ਹੋਵੋ ਤੇ ਰੱਬ ਦਾ ਸ਼ੁਕਰ ਕਰੋ, ਛੋਟਿਆਂ ਨਾਲ਼ ਪਿਆਰ ਤੇ ਵੱਡਿਆਂ ਦਾ ਸਤਿਕਾਰ ਕਰੋ, ਕਿਸੇ ਦੇ ਘਰ ਅੰਦਰ ਜਾਣ ਤੋਂ ਪਹਿਲਾਂ ਬੂਹਾ ਖੜਕਾਓ, ਕਿਸੇ ਦੀ ਚਿੱਠੀ ਉਸ ਦੀ ਮਰਜ਼ੀ ਬਗ਼ੈਰ ਨਾ ਖੋਲ੍ਹੋ’ ਆਦਿ।

ਉਕਤ ਵਿਸਥਾਰ ਲਿਖਣ ਦਾ ਮਤਲਬ ਉਸ ਅੰਦਰੂਨੀ ਸ਼ਕਤੀ ਬਾਰੇ ਦਿੱਤੀ ਗਈ ਨਸੀਹਤ ਨੂੰ ਬਾਰੀਕੀ ਨਾਲ ਵਿਚਾਰਨਾ ਹੈ ਜਿਸ ਨਾਲ਼ ਮਨੁੱਖ ਨੇ ‘ਨਿੱਜ ਵਿਕਾਰਾਂ, ਪਰਿਵਾਰਿਕ ਜ਼ਿੰਮੇਵਾਰੀਆਂ, ਸਮਾਜਿਕ ਊਣਤਾਈਆਂ’ ਆਦਿ ਨਾਲ਼ ਸੰਘਰਸ਼ ਕਰਕੇ ਜਿੱਤ ਪ੍ਰਾਪਤ ਕਰਨੀ ਹੈ ਤਾਂ ਜੋ ਮਨੁੱਖਾ ਸਫ਼ਰ ਸੁਖਦਾਈ ਤੇ ਅੰਤ ਸੁਹੇਲਾ ਹੋਵੇ।

ਹਜ਼ਰਤ ਮੂਸਾ ਜੀ ਨੇ ਸਮਾਜਿਕ ਸੰਘਰਸ਼ ਕਰਦਿਆਂ ਜੋ ਕੱਟੜਤਾ ਗ੍ਰਹਿਣ ਕਰ ਲਈ ਸੀ ਈਸਾ ਮਸੀਹ ਨੇ ਉਸ ਨੂੰ ਸ਼ਾਂਤੀ ’ਚ ਤਬਦੀਲ ਕਰਨ ਦਾ ਯਤਨ ਕੀਤਾ ਪਰ ਕੁਰੈਸ਼ੀ ਕਬੀਲਿਆਂ ਨਾਲ਼ ਸੰਘਰਸ਼ ਕਰਦਿਆਂ ਹਜ਼ਰਤ ਮੁਹੰਮਦ ਸਾਹਿਬ ਸਮੇਂ ਮੁੜ ਫਿਰ ਕੱਟੜਤਾ ਦੇ ਦਰਸ਼ਨ ਹੋਣ ਲੱਗੇ। ਇਸ ਲਈ ਗੁਰੂ ਅਰਜਨ ਸਾਹਿਬ ਜੀ ਨੇ ‘‘ਮੁਸਲਮਾਣੁ ਮੋਮ ਦਿਲਿ ਹੋਵੈ ॥’’ (ਮ: ੫/੧੦੮੪) ਬਚਨ ਉਚਾਰਨ ਕੀਤੇ।

‘ਸੁੰਨੀਆਂ’ (ਸੁੰਨਤ ਦੇ ਹਮਾਇਤੀਆਂ) ਵੱਲੋਂ ਹਜ਼ਰਤ ਸਾਹਿਬ ਦੇ ਦਾਮਾਦ ‘ਅਲੀ’ ਨੂੰ ‘ਰਾਫ਼ਜ਼ੀ’ (ਭਾਵ ਝੂਠਾ) ਕਹਿਣਾ ਵੀ ਕੱਟੜਤਾਈ ਸੀ। ‘ਗੁਰੂ-ਸੰਗਤ’ ਬਾਰੇ ਵੀ ਇਹ ‘ਰਾਫ਼ਜ਼ੀ’ (ਭਾਵ ਝੂਠ ਦੀ ਦੁਕਾਨ) ਸ਼ਬਦ; ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕਰਨ ਵਾਲ਼ੇ ‘ਸੁੰਨੀ’ ਬਾਦਸ਼ਾਹ ਜਹਾਂਗੀਰ ਨੇ ਵਰਤੇ ਸਨ।

ਆਰੀਅਨ ਲੋਕ ਆਕਾਰ ਪੂਜਕ ਹੋਣ ਕਾਰਨ ਇੱਕ ਗੁਰੂ ਤੇ ਇੱਕ ਰੱਬ ਉੱਤੇ ਏਕਤਾ (ਵਿਸ਼ਵਾਸ) ਕਾਇਮ ਨਾ ਕਰ ਸਕੇ, ਜਿਸ ਕਾਰਨ ਭਗਤ ਨਾਮਦੇਵ ਜੀ ਨੇ ਇਨ੍ਹਾਂ ਲਈ ਅੰਨ੍ਹਾ ਸ਼ਬਦ ਵਰਤਿਆ ਪਰ ਇਬਰਾਨੀਆਂ (ਤੁਰਕਾਂ) ਦਾ ਪੈਗ਼ੰਬਰ ਬਾਰੇ ਪੂਰਨ ਯਕੀਨ (ਭਾਵ ਇੱਕ ਅੱਖ ਤੋਂ ਸੁਜਾਖੇ) ਪਰ ਖ਼ੁਦਾ ਨੂੰ ਸਰਬ ਵਿਆਪਕ ਨਾ ਸਵੀਕਾਰਨਾ, ਪੂਰਨ ਸੁਜਾਖੇ (ਗਿਆਨਵਾਨ) ਦੇ ਮੁਕਾਬਲੇ ਇੱਕ ਅੱਖੋਂ ਕਾਣੇਪਣ ਦਾ ਪ੍ਰਤੀਕ ਹੈ: ‘‘ਹਿੰਦੂ ਅੰਨ੍ਹਾ, ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ ॥ (ਕਿਉਂਕਿ) ਹਿੰਦੂ ਪੂਜੈ ਦੇਹੁਰਾ (ਮੰਦਿਰ), ਮੁਸਲਮਾਣੁ ਮਸੀਤਿ ॥ (ਪਰ) ਨਾਮੇ ਸੋਈ ਸੇਵਿਆ, ਜਹ (ਜਿੱਥੇ) ਦੇਹੁਰਾ ਨ ਮਸੀਤਿ ॥’’ (ਭਗਤ ਨਾਮਦੇਵ/੮੭੫)

ਉਕਤ ਕੀਤੀ ਗਈ ਤਮਾਮ ਵਿਚਾਰ ਦਾ ਤੱਤ ਸਾਰ ਹੈ ਕਿ ਅਨੇਕਾਂ ਮੱਤਾਂ ਨੇ ‘ਧਰਮ’ ਦੀ ਵਿਆਖਿਆ ਕਰਦਿਆਂ ਮਨੁੱਖਤਾ ਨੂੰ ਬੁਰੇ ਕਰਮਾਂ ਤੋਂ ਸੰਕੋਚ ਕਰਨ ਦੀ ਸਲਾਹ ਦਿੱਤੀ ਪਰ ‘ਗੁਰੂ ਗ੍ਰੰਥ ਸਾਹਿਬ’ ਜੀ ਨੇ ਬੁਰੇ ਕਰਮਾਂ ਦਾ ਫਲ਼ ਵੀ ਸਾਮ੍ਹਣੇ ਰੱਖਿਆ ਤਾਂ ਜੋ ਮਨੁੱਖਤਾ ਨੂੰ ਕਮਜ਼ੋਰੀਆਂ ਦਾ ਅਹਿਸਾਸ ਕਰਵਾਇਆ ਜਾ ਸਕੇ; ਜਿਵੇਂ ਸ਼ਰਾਬ ਨੂੰ ਵਰਜਿਤ ਕਰਨ ਬਾਰੇ ਕਿਹਾ: ‘‘ਜਿਤੁ ਪੀਤੈ, ਮਤਿ ਦੂਰਿ ਹੋਇ; ਬਰਲੁ ਪਵੈ ਵਿਚਿ ਆਇ ॥ ਆਪਣਾ ਪਰਾਇਆ ਨ ਪਛਾਣਈ; ਖਸਮਹੁ ਧਕੇ ਖਾਇ ॥ ਜਿਤੁ ਪੀਤੈ ਖਸਮੁ ਵਿਸਰੈ; ਦਰਗਹ ਮਿਲੈ ਸਜਾਇ ॥ ਝੂਠਾ ਮਦੁ (ਸ਼ਰਾਬ) ਮੂਲਿ (ਬਿਲਕੁਲ) ਨ ਪੀਚਈ, ਜੇ ਕਾ ਪਾਰਿ ਵਸਾਇ (ਭਾਵ ਅਗਰ ਕੁਝ ਪਾਰ ਪਾਉਣਾ ਜਾਂ ਲੰਘਣਾ ਹੈ) ॥’’ (ਮ: ੩/੫੫੪) ਇਸੇ ਤਰ੍ਹਾਂ ਕਾਮਾਦਿਕ ਵਿਕਾਰਾਂ ਦੇ ਫਲ਼ ਦਾ ਜ਼ਿਕਰ ਹੈ: ‘‘ਲਬੁ ਕੁਤਾ, ਕੂੜੁ ਚੂਹੜਾ; ਠਗਿ ਖਾਧਾ ਮੁਰਦਾਰੁ ॥’’ (ਮ: ੧/੧੫) ਭਾਵ ਲਾਲਚ ਕੁੱਤੇ ਵਾਙ ਹੁੰਦਾ ਹੈ, ਜੋ ਨਿੱਜ ਸੁਆਰਥ ਤੋਂ ਉੱਪਰ ਨਹੀਂ ਉੱਠਣ ਦੇਂਦਾ, ਝੂਠ ਸਮਾਜਿਕ ਸਤਿਕਾਰ ਨੂੰ ਘਟਾਉਂਦਾ ਹੈ, ਠੱਗੀ ਮਾਰ ਕੇ ਖਾਣਾ ਸਰੀਰ ਅੰਦਰ ਲੋਥ (ਲਾਸ਼) ਵਰਗੀ ਬਦਬੂ ਮਾਰਦਾ ਹੈ। ਨੀਵੀਂ ਸੋਚ ਨੂੰ ਉੱਪਰ ਚੁੱਕਣ ਦਾ ਕੇਵਲ ਇੱਕ ਹੀ ਤਰੀਕਾ ਹੈ ਕਿ ਮਨੁੱਖ ਰੱਬ ਨੂੰ ਸਰਬ ਵਿਆਪਕ ਸਵੀਕਾਰਦਾ ਹੋਇਆ ਸਮਾਜ ਨੂੰ ਆਪਣਾ ਪਰਿਵਾਰ ਸਮਝੇ ਤੇ ਪੁਕਾਰ ਕਰੇ: ‘‘ਤੂੰ ਮੇਰਾ ਪਿਤਾ; ਤੂੰ ਹੈ ਮੇਰਾ ਮਾਤਾ ॥ ਤੂੰ ਮੇਰਾ ਬੰਧਪੁ; ਤੂੰ ਮੇਰਾ ਭ੍ਰਾਤਾ ॥ ਤੂੰ ਮੇਰਾ ਰਾਖਾ, ਸਭਨੀ ਥਾਈ; ਤਾ ਭਉ (ਡਰ ਤੇ) ਕੇਹਾ ਕਾੜਾ (ਕਿਹੜੀ ਚਿੰਤਾ) ਜੀਉ  ?॥’’ (ਮ: ੫/੧੦੩)

ਸਮੂਹਿਕ ਮਾਨਵਤਾ ਦੀ ਰੂਹਾਨੀਅਤ ਖ਼ੁਰਾਕ ਦੇ ਸ੍ਰੋਤ ‘ਗੁਰੂ ਗ੍ਰੰਥ ਸਾਹਿਬ’ ਜੀ ਦੇ ਪਹਿਲੇ ਪ੍ਰਕਾਸ਼ ਪੁਰਬ (1 ਸਤੰਬਰ) ’ਤੇ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ, ਜੀ।


28/08/16)
ਸੁਖਵਿੰਦਰ ਕੌਰ ‘ਹਰਿਆਓ’

(ਮਿੰਨੀ ਕਹਾਣੀ)
ਆਜ਼ਾਦੀ ਦਿਹਾੜਾ
“ਮਾਂ ਛੇਤੀ ਕਰ……ਮੇਰੇ ਕੱਪੜੇ ਪ੍ਰੈਸ ਕਰਕੇ ਬੈਗ `ਚ ਪਾ ਦੇ। ਗੱਡੀ ਦਾ ਟਾਇਮ ਹੋਣ ਵਾਲਾ”, ਰਮੇਸ਼ ਨੇ ਕਾਹਲੀ-ਕਾਹਲੀ ਬੂਟ ਪਾਉਂਦਿਆ ਮਾਂ ਨੂੰ ਕਿਹਾ।
“ਕਿੱਥੇ ਜਾ ਰਿਹਾ ਤੂੰ”, ਰਮੇਸ਼ ਦੀ ਮਾਂ ਨੇ ਪੁੱਛਿਆ।
“ਤੇਰੀ ਆ ਟੋਕਨ ਵਾਲੀ ਆਦਤ ਨਾ ਗਈ। ਦਿੱਲੀ ਜਾ ਰਿਹਾ ਹਾਂ”, ਰਮੇਸ਼ ਨੇ ਮੱਥੇ `ਤੇ ਤਿਉੜੀਆਂ ਪਾਉਂਦਿਆਂ ਕਿਹਾ।
“ਪੁੱਤ ਫਿਰ ਮੈਂ ਵੀ ਤੇਰੇ ਨਾਲ ਚੱਲਦੀ ਹਾਂ। ਹੋਰ ਤਾਂ ਕਦੀ ਕੁੱਝ ਨਹੀਂ ਵੇਖਿਆ ਇਸ ਦੁਨੀਆ `ਤੇ, ਘਰ `ਚ ਔਲਾਦ ਤੋਂ ਬਿਨਾਂ। ਅੱਜ ਤੂੰ ਹੀ ਦਿੱਲੀ ਵਿਖਾ ਦੇ”, ਮਾਂ ਨੇ ਖੁਸ਼ੀ-ਖੁਸ਼ੀ ਕਿਹਾ।
“ਲੈ ਤੂੰ ਦੱਸ ਉੱਥੇ ਕੀ ਕਰਨਾ, ਤੇਰਾ ਕੀ ਕੰਮ ਏ? ਚੁੱਪ ਕਰਕੇ ਘਰੇ ਬੈਠੀ ਰਹਿ। ਮੈਂ ਉੱਥੇ ਆਜ਼ਾਦੀ ਦਿਵਸ `ਚ ਸ਼ਾਮਿਲ ਹੋਣ ਜਾ ਰਿਹਾ ਹਾਂ। ਆਜ਼ਾਦੀ ਮਨਾਵਾਂਗੇ”, ਰਮੇਸ਼ ਬੋਲਿਆ।
“ਉੱਥੇ ਹੋਰ ਕੀ ਹੁੰਦਾ ਏ ਇਹ ਤਾਂ ਦੱਸ ਦੇ”, ਮਾਂ ਰਮੇਸ਼ ਨੂੰ ਪੁੱਛਣ ਲੱਗੀ।
“ਉੱਥੈ ਆਜ਼ਾਦੀ ਦਾ ਦਿਹਾੜਾ ਬੜੀ ਧੁਮ-ਧਾਮ ਨਾਲਮਨਾਇਆ ਜਾਂਦਾ ਹੈ। ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾਂਦਾ ਏ। ਜਿਨ੍ਹਾਂ ਨੇ ਸਾਡੇ ਖਾਤਿਰ ਜਾਨਾਂ ਵਾਰ ਕੇ ਆਜ਼ਾਦੀ ਲਿਆਂਦੀ ਏ”, ਰਮੇਸ਼ ਨੇ ਬੈਗ ਚੁਕਦਿਆਂ ਕਿਹਾ।
“ਫਿਰ ਤਾਂ ਇਹੋ ਜਿਹੀ ਆਜ਼ਾਦੀ ਦਿਵਸ ਤੋਂ ਮੈਂ ਘਰੇ ਹੀ ਚੰਗੀ ਆਂ। ਮੈਨੂੰ ਪਾਖੰਡ ਦੀ ਲੋੜ ਨਹੀਂ। ਮਾਂ ਨੂੰ ਘਰੇ ਰਹਿਣ ਦਾ ਹੁਕਮ ਦੇ ਕੇ ਸਵਾਹ ਆਜ਼ਾਦੀ ਮਨਾਏਗਾ। ਜਿਨ੍ਹਾਂ ਨੂੰ ਮਾਪਿਆਂ ਦੀ ਕੁਰਬਾਨੀ ਯਾਦ ਨਹੀਂ, ਉਹ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਕਿਵੇਂ ਯਾਦ ਰੱਖੋਗੇ। ਸਾਹਮਣੇ ਰਹਿੰਦੀ ਮਾਂ ਦੇ ਹੰਝੂ ਨਹੀਂ ਵਿਖਦੇ, ਬੱਚਿਆਂ ਖਾਤਿਰ ਗਵਾਇਆ ਆਪਣਾ ਆਪ ਨਹੀਂ ਵਿਖਦਾ। ਉਹ ਵਰ੍ਹਿਆਂ ਪਹਿਲਾਂ ਬੇਗਾਨੀ ਮਾਂ ਦੇ ਪੁੱਤਰਾਂ ਦੀ ਕੁਰਬਾਨੀ ਦਾ ਕੀ ਮੁੱਲ ਪਾਉਂਗੇ। ਲਾਹਨਤ ਹੋ ਅਜਿਹੇ ਆਜ਼ਾਦੀ ਦਿਹਾੜੇ `ਤੇ”, ਕਹਿ ਕੇ ਰਮੇਸ਼ ਦੀ ਮਾਂ ਰਸੋਈ ਵੱਲੋਂ ਤੁਰ ਗਈ। ਰਮੇਸ਼ ਤੋਂ ਅੱਗੇ ਪੈਰ ਨਹੀਂ ਪੁੱਟਿਆ ਗਿਆ। ਉਸ ਨੇ ਬੈਗ ਉੱਥੇ ਹੀ ਰੱਖ ਦਿੱਤਾ।
- ਸੁਖਵਿੰਦਰ ਕੌਰ ‘ਹਰਿਆਓ’
ਸਕੱਤਰ ਮਾਲਵਾ ਲਿਖਾਰੀ ਸਭਾ, ਸੰਗਰੂਰ
[email protected]


21/08/16)
ਮਹਿੰਦਰ ਸਿੰਘ ਜੋਸ਼ ਦੀ ਕਿਤਾਬ ‘ਰੱਬ ਨੂੰ ਬਿਪਤਾ’

(13) ਅਰਜਨ, ਬੌਧ ਅਤੇ ਨਿਹਕਲੰਕੀ ਅਵਤਾਰ (22ਵੇਂ ਤੋਂ 24ਵਾਂ ਅਵਤਾਰ)

22 ਅਰਜਨ ਅਵਤਾਰ (ਨਰ ਅਵਤਾਰ) (ਪੰਨਾ 570 ਤੋਂ 571)

ਪਿੱਛੇ ਪੰਨਾ 561 ਤੇ ਆ ਚੁੱਕੀ ਤੀਜੀ ਅਵਤਾਰ ਕਥਾ ਦੇ ਅਵਤਾਰ ਦਾ ਨਾਮ ਵੀ ਨਰ ਸੀ। ਪੰਨਾ 570 ਤੇ ਆਏ ਅਵਤਾਰ ਦਾ ਨਾਮ ਵੀ ਨਰ ਅਵਤਾਰ ਹੈ। ਪਹਿਲਾ ਨਰ ਅਵਤਾਰ ਇਸ ਨਰ ਅਵਤਾਰ ਤੋਂ ਬਿਲਕੁਲ ਵਖਰਾ ਹੋਇਆ ਹੈ। ਦੂਜੇ ਨਰ ਅਵਤਾਰ ਨੂੰ ਪੁਸਤਕ ਦੇ 22ਵੇਂ ਅਵਤਾਰ ਵਿੱਚ ਅਰਜਨ ਨਾਮ ਨਾਲ ਲਿਖਿਆ ਗਿਆ ਹੈ। ਅਰਜਨ ਨੂੰ ਕਿਸੇ ਵੀ ਦੂਜੀ ਪੁਰਾਣਕ ਪੁਸਤਕ ਵਿੱਚ ਵਿਸ਼ਨੂੰ ਦੇ ਅਵਤਾਰ ਦੇ ਤੌਰ ਤੇ ਨਹੀਂ ਬਿਆਨ ਕੀਤਾ ਗਿਆ। ਇਸ ਸਾਕਤੀ ਪੁਸਤਕ ਮਾਤਰ ਵਿੱਚ ਹੀ ਇਹ ਅਵਤਾਰ ਰੂਪ ਵਿੱਚ ਪੇਸ਼ ਹੋਇਆ ਹੈ।

ਇਸ ਅਵਤਾਰ ਦੀ ਪੈਦਾਇਸ਼ ਵੀ ਕੁੱਝ ਨਾਜਾਇਜ਼ ਕਿਸਮ ਦੀ ਹੈ ਕਿਉਂਕਿ ਇਹ ਪਾਂਡੂ ਦੀ ਪਤਨੀ ਕੁੰਤੀ ਦਾ ਦੇਵ–ਰਾਜ ਇੰਦ੍ਰ ਨਾਲ ਸਰੀਰਕ ਸਬੰਧ ਬਣ ਜਾਣ ਨਾਲ ਪੈਦਾ ਹੋਇਆ ਸੀ। ਇਸ ਨੇ ਕੌਰਵਾਂ ਨੂੰ ਸੋਧਿਆ ਅਤੇ ਦੁਰਯੋਧਨ ਨੂੰ ਮਾਰਿਆ ਸੀ। ਇਸ ਨੇ ਅਵਤਾਰ ਅਖਵਾਉਣ ਵਾਲੀ ਦੂਜੀ ਹਸਤੀ, ਰੁਦ੍ਰ ਨਾਲ ਜੁੱਧ ਕੀਤਾ ਤੇ ਫੇਰ ਇਸਨੇ ਉਸੇ ਰੁਦ੍ਰ ਤੋਂ ਵਰ ਵੀ ਪ੍ਰਾਪਤ ਕੀਤਾ ਸੀ।

ਅਸਲ ਵਿੱਚ ਅਰਜਨ ਨੂੰ ਨਾ ਤਾਂ ਹੋਰ ਕਿਸੇ ਪੁਰਾਣ ਨੇ ਤੇ ਨਾ ਅਰਜਨ ਨੇ ਖ਼ੁੱਦ ਹੀ ਆਪਣੇ ਆਪ ਨੂੰ ਕਦੇ ਅਵਤਾਰ ਕਿਹਾ ਜਾਂ ਮੰਨਿਆ ਹੈ। ਉਂਝ, ਜਿਥੇ ਅੱਗੇ ਹੀ ਪੰਜ ਛੇ ਦਰਜਨ ਦੇ ਲਗਪਗ ਅਵਤਾਰ ਹਨ ਉਥੇ ਸ਼੍ਯਾਮ ਕਵੀ ਨੇ ਇਸਨੂੰ ਵੀ ਅਵਤਾਰ ਹੋਣ ਦਾ ਇਹ ਮਾਣ ਦੇ ਕੇ ਵਾਹ–ਵਾਹ ਦੁਬਿਧਾ ਪੈਦਾ ਕਰ ਦਿੱਤੀ ਹੈ।

23. ਬੌਧ ਅਵਤਾਰ (ਪੰਨਾ 571)

ਕੁਲ ਤਿੰਨ ਬੰਦਾਂ ਵਿੱਚ ਕਵੀ ਸ਼੍ਯਾਮ ਨੇ ਇਸ ਅਵਤਾਰ ਦਾ ਫਾਹਾ ਵੱਢ ਦਿੱਤਾ ਹੈ। ਇਸ ਸਾਕਤ ਕਵੀ ਨੇ ਇਸ ਅਵਤਾਰ ਦਾ ਖ਼ੁੱਦ ਹੀ ਚੰਗਾ ਮੌਜੂ ਬਣਾਇਆ ਹੈ। ਉਸਦਾ ਕਹਿਣਾ ਹੈ ਕਿ ਚੂਂਕਿ ਇਸ ਅਵਤਾਰ ਦਾ ਕੋਈ ਨਾਮ, ਥਾਂ ਜਾਂ ਪਿੰਡ ਨਹੀਂ ਇਸ ਕਾਰਨ ਇਸਨੂੰ ਬਊਧ ਜਾਂ ਬੌਧ ਅਵਤਾਰ ਕਿਹਾ ਜਾਂਦਾ ਹੈ। ਉਂਝ, ਇਹ ਕੋਈ ਕੰਮ ਦੀ ਦਲੀਲ ਹੀ ਨਹੀਂ ਪ੍ਰਤੀਤ ਹੁੰਦੀ। ਇਸ ਸਾਕਤ ਕਵੀ ਨੇ ਇਹ ਵੀ ਲਿਖਿਆ ਹੈ ਕਿ ਚੂਂਕਿ ਇਸ ਅਵਤਾਰ ਦਾ ਕੋਈ ਵੀ ਰੂਪ, ਰੇਖ, ਕਰਮ ਜਾਂ ਆਕਾਰ ਨਹੀਂ ਇਸ ਲਈ ਇਹ ਸ਼ਿਲਾ ਰੂਪ ਹੋ ਕੇ ਬਊਧ ਅਵਤਾਰ ਅਖਵਾਇਆ। ਸਪੱਸ਼ਟ ਤੌਰ ਤੇ ਮਹਾਤਮਾ ਬੁੱਧ ਨੂੰ ਵਿਪ੍ਰ–ਵਾਦੀ ਸ਼੍ਯਾਮ ਕਵੀ ਨੇ ਬੜੀ ਅਜੀਬ ਬਿਧੀ ਨਾਲ ਬਹੁਤ ਹੀ ਹੌਲਾ ਕਰਕੇ ਪੇਸ਼ ਕੀਤਾ ਗਿਆ ਹੈ।

ਇਸ ਦੇ ਉੁਲਟ ਅਸਲੀਅਤ ਇਹ ਹੈ ਕਿ ਹੋਰ ਅਨੇਕਾਂ ਅਵਤਾਰਾਂ ਦੇ ਮੁਕਾਬਲੇ ਤੇ ਗੌਤਮ ਬੁੱਧ ਇੱਕ ਇਤਿਹਾਸਕ ਸ਼ਖਸੀਅਤ ਹੋ ਗੁਜ਼ਰੀ ਹੈ ਜਿਸਨੇ ਪੁਰਾਣੇ ਬ੍ਰਾਹਮਣੀ ਮੱਤ ਦੇ ਖਿਲਾਫ਼ ਭਰਵਾਂ ਪ੍ਰਚਾਰ ਕੀਤਾ ਸੀ ਅਤੇ ਜਾਤੀ–ਪਾਤੀ ਦੇ ਵਿਤਕਰਿਆਂ ਅਤੇ ਕਰਮ–ਕਾਂਡਾਂ ਨਾਲ ਭਰੇ ਮਨੂ–ਵਾਦੀਆਂ ਦੇ ਮੱਤ ਨੂੰ ਪੈਰੋਂ ਹਿਲਾ ਕੇ ਰੱਖ ਦਿੱਤਾ ਸੀ।

ਸਮਾਂ ਪਾ ਕੇ ਬ੍ਰਾਹਮਣੀ ਮੱਤ ਵਾਲਿਆਂ ਨੇ ਕਈ ਸਾਜਿਸ਼ਾਂ ਰਚ ਕੇ ਇਸ ਮੱਤ ਦੇ ਪ੍ਰਚਾਰ ਨੂੰ ਪ੍ਰਭਾਵਹੀਣ ਕਰਨ ਲਈ ਇਸ ਮਹਾਨ ਸ਼ਖਸੀਅਤ ਨੂੰ ਵਿਸ਼ਨੂੰ ਜੀ ਦਾ ਅਵਤਾਰ ਐਲਾਨ ਦਿੱਤਾ ਅਤੇ ਇਸ ਦੀਆਂ ਮੂਰਤੀਆਂ ਨੂੰ ਵੀ ਵੱਡੀ ਚਾਲ ਖੇਡਦਿਆਂ ਆਪਣੇ ਮੰਦਰਾਂ ਵਿੱਚ ਰੱਖ ਕੇ ਉਹਨਾਂ ਦੀ ਰਸਮੀ ਪੂਜਾ–ਪ੍ਰਤਿਸ਼ਠਾ ਤਾਂ ਕਰ ਛੱਡੀ ਪਰ ਮਹਾਤਮਾ ਬੁੱਧ ਵਲੋਂ ਪ੍ਰਚਾਰੇ ਤੇ ਦਿੱਤੇ ਗਏ ਇਖ਼ਲਾਕੀ ਸਿਧਾਂਤਾਂ ਬਾਰੇ ਲੋਕਾਂ ਵਿੱਚ ਵੱਡੀ ਪੱਧਰ ਤੇ ਦੁਬਿਧਾ ਤੇ ਦੁਚਿਤੀ ਖਿਲਾਰ ਦਿੱਤੀ। ਬੁੱਧ ਮੱਤ ਦੇ ਸਿਧਾਂਤਾਂ ਦੀ ਉਸੇ ਤਰ੍ਹਾਂ ਦੁਰ–ਵਿਆਖਿਆ (misinterpretation) ਕੀਤੀ ਗਈ ਜਿਸ ਤਰ੍ਹਾਂ ਦੀ ਦੁਰ–ਵਿਆਖਿਆ ਉਹ ਅਜ ਕਲ ਸਿੱਖ ਮੱਤ ਦੇ ਸਿਧਾਂਤਾਂ ਨਾਲ ਕਰ ਰਹੇ ਹਨ।


21/08/16)
ਗਿਆਨੀ ਅਵਤਾਰ ਸਿੰਘ

ਗੁਰਬਾਣੀ ਦਾ ਉਚਾਰਨ ਕਰਦਿਆਂ ਧਿਆਨ ਦੇਣ ਯੋਗ ਅਹਿਮ ਨੁਕਤੇ (ਯੁਕਤੀਆਂ)

ਗਿਆਨੀ ਅਵਤਾਰ ਸਿੰਘ (ਸੰਪਾਦਕ gurparsad.com)-98140-35202

ਗੁਰਬਾਣੀ; ਸਿੱਖ ਦੇ ਜੀਵਨ ਲਈ ਰੂਹਾਨੀਅਤ ਖ਼ੁਰਾਕ ਹੈ, ਜਿਸ ਨਾਲ ਸਰੀਰਕ ਤੇ ਸਮਾਜਿਕ ਕਮਜ਼ੋਰੀਆਂ ਨਾਲ ਸੰਘਰਸ਼ ਕਰਨ ’ਚ ਮਦਦ ਮਿਲਦੀ ਹੈ ਤੇ ਅੰਤ ਮਨੁੱਖ, ਪ੍ਰਮਾਤਮਾ ਦਾ ਸਰੂਪ ਹੋ ਨਿਬੜਦਾ ਹੈ ਪਰ ਇਹ ਸਾਰੀ ਸ਼ਕਤੀ ਗੁਰ ਸ਼ਬਦ ਵਿਚਾਰ ਉੱਤੇ ਕੇਂਦਰਿਤ ਹੈ, ਜਿਸ ਦੀ ਆਰੰਭਤਾ ਗੁਰੂ ਨਾਨਕ ਸਾਹਿਬ ਜੀ ਨੇ ‘‘ਪੜੀਅਹਿ ਜੇਤੇ ਬਰਸ ਬਰਸ; ਪੜੀਅਹਿ ਜੇਤੇ ਮਾਸ ॥.. ਪੜੀਐ ਜੇਤੀ ਆਰਜਾ; ਪੜੀਅਹਿ ਜੇਤੇ ਸਾਸ ॥’’ (ਮ: ੧/੪੬੭) ਰੂਪ ਅਧਾਰਹੀਣ ਵਿਦਿਆ ਦੇ ਮੁਕਾਬਲੇ ‘‘ਪੜਿਐ ਨਾਹੀ; ਭੇਦੁ, ਬੁਝਿਐ ਪਾਵਣਾ ॥’’ (ਮ: ੧/੧੪੮) ਨੂੰ ਮੁੱਖ ਰੱਖਦਿਆਂ ‘‘ਸਭਸੈ ਊਪਰਿ; ਗੁਰ ਸਬਦੁ ਬੀਚਾਰੁ ॥’’ (ਮ: ੧/੯੦੪) ਨੂੰ ਤਰਜੀਹ ਦਿੱਤੀ, ਇਸ ਦੀ ਪੁਸ਼ਟੀ ਗੁਰੂ ਅਮਰਦਾਸ ਜੀ ਨੇ ਵੀ ‘‘ਡਿਠੈ ਮੁਕਤਿ ਨ ਹੋਵਈ; ਜਿਚਰੁ, ਸਬਦਿ ਨ ਕਰੇ ਵੀਚਾਰੁ ॥’’ (ਮ: ੩/੫੯੪) ਆਦਿਕ ਬਚਨਾਂ ਨਾਲ ਕਰ ਦਿੱਤੀ ।

ਕਿਸੇ ਲਿਖਤ (ਕਾਵਿ ਜਾਂ ਵਾਰਤਕ) ਦੇ ਵਿਸ਼ੇ (ਭਾਵਾਰਥ) ਨੂੰ ਸਮਝਣ ਲਈ ਸੰਬੰਧਿਤ ਭਾਸ਼ਾ ਦਾ ਅਰਥ-ਬੋਧ ਖ਼ਾਸ ਅਹਿਮੀਅਤ ਰੱਖਦਾ ਹੈ; ਜਿਵੇ ਕਿ ਗੁਰਬਾਣੀ ’ਚ ਦਰਜ ‘ਨਾਇ’ ਸ਼ਬਦ ਦੇ ਭਿੰਨ ਭਿੰਨ ਅਰਥ ਹਨ:

(1). ‘ਨਾਇ’ ਦਾ ਅਰਥ ਹੈ: ‘ਨਾਮ ਵਿੱਚ’ (ਸੋ ਕਿਉ ਵਿਸਰੈ ? ਮੇਰੀ ਮਾਇ ॥ ਸਾਚਾ ਸਾਹਿਬੁ; ਸਾਚੈ ‘ਨਾਇ’ ॥)

(2). ‘ਨਾਇ’ ਦਾ ਅਰਥ ਹੈ: ‘ਇਸ਼ਨਾਨ’ (ਤੀਰਥਿ ਨਾਵਾ, ਜੇ ਤਿਸੁ ਭਾਵਾ; ਵਿਣੁ ਭਾਣੇ, ਕਿ ‘ਨਾਇ’ ਕਰੀ ?॥)

(3). ‘ਨਾਇ’ ਦਾ ਅਰਥ ਹੈ: ‘ਨਿਯਮ’ (ਸਾਚਾ ਸਾਹਿਬੁ, ਸਾਚੁ ‘ਨਾਇ’; ਭਾਖਿਆ ਭਾਉ ਅਪਾਰੁ ॥) ਆਦਿ।

ਉਕਤ ਤੁਕਾਂ ਦੇ ਭਾਵਾਰਥ ਸਮਝਣ ਲਈ ਸ਼ਬਦਾਂ ਦਾ ਉਚਾਰਨ ਮੁੱਖ ਕੜੀ (ਘੁੰਡੀ) ਹੁੰਦਾ ਹੈ, ਜਿਸ ਨੂੰ ਸ਼ਬਦ-ਵੰਡ ਤੋਂ ਅਲੱਗ ਕਰਕੇ ਵੇਖਣਾ ਆਪਣੇ ਆਪ ਨਾਲ ਬੇਇਨਸਾਫ਼ੀ ਹੋਵੇਗੀ। ਸ਼ਬਦ-ਵੰਡ ਦਾ ਭਾਵ ਕਿਸੇ ਪਦੇ ਨੂੰ ‘ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਤੇ ਵਿਸਮਿਕ’ ਸ਼ਬਦਾਂ ਨੂੰ ਭਿੰਨ-ਭਿੰਨ ਕਰਕੇ ਵਿਚਾਰਨਾ ਹੁੰਦਾ ਹੈ।

ਗੁਰਬਾਣੀ ਲਿਖਤ, ਜੋ ਵਾਰਤਕ ਨਹੀਂ ਬਲਕਿ ਕਾਵਿ ਰੂਪ ਹੈ, ਨੂੰ ਸੰਖੇਪਤਾ ਦੇਣ ਲਈ ਕਾਰਕੀ ਚਿੰਨ੍ਹਾਂ (ਨੇ, ਨੂੰ, ਨਾਲ, ਰਾਹੀਂ, ਦੁਆਰਾ, ਲਈ, ਵਾਸਤੇ, ਤੋਂ, ਦਾ, ਦੇ, ਦੀ, ਕਾ, ਕੇ, ਕੀ, ਵਿੱਚ, ਉੱਤੇ, ਅੱਗੇ, ਹੇਠਾਂ, ਪਿੱਛੇ, ਹੇ, ਏ, ਰੇ, ਓਇ’ ਆਦਿ) ਨੂੰ ਅਲੋਪ (ਅਡਿੱਠ) ਜਾਂ ਨਾ ਮਾਤਰ ਹੀ ਦਰਜ ਕੀਤਾ ਗਿਆ ਹੈ, ਜਿਨ੍ਹਾਂ ਦੀ ਪੂਰਤੀ ਲਗਾਂ (ਸਿਹਾਰੀ, ਔਂਕੜ) ਰਾਹੀਂ ਕੀਤੀ ਗਈ ਹੈ। ਸੋਚੋ, ਕਿ ਜਿਸ ਭਾਸ਼ਾ ਵਿੱਚ ਇਹ ਤਮਾਮ ਕਾਰਕੀ ਚਿੰਨ੍ਹ ਕੇਵਲ ਸਿਹਾਰੀ ਜਾਂ ਔਂਕੜ ’ਚੋਂ ਲਏ ਜਾਣ, ਉਸ ਵਿੱਚ ਸਿਹਾਰੀ ਤੇ ਔਂਕੜ ਦੀ ਮੌਜੂਦਗੀ ਕਿੰਨੀ ਅਹਿਮੀਅਤ ਰੱਖਦੀ ਹੋਵੇਗੀ? ਮੇਰੇ ਇਸ ਵਿਚਾਰ ਦਾ ਮਤਲਬ ਇਹ ਕਦੇ ਨਹੀਂ ਕਿ ਸਿਹਾਰੀ ਤੇ ਔਂਕੜ ਤੋਂ ਇਲਾਵਾ ਇਹ ਕਾਰਕੀ ਚਿੰਨ੍ਹ ਕਿਸੇ ਹੋਰ ਲਗ (ਮੁਕਤਾ, ਕੰਨਾ, ਬਿਹਾਰੀ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ ਤੇ ਕਨੌੜਾ) ਵਿੱਚੋਂ ਪ੍ਰਾਪਤ ਨਹੀਂ ਹੁੰਦੇ ਪਰ ਇਹ ਵੀ ਸਚਾਈ ਹੈ ਕਿ ਉਕਤ ਤਮਾਮ ਚਿੰਨ੍ਹ ਆਮ ਤੌਰ ’ਤੇ ਸਿਹਾਰੀ ਤੇ ਔਂਕੜ ਵਿੱਚੋਂ ਹੀ ਮਿਲਦੇ ਹਨ ਤੇ ਸਿੱਖ ਕੌਮ ’ਚ ਇਨ੍ਹਾਂ ਦੋਵੇਂ (ਸਿਹਾਰੀ ਤੇ ਔਂਕੜ) ਦੇ ਉਚਾਰਨ ਜਾਂ ਨਾ ਉਚਾਰਨ ਬਾਰੇ ਮਤਭੇਦ ਹਨ। ਇਸ ਲਈ ਗੁਰਬਾਣੀ ਸ਼ਬਦ-ਵਿਚਾਰ ਲਈ ਕੀਮਤੀ ਸਮਾਂ ਕੱਢਣ ਵਾਲ਼ੇ ਸੱਜਣਾਂ ਲਈ ਉਕਤ ਵਿਸ਼ੇ ਦੀ ਸਪਸ਼ਟਤਾ ਵਿਸ਼ੇਸ਼ ਸਥਾਨ ਰੱਖਦੀ ਹੈ ਪਰ ਇਹ ਸਪਸ਼ਟਤਾ ਹਰ ਭਾਸ਼ਾ ਵਿੱਚ 99.9% ਹੋ ਸਕਦੀ ਹੈ ਪਰ 100% ਨਹੀਂ ਕਿਉਂਕਿ ਅੱਜ ਆਵਾਜਾਈ ਦੇ ਸਾਧਨਾਂ ਕਾਰਨ ਦੁਨੀਆ ਬਹੁਤ ਛੋਟੀ ਹੋ ਗਈ ਹੈ ਤੇ ਹਰ ਭਾਸ਼ਾ ’ਚ ਬਾਹਰੀ ਭਾਸ਼ਾਵਾਂ ਦੇ ਵਧੇਰੇ ਸ਼ਬਦ ਮਿਸ਼ਰਤ ਹੋ ਚੁੱਕੇ ਹਨ। ਗੁਰਬਾਣੀ, ਜੋ ਭਾਰਤ ਦੀਆਂ ਜ਼ਿਆਦਾਤਰ ਭਾਸ਼ਾਵਾਂ ਦਾ ਕੇਵਲ ਇੱਕ ਗ੍ਰੰਥ ਰੂਪ ’ਚ ਹੀ ਸੰਗ੍ਰਹਿ ਹੈ, ਦੇ ਉਚਾਰਨ ਨੂੰ 99.9% ਸਪਸ਼ਟਤਾ ’ਚ ਰੱਖ ਕੇ ਵਿਚਾਰਨਾ ਵੀ ਅਤਿ ਮੁਸ਼ਕਲ ਹੋਵੇਗਾ, ਜੋ ਕਾਵਿ ਰੂਪ ਵੀ ਹੈ। ਮੈ ਇਹ ਗੱਲ ਪੂਰਨ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਅਗਰ ਗੁਰਬਾਣੀ ਦਾ ਉਚਾਰਨ 95% ਵੀ ਸਪਸ਼ਟ ਹੋ ਜਾਵੇ ਤਾਂ ਭਾਵਾਰਥਾਂ ਨੂੰ ਸਮਝਣਾ 100% ਸਰਲ ਹੋ ਜਾਵੇਗਾ, ਜੋ ਮਨੁੱਖਾ ਜੀਵਨ ਲਈ ਅਤਿ ਵਿਸ਼ੇਸ਼ ਤੇ ਸੰਵੇਦਨਸ਼ੀਲ ਵਿਸ਼ਾ ਹੈ।

ਗੁਰਬਾਣੀ ਦੀ ਲਿਖਤ (ਉਚਾਰਨ) ਨੂੰ ਵਿਚਾਰਨ ਲਈ 10 ਲਗਾਂ ਨੂੰ ਸਮਝਣਾ ‘ਵਿਆਕਰਨ ਨਿਯਮ’ ਅਖਵਾਉਂਦਾ ਹੈ ਜਦਕਿ ਲਗਾਖਰ (ਅੱਧਕ, ਬਿੰਦੀ ਤੇ ਟਿੱਪੀ) ਨੂੰ ਸਮਝਣਾ ਸ਼ੁੱਧ ਉਚਾਰਨ ਦਾ ਭਾਗ ਹੈ, ਇਨ੍ਹਾਂ ਦੋਵੇਂ ਨਿਯਮਾਂ ਲਈ ਸ਼ਬਦ-ਵੰਡ ਅਤਿ ਜ਼ਰੂਰੀ ਹੈ, ਜੋ ਸੰਖੇਪ ’ਚ ਇਸ ਪ੍ਰਕਾਰ ਹੈ:

(1). ਨਾਂਵ- ਉਹ ਸ਼ਬਦ, ਜਿਸ ਦੁਆਰਾ ਕਿਸੇ ਵਿਅਕਤੀ, ਸਥਾਨ ਜਾਂ ਵਸਤੂ ਦਾ ਬੋਧ ਹੁੰਦਾ ਹੋਵੇ, ਨੂੰ ਨਾਂਵ ਕਿਹਾ ਜਾਂਦਾ ਹੈ। ਇਨ੍ਹਾਂ ਦੀ ਵੰਡ ਇੱਕ ਵਚਨ ਤੇ ਬਹੁ ਵਚਨ ਰੂਪ ਤੋਂ ਇਲਾਵਾ ਲਿੰਗ ਅਨੁਪਾਤ ’ਚ ਪੁਲਿੰਗ ਤੇ ਇਸਤ੍ਰੀ ਲਿੰਗ ਕਰਕੇ ਕੀਤੀ ਜਾਂਦੀ ਹੈ। ਗੁਰਬਾਣੀ ਲਿਖਤ ਅਨੁਸਾਰ ਬਹੁ ਵਚਨ ਨਾਂਵ ਤੇ ਤਮਾਮ ਇਸਤ੍ਰੀ ਲਿੰਗ ਸ਼ਬਦ (ਅਜੋਕੀ ਪੰਜਾਬੀ ਵਾਙ) ਅੰਤ ਮੁਕਤੇ ਹੁੰਦੇ ਹਨ, ਸਿਵਾਏ ਉਨ੍ਹਾਂ ਸ਼ਬਦਾਂ ਦੇ, ਜੋ ਦੂਸਰੀਆਂ ਭਾਸ਼ਾਵਾਂ ’ਚੋਂ (ਤਤਸਮ) ਆਏ ਹਨ; ਜਿਵੇਂ ਕਿ: ‘ਭੂਮਿ, ਭਗਤਿ, ਹਰਿ, ਕਾਮਣਿ, ਨਾਰਿ, ਮੁਨਿ, ਆਦਿ, ਜੁਗਾਦਿ, ਮੂਰਤਿ, ਰਤੁ (ਖ਼ੂਨ), ਖੰਡੁ, ਭਸੁ (ਸੁਆਹ)’ ਆਦਿ।

ਉਕਤ ਵਿਚਾਰ ਉਪਰੰਤ ਇਹ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਕੇਵਲ ਇੱਕ ਵਚਨ ਪੁਲਿੰਗ ਨਾਂਵ ਸ਼ਬਦ ਹੀ ਹਨ, ਜੋ ਅਜੋਕੀ ਪੰਜਾਬੀ ਤੇ ਗੁਰਬਾਣੀ ਲਿਖਤ ’ਚ ਅੰਤਰ ਰੱਖਦੇ ਹਨ, ਇਸ ਦੀ ਵਿਚਾਰ ਕਾਰਕ-ਵੰਡ ਨਾਲ ਸਪਸ਼ਟ ਹੋ ਜਾਂਦੀ ਹੈ; ਜਿਵੇਂ ਕਿ ‘ਕਰਤਾ ਕਾਰਕ, ਕਰਣ ਕਾਰਕ, ਅਪਾਦਾਨ ਕਾਰਕ ਤੇ ਅਧਿਕਰਣ ਕਾਰਕ) ਨੂੰ ਅੰਤ ਸਿਹਾਰੀ ਆਉਂਦੀ ਹੈ ਭਾਵ ‘ਨੇ, ਨਾਲ, ਤੋਂ, ਵਿੱਚ’ ਆਦਿ ਕਾਰਕੀ ਚਿੰਨ੍ਹ ਕਿਸੇ ਸ਼ਬਦ ਦੀ ਅੰਤ ਸਿਹਾਰੀ ’ਚੋਂ ਮਿਲਦੇ ਹਨ, ਜੋ ਇੱਕ ਵਚਨ ਪੁਲਿੰਗ ਨਾਂਵ ਹੁੰਦਾ ਹੈ।, ਕਰਮ ਕਾਰਕ (ਭਾਵ ‘ਨੂੰ’ ਚਿੰਨ੍ਹ) ਅੰਤ ਔਂਕੜ (ਇੱਕ ਵਚਨ ਪੁਲਿੰਗ ਨਾਂਵ) ਸ਼ਬਦ ਵਿੱਚੋਂ ਮਿਲਦਾ ਹੈ ਤੇ ਤਿੰਨ ਕਾਰਕ (ਸੰਪਰਦਾਨ ਕਾਰਕ, ਸੰਬੰਧ ਕਾਰਕ ਤੇ ਸੰਬੋਧਨ ਕਾਰਕ) ਭਾਵ ‘ਲਈ, ਦਾ, ਦੇ, ਦੀ, ਹੇ’ ਆਦਿ ਚਿੰਨ੍ਹ ਅੰਤ ਮੁਕਤਾ ਸ਼ਬਦਾਂ ਵਿੱਚੋਂ ਮਿਲਦੇ ਹਨ ਭਾਵ ਇਹ ਤਿੰਨੇ ਕਾਰਕ ਵੀ ਬਹੁ ਵਚਨ ਪੁਲਿੰਗ ਨਾਂਵ ਤੇ ਇਸਤ੍ਰੀ ਲਿੰਗ ਸ਼ਬਦਾਂ ਵਾਙ ਹੀ ਅੰਤ ਮੁਕਤੇ ਹੁੰਦੇ ਹਨ। ਇਨ੍ਹਾਂ ਦੀ ਪਹਿਚਾਣ ਕਿ ਇਹ ਬਹੁ ਵਚਨ ਜਾਂ ਇਸਤ੍ਰੀ ਲਿੰਗ ਨਹੀਂ ਬਲਕਿ ਇੱਕ ਵਚਨ ਪੁਲਿੰਗ ਹਨ, ਹੇਠਾਂ ਦਿੱਤੀ ਇੱਕ ਇੱਕ ਮਿਸਾਲ ਨਾਲ ਹੋ ਜਾਵੇਗੀ। ਪਹਿਲਾਂ ਅੰਤ ਸਿਹਾਰੀ ਵਾਲ਼ੇ 4 ਕਾਰਕ ਵਿਚਾਰੇ ਜਾ ਰਹੇ ਹਨ, ਜੋ ਇੱਕ ਵਚਨ ਪੁਲਿੰਗ ਨਾਂਵ ਹਨ:

(1). ਕਰਤਾ ਕਾਰਕ (ਅੰਤ ਸਿਹਾਰੀ): ‘ਗੁਰਿ’ (ਨੇ) ‘ਨਾਨਕਿ’ (ਨੇ) ਮੇਰੀ ਪੈਜ ਸਵਾਰੀ ॥ (ਮ: ੫/੮੦੬)

(2). ਕਰਣ ਕਾਰਕ (ਅੰਤ ਸਿਹਾਰੀ): ਕੀਰਤਨ ਪੁਰਾਣ ਨਿਤ ਪੁੰਨ ਹੋਵਹਿ; ਗੁਰ ‘ਬਚਨਿ’ (ਨਾਲ) ‘ਨਾਨਕਿ’ (ਰਾਹੀਂ) ਹਰਿ ਭਗਤਿ ਲਹੀ (ਮਿਲ਼ੀ)॥ (ਮ: ੪/੧੧੧੭)

(3). ਅਪਾਦਾਨ ਕਾਰਕ (ਅੰਤ ਸਿਹਾਰੀ): ‘ਓਅੰਕਾਰਿ’ (ਤੋਂ) ਬ੍ਰਹਮਾ ਉਤਪਤਿ (ਪੈਦਾ ਹੋਇਆ)॥ (ਮ: ੧/੯੨੯)

(4). ਅਧਿਕਰਣ ਕਾਰਕ (ਅੰਤ ਸਿਹਾਰੀ): ਜਨ ‘ਨਾਨਕਿ’ (ਵਿੱਚ, ਅੰਦਰ) ਕਮਲੁ ਪਰਗਾਸਿਆ; ‘ਮਨਿ’ (ਵਿੱਚ) ਹਰਿ ਹਰਿ ਵੁਠੜਾ (ਵੱਸ ਗਿਆ) ਹੇ ॥’’ (ਮ: ੪/੮੨)

(5). ਕਰਮ ਕਾਰਕ (ਅੰਤ ਔਂਕੜ): ਜਾਲਿ ‘ਮੋਹੁ’ (ਨੂੰ), ਘਸਿ ਮਸੁ ਕਰਿ; ਮਤਿ ਕਾਗਦੁ ਕਰਿ ਸਾਰੁ (ਸ੍ਰੇਸ਼ਟ)॥ (ਮ: ੧/੧੬)

(6). ਸੰਪਰਦਾਨ ਕਾਰਕ (ਅੰਤ ਮੁਕਤਾ): ‘ਜਨ ਨਾਨਕ’ (ਨੂੰ, ਲਈ) ਦਰਸਨੁ ਦੇਹੁ, ਮੁਰਾਰਿ ! ॥ (ਮ: ੫/੧੩੩੭)

(7). ਸੰਬੰਧ ਕਾਰਕ (ਅੰਤ ਮੁਕਤਾ): ‘ਨਾਨਕ ਕੀ’ ਪ੍ਰਭ ! ਬੇਨਤੀ; ਅਪਨੀ ਭਗਤੀ ਲਾਇ ॥ (ਮ: ੫/੨੮੯)

(8). ਸੰਬੋਧਨ ਕਾਰਕ (ਅੰਤ ਮੁਕਤਾ): ਹੈ ਭੀ ਸਚੁ ‘ਨਾਨਕ’ (ਹੇ ਨਨਕ)! ਹੋਸੀ ਭੀ ਸਚੁ ॥’’ (ਜਪੁ)

ਇੱਕ ਵਚਨ ਪੁਲਿੰਗ ਨਾਂਵ ਸ਼ਬਦ, ਜਿਸ ਨੂੰ ਹਮੇਸ਼ਾਂ ਅੰਤ ਔਂਕੜ ਆਉਂਦਾ ਹੈ, ਬਾਰੇ ਉਕਤ ਵਿਚਾਰ ਰਾਹੀਂ ਬੋਧ ਹੁੰਦਾ ਹੈ ਕਿ ਪਹਿਲੇ 4 ਕਾਰਕਾਂ ’ਚ (ਅੰਤ ਔਂਕੜ ਦੀ ਬਜਾਏ) ਅੰਤ ਸਿਹਾਰੀ ਆਉਂਦੀ ਹੈ ਤੇ ਅਖੀਰਲੇ 3 ਕਾਰਕਾਂ ’ਚ ਅੰਤ ਮੁਕਤਾ ਵੀ ਹੁੰਦਾ ਹੈ; ਜਿਵੇਂ ਕਿ ਬਹੁ ਵਚਨ ਪੁਲਿੰਗ ਨਾਂਵ ਤੇ ਤਮਾਮ ਇਸਤ੍ਰੀ ਲਿੰਗ ਨਾਂਵ ਸ਼ਬਦ ਅੰਤ ਮੁਕਤੇ ਹੁੰਦੇ ਹਨ।

(2) ਪੜਨਾਂਵ: ਕਿਸੇ ਵਿਅਕਤੀ, ਸਥਾਨ ਜਾਂ ਵਸਤੂ ਬਾਰੇ ਜਾਣਕਾਰੀ ਦੇਣ ਵਾਲ਼ਾ ਜੋ ਸ਼ਬਦ, ਕਿਸੇ ਨਾਂਵ ਸ਼ਬਦ ਦੀ ਗ਼ੈਰ ਮੌਜੂਦਗੀ ’ਚ ਦਰਜ ਹੋਵੇ, ਉਸ ਨੂੰ ਪੜਨਾਂਵ ਕਹੀਦਾ ਹੈ, ਜੋ ‘ਨਾਂਵ’ ਸ਼ਬਦਾਂ ਵਾਙ ਇੱਕ ਵਚਨ ਜਾਂ ਬਹੁ ਵਚਨ ਅਤੇ ਪੁਲਿੰਗ ਜਾਂ ਇਸਤ੍ਰੀ ਲਿੰਗ ਹੁੰਦੇ ਹਨ। ਗੁਰਬਾਣੀ ’ਚ ਅੰਤ ਮੁਕਤੇ ਪੜਨਾਂਵ ਇਸਤ੍ਰੀ ਲਿੰਗ ਹੁੰਦੇ ਹਨ; ਜਿਵੇਂ ‘ਇਕ, ਇਹ, ਏਹ, ਉਹ, ਓਹ’ ਆਦਿ।, ਅੰਤ ਸਿਹਾਰੀ ਬਹੁ ਵਚਨ ਪੁਲਿੰਗ ਹੁੰਦੇ ਹਨ; ਜਿਵੇਂ ‘ਇਕਿ, ਇਹਿ, ਏਹਿ, ਓਹਿ’ ਆਦਿ।, ਅੰਤ ਔਂਕੜ ਇੱਕ ਵਚਨ ਪੁਲਿੰਗ ਹੁੰਦੇ ਹਨ; ਜਿਵੇਂ ‘ਇਕੁ, ਇਹੁ, ਏਹੁ, ਉਹੁ, ਓਹੁ’ ਆਦਿ। ਧਿਆਨ ਰਹੇ ਕਿ ਇਹ ਤਮਾਮ ਸ਼ਬਦ ਅਗਰ ਕਿਸੇ ‘ਨਾਂਵ’ ਦੀ ਗ਼ੈਰ ਹਾਜ਼ਰੀ ਦੀ ਬਜਾਏ ‘ਨਾਂਵ’ ਦੇ ਸਮਾਨੰਤਰ ਹੀ ਦਰਜ ਹੋਣ ਤਾਂ ‘ਪੜਨਾਂਵ’ ਨਹੀਂ ਬਲਕਿ ‘ਪੜਨਾਂਵੀ ਵਿਸ਼ੇਸ਼ਣ’ ਬਣ ਜਾਂਦੇ ਹਨ; ਜਿਵੇਂ ਕਿ ‘ਉਹ ਰਾਮ ਹੈ’, ਵਾਕ ’ਚ ‘ਉਹ’ ਪੜਨਾਂਵ ਨਹੀਂ ਬਲਕਿ ‘ਪੜਨਾਂਵੀ ਵਿਸ਼ੇਸ਼ਣ’ ਹੈ ਕਿਉਂਕਿ ‘ਨਾਂਵ’ (ਰਾਮ) ਦੇ ਸਮਾਨੰਤਰ ਦਰਜ ਹੈ, ਨਾ ਕਿ ਗ਼ੈਰ ਹਾਜ਼ਰੀ ’ਚ।

ਜਿਨ੍ਹਾਂ ਸ਼ਬਦਾਂ ਦੇ ਅੰਤ ’ਚ ‘ਤੁ’ ਹੋਵੇ ਉਹ ਕਾਰਕੀ ਹੁੰਦੇ ਹਨ: ਜਿਵੇਂ ‘ਜਿਤੁ, ਤਿਤੁ, ਕਿਤੁ, ਇਤੁ, ਏਤੁ, ਉਤੁ’ ਆਦਿ ਭਾਵ ‘ਜਿਤੁ’ ਦਾ (ਕਰਣ ਕਾਰਕ) ਅਰਥ ਹੈ: ‘ਜਿਸ ਨਾਲ’।

ਜਿਨ੍ਹਾਂ ਸ਼ਬਦਾਂ ਦੇ ਅੰਤ ’ਚ ‘ਨ’ ਸ਼ਬਦ ਹੋਵੇ ਉਹ ਉਕਤ ਨਿਯਮ (ਜਿੱਥੇ ਬਹੁ ਵਚਨ ਅੰਤ ਸਿਹਾਰੀ ਸੀ) ਦੇ ਵਿਪਰੀਤ ਹੋ ਜਾਂਦੇ ਹਨ ਭਾਵ ਇੱਕ ਵਚਨ ਪੁਲਿੰਗ ਪੜਨਾਂਵ ਅੰਤ ਸਿਹਾਰੀ ਹੋ ਜਾਂਦੇ ਹਨ; ਜਿਵੇਂ ‘ਜਿਨਿ, ਤਿਨਿ, ਕਿਨਿ, ਉਨਿ’ ਆਦਿ ਅਤੇ ਬਹੁ ਵਚਨ ਪੜਨਾਂਵ ਅੰਤ ਮੁਕਤੇ ਹੋ ਜਾਂਦੇ ਹਨ; ਜਿਵੇਂ ‘ਜਿਨ, ਤਿਨ, ਕਿਨ, ਉਨ’ ਆਦਿ।

(3). ਵਿਸ਼ੇਸ਼ਣ: ਜੋ ਸ਼ਬਦ, ਕਿਸੇ ਨਾਂਵ ਜਾਂ ਪੜਨਾਂਵ ਦੀ ਕਮੀ ਜਾਂ ਗੁਣ ਦਾ ਵਰਣਨ ਕਰਨ, ਉਹ ਵਿਸ਼ੇਸ਼ਣ ਅਖਵਾਉਂਦੇ ਹਨ; ਜਿਵੇਂ ‘‘ਚੋਆ ਚੰਦਨੁ, ਸੇਜ ‘ਸੁੰਦਰਿ’ ਨਾਰੀ ॥’’ (ਮ: ੫/੧੭੯) ਵਾਕ ’ਚ ‘ਸੁੰਦਰਿ’ ਸ਼ਬਦ ‘ਨਾਰੀ’ (ਨਾਂਵ) ਦਾ ਵਿਸ਼ੇਸ਼ਣ ਹੈ, ਇਨ੍ਹਾਂ ਦੀ ਬਣਤਰ ਨਾਂਵ ਸ਼ਬਦਾਂ ਦੇ ਅਨੁਕੂਲ ਹੁੰਦੀ ਹੈ; ਜਿਵੇਂ ‘ਨਾਰੀ’ ਸ਼ਬਦ ਅਗਰ ਕਾਵਿ ਪ੍ਰਭਾਵ ਅਧੀਨ ਨਾ ਹੁੰਦਾ ਤਾਂ ਇਸ ਦੀ ਬਣਤਰ ‘ਸੁੰਦਰਿ’ ਵਿਸ਼ੇਸ਼ਣ ਵਾਙ ‘ਨਾਰਿ’ ਹੋਣਾ ਸੀ; ਜਿਵੇਂ ‘‘ਇਸੁ ਜਗ ਮਹਿ ਪੁਰਖੁ ਏਕੁ ਹੈ; ਹੋਰ ਸਗਲੀ ‘ਨਾਰਿ’ ਸਬਾਈ ॥’’ (ਮ: ੩/੫੯੧)।

(4, 5). ਕਿਰਿਆ: ਕਿਸੇ ਵਸਤੂ ਜਾਂ ਜੀਵ ਦੇ ਕੰਮਾਂ ਦੀ ਕਾਲ-ਵੰਡ ਕਰਨ ਵਾਲੇ ਸ਼ਬਦਾਂ ਨੂੰ ‘ਕਿਰਿਆ’ ਕਹੀਦਾ ਹੈ; ਜਿਵੇ ‘ਮੋਹਨ ਗਿਆ (ਭੂਤਕਾਲ), ਮੋਹਨ ਜਾ ਰਿਹਾ ਹੈ (ਵਰਤਮਾਨ) ਤੇ ਮੋਹਨ ਜਾਵੇਗਾ’ (ਭਵਿੱਖਤ ਕਾਲ) ਦਾ ਸੂਚਕ ਹੈ।

ਗੁਰਬਾਣੀ ’ਚ ‘ਨਾਂਵ’ ਤੇ ‘ਕਿਰਿਆ’ ਸ਼ਬਦ-ਬਣਤਰ ਦੀ ਸਮਝ ਹੀ ਗੁਰਬਾਣੀ ਦਾ ਲਗਭਗ ਮੁਕੰਮਲ ਬੋਧ ਹੈ। ਇਸ ਲਈ ਉਕਤ ‘ਨਾਂਵ’ ਸ਼ਬਦ ਵਾਙ ‘ਕਿਰਿਆ’ ਸ਼ਬਦ ਨੂੰ ਵੀ ਥੋੜ੍ਹਾ ਵਿਸਥਾਰ ਪੂਰਵਕ ਸਮਝਣਾ ਲਾਭਕਾਰੀ ਰਹੇਗਾ।

‘ਪਾਠ ਬੈਠ ਕੇ ਸੁਣਨਾ ਹੈ।’ ਵਾਕ ’ਚ ‘ਸੁਣਨਾ’ ਕਿਰਿਆ ਹੈ, ‘ਬੈਠ ਕੇ’ ਕਿਰਿਆ ਵਿਸ਼ੇਸ਼ਣ ਹੈ ਅਤੇ ‘ਹੈ’ ਸਹਾਇਕ ਕਿਰਿਆ ਹੈ। ਪੰਜਾਬੀ ’ਚ ਸਹਾਇਕ ਕਿਰਿਆ ਕੇਵਲ ਦੋ ਸ਼ਬਦ ਹਨ: ‘ਹੈ’ (ਜਾਂ ‘ਹਨ’) ਤੇ ‘ਸੀ’ (ਜਾਂ ‘ਸਨ’)। ਕਿਰਿਆ ਵਿਸ਼ੇਸ਼ਣ ਤੇ ਸਹਾਇਕ ਕਿਰਿਆ ਦਾ ਵਜੂਦ ‘ਕਿਰਿਆ’ ਕਰਕੇ ਹੁੰਦਾ ਹੈ ਅਗਰ ਉਕਤ ਵਾਕ ’ਚ ‘ਸੁਣਨਾ’ ਕਿਰਿਆ ਨਾ ਹੋਵੇ ਤਾਂ ਇਨ੍ਹਾਂ ਦੋਵਾਂ ਦੀ ਹੋਂਦ ਵੀ ਸਮਾਪਤ ਹੈ। ‘ਕਿਰਿਆ’ ਦੀ ਗ਼ੈਰ ਮੌਜੂਦਗੀ ’ਚ ‘ਹੈ’ ਤੇ ‘ਸੀ’ ਵੀ ਸਹਾਇਕ ਕਿਰਿਆ ਦੀ ਬਜਾਏ ਕਿਰਿਆ ਬਣ ਜਾਂਦੇ ਹਨ।

ਗੁਰਬਾਣੀ ’ਚ ਕਿਰਿਆ ਸ਼ਬਦ ਬਣਤਰ ਨੂੰ 6 ਭਾਗਾਂ ’ਚ ਵੰਡ ਕੇ ਵਿਚਾਰਨਾ ਲਾਹੇਵੰਦ ਰਹੇਗਾ:

(1). ਉਤਮ ਪੁਰਖ ਇੱਕ ਵਚਨ ਕਿਰਿਆਵਾਚੀ ਸ਼ਬਦ ਜ਼ਿਆਦਾਤਰ ਅੰਤ ‘ਉ’ ਹੁੰਦੇ ਹਨ; ਜਿਵੇਂ ਕਿ ‘ਕਰਉ, ਗਾਵਉ, ਪਾਵਉ, ਸਿਮਰਉ’ ਆਦਿ, ਜਿਨ੍ਹਾਂ ਨੂੰ ਨਾਸਿਕੀ ਉਚਾਰਨ ਲਈ ਅੰਤ ਬਿੰਦੀ ਲਗਾਉਣਾ ਅਤਿ ਜ਼ਰੂਰੀ ਹੈ। ‘ਨ੍ਹਾਵਾਂ, ਜਾਵਾਂ, ਪਾਵਾਂ, ਕਰੀਂ’ ਆਦਿ ਸ਼ਬਦ ਵੀ ਉਤਮ ਪੁਰਖ ਇੱਕ ਵਚਨ ਦੇ ਸੂਚਕ ਹਨ, ਜਿਨ੍ਹਾਂ ਦਾ ਅਰਥ ਹੈ: ‘ਮੈ ਨ੍ਹਾਵਾਂ, ਮੈਂ ਜਾਵਾਂ’ ਆਦਿ।

(2) ਉਤਮ ਪੁਰਖ ਬਹੁ ਵਚਨ ਕਿਰਿਆਵਾਚੀ ਸ਼ਬਦ ਗੁਰਬਾਣੀ ’ਚ ਤਕਰੀਬਨ ਅੰਤ ਮੁਕਤੇ ਹੁੰਦੇ ਹਨ; ਜਿਵੇਂ ‘ਕਰਹ, ਜਾਵਹ, ਸੁਣਹ, ਗਾਵਹ’ ਆਦਿ; ਜਿਵੇਂ

ਗੁਰਬਾਣੀ ‘ਗਾਵਹ’ ਭਾਈ ! ॥ (ਮ: ੫/੬੨੮) ਭਾਵ ਹੇ ਭਾਈ! ਆਓ, (ਮਿਲ ਕੇ) ਗੁਰਬਾਣੀ ਗਾਈਏ।

ਸੋ ਹਮ ‘ਕਰਹ’ (ਕਰਦੇ ਹਾਂ); ਜੁ ਆਪਿ ਕਰਾਏ ॥ (ਮ: ੪/੪੯੪)

ਹਰਿ ਕੀਰਤਨੁ ‘ਕਰਹ’, ਹਰਿ ਜਸੁ ‘ਸੁਣਹ’ (ਸੁਣਦੇ ਹਾਂ); ਤਿਸੁ ਕਵਲਾ ਕੰਤਾ (ਦਾ)॥ (ਮ: ੪/੬੫੦), ਆਦਿ। ਇਨ੍ਹਾਂ ਤਮਾਮ ਸ਼ਬਦਾਂ ਦਾ ਉਚਾਰਨ ‘ਕਰਹਂ ਜਾਂ ਕਰੈਂ, ਗਾਵਹਂ ਜਾਂ ਗਾਵੈਂ’ ਦਰੁਸਤ ਹੋਵੇਗਾ।

(3, 4). ਮੱਧਮ ਪੁਰਖ ਇੱਕ ਵਚਨ ਤੇ ਅਨ੍ਯ ਪੁਰਖ ਬਹੁ ਵਚਨ ਸ਼ਬਦਾਂ ਦੀ ਲਿਖਤ ਬਣਤਰ ਇੱਕ ਪੱਖ ਤੋਂ ਇੱਕ ਸਮਾਨ ਹੀ ਹੁੰਦੀ ਹੈ; ਜਿਵੇਂ

(ੳ). ‘ਚਿਤਵਹਿਂ’ (ਮੱਧਮ ਪੁਰਖ, ਇੱਕ ਵਚਨ): ਕਾਹੇ ਰੇ ਮਨ ! ‘ਚਿਤਵਹਿ’ ਉਦਮੁ; ਜਾ ਆਹਰਿ, ਹਰਿ ਜੀਉ ਪਰਿਆ ॥ (ਮ: ੫/੧੦)

(ਅ). ‘ਚਿਤਵਹਿਂ’ (ਅਨ੍ਯ ਪੁਰਖ, ਬਹੁ ਵਚਨ): ਓਇ ਜੇਹਾ ‘ਚਿਤਵਹਿ’, ਨਿਤ ਤੇਹਾ ਪਾਇਨਿ; ਓਇ ਤੇਹੋ ਜੇਹੇ, ਦਯਿ (ਨੇ) ਵਜਾਏ ॥ (ਮ: ੪/੩੦੩) ਆਦਿ। ਇਨ੍ਹਾਂ ਦੋਵੇਂ ਸ਼ਬਦਾਂ ਦਾ ਉਚਾਰਨ ਬਿੰਦੀ ਸਹਿਤ ‘ਚਿਤਵਹਿਂ’ ਦਰੁਸਤ ਹੋਵੇਗਾ।

ਉਕਤ ਕਿਰਿਆ (ਮੱਧਮ ਪੁਰਖ ਇੱਕ ਵਚਨ ਤੇ ਅਨ੍ਯ ਪੁਰਖ ਬਹੁ ਵਚਨ) ਬਣਤਰ ਨਿਯਮ ’ਚ ਇਹ ਭਿੰਨਤਾ ਹੈ ਕਿ ਅਨ੍ਯ ਪੁਰਖ ਬਹੁ ਵਚਨ ਸ਼ਬਦ ਅੰਤ ‘ਨਿ’ ਵੀ ਹੁੰਦੇ ਹਨ; ਜਿਵੇਂ ਕਿ ਉਕਤ ਤੁਕ ’ਚ ਹੀ ‘‘ਨਿਤ ਤੇਹਾ ‘ਪਾਇਨਿ’..॥’’ ਦਰਜ ਹੈ, ਜਦਕਿ ਮੱਧਮ ਪੁਰਖ ਇੱਕ ਵਚਨ ਕਿਰਿਆ ਸ਼ਬਦ ਅੰਤ ਔਂਕੜ ਤੇ ਅੰਤ ਸਿਹਾਰੀ ਵੀ ਹੁੰਦੇ ਹਨ, ਜਿਨ੍ਹਾਂ ਦੇ ਅੰਤ ਸਿਹਾਰੀ ਤੇ ਔਂਕੜ ਉਚਾਰਨ ਦਾ ਹਿੱਸਾ ਨਹੀਂ ਹੁੰਦੇ, ਇਨ੍ਹਾਂ ਨੂੰ ਹੀ ਹੁਕਮੀ ਭਵਿੱਖ ਕਾਲ ਕਿਰਿਆ ਮੰਨਿਆ ਜਾਂਦਾ ਹੈ। ਇਹ ਵੀ ਧਿਆਨ ਰਹੇ ਕਿ ਅੰਤ ਸਿਹਾਰੀ ਵਾਲ਼ੇ ਇਹ ਸ਼ਬਦ ਜ਼ਿਆਦਾਤਰ ਕਿਰਿਆ ਵਿਸ਼ੇਸ਼ਣ ਹੁੰਦੇ ਹਨ, ਜੋ ਮੂਲ ਕਿਰਿਆ ਸ਼ਬਦ ਦੀ ਗ਼ੈਰ ਹਾਜ਼ਰੀ ਕਾਰਨ ਹੁਕਮੀ ਭਵਿੱਖ ਕਾਲ ਕਿਰਿਆ ਬਣ ਜਾਂਦੇ ਹਨ; ਜਿਵੇਂ

ਹਰਿ ਕਾ ਸਿਮਰਨੁ; ‘ਸੁਨਿ’ (ਤੂੰ ਸੁਣ) ਮਨ ! ਕਾਨੀ ॥ (ਮ: ੫/੨੦੦) ਇਸ ਵਾਕ ’ਚ ‘ਕਿਰਿਆ’ ਸ਼ਬਦ ਦੀ ਅਣਹੋਂਦ ਨੂੰ ਪੂਰਾ ਕਰਨ ਲਈ ‘ਸੁਨਿ’ (ਕਿਰਿਆ ਵਿਸ਼ੇਸ਼ਣ) ਸ਼ਬਦ ਹੀ ‘ਹੁਕਮੀ ਭਵਿੱਖ ਕਾਲ ਕਿਰਿਆ’ ਬਣ ਗਿਆ।

ਭਗਤਾ ਕੀ ਪੈਜ ‘ਰਖੁ’ ਤੂ ਸੁਆਮੀ ! ਭਗਤ ਤੇਰੀ ਸਰਣਾਈ ॥ (ਮ: ੩/੬੩੭) ‘ਰਖੁ’ ਭਾਵ ਤੂੰ ਰੱਖ (ਹੁਕਮੀ ਭਵਿੱਖ ਕਾਲ ਕਿਰਿਆ)।

‘ਮਿਲੁ’ ਸਾਧਸੰਗਤਿ, ‘ਭਜੁ’ ਕੇਵਲ ਨਾਮ ॥’’ (ਮ: ੫/੧੨) ‘ਮਿਲੁ’ ਭਾਵ ਤੂੰ ਮਿਲ, ‘ਭਜੁ’ ਭਾਵ ਤੂੰ ਭਜਨ ਕਰ (ਹੁਕਮੀ ਭਵਿੱਖ ਕਾਲ ਕਿਰਿਆ), ਆਦਿ।

(5). ਦੂਜਾ ਪੁਰਖ ਬਹੁ ਵਚਨ ਸ਼ਬਦ ਅੰਤ ‘ਹੁ’ ਹੁੰਦੇ ਹਨ; ਜਿਵੇਂ ‘ਜਾਵਹੁ, ਪਾਵਹੁ, ਗਾਵਹੁ’ ਆਦਿ।

(6). ਤੀਜਾ ਪੁਰਖ ਇੱਕ ਵਚਨ ਸ਼ਬਦ ਜ਼ਿਆਦਾਤਰ ਅੰਤ ‘ਸੀ, ਸਿ, ਈ’ ਆਦਿ ਹੁੰਦੇ ਹਨ, ਜਿਨ੍ਹਾਂ ਦਾ ਉਚਾਰਨ ਬਿੰਦੀ ਰਹਿਤ ਹੋਵੇਗਾ; ਜਿਵੇਂ

ਹੈ ਭੀ ‘ਹੋਸੀ’ (ਹੋਵੇਗਾ), ਜਾਇ ਨ ‘ਜਾਸੀ’ (ਜਾਏਗਾ); ਰਚਨਾ ਜਿਨਿ ਰਚਾਈ ॥ (ਜਪੁ)

ਛਿਨ ਮਹਿ, ਰਾਉ ਰੰਕ ਕਉ ‘ਕਰਈ’ (ਕਰਦਾ ਹੈ); ਰਾਉ ਰੰਕ ਕਰਿ ਡਾਰੇ ॥ (ਮ: ੯/੫੩੭) ਆਦਿ।

ਕਿਰਿਆ ਵਿਸ਼ੇਸ਼ਣ ਸ਼ਬਦ, ਜੋ ਅੰਤ ਸਿਹਾਰੀ ਹੁੰਦੇ ਹਨ, ਜਿਸ ਦਾ ਉਚਾਰਨ ਵੀ ਨਹੀਂ ਹੁੰਦਾ, ਉਹ ‘ਕੇ’ ਅਰਥ ਮੁਹੱਈਆ ਕਰਵਾਉਂਦੀ ਹੈ; ਜਿਵੇਂ ‘ਸੁਣਿ’ (ਸੁਣ ਕੇ), ‘ਸੁਨਿ’ (ਸੁਣ ਕੇ), ‘ਗਾਇ’ (ਗਾ ਕੇ)‘ਸੁਣਿ’ (ਸੁਣ ਕੇ), ਵਡਾ ਆਖੈ; ਸਭੁ ਕੋਇ ॥ (ਮ: ੧/੯)

ਏਕ ਬਾਤ ‘ਸੁਨਿ’ (ਸੁਨ ਕੇ), ਤਾੱਕੀ ਓਟਾ; ਸਾਧਸੰਗਿ ਮਿਟਿ ਜਾਹੀ ॥ (ਮ: ੫/੨੦੬)

ਹਰਿ ਗੁਣ ‘ਗਾਇ’ (ਗਾ ਕੇ), ਮੇਰਾ ਮਨੁ ਸੀਤਲਾਇਆ ॥ (ਮ: ੫/੧੦੩) ਆਦਿ। ਧਿਆਨ ਰਹੇ ਕਿ ਇਨ੍ਹਾਂ ਤਿੰਨੇ ਤੁਕਾਂ ’ਚ ਮੂਲ ਕਿਰਿਆ ‘ਆਖੈ, ਤਾਕੀ (ਤੱਕੀ), ਸੀਤਲਾਇਆ’ ਸ਼ਬਦ ਹਨ, ਜਿਸ ਕਾਰਨ ‘ਸੁਣਿ, ਸੁਨਿ, ਗਾਇ’ ਸ਼ਬਦ ਆਪਣੀ ‘ਕਿਰਿਆ ਵਿਸ਼ੇਸ਼ਣ’ ਹੋਂਦ ਕਾਇਮ ਰੱਖਣ ’ਚ ਸਫਲ ਰਹੇ।

ਇਸ ਵਿਚਾਰ ਉਪਰੰਤ ਦੋ ਗੱਲਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ:

(1). ਕਿਰਿਆ ਵਿਸ਼ੇਸ਼ਣ ਸ਼ਬਦ, ਜਿਸ ਦੇ ਅਰਥਾਂ ’ਚ ‘ਕੇ’ (ਪਿਛੇਤਰ) ਮਿਲਦਾ ਹੈ, ਜਦ ਮੂਲ ਕਿਰਿਆ ਦੀ ਅਣਹੋਂਦ ਕਾਰਨ ਹੁਕਮੀ ਭਵਿੱਖ ਕਾਲ ਕਿਰਿਆ ਬਣ ਜਾਵੇ ਤਾਂ ‘ਕੇ’ (ਪਿਛੇਤਰ) ਦੀ ਬਜਾਏ ‘ਤੂੰ’ (ਅਗੇਤਰ) ਮਿਲਣ ਲੱਗ ਜਾਂਦਾ ਹੈ ਪਰ ਅੰਤ ਸਿਹਾਰੀ ਫਿਰ ਵੀ ਉਚਾਰਨ ਨਹੀਂ ਹੁੰਦੀ; ਜਿਵੇਂ ਕਿ ‘‘ਹਰਿ ਕਾ ਸਿਮਰਨੁ; ‘ਸੁਨਿ’ (ਤੂੰ ਸੁਣ) ਮਨ ! ਕਾਨੀ ॥’’ (ਮ: ੫/੨੦੦)

(2). ਕਿਰਿਆ ਵਿਸ਼ੇਸ਼ਣ ’ਚੋਂ ਲੁਪਤ ਮਿਲਣ ਵਾਲ਼ਾ ‘ਕੇ’ (ਪਿਛੇਤਰ) ਅਗਰ ਕਾਵਿ ਤੋਲ ਨੂੰ ਮੁੱਖ ਰੱਖਦਿਆਂ ਪ੍ਰਗਟ (ਜ਼ਾਹਰ) ਰੂਪ ’ਚ ਦਰਜ ਕਰਨਾ ਪਵੇ ਤਾਂ ‘ਕੇ’ ਦੀ ਬਜਾਏ ‘ਕੈ’ ਦਰਜ ਹੁੰਦਾ ਹੈ; ਜਿਵੇਂ

ਚੰਗਾ ਨਾਉ ‘ਰਖਾਇ ਕੈ’; ਜਸੁ ਕੀਰਤਿ ਜਗਿ ਲੇਇ ॥ (ਜਪੁ)

ਜੇ ਸਭਿ ‘ਮਿਲਿ ਕੈ’; ਆਖਣ ਪਾਹਿ ॥ (ਮ: ੧/੯)

ਉਕਤ ਕੀਤੀ ਗਈ ‘ਕਿਰਿਆ’ ਸ਼ਬਦ ਦੀ ਤਮਾਮ ਵਿਚਾਰ ਉਪਰੰਤ ਇਹ ਸਪਸ਼ਟ ਹੋ ਰਿਹਾ ਹੈ ਕਿ ‘ਕਿਰਿਆ ਵਿਸ਼ੇਸ਼ਣ’ ਦੀ ਅੰਤ ਸਿਹਾਰੀ ਤੇ ਹੁਕਮੀ ਭਵਿੱਖ ਕਾਲ ਕਿਰਿਆ ਦੀ ਅੰਤ ਔਂਕੜ ਅਤੇ ਅੰਤ ਸਿਹਾਰੀ ਉਚਾਰਨ ਨਹੀਂ ਹੁੰਦੀ; ਜਿਵੇਂ ਕਿ ਉਕਤ ਵਿਚਾਰ ਅਧੀਨ ਪੰਕਤੀਆਂ ਹਨ: ‘‘ਹਰਿ ਕਾ ਸਿਮਰਨੁ; ‘ਸੁਨਿ’ (ਤੂੰ ਸੁਣ) ਮਨ ! ਕਾਨੀ ॥ (ਮ: ੫/੨੦੦), ਭਗਤਾ ਕੀ ਪੈਜ ‘ਰਖੁ ਤੂ’ ਸੁਆਮੀ ! ਭਗਤ ਤੇਰੀ ਸਰਣਾਈ ॥ (ਮ: ੩/੬੩੭), ‘ਮਿਲੁ’ ਸਾਧਸੰਗਤਿ, ‘ਭਜੁ’ ਕੇਵਲ ਨਾਮ ॥’’ (ਮ: ੫/੧੨) ਆਦਿ।

(6). ਸੰਬੰਧਕ: ਜੋ ਸ਼ਬਦ, ਕਿਸੇ ਨਾਂਵ ਜਾਂ ਪੜਨਾਂਵ ਦੇ ਪਿੱਛੇ ਲੱਗ ਕੇ ਉਸ ਦਾ ਸੰਬੰਧ ਅਗਲੇ ਸ਼ਬਦ ਨਾਲ ਜੋੜੇ ਉਸ ਨੂੰ ਸੰਬੰਧਕ ਸ਼ਬਦ ਕਿਹਾ ਜਾਂਦਾ ਹੈ; ਜਿਵੇਂ ‘‘ਗੁਰ ‘ਕੀ’ ਮਤਿ. ਤੂੰ ਲੇਹਿ (ਲੇਹ) ਇਆਨੇ ! ॥’’ (ਮ: ੫/੨੮੮) ਵਾਕ ’ਚ ‘ਗੁਰ’ (ਨਾਂਵ) ਸ਼ਬਦ ਦਾ ਸੰਬੰਧ ‘ਮਤਿ’ ਨਾਲ ਜੋੜਨ ਵਾਲ਼ਾ ਸ਼ਬਦ ‘ਕੀ’ ਸੰਬੰਧਕ ਸ਼ਬਦ ਹੈ, ਜਿਸ ਨੇ ‘ਗੁਰ’ ਇੱਕ ਵਚਨ ਪੁਲਿੰਗ ਸ਼ਬਦ ਨੂੰ ਵੀ ਅੰਤ ਮੁਕਤਾ ਕਰ ਦਿੱਤਾ, ਨਹੀਂ ਤਾਂ ‘ਗੁਰ’ ਦੀ ਬਣਤਰ ‘ਗੁਰੁ’ (ਅੰਤ ਔਂਕੜ) ਹੋਣੀ ਸੀ; ਜਿਵੇਂ ਕਿ ‘ਗੁਰੁ’ ਈਸਰੁ ‘ਗੁਰੁ’ ਗੋਰਖੁ ਬਰਮਾ ‘ਗੁਰੁ’ ਪਾਰਬਤੀ ਮਾਈ ॥ (ਜਪੁ)

ਗੁਰਬਾਣੀ ਲਿਖਤ ’ਚ ਇਹ (ਸੰਬੰਧਕੀ) ਸ਼ਬਦ ਲੁਪਤ ਤੇ ਪ੍ਰਗਟ ਦੋਵਾਂ ਰੂਪਾਂ ’ਚ ਹੀ ਆਪਣੀ ਮੌਜੂਦਗੀ ਦਰਸਾਉਣ ਲਈ ਆਪਣੇ ਤੋਂ ਪਹਿਲੇ ਇੱਕ ਵਚਨ ਪੁਲਿੰਗ ਨਾਂਵ ਸ਼ਬਦ, ਜਿਸ ਨੂੰ ਅੰਤ ਔਂਕੜ ਲਗਣਾ ਵਿਧਾਨ ਹੈ, ਨੂੰ ਅੰਤ ਮੁਕਤਾ ਕਰ ਦਿੰਦੇ ਹਨ; ਜਿਵੇਂ: ‘ਗੁਰ ਪ੍ਰਸਾਦਿ’ ਸੰਯੁਕਤ ਸ਼ਬਦਾਂ ’ਚ ‘ਗੁਰ ਦੀ ਕਿਰਪਾ ਨਾਲ’ ਅਰਥ ਮੁਹੱਈਆ ਕਰਵਾਉਣ ਲਈ ‘ਦੀ’ ਲੁਪਤ ਨੇ ‘ਗੁਰ’ ਨੂੰ ਅੰਤ ਮੁਕਤ ਕਰ ਦਿੱਤਾ।

(7). ਯੋਜਕ: ਉਹ ਸ਼ਬਦ, ਜੋ ਦੋ ਸ਼ਬਦਾਂ ਜਾਂ ਦੋ ਵਾਕਾਂ ਨੂੰ ਆਪਸ ਵਿੱਚ ਜੋੜੇ, ਯੋਜਕ ਅਖਵਾਉਂਦਾ ਹੈ; ਜਿਵੇਂ ‘‘ਆਖਹਿ ਗੋਪੀ ‘ਤੈ’ ਗੋਵਿੰਦ ॥’’ (ਜਪੁ) ਵਾਕ ’ਚ ‘ਤੈ’ ਭਾਵ ‘ਅਤੇ’ ਯੋਜਕ ਹੈ।

(8). ਵਿਸਮਿਕ: ਜੋ ਵਿਅਕਤੀ ਕਿਸੇ ਨਾਂਵ ਦੇ ਵਿਸ਼ੇਸ਼ਣਾਂ ਤੋਂ ਪ੍ਰਭਾਵਤ ਹੋ ਕੇ ਦਿਲ ਦੀਆਂ ਗਹਿਰਾਈਆਂ ’ਚੋਂ ਸ਼ਬਦ ਬੋਲੇ, ਉਨ੍ਹਾਂ ਨੂੰ ਵਿਸਮਿਕ ਕਿਹਾ ਜਾਂਦਾ ਹੈ।

ਉਕਤ ਤਮਾਮ ਕੀਤੀ ਗਈ ਵਰਣ-ਵੰਡ (ਸ਼ਬਦ ਵੰਡ) ਨੂੰ ਸਾਹਮਣੇ ਰੱਖਦਿਆਂ ਗੁਰਬਾਣੀ ਸ਼ਬਦਾਂ ਦਾ ਜੋ ਉਚਾਰਨ ਬਣਦਾ ਹੈ, ਉਨ੍ਹਾਂ ਦਾ ਵੇਰਵਾ ਹੇਠਾਂ ਦਿੱਤਾ ਜਾ ਰਿਹਾ ਹੈ ਪਰ ਇਸ ਤੋਂ ਪਹਿਲਾਂ ਇਹ ਨੁਕਤਾ ਵੀ ਵਿਚਾਰਨ ਯੋਗ ਹੈ ਕਿ ਗੁਰਬਾਣੀ ਕਾਵਿ ਰੂਪ ’ਚ ਹੋਣ ਕਾਰਨ ਪਿੰਗਲ ਦਾ ਆਪਣਾ ਖ਼ਾਸ ਮਹੱਤਵ ਹੁੰਦਾ ਹੈ, ਜਿਸ ਨੂੰ ਭਾਸ਼ਾਈ ਨਿਯਮਾਂ ਅਨੁਸਾਰ ਅੰਕਾਂ ’ਚ ਇਉਂ ਵੰਡਿਆ ਜਾਂਦਾ ਹੈ: ‘ਮੁਕਤਾ, ਔਂਕੜ ਤੇ ਸਿਹਾਰੀ’ ਦਾ ਅੰਕ ੧ ਹੈ ਜਦਕਿ ਬਾਕੀ 7 ਲਗਾਂ ‘ਕੰਨਾ, ਬਿਹਾਰੀ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ ਤੇ ਕਨੌੜਾ’ ਦਾ ਅੰਕ ੨ ਹੈ ਭਾਵ ਕਿਸੇ ਸ਼ਬਦ ਦੇ ਅੰਤ ਔਂਕੜ ਜਾਂ ਅੰਤ ਸਿਹਾਰੀ ਨੂੰ ਮੁਕਤਾ ਬਣਾ ਕੇ ਪਾਠ ਕਰਨ ਨਾਲ ਪਿੰਗਲ ਨਿਯਮ ਉੱਤੇ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਇਨ੍ਹਾਂ ਸਭ ਦਾ ਅੰਕ ੧ ਹੁੰਦਾ ਹੈ।

(1). ਗੁਰਬਾਣੀ ’ਚ ਦਰਜ ਤਮਾਮ ਇੱਕ ਵਚਨ ਪੁਲਿੰਗ ਨਾਂਵ ਸ਼ਬਦ, ਜਿਨ੍ਹਾਂ ਦੇ ਅੰਤ ’ਚ ਔਂਕੜ ਜਾਂ ਕਾਰਕੀ ਰੂਪ ’ਚ ਅੰਤ ਸਿਹਾਰੀ ਹੋਵੇ, ਦਾ ਉਚਾਰਨ ਕਰਨਾ ਦਰੁਸਤ ਨਹੀਂ ਕਿਉਂਕਿ ਇਹ ਚਿੰਨ੍ਹ (ਔਂਕੜ ਤੇ ਸਿਹਾਰੀ) ਸ਼ਬਦ ਦੇ ‘ਵਚਨ, ਲਿੰਗ ਤੇ ਕਾਰਕ’ ਨੂੰ ਨਿਰਧਾਰਿਤ ਕਰਦੇ ਹਨ।

(2). ਕਿਰਿਆ ਵਿਸ਼ੇਸ਼ਣ ਤੇ ਹੁਕਮੀ ਭਵਿੱਖ ਕਾਲ ਕਿਰਿਆਵਾਚੀ ਸ਼ਬਦਾਂ ਦੇ ਅੰਤ ’ਚ ਲੱਗਾ ਔਂਕੜ ਤੇ ਸਿਹਾਰੀ ਵੀ ਉਚਾਰਨ ਦਾ ਭਾਗ ਨਹੀਂ ਕਿਉਂਕਿ (ੳ). ਕਿਰਿਆ ਵਿਸ਼ੇਸ਼ਣ ਸ਼ਬਦ, ਲੁਪਤ ‘ਕੇ’ ਉਪਲਬਧ ਕਰਵਾ ਕੇ ਕਿਰਿਆ ਨੂੰ ਸਪਸ਼ਟ ਕਰਦੇ ਹਨ, ਜਿਸ ਕਾਰਨ ਇਸ ਸ਼ਬਦ ਉਪਰੰਤ ਵਿਸਰਾਮ ਅਤਿ ਜ਼ਰੂਰੀ ਹੈ, ਨਾ ਕਿ ਅੰਤ ਸਿਹਾਰੀ ਦਾ ਉਚਾਰਨ; ਜਿਵੇਂ ‘ਸੁਣਿ’ (ਸੁਣ ਕੇ), ਵਡਾ ਆਖੈ; ਸਭੁ ਕੋਇ ॥ ਤਾਂ ਜੋ ਲੁਪਤ ‘ਕੇ’ ਆਸਾਨੀ ਨਾਲ ਮਿਲ ਸਕੇ। ‘ਸੁਣਿ’ ਦੀ ਅੰਤ ਸਿਹਾਰੀ ਨੂੰ ਉਚਾਰ ਕੇ ਤੁਕ ਦਾ ਕਾਵਿ ਤੋਲ ਵਿਗੜਦਾ ਆਪ ਖ਼ੁਦ ਵੇਖ ਸਕਦੇ ਹੋ।

(ਅ). ਹੁਕਮੀ ਭਵਿੱਖ ਕਾਲ ਕਿਰਿਆ ਸ਼ਬਦਾਂ ਨੂੰ ਲੱਗਾ ਅੰਤ ਔਂਕੜ ਤੇ ਅੰਤ ਸਿਹਾਰੀ ਸਿੱਖਿਆਰਥੀ (ਸਿਖਾਂਦਰੂ) ਨੂੰ ਉਸਤਾਦ (ਗੁਰੂ) ਦੇ ਮੁਕਾਬਲੇ ਨੀਵੇਂਪਣ ਦਾ ਅਹਿਸਾਸ ਕਰਵਾਉਂਦੇ ਹਨ; ਜਿਵੇਂ ਕਿ ‘‘ਹਰਿ ਚਰਣੀ ਤੂੰ ਲਾਗਿ ‘ਰਹੁ’ (ਰਹ); ਗੁਰ ਸਬਦਿ ਸੋਝੀ ਹੋਈ ॥’’ (ਮ: ੩/੪੯੨), ਮਨ ਮੇਰੇ ! ਕਰਤੇ ਨੋ ਸਾਲਾਹਿ (ਸਾਲਾਹ)॥ (ਮ: ੫/੪੩) ਵਾਕਾਂ ’ਚ ਦਰਜ ‘ਰਹੁ, ਸਾਲਾਹਿ’ ਨੂੰ ‘ਰਹੋ, ਸਾਲਾਹੇ’ ਵਾਙ ਪੜ੍ਹਨ ਨਾਲ ਸਿਖਾਂਦਰੂ ’ਚ ਅਣਗਿਣਤ ਤਰੁਟੀਆਂ ਹੋਣ ਦੇ ਬਾਵਜੂਦ ਵੀ ਮਹੱਤਵ ਦਿੱਤਾ ਜਾ ਰਿਹਾ ਹੈ, ਜੋ ਅਹੰਕਾਰ ਨੂੰ ਵਧਾਏਗਾ, ਨਾ ਕਿ ਘਟਣ ’ਚ ਮਦਦ ਕਰੇਗਾ।

(3). ਗੁਰਬਾਣੀ ’ਚ ਦਰਜ ਅਨ੍ਯ ਭਾਸ਼ਾਵਾਂ ਦੇ ਸ਼ਬਦ, ਜੋ ਆਪਣਾ ਮੂਲਕ ਅੰਤ ਔਂਕੜ ਜਾਂ ਅੰਤ ਸਿਹਾਰੀ ਲੈ ਕੇ ਆਏ ਹਨ, ਉਨ੍ਹਾਂ (ਔਂਕੜ, ਸਿਹਾਰੀ) ਦਾ ਉਚਾਰਨ ਕਰਨਾ ਦਰੁਸਤ ਹੋਵੇਗਾ; ਜਿਵੇਂ ‘ਭਗਤਿ, ਮੁਨਿ, ਨਾਰਿ, ਕਾਮਣਿ, ਕਾਮਨਿ, ਮੂਰਤਿ, ਕੀਰਤਿ, ਸੂਰਤਿ, ਹਰਿ, ਆਦਿ, ਜੁਗਾਦਿ, ਵਸਤੁ (ਵਸਤੂ), ਰਾਹੁ (ਰਾਹੂ)’ ਜਿੰਦੁ (ਜਿੰਦੂ), ਧਾਤੁ (ਧਾਤੂ), ਧੇਣੁ, ਧੇਨੁ (ਗਾਂ), ਰੇਣੁ (ਚਰਨ ਧੂੜ), ਤੰਤੁ (ਆਵਾਜ਼, ਕਿਉਂਕਿ ‘ਤੰਤ’ ਅੰਤ ਮੁਕਤੇ ਦਾ ਮਤਲਬ ਤੰਤ੍ਰ-ਮੰਤ੍ਰ ਹੁੰਦਾ ਹੈ) ਆਦਿ।

(ਨੋਟ: ਇਸ ਉਚਾਰਨ ਨਿਯਮ ਬਾਰੇ ਇਹ ਵਿਚਾਰ ਅਤਿ ਜ਼ਰੂਰੀ ਹੈ ਕਿ (1). ਪੰਜਾਬੀ ’ਚ ਸਿਹਾਰੀ (ਲਘੂ ਮਾਤਰਾ) ਨੂੰ ਥੋੜ੍ਹਾ ਦੀਰਘ ਮਾਤਰਾ ਕਰਿਆਂ ‘ਬਿਹਾਰੀ’ ਨਹੀਂ ਬਣਦੀ ਬਲਕਿ ‘ਲਾਂ’ ਬਣਦੀ ਹੈ; ਜਿਵੇਂ ‘ਛਿਅ’ ਦਾ ਉਚਾਰਨ ‘ਛੇ’ ਕਰ ਲਿਆ ਜਾਂਦਾ ਹੈ, ‘ਛੀ’ ਨਹੀਂ ਜਦਕਿ ਜਿਸ ਭਾਸ਼ਾ ਦੇ ਇਹ ਸ਼ਬਦ ਹਨ ਉੱਥੇ ‘ਸਿਹਾਰੀ’ ਦੀ ਦੀਰਘ ਮਾਤਰਾ ‘ਬਿਹਾਰੀ’ ਬਣਦੀ ਹੈ।

(2). ਉਕਤ ਸ਼ਬਦਾਂ ਦੇ ਅੰਤ ਔਂਕੜ (ਲਘੂ ਮਾਤਰਾ) ਨੂੰ ਦੀਰਘ ਕਰਿਆਂ ਪੰਜਾਬੀ ’ਚ ‘ਹੋੜਾ’ ਬਣਾ ਲਿਆ ਜਾਂਦਾ ਹੈ ਜਦਕਿ ਸੰਬੰਧਿਤ ਭਾਸ਼ਾ ’ਚ ਔਂਕੜ (ਲਘੂ ਮਾਤਰਾ) ਦੀ ਦੀਰਘ ਮਾਤਰਾ ‘ਦੁਲੈਂਕੜ’ ਹੈ। ਗੁਰਬਾਣੀ ਸ਼ਬਦਾਂ ਦਾ ਉਚਾਰਨ ਸੰਬੰਧਿਤ ਭਾਸ਼ਾ ਵਾਙ ਕਰਨਾ ਦਰੁਸਤ ਹੈ, ਨਾ ਕਿ ਪੰਜਾਬੀ ਭਾਸ਼ਾ ਵਾਙ।)

(4). ਪੰਜਾਬੀ ਤੇ ਗੁਰਮੁਖੀ ਭਾਸ਼ਾ ’ਚ ਸਵਰ ਅੱਖਰ ਕੇਵਲ 3 (ੳ, ਅ, ੲ) ਹੋਣ ਕਾਰਨ ‘ਹ, ਯ, ਵ’ ਨੂੰ ਵੀ ਅਰਧ ਸਵਰ ’ਚ ਇਸਤੇਮਾਲ ਕਰ ਲਿਆ ਜਾਂਦਾ ਹੈ; ਜਿਵੇਂ ਕਿ ‘ਪਉੜੀ ਤੇ ਪਵੜੀ, ਗਿਆਨ ਤੇ ਗ੍ਯਾਨ, ਧਿਆਨ ਤੇ ਧ੍ਯਾਨ, ਗੁਰਦੁਆਰ ਤੇ ਗੁਰਦਵਾਰ, ਦਈ ਤੇ ਦਯ, ਰਈਅਤਿ ਤੇ ਰਯਤਿ’ ਆਦਿ।

‘ੳ, ੲ, ਅ’ ਨੂੰ ਲੱਗੀਆਂ 10 ਲਗਾਂ, ਅੱਖਰ ਸੰਧੀ ਉਪਰੰਤ ਸ਼ਬਦ ’ਚ ਆਪਣਾ ਸਰੂਪ ਬਦਲ ਕੇ ਕੇਵਲ ‘ ੁ , ੂ , ਿ, ੀ , ੇ , ੈ ’ ਆਦਿ ਹੀ ਰਹਿ ਜਾਂਦੀਆਂ ਹਨ ਜਦਕਿ ਉਚਾਰਨ ਕਰਦਿਆਂ ਇਨ੍ਹਾਂ ’ਚੋਂ ਅਰਧ ਸਵਰ ਵਾਲ਼ੀ ਧੁਨੀ (ਹ, ਯ, ਵ) ਪ੍ਰਗਟ ਹੁੰਦੀ ਰਹਿੰਦੀ ਹੈ; ਜਿਵੇਂ ਕਿ ‘ਵ’ ਨੂੰ ‘ਉ’ ’ਚ ਬਦਲਿਆ ਗਿਆ ਤੇ ‘ਉ’ ਨੂੰ ‘ਮਹਤ’ ਨਾਲ ਸੰਧੀ ਕਰਦਿਆਂ ਆਪਣਾ ਔਂਕੜ ‘ਮਹਤ’ ਦੇ ਪਿਛਲੇ ਅੱਖਰ ‘ਤ’ ਨੂੰ ਦਿੱਤਾ ਗਿਆ, ਜਿਸ ਉਪਰੰਤ ਸ਼ਬਦ ‘ਮਹਤੁ’ ਬਣ ਗਿਆ: ਪਵਣੁ ਗੁਰੂ, ਪਾਣੀ ਪਿਤਾ; ਮਾਤਾ ਧਰਤਿ ‘ਮਹਤੁ’ ॥ (ਜਪੁ) ਹੁਣ ਇਸ ‘ਮਹਤੁ’ ਦਾ ਉਚਾਰਨ ‘ਮਹਤ’ ਨਹੀਂ ਹੋ ਸਕਦਾ ਬਲਕਿ ਥੋੜ੍ਹਾ ‘ਮਹਤ੍ਵ’ ਜਾਂ ‘ਮਹਤੁਅ’ ਵਾਙ ਕਰਨਾ ਦਰੁਸਤ ਰਹੇਗਾ। ਅਜਿਹਾ ਹੀ ਇੱਕ ਸ਼ਬਦ ਹੈ: ‘ਵਿਸੁ’ (ਵਿਸ਼੍ਵ ਜਾਂ ਵਿਸ਼ਵ); ਜਿਵੇਂ ਏਹੁ ‘ਵਿਸੁ’ ਸੰਸਾਰੁ ਤੁਮ ਦੇਖਦੇ; ਏਹੁ ਹਰਿ ਕਾ ਰੂਪੁ ਹੈ; ਹਰਿ ਰੂਪੁ ਨਦਰੀ ਆਇਆ ॥ (ਮ: ੩/੯੨੨) ਇਸ ਤੁਕ ’ਚ ਦਰਜ ‘ਵਿਸੁ’ ਦਾ ਉਚਾਰਨ ‘ਵਿਸ’ (ਜ਼ਹਿਰ) ਕਰਨਾ ਦਰੁਸਤ ਨਹੀਂ ਬਲਕਿ ਥੋੜ੍ਹਾ ‘ਵਿਸ਼੍ਵ’ ਜਾਂ ‘ਵਿਸ਼ੁਅ’ ਵਾਙ ਠੀਕ ਰਹੇਗਾ, ਆਦਿ।

(5). ਫ਼ਾਰਸੀ, ਅਰਬੀ ਦੇ ਕੁਝ ਸ਼ਬਦ ਅੰਤ ‘ਹ’ ਹਨ; ਜਿਵੇਂ ਕਿ ‘ਦਰਗਹ, ਦਰਗਾਹ, ਦਰਗਹਿ, ਅਲਹ, ਅਲਹੁ, ਅਲਾਹ, ਅਲਾਹਿ, ਅਲਾਹੁ, ਸਾਹ, ਸਹ (ਸ਼ਾਹ), ਸਹੁ (ਸ਼ਾਹ) ਸਹਿ (ਸ਼ਾਹ)’ ਆਦਿ, ਜਿਨ੍ਹਾਂ ਦਾ ਉਚਾਰਨ ‘ਖ਼ਾਲਸਹ’ ਦੇ ‘ਖ਼ਾਲਸਾ’ ਉਚਾਰਨ ਵਾਙ ਅੰਤ ‘ਹ’ ਨੂੰ ਕੰਨਾ ਵੱਲ ਲੈ ਜਾਣਾ ਹੀ ਉਚਿਤ ਹੋਵੇਗਾ। ‘ਦਰਗਹਿ, ਅਲਾਹਿ, ਸਹਿ’ ਆਦਿ ਨੂੰ ਲੱਗੀ ਅੰਤ ਸਿਹਾਰੀ ਤਰਤੀਬਵਾਰ ‘ਅਧਿਕਰਣ ਕਾਰਕ, ਕਰਮ ਕਾਰਕ ਤੇ ਕਰਤਾ ਕਾਰਕ’ ਹੈ, ਜੋ ਉਚਾਰਨ ਦਾ ਹਿੱਸਾ ਨਹੀਂ; ਜਿਵੇਂ

ਐਥੈ ਮਿਲਹਿ ਵਡਾਈਆ; ‘ਦਰਗਹਿ’ (ਦਰਗਾਹ ਵਿੱਚ) ਪਾਵਹਿ ਥਾਉ ॥ (ਮ: ੫/੪੮)

ਕੋਈ ਸੇਵੈ ਗੁਸਈਆ; ਕੋਈ ‘ਅਲਾਹਿ’ (ਅੱਲ੍ਹਾ ਨੂੰ)॥ (ਮ: ੫/੮੮੫)

ਪ੍ਰੇਮ ਪਟੋਲਾ ਤੈ ‘ਸਹਿ’ (ਸ਼ਾਹ ਨੇ) ਦਿਤਾ; ਢਕਣ ਕੂ ਪਤਿ ਮੇਰੀ ॥ (ਮ: ੫/੫੨੦), ਆਦਿ ਦਾ ਉਚਾਰਨ ਥੋੜ੍ਹਾ ‘ਦਰਗ੍ਾ, ਅੱਲਾਹ, ਸ਼ਾ’ ਵਾਙ ਕਰਦਾ ਦਰੁਸਤ ਹੋਵੇਗਾ।

(6). ਗੁਰਬਾਣੀ ’ਚ ਸਥਾਨ ਵਾਚਕ ਪੜਨਾਂਵ ਸ਼ਬਦ ‘ਤਹ, ਜਹ, ਕਹ’ ਦਾ ਉਚਾਰਨ ਥੋੜ੍ਹਾ ‘ਤ੍ਹਾਂ, ਜ੍ਹਾਂ, ਕ੍ਹਾਂ’ ਵਾਙ ਕਰਨਾ ਦਰੁਸਤ ਰਹੇਗਾ, ਜਿਨ੍ਹਾਂ ਦਾ ਅਰਥ ਹੈ: ‘ਉੱਥੇ, ਜਿੱਥੇ, ਕਿੱਥੇ’; ਜਿਵੇਂ

‘‘ਪੰਕਜੁ ਮੋਹ ਪਗੁ ਨਹੀ ਚਾਲੈ; ਹਮ ਦੇਖਾ, ‘ਤਹ’ (ਤ੍ਹਾਂ) ਡੂਬੀਅਲੇ ॥’’ (ਮ: ੧/੧੨)

‘ਜਹ’ (ਜ੍ਹਾਂ) ਦੇਖਾ, ‘ਤਹ’ (ਤ੍ਹਾਂ) ਏਕੁ ਤੂੰ; ਸਤਿਗੁਰਿ (ਨੇ) ਦੀਆ ਦਿਖਾਇ ॥ (ਮ: ੧/੫੫)

‘ਕਹ’ (ਕ੍ਹਾਂ) ਉਪਜੈ, ‘ਕਹ’ (ਕ੍ਹਾਂ) ਜਾਇ (ਕੇ) ਸਮਾਵੈ ॥’’ (ਮ: ੧/੧੫੨) ਆਦਿ। ਅਜਿਹੀ ਉਚਾਰਨ ਸੇਧ ਵੀ ਗੁਰਬਾਣੀ ’ਚੋਂ ਹੀ ਮਿਲਦੀ ਹੈ; ਜਿਵੇਂ

‘ਜਹਾਂ’ ਸਬਦੁ ਵਸੈ, ‘ਤਹਾਂ’ ਦੁਖੁ ਜਾਏ ॥ (ਮ: ੩/੩੬੪)

ਨਾ ਜਾਨਉ, ਬੈਕੁੰਠੁ ਹੈ ‘ਕਹਾਂ’ ? ॥ (ਭਗਤ ਕਬੀਰ/੧੧੬੧) ਆਦਿ।

(7). ਗੁਰਬਾਣੀ ’ਚ ਦਰਜ ਕੁਝ ਸ਼ਬਦਾਂ ਦੇ ਇੱਕ ਅੱਖਰ ਨੂੰ ਹੀ ਦੋ ਲਗਾਂ (ਔਂਕੜ ਤੇ ਹੋੜਾ) ਲੱਗੀਆਂ ਹੋਣ ਕਾਰਨ ਉਨ੍ਹਾਂ ਦਾ ਉਚਾਰਨ ਕਰਨਾ ਅਤਿ ਮੁਸ਼ਕਲ ਹੈ; ਜਿਵੇਂ ਕਿ

‘‘ਆਪੇ ਨੇੜੈ, ਦੂਰਿ ਆਪੇ ਹੀ; ਆਪੇ ਮੰਝਿ ‘ਮਿਆਨੋੁ’ ॥ ਆਪੇ ਵੇਖੈ, ਸੁਣੇ ਆਪੇ ਹੀ; ਕੁਦਰਤਿ ਕਰੇ ‘ਜਹਾਨੋੁ’ ॥ ਜੋ ਤਿਸੁ ਭਾਵੈ ਨਾਨਕਾ ! ਹੁਕਮੁ ਸੋਈ ‘ਪਰਵਾਨੋੁ’ ॥’’ (ਮ: ੧/੨੫) ਇਨ੍ਹਾਂ ਤਿੰਨੇ ਤੁਕਾਂ ਦੀ ਸਮਾਪਤੀ ਵਾਲ਼ੇ ਸ਼ਬਦਾਂ ਦੇ ਪਿਛੇਤਰ ’ਚ ਦੋ ਲਗਾਂ ਹਨ ਤੇ ਤਿੰਨੇ ਸ਼ਬਦ ਇੱਕ ਵਚਨ ਪੁਲਿੰਗ ਵੀ ਹਨ; ਜਿਵੇਂ ਕਿ

ਸਚੈ ਮਾਰਗਿ ਚਲਦਿਆ; ਉਸਤਤਿ ਕਰੇ ‘ਜਹਾਨੁ’ ॥ (ਮ: ੫/੧੩੬)

ਹੁਕਮੁ ਬੂਝੈ; ਸੋਈ ‘ਪਰਵਾਨੁ’ ॥ (ਮ: ੫/੩੮੬) ਆਦਿ।

ਜਦ ਕਿਸੇ ਸ਼ਬਦ ਦੇ ਅੰਤ ’ਚ ਪਿੰਗਲ ਨਿਯਮ ਮੁਤਾਬਕ ਵਾਧੂ ਅੰਕ ੧ (ਕਿਉਂਕਿ ਅੰਕ ੧ ਤਾਂ ਅੰਤ ਔਂਕੜ ਦਾ ਪਹਿਲਾਂ ਤੋਂ ਮੌਜੂਦ ਹੈ) ਦੀ ਜ਼ਰੂਰਤ ਪਵੇ ਤਾਂ ਸ਼ਬਦ ਦੇ ਪਿਛੇਤਰ ਅੱਖਰ ਨੂੰ ਦੋ ਲਗਾਂ ਲੱਗ ਜਾਂਦੀਆਂ ਹਨ। ਇੱਕ ਲਗ ਇੱਕ ਵਚਨ ਪੁਲਿੰਗ ਨਿਯਮ ਮੁਤਾਬਕ ਤੇ ਦੂਸਰੀ ਉਚਾਰਨ ਪਿੰਗਲ ਨਿਯਮ ਮੁਤਾਬਕ, ਤਾਂ ਤੇ ਇਨ੍ਹਾਂ ਸ਼ਬਦਾਂ ’ਚ ਉਚਾਰਨ ਅੰਤ ਔਂਕੜ (ਪਿੰਗਲ ਅੰਕ ੧) ਕਰਨ ਦੀ ਬਜਾਏ ਅੰਤ ਹੋੜਾ (ਪਿੰਗਲ ਅੰਕ ੨) ਕਰਨਾ ਦਰੁਸਤ ਹੋਵੇਗਾ। ਇਸ ਨਿਯਮ ਦੇ ਵਿਪਰੀਤ ਜਦ ਸ਼ਬਦ ਦੇ ਅਗੇਤਰ ਦੋ ਲਗਾਂ ਹੋਣ; ਜਿਵੇਂ ਕਿ

‘‘ਗੁਰ ਗੋਵਿੰਦੁ ‘ਗੋੁਵਿੰਦੁ’ ਗੁਰੂ ਹੈ; ਨਾਨਕ ! ਭੇਦੁ ਨ ਭਾਈ ॥’’ (ਮ: ੪/੪੪੨) ’ਚ ਦਰਜ ਪਹਿਲੇ ‘ਗੋਵਿੰਦੁ’ ਸ਼ਬਦ ਦਾ ਅਗੇਤਰ ‘ਗੋ’ ਅੱਖਰ (ਪਿੰਗਲ ਅੰਕ ੨) ਹੈ, ਜਿਸ ਨੂੰ ਘਟਾਉਣਾ ਕਾਵਿ ਨਿਯਮ ਅਨੁਸਾਰ ਅਤਿ ਜ਼ਰੂਰੀ ਹੈ, ਜੋ ਅਗਲੇ ਸ਼ਬਦ ‘ਗੋੁਵਿੰਦੁ’ ’ਚ ‘ਗੁ’ (ਪਿੰਗਲ ਅੰਕ ੧) ਕਰਕੇ ਘਟਾਇਆ ਗਿਆ। ਤਾਂ ਤੇ ਪਿੰਗਲ ਅੰਕ ੨ (ਗੋ) ਦੀ ਬਜਾਏ ਪਿੰਗਲ ਅੰਕ ੧ (ਗੁ) ਉਚਾਰਨਾ ਦਰੁਸਤ ਹੋਵੇਗਾ।

ਉਕਤ ਕੀਤੀ ਗਈ ਵਿਚਾਰ ਰਾਹੀਂ ਗੁਰਬਾਣੀ ਦੇ ਕੁਝ ਕੁ ਨਿਯਮਾਂ ਨੂੰ ਤਰਤੀਬ ਦੇਣ ਜਾ ਯਤਨ ਕੀਤਾ ਗਿਆ ਹੈ, ਤਾਂ ਜੋ ਵਿਸ਼ੇ ਦੀ ਆਰੰਭਕ ਵਿਚਾਰ ਕਿ ‘ਨਾਇ’ ਸ਼ਬਦ ਦਾ ਭਿੰਨ ਭਿੰਨ ਅਰਥ ਤੇ ਉਚਾਰਨ ਕਿਵੇਂ ਹੈ ?, ਸਪਸ਼ਟ ਹੋ ਸਕੇ; ਜਿਵੇਂ ਕਿ

(1). ਸੋ ਕਿਉ ਵਿਸਰੈ ? ਮੇਰੀ ਮਾਇ ॥ ਸਾਚਾ ਸਾਹਿਬੁ; ਸਾਚੈ ‘ਨਾਇ’ ॥ ਤੁਕ ’ਚ ‘ਨਾਇ’ ਸ਼ਬਦ ਕਾਰਕੀ ਹੋਣ ਕਾਰਨ ਉਚਾਰਨ ਹੈ: ‘ਨਾਇਂ’ (ਨਾਸਿਕੀ) ਤੇ ਅਰਥ ਹੈ: ‘ਸਾਚਾ ਸਾਹਿਬੁ ਸੱਚੇ ਨਾਮ ਵਿੱਚ ਵੱਸਦਾ ਹੈ’।

(2). ਤੀਰਥਿ ਨਾਵਾ, ਜੇ ਤਿਸੁ ਭਾਵਾ; ਵਿਣੁ ਭਾਣੇ, ਕਿ ‘ਨਾਇ’ ਕਰੀ ?॥ ਤੁਕ ’ਚ ‘ਨਾਇ’ ਸ਼ਬਦ ਕਿਰਿਆ ਵਿਸ਼ੇਸ਼ਣ ਹੋਣ ਕਾਰਨ ਉਚਾਰਨ ਹੈ: ‘ਨ੍ਹਾਇ’ ਤੇ ਅਰਥ ਹੈ: ‘ਨ੍ਹਾ ਕੇ ਕੀ ਕਰਾਂ’?

