.


(31/05/11)
ਕਿਰਪਾਲ ਸਿੰਘ ਬਠਿੰਡਾ

ਰਾਸ਼ਟਰਪਤੀ ਵਲੋਂ ਪ੍ਰੋ: ਭੁੱਲਰ ਦੀ ਰਹਿਮ ਦੀ ਅਪੀਲ ਰੱਦ ਕੀਤਾ ਜਾਣਾ ਦੱਸਦਾ ਹੈ ਕਿ ਹਿੰਦੂ ਬਹੁਗਿਣਤੀ ਦੇ ਇਸ ਦੇਸ਼ ਵਿੱਚ ਸਿੱਖਾਂ ਨੂੰ ਜਿਉਣ ਦਾ ਹੱਕ ਨਹੀਂ ਹੈ: ਸਿਮਰਨਜੋਤ ਸਿੰਘ
ਕਿਹਾ ਜੇ ਇਸ ਧੱਬੇ ਨੂੰ ਧੋਣ ਦਾ ਯਤਨ ਨਾ ਕੀਤਾ ਗਿਆ ਤਾਂ ਇਹ ਦੇਸ਼ ਦੀ ਅਖੰਡਤਾ ਤੇ ਏਕਤਾ ਲਈ ਸ਼ੁਭ ਸੰਕੇਤ ਨਹੀਂ ਹੋਵੇਗਾ
ਬਠਿੰਡਾ, ੩੧ ਮਈ (ਕਿਰਪਾਲ ਸਿੰਘ): ਰਾਸ਼ਟਰਪਤੀ ਵਲੋਂ ਪ੍ਰੋ: ਭੁੱਲਰ ਦੀ ਰਹਿਮ ਦੀ ਅਪੀਲ ਰੱਦ ਕੀਤਾ ਜਾਣਾ ਦੱਸਦਾ ਹੈ ਕਿ ਹਿੰਦੂ ਬਹੁਗਿਣਤੀ ਦੇ ਇਸ ਦੇਸ਼ ਵਿੱਚ ਘੱਟ ਗਿਣਤੀਆਂ ਨੂੰ ਜਿਉਣ ਦਾ ਹੱਕ ਨਹੀਂ ਹੈ। ਇਹ ਸ਼ਬਦ ਸਾਹਿਬਜ਼ਾਦਾ ਜੁਝਾਰ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਸਿਮਰਨਜੋਤ ਸਿੰਘ ਖ਼ਾਲਸਾ ਨੇ ਕਹੇ। ਉਨ੍ਹਾਂ ਕਿਹਾ ਇਸ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ੧੯੮੪ `ਚ ੪ ਦਿਨ ਮੌਤ ਦਾ ਨੰਗਾ ਤਾਂਡਵਨਾਚ ਨੱਚਿਆ ਗਿਆ ਜਿਸ ਦੌਰਾਨ ਜਿਉਂਦੇ ਸਿੱਖਾਂ ਨੂੰ ਸ਼ਰੇ ਬਜ਼ਾਰ ਗਲਾਂ ਵਿੱਚ ਟਾਇਰ ਪਾ ਕੇ ਅਤੇ ਪੈਟਰੋਲ ਛਿੜਕ ਕੇ ਸਾੜਿਆ। ਪਰ ੨੭ ਸਾਲ ਲੰਘ ਜਾਣ ਬਾਅਦ ਵੀ ਕਿਸੇ ਇੱਕ ਵੀ ਦੋਸ਼ੀ ਨੂੰ ਫਾਂਸੀ ਦੀ ਸਜਾ ਤਾਂ ਕੀ ਦੇਣੀ ਸੀ ਸਗੋਂ ਕਾਤਲ ਗੁੰਡਿਆਂ ਦੀ ਭੀੜ ਦੀ ਅਗਵਾਈ ਕਰਨ ਵਾਲਿਆਂ ਨੂੰ ਇਨਾਮ ਵਜੋਂ ਉੱਚ ਅਹੁੱਦੇ ਬਖ਼ਸ਼ੇ ਗਏ। ੨੦੦੨ `ਚ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ `ਚ ਸਿੱਖਾਂ ਵਾਂਗ ਹੀ ਮੁਸਲਮਾਨ ਭਰਾਵਾਂ `ਤੇ ਕਹਿਰ ਵਰਤਾਏ ਗਏ ਜਿਸ ਦੇ ਇਨਾਮ ਵਜੋਂ ਮੋਦੀ ਨੂੰ ਭਾਜਪਾ ਦੇ ਕੇਂਦਰੀ ਮੁੱਖ ਆਗੂ ਵਜੋਂ ਉਭਾਰਿਆ ਜਾ ਰਿਹਾ ਹੈ ਤੇ ਅੱਜ ਤੱਕ ਕਿਸੇ ਇੱਕ ਵੀ ਦੋਸ਼ੀ ਨੂੰ ਮੌਤ ਦੀ ਸਜਾ ਨਹੀਂ ਦਿੱਤੀ ਗਈ। ਭਾਈ ਸਿਮਰਨਜੋਤ ਸਿੰਘ ਖ਼ਾਲਸਾ ਨੇ ਕਿਹਾ ਇੱਕ ਪਾਸੇ ਤਾਂ ਭਾਰਤ ਸਰਕਾਰ ਤੇ ਭਾਜਪਾ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਪਾਕਿਸਤਾਨ ਵਿੱਚ ਕੀਤੇ ਬੰਬ ਧਮਾਕਿਆਂ ਦੇ ਦੋਸ਼ ਅਧੀਨ ਫਾਂਸੀ ਦੀ ਸਜਾ ਪਾ ਚੁੱਕੇ ਸਰਬਜੀਤ ਸਿੰਘ ਨੂੰ ਸਜਾ ਮੁਆਫ ਕਰਕੇ ਰਿਹਾਅ ਕਰਨ ਦੀ ਮੰਗ ਕਰ ਰਹੀਆਂ ਹਨ ਪਰ ਬਿਲਕੁਲ ਉਸ ਨਾਲ ਮਿਲਦੇ ਜੁਲਦੇ ਦੋਸ਼ ਅਧੀਨ ਪ੍ਰੋ: ਦਵਿੰਦਰ ਸਿੰਘ ਭੁੱਲਰ ਦੀ ਰਹਿਮ ਦੀ ਅਪੀਲ ਰੱਦ ਕਰਕੇ ਫਾਂਸੀ `ਤੇ ਲਟਕਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਭਾਜਪਾ ਅਤੇ ਹਿੰਦੂ ਜਥੇਬੰਦੀਆਂ ਦਾ ਦੋਗਲਾਪਨ ਇਸ ਗੱਲ ਤੋਂ ਵੀ ਜ਼ਾਹਰ ਹੁੰਦਾ ਹੈ ਕਿ ਪ੍ਰੋ: ਭੁੱਲਰ ਜਿਸ ਨੂੰ ਸਿਰਫ ਉਸ ਵਲੋਂ ਪੁਲਿਸ ਕੋਲ ਦਿੱਤੇ ਇਕਬਾਲੀਆ ਬਿਆਨ ਦੇ ਅਧਾਰ `ਤੇ ਫਾਂਸੀ ਦਿੱਤੀ ਜਾ ਰਹੀ ਹੈ, ਜਦੋਂ ਕਿ ਪੜਤਾਲੀਆ ਏਜੰਸੀ ਵੱਲੋਂ ਉਸ ਵਿਰੁਧ ਪੇਸ਼ ਕੀਤੇ ਇੱਕ ਵੀ ਗਵਾਹ ਨੇ ਉਸ ਵਿਰੁਧ ਗਵਾਹੀ ਨਹੀਂ ਦਿੱਤੀ। ਪਰ ਦੂਸਰੇ ਪਾਸੇ ਅਜਮੇਰ ਸ਼ਰੀਫ਼ ਵਿਖੇ ਹੋਏ ਬੰਬ ਧਮਾਕਿਆਂ ਵਿੱਚ ਇਕਬਾਲੀਆ ਬਿਆਨ ਦੇਣ ਵਾਲੇ ਅਸੀਮਾਨੰਦ ਦੇ ਸਮਰੱਥਨ ਵਿੱਚ ਕਿਹਾ ਜਾ ਰਿਹਾ ਹੈ ਕਿ ਹਿੰਦੂ ਮਹਾਤਮਾਂ ਨੂੰ ਬਦਨਾਮ ਕਰਨ ਲਈ ਸੀਬੀਆਈ ਨੇ ਉਸ ਤੋਂ ਤਸ਼ੱਸ਼ਦ ਅਧੀਨ ਬਿਆਨ ਲਿਆ ਗਿਆ ਹੈ। ਭਾਈ ਸਿਮਰਨਜੋਤ ਸਿੰਘ ਨੇ ਕਿਹਾ ਕਿ ਹਿੰਦੂ ਜਥੇਬੰਦੀਆਂ ਵਲੋਂ ਤਾਂ ਦੂਹਰਾ ਮਾਪਦੰਡ ਅਪਨਾਇਆ ਹੀ ਜਾ ਰਿਹਾ ਹੈ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਇਨਸਾਫ਼ ਦੀ ਕੁਰਸੀ `ਤੇ ਬੈਠੇ ਜੱਜ ਅਤੇ ਸੀਬੀਆਈ ਅਤੇ ਸੰਵਿਧਾਨਕ ਮੁਖੀ ਰਾਸ਼ਟਰਪਤੀ ਵੀ ਇਸ ਦੋਸ਼ ਤੋਂ ਮੁਕਤ ਹੋਣ ਦਾ ਕੋਈ ਯਤਨ ਨਹੀਂ ਕਰ ਰਹੀ। ਸਿੱਖਾਂ ਦੀ ਨਸਲਕੁਸ਼ੀ ਦੇ ਮੁੱਖ ਜਿੰਮੇਵਾਰ ਜਗਦੀਸ਼ ਟਾਈਟਲਰ ਵਿਰੁਧ ਦਰਜ਼ ਕੇਸ ਤਾਂ ਇਸ ਅਧਾਰ `ਤੇ ਵਾਪਿਸ ਲੈ ਲਿਆ ਜਾਂਦਾ ਹੈ ਕਿ ਉਸ ਵਿਰੁਧ ਗਵਾਹ ਭਰੋਸੇਯੋਗ ਨਹੀਂ ਹਨ ਪਰ ਜਿਸ ਪ੍ਰੋ: ਭੱਲਰ ਵਿਰੁੱਧ ਸੀਬੀਆਈ ਵਲੋਂ ੧੩੦ ਤੋਂ ਉਪਰ ਤਿਆਰ ਕੀਤੀ ਗਵਾਹਾਂ ਦੀ ਸੂਚੀ ਵਿੱਚੋਂ ਇੱਕ ਵੀ ਗਵਾਹ ਭੁਗਤਾ ਨਹੀਂ ਸਕੇ ਪਰ ਫਿਰ ਵੀ ਉਸ ਨੂੰ ਫਾਂਸੀ ਦੀ ਸਜਾ ਦਿੱਤੀ ਜਾ ਰਹੀ ਹੈ। ਭਾਈ ਸਿਮਰਨਜੋਤ ਸਿੰਘ ਨੇ ਕਿਹਾ ਕਿ ਜੇ ਕਰ ਜਗਦੀਸ਼ ਟਾਈਟਲਰ ਅਤੇ ਪ੍ਰੋ: ਭੁੱਲਰ ਦੇ ਕੇਸ ਨੂੰ ਇੱਕ ਦੂਜੇ ਦੇ ਸਾਹਮਣੇ ਰੱਖ ਕੇ ਪਰਖੇ ਜਾਣ ਤਾਂ ਸਾਫ ਵਿਖਾਈ ਦਿੰਦਾ ਹੈ ਕਿ ਸੀਬੀਆਈ ਤੇ ਮਾਨਯੋਗ ਜੱਜ ਸਾਹਿਬਾਨਾਂ ਸਮੇਤ ਰਾਸ਼ਟਰਪਤੀ ਉੱਪਰ ਵੀ ਨਿਰਪੱਖਤਾ ਪੱਖੋਂ ਧੱਬਾ ਲੱਗ ਰਿਹਾ ਹੈ। ਉਨ੍ਹਾਂ ਕਿਹਾ ਜੇ ਇਸ ਧੱਬੇ ਨੂੰ ਧੋਣ ਦਾ ਯਤਨ ਨਾ ਕੀਤਾ ਗਿਆ ਤਾਂ ਇਹ ਦੇਸ਼ ਦੀ ਅਖੰਡਤਾ ਤੇ ਏਕਤਾ ਲਈ ਸ਼ੁਭ ਸੰਕੇਤ ਨਹੀਂ ਹੋਵੇਗਾ।


(30/05/11)
ਅਮਰ ਜੀਤ ਸਿੰਘ ਚੰਦੀ

ਸਿੱਖਾਂ ਨੂੰ ਆਪਣੇ ਨਾਲ ਸਬੰਧਤ ਇਕ-ਇਕ ਅੱਖਰ ਘੋਖਣ ਦੀ ਲੋੜ ਹੈ
ਸਦੀਆਂ ਬੱਧੀ ਸਿੱਖਾਂ ਦੀਆਂ ਮਜਬੂਰੀਆਂ ਦਾ ਲਾਹਾ ਲੈਂਦਿਆਂ, ਸਿੱਖੀ ਵਿੱਚ ਅਜਿਹਾ ਰੋਲ-ਘਚੋਲਾ ਕਰ ਦਿੱਤਾ ਗਿਆ ਹੈ, ਕਿ ਜਿਸ ਪਾਸੇ ਵੀ ਨਜ਼ਰ ਮਾਰੋ, ਕੁਝ-ਨ-ਕੁਝ ਗਲਤ ਹੀ ਥੋਪਿਆ ਪਿਆ ਹੈ। ਸਿੱਖਾਂ ਨੇ ਅਗਿਆਨਤਾ ਵੱਸ, ਖੋਜੀ ਬਿਰਤੀ ਦੀ ਘਾਟ ਕਾਰਨ ਜਾਂ ਫਿਰ ਅੰਨ੍ਹੀ ਸ਼ਰਧਾ ਵੱਸ, ਜਾਹਲਾਂ ਵਲੋਂ, ਬੇਵਕੂਫੀ ਦੀ ਹੱਦ ਤਕ ਕੀਤੀ ਹਰ ਗੱਲ ਨੂੰ ਅੱਖਾਂ ਮੀਟ ਕੇ ਪਰਵਾਨ ਕਰ ਲਿਆ ਹੋਇਆ ਹੈ। ਯੱਭਲੀਆਂ ਨੂੰ ਵੀ ਅਪਣੀ ਵਡਿਆਈ ਅਤੇ ਸੂਰ-ਬੀਰਤਾ ਨਾਲ ਜੋੜਿਆ ਪਿਆ ਹੈ। ਏਸੇ ਕਾਰਨ ਹਰ ਚੀਜ਼ ਸੋਧ ਮੰਗਦੀ ਹੈ।
ਮਿਸਾਲ ਵਜੋਂ ੨੭ ਸਾਲ ਤੋਂ ਵੱਧ ਸਮੇ ਤੋਂ ਮਾਰ ਖਾ ਰਹੇ ਹਾਂ, ਲੱਖਾਂ ਬੱਚੇ ਮਰਵਾ ਕੇ, ਅੱਜ ਤਕ ਸੂਈ ਦੇ ਨੱਕੇ ਜਿੰਨਾ ਇੰਸਾਫ ਨਾ ਮਿਲਣ ਤੇ ਵੀ, ਸਿੱਖ ਨੌਜਵਾਨ, ਘੁਟ ਲਾ ਕੇ ਜਦੋਂ ਸਟੇਜਾਂ ਤੋਂ ਬੱੜ੍ਹਕਾਂ ਮਾਰਦੇ ਗਾਉਂਦੇ ਹਨ “ਕਿਹੜਾ ਜੰਮ ਪਿਆ ਸੂਰਮਾ ਜਿਹੜਾ ਜੱਟ ਦੀ ਬੜ੍ਹਕ ਨੂੰ ਰੋਕੇ” ਤਾਂ ਇਹ ਫੇਸਲਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ, ਇਹ ਪਾਗਲ ਹਨ ਜਾਂ ਬੇ-ਗੈਰਤ? ਇਵੇਂ ਹੀ ਵਿਆਹ ਤੇ ਲੱਖਾਂ ਰੁਪਏ ਖਰਚ ਕੇ, ਕੁੜੀ ਵਾਲਿਆਂ ਦੇ ਘਰ, ਨੱਚਣ ਵਾਲੇ-ਵਾਲੀਆਂ ਜਦ ਅਸ਼ਲੀਲ ਗਾਣੇ ਗਾਉਂਦੇ ਹਨ, ਤਾਂ ਕੁੜੀ ਵਾਲਿਆਂ ਦੀ ਬੇ-ਗੈਰਤੀ ਜਾਂ ਬੇ-ਵਸੀ ਤੇ ਤਰਸ ਹੀ ਕੀਤਾ ਜਾ ਸਕਦਾ ਹੈ।
ਇੱਕ ਲੇਖ ਪੜ੍ਹ ਰਿਹਾ ਸੀ, ਜਿਸ ਵਿੱਚ ਵੱਡੇ ਘੱਲੂ-ਕਾਰੇ ਦਾ ਜ਼ਿਕਰ ਸੀ। ਇਤਿਹਾਸ ਦਾ ਉਹ ਸਾਕਾ, ਜਿਸ ਵਿੱਚ ਇੱਕ ਦਿਨ ਵਿੱਚ ਹੀ ਪੰਥ ਦੇ ਅੱਧ ਤੋਂ ਵੱਧ, ੩੫੦੦੦ ਬੰਦੇ, ਬੀਬੀਆਂ ਅਤੇ ਬੱਚੇ ਸ਼ਹੀਦ ਕਰ ਦਿੱਤੇ ਗਏ ਸਨ। ਇਸ ਵਿੱਚ ਵਡਿਆਈ ਦੀ ਗੱਲ ਤਾਂ ਇਹ ਸੀ ਕਿ ਏਨੀ ਮਾਰ ਖਾ ਕੇ ਵੀ ਸਿੱਖਾਂ ਨੇ, ਛੇ ਮਹੀਨੇ ਦੇ ਅੰਦਰ-ਅੰਦਰ ਮਾਰਨ ਵਾਲੇ (ਅਬਦਾਲੀ) ਨੂੰ ਪੰਜਾਬ ਵਿਚੋਂ ਚੋਰੀ ਭੱਜਣ ਲਈ ਮਜਬੂਰ ਕਰ ਦਿੱਤਾ ਸੀ। ਪਰ ਅੱਗੇ ਵੀ ਕਈ ਵਾਰੀ ਸੁਣਿਆ ਸੀ, ਅਤੇ ਉਸ ਲੇਖ ਵਿੱਚ ਵੀ ਲਿਖਿਆ ਸੀ ਕਿ
“੩੫੦੦੦ ਹਜ਼ਾਰ ਸਿੱਖ ਮਰਵਾਉਣ ਪਿਛੋਂ, ਚੜ੍ਹਦੀ ਕਲਾ ਦਾ ਸਬੂਤ ਦਿੰਦਿਆਂ, ਅਰਦਾਸ ਦੌਰਾਨ ਪਰਮਾਤਮਾ ਦਾ ਸ਼ੁਕਰ ਕਰਦਿਆਂ ਕਿਹਾ “ਆਪ ਜੀ ਦੀ ਕਿਰਪਾ ਸਦਕਾ, ਜੋ ਖੋਟ ਸੀ, ਉਹ ਨਿਕਲ ਗਿਆ ਹੈ ਤੇ ਪਿੱਛੇ ਤੱਤ ਖਾਲਸਾ ਬਚਿਆ ਹੈ” ਸੋਚਦਾ ਹਾਂ, ਕੀ ਬੇਵਕੂਫੀ ਨੂੰ ਹੀ ਚੜ੍ਹਦੀ ਕਲਾ ਕਿਹਾ ਜਾਂਦਾ ਹੈ? ਅਸੀਂ ਕਹਿਣਾ ਕੀ ਚਾਹੁੰਦੇ ਹਾਂ? ਕੀ ਇਹ ਕਿ ੩੫੦੦੦ ਬੰਦੇ, ਬੀਬੀਆਂ, ਬੱਚੇ, ਜੋ ਪੰਥ ਦੀ ਹੋਂਦ ਲਈ ਸ਼ਹੀਦੀਆਂ ਪਾ ਗਏ, ਉਹ ਪੰਥ ਦੇ ਵਿਚਲਾ ਖੋਟ ਸਨ?
ਇਵੇਂ ਹੀ ਅਰਦਾਸ ਵਿੱਚ ਹਰ ਵੇਲੇ, ਕਿਹਾ ਜਾਂਦਾ ਹੈ “ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ” ਇਸ ਵਿੱਚ ਕੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ, ਜੋ ਸਿੱਖ ਪਾਕਿਸਤਾਨ ਵਿੱਚ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰ ਰਹੇ ਹਨ, ਉਹ ਖਾਲਸੇ ਦਾ ਅੰਗ ਨਹੀਂ ਹਨ, ਬੱਸ ਅਸੀਂ ਹੀ ਖਾਲਸਾ ਹਾਂ?
ਸਾਨੂੰ ਆਪਣੇ ਵਲੋਂ ਕਹੇ ਜਾਣ ਵਾਲੇ ਜਾਂ ਲਿਖੇ ਜਾਣ ਵਾਲੇ ਹਰ ਅੱਖਰ ਦੀ, ਪੂਰੀ ਚੌਕਸੀ ਨਾਲ ਘੋਖ-ਪੜਤਾਲ ਕਰਨੀ ਚਾਹੀਦੀ ਹੈ। ਅਸੀਂ ਦੂਸਰਿਆਂ ਤੇ ਤਾਂ ਆਪਣਾ ਮਜ਼ਾਕ ਉਡਾਉਣ ਦਾ ਦੋਸ਼ ਲੌਂਦੇ ਨਹੀਂ ਥੱਕਦੇ, ਜੋ ਅਸੀਂ ਆਪਣੇ ਵਲੋਂ, ਕੀਤੀਆਂ ਜਾਂਦੀਆਂ ਬੇਵਕੂਫੀਆਂ ਰਾਹੀ, ਪੰਥ ਨੂੰ ਨਮੋਸ਼ੀ ਦਿਵਾਉਂਦੇ ਹਾਂ, ਉਹ ਕਿਸ ਖਾਤੇ ਵਿੱਚ ਹਨ?
ਅਮਰ ਜੀਤ ਸਿੰਘ ਚੰਦੀ ਫੋਨ:- ੯੫੬੮੫ ੪੧੪੧੪


(30/05/11)
ਅਵਤਾਰ ਸਿੰਘ ਮਿਸ਼ਨਰੀ/ ਤ੍ਰਲੋਚਨ ਸਿੰਘ ਦੁਪਾਲਪੁਰ

ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ (ਯੂ. ਐਸ. ਏ.) ਦੀਆਂ ਪ੍ਰਚਾਰ ਸਰਗਰਮੀਆਂ

(ਅਵਤਾਰ ਸਿੰਘ ਮਿਸ਼ਨਰੀ/ ਤ੍ਰਲੋਚਨ ਸਿੰਘ ਦੁਪਾਲਪੁਰ) ਮਈ ਮਹੀਨੇ ਦੇ ਪਹਿਲੇ ਹਫਤੇ ਬਿਕਰਸਫੀਲਡ ਵਿਖੇ ਜਿੱਥੇ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ ਨੇ ਗੁਰਮਤਿ ਪ੍ਰਚਾਰ ਕਰਦਿਆਂ ਬਾਦਲੀਲ ਖਾਲਸਾ ਪੰਥ ਅਤੇ ਕਾਲਕਾ ਪੰਥ ਵਿੱਚ ਫਰਕ ਦਰਸਾਉਂਦਿਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਅਤੇ ਸਿੱਖ ਰਹਿਤ ਮਰਯਾਦਾ ਅਨੁਸਾਰ ਸਿੱਖ ਬੀਬੀਆਂ ਦੀ ਅੰਮ੍ਰਿਤ ਵਿੱਚ ਬਰਾਬਰਤਾ, ਹੇਮਕੁੰਟ ਦੀ ਅਸਲੀਅਤਾ, ਗੁਰੂ ਗ੍ਰੰਥ ਦੀ ਸਰਬੁਚਤਾ ਅਤੇ ਅਖੌਤੀ ਦਸਮ ਗ੍ਰੰਥ ਦੀ ਗੁਰਮਤਿ ਵਿਰੋਧੀ ਸਿਖਿਆ ਦੀ ਵਿਆਖਿਆ ਕੀਤੀ। ਸੰਗਤਾਂ ਹੁਮ-ਹੁਮਾ ਕੇ ਸੁਣਨ ਆਈਆਂ। ਕੁੱਝ ਅਜਿਹੇ ਵਿਅਕਤੀ ਵੀ ਬਾਹਰ ਆਏ ਜੋ ਅਕਾਲ ਤਖਤ ਤੋਂ ਆਈ ਅਵਾਜ਼ ਦੇ ਨਾਹਰੇ ਲਾ ਰਹੇ ਸਨ ਪਰ ਆਪ ਅਕਾਲ ਤਖਤ ਦੀ ਅਵਾਜ਼ (ਸਿੱਖ ਰਹਿਤ ਮਰਯਾਦਾ) ਦੀ ਥਾਂ ਸੰਪ੍ਰਦਾਈ ਮਰਯਾਦਾ ਦੇ ਧਾਰਨੀ ਸਨ ਅਤੇ ਨਾਂ ਹੀ ਉਨ੍ਹਾਂ ਨੇ ਦਸਮ ਗ੍ਰੰਥ ਪੜ੍ਹਿਆ ਲਗਦਾ ਸੀ। ਉਹ ਗੁਰੂ ਦਾ ਹੁਕਮ “ਗੁਰੂ ਮਾਨਿਓਂ ਗ੍ਰੰਥ” ਦੀ ਥਾਂ ਹੁਕਮ ਆਪਣੇ “ਡੇਰੇਦਾਰ ਸੰਤਾਂ” ਦਾ ਮੰਨ ਰਹੇ ਸਨ। ਉਨ੍ਹਾਂ ਨੂੰ ਦਸਮ ਗ੍ਰੰਥ ਤੋਂ ਬਿਨਾਂ “ਗੁਰੂ ਗ੍ਰੰਥ ਸਾਹਿਬ” ਅਧੂਰਾ ਲਗਦਾ ਸੀ ਜਿਸ ਨੂੰ ਦਸਮ ਪਾਤਸ਼ਾਹ ਆਪਣੇ ਕਰ ਕਮਲਾਂ ਨਾਲ ਜਿੰਦੇ ਜੀਅ ਪੂਰਾ ਕੀਤਾ ਸੀ। ਇਸ ਸਮਾਗਮ ਨੂੰ ਨੇਪਰੇ ਚਾੜ੍ਹਨ ਵਿੱਚ ਸਥਾਨਕ ਸੰਗਤਾਂ ਤੋਂ ਇਲਾਵਾ ਵਿਸ਼ੇਸ਼ ਉਦਮ ਅਤੇ ਯੋਗਦਾਨ ਅੰਮਿਤ੍ਰਸਰ ਅਕਾਲੀ ਦਲ ਦੇ ਸਿਰਕੱਢ ਆਗੂ ਸ੍ਰ. ਰੇਸ਼ਮ ਸਿੰਘ ਬਿਕਰਸਫੀਲਡ ਦਾ ਸੀ। ਦਾਸ ਅਵਤਾਰ ਸਿੰਘ ਮਿਸ਼ਨਰੀ ਅਤੇ ਬੀਬੀ ਹਰਸਿਮਰਤ ਕੌਰ ਖਾਲਸਾ ਵੀ ਗੁਰਮਤਿ ਦੇ ਲਿਟ੍ਰੇਚਰ ਦੀ ਸਟਾਲ ਲੈ ਕੇ ਪ੍ਰਬੰਧਕਾਂ ਦੇ ਵਿਸ਼ੇਸ਼ ਸੱਦੇ ਤੇ ਪਹੁੰਚੇ। ਬੀਬੀ ਹਰਸਿਮਰਤ ਕੌਰ ਖਾਲਸਾ ਨੇ ਵਿਆਖਿਆ ਸਹਿਤ ਗੁਰਬਾਣੀ ਦਾ ਕੀਰਤਨ ਕੀਤਾ ਅਤੇ ਭਾਈ ਅਵਤਾਰ ਸਿੰਘ ਮਿਸ਼ਨਰੀ ਨੇ ਸਟਾਲ ਲਾਈ ਜਿੱਥੇ ਸੰਗਤਾਂ ਨੇ ਪ੍ਰੋ. ਦਰਸ਼ਨ ਸਿੰਘ ਖਾਲਸਾ ਦੀਆਂ ਬਾਕੀ ਸੀਡੀਆਂ ਦੇ ਨਾਲ ਵਿਸ਼ੇਸ਼ ਕਰਕੇ ਦਸਮ ਗ੍ਰੰਥ ਬਾਰੇ ਸੀਡੀਆਂ ਤੇ ਪੈਂਫਲਟ ਵੀ ਲੈ, ਸਿੱਖ ਰਹਿਤ ਮਰਯਾਦਾ ਵੀ ਵੰਡੀ ਗਈ।

ਗਿ. ਭਾਗ ਸਿੰਘ ਅੰਬਾਲਾ, ਬਾਬਾ ਗੁਰਬਖਸ਼ ਸਿੰਘ ਕਾਲਾ ਅਫਗਾਨਾਂ, ਸ੍ਰ. ਇੰਦਰ ਸਿੰਘ ਘੱਗਾ ਅਤੇ ਵੀਰ ਭੂਪਿੰਦਰ ਸਿੰਘ ਦੀਆਂ ਪੁਸਤਕਾਂ ਵੀ ਸੰਗਤ ਦੀ ਖਿੱਚ ਦਾ ਕਾਰਨ ਬਣੀਆਂ ਰਹੀਆਂ, ਕਈ ਪ੍ਰੇਮੀਆਂ ਨੇ “ਬਾਬਾ ਕਾਲਾ ਅਫਗਾਨਾਂ” ਦੀਆਂ ਪੁਸਤਕਾਂ “ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਅਤੇ ਮਾਸ ਮਾਸ ਕਰਿ ਮੂਰਖ ਝਗੜੇ” ਵੀ ਖਰੀਦੀਆਂ। ਜਿੱਥੇ ਪ੍ਰਬੰਧਕਾਂ ਦੇ ਅਸੀਂ ਤਹਿ ਦਿਲੋਂ ਧੰਨਵਾਦੀ ਹਾਂ ਓਥੇ ਸਿੱਖ ਮਿਸ਼ਨਰੀ ਸ੍ਰ. ਬਲਕਾਰ ਸਿੰਘ ਦੇ ਵੀ ਅਤਿ ਰਿਨੀ ਹਾਂ ਜਿਨ੍ਹਾਂ ਨੇ ਸਾਡਾ ਬਹੁਤ ਮਾਨ-ਤਾਨ ਕੀਤਾ। ਅਗਲੇ ਹਫਤੇ ਅਸੀਂ ਗੁਰਦੁਆਰਾ ਸੈਨਹੋਜੇ ਵਿਖੇ ਗੁਰਮਤਿ ਸਟਾਲ ਲਾਈ ਜਿੱਥੇ ਅਸੀਂ ਪਹਿਲਾਂ ਵੀ ਲਾਉਂਦੇ ਆ ਰਹੇ ਹਾਂ। ਇਸੇ ਸਮੇ ਦੌਰਾਨ ਹੀ ਦਾਸ ਨੇ ਇੱਕ ਦੋ ਗੁਰਮਤਿ ਤੇ ਲੇਖ ਵੀ ਲਿਖੇ ਜਿਨ੍ਹਾਂ ਚੋਂ “ਮਾਸ ਖਾਣ ਦਾ ਝਗੜਾ, ਭੰਬਲਭੂਸਾ ਅਤੇ ਗੁਰਮਤਿ ਵਿਚਾਰ ਚਰਚਾ” ਮੀਡੀਏ ਚ ਛਪਿਆ ਅਤੇ ਭਰਵੀ ਚਰਚਾ ਦਾ ਵਿਸ਼ਾ ਬਣਿਆਂ। ਦਾਸ ਦੇ ਇਸ ਲੇਖ ਨੂੰ ਪੜ੍ਹ ਕੇ ਨਿਊਯਾਰ ਦੇ ਇੱਕ ਡੇਰੇਦਾਰ ਸਤਨਾਮ ਸਿੰਘ ਨੇ ਫੋਨ ਕੀਤਾ ਕਿ ਮੈਂ ਤੁਹਾਡੇ ਲੇਖ ਪੜ੍ਹ ਕੇ ਕਰਮਕਾਂਡਾਂ ਦੇ ਨਰਕਾਂ ਚੋਂ ਨਿਕਲ ਗਿਆ ਹਾਂ ਜਿਨ੍ਹਾਂ ਵਿੱਚ ਇੱਕ ਡੇਰੇਦਾਰ ਵੱਲੋਂ ਮੈਨੂੰ ਪਾਇਆ ਗਿਆ ਸੀ, ਹੁਣ ਮੈਂ ਆਪਣੀ ਕਿਰਤ ਕਮਾਈ ਕਰਦਾ ਹੋਇਆ ਗੁਰਬਾਣੀ ਵਿਚਾਰ ਕਰਦਾ ਅਤੇ ਗੁਰਦੁਆਰੇ ਵੀ ਜਾਂਦਾ ਹਾਂ। ਇਸ ਲੇਖ ਬਾਰੇ ਦਾਸ ਨੂੰ ਦੇਸ਼ਾਂ ਵਿਦੇਸ਼ਾਂ ਤੋਂ ਫੋਨ ਵੀ ਆਏ। ਏਵੇਂ ਗੁਰਮਤਿ ਦੇ ਜਗਿਆਸੂ ਦਾਸ ਨਾਲ ਫੋਨ ਤੇ ਵੀ ਵਿਚਾਰ ਚਰਚਾ ਕਰਦੇ ਰਹਿੰਦੇ ਹਨ।

ਵਿਸ਼ੇਸ਼ ਪ੍ਰੋਗ੍ਰਾਮ-ਮਈ 29 ਸੰਨ 2011 ਨੂੰ ਸ੍ਰ. ਚਮਕੌਰ ਸਿੰਘ, ਚਰਨਜੀਤ ਸਿੰਘ ਅਤੇ ਬੀਬੀ ਮਨਦੀਪ ਕੌਰ ਜਿਨ੍ਹਾਂ ਨੇ ਸੈਕਰਾਮੈਂਟੋ ਲਾਗੇ ਨਵੇਂ ਵੱਸੇ ਸ਼ਹਿਰ ਐਲਕ ਗਰੋਵ ਵਿਖੇ ਨਵਾਂ ਘਰ ਲਿਆ ਹੈ। ਕਰਤਾ-ਕਰਤਾਰ-ਅਕਾਲ ਪੁਰਖ ਦਾ ਸ਼ੁਕਰਾਨਾਂ ਕਰਦਿਆਂ ਹੋਇਆਂ, ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿਤਰ ਪ੍ਰਕਾਸ਼ ਨਵੇਂ ਘਰ ਵਿਖੇ ਕੀਤਾ ਅਤੇ ਗੁਰਬਾਣੀ ਦਾ ਪਾਠ, ਕੀਰਤਨ ਅਤੇ ਗੁਰਮਤਿ ਕਥਾ ਵਿਾਚਾਰਾਂ ਕਰਵਾਈਆਂ। ਸ੍ਰ. ਚਮਕੌਰ ਸਿੰਘ ਜੋ ਆਪ ਫਰਿਜ਼ਨੋ ਰਹਿੰਦੇ ਹਨ ਅਤੇ ਕਿਰਤ ਕਮਾਈ ਦੇ ਨਾਲ-ਨਾਲ ਗੁਰਮਤਿ ਪ੍ਰਚਾਰ ਵੀ ਕਰਦੇ ਰਹਿੰਦੇ ਹਨ। ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਖਾਲਸਾ ਦੇ ਕੀਰਤਨ ਦੀਵਾਨਾਂ ਵਿੱਚ ਇਨ੍ਹਾਂ ਨੇ ਤਨਦੇਹੀ ਨਾਲ ਸੇਵਾ ਕੀਤੀ। ਆਪ ਜੀ ਗੁਰਦੁਆਰੇ ਤੋਂ ਇਲਾਵਾ ਰੇਡੀਓ ਅਤੇ ਟੀ. ਵੀ. ਤੇ ਵੀ ਗੁਰਮਤਿ ਦਾ ਪ੍ਰਚਾਰ ਕਰਦੇ ਹਨ। ਇਨ੍ਹਾਂ ਦੇ ਆਪਣੇ ਪ੍ਰੋਗ੍ਰਾਮ ਵਿੱਚ ਵੀ ਭਾਣਾ ਵਰਤ ਗਿਆ। ਜਦ ਦਾਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਬੈਠਣ ਲੱਗਾ ਸੀ ਤਾਂ ਸੱਦੇ ਰਾਗੀਆਂ ਚੋਂ ਤਬਲੇ ਵਾਲੇ ਸਿੰਘ ਨੇ ਕਿਹਾ ਜੁਰਾਬਾਂ ਲਾਹ ਕੇ ਆਓ, ਦਾਸ ਲਾਹ ਆਇਆ ਜਦ ਕਿ ਦਾਸ ਨੇ ਸਵੇਰੇ ਇਸ਼ਨਾਨ ਕਰਕੇ ਸਾਰੇ ਕਪੜੇ ਜੁਰਾਬਾਂ ਸਮੇਤ ਧੋਤੇ ਹੋਏ ਪਾਏ ਸਨ। ਜਦ ਭਾਈ ਸੁਖਦੇਵ ਸਿੰਘ ਸੈਕਰਾਮੈਂਟੋ ਦਾ ਰਾਗੀ ਜਥਾ ਕੀਰਤਨ ਅਤੇ ਵਿਖਿਆਨ ਕਰਕੇ ਹਟਿਆ ਫਿਰ ਬੀਬੀ ਹਰਸਿਮਰਤ ਕੌਰ ਖਾਲਸਾ ਨੇ ਗੁਰਬਾਣੀ ਦਾ ਕੀਰਤਨ ਅਤੇ ਇੰਗਲਿਸ਼ ਵਿੱਚ ਉਸ ਦੀ ਵੀਰਾਰ ਕੀਤੀ। ਇਸ ਤੋਂ ਬਾਅਦ ਵਿੱਚ ਦਾਸ ਨੇ ਨਵੇਂ ਘਰ ਦੇ ਸਬੰਧ ਵਿੱਚ ਗੁਰਮਤਿ ਵਿਚਾਰ ਕਰਦਿਆਂ ਕਿਹਾ ਕਿ ਜਿਵੇਂ ਅਸੀਂ ਘਰ ਨੂੰ ਸਾਫ ਰੱਖਦੇ ਹਾਂ ਖਾਸ ਕਰਕੇ ਬਾਹਰੋਂ ਆਏ ਲੋਕਾਂ ਨੂੰ ਧਿਆਨ ਚ ਰੱਖਕੇ ਵੀ ਵਿਸ਼ੇਸ਼ ਸਫਾਈ ਕਰਦੇ ਹਾਂ ਇਵੇ ਹੀ ਸਾਡੇ ਹਿਰਦੇ ਘਰ ਨੂੰ ਵੀ ਸਫਾਈ ਦੀ ਲੋੜ ਹੈ ਜਿੱਥੇ ਥੋਥੇ ਕਰਮਕਾਂਡਾਂ ਅਤੇ ਨੰਗੀਆਂ ਲੱਤਾਂ ਵਾਲੇ ਭੇਖੀ ਸਾਧਾਂ ਸੰਤਾਂ ਦੇ ਪਾਏ ਭੂਲੇਖਿਆਂ ਦੀ ਗਰਦ ਵੀ ਸਾਫ ਕਰਨੀ ਹੈ। ਜਦ ਦਾਸ ਨੇ ਕਿਹਾ ਕਿ ਗੁਰੂ ਨੇ ਖਾਲਸਾ ਪੰਥ ਸਾਜਿੲਆ ਸੀ ਜਾਂ ਡੇਰੇ ਟਕਸਾਲਾਂ। ਜਰਾ ਸੋਚੋ! ਅਸੀਂ ਗੁਰੂ ਪੰਥ ਦੇ ਮੈਂਬਰ ਹਾਂ ਜਾਂ ਕਿਸੇ ਡੇਰੇ ਜਾਂ ਸੰਪ੍ਰਦਾ ਦੇ ਤਾਂ ਰਾਗੀ ਸੁਖਦੇਵ ਸਿੰਘ ਸੰਗਤ ਵਿੱਚ ਕਥਾ ਚਲਦੀ ਦੇ ਦੌਰਾਨ ਹੀ ਦਾਸ ਨੂੰ ਟੋਕਨ ਲੱਗ ਪਿਆ ਤੁਸੀਂ ਗੋਲ ਪੱਗਾਂ ਸੰਤਾਂ ਡੇਰਿਆਂ ਦੀ ਨਿੰਦਿਆ ਨਾਂ ਕਰੋ ਗੁਰਬਾਣੀ ਹੀ ਕਹੋ ਤਾਂ ਦਾਸ ਨੇ ਗੁਰਬਾਣੀ ਚੋਂ ਹੀ ਦਰਸਾਇਆ ਕਿ-ਗਲੀਂ ਜਿਨ੍ਹਾਂ ਜਪ ਮਾਲੀਆਂ ਲੋਟੇ ਹਥ ਨਿਬੱਗ ਓਏ ਹਰ ਸੰਤ ਨਾਂ ਆਖੀਅਹਿ ਬਾਨਾਰਸ ਕੇ ਠੱਗ॥ ਐਸੇ ਸੰਤ ਨਾ ਮੋ ਕੋ ਭਾਵਹਿ॥ ਭੱਟ ਵੀ ਜਦ ਇਧਰ ਓਧਰ ਭਟਕਦੇ ਹੋਏ ਗੁਰੂ ਦਰ ਆਏ ਤਾਂ ਉਨ੍ਹਾਂ ਨੇ ਵੀ ਪੁਕਾਰ ਪੁਕਾਰ ਕੇ ਕਿਹਾ-ਰਹਿਓ ਸੰਤ ਹਉ ਟੋਲ ਸਾਧ ਬਹੁਤੇਰੇ ਡਿਠੇ॥ ਸਨਿਆਸੀ ਤਪਸੀਏ ਮੁਖੋ ਇਹਿ ਪੰਡਿਤ ਮਿਠੇ॥ ਏਕ ਬਰਸ ਹਉ ਰਹਿਓ ਟੋਲ ਕਿਨੈ ਨਾਂ ਪਰਚਾ ਲਾਇਓ॥ ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ॥ ਸੰਗਤ ਨੇ ਵੀ ਰਾਗੀਆਂ ਨੂੰ ਕਿਹਾ ਜੇ ਕੋਈ ਸ਼ੰਕਾ ਹੈ ਤਾਂ ਬਾਅਦ ਵਿੱਚ ਬੈਠ ਕੇ ਵਿਚਾਰ ਲੈਣਾ ਵਿਚੇ ਟੋਕਣਾ ਠੀਕ ਨਹੀਂ ਹੈ। ਦਾਸ ਨੇ ਇਹ ਵੀ ਦਰਸਾਇਆ ਕਿ ਗੁਰੂ ਨਾਨਕ ਜੀ ਪਹਿਲੇ ਰਹਿਬਰ ਹਨ ਜਿਨ੍ਹਾਂ ਨੇ ਪੁਜਾਰੀਵਾਦ ਦਾ ਡਟ ਕੇ ਵਿਰੋਧ ਕਰਦਿਆਂ ਲੋਕਾਈ ਨੂੰ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਦਾ ਉਪਦੇਸ਼ ਦਿੱਤਾ। ਭਾਵ ਤੁਸੀਂ ਆਪ ਹੀ ਧਰਮ-ਕਰਮ ਕਰ ਸਕਦੇ ਹੋ ਤੁਹਾਨੂੰ ਕਿਸੇ ਪੰਡਤ, ਮੁੱਲਾਂ ਅਤੇ ਸਿੱਧ ਜੋਗੀ ਕੋਲ ਜਾਣ ਦੀ ਲੋੜ ਨਹੀਂ ਜੋ ਆਪ ਤੁਹਾਥੋਂ ਮੰਗਦੇ ਫਿਰਦੇ ਅਤੇ ਉਲਟਾ ਪੁੰਨ-ਪਾਪ ਅਤੇ ਨਰਕ-ਸਵਰਗ ਦੇ ਡਰਾਵੇ ਦੇ ਕੇ ਲੁੱਟਦੇ ਹਨ। ਸੰਗਤ ਵਿੱਚ ਫਰਿਜਨੋ ਤੋਂ ਪੜ੍ਹੇ ਲਿਖੇ ਡਾਕਟਰ ਸੱਜਨ ਅਤੇ ਪ੍ਰਸਿੱਧ ਵਿਦਵਾਨ ਸਰਬਜੀਤ ਸਿੰਘ ਸੈਕਰਾਮੈਂਟੋ ਵੀ ਪਹੁੰਚੇ ਹੋਏ ਸਨ। ਫਿਰ ਅਨੰਦ ਸਾਹਿਬ ਦਾ ਸਮਾਪਤੀ ਦਾ ਪਾਠ ਹੋਇਆ, ਦਾਸ ਨੇ “ਪ੍ਰਿਥਮ ਅਕਾਲ ਪੁਰਖ ਸਿਮਰ ਕੇ ਗੁਰੂ ਨਾਨਕ ਲਈਂ ਧਿਆਏ” ਸ਼ਬਦਾਂ ਨਾਲ ਅਰਦਾਸ ਕੀਤੀ ਅਤੇ ਹੁਕਮਨਾਮਾਂ ਲੈ ਕੇ ਉਸ ਦਾ ਮੁਖ ਭਾਵ ਦੱਸਿਆ ਫਿਰ ਪ੍ਰਸ਼ਾਦ ਅਤੇ ਲੰਗਰ ਵਰਤਾਇਆ ਗਿਆ। ਸਾਰੀ ਸਮਾਪਤੀ ਉਪ੍ਰੰਤ ਘਰ ਵਾਲੇ ਅਤੇ ਪਤਵੰਤੇ ਸੱਜਨਾਂ ਨੇ ਰਾਗੀ ਸਿੰਘਾਂ ਨੂੰ ਸਮਝਾਇਆ ਕਿ ਚਲਦੇ ਕਥਾ ਕੀਰਤਨ ਵਿੱਚ ਅਚਾਨਕ ਖਲਲ ਨਹੀਂ ਪਾਈਦਾ ਸਗੋਂ ਗੁਰਮੁਖ ਜਨ ਬੈਠ ਕੇ ਵਿਚਾਰ ਵਿਟਾਂਦਰਾ ਕਰ ਲੈਂਦੇ ਹਨ ਤਾਂ ਰਾਗੀ ਜਥੇ ਨੇ ਆਪਣੀ ਗਲਤੀ ਸਵੀਕਾਰ ਕੀਤੀ ਅਤੇ ਜਾਂਦੇ ਹੋਏ ਦਾਸ ਨਾਲ ਫਿਰ ਗਲਬਾਤ ਕਰਦੇ ਹੋਏ ਕਹਿਣ ਲੱਗੇ ਤੁਸੀਂ ਭੇਖੀ ਸਾਧਾਂ ਦਾ ਨਾਂ ਲੈਣਾ ਸੀ ਤਾਂ ਦਾਸ ਨੇ ਕਿਹਾ ਜੇ ਅਜਿਹੇ ਭੇਖੀ ਪਾਖੰਡੀਆਂ ਦਾ ਨਾਂ ਗਿਣਨ ਲੱਗ ਜਾਈਏ ਤਾਂ ਲੰਬਾ ਸਮਾਂ ਚਾਹੀਦਾ ਹੈ ਕਿਉਂਕਿ ਇਨ੍ਹਾਂ ਦੀ ਲਿਸਟ ਬਹੁਤ ਵੱਡੀ ਹੈ ਜੇ ਤੁਸੀਂ ਦਾਸ ਨੂੰ ਕਿਸੇ ਆਪਣੀ ਸਟੇਜ ਤੇ ਸਮਾਂ ਦਿਓਗੇ ਤਾਂ ਐਸਾ ਵੀ ਕਰ ਲਵਾਂਗੇ। ਅਜਿਹੇ ਵਰਤਾਰਿਆਂ ਤੋਂ ਪਤਾ ਲਗਦਾ ਹੈ ਕਿ ਗੁਰਦੁਆਰੇ ਦੇ ਪ੍ਰਬੰਧਕ ਅਤੇ ਰਾਗੀ ਗ੍ਰੰਥੀ ਪ੍ਰਚਾਰਕਾਂ ਦੇ ਅੰਦਰ ਡੇਰਾਵਾਦ ਘੁਸੜਿਆ ਹੋਇਆ ਹੈ ਤਾਂ ਹੀ ਨਿਕਲੇਗਾ ਜੇ ਤਨੋਂ ਮਨੋਂ ਗੁਰੂ ਗ੍ਰੰਥ ਅਤੇ ਗੁਰੂ ਦੇ ਪੰਥ ਨੂੰ ਸਮਰਪਿਤ ਹੋਣਗੇ।


(30/05/11)
ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਮੈਂ ਦੋਇਮ ਦਰਜ਼ੇ ਦਾ ਸ਼ਹਿਰੀ
-ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਇਸ ਨਕਲੀ ਲੋਕਤੰਤਰ ਅੰਦਰ,
ਮੈਂ ਦੋਇਮ ਦਰਜ਼ੇ ਦਾ ਸ਼ਹਿਰੀ |
ਹੱਕ ਆਪਣੇ ਦੀ ਗਲ ਜੇ ਆਖਾਂ,
ਲੱਗਾਂ ਨਾਗ ਕੋਈ ਜ਼ਹਿਰੀ |

ਕਾਲੇਪਾਣੀ ਜਵਾਨੀਆਂ ਗਾਲੀਆਂ,
ਰੱਸਿਆਂ 'ਤੇ ਹੱਸ ਚੜ੍ਹਿਆ |
ਮੇਰੀ ਹੀ ਲਾਸ਼ਾਂ ਦੀ ਨੀਂਹ 'ਤੇ,
ਮੁਲਕ ਅਜ਼ਾਦ ਇਹ ਖੜ੍ਹਿਆ |

ਮੁਲਕ ਵਲ ਆਂਦੀ ਹਰ ਗੋਲੀ ਨੂੰ,
ਸੀਨਾ ਡਾਹ ਮੈਂ ਜਰਿਆ |
ਅਣਪਛਾਤੀ ਮੇਰੀ ਲਾਸ਼ ਲਈ,
ਖੱਫ਼ਣ ਪਰ ਨਾ ਸਰਿਆ |

ਧੀ ਭੈਣਾਂ ਘਰ ਜਿਹਦੀਆਂ ਮੋੜੀਆਂ,
ਵਿਕਦੀਆਂ ਗਜ਼ਨੀ ਦੀਆਂ ਮੰਡੀਆਂ |
ਮੇਰੀ ਪਿੱਠ ਉਸ ਖੋਭ ਕੇ ਖੰਜਰ,
ਕੀਤੀਆਂ ਮਾਵਾਂ ਭੈਣਾਂ ਰੰਡੀਆਂ |

ਗਿਣਤੀ ਦੀ ਸਿਆਸਤ ਅੰਦਰ,
ਮੈਂ ਘੱਟ ਗਿਣਤੀ ਵਿੱਚ ਆਇਆ |
ਮੇਰੀ ਕੁਰਬਾਨੀ ਨੂੰ ਇਸੇ ਲਈ ਤਾਂ,
ਵਿੱਚ ਪੈਰਾਂ ਦੇ ਰੋਲ ਭੁਲਾਇਆ |

ਘਰ ਵੜ੍ਹ ਕੇ ਤੋਪਾਂ ਡਾਹੀਆਂ,
ਉਹ ਜੋਰੀ ਦਾਨ ਪਿਆ ਮੰਗੇ |
ਤ੍ਰੀਮਤ, ਬੱਚੇ ਨਾ ਬੁੱਢੇ ਛੱਡੇ,
ਹੱਥ ਸਭ ਦੇ ਲਹੂ ਵਿੱਚ ਰੰਗੇ |

ਬਿਰਖ ਗਿਰੇ 'ਤੇ ਧਰਤੀ ਕੰਬੇ,
ਜ਼ਿੰਦਗੀ ਖਾਤੇ ਕਿਸੇ ਨਾ ਆਵੇ |
ਬਲਦੇ ਟਾਇਰ ਗਲਾਂ 'ਚ ਪਾ ਕੇ,
ਗਲੀ ਬਜ਼ਾਰਾਂ ਮੌਤ ਨਚਾਵੇ |

ਪਿਆਸ ਨਹੀਂ ਸੀ ਮੁੱਕੀ ਹਾਲ੍ਹੇ,
ਜਬਰ ਦਾ ਨੰਗਾ ਖੇਡ ਰਚਾਇਆ |
ਕਿੰਨੀ ਹੀ ਮਾਵਾਂ ਦੇ ਤਾਰਿਆਂ,
ਚੱਕ-ਚੱਕ ਕੇ ਘਰੋਂ ਮੁਕਾਇਆ |

ਥਾਣੇ ਤਸ਼ਦੱਦਗਾਹਾਂ ਬਣ ਗਏ,
ਜਿੱਥੇ ਅੰਗ-ਅੰਗ ਮੇਰੇ ਕੱਟੇ |
ਬਣ ਦਰਿੰਦਾ ਨਰੂੜ ਕੇ ਮੈਨੂੰ,
ਮੇਰੀ ਪੱਤ ਅੱਖਾਂ ਅੱਗੇ ਲੁੱਟੇ |

ਮੇਰੀ ਲੋਥ ਇੱਕ ਹਿੰਦਸਾ ਬਣ ਗਈ,
ਕਿਸੇ ਨੂੰ ਤਗਮਾ ਜਾ ਦਿਵਾਇਆ |
ਮੇਰੀ ਜਿਉਂਦੀ ਚਿਤਾ ‘ਤੇ ਚੜ੍ਹ ਕੇ,
ਕਿਸੇ ਦਿੱਲੀ ਤਖ਼ਤ ਹੱਥਿਆਇਆ |

ਆਪਣੀ ਹੀ ਮੈਂ ਲਾਸ਼ ਦਾ ਬੋਝਾ,
ਹੁਣ ਕਿਸ-ਕਿਸ ਦਰ ਤੱਕ ਢੋਵਾਂ |
ਹੱਕ ਮੰਗਿਆਂ 'ਤੇ ਜੁੜ੍ਹਨ ਫਾਂਸੀਆਂ,
ਆਖਰ ਰੋਵਾਂ ਤਾਂ ਕਿੱਥੇ ਰੋਵਾਂ ?