(3). ਸਾਚਾ ਸਾਹਿਬੁ, ਸਾਚੁ ‘ਨਾਇ’; ਭਾਖਿਆ ਭਾਉ ਅਪਾਰੁ ॥ ਤੁਕ ’ਚ ‘ਨਾਇ’ ਸ਼ਬਦ ਨਾਂਵ ਹੋਣ ਕਾਰਨ ਉਚਾਰਨ ਹੈ: ‘ਨਾਇ’ ਤੇ ਅਰਥ ਹੈ: ‘ਸੱਚਾ ਨਿਯਮ’।

ਉਕਤ ਵਿਚਾਰ ਦੇ ਮੁਕਾਬਲੇ ਗੁਰਬਾਣੀ ਉਚਾਰਨ ਸੰਬੰਧੀ ਅਜੋਕੀ ਸਥਿਤੀ ਵੀ ਵਿਚਾਰਨ ਯੋਗ ਹੈ, ਜੋ ਕਿ ਦੋ ਪ੍ਰਕਾਰ ਦੀ ਸੋਚ (ਨੀਤੀ) ਅਧੀਨ ਪੜ੍ਹੀ ਤੇ ਪੜ੍ਹਾਈ ਜਾਂਦੀ ਹੈ।

(1). ਇੱਕ ਵਰਗ ਦਾ ਵਿਚਾਰ ਹੈ ਕਿ ਗੁਰਬਾਣੀ ’ਚ ਦਰਜ ਤਮਾਮ ਲਗਾਂ ਦਾ ਉਚਾਰਨ ਕਰਨਾ ਚਾਹੀਦਾ ਹੈ, ਨਹੀਂ ਤਾਂ ਇਨ੍ਹਾਂ ਨੂੰ ਦਰਜ ਕਰਨ ਦਾ ਕੀ ਮਹੱਤਵ ਰਹਿ ਜਾਂਦਾ ਹੈ? ਇਸ ਵਰਗ ਦਾ ਪਾਠ ਕਰਨ ਦਾ ਜ਼ਿਆਦਾਤਰ ਲਹਿਜਾ (ਉਚਾਰਨ-ਸ਼ੈਲੀ) ਇਹ ਸਪਸ਼ਟ ਕਰਦੀ ਹੈ ਕਿ ਇਨ੍ਹਾਂ ਦੀ ਆਪਣੀ ਸੋਚ, ਕਿ ਤਮਾਮ ਲਗਾਂ ਨੂੰ ਉਚਾਰਨਾ ਜ਼ਰੂਰੀ ਹੈ, ਕੇਵਲ ‘ਹ’ ਅੱਖਰ ਨੂੰ ਲੱਗਾ ਔਂਕੜ ਤੇ ਸਿਹਾਰੀ ਦੇ ਉਚਾਰਨ ਤੱਕ ਸਿਮਟ ਕੇ ਰਹਿ ਜਾਂਦੀ ਹੈ ਭਾਵ ‘ਹ’ ਨੂੰ ਲੱਗੀਆਂ ਲਗਾਂ ਤੋਂ ਇਲਾਵਾ ਇਹ ਵਰਗ ਕਿਸੇ ਸ਼ਬਦ ਦੀ ਅੰਤ ਔਂਕੜ ਜਾਂ ਅੰਤ ਸਿਹਾਰੀ ਉਚਾਰਨ ਕਰਦਾ ਨਹੀਂ ਵੇਖਿਆ ਗਿਆ; ਜਿਵੇਂ ਕਿ ‘ਗੁਰੁ, ਨਾਨਕੁ, ਰਾਮੁ, ਅਕਾਲੁ, ਗੁਰਿ, ਨਾਨਕਿ, ਰਾਮਿ, ਅਕਾਲਿ’ ਆਦਿ ਦੀ ਅੰਤ ਔਂਕੜ ਤੇ ਅੰਤ ਸਿਹਾਰੀ ਇਨ੍ਹਾਂ ਤੋਂ ਵੀ ਉਚਾਰਨ ਨਹੀਂ ਕੀਤੀ ਜਾਂਦੀ। ਅਗਰ ਤਮਾਮ ਲਗਾਂ ਨੂੰ ਉਚਾਰਿਆ ਜਾਵੇ ਤਾਂ 90 ਅੰਕਾਂ ਦਾ ਪਾਠ ਦੋ ਘੰਟਿਆਂ ’ਚ ਕਰਨਾ ਅਸੰਭਵ ਹੈ, ਜੋ ਇਹ ਲੋਕ ਰੁਜ਼ਾਨਾ ਕਰਦੇ ਵੇਖੇ ਜਾ ਸਕਦੇ ਹਨ।

ਦੂਸਰਾ ਇਹ ਲੋਕ ਉਸ ਭਾਸ਼ਾਈ ਨਿਯਮ ਦੀ ਉਲੰਘਣਾ ਕਰਨਗੇ ਜਿਸ ਵਿੱਚ ਲਘੂ ਮਾਤਰਾ (ਅੰਕ ੧) ਤੇ ਦੀਰਘ ਮਾਤਰਾ (ਅੰਕ ੨) ਤੋਂ ਇਲਾਵਾ ਵੀ ਮਹਾਂ ਦੀਰਘ ਮਾਤਰਾ (ਅੰਕ ੩) ਬਣੇਗੀ ਕਿਉਂਕਿ ‘ਗੋੁ’ ਦੀ ਔਂਕੜ ਤੇ ਹੋੜਾ ਉਚਾਰਨ ਨਾਲ ਇਹ ਇੱਕ ਅੱਖਰ ਹੀ ਪਿੰਗਲ ਅੰਕ ੩ ’ਚ ਆ ਜਾਂਦਾ ਹੈ, ਜਿਸ ਦੀ ਇਜਾਜ਼ਤ; ਗੁਰਮੁਖੀ ਤੇ ਪੰਜਾਬੀ ਭਾਸ਼ਾ ਸਮੇਤ ਸੰਸਾਰ ਦੀ ਕੋਈ ਵੀ ਬੋਲੀ ਨਹੀਂ ਦਿੰਦੀ।

(2). ਦੂਸਰਾ ਵਰਗ ਉਹ ਹੈ ਜੋ ਅੰਤ ਔਂਕੜ ਤੇ ਅੰਤ ਸਿਹਾਰੀ ਨੂੰ ਢੁਕਵੀਂ ਜਗ੍ਹਾ ਉਚਾਰਨ ਕਰਨ ਤੋਂ ਸੰਕੋਚ ਕਰਨਾ ਚਾਹੁੰਦਾ ਹੈ ਪਰ ਨਿਯਮਾਂ ਦੀ ਮੁਕੰਮਲ ਜਾਣਕਾਰੀ ਨਾ ਹੋਣ ਕਾਰਨ ਬੜੀ ਦੁਬਿਧਾ ’ਚ ਹੈ।

ਭਾਈ ਹਰਿਮੰਦਰ ਸਿੰਘ ਜੀ ਮੁੰਬਈ ਵਾਲ਼ੇ ਤੇ ਪ੍ਰਿੰਸੀਪਲ ਹਰਭਜਨ ਸਿੰਘ ਜੀ ਚੰਡੀਗੜ੍ਹ ਵਾਲ਼ੇ (ਜੋ ਕਿ ਪ੍ਰਿੰਸੀਪਲ ਸਾਹਿਬ ਸਿੰਘ ਜੀ ਦੇ ਸਤਸੰਗੀ ਰਹੇ ਹਨ) ਨੇ ਸੰਨ 1978 ’ਚ ਮੰਜੀ ਸਾਹਿਬ (ਦਰਬਾਰ ਸਾਹਿਬ) ਅੰਮ੍ਰਿਤਸਰ ਵਿਖੇ ਮੀਟਿੰਗ ਕੀਤੀ, ਜਿਸ ਦਾ ਏਜੰਡਾ ਪਾਠ ਬੋਧ ਰਾਹੀਂ ਸੰਗਤਾਂ ਨੂੰ ਗੁਰਬਾਣੀ ਦਾ ਸ਼ੁੱਧ ਉਚਾਰਨ ਕਰਵਾਉਣਾ ਸੀ, ਇਸ ਮੁਹਿਮ ’ਚ ਜ਼ਿਆਦਾਤਰ ਸਿੰਘ ਸਭਾ ਲਹਿਰ ਨਾਲ ਸਬੰਧਿਤ ਸੋਚ ਕਾਰਜਸ਼ੀਲ ਸੀ। ਇਹ ਮੁਹਿਮ ਕਾਫ਼ੀ ਸਫਲ ਵੀ ਰਹੀ ਜਿਸ ਨੇ ਭਾਰਤ ਦੇ ਅਲੱਗ ਅਲੱਗ ਸ਼ਹਿਰਾਂ (ਅੰਮ੍ਰਿਤਸਰ, ਕਰਨਾਲ, ਰੋਪੜ, ਮੁੰਬਈ, ਦਿੱਲੀ ਆਦਿ) ’ਚ ਲਗਭਗ 50 ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਪਾਠ ਬੋਧ ਕਰਨ ’ਚ ਸਫਲਤਾ ਪ੍ਰਾਪਤ ਕੀਤੀ। ਇਸ ਕਾਫ਼ਲੇ ’ਚ ਕੁੱਝ ਉਹ ਸੱਜਣ ਵੀ ਸ਼ਾਮਲ ਹੋ ਗਏ ਜਿਨ੍ਹਾਂ ਦੀ ਸੋਚ ਗੁਰਬਾਣੀ ਦੀਆਂ ਤਮਾਮ ਲਗਾਂ ਦਾ ਉਚਾਰਨ ਕਰਨ ਦੀ ਹਮਾਇਤੀ ਸੀ, ਇਨ੍ਹਾਂ ’ਚ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਤੇ ਜੋਗਿੰਦਰ ਸਿੰਘ ਜੀ ਵੇਦਾਂਤੀ ਪ੍ਰਮੁੱਖ ਸਨ। ਇਨ੍ਹਾਂ ਆਰੰਭਕ ਮੀਟਿੰਗਾਂ ’ਚ ਪਾਠ ਬੋਧ ਲਈ ਜੋ ਵਿਚਾਰ ਚਰਚਾ ਹੁੰਦੀ ਸੀ ਉਸ ਵਿੱਚ ਮੌਜੂਦ ਸੱਜਣ ਅੱਜ ਵੀ ਮੇਰੇ ਪਾਸ ਮੌਜੂਦ ਹਨ, ਜਿਨ੍ਹਾਂ ਅਨੁਸਾਰ ਪ੍ਰਿੰਸੀਪਲ ਹਰਭਜਨ ਸਿੰਘ ਜੀ ਨੇ ਇੱਕ ਇਸ ਨੁਕਤੇ ’ਤੇ ਆਮ ਰਾਇ ਬਣਾਉਣੀ ਚਾਹੀ ਕਿ ‘ਸਹ, ਸਹੁ, ਸਹਿ’ ਫ਼ਾਰਸੀ ਸ਼ਬਦਾਂ (ਜਿਨ੍ਹਾਂ ਦਾ ਅਰਥ ਪਾਤਿਸ਼ਾਹ ਹੈ) ਦਾ ਉਚਾਰਨ ‘ਸ਼’ ਨਾਲ ਕੰਨਾ ਧੁਨੀ ਪ੍ਰਗਟ ਕਰਕੇ ਕੀਤਾ ਜਾਵੇ ਤੇ ਹੁਕਮੀ ਭਵਿੱਖ ਕਾਲ ਕਿਰਿਆ ਦਾ ਅੰਤ ਔਂਕੜ ਤੇ ਅੰਤ ਸਿਹਾਰੀ ਉਚਾਰਨ ’ਚ ਸ਼ਾਮਲ ਨਾ ਕੀਤੀ ਜਾਵੇ; ਜਿਵੇਂ ਕਿ ‘ਰਹੁ, ਕਹੁ, ਸਹੁ’ ਆਦਿ : ‘ਸਹੁ’ (ਸਹ) ਵੇ ਜੀਆ ! ਅਪਣਾ ਕੀਆ ॥ (ਮ: ੧/੪੬੭) ਪਰ ਦੂਸਰਾ ਵਰਗ ਇਸ ਨਾਲ ਸਹਿਮਤ ਨਹੀਂ ਹੋਇਆ। ਮਿਸ਼ਨਰੀਆਂ ਵਿੱਚੋਂ ਵੀ ਕੁੱਝ ਸੱਜਣ ਪ੍ਰਿੰਸੀਪਲ ਹਰਭਜਨ ਸਿੰਘ ਜੀ (ਚੰਡੀਗੜ੍ਹ) ਨਾਲ ਪੂਰਨ ਦ੍ਰਿੜ੍ਹਤਾ ਨਾਲ ਨਹੀਂ ਖੜ੍ਹੇ; ਜਿਵੇਂ ਕਿ ਸਿੱਖ ਮਿਸ਼ਨਰੀ ਕਾਲਜ (ਲੁਧਿਆਣਾ) ਅੱਜ ਵੀ ਭਾਈ ਜੋਗਿੰਦਰ ਸਿੰਘ ਜੀ ਦੁਆਰਾ ਲਿਖੀ ਗਈ ‘ਯ’ ਅੱਖਰ ਦੀ ਉਚਾਰਨ ਸੇਧ ਛਾਪ ਰਿਹਾ ਹੈ, ਜਿਸ ਵਿੱਚ ਤਮਾਮ ਲਗਾਂ ਦਾ ਉਚਾਰਨ ਕਰਨ ਵਾਲ਼ੀ ਸੋਚ ਮੁਤਾਬਕ ‘ਦਯੁ’ ਦਾ ਉਚਾਰਨ ‘ਦਈਉ’ ਤੇ ‘ਦਯਿ’ ਦਾ ਉਚਾਰਨ ‘ਦਈਇ’ ਸ਼ਾਮਲ ਹੈ। ਜਦਕਿ ਗੁਰਬਾਣੀ ਲਿਖਤ ਅਨੁਸਾਰ ‘ਦਯੁ’ (ਇੱਕ ਵਚਨ ਪੁਲਿੰਗ) ਤੇ ‘ਦਯਿ’ ਕਰਤਾ ਕਾਰਕ ਹੈ; ਜਿਵੇਂ

ਨਿਤ ਨਿਤ ‘ਦਯੁ’ ਸਮਾਲੀਐ ॥ (ਮ: ੫/੧੩੨) ਭਾਵ ‘ਦਯੁ’ ਦਾ ਅਰਥ ਹੈ: ‘ਦਈ ਨੂੰ’ (ਕਰਮ ਕਾਰਕ)

ਸੋ ਬੂਝੈ; ਜੁ ‘ਦਯਿ’ ਸਵਾਰਿਆ ॥ (ਮ: ੪/੩੧੬) ਭਾਵ ‘ਦਯਿ’ ਦਾ ਅਰਥ ਹੈ: ‘ਦਈ ਨੇ’ (ਕਰਤਾ ਕਾਰਕ) ਆਦਿ, ਇਨ੍ਹਾਂ ਦੋਵੇਂ ਸ਼ਬਦਾਂ ਦਾ ਉਚਾਰਨ ‘ਦਈ’ ਦਰੁਸਤ ਹੋਵੇਗਾ।

ਸੋ, ਉਕਤ ਪਾਠ ਬੋਧ ਲਹਿਰ ’ਚ ਕੁੱਝ ਅਜਿਹੇ ਸ਼ਬਦਾਂ ਦੇ ਉਚਾਰਨ ਸੰਬੰਧ ਆਮ ਸਹਿਮਤੀ ਨਾ ਬਣ ਸਕੀ ਜਿਨ੍ਹਾਂ ਦਾ ਉਚਾਰਨ ਇਸ ਸੋਚ ਦੇ ਨਿਯਮਾਂ ਮੁਤਾਬਕ ਨਹੀਂ ਹੋਣਾ ਚਾਹੀਦਾ ਸੀ। ਇਸ ਕਾਫ਼ਲੇ ’ਚ ਪਿੱਛੋਂ ਸਾਹਿਬ ਸਿੰਘ ਜੀ ਮਾਰਕੰਡਾ ਵਰਗੇ ਸੱਜਣ ਸ਼ਾਮਲ ਹੋਏ, ਜਿਨ੍ਹਾਂ ਦਾ ਪਿਛੋਕੜ ਸਭ ਲਗਾਂ ਦਾ ਉਚਾਰਨ ਕਰਨਾ ਰਿਹਾ, ਬੇਸ਼ੱਕ ਬਾਅਦ ’ਚ ਇਨ੍ਹਾਂ ਕੁੱਝ ਸੁਧਾਰ ਵੀ ਕੀਤਾ ਪਰ ਪੂਰਨ ਸੁਧਾਰ ਦੀ ਘਾਟ ਹੀ ਰਹੀ। ਉਕਤ ਪਾਠ ਬੋਧ ਰਾਹੀਂ ਕੀਤੇ ਗਏ ਉਚਾਰਨ ਤੋਂ ਪ੍ਰਭਾਵਤ ਹੋ ਕੇ ਗਿਆਨੀ ਜਗਤਾਰ ਸਿੰਘ ਜੀ ਜਾਚਕ ਵਰਗਿਆਂ ਨੇ ਗੁਰਬਾਣੀ ਪਾਠ ਬੋਧ ਨੂੰ ਰਿਕਾਰਡਿੰਗ ਕਰਵਾਇਆ ਜਿਸ ਵਿੱਚ ਉਕਤ ਤਰੁਟੀ ਜਿਉਂ ਦੀ ਤਿਉਂ ਬਣੀ ਰਹੀ ਭਾਵ ਇੱਕ ਵਚਨ ਪੁਲਿੰਗ ਦਾ ਅੰਤ ਔਂਕੜ ਤੇ ਅੰਤ ਸਿਹਾਰੀ ਦਾ ਉਚਾਰਨ ਤਾਂ ਨਹੀਂ ਕੀਤਾ ਪਰ ਕਿਰਿਆ ਵਿਸ਼ੇਸ਼ਣ ਤੇ ਹੁਕਮੀ ਭਵਿੱਖ ਕਾਲ ਕਿਰਿਆ ਵਾਲ਼ੇ ਸ਼ਬਦਾਂ ਦੇ ਅੰਤ ’ਚ ਲੱਗੀ ਸਿਹਾਰੀ ਤੇ ਔਂਕੜ ਦਾ ਉਚਾਰਨ ਹੁੰਦਾ ਰਿਹਾ। ਇਸ ਉਚਾਰਨ ਵਿੱਚ ਸਮਾਜਿਕ ਵਿਰੋਧ ਦਾ ਡਰ ਵੀ ਅਹਿਮ ਭੂਮਿਕਾ ਨਿਭਾਉਂਦਾ ਰਿਹਾ, ਜਿਸ ਦਾ ਸਾਹਮਣਾ ਕਰਨ ਲਈ ਪ੍ਰੋ. ਸਾਹਿਬ ਸਿੰਘ ਜੀ ਤੇ ਪ੍ਰਿੰਸੀਪਲ ਹਰਭਜਨ ਸਿੰਘ ਜੀ ਵਰਗੇ ਵਿਦਵਾਨਾਂ ਦੀ ਘਾਟ ਮਹਿਸੂਸ ਹੁੰਦੀ ਹੈ।

ਅੱਜ ਕੁੱਝ ਹੋਰ ਸੱਜਣ ਵੀ ਗੁਰਬਾਣੀ ਉਚਾਰਨ ਸੇਧਾਂ ਦੇਣ ਪ੍ਰਤਿ ਆਪਣੀਆਂ ਸੇਵਾਵਾਂ ਦੇ ਰਹੇ ਹਨ ਪਰ ਉਨ੍ਹਾਂ ਰਾਹੀਂ ਦਿੱਤੀ ਜਾ ਰਹੀ ਜਾਣਕਾਰੀ ਨਾਲ ਭਵਿੱਖ ’ਚ ਲਾਭ ਘੱਟ ਤੇ ਨੁਕਸਾਨ ਵਧੇਰਾ ਹੋਵੇਗਾ; ਜਿਵੇਂ ਕਿ

ਡਾ. ਓਅੰਕਾਰ ਸਿੰਘ ਜੀ, ਜਿਨ੍ਹਾਂ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਉਚਾਰਨ ਕੋਸ਼, ਸ਼ਬਦ ਕੋਸ਼ ਅਤੇ ਅਰਥ ਬੋਧ ਨਾਂ ਹੇਠ ਮਾਰਚ 2012 ’ਚ ਵੱਡੀ ਕਿਤਾਬ ਛਾਪੀ, ਜਿਸ ਦੇ ਪੰਨਾ ਨੰਬਰ 19 ’ਤੇ ‘‘ਸੁਣਿਐ ਅੰਧੇ ਪਾਵਹਿ ‘ਰਾਹੁ’ ॥ ਸੁਣਿਐ ਹਾਥ ਹੋਵੈ ‘ਅਸਗਾਹੁ’ ॥’’ ਤੁਕਾਂ ’ਚ ਦਰਜ ‘ਰਾਹੁ’ ਤੇ ‘ਅਸਗਾਹੁ’ ਦਾ ਉਚਾਰਨ ‘ਰਾਹ’ ਤੇ ‘ਅਸਗਾਹ’ ਦਿੱਤਾ ਗਿਆ ਹੈ ਪਰ ਪੰਨਾ ਨੰਬਰ 542 ’ਤੇ ਦਰਜ ਪੰਕਤੀਆਂ: ‘‘ਰੇ ਮਨ ! ਐਸੀ ਹਰਿ ਸਿਉ ਪ੍ਰੀਤਿ ਕਰਿ, ਜੈਸੀ ਜਲ ‘ਕਮਲੇਹਿ’ ॥ ਲਹਰੀ ਨਾਲਿ ਪਛਾੜੀਐ, ਭੀ ਵਿਗਸੈ ‘ਅਸਨੇਹਿ’ ॥’’ (ਮ: ੧/੫੯) ’ਚ ਸ਼ਾਮਲ ‘ਕਮਲੇਹਿ’ ਤੇ ‘ਅਸਨੇਹਿ’ ਦਾ ਉਚਾਰਨ ‘ਕਮਲੇਹਿਂ’ ਤੇ ‘ਅਸਨੇਹਿਂ’ (ਨਾਸਿਕੀ) ਦਿੱਤਾ ਗਿਆ ਹੈ, ਜਦਕਿ ਇਹ ਸ਼ਬਦ ਕਰਣ ਕਾਰਕ ਹਨ ਜਿਨ੍ਹਾਂ ਦਾ ਅਰਥ ਹੈ: ‘ਜੈਸੀ ਜਲ ਕਮਲੇਹਿ’ ਭਾਵ ਜਿਵੇਂ ਜਲ ਦੀ ਕਮਲ ਨਾਲ (ਪ੍ਰੀਤ)’ ਤੇ ‘ਭੀ ਵਿਗਸੈ ਅਸਨੇਹਿ’ ਭਾਵ ‘ਫਿਰ ਵੀ ਪਿਆਰ ਨਾਲ ਖਿੜਦਾ ਹੈ’। ਗੁਰਬਾਣੀ ਨਿਯਮਾਂ ਮੁਤਾਬਕ ਇਨ੍ਹਾਂ ਦੋਵੇਂ ਸ਼ਬਦਾਂ ਨੂੰ ਨਾ ਤਾਂ ਨਾਸਿਕੀ ਉਚਾਰਨ ਕੀਤਾ ਜਾ ਸਕਦਾ ਹੈ ਤੇ ਨਾ ਹੀ ਅੰਤ ਸਿਹਾਰੀ ਪੜ੍ਹੀ ਜਾ ਸਕਦੀ ਹੈ ਪਰ ਉਕਤ ਦਿੱਤੀ ਗਈ ਸੇਧ ਮੁਤਾਬਕ ਨਾਸਿਕੀ ਤੇ ਸਿਹਾਰੀ ਦਾ ਉਚਾਰਨ ਹੁੰਦਾ ਵੇਖ ਕੇ ਆਮ ਪਾਠਕ ਕਿਸ ਨਤੀਜੇ ’ਤੇ ਪਹੁੰਚੇਗਾ ? ਜਦਕਿ ਇਹ ਪੀ. ਐੱਚ. ਡੀ. ਕੀਤੇ ਹੋਏ ਵਿਦਵਾਨ ਹਨ। ਅਜਿਹੀ ਹੀ ਉਚਾਰਨ ਸੇਧ ਕਈ ਹੋਰ ਸੱਜਣਾਂ ਵੱਲੋਂ ਮੁਹੱਈਆ ਕਰਵਾਈ ਗਈ ਹੈ, ਜਿਸ ਵਿੱਚ ਇੱਕ ਵਚਨ ਪੁਲਿੰਗ ਨਾਂਵ ਦਾ ਅੰਤ ਔਂਕੜ ਤੇ ਅੰਤ ਸਿਹਾਰੀ ਉਚਾਰਨ ਨਿਯਮ ਤੱਕ ਤਾਂ ਸਮਝ ਵਿਖਾਈ ਦਿੰਦੀ ਹੈ ਪਰ ਉਸ ਤੋਂ ਅਗਾਂਹ ਉਚਾਰਨ ਦਾ ਅਨਰਥ ਕੀਤਾ ਗਿਆ ਹੈ, ਜਿਸ ਕਾਰਨ ‘‘ਡਿਠੈ ਮੁਕਤਿ ਨ ਹੋਵਈ; ਜਿਚਰੁ, ਸਬਦਿ ਨ ਕਰੇ ਵੀਚਾਰੁ ॥’’ (ਮ: ੩/੫੯੪) ਬਚਨਾਂ ’ਤੇ ਪਹਿਰਾ ਦੇਣ ਦੇ ਇੱਛਕ ਸੱਜਣ ਲਈ ਦੁਬਿਧਾ ਬਰਕਰਾਰ ਹੈ।

ਸਮੇਂ ਦੀ ਮੁੱਖ ਮੰਗ: ਸਿੱਖ ਸਮਾਜ ’ਚੋਂ ਉਹ ਬੱਚੇ ਗੁਰਮਤਿ ਦੇ ਪ੍ਰਚਾਰ ਲਈ ਅੱਗੇ ਆ ਰਹੇ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਬੇਰੁਜ਼ਗਾਰ ਤੇ ਆਰਥਿਕ ਪੱਖੋਂ ਗ਼ਰੀਬ ਹਨ, ਜਿਸ ਕਾਰਨ ਇਹ ਤਿੰਨ ਸਾਲ ਤੱਕ ਵੀ ਗੁਰਮਤਿ ਸਟੱਡੀ ਕਰਨ ਲਈ ਮੁਸ਼ਕਲ ਨਾਲ ਸਮਾਂ ਕੱਢ ਸਕਦੇ ਹਨ। ਇਨ੍ਹਾਂ ਤਿੰਨ ਸਾਲਾਂ ’ਚ ਕਾਲਜ ਕਿੰਨਾ ਕੁ ਮਾਨਸਿਕ ਬਦਲਾਅ ਲਿਆ ਸਕਦੇ ਹਨ, ਜਦਕਿ ਪ੍ਰਬੰਧਕਾਂ ਨੇ ਸਟਾਫ਼ ਰਾਹੀਂ ਖ਼ਰਚੇ ਵੀ ਕੱਢਣੇ ਹੁੰਦੇ ਹਨ ਕਿਉਂਕਿ ਆਮ ਸੰਗਤਾਂ ਦਾ ਦਸਵੰਧ ਗੁਰੂ ਘਰ ਪੱਕੇ ਬਣਾਉਣ ਲਈ ਜਾਂ ਗੁਰੂ ਦਾ ਬਾਹਰੀ ਸਤਿਕਾਰ ਕਰਵਾਉਣ ਨੂੰ ਵਧੇਰੇ ਤਰਜੀਹ ਦਿੰਦਾ ਹੈ, ਬੇਸ਼ੱਕ ਭਾਈ ਗੁਰਦਾਸ ਜੀ ਬਚਨ ਕਰਦੇ ਰਹਿਣ ਕਿ ‘‘ਜੈਸੇ ਸਤ ਮੰਦਰ, ਕੰਚਨ ਕੇ ਉਸਾਰ ਦੀਨੇ; ਤੈਸਾ ਪੁੰਨ ਸਿਖ ਕਉ, ਇਕ ਸਬਦ ਸਿਖਾਏ ਕਾ। (ਭਾਈ ਗੁਰਦਾਸ ਜੀ : ਕਬਿੱਤ ੬੭੩)

ਅੱਜ ਵੀ ਸਿੱਖ ਕੌਮ ’ਚ ਪੰਥ ਦਰਦੀਆਂ ਦੀ ਕਮੀ ਨਹੀਂ ਹੈ ਪਰ ਕੂਟਨੀਤੱਗਾਂ ਦੀ ਘਾਟ ਜ਼ਰੂਰ ਕਹੀ ਜਾ ਸਕਦੀ ਹੈ। ਅਗਰ ਤਿੰਨ ਸਾਲ ਦਾ ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀਆਂ ਵਿੱਚੋਂ ਦੀਰਘ ਸੋਚ ਰੱਖਣ ਵਾਲ਼ੇ ਦੋ ਕੁ ਦਰਜਨਾਂ ਦੀ ਤਲਾਸ਼ ਕਰਕੇ, ਉਨ੍ਹਾਂ ਨੂੰ ਉਚਿਤ ਤਨਖ਼ਾਹ ਦੇ ਕੇ ਘੱਟੋ ਘੱਟ ਪੰਜ ਸਾਲ ਲਗਾਤਾਰ ਗੁਰਮਤਿ ਦਾ ਬਾਰੀਕੀ ਨਾਲ ਅਧਿਐਨ ਕਰਵਾਇਆ ਜਾਵੇ, ਜਿਸ ਉਪਰੰਤ ਦੇਸ਼-ਵਿਦੇਸ਼ ’ਚ ਪਾਠ ਬੋਧ ਆਰੰਭ ਕੀਤੇ ਜਾਣ ਤਾਂ ਤਮਾਮ ਵਿਵਾਦਗ੍ਰਸਤ ਮੁੱਦੇ ਆਸਾਨੀ ਨਾਲ ਸੁਲ਼ਝ ਸਕਦੇ ਹਨ, ਜਿਨ੍ਹਾਂ ਉੱਤੇ ਸਿੱਖ ਕੌਮ ਦੀ ਬੇ-ਹਿਸਾਬ ਊਰਜਾ, ਧਨ ਤੇ ਕੀਮਤੀ ਸੁਆਸ ਬਰਬਾਦ ਹੋ ਰਹੇ ਹਨ।


21/08/16)
ਹਰਮਿੰਦਰ ਸਿੰਘ ਭੱਟ

ਬਰਸਾਤ ਦੇ ਮੌਸਮ ਵਿੱਚ ਇਹ ਨੁਸਖੇ ਬਚਾਉਣਗੇ ਬਿਮਾਰੀਆਂ ਤੋਂ..

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!

ਬਰਸਾਤ ਦੇ ਮੌਸਮ ਵਿੱਚ ਡਾਇਰੀਆ, ਅੰਤੜੀਆਂ ਦੀ ਸੋਜ, ਪੇਟ ਦੀ ਇਨਫੈਕਸ਼ਨ ਆਦਿ ਬਿਮਾਰੀਆਂ ਦੀ ਚਪੇਟ ‘ਚ ਵਿਅਕਤੀ ਆ ਜਾਂਦਾ ਹੈ। ਇਸ ਲਈ ਵਾਇਰਲ ਬੁਖਾਰ ਤੇ ਜੁਕਾਮ ਆਦਿ ਵੀ ਹੁੰਦੇ ਹਨ ਪਰ ਕੁਝ ਸਾਵਧਾਨੀਆਂ ਜਾਂ ਘਰੇਲੂ ਨੁਸਖਿਆਂ ਨਾਲ ਇਸ ਬਿਮਾਰੀਆਂ ਤੋਂ ਬਚਾਅ ਹੋ ਸਕਦਾ ਹੈ। ਜਾਣਦੇ ਹਾਂ ਇਸ ਲਈ ਬਚਾਅ ਉਪਾਅ-

1. ਇਸ ਦਾ ਸਭ ਤੋਂ ਪਹਿਲਾ ਹੱਲ ਤਾਂ ਇਹੀ ਹੈ ਕਿ ਬਾਹਰੋਂ ਖਾਣ-ਪੀਣ ਤੋਂ ਪੂਰੀ ਤਰ੍ਹਾਂ ਪ੍ਰਹੇਜ਼ ਕੀਤਾ ਜਾਵੇ। ਭੁੱਖ ਤੋਂ ਥੋੜਾ ਘੱਟ ਖਾਧਾ ਜਾਵੇ। ਬਿੱਲ ਦਾ ਮੁਰੱਬਾ ਜਾਂ ਸ਼ੇਕ ਪੀਤਾ ਜਾਵੇ। ਇਸ ਦੇ ਨਾਲ ਹੀ ਅਨਾਰ ਦੇ ਛਿਲਕੇ ਦਾ ਪਾਊਡਰ ਘੋਲ ਕੇ ਪੀਤਾ ਜਾਵੇ। ਲਸਣ ਦੀਆਂ ਦੋ-ਦੋ ਤੁਰੀਆਂ ਚਾਟੀ ਦੀ ਲੱਸੀ ਵਿੱਚ ਪਾ ਕੇ ਨਿਰਣੇ ਕਾਲਜੇ ਪੀਤੀਆਂ ਜਾਣ। ਜੇ ਸਮੱਸਿਆ ਹੋ ਚੁੱਕੀ ਹੈ ਤਾਂ ਠੀਕ ਹੋ ਜਾਵੇਗੀ ਤੇ ਜੇ ਹੋਣ ਦੀ ਸੰਭਾਵਨਾ ਹੈ ਤਾਂ ਬਿਲਕੁਲ ਨਹੀਂ ਹੋਵੇਗੀ।

2. ਜਣੇਪੇ ਤੋਂ ਬਾਅਦ ਔਰਤ ਨੂੰ ਪੰਜੀਰੀ ਜਾਂ ਗਰਮ ਚੀਜ਼ਾਂ ਬਣਾ ਕੇ ਦੇਣ ‘ਚ ਮਖਾਣਿਆਂ ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ। ਇਹ ਤਾਕਤ ਵਧਾਊ ਹੁੰਦੇ ਹਨ ਪਰ ਭਾਰ ਵਜੋਂ ਬਹੁਤ ਹਲਕੇ। ਇਨ੍ਹਾਂ ਦੀ ਤਾਸੀਰ ਗਰਮ ਹੁੰਦੀ ਹੈ।

3. ਅੱਧਾ ਸਿਰਦਰਦ ਹੋਵੇ ਤਾਂ ਗਊ ਦੇ ਤਾਜ਼ੇ ਘਿਉ ਵਿੱਚ ਥੋੜੀ ਜਿਹੀ ਹਿੰਗ ਮਿਲਾਕੇ ਪੀਸ ਲਓ। ਇਸ ਘਿਓ ਮਿਲੀ ਹਿੰਗ ਨੂੰ ਨੱਕ ‘ਚ ਲਾਓ, ਸਿਰਦਰਦ ਠੀਕ ਹੋ ਜਾਵੇਗਾ।

4. ਸਰੀਰ ਦੇ ਕਿਸੇ ਹਿੱਸੇ ‘ਚ ਜਿਵੇਂ ਸਿਰਦਰਦ, ਪੇਟ ਦਰਦ, ਕਮਰ ਦਰਦ, ਜੋੜਾਂ ਦਾ ਦਰਦ, ਜ਼ੁਕਾਮ ਆਦਿ ਹੋਣ ਦੀ ਸੂਰਤ ‘ਚ ਛੋਟੀ ਇਲਾਇਚੀ ਖਾਣ ਨਾਲ ਫਾਇਦਾ ਹੁੰਦਾ ਹੈ। ਚਾਹ ‘ਚ ਪਾ ਕੇ ਪੀਣ ਨਾਲ ਵੀ ਇਹ ਬੀਮਾਰੀਆਂ ਤੋਂ ਛੁਟਕਾਰਾ ਦੁਆਉਂਦੀ ਹੈ। ਛੋਟੀ ਇਲਾਇਚੀ ਪੀਸ ਕੇ ਮੱਥੇ ‘ਤੇ ਲੇਪ ਕਰੋ, ਇਸ ਨਾਲ ਸਿਰਦਰਦ ‘ਚ ਆਰਾਮ ਮਿਲਦਾ ਹੈ।

5. ਜੇ ਪੇਟ ਦਰਦ ਹਵਾ ਰੁਕਣ ਨਾਲ ਹੋਵੇ ਤਾਂ ਦੋ ਗ੍ਰਾਮ ਹਿੰਗ ਅੱਧਾ ਕਿਲੋ ਪਾਣੀ ‘ਚ ਉਬਾਲੋ। ਜਦੋਂ ਪਾਣੀ ਚੌਥਾ ਹਿੱਸਾ ਰਹਿ ਜਾਏ ਤਾਂ ਗਰਮ ਗਰਮ ਪਾਣੀ ਰੋਗੀ ਨੂੰ ਪਿਆਓ। ਭੁੰਨੀ ਹੋਈ ਹਿੰਗ ਤੇ ਜ਼ੀਰਾ, ਸੁੰਢ ਅਤੇ ਸਮੁੰਦਰੀ ਲੂਣ ਮਿਲਾ ਕੇ ਚੌਥਾ ਹਿੱਸਾ ਚਮਚ ਗਰਮ ਪਾਣੀ ਨਾਲ ਫੱਕੀ ਲਓ, ਸਾਰੀ ਸਮੱਸਿਆ ਠੀਕ ਹੋ ਜਾਵੇਗੀ।

6. ਨਹਾਉਣ ਤੋਂ ਬਾਅਦ ਨਿੰਮ ਦੀਆਂ ਪੱਤੀਆਂ ਚਬਾਓ ਤਾਂ ਬਹੁਤ ਵਧੀਆ ਰਹੇਗਾ। ਨਿੰਮ ਦਾ ਰਸਾਇਣ ਮੋਟਾਪਾ ਘਟਾ ਕੇ ਸਰੀਰ ਨੂੰ ਗਠੀਲਾ ਬਣਾਉਂਦਾ ਹੈ ਤੇ ਜਿਗਰ ਨੂੰ ਸਿਹਤਮੰਦ ਤੇ ਮਜ਼ਬੂਤ ਕਰਦਾ ਹੈ। ਹਰ ਰੋਜ਼ ਨਿੰਮ ਦੇ ਤੇਲ ਦੀ ਮਸੂੜਿਆਂ ‘ਤੇ ਮਾਲਸ਼ ਕਰਨ ਨਾਲ ਪਾਇਰੀਆ ਤੇ ਮਸੂੜਿਆਂ ‘ਚੋਂ ਖੂਨ ਆਉਣਾ ਬੰਦ ਹੋ ਜਾਂਦਾ ਹੈ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ!
ਭੁੱਲ ਚੁੱਕ ਦੀ ਖਿਮਾਂ
ਆਪ ਜੀ ਦਾ ਦਾਸ
ਹਰਮਿੰਦਰ ਸਿੰਘ ਭੱਟ
ਬਿਸਨਗੜ੍ਹ (ਬਈਏਵਾਲ)
ਸੰਗਰੂਰ
9914062205


14/08/16)
ਪ੍ਰੋ: ਸਤਪਾਲ ਸਿੰਘ ਅਤੇ ਡਾ: ਜਗੀਰ ਸਿਘ ਨੂਰ

(ਸਰਦਾਰ ਸੁਖਜੀਤ ਸਿੰਘ ਕਪੂਰਥਲਾ ਦੀਆਂ ਦੋ ਪੁਸਤਕਾਂ ਬਾਰੇ ਸਮੀਖਿਆ)

ਰੋਜ਼ਾਨਾ ਅਜੀਤ -ਮਿਤੀ 10 ਜੁਲਾਈ 2016
ਅੰਧਾ ਆਗੂ ਜੇ ਥੀਐ
ਅਤੇ ਹੋਰ ਗੁਰਮਤਿ ਲੇਖ
ਲੇਖਕ: ਸੁਖਜੀਤ ਸਿੰਘ ਕਪੂਰਥਲਾ
ਪ੍ਰਕਾਸ਼ਕ: ਮਨਮੀਤ ਪ੍ਰਿੰਟਿੰਗ ਪ੍ਰੈਸ, ਕਪੂਰਥਲਾ।
ਮੁੱਲ: 150 ਰੁਪਏ ਸਫੇ: 124
ਸੰਪਰਕ: 98720-76876 (ਲੇਖਕ)

ਗੁਰਮਤਿ ਪ੍ਰਚਾਰਕ ਅਤੇ ਕਥਾਵਾਚਕ ਸੁਖਜੀਤ ਸਿੰਘ ਦੀ ਰਚਿਤ ਇਹ ਪੰਜਵੀਂ ਪੁਸਤਕ ਹੈ। ਇਸ ਪੁਸਤਕ ਵਿੱਚ ਲੇਖਕ ਨੇ 24 ਲੇਖ ਗੁਰਮਤਿ ਦ੍ਰਿਸ਼ਟੀਕੋਣ ਤੋਂ ਲਿਖੇ ਹਨ। ਲੇਖਕ ਅਨੁਸਾਰ ਗੁਰਮਤਿ ਸਿਧਾਂਤਾਂ, ਫਿਲਾਸਫੀ ਤੇ ਵਿਰਾਸਤ ਸਬੰਧੀ ਜਾਣਕਾਰੀ ਦੇ ਨਾਲ-ਨਾਲ ਇਸ ਸਭ ਕੁੱਝ ਨੂੰ ਅੱਗੇ ਪ੍ਰਚਾਰਨ ਦੀ ਲੋੜ ਨੂੰ ਮੁੱਖ ਰੱਖ ਕੇ ਹਥਲੀ ਪੁਸਤਕ ਵਿੱਚ ਵੱਖ-ਵੱਖ ਵਿਸ਼ਿਆਂ ਨੂੰ ਛੋਹਣ ਦਾ ਯਤਨ ਕੀਤਾ ਗਿਆ ਹੈ। ਨਿਰੋਲ ਧਾਰਮਿਕ ਆਸ਼ੇ ਤੋਂ ਲਿਖੀ ਇਹ ਪੁਸਤਕ ਲੇਖਕ ਦਾ ਬਹੁਤ ਸੁਹਿਰਦ ਯਤਨ ਹੈ। ਲੇਖਕ ਨੂੰ ਗਿਲਾ ਹੈ ਕਿ ਅਜੋਕੀ ਸਿੱਖੀ ਵਿੱਚ ਨਿਘਾਰ ਆ ਗਿਆ ਹੈ। ਲੇਖਕ ਦਾ ਸਾਰੇ ਲੇਖਾਂ ਦਾ ਤੱਤ-ਸਾਰ ਇਹ ਹੈ ਕਿ ਸਿੱਖ ਧਰਮ ਵਿੱਚ ਕਹਿਣੀ ਅਤੇ ਕਰਨੀ ਵਿੱਚ ਢੇਰ ਅੰਤਰ ਹੈ। ਗੁਰੂ ਦੇ ਦੱਸੇ ਰਾਹ ਤੋਂ ਸਿੱਖ ਥਿੜਕ ਗਏ ਹਨ। ਅੱਜ ਸਿੱਖ ਧਰਮ ਨੂੰ ਲੀਹ ਤੇ ਲਿਆਉਣ ਲਈ, ਸਿਧਾਂਤ ਤੇ ਅਮਲ ਚ ਇਕਸੁਰਤਾ ਲਿਆਉਣ ਲਈ, ਸਿੱਖ ਧਰਮ ਦੇ ਵਿਦਵਾਨਾਂ ਤੇ ਚਿੰਤਕਾਂ ਨੂੰ ਇਸ ਬਾਰੇ ਸੁਹਿਰਦ ਯਤਨ ਕਰਨੇ ਚਾਹੀਦੇ ਹਨ। ਇਸੇ ਯਤਨ ਤਹਿਤ ਲੇਖਕ ਨੇ ਇਸ ਪੁਸਤਕ ਵਿੱਚ ਆਪਣੇ ਵਿਚਾਰ ਬੜੇ ਸ਼ਿੱਦਤ ਨਾਲ, ਚੰਗੇ ਢੰਗ ਨਾਲ ਤੇ ਸੌਖੀ ਭਾਸ਼ਾ ਵਿੱਚ ਕਲਮਬੱਧ ਕੀਤੇ ਹਨ। ਆਪਣੀ ਦਲੀਲ ਨੂੰ ਪੁਖਤਾ ਕਰਨ ਲਈ ਲੇਖਕ ਨੇ ਗੁਰਬਾਣੀ ਵਿਚੋਂ ਢੁਕਵੇਂ ਹਵਾਲੇ ਵੀ ਦਿੱਤੇ ਹਨ। ਪੁਸਤਕ ਲਿਖਣ ਦਾ ਸਿੱਖ ਧਰਮ ਦੇ ਅਨੁਯਾਈਆਂ ਤੇ ਹੋਰ ਪ੍ਰਚਾਰਕਾਂ ਨੂੰ ਬਹੁਤ ਫਾਇਦਾ ਹੋਵੇਗਾ। ਸਭ ਤੋਂ ਵੱਡਾ ਮੰਤਵ ਤੇ ਫਾਇਦਾ ਕਿ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੱਸੇ ਰਾਹ ਤੇ ਪੈ ਜਾਣ। ਪੁਸਤਕ ਲਾਭਕਾਰੀ ਹੈ, ਸਾਰੇ ਪਾਠਕ ਜ਼ਰੂਰ ਪੜ੍ਹਨ।
ਸਮੀਖਿਆਕਾਰ- ਪ੍ਰੋ: ਸਤਪਾਲ ਸਿੰਘ

*********************************
ਰੋਜ਼ਾਨਾ ਅਜੀਤ -ਮਿਤੀ 7 ਮਈ 2016
ਗੁਰਬਾਣੀ ਅਤੇ ਇਤਿਹਾਸ ਦਾ ਸੁਮੇਲ
ਲੇਖਕ: ਸੁਖਜੀਤ ਸਿੰਘ ਕਪੂਰਥਲਾ
ਪ੍ਰਕਾਸ਼ਕ: ਮਨਮੀਤ ਪ੍ਰਿੰਟਿੰਗ ਪ੍ਰੈਸ, ਕਪੂਰਥਲਾ।
ਮੁੱਲ: 150 ਰੁਪਏ ਸਫੇ: 136
ਸੰਪਰਕ: 98720-76876 (ਲੇਖਕ)

ਗੁਰਮਤਿ ਚਿੰਤਨਧਾਰਾ ਨੂੰ ਵੱਖ-ਵੱਖ ਅਧਿਐਨ ਪੱਧਤੀਆਂ ਜ਼ਰੀਏ ਸਾਧਾਰਨ ਤੋਂ ਵਿਸ਼ੇਸ਼ ਪਾਠਕਾਂ ਦਾ ਸਨਮੁਖ ਕੀਤਾ ਜਾ ਰਿਹਾ ਹੈ। ਇਸੇ ਕੜੀ ਦੇ ਅੰਤਰਗਤ ਸੁਖਜੀਤ ਸਿੰਘ ਕਪੂਰਥਲਾ ਨੇ ਜੁਗੋ-ਜੁੱਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਇੱਕੀ ਸ਼ਬਦਾਂ ਨੂੰ ਆਧਾਰ ਮੰਨ ਕੇ, ਇਨ੍ਹਾਂ ਸ਼ਬਦਾਂ ਦੀ ਧਾਰਮਿਕਤਾ ਅਤੇ ਅਧਿਆਤਮਿਕਤਾ ਦੀ ਅਹਿਮ ਪ੍ਰਸੰਗਿਕਤਾ ਤੋਂ ਇਲਾਵਾ, ਇਨ੍ਹਾਂ ਸ਼ਬਦਾਂ ਦੀ ਸਿਰਜਣਾਤਮਿਕਤਾ ਨੂੰ ਸਾਮਿਅਕ, ਸਮਾਜਿਕ, ਇਤਿਹਾਸਕ ਅਤੇ ਪ੍ਰਸ਼ਾਸਨਿਕ ਸਰੋਕਾਰਾਂ ਦੇ ਵਿਸ਼ਲੇਸ਼ਣ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਜ਼ਰੀਏ ਪ੍ਰਗਟ ਕੀਤਾ ਹੈ। ਲੜੀ ਨੰਬਰ ਇੱਕ ਤੋਂ ਲੈ ਕੇ ਇੱਕੀ ਤਕ ਅੰਕਿਤ ਸ਼ਬਦਾਂ ਨੂੰ ਨਿੱਜੀ ਤਰਕ-ਵਿਤਰਕ, ਦੇਸੀ ਅਤੇ ਵਿਦੇਸ਼ੀ ਚਿੰਤਕਾਂ ਦੇ ਹਵਾਲਿਆਂ ਤਹਿਤ ਆਪਣੇ ਵਿਚਾਰਧਾਰਕ ਦ੍ਰਿਸ਼ਟੀਕੋਣ ਨੂੰ ਪੇਸ਼ ਕਰਦੇ ਸਮੇਂ ਲੇਖਕ ਕਿਤੇ ਵੀ ਉਲਾਰ ਹੋਇਆ ਨਹੀਂ ਵੇਖਿਆ ਜਾਪਦਾ, ਸਗੋਂ ਤੱਥਾਂ ਅਤੇ ਗੂੜ੍ਹ ਚਿੰਤਕਾਂ ਦੇ ਹਵਾਲਿਆਂ ਦੀ ਸਹਾਇਤਾ ਨਾਲ ਉਸ ਨੇ ਬਾਣੀ ਬੋਧ ਦੇ ਨਵੀਨ ਅਰਥਾਂ ਦਾ ਸੰਚਾਰ ਕੀਤਾ ਜਾਪਦਾ ਹੈ। ਪੁਸਤਕ ਵਿੱਚ ਅੰਕਿਤ ਅਧਿਆਇ ‘ਦਇਆ ਕਪਾਹ ਸੰਤੋਖੁ ਸੂਤ`, ‘ਕੁਬੁਧਿ ਡੂਮਣੀ ਕੁਦਇਆ ਕਸਾਇਣ`, ‘ਜੋਗੁ ਨਾ ਖਿੰਥਾ ਜੋਗੁ ਨ ਡੰਡੈ`, ‘ਸਾਲ ਗ੍ਰਾਮ ਬਿਪ ਪੂਜਿ ਮਨਾਵਹੁ` ਆਦਿ ਸ਼ਬਦਾਂ ਦੇ ਵਖਿਆਣ ਜ਼ਰੀਏ ਲੇਖਕ ਨੇ ਲੋਕਾਈ ਵਿੱਚ ਪ੍ਰਚਲਿਤ ਅਨੇਕਾਂ ਭਰਮਾਂ-ਵਹਿਮਾਂ ਅਤੇ ਗਲਤ ਪੂਜਾ ਅਰਚਨਾ ਦੇ ਤੇਵਰਾਂ ਨੂੰ ਵਿਗਿਆਨਕ ਦ੍ਰਿਸ਼ਣੀਕੋਣ ਤੋਂ ਸਮਝਣ ਦੀ ਸਿੱਖਿਆ ਦਿੱਤੀ ਹੈ। ‘ਜੈਸੀ ਮੈ ਆਵੈ ਖਸਮ ਕੀ ਬਾਣੀ`, ‘ਖੁਰਾਸਾਨ ਖਸਮਾਨਾ ਕੀਆਂ`, ‘ਜਿਨਿ ਸਿਰਿ ਸੋਹਿਨ ਪਟੀਆ` ਆਦਿ ਸ਼ਬਦਾਂ ਦੇ ਸਿਰਜਣਾਤਮਕ ਪਿਛੋਕੜ `ਚ ਛਿਪੇ ਹੋਏ ਸਮਾਜਿਕ, ਧਾਰਮਿਕ ਅਤੇ ਰਾਜਸੀ ਉਨ੍ਹਾਂ ਪੱਖਾਂ ਨੂੰ ਵੀ ਉਭਾਰਿਆ ਗਿਆ ਹੈ ਜੋ ਹਿੰਦੁਸਤਾਨੀਆਂ ਦੀ ਨੈਤਿਕ ਅਤੇ ਸੱਭਿਆਚਾਰਕ ਕਦਰ-ਪ੍ਰਣਾਲੀ ਦੀ ਹੀਣਤਾ ਕਾਰਨ ਬਾਹਰਲੇ ਲੋਕ ਇਨ੍ਹਾਂ ਉਤੇ ਤਸ਼ਦੱਦ ਅਤੇ ਲੁੱਟ ਖੋਹ ਕਰਨਯੋਗ ਹੋਏ ਸਨ। ਨਿਰਸੰਦੇਹ, ਇਹ ਇੱਕੀ ਕਾਂਡ ਵੱਖਰੇ-ਵੱਖਰੇ ਸਮਾਜਿਕ-ਇਤਿਹਾਸਕ ਪ੍ਰਸੰਗਾਂ ਨੂੰ ਪੇਸ਼ ਕਰਦੇ ਹਨ ਪ੍ਰੰਤੂ ਇਨ੍ਹਾਂ ਦੀ ਸਾਂਝੀ ਵਿਸ਼ੇਸ਼ਤਾ ਸਰਲ ਅਤੇ ਸੌਖੀ ਨਿਭਾਊ ਸ਼ੈਲੀ ਵਿੱਚ ਹੈ।
ਸਮੀਖਿਆਕਾਰ- ਡਾ: ਜਗੀਰ ਸਿਘ ਨੂਰ


14/08/16)
ਦਲੇਰ ਸਿੰਘ ਜੋਸ਼

ਆਸਾ ਸ਼ਬਦ ਦੀ ਸਮੀਖਿਆ
ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ।।
ਪਰਵਾਨ ਹੋਵੇ ਜੀਓ।।

ਮਨ ਕੀਤਾ ਅੱਜ ਦਾ ਲੇਖ ਗੁਰੂ ਜੀ ਦੀ ਫਤਹਿ ਸਾਂਝੀ ਕਰਕੇ ਹੀ ਅਰੰਭ ਕੀਤਾ ਜਾਵੇ। ਮੈਨੂੰ ਆਸ ਹੈ ਕਿ ਆਪ ਜੀ ਭੀ ਇਸ ਵਿਚਾਰ ਨਾਲ ਸਹਿਮਤ ਹੋਵੋਗੇ। ਸੋ ਅਪ ਸੱਭ ਦਾ ਧੰਨਵਾਦ ਹੈ ਜੀ। ਅੱਜ ਅਸੀ ਸ਼ਬਦ “ਆਸਾ “ਦੀ ਵਿਚਾਰ ਨਾਲ ਜੁੜਨਾਂ ਕਰਾਂਗੇ ਜੀ।
ਸ਼ਬਦ ਆਸਾ ਕੀ ਹੈ? ਆਸਾ ਦਾ ਭਾਵ ਹੈ ਇਛਾ ਖਵਾਸ਼ ਜਾਂ ਖਵਾਇਸ਼, ਜਿਸਨੂੰ ਇਛਾਵਾਂ ਭੀ ਕਹਿਆ ਜਾਂਦਾ ਹੈ। ਮਨੁਖੀ ਮਨ ਇਛਾਵਾ ਦਾ ਘੱਰ ਹੈ। ਗੁਰੂ ਅਮਰਦਾਸ ਜੀ ਇੱਕ ਥਾਂ ਰਾਗ ਮਾਰੂ ਵਿੱਚ ਫੁਰਮਾਨ ਕਰਦੇ ਹਨ। ਮਨ ਦੀਆਂ ਕਈ ਲਹਿਰਾਂ ਹਨ। ਜਿਨਾਂ ਚਿਰ ਇਹ ਤ੍ਰਿਸ਼ਨਾ ਜਾਂ ਆਸਾ ਦੀਆਂ ਲਹਿਰਾਂ ਮਨ ਵਿੱਚ ਉਠਦੀਆਂ ਰਹਿਣਗੀਆਂ ਉਤਨਾਂ ਚਿੱਰ ਮਾਲਕ ਦੀ ਹਜੂਰੀ ਵਿੱਚ ਬੈਠਿਆ ਭੀ ਸੁਰਖੁਰੂ ਨਹੀ ਹੋ ਸਕੀਦਾ। ਪੰਨਾਂ ੧੦੮੮ ਤੇ ਸਤਿਗੁਰੂ ਜੀ ਦਾ ਅੰਮ੍ਰਿਤ ਬਚਨ ਹੈ।
ਮਨ ਕੇ ਅਧਿਕ ਤਰੰਗ ਕਿਉ ਦਰਿ ਸਾਹਿਬ ਛੁਟੀਐ।।
ਆਸਾ ਦਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਜਿਥੇ ਕਿਥੇ ਭੀ ਆਇਆ ਹੈ ਕਰੀਬਨ ਕਰੀਬਨ ਇਸੇ ਹੀ ਅਰਥ ਇਛਾਵਾਂ; ਖਵਾਸ਼ਾਂ ਦੇ ਅਰਥਾਂ ਵਿੱਚ ਹੀ ਆਇਆ ਹੈ। ਜਿਵੇਂ ਕੁੱਝ ਪਰਮਾਨ ਆਪ ਜੀ ਦੀ ਸੇਵਾ ਸਮਖਸ਼ ਕਰਾ ਜੀ।
(੧) ਮੇਰੇ ਮਨ ਅਹਿਨਿਸ ਪੂਰਿ ਰਹੀ ਨਿਤ ਆਸਾ।। ਸਿਰੀ ਰਾਗ ਮ: ੩।। ਪੰਨਾਂ ੨੯।।
ਹੇ ਮੇਰੇ ਮਨ ਤੇਰੇ ਅੰਦਰਿ ਤਾਂ ਦਿਨ ਰਾਤ ਸਦਾ ਮਾਇਆ ਦੀ ਹੀ ਆਸ ਭਰੀ ਰਹਿੰਦੀ ਹੈ।।
ਗੁਰੂ ਅਰਜਨ ਦੇਵ ਜੀ ਤਾਂ ਕਹਿ ਰਹੇ ਹਨ ਮੈਂ ਦੁਨੀਆਂ ਦੀਆਂ ਆਸਾਂ ਮਨ ਵਿਚੋਂ ਦੂਰ ਕਰਕੇ ਇੱਕ ਪਰਮਾਤਮਾ ਦੀ ਆਸ ਅਪਣੇ ਮਨ ਅੰਦਰ ਟਿਕਾਈ ਹੈ।
(੨) ਆਸਾ ਸਭੇ ਲਾਹਿ ਕੈ ਇਕਾ ਆਸ ਕਮਾਉ।। ਸਿਰੀ ਰਾਗ ਮ: ੫।। ਪੰਨਾਂ ੪੩।।
(੩) ਅੰਦਰਿ ਤ੍ਰਿਸਨਾ ਬਹੁਤ ਛਾਦਨ ਭੋਜਨ ਕੀ ਆਸਾ।। ਮਾਝ ਮ: ੪।। ਪੰਨਾਂ ੧੪੦।।

ਮਨ ਵਿੱਚ ਬਹੁਤ ਲਾਲਚ ਹੁੰਦਾਂ ਹੈ, ਕਪੜੇ ਤੇ ਭੋਜਨ ਦੀ ਲਾਲਸਾ ਟਿਕੀ ਰਹਿੰਦੀ ਹੈ।
ਮਾਂ ਦੇ ਮਨ ਦੀ ਭਾਵਨਾਂ ਜਾਂ ਖਵਾਸ਼ ਸਤਿਗੁਰੂ ਜੀ ਇਸਤਰਾਂ ਬਿਆਨ ਕਰਦੇ ਹਨ।
(੪) ਜਿਉ ਜਨਨੀ ਗਰਭ ਪਾਲਤੀ ਸੁਤ ਕੀ ਕਰ ਆਸਾ।। ਰਾਗ ਗਾਉੜੀ ਮ: ੪।। ਪੰਨਾਂ ੧੬੫।।
ਇਵੇਂ ਹੀ ਗੁਰੂ ਅਰਜਨ ਦੇਵ ਜੀ ਰਾਗ ਬਿਲਾਵਲ ਅੰਦਰ ਅਪਣੇ ਮਨ ਦੀ ਆਸਾ ਪ੍ਰਭੂ ਅਗੇ ਬਿਆਨ ਕਰਦੇ ਹਨ।
(੫) ਕਰਿ ਆਸਾ ਆਇਓ ਪ੍ਰਭ ਮਾਗਨਿ।। ਬਿਲਾਵਲ ਮ: ੫।। ਪੰਨਾ ੮੦੪।।
ਹੇ ਪ੍ਰਭੂ ਮੈ ਆਸਾ ਧਾਰ ਕੇ ਤੇਰੇ ਦਰ ਤੇ ਤੇਰੇ ਨਾਮ ਦੀ ਦਾਤ ਮੰਗਨ ਆਇਆ ਹਾਂ।
ਸੋਟਾ ਜਾਂ ਡੰਡਾਂ ਦੇ ਅਰਥਾ ਵਿੱਚ:-
ਜਦੋ ਅਸੀ ਭਾਈ ਗੁਰਦਾਸ ਜੀ ਦੇ ਬਚਨਾਂ ਵਿੱਚ ਪੜ੍ਹਦੇ ਹਾਂ ਤਾਂ ਉਹ ਗੁਰੂ ਨਾਨਕ ਦੇਵ ਜੀ ਦੀ ਮੱਕੇ ਦੀ ਫੇਰੀ ਦਾ ਜਿਕਰ ਕਰਦੇ ਹੋਏ ਆਸਾ ਸ਼ਬਦ ਡੰਡੇ ਲਈ ਵਰਤਦੇ ਹਨ
ਆਸਾ ਹਥਿ ਕਿਤਾਬ ਕਛਿ ਕੂਜਾ ਬਾਂਗ ਮੁਸਲਾ ਧਾਰੀ।। ਵਾਰ ੧।। ਪਾਉੜੀ ੩੨।।
ਕਿਸੇ ਮਨੁਖ ਦੇ ਨਾਮ ਸਬੰਧੀ:- ਜਿਵੇ ਆਸਾ ਸਿੰਘ
ਦਿਸ਼ਾ ਦੇ ਸਬੰਧ ਵਿੱਚ:-
ਤੁਮ ਨ ਆਵਹੁ ਤਬ ਇਸ ਆਸਾ --ਨਾਨਕ ਪ੍ਰਕਾਸ਼।। ਆਸਾ ਦਾ ਭਾਵ ਇਸ ਦਿਸ਼ਾ ਜਾਂ ਪਾਸੇ।
ਇਸ ਤਰ੍ਹਾਂ ਹੀ ਹੋਰ ਭੀ ਸ਼ਬਦਾਂ ਦੀ ਭਾਲ ਕੀਤੀ ਜਾ ਸਕਦੀ ਹੈ। ਦਾਸ ਤੁਛ ਬੁਧੀ ਅਨੁਸਾਰ ਇਤਨੇ ਕੂ ਵਿਚਾਰ ਇਕਠੇ ਕਰ ਸਕਿਆ ਹੈ ਪਰਵਾਨ ਕਰ ਲੈਣੇ ਜੀ।
ਪ੍ਰਕਰਣ ਲਿਖਿਆ ੨੧ ਜੁਲਾਈ ੨੦੧੬ ਦਿਨ ਵੀਰਵਾਰ ਗੁ: ਪਲੈਕ ਵਾਲਸਾਲ
*************************
ਵਿਆਹ ਵਾਲੇ ਬਚਿਆ ਦੇ ਬਸਤਰ
ਗ੍ਰਹਿਸਤੀ ਜੀਵਨ ਦੀ ਪਹਿਲੀ ਖੁਸ਼ੀ ਹੈ ਕਿ ਘੱਰ ਵਿੱਚ ਬੱਚੇ ਦਾ ਜਨਮ ਹੋਵੇ। ਦੂਜੀ ਖੁਸ਼ੀ ਕਿ ਬੱਚਾ ਚੰਗਾ ਪੱੜ੍ਹ ਲਿੱਖ ਜਾਵੇ, ਤੀਸਰੀ ਖੁਸ਼ੀ ਕਿ ਸੋਹਣੀ ਅਤੇ ਵੱਧੀਆ ਨੋਕਰੀ ਲੱਗ ਜਾਵੇ, ਚਾਉਥੀ ਖੁਸ਼ੀ ਕਿ ਬੱਚੇ ਦੀ ਸ਼ਾਦੀ ਕੀਤੀ ਜਾਵੇ। ਇਸ ਲਈ ਵਧੀਆ ਵੱਰ ਲੱਭ ਜਾਵੇ। ਘੱਰ ਵੱਰ ਲੱਭ ਜਾਣ ਤੇ ਦੋਵਾ ਪਾਸਿਓ ਵਿਆਹ ਦੀਆਂ ਤਿਆਰੀਆਂ ਅਰੰਭ ਕੀਤੀਆਂ ਜਾਂਦੀਆ ਹਨ। ਮਾਤਾ ਪਿਤਾ ਜਤਨ ਕਰਦੇ ਹਨ ਕਿ ਸਾਡੇ ਬੱਚਿਆ ਦੇ ਵਿਆਹ ਸੋਹਣੇ ਢੰਗ ਨਾਲ ਸੰਪਨ ਹੋ ਸੱਕਣ ਇਨਾਂ ਸਮਿਆਂ ਤੇ ਲੋਕ ਖਰਚੇ ਦੀ ਪਰਵਾਹ ਨਹੀ ਕਰਦੇ। ਪਰ ਇੱਕ ਗੱਲ ਜੋ ਮੈ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਦਾਂ ਹਾਂ ਉਹ ਗੱਲ ਇਹ ਹੈ ਜਿਸਨੂੰ ਹਰੇਕ ਬੱਚਾ ਬੱਚੀ (ਲੜਕਾ ਜਾਂ ਲੜਕੀ) ਧਿਆਨ ਨਾਲ ਸੁਨਣ ਜਾਂ ਪੱੜਨ ਦੀ ਖੇਚਲ ਕਰਨ।
ਆਪ ਜੀ ਦੇ ਮਾਤਾ ਪਿਤਾ ਜੀ ਨੇ ਆਪ ਜੀ ਦੇ ਬਚਪਣੇ ਤੋਂ ਲਾਕੇ ਤੁਹਾਡੀ ਹਰੇਕ ਲੋੜ ਦਾ ਖਿਆਲ ਰਖਿਆ। ਅੱਜ ਭੀ ਆਪ ਦੇ ਵਿਆਹ ਤੇ ਲੱਖਾਂ ਰੁਪਏ ਖਰਚ ਦਿਤੇ, ਜਾਂ ਖਰਚ ਰਹੇ ਹਨ। ਆਪ ਨੂੰ ਨਵੇਂ ਅਤੇ ਵਧੀਆ ਗਹਿਣੇ ਬਣਵਾ ਕਿ ਦਿਤੇ। ਘੱਰ ਵਿੱਚ ਹਲਵਾਈ ਬਿਠਾ ਕਿ ਤਾਜ਼ੀ ਫਰੈਸ਼ ਮਿਠਆਈ ਬਣਵਾਈ, ਆਪ ਜੀ ਦੀ ਇਛਾ ਅਨੁਸਾਰ ਮਹਿੰਗੇ ਤੋਂ ਮਹਿੰਗੇ ਕਪੜੇ ਆਦਿ ਬਣਵਾ ਕਿ ਦਿਤੇ।
ਪਰ ਆਪ ਜੀ ਨੇ ਆਪਣੇ ਮਾਤਾ ਪਿਤਾ ਨੂੰ ਅਪਣੀ ਇੱਕ ਖਾਹਸ਼ ਦੱਸੀ ਕਿ ਮੈ ਲਾਵਾਂ ਵਾਲੇ ਦਿਨ ਸ਼ੇਰਵਾਨੀ ਤੇ ਚੂੜੀਦਾਰ ਪੰਜਾਮੀ ਪਾਉਣੀ ਹੈ ਜਾਂ ਲੜਕੀ ਕਹਿੰਦੀ ਹੈ ਕਿ ਮੈ ਉਸ ਦਿਨ ਮਹਿੰਗੇ ਤੋਂ ਮਹਿੰਗਾਂ ਘੱਗਰਾ ਪਾਉਣਾ ਹੈ। ਹੁਣ ਇਹ ਚੀਜ਼ਾਂ ਤਾਂ ਮਾਂ ਪਿਓ ਨੇ ਬਣਵਾਈਆ ਨਹੀ ਤੇ ਆਪ ਜੀ ਦੀ ਭਾਵਨਾਂ ਇਹੋ ਹੀ ਬਸਤਰ ਪਾਉਣ ਦੀ ਹੁੰਦੀ ਹੈ। ਇਹ ਬਸਤਰ ਕੋਈ ਭੀ ਅਪਣੇ ਵਿਆਹ ਤੇ ਬਣਵਾਉਦਾਂ ਨਹੀ। ਕਿਉਕਿ ਇੱਕ ਦਿਨ ਤਾਂ ਇਹ ਪਾਉਣੇ ਹਨ ਫਿਰ ਇਹ ਬਸਤਰ ਸਾਰੀ ਉਮਰ ਉਵੇ ਹੀ ਤਹਿ ਲਗੇ ਘੱਰ ਦੀਆਂ ਅਲਮਾਰੀਆਂ ਵਿੱਚ ਪਏ ਰਹਿਣੇ ਹਨ। ਇਸ ਲਈ ਟਾਈਮ ਪਾਸ ਕਰਨ ਲਈ ਅਸੀ ਕਿਸੇ ਦੁਕਾਨ ਤੋਂ ਇਹ ਕਪੜੇ ਕਿਰਾਏ ਤੇ ਲੈ ਕੇ ਕੰਮ ਸਾਰ ਲੈਦੇ ਹਾਂ। ਪਿਆਰੇ ਬਚਿਓ ਇਹ ਕਦੀ ਸੋਚਿਆ ਕਿ ਉਹ ਬਸਤਰ ਤੁਹਾਡੇ ਵਿਆਹ ਤੋਂ ਪਹਿਲਾਂ ਕਿਨੀਂ ਵਾਰ ਕਿਰਾਏ ਤੇ ਜਾ ਚੁਕੇ ਹੋਣਗੇ। ਦੁਕਾਨ ਵਾਲਾ ਭਾਈ ਕਈ ਵਾਰ ਤਾਂ ਵਿਆਹ ਤੋਂ ਆਇਆ ਵਾਪਸ ਲਹਿੰਗਾਂ ਜਾਂ ਮਰਦਾਵਾਂ ਸੂਟ (ਸ਼ੇਰਵਾਨੀ) ਉਸੇ ਤਰਾਂ ਹੀ ਪ੍ਰੈਸ ਕਰਵਾ ਕੇ ਰੱਖ ਲੈਦਾਂ ਹੈ ਤੇ ਉਪਰ ਸੈਂਟ ਛਿੜਕ ਦੇਦਾ ਹੈ ਆਪ ਉਸਨੂੰ ਪਸੰਦ ਕਰਦੇ ਹੋ ਤੇ ਅਪਣੇ ਵਿਆਹ ਤੇ ਵਰਤ ਲੈਦੇਂ ਹੋ ਜੋ ਬਿਲਕੁਲ ਗਲਤ ਗੱਲ ਹੈ। ਕਿਸੇ ਦਾ ਉਤਾਰਾ ਪਾਕੇ ਅਪਣਾ ਵਿਆਹ ਕਰਵਾਣਾ ਕਿਨੀ ਕੂ ਚੰਗੀ ਗੱਲ ਹੈ। ਫਰਜ਼ ਕੀਤਾ ਕਿ ਜੇਕਰ ਦੁਕਾਨਦਾਰ ਨੇ ਉਹ ਕਪੜੇ ਧੁਆ ਕੇ ਭੀ ਰੱਖੇ ਹੋਵਨ ਤਾਂ ਭੀ ਕਿਤਨੀ ਕੂ ਚੰਗੀ ਗੱਲ ਹੈ ਕਿ ਧੋਤੇ ਹੋਏ ਕਪੜੇ ਅਪਣੇ ਵਿਆਹ ਵਿੱਚ ਪਾ ਕੇ ਵਿਆਹ ਕਰਵਾਉਣਾ। ਫਿਰ ਇਹ ਨਹੀ ਪਤਾ ਆਪ ਜੀ ਤੋਂ ਪਹਿਲਾਂ ਉਹ ਹੀ ਕਪੜੇ ਕਿਤਨੇ ਜੋੜਿਆਂ ਨੇ ਅਪਣੇ ਵਿਆਹ ਤੇ ਵਰਤ ਲਏ ਹੋਵਨ ਜਿਹੜੇ ਧੋ ਧੋ ਕਿ ਬੋਡੇ ਹੋ ਗਏ ਹੋਵਨ। ਫਿਰ ਉਹ ਬਸਤਰ ਆਪ ਦੇ ਮਾਪ ਦੀ ਭੀ ਨਹੀ ਹੁੰਦੇ ਕਈ ਬਚਿਆਂ ਨੂੰ ਲਾਂਵਾ ਵੇਲੇ ਚੌਕੜੀ ਮਾਰਨੀ ਹੀ ਆਉਖੀ ਹੋ ਜਾਂਦੀ ਹੈ ਤੇ ਉਹ ਬੜੇ ਔਖੇ ਹੋ ਕੇ ਲਾਂਵਾ ਦਾ ਸਮਾਂ ਪਾਸ ਕਰਦੇ ਹਨ। ਗੱਲ ਬੋਡੇ ਕਪੜਿਆਂ ਦੀ ਚੱਲੀ। ਹੁਣੇ ਹੀ ਇੱਕ ਬੱਚੇ ਦੇ ਵਿਆਹ ਦੀ ਵੀਡੀਓ ਕਿਸੇ ਉਸਦੇ ਨਜਦੀਕੀ ਨੇ ਹੀ ਵਾਇਰਲ ਕੀਤੀ ਹੋਵੇਗੀ ਜਿਸਦਾ ਲਾਂਵਾ ਵੇਲੇ ਪੰਜਾਮੇ ਦਾ ਨਾਲਾ ਟੁਟ ਜਾਣਾ। ਬਚਿਓ ਆਪ ਪੜ੍ਹੇ ਲਿਖੇ ਹੋ ਫੋਕੀ ਸ਼ੋਹਰਤ ਨਾਲੋ ਸਾਦਗੀ ਵਾਲੇ ਕਪੜੇ ਅਤੇ ਨਵੇਂ ਕਪੜੇ ਪਹਿਣ ਕੇ ਆਪਣੀ ਗ੍ਰਸਿਤੀ ਜੀਵਨ ਦੀ ਸੂਰੂਆਤ ਗੁਰੂ ਦੀ ਹਜ਼ੂਰੀ ਵਿੱਚ ਅਰੰਭ ਕਰਨੀ ਚਾਹੀਦੀ ਹੈ। ਆਸ ਹੈ ਕਿ ਆਪ ਜੀ ਮੇਰੀ ਸਲਾਹ ਆਪ ਜੀ ਨੂੰ ਭਾ ਜਾਵੇ ਤੇ ਆਪ ਜੀ ਗੁਰਮੁਖੀ ਬਾਣਾ ਪਹਿਣ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਪਤ ਕਰੋਗੇ।
ਦਾਸ ਦਲੇਰ ਸਿੰਘ ਜੋਸ਼ ੦੦੪੪੭੪੪੬੪੪੦੫੪੪, ੯੧ ੯੮੮੮੧੫੧੬੮੬


14/08/16)
ਮਹਿੰਦਰ ਸਿੰਘ ਜੋਸ਼ ਦੀ ਕਿਤਾਬ ‘ਰੱਬ ਨੂੰ ਬਿਪਤਾ’

ਰੁਕਮੀ ਨਾਲ ਜੁੱਧ ਅਤੇ ਰੁਕਮਣੀ–ਹਰਨ (ਉਧਾਲਾ)
ਰੁਕਮਣੀ ਦਾ ਭਰਾ ਰੁਕਮੀ ਆਪਣੇ ਪਿਤਾ ਭੀਸ਼ਮਕ ਦੀ ਖ਼ਾਹਿਸ਼ ਮੁਤਾਬਿਕ ਰੁਕਮਣੀ ਦੀ ਸ਼ਾਦੀ ਚੰਦੇਰੀ ਦੇ ਰਾਜੇ ਸ਼ਿਸ਼ੂਪਾਲ ਨਾਲ ਕਰਨਾ ਚਾਹੁੰਦਾ ਸੀ। ਸ਼ਿਸ਼ੂਪਾਲ ਵੀ ਕ੍ਰਿਸ਼ਨ ਜੀ ਦਾ ਵੱਡਾ ਵਿਰੋਧੀ ਸੀ ਜੋ ਉਂਝ ਉਹਨਾਂ ਦਾ ਮਸੇਰ ਭਰਾ ਵੀ ਲਗਦਾ ਸੀ। ਕ੍ਰਿਸ਼ਨ ਜੀ ਨੇ ਬਲ ਤੇ ਧੱਕੇ ਨਾਲ ਰੁਕਮਣੀ ਨੂੰ ਆਪਣੇ ਰੱਥ ਤੇ ਉਧਾਲ ਕੇ ਲੈ ਆਂਦਾ ਸੀ। ਇਹੋ ਰੁਕਮਣੀ ਕ੍ਰਿਸ਼ਨ ਜੀ ਦੀ ਪਟਰਾਣੀ ਬਣੀ ਸੀ।
ਅਵਤਾਰ ਜੀ ਵਲੋਂ ਉਧਾਲੇ ਵਾਲਾ ਜੋ ਵੱਡਾ ਸਮਾਜ–ਵਿਰੋਧੀ ਅਤੇ ਧਰਮ–ਵਿਰੋਧੀ ਕਿਹਾ ਜਾ ਸਕਣ ਵਾਲਾ ਕਾਰਾ ਕੀਤਾ ਹੋਇਆ ਦਸਿਆ ਗਿਆ ਹੈ, ਉਸ ਨੂੰ ਕੋਈ ਵੀ ਧਰਮੀ ਬੰਦਾ ਪ੍ਰਵਾਨਗੀ ਨਹੀਂ ਦੇ ਸਕਦਾ। ਸਿਰਫ਼ ਇਹੀ ਨਹੀਂ ਹੋਇਆ ਬਲਕਿ ਬਲਰਾਮ ਜੀ ਤੇ ਕ੍ਰਿਸ਼ਨ ਜੀ ਨੇ ਰੁਕਮਣੀ ਨੂੰ, ਜੋ ਦੇਵੀ ਮੰਦਰ ਤੋਂ ਪੂਜਾ ਕਰ ਕੇ ਵਾਪਸ ਆ ਰਹੀ ਸੀ, ਆਪਣੀਆਂ ਬਾਹਾਂ ਦੇ ਜ਼ੋਰ ਨਾਲ ਅਤੇ ਨਿਰੇ ਧੱਕੇ ਨਾਲ ਆਪਣੇ ਰੱਥ ਵਿੱਚ ਧਰ ਲਿਆ। ਕਵੀ ਅਨੁਸਾਰ ਅਵਤਾਰ ਜੀ ਨੇ ਰੁਕਮਣੀ ਨੂੰ ਬਾਂਹ ਤੋਂ ਫੜ੍ਹ ਲਿਆ, ਯਥਾ :–
ਪ੍ਰਭ ਆਇ ਪਰਿਓ ਤਿਹ ਮਧਿ ਬਿਖੈ ਇਹ ਲੇਤ ਹੋ ਰੇ ਇਮ ਉਚਰਿ ਕੈ॥
ਬਲ ਧਾਰ ਲਈ ਰਥ ਭੀਤਰਿ ਡਾਰ, ਮੁਰਾਰ ਤਬੈ ਬਹਯਾ ਧਰਿ ਕੈ॥1992॥
(ਪੰਨਾ 506)
ਸਿਰਫ਼ ਇਤਨਾ ਹੀ ਨਹੀਂ; ਅਵਤਾਰ ਜੀ ਉਧਾਲਾ ਕਰਨ ਵੇਲੇ ਜ਼ੋਰ ਅਤੇ ਧੱਕੇ ਨਾਲ ਬੇਖੌਫ਼ ਹੋ ਕੇ ਇਸ ਅਣ–ਸਮਾਜਕ ਕਾਰੇ ਨੂੰ ਸਿਰੇ ਚੜ੍ਹਾ ਕੇ ਦੁਨੀਆਦਾਰ ਜ਼ੋਰਾਵਰਾਂ ਦੀ ਤਰ੍ਹਾਂ ਹੇਠ ਲਿਖੇ ਅਨੁਸਾਰ ਬੜ੍ਹਕਾਂ ਮਾਰ ਕੇ ਲੜਕੀ ਦੇ ਭਰਾ, ਰਿਸ਼ਤੇਦਾਰਾਂ ਤੇ ਹਿਮਾਇਤੀਆਂ ਨੂੰ ਚੁਨੌਤੀ ਦੇ ਰਹੇ ਦਿਖਾਏ ਗਏ ਹਨ :–
ਡਾਰ ਰੁਕੰਮਨ ਸ੍ਯੰਦਨ ਪੈ ਸਭ ਸੂਰਨ ਸੋ ਇਹ ਭਾਂਤਿ ਸੁਨਾਈ॥
ਜਾਤ ਹੋ ਰੇ ਇਹ ਕੋ ਅਬ ਲੈ ਇਹ ਕੈਂ ਰੁਕਮੈ ਅਬ ਦੇਖਤ ਭਾਈ॥
ਪਉਰਖ ਹੈ ਜਿਹ ਸੂਰ ਬਿਖੈ, ਸੋਊ ਯਾਹਿ ਛਡਾਇ, ਨ ਮਾਂਡ ਲਰਾਈ॥
ਆਜ ਸਭੋ ਮਰਿਹੋ ਟਰਿਹੋ ਨਹੀਂ, ਸ਼੍ਯਾਮ ਭਨੈ ਮੁਹਿ ਰਾਮ ਦੁਹਾਈ॥1993॥
(ਪੰਨਾ 507)
(ਸ੍ਯੰਦਨ – ਰੱਥ। ਪਉਰਖ – ਸੂਰਬੀਰਤਾ।)
(ੲ) ਸਤ੍ਰਾਜਿਤ ਯਾਦਵ ਨੂੰ ਜ਼ਲੀਲ ਕਰਕੇ ਅਵਤਾਰ ਜੀ ਵਲੋਂ ਉਸ ਦੀ ਧੀ ਸਤਭਾਮਾ ਨੂੰ ਪ੍ਰਾਪਤ ਕਰਨਾ ਸਤਭਾਮਾ ਦੇ ਪਿਤਾ ਸਤ੍ਰਾਜਿਤ ਯਾਦਵ ਨੇ ਸੂਰਜ ਤੋਂ ਨਾਯਾਬ ਕਿਸਮ ਦੀ ਸ੍ਯਮੰਤਕ ਮਣੀ ਪ੍ਰਾਪਤ ਕੀਤੀ ਸੀ। ਕਵੀ ਵਲੋਂ ਇਹ ਸਤ੍ਰਾਜਿਤ ਇੱਕ ਘਟੀਆ ਜਿਹਾ ਬੰਦਾ ਕਰਕੇ ਦਸਿਆ ਗਿਆ ਹੈ ਅਤੇ ਇਸ ਮਣੀ ਬਾਰੇ ਉਸਨੇ ਕ੍ਰਿਸ਼ਨ ਜੀ ਤੇ ਇੱਕ ਬੇ–ਬੁਨਿਆਦ ਜਿਹਾ ਦੋਸ਼ ਲਗਾ ਦਿੱਤਾ ਸੀ ਜੋ ਅਸਲ ਵਿੱਚ ਉਸ ਦੀ ਪੱਗ ਸਮੇਤ ਇੱਕ ਸ਼ੇਰ ਖੋਹ ਕੇ ਜੰਗਲਾਂ ਵੱਲ ਲੈ ਗਿਆ ਸੀ।
ਕ੍ਰਿਸ਼ਨ ਜੀ ਜੰਗਲ ਵੱਲ ਸ਼ੇਰ ਦਾ ਪਿੱਛਾ ਕਰਨ ਗਏ। ਇਸ ਤੋਂ ਪਹਿਲਾਂ ਹੀ ਉਸ ਸ਼ੇਰ ਤੋਂ ਇੱਕ ਰਿੱਛ ਪੱਗ ਸਮੇਤ ਉਹ ਮਣੀ ਖੋਹ ਕੇ ਲੈ ਗਿਆ ਸੀ। ਰਿੱਛ ਨੂੰ ਜੰਗ ਵਿੱਚ ਹਰਾ ਕੇ ਜਦੋਂ ਕ੍ਰਿਸ਼ਨ ਜੀ ਇਸ ਨਾਯਾਬ ਮਣੀ ਨੂੰ ਲੈ ਕੇ ਵਾਪਸ ਪੁੱਜੇ ਤਾਂ ਸ਼ਤ੍ਰਾਜਿਤ ਨੂੰ ਦੇਖਦਿਆਂ ਹੀ ਗੁੱਸੇ ਵਿੱਚ ਇਹ ਮਣੀ ਉਸਦੇ ਸਿਰ ਤੇ ਦੇ ਮਾਰੀ ਅਤੇ ਗੁੱਸੇ ਨਾਲ ਉਸਨੂੰ ਕਿਹਾ ਕਿ ਇਹ ਉਹੀ ਮਣੀ ਹੈ ਜਿਸ ਬਾਰੇ ਤੂੰ ਸਾਡੇ ਤੇ ਇਲਜ਼ਾਮ ਲਗਾਇਆ ਸੀ ਯਥਾ :–
ਹੇਰ ਕੈ ਸ਼੍ਯਾਮ ਸ਼ਤ੍ਰਾਜਿਤ ਕਉ,
ਮਨਿ ਲੈ ਕਰ ਮੈਂ, ਫੁਨਿ ਤਾ ਸਿਰ ਮਾਰੀ॥
ਜਾ ਹਿਤ ਦੋਸ਼ ਦਯੋ ਸੋਈ ਲੈ ਜੜ,
ਕੋਪ ਭਰੇ ਇਹ ਭਾਂਤਿ ਉਚਾਰੀ॥2062॥ (ਪੰਨਾ 515)
ਸ਼ਤ੍ਰਾਜਿਤ ਨੇ ਮਣੀ ਨੂੰ ਆਪਣੇ ਹੱਥ ਵਿੱਚ ਦੇਖ ਕੇ ਬਹੁਤ ਸ਼ਰਮਿੰਦਗੀ ਮਹਿਸੂਸ ਕੀਤੀ ਅਤੇ ਆਪਣੇ ਵਲੋਂ ਕ੍ਰਿਸ਼ਨ ਜੀ ਉੱਤੇ ਲਗਾਏ ਝੂਠੇ ਇਲਜ਼ਾਮ ਕਾਰਨ ਬਹੁਤ ਨਮੋਸ਼ੀ ਮਹਿਸੂਸ ਕੀਤੀ ਅਤੇ ਨਮੋਸ਼ੀ ਦੇ ਇਸ ਆਲਮ ਵਿੱਚੋਂ ਬਾਹਰ ਨਿਕਲਣ ਲਈ ਆਪਣੀ ਯੋਜਨਾ ਤਹਿਤ ਕ੍ਰਿਸ਼ਨ ਜੀ ਨੂੰ ਆਪਣੀ ਧੀ ਸਤਭਾਮਾ ਪੇਸ਼ ਕਰ ਦਿੱਤੀ ਅਤੇ ਉਸ ਨਾਲ ਵੀ ਚਾਲੂ ਕਹਾਣੀ ਅਨੁਸਾਰ ਅਵਤਾਰ ਜੀ ਨੇ ਸ਼ਾਦੀ ਕਰ ਲਈ, ਯਥਾ :–
ਹਾਥਿ ਰਹਿਓ ਮਨਿ ਕੋ ਧਰਿ ਕੈ,
ਤਿਨ ਨੈਕ ਨ ਕਾਹੂੰ ਕੀ ਓਰ ਨਿਹਾਰਿਓ॥
ਲੱਜਿਤ ਹ੍ਵੈ ਖਿਸਿਆਨੋ ਘਨੋ
ਦੁਬਿਧਾ ਕਰਿ ਧਾਮ ਕੀ ਓਰ ਸਿਧਾਰਿਓ॥
ਬੈਰ ਪਰਿਯੋ ਹਮਰੋ ਹਰਿ ਸਉਂ
ਔ ਕਲੰਕ ਚੜ੍ਹਯੋ ਗ੍ਯੋ ਭ੍ਰਾਤਰ ਮਾਰਿਓ॥
ਭੀਰ ਪਰੀ ਤੇ ਅਧੀਰ ਭਯੋ ਦੁਹਿਤਾ
ਦੇਊਂ ਸ਼੍ਯਾਮ ਇਹੀ ਚਿਤ ਧਾਰਿਓ॥2063॥
(ਪੰਨਾ 515)
(ਨਿਹਾਰਿਓ – ਦੇਖਿਆ। ਖਿਸਿਆਨੋ – ਜ਼ਲੀਲ ਹੋਇਆ। ਧਾਮ – ਘਰ।
ਭ੍ਰਾਤਰ – ਭਰਾ। ਅਧੀਰ – ਪਰੇਸ਼ਾਨ। ਦੁਹਿਤਾ – ਧੀ। )
(ਸ) ਰਿੱਛ ਨਾਲ ਮਣੀ ਲਈ ਅਵਤਾਰ ਜੀ ਦਾ 12–ਦਿਨਾ ਘੋਰ ਜੁੱਧ ਅਤੇ ਰਿੱਛ ਜੀ ਦੀ ਧੀ ਨਾਲ ਅਵਤਾਰ ਜੀ ਦੀ ਸ਼ਾਦੀ ਕ੍ਰਿਸ਼ਨ ਜੀ ਉਸ ਮਣੀ ਨੂੰ ਲੈਣ ਲਈ ਸ਼ੇਰ ਦਾ ਪਿੱਛਾ ਕਰਦਿਆਂ ਜੰਗਲਾਂ ਵੱਲ ਗਏ। ਜੰਗਲ ਜਾਣ ਤੇ ਇਹ ਪਤਾ ਚਲਿਆ ਕਿ ਸ਼ੇਰ ਕੋਲੋਂ ਇੱਕ ਭਾਲੂ (ਰਿੱਛ) ਉਹ ਮਣੀ ਖੋਹ ਕੇ ਲੈ ਗਿਆ ਹੈ। ਕ੍ਰਿਸ਼ਨ ਜੀ ਨੇ ਭਾਲੂ ਨਾਲ ਭਿਅੰਕਰ ਗੁਫ਼ਾ ਅੰਦਰ ਬਾਰ੍ਹਾਂ ਦਿਨ ਤਕ ਘੋਰ ਜੁੱਧ ਕੀਤਾ ਅਰ ਰਿੱਛ ਨੂੰ ਬਹੁਤ ਹੀ ਕਮਜ਼ੋਰ, ਨਿਹੱਥਾ ਤੇ ਨਿਮੋਝੂਣਾ ਕਰ ਦਿੱਤਾ। ਉਸ ਸਮੇਂ ਰਿੱਛ ਨੇ ਆਪਣੀ ਜਾਨ ਬਚਾਉਣ ਲਈ ਅਤੇ ਕ੍ਰਿਸ਼ਨ ਜੀ ਨੂੰ ਪ੍ਰਸੰਨ ਕਰਨ ਲਈ ਬੜੀ ਕਾਰਆਮਦ ਸਕੀਮ ਬਣਾ ਕੇ ਆਪਣੀ ਧੀ ਕ੍ਰਿਸ਼ਨ ਜੀ ਨੂੰ ਵਿਆਹ ਲਈ ਪੇਸ਼ ਕੀਤੀ ਅਤੇ ਭੁੱਲ ਲਈ ਵੀ ਖਿਮਾ ਮੰਗੀ, ਯਥਾ :–
ਭੂਲ ਲਈ ਹਮ ਤੇ ਪ੍ਰਭ ਜੂ ਸੁ ਛਿਮਾ ਕਰੀਯੈ ਸ਼ਿਵ ਸੂਰਜ ਸਾਖੀ॥
ਯੋ ਕਹਿ ਕੈ ਦੁਹਿਤਾ ਜੋ ਹੁਤੀ ਸੋਊ ਲੈ ਬਿ੍ਰਜਨਾਥ ਕੈ ਅਗ੍ਰਜ
ਰਾਖੀ॥2052॥ (ਪੰਨਾ 514)
(7) ਕੀ ਕ੍ਰਿਸ਼ਨਾਵਤਾਰ ਦੇ ਜੁੱਧ ਧਰਮ–ਜੁੱਧ ਸਨ ਅਤੇ ਕੀ ਉਹਨਾਂ ਦਾ ਉਦੇਸ਼ ਧਰਮ ਦੀ ਸੰਸਥਾਪਨਾ ਸੀ?
ਕਵੀ ਸ਼੍ਯਾਮ ਨੇ ਭਾਗਵਤ ਦੇ ਦਸਮ ਸਕੰਧ ਦਾ ਕਮਾਲ ਦਾ ਹੀ ਅਨੁਵਾਦ ਪੇਸ਼ ਕੀਤਾ ਹੈ ਅਤੇ ਫ਼ਿਰ ਇਸ ਵਿੱਚ ਇਹ ਲਿਖ ਕੇ ਕਮਾਲ ਦੇ ਧਰਮ ਜੁੱਧ ਹੀ ਬਿਆਨ ਕੀਤੇ ਹਨ :–
ਦਸਮ ਕਥਾ ਭਗੌਤ ਕੀ ਭਾਖਾ ਕਰੀ ਬਨਾਇ॥
ਅਵਰ ਬਾਸਨਾ ਨਾਹਿਂ ਪ੍ਰਭ ਧਰਮ ਜੁਧੁ ਕੈ ਚਾਇ॥2491॥
(ਪੰਨਾ 570)
ਕੀ ਰੁਕਮਣੀ ਜੀ ਨੂੰ ਉਧਾਲਣ ਲਈ ਲੜਿਆ ਜੁੱਧ ਧਰਮ ਜੁੱਧ ਸੀ? ਕੀ ਰਿੱਛ ਨਾਲ 12 ਦਿਨ ਘੋਰ ਜੰਗ ਕਰਦੇ ਰਹਿਣਾ ਧਰਮ ਜੁੱਧ ਸੀ ਜਿਸ ਵਿੱਚ ਅੰਤ ਨੂੰ ਰਿੱਛ ਨੇ ਆਪਣੀ ਧੀ ਅਵਤਾਰ ਜੀ ਨਾਲ ਵਿਆਹ ਕੇ ਆਪਣੀ ਜਾਨ ਛੁਡਾਈ ਸੀ? ਕੀ ਘਟੀਆ ਤੇ ਕਮੀਨੇ ਸ਼ਤ੍ਰਾਜਿਤ ਦੇ ਝੂਠ ਨੂ ਨੰਗਾ ਕਰਕੇ ਉਸ ਦੀ ਧੀ ਅਤੇ ਨਾਯਾਬ ਮਣੀ ਪ੍ਰਾਪਤ ਕਰਨ ਲਈ ਕੀਤਾ ਜੁੱਧ ਧਰਮ ਜੁੱਧ ਸੀ? ਕੀ ਭੂਮਾਸੁਰ ਤੇ ਮੁਰ ਦੈਂਤ ਨਾਲ ਘੋਰ ਜੁੱਧ ਧਰਮ ਜੁੱਧ ਸਨ, ਜਿਸ ਰਾਹੀਂ ਕਵੀ ਸ਼੍ਯਾਮ ਦੇ ਪ੍ਰਭੂ ਨੇ ਇਕੱਠੀਆਂ ਹੀ 16000 ਕੰਨਿਆਵਾਂ ਉਸ ਪਾਸੋਂ ਖੋਹ ਕੇ ਆਪਣੇ ਨਾਲ ਵਿਆਹ ਲਈਆਂ ਸਨ?
ਉਪਰੋਕਤ ਕੇਸਾਂ ਵਿੱਚ ਧਰਮ ਦੀ ਸੰਸਥਾਪਨਾ ਲਈ ਅਵਤਾਰ ਲੈਣ ਦੀ ਗੱਲ ਤਾਂ ਕੁੱਝ ਪੱਲੇ ਨਹੀਂ ਪੈ ਰਹੀ। ਹਾਂ ਜਿਵੇਂ ਆਮ ਅਵਤਾਰ– ਵਾਦੀ ਭਗਤ ਭਗਵਾਨ ਵਲੋਂ ਗਿਣਤੀ ਵਿੱਚ ਇਤਨੇ ਜ਼ਿਆਦਾ ਕਰਵਾਏ ਗਏ ਵਿਆਹਾਂ ਨੂੰ ਭਗਵਾਨ ਦੀ ਲੀਲਾ ਦਸ ਰਹੇ ਹਨ, ਅਸੀਂ ਗੁਰਮਤਿ ਧਾਰਨੀ ਸਾਕਤ ਕਵੀ ਸ਼੍ਯਾਮ ਨਾਲ ਰਲ ਕੇ ਐਸਾ ਕਰਨ ਤੋਂ ਅਸਮਰਥ ਹਾਂ। ਗੁਰਬਾਣੀ ਦੇ ਇਹਨਾਂ ਉਪਦੇਸ਼ਾਂ ਦਾ ਕ੍ਰਿਸ਼ਨਾਵਤਾਰ ਦੇ ਪ੍ਰਸੰਗਾਂ ਨਾਲ ਕਿਸੇ ਤਰ੍ਹਾਂ ਵੀ ਤਾਲ–ਮੇਲ ਨਹੀਂ ਹੋ ਸਕਦਾ।
ਕਾਮੁ ਕ੍ਰੋਧੁ ਕਾਇਆ ਕਉ ਗਾਲੈ॥ (ਮ: 1, 932)
ਤਕਹਿ ਨਾਰਿ ਪਰਾਈਆਂ, ਲੁਕਿ ਅੰਦਰਿ ਠਾਣੀ॥
ਅਜਰਾਈਲ ਫਰੇਸਤਾ, ਤਿਲ ਪੀੜੇ ਘਾਣੀ॥ (ਮ: 5, 515)
ਕਾਮਵੰਤ ਕਾਮੀ ਬਹੁ ਨਾਰੀ ਪਰਗਿ੍ਰਹਿ ਜੋਹ ਨ ਚੂਕੇ॥(ਮ: 5, 672)
ਘਰ ਕੀ ਨਾਰਿ ਤਿਆਗੈ ਅੰਧਾ॥ (ਨਾਮਦੇਵ ਜੀ 1365)