ਇਨਸਾਫ਼ ਉਡੀਕਦਾ ਪੱਥਰ ਹੋਇਆ,
ਦੁਸ਼ਮਣ ਬਣੀ ਹਰ ਕਚਹਿਰੀ |
ਇਸ ਨਕਲੀ ਲੋਕਤੰਤਰ ਅੰਦਰ,
ਮੈਂ ਦੋਇਮ ਦਰਜ਼ੇ ਦਾ ਸ਼ਹਿਰੀ |


ਪਿਛਲੇ ਕੁੱਝ ਹਫਤਿਆਂ ਤੋਂ ਛਪੀਆਂ ਲਿਖਤਾਂ ਸੰਬੰਧੀ ਕੁੱਝ ਸੰਪਾਦਕੀ ਟਿੱਪਣੀਆਂ

1- ਪਿਛਲੇ ਦੋ ਹਫਤਿਆਂ ਤੋਂ ਜੋ ਲਿਖਤਾਂ ਇਸ ਪੰਨੇ ਨਾਲ ਸੰਬੰਧਿਤ ਆਈਆਂ ਹੋਈਆਂ ਸਨ ਉਹਨਾ ਵਿਚੋਂ ਸਿਰਫ ਉਹੀ ਪਾਈ ਗਈ ਹੈ ਜਿਸ ਦਾ ਸੰਬੰਧ ਸਿਰਫ ‘ਸਿੱਖ ਮਾਰਗ’ ਨਾਲ ਸੀ। ਬਾਕੀ ਲਿਖਤਾਂ ਹੋਰ ਥਾਵਾਂ ਤੇ ਛਪ ਚੁੱਕੀਆਂ ਹਨ ਇਸ ਲਈ ਉਹ ਸਾਰੀਆਂ ਇਕੱਠੀਆਂ ਹੀ ਹੁਣ ਪਉਣੀਆਂ ਬਹੁਤ ਸਾਰਾ ਵਾਧੂ ਸਮਾਂ ਮੰਗਦੀਆਂ ਸਨ ਜੋ ਕਿ ਮੁਸ਼ਕਲ ਸੀ। ਜੋ ਅੱਜ ਨਵੀਂਆਂ ਆਈਆਂ ਸਨ ਉਹ ਪਾ ਦਿੱਤੀਆਂ ਹਨ।
2- ਕਈ ਪਾਠਕਾਂ/ਲੇਖਕਾਂ ਦੀਆਂ ਲਿਖਤਾਂ ਤੋਂ ਅਸਿੱਧੇ ਤੌਰ ਤੇ ਇਹ ਸੰਕੇਤ ਮਿਲਦੇ ਹਨ ਕਿ ਅਸੀਂ ਸ਼ਾਇਦ ਡਾ: ਇਕਬਾਲ ਸਿੰਘ ਢਿੱਲੋਂ ਦਾ ਪੱਖ ਪੂਰ ਰਹੇ ਹਾਂ। ਜੋ ਕਿ ਸਰਾਸਾਰ ਗਲਤ ਹੈ। ਅਸੀਂ ਅੱਜ ਤੱਕ ਨਾ ਤਾਂ ਕਿਸੇ ਦਾ ਪੱਖ ਪੂਰਿਆ ਹੈ ਅਤੇ ਨਾ ਹੀ ਕਿਸੇ ਦਾ ਕੋਈ ਦਬਾਅ ਹੀ ਝੱਲਿਆ ਹੈ। ਸਾਡੇ ਲਈ ਸਭ ਤੋਂ ਉਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਜਿਹੜਾ ਵੀ ਪਾਠਕ/ਲੇਖਕ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉਚਤਾ ਨੂੰ ਮੰਨਦਾ ਹੈ ਉਹ ਆਪਣੇ ਵਿਚਾਰ ਇੱਥੇ ਸਾਂਝੇ ਕਰ ਸਕਦਾ ਹੈ। ਇਹ ਜਰੂਰੀ ਨਹੀਂ ਕਿ ਅਸੀਂ ਜੋ ਹੋਰ ਸਾਰੇ ਪਾਠਕ/ਲੇਖਕ ਉਸ ਨਾਲ 100% ਸਹਿਮਤ ਹੋਣ।
ਡਾ: ਇਕਬਾਲ ਸਿੰਘ ਢਿੱਲੋਂ ਦੀ ਸਪੋਕਸਮੈਨ ਦੇ ਸੰਪਾਦਕ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਡਾ: ਢਿੱਲੋਂ ਨੇ ਅੱਜ ਤੱਕ ਕੋਈ ਵੀ ਉਹ ਗੱਲ ਗੁਰਬਾਣੀ ਜਾਂ ਗੁਰੂਆਂ ਬਾਰੇ ਨਹੀਂ ਕਹੀ ਜੋ ਕਿ ਸਪੋਕਸਮੈਨ ਦਾ ਸੰਪਾਦਕ ਕਹਿ ਚੁੱਕਾ ਹੈ। ਹਾਂ, ਉਹ ਕਰਤਾਰਪੁਰ ਵਾਲੀ ਬੀੜ ਨੂੰ ਨਕਲੀ ਜ਼ਰੂਰ ਮੰਨਦੇ ਹਨ। ਨਕਲੀ ਦਾ ਇਹ ਮਤਲਬ ਨਹੀਂ ਕਿ ਉਸ ਵਿੱਚ ਸਾਰਾ ਕੁੱਝ ਨਕਲੀ ਹੈ। ਨਕਲੀ ਤੋਂ ਭਾਵ ਇਹ ਹੈ ਕਿ ਕਰਤਾਰਪੁਰ ਵਾਲੀ ਬੀੜ ਉਹ ਨਹੀਂ ਹੈ ਜਿਹੜੀ ਕਿ ਗੁਰੂ ਅਰਜਨ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਤੋਂ ਲਿਖਵਾਈ ਸੀ ਸਗੋਂ ਉਹ ਹੋਰ ਬੀੜਾਂ ਦੀ ਨਕਲ ਹੈ। ਇਹ ਗੱਲ ਤਾਂ ਹੋਰ ਵੀ ਬਹੁਤ ਸਾਰੇ ਵਿਦਵਾਨ ਕਹਿ ਚੁੱਕੇ ਹਨ। ਜਿਹੜੇ ਉਸ ਨੂੰ ਅਸਲੀ ਮੰਨਦੇ ਵੀ ਹਨ ਉਹ ਵੀ ਬਾਹਰੋਂ ਹੀ ਮੰਨਦੇ ਹਨ ਅੰਦਰੋਂ ਨਹੀਂ। ਜੇ ਕਰ ਅੰਦਰੋਂ ਵੀ ਮੰਨਦੇ ਹੋਣ ਤਾਂ ਫਿਰ ਰਾਗਮਾਲਾ ਨੂੰ ਵੀ ਮੰਨਣਾ ਪੈਣਾ ਹੈ ਜੋ ਕਿ ਮਾੜੀ ਮੋਟੀ ਸੋਝ ਵਾਲਾ ਵੀ ਇਸ ਨੂੰ ਗੁਰੂ ਕ੍ਰਿਤ ਨਹੀਂ ਮੰਨ ਸਕਦਾ। ਜਿਹਨਾ ਨੇ ਹੱਥ ਲਿਖਤ ਬੀੜਾਂ ਬਾਰੇ ਥੋੜੀ ਜਿਹੀ ਵੀ ਖੋਜ ਕੀਤੀ ਹੈ ਉਹ ਜਾਣਦੇ ਹਨ ਕਿ ਕਰਤਾਰ ਪੁਰ ਵਾਲੀ ਬੀੜ ਵਿੱਚ ਕੁੱਝ ਪੰਗਤੀਆਂ ਹੀ ਦਰਜ਼ ਹਨ ਇਹਨਾ ਵਿੱਚ ਗੁਰੂ ਅਰਜਨ ਸਾਹਿਬ ਦੀਆਂ ਪੰਗਤੀਆਂ ਵੀ ਹਨ ਜਦੋਂ ਕਿ ਹੋਰ ਕਈ ਹੱਥ ਲਿਖਤ ਬੀੜਾਂ ਵਿੱਚ ਇਹ ਪੂਰੇ ਸ਼ਬਦ ਦਰਜ਼ ਹਨ। ਇਹਨਾ ਪੰਗਤੀਆਂ ਦੀ ਤਰਤੀਬ ਅਤੇ ਗਿਣਤੀ ਵੀ ਜੋੜ ਵਿੱਚ ਸ਼ਾਮਲ ਨਹੀਂ। ਇਸ ਬਾਰੇ ਪਹਿਲਾਂ ਵੀ ‘ਸਿੱਖ ਮਾਰਗ’ ਤੇ ਲਿਖਿਆ ਜਾ ਚੁੱਕਾ ਹੈ। ਇਸ ਬਾਰੇ ਹੋਰ ਜਾਣਕਾਰੀ ਭਾਈ ਜੋਧ ਸਿੰਘ ਦੀ ਪੁਸਤਕ, ‘ਕਰਤਾਰਪੁਰ ਵਾਲੀ ਬੀੜ ਦੇ ਦਰਸ਼ਨ ਪੜ ਕੇ ਪੰਨਾ 97 ਤੋਂ ਲਈ ਜਾ ਸਕਦੀ ਹੈ ਅਤੇ ਜਾਂ ਫਿਰ ਜਨਵਰੀ 2011 ਦੀ ਵਿਚਾਰ ਚਰਚਾ ਵਿਚੋਂ ਸਰਵਜੀਤ ਸਿੰਘ ਦੀ 9 ਜਨਵਰੀ ਦੀ ਲਿਖਤ ਪੜ੍ਹੀ ਜਾ ਸਕਦੀ ਹੈ। ਇੱਕ ਗੱਲ ਹੋਰ ਜੋ ਜ਼ਰੂਰੀ ਨੋਟ ਕਰਨ ਵਾਲੀ ਹੈ। ਉਹ ਹੈ ਭਾਈ ਕਾਨ ਸਿੰਘ ਨਾਭਾ ਦੀ ਚਿੱਠੀ ਜਿਹੜੀ ਕਿ ਕਰਤਾਰਪੁਰੀ ਬੀੜ ਦੇ ਦਰਸ਼ਨ ਵਾਲੀ ਕਿਤਾਬ ਵਿੱਚ ਪਹਿਲੇ ਪੰਨਿਆਂ ਤੇ ਛਪੀ ਹੋਈ ਹੈ। ਇਸ ਵਿੱਚ ਇੱਕ ਥਾਂ ਉਹ ਲਿਖਦੇ ਹਨ, “ਮੈਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦਾ ਨਿਰਣਾ, ‘ਗੁਰੂ ਗਿਰਾ ਕਸੌਟੀ’ ਵਿੱਚ ਵਿਸਥਾਰ ਨਾਲ ਕੀਤਾ ਹੈ। ਪਰ ਇਹ ਪੋਥੀ ਮਸੰਦਾਂ ਤੇ ਬੁਰਛਿਆਂ ਦੇ ਉਪਦ੍ਰਵ ਤੇ ਭਯ ਤੋਂ ਹੁਣ ਤੋੜੀ ਪ੍ਰਕਾਸ਼ਤ ਨਹੀਂ ਕੀਤੀ। --- ਸਾਰੇ ਪੱਤਰੇ ਗੁਰੂ ਬਾਬੇ ਦੇ 974”। ਇਸ ਚਿੱਠੀ ਤੋਂ ਬਾਅਦ ਜੋਧ ਸਿੰਘ ਲਿਖਦਾ ਹੈ ਕਿ, “ਅਸੀਂ ਮੈਨੇਜਰ ਸਾਹਿਬ ਕੋਰਟ ਆਫ ਵਾਰਡ ਸ੍ਰੀ ਕਰਤਾਰਪੁਰ ਐਸਟੇਟ ਨੂੰ ਬੇਨਤੀ ਕੀਤੀ ਕਿ ਸਾਨੂੰ ਦੱਸਿਆ ਗਿਆ ਹੈ ਕਿ ਆਪ ਪਾਸ ਕਈ ਪੁਰਾਤਨ ਬੀੜਾਂ ਹਨ, ਸਾਨੂੰ ਉਸੇ ਅਸਲੀ ਬੀੜ ਦੇ ਦਰਸ਼ਨ ਕਰਾਉਣੇ ਜੋ ਅਸਲੀ ਆਦਿ ਬੀੜ ਹੈ”। ਅਗਾਂਹ ਜਾ ਕੇ ਜੋਧ ਸਿੰਘ ਲਿਖਦਾ ਹੈ ਕਿ ਬੀੜ ਵਿੱਚ ਕਿਧਰੇ ਵੀ, ਸਾਰੇ ਪੱਤਰੇ ਗੁਰੂ ਬਾਬੇ ਦੇ 974 ਵਾਲੀ ਗੱਲ ਨਹੀਂ ਆਈ। ਕਈ ਹੋਰ ਗੱਲਾਂ ਦੀ ਵੀ ਖੰਡਣ ਕਰਦਾ ਹੈ ਜਿਹੜੀਆਂ ਕਿ ਭਾਈ ਕਾਨ ਸਿੰਘ ਨਾਭਾ ਨੇ ਲਿਖੀਆਂ ਹਨ। ਇਸ ਤੋਂ ਇੱਕ ਗੱਲ ਸਪਸ਼ਟ ਹੈ ਕਿ ਨਾ ਤਾਂ ਭਾਈ ਕਾਨ ਸਿੰਘ ਨਾਭਾ ਝੂਠ ਬੋਲਦਾ ਹੈ ਅਤੇ ਨਾ ਹੀ ਜੋਧ ਸਿੰਘ। ਫਿਰ ਅਸਲੀ ਗੱਲ ਕੀ ਹੈ? ਅਸਲੀ ਗੱਲ ਇਹੀ ਹੈ ਕਿ ਉਥੇ ਇੱਕ ਤੋਂ ਜ਼ਿਆਦਾ ਬੀੜਾਂ ਹਨ, ਇਸ ਦਾ ਜ਼ਿਕਰ ਜੋਧ ਸਿੰਘ ਵੀ ਕਰ ਚੁੱਕਾ ਹੈ। ਜਿਸ ਬੀੜ ਬਾਰੇ ਭਾਈ ਕਾਨ ਸਿੰਘ ਨਾਭਾ ਗੱਲ ਕਰਦਾ ਹੈ ਉਹ ਹੋਰ ਹੈ ਅਤੇ ਜਿਸ ਬੀੜ ਬਾਰੇ ਜੋਧ ਸਿੰਘ ਗੱਲ ਕਰਦਾ ਹੈ ਉਹ ਹੋਰ ਹੈ। ਇਹ ਸਾਰੀਆਂ ਬੀੜਾਂ ਹੀ ਅਗਾਂਹ ਉਤਾਰੇ ਹਨ ਜੋ ਕਿ ਆਪਸ ਵਿੱਚ ਨਹੀਂ ਮਿਲਦੀਆਂ। ਜੇ ਕਰ ਡਾ: ਢਿੱਲੋਂ ਨੇ ਇਸ ਬਾਰੇ ਕੋਈ ਸੱਚੀ ਗੱਲ ਕਹਿ ਦਿੱਤੀ ਤਾਂ ਕੋਈ ਗੁਨਾਹ ਨਹੀਂ ਕਰ ਦਿੱਤਾ। ਬਹੁਤਾ ਚਿਰ ਝੂਠ ਦੇ ਗਲੇਫਿਆਂ ਥੱਲੇ ਸੱਚ ਨੂੰ ਛੁਪਾ ਕੇ ਨਹੀਂ ਰੱਖਿਆ ਜਾ ਸਕਦਾ।
ਸਾਡਾ ਇੱਥੇ ਇਹ ਲਿਖਣ ਦਾ ਮਕਸਦ ਕੋਈ ਵੀ ਕਿਸੇ ਤਰ੍ਹਾਂ ਨਾਲ ਧਿਰ ਬਣਨਾ ਨਹੀਂ ਸਿਰਫ ਸਚਾਈ ਦੱਸਣਾ ਹੈ ਤਾਂ ਕਿ ਹੋਰ ਪਾਠਕ/ਲੇਖਕ ਇਸ ਸਚਾਈ ਤੋਂ ਜਾਣੂ ਹੋਣ ਅਤੇ ਗਲਤ ਜਾਣਕਾਰੀ ਦੇਣ ਤੋਂ ਸੰਕੋਚ ਕਰਨ। ਇਹ ਵੀ ਜ਼ਰੂਰੀ ਨਹੀਂ ਕਿ ਜੇ ਕਰ ਕਿਸੇ ਹੋਰ ਵਿਦਵਾਨ ਨੇ ਕਿਸੇ ਗੱਲ ਦਾ ਖੰਡਨ ਨਹੀਂ ਕੀਤਾ ਤਾਂ ਕਿਸੇ ਹੋਰ ਤੇ ਵੀ ਇਹ ਪਵੰਦੀ ਹੋਣੀ ਚਾਹੀਦੀ ਹੈ। ਕਿਸੇ ਵੀ ਵਿਦਵਾਨ ਦੀਆਂ ਲਿਖਤਾ ਨੂੰ 100% ਸਹੀ ਨਹੀਂ ਮੰਨਿਆ ਜਾ ਸਕਦਾ। ਜੇ ਕਰ ਭਾਈ ਕਾਨ ਸਿੰਘ ਨਾਭਾ ਨੇ ਮਹਾਨ ਕੋਸ਼ ਅਤੇ ਗੁਰਮਤਿ ਮਾਰਤੰਡ ਲਿਖ ਕੇ ਮਹਾਨ ਕੰਮ ਕੀਤਾ ਹੈ ਤਾਂ ਦਸਮ ਗ੍ਰੰਥ ਬਾਰੇ ਉਹਨਾ ਦੇ ਖਿਆਲ ਹੁਣ ਦੀ ਸੋਚਣੀ ਨਾਲੋਂ ਬਿੱਲਕੁੱਲ ਵੱਖਰੇ ਹਨ। ਇਸੇ ਤਰ੍ਹਾਂ ਪ੍ਰੋ: ਸਹਿਬ ਸਿੰਘ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਟੀਕਾ ਕੀਤਾ ਹੈ ਅਤੇ ਹੋਰ ਕਈ ਕਿਤਾਬਾਂ ਗੁਰਮਤਿ ਬਾਰੇ ਲਿਖ ਕੇ ਮਹਾਨ ਕੰਮ ਕੀਤਾ ਹੈ ਉਥੇ ਉਹ ਕਿਸੇ ਸਮੇਂ ਮੰਤਰ ਪੜ੍ਹ ਕੇ ਭੂਤ ਵੀ ਕੱਢਦੇ ਰਹੇ ਹਨ ਅਤੇ ਇਹਨਾ ਦੀ ਹੋਂਦ ਨੂੰ ਵੀ ਮੰਨਦੇ ਰਹੇ ਹਨ ਜੋ ਕਿ ਅਜੋਕੇ ਸਮੇ ਕੋਈ ਵੀ ਵਿਦਵਾਨ ਭੂਤਾਂ ਦੀ ਹੋਂਦ ਮੰਨਣ ਲਈ ਤਿਆਰ ਨਹੀਂ।
ਅਕਾਲ ਤਖ਼ਤ ਦੇ ਨਾਮ ਤੇ ਜੋ ਕੁੱਝ ਹੋ ਰਿਹਾ ਹੈ ਡਾ: ਢਿੱਲੋਂ ਉਸ ਨੂੰ ਚੱਲਦਾ ਰੱਖਣ ਦੇ ਹੱਕ ਵਿੱਚ ਨਹੀਂ ਪਰ ਇਸ ਦੇ ਉਲਟ ਸੋਚਣੀ ਵਾਲੇ ਸਾਰੇ ਹੀ ਇਹ ਤਾਂ ਮੰਨਦੇ ਹਨ ਕਿ ਉਥੇ ਸਭ ਅੱਛਾ ਨਹੀਂ ਹੋ ਰਿਹਾ ਪਰ ਉਹ ਇਸ ਨੂੰ ਬੰਦ ਕਰਨ ਦੇ ਹੱਕ ਵਿੱਚ ਨਹੀਂ। ਪਰ ਇੱਕ ਗੱਲ ਦੋਹਾਂ ਧਿਰਾਂ ਵਿੱਚ ਸਾਂਝੀ ਹੈ, ਉਹ ਹੈ ਕਿ ਸਾਰੇ ਹੀ ਸੇਧ ਗੁਰਬਾਣੀ ਤੋਂ ਲੈਣਾਂ ਚਾਹੁੰਦੇ ਹਨ। ਇੱਕ ਧਿਰ ਅਕਾਲ ਤਖ਼ਤ ਦੇ ਨਾਮ ਤੇ ਬੰਦਿਆਂ ਰਾਂਹੀਂ ਲੈਣਾ ਚਾਹੁੰਦੇ ਹਨ ਅਤੇ ਦੂਜੇ ਸਿੱਧੇ ਹੀ ਗੁਰਬਾਣੀ ਰਾਹੀਂ। ਸੋ ਇਸ ਵਿਚਾਰ ਚਰਚਾ ਨੂੰ ਬੇਲੋੜਾ ਹੀ ਤਕਰਾਰ ਵਾਲਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਜੋ ਕਿ ਠੀਕ ਨਹੀਂ ਹੈ।


(29/05/11)
ਸਤਨਾਮ ਕੋਰ ਫ਼ਰੀਦਾਬਾਦ, ਲੁਧਿਆਣਾ

ਸਿੱਖ ਲਈ ਗੁਰੂ ਗਿਆਨ ਜਰੂਰੀ ਹੈ ਜਾਂ ਤੀਰਥ ਇਸ਼ਨਾਨ?
28 ਮਈ ੨੦੧੧ ਸਤਨਾਮ ਕੋਰ (ਫ਼ਰੀਦਾਬਾਦ, ਲੁਧਿਆਣਾ)
ਨੋਜਵਾਨ ਵੀਰਾਂ ਵੱਲੋਂ ਸ਼ਹਿਰ ਦੇ ਕੇਂਦਰੀ ਅਸਥਾਨ ਗੁ: ਕਲਗੀਧਰ ਸਿੰਘ ਸਭਾ ਲੁਧਿਆਣਾ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸਦੀ ਆਰੰਭਤਾ ਸ਼ਬਦ ਕੀਰਤਨ ਦੁਆਰਾ ਕੀਤੀ ਗਈ। ਇਸ ਮੌਕੇ ਗੁਰਸਿੱਖ ਫ਼ੈਮਲੀ ਕਲੱਬ ਰਜਿ. ਲੁਧਿ: , ਗੁਰਮਤਿ ਪ੍ਰਚਾਰ ਕੌਸਲ (ਲੁਧਿ: ) ਦੇ ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਨਿਸ਼ਕਾਮ ਤੇ ਕਿਰਤੀ ਵੀਰ ਸ੍ਰ: ਗੁਰਸੇਵਕ ਸਿੰਘ ‘ਮਦਰੱਸਾ’ ਨੇ ਵਿਸ਼ੇਸ ਤੌਰ ਤੇ ਪਹੁੰਚ ਕੇ ਮਲਟੀਮੀਡੀਆ ਤਕਨੀਕ ਰਾਹੀਂ ਗੁਰਮਤਿ ਵੀਚਾਰ ਕਰਦਿਆਂ ਹੋਇਆ ਆਖਿਆ ਮਨੁੱਖ ਨੇ ਗੁਰਬਾਣੀ ਗਿਆਨ ਦੁਆਰਾ ਚੰਗਾ ਜੀਵਨ ਜਿਊਣਾ ਹੈ ਨਾ ਕੇ ਧਰਮ ਦੇ ਨਾਮ ਤੇ ਤੀਰਥ ਯਾਤਰਾ ਕਰਦਿਆਂ ਧੂੜ, ਧੁੱਪ, ਧੱਕੇ ਖਾਣੇ ਹਨ। ਗੁਰਬਾਣੀ ਹਵਾਲਿਆ ਰਾਹੀਂ ਦੱਸਿਆਂ ਕਿ ਅਸਲ ਤੀਰਥ ਗੁਰਬਾਣੀ ਹੈ ਜਿਸਨੂੰ ਹਿਰਦੇ ਵਿੱਚ ਵਸਾ ਕੇ ਕਰਮ ਕਾਡਾਂ ਅਤੇ ਵਿਕਾਰਾਂ ਦੀ ਮੈਲ ਨੂੰ ਧੋਤਾ ਜਾ ਸਕਦਾ ਹੈ।
ਉਹਨਾਂ ਦਲੀਲਾਂ ਰਾਹੀਂ ਸੰਗਤਾਂ ਨੂੰ ਦੱਸਿਆਂ ਕਿ ਇਤਿਹਾਸ ਦੇ ਨਾਮ ਤੇ ਸੁਣੀ ਪੜੀ ਜਾਣ ਵਾਲੀ ਹਰ ਗੱਲ ਅਤੇ ਸਾਖੀ ਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਲੈਣਾ ਚਾਹੀਦਾ ਹੈ। ਉਹਨਾਂ ਨੇ ਬੋਲਦਿਆ ਹੋਇਆ ਆਖਿਆ ਕਿ ਸਿੱਖਾਂ ਦਾ ਪਿਛਲਾ ੧੫੦ ਤੋਂ ੨੦੦ ਸਾਲ ਦੇ ਲਗਭਗ ਜੰਗਾਂ-ਯੁੱਧਾਂ ਜੰਗਲਾਂ ਵਿੱਚ ਅਤੇ ਘੋੜਿਆਂ ਦੀਆਂ ਕਾਠੀਆਂ ਤੇ ਬਤੀਤ ਹੋਣ ਕਾਰਨ ਉਹ ਆਪਣਾ ਅਣਮੁੱਲਾ ਤੇ ਗੋਰਵਮਈ ਇਤਿਹਾਸ ਨਾ ਸੰਭਾਲ ਸਕੇ। ਸਿੱਖ ਧਰਮ ਦੇ ਦੋਖੀਆਂ ਨੇ ਇਸ ਸਮੇਂ ਦਾ ਪੂਰਾ ਫਾਇਦਾ ਉਠਾਉਦਿਆਂ ਹੋਇਆ ਸਿੱਖ ਧਰਮ ਦੇ ਨਾਮ ਹੇਠ ਬਹੁਤ ਸਾਰਾ ਮਨਘੜਤ ਇਤਿਹਾਸ ਅਤੇ ਸਾਖੀਆਂ ਲਿਖ ਦਿੱਤੀਆ ਗਈਆ ਅਤੇ ਉਹਨਾਂ ਨੂੰ ਪ੍ਰਚਾਰਿਆ ਗਿਆ। ਜਿੰਨਾਂ ਨੂੰ ਅੱਜ ਦੇ ਪ੍ਰਚਾਰਕ, ਰਾਗੀ, ਢਾਡੀ, ਅਖੌਤੀ ਵਿਦਵਾਨ ਗੁਰਬਾਣੀ ਦੀ ਰੋਸ਼ਨੀ ਤੋਂ ਬਿਨਾ ਅੱਖਾਂ ਬੰਦ ਕਰਕੇ, ਪੰਥ ਦੋਖੀਆਂ ਵੱਲੋਂ ਲਿਖੇ ਝੂਠੇ ਮਨਘੜਤ ਇਤਿਹਾਸ ਨੂੰ ਜੋਰਾਂ-ਸ਼ੋਰਾਂ ਨਾਲ ਪ੍ਰਚਾਰ ਰਹੇ ਹਨ। ਇੰਨਾ ਦੀਆਂ ਗੱਲਾਂ ਵਿੱਚ ਆਕੇ ਸੰਗਤ ਅਤੇ ਨੌਜਵਾਨ ਵੀਰ ਹਰ ਸਾਲ ਲੱਖਾਂ ਰੁਪਏ ਅਖੌਤੀ ਧਾਰਮਿਕ ਯਾਤਰਾ ਤੇ ਖਰਚ ਦਿੰਦੇ ਹਨ।
ਅੰਤ ਵਿੱਚ ਆਖਿਆ ਕਿ ਇਤਿਹਾਸ ਵਿਅਕਤੀ ਵਿਦਵਾਨਾਂ ਦੁਆਰਾ ਗੁਰੂਆਂ ਅਤੇ ਭਗਤਾਂ ਦੇ ਜੀਵਨ ਕਾਲ ਤੋਂ ਕਾਫੀ ਸਮਾਂ ਬਾਅਦ ਵਿੱਚ ਲਿਖਿਆ ਗਿਆ ਹੈ। ਪਰ ਗੁਰਬਾਣੀ ਭਗਤਾਂ ਗੁਰੂ-ਸਾਹਿਬਾਨਾਂ ਨੇ ਆਪਣੇ ਹੱਥਾਂ ਨਾਲ ਲਿਖੀ ਹੈ। ਇਸ ਕਰਕੇ ਇਤਿਹਾਸ ਗਲਤ ਵੀ ਹੋ ਸਕਦਾ ਹੈ ਗੁਰਬਾਣੀ ਗਲਤ ਨਹੀਂ ਹੋ ਸਕਦੀ ਸਾਨੂੰ ਇਤਿਹਾਸ ਗੁਰਬਾਣੀ ਦੀ ਕਸਵੱਟੀ ਤੇ ਪਰਖ ਲੈਣਾ ਚਾਹੀਦਾ ਹੈ। ਉਪਰੰਤ ਵੀਰਾਂ ਵਲੋਂ ਸ੍ਰ. ਗੁਰਸੇਵਕ ਸਿੰਘ ਜੀ ਨੂੰ ਸਨਮਾਨਤ ਵੀ ਕੀਤਾ ਗਿਆ।


(29/05/11)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸ. ਹਰਦੇਵ ਸਿੰਘ ਜੰਮੂ ਜੀ, ਮੇਰੇ ਵੱਲੋਂ ਆਪ ਜੀ ਨੂੰ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!

ਆਪ ਜੀ ਦੇ ਸਿਖਮਾਰਗ ਵੈਬਸਾਈਟ ਉੱਤੇ ਪਾਏ ਗਏ ਤਿੰਨ ਪੱਤਰਾਂ ਸਬੰਧੀ ਤਾਰੀਖਵਾਰ ਬੇਨਤੀ ਹੇਠ ਦਿੱਤੇ ਅਨੁਸਾਰ ਹੈ ਜੀ:

11. 05. 2011

ਮੈਂ ਪਹਿਲਾਂ ਹੀ ਆਪਣੇ 10. 05. 2011 ਦੇ ਪੱਤਰ ਰਾਹੀਂ ਆਪਣਾ ਸਪਸ਼ਟਕਰਨ ਦੇ ਚੁੱਕਿਆਂ ਹਾਂ ਅਤੇ ਮੇਰੇ ਵੱਲੋਂ ਉਸ ਨੂੰ ਹੀ ਅੰਤਿਮ ਸਮਝਿਆ ਜਾਵੇ ਜੀ।

ਐਸੀ ਕੋਈ ਸਥਿਤੀ ਨਹੀਂ ਬਣੀ ਕਿ ਮੈਂਨੂੰ ਆਪਣੀ ਕੋਈ “ਪਹਿਲੀ ਲਿਖਤੀ ਮਾਨਤਾ” ਵਾਪਸ ਲੈਣੀ ਪਵੇ। ਨਾ ਹੀ ਆਪ ਜੀ ਨੂੰ ਅਜਿਹੀ ਮੰਗ ਕਰਨ ਦਾ ਕੋਈ ਹੱਕ ਹੈ। ਆਪ ਜੀ ਐਵੇਂ ਦਾ ਦੁਹਰਾਓ ਕਰਨਾ ਛੱਡ ਦਿਓ ਤਾਂ ਚੰਗਾ ਹੈ ਜੀ।

12. 05. 2011

ਆਪ ਜੀ ਦੀ 1887 ਈਸਵੀ ਵਿੱਚ ਵਰਤੇ ਗਏ ਸ਼ਬਦਾਂ “ਤਖਤ ਅਕਾਲ ਬੁੰਗਾ” ਵਾਲੀ ਲੱਭਤ ਸਾਬਤ ਕਰਦੀ ਹੈ ਕਿ ਲਗ-ਭਗ 1890 ਈਸਵੀ ਤਕ “ਅਕਾਲ ਤਖਤ” ਸ਼ਬਦ-ਜੁੱਟ ਆਜ਼ਾਦਾਨਾ ਤੌਰ ਤੇ ਵਰਤੋਂ ਵਿੱਚ ਨਹੀਂ ਸੀ।

ਬਾਕੀ 210 ਸਾਲ ਪਹਿਲਾਂ ਭਾਵ 1715 ਈਸਵੀ ਵਾਲੀ ਆਪ ਜੀ ਦੀ ਗੱਲ ਸਪਸ਼ਟ ਨਹੀਂ। ਇਸ ਨੂੰ ਖੋਲ੍ਹ ਕੇ ਸਮਝਾਉਣ ਦੀ ਕਿਰਪਾਲਤਾ ਕਰਨੀ ਜੀ।

13. 05. 2011

ਆਪ ਜੀ ਨੇ ਲਿਖਿਆ ਹੈ:

“ਧਿਆਨ ਦੇਣ ਯੋਗ ਗਲ ਇਹ ਹੈ ਕਿ ਖੁਦ ਡਾ. ਢਿੱਲੋਂ ਜੀ ਨੇ, ਸੰਪਾਦਕ ਜੀ ਤੋਂ ਦਾਸ ਦੇ ਸਵਾਲਾਂ ਬਾਰੇ ਫੈਸਲਾ ਕਰਨ ਦੀ ਮੰਗ ਰੱਖੀ ਸੀ। ਸੰਪਾਦਕ ਜੀ ਦਾ ਫੈਸਲਾ ਸਪਸ਼ਟ ਸੀ ਕਿ ਡਾ. ਢਿੱਲੋਂ ਜੀ ਨੂੰ ਦਾਸ ਦੇ ਪੰਜ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ”।

ਕਿਰਪਾ ਕਰਕੇ ਆਪ ਜੀ ਮੇਰੇ ਵੱਲੋਂ ਕੀਤੀ ਗਈ ‘ਮੰਗ’ ਅਤੇ ਸੰਪਾਦਕ ਜੀ ਵੱਲੋਂ ਲਏ ਗਏ ‘ਫੈਸਲੇ’ ਬਾਰੇ ਹੂਬਹੂ ਹਵਾਲਾ ਪੇਸ਼ ਕਰੋ ਜੀ।

ਇਕਬਾਲ ਸਿੰਘ ਢਿੱਲੋਂ

ਚੰਡੀਗੜ੍ਹ।


‘ਸਿੱਖ ਮਾਰਗ’ ਪਿਛਲੇ ਦੋ ਹਫਤੇ ਤੋਂ ਅੱਪਡੇਟ ਕਿਉਂ ਨਹੀਂ ਹੋ ਸਕਿਆ?

ਇਸ ਦਾ ਕਾਰਨ ਇਹ ਹੈ ਕਿ ਜਦੋਂ ਕਦੀਂ ਮਜ਼ਬੂਰੀ ਵੱਸ ਬਾਹਰ ਜਾਣਾ ਪੈ ਜਾਵੇ ਜਾਂ ਘਰ ਵਿੱਚ ਹੀ ਕੋਈ ਜ਼ਰੂਰੀ ਵਾਧੂ ਕੰਮ ਕਰਨ ਵਾਲਾ ਹੋਵੇ ਤਾਂ ਅੱਪਡੇਟ/ਵਾਧਾ ਨਹੀਂ ਹੁੰਦਾ। ਪਰ ਕਈ ਵਾਰੀ ਕੋਈ ਤਕਨੀਸੀ ਨੁਕਸ ਪੈਣ ਤੇ ਵੀ ਅੱਪਡੇਟ ਨਹੀਂ ਹੁੰਦਾ।
ਇਸ ਵਾਰੀ ਅੱਪਡੇਟ ਨਾ ਹੋ ਸਕਣ ਦੀ ਮਜ਼ਬੂਰੀ ਇਹ ਸੀ ਕਿ ਮੇਰੀ ਛੋਟੀ ਲੜਕੀ ਪਿਛਲੇ ਚਾਰ ਸਾਲਾਂ ਤੋਂ ਸ਼ਿਕਾਗੋ/ਅਮਰੀਕਾ ਵਿੱਚ ਅੱਖਾਂ ਦਾ ਡਾਕਟਰ ਬਣਨ ਲਈ ਪੜ੍ਹਾਈ ਕਰ ਰਹੀ ਸੀ। ਅਤੇ ਮੈਂ ਉਸ ਕੋਲ ਇਹਨਾ ਚਾਰ ਸਾਲਾਂ ਵਿੱਚ ਇੱਕ ਵਾਰੀ ਵੀ ਨਹੀਂ ਸੀ ਜਾ ਸਕਿਆ। ਪਰ ਉਸ ਨੂੰ ਇਹ ਜ਼ਰੂਰ ਕਿਹਾ ਸੀ ਕਿ ਜਦੋਂ ਤੇਰੀ ਪੜ੍ਹਾਈ ਪੂਰੀ ਹੋ ਗਈ ਤਾਂ ਗਰੈਜ਼ੂਏਸ਼ਨ ਤੇ ਜ਼ਰੂਰ ਆਵਾਂਗਾ। ਹੁਣ ਉਸ ਦੀ ਪੜ੍ਹਾਈ ਪੂਰੀ ਹੋਣ ਤੇ ਗਰੈਜ਼ੂਏਸ਼ਨ ਤੇ ਜਾ ਕੇ ਕੱਲ ਰਾਤ ਹੀ ਵਾਪਿਸ ਆਇਆ ਹਾਂ। ਕਿਉਂਕਿ ਮੈਂ ਇੱਕ ਛੋਟੇ ਜਿਹੇ ਪਿੰਡ/ਸ਼ਹਿਰ ਵਿੱਚ ਰਹਿੰਦਾ ਹਾਂ ਇਸ ਕਰਕੇ ਇੱਥੇ ਵੱਡੇ ਸ਼ਹਿਰਾਂ ਵਾਲੀਆਂ ਬਹੁਤੀਆਂ ਸਹੂਲਤਾਂ ਨਹੀਂ ਹਨ। ਸਾਨੂੰ ਇੱਥੋਂ ਇੰਟਰਨੈਸ਼ਨਲ ਫਲਾਈਟ ਤੇ ਜਾਣ ਲਈ 8 ਘੰਟੇ ਕਾਰ ਵਿੱਚ ਡਰਾਈਵ ਕਰਨੀ ਪੈਂਦੀ ਹੈ। ਭਾਵੇਂ ਕਿ ਛੋਟੇ ਜਹਾਜ਼ ਹਰ ਸ਼ਹਿਰ ਤੋਂ ਚਲਦੇ ਹਨ ਪਰ ਅਸੀਂ ਇਤਨੇ ਅਮੀਰ ਨਹੀਂ ਕਿ ਸਾਰਾ ਸਫਰ ਜਹਾਜ਼ ਰਾਹੀਂ ਹੀ ਕਰਦੇ। ਪਹਿਲਾਂ ਇੱਥੋਂ ਵੈਨਕੂਵਰ/ਸਰੀ ਕਾਰ ਰਾਹੀਂ ਗਏ ਅਤੇ ਉਥੇ ਕੁੱਝ ਦਿਨ ਆਪਣੇ ਹੋਰ ਕੰਮ ਕਰਕੇ, ਕਾਰ ਰਾਹੀਂ ਬਾਡਰ ਕਰੌਸ ਕਰਕੇ, ਅਮਰੀਕਾ ਦੇ ਸ਼ਿਆਟਲ ਸ਼ਹਿਰ ਤੋਂ ਫਲਾਈਟ ਲੈ ਕੇ ਸ਼ਿਕਾਗੋ ਪਹੁੰਚੇ। ਉਥੇ ਪੰਜ ਕੁ ਦਿਨ ਠਹਿਰ ਕੇ ਇਸੇ ਤਰ੍ਹਾਂ ਹੀ ਫਿਰ ਵਾਪਸ ਪਹੁੰਚੇ।
ਕੱਲ 29 ਮਈ 2011 ਤੋਂ ‘ਸਿੱਖ ਮਾਰਗ’ ਪਹਿਲਾਂ ਦੀ ਤਰ੍ਹਾਂ ਦੁਬਾਰਾ ਅੱਪਡੇਟ ਹੋਣਾ ਸੁਰੂ ਹੋ ਜਾਵੇਗਾ-ਸੰਪਾਦਕ।


(‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਲਈ ਜਰੂਰੀ ਸੂਚਨਾ)

ਅੱਜ 13 ਮਈ 2011 ਤੋਂ ਬਾਅਦ ਕੁੱਝ ਦਿਨਾ ਲਈ ‘ਸਿੱਖ ਮਾਰਗ’ ਅੱਪਡੇਟ ਨਹੀਂ ਹੋ ਸਕੇਗਾ। ਇਸ ਅੱਪਡੇਟ/ਵਾਧਾ ਨਾ ਹੋਣ ਦੀ ਮਜ਼ਬੂਰੀ ਦਾ ਕਾਰਣ ਦੁਬਾਰਾ ਅੱਪਡੇਟ ਕਰਨ ਸਮੇਂ ਦੱਸ ਦਿੱਤਾ ਜਾਵੇਗਾ। ਅੱਜ ਦਾ ਅੱਪਡੇਟ ਵੀ ਸਮੇਂ ਤੋਂ ਕੁੱਝ ਪਹਿਲਾਂ ਹੀ ਕਰਨਾ ਪਿਆ ਹੈ-ਸੰਪਾਦਕ


(13/05/11)
ਡਾ ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ

ਵਿਚਾਰ-ਚਰਚਾ ਵਾਰੇ
ਵੀਰ ਗੁਰਇੰਦਰ ਸਿੰਘ ਪਾਲ ਦੀ ਚਿੱਠੀ ਵਿਚਾਰ-ਚਰਚਾ ਦੋਰਾਨ ਕੁਝ ਨਿਯਮਾ ਦੀ ਲੋੜ ਵੱਲ ਧਿਆਨ ਦਿਵਾਉਂਦੀ ਹੈ । ਵੀਰ ਹਰਦੇਵ ਸਿੰਘ ਜੰਮੂ ਅਤੇ ਡਾ ਇਕਬਾਲ ਸਿੰਘ ਢਿੱਲੋਂ ਅਕਾਲ ਤਖਤ ਦੇ ਵਿਸ਼ੇ ਤੇ ਬਿਲਕੁਲ ਵਿਰੋਧੀ ਵਿਚਾਰ ਰੱਖਦੇ ਹਨ । ਦਲੀਲਾਂ ਦਾ ਸਿਲਸਿਲਾ ਜਾਰੀ ਹੈ । ਇਹ ਜਰੂਰੀ ਨਹੀਂ ਕਿ ਸਾਰੇ ਪਾਠਕ ਕਿਸੇ ਇੱਕ ਦੇ ਵਿਚਾਰਾਂ ਨਾਲ 100% ਸਹਿਮਤ ਹੋਣ । ਇਹ ਵੀ ਜਰੂਰੀ ਨਹੀਂ ਕਿ ਕਿਸੇ ਵਿਚਾਰ-ਚਰਚਾ ਵਿੱਚੋਂ ਕਿਸੇ ਇੱਕ ਦੇ ਵਿਚਾਰ ਸਾਰੀ ਕੌਮ ਨੇ ਅੰਤਿਮ ਮੰਨ ਲੈਣੇ ਹਨ । ਪਰ ਇਹ ਹੋ ਸਕਦਾ ਹੈ ਕਿ ਇਹ ਵਿਚਾਰ ਭਵਿੱਖ ਵਿੱਚ ਇਹਨਾਂ ਹੀ ਵਿਸ਼ਿਆਂ ਤੇ ਹੋਣ ਵਾਲੀਆਂ ਗੋਸ਼ਟੀਆਂ ਦਾ ਅਧਾਰ ਬਣ ਕਿਸੇ ਸਾਂਝੇ ਨਿਰਣੇ ਤੇ ਪੁਜਣ ਵਿੱਚ ਸਹਾਈ ਹੋ ਸਕਣ । ਸੋ ਇਸ ਤਰਾਂ ਅਜਿਹੀਆਂ ਵਿਚਾਰ-ਚਰਚਾਵਾਂ ਤਤਕਾਲ ਕਿਸੇ ਵੀ ਨਤੀਜੇ ਤੇ ਨਾ ਪੁਜਣ ਦੇ ਵਾਵਜੂਦ ਵੀ ਅਤਿਅੰਤ ਲਾਭਦਾਈਕ ਹਨ । ਚਾਹੀਦਾ ਤਾਂ ਸੀ ਕਿ ਗੁਰਮਤਿ ਅਨੁਸਾਰੀ ਅਜਿਹੀਆਂ ਵਿਚਾਰ-ਚਰਚਾਵਾਂ ਸੰਸਾਰ ਪੱਧਰ ਤੇ ਵੱਖ-ਵੱਖ ਥਾਵਾਂ ਤੇ ਚਲਦੀਆਂ ਰਹਿੰਦੀਆਂ , ਪਰ ਸਿੱਖਾਂ ਵਿੱਚ ਵਿਚਾਰ ਕਰਨ ਦੀ ਕਮੀ ਕਾਰਣ ਅਜਿਹਾ ਨਹੀਂ ਹੋ ਰਿਹਾ । ਕੇਵਲ ਸਿੱਖ ਮਾਰਗ ਤੇ ਹੀ ਪੂਰੀ ਦੁਨੀਆਂ ਵਿੱਚ ਅਜਿਹਾ ਮੰਚ ਉਪਲਬਧ ਹੈ । ਕਈ ਅਗਾਂਹ-ਵਧੂ ਵਿਚਾਰਾਂ ਦੇ ਵਰੋਧੀ ਸਿੱਖ ਮਾਰਗ ਤੇ ਆਨੇ-ਬਹਾਨੇ ਵਿਚਾਰ ਬੰਦ ਕਰਵਾਉਣ ਦੀ ਤਾਕ ਵਿੱਚ ਵੀ ਰਹਿੰਦੇ ਹਨ ।
ਵਿਚਾਰ-ਚਰਚਾ ਦੋਰਾਨ ਇਹ ਜਰੂਰੀ ਨਹੀਂ ਹੁੰਦਾ ਕਿ ਕਿਸੇ ਇੱਕ ਦੇ ਪੱਖ ਵਿੱਚ ਜਰੂਰ ਲਿਖਿਆ ਜਾਵੇ , ਹਾਂ ਜੇਕਰ ਕਿਸੇ ਕੋਲ ਵੱਖਰੇ ਵਿਚਾਰ ਹੋਣ ੳਸਨੂੰ ਜਰੂਰ ਸਾਂਝੇ ਕਰਨੇ ਚਾਹੀਦੇ ਹਨ ਪਰ ਪਹਿਲਾਂ ਹੀ ਪੇਸ਼ ਕੀਤੇ ਜਾ ਚੁੱਕੇ ਵਿਚਾਰਾਂ ਨੂੰ ਮੁੜ-ਮੁੜ ਦੁਹਰਾਅ ਕਿਸੇ ਦੇ ਵੱਲ ਹੋਣਾ ਧੜੇਬੰਦੀ ਪੈਦਾ ਕਰਦਾ ਹੈ । ਜੁੜਨਾ ਵਿਚਾਰ ਨਾਲ ਚਾਹੀਦਾ ਹੈ ਬੰਦੇ ਨਾਲ ਨਹੀਂ । ਸਿੱਖ ਮਾਰਗ ਆਪਣੇ ਆਪ ਵਿੱਚ ਪਰਿਵਾਰ ਹੈ , ਪਰਿਵਾਰ ਦੇ ਸਾਰੇ ਮੈੰਬਰਾਂ ਦੇ ਵਿਚਾਰ ਕਈ ਵਾਰ ਮਿਲ ਨਹੀਂ ਰਹੇ ਹੁੰਦੇ ਫਿਰ ਵੀ ਉਹ ਇਕੱਠੇ ਹੁੰਦੇ ਹਨ ।
ਇਹ ਵੀ ਹੋ ਸਕਦਾ ਹੈ ਕਿਸੇ ਵਿਸ਼ੇ ਤੇ ਵੀਰ ਹਰਦੇਵ ਸਿੰਘ ਜਮੂੰ ਅਤੇ ਡਾ ਇਕਬਾਲ ਸਿੰਘ ਦੇ ਵਿਚਾਰ ਇੱਕ ਹੋਣ ਬਾਕੀਆਂ ਦੇ ਵੱਖਰੇ , ਉਦਾਹਰਣ ਵਜੋਂ ਵੀਰ ਹਰਦੇਵ ਸਿੰਘ ਜੰਮੂ ਆਵਾਗਵਣ ਦੇ ਵਿਰੁੱਧ ਹਨ ਜਦ ਕਿ ਜਸਵੀਰ ਸਿੰਘ ਕੈਲਗਿਰੀ ਆਵਾਗਵਣ ਵਿੱਚ ਵਿਸ਼ਵਾਸ ਕਰਦੇ ਹਨ ਪਰ ਅਕਾਲ ਤਖਤ ਦੇ ਵਿਸ਼ੇ ਤੇ ਉਹਨਾ ਦੇ ਵਿਚਾਰ ਮੇਲ ਖਾਂਦੇ ਹਨ । ਕਿਸੇ ਵੇਲੇ ਗੁਰਬਕਸ਼ ਸਿੰਘ ਕਾਲਾਅਫਗਾਨਾ ਨੂੰ ਵਿਦਵਾਨ ਵੀ ਪੰਥ ਵਿਰੋਧੀ ਸਮਝਦੇ ਸਨ ਅੱਜ 95% ਜਾਗਰੁਕ ਲੋਕ ਉਸ ਨਾਲ ਸਹਿਮਤ ਹਨ । ਕਿਸੇ ਵਿਸ਼ੇ ਤੇ ਵਿਚਾਰ ਵੱਖਰੇ ਹੋਣ ਤੇ ਵਿਦਵਾਨਾ ਵੱਲੋਂ ਨੀਅਤ ਤੇ ਸ਼ੱਕ ਕਰਨਾ ਠੀਕ ਨਹੀਂ ਹੁੰਦਾ । ਬੰਦੇ ਦੀ ਜਗਾ ਗੁਣਾ ਦੀ ਸਾਂਝ ਪਾਉਣ ਵਿੱਚ ਹੀ ਸਰਬੱਤ ਦਾ ਭਲਾ ਹੈ ।
ਡਾ ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ


(13/05/11)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਪਾਠਕ ਸੱਜਣੋਂ

ਸਤਿ ਸ਼੍ਰੀ ਅਕਾਲ!

ਸੰਵਾਦ ਦੇ ਹਮੇਸ਼ਾ ਦੋ ਪੱਖ (ਸਹਿਮਤੀ-ਅਸਹਿਮਤੀ) ਹੁੰਦੇ ਹਨ। ਬੇਨਤੀ ਹੈ ਕੋਈ ਪਾਠਕ ਸੰਵਾਦ ਦੀ ਇਸ ਸੁਭਾਵਕਤਾ ਨੂੰ ਗੁੱਟਬੰਦੀ ਨਾ ਸਮਝੇ! ਦਾਸ ਇਸ ਪ੍ਰਕਾਰ ਦੀ ਗੁੱਟਬੰਦੀ ਵਿੱਚ ਵਿਸ਼ਵਾਸ ਨਹੀਂ ਰੱਖਦਾ।

ਬਾਕੀ ਮੈਂ ਸਮਝਦਾ ਕਿ ਦੋ ਪੱਖਾਂ ਵਿੱਚੋਂ ਕਿਸੇ ਇੱਕ ਪੱਖ ਦਾ ‘ਖੁੱਲਾ` ਅਤੇ ‘ਇੱਕ ਪੱਖੀ` ਸਮਰਥਨ ਕਰਨ ਵਾਲੇ ਸੱਜਣ ਆਪ ਨਿਰਪੱਖ ਹੋਂਣ ਦਾ ਦਾਵਾ ਕਰ ਕਦਾਚਿੱਤ ਨਹੀਂ ਕਰ ਸਕਦੇ। ਕਿਸੇ ਵਿਸ਼ੇ ਤੇ ਨਿਰਪੱਖਤਾ ਦਾ ਦਾਵਾ ਕੇਵਲ ਉਹੀ ਕਰ ਸਕਦਾ ਹੈ ਜਿਸ ਨੇ ਅਜੇ ਤਕ ਕੋਈ ਪੱਖ ਨਾ ਲਿਆ ਹੋਵੇ।

ਹਾਂ ਵਿਚਾਰ ਚਰਚਾ ਦੋਰਾਨ ਸਿੱਖ ਮਾਰਗ. ਕਾਮ ਦੇ ਸਤਿਕਾਰ ਯੋਗ ਸੰਪਾਦਕ ਸ. ਮੱਖਣ ਸਿੰਘ ਜੀ ਨੇ ਡਾ. ਇਕਬਾਲ ਸਿੰਘ ਢਿੱਲੋਂ ਜੀ ਨੂੰ ਦਾਸ ਦੇ ਸਵਾਲਾਂ ਬਾਰੇ ਜਵਾਬ ਦੇਂਣ ਲਈ ਕਹਿ ਕੇ ਆਪਣੇ ਫ਼ੈਸਲੇ ਦੀ ਨਿਰਪੱਖਤਾ ਸਪਸ਼ਟ ਕਰ ਦਿੱਤੀ ਸੀ। ਉਨ੍ਹਾਂ ਨੇ ਨਿਰਪੱਖਤਾ ਵਖਾਉਂਦੇ, ਇਸ ਚਰਚਾ ਤੇ ਅੱਜੇ ਸਪਸ਼ਟਤਾ ਨਾਲ ਕਿਸੇ ਪੱਖ ਦਾ ਵੀ ਪੱਖ ਨਹੀਂ ਪੁਰਿਆ। ਮੈਂ ਨਹੀਂ ਸਮਝਦਾ ਕਿ ਸੰਪਾਦਕੀ ਮੰਡਲ ਦੇ ਕਿਸੇ ਸੱਜਣ ਵਲੋਂ, ਕਿਸੇ ਵਿਚਾਰ ਦਾ, ‘ਇੱਕ ਤਰਫ਼ਾ ਨਿਰਨਾਤਮਕ ਪੱਖ` ਲੇਣ ਦਾ ਸਬੰਧ, ਸਿੱਖ ਮਾਰਗ. ਕਾਮ ਦੀ ਚਰਚਿਤ ਨਿਰਪੱਖ ਪਾਲਸੀ ਅਤੇ ਉਸਦੇ ਸੰਪਾਦਕ ਜੀ ਦੀ ਸੁਹਿਰਦ ਨਿਰਪੱਖਤਾ ਨਾਲ ਹੈ।

ਧਿਆਨ ਦੇਂਣ ਯੋਗ ਗੱਲ ਇਹ ਹੈ ਕਿ ਖ਼ੁਦ ਡਾ. ਢਿੱਲੋਂ ਜੀ ਨੇ, ਸੰਪਾਦਕ ਜੀ ਤੋਂ ਦਾਸ ਦੇ ਸਵਾਲਾਂ ਬਾਰੇ ਫ਼ੈਸਲਾ ਕਰਨ ਦੀ ਮੰਗ ਰੱਖੀ ਸੀ। ਸੰਪਾਦਕ ਜੀ ਦਾ ਫ਼ੈਸਲਾ ਸਪਸ਼ਟ ਸੀ ਕਿ ਡਾ. ਢਿੱਲੋਂ ਜੀ ਨੂੰ ਦਾਸ ਦੇ ਪੰਜ ਸਵਾਲਾਂ ਦਾ ਜਵਾਬ ਦੇਂਣਾ ਚਾਹੀਦਾ ਹੈ। ਬਾਦ ਵਿੱਚ ਡਾ. ਸਾਹਿਬ ਜੀ ਨੇ ਸਵਾਲਾਂ ਦੇ ਜਵਾਬ ਦੇ ਸਕਣ ਲਈ ਲੰਭਾ ਸਮਾਂ ਲਗ ਜਾਣ ਦੀ ਗੱਲ ਕੀਤੀ ਹੈ ਅਤੇ ਦਾਸ ਤੋਂ ਇਸ ਬਾਰੇ ਸਹਿਯੋਗ ਕਰਨ ਲਈ ਕਿਹਾ ਹੈ। ਜਿਸ ਤੋਂ ਦਾਸ ਨੇ ਸਹਿਮਤਿ ਵੀ ਜਤਾਈ ਹੈ। ਸੋ ਅਜੇ ਜਵਾਬ ਆਉਂਣੇ ਬਾਕੀ ਹਨ! ਇਸ ਲਈ ਚਰਚਾ ਨੂੰ ਹੁਣ ਨੁੱਕਤਿਆਂ ਤੋਂ ਹੱਟ ਕੇ ਕਿਸੇ ਹੋਰ ਪਾਸੇ ਤੋਰਨ ਦਾ ਯਤਨ ਠੀਕ ਪ੍ਰਤੀਤ ਨਹੀਂ ਹੁੰਦਾ।

ਹੁਣ ਜੇਕਰ ਕਦੇ ਡਾ. ਸਾਹਿਬ ਜੀ ਨੇ ਦਾਸ ਦੇ ਸਵਾਲਾਂ ਦਾ ਤੱਥ ਅਤੇ ਦਲੀਲਯੁਕਤ ਜਵਾਬ ਦਿੱਤਾ ਤਾਂ ਅਗਲੀ ਵਿਚਾਰ ਵੀ ਹੋਵੇਗੀ। ਤਦ ਤਕ ਪੇਸ਼ ਕੀਤੀ ਗਈ ਕਿਸੇ ‘ਨਵੀਂ ਸਥਿਤੀ` ਅਤੇ ਉਸਦੇ ‘ਸਮਰਥਨ` ਦਾ ਕੋਈ ਮਹੱਤਵ ਸਥਾਪਤ ਨਹੀਂ ਹੁੰਦਾ। ਜਿੱਥੋਂ ਤਕ ਇਸ ਬਾਰੇ ਸੰਵਾਦ ਦਾ ਸਬੰਧ ਹੈ, ਜੇਕਰ ਸਹਿਮਤੀ ਹੋਵੇ ਤਾਂ ਬੇਹਤਰ ਇਹ ਹੈ ਕਿ ਤਦ ਤਕ ਸਿੱਦੇ ਸੰਵਾਦ ਦੇ ਬਜਾਏ ਜਵਾਬ ਆਉਂਣ ਤਕ ਇੰਤਜ਼ਾਰ ਕੀਤਾ ਜਾਏ ਕਿਉਂਕਿ ਕਿਸੇ ਨਵੀਂ ਪੇਸ਼ਕਾਰੀ ਦੇ 100% ਸਹੀ ਹੋਣ ਦੇ ਦਾਵੇ ਬਾਦ ਦਾਵੇਦਾਰ ਕੋਲੋਂ, ਹੋਰ ਸੰਵਾਦ ਤੋਂ ਪਹਿਲਾਂ, ਦਾਵੇ ਨਾਲ ਸਬੰਧਤ ਜਵਾਬ/ਸਬੂਤ ਮੰਗੇ ਜਾਦੇ ਹਨ। ਏਹੀ ਖੌਜ ਦੀ ਸੱਤਿਯਤਾ ਨੂੰ ਪਰਖਣ ਦਾ ਦਸਤੂਰ ਹੁੰਦਾ ਹੈ।

ਇਹ ਗੱਲ ਜ਼ਰੂਰੀ ਹੈ ਕਿ ਸੰਵਾਦ ਭਾਈਬੰਦੀ ਨਾਲ ਹੋਣਾ ਚਾਹੀਦਾ ਹੈ ਗੁੱਟਬੰਦੀ ਨਾਲ ਨਹੀਂ! ਇਹ ਗੱਲ ਦੋਹਾਂ ਪੱਖਾਂ (ਸਹਿਮਤ-ਅਸਹਿਮਤ) ਨਾਲ ਜੁੜੇ ਸੱਜਣਾ ਦੇ ਵਿਚਾਰਨ ਲਈ ਹੈ ਸਿਰਫ਼ ‘ਕੁੱਝ` ਲਈ ਨਹੀਂ। ਆਪਣੇ ਹੀ ਵਿਚਾਰਾਂ ਤੇ ਨੱਚਣ ਲਈ ਦੁਜਿਆਂ ਗੱਲ ਜਿੰਮੇਦਾਰੀ ਦਾ ਢੌਲ ਪਾਉਂਣਾ ਸੋਭਦਾ ਨਹੀਂ।

ਹਰਦੇਵ ਸਿੰਘ, ਜੰਮੂ


(13/05/11)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸ. ਕਿਰਪਾਲ ਸਿੰਘ ਬਠਿੰਡਾ ਜੀਓ, ਮੇਰੇ ਵੱਲੋਂ ਆਪ ਜੀ ਨੂੰ ਮੇਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ।

ਆਪ ਜੀ ਦੇ ਸਿਖਮਾਰਗ ਵੈਬਸਾਈਟ ਤੇ 10. 05. 2011 ਨੂੰ ਆਏ ਪੱਤਰ ਲਈ ਆਪ ਜੀ ਦਾ ਧੰਨਵਾਦ ਹੈ ਜੀ।

ਆਪ ਜੀ ਦੇ ਉਪਰੋਕਤ ਪੱਤਰ ਦਾ ਉੱਤਰ ਮੈਂ ਥੋੜਾ ਪਛੜ ਕੇ ਭੇਜ ਸਕਿਆ ਹਾਂ ਕਿਉਂਕਿ ਮੇਰੇ ਕੰਪਿਊਟਰ ਵਿੱਚ ਭਾਰੀ ਖਰਾਬੀ ਆ ਗਈ ਸੀ।

ਆਪ ਜੀ ਨੇ ਆਪਣੇ ਪੱਤਰ ਦੇ ਅਰੰਭ ਵਿੱਚ ਮੇਰੇ ਪੰਜ ਬਿਆਨ ਦਰਜ ਕੀਤੇ ਹਨ। ਮੇਰੇ ਇਹਨਾਂ ਬਿਆਨਾਂ ਬਾਰੇ ਆਪ ਜੀ ਦਾ ਕਹਿਣਾ ਹੈ ਕਿ ਆਪ ਜੀ ਨੂੰ ਸਮਝ ਨਹੀਂ ਆ ਰਿਹਾ ਕਿ ਇਹਨਾਂ ਦਾ ਕੀ ਕੀਤਾ ਜਾਵੇ। ਇਸ ਹਾਲਤ ਵਿੱਚ ਤਾਂ ਚੰਗਾ ਸੀ ਕਿ ਆਪ ਜੀ ਆਪਣੇ ਪ੍ਰਤੀਕਰਮ ਨੂੰ ਹੋਰ ਕੁੱਝ ਸਮੇਂ ਲਈ ਟਾਲ ਦਿੰਦੇ। ਇਹਨਾਂ ਬਿਆਨਾਂ ਵਿਚਲੇ ਮੇਰੇ ਵਿਚਾਰ ਤਾਂ ਹੁਣ ਸਿਖ ਕੌਮ ਦੇ ਦਿਲ ਉੱਤੇ ਸਦਾ ਵਾਸਤੇ ਉੱਕਰੇ ਜਾ ਚੁੱਕੇ ਹਨ। ਮੇਰੇ ਇਹ ਵਿਚਾਰ ਸੌ ਫੀ ਸਦੀ ਸਹੀ ਹਨ ਭਾਵੇਂ ਕਿ ਆਪ ਜੀ ਨੇ ਇਹਨਾਂ ਨੂੰ ‘ਯ…….’ ਦਾ ਖਿਤਾਬ ਦਿੱਤਾ ਹੈ (ਕੀ ਇਹ ਭਾਸ਼ਾ ਇੱਕ ਗੁਰਸਿਖ ਨੂੰ ਸ਼ੋਭਾ ਦਿੰਦੀ ਹੈ!)। ਜਦੋਂ ਆਪ ਜੀ ਨੂੰ ਇਹਨਾਂ ਵਿਚਾਰਾਂ ਦੀ ਚੰਗੀ ਤਰ੍ਹਾਂ ਸਮਝ ਆ ਜਾਂਦੀ ਆਪ ਜੀ ਇਹਨਾਂ ਪ੍ਰਤੀ ਆਪਣਾ ਪ੍ਰਤੀਕਰਮ ਪਰਗਟ ਕਰ ਸਕਦੇ ਸੀ।

ਆਪ ਜੀ ਨੇ ਬਿਲਕੁਲ ਹੀ ਗਲਤ ਦਾਵਾ ਪੇਸ਼ ਕੀਤਾ ਹੈ ਕਿ ਮੈਂ ਕਿਧਰੇ ਇਹਨਾਂ ਬਿਆਨਾਂ ਵਿੱਚੋਂ ਪਹਿਲੇ ਦੋ ਕੱਟ ਦਿੱਤੇ ਹਨ। ਮੈਂ ਇਹਨਾਂ ਸਾਰੇ ਦੇ ਸਾਰੇ ਬਿਆਨਾਂ ਤੇ ਅੱਜ ਵੀ ਖੜ੍ਹਾ ਹਾਂ ਅਤੇ ਸਦਾ ਖੜ੍ਹਾ ਰਹਾਂਗਾ। ਆਪ ਜੀ ਨੇ ਆਪਣੇ ਦਾਵੇ ਦੀ ਪ੍ਰੋੜਤਾ ਲਈ ਕੋਈ ਹਵਾਲਾ ਪੇਸ਼ ਨਹੀਂ ਕੀਤਾ। ਆਪ ਜੀ ਵੱਲੋਂ ਇਹ ਝੂਠਾ ਦਾਵਾ ਪਾਠਕਾਂ ਨੂੰ ਮੇਰੇ ਖਿਲਾਫ ਖਾਹ-ਮੁਖਾਹ ਭੜਕਾਉਣ ਦੇ ਮਨਸ਼ੇ ਨਾਲ ਕੀਤਾ ਗਿਆ ਹੈ।

ਸ. ਕਿਰਪਾਲ ਸਿੰਘ ਬਠਿੰਡਾ ਜੀ, ਮੈਂ ਆਪ ਜੀ ਨੂੰ ਸੂਚਿਤ ਕਰਨਾ ਚਾਹੁੰਦਾ ਹਾਂ ਕਿ ਆਪ ਜੀ ਨੂੰ ਦੂਸਰੇ ਪਾਠਕਾਂ ਦੁਆਰਾ ਮੈਥੋਂ ਪੁੱਛੇ ਗਏ ਸਵਾਲਾਂ ਬਾਰੇ ਮੇਰੀ ਜਵਾਬਤਲਬੀ ਕਰਨ ਦਾ ਕੋਈ ਹੱਕ ਨਹੀਂ। ਆਪ ਜੀ ਆਪਣੀ ਸੀਮਾਂ ਦੇ ਅੰਦਰ ਹੀ ਰਹੋ ਤਾਂ ਚੰਗਾ ਹੈ। ਮੈਂ ਆਪ ਜੀ ਨੂੰ ਆਪ ਜੀ ਦੇ ਆਪਣੇ ਨਿਵੇਕਲੇ ਸਵਾਲਾਂ ਦੇ ਉੱਤਰ ਦੇਣ ਦਾ ਹੀ ਪਾਬੰਦ ਹਾਂ।

ਆਪ ਜੀ ਨੇ ਮੇਰੇ ਲੇਖ “ਸਾਬਕਾ ‘ਜਥੇਦਾਰ’ ਦਾ ਖਿਆਲੀ ਅਕਾਲ-ਤਖਤ” ਵਿੱਚ ਮੇਰੇ ਵੱਲੋਂ ’ਅਕਾਲ’ ਸ਼ਬਦ ਦੀ ਵਰਤੋਂ ਸਬੰਧੀ ਕੀਤੀ ਗਈ ਮੇਰੀ ਟਿੱਪਣੀ ਨੂੰ ਗਲਤ ਰੰਗਤ ਦੇ ਕੇ ਪੇਸ਼ ਕੀਤਾ ਹੈ। ਮੇਰੇ ਵੱਲੋਂ ਪੇਸ਼ ਕੀਤੇ ਗਏ ਦਾਵੇ ਸਬੰਧੀ ਦੋ ਨੁਕਤੇ ਹੇਠ ਦਿੱਤੇ ਅਨੁਸਾਰ ਹਨ:

1. ਸਾਰੇ ਸ੍ਰੀ ਗ੍ਰੰਥ ਜੀ ਵਿੱਚ ਸ਼ਬਦ ਜੋੜ ‘ਅਕਾਲ ਤਖਤ’ ਕਿਧਰੇ ਇੱਕ ਥਾਂ ਵੀ ਵਰਤਿਆ ਹੋਇਆ ਨਹੀਂ ਮਿਲਦਾ।

2. ਗੁਰਬਾਣੀ ਵਿੱਚ ਇੱਕਲੇ ਤੌਰ ਤੇ ਸ਼ਬਦ ਅਕਾਲ’ ਦੀ ਵਰਤੋਂ ਹੋਈ ਨਹੀਂ ਮਿਲਦੀ।

ਜੋ ਉਦਾਹਰਣਾ ਆਪ ਜੀ ਨੇ ਦੂਸਰੇ ਨੁਕਤੇ ਬਾਰੇ ਦਿੱਤੀਆਂ ਹਨ ਉਹ ਸ਼ਬਦ ‘ਅਕਾਲ’ ਦੀ ਇੱਕਲੇ ਤੌਰ ਤੇ ਵਰਤੋਂ ਬਾਰੇ ਨਹੀਂ ਹਨ। ਇਹਨਾਂ ਉਦਾਹਰਣਾਂ ਵਿੱਚ ‘ਅਕਾਲ’ ਸ਼ਬਦ ਵਿਸ਼ੇਸ਼ਣ ਰੂਪ ਵਿੱਚ ‘ਮੂਰਤਿ’ ਜਾਂ ‘ਪੁਰਖ’ ਦੇ ਨਾਲ ਜੁੜ ਕੇ ਸ਼ਬਦ-ਜੋੜ ‘ਅਕਾਲ ਮੂਰਤਿ’ ਅਤੇ ‘ਅਕਾਲ ਪੁਰਖ’ ਦੇ ਹਿੱਸੇ ਵਜੋਂ ਆਇਆ ਹੈ। ਇਥੇ ‘ਅਕਾਲ’ ਸ਼ਬਦ ਦਾ ਅਰਥ ‘ਸਦੀਵੀ’ ਤੋਂ ਨਿਕਲਦਾ ਹੈ। ਜਦੋਂ ‘ਅਕਾਲ’ ਸ਼ਬਦ ਇੱਕਲੇ ਤੌਰ ਤੇ ਆਵੇਗਾ ਇਹ ਨਾਂਵ-ਰੂਪ ਹੋਵੇਗਾ ਅਤੇ ਨਾਂਵ-ਰੂਪ ‘ਅਕਾਲ’ ਦਾ ਆਮ ਕਰਕੇ ਅਰਥ ‘ਪਰਮਾਤਮਾਂ’ ਤੋਂ ਲਿਆ ਜਾਂਦਾ ਹੈ। ਕਹਿਣ ਤੋਂ ਮਤਲਬ ਹੈ ਕਿ ਸਾਰੇ ਸ੍ਰੀ ਗ੍ਰੰਥ ਜੀ ਵਿੱਚ ਕਿਧਰੇ ਵੀ ‘ਅਕਾਲ’ ਸ਼ਬਦ ‘ਪਰਮਾਤਮਾਂ’ ਵਾਸਤੇ ਨਹੀਂ ਵਰਤਿਆ ਗਿਆ। ਇਹ ਗੱਲ ਸਬੰਧਿਤ ਲੇਖ ਵਿੱਚ ਚੰਗੀ ਤਰ੍ਹਾਂ ਸਪਸ਼ਟ ਕਰ ਦਿੱਤੀ ਗਈ ਹੋਈ ਹੈ। ਉਪਰੋਕਤ ਸਥਿਤੀ ਇਹ ਦੱਸਣ ਲਈ ਪੇਸ਼ ਕੀਤੀ ਗਈ ਸੀ ਕਿ ਜਦੋਂ ‘ਅਕਾਲ ਤਖਤ’ ਦੇ ਅਰਥ ‘ਪਰਮਾਤਮਾਂ ਦਾ ਤਖਤ’ ਤੋਂ ਕੀਤੇ ਜਾਂਦੇ ਹਨ ਉਦੋਂ ਇਹ ਧਿਆਨ ਰਹੇ ਕਿ ‘ਪਰਮਾਤਮਾਂ’ ਲਈ ‘ਅਕਾਲ’ ਸ਼ਬਦ ਦੀ ਵਰਤੋਂ ਗੁਰਬਾਣੀ-ਅਧਾਰਿਤ ਨਹੀਂ। ਪਰੰਤੂ ਮੇਰੇ ਵੱਲੋਂ ਲੇਖ ਵਿੱਚ ਸਬੰਧਿਤ ਵਿਆਕਰਣਕ ਨਿਯਮਾਂ ਦੀ ਚੰਗੀ ਤਰ੍ਹਾਂ ਵਿਆਖਿਆ ਕਰ ਦੇਣ ਦੇ ਬਾਵਜੂਦ ਵੀ ਆਪ ਜੀ ਨੇ ਮੇਰੇ ਬਿਆਨ ਨੂੰ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਅਜਿਹਾ ਆਪ ਜੀ ਨੇ ਨਿਸਚੇ ਹੀ ਪਾਠਕਾਂ ਨੂੰ ਮੇਰੇ ਖਿਲਾਫ ਭੜਕਾਉਣ ਦੇ ਮਨਸ਼ੇ ਨਾਲ ਕੀਤਾ ਹੈ। ਉਪਰੋਕਤ ਪਹਿਲੇ ਨੁਕਤੇ ਬਾਰੇ ਆਪ ਜੀ ਦੇ ਦਾਵੇ ਸਬੰਧੀ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਮੈਂ ਕਿਧਰੇ ਵੀ ਇਹ ਨਹੀਂ ਕਿਹਾ ਕਿ ਗੁਰਬਾਣੀ ਵਿੱਚ ਸ਼ਬਦ-ਜੋੜ ‘ਅਕਾਲ ਤਖਤ’ ਦੀ ਵਰਤੋਂ ਨਾਂ ਹੋਣ ਦਾ ਮਤਲਬ ਹੈ ਕਿ ਇਹ ਸ਼ਬਦ-ਜੋੜ ਗੁਰਮੱਤ ਵਿਰੋਧੀ ਹੈ। ਇਹ ਬੇਬੁਨਿਆਦ ਦਾਵਾ ਆਪ ਜੀ ਪਾਠਕਾਂ ਨੂੰ ਮੇਰੇ ਖਿਲਾਫ ਬੇਵਜ੍ਹਾ ਭੜਕਾਉਣ ਹਿਤ ਕਰ ਰਹੇ ਹੋ।

ਸ. ਕਿਰਪਾਲ ਸਿੰਘ ਬਠਿੰਡਾ ਜੀ, ਜੋ ਪ੍ਰਤੀਕਰਮ ਮੈਂ ਸ. ਦਰਸ਼ਨ ਸਿੰਘ ਖਾਲਸਾ ਜੀ ਦੇ ਲੇਖ ਬਾਰੇ ਦਿੱਤਾ ਹੈ ਉਸ ਬਾਰੇ ਸਪਸ਼ਟੀਕਰਨ/ਪ੍ਰਤੀਕਰਮ ਸ. ਖਾਲਸਾ ਜੀ ਨੂੰ ਖੁਦ ਹੀ ਦੇਣਾ ਬਣਦਾ ਹੈ। ਆਪ ਜੀ ਕਿਉਂ ਸ. ਦਰਸ਼ਨ ਸਿੰਘ ਖਾਲਸਾ ਜੀ ਦੀ ਡੁੱਗਡੁੱਗੀ ਵਜਾ ਰਹੇ ਹੋ? ਜੇਕਰ ਸ. ਖਾਲਸਾ ਜੀ ਨੇ ਆਪ ਜੀ ਨੂੰ ਉਹਨਾਂ ਦੇ ਬੁਲਾਰੇ ਦੇ ਤੌਰ ਤੇ ਕੋਈ ਅਧਿਕਾਰ ਪੱਤਰ (authority letter) ਦਿੱਤਾ ਹੋਇਆ ਹੈ ਤਾਂ ਆਪ ਜੀ ਉਹ ਪੇਸ਼ ਕਰੋ ਨਹੀਂ ਤਾਂ ਮੈਂ ਆਪ ਜੀ ਨੂੰ ਸ. ਖਾਲਸਾ ਜੀ ਦਾ ‘ਧੁਤੂ’ ਕਹਿਣ ਲਈ ਮਜਬੂਰ ਹੋਵਾਂਗਾ। ਜੋ ਨੁਕਤਾ ਆਪ ਜੀ ਨੇ ਮੇਰੇ ‘ਸੇਵਾਦਾਰ ਦਾ ਹੁਕਮਨਾਮਾ’ ਲੇਖ ਦੀ ਅੰਤਿਕਾ ਬਾਰੇ ਦਿੱਤਾ ਹੈ ਉਹ ਸ. ਹਰਦੇਵ ਸਿੰਘ ਜੰਮੂ ਜੀ ਪਹਿਲਾਂ ਹੀ ਉਠਾ ਚੁੱਕੇ ਹਨ। ਆਪ ਜੀ ਨੂੰ ਬੇਨਤੀ ਹੈ ਕਿ ਮੇਰੇ ਵੱਲੋਂ ਇਸ ਸਬੰਧੀ ਸ. ਜੰਮੂ ਜੀ ਨੂੰ ਦਿੱਤੇ ਗਏ ਉੱਤਰ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾਂ।

ਸ. ਕਿਰਪਾਲ ਸਿੰਘ ਬਠਿੰਡਾ ਜੀ, ਆਪ ਜੀ ਨੇ ਕਈ ਵਾਰ ਮੇਰਾ ਮੁਕਾਬਲਾ ਧਰਮ ਸਿੰਘ ਨਿਹੰਗ ਨਾਲ ਕਰਨ ਦਾ ਯਤਨ ਕੀਤਾ ਹੈ। ਧੰਨਵਾਦ। ਇੰਜ ਕਰਕੇ ਜਾਂ ਤਾਂ ਆਪ ਜੀ ਇਹ ਕਹਿਣਾਂ ਚਾਹੁੰਦੇ ਹੋ ਕਿ ਮੈਂ ਵੀ ਧਰਮ ਸਿੰਘ ਨਿਹੰਗ ਵਾਂਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਤੋਂ ਇਨਕਾਰੀ ਹਾਂ, ਜਾਂ ਫਿਰ ਆਪ ਜੀ ਇਹ ਕਹਿਣਾਂ ਚਾਹੁੰਦੇ ਹੋ ਕਿ ਮੈਂ ਸਿੱਖ ਮੱਤ ਦੀ ਅਜ਼ਮਤ ਨੂੰ ਢਾ ਲਾਉਣ ਵਾਲੀ ਕੋਈ ਘੋਰ ਮਨਮੱਤ ਕਰ ਦਿੱਤੀ ਹੈ। ਮੇਰੀਆਂ ਲਿਖਤਾਂ ਵਿੱਚੋਂ ਆਪ ਜੀ ਨੂੰ ਭਲੀ-ਭਾਂਤ ਪਤਾ ਲੱਗ ਗਿਆ ਹੋਵੇਗਾ ਕਿ ਉਪਰੋਕਤ ਵਿੱਚੋਂ ਪਹਿਲੀ ਸਥਿਤੀ ਤਾਂ ਬਿਲਕੁਲ ਨਹੀਂ ਬਣਦੀ। ਦੂਸਰੀ ਸਥਿਤੀ ਬਾਰੇ ਤਾਂ ਆਪ ਜੀ ਵੱਲੋਂ ਅੱਜ ਤਕ ਮੇਰੇ ਖਿਲਾਫ ਕਿਸੇ ਮਨਮੱਤ ਦਾ ਕੋਈ ਪੁਖਤਾ ਸਬੂਤ ਨਹੀਂ ਪੇਸ਼ ਨਹੀਂ ਕੀਤਾ ਹੋਇਆ। ਫਿਰ ਧਰਮ ਸਿੰਘ ਨਿਹੰਗ ਨਾਲ ਜੋੜ ਕੇ ਆਪ ਜੀ ਮੇਰੇ ਉੱਤੇ ਮਨਮੱਤ ਦਾ ਇਲਜ਼ਾਮ ਕਿਸ ਅਧਾਰ ਤੇ ਲਗਾ ਰਹੇ ਹੋ? ਜ਼ਾਹਰ ਹੈ ਕਿ ਆਪ ਜੀ ਮੇਰਾ ਮੁਕਾਬਲਾ ਧਰਮ ਸਿੰਘ ਨਿਹੰਗ ਨਾਲ ਕਰਕੇ ਪਾਠਕਾਂ ਨੂੰ ਖਾਹ-ਮੁਖਾਹ ਮੇਰੇ ਖਿਲਾਫ ਭੜਕਾਉਣ ਦਾ ਯਤਨ ਕਰ ਰਹੇ ਹੋ (ਐਨ ਉਸੇ ਤਰ੍ਹਾਂ ਜਿਸ ਤਰ੍ਹਾਂ ਪਿੱਛੇ ਜਿਹੇ ਇੱਕ ਪਰਚੇ ਵਾਲੇ ਨੇ ਮੇਰੇ ਵੱਲੋਂ ਕਥਿਤ “ਅਕਾਲ-ਤਖਤ’ ਦੀ ਵਿਵਸਥਾ ਨੂੰ ‘ਅਖੌਤੀ’ ਕਹਿ ਦੇਣ ਦੀ ਤੁਲਨਾ 1984 ਈਸਵੀ ਵਾਲੇ ਸਾਕੇ ਨਾਲ ਕਰ ਦਿੱਤੀ ਹੈ)। ਦੂਸਰੇ ਪਾਸੇ ਮੈਂ ਸਮਝਦਾ ਹਾਂ ਕਿ ਆਪ ਜੀ ਖੁਦ ਹੀ ਧਰਮ ਸਿੰਘ ਨਿਹੰਗ ਵਾਲੀ ਭੁਮਿਕਾ ਨਿਭਾ ਰਹੇ ਹੋ। ਅਖੌਤੀ ਅਕਾਲ-ਤਖਤ ਦੀ ਵਿਵਸਥਾ ਦਾ ਸਿੱਧਾ ਮਕਸਦ ਹੀ ਦਰਬਾਰ ਸਾਹਿਬ ਦੇ ਸਾਹਮਣੇ ਬਹੁ-ਮੰਜ਼ਿਲੀ ਇਮਾਰਤ ਰਾਹੀਂ ਦਰਬਾਰ ਸਾਹਿਬ ਦੀ ਅਜ਼ਮਤ ਨੂੰ ਘਟਾਉਣ (ਇਮਾਰਤ ਵੀ ਉਹ ਜੋ ਸਦਾ ਹੀ ਮਨਮੱਤ ਦਾ ਅੱਡਾ ਬਣੀ ਰਹੀ ਹੈ) ਅਤੇ ‘ਜਥੇਦਾਰ’ ਦੀ ਪਦਵੀ ਰਾਹੀਂ ਸ੍ਰੀ ਗੁਰੂ ਗ੍ਰੰਥ ਜੀ ਦੀ ਅਜ਼ਮਤ ਨੂੰ ਨੀਵਾਂ ਕਰਨ ਦਾ ਹੈ। ਅਖੌਤੀ ਅਕਾਲ-ਤਖਤ ਨੂੰ ਸਿੱਖਾਂ ਦੇ ਕੇਂਦਰੀ ਅਸਥਾਨ ਦੇ ਤੌਰ ਤੇ ਪਰਚਾਰਨ ਦਾ ਮਕਸਦ ਵੀ ਇਹੋ ਹੀ ਹੈ। ਮੈਂ ਤਾਂ ਸਿੱਖਾਂ ਦੇ ਗਿਆਰ੍ਹਵੇਂ ਗੁਰੂ ਜੀ ਸ੍ਰੀ ਗੁਰੂ ਗ੍ਰੰਥ ਜੀ ਅਤੇ ਸਿੱਖਾਂ ਦੇ ਕੇਂਦਰੀ ਅਸਥਾਨ ਦਰਬਾਰ ਸਾਹਿਬ ਦੀ ਅਜ਼ਮੱਤ ਦੀ ਬਹਾਲੀ ਲਈ ਅਖੌਤੀ ਅਕਾਲ-ਤਖਤ ਵਿਵਸਥਾ ਨੂੰ ਫੌਰੀ ਤੌਰ ਤੇ ਬੰਦ ਕਰਨ ਦਾ ਸੁਝਾ ਦਿੱਤਾ ਹੈ। ਪਰੰਤੂ ਆਪ ਜੀ ਅਖੌਤੀ ਅਕਾਲ-ਤਖਤ ਦੇ ਹੱਕ ਵਿੱਚ ਭੁਗਤਦੇ ਹੋਏ ਸਿੱਖਾਂ ਦੇ ਗਿਆਰ੍ਹਵੇਂ ਗੁਰੂ ਜੀ ਸ੍ਰੀ ਗੁਰੂ ਗ੍ਰੰਥ ਜੀ ਅਤੇ ਸਿੱਖਾਂ ਦੇ ਕੇਂਦਰੀ ਅਸਥਾਨ ਦਰਬਾਰ ਸਾਹਿਬ ਦੀ ਅਜ਼ਮਤ ਨੂੰ ਹੋ ਰਹੇ ਨੁਕਸਾਨ ਨੂੰ ਜਾਰੀ ਰੱਖਣਾ ਚਾਹੁੰਦੇ ਹੋ। ਇਸ ਤਰ੍ਹਾਂ ਤਾਂ ਆਪ ਜੀ ਵੀ ਉਸੇ ਗੰਭੀਰ ਮਨਮੱਤ ਦੇ ਦੋਸ਼ੀ ਹੋ ਜਿਸ ਦਾ ਇਲਜ਼ਾਮ ਆਪ ਜੀ ਧਰਮ ਸਿੰਘ ਨਿਹੰਗ ਉਤੇ ਲਗਾ ਰਹੇ ਹੋ। ਇਹੀ ਨਹੀਂ ਆਪ ਜੀ ਨਾਲ ਗੁੱਟ-ਬੰਦੀ ਦੇ ਅਧਾਰ ਤੇ ਆਪ ਜੀ ਦੇ ਕੁੱਝ ਹੋਰ ਹਮ-ਖਿਆਲੀ ਸੱਜਣ ਵੀ ਰਲੇ ਹੋਏ ਹਨ ਅਤੇ ਇਹ ਗੁੱਟ ਬੜੇ ਹੀ ਯੋਜਨਾਂਬੱਧ ਢੰਗ ਨਾਲ ਮੇਰੇ ਉਪਰੋਕਤ ਵਿਚਾਰਾਂ ਦੀ ਵਿਰੋਧਤਾ ਰਾਹੀਂ ਅਖੌਤੀ ਅਕਾਲ-ਤਖਤ ਦੇ ਹੱਕ ਵਿੱਚ ਭੁਗਤਦੇ ਹੋਏ ਸਿੱਖਾਂ ਦੇ ਗਿਆਰ੍ਹਵੇਂ ਗੁਰੂ ਜੀ ਸ੍ਰੀ ਗੁਰੂ ਗ੍ਰੰਥ ਜੀ ਅਤੇ ਸਿੱਖਾਂ ਦੇ ਕੇਂਦਰੀ ਅਸਥਾਨ ਦਰਬਾਰ ਸਾਹਿਬ ਦੀ ਅਜ਼ਮਤ ਨੂੰ ਢਾ ਲਾਉਣ ਦੀ ਕਾਰਵਾਈ ਵਿੱਚ ਭਾਗੀਦਾਰ ਬਣੇ ਹੋਏ ਹਨ। ਇਸ ਤਰ੍ਹਾਂ ਤਾਂ ਆਪ ਜੀ ਸਮੇਤ ਇਹ ਸਾਰਾ ‘ਜੱਥਾ’ ਧਰਮ ਸਿੰਘ ਨਿਹੰਗ ਦਾ ਹੀ ਪੈਰੋਕਾਰ ਵਿਖਾਈ ਦਿੰਦਾ ਹੈ ਅਤੇ ਇਸ ‘ਧਰਮੀ ਜੱਥੇ’ ਦੇ ਖਿਲਾਫ ਵੀ ਉਹੋ ਹੀ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਦੀ ਸਿਫਾਰਸ਼ ਧਰਮ ਸਿੰਘ ਨਿਹੰਗ ਦੀ ਕਾਰਵਾਈ ਸਬੰਧੀ ਸਿਖ ਪੰਥ ਕਰਨਾ ਚਾਹੇਗਾ।

ਸ. ਕਿਰਪਾਲ ਸਿੰਘ ਬਠਿੰਡਾ ਜੀ, ਆਪ ਜੀ ਨੇ ਸ. ਜੋਗਿੰਦਰ ਸਿੰਘ, ਸੰਪਾਦਕ ‘ਰੋਜ਼ਾਨਾ ਸਪੋਕਸਮੈਨ’ ਬਾਰੇ ਗੱਲ ਕੀਤੀ ਹੈ। ਮੈਂ ਇੱਥੇ ਆਪ ਜੀ ਨੂੰ ਇਹ ਦੱਸਣਾ ਚਾਹਾਂਗਾ ਕਿ ਮੈਂ ਸਦਾ ਹੀ ਸ. ਜੋਗਿੰਦਰ ਸਿੰਘ ਦੀਆਂ ਮਨਮੱਤਾਂ ਅਤੇ ਹੋਰ ਅਨੁਚਿੱਤ ਕਾਰਵਾਈਆਂ ਦੀ ਡੱਟ ਕੇ ਨਿਖੇਧੀ ਕੀਤੀ ਹੈ। ਆਪ ਜੀ ਇਸ ਸਬੰਧੀ ਮੇਰੀਆਂ ਲਿਖਤਾਂ ਪੜ੍ਹ ਸਕਦੇ ਹੋ। ਜੇਕਰ ਮੈਂ, ਆਪ ਜੀ ਦੇ ਕਥਨ ਅਨੁਸਾਰ, ਸ੍ਰੀ ਗੁਰੂ ਗ੍ਰੰਥ ਜੀ ਨੂੰ ਸਿੱਖਾਂ ਦੇ ਗਿਆਰ੍ਹਵੇਂ ਗੁਰੂ ਜੀ ਵਜੋਂ ਮਾਨਤਾ ਦੇ ਰਿਹਾ ਹਾਂ ਤਾਂ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ ਦੀ ਪਾਲਣਾ ਹੀ ਕਰ ਰਿਹਾ ਹਾਂ। ਕੀ ਆਪ ਜੀ ਇਸ ਆਦੇਸ਼ ਨੂੰ ਨਹੀਂ ਮੰਨਦੇ? ਜੇਕਰ ਮੰਨਦੇ ਹੋ ਤਾਂ ਆਪ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਰੂਪ ਨੂੰ ਵੀ ਮੰਨਦੇ ਹੋ ਅਤੇ ਇਸੇ ਤਰ੍ਹਾਂ ਬਾਕੀ ਸਾਰੇ ਗੁਰੂ ਸਾਹਿਬਾਨ ਦੇ ਅੱਡ-ਅੱਡ ਸਰੂਪਾਂ ਨੂੰ ਵੀ। ਹੁਣ ਆਪ ਜੀ ਖੁਦ ਹੀ ਸਪਸ਼ਟ ਕਰੋ ਕਿ ਆਪ ਜੀ ਦੇ ਕਿਹੜੇ ਕਥਨ ਵਿੱਚ ਝੂਠ ਸਮਾਇਆ ਹੋਇਆ ਹੈ। ਆਪ ਜੀ ਵੱਲੋਂ ਤੱਤ-ਗੁਰਮੱਤ ਪਰਿਵਾਰ ਸਬੰਧੀ ਕੀਤੀ ਗਈ ਟਿੱਪਣੀ ਵੀ ਕੁੱਝ ਇਹੋ ਜਿਹੀ ਹੈ। ਜੇਕਰ ਤੱਤ-ਗੁਰਮੱਤ ਪਰਿਵਾਰ ਵਾਲੇ ਸ਼ਖਸੀ ਗੁਰੂ ਸਾਹਿਬਾਨ ਅਤੇ ਸ੍ਰੀ ਗ੍ਰੰਥ ਜੀ ਦੇ ਪੁਸਤਕ ਰੂਪ ਦੀ ਜਗਹ ਤੇ ਗੁਰੂ ਸਾਹਿਬਾਨ ਦੀ ਸਿਖਿਆ ਅਤੇ ਗੁਰਬਾਣੀ ਦੇ ਸੰਦੇਸ਼ ਤੇ ਜ਼ਿਆਦਾ ਜ਼ੋਰ ਦਿੰਦੇ ਹੋਣ ਤਾਂ ਇਹ ਧਾਰਨਾਂ ਬਿਲਕੁਲ ਗੁਰਮੱਤ ਅਨੁਸਾਰ ਹੀ ਹੈ। ਮੈਂ ਵੀ ਸਦਾ ਹੀ ਸ੍ਰੀ ਗ੍ਰੰਥ ਜੀ ਦੇ ਪੁਸਤਕ ਰੂਪ ਅਤੇ ਸ੍ਰੀ ਗੁਰੂ ਗ੍ਰੰਥ ਜੀ (ਗੁਰਬਾਣੀ ਦੇ ਸੰਦੇਸ਼) ਵਿਚਲੇ ਫਰਕ ਦੀ ਪਛਾਣ ਕਰਨ ਤੇ ਜ਼ੋਰ ਦਿੱਤਾ ਹੈ। ਡਾ. ਪਿਆਰ ਸਿੰਘ ਦਾ ਅਲੱਗ ਮਸਲਾ ਹੈ ਜਿਸ ਦਾ ਵਿਸਥਾਰ ਇੱਥੇ ਦਿੱਤਾ ਨਹੀਂ ਜਾ ਸਕਦਾ। ਇਹ ਮਸਲਾ ਆਪ ਜੀ ਨੂੰ ਮੇਰੇ ਪੱਤਰ ਦੇ ਛਪਣ ਵੇਲੇ ਹੀ ਉਠਾਉਣਾ ਚਾਹੀਦਾ ਸੀ। ਇੱਥੇ ਆਪ ਜੀ ਇਸ ਮਸਲੇ ਨੂੰ ਵਿੱਚ ਲਿਆ ਕੇ ਪਾਠਕਾਂ ਨੂੰ ਮੇਰੇ ਖਿਲਾਫ ਭੜਕਾਉਣ ਦੀ ਕਾਰਵਾਈ ਹੀ ਕਰ ਰਹੇ ਹੋ।

ਅੰਤ ਵਿੱਚ ਆਪ ਜੀ ਨੇ ਮੇਰੇ ਕੋਲੋਂ ਸਪਸ਼ਟੀਕਰਨ ਮੰਗਿਆ ਹੈ। ਇਸ ਸਬੰਧੀ ਮੈਨੂੰ ਫਿਰ ਦੁਹਰਾਉਣਾ ਪੈ ਰਿਹਾ ਹੈ ਕਿ ਆਪ ਜੀ ਆਪਣੀ ਸੀਮਾਂ ਵਿੱਚ ਹੀ ਰਹੋ। ਮੈਂ ਆਪ ਜੀ ਦੇ ‘ਧਰਮੀ ਜੱਥੇ’ ਦੇ ਹਰ ਮੈਂਬਰ ਨੂੰ ਉਸ ਵੱਲੋਂ ਉਠਾਏ ਗਏ ਹਰ ਨੁਕਤੇ ਦਾ ਢੁੱਕਵਾਂ ਉੱਤਰ ਦੇ ਚੁੱਕਾ ਹੋਇਆ ਹਾਂ। ਆਪ ਜੀ ਆਪਣੀ ਸੀਮਾਂ ਤੋਂ ਬਾਹਰ ਆਕੇ ਐਵੇਂ ‘ਜੱਗ-ਹਸਾਈ’ ਨਾ ਕਰਵਾਵੋ। ਨਾ ਹੀ ਆਪ ਜੀ ਪਾਠਕਾਂ ਨੂੰ ਬੇਵਜ੍ਹਾ ਮੇਰੇ ਖਿਲਾਫ ਭੜਕਾਉਣ ਦਾ ਯਤਨ ਕਰੋ (ਵੇਖੋ ਉੱਪਰ ਲਾਲ ਸਿਆਹੀ ਵਿੱਚ ਵਿਖਾਈਆਂ ਗਈਆਂ ਸਤਰਾਂ)। ਇਸ ਸਬੰਧੀ ‘ਧਰਮੀ ਜੱਥੇ’ ਦੇ ਕੁੱਝ ਮੈਂਬਰ ਪਹਿਲਾਂ ਹੀ ਕਾਫੀ ਯੋਗਦਾਨ ਦੇ ਚੁੱਕੇ ਹੋਏ ਹਨ।

ਸ. ਕਿਰਪਾਲ ਸਿੰਘ ਬਠਿੰਡਾ ਜੀ, ਆਪ ਜੀ ਨੂੰ ਮੇਰੇ ਕੋਲ ਪੀਐਚਡੀ ਦੀ ਡਿਗਰੀ ਹੋਣ ਅਤੇ ਮੇਰੇ ਕਿਸੇ ਯੂਨੀਵਰਸਟੀ ਨਾਲ ਸਬੰਧਿਤ ਰਹਿਣ ਤੇ ਵੀ ਭਾਰੀ ਇਤਰਾਜ਼ ਹੈ। ਆਪ ਜੀ ਸਹਿਮਤ ਹੋਵੋਗੇ ਕਿ ਇਹੋ ਜਿਹੀ ਪਰਾਪਤੀ ਲੰਬੇਂ ਸਮੇਂ ਦੇ ਭਾਰੀ ਸੰਘਰਸ਼, ਮਿਹਨਤ ਅਤੇ ਸਿਰੜ ਨਾਲ ਹੀ ਨਸੀਬ ਹੁੰਦੀ ਹੈ। ਘਟੋ-ਘਟ ਮੇਰੇ ਸਬੰਧ ਵਿੱਚ ਤਾਂ ਇਹ ਸੌ ਫੀ ਸਦੀ ਸਹੀ ਹੈ। ਪਰੰਤੂ ਮੇਰਾ ਇਹ ਮੰਨਣਾ ਹੈ ਕਿ ਮੇਰੇ ਵਿੱਚ ਇਹ ਸਮਰੱਥਾ ਪਰਮਾਤਮਾਂ ਦੀ ਅਪਾਰ ਮਿਹਰ ਸਦਕਾ ਹੀ ਆਈ ਹੋਵੇਗੀ। ਜੇਕਰ ਫਿਰ ਵੀ ਆਪ ਜੀ ਨੂੰ ਇਸ ਸਬੰਧੀ ਕੋਈ ਇਤਰਾਜ਼ ਹੈ ਤਾਂ ਆਪ ਜੀ ਦਾ ਮੇਰੇ ਕੋਲ ਕੋਈ ਇਲਾਜ ਨਹੀਂ (ਵੈਸੇ ਮੈਂ ਯੋਗਤਾ-ਪਰਾਪਤ ਚਿਕਿਤਸਿਕ ਵੀ ਹਾਂ, ਪਰੰਤੂ ਸ਼ਰੀਰਕ ਬਿਮਾਰੀਆਂ ਦਾ ਹੀ!) ਪਰਮਾਤਮਾਂ ਆਪ ਜੀ ਦਾ ਭਲਾ ਕਰੇ! !