(8) ਅਨੁਰੁਧ ਊਸ਼ਾ ਦੇ ਪ੍ਰਸੰਗ ਰਾਹੀਂ ਅਵਤਾਰ ਜੀ ਉਤੇ ਜ਼ੋਰ,ਧੱਕੇ ਅਤੇ ਪੁਰਾਣੀਆਂ ਮੂਲ ਵਾਦੀਆਂ ਦੇ ਜਾਰੀ ਰਹਿਣ ਦਾ ਲਾਂਛਨ ਵਾਣਾਸੁਰ ਨਾਮ ਦੇ ਦੈਂਤ ਦੀ ਪੁੱਤਰੀ ਊਸ਼ਾ ਕ੍ਰਿਸ਼ਨ ਜੀ ਦੇ ਪੋਤੇ ਅਨਿਰੁੱਧ ਦੇ ਪ੍ਰੇਮ ਜਾਲ ਵਿੱਚ ਫਸ ਗਈ। ਅਨਿਰੁਧ ਵੀ ਬੜੇ ਅਨਹੋਣੇ ਜਿਹੇ ਢੰਗ ਨਾਲ ਉਸਦੇ ਪ੍ਰੇਮ ਵਿੱਚ ਜਕੜਿਆ ਗਿਆ ਅਤੇ ਊਸ਼ਾ ਦੇ ਮਹਿਲ ਵਿੱਚ ਪੁੱਜ ਕੇ ਪ੍ਰੇਮ ਸਬੰਧਾਂ ਦੀ ਕਾਰਵਾਈ ਪਾਉਣ ਲਗਾ। ਵਾਣਾਸੁਰ ਨੂੰ ਇਸ ਦੁਵੱਲੇ ਪ੍ਰੇਮ ਬਾਰੇ ਪਤਾ ਚਲਣ ਤੇ ਬਹੁਤ ਪਰੇਸ਼ਾਨੀ ਹੋਈ ਅਤੇ ਉਸ ਨੇ ਅਨਿਰੁਧ ਨੂੰ ਆਪਣੀ ਕੈਦ ਵਿੱਚ ਪਾ ਦਿੱਤਾ। ਨਾਰਦ ਦੀ ਚੁਕਣਾ ਵਿੱਚ ਆ ਕੇ ਸ੍ਰੀ ਕ੍ਰਿਸ਼ਨ ਜੀ ਨੇ ਬਲਰਾਮ, ਪ੍ਰਦ੍ਯੁਮਨ ਤੇ ਯਾਦਵ ਸੈਨਾ ਨੂੰ ਲੈ ਕੇ ਵਾਣ ਦੈਂਤ ਦੇ ਨਗਰ ਸ਼ੋਣਿਤਪੁਰ ਉਤੇ ਚੜ੍ਹਾਈ ਕਰ ਦਿੱਤੀ। ਵਾਣ ਦੈਂਤ ਦੇ ਸਰੀਰ ਦੀ ਗ਼ੈਰ–ਕੁਦਰਤੀ ਤੇ ਅਤਿਅੰਤ ਬਚਿੱਤਰ ਜਿਹੀ ਬਨਾਵਟ ਸੀ ਕਿਉਂਕਿ ਕਵੀ ਸ਼੍ਯਾਮ ਨੇ ਅਤੇ ਪੁਰਾਣਾਂ ਨੇ ਉਸ ਦੀਆਂ ਹਜ਼ਾਰ ਬਾਹਾਂ ਦਸੀਆਂ ਹਨ।
ਵਾਣ ਸ਼ਿਵ ਭਗਤ ਹੋਣ ਕਾਰਨ ਜੁੱਧ ਵਿੱਚ ਸ਼ਿਵ ਤੋਂ ਵੀ ਮਦਦ ਲੈਣ ਵਿੱਚ ਕਾਮਯਾਬ ਹੋ ਗਿਆ ਸੀ ਪਰ ਉਸਨੂੰ ਉਸ ਦੀਆਂ ਫ਼ੌਜਾਂ ਅਤੇ ਉਸਦੇ ਮਦਦਗਾਰ ਸ਼ਿਵ ਦੀ ਸਹਾਇਤਾ ਦੇ ਬਾਵਜੂਦ ਬੜੀ ਨਮੋਸ਼ੀ ਭਰੀ ਹਾਰ ਹੋਈ। ਇਸ ਮਾਮਲੇ ਵਿੱਚ ਸ਼ਿਵ ਜੀ ਨੇ ਆਪਣੇ ਭਗਤ ਦੀ ਕ੍ਰਿਸ਼ਨ ਜੀ ਤੋਂ ਜਾਨ ਬਚਾਉਣ ਵਿੱਚ ਭਾਰੀ ਮਦਦ ਕੀਤੀ। ਕ੍ਰਿਸ਼ਨ ਜੀ ਵਲੋਂ ਘੋਰ ਜੁੱਧ ਵਿੱਚ ਉਸ ਦੀਆਂ 1000 ਵਿੱਚੋਂ 998 ਬਾਹਾਂ ਕੱਟ ਦਿੱਤੀਆਂ ਗਈਆਂ ਸਨ ਅਤੇ ਕ੍ਰਿਸ਼ਨ ਜੀ ਨੇ ਉਸਨੂੰ ਜਾਨ ਤੋਂ ਹੀ ਮਾਰ ਦੇਣਾ ਸੀ। ਇੱਥੇ ਸ਼੍ਯਾਮ ਨੇ ਹੱਦ ਦਰਜੇ ਦੀ ਕਮੀਨਗੀ ਕਰਦਿਆਂ ਕਥਾਨਕ ਨੂੰ ਕੇਵਲ ਅਸ਼ਲੀਲ ਹੀ ਨਹੀਂ ਬਣਾਇਆ ਬਲਕਿ ਕ੍ਰਿਸ਼ਨ ਜੀ ਦੇ ਉਨਮੁਕਤ ਕਾਮ ਸਬੰਧਾਂ ਵਾਲੇ ਪਿਛੋਕੜ ਨੂੰ ਮੁਖ ਰਖ ਕੇ ਵਾਣ ਦੀ ਮਾਤਾ ਨੂੰ ਆਪਣੇ ਪੁੱਤਰ ਦੀ ਜਾਨ ਬਚਾਉਣ ਲਈ ਕ੍ਰਿਸ਼ਨ ਜੀ ਦੇ ਸਨਮੁਖ ਅਲਫ਼ ਨੰਗੀ ਹੋ ਕੇ ਆਉਣ ਦੀ ਵਾਰਦਾਤ ਖੜ੍ਹੀ ਕਰਕੇ ਕ੍ਰਿਸ਼ਨ ਜੀ ਨੂੰ ਅਤਿ ਘਟੀਆ ਅਤੇ ਇਤਰਾਜ਼–ਯੋਗ ਰੂਪ ਵਿੱਚ ਪੇਸ਼ ਕੀਤਾ ਹੈ, ਯਥਾ :–
ਜਬ ਤਿਹ ਮਾਇ ਬਾਤ ਸੁਨ ਪਾਈ॥ ਨਿ੍ਰਪ ਹਾਰ੍ਯੋ ਜੀਤ੍ਯੋ ਜਦੁਰਾਈ॥
ਸਭ ਤਜਿ ਬਸਤ੍ਰ ਨਗਨ ਹੁਇ ਆਈ॥ ਆਇ ਸ੍ਯਾਮ ਕੋ ਦਈ ਦਿਖਾਈ॥2227॥ (ਪੰਨਾ 536)
ਤਬ ਪ੍ਰਭ ਦ੍ਰਿਗ ਨੀਚੇ ਹੁਇ ਰਹ੍ਯੋ॥ ਨੈਕ ਨ ਜੂਝਬ ਚਿਤ ਮੋ ਚਹ੍ਯੋ॥
ਭੂਪਤ ਸਮੈ ਭਜਨ ਕੋ ਪਾਯੋ॥ ਭਾਜਿ ਗਯੋ ਨਹਿ ਜੁੱਧ ਮਚਾਯੋ॥2228॥
(ਪੰਨਾ 536)
ਇਸ ਕਹਾਣੀ ਦੇ ਕਥਾਨਕ ਵਿੱਚ ਕੇਵਲ 1000 ਬਾਹਾਂ ਵਾਲੇ ਵਾਣਾਸੁਰ ਦਾ ਜ਼ਿੱਕਰ ਹੀ ਗ਼ੈਰ–ਕੁਦਰਤੀ ਨਹੀਂ, ਅਨਿਰੁਧ ਤੇ ਊਸ਼ਾ ਦੋਨਾਂ ਦਾ ਪਿ੍ਰਥਮ ਮਿਲਾਪ ਤੇ ਜਾਣ ਪਛਾਣ ਵੀ ਸੁਪਨੇ ਰਾਹੀਂ ਹੋਏ ਦਸੇ ਗਏ ਹਨ। ਇਸ ਕਥਾਨਕ ਵਿੱਚ ਚਾਰ ਕਿਸਮ ਦੇ ਕੋਕ ਸ਼ਾਸਤ੍ਰੀ ਆਸਨਾਂ ਦਾ ਹੀ ਅਸ਼ਲੀਲ ਤੇ ਬੇਸ਼ਰਮੀ ਭਰਿਆ ਚਿੱਤਰਣ ਹੀ ਨਹੀਂ ਬਲਕਿ ਇਸ ਵਿੱਚ ਵਾਣ ਦੀ ਮਾਤਾ ਨੇ ਕ੍ਰਿਸ਼ਨ ਜੀ ਦੀ ਜਵਾਨੀ ਵੇਲੇ ਦੀਆਂ ਕਾਮ–ਖੇਡਾਂ ਤੇ ਰੁਚੀਆਂ ਨੂੰ ਮੁੱਖ ਰਖਦਿਆਂ ਹੋਇਆਂ ਦਾਦਾ ਬਣ ਚੁੱਕੇ ਕ੍ਰਿਸ਼ਨ ਜੀ ਤੋਂ ਵੀ ਪੁਰਾਣੇ ਹਥਿਆਰ ਨੂੰ ਵਰਤ ਕੇ ਹੀ ਆਪਣੇ ਪੁੱਤਰ ਦੀ ਜਾਨ ਬਚਾਉਂਦਿਆਂ ਦਿਖਾਇਆ ਹੈ। ਲਿਖਾਰੀ ਸ਼੍ਯਾਮ ਨੇ ਧਰਮ ਦੀ ਸੰਸਥਾਪਨਾ ਕਰਨ ਦਾ ਵ੍ਰਤ ਪਾਲਣ ਵਾਲੇ ਅਵਤਾਰ ਜੀ ਨੂੰ ਕਿਤਨਾ ਕਰੂਪ ਜਿਹਾ ਕਰਕੇ ਪੇਸ਼ ਕਰਨ ਦਾ ਕੁਹਝਾ ਜਤਨ ਕੀਤਾ ਹੈ।
(9) ਅਵਤਾਰ ਜੀ ਦਾ ਕਾਮ–ਖੇਡਾਂ ਦੇ ਚਿੱਕੜ ਨਾਲ ਲਿਬੜਿਆ ਰੂਪ ਕੀ ਧਰਮ ਦੀ ਸੰਸਥਾਪਨਾ ਹੈ? ਇਸ ਪੁਸਤਕ ਦੇ ਆਰੰਭਲੇ ਹਿੱਸੇ ਵਿੱਚ ਅਸੀਂ ਅਨਮਤੀ ਗ੍ਰੰਥਾਂ ਦੇ ਹਵਾਲਿਆਂ ਨਾਲ ਦਸ ਚੁੱਕੇ ਹਾਂ ਕਿ ਬ੍ਰਾਹਮਣੀ ਮੱਤ ਅਨੁਸਾਰ ਧਰਮ ਦੀ ਗਲਾਨੀ ਹੋਣ ਦੀ ਹਾਲਤ ਵਿੱਚ ਵਿਸ਼ਨੂੰ ਜੀ ਧਰਮ ਦੀ ਸੰਸਥਾਪਨਾ ਲਈ ਕੋਈ ਨਾ ਕੋਈ ਅਵਤਾਰ ਧਾਰਦੇ ਰਹਿੰਦੇ ਹਨ ਪਰ ਸ਼੍ਯਾਮ ਕਵੀ ਦੁਆਰਾ ਕ੍ਰਿਸ਼ਨਾਵਤਾਰ ਦੇ ‘‘ਲੁਕਮੀਚਨ ਖੇਲ’’ ਵਾਲੇ ਅਧਿਆਇ ਵਿੱਚ ਬਿ੍ਰਜ ਭੂਮੀ ਦੀਆਂ ਵਿਆਹੀਆਂ ਤੇ ਕੁਆਰੀਆਂ ਸਭ ਕਿਸਮਾਂ ਦੀਆਂ ਗੋਪੀਆਂ ਅਤੇ ਕ੍ਰਿਸ਼ਨ ਜੀ ਅਨੇਕਾਂ ਪ੍ਰਕਾਰ ਦੀਆਂ ਉਨਮੁਕਤ ਕਾਮ–ਕਲੋਲਾਂ ਰਾਹੀਂ ਸਮਾਜ ਵਲੋਂ ਲਗਾਏ ਅਨੇਕਾਂ ਪ੍ਰਤਿਬੰਧਾਂ ਅਤੇ ਪ੍ਰਵਾਣਤ ਪਰਵਾਰਕ ਸਬੰਧਾਂ ਬਾਰੇ ਸਭ ਨਿਯਮਾਂ, ਉਪ–ਨਿਯਮਾਂ, ਨਿਯੰਤ੍ਰਣਾਂ ਅਤੇ ਰਵਾਇਤਾਂ ਨੂੰ ਤੋੜ ਕੇ ਧਰਮ ਦਾ ਬੁਰੀ ਤਰ੍ਹਾਂ ਬਖੀਆ ਉਧੇੜਦੇ ਹਨ।
ਉਂਝ, ਲਿਖਾਰੀ ਦੀ ਇਸ ਲਿਖਤ ਵਿੱਚ ਦੋਨੋਂ ਧੜੇ ਹੀ ਕਾਮ ਵਿੱਚ ਅੰਨ੍ਹੇ ਹੋ ਕੇ ਸਭ ਕਾਰਵਾਈਆਂ ਪਾ ਰਹੇ ਹਨ ਪਰ ਲੁਕਮੀਚਨ ਅਤੇ ਚੀਰ–ਹਰਨ ਵਾਲੇ ਪ੍ਰਸੰਗਾਂ ਵਿੱਚ ਜੋ ਕੁੱਝ ਲਿਖਿਆ ਗਿਆ ਹੈ ਉਹ ਸਾਰਾ ਕੁੱਝ ਧਰਮ ਦੀ ਸੰਸਥਾਪਨਾ ਕਰਨ ਵਾਲੇ ਅਵਤਾਰ ਅਤੇ ਉਹਨਾਂ ਨਾਲ ਅਤਿ ਦੇ ਨਜ਼ਦੀਕੀ ਸਬੰਧ ਰਖਣ ਵਾਲੀਆਂ ਗੋਪੀਆਂ ਵਲੋਂ ਕੀਤਾ ਦਸਿਆ ਗਿਆ ਹੈ, ਜਿਸ ਨੂੰ ਪੜ੍ਹ ਕੇ ਤਾਂ ਕਬੀਰ ਸਾਹਿਬ ਵਲੋਂ ਕਿਸੇ ਹੋਰ ਪ੍ਰਸੰਗ ਵਿੱਚ ਕੀਤਾ ਗਿਆ ਸੁਆਲ ਹੀ ਸਾਹਮਣੇ ਆ ਜਾਂਦਾ ਹੈ ਕਿ ਜੇ ਇਹ ਧਰਮ ਹੈ ਤਾਂ ਅਪਰਾਧ ਜਾਂ ਅਧਰਮ ਕਿਸ ਬਲਾ ਦਾ ਨਾਮ ਹੈ?
ਵਿਗੜੀਆਂ–ਤਿਗੜੀਆਂ ਕਰਕੇ ਦਿਖਾਈਆਂ ਗੋਪੀਆਂ ਘਰੋਂ ਭਜ ਕੇ ਸਾਰੀ ਸਾਰੀ ਰਾਤ ਅਵਤਾਰ ਜੀ ਨਾਲ ਕਾਮ–ਕਲੋਲਾਂ ਕਰ ਰਹੀਆਂ ਹਨ ਅਤੇ ਨਦੀ ਦੇ ਜਲ ਵਿੱਚ ਖੁਲ੍ਹੇ ਆਮ ਨੰਗੀਆਂ ਨਹਾਉਂਦੀਆਂ ਅਤੇ ਉਹਨਾਂ ਦੇ ਬਸਤ੍ਰ ਅਵਤਾਰ ਜੀ ਚੁੱਕ ਕੇ ਰੁੱਖ ਉਤੇ ਚੜ੍ਹ ਜਾਂਦੇ ਹਨ। ਕਪੜੇ ਵਾਪਸ ਦੇਣ ਲਈ ਪਾਣੀ ਵਿੱਚੋਂ ਉਸੇ ਨਿਰਵਸਤ੍ਰ ਹਾਲਤ ਵਿੱਚ ਬੇਸ਼ਰਮੀ ਨਾਲ ਬਾਹਰ ਨਿਕਲ ਆਉਣ ਅਤੇ ਹੱਥ ਜੋੜ ਕੇ ਝੁਕਣ ਆਦਿਕ ਦੀਆਂ ਸ਼ਰਤਾਂ ਹੀ ਪੇਸ਼ ਨਹੀਂ ਕਰਦੇ ਬਲਕਿ ਉਹਨਾਂ ਤੋਂ ਸਭ ਪ੍ਰਕਾਰ ਦੀਆਂ ਲੱਜਾ–ਜਨਕ ਹਰਕਤਾਂ ਕਰਵਾਉਂਦੇ ਦਸੇ ਗਏ ਹਨ।
ਅਵਤਾਰ ਜੀ ਵਲੋਂ ਗੋਪੀਆਂ ਨੂੰ ਜੋ ਕੁੱਝ ਕਿਹਾ ਗਿਆ ਹੈ ਬਹੁਤ ਹੀ ਸ਼ਰਮਨਾਕ ਸ਼ਬਦਾਵਲੀ ਹੋਣ ਕਰ ਕੇ ਉਸਦਾ ਉਲਥਾ ਕਰਨਾ ਉਕਾ ਹੀ ਸ਼ੋਭਨੀਕ ਨਹੀਂ ਲਗਦਾ। ਇਸ ਲਈ ਨਮੂੰਨੇ ਦੇ ਤੌਰ ਤੇ ਕੁੱਝ ਕੁ ਬੰਦ ਅਤੇ ਇਹਨਾਂ ਬੰਦਾਂ ਦੇ ਕੁੱਝ ਕੁ ਕਠਿਨ ਸ਼ਬਦਾਂ ਦੇ ਅਰਥ ਮਾਤਰ ਹੇਠਾਂ ਦਿੱਤੇ ਜਾ ਰਹੇ ਹਨ :–
ਗੋਪੀ ਬਾਚ :
ਸ਼੍ਯਾਮ ਕਹ੍ਯੋ ਮੁਖ ਤੇ ਗੁਪੀਆ ਇਹ ਕਾਨ੍ਹ ਸਿਖੇ ਤੁਮ ਬਾਤ ਭਲੀ ਹੈ॥
ਨੰਦ ਕੀ ਓਰ ਪਿਖੋ ਤੁਮਹੂੰ, ਦਿਖੋ ਭ੍ਰਾਤ ਕੀ ਓਰ ਕਿ ਨਾਮ ਹਲੀ ਹੈ॥
ਚੀਰ ਹਰੇ ਹਮਰੇ ਛਲ ਸੋਂ ਸੁਨਿ, ਮਾਰ ਡਾਰੈ ਤੁਹਿ ਕੰਸ ਬਲੀ ਹੈ॥
ਕੋ ਮਰ ਹੈ ਹਮ ਕੋ ਤੁਮਰੋ ਨਿ੍ਰਪ, ਤੋਰ ਡਾਰੈ ਜਿਮ ਕਉਲ ਕਲੀ ਹੈ॥252॥
(ਪੰਨਾ 286)
(ਪਿਖੋ – ਦੇਖੋ। ਭ੍ਰਾਤ – ਭਰਾ। ਓਰ – ਤਰਫ਼। ਹਲੀ – ਬਲਰਾਮ। ਚੀਰ – ਬਸਤ੍ਰ। ਨਿ੍ਰਪ – ਰਾਜਾ। ਜਿਮ – ਜਿਵੇਂ, ਦੀ ਤਰ੍ਹਾਂ। ਕਮਲ ਕਲੀ – ਕਮਲ ਦੀ ਕਲੀ ਦੀ ਤਰ੍ਹਾਂ।)
ਕਾਨ੍ਹ ਬਾਚ :
ਕਾਨ੍ਹ ਕਹੀ ਤਿਨ ਕੋ ਇਹ ਬਾਤ,
ਨ ਦ੍ਯੋਂ ਪਟ ਹਉਂ ਨਿਕਰਯੋ ਬਿਨੁ ਤੋ ਕੋ॥
ਕਿਉਂ ਜਲ ਬੀਚ ਰਹੀ ਛਪ ਕੈ, ਤਨ ਕਾਹਿ ਕਟਾਵਤ ਹੋ ਪਹਿ ਜੋਕੋ॥
ਨਾਮ ਬਤਾਵਤ ਹੋ ਨਿ੍ਰਪ ਕੋ, ਤਿਹ ਕੋ ਫੁਨਿ ਨਾਹਿ ਕਛੂ ਡਰ ਮੋਕੋ॥
ਕੇਸਨ ਤੇ ਗਹਿ ਕੈ ਤਪਕੀ ਅਗਨੀ, ਮਧਿ ਈਂਧਨ ਜਿਉਂ ਉਰਿ ਝੋਕੋ॥253
(ਪੰਨਾ 286)
(ਨ ਦ੍ਯੋਂ – ਨਹੀਂ ਦੇਵਾਂਗਾ। ਪਟ – ਕਪੜੇ। ਨਿਕਰਯੋ ਬਿਨੁ – ਨਿਕਲੇ ਬਿਨਾ। ਜੋਕੋ – ਜੋਕਾਂ ਕੋਲੋਂ। ਕੋ – ਮੈਨੂੰ। ਗਹਿ ਕੈ – ਪਕੜ ਕੇ। ਤਪਕੀ – ਤਪੀ। ਮਧਿ – ਵਿੱਚ। ਈਂਧਨ – ਬਾਲਣ।)
ਗੋਪੀ ਬਾਚ :
ਦੈ ਅਗੂਆ ਪਿਛੂਆ ਅਪਨੇ ਕਰ, ਪੈ ਸਭ ਹੀ ਜਲ ਤਿਆਗ ਖਰੀ ਹੈ॥
ਕਾਨ੍ਹ ਕੈ ਪਾਇਂ ਪਰੀ ਬਹੁ ਬਾਰਨ, ਅਉ ਬਿਨਤੀ ਬਹੁ ਭਾਂਤਿ ਕਰੀ ਹੈ॥
ਦੇਹੁ ਕਹ੍ਯੋ ਹਮਰੀ ਸਰ੍ਹੀਆ ਤੁਮ ਜੋ, ਕਰਿ ਕੈ ਛਲ ਸਾਥ ਹਰੀ ਹੈ॥
ਜੋ ਕਹਿ ਹੋ ਮਨਿ ਹੈਂ ਹਮ ਸੋ, ਅਤਿ ਹੀ ਸਭ ਸੀਤਹਿਂ ਸਾਥ ਠਰੀ ਹੈ॥265॥
(ਅਗੂਆ ਪਿਛੂਆ – ਆਪਣੇ ਸਰੀਰ ਦੇ ਅਗਲੇ ਪਿੱਛੇ ਵਾਲੇ ਗੁਪਤ ਅੰਗ। ਕਰ–ਹਾਥ। ਜਲ ਤਿਆਗ– ਪਾਣੀ ਵਿੱਚੋਂ ਬਾਹਰ ਨਿਕਲ ਕੇ। ਖਰੀ ਹੈ – ਖੜੀਆਂ ਹੋ ਗਈਆਂ। ਪਾਂਇਂ ਪਰੀ – ਪੈਰੀਂ ਪਈਆਂ। ਸਰ੍ਹੀਆਂ – ਸਾੜ੍ਹੀਆਂ ਤੇ ਹੋਰ ਬਸਤ੍ਰ। ਛਲ ਸਾਥ – ਧੋਖੇ ਨਾਲ। ਜੋ ਕਹਿ ਹੋ – ਜੋ ਵੀ ਤੂੰ ਕਹੇਂਗਾ। ਮਨਿ ਹੈਂ – ਮੰਨ ਲਵਾਂਗੀਆਂ। ਸੀਤਹਿਂ – ਠੰਡ ਨਾਲ। ਠਰੀ – ਠੰਡੀਆਂ ਹੋਈਆਂ ਪਈਆਂ ਹਾਂ।)
ਕਾਨ੍ਹ ਬਾਚ :
ਕਾਮ ਕੇ ਬਾਨ ਬਨੀ ਬਰਛੀ, ਭਰੁਟੇ ਧਨ ਸੇ ਦ੍ਰਿਗ ਸੁੰਦਰ ਤੇਰੇ॥
ਆਨਨ ਹੈ ਸਸਿ ਸੋ ਅਲਕੈ, ਹਰਿ ਮੋਹਿ ਰਹੈ ਮਨ ਰੰਚਕ ਹੇਰੇ॥
ਤਉ ਤੁਮ ਸਾਥ ਕਰੀ ਬਿਨਤੀ, ਜਬ ਕਾਮ ਕਰਾ ਉਪਜੀ ਜੀਅ ਮੇਰੇ॥
ਚੁੰਬਨ ਦੇਹੁ ਕਹ੍ਯੋ ਸਭ ਹੀ ਮੁਖ, ਸਉਂਹ ਹਮੈ ਕਹਿ ਹੈਂ ਨਹਿ ਡੇਰੇ॥279॥
(ਪੰਨਾ 287)
(ਬਾਨ – ਤੀਰ। ਭਰੁਟੇ – ਭਰਵੱਟੇ। ਦ੍ਰਿਗ – ਅੱਖਾਂ। ਆਨਨ – ਮੂੰਹ, ਚਿਹਰਾ। ਸਸਿ – ਚੰਦ੍ਰਮਾ। ਅਲਕੈ – ਜ਼ੁਲਫ਼ਾਂ। ਰੰਚਕ – ਥੋੜਾ ਜਿਹਾ ਹੀ। ਹੇਰੇ – ਦੇਖਣ ਨਾਲ। ਕਾਮ–ਕਰਾ – ਕਾਮ–ਕਲਾ, ਕਾਮ
(sex) ਦੀ ਖਾਹਿਸ਼। ਸਉਂਹ – (ਮੈਨੂੰ) ਕਸਮ ਹੈ। ਡੇਰੇ – (ਤੁਹਾਡੇ) ਘਰ।)
ਕਾਨ੍ਹ ਬਾਚ :
ਕਾਨ੍ਹ ਕਹੀ ਹਸ ਬਾਤ ਤਿਨੈ, ਕਹਿ ਹੈਂ ਹਮ ਜੋ ਤੁਮ ਸੋ ਮਨਿ ਹੋ॥
ਸਭਹੀ ਮੁਖ ਚੂੰਮਨ ਦੇਹੁ ਕਹ੍ਯੋ, ਚੰੁਮ ਹੈ ਹਮਹੂੰ ਤੁਮਹੂੰ ਗਨਿ ਹੋ॥
ਅਰ ਤੋਰਨ ਦੇਹੁ ਕਹ੍ਯੋ ਸਭਹੀ ਕੁਚ, ਨਤਰ ਹਉ ਤੁਮ ਕੌ ਹਨਿ ਹੋ॥
ਤਬ ਹੀ ਪਟ ਦੇਉਂ ਸਭੈ ਤੁਮਰੇ, ਇਹ ਝੂਠ ਨਹੀਂ ਸਤ ਕੈ ਜਨਿ ਹੋ॥266
(ਪੰਨਾ 287)
(ਕਾਨ੍ਹ – ਕ੍ਰਿਸ਼ਨ ਜੀ। ਤਿਨੈ – ਉਹਨਾਂ ਗੋਪੀਆਂ ਨੂੰ। ਮਨਿ ਹੋ – ਮੰਨ ਲਉ। ਗਨਿ ਹੋ – ਗਿਣਦੀਆਂ ਜਾਓ। ਕੁੱਚ – ਪਿਸਤਾਨ, ਛਾਤੀਆਂ। ਹਨਿ ਹੌਂ – ਨੁਕਸਾਨ ਪਹੁੰਚਾਵਾਂਗਾ। ਪਟ – ਕਪੜੇ, ਬਸਤ੍ਰ। ਸਤ ਕੈ ਜਨਿ ਹੋ – ਸੱਚ ਸਮਝਣਾ।)
ਨਮੂੰਨੇ ਦੇ ਤੌਰ ਤੇ ਦਿੱਤੇ ਗਏ ਇਹਨਾਂ ਕੁੱਝ ਕੁ ਬੰਦਾਂ ਤੋਂ ਹੀ ਸਾਫ਼ ਸਿੱਧ ਹੁੰਦਾ ਹੈ ਕਿ ਕ੍ਰਿਸ਼ਨਾਵਤਾਰ ਦਾ ਇਹ ਹਿੱਸਾ ਵੀ ਕਵੀ ਸ਼੍ਯਾਮ ਦੁਆਰਾ ਲਿਖੀ ਗਈ ਵੱਡੀ ਅਸ਼ਲੀਲ ਤੇ ਲੱਜਾ–ਜਨਕ ਰਚਨਾ ਤਿ੍ਰਯਾ ਚਰਿਤ੍ਰਾਂ ਦੇ ਪਾਏ ਦੀ ਅਸ਼ਲੀਲ ਤੇ ਫ਼ਾਹਸ਼ ਰਚਨਾ ਹੀ ਹੈ ਅਤੇ ਇਹੋ ਜਿਹੇ ਕੰਮ ਅਤੇ ਹਰਕਤਾਂ ਸੱਚੇ ਧਰਮ ਦੀ ਸੰਸਥਾਪਨਾ ਨਹੀਂ ਕਰਦੀਆਂ ਬਲਕਿ ਮਨੁੱਖ ਦੇ ਸਮਾਜਕ ਅਤੇ ਪਰਵਾਰਕ ਸਬੰਧਾਂ ਦੀ ਪਵਿਤ੍ਰਤਾ ਦਾ ਘਾਣ ਕਰਨ ਵਾਲੀਆਂ ਹਨ। ਸੱਚ ਪੁੱਛੋ ਤਾਂ ਕਵੀ ਸ਼੍ਯਾਮ ਨੇ ਧਰਮ ਦੇ ਉਪਦੇਸ਼ ਅਤੇ ਧਰਮ ਫ਼ਲਸਫ਼ੇ ਨੂੰ ਉਚਾਰਨ ਵਾਲੇ ਸ੍ਰੀ ਕ੍ਰਿਸ਼ਨ ਜੀ ਦੇ ਚਰਿਤ੍ਰ ਦਾ ਘਾਤ ਕਰ ਕੇ ਉਹਨਾਂ ਦੀ ਤੌਹੀਨ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਐਸੀ ਫਾਹਸ਼ ਅਤੇ ਅਸ਼ਲੀਲ ਰਚਨਾ ਨੂੰ ਕਲਗੀਧਰ ਪਾਤਿਸ਼ਾਹ ਦਾ ਦਸਣਾ ਆਪਣੇ ਆਪ ਵਿੱਚ ਇੱਕ ਵੱਡਾ ਅਪਰਾਧ ਹੈ।


07/08/16)
ਦਲੇਰ ਸਿੰਘ ਜੋਸ਼

ਸਗਲੀ, ਸਗਲੇ, ਸਗਰੀ, ਸਗਰੇ ਅਤੇ ਸਿਗਰੀ ਸ਼ਬਦ ਦੀ ਸਮੀਖਿਆ
ਗੁਰੂ ਪਿਆਰੇ ਪਾਠਕ ਜਨੋ ਆਪ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਪਠਨ ਬੜੇ ਪਿਆਰ ਸਹਿਤ ਕਰਦੇ ਹੋ। ਬਹੁਤ ਚੰਗੀ ਗੱਲ ਹੈ ਗੁਰੂ ਸਾਹਿਬ ਜੀ ਦਾ ਕੱਥਨ ਭੀ ਹੈ।
ਆਇਓ ਸੁਨਨ ਪੜਨ ਕਉ ਬਾਣੀ।। ਸਾਰੰਗ ਮ: ੫} ਪੰਨਾਂ ੧੨੧੯।।
ਕਿ ਇਹ ਜੀਵ ਜਗਤ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਸੁਣਨ ਪੜ੍ਹਨ ਵਾਸਤੇ ਹੀ ਆਇਆ ਹੈ। ਇਹੈ ਹੀ ਜੀਵ ਦਾ ਅਸਲ ਮਨੋਰਥ ਹੈ।
ਜਿਹੜੇ ਜੀਵ ਰੱਬ ਦਾ ਨਾਮ ਭੁਲਾ ਕਿ ਹੋਰ ਹੋਰ ਕੰਮਾਂ ਕਾਰਾਂ ਵਿੱਚ ਲਗੇ ਪਏ ਹਨ ਉਹ ਇੱਕ ਤਾਂ ਅਪਣੇ ਜੀਵਨ ਮਨੋਰਥ ਤੋਂ ਦੂਰ ਚਲੇ ਜਾਂਦੇ ਹਨ। ਦੂਸਰਾ ਵਾਹਿਗੁਰੂ ਜੀ ਤੋਂ ਭੀ ਅਪਣੀ ਦੂਰੀ ਬਣਾ ਲੈਦੇਂ ਹਨ। ਗੁਰੂ ਸਾਹਿਬ ਇਹਨਾਂ ਜੀਵਾਂ ਲਈ ਭੀ ਬਚਨ ਕਰਦੇ ਹਨ।
ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ।। ਸਾਰੰਗ ਮ: ੫।। ਪੰਨਾਂ ੧੨੧੯।।
ਅੱਜ ਅਸੀ ਕੁੱਝ ਚਾਰ ਤੋਂ ਵਧੀਕ ਸ਼ਬਦਾਂ ਦੀ ਵਿਚਾਰ ਸਾਂਝੀ ਕਰਾਂਗੇ। ਉਰ ਸਿਰਲੇਖ ਵਿੱਚ ਪੰਜ ਸ਼ਬਦਾ ਦੇ ਨਾਮ ਦਿਤੇ ਹਨ। ਇਨ੍ਹਾਂ ਵਿੱਚੋਂ ਪਹਿਲੇ ਚਾਰ ਸ਼ਬਦ ਤਾਂ ਬਾਣੀ ਵਿੱਚ ਅੰਕਿਤ ਹਨ ਪਰ ਪੰਜਵਾਂ ਸ਼ਬਦ ਸਮੱਚੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਭੀ ਨਹੀ ਆਇਆ ਮੈ ਇਹ ਪ੍ਰਕਰਣ ਲਿਖਣ ਲਗਿਆ ਕਿਤਨੀ ਵਾਰ ਦਰਸਨ ਕੀਤਾ ਕਿ ਕਿਤੇ ਭੀ ਇਹ ਸਬਦ ਮਿਲ ਜਾਵੇ। ਪਰ ਇਹ ਸ਼ਬਦ ਸਿਗਰੀ ਕਿਤੇ ਭੀ ਨਹੀ ਮਿਲ ਸਕਿਆ। ਹਾਂ ਦਮਦਮੀ ਟਕਸਾਲ ਵਲੋਂ ਪ੍ਰਕਾਸਕ ਨਿਤਨੇਮ ਦੇ ਗੁਟਕਿਆਂ ਵਿੱਚ ਚੌਪਈ ਸਾਹਿਬ ਵਿੱਚ ਇਹ ਸਿਗਰੀ ਸ਼ਬਦ ਲਿਖਤ ਵਿੱਚ ਆਇਆ ਹੈ ਜਦ ਕਿ ਬਾਕੀ ਸਾਰੇ ਪ੍ਰਕਾਸ਼ਨਾ ਵਿੱਚ ਸਗਰੀ ਸ਼ਬਦ ਹੀ ਆਇਆ ਹੈ।
ਇਸ ਤੋਂ ਬਾਅਦ ਸਗਰੀ ਸ਼ਬਦ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇੱਕ ਵਾਰ ਹੀ ਆਇਆ ਹੈ। ਇਹ ਸ਼ਬਦ ਭੀ ਮੈ ਦੋ ਵਾਰ ਘੋਖਣ ਤੋ ਬਾਅਦ ਲਿਖ ਰਿਹਾਂ ਹਾਂ ਜੋ ਮੈਨੂੰ ਇੱਕ ਵਾਰ ਹੀ ਪ੍ਰਾਪਤ ਹੋਇਆ ਹੈ। ਉਹ ਭੀ ਰਾਗ ਸਾਰੰਗ ਵਿੱਚ ਗੁਰੂ ਤੇਗਬਹਾਦਰ ਸਾਹਿਬ ਜੀ ਦੀ ਰਚਨਾਂ ਵਿਚੋਂ ਪੰਨਾਂ ੧੨੩੧ ਤੇ ਪਹਿਲੇ ਸ਼ਬਦ ਵਿੱਚ ਇਹ ਪੰਕਤੀ ਪ੍ਰਾਪਤ ਹੋਈ।
ਧਨੁ ਧਰਨੀ ਅਰੁ ਸੰਪਤਿ ਸਗਰੀ ਜੋ ਮਾਨਿਓ ਅਪਨਾਈ।। ਸਾਰੰਗ ਮ: ੯।। ਪੰਨਾਂ ੧੨੩੧।।
ਸ਼ਬਦ ਸਗਰੇ ਬਾਰੇ ਭਾਲ ਕਰਨ ਤੇ ਭੀ ਦਾਸ ਨੂੰ ਇਸ ਸ਼ਬਦ ਦੀ ਪ੍ਰਾਪਤੀ ਇੱਕ ਥਾਵੇਂ ਹੀ ਹੋਈ ਹੈ। ਮੈ ਇੱਕ ਬੇਨਤੀ ਕਰ ਦੇਵਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਅਥਾਹ ਸਾਗਰ ਹਨ ਜੋ ਕੁੱਝ ਮੈਨੂੰ ਭਾਲਣ ਤੇ ਮਿਲਿਆ ਹੈ ਉਹ ਕੁੱਝ ਹੀ ਦਾਸ ਲਿਖ ਰਿਹਾ ਹੈ। ਹਾਂ ਜੇ ਕਿਸੇ ਵੀਰ ਭੇਣ ਨੂੰ ਇਨ੍ਹਾਂ ਸ਼ਬਦਾਂ ਤੋਂ ਜਿਆਦਾ ਵਾਰੀ ਕਿਤੇ ਪਾਠ ਕਰਦਿਆਂ ਮਿਲੇ ਹੋਣ ਤਾਂ ਦਸਨ ਦੀ ਜਰੂਰ ਰਿਪਾ ਕਰਨੀ ਜੀ। ਕਿੳਕਿ ਅਜੇ ਬੁਕ ਨਹੀ ਛੱਪ ਰਹੀ ਇਹ ਸਿਰਫ ਆਰਟੀਕਲ ਪਬਲਿਕ ਤੌਰ ਤੇ ਅਖਬਾਰਾ ਤੇ ਵੈਬ ਸਾਈਟਾ ਤੇ ਹੀ ਸ਼ੈਂਡ ਕਰ ਰਿਹਾ ਤਾਂ ਕਿ ਜੋ ਵੀਰ ਭੈਣ ਭਰਾ ਪੜਨ ਤੇ ਦਸਨ ਦੀ ਕਿਰਪਾ ਕਰਨ ਜੀ। ਜੋ ਸ਼ਬਦ “ਸਗਰੇ” ਸਾਰੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇੱਕ ਵਾਰ ਆਇਆ ਹੈ ਉਹ ਸਥਾਨ ਹੈ ਜੀ ਰਾਗ ਸੋਰਠਿ ਪਮਨਾਂ ੬੩੩ ਤੇ ਗੁਰੂ ਤੇਗਬਹਾਦਰ ਸਾਹਿਬ ਜੀ ਦੀ ਹੀ ਰਚਨਾਂ ਹੈ। ਵੇਖੋ ਸਬੱਬ ਕੈਸਾ ਬਣਿਯਾ ਹੈ ਕਿ ਇਸ ਸ਼ਬਦ ਦੇ ਰਚਨਕਾਰ ਦੋਵਾਂ ਥਾਂਵਾ ਤੇ ਗੁਰੂ ਤੇਗਬਹਾਦਰ ਸਾਹਿਬ ਜੀ ਹੀ ਹਨ ਜੀ। ਦੋਵਾਂ ਥਾਂਵਾ ਤੇ ਦੋਵਾਂ ਰਾਗਾ ਵਿੱਚ ਸ਼ਬਦ ਭੀ ਪਹਿਲੇ ਹੀ ਸ਼ਬਦਾਂ ਵਿੱਚ ਉਚਾਰਨ ਕੀਤੇ ਹੋਏ ਹਨ। ਸ਼ਬਦ ਸਰੂਪ ਹੈ ਜੀ।
ਦਾਰਾ ਮੀਤ ਪੂਤ ਸਨਬੰਧੀ “ਸਗਰੇ” ਧਨ ਸਿਉ ਲਾਗੇ।। ਸੋਰਠਿ ਮ: ੯।। ਪੰਨਾਂ ੬੩੩।।
ਇਸ ਤੌ ਇਲਾਵਾ ਇਹ ਦੋਵੇਂ ਸ਼ਬਦ ਕਿਤੇ ਭੀ ਲਿਖਤ ਵਿੱਚ ਨਹੀ ਆਏ।
ਇਕ ਗੱਲ ਹੋਰ ਵਿਚਾਰਨ ਵਾਲੀ ਹੈ ਕਿ “ਸਿਗਰੀ”ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਤੇ ਭੀ ਲਿਖਣ ਵਿੱਚ ਨਹੀ ਆਇਆ।
ਸ਼ਗਲੇ, ਸਗਲੀ, ਸਗਰੇ ਅਤੇ ਸਗਰੀ ਇਹ ਸ਼ਬਦ ਲਿਖਤ ਵਿੱਚ ਬਹੁਤ ਵਾਰੀ ਆਏ ਹਨ। ਇਨ੍ਹਾਂ ਸ਼ਬਦਾਂ ਦੇ ਪੰਜ ਪੰਜ ਪਰਮਾਣ ਦੇ ਕੇ ਦਾਸ ਇਸ ਪ੍ਰਕਰਣ ਨੂੰ ਸਮਾਪਤ ਕਰੇਗਾ ਜੀ।
(1) ਲਸਕਰ ਤਸਕਰਬੰਦ ਬੰਦ ਜੀਉ ਜੀਉ ਸਗਲੀ ਕੀਤ। ਸਿਰੀ ਰਾਗ ਮ: ੫।। ਪੰਨਾਂ ੭੦।।
ਜੇ ਤਰਕਸ਼ ਬੰਨ੍ਹਣ ਵਾਲੇ ਜੋਧਿਆਂ ਦੇ ਲਸ਼ਕਰ ਉਸ ਨੂੰ ਸਲਾਮਾਂ ਕਰਦੇ ਹੋਣ, ਅਤੇ ਸਾਰੀ ਸ੍ਰਿਸ਼ਟੀ ਹੀ ਉਸਨੂੰ ਜੀ ਜੀ ਆਖਦੀ ਹੋਵੇ।
(2) ਸਗਲੀ ਰੈਣਿ ਗੁਦਰੀ ਅੰਧਿਆਰੀ ਸੇਵਿ ਸਤਿਗੁਰੁ ਚਾਨਣੁ ਹੋਇ।। ਸਿਰੀ ਰਾਗ ਮ: ੫।। ਪੰਨਾਂ ੭੭।।
ਜਿਦੰਗੀ ਦੀ ਸਾਰੀ ਰਾਤ ਮਾਇਆ ਦੇ ਮੋਹ ਦੇ ਹਨੇਰੇ ਵਿੱਚ ਬੀਤਦੀ ਜਾ ਰਹੀ ਹੈ। ਗੁਰੂ ਦੀ ਸ਼ਰਨ ਪਉ ਤਾਂ ਕਿ ਤੇਰੇ ਅੰਦਰ ਪਰਮਾਤਮਾ ਦੇ ਨਾਮ ਦਾ ਚਾਨਣ ਹੋ ਜਾਏ।
(3) ਸਿਮਰਿ ਸੁਆਮੀ ਸੁਖਹ ਗਾਮੀ ਇਛ ਸਗਲੀ ਪੁੰਨੀਆ।। ਸਿਰੀ ਰਾਗ ਮ: ੫।। ਪੰਨਾਂ ੭੯।।
ਸੁਖ ਅਪੜਾਣ ਵਾਲੇ ਮਾਲਕ ਪ੍ਰਭੂ ਨੂੰ ਸਿਮਰਿਆਂ ਸਾਰੀਆਂ ਇਛਾਵਾਂ ਪੂਰੀਆਂ ਹੋ ਜਾਂਦੀਆਂ ਹਨ।
(4) ਕਥਾ ਸੁਣਤ ਮਲੁ ਸਗਲੀ ਖੋਵੈ।। ਮਾਝ ਮ: ੫।। ਪੰਨਾਂ ੧੦੪।।
ਪ੍ਰਭੂ ਦੀਆਂ ਸਿਫਤ ਸਾਲਾਹ ਦੀਆਂ ਗੱਲਾਂ ਸੁਣ ਕੇ ਮੇਰੇ ਮਨ ਦੀ ਸਗਲੀ ਮੈਲ ਦੂਰ ਹੋ ਜਾਂਦੀ ਹੈ।
(5) ਪਲਚਿ ਪਲਚਿ ਸਗਲੀ ਮੂਈ ਝੂਠੈ ਧੰਧੈ ਮੋਹੁ।। ਮਾਝ ਮ: ੫।। ਪੰਨਾਂ ੧੩੩।।
ਨਾਸ਼ ਵੰਤ ਧੰਧੇ ਦਾ ਮੋਹ ਸਾਰੀ ਲੁਕਾਈ ਨੂੰ ਹੀ ਵਿਆਪ ਰਿਹਾ ਹੈ, ਮਾਇਆ ਦੇ ਮੋਹ ਵਿੱਚ ਮੁੜ ਮੁੜ ਫੱਸ ਕੇ ਸਾਰੀ ਲੁਕਾਈ ਹੀ ਆਤਮਕ ਮੌਤੇ ਮਰ ਰਹੀ ਹੈ।
ਅਗਲੇ ਪਰਮਾਣ ਸਗਲੇ ਸ਼ਬਦ ਸਬੰਧੀ ਹਨ ਜੀ।।
(ੳ) ਨਾਨਕ ਸਗਲੇ ਦੋਖ ਉਤਾਰਿਅਨੁ ਪ੍ਰਭੁ ਪਾਰਬ੍ਰਹਮ ਬਖਸਿੰਦ।। ਸਿਰੀ ਰਾਗ ਮ: ੫।। ਪੰਨਾਂ ੪੬।।
ਹੇ ਨਾਨਕ ਪ੍ਰਭੂ ਪਾਰਬ੍ਰਹਮ ਬਖਸ਼ਣਹਾਰ ਹੈ ਉਹ ਸ਼ਰਨ ਆਇਆਂ ਦੇ ਸਾਰੇ ਪਾਪ ਦੂਰ ਕਰ ਦੇਦਾਂ ਹੈ।
(ਅ) ਦੇਖਿ ਦਰਸਨੁ ਮਨੁ ਸਾਧਾਰੇ ਪਾਪ ਸਗਲੇ ਜਾਹਿ।। ਸਿਰੀ ਰਾਗ ਮ: ੫।। ਪੰਨਾਂ ੫੧।।
ਗੁਰੂ ਦਾ ਦਰਸਨ ਕਰਕੇ ਜਿਸ ਮਨੁਖ ਦਾ ਮਨ ਗੁਰੂ ਦਾ ਆਸਰਾ ਫੜ ਲੈਦਾਂ ਹੈ ਉਸਦੇ ਸਾਰੇ ਪਹਿਲੇ ਕੀਤੇ ਪਾਪ ਨਾਸ ਹੋ ਜਾਂਸੇ ਹਨ।
(ੲ) ਜਿਨਿ ਬੰਧਨ ਕਾਟੇ ਸਗਲੇ ਮੇਰੇ।। ਮਾਝ ਮ: ੫।। ਪੰਨਾਂ ੯੮।।
ਉਸ ਨੇ ਮੇਰੇ ਸਾਰੇ ਮਾਇਆ ਦੇ ਬੰਧਨ ਤੋੜ ਦਿਤੇ ਹਨ।
(ਸ) ਆਪਿ ਤਰਹਿ ਸਗਲੇ ਕੁਲ ਤਾਰੇ।। ਮਾਝ ਮ: ੩।। ਪੰਨਾਂ ੧੧੭।।
ਉਹ ਆਪਣੀਆਂ ਸਾਰੀਆਂ ਕੁਲਾਂ ਨੂੰ ਤਾਰ ਕੇ ਆਪ ਭੀ ਤਰ ਜਾਂਦਾ ਹੈ।
(ਹ) ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ।। ਸੋਰਠਿ ਮ: ੫।। ਪੰਨਾਂ ੬੧੧।।
ਹੇ ਨਾਨਕ ਗੁਰੂ ਦੀ ਇਹ ਅਜਮਤ ਸਾਰੇ ਜੁਗਾਂ ਵਿੱਚ ਹੀ ਪਰਤੱਖ ਉਘੜੀ ਰਹਿੰਦੀ ਹੈ।
ਇਸ ਪਰਕਰਣ ਵਿੱਚ ਅੱਜ ਇਤਨਾਂ ਕੂ ਹੀ ਪਰਵਾਨ ਕਰਨਾ ਜੀ। ਸੱਭ ਦਾ ਬਹੁਤ ਬਹੁਤ ਧੰਨਵਾਦ। ਪਰਕਰਣ ਲਿਖਿਆ ੬ ਅਗਸਤ ੨੦੧੬ ਗੁ: ਗੁਰੂ ਨਾਨਕ ਵੈਡਂਸਡੀਲਡ ਯੂ ਕੇ।।
ਨੋਟ ਜਿਨ੍ਹਾਂ ਵੀਰਾਂ ਭੈਣਾ ਨੂੰ ਸਗਰੀ ਅਤੇ ਸਗਰੇ ਸ਼ਬਦ ਸਬੰਧੀ ਹੋਰ ਜਾਣਕਾਰੀ ਮਿਲੇ ਉਹ ਇਸ ਫੋਨ ਨ: ਜਾਂ ਈ ਮੇਲ ਤੇ ਦਸਣ ਦੀ ਕਿਰਪਾ ਕਰਣ ਤਾਂ ਕਿ ਕਿਤਾਬ ਛਪਣ ਸਮੇ ਉਸ ਵਿੱਚ ਉਹ ਸ਼ਬਦ ਲਿਖ ਦਿਤੇ ਜਾਣ ਜੀ।
0091 9888151686 ,00447446440544 email -josh,dalersingh@gmail,com


07/08/16)
ਗਿਆਨੀ ਅਵਤਾਰ ਸਿੰਘ

ਸੰਸਾਰਕ ਧਰਮਾਂ ਦਾ ਸਾਰ ਹਨ: ‘ਗੁਰੂ ਗ੍ਰੰਥ ਸਾਹਿਬ’

ਗਿਆਨੀ ਅਵਤਾਰ ਸਿੰਘ (ਸੰਪਾਦਕ gurparsad.com)

ਅਗਰ ਸਰੀਰ ਵਿੱਚ ਰੂਹ ਨਾ ਹੋਵੇ ਤਾਂ ਸਰੀਰ ਦਾ ਕੋਈ ਅਰਥ ਨਹੀਂ ਰਹਿ ਜਾਂਦਾ, ਇਸੇ ਤਰ੍ਹਾਂ ਅਗਰ ਕਿਸੇ ਭਾਈਚਾਰੇ (ਸਮੁਦਾਇ) ਕੋਲ਼ ਧਰਮ ਗ੍ਰੰਥ ਨਾ ਹੋਵੇ ਤਾਂ ਧਰਮ ਦੀ ਬੁਨਿਆਦ ਹੀ ਨਹੀਂ ਰੱਖੀ ਜਾ ਸਕਦੀ। ਸੰਸਾਰਕ ਰੇਗਿਸਤਾਨ ਦੀ ਤਪਸ਼ ’ਚ ਭੁੱਜ ਰਹੀ ਮਾਨਵਤਾ ਲਈ ‘ਧਰਮ ਗ੍ਰੰਥ’ ਪਾਣੀ ਦੇ ਠੰਡੇ ਮਿੱਠੇ ਝਰਨੇ ਹੁੰਦੇ ਹਨ, ਜੋ ਠੰਡੀਆਂ ਮਿੱਠੀਆਂ ਛਾਵਾਂ ਬਣ ਕੇ ਤਮਾਮ ਲੋਕਾਈ ਦਾ ਦਰਦ ਆਪਣੇ ਸੀਨੇ ਨਾਲ਼ ਲਾ ਕੇ ਉਨ੍ਹਾਂ ਦਾ ਮਾਰਗ-ਦਰਸ਼ਨ ਕਰਦੇ ਹਨ। ਕਿਸੇ ਵੀ ਸਮੁਦਾਇ ਦੇ ਪੈਗ਼ੰਬਰ, ਗੁਰੂ, ਮਹਾਤਮਾ ਜਾਂ ਧਰਮ ਬਾਨੀ (ਭਾਵ ਮੱਤ ਦੀ ਬੁਨਿਆਦ ਰੱਖਣ ਵਾਲ਼ਾ) ਨੇ ਜੋ ਰੱਬੀ ਨਾਦ ਸੁਣਿਆ, ਉਸ ਦੇ ਸੰਗ੍ਰਹਿਤ ਰੂਪ ਨੂੰ ‘ਧਰਮ ਗ੍ਰੰਥ’ ਕਿਹਾ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਵੀ ਇਸ ਰੱਬੀ ਨਾਦ (ਆਵਾਜ਼) ਸੁਣਨ ਨੂੰ ਸਵੀਕਾਰਿਆ: ‘‘ਜੈਸੀ ਮੈ ਆਵੈ ਖਸਮ ਕੀ ਬਾਣੀ; ਤੈਸੜਾ ਕਰੀ ਗਿਆਨੁ ਵੇ ਲਾਲੋ ! ॥’’ (ਮ: ੧/੭੨੨)

ਮਾਨਵਤਾ ਦੇ ਕਲਿਆਣ ਲਈ ਸਦੀਆਂ ਤੋਂ ਇਹ ਰੱਬੀ ਨਾਦ ਕਿਸੇ ਨਾ ਕਿਸੇ ਰੂਪ ’ਚ ਪ੍ਰਗਟ (ਨਾਜ਼ਰ) ਹੁੰਦਾ ਆਇਆ ਹੈ। ਆਰੰਭਕ ਕਾਲ ’ਚ ਆਮ ਤੌਰ ’ਤੇ ਇਨ੍ਹਾਂ ਨੂੰ ਮੌਖਿਕ (ਮੂੰਹ-ਜ਼ਬਾਨੀ, ਅਣਲਿਖਤ) ਰੱਖਿਆ ਜਾਂਦਾ ਸੀ; ਜਿਵੇਂ ਕਿ:

(1). ‘ਵੇਦ’ ਅੱਜ ਤੋਂ ਲਗਭਗ 3500 ਸਾਲ ਪਹਿਲਾਂ ਰਚੇ ਗਏ, ਜਿਨ੍ਹਾਂ ਨੂੰ 1200 ਸਾਲ ਮੌਖਿਕ ਰੱਖਣ ਉਪਰੰਤ 300 ਈਸਵੀ ਪੂਰਵ (ਭਾਵ ਮਾਤ੍ਰ 2300 ਵਰ੍ਹੇ ਪਹਿਲਾਂ) ਵੇਦ ਵਿਆਸ ਜੀ ਨੇ ਲਿਖਤੀ ਰੂਪ ’ਚ ਸੰਭਾਲ਼ਿਆ।

(2). ਜੈਨ ਮੱਤ ਦੇ ਆਚਾਰੀਆ (ਗੁਰੂ) ਨੂੰ ਤੀਰਥੰਕਰ ਕਿਹਾ ਜਾਂਦਾ ਹੈ ਤੇ ਪਹਿਲੇ ਤੀਰਥੰਕਰ ਰਾਜਾ ਰਿਸ਼ਭਦੇਵ ਜੀ ਸਨ, ਜਿਨ੍ਹਾਂ ਦੇ ਪੁੱਤਰ ਰਾਜਾ ‘ਭਰਤ’ ਤੋਂ ‘ਭਾਰਤ’ ਨਾਂ ਪ੍ਰਸਿੱਧ ਹੋਇਆ। ਭਗਵਾਨ ਮਹਾਂਵੀਰ ਜੀ ਤੋਂ ਪਹਿਲਾਂ 23 ਤੀਰਥੰਕਰ ਹੋ ਚੁੱਕੇ ਸਨ ਤੇ ਇਹ 24 ਵੇਂ ਸਨ, ਜਿਨ੍ਹਾਂ ਦਾ ਜਨਮ (ਬਿਹਾਰ ’ਚ) 599 ਈਸਵੀ ਪੂਰਵ ਹੋਇਆ। ਅਗਰ ਇਨ੍ਹਾਂ ਦੇ ਜਨਮ ਤੋਂ ਹੀ ਇਨ੍ਹਾਂ ਦੇ ਮੌਖਿਕ ਬਚਨਾਂ ਦੀ ਸ਼ੁਰੂਆਤ ਮੰਨੀਏ ਤਾਂ ਇਹ ਪੰਜਵੀਂ ਸਦੀ ਤੱਕ ਮੌਖਿਕ ਰਹੇ ਭਾਵ ਇਸ ਅਣਲਿਖਤ ਰਚਨਾ ਨੂੰ 973 ਸਾਲਾਂ ਬਾਅਦ ਲਿਖਤੀ ਰੂਪ ਦਿੱਤਾ ਗਿਆ।

(3). ਮਹਾਤਮਾ ਬੁੱਧ (ਗੌਤਮ ਬੁੱਧ ਜਾਂ ਸਿਧਾਰਥ) ਦਾ ਜਨਮ 566 ਈਸਵੀ ਪੂਰਵ (ਬਿਹਾਰ ’ਚ) ਹੋਇਆ, ਜਿਨ੍ਹਾਂ ਨੂੰ 35 ਸਾਲ ਦੀ ਉਮਰ (ਭਾਵ 531 ਈਸਵੀ ਪੂਰਵ) ’ਚ ਜੋ ਗਿਆਨ ਪ੍ਰਾਪਤ ਹੋਇਆ ਤੇ ਉਨ੍ਹਾਂ 80 ਸਾਲ ਦੀ ਉਮਰ ਤੱਕ ਇਸ ਦਾ ਪ੍ਰਚਾਰ ਵੀ ਕੀਤਾ, ਫਿਰ ਵੀ ਲਿਖਤੀ ਸੰਗ੍ਰਹਿ ਨਹੀਂ ਬਣ ਸਕੇ। ਇਨ੍ਹਾਂ ਮੌਖਿਕ ਬਚਨਾਂ ਨੂੰ 85 ਈਸਵੀ ਪੂਰਵ (ਭਾਵ 446 ਸਾਲਾਂ ਬਾਅਦ) ਲੰਕਾ ਦੇ ਰਾਜੇ ਵਿਰਦਗਾਮਨੀ ਦੁਆਰਾ ਲਿਖਤੀ ਰੂਪ ਦਿੱਤਾ ਗਿਆ, ਆਦਿ।

ਉਕਤ ਦਿੱਤੀਆਂ ਗਈਆਂ ਕੁੱਝ ਕੁ ਮਿਸਾਲਾਂ ਵਾਙ ਹੀ ‘ਪਾਰਸੀ, ਯਹੂਦੀ, ਈਸਾਈ, ਇਸਲਾਮ’ ਇਤਿਆਦਿਕ ‘ਧਰਮ’ ਹਨ, ਜਿਨ੍ਹਾਂ ਦੇ ਪਵਿੱਤਰ ਗ੍ਰੰਥਾਂ ਨੂੰ ਈਸ਼ਵਰੀ ਬੋਲ ਮੰਨਿਆ ਜਾਂਦਾ ਹੈ, ਜੋ ‘ਅਪੁਰਸ਼’ ਰਚਨਾ ਹੈ ਭਾਵ ਇਨ੍ਹਾਂ ਦਾ ਕਰਤਾ ਕੋਈ ਮਨੁੱਖ ਨਹੀਂ ਹੈ, ਇਹ ਸਿੱਧੇ ਆਕਾਸ਼ ਤੋਂ ਧਰਤੀ ’ਤੇ ਉਤਰੇ ਹਨ, ਪਰ ਜਿਨ੍ਹਾਂ ਨੂੰ ਇਹ ਬੋਲ ਨਾਜ਼ਰ ਹੋਏ ਉਨ੍ਹਾਂ ਦੁਆਰਾ ਲਿਖਿਆ ਹੋਇਆ ਇੱਕ ਵੀ ਅੱਖਰ ਮੌਜੂਦ ਨਹੀਂ। ਪ੍ਰਚਲਿਤ ਰਵਾਇਤਾਂ ਤੇ ਮੌਖਿਕ ਬਚਨਾਂ ਨੂੰ ਆਧਾਰ ਮੰਨ ਕੇ ਹੀ ਉਨ੍ਹਾਂ ਦੇ ਪੈਰੋਕਾਰਾਂ ਨੇ ਇਨ੍ਹਾਂ ਮੌਖਿਕ ਬਚਨਾਂ ਨੂੰ ਲਿਖਤੀ ਰੂਪ ਦਿੱਤਾ। ਮੌਖਿਕ ਰੂਪ ’ਚ ਬਦਲਾਅ ਦੀ ਸੰਭਾਵਨਾ ਨੂੰ ਕਿਸੇ ਵੀ ਹਾਲਤ ’ਚ ਰੋਕਿਆ ਨਹੀਂ ਜਾ ਸਕਦਾ ਤੇ ਪਵਿੱਤਰ ਪ੍ਰਵਚਨਾਂ ’ਚ ਵੱਡੇ ਫੇਰ ਬਦਲ ਹੋਏ ਹੋਣਗੇ, ਜਿਸ ਬਾਰੇ ਗੁਰੂ ਨਾਨਕ ਸਾਹਿਬ ਜੀ ਭਲੀ-ਭਾਂਤ ਜਾਣਦੇ ਸਨ, ਜਿਸ ਕਾਰਨ ਉਨ੍ਹਾਂ ਆਪਣੀ ਰਚਨਾ ਨੂੰ ਆਪ ਲਿਖਤੀ ਰੂਪ ’ਚ ਸੰਭਾਲ਼ਿਆ ਤੇ ਫ਼ੁਰਮਾਇਆ: ‘‘ਲਿਖੇ ਬਾਝਹੁ ਸੁਰਤਿ ਨਾਹੀ; ਬੋਲਿ ਬੋਲਿ ਗਵਾਈਐ ॥’’ (ਮ: ੧/੫੬੬)

‘ਧਰਮ’ ਦਾ ਅਰਥ ਹੈ: ‘ਪਰਮਾਤਮਾ ਜਾਂ ਆਕਾਲ ਪੁਰਖ’ ਨੂੰ ਆਪਣੇ ਮਨ ਵਿੱਚ ਧਾਰਨ ਕਰ ਲੈਣਾ, ਇਹ ਸ਼ਾਂਤੀਮਈ ਪਦ ਕੁਦਰਤ ਵਿੱਚੋਂ ਕੇਵਲ ਮਨੁੱਖਾ ਜਾਤੀ ਨੂੰ ਨਸੀਬ ਹੋਇਆ ਹੈ ਕਿਉਂਕਿ ‘ਧਰਮ’ ਦਾ ਸੰਬੰਧ ਬਾਕੀ ਜੂਨਾਂ ਨਾਲ਼ ਨਹੀਂ, ਇਸ ਲਈ ‘ਧਰਮ’ ਸ਼ਬਦ ਦੀ ਵਿਆਖਿਆ ਅਲੱਗ-ਅਲੱਗ ਦ੍ਰਿਸ਼ਟੀਕੋਣ ਤੋਂ ਹੁੰਦੀ ਆਈ ਹੈ। ਸੰਸਾਰ ’ਚ ਮੌਜੂਦ ਹਰ ਧਰਮ ਦੇ ਅਨੁਯਾਈ ਲਈ ਆਪਣੇ ਆਪਣੇ ਗੁਰੂ, ਪੀਰ, ਅਚਾਰੀਆ, ਇਸ਼ਟ ਆਦਿ ਦੁਆਰਾ ਦਿੱਤੀ ਗਈ (ਪੂਰਨ ਜਾਂ ਅਪੂਰਨ) ਸਿੱਖਿਆ ਉੱਤੇ ਵਿਸ਼ਵਾਸ ਧਾਰਨਾ ਤੇ ਉਸ ਦਾ ਪ੍ਰਚਾਰ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਬਣ ਜਾਂਦਾ ਹੈ। ਵਿਰਲੀਆਂ ਰੂਹਾਂ ਹੁੰਦੀਆਂ ਹਨ, ਜੋ ਪ੍ਰਚਲਿਤ ਗ਼ਲਤ ਧਾਰਨਾਵਾਂ ਤੋਂ ਸੁਤੰਤਰ ਹੋ ਕੇ ਸਚਾਈ ਦੀ ਤਲਾਸ਼ ਕਰਦੀਆਂ ਹਨ।

ਸਿੱਖਾਂ ਲਈ ਸਦਾਚਾਰ (ਨੈਤਿਕਤਾ) ਦਾ ਖ਼ਜ਼ਾਨਾ ‘ਗੁਰੂ ਗ੍ਰੰਥ ਸਾਹਿਬ’ ਜੀ ਹਨ, ਜਿਸ ਵਿੱਚ ਸੰਸਾਰ ਦੇ ਅਲੱਗ-ਅਲੱਗ ਇਲਾਕਿਆਂ ਨਾਲ਼ ਸੰਬੰਧਿਤ ਜਗਤ ਪ੍ਰਸਿੱਧ 35 ਮਹਾਂ ਪੁਰਸ਼ਾਂ (15 ਭਗਤ, 11 ਭੱਟ, 3 ਗੁਰਸਿੱਖ ਤੇ 6 ਗੁਰੂ ਸਾਹਿਬਾਨਾਂ) ਦੁਆਰਾ ਰਚੀ ਗਈ ਪਵਿੱਤਰ ਕਲਾਮ ਦਰਜ ਹੈ, ਜੋ ਸਮੂਹਿਕ ਮਾਨਵਤਾ ਲਈ ਰੂਹਾਨੀਅਤ ਦੇ ਨਾਲ਼ ਨਾਲ਼ ‘ਪਰਿਵਾਰਕ, ਸਮਾਜਿਕ, ਰਾਜਨੀਤਿਕ (ਕੂਟਨੀਤੱਗ), ਸਭਿਆਚਾਰਕ (ਸੰਸਕ੍ਰਿਤਕ), ਆਰਥਿਕ, ਦਾਰਸ਼ਨਿਕ’ ਆਦਿ ਵਿਸ਼ਿਆਂ ਦੀ ਢੁਕਵੀਂ ਤੇ ਤਰਕ ਸੰਗਤ ਨਜ਼ਰੀਏ ਨਾਲ਼ ਵਿਆਖਿਆ ਕਰਦੀ ਹੈ ਤਾਂ ਜੋ ਪੂਰਾ ਵਿਸ਼ਵ ਭੇਦ-ਭਾਵ ਮੁਕਤ ਆਪਸੀ ਪ੍ਰੇਮ ਕਾਇਮ ਕਰਦਾ ਰਹੇ ਤੇ ਸਰਬੋਤਮ ਜੂਨੀ ਦਾ ਮਾਲਕ (ਇਨਸਾਨ) ਕੁਦਰਤ ਦੇ ਨਿਰੰਤਰ ਵਿਕਾਸ ’ਚ ਮਹੱਤਵ ਪੂਰਨ ਰੋਲ ਅਦਾ ਕਰ ਸਕੇ, ਜੋ ਅਕਾਲ ਪੁਰਖ ਦੀ ਰਚਨਾ (ਪਰਿਵਾਰ) ਹੈ।

‘ਧਰਮੀ’ ਵਿਅਕਤੀ ਲਈ ਹਰ ਧਰਮ ਦੀਆਂ ਚੰਗਿਆਈਆਂ ਨੂੰ ਸਮਝਣਾ ਜ਼ਰੂਰੀ ਹੈ ਤਾਂ ਜੋ ਹਰ ਇਨਸਾਨ ਨਾਲ਼ ਪਿਆਰ ਤੇ ਆਪਣੇ ਸਿਧਾਂਤ ਦੀ ਵਿਲੱਖਣਤਾ ਨੂੰ ਪਹਿਚਾਣਿਆ ਜਾ ਸਕੇ, ਇਸ ਲਈ ਹੇਠਾਂ ਸੰਖੇਪ ’ਚ ਅਨਮਤ ਦੀ ‘ਧਰਮ’ ਬਾਰੇ ਕੀਤੀ ਗਈ ਵਿਆਖਿਆ ਨੂੰ ਵੀ ਵਿਚਾਰਿਆ ਜਾ ਰਿਹਾ ਹੈ।

(1). ‘ਪਾਰਸੀ ਧਰਮ’- ਇਸ ਦੇ ਸੰਚਾਲਕ (ਮੋਢੀ ਜਾਂ ਗੁਰੂ) ਮਹਾਂਰਿਸ਼ੀ ਜ਼ਰਤੁਸ਼ਤ (ਸਪਿਤਸਮਾ) ਜੀ ਸਨ, ਜੋ 600 ਈਸਵੀ ਪੂਰਵ ਈਰਾਨ ’ਚ ਪੈਦਾ ਹੋਏ। 15 ਸਾਲ ਦੀ ਉਮਰ ’ਚ ਇਨ੍ਹਾਂ ਦਾ ਵਿਆਹ ਕਰ ਦਿੱਤਾ ਗਿਆ ਪਰ ਇਨ੍ਹਾਂ ਤੁਰੰਤ ਗ੍ਰਹਿਸਤੀ ਤਿਆਗ ਕੇ ਸਾਧੂ ਲਿਬਾਸ ਧਾਰਨ ਕਰ ਲਿਆ। 15 ਸਾਲ ਇਕਾਂਤ ’ਚ ਸਮਾਧੀ ਲਾਉਣ ਉਪਰੰਤ ਜੋ ਪ੍ਰਕਾਸ਼ ਹੋਇਆ, ਉਸ ਬਾਰੇ ਇਨ੍ਹਾਂ ਬਚਨ ਕੀਤਾ ਕਿ ‘ਮੈਂ ਮਰ ਭਾਵੇਂ ਜਾਵਾਂ ਮੇਰੀਆਂ ਹੱਡੀਆਂ ਬੇਸ਼ੱਕ ਖਿੰਡਣ ਪੁੰਡਣ ਤੇ ਰੁਲ਼ ਜਾਣ ਪਰ ਮੈਂ ਕਦੇ ਵੀ ਆਪਣਾ ਭਰੋਸਾ ਨੇਕੀ (ਹੁਰਮਜ਼ਦ) ਦੇ ਪ੍ਰੇਮ ਤੋਂ ਨਹੀਂ ਹਟਾਵਾਂਗਾ।’

ਈਰਾਨੀ ਲੋਕ ਪਹਾੜਾਂ ਉੱਤੇ ਚੜ੍ਹ ਕੇ ਦੇਵਤਿਆਂ ਨੂੰ ਖ਼ੁਸ਼ ਕਰਨ ਲਈ ਜਾਨਵਰਾਂ ਤੇ ਔਰਤਾਂ ਦੀ ਕੁਰਬਾਨੀ ਦੇਂਦੇ ਸਨ, ਜਿਸ ਦਾ ਇਨ੍ਹਾਂ ਵਿਰੋਧ ਕਰਕੇ ਬੰਦ ਕਰਵਾਇਆ, ਜੋਤਸ਼, ਭੂਤ-ਪ੍ਰੇਤ ਕੱਢਣ ਆਦਿ ਦਾ ਭਰਮ ਤੋੜਿਆ। ਈਰਾਨੀ ਲੋਕ ‘ਸੂਰਜ, ਚੰਨ, ਧਰਤੀ, ਅਗਨੀ, ਪਾਣੀ, ਹਵਾ, ਆਕਾਸ਼’ ਆਦਿ ਨੂੰ ਦੇਵਤਾ ਮੰਨਦੇ ਸਨ/ਹਨ। ਬੇਸ਼ੱਕ ‘ਪਾਰਸੀ ਧਰਮ’ ਨੇ ਦੇਵ ਪੂਜਾ ਬੰਦ ਕਰਵਾ ਕੇ ਰੱਬ ਨੂੰ ਹੀ ਸਰਬ ਸ਼ਕਤੀਮਾਨ ਮੰਨਿਆ ਪਰ ਇਹ ਆਪ ਅੱਜ ਵੀ ਅਗਨੀ ਪੂਜਾ ਨੂੰ ਪ੍ਰਮੁੱਖਤਾ ਦੇਂਦੇ ਹਨ। ਲੀਬਿਆ ਦੇ ਰਾਜੇ ਨੇ ਈਰਾਨ ਉੱਤੇ ਹਮਲਾ ਕਰ ਦਿੱਤਾ ਜਿਸ ਵਿੱਚ ਅਨੇਕਾਂ ਪਾਰਸੀ ਲੋਕਾਂ ਸਮੇਤ ‘ਜ਼ਰਤੁਸ਼ਤ’ ਜੀ ਦੀ ਵੀ ਮੌਤ ਹੋ ਗਈ, ਬਾਕੀ ਬਚੇ ਜ਼ਿਆਦਾਤਰ ਪਾਰਸੀ ਭਾਰਤ ’ਚ ਆ ਵਸੇ। ਹੁਣ ਵੱਡੇ ਵੱਡੇ ਅਮੀਰ ਲੋਕ ਇਸ ਧਰਮ ਦੇ ਅਨੁਯਾਈ ਹਨ, ਜਿਨ੍ਹਾਂ ਦੀ ਨਫ਼ਰੀ ‘ਬੰਬਈ, ਸੂਰਤ, ਗੁਜਰਾਤ’ ਆਦਿ ’ਚ ਪਾਈ ਜਾਂਦੀ ਹੈ। ਇਹ ਮਨੁੱਖ, ਔਰਤ ਤੇ ਬੱਚੇ ਦੀ ਮ੍ਰਿਤਕ ਦੇਹ ਨੂੰ ਕਿਸੇ ਖੁਲ੍ਹੀ ਜਗ੍ਹਾ ਰੱਖ ਦਿੰਦੇ ਹਨ ਤਾਂ ਜੋ ਲੋੜਵੰਦ ਜਾਨਵਰ ਖਾ ਲੈਣ।

ਇਸ ‘ਧਰਮ’ ਅਨੁਸਾਰ ਦੋ ਸ਼ਕਤੀਆਂ (ਨੇਕੀ ਤੇ ਬਦੀ) ਆਦਿ ਕਾਲ ਤੋਂ ਨਾਲ਼ ਨਾਲ਼ ਚਲਦੀਆਂ ਹਨ। ‘ਨੇਕੀ’ ਨੂੰ ਇਹ ‘ਹੁਰਮਜ਼ਦ’ ਤੇ ਬਦੀ ਨੂੰ ‘ਅਹੁਰਿਮਾਂ’ ਮੰਨਦੇ ਹਨ। ਇਨ੍ਹਾਂ ਅਨੁਸਾਰ ਅੰਤ ਨੂੰ ‘ਅਹੁਰਿਮਾਂ’ ਦੀ ਹਾਰ ਤੇ ‘ਹੁਰਮਜ਼ਦ’ ਦੀ ਜਿੱਤ ਹੋਵੇਗੀ। ਗੁਰਬਾਣੀ ਇਸ ਵਿਚਾਰ ਨੂੰ ਇਉਂ ਲੈਂਦੀ ਹੈ: ‘‘ਕੂੜ ਨਿਖੁਟੇ ਨਾਨਕਾ ! ਓੜਕਿ (ਅੰਤ ਨੂੰ) ਸਚਿ ਰਹੀ ॥’’ (ਮ: ੧/੯੫੩)

(2). ‘ਬੁੱਧ ਤੇ ਜੈਨ ਧਰਮ’- ‘ਬੁੱਧ ਧਰਮ’ ਦਾ ਸੰਚਾਲਕ ‘ਗੌਤਮ ਬੁੱਧ’ (ਜਨਮ 566 ਈਸਵੀ ਪੂਰਵ) ਤੇ ‘ਜੈਨ ਧਰਮ’ ਦਾ ਸੰਚਾਲਕ (ਆਮ ਤੌਰ ’ਤੇ) ‘ਭਗਵਾਨ ਮਹਾਂਵੀਰ’ ਜੀ (ਜਨਮ 599 ਈਸਵੀ ਪੂਰਵ) ਨੂੰ ਮੰਨਿਆ ਜਾਂਦਾ ਹੈ। ‘ਵਰਧਮਾਨ’ ਜਾਂ ‘ਮਹਾਂਵੀਰ’ ਨਾਮ ਇਨ੍ਹਾਂ ਨੂੰ ਸਤਿਕਾਰ ਵਜੋਂ ਮਿਲਿਆ ਹੈ ਜਦਕਿ ਇਨ੍ਹਾਂ ਦੇ ਅਸਲ ਨਾਂ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ। ‘ਮਹਾਂਵੀਰ’ ਦਾ ਅਰਥ ਹੈ: ‘ਵਿਕਾਰਾਂ ਉੱਤੇ ਫ਼ਤਿਹ ਪਾਉਣ ਵਾਲ਼ਾ ਯੋਧਾ’। ਛੋਟੀ ਉਮਰ ’ਚ ਹੀ ਇੱਕ ਬ੍ਰਾਹਮਣ ਸੋਮਦਤ ਦੇ ਮੰਗਣ ’ਤੇ ਇਨ੍ਹਾਂ ਨੇ ਆਪਣਾ ਕੀਮਤੀ ਬਸਤਰ ਉਤਾਰ ਕੇ ਉਸ ਨੂੰ ਦਾਨ ਕਰ ਦਿੱਤਾ ਫਿਰ ਸਾਰੀ ਉਮਰ ਨਿਰ ਬਸਤਰ (ਨੰਗੇ) ਹੀ ਵਿਚਰਦੇ ਰਹੇ। ਉਕਤ ਦੋਵੇਂ ਮਹਾਤਮਾ ਦਾ ਜਨਮ ਬਿਹਾਰ ’ਚ ਹੋਇਆ।

ਬੁਢੇਪੇ ਤੇ ਮੌਤ ਨੂੰ ਵੇਖ ਕੇ ਅਸ਼ਾਂਤ ਹੋਏ ਮਨ ਵਾਸਤੇ ਸ਼ਾਂਤੀ ਦੀ ਤਲਾਸ਼ ਕਰਦਿਆਂ ‘ਗੌਤਮ ਬੁੱਧ’ ਨੇ 28 ਸਾਲ ਦੀ ਉਮਰ ’ਚ ਆਪਣਾ ਰਾਜ ਘਰਾਣਾ ਤਿਆਗ ਕੇ ਜੰਗਲਾਂ ’ਚ ਜਾਣ ਦਾ ਫ਼ੈਸਲਾ ਕਰ ਲਿਆ, ਜਿਨ੍ਹਾਂ ਦੀ ਮਾਤਾ ਕੇਵਲ 7 ਦਿਨਾਂ ਦੇ ਨੂੰ ਛੱਡ ਕੇ ਹੀ ਦੁਨੀਆ ਨੂੰ ਅਲਵਿਦਾ ਕਹਿ ਚੁੱਕੀ ਸੀ, ਇਨ੍ਹਾਂ ਦਾ ਪਾਲਣ-ਪੋਸ਼ਣ ਦਾਸੀਆਂ ਨੇ ਕੀਤਾ।

ਦੂਸਰੇ ਪਾਸੇ ਮਾਤਾ ਪਿਤਾ ਦੀ ਮੌਤ ਉਪਰੰਤ ਵੱਡੇ ਭਰਾ ਤੋਂ ਆਗਿਆ ਲੈ ਕੇ ‘ਮਹਾਂਵੀਰ’ ਜੀ ਨੇ ਵੀ ਜੰਗਲ ਨੂੰ ਆਪਣਾ ਘਰ ਬਣਾ ਲਿਆ। ਇਨ੍ਹਾਂ ਫ਼ੈਸਲਿਆਂ ਦੌਰਾਨ ‘ਮਹਾਤਮਾ ਬੁੱਧ’ ਜੀ ਦਾ ਇੱਕ ਪੁੱਤਰ (ਰਾਹੁਲ) ਸੀ ਤੇ ‘ਮਹਾਂਵੀਰ’ ਜੀ ਦੀ ਇੱਕ ਬੇਟੀ (ਪ੍ਰਿਆਦਰਸ਼ਨ) ਸੀ ਭਾਵ ਦੋਵੇਂ ਗ੍ਰਹਿਸਤੀ ਪਰਿਵਾਰ ਸਨ।

‘ਮਹਾਤਮਾ ਬੁੱਧ’ ਜੀ ਨੇ 7 ਸਾਲ ਤੇ ‘ਮਹਾਂਵੀਰ’ ਜੀ ਨੇ 12 ਸਾਲ ਜੰਗਲ ਦੇ ਇਕਾਂਤ ’ਚ ਭੁੱਖੇ-ਭਾਣੇ ਰਹਿ ਕੇ, ਜੋ ਗਿਆਨ ਰਸ ਪ੍ਰਾਪਤ ਕਰਨ ’ਚ ਸਫਲਤਾ ਪਾਈ, ਉਸ ਅਵਸਥਾ ਨੂੰ ‘ਮਹਾਤਮਾ ਬੁੱਧ’ ਜੀ ਨੇ ‘ਨਿਰਵਾਣ’ (ਸੰਸਾਰਕ ਬੰਧਨਾਂ ਤੋਂ ਮੁਕਤੀ) ਤੇ ‘ਮਹਾਂਵੀਰ’ ਜੀ ਨੇ ‘ਕੈਵਲਯ’ (ਕੇਵਲ ਏਕਤਾ) ਵਖਿਆਨ ਕੀਤਾ, ਜਿਸ ਵਿੱਚ ‘ਅਹਿੰਸਾ, ਸ਼ਾਂਤੀ, ਤਿਆਗ, ਮਨ ਦੀ ਸ਼ੁੱਧਤਾ ਤੇ ਉੱਚੀ ਅਕਲ’ ਆਦਿ ਗੁਣਾਂ ਦੀ ਵਿਆਖਿਆ ਹੈ।

ਉਕਤ ਦੋਵੇਂ ‘ਧਰਮਾਂ’ ਨੂੰ ਮਿਲਾ ਕੇ ਵਿਚਾਰਨ ਦਾ ਮਤਲਬ ਇਹ ਸੀ ਕਿ ਇਨ੍ਹਾਂ ’ਚ ਕੁੱਝ ਕੁ ਸਿਧਾਂਤਕ ਸਮਾਨਤਾ ਹੈ; ਜਿਵੇਂ ਕਿ: ‘ਦੋਵੇਂ ਹੀ ਧਰਮ, ਰੱਬੀ ਹੋਂਦ ਅਤੇ ਉਸ ਦੀ ਬਖ਼ਸ਼ਸ਼ ਉੱਤੇ ਵਿਸ਼ਵਾਸ ਨਹੀਂ ਰੱਖਦੇ।, ਵਰਤ, ਜਾਤ-ਪਾਤ, ਵਹਿਮ-ਭਰਮ, ਦੇਵ ਤੇ ਪੱਥਰ ਪੂਜਾ ਆਦਿ ਵਰਜਿਤ ਹਨ।, ਆਪਸੀ ਪ੍ਰੇਮ, ਔਰਤ ਦਾ ਸਤਿਕਾਰ ਤੇ ਉਦਾਰਤਾ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ‘ਬੁੱਧ ਧਰਮ’ ਗ੍ਰਹਿਸਤ (‘ਮਧ ਮਾਰਗ’, ਨਾ ਬਹੁਤੇ ਭੋਗ, ਨਾ ਤਿਆਗ) ਧਰਮ ਹੈ ਜਦਕਿ ‘ਜੈਨ ਧਰਮ’ ਗ੍ਰਹਿਸਤ ਤੇ ਤਿਆਗ (ਸੰਨਿਆਸ) ਦਾ ਹਮਾਇਤੀ ਹੈ। ਪੱਕੇ ‘ਜੈਨੀ ਸਾਧੂ’ ਆਪਣੇ ਆਪ ਨੂੰ ‘ਮਹਾਂਵੀਰ’ ਜੀ ਵਾਙ ਨੰਗਾ (ਦਿਗੰਬਰ) ਰਹਿਣਾ, ਬਿਨਾਂ ਮੰਗਿਆਂ ਮਿਲਿਆ ਭੋਜਨ ਛਕਣਾ ਤੇ ਕੁੰਭ ਇਸ਼ਨਾਨ ਆਦਿ ਕਰਨਾ, ਜ਼ਰੂਰੀ ਮੰਨਦੇ ਹਨ ਜਦਕਿ ਦੂਜੀ ਸ਼੍ਰੇਣੀ ਵਾਲ਼ੇ ਜੈਨੀ, ਸਰੀਰ ਉੱਤੇ ਬਸਤਰ ਪਹਿਨਦੇ ਹਨ ਤੇ ਗ੍ਰਹਿਸਤੀ ਜੀਵਨ ’ਚ ਯਕੀਨ ਰੱਖਦੇ ਹਨ। ਜੈਨੀ ਲੋਕ ਮੰਦਿਰਾਂ ਦੀ ਬਜਾਏ ਮੱਠਾਂ ਨੂੰ ਤਰਜੀਹ ਦੇਂਦੇ ਹਨ।

ਗ੍ਰਹਿਸਤੀ ਦਾ ਤਿਆਗ ਕਰਨ ਵਾਲ਼ੇ ਜੈਨੀ ਸਾਧੂ, ਆਮ ਤੌਰ ’ਤੇ ਗ੍ਰਹਿਸਤੀ ਜੈਨੀਆਂ ਦੇ ਪ੍ਰਚਾਰਕ ਹਨ। ਕਈ ਜੰਗਲ ਨਿਵਾਸੀਆਂ ਨੂੰ ਭੋਜਨ ਦੀ ਕਮੀ ਰਹਿੰਦੀ ਹੈ, ਜੋ ਮੰਗਣ ਤੋਂ ਸੰਕੋਚ ਕਰਦੇ ਹਨ ਤੇ ਜੂਠੀ ਰਹਿੰਦ-ਖੂੰਹਦ ਨਾਲ਼ ਹੀ ਜੀਵਨ ਬਸਰ ਕਰਦੇ ਹਨ। ਅਹਿੰਸਾ ਦੇ ਪੂਜਾਰੀ ਹੋਣ ਕਾਰਨ ਪਾਣੀ ਨਾਲ਼ ਇਸ਼ਨਾਨ ਨਹੀਂ ਕਰਦੇ ਤਾਂ ਜੋ ਕੋਈ ਜੀਵ ਹੱਤਿਆ ਨਾ ਹੋ ਜਾਵੇ, ਇਸ ਕੁਚੀਲ ਜ਼ਿੰਦਗੀ ਬਾਰੇ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ: ‘‘ਇਕਿ ਜੈਨੀ ਉਝੜ ਪਾਇ; ਧੁਰਹੁ ਖੁਆਇਆ ॥ ਤਿਨ ਮੁਖਿ ਨਾਹੀ ਨਾਮੁ; ਨ ਤੀਰਥਿ ਨ੍ਾਇਆ ॥ ਹਥੀ ਸਿਰ ਖੋਹਾਇ; ਨ ਭਦੁ ਕਰਾਇਆ (ਨਾ ਸਿਰ ਮਨਾਉਂਦੇ) ॥ ਕੁਚਿਲ ਰਹਹਿ ਦਿਨ ਰਾਤਿ; ਸਬਦੁ (ਅਕਲ) ਨ ਭਾਇਆ (ਪਸੰਦ)॥ ਤਿਨ ਜਾਤਿ ਨ, ਪਤਿ ਨ ਕਰਮੁ; ਜਨਮੁ ਗਵਾਇਆ ॥ ਮਨਿ ਜੂਠੈ ਵੇਜਾਤਿ; ਜੂਠਾ ਖਾਇਆ ॥ ਬਿਨੁ ਸਬਦੈ; ਆਚਾਰੁ ਨ, ਕਿਨ ਹੀ ਪਾਇਆ ॥ ਗੁਰਮੁਖਿ; ਓਅੰਕਾਰਿ ਸਚਿ ਸਮਾਇਆ ॥’’ (ਮ: ੧/੧੨੮੫)

(3). ਵੈਦਿਕ ਧਰਮ ਜਾਂ ਹਿੰਦੂ ਧਰਮ’-ਇਸ ਧਰਮ ਦਾ ਪਿਛੋਕੜ ਵੀ ਈਰਾਨ ਦੇ ਆਰੀਅਨ ਲੋਕ ਹਨ, ਜੋ 1500-1000 ਈਸਵੀ ਪੂਰਵ ਭਾਰਤ ’ਚ ਆਏ। ਇਨ੍ਹਾਂ ਵਿੱਚ ਜ਼ਿਆਦਾਤਰ ਰਾਜਨੀਤਿਕ ਲੋਕ ਸਨ, ਜੋ ਈਰਾਨ ਦੀ ਲੜਾਈ ’ਚ ਹਾਰੇ ਹੋਏ ਤੇ ਆਪਣਾ ਦੇਸ਼ (ਈਰਾਨ) ਛੱਡ ਆਏ ਸਨ। ਭਾਰਤ ਦੇ ਮੂਲ ਵਾਸੀ ਦਰਾਵੜ ਲੋਕ, ਜਿਨ੍ਹਾਂ ਨੂੰ ਭਾਰਤ ਦਾ ਪ੍ਰਾਚੀਨ ਵਰਗ ਕਿਹਾ ਜਾਂਦਾ ਹੈ, ਨਾਲ਼ ਸਦੀਆਂ ਤੱਕ ਇਨ੍ਹਾਂ ਆਰੀਅਨ ਲੋਕਾਂ ਨੇ ਰਾਜਨੀਤਿਕ ਸੰਘਰਸ਼ ਕੀਤਾ, ਜਿਸ ਦਾ ਵਰਣਨ ‘ਵੇਦਾਂ’ (ਰਿਗ, ਯਜੁਰ, ਸਾਮ ਤੇ ਅਥਰਵ) ’ਚ ਦਰਜ ਹੈ, ਜਿਨ੍ਹਾਂ ਨੂੰ ‘ਵੈਦਿਕ ਧਰਮ’ ਦਾ ਆਧਾਰ ਮੰਨਿਆ ਜਾਂਦਾ ਹੈ।

(ੳ). ‘ਰਿਗ ਵੇਦ’- ‘ਰਿਗ’ ਦਾ ਅਰਥ ਹੈ: ‘ਉਪਮਾ’। ਇਸ ਉਪਮਾ ’ਚ ‘ਅਗਨਿ, ਸੂਰਜ ਤੇ ਇੰਦਰ’ ਦੇਵਤੇ ਅੱਗੇ ਪ੍ਰਾਰਥਨਾ ਕੀਤੀ ਗਈ ਹੈ। ‘ਇੰਦਰ’ ਆਰੀਅਨ ਰਾਜਾ ਸੀ, ਜੋ ਰਾਜਾ ਵਾਮਨ (ਬੌਣਾ) ਦਾ ਵੱਡਾ ਭਰਾ ਸੀ, ਜਿਸ ਨੇ ਢਾਈ ਕਦਮ ਨਾਲ਼ ਸਾਰੀ ਧਰਤੀ ਨਾਪੀ, ਮੰਨੀ ਜਾਂਦੀ ਹੈ: ‘‘ਕਰਉ ਅਢਾਈ, ਧਰਤੀ ਮਾਂਗੀ; ਬਾਵਨ ਰੂਪਿ ਬਹਾਨੈ ॥’’ (ਮ: ੧/੧੩੪੪)

‘ਵੈਦਿਕ ਧਰਮ’ ’ਚ ‘ਰਿਗ ਵੇਦ’ ਪਹਿਲੀ ਸਾਹਿਤਕ ਰਚਨਾ ਹੈ, ਜਿਸ ਨੂੰ ਕਈ ਪੀੜ੍ਹੀਆਂ ’ਚ 4 ਪਰੋਹਤਾਂ (ਵਿਸ਼ਵਾਮਿਤਰ ‘ਇਲਾਕਾ ਆਗਰਾ’, ਵਸ਼ਿਸ਼ਟ ‘ਇਲਾਕਾ ਮੇਰਠ ਤੋਂ ਅੰਬਾਲਾ’, ਭਾਰਦ੍ਵਾਜ ‘ਇਲਾਕਾ ਆਗਰੇ ਤੋਂ ਰੁਹੇਲ ਖੰਡ’ ਤੇ ਗੋਤਮ) ਦੁਆਰਾ ਲਿਖੇ ਮੰਤ੍ਰਾਂ ਨਾਲ਼ ਸੰਪੂਰਨ ਕੀਤਾ ਗਿਆ, ਇਹ ਕਾਲ 1500 ਈਸਵੀ ਪੂਰਵ ਸੀ, ਜੋ ‘ਰਾਮਚੰਦ੍ਰ’ ਜੀ ਨਾਲ਼ ਵੀ ਸੰਬੰਧਿਤ ਹੈ ਕਿਉਂਕਿ ‘ਵਸ਼ਿਸ਼ਟ ਰਿਸ਼ੀ’, ਰਾਮਚੰਦ੍ਰ ਜੀ ਦੇ ਗੁਰੂ ਤੇ ‘ਵਿਸ਼ਵਾਮਿਤਰ ਰਿਸ਼ੀ’ ਉਨ੍ਹਾਂ ਨੂੰ ਸ਼ਸਤਰ ਵਿੱਦਿਆ ਦੇਣ ਵਾਲ਼ੇ ‘ਉਸਤਾਦ’ ਸਨ।

‘ਰਿਗ ਵੇਦ’ ਦੇ ਅਖੀਰ ’ਚ ਇੱਕ ਈਸ਼੍ਵਰਵਾਦ (ਅਦ੍ਰਿਸ਼ ਸ਼ਕਤੀ) ਦੀ ਹੋਂਦ ਨੂੰ ਵੀ ਸਵੀਕਾਰਿਆ ਗਿਆ ਹੈ ਸ਼ਾਇਦ ਇਸ ਨੂੰ ਬਾਅਦ ’ਚ ਦਰਜ ਕੀਤਾ ਗਿਆ ਹੋਵੇ। ਗੁਰਬਾਣੀ ਇਸ ਸਾਰਥਕ (ਲਾਭਦਾਇਕ) ਵਿਚਾਰ ਬਾਰੇ ਆਪਣੀ ਗਵਾਹੀ ਇਉਂ ਭਰਦੀ ਹੈ: ‘‘ਵੇਦਾ ਮਹਿ ਨਾਮੁ ਉਤਮੁ, ਸੋ ਸੁਣਹਿ ਨਾਹੀ; ਫਿਰਹਿ ਜਿਉ ਬੇਤਾਲਿਆ ॥’’ (ਮ: ੩/੯੧੯)

(ਅ). ਯਜੁਰ ਵੇਦ- ‘ਯਜੁਰ’ ਦਾ ਅਰਥ ਹੈ: ‘ਦੇਣਾ ਜਾਂ ਯੱਗ ਕਰਨਾ’। ਇਸ ਵੇਦ ’ਚ ਯੱਗ ਤੇ ਬਲੀਦਾਨ ਦੇਣ ਸਮੇਂ ਪੜ੍ਹੇ ਜਾਣ ਵਾਲ਼ੇ ਮੰਤਰ ਤੇ ਕੀਤੀਆਂ ਜਾਣ ਵਾਲ਼ੀਆਂ ਰਸਮਾਂ ਦਾ ਜ਼ਿਕਰ ਹੈ।

(ੲ). ਸਾਮ ਵੇਦ-‘ਸਮਨ’ ਦੇ ਅਰਥ ਹਨ: ‘ਗਾਉਣਾ’। ਇਸ ਵੇਦ ’ਚ ਰਿਗ ਵੇਦ ਦੇ ਮੰਤ੍ਰਾਂ ਨੂੰ ਬਹੁਤ ਸਾਰੇ ਭਜਨ-ਰਾਗਾਂ ਅਨੁਸਾਰ ਤਰਤੀਬ ਦਿੱਤੀ ਗਈ ਹੈ। ਇਸ ਵੇਦ ਨੂੰ ਭਾਰਤੀ ਰਾਗਾਂ ਦਾ ਪ੍ਰਾਚੀਨ ਸ੍ਰੋਤ ਕਿਹਾ ਜਾ ਸਕਦਾ ਹੈ।

(ਸ). ਅਥਰਵ (ਜਾਂ ਅਥਰਵਣ) ਵੇਦ-‘ਅਥਰਵ’ ਦਾ ਅਰਥ ਹੈ: ‘ਹਵਨ ਕਰਵਾਉਣ ਵਾਲ਼ਾ’। ਇਸ ਸਭ ਤੋਂ ਛੋਟੇ ਵੇਦ ’ਚ ਯੱਗ, ਹੋਮ ਆਦਿ ਕਰਨ ਦੀ ਵਿਧੀ ਤੇ ਯੱਗ ਕਰਵਾਉਣ ਵਾਲ਼ਿਆਂ ਦੀਆਂ ਕਿਸਮਾਂ ਦਾ ਵਰਣਨ ਹੈ।

ਉਕਤ ਕੀਤੀ ਗਈ ਵੇਦਾਂ ਦੀ ਵਿਚਾਰ ਤੋਂ ਸਪੱਸ਼ਟ ਹੈ ਕਿ ਵੇਦ; ਸੰਸਾਰ ਤੇ ਭਾਰਤ ਦਾ ਪ੍ਰਾਚੀਨ ਇਤਿਹਾਸ ਹੈ, ਨਾ ਕਿ ਰੂਹਾਨੀਅਤ ਮਾਰਗ-ਦਰਸ਼ਨ। ਵੈਦਿਕ ਧਰਮ ਦੁਆਰਾ ਉਲੀਕੇ ਚਾਰੇ ਯੁੱਗ (ਸਤਿਯੁੱਗ, ਤ੍ਰੇਤਾ, ਦੁਆਪਰ ਤੇ ਕਲਿਯੁੱਗ) ਵੀ 5000 ਸਾਲ ’ਚ ਪੂਰੇ ਹੋ ਜਾਂਦਾ ਹੈ। ਇਹ ਕਹਿਣਾ ਵੀ ਦਰੁਸਤ ਹੋਵੇਗਾ ਕਿ ‘ਸਨਾਤਨੀ ਧਰਮ’ ਕੇਵਲ ਆਰੀਅਨ ਲੋਕਾਂ ਦੀ ਦੇਣ ਨਹੀਂ ਕਿਉਂਕਿ ਸੰਸਾਰ ’ਚ ਨਿਰਾਕਾਰ ਦੀ ਭਗਤੀ ਪਰੰਪਰਾ ਦਾ ਬੀਜ ਵੀ ਸਭ ਤੋਂ ਪਹਿਲਾਂ ਭਾਰਤ ’ਚ ਹੀ ਬੋਇਆ ਗਿਆ ਹੈ; ਜਿਵੇਂ ਕਿ 15 ਭਗਤਾਂ ਦੀ ਬਾਣੀ ਦਾ ‘ਗੁਰੂ ਗ੍ਰੰਥ ਸਾਹਿਬ’ ’ਚ ਦਰਜ ਹੋਣਾ।

‘ਸਨਾਤਨ ਧਰਮ’ ਨਾਲ਼ ਸੰਬੰਧਿਤ ਹੀ ਲਗਭਗ 200 ਉਪਨਿਸ਼ਦਾਂ ਹਨ, ਜਿਨ੍ਹਾਂ ਦੀ ਰਚਨਾ ਦਾਰਸ਼ਨਿਕ ਲੋਕਾਂ ਦੁਆਰਾ ਲਗਭਗ 2500 ਵਰ੍ਹੇ ਪਹਿਲਾਂ ਹੋਈ ਭਾਵ ਵੇਦਾਂ ਤੋਂ 1000 ਸਾਲ ਬਾਅਦ ਵਿੱਚ। ਇਸ 1000 ਸਾਲ ਵਿੱਚ ਹੀ ਬ੍ਰਾਹਮਣਾਂ ਦੁਆਰਾ ਅਨੇਕਾਂ ਲਿਖਤਾਂ ਲਿਖੀਆਂ ਗਈਆਂ, ਜਿਨ੍ਹਾਂ ਰਾਹੀਂ ਲੁਕਾਈ ਨੂੰ ਜਾਦੂ, ਟੂਣੇ, ਜੰਤਰ-ਮੰਤ੍ਰ, ਵਹਿਮ-ਭਰਮ ਆਦਿ ਬਣਾ ਕੇ ਡਰਾਇਆ ਗਿਆ, ਪਰ ਕੁੱਝ ਉਪਨਿਸ਼ਦਾਂ ਦੇ ਲੇਖਕ ਬੜੇ ਤੱਤਵੇਤਾਂ ਸਨ, ਜਿਨ੍ਹਾਂ ਨੇ ਸਮਾਜ ਨੂੰ ਇਸ ਅੰਧਵਿਸ਼ਵਾਸ ’ਚੋਂ ਬਚਾਉਣ ਦਾ ਯਤਨ ਕੀਤਾ; ਜਿਵੇਂ ਕਿ ਬ੍ਰਿਹਦਾਰਣਯਕ ਉਪਨਿਸ਼ਦ ਦੇ ਕਰਤਾ ਯਾਗਵਲਕ ਜੀ (600 ਈਸਵੀ ਪੂਰਵ) ਲਿਖਦੇ ਹਨ ਕਿ ‘ਜੋ ਆਤਮਾ ਤੋਂ ਬਿਨਾਂ ਕਿਸੇ ਹੋਰ ਦੇਵੀ-ਦੇਵਤੇ ਦੀ ਪੂਜਾ ਕਰਦਾ ਹੈ, ਉਹ ਦੇਵਤਿਆਂ ਦਾ ਪਾਲਤੂ ਪਸ਼ੂ ਹੈ।’ ਇਨ੍ਹਾਂ ਹੋਰ ਲਿਖਿਆ ਕਿ ‘ਬ੍ਰਹਮ ਦੇ ਦੋ ਰੂਪ ਹਨ: ਸਰਗੁਣ ਤੇ ਨਿਰਗੁਣ, ਇੱਕ ਨਾਸਵੰਤ ਹੈ ਦੂਸਰਾ ਅਬਿਨਾਸ਼ੀ; ਨਾ ਉਹ ਲੰਮਾ ਨਾ ਚੌੜਾ, ਨਾ ਉਹ ਰੂਪ, ਰਸ, ਗੰਧ, ਅੱਖ, ਕੰਨ, ਮਨ, ਬਾਣੀ (ਬੋਲੀ), ਪ੍ਰਾਣਾਂ (ਸੁਆਸਾਂ) ਤੇ ਮੂੰਹ ਵਾਲ਼ਾ ਹੈ’। ਗੁਰਬਾਣੀ ਇਨ੍ਹਾਂ ਵਿਚਾਰ ਨੂੰ ਇਉਂ ਸਪੱਸ਼ਟ ਕਰਦੀ ਹੈ: ‘‘ਆਪੇ ਸੂਰੁ, ਕਿਰਣਿ ਬਿਸਥਾਰੁ ॥ ਸੋਈ ਗੁਪਤੁ, ਸੋਈ ਆਕਾਰੁ ॥੨॥ ਸਰਗੁਣ, ਨਿਰਗੁਣ; ਥਾਪੈ ਨਾਉ ॥ ਦੁਹ ਮਿਲਿ, ਏਕੈ ਕੀਨੋ ਠਾਉ ॥ (ਮ: ੫/੩੮੭), ਰੂਪੁ ਨ, ਰੇਖ ਨ, ਰੰਗੁ ਕਿਛੁ; ਤਿ੍ਰਹੁ ਗੁਣ ਤੇ ਪ੍ਰਭ ਭਿੰਨ ॥’’ (ਮ: ੫/੨੮੩) ਆਦਿ। ਕਈ ਉਪਨਿਸ਼ਦਾਂ ’ਚ ਯੱਗਾਂ ਤੇ ਦੇਵਤਿਆਂ ਦੀ ਨਿਖੇਧੀ ਕੀਤੀ ਗਈ ਹੈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ‘ਵੈਦਿਕ ਧਰਮ’ ’ਚ ਵੀ ਰਾਜਨੀਤਿਕ ਆਰੀਅਨ ਲੋਕਾਂ ਤੇ ਰੱਬੀ ਭਗਤਾਂ ਦੀ ਲੰਮੇ ਸਮੇਂ ਤੱਕ ਆਪਸੀ ਖਿਚੋ-ਤਾਣ ਚਲਦੀ ਰਹੀ, ਜੋ ਹੁਣ ਵੀ ਜਾਰੀ ਹੈ। ਜ਼ਿਆਦਾਤਰ ਉਪਨਿਸ਼ਦਾਂ ਦੀ ਸਿੱਖਿਆ ਦਾ ਨਚੋੜ ‘ਆਤਮਾ ਤੇ ਬ੍ਰਹਮ’ ਦਾ ਗਿਆਨ ਹੈ। ‘ਬ੍ਰਹਮ’ ਤੋਂ ਭਾਵ ਪਰਮ-ਆਤਮਾ ਜਾਂ ਈਸ਼ਵਰ (ਰੱਬ) ਹੈ ਤੇ ‘ਆਤਮਾ’ ਤੋਂ ਭਾਵ ਮਨੁੱਖ ਦਾ ਆਪਾ ਹੈ, ਜੋ ਮਨੁੱਖ ਤੇ ਹੋਰ ਜੀਵਾਂ ਦੇ ਅੰਦਰ ਹੈ ਤੇ ਜੀਵਨ ਹੈ।