ਇਕਬਾਲ ਸਿੰਘ ਢਿੱਲੋਂ

ਚੰਡੀਗੜ੍ਹ।


(13/05/11)
ਚਰਨਜੀਤ ਸਿੰਘ ਬਰੈਂਮਪਟਨ

ਸ: ਮੱਖਣ ਸਿੰਘ ਜੀ
ਤੁਸੀ 9/5/11 ਦੀ ਆਪਣੀ ਟਿਪਣੀ ਵਿੱਚ ਲਿਖੀਆ ਹੈ।
ਕਿਸੇ ਹੋਰ ਤੇ ਕੁਰਾਹੇ ਪਉਣ ਦੇ ਇਲਜ਼ਾਮ ਲਉਣ ਤੋਂ ਪਹਿਲਾਂ ਆਪਣੀ ਲੇਖਣੀ ਵੀ ਦੇਖ ਲਿਆ ਕਰੋ ਕਿ ਤੁਸੀਂ ਵੀ ਕਿਤੇ ਕੁਰਾਹੇ ਤਾਂ ਨਹੀਂ ਪਾ ਰਹੇ ਜਿਹੜੇ ਕਿ ਗਰੁਬਾਣੀ ਦੀਆਂ ਤੁਕਾਂ ਦੇ ਕੇਸਾਂ ਨੂੰ ਕੋਈ ਵੀ ਮਹੱਤਵ ਨਾ ਦੇਣ ਦੇ ਅਰਥ ਕੱਢ ਰਹੇ ਹੋ-ਸੰਪਾਦਕ)
ਸ਼ਾਇਦ ਤੁਸੀ ਮੇਰੀ ਇਸ ਪੰਕਤੀ ਵਿਚੋਂ”
ਇੱਥੇ ਤੇ ਕੁਰਾਹੇ ਪਾਉਣ ਵਾਲੇ ਵੀ ਗੁਰਬਾਣੀ ਦੀ ਹੀ ਦੁਹਾਈ ਦਿੰਦੇ ਹਨ।
“ਇੱਥੇ” ਦੇ ਅਰਥ “ਸਿੱਖਮਾਰਗ” ਕੱਡੇ ਹਨ। “ਇੱਥੇ” ਤੋਂ ਮੇਰਾ ਭਾਵ ਸਾਰਾ ਸਿੱਖ ਸਮਾਜ ਸੀ ਨਾ ਕਿ ਤੁਹਾਡੀ ਵੈਬਸਾਇਟ।
ਦੂਸਰਾ ਇਹ ਕਿ ਤੁਹਾਡੀ ਇਹ ਪੰਕਤੀ ਮੇਰਾ ਪੋਆਇਂਟ ਸਾਬਿਤ ਕਰਦੀ ਹੈ। ਗੁਰਬਾਣੀ ਬਾਰੇ ਸਾਡਾ ਨਜਰੀਆ ਅਲਗ ਅਲਗ ਹੈ। ਮੈਂ ਬੜੇ ਸ਼ੌਕ ਨਾਲ, ਕਿਤਾਬਾਂ ਫਰੌਲ ਫਰੌਲ ਕੇ ਵਿਚਾਰਾਂ ਵਿੱਚ ਹਿੱਸਾ ਲੈਂਦਾ ਰਿਹਾ ਹਾਂ। ਕਈ ਵਾਰ ਘਰੋਂ ਬਾਹਰ ਹੁੰਦੇ ਹੋਏ ਵੀ ਆਪਣੀ ਪਤਨੀ ਨੂੰ ਪੁਛਦਾ ਰਿਹਾ ਹਾਂ ਕਿ ਅੱਜ ਸਿੱਖ ਮਾਰਗ ਤੇ ਕਿਹਨੇ ਕੀ ਲਿਖੀਆ ਹੈ। ਪਰ ਤੁਹਾਡੇ ਭਾਣੇ ਮੈਂ ਕੁਰਾਹੇ ਹੀ ਪਾ ਰਿਹਾ ਹਾਂ।
ਚਰਨਜੀਤ ਸਿੰਘ
ਬਰੈਂਮਪਟਨ


(13/05/11)
ਕਿਰਪਾਲ ਸਿੰਘ ਬਠਿੰਡਾ

ਸਿੱਖ ਮਾਰਗ ਦੇ ਸਤਿਕਾਰਯੋਗ ਵਿਦਵਾਨ ਸਰਵਜੀਤ ਸਿੰਘ ਜੀ, ਗੁਰਇੰਦਰ ਸਿੰਘ ਪਾਲ ਜੀ, ਡਾ: ਇਕਬਾਲ ਸਿੰਘ ਢਿੱਲੋਂ ਸਾਹਿਬ ਅਤੇ ਤੱਤਗੁਰਮਤਿ ਪ੍ਰੀਵਾਰ ਦੇ ਵੀਰ ਜੀਉ,

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।

ਵੀਰ ਗੁਰਇੰਦਰ ਸਿੰਘ ਪਾਲ ਜੀ ਨੇ ਆਪਣੇ ੧੨ ਮਈ ਦੇ ਪੱਤਰ ਵਿੱਚ ਗਿਲਾ ਕੀਤਾ ਹੈ: `ਧੜੇਬੰਦੀ ਦੀ ਕੈਦ ਵਿੱਚ ਅਸੀਂ ਆਪਣੇ ਧੜੇ ਵਾਲਿਆਂ ਦੀਆਂ ਖ਼ਾਮੀਆਂ ਹਮੇਸ਼ਾ ਨਜ਼ਰਅੰਦਾਜ਼ ਕਰਦੇ ਹਾਂ; ਪਰੰਤੂ, ਵਿਰੋਧੀ ਵਿਚਾਰ ਵਾਲੇ ਦੇ ਗੁਣਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਉਸ ਦੀਆਂ ਖ਼ਾਮੀਆਂ ਲੱਭਣ ਲਈ ਅਸੀਂ ਵਾਲ ਦੀ ਖੱਲ ਲਾਹੁਣ ਤੱਕ ਜਾਂਦੇ ਹਾਂ ਅਤੇ ਕਈ ਵਾਰੀ, ਬਿਨਾਂ ਸੋਚੇ ਸਮਝੇ, ਝੂਠ ਲਿਖਣ ਤੋਂ ਵੀ ਸੰਕੋਚ ਨਹੀਂ ਕਰਦੇ। ਇਸ ਕਥਨ ਦੀ ਤਾਜ਼ਾ ਪੁਸ਼ਟੀ ਕਿਰਪਾਲ ਸਿੰਘ ਵਲੋਂ ਤਕਰੀਬਨ ਸਵਾ ਮਹੀਨਾਂ ਇਸ ਬਹਿਸ ਤੋਂ ਪਾਸੇ ਰਹਿਣ ਉਪਰੰਤ ਉਨ੍ਹਾਂ ਦਾ ੮ ਮਈ ਨੂੰ ਅਚਾਨਕ ਬਹਿਸ ਵਿੱਚ ਸ਼ਾਮਿਲ ਹੋਕੇ ਡਾ: ਇਕਬਾਲ ਸਿੰਘ ਢਿੱਲੋਂ ਦੇ ਹਰ ਕਥਨ ਦਾ ਦਲੀਲ-ਰਹਿਤ ਖੰਡਨ ਕਰਨਾਂ ਅਜੀਬ ਜਿਹਾ ਲੱਗਦਾ ਹੈ`। ਵੀਰ ਜੀ ਮੇਰਾ ਪਾਸੇ ਰਹਿਣ ਦਾ ਕਾਰਣ ਸਿਰਫ ਇੱਕੋ ਸੀ ਕਿਉਂਕਿ ਮੈਂ ਸਮਝਦਾ ਸੀ ਕਿ ਇਸ ਬਹਿਸ ਵਿੱਚੋਂ ਨਿਕਲਣਾ ਕੱਖ ਨਹੀਂ ਪਰ ਖ਼ਾਹਮਖਾਹ ਕਿਸੇ ਵੀਰ ਨੇ ਕਿਸੇ ਧੜੇਬੰਦੀ ਦਾ ਕੈਦੀ, ਸਖ਼ਸ਼ੀਅਤ ਪੂਜਕ ਅਤੇ ਝੂਠ ਲਿਖਣ ਦਾ ਸਰਟੀਫਿਕੇਟ ਦੇ ਦੇਣਾ ਹੈ। ਆਪ ਜੀ ਨੇ ਮੇਰੇ ਇਸ ਸ਼ੰਕੇ ਨੂੰ ਸਹੀ ਸਿੱਧ ਕਰ ਦਿੱਤਾ ਹੈ। ਮੈਂ ਡਾ: ਢਿੱਲੋਂ ਸਾਹਿਬ ਜੀ ਦੇ ਹਰ ਕਥਨ ਦਾ ਦਲੀਲ ਰਹਿਤ ਖੰਡਨ ਨਹੀਂ ਕੀਤਾ ਸਗੋਂ ਉਨ੍ਹਾਂ ਨੂੰ ਬੇਨਤੀ ਕੀਤੀ ਸੀ ਕਿ ਸਿੱਖ ਮਾਨਸਿਕਤਾ ਵਿੱਚ ਅਕਾਲ ਤਖ਼ਤ ਸਬੰਧੀ ਬਣ ਚੁੱਕੀ ਧਾਰਨਾ ਨੂੰ ਤੁਸੀ ਮੁੱਢੋਂ ਰੱਦ ਕੀਤਾ ਹੈ ਇਸ ਲਈ ਜਦ ਤੱਕ ਤੁਸੀਂ ਆਪਣੀ ਇਸ ਮਿਥ ਨੂੰ ਸਹੀ ਸਿੱਧ ਕਰਨ ਲਈ ਭਰੋਸੇਯੋਗ ਇਤਿਹਾਸਕ ਸ੍ਰੋਤ ਨਹੀਂ ਦਿੰਦੇ ਉਤਨੀ ਦੇਰ ਤੱਕ ਤੁਹਾਡੀ ਇਸ ਮਿਥ ਨੂੰ ਸਹੀ ਨਹੀਂ ਮੰਨਿਆ ਜਾ ਸਕਦਾ, ਇਸ ਲਈ ਹੋਰ ਕੁੱਝ ਲਿਖਣ ਤੋਂ ਪਹਿਲਾਂ ਤੁਸੀਂ ਸ: ਹਰਦੇਵ ਸਿੰਘ ਜੰਮੂ, ਸ: ਜਸਬੀਰ ਸਿੰਘ ਕੈਲਗਰੀ, ਸ: ਅਮਰਜੀਤ ਸਿੰਘ ਚੰਦੀ, ਸ: ਪਰਮਜੀਤ ਸਿੰਘ ਆਦਿ ਵਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦੇ ਹੋਏ ਇਤਿਹਾਸਕ ਸ੍ਰੋਤਾਂ ਦਾ ਹਵਾਲਾ ਦਿਓ। ਜੇ ਕਰ ਤੁਸੀਂ ਸ੍ਰੋਤ ਨਹੀਂ ਦਸਦੇ ਤਾਂ ਤੁਹਾਡੀ ਇਸ ਮਿਥ ਨੂੰ ਸਹੀ ਨਹੀਂ ਮੰਨਿਆ ਜਾ ਸਕਦਾ। ਇਹ ਵੀ ਬੇਨਤੀ ਕੀਤੀ ਗਈ ਸੀ ਕਿ ਜੇ ਕਰ ਬਿਨਾਂ ਭਰੋਸੇਯੋਗ ਇਤਿਹਾਸਕ ਸ੍ਰੋਤਾਂ ਦੇ ਤੁਹਾਡੀ ਮਿਥ ਨੂੰ ਸਹੀ ਮੰਨ ਲਈਏ ਤਾਂ ਤਾਂ ਕਿਸ ਕਿਸ ਦੀ ਖੋਜ ਨੂੰ ਸੱਚ ਮੰਨੀਏ? ਪਰ ਜੇ ਮੰਨੀਏ ਤਾਂ ਮੰਨੀਏ ਵੀ ਕਿਵੇਂ? ਕਿਉਂਕਿ ਜੋਗਿੰਦਰ ਸਿੰਘ ਸਪੋਕਸਮੈਨ ਕਹਿ ਰਹੇ ਹਨ ਬਾਬੇ ਨਾਨਕ ਨੇ ਬਾਬਾ ਲਹਿਣਾ ਨੂੰ ਅੱਗੇ ਗੱਦੀ ਹੀ ਨਹੀਂ ਦਿੱਤੀ, ਬਾਬੇ ਨਾਨਕ ਦੀ ਅਸਲੀ ਬਾਣੀ ਦੀ ਪੋਥੀ ਸ਼੍ਰੀ ਚੰਦੀਆਂ ਨੇ ਸਾੜ ਦਿੱਤੀ ਹੈ ਤੇ ਬਾਕੀ ਵਿੱਚ ਮਨਭਾਉਂਦੀਆਂ ਤਬਦੀਲੀਆਂ ਕਰ ਦਿੱਤੀਆਂ, ਮੌਜੂਦਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਕੋਈ ਵੀ ਸ਼ਬਦ ਸਾਡਾ ਗੁਰੂ ਨਹੀਂ। ਸਪੋਕਸਮੈਨ ਵਿੱਚ ਛਪੇ ਇੱਕ ਲੇਖ ਅਨੁਸਰ ੧੭੦੮ ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਗ੍ਰੰਥ ਨੂੰ ਨਹੀਂ ਪੰਥ ਨੂੰ ਦਿੱਤੀ। ਤੱਤਗੁਰਮਤਿ ਪ੍ਰੀਵਾਰ ਵਾਲੇ ਗੁਰੂ ਨਾਨਕ ਸਮੇਤ ਕਿਸੇ ਇੱਕ ਨੂੰ ਵੀ ਗੁਰੂ ਨਹੀਂ ਮੰਨਦੇ। ਪਰ ਡਾ: ਇਕਬਾਲ ਸਿੰਘ ਢਿੱਲੋਂ ਸਾਹਿਬ ੧੦ ਗੁਰੂ ਸਾਹਿਬਾਨ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਨੂੰ ਵੀ ਗਿਆਰਵਾਂ ਗੁਰੂ ਮੰਨ ਰਹੇ ਹਨ। ਨਿਹੰਗ ਧਰਮ ਸਿੰਘ ਕਹਿੰਦਾ ਹੈ ਗੁਰੂਆਂ ਨੇ ਕੋਈ ਬੀੜ ਲਿਖਵਾਈ ਹੀ ਨਹੀਂ, ਨਾ ਹੀ ਕਿਸੇ ਬੀੜ ਨੂੰ ਦਸਮੇਸ਼ ਪਿਤਾ ਜੀ ਨੇ ੧੭੦੮ ਵਿੱਚ ਗੁਰਗੱਦੀ ਦਿੱਤੀ, ਨਾ ਹੀ ਉਨ੍ਹਾਂ ਨੂੰ ਕਿਸੇ ਬੀੜ ਦੀ ਲੋੜ ਹੀ ਸੀ।

ਡਾ: ਢਿੱਲੋਂ ਸਮੇਤ ਉਨ੍ਹਾਂ ਦਾ ਸਮਰਥਨ ਕਰ ਰਹੇ ਕਿਸੇ ਵੀ ਵਿਦਵਾਨ ਨੇ ਇਨ੍ਹਾਂ ਗੱਲਾਂ ਦਾ ਜਵਾਬ ਨਹੀਂ ਦਿੱਤਾ ਪਰ ਗੁਰਇੰਦਰ ਸਿੰਘ ਪਾਲ ਜੀ ਸਰਵਜੀਤ ਸਿੰਘ ਜੀ ਨੇ ਵਾਲ ਦੀ ਖੱਲ ਲਾਹੁੰਦਿਆਂ ਮੈਨੂੰ ਵਿਆਕਰਣ ਪੜ੍ਹਾਉਂਦਿਆਂ ਡਾ: ਢਿੱਲੋਂ ਨੂੰ ੧੦੦% ਸਹੀ ਤੇ ਮੈਨੂੰ ਝੂਠਾ ਸਿੱਧ ਕਰਨ ਲਈ ਲਿਖ ਦਿੱਤਾ: `ਕਿਰਪਾਲ ਸਿੰਘ ਦੁਆਰਾ ਦਿੱਤੀਆਂ ਗਈਆਂ ਉਪਰੋਕਤ ਉਦ੍ਹਾਰਣਾਂ ਇਕੱਲੇ `ਅਕਾਲ` (ਨਾਂਵ ਰੂਪ) ਦੀਆਂ ਨਹੀਂ ਸਗੋਂ ਅਕਾਲ ਵਿਸ਼ੇਸ਼ਣ ਰੂਪ (ਅਕਾਲ ਮੂਰਤਿ ਜਾਂ ਅਕਾਲ ਪੁਰਖ) ਦੀਆਂ ਹਨ। ਸੋ, ਸਪਸ਼ਟ ਹੈ ਕਿ ਕਿਰਪਾਲ ਸਿੰਘ, ਕਈ ਹੋਰ ਵਿਦਵਾਨਾਂ ਵਾਂਗ, ਆਪਣੀ ਵਿਦਵਤਾ ਦੇ ਝੰਡੇ ਲਹਿਰਾਉਣ ਲਈ ਝੂਠ ਲਿਖਣ ਤੋਂ ਵੀ ਸੰਕੋਚ ਨਹੀਂ ਕਰਦਾ। ਜੇ ਨਿਰਪੱਖ ਹੋ ਕੇ ਸਮਝਿਆ ਜਾਵੇ ਤਾਂ ਡਾ: ਢਿੱਲੋਂ ਆਪਣੇ ਇਸ ਕਥਨ ਵਿੱਚ ੧੦੦% ਸਹੀ ਹੈ। ਦੂਜਾ, ਕਿਰਪਾਲ ਸਿੰਘ ਬਠਿੰਡਾ ਲੇਖਕ ਇਕਬਾਲ ਸਿੰਘ ਨੂੰ ਨੀਵਾਂ ਦਿਖਾਉਣ ਲਈ ਜੋ ਸ਼ਬਦਾਵਲੀ ਵਰਤਦਾ ਹੈ ਉਹ ਸ੍ਵਸਥ ਵਿਚਾਰ ਚਰਚਾ ਲਈ ਕਾਰੀ ਨਹੀਂ। ` ਵੀਰ ਜੀ ਡਾ: ਸਾਹਿਬ ਦੇ ਜਿਸ ਲੇਖ ਵਿੱਚੋਂ ਮੈਂ ਜਿਹੜੀਆਂ ਲਾਈਨਾਂ ਦਾ ਹਵਾਲਾ ਦਿੱਤਾ ਸੀ ਉਸ ਨੂੰ ਲਿੰਕ http://www.sikhmarg.com/your-view72.html `ਤੇ ਦੁਬਾਰਾ ਪੜ੍ਹੋ। ਤੁਹਾਡੀ ਅਤੇ ਬਾਕੀ ਪਾਠਕਾਂ ਦੀ ਸਹੂਲਤ ਲਈ ਉਹ ਲਾਈਨਾਂ ਇੱਥੇ ਕਾਪੀ ਪੇਸਟ ਕੀਤੀਆਂ ਜਾ ਰਹੀਆਂ ਹਨ ਜੋ ਇਉਂ ਹਨ: `ਪਰੰਤੂ ਸਾਬਕਾ `ਜਥੇਦਾਰ` ਜੀ ਇਸ ਮਹੱਤਵਪੂਰਨ ਤੱਥ ਨੂੰ ਨਜ਼ਰਅੰਦਾਜ਼ ਕਰ ਗਏ ਹਨ ਕਿ ਸਾਰੇ ਸ੍ਰੀ ਗ੍ਰੰਥ ਜੀ ਵਿੱਚ ਕਿਧਰੇ ਇੱਕ ਥਾਂ `ਤੇ ਵੀ ਸ਼ਬਦ-ਜੋੜ `ਅਕਾਲ ਤਖਤ` ਵਰਤਿਆ ਹੋਇਆ ਨਹੀਂ ਮਿਲਦਾ। ਹੋਰ ਤਾਂ ਹੋਰ ਗੁਰਬਾਣੀ ਵਿੱਚ ਇਕੱਲੇ ਤੌਰ ਤੇ ਸ਼ਬਦ `ਅਕਾਲ` ਦੀ ਵਰਤੋਂ ਹੋਈ ਵੀ ਨਹੀਂ ਮਿਲਦੀ। `

ਉਕਤ ਲਾਈਨਾਂ ਡਾ: ਢਿੱਲੋਂ ਜੀ ਦੇ ਲੇਖ ਦੇ ਪੰਜਵੇਂ ਪਹਿਰੇ ਵਿਚੋਂ ਲਈਆਂ ਗਈਆਂ ਹਨ। ਡਾ: ਸਾਹਿਬ ਨੇ ਆਪਣੇ ਇਸ ਲੇਖ ਵਿੱਚ ਨਾ ਇਸ ਤੋਂ ਪਹਿਲਾਂ ਤੇ ਨਾ ਹੀ ਇਸ ਤੋਂ ਬਾਅਦ ਨੌਵੇਂ ਪਹਿਰੇ ਤੱਕ ਕਿਧਰੇ ਨਾਂਵ ਰੂਪ ਜਾਂ ਵਿਸ਼ੇਸ਼ਣ ਰੂਪ ਦੀ ਗੱਲ ਕੀਤੀ ਹੈ, ਬਲਕਿ ਦਾਅਵਾ ਇਹ ਕੀਤਾ ਸੀ: `ਹੋਰ ਤਾਂ ਹੋਰ ਗੁਰਬਾਣੀ ਵਿੱਚ ਇਕੱਲੇ ਤੌਰ ਤੇ ਸ਼ਬਦ `ਅਕਾਲ` ਦੀ ਵਰਤੋਂ ਹੋਈ ਵੀ ਨਹੀਂ ਮਿਲਦੀ। `

ਜਿਸ ਸ਼ਬਦ ਦੀ ਹੋਂਦ ਨੂੰ ਹੀ ਮੁੱਢੋ ਰੱਦ ਕਰ ਰਹੇ ਹਨ ਉਸ ਦੇ ਵਿਆਕਰਣਕ ਰੂਪ `ਤੇ ਨੌਵੇਂ ਪਹਿਰੇ ਵਿੱਚ ਚਾਨਣਾ ਪਾਉਣਾ (ਉਹ ਵੀ ਬਿਨਾਂ ਉਕਤ ਕਥਨ ਦਾ ਹਵਾਲ ਦਿੱਤੇ) ਇਸੇ ਢੰਗ ਨਾਲ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਜਿਵੇਂ ਕਿ ਦਸਮ ਗ੍ਰੰਥ ਵਿੱਚ ਇੱਕ ਥਾਂ ਪਰ ਨਾਰੀ ਦੀ ਸੇਜ `ਤੇ ਜਾਣ ਦੀ ਸਖਤੀ ਨਾਲ ਮਨਾਹੀ ਕੀਤੀ ਗਈ ਹੈ ਪਰ ਬਾਕੀ ਦੇ ੪੦੪ ਚਰਿਤਰ ਭਰੇ ਹੀ ਪਾਰੀ ਨਾਰੀ ਦੇ ਸੰਗ ਨਾਲ ਪਏ ਹਨ। ਇੱਕ ਥਾਂ ਲਿਖਿਆ ਹੈ `ਕਿਸਨ ਬਿਸ਼ਨ ਕਬਹੂੰ ਨ ਧਿਆਊਂ` ਪਰ ਦੂਸਰੇ ਪਾਸੇ ਕਿੰਨੇ ਹੀ ਪੰਨੇ ਚਉਬੀਸ ਅਵਤਾਰਾਂ ਦੀ ਮਹਿਮਾਂ ਵਿੱਚ ਕਾਲੇ ਕੀਤੇ ਪਏ ਹਨ। ਜਿਸ ਤਰ੍ਹਾਂ ਆਪਾਂ ਵੱਡੀ ਗਿਣਤੀ ਵਿੱਚ ਕਾਲੇ ਕੀਤੇ ਸਫਿਆਂ ਨੂੰ ਅਣਗੌਲਿਆਂ ਕਰਕੇ ਪਹਿਲੀਆਂ ਚੰਗੀਆਂ ਗੱਲਾਂ ਸਵੀਕਾਰ ਨਹੀਂ ਕਰ ਸਕਦੇ, ਉਸੇ ਤਰ੍ਹਾਂ ਜਿਸ ਸ਼ਬਦ ਦੀ ਹੋਂਦ ਨੂੰ ਇਨ੍ਹਾਂ ਨੇ ਮੁੱਢੋਂ ਹੀ ਰੱਦ ਕੀਤਾ ਹੈ, ਉਸ ਦੇ ਵਿਆਕਰਣ ਰੂਪ ਦਾ ਵਿਸਥਾਰ ਦੇਣ ਦੀ ਲੋੜ ਹੀ ਨਹੀਂ ਰਹਿ ਜਾਂਦੀ। ਵੀਰ ਜੀ ਤੁਹਾਨੂੰ ਇਸ ਗੱਲ ਦਾ ਵੀ ਭਲੀ ਭਾਂਤ ਗਿਆਨ ਹੈ ਕਿ ਬਹੁਤ ਸਾਰੇ ਸ਼ਬਦ ਐਸੇ ਵੀ ਹਨ ਜਿਹੜੇ ਵਿਸ਼ੇਸ਼ਣ ਹੁੰਦੇ ਹੋਏ ਨਾਂਵ ਦੇ ਤੌਰ `ਤੇ ਵੀ ਵਰਤੇ ਜਾ ਸਕਦੇ ਹਨ ਜਿਵੇਂ `ਲਾਲ ਕਿਲਾ` `ਵਾਈਟ ਹਾਊਸ` `ਲਾਲ ਸਿੰਘ` `ਹਰੀ ਸਿੰਘ`। ਸੋ ਗੱਲ ਨਾਂਵ ਜਾਂ ਵਿਸ਼ੇਸ਼ਣ ਸਮਝਾਉਣ ਦੀ ਨਹੀਂ ਹੈ ਬਲਕਿ ਇਤਿਹਾਸਕ ਸ੍ਰੋਤਾਂ ਦੀ ਹੈ ਪਰ ਉਹ ਦੱਸਣ ਤੋਂ ਤੁਸੀਂ ਸਾਰੇ ਹੀ ਇਨਕਾਰੀ ਹੋ ਤੇ ਇਸ ਤੋਂ ਬਚਣ ਲਈ ਵਿਆਕਰਣ ਪੜ੍ਹਾਉਣੀ ਸ਼ੁਰੂ ਕਰ ਦਿੱਤੀ ਹੈ। ਮੈਂ ਆਪਣੇ ਪੱਤਰ ਵਿੱਚ ਹੀ ਸਪਸ਼ਟ ਕਰ ਦਿੱਤਾ ਸੀ ਕਿ ਹੋ ਸਕਦਾ ਕਿ ਮੈਂ ਡਾ: ਸਾਹਿਬ ਜੀ ਦੇ ਭਾਵ ਨੂੰ ਸਮਝ ਨਾ ਸਕਿਆ ਹੋਵਾਂ ਪਰ ਜੇ ਉਨ੍ਹਾਂ ਦਾ ਭਾਵ ਨਾਂਵ ਰੂਪ ਵਿੱਚ ਇਕੱਠਾ ਸ਼ਬਦ `ਅਕਾਲ ਤਖਤ` ਨਾ ਆਉਣ ਤੋਂ ਹੈ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਨਾਂਵ ਰੂਪ ਇਕੱਠਾ ਸ਼ਬਦ ਤਾਂ `ਨਾਨਕਸ਼ਾਹੀ ਕੈਲੰਡਰ` ਵੀ ਕਿਧਰੇ ਨਹੀਂ ਆਇਆ। ਜੇ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਹਾਂ ਤਾਂ ਅਕਾਲ ਤਖ਼ਤ ਦੇ ਨਾਮ ਦਾ ਵਿਰੋਧ ਕਿਉਂ? ਮੈਨੂੰ ਵਿਆਕਰਣ ਪੜ੍ਹਾਉਣ ਤੋਂ ਇਲਾਵਾ ਤੁਸੀਂ ਮੇਰੇ ਵਲੋਂ ਕੀਤੇ ਗਏ ਇੱਕ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ। ਆਪ ਜੀ ਨੂੰ ਮੁੜ ਬੇਨਤੀ ਹੈ ਕਿ ਮੇਰੇ ੧੦ ਮਈ ਵਾਲੇ ਪੱਤਰ ਵਿੱਚ ਪੁੱਛੇ ਗਏ ਸਵਾਲਾਂ ਤੋਂ ਇਲਾਵਾ ਹੇਠ ਲਿਖੇ ਸਵਾਲਾਂ ਦਾ ਜਵਾਬ ਦੇਣ ਦੀ ਕ੍ਰਿਪਾਲਤਾ ਕਰਨੀ ਜੀ।

1. ਕੀ ਤੁਸੀਂ ਨਾਨਕ ਸਰੂਪਾਂ ਨੂੰ ਗੁਰੂ ਸ਼ਬਦ ਨਾਲ ਸਬੋਧਨ ਕਰਨ ਨੂੰ ਠੀਕ ਮੰਨਦੇ ਹੋ ਜਾਂ ਗਲਤ।

2. ਕੀ ਡਾ: ਇਕਬਾਲ ਸਿੰਘ ਜੀ ਵਾਂਗ ਗੁਰੂ ਗੰਥ ਸਾਹਿਬ ਜੀ ਸਮੇਤ ੧੧ ਗੁਰੂ ਮੰਨਦੇ ਹੋ ਜਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਬਾਣੀ: `ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ।। ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ।। ` (ਪੰਨਾ ੯੬੬) ਅਤੇ `ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ।। ` (ਪੰਨਾ ੬੪੬) ਦੀ ਵੀਚਾਰਧਾਰਾ ਅਨੁਸਾਰ ਇੱਕ ਹੀ ਗੁਰੂ ਜੋਤਿ ਅਤੇ ਸ਼ਬਦ ਗੁਰੂ ਨੂੰ ਮੰਨਦੇ ਹੋ?

3. ਜੇ ਤੁਸੀਂ ਮੇਰੇ ਸਵਾਲ ਦੇ ਮਗਰਲੇ ਹਿੱਸੇ ਨਾਲ ਸਹਿਮਤ ਹੋ ਤਾਂ ਜਿਸ ਤਰ੍ਹਾਂ ਭਾਈ ਗੁਰਮੁਖ ਸਿੰਘ ਜੀ ਦੇ ਪੱਤਰਾਂ ਵਿੱਚੋਂ ਕੁੱਝ ਲਾਈਨਾਂ ਫੜ ਕੇ ਉਸ ਤੋਂ ਦਸਮ ਗ੍ਰੰਥ ਸਬੰਧੀ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਹਨ ਉੇਸੇ ਤਰ੍ਹਾਂ ਡਾ: ਇਕਬਾਲ ਸਿੰਘ ਜੀ ਤੋਂ ਗੁਰੂ ਪਦ ਸਬੰਧੀ ਸਵਾਲ ਕਿਉਂ ਨਹੀਂ ਪੱਛੇ?

4. ਜੇ ਬਿਨਾਂ ਭਰੋਸੇਯੋਗ ਇਤਿਹਾਸਕ ਸ੍ਰੋਤਾਂ ਦੇ ਨਿਹੰਗ ਧਰਮ ਸਿੰਘ ਦੇ ਕਥਨ ਨੂੰ ਨਹੀਂ ਸਵੀਕਾਰਦੇ। ਸ਼ੇਰੇ ਪੰਜਾਬ ਰੇਡੀਓ `ਤੇ ਹੋਈ ਟਾਕ ਸ਼ੋਅ ਵਿੱਚ ਸ: ਸਰਵਜੀਤ ਸਿੰਘ ਸ਼ਾਮਲ ਸਨ (ਸ਼ਾਇਦ ਡਾ: ਢਿੱਲੋਂ ਦਾ ਹੁਣ ਸਮਰਥਨ ਕਰ ਰਹੇ ਹੋਰ ਵਿਦਵਾਨ ਵੀ ਉਸ ਵਿੱਚ ਸ਼ਾਮਲ ਹੋਣ) ਜਿਹੜੇ ਸਪਸ਼ਟ ਸ਼ਬਦਾਂ ਵਿੱਚ ਕਹਿ ਰਹੇ ਸਨ ਕਿ ਧਰਮ ਸਿੰਘ ਸੁੱਖਾ ਪੀ ਕੇ ਜਭਲੀਆਂ ਮਾਰ ਰਿਹਾ ਹੈ। ਬਿਨਾਂ ਭਰੋਸੇਯੋਗ ਇਤਿਹਾਸਕ ਸ੍ਰੋਤਾਂ ਦੇ ਕੋਈ ਵੀ ਦਾਅਵਾ ਮੰਨਣਣੋਗ ਨਹੀਂ ਹੈ। ਫਿਰ ਡਾ: ਢਿੱਲੋਂ ਤੋਂ ਇਤਿਹਾਸਕ ਸ੍ਰੋਤ ਮੰਗਣੇ ਉਸ ਨੂੰ ਨੀਚਾ ਵਿਖਾਉਣ ਦੇ ਤੁਲ ਕਿਉਂ ਸਮਝਿਆ ਜਾ ਰਿਹਾ?

5. ਭਾਈ ਗੁਰਮੁਖ ਸਿੰਘ ਨੇ ਆਪਣੇ ਇੱਕ ਪੱਤਰ ਵਿੱਚ ਲਿਖ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਦੋਵਾਂ ਵਿੱਚ ਹੀ ਮਿਲਾਵਟ ਹੋਈ ਹੈ? ਤੱਤ ਗੁਰਮਤਿ ਪ੍ਰੀਵਾਰ ਨੇ ਮੈਨੂੰ ਈਮੇਲ ਰਾਹੀਂ ਪੁੱਛਿਆ ਕਿ ਕੀ ਮੈਂ ਭਾਈ ਗੁਰਮੁਖ ਸਿੰਘ ਨਾਲ ਸਹਿਮਤ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਿਲਾਵਟ ਹੋਈ ਹੈ? ਜੇ ਨਹੀਂ ਤਾਂ ਏਡੇ ਵੱਡੇ ਨੁਕਤੇ ਨੂੰ ਛੱਡ ਕੇ ਸਿਰਫ ਅਕਾਲ ਤਖ਼ਤ `ਤੇ ਕੇਂਦ੍ਰਿਤ ਕਿਉਂ ਰਹਿਣਾ ਚਾਹੁੰਦੇ ਹੋ, ਜਦੋਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅਹਿਮੀਅਤ ਅਕਾਲ ਤਖ਼ਤ ਨਾਲੋਂ ਬਹੁਤ ਜਿਆਦਾ ਹੈ। ਮੈਂ ਪ੍ਰੀਵਾਰ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਪਰ ਵੀਰ ਜੀ ਇਹ ਦੱਸੋ ਕਿ ਡਾ: ਇਕਬਾਲ ਸਿੰਘ ਵਲੋਂ `ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਸਵਰਗੀ ਡਾ: ਪਿਆਰ ਸਿੰਘ ਦੀ ਪੁਸਤਕ ਛਾਪ/ਰਲੀਜ਼ ਕਰਕੇ ਉਸ ਨੂੰ ਇਨਸਾਫ ਦਿੱਤਾ ਜਾਵੇ। ਇਹ ਚਿੱਠੀ ਸਿਖ ਮਾਰਗ `ਤੇ ਡਾ: ਸਾਹਿਬ ਨੇ ਖ਼ੁਦ ਹੀ ਮੂਲ ਰੂਪ ਵਿੱਚ ਸਿੱਖ ਮਾਰਗ `ਤੇ ਮਾਰਚ ਮਹੀਨੇ ਵਿੱਚ ਪੇਸਟ ਕਰਵਾਈ ਹੈ। ਇਹ ਗੱਲ ਕਿਸੇ ਤੋਂ ਛੁਪੀ ਹੋਈ ਨਹੀਂ ਕਿ ਡਾ: ਪਿਆਰ ਸਿੰਘ ਦੀ ਉਸ ਪੁਸਤਕ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਿਲਾਵਟ ਸਿੱਧ ਕਰਨ ਦਾ ਹੋਸ਼ਾ ਯਤਨ ਕੀਤਾ ਸੀ, ਇਸੇ ਕਾਰਣ ਉਸ ਪੁਸਤਕ `ਤੇ ਅਕਾਲ ਤਖ਼ਤ ਵਲੋਂ ਪਾਬੰਦੀ ਲੱਗੀ ਸੀ। ਮੈਂ ਤੱਤ ਗੁਰਮਤਿ ਪ੍ਰੀਵਾਰ ਸਮੇਤ ਡਾ: ਢਿੱਲੋਂ ਦੇ ਸਮਰੱਥਨ ਵਿੱਚ ਉਤਰੇ ਸਾਰੇ ਵਿਦਵਾਨਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਉਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਿਲਾਵਟ ਮੰਨਦੇ ਹਨ? ਜੇ ਨਹੀਂ ਤਾਂ ਭਾਈ ਗੁਰਮੁਖ ਸਿੰਘ ਜੀ ਦੀ ਲਿਖਤ ਸਬੰਧੀ ਜਿਹੜਾ ਸਵਾਲ ਤੱਤ ਗੁਰਮਤਿ ਪ੍ਰੀਵਾਰ ਨੇ ਮੈਥੋਂ ਪੁਛਿਆ ਹੈ ਉਸ ਦਾ ਜਵਾਬ ਤੁਸੀਂ ਖ਼ੁਦ ਵੀ ਦਿਓ।

6. ਪ੍ਰੋ: ਦਰਸ਼ਨ ਸਿੰਘ ਸਿਰਫ ਇਸ ਗੱਲ `ਤੇ ਜੋਰ ਦੇ ਰਹੇ ਹਨ ਕਿ ਗੁਰੂ ਦੀ ਪਦਵੀ ਦੇ ਮਾਲਕ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹਨ। ਇਸੇ ਕਾਰਣ ਉਸ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਸਮੇਤ ਕਿਸੇ ਹੋਰ ਪੁਸਤਕ ਨੂੰ ਗੁਰੂ ਵਜੋਂ ਅਸਥਾਪਨ ਕੀਤੇ ਜਾਣ ਦਾ ਉਹ ਸਖਤ ਵਿਰੋਧ ਕਰਦੇ ਹਨ ਪਰ ਪੰਥ ਪ੍ਰਵਾਨਤ ਕਿਸੇ ਧਾਰਣਾ ਨੂੰ ਆਪਣੇ ਤੌਰ `ਤੇ ਕੱਟਣ ਤੋਂ ਗੁਰੇਜ਼ ਕਰਦੇ ਹੋਏ ਉਹ ਇਸੇ ਸੋਧ ਦੇ ਫੈਸਲੇ ਨੂੰ ਸਮੁੱਚੇ ਪੰਥ ਅਤੇ ਵਿਦਵਾਨਾਂ ਦੇ ਪੈਨਲ ਤੋਂ ਕਰਵਾਉਣ ਦੇ ਹੱਕ ਵਿੱਚ ਹਨ। ਪ੍ਰੋ: ਦਰਸ਼ਨ ਸਿੰਘ ਦਾ ਸਮਰਥਨ ਕਰਨ ਵਾਲੇ ਗੁਰਸਿੱਖਾਂ `ਤੇ ਤਾਂ ਤੱਤ ਗੁਰਮਤਿ ਪ੍ਰੀਵਾਰ ਵਾਲੇ ਸਿਧੇ ਤੌਰ `ਤੇ ਸਖ਼ਸ਼ੀਅਤ ਪ੍ਰਸਤ ਅਤੇ ਵਿਅਕਤੀ ਪੂਜਕ ਹੋਣ ਦਾ ਦੋਸ਼ ਥੱਪ ਰਹੇ ਹਨ। ਕ੍ਰਿਪਾ ਕਰਕੇ ਤੁਸੀਂ ਸਾਰੇ ਦੱਸੋ ਕਿ ਬਿਨਾ ਕਿਸੇ ਇਤਿਹਾਸਕ ਸ੍ਰੋਤ ਦੇ ਦੱਸਿਆਂ ਆਪਣੀ ਕਹੀ ਹੋਈ ਗੱਲ ਨੂੰ ਪੱਥਰ `ਤੇ ਲਕੀਰ ਵਾਂਗ ਆਖਰੀ ਸੱਚ ਦੱਸਣ ਵਾਲੇ ਡਾ: ਇਕਬਾਲ ਸਿੰਘ ਢਿੱਲੋਂ ਦਾ ਸਮਰਥਨ ਕਰਨ ਵਾਲੇ ਵੀਰਾਂ `ਤੇ ਵੀ ਉਕਤ ਦੋਸ਼ ਲੱਗ ਸਕਦਾ ਹੈ ਜਾਂ ਉਹ ਇਸ ਤੋਂ ਮੁਕਤ ਹੁੰਦੇ ਹੋਏ ਸਿਧਾਂਤਵਾਦੀ ਤੇ ਪੂਰਾ ਸੱਚ ਲਿਖਣ ਤੇ ਬੋਲਣ ਵਾਲੇ ਹੀ ਬਣੇ ਰਹਿਣਗੇ?

7. ਡਾ: ਢਿੱਲੋਂ ਵਲੋਂ ਅਕਾਲ ਤਖ਼ਤ ਦੀ ਸੰਸਥਾ ਨੂੰ ਨਿਸ਼ਾਨਾ ਕਦੀ ਇਸ ਖ਼ਿਆਲ ਨਾਲ ਤਾਂ ਨਹੀਂ ਬਣਾਇਆ ਜਾ ਰਿਹਾ ਤਾਂ ਕਿ ਸਵ: ਡਾ. ਪਿਆਰ ਸਿੰਘ ਢਿੱਲੋਂ `ਤੇ ਅਕਾਲ ਤਖ਼ਤ ਵਲੋਂ ਚੱਲੇ ਕੁਹਾੜੇ ਤੋਂ ਉਹ ਬਚਣਾ ਚਾਹੁੰਦੇ ਹੋਣ ਕਿਉਂਕਿ ਕੰਮ ਤਾਂ ਇਨ੍ਹਾਂ ਨੇ ਵੀ ਡਾ: ਪਿਆਰ ਸਿੰਘ ਵਰਗਾ ਹੀ ਕਰਨਾ ਹੈ। ਗੁ. ਨਾ. ਦੇ. ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਲਿਖੀ ਚਿੱਠੀ ਤੋਂ ਕੁੱਝ ਗੁੱਝਾ ਤਾਂ ਕੁੱਝ ਰਿਹਾ ਨਹੀਂ।

8. ਹਾਲੀ ਪਿੱਛੇ ਜਿਹੇ ਹੀ ਸ: ਗੁਰਚਰਨ ਸਿੰਘ ਜਿਉਣਵਾਲਾ ਅਤੇ ਉਸ ਦੇ ਸਾਥੀਆਂ ਨੂੰ ਦੋ ਟੁਕ ਫੈਸਲਾ ਸੁਣਾ ਦਿੱਤਾ ਗਿਆ ਸੀ ਕਿ ਜਾਂ ਤਾਂ ਤੁਹਾਥੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦੇਵੋ ਨਹੀਂ ਤਾਂ ਤੁਹਾਡੀਆਂ ਲਿਖਤਾਂ ਦੀ ਸਾਨੂੰ ਕੋਈ ਲੋੜ ਨਹੀਂ ਤੇ ਨਾ ਹੀ ਤੁਹਾਨੂੰ ਸਾਡੀ ਕੋਈ ਲੋੜ ਹੋਣੀ ਚਾਹੀਦੀ ਹੈ। ਕ੍ਰਿਪਾ ਕਰਕੇ ਦੱਸਿਆ ਜਾਵੇ ਕਿ ਡਾ: ਢਿੱਲੋਂ ਨੂੰ ਜਵਾਬ ਦੇਣ ਲਈ ਬੇਨਤੀ ਵੀ ਕਰਨੀ ਕਿਉਂ ਜਾਇਜ਼ ਨਹੀਂ ਸਮਝੀ ਜਾ ਰਹੀ?

9. ਜੇ ਤੁਸੀਂ ਉਕਤ ਦਾ ਜਵਾਬ ਨਹੀਂ ਦੇਣਾ ਚਾਹੁੰਦੇ ਤਾਂ ਕ੍ਰਿਪਾ ਕਰਕੇ ਦੱਸੋ ਕਿ ਕੀ ਤੁਸੀਂ ਧੜੇਬੰਦੀ ਦਾ ਸ਼ਿਕਾਰ ਹੋ ਜਾਂ ਵਿਅਕਤੀ ਪੂਜਕ ਹੋਣ ਕਰਕੇ ਆਪਣੇ ਧੜੇ ਦੇ ਵਿਦਵਾਨ ਨੂੰ ਇਹ ਸਵਾਲ ਨਹੀਂ ਕਰਨਾ ਚਾਹੁੰਦੇ?