ਆਰੀਅਨ ਲੋਕ ਕੂਟਨੀਤੱਗ (ਨੀਤੀਵਾਨ) ਲੋਕ ਸਨ, ਜੋ ਆਪਣਾ ਨਫ਼ਾ-ਨੁਕਸਾਨ ਪੂਰਾ ਕਰਨਾ ਜਾਣਦੇ ਸਨ, ਇਨ੍ਹਾਂ ਨੇ ਪਰੋਹਤ ਸ਼੍ਰੇਣੀ ਰਾਹੀਂ 6 ਸ਼ਾਸਤਰ ਤੇ 27 ਸਿਮਰਤੀਆਂ ਲਿਖਵਾ ਦਿੱਤੀਆਂ, ਜੋ ਰੇਗਿਸਤਾਨ ਦੀ ਤਪਸ਼ ’ਚ ਭੁੱਜ ਰਹੀ ਮਾਨਵਤਾ ਲਈ ਹੋਰ ਗਰਮ ਹਵਾਵਾਂ ਸਾਬਤ ਹੋਈਆਂ। ‘ਧਰਮ’ ਦੇ ਨਾਂ ਉੱਤੇ ਲਿਖੀਆਂ ਗਈਆਂ ਇਨ੍ਹਾਂ ਕਿਤਾਬਾਂ ’ਚ ਜਿੱਥੇ ਆਰੀਅਨ ਤੇ ਦਰਾਵੜ ਲੋਕਾਂ ਦੇ ਆਪਸੀ ਸੰਘਰਸ਼ ’ਚ ਮਾਰੇ ਗਏ ਤਮਾਮ ਆਰੀਅਨ ਰਾਜਿਆਂ ਨੂੰ ਦੇਵਤੇ ਬਣਾ ਲਿਆ ਗਿਆ, ਜਿਨ੍ਹਾਂ ਦੀ ਗਿਣਤੀ 33 ਕਰੋੜ ਹੋ ਗਈ। ਗੁਰਬਾਣੀ ਵੀ ਇਸ ਵਿਚਾਰ ਦੀ ਪੁਸ਼ਟੀ ਕਰਦੀ ਹੈ: ‘‘ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ ॥’’ (ਮ: ੩/੪੨੩) ਉੱਥੇ ਦੂਸਰੇ ਪਾਸੇ ਦਰਾਵੜਾਂ ’ਚ ਵੰਡੀਆਂ ਪਾਉਣ ਲਈ ਜਾਤ-ਪਾਤ ਰੂਪ ਸਿਆਸਤ ਨੂੰ ਆਧਾਰ ਬਣਾਇਆ ਗਿਆ, ਜਿਸ ਮੁਤਾਬਕ ਬ੍ਰਹਮਾ ਦੇ ਮੂੰਹ ਤੋਂ ਪੈਦਾ ਹੋਣ ਵਾਲ਼ਾ ਬ੍ਰਾਹਮਣ, ਭੁਜਾਂ (ਬਾਂਹਾਂ) ’ਚੋਂ ਪੈਦਾ ਹੋਣ ਵਾਲ਼ਾ ਖੱਤਰੀ, ਜਾਂਗ (ਪੱਟਾਂ) ’ਚੋਂ ਹੈਦਾ ਹੋਣ ਵਾਲ਼ਾ ਵੈਸ਼ ਤੇ ਪੈਰਾਂ ’ਚੋਂ ਪੈਦਾ ਹੋਣ ਵਾਲ਼ਾ ਸ਼ੂਦਰ (ਦਰਾਵੜ, ਪ੍ਰਾਚੀਨ ਭਾਰਤੀ) ਨਿਸ਼ਚਿਤ ਕੀਤਾ ਗਿਆ। ਇਨ੍ਹਾਂ ਦੇ ਜਨਮ (ਜੰਝੂ ਧਾਰਨ ਤੋਂ ਲੈ ਕੇ) ਮਰਨ (ਪਿਤਰ ਕਿਰਿਆ ਤੱਕ) ਭਾਵ ਸ਼ਗਨ-ਅਪਸ਼ਗਨ (ਸੂਤਕ-ਪਾਤਕ) ਕਾਰਜਾਂ ’ਚ ਅੰਤਰ ਇਉਂ ਰੱਖ ਦਿੱਤਾ ਗਿਆ:

(ੳ). ਸ਼ਾਸਤਰਾਂ ਅਨੁਸਾਰ ਜਨੇਊ (ਜੰਝੂ) ਧਾਰਨ ਵਾਲ਼ਾ ਅਨੁਪਾਤ (ਵਿਤਕਰਾ):

(1). ਬ੍ਰਾਹਮਣ ਲਈ ਜਨੇਊ ਕਪਾਸ (ਕਪਾਹ) ਦਾ ਹੋਵੇ, ਖੂਹ ’ਤੇ ਬੈਠ ਕੇ ਵੱਟ ਚਾੜਿਆ ਹੋਵੇ। ਕਾਲੇ ਹਿਰਨ ਦੀ ਖੱਲ ਪਹਿਨੀ ਹੋਵੇ, ਬਸੰਤ ਰੁੱਤ ਹੋਵੇ ਤੇ ਉਮਰ 8 ਸਾਲ ਹੋਵੇ ਤਾਂ ਜਨੇਊ ਧਾਰਨ ਕਰ ਸਕਦਾ ਹੈ।

(2). ਖੱਤਰੀ ਲਈ ਸਣ ਦਾ ਜਨੇਊ ਹੋਵੇ, ਲਾਲ ਮਿਰਗ ਦੀ ਖੱਲ ਪਹਿਨੀ ਹੋਵੇ, ਗਰਮ ਰੁੱਤ ਤੇ ਉਮਰ 11 ਸਾਲ ਹੋਵੇ ਤਾਂ ਜਨੇਊ ਧਾਰਨ ਕਰ ਸਕਦਾ ਹੈ।

(3). ਵੈਸ਼ ਲਈ ਮੀਢੇ (ਭੇਡੂ) ਦੀ ਉੱਨ (ਜੱਤ) ਦਾ ਜਨੇਊ ਹੋਵੇ, ਬੱਕਰੇ ਦੀ ਖੱਲ ਪਹਿਨੀ ਹੋਵੇ, ਸ਼ਰਦ ਰੁੱਤ ਤੇ ਉਮਰ 12 ਸਾਲ ਹੋਵੇ ਤਾਂ ਜਨੇਊ ਧਾਰਨ ਕਰ ਸਕਦਾ ਹੈ, ਆਦਿ। ਇਨ੍ਹਾਂ ਸ਼੍ਰੇਣੀਆਂ ’ਚ ਸ਼ੂਦਰ ਤੇ ਔਰਤ ਨੂੰ ਜਨੇਊ ਧਾਰਨ ਕਰਨ ਦਾ ਅਧਿਕਾਰ ਨਹੀਂ ਕਿਉਂਕਿ ਇਨ੍ਹਾਂ ਲਈ ਮਰਨ ਉਪਰੰਤ, ਦੁਬਾਰਾ ਉਕਤ ਤਿੰਨੇ ਸ਼੍ਰੇਣੀਆਂ ’ਚੋਂ ਕਿਸੇ ਇੱਕ ’ਚ ਜਨਮ ਲੈਣ ਜ਼ਰੂਰੀ ਹੈ ਤਾਂ ਜੋ ਮੁਕਤੀ ਹੋ ਸਕੇ। ਤਦ ਤੱਕ ਇਹ ਲੋਕ ਉਕਤ ਤਿੰਨੇ ਸ਼੍ਰੇਣੀਆਂ ਦੀ ਸੇਵਾ ਕਰਨਗੇ, ਜਿਨ੍ਹਾਂ ਦੇ ਧਾਰਮਿਕ ਕਰਮ ਹਨ: ‘ਬ੍ਰਾਹਮਣ ਨੇ ਵਿੱਦਿਆ ਪੜ੍ਹਾਉਣੀ ਤੇ ਦਾਨ ਲੈਣਾ।, ਖੱਤਰੀ ਨੇ ਵਿੱਦਿਆ ਪੜ੍ਹਨੀ, ਬ੍ਰਾਹਮਣ ਨੂੰ ਦਾਨ ਦੇਣਾ ਤੇ ਜਨਤਾ ਦੀ ਹਿਫ਼ਾਜ਼ਤ ਕਰਨੀ ਤੇ ਵੈਸ਼ ਨੇ ਖੇਤੀ, ਵਾਪਾਰ ਆਦਿ ਕਰਮ ਕਰਨੇ’।

(ਅ). ਸਿਮਰਤੀਆਂ ਮੁਤਾਬਕ ਸੂਤਕ-ਪਾਤਕ ਦੌਰਾਨ ਹੋਣ ਵਾਲ਼ੀ ਅਸ਼ੁੱਧੀ ਦੀ ਮਿਆਦ:

(1). ਬ੍ਰਾਹਮਣ ਘਰ ਪੈਦਾ ਹੋਣ ਵਾਲ਼ੇ ਬੱਚੇ ਦੌਰਾਨ 11 ਦਿਨ ਅਸ਼ੁੱਧੀ ਤੇ ਕਿਸੇ ਦੇ ਮਰਨ ਉਪਰੰਤ 10 ਦਿਨ ਅਸ਼ੁੱਧੀ ਰਹੇਗੀ।

(2). ਖੱਤਰੀ ਘਰ ਪੈਦਾ ਹੋਣ ਵਾਲ਼ੇ ਬੱਚੇ ਦੌਰਾਨ 13 ਦਿਨ ਅਸ਼ੁੱਧੀ ਤੇ ਮਰਨ ਉਪਰੰਤ 12 ਦਿਨ ਅਸ਼ੁੱਧੀ ਰਹੇਗੀ।

(3). ਵੈਸ਼ ਘਰ ਪੈਦਾ ਹੋਣ ਵਾਲ਼ੇ ਬੱਚੇ ਦੌਰਾਨ 17 ਦਿਨ ਅਸ਼ੁੱਧੀ ਤੇ ਮਰਨ ਉਪਰੰਤ 15 ਦਿਨ ਅਸ਼ੁੱਧੀ ਰਹੇਗੀ।

(4). ਸ਼ੂਦਰ ਦੇ ਘਰ ਪੈਦਾ ਹੋਣ ਵਾਲ਼ੇ ਬੱਚੇ ਦੌਰਾਨ 30 ਦਿਨ ਅਸ਼ੁੱਧੀ ਤੇ ਮਰਨ ਉਪਰੰਤ ਵੀ 30 ਦਿਨ ਅਸ਼ੁੱਧੀ ਰਹੇਗੀ।

ਉਕਤ ਕੀਤੀ ਗਈ ਧਾਰਮਿਕ ਵੰਡ ’ਚ ਬ੍ਰਾਹਮਣ ਸ਼੍ਰੇਣੀ ਨੇ ਖੱਤਰੀ (ਰਾਜੇ) ਨੂੰ ਵਿਸ਼ੇਸ਼ ਸਥਾਨ ਦਿੱਤਾ ਹੈ ਜਾਂ ਕਿਸੇ ਰਣਨੀਤੀ ਤਹਿਤ ਰਾਜਿਆਂ ਨੇ ਬ੍ਰਾਹਮਣ ਨੂੰ ਅੱਗੇ ਰੱਖਿਆ ਹੈ; ਜਿਵੇਂ ਕਿ ਅਜੋਕੇ ਰਾਜੇ (ਲੀਡਰ) ਜਨਤਾ ਨੂੰ ਗੁਮਰਾਹ ਕਰਨ ਲਈ ਪੂਜਾਰੀਆਂ ਨੂੰ ਅੱਗੇ ਕਰਕੇ ਆਪਣੇ ਹੁਕਮ ਜਨਤਾ ’ਤੇ ਠੋਸ ਦੇਂਦੇ ਹਨ ਤਾਂ ਜੋ ਜਨਤਾ ’ਚ ਇਹ ਸੰਦੇਸ਼ ਜਾਵੇ ਕਿ ਇਹ ਫ਼ੈਸਲਾ ਧਾਰਮਿਕ ਹੈ ਨਾ ਕਿ ਰਾਜਨੀਤਿਕ। ਸ਼ਾਸਤਰਾਂ ਤੇ ਸਿਮਰਤੀਆਂ ਰਾਹੀਂ ਆਮ ਰਾਜਿਆਂ ਨੂੰ ਦਿੱਤੀ ਗਈ ਇਸ ਦੇਵ ਉਪਾਧੀ ਬਾਰੇ ਗੁਰਬਾਣੀ ਫ਼ੁਰਮਾਨ ਹੈ: ‘‘ਦੇਵੀ ਦੇਵਾ ਮੂਲੁ ਹੈ ਮਾਇਆ ॥ ਸਿੰਮ੍ਰਿਤਿ ਸਾਸਤ; ਜਿੰਨਿ ਉਪਾਇਆ ॥’’ (ਮ: ੩/੧੨੯) ਭਾਵ ਰਾਜਿਆਂ ਨੂੰ ਦੇਵਤੇ ਬਣਾਉਣ ਪਿੱਛੇ ਮਾਇਆਵੀ ਸੋਚ ਹੈ, ਜਿਸ (ਲਾਲਚ) ਨੇ ਸਿਮਰਤੀਆਂ, ਸ਼ਾਸਤਰਾਂ ਰਾਹੀਂ (ਇਨ੍ਹਾਂ ਦੀ ਹੋਂਦ) ਯਕੀਨਨ ਬਣਾ ਦਿੱਤੀ।

ਉਕਤ ਕੀਤੀ ਗਈ ਵਿਚਾਰ ਕਿ ‘ਵੇਦ’ ਰਚਨਾ ਭਾਰਤੀ ਇਤਿਹਾਸ ਹੈ, ਨੂੰ ਨਵੇਂ ਸਿਰਿਓ ਸਿਮਰਤੀਆਂ ਰਾਹੀਂ ‘ਵੈਦਿਕ ਧਰਮ’ ਸਾਬਤ ਕਰਨਾ ਚਾਹਿਆ ਜਿਸ ਦੀ ਅਸਲੀਅਤ ਨੂੰ ਭਗਤ ਕਬੀਰ ਜੀ ਵਰਗੇ ਮਹਾਤਮਾ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ’ਚ ਨਵਾਂ ਕੁੱਝ ਵੀ ਨਹੀਂ, ਵੇਦਾਂ ਵਾਙ ਇਹ ਵੀ ਇਤਿਹਾਸ ਹੈ, ਜੋ ਭੋਲ਼ੀ-ਭਾਲ਼ੀ ਜਨਤਾ ਲਈ ਅਧਰਮ (ਅਗਿਆਨਤਾ) ਰੂਪ ਬੇੜੀ (ਜ਼ੰਜੀਰ) ਹੋਵੇਗੀ, ਜੋ ਧਰਮ ਦਾ ਭੁਲੇਖਾ ਪਾਵੇਗੀ: ‘‘ਬੇਦ ਕੀ ਪੁਤ੍ਰੀ; ਸਿੰਮ੍ਰਿਤਿ, ਭਾਈ ! ॥ ਸਾਂਕਲ ਜੇਵਰੀ, ਲੈ ਹੈ ਆਈ ॥’’ (ਭਗਤ ਕਬੀਰ/੩੨੯)

ਵੈਦਿਕ ਪੰਡਿਤਾਂ ਦੁਆਰਾ ਮਹਾਂਭਾਰਤ ਤੇ ਰਮਾਇਣ ਸਮੇਤ 18 ਪੁਰਾਣ ਵੀ ਲਿਖਵਾਏ ਗਏ, ਜਿਨ੍ਹਾਂ ਦੇ 18 ਉਪ ਪੁਰਾਣ ਵੀ ਹਨ। ਇਨ੍ਹਾਂ ਦੀ ਰਚਨਾ ਸੰਨ 500 ਈਸਵੀ ’ਚ ਕੀਤੀ ਗਈ, ਜਿਨ੍ਹਾਂ ’ਚ ਭੂਤਾਂ-ਪ੍ਰੇਤਾਂ ਦੀ ਵਿਆਖਿਆ ਤੋਂ ਇਲਾਵਾ ਬੜਾ ਮਿਥਿਹਾਸ ਦਰਜ ਹੈ, ਜੋ ਜੋਤਸ਼ੀਆਂ ਵਾਙ ਕਿਆਮਤ ਤੱਕ ਦਾ ਨਕਸ਼ਾ ਉਲੀਕਦਾ ਹੈ। ਹਿੰਦੂ ਇਨ੍ਹਾਂ ਨੂੰ ਪੰਜਵਾਂ ਵੇਦ ਮੰਨਦੇ ਹਨ। ‘ਦਸਮ ਗ੍ਰੰਥ’ ਦਾ ਬਹੁਤਾ ਭਾਗ ਇਨ੍ਹਾਂ ਰਚਨਾਵਾਂ ਦਾ ਅਨੁਵਾਦ ਹੈ, ਜਿਸ ਦੇ ਰਚੇਤਾ ਗੁਰੂ ਗੋਬਿੰਦ ਸਿੰਘ ਜੀ ਬਿਆਨੇ ਜਾ ਰਹੇ ਹਨ।

ਉਕਤ ਕੀਤੀ ਗਈ ਤਮਾਮ ਵਿਚਾਰ ਦਾ ‘ਸਾਰ’ (ਨਚੋੜ) ਇਹ ਮਿਲਦਾ ਹੈ ਕਿ ਜੋ ਲੋਕ ਆਪਣੇ ਆਪਣੇ ਧਰਮਾਂ ’ਚ ਦਰਜ ਵਿਚਾਰਾਂ ਨੂੰ ‘ਅਪੁਰਸ਼ ਰਚਨਾ’ ਕਹਿ ਕਿ ਸਪੱਸ਼ਟ ਕਰਦੇ ਹਨ ਕਿ ‘ਇਨ੍ਹਾਂ ਦਾ ਕਰਤਾ ਕੋਈ ਮਨੁੱਖ ਨਹੀਂ ਹੈ, ਇਹ ਸਿੱਧੇ ਆਕਾਸ਼ ਤੋਂ ਧਰਤੀ ’ਤੇ ਉਤਰੇ ਹਨ’, ਉਨ੍ਹਾਂ ’ਚ ਤਿੰਨ ਤਰ੍ਹਾਂ ਦੇ ਵਿਚਾਰ ਦਰਜ ਹਨ:

(1). ਰਾਜਨੀਤਿਕ ਸੋਚ ਅਧੀਨ ਲਿਖੇ ਜਾਂ ਲਿਖਾਏ ਗਏ ਆਪਣੀ ਤਾਰੀਫ਼ ’ਚ ਗ੍ਰੰਥ, ਜਿਨ੍ਹਾਂ ਵਿੱਚ ‘ਪਾੜੋ ਤੇ ਰਾਜ ਕਰੋ’ ਰਣਨੀਤੀ ਮੁਤਾਬਕ ਦਰਾਵੜ ਸਮਾਜ ਨੂੰ ‘ਜਾਤ-ਪਾਤ, ਵਹਿਮ-ਭਰਮ, ਸਵਰਗਾਂ ਦੇ ਲਾਲਚ, ਨਰਕਾਂ ਦੇ ਡਰ, ਆਧਾਰਹੀਣ ਕਹਾਣੀਆਂ (ਜੋਤਸ਼ ਵਿੱਦਿਆ), ਕੁਦਰਤੀ ਸ਼ਕਤੀਆਂ: ‘ਅਗਨਿ, ਹਵਾ, ਪਾਣੀ, ਆਕਾਸ਼, ਸੂਰਜ, ਚੰਦ੍ਰਮਾ, ਦਰਖ਼ਤ, ਪਸ਼ੂ, ਪੰਛੀ’ ਆਦਿ ਦੀ ਪੂਜਾ, ਤਤਕਾਲੀ ਰਾਜਿਆਂ ਨੂੰ ਦੇਵੀ, ਦੇਵਤੇ ਪਦ ਨਿਵਾਜਣ ਉਪਰੰਤ ਉਨ੍ਹਾਂ ਦੀ ਪੱਥਰ ਪੂਜਾ’ ਆਦਿ ਅਗਿਆਨਤਾ ਨਾਲ਼ ਕੇਵਲ ਸਮਾਜਿਕ (ਮਨੁੱਖਾ ਜੀਵਨ ਦਾ) ਨੁਕਸਾਨ ਹੀ ਨਹੀਂ ਕੀਤਾ ਬਲਕਿ ਇਸ ਰਾਹੀਂ ਆਰਥਕ ਕਮਾਈ ਵੀ ਕੀਤੀ।

(2). ਸੰਸਾਰਕ ਰੇਗਿਸਤਾਨ ਦੀ ਤਪਸ਼ ’ਚ ਭੁੱਜ ਰਹੀ ਮਾਨਵਤਾ ’ਚੋਂ ਕੁੱਝ ਨੇ ਆਪਣਾ ਗ੍ਰਹਿਸਤੀ ਜੀਵਨ ਤਿਆਗ ਕੇ ਜੰਗਲਾਂ ਦੇ ਇਕਾਂਤ ’ਚ ਭੁਖੇ-ਭਾਣੇ ਰਹਿ ਕੇ ਧਿਆਨ ਸਾਧਨਾ ਰਾਹੀਂ ਜੋ ਸਕੂਨ (ਅਰਾਮ) ਪ੍ਰਾਪਤ ਕੀਤਾ, ਉਸ ਨੂੰ ਉਨ੍ਹਾਂ ਸਮਾਜ ਨਾਲ਼ ਸਾਂਝਾ ਕੀਤਾ। ਜਿਸ ਵਿੱਚ ਉਕਤ ਬਿਆਨ ਕੀਤੀ ਗਈ ਅਗਿਆਨਤਾ ਤੋਂ ਛੁਟਕਾਰਾ ਦਿਲਵਾਉਣ ਦੇ ਨਾਲ਼ ਨਾਲ਼ ‘ਕਿਰਤ ਕਰਨੀ, ਆਪਸੀ ਪਿਆਰ, ਹਮਦਰਦੀ, ਦੂਸਰਿਆਂ ਦੇ ਦੁੱਖ-ਸੁੱਖ ’ਚ ਸ਼ਰੀਕ ਹੋਣਾ’ ਆਦਿ ਗੁਣ ਸ਼ਾਮਲ ਸਨ। ਜਿਸ ਤਰ੍ਹਾਂ ਅਜੋਕੇ ਰਾਜਿਆਂ (ਦੇਸ਼ਾਂ) ਨੇ ਮਿਲ ਕੇ ਸੰਯੁਕਤ ਰਾਸ਼ਟਰ ਦੀ ਸਥਾਪਨਾ ਕੀਤੀ ਤਾਂ ਜੋ ਸਮਾਜਿਕ ਸ਼ਾਂਤੀ ਤੇ ਪਿਆਰ ਬਣਿਆ ਰਹੇ, ਇਸੇ ਤਰ੍ਹਾਂ ‘ਧਰਮ’ ਦੇ ਨਾਂ ’ਤੇ ‘ਅਧਰਮ’ ਦੀ ਕੀਤੀ ਗਈ ਉਕਤ ਵਿਆਖਿਆ, ਜਿਸ ਦੇ ਪਿੱਛੇ ਰਾਜਨੀਤਿਕ ਸੋਚ ਸੀ, ਦੇ ਵਿਰੋਧ ’ਚ ਕੁੱਝ ਸਦਾਚਾਰੀ ਰਾਜਿਆਂ ਨੇ ਅੱਗੇ ਆ ਕੇ ਇਸ ਮਾਨਵ ਹਿੱਤਕਾਰੀ ਵਿਚਾਰਧਾਰਾ ਨੂੰ ਆਪ ਅਪਣਾਇਆ ਤੇ ਇਸ ਦਾ ਪ੍ਰਚਾਰ ਵੀ ਕੀਤਾ; ਜਿਵੇਂ ਕਿ:

(1). ‘ਪਾਰਸੀ ਧਰਮ’ ਦਾ ਪ੍ਰਚਾਰ ਕਰਨ ਵਾਲ਼ੇ ਰਾਜੇ ਸਨ: ‘ਬਾਖਤਰੀਆ ਦਾ ਰਾਜਾ ਵਿਸ਼ਤਾਸਪ, ਈਰਾਨ ਦਾ ਬਾਦਸ਼ਾਹ ਸੀਹਿਯਸ਼, ਬਾਦਸ਼ਾਹ ਅਰਦਸੀਹ ਬਾਬਕਾਨ’ ਆਦਿ।

(2). ‘ਮਹਾਤਮਾ ਬੁੱਧ’ ਧਰਮ ਦੇ ਗ੍ਰੰਥ ਤਿਆਰ ਕਰਵਾਉਣ ਵਾਲ਼ਾ ਪਹਿਲਾ ਰਾਜਾ ਸ਼੍ਰੀ ਲੰਕਾ ਦਾ ‘ਵਿਰਦਗਾਮਨੀ’ ਸੀ, ਜਿਸ ਦਾ ਪਿੱਛੋਂ ‘ਮਹਾਰਾਜਾ ਅਸ਼ੋਕ ਤੇ ਉਸ ਦੀ ਲੜਕੀ’ ਨੇ ਬਾਖ਼ੂਬੀ ਪ੍ਰਚਾਰ ਕੀਤਾ। ਇਸ ਕਾਰਨ ਹੀ ਇਹ ਧਰਮ ‘ਭਾਰਤ ਤੋਂ ਇਲਾਵਾ ਤਿੱਬਤ, ਬਰ੍ਹਮਾ, ਥਾਈਲੈਂਡ, ਯੂਰਪ, ਅਫਰੀਕਾ’ ਆਦਿ ਤੱਕ ਫੈਲ ਗਿਆ ਕਿਉਂਕਿ ਮਹਾਰਾਜ ਅਸ਼ੋਕ ਦਾ ਆਪਣਾ ਰਾਜ ਵੀ ਭਾਰਤ ਤੋਂ ਅਫਗਾਨਿਸਤਾਨ ਤੱਕ ਸੀ। ਮਹਾਰਾਜਾ ਅਸ਼ੋਕ ਤੋਂ ਬਾਅਦ ਮਹਾਰਾਜਾ ਕਨਿਸ਼ਕ ਨੇ 25 ਸਾਲ (ਸੰਨ 102 ਈਸਵੀ) ਤੱਕ ਇਸ ਮੱਤ ਦਾ ਪ੍ਰਚਾਰ ਕੀਤਾ, ਆਦਿ।

(3). ਉਕਤ ਦੋਵੇਂ ਧਾਰਮਿਕ ਵਿਚਾਰਾਂ ਤੋਂ ਇਲਾਵਾ ਇੱਕ ‘ਭਗਤੀ ਲਹਿਰ’ ਨੇ ਵੀ ‘ਧਰਮ’ ਦੀ ਵਿਆਖਿਆ ਕਰਨੀ ਜਾਰੀ ਰੱਖੀ, ਜਿਸ ਦਾ ਜ਼ਿਕਰ ਉਪਨਿਸ਼ਦਾਂ ’ਚ ਕੀਤਾ ਗਿਆ ਹੈ। ‘ਉਪਨਿਸ਼ਦ’ ਦਾ ਅਰਥ ਹੈ: ‘ਗੁਰੂ ਦੇ ਪਾਸ ਉਪਦੇਸ਼ ਸੁਣਨ ਲਈ ਬੈਠਣਾ’। ਬੇਸ਼ੱਕ ਅੱਜ ਇਨ੍ਹਾਂ ਦੀ ਗਿਣਤੀ 200 ਤੋਂ ਉਪਰ ਹੋ ਚੁੱਕੀ ਹੈ ਪਰ ਮਹਾਨ ਕੋਸ਼ ਅਨੁਸਾਰ ਇਹ 170 ਹਨ, ਜਿਨ੍ਹਾਂ ’ਚੋਂ ਮੁੱਖ 10 ਹੀ ਹਨ। ਇਤਿਹਾਸਕ ਸਚਾਈ ਨੂੰ ਵੇਖਦਿਆਂ ਇਹ ਕਹਿਣਾ ਵੀ ਅਣਉਚਿਤ ਨਹੀਂ ਹੋਵੇਗਾ ਕਿ ਇਨ੍ਹਾਂ ਵਿੱਚ ਵੀ ਬਹੁਤ ਕੁਝ ‘ਧਰਮ’ ਦੀ ਬਜਾਏ ਰਾਜਨੀਤੀ ਤੋਂ ਪ੍ਰੇਰਿਤ ਲਿਖਤਾਂ ਦਰਜ ਹੈ।

(ਨੋਟ: ਉਕਤ ਨੰਬਰ 2 ’ਚ ਕੀਤੀ ਗਈ ‘ਧਰਮ’ ਦੀ ਵਿਆਖਿਆ, ਜਿਸ ਵਿੱਚ ਮਾਨਵਤਾ ਲਈ ‘ਪਿਆਰ, ਹਮਦਰਦੀ’ ਆਦਿ ਗੁਣਾਂ ਦਾ ਵਰਣਨ ਹੈ, ਪਰ ਗੁਰਬਾਣੀ ਦੀ ਇਸ ਵਿਸ਼ੇ ਬਾਰੇ ਇਹ ਵਿਲੱਖਣਤਾ ਹੈ ਕਿ ‘ਜਿਸ ਤਰ੍ਹਾਂ ਕਿਸੇ ਬੱਚੇ ਨੂੰ ਪਿਆਰ ਕਰਨ ਨਾਲ਼ ਉਸ ਦੇ ਮਾਤਾ ਪਿਤਾ ਦਾ ਪਿਆਰ ਵੀ ਆ ਜਾਂਦਾ ਹੈ, ਉਸੇ ਤਰ੍ਹਾਂ ਮਾਨਵਤਾ ਨਾਲ਼ ਪਿਆਰ ਕਰਨ ਨਾਲ਼ ‘ੴ’ ਦਾ ਪਿਆਰ ਮੁਨਾਫ਼ੇ ’ਚ ਮਿਲ ਜਾਂਦਾ ਹੈ। ‘ਪਿਆਰ ਤੇ ਹਮਦਰਦੀ’ ਬਾਰੇ ਰੱਖੇ ਗਏ ਉਕਤ ਵਿਚਾਰਾਂ ’ਚ ਗੁਰਬਾਣੀ ਦੀ ਇਹ ਵਿਸ਼ੇਸ਼ਤਾ ਸ਼ਾਮਲ ਨਹੀਂ ਕਿਉਂਕਿ ਉਕਤ ‘ਧਰਮ’ ਰੱਬੀ ਹੋਂਦ ਤੇ ਉਸ ਦੀ ਬਖ਼ਸ਼ਸ਼ ਉੱਤੇ ਯਕੀਨ ਹੀ ਨਹੀਂ ਰੱਖਦੇ।)

ਇਤਨੇ ਵਿਸਥਾਰ ਪੂਰਵਕ ਵੇਰਵੇ ਦੇਣ ਦਾ ਮਤਲਬ ਇਹ ਸਪੱਸ਼ਟ ਕਰਨਾ ਹੈ ਕਿ ‘ਆਰੀਅਨ ਲੋਕਾਂ’ ਦੁਆਰਾ ਕੀਤੀ ਜਾਂ ਕਰਾਈ ਗਈ ‘ਵੈਦਿਕ ਧਰਮ’ ਦੇ ਨਾਂ ’ਤੇ ਵਿਆਖਿਆ ਕੇਵਲ ਰਾਜਨੀਤਿਕ ਇਤਿਹਾਸ ਹੈ। ਇਸ (ਰਣਨੀਤੀ) ਦੇ ਮੁਕਾਬਲੇ ’ਚ ਕੁਝ ਸੁਧਾਰਵਾਦੀ ਮਹਾਰਾਜੇ ਅੱਗੇ ਆਏ, ਜਿਨ੍ਹਾਂ ‘ਪਾਰਸੀ, ਮਹਾਤਮਾ ਬੁੱਧ, ਜੈਨ ਧਰਮ’, ਆਦਿ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਆਰੰਭ ਕਰ ਦਿੱਤਾ।

ਰਣਨੀਤੀਕਾਰ ਆਰੀਅਨ ਲੋਕਾਂ ਦੀ ਇਹ ਬਦਨੀਤੀ ਹੀ ਕਹੀ ਜਾਵੇਗੀ ਕਿ ਉਨ੍ਹਾਂ ਨਿਰਾਕਾਰ ਦੇ ਭਗਤ ‘ਰਾਮਾਨੰਦ’ ਜੀ ਨੂੰ ਵੀ ਵਿਸ਼ਨੂੰ ਦਾ ਅਵਤਾਰ ਬਣਾ ਦਿੱਤਾ ਤੇ ਰੱਬ ਨੂੰ ਨਾ ਮੰਨਣ ਵਾਲ਼ੇ ਮਹਾਂਵੀਰ ਜੀ ਨੂੰ ਵੀ ਵਿਸ਼ਨੂੰ ਦਾ 24 ਵਾਂ ਅਵਤਾਰ ਬਣਾ ਦਿੱਤਾ। ਨਿਰਾਕਾਰ ਦੇ ਉਪਾਸ਼ਕ ‘ਗੁਰੂ, ਭਗਤਾਂ, ਫ਼ਕੀਰਾਂ’ ਆਦਿ ਦੀਆਂ ਮੂਰਤੀਆਂ ਬਣਵਾ ਦਿੱਤੀਆਂ ਤਾਂ ਜੋ ਉਨ੍ਹਾਂ ਦੇ ਸ਼ਰਧਾਲੂ ਪ੍ਰਕ੍ਰਿਤੀ ਰਚੇਤਾ ਦੀ ਬਜਾਏ ਪ੍ਰਕ੍ਰਿਤੀ ਨਾਲ਼ ਜੁੜ ਜਾਣ ਤੇ ਉਨ੍ਹਾਂ ਦਾ ਵਿਰੋਧ ਬੰਦ ਹੋ ਜਾਵੇ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਰਾਜਨੀਤੀ ਲਈ ‘ਧਰਮ’ ਦੇ ਕੋਈ ਅਰਥ ਨਹੀਂ। ਆਰੀਅਨ ਲੋਕ ਅੱਜ ਵੀ ਭਾਰਤ ’ਚੋਂ ਗਏ ਨਹੀਂ ਬਲਕਿ ਭਾਰਤੀਆਂ ਨੇ ਉਨ੍ਹਾਂ ਨੂੰ ਭਾਰਤੀ ਨਾਂ ਵੀ ਉਪਲਬਧ ਕਰਵਾ ਦਿੱਤੇ ਹਨ ਤਾਂ ਜੋ ਆਪਣੀ ਰਣਨੀਤੀ ਲਾਗੂ ਕਰਦਿਆਂ ਪਹਿਚਾਣ ਨਾ ਹੋ ਸਕੇ।

ਮਾਨਵਤਾ, ‘ਧਰਮ’ ਤੋਂ ਸਮਾਨਤਾ, ਪਿਆਰ, ਹਮਦਰਦੀ, ਵਿਕਾਰਾਂ ਨਾਲ਼ ਲੜਨ ਦੀ ਸ਼ਕਤੀ ਆਦਿ ਗੁਣਾਂ ਦੀ ਉਮੀਦ ਰੱਖਦੀ ਹੈ ਤਾਂ ਜੋ ਰੇਗਿਸਤਾਨ ਦੀ ਤਪਸ਼ ਨੂੰ ਘਟਾਇਆ ਜਾ ਸਕੇ। ਗੁਰੂ ਨਾਨਕ ਸਾਹਿਬ ਜੀ ਨੇ ਜੋ ‘ਗੁਰੂ’ ਸਿਲਸਿਲਾ ਆਰੰਭ ਕੀਤਾ ਉਹ ਕੇਵਲ ਗਿਆਨ ਦੇਣ ਤੱਕ ਸੀਮਤ ਨਹੀਂ ਬਲਕਿ ਨਿਰਾਕਾਰ ‘ੴ’ ਨਾਲ਼ ਜੋੜਦਾ ਵੀ ਹੈ ਕਿਉਂਕਿ ਉਹ ਆਪ ਜੁੜਿਆ ਹੋਇਆ ਹੈ, ਇਸ ਲਈ ਸਿੱਖ ‘ਗੁਰੂ’ ਦਰ ’ਤੇ ਹਮੇਸ਼ਾਂ ਅਰਦਾਸਾਂ ਕਰਦੇ ਹਨ। ਗੁਰੂ ਜੀ ਨੇ ਹਰੀ ਦੇ ਪਿਆਰ ਨੂੰ ਭਗਤੀ ਕਿਹਾ: ‘‘ਹਰਿ ਭਗਤਿ, ਹਰਿ ਕਾ ਪਿਆਰੁ ਹੈ; ਜੇ ਗੁਰਮੁਖਿ ਕਰੇ ਬੀਚਾਰੁ ॥’’ (ਮ: ੩/੨੮) ਕਿਉਂਕਿ ਜੇ ਲੁਕਾਈ ਇੱਕ ਨੂੰ ਮਿਤਰ ਬਣਾ ਲਵੇ ਤਾਂ ਸਾਰਾ ਸੰਸਾਰ ਆਪਣਾ ਵਿਖਾਈ ਦੇਵੇਗਾ, ਨਹੀਂ ਤਾਂ ਸਾਰੇ ਦੁਸ਼ਮਣ ਜਾਪਦੇ ਹਨ: ‘‘ਇਕੁ ਸਜਣੁ, ਸਭਿ ਸਜਣਾ; ਇਕੁ ਵੈਰੀ ਸਭਿ ਵਾਦਿ ॥’’ (ਮ: ੫/੯੫੭) ਇਸ ਨੂੰ ਹੀ ‘‘ਮਨਿ ਜੀਤੈ, ਜਗੁ ਜੀਤੁ ॥’’ ਕਿਹਾ ਗਿਆ ਪਰ ਇਹ ਅਵਸਥਾ ਤਦ ਬਣਦੀ ਹੈ ਜਦ ਬੰਦਾ ਅੰਦਰੋਂ ਤੇ ਬਾਹਰੋਂ ਇੱਕ ਹੋਵੇ। ਜੇ ਮਨ ’ਚ ਕੁੱਝ ਛਲ-ਕਪਟ ਹੈ ਤਾਂ ਇਹ ਪਦਵੀ ਅਸੰਭਵ ਹੈ: ‘‘ਦਿਲਹੁ ਮੁਹਬਤਿ ਜਿੰਨ੍; ਸੇਈ ਸਚਿਆ ॥ ਜਿਨ੍ ਮਨਿ ਹੋਰੁ, ਮੁਖਿ ਹੋਰੁ; ਸਿ ਕਾਂਢੇ ਕਚਿਆ ॥’’ (ਬਾਬਾ ਫਰੀਦ/੪੮੮) ਗੁਰਬਾਣੀ ’ਚ ਇਸ ਪਦ ਨੂੰ ਕੇਵਲ ਦੋ ਹੀ ਨਾਂ ਦਿੱਤੇ ਗਏ ਹਨ: ‘ਸਚਖੰਡਿ’ ਤੇ ‘ਬੇਗਮਪੁਰਾ’; ਜਿੱਥੇ ਰੇਗਿਸਤਾਨ ਦੀ ਤਪਸ਼ ਨਹੀਂ: ‘‘ਬੇਗਮ ਪੁਰਾ; ਸਹਰ ਕੋ ਨਾਉ ॥ ਦੂਖੁ ਅੰਦੋਹੁ (ਚਿੰਤਾ) ਨਹੀ; ਤਿਹਿ ਠਾਉ ॥ ਨਾਂ ਤਸਵੀਸ (ਘਬਰਾਹਟ); ਖਿਰਾਜੁ (ਕਰ, ਚੁੰਗੀ) ਨ ਮਾਲੁ ॥ ਖਉਫੁ (ਡਰ) ਨ ਖਤਾ (ਪਾਪ); ਨ ਤਰਸੁ ਜਵਾਲੁ (ਘਾਟਾ)॥੧॥ ਅਬ ਮੋਹਿ; ਖੂਬ ਵਤਨ-ਗਹ (ਰਿਹਾਇਸ਼) ਪਾਈ ॥ ਊਹਾਂ ਖੈਰਿ ਸਦਾ; ਮੇਰੇ ਭਾਈ ! ॥੧॥ ਰਹਾਉ ॥’’ (ਭਗਤ ਰਵਿਦਾਸ/੩੪੫) ਇਸ ਠੰਡੇ ਮਿੱਠੇ ਝਰਨਿਆਂ ’ਚੋਂ ਅਨੰਦ ਪ੍ਰਾਪਤ ਕਰਨ ਲਈ ਕੋਈ ਘਰ-ਬਾਰ ਜਾਂ ਗ੍ਰਹਿਸਤੀ ਛੱਡ ਜੰਗਲਾਂ ’ਚ ਜਾਣ ਦੀ ਜ਼ਰੂਰਤ ਨਹੀਂ, ਕੇਵਲ ‘ੴ’ ਨੂੰ ਯਾਦ ਕਰੋ: ‘‘ਹਿਰਦੈ ਨਾਮੁ ਵਸਾਇਹੁ ॥ ਘਰਿ ਬੈਠੇ; ਗੁਰੂ ਧਿਆਇਹੁ ॥ ਗੁਰਿ ਪੂਰੈ; ਸਚੁ ਕਹਿਆ ॥ ਸੋ ਸੁਖੁ; ਸਾਚਾ ਲਹਿਆ ॥’’ (ਮ: ੫/੬੨੧)

ਗੁਰਮਤ ਨੇ ਉਕਤ ਅਵਸਥਾ ਦੀ ਪ੍ਰਾਪਤੀ ਲਈ ‘ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ’ ਨੂੰ ਆਧਾਰ ਬਣਾਇਆ ਹੈ।

(1). ‘ਕਿਰਤ ਕਰਨੀ’ ਤੋਂ ਭਾਵ ਮਿਹਨਤੀ ਕਮਾਈ ’ਚ ਹੱਕ ਪਰਾਇਆ ਨਾ ਹੋਵੇ।

(2). ‘ਨਾਮ ਜਪਣਾ’ ਤੋਂ ਭਾਵ ਪ੍ਰਕ੍ਰਿਤੀ ਦੀ ਤਾਰੀਫ਼ ਨਹੀਂ ਬਲਕਿ ਪ੍ਰਕ੍ਰਿਤੀ ਨੂੰ ਬਣਾਉਣ ਵਾਲ਼ੇ ਦੇ ਗੁਣਾਂ ਦਾ ਵਰਣਨ ਕਰਨਾ ਹੈ।

(3). ‘ਵੰਡ ਛਕਣਾ’ ਤੋਂ ਭਾਵ ਕੇਵਲ ਸਰੀਰਕ ਖ਼ੁਰਾਕ ਨਹੀਂ ਬਲਕਿ ਮਾਨਸਿਕ ਖ਼ੁਰਾਕ ਤੇ ਬੇਸਹਾਰਿਆਂ ਦਾ ਸਹਾਰਾ ਬਣਨਾ ਵੀ ਸ਼ਾਮਲ ਹੈ।

ਅੰਤ ’ਚ ਇਨ੍ਹਾਂ ਸ਼ਬਦਾਂ ਨਾਲ਼ ਵਿਸ਼ੇ ਨੂੰ ਸਮਾਪਤ ਕਰਦਾ ਹਾਂ ਕਿ ‘ਨੇਕੀ’ ਤੇ ‘ਬਦੀ’ ਆਦਿ ਕਾਲ ਤੋਂ ਅੰਤ ਕਾਲ ਤੱਕ ਜੀਵਤ ਰਹੇਗੀ। ਮਾਨਵਤਾ ਲਈ ਸ਼ੁੱਭਚਿੰਤਕ ਲੋਕ ਵੀ ਇਸ ਦੀ ਮਾਰ ਤੋਂ ਬਚ ਨਹੀਂ ਸਕੇ। ਜਦ ਗੁਰੂ ਨਾਨਕ ਸਾਹਿਬ ਜੀ ਨੇ ਮੱਕੇ ’ਚ ਕਿਹਾ ਕਿ ਜਿੱਧਰ ਅੱਲਾ ਨਹੀਂ, ਮੇਰੇ ਪੈਰ ਉਸ ਦਿਸ਼ਾ ਵੱਲ ਕਰ ਦਿਓ, ਗੁਰੂ ਜੀ ਨੂੰ ‘ਬਦੀ’ ਨੇ ਉੱਥੇ ਵੀ ਘੇਰਿਆ। ਜਦ ਗੁਰੂ ਜੀ ਨੇ ਹਰਿਦੁਆਰ ਕੁੰਭ ਦੇ ਮੇਲੇ ’ਤੇ ਭਾਰੀ ਭੀੜ ’ਚ ਖੜ੍ਹ ਕੇ ਪਾਣੀ ਸੂਰਜ (ਪੂਰਬ ਵੱਲ) ਨੂੰ ਦੇਣ ਦੀ ਬਜਾਏ ਪੱਛਮ ਵੱਲ ਨੂੰ ਦੇਣਾ ਸ਼ੁਰੂ ਕੀਤਾ ਤਾਂ ‘ਬਦੀ’ ਉੱਥੇ ਵੀ ਖੜ੍ਹੀ ਸੀ।, ਜਦ ਗੁਰੂ ਜੀ ਜਗਨਨਾਥ ਪੁਰੀ ਵਿਖੇ ਥਾਲ ’ਚ ਰੱਖੇ ਦੀਵਿਆਂ ਵਾਲ਼ੀ ਆਰਤੀ ਦਾ ਇਹ ਕਹਿ ਕਿ ਖੰਡਨ ਕਰ ਰਹੇ ਸਨ ਕਿ ਨਿਰਾਕਾਰ ਦੀ ਆਰਤੀ ਨਿਰੰਤਰ ਹੋ ਰਹੀ ਹੈ, ਮੈਂ ਉਸ ਵਿੱਚ ਹਰ ਸਮੇਂ ਸ਼ਾਮਲ ਰਹਿੰਦਾ ਹਾਂ ਤਾਂ ‘ਬਦੀ’ ਉੱਥੇ ਵੀ ਸੀ। ‘ਬਦੀ’ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਤੱਤੀ ਤਵੀ ਉੱਤੇ ਬਿਠਾ ਦਿੱਤਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਿੱਲੀ ’ਚ ਸ਼ਹੀਦ ਕਰਵਾ ਦਿੱਤਾ। ਅਨੇਕਾਂ ਸਿੰਘਾਂ-ਸਿੰਘਣੀਆਂ ਨੇ ‘ਬਦੀ’ ਨਾਲ਼ ਮੁਕਾਬਲਾ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਇਸ ਮਾਨਸਿਕ ਸ਼ਕਤੀ ਦੇ ਦਾਤਾਰ ਹਨ: ‘ਗੁਰੂ ਗ੍ਰੰਥ ਸਾਹਿਬ’ ਜੀ; ਜਿਨ੍ਹਾਂ ‘ਸੱਚ ੴ’ ਦੀ ਵਿਆਖਿਆ ਸਰਬ ਕਾਲ: ‘‘ਆਦਿ ਸਚੁ, ਜੁਗਾਦਿ ਸਚੁ ॥ ਹੈ ਭੀ ਸਚੁ, ਨਾਨਕ ! ਹੋਸੀ ਭੀ ਸਚੁ ॥’’ ਤੇ ਸਰਬ ਵਿਆਪਕ: ‘‘ਸਰਬ ਨਿਵਾਸੀ, ਸਦਾ ਅਲੇਪਾ; ਸਭ ਮਹਿ ਰਹਿਆ ਸਮਾਇਓ ॥’’ (ਮ: ੫/੬੧੭) ਕਰਕੇ ਉਸ ਦੀ ਯਾਦ ਨੂੰ ਨਿਰੰਤਰ ਹਿਰਦੇ ਧਾਰਨ ਦੀ ਨਸੀਹਤ ਦੇ ਕੇ ਸਮਾਜ ’ਚ ਸਮਾਨਤਾ ਤੇ ਪਿਆਰ ਆਦਿ ਗੁਣ ਭਰਨ ਦਾ ਯਤਨ ਕੀਤਾ, ਤਾਂ ਜੋ ਬੇਸਹਾਰਿਆਂ ਦਾ ਸਹਾਰਾ ਬਣਿਆ ਜਾ ਸਕੇ। ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹਰ ਸਾਲ 1 ਸਤੰਬਰ ਨੂੰ ਮਨਾਇਆ ਜਾਂਦਾ ਹੈ। ਤਮਾਮ ਲੁਕਾਈ ਨੂੰ ਲੱਖ ਲੱਖ ਵਧਾਈ ਹੋਵੇ।


31/07/16)
ਦਲੇਰ ਸਿੰਘ ਜੋਸ਼

ਬੀਰ ਸ਼ਬਦ ਦੀ ਸਮੀਖਿਆ
ਇੱਕ ਵਾਰ ਦੀ ਗੱਲ ਹੈ ਕਿ, ਸਾਡੇ ਪਿੰਡ ਬੱਸੀ (ਜ਼ਿਲਾ ਕਪੂਰਥਲਾ ਡਾਕਖਾਨਾ ਜੈਦ) ਵਿਖੇ, ਸਾਡੇ ਨਜ਼ਦੀਕੀਆਂ ਦੇ ਘੱਰ, ਗਰਮੀਆਂ ਦੀਆਂ ਛੁਟੀਆਂ ਵਿਚ, ਦਿਲੀ ਤੋਂ ਪ੍ਰਹਾਹਣੇ ਆ ਗਏ। ਕਈ ਦਿਨ ਰਹੇ ਇੱਕ ਦਿਨ ਦੀ ਗੱਲ ਹੈ ਕਿ ਦਿਲੀ ਤੋਂ ਆਈ ਬੀਬੀ ਜਿਸਨੂੰ ਅਸੀ ਸਾਰੇ ਬੱਚੇ ਮਾਸੀ ਜੀ ਆਖਦੇ ਸੀ ਅਪਣੀ ਭੈਣ ਨੂੰ ਕਹਿਣ ਲਗੀ ਕਿ ਆਹ ਮੈਨੂੰ ਲਸਣ ਫੜਾਇਓ। ਉਸ ਘੱਰ ਵਾਲੀ ਬੀਬੀ ਜਿਸ ਦੀ ਦਿਲੀ ਵਾਲੀ ਭੈਣ ਲਗਦੀ ਸੀ ਕਹਿਣ ਲੱਗੀ ਦੀਦੀ ਲੱਸਣ? ਉਹ ਕੀ ਹੁੰਦਾਂ ਏ? ਦਿਲੀਵਾਲੀ ਕਹਿਣ ਲੱਗੀ ਆਹ ਦੇਖਾਂ ਮੰਜੀ ਥਲੇ ਕਿੰਨਾਂ ਲਸਣ ਪਿਆ ਹੋਇਆ ਹੈ। ਅਸੀ ਸਾਰੇ ਬੱਚੇ ਕੋਲ ਹੀ ਖੇਡ ਰਹੇ ਸੀ ਜਦੋਂ ਇਹ ਗੱਲ ਚੱਲ ਰਹੀ ਸੀ, ਘੱਰ ਵਾਲੀ ਬੀਬੀ ਕਹਿਣ ਲੱਗੀ ਦੀਦੀ ਇਹ ਲੱਸਣ ਥੋੜਾ ਏ ਇਹ ਤਾਂ ਥੋਮ ਹੈ। ਮੈ ਲੱਭ ਲੱਭ ਕੇ ਕਮਲੀ ਹੋ ਗਈ ਭਾਈ ਸਾਡੇ ਘੱਰ ਲਸਣ ਕਿਥੋਂ? ਆ ਗਿਆ। ਅਸੀ ਸਾਰੇ ਬੱਚੇ ਖਿੜ ਖੜਾਂ ਕੇ ਹੱਸ ਪਏ ਲੌ ਦਿਲੀ ਵਾਲਿਆਂ ਨੂੰ ਥੋਮ ਦਾ ਨਾਂ ਭੀ ਨਹੀ ਆਉਦਾਂ ਥੋਮ ਨੂੰ ਹੀ ਲੱਸਣ ਕਹੀ ਜਾਂਦੇ ਹਨ। ਕਈ ਵਾਰ ਜੀਵਨ ਵਿੱਚ ਐਸਾ ਵਾਪਰ ਜਾਂਦਾ ਹੈ। ਕਿਤੇ ਬੇ ਸਮਝੀ ਕਾਰਨ ਬਣ ਜਾਂਦੀ ਹੈ ਕਿਤੇ ਕਿਤੇ ਅਗਿਆਨ ਪੁਣਾ ਮਜਾਕ ਬੱਣ ਜਾਂਦਾ ਹੈ। ਸੋ ਇਸ ਕਰਕੇ ਜਿਥੋਂ ਭੀ ਕੋਈ ਗਿਆਨ ਦੀ ਕਣੀ ਪ੍ਰਾਪਤ ਹੁੰਦੀ ਹੋਵੇ ਉਹ ਜਰੂਰ ਲੈ ਲੈਣੀ ਚਾਹੀਦੀ ਹੈ। ਗੁਰਬਾਣੀ ਦਾ ਭੀ ਇਹ ਫੁਰਮਾਣ ਹੈ।
ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ।। ਭਗਤ ਕਬੀਰ ਜੀ ਪੰਨਾਂ ੩੪੦।।
ਸੋ ਅੱਜ ਅਸੀ ਇੱਕ ਬੜਾ ਪਿਆਰਾ ਜਿਹਾ ਸ਼ਬਦ ਬੀਰ ਜਾਂ ਬੀਰਾ ਲੈ ਕੇ ਆਪ ਜੀ ਵਿਦਵਾਨਾਂ ਦੀ ਅਦਾਲਤ ਵਿੱਚ ਹਾਜ਼ਰ ਹੋਏ ਹਾਂ ਆਸ ਹੈ ਕਿ ਆਪ ਜੀ ਸਾਡੀ ਇਸ ਪਟੀਸ਼ਨ ਤੇ ਜਰੂਰ ਨਜ਼ਰਸਾਨੀ ਕਰੋਗੇ।
ਇਸ ਸ਼ਬਦ ਸਬੰਧੀ ਕੁੱਝ ਕੂ ਗਵਾਹੀਆਂ ਹਾਜ਼ਰ ਹਨ। ਸੱਭ ਤੋਂ ਪਹਿਲਾਂ ਅਸੀ ਭਾਈ ਕ੍ਹਾਨ ਸਿੰਘ ਜੀ ਨਾਭਾ ਨੂੰ ਪੇਸ਼ ਕਰਾਂਗੇ;
ਭਾਈ ਕ੍ਹਾਨ ਸਿੰਘ ਜੀ (ਵਲੋ ਬਿਆਨ):- ਵਿਦਵਾਨ ਸੱਜਨਾਂ ਦੀ ਇਸ ਸੱਭਾ ਨੁੰ ਮੇਰੀ ਗੁਰ ਫਤਹਿ ਪ੍ਰਵਾਨ ਹੋਵੇ ਜੀ। ਮੈਨੂੰ ਅੱਜ ਬੀਰ ਜਾਂ ਬੀਰਾ ਸ਼ਬਦ ਦੇ ਸਬੰਧ ਵਿੱਚ ਗਵਾਹੀ ਭਰਨ ਲਈ ਹਾਜ਼ਰ ਹੋਣਾ ਪਿਆ। ਮੈ ਇਸ ਗੱਲ ਦੀ ਸਾਖੀ ਭਰਦਾ ਹਾਂ ਕਿ ਸਿਅਣਿਆਂ ਸਜਨਾਂ ਦੀ ਅਦਾਲਤ ਵਿੱਚ ਜੋ ਕੁੱਝ ਭੀ ਕਹਾਂਗਾ ਉਹ ਸੱਚੋ ਸੱਚ ਕਹਾਂਗਾ ਸੱਚ ਤੋਂ ਇਲਵਾ ਕੁੱਝ ਭੀ ਨਹੀ ਕਹਾਂਗਾ।
ਦੇਖੋ ਪਿਆਰਿਓ ਇਸ ਬੀਰਾ ਜਾਂ ਬੀਰ ਸ਼ਬਦ ਦੇ ਬਹੁਤ ਸਾਰੇ ਅਰਥ ਹਨ। ਜਿਵੇ ਬੀਰ -ਕਮਲ ਦੀ ਜੱੜ੍ਹ ਨੂੰ ਭੀ ਕਹਿਆ ਜਾਂਦਾ ਹੈ। ਖਸ, ਨਟ, ਵਿਸ਼ਨੂੰ, ਭੀ ਬੀਰ ਕਹਿੰਦੇ ਹਨ। ਮੈ ਉਹ ਹੀ ਅਰਥ ਆਪ ਜੀ ਨਾਲ ਸਾਂਝੇ ਕਰਾਂਗਾ ਜੋ ਮੈ ਗ੍ਰੰਥਾਂ ਵਿੱਚ ਪੱੜ੍ਹੇ ਹਨ। ਯਗੱ ਦੀ ਅਗਨੀ, ਪਤੀ ਜਾਂ ਭਰਾਤਾ, ਪੁਤਰ; । ਵੈਦ ਜਾਂ ਤਬੀਬ, ਯੋਧਾ, ਕੁਲੀਨ ਅਤੇ ਕਵਿਤਾ ਦੇ ਇੱਕ ਛੰਦ ਨੂੰ ਭੀ ਬੀਰ ਕਹਿਆ ਜਾਂਦਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੀ ਗਵਾਹੀ:- ਹੇ ਮੇਰੇ ਪਿਆਰਿਓ ਜਿਨ੍ਹਾਂ ਸ਼ਬਦ੍ਹਾਂ ਵਿੱਚ ਬੀਰ ਸ਼ਬਦ ਆਇਆ ਹੈ ਉਹਨਾਂ ਦੇ ਅਰਥ ਆਪ ਜੀ ਪੜ੍ਹਨਾਂ ਕਰੋ ਜੀ।
ਬੀਰ ਜਾਂ ਬੀਰਾ ਸ਼ਬਦ ਭਰਾ ਦੇ ਅਰਥਾਂ ਵਿੱਚ:-
(੧) ਮੇਰਾ ਮਾਤ ਪਿਤਾ ਹਰਿ ਨਾਮੁ ਹੈ, ਹਰਿ ਬੰਧਪ ਬੀਰਾ।। ਗਾਉੜੀ ਮ: ੩।। ਪੰਨਾਂ ੧੬੩।।
ਪਰਮਾਤਮਾ ਦਾ ਨਾਮ ਹੀ ਮੇਰਾ ਪਿਤਾ ਹੈ ਨਾਮ ਹੀ ਮੇਰੀ ਮਾਂ ਹੈ, ਪਰਮਾਤਮਾਂ ਦਾ ਨਾਮ ਹੀ ਮੇਰਾ ਸਨਬੰਧੀ ਹੈ, ਅਤੇ ਮੇਰਾ ਵੀਰ ਹੈ।
(੨) ਰਾਮ ਰਸਾਇਣੁ ਪੀਵਤ ਬੀਰ।। ਗਾਉੜੀ ਮ: ੫।। ਪੰਨਾਂ ੧੯੮।।
ਹੇ ਵੀਰ ਸੱਭ ਰਸਾਂ ਤੋਂ ਸ੍ਰੇਸ਼ਟ ਰਸ ਪ੍ਰਭੂ ਦਾ ਨਾਮ ਹੀ ਹੈ ਜੋ ਵਡੇ ਭਾਗਾਂ ਵਾਲੇ ਪੀਦੇ ਹਨ।
(੩) ਮੋਹੁ ਅਰ ਭਰਮੁ ਤਜਹੁ ਤੁਮ ਬੀਰ।। ਆਸਾ ਮ: ੧।। ਪੰਨਾਂ ੩੫੬।।
ਹੇ ਵੀਰ ਦੁਨੀਆਂ ਦਾ ਮੋਹ ਛੱਡ ਅਤੇ ਮਨ ਦੀ ਭਟਕਣਾ ਦੂਰ ਕਰ।।
(੪) ਜਬ ਲੇਖਾ ਦੇਵਿਹ ਬੀਰਾ ਤਉ ਪੜਿਆ।। ਆਸਾ ਮ: ੧।। ਪੰਨਾਂ ੪੩੨।।
ਹੇ ਵੀਰ ਜਦੋਂ ਤੂੰ ਅਪਣੇ ਕੀਤੇ ਲੇਖਾਂ ਦਾ ਹਿਸਾਬ ਦੇਵੇਗਾ ਤੇ ਹਿਸਾਬ ਵਿਚੋਂ ਸੁਰਖੁਰੂ ਮੰਨਿਆ ਜਾਵੇਗਾ ਤਦੋ ਹੀ ਤੂੰ ਪੜਿਆ ਹੋਇਆ ਵਿਦਵਾਨ ਸਮਝਿਆ ਜਾ ਸਕੇਗਾਂ
(੫) ਮੇਰੇ ਹਰਿ ਪ੍ਰੀਤਮ ਕੀ ਕੋਈ ਬਾਤ ਸੁਨਾਵੈ ਸੋ ਭਾਈ ਸੋ ਮੇਰਾ ਬੀਰ।। ਗੌਂਡ ਮ: ੪।। ਪੰਨਾਂ ੮੬੧।।
ਜੇ ਕੋਈ ਮਨੁਖ ਮੈਨੂੰ ਮੇਰੇ ਪ੍ਰੀਤਮ ਪ੍ਰਭੂ ਕੀ ਕੋਈ ਬਾਤ ਸੁਣਾਵੇ, ਤਾਂ ਉਹੀ ਮਨੁਖ ਮੇਰਾ ਭਰਾ ਜਾਂ ਮੇਰਾ ਵੀਰ ਹੈ।।
ਸੂਰਮੇ ਜਾਂ ਯੋਧੇ ਦੇ ਅਰਥਾਂ ਵਿੱਚ:-
(ੳ) ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲੇਹੁ ਅੰਗੁਰੀਆ।। ਗਾਉ ਮ: ੫।। ਪੰਨਾਂ ੨੦੩।।
ਹੇ ਬਲੀ ਬਾਹਾਂ ਵਾਲੇ ਸੂਰਮੇ ਪ੍ਰਭੂ; ਹੇ ਸੁਖਾਂ ਦੇ ਸਮੁੰਦਰ ਪਾਰਬ੍ਰਹਮ; ਸੰਸਾਰ ਸਮੁੰਦਰ ਦੇ ਵਿਕਾਰਾਂ ਦੇ ਟੋਏ ਵਿੱਚ ਡਿਗਦੇ ਦੀ ਮੇਰੀ ਉਗੰਲੀ ਫੱੜ ਲੈ।
(ਅ) ਬੀਰਾ ਆਪਣ ਬੁਰਾ ਮਿਟਾਵੈ।। ਗਾੳੜੀ ਮ: ।। ਪੰਨਾਂ ੨੫੮।।
ਉਹ ਮਨੁਖ ਸੂਰਮਾਂ ਜਾਣੋ ਜੇਹੜਾ ਆਪਣੇ ਅੰਦਰੋ ਦੂਜਿਆਂ ਦਾ ਬੁਰਾ ਮੰਗਣ ਦਾ ਸੁਭਵ ਮਿਟਾ ਦੇਵੇ।
(ੲ) ਜਿਨ ਜਾਨਿਆ ਸੇਈ ਤਰੇ ਸੇ ਸੂਰੇ ਸੇ ਬੀਰ।। ਰਾਮਕਲੀ ਮ: ੫।। ਪੰਨਾਂ ੯੨੯।।
ਜਿਨ੍ਹਾਂ ਮਨੁਖਾਂ ਨੇ ਪਰਮਾਤਮਾ ਨਾਲ ਡੂੰਗੀ ਸਾਂਝ ਪਾ ਲਈ ਹੈ, ਉਹ ਸੰਸਾਰ ਸਮੁੰਦਰ ਤੋਂ ਤਰ ਗਏ।
(ਸ) ਸੂਰ ਨ ਬੀਰ ਨ ਮੀਰ ਨ ਖਾਨਮ ਸੰਗਿ ਨ ਕੋਉ ਦ੍ਰਿਸਟਿ ਨਿਹਾਰਹੁ।। ਸਵਯੈ ਮ: ੫।। ਪੰਨਾਂ ੧੩੮੭।।
ਅੱਖਾਂ ਨਾਲ ਵੇਖ, ਨਾਹ ਸੂਰਮੇ ਨਾਹ ਜੋਧੇ, ਨਾਹ ਮੀਰ, ਨਾਹ ਸਰਦਾਰ, ਕੋਈ ਭੀ ਸਾਥੀ ਨਹੀ ਬਨਣੇ।
ਲ਼ਉ ਪਿਆਰਿਓ ਬੀਰ ਦੇ ਅਰਥ ਇੱਕ ਤਾਂ ਭਰਾ ਦੂਸਰਾ ਸੂਰਮਾ ਇਨ੍ਹਾਂ ਦੋਵਾਂ ਦੇ ਅਰਥਾਂ ਵਿੱਚ ਹੀ ਪਰਮਾਣ ਮੈਨੂੰ ਮਿਲ ਸਕੇ ਹਨ, ਜੇ ਕਿਤੇ ਕਿਸੇ ਸੱਜਨ ਨੂੰ ਗੁਰਬਾਣੀ ਵਿੱਚੋਂ ਬੀਰ ਦਾ ਤੀਸਰਾ ਅਰਥ ਲੱਭ ਜਾਵੇ ਤਾਂ, ਉਹ ਦਾਸ ਨੂੰ ਦੱਸ ਦੇਵੇ, ਤੀਸਰੀ ਗਵਾਹੀ ਉਸਦੀ ਸ਼ਾਮਲ ਕਰ ਲਈ ਜਾਵੇਗੀ।
ਭੁਲਾਂ ਚੁਕਾਂ ਦੀ ਖਿਮਾਂ ਕਰਨੀ ਜੀ ਪ੍ਰਕਰਣ ਲਿਖਿਆ ੨੮ ਜੁਲਾਈ ੨੦੧੬ ਜਿਸ ਦਿਨ ਸਰੋਮਣੀ ਕਮੇਟੀ ਦੇ ਕੈਲੰਡਰ ਦੇ ਅਧਾਰ ਤੇ ਦੇਸ਼ ਵਿੱਚ ਗੁਰੂ ਹਰਿਕਿਸ਼ਨ ਜੀ ਦਾ ਆਗਮਨ ਗੁਰਪੁਰਬ ਮਨਾਇਆ ਗਿਆ।

*********************************************

ਬੀਠਲ ਅਤੇ ਬੀਠਲਾ ਸ਼ਬਦ ਦੀ ਸਮੀਖਿਆ
ਪ੍ਰਭੂ ਜੀ ਬੇਅੰਤ ਹਨ ਉਹਨਾਂ ਦੀ ਰਚੀ ਰਚਨਾ ਦਾ ਕੋਈ ਅੰਤ ਨਹੀ ਪਾ ਸਕਿਆ। ਗੁਰੂ ਨਾਨਕ ਸਾਹਿਬ ਜੀ ਜਪੁ ਦੀ ਬਾਣੀ ਵਿੱਚ ਵਰਨਣ ਕਰਦੇ ਹਨ ਹੇ ਵਾਹਿਗੁਰੂ ਜੀ ਤੈਨੂੰ ਸਿਧ ਲੋਕ, ਦੇਵਤੇ ਲੋਕ, ਇੰਦ੍ਰ ਧਰਮਰਾਜਾ, ਦੇਵੀ ਦੇਵਤੇ, , ਅੱਗ ਹਵਾ ਪਾਣੀ ਰਾਗ, ਰਾਗਨੀਆਂ ਆਦਿ ਦੇ ਨਾਮ ਲਿਖਦੇ ਲਿਖਦੇ ਅਖੀਰ ਵਿੱਚ ਲਿਖਦੇ ਹਨ
ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨਾ ਆਵਨਿ ਨਾਨਕੁ ਕਿਆ ਵੀਚਾਰੇ।।
ਇਹ ਪੰਕਤੀ ਲਿਖ ਕੇ ਪ੍ਰਭੂ ਜੀ ਦੀ ਵਡਿਤਣ ਦਾ ਕਮਾਲ ਕਰ ਦਿਤਾ। ਜਦੋਂ ਗਲ ਚੱਲੀ ਕਿ ਧਰਤੀ ਕਦੋਂ ਦੀ ਬਣੀ ਹੈ ਹਰੇਕ ਨੇ ਅਪਣੀ ਅਪਣੀ ਮੱਤ ਅਨੁਸਾਰ ਦਸਣਾ ਚਾਹਿਆ ਤਾਂ ਗੁਰੂ ਸਾਹਿਬ ਜੀ ਨੂੰ ਸਵਾਲ ਕੀਤਾ ਕਿ ਆਪ ਜੀ ਦਸੋ ਕਿ ਇਹ ਸ੍ਰਿਸ਼ਟੀ ਦੀ ਰਚਨਾਂ ਕਦ ਹੋਈ ਹੈ ਤਾਂ ਗੁਰੂ ਸਾਹਿਬ ਜੀ ਨੇ ਵਾਹਿਗੁਰੂ ਜੀ ਦੀ ਵਡਿਆਈ ਨੂੰ ਕਾਇਮ ਰਖਦੇ ਹੋਏ ਬਚਨ ਕੀਤਾ ਕਿ ਅਸੀ ਕੁੱਝ ਨਹੀ ਜਾਣਦੇ ਇਹ ਸੱਭ ਪਰਮਤਾਮਾ ਨੂੰ ਹੀ ਪਤਾ ਹੈ ਕਿ ਸ੍ਰਿਸ਼ਟੀ ਦੀ ਰਚਨਾਂ ਕਦੋਂ ਹੋਈ। ਬਚਨ ਕੀਤਾ
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ।। ਜਪੁ।।
ਜਿਥੇ ਪਰਮਾਤਮਾ ਦੀਆਂ ਰਚੀਆਂ ਰਚਨਾਂ ਦਾ ਅੰਤ ਨਹੀ ਪਾ ਸਕਦੇ ਉਥੇ ਉਸਦੇ ਨਾਂਵਾ ਦਾ ਭੀ ਅੰਤ ਨਹੀ ਪਾ ਸਕਦੇ। ਪ੍ਰਭੂ ਨੇ ਕਿਤਨੀ ਪ੍ਰਕਾਰ ਦੇ ਮਨੁਖ ਹੀ ਪੈਦਾ ਕੀਤੇ ਹਨ ਫਿਰ ਉਹਨਾਂ ਨੂੰ ਵੱਖ ਵੱਖ ਦੇਸ਼ ਦਾ ਵਾਸੀ ਬਣਾ ਦਿਤਾ। ਵੱਖ ਵੱਖ ਬੋਲੀਆ ਮਨੁਖ ਨੂੰ ਦੇ ਦਿਤੀਆਂ। ਹਰੇਕ ਮਨੁਖ ਅਪਣੇ ਦੇਸ਼ ਦੇ ਅਧਾਰ ਤੇ ਅਪਣੀ ਬੋਲੀ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਉਸਦੀ ਉਸਤੱਤ ਤਾਂ ਕਰਦਾ ਹੀ ਹੋਵੇਗਾ। ਹੋ ਸਕਦਾ ਹੈ ਕਿ ਉਹ ਲੋਕ ਸਾਡੀ ਬੋਲੀ ਨਾ ਜਾਣਦੇ ਹੋਣ ਅਸੀ ਲੋਕ ਉਹਨਾਂ ਦੀ ਬੋਲੀ ਨਾ ਜਾਣਦੇ ਹੋਈਏ ਪਰ ਰੱਬ ਜੀ ਦਾ ਨਾਮ ਤਾਂ ਹਰ ਕੋਈ ਅਪਣੀ ਬੋਲੀ ਵਿੱਚ ਕੋਈ ਨਾ ਕੋਈ ਉਚਾਰਦਾ ਹੀ ਹੋਵੇਗਾ। ਦੂਰ ਕੀ ਜਾਣਾ ਇੱਕ ਦੇਸ਼ ਦੇ ਵਾਸੀ ਭੀ ਅਪਣੇ ਦੇਸ਼ ਦੀਆਂ ਸਾਰੀਆਂ ਬੋਲੀਆਂ ਨਹੀ ਜਾਣਦੇ। ਇਸ ਕਰਕੇ ਵਾਹਿਗੁਰੂ ਜੀ ਦੇ ਨਾਂਵਾ ਦਾ ਭੀ ਅੰਤ ਨਹੀ ਪਾਇਆ ਜਾ ਸਕਦਾ।
ਅੱਜ ਅਸੀ ਬਾਣੀ ਵਿੱਚ ਆਇਆ ਇੱਕ ਨਾਮ ਬੀਠਲੁ ਜਾ ਬੀਠੁਲਾ ਦੇ ਸਬੰਧ ਵਿੱਚ ਕੁੱਝ ਵਿਚਾਰ ਵਿਚਾਰਾਂਗੇ।
ਇਹ ਸ਼ਬਦ ਪਰਮਾਤਮਾਂ-ਵਾਚੀ ਹੈ। ਇਹ ਮਹਾਂਰਸ਼ਟਰੀ ਬੋਲੀ ਨਾਲ ਸਬੰਧ ਰਖਦਾ ਹੈ। ਇਸ ਸ਼ਬਦ ਦੀ ਵਰਤੋ ਭਗਤ ਨਾਮ ਦੇਵ ਜੀ ਨੇ ਅਪਣੇ ਸ਼ਬਦਾਂ ਵਿੱਚ ਵਰਤੀ ਹੈ ਜੋ ਮਹਾਰਾਸ਼ਟਰ ਇਲਾਕੇ ਦੇ ਹੀ ਨਰਸੀ ਬਾਹਮਣੀ ਨਗਰ ਦੇ ਰਹਿਣ ਵਾਲੇ ਸਨ। ਭਾਂਵੇ ਇਹ ਸ਼ਬਦ ਭਗਤ ਨਾਮਦੇਵ ਜੀ ਨੇ ਅਪਣੇ ਦੇਸ਼ ਦੀ ਬੋਲੀ ਦੇ ਅਧਾਰ ਤੇ ਉਚਾਰਨ ਕੀਤਾ ਹੈ ਪਰ ਇਸ ਸ਼ਬਦ ਦੀ ਵਰਤੋ ਬਾਬਾ ਕਬੀਰ ਜੀ ਨੇ ਭੀ ਅਪਣੇ ਸ਼ਬਦਾਂ ਵਿੱਚ ਕੀਤੀ ਹੈ। ਗੁਰੂ ਸਾਹਿਬ ਜੀ ਨੇ ਭੀ ਇਸ ਸ਼ਬਦ ਨੂੰ ਆਪਣੀ ਰਚਨਾ ਵਿੱਚ ਥਾਂਉ ਦਿਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਏ ਇਸ ਸ਼ਬਦ ਦੇ ਦਰਸਨ ਆਪ ਜੀ ਨੂੰ ਕਰਵਾਵਾਂ ਜੀ।
ਗੁਰੂ ਸਾਹਿਬ ਜੀ ਵਲੋਂ ਵਰਤਿਆ ਇਹ ਬੀਠੁਲ ਸ਼ਬਦ:-
ਸਾਰਿੰਗਧਰ ਭਗਵਾਨ ਬੀਠੁਲਾ ਮੈ ਗਣਤ ਨ ਆਵੈ ਸਰਬੰਗਾ।। ਮਾਰੂ ਮ: ੫।। ਪੰਨਾਂ ੧੦੮੨।।
ਹੇ ਧਨੁਖ-ਧਾਰੀ, ਹੇ ਭਗਵਾਨ, ਹੇ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲੇ, ਮੈਥੋਂ ਤੇਰੇ ਸਾਰੇ ਗੁਣ ਬਿਆਨ ਨਹੀ ਹੋ ਸਕਦੇ।
ਜਾ ਕਉ ਭਇਓ ਕ੍ਰਿਪਾਲੁ ਬੀਠੁਲਾ ਤਿਨਿ ਹਰਿ ਹਰਿ ਅਜਰ ਜਰਨ।। ਸਾਰੰਗ ਮ: ੫।। ਪੰਨਾਂ ੧੨੦੬।।
ਗੁਰੂ ਦੀ ਮਿਹਰ ਨਾਲ ਜਿਸ ਮਨੁਖ ਉਤੇ ਮਾਇਆ ਤੋ ਨਿਰਲੇਪ ਪ੍ਰਭੂ ਮਿਹਰਵਾਨ ਹੁੰਦਾਂ ਹੈ, ਉਸ ਮਨੁਖ ਨੇ ਸਦਾ ਜਵਾਨ ਰਹਿਣ ਵਾਲੇ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਹੈ।
ਭਗਤਾਂ ਵਲੋਂ ਵਰਤਿਆ ਇਹ ਸ਼ਬਦ:-
(੧) ਮਿਲੁ ਮੇਰੇ ਬੀਠੁਲਾ ਲੈ ਬਾਹੁੜੀ ਵਲਾਇ।। ਭਗਤ ਤ੍ਰਿਲੋਚਨ ਜੀ ਰਾਗ ਸ੍ਰੀ ਰਾਗ।। ਪੰਨਾਂ ੯੨।।
ਹੇ ਮੇਰੇ ਰਾਮ ਮੈਨੂੰ ਗਲਵੱਕੜੀ ਪਾ ਕੇ ਮਿਲ, ਮੈਨੂੰ ਮਾਇਆ ਦੇ ਮੋਹ ਤੋਂ ਛੁਡਾ ਲੈ।
(2) ਰਾਖੁ ਰਾਖੁ ਮੇਰੇ ਬੀਠੂਲਾ ਜਨੁ ਸਰਨਿ ਤੁਮਾਰੀ।। ਭਗਤ ਕਬੀਰ ਜੀ ਬਿਲਾਵਲ।। ਪੰਨਾਂ ੮੫੫।।
ਹੇ ਪ੍ਰਭੂ ਮੈ ਤੇਰਾ ਦਾਸ ਤੇਰੀ ਸਰਨ ਆਇਆਂ ਹਾਂ. ਮੈਂਨੂੰ ਇਹਨਾਂ ਵਿਕਾਰਾਂ ਤੋਂ ਬਚਾ ਲਉ
(੩) ਮੇਰੋ ਬਾਪੁ ਮਾਧਉ ਤੂ ਧਨੁ, ਕੇਸੌ ਸਾਂਵਲੀਓ ਬੀਠਲਾਇ।। ਭਗਤ ਨਾਮਦੇਵ ਜੀ ਮਾਲੀ ਗਾਉੜਾ।। ਪੰਨਾਂ ੯੮੮।।
ਹੇ ਮੇਰੇ ਮਾਧੋ ਹੇ ਲੰਮੇ ਕੇਸਾਂ ਵਾਲੇ ਪ੍ਰਭੂ, ਹੇ ਸਾਵਲੇ ਰੰਗ ਵਾਲੇ ਪ੍ਰਭੂ, ਹੇ ਬੀਠਲ, ਤੂੰ ਧੰਨ ਹੈ, ਤੂੰ ਮੇਰਾ ਪਿਤਾ ਹੈ ਤੂੰ ਹੀ ਮੇਰਾ ਰਾਖਾ ਹੈ।
(4) ਤਾਰਿ ਲੈ ਬਾਪ ਬੀਠੁਲਾ।।
ਤੇਰਾ ਪਾਰੁ ਨ ਪਾਇਆ ਬੀਠੁਲਾ।।
ਮੋ ਕਉ ਬਾਹ ਦੇਹਿ ਬਾਹ ਦੇਹਿ ਬੀਠੁਲਾ।।

ਇਹ ਤਿੰਨੇ ਪੰਕਤੀਆਂ ਭਗਤ ਨਾਮਦੇਵ ਜੀ ਦੇ ਇਕੋ ਹੀ ਸ਼ਬਦ ਦੀਆਂ ਹਨ। ਰਾਗ ਬਸੰਤ ਪੰਨਾਂ੧੧੯੬।।


31/07/16)
ਮਹਿੰਦਰ ਸਿੰਘ ਜੋਸ਼ ਦੀ ਕਿਤਾਬ ‘ਰੱਬ ਨੂੰ ਬਿਪਤਾ’

ਕੀ ਜੰਗ ਕਰੀ ਜਾਣਾ ਅਤੇ ਦੁਸ਼ਮਣ ਦੀਆਂ ਧੀਆਂ ਨੂੰ ਵਾਧੂ ਦੀਆਂ ਇਸਤ੍ਰੀਆਂ ਦੇ ਤੌਰ ਤੇ ਘਰੀਂ ਪਾਉਂਦੇ ਜਾਣਾ ਧਰਮ ਦੀ ਸੰਸਥਾਪਨਾ ਹੈ?
(ੳ) ਭੂਮਾਸੁਰ ਨਾਲ ਸਬੰਧਤ ਸੌਲ੍ਹਾਂ ਹਜ਼ਾਰ ਕੰਨਿਆਵਾਂ ਘਰੀਂ ਪਾਉਣੀਆਂ

ਅਸੀਂ ਇਸੇ ਪੁਸਤਕ ਵਿੱਚ ਵਿਸ਼ਨੂੰ ਜੀ ਦੇ ਛੇਵੇਂ ਅਵਤਾਰ ਵਰਾਹ ਜੀ ਦੇ ਵੇਰਵੇ ਦੇ ਚੁੱਕੇ ਹਾਂ। ਵਿਸ਼ਨੂੰ ਪੁਰਾਣ ਵਿੱਚ ਵੀ ਅਜਿਹੇ ਵੇਰਵੇ ਉਪਲੱਬਧ ਹਨ। ਜਦੋਂ ਵਿਸ਼ਨੂੰ ਜੀ ਨੇ ਵਰਾਹ ਰੂਪ ਵਿੱਚ ਅਵਤਾਰ ਲਿਆ ਸੀ ਤਾਂ ਵਰਾਹ (ਸੂਰ) ਜੀ ਨੂੰ ਧਰਤੀ ਮਾਤਾ (ਪਿ੍ਰਥਵੀ) ਬਹੁਤ ਪਸੰਦ ਆ ਜਾਣ ਕਾਰਨ ਆਪਨੇ ਉਸ ਨਾਲ ਭੋਗ ਕੀਤਾ (ਉਂਝ ਧਰਤੀ ਨਾ ਤਾਂ ਇੱਕ ਇਸਤ੍ਰੀ ਸੀ ਤੇ ਨਾ ਹੀ ਮਨੁੱਖ ਕਿ ਵਰਾਹ ਜੀ ਉਸ ਨਾਲ ਸ਼ਾਦੀ ਜਾਂ ਭੋਗ ਕਰ ਸਕਦੇ) ਅਤੇ ਧਰਤੀ ਮਾਤਾ ਤੋਂ ਭੂਮਾਸੁਰ ਨਾਮ ਦੇ (ਦੂਜਾ ਨਾਮ ਨਰਕਾਸੁਰ) ਦੈਂਤ ਪੁੱਤਰ ਨੂੰ ਜਨਮ ਦਿੱਤਾ ਜੋ ਪ੍ਰਾਗਜਿਓਤਿਸ਼ਪੁਰ (ਗੋਹਾਟੀ) ਦਾ ਰਾਜਾ ਬਣਿਆ ਸੀ। ਵਿਸ਼ਨੂੰ ਪੁਰਾਣ ਵਿੱਚ ਲਿਖਿਆ ਹੈ ਕਿ ਉਸ ਨੇ 16100 ਕੰਨਿਆਵਾਂ ਆਪਣੇ ਮਹਲਾਂ ਵਿੱਚ ਇਕੱਠੀਆਂ ਕਰ ਰੱਖੀਆਂ ਸਨ। ਕਲਪਨਾ ਦੀ ਬੇ–ਇੰਤਹਾ ਉਚੀਆਂ ਉਡਾਰੀਆਂ ਮਾਰਨ ਵਾਲੇ ਸਾਡੇ ਕਵੀ ਸ਼੍ਯਾਮ ਜੀ ਦੀ ਮਹਾਨ ਖੋਜ (ਜੋ ਆਮ ਤੌਰ ਤੇ ਗ਼ੈਰ–ਵਿਗਿਆਨਕ ਹੀ ਸਾਬਤ ਹੁੰਦੀ ਰਹੀ ਹੈ) ਮੁਤਾਬਿਕ ਇਕੱਠੀਆਂ ਕਰ ਰੱਖੀਆਂ ਇਹਨਾਂ ਕੰਨਿਆਵਾਂ ਦੀ ਗਿਣਤੀ 16000 ਸੀ 16100 ਨਹੀਂ। ਉਹ 20000 ਤਕ ਦੀ ਗਿਣਤੀ ਪੂਰੀ ਕਰਕੇ ਉਹਨਾਂ ਨੂੰ ਆਪਣੇ ਨਾਲ ਵਿਆਹੁਣਾ ਚਾਹੁੰਦਾ ਸੀ।
ਜੇ ਸਭ ਜੋਰਿ ਭੂਮਾਸੁਰ ਰਾਖੀ॥
ਕਹਿ ਲਗਿ ਗਨਉਂ ਤਿਨਨ ਕੀ ਸਾਖੀ॥
ਤਿਨ ਯੋ ਕਹਯੋ ਇਹੀ ਹਉਂ ਕਰਿਹਉਂ॥
ਬੀਸ ਹਜ਼ਾਰ ਏਕਠੀ ਬਰਿਹਉਂ॥2142॥ (ਪੰਨਾ 525)
(ਜੋਰਿ – ਜੋੜ ਕੇ, ਇਕੱਠੀਆਂ ਕਰਕੇ। ਗਨਉਂ – ਗਿਣਾਂ। ਸਾਖੀ – ਕਹਾਣੀਆਂ।
ਹਉਂ – ਮੈਂ। ਏਕਠੀ – ਇਕੱਠੀਆਂ। ਬਰਿਹਉਂ – ਵਿਆਹ ਲਵਾਂਗਾ। )
ਜਦ ਅਵਤਾਰ ਜੀ ਨੇ ਭੂਮਾਸੁਰ ਤੇ ਹਮਲਾ ਕੀਤਾ ਤਦ ਉਸਦੀ ਮਦਦ ਲਈ ਪੁਰਾਣਾਂ ਵਿੱਚ ਬਿਆਨਿਆ ਮੁਰ ਦੈਂਤ ਵੀ ਆਇਆ ਜੋ ਭੂਮਾਸੁਰ ਦਾ ਗੂੜ੍ਹਾ ਮਿੱਤਰ ਸੀ ਅਤੇ ਜਿਸਦੇ ਪੰਜ ਸਿਰ ਸਨ। ਉਸਦੇ 7000 ਬਲਵਾਨ ਪੁੱਤਰ ਵੀ ਸਨ। ਉਹ ਭੂਮਾਸੁਰ ਦੀ ਮਦਦ ਲਈ ਕ੍ਰਿਸ਼ਨ ਜੀ ਨਾਲ ਅੜ ਬੈਠਾ ਅਤੇ ਜੰਗ ਦੌਰਾਨ ਮਾਰਿਆ ਗਿਆ। ਇਸ ਪਿੱਛੋਂ ਕ੍ਰਿਸ਼ਨ ਜੀ ਨੇ ਘੋਰ ਜੁੱਧ ਕਰ ਕੇ ਭੂਮਾਸੁਰ ਨੂੰ ਵੀ ਮਾਰ ਮੁਕਾਇਆ।
ਭੂਮਾਸੁਰ ਦੇ ਮਾਰੇ ਜਾਣ ਪਿੱਛੋਂ ਕਵੀ ਸ਼ਯਾਮ ਅਨੁਸਾਰ ਉਸ ਵਲੋਂ ਇਕੱਠੀਆਂ ਕੀਤੀਆਂ ਸਾਰੀਆਂ ਕੰਨਿਆਵਾਂ ਕ੍ਰਿਸ਼ਨ ਜੀ ਨੇ ਆਪ ਵਿਆਹ ਲਈਆਂ। ਸਭ ਦੇ ਦਸ ਦਸ ਪੁੱਤਰ ਹੋਏ ਅਤੇ ਭਗਵਾਨ ਦੇ ਪਰਵਾਰ ਦੀ ਵੱਡੀ ਸੈਨਾ ਤਿਆਰ ਹੋ ਗਈ।
ਵਿਸ਼ਨੂੰ ਜੀ ਦੇ ਅਵਤਾਰ ਨੇ ਤਾਂ ਧਰਮ ਦੀ ਸੰਸਥਾਪਨਾ ਕਰਨੀ ਸੀ ਪਰ ਇੱਥੇ ਤਾਂ ਸ਼ਾਦੀ–ਸ਼ੁਦਾ ਅਵਤਾਰ ਜੀ ਆਪਣੇ ਸ਼ਤਰੂ ਰਾਜੇ ਨੂੰ ਮਾਰਨ ਪਿੱਛੋਂ 16000 ਤੋਂ ਉਤੇ ਦੀ ਗਿਣਤੀ ਵਾਲੀਆਂ ਕੰਨਿਆਵਾਂ ਦੀ ਵੱਡੀ ਫ਼ੌਜ ਨੂੰ ਘਰੀਂ ਪਾ ਲੈਣ ਦਾ ਕਰਤਬ ਕਰਦੇ ਹੋਏ ਦਿਖਾਏ ਗਏ ਹਨ ਜੋ ਕਿਸੇ ਤਰ੍ਹਾਂ ਵੀ ਧਰਮ ਦੀ ਸੰਸਥਾਪਨਾ ਨਹੀਂ ਮੰਨੀ ਜਾ ਸਕਦੀ।
ਜੁੱਧ ਸਮੈਂ ਅਤਿ ¬ਕ੍ਰੋਧ ਹੁਇ ਜਦੁਪਤਿ ਬਧ ਕੈ ਤਾਹਿ॥
ਸੋਰਹ ਸਹਸ੍ਰ ਸੁੰਦਰੀ, ਆਪਹਿ ਲਈ ਬਿਵਾਹਿ॥2143॥
(ਪੰਨਾ 525)
(ਬਧ ਕੈ – ਮਾਰ ਕੇ। ਤਾਹਿ – ਉਸਨੂੰ। ਸੋਰਹ ਸਹਸ੍ਰ – ਸੋਲ੍ਹਾਂ ਹਜ਼ਾਰ)
ਕ੍ਰਿਸ਼ਨ ਜੀ ਨੇ ਪਹਿਲਾਂ ਭੂਮਾਸੁਰ ਦੇ ਸੱਤ ਪੁੱਤਰ ਮਾਰ ਦਿੱਤੇ ਸਨ ਅਤੇ ਅੰਤ ਭੂਮਾਸੁਰ ਨੂੰ ਵੀ ਮਾਰ ਦਿੱਤਾ ਸੀ। ਕਵੀ ਜੀ ਅਨੁਸਾਰ ਭੂਮਾਸੁਰ ਦੇ ਮਰਨ ਪਿੱਛੋਂ ਉਸਦੀ ਰਾਣੀ ਕ੍ਰਿਸ਼ਨ ਜੀ ਦੇ ਸਨਮੁੱਖ ਬਸਤ੍ਰ–ਹੀਣ ਹੋ ਕੇ ਧਰਤੀ ਤੇ ਲੋਟਣ ਲਗੀ ਅਤੇ ਫ਼ਿਰ ਕ੍ਰਿਸ਼ਨ ਜੀ ਦੀ ਉਸਤਤਿ ਕਰ ਕੇ ਉਸ ਨੇ ਆਪਣੇ ਪੋਤਰੇ ਨੂੰ ਕ੍ਰਿਸ਼ਨ ਜੀ ਦੇ ਚਰਨੀਂ ਲਗਾਇਆ ਅਤੇ ਆਪਣੀ ਅਤੇ ਆਪਣੇ ਬਾਕੀ ਦੇ ਪਰਵਾਰ ਨੂੰ ਬਚਾਉਣ ਦੀ ਜੁਗਤ ਕੱਢੀ।
ਐਸੀ ਦਸ਼ਾ ਜਬ ਭਈ ਇਹ ਕੀ, ਤਬ ਮਾਇ ਭੂਮਾਸੁਰ ਕੀ ਸੁਨਿ ਧਾਈ॥
ਭੂਮ ਕੇ ਊਪਰ ਝੂਮ ਗਿਰੀ, ਸੁਧ ਬਸਤ੍ਰਨ ਕੀ ਚਿਤ ਤੇ ਬਿਸਰਾਈ॥
ਪਾਇਂ ਨ ਡਾਰਤ ਭੀ ਪਨੀਆ ਸੁ, ਉਤਾਵਲ ਸੌ ਚਲਿ ਸ੍ਯਾਮ ਪੈ ਆਈ॥
ਦੇਖਤ ਰੀਝਤ ਸ੍ਯਾਮ ਕੋ ਰੀਝ ਰਹੀ, ਦੁਖ ਭੂਲ ਗਯੋ ਸੁ ਤੋ ਕੀਨ ਬਡਾਈ॥2139॥
(ਪੰਨਾ 525)
ਕ੍ਰਿਸ਼ਨ ਜੀ ਵਲੋਂ ਰਾਣੀ ਦੇ ਸੱਤ ਪੁੱਤਰਾਂ ਅਤੇ ਰਾਣੀ ਦੇ ਪਤੀ ਭੂਮਾਸੁਰ ਨੂੰ ਮਾਰ ਦੇਣ ਪਿੱਛੋਂ ਕਵੀ ਸ਼੍ਯਾਮ ਦਾ ਇਹ ਲਿਖਣਾ ਕਿ ਰਾਣੀ ਕ੍ਰਿਸ਼ਨ ਜੀ ਨੂੰ ਦੇਖਦਿਆਂ ਹੀ ਉਹਨਾਂ ਤੇ ਰੀਝ ਗਈ ਬਹੁਤ ਹੀ ਗ਼ੈਰ–ਕੁਦਰਤੀ ਤੇ ਕੁਹਝਾ ਜਿਹਾ ਲਗਦਾ ਹੈ। ਰਾਣੀ ਵਲੋਂ ਬਸਤ੍ਰ–ਹੀਣ ਹੋ ਕੇ ਧਰਤੀ ਤੇ ਪੈ ਜਾਣ ਦੀ ਗੱਲ ਵੀ ਕਹਾਣੀ ਦੇ ਜ਼ਾਇਕੇ ਨੂੰ ਬਹੁਤ ਜ਼ਿਆਦਾ ਖ਼ਰਾਬ ਕਰਦੀ ਹੈ ਅਤੇ ਅਵਤਾਰ ਜੀ ਦੀ ਵੀ ਹੇਠੀ ਕਰਦੀ ਹੈ। ਇਹ ਪ੍ਰਸੰਗ ਅਵਤਾਰ ਜੀ ਲਈ ਸ਼ਰਧਾ ਪੈਦਾ ਕਰਨ ਦੀ ਥਾਂ ਨਫ਼ਰਤ ਨੂੰ ਹੀ ਵਧਾਉਂਦਾ ਹੈ।


24/07/16)
ਦਲੇਰ ਸਿੰਘ ਜੋਸ਼

ਸੈਣ ਸ਼ਬਦ ਦੀ ਸਮੀਖਿਆ
ਸ਼ਬਦਾਂ ਦੀ ਖਾਣ ਵਿੱਚੋ ਅੱਜ ਸੈਣ ਰੂਪੀ ਹੀਰਾ ਨਦਰੀ ਪਿਆ। ਜੋ ਬਹੁਤ ਡਲਕਾਂ ਮਾਰ ਰਿਹਾ ਸੀ। ਮਨ ਕੀਤਾ ਇਸ ਨਗੀਨੇ ਦੀ ਚੱਮਕ ਦੱਮਕ ਰਾਹੀ ਪਾਠਕ ਸਜਣਾਂ ਨੂੰ ਰੁਸ਼ਨਾਇਆ ਜਾਏ। ਇਸਦੀ ਖੂਬਸੂਰਤੀ ਇਸਦੀ ਕੀਮਤ ਸਿਆਣੇ ਤੇ ਸੁਲਝੇ ਪਾਠਕ ਆਪ ਹੀ ਪਾ ਲੈਣਗੇ। ਮਹਾਨ ਕੋਸ਼ ਦੇ ਅਧਾਰ ਤੇ ਸੈਣ ਸ਼ਬਦ ਦੇ ਅਰਥ ਪਤੀ, ਮਾਲਕ, ਸੁਆਮੀ ਸੌਣਾ ਸੈਨਾ ਜਾਂ ਫੌਜ, ਸਿੰਧੀ ਬੋਲੀ ਵਿੱਚ ਕੁੜਮ ਨੂੰ ਭੀ ਸੈਣ ਕਿਹਾ ਜਾਂਦਾ ਹੈ। ਸੈਨ ਇੱਕ ਭਗਤ ਦਾ ਭੀ ਨਾਮ ਹੈ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹੈ।
ਗੁਰਬਾਣੀ ਅੰਦਰ ਇਹ ਸ਼ਬਦ ਕੁੱਝ ਕੁ ਥਾਵਾਂ ਤੇ ਹੀ ਆਇਆ ਹੈ। ਪਰਮਾਤਮਾ ਪ੍ਰਤੀ ਆਇਆ ਸ਼ਬਦ:-
(੧) ਜਨਮ ਜਨਮ ਕਾ ਵਿਛੁੜਿਆ ਹਰਿ ਮੇਲਹੁ ਸਜਣੁ ਸੈਣ।। ਮਾਝ ਮ: ੫।। ਪੰਨਾਂ ੧੩੬।।
ਹੇ ਸਤਿਗੁਰੂ ਮੈਨੂੰ ਸਜਣ ਪ੍ਰਭੂ ਮਿਲਾਦੇ ਮੇਰਾ ਮਨ ਕਈ ਜਨਮਾਂ ਦਾ ਉਸ ਤੋਂ ਵਿਛੁੜਿਆ ਹੋਇਆ ਹੈ।
(2) ਸਤਸੰਗੀਆਂ ਵਾਸਤੇ:-
ਸਾਜਨ ਸੈਣ ਮਿਲਹੁ ਸੰਜੋਗੀ ਗੁਰ ਮਿਲ ਖੋਲੇ ਫਾਸੇ।। ਵਡਹੂਸ ਮ: ੧।। ਪੰਨਾਂ ੫੮੧।।
ਹੇ ਸੱਜਣ ਮਿਤ੍ਰ ਸਤਸੰਗੀਓ ਸਤਸੰਗ ਵਿੱਚ ਰਲ ਬੈਠੋ। ਜਿਹੜੇ ਬੰਦੇ ਸਤਸੰਗ ਵਿੱਚ ਆਏ ਹਨ ਉਹਨਾਂ ਨੇ ਗੁਰੂ ਨੂੰ ਮਿਲ ਕੇ ਮਾਇਆ ਦੇ ਮੋਹ ਦੇ ਫਾਹੇ ਵੱਢ ਲਏ ਹਨ।।
(3) ਸਜਣਾਂ ਮਿਤਰਾਂ ਅਤੇ ਭਲੇ ਲੋਕਾਂ ਵਾਸਤੇ:-
ਸੇ ਸੈਣ ਸੇ ਸਜਣਾ ਜਿ ਗੁਰਮੁਖਿ ਮਿਲਹਿ ਸੁਭਾਇ।। ਮ: ੩ਵਾਰ ਸੋਰਠਿ।। ਪੰਨਾਂ ੬੪੩।।
(4) ਭਗਤਾਂ ਵਾਸਤੇ:-
ਜੋ ਜੋ ਮਿਲੈ ਸਾਧੂ ਜਨ ਸੰਗਤਿ, ਧਨੁ ਧੰਨਾ ਜਟੁ ਸੈਣ ਮਿਲਿਆ ਹਰਿ ਦਇਆ।। ਬਿਲਾਵਲ ਮ: ੪।। ਪੰਨਾਂ ੮੩੫।।
ਧੰਨਾ ਜਟ, ਸੈਣ (ਨਾਈ) ਜਿਹੜਾ ਜਿਹੜਾ ਭੀ ਸੰਤ ਜਨਾਂ ਦੀ ਸੰਗਤ ਵਿੱਚ ਮਿਲਦਾ ਆਇਆ ਹੈ, ਉਹ ਭਾਗਾਂ ਵਾਲਾ ਬਣਦਾ ਗਿਆ ਹੈ, ਉਹ ਦਇਆ ਦੇ ਸੋਮੇ ਪਰਮਾਤਮਾ ਨੂੰ ਮਿਲ ਪਿਆ।
(5) ਸੌਣ ਵੱਸਣ ਦੇ ਅਰਥਾਂ ਵਿੱਚ:-
ਸੁੰਦਰ ਮੰਦਰ ਸੈਣਹ ਜੇਣ ਮਧ੍ਹ ਹਰਿ ਕੀਰਤਨਹ।। ਗਾਥਾ ਮ: ੫।। ਪੰਨਾਂ ੧੩੬੦।।
ਉਹਨਾਂ ਘਰਾਂ ਵਿੱਚ ਵੱਸਣਾ ਹੀ ਸੁਹਾਵਣਾ ਹੈ ਜਿਨ੍ਹਾਂ ਵਿੱਚ ਪਰਮਾਤਮਾ ਦੀ ਸਿਫਤੌ ਸਾਲਾਹ ਹੁੰਦੀ ਹੋਵੇ।
ਇਥੇ ਸੈਣ ਦੇ ਨਾਲ ਹਾਹਾ ਅੱਖਰ ਆਇਆ ਹੈ, ਇਸ ਲਈ ਸਬਦ ਦਾ ਰੂਪ ਬਦਲ ਗਿਆ ਹੈ। ਵੈਸੇ ਸੈਣ ਸਬਦ ਅਤੇ ਸੈਣਹ ਇਹ ਅਲੱਗ ਅਲੱਗ ਸ਼ਬਦ ਹਨ ਜੀ।
(6) ਸੈਨ ਭਗਤ ਦੇ ਵਾਸਤੇ:-
ਸੈਨ ਭਗਤ ਨਾਈ ਬਰਾਦਰੀ ਨਾਲ ਸਬੰਧ ਰਖਦਾ ਸੀ।। ਜੋ ਬਾਂਧਵਗੜ ਦੇ ਰਾਜੇ, ਰਾਜਾ ਰਾਮ ਦਾ ਦਰਬਾਰੀ ਨਾਈ ਸੀ, ਹੈ ਸੀ ਪ੍ਰਭੂ ਪ੍ਰੇਮੀ ਇਨਸਾਨ। ਬੰਦਗੀ ਦੇ ਰਾਹ ਤੇ ਚੱਲਨ ਵਾਲਾ। ਜਿਨ੍ਹਾਂ ਦੇ ਮਨ ਵਿੱਚ ਭਗਤ ਕਬੀਰ ਜੀ ਦੇ ਜੀਵਨ ਤੋਂ ਹੀ ਪ੍ਰੇਰਤ ਹੋ ਕੇ ਬੰਦਗੀ ਮਾਰਗ ਅਪਣਾਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਭੀ ਇਸ ਗੱਲ ਦੀ ਗਵਾਹੀ ਅਪਣੀਆਂ ਰਚਨਾਂਵਾ ਵਿੱਚ ਭਰੀ ਹੈ। ਜੋ ਜਿਕਰ ਕਰਦੇ ਹਨ।
ਸੁਣ ਪਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ।।
ਜਿਸਨੇ ਭਗਤ ਰਾਮਾਨੰਦ ਜੀ ਤੋਂ ਹੀ ਭਗਤੀ ਮਾਰਗ ਦਾ ਰਾਹ ਅਪਣਾਉਨ ਲਈ ਸੇਧ ਪਰਾਪਤ ਕੀਤੀ। ਅਪਣੀ ਗ੍ਰਿਸਤੀ ਜਿਦੰਗੀ ਦੇ ਨਿਰਬਾਹ ਲਈ ਰੀਵਾ ਰਿਆਸਤ ਦੇ ਰਾਜੇ, ਰਾਜਾ ਰਾਮ ਦੇ ਦਰਬਾਰ ਵਿੱਚ ਉਸਦੀ ਸੇਵਾ ਕਰਿਆ ਕਰਦੇ ਸਨ। ਜਿਨ੍ਹਾਂ ਦੇ ਘੱਰ ਇੱਕ ਦਿਨ ਸ਼ਾਮ ਸਮੇ ਕੁੱਝ ਸਤਸੰਗੀ ਲੋਕ ਆ ਗਏ ਤੇ ਸਾਰੀ ਰਾਤ ਮਾਲਕ ਪ੍ਰਭੂ ਦੇ ਗੁਣ ਗਾਦਿਆਂ ਹੀ ਬਤੀਤ ਹੋ ਗਈ, ਤੇ ਸਵੇਰੇ ਸਮੇ ਸਿਰ ਰਾਜੇ ਦੇ ਦਰਬਾਰ ਵਿੱਚ ਸੇਵਾ ਵਾਸਤੇ ਤੇ ਨਾ ਜਾ ਸਕੇ। ਥੋੜੇ ਸਮੇ ਬਾਅਦ ਜਿਸ ਵਕਤ ਸੈਨ ਜੀ ਸੇਵਾ ਵਾਸਤੇ ਰਾਜੇ ਕੋਲ ਪਹੁੰਚੇ ਤਾਂ ਰਾਜਾ ਉਠ ਕੇ ਖੜਾ ਹੋ ਗਿਆ ਕਿ ਹੇ ਸੈਨ ਜੋ ਅੱਜ ਆਪ ਨੇ ਸੇਵਾ ਕੀਤੀ ਹੈ ਮੇਰਾ ਮਨ ਜਿਤ ਲਿਆ ਹੈ। ਲੈ ਮੈ ਅਪਣੀ ਕੀਮਤੀ ਪੁਸ਼ਾਕ, ਆਪ ਨੂੰ ਪਹਿਣਨ ਲਈ ਦੇਦਾਂ ਹਾਂ। ਗੁਰੂ ਰਾਮਦਾਸ ਜੀ ਜੋ ਵਾਹਿਗੁਰੂ ਜੀ ਦੇ ਸੁਭਾਅ ਸਬੰਧੀ ਇੱਕ ਛੰਤ ਵਿੱਚ ਕਿਤਨਾਂ ਸੋਹਣਾ ਬਿਆਨ ਕਰਦੇ ਹਨ ਬਿਲਕੁਲ ਉਸੇ ਤਰ੍ਹਾਂ ਹੀ ਵਾਹਿਗੁਰੂ ਜੀ ਨੇ ਅਪਣੇ ਭਗਤ ਦੀ ਲਾਜ ਰੱਖ ਲਈ।।
ਹਰਿ ਜੁਗਿ ਜੁਗਿ ਭਗਤੁ ਉਪਾਇਆ ਪੈਜ ਰਖਦੇ ਆਇਆ ਰਾਮ ਰਾਜੇ।।
ਭਾਈ ਗੁਰਦਾਸ ਜੀ ਨੇ ਜੋ ਭਗਤ ਸੈਨ ਜੀ ਦੇ ਜੀਵਨ ਸਬੰਧੀ ਆਪਣੀ ਰਚਨਾਂ, ਵਾਰਾ ਵਿੱਚ ਪਾਉੜੀ ਲਿਖੀ ਹੈ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ।
ਸੁਣਿ ਪਰਤਾਪ ਕਬੀਰ ਦਾ ਦੂਜਾ ਸਿਖ ਹੋਆ ਸੈਣੁ ਨਾਈ।
ਪ੍ਰੇਮਿ ਭਗਤ ਰਾਤੀ ਕਰੈ ਭਲਕੈ ਰਾਜ ਦੁਆਰੈ ਜਾਈ।
ਆਏ ਸੰਤ ਪਰਾਹੁਣੇ ਕੀਰਤਨ ਹੋਆ ਰੈਣ ਸਬਾਈ
ਛਡਿ ਨਾ ਸਕੈ ਸਾਧ ਜਨ ਰਾਜਿ ਦੁਆਰਿ ਨਾ ਸੇਵ ਕਮਾਈ।
ਸੈਣਿ ਰੂਪ ਹਰਿ ਜਾਇ ਕੈ ਆਇਆ ਰਾਣੇ ਨੂੰ ਰੀਝਾਈ।
ਸਾਧ ਜਨਾਂ ਨੂੰ ਵਿਦਾ ਕਰਿ ਰਾਜ ਦੁਆਰ ਗਇਆਂ ਸਰਮਾਈ।
ਰਾਣੈ ਦੂਰਹੁੰ ਸੱਦ ਕੈ ਗਲਹੁੰ ਕਵਾਇ ਖੋਲਿ ਪੈਨ੍ਹਾਈ।
ਵੱਸ ਕੀਤਾ ਹਉਂ ਤੁਧ ਅੱਜ ਬੋਲੇ ਰਾਜਾ ਸੁਣੇ ਲੁਕਾਈ।
ਪਰਗਟ ਕਰੈ ਭਗਤ ਵਡਿਆਈ।। ਵਾਰ ੧੦। ਪਾਉੜੀ ੧੬।।
ਭਗਤ ਸੈਣ ਜੀ ਬਾਰੇ ਗੁਰੂ ਅਰਜਨ ਦੇਵ ਜੀ ਰਾਗ ਆਸਾ ਵਿੱਚ ਅਪਣੇ ਇੱਕ ਸ਼ਬਦ ਵਿੱਚ ਇਉਂ ਬਿਆਨ ਕਰਦੇ ਹਨ।
ਸੈਨੁ ਨਾਈ ਬੁਤਕਾਰੀਆ ਓੁਹ ਘਰਿ ਘਰਿ ਸੁਣਿਆ।।
ਹਿਰਦੇ ਵਸਿਆ ਪਾਰਬ੍ਰਹਮ ਭਗਤਾਂ ਮਹਿ ਗਨਿਆ।। ਆਸਾ ਮ: ੫।। ਪੰਨਾਂ ੪੮੭।।
ਭਗਤ ਸੈਣ ਜੀ ਦਾਂ ਅਪਣਾ ਭੀ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਗ ਧਨਾਸਰੀ ਵਿੱਚ ਦਰਜ਼ ਹੈ।
ਸ੍ਰੀ ਸੈਣੁ
ਧੂਪ ਦੀਪ ਘ੍ਰਿਤ ਸਾਜ ਆਰਤੀ।।
ਵਾਰਨੇ ਜਾਉ ਕਮਲਾਪਤੀ।। ੧।।
ਮੰਗਲਾ ਹਰਿ ਮੰਗਲਾ ਨਿਤ ਮੰਗਲ ਰਜਾ ਰਾਮ ਰਾਇ ਕੋ।। ਰਹਾਉ।।
ਊਤਮ ਦੀਆ ਨਿਰਮਲ ਬਾਤੀ।।
ਤੁਹੀਂ ਨਿਰੰਜਨੁ ਕਮਲਾਪਾਤੀ।। ੨।।
ਰਾਮਾ ਭਗਤਿ ਰਾਮਾਨੰਦੁ ਜਾਨੈ।। ਪੂਰਨ ਪਰਮਾਨੰਦੁ ਬਖਾਨੈ।। ੩।।
ਮਦਨ ਮੂਰਤਿ ਭੈ ਤਾਰਿ ਗੋਬਿੰਦੇ।।
ਸੈਨੁ ਭਣੈ ਭਜੁ ਪਰਮਾਨੰਦੇ।। ੪।।

ਸੈਨ ਜਾਂ ਸੈਣ ਸ਼ਬਦ ਦੇ ਸਬੰਧ ਵਿੱਚ ਇਤਨੀ ਸੇਵਾ ਪਰਵਾਨ ਕਰ ਲੈਣੀ ਜੀ। ਪਰਕਰਣ ਲਿਖਿਆ ੨੨ ਜੁਲਾਈ ੨੦੧੬ ਗੁ: ਪਲੈਕ ਵਾਲਸਾਲ ਯੂ ਕੇ
***************************
ਸੈ ਸ਼ਬਦ ਦੀ ਸਮੀਖਿਆ
ਬਾਗ ਵਿੱਚ ਗਿਆ ਮਾਲੀ ਸੋਚਦਾ ਹੈ ਕਿ ਅੱਜ ਮੈ ਅਪਣੇ ਮਾਲਕ ਲਈ ਕਿਹੜੇ ਫੁਲਾਂ ਦਾ ਹਾਰ ਪਰੋਵਾਂ। ਕੱਲ ਜੋ ਹਾਰ ਗੇਦੇਂ ਦੇ ਫੁਲਾਂ ਦਾ ਬਣਾਇਆ ਸੀ ਰਾਜ਼ਾ ਜੀ ਦੇ ਮਨ ਨੂੰ ਸੋਹਣਾ ਭਾ ਗਿਆ ਸੀ। ਉਸਦੀ ਖੁਸ਼ੀ ਹੀ ਤਾਂ ਮੈਂ ਲੈਣੀ ਹੈ। ਜੇ ਮੇਰਾ ਸਾਹਿਬ ਖੁਸ਼ ਤਾ ਸਾਰੇ ਖੁਸ਼। ਉਹ ਪ੍ਰਸੰਨ ਹੋ ਜਾਵੇ ਤਾਂ ਸਾਰੇ ਪ੍ਰਸੰਨ ਹੋ ਜਾਣਗੇ। ਤਾਂ ਮਾਲੀ ਕਦੇ ਗੁਲਾਬ ਦੇ ਫੁਲ ਗੁੰਦ ਕੇ ਲੈ ਜਾਂਦਾ ਹੈ ਕਦੇ ਕਲੀਆਂ ਤੇ ਕਦੇ ਚਮੇਲੀ ਦੀਆਂ ਲੜੀਆਂ। ਕਿਉਕਿ ਉਸਨੇ ਅਪਣੇ ਮਾਲਕ ਦੀ ਖੁਸ਼ੀ ਪਰਾਪਤ ਕਰਨੀ ਹੈ। ਮੇਰੇ ਮਨ ਦੀ ਭੀ ਇਹੋ ਹੀ ਭਾਵਨਾ ਹੁੰਦੀ ਹੈ ਕਿ ਅੱਜ ਸ਼ਬਦ ਸਮੀਖਿਆ ਦੇ ਪਾਠਕਾਂ ਲਈ ਸ਼ਬਦਾਂ ਕਿਹੜਾ ਫੁਲ ਗੁੰਦਿਆ ਜਏ। ਸੋ ਅੱਜ ਅਸੀ ਸੈ ਸ਼ਬਦ ਦੇ ਸਬੰਧ ਵਿੱਚ ਕੁਖ ਵਿਚਾਰ ਵਿਚਾਰਾਂਗੇ।
ਆਮ ਕਰਕੇ ਇਹ ਸ਼ਬਦ ਸੈਂਕੜੈ% ਦੇ ਅਰਥਾਂ ਵਿੱਚ ਬੋਲਿਆ ਅਤੇ ਸੁਣਿਆ ਜਾਂਦਾ ਹੈ। ਜਦੋਂ ਸ ਦੇ ਪੈਰ ਵਿੱਚ ਬਿੰਦੀ ਲੱਗ ਜਾਂਦੀ ਹੈ ਤਾਂ ਇਸਦਾ ਅਰਥ ਕੋਈ ਵਸਤੂ ਬਣ ਜਾਂਦੀ ਹੈ ਤੇ ਉਚਾਰਨ ਸ਼ੈ ਹੋ ਜਾਂਦਾ ਹੈ ਕਿਉਕਿ ਸਾਡੇ ਵਿੱਚ ਐਸੇ ਭੀ ਕੁੱਝ ਹਨ ਜੋ ਸੱਸੇ ਨੂੰ ਸ਼ਸ਼ਾ ਹੀ ਬੋਲੀ ਜਾਂਦੇ ਹਨ। ਜਿਵੇ ਸ਼ਬਦ ਤਾਂ ਸਾਧ ਸੰਗਤ ਹੈ। ਕਥਾ ਵਿਚਾਰ ਕਰਦਿਆਂ ਐਵੇ ਹੀ ਸ਼ਰਬੱਤ (ਸਰਬਤ) ਸ਼ਾਧ ਸ਼ੰਗਤ ਜੀ ਇੱਕ ਵਾਰ ਬੋਲੋ ਜੀ ਵਾਹਿਗੁਰੂ।
ਗਿਣਤੀ ਵਾਚਕ ਜਿਥੇ ਇਸਦਾ ਅਰਥ ਬਣਦਾ ਹੈ ਉਹ ਕੁੱਝ ਪੰਕਤੀਆਂ ਇਸ ਪ੍ਰਕਾਰ ਹਨ ਜੀ।
(੧) ਭੀ ਉਠਿ ਰਚਿਓਨੁ ਵਾਦੁ ਸੈ ਵਰਿਆ ਕੀ ਪਿੜ ਬਧੀ।। ਮਾਝ ਦੀ ਵਾਰ।। ਪੰਨਾਂ ੧੪੬।।
ਨੀਂਦ ਵਿਚੋਂ ਉਠ ਕੇ ਬੰਦਾਂ ਮੁੜ ਜਗਤ ਦੇ ਧੰਧਿਆਂ ਵਿੱਚ ਲਗ ਜਾਂਦਾ ਹੈ, ਮਾਨੋ ਮਨੁਖ ਨੇ ਇਥੇ ਸੈਂਕੜੇ ਵਰ੍ਹੇ ਜੀਉਣ ਦਾ ਘੋਲ ਮਚਾਇਆ ਹੋਇਆ ਹੈ।
(੨) ਊਡੇ ਊਡਿ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਛਰਿਆ।। ਗੂਜਰੀ ਮ: ੫।। ਸੋ ਦਰ।।
ਹੇ ਮਨ ਵੇਖ ਕੂੰਜ ਉਡ ਉਡ ਕੇ ਸੈਂਕੜੇ ਕੋਹਾਂ ਤੇ ਆ ਜਾਂਦੀ ਹੈ, ਪਿਛੇ ਉਸਦੇ ਬੱਚੇ ਇਕਲੇ ਛੱਡੇ ਹੋਏ ਹੁੰਦੇ ਹਨ।
(੩) ਪੰਖੀ ਹੋਇ ਕੈ ਜੇ ਭਵਾ ਸੈ ਅਸਮਾਨੀ ਜਾਉ।। ਸਿਰੀ ਰਾਗ ਮ: ੧।। ਪੰਨਾਂ ੧੪।।
ਜੇ ਮੈ ਪੰਛੀ ਬਣ ਕੇ ਉੱਡ ਸਕਾਂ ਤੇ ਸੈਕੜੇ ਅਸਮਾਨਾਂ ਤੱਕ ਪਹੁੰਚ ਸਕਾਂ।।
(4) ਸੈ ਨੰਗੈ ਨਹ ਨੰਗ ਭੁਖੇ ਲਖ ਨ ਭੁਖਿਆ ਮਾਰੂ ਮ: ੫।। ਪੰਨਾਂ ੧੧੦੦।।
ਅੁਸ ਮਨੁਖ ਨੂੰ ਨੰਗ ਦੀ ਪਰਵਾਹ ਨਹੀ ਹੁੰਦੀ ਚਾਹੇ ਸੈਂਕੜੇ ਵਾਰੀ ਨੰਗਾਂ ਰਹਿਣਾ ਪਏ। ਉਸ ਨੂੰ ਭੁਖ ਨਹੀ ਚੇਭਦੀ ਚਾਹੇ ਲਖਾਂ ਵਾਰੀ ਭੁੱਖਾ ਰਹਿਣਾ ਪਏ।
“ਹੈ “ਦੇ ਅਰਥਾਂ ਵਿਚ:-
(੧) ਨਾਨਕੁ ਜਲ ਕੌ ਮੀਨ ਸੈ, ਥੇ, ਭਾਵੈ ਰਾਖੁਹੁ ਪ੍ਰੀਤਿ।। ਪ੍ਰਭਾਤੀ ਮ: ੧।। ਪੰਨਾਂ ੧੩੩੧।। ਹੇ ਪ੍ਰਭੂ ਜਿਵੇ ਮੱਛੀ ਵੱਧ ਤੋਂ ਵੱਧ ਪਾਣੀ ਨੀੰ ਤਾਂਘਦੀ ਹੈ, ਤਿਵੇਂ ਤੇਰਾ ਦਾਸ ਨਾਨਕ ਤੇਰੀ ਪ੍ਰੀਤ ਨੂੰ ਲੋੜਦਾ ਹੈ।। ਤੇਰੀ ਮਿਹਰ ਹੋਵੇ ਤਾਂ ਤੂੰ ਅਪਣਾ ਪਿਆਰ ਮੇਰੇ ਹਿਰਦੇ ਵਿੱਚ ਟਿਕਾਈ ਰਖੋ।
ਕਬੀਰ ਹੰਸ ਉਡਿਓ ਤਨੁ ਗਾਡਿਓ ਸੋਝਾਈ ਸੈ ਨਾਹ।। ਸਲੋਕ ਭਗਤ ਕਬੀਰ ਜੀ।। ਪੰਨਾਂ ੧੩੬੪।।
ਤੋਂ ਦੇ ਅਰਥਾਂ ਵਿੱਚ:-
ਨਰ ਸੈ ਨਾਰਿ ਹੋਇ ਅਉੇਤਰੈ।। ਗੋਂਡ ਭਗਤ ਨਾਮਦੇਵ ਜੀ।। ਪੰਨਾਂ ੮੭੪।।
ਉਹ ਜੀਵ ਮਨੁਖ ਤੋਂ ਇਸਤਰੀ ਬੱਣ ਕੇ ਜਨਮ ਲੈਦਾਂ ਹੈ।।
ਇਨੀ ਕੂ ਸੇਵਾ ਪ੍ਰਵਾਨ ਕਰਨੀ ਜੀ; ਪ੍ਰਕਰਣ ਲਿਖਿਆ ੨੧ ਜੁਲਾਈ ੨੦੧੬


24/07/16)
ਹਰਮਿੰਦਰ ਸਿੰਘ ਭੱਟ

ਪੰਜਾਬ ਵਿਚ ਵਗਦਾ ਨਸ਼ਿਆਂ ਦਾ ਦਰਿਆ
ਮੇਰੇ ਪੰਜਾਬ ਦੇ ਨੌਜਵਾਨ ਵੀਰਾ ਉੱਠ ਜਾਗ ਸੰਭਲ ਤੇ ਨਸ਼ੇ ਵਿਚ ਰੁੜ੍ਹ ਰਹੇ ਪੰਜਾਬ ਨੂੰ ਸੰਭਾਲ


ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ!
ਇਹ ਖ਼ਤ ਉਨ੍ਹਾਂ ਵੀਰਾਂ-ਭੈਣਾਂ ਦੇ ਨਾਂ ਜੋ ਨਸ਼ਿਆਂ ਵਿਚ ਆਪਣੀ ਕੀਮਤੀ ਜਵਾਨੀ ਰੋਲ ਰਹੇ ਹਨ


ਪੰਜਾਬ ਗੁਰੂਆਂ, ਪੀਰਾਂ, ਫ਼ਕੀਰਾਂ ਅਤੇ ਸੂਰਬੀਰਾਂ, ਸਾਹਿਤਕਾਰਾਂ ਦੀ ਪਾਵਨ ਪਵਿੱਤਰ ਧਰਤੀ ਹੈ, ਪੰਜਾਬ ਦੀ ਧਰਤੀ ਨੇ ਅਨੇਕਾਂ ਹੀ ਪੂਜਨੀਕ ਅਤੇ ਆਪਣੀ ਕਾਬਲੀਅਤ ਭਰੇ ਗੁਣਾਂ ਰਾਹੀ ਅੰਬਰਾਂ ਨੂੰ ਛੂਹਣ ਵਾਲੀਆਂ ਸ਼ਖ਼ਸੀਅਤਾਂ ਪੈਦਾ ਕੀਤੀਆਂ ਹਨ। ਪਰ ਅਫ਼ਸੋਸ ਤਾਂ ਇਸ ਗੱਲ ਦਾ ਹੈ ਕਿ ਦਿਨ ਪਰ ਦਿਨ ਵੱਧ ਰਹੇ ਕਲਯੁਗ ਵਿਚ..... ਕੀ ਪੰਜਾਬ ਦੀ ਧਰਤੀ ਨੇ ਨਸ਼ੇੜੀ ਨੌਜਵਾਨ ਪੈਦਾ ਕਰਨੇ ਸ਼ੁਰੂ ਕਰ ਦਿੱਤੇ ਹਨ?।
ਪੰਜਾਬ ਜਿਸ ਦੇ ਹਰ ਜਰੇ ਵਿਚੋਂ ਬਾਬੇ ਨਾਨਕ (ਰੱਬੀ ਜੋਤਾਂ), ਕਬੀਰ ਤੇ ਫਰੀਦ ਵਰਗੇ ਫ਼ਕੀਰ ਪੈਦਾ ਹੋਏ ਜਿਨ੍ਹਾਂ ਨੇ ਸਿਰਫ਼ ਤੇ ਸਿਰਫ਼ ਪ੍ਰਮਾਤਮਾ ਦੇ ਨਾਮ ਦਾ ਨਸ਼ਾ ਕੀਤਾ ਤੇ ਬਾਕੀ ਨਸ਼ਿਆਂ ਨੂੰ ਸਿੱਖਿਆਵਾਂ ਵਿਚ ਵਰਜਿਆ।ਪੰਜਾਬ ਦੇ ਕਣ-ਕਣ ਨੇ ਭਾਰਤ ਦੇ ਮਿਹਨਤੀ ਦੁੱਲੇ ਪੈਦਾ ਕੀਤੇ।ਪਰ ਅੱਜ ਇਹੀ ਪੰਜਾਬ ਦੀ ਧਰਤੀ ਨਸ਼ਿਆਂ ਦੇ ਹੜ੍ਹ ਵਿਚ ਰੁੜ੍ਹ ਰਹੀ ਹੈ। ਕੁਰਕੁਸੇਤਰ ਵਿਚ ਜਿੱਥੇ ਮਹਾਂਭਾਰਤ ਦਾ ਯੁੱਧ ਹੋਇਆ ਸੀ ਅੱਜ ਵੀ ਉੱਥੇ 100 ਕਿੱਲੋਮੀਟਰ ਦੀ ਹੱਦ ਤੱਕ ਕੋਈ ਵੀ ਸ਼ਰਾਬ ਦਾ ਠੇਕਾ ਨਹੀਂ। ਮੱਕੇ ਮਦੀਨੇ ਦੇ ਆਸ ਪਾਸ ਵੀ ਕੋਈ ਸ਼ਰਾਬ ਦਾ ਠੇਕਾ ਨਹੀ ਦੱਸਿਆ ਜਾਂਦਾ।ਹਰਿਦੁਆਰ ਅਤੇ ਰਿਸ਼ੀ ਕੇਸ ਸ਼ਹਿਰਾਂ ਵਿਚ ਵੀ ਕੋਈ ਠੇਕਾ ਨਹੀਂ ਜੇਕਰ ਸ਼ਰਾਬ ਕਿਸੇ ਕੋਲ ਫੜੀ ਜਾਏ ਤਾਂ ਕਾਨੂੰਨ ਜੁਰਮ ਹੈ ਪਰ ਫਿਰ ਕਿਉਂ ਸਰਬ ਧਰਮਾਂ ਦੇ ਸਾਂਝੇ ਧਾਰਮਿਕ ਅਸਥਾਨ ਅੰਮ੍ਰਿਤਸਰ ਵਿਖੇ ਸ੍ਰੀ ਹਰਮਿੰਦਰ ਸਾਹਿਬ ਵਿਚ ਕੋਈ ਹੱਦ ਬੰਨ੍ਹ ਨਹੀਂ ਕਿ ਇਹ ਸਾਡਾ ਧਾਰਮਿਕ ਅਸਥਾਨ ਨਹੀਂ? ਕੀ ਸਾਡੇ ਥਾਂ-ਥਾਂ ਬਣਾਏ ਗੁਰਦੁਆਰਿਆਂ ਦੀ ਕਈ ਮਾਣ ਮਰਯਾਦਾ ਨਹੀਂ? ਕੀ ਉਸ ਪ੍ਰਭੂ ਦੇ ਬਣਾਏ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਕੋਈ ਮਾਣ ਮਰਯਾਦਾ ਨਹੀਂ?...........ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਉਸ ਪ੍ਰਭੂ ਦੇ ਬਣਾਏ ਹਰੀ ਰੂਪ ਕਾਇਆ ਨੂੰ ਸ਼ਰਾਬ ਤੇ ਹੋਰ ਨਸ਼ਿਆਂ ਰਾਹੀ ਗੰਦਾ ਕਰੀ ਜਾਣਾ ਨਿਰੰਤਰ ਜਾਰੀ ਹੈ ।

ਨਸ਼ਾ ਹੁਣ ਸਿਰਫ਼ ਪਿੰਡਾਂ ਦੇ ਅਨਪੜ੍ਹਾਂ ਤੱਕ ਹੀ ਸੀਮਤ ਨਹੀਂ ਬਲਕਿ ਇਹ ਪੜ੍ਹੀ ਲਿਖੀ ਨੌਜਵਾਨ ਪੀੜੀ ਤੱਕ ਆਪਣੀਆਂ ਜੜਾਂ ਫੈਲਾ ਚੁੱਕਾ ਹੈ। ਸਿੱਖਿਆ ਦੇ ਮੰਦਰ ਕਹੇ ਜਾਣ ਵਾਲੇ ਸਕੂਲਾਂ ਤੱਕ ਫੈਲ ਚੁੱਕਿਆ ਹੈ। ਪੰਜਾਬ ਦਾ ਮਿਹਨਤੀ ਵਰਗ ਵੀ ਇਸ ਦੇ ਸੇਵਨ ਤੋਂ ਵਾਂਝਾ ਨਹੀਂ।ਕਿਉਂਕਿ ਹੁਣ ਪੰਜਾਬ ਦੇ ਹਰ ਪਿੰਡ ਵਿਚ ਇੱਕ ਠੇਕਾ ਸ਼ੁਰੂ ਵਿਚ ਤੇ ਇੱਕ ਅੰਤ ਵਿਚ ਹੋਰ ਵਾਧਾ ਕਰਦੇ ਜਾ ਰਹੇ ਹਨ ਭਾਵੇਂ ਇਹ ਸ਼ਰਾਬ ਜਾਨਲੇਵਾ ਕਿਉਂ ਨ ਹੋਵੇ ਇਸ ਦੀ ਕਿਸੇ ਨੂੰ ਕੋਈ ਪ੍ਰਵਾਹ ਨਹੀਂ। ਰਿਸੀ ਮੁਨੀ ਆਖਦੇ ਸਨ ਕਿ ਪੰਜਾਬ ਵਿਚ ਦੁੱਧ ਤੇ ਦਹੀਂ ਦੀਆਂ ਨਦੀਆਂ ਚੱਲਦੀਆਂ ਹਨ।ਪਰ ਅਜੋਕੇ ਸਮੇਂ ਪੰਜਾਬ ਵਿਚ ਦੁੱਧ ਦੀ ਥਾਂ ਸ਼ਰਾਬ ਨੇ ਲੈ ਲਈ ਹੈ ।ਪਹਿਲਾਂ-ਪਹਿਲਾਂ ਸੌਂਕ-ਸੌਂਕ ਵਿਚ ਨੌਜਵਾਨ ਇਸ ਨੂੰ ਵਿਆਹ ਸ਼ਾਦੀਆਂ ਤੇ ਪਾਰਟੀਆਂ ਤੇ ਲੈਂਦੇ ਸਨ ਪਰ ਹੋਲੀ-ਹੋਲੀ ਇਹ ਇਹਨਾਂ ਦੇ ਹੱਡੀ ਰਚ ਜਾਂਦੀ ਹੈ ਜੋ ਕਿ ਹੋ ਗਈ ਹੈ ਜਿਸ ਦੀ ਕੀਮਤ ਇਹ ਆਪਣੇ ਘਰ ਬਾਰ ਬੀਬੀ ਬੱਚੇ ਤੇ ਇੱਜ਼ਤ ਗੁਆ ਕੇ ਚੁਕਾਉਂਦੇ ਹਨ।
ਭੁੱਕੀ ਅਫ਼ੀਮ ਤੇ ਭੰਗ ਪੰਜਾਬ ਦਾ ਪੁਰਾਣਾ ਨਸ਼ਾ ਹਨ। ਪਹਿਲਾਂ ਤਾਂ ਇਹਨਾਂ ਦਾ ਵਪਾਰ ਸਿਰਫ਼ ਬੰਦੇ ਕਰਦੇ ਸਨ ਪਰ ਹੁਣ ਔਰਤਾਂ ਵੀ ਵਿਚ ਸ਼ਾਮਿਲ ਹਨ।
ਸਾਡੀ ਨੌਜਵਾਨ ਪੀੜੀ ਸੁਆਦ-ਸੁਆਦ ਤੇ ਹਵਾਖ਼ੋਰੀ ਵਿਚ ਇਸ ਦੀ ਆਦੀ ਹੋ ਜਾਂਦੀ ਹੈ ਤੇ ਤਰਸਯੋਗ ਹਾਲਾਤ ਉਦੋਂ ਪੈਦਾ ਹੁੰਦੇ ਹਨ ਜਦੋਂ ਅਮਲੀ ਆਪਣਾ ਅਮਲ ਪੂਰਾ ਕਰਨ ਲਈ ਘਰ ਦੇ ਭਾਂਡੇ ਤੱਕ ਵੇਚ ਦਿੰਦੇ ਹਨ ਅਤੇ ਉਹ ਨਸ਼ੇੜੀ ਮੂੰਹ ਤੋਂ ਮੱਖੀ ਉਡਾਉਣ ਦੇ ਕਾਬਿਲ ਨਹੀਂ ਰਹਿੰਦਾ।
ਹੁਣ ਗੱਲ ਕਰੀਏ ਮਹਿੰਗੇ ਨਸ਼ੇ ਜਿਵੇਂ ਚਿੱਟਾ, ਸਮੈਕ, ਫੇਨਸੀ, ਕੈਪਸੂਲ, ਗੋਲੀਆਂ, ਆਇਉਡੈਕਸ ਆਦਿ ।ਕਹਿੰਦੇ ਨੇ ਜਿਸ ਨੂੰ ਸਮੈਕ/ਚਿੱਟਾ ਦੀ ਆਦਤ ਪੈ ਜਾਵੇ ਉਸ ਤੇ ਹੋਰ ਕੋਈ ਨਸ਼ਾ ਕੰਮ ਨਹੀਂ ਕਰਦਾ।ਜਿਸ ਦੀ ਇੱਕ ਡੋਜ਼ 500 ਤੋਂ 1000 ਰੁ: ਤੱਕ ਦੀ ਹੈ।ਨੌਜਵਾਨ ਪੀੜੀ ਵਿਚ ਤਾਂ ਹੁਣ ਸੁਣਨ ਵਿਚ ਮਿਲ ਰਿਹਾ ਹੈ ਕਿ ਗੰਦੀਆਂ ਜੁਰਾਬਾਂ ਉਸ ਦਾ ਪਾਣੀ ਪੀਣਾ ਆਦਿ ਵਰਗੇ ਹੋਰ ਨਸ਼ੇ ਫ਼ੁਲ ਵਧ ਰਹੇ ਹਨ।ਇਹਨਾਂ ਤੋਂ ਇਲਾਵਾ ਹੋਰ ਵੀ ਕਈ ਨਸ਼ੇ ਮੈਡੀਕਲ, ਦੁਕਾਨਾਂ ਯੁਨਵਰਸਿਟੀਆ ਵਿਚ ਸਰ ਆਮ ਵਿਕ ਰਹੇ ਹਨ। ਕੀ ਇਹਨਾਂ ਨੂੰ ਨੱਥ ਪਾਉਣ ਵਾਲਾ ਕੋਈ ਨਹੀਂ ਹੈ? ਅਜਿਹੇ ਨਸ਼ਿਆਂ ਦੁਆਰਾ ਸਾਡਾ ਪੰਜਾਬੀ ਨੌਜਵਾਨ ਹਰ ਪੱਖ ਤੋਂ ਖ਼ਾਲੀ ਹੁੰਦਾ ਜਾ ਰਿਹਾ ਹੈ।
ਜੇਕਰ ਇਹੀ ਹਾਲ ਰਿਹਾ ਤਾਂ ਸਾਡਾ ਪੰਜਾਬ ਨਸ਼ਿਆਂ ਦੇ ਹੜ੍ਹ ਅੰਦਰ ਰੁੜ੍ਹ ਜਾਏਗਾ। ਹੋਰ ਹੜ੍ਹਾਂ ਦਾ ਤਾਂ ਨੁਕਸਾਨ ਅਸੀਂ ਪੂਰਾ ਕਰ ਸਕਦੇ ਹਾਂ।ਪਰ ਨਸ਼ੇ ਦੇ ਹੜ੍ਹ ਵਿਚ ਹੜਿ੍ਹਆ ਪੰਜਾਬ ਕਦੇ ਵੀ ਨਹੀਂ ਸੰਭਲ ਪਾਵੇਗਾ।
ਪੰਜਾਬ ਵਿਚ ਸਭ ਤੋਂ ਜ਼ਿਆਦਾ ਵਿੱਕਰੀ ਸ਼ਰਾਬ ਦੀ ਹੁੰਦੀ ਹੈ ਕਿਉਂਕਿ ਸਰਕਾਰ ਸ਼ਰਾਬ ਨੂੰ ਆਮਦਨ ਦਾ ਸਰੋਤ ਸਮਝਦੀ ਹੈ।ਪੰਜਾਬ ਨੂੰ ਨਸ਼ੇਖ਼ੋਰ ਬਣਾਉਣ ਵਿਚ ਸਭ ਤੋਂ ਵੱਧ ਹੱਥ ਸਾਡੇ ਲੀਡਰਾਂ ਦਾ ਹੈ।ਸਰਕਾਰ ਚਾਹੇ ਕੋਈ ਵੀ ਹੋਵੇ ਚੋਣਾਂ ਸਮੇਂ ਸ਼ਰਾਬ ਤੇ ਹੋਰ ਨਸ਼ੀਲੇ ਪਦਾਰਥਾਂ ਦਾ ਖੁੱਲ੍ਹਾਂ ਭੰਡਾਰਾਂ ਚੱਲਦਾ ਹੈ। ਜੋ ਪੰਜਾਬ ਨੂੰ ਅੰਦਰੋਂ ਅੰਦਰੀਂ ਹਰ ਪੱਖ ਤੋਂ ਕੰਗਾਲ ਕਰਦਾ ਜਾ ਰਿਹਾ ਹੈ।ਸਾਡਾ ਮੀਡੀਆ ਵੀ ਇਸ ਲਈ ਸਭ ਤੋਂ ਵੱਧ ਯੋਗਦਾਨ ਪਾਉਂਦਾ ਹੈ। ਕੋਈ ਨਾਟਕ, ਗੀਤ, ਅੇਡਵਰਟਾਇਜਮੈਂਟ ਹੋਵੇ ਚਾਰੇ ਪਾਸੇ ਸਿਰਫ਼ ਤੇ ਸਿਰਫ਼ ਨਸ਼ੇ ਤੇ ਹਥਿਆਰਾਂ ਬਾਰੇ ਹੀ ਚਰਚਾ ਹੁੰਦੀ ਹੈ। ਸਾਡੀ ਨੌਜਵਾਨ ਪੀੜੀ ਆਪਣੇ ਰੋਲ ਮਾਡਲ ਅਨੁਸਾਰ ਚੱਲਣ ਲਈ ਉਤਾਵਲੀ ਰਹਿੰਦੀ ਹੈ।
ਸੋ ਨੌਜਵਾਨ ਵੀਰੋ ਉੱਠੋ ਸੰਭਲੋ ਤੇ ਨਸ਼ੇ ਵਿਚ ਰੁੜ੍ਹ ਰਹੇ ਪੰਜਾਬ ਨੂੰ ਸੰਭਾਲੋ। ਨਸ਼ਾ ਕਰੋ, ਨਾਮ ਦਾ, ਕਿਰਤ ਦਾ।
ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਕਹੇ ਅਨੁਸਾਰ
ਨਾਮ ਜਪੋ, ਵੰਡ ਕੇ ਛਕੋ ਤੇ ਕਿਰਤ ਕਰੋ ਜਿਸ ਨਾਲ ਪੰਜਾਬ ਫਿਰ ਤੋਂ ਸੋਨੇ ਦੀ ਚਿੜੀ ਬਣ ਸਕੇ। ਕੰਗਾਲੀ ਦੇ ਰਾਹ ਪਏ ਪੰਜਾਬ ਨੂੰ ਸੰਭਾਲੋ ।
ਭੁੱਲ ਚੁੱਕ ਦੀ ਖਿਮਾ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ!ਹਰਮਿੰਦਰ ਸਿੰਘ ਭੱਟ
ਬਿਸਨਗੜ੍ਹ (ਬਈਏਵਾਲ)
ਸੰਗਰੂਰ
9914062205


24/07/16)
ਗਿ: ਸੰਤੋਖ ਸਿੰਘ

ਛੋਟਾ ਘੱਲੂਘਾਰਾ
ਸ੍ਰੀ ਗੁਰੂ ਅਰਜਨ ਦੇਵ ਜੂ ਸਦਾ ਕਰੈਂ ਕਲਿਆਨ॥
ਲਖਪਤ ਸਿੰਘਨ ਕੋ ਹਤੈ ਸੋ ਅਬ ਸੁਨੋ ਬਿਆਨ॥
ਇਸ ਛੋਟੇ ਘੱਲੂਘਾਰੇ ਦੇ ਵਾਪਰਨ ਦਾ ਪਿਛੋਕੜ: ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਦੀ ਮੌਤ ਪਿੱਛੋਂ ਉਸ ਦਾ ਪੁੱਤਰ ਬਿਜੈ ਖਾਨ ਲਾਹੌਰ ਦਾ ਸੂਬੇਦਾਰ ਬਣਿਆ ਤੇ ਉਸ ਨੇ ਆਪਣਾ ਦੀਵਾਨ ਲਖਪਤ ਰਾਇ ਨੂੰ ਬਣਾਇਆ। ਉਸ ਸਮੇ ਲਾਹੌਰ ਦਾ ਕੋਤਵਾਲ ਭਾਈ ਸੁਬੇਗ ਸਿੰਘ ਸੀ। ਇਸ ਸਮੇ ਦੌਰਾਨ ਕੁੱਝ ਦਿਨ ਠੀਕ ਰਹਿਣ ਪਿੱਛੋਂ ਲੱਖੂ ਨੇ ਸਿੱਖਾਂ ਉਪਰ ਜ਼ੁਲਮ ਕਰਨੇ ਸ਼ੁਰੂ ਕਰ ਦਿਤੇ। ਹੋਰ ਸਿੰਘਾਂ ਦੇ ਨਾਲ਼ ਭਾਈ ਸੁਬੇਗ ਸਿੰਘ ਤੇ ਸਾਬਾਸ਼ ਸਿੰਘ ਪਿਓ ਪੁਤਰ ਨੂੰ ਵੀ ਉਸ ਨੇ ਸ਼ਹੀਦ ਕਰਵਾ ਦਿਤਾ। ਇਹਨੀਂ ਦਿਨੀਂ ਕੁੱਝ ਸਿੰਘ ਬਿਪਤਾ ਦੇ ਮਾਰੇ ਫਿਰਦੇ ਫਿਰਾਂਦੇ, ਮਾਰਚ ੧੭੪੬ ਵਿਚ, ਵੈਸਾਖੀ ਤੋਂ ਇੱਕ ਦਿਨ ਪਹਿਲਾਂ ਏਮਨਾਬਾਦ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰੇ ਰੋੜੀ ਸਾਹਿਬ ਵਿਖੇ ਜਾ ਉਤਰੇ। ਸਿੰਘ ਲੰਗਰ ਤਿਆਰ ਕਰ ਰਹੇ ਸਨ। ਉਸ ਇਲਾਕੇ ਦਾ ਫੌਜਦਾਰ ਲੱਖੂ ਦਾ ਭਰਾ ਜਸਪਤ ਰਾਇ ਸੀ। ਉਹ ਹਾਥੀ ਉਪਰ ਸਵਾਰ ਹੋ ਕੇ, ਸੌ ਕੁ ਸਵਾਰ ਨਾਲ਼ ਲੈ ਕੇ ਸਿੰਘਾਂ ਨੂੰ ਓਥੋਂ ਉਠਾਉਣ ਵਾਸਤੇ ਆ ਗਿਆ। ਸਿੰਘਾਂ ਨੇ ਕਿਹਾ ਕਿ ਉਹ ਲੰਗਰ ਛਕ ਕੇ, ਰਾਤ ਰਹਿ ਕੇ ਤੇ ਅਗਲੇ ਦਿਨ ਵੈਸਾਖੀ ਦੇ ਪੁਰਬ ਤੇ, ਸਰੋਵਰ ਵਿਚੋਂ ਇਸ਼ਨਾਨ ਕਰਕੇ ਅੱਗੇ ਚਲੇ ਜਾਣਗੇ। ਜਸਪਤ ਨੇ ਆਕੜ ਨਾਲ਼ ਆਖਿਆ, “ਹੁਣੇ ਹੀ ਉਠੋ; ਨਹੀਂ ਤਾਂ ਮੈਂ ਜਬਰੀ ਉਠਾ ਦਿਆਂਗਾ। ਇੱਕ ਇਕ ਨੂੰ ਫੜ ਕੇ ਹੁੱਕੇ ਦਾ ਪਾਣੀ ਪਾ ਕੇ ਤੁਹਾਡੇ ਸਿਰ ਮੁੰਨਵਾਵਾਂਗਾ। “ਇਹ ਬੋਲੀ ਸਿੰਘਾਂ ਦੇ ਸੀਨੇ ਸਾੜ ਗਈ ਤੇ ਇਹ ਸੋਚ ਕੇ ਕਿ ਜੋ ਹੋਣਾ ਸੀ ਸੋ ਹੋ ਗਿਆ ਤੇ ‘ਅਕਾਲ ਅਕਾਲ’ ਕਰਦੇ ਹਮਲਾਵਰਾਂ ਨੂੰ ਪੈ ਗਏ। ਇੱਕ ਗੋਲ਼ੀ ਹਾਥੀ ਉਪਰ ਬੈਠੇ ਜੱਸੂ ਨੂੰ ਜਾ ਲੱਗੀ ਤੇ ਇੱਕ ਨਿਬਾਹੂ ਸਿੰਘ ਨਾਮੀ ਸਿੰਘ ਨੇ, ਹਾਥੀ ਦੀ ਪੂਛ ਫੜ ਕੇ ਹਾਥੀ ਦੇ ਉਪਰ ਚੜ੍ਹ ਕੇ, ਇਸ ਦਾ ਸਿਰ ਵਢ ਲਿਆ। ਜੱਸੂ ਦੇ ਸਾਥੀ ਉਸ ਦੀ ਲੋਥ ਲੈ ਕੇ ਦੌੜ ਗਏ ਤੇ ਸਿੰਘ ਉਹਨਾਂ ਦਾ ਪਿੱਛਾ ਕਰਦਿਆਂ ਏਮਨਾਬਾਦ ਨੂੰ ਜਾ ਪਏ। ਜੋ ਅੜਿਆ ਸੋ ਝਾੜ ਸੁੱਟਿਆ। ਅਜਿਹੇ ਸਮੇ ਮਾਵਾਂ ਨੇ ਪੁੱਤ ਨਾ ਸੰਭਾਲ਼ੇ ਤੇ ਜਿਧਰ ਕਿਸੇ ਦਾ ਮੂੰਹ ਆਇਆ ਓਧਰ ਨੂੰ ਭੱਜ ਤੁਰੇ। ਸਿੰਘਾਂ ਨੇ ਏਮਨਾਬਾਦ ਨੂੰ ਖੂਬ ਲੁੱਟਿਆ। ਜੱਸੂ ਦਾ ਸਿਰ ਸਿੰਘਾਂ ਪਾਸ ਸੀ ਤੇ ਇਸ ਕਰਕੇ ਲੋਥ ਦਾ ਸਸਕਾਰ ਨਹੀਂ ਸੀ ਹੋ ਰਿਹਾ। ਲੱਖੂ ਤੇ ਜੱਸੂ ਦੇ ਗੁਰੂ, ਗੁਸਾਈਂ ਜਗਤ ਭਗਤ ਨੇ ਵਿੱਚ ਪੈ ਕੇ, ਪੰਜ ਸੌ ਰੁਪਏ ਭੇਟਾ ਦੇ ਕੇ, ਸਿੰਘਾਂ ਪਾਸੋਂ ਜੱਸੂ ਦਾ ਸਿਰ ਲਿਆ ਤੇ ਉਸ ਦਾ ਸਸਕਾਰ ਕੀਤਾ।
ਇਸ ਪਿਛੋਕੜ ਵਿੱਚ ਅੱਗੋਂ ਘੱਲੂਘਾਰਾ ਜੋ ਵਰਤਿਆ, ਉਸ ਨੂੰ ਗਿਆਨੀ ਗਿਆਨ ਸਿੰਘ ਜੀ ਨੇ ਆਪਣੇ ਗ੍ਰੰਥ ‘ਪੰਥ ਪ੍ਰਕਾਸ਼’ ਦੇ ੭੮ਵੇਂ ਅਧਿਆਇ ਵਿੱਚ ਇਉਂ ਵਰਨਣ ਕੀਤਾ ਹੈ:
ਜਦੋਂ ਲਾਹੌਰ ਦਾ ਨਾਜ਼ਮ, ਖਾਨ ਬਹਾਦਰ ਜ਼ਕਰੀਆ ਖਾਨ ਮਰ ਗਿਆ ਤਾਂ ਉਸ ਦੇ ਚਾਰ ਪੁੱਤਰ ਸਨ: ਬਿਜੈ ਖਾਨ ਲਾਹੌਰ ਦਾ ਹਾਕਮ ਬਣਿਆ, ਇਜੇ ਖਾਨ ਦੁਆਬੇ ਦਾ ਅਤੇ ਸ਼ਾਹ ਨਵਾਜ ਮੁਲਤਾਨ ਦਾ ਮਾਲਕ ਬਣ ਗਿਆ। ਇਹਨਾਂ ਤਿੰਨਾਂ ਤੋਂ ਇਲਾਵਾ ਚੌਥਾ, ਯਾਹੀਆ ਖਾਨ ਰੁਹਤਾਸ ਵਿੱਚ ਰਿਹਾ।
ਜਦੋਂ ਸਿੰਘਾਂ ਨੇ ਏਮਨਾਬਾਦ ਦੇ ਫੌਜਦਾਰ ਜਸਪਤ ਰਾਇ (ਜੱਸੂ) ਨੂੰ ਮਾਰ ਕੇ ਏਮਨਾਬਾਦ ਲੁੱਟਿਆ, ਤਾਂ ਉਸ ਸਮੇ ਉਸ ਦਾ ਵੱਡਾ ਭਰਾ ਲਖਪਤ ਰਾਇ (ਲੱਖੂ), ਲਾਹੌਰ ਦੇ ਸੂਬੇਦਾਰ ਬਿਜੈ ਖਾਨ ਪਾਸ ਦੀਵਾਨ ਸੀ। ਇਸ ਨੇ ਲਾਹੌਰ ਦਰਬਾਰ ਵਿੱਚ ਆਪਣੀ ਪੱਗ ਲਾਹ ਕੇ ਸੁੱਟ ਦਿਤੀ ਤੇ ਕਸਮ ਖਾ ਕੇ ਆਖਿਆ, “ਜਿੰਨਾ ਚਿਰ ਮੈਂ ਸਿੰਘਾਂ ਦਾ ਬੀ ਨਾਸ ਨਹੀਂ ਕਰ ਲੈਂਦਾ ਓਨਾ ਚਿਰ ਮੈਂ ਆਪਣੀ ਪੱਗ ਸਿਰ ਤੇ ਨਹੀਂ ਰਖਾਂਗਾ। “ਇਹ ਸੁਣ ਕੇ ਸੂਬੇਦਾਰ ਬਿਜੈ ਖਾਨ ਨੇ ਖ਼ੁਸ਼ ਹੋ ਕੇ ਆਖਿਆ, “ਅਸੀਂ ਵੀ ਇਹੋ ਹੀ ਚਾਹੁੰਦੇ ਹਾਂ ਜੋ ਤੂੰ ਆਖਿਆ ਹੈ। ਜੋ ਸਹਾਇਤਾ ਚਾਹੀਦੀ ਹੈ ਲੈ ਤੇ ਸਿੰਘਾਂ ਦੀ ਜੜ੍ਹ ਪੁੱਟ ਸੁੱਟ। “
ਸੂਬੇਦਾਰ ਬਿਜੈ ਖਾਨ ਦੀ ਇਹ ਗੱਲ ਸੁਣ ਕੇ ਲੱਖੂ ਗੁੱਸੇ ਵਿੱਚ ਬੋਲਿਆ, “ਮੈਨੂੰ ਖੱਤਰੀ ਦਾ ਬੀ ਤਾਂ ਜਾਣਿਓ ਜਦੋਂ ਮੈਂ ਇਹਨਾਂ ਦਾ ਬੀ ਨਾਸ ਕਰ ਦਿਆਂਗਾ। ਇਹ ਪੰਥ ਗੋਬਿੰਦੇ ਖੱਤਰੀ (ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਨੇ ਬਣਾਇਆ ਸੀ ਤੇ ਮੈਂ ਖੱਤਰੀ ਹੀ ਹੁਣ ਜਦੋਂ ਇਸ ਦਾ ਨਾਂ ਨਿਸ਼ਾਨ ਮਿਟਾ ਲਵਾਂਗਾ ਤਾਂ ਹੀ ਅੰਨ ਖਾਵਾਂਗਾ।
ਮੂਰਖ ਖੱਤਰੀ ਇਹ ਨਹੀਂ ਜਾਣਦਾ ਸੀ ਕਿ ਇਹ ਪੰਥ ਜਿਸ ਅਕਾਲ ਪੁਰਖ ਨੇ ਰਚਿਆ ਹੈ ਉਹ ਸਰਬਕਲਾ ਸਮਰੱਥ ਹੈ ਤੇ ਉਹ ਆਪਣਾ ਹੱਥ ਦੇ ਕੇ ਇਸ ਦੀ ਰੱਖਿਆ ਕਰੂਗਾ। ਜਿਸ ਬੱਕਰੀ ਨੂੰ ਸ਼ੇਰ ਅਪਨਾ ਲਵੇ ਉਸ ਨੂੰ ਫਿਰ ਹੋਰ ਕੋਈ ਮਾਰ ਨਹੀਂ ਸਕਦਾ। ਏਸੇ ਤਰ੍ਹਾਂ ਜੇਹੜਾ ਪੰਥ ਪ੍ਰਭੂ ਦਾ ਅਨੁਸਾਰੀ ਹੈ ਉਸ ਦਾ ਪੱਖ ਉਹ ਆਪ ਕਰਦਾ ਹੈ। ਰੱਬ ਤੋਂ ਬਿਨਾ ਹੋਰ ਕੋਈ ਮਾਰਨਹਾਰਾ ਨਹੀਂ। ਜਦੋਂ ਪਾਪ ਦਾ ਬੇੜਾ ਭਰਦਾ ਹੈ ਤਾਂ ਡੁੱਬਦਾ ਹੈ। ਇਹ ਤੁਰਕ ਅਤੇ ਉਹਨਾਂ ਦੇ ਸਾਥੀ ਜੋ ਸਿੰਘਾਂ ਉਪਰ ਕੁਢੰਗੇ ਜ਼ੁਲਮ ਕਰਦੇ ਹਨ, ਇਹਨਾਂ ਦੋਹਾਂ ਦਾ ਬੇੜਾ ਭਰ ਕੇ ਗਰਕ ਹੋਵੇਗਾ। ਰੱਬ ਰਤਾ ਵੀ ਲਿਹਾਜ਼ ਨਹੀਂ ਕਰੇਗਾ। ਉਹ ਰੱਬ ਕਾਬਲ ਦੇ ਹਾਕਮ ਹੱਥੋਂ ਇਹਨਾਂ ਨੂੰ ਮਰਵਾਏਗਾ ਤੇ ਸਿੰਘਾਂ ਦਾ ਰਾਜ ਹੋਵੇਗਾ। ਲੱਖੂ ਕੱਚੇ ਤੁਰਕ ਨਾਜ਼ਮ ਦੀ ਸਹਾਇਤਾ ਅਤੇ ਹੁਕਮ ਪਾ ਕੇ ਅਹੰਕਾਰ ਵਿੱਚ ਅੰਨ੍ਹਾ ਹੋ ਗਿਆ ਤੇ ਯੋਗ ਅਯੋਗ ਦੀ ਵਿਚਾਰ ਵੀ ਭੁੱਲ ਗਿਆ। ਲੱਖੂ ਦੇ ਹੁਕਮ ਨਾਲ਼ ਲਾਹੌਰ ਵਿੱਚ ਜਿੰਨੇ ਕਿਰਤੀ, ਗਰੀਬ ਅਤੇ ਦੁਕਾਨਦਾਰ ਸਿੱਖ ਵੱਸਦੇ ਸਨ, ਉਹ ਸਾਰੇ, ਬਿਨਾ ਕਿਸੇ ਕਸੂਰ ਦੇ ਜੰਜੀਰਾਂ ਵਿੱਚ ਜਕੜ ਕੇ, ਕੈਦੀ ਬਣਾ ਲਏ ਗਏ। ਫਿਰ ਜਲਾਦਾਂ ਨੂੰ ਹੁਕਮ ਦਿਤਾ ਕਿ ਇਹਨਾਂ ਨੂੰ ਬਿਨਾ ਦੇਰ ਕਤਲ ਕਰ ਦਿਓ। ਇਹ ਖ਼ਬਰ ਜਦੋਂ ਸ਼ਹਿਰ ਵਾਸੀਆਂ ਨੂੰ ਮਿਲ਼ੀ ਤਾਂ ਸਾਰੇ ਬਹੁਤ ਦੁਖੀ ਹੋਏ। ਸ਼ਹਿਰ ਦੇ ਮੁਖੀ ਭਲੇ ਸੱਜਣ ਇੱਕ ਵਫ਼ਦ ਦੀ ਸ਼ਕਲ ਵਿੱਚ ਲੱਖੂ ਪਾਸ ਗਏ। ਇਹਨਾਂ ਪੰਚਾਂ ਵਿਚ: ਕੌੜਾ ਮੱਲ, ਕੁੰਜਾ ਮੱਲ, ਦਿਲੇ ਰਾਮ, ਹਰੀ ਰਾਮ, ਸੁੱਖੂ ਮੱਲ, ਕਸ਼ਮੀਰੀ ਮੱਲ, ਬਹਿਲ ਮੱਲ, ਲੱਛੀ ਰਾਮ, ਦੀਵਾਨ ਸੂਰਤ ਸਿੰਘ, ਹਰ ਸਿੰਘ, ਗੁਲਜ਼ਾਰਾ ਸਿੰਘ, ਭਾਈ ਦੇਸ ਰਾਜ ਆਦਿ ਹਿੰਦੂ ਸੱਜਣ ਸਨ। ਇਹਨਾਂ ਨੇ ਲੱਖੂ ਨੂੰ ਸਮਝਾਉਣ ਲਈ ਬੜਾ ਜੋਰ ਲਾਇਆ ਪਰ ਉਸ ਦੁਸ਼ਟ ਨੇ ਕਿਸੇ ਦੀ ਇੱਕ ਨਾ ਮੰਨੀ। ਉਹਨਾਂ ਨੇ ਕਿਹਾ, “ਤੂੰ ਵਿਚਾਰ ਕੇ ਵੇਖ ਕਿ ਇਹਨਾਂ ਸਿੰਘਾਂ ਨੇ ਤੇਰਾ ਕੀ ਵਿਗਾੜਿਆ ਹੈ, ਜਿਨ੍ਹਾਂ ਨੂੰ ਤੂੰ ਮਾਰਨਾ ਚਾਹੁੰਦਾ ਹੈਂ! ਜਿਨ੍ਹਾਂ ਨੇ ਤੇਰਾ ਭਰਾ ਜਸਪਤ ਮਾਰਿਆ ਹੈ, ਉਹਨਾਂ ਨੂੰ ਬੇਸ਼ਕ ਫੜ ਤੇ ਮਾਰ। ਅਸੀਂ ਤੇਰੇ ਅੱਗੇ ਹੱਥ ਜੋੜ ਕੇ ਬੇਨਤੀ ਕਰ ਰਹੇ ਹਾਂ ਕਿ ਤੂੰ ਇਹ ਬੇਦੋਸ਼ੇ ਨੌਕਰਾਂ, ਦੁਕਾਨਦਾਰਾਂ ਕਿਰਤੀਆਂ ਨੂੰ ਛੱਡ ਦੇਹ। ਇਹਨਾਂ ਬੇਦੋਸ਼ਿਆਂ ਉਪਰ ਕੀਤਾ ਜ਼ੁਲਮ ਤੇਰੇ ਘਰ ਤੇ ਕੁਲ਼ ਨੂੰ ਗਾਲ਼ ਦੇਣ ਦਾ ਕਾਰਨ ਬਣੇਗਾ। “
ਉਸ ਦੇ ਨਾ ਮੰਨਣ ਤੇ ਫੇਰ ਇਹ ਵੀ ਆਖਿਆ ਕਿ ਅੱਜ ਨਾ ਇਹਨਾਂ ਨੂੰ ਮਰਵਾ ਕਿਉਂਕਿ ਅੱਜ ਸੋਮਾਵਤੀ ਮੱਸਿਆ ਹੈ ਜੋ ਕਿ ਇੱਕ ਪਵਿਤਰ ਦਿਹਾੜਾ ਮੰਨਿਆਂ ਜਾਂਦਾ ਹੈ। ਭਲ਼ਕੇ ਫਿਰ ਵੇਖੀ ਜਾਵੇਗੀ। ਇਸ ਪ੍ਰਕਾਰ ਕਈ ਤਰੀਕਿਆਂ ਨਾਲ਼ ਉਹ ਭਲੇ ਲੋਕਾਂ ਦਾ ਵਫ਼ਦ ਲੱਖੂ ਨੂੰ ਰੋਕ ਰਿਹਾ ਪਰ ਉਸ ਕਮਜਾਤ ਨੇ ਇੱਕ ਨਾ ਮੰਨੀ। ਓਸੇ ਦਿਨ ਹੀ ਉਸ ਨੇ ਫੜੇ ਹੋਏ ਸਿੰਘ ਸਾਰੇ ਹੀ ਮਰਵਾ ਦਿਤੇ। ਇਸ ਖ਼ਬਰ ਨਾਲ਼ ਸ਼ਹਿਰ ਵਿੱਚ ਹਾਹਾਕਾਰ ਮਚ ਗਈ ਤੇ ਲੋਕਾਂ ਆਖਿਆ ਕਿ ਲੱਖੂ ਨੇ ਕਹਿਰ ਕਮਾਇਆ ਹੈ। ਫਿਰ ਲੱਖੂ ਨੇ ਡੌਂਡੀ ਪਿਟਵਾ ਕੇ ਇਹ ਹੁਕਮ ਸੁਣਾਇਆ ਕਿ ਅੱਜ ਤੋਂ ਕੋਈ ਸਿੱਖ ਨਾ ਅਖਵਾਵੇ। ਜਿਸ ਬਾਰੇ ਪਤਾ ਲੱਗਾ ਕਿ ਉਹ ਨਾਨਕ ਦੀ ਬਾਣੀ ਪੜ੍ਹ ਰਿਹਾ ਹੈ, ਉਸ ਨੂੰ ਜਾਂ ਤੁਰਕ ਬਣਾ ਲਿਆ ਜਾਵੇਗਾ ਜਾਂ ਉਸ ਦੀ ਜੜ੍ਹ ਪੁੱਟ ਦਿਤੀ ਜਾਵੇਗੀ। ਇਹ ਵੀ ਆਖਿਆ ਕਿ ਗੁੜ ਨੂੰ ਗੁੜ ਕੋਈ ਨਾ ਆਖੇ ਕਿਉਂਕਿ ਲੰਡੇ ਅੱਖਰਾਂ ਵਿੱਚ ਲਿਖਿਆਂ ਗੁੜ ਦਾ ਗੁਰ ਬਣ ਜਾਂਦਾ ਹੈ। ਉਸ ਸਮੇ ਤੋਂ ਲਾਹੌਰੀਏ ਗੁੜ ਨੂੰ ਰੋੜੀ ਆਖਣ ਲੱਗ ਪਏ। ਇਹ ਉਸ ਸਮੇ ਪਿਆ ਰਿਵਾਜ਼ ਅੱਜ ਤੱਕ ਚਾਲੂ ਹੈ। ਗੁਰਮੁਖੀ ਅੱਖਰਾਂ ਅਤੇ ਗੁਰਬਾਣੀ ਦੀ ਤਬਾਹੀ ਵਾਸਤੇ ਲੱਖੂ ਨੇ ਬੜੇ ਸਖ਼ਤ ਹੁਕਮ ਲਾਗੂ ਕੀਤੇ।
ਫਿਰ ਇਹ ਵੱਡਾ ਦੀਵਾਨ (ਲੱਖੂ) ਸਿੰਘਾਂ ਨੂੰ ਮਾਰਨ ਵਾਸਤੇ ਆਪਣੇ ਨਾਲ਼ ਮਨਕੇਰੀਏ, ਮੁਲਤਾਨੀ, ਪਹਾੜੀਏ, ਬਹਾਵਲਪੁਰੀਏ, ਦੁਆਬੀਏ, ਕਸੂਰੀਏ ਪਠਾਣ ਆਦਿ ਛੋਟੇ ਵੱਡੇ ਹੁਕਮਰਾਨ, ਫੌਜਾਂ ਸਮੇਤ ਲੈ ਕੇ, ਸਿੰਘਾਂ ਦਾ ਘਾਣ ਕਰਨ ਲਈ ਚੜ੍ਹ ਪਿਆ। ਜਹਾਦ ਦੇ ਨਾਂ ਤੇ ਬਹੁਤ ਸਾਰਾ ਮੁਸਲਮ ਮੁਲਖਈਆ ਵੀ ਇਹਨਾਂ ਦੇ ਨਾਲ ਸ਼ਾਮਲ ਹੋ ਗਿਆ। ਫੌਜਾਂ ਦੀ ਚੜ੍ਹਾਈ ਸਮੇ ਧਰਤੀ ਦੀ ਧੂੜ ਆਸਮਾਨ ਤੱਕ ਪਹੁੰਚ ਗਈ। ਇਸ ‘ਪਾਪ ਕੀ ਜੰਞ’ ਵਿੱਚ ਸਾਰੀ ਤੁਰਕਾਣੀ ਸ਼ਾਮਲ ਹੋ ਗਈ। ਏਨੀ ਵੱਡੀ ਸੀ ਇਹ ਫੌਜ ਕਿ ਗਿਣਤੀ ਨਹੀਂ ਸੀ ਕੀਤੀ ਜਾ ਸਕਦੀ। ਪੰਜਾਬ ਦੇ ਸਾਰੇ ਲੋਕ ਹੀ ਇਉ ਆਖਣ ਲੱਗੇ ਕਿ ਇਹ ਭਾਰੀ ਖਰਾਬੀ ਹੋ ਗਈ ਹੈ; ਹੁਣ ਲੱਖੂ ਸਿੰਘਾਂ ਨੂੰ ਨਹੀਂ ਛੱਡੂਗਾ। ਤੁਰਕਾਂ ਦੇ ਦਲਾਂ ਦੇ ਤੂਫ਼ਾਨ ਅਤੇ ਵਾ ਵਰੋਲੇ ਹੁਣ ਸਿੰਘਾਂ ਨੂੰ ਚੁਣ ਚੁਣ ਕੇ ਮਾਰਨਗੇ। ਕਈ ਇਹ ਵੀ ਆਖਦੇ ਕਿ ‘ਰਾਮ ਭਲੀ ਕਰੇ!’ ਸਿੱਖਾਂ ਉਪਰ ਭਾਰੇ ਦੁੱਖ ਆ ਪਏ ਹਨ। ਕਾਹਨੂੰਆਣ ਦੇ ਛੰਭ ਵਿੱਚ ਸਿੰਘ ਇਕੱਤਰ ਹੋ ਗਏ ਅਤੇ ਲੱਖੂ ਨੇ ਵੀ ਉਹਨਾਂ ਨੂੰ ਘੇਰ ਕੇ ਮਾਰਨ ਲਈ, ਉਹਨਾਂ ਤੋਂ ਅੱਠ ਕੋਹ ਦੀ ਵਿੱਥ ਰੱਖ ਕੇ ਆਪਣਾ ਕੈਂਪ ਲਾ ਲਿਆ। ਲੱਖੂ ਦੇ ਭੈੜੇ ਮਨਸੂਬੇ ਨੂੰ ਜਾਣ ਕੇ ਦੂਰ ਦੁਰਾਡੇ ਵਿਚਰ ਰਹੇ ਸਿੰਘਾਂ ਨੇ ਵੀ ਕਾਹਨੂੰਆਣ ਦੇ ਛੰਭ ਵੱਲ ਵਹੀਰਾਂ ਪਾ ਦਿਤੀਆਂ। ਓਥੇ ਇਕੱਠੇ ਹੋ ਕੇ ਸਿੰਘਾਂ ਨੇ ਗੁਰਮਤਾ ਕੀਤਾ ਕਿ ਸਾਰੇ ਹੀ ਇਕੱਠੇ ਹੋ ਕੇ, ਏਥੇ ਲੱਖੂ ਨਾਲ਼ ਪੂਰੀ ਟੱਕਰ ਲਈ ਜਾਵੇ। ਬਜ਼ੁਰਗਾਂ ਨੇ ਇਉਂ ਦੱਸਿਆ ਹੈ ਕਿ ਲੜਾਈ ਦੇ ਤਿੰਨ ਫੱਟ ਹੁੰਦੇ ਹਨ: ਲੜ ਕੇ ਮਰਨਾ, ਦੌੜ ਜਾਣਾ ਜਾਂ ਮੇਲ਼ ਕਰ ਲੈਣਾ।
ਸਿੰਘਾਂ ਦੇ ਜਥੇਦਾਰ ਨਵਾਬ ਕਪੂਰ ਸਿੰਘ ਨੇ ਸਾਰੇ ਸਿੰਘਾਂ ਨੂੰ ਕਿਹਾ ਕਿ ਇੱਕ ਸਥਾਨ ਉਪਰ ਇਕੱਠੇ ਹੋਕੇ ਤਕੜਾਈ ਨਾਲ਼ ਲੜਨਾ ਚਾਹੀਦਾ ਹੈ। ਸਤਿਗੁਰੂ ਸਹਾਈ ਹੋਣਗੇ। ਅਜਿਹਾ ਵਿਚਾਰ ਕਰਕੇ, ਘੇਰਾ ਪਾਈ ਬੇਖ਼ਬਰ ਸੁੱਤੀ ਪਈ ਲੱਖੂ ਦੀ ਫੌਜ ਉਪਰ, ਦੋ ਘੜੀਆਂ ਰਾਤ ਬੀਤਣ ਤੇ, ਤਿਆਰ ਹੋ ਕੇ ਤੇ ਅਰਦਾਸਾ ਸੋਧ ਕੇ ਬਿਜਲੀ ਵਾਂਙ ਜਾ ਪਏ। ਦੁਸ਼ਮਣ ਫੌਜ ਦੇ ਕਈ ਸਿਪਾਹੀਆਂ ਨੂੰ ਮਾਰ ਕੇ ਤੇ ਰਾਸ਼ਨ ਅਤੇ ਹਥਿਆਰ ਖੋਹ ਕੇ ਫੁਰਤੀ ਨਾਲ ਝੱਲ ਵਿੱਚ ਜਾ ਵੜੇ। ਆਪਣਾ ਅਚਾਨਕ ਨੁਕਸਾਨ ਹੋਇਆ ਵੇਖ ਕੇ ਵੈਰੀ ਬਹੁਤ ਘਬਰਾਏ। ਲੱਖੂ ਨੇ ਇਸ ਤਰ੍ਹਾਂ ਆਪਣੀ ਫੌਜ ਦਾ ਨੁਕਸਾਨ ਹੋਇਆ ਵੇਖ ਕੇ ਆਖਿਆ ਕਿ ਮਾੜੇ ਸਗਨ ਕਰਕੇ, ਬਿਨਾ ਮੋਰਚਾਬੰਦੀ ਦੇ ਸਾਡਾ ਇਉਂ ਘਾਣ ਹੋਇਆ ਹੈ। ਫਿਰ ਉਸ ਨੇ ਬਲ ਧਾਰ ਕੇ ਤੇ ਚੌਹਾਂ ਪਾਸੀਂ ਫੌਜ ਦੇ ਤੋਪਾਂ ਲਾ ਕੇ ਸਿੰਘਾਂ ਦੇ ਪਿੱਛੇ ਚੜ੍ਹਾਈ ਕੀਤੀ। ਇਸ ਤੋਂ ਇਲਾਵਾ ਪਿੰਡਾਂ ਤੋਂ ਲੋਕਾਂ ਨੂੰ ਸੱਦ ਕੇ ਜੰਗਲ਼ ਦੀਆਂ ਝਾੜੀਆਂ ਕਟਵਾਈਆਂ ਤੇ ਅੱਗ ਵੀ ਲਗਵਾਈ। ਸਿੰਘ ਝੱਲ ਦੇ ਹੋਰ ਅੰਦਰਵਾਰ ਨੂੰ ਚਲੇ ਗਏ ਪਰ ਪਿੱਛੇ ਵੈਰੀ ਦਲ ਸਿੰਘਾਂ ਨੂੰ ਧੋਖਾ ਦੇ ਕੇ, ਉਹਨਾਂ ਦਾ ਘਾਤ ਕਰਨ ਵਾਸਤੇ ਲੱਗਾ ਹੋਇਆ ਸੀ। ਅਨੇਕ ਸਿੰਘ ਸਾਹਮਣੇ ਤੁਰਕਾਂ ਨੂੰ ਵੇਖ ਕੇ ਲੜੇ ਪਰ ਕੁੱਝ ਭਾਵੀ ਦੇ ਪ੍ਰੇਰੇ ਹੋਏ, ਘੋਰ ਜੰਗ ਕਰਦੇ ਦੁਸ਼ਮਣਾਂ ਨੂੰ ਮਾਰਦੇ ਹੋਏ, ਪਹਾੜਾਂ ਦੇ ਪਾਸੇ ਨੂੰ ਚੜ੍ਹ ਤੁਰੇ। ਇਸ ਯੁਧ ਸ਼ੁਰੂ ਹੋਏ ਨੂੰ ਇੱਕ ਮਹੀਨਾ ਬੀਤ ਗਿਆ ਸੀ। ਜੰਗੀ ਹਥਿਆਰਾਂ ਦੀ ਤੋਟ ਆ ਗਈ ਸੀ ਤੇ ਘੋੜੇ ਵੀ ਸਿੰਘਾਂ ਦੇ ਨਿਤ ਲੜਾਈ ਅਤੇ ਖੁਰਾਕ ਦੀ ਥੋੜ ਕਾਰਨ ਨਿਢਾਲ ਹੋ ਗਏ ਸਨ। ਰਾਤ ਦਿਨ ਦੀ ਲੜਾਈ ਤੇ ਮੁਸਾਫ਼ਰੀ ਵਿੱਚ ਰਹਿੰਦਿਆਂ ਹੋਇਆਂ ਵੀ ਸਿੰਘਾਂ ਨੇ ਧੀਰਜ ਨਹੀਂ ਸੀ ਤਿਆਗੀ; ਆਫ਼ਰੀਨ ਹੈ ਸਿੰਘਾਂ ਦੇ! ਸੱਜੇ ਪਾਸੇ ਪਹਾੜ, ਖੱਬੇ ਪਾਸੇ ਡੂੰਘਾ ਦਰਿਆ ਉਤੋਂ ਪਹਾੜ ਵਾਲ਼ੇ ਪਾਸਿਉਂ ਪਹਾੜੀ ਰਾਜਿਆਂ ਦੀਆਂ ਫੌਜਾਂ ਅਤੇ ਪਿੱਛਿਉਂ ਲੱਖੂ ਦੀ ਤੁਰਕਾਣੀ ਫੌਜ ਚੜ੍ਹੀ ਆ ਰਹੀ ਸੀ। ਬਸੋਲੀ ਸ਼ਹਿਰ ਦੇ ਨੇੜੇ ਸਿੰਘਾਂ ਉਪਰ ਭਾਰੀ ਮੁਸੀਬਤ ਆ ਪਈ। ਡੱਲੇਵਾਲ਼ੀਏ ਜਥੇਦਾਰ ਗੁਰਦਿਆਲ ਸਿੰਘ ਅਤੇ ਹਰਦਿਆਲ ਸਿੰਘ ਦੋਵੇਂ ਭਰਾ ਸਿੰਘਾਂ ਦੀ ਅਗਵਾਈ ਕਰ ਰਹੇ ਸਨ। ਦਰਿਆ ਪਾਰ ਕਰਨ ਦੀ ਸੰਭਾਵਨਾ ਜਾਨਣ ਲਈ ਇਹਨਾਂ ਨੇ ਸਭ ਤੋਂ ਪਹਿਲਾਂ ਦਰਿਆ ਵਿੱਚ ਆਪਣੇ ਘੋੜੇ ਉਤਾਰ ਲਏ ਪਰ ਡੂੰਘੇ ਅਤੇ ਤੇਜ ਪਾਣੀ ਦੇ ਵਹਾ ਵਿੱਚ ਡੁੱਬ ਗਏ। ਦਰਿਆ ਪਾਰ ਕਰਨ ਵਾਲ਼ੀ ਵਿਚਾਰ ਤੋਂ ਨਿਰਾਸ ਹੋ ਕੇ ਸਿੰਘਾਂ ਨੇ ਬਚਣ ਦੀ ਆਸ ਵੀ ਲਾਹ ਦਿਤੀ ਤੇ ਦੋਹਾਂ ਪਾਸਿਆਂ ਵੱਲ ਵਧਣਾ ਸ਼ੁਰੂ ਕਰ ਦਿਤਾ। ਇੱਕ ਪਾਸੇ ਪਹਾੜ ਵੱਲੋਂ ਤਾਂ ਪਹੜੀਏ ਫੌਜੀ ਅਤੇ ਆਮ ਲੋਕੀਂ ਗੋਲ਼ੀਆਂ ਤੇ ਪਥਰਾਂ ਦੀ ਮਾਰ ਮਾਰ ਰਹੇ ਸਨ ਤੇ ਦੂਜੇ ਪਾਸੇ ਧਰੋਹੀ ਤੁਰਕ ਮੀਂਹ ਵਾਂਙ ਤੋਪਾਂ ਦੇ ਗੋਲ਼ੇ ਤੇ ਬੰਦੂਕਾਂ ਦੀਆਂ ਗੋਲ਼ੀਆਂ ਚਲਾ ਰਹੇ ਸਨ। ਬੁਰੀ ਤਰ੍ਹਾਂ ਚਾਰ ਚੁਫੇਰਿਉਂ ਦੁਸ਼ਮਣਾਂ ਵਿੱਚ ਘਿਰੇ ਸਿੰਘ ਮਾਰਨਾ ਮਰਨਾ ਠਾਣ ਕੇ, ਕਸੀਸ ਵੱਟ ਕੇ ਤੇ ਦੰਦ ਪੀਹ ਕੇ, ਜੇਹੜੇ ਪਾਸੇ ਪੈਂਦੇ ਸਨ, ਤੇਗਾਂ ਮਾਰ ਕੇ ਹਮਲਾਵਰਾਂ ਦੀ ਭੀੜ ਨੂੰ ਪਿੱਛੇ ਧੱਕ ਦਿੰਦੇ ਸਨ। ਇਸ ਘਾਟੀ ਦੇ ਅੰਦਰ ਸਿੰਘ ਘੇਰੇ ਵਿੱਚ ਆ ਗਏ ਤੇ ਉਹਨਾਂ ਨੂੰ ਕਿਸੇ ਪਾਸੇ ਨਿਕਲਣ ਲਈ ਰਾਹ ਨਹੀਂ ਸੀ ਲਭਦਾ। ਕਠਿਨ ਪਹਾੜ ਤੇ ਚੜ੍ਹਨਾ ਔਖਾ ਸੀ; ਜੇਹੜੇ ਚੜ੍ਹਨ ਦਾ ਯਤਨ ਕਰਦੇ ਸਨ ਉਹਨਾਂ ਵਿਚੋਂ ਵੀ ਵਧੇਰੇ ਤਿਲਕ ਕੇ ਦਰਿਆ ਵਿੱਚ ਡਿਗ ਜਾਂਦੇ ਸਨ। ਕਈ ਚੜ੍ਹਾਈ ਸਮੇ ਡੂੰਘੀਆਂ ਖੱਡਾਂ ਵਿੱਚ ਡਿਗ ਕੇ ਹੱਡ ਤੁੜਵਾ ਬੈਠਦੇ ਸਨ। ਜੇਹੜੇ ਕੋਈ ਪਹਾੜ ਉਪਰ ਚੜ੍ਹਨ ਵਿੱਚ ਸਫਲ ਵੀ ਹੋ ਗਏ ਤਾਂ ਅੱਗੇ ਲੁਕੇ ਹੋਏ ਪਹਾੜੀਆਂ ਨੇ ਮਾਰ ਲਏ। ਇਹ ਹਾਲਤ ਵੇਖ ਕੇ ਆਗੂਆਂ ਨੇ ਸੋਚਿਆ ਕਿ ਕਿਉਂ ਇਸ ਤਰ੍ਹਾਂ ਬੇਅਰਥ ਜਾਨਾਂ ਗਵਾ ਕੇ ਬੁਜ਼ਦਿਲ ਬਣ ਰਹੇ ਹਾਂ। ਦੁਸ਼ਮਣ ਨਾਲ਼ ਸਿਧੇ ਮੱਥੇ ਟੱਕਰ ਲੈ ਕੇ ਸ਼ਹੀਦੀਆਂ ਪਾਈਏ ਤੇ ਵੈਰੀਆਂ ਨੂੰ ਮਾਰ ਕੇ ਸੱਚਖੰਡ ਜਾਈਏ।
ਇਹ ਜਾਣ ਕੇ ਫਿਰ ਸਿੰਘਾਂ ਨੇ ਸਿਧੇ ਮੱਥੇ ਜੂਝਣ ਦਾ ਇਉਂ ਹੀ ਫੈਸਲਾ ਕਰਕੇ ਮੁਕਾਬਲਾ ਕਰਨਾ ਸ਼ੁਰੂ ਕਰ ਦਿਤਾ ਜਿਵੇਂ ਫਸਿਆ ਚੋਰ ਛੁੱਟਣ ਵਾਸਤੇ ਸਾਰਾ ਜੋਰ ਲਾ ਦਿੰਦਾ ਹੈ। ‘ਅਕਾਲ ਅਕਾਲ’ ਬੋਲ ਕੇ ਤੇ ਕ੍ਰਿਪਾਨਾਂ ਸੂਤ ਕੇ ਦੁਸ਼ਮਣ ਦਲਾਂ ਉਪਰ ਪੈ ਗਏ ਤੇ ਦੁਸ਼ਮਣ ਨੂੰ ਤਕੜੀ ਮਾਰ ਮਾਰ ਕੇ ਲਾਚਾਰ ਕੀਤਾ। ਭਿਆਨਕ ਜੰਗ ਮਚਿਆ। ਕਈ ਮਰੇ ਤੇ ਕਈਆਂ ਦੇ ਅੰਗ ਭੰਗ ਹੋਏ। ਸਿੰਘ ਵੀ ਬੇਸ਼ੁਮਾਰ ਸ਼ਹੀਦ ਹੋਏ। ਇਹ ਭਾਰਾ ਘੱਲੂਘਾਰਾ ਮਚਿਆ। ਸਿੰਘ ਲੱਖੂ ਨੂੰ ਲਭ ਰਹੇ ਸਨ ਤਾਂ ਕਿ ਉਸ ਨੂੰ ਮਾਰ ਕੇ ਇਸ ਜੰਗ ਦਾ ਨਿਬੇੜਾ ਕੀਤਾ ਜਾ ਸਕੇ ਪਰ ਉਹ ਸਿੰਘਾਂ ਦੇ ਹੱਥ ਨਾ ਆਇਆ ਕਿਉਂਕਿ ਉਹ ਫੌਜਾਂ ਦੇ ਪਿੱਛੇ ਤੋਪਖਾਨੇ ਕੋਲ਼ ਲੁਕਿਆ ਬੈਠਾ ਸੀ।
ਏਥੇ ਗਿਆਨੀ ਗਿਆਨ ਸਿੰਘ ਜੀ ਜੰਗ ਦੇ ਮੈਦਾਨ ਦਾ ਕਾਵਿਕ ਰੂਪ ਵਿੱਚ ਬਿਆਨ ਕਰਦੇ ਹੋਏ ਲਿਖਦੇ ਹਨ ਕਿ ਜਹਾਦੀਆਂ ਦੇ ਦਿਲ ਦੀ ਕਾਮਨਾ ਪੂਰੀ ਹੋਈ ਕਿਉਂਕਿ ਉਹ ਇਸ ਜੰਗ ਨੂੰ ਮਜ਼ਹਬੀ ਜਹਾਦ ਸਮਝ ਕੇ ਲੜ ਰਹੇ ਸਨ ਤੇ ਮਰਨ ਉਪ੍ਰੰਤ ਉਹ ਜੱਨਤ ਵਿੱਚ ਹੂਰਾਂ ਪ੍ਰਾਪਤ ਕਰਨਗੇ। ਇਹ ਆਸ ਪੂਰੀ ਹੋ ਰਹੀ ਸੀ ਉਹਨਾਂ ਦੀ ਕਿ ਉਹ ਭਾਰੀ ਗਿਣਤੀ ਵਿੱਚ ਸਿੰਘਾਂ ਹੱਥੋਂ ਮਰ ਰਹੇ ਸਨ। ਸਿਰਾਂ ਦੇ ਝੁੰਡ ਮੈਦਾਨ ਵਿੱਚ ਪਏ ਸਨ। ਮਾਸ, ਮਿਝ ਤੇ ਲਹੂ ਦਾ ਮਾਨੋ ਚਿੱਕੜ ਬਣ ਗਿਆ ਸੀ। ਭੂਤ ਅਤੇ ਜੋਗਣੀਆਂ ਲਹੂ ਪੀ ਅਤੇ ਮਾਸ ਖਾ ਕੇ ਪ੍ਰਸੰਨ ਹੋ ਰਹੇ ਸਨ। ਸ਼ਿਵ ਦੇ ਗਣ ਭੈਰਵ ਅਤੇ ਮਾਸਖੋਰੇ ਪੰਛੀ ਗਿਧਾਂ ਆਦਿ ਪ੍ਰਸੰਨਤਾ ਸਹਿਤ ਮਾਸ ਖਾ ਰਹੇ ਸਨ।
ਭਾਈ ਸੁੱਖਾ ਸਿੰਘ, ਜੱਸਾ ਸਿੰਘ, ਤਾਰਾ ਸਿੰਘ, ਚੜ੍ਹਤ ਸਿੰਘ, ਜੈ ਸਿੰਘ, ਕਪੂਰ ਸਿੰਘ, ਹਰੀ ਸਿੰਘ ਭੰਗੀ, ਦੀਪ ਸਿੰਘ, ਸੁਧਾ ਸਿੰਘ, ਛੱਜਾ ਸਿੰਘ, ਅਘੜ ਸਿੰਘ, ਦਰਬਾਰਾ ਸਿੰਘ, ਦਲਜੀਤ ਸਿੰਘ, ਗੁਰਬਖ਼ਸ਼ ਸਿੰਘ, ਸਿਆਮ ਸਿੰਘ, ਹੀਰਾ ਸਿੰਘ, ਧਰਮ ਸਿੰਘ, ਕਰਮ ਸਿੰਘ, ਸ਼ੇਰ ਸਿੰਘ, ਆਦਿ ਜਥੇਦਾਰ ਸਿੰਘਾਂ ਨੇ ਵਿਚਾਰ ਕੇ ਆਖਿਆ ਕਿ ਸਿੰਘੋ, ਅੱਜ ਸਚੇ ਯੋਧੇ ਬਣ ਕੇ ਵਿਖਾਓ। ਉਚੀ ਆਵਾਜ਼ ਵਿੱਚ ‘ਅਕਾਲ ਅਕਾਲ’ ਦੇ ਜੈਕਾਰੇ ਗਜਾਉਂਦੇ ਹੋਏ ਆਗੂ ਅੱਗੇ ਚੜ੍ਹੇ ਅਤੇ ਬਾਕੀ ਖ਼ਾਲਸਾ ਪਿੱਛੇ ਤੁਰਿਆ। ਤਲਵਾਰਾਂ ਖਿੱਚ ਕੇ ਦੁਸ਼ਮਣ ਉਪਰ ਟੁੱਟ ਕੇ ਪੈ ਗਏ ਤੇ ਉਹਨਾਂ ਦੇ ਮਾਰ ਕੇ ਸੱਥਰ ਵਿਛਾ ਦਿਤੇ ਅਤੇ ਮੋਰਚਾ ਛੁਡਵਾ ਲਿਆ। ਫੇਰ ਜੋਰ ਦੇ ਕੇ ਬੱਬਰ ਸ਼ੇਰ ਵਾਂਙ ਤੁਰਕਾਂ ਦੇ ਮਗਰ ਪੈ ਗਏ ਤੇ ਦੋ ਕੋਹ ਉਹਨਾਂ ਦੇ ਦਲ ਨੂੰ ਚੀਰ ਕੇ ਇਉਂ ਦੁਸ਼ਮਣ ਦਲ ਦੇ ਅੰਦਰ ਧਸ ਗਏ ਜਿਵੇਂ ਗੰਗਾ ਸਮੁੰਦਰ ਵਿੱਚ ਵੜ ਜਾਂਦੀ ਹੈ। ਸ਼ੱਤਰੂਆਂ ਦੇ ਦਲ ਵਿੱਚ ਜਦੋਂ ਸਿੰਘ ਹੱਲਾ ਕਰਕੇ ਧਸ ਗਏ ਤਾਂ ਹਰੇਕ ਹਥਿਆਰ ਨਾਲ਼ ਉਹਨਾਂ ਨੇ ਖ਼ੂਬ ਜੰਗ ਕੀਤਾ। ਅਜਿਹੀ ਪੰਥ ਨੇ ਮਾਰ ਮਾਰੀ ਕਿ ਹਮਲਾਵਰਾਂ ਨੂੰ ਅੱਲਾ ਯਾਦ ਕਰਵਾ ਦਿਤਾ ਤੇ ਪੰਥ ਦੀ ਰਖਵਾਲੀ ਕੀਤੀ। ਸਿੰਘ ਤਾਂ ਸ਼ਹੀਦ ਹੋਣ ਦੇ ਚਾ ਵਿੱਚ ਜੂਝ ਰਹੇ ਸਨ ਪਰ ਹਮਲਾਵਾਰ ਬੱਧੋ ਰੁਧੀ ਆਪਣੀਆਂ ਜਾਨਾਂ ਬਚਾ ਕੇ ਲੜ ਰਹੇ ਸਨ। ਇਸ ਮਚੇ ਘਮਸਾਨ ਵਿੱਚ ਬਾਰਾਂ ਹਜ਼ਾਰੀ ਅਹੁਦੇ ਦਾ ਮਾਲਕ, ਫੈਜ਼ੁਲਾ ਖਾਨ ਮਾਰੋ ਮਾਰ ਪੁਕਾਰਦਾ ਅੱਗੇ ਵਧਿਆ। ਇਸ ਦੁਸ਼ਮਣਾਂ ਦੀ ਭੀੜ ਵਿੱਚ ਕਪੂਰ ਸਿੰਘ ਨੇ ਅੱਗੇ ਵਧ ਕੇ ਉਸ ਨੂੰ ਮਾਰ ਦਿਤਾ ਤੇ ਕਪੂਰ ਸਿੰਘ ਨੂੰ ਉਸ ਦੁਸ਼ਮਣ ਦਲ ਦੀ ਭੀੜ ਵਿਚੋਂ ਗੁਰੂ ਨੇ ਇਸ ਤਰ੍ਹਾਂ ਬਚਾ ਲਿਆ ਜਿਵੇਂ ਦੰਦਾਂ ਵਿਚੋਂ ਜੀਭ ਬਚ ਜਾਂਦੀ ਹੈ।
ਇਸ ਯੁਧ ਵਿੱਚ ਹਮਲਾਵਰ ਦੁਸ਼ਮਣ ਫੌਜ ਦੇ ਇਹ ਮੁਖੀ ਜਰਨੈਲ ਸਿੰਘਾਂ ਦੇ ਹੱਥੋਂ: ਲੱਖੂ ਦਾ ਭਤੀਜਾ ਤੇ ਜੱਸੂ ਦਾ ਪੁੱਤਰ ਹਰਿ ਭਜ ਰਾਇ, ਬਿਜੈ ਖਾਨ ਸੂਬੇਦਾਰ ਦਾ ਪੁੱਤਰ ਨਾਹਰ ਖਾਨ, ਕਰਮ ਬਖ਼ਸ਼, ਅਲੀ ਖਾਨ, ਫੌਜਦਾਰ ਹਿੰਮਤ ਬੇਗ ਆਦਿ ਸਿੰਘਾਂ ਦੀ ਤੇਗ ਦੇ ਸ਼ਿਕਾਰ ਬਣੇ। ਇਉਂ ਆਪਣੇ ਪੱਖ ਦੇ ਉਘੇ ਆਗੂ ਮਰੇ ਵੇਖ, ਗੁੱਸਾ ਖਾ ਕੇ ‘ਅਲੀ ਅਲੀ’ ਕਰਦੇ ਇਕੋ ਵਾਰ ਸਿੰਘਾਂ ਉਪਰ ਪੈ ਗਏ ਤੇ ਦੋਹਾਂ ਪਾਸਿਆਂ ਤੋਂ ਘਮਸਾਨ ਦਾ ਜੰਗ ਹੋਇਆ। ਦੋਹਾਂ ਪਾਸਿਆਂ ਤੋਂ ਸੂਰਮੇ ਤੀਰਾਂ, ਤੋਪਾਂ, ਤਲਵਾਰਾਂ, ਬਰਛਿਆਂ ਆਦਿ, ਇੱਕ ਦੂਜੇ ਨਾਲ਼ ਭਿੜ ਕੇ, ਦੁਸ਼ਮਣਾਂ ਦੇ ਸਰੀਰਾਂ ਵਿੱਚ ਖੋਭ ਰਹੇ ਸਨ। ਤੋਪਾਂ ਦੇ ਤੜਾਕੇ ਤੇ ਬੰਦੂਕਾਂ ਦੇ ਭੜਾਕੇ ਬਿਅੰਤ ਪੈ ਰਹੇ ਸਨ। ਗਿਆਨ ਸਿੰਘ ਜੀ ਲਿਖਦੇ ਨੇ ਕਿ ਇਸ ਭਿਆਨਕ ਯੁਧ ਵਿੱਚ ਵਗੇ ਖੂਨ ਦੇ ਛੱਪੜਾਂ ਵਿਚ, ਸੂਰਮਿਆਂ ਦੇ ਸਿਰਾਂ ਦੇ ਮੁੰਡ ਦਿਸ ਰਹੇ ਸਨ। ਮਾਨੋ ਭੈਰਊਂ, ਭੂਤ ਇਸ ਸੂਰਮਿਆਂ ਦੇ ਲਹੂ ਦੇ ਛੱਪੜ ਨੂੰ ਗੰਗਾ ਜਾਣ ਕੇ ਇਸ਼ਨਾਨ ਕਰ ਰਹੇ ਹੋਣ; ਅਰਥਾਤ ਖ਼ੁਸ਼ੀ ਵਿੱਚ ਲੁੱਡੀਆਂ ਪਾ ਰਹੇ ਸਨ। ਇਸ ਯੁਧ ਵਿੱਚ ਮਿਝ, ਲਹੂ ਦੇ ਚਿੱਕੜ ਵਿੱਚ ਜੋਗਣੀਆਂ ਅਨੰਦ ਮਾਣ ਰਹੀਆਂ ਸਨ। ਮਾਨੋ ਖੋਪਰੀਆਂ ਨੂੰ ਵਾਜਿਆਂ ਵਾਂਙ ਵਜਾ ਰਹੀਆਂ ਸਨ। ਭੈਰਉਂ, ਭੂਤ ਗੀਤ ਗਾ ਰਹੇ ਸਨ ਤੇ ਨਾਰਦ ਗਲ਼ ਵਿੱਚ ਆਂਦਰਾਂ ਦੀ ਮਾਲ਼ਾ ਪਾ ਕੇ ਨੱਚ ਰਿਹਾ ਸੀ। ਗਿਆਨ ਸਿੰਘ ਆਖਦਾ ਹੈ ਕਿ ਖ਼ਾਲਸੇ ਨੇ ਦੁਸ਼ਮਣ ਦਾ ਘੁਮੰਡ ਤੋੜ ਕੇ ਉਹਨਾਂ ਨੂੰ ਖੰਡ ਖੰਡ ਕਰ ਦਿਤਾ। ਉਹਨਾਂ ਨੂੰ ਕੱਟ ਕੱਟ ਕੇ ਧਰਤੀ ਤੇ ਸੁੱਟ ਰਹੇ ਸਨ ਤੇ ਭੂਤ ਉਹਨਾਂ ਦਾ ਮਾਸ ਖਾ ਕੇ ਖ਼ੁਸ਼ ਹੋ ਰਹੇ ਸਨ। ਦੁਰਜਣਾਂ ਦੇ ਦਲ ਚੜ੍ਹ ਚੜ੍ਹ ਕੇ ਆ ਰਹੇ ਸਨ, ਵਧ ਵਧ ਕੇ ਸਿੰਘ ਉਹਨਾਂ ਅੱਗੇ ਅੜ ਅੜ ਕੇ ਲੜ ਰਹੇ ਸਨ। ਬਹਾਦਰ ਖੜ੍ਹ ਖੜ੍ਹ ਕੇ ਤੀਰ ਤੇਗਾਂ ਵਾਹ ਰਹੇ ਸਨ। ਕੜ ਕੜ ਜੰਬੂਰੇ ਅਤੇ ਤੜ ਤੜ ਤੋਪਾਂ ਤੋਂ ਗੋਲ਼ੇ ਛੁੱਟ ਰਹੇ ਸਨ। ਸੂਰਮੇ ਝੜ ਝੜ ਕੇ ਤੇ ਦੜ ਦੜ ਕਰਕੇ ਧਰਤੀ ਉਤੇ ਡਿਗ ਰਹੇ ਹਨ।
ਇਸ ਮਚੇ ਘਮਸਾਣ ਵਿੱਚ ਦੋਹਾਂ ਪਾਸਿਆਂ ਤੋਂ ਅਨੇਕਾਂ ਸੂਰਮੇ ਅਤੇ ਘੋੜੇ ਮਰੇ। ਦੋਹਾਂ ਪਾਸਿਆਂ ਵਿੱਚ ਹੀ ਹੁਣ ਹੋਰ ਲੜਨ ਦਾ ਹੌਸਲਾ ਨਾ ਰਿਹਾ। ਕੁੱਝ ਸਿੰਘ ਸ਼ਕਤੀ ਨੂੰ ਸੰਭਾਲ਼ ਕੇ ਲੱਖੂ ਨੂੰ ਲਭ ਰਹੇ ਸਨ ਤਾਂ ਕਿ ਉਸ ਦਾ ਫਸਤਾ ਵਢ ਕੇ ਇਸ ਜੰਗ ਦਾ ਖਾਤਮਾ ਕੀਤਾ ਜਾ ਸਕੇ ਪਰ ਉਹ ਗੀਦੀ ਕਿਤੇ ਪਿੱਛੇ ਲੁਕਿਆ ਹੋਇਆ ਸੀ ਤੇ ਸਿੰਘਾਂ ਦੇ ਹੱਥ ਨਾ ਆਇਆ। ਤੁਰਕ ਤੋਪਾਂ ਤੇ ਜੰਬੂਰੇ ਬਹੁਤ ਚਲਾ ਰਹੇ ਸਨ ਤੇ ਸਿੰਘਾਂ ਪਾਸ ਲੜਨ ਦਾ ਸਾਮਾਨ ਨਾ ਰਿਹਾ। ਬਹੁਤ ਸਾਰੇ ਸਿੰਘ ਘਾਇਲ ਹੋ ਗਏ ਤੇ ਇਸ ਬੇਹਾਲ ਹਾਲਾਤ ਵਿਚ, ਲੜਾਈ ਨੂੰ ਟਾਲਣ ਵਾਸਤੇ ਇੱਕ ਪਾਸੇ ਹਟ ਗਏ। ਇਹ ਭਾਰੇ ਕਹਿਰ ਦਾ ਘੱਲੂਘਾਰਾ ਹੋਇਆ ਜਿਸ ਵਿੱਚ ਹਜਾਰਾਂ ਸਿੰਘ ਤੁਰਕਾਂ ਨੂੰ ਮਾਰ ਕੇ ਸ਼ਹੀਦ ਹੋਏ। ਇਸ ਤਰ੍ਹਾਂ ਹੂ ਹਾ ਕਰਦੇ ਕਰਦੇ ਸਿੰਘ ਲੜਦੇ ਭਿੜਦੇ ਮਰਦੇ ਮਾਰਦੇ ਆਪਣਾ ਬਚਾ ਕਰ ਰਹੇ ਸਨ। ਦੋ ਪਾਸਿਆਂ ਤੋਂ ਤੁਰਕ ਅਤੇ ਤੀਜੇ ਪਾਸਿਉਂ ਪਹਾੜੀਆਂ ਦੇ ਘੇਰੇ ਵਿੱਚ ਸਿੰਘ ਫਸੇ ਹੋਏ ਸਨ। ਇਹਨਾਂ ਦੇ ਵਿਚਕਾਰ ਸਿੰਘਾਂ ਦਾ ਦਲ ਘਿਰਿਆ ਹੋਇਆ, ਬਲ ਧਾਰ ਕੇ ਅੱਗੇ ਨੂੰ ਚੱਲ ਰਿਹਾ ਸੀ। ਇਸ ਤਰ੍ਹਾਂ ਔਖੀ ਹਾਲਤ ਵਿੱਚ ਲੜਦੇ ਸਿੰਘ ਦੋ ਤਿੰਨ ਕੋਹ ਤੱਕ ਗਏ ਤੇ ਫਿਰ ਸੂਰਜ ਡੁੱਬ ਗਿਆ ਤੇ ਹਨੇਰਾ ਪੈ ਗਿਆ।
ਹਨੇਰਾ ਪੈਣ ਤੇ ਤੁਰਕ ਸੈਨਾ ਨੇ ਥੋਹੜਾ ਪਿੱਛੇ ਹਟ ਕੇ ਪੜਾ ਕੀਤਾ ਤੇ ਸਿੰਘ ਵੀ ਇੱਕ ਥਾਂ ਰੁਕ ਗਏ ਤੇ ਡਿੱਗੇ ਢਠਿਆਂ ਨੂੰ ਨਾਲ਼ ਮਿਲਾਇਆ। ਤੁਰਕ ਤੇ ਪਹਾੜੀ ਸੈਨਾ ਨੇ ਤਾਂ ਖਾਣਾ ਖਾਧਾ ਪਰ ਸਿੰਘਾਂ ਪਾਸ ਕੁੱਝ ਨਾ ਹੋਣ ਕਰਕੇ, ਸੰਤੋਖ ਦਾ ਸ਼ਰਬਤ ਹੀ ਪੀ ਕੇ ਭੁੱਖ ਤੇ ਤੇਹ ਤੋਂ ਮੁਕਤੀ ਪਾਈ। ਸਿੰਘ ਤਾਂ ਗੁਰੂ ਦਾ ਭਾਣਾ ਮੰਨ ਕੇ ਹਰ ਹਾਲਤ ਖ਼ੁਸ਼ ਰਹਿੰਦੇ ਸਨ। ਜ਼ਖ਼ਮਾਂ ਦੀਆਂ ਚਸਕਾਂ ਕਾਰਨ ਨੀਂਦ ਤਾਂ ਕਿਸੇ ਨੂੰ ਆ ਨਹੀਂ ਸੀ ਰਹੀ। ਕਮਰਾਂ ਕੱਸ ਕੇ ਬਾਣੀਆਂ ਦਾ ਪਾਠ ਹੀ ਕਰ ਰਹੇ ਸਨ। ਇੱਕ ਇਕ ਸਿੰਘ ਨੂੰ ਦਸ ਦਸ ਜ਼ਖ਼ਮ ਲੱਗੇ ਹੋਏ ਸਨ ਪਰ ਫਿਰ ਵੀ ਦੁੱਖ ਨਹੀਂ ਸਨ ਮਨਾ ਰਹੇ। ਕਈ ਸਿੰਘ ਭਾਈ ਸੁੱਖਾ ਸਿੰਘ ਵਰਗੇ ਘੋੜਿਆਂ ਉਪਰ ਹੀ ਬੈਠੇ ਰਹੇ। ਦਿਨ ਭਰ ਦੀ ਲੜਾਈ ਵਿੱਚ ਭਾਈ ਸੁੱਖਾ ਸਿੰਘ ਦੀ ਖੱਬੀ ਲੱਤ ਉਤੇ ਜੰਬੂਰੇ ਦਾ ਗੋਲ਼ਾ ਲੱਗਣ ਕਰਕੇ ਪੱਟ ਤੋਂ ਲੱਤ ਟੁੱਟ ਗਈ ਹੋਈ ਸੀ ਤੇ ਉਸ ਨੇ ਉਸ ਨੂੰ ਕਾਠੀ ਦੇ ਹੰਨੇ ਨਾਲ਼ ਬੰਨ੍ਹਿਆਂ ਹੋਇਆ ਸੀ। ਟੁੱਟੀ ਹੋਈ ਲੱਤ ਦੀ ਪਰਵਾਹ ਨਾ ਕਰਦਾ ਹੋਇਆ ਉਹ ਦਿਨ ਭਰ ਲੜਾਈ ਦੀ ਅਗਵਾਈ ਕਰਦਾ ਰਿਹਾ ਸੀ। ਇਹੋ ਜਿਹੇ ਹੋਰ ਵੀ ਕਈ ਸਿੰਘ ਸਨ ਜਿਨ੍ਹਾਂ ਦੇ ਡੂੰਘੇ ਜ਼ਖ਼ਮ ਲੱਗੇ ਹੋਏ ਸਨ। ਇਹਨਾਂ ਨੇ ਇਹ ਗੁਰਮਤਾ ਕੀਤਾ ਕਿ ਇਸ ਤਰ੍ਹਾਂ ਰਾਤ ਨੂੰ ਜ਼ਖ਼ਮ ਠੰਡੇ ਹੋ ਜਾਣ ਕਰਕੇ ਵਧੇਰੇ ਕਸ਼ਟ ਹੋਵੇਗਾ ਤੇ ਸਾਡੇ ਵਿੱਚ ਲੜਨ ਦੀ ਸ਼ਕਤੀ ਨਹੀਂ ਰਹੇਗੀ ਤੇ ਚਾਰ ਚੁਫੇਰਿਉਂ ਦੁਸ਼ਮਣ ਸਾਨੂੰ ਆ ਕੇ ਘੇਰ ਲਵੇਗਾ। ਹੁਣੇ ਹੀ ਬੇਖ਼ਬਰ ਤੁਰਕਾਣੀ ਸੈਨਾ ਉਪਰ ਹਮਲਾ ਬੋਲ ਦਿਤਾ ਜਾਵੇ। ਸੁੱਖਾ ਸਿੰਘ ਨੇ ਆਖਿਆ ਕਿ ਧੌਲ਼ੇ ਬੀਜਣ ਦੀ ਕੇਹੜੀ ਰੁੱਤ ਹੁੰਦੀ ਹੈ! ਇਸ ਲਈ ਹੁਣੇ ਤੱਤੇ ਘਾਹ ਹੀ ਦੁਸ਼ਮਣ ਦਾ ਸ਼ਿਕਾਰ ਕਰੀਏ ਤੇ ਲੜਦੇ ਭਿੜਦੇ ਕਿਸੇ ਪਾਸੇ ਨਿਕਲ਼ ਚੱਲੀਏ। ਪਹਿਰੇਦਾਰ ਇਸ ਸਮੇ ਚੁਸਤ ਨਹੀਂ ਹੋਣੇ, ਬਿਨਾ ਦੇਰੀ ਛਾਪਾ ਮਾਰੀਏ। ਇਸ ਸਲਾਹ ਨੂੰ ਠੀਕ ਜਾਣ ਕੇ, ਛੇ ਸੱਤ ਹਜਾਰ ਸਿੰਘਾਂ ਨੇ ਇੱਕ ਦਮ ਤੁਰਕ ਸੈਨਾ ਤੇ ਹੱਲਾ ਬੋਲ ਦਿਤਾ ਤੇ ਤੁਰਕਾਂ ਨੂੰ ਅੱਲਾ ਯਾਦ ਕਰਵਾ ਦਿਤਾ। ਤੁਰਕ ਦਲ ਵਿੱਚ ਹਾਹਾਕਾਰ ਮਚ ਗਈ ਤੇ ਘਬਰਾ ਕੇ ਉਠੇ। ਜਿਵੇਂ ਬੱਕਰੀਆਂ ਦੇ ਇੱਜੜ ਵਿੱਚ ਬਘਿਆੜ ਆ ਵੜਨ ਤੇ ਉਹਨਾਂ ਦੀ ਹਾਲਤ ਹੁੰਦੀ ਹੈ ਏਵੇਂ ਹੀ ਏਥੇ ਵਰਤਾਰਾ ਵਰਤਿਆ। ਅਧੀ ਰਾਤ ਨੂੰ ਸਿੰਘ ਗੁੱਸਾ ਖਾ ਕੇ ਬਿਜਲੀ ਵਾਂਙ ਉਹਨਾਂ ਉਪਰ ਪਏ। ਜਾਗ ਆਉਣ ਤੇ ਤੁਰਕ ਹਥਿਆਰ ਵੀ ਨਾ ਫੜ ਸਕੇ ਤੇ ਏਧਰ ਓਧਰ ਜਿਧਰ ਕਿਸੇ ਦਾ ਮੂੰਹ ਆਇਆ ਨੱਸ ਤੁਰੇ। ਸਿੰਘਾਂ ਨੇ ਉਹਨਾਂ ਦੇ ਵਾਹਵਾ ਸਾਰੇ ਹਥਿਆਰ ਅਤੇ ਘੋੜੇ ਕਾਬੂ ਕਰ ਲਏ। ਸਿੰਘਾਂ ਨੇ ਝੱਟ ਪੱਟ ਲੁੱਟ ਦਾ ਹੱਥ ਮਾਰਿਆ ਤੇ ਹਜਾਰਾਂ ਦੀ ਗਿਣਤੀ ਵਿੱਚ ਮਾਰ ਕੇ, ਤੁਰਕਾਂ ਵੱਲੋਂ ਚਾਨਣ ਦੇ ਗੋਲ਼ੇ ਚਾੜ੍ਹਨ ਤੋਂ ਪਹਿਲਾਂ ਹੀ ਇੱਕ ਪਾਸੇ ਨੂੰ ਜੰਗਲ਼ ਵਿੱਚ ਅਲੋਪ ਹੋ ਗਏ। ਚਾਨਣ ਹੋਣ ਤੇ ਵੀ ਘਬਰਾਈ ਹੋਈ ਦੁਸ਼ਮਣ ਫੌਜ ਦੇ ਸਿਪਾਹੀ ਆਪਸ ਵਿੱਚ ਹੀ ਲੜ ਕੇ ਕਈ ਮਰ ਗਏ।
ਪਿੱਛੋਂ ਹੋਰ ਤੁਰਕਾਣੀ ਫੌਜ ਵੀ ਆ ਗਈ ਤੇ ਉਸ ਨੇ ਜੰਗਲ਼ ਨੂੰ ਚਾਰੇ ਪਾਸਿਉਂ ਘੇਰ ਲਿਆ। ਤੁਰਕ ਡਰਦੇ ਹੋਏ ਝੱਲ ਦੇ ਅੰਦਰ ਨਹੀਂ ਸੀ ਵੜਦੇ ਕਿਉਂਕਿ ਝਾੜੀਆਂ ਦੇ ਕੰਡਿਆਂ ਨਾਲ਼ ਉਹਨਾਂ ਦੇ ਕੱਪੜੇ ਅੜਦੇ ਸਨ। ਸਿੰਘ ਜੰਗਲ਼ ਵਿਚੋਂ ਸ਼ਿਕਾਰ ਮਾਰ ਕੇ ਖਾਂਦੇ ਸਨ ਤੇ ਰਾਤ ਦਿਨੇ ਗੁਰੂ ਦੀ ਬਾਣੀ ਪੜ੍ਹਦੇ ਸਨ। ਤਾਜਾ ਘਾਹ ਖਾ ਕੇ ਭੁੱਖ ਦੂਰ ਕਰਕੇ ਵੀ ਖ਼ੁਸ਼ ਸਨ। ਕਿਲ੍ਹਾ, ਕੋਟ, ਰਾਜਧਾਨੀ ਆਦਿ ਉਹਨਾਂ ਪਾਸ ਕੋਈ ਨਹੀਂ ਸੀ ਤੇ ਝੱਲ ਹੀ ਉਹਨਾਂ ਦਾ ਸਾਰਾ ਕੁੱਝ ਸੀ। ਦੁਸ਼ਟ ਲੱਖੂ ਕੁਪੱਤੇ ਨੇ ਜਦੋਂ ਇਹ ਵੇਖਿਆ ਕਿ ਸਿੰਘ ਝੱਲ ਦੇ ਆਸਰੇ ਲੜ ਰਹੇ ਹਨ ਤਾਂ ਉਸ ਨੇ ਝੱਲ ਨੂੰ ਚੁਫੇਰਿਉਂ ਅੱਗ ਲਗਵਾ ਦਿਤੀ। ਸਿੰਘ ਅੱਗ ਲੱਗੀ ਵੇਖ ਕੇ ਆਪਣੇ ਬਚਾ ਲਈ ਝੱਲ ਵਿਚੋਂ ਨਿਕਲ਼ੇ ਤਾਂ ਇੱਕ ਬਿਪਤਾ ਉਹਨਾਂ ਉਪਰ ਹੋਰ ਆ ਪਈ। ਅੱਗੇ ਚੌਧਰੀ ਰਾਮੇ ਰੰਧਾਵੇ ਦਾ ਇਲਾਕਾ ਆ ਗਿਆ ਜਿਸ ਨੇ ਪਹਿਲਾਂ ਹੀ ਬਹੁਤ ਸਾਰੇ ਸਿੰਘ ਮਰਵਾ ਕੇ ਤੁਰਕਾਂ ਤੋਂ ਇਨਾਮ ਹਾਸਲ ਕੀਤੇ ਸਨ। ਉਸ ਸਮੇ ਇਹ ਲੋਕੋਕਤੀ ਮਝੈਲਾਂ ਵਿੱਚ ਪ੍ਰਚੱਲਤ ਹੋ ਗਈ ਸੀ:
ਦੇਸ ਨਾ ਰਾਮੇ ਕੇ ਤੁਮ ਜਾਈਓ॥ ਡੇਲਾ ਬਾਟਾ ਮਾਝੇ ਖਾਈਓ॥
ਅਰਥਾਤ ਮਾਝੇ ਵਿੱਚ ਹੀ ਜੰਗਲ ਵਿਚਲੇ ਫੁੱਲ ਫਲ ਖਾ ਕੇ ਗੁਜ਼ਾਰਾ ਕਰ ਲਿਓ ਪਰ ਰਾਮੇ ਦੇ ਦੇਸ ਨਾ ਜਾਇਓ।
ਸਿੰਘਾਂ ਉਪਰ ਭਾਰੀ ਜ਼ੁਲਮ ਕਰਨ ਕਰਕੇ ਹੀ ਸਿੰਘਾਂ ਨੇ ਵੀ ਉਸ ਦੀ ਦੁਰਦਸ਼ਾ ਕਰਕੇ ਉਸ ਨੂੰ ਮਾਰਿਆ ਸੀ। ਇਸ ਬਿਪਤਾ ਦੇ ਸਮੇ ਅੱਗੇ ਉਸ ਦਾ ਇਲਾਕਾ ਆ ਗਿਆ ਤੇ ਉਸ ਦੇ ਪੁੱਤ, ਪੋਤੇ, ਜੱਟ ਪੁਰਾਣਾ ਵੈਰ ਚੇਤੇ ਕਰਕੇ, ਇਕੱਠੇ ਹੋ ਕੇ ਸਿੰਘਾਂ ਉਤੇ ਆ ਪਏ। ਸਿੰਘ ਹੈਰਾਨ ਹੋਏ। ੱਿਪਛੋਂ ਤੁਰਕ ਉਹਨਾਂ ਨੂੰ ਦੱਬੀ ਆ ਰਹੇ ਸਨ ਤੇ ਅੱਗੋਂ ਸਾਰਾ ਵੈਰੀ ਦਾ ਦੇਸ ਆ ਜਾਣ ਕਰਕੇ, ਸਿੰਘ ਦੋਹਾਂ ਪਾਸਿਆਂ ਤੋਂ ਦੋ ਦੁਸ਼ਮਣ ਦਲਾਂ ਵਿੱਚ ਘਿਰ ਗਏ। ਫਿਰ ਘਿਰੇ ਵੇਖ ਸਿੰਘਾਂ ਨੇ ਵੀ ਘੱਟ ਨਾ ਗੁਜਾਰੀ ਤੇ ਹੱਲਾ ਕਰਕੇ ਜੱਟਾਂ ਉਪਰ ਪੈ ਗਏ। ਕੁੱਝ ਮਾਰ ਦਿਤੇ ਤੇ ਕੁੱਝ ਜ਼ਖ਼ਮੀ ਹੋ ਗਏ। ਉਹਨਾਂ ਨੂੰ ਸੋਧਾ ਲਾ ਕੇ ਫਿਰ ਸਿੰਘਾਂ ਨੇ ਉਹ ਇਲਾਕਾ ਚੰਗੀ ਤਰ੍ਹਾਂ ਲੁੱਟਿਆ। ਕਈਆਂ ਦੇ ਸਿਰ ਵਢੇ ਤੇ ਫਿਰ ਅੱਗੇ ਨੂੰ ਭੱਜ ਤੁਰੇ ਕਿਉਂਕਿ ਪਿੱਛੇ ਹੋਰ ਤੁਰਕਾਣੀ ਫੌਜ ਪੈੜ ਦੱਬੀ ਆ ਰਹੀ ਸੀ।
ਪਠਾਨ ਕੋਟ ਨੂੰ ਪੰਥ ਲੁੱਟ ਕੇ ਹਰਿ ਗੋਬਿੰਦ ਪੁਰ ਵੱਲ ਚੱਲ ਪਿਆ। ਜਦੋਂ ਬਿਆਸ ਦਰਿਆ ਦੇ ਕਿਨਾਰੇ ਪੁੱਜੇ ਤਾਂ ਪਿੱਛੋਂ ਲੱਖੂ ਬਹੁਤ ਸਾਰੀ ਫੌਜ ਲੈ ਕੇ ਆ ਪਿਆ। ਜੇਠ ਦਾ ਮਹੀਨਾ ਸੀ ਤੇ ਦੁਪਹਿਰ ਦਾ ਸਮਾ ਸੀ। ਦਰਿਆ ਵੀ ਬਹੁਤ ਚੜ੍ਹਿਆ ਹੋਇਆ ਸੀ। ਦੁਸ਼ਮਣ ਆ ਰਿਹਾ ਸੀ; ਦਰਿਆ ਪਾਰ ਕਰਨ ਵਾਸਤੇ ਕੋਈ ਬੇੜੀ ਵੀ ਨਹੀਂ ਸੀ। ਅਰਦਾਸਾ ਸੋਧ ਕੇ ਹਠ ਕਰਕੇ ਸਿੰਘ ਦਰਿਆ ਵਿੱਚ ਉਤਰ ਗਏ। ਪੰਥ ਇਸ ਮੁਸੀਬਤ ਵਿੱਚ ਦਰਿਆਉਂ ਪਾਰ ਉਤਰਿਆ ਤਾਂ ਅੱਗੇ ਤਿੰਨ ਕੋਹ ਤੱਕ ਭੱਠ ਵਾਂਙ ਤਪਦੀ ਬਰੇਤੀ ਸੀ। ਜੰਗ ਦੌਰਾਨ ਜੁੱਤੀਆਂ ਤਾਂ ਗਵਾਚ ਚੁੱਕੀਆਂ ਸਨ ਤੇ ਸਿੰਘ ਨੰਗੇ ਪੈਰੀਂ ਹੀ ਸਨ। ਬਾਕੀ ਭੁੱਖ ਤੇ ਤੇਹ ਨੇ ਸਿੰਘ ਬਹੁਤ ਲਾਚਾਰ ਕੀਤੇ ਹੋਏ ਸਨ। ਨੰਗੇ ਪੈਰੀਂ ਉਸ ਤਪਦੀ ਰੇਤ ਵਿੱਚ ਤੁਰਿਆ ਨਹੀਂ ਸੀ ਜਾ ਸਕਦਾ ਤੇ ਸਿੰਘਾਂ ਨੇ ਪੱਗਾਂ ਪਾੜ ਪਾੜ ਕੇ ਪੈਰਾਂ ਦੁਆਲ਼ੇ ਵਲ੍ਹੇਟੀਆਂ। ਇਸ ਤਰ੍ਹਾਂ ਦੀ ਮੁਸੀਬਤ ਝੱਲ ਕੇ ਸਿੰਘਾਂ ਨੇ ਉਸ ਬਰੇਤੀ ਨੂੰ ਪਾਰ ਕੀਤਾ। ਦੁਆਬੇ ਦੇਸ ਦੇ ਇੱਕ ਪਿੰਡ ਦੇ ਨੇੜੇ ਸਿੰਘ ਜਾ ਪਹੁੰਚੇ। ਕਈ ਪਿੰਡਾਂ ਤੋਂ ਰਸਤ ਉਗਰਾਹ ਕੇ ਲੰਗਰ ਬਣਾਉਣ ਲਈ ਉਦਮ ਕੀਤਾ ਤਾਂ ਦੁਆਬੇ ਦਾ ਹਾਕਮ, ਜੋ ਲਾਹੌਰ ਦੇ ਸੂਬੇਦਾਰ ਬਿਜੇ ਖਾਨ ਦਾ ਭਰਾ ਸੀ, ਭਾਰੀ ਦਲ ਲੈ ਕੇ ਸਿੰਘਾਂ ਉਪਰ ਆ ਪਿਆ। ਪਿੱਛਿਉਂ ਲੱਖੂ ਵੀ ਬਿਆਸ ਦਰਿਆ ਪਾਰ ਕਰਕੇ ਚੜ੍ਹਿਆ ਆ ਰਿਹਾ ਸੀ। ਸਿੰਘਾਂ ਨੇ ਅਜਿਹਾ ਸਖਤ ਵਖਤ ਵੇਖਿਆ ਤਾਂ ਲੰਗਰ ਛਕਣ ਦਾ ਇਰਾਦਾ ਤਿਆਗ ਕੇ, ਤਿਆਰ ਹੋ ਕੇ, ਦੁਸ਼ਮਣ ਉਪਰ ਇੱਕ ਦਮ ਹੱਲਾ ਬੋਲ ਕੇ, ਕਈਆਂ ਨੂੰ ਮਾਰਦੇ ਮਰਦੇ ਅੱਗੇ ਵਧ ਗਏ।
ਪਿੰਡਾਂ ਨੂੰ ਲੁੱਟਦੇ ਹੋਏ ਸਤਲੁਜ ਦੇ ਕਿਨਾਰੇ ਪਹੁੰਚ ਗਏ। ਲੱਖੂ ਏਥੋਂ ਵਾਪਸ ਲਾਹੌਰ ਨੂੰ ਮੁੜ ਗਿਆ। ਰੱਬ ਦਾ ਸ਼ੁਕਰ ਕਰਦੇ ਹੋਏ ਸਿੰਘ ਮਾਲਵੇ ਵਿੱਚ ਜਾ ਵੜੇ। ਭਾਈ ਸੁੱਖਾ ਸਿੰਘ ਤਾਂ ਜੈਤੋ ਵਿੱਚ ਜਾ ਉਤਰਿਆ। ਕੋਟ ਕਪੂਰੇ ਭਾਈ ਜੱਸਾ ਸਿੰਘ, ਵਿੰਝੂ ਕੇ ਵਿੱਚ ਨਵਾਬ ਕਪੂਰ ਸਿੰਘ, ਦਿਆਲਪੁਰੇ ਹਰੀ ਸਿੰਘ ਆਦਿ ਚਲੇ ਗਏ। ਬਾਬਾ ਦੀਪ ਸਿੰਘ ਆਦਿ ਕੁੱਝ ਸਿੰਘ ਬਠਿੰਡੇ ਵੱਲ ਚੱਲ ਪਏ। ਗੁਰੂ ਚੌਤਰੇ ਲੱਖੀ ਜੰਗਲ਼ ਵੱਲ ਚਲੇ ਗਏ ਸ. ਚੜ੍ਹਤ ਸਿੰਘ ਪੱਕੇ ਪਥਰਾਲੇ, ਹਰੀ ਸਿੰਘ ਵੱਡੇ ਪਿੰਡ ਰੁਕਿਆ। ਬਹੁਤੇ ਤਿਹਾੜੇ ਅਤੇ ਡਰੋਲ਼ੀ ਦੇ ਆਲ਼ੇ ਦੁਆਲੇ ਰੁਕੇ। ਜਿਥੇ ਕਿਤੇ ਕਿਸੇ ਦਾ ਕੋਈ ਜਾਣੂ ਜਾਂ ਸਾਕ ਸੀ, ਆਪੋ ਆਪਣੇ ਜਥਿਆਂ ਸਮੇਤ, ਓਥੇ ਓਥੇ ਜਾ ਕੇ ਸਿਰ ਲੁਕਾਵਾ ਕਰ ਲਿਆ। ਮਲਵਈਆਂ ਨੇ ਸਿੱਖ ਭਰਾ ਜਾਣ ਕੇ ਚੰਗੀ ਸੇਵਾ ਕੀਤੀ। ਜ਼ਖ਼ਮੀ ਸਿੰਘਾਂ ਦਾ ਪੂਰਾ ਇਲਾਜ ਕਰਵਾਇਆ। ਸੁੱਖਾ ਸਿੰਘ ਸਮੇਤ ਜਿੰਨੇ ਵੀ ਜ਼ਖ਼ਮੀ ਸਿੰਘ ਸਨ, ਸਮੇ ਨਾਲ਼ ਸਾਰੇ ਰਾਜੀ ਹੋ ਗਏ। ਫਿਰ ਕੁੱਝ ਸਮਾ ਏਧਰ ਓਧਰ ਮਾਲਵੇ ਵਿੱਚ ਵਿਚਰ ਕੇ ਮਹਾਨ ਪੰਥ ਨੇ ਸਮਾ ਬਿਤਾਇਆ।
ਇਸ ਜੰਗ ਵਿੱਚ ਸਿੰਘ ਬਹੁਤ ਕਮਜੋਰ ਹੋ ਗਏ ਸਨ। ਮਾਲਵੇ ਵਿੱਚ ਰਹਿ ਕੇ ਉਹਨਾਂ ਨੇ ਆਪਣੀ ਸਾਰੀ ਕਮਜੋਰੀ ਦੂਰ ਕਰ ਲਈ। ਸੱਤ ਕੁ ਹਜਾਰ ਸਿੰਘ ਇਸ ਘੱਲੂਘਾਰੇ ਵਿੱਚ ਸ਼ਹੀਦ ਹੋਏ ਸਨ। ਏਸੇ ਕਰਕੇ ਇਸ ਜੰਗ ਨੂੰ ਘੱਲੂਘਾਰਾ ਦਾ ਨਾਂ ਦਿਤਾ। ਇਹ ਜੰਗ ੧੭੪੬ ਦੇ ਮਾਰਚ ਤੋਂ ਸ਼ੁਰੂ ਹੋ ਕੇ ਜੂਨ ਤੱਕ ਦੇ ਸਮੇ ਦੌਰਾਨ ਹੋਇਆ।
ਅਗਲੇ ਅਧਿਆਇ ਵਿੱਚ ਲੱਖੂ ਦਾ ਇਬਰਤਨਾਕ ਜੋ ਅੰਤ ਸਿੰਘਾਂ ਨੇ ਕੀਤਾ ਉਸ ਦਾ ਸੰਖੇਪ ਇਸ ਤਰ੍ਹਾਂ ਹੈ: ਅਹਿਮਦ ਸ਼ਾਹ ਅਬਦਾਲੀ ਨੇ ਲੱਖੂ ਨੂੰ ਲਾਹੌਰ ਦਾ ਸੂਬੇਦਾਰ ਬਣਾ ਦਿਤਾ। ਮੀਰ ਮੰਨੂੰ ਨੇ, ਕੌੜਾ ਮੱਲ ਦੀ ਵਿਚੋਲਗੀ ਨਾਲ਼, ਸਿੰਘਾਂ ਦੀ ਸਹਾਇਤਾ ਨਾਲ਼ ਅਹਿਮਦ ਸ਼ਾਹ ਨੂੰ ਹਰਾ ਕੇ ਪੰਜਾਬੋਂ ਭਜਾ ਦਿਤਾ ਤੇ ਲੱਖੂ ਨੂੰ ਕੈਦ ਕਰ ਲਿਆ ਤੇ ਕੌੜਾ ਮੱਲ ਨੂੰ ਆਪਣਾ ਦੀਵਾਨ ਥਾਪ ਲਿਆ। ਲੱਖੂ ਉਪਰ ਤੀਹ ਲੱਖ ਜੁਰਮਾਨਾ ਕੀਤਾ ਗਿਆ। ਉਸ ਦੀ ਸਾਰੀ ਜਾਇਦਾਦ ਵੇਚ ਕੇ ਬਾਈ ਲੱਖ ਵਸੂਲ ਹੋਇਆ। ਬਾਕੀ ਬਚਦਾ ਅੱਠ ਲੱਖ ਦੀਵਾਨ ਕੌੜਾ ਮੱਲ ਨੇ ਆਪਣੇ ਕੋਲ਼ੋਂ ਭਰ ਕੇ, ਲੱਖੂ ਨੂੰ ਫੜ ਕੇ ਸਿੰਘਾਂ ਦੇ ਹਵਾਲੇ ਕਰ ਦਿਤਾ। ਫਿਰ ਸਿੰਘਾਂ ਨੇ ਛੇ ਮਹੀਨੇ ਤੱਕ ਉਸ ਦੀ ਪੂਰੀ ਦੁਰਦਸ਼ਾ ਕਰਕੇ ਮਾਰਿਆ। ਇਉਂ ਉਸ ਨੂੰ ਉਸ ਦੇ ਕੀਤੇ ਜ਼ੁਲਮਾਂ ਦੀ ਸਜਾ ਦਿਤੀ ਗਈ।
(ਗਿਆਨੀ ਗਿਆਨ ਸਿੰਘ ਲਿਖਤ ‘ਪੰਥ ਪ੍ਰਕਾਸ਼’ ਦਾ ਅਠੱਤਰਵਾਂ (੭੮) ਅਧਿਆਇ)