10. ਵੀਰ ਗੁਰਇੰਦਰ ਸਿੰਘ ਪਾਲ ਜੀ ਵਲੋਂ ਮੇਰੇ `ਤੇ: `ਬਿਨਾਂ ਸੋਚੇ ਸਮਝੇ, ਝੂਠ ਲਿਖਣ` ਦੇ ਲਾਏ ਦੋਸ਼ ਦਾ ਮੈਨੂੰ ਕੋਈ ਗਿਲਾ ਨਹੀਂ ਕਿਉਂਕਿ ਅਜੇਹੇ ਦੋਸ਼ ਲਾਉਣ ਵਾਲੇ ਇਹ ਪਹਿਲੇ ਸੱਜਣ ਨਹੀਂ ਹਨ। ਜਿਸ ਸਮੇਂ ਮੈਂ ਸਪੋਕਸਮੈਨ ਵਿੱਚ ਸੀ ਉਸ ਦੇ ਸਮਰਥਕ, ਜਿਹੜੇ ਮੇਰੀਆਂ ਲਿਖਤਾਂ ਵਿੱਚ ਬਿਆਨੇ ਗਏ ਸੱਚ ਦੀਆਂ ਸਿਫਤਾਂ ਕਰਦੇ ਨਹੀਂ ਸੀ ਥਕਦੇ ਉਨ੍ਹਾਂ ਵਿੱਚੋਂ ਕੁੱਝ ਕੁ ਨੇ ਮੈਨੂੰ ਉਸ ਸਮੇਂ ਨਿਰਾ ਝੂਠ ਦਾ ਪੁਲੰਦਾ ਕਹਿਣਾ ਸ਼ੁਰੂ ਕਰ ਦਿੱਤਾ ਜਿਸ ਸਮੇਂ ਜੋਗਿੰਦਰ ਸਿੰਘ ਵਲੋਂ (ਗਲਤ ਤੌਰ `ਤੇ) ਆਮ ਹੀ ਵਰਤੀ ਜਾ ਰਹੀ ਤੁੱਕ `ਰੋਸੁ ਨ ਕੀਜੈ ਉਤਰੁ ਦੀਜੈ` ਦਾ ਹਵਾਲਾ ਦੇ ਕੇ ਉਸ ਦੀਆਂ ਲਿਖਤਾਂ ਸਬੰਧੀ ਸਵਾਲ ਪੁੱਛਣੇ ਸ਼ੁਰੂ ਕੀਤੇ। {ਮੈਂ ਇਸ ਨੂੰ ਗਲਤ ਤੌਰ `ਤੇ ਇਸ ਲਈ ਲਿਖਿਆ ਹੈ ਕਿਉਂਕਿ ਮੈਂ ਆਪਣੇ ੮ ਮਈ ਵਾਲੇ ਪੱਤਰ ਵਿੱਚ ਸਪਸ਼ਟ ਕਰ ਚੁੱਕਾ ਹਾਂ ਕਿ ਇਸ ਤੁਕ ਨੂੰ ਅਧੂਰੇ ਰੂਪ ਵਿੱਚ ਵਰਤ ਕੇ ਗੁਰਬਾਣੀ ਦੀ ਦੁਰਵਰਤੋਂ ਕੀਤੀ ਜਾ ਰਹੀ। ਪੂਰੀ ਤੁੱਕ ਇਸ ਤਰ੍ਹਾਂ ਹੈ `ਰੋਸੁ ਨ ਕੀਜੈ ਉਤਰੁ ਦੀਜੈ ਕਿਉ ਪਾਈਐ ਗੁਰ ਦੁਆਰੋ।। ` (ਸਿਧ ਗੋਸਟਿ ਪੰਨਾ ੯੩੮) ਅਤੇ ਇਹ ਸਿੱਧਾਂ ਵੱਲੋਂ ਗੁਰੂ ਨਾਨਕ ਨੂੰ ਕੀਤਾ ਸਵਾਲ ਹੈ, ਨਾ ਕਿ ਗੁਰੂ ਨਾਨਕ ਸਾਹਿਬ ਵਲੋਂ ਸਿੱਧਾਂ ਨੂੰ ਕੀਤਾ ਸਵਾਲ, ਜਿਵੇਂ ਕਿ ਇਸ ਨੂੰ ਪੇਸ਼ ਕੀਤਾ ਜਾ ਰਿਹਾ ਹੈ।} ਪਰ ਉਸ ਸਮੇਂ ਕਸ਼ਮੀਰ ਸਿੰਘ ਪਟਿਆਲਾ ਤੇ ਉਸ ਦਾ ਹੋਰ ਸਾਥੀ ਜਿਹੜੇ ਪਹਿਲਾਂ ਮੈਨੂੰ ਝੂਠ ਦਾ ਸਾਥ ਦੇਣ ਵਾਲੇ ਕਹਿ ਰਹੇ ਸਨ ਉਨ੍ਹਾਂ ਨੇ ਮੇਰੀਆਂ ਸਿਫਤਾਂ ਕਰਦਿਆਂ ਫ਼ੋਨ ਕਰਕੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਸਲੀ ਸੱਚ ਤੁਸੀਂ ਹੁਣ ਲਿਖਣਾ ਸ਼ੁਰੂ ਕੀਤਾ ਹੈ। ਸੰਜੋਗ ਬੱਸ ਇੱਕ ਦਿਨ ਉਨ੍ਹਾਂ ਨੂੰ ਸ਼ੇਰੇ ਪੰਜਾਬ ਰੇਡੀਓ `ਤੇ ਟਾਕ ਸ਼ੋਅ ਵਿੱਚ ਸ਼ਾਮਲ ਕੀਤਾ ਗਿਆ। ਅਖੌਤੀ ਦਸਮ ਗ੍ਰੰਥ ਸਬੰਧੀ ਪੁੱਛੇ ਗਏ ਉਹ ਇੱਕ ਵੀ ਸਵਾਲ ਦਾ ਜਵਾਬ ਨਾ ਦੇ ਸਕੇ। ਮੈਂ ਸਾਰੀ ਟਾਕ ਸ਼ੋਅ ਦੀ ਲਿਖਤੀ ਖ਼ਬਰ ਬਣਾ ਕੇ ਕਈ ਵੈੱਬਸਾਈਟਾਂ ਅਤੇ ਇੱਕ ਅਖ਼ਬਾਰ ਨੂੰ ਭੇਜ ਦਿੱਤੀ। ਉਸ ਸਮੇਂ ਕਸ਼ਮੀਰ ਸਿੰਘ ਜੀ ਨੂੰ ਮੇਰੇ `ਤੇ ਬੜਾ ਗੁੱਸਾ ਆਇਆ ਤੇ ਉਨ੍ਹਾਂ ਨੇ ਆਪਣੀ ਭੜਾਸ ਬਹੁਤ ਸਾਰਿਆਂ ਨੂੰ ਈਮੇਲ ਭੇਜ ਕੇ ਕੱਢੀ ਜਿਸ ਵਿੱਚ ਉਨ੍ਹਾਂ ਲਿਖਿਆ ਸੀ ਕਿ ਕਿਰਪਾਲ ਸਿੰਘ ਆਪਣੀ ਝੂਠ ਲਿਖਣ ਦੀ ਆਦਤ ਛੱਡ ਨਹੀਂ ਸਕੇ। (ਸ਼ਾਇਦ ਇਹ ਈਮੇਲ ਤੁਹਾਡੇ ਕੋਲ ਵੀ ਜਰੂਰ ਪਹੁੰਚੀ ਹੋਵੇਗੀ)। ਇਨ੍ਹਾਂ ਦਿਨਾਂ ਵਿੱਚ ਹੀ `ਸੱਚ ਕੀ ਬੇਲਾ` ਮਾਸਕ ਪੱਤਰ ਨੇ ਵਿਸ਼ੇਸ਼ ਲੇਖ ਲਿਖਿਆ `ਵਾਹ ਵੀ ਵਾਹ! ਲਵਾਤੀਆਂ ਗੋਡੀਆਂ, ਵਿਰੋਧੀਆਂ ਨੂੰ ਪਾਤੀਆਂ ਭਾਜੜਾਂ! ! ਭਾਈ ਗੁਰਪ੍ਰੀਤ ਸਿੰਘ ਕੈਲੇਫੋਰਨੀਆਂ ਨੇ` ਮੈਂ ਉਸ ਦਾ ਬੜੇ ਵਿਸਥਾਰ ਸਹਿਤ ਜਵਾਬ ਦਿੱਤਾ। ਡਾ: ਇਕਬਾਲ ਸਿੰਘ ਦਾ ਅੱਜ ਸਮਰੱਥਨ ਕਰ ਰਹੇ ਸ: ਗੁਰਇੰਦਰ ਸਿੰਘ ਪਾਲ ਦੇ ਕਈਆਂ ਸਾਥੀਆ ਨੇ ਫ਼ੋਨ ਕਰਕੇ ਮੇਰੀਆਂ ਲਿਖਤਾਂ ਦੀਆਂ ਸਿਫਤਾਂ ਦੇ ਪੁਲ ਬੰਨ੍ਹਦੇ ਬੜੀਆਂ ਅਸੀਸਾਂ ਦਿੱਤੀਆਂ। ਕਿਸੇ ਨੇ ਵੀ ਮੇਰੀਆਂ ਲਿਖਤਾਂ ਨੂੰ ਬੇਲੋੜੀਆਂ ਲੰਬੀਆਂ ਨਹੀਂ ਕਿਹਾ ਸਗੋਂ ਕਿਹਾ: ਇਹ ਤਾਂ ਤੁਸੀਂ ਘੱਟ ਤੋਂ ਘੱਟ ਸ਼ਬਦ ਵਰਤ ਕੇ ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ ਹੈ। ਵਿਸ਼ੇਸ਼ ਕਰਕੇ ਸਰਵਜੀਤ ਸਿੰਘ ਤਾਂ ਹਫਤੇ ਵਿੱਚ ਘੱਟ ਤੋਂ ਘੱਟ ਤਿੰਨ ਵਾਰ ਫ਼ੋਨ ਕਰਕੇ ਮੇਰੇ ਵਲੋਂ ਕੀਤੀ ਜਾ ਰਹੀ ਰੀਪੋਰਟਿੰਗ ਲਈ ਵਿਸ਼ੇਸ਼ ਤੌਰ `ਤੇ ਧੰਨਵਾਦ ਕਰਦੇ ਰਹਿੰਦੇ ਸਨ। ਡਾ: ਇਕਬਾਲ ਸਿੰਘ ਢਿੱਲੋਂ ਦੀਆਂ ਲਿਖਤਾਂ ਸਬੰਧੀ ਮੈਂ ਤਕਰੀਬਨ ਸਵਾ ਮਹੀਨੇ ਤੱਕ ਕੋਈ ਪ੍ਰਤੀਕਰਮ ਨਹੀਂ ਭੇਜਿਆ। ਇੱਕ ਵਾਰ ਸ: ਸਰਵਜੀਤ ਸਿੰਘ ਜੀ ਨੇ ਫ਼ੋਨ `ਤੇ ਗੱਲ ਕੀਤੀ ਤਾਂ ਉਨ੍ਹਾਂ ਨੂੰ ਸਪਸ਼ਟ ਕਰ ਦਿੱਤਾ ਕਿ ਮੈਂ ਇੱਥੋਂ ਤੱਕ ਤਾਂ ਸਹਿਮਤ ਹਾਂ ਕਿ ਪਿਛਲੇ ਕੁੱਝ ਦਹਾਕਿਆਂ ਤੋਂ ਅਕਾਲ ਤਖ਼ਤ ਦੀ ਦੁਰਵਰਤੋਂ ਲਗਾਤਾਰ ਵਧ ਰਹੀ ਹੈ, ਜਿਸ ਵਿੱਚ ਸੁਧਾਰ ਕੀਤੇ ਜਾਣ ਦੀ ਫੌਰੀ ਤੌਰ `ਤੇ ਲੋੜ ਹੈ। ਪਰ ਬਿਨਾਂ ਕਿਸੇ ਭਰੋਸੇਯੋਗ ਇਤਿਹਾਸਕ ਸ੍ਰੋਤ ਦੇ ਉਨ੍ਹਾਂ ਦੀ ਇਸ ਗੱਲ ਨਾਲ ਸਹਿਮਤ ਨਹੀਂ ਹਾਂ: `੧. ਕਥਿਤ ਅਕਾਲ ਤਖਤ ਦਾ ਸੰਕਲਪ ਗੁਰੂ ਸਾਹਿਬਾਨ ਦੀ ਦੇਣ ਨਹੀਂ। ੨. ਕਥਿਤ ਅਕਾਲ ਤਖਤ ਕੋਈ ਸੰਸਥਾ ਨਹੀਂ, ਇਹ ਦੋਖੀ ਧਿਰਾਂ ਵੱਲੋਂ ਸਿੱਖ ਕੌਮ ਦੇ ਸਿਰ ਥੋਪਿਆ ਮਨਮੱਤ ਦਾ ਅੱਡਾ ਹੈ। ੩. ਕਥਿਤ ਅਕਾਲ ਤਖਤ ਦੇ ਸੁਧਾਰ ਦੇ ਬਾਰੇ ਸੋਚਣ ਦੀ ਬਜ਼ਾਇ ਇਸ ਤੋਂ ਛੁਟਕਾਰਾ ਪਾਉਣ ਵਿੱਚ ਹੀ ਕੌਮ ਦੀ ਭਲਾਈ ਹੈ। ` ਇਸ ਤੋਂ ਬਾਅਦ ਅੱਜ ਤੱਕ ਉਨ੍ਹਾਂ ਮੇਰੇ ਨਾਲ ਕੋਈ ਸੰਪਰਕ ਨਹੀਂ ਕੀਤਾ। ਉਨ੍ਹਾਂ ਨੇ ਖ਼ੁਦ ਨਹੀਂ ਤਾਂ ਉਨ੍ਹਾਂ ਦੇ ਇੱਕ ਸਾਥੀ ਨੇ ਮੇਰੇ `ਤੇ `ਬਿਨਾਂ ਸੋਚੇ ਸਮਝੇ, ਝੂਠ ਲਿਖਣ` ਦਾ ਇਲਜ਼ਾਮ ਲਾ ਦਿੱਤਾ। ਸੋ ਸ: ਸਰਵਜੀਤ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਸਪਸ਼ਟ ਕਰਨ ਕਿ ਸ: ਗੁਰਇੰਦਰ ਸਿੰਘ ਪਾਲ ਜੀ ਵਲੋਂ ਲਾਏ ਗਏ ਦੋਸ਼ ਨਾਲ ਉਹ ਸਹਿਮਤ ਹਨ ਜਾਂ ਨਹੀਂ। ਜੇ ਉਹ ਨਹੀਂ ਵੀ ਕਰਦੇ ਤਾਂ ਵੀ ਮੇਰਾ ਕੋਈ ਰੋਸ ਨਹੀਂ ਕਿਉਂਕਿ ਮੈਂ ਕੁੱਝ ਵੀ ਲਿਖਾਂ ਇੱਕ ਧੜੇ ਨੇ ਉਸ ਨੂੰ ਪੂਰਨ ਸੱਚ ਤੇ ਇੱਕ ਧੜੇ ਨੇ ਝੂਠ ਦਾ ਪੁਲੰਦਾ ਕਹਿਣਾ ਹੀ ਹੈ। ਜੇ ਸਵਾ ਮਹੀਨਾ ਕੁੱਝ ਨਹੀਂ ਸੀ ਲਿਖਿਆ ਤਾਂ ਵੀ ਮੇਰੇ `ਤੇ ਦੋਸ਼ ਲੱਗ ਰਹੇ ਸਨ ਕਿ ਆਪਣੇ ਵੀਚਾਰ ਲਿਖਣ ਤੋਂ ਸੰਕੋਚ ਕਰਨਾ ਦੱਸ ਰਿਹਾ ਕਿ `ਧੜੇਬੰਦੀ ਦੀ ਕੈਦ ਵਿੱਚ ਹੋਣ ਕਰਕੇ ਆਪਣੇ ਧੜੇ ਵਾਲਿਆਂ ਦੀਆਂ ਖ਼ਾਮੀਆਂ ਨਜ਼ਰਅੰਦਾਜ਼ ਕਰ ਰਿਹਾਂ ਹਾਂ? ` ਪਰ ਜੇ ਕਾਫੀ ਸਮਾਂ ਚੁੱਪ ਰਹਿਣ ਪਿਛੋਂ ਡਾ: ਢਿੱਲੋਂ ਸਾਹਿਬ ਜੀ ਨੂੰ ਬੇਨਤੀ ਕਰ ਬੈਠਾ ਕਿ ਪਿਛਲੇ ਪੁਛੇ ਗਏ ਸਵਾਲਾਂ ਦੇ ਜਵਾਬ ਅਤੇ ਭਰੋਸੇਯੋਗ ਇਤਿਹਾਸਕ ਸ੍ਰੋਤ ਦਿੱਤੇ ਜਾਣ ਤੋਂ ਬਿਨਾਂ ਹੋਰ ਉਹ ਵਿਵਾਦਤ ਲਿਖਤਾਂ ਨਾ ਪਾਈਆਂ ਜਾਣ ਜਿਨਾਂ ਦੇ ਤੁਹਾਡੇ ਕੋਲ ਇਤਿਹਾਸਕ ਹਵਾਲੇ ਨਹੀਂ ਹਨ। ਇੰਨਾ ਹੀ ਲਿਖਣ ਦੀ ਦੇਰ ਸੀ ਕਿ ਤੁਸੀਂ ਇਹ ਭੁੱਲ ਹੀ ਗਏ ਕਿ ਸਿਰਫ ਦੂਜਾ ਧੜਾ ਹੀ ਨਹੀਂ ਬਲਕਿ ਤੁਸੀਂ ਖ਼ੁਦ ਵੀ ਮੈਨੂੰ ਆਪਣੇ ਧੜੇ ਦਾ ਸਮਝ ਰਹੇ ਸੀ। ਪਰ ਹੁਣ ਬੜੀ ਕਾਹਲੀ ਵਿੱਚ ਤੁਹਾਡੇ ਧੜੇ ਵਲੋਂ ਉਹੀ ਦੋਸ਼ ਲਾ ਦਿੱਤੇ। ਪਰ ਮੈਂ ਤੁਹਾਡਾ ਇਹ ਦੋਸ਼ ਵੀ ਧੰਨਵਾਦ ਸਹਿਤ ਕਬੂਲ ਕਰਦਾ ਹਾ ਕਿਉਂਕਿ `ਉਸਤਤਿ ਨਿੰਦਾ ਗੁਰਿ ਸਮ ਜਾਣਾਈ ਇਸੁ ਜੁਗ ਮਹਿ ਲਾਹਾ ਹਰਿ ਜਪਿ ਲੈ ਜਾਇ।। ੧।। ਰਹਾਉ।। ` (ਪੰਨਾ ੩੬੨)

11. ਮੇਰੇ `ਤੇ ਧੜੇਬੰਦੀ ਜਾਂ ਸਖ਼ਸ਼ੀਅਤਪੂਜਕ ਜਾਂ ਅੰਧਵਿਸ਼ਵਾਸ਼ ਆਦਿ ਦਾ ਕੋਈ ਵੀ ਇਲਜ਼ਾਮ ਲਾ ਸਕਦੇ ਹੋ ਪਰ ਮੇਰੀ ਬੇਨਤੀ ਹੈ ਕਿ ਬਿਨਾਂ ਕਿਸੇ ਭਰੋਸੇਯੋਗ ਇਤਿਹਾਸਕ ਸ੍ਰੋਤ ਦੇ ਮੈਂ ਕਿਸੇ ਐਸੀ ਲਿਖਤ ਦਾ ਸਮਰਥਨ ਨਹੀਂ ਕਰ ਸਕਦਾ ਜਿਹੜਾ ਅੱਜ ਤੱਕ ਨਿਰਵਿਵਾਦਤ ਮਿਥ ਨੂੰ ਅਪਣੇ ਨਿਜੀ ਹਿੱਤਾਂ ਲਈ ਵਿਵਾਦਤ ਬਣਾਉਣ ਲਿਖੀ ਗਈ ਹੋਵੇ ਖ਼ਾਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਿਲਾਵਟ ਦੱਸ ਕੇ ਇਸ ਦੀ ਪ੍ਰਮਾਣਿਕਤਾ ਨੂੰ ਸ਼ੱਕੀ ਬਣਾਉਂਦੀ ਹੋਵੇ?

12. ਅੰਤ ਵਿੱਚ ਆਪ ਜੀ ਸਾਰਿਆਂ ਨੂੰ ਹੀ ਨਿਮ੍ਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਡਾ: ਢਿੱਲੋਂ ਸਾਹਿਬ ਜੀ ਦੀਆਂ ਸਫਾਈਆਂ ਦੇਣ ਦੀ ਥਾਂ ਉਸ ਨੂੰ ਬੇਨਤੀ ਕਰੋ ਕਿ ਉਹ ਮੰਗੇ ਗਏ ਸਵਾਲਾਂ ਦੇ ਜਵਾਬ ਦੇਵੇ। ਨਹੀਂ ਦਿੰਦੇ ਤਾਂ ਇਸ ਵੀਚਾਰ ਚਰਚਾ ਦਾ ਭੋਗ ਪਾ ਕੇ ਹੋਰ ਧੜੇਬੰਦੀਆਂ ਉਤਪਨ ਹੋਣ ਤੋਂ ਠੱਲ੍ਹ ਪਾਉਣ ਦਾ ਉਪਰਾਲਾ ਕੀਤਾ ਜਾਵੇ ਜੀ।

ਕੋਈ ਭੁੱਲ ਹੋਈ ਹੋਵੇ ਤਾਂ ਮੁਆਫ ਕਰਨਾ ਜੀ। ਧੰਨਵਾਦ ਜੀ।

ਕਿਰਪਾਲ ਸਿੰਘ ਬਠਿੰਡਾ

੯੮੫੫੪ ੮੦੭੯੭


(12/05/11)
ਸਰਵਜੀਤ ਸਿੰਘ

ਸ: ਕਿਰਪਾਲ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫਤਿਹ॥
ਆਪ ਜੀ ਵਲੋਂ, ਆਪਣੇ ਪੱਤਰ (10-5-2010) ਵਿਚ ਲਿਖੇ ਆਪ ਜੀ ਦੇ ਸਬਦਾਂ, “ ਮੈਨੂੰ ਨਹੀਂ ਸਮਝ ਆ ਰਹੀ ਕਿ ਡਾ: ਸਾਹਿਬ ਜੀ ਦੇ ਉਕਤ ਕਥਨ ਦੇ ਭਾਵ ਨੂੰ ਮੈਂ ਹੀ ਠੀਕ ਨਹੀਂ ਸਮਝ ਸਕਿਆ ਜਾਂ ਉਹ ਵੈਸੇ ਹੀ ਪਾਠਕਾਂ ਦੇ ਦਿਮਾਗ ਦੀ ਕਸਰਤ ਕਰਵਾਉਣ ਲਈ ਅਜਿਹਾ ਕੁੱਝ ਲਿਖ ਰਹੇ ਹਨ” ਸਬੰਧੀ ਬੇਨਤੀ ਹੈ ਕਿ ਡਾ: ਢਿੱਲੋ ਜੀ ਨੇ ਤਾ ਤੁਹਾਡੇ ਦਿਮਾਗ ਦੀ ਕਸਰਤ ਕਰਵਾ ਦਿੱਤੀ ਤੇ ਤੁਸੀ ਮੇਰੇ ਦਿਮਾਗ ਦੀ ਕਸਰਤ ਕਰਵਾ ਦਿੱਤੀ। ਇਸ ਲਈ ਆਪ ਜੀ ਦਾ ਬੁਹਤ–ਬੁਹਤ ਧੰਨਵਾਦ।
ਆਪ ਜੀ ਦਾ ਪੱਤਰ ਪੜ੍ਹਨ ਉਪ੍ਰੰਤ ਮੈ ਡਾ: ਢਿੱਲੋ ਜੀ ਦਾ ਲੇਖ ਇਕ ਵੇਰ ਫੇਰ ਪੜ੍ਹਿਆ ਤਾਂ ਮੈਨੂੰ ਉਸ ਲੇਖ `ਚ ਆਪ ਜੀ ਦੇ ਕਥਨ ਮੁਤਾਬਕ ਨਾ ਸਮਝ ਆਉਣ ਵਾਲੀ ਤਾਂ ਕੋਈ ਗੱਲ ਨਹੀ ਲੱਭੀ। ਉਨ੍ਹਾਂ ਨੇ ਬੁਹਤ ਹੀ ਸਪੱਸ਼ਟ ਸਬਦਾ ਵਿਚ ਲਿਖਿਆ ਹੈ, “ਮੋਟੇ ਤੌਰ ਤੇ ‘ਅਕਾਲ’ ਸ਼ਬਦ ਦੇ ਪਰਚਲਤ ਅਰਥ ਵੇਖਣੇ ਹੋਣ ਤਾਂ ਦੋ ਹੀ ਬਣਦੇ ਹਨ, ਇੱਕ ਨਾਂਵ-ਰੂਪ ‘ਪਰਮਾਤਮਾ’ ਅਤੇ ਦੂਸਰਾ ਵਿਸ਼ੇਸ਼ਣ-ਰੂਪ ‘ਸਦੀਵੀ’ (‘ਅਕਾਲ’ ਸ਼ਬਦ ਦੇ ਦੋ ਹੋਰ ਘਟ ਪਰਚਲਤ ਨਾਂਵ-ਰੂਪ ਵੀ ਹਨ ਜੋ ਇਸੇ ਪੈਰੇ ਵਿੱਚ ਹੇਠਾਂ ਦਿੱਤੇ ਗਏ ਹਨ)। ਗੁਰਬਾਣੀ ਵਿੱਚ ‘ਅਕਾਲ’ ਸ਼ਬਦ ਕੇਵਲ ਤਿੰਨ ਸਥਿਤੀਆਂ ਵਿੱਚ ਵਰਤਿਆ ਗਿਆ ਹੈ, ਵਿਸ਼ੇਸ਼ਣ-ਰੂਪ ਨੂੰ ‘ਮੂਰਤਿ’ ਨਾਲ ਜੋੜ ਕੇ ‘ਅਕਾਲ ਮੂਰਤਿ’ ਬਣਾਉਣਾ, ਵਿਸ਼ੇਸ਼ਣ-ਰੂਪ ਨੂੰ ਹੀ ‘ਪੁਰਖ’ ਨਾਲ ਜੋੜ ਕੇ ‘ਅਕਾਲ ਪੁਰਖ’ ਬਣਾਉਣਾ ਅਤੇ ਨਾਂਵ-ਰੂਪ ਨਾਲ ‘ਕਾਲ-ਅਕਾਲ’ ਦਾ ਜੁੱਟ ਬਣਾ ਕੇ ਇੱਕ ਵਾਰ ‘ਕਾਲ’ (ਸੀਮਤ ਸਮਾਂ) ਦੇ ਉਲਟ ‘ਅਕਾਲ’ ਨੂੰ ‘ਦੀਰਘ ਆਯੂ’ ਦੇ ਅਰਥ ਦੇਣੇ (“ਸਿਮਰੈ ਕਾਲੁ ਅਕਾਲੁ ਸੁਚਿ ਸੋਚਾ II” -- ਮਹਲਾ ਪੰਜਵਾਂ ) ਅਤੇ ਦੂਸਰੀ ਵਾਰ ‘ਕਾਲ’ (ਸਮੇਂ ਭਾਵ ਆਯੂ) ਦੇ ਉਲਟ ‘ਅਕਾਲ’ ਨੂੰ ‘ਮੌਤ’ ਦੇ ਅਰਥ ਦੇਣੇ ( “ਕਾਲੁ ਅਕਾਲ ਖਸਮ ਕਾ ਕੀਨਾ ਇਹੁ ਪਰਪੰਚੁ ਬਧਾਵਨੁII” – ਭਗਤ ਕਬੀਰ )। ਗੁਰਬਾਣੀ ਵਿੱਚ ‘ਕਾਲ-ਅਕਾਲ’ ਜੁੱਟ ਉੱਪਰ ਦੱਸੇ ਅਨੁਸਾਰ ਕੇਵਲ ਦੋ ਵਾਰ ਹੀ ਵਰਤਿਆ ਗਿਆ ਹੈ।
ਉਪ੍ਰੋਕਤ ਲਿਖਤ ਨੂੰ ਜਿਵੇ ਮੈ ਸਮਝਿਆ ਹੈ ਉਸ ਮੁਤਾਬਕ ,ਡਾ: ਢਿੱਲੋਂ ਜੀ ਲਿਖਦੇ ਹਨ, “ਮੋਟੇ ਤੌਰ ਤੇ ‘ਅਕਾਲ’ ਸ਼ਬਦ ਦੇ ਪਰਚਲਤ ਅਰਥ ਵੇਖਣੇ ਹੋਣ ਤਾਂ ਦੋ ਹੀ ਬਣਦੇ ਹਨ, ਇੱਕ ਨਾਂਵ-ਰੂਪ ‘ਪਰਮਾਤਮਾ’ ਅਤੇ ਦੂਸਰਾ ਵਿਸ਼ੇਸ਼ਣ-ਰੂਪ ‘ਸਦੀਵੀ’” ਅੱਗੇ ਉਹ ਵਿਸ਼ਲੇਸ਼ਨ ਰੂਪ ਵਿਚ ਵਰਤੇ ਗਏ ਅਕਾਲ ਸਬੰਧੀ ਲਿਖਦੇ ਹਨ, “ਵਿਸ਼ੇਸ਼ਣ-ਰੂਪ ਨੂੰ ‘ਮੂਰਤਿ’ ਨਾਲ ਜੋੜ ਕੇ ‘ਅਕਾਲ ਮੂਰਤਿ’ ਬਣਾਉਣਾ, ਵਿਸ਼ੇਸ਼ਣ-ਰੂਪ ਨੂੰ ਹੀ ‘ਪੁਰਖ’ ਨਾਲ ਜੋੜ ਕੇ ‘ਅਕਾਲ ਪੁਰਖ’ ਬਣਾਉਣਾ” । ਜਦੋ ਅਸੀ ਮੂਲ ਮੰਤਰ ਦੇ ਦਰਸ਼ਨ ਕਰਦੇ ਹਾਂ, “ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ”॥ ਤਾਂ ਇਥੇ ‘ਅਕਾਲ ਮੂਰਿਤ’ ਦਾ ਸਬਦ ਜੋੜ ਹੈ। ਇਥੇ ਡਾ: ਢਿੱਲੋ ਮੁਤਾਬਕ ‘ਅਕਾਲ’ ਦੀ ਵਿਸ਼ੇਸ਼ਣ ਰੂਪ ਵਿਚ ਵਰਤੋਂ ਕੀਤੀ ਗਈ ਹੇ। ਜਿਵੇਂ ਕਿ ਆਪ ਜੀ ਨੇ ਵੀ ਖੋਜ ਕਰਕੇ ਲਿਖਿਆ ਹੈ ਕਿ ਇਹ 33 ਵਾਰੀ ਮੂਲ ਮੰਤਰ ਵਿਚ ਆਉਂਦਾ ਹੈ। ਇਸ ਤੋਂ ਇਲਾਵਾ ਜੋ ਆਪ ਜੀ ਨੇ ਪੰਗਤੀਆਂ ਦਾ ਹਵਾਲਾ ਦਿੱਤਾ ਹੈ ਉਨ੍ਹਾਂ ਵਿਚ ਵੀ, 10 ਵਾਰੀ ‘ਅਕਾਲ ਮੂਰਤਿ’ ਦਾ ਸ਼ਬਦ ਜੋੜ ਆਉਂਦਾ ਹੈ।
੧. ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ ਨਾ ਕਦੇ ਮਰੈ ਨ ਜਾਇਆ।। (੭੮)
੨. ਅਕਾਲ ਮੂਰਤਿ ਅਜੂਨੀ ਸੰਭੌ ਮਨ ਸਿਮਰਤ ਠੰਢਾ ਥੀਵਾਂ ਜੀਉ।। ੨।। (੯੯)
੪. ਸਫਲ ਦਰਸਨੁ ਅਕਾਲ ਮੂਰਤਿ ਪ੍ਰਭੁ ਹੈ ਭੀ ਹੋਵਨਹਾਰਾ।। (੬੦੯)
੫. ਕਰਿ ਪੂਜਾ ਹੋਮਿ ਇਹੁ ਮਨੂਆ ਅਕਾਲ ਮੂਰਤਿ ਗੁਰਦੇਵਾ।। ੩।। (੬੧੪)
੬. ਅਕਾਲ ਮੂਰਤਿ ਅਜੂਨੀ ਸੰਭਉ ਕਲਿ ਅੰਧਕਾਰ ਦੀਪਾਈ।। ੧੮।। (੯੧੬)
੯. ਅਕਾਲ ਮੂਰਤਿ ਜਿਸੁ ਕਦੇ ਨਾਹੀ ਖਉ।। (੧੦੮੨)
੧੦. ਅਕਾਲ ਮੂਰਤਿ ਰਿਦੈ ਧਿਆਇਦਾ ਦਿਨੁ ਰੈਨਿ ਜਪੰਥਾ।। (੧੧੦੧)
੧੨. ਸਤਿ ਪੁਰਖ ਅਕਾਲ ਮੂਰਤਿ ਰਿਦੈ ਧਾਰਹੁ ਧਿਆਨੁ।। (੧੧੨੧)
੧੩. ਨਿਰਵੈਰੁ ਅਕਾਲ ਮੂਰਤਿ।। (੧੨੦੧)
੧੪. ਅਕਾਲ ਮੂਰਤਿ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਉ।। ੧।। (੧੨੦੮)
ਇਸ ਤਰ੍ਹਾਂ ਹੀ ਦੋ ਵਾਰੀ ‘ਅਕਾਲ ਪੁਰਖ’ ਸ਼ਬਦ-ਜੋੜ ਵਿੱਚ ਵੀ‘ਅਕਾਲ’ ਸ਼ਬਦ ਵਿਸ਼ੇਸ਼ਣ-ਰੂਪ ਵਿੱਚ ਹੀ ਵਰਤਿਆ ਗਿਆ ਹੈ।
੩. ਅਕਾਲ ਪੁਰਖ ਅਗਾਧਿ ਬੋਧ।। (੨੧੨)
੭. ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ।। (੧੦੩੮)

ਅੱਗੇ ਡਾ: ਢਿੱਲੋ ਜੀ ਲਿਖਦੇ ਹਨ, “ਨਾਂਵ-ਰੂਪ ਨਾਲ ‘ਕਾਲ-ਅਕਾਲ’ ਦਾ ਜੁੱਟ ਬਣਾ ਕੇ ਇੱਕ ਵਾਰ ‘ਕਾਲ’ (ਸੀਮਤ ਸਮਾਂ) ਦੇ ਉਲਟ ‘ਅਕਾਲ’ ਨੂੰ ‘ਦੀਰਘ ਆਯੂ’ ਦੇ ਅਰਥ ਦੇਣੇ ( “ਸਿਮਰੈ ਕਾਲੁ ਅਕਾਲੁ ਸੁਚਿ ਸੋਚਾ II” -- ਮਹਲਾ ਪੰਜਵਾਂ ) ਅਤੇ ਦੂਸਰੀ ਵਾਰ ‘ਕਾਲ’ (ਸਮੇਂ ਭਾਵ ਆਯੂ) ਦੇ ਉਲਟ ‘ਅਕਾਲ’ ਨੂੰ ‘ਮੌਤ’ ਦੇ ਅਰਥ ਦੇਣੇ (“ਕਾਲੁ ਅਕਾਲ ਖਸਮ ਕਾ ਕੀਨਾ ਇਹੁ ਪਰਪੰਚੁ ਬਧਾਵਨੁII” – ਭਗਤ ਕਬੀਰ )। ਗੁਰਬਾਣੀ ਵਿੱਚ ‘ਕਾਲ-ਅਕਾਲ’ ਜੁੱਟ ਉੱਪਰ ਦੱਸੇ ਅਨੁਸਾਰ ਕੇਵਲ ਦੋ ਵਾਰ ਹੀ ਵਰਤਿਆ ਗਿਆ ਹੈ”।
ਸ: ਕਿਰਪਾਲ ਸਿੰਘ ਜੀ, ਆਪ ਜੀ ਨੇ ਵੀ ‘ਕਾਲੁ ਅਕਾਲੁ’ ਸਬਦ ਜੋੜ ਦਾ ਦੋ ਵਾਰੀ ਹੀ ਹਵਾਲਾ ਦਿੱਤਾ ਹੈ।

੮. ਸਿਮਰੈ ਕਾਲੁ ਅਕਾਲੁ ਸੁਚਿ ਸੋਚਾ।। (੧੦੭੯)
੧੧. ਕਾਲੁ ਅਕਾਲੁ ਖਸਮ ਕਾ ਕੀਨਾੑ ਇਹੁ ਪਰਪੰਚੁ ਬਧਾਵਨੁ।। (੧੧੦੪)
ਡਾ: ਢਿੱਲੋ ਮੁਤਾਬਕ ਇਥੇ ‘ਅਕਾਲ’ ਦੀ ਵਰਤੋਂ ਨਾਂਵ ਰੂਪ ਵਿਚ ਕੀਤੀ ਗਈ ਹੈ।
ਆਪ ਜੀ ਦੇ ਬਚਨ, “ਹੋ ਸਕਦਾ ਹੈ ਕਿ ਹੋਰ ਵੀ ਕਿਸੇ ਰੂਪ ਵਿੱਚ ‘ਅਕਾਲ` ਸ਼ਬਦ ਆਇਆ ਹੋਵੇ ਪਰ ੩੩+ ੧੪= ੪੭ ਵਾਰ ਤਾਂ ਇਹ ਆ ਹੀ ਗਿਆ ਹੈ। ਕੀ ਇਹ ਸ਼ਬਦ ਡਾ: ਸਾਹਿਬ ਨੂੰ ਨਜ਼ਰ ਨਹੀਂ ਪਏ ਜਾਂ ਉਨ੍ਹਾਂ ਦਾ ਲਿਖਣ ਦਾ ਭਾਵ ਕੋਈ ਹੋਰ ਹੈ” ਸਬੰਧੀ ਬੇਨਤੀ ਹੈ ਕਿ ਜਿੰਨੀ ਕੁ ਕਸਰਤ ਮੈਂ ਕਰ ਸਕਿਆ ਹਾਂ ਉਸ ਮੁਤਾਬਕ ਤਾਂ ਆਪ ਜੀ ਦੀ ਗਿਣਤੀ ਬਿਲਕੁਲ ਸਹੀ ਹੈ। 45 ਵਾਰੀ ‘ਅਕਾਲ’ ਅਤੇ 2 ਵਾਰੀ ‘ਅਕਾਲੁ’ ਕੁਲ 47 ਵਾਰੀ ਹੀ ਆਇਆ ਹੈ।
ਤਖਤ:- ਜਦੋ ਮੈ ਥੋੜੀ ਜੇਹੀ ਹੋਰ ਕਸਰਤ ਕੀਤੀ ਤਾਂ ਜੋ ਜਾਣਕਾਰੀ ਹਾਸਲ ਹੋਈ ਉਹ ਵੀ ਸਾਝੀ ਕਰਦਾ ਹਾਂ। ਗੁਰੂ ਗ੍ਰੰਥ ਸਾਹਿਬ ਜੀ ਵਿਚ ‘ਤਖਤ’ 2 ਵਾਰੀ, ‘ਤਖਤਿ’ 33 ਵਾਰੀ, ‘ਤਖਤੁ’ 20 ਵਾਰੀ ਅਤੇ ‘ਤਖਤੈ’ 2 ਵਾਰੀ, ਕੁਲ 57 ਵਾਰੀ ਆਇਆ ਹੈ।
(੧) ਅਨਿਕ ਲੀਲਾ ਰਾਜ ਰਸ ਰੂਪੰ ਛਤ੍ਰ ਚਮਰ ਤਖਤ ਆਸਨੰ॥
(੨) ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ ॥
(੩) ਸਚੈ ਤਖਤੁ ਰਚਾਇਆ ਬੈਸਣ ਕਉ ਜਾਂਈ ॥
(੪) ਤਖਤਿ ਬਹੈ ਤਖਤੈ ਕੀ ਲਾਇਕ ॥

ਤਖ਼ਤ (ਨਾਂਵ) ਗੱਦੀ, ਸਿੰਘਾਸਨ ਰਾਜ-ਗੱਦੀ (ਨੈਸ਼ਨਲ ਪੰਜਾਬੀ ਕੋਸ਼)
ਤਖ਼ਤ: ਸੰਗਯਾ- ਬੈਠਣ ਦੀ ਚੌਕੀ। ੨. ਰਾਜ ਸਿੰਗਾਸਨ. “ਤਖਤਿ ਬਹੈ ਤਖਤੈ ਕੀ ਲਾਇਕ” (ਮਾਰੂ ਸੋਹਲੇ ਮ: ੧) ੩. ਸ਼੍ਰੀ ਗੁਰੂ ਸਾਹਿਬਾਨ ਦਾ ਸਿੰਗਾਸਨ। ਖਾਸ ਕਰਕੇ ਗੁਰੂ ਦੇ ਚਾਰ ਤਖ਼ਤ- ਅਕਾਲਬੁੰਗਾ, ਪਟਨਾ ਸਾਹਿਬ ਦਾ ਹਰਿਮੰਦਿਰ, ਕੇਸਗੜ੍ਹ ਅਤੇ ਹ਼ਜੂਰ ਸਾਹਿਬ (ਅਬਿਚਲਨਗਰ) ( ਮਹਾਨਕੋਸ਼)
ਹਾਂ! ਡਾ: ਸਾਹਿਬ ਦੇ ਲਿਖਣ ਦਾ ਭਾਵ ਜਰੂਰ ਹੋਰ ਹੋ ਸਕਦਾ ਹੈ ਉਹ ਲਿਖਦੇ ਹਨ, “ਸਾਬਕਾ `ਜਥੇਦਾਰ` ਜੀ ਇਸ ਮਹੱਤਵਪੂਰਨ ਤੱਥ ਨੂੰ ਨਜ਼ਰਅੰਦਾਜ਼ ਕਰ ਗਏ ਹਨ ਕਿ ਸਾਰੇ ਸ੍ਰੀ ਗ੍ਰੰਥ ਜੀ ਵਿੱਚ ਕਿਧਰੇ ਇੱਕ ਥਾਂ `ਤੇ ਵੀ ਸ਼ਬਦ-ਜੋੜ `ਅਕਾਲ ਤਖਤ` ਵਰਤਿਆ ਹੋਇਆ ਨਹੀਂ ਮਿਲਦਾ”। ਮੇਰੇ ਖਿਆਲ ਮੁਤਾਬਕ ਉਹ ‘ਅਕਾਲ ਤਖਤ’ ਸ਼ਬਦਜੋੜ ਦੀ ਗੱਲ ਕਰ ਰਹੇ ਹਨ।
ਸ: ਕਿਰਪਾਲ ਸਿੰਘ ਜੀ, ਮੈਨੂੰ ਪੂਰੀ ਆਸ ਹੈ ਕਿ ਆਪ ਜੀ ਵੀ ਮੇਰੇ ਨਾਲ ਸਹਿਮਤ ਹੋਵੋਗੇ ਕਿ ‘ਅਕਾਲ ਤਖਤ’ ਦਾ ਸ਼ਬਦ ਜੋੜ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀ ਹੈ। ਇਕ ਵੇਰੀ ਫੇਰ, ਮੇਰੇ ਦਿਮਾਗ ਦੀ ਕਸਰਤ ਕਰਵਾਉਣ ਲਈ ਆਪ ਜੀ ਦਾ ਬਹੁਤ–ਬੁਹਤ ਧੰਨਵਾਦ।
ਸਤਿਕਾਰ ਸਹਿਤ
ਸਰਵਜੀਤ ਸਿੰਘ


(12/05/11)
ਹਰਦੇਵ ਸਿੰਘ, ਜੰਮੂ

ਸਤਿਕਾਰ ਯੌਗ ਪਾਠਕ ਸੱਜਣੋਂ

ਸਤਿ ਸ਼੍ਰੀ ਅਕਾਲ!

ਅਕਾਲ ਤਖਤ ਲਕਬ 1925 ਦੇ ਐਕਟ ਦੀ ਦੇਂਣ ਦਾ ਦਾਵਾ ਇੱਕ ਹੋਰ ਸਬੂਤ ਰਾਹੀਂ ਗਲਤ ਸਾਬਤ ਹੋਈਆ ਹੈ!

ਪਿੱਛਲੇ ਦਿਨ੍ਹਾਂ ਵੈਬ ਸਾਈਟਾਂ ਤੇ ਛੱਪੇ ਸਨ 1887 ਨਾਲ ਸਬੰਧਤ ਸ਼੍ਰੀ ਅਕਾਲ ਤਖਤ ਦੇ ਤੱਤਕਾਲੀਨ ਪ੍ਰਬੰਧਕਾਂ ਵਲੋਂ ਜਾਰੀ ਇੱਕ ਆਦੇਸ਼ ਦੀ ‘ਮੂਲ ਕਾਪੀ` ਦੀ ਇਬਾਰਤ ਪੜਨ ਨੂੰ ਮਿਲੀ ਜਿਸ ਨੇ ਇਸ ਦਾਵੇ ਨੂੰ ਬਿਲਕੁਲ ਗਲਤ ਸਾਬਤ ਕੀਤਾ ਹੈ ਕਿ ਅਕਾਲ ਤਖਤ ਲਕਬ ਅਤੇ ਇਦਾਰਾ 1925 ਦੇ ਐਕਟ ਦੀ ਦੇਂਣ ਹੈ ਅਤੇ ਇਸ ਤੋਂ ਪਹਿਲਾਂ ਇਸ ਦਾ ਇਸਦਾ ਕੋਈ ਲਿਖਤੀ ਹਵਾਲਾ ਮੌਜੂਦ ਹੀ ਨਹੀਂ।

ਇਹ ਆਦੇਸ਼ ਅਕਾਲ ਤਖਤ ਦੇ 25 ਸਤੰਬਰ, 1995 ਨੂੰ ਉਸ ਸਮੇਂ ਦੇ ਪ੍ਰਬੰਧਕਾਂ ਨੇ ਗਲਤ ਜਾਣਦੇ ਹੋਏ ਵਾਪਸ ਲੇ ਲਿਆ ਗਿਆ ਸੀ। ਜ਼ਾਹਰ ਹੈ ਕਿ 1887 ਦੇ ਆਦੇਸ਼ ਦੀ ਹੋਂਦ ਨੂੰ ਸਵੀਕਾਰ ਕਰਦੇ ਹੀ ਉਸ ਨੂੰ 108 ਸਾਲ ਬਾਦ ਗਲਤ ਜਾਣਦੇ ਵਾਪਸ ਲਿਆ ਗਿਆ। ਇਹ ਆਦੇਸ਼ ਗੁਰਦੁਆਰਾ ਐਕਟ 1925 ਤੋਂ 38 ਸਾਲ ਪਹਿਲਾ ਦਾ ਹੈ ਅਤੇ ਅਕਾਲ ਤਖਤ ਦਾ ਲਿਖਤੀ ਇਤਹਾਸਕ ਹਵਾਲਾ ਐਕਟ ਬਣਨ ਤੋਂ ਲਗਭਗ 210 ਸਾਲ ਪਹਿਲਾਂ ਦਾ ਹੈ ਜਿਸ ਵੇਲੇ ਗੁਰੂ ਗੋਬਿਂਦ ਸਿੰਘ ਜੀ ਦੇ ਕਈ ਸਮਕਾਲੀ ਮੌਜੂਦ ਸਨ।

ਇਸ ਆਦੇਸ਼ ਤੋਂ ਇਹ ਵੀ ਸਪਸ਼ਟ ਹੈ ਕਿ 1925 ਦਾ ਐਕਟ ਬਣਨ ਤੋਂ ਕਈ ਦਹਾਕਿਆਂ ਪਹਿਲਾਂ ‘ਅਕਾਲ ਤਖਤ` ਤੇ ਇੱਕ ਕੋਮੀ ਸੰਸਥਾਨ ਹੋਂਦ ਵਿੱਚ ਸੀ ਅਤੇ ਕੰਮ ਕਰ ਰਿਹਾ ਸੀ। ਸਹੀ-ਗਲਤ ਆਦੇਸ਼ ਇੱਕ ਅਲਗ ਵਿਸ਼ਾ ਹੈ। ਇਸ ਲਈ ਅਕਾਲ ਤਖਤ ਇਦਾਰੇ ਦੀ ਹੋਂਦ ਅਤੇ ਨਾਮਕਰਨ ਨੂੰ 1925 ਦੇ ਐਕਟ ਦੀ ਦੇਂਣ ਕਹਿਣਾ ਇੱਕ ਅਤਿ ਦਾ ਫ਼ੋਕਾ ਜਿਹਾ ਵਿਚਾਰ ਸੀ ਜੋ ਕਿ ਸਪਸ਼ਟ ਰੂਪ ਵਿੱਚ ਗਲਤ ਸਾਬਤ ਹੋ ਗਿਆ ਹੈ।

ਖ਼ੈਰ ਇਸ ਆਦੇਸ਼ ਦਿਆਂ ਕੁੱਝ ਹੋਰ ਅਲਾਮਤਾਂ ਵੀ ਵਿਚਾਰਨਯੋਗ ਹਨ।

09.05.11 ਨੂੰ ਤ. ਗੁ. ਪਰਿਵਾਰ ਦੀ ਵੈਬ ਸਾਈਟ ਤੇ ਛੱਪੀ ਇਸ ਕਾਪੀ ਦੀ ਪਹਿਲੀ ਵਿਚਾਰਣ ਯੋਗ ਅਲਾਮਤ ਇਸ ਆਦੇਸ਼ ਦੇ ਖੱਬੇ ਪਾਸੇ ਗੋਲ ਦਾਈਰੇ ਵਿੱਚ ਲਿਖੀ ਇਬਾਰਤ ਹੈ, ਜੋ ਕਿ ਇਸ ਪ੍ਰਕਾਰ ਹੈ;

ਸ਼੍ਰੀ ਅਕਾਲ ਸਹਾਏ, ਤਖਤ ਅਕਾਲ ਬੁੰਗਾ ਸਾਹਿਬ ਜੀ”

ਇਹ ਲਕਬ ਤਾਂ ਅਕਾਲ, ਤਖਤ ਅਤੇ ਬੁੰਗਾ ਤਿੰਨੋ ਸ਼ਬਦਾ ਦਾ ਸੰਗਮ ਹੈ! ਇਸ ਇਬਾਰਤ ਤੋਂ ਇਹ ਸਪਸ਼ਟ ਹੈ ਕਿ ਅਕਾਲ ਤਖਤ, ਅਕਾਲ ਬੁੰਗਾ ਦੋਵੇਂ ਸ਼ਬਦ ਆਪਣੇ ਪਰਿਪੇਖ ਵਿੱਚ ਪ੍ਰਚਲਤ ਰਹੇ ਹਨ ਅਤੇ ਇਨਾਂ ਦੀ ਇੱਕਠੇ ਵਰਤੋਂ ਤਖਤ ਅਕਾਲ ਬੁੰਗਾ ਕਰਕੇ ਵੀ ਮਿਲਦੀ ਹੈ। ਸ਼ਬਦ ਜੋੜ ਵਰਤੋਂ ਕਈ ਢੰਗ ਨਾਲ ਹੁੰਦੀ ਹੈ। ਮਿਸਾਲ ਤੇ ਤੋਰ ਤੇ ‘ਤਖਤ ਅਕਾਲ ਬੁੰਗਾ` ਨੂੰ ਜੇਕਰ ‘ਅਕਾਲ ਬੁੰਗਾ ਤਖਤ` ਜਾਂ ਅਕਾਲ ਤਖਤ ਬੁੰਗਾ ਵੀ ਕਹਿ ਲਿਆ ਜਾਵੇ ਤਾਂ ਵੀ ਭਾਵ ਨਹੀਂ ਬਦਲਦਾ। ਇਬਾਰਤ ਤੋਂ ਸਪਸ਼ਟ ਹੁੰਦਾ ਹੈ ਕਿ ਬੁੰਗਾ ਜਾਂ ਤਖਤ ਦੋਹਾਂ ਸ਼ਬਦਾਂ ਨਾਲ ‘ਅਕਾਲ` ਜੁੜਿਆ ਹੋਈਆ ਸੀ। ਸ਼ਬਦਾਂ ਦੀ ਵਰਤੋਂ 2+2= 4 ਵਰਗਾ ਨਹੀਂ ਹੁੰਦੀ ਬਲਕਿ ਉਹ ਕਈ ਢੰਗਾਂ ਨਾਲ ਵਰਤੇ ਜਾਂਦੇ ਹਨ! ਇਸ ਆਸਾਨ ਜਿਹੀ ਗੱਲ ਨੂੰ ਤਾਂ ਹਰ ਲਿਖਾਰੀ/ਖੌਜੀ ਜਾਣਦਾ ਹੈ। ਲੇਕਿਨ ਕਿਸੇ ਐਕਟ ਦੇ ਬਣਨ ਵੇਲੇ ਕਾਨੁਨੀ ਜ਼ਰੂਰਤਾਂ ਦੇ ਮੱਧੇਨਜ਼ਰ, ਪ੍ਰਚਲਤ ਸ਼ਬਦ ਜੋੜਾਂ ਵਿੱਚੋਂ ਇੱਕ ਪ੍ਰਮੁੱਖ ਸ਼ਬਦ ਜੋੜ ਨੂੰ ਹੀ ਲਿਖ ਲਿਆ ਜਾਂਦਾ ਹੈ ਜਿਵੇਂ ਕਿ ਐਕਟ ਵਿੱਚ ਗੁਰਦੁਆਰਾ ਸ਼ਬਦ ਨੂੰ ਲਿਖ ਲਿਆ ਗਿਆ ਜਦ ਕਿ ਇਸ ਲਈ ਧਰਮਸਾਲ ਸ਼ਬਦ ਵੀ ਪ੍ਰਚਲਤ ਰਿਹਾ ਸੀ।

ਖ਼ੈਰ, ਇਸੇ ਆਦੇਸ਼ ਦੀ ਪਹਿਲੀ ਲਾਈਨ ਵਿੱਚ ਹੀ ‘ਤਖਤ ਸ਼੍ਰੀ ਅਕਾਲ ਬੁੰਗਾ ਸਾਹਿਬ` ਲਿਖਿਆ ਹੋਈਆ ਹੈ ਜਦ ਕਿ ਗੋਲ ਦਾਈਰੇ ਵਿੱਚ ‘ਤਖਤ ਅਕਾਲ ਬੁੰਗਾ ਸਾਹਿਬ ਜੀ`। ਵਿਚਾਰਨ ਵਾਲਾ ਤੱਥ ਇਹ ਹੈ ਕਿ ‘ਅਕਾਲ` ਸ਼ਬਦ, ‘ਤਖਤ` ਅਤੇ ‘ਬੁੰਗਾ` ਦੋਹਾਂ ਦੇ ਕੇਂਦਰੀ ਭਾਵ ਵਜੋਂ 1925 ਦੇ ਐਕਟ ਤੋਂ ਚਿਰ ਪਹਿਲਾਂ ਗੁਰੂਆਂ ਦੇ ਸਮੇਂ ਤੋਂ ਹੀ ਵਰਤਿਆ ਚਲਿਆ ਆ ਰਿਹਾ ਸੀ।

ਅਕਾਲ` ਸ਼ਬਦ ਦੀ ਵਰਤੋਂ ਤਖਤ ਅਤੇ ੳਸੇ ਥਾਂ ਗੁਰੂ ਵਲੋਂ ਉਸਾਰੇ ਬੁੰਗੇ ਨਾਲ 1925 ਦੇ ਐਕਟ ਤੋਂ ਪਹਿਲਾਂ ਹੀ ਸੀ। ਇੱਥੇ ਸਪਸ਼ਟ ਹੁੰਦਾ ਹੈ ਕਿ ਗੁਰੂ ਨੇ ਤਖਤ ਉਸਾਰਦੇ ਹੋਏ ਉਸ ਨੂੰ ਬੁੰਗੇ ਦਾ ਰੂਪ ਦਿੰਦੇ ਹੋਏ, ਦਹਾਕਿਆਂ ਉਸਦਾ ਇਸਤੇਮਾਲ ਕੀਤਾ ਸੀ। ਉਹ ਬੁੰਗਾ ਗੁਰੂ ਦੀ ਰਿਹਾਈਸ਼ਗਾਹ ਵੀ ਸੀ ਜਿਸ ਵਿੱਚ ਗੁਰੂ ਜੀ ਲੋੜ ਅਨੁਸਾਰ ਮੁਕਾਮ ਵੀ ਕਰਦੇ ਸਨ! ਇਸੇ ਕਾਰਣ ਗੁਰੂ ਦੀ ਦਾ ਉਸਾਰਿਆ ਅਕਾਲ ਤਖਤ, ਤਖਤ ਸ਼੍ਰੀ ਅਕਾਲ ਬੁੰਗਾ ਕਰਕੇ ਵੀ ਪੁਕਰਿਆ ਜਾਂਦਾ ਰਿਹਾ। 1716 ਦੇ ਆਸਪਾਸ ਤੋਂ 1887 ਤਕ ਦੇ ਮੂਲ ਸਰੋਤਾਂ ਦੇ ਇਤਹਾਸਕ ਹਵਾਲੇ ਇਸ ਗੱਲ ਦੀ ਤੱਗੜੀ ਅਤੇ ਸਪਸ਼ਟ ਗਵਾਹੀ ਭਰਦੇ ਹਨ! ਉਸ ਤੋਂ ਬਾਦ ਦੇ ਹਵਲਿਆ ਦਾ ਤਾਂ ਕੋਈ ਅੰਤ ਹੀ ਨਹੀਂ। ਸਨ 1716 ਦੇ ਆਸਪਾਸ ਤਾਂ ਗੁਰਹਰਗੋਬਿਂਦ ਜੀ ਦੇ ਕੁੱਝ ਸਮਕਾਲੀ ਉੱਘੇ ਸਿੱਖਾਂ ਦੀ ਪਹਿਲੀ ਪੀੜੀ ਮੋਜੂਦ ਸੀ। ਹਾਲਾਂਕਿ ਕੋਈ ਵੱਡੀ ਗੱਲ ਨਹੀਂ ਕਿ ਕੁੱਝ ਸਮਕਾਲੀ ਵੀ ਮੋਜੂਦ ਸਨ।

ਅਸੀਂ ਜਾਣਦੇ ਹਾਂ ਕਿ ਭਾਈ ਗੁਰਦਾਸ ਨੇ ਗੁਰੂ ਨਾਨਕ ਜੀ ਲਈ ਗੁਰੂ, ਬਾਬਾ, ਪਾਤਿਸ਼ਾਹ, ਪੀਰ, ਜਗਤ ਗੁਰਬਾਬਾ ਵਰਗੇ ਕਈ ਲਕਬ ਵਰਤੇ ਹਨ। ਇਸੇ ਤਰਾਂ ਗੁਰੂ ਗੋਬਿਂਦ ਸਿੰਘ ਜੀ ਲਈ ਵੀ ਦਸਵੇਂ ਗੁਰੂ, ਦਸ਼ਮੇਸ਼, ਦਸ਼ਮ ਪਾਤਿਸ਼ਾਹ, ਬਾਜਾਂਵਾਲਾ, ਕਲਗੀਵਾਲਾ ਆਦਿ ਕਈ ਲਕਬ ਵਰਤੋਂ ਵਿੱਚ ਪੜਨ ਨੂੰ ਮਿਲਦੇ ਹਨ। ਇਥੇਂ ਤਕ ਕਿ ਗੁਰਬਾਣੀ ਨੂੰ ਬਾਣੀ, ਗੁਰਮਤਿ, ਗੁਰੂ ਦੀ ਸਿੱਖਿਆ, ਗੁਰਗਿਆਨ ਆਦਿ ਕਰਕੇ ਲਿਖਿਆ ਜਾਂਦਾ ਹੈ। ਇਸੇ ਤਰਾਂ ਅਕਾਲ ਤਖਤ ਵੱਖ-ਵੱਖ ਲਕਬਾਂ ਨਾਲ ਪੁਕਾਰਿਆ ਜਾਂਦਾ ਰਿਹਾ ਪਰ ‘ਅਕਾਲ` ਸ਼ਬਦ ਮੁੱਖ ਲਕਬਾਂ ਨਾਲ ਜੁੜਿਆ ਰਿਹਾ।

ਜਿੱਥੇ ਤਕ ਵਰਤੋਂ ਨਾ ਕਰਨ ਦਾ ਤਕਰ ਹੈ, ਔਂਰੰਗਜ਼ੇਬ ਲਾਲਕਿਲੇ ਦੇ ਤਖਤ ਤੇ ਬੈਠਾ ਬਾਦਸ਼ਾਹ ਸੀ ਜੋ ਕਿ 20 ਸਾਲ ਦੱਕਨੀ ਭਾਰਤ ਵਿੱਚ ਜੰਗ ਲੜਦਾ ਰਿਹਾ। ਤਖਤ ਤੋਂ ਜੰਗੀ ਕਾਰਣਾਂ ਕਾਰਣ ਦੁਰ ਹੋਣ ਦਾ ਮਤਲਭ ਕਦਾਚਿੱਤ ਨਹੀਂ ਨਿਕਲਦਾ ਕਿ ਦਿੱਲੀ ਦਾ ਤਖਤ ਅਪ੍ਰਸੰਗਿਕ ਪ੍ਰਤੀਕ ਸੀ। ਤਖਤ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਤਖਤ ਦੇ ਕਾਨਸੇਪਟ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ। ਜਿਸ ਨੂੰ ਇਹ ਜਾਣਕਾਰੀ ਨਹੀਂ ਹੁੰਦੀ ਉਹ ਤਖਤ ਬਾਰੇ ਸਹੀ ਵਿਚਾਰ ਨਹੀਂ ਕਰ ਸਕਦਾ।

ਇਸ ਲਈ ਉਪਰੋਕਤ ਆਦੇਸ਼ ਦੀ ਪਹਿਲੀ ਨਜ਼ਰਸਾਨੀ ਹੀ ਇਸ ਦਾਵੇ ਨੂੰ ਸਰਾਸਰ ਗਲਤ ਸਾਬਤ ਕਰਦੀ ਹੈ ਕਿ ਅਕਾਲ ਤਖਤ ਦਾ ਇਦਾਰਾ ਅਤੇ ਨਾਮਕਰਨ 1925 ਦੇ ਐਕਟ ਦੀ ਦੇਂਣ ਹੈ। ਵੈਬ ਸਾਈਟਾਂ ਤੇ ਛੱਪਿਆ 1887 ਦਾ ਅਕਾਲ ਤਖਤ ਦੇ ਪ੍ਰਬੰਧਕਾਂ ਦਾ ਆਦੇਸ਼ ਵੀ ਇਸ ਦੀ ਇੱਕ ਹੋਰ ਮਿਸਾਲ ਸਾਬਤ ਹੋਇਆ ਹੈ।

ਹਰਦੇਵ ਸਿੰਘ, ਜੰਮੂ


(12/05/11)
ਗੁਰਇੰਦਰ ਸਿੰਘ ਪਾਲ

‘ਅਕਾਲ ਤਖ਼ਤ ਦੀ ਸਥਿਤੀ’ `ਤੇ ਚਲ ਰਹੀ ਬਹਿਸ ਬਾਰੇ:

ਲ਼ਗ ਪਗ ਡੇਢ ਮਹੀਨੇ ਤੋਂ ਚਲ ਰਹੀ ਇਸ ਬਹਿਸ ਵਿੱਚੋਂ ਕੋਈ ਠੋਸ ਪ੍ਰਾਪਤੀ ਹੋਈ ਨਜ਼ਰ ਨਹੀਂ ਆਉਂਦੀ। ਕੁੱਝ ਇੱਕ ਪਾਠਕਾਂ ਨੇ ਤਾਂ ਤੰਗ ਆ ਕੇ ਇਸ ਚਰਚਾ ਨੂੰ ‘ਕਾਂਵਾਂ-ਰੌਲੀ’ ਦਾ ਨਾਮ ਵੀ ਦੇ ਦਿੱਤਾ ਹੈ। ਦਾਸ ਨੇ ਪਹਿਲਾਂ ਤਾਂ ਇਸ ਕਥਨ ਦਾ ਸਖ਼ਤ ਲਫ਼ਜ਼ਾਂ ਵਿੱਚ ਇਤਰਾਜ਼ ਕੀਤਾ; ਪਰੰਤੂ, ਕਾਫ਼ੀ ਸੋਚਣ ਉਪਰੰਤ ਮਹਿਸੂਸ ਹੋਇਆ ਕਿ ਇਸ ਟਿੱਪਣੀ ਵਿੱਚ ਸੱਚਾਈ ਹੈ। ਇਸ ਚਰਚਾ ਵਿੱਚ ਹੁਣ ਤਕ ਸੈਂਕੜੇ, ਸ਼ਾਇਦ ਹਜ਼ਾਰਾਂ, ਪੰਨੇ ਲਿਖੇ ਜਾ ਚੁੱਕੇ ਹਨ। ਇਹ ਬਹਿਸ ਨਰੋਈ ਨਾ ਰਹਿ ਕੇ ਇੱਕ ਨੀਰਸ ਤਾਮਸ਼ਾ ਬਣ ਕੇ ਰਹਿ ਗਈ ਹੈ। ਪਾਠਕ ਸਜਨੋ ਆਓ! ਬਹਿਸ ਵਿੱਚ ਰਚ ਚੁੱਕੀ ਇਸ ਨੀਰਸਤਾ ਦੇ ਕਾਰਣਾਂ ਨੂੰ ਭਾਂਪ ਕੇ ਉਨ੍ਹਾਂ ਤੋਂ ਛੁਟਕਾਰਾ ਪਾਈਏ ਅਤੇ ਇਸ ਬਹਿਸ ਵਿੱਚ ਸਾਰਥਕਤਾ ਲਿਆਉਣ ਦਾ ਸੁਹਿਰਦ ਯਤਨ ਕਰੀਏ। ਦਾਸ ਦੇ ਵਿਚਾਰ ਅਨੁਸਾਰ ਇਸ ਬਦਮਜ਼ਗੀ ਦੇ ਕਾਰਣ ਨਿਮਨ ਲਿਖਿਤ ਹਨ:

ਪਹਿਲਾ ਕਾਰਣ ਹੈ ਕਿ ਅਸੀਂ ਅਕਸਰ ਅਸਲੀ ਵਿਸ਼ੇ ਤੋਂ ਭਟਕ ਜਾਂਦੇ ਹਾਂ। ‘ਅਕਾਲ ਤਖ਼ਤ ਦੀ ਸਥਿਤੀ’ ਦੇ ਲੇਖਕ ਦਾ ਕਹਿਣਾ ਹੈ ਕਿ ਗੁਰੁ ਹਰਿ ਗੋਬਿੰਦ ਜੀ ਦੇ ਜੀਵਨ ਨਾਲ ਸੰਬੰਧਿਤ ਮੂਲ/ਮੁੱਢਲਾ ਸਥਾਨ, ਕਈ ਹੋਰ ਇਤਿਹਾਸਿਕ ਸਥਾਨਾਂ ਵਾਂਗ, ਲੋਪ ਕਰ ਦਿੱਤਾ ਗਿਆ ਹੈ। ਉਸ ਸਥਾਨ `ਤੇ ਇੱਕ ਬੁੰਗਾ (ਰਿਹਾਇਸ਼ਗਾਹ) ਉਸਾਰ ਕੇ ਉਸ ਨੂੰ ‘ਅਕਾਲ ਬੁੰਗਾ’ ਦਾ ਨਾਮ ਦੇ ਦਿੱਤਾ ਗਿਆ। ਅਕਾਲ ਬੁੰਗਾ ਨਾਮ ਤੋਂ ‘ਤਖ਼ਤ ਅਕਾਲ ਬੁੰਗਾ’ ਤੋਂ ਬਦਲ ਕੇ ‘ਅਕਾਲ ਤਖ਼ਤ’ ਤੋਂ ‘ਸ੍ਰੀ ਅਕਾਲ ਤਖ਼ਤ’ ਅਤੇ ਅੰਤ ਵਿੱਚ ‘ਸ੍ਰੀ ਅਕਾਲ ਤਖ਼ਤ ਸਾਹਿਬ’ ਪ੍ਰਚੱਲਿਤ ਕਰ ਦਿੱਤਾ ਗਿਆ। ਦੂਜਾ, ਇਸ ਸਥਾਨ ਲਈ ਇੱਕ ਅਸਾਮੀ ਦਾ ਅਵਿਸ਼ਕਾਰ ਕੀਤਾ ਗਿਆ ਜਿਸ ਨੂੰ ਇੱਕ ‘ਜਥੇਦਾਰ’ ਨਾਲ ਪੂਰਿਆ ਜਾਂਦਾ ਹੈ। ਇਹ ਜਥੇਦਾਰ, ਸਮੇ ਸਮੇ, ਇਸ ਸਥਾਨ ਤੋਂ ‘ਹੁਕਮਨਾਮੇ’ ਜਾਰੀ ਕਰਦਾ ਹੈ। ਲੇਖਕ, ਗੁਰੁ ਕਾਲ ਤੋਂ ਬਾਅਦ ਵਿੱਚ ਪ੍ਰਚੱਲਿਤ ਕੀਤੀ ਗਈ, ‘ਅਕਾਲ ਤਖ਼ਤ’ ਦੀ ਇਸ ਰੀਤੀ (ਲੇਖਕ ਦੇ ਸ਼ਬਦਾਂ ਵਿੱਚ: ਵਿਵਸਥਾ system) ਨੂੰ ਮੰਨਣ ਤੋਂ ਇਨਕਾਰੀ ਹੈ, ਅਤੇ ਇਸ ਸਿਸਟਮ ਨੂੰ ਖ਼ਤਮ ਕਰਨ ਦਾ ਸੁਝਾਓ ਦਿੰਦਾ ਹੈ। ਜੋ ਵਿਦਵਾਨ ਪਾਠਕ/ਲੇਖਕ ਡਾ: ਇਕਬਾਲ ਸਿੰਘ ਢਿੱਲੋਂ ਦੀ ਇਸ ਸੋਚਨੀਂ ਨਾਲ ਸਹਿਮਤ ਨਹੀਂ ਹਨ ਉਨ੍ਹਾਂ ਦਾ ਫ਼ਰਜ਼ ਹੈ ਕਿ ਉਹ ਸੰਖੇਪ, ਸਰਲ ਤੇ ਸਪਸ਼ਟ ਸ਼ਬਦਾਂ ਵਿੱਚ ਇਸ ਸੋਚ ਦਾ ਦਲੀਲ-ਯੁਕਤ ਖੰਡਨ ਕਰਨ ਦੇ ਨਾਲ ਨਾਲ ਇਹ ਵੀ ਦੱਸਣ ਕਿ ਠੀਕ ਕੀ ਹੈ ਅਤੇ ਜੋ, ਉਨ੍ਹਾਂ ਦੇ ਵਿਚਾਰ ਵਿੱਚ, ਠੀਕ ਨਹੀਂ ਉਸ ਨੂੰ ਠੀਕ ਕਿਵੇਂ ਕੀਤਾ ਜਾਵੇ!

ਬਹਿਸ ਦਾ ‘ਕਾਂਵਾਂ ਰੌਲੀ’ ਬਣਨ ਦਾ ਦੂਜਾ ਕਾਰਣ ਹੈ ਗੁੱਟਬੰਦੀ। ਸਾਡੀ ਇਹ ਮਾਨਸਿਕ ਕਮਜ਼ੋਰੀ ਚਲ ਰਹੀ ਵਿਚਾਰ ਚਰਚਾ ਵਿੱਚੋਂ ਸਾਫ਼ ਦਿਖਾਈ ਦਿੰਦੀ ਹੈ। ਧੜੇਬੰਦੀ ਦੀ ਕੈਦ ਵਿੱਚ ਅਸੀਂ ਆਪਣੇ ਧੜੇ ਵਾਲਿਆਂ ਦੀਆਂ ਖ਼ਾਮੀਆਂ ਹਮੇਸ਼ਾ ਨਜ਼ਰਅੰਦਾਜ਼ ਕਰਦੇ ਹਾਂ; ਪਰੰਤੂ, ਵਿਰੋਧੀ ਵਿਚਾਰ ਵਾਲੇ ਦੇ ਗੁਣਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਉਸ ਦੀਆਂ ਖ਼ਾਮੀਆਂ ਲੱਭਣ ਲਈ ਅਸੀਂ ਵਾਲ ਦੀ ਖੱਲ ਲਾਹੁਣ ਤੱਕ ਜਾਂਦੇ ਹਾਂ ਅਤੇ ਕਈ ਵਾਰੀ, ਬਿਨਾਂ ਸੋਚੇ ਸਮਝੇ, ਝੂਠ ਲਿਖਣ ਤੋਂ ਵੀ ਸੰਕੋਚ ਨਹੀਂ ਕਰਦੇ। ਇਸ ਕਥਨ ਦੀ ਤਾਜ਼ਾ ਪੁਸ਼ਟੀ ਕਿਰਪਾਲ ਸਿੰਘ ਬਠਿੰਡਾ ਦੇ ਪੱਤਰਾਂ ਤੋਂ ਕੀਤੀ ਜਾ ਸਕਦੀ ਹੈ। ਸਵਾ ਮਹੀਨਾਂ ਇਸ ਬਹਿਸ ਤੋਂ ਪਾਸੇ ਰਹਿਣ ਉਪਰੰਤ ਉਨ੍ਹਾਂ ਦਾ 8 ਮਈ ਨੂੰ ਅਚਾਨਕ ਬਹਿਸ ਵਿੱਚ ਸ਼ਾਮਿਲ ਹੋਕੇ ਡਾ: ਇਕਬਾਲ ਸਿੰਘ ਢਿੱਲੋਂ ਦੇ ਹਰ ਕਥਨ ਦਾ ਦਲੀਲ-ਰਹਿਤ ਖੰਡਨ ਕਰਨਾਂ ਅਜੀਬ ਜਿਹਾ ਲੱਗਦਾ ਹੈ। ਉਦ੍ਹਾਰਣ ਵਜੋਂ ਕਿਰਪਾਲ ਸਿੰਘ ਬਠਿੰਡਾ ਦੇ 10 ਮਈ ਦੇ ਪੱਤਰ ਵਿੱਚੋਂ ਨਿਮਨ ਲਿਖਿਤ ਬਿਆਨ ਧਿਆਨ-ਯੋਗ ਹੈ:

“ਅੱਜ ਤੱਕ ਮੰਗੇ ਗਏ ਭਰੋਸੇਯੋਗ ਹਵਾਲੇ ਦੇਣ ਤੋਂ ਅਸਮਰਥ ਵਿਦਵਾਨ ਢਿੱਲੋਂ ਸਾਹਿਬ ਨੇ ਆਪਣੇ ਕਥਨਾਂ ਦੇ ਸਮਰੱਥਨ ਵਿੱਚ ਇਤਿਹਾਸਕ ਸ੍ਰੋਤ ਲੱਭਣ ਦੀ ਥਾਂ ਇੱਕ ਹੋਰ ਮਾਰਕਾ ਮਾਰ ਦਿੱਤਾ। ਸਿੱਖ ਮਾਰਗ `ਤੇ “ਸਾਬਕਾ `ਜਥੇਦਾਰ` ਦਾ ਖਿਆਲੀ ਅਕਾਲ-ਤਖਤ” ਸਿਰਲੇਖ ਹੇਠ ਪਾਏ ਆਪਣੇ ਲੇਖ ਵਿੱਚ ਹੈਰਨੀਜਨਕ ਟਿੱਪਣੀ ਕਰਦਿਆਂ ਲਿਖ ਦਿੱਤਾ: ਸਾਬਕਾ `ਜਥੇਦਾਰ` ਜੀ ਇਸ ਮਹੱਤਵਪੂਰਨ ਤੱਥ ਨੂੰ ਨਜ਼ਰਅੰਦਾਜ਼ ਕਰ ਗਏ ਹਨ ਕਿ ਸਾਰੇ ਸ੍ਰੀ ਗ੍ਰੰਥ ਜੀ ਵਿੱਚ ਕਿਧਰੇ ਇੱਕ ਥਾਂ `ਤੇ ਵੀ ਸ਼ਬਦ-ਜੋੜ `ਅਕਾਲ ਤਖਤ` ਵਰਤਿਆ ਹੋਇਆ ਨਹੀਂ ਮਿਲਦਾ। ਹੋਰ ਤਾਂ ਹੋਰ ਗੁਰਬਾਣੀ ਵਿੱਚ ਇਕੱਲੇ ਤੌਰ `ਤੇ ਸ਼ਬਦ `ਅਕਾਲ` ਦੀ ਵਰਤੋਂ ਹੋਈ ਵੀ ਨਹੀਂ ਮਿਲਦੀ।

ਮੈਨੂੰ ਨਹੀਂ ਸਮਝ ਆ ਰਹੀ ਕਿ ਡਾ: ਸਾਹਿਬ ਜੀ ਦੇ ਉਕਤ ਕਥਨ ਦੇ ਭਾਵ ਨੂੰ ਮੈਂ ਹੀ ਠੀਕ ਨਹੀਂ ਸਮਝ ਸਕਿਆ ਜਾਂ ਉਹ ਵੈਸੇ ਹੀ ਪਾਠਕਾਂ ਦੇ ਦਿਮਾਗ ਦੀ ਕਸਰਤ ਕਰਵਾਉਣ ਲਈ ਅਜਿਹਾ ਕੁੱਝ ਲਿਖ ਰਹੇ ਹਨ। ਕਿਸੇ ਮਨੁਖ ਨੂੰ ਗੁਰਬਾਣੀ ਦਾ ਗਿਆਨ ਹੈ ਜਾ ਨਹੀਂ ਪਰ ਉਸ ਨੂੰ ਇੰਨਾਂ ਕੁ ਤਾਂ ਪਤਾ ਹੈ ਹੀ, ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਤੋਂ ਇਲਾਵਾ ੩੩ ਵਾਰ ਪੂਰਾ ਮੂਲ ਮੰਤਰ ਦਰਜ਼ ਹੈ ਜਿਸ ਵਿੱਚ `ਅਕਾਲ` ਸ਼ਬਦ ਲਿਖਿਆ ਹੋਇਆ ਹੈ।

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।।

ਇਸ ਤੋਂ ਇਲਾਵਾ ਹੇਠ ਲਿਖੀਆਂ ਤੁਕਾਂ ਵਿੱਚ ‘ਅਕਾਲ` ਸ਼ਬਦ ਆਇਆ ਹੈ:-

੧. ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ ਨਾ ਕਦੇ ਮਰੈ ਨ ਜਾਇਆ।। (੭੮)

੨. ਅਕਾਲ ਮੂਰਤਿ ਅਜੂਨੀ ਸੰਭੌ ਮਨ ਸਿਮਰਤ ਠੰਢਾ ਥੀਵਾਂ ਜੀਉ।। ੨।। (੯੯)

੩. ਅਕਾਲ ਪੁਰਖ ਅਗਾਧਿ ਬੋਧ।। (੨੧੨)

੪. ਸਫਲ ਦਰਸਨੁ ਅਕਾਲ ਮੂਰਤਿ ਪ੍ਰਭੁ ਹੈ ਭੀ ਹੋਵਨਹਾਰਾ।। (੬੦੯)

੫. ਕਰਿ ਪੂਜਾ ਹੋਮਿ ਇਹੁ ਮਨੂਆ ਅਕਾਲ ਮੂਰਤਿ ਗੁਰਦੇਵਾ।। ੩।। (੬੧੪)

੬. ਅਕਾਲ ਮੂਰਤਿ ਅਜੂਨੀ ਸੰਭਉ ਕਲਿ ਅੰਧਕਾਰ ਦੀਪਾਈ।। ੧੮।। (੯੧੬)

੭. ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ।। (੧੦੩੮)

੮. ਸਿਮਰੈ ਕਾਲੁ ਅਕਾਲੁ ਸੁਚਿ ਸੋਚਾ।। (੧੦੭੯)

੯. ਅਕਾਲ ਮੂਰਤਿ ਜਿਸੁ ਕਦੇ ਨਾਹੀ ਖਉ।। (੧੦੮੨)

੧੦. ਅਕਾਲ ਮੂਰਤਿ ਰਿਦੈ ਧਿਆਇਦਾ ਦਿਨੁ ਰੈਨਿ ਜਪੰਥਾ।। (੧੧੦੧)

੧੧. ਕਾਲੁ ਅਕਾਲੁ ਖਸਮ ਕਾ ਕੀਨਾੑ ਇਹੁ ਪਰਪੰਚੁ ਬਧਾਵਨੁ।। (੧੧੦੪)

੧੨. ਸਤਿ ਪੁਰਖ ਅਕਾਲ ਮੂਰਤਿ ਰਿਦੈ ਧਾਰਹੁ ਧਿਆਨੁ।। (੧੧੨੧)

੧੩. ਨਿਰਵੈਰੁ ਅਕਾਲ ਮੂਰਤਿ।। (੧੨੦੧)

੧੪. ਅਕਾਲ ਮੂਰਤਿ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਉ।। ੧।। (੧੨੦੮)”

ਕਿਰਪਾਲ ਸਿੰਘ ਦੁਆਰਾ ਦਿੱਤੀਆਂ ਗਈਆਂ ਉਪਰੋਕਤ ਉਦ੍ਹਾਰਣਾਂ ਇਕੱਲੇ ‘ਅਕਾਲ’ (ਨਾਂਵ ਰੂਪ) ਦੀਆਂ ਨਹੀਂ ਸਗੋਂ ਅਕਾਲ ਵਿਸ਼ੇਸ਼ਣ ਰੂਪ (ਅਕਾਲ ਮੂਰਤਿ ਜਾਂ ਅਕਾਲ ਪੁਰਖ) ਦੀਆਂ ਹਨ। ਸੋ, ਸਪਸ਼ਟ ਹੈ ਕਿ ਕਿਰਪਾਲ ਸਿੰਘ, ਕਈ ਹੋਰ ਵਿਦਵਾਨਾਂ ਵਾਂਗ, ਆਪਣੀ ਵਿਦਵਤਾ ਦੇ ਝੰਡੇ ਲਹਿਰਾਉਣ ਲਈ ਝੂਠ ਲਿਖਣ ਤੋਂ ਵੀ ਸੰਕੋਚ ਨਹੀਂ ਕਰਦਾ। ਜੇ ਨਿਰਪੱਖ ਹੋ ਕੇ ਸਮਝਿਆ ਜਾਵੇ ਤਾਂ ਡਾ: ਢਿੱਲੋਂ ਆਪਣੇ ਇਸ ਕਥਨ ਵਿੱਚ 100% ਸਹੀ ਹੈ। ਦੂਜਾ, ਕਿਰਪਾਲ ਸਿੰਘ ਬਠਿੰਡਾ ਲੇਖਕ ਇਕਬਾਲ ਸਿੰਘ ਨੂੰ ਨੀਵਾਂ ਦਿਖਾਉਣ ਲਈ ਜੋ ਸ਼ਬਦਾਵਲੀ ਵਰਤਦਾ ਹੈ ਉਹ ਸ੍ਵਸਥ ਵਿਚਾਰ ਚਰਚਾ ਲਈ ਕਾਰੀ ਨਹੀਂ!

ਇਸ ਬਹਿਸ ਵਿੱਚੋਂ ਇਹ ਸੱਚ ਵੀ ਸਾਮ੍ਹਣੇ ਆਇਆ ਹੈ ਕਿ ਅਸੀਂ ਇੱਕ ਹੋਰ ਮਾਨਸਿਕ ਰੋਗ ਦਾ ਸ਼ਿਕਾਰ ਹਾਂ। ਉਹ ਇਹ ਕਿ ਬਹਿਸ ਵਿੱਚ ਵਿਰੋਧੀ ਵਿਚਾਰਾਂ ਨੂੰ ਨਿਸ਼ਾਨਾਂ ਬਣਾਉਣ ਦੀ ਬਜਾਏ ਵਿਰੋਧੀ ਵਿਚਾਰਕਾਂ ਦੇ ਨਿੱਜਤ੍ਵ ਉੱਤੇ ਕਰੂਰ ਸ਼ਬਦਾਂ ਨਾਲ ਚਿੱਕੜ ਸਿੱਟਣ ਲੱਗ ਜਾਂਦੇ ਹਾਂ। ਇਹ ਸੱਚਾਈ ਇਸ ਚਰਚਾ ਵਿੱਚ ਲਿਖੇ ਗਏ ਪੱਤਰਾਂ ਵਿੱਚੋਂ ਝਲਕਦੀ ਸਾਫ਼ ਦਿਖਾਈ ਦਿੰਦੀ ਹੈ। ਇਸ ਤੋਂ ਵੀ ਬਚਣ ਦਾ ਯਤਨ ਕੀਤਾ ਜਾਣਾ ਚਾਹੀਦਾ ਹੈ।

ਕਈ ਪਾਠਕਾਂ ਨੇ ਵਿਚਾਰ ਚਰਚਾ ਵਿੱਚ ਹਿੱਸਾ ਲੈ ਰਹੇ ਵਿਦਵਾਨ ਲੇਖਕਾਂ ਨੂੰ ਸੰਖੇਪ, ਸਰਲ ਅਤੇ ਸਪਸ਼ਟ ਲਿਖਣ ਲਈ ਕਈ ਬੇਨਤੀਆਂ ਕੀਤੀਆਂ ਪਰੰਤੂ ਕਿਸੇ ਨੇ ਵੀ ਪਾਠਕਾਂ ਦੀ ਇਸ ਬੇਨਤੀ ਨੂੰ ਗੌਲਿਆ ਤੱਕ ਨਹੀਂ! ਹਾਰ ਕੇ ਕਈ ਪਾਠਕ ਇਸ ਚਰਚਾ ਨੂੰ ਪੜ੍ਹਣੋਂ ਹੀ ਹਟ ਗਏ ਹਨ। ਦੂਜਾ, ਕਈ ਪਾਠਕਾਂ (ਦਾਸ ਸਮੇਤ) ਨੇ ਇਸ ਵਿਸ਼ੇ ਸੰਬੰਧੀ ਆਪਣੇ ਸ਼ੰਕਿਆਂ ਦੀ ਨਿਵਿਰਤੀ ਲਈ ਵੀ ਕਈ ਵਾਰੀ ਬਿਨਤੀ ਕੀਤੀ ਪਰੰਤੂ ਕਿਸੇ ਵੀ ਲੇਖਕ, ਡਾ: ਢਿੱਲੋਂ ਸਮੇਤ, ਨੇ ਉਨ੍ਹਾਂ ਸ਼ੰਕਿਆਂ/ਸਵਾਲਾਂ ਦਾ ਜਵਾਬ ਦੇਣ ਦੀ ਖੇਚਲ ਨਹੀਂ ਕੀਤੀ! ਇਸ ਤਰ੍ਹਾਂ ਇਹ ਚਰਚਾ ਅੱਠ ਦਸ ਵਿਦਵਾਨ ਲੇਖਕਾਂ ਦੀ ਨਿੱਜੀ ਖੇਡ੍ਹ ਬਣ ਕੇ ਰਹਿ ਗਈ ਹੈ। ਹੋ ਸਕੇ ਤਾਂ ਇਸ ਖੇਡ ਦੇ ਮੂਕ ਬਣਾ ਦਿੱਤੇ ਗਏ ਦਰਸ਼ਕਾਂ ਦੇ ਇਸ ਗਿਲੇ ਨੂੰ ਧਿਆਨ-ਗੋਚਰਾ ਬਣਾਉਣ ਦੀ ਜ਼ਹਿਮਤ ਉਠਾ ਲਈ ਜਾਵੇ।

ਭੁੱਲ ਚੁਕ ਲਈ ਖਿਮਾ ਦਾ ਜਾਚਕ,

ਗੁਰਇੰਦਰ ਸਿੰਘ ਪਾਲ

ਮਈ 11, 2011


(12/05/11)
ਤੱਤ ਗੁਰਮਤਿ ਪਰਿਵਾਰ

ਸਤਿਕਾਰਯੋਗ ਸੰਪਾਦਕ ਅਤੇ ਸਮੂਹ ਪਾਠਕ ਜਨ ਸਿੱਖ ਮਾਰਗ,

‘ਤੱਤ ਗੁਰਮਤਿ ਪਰਿਵਾਰ’ ਨੇ ਫੈਸਲਾ ਕੀਤਾ ਸੀ ਕਿ ਵੀਰ ਗੁਰਮੁਖ ਸਿੰਘ ਜੀ ਦੀਆਂ ਟਿੱਪਣੀਆਂ ਨੂੰ ਅਣਗੌਲਿਆਂ ਕੀਤਾ ਜਾਵੇਗਾ। ਪਰ 9-05-11 ਨੂੰ ਉਨ੍ਹਾਂ ਨੇ ਸਿੱਖ ਮਾਰਗ `ਤੇ ਇੱਕ ਖੱਤ ਲਿੱਖ ਕੇ ਪਾਠਕਾਂ ਨੂੰ ਗੁੰਮਰਾਹਕੁਨ ਸੁਨੇਹਾ ਦੇਣ ਦਾ ਯਤਨ ਕੀਤਾ ਹੈ ਕਿ ਅਸੀਂ ਉਨ੍ਹਾਂ ਦਾ ਨਾਂ ਵਿਗਾੜ ਕੇ ਪੇਸ਼ ਕਰ ਰਹੇ ਹਾਂ। ਵੀਰ ਜੀ ਸਮੇਤ ਸਾਰੇ ਪਾਠਕਾਂ ਨੂੰ ਇਹ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਸਾਡੇ ਲਈ ਸਾਰੇ ਹੀ ਸਤਿਕਾਰਯੋਗ ਹਨ। ਅਸੀਂ ਕਿਸੇ ਦਾ ਵੀ ਨਾਂ ਵਿਗਾੜ ਕੇ ਲਿੱਖਣ ਨੂੰ ਸਹੀ ਨਹੀਂ ਮੰਨਦੇ, ਆਪਣੀਆਂ ਲਿਖਤਾਂ ਵਿੱਚ ਕਦੀਂ ਵੀ ਐਸਾ ਨਹੀਂ ਕਰਦੇ। ਜੇ ਕਦੀ ਨਾਮ ਗਲਤ ਲਿਖਿਆ ਜਾਂਦਾ ਹੈ ਤਾਂ ਉਹ ਬੇਸ਼ਕ ਸਾਡੀ ਟਾਈਪਿੰਗ ਦੀ ਗਲਤੀ ਜਾਂ ਵੈਬਫਾਂਟ ਬਦਲਾਵ ਵੇਲੇ ਪਿਆ ਫਰਕ ਹੁੰਦਾ ਹੈ। ਵੀਰ ਜੀ ਦੇ ਨਾਂ ਨਾਲ ਮਾਤਰਾਵਾਂ ਵਿੱਚ ਪਿਆ ਫਰਕ ਵੀ ਇਸੇ ਕਾਰਨ ਹੋਇਆ ਹੈ। ਅਸੀਂ ਇਸ ਗਲਤੀ ਲਈ ਬਿਨਾਂ ਸ਼ਰਤ ਖਿਮਾਂ ਦੇ ਜਾਚਕ ਹਾਂ ਅਤੇ ਪਾਠਕਾਂ ਨੂੰ ਸਪਸ਼ਟ ਕਰਦੇ ਹਾਂ ਕਿ ਜੇ ਭਵਿੱਖ ਵਿੱਚ ਵੀ ਐਸੀ ਕੋਈ ਗਲਤੀ ਕਿਸੇ ਦੇ ਵੀ ਨਾਂ ਨਾਲ ਹੁੰਦੀ ਹੈ ਤਾਂ ਉਹ ਨਿਰਸੰਦੇਹ ਤਕਨੀਕੀ ਕਾਰਨ ਹੋ ਸਕਦਾ ਹੈ, ਮੰਦਭਾਵਨਾ ਨਹੀਂ।

ਵੀਰ ਜੀ ਅਪਣੇ ਲੇਖਾਂ ਵਿੱਚ ਵਾਰ-ਵਾਰ ‘ਪਰਿਵਾਰ’ ਦੀ ਨਿਮਰਤਾ ਨੂੰ ਬਿਨਾਂ ਕਿਸੇ ਹਵਾਲੇ ਦੇ ਵਿਖਾਵਾ ਦਸ ਰਹੇ ਹਨ। ਕੂਝ ਲੋਕਾਂ ਨੂੰ ਨਿਮਰਤਾ ਚੰਗੀ ਨਹੀਂ ਲਗਦੀ, ਇਸ ਲਈ ਲਗਾਤਾਰ ਇਸ ਕੌਸ਼ਿਸ਼ ਵਿੱਚ ਰਹਿੰਦੇ ਹਨ ਕਿ ਅਸੀਂ ਉਨ੍ਹਾਂ ਦੀ ਬੇਲੋੜੀ (ਤੱਥਵਿਹੂਨੀ) ਇਲਜ਼ਾਮ ਤਰਾਸ਼ੀ ਕਾਰਨ ਭੜਕਾਹਟ ਵਿੱਚ ਆ ਜਾਈਏ ਅਤੇ ਨਿਮਰਤਾ ਦਾ ਪੱਲਾ ਛੱਡ ਕੇ ਕੜਵਾਹਟ ਵਾਲੀ ਭਾਸ਼ਾ ਅਪਣਾ ਲਈਏ। ਵੀਰ ਜੀ ਦੀਆਂ ‘ਪਰਿਵਾਰ’ ਸੰਬੰਧੀ ਟਿੱਪਣੀਆਂ ਵੀ ਸਾਨੂੰ ਇਸੇ ਦਿਸ਼ਾ ਵਿੱਚ ਜਾਪਦੀਆਂ ਹਨ। ਜੇ ਐਸਾ ਹੈ ਤਾਂ ਵੀਰ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਐਸੀਆਂ ਕਸਰਤਾਂ ਦਾ ਕੋਈ ਫਾਇਦਾ ਨਹੀਂ ਹੋਣਾ, ਕਿਉਂਕਿ ਭੜਕਾਹਟ ਤੋਂ ਬੱਚਣ ਲਈ ਸਾਡੇ ਸਾਹਮਣੇ ਗੁਰਬਾਣੀ ਸੇਧ ਮੌਜੂਦ ਹੈ, ਹੋਰ ਕਿਸੇ ਦੀਆਂ ਟਿੱਪਣੀਆਂ ਸਾਨੂੰ ਉਸ ਸੇਧ ਤੋਂ ਭਟਕਾ ਨਹੀਂ ਸਕਦੀਆਂ, ਐਸਾ ਸਾਨੂੰ ਯਕੀਨ ਹੈ।

ਅਸੀਂ ਨਿਮਰਤਾ ਸਹਿਤ ਵੀਰ ਜੀ ਨੂੰ (ਜੋ ਬਿਨਾਂ ਕਿਸੇ ਤੱਥ ਜਾਂ ਹਵਾਲੇ ਦੇ ਵਾਰ-ਵਾਰ ‘ਪਰਿਵਾਰ’ ਨੂੰ ਤੱਤੇ ਐਲਾਣ ਰਹੇ ਹਨ) ਉਨ੍ਹਾਂ ਦੀਆਂ ਲਿਖਤਾਂ ਵਿਚੋਂ ਸਿਰਫ ਇੱਕ ਮਿਸਾਲ ਦੇ ਕੇ ਭਾਸ਼ਾ ਸੰਬੰਧੀ ਸਵੈ-ਪੜਚੋਲ ਕਰਨ ਦੀ ਬੇਨਤੀ ਕਰ ਰਹੇ ਹਾਂ। ਇਸ ਮਿਸਾਲ ਦਾ ਇੱਕ ਮਕਸਦ ਪਾਠਕਾਂ ਨੂੰ ਉਨ੍ਹਾਂ ਦੇ (ਪਰਿਵਾਰ ਦੇ ਤੱਤੇ ਹੋਣ) ਬਾਰੇ ਫਤਵੇ ਬਾਰੇ ਸਪਸ਼ਟ ਕਰਨਾ ਵੀ ਹੈ।

ਮਿਸਾਲ:- ਵੀਰ ਜੀ ਸਿੱਖ ਮਾਰਗ `ਤੇ ਛਪੀ ਅਪਣੀ ਇੱਕ ਲਿਖਤ ਵਿੱਚ ਬਿਨਾਂ ਕਿਸੀ ਤੱਥ ਜਾਂ ਹਵਾਲੇ ਦੇ ਡਾ. ਹਰਜਿੰਦਰ ਸਿੰਘ ਦਿਲਗੀਰ ਜੀ ਬਾਰੇ (ਸ਼ਾਇਦ ਉਨ੍ਹਾਂ ਦੀ ਗੁਰਮਤਿ ਸਮਝ ਅਨੁਸਾਰ ਠੰਡੀ) ਟਿੱਪਣੀ ਕਰਦੇ ਲਿੱਖਦੇ ਹਨ:

“ਦਿਲਗੀਰ ਕਿਤਨਾ ਕੁ ਨਿਰਵਿਵਾਦਿਤ ਅਤੇ ਬਦਨਾਮੀ ਰਹਿਤ ਹੈ ਇਹ ਵੀ ਤੁਸੀਂ ਜਾਣਦੇ ਹੋ। ਉਹ ਕਿਸੇ ਵੇਲੇ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਰਿਸਰਚ ਬੋਰਡ ਦੇ ਡਾਇਰੈਕਟਰ ਰਹੇ ਹਨ। ਉਥੇ ਉਨ੍ਹਾਂ ਦੀ ਕਾਰਕਰਦਗੀ ਤੋਂ ਉਸ ਦੀ ਹਰਮਨਪਿਆਰਤਾ ਦਾ ਕਿਆਫ਼ਾ ਲਗਾਇਆ ਜਾ ਸਕਦਾ ਹੈ”।

ਕਿਸੇ ਸ਼ਖਸੀਅਤ ਬਾਰੇ ਇਲਜ਼ਾਮ-ਤਰਾਸ਼ੀ ਕਰਦੇ ਵਕਤ ਉਸ ਦੇ ਹੱਕ ਵਿੱਚ ਤੱਥ ਜਾਂ ਹਵਾਲਾ ਪਹਿਲਾਂ ਦੇਣਾ ਬਣਦਾ ਹੈ। ਸ਼ਾਇਦ ਵੀਰ ਜੀ ਚਾਹੁੰਦੇ ਹਨ ਕਿ ਜਿਸ ਤਰ੍ਹਾਂ ਉਹ ਬਿਨਾਂ ਤੱਥ ਜਾਂ ਹਵਾਲਾ ਦਿੱਤੇ ਕਿਸੇ ਵੀ ਸ਼ਖਸੀਅਤ ਬਾਰੇ ਇਲਜ਼ਾਮ-ਤਰਾਸ਼ੀ ਨੂੰ ਗੁਰਮਤਿ (ਠੰਡਾਪਨ) ਸਮਝ ਕੇ ਅਪਣਾਈ ਬੈਠੇ ਹਨ, ‘ਪਰਿਵਾਰ’ ਸਮੇਤ ਹੋਰ ਸਾਰੇ ਵੀ ਉਹੀ ਪਹੁੰਚ ਅਪਣਾ ਲੈਣ। ਪਰ ‘ਪਰਿਵਾਰ’ ਦਾ ਹਮੇਸ਼ਾਂ ਯਤਨ ਰਹੇਗਾ ਕਿ ਐਸੇ ‘ਠੰਡੇਪਨ’ ਤੋਂ ਹਮੇਸ਼ਾਂ ਬੱਚਿਆ ਜਾਵੇ।

ਵੀਰ ਜੀ ਆਪਣੇ ਖੱਤਾਂ ਵਿੱਚ ਕਈ ਵਾਰ ਲਿੱਖ ਚੁੱਕੇ ਹਨ ਕਿ:

“ਗੁਰੂ ਨੂੰ ਅਸੀਂ ਆਪਣੇ ਬਣਾਏ ਸਦਾਚਾਰ ਜਾਂ ਲੋਕ ਲੱਜਾ ਦੇ ਕਟਿਹਰੇ `ਚ ਨਹੀਂ ਖੜਾ ਕਰ ਸਕਦੇ” ਭਾਵ ਇੰਨਸਾਨੀ ਸਦਾਚਾਰ ਦੀਆਂ ਬੰਦਿਸ਼ਾਂ ਨਹੀਂ ਲਗਾਈਆਂ ਜਾ ਸਕਦੀਆਂ। ਇਹ ਸੋਚ ਬ੍ਰਾਹਮਣੀ ਪ੍ਰਭਾਵ ਦਾ ਝਲਕਾਰਾ ਹੈ। ਮਿਸਾਲ ਲਈ ਜਦੋਂ ਆਲੋਚਕ ਸ੍ਰੀ ਕ੍ਰਿਸ਼ਨ ਦੇ ਜੀਵਨ ਨਾਲ ਜੁੜੀਆਂ ਮਿਲਦੀਆਂ ਚਰਿਤ੍ਰਹੀਨਤਾ ਦੀਆਂ ਘਟਨਾਵਾਂ (ਗੋਪੀਆਂ ਨਾਲ ਰਾਸ ਲੀਲਾ ਆਦਿ) ਦੀ ਅਲੋਚਨਾ ਕਰਦੇ ਹਨ ਤਾਂ ਕ੍ਰਿਸ਼ਨ ਭਗਤ ਵੈਸੀ ਹੀ ਕੱਚੀ ਦਲੀਲ ਦੇਂਦੇ ਕਿ ਕ੍ਰਿਸ਼ਨ ਤਾਂ ਭਗਵਾਨ ਹੈ, ਉਸ ਦੀਆਂ ਲੀਲਾਵਾਂ ਨੂੰ ਇਨਸਾਨੀ ਵਰਤਾਰੇ ਦੀ ਕਸੌਟੀ `ਤੇ ਨਹੀਂ ਪਰਖਿਆ ਜਾ ਸਕਦਾ। ਜਦਕਿ ਸੱਚਾਈ ਇਹ ਹੈ ਕਿ ਰਹਿਬਰਾਂ, ਮਹਾਪੁਰਖਾਂ `ਤੇ ਚਰਿਤ੍ਰ ਦੀਆਂ ਬੰਦਿਸ਼ਾਂ ਆਮ ਇਨਸਾਨ ਨਾਲੋਂ ਕਈ ਗੁਣਾਂ ਵੱਧ ਹੋਣੀਆਂ ਚਾਹੀਦੀਆਂ ਹਨ। ਮਿਸਾਲ ਲਈ: ਆਮ ਇਨਸਾਨ ਲਈ ਚੋਰੀ ਕਰਨਾ, ਅਸ਼ਲੀਲਤਾ ਆਦਿ ਗਲਤ ਹੈ ਤਾਂ ਰਹਿਬਰਾਂ ਅਤੇ ਮਹਾਂਪੁਰਖਾਂ ਲਈ ਇਹ ਬਜਰ ਪਾਪ ਬਣ ਜਾਂਦਾ ਹੈ।

ਵੀਰ ਜੀ ਦੀ ਇੱਕ ਹੋਰ ਵੀ ਅਜੀਬ ਆਦਤ ਹੈ ਕਿ ਜਦ ਇੱਕ ਵਿਸ਼ੇ `ਤੇ ਉਨ੍ਹਾਂ ਦੀ ਗਲਤ ਪਹੁੰਚ ਸਾਹਮਣੇ ਆ ਜਾਵੇ ਤਾਂ ਉਸ ਨੂੰ ਕਬੂਲਣ ਜਾਂ ਉਸ ਦਾ ਜ਼ਿਕਰ ਕਰੇ ਬਗੈਰ ਹੋਰ ਕੋਈ ਨਵਾਂ ਨੁਕਤਾ ਕੱਢ ਲੈਂਦੇ ਹਨ। ਮਿਸਾਲ ਲਈ ਉਨ੍ਹਾਂ ਨੇ ਪਹਿਲੇ ਖੱਤ ਵਿੱਚ ‘ਪਰਿਵਾਰ’ ਤੇ ਡਾ. ਇਕਬਾਲ ਸਿੰਘ ਜੀ ਦੀ ਪਿੱਠ ਤੇ ਖੜੇ ਹੋਣ ਦਾ ਗਿਲਾ ਕੀਤਾ। ਆਪਣੇ ਅਗਲੇ ਖੱਤ ਵਿੱਚ ਆਪ ਹੀ ਸਾਰਿਆਂ ਨੂੰ ਸਲਾਹ ਦੇਣ ਲਗ ਪਏ ਕਿ ਇਸ ਮਸਲੇ `ਤੇ ਡਾ. ਇਕਬਾਲ ਸਿੰਘ ਜੀ ਦੀ ਰੱਜਵੀਂ ਹਿਮਾਇਤ ਕਰਨ। ਅਸੀਂ ਜਦ ਆਪਣੇ ਖੱਤ ਵਿੱਚ ਉਨ੍ਹਾਂ ਦੀ ਇਸ ਆਪਾਵਿਰੋਧੀ ਪਹੁੰਚ ਦਾ ਕਾਰਨ ਪੁਛਿਆ ਤਾਂ ਉਹ ਵਿਸ਼ਾ ਬਦਲ ਕੇ ਕਿਸੇ ਹੋਰ ਪਾਸੇ ਲੈ ਗਏ। ‘ਪੁਜਾਰੀ’, ‘ਗੁਰੂ ਕਾ ਵਜ਼ੀਰ’ ਵਿਸ਼ੇਸਣ ਦਾ ਮਸਲਾ ਇਸ ਪਹੁੰਚ ਦੀਆਂ ਕੁੱਝ ਹੋਰ ਮਿਸਾਲਾਂ ਹਨ।

ਆਪਣੇ ਲੇਟੈਸਟ ਖੱਤ ਵਿੱਚ ਵੀਰ ਜੀ ਨੇ ਪਿੱਛਲੀਆਂ ਗੱਲਾਂ ਨੂੰ ਅਣਦੇਖਾ ਕਰਕੇ ਕੁੱਝ ਹੋਰ ਮਸਲਿਆਂ ਬਾਰੇ ਗੱਲ ਸ਼ੁਰੂ ਕਰ ਦਿੱਤੀ ਹੈ, ਜਿਵੇਂ ਕਰਮਾਤਾਂ ਦੀ ਪ੍ਰੌਢਤਾ, ਅਵਤਾਰਵਾਦ ਦੀ ਪ੍ਰੌਢਤਾ (ਨਾਨਕ ਸਰੂਪ ਕਰਤਾਰ ਹੀ ਸਨ), ਗੁਰੂ ਵਿਸ਼ੇਸ਼ਣ ਬਾਰੇ ਵਿਚਾਰ ਆਦਿ। ਸਪਸ਼ਟ ਹੈ ਕਿ ਵੀਰ ਜੀ ਦੀ ਨੀਯਤ ਕਿਸੇ ਇੱਕ ਵਿਸ਼ੇ `ਤੇ ਵਿਚਾਰ ਕਰਨ ਦੀ ਨਹੀਂ।

ਇਕ ਖੱਤ ਵਿੱਚ ਵੀਰ ਕਿਰਪਾਲ ਸਿੰਘ ਜੀ ਬਠਿੰਡਾ ਨੇ ਇਸ ਗੱਲ ਦਾ ਗਿਲਾ ਕੀਤਾ ਸੀ ਕਿ ਕੁੱਝ ਵੀਰ ਗੁਰਮੱਖ ਸਿੰਘ ਜੀ ਨੂੰ ਅਕਾਲ ਤਖਤ ਦੇ ਵਿਸ਼ੇ ਤੋਂ ਹੱਟ ਕੇ ਦਸਮ ਗ੍ਰੰਥ ਆਦਿ ਸੰਬੰਧੀ ਸਵਾਲ ਪੁੱਛ ਰਹੇ ਹਨ। ਕਿਰਪਾਲ ਸਿੰਘ ਜੀ ਸਮੇਤ ਹੋਰ ਸਾਰਿਆਂ ਨੂੰ ਉਪਰੋਕਤ ਵਿਚਾਰ ਤੋਂ ਸ਼ਾਇਦ ਸ਼ਪਸਟ ਹੋ ਜਾਵੇਗਾ ਕਿ ਵੀਰ ਗੁਰਮੁਖ ਸਿੰਘ ਜੀ ਨੂੰ ਹੋਰ ਵਿਸ਼ਿਆਂ ਬਾਰੇ ਸਵਾਲ ਇਸ ਲਈ ਹੋ ਜਾਂਦੇ ਹਨ ਕਿਉਂਕਿ ਉਹ ਆਪ ਕਿਸੇ ਇੱਕ ਵਿਸ਼ੇ ਦੀ ਵਿਚਾਰ `ਤੇ ਨਹੀਂ ਟਿਕ ਪਾ ਰਹੇ। ਉਹ ਕਈਂ ਐਸੇ ਮਸਲੇ ਉਠਾ ਰਹੇ ਹਨ (ਜਿਵੇਂ ਰਾਗਮਾਲਾ ਦੀ ਪ੍ਰਮਾਣਿਕਤਾ, ਕਰਾਮਾਤਾਂ ਬਾਰੇ ਗਲਤ ਮਾਨਤਾ ਆਦਿ) ਜਿਨ੍ਹਾਂ ਦਾ ਫੈਸਲਾ ਜਾਗਰੂਕ ਪੰਥ ਪਹਿਲਾਂ ਕਰ ਚੁੱਕਿਆ ਹੈ। ਵੀਰ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਨ੍ਹਾਂ ਵਿਸ਼ਿਆਂ ਬਾਰੇ ਜਾਗਰੂਕ ਵਿਦਵਾਨਾਂ ਵਲੋਂ ਲਿਖੀਆਂ ਲਿਖਤਾਂ ਪਹਿਲਾਂ ਪੜ੍ਹ ਕੇ ਵਿਚਾਰ ਲੈਣ। ਜੇ ਉਨ੍ਹਾਂ ਲਿੱਖਤਾਂ ਨਾਲ ਸੰਤੁਸ਼ਟੀ ਨਹੀਂ ਹੁੰਦੀ ਤਾਂ ਸੰਬੰਧਿਤ ਲੇਖਕ ਨਾਲ ਨਿੱਜੀ ਰਾਬਤਾ ਕਾਇਮ ਕਰਕੇ ਵਿਚਾਰ ਕਰ ਸਕਦੇ ਹਨ। ਸਿੱਖ ਮਾਰਗ `ਤੇ ਫਿਲਹਾਲ ਅਕਾਲ ਤਖਤ ਸੰਬੰਧੀ ਚਲ ਰਹੀ ਚਰਚਾ ਬਾਰੇ ਹੀ ਵਿਚਾਰ ਦੇਣ ਤਾਂ ਬੇਹਤਰ ਹੋਵੇਗਾ ਅਤੇ ਵੀਰ ਕ੍ਰਿਪਾਲ ਸਿੰਘ ਜੀ ਦਾ ਗੈਰਵਾਜਿਬ ਗਿਲਾ ਵੀ ਦੂਰ ਹੋ ਜਾਵੇਗਾ।