24/07/16)
ਕੁਲਵੰਤ ਸਿੰਘ ਢੇਸੀ

ਸਿੱਖ ਪਛਾਣ ਦਾ ਗੰਭੀਰ ਮੁੱਦਾ - ਤੁਸੀਂ ਸੁਰੱਖਿਅਤ ਨਹੀਂ ਹੋ
16 ਜੁਲਾਈ 2016 ਨੂੰ ਕਿਸੇ ਸਿਰ ਫਿਰੇ ਅੱਤਵਾਦੀ ਵਲੋਂ ਫਰਾਂਸ ਦੇ ਸ਼ਹਿਰ ਨੀਸ ਵਿਚ ਅਜ਼ਾਦੀ ਦਿਵਸ ਮਨਾ ਰਹੇ ਲੋਕਾਂ ਤੇ ਇੱਕ ਟਰੱਕ ਚਾੜ੍ਹ ਕੇ 80 ਲੋਕਾਂ ਦੀ ਜਾਣ ਲੈਣ ਅਤੇ ਸੈਂਕੜਿਆਂ ਨੂੰ ਜ਼ਖਮੀ ਕਰਨ ਸਮੇ ਅਚਾਨਕ ਹੀ ਇੱਕ ਸਿੱਖੀ ਸਰੂਪ ਵਾਲੇ ਵੀਰੇਂਦਰ ਜੱਬਲ ਨਾਮ ਦੇ ਕਨੇਡੀਅਨ ਸਿੱਖ ਦਾ ਨਾਮ ਵੀ ਸੁਰਖੀਆਂ ਵਿਚ ਸੀ ਜਿਸ ਨੂੰ ਕਿ ਮੁਸਲਮਾਨ ਸਮਝ ਕੇ ਲੋਕਾਂ ਨੇ ਉਸ ਦਾ ਜੀਣਾ ਹਰਾਮ ਕਰ ਦਿੱਤਾ ਸੀ। ਕਿਸੇ ਸ਼ਰਾਰਤੀ ਅਨਸਰ ਨੇ ਕੰਪਿਊਟਰ ਦੀ ਹੱਥ ਸਫਾਈ ਨਾਲ ਉਸ ਦੀ ਫੋਟੋ ਇੱਸ ਤਰਾਂ ਬਣਾ ਕੇ ਇੰਟਰਨੈਟ ਤੇ ਪਾ ਦਿੱਤੀ ਜਿਵੇਂ ਉਸ ਨੇ ਛਾਤੀ ਨਾਲ ਕੁਰਾਨ ਘੁੱਟੀ ਹੋਈ ਹੋਵੇ । ਨਵੰਬਰ ੨੦੧੫ ਨੂੰ ਫਰਾਂਸ ਸ਼ਹਿਰ ਪੈਰਿਸ ਦੇ ਅੱਤਵਾਦੀ ਸਮੇਂ ਇਸ ਲੜਕੇ ਦਾ ਜੀਣਾ ਹਰਾਮ ਕੀਤਾ ਗਿਆ ਸੀ।

ਸਿੱਖ ਪਛਾਣ ਦੀ ਇੱਕ ਹੋਰ ਦੁਖਦਾਇਕ ਘਟਨਾ ਵੀਹ ਸਾਲਾ ਗੋਵਿੰਦਪਾਲ ਕੂਨਰ ਨਾਮ ਦੇ ਸਿੱਖੀ ਸਰੂਪ ਵਾਲੇ ਸਿੱਖ ਲੜਕੇ ਨਾਲ ਵੀ ਹੋਈ ਸੀ ਜਦੋਂ ਉਸ ਨੂੰ ਵਿੰਮਬਲਡੈਨ ਟੈਨਿਸ ਚੈਂਪਿਅਨਸ਼ਿਪ ਦੀ ਕਤਾਰ ਵਿਚੋਂ ਸਵੇਰੇ ਪੌਣੇ ਪੰਜ ਵਜੇ ਉਸ ਸਮੇਂ ਬਾਹਰ ਕੱਢ ਦਿੱਤਾ ਗਿਆ ਸੀ ਜਦੋਂ ਕਿ ਆਲੇ ਦੁਆਲੇ ਦੇ ਲੋਕਾਂ ਤੇ ਉਸ ਦਾ ਅਵੈੜਾ ਪ੍ਰਭਾਵ ਪਿਆ ਸੀ। ਇਹ ਸਿੰਘ ਆਪ ਵੀ ਖਿਡਾਰੀ ਸੀ ਜਿਸ ਦੇ ਇਤਰਾਜ਼ ਕਰਨ ਤੇ ਉਸ ਨੂੰ ਬਾਅਦ ਵਿਚ ਗਰਾਊਂਡ ਵਿਚ ਜਾਣ ਦਿੱਤਾ ਗਿਆ ਸੀ।

ਇਸ ਤੋਂ ਮਗਰੋਂ ਜੁਲਾਈ 18 ਦੀ ਖਬਰ ਸੀ ਕਿ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ 20/25 ਮੁੰਡਿਆਂ ਨੇ ਹੈਦਰਾਬਾਦ ਦੇ ਇੱਕ ਅਮੋਲ ਸਿੰਘ ਨਾਮ ਦੇ 25 ਸਾਲਾ ਸਿੱਖ ਵਿਦਿਆਰਥੀ ਤੇ ਕਿਸੇ ਮੁਸਲਮਾਨ ਆਗੂ ਦੇ ਭੁਲੇਖੇ ਹਮਲਾ ਕਰ ਦਿੱਤਾ ਸੀ ਕਿਓਂਕਿ ਅਮੋਲ ਸਿੰਘ ਦੀ ਦਾਹੜੀ ਕੱਟੀ ਹੋਈ ਅਤੇ ਸਿਰ ਦੇ ਕੇਸ ਵਿ ਕੱਟੇ ਹੋਏ ਹੋਣ ਕਾਰਨ ਉਸ ਦੀ ਸ਼ਕਲ ਬਿਲਾਲ ਨਾਮ ਦੇ ਇੱਕ ਕਸ਼ਮੀਰੀ ਵਿਦਿਆਰਥੀ ਨਾਲ ਮਿਲਦੀ ਜੁਲਦੀ ਸੀ ਜੋ ਕਿ ਯੁਨੀਵਰਸਿਟੀ ਕੈਂਪਸ ਵਿਚ ਕਸ਼ਮੀਰ ਮੁੱਦੇ ਤੇ ਸਰਗਰਮ ਸੀ।
ਸਿੱਖ ਪਛਾਣ ਦਾ ਮੁੱਦਾ ਦੋਹਰੇ ਸੰਕਟ ਵਿਚ ਹੈ। ਇੱਕ ਪਾਸੇ ਤਾਂ ਪੱਛਮ ਦੇ ਲੋਕ ਸਿੱਖਾਂ ਦੀ ਦਾਹੜੀ ਪਗੜੀ ਕਾਰਨ ਉਹਨਾ ‘ਤੇ ਮੁਸਲਮਾਨਾਂ ਦੇ ਭੁਲੇਖੇ ਹਮਲੇ ਕਰਦੇ ਹਨ ਅਤੇ ਦੂਜੇ ਪਾਸੇ ਸਿੱਖੀ ਸਰੂਪ ਨੂੰ ਤਿਲਾਂਜਲੀ ਦੇਣ ਵਾਲੇ ਵੀ ਕਈ ਵੇਰਾਂ ਸਿੱਖ ਪਛਾਣ ਦੇ ਮੁੱਦੇ ‘ਤੇ ਸੰਕਟ ਵਿਚ ਫਸ ਜਾਂਦੇ ਹਨ। ਮੁਸਲਮਾਨਾਂ ਦੇ ਭੁਲੇਖੇ ਵਿਚ ਅਨੇਕਾਂ ਸਿੱਖਾਂ ਤੇ ਦੁਨੀਆਂ ਭਰ ਵਿਚ ਹਮਲੇ ਹੁੰਦੇ ਹਨ ਅਤੇ ਅਨੇਕਾਂ ਜਾਨਾਂ ਵੀ ਜਾ ਚੁੱਕੀਆਂ ਹਨ। ਸਿੱਖ ਪਛਾਣ ਦੇ ਮੁੱਦੇ `ਤੇ ਇਹ ਕਵਿਤਾ ਲਿਖ ਕੇ ਅਸੀਂ ਸਮੱਸਿਆ ਅਤੇ ਸਮੱਸਿਆ ਦੇ ਹੱਲ ਨੂੰ ਸਮਝਣ ਦੀ ਕੋਸ਼ਿਸ਼ ਵਿਚ ਹਾਂ ਅਤੇ ਸਾਨੂੰ ਤੁਹਾਡੇ ਪ੍ਰਤੀਕਰਮ ਦੀ ਉਡੀਕ ਰਹੇਗੀ ਜੀ।

ਕੁਲਵੰਤ ਸਿੰਘ ਢੇਸੀ
07854 136 413


17/07/16)
ਇੰਦਰਜੀਤ ਸਿੰਘ ਜੋਧਪੁਰੀ

ਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਲੁੱਟਦੀ ਇੱਜਤ ਤੇ ਰੁਲਦੀ ਜਵਾਨੀ ਚਿੰਤਾ ਦਾ ਵਿਸ਼ਾ .....
--------------------------------------------------------------------
ਜਦੋਂ ਤੋਂ ਦੁਨੀਆਂ ਅੰਦਰ ਜੀਵਨ ਪਨਪਿਆ ਹੈ ਤਦ ਤੋਂ ਹੀ ਹਰ ਜੀਵ ਆਪਣੀਆਂ ਸਹੂਲਤਾਂ ਨੂੰ ਮੁੱਖ ਰੱਖ ਕੇ ਪ੍ਰਵਾਸ ਕਰਦਾ ਆਇਆ ਹੈ ਅਤੇ ਮਨੁੱਖ ਵੀ ਉਸੇ ਬਿਰਤੀ ਅਨੁਸਾਰ ਹੀ ਇੱਕ ਥਾਂ ਤੋਂ ਦੂਜੀ ਥਾਂ ਪ੍ਰਵਾਸ ਕਰਦਾ ਆਇਆ ਹੈ । ਇਸੇ ਪ੍ਰਵਾਸ ਦੀ ਬਿਰਤੀ ਨੇ ਸੰਸਾਰ ਨੂੰ ਕਾਫੀ ਤਰੱਕੀ ਦੇ ਰਾਹ ਤੇ ਵੀ ਤੋਰਿਆ ਹੈ ਅਤੇ ਕਈ ਨਵੀਆਂ ਖੋਜਾਂ ਵੀ ਸੰਸਾਰ ਦੀ ਝੋਲੀ ਪਾਈਆਂ । ਹਰ ਗੱਲ ਦੀ ਤਰ੍ਹਾਂ ਇਸ ਬਿਰਤੀ ਨੇ ਜਿੱਥੇ ਮਨੁੱਖ ਨੂੰ ਬਹੁਤ ਜਿਆਦਾ ਲਾਭ ਪਹੁੰਚਾਇਆ ਹੈ ਉਥੇ ਨਾਂ ਪੂਰੇ ਹੋਣ ਵਾਲੇ ਘਾਟੇ ਵੀ ਮਨੁੱਖ ਨੇ ਖਾਦੇ ਨੇ । ਇਸੇ ਪ੍ਰਵਾਸ ਬਿਰਤੀ ਕਾਰਨ ਕਈਆਂ ਨੇ ਆਪਣੀਆਂ ਜਾਨਾਂ ਗੁਆਈਆਂ ਤੇ ਕਈਆਂ ਨੇ ਇੱਜਤਾਂ । ਅਤੇ ਕਈ ਤਾਂ ਵਿਚਾਰੇ ਰੋਗੀ ਹੋ ਕੇ ਆਪਣੇ ਘਰ ਵਾਪਸ ਮੁੜੇ ਤੇ ਕਈ ਤਾਂ ਮੁੜ ਹੀ ਨਹੀਂ ਸਕੇ ।
ਹੁਣ ਗੱਲ ਕਰੀਏ ਪੰਜਾਬ ਦੀ, ਪੰਜਾਬ ਜਿਥੇ ਹਰ ਪਹਿਲੂ ਤੇ ਪਹਿਲ ਦੇ ਆਧਾਰ ਤੇ ਹਿੱਸਾ ਲੈਦਾ ਹੈ ਓਥੇ ਪ੍ਰਵਾਸ ਕਰਨ ਵਿੱਚ ਵੀ ਇਸ ਨੇ ਮੋਹਰੀਆਂ ਵਿੱਚ ਆਪਣਾ ਨਾਂ ਦਾਖਲ ਕਰਵਾਇਆ ਹੈ । ਪੰਜਾਬ ਦੇ ਲੋਕ ਅਣਥੱਕ ਮਿਹਨਤ ਕਰਨ ਵਾਲੇ ਤੇ ਆਪਣਾ ਲੋਹਾ ਦੁਨੀਆਂ ਨੂੰ ਮੰਨਵਾਉਣ ਵਾਲੇ ਨੇ । ਇਹਨਾਂ ਨੇ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਆਪਣੇ ਪੈਰ ਹਰ ਧਰਤੀ ਤੇ ਜਮਾਏ । ਇਸ ਵਿਸ਼ੇ ਤੇ ਜੇ ਮੌਕਾ ਮਿਲਿਆ ਤਾਂ ਫਿਰ ਕਿਸੇ ਦਿਨ ਗੱਲ ਕਰਾਂਗੇ ਪਰ ਆਪਾਂ ਉਸ ਮੁੱਦੇ ਤੇ ਆਈਏ ਜਿਸ ਕਾਰਨ ਹੱਥਲੀ ਲਿਖਤ ਲਿਖਣੀ ਸ਼ੁਰੂ ਕੀਤੀ।
ਪੰਜਾਬ ਵਿਚ ਘਟ ਰਹੇ ਰੋਜ਼ਗਾਰਾਂ ਦੇ ਸਾਧਨਾਂ, ਸਰਕਾਰਾਂ ਦੀਆਂ ਲਾਪ੍ਰਵਾਹੀਆਂ, ਲੋਕਾਂ ਵਿੱਚ ਵਿਹਲੇ ਰਹਿਣ ਦੀ ਆਦਤ, ਕੰਮ ਨੂੰ ਵੱਡਾ ਜਾਂ ਛੋਟਾ ਸਮਝਣ ਵਾਲੀ ਸੋਚ ਅਤੇ ਕਈ ਹੋਰ ਕਾਰਨਾਂ ਕਰਕੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਵਿੱਚ ਕੋਈ ਰੁਜ਼ਗਾਰ ਨਹੀਂ ਦਿਸ ਰਿਹਾ।ਇਸ ਲਈ ਪੰਜਾਬੀ ਵਿਦੇਸ਼ਾਂ ਵੱਲ ਨੂੰ ਜਿਆਦਾ ਰੁੱਖ ਕਰਦੇ ਹਨ। ਦੂਸਰਾ ਵਿਦੇਸ਼ ਜਾਣਾ ਸਾਨੋ ਸੌਕਤ ਵਾਲਾ ਕੰਮ ਮੰਨਿਆ ਜਾਂਦਾ ਹੈ ਭਾਂਵੇ ਉਥੇ ਜਾ ਕੇ ਗੁਸਲਖਾਨੇ ਹੀ ਕਿਉਂ ਨਾ ਸਾਫ ਕਰਨੇ ਪੈਣ। ਅੱਜਕੱਲ੍ਹ ਤਾਂ ਪੰਜਾਬ ਦੇ ਨੌਜਵਾਨਾਂ ਦੀ ਜਿੰਦਗੀ ਅਤੇ ਮੁਟਿਆਰਾਂ ਦੀਆਂ ਇੱਜਤਾਂ ਵਿਦੇਸ਼ਾਂ ਵਿੱਚ ਜਾ ਕੇ ਖਰਾਬ ਹੋ ਜਾਂਦੀਆਂ ਨੇ। ਬਹੁਤੇ ਨੌਜਵਾਨ ਤਾਂ ਨਸ਼ਿਆਂ ਵਿਸ਼ਿਆਂ ਦਾ ਸ਼ਿਕਾਰ ਹੋ ਕੇ ਆਪਣੀ ਜਵਾਨੀ ਤੇ ਪੈਸਾ ਖਰਾਬ ਕਰਦੇ ਨੇ ਤੇ ਇਧਰ ਪੰਜਾਬ ਵਿੱਚ ਉਨ੍ਹਾਂ ਦੇ ਮਾਤਾ ਪਿਤਾ ਆਪਣਾ ਕਰਜਾ ਲਾਹੁਣ ਲਈ ਜਿਹੜਾ ਕਿ ਉਨ੍ਹਾਂ ਨੇ ਆਪਣੇ ਲਾਡਲਿਆਂ ਨੂੰ ਪਰਦੇਸ ਤੋਰਨ ਲਈ ਲਿਆ ਹੁੰਦਾ ਹੈ, ਦੀ ਚਿੰਤਾ ਵਿੱਚ ਡੁੱਬ ਆਪਣਾ ਘਰ ਘਾਟ ਵੇਚ ਦਿੰਦੇ ਨੇ ਤੇ ਜਾ. ਖੁਦਕੁਸ਼ੀਆਂ ਕਰ ਲੈਂਦੇ ਨੇ। ਪੰਜਾਬ ਦੀਆਂ ਕੁੜੀਆਂ ਨਾਲ ਤਾਂ ਇਸ ਤੋਂ ਵੀ ਬੁਰਾ ਹੁੰਦਾ ਹੈ। ਉਹ ਏਜੰਟਾਂ ਦੇ ਹੱਥ ਚੜ੍ਹ ਕੇ ਇਨ੍ਹਾਂ ਬੇਗਾਨੇ ਮੁਲਖਾਂ ਵੱਲ ਚਲੀਆਂ ਤਾਂ ਜਾਂਦੀਆਂ ਨੇ ਪਰ ਉੱਥੇ ਲਿਜਾ ਕੇ ਉਨ੍ਹਾਂ ਕੋਲੋਂ ਦੇਹ ਵਪਾਰ ਦਾ ਧੰਦਾ ਕਰਵਾਇਆ ਜਾਂਦਾ ਹੈ।
ਪੰਜਾਬ ਦੇ ਸੂਰਮਿਆਂ ਦੀਆਂ ਧੀਆਂ ਟਕੇ ਟਕੇ ਨੂੰ ਵਿਦੇਸ਼ਾਂ ਵਿੱਚ ਆਪਣਾ ਹੁਸਨ ਵੇਚਦੀਆਂ ਨੇ ।
ਅਜਿਹੇ ਧੰਦੇ ਕਰਵਾਉਣ ਵਾਲੇ ਮੋਹਰੀ ਦੇਸ਼ਾਂ ਅੰਦਰ ਸਿੰਗਾਪੁਰ, ਮਲੇਸ਼ੀਆ, ਮਨੀਲਾ, ਥਾਈਲੈਂਡ ਆਦਿ ਵਰਗੇ ਦੇਸ਼ਾਂ ਦਾ ਨਾਮ ਆਉਂਦਾ ਹੈ । ਇੰਨਾ ਦੇਸ਼ਾਂ ਵਿੱਚ ਆਏ ਦਿਨ ਪੰਜਾਬੀ ਨੌਜਵਾਨਾਂ ਦੇ ਮਾਰੇ ਜਾਣ, ਪੰਜਾਬੀ ਕੁੜੀਆਂ ਦੀਆਂ ਇੱਜਤਾਂ ਨਾਲ ਖਿਲਵਾੜ ਹੋਣ ਦੀਆਂ ਖਬਰਾਂ ਅਖਬਾਰਾਂ ਤੇ ਸੋਸ਼ਲ ਮੀਡੀਆ ਤੇ ਆਉਂਦੀਆਂ ਹੀ ਰਹਿੰਦੀਆਂ ਨੇ ।
ਆਹ ਕੁਝ ਦਿਨ ਪਹਿਲਾਂ ਇਕ ਕੁੜੀ ਦੀ ਪੁਕਾਰ ਨੇ ਸੋਸ਼ਲ ਮੀਡੀਆ ਤੇ ਤਰਥੱਲੀ ਮਚਾ ਦਿੱਤੀ ਸੀ ਜਿਸ ਨੇ ਕਿਹਾ ਸੀ ਕਿ ਉਸ ਦੀ ਇੱਜ਼ਤ ਨੂੰ 10-10 ਬੰਦਿਆਂ ਨੇ ਲੁੱਟਿਆ ਤੇ ਹੁਣ ਉਸ ਨੂੰ ਵੇਚਣ ਜਾ ਰਹੇ ਨੇ । ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਹੋ ਜਿਹੀਆਂ ਖਬਰਾਂ ਸੁਣ ਕੇ ਵੀ ਮਾਪੇ ਪਤਾ ਨਹੀਂ ਕਿਵੇਂ ਆਪਣੇ ਬੱਚਿਆਂ ਨੂੰ ਇਹਨਾਂ ਮੁਲਕਾਂ ਵਿੱਚ ਤੋਰ ਦਿੰਦੇ ਨੇ । ਕੀ ਅੱਜ ਸਾਡੇ ਲਈ ਪੈਸਾ ਹੀ ਮੁੱਖ ਹੋ ਗਿਆ? ਕੀ ਅਸੀਂ ਆਪਣੇ ਦੇਸ਼ ਅੰਦਰ ਰੋਜ਼ਗਾਰ ਪੈਦਾ ਨਹੀਂ ਕਰ ਸਕਦੇ? ਕੀ ਅੱਜ ਅਣਖੀਲੇ ਪੰਜਾਬੀਆਂ ਦੀ ਅਣਖ ਮਰ ਚੁੱਕੀ ਹੈ? ਗੱਲਾਂ ਤਾਂ ਹੋਰ ਵੀ ਬਹੁਤ ਨੇ ਕਹਿਣ ਸੁਣਨ ਨੂੰ ਪਰ ਇਹ ਲਿਖਤ ਕਾਫੀ ਵੱਡੀ ਹੋ ਜਾਣੀ ਏ ਫਿਰ ।
ਬਸ ਅੰਤ ਵਿੱਚ ਮੈਂ ਇਹੀ ਅਪੀਲ ਕਰਦਾਂ, ਆਪਣੇ ਅਣਖੀਲੇ ਪੰਜਾਬੀਆਂ ਨੂੰ ਕਿ ਆਪਣੇ ਪੁੱਤਰਾਂ ਧੀਆਂ ਨੂੰ ਉਪਰੋਕਤ ਦੇਸ਼ਾਂ ਅੰਦਰ ਨਾਂ ਭੇਜਣ ਜਿਨ੍ਹਾਂ ਦਾ ਨਾਮ ਇਸ ਲੇਖ ਵਿਚ ਲਿਖਿਆ ਗਿਆ ਹੈ । ਕਿੳਂਕਿ ਰੁਜ਼ਗਾਰ ਦੇ ਮਾਮਲੇ ਵਿੱਚ ਤਾਂ ਇਨ੍ਹਾਂ ਦੇਸ਼ਾਂ ਦਾ ਪੰਜਾਬ ਤੋ ਵੀ ਬੁਰਾ ਹਾਲ ਹੈ। ਸੋ ਇਸ ਲਈ ਝੂਠੇ ਤੇ ਲਾਲਚੀ ਏਜੰਟਾਂ ਦੀਆਂ ਗੱਲਾਂ ਵਿਚ ਆਣ ਕੇ ਆਪਣੇ ਦੇਸ਼ ਦੀਆਂ ਜਵਾਨੀਆਂ ਤੇ ਇੱਜਤਾਂ ਬਰਬਾਦ ਨਾ ਕਰੋ ,
ਸੰਭਾਲ ਲਵੋ ਪੰਜਾਬਓ ਜੇ ਸੰਭਾਲੀਦੀਆਂ ! ਆਪਣੇ ਰੁਜ਼ਗਾਰ ਦੇ ਸਾਧਨ ਆਪਣੇ ਪੰਜਾਬ ਵਿੱਚ ਹੀ ਪੈਦਾ ਕਰ ਇਸ ਦੀ ਤਰੱਕੀ ਵਿੱਚ ਹਿੱਸਾ ਪਾਈਏ ਤੇ ਆਓ ਆਪਣੀਆਂ ਜਵਾਨੀਆਂ ਬਚਾ ਲਈਏ।
ਭੁੱਲ ਚੁੱਕ ਮਾਫ਼ ਕਰਨੀ ਜੀ........
ਇੰਦਰਜੀਤ ਸਿੰਘ ਜੋਧਪੁਰੀ
ਮੋ: 9780349132


17/07/16)
ਰਘਬੀਰ ਸਿੰਘ ਮਾਨਾਂਵਾਲੀ

ਸੁਣ ਪੰਜਾਬ ਦੇ ਹਾਕਮਾਂ…।

ਸੁਣ ਪੰਜਾਬ ਦੇ ਹਾਕਮਾਂ, ਤੂੰ ਉਹਨਾਂ ਮਾਵਾਂ ਦੀ ਹੂਕ,
ਪੁਤ ਜਿਨ੍ਹਾਂ ਦੇ ਗਭਰੂ, ਅੱਜ ਨਸ਼ਿਆਂ ਦਿਤੇ ਫੂਕ ।

ਹਰ ਗੱਲ਼ ਨੂੰ ਵਿੱਚ ਮਜ਼ਾਕ ਦੇ , ਦੇਂਦਾਂ ਏ ਤੂੰ ਟਾਲ,
ਹੁਣ ਪੰਜਾਬੀ ਤੜਫ਼ ਕੇ, ਰਹੇ ਤੀਜਾ ਬਦਲ ਭਾਲ ।

ਉਫ ! ਕਿਸਾਨ ਪੰਜਾਬ ਦੇ , ਪੈ ਗਏ ਖੁਦਕਸ਼ੀਆਂ ਦੇ ਰਾਹ,
ਟੱਬਰ ਉਹਨਾਂ ਦੇ ਰੁਲ਼ ਗਏ, ਤੇਰੇ ਮੂਹੋਂ ਨਾ ਨਿਕਲੀ ਆਹ ।

ਵੱਡਮੁੱਲਾ ਖਜ਼ਾਨਾ ਪੰਜਾਬ ਦਾ, ਤੀਰਥਾਂ ਉਤੇ ਨਾ ਐਵੇਂ ਰੋੜ।
ਬਚਾਉਣ ਲਈ ਕਿਰਸਾਨ ਨੂੰ, ਤੂੰ ਕਰਜ਼ ਉਹਨਾ ਦਾ ਮੋੜ।

ਅੱਜ ਅਫਰਾ-ਤਫਰੀ ਮੱਚ ਰਹੀ, ਹੋ ਰਹੇ ਪੰਥ ਗ੍ਰੰਥ ਖੁਆਰ,
ਹੁਣ ਛੱਡ ਹਕੂਮਤਾਂ ਆਪਣੀਆਂ, ਤੈਥੋਂ ਹੋਣਾ ਨੀ ਕੁਝ ਸੁਆਰ।

ਤੂੰ ਲੋਕ ਰਾਜ ਨੂੰ ਸਮਝਿਆ, ਸਿਰਫ਼ ਆਪਣੇ ਘਰਦਾ ਖੇਲ੍ਹ,
ਹਰ ਫਰੰਟ ‘ਤੇ ਜਾਪੇਂ ਹੋ ਗਿਉਂ, ਅੱਜ ਬੁਰੀ ਤਰਾਂ ਤੂੰ ਫੇਲ੍ਹ।

ਹੁਣ ਵਾੜ ਖੇਤ ਨੂੰ ਖਾ ਰਹੀ, ਲੋਟੂ ਬਣ ਗਏ ਪਹਿਰੇਦਾਰ,
ਮੱਥਾਅ ਪੰਜਾਬੀਆਂ ਮਿੱਥ ਲਿਆ, ਬਦਲ ਦੇਣੀ ਹੈ ਸਰਕਾਰ।

-ਰਘਬੀਰ ਸਿੰਘ ਮਾਨਾਂਵਾਲੀ
ਮੋਬਾਇਲ: 88728-54500


17/07/16)
ਮਹਿੰਦਰ ਸਿੰਘ ਜੋਸ਼ ਦੀ ਕਿਤਾਬ ‘ਰੱਬ ਨੂੰ ਬਿਪਤਾ’

‘ਛਤ੍ਰੀ ਕੇ ਪੂਤ’ ਦੇ ਧਰਮ, ਅਕੀਦੇ ਤੇ ਜਾਤਿ ਦੀ ਪਛਾਣਦੇਹੀ
ਬਚਿਤ੍ਰ ਨਾਟਕ ਨਾਮਕ ਵੱਡ–ਆਕਾਰੀ ਪੁਸਤਕ ਦੇ ਲਿਖਾਰੀ ਕਵੀ ਸ਼੍ਯਾਮ ਦੀ ਪ੍ਰਮਾਣੀਕ ਜੀਵਨ ਘਟਨਾਵਲੀ ਬਾਰੇ ਸਾਹਿਤ ਜਾਂ ਇਤਿਹਾਸ ਵਿੱਚ ਬਹੁਤੀ ਚਰਚਾ ਨਹੀਂ ਮਿਲਦੀ। ਇਸ ਕਵੀ ਦੀ ਰਚਨਾ ਵਿੱਚੋਂ ਮਿਲਣ ਵਾਲੀਆਂ ਅੰਦਰੂਨੀ ਗਵਾਹੀਆਂ (ਅੰਤਰ ਸਾਖਸ਼) ਦੇ ਆਧਾਰ ਤੇ ਇਸ ਕਵੀ ਦੇ ਜੀਵਨ ਬਾਰੇ ਜੋੜ–ਤੋੜ ਕਰਕੇ ਕੁੱਝ ਕੁ ਤੱਥ ਬਣਾਉਣ ਦਾ ਜਤਨ ਜ਼ਰੂਰ ਕੀਤਾ ਜਾਂਦਾ ਰਿਹਾ ਹੈ ਪਰ ਬਹੁਤਾ ਅਟਕਲ–ਪਚੂ ਹੀ ਲਗਾਣ ਕਾਰਨ ਕਈ ਲੇਖਕਾਂ ਨੇ ਕੁੱਝ ਗ਼ਲਤ ਜਿਹੇ ਸਿਟੇ ਹੀ ਕੱਢੇ ਹਨ ਜਿਹਨਾਂ ਦਾ ਕੋਈ ਠੋਸ ਆਧਾਰ ਹੈ ਹੀ ਨਹੀਂ। ਇਸ ਲਿਖਾਰੀ ਬਾਰੇ ਕੁੱਝ ਕੁ ਗੱਲਾਂ ਤਾਂ ਇਸ ਦੀ ਵੱਡ–ਆਕਾਰੀ ਲਿਖਤ ਦੇ ਵੱਖ–ਵੱਖ ਹਿੱਸਿਆਂ ਦੀਆਂ ਗਵਾਹੀਆਂ ਤੋਂ ਸੁੱਤੇ ਹੀ ਪ੍ਰਾਪਤ ਹੋ ਜਾਂਦੀਆਂ ਹਨ ਜਿਵੇਂ ਕਿ :–
1. ਇਹ ਕਵੀ ਆਪਣੇ ਮੂਲ ਵਿੱਚ ਚੰਡੀ ਦੇਵੀ ਦਾ ਆਰਾਧਕ ਹੈ। ਚੰਡੀ ਦਾ ਭਗਤ ਹੋਣ ਕਾਰਨ ਇਸ ਨੇ ਵੱਡ ਆਕਾਰੀ ਬਚਿੱਤ੍ਰ ਨਾਟਕ ਵਿੱਚ ਦੇਵੀ ਦੇ ਜੰਗਾਂ ਬਾਰੇ ਇੱਕ ਦੀ ਥਾਂ ਤਿੰਨ ਰਚਨਾਵਾਂ ਲਿਖੀਆਂ ਹਨ ਅਤੇ ਇਸ ਪ੍ਰਮੁੱਖ ਕਾਰਨ ਕਰਕੇ ਇਹ ਲਿਖਾਰੀ ਭਾਵੇਂ 24 ਅਵਤਾਰਾਂ ਬਾਰੇ ਲਿਖੇ ਤੇ ਭਾਵੇਂ ਤ੍ਰਿਯਾ ਚਰਿਤ੍ਰਾਂ ਬਾਰੇ; ਭਾਵੇਂ ਰਾਮਾਵਤਾਰ ਬਾਰੇ ਲਿਖੇ ਅਤੇ ਭਾਵੇਂ ਕ੍ਰਿਸ਼ਨਾਵਤਾਰ ਬਾਰੇ; ਦੇਵੀ ਦੀ ਅਤਿ ਲੰਮੇਰੀ ਤੇ ਫ਼ਜ਼ੂਲ ਜਿਹੀ ਉਸਤਤਿ ਤੋਂ ਇਹ ਕਿਤੇ ਵੀ ਰਹਿ ਹੀ ਨਹੀਂ ਸਕਿਆ। ਇਹ ਸਾਜਿਸ਼ੀ ਅਤੇ ਸ਼ਰਾਰਤੀ ਲਿਖਾਰੀ ਜਦ ਆਪਣੀ ਨੰਗੀ–ਚਿੱਟੀ ਸਾਜਿਸ਼ ਰੱਚ ਕੇ ਗੁਰੂ ਦਸਮੇਸ਼ ਦੇ ਨਾਮ ਉੱਤੇ ਉਹਨਾਂ ਦੀ ਆਤਮ–ਕਥਾ ਲਿਖਣ ਬੈਠਾ ਤਾਂ ਉਸ ਰਚਨਾ ਵਿੱਚ ਵੀ ਇਸਨੇ ਦੇਵੀ ਪੂਜਾ ਦੇ ਪ੍ਰਚਾਰ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੱਤਾ।
2. ਘਟ ਪੜ੍ਹੇ–ਲਿਖੇ ਲੋਕਾਂ ਨੂੰ ਭੁਲੇਖਾ ਪਾਉਣ ਲਈ ਇਸਨੇ ਵੱਡ ਆਕਾਰੀ ਬਚਿੱਤ੍ਰ ਨਾਟਕ ਵਿਚਲੀਆਂ ਆਪਣੀਆਂ ਕਈ ਰਚਨਾਵਾਂ ਦੇ ਆਰੰਭ ਵਿੱਚ ‘‘ਪਾਤਿਸ਼ਾਹੀ 10’’ ਲਿਖਿਆ ਅਤੇ ਐਸਾ ਕਰ ਕੇ ਆਮ ਲੋਕਾਈ ਨੂੰ ਭੁਲੇਖਾ ਪਾਉਣ ਅਤੇ ਗੁੰਮਰਾਹ ਕਰਨ ਵਿੱਚ ਕਿਸੇ ਹੱਦ ਤਕ ਕਾਮਯਾਬ ਵੀ ਹੋ ਗਿਆ। ਆਤਮਕਥਾ ਵਾਲੀ ਰਚਨਾ ਦੇ ਆਰੰਭ ਵਿੱਚ ਇਸ ਕਵੀ ਨੇ ਕੇਵਲ ਇਸ ਪ੍ਰਕਾਰ ਦਾ ਭਰਮਾਊ ਸਿਰਲੇਖ ਹੀ ਨਹੀਂ ਦਿੱਤਾ ਬਲਕਿ ਉਤਮ ਪੁਰਖ
(First person) ਵਾਲੀ ਲਿਖਣ– ਸ਼ੈਲੀ ਨੂੰ ਅਪਨਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਵੱਡਾ ਕਾਮਯਾਬ ਜਤਨ ਕੀਤਾ ਹੈ ਜਿਸ ਕਾਰਨ ਬਹੁਤੇ ਲੋਕੀਂ ਗੁਰੂ ਦਸਮੇਸ਼ ਜੀ ਨੂੰ ਹੀ ਇਸ ਰਚਨਾ ਦਾ ਲਿਖਾਰੀ ਮੰਨਣ ਲੱਗ ਪਏ। ਕ੍ਰਿਸ਼ਨਾਵਤਾਰ ਦੇ ਲਿਖਾਰੀ ਨੇ ਇਸ ਰਚਨਾ ਦੇ ਅੰਤਲੇ ਹਿੱਸੇ ਵਿੱਚ ਬਹੁਤ ਚਤੁਰਾਈ ਭਰੇ ਢੰਗ ਨਾਲ (tactfully) 2489 ਨੰਬਰ ਬੰਦ ਲਿਖਿਆ ਹੈ ਜਿਸ ਤੋਂ ਇਹ ਪਤਾ ਚਲਦਾ ਹੈ ਕਿ ਜਾਤਿ ਦੇ ਤੌਰ ਤੇ ਉਹ ਛਤ੍ਰੀ ਹੈ ਅਤੇ ਇਸਦਾ ਉਸ ਨੂੰ ਮਾਣ ਵੀ ਹੈ। ਇਸ ਤੋਂ ਇਹ ਵੀ ਆਭਾਸ ਹੁੰਦਾ ਹੈ ਕਿ ਉਹ ਬ੍ਰਾਹਮਣ ਜਾਤਿ ਤੇ ਉਹਨਾਂ ਦੇ ਕਰਮਾਂ ਨੂੰ ਬਹੁਤੀ ਇੱਜ਼ਤ ਨਾਲ ਨਹੀਂ ਦੇਖਦਾ। ਸੂਰਬੀਰਤਾ ਦੀ ਟਾਹਰ ਮਾਰਨ ਅਤੇ ਲੋਕਾਂ ਨੂੰ ਭੁਲੇਖਾ ਪਾਉਣ ਲਈ ਉਹ ਆਪਣੇ ਇੱਸ਼ਟ ਪਾਸੋਂ ਇਹ ਮੰਗ ਮੰਗਦਾ ਵੀ ਪ੍ਰਤੀਤ ਹੋ ਰਿਹਾ ਹੈ ਕਿ ਜਦ ਉਸਦਾ ਅੰਤ ਸਮਾਂ ਆਵੇ ਤਾਂ ਉਹ ਮੈਦਾਨੇ ਜੰਗ ਵਿੱਚ ਲੜਦਿਆਂ ਹੀ ਮਰੇ ਜਦਕਿ ਸਾਰੀ ਗੁਰਬਾਣੀ ਵਿੱਚ ਕਿਤੇ ਵੀ ਐਸਾ ਜ਼ਿੱਕਰ ਨਹੀਂ ਆਇਆ ਕਿ ਸਿੱਖ ਲਾਜ਼ਮੀ ਤੌਰ ਤੇ ਮੈਦਾਨੇ ਜੰਗ ਵਿੱਚ ਲੜਦਿਆਂ ਮਰਨ ਦੇ ਆਦਰਸ਼ ਨੂੰ ਆਪਣੇ ਜੀਵਨ ਦੇ ਨਿਸ਼ਾਨੇ ਦੇ ਤੌਰ ਤੇ ਅਪਨਾਏ ਅਤੇ ਅਜਿਹੀ ਤਾਂਘ ਹੀ ਪਾਲੇ। ਕ੍ਰਿਸ਼ਨਾਵਤਾਰ ਦੇ ਅੰਤ ਵਿੱਚ ਘਟੋ–ਘਟ ਦੋ ਬੰਦ (ਬੰਦ ਨੰਬਰ 2489 ਤੇ 2492) ਐਸੇ ਹਨ ਜਿਹਨਾਂ ਨੂੰ ਇੱਕ ਗਿਣੀ–ਮਿਥੀ ਸਾਜਿਸ਼ ਅਧੀਨ ਕਵੀ ਸ਼੍ਯਾਮ ਨੇ ਐਸਾ ਰੂਪ, ਰੰਗ ਤੇ ਸ਼ਬਦਾਵਲੀ ਦਿੱਤੀ ਹੈ ਜਿਸ ਨਾਲ ਆਮ ਸਿੱਖਾਂ ਨੂੰ ਗੁੰਮਰਾਹ ਕੀਤਾ ਜਾ ਸਕੇ ਅਤੇ ਉਹਨਾਂ ਦੀ ਹਿਮਾਇਤ ਵੀ ਹਾਸਲ ਕੀਤੀ ਜਾਵੇ। ਦਬ ਕੇ ਦਮਗਜੇ ਮਾਰੇ ਜਾਣ ਤਾਂ ਜੋ ਸਿੱਖ ਇਸ ਕਵੀ ਨੂੰ ਨਿਰੋਲ ਆਪਣੇ ਘਰ ਦਾ ਤੇ ਆਪਣਾ ਹਮ– ਖ਼ਿਆਲ ਬੰਦਾ ਸਮਝਣ ਅਤੇ ਜੇ ਆਮ ਸਿੱਖ ਇਹ ਭੁਲੇਖਾ ਖਾ ਜਾਣ ਕਿ ਇਹ ਰਚਨਾ ਗੁਰੂ ਦਸਮੇਸ਼ ਦੀ ਹੀ ਹੈ ਤਾਂ ‘‘ਭੇਦ’’ ਨੀਤੀ ਦੇ ਇਹਨਾਂ ਵਿਪ੍ਰ ਮਾਲਕਾਂ ਲਈ ਇਸ ਤੋਂ ਹੋਰ ਚੰਗੀ ਗੱਲ ਕੀ ਹੋ ਸਕਦੀ ਹੈ।
ਛਤ੍ਰੀ ਕੋ ਪੂਤ ਹੌਂ ਬਾਮ੍ਹਨ ਕੋ ਨਾਹਿ, ਕੈ ਤਪ ਆਵਤ ਹੈ ਜੋ ਕਰੋਂ॥
ਅਰੁ ਅਉਰ ਜੰਜਾਰ ਜਿਤੋ ਗ੍ਰਹਿ ਕੋ, ਤੁਹਿ ਤਿਆਗ ਕਹਾ ਚਿਤ ਤਾ ਮੈ ਧਰੋਂ॥
ਅਬ ਰੀਝ ਕੈ ਦੇਹੁ ਵਹੈ ਹਮ ਕਉ, ਜੋਊ ਹਉਂ ਬਿਨਤੀ ਕਰ ਜੋਰਿ ਕਰੋਂ॥
ਜਬ ਆਉ ਕੀ ਅਉਧ ਨਿਦਾਨ ਬਨੈ, ਅਤਿ ਹੀ ਰਣ ਮੈਂ ਤਬ ਜੂਝ ਮਰੋਂ॥2489॥
(ਪੰਨਾ 570)
ਧੰਨ ਜੀਓ ਤਿਹ ਕੋ ਜਗ ਮੈ ਮੁਖ ਤੇ ਹਰਿ ਚਿੱਤ ਮੈ ਜੁੱਧ ਬਿਚਾਰੈ॥
ਦੇਹ ਅਨਿੱਤ ਨ ਨਿੱਤ ਰਹੈ, ਜਸ ਨਾਵ ਚੜ੍ਹੈ ਭਵ ਸਾਗਰ ਤਾਰੈ॥2492॥
(ਪੰਨਾ 570)
ਉਕਤ ਬੰਦ ਵਿੱਚ ਤਾਂ ਇਹ ਕਵੀ ਆਪਣੇ ਆਪ ਨੂੰ ਛਤ੍ਰੀ ਦਸ ਰਿਹਾ ਹੈ ਤੇ ਬ੍ਰਾਹਮਣਾਂ ਲਈ ਕੇਵਲ ਹੇਠੀ–ਜਨਕ ਵਿਚਾਰ ਹੀ ਨਹੀਂ ਪੇਸ਼ ਕਰ ਰਿਹਾ ਬਲਕਿ ਉਹਨਾਂ ਨੂੰ ਬ੍ਰਾਹਮਣ ਦੀ ਥਾਂ ਬਾਹਮਣ ਕਹਿ ਕੇ ਜ਼ਲੀਲ ਕਰਨ ਦਾ ਜਤਨ ਕਰ ਰਿਹਾ ਹੈ। ਇਸ ਮੁਲਕ ਅਤੇ ਹਿੰਦੂ ਕੌਮ ਉਤੇ ਬੇਅੰਤ ਅਤਿਆਚਾਰ ਹੋ ਰਹੇ ਸਨ। ਸ਼੍ਯਾਮ ਕਵੀ ਨੂੰ ਜੰਗ ਵਿੱਚ ਹਿੱਸਾ ਲੈਣ ਤੋਂ ਕਿਸੇ ਨੇ ਕੀ ਰੋਕਣਾ ਸੀ? ਅਤੇ ਨਾ ਕਦੀ ਕਿਸੇ ਨੇ ਰੋਕਿਆ ਹੀ ਸੀ। ਇਤਿਹਾਸ ਪੁਸਤਕਾਂ ਵਿੱਚ ਇਸ ਕਵੀ ਬਾਰੇ ਕਿਤੇ ਇੱਕ ਵੀ ਐਸੀ ਪੰਗਤੀ ਨਹੀਂ ਮਿਲਦੀ ਕਿ ਇਹ ਕਵੀ ਕਿਸੇ ਧਰਮ ਜੰਗ ਵਿੱਚ ਕਦੀ ਵੀ ਲੜਨ ਗਿਆ ਹੋਵੇ। ਇਹ ਫ਼ਜ਼ੂਲ ਦੇ 404 ਜਾਂ 405 ਤ੍ਰਿਯਾ ਚਰਿਤ੍ਰ ਲਿਖਣ ਵਿੱਚ ਸਮਾਂ ਜ਼ਾਇਆ ਕਰਦਾ ਰਿਹਾ ਹੈ। ਇਸ ਸ਼ਰਮਨਾਕ ਲਿਖਤ ਰਾਹੀਂ ਇਸਨੇ ਆਪਣੀਆਂ ਕਾਮੀ ਬਿ੍ਰਤੀਆਂ ਤੇ ਕਾਮੀ ਰੁੱਚੀਆਂ ਦਾ ਖੁਲ੍ਹ ਕੇ ਪ੍ਰਗਟਾਵਾ ਕੀਤਾ ਹੈ। ਇਹਨਾਂ ਕਾਮੀ ਰੁਚੀਆਂ ਤੇ ਬਿ੍ਰਤੀਆਂ ਨਾਲ ਭਰੇ ਇਸ ਸਾਕਤ ਕਵੀ ਨੇ ਜੰਗ ਵਿੱਚ ਕਿੱਥੇ ਜਾਣਾ ਸੀ? ਜਦ ਤਕ ਕਿ ਵਿਸ਼ਨੂੰ ਭਗਵਾਨ ਅਵਤਾਰ ਨਾ ਲੈਣ ਤੇ ਜਦ ਤਕ ਉਹ 90 ਪਦਮ ਫ਼ੌਜਾਂ ਜਾਂ 23 ਅਛੂਹਣੀਆਂ ਸੈਨਾਵਾਂ ਨਾ ਲੈ ਕੇ ਆਉਣ ਜਾਂ ਜਦ ਤਕ ਵਿਸ਼ਨੂੰ ਜੀ ਨਿਹਕਲੰਕੀ ਰੂਪ ਵਿੱਚ 450 ਫੁਟ ਉਚੇ ਘੋੜੇ ਉਤੇ ਚੜ੍ਹ ਕੇ ਅਜਿਹੇ ਜੰਗ ਦੀ ਅਗਵਾਈ ਨਾ ਕਰਨ।
ਜਿਹੜੇ ਸਜਣ ਇਸ ਬੰਦ ਨੂੰ ਕਲਗੀਧਰ ਸੁਆਮੀ ਦਾ ਹੀ ਸਮਝੀ ਜਾ ਰਹੇ ਹਨ ਉਹ ਵੀ ਬਰੀਕ–ਬੀਨੀ ਨਾਲ ਸੋਚ ਵਿਚਾਰ ਲੈਣ ਕਿ ਪਹਿਲਾਂ ਤਾਂ ਇਹ ਬੰਦ ਇਸ ਸਮੁੱਚੀ ਰਚਨਾ ਸਹਿਤ ਕਲਗੀਧਰ ਪਾਤਿਸ਼ਾਹ ਦਾ ਹੈ ਹੀ ਨਹੀਂ ਅਤੇ ਦੂਜੇ ਇਹ ਸਿੱਖ ਸਿਧਾਂਤ ਹੀ ਨਹੀਂ ਕਿ ਬਿਨਾ ਮਤਲਬ ਦੇ ਐਵੇਂ ਹੀ ਜੰਗ ਕੀਤੇ ਜਾਣ। ਇਹ ਹੋਰ–ਹੋਰ ਮੱਤਾਂ ਦਾ ਸਿਧਾਂਤ ਜ਼ਰੂਰ ਹੈ ਕਿ ਜੰਗ ਵਿੱਚ ਮਾਰੇ ਜਾਣ ਨਾਲ ਬਹਿੱਸ਼ਤ ਮਿਲੇਗਾ ਜਾਂ ਹੂਰਾਂ ਪ੍ਰਾਪਤ ਹੋਣਗੀਆਂ। ਸਿੱਖੀ ਸ਼ਾਂਤੀ ਤੇ ਸਹਜ ਅਵਸਥਾ ਵਾਲੀ ਆਦਰਸ਼ਕ ਜੀਵਨ ਜਾਚ ਸਿਖਾਉਂਦੀ ਹੈ, ਫਜ਼ੂਲ ਦੇ ਜੰਗ ਸਹੇੜੀ ਜਾਣਾ ਸਿੱਖੀ ਦਾ ਅੰਤਿਮ ਨਿਸ਼ਾਨਾ ਕਦਾਚਿਤ ਨਹੀਂ ਰਿਹਾ। ਗੁਰੂ ਅੰਗਦ ਪਾਤਿਸ਼ਾਹ ਤੇ ਗੁਰੂ ਦਸਮੇਸ਼ ਦੇ ਇਤਿਹਾਸਕ ਉਪਦੇਸ਼ਾਂ ਵਿੱਚ ਤਾਂ ਕੇਵਲ ਇਸ ਸਿਧਾਂਤ ਤੇ ਜ਼ੋਰ ਦਿੱਤਾ ਗਿਆ ਹੈ ਕਿ ਜੇ ਧਰਮ ਦੀ ਰਾਖੀ ਜਾਂ ਧਰਮ ਦੀ ਬਿ੍ਰਧੀ ਲਈ ਹੋਰ ਸਾਰੇ ਹੀਲੇ ਮੁਕ ਜਾਣ ਤਦ ਹੀ ਤਲਵਾਰ ਹੱਥ ਵਿੱਚ ਫੜ ਕੇ ਜੂਝਣਾ ਬਣਦਾ ਹੈ ਅਤੇ ਧਰਮੀ ਬੰਦਿਆਂ ਨੂੰ ਤਦ ਹੀ ਮਰਨਾ ਮਿੱਥ ਕੇ ਜਦੋ– ਜਹਿਦ ਵਿੱਚ ਕੁਦ ਪੈਣਾ ਚਾਹੀਦਾ ਹੈ।
ਕ੍ਰਿਸ਼ਨਾਵਤਾਰ ਵਿੱਚ ਕ੍ਰਿਸ਼ਨ ਜੀ ਦੇ ਭਰਾ ਬਲਭਦ੍ਰ ਦੀ ਇੱਕ ਤੀਰਥ–ਯਾਤਰਾ ਦਾ ਜ਼ਿੱਕਰ ਆਉਂਦਾ ਹੈ ਜਿਸ ਦੌਰਾਨ ਉਸ ਨੂੰ ਇੱਕ ਬ੍ਰਾਹਮਣ ਮਿਲਿਆ ਸੀ ਜੋ ਆਰਾਧਨਾ ਜਾਂ ਧਿਆਨ ਵਿੱਚ ਮਗਨ ਸੀ ਅਤੇ ਜਿਸਨੇ ਉਠ ਕੇ ਬਲਭਦ੍ਰ ਦਾ ਆਦਰ ਸਤਿਕਾਰ ਨਹੀਂ ਸੀ ਕੀਤਾ। ਨਤੀਜੇ ਦੇ ਤੌਰ ਤੇ ਬਲਭਦ੍ਰ ਨੇ ਗੁੱਸੇ ਵਿੱਚ ਆ ਕੇ ਉਸਨੂੰ ਮਾਰ ਦਿੱਤਾ ਸੀ। ਇਸ ਘਟਨਾ ਨੂੰ ਦੇਖਣ ਵਾਲਿਆਂ ਵਿੱਚੋਂ ਮੌਕੇ ਦੇ ਗਵਾਹ, ਇੱਕ ਰਿਖੀ ਨੇ ਬਲਭਦ੍ਰ ਦੀ ਇਸੀ ਹਰਕਤ ਦਾ ਬਹੁਤ ਬੁਰਾ ਮਨਾਇਆ ਸੀ, ਯਥਾ :–
ਇਕ ਰਿਖ ਥੋ ਤਿਨ ਐਸ ਉਚਾਰਯੋ॥
ਬੁਰਾ ਕੀਓ ਹਲਧਰ ਦਿਜ ਮਾਰਯੋ॥2384॥ (ਪੰਨਾ 557)
(ਰਿਖ – ਰਿਖੀ। ਹਲਧਰ – ਬਲਰਾਮ। ਦਿਜ – ਬ੍ਰਾਹਮਣ।) ਹਾਲਾਂਕਿ ਇਹ ਬਲਭਦ੍ਰ ਕਵੀ ਦੀ ਇਸ ਰਚਨਾ ਤੋਂ ਅਸਲ ਵਿੱਚ ਛਤ੍ਰੀ ਵੀ ਨਹੀਂ ਸਿੱਧ ਹੁੰਦਾ ਕਿਉਂਕਿ ਉਹ ਤਾਂ ਗਵਾਲਿਆਂ ਜਾਂ ਯਾਦਵਾਂ ਵਿੱਚੋਂ ਸੀ ਪਰ ਉਸ ਨੇ ਇੱਥੇ ਆਪਣੇ ਕਤਲ ਵਾਲੇ ਕੁਕਰਮ ਨੂੰ ਛਤ੍ਰੀ–ਪੁਣੇ ਦੇ ਮਾਣ ਵਿੱਚ ਆ ਕੇ ਜਾਇਜ਼ ਠਹਿਰਾਇਆ ਸੀ, ਯਥਾ :–
ਛਤ੍ਰੀ ਕੋ ਪੂਤ ਥੋ ਕੋਪ ਭਰੇ, ਤਿਹ ਨਾਸ ਕਿਯੋ ਬਿਨਤੀ ਸੁਨਿ ਲੀਜੈ॥
ਠਾਢ ਭਏ ਉਠ ਕੈ ਰਿਖ ਸੋ, ਜੜ ਬੈਠਿ ਰਹਿਓ ਕਹਿਓ ਸਾਚ ਪਤੀਜੈ।2386।
(ਪੰਨਾ 557)
(ਕੋਪ – ਗੁੱਸਾ, ¬ਕ੍ਰੋਧ। ਨਾਸ ਕਿਯੋ – ਮਾਰ ਦਿੱਤਾ। ਠਾਢ ਭਏ – ਖੜੇ ਹੋਏ। ਜੜ – ਮੂਰਖ। )
ਇਹ ਗੱਲ ਬਿਲਕੁਲ ਉਸੇ ਤਰ੍ਹਾਂ ਦੀ ਹੈ ਜਿਵੇਂ ਭਾਰਤ ਦੀ ਬਹੁ– ਗਿਣਤੀ ਵਾਲੇ ਫ਼ਿਰਕੂ ਲੋਕਾਂ ਨੇ ਸੰਨ 2002 ਵਿੱਚ ਮੁਸਲਮਾਣਾਂ ਦੀ ਗੁਜਰਾਤ ਵਿੱਚ ਕੀਤੀ ਕਤਲੋਗਾਰਤ ਨੂੰ ਅਤੇ ਸੰਨ 1984 ਵਿੱਚ ਸਿੱਖਾਂ ਦੀ ਦਿੱਲੀ, ਕਾਨਪੁਰ, ਬੋਕਾਰੋ ਅਤੇ ਦੇਸ਼ ਦੇ ਅਨੇਕਾਂ ਸ਼ਹਿਰਾਂ ਵਿੱਚ ਕੀਤੀ ਕਤਲੇਆਮ ਨੂੰ ਜਾਇਜ਼ ਦਸਿਆ ਸੀ। ਇਹ ਫ਼ਿਰਕੂ ਲੋਕ ਇਹ ਰਟਦੇ ਰਹੇ ਸਨ ਕਿ ਜਬ ਏਕ ਬੜਾ ਪੇੜ ਗਿਰਤਾ ਹੈ ਤਬ ਧਰਤੀ ਹਿਲਤੀ ਹੀ ਹੈ ਅਤੇ ਆਪਣੇ ਨਾਜਾਇਜ਼ ਧੱਕੇ, ਆਪਣੀ ਬਹੁ–ਗਿਣਤੀ ਤੇ ਜਾਤਿ–ਅਭਿਮਾਨ ਨੂੰ ਦੇਸ਼ ਭਗਤੀ ਕਹਿੰਦੇ ਰਹੇ ਸਨ।


10/07/16)
ਦਲੇਰ ਸਿੰਘ ਜੋਸ਼

ਬੀਗਾ ਸ਼ਬਦ ਦੀ ਸਮੀਖਿਆ
ਇਸ ਸ਼ਬਦ ਦਾ ਜਿਸ ਵਕਤ ਉਚਾਰਨ ਸੁਣੀਦਾ ਹੈ ਤਾ ਦੁਆਬੇ ਦੀ ਬੋਲੀ ਅਨੁਸਾਰ ਜ਼ਮੀਨ ਦੇ ਇੱਕ ਹਿਸੇ ਦੀ ਕੀਤੀ ਹੋਈ ਵੰਡ ਦਾ ਨਕਸ਼ਾ ਸਾਹਮਣੇ ਆ ਜਾਂਦਾ ਹੈ। ਜਿਸ ਨੂੰ ਅਸੀ ਲੋਕ ਵਿਘਾ ਬੋਲਦੇ ਹਾਂ। ਪਮਾਇਸ਼ ਦੇ ਅਧਾਰ ਤੇ ਇੱਕ ਏਕੜ {ਕਿਲੇ} ਦੇ ਬਰਾਬਰ ਦੇ ਦੋ ਹਿਸਿਆ ਨੂੰ ਦੋ ਵਿਘੇ ਬੋਲੇ ਜਾਂਦੇ ਹਨ। ਦੁਆਬੀਏ ਵਾਵਾ ਅੱਖਰ ਦੀ ਥਾਂ ਬੱਬਾ ਅੱਖਰ ਬੋਲਦੇ। ਅਸੀ ਵੱਛਾ ਕਹਿੰਦੇ ਹਾ ਉਹ ਬੱਛਾ ਕਹਿੰਦੇ ਹਨ, ਅਸੀ ਵੱਟਾ ਕਹਿੰਦੇ ਹਾਂ ਉਹ ਬੱਟਾ ਬੋਲਦੇ ਹਨ ਅਸੀ ਵੱਖੀ ਬੋਲਦੇ ਹਾਂ ਉਹ ਬੱਖੀ ਕਹਿੰਦੇ ਹਨ। ਇੱਕ ਫਿਕਰਾ ਬੜਾ ਮਸ਼ਹੂਰ ਸੀ। ਅਸੀ ਬੋਲਣਾ,
ਬਾਬੇ ਨੇ ਵਹਿੜਕੇ ਦੀ ਵੱਖੀ ਵਿੱਚ ਵੱਟ ਕੇ ਵਟਾ ਮਾਰਿਆ।
ਉਹਨਾ ਕਹਿਣਾ
ਬਾਬੇ ਨੇ ਬਹਿੜਕੇ ਦੀ ਬੱਖੀ ਵਿੱਚ ਬੱਟ ਕੇ ਬਟਾ ਮਾਰਿਆ।

ਅਸੀ ਬਾਰ ਵਿਚੋਂ ਆਏ ਲੋਕ ਵਿਘਾ ਸ਼ਬਦ ਬੋਲਦੇ ਹਾਂ ਪਰ ਇਥੋਂ ਦੇ ਲੋਕਲ ਲੋਕ ਬੀਗਾ ਸ਼ਬਦ ਬੋਲਦੇ ਹਨ। ਮੇਰਾ ਸੋਹਰੇ ਪਿੰਡ ਭਟਨੂਰਾ ਹੋਣ ਕਰਕੇ ਮੈਨੂੰ ਇਹ ਬੋਲੀ ਸੁਣਨ ਦਾ ਮੋਕਾ ਮਿਲਦਾ ਰਿਹਾ ਹੈ। ਭਾਵੇਂ ਮੇਰਾ ਅਪਣਾ ਪਿੰਡ ਬੱਸੀ ਭਟਨੂਰੇ ਦੇ ਨੇੜੇ ਹੀ ਪੈਦਾਂ ਹੈ ਪਰ ਬੋਲੀ ਦਾ ਫਰਕ ਹੈ। ਮੇਰੇ ਸਾਲੇ ਸਾਹਿਬ ਅਜੀਤ ਸਿੰਘ ਕਲਸਾਣਾ ਨੇ ਕਹਿਣਾ ਜੀਜਾ ਜੀ ਇੱਕ ਬੀਗਾ ਅਸੀ ਲਸਣ ਲਾ ਦਿਤਾ ਹੈ, ਇੱਕ ਬੀਗਾ ਹਰੀ ਮਿਰਚ ਆਦਿ ਹੁਣ ਘੱਰ ਦਾ ਲਸਣ ਹੀ ਆਪ ਜੀ ਨੂੰ ਲੁਧਿਆਣੇ ਭੇਜਿਆ ਕਰਾਂਗੇ। ਇਹ ਵਿਚਾਰ ਮੈ ਤਾਂ ਲਿਖ ਦਿਤਾ ਹੈ ਕੇ ਸਮੇਂ ਨਾਲ ਬੋਲੀ ਬਦਲਦੀ ਰਹਿੰਦੀ ਹੈ। ਆਪ ਜੀ ਗਿਆਨੀ ਗੁਰਦਿਤ ਸਿੰਘ ਜੀ ਦੀ ਇੱਕ ਕਿਤਾਬ: ਮੇਰਾ ਪਿੰਡ: ਪੱੜ੍ਹ ਕੇ ਵੇਖੋ ਜੋ ਉਹਨਾਂ ਪਿੰਡਾਂ ਦੀਆਂ ਰਸਮਾਂ ਰਿਵਾਜ਼ਾ ਬਾਰੇ ਲਿਖਿਆ ਉਹ ਸਾਡੀ ਪਨੀਰੀ ਨੂੰ ਇਹਨਾ ਕਿਤਾਬਾ ਵਿਚੋਂ ਹੀ ਮਿਲੇਗਾ, ਅਸਲ ਵਿੱਚ ਹੁਣ ਲੋਕ ਪਿੰਡਾਂ ਦੇ ਭੀ ਸ਼ਹਿਰੀਆਂ ਵਰਗੇ ਹੀ ਹੋ ਗਏ ਹਨ। ਤੇ ਇਹ ਬੋਲ ਹੁਣ ਬਹੁਤ ਘੱਟ ਸੁਣਨ ਨੂੰ ਮਿਲਨਗੇ।
ਅਸੀ ਬਚਨ ਕਰ ਰਹੇ ਸੀ ਬੀਗਾ। ਬੀਗਾ ਦਾ ਅਰਥ ਸਿਲਾ ਭੀ ਹੁੰਦਾਂ ਹੈ ਜਿਵੇਂ ਹਿੰਦੀ ਭਾਸ਼ਾ ਵਾਲਿਆਂ ਨੂੰ ਕਹਿੰਦੇ ਸੁਣੀਦਾ ਹੈ; ਅੱਜ ਦਾ ਮੋਸਮ ਬਹੁਤ ਬੀਗਾ ਬੀਗਾ ਹੈ ਭਾਵ ਸਿਲਾ ਸਿਲਾ ਹੈ। ਬੀਗਾ ਦਾ ਅਰਥ ਭਿਗੋ ਦੇਣਾ ਭੀ ਹੈ, ਜੈਸੇ ਜਿਹ ਬਸਤਰ ਪਾਣੀ ਮੇਂ ਬਿਗੋ ਦੇਵੋ-ਭਾਵ ਡੁਬੋ ਦੇਵੋ। ਪਰ ਗੁਰਬਾਣੀ ਅੰਦਰ ਆਏ ਸ਼ਬਦ ਦੇ ਅਰਥ ਇਹ ਅਰਥ ਨਹੀ ਜੋ ਅਸੀ ਇਥੇ ਕੀਤੇ ਹਨ ਉਥੇ ਇਸ ਸ਼ਬਦ ਦੇ ਅਰਥ ਬਿਲਕੁਲ ਹੀ ਵੱਖਰੇ ਅਰਥ ਹਨ। ਪਿਰ ਆਪ ਕਹੋਗੇ ਕਿ ਆਪ ਨੇ ਉਹ ਅਰਥ ਕਿਊ ਨਹੀ ਪਹਿਲਾ ਕੀਤੇ। ਹੋਰ ਹੋਰ ਪਾਸੇ ਕਿਉ ਜਾਂਦੇ ਰਹੇ। ਉਸਦਾ ਸਿਰਫ ਇਹੀ ਹੀ ਕਾਰਣ ਹੈ ਆਪ ਜੀ ਦੀ ਜਾਣਕਾਰੀ ਵਿੱਚ ਵਾਧਾ ਕਰਨਾ। ਹੁਣ ਬਾਣੀ ਅੰਦਰ ਆਏ ਇਸ ਸ਼ਬਦ ਦੇ ਰੂਪ ਨੂੰ ਆਪ ਜੀ ਵੇਖਣਾ ਕਰੋ ਤੇ ਫਿਰ ਸਮਝਣਾ ਕਰੋ ਜੀ।
ਇਹ ਸ਼ਬਦ ਬਾਣੀ ਵਿੱਚ ਕੇਵਲ ਤੇ ਕੇਵਲ ਦੋ ਬਾਰ ਆਇਆ ਹੈ ਤੇ ਦੋਵਾਂ ਥਾਵਾਂ ਤੇ ਇਕੋ ਇਕੋ ਹੀ ਅਰਥ ਭਾਵ ਵਿੱਚ ਆਇਆ ਹੈ। ਉਹ ਦੋ ਅਸਥਾਨ ਹਨ, ਇੱਕ ਸੁਖਮਨੀ ਸਾਹਿਬ ਵਿੱਚ ਪੰਨਾਂ 271 ਤੇ। ਇੱਕ ਰਾਗ ਰਾਮਕਲੀ ਰਾਗ ਵਿੱਚ ਪੰਨਾਂ 885 ਤੇ। ਉਹਨਾਂ ਦੇ ਸਰੂਪ ਦੇ ਭੀ ਮੈ ਆਪ ਜੀ ਨੂੰ ਦਰਸਨ ਕਰਵਾ ਦੇਦਾਂ ਹਾਂ ਜੀ।
{1} ਸਾਧ ਕੈ ਸੰਗਿ ਨ ਬੀਗਾ ਪੈਰ॥ ਸੁਖਮਨੀ ਸਾਹਿਬ ਜੀ॥ ਪੰਨਾਂ 271॥
{2} ਬਾਜਾ ਮਾਣੁ ਤਾਣੁ ਤਜਿ ਤਾਨਾ ਪਾਉ ਨਾ ਬੀਗਾ ਘਾਲੇ॥ ਰਾਮਕਲੀ ਮ: 5॥ ਪੰਨਾ 885॥
ਹੁਣ ਆਪ ਜੀ ਬੀਗਾ ਸ਼ਬਦ ਦੇ ਪਰਤੱਖ ਦਰਸਨ ਆਪ ਜੀ ਅਪਣੇ ਨੇਤਰਾਂ ਦੇ ਨਾਲ ਕਰ ਰਹੇ ਹੋ। ਜੋ ਇਹਨਾਂ ਪੰਗਤੀਆਂ ਵਿੱਚ ਆਏ ਸ਼ਬਦ ਬੀਗਾ ਦਾ ਉਚਾਰਨ ਇਸੇ ਤਰ੍ਹਾਂ ਹੀ ਬੀਗਾ ਕਰੋਗੇ ਤਾਂ ਅਰਥ ਇਹੋ ਹੀ ਬਣਨਗੇ ਜੋ ਇਸ ਲੰਮੀ ਚੌੜੀ ਵਿਆਖਿਆ ਵਿੱਚ ਆਪ ਜੀ ਨੇ ਪੜ੍ਹੇ ਹਨ। ਪਰ ਗੁਰੂ ਪਿਆਰਿਓ ਨਹੀ ਇਵੇ ਉਚਾਰਨ ਨਹੀ ਕਰਨਾ ਇਥੇ ਉਚਰਨ ਕਰਨਾਂ ਹੈ ਬੀਗਾਂ ਜਿਸਦਾ ਅਰਥ ਭਾਵ ਹੈ ਟੇਡਾ, ਵਿੰਗਾਂ। ਹੁਣ ਇਹ ਉਚਾਰਨ ਕਰਨ ਨਾਲ ਇਸਦਾ ਅਰਥ ਨਾਂ ਤਾਂ ਜ਼ਮੀਨ ਵਾਲਾ ਬਿਗਾ ਜਾਂ ਬਿਘਾ ਬਣਿਆ ਤੇ ਨਾਹੀ ਸਿਲਾ ਸਿਲਾ ਬਣਿਆ ਸਹੀ ਅਰਥ ਬੱਣ ਗਿਆ ਟੇਡਾ, ਗਲਤ, ਵਿੰਗਾਂ। ਹੁਣ ਅਸੀ ਗੁਰੂ ਜੀ ਨੂੰ ਪੁਛ ਲੈਦੇ ਹਾਂ ਸਤਿਗੁਰੂ ਜੀ ਆਪ ਜੀ ਇਹਨਾਂ ਦੋ ਪੰਕਤੀਆਂ ਦੇ ਬੀਗਾ ਸ਼ਬਦ ਕਿਸ ਅਰਥ ਭਾਵ ਵਿੱਚ ਵਰਤਿਆ ਹੈ। ਤਾਂ ਸਤਿਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਜੀ ਵਾਲੀ ਪੰਕਤੀ ਵਿੱਚ ਕਹਿ ਰਹੇ ਹਨ।
ਸਾਧ ਕੈ ਸੰਗਿ ਨ ਬੀਗਾ ਪੈਰ॥
ਤਾਂ ਅਰਥ ਹੋ ਗਏ ਟੀਕੇ ਦੇ ਅਦਾਰ ਤੇ =ਬੀਗਾ-ਵਿੰਗਾ; ਵਿੰਗਾਂ ਪੈਰ।
ਸੰਤਾਂ ਦੀ ਸੰਗਤ ਵਿੱਚ ਬੈਠਨ ਵਾਲੇ ਦਾ ਕਿਸੇ ਮੰਦੇ ਪਾਸੇ ਕਦਮ ਨਹੀ ਪੁਟੀਦਾਂ॥
ਅਗਲੀ ਪੰਕਤੀ ਰਾਗ ਰਾਮਕਲੀ ਵਾਲੇ ਰਾਗ ਦੀ; ਦਾ ਰੂਪ॥
ਬਾਜਾ ਮਾਣੁ ਤਾਣੁ ਤਜਿ ਤਾਨਾ,
ਪਾਉ ਨ ਬੀਗਾ ਘਾਲੇ॥

ਮਾਣ ਤਾਣੁ=ਅਹੰਕਾਰ-ਅਪਣੀ ਤਾਕਤ ਦਾ ਭਰੋਸਾ; ਤਜਿ ਤਜੇ ਤਿਆਗਦਾ ਹੈ। ਬੀਗਾ =ਵਿੰਗਾ
ਪਾਉ ਨ ਬੀਗਾ ਘਾਲੈ=ਵਿੰਗਾ ਪੈਰ ਨਹੀ ਧਰਦਾ, ਮੰਦੇ ਪਾਸੇ ਨਹੀ ਜਾਂਦਾ।
ਉਹ ਮਨੁਖ ਆਪਣੀ ਤਾਕਤ ਦਾ ਭਰੋਸਾ ਤਿਆਗਦਾ ਹੈ ਇਹੀ ਉਸਦਾ ਵਾਜਾ ਵਜਾਉਣਾ ਹੈ।
ਅੁਹ ਮਨੁਖ ਮੰਦੇ ਪਾਸੇ ਪੈਰ ਨਹੀ ਧਰਦਾ -ਇਹੀ ਉਸ ਵਾਸਤੇ ਤਾਨ ਪਲਟਾ ਹੈ।
ਕਿਨੇ ਪਿਆਰੇ ਅਰਥ ਸਤਿਗੁਰ ਜੀ ਨੇ ਬਖਸੇ ਹਨ ਅਸੀ ਪਾਠ ਭੀ ਸ਼ੁਧ ਕਰੀਏ ਤੇ ਸਤਿਗੁਰ ਦੀ ਬਾਣੀ ਦਾ ਅਨੰਦ ਭੀ ਮਾਣੀਐ ਮੇਰੀ ਇਹੀ ਅਰਦਾਸ ਹੈ ਇਹੀ ਭਾਵਨਾਂ ਹੈ। ਮੇਰੇ ਲਈ ਆਪ ਜੀ ਨੇ ਅਰਦਾਸ ਕਰਨੀ ਗੁਰੂ ਸਾਹਿਬ ਸੁਮੱਤ ਬਖਸ਼ਨ ਤੇ ਚੰਗੀਆਂ ਵਿਚਾਰਾਂ ਨਾਲ ਆਪ ਜੀ ਦੀ ਸੇਵਾ ਕੱਰ ਸਕਾਂ ਜੀ
ਦਲੇਰ ਸਿੰਘ ਜੋਸ਼


10/07/16)
ਅਵਤਾਰ ਸਿੱਖ ਉੱਪਲ

(ਸੰਪਾਦਕੀ ਨੋਟ:- ਜਿਵੇਂ ਕਿ ਪਹਿਲਾਂ ਅਨੇਕਾਂ ਵਾਰੀ ਦੱਸਿਆ ਜਾ ਚੁੱਕਾ ਹੈ ਕਿ ‘ਸਿੱਖ ਮਾਰਗ’ ਦਾ ਕਿਸੇ ਵੀ ਰਾਜਨੀਤਕ ਪਾਰਟੀ ਨਾਲ ਕੋਈ ਵੀ ਸੰਬੰਧ ਨਹੀਂ ਹੈ ਅਤੇ ਨਾ ਹੀ ਕਿਸੇ ਰਾਜਨੀਤਕ ਲਿਖਤ ਨੂੰ ਛਾਪਣ ਦੀ ਸਾਨੂੰ ਕੋਈ ਬਹੁਤੀ ਦਿਲਚਸਪੀ ਹੁੰਦੀ ਹੈ। ਪਰ ਕਿਉਂਕਿ ਜਿਸ ਮੁੱਦੇ ਨੂੰ ਲੈ ਕੇ ਕਿਸੇ ਧਾਰਮਕਿ ਕੇਂਦਰੀ ਸਥਾਨ ਨਾਲ ਜੋੜ ਕੇ ਆਮ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਦੇਣ ਲਈ ਇਸ ਲਿਖਤ ਨੂੰ ਛਾਪਿਆ ਜਾ ਰਿਹਾ ਹੈ)


ਗੱਲ ਹੱਦ ਨੀਵੇਂ ਦਰਜੇ ਦੀ ਕੀਤੀ ਜਾ ਰਹੀ ਰਾਜਨੀਤੀ ਦੀ

ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਪਣਾ ਇਕਵੰਜਾ ਨਕਾਤੀ ਯੂਥ ਚੋਣ ਮੈਨੀਫੈਸਟੋ ਜਾਰੀ ਕੀਤਾ, ਜਿਸ ਦੇ ਕਵਰ ਪੇਜ ਉੱਪਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਤਸਵੀਰ ਸੀ ਅਤੇ ਤਸਵੀਰ ਦੇ ਥੱਲੇ ਪਾਰਟੀ ਦਾ ਚੌਣਾਵੀ ਚਿੰਨ੍ਹ ਝਾੜੂ ਵੀ ਛਪਿਆ ਗਿਆ ਸੀ। ਉਪਰੰਤ ਪਾਰਟੀ ਦੇ ਬੁਲਾਰੇ ਨੇ ਕਿਹਾ ਕਿ ਇਹ ਮੈਨੀਫੈਸਟੋ ਉਹਨਾਂ ਲਈ ਬਾਈਬਲ, ਗੀਤਾ ਅਤੇ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਸਮਾਨ ਹੈ, ਇਥੇ ਭਾਵੇਂ ਉਹਨਾਂ ਦਾ ਮਕਸਦ ਮੈਨੀਫੈਸਟੋ ਦੀ ਤੁਲਨਾ ਇਹਨਾਂ ਧਾਰਮਿਕ ਗ੍ਰੰਥਾਂ ਨਾਲ ਕਰਨਾ ਨਹੀਂ ਸੀ ਸਗੋਂ ਉਹਨਾਂ ਦਾ ਇਸ਼ਾਰਾ ਤਾਂ ਇਹ ਸੀ ਕਿ ਉਹ ਇਸ ਮੈਨੀਫੈਸਟੋ ਨੂੰ ਇਹਨਾਂ ਧਾਰਮਿਕ ਗ੍ਰੰਥਾਂ ਦੀ ਤਰ੍ਹਾਂ ਪਵਿੱਤਰ ਮੰਨਦੇ ਹਨ ਪਰ ਫਿਰ ਵੀ ਜਦ ਇਸ ਮਸਲੇ ਤੇ ਰੌਲਾ ਪੈ ਗਿਆ ਤਾਂ ਆਪ ਆਗੂ ਨੇ ਜਾਣੇ-ਅਣਜਾਣੇ ਆਪਣੇ ਵੱਲੋਂ ਹੋਈ ਗਲਤੀ ਦੀ ਮੁਆਫੀ ਮੰਗ ਲਈ। ਮੁਆਫੀ ਮੰਗਣ ਤੋਂ ਬਾਅਦ ਚੰਗਾ ਹੁੰਦਾ ਇਸ ਮਸਲੇ ਨੂੰ ਇਥੇ ਹੀ ਖਤਮ ਕਰ ਦਿੱਤਾ ਜਾਂਦਾ ਪਰ ਨਹੀਂ ਅਕਾਲੀ ਦਲ ਬਾਦਲ ਜਿਸ ਨੇ ਹਮੇਸ਼ਾਂ ਧਰਮ ਦੀ ਆਪਣੇ ਸੌੜੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਹਮੇਸ਼ਾਂ ਦੁਰਵਰਤੋਂ ਕੀਤੀ ਹੈ ਉਹ ਇਸ ਸੁਨਿਹਰੀ ਮੌਕੇ ਨੂੰ ਅਜਾਈ ਕਿਵੇਂ ਜਾਣ ਦਿੰਦਾ। ਤੁਰੰਤ ਫੈਡਰੇਸ਼ਨ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਵੱਲੋਂ ਆਪ ਆਗੂ ਵਿਰੁੱਧ ਪਰਚਾ ਦਰਜ ਕਰਵਾ ਦਿੱਤਾ ਗਿਆ ਕਿ ਇਸ ਨਾਲ ਸਿੱਖਾਂ ਦੀ ਭਾਵਨਾਵਾਂ ਨੂੰ ਡੂੰਘੀ ਠੇਸ ਪੁੱਜੀ ਹੈ। ਆਪ ਆਗੂ ਉੱਪਰ ਸਰਕਾਰੀ ਸ਼ਹਿ ਤੇ ਪਰਚਾ ਦਰਜ ਕਰਵਾਉਣ ਵਾਲਾ ਪੀਰ ਮੁਹੰਮਦ ਕਹਿ ਰਿਹਾ ਹੈ ਕਿ ਚੋਣ ਮੈਨੀਫੈਸਟੋ ਝੂਠ ਦਾ ਪੁਲੰਦਾ ਹੁੰਦਾ ਹੈ ਜੋ ਉਹਨਾਂ ਦੀ ਸੋਚ ਅਤੇ ਸਮਝ ਮੁਤਾਬਿਕ ਹੋ ਸਕਦਾ ਹੈ ਠੀਕ ਹੋਵੇ।
ਚੋਣ ਮੈਨੀਫੈਸਟੋ ਆਮ ਕਰ ਕੇ ਕਿਸੇ ਵੀ ਸਿਆਸੀ ਪਾਰਟੀ ਦਾ ਪਾਲਸੀ ਪ੍ਰੋਗਰਾਮ ਹੁੰਦਾ ਹੈ ਜਿਸ ਵਿੱਚ ਉਹ ਲੋਕਾਂ ਨਾਲ ਇੱਕ ਤਰ੍ਹਾਂ ਨਾਲ ਵਾਅਦਾ ਕਰਦੀ ਹੈ ਕਿ ਜੇਕਰ ਉਹ ਪਾਰਟੀ ਸੱਤਾ ਵਿੱਚ ਆਉਦੀ ਹੈ ਤਾਂ ਇਹਨਾਂ ਨੀਤੀਆਂ ਨੂੰ ਲਾਗੂ ਕਰੇਗੀ। ਇਸਦਾ ਫੈਸਲਾ ਤਾਂ ਲੋਕਾਂ ਨੇ ਬਾਅਦ ਵਿੱਚ ਕਰਨਾ ਹੁੰਦਾ ਹੈ ਕਿ ਪਾਰਟੀ ਨੇ ਆਪਣੇ ਚੌਣਾਵੀ ਵਾਅਦੇ ਪੂਰੇ ਕੀਤੇ ਹਨ ਜਾਂ ਪਾਰਟੀ ਦਾ ਚੋਣ ਮੈਨੀਫੈਸਟੋ ਝੂਠਾਂ ਦਾ ਪੁਲੰਦਾ ਹੀ ਸਹੀ। ਹੁਣ ਜਦ ਆਮ ਆਦਮੀ ਪਾਰਟੀ ਨੇ ਆਪਣਾ ਯੂਥ ਮੈਨੀਫੈਸਟੋ ਜਾਰੀ ਕੀਤਾ ਹੈ ਅਤੇ ਇਸ ਸਵਾਲ ਦਾ ਜਵਾਬ ਕਿ ਪਾਰਟੀ ਨੇ ਆਪਣੇ ਮੈਨੀਫੈਸਟੋ ਨੂੰ ਪਵਿੱਤਰ ਸਮਝਦਿਆਂ ਉਸ ਉੱਪਰ ਅਮਲ ਕੀਤਾ ਹੈ ਜਾਂ ਸਿਰਫ ਇਹ ਵੀ ਝੂਠ ਦਾ ਪੁਲੰਦਾ ਹੀ ਸੀ, ਇਸਦਾ ਜਵਾਬ ਤਾਂ ਭਵਿੱਖ ਦੇ ਗਰਬ ਵਿੱਚ ਸਮਾਇਆ ਹੋਇਆ ਹੈ, ਉਹਨਾਂ ਦੇ ਮੈਨੀਫੈਸਟੋ ਬਾਰੇ ਅੱਜ ਅਸੀਂ ਕੋਈ ਪਹਿਲਾਂ ਤੋਂ ਹੀ ਆਪਣੀ ਰਾਇ ਜਾਂ ਫੈਸਲਾ ਨਹੀਂ ਦੇ ਸਕਦੇ। ਸਾਨੂੰ ਇਸ ਦੇ ਜਵਾਬ ਲਈ ਸਮੇਂ ਦੀ ਇੰਤਜਾਰ ਕਰਨੀ ਚਾਹੀਦੀ ਹੈ। ਹੁਣ ਜਿਹੜੀਆਂ ਪਾਰਟੀਆਂ ਦੇ ਇਸ ਮਸਲੇ ਨਾਲ ਹਿਰਦੇ ਵਲੂਧਰੇ ਗਏ ਹਨ ਕੁੱਝ ਉਹਨਾਂ ਦੇ ਕਿਦਾਰ ਬਾਰੇ ਵਿਚਾਰ ਕਰ ਲਈ ਜਾਵੇ। ਕਾਂਗਰਸ ਪਾਰਟੀ ਜਿਸ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਹੈ ਉਹ ਵੀ ਇਸ ਸਮੇਂ ਬਾਦਲ ਅਕਾਲੀ ਦੀ ਬੋਲੀ ਬੋਲ ਰਹੇ ਹਨ ਹਾਲਾਂਕਿ ਜੂਨ 1984 ਵਿੱਚ ਕੇਂਦਰ ਦੀ ਕਾਂਗਰਸੀ ਹਕੂਮਤ ਨੇ ਸ਼੍ਰੀ ਦਰਬਾਰ ਸਾਹਿਬ ਉੱਪਰ ਫੌਜੀ ਹਮਲਾ ਕਰ ਕੇ ਸਿੱਖਾਂ ਦੇ ਜਾਨ ਤੋਂ ਪਿਆਰੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਤੋਪਾਂ ਟੈਕਾਂ ਨਾਲ ਉਡਾ ਦਿੱਤਾ ਗਿਆ, ਭਿੰਡਰਾਂਵਾਲਿਆਂ ਸਮੇਤ ਹਜਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰ ਦਿੱਤਾ ਗਿਆ ਸੀ ਤਾਂ ਇਹਨਾਂ ਦੇ ਹਿਰਦੇ ਕਿਉਂ ਪੱਥਰ ਦੇ ਹੋ ਗਏ ਸਨ। 1984 ਵਿੱਚ ਹੀ ਭਾਜਪਾ ਦਾ ਐੱਮ. ਐੱਲ. ਏ. ਮਦਨ ਲਾਲ ਖੁਰਾਣਾ ਗੁੰਡਿਆਂ ਦੀ ਭੀੜ ਦੀ ਅਗਵਾਈ ਕਰਦਾ ਹ+ਿੲਆ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਉੱਪਰ ਸ਼੍ਰੀ ਹਰਿਮੰਦਰ ਸਾਹਿਬ ਦੇ ਮਾਡਲ ਨੂੰ ਤੋੜਦਾ ਹੈ ਅਤੇ ਉੱਥੇ ਲੱਗੀ ਸ਼੍ਰੀ ਗੁਰੂ ਰਾਮ ਦਾਸ ਜੀ ਦੀ ਤਸਵੀਰ ਨੂੰ ਪਾੜ ਦਿੰਦਾ ਹੈ ਉਦੋਂ ਕਿਸੇ ਅਕਾਲੀ ਆਗੂ ਦਾ ਹਿਰਦਾ ਕਿਉਂ ਨਹੀਂ ਵਲੂੰਧਰਿਆ ਗਿਆ। ਲਾਲਾ ਕ੍ਰਿਸ਼ਨ ਅਡਵਾਨੀ ਆਪਣੀ ਕਿਤਾਬ ਮਾਈ ਕੰਟਰੀ ਮਾਈ ਲਾਈਫ ਵਿੱਚ ਇੰਕਸ਼ਾਫ ਕਰਦਾ ਹੈ ਕਿ ਉਸਨੇ ਹੀ ਮਜਬੂਰ ਕਰ ਕੇ ਇੰਦਰਾ ਗਾਂਧੀ ਤੋਂ ਸ਼੍ਰੀ ਦਰਬਾਰ ਸਾਹਿਬ ਉੱਪਰ ਫੌਜੀ ਹਮਲਾ ਕਰਵਾਇਆ ਸੀ। ਕੀ ਕਿਸੇ ਅਕਾਲੀ ਆਗੂ ਨੇ ਚੂੰ ਵੀ ਕੀਤੀ ਹੈ? ਕੀ ਆਪਣੇ ਕਾਰਿਆਂ ਲਈ ਭਾਜਪਾ ਨੇ ਕੌਮ ਤੋਂ ਕਦੇ ਮੁਆਫੀ ਮੰਗੀ ਹੈ?
ਜਦ ਸਾਰੇ ਪੰਜਾਬ ਵਿੱਚ ਗੁਰੁ ਗਰੰਥ ਸਾਹਿਬ ਦੀ ਬੇਅਦਬੀ ਦੀ ਘਟਨਾਵਾਂ ਹੋਈਆਂ ਤਾਂ ਸਿੱਖ ਸੜਕਾਂ ਉੱਪਰ ਸ਼ਾਤਮਈ ਰੋਸ ਧਰਨੇ ਲਾ ਰਹੇ ਸਨ ਤਾਂ ਸਿੱਖਾਂ ਉੱਪਰ ਗੋਲੀ ਚਲਾ ਕੇ ਇਸ ਪੰਜਾਬ ਸਰਕਾਰ ਨੇ ਦੋ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਜਦ ਇਹ ਰੋਸ ਸਾਰੇ ਪੰਜਾਬ ਵਿੱਚ ਫੈਲ ਗਿਆ ਤਾਂ ਲੋਕ ਦਿਨ-ਰਾਤ ਸੜਕਾਂ ਉੱਪਰ ਡਟ ਗਏ ਪਰ ਸਦਕੇ ਜਾਈਏ ਇਹਨਾਂ ਬਾਦਲ ਦਲੀਆਂ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਇਹਨਾਂ ਦਾ ਕੋਈ ਵੀ ਮੈਂਬਰ ਜਿਲ੍ਹਾਂ ਪ੍ਰਧਾਨ, ਐਮ. ਐੱਲ, ਏ, ਐੱਮ. ਪੀ ਅਤੇ ਕਮੇਟੀ ਮੈਂਬਰ ਕਿਸੇ ਵੀ ਧਰਨੇ ਵਿੱਚ ਸ਼ਾਮਿਲ ਨਹੀਂ ਹੋਏ ਕਿਉਂਕਿ ਉਸ ਵੇਲੇ ਉਹਨਾਂ ਦੇ ਹਿਰਦਿਆਂ ਨੂੰ ਆਂਚ ਤੱਕ ਨਹੀ ਆਈ ਸਗੋਂ ਜੋ ਲੋਕ ਧਰਨਿਆਂ ਉੱਪਰ ਬੈਠਦੇ ਸਨ ਅਕਾਲੀ ਆਗੂ ਉਹਨਾਂ ਨੂੰ ਵਿਹਲੜ ਕਹਿ ਕੇ ਪੁਕਾਰਦੇ ਸਨ, ਅੱਜ ਬਾਦਲ ਸਾਬ੍ਹ ਨੂੰ ਵੀ ਆਪ ਪਾਰਟੀ ਵੱਲੋਂ ਕੀਤੀ ਗਲਤੀ ਗੁਰੁ ਗਰੰਥ ਸਾਹਿਬ ਜੀ ਦੀ ਬੇਅਦਬੀ ਦੇ ਬਰਾਬਰ ਲੱਗਦੀ ਹੈ। ਜੇਕਰ ਅਜਿਹਾ ਹੈ ਵੀ ਤਾਂ ਬਾਦਲ ਸਾਬ੍ਹ ਦੇ ਉਸ ਸਮੇਂ ਹਿਰਦੇ ਕਿਉਂ ਨਹੀਂ ਵਲੂੰਧਰੇ ਗਏ। ਹੁਣ ਜਦ ਸਮੇਂ-2 ਤੇ ਅਕਾਲੀ ਦਲ ਅਤੇ ਕਾਂਗਰਸ ਦੇ ਪੋਸਟਰ ਜਿਸ ਵਿੱਚ ਉਹਨਾਂ ਸ਼੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਉੱਪਰ ਆਪਣੇ ਚੋਣ ਨਿਸ਼ਾਨ ਲਗਾਏ ਸਨ ਜੋ ਜਨਤਕ ਹੋ ਚੁੱਕੇ ਹਨ ਇਸ ਤੇ ਦੋਹਾਂ ਪਾਰਟੀਆਂ ਨੂੰ ਇਸ ਮੁੱਦੇ ਤੇ ਗੰਦੀ ਰਾਜਨੀਤੀ ਬੰਦ ਕਰ ਦੇਣੀ ਚਾਹੀਦੀ ਹੈ। ਕੁੱਝ ਸਮਾਂ ਪਹਿਲਾਂ ਤੱਕ ਇਹ ਤਿੰਨੋਂ ਪਾਰਟੀਆਂ ਇਹ ਕਹਿ ਰਹੀਆਂ ਸਨ ਕਿ ਆਪ ਪਾਰਟੀ ਦਾ ਪੰਜਾਬ ਅੰਦਰ ਕੋਈ ਵੀ ਜਨ ਆਧਾਰ ਨਹੀਂ ਹੈ, ਪਰ ਇਸ ਮੁੱਦੇ ਉੱਪਰ ਤਿੰਨਾਂ ਪਾਰਟੀਆਂ ਦਾ ਆਪ ਪਾਰਟੀ ਵਿਰੁੱਧ ਇਕ-ਜੁੱਟ ਹੋ ਕੇ ਨਿਤਰਣਾ ਇਹ ਸਪੱਸ਼ਟ ਕਰਦਾ ਹੈ ਕਿ ਇਹਨਾਂ ਪਾਰਟੀਆਂ ਨੂੰ ਆਪ ਪਾਰਟੀ ਹੱਥੌਂ ਆਪਣੀ ਹਾਰ ਸਾਫ ਦਿਖਾਈ ਦੇ ਰਹੀ ਹੈ। ਵੱਖ-2 ਰਹਿ ਕੇ ਇਹ ਪਾਰਟੀਆਂ ਆਪ ਪਾਰਟੀ ਦੇ ਹੜ੍ਹ ਨੂੰ ਰੋਕ ਨਹੀਂ ਸਕਣਗੀਆਂ ਸਗੋਂ ਚੰਗਾ ਹੋਵੇ ਅਕਾਲੀ-ਭਾਜਪਾ ਗਠਜੋੜ ਵਿੱਚ ਕਾਂਗਰਸ ਵੀ ਬਕਾਇਦਾ ਤੌਰ ਤੇ ਸ਼ਾਮਿਲ ਹੋ ਜਾਵੇ ਤਾਂ ਜੋ ਆਪ ਪਾਰਟੀ ਦੇ ਹੜ੍ਹ ਨੂੰ ਪੰਜਾਬ ਵਿੱਚ ਆਉਣ ਤੋਂ ਰੋਕਿਆ ਜਾ ਸਕੇ। ਅਖਬਾਰੀ ਖਬਰਾਂ ਅਨੁਸਾਰ 18 ਜੁਲਾਈ ਨੂੰ ਅਰਵਿੰਦ ਕੇਜਰੀਵਾਲ ਆਪ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਆ ਕੇ ਮੁਆਫੀ ਮੰਗ ਰਹੇ ਹਨ ਅਤੇ ਸੇਵਾ ਕਰਨ ਜਾ ਰਹੇ ਹਨ ਜੋ ਬਹੁਤ ਹੀ ਚੰਗੀ ਗੱਲ ਹੈ ਜੋ ਉਹਨਾਂ ਨੂੰ ਆਪਣੀ ਪਾਰਟੀ ਦੀ ਜਿੰਮੇਵਾਰੀ ਸਮਝਦਿਆਂ ਕੌਮ ਤੋਂ ਮੁਆਫੀ ਮੰਗ ਲੈਣੀ ਚਾਹੀਦੀ ਹੈ ਸ਼ਾਇਦ ਇਸ ਨਾਲ ਸਾਡੀ ਕੌਮ ਦੇ ਅਖੌਤੀ ਠੇਕੇਦਾਰਾਂ ਦੇ ਹਿਰਦਅਿਾਂ ਨੂੰ ਕੁੱਝ ਸ਼ਾਤੀ ਮਿਲ ਜਾਵੇ। ਆਮ ਆਦਮੀ ਪਾਰਟੀ ਜਿਸ ਉੱਪਰ ਆਮ ਕਰ ਕੇ ਦੋਸ਼ ਲਗਾਇਆ ਜਾਂਦਾ ਸੀ ਕਿ ਇਹਨਾਂ ਨੂੰ ਪੰਜਾਬ ਦੇ ਸੱਭਿਆਚਾਰ ਅਤੇ ਸਿੱਖ ਧਰਮ ਬਾਰੇ ਕੋਈ ਜਾਣਕਾਰੀ ਨਹੀਂ ਹੈ ਉਹ ਪਾਰਟੀ ਆਪਣੇ ਵੱਲੋਂ ਜਾਣਕਾਰੀ ਨਾ ਹੋਣ ਦੇ ਬਾਵਜੂਦ ਜਾਣੇ-ਅਣਜਾਣੇ ਵਿੱਚ ਆਪਣੇ ਕੀਤੇ ਜਾਂ ਕਹੇ ਦੀ ਮੁਆਫੀ ਮੰਗ ਰਹੇ ਹਨ ਪਰ ਜਿਹੜੇ ਪੰਜਾਬ ਦੇ ਸਭਿਆਚਾਰ ਨੂੰ ਚੰਗੀ ਤਰ੍ਹਾਂ ਸਮਝ ਰਹੇ ਹਨ ਅਤੇ ਸਿੱਖ ਧਰਮ ਵਿੱਚ ਪੈਦਾ ਹੋਏ ਹਨ ਕਿ ਆਪਣੇ ਕੀਤਿਆਂ ਦੀ ਸਿੱਖ ਕੌਮ ਤੋਂ ਕਦੀ ਮੁਆਫੀ ਮੰਗਣ ਦੀ ਜੁਰਅਤ ਕਰਣਗੇ?
ਲੇਖਕ- ਅਵਤਾਰ ਸਿੱਖ ਉੱਪਲ
ਮੋ: ਨੰ- 94637-87110