ਨਿਮਰਤਾ ਅਤੇ ਸਤਿਕਾਰ ਸਹਿਤ

ਤੱਤ ਗੁਰਮਤਿ ਪਰਿਵਾਰ

(ਸੰਪਾਦਕੀ ਟਿੱਪਣੀ:- ਅਸੀਂ ਜਿੱਥੋਂ ਤੱਕ ਹੋ ਸਕੇ ਨਿਰਪੱਖ ਰਹਿ ਕੇ ਪਾਠਕਾਂ ਦੇ ਪੱਤਰ ਪਉਣ ਦੀ ਕੋਸ਼ਿਸ਼ ਕਰਦੇ ਹਾਂ। ਹਾਂਲਾਂਕਿ ਸਾਨੂੰ ਪਤਾ ਹੁੰਦਾ ਹੈ ਕਿ ਜੋ ਅਸੀਂ ਪਾ ਰਹੇ ਹਾਂ ਉਹ ਗਲਤ ਵੀ ਹੈ ਅਤੇ ਅਸੀਂ ਉਸ ਨਾਲ ਬਿੱਲਕੁੱਲ ਸਹਿਮਤ ਵੀ ਨਹੀਂ। ਪਰ ਅਸੀਂ ਆਪ ਉਸ ਤੇ ਟਿੱਪਣੀ ਕਰਨ ਦੀ ਬਿਜਾਏ ਬਾਕੀ ਪਾਠਕਾਂ ਤੇ ਛੱਡ ਦਿੰਦੇ ਹਾਂ। ਜੇ ਕਰ ਅਸੀਂ ਹਰ ਇੱਕ ਗਲਤ ਜਾਂ ਅਸਿਹਮਤੀ ਵਾਲੇ ਪੱਤਰ ਤੇ ਟਿੱਪਣੀ ਕਰੀਏ ਤਾਂ ਜੇ ਕਰ ਉਹ ਮੁੜ ਕੇ ਸਵਾਲ ਕਰੇ ਤਾਂ ਫਿਰ ਉਸ ਦਾ ਜਵਾਬ ਦੇਣ ਲਈ ਸਮਾਂ ਕੱਢਣਾ ਬਹੁਤ ਮੁਸ਼ਕਲ ਹੈ। ਇਸੇ ਲਈ ਅਸੀਂ ਪਹਿਲਾਂ ਹੋਏ ਤਜਰਬੇ ਦੇ ਅਧਾਰ ਤੇ ਇਹ ਲਿਖਿਆ ਸੀ ਕਿ ਜਿਹੜੇ ਹਾਲੇ ਦਸਮ ਗ੍ਰੰਥ ਅਤੇ ਰਾਗਮਾਲਾ ਨੂੰ ਨਹੀਂ ਸਮਝ ਸਕੇ ਉਹਨਾ ਦਾ ਕਿਸੇ ਵਿਸ਼ੇ ਬਾਰੇ ਵਿਚਾਰ ਕਰਨ ਦੀ ਬਿਜਾਏ ਕਿਸੇ ਹੋਰ ਪਾਸੇ ਉਲਝਾਉਣ ਦਾ ਮਕਸਦ ਵਧੇਰੇ ਹੁੰਦਾ ਹੈ। ਇਸ ਲਈ ਉਹਨਾ ਦੇ ਪੱਤਰ ਨਾ ਹੀ ਪਾਏ ਜਾਣ ਤਾਂ ਚੰਗਾ ਹੈ। ਹਾਂ ਜੇ ਕਰ ਕੋਈ ਪਾਠਕ ਇਹਨਾ ਨਾਲ ਵਿਚਾਰ ਕਰਨਾ ਚਾਹੇ ਤਾਂ ਉਹ ਕਰ ਸਕਦਾ ਹੈ ਅਤੇ ਸਾਨੂੰ ਪੱਤਰ ਪਉਣ ਵਿੱਚ ਕੋਈ ਗਿਲਾ ਨਹੀਂ ਹੋਵੇਗਾ। ਜਿੱਥੋਂ ਤੱਕ ‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਦੀ ਗੱਲ ਹੈ ਉਸ ਬਾਰੇ ਮੈਂ ਆਪਣੇ 15 ਸਾਲਾਂ ਦੇ ਤਜਰਬੇ ਦੇ ਅਧਾਰ ਤੇ ਕਹਿ ਸਕਦਾ ਹਾਂ ਕਿ ਤੁਸੀਂ {ਤੱਤ ਗੁਰਮਤਿ ਵਾਲੇ} ਬਹੁਤਿਆਂ ਨਾਲੋਂ ਚੰਗੇ ਅਤੇ ਦਲੀਲ ਨਾਲ ਗੱਲ ਕਰਨ ਵਾਲੇ ਹੋ। ਹਾਲਾਂ ਕਿ ਮੇਰੀ ਤੁਹਾਡੇ ਨਾਲ ਇੱਕ ਵਾਰੀ ਨੋਕ-ਝੋਕ ਵੀ ਹੋ ਚੁੱਕੀ ਹੈ ਅਤੇ ਤੁਹਾਡੀਆਂ ਕਈਆਂ ਗੱਲਾਂ ਨਾਲ ਮੈਂ ਸਹਿਮਤ ਵੀ ਨਹੀਂ ਹਾਂ ਪਰ ਤੁਸੀਂ ਅੰਦਰੋਂ ਬਾਹਰੋਂ ਇੱਕ ਹੋ। ਕਈ ਤਾਂ ਗੁਰੂ, ਗੁਰਬਾਣੀ ਨਾਲੋਂ ਵੀ ਬੰਦਿਆਂ ਨੂੰ ਪਹਿਲ ਦਿੰਦੇ ਹਨ ਅਤੇ ਜੇ ਕਰ ਕੋਈ ਗੱਲ ਕਿਸੇ ਬੰਦੇ ਦੇ ਵਿਰੁੱਧ ਜਾਵੇ ਭਾਵੇਂ ਕਿ ਉਹ ਸੱਚੀ ਵੀ ਕਿਉਂ ਨਾ ਹੋਵੇ ਤਾਂ ਉਹ ਝੱਟ ਹੀ ਉਸ ਦੇ ਹੱਕ ਵਿੱਚ ਆ ਜਾਂਦੇ ਹਨ ਭਾਂਵੇ ਕਿ ਗੋਲ ਮੋਲ ਕਰਕੇ ਝੂਠ ਹੀ ਕਿਉਂ ਨਾ ਲਿਖਣਾ ਪਵੇ। ਉਂਜ ਤਾਂ ਤੁਹਾਡੀ ਆਪਣੀ ਸਾਈਟ ਵੀ ਹੈ ਪਰ ਫਿਰ ਵੀ ਜੇ ਕਰ ਤੁਸੀਂ ਕਿਸੇ ਨਾਲ ਵੀ ਕਿਸੇ ਵਿਸ਼ੇ ਬਾਰੇ ਵਿਚਾਰ ਕਰਨੀ ਚਾਹੁੰਦੇ ਹੋ ਤਾਂ ਕਰ ਸਕਦੇ ਹੋ)


(12/05/11)
ਕਿਰਪਾਲ ਸਿੰਘ ਬਠਿੰਡਾ

੧੯੮੪ ਦੇ ਸਿੱਖ ਕਤਲੇਆਮ ਦੇ ਮਸੀਹਾ ਬਣੇ ਸਵਰਗੀ ਸ੍ਰੀ ਬਜ਼ਰੰਗ ਸਿੰਘ ਦੀ ਯਾਦ ਵਿੱਚ ਮਿਸ਼ਨਰੀ ਕਾਲਜ ਖੋਲ੍ਹਿਆ ਜਾਵੇ
ਕਿਰਪਾਲ ਸਿੰਘ ਬਠਿੰਡਾ
੯੮੫੫੪-੮੦੭੯੭

ਬਹੁਤ ਘੱਟ ਲੋਕ ਹੁੰਦੇ ਹਨ ਜਿਹੜੇ ਮਨੁਖਤਾ ਦੀ ਸੇਵਾ ਲਈ ਆਪਣਾ ਸਭ ਕੁੱਝ ਨਿਸ਼ਾਵਰ ਕਰਕੇ ਵੀ ਬਦਲੇ ਵਿੱਚ ਆਪਣੇ ਲਈ ਕੁੱਝ ਨਹੀਂ ਲੈਣਾ ਚਾਹੁੰਦੇ। ਸਿਰਫ ਸਵ: ਬਜ਼ਰੰਗ ਸਿੰਘ ਇਕੱਲਾ ਹੀ ਨਹੀਂ ਬਲਕਿ ਉਸ ਦਾ ਬਾਪ, ਭਰਾ ਅਤੇ ਸਮੁੱਚਾ ਪ੍ਰਵਾਰ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ, ਕਿ ਜਿਸ ਸਮੇਂ ੧੯੮੪ ਵਿੱਚ ਇੰਦਰਾ ਗਾਂਧੀ ਦੇ ਕਤਲ ਹੋਣ ਪਿੱਛੋਂ ਦਿੱਲੀ ਵਿੱਚ ਜੰਗਲ ਦੇ ਰਾਜ ਵਾਲੀ ਸਥਿਤੀ ਬਣੀ ਹੋਈ ਕਾਰਣ, ਸਾਰੀ ਦਿੱਲੀ ਵਿੱਚ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ, ਜਿਉਂਦੇ ਨਿਰਦੋਸ਼ ਸਿੱਖਾਂ ਨੂੰ ਅੱਗ ਵਿੱਚ ਸਾੜਿਆ ਜਾ ਰਿਹਾ ਸੀ ਹਰ ਪਾਸੇ ਮਾਰ ਦਿਓ ਮਾਰ ਦਿਓ ਦੀਆਂ ਡਰਾਉਣੀਆਂ ਅਵਾਜ਼ਾਂ ਆ ਰਹੀਆਂ ਸਨ, ਉਸ ਸਮੇਂ ਸਵ: ਬਜ਼ਰੰਗ ਸਿੰਘ ਦੀ ਸਲਾਹ ਅਤੇ ਪਿਤਾ ਜੀ ਦੀ ਆਗਿਆ ਨਾਲ ਸਾਰਾ ਪ੍ਰਵਾਰ ਆਪਣੀ ਜਾਨ ਮਾਲ ਦੀ ਪ੍ਰਵਾਹ ਕੀਤੇ ਬਿਨਾ ਸਿੱਖਾਂ ਦੀ ਮੱਦਦ `ਤੇ ਉਤਰਿਆ, ਉਨ੍ਹਾਂ ਨੂੰ ਆਪਣੇ ਘਰ ਵਿੱਚ ਪਨਾਹ ਦਿੱਤੀ, ਆਪਣੇ ਖਰਚੇ ਤੇ ਰਾਹਤ ਕੈਂਪ ਚਲਾਏ, ਆਪਣੀਆਂ ਨਿਜੀ ਮਿੰਨੀ ਬੱਸਾਂ ਸਿੱਖਾਂ ਨੂੰ ਰਾਹਤ ਕੈਂਪ ਵਿੱਚ ਢੋਣ ਲਈ ਲਾਈਆਂ, ਜਿਸ ਦੇ ਖਮਿਆਜੇ ਵਜੋਂ ਗੁੰਡਾਗਰਦੀ `ਤੇ ਉਤਰੇ ਦੰਗਾਕਾਰੀਆਂ ਨੇ ਉਨ੍ਹਾਂ ਦੀਆਂ ੧੮ ਬੱਸਾਂ, ਦੋ ਵਹੀਕਲਾਂ ਤੇ ਘਰ ਨੂੰ ਵੀ ਅੱਗ ਲਾ ਦਿੱਤੀ। ਆਪਣੀ ਕੌਮ ਲਈ ਕੁਰਬਾਨੀਆਂ ਕਰਨ ਵਾਲਿਆਂ ਦੀ ਤਾਂ ਹੋਰ ਵੀ ਬਹੁਤ ਗਿਣਤੀ ਹੋ ਸਕਦੀ ਹੈ, ਪਰ ਮਨੁਖਤਾ ਦਾ ਫਰਜ਼ ਪੂਰਦਿਆਂ ਆਪਣੀ ਹੀ ਕੌਮ ਦੇ ਦਰਿੰਦਿਆਂ ਤੋਂ ਕਿਸੇ ਗੈਰ ਧਰਮ ਦੇ ਲੋਕਾਂ ਨੂੰ ਬਚਾਉਣ ਵਾਲਿਆਂ ਦੀ ਗਿਣਤੀ ਬਹੁਤ ਥੋਹੜੀ ਹੁੰਦੀ ਹੈ। ਸਵ: ਬਜ਼ਰੰਗ ਸਿੰਘ ਤੇ ਉਨ੍ਹਾਂ ਦੇ ਪ੍ਰਵਾਰ ਦਾ ਨਾਮ ਇਸ ਸੂਚੀ `ਚ ਸਭ ਤੋਂ ਉੱਪਰ ਆਉਂਦਾ ਦਿੱਸ ਰਿਹਾ ਹੈ।
ਸਿੱਖ ਇਤਿਹਾਸ ਤਾਂ ਦਸਦਾ ਹੀ ਇਹ ਹੈ ਕਿ ਇਨ੍ਹਾਂ ਦੀ ਖ਼ਾਤਰ ਹਾਅ-ਦਾ-ਨਾਰ੍ਹਾ ਮਾਰਨ ਵਾਲਿਆਂ ਦਾ ਅਹਿਸਾਨ ਇਹ ਸਾਰੀ ਉਮਰ ਨਹੀਂ ਭੁਲਦੇ ਤੇ ਹਮੇਸ਼ਾਂ ਉਸਨੂੰ ਸਤਿਕਾਰ ਨਾਲ ਯਾਦ ਕਰਦੇ ਹਨ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਮੇਂ ਹਾਅ ਦਾ ਨਾਰ੍ਹਾ ਮਾਰਨ ਵਾਲੇ ਮਲੇਰ ਕੋਟਲੇ ਦੇ ਨਵਾਬ ਸ਼ੇਰ ਖਾਂ ਨੂੰ ਦਿਤਾ ਜਾ ਰਿਹਾ ਸਤਿਕਾਰ ਇਸ ਦੀ ਉਘੜਵੀਂ ਮਸਾਲ ਹੈ। ਯੁੱਧ ਵਿੱਚ ਗੁਰੂ ਕੀਆਂ ਫੌਜਾਂ ਨਾਲ ਲੜ ਕੇ ਜ਼ਖਮੀ ਹੋਏ ਮੁਗਲਾਂ ਨੂੰ ਭਾਈ ਘਨਈਆ ਜੀ ਵਲੋਂ ਪਾਣੀ ਪਿਲਾਉਣਾ ਅਤੇ ਸਿੰਘਾਂ ਵਲੋਂ ਇਸ ਦੀ ਸ਼ਿਕਾਇਤ ਕੀਤੇ ਜਾਣ `ਤੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਭਾਈ ਘਨਈਆ ਜੀ ਨੂੰ ਸ਼ਾਬਾਸ਼ ਦੇਣ ਦੇ ਨਾਲ ਨਾਲ ਜਖ਼ਮੀਆਂ ਦੀ ਮੱਲ੍ਹਮ ਪੱਟੀ ਕਰਨ ਲਈ ਮੱਲ੍ਹਮ ਦੀ ਡੱਬੀ ਦੇਣੀ ਵੀ ਇੱਕ ਮਹਾਨ ਸਿਖਿਆ ਹੈ, ਕਿ ਜੰਗ ਦੇ ਮੈਦਾਨ ਵਿੱਚ ਵੀ ਵੈਰੀ ਮਿੱਤਰ ਦਾ ਭੇਦ ਭਾਵ ਰੱਖੇ ਬਿਨਾਂ ਹਰ ਮਨੁਖ ਵਿੱਚ ਉਸ ਇੱਕ ਪ੍ਰਮਾਤਮਾ ਦੀ ਜੋਤਿ ਨੂੰ ਸਮਝ ਕੇ ਸੇਵਾ ਕਰਨੀ ਹੈ। ੧੯੮੪ ਵਿੱਚ ਕਿਸੇ ਦੁਸ਼ਮਨ ਨਾਲ ਜੰਗ ਵੀ ਨਹੀਂ ਲੱਗੀ ਹੋਈ ਸੀ, ਸਿਰਫ ਦੋ ਸਿੱਖਾਂ ਨੂੰ ਇੰਦਰਾ ਗਾਂਧੀ ਦੇ ਕਾਤਲ ਸਮਝਦਿਆਂ ਹੋਇਆਂ ਸਮੁੱਚੇ ਸਿੱਖਾਂ ਨੂੰ ਉਸ ਹੀ ਕੌਮ, ਜਿਸ ਦੇ ਧਰਮ ਅਤੇ ਮਨੁਖੀ ਹੱਕਾਂ ਦੀ ਰਾਖੀ ਲਈ ਗੁਰੂ ਨਾਨਕ ਦੇ ਨੌਵੇਂ ਸਰੂਪ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਤਿੰਨ ਸਿਖਾਂ ਸਮੇਤ ਇਸੇ ਹੀ ਦਿੱਲੀ ਵਿੱਚ ਸ਼ਹੀਦੀ ਦਿੱਤੀ, ਦਸਵੇਂ ਸਰੂਪ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਵਾਰਿਆ, ਅਨੇਕਾਂ ਸਿੰਘਾਂ ਨੇ ਦੇਸ਼ ਅਤੇ ਕੌਮ ਦੀ ਲੁੱਟੀ ਜਾ ਰਹੀ ਇੱਜਤ ਆਬਰੂ ਬਚਾਉਣ ਲਈ ਸ਼ਹੀਦੀਆਂ ਦਿੱਤੀਆਂ, ਉਸ ਹੀ ਕੌਮ ਦੇ ਕੁੱਝ ਗੁੰਡਿਆਂ ਵਲੋਂ ਵਹਿਸ਼ੀ ਰੂਪ ਧਾਰਨ ਕਰਕੇ ਜਿਉਂਦੇ ਸਿਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਸਾੜਿਆ ਜਾ ਰਿਹਾ ਸੀ, ਉਸ ਸਮੇਂ ਸਵ: ਬਜ਼ਰੰਗ ਸਿੰਘ ਨੇ ਸਿਰਫ ਮਲੇਰ ਕੋਟਲੇ ਦੇ ਨਵਾਬ ਸ਼ੇਰ ਖਾਂ ਦਾ ਰੋਲ ਹੀ ਨਹੀਂ ਨਿਭਾਇਆ ਬਲਕਿ ਭਾਈ ਘਨਈਆ ਦਾ ਰੋਲ ਨਿਭਾਉਂਦਿਆ ਪੀੜਤ ਸਿਖਾਂ ਲਈ ਰਾਹਤ ਕੈਂਪ ਵੀ ਲਾਇਆ। ਭਾਈ ਘਨਈਆ ਦੀ ਸ਼ਿਕਾਇਤ ਕਰਨ `ਤੇ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਉਸ ਨੂੰ ਛਾਤੀ ਨਾਲ ਲਾ ਕੇ ਸ਼ਾਬਾਸ਼ ਦਿੱਤੀ ਪਰ ਇੱਧਰ ਭਾਰਤ ਦੀ ਨਿਰਦਈ ਸਰਕਾਰ ਹੈ ਕਿ ਉਸ ਨੇ ਮਨੁਖਤਾ ਦੀ ਸੇਵਾ ਕਰਨ ਦੇ ਦੋਸ਼ ਵਿੱਚ ਬਜ਼ਰੰਗ ਸਿੰਘ `ਤੇ ਕਈ ਝੂਠੇ ਮੁਕੱਦਮੇ ਵੀ ਚਲਾਏ, ਉਨ੍ਹਾਂ ਦੀਆਂ ਸਾੜੀਆਂ ਗਈਆਂ ਬੱਸਾਂ ਦੇ ਬੀਮੇ ਦੀ ਅਦਾਇਗੀ ਅੱਜ ਤੱਕ ਨਹੀਂ ਹੋਣ ਦਿੱਤੀ ਤੇ ਉਲਟਾ ਬੱਸਾਂ ਲਈ ਬੈਂਕਾ ਤੋਂ ਲਿਆ ਗਿਆ ਕਰਜ਼ਾ ਜਿਉਂ ਦਾ ਤਿਉਂ ਖੜ੍ਹਾ ਹੈ। ਮਨੁਖਤਾ ਦੀ ਸੇਵਾ ਕਰਨ ਬਦਲੇ ਬਜ਼ਰੰਗ ਸਿੰਘ ਤੇ ਉਸ ਦੇ ਪ੍ਰੀਵਾਰ ਵਲੋਂ ਝੱਲੇ ਗਏ ਅਤੇ ਝੱਲੇ ਜਾ ਰਹੇ ਕਸ਼ਟਾਂ ਦੀ ਗਾਥਾ ਪਹਿਲਾਂ ਹੀ ਕਈ ਅਖ਼ਬਾਰਾਂ ਅਤੇ ਵੈੱਬਸਾਈਟਾਂ `ਤੇ ਛਪ ਚੁੱਕੀ ਹੈ। ਖ਼ੁਦ ਇਨਸਾਫ਼ ਲੈਣ ਅਤੇ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਅਦਾਲਤੀ ਮੁਕੱਦਮੇ ਲੜਦਿਆਂ ਤੇ ਹੋਰ ਪਰੇਸ਼ਾਨੀਆਂ ਸਹਿੰਦਿਆ ਹੋਇਆਂ ਬਜ਼ਰੰਗ ਸਿੰਘ ਦਾ ਪਿਤਾ ਚੌਧਰੀ ਦਲਜੀਤ ਸਿੰਘ ਸਵਰਗਵਾਸ ਹੋ ਚੁੱਕਾ ਹੈ। ਬਜ਼ਰੰਗ ਸਿੰਘ ੧੪. ੭. ੨੦੦੫ ਅਤੇ ਉਨ੍ਹਾਂ ਦਾ ਇੱਕਲੌਤਾ ਬੇਟਾ ਹਿਮਾਂਸ਼ੂ ੧੭ ਜਨਵਰੀ ੨੦੧੦ ਨੂੰ ਸਵਰਗ ਸਿਧਾਰ ਚੁੱਕੇ ਹਨ। ਇਸ ਸਮੇ ਉਨਾਂ ਦੀ ਬ੍ਰਿਧ ਪਤਨੀ ਅਤੇ ਇਕਲੌਤੀ ਬੇਟੀ ਆਪਣੇ ਜੀਵਨ ਨਿਰਬਾਹ ਲਈ ਜਦੋਜਹਿਦ ਕਰ ਰਹੀਆਂ ਹਨ। ਉਨ੍ਹਾਂ ਦੇ ਪ੍ਰੀਵਾਰ ਦੀ ਦ੍ਰਿੜਤਾ ਤੇ ਸਬਰ ਸੰਤੋਖ ਵੀ ਕਮਾਲ ਦਾ ਹੈ ਕਿ ਉਹ ਆਪਣੇ ਲਈ ਕੁੱਝ ਵੀ ਨਹੀਂ ਚਾਹੁੰਦੇ ਸਗੋਂ ਉਨ੍ਹਾਂ ਨੇ ਖ਼ਾਹਸ਼ ਪ੍ਰਗਟ ਕੀਤੀ ਹੈ ਕਿ ਜੇ ਬਜ਼ਰੰਗ ਸਿੰਘ ਦੀ ਯਾਦਗਾਰ ਬਣਾਈ ਜਾਂਦੀ ਹੈ ਤਾਂ ਰੋਹਤਕ ਜਿਲ੍ਹੇ ਦੇ ਪਿੰਡ ਚਿੜੀ ਵਿਖੇ ਉਨ੍ਹਾਂ ਦੀ ਪ੍ਰਵਾਰਕ ਜ਼ਮੀਨ ਇਸ ਕੰਮ ਲਈ ਦਾਨ ਵਿੱਚ ਦੇਣ ਲਈ ਤਿਆਰ ਹਨ ਤਾ ਕਿ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਤੋਂ ਪ੍ਰੇਰਣਾ ਲੈ ਕੇ ਇਸੇ ਤਰ੍ਹਾਂ ਮਨੁਖਤਾ ਦੀ ਸੇਵਾ ਕਰਦੀਆਂ ਰਹਿਣ। ਦੁੱਖ ਦੀ ਗੱਲ ਇਹ ਇਹ ਹੈ ਕਿ ਹੁਣ ਤੱਕ ਕੋਈ ਵੀ ਵੱਡੀ ਸਿੱਖ ਸੰਸਥਾ ਆਪਣਾ ਫਰਜ਼ ਪੂਰਾ ਕਰਨ ਲਈ ਅੱਗੇ ਨਹੀਂ ਆਈ। ਸੁਖਬੀਰਇੰਦਰ ਸਿੰਘ ਫਰੀਦਕੋਟ ੦੯੮੧੪੪-੯੮੨੯੮, ਡਾ: ਪਰਮਜੀਤ ਸਿੰਘ ਜਗਰਾਉਂ ੦੯੮੧੪੯-੫੬੨੪੭, ਧਰਮਿੰਦਰ ਸਿੰਘ ਜਲੰਧਰ ੯੮੧੫੭-੮੧੧੦੯, ਗੁਰਪ੍ਰੀਤ ਸਿੰਘ ਚਾਵਲਾ ਲੁਧਿਆਣਾ ੯੮੧੫੪-੮੦੪੪੮, ਸੁਰਿੰਦਰ ਸਿੰਘ ਬੜਿੰਗ ਕਨੇਡਾ ੦੦੧-੨੫੦੭੫੮-੬੧੭੯, ਸੁਖਜੀਤ ਅਲਕੜਾ ਲੁਧਿਆਣਾ ੯੯੧੫੫-੯੬੧੩੩, ਗਿਆਨੀ ਗੁਰਮੇਲ ਸਿੰਘ ਜਗਰਾਉਂ ੯੭੭੯੮-੯੮੯੩੪, ਦਲਜੀਤ ਸਿੰਘ ਲੁਧਿਆਣਾ ੯੮੧੫੫-੭੦੮੧੯, ਹਰਮੇਸ਼ ਸਿੰਘ ਨਵਾਂ ਸ਼ਹਿਰ ੯੮੭੨੫-੬੧੭੮੯, ਜਸਵੰਤ ਸਿੰਘ ਫਰੀਦਕੋਟ ੯੪੬੩੮-੫੬੪੭੫, ਸੁਖਮੰਦਰ ਸਿੰਘ ਸੰਧੂ, ੯੮੭੨੬-੨੩੦੫੩, ਸੁਦੇਸ਼ ਕਮਲ ਸ਼ਰਮਾ ਫਰੀਦਕੋਟ ੯੫੦੧੬-੦੦੭੪੮ ਮਿਲ ਕੇ ਆਪਣੇ ਫਰਜ਼ ਦੀ ਪੂਰਤੀ ਲਈ ਯਤਨ ਕਰ ਰਹੇ ਹਨ ਕਿ ਸਮੁੱਚੀ ਕੌਮ ਮਿਲ ਕੇ ਕੋਈ ਐਸੀ ਯਾਦਗਾਰ ਬਣਾਏ ਜਿਸ ਦਾ ਜਿਥੇ ਕੌਮ ਨੂੰ ਲਾਭ ਵੀ ਮਿਲੇ, ਉਥੇ ਬਜ਼ਰੰਗ ਸਿੰਘ ਅਤੇ ਉਸ ਦੇ ਸਮੁੱਚੇ ਪ੍ਰਵਾਰ ਵਲੋਂ ਮਨੁਖਤਾ ਦੀ ਕੀਤੀ ਸੇਵਾ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾਂ ਲਈ ਪ੍ਰੇਰਣਾ ਸ੍ਰੋਤ ਬਣੇ।
ਮੈਂ ਸਮਝਦਾ ਹਾਂ ਕਿ ਅਜਿਹਾ ਕੰਮ ਕਿਸੇ ਇਕੱਲੇ ਕਹਿਰੇ ਮਨੁੱਖ ਦੇ ਕਰਨ ਵਾਲਾ ਨਹੀਂ ਹੈ ਇਸ ਨੂੰ ਕੋਈ ਵੱਡੀ ਸਿੱਖ ਸੰਸਥ ਹੀ ਕਰ ਸਕਦੀ ਹੈ। ਪਰ ਤਰਾਸਦੀ ਇਹ ਕਿ ਸਾਡੀਆਂ ਨੁੰਮਾਇਦਾ ਪਾਰਟੀਆਂ ਤਾਂ ਸਿਆਸਤ ਦਾ ਸ਼ਿਕਾਰ ਹੋ ਚੁਕੀਆਂ ਹਨ ਤੇ ਉਹ ਉਹੀ ਕੰਮ ਕਰਨ ਲਈ ਤਿਆਰ ਹੁਦੀਆਂ ਹਨ, ਜਿਸ ਵਿੱਚੋਂ ਉਨ੍ਹਾਂ ਨੂੰ ਕੋਈ ਸਿਆਸੀ ਲਾਹਾ ਮਿਲਣ ਦੀ ਆਸ ਹੋ ਜਾਵੇ। ਜੇ ਕੋਈ ਇੱਕ ਅੱਧ ਪਾਰਟੀ ਕੋਈ ਭਲੇ ਦਾ ਕੰਮ ਕਰਨ ਲਈ ਅੱਗੇ ਆ ਵੀ ਜਾਵੇ ਤਾ ਉਸ ਦੀਆਂ ਸਿਆਸੀ ਵਿਰੋਧੀ ਪਾਰਟੀਆਂ ਵਿਰੋਧ ਵਿੱਚ ਆ ਕੇ ਕਿਸੇ ਵਲੋਂ ਕੀਤੇ ਗਏ ਉੱਦਮ ਨੂੰ ਖਟਾਈ ਵਿੱਚ ਪਾ ਦਿੰਦੀਆਂ ਹਨ। ਸੋ ਮੇਰਾ ਸੁਝਾਉ ਹੈ ਕਿ ਇਸ ਵੇਲੇ ਗੁਰੂ ਨਾਨਕ ਵਲੋਂ ਬਖ਼ਸ਼ੇ ਸਰਬਸਾਂਝੇ ਮਨੁਖਤਾ ਦੇ ਧਰਮ, ਸਿੱਖ ਧਰਮ ਦੇ ਪ੍ਰਚਾਰ ਲਈ ਇਸ ਵੇਲੇ ਤਿੰਨ ਮੁੱਖ ਮਿਸ਼ਨਰੀ ਕਾਲਜ- ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਤਾ ਕਲਾਂ (ਰੋਪੜ) ਐਸੀਆਂ ਸੰਸਥਾਵਾਂ ਹਨ, ਜਿਹੜੀਆਂ ਸਿਆਸਤ ਤੋਂ ਮੁਕਤ ਹੋ ਕੇ ਧਰਮ ਦਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਵਿੱਚੋਂ ਕਿਸੇ ਇੱਕ ਸੰਸਥਾ ਨੂੰ ਵਲੰਟਰੀਅਰ ਤੌਰ `ਤੇ ਅੱਗੇ ਆ ਕੇ ਇਹ ਜੁੰਮੇਵਾਰੀ ਨਿਭਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਦੇਸ਼ ਵਿਦੇਸ਼ਾਂ ਵਿੱਚ ਇਨ੍ਹਾਂ ਦਾ ਨਾਮ ਹੈ ਇਸ ਲਈ ਉਨ੍ਹਾਂ ਨੂੰ ਸਿੱਖ ਸੰਗਤਾਂ ਤੇ ਮਨੁਖਤਾ ਨੂੰ ਪਿਆਰ ਕਰਨ ਵਾਲਿਆਂ ਤੋਂ ਸਹਿਯੋਗ ਮਿਲਣ ਦੀ ਭਾਰੀ ਸੰਭਾਵਨਾ ਹੈ। ਜੇ ਇਨ੍ਹਾਂ ਵਿੱਚੋਂ ਕਿਸੇ ਇੱਕ ਕਾਲਜ ਦੇ ਪ੍ਰਬੰਧਕ ਵੀ ਅੱਗੇ ਆਉਂਦੇ ਹਨ ਬਜ਼ਰੰਗ ਸਿੰਘ ਯਾਦਗਾਰੀ ਗੁਰਮਤਿ ਮਿਸ਼ਨਰੀ ਕਾਲਜ ਖੋਲ੍ਹ ਦੇਣ ਤਾਂ ਜਿੱਥੇ ਉਹ ਸਿੱਖ ਧਰਮ ਦੇ ਪ੍ਰਚਾਰ ਲਈ ਚੰਗੀ ਸੰਸਥਾ ਖੋਲ੍ਹ ਸਕਦੇ ਹਨ, ਉੱਥੇ ਭਾਈ ਘਨਈਆ, ਨਵਾਬ ਸ਼ੇਰ ਖਾਂ ਅਤੇ ਸ੍ਰੀ ਬਜ਼ਰੰਗ ਸਿੰਘ ਆਦਿ ਦੇ ਜੀਵਨ ਨੂੰ ਵਿਸ਼ੇਸ਼ ਤੌਰ `ਤੇ ਪੜ੍ਹਾਇਆ ਤੇ ਪ੍ਰਚਾਰਿਆ ਜਾ ਸਕਦਾ ਹੈ।

*************************************************

ਧਰਮ ਸ਼ਰਧਾ ਦੇ ਸਿਰ `ਤੇ ਨਹੀਂ ਗਿਆਨ ਦੇ ਅਧਾਰ `ਤੇ ਕਮਾਇਆ ਜਾ ਸਕਦਾ ਹੈ: ਗਿਆਨੀ ਸ਼ਿਵਤੇਗ ਸਿੰਘ

ਬਠਿੰਡਾ, ੧੨ ਮਈ (ਕਿਰਪਾਲ ਸਿੰਘ): ਧਰਮ ਸ਼ਰਧਾ ਦੇ ਸਿਰ `ਤੇ ਨਹੀਂ ਗਿਆਨ ਦੇ ਅਧਾਰ `ਤੇ ਕਮਾਇਆ ਜਾ ਸਕਦਾ ਹੈ। ਇਹ ਸ਼ਬਦ ਹੈੱਡ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਚੱਲ ਰਹੀ ਕਥਾ ਦੌਰਾਨ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਨ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ ੪੮੮ `ਤੇ ਆਸਾ ਰਾਗ ਵਿੱਚ ਦਰਜ਼ ਭਗਤ ਸੇਖ਼ ਫ਼ਰੀਦ ਜੀ ਦੇ ਸ਼ਬਦ ‘ਬੋਲੈ ਸੇਖ ਫਰੀਦੁ ਪਿਆਰੇ ਅਲਹ ਲਗੇ॥ ਇਹੁ ਤਨੁ ਹੋਸੀ ਖਾਕ ਨਿਮਾਣੀ ਗੋਰ ਘਰੇ॥ ੧॥’ ਦੀ ਵਿਆਖਿਆ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਜਿਸ ਸਮੇਂ ੧੦ ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਜਨੇਊ ਪਾਉਣ ਤੋਂ ਨਾਂਹ ਕਰਨੀ ਅਤੇ ਹਰਿਦੁਆਰ ਵਿਖੇ ਪਾਣੀ ਚੜ੍ਹਦੇ ਪਾਸੇ ਦੀ ਵਜਾਏ ਲਹਿੰਦੇ ਪਾਸੇ ਸੁੱਟਣ ਨਾਲ ਲੋਕਾਂ ਦੀ ਸ਼ਰਧਾ ਤਾਂ ਟੁਟੀ ਹੀ ਸੀ ਪਰ ਇਹ ਸਭ ਕੁੱਝ ਉਨ੍ਹਾਂ ਧਰਮ ਦੀ ਜਾਚ ਸਿਖਾਉਣ ਲਈ ਕੀਤਾ ਸੀ ਕਿ ਜੋ ਕੁੱਝ ਸ਼ਰਧਾ ਅਧੀਨ ਕੀਤਾ ਜਾ ਰਿਹਾ ਹੈ ਇਹ ਧਰਮ ਨਹੀਂ ਹੈ। ਉਨ੍ਹਾਂ ਕਿਹਾ ਜੇ ਅਸੀਂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ ਕਿ ਜੇ ਸ਼ਰਧਾ ਧਰਮ ਨਹੀਂ ਤਾਂ ਹੋਰ ਧਰਮ ਕਿਥੇ ਹੈ ਤਾ ਗੁਰੂ ਗ੍ਰੰਥ ਸਾਹਿਬ ਜੀ ਫ਼ੁਰਮਾਉਂਦੇ ਹਨ: ‘ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥’ (ਪੰਨਾ ੧੩੭੨) ਹੇ ਕਬੀਰ! ਜਨਮ-ਮਨੋਰਥ ਦੇ ਪੂਰਾ ਕਰਨ ਦੀ ਫ਼ਰਜ਼ ਸਿਰਫ਼ ਉਥੇ ਹੋ ਸਕਦਾ ਹੈ ਜਿਥੇ ਇਹ ਗਿਆਨ/ ਸਮਝ ਹੋਵੇ ਕਿ ਹੀਰਾ-ਜਨਮ ਕਾਹਦੇ ਲਈ ਮਿਲਿਆ ਹੈ। ਪਰ ਜਿਸ ਮਨੁੱਖ ਦੇ ਅੰਦਰ ਝੂਠ ਅਤੇ ਲੋਭ (ਦਾ ਜ਼ੋਰ) ਹੋਵੇ, ਉਥੇ (ਧਰਮ ਦੇ ਥਾਂ) ਪਾਪ ਅਤੇ ਆਤਮਕ ਮੌਤ ਹੀ ਹੋ ਸਕਦੇ ਹਨ (ਉਹ ਜੀਵਨ ‘ਕਉਡੀ ਬਦਲੈ’ ਹੀ ਜਾਣਾ ਹੋਇਆ)। ਪਰਮਾਤਮਾ ਦਾ ਨਿਵਾਸ ਸਿਰਫ਼ ਉਸ ਹਿਰਦੇ ਵਿੱਚ ਹੁੰਦਾ ਹੈ ਜਿਥੇ ਸ਼ਾਂਤੀ ਹੈ।

ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ਸੱਚ ਸਿਰਫ ਗੁਰਬਾਣੀ ਹੈ ਪਰ ਸ਼ਰਧਾ ਅਧੀਨ ਘੜੀਆਂ ਕਹਾਣੀਆਂ ਕਿ ਭਗਤ ਧੰਨਾ ਜੀ ਨੇ ਪੱਥਰਾਂ ਵਿੱਚੋਂ ਰੱਬ ਪਾ ਲਿਆ, ਸ਼ੇਖ ਫਰੀਦ ਜੀ ਜੰਗਲਾਂ ਵਿੱਚ ਤਪ ਕਰਨ ਗਏ ਇਹ ਸਭ ਝੂਠ ਹੈ। ਜਿਹੜੇ ਬਾਬਾ ਫ਼ਰੀਦ ਜੀ ਲਿਖ ਰਹੇ ਹਨ: ‘ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ॥ ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ॥ ੧੯॥’ (ਪੰਨਾ ੧੩੭੮)। ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਰੱਬ ਨੂੰ ਲਿਣ ਵਾਸਤੇ ਆਪ ਜੰਗਲਾਂ ਵਿੱਚ ਤਪ ਕਰਨ ਗਏ ਹੋਣ। ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ਰੱਬ ਨਾਲ ਮਿਲਾਪ ਕਿਸ ਤਰ੍ਹਾਂ ਹੋ ਸਕਦਾ ਹੈ ਇਸ ਸਬੰਧੀ ਸ਼ੇਖ਼ ਫ਼ਰੀਦ ਜੀ ਇਸ ਸ਼ਬਦ ਦੀ ਰਹਾਉ ਦੀ ਤੁਕ ਵਿੱਚ ਦੱਸ ਰਹੇ ਹਨ: ‘ਆਜੁ ਮਿਲਾਵਾ ਸੇਖ ਫਰੀਦ ਟਾਕਿਮ ਕੂੰਜੜੀਆ ਮਨਹੁ ਮਚਿੰਦੜੀਆ॥ ੧॥ ਰਹਾਉ॥’ ਹੇ ਸ਼ੇਖ ਫ਼ਰੀਦ! ਇਸ ਮਨੁੱਖਾ ਜਨਮ ਵਿੱਚ ਹੀ (ਰੱਬ ਨਾਲ) ਮੇਲ ਹੋ ਸਕਦਾ ਹੈ (ਇਸ ਵਾਸਤੇ ਇਹਨਾਂ) ਮਨ ਨੂੰ ਮਚਾਉਣ ਵਾਲੀਆਂ ਇੰਦ੍ਰੀਆਂ ਨੂੰ ਕਾਬੂ ਵਿੱਚ ਰੱਖ। ੧। ਰਹਾਉ।

‘ਬੋਲੈ ਸੇਖ ਫਰੀਦੁ ਪਿਆਰੇ ਅਲਹ ਲਗੇ॥ ਇਹੁ ਤਨੁ ਹੋਸੀ ਖਾਕ ਨਿਮਾਣੀ ਗੋਰ ਘਰੇ॥ ੧॥’ ਹੇ ਪਿਆਰੇ! ਰੱਬ (ਦੇ ਚਰਨਾਂ) ਵਿੱਚ ਜੁੜ; (ਤੇਰਾ) ਇਹ ਜਿਸਮ ਨੀਵੀਂ ਕਬਰ ਦੇ ਵਿੱਚ ਪੈ ਕੇ ਮਿੱਟੀ ਹੋ ਜਾਇਗਾ। ੧।

‘ਜੇ ਜਾਣਾ ਮਰਿ ਜਾਈਐ ਘੁਮਿ ਨ ਆਈਐ॥ ਝੂਠੀ ਦੁਨੀਆ ਲਗਿ ਨ ਆਪੁ ਵਞਾਈਐ॥ ੨॥’ ਹੇ ਪਿਆਰੇ ਮਨ! ਜਦੋਂ ਤੈਨੂੰ ਪਤਾ ਹੈ ਕਿ ਆਖ਼ਰ ਮਰਨਾ ਹੈ ਤੇ ਮੁੜ (ਇਥੇ) ਨਹੀਂ ਆਉਣਾ, ਤਾਂ ਇਸ ਨਾਸਵੰਤ ਦੁਨੀਆ ਨਾਲ ਪ੍ਰੀਤ ਲਾ ਕੇ ਆਪਣਾ ਆਪ ਗਵਾਉਣਾ ਨਹੀਂ ਚਾਹੀਦਾ। ੨।

‘ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ॥ ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ॥ ੩॥’ ਸੱਚ ਬੋਲਣਾ ਚਾਹੀਦਾ ਹੈ, ਇਹ ਹੀ ਧਰਮ ਹੈ, ਝੂਠ ਨਹੀਂ ਬੋਲਣਾ ਚਾਹੀਦਾ, ਜੋ ਰਸਤਾ ਗੁਰੂ ਦੱਸੇ ਉਸ ਰਸਤੇ ਤੇ ਮੁਰੀਦਾਂ ਵਾਂਗ ਤੁਰਨਾ ਚਾਹੀਦਾ ਹੈ। ੩।

‘ਛੈਲ ਲੰਘੰਦੇ ਪਾਰਿ ਗੋਰੀ ਮਨੁ ਧੀਰਿਆ॥ ਕੰਚਨ ਵੰਨੇ ਪਾਸੇ ਕਲਵਤਿ ਚੀਰਿਆ॥ ੪॥’ ਕਿਸੇ ਦਰਿਆ ਤੋਂ ਜੁਆਨਾਂ ਨੂੰ ਪਾਰ ਲੰਘਦਿਆਂ ਵੇਖ ਕੇ (ਕਮਜ਼ੋਰ) ਇਸਤ੍ਰੀ ਦਾ ਮਨ ਭੀ ਹੌਸਲਾ ਫੜ ਲੈਂਦਾ ਹੈ ਤੇ ਲੰਘਣ ਦਾ ਹੀਆ ਕਰਦੀ ਹੈ; ਇਸੇ ਤਰ੍ਹਾਂ ਸੰਤ ਜਨਾਂ ਨੂੰ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਦਿਆਂ ਵੇਖ ਕੇ ਕਮਜ਼ੋਰ-ਦਿਲ ਮਨੁੱਖ ਨੂੰ ਭੀ ਹੌਸਲਾ ਪੈ ਜਾਂਦਾ ਹੈ, ਤਾਂ ਤੇ ਹੇ ਮਨ! ਤੂੰ ਸੰਤ ਜਨਾਂ ਦੀ ਸੰਗਤਿ ਕਰ! ਵੇਖ) ਜੋ ਮਨੁੱਖ ਨਿਰੇ ਸੋਨੇ ਵਾਲੇ ਪਾਸੇ (ਭਾਵ, ਮਾਇਆ ਜੋੜਨ ਵਲ ਲੱਗ) ਪੈਂਦੇ ਹਨ ਉਹ ਆਰੇ ਨਾਲ ਚੀਰੇ ਜਾਂਦੇ ਹਨ (ਭਾਵ, ਬਹੁਤ ਦੁੱਖੀ ਜੀਵਨ ਬਿਤੀਤ ਕਰਦੇ ਹਨ)। ੪।

‘ਸੇਖ ਹੈਯਾਤੀ ਜਗਿ ਨ ਕੋਈ ਥਿਰੁ ਰਹਿਆ॥ ਜਿਸੁ ਆਸਣਿ ਹਮ ਬੈਠੇ ਕੇਤੇ ਬੈਸਿ ਗਇਆ॥ ੫॥’ ਹੇ ਸ਼ੇਖ਼ ਫ਼ਰੀਦ! ਜਗਤ ਵਿੱਚ ਕੋਈ ਸਦਾ ਲਈ ਉਮਰ ਨਹੀਂ ਭੋਗ ਸਕਿਆ (ਵੇਖ) ਜਿਸ (ਧਰਤੀ ਦੇ ਇਸ) ਥਾਂ ਤੇ ਅਸੀਂ (ਹੁਣ) ਬੈਠੇ ਹਾਂ (ਇਸ ਧਰਤੀ ਉੱਤੇ) ਕਈ ਬਹਿ ਕੇ ਚਲੇ ਗਏ। ੫।

‘ਕਤਿਕ ਕੂੰਜਾਂ ਚੇਤਿ ਡਉ ਸਾਵਣਿ ਬਿਜੁਲੀਆਂ॥ ਸੀਆਲੇ ਸੋਹੰਦੀਆਂ ਪਿਰ ਗਲਿ ਬਾਹੜੀਆਂ॥ ੬॥’ ਕੱਤਕ ਦੇ ਮਹੀਨੇ ਕੂੰਜਾਂ (ਆਉਂਦੀਆਂ ਹਨ); ਚੇਤਰ ਵਿੱਚ ਜੰਗਲਾਂ ਨੂੰ ਅੱਗ (ਲੱਗ ਪੈਂਦੀ ਹੈ), ਸਾਉਣ ਵਿੱਚ ਬਿਜਲੀਆਂ (ਚਮਕਦੀਆਂ ਹਨ), ਸਿਆਲ ਵਿੱਚ (ਇਸਤ੍ਰੀਆਂ ਦੀਆਂ) ਸੁਹਣੀਆਂ ਬਾਹਾਂ (ਆਪਣੇ) ਪਤੀ ਦੇ ਗਲ ਵਿੱਚ ਸੋਭਦੀਆਂ ਹਨ (ਇਸੇ ਤਰ੍ਹਾਂ ਜਗਤ ਦੀ ਸਾਰੀ ਕਾਰ ਆਪੋ ਆਪਣੇ ਸਮੇ ਸਿਰ ਹੋ ਕੇ ਤੁਰੀ ਜਾ ਰਹੀ ਹੈ। ੬।

‘ਚਲੇ ਚਲਣਹਾਰ ਵਿਚਾਰਾ ਲੇਇ ਮਨੋ॥ ਗੰਢੇਦਿਆਂ ਛਿਅ ਮਾਹ ਤੁੜੰਦਿਆ ਹਿਕੁ ਖਿਨੋ॥ ੭॥’ (ਜਗਤ ਤੋਂ) ਤੁਰ ਜਾਣ ਵਾਲੇ ਜੀਵ (ਆਪੋ ਆਪਣਾ ਸਮਾ ਲੰਘਾ ਕੇ) ਤੁਰੇ ਜਾ ਰਹੇ ਹਨ; ਹੇ ਮਨ! ਵਿਚਾਰ ਕੇ ਵੇਖ, ਜਿਸ ਸਰੀਰ ਦੇ ਬਣਨ ਵਿੱਚ ਛੇ ਮਹੀਨੇ ਲੱਗਦੇ ਹਨ ਉਸ ਦੇ ਨਾਸ ਹੁੰਦਿਆਂ ਇੱਕ ਪਲ ਹੀ ਲੱਗਦਾ ਹੈ। ੭।

ਜਿਮੀ ਪੁਛੈ ਅਸਮਾਨ ਫਰੀਦਾ ਖੇਵਟ ਕਿੰਨਿ ਗਏ॥ ਜਾਲਣ ਗੋਰਾਂ ਨਾਲਿ ਉਲਾਮੇ ਜੀਅ ਸਹੇ॥ ੮॥ ੨॥ ਹੇ ਫ਼ਰੀਦ! ਇਸ ਗੱਲ ਦੇ ਜ਼ਿਮੀਂਨ ਅਸਮਾਨ ਗਵਾਹ ਹਨ ਕਿ ਬੇਅੰਤ ਉਹ ਬੰਦੇ ਇਥੋਂ ਚਲੇ ਗਏ ਜਿਹੜੇ ਆਪਣੇ ਆਪ ਨੂੰ ਵੱਡੇ ਆਗੂ ਅਖਵਾਉਂਦੇ ਸਨ। ਸਰੀਰ ਤਾਂ ਕਬਰਾਂ ਵਿੱਚ ਗਲ ਜਾਂਦੇ ਹਨ, (ਪਰ ਕੀਤੇ ਕਰਮਾਂ ਦੇ) ਔਖ-ਸੌਖ ਜਿੰਦ ਸਹਾਰਦੀ ਹੈ। ੮। ੨।