10/07/16)
ਗਿ: ਸੰਤੋਖ ਸਿੰਘ

ਹਰਿ ਹਰਿ ਨਾਮ ਕਥਾ ਨਿਤ ਸੁਣੀਐ॥ (੯੫)
ਭਾਵੇਂ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਂਰਾਜ ਜੀ ਨੇ ਲਿਖਿਆ ਹੈ, “ਸਭ ਤੇ ਊਤਮ ਹਰਿ ਕੀ ਕਥਾ॥” (੨੬੫) ਪਰ ਸਿੱਖਾਂ ਵਿਚ ਇਕ ਜਥੇਬੰਦੀ ਅਜਿਹੀ ਵੀ ਹੈ ਜੇਹੜੀ ਕਥਾ ਕਰਨ ਅਤੇ ਸੁਣਨ ਦੇ ਵਿਰੁਧ ਹੈ।
੧੯੭੭ ਦੀ ਆਪਣੀ ਵਲੈਤ ਦੀ ਯਾਤਰਾ ਦੌਰਾਨ ਇਕ ਰਾਗੀ ਸਿੰਘ ਪਾਸੋਂ ਸੁਣਿਆ ਸੀ ਕਿ ਇਹ ਜਥੇਬੰਦੀ ਕਥਾ ਨੂੰ ..... ਆਖਦੀ ਹੈ ਪਰ ਇਸ ਗੱਲ ਨੂੰ ਮੈਂ ਐਵੇਂ ਹਾਸੇ ਜਿਹੇ ਵਿਚ ਹੀ ਲਿਆ ਤੇ ਇਸ ਮਸਲੇ ਉਪਰ ਕੋਈ ਖਾਸ ਗਹੁ ਨਾ ਕੀਤੀ; ਕਿਉਂਕਿ ਬਚਪਣ ਤੋਂ ਹੀ ਤੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਵਿਚ, ਸੁਭਾ ਮੁਖਵਾਕ ਅਤੇ ਸ਼ਾਮ ਨੂੰ ਇਤਿਹਾਸਕ ਗ੍ਰੰਥਾਂ ਦੀ ਕਥਾ ਹੁੰਦੀ ਸੁਣੀ ਜਾਂਦੀ ਰਹੀ ਹੈ। ਸਮਾ ਲੰਘ ਗਿਆ। ਫਿਰ ਇਕ ਧਾਰਮਿਕ ਪੁਰਸ਼ ਨੇ ਦੱਸਿਆ ਕਿ ਉਸ ਦੇ ਉਸ ਖਾਸ ਜਥੇਬੰਦੀ ਪਾਸੋਂ ਅੰਮ੍ਰਿਤ ਛਕਣ ਸਮੇ, ਪੰਜਾਂ ਪਿਆਰਿਆਂ ਵਿਚੋਂ ਇਕ ਸਿੰਘ ਨੇ ਪੁੱਛਿਆ ਕਿ ਮੈਂ ਕੰਮ ਕੀ ਕਰਦਾ ਹਾਂ ਤਾਂ ਮੇਰੇ ਵੱਲੋਂ ਗ੍ਰੰਥੀ ਦੀ ਸੇਵਾ ਕਰਨ ਦਾ ਜਵਾਬ ਸੁਣ ਕੇ ਇਕ ਦਮ ਬੋਲਿਆ, “ਤੂੰ ਕਿਤੇ ਕਥਾ ਤਾਂ ਨਹੀਂ ਕਰਦਾ ਹੁੰਦਾ?”
ਫਿਰ ਵੀ ਇਸ ਬਾਰੇ ਕੋਈ ਖਾਸ ਵਿਚਾਰ ਨਾ ਬਣਿਆ। ਕੁਝ ਸਾਲਾਂ ਦੀ ਗੱਲ ਹੈ ਕਿ ਇਕ ਮੁਲਕ ਵਿਚ ਮੈਂ ਆਪਣੀ ਚੌਥੀ ਕਿਤਾਬ ‘ਬਾਤਾਂ ਬੀਤੇ ਦੀਆਂ’ ਨੂੰ ਪੰਜਾਬੀ ਪਾਠਕਾਂ ਦੇ ਹੱਥੀਂ ਅਪੜਾਉਣ ਵਾਸਤੇ ਗਿਆ ਤਾਂ ਇਕ ਗੁਰਦੁਆਰਾ ਸਾਹਿਬ ਵਿਚ, ਬਿਨਾ ਕਮੇਟੀ ਨਾਲ਼ ਗੱਲ ਬਾਤ ਕੀਤੇ ਦੇ ਹੀ, ਆਪਣਾ ਟਿੰਡ ਫਹੁੜੀ ਟਿਕਾ ਕੇ, ਵੱਖ ਵੱਖ ਸ਼ਹਿਰਾਂ ਅਤੇ ਸੰਸਥਾਵਾਂ ਵਿਚ ਜਾ ਕੇ, ਕਿਤਾਬਾਂ ਦੇਣ ਵਾਸਤੇ ਪਾਠਕਾਂ ਤੱਕ ਪਹੁੰਚ ਕਰਨੀ ਸ਼ੁਰੂ ਕਰ ਦਿਤੀ। ਹਾਲਾਂ ਕਿ ਮੇਰੇ ਭਤੀਜਿਆਂ ਵਰਗੇ ਤੇ ਮੈਨੂੰ ਤਾਇਆ ਆਖ ਕੇ ਮਾਣ ਸਤਿਕਾਰ ਨਾਲ਼ ਸੰਬੋਧਨ ਕਰਨ ਵਾਲ਼ੇ, ਇਕ ਨੌਜਵਾਨ ਨੇ ਬਹੁਤ ਜੋਰ ਲਾਇਆ ਆਪਣੇ ਘਰ ਵਿਚ ਠਹਿਰਨ ਲਈ ਪਰ ਮੈਂ, “ਮੈਂ ਨਾ ਮਾਨੂੰ“ ਵਾਲ਼ੀ ਆਪਣੀ ਆਦਤ ਤੋਂ ਮਜਬੂਰ ਗੁਰਦੁਆਰਾ ਸਾਹਿਬ ਵਿਖੇ ਹੀ ਡੇਰਾ ਲਾਇਆ। ਕਮੇਟੀ ਦੇ ਪ੍ਰਬੰਧਕ ਮੈਨੂੰ ਜਾਣਦੇ ਤਾਂ ਸਨ ਪਰ ਉਹਨਾਂ ਨੇ ਮੈਨੂੰ ਮੁਕੰਮਲ ਤੌਰ ਤੇ ਮੇਰੇ ਹਾਲ ਉਪਰ ਹੀ ਛੱਡ ਦਿਤਾ। ਇਸ ਦਾ ਕਾਰਨ ਸ਼ਾਇਦ ਉਹ ਇਹ ਸਮਝਦੇ ਹੋਣ ਕਿ ਮੈਂ ਉਹਨਾਂ ਦੇ ਧੜੇ ਵਿਚ ਸ਼ਾਮਲ ਨਹੀਂ ਹਾਂ। ਤਕਰੀਬਨ ਸਾਰੀਆਂ ਸਭਾ, ਸੰਸਥਾਵਾਂ, ਭਾਵੇਂ ਉਹ ਸਿੱਖਾਂ ਦੇ ਗੁਰਦੁਆਰੇ ਹੀ ਹੋਣ, ਵਿਚੋਂ ਆਪੋ ਆਪਣੇ ਧੜੇ ਦੇ ਆਦਮੀਆਂ ਨੂੰ ਹੀ ਸਹਾਇਤਾ ਮਿਲ਼ਦੀ ਹੈ। ਨਿਰਪੱਖ ਬੰਦੇ ਹੀ ਹਾਲਤ ਲਾਵਾਰਸਾਂ ਵਰਗੀ ਹੀ ਹੋ ਜਾਂਦੀ ਹੈ। ਉਹਨਾਂ ਨੇ ਮੈਨੂੰ ਗੁਰਦੁਆਰੇ ਵਿਚੋਂ ਚਲੇ ਜਾਣ ਲਈ ਤਾਂ ਨਾ ਆਖਿਆ ਪਰ ਜਿਥੋਂ ਤਕ ਹੋ ਸਕਦਾ ਸੀ ਨਜ਼ਰਅੰਦਾਜ਼ ਕਰੀ ਰਖਿਆ। ਉਸ ਗੁਰਦੁਆਰਾ ਸਾਹਿਬ ਵਿਖੇ ਕੁਝ ਸਮੇ ਲਈ ਦੇਸੋਂ ਆਏ ਇਕ ਗਿਆਨੀ ਜੀ ਰੋਜ਼ਾਨਾ ਸ਼ਾਮ ਨੂੰ ਕਥਾ ਕਰਿਆ ਕਰਦੇ ਸਨ। ਉਹਨਾਂ ਨੇ ਦੇਸ ਮੁੜਨ ਸਮੇ ਮੈਨੂੰ ਆਖਿਆ ਕਿ ਕੁਝ ਮਾਈਆਂ, ਬੀਬੀਆਂ ਅਤੇ ਬਜ਼ੁਰਗ ਕਥਾ ਸੁਣਨ ਆਉਂਦੇ ਹਨ ਤੇ ਤੁਸੀਂ ਕਥਾ ਸੁਣਾ ਦਿਆ ਕਰੋ। ਮੈਂ ‘ਧੰਨਭਾਗ’ ਆਖ ਕੇ ਉਹਨਾਂ ਦੀ ਇਹ ਆਗਿਆ ਮੰਨ ਲਈ। ਸੁਭਾ ਉਹ ਕੜਾਹ ਪ੍ਰਸ਼ਾਦ ਵੀ ਬਣਾਇਆ ਕਰਦੇ ਸਨ; ਉਹ ਵੀ ਮੈਂ ਦੋ ਕੁ ਦਿਨ ਬਣਾਇਆ ਪਰ ਉਸ ਗੁਰਦੁਆਰਾ ਸਾਹਿਬ ਵਿਖੇ ਰਹਿ ਰਹੇ ਇਕ ਨੌਜਵਾਨ ਵਿਦਿਆਰਥੀ ਨੇ ਮੇਰੇ ਤੋਂ ਪਹਿਲਾਂ ਹੀ ਲੰਗਰ ਵਿਚ ਜਾ ਕੇ ਇਹ ਬਣਾਉਣਾ ਸ਼ੁਰੂ ਕਰ ਦਿਤਾ। ਬਾਬੇ ਬੁਲ੍ਹੇ ਸ਼ਾਹ ਦੇ ਸ਼ਬਦ, “ਭਲਾ ਹੋਇਆ ਮੇਰਾ ਚਰਖਾ ਟੁੱਟਾ .....” ਆਖ ਕੇ, ਉਸ ਬਹੁਤ ਹੀ ਪੱਕੇ ਵਿਚਾਰਾਂ ਦੇ ਮਾਲਕ ਦਿਸਣ ਵਾਲੇ ਨੌਜਵਾਨ ਨੂੰ, ਇਹ ਸੇਵਾ ਕਰਦਾ ਵੇਖ ਕੇ ਪ੍ਰਸੰਨ ਹੋ ਗਿਆ। ਇਸ ਬਾਰੇ ਉਂਜ ਪਹਿਲਾਂ ਥੋਹੜਾ ਕੁ ਮਹਿਸੂਸ ਜਰੂਰ ਹੋਇਆ ਕਿ ਮੇਰੇ ਨਾਲ਼ ਗੱਲ ਕੀਤਿਆਂ ਤੋਂ ਬਿਨਾ ਹੀ ਇਸ ਨੌਜਵਾਨ ਨੇ ਮੇਰੀ ਇਹ ਸੇਵਾ ਮੈਥੋਂ ਖੋਹ ਲਈ ਹੈ; ਸ਼ਾਇਦ ਮੇਰੇ ਕੋਲ਼ੋਂ ਕੁਝ ਖੁਨਾਮੀ ਹੋ ਗਈ ਹੋਵੇ! ਫਿਰ ਉਸ ਨੇ ਗੱਲ ਗੱਲ ਤੇ ਮੇਰੀ ਟੋਕਾ ਟਾਕੀ ਵੀ ਕਰਨੀ ਸ਼ੁਰੂ ਕਰ ਦਿਤੀ। ਵੈਸੇ ਉਹ ਇਮਾਨਦਾਰ ਅਤੇ ਰਹਿਤਵਾਨ ਨੌਜਵਾਨ ਸੀ/ਹੈ। ਇਕ ਗੱਲ ਦੀ ਮੈਨੂੰ ਸਮਝ ਨਹੀਂ ਆਈ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਉਹ ਸਿਧੀ ਦਸਤਾਰ ਸਜਾਉਂਦਾ ਸੀ ਤੇ ਬਾਹਰ ਜਾਣ ਸਮੇ ਫਿਰ ਆਮ ਸਿੱਖਾਂ ਵਾਲੀ ਪੱਗ ਬੰਨ੍ਹ ਲੈਂਦਾ ਸੀ।
ਓਥੇ ਇਕ ਸਿਆਣੀ ਉਮਰ ਦਾ ਗੁਰਸਿੱਖ ਰੋਜ਼ਾਨਾ ਸ਼ਾਮ ਨੂੰ ਰਹਰਾਸਿ ਦਾ ਪਾਠ ਕਰਦਾ ਹੁੰਦਾ ਸੀ ਤੇ ਉਸ ਦੀ ਕੋਸ਼ਿਸ਼ ਹੁੰਦੀ ਸੀ ਕਿ ਰਹਰਾਸਿ ਦਾ ਪਾਠ ਲੇਟ ਤੋਂ ਲੇਟ ਸ਼ੁਰੂ ਕਰੇ ਤਾਂ ਕਿ ਬਾਅਦ ਵਿਚ ਕਥਾ ਦਾ ਸਮਾ ਨਾ ਰਹੇ। ਸਵਾਈ ਸੰਗਤ ਬੜੀ ਸ਼ਰਧਾ ਨਾਲ਼ ਰੋਜ਼ਾਨਾ ਕਥਾ ਸੁਣਨ ਆਉਂਦੀ ਸੀ ਪਰ ਇਸ ਬਜ਼ੁਰਗ ਨੇ ਹਰ ਯਤਨ ਕਰਨਾ ਜਿਸ ਨਾਲ਼ ਕਥਾ ਵਾਸਤੇ ਸਮਾ ਨਾ ਬਚੇ। ਮੈਨੂੰ ਵੀ ਹਰ ਰੋਜ ਇਉਂ ਹੀ ਪ੍ਰੇਰਨਾ ਦੇਣੀ, “ਬਾਣੀ ਪੜ੍ਹਿਆ ਕਰੋ, ਬਾਣੀ ਪੜ੍ਹਿਆ ਕਰੋ।“ ਹਰ ਉਪਦੇਸ਼ ਅਤੇ ਹਰਕਤ ਅਜਿਹੀ ਕਰਨੀ ਜਿਸ ਨਾਲ਼ ਕਥਾ ਨੂੰ ਛੁਟਿਆਇਆ ਜਾ ਸਕੇ। ਇਕ ਦਿਨ ਮੈਂ ਇਉਂ ਆਖ ਦਿਤਾ, “ਜਿਸ ਨੋ ਕਥਾ ਸੁਣਾਇਹਿ ਆਪਣੀ ਸਿ ਗੁਰਦੁਆਰੈ ਸੁਖੁ ਪਾਵਹਿ॥” (੯੧੯)। ਉਸ ਵਾਰਤਾਲਾਪ ਤੋਂ ਪਿੱਛੋਂ ਉਹ ਸੱਜਣ ਇਸ ਬਾਰੇ ਮੇਰੇ ਨਾਲ਼ ਗੱਲ ਕਰਨੋ ਹਟ ਗਿਆ। ਮੇਰੇ ਮਨ ਵਿਚ ਵਹਿਮ ਜਿਹਾ ਹੀ ਰਿਹਾ ਕਿ ਸ਼ਾਇਦ ਇਹ ਦੋਵੇਂ ਸੱਜਣ ਕਿਸੇ ਕਾਰਨ ਮੇਰਾ ਉਸ ਗੁਰਦੁਆਰਾ ਸਾਹਿਬ ਵਿਚ ਠਹਿਰਨਾ ਪਸੰਦ ਨਾ ਕਰਦੇ ਹੋਣ ਪਰ ਕਾਰਨ ਦੀ ਕੋਈ ਪੂਰੀ ਸਮਝ ਨਾ ਮੈਨੂੰ ਆਈ।
ਕਥਾ ਪਦ, ਵੱਖ ਵੱਖ ਰੂਪਾਂ ਵਿਚ, ੧੪੫ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਇਆ ਹੈ। ਜਿੰਨੇ ਵੀ ਥਾਵਾਂ ਉਪਰ ਇਹ ਪਦ ਬਾਣੀ ਵਿਚ ਅੰਕਤ ਹੈ ਉਸ ਦਾ ਸਾਰੇ ਸਥਾਨਾਂ ਉਪਰ ਇਹ ਇਕੋ ਹੀ ਭਾਵ ਹੈ ਕਿ ਕਥਾ ਕਰਨੀ ਤੇ ਸੁਣਨੀ। ਪੁਰਾਤਨ ਭਾਰਤੀ ਧਾਰਮਿਕ ਸਾਹਿਤ ਵਿਚ ਗੁਰੂ ਤੇ ਰੱਬ ਦੀ ਭਗਤੀ ਨੌਂ ਪ੍ਰਕਾਰ ਦੀ ਅੰਕਤ ਹੈ। ਗੁਰਬਾਣੀ ਵਿਚ “ਭਗਤਿ ਨਵੈ ਪ੍ਰਕਾਰਾ॥” (੭੧) ਦੇ ਰੂਪ ਵਿਚ ਉਹਨਾਂ ਨੌਂ ਪ੍ਰਕਾਰ ਦੀ ਭਗਤੀ ਦਾ ਜ਼ਿਕਰ ਹੈ। ਉਹਨਾਂ ਵਿਚੋਂ ਇਕ ਪ੍ਰਕਾਰ ਕਥਾ ਵੀ ਵਰਨਿਆ ਗਿਆ ਹੈ। ਫਿਰ ਪਤਾ ਨਹੀਂ ਇਕ ਚੜ੍ਹਦੀਕਲਾ ਵਾਲ਼ੀ ਵਾਲੀ ਸਿੰਘਾਂ ਦੀ ਜਥੇਬੰਦੀ ਕਿਉਂ ਕਥਾ ਵਾਲ਼ੀ ਭਗਤੀ ਦੀ ਸਮਾਪਤੀ ਕਰਨੀ ਚਾਹੁੰਦੀ ਹੈ!
ਥੋਹੜਾ ਹੀ ਸਮਾ ਹੋਇਆ ਫਿਰ ਆਸਟ੍ਰੇਲੀਆ ਦੇ ਇਕ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਵਿਚੋਂ ਇਕ ਕਿਤਾਬ ਮੇਰੇ ਹੱਥ ਲੱਗੀ। ਉਹ ਕਿਸੇ ਬਹੁਤ ਪ੍ਰਸਿਧ ਸਵੱਰਗਵਾਸੀ ਸਿੱਖ ਦੀ ਲਿਖੀ ਹੋਈ ਹੈ। ਉਸ ਕਿਤਾਬ ਦੀ ਸਾਰੀ ਦੀ ਸਾਰੀ ਲਿਖਤ ਕਥਾ ਦੇ ਖ਼ਿਲਾਫ਼ ਹੈ। ਫਿਰ ਮੈਨੂੰ ਸਮਝ ਆਈ ਕਿ ਉਹ ਬਜ਼ੁਰਗ ਸੱਜਣ ਮੇਰੇ ਕਥਾ ਕਰਨ ਤੇ ਕਿੳਂੁ ਏਨੇ ਤਰਲੋਮੱਛੀ ਹੁੰਦੇ ਸਨ ਤੇ ਹਰ ਸੰਭਵ ਯਤਨ ਕਰਦੇ ਸਨ ਕਿ ਕਥਾ ਵਾਸਤੇ ਸਮਾ ਨਾ ਬਚੇ ਕਿਉਂਕਿ ਕਮੇਟੀ ਵੱਲੋਂ ਸਖ਼ਤ ਹਿਦਾਇਤ ਸੀ ਕਿ ਕਿਸੇ ਵੀ ਹਾਲਤ ਵਿਚ ਨਿਸਚਤ ਸਮੇ ਤੋਂ ਦੀਵਾਨ ਦੀ ਸਮਾਪਤੀ ਜਰਾ ਵੀ ਲੇਟ ਨਹੀਂ ਹੋਣੀ ਚਾਹੀਦੀ। ਇਸ ਲਈ ਰਹਰਾਸਿ ਅਤੇ ਸਮਾਪਤੀ ਦੇ ਵਿਚਕਾਰ ਸਮਾ ਕਥਾ ਵਾਸਤੇ ਬਹੁਤ ਮਾਮੂਲੀ ਜਿਹਾ ਹੀ ਬਚਦਾ ਸੀ ਤੇ ਇਹੋ ਹੀ ਉਸ ਗੁਰਮੁਖ ਸੱਜਣ ਦਾ ਯਤਨ ਸੀ ਕਿ ਕਥਾ ਵਾਸਤੇ ਸਮਾ ਨਾ ਬਚੇ ਤੇ ਕਥਾ ਨਾ ਹੋਵੇ।
ਸਿੱਖ ਪੰਥ ਵਿਚ ਬਾਣੀ ਦਾ ਪਾਠ, ਕਥਾ ਅਤੇ ਕੀਰਤਨ ਕਰਨ ਦੀ ਮਰਯਾਦਾ ਹੈ। “ਕਲਯੁਗ ਮਹਿ ਕੀਰਤਨ ਪ੍ਰਧਾਨਾ॥ (੧੦੭੫) ਕਹਿ ਕੇ, ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਜਿਥੇ ਕੀਰਤਨ ਦੀ ਵਡਿਆਈ ਦਰਸਾਈ ਹੈ ਓਥੇ, “ਸਭ ਤੇ ਊਤਮ ਹਰਿ ਕੀ ਕਥਾ॥” (੨੬੫) ਨੂੰ ਵੀ ਸਭ ਤੋਂ ਉਤਮ ਆਖਿਆ ਹੈ; ਤੇ ਫਿਰ, “ਕਥਾ ਕੀਰਤਨੁ ਸੁਖਦਾਈ॥” (੬੧੬) ਉਚਾਰ ਕੇ, ਦੋਹਾਂ ਦਾ ਮਹੱਤਵ ਦਰਸਾਇਆ ਹੈ ਪਰ ਪਤਾ ਨਹੀਂ ਇਹ ਜਥਾ ਕਥਾ ਦੇ ਏਨਾ ਵਿਰੁਧ ਕਿਉਂ ਹੈ! ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਜਾਰੀ ਹੋਈ ਪੰਥਕ ‘ਸਿੱਖ ਰਹਿਤ ਮਰਯਾਦਾ’ ਵਿਚ ਵੀ ਗੁਰਦੁਆਰਾ ਸਾਹਿਬਾਨ ਵਿਖੇ ਸਜਣ ਵਾਲ਼ੇ ਦੀਵਾਨਾਂ ਵਿਚ ਗੁਰਬਾਣੀ ਦਾ ਪਾਠ, ਕਥਾ ਅਤੇ ਕੀਰਤਨ ਹੋਵੇ ਦਾ ਜ਼ਿਕਰ ਹੈ। ਇਹ ਵੀ ਨਾਲ਼ ਹਿਦਾਇਤ ਹੈ ਕਿ ਸੰਗਤ ਵਿਚ ਗੁਰਬਾਣੀ ਦਾ ਪਾਠ, ਕਥਾ ਤੇ ਕੀਰਤਨ ਕੇਵਲ ਸਿੱਖ ਹੀ ਕਰਕੇ ਸੁਣਾਵੇ; ਆਪਣੇ ਲਈ ਬਾਣੀ ਕੋਈ ਵੀ ਪੜ੍ਹ ਸਕਦਾ ਹੈ। ਫਿਰ ਇਸ ਪੱਖੋਂ ਵੀ ਸਾਵਧਾਨ ਕੀਤਾ ਹੈ ਕਿ ਕਥਾ ਦਾ ਉਦੇਸ਼ ਗੁਰਮਤਿ ਦ੍ਰਿੜ੍ਹਾਉਣਾ ਹੋਵੇ।


10/07/16)
ਰਘਬੀਰ ਸਿੰਘ ਮਾਨਾਂਵਾਲੀ

ਜਦੋਂ ਮੇਰੀ ਭੈਣ ਦੀ ਧਾਰਮਿਕ ਸ਼ਰਧਾ ਤਾਰ-ਤਾਰ ਹੋਈ ।
ਰਘਬੀਰ ਸਿੰਘ ਮਾਨਾਂਵਾਲੀ


ਮੇਰੀ ਛੋਟੀ ਭੈਣ ਪ੍ਰਭਜੋਤ ਕੌਰ ਢਿਲੋਂ ਮੁਹਾਲੀ ਵਿੱਚ ਰਹਿੰਦੀ ਹੈ। ਜਦੋਂ ਬੱਚਿਆਂ ਨੂੰ ਸਕੂਲੋਂ ਕੁਝ ਛੁੱਟੀਆਂ ਹੁੰਦੀਆਂ ਹਨ ਤਾਂ ਉਹ ਅਕਸਰ ਬੱਚਿਆਂ ਨੂੰ ਨਾਲ ਲੈ ਕੇ ਕਿਸੇ ਇਤਿਹਾਸਕ ਧਾਰਮਿਕ ਸਥਾਨ ‘ਤੇ ਘੁੰਮਣ ਚਲੇ ਜਾਂਦੀ ਹੈ। ਉਸ ਦਾ ਕਹਿਣਾ ਹੈ ਕਿ ‘ਬiੱਚਆਂ ਨੂੰ ਧਾਰਮਿਕ ਵਿਰਸੇ ਨਾਲ ਜੋੜੀ ਰੱਖਣ ਦਾ ਉਪਰਾਲਾ ਕਰ ਰਹੀ ਆਂ…।’
ਐਤਕੀਂ ਵੀ ਗਰਮੀਆਂ ਦੀਆਂ ਛੁੱਟੀਆਂ ਹੋਣ ਕਰਕੇ ਉਹ ਮੋਹਾਲੀ ਤੋਂ ਸਿੱਧੀ ਅੰਮ੍ਰਿਤਸਰ ਤੇ ਅੰਮ੍ਰਿਤਸਰ ਤੋਂ ਫਗਵਾੜੇ ਨਜ਼ਦੀਕ ਮੇਰੇ ਪਿੰਡ ਦੁਪਹਿਰ ਤਿੰਨ ਕੁ ਵਜੇ ਪਹੁੰਚ ਗਈ ਸੀ। ਮੈਂ ਉਸ ਵੇਲੇL ਆਪਣੇ ਖੂਹ ‘ਤੇ ਖੇਤੀਵਾੜੀ ਦੇ ਕੰਮ-ਕਾਰ ਵਿੱਚ ਰੁਝਾ ਹੋਇਆ ਸੀ। ਉਸ ਦੀ ਆਮਦ ਬਾਰੇ ਬੱਚਿਆਂ ਨੇ ਮੈਨੂੰ ਫੋਨ ‘ਤੇ ਦੱਸ ਦਿਤਾ ਸੀ। ਮੈਂ ਸ਼ਾਮੀ ਪੰਜ ਕੁ ਵਜੇ ਘਰ ਪੁੱਜਾ ਸੀ।
“ਹਾਂ…ਪ੍ਰਭਜੋਤ ਕਿਵੇਂ ਰਿਹੈ …ਤੇਰਾ ਇਸ ਵਾਰ ਅੰਬਰਸਰ ਦਾ ਟੂਰ…?” ਮੈਂ ਰਸਮੀਂ ਸਤਿ ਸ੍ਰੀ ਅਕਾਲ ਤੋਂ ਬਾਅਦ ਉਸਨੂੰ ਕਲLਾਵੇ ਵਿੱਚ ਲੈ, ਸਿਰ ‘ਤੇ ਪਿਆਰ ਦੇ, ਮੋਹ ਨਾਲ ਪੁੱਛਿਆ ਸੀ।
“ਬੱਸ… ਭਾਜੀ ਠੀਕ ਈ… ਈ…ਰਿਹਾ।” ਉਸ ਨੇ ਮੋਏ ਜਿਹੇ ਤਰਾਣ ਕਿਹਾ ਤਾਂ ਮੈਨੂੰ ਹੈਰਾਨੀ ਹੋਈ। “ਐਤਕਾਂ ਇਕ ਕੌੜਾ ਜਿਹਾ ਐਕਸਪੀਰੀਐਂਸ ਲੈ ਕੇ ਘਰ ਪਰਤੀ ਆਂ…।” ਪ੍ਰਭਜੋਤ ਨੇ ਦੋਵੇਂ ਹੱਥ ਜੋੜ ਮੱਥਾ ਟੇਕਣ ਦੀ ਮੁਦਰਾ ਵਿੱਚ ਅੱਖਾਂ ਮੀਚ ਪੂਰੀ ਸੰਜੀਦਗੀ ਨਾਲ ਮੈਨੂੰ ਐਂ ਕਿਹਾ ਜਿਵੇਂ ਕੋਈ ਕਿਸੇ ਤੋਂ ਪਿੱਛਾ ਛਡਾਅ ਚੁੱਕਣ ਤੋਂ ਬਾਅਦ ਐਕਸ਼ਨ ਜਿਹਾ ਕਰਦਾ ਹੈ।
“ਕੀ ਗੱਲ! ਪਰਸ ਗੁੰਮ ਗਿਆ ਜਾਂ ਕੱਢਿਆ ਗਿਆ। ਜਾਂ ਕੁਝ ਹੋਰ ਅਣਸੁਖਾਵਾਂ ਵਾਪਰ ਗਿਆ…?” ਮੈਂ ਹੈਰਾਨੀ ਵਿੱਚ ਪੁਛਿਆ, “ਹਾਂ ਦੱਸ ਫੇਅ, ਕਿਹੋ ਜਿਹਾ ਐਕਸਪੀਰੀਐਂਸ ਲੈ ਕੇ ਆਂਈ ਏ…?” ਉਹਦੇ ਕੌੜੇ ਐਸਪੀਰੀਐਂਸ ਨੂੰ ਜਾਨਣ ਲਈ ਮੇਰੀ ਉਤਸੁਕਤਾ ਵੱਧ ਰਹੀ ਸੀ।
“ਤੁਸੀਂ ਭੈਣ ਜੀ ਖੁਲ੍ਹ ਕੇ ਦੱਸੋ ਕਿ ਟੂਰ ਚੰਗਾ ਰਿਹਾ ਜਾਂ ਮਾੜਾ…?” ਮੇਰੀ ਪਤਨੀ ਹਰਵਿੰਦਰ ਨੇ ਵਿਚੋਂ ਬੋਲਦੀ ਨੇ ਸਿੱਧਾ ਸਵਾਲ ਕੀਤਾ।
“ਭਾਬੀ ਮੈਂ ਦੱਸਦੀ ਆਂ…।” ਪ੍ਰਭਜੋਤ ਨੇ ਸੁਖਾਵਾਂ ਜਿਹਾ ਸਾਹ ਲੈਂਦਿਆਂ ਕਿਹਾ। “ਭਾਜੀ ਅੱਜ ਗਰਮੀ ਬਹੁਤ ਸੀ।” ਪ੍ਰਭਜੋਤ ਨੇ ਗੱਲ ਸ਼ੁਰੂ ਕੀਤੀ। “ਅਸੀਂ ਮੂੰਹ ‘ਨੇਰੇ ਈ ਮੋਹਾਲੀ ਤੋਂ ਬੱਸ ਫੜ੍ਹ ਲਈ ਸੀ, ਤਾਂਕਿ ਸੂਰਜ ਭੱਖਣ ਤੋਂ ਪਹਿਲਾਂ ਈ ਅੰਬਰਸਰ ਪੁੱਜ ਸਕੀਏ। ਦਰਬਾਰ ਸਾਹਿਬ ਵਿੱਚ ਬਹੁਤ ਭੀੜ ਸੀ। ਸ਼ੈਦ ਛੁੱਟੀਆਂ ਕਰਕੇ ਹਊ…। ਪਰ ਮੈਨੂੰ ਭੀੜ ਤੋਂ ਬਹੁਤ ਡਰ ਆਉਂਦਾ…।”
“ਭੀੜ ਤਾਂ ਉਥੇ ਹਮੇਸ਼ਾ ਰਹਿੰਦੀ ਆ…।” ਮੈਂ ਵਿੱਚੋਂ ਟੋਕਿਆ ਸੀ।
“ਮੱਥਾ ਤਾਂ ਟੇਕਣਾ ਈ ਸੀ…ਫੇਅ ਬੱਚਿਆਂ ਨਾਲ ਲੈਨ ‘ਚ ਲੱਗ, ਸੁਰਤੀ ਚੱਲ ਰਹੇ ਰਸ-ਭਿੰਨੇ ਕੀਰਤਨ ‘ਚ ਜੋੜ ਲਈ…ਤਾਂਕਿ ਭੀੜ ਦੀ ਪ੍ਰੇਸ਼ਾਨੀ ਮਹਿਸੂਸ ਨਾ ਹੋਵੇ। ਦਰਸ਼ਨ ਕੀਤੇ…ਕੁਝ ਚਿਰ ਬੈਠੇ ਤੇ ਬਾਹਰ ਆ ਪ੍ਰਸ਼ਾਦ ਲਿਆ। ਪ੍ਰਕਰਮਾ ਵਿੱਚ ਸਰੋਵਰ ਦੇ ਨਾਲ-ਨਾਲ ਲੰਗਰ ਹਾਲ ਵੱਲ ਨੂੰ ਅਸੀਂ ਤੁਰੇ ਜਾ ਰਹੇ ਸੀ। ਬੱਚੇ ਕਾਫੀ ਅੱਗੇ ਚਲੇ ਗਏ ਸੀ। ਉਥੇ ਅੱਜ ਹਵਾ ਬਹੁਤ ਤੇਜ਼ ਚੱਲ ਰਹੀ ਸੀ…। ਭਾਜੀ…ਮੇਰੇ ਸਿਰ ਤੋਂ ਤੇਜ਼ ਹਵਾ ਨਾਲ ਚੁੰਨੀ ਲੱਥ ਗਈ…ਮੇਰੇ ਇਕ ਹੱਥ ਵਿੱਚ ਪ੍ਰਸ਼ਾਦ ਸੀ ਤੇ ਦੂਸਰਾ ਹੱਥ ਮੈਂ ਚੁੰਨੀ ਸਿਰ ‘ਤੇ ਲੈਣ ਲਈ ਉਤਾਂਹ ਚੁਕਿਆ ਹੀ ਸੀ ਕਿ ਇਕ ਬੁਰਛਾ ਗਰਦ ਸੇਵਾਦਾਰ ਬਾਬਾ ਲੰਮੀ ਡਾਂਗ ‘ਤੇ ਲੱਗਾ ਬਰਛਾ ਮੇਰੇ ਸਾਹਮਣੇ ਗੱਡ, ਆਕੜ ਕੇ ਖਲੋਅ, ਉਖੜ ਕੇ ਬੋਲਿਆ…। “ਬੀਬੀ…ਪਹਿਲਾਂ ਝਾਟੇ ਨੂੰ ਤਾਂ ਫੂਕ ਲਾ…।” ਮੇਰਾ ਚੁੰਨੀ ਨੂੰ ਪਾਇਆ ਹੱਥ ਥਾਂਏ ਅਟਕ ਗਿਆ । ਉਸ ਪਲ ਮੇਰੇ ਪੈਰਾਂ ਥੱਲਿਓ ਜ਼ਮੀਨ ਖਿਸਕ ਗਈ। ਮੈਨੂੰ ਜਾਪਿਆ ਜਿਵੇਂ ਕਿਸੇ ਮੇਰੇ ਸਿਰ ‘ਤੇ ਭਾਰੀ ਪੱਥਰ ਮਾਰ ਦਿਤਾ ਹੋਏ…। ਮੈਂ ਸੁੰਨ ਜਹੀ ਹੋ ਗਈ। ਮੇਰੀ ਸਾਰੀ ਦੇਹ ਝੂਠੀ ਜਹੀ ਹੋ ਗਈ। ਮੇਰੇ ਮੂੰਹ ਵਿੱਚ ਪਾਏ ਪ੍ਰਸ਼ਾਦ ਦਾ ਸਵਾਦ ਕੁਸੈਲਾ ਹੋ ਗਿਆ। ਮੈਂ ਗੁੱਸੇ ਵਿੱਚ ਮੱਚਦੀ ਬੋਲੀ, “ਬਾਬਾ ਜੀ…ਜੇ ਮੈਂ ਝਾਟਾ ਈ ਫੂਕਣਾ ਸੀ ਤਾਂ ਮੈਂ ਘਰੇ ਰਹਿਣਾ ਸੀ…।” ਮੇਰੇ ਚਿਹਰੇ ਦਾ ਗੁੱਸਾ ਵੇਖਦਾ, ਉਹ ਸੇਵਾਦਾਰ ਬਾਬਾ, ਇਕਦਮ ਅਗਾਂਹ ਲੰਘ ਗਿਆ।” ਪ੍ਰਭਜੋਤ ਅਜੇ ਵੀ ਕਿਸੇ ਤਲਖ਼ੀ ਵਿੱਚ ਬੋਲ ਰਹੀ ਸੀ। ਸੁਣਦਿਆਂ ਮੈਂ ਇਕਦਮ ਹੱਸ ਪਿਆ। ਹਰਵਿੰਦਰ ਦਾ ਮੂੰਹ ਵੀ ਅੱਡਿਆ ਗਿਆ…ਅੱਖਾਂ ਹੈਰਾਨੀ ਵਿੱਚ ਫੈਲ ਗਈਆਂ। ਉਸ ਆਪਣਾ ਇਕ ਹੱਥ ਮੂੰਹ ਅੱਗੇ ਕਰ ਲਿਆ ਸੀ।
“ਭਾਜੀ…ਮੇਰੇ ਪੈਰ ਮਣ-ਮਣ ਭਾਰੀ ਹੋ ਗਏ…ਮੈਂ ਗੁੱਸੇ ਵਿੱਚ ਰਿੱਝਦੀ ਐਨੀ ਅਪਸੈਟ ਹੋ ਗਈ ਕਿ ਜੀਅ ਕਰੇ ਉੱਡ ਕੇ ਘਰੇ ਆ ਜਾਂ…।” ਪ੍ਰਭਜੋਤ ਦੀਆਂ ਅੱਖਾਂ ਛੱਲਕ ਪਈਆਂ ਸਨ। “ਘਰੋਂ ਤੁਰਦਿਆਂ ਮਨ ਵਿੱਚ ਬਹੁਤ ਸ਼ਰਧਾ ਸੀ… ਉਸ ਬੁਰਛਾ ਗਰਦ ਸੇਵਾਦਾਰ ਨੇ ਮੇਰੀ ਸ਼ਰਧਾ ਨੂੰ ਤਾਰ-ਤਾਰ ਕਰਕੇ ਰੱਖ ਦਿਤਾ ਸੀ ।” ਕੂਝ ਗਵਾਚ ਜਾਣ ਤੋਂ ਬਾਅਦ ਜਿਵੇਂ ਕੋਈ ਆਖ ਰਿਹਾ ਹੋਵੇ।
“ਪ੍ਰਭਜੋਤ …ਤੇਰਾ ਸੇਵਾਦਾਰ ਨੂੰ ਦਿਤਾ ਜਵਾਬ ਠੀਕ ਨਹੀਂ ਸੀ…।” ਮੈਂ ਸੰਜੀਦਗੀ ਨਾਲ ਉਸ ਨੂੰ ਕਿਹਾ, “ਤੈਨੂੰ ਨਿਮਰਤਾ ਭਰੇ ਲਹਿਜ਼ੇ ਵਿੱਚ ਕਹਿਣਾ ਚਾਹੀਦਾ ਸੀ ਕਿ ‘ਬਾਬਾ ਜੀ…ਜਿਥੇ ਗੁਰੂਬਾਣੀ ਮੋਹ,ਮਿਠਾਸ ਤੇ ਨਿਮਰਤਾ ਦੀਆਂ ਫੁਹਾਰਾਂ ਵਰਸਾ ਰਹੀ ਹੋਵੇ, ਉਥੇ ਰਹਿੰਦਿਆਂ, ਤੁਹਾਡੀ ਬੋਲ-ਬਾਣੀ ਐਨੀ ਕੌੜੀ, ਖਰLਵੀ ਤੇ ਅੱਖੜ ਕਿਉਂ …?’ ਮੇਰਾ ਖਿਆਲ ਐ ਉਹ ਜਰੂਰ ਆਪਣੀ ਬੋਲ-ਬਾਣੀ ਬਾਰੇ ਸੋਚਦਾ…।” ਮੈਂ ਅਕਸਰ ਪ੍ਰਭਜੋਤ ਨਾਲ ਐਹੋ ਜਿਹੇ ਵਿਸ਼ਿਆਂ ‘ਤੇ ਲੰਬਾ ਵਿਚਾਰ-ਵਟਾਂਦਰਾ ਕਰਦਾ ਰਹਿੰਦਾ ਸੀ।
“ਪਰ ਭਾਜੀ…ਧਾਰਮਿਕ ਸਥਾਨ ‘ਤੇ ਰਹਿਣ ਵਾਲਿਆਂ ਵਿੱਚ ਨਿਮਰਤਾ ਕਿਉਂ ਨਹੀਂ ਹੁੰਦੀ…?” ਕਿਸੇ ਹਰਖ਼ ਨਾਲ ਉਸ ਨੇ ਮੱਚਦਿਆਂ ਮੈਨੂੰ ਪੁੱਛਿਆ ।
“ਪ੍ਰਭਜੋਤ ਤੂੰ ਇਥੇ ਗਲਤ ਐਂ…। ਤੂੰ ਸਿਰਫ਼ ਧਾਰਮਿਕ ਪਹਿਰਾਵੇ ਜਾਂ ਧਾਰਮਿਕ ਸਥਾਨ ‘ਤੇ ਰਹਿਣ ਵਾਲਿਆਂ ਤੋਂ ਹੀ ਨਿਮਰਤਾ ਦੀ ਆਸ ਕਿਉਂ ਰੱਖਦੀ ਐਂ…? ਨਿਮਰਤਾ ਦਾ ਉੱਤਮ ਗੁਣ ਤਾਂ ਹਰੇਕ ਮਨੁੱਖ ਵਿੱਚ ਹੋਣਾ ਚਾਹੀਦੈ…। ਭਾਂਵੇਂ ਉਹ ਕਿਤੇ ਵੀ ਹੋਵੇ।” ਮੈਂ ਉਸ ਨੂੰ ਸਮਝਾਉਣ ਅਤੇ ਉਸ ਦੇ ਮਨ ‘ਤੇ ਪਏ ਬੋਝ ਨੂੰ ਹਲਕਾ ਕਰਨ ਵਾਂਗ ਕਿਹਾ । “ਤੈਨੂੰ ਭੁੱਲਣਾ ਨਹੀਂ ਚਾਹੀਦਾ ਕਿ ਉਹ ਸੇਵਾਦਾਰ, ਇਕ ਤਨਖ਼ਾਹਦਾਰ ਮੁਲਾਜ਼ਮ ਐ…ਸਿਰਫ਼ ਡਿਊਟੀ ਨਿਭਾਅ ਰਿਹਾ…ਹੋਰ ਕੁਝ ਨਹੀਂ। ਤੇਰੀ ਇਕ ਗੱਲ ਮੈਨੂੰ ਠੀਕ ਵੀ ਲੱਗ ਰਹੀ ਐ ਕਿ ਧਾਰਮਿਕ ਸਥਾਨ ‘ਤੇ ਜਾਣ ਆਲLੇ ਜਾਂ ਉਥੇ ਰਹਿਣ ਆਲਿLਆਂ ‘ਚ ਨਿਮਰਤਾ ਦਾ ਗੁਣ ਹੋਣਾ ਲਾਜ਼ਮੀ ਐ…।” ਪ੍ਰਭਜੋਤ ਨੀਝ ਨਾਲ ਮੇਰੇ ਵੱਲ ਤੱਕ ਰਹੀ ਸੀ। “ਤੈਨੂੰ ਆਪਣੀ ਧਾਰਮਿਕ ਸ਼ਰਧਾ ‘ਤੇ ਪ੍ਰਸ਼ਨ ਚਿੰਨ੍ਹ ਨਹੀਂ ਲਾਉਣਾ ਚਾਹੀਦਾ। ਤੇਰਾ ਸਬੰਧ ਚੰਗੇ ਗੁਣਾਂ ਨੂੰ ਗ੍ਰਹਿਣ ਕਰਨ ਨਾਲ ਐ…ਕਿਸੇ ਵਿਅਕਤੀ ਦੇ ਮਾੜੇ ਵਿਵਹਾਰ ਨਾਲ ਨਹੀਂ…। ਤੈਨੂੰ ਇਹ ਘਟਨਾ ਬਹੁਤ ਕੁਝ ਸਿਖਾਅ ਰਹੀ ਐ…।” ਆਪਣੀ ਭੈਣ ਤੋਂ ਅੰਬਰਸਰ ਦੇ ਟੂਰ ਦਾ ਹਾਲ ਸੁਣਦਿਆਂ ਮੈਨੂੰ ਇਕ ਪੁਰਾਣੀ ਘਟਨਾ ਦਾ ਚੇਤਾ ਆਇਆ, “ ਪ੍ਰਭਜੋਤ! ਕਾਫੀ ਦੇਰ ਦੀ ਗੱਲ ਐ…ਸ਼ਾਇਦ ਵੀਹ ਸਾਲ ਪੁਰਾਣੀ ਹਉ…ਇਕ ਵਾਰ ਮੈਂ ਤੇ ਪ੍ਰੋਫੈਸਰ ਤਰਸੇਮ ਰਾਣਾ ਦਰਬਾਰ ਸਾਹਿਬ ਗਏ । ਅਸੀਂ ਮੱਥਾ ਟੇਕ ਕੇ ਅਰਾਮ ਨਾਲ ਸਰੋਵਰ ਦੀਆਂ ਪੌੜੀਆਂ ‘ਤੇ ਬੈਠ ਗਏ ‘ਤੇ ਉਸ ਅਸਥਾਨ ਦੀ ਮਹਾਨਤਾ ਬਾਰੇ ਗੱਲ ਕਰ ਰਹੇ ਸਾਂ। ਸਾਡੇ ਪੈਰ, ਥੱਲੇ ਦੀ ਪੌੜੀ ‘ਤੇ ਪਾਣੀ ਵਿੱਚ ਰੱਖੇ ਹੋਏ ਸਨ। ਏਸੇ ਤਰਾਂ੍ਹ ਦਾ ਇਕ ਬਾਬਾ ਆਇਆ ‘ਤੇ ਸਾਨੂੰ ਕਹਿਣ ਲੱਗਾ, ‘ਇਹ ਕੋਈ ਛੱਪੜ ਨੀ… ਜਿਥੇ ਪੈਰ ਲਮਕਾਅ ਕੇ ਬੈਠੇ ਓ…।” ਅਚਾਨਕ ਉਸ ਦੀ ਖਰ੍ਹਵੀ ਤੇ ਰੁੱਖੀ ਅਵਾਜ਼ ਨਾਲ ਮੈਂ ਕੰਬ ਗਿਆ। ਅਸੀਂ ਦੋਵੇਂ ਚੁੱਪ-ਚਾਪ ਉਠ ਪਏ । ਉਹ ਬਾਬਾ ਚਲੇ ਗਿਆ ਸੀ। ਅਸੀਂ ਆਪਣੇ ਆਪ ਵਿੱਚ ਨਿਮੋਝੂਣੇ ਹੋਏ ਪਏ ਸਾਂ। ‘ ਦੇਖ ਲਾ ਬਈ…ਆਪਾਂ ਤਾਂ ਬੜੀ੍ਹ ਸ਼ਰਧਾ ਨਾਲ ਬੈਠੇ ਸੀ, ਅਸੀਂ ਛੱਪੜ ਸਮਝ ਕੇ ਥੋੜਾ ਬੈਠੇ ਸੀ…। ਏਸ ਬਾਬੇ ਨੂੰ ਸ਼ੈਦ ਇਹ ਛੱਪੜ ਜਾਪਦਾ ਹੋਏ…।’ ਰਾਣੇ ਨੇ ਕਲਪਦਿਆਂ ਮੈਨੂੰ ਰਿਹਾ ਸੀ। ਮੈਂ ਚੁੱਪ ਸੀ, ਜਿਵੇਂ ਮੇਰੀ ਅਵਾਜ਼ ਖੂਹ ਵਿੱਚ ਡਿੱਗ ਗਈ ਹੋਵੇ। ਮੈਂ ਆਪਣਾ ਬਹੁਤ ਜ਼ਿਆਦਾ ਘਟਾਅ ਮਹਿਸੂਸ ਕਰ ਰਿਹਾ ਸੀ।”
“ਭਾਜੀ…ਮੈਂ ਵੀ ਐਨਾ ਅੱਪਸੈਟ ਹੋ ਗਈ ਸੀ ਕਿ ਮੇਰੇ ਚੇਤੇ ਵਿਚੋਂ ਸਾਰੀ ਭੁੱਖ ਵਿਸਰ ਗਈ ਸੀ। ਲੰਗਰ ਖਾਂਦਿਆਂ ਬੁਰਕੀ ਮੇਰੇ ਮੂੰਹ ਵਿੱਚ ਫੁਲ ਰਹੀ ਸੀ। ਮੈਂ ਅਜੀਬ ਤਨਾਓ ਵਿੱਚ ਸੀ।” ਪ੍ਰਭਜੋਤ ਨੇ ਬੜੇ੍ਹ ਰੁਆਂਸੇ ਜਿਹੇ ਚਿੱਤ ਕਿਹਾ।
“ਤੈਨੂੰ ਟੈਨਸ਼ਨ ਨਹੀਂ ਲੈਣੀ ਚਾਹੀਦੀ। ਚਿੱਤ ਛੋਟਾ ਨਾ ਕਰ …? ਗੁੱਸੇ ਨਾਲ ਭਰੇ ਕਿਸੇ ਦੂਸਰੇ ਵਿਅਕਤੀ ਨੂੰ ਤੁਹਾਡੇ ਮਿੱਠੇ ਅਤੇ ਨਿਮਰਤਾ ਭਰੇ ਦੋ ਬੋਲ ਸ਼ਰਮਿੰਦਾ ਕਰ ਸਕਦੇ ਆ…। ਮੇਰੇ ਨਾਲ ਵਾਪਰੀ ਘਟਨਾ ਅਤੇ ਤੇਰੇ ਨਾਲ ਵਾਪਰੀ ਘਟਨਾ ਵਿਚ ਵੀਹ ਸਾਲ ਦਾ ਅੰਤਰ ਐ…। ਐਨੇ ਲੰਮੇ ਸਮੇਂ ਬਾਅਦ ਵੀ ਕੋਈ ਤਬਦੀਲੀ ਨਈ…? ਗੱਲ ਉਥੋਂ ਦੀ ਉਥੇ ਈ ਐ… ਕਿਤੇ ਤਾਂ ਕੋਈ ਕਮੀ ਆ…। ਇਹ ਸੋਚ ਵਿਚਾਰ ਵਾਲੀ ਗੱਲ ਐ…। ਇਸ ਲਈ ਬਹੁਤ ਜਰੂਰੀ ਐ ਪਈ ਸਾਨੂੰ ਨਿਮਰਤਾ ਵਰਗੇ ਗੁਣ ਤੋਂ ਕਦੀ ਵਾਂਝੇ ਨਹੀਂ ਹੋਣਾ ਚਾਹੀਦਾ। ਨਿਮਰਤਾ ਨੂੰ ਆਪਣੇ ਚੋਂ ਕਦੀ ਵੀ ਮਨਫ਼ੀ ਨਾ ਹੋਣ ਦਿਓ…। ਫੇਰ ਈ ਤੁਸੀਂ ਸਹੀ ਅਰਥਾਂ ਵਿੱਚ ਇਨਸਾਨ ਅਖਵਾ ਸਕਦੇ ਆਂ।” ਆਖਦਿਆਂ ਮੈਂ ਟੇਬਲ ‘ਤੇ ਪਈ ਅੱਜ ਦੀ ਅਖਬਾਰ ਵੇਖਣ ਲੱਗ ਗਿਆ ਸੀ।

*****

ਪਿੰਡ ਮਾਨਾਂਵਾਲੀ, ਡਾਕ: ਚਾਚੋਕੀ ਤਹਿਸੀਲ ਫਗਵਾੜਾ
ਜਿਲਾ੍ਹ ਕਪੂਰਥਲਾ।
ਸੰਪਰਕ:88728-54500


10/07/16)
ਹਰਮਿੰਦਰ ਸਿੰਘ ਭੱਟ

1984 ਦੇ ਸਬੂਤਾਂ ਨੂੰ ਮਿਟਾ ਕੇ ਕੀ ਸਾਬਤ ਕਰਨਾ ਚਾਹ ਰਹੀ ਹੈ ਐੱਸ ਜੀ ਪੀ ਸੀ?
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ!

ਗੁਰੂ ਰਾਮਦਾਸ ਸਰਾਂ ਨੂੰ ਪਹਿਲਾਂ ਜਦੋਂ ਢਾਹੁਣ ਦੀ ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਨੇ ਲਈ ਪਰ ਇਸ ਦਾ ਪਤਾ ਲੱਗਣ ਤੇ ਸਿੱਖ ਸੰਗਤਾਂ ਵੱਲੋਂ ਵਿਰੋਧ ਕਰਨ ਉਪਰੰਤ ਰੋਕ ਦਿੱਤਾ ਗਿਆ ਕਿਉਂਕਿ ਇਨ੍ਹਾਂ ਅਸਥਾਨਾਂ ਨਾਲ ਸਿੱਖ ਇਤਿਹਾਸ, ਧਾਰਮਿਕ ਭਾਵਨਾਵਾਂ ਅਤੇ ਕਈ ਪੰਨੇ ਦੁਖਾਂਤਾਂ ਦੇ ਨਾਲ ਜੁੜੇ ਹੋਏ ਹਨ। ਜੇਕਰ ਇਨ੍ਹਾਂ ਇਮਾਰਤਾਂ ਤੇ ਨਿਸ਼ਾਨੀਆਂ ਨੂੰ ਮਿਟਾਇਆ ਗਿਆ ਤਾਂ ਸਿੱਖ ਹਿਰਦਿਆਂ ਤੇ ਡੂੰਘੀ ਸੱਟ ਲੱਗੇਗੀ ।
ਇਸ ਤੋਂ ਪਹਿਲਾਂ ਵੀ ਕਈ ਅਜਿਹੇ ਅਸਥਾਨ ਹਨ ਜੋ ਕਿ ਸਿੱਖ ਇਤਿਹਾਸ ਨਾਲ ਜੁੜੇ ਹੋਏ ਸਨ ਜਿਨ੍ਹਾਂ ਨੂੰ ਉਸ ਸਮੇਂ ਦੀਆਂ ਸਰਕਾਰਾਂ ਨੇ ਆਪਣੀ ਮਨਮਤ ਅਨੁਸਾਰ ਢਾਹ ਕੇ ਸਿੱਖ ਸੰਘਰਸ਼ੀ ਯੋਧਿਆਂ ਦੇ ਸੰਘਰਸ਼ ਨੂੰ ਢਾਹ ਲਗਾਉਣ ਦੀ ਜੁੱਰਤ ਕੀਤੀ ਹੈ ਇੱਥੇ ਇਹ ਕਹਿਣਾ ਉਚਿੱਤ ਹੋਵੇਗਾ ਕਿ ਸਿੱਖ ਕੌਮ ਦੇ ਆਗੂ ਵੀ ਆਪਣੀ ਵਿਰਾਸਤ ਤੇ ਸ਼ਹੀਦ ਸਿੰਘ ਜੋਧਿਆਂ ਦੀਆਂ ਯਾਦਾਂ ਨੂੰ ਮਿਟਾਉਣ ਲਈ ਕਾਹਲੀ ਵਿਚ ਹੋ ਰਹੇ ਜਾਪ ਰਹੇ ਹਨ ਜਾਂ ਇਹ ਕਹਿ ਲਵੋ ਕਿ ਉਲਟੀ ਵਾੜ ਖੇਤ ਨੂੰ ਖਾਏ।
ਵਿਸਥਾਰ ਪੂਰਵਕ ਗੱਲ ਕਰੀਏ ਤਾਂ ਜਿਨ੍ਹਾਂ ਇਮਾਰਤਾਂ ਦੀਆਂ ਨੀਂਹਾਂ ਐਨੀਆਂ ਪੱਕੀਆਂ ਤੇ ਡੂੰਘੀਆਂ ਹੋਣ ਜੋ ਕਿ ਅਜੇ ਹੋਰ 500 ਤੋਂ ਹਜ਼ਾਰ ਸਾਲ ਤੱਕ ਖੜ੍ਹੀਆਂ ਰਹਿ ਸਕਦੀਆਂ ਹਨ ਇਹਨਾਂ ਦੀ ਅੰਦਰੂਨੀ ਬਨਾਵਟ ਵੀ ਬਹੁਤ ਸੋਹਣੀ ਤੇ ਦਿਲ ਟੁੰਬਦੀ ਹੋਵੇ ਉਨਾਂ ਨੂੰ ਢਾਹ ਕੇ ਦੁਬਾਰਾ ਬਣਾਇਆ ਜਾਵੇ ਇਹ ਇੱਕ ਅਜੀਬ ਜਿਹਾ ਜਾਪ ਰਿਹਾ ਹੈ। ਉਸ ਤੋਂ ਵੱਡਾ ਦੁਖਾਂਤ ਅਜਿਹੀਆਂ ਇਮਾਰਤਾਂ ਜਿਨ੍ਹਾਂ ਨੇ ਆਪਣੇ ਸੀਨੇ ਤੇ ਹਜ਼ਾਰਾਂ ਹਕੁਮਤੀ ਵਾਰ ਸਹੇ ਹੋਣ ਫਿਰ ਵੀ ਅਡੋਲ ਖੜੀਆਂ ਹੋਣ ਫਿਰ ਭਲਾ ਇਨ੍ਹਾਂ ਦੀਆਂ ਨੀਂਹਾਂ ਐਨੀਆਂ ਕੱਚੀਆਂ ਕਿਵੇਂ ਪ੍ਰਤੀਤ ਹੋਣ ਲੱਗ ਰਹੀਆਂ ਹਨ।
ਸੰਘਰਸ਼ੀ ਸਿੰਘਾਂ ਵੱਲੋਂ ਕੀਤੇ ਗਏ ਵਿਰੋਧ ਤੋਂ ਬਾਅਦ ਐੱਸ ਜੀ ਪੀ ਸੀ ਨੂੰ ਇਹ ਨਿਰਨੇ ਲੈਣਾ ਪਿਆ ਕਿ ਢਾਹੁਣ ਦਾ ਕੰਮ ਰੋਕਿਆ ਜਾਵੇ ਅਤੇ ਮਾਹਿਰਾਂ ਦੀ ਰਾਹੇ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਪਰ ਅਫ਼ਸੋਸ ਤਾਂ ਦਾ ਇਸ ਦਾ ਗੱਲ ਹੈ ਕਿ ਇੱਕ ਕਾਰਜ ਤੇ ਰੋਕ ਲਗਾਈ ਗਈ ਪਰ ਦੂਜੀ ਸ਼ੁਰੂ ਕਰ ਦਿੱਤੀ ਗਈ ਤੇਜਾ ਸਿੰਘ ਸਮੁੰਦਰੀ ਹਾਲ ਜੋ ਸਿੱਖ ਰੈਫਰੈਡਮ ਲਾਇਬ੍ਰੇਰੀ ਦੇ ਰੂਪ ਵਿਚ ਹੈ ਜਿਸ ਵਿਚ ਕੀਮਤੀ ਸਿੱਖ ਇਤਿਹਾਸ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਹੱਥ ਲਿਖਤਾਂ ਅਤੇ ਹੋਰ ਵਡਮੁੱਲਾ ਖ਼ਜ਼ਾਨਾ, ਬੇਅੰਤ ਕੀਮਤੀ ਇਤਿਹਾਸ ਜਿਸ ਨੂੰ 1984 ਚ ਫ਼ੌਜ ਵੱਲੋਂ ਤਹਿਸ ਨਹਿਸ ਕਰ ਦਿੱਤਾ ਗਿਆ ਅਤੇ ਅੱਗ ਦੀ ਭੇਟ ਚਾੜ੍ਹ ਕੇ ਸਾੜ ਸੁਆਹ ਕਰ ਦਿੱਤਾ ਗਿਆ ਜੋ ਕੀਮਤੀ ਲਿਟਰੇਚਰ ਬਾਕੀ ਬਚਿਆ ਉਹ ਭਾਰਤੀ ਫ਼ੌਜ ਆਪਣੇ ਨਾਲ ਲੈ ਗਈ।
ਸੋਚਣ ਵਾਲੀ ਗਲ ਇਹ ਹੈ ਕਿ ਐੱਸ ਜੀ ਪੀ ਸੀ ਨੂੰ ਅਜਿਹੀ ਕੀ ਕਾਹਲੀ ਜਾ ਜ਼ਰੂਰਤ ਮਹਿਸੂਸ ਹੋ ਰਹੀ ਹੈ ਕਿ ਉਹ ਸਿੱਖ ਇਤਿਹਾਸ ਨਾਲ ਸੰਬੰਧਿਤ ਇਹੋ ਜਿਹੀਆਂ ਇਤਿਹਾਸਕ ਤੇ ਧਾਰਮਿਕ ਥਾਵਾਂ ਨਾਲ ਸੰਬੰਧਿਤ ਤੇ ਸਿੱਖਾਂ ਦੇ ਕੀਮਤੀ ਇਤਿਹਾਸ ਨੂੰ ਢਾਹ ਦੇਣ ਲਈ ਤਤਪਰ ਹੋ ਰਹੀ ਹੈ। ਅਸਲ ਗੱਲ ਤੇ ਆਉਂਦੇ ਹੋਏ ਜੇਕਰ ਕਹੀਏ ਤਾਂ 1984 ਦੇ ਹਮਲੇ ਤੋਂ ਬਾਅਦ ਐੱਸ ਜੀ ਪੀ ਸੀ ਨੇ ਭਾਰਤੀ ਹਕੂਮਤ ਤੇ ਇੱਕ ਹਜ਼ਾਰ ਕਰੋੜ ਰੁਪਏ ਦਾ ਕੇਸ ਦਰਜ ਕਰਵਾਇਆ ਸੀ ਤਾਂ ਜੋ ਸਿੱਖ ਇਤਿਹਾਸ ਦੀਆਂ ਢਹਿ/ਨੁਕਸਾਨੀਆਂ ਗਈਆਂ ਇਮਾਰਤਾਂ ਨੂੰ ਦੁਬਾਰਾ ਤੋਂ ਉਸਾਰਿਆ ਜਾ ਸਕੇ। ਪਰ ਹੈਰਾਨ ਕਰਨ ਵਾਲੀ ਗੱਲ ਸੁਣਨ ਵਿਚ ਇਹ ਆਈ ਹੈ ਕਿ ਇਸ ਕੇਸ ਦੀ ਸੁਣਵਾਈ ਸਾਲ 2013 ਤੱਕ ਤਾਂ ਸ਼ੁਰੂ ਹੀ ਨਹੀਂ ਹੋਈ ਜੋ ਕਿ ਐੱਸ ਜੀ ਪੀ ਸੀ ਵੱਲੋਂ ਕੋਰਟ ਫ਼ੀਸ ਨਾ ਦੇਣ ਕਾਰਨ ਸੀ। 28 ਸਾਲ ਫ਼ੀਸ ਨਾ ਦੇਣ ਕਾਰਨ ਸਿੱਖ ਸੰਗਤਾਂ ਨੂੰ ਹਨੇਰੇ ਵਿਚ ਰੱਖਿਆ ਗਿਆ ਇਨ੍ਹਾਂ ਦੇ ਪ੍ਰਤੱਖ ਸਬੂਤ ਵੀ ਇੰਟਰਨੈੱਟ ਦੇ ਜਰੀਏ ਦੇਖੇ ਜਾ ਸਕਦੇ ਹਨ। ਹੁਣ ਹੋਲੀ ਹੋਲੀ 1984 ਦੀਆਂ ਕੌੜੀਆਂ ਨਿਸ਼ਾਨੀਆਂ ਨੂੰ ਵੀ ਜੋ ਕਿ ਸਾਡੇ ਦੁਖਾਂਤ ਦੇ ਇੱਕ ਇਨਸਾਫ ਲਈ ਕੇਸ ਦੇ ਸਬੂਤ ਹਨ ਨੂੰ ਮਿਟਾਉਣ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਜਾਪ ਰਹੀਆਂ ਹਨ ਹੁਣ ਦੇਖਣਾ ਇਹ ਹੈ ਕਿ ਸ਼੍ਰੋਮਣੀ ਕਮੇਟੀ ਜਿਸ ਨੇ ਆਪ ਹੀ ਕੇਸ ਕੀਤਾ ਸੀ ਉਹ ਆਪਣੇ ਹੀ ਕੇਸ ਦੇ ਸਬੂਤ ਨੂੰ ਮਿਟਾਉਣ ਚ ਕਿਸ ਹੱਦ ਤੱਕ ਸਫਲ ਹੁੰਦੀ ਹੈ।
28 ਸਾਲ ਗਵਾਹ ਹਨ ਕਿ ਐੱਸ ਜੀ ਪੀ ਸੀ ਜਿਸ ਕੋਲ ਕੇਸ ਚਲਾਉਣ ਲਈ ਪੈਸੇ ਨਹੀਂ ਸਨ ਪਰ ਹੁਣ ਢਾਹੁਣ ਲਈ ਕਿਥੋਂ ਹਿੱਲੇ ਵਸੀਲੇ ਕਰ ਰਹੀ ਹੈ? ਹੁਣ ਸਵਾਲ ਇਹ ਉੱਠਦਾ ਹੈ ਕਿ ਜੇਕਰ ਕਿਸੇ ਕੋਰਟ ਚ ਕੋਈ ਕੇਸ ਚੱਲ ਹੀ ਨਹੀਂ ਰਿਹਾ ਸੀ ਤਾਂ ਸਿੱਖ ਕੌਮ ਨੂੰ ਹਨੇਰੇ ਵਿਚ ਕਿਉਂ ਰੱਖਿਆ ਗਿਆ ਤੇ ਪੈਸੇ ਦੀ ਬਰਬਾਦੀ ਕਿਥੇ ਹੁੰਦੀ ਰਹੀ? ਫੇਰ ਹੁਣ ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕੇ ਮਾੜੀ ਮਾੜੀ ਗਲ ਤੇ ਨਜ਼ਰ ਰੱਖਣ ਵਾਲਾ ਮੀਡੀਆ ਇਸ ਤੋਂ ਦੂਰ ਕਿਵੇਂ ਰਿਹਾ? ਕਿਉਂ ਇਸ ਗੰਭੀਰ ਧਾਰਮਿਕ ਭਾਵਨਾਵਾਂ ਨਾਲ ਜੁੜੇ ਮਸਲੇ ਨੂੰ 32 ਸਾਲਾਂ ਮਗਰੋਂ ਵੀ ਨਹੀਂ ਉਠਾਇਆ ਗਿਆ? ਤੇ ਕਿਉਂ ਕਿਸੇ ਵੀ ਸਿਰਮੌਰ ਸਿੱਖ ਸੰਗਠਨ (ਕੁੱਝ ਨੂੰ ਛੱਡ ਕੇ) ਦਾ ਧਿਆਨ ਇੱਧਰ ਨੂੰ ਨਹੀਂ ਜਾ ਰਿਹਾ?
ਇੱਥੇ ਇੱਕ ਗਲ ਹੋਰ ਵੀ ਵਿਚਾਰਨ ਵਾਲੀ ਹੈ ਕਿ ਜੇਕਰ ਐੱਸ ਜੀ ਪੀ ਸੀ ਨੇ 1985 ਚ ਇੱਕ ਹਜ਼ਾਰ ਕਰੋੜ ਰੁਪਏ ਦੀ ਮੰਗ ਕੀਤੀ ਸੀ ਤਾਂ ਬੈਂਕ ਵਿਆਜ ਅਨੁਸਾਰ ਹੁਣ ਇਹ ਰਕਮ 16 ਹਜ਼ਾਰ ਕਰੋੜ ਰੁਪਏ ਤੱਕ ਪਹੁੰਚਦੀ ਨਜ਼ਰ ਆਉਂਦੀ ਹੈ ਜੋ ਕਿ ਕੇਂਦਰੀ ਸਰਕਾਰ ਨੇ ਸਿੱਖ ਕੌਮ ਦੀਆਂ ਤਹਿਸ ਨਹਿਸ ਕੀਤੀਆਂ ਗਈਆਂ ਇਮਾਰਤਾਂ ਆਦਿਕ ਨੂੰ ਉਸਾਰਨ ਲਈ ਐੱਸ ਜੀ ਪੀ ਸੀ ਨੂੰ ਦੇਣੀ ਚਾਹੀਦੀ ਹੈ।
ਸਵਾਲ ਫੇਰ ਉਹੀ ਖੜ੍ਹਾ ਹੈ ਕਿ 30 ਸਾਲ ਬਾਅਦ ਕੇਸ ਕਿੱਥੇ ਖੜਾ ਹੈ? ਪਰ ਹੁਣ ਜਦ 9 ਕਰੋੜ ਰੁਪਏ ਦੇ ਕਰੀਬ ਕੇਸ ਦੀ ਫ਼ੀਸ ਭਰੀ ਜਾ ਚੁੱਕੀ ਹੈ ਕੇਸ ਦੀਆਂ ਤਾਰੀਖ਼ਾਂ ਸਾਹਮਣੇ ਹਨ ਤਾਂ ਐਸ਼ ਜੀ ਪੀ ਸੀ ਆਪਣੇ ਹੀ ਕੇਸ ਨੂੰ ਹੌਲਾ ਕਰਨ ਲਈ ਕਿਉਂ ਗੁਰੂ ਰਾਮਦਾਸ ਸਰਾਂ ਤੇ ਸਮੁੰਦਰੀ ਹਾਲ ਜਿਹੀਆਂ ਇਤਿਹਾਸਕ ਸਰਾਂ ਨੂੰ ਢਾਹ/ਉਸਾਰ/ਰੰਗ ਰੋਗਣ ਕਰਵਾ ਕੇ ਆਪਣੇ ਹੀ ਕੰਮ ਤੋਂ ਹੱਥ ਧੌਣਾਂ ਚਾਹੁੰਦੀ ਹੈ।
ਇਹਨਾਂ ਤੱਥਾਂ ਤੋਂ ਸ਼ੀਸ਼ੇ ਦੀ ਤਰਾਂ ਸਾਫ਼ ਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ ਇਹ ਕੇਸ ਅੱਗੇ ਨਹੀਂ ਲੜਨਾ ਚਾਹੁੰਦੀ ਜੇ ਕੇਸ ਹਾਰ ਜਾਂਦੀ ਹੈ ਤਾਂ ਲੱਖਾਂ ਦੀ ਭਰੀ ਫ਼ੀਸ ਪਾਣੀ ਵਿਚ ਪੈ ਜਾਵੇਗੀ ਇਸ ਦਾ ਇੱਕ ਮੁੱਖ ਕਾਰਨ ਇਹ ਹੈ ਕਿ ਇਹ ਫ਼ੀਸ ਜੋ ਕਿ ਗੁਰੂ ਕੀ ਸੰਗਤਾਂ ਦਾ ਪੈਸਾ ਹੈ ਦੁਆਰਾ ਭਰੀ ਗਈ ਹੈ ਨਾ ਕਿ ਐੱਸ ਜੀ ਪੀ ਸੀ ਦੀ ਜੇਬ ਵਿਚੋਂ ਜੇਕਰ ਇਹ ਡੁੱਬ ਵੀ ਜਾਂਦਾ ਹੈ ਤਾਂ ਨੁਕਸਾਨ ਤਾਂ ਵਿਚਾਰੀ ਗ਼ਰੀਬ ਸੰਗਤ ਦਾ ਹੀ ਹੈ ਨਾ ਕਿ ਐੱਸ ਜੀ ਪੀ ਸੀ ਦਾ। ਐੱਸ ਜੀ ਪੀ ਸੀ ਵੱਲੋਂ ਕਿਉਂ ਸਮੁੰਦਰੀ ਹਾਲ ਚ ਲੱਗਿਆਂ ਹਜ਼ਾਰਾਂ ਗੋਲੀਆਂ ਦੇ ਨਿਸ਼ਾਨਾਂ ਨੂੰ ਪੇਂਟ ਜਾਂ ਚਿੱਟੇ ਸੀਮਿੰਟ ਦੁਆਰਾ ਅਤੇ ਗੁਰੂ ਰਾਮ ਦਾਸ ਸਰਾਂ ਨੂੰ ਢਾਹ ਕੇ ਆਪਣੇ ਹੀ ਕੌਮ ਨਾਲ ਵਰਤੇ ਇਤਿਹਾਸ ਦੀ ਵੈਰੀ ਬਣ ਰਹੀ ਹੈ । ਇਸ ਵਿਚ ਕੋਈ ਝੂਠ ਨਹੀਂ ਕਿ ਕੇਸ ਨੂੰ ਹਾਰਨਾ ਤੈਅ ਜਿਹਾ ਲੱਗ ਰਿਹਾ ਹੈ ਅਤੇ ਬਾਕੀ ਬਚਿਆ ਕੀਮਤੀ ਇਤਿਹਾਸ, ਯੋਧਿਆਂ ਦੀਆਂ ਕੁਰਬਾਨੀਆਂ ਜਿਸ ਤੋਂ ਸਾਡੀ ਆਉਣ ਵਾਲੀ ਪੀੜੀ ਨੇ ਸੇਧ ਲੈਣੀ ਹੈ ਸਦਾ ਲਈ ਗੁਆ ਦੇਵਾਂਗੇ। ਜੇਕਰ ਐੱਸ ਜੀ ਪੀ ਸੀ ਕਮੇਟੀ ਕੇਸ ਹਾਰਦੀ ਹੈ ਤਾਂ ਅਦਾਲਤ ਚ ਭਰਿਆ ਕਰੋੜਾ ਰੁਪਇਆਂ ਸੰਗਤ ਦੇ ਭੇਟਾ ਹੈ ਸੁਆਹ ਹੋ ਜਾਵੇਗਾ।
ਪਤਾ ਨਹੀਂ ਇਸ ਤੋਂ ਇਲਾਵਾ ਵੀ ਹੋਰ ਕਿੰਨੀਆਂ ਲੁਕੀਆਂ ਹਕੀਕਤਾਂ ਹਨ... ਕਿਉਂ ਐੱਸ ਜੀ ਪੀ ਸੀ ਕਮੇਟੀ 2016 ਦੀ ਕੇਸ ਤਾਰੀਖ਼ ਤੋਂ ਪਹਿਲਾਂ ਹੀ 1984 ਦੇ ਸਬੂਤਾਂ ਨੂੰ ਮਿਟਾ ਦੇਣਾ ਚਾਹੁੰਦੀ ਹੈ । ਕੀ ਸ਼੍ਰੋਮਣੀ ਕਮੇਟੀ ਨਹੀਂ ਚਾਹੁੰਦੀ ਕਿ ਸਿੱਖ ਕੌਮ ਦਾ ਕੀਮਤੀ ਇਤਿਹਾਸ ਤੇ ਸਿੱਖ ਯੋਧਿਆਂ ਵੱਲੋਂ ਪਾਈਆਂ ਗਈਆਂ ਸਹੀਦੀਆਂ ਨੂੰ ਇਨਸਾਫ ਮਿਲੇ?। ਜੇਕਰ ਤੁਹਾਡਾ ਜੁਆਬ ਹਾਂ ਵਿਚ ਹੈ ਤਾਂ ਆਓ ਅਸੀਂ ਇਸ ਮੁਹਿੰਮ ਦਾ ਹਿੱਸਾ ਬਣੀਏ ਤੇ ਐੱਸ ਜੀ ਪੀ ਸੀ ਨੂੰ ਸਵਾਲ ਪੁੱਛੀਏ ਕਿ ਉਹ ਅਜਿਹਾ ਕਿਸ ਦੇ ਦੁਆਬ ਅੰਦਰ ਕਰ ਹੀ ਹੈ।
ਭੁੱਲ ਚੁੱਕ ਦੀ ਖਿਮਾਂ
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ!
ਆਪ ਜੀ ਦਾ ਦਾਸ
ਹਰਮਿੰਦਰ ਸਿੰਘ ਭੱਟ
ਬਿਸਨਗੜ੍ਹ (ਬਈਏਵਾਲ)
ਸੰਗਰੂਰ
9914062205


03/07/16)
ਮਹਿੰਦਰ ਸਿੰਘ ਜੋਸ਼ ਦੀ ਕਿਤਾਬ ‘ਰੱਬ ਨੂੰ ਬਿਪਤਾ’

ਸ੍ਰੀ ਕ੍ਰਿਸ਼ਨਾਵਤਾਰ (21ਵਾਂ ਅਵਤਾਰ) (ਪੰਨਾ 254 ਤੋਂ 570)
ਸਾਕਤ ਕਵੀ ਸ਼੍ਯਾਮ ਨੇ ਚੌਵੀ ਅਵਤਾਰਾਂ ਵਿੱਚੋਂ ਕ੍ਰਿਸ਼ਨਾਵਤਾਰ ਉਤੇ ਸਭ ਤੋਂ ਵੱਧ ਭਾਵ 316 ਪੰਨੇ ਲਗਾਏ ਹਨ। ਬ੍ਰਾਹਮਣੀ ਜਾਂ ਸਨਾਤਨੀ ਮੱਤ ਵਿੱਚ ਸ੍ਰੀ ਰਾਮ ਤੇ ਸ੍ਰੀ ਕ੍ਰਿਸ਼ਨ ਦੋ ਪ੍ਰਮੁਖ ਅਵਤਾਰ ਗਿਣੇ ਗਏ ਹਨ ਅਤੇ ਬ੍ਰਾਹਮਣਾਂ ਦੇ ਧਾਰਮਕ ਸਾਹਿਤ ਵਿੱਚ ਇਹਨਾਂ ਦੋਹਾਂ ਦੀ ਹੀ ਵਧੇਰੇ ਚਰਚਾ ਹੈ। ਕ੍ਰਿਸ਼ਨ ਜੀ ਨੂੰ ਪੂਰਨ ਅਵਤਾਰ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਵਿੱਚ ਭਗਵਾਨ ਦੀਆਂ ਸੰਪੂਰਨ ਸੋਲ੍ਹਾਂ ਕਲਾਵਾਂ ਮੌਜੂਦ ਦੱਸੀਆਂ ਜਾਂਦੀਆਂ ਹਨ ਜਦ ਕਿ ਰਾਮ ਜੀ ਵਿੱਚ ਕੇਵਲ ਚੌਦਾਂ ਕਲਾਵਾਂ ਪਾਈਆਂ ਜਾਂਦੀਆਂ ਹਨ।
ਕਿਸੇ ਵੀ ਨਿਰਪੱਖ ਸਮਾਲੋਚਕ ਲਈ ਇਹ ਸੰਭਵ ਨਹੀਂ ਕਿ 1428 ਪੰਨਿਆਂ ਵਾਲੀ ਵੱਡ–ਆਕਾਰੀ ‘‘ਬਚਿਤ੍ਰ ਨਾਟਕ’’ ਨਾਮ ਦੀ ਪੁਸਤਕ (ਜਿਸਦਾ ਇੱਕ ਡੂੰਘੀ ਸਾਜਿਸ਼ ਤਹਿਤ ਨਾਮ ਵੀ ‘‘ਦਸਮ ਗ੍ਰੰਥ’’ ਪ੍ਰਚਲਿਤ ਕਰ ਦਿੱਤਾ ਗਿਆ ਹੈ) ਦਾ ਲਗਪਗ ਚੌਥਾ ਹਿੱਸਾ ਮਲ ਕੇ ਬੈਠੀ ਕ੍ਰਿਸ਼ਨਾਵਤਾਰ ਵਾਲੀ ਇਸ ਲੰਮੇਰੀ ਰਚਨਾ ਦੀ ਪੂਰੀ ਤਫ਼ਸੀਲ ਤੇ ਵਿਸਥਾਰ ਇੱਕ ਛੋਟੀ ਜਿਹੀ ਪੁਸਤਕ ਵਿੱਚ ਕਰ ਸਕੇ।
ਦਰਅਸਲ, 316 ਸਫ਼ਿਆਂ ਵਿੱਚ ਆਏ ਅਤਿ ਲੰਮੇਰੇ ਕਥਾਨਕ ਦਾ ਸਾਰੰਸ਼ ਵੀ ਇਸ ਹਥਲੀ ਪੁਸਤਕ ਵਿੱਚ ਦੇ ਸਕਣਾ ਸੰਭਵ ਨਹੀਂ। ਇਸ ਲਈ ਅਸੀਂ ਕ੍ਰਿਸ਼ਨਾਵਤਾਰ ਦੇ ਕਥਾਨਕ ਵਿੱਚੋਂ ਕੁੱਝ ਕੁ ਨੁਕਤਿਆਂ ਮਾਤਰ ਉਤੇ ਹੀ ਇੱਥੇ ਵਿਚਾਰ ਕਰਨੀ ਹੈ ਜਿਹਨਾਂ ਦਾ ਸਿੱਧਾ ਸਬੰਧ ਗੁਰਮਤਿ ਦੇ ਸਿਧਾਂਤਕ ਪੱਖ ਨਾਲ ਜਾਂ ਗੁਰੂ ਦਸਮੇਸ਼ ਦੀ ਮਹਾਨ ਸ਼ਖਸੀਅਤ ਨਾਲ ਹੈ। ਸਾਕਤ ਲਿਖਾਰੀ ਸ਼੍ਯਾਮ ਨੇ ਸ੍ਰੀ ਕ੍ਰਿਸ਼ਨ ਜੀ ਦੀ ਸ਼ਖਸੀਅਤ ਉਤੇ ਕਾਲਖ ਪੋਤਣ ਦਾ ਜੋ ਕੁਹਝਾ ਤੇ ਕਮੀਨਾ ਜਤਨ ਕੀਤਾ ਹੈ ਉਸਨੂੰ ਅਣਗੌਲਿਆ ਕਰਨਾ ਵੀ ਕਿਸੇ ਤਰ੍ਹਾਂ ਯੋਗ ਨਹੀਂ ਭਾਸਦਾ। ਫ਼ਿਰ ਅਜਿਹੀ ਰਚਨਾ ਜਿਸ ਵਿੱਚ ਅਸ਼ਲੀਲ ਬੋਲੀ ਵਿੱਚ ਅਨੇਕਾਂ ਹੀ ਅਸ਼ਲੀਲ, ਲੱਜਾ–ਜਨਕ ਤੇ ਧਰਮ–ਵਿਰੋਧੀ ਪ੍ਰਸੰਗ ਆਏ ਹੋਣ, ਉਸ ਰਚਨਾ ਨੂੰ ਗੁਰੂ ਦਸਮੇਸ਼–ਕ੍ਰਿਤ ਦੱਸਣਾ ਵੀ ਗੁਰੂ ਪਾਤਿਸ਼ਾਹ ਦੀ ਤੌਹੀਨ ਕਰਨੀ ਹੈ।
1. ਲਿਖਾਰੀ ਮੂਲ ਰੂਪ ਵਿੱਚ ਕ੍ਰਿਸ਼ਨ–ਭਗਤ ਨਹੀਂ; ਸਗੋਂ ਦੇਵੀ–ਭਗਤ ਹੈ
ਲਿਖਾਰੀ ਸ਼੍ਯਾਮ ਆਪਣੀ ਲਿਖਤ ਵਿੱਚ ਕ੍ਰਿਸ਼ਨ ਜੀ ਦੀ ਰਜਵੀਂ ਉਪਮਾ ਅਰ ਮਹਿਮਾ ਕਰਦਿਆਂ ਪਾਠਕਾਂ ਨੂੰ ਕ੍ਰਿਸ਼ਨ ਭਗਤ ਹੋਣ ਦਾ ਭੁਲੇਖਾ ਪਾਉਂਦਾ ਹੈ। ਉਂਝ, ਆਪਾ–ਵਿਰੋਧਾਂ
(self-contradictions) ਨਾਲ ਤਾਂ ਇਹ ਸਾਰੀ ਵੱਡ ਆਕਾਰੀ ਪੁਸਤਕ ਹੀ ਭਰੀ ਪਈ ਹੈ। ਇਹ ਲਿਖਾਰੀ ਰਾਮ– ਕਥਾ ਦੇ ਅੰਤਲੇ ਸਫ਼ੇ ਦੇ ਬੰਦ ਨੰਬਰ 859 ਵਿੱਚ ਰਾਮ–ਕਥਾ ਦੇ ਮਹਾਤਮ ਅਤੇ ਫਲ ਦਾ ਵਿਸਥਾਰ ਲਿਖਦਾ ਹੈ ਕਿ ਰਾਮ–ਕਥਾ (ਰਾਮਾਇਣ) ਨੂੰ ਪੜ੍ਹਨ, ਸੁਣਨ ਜਾਂ ਗਾਉਣ ਵਾਲੇ ਮਨੁੱਖ ਨੂੰ ਕੋਈ ਆਧੀ–ਵਿਆਧੀ ਨਹੀਂ ਲਗਦੀ ਅਤੇ ਉਸ ਤੋਂ ਤਿੰਨ ਬੰਦ ਪਿੱਛੋਂ ਠਾਹ ਕਰਦਾ 863 ਨੰਬਰ ਬੰਦ ਰੂਪੀ ਬੰਬ ਛੱਡ ਕੇ ਐਲਾਨ ਕਰਦਾ ਹੈ ਕਿ ਮੈਂ ਕਿਸੇ ਰਾਮ, ਕਿਸੇ ਰਹੀਮ, ਕਿਸੇ ਸਿਮਿ੍ਰਤੀ ਤੇ ਕਿਸੇ ਸ਼ਾਸਤ੍ਰ ਨੂੰ ਨਹੀਂ ਮੰਨਦਾ ਅਤੇ ਕੇਵਲ ਸਾਕਤੀ ਇੱਸ਼ਟ ਕਾਲ ਦੇਵ ਜਿਸਦੇ ਹੱਥ ਵਿੱਚ ਤਲਵਾਰ ਦਿਖਾਈ ਜਾਂਦੀ ਹੈ, ਨੂੰ ਹੀ ਮੰਨਦਾ ਹਾਂ। ਕ੍ਰਿਸ਼ਨਾਵਤਾਰ ਵਿੱਚ ਵੀ ਆਪਾ–ਵਿਰੋਧਾਂ ਦਾ ਭਾਣਾ ਬਿਲਕੁਲ ਉਸੇ ਤਰ੍ਹਾਂ ਹੀ ਵਰਤਿਆ ਪਿਆ ਹੈ। ਹੇਠਾਂ ਦਿੱਤੇ ਕੁੱਝ ਬੰਦਾਂ ਵਿੱਚ ਉਹ ਕ੍ਰਿਸ਼ਨ–ਭਗਤ ਦੇ ਤੌਰ ਤੇ ਨਜ਼ਰ ਆ ਰਿਹਾ ਹੈ :–
ਜੋ ਇਹ ਕਥਾ ਤਨਕ ਸੁਨ ਪਾਵੈ॥
ਤਾਕੋ ਦੋਖ ਦੂਰ ਹੋਇ ਜਾਵੈ॥2480॥ (ਪੰਨਾ 569)
(ਜੇ ਕੋਈ ਮਨੁੱਖ ਕ੍ਰਿਸ਼ਨਾਵਤਾਰ ਦੀ ਇਸ ਪ੍ਰੇਮ–ਕਥਾ ਨੂੰ ਥੋੜਾ ਜਿਹਾ ਵੀ ਸੁਣ ਲਏਗਾ ਉਸ ਦੇ ਸਾਰੇ ਦੁਖ ਤੇ ਪਾਪ ਦੂਰ ਹੋ ਜਾਣਗੇ।) ਜੋ ਉਪਮਾ ਬਿ੍ਰਜਨਾਥ ਕੀ ਗਾਇ ਹੈ, ਅਉਰ ਕਬਿੱਤਨ ਬੀਚ ਕਰੈਂਗੇ॥ ਪਾਪਨ ਕੀ ਤੇਊ ਪਾਵਕ ਮੈ ਕਬਿ ਸ੍ਯਾਮ ਭਨੈ ਕਬਹੂ ਨ ਜਰੈਂਗੇ॥ 2483॥
(ਪੰਨਾ 569)
(ਜੋ ਵੀ ਮਨੁੱਖ ਕ੍ਰਿਸ਼ਨ ਜੀ ਦੀ ਉਸਤਤਿ ਗਾਉਣ–ਸੁਣਨਗੇ ਉਹ ਕਦੀ ਵੀ ਪਾਪਾਂ ਦੀ ਅੱਗ ਵਿੱਚ ਨਹੀਂ ਸੜਨਗੇ। ) ਸ਼੍ਯਾਮ ਭਨੈ ਇਹ ਸੰਤ ਸਭੈ, ਬਿਨੁ ਪ੍ਰੇਮ ਕਾਹੂਂ ਬਿ੍ਰਜਨਾਥ ਰਿਝਾਏ॥2486॥ (ਪੰਨਾ 569)
(ਸ਼੍ਯਾਮ ਕਵੀ ਸਭ ਸੰਤਾਂ ਨੂੰ ਕਹਿੰਦਾ ਹੈ ਕਿ ਸੱਚਾ ਤੇ ਡੂੰਘਾ ਪ੍ਰੇਮ ਕੀਤੇ ਬਿਨਾ ਅਜ ਤਕ ਬਿ੍ਰਜਨਾਥ ਕ੍ਰਿਸ਼ਨ ਜੀ ਨੂੰ ਕਿਸ ਨੇ ਖੁਸ਼ ਕੀਤਾ ਹੈ?) ਪ੍ਰੇਮ ਬਿਨਾ ਕਬਿ ਸਯਾਮ ਭਨੈ ਕਰਿ ਕਾਹੂੰ ਕੇ ਮੈਂ ਬਿ੍ਰਜਨਾਇਕ ਆਯੋ॥2487॥ (ਪੰਨਾ 569)
(ਸ਼੍ਯਾਮ ਕਵੀ ਕਹਿੰਦਾ ਹੈ ਕਿ ਸੱਚੇ ਤੇ ਡੂੰਘੇ ਪ੍ਰੇਮ ਬਿਨਾ ਬਿ੍ਰਜਨਾਇਕ ਕ੍ਰਿਸ਼ਨ ਜੀ ਕਦੀ ਕਿਸ ਦੇ ਹੱਥ ਆਏ ਹਨ?) ਪਰ ਇਹੋ ਕਵੀ ਆਪਣੀ ਇਸੇ ਰਚਨਾ ਕ੍ਰਿਸ਼ਨਾਵਤਾਰ ਦੇ ਦੇਵੀ ਉਸਤਤਿ ਅਧਿਆਇ ਦੇ 434 ਤੇ 435 ਨੰਬਰ ਬੰਦਾਂ ਵਿੱਚ ਹੇਠ ਲਿਖੇ ਅਨੁਸਾਰ ਲਿਖ ਚੁੱਕਾ ਹੈ :–
ਮੈਂ ਨ ਗਨੇਸ਼ਹਿ ਪਿ੍ਰਥਮ ਮਨਾਊਂ॥ ਕਿਸ਼ਨ ਬਿਸ਼ਨ ਕਬਹੂੰ ਨ ਧਿਆਉਂ॥ ਕਾਨ ਸੁਨੇ ਪਹਿਚਾਨ ਨ ਤਿਨ ਸੋਂ॥ ਲਿਵ ਲਾਗੀ ਮੋਰੀ ਪਗ ਇਨ ਸੋਂ॥ 434॥ (ਪੰਨਾ 310)
(ਕਵੀ ਸ਼੍ਯਾਮ ਕਹਿੰਦਾ ਹੈ ਕਿ ਮੈਂ ਗਣੇਸ਼–ਗਣੂਸ਼ ਨੂੰ ਦੂਜੇ ਅਵਤਾਰਵਾਦੀ ਭਗਤਾਂ ਦੀ ਤਰ੍ਹਾਂ ਪਹਿਲਾਂ ਨਹੀਂ ਮੰਨਦਾ ਤੇ ਨਾ ਹੀ ਕਿਸੇ ਕ੍ਰਿਸ਼ਨ ਜਾਂ ਵਿਸ਼ਨੂੰ ਨੂੰ ਹੀ ਮੰਨਦਾ ਹਾਂ। ਗਣੇਸ਼, ਕ੍ਰਿਸ਼ਨ ਤੇ ਵਿਸ਼ਨੂੰ ਆਦਿਕਾਂ ਦੇ ਨਾਮ ਕੰਨ੍ਹਾਂ ਨਾਲ ਜ਼ਰੂਰ ਸੁਣੇ ਹਨ ਪਰ ਇਹਨਾਂ ਨਾਲ ਮੈਂ ਕਦੀ ਕੋਈ ਜਾਣ–ਪਛਾਣ ਨਹੀਂ ਬਣਾਈ। ਮੇਰੀ ਲਿਵ ਤਾਂ ਚੰਡੀ ਦੇਵੀ ਜੀ ਦੇ ਚਰਨਾਂ ਨਾਲ ਹੈ।)
ਮਹਾਂਕਾਲ ਰਖਵਾਰ ਹਮਾਰੋ॥ ਮਹਾਂਲੋਹ ਮੈਂ ਕਿੰਕਰ ਥਾਰੋ॥ ਅਪਨਾ ਜਾਨ ਕਰੋ ਰਖਵਾਰ॥ ਬਾਂਹਿ ਗਹੇ ਕੀ ਲਾਜ ਬਿਚਾਰ॥435॥ (ਪੰਨਾ 310) (ਚੰਡੀ ਦੇ ਪਤੀ ਮਹਾਂਕਾਲ ਜੀ (ਕਾਲ ਦੇਵ) ਮੇਰੇ ਰਖਿਅਕ ਹਨ। ਮੈਂ ਉਸ ਮਹਾਂਲੋਹ ਜੀ (ਕਾਲ ਦੇਵ) ਦਾ ਸੇਵਕ ਹਾਂ। ਹੇ ਮਹਾਂਕਾਲ ਜੀ, ਮੈਨੂੰ ਆਪਣਾ ਸੇਵਕ ਜਾਣ ਕੇ ਮੇਰੀ ਰਾਖੀ ਕਰੋ ਤੇ ਬਾਂਹ ਫੜੇ ਦੀ ਲਾਜ ਰਖੋ।)
ਮੂਲ ਰੂਪ ਵਿੱਚ ਕਵੀ ਸ਼੍ਯਾਮ ਕੇਵਲ ਚੰਡੀ ਦੇਵੀ ਤੇ ਮਹਾਂਕਾਲ ਦਾ ਹੀ ਉਪਾਸ਼ਕ ਹੈ। 316 ਸਫ਼ਿਆਂ ਦੀ ਲੰਬੀ ਰਚਨਾ ਕ੍ਰਿਸ਼ਨਾਵਤਾਰ ਵਿੱਚ ਕ੍ਰਿਸ਼ਨ ਕਥਾਵਾਂ ਕਹਿਣ ਵੇਲੇ ਵੀ ਉਹ ਚੰਡੀ ਦੇਵੀ ਤੇ ਮਹਾਂਕਾਲ ਦੀ ਉਸਤਤਿ ਨੂੰ ਕਦੀ ਵੀ ਨਹੀਂ ਭੁੱਲਿਆ ਅਤੇ ਨਾ ਹੀ ਉਹਨਾਂ ਨੂੰ ਕਦੀ ਵੀ ਨਜ਼ਰ–ਅੰਦਾਜ਼ ਕਰ ਸਕਿਆ ਹੈ। ਇਸ ਸਬੰਧ ਵਿੱਚ ਉਸ ਵਲੋਂ ਲਿਖੇ 20 ਦੇ 20 ਬੰਦ ਹੀ (ਨੰਬਰ 421 ਤੋਂ 440 ਤਕ ਦੇ) ਦੇਖੇ ਜਾ ਸਕਦੇ ਹਨ ਜੋ ਨਿਰੋਲ ਚੰਡੀ ਦੇਵੀ ਅਤੇ ਮਹਾਂਕਾਲ ਦੀ ਉਸਤਤਿ ਵਿੱਚ ਹੀ ਹਨ, ਨਮੂੰਨਾ ਹਾਜ਼ਰ ਹੈ :–
ਤੁਹੀ ਅੰਬਿਕਾ ਸੀਤਲਾ ਤੋਤਲਾ ਹੈ॥
ਪਿ੍ਰਥਵੀ, ਭੂਮ ਆਕਾਸ਼ ਤੈਂ ਹੀ ਕੀਆ ਹੈ॥421॥
(ਪੰਨਾ 309)
ਇਸ ਅਨੁਸਾਰ ਆਪਣੇ ਮੂਲ ਅਕੀਦੇ ਅਤੇ ਵਿਸ਼ਵਾਸ ਬਾਰੇ ਕਵੀ ਸ਼੍ਯਾਮ ਨੇ ਆਪਣੀ ਵੱਡ–ਆਕਾਰੀ ਰਚਨਾ ਵਿੱਚ ਗਾਹੇ–ਬਗਾਹੇ ਦੇਵੀ ਅਤੇ ਮਹਾਂਕਾਲ ਦੀ ਭਗਤੀ ਬਾਰੇ ਜੋ ਵੱਡੀ ਫੜ੍ਹ ਮਾਰੀ ਹੈ ਉਹ ਉਸ ਦੇ ਅਸਲ ਵਿਚਾਰਾਂ ਦਾ ਪ੍ਰਗਟਾਵਾ ਹੀ ਹੈ। ਮੂਲ ਰੂਪ ਵਿੱਚ ਉਹ ਕ੍ਰਿਸ਼ਨ–ਭਗਤ ਨਹੀਂ; ਦੇਵੀ ਤੇ ਮਹਾਂਕਾਲ ਦਾ ਉਪਾਸ਼ਕ ਹੀ ਹੈ। ਹਾਲਾਂਕਿ ਗੁਰਮਤਿ ਧਾਰਨੀਆਂ ਨੂੰ, ਜੋ ਵਾਹਿਦ ਪਰਮੇਸ਼ਰ ਦੇ ਪੁਜਾਰੀ ਹਨ ਅਤੇ ਕਿਸੇ ਰੂਪ ਵਿੱਚ ਵੀ ਨਾ ਕ੍ਰਿਸ਼ਨ ਜੀ ਅਤੇ ਨਾ ਚੰਡੀ ਦੇਵੀ ਨੂੰ ਹੀ ਮੰਨਣ ਵਾਲੇ ਹਨ, ਇਸ ਨਾਲ ਕੁੱਝ ਫ਼ਰਕ ਨਹੀਂ ਪੈਣਾ।
2. ਗ਼ੈਰ–ਕੁਦਰਤੀ ਪਾਤਰ, ਘਟਨਾਵਾਂ ਤੇ ਵੇਰਵੇ ਕ੍ਰਿਸ਼ਨਾਵਤਾਰ ਦੀ ਅਤਿ ਲੰਬੀ ਰਚਨਾ ਦੇ ਪਾਤਰਾਂ, ਵੇਰਵਿਆਂ ਅਤੇ ਘਟਨਾਵਾਂ ਵਿੱਚ ਬੇਅੰਤ ਕਾਲਪਨਿਕ, ਅਨਹੋਣੇ, ਅਣ–ਵਿਗਿਆਨਕ ਅਤੇ ਬੇ–ਸਿਰਪੈਰ ਦੇ ਤੱਤ ਹਨ ਜਿਹਨਾਂ ਰਾਹੀਂ ਨਾ ਤਾਂ ਸਮਾਜ ਸੁਧਾਰ ਸੰਭਵ ਹੈ ਅਤੇ ਨਾ ਹੀ ਧਰਮ ਸੰਸਥਾਪਨਾ ਦਾ ਕੰਮ ਹੀ ਸਰੰਜਾਮ ਚੜ੍ਹਾਇਆ ਜਾ ਸਕਦਾ ਹੈ। ਪੂਤਨਾ ਰਾਖਸ਼ਸੀ ਦਾ ਸਰੀਰ ਮੀਲਾਂ ਲੰਬਾ ਚੌੜਾ ਦਸਿਆ ਗਿਆ ਹੈ। ਬਕਾਸੁਰ, ਕਾਲੀ ਨਾਗ, ਮਤਸਯ ਸਭ ਦਾ ਵੇਰਵਾ ਇਹਨਾਂ ਨੂੰ ਨਿਰੀ ਕਾਲਪਨਿਕ ਤੇ ਅਣ–ਵਿਗਿਆਨਕ ਪੈਦਾਇਸ਼ ਸਾਬਤ ਕਰਦੇ ਹਨ। ਬਾਦਲ ਤੇ ਇੰਦਰ ਦੇਵਤਾ ਬਲਰਾਮ ਕੋਲੋਂ ਡਰਦੇ ਤੇ ਕੰਬਦੇ ਦਸੇ ਗਏ ਹਨ। ਅਵਤਾਰ ਜੀ ਜਾਂ ਹੋਰ ਕਈ ਜੋਧਿਆਂ ਦੇ ਜੰਗਾਂ ਦੌਰਾਨ ਸੁਮੇਰੂ ਆਦਿਕ ਪਰਬਤਾਂ ਦਾ ਕੰਬਣ ਲਗਣਾ, ਦੇਵਕੀ ਜੀ ਦੇ ਗਰਭ ਵਿੱਚ ਠਹਿਰਿਆ ਛੇਵਾਂ ਬੱਚਾ ਵਾਸੂਦੇਵ ਜੀ ਵਲੋਂ ਉਸ ਦੀ ਸਹੇਲੀ ਦੇ ਗਰਭ ਵਿੱਚ ਪਹੁੰਚਾ ਦਿੱਤਾ ਜਾਣਾ, ਰਿੱਛ ਵਲੋਂ ਸ਼ੇਰ ਨੂੰ ਮਾਰ ਦੇਣਾ ਤੇ ਉਸਦੀ ਪਗ ਆਪਣੇ ਸਿਰ ਤੇ ਲੈ ਲੈਣੀ, ਰਿੱਛ ਜੀ ਦੀ ਧੀ ਦੀ ਭਗਵਾਨ ਦੇ ਨਾਲ ਸ਼ਾਦੀ ਹੋ ਜਾਣੀ, ਕ੍ਰਿਸ਼ਨ ਜੀ ਦੀ ਸੂਰਜ ਦੀ ਪੁੱਤਰੀ ਜਮੁਨਾ ਨਦੀ ਨਾਲ ਸ਼ਾਦੀ ਹੋਣੀ, ਸੂਰਜ ਤੇ ਚੰਦ੍ਰਮਾ ਜੋ ਨਿਸਚੇ ਤੌਰ ਤੇ ਮਨੁੱਖ ਨਹੀਂ ਹਨ, ਦੇ ਧੀਆਂ ਤੇ ਪੁੱਤਰ ਜੰਮਣੇ ਆਮ ਪਾਠਕ ਨੂੰ ਕਾਫ਼ੀ ਹੱਦ ਤਕ ਹੈਰਾਨ ਕਰਦੇ ਹਨ ਪਰ ਵਿਵੇਕਸ਼ੀਲ ਪਾਠਕਾਂ ਨੂੰ ਤਾਂ ਪਰੇਸ਼ਾਨ ਕਰਕੇ ਰੱਖ ਦਿੰਦੇ ਹਨ।
ਕੰਸ ਦੇ ਸਹੁਰੇ ਜਰਾਸੰਧ ਵਲੋਂ ਆਪਣੇ ਸ਼ਤਰੂ ਕ੍ਰਿਸ਼ਨ ਜੀ ਤੇ ਹਮਲੇ ਵਾਲੀ ਗੱਲ ਤਾਂ ਸਮਝ ਆਉਂਦੀ ਹੈ ਪਰ ਫ਼ੌਜ ਦੀਆਂ 23 ਅਛੂਹਣੀਆਂ ਦੇ ਵੇਰਵੇ ਜਾਣਨ ਪਿੱਛੋਂ ਮੂਰਖ ਜਾਂ ਵਿਵੇਕਹੀਣ ਬੰਦੇ ਨੂੰ ਤਾਂ ਭਾਵੇਂ ਕੁੱਝ ਫ਼ਰਕ ਨਾ ਪਏ ਪਰ ਚੰਗੇ–ਭਲੇ ਵਿਵੇਕਸ਼ੀਲ ਬੰਦੇ ਦਾ ਤਾਂ ਇਹ ਸੋਚ ਕੇ ਦਿਮਾਗ਼ ਹੀ ਭੌਂ ਜਾਂਦਾ ਹੈ ਕਿ ਕੀ ਭਾਗਵਤ ਦੇ ਦਸਮ ਸਕੰਧ ਦੇ ਪੁਰਾਣ–ਪੰਥੀਆਂ ਦੇ ਦਿਮਾਗ਼ ਵਿੱਚ ਕੁੱਝ ਕਸਰ ਸੀ ਜਾਂ ਕਵੀ ਸ਼੍ਯਾਮ ਦੇ ਦਿਮਾਗ਼ੀ ਸਕ੍ਰਿਊ ਹੀ ਕੁੱਝ ਢਿੱਲੇ ਲਗੇ ਹੋਏ ਸਨ। ਇੱਕ ਅਛੂਹਣੀ ਵਿੱਚ 21870 ਰੱਥ, 21870 ਹਾਥੀ, 65610 ਘੋੜੇ ਤੇ 109350 ਪਿਆਦੇ ਹੁੰਦੇ ਸਨ। ਗ਼ੈਰ– ਕੁਦਰਤੀ ਤੇ ਅਣ–ਵਿਗਿਆਨਕ ਵੇਰਵੇ, ਪਾਤਰ ਅਤੇ ਘਟਨਾਵਾਂ ਸਾਰੀ ਰਚਨਾ ਨੂੰ ਹੀ ਕਾਲਪਨਿਕ ਤੇ ਝੂਠਾ ਮੰਨਣ ਤੇ ਮਜਬੂਰ ਕਰਦੀਆਂ ਹਨ।
3. ਬ੍ਰਾਹਮਣਾਂ ਨੂੰ ਮਾਣਤਾ ਤੇ ਜਾਤ–ਪਾਤ ਦੇ ਤਫ਼ਰਕਾਤ ਨੂੰ ਪ੍ਰਵਾਨਗੀ ਕ੍ਰਿਸ਼ਨਾਵਤਾਰ ਦੀ ਇਸ ਲੰਬੇਰੀ ਕ੍ਰਿਤ ਵਿੱਚ ਥਾਂ ਪਰ ਥਾਂ ਬ੍ਰਾਹਮਣਾਂ ਨੂੰ ਨਿਖੱਟੂ, ਵਿਹਲੜ ਅਤੇ ਲੁੱਗੜ ਜਿਹਾ ਕਰ ਕੇ ਦਸਿਆ ਗਿਆ ਹੈ ਪਰ ਪ੍ਰਚਲਿਤ ਸਮਾਜ ਬਣਤਰ ਕਾਰਨ ਸਮੱਰਥ ਲੋਕਾਂ ਵਲੋਂ ਅਤੇ ਸਮਾਜ ਦੇ ਦੂਜੇ ਅੰਗਾਂ ਵਲੋਂ ਵੀ ਬੇਅੰਤ ਧਨ ਦਾਨ ਦੇ ਕੇ ਉਹਨਾਂ ਨੂੰ ਬਿਨਾ ਕਿਰਤ ਜਾਂ ਮਿਹਨਤ ਦੇ ਹੋਰ ਧਨਵਾਨ ਬਣਾਇਆ ਜਾ ਰਿਹਾ ਹੈ। ਕ੍ਰਿਸ਼ਨ ਜੀ ਵਲੋਂ ਸਰੋਵਰ ਵਿੱਚੋਂ ਸੱਪ ਬਾਹਰ ਕੱਢ ਕੇ ਮਾਰ ਦੇਣ ਉਤੇ ਬ੍ਰਾਹਮਣਾਂ ਨੂੰ ਗੋਪਾਂ ਨੇ ਇੱਕ ਹਜ਼ਾਰ ਗਊਆਂ ਦਾਨ ਦਿੱਤੀਆਂ। ਇਸੇ ਤਰ੍ਹਾਂ ਜਦੋਂ 23 ਅਛੂਹਣੀਆਂ ਫ਼ੌਜ ਨਾਲ ਕੰਸ ਦੇ ਸਹੁਰੇ ਜਰਾਸੰਧ ਨੇ ਕ੍ਰਿਸ਼ਨ ਜੀ ਤੇ ਹਮਲਾ ਕੀਤਾ ਤਾਂ ਆਪਣੀਆਂ ਫ਼ੌਜਾਂ ਦੀ ਸਫ਼ਲਤਾ ਲਈ ਬ੍ਰਾਹਮਣਾਂ ਨੂੰ ਬੇਅੰਤ ਦਾਨ ਦਿੱਤਾ ਗਿਆ। ਕੰਸ ਦੀ ਜੇਲ੍ਹ ਵਿੱਚ ਕੈਦ ਕੱਟ ਰਹੇ ਵਸੂਦੇਵ ਜੀ ਨੇ ਵੀ ਬ੍ਰਾਹਮਣਾਂ ਨੂੰ ਇੱਕ ਹਜ਼ਾਰ ਗਊਆਂ ਦਾਨ ਦਿੱਤੀਆਂ। ਲੁੱਗੜ ਤੇ ਵਿਹਲੜ ਬ੍ਰਾਹਮਣ ਹਜ਼ਾਰ–ਹਜ਼ਾਰ ਗਊਆਂ ਦੀ ਸੰਭਾਲਤਾ ਕਿਵੇਂ ਕਰਦੇ ਸਨ, ਸਾਨੂੰ ਇਸ ਸੁਆਲ ਦਾ ਵਿਸਥਾਰ ਸਹਿਤ ਜੁਆਬ ਪੁਰਾਣੀਆਂ ਲਿਖਤਾਂ ਵਿੱਚੋਂ ਅਜੇ ਤਕ ਨਹੀਂ ਮਿਲ ਸਕਿਆ।
ਹੋਰ ਤਾਂ ਹੋਰ ਜਦੋਂ ਕ੍ਰਿਸ਼ਨ ਜੀ ਨੇ ਭੂਮਾਸੁਰ ਰਾਖਸ਼ ਨੂੰ ਮਾਰ ਕੇ ਸੋਲ੍ਹਾਂ ਹਜ਼ਾਰ ਕੰਨਿਆਵਾਂ ਆਪਣੇ ਨਾਲ ਵਿਆਹੁਣ ਲਈ ਕਾਬੂ ਕਰ ਲਈਆਂ ਸਨ ਤਦ ਇਸ ਕੁਕਰਮ ਦੇ ਮੌਕੇ ਤੇ ਵੀ ਖੁਸ਼ੀਆਂ ਮਨਾਉਂਦਿਆਂ ਬ੍ਰਾਹਮਣਾਂ ਨੂੰ ਬੇਅੰਤ ਦਾਨ ਦਿੱਤਾ ਗਿਆ ਜੋ ਉਹਨਾਂ ਨੇ ਖੁਸ਼ੀ ਨਾਲ ਪ੍ਰਵਾਨ ਵੀ ਕੀਤਾ ਸੀ, ਯਥਾ :– ਫੇਰ ਬਰਯੋ ਤ੍ਰੀਅ ਸੋਰਹ ਸਹੰਸ੍ਰ ਸੁਤਾ, ਪੁਰ ਮੈਂ ਅਤਿ ਕੈ ਕੈ ਅਖਾਰੇ॥ ਬਿੱਪਨ ਦਾਨ ਦੈ ਲੈ ਤਿਨ ਕੋ ਸੰਗਿ ਦੁਆਰਵਤੀ ਜਦੁਰਾਇ ਸਿਧਾਰੇ॥2144॥ (ਪੰਨਾ 526)
ਗੋਪੀਆਂ ਦੇ ਚੀਰ ਹਰਨ ਵਾਲੇ ਪ੍ਰਸੰਗ ਪਿੱਛੋਂ ਵ੍ਰਿਸ਼ਭਾਨ ਦੀ ਪੁੱਤਰੀ ਰਾਧਾ ਜੀ ਨੂੰ ਬਹੁਤ ਭੁੱਖ ਲਗੀ ਤੇ ਉਸ ਨੇ ਕ੍ਰਿਸ਼ਨ ਜੀ ਤੋਂ ਕੁੱਝ ਖਾਣ ਲਈ ਮੰਗਿਆ। ਕ੍ਰਿਸ਼ਨ ਜੀ ਨੇ ਕੁੱਝ ਗੋਪ ਬੱਚੇ ਬ੍ਰਾਹਮਣਾਂ ਪਾਸੋਂ ਭਿੱਛਿਆ ਮੰਗਣ ਲਈ ਮਥੁਰਾ ਭੇਜੇ। ਕਵੀ ਸ਼੍ਯਾਮ ਨੇ ਬ੍ਰਾਹਮਣਾਂ ਵਲੋਂ ਮੰਗਤੇ ਬੱਚਿਆਂ ਨੂੰ ਖ਼ਾਲੀ ਹੱਥ ਵਾਪਸ ਭੇਜ ਦੇਣ ਉਤੇ ਕ੍ਰਿਸ਼ਨ ਜੀ, ਬਲਰਾਮ ਜੀ ਅਤੇ ਗੋਪ– ਗੋਪੀਆਂ ਦੇ ਵਾਰਤਾਲਾਪ ਰਾਹੀਂ ਬ੍ਰਾਹਮਣਾਂ ਦੇ ਸੁਭਾਅ ਤੇ ਆਦਤਾਂ ਨੂੰ ਨਸ਼ਰ ਕਰਨ ਲਈ ਵੀ ਕਈ ਬੰਦ ਲਿਖੇ ਹਨ ਜਿਹਨਾਂ ਤੋਂ ਆਭਾਸ ਹੁੰਦਾ ਹੈ ਕਿ ਇਹ ਕਵੀ ਖ਼ੁੱਦ ਬ੍ਰਾਹਮਣ ਜਾਤੀ ਵਿੱਚੋਂ ਨਹੀਂ ਕਿਉਂਕਿ ਇਹਨਾਂ ਬੰਦਾਂ ਵਿੱਚ ਬ੍ਰਾਹਮਣ ਜਾਤੀ ਦੇ ਲੁੱਗੜ ਤੇ ਵਿਹਲੜ ਹੋਣ ਦੇ ਨਾਲ–ਨਾਲ ਵੱਡੇ ਸ਼ੂਮ ਹੋਣ ਦੇ ਚਰਚੇ ਉਹਨਾਂ ਦੀ ਭੰਡੀ ਸਮਾਨ ਹੀ ਹਨ, ਯਥਾ :–
ਕ੍ਰਿਸ਼ਨ ਜੀ ਗੋਪਾਂ ਨੂੰ :–
ਖਾਨ ਕੇ ਕਾਰਨ ਭੋਜਨ ਮਾਂਗਤ ਕਾਨ੍ਹ ਛੁਧਾਤੁਰ ਹੈ ਸੁ ਸੁਨੱਈਐ॥304॥ (ਪੰਨਾ 292)
ਬਿਪ੍ਰ ਵਾਚ:–
ਕੋਪ ਭਰੇ ਦਿਜਰਾਜ ਬੋਲ ਉਠੇ, ਹਮ ਤੇ ਤੁਮ ਭੋਜਨ ਮਾਂਗਨ ਆਏ॥ ਕਾਨ੍ਹ ਬਡੋ ਸਠ ਅਉ ਮੁਸਲੀ, ਹਮਹੂੰ ਤੁਮਹੂੰ ਸਠ ਸੇ ਲਖ ਪਾਏ॥ ਪੇਟ ਭਰੈਂ ਅਪਨੋ ਅਬ ਹੀ ਜਬ, ਆਨਤ ਤੰਦੁਲ ਮਾਂਗ ਪਰਾਏ॥ ਏਤੇ ਪੈ ਖਾਨ ਕੋ ਮਾਂਗਤ ਹੈਂ ਇਹ, ਯੋਂ ਕਹਿ ਕੈ ਅਤਿ ਬਿੱਪ ਰਿਸਾਏ॥306॥ (ਪੰਨਾ 293)
(ਸਠ – ਦੁਸ਼ਟ, ਮੂਰਖ। ਮੁਸਲੀ – ਬਲਰਾਮ। ਤੰਦੁਲ – ਚਾਵਲ।
ਬਿੱਪ – ਬ੍ਰਾਹਮਣ। ਰਿਸਾਏ – ਔਖੇ ਹੋਏ)
ਬਲਰਾਮ ਵਾਚ :–
ਬੋਲਿ ਉਠਯੋ ਕ੍ਰਿਸ਼ਨੰ ਸੰਗਿ, ਅੰਨ ਬਿਨਾ ਜਬ ਆਵਤ ਜਾਨੇ॥
ਦੇਖਹੁ ਲੈਨ ਕੋ ਆਵਤ ਥੇ, ਦਿਜ ਦੇਨ ਕੀ ਬੇਰ ਕੋ ਦੂਰ ਪਰਾਨੇ॥307॥
(ਪੰਨਾ 293)
(ਦਿਜ – ਬ੍ਰਾਹਮਣ। ਦੂਰ ਪਰਾਨੇ – ਦੂਰ ਨੱਠ ਤੁਰੇ ਹਨ।) ਕਵੀ ਸ਼੍ਯਾਮ ਦੀ ਲਿਖਤ ਬਚਿਤ੍ਰ ਨਾਟਕ ਤਾਂ ਉਪਲਬਧ ਹੈ ਪਰ ਉਸ ਦੀ ਪ੍ਰਮਾਣੀਕ ਜੀਵਨ ਘਟਨਾਵਲੀ ਬਾਰੇ ਬਹੁਤੀ ਚਰਚਾ ਪ੍ਰਾਪਤ ਨਹੀਂ। ਇਸ ਰਚਨਾ ਦੀਆਂ ਅੰਦਰੂਨੀ ਗਵਾਹੀਆਂ (ਅੰਤਰ ਸਾਖਸ਼) ਦੇ ਆਧਾਰ ਤੇ ਉਸਨੂੰ ਗ਼ੈਰ–ਬ੍ਰਾਹਮਣ ਕਿਹਾ ਜਾ ਰਿਹਾ ਹੈ ਅਤੇ ਸਾਨੂੰ ਇਸ ਗੱਲ ਨੂੰ ਮੰਨਣ ਵਿੱਚ ਭਾਵੇਂ ਬਹੁਤਾ ਇਤਰਾਜ਼ ਵੀ ਨਹੀਂ ਪਰ ਉਸ ਦੀ ਸਮੁੱਚੀ ਰਚਨਾ ਪੜ੍ਹਨ ਪਿੱਛੋਂ ਸਪੱਸ਼ਟ ਹੋ ਜਾਂਦਾ ਹੈ ਕਿ ਉਹ ਜਾਤਿ ਅਭਿਮਾਨੀ ਹੈ ਤੇ ਬ੍ਰਾਹਮਣ ਦੇ ਪਾਏ ਹੋਏ ਜਾਤਿ ਪਾਤਕ ਵਿਤਕਰਿਆਂ ਦਾ ਪੂਰੀ ਤਰ੍ਹਾਂ ਹਿਮਾਇਤੀ ਹੈ। ਉਸ ਦੀ ਲਿਖਤ ਵਿੱਚੋਂ ਹੇਠ ਲਿਖੇ ਨੁਕਤੇ ਉਛਲ–ਉਛਲ ਕੇ ਪੈਂਦੇ ਪ੍ਰਤੀਤ ਹੋ ਰਹੇ ਹਨ :–
1. ਸ਼੍ਯਾਮ ਉਚੀ–ਨੀਵੀਂ ਜਾਤਿ–ਪਾਤ ਸਬੰਧੀ ਤਫ਼ਰਕਾਂ ਤੇ ਵਿਤਕਰਿਆਂ ਦਾ ਕੱਟੜ ਹਿਮਾਇਤੀ ਹੈ ਅਤੇ ਬ੍ਰਾਹਮਣੀ ਜਾਤਿ–ਵੰਡ ਦਾ ਸੌ ਫ਼ੀਸਦੀ ਮੁੱਦਈ ਹੈ।
2. ਆਪਣੇ ਪ੍ਰਸੰਗਾਂ ਵਿੱਚ ਥਾਂ–ਥਾਂ ਲੋਕਾਂ ਵਲੋਂ ਤੇ ਲੋਕ–ਆਗੂਆਂ ਵਲੋਂ ਹੀ ਨਹੀਂ; ਬਲਕਿ ਭਗਵਾਨ ਜੀ ਦੇ ਅਵਤਾਰਾਂ ਕੋਲੋਂ ਵੀ ਮੌਕੇ ਬੇਮੌਕੇ ਬ੍ਰਾਹਮਣ ਸ਼੍ਰੇਣੀ ਨੂੰ ਉਚੇਚੀ ਤੇ ਸਰਬ–ਉਚ ਮਾਣਤਾ ਦੁਆਉਂਦਾ ਹੈ।
3. ਸ਼ੂਦ੍ਰਾਂ ਤੇ ਹੋਰ ਕਾਮਾ ਸ਼੍ਰੇਣੀਆਂ ਵਲੋਂ ਉਭਾਸਰਨ ਤੇ ਉਚ ਵਰਗੀ ਸ਼੍ਰੇਣੀ ਦੀ ਬਰਾਬਰੀ ਕਰਨ ਦੀ ਗੱਲ ਨੂੰ ਇਹ ਕਵੀ ਉਕਾ ਹੀ ਬਰਦਾਸ਼ਤ ਨਹੀਂ ਕਰਦਾ ਲਗਦਾ।
4. ਇਸ ਵਲੋਂ ਕੀਤੀ ਗਈ ਛਤ੍ਰੀਆਂ ਦੀ ਮਾਣਤਾ ਨੂੰ ਦੇਖ ਕੇ ਵੀ ਇਸ ਨੂੰ ਛਤ੍ਰੀ ਮੰਨਣਾ ਖ਼ਤਰੇ ਤੋਂ ਖ਼ਾਲੀ ਨਹੀਂ। ਇਸ ਲਿਖਾਰੀ ਵਲੋਂ ਬਚਿਤ੍ਰ ਨਾਟਕ ਦੇ 12ਵੇਂ ਅਧਿਆਇ ਵਿੱਚ ਰਾਜਪੂਤਾਂ ਦੀਆਂ ਚੰਦੇਲ ਤੇ ਜਸਵਾਰ ਗੋਤਾਂ ਬਾਰੇ ਬੜੀਆਂ ਟਾਹਰਾਂ ਮਾਰੀਆਂ ਗਈਆਂ ਹਨ। ਹੋ ਸਕਦਾ ਹੈ ਕਿ ਇਹ ਰਾਜਪੂਤਾਂ ਵਿੱਚੋਂ ਹੀ ਹੋਵੇ।
ਜੇ ਇਹ ਕਵੀ ਖ਼ੁੱਦ ਛਤ੍ਰੀ ਜਾਤ ਨਾਲ ਸਬੰਧਤ ਵੀ ਹੋਵੇ ਤਾਂ ਵੀ ਇਹ ਗੱਲ ਨਜ਼ਰ–ਅੰਦਾਜ਼ ਨਹੀਂ ਕੀਤੀ ਜਾ ਸਕਦੀ ਕਿ ਇਸ ਕਵੀ ਦਾ ਕਿਸੇ ਵੀ ਇਤਿਹਾਸਕ ਜੰਗ ਵਿੱਚ ਸ਼ਾਮਲ ਹੋ ਕੇ ਲੜਨ ਦਾ ਕਿਤੇ ਵੀ ਕੋਈ ਜ਼ਿੱਕਰ ਨਹੀਂ ਆਉਂਦਾ। ਮੈਦਾਨੇ ਜੰਗ ਵਿੱਚ ਮਰਨ ਦੀ ਵੀ ਕਵੀ ਨੇ ਫੋਕੀ ਟਾਹਰ ਹੀ ਮਾਰੀ ਹੈ, ਕਿਸੇ ਜੰਗ ਵਿੱਚ ਸ਼ਾਮਲ ਹੋ ਕੇ ਇਹ ਕਦੀ ਲੜਿਆ ਹੀ ਨਹੀਂ, ਮਰਨਾ ਕਿੱਥੋਂ ਸੀ? ਫੋਕੀ ਟਾਹਰ ਮਾਰਨ ਵਿੱਚ ਕਵੀ ਦਾ ਕੋਈ ਮੁੱਲ ਨਹੀਂ ਲੱਗਦਾ। ਸ਼ਿਵ ਪਤਨੀ ਸ਼ਿਵਾ ਅੱਗੇ ਪ੍ਰਾਰਥਨਾ ਕਰਨ ਸਮੇਂ ਵੀ ਸ਼੍ਯਾਮ ਕਵੀ ਨੇ ਮੁਫ਼ਤ ਵਿੱਚ ਵਾਹ–ਵਾਹ ਖੱਟਣ ਲਈ ‘‘ਦੇਹ ਸ਼ਿਵਾ ਬਰ ਮੋਹਿ ਇਹੈ’’ ਵਾਲੇ ਬੰਦ ਦੀ ਅੰਤਲੀ ਪੰਗਤੀ ਵੀ ਇਹਨਾਂ ਨਾਲ ਮਿਲਦੇ–ਜੁਲਦੇ ਲਫ਼ਜ਼ਾਂ ਵਿੱਚ ਹੀ ਮੁਕਾਈ ਹੈ ਜੋ ਉਂਝ ਉਸ ਵਲੋਂ ਮਾਰੀ ਗਈ ਫੋਕੀ ਟਾਹਰ ਤੋਂ ਵੱਧ ਕੁੱਝ ਵੀ ਨਹੀਂ। ਕਵੀ ਸ਼੍ਯਾਮ ਵਲੋਂ ਇਹੋ ਜਿਹੀ ਭਰਮਾਊ ਸ਼ਬਦਾਵਲੀ ਸਿੱਖਾਂ ਨੂੰ ਭੁਲੇਖਾ ਪਾਉਣ ਲਈ ਵੀ ਲਿਖੀ ਦੱਸੀ ਜਾਂਦੀ ਹੈ ਕਿਉਂਕਿ ਗੁਰੂ ਦਸਮੇਸ਼ ਜੀ ਨੇ ਸਹਿਵਨ ਹੀ ਖਤ੍ਰੀ ਕਹੇ ਜਾਣ ਵਾਲੇ ਖ਼ਾਨਦਾਨ ਦੇ ਅੰਦਰ ਜਨਮ ਲਿਆ ਸੀ ਪਰ ਉਹ ਜਾਤ–ਪਾਤੀ ਵਿਤਕਰਿਆਂ ਦੇ ਸਖ਼ਤ ਖਿਲਾਫ਼ ਸਨ ਅਤੇ ਉਹਨਾਂ ਨੇ ਅੱਡ–ਅੱਡ ਉਚੀਆਂ ਨੀਵੀਆਂ ਸਭ ਜਾਤਾਂ ਨੂੰ ਇੱਕੋ ਬਾਟੇ ’ਚ ਅੰਮ੍ਰਿਤ ਛਕਾਇਆ ਸੀ। ਇਹਨਾਂ ਦੋਹਾਂ ਰਚਨਾਵਾਂ ਦਾ ਰਚਣਹਾਰ ਸ਼੍ਯਾਮ ਕਵੀ ਹੀ ਹੈ ਅਤੇ ਗੁਰੂ ਦਸਮੇਸ਼ ਕਿਸੇ ਤਰ੍ਹਾਂ ਵੀ ਇਹਨਾਂ ਰਚਨਾਵਾਂ ਦੇ ਰਚਣਹਾਰ ਨਹੀਂ ਸੀ।
ਫਿਰ ਰਣ ਵਿੱਚ ਜੁੱਧ ਕਰਦਿਆਂ ਹੀ ਮੌਤ ਸਹੇੜਨੀ ਜਾਂ ਮੌਤ ਦੀ ਤਾਂਘ ਕਰਨੀ ਸਿੱਖੀ ਦਾ ਕਦੀ ਵੀ ਮੂਲਕ ਸਿਧਾਂਤ ਨਹੀਂ ਰਿਹਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਿਕ ਮੈਦਾਨੇ ਜੰਗ ਵਿੱਚ ਮਾਰਿਆ ਜਾਣਾ ਸਿੱਖੀ ਲਈ ਕਦੀ ਵੀ ਆਦਰਸ਼ ਨਹੀਂ ਦਸਿਆ ਗਿਆ। ਮੁਸਲਮਾਣਾਂ ਅੰਦਰ ਇਸ ਬੇਤੁਕੇ ਜਿਹੇ ਖ਼ਿਆਲ ਦਾ ਪ੍ਰਚਾਰ ਮੁਲਾਣਿਆਂ ਨੇ ਭਾਵੇਂ ਆਪਣੇ ਕੌਮੀ ਲਾਭ ਨੂੰ ਮੁੱਖ ਰੱਖ ਕੇ ਜ਼ਰੂਰ ਕੀਤਾ ਸੀ ਪਰ ਗੁਰੂ ਗ੍ਰੰਥ ਸਾਹਿਬ ਦੀ ਤਾਲੀਮ ਵਿੱਚ ਐਸੀ ਕੱਚੀ ਗੱਲ ਕਿਤੇ ਵੀ ਨਹੀਂ ਕਹੀ ਗਈ ਕਿ ਮੈਦਾਨੇ ਜੰਗ ਵਿੱਚ ਪ੍ਰਾਣ ਨਿਕਲ ਜਾਣ ਮਾਤਰ ਨਾਲ ਮਨੁੱਖ ਮੁਕਤੀ ਨੂੰ ਪ੍ਰਾਪਤ ਹੋ ਜਾਂਦਾ ਹੈ। ਇੱਥੇ ਚੰਗਿਆਈ ਤੇ ਬੁਰਿਆਈ ਦੇ ਫ਼ਰਕ ਨੂੰ ਸਮਝ ਕੇ ਕਰਮ ਕਰਨ ਦਾ ਉਪਦੇਸ਼ ਹੈ ਨਾ ਕਿ ਜੰਗ ਕਰ ਕਰ ਕੇ ਮਰਦੇ ਰਹਿਣ ਉਤੇ ਜ਼ੋਰ ਹੈ। ਫ਼ਿਰ, ਨਾ ਤਾਂ ਗੁਰੂ ਦਸਮੇਸ਼ ਨੇ ਐਸੀ ਮੌਤ ਦੀ ਯਾਚਨਾ ਕਦੀ ਕੀਤੀ ਅਤੇ ਨਾ ਹੀ ਆਪਨੇ ਮੈਦਾਨੇ ਜੰਗ ਵਿੱਚ ਬੇਲੋੜਵੇਂ ਹੀ ਕਦੀ ਪ੍ਰਾਣ ਤਿਆਗੇ ਸਨ।
ਇਸ ਵਿੱਚ ਕੋਈ ਸ਼ਕ ਨਹੀਂ ਕਿ ਗੁਰਮਤਿ ਸਿਧਾਂਤਾਂ ਅਤੇ ਪ੍ਰਮਾਣੀਕ ਸਿੱਖ ਇਤਿਹਾਸ ਦੇ ਪ੍ਰਚਾਰ ਵਿੱਚ ਕਮੀ ਰਹਿ ਜਾਣ ਕਾਰਨ ਕਵੀ ਸ਼੍ਯਾਮ ਦੇ ਇਹ ਬੰਦ ਸਿੱਖਾਂ ਵਿੱਚ ਗ਼ਲਤ ਵਿਸ਼ਵਾਸ ਅਤੇ ਗ਼ਲਤ ਅਕੀਦਿਆਂ ਨੂੰ ਜਨਮ ਦੇਣ ਦਾ ਕਾਰਨ ਬਣੇ ਪਏ ਹਨ। ਜਾਤਿ–ਪਾਤਿ ਦੇ ਵਿਤਕਰਿਆਂ ਨੂੰ ਕਿਸੇ ਰੂਪ ਵਿੱਚ ਵੀ ਮੰਨਣ ਤੋਂ ਰੋਕਣ ਲਈ ਹੀ ਗੁਰਬਾਣੀ ਨੇ ‘‘ਫਕੜ ਜਾਤੀ ਫਕੜੁ ਨਾਉਂ’’ (83) ਦਾ ਸਪੱਸ਼ਟ ਸਿਧਾਂਤ ਦਿੱਤਾ ਸੀ। ਸਾਨੂੰ ਛਤ੍ਰੀ ਹੋਣ ਤੇ ਮਾਣ ਹੋਣ ਦਾ ਸੁਆਲ ਹੀ ਨਹੀਂ ਪੈਦਾ ਹੁੰਦਾ; ਮਾਣ ਤਾਂ ਖ਼ਾਲਸਾ ਹੋਣ ਉਤੇ ਹੀ ਯੋਗ ਹੈ ਅਤੇ ਖ਼ਾਲਸੇ ਵਿੱਚ ਛਤ੍ਰੀ, ਵੈਸ਼, ਸ਼ੂਦ੍ਰ, ਬ੍ਰਾਹਮਣ, ਜੱਟ, ਤਰਖਾਣ, ਝੀਊਰ, ਸੈਣੀ, ਰੰਘਰੇਟੇ, ਕਲਾਲ, ਰਾਮਦਾਸੀਏ ਆਦਿਕ ਸਭ ਇੱਕ ਹੋ ਗਏ ਹਨ ਅਤੇ ਪਿਛਲੀ ਜਾਤ ਗੋਤ ਪੂਰੀ ਤਰ੍ਹਾਂ ਤਿਆਗ ਚੁੱਕੇ ਹਨ।
4. ਲਿਖਾਰੀ ਵਲੋਂ ਅਵਤਾਰ ਜੀ ਉੱਤੇ ਨਸ਼ੇਬਾਜ਼ੀ ਦਾ ਕਲੰਕ ਉਜੈਨ ਦੇ ਰਾਜੇ ਦੀ ਪੁੱਤਰੀ ਨਾਲ ਦੁਰਯੋਧਨ ਵੀ ਸ਼ਾਦੀ ਕਰਨਾ ਚਾਹੁੰਦਾ ਸੀ ਤੇ ਸਾਡੇ 21ਵੇਂ ਅਵਤਾਰ ਜੀ ਵੀ। ਕ੍ਰਿਸ਼ਨ ਜੀ ਨਾਲ ਉਸ ਰਾਜਕੁਮਾਰੀ ਦੀ ਸ਼ਾਦੀ ਹੋ ਜਾਣ ਤੇ ਕ੍ਰਿਸ਼ਨ ਜੀ ਵਲੋਂ ਦਿਮਾਗ਼ੀ ਚਿੰਤਾਵਾਂ ਤੋਂ ਨਜਾਤ ਜਾਂ ਮੁਕਤੀ ਪਾਉਣ ਲਈ ਸ਼੍ਯਾਮ ਕਵੀ ਅਨੁਸਾਰ ਹੇਠ ਲਿਖੇ ਨਸ਼ੇ ਮੰਗਵਾਏ ਗਏ ਸਨ, ਯਥਾ :–
ਜੀਤ ਸੁਅੰਬਰ ਮੈਂ ਹਰਿ ਅਉਧ ਕੀ ਦੁਹਤਾ ਜਬ ਆਯੋ॥
ਬਾਗ ਕੇ ਭੀਤਰ ਸੈਲ ਕਰੈਂ, ਸੰਗਿ ਪਾਰਥ ਕੇ ਚਿਤ ਮੈਂ ਠਹਰਾਯੋ॥
ਪੋਸਤ ਭਾਂਗ ਅਫ਼ੀਮ ਘਨੋ ਮਦ, ਪੀਵਨ ਕੇ ਤਿਨ ਕਾਜ ਮੰਗਾਯੋ॥
ਮੰਗਨ ਲੋਗਨ ਬੋਲ ਪਠਯੋ, ਬਹੁ ਆਵਤ ਭੇ ਜਨਿ ਪਾਰ ਨ ਪਾਯੋ॥2112॥
(ਪੰਨਾ 521)
(ਦੁਹਿਤਾ – ਧੀ। ਪਾਰਥ – ਅਰਜਨ। ਘਨੋ – ਬਹੁਤ ਜ਼ਿਆਦਾ। ਮੱਦ – ਸ਼ਰਾਬ)

ਨਸ਼ਿਆਂ ਪਿਛੋਂ ਅਵਤਾਰ ਜੀ ਅਰਜਨ ਨਾਲ ਭੋਜਨ ਲੈ ਰਹੇ ਸਨ। ਨਸ਼ਿਆਂ ਦੇ ਲੋਰ ਵਿੱਚ ਉਹਨਾਂ ਨੇ ਹੋਰ–ਹੋਰ ਸਾਗਰਾਂ ਪਿਛੋਂ ਸ਼ਰਾਬ ਦਾ ਸਾਗਰ ਨਾ ਬਣਾਉਣ ਕਾਰਨ ਬ੍ਰਹਮਾ ਜੀ ਤੇ ਟੀਕਾ–ਟਿੱਪਣੀ ਕੀਤੀ ਤੇ ਇੰਦ੍ਰ–ਸੁਤ ਅਰਜਨ (ਕਿਉਂਕਿ ਉਹ ਆਪਣੇ ਬਾਪ ਪਾਂਡੂ ਦਾ ਨਹੀਂ, ਅਸਲ ਖੋਜ ਮੁਤਾਬਿਕ ਇੰਦ੍ਰ ਦਾ ਪੁੱਤਰ ਸੀ) ਨੂੰ ਕਿਹਾ ਕਿ ਬ੍ਰਹਮਾ ਜੀ ਨੂੰ ਸ਼ਰਾਬ ਦਾ ਅਠਵਾਂ ਸਮੁੰਦਰ ਵੀ ਬਣਾਉਣਾ ਚਾਹੀਦਾ ਸੀ ਜੋ ਉਹਨਾਂ ਨੇ ਨਹੀਂ ਬਣਾਇਆ, ਯਥਾ :– ਤਿਨ ਕੋ ਬਹੁ ਸੰਗਿ ਪਾਰਥ ਲੈ, ਹਰਿ ਭੋਜਨ ਕੀ ਭੂਅ ਮੈਂ ਪਗ ਧਾਰਯੋ॥ ਪੋਸਤ ਭਾਂਗ ਅਫ਼ੀਮ ਮੰਗਾਇ, ਪੀਓ ਮਦ ਸ਼ੋਕ ਬਿਦਾ ਕਰਿ ਡਾਰਯੋ॥ ਮੱਤ ਹੋ ਚਾਰੋਂ ਹੀ ਕੈਫ਼ਨ ਸੋਂ ਸੁਤ–ਇੰਦ੍ਰਹਿ ਸੋਂ ਇਮਿ ਸ਼੍ਯਾਮ ਉਚਾਰ੍ਯੋ॥ ਕਾਮ ਕੀਓ ਬ੍ਰਹਮਾ ਘਟ ਕਿਉਂ, ਮਦਰਾ ਕੋ ਨ ਆਠਵੋਂ ਸਿੰਧ ਸਵਾਰਯੋ॥2115॥ (ਪੰਨਾ 522)
ਅਗੋਂ ਅਰਜਨ (ਇਹ ਵੀ ਤਾਂ ਸ਼੍ਯਾਮ ਕਵੀ ਅਨੁਸਾਰ 22ਵਾਂ ਅਵਤਾਰ ਹੀ ਹੈ) ਵੀ ਕਿਥੇ ਕਿਸੇ ਤੋਂ ਘਟ ਸੀ? ਉਹ ਬੋਲ ਉਠਿਆ ਕਿ ਇਹ ਬ੍ਰਾਹਮਣ ਬ੍ਰਹਮਾ ਸ਼ਰਾਬ ਦੇ ਅਨੰਦ ਨੂੰ ਕਿੱਥੇ ਜਾਣਦਾ ਸੀ? ਤਬ ਪਾਰਥ ਕਰ ਜੋਰਿ ਕੈ, ਹਰਿ ਸੋਂ ਕਹਯੋ ਸੁਨਾਇ॥ ਜੜ ਬਾਮਨ ਇਨ ਰਸਨ ਕੋ ਜਾਨੈ ਕਹਾ ਉਪਾਇ॥2116॥
(ਪੰਨਾ 522)
(ਪਾਰਥ – ਅਰਜਨ। ਕਰ ਜੋਰਿ – ਹੱਥ ਜੋੜ ਕੇ। ਜੜ ਬਾਮਨ – ਮੂਰਖ ਬਾਹਮਣ।) ਹੁਣ ਸੁਆਲ ਪੈਦਾ ਹੁੰਦਾ ਹੈ ਕਿ ਕੀ ਕ੍ਰਿਸ਼ਨ ਜੀ ਪੋਸਤ, ਭੰਗ, ਅਫ਼ੀਮ ਤੇ ਸ਼ਰਾਬ ਦੇ ਨਸ਼ਿਆਂ ਦਾ ਸੇਵਨ ਕਰਦੇ ਸਨ ਅਤੇ ਕੀ ਇਸ ਬਿਆਨ ਨਾਲ ਭਗਵਾਨ ਵਿਸ਼ਨੂੰ ਜੀ ਦਾ ਇਹ ਅਵਤਾਰ ਧਰਮ ਦੀ ਸੰਸਥਾਪਨਾ ਕਰ ਰਿਹਾ ਸੀ? ਇਸ ਸਾਕਤ ਕਵੀ ਨੇ ਕ੍ਰਿਸ਼ਨ ਜੀ ਦਾ ਇਹ ਰੂਪ ਪੇਸ਼ ਕਰ ਕੇ ਉਹਨਾਂ ਨਾਲ ਅਤੇ ਧਰਮ ਨਾਲ ਭਾਰੀ ਧੱਕਾ ਕੀਤਾ ਹੈ।
ਜਿਹੜੇ ਸਿੱਖ ਜਾਂ ਵਿਦਵਾਨ ਇਸ ਕਚ–ਘਰੜ ਪੁਸਤਕ ਨੂੰ ਗੁਰੂ ਦਸਮੇਸ਼ ਕ੍ਰਿਤ ਦਸਦੇ ਰਹਿੰਦੇ ਹਨ ਉਹ ਇਹ ਤਾਂ ਵਿਚਾਰ ਕੇ ਦੇਖਣ ਕਿ ਕੀ ਗੁਰੂ ਦਸਮੇਸ਼ ਨਸ਼ਿਆਂ ਦੇ ਮੁਦਈ ਸਨ ਅਤੇ ਕੀ ਉਹ ਆਪਣੇ ਵਲੋਂ ਕ੍ਰਿਸ਼ਨ ਜੀ ਉਤੇ ਐਸੇ ਲਾਂਛਨ ਲਗਾ ਸਕਦੇ ਸਨ? ਦਰਅਸਲ, ਇਹ ਸਾਰਾ ਮਸੌਦਾ ਕਾਮੀ, ਨਸ਼ਈ ਤੇ ਸਾਕਤ ਕਵੀ ਸ਼੍ਯਾਮ ਦੀ ਸ਼ਰਾਰਤ ਮਾਤਰ ਹੀ ਹੈ।


03/07/16)
ਹਰਮਿੰਦਰ ਸਿੰਘ ਭੱਟ

ਮਾਪੇ ਤੜਫਣ ਮੋਹ, ਪਿਆਰ ਤੇ ਆਦਰ ਸਤਿਕਾਰ ਨੂੰ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ!

ਜ਼ਿੰਦਗੀ ਨੂੰ ਹੱਸਦਿਆਂ (ਦੁੱਖ ਤੇ ਸੁੱਖ ਸਾਂਝੇ ਤੌਰ ਤੇ) ਬਿਤਾਉਣ ਲਈ ਰਿਸ਼ਤੇ ਨਾਤਿਆਂ ਦੀ ਬਹੁਤ ਅਹਿਮੀਅਤ ਹੈ। ਬੇਅੰਤ ਰਿਸ਼ਤੇ ਨਾਤਿਆਂ ਵਿੱਚ ਮੋਹ ਪਿਆਰ ਦੀਆਂ ਕੱਚੀਆਂ ਤੰਦਾਂ ਨੂੰ ਮਜ਼ਬੂਤ ਤੇ ਪੱਕਾ ਕਰਨ ਲਈ ਇਨ੍ਹਾਂ ਵਿੱਚ ਵਿਸ਼ਵਾਸ ਤੇ ਇੱਕ ਦੂਜੇ ਦੇ ਪ੍ਰਤੀ ਵਫ਼ਾਦਾਰ ਹੋਣਾ ਵੀ ਬਹੁਤ ਜ਼ਰੂਰੀ ਹੈ। ਆਪਣੇ ਤਾਂ ਆਪਣੇ ਹੀ ਹੁੰਦੇ ਹਨ ਪਰ ਪਿਆਰੇ ਬੋਲਾਂ ਨਾਲ ਬੋਲੇ ਬੋਲ ਤਾਂ ਕਈ ਬੇਗਾਨਿਆਂ ਰਿਸ਼ਤਿਆਂ ਨੂੰ ਵੀ ਆਪਣੇ ਪਣ ਤੋਂ ਵੀ ਵੱਧ ਪਿਆਰਾ ਤੇ ਅਤਿ ਨੇੜਤਾ ਦਾ ਅਹਿਸਾਸ ਕਰਵਾ ਜਾਂਦੇ ਹਨ। ਜੇ ਰਿਸ਼ਤੇ ਦੀ ਡੋਰ ਪੱਕੀ ਹੋਵੇ ਤਾਂ ਜ਼ਿੰਦਗੀ ਦੇ ਹਰੇਕ ਪਲਾਂ ਵਿੱਚ ਆਏ ਦੁੱਖਾਂ ਨੂੰ ਦਿਲਾਸਿਆਂ ਤੇ ਹੌਸਲੇ ਰਾਹੀ ਜ਼ਿੰਦਗੀ ਨੂੰ ਜਿਊਣ ਲਈ ਨਵਾਂ ਸਬਕ ਦੇ ਜਾਂਦੇ ਹਨ। ਪਰ ਅਜੋਕੀ ਮਹਿੰਗਾਈ ਤੇ ਵੱਧ ਰਹੀਆਂ ਬੇਲੋੜੀਆਂ ਲੋੜਾਂ ਭਰੇ ਦੌਰ ਵਿੱਚ ਰੱਬੀ ਰੂਹਾਂ ਦੇ ਮਾਲਕ ਸਰੀਰਾਂ ਨੂੰ ਮਤਲਬ ਪ੍ਰਸਤ ਬਣਾ ਦਿੱਤਾ ਹੈ। ਹਰੇਕ ਰਿਸ਼ਤੇ ਵਿੱਚ ਇਹ ਲੋੜਾਂ ਹੋਲੀ ਹੋਲੀ ਤਰੇੜਾਂ ਪਾਉਂਦੀਆਂ ਜਾ ਰਹੀਆਂ ਹਨ।
ਬੜੇ ਦੁੱਖ ਦੀ ਗੱਲ ਤਾਂ ਇਹ ਹੈ ਕਿ ਕਿਸੇ ਹੋਰ ਰਿਸ਼ਤੇ ਦੀ ਗੱਲ ਨਾ ਕਰਦਾ ਹੋਇਆ ਜੇਕਰ ਇੱਕ ਇਹੋ ਜਿਹੇ ਰਿਸ਼ਤੇ ਦੀ ਗੱਲ ਕਰਾਂ ਜਿਨ੍ਹਾਂ ਦੀ ਮਹਾਨ ਦੇਣ ਰਾਹੀ ਤੇ ਲੱਖਾਂ ਦੁੱਖਾਂ ਕਸ਼ਟਾਂ ਨੂੰ ਜੋ ਹੱਸਦਿਆਂ ਸਹਿ ਕੇ ਇਹ ਰੰਗਲੀ ਦੁਨੀਆ ਇੱਕ ਨਵ ਜਨਮੇ ਸਰੀਰ ਨੂੰ ਦਿਖਾਉਂਦਾ ਹੈ। ਸ਼ਾਇਦ ਮੇਰੇ ਪਾਠਕ ਵੀਰ/ਭੈਣ ਤਾਂ ਸਮਝ ਹੀ ਗਏ ਹੋਣਗੇ ਕਿ ਉਹ ਰਿਸ਼ਤਾ ਹੈ ਪੂਜਨੀਕ "ਮਾਂ ਤੇ ਬਾਪ ਦਾ" ਜਿਸ ਰਿਸ਼ਤੇ ਨੂੰ ਗੁਰਬਾਣੀ ਵਿੱਚ ਰੱਬ ਦਾ ਦਰਜਾ ਦਿੱਤਾ ਗਿਆ ਹੈ ਪਰ ਰੱਬ ਦੇ ਬਰਾਬਰ ਮੰਨੇ ਜਾ ਰਹੇ ਇਸ ਰਿਸ਼ਤੇ ਨਾਲ ਹੋ ਰਹੀਆਂ ਅਜੋਕੇ ਸਮੇਂ ਵਿੱਚ ਬੇਕਦਰੀਆਂ ਬਾਰੇ ਦੇਖ ਸੁਣ ਕੇ ਤਾਂ ਦਿਲ ਪਸੀਜ ਜਿਹਾ ਜਾਂਦਾ ਹੈ।
ਦੁੱਖ ਦੀਆਂ ਗੱਲਾਂ ਜੋ ਸਾਂਝੀਆਂ ਕਰਨਾ ਚਾਹ ਰਿਹਾ ਹਾਂ ਉਹ ਇਹ ਹਨ ਕਿ ਕਿਉਂ ਮਾਂ ਬਾਪ ਦੇ ਪਾਕ ਪਵਿੱਤਰ ਨਿਰਸਵਾਰਥ ਵਾਲੇ ਰਿਸ਼ਤੇ ਦੀ ਬੇਕਦਰੀ ਕਰਨ ਵਾਲੇ ਸ਼ਖ਼ਸ ਇਹ ਭੁੱਲ ਜਾਂਦੇ ਹਨ ਕਿ ਜਦ ਧਰਤੀ ਉੱਤੇ ਪਹਿਲਾ ਸਾਹ ਲਿਆ ਸੀ ਤਾਂ ਮਾਂ ਬਾਪ ਨੂੰ ਜਿੰਨੀ ਖੁੱਸੀ ਹੋਈ ਹੋਣੀ ਹੈ ਉਸ ਦਾ ਅੰਦਾਜ਼ਾ ਤਾਂ ਸ਼ਾਇਦ ਸਰੀਰ ਵਿੱਚ ਸਾਹ ਰੂਪੀ ਪੂੰਝੀਆਂ ਨੂੰ ਪਾਉਣ ਵਾਲੇ ਰੱਬ ਨੂੰ ਵੀ ਨਹੀਂ ਹੋਇਆ ਹੋਣਾ। ਪਰ ਅਫ਼ਸੋਸ ਅਜੋਕੇ ਸਮੇਂ ਵਿੱਚ ਜਦ ਮਾਂ ਬਾਪ ਆਖ਼ਰੀ ਸਾਹ ਲੈਣ ਵੇਲੇ ਆਪਣੇ ਲਾਡਲਿਆਂ ਨੂੰ ਆਪਣੇ ਕੋਲ ਹੋਣ ਦੇ ਸੁਪਨੇ ਵੇਖ ਰਹੇ ਹੋਣ ਪਰ ਉਸ ਸਮੇਂ ਉਸ ਸ਼ਖ਼ਸ ਵੱਲੋਂ ਮੂੰਹ ਵੱਟ ਜਾਣਾ ਮਾਪਿਆਂ ਲਈ ਮੌਤ ਨਾਲੋਂ ਵੀ ਵੱਧ ਦੁੱਖ ਦੇਣ ਵਾਲੀ ਹੋਵੇਗੀ।
ਜਦ ਨਿੱਕੇ ਹੁੰਦੇ ਬਿਸਤਰਾ ਗਿੱਲਾ ਹੋ ਜਾਂਦਾ ਸੀ ਤਾਂ ਮਾਂ ਆਪ ਉਸ ਥਾਂ ਤੇ ਪੈ ਕੇ ਉਸ ਨੂੰ ਹਿੱਕ ਤੇ ਪਾ ਕੇ ਸੁੱਕੇ ਹੋਣ ਦਾ ਅਹਿਸਾਸ ਕਰਵਾ ਕੇ ਚੈਨ - ਸਕੂਨ ਦੀ ਨੀਂਦ ਪਿਆਰੀਆਂ ਲੋਰੀਆਂ ਰਾਹੀ ਸੁਣਾਉਂਦੀ ਸੀ ਪਰ ਹੁਣ ਚਾਹੇ ਮਾਂ ਬਾਪ ਦੀਆਂ ਅੱਖਾਂ ਚੋਂ ਵੱਗ ਰਿਹਾ ਪਾਣੀ ਹੋਵੇ ਤੇ ਅੱਖਾਂ ਸਦਾ ਹੀ ਗਿੱਲੀਆਂ ਰਹਿੰਦੀਆਂ ਹੋਣ ਪਰ ਫਿਰ ਵੀ ਉਨ੍ਹਾਂ ਦੇ ਬੱਚਿਆਂ ਨੂੰ ਕੋਈ ਦੁੱਖ ਨਾ ਹੋ ਰਿਹਾ ਹੋਵੇ ਇਸ ਤੋਂ ਵੱਡਾ ਅਭਾਗਾ ਸਮਾਂ ਹੋਰ ਕਿਹੜਾ ਹੋਵੇਗਾ।
ਬੱਚਿਆਂ ਨੂੰ ਮਾਂ ਬਾਪ ਦਾ ਸੱਕੀ, ਕ੍ਰੋਧੀ, ਪੱਖਪਾਤੀ ਹੋਣਾ ਤਾਂ ਦਿੱਖ ਜਾਂਦਾ ਹੈ ਪਰ ਉਨ੍ਹਾਂ ਦਾ ਆਪਣਾ ਆਪ ਵਾਰ ਕੇ ਬੁਲੰਦੀਆਂ ਤੇ ਪਹੁੰਚਣ ਲਈ ਕੀਤੀਆਂ ਗਈਆਂ ਅਰਦਾਸਾਂ ਤੇ ਦੋਵੇਂ ਹੱਥ ਜੋੜ ਰੱਬ ਕੋਲੋਂ ਬਚਿਆਂ ਲਈ ਸੁੱਖ ਮੰਗਣਾ ਇਹ ਸਭ ਕਰਨਾ ਆਪਣੇ ਲਾਡਲਿਆਂ ਬਚਿਆਂ ਦੇ ਭਵਿੱਖ ਨੂੰ ਸੰਵਾਰਨ ਲਈ ਪ੍ਰਤੱਖ ਰੱਬੀ ਰੂਪ ਹੋਣਾ ਕਿਉਂ ਭੁੱਲ ਜਾਂਦਾ ਹੈ। ਸੱਚ ਹੀ ਤਾਂ ਕਿਹਾ ਹੈ ਕਿਸੇ ਨੇ ਕਿ ਕਿਸੇ ਵੇਲਿਆਂ ਵਿੱਚ ਮਾਂ ਬਾਪ ਦੇ ਅੱਖਾਂ ਵਿੱਚ ਹੰਝੂ ਦੋ ਵਾਰ ਆਉਂਦੇ ਹਨ, ਇੱਕ ਬੇਟੀ ਦੀ ਡੋਲੀ ਵੇਲੇ ਤੇ ਦੂਸਰਾ ਜਦ ਪੁੱਤ ਲੜ ਕੇ ਮੂੰਹ ਮੋੜ ਲਏ। ਪਰ ਅਜੋਕੀ ਪੀੜੀ ਦਾ ਆਪਣੇ ਮਾਪਿਆਂ ਦੇ ਅਰਮਾਨਾਂ ਦਾ ਗੱਲਾ ਘੋਟ ਕੇ ਤੇ ਉਨ੍ਹਾਂ ਦੀਆਂ ਖੁੱਸਿਆਂ ਨੂੰ ਬੇਇੱਜ਼ਤ ਕਰ ਕੇ ਮਾਪਿਆਂ ਦੇ ਅੱਖਾਂ ਵਿਚੋਂ ਹੰਝੂਆਂ ਦੇ ਦਰਿਆ ਬਹਾਉਣਾ ਨਿਰੰਤਰ ਜਾਰੀ ਮੰਨੋ ਜਿਵੇਂ ਕੋਈ ਫ਼ੈਸ਼ਨ ਹੋ ਗਿਆ ਹੈ।
ਮਾਂ ਗਰਭ ਵਿੱਚ ਆਪਣੇ ਬੱਚੇ ਨੂੰ ਲੱਖਾਂ ਹੀ ਅਸਹਿਣੀਏ ਦੁੱਖਾਂ ਨੂੰ ਸਹਿ ਕੇ ਸੰਭਾਲ ਕੇ ਰੱਖਦੀ ਹੈ ਪਰ ਮੁੱਖ ਤੋਂ ਕਦੇ ਦੁਖੀ ਹੋਣ ਦਾ ਅਹਿਸਾਸ ਨਹੀਂ ਹੋਣ ਦਿੰਦੀ… "ਜੇ ਪੰਜ ਸਾਲ ਦਾ ਲਾਡਲਾ ਆਪਣੇ ਮਾਪਿਆਂ ਤੋਂ ਮੋਹ ਪਿਆਰ ਦੀ ਆਸ ਰੱਖਦਾ ਹੈ ਤਾਂ ਕਿ ਪੰਜਾਹ ਸਾਲ ਤੋਂ ਉੱਪਰ ਦੇ ਮਾਂ ਬਾਪ ਵੀ ਆਪਣੇ ਬੱਚੇ ਤੋਂ ਪਿਆਰ ਤੇ ਆਦਰ ਦੀ ਉਮੀਦ ਨਹੀਂ ਰੱਖਦੇ ਹੋਣਗੇ? " ਤਾਂ ਜੁਆਬ ਹੋਵੇਗਾ ਕਿ "ਬਿਲਕੁਲ ਰੱਖਦੇ ਹੋਣਗੇ"।
ਬਚਪਨ ਵਿੱਚ ਗੋਦੀ ਵਿੱਚ ਖਿਡਾਉਣ ਵਾਲੇ ਮਾਂ ਬਾਪ ਨੂੰ ਧੋਖਾ ਦੇਣ ਤੋਂ ਵੱਡਾ ਇਸ ਦੁਨੀਆ ਤੇ ਕੋਈ ਪਾਪ ਮੇਰੀ ਨਜ਼ਰ ਵਿੱਚ ਨਹੀਂ। ਹੋਰ ਦੁਨਿਆਵੀ ਰਿਸ਼ਤਿਆਂ ਦਾ ਮਿਲਣਾ ਤਾਂ ਪਸੰਦ ਨਾਲ ਹੁੰਦਾ ਹੈ ਪਰ ਮਾਂ ਬਾਪ ਦਾ ਰੂਹਾਨੀ ਰਿਸ਼ਤਾ ਤਾਂ ਕਰਮਾਂ ਨਾਲ ਮਿਲਦਾ ਹੈ ਜਿੰਨਾ ਦੇ ਮਾਂ ਬਾਪ ਨਾ ਹੋਣ ਉਨ੍ਹਾਂ ਨੂੰ ਇਸ ਦੁੱਖ ਬਾਰੇ ਪੁੱਛਿਆ ਜਾ ਸਕਦਾ ਹੈ ਕਿ ਕਿਵੇਂ ਦੁਨਿਆਵੀ ਰਿਸ਼ਤੇ ਪਾਸਾ ਵਟਦੇ ਹਨ। ਮੇਰੀ ਬੇਨਤੀ ਹੈ ਕਿ ਕਦੇ ਪਸੰਦ ਨਾਲ ਬਣੇ ਰਿਸ਼ਤਿਆਂ ਕਰ ਕੇ ਆਪਣੇ ਰੱਬੀ ਮਾਪਿਆਂ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ। ਬੱਚਿਆਂ ਦਾ ਮੁੱਢਲਾ ਫ਼ਰਜ਼ ਆਪਣੇ ਮਾਪਿਆਂ ਦੀ ਤਨ ਮਨ ਧਨ ਨਾਲ ਸੇਵਾ ਕਰਨਾ ਹੀ ਸੱਚੀ ਭਗਤੀ ਤੇ ਪ੍ਰਭੂ ਪ੍ਰਾਪਤੀ ਦਾ ਅਹਿਸਾਸ ਹੈ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ!
ਭੁੱਲ ਚੁੱਕ ਦੀ ਖਿਮਾ!
ਆਪ ਜੀ ਦਾ ਦਾਸ
ਹਰਮਿੰਦਰ ਸਿੰਘ ਭੱਟ
ਬਿਸਨਗੜ੍ਹ (ਬਈਏਵਾਲ) "ਸੰਗਰੂਰ"
9914062205


03/07/16)
ਗੁਰੂ ਗ੍ਰੰਥ ਨੂੰ ਸਮਰਪਤ ਜਥੇਬੰਦੀਆਂ

ਗੁਰੂ ਗ੍ਰੰਥ ਸਾਹਿਬ ਦੀ ਸਰਬੋਤਮਤਾ ਬਾਰੇ ਵਰਜੀਨੀਆ ਅਮਰੀਕਾ ਵਿਖੇ ਸੈਮੀਨਾਰ ਸਫਲਤਾ ਸਹਿਤ ਸੰਪੂਰਨ

26 ਜੂਨ, 2016 ਐਤਵਾਰ ਵਾਲੇ ਦਿਨ ਗੁਰੁਦਵਾਰਾ ਸਾਹਿਬ, ਸਿੱਖ ਸੰਗਤ ਆਫ ਵਰਜੀਨੀਆ ਵਿਖੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵੋਤਮਤਾ ਦੇ ਸੰਬੰਧ ਵਿੱਚ ਉਲੀਕੇ ਗਏ ਸੈਮੀਨਾਰ ਦੀ ਸੰਪੂਰਨਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਸੰਗਤਾਂ, ਸੇਵਾਦਾਰਾਂ, ਗਿਆਨੀ ਕੁਲਦੀਪ ਸਿੰਘ ਅਤੇ ਵਿਦਵਾਨ ਬੁਲਾਰਿਆਂ ਦੇ ਸਾਂਝੇ ਸਹਿਯੋਗ ਨਾਲ ਸਫਲਤਾ ਸਹਿਤ ਹੋਈ ।

ਸਵੇਰ ਦੇ ਦੀਵਾਨ ਦੀ ਅਰੰਭਤਾ ਗਿਆਨੀ ਕੁਲਦੀਪ ਸਿੰਘ ਅਤੇ ਸਾਥੀਆਂ ਨੇ "ਆਸਾ ਕੀ ਵਾਰ" ਦੇ ਕੀਰਤਨ ਰਾਹੀਂ ਕੀਤੀ। ਅਮਰੀਕਾ ਅਤੇ ਕੈਨੇਡਾ ਦੀਆਂ ਵੱਖ ਵੱਖ ਥਾਵਾਂ ਤੋਂ ਪਹੁੰਚੇ ਵਿਦਵਾਨ ਬੁਲਾਰਿਆਂ ਨੇ ਭਾਗ ਲਿਆ। 6 ਘੰਟੇ ਤੱਕ ਚਲਦੇ ਰਹੇ ਭਰੇ ਦਿਵਾਨ ਹਾਲ ਵਿੱਚ ਸੰਗਤਾਂ ਨੇ ਇਕਾਗਰਤਾ ਸਹਿਤ ਵਿਦਵਾਨ ਬੁਲਾਰਿਆਂ ਨੂੰ ਇੱਕ ਰਸ ਸੁਣਿਆ।

ਪਹਿਲੇ ਬੁਲਾਰੇ ਸ੍ਰ. ਸੁਖਦੀਪ ਸਿੰਘ ਸਿੰਘ ਸਭਾ ਕੈਨੇਡਾ ਵਾਲਿਆਂ ਨੇ, ਸਖੀ ਸਰਵਰੀਆਂ ਦੇ ਮੁੱਖੀ ਭਾਈ ਮੰਝ ਜੀ ਦੀ ਉਧਾਰਨ ਰਾਹੀਂ, ਗੁਰਸਿੱਖੀ ਵੱਲ ਪਰਤਨ ਦੀ ਮਿਸਾਲ ਦੇ ਕੇ, ਵਰਜੀਨੀਆ ਵਿਖੇ ਕੀਤੇ ਗਏ ਅੰਮ੍ਰਿਤ ਸੰਚਾਰ ਕਰਨ ਸਮੇਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਬਾਣੀਆਂ ਦੇ ਪੜ੍ਹੇ ਜਾਣ ਦੀ ਭਰਪੂਰ ਸ਼ਲਾਘਾ ਕਰਦਿਆਂ, ਵਰਜੀਨੀਆਂ ਦੀਆਂ ਸੰਗਤਾਂ ਨੂੰ ਵਧਾਈ ਦੇ ਪਾਤਰ ਬਣਾਇਆ। ਸਿੰਘ ਸਭਾ ਕੈਨੇਡਾ ਦੀਆਂ ਸਾਰੀਆਂ ਸਾਖਾਵਾਂ ਅਤੇ ਹੋਰ ਸੰਸਥਾਵਾਂ ਵੱਲੋਂ ਅੱਗੇ ਲਈ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਸਿੱਖਾਂ ਦੇ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ ਹੋਰ ਕਿਸੇ ਸੰਤ ਜਾਂ ਅਖੌਤੀ ਦਸਮ ਗ੍ਰੰਥ ਵਰਗੀਆਂ ਲਿਖਤਾਂ ਨਾਲ ਸਿੱਖਾਂ ਦਾ ਕੋਈ ਸਬੰਧ ਨਹੀਂ।

ਦੂਜੇ ਬੁਲਾਰੇ ਸ੍ਰ. ਚਮਕੌਰ ਸਿੰਘ ਫਰੈਜ਼ਿਨੋ ਵਾਲਿਆਂ ਨੇ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਦੀ ਸਾਰੀ ਜੀਵਨੀ 'ਤੇ ਤਰਤੀਬ ਵਾਰ ਸੰਖੇਪ ਵਿੱਚ ਇਤਿਹਾਸ ਦੱਸਦਿਆਂ ਕਿਹਾ ਕਿ ਗੁਰੂ ਜੀ ਨੇ 14 ਜੰਗਾਂ ਲੜੀਆਂ, ਕੇਵਲ 42 ਸਾਲਾਂ ਦੇ ਜੀਵਨ ਕਾਲ, ਇਤਨੇ ਰੁਝੇਵਿਆਂ ਵਿੱਚ, ਉਨ੍ਹਾਂ ਕੋਲ ਅਖੌਤੀ ਦਸਮ ਗ੍ਰੰਥ ਵਿੱਚਲੀਆਂ, 600 ਪੰਨਿਆਂ ਦੀਆਂ ਘਰ ਪਰਵਾਰ ਵਿੱਚ ਬੈਠ ਕੇ ਨਾਂ ਪੜ੍ਹੀਆਂ ਜਾ ਸਕਣ ਵਾਲੀਆਂ ਰਚਨਾਵਾਂ, ਲਿਖਣ ਦਾ ਸਮਾਂ ਕਿੱਥੇ ਸੀ? ਨਾ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਦੀ ਵਿਚਾਰ ਧਾਰਾ ਦੇ ਪ੍ਰਤੀਕੂਲ ਕਦੇ ਕੁਝ ਲਿਖ ਸਕਦੇ ਸਨ। ਇਨ੍ਹਾਂ ਨੇ ਪੂਰੇ ਦਸਮ ਗ੍ਰੰਥ ਨੂੰ ਰੱਦ ਕਰਦੇ ਹੋਏ, ਗਿਆਨੀ ਕੁਲਦੀਪ ਸਿੰਘ ਅਤੇ ਵਰਜੀਨੀਆਂ ਦੀ ਜਾਗਰੂਕ ਸੰਗਤ ਨੂੰ ਵਧਾਈ ਦੇ ਨਾਲ ਪੂਰਾ ਸਹਿਯੋਗ ਦੇਣ ਦਾ ਵੀ ਭਰੋਸਾ ਦਿੱਤਾ। ਇਸ ਮਗਰੋਂ ਅੱਧੇ ਘੰਟੇ ਦੀ ਨਾਸ਼ਤੇ ਲਈ ਬ੍ਰੇਕ ਕੀਤਾ ਗਿਆ।

ਸੈਮੀਨਾਰ ਦਾ ਦੂਜਾ ਹਿੱਸਾ 11:30 ਸ਼ੁਰੂ ਹੋਇਆ। ਜਿਸ ਵਿੱਚ ਗਿਆਨੀ ਕੁਲਦੀਪ ਸਿੰਘ ਜੀ ਨੇ ਕੀਰਤਨ ਵਿਖਿਆਨ ਕਰਕੇ, ਦਰਸਾਇਆ ਕਿ ਇੱਥੇ ਦੀ ਸਾਰੀ ਸੰਗਤ ਆਪ ਗੁਰਬਾਣੀ ਪੜ੍ਹਦੀ, ਵਿਚਾਰਦੀ ਅਤੇ ਸੇਵਾ ਕਰਦੀ ਹੈ। ਇਸੇ ਕਰਕੇ ਇੰਨਾ ਵੱਡਾ ਕਾਰਜ ਗੁਰੂ ਦੀ ਰਹਿਮਤ ਅਤੇ ਸੰਗਤਾਂ ਦੇ ਸਹਿਯੋਗ ਨਾਲ ਹੀ ਨੇਪਰੇ ਚੜ੍ਹਿਆ ਹੈ। ਉਨ੍ਹਾਂ ਨੇ ਵੀ ਅਖੌਤੀ ਰਹਿਤਨਾਮਿਆਂ, ਸਿੱਖ ਰਹਿਤ ਮਰਯਾਦਾ, ਅਖੌਤੀ ਦਸਮ ਗ੍ਰੰਥ ਅਤੇ ਇੱਕ ਸਰਕਾਰੀ ਧੜੇ ਦੇ ਅਖੌਤੀ ਜਥੇਦਾਰ ਜੋ ਗੁਰੂ ਤੋਂ ਵੀ ਵੱਡੇ ਹੋ, ਸਿੱਖੀ ਚੋਂ ਕੱਢਣ ਦੇ ਹੁਕਮਨਾਮੇ ਜਾਰੀ ਕਰਕੇ ਉਨ੍ਹਾਂ ਨੂੰ ਇਲਾਹੀ ਫੁਰਮਾਨ ਕਹਿ ਕੇ, ਜਬਰੀ ਮਨਵਾਉਣ ਦੀਆਂ ਧਮਕੀਆਂ ਦਿੰਦੇ ਹਨ, ਦਾ ਜੋਰਦਾਰ ਸ਼ਬਦਾਂ ਵਿੱਚ ਵਿਰੋਧ ਕੀਤਾ।

ਤੀਜੇ ਨੰਬਰ 'ਤੇ ਭਾਈ ਅਵਤਾਰ ਸਿੰਘ ਮਿਸ਼ਨਰੀ ਕੈਲੀਫੋਰਨੀਆ ਨੇ, ਗੁਰਮਤਿ ਵਿਚਾਰਾਂ ਕਰਦੇ ਹੋਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵੋਤਮਤਾ 'ਤੇ ਵਿਖਿਆਨ ਕਰਦੇ, ਦਰਸਾਇਆ ਕਿ ਦੁਨੀਆ ਦਾ ਇੱਕੋ ਇੱਕ ਧਾਰਮਿਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹੈ, ਜਿਸ ਵਿੱਚ ਰੱਬ ਨਾਲ ਜੁੜੇ, ਵੱਖ ਵੱਖ ਧਰਮਾਂ ਜਾਤਾਂ ਦੇ ਭਗਤਾਂ ਦੀਆਂ ਰਚਨਾਵਾਂ ਨੂੰ, ਬਾਣੀ ਦੇ ਰੂਪ ਵਿੱਚ ਬਰਾਬਰਤਾ ਦਿੱਤੀ ਗਈ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਗ੍ਰੰਥ ਨੂੰ ਗੁਰਤਾ ਗੱਦੀ ਦੇ ਕੇ "ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿੳ ਗ੍ਰੰਥ" ਫਰਮਾਇਆ ਸੀ। ਉਨ੍ਹਾਂ ਨੇ ਸੰਗਤ ਦਾ ਇੱਧਰ ਵੀ ਧਿਆਨ ਦਿਵਾਇਆ ਕਿ ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਅਤੇ 12 ਸਿੱਖ ਮਿਸਲਾਂ ਤੱਕ ਸਿੱਖਾਂ ਦੀ ਜੀਵਨਜਾਚ ਮਰਯਾਦਾ ਗੁਰੂ ਗ੍ਰੰਥ ਸਹਿਬ ਦੀ ਬਾਣੀ ਹੀ ਸੀ ਤੇ ਹੁਣ ਕਿਉਂ ਨਹੀਂ ਹੋ ਸਕਦੀ? ਗੁਰੂ ਗ੍ਰੰਥ ਸਾਹਿਬ ਦੇ ਨਿਤਨੇਮ ਅਤੇ ਅੰਮ੍ਰਿਤ ਦੀਆਂ ਬਾਣੀਆਂ ਵਿੱਚ ਅਖੌਤੀ ਦਸਮ ਗ੍ਰੰਥ ਦੇ ਕਵੀਆਂ ਦੀਆਂ ਰਚਨਾਵਾਂ ਐਡ ਕਰਕੇ, ਗੁਰੂ ਗ੍ਰੰਥ ਸਾਹਿਬ ਨੂੰ ਅਧੂਰਾ ਸਾਬਤ ਕਰਨਾ ਕਿੱਧਰ ਦੀ ਸਿੱਖੀ ਹੈ? ਜਦ ਕਿ ਹਰ ਵੇਲੇ ਅਰਦਾਸ ਇਹ ਕਰਦੇ ਹਾਂ ਕਿ "ਗੁਰੂ ਮਾਨਿਓਂ ਗ੍ਰੰਥ" ਫਿਰ ਅਖੌਤੀ ਦਸਮ ਗ੍ਰੰਥ ਨੂੰ ਮੰਨਣ ਦਾ ਹੁਕਮ ਕਿਸ ਗੁਰੂ ਨੇ ਦਿੱਤਾ? ਇੱਥੇ ਇਹ ਦਸਣਾ ਵੀ ਜਰੂਰੀ ਹੈ ਕਿ ਉਸ ਸਮੇਂ ਹੋਰ ਕੋਈ ਪੁਸਤਕ ਜਾਂ ਗ੍ਰੰਥ, "ਗੁਰੂ ਗ੍ਰੰਥ ਸਾਹਿਬ" ਦੇ ਬਰਾਬਰ ਪ੍ਰਕਾਸ਼ ਨਹੀਂ ਸੀ ਕੀਤਾ ਗਿਆ, ਜੋ ਹੁਣ ਕਈ ਤਖਤਾਂ, ਡੇਰਿਆਂ ਅਤੇ ਸੰਪ੍ਰਦਾਵਾਂ-ਟਕਸਾਲਾਂ ਵਿੱਚ ਕੀਤਾ ਜਾਂਦਾ ਹੈ। ਭਾਈ ਸਾਹਿਬ ਨੇ ਦੋਵੇਂ ਹੱਥ ਖੜੇ ਕਰਕੇ, ਗਿਆਨੀ ਕੁਲਦੀਪ ਸਿੰਘ ਅਤੇ ਵਰਜੀਨੀਆਂ ਦੀਆਂ ਜਾਗਰੂਕ ਸੰਗਤਾਂ ਨਾਲ ਖੜਨ ਦਾ ਪਰਨ ਕਰਦੇ ਹੋਏ, ਦਰਸਾਇਆ ਕਿ ਗਿਆਨੀ ਜੀ ਤੁਸੀਂ ਇਕੱਲੇ ਨਹੀਂ ਹੁਣ ਲੱਖਾ ਸਿੱਖ ਸੰਗਤਾਂ ਇਸ ਅਖੋਤੀ ਦਸਮ ਗ੍ਰੰਥ ਦੀ ਅਸਲੀਅਤ ਤੋਂ ਜਾਣੂ ਹੋ ਚੁੱਕੀਆਂ ਤੁਹਾਡੇ ਨਾਲ ਖੜੀਆਂ ਹਨ।

ਸੈਮੀਨਾਰ ਵਿੱਚ ਅਗਲੇ ਬੁਲਾਰੇ ਪ੍ਰੋ. ਕਸ਼ਮੀਰਾ ਸਿੰਘ  ਯੂਟਾ ਵਾਲੇ ਸਨ, ਜਿਨ੍ਹਾਂ ਸਭ ਤੋਂ ਪਹਿਲਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਪੜ੍ਹ ਕੇ, ਪਾਹੁਲ ਦੇਣ ਦੀ ਵਧਾਈ, ਗਿਆਨੀ ਕੁਲਦੀਪ ਸਿੰਘ ਅਤੇ ਵਰਜੀਨੀਆਂ ਦੀਆਂ ਸੰਗਤਾਂ ਨੂੰ ਕਵਿਤਾ ਵਿੱਚ ਦੇ ਕੇ, ਸਿੱਖ ਰਹਿਤ ਮਰਿਯਾਦਾ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਕਿ ਕਿਵੇਂ ਅੰਗ੍ਰੇਜ਼ ਸਰਕਾਰ ਅਤੇ ਸੰਪ੍ਰਦਾਈਆਂ ਨੇ ਘੁਸਪੈਠ ਕਰਕੇ, ਸਿੱਖ ਰਹਿਤ ਮਰਿਆਦਾ ਵਿੱਚ ਬਿਪਰਵਾਦ ਨੂੰ ਲਿਆ ਬਿਠਾਇਆ, ਜਿਸ ਦਾ ਸੰਤਾਪ ਅੱਜ ਆਮ ਸਿੱਖ ਭੋਗਣ ਨੂੰ ਮਜਬੂਰ ਹੈ। ਉਨ੍ਹਾਂ ਨੇ ਵੀ ਮਰਯਾਦਾ ਬਾਰੇ ਇਤਿਹਾਸਕ ਸਬੂਤਾਂ ਦੇ ਹਵਾਲੇ ਦਿੰਦੇ ਹੋਏ ਦਰਸਾਇਆ ਕਿ ਅਜੋਕੀ ਸ਼੍ਰੋਮਣੀ ਕਮੇਟੀ ਦੀ ਛਾਪੀ ਮਰਯਾਦਾ ਦਾ ਕਿਤਾਬਚਾ, ਕਦੇ ਵੀ ਪੰਥ ਪ੍ਰਵਾਣਿਤ ਨਹੀਂ ਹੋਇਆ ਅਤੇ ਨਾਂ ਹੀ ਸਾਰੀਆਂ ਜਥੇਬੰਦੀਆਂ ਅਤੇ ਸਿੱਖ ਤਖਤਾਂ ਤੇ ਇਹ ਲਾਗੂ ਹੈ। ਅਕਾਲ ਤਖਤ ਦੀ ਇਮਾਰਤ ਨੂੰ ਸੁਪਰੀਮ ਕੋਰਟ ਕਹਿਣ ਵਾਲੇ ਅਖੌਤੀ ਡੇਰਾਵਾਦੀ ਜਥੇਦਾਰ, ਇਸ ਮਰਯਾਦਾ ਨੂੰ ਨਹੀਂ ਮੰਨਦੇ। ਜਰਾ ਸੋਚੋ! ਜੇ ਸੁਪਰੀਮ ਕੋਰਟ ਦਾ ਜੱਜ ਹੀ ਲਾਅ ਨਾਂ ਮੰਨੇ ਤਾਂ ਉਸ ਨੂੰ ਜੱਜ ਕਿਹਾ ਜਾ ਸਕਦਾ ਹੈ?। ਸਿੱਖਾਂ ਦੀ ਸੁਪਰੀਮ ਕੋਰਟ ਗੁਰੂ ਗ੍ਰੰਥ ਦੀ ਬਾਣੀ ਹੈ, ਜੋ ਸਿੱਖ ਆਗੂ ਜਥੇਦਾਰ ਖੁਦ ਹੀ "ਗੁਰੂ ਗ੍ਰੰਥ ਸਾਹਿਬ" ਨੂੰ ਛੱਡ ਕੇ ਹੋਰ ਗ੍ਰੰਥਾਂ ਤੇ ਸੰਤਾਂ ਦੀ ਰਚਨਾਂ ਨੂੰ ਸਿੱਖ ਲਾਅ ਮੰਨਦਾ ਹੈ ਉਹ ਸਿੱਖ ਜਥੇਦਾਰ ਨਹੀਂ ਹੋ ਸਕਦਾ। ਰਹਿਤ ਮਰਯਾਦਾ ਬਾਰੇ ਵਿਸਥਾਰ ਨਾਲ ਇਨ੍ਹਾਂ ਦਾ ਲੇਖ (ਖਾਲਸਾ ਨਿਉਜ ਡਾਟ ਓ.ਆਰ.ਜੀ.) ਵੈਬਸਾਈਟ ‘ਤੇ ਪੜ੍ਹਿਆ ਜਾ ਸਕਦਾ ਹੈ।

ਸੈਮੀਨਾਰ ਦੇ ਅਖੀਰਲੇ ਬੁਲਾਰੇ ਸ੍ਰ. ਗੁਰਚਰਨ ਸਿੰਘ ਜਿਉਣਵਾਲਾ ਕਨੇਡਾ ਨੇ ਸਭ ਤੋਂ ਪਹਿਲਾਂ ਅਖੌਤੀ ਦਸਮ ਗ੍ਰੰਥ ਸੰਗਤਾਂ ਅਤੇ ਵਿਦਵਾਨਾਂ ਨੂੰ ਵਿਖਾਇਆ, ਜਿਸ ਨੂੰ ਬਹੁਤੀਆਂ ਸੰਗਤਾਂ ਨੇ ਖਬਰੇ ਪਹਿਲੀ ਵਾਰ ਹੀ ਦੇਖਿਆ ਸੀ? ਉਨ੍ਹਾਂ ਨੇ ਕਿਹਾ ਕਿ ਅਖੌਤੀ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਕੋਈ 50 ਸਾਲ ਬਾਅਦ ਇੱਧਰ ਉਧਰ ਦੇ ਕਵੀਆਂ ਦੀਆਂ ਰਚਨਾਵਾਂ ਇਕੱਠੀਆਂ ਕਰਕੇ, ਅੰਗ੍ਰੇਜ ਸਰਕਾਰ ਅਤੇ ਉਸ ਦੇ ਸਰਕਾਰੀ ਚਾਪਲੂਸ ਬ੍ਰਾਹਮਣ ਅਤੇ ਗੁਰਮਤਿ ਦੇ ਵਿਰੋਧੀਆਂ ਨੇ ਲਿਖਿਆ ਹੈ। ਇਸ ਦਾ ਸਬੂਤ ਇਸ ਵਿੱਚ ਬਹੁਤ ਸਾਰੇ ਅੰਗ੍ਰੇਜੀ ਦੇ ਸ਼ਬਦ ਤੇ ਲਿਖਣ ਸ਼ੈਲੀ ਵੀ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਮਿਲਦੀ। ਉਨ੍ਹਾਂ ਇਸ ਵਿਚਲੀਆਂ ਰਚਨਾਵਾਂ ਦਾ ਸਿਲਸਿਲੇ ਵਾਰ ਉਲੇਖ ਤੇ ਚੀਰਫਾੜ ਕਰਕੇ, ਸੰਗਤਾਂ ਨੂੰ ਇਸ ਦੇ ਅਸ਼ਲੀਲ ਅਤੇ ਗੁਰਮਤਿ ਵਿਰੋਧੀ ਮਜ਼ਮੂਨ ਬਾਰੇ ਜਾਣੂ ਕਰਵਾਇਆ। ਉਨ੍ਹਾਂ ਬੜੇ ਵਿਸਥਾਰ ਨਾਲ ਇਹ ਵੀ ਦਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਮੇਲ ਖਾਂਦੀ, ਇਸ ਵਿੱਚ ਕੋਈ ਵੀ ਰਚਨਾ ਨਹੀਂ। ਇਸ ਲਈ ਸਾਨੂੰ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਹੀ ਪੂਰਨ ਭਰੋਸਾ ਰੱਖ ਕੇ, ਆਪਣੇ ਜੀਵਨ ਦਾ ਆਦਰਸ਼ ਮੰਨਣਾ ਚਾਹੀਦਾ ਹੈ। ਉਨ੍ਹਾਂ ਕੁਝ ਜੋਕ ਸੁਣਾ ਕੇ ਵੀ ਸੰਗਤਾਂ ਨੂੰ ਹਸਾ ਕੇ ਤਰੋ ਤਾਜਾ ਕੀਤਾ। ਉਨ੍ਹਾਂ ਇਹ ਵੀ ਦਰਸਾਇਆ ਕਿ ਕਿਵੇਂ ਸਿੰਘ ਸਭਾ ਕਨੇਡਾ ਗੁਰਮਤਿ ਕੈਂਪਾਂ, ਸੈਮੀਨਾਰਾਂ ਅਤੇ ਲਿਟ੍ਰੇਚਰ ਸੀਡੀਆਂ ਅਤੇ ਰੇਡੀਓ ਟਾਕਸ਼ੋਆਂ ਰਾਹੀਂ, ਸਿੱਖ ਸੰਗਤਾਂ ਨੂੰ ਜਾਗਰੂਕ ਕਰ ਰਹੀ ਹੈ। ਉਨ੍ਹਾਂ ਗਿਆਨੀ ਕੁਲਦੀਪ ਸਿੰਘ ਤੇ ਵਰਜੀਨੀਆਂ ਦੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ, ਅਜਿਹੇ ਜਾਗਰੂਕ ਸੈਮੀਨਾਰ ਇੰਟ੍ਰਨੈਸ਼ਨਲ ਪੱਧਰ ਤੇ ਕਰਾਉਣ ਦਾ ਜੋਰਦਾਰ ਸਮਰਥਨ ਤੇ ਸੁਝਾਵ ਦਿੱਤਾ।

ਬਲਰਾਜ ਸਿੰਘ ਸਪੋਕਨ ਵਾਲਿਆਂ ਨੇ ਵੀ ਫੋਨ ਰਾਹੀਂ ਸਮਰਥਨ ਦਿੰਦੇ ਹੋਏ, ਇਸ ਸ਼ੁਭ ਕਾਰਜ ਲਈ ਗਿਆਨੀ ਕੁਲਦੀਪ ਸਿੰਘ, ਸਿੱਖ ਸੰਗਤਾਂ ਅਤੇ ਬੁਲਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਉਨ੍ਹਾਂ ਨਾਲ ਮਿਲ ਕੇ ਚੱਲਣ ਦਾ ਭਰੋਸਾ ਦਿੱਤਾ।

ਸਮਾਪਤੀ ਤੋਂ ਪਹਿਲਾਂ ਬਾਹਰੋਂ ਆਏ ਬੁਲਾਰਿਆਂ ਅਤੇ ਸਾਰੀਆਂ ਸੰਗਤਾਂ ਦਾ ਗਿਆਨੀ ਕੁਲਦੀਪ ਸਿੰਘ ਜੀ ਨੇ ਧੰਨਵਾਦ ਕੀਤਾ, ਜਿਨ੍ਹਾਂ ਨੇ ਪਿਆਰ ਦਾ ਸਬੂਤ ਦੇ ਕੇ, ਇਸ ਸੈਮੀਨਾਰ ਨੂੰ ਨਿਰਵਿਘਨ ਸੰਪੂਰਨ ਕਰਨ ਵਿੱਚ, ਆਪਣਾ ਬਣਦਾ ਯੋਗਦਾਨ ਪਾਇਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਜੋਕੀ ਮਰਯਾਦਾ ਜਿਸ ਵਿੱਚ ਬ੍ਰਾਹਮਣੀ ਕਰਮਕਾਂਡ, ਦੇਵੀ ਭਗਾਉਤੀ ਅਤੇ ਅਖੌਤੀ ਦਸਮ ਗ੍ਰੰਥ ਦੀਆਂ ਕੱਚੀਆਂ ਰਚਨਾਵਾਂ ਸ਼ਾਮਲ ਨੇ, ਨੂੰ ਜੇ ਇਸ ਚੋਂ ਕੱਢ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸ਼ਾਮਲ ਕਰਕੇ, ਗੁਰੂ ਗ੍ਰੰਥ ਸਾਹਿਬ ਦੇ ਸਿਧਾਤਾਂ ਮੁਤਾਬਕ ਸੋਧ ਕੀਤੀ ਜਾਂਦੀ ਹੈ ਤਾਂ ਅਸੀਂ ਸਾਰੇ ਇਸ ਦਾ ਸਵਾਗਤ ਕਰਾਂਗੇ। ਬਾਕੀ ਇਸ ਸਬੰਧ ਵਿੱਚ ਉਡਾਈਆਂ ਜਾ ਰਹੀਆਂ ਅਫਵਾਹਾਂ ਤੋਂ ਸੰਗਤਾਂ ਸੁਚੇਤ ਰਹਿਣ।

ਹਾਜਰੀਨ ਸੰਗਤਾਂ, ਵਿਦਵਾਨ ਬੁਲਾਰੇ ਅਤੇ ਸਿੱਖ ਜਥੇਬੰਦੀਆਂ-ਇੰਟ੍ਰਨੈਸ਼ਨਲ ਸਿੰਘ ਸਭਾ ਕਨੇਡਾ ਅਤੇ ਸਾਰੇ ਦੇਸ਼ਾਂ ਦੇ ਚੈਪਟਰ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂ.ਐੱਸ.ਏ, ਸੇਵਾਦਾਰ ਸਿੱਖ ਸੰਗਤ ਆਫ਼ ਵਰਜੀਨੀਆ, ਗੁਰੂ ਗ੍ਰੰਥ ਦਾ ਖਾਲਸਾ ਪੰਥ, ਭਾਈ ਲਾਲੋ ਫਾਊਂਡੇਸ਼ਨ, ਅਦਾਰਾ ਖਾਲਸਾ ਨਿਊਜ ਅਤੇ ਹੋਰ ਕੇਵਲ ਤੇ ਕੇਵਲ ਗੁਰੂ ਗ੍ਰੰਥ ਨੂੰ ਸਮਰਪਤ ਜਾਗਰੂਕ ਜਥੇਬੰਦੀਆਂ।


ਭਗਵਾਂ ਅਤਿਵਾਦ ਜੱਗ-ਜ਼ਾਹਰ
ਹਿੰਦੂ ਵਿਰੋਧੀ ਤਾਕਤਾਂ ਦੇ ਸਫਾਏ ਲਈ ਕੀਤੀ ਫੌਜ ਤਿਆਰ

ਨਵੀਂ ਦਿੱਲੀ (ਗੁਰਵਿੰਦਰ ਸਿੰਘ ਵਿਰਕ): ਅੰਧ-ਵਿਸ਼ਵਾਸ ਵਿਰੁੱਧ ਡਟਣ ਵਾਲੇ ਨਰੇਂਦਰ ਦਾਭੋਲਕਰ ਦੀ ਹੱਤਿਆ ਵਾਲੇ ਮਾਮਲੇ ਦੀ ਜਾਂਚ ਵਿੱਚ ਹਿੰਦੂ ਅਤਿਵਾਦ ਦੀ ਚੜ੍ਹਤ ਬਾਰੇ ਖੁਲਾਸਿਆਂ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਸੀ. ਬੀ. ਆਈ. ਨੇ ਦਾਅਵਾ ਕੀਤਾ ਹੈ ਕਿ ਹੱਤਿਆ ਦੇ ਮਾਮਲੇ ਵਿੱਚ ਗ੍ਰਿਫਤਾਰ ਡਾਕਟਰ ਨੇ ਹਿੰਦੂ ਵਿਰੋਧੀ ਤਾਕਤਾਂ ਨਾਲ ਲੜਨ ਲਈ 15, 000 ਲੋਕਾਂ ਦੀ ਹਥਿਆਰਬੰਦ ਸੈਨਾ ਬਣਾਈ ਹੋਈ ਸੀ।
ਜਾਂਚ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਸਨਾਤਨ ਸੰਸਥਾ ਦੇ ਮੈਂਬਰ ਡਾਕਟਰ ਵੀਰੇਂਦਰ ਤਾਵੜੇ ਨੇ ਸਾਰੰਗ ਅਕੋਲਕਰ ਨੂੰ ਇਸ ਬਾਰੇ ਈਮੇਲ ਭੇਜੀ ਸੀ। ਅਕੋਲਕਰ ਭਗੌੜਾ ਮੁਲਜ਼ਮ ਹੈ ਜਿਸ ਵਿਰੁੱਧ ਗੋਆ ਵਿੱਚ 2009 ਵਿੱਚ ਹੋਏ ਧਮਾਕੇ ਸਬੰਧੀ ਇੰਟਰਪੋਲ ਨੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੋਇਆ ਹੈ। ਈਮੇਲ ਵਿੱਚ ਤਾਵੜੇ ਨੇ 15000 ਲੋਕਾਂ ਦੀ ਸੈਨਾ ਦੇ ਗਠਨ ਬਾਰੇ ਆਖਿਆ ਹੈ ਜੋ ਹਥਿਆਰਬੰਦ ਹੈ ਅਤੇ ਦੇਸ਼ ਵਿੱਚ ਹਿੰਦੂ ਵਿਰੋਧੀ ਤਾਕਤਾਂ ਨਾਲ ਲੜਨ ਲਈ ਤਿਆਰ-ਬਰ-ਤਿਆਰ ਹੈ। ਤਾਵੜੇ ਨੂੰ ਦਾਭੋਲਕਰ ਦੀ ਹੱਤਿਆ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੋਇਆ ਹੈ। ਤਾਵੜੇ ਨੇ ਅਕੋਲਕਰ ਨੂੰ ਆਖਿਆ ਸੀ ਕਿ ਇਸ ਸੈਨਾ ਦੇ ਗਠਨ ਲਈ ਪੈਸਾ ਦਾਨ ਤੇ ਚੰਦੇ ਰਾਹੀਂ ਇਕੱਠਾ ਕੀਤਾ ਜਾਣਾ ਚਾਹੀਦਾ ਹੈ ਤੇ ਜੇ ਫਿਰ ਵੀ ਹਥਿਆਰਾਂ ਲਈ ਪੈਸੇ ਦੀ ਕਮੀ ਹੁੰਦੀ ਹੈ ਤਾਂ ਡਾਕੇ ਵੀ ਮਾਰੇ ਜਾਣ।
ਯਾਦ ਰਹੇ, ਤਾਵੜੇ ਨੂੰ ਇਸ ਜੂਨ ਮਹੀਨੇ ਵਿੱਚ ਹੀ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਸ ਸਮੇਂ ਉਹ ਸੀ. ਬੀ. ਆਈ. ਦੀ ਹਿਰਾਸਤ ਵਿੱਚ ਹੈ। ਇਸ ਖੁਲਾਸੇ ਪਿਛੋਂ ਮੋਦੀ ਸਰਕਾਰ ਵੱਲੋਂ ਹਿੰਦੂ ਕੱਟੜਪੰਥੀਆਂ ਦੀਆਂ ਸਰਗਰਮੀਆਂ ਬਾਰੇ ਮੀਟੀਆਂ ਅੱਖਾਂ ਉਤੇ ਸਵਾਲ ਖੜ੍ਹੇ ਹੋਣ ਲੱਗੇ ਹਨ। ਅਸਲ ਵਿੱਚ ਮੋਦੀ ਸਰਕਾਰ ਹਿੰਦੂ ਅਤਿਵਾਦ ਬਾਰੇ ਕਿਸੇ ਵੀ ਦਾਅਵੇ ਤੋਂ ਮੰਨਣ ਤੋਂ ਇਨਕਾਰੀ ਰਹੀ ਹੈ। ਕੌਮੀ ਜਾਂਚ ਏਜੰਸੀ (ਐਨ. ਆਈ. ਏ.) ਵੱਲੋਂ ਹਾਲ ਹੀ ਵਿੱਚ 2008 ਵਿੱਚ ਮਾਲੇਗਾਉਂ ਧਮਾਕਿਆਂ ਵਿੱਚ ਸਾਧਵੀ ਪਰਾਗਿਆ ਸਿੰਘ ਠਾਕੁਰ ਅਤੇ ਪੰਜ ਹੋਰ ਹਿੰਦੂ ਆਗੂਆਂ ਨੂੰ ਕਲੀਨ ਚਿੱਟ ਨੇ ਵੀ ਇਸ ਦਾਅਵੇ ਨੂੰ ਪੁਖਤਾ ਕੀਤਾ ਹੈ। ਮਾਲੇਗਾਉਂ, ਸਮਝੌਤਾ ਐਕਸਪ੍ਰੈਸ ਤੇ ਅਜਮੇਰ ਧਮਾਕਿਆਂ ਵਿੱਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ਕਾਰਵਾਈ ਪਿਛੋਂ ਮੋਦੀ ਸਰਕਾਰ ਉਤੇ ਕੱਟੜਪੰਥੀ ਹਿੰਦੂਆਂ ਨੂੰ ਬਚਾਉਣ ਦੇ ਦੋਸ਼ ਵੀ ਲੱਗ ਰਹੇ ਹਨ। ਦਰਅਸਲ, ਮਾਲੇਗਾਉਂ, ਸਮਝੌਤਾ ਐਕਸਪ੍ਰੈਸ ਤੇ ਅਜਮੇਰ ਧਮਾਕਿਆਂ ਵਿੱਚ ਕੱਟੜ ਹਿੰਦੂ ਜਥੇਬੰਦੀਆਂ ਦੀ ਸ਼ਮੂਲੀਅਤ ਸਾਹਮਣੇ ਆਈ ਸੀ। ਕਾਂਗਰਸ ਸਰਕਾਰ ਵੇਲੇ ਇਸ ਬਾਰੇ ਕੇਸ ਦਰਜ ਕੀਤੇ ਗਏ ਸਨ, ਪਰ ਮੋਦੀ ਸਰਕਾਰ ਆਉਣ ਮਗਰੋਂ ਇਹ ਕੇਸ ਰਫਾਦਫਾ ਹੋਣੇ ਸ਼ੁਰੂ ਹੋ ਗਏ ਹਨ। ਸਾਧਵੀ ਤੋਂ ਇਲਾਵਾ ਸ਼ਿਵ ਨਾਰਾਇਣ, ਸ਼ਿਆਮ ਭਵਰਲਾਲ ਸਾਹੂ, ਪ੍ਰਵੀਨ ਟਕੱਲਕੀ, ਲੋਕੇਸ਼ ਸ਼ਰਮਾ ਅਤੇ ਧਿਆਨ ਸਿੰਘ ਚੌਧਰੀ ਖਿਲਾਫ਼ ਦੋਸ਼ ਹਟਾ ਦਿੱਤੇ ਗਏ। ਕੇਂਦਰ ਵਿੱਚ ਮੋਦੀ ਸਰਕਾਰ ਦੀ ਆਮਦ ਤੋਂ ਬਾਅਦ ਮਾਲੇਗਾਉਂ ਕੇਸ ਤੇ ਹਿੰਦ-ਪਾਕਿ ਸਮਝੌਤਾ ਐਕਸਪ੍ਰੈਸ ਕੇਸ ਵਿੱਚ ਗਵਾਹਾਂ ਦੇ ਮੁੱਕਰਨ ਦਾ ਸਿਲਸਿਲਾ ਸ਼ੁਰੂ ਹੋਇਆ ਅਤੇ ਇਹ ਪ੍ਰਭਾਵ ਬਣਨ ਲੱਗਿਆ ਕਿ ਇਨ੍ਹਾਂ ਕੇਸਾਂ ਦੇ ਮੁੱਖ ਦੋਸ਼ੀ ਅੰਤ ਬਰੀ ਹੋ ਜਾਣਗੇ।
ਭਾਰਤ ਵਿੱਚ 2006 ਤੋਂ 2008 ਤੱਕ ਹੋੲ ਧਮਾਕਿਆਂ ਦੀਆਂ ਛੇ ਘਟਨਾਵਾਂ ਵਿੱਚ 120 ਤੋਂ ਜ਼ਿਆਦਾ ਲੋਕ ਮਾਰੇ ਗਏ ਤੇ ਤਕਰੀਬਨ 400 ਜ਼ਖ਼ਮੀ ਹੋਏ ਹਨ। ਮੁਢਲੀ ਜਾਂਚ ਵਿੱਚ ਇਨ੍ਹਾਂ ਬੰਬ ਧਮਾਕਿਆਂ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐਸ. ਐਸ.) ਨਾਲ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ ਜੁੜੇ ਲੋਕਾਂ ਦੇ ਨਾਂ ਸਾਹਮਣੇ ਆਏ ਸਨ। ਇਹ ਘਟਨਾਵਾਂ ‘ਭਗਵਾ ਅਤਿਵਾਦ` ਜਾਂ ‘ਹਿੰਦੂ ਅਤਿਵਾਦੀ` ਦੇ ਨਾਮ ਨਾਲ ਚਰਚਿਤ ਹੋਈਆਂ ਸਨ, ਪਰ ਅੱਜ ਤੱਕ ਇਨ੍ਹਾਂ ਵਿਚੋਂ ਕਿਸੇ ਨੂੰ ਵੀ ਦੋਸ਼ੀ ਕਰਾਰ ਨਹੀਂ ਦਿੱਤਾ ਜਾ ਸਕਿਆ। ਕੇਂਦਰ ਵਿੱਚ ਭਾਜਪਾ ਦੀ ਸਰਕਾਰ ਆਉਣ ਪਿਛੋਂ ਕੱਟੜ ਹਿੰਦੂ ਜਥੇਬੰਦੀਆਂ ਨੇ ਇਕਦਮ ਸਰਗਰਮੀਆਂ ਵਧਾਉਂਦੇ ਹੋਏ ਘੱਟ ਗਿਣਤੀਆਂ, ਲੇਖਕ, ਵਿਚਾਰਵਾਨ ਤੇ ਤਰਕਸ਼ੀਲ ਆਗੂਆਂ ਨੂੰ ਨਿਸ਼ਾਨਾ ਬਣਾਇਆ।
ਤਰਕਸ਼ੀਲ ਆਗੂਆਂ ਐਮ. ਐਮ. ਕਲਬੁਰਗੀ ਤੇ ਡਾ. ਨਰੇਂਦਰ ਦਾਭੋਲਕਰ ਦੀ ਹੱਤਿਆ ਕਰ ਦਿੱਤੀ ਗਈ। ਇਨ੍ਹਾਂ ਦਾ ਕਸੂਰ ਇਹ ਸੀ ਕਿ ਇਹ ਤਰਕਸ਼ੀਲ ਆਗੂ ਬੇਖੌਫ਼ ਹੋ ਕੇ ਆਪਣੀ ਗੱਲ ਕਹਿੰਦੇ ਸਨ। ਇਸੇ ਤਰ੍ਹਾਂ ਕੋਹਲਾਪੁਰ ਵਿੱਚ ਗੋਵਿੰਦ ਪਾਨਸਰੇ ਨੂੰ ਮਾਰ ਦਿੱਤਾ ਗਿਆ। ਉਤਰ ਪ੍ਰਦੇਸ਼ ਵਿੱਚ ਦਾਦਰੀ ਨੇੜੇ ਪਿੰਡ ਬਿਸਹੇੜਾ ਵਿੱਚ ਮੁਹੰਮਦ ਅਖਲਾਕ ਦੇ ਪਰਿਵਾਰ ਉਤੇ ਇਹ ਕਹਿ ਕੇ ਹਮਲਾ ਕਰ ਦਿੱਤਾ ਕਿ ਉਨ੍ਹਾਂ ਨੇ ਗਊ ਦਾ ਮਾਸ ਪਕਾਇਆ ਹੈ। ਭੀੜ ਨੇ 50 ਸਾਲਾ ਅਖਲਾਕ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਤੇ ਉਸ ਦੇ 20 ਸਾਲਾ ਲੜਕੇ ਦਾਨਿਸ਼ ਨੂੰ ਜ਼ਖਮੀ ਕਰ ਦਿੱਤਾ। ਇਸ ਪਿਛੋਂ ਰੋਸ ਵਜੋਂ ਵੱਡੀ ਗਿਣਤੀ ਲੇਖਕਾਂ, ਬੁੱਧੀਜੀਵੀਆਂ ਨੇ ਆਪਣੇ ਸਨਮਾਨ ਵਾਪਸ ਕੀਤੇ ਸਨ।
(ਪੰਜਾਬ ਟਾਈਮਜ਼ ਵਿਚੋਂ)



{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.