ਗਿਆਨੀ ਸ਼ਿਵਤੇਗ ਸਿੰਘ ਜੀ ਨੇ ਕਿਹਾ ਇਸ ਸ਼ਬਦ ਵਿੱਚ ਸ਼ੇਖ਼ ਫ਼ਰੀਦ ਜੀ ਸਮਝਾ ਰਹੇ ਹਨ ਕਿ ਇਸ ਜਗਤ ਵਿੱਚ ਕੁੱਝ ਵੀ ਥਿਰ ਰਹਿਣ ਵਾਲਾ ਨਹੀਂ ਸਭ ਆਪੋ ਆਪਣੀ ਵਾਰੀ ਇੱਥੋਂ ਤੁਰੀ ਜਾ ਰਹੇ ਹਨ। ਇਸ ਨਾਸਵੰਤ ਦੁਨੀਆ ਨਾਲ ਪ੍ਰੀਤ ਲਾ ਕੇ ਆਪਣਾ ਆਪ ਗਵਾਉਣਾ ਨਹੀਂ ਚਾਹੀਦਾ। ਰੱਬ ਨਾਲ ਮਿਲਾਪ ਹਾਸਲ ਕਰਨ ਲਈ ਗੁਰੂ ਦੇ ਦੱਸੇ ਰਸਤੇ `ਤੇ ਚਲਦੇ ਹੋਏ ਮਨ `ਤੇ ਮਾਇਆ ਦਾ ਪ੍ਰਭਾਵ ਪਾ ਕੇ ਲੋਭ ਲਾਲਚ ਅਤੇ ਤ੍ਰਿਸ਼ਨਾ ਦੀ ਅੱਗ ਵਿੱਚ ਮਚਾਉਣ ਵਾਲੀਆਂ ਇੰਦ੍ਰੀਆਂ ਨੂੰ ਕਾਬੂ ਵਿੱਚ ਰੱਖਣਾ ਚਾਹੀਦਾ ਹੈ।


(11/05/11)
ਗੁਰਇੰਦਰ ਸਿੰਘ ਪਾਲ

ਮਾਰਚ 18, 1887 ਨੂੰ ਜਾਰੀ ਕੀਤੇ ਗਏ ‘ਹੁਕਮਨਾਮੇ’ ਦਾ ਵਿਸ਼ਲੇਸ਼ਣ:
ਸ: ਗੁਰਮੀਤ ਸਿੰਘ ਜੀ ਅਸਟ੍ਰੇਲੀਆ ਦੁਆਰਾ ਭੇਜੇ ਤੇ ‘ਸਿੱਖ ਮਾਰਗ’ ਉੱਤੇ ਪੇਸਟ ਕੀਤੇ ਗਏ ਉਪਰੋਕਤ ‘ਹੁਕਮਨਾਮੇ’ ਉੱਤੇ ਸਰਸਰੀ ਜਿਹੀ ਨਿਗਾਹ ਮਾਰਿਆਂ ਕਈ ਤੱਥ ਉਘੜ ਕੇ ਸਾਮ੍ਹਣੇ ਆਏ ਹਨ, ਜਿਨ੍ਹਾਂ ਨੂੰ ਇਸ ਲਿਖਿਤ ਵਿੱਚ ਬਿਆਨ ਕਰਨ ਦਾ ਨਿਮਾਣਾਂ ਜਿਹਾ ਯਤਨ ਕੀਤਾ ਹੈ।
‘ਸ੍ਰੀ ਅਕਾਲ ਸਹਾਏ’ ਤੋਂ ਪਰਤੱਖ ਹੈ ਕਿ ਜਾਂ ਤਾਂ ‘ਵਾਹਿ ਗੁਰੁ ਜੀ ਕਾ ਖਾਲਸਾ, ਵਾਹਿ ਗੁਰੁ ਜੀ ਕੀ ਫ਼ਤਹਿ’, ਉਸ ਸਮੇ ਤਕ ਪ੍ਰਚਲਿੱਤ ਨਹੀਂ ਸੀ ਕੀਤਾ ਗਿਆ, ਅਤੇ ਜਾਂ ਫ਼ਿਰ ਇਸ ਬੋਲੇ ਨੂੰ ਜਾਣ ਬੁੱਝ ਕੇ ਨਹੀਂ ਵਰਤਿਆ ਗਿਆ! ਉਂਜ, ‘ਅਕਾਲ ਸਹਾਏ’ ਵਰਤਣ ਵਿੱਚ ਵੀ ਕੋਈ ਦੋਸ਼ ਨਜ਼ਰ ਨਹੀਂ ਆਉਂਦਾ।
ਇਹ ‘ਹੁਕਮਨਾਮਾ’ ਕਿਸੇ ਕਥਿਤ ‘ਸ੍ਰੀ ਅਕਾਲ ਤਖ਼ਤ ਸਾਹਿਬ’ ਤੋਂ ਨਹੀਂ ਸਗੋਂ ‘ਤਖ਼ਤ ਅਕਾਲ ਬੁੰਗਾ’ ਤੇ ‘ਸ੍ਰੀ ਦਰਬਾਰ ਸਾਹਿਬ’ ਤੋਂ ਜਾਰੀ ਕੀਤਾ ਹੋਇਆ ਹੈ! !
ਇਹ ਹੁਕਮਨਾਮਾ ਕਿਸੇ ਅਖਾਉਤੀ ਜਥੇਦਾਰ ਦੁਆਰਾ ਜਾਰੀ ਨਹੀਂ ਕੀਤਾ ਹੋਇਆ! ਇਸ ਨੂੰ ਜਾਰੀ ਕਰਤਾ ਹਨ ਮਹੰਤ, ਸਰਬਰਾਹ, ਪੁਜਾਰੀ, ਗ੍ਰੰਥੀ, ਅਰਦਾਸੀਏ, ਬੁੰਗਿਆਂ ਦੇ ਮੁਹਤਮਿਮ (ਮੁੰਤਜ਼ਿਮ/ਪ੍ਰਬੰਧਕ: ਇੰਤਜ਼ਾਮ/ਪ੍ਰਬੰਧ ਕਰਨ ਵਾਲਾ), ਬੁੰਗੀਏ (ਬੁੰਗਿਆਂ ਵਿੱਚ ਰਿਹਾਇਸ਼ ਰੱਖਣ ਵਾਲੇ), ਨੰਬਰਦਾਰ, ਪੱਤੀਦਾਰ, ਤੇ ਸੁਖਈ ਆਦਿ। ਭੇਟਾ ਦੀ ਮਾਇਆ ਡਕਾਰਨ ਵਾਲੇ ਪਹਿਲੇ ‘ਮਹਾਂਰਥੀਆਂ’ ਬਾਰੇ ਤਾਂ ਸਾਰੇ ਸਜਨ ਜਾਣਦੇ ਹੀ ਹਨ; ਇੱਥੇ ਮੈ ਕੇਵਲ ਅਖ਼ੀਰਲੇ ਦੋ ਬਾਰੇ ਲਿਖਾਂਗਾ: ਪਹਿਲਾ, ਪੱਤੀਦਾਰ: ਕਿਸੇ ਵੀ ਧੰਦੇ/ਵਾਪਾਰ ਵਿੱਚ ਭਾਈਵਾਲਾਂ ਨੂੰ ਪੱਤੀਦਾਰ ਵੀ ਕਹਿੰਦੇ ਹਨ ਜੋ ਧੰਦੇ ਵਿੱਚੋਂ ਹੋਈ ਆਮਦਨ ਨੂੰ ਵੰਡ ਕੇ ਖਾਂਦੇ ਹਨ। ਕੀ ਗੁਰਧਾਮਾਂ ਦੀ ਦੇਖ ਭਾਲ/ਸੇਵਾ ਇੱਕ ਧੰਦਾ ਹੈ? ਦੂਸਰਾ, ‘ਸੁਖਈ’ : ਸੁੱਖਾ/ਭੰਗ ਰਗੜਨ/ਵਰਤਾਉਣ ਵਾਲੇ ਨੂੰ ‘ਸੁਖਈ’ ਕਹਿੰਦੇ ਹਨ! ! ਇਹ ਗੁਰਮਤਿ ਹੈ ਜਾਂ ਮਨਮਤਿ? ਫ਼ੈਸਲਾ ਪਾਠਕਾਂ ਦੇ ਹਥਿ ਹੈ।
ਇਸ ਹੁਕਮਨਾਮੇ ਵਿੱਚ ਵਰਤੀ ਗਈ ਸ਼ਬਦਾਵਲੀ ਅਰਬੀ ਫ਼ਾਰਸੀ ਦੀ ਹੈ ਅਤੇ ਬੋਲੀ ਵਧੇਰੇ ਕਰਕੇ ਉਰਦੂ ਹੈ। ਇਸ ਤੱਥ ਤੋਂ ਸਪਸ਼ਟ ਹੈ ਕਿ ਹੁਕਮਨਾਮਾ ਜਾਰੀ ਕਰਨ ਵਾਲਿਆਂ ਦਾ ਵਾਸਤਾ ਗੁਰਮਤਿ/ਗੁਰਬਾਣੀ ਅਤੇ ਇਸ ਦੀ ਭਾਸ਼ਾ ਨਾਲ ਨਾਮ ਮਾਤ੍ਰ ਹੀ ਹੈ! ਭਾਸ਼ਾ ਤੇ ਲਿਖਣ-ਢੰਗ ਵਿੱਚ ਗੁਰਸਿੱਖੀ ਘੱਟ ਤੇ ਮਨਮਤਿ ਵਧੇਰੇ ਦਿਖਾਈ ਦਿੰਦੀ ਹੈ।
ਇਸ ਹੁਕਮਨਾਮੇ ਵਿੱਚ ਗੁਰਮੁਖ ਸਿੰਘ ਜੀ ਦੇ ਵਿਰੁੱਧ ਲਾਏ ਗਏ ਇਲਜ਼ਾਮਾਂ ਦਾ ਕੋਈ ਵੇਰਵਾ ਤੇ ਤਰਕ ਨਹੀਂ ਹੈ! ਬਸ, ‘ਪੰਥ ਖਾਲਸਾ ਸੇ ਅਲਹਿਦਾ’ ਕਰਨ ਦੀ ਘੋਸ਼ਣਾ ਹੈ! ! ਇਹੋ ਜਿਹਾ ਰਵਈਆ ਗੁਰਸਿੱਖਾਂ ਦਾ ਨਹੀਂ ਸਗੋਂ ਮਨਮੁੱਖਾਂ ਦਾ ਹੁੰਦਾ ਹੈ। (ਨੋਟ:- ਅੱਜ ਤਕ ਜਾਰੀ ਕੀਤੇ ਗਏ ਸਾਰੇ ਹੁਕਮਨਾਮੇ, ਥੋੜ੍ਹੇ ਬਹੁਤ ਫ਼ਰਕ ਨਾਲ, ਇਸ ਹੁਕਮਨਾਮੇ ਦੀ ਤਰਜ਼ `ਤੇ ਹੀ ਲਿਖੇ/ਜਾਰੀ ਕੀਤੇ ਗਏ ਹਨ।)
‘ਅਕਾਲ ਬੁੰਗਾ’ ਵੀ ਹੋਰ ਬੁੰਗਿਆਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਇਨ੍ਹਾਂ ਬੁੰਗਿਆਂ ਵਿੱਚ ਪ੍ਰਬੰਧਕਾਂ ਤੇ ਹੋਰ ਕਰਮਚਾਰੀਆਂ ਦੀ ਰਿਹਾਇਸ਼ ਹੋਇਆ ਕਰਦੀ ਸੀ। ਇਨ੍ਹਾਂ ਰਿਹਾਇਸ਼-ਗਾਹਾਂ/ਬੁੰਗਿਆ ਨੂੰ ਗੁਰੂਦਵਾਰਿਆਂ ਜਾਂ ਤਖ਼ਤਾਂ ਵਿੱਚ ਬਦਲ ਕੇ ਇਨ੍ਹਾਂ ਨੂੰ ‘ਸਿਧਾਂਤ ਜਾਂ ਫ਼ਲਸਫ਼ਾ’ ਕਹਿਣਾ ਮਨਮਤਿ ਹੈ।
108 ਸਾਲ ਬਾਅਦ ਇਸ ਹੁਕਮਨਾਮੇ ਨੂੰ 1995 ਵਿੱਚ ਰੱਦ ਕੀਤੇ ਜਾਣਾਂ ਨਾ ਕੇਵਲ ਇਸ ਨੂੰ ‘ਕੂੜਨਾਮਾ’ ਸਾਬਤ ਕਰਦਾ ਹੈ ਸਗੋਂ ਇਸ ਨੂੰ ਜਾਰੀ ਕਰਨ ਵਾਲਿਆਂ ਦੀ ਮੂੜ੍ਹਤਾ ਦਾ ਪੱਕਾ ਪ੍ਰਤੀਕ ਵੀ ਹੈ। ਇਹ ‘ਕੂੜਨਾਮਾ’ 20ਵੀਂ ਸਦੀ ਦੇ ਆਰੰਭ ਤੋਂ ਗੁਰ-ਸਥਾਨਾਂ ਉੱਤੇ ਕਾਬਜ਼ ਅਕਾਲੀ ਦਲ, ਐਸ: ਜੀ: ਪੀ: ਸੀ: ਤੇ ਜਥੇਦਾਰਾਂ ਦੀ ਅਗਿਆਨਤਾ ਤੇ ਕੁਟਿਲਤਾ ਦਾ ਪ੍ਰਤੱਖ ਸਬੂਤ ਵੀ ਹੈ। ਅਗਿਆਨਤਾ ਲਾਅਨਤ ਹੈ ਤੇ ਕੁਟਿਲਤਾ ਇੱਕ ਪਾਪ; ਇਸ ਲਾਅਨਤ ਤੇ ਪਾਪ ਤੋਂ ਕੋਈ ਵੀ ਜਥੇਦਾਰ ਮੁਕਤ ਨਹੀਂ ਕਿਹਾ ਜਾ ਸਕਦਾ!
ਇਸ ਹੁਕਮਨਾਮੇ ਦੀ ਉਪਰੋਕਤ ਛਾਣ-ਬੀਨ ਨੂੰ ਮੁੱਖ ਰੱਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਇੱਕ ਬੁੰਗੇ ਨੂੰ ‘ਸ੍ਰੀ ਅਕਾਲ ਤਖ਼ਤ ਸਾਹਿਬ’ ਦਾ ਨਾਮ ਦੇ ਕੇ ਜੇ ਇਸ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ ਤਾਂ ਇਸ ਨੂੰ ‘ਅਖਾਉਤੀ’ ਕਹਿਣ ਵਿੱਚ ਕੋਈ ਕੋਤਾਹੀ ਨਹੀਂ ਹੈ। ਦੂਜਾ, ਜੇ ਇਸ ਸਥਾਨ ਤੋਂ ਗੁਰਮਤਿ ਦੇ ਪਰਮਾਰਥੀ ਪ੍ਰਚਾਰ ਦੀ ਬਜਾਏ ਸੁਆਰਥ ਦੀ ਖ਼ਾਤਿਰ ਮਨਮਤਿ ਦਾ ਪ੍ਰਸਾਰ ਕੀਤਾ ਜਾ ਰਿਹਾ ਹੈ ਤਾਂ ਇਸ ਸਥਾਨ ਨੂੰ ਮਨਮਤਿ ਦਾ ‘ਅੱਡਾ’ ਕਹਿਣਾ ਵੀ ਗ਼ਲਤ ਨਹੀਂ ਲੱਗਦਾ!
ਉਪਰੋਕਤ ਵਿਸ਼ਲੇਸ਼ਣ
(analysis) ਕਰਦਿਆਂ ਹੋ ਸਕਦਾ ਹੈ ਕਿ ਦਾਸ ਤੋਂ ਕੋਈ ਕੋਤਾਹੀ ਹੋ ਗਈ ਹੋਵੇ! ਉਸ ਲਈ ਦਾਸ ਖਿਮਾ ਦਾ ਜਾਚਕ ਹੈ।
ਗੁਰਇੰਦਰ ਸਿੰਘ ਪਾਲ
ਮਈ 11, 2011.


(11/05/11)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਡਾ. ਇਕਬਾਲ ਸਿੰਘ ਜੀਉ

ਸਤਿ ਸ਼੍ਰੀ ਅਕਾਲ ਪਰਵਾਨ ਕਰਨਾ!

ਉੱਤਰ ਦਾ ਬਹੁਤ ਧਨਵਾਦ!

ਆਪ ਜੀ ਅਤੇ ਪਾਠਕਾਂ ਦੀ ਦੂਬਾਰਾ ਨਜ਼ਰਸਾਨੀ ਲਈ ਆਪ ਜੀ ਦੇ ਲੇਖ ਸੇਵਾਦਾਰ ਦਾ ਹੁਕਮਨਾਮਾ ( ਸਿੱਖ ਮਾਰਗ. ਕਾਮ ਦੀ ਚੋਥੀ ਲੇਖ ਲੜੀ) ਦੀ ਅੰਤਿਕਾ ਦੇ ਸਬੰਧਤ ਸ਼ਬਦ ਹੇਠ ਪੇਸ਼ ਕਰ ਰਿਹਾ ਹਾਂ ਤਾਂ ਕਿ ਆਪ ਜੀ ਸਮਾਂ ਕੱਡ ਕੇ ਉਨ੍ਹਾਂ ਤੇ ਇੱਕ ਵਾਰ ਫ਼ਿਰ ਫ਼ੇਕਸ ਕਰਕੇ ਵੇਖ ਸਕੋ ਕਿ ਆਪ ਜੀ ਨੇ ਬਰੈਕਟ () ਰਾਹੀਂ ਗੁਰਦੁਆਰਾ ਐਕਟ ਵਿੱਚ ‘ਗ੍ਰੰਥੀ` ਦੀ ਪਦਵੀ ਦੀ ਹੋਂਦ ਸਵੀਕਾਰੀ ਹੈ ਨਾ ਕਿ ਜੱਥੇਦਾਰ ਜਾਂ ਮੁੱਖ ਸੇਵਾਦਾਰ ਦੀ। ਆਪ ਜੀ ਨੇ ਜੱਥੇਦਾਰ ਅਤੇ ਮੁੱਖ ਸੇਵਾਦਾਰ ਸ਼ਬਦਾਂ ਨੂੰ ““ ਚਿੰਨਾਂ ਅੰਦਰ ਲਿਖਿਆ ਹੈ ਜਦ ਕਿ ‘ਗ੍ਰੰਥੀ` ਸ਼ਬਦ ਨੂੰ ‘` ਚਿੰਨ ਵਰਤਦੇ ਲਿਖਿਆ ਹੈ।

ਆਪ ਜੀ ਨੇ ਲਿਖਿਆ ਹੈ:-

“ਸ਼ਭਨਾਂ ਨੂੰ ਇਸ ਗੱਲ ਦਾ ਪਤਾ ਹੀ ਹੈ ਕਿ ਸ. ਦਰਸ਼ਨ ਸਿੰਘ ਖਾਲਸਾ ਜੀ ਸ੍ਰੀ ਅਕਾਲ ਤਖਤ ਦੇ “ਜਥੇਦਾਰ” ਦੀ ਉੱਚ-ਪਦਵੀ ਤੇ ਬਿਰਾਜਮਾਨ ਰਹਿ ਚੁੱਕੇ ਹਨ (ਭਾਵੇਂ ਕਿ ਸਬੰਧਿਤ ਗੁਰਦੁਆਰਾ ਐਕਟ ਮੁਤਾਬਿਕ ਸ੍ਰੀ ਅਕਾਲ ਤਖਤ ਉਤੇ ਅਸਾਮੀ ‘ਗ੍ਰੰਥੀ’ ਦੀ ਹੈ, ਨਾ ਹੀ “ਜਥੇਦਾਰ” ਦੀ ਅਤੇ ਨਾ ਹੀ “ਮੁੱਖ ਸੇਵਾਦਾਰ” ਦੀ)। ਲ਼ੰਬੇ ਸਮੇਂ ਤੋਂ ਇਹ ਉੱਚ-ਪਦਵੀ ਹੋਰਨਾਂ ਸ਼ਖਸੀਅਤਾਂ ਦੇ ਕਬਜ਼ੇ ਹੇਠ ਚਲੀ ਆ ਰਹੀ ਹੈ। (ਇਕਬਾਲ ਸਿੰਘ ਢਿੱਲੋਂ (ਡਾ.)

ਖ਼ੈਰ ਇਨ੍ਹਾਂ ਸ਼ਬਦਾ ਵਿੱਚ ਸਪਸ਼ਟ ਹੈ ਕਿ ਆਪ ਜੀ ਨੇ ਅਕਾਲ ਤਖਤ ਨੂੰ ਦੋ ਵਾਰ ‘ਸ਼੍ਰੀ ਅਕਾਲ ਤਖਤ` (ਬਿਨਾ ““ ਦੇ) ਲਿਖਿਆ ਹੈ ਅਤੇ ਉਸ ਅਕਾਲ ਤਖਤ ਤੇ ਕਿਸੇ ‘ਪਦਵੀ` ਨੂੰ ਦੋ ਵਾਰ ‘ਉੱਚ-ਪਦਵੀ` ਸਵੀਕਾਰਿਆ/ਬਿਆਨਿਆ ਹੈ। ਧਿਆਨ ਨਾਲ ਵੇਖਣ ਦੀ ਕਿਰਪਾਲਤਾ ਕਰਨੀ ਕਿ “ਜੱਥੇਦਾਰ” ਦੀ ਉੱਚ-ਪਦਵੀ ਤੇ ਵਿਰਾਜਮਾਨ …. ` ਲਿਖਦੇ ਆਪ ਜੀ ਨੇ ਜੱਥੇਦਾਰ ਸ਼ਬਦ ਨਾਲ ““ ਚਿੰਨ ਵਰਤੇ ਹਨ ਜਿਸਦਾ ਭਾਵ ਆਪ ਜੀ ਚੰਗੀ ਤਰਾਂ ਜਾਣਦੇ ਹੋ ਕਿ ਉਹ ਅਸਹਿਮਤਿ ਪੁਰਨ ਹੁੰਦਾ ਹੈ। ਆਪ ਜੀ ਨੇ ਨਵੇਂ ਲੇਖ ਵਿੱਚ ਇਸੇ ਲਈ ਹੀ ਅਕਾਲ ਤਖਤ ਦੀ ਸਥਿਤੀ ਸਿਰਲੇਖ ਵਿੱਚ ਅਕਾਲ ਤਖਤ ਸ਼ਬਦ ਜੋੜ ਲਿਖਦੇ ““ ਚਿੰਨ ਵਰਤੇ ਹਨ ਜਦ ਕਿ ਉਪਰਲੀ ਅੰਤਿਕਾ ਵਿੱਚ ਸ਼੍ਰੀ ਅਕਾਲ ਤਖਤ ਅਤੇ ਉਚ-ਪਦਵੀ ਸ਼ਬਦ ਜੋੜ ““ ਚਿੰਨ ਬਗ਼ੈਰ ਹਨ।

ਆਸ ਹੈ ਕਿ ਆਪ ਜੀ ਨੂੰ ਸਮਝ ਆ ਜਾਵੇਗਾ ਕਿ Confusion ਕਿੱਥੇ ਹੈ ਅਤੇ ਫ਼ੋਕਸ ਕਿੱਥੋਂ ਖੁੰਜਿਆ ਹੈ।

ਨਵੀਂ ਮਾਨਤਾ` ਪੇਸ਼ ਕਰਦੇ ਲੇਖਕ ਨੂੰ ਆਪਣੀ ‘ਪਹਿਲੀ ਲਿਖਤੀ ਮਾਨਤਾ` ਲਿਖਤੀ ਰੂਪ ਵਿੱਚ ਜਾਹਰ ਕਰਦੇ ਵਾਪਸ ਲੇਂਣੀ ਬਣਦੀ ਹੈ। ਇਹ ਖੋਜੀ ਲੇਖਨ ਦਾ ਅਦਬ ਹੁੰਦਾ ਹੈ।

ਹਰਦੇਵ ਸਿੰਘ, ਜੰਮੂ


(11/05/11)
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

ਅਜੋਕੇ-ਲੇਖਕ
ਦੇਖੋ ਤਰਾਸਦੀ ਅੱਜ ਦੇ ਲੇਖਕਾਂ ਦੀ ,
ਅੱਖਰ-ਜਾਲ ਬਣਾਉਣ ਦੀ ਕਰੀ ਜਾਂਦੇ ।
ਛੱਡ ਭਾਵਨਾ ਸਿੱਖਣ-ਸਖਾਉਣ ਵਾਲੀ ,
ਨੀਤੀ ਜਿੱਤਣ-ਹਰਾਉਣ ਦੀ ਕਰੀ ਜਾਂਦੇ ।
ਜਦੋਂ ਤਰਕ ਦਲੀਲ ਨਾ ਸਾਥ ਦੇਵੇ ,
ਨਿੱਜੀ ਹਮਲੇ ਵੱਲੋਂ ਨਾ ਬਾਜ ਆਉਂਦੇ ;
ਠੇਸ ਭਾਵਨਾ ਨੂੰ ਲੱਗੀ ਆਖਕੇ ਤੇ ,
ਕੋਸ਼ਿਸ਼ ਪਾਠਕ ਉਕਸਾਉਣ ਦੀ ਕਰੀ ਜਾਂਦੇ ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)


(11/05/11)
ਗਿਆਨੀ ਗੁਰਸ਼ਰਨ ਸਿੰਘ ਡੱਲ

ਗੁਰਮਤਿ ਚੇਤਨਾ ਕੈਂਪ ਨਾਰਲੀ ਗੁਰਮਤਿ ਪ੍ਰਚਾਰ ਕੇਂਦਰ ਡੱਲ ਦੇ ਪ੍ਰਚਾਰਕ ਗਿਆਨੀ ਗੁਰਸ਼ਰਨ ਸਿੰਘ ਡੱਲ ਵੱਲੋ ਸੁਚਿਤ ਕੀਤਾ ਗਿਆ ਕਿ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਚਾਰ ਕੇਂਦਰ ਡੱਲ ਵੱਲੋ ਇਲਾਕੇ ਅੰਦਰ ਚਲਾਈ ਧਰਮ ਪ੍ਰਚਾਰ ਦੀ ਲਹਿਰ ਇਸ ਮਹੀਨੇ ਦਾ ਦੂਜਾ ਚਾਰ ਰੋਜਾ ਗੁਰਮਤਿ ਸਿਖਲਾਈ ਕੈਂਪ ਸਰਕਾਰੀ ਸੇਕੰਡਰੀ ਸਕੂਲ ਨਾਰਲੀ ਵਿਖੇ ਲਗਾਇਆ ਗਿਆ ਜਿਸ ਵਿੱਚ 6 ਵੀ ਕਲਾਸ ਤੋ ਲੈ ਕੇ 10+2 ਤੱਕ ਕਲਾਸ਼ਾਂ ਦੇ ਕਰੀਬ 600 ਵਿਦਿਆਰਥੀਆ ਨੇ ਹਿਸਾ ਲਿਆ। ਬੱਚਿਆਂ ਨੂੰ ਗੁਰਬਾਣੀ, ਗੁਰ ਇਤਿਹਾਸ, ਰਹਿਤ ਮਰਿਯਾਦਾ ਸਬੰਧੀ ਸਿੰਖਿਆ ਦਿਤੀ ਗਈ ਅਤੇ ਕੈਂਪ ਦੇ ਅਖੀਰਲੇ ਦਿਨ ਵਿਦਿਅਰਥੀਆ ਨੂੰ ਗਿਆਰਾ ਗਰੁਪਾਂ ਵਿੱਚ ਵੰਡ ਕੇ ਧਾਰਮਿਕ ਪ੍ਰੀਖਿਆਂ ਲਈ ਗਈ ਅਤੇ ਜੇਤੂ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਪਹਿਲੇ, ਦੂਜੇ, ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਵਿੰਦਰ ਸਿੰਘ ਦੋਬਲੀਆਂ ਨੇ ਪੰਜ-ਪੰਜ ਸੋ ਰੁਪਏ ਦੇ ਇਨਾਮ ਦਿਤੇ ਤੇ ਸਬੋਧਨ ਕਰਦਿਆਂ ਕਿਹਾ ਕੇ ਗੁਰਮਤਿ ਪ੍ਰਚਾਰ ਕੇਂਦਰ ਵੱਲੋ ਕੀਤੇ ਜਾ ਰਹੇ ਉਪਰਾਲੇ ਸਲਾਘਾਯੋਗ ਹਨ ਇਸ ਮੋਕੇ ਸਕੂਲ ਦੇ ਪ੍ਰਿੰ, ਲੱਖਾ ਸਿੰਘ ਨੇ ਪਹੁਚੀ ਸੰਗਤ ਦਾ ਧੰਨਵਾਦ ਕੀਤਾ ਤੇ ਅਤੇ ਪ੍ਰਚਾਰਕ ਗਿਆਨੀ ਗੁਰਸ਼ਰਨ ਸਿੰਘ ਡੱਲ, ਭਾਈ ਸੰਦੀਪ ਸ਼ਿੰਘ ਖਾਲੜਾ, ਪ੍ਰੋ, ਨਛੱਤਰ ਸਿੰਘ ਦਾ ਵਿਸੇਸ਼ ਸਨਮਾਨ ਕੀਤਾ ਗਿਆ। ਇਸ ਮੋਕੇ ਪ੍ਰਿੰ, ਲੱਖਾ ਸਿੰਘ, ਪ੍ਰਿੰ, ਦਵਿੰਦਰ ਸਿੰਘ ਖਾਲੜਾ, ਸੇਵਾ ਮੁਕਤ ਪ੍ਰਿੰ, ਮੁਖਤਾਰ ਸਿੰਘ ਨਾਰਲੀ, ਸਰਪੰਚ ਰਣਜੀਤ ਸਿੰਘ ਨਾਰਲੀ, ਗੁਰਸੇਵਕ ਸਿੰਘ ਨਾਰਲੀ, ਕੇਂਦਰ ਦੇ ਪ੍ਰਧਾਨ ਦੀਦਾਰ ਸਿੰਘ ਡੱਲ, ਸਿੰਗਾਰਾ ਸਿੰਘ ਕਲਸੀ, ਮਾ, ਪੂਰਨ ਸਿੰਘ, ਸਾਹਿਬ ਸਿੰਘ, ਨਿਸ਼ਾਨ ਸਿੰਘ, ਮੁਖ ਅਧਿਆਪਕ ਵਰਿਅਮ ਸਿੰਘ ਅਤੇ ਮੁਖ ਅਧਿਆਪਕ ਗੁਰਿੰਦਰ ਸਿੰਘ ਮਾੜੀ ਕੰਬੋਕੇ ਆਦਿ ਹਾਜਰ ਸਨ।
ਸੰਪਰਕ ਗਿਆਨੀ ਗੁਰਸ਼ਰਨ ਸਿੰਘ ਡੱਲ 9855598841 5/11/2011


(11/05/11)
ਇਕ ਪਾਠਕ

ਨਗਰ ਕੀਰਤਨ ਬਨਾਮ ਮੇਲਾ
ਇਕ ਦਿਨ ਭੋਲਾ ਗੁਰਦੁਆਰੇ ਮਥਾ ਟੇਕਣ ਗਿਆ ਤੇ ਗੁਰਦੁਆਰੇ ਦੇ ਦਰਵਾਜੇ ਤੇ ਲਗਾ ਪੋਸਟਰ ਪੜਨ ਲਗ ਪਿਆ ਜਿਸ ਤੇ ਨਾਲ ਦੇ ਪਿੰਡ ਦੇ ਗੁਰਦੁਆਰੇ ਵਿੱਚ ਵਿਸਾਖੀ ਦੇ ਨਗਰ ਕੀਰਤਨ ਦੇ ਮੋਕੇ ਤੇ ਗੰਗਾ ਸਾਗਰ ਆਣ ਦੀ ਖਬਰ ਲਿਖੀ ਸੀ (ਇਹ ੳਹੀ ਗੰਗਾ ਸਾਗਰ ਜਿਸ ਬਾਰੇ ਇਹ ਕਿਆ ਜਾਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਵਿੱਚ ਦੁਧ ਚੋਆ ਕੇ ਪੀਤਾ ਸੀ, ਇਸ ਸੁਰਾਹੀ ਰੂਪੀ ਭਾਡੇ ਵਿੱਚ ਇੱਕ ਛੇਕ ਹੈ, ਇਸ ਵਿੱਚ ਰੇਤ ਪਾਉ ਤੇ ਬਾਹਰ ਆ ਜਾਂਦੀ ਹੈ, ਪਰ ਜੇ ਦੁਧ ਪਾਉ ਉਹ ਬਾਹਰ ਨੀ ਆਦਾ) ਭੋਲੇ ਨੇ ਗੰਗਾ ਸਾਗਰ ਨੂੰ ਦੇਖਣ ਦਾ ਮਨ ਬਣਾ ਲਿਆ, ਜਦ ਉਹ ਉਸ ਗੁਰਦੁਆਰੇ ਗਿਆ ਤੇ ਇੱਕ ਮੁਸਲਮਾਨ ਵਿਅਕਤੀ ਉਸ ਗੰਗਾ ਸਾਗਰ ਨੂੰ ਗਡੀ ਚ ਰਖ ਰਿਆ ਸੀ, ਭੋਲੇ ਨੇ ਦੋ ਤਿੰਨ ਫੋਟੋ ਲੇ ਲਈਆ, ਨਗਰ ਕੀਰਤਨ ਤੁਰ ਪਿਆ, ਗੁਰੂ ਗਰੰਥ ਸਾਹਿਬ ਜੀ ਦੀ ਪਾਲਕੀ ਸਬ ਤੋ ਅਗੇ ਤੇ ਗੰਗਾ ਸਾਗਰ ਵਾਲੀ ਗਡੀ ਉਸ ਦੇ ਪਿਛੇ ਜਾ ਰਹੀ ਸੀ, ਗੁਰਦਆਰੇ ਦਾ ਪਾਠੀ ਸਿੰਘ ਕਚੀਆ ਧਾਰਨਾ ਲਾ ਕੇ ਮਾਇਕ ਤੇ ਗਾ ਰਿਆ ਸੀ, ਕੁੱਝ ਸੰਗਤ ਨੂੰ ਛਡ ਕੇ ਬਾਕੀ ਸਬ ਆਪਣੀ ਕਾਂਵਾ ਰੋਲੀ ਪਾ ਰਹੇ ਸਨ। ਪਰਸ਼ਾਦ ਦੇ ਨਾਮ ਤੇ ਸੰਗਤ ਨੂੰ, ਕੇਲੇ, ਸੇਬ, ਜਲ ਜੀਰਾ, ਕੋਕ, ਫਰੂਟੀ, ਤੇ ਪਾਤਾ ਨੀ ਹੋਰ ਕੀ ਕੀ ਮਿਲ ਰਿਆ ਸੀ। ਨਗਰ ਕੀਰਤਨ ਆਪਣੇ ਪੜਾਅ ਤੇ ਪੁਹਚਿਆ, ਉਥੇ ਪਹਿਲਾ ਹੀ ਚਾਟ, ਆਇਸ ਕਰੀਮ, ਟਿਕੀਆ ਦੇ ਸਟਾਲ ਲਗੇ ਹੋਏ ਸਨ, ਤੇ ਹਰ ਕੋਈ ਅਪਣੀ ਚੀਜ ਨੂੰ ਲੰਗਰ ਕਿਹ ਰਿਆ ਸੀ, ਹਰ ਇੱਕ ਨੇ ਅਪਣੇ ਸਪੀਕਰ ਲਏ ਹੋਏ ਸਨ, ਕਿਸੇ ਤੇ ਕੋਈ ਕਿਸੇ ਤੇ ਕੋਈ ਧਾਰਮਿਕ ਗਾਣੇ ਚਲ ਰਹੇ ਸਨ, ਨਗਰ ਕੀਰਤਨ ਘਟ ਮੇਲਾ ਜਿਆਦਾ ਲਗ ਰਿਆ ਸੀ, ਇੱਕ ਥਾਂ ਕੁੱਝ ਸੰਗਤ ਇਕਠੀ ਦੇਖ ਭੋਲਾ ਕੋਲ ਗਿਆ ਤੇ ਪਤਾ ਲਗਾ ਕੇ ਇੱਕ ਸਿੰਘ ਕੁੱਝ ਸਿੰਘਾ ਨਾਲ ਬਹਿਸ ਰਿਆ ਸੀ ਕਿਉ ਕਿ ਉਹਨਾ ਸਿੰਘਾ ਨੇ ਉਸ ਸਿੰਘ ਤੋ ਪੰਜ ਪਿਆਰਿਆ ਦੇ ਨਾਮ ਪੁਛੇ ਸਨ ਜੋ ਉਸ ਨੂੰ ਨਾ ਪਤਾ ਹੋਣ ਕਰਕੇ ਅਗੇ ਤੋ ਲੜਨ ਪੇ ਗਿਆ, ਸਬ ਕੁੱਝ ਦੇਖਦਾ ਦੇਖਦਾ ਭੋਲਾ ਇੱਕ ਸਟਾਲ ਤੇ ਪਹੁਚਾ, ਉਥੇ ਉਹੀ ਸਿੰਘ ਗੁਰੂ ਸ਼ਬਦ ਦੀ ਕਥਾ ਦੀਆ ਸੀ ਡੀਜ ਵੰਡ ਰਹੇ ਸਨ, ਭੋਲੇ ਨੂੰ ਲਗਾ ਕੇ ਅਸਲ ਲੰਗਰ ਤੇ ਇਹਨਾ ਲਾਇਆ ਹੋਇਆ ਹੈ, ਫਿਰ ਭੋਲੇ ਦੀ ਨਜਰ ਦੁਜੇ ਪਾਸੇ ਗਈ, ਉਥੇ ਬਹੁਤ ਸਾਰੇ ਲੋਕੀ ਉਸ ਗੰਗਾ ਸਾਗਰ ਨੂੰ ਪੈਸੇ ਰਖ ਕੇ ਮਥਾ ਟੇਕ ਰਹੇ ਸਨ, ਭੋਲਾ ਸੋਚਨ ਲਗ ਪਿਆ ਕੇ ਇੱਕ ਪਾਸੇ ਕਿਸੇ ਨੂੰ ਪੰਜ ਪਿਆਰਿਆ ਦੇ ਨਾਮ ਵੀ ਪਤਾ ਨੀ, ਤੇ ਦੁਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੂ ਦੇ ਰੂਪ ਚ ਦਿਤੇ ਗੁਰੂ ਗਰੰਥ ਸਾਹਿਬ ਦੇ ਲੜ ਲਗਣ ਦੀ ਵਜਾਏ ਸੰਗਤ ਇੱਕ ਗੈਰ ਧਰਮ ਵਿਅਕਤੀ ਦੇ ਕਹਿਨ ਤੇ ਇੱਕ ਸੁਰਾਹੀ ਨੂੰੇ ਮਥਾ ਟੇਕ ਰਹੀ ਹੈ, ਇਹੋ ਜਹੀਆ ਕਈ ਸੋਚਾ ਸੋਚਦਾ ਭੋਲਾ ਨਗਰ ਕੀਰਤਨ ਬਨਾਮ ਮੇਲਾ ਵਿਚਾਲੇ ਛਡ ਘਰ ਆ ਗਿਆ।
ਗੁਰੂ ਦਰ ਦਾ ਕੂਕਰ ਭੋਲਾ


(11/05/11)
ਕਿਰਪਾਲ ਸਿੰਘ ਬਠਿੰਡਾ

ਮਰਗ ਦੇ ਭੋਗ `ਤੇ ਡੇਰੇਦਾਰ ਨੇ ਕੀਤੀ ਜੱਗੋਂ ਤੇਰਵੀਂ ਅਰਦਾਸ: ਪ੍ਰਿੰ. ਗੁਰਬਚਨ ਸਿੰਘ ਥਾਈਲੈਂਡ

*ਗਰੀਬ ਲੜਕੀਆਂ ਨੂੰ ਤਾਂ ਪਤਾ ਨਹੀਂ ਕੁੱਝ ਦਾਜ਼ ਮਿਲਦਾ ਹੈ ਜਾਂ ਨਹੀਂ ਪਰ ਇਨ੍ਹਾਂ ਸਾਧਾਂ ਨੂੰ ਵਿੱਚੋਂ ਦਾਜ਼ ਜਰੂਰ ਮਿਲ ਜਾਂਦਾ ਹੈ

*ਬਾਣੀ ਤਾਂ ਖ਼ੁਦ ਭਗਤ ਧੰਨਾ ਜੀ ਅਤੇ ਗੁਰੂ ਸਾਹਿਬ ਜੀ ਦੀ ਲਿਖੀ ਹੋਈ ਹੈ ਇਸ `ਤੇ ਅਸੀਂ ਯਕੀਨ ਘੱਟ ਕਰਦੇ ਹਾਂ ਪਰ ਸਾਖੀਆਂ ਜਿਹੜੀਆਂ ਪੱਥਰ ਪੂਜਕ ਪੂਜਾਰੀਆਂ ਦੀਆਂ ਘੜੀਆਂ ਹੋਈਆਂ ਹਨ ਉਨ੍ਹਾਂ `ਤੇ ਵਿਸ਼ਵਾਸ਼ ਕਰਕੇ ਮੰਨ ਬੈਠੇ ਹਾਂ ਕਿ ਭਗਤ ਜੀ ਨੇ ਪੁਜਾਰੀ ਵਲੋਂ ਦਿੱਤੇ ਠਾਕੁਰ ਦੀ ਪੂਜਾ ਕਰਕੇ ਪੱਥਰ ਵਿੱਚੋਂ ਰੱਬ ਦੀ ਪ੍ਰਾਪਤੀ ਕਰ ਲਈ ਹੈ

ਬਠਿੰਡਾ, ੧੧ ਮਈ (ਕਿਰਪਾਲ ਸਿੰਘ): ਮਰਗ ਦੇ ਭੋਗ `ਤੇ ਡੇਰੇਦਾਰ ਨੇ ਕੀਤੀ ਜੱਗੋਂ ਤੇਰਵੀਂ ਅਰਦਾਸ। ਇਹ ਸ਼ਬਦ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਿੰ. ਗੁਰਬਚਨ ਸਿੰਘ ਜੀ ਥਾਈਲੈਂਡ ਵਾਲਿਆਂ ਨੇ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਚੱਲ ਰਹੀ ਕਥਾ ਦੌਰਾਨ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਨ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ ੪੮੮ `ਤੇ ਆਸਾ ਰਾਗ ਵਿੱਚ ਦਰਜ਼ ਭਗਤ ਸੇਖ਼ ਫ਼ਰੀਦ ਜੀ ਦੇ ਸ਼ਬਦ ‘ਦਿਲਹੁ ਮੁਹਬਤਿ ਜਿੰਨੑ ਸੇਈ ਸਚਿਆ॥ ਜਿਨੑ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ॥ ੧॥ ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ॥ ਵਿਸਰਿਆ ਜਿਨੑ ਨਾਮੁ ਤੇ ਭੁਇ ਭਾਰੁ ਥੀਏ॥ ੧॥ ਰਹਾਉ॥ ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ॥ ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ॥ ੨॥ ਪਰਵਦਗਾਰ ਅਪਾਰ ਅਗਮ ਬੇਅੰਤ ਤੂ॥ ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ॥ ੩॥ ਤੇਰੀ ਪਨਹ ਖੁਦਾਇ ਤੂ ਬਖਸੰਦਗੀ॥ ਸੇਖ ਫਰੀਦੈ ਖੈਰੁ ਦੀਜੈ ਬੰਦਗੀ॥ ੪॥ ੧॥’ ਦੀ ਕਥਾ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇੱਕ ਪਿੰਡ ਵਿੱਚ ਕਿਸੇ ਮਰਗ ਦੇ ਭੋਗ `ਤੇ ਜਾਣਾ ਪਿਆ, ਜਿੱਥੇ ਇੱਕ ਡੇਰੇ ਦੇ ਗ੍ਰੰਥੀ ਨੇ ਅਰਦਾਸ ਕਰਦਿਆਂ ੧੦ ਪਾਤਸ਼ਾਹੀਆਂ ਦਾ ਨਾਮ ਲੈਣ ਉਪ੍ਰੰਤ ਆਪਣੇ ਡੇਰੇ ਦੇ ਮਰ ਚੁੱਕੇ ਸਾਧਾਂ ਦਾ ਨਾਮ ਲਿਆ ਤੇ ਫਿਰ ਆਪਣੇ ਡੇਰੇ ਦੇ ਮੁਖੀ ਦਾ ਨਾਮ ਲੈ ਕੇ ਉਸ ਅੱਗੇ ਅਰਦਾਸ ਕੀਤੀ ਕਿ ਹੇ ਸੱਚੇ ਪਾਤਸ਼ਾਹ ਜੀਉ ਇਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣਾ, ਸਾਰੀ ਕੌਮ ਨੂੰ ਵੈਸ਼ਨੂੰ ਬਣਾ ਦੇਣਾ। ਪਿੰਸੀਪਲ ਗੁਰਬਚਨ ਸਿੰਘ ਨੇ ਕਿਹਾ ਕਿ ਜਿਸ ਗੁਰੂ ਗੰਥ ਸਾਹਿਬ ਜੀ ਦੀ ਬਾਣੀ ਦਾ ਭੋਗ ਪਾਇਆ ਗਿਆ ਹੈ ਉਸ ਵਿੱਚ ਤਾਂ ਵਿਣਸਣਹਾਰ ਮਨੁਖ ਦੀ ਓਟ ਛੱਡ ਕੇ ਸਰਬ ਵਿਆਪਕ ਤੇ ਸਰਬ ਸਮਰੱਥ ਅਕਾਲ ਪੁਰਖ਼ ਦੇ ਲੜ ਲੱਗਣ ਦਾ ਉਪਦੇਸ਼ ਦਿੱਤਾ ਗਿਆ ਹੈ ਪਰ ਏਹ ਅਰਦਾਸੀਆ ਭਾਈ ਉਸ ਵਿਣਸ ਚੁੱਕੇ ਸਾਧ ਅੱਗੇ ਅਰਦਾਸ ਕਰ ਰਿਹਾ ਹੈ ਜਿਸ ਦਾ ਇਹ ਵੀ ਨਹੀਂ ਪਤਾ ਕਿ ਉਸ ਨੂੰ ਚਰਣਾਂ ਵਿੱਚ ਨਿਵਾਸ ਮਿਲਿਆ ਹੈ ਜਾਂ ਨਹੀਂ। ਪ੍ਰਿੰਸੀਪਲ ਅਨੁਸਾਰ ਅਰਦਾਸ ਉਪ੍ਰੰਤ ਉਸ ਅਰਦਾਸੀਏ ਨੂੰ ਪੁਛਿਆ ਕਿ ਸਿੱਖ ਰਹਿਤ ਮਰਿਆਦਾ ਵਿੱਚ ਤਾਂ ਅਕਾਲ ਪੁਰਖ਼ ਅੱਗੇ ਅਰਦਾਸ ਕਰਨ ਸਬੰਧੀ ਲਿਖਿਆ ਹੈ ਪਰ ਇਹ ਅਰਦਾਸ ਤੂੰ ਕਿਥੋਂ ਸਿੱਖੀ ਹੈ? ਇਸ ਦੇ ਜਵਾਬ ਵਿੱਚ ਉਸ ਨੇ ਕਿਹਾ ਕਿ ਉਸ ਨੇ ਤਾਂ ਸਿੱਖ ਰਹਿਤ ਮਰਿਆਦਾ ਵੇਖੀ ਹੀ ਨਹੀਂ, ਬੱਸ ਡੇਰਿਆਂ ਵਿੱਚੋਂ ਸੁਣ ਸੁਣ ਕੇ ਹੀ ਸਿਖਿਆ ਹੈ। ਕਥਾ ਕਰਦਿਆਂ ਪ੍ਰਿੰ: ਗੁਰਬਚਨ ਸਿੰਘ ਨੇ ਕਿਹਾ ਕਿ ਇਸ ਸ਼ਬਦ ਵਿੱਚ ਬਾਬਾ ਫ਼ਰੀਦ ਜੀ ਫ਼ੁਰਮਾ ਰਹੇ ਹਨ ਕਿ ਜੋ ਮਨੁੱਖ ਰੱਬ ਦੇ ਪਿਆਰ ਵਿੱਚ ਰੱਤੇ ਹੋਏ ਹਨ, ਜੋ ਮਨੁੱਖ ਰੱਬ ਦੇ ਦੀਦਾਰ ਵਿੱਚ ਰੰਗੇ ਹੋਏ ਹਨ, (ਉਹੀ ਅਸਲ ਮਨੁੱਖ ਹਨ); ਪਰ ਜਿਨ੍ਹਾਂ ਨੂੰ ਰੱਬ ਦਾ ਨਾਮ ਭੁੱਲ ਗਿਆ ਹੈ ਉਹ ਮਨੁੱਖ ਧਰਤੀ ਉੱਤੇ ਨਿਰਾ ਭਾਰ ਹੀ ਹਨ। ੧। ਰਹਾਉ।

ਜਿਨ੍ਹਾਂ ਮਨੁੱਖਾਂ ਦਾ ਰੱਬ ਨਾਲ ਦਿਲੋਂ ਪਿਆਰ ਹੈ, ਉਹੀ ਸੱਚੇ ਆਸ਼ਕ ਹਨ; ਪਰ ਜਿਨ੍ਹਾਂ ਦੇ ਮਨ ਵਿੱਚ ਹੋਰ ਹੈ ਤੇ ਮੂੰਹੋਂ ਕੁੱਝ ਹੋਰ ਆਖਦੇ ਹਨ ਉਹ ਕੱਚੇ (ਆਸ਼ਕ) ਆਖੇ ਜਾਂਦੇ ਹਨ। ੧।

ਉਹੀ ਮਨੁੱਖ (ਰੱਬ ਦੇ) ਦਰਵਾਜ਼ੇ ਹਨ (ਉਹੀ ਮਨੁੱਖ ਰੱਬ ਦੇ ਦਰ ਤੋਂ ਇਸ਼ਕ ਦਾ ਖੈਰ ਮੰਗ ਸਕਦੇ ਹਨ) ਜਿਨ੍ਹਾਂ ਨੂੰ ਰੱਬ ਨੇ ਆਪ ਆਪਣੇ ਲੜ ਲਾਇਆ ਹੈ, ਉਹਨਾਂ ਦੀ ਜੰਮਣ ਵਾਲੀ ਮਾਂ ਭਾਗਾਂ ਵਾਲੀ ਹੈ, ਉਹਨਾਂ ਦਾ (ਜਗਤ ਵਿਚ) ਆਉਣਾ ਮੁਬਾਰਕ ਹੈ। ੨।

ਹੇ ਪਾਲਣਹਾਰ! ਹੇ ਬੇਅੰਤ! ਹੇ ਅਪਹੁੰਚ! ਉਹੀ ਮਨੁੱਖ ਰੱਬ ਦੇ ਦਰ ਤੋਂ ਇਸ਼ਕ ਦਾ ਖੈਰ ਮੰਗ ਸਕਦੇ ਹਨ) ਜਿਨ੍ਹਾਂ ਨੂੰ ਰੱਬ ਨੇ ਆਪ ਆਪਣੇ ਲੜ ਲਾਇਆ ਹੈ। ੩।

ਹੇ ਖ਼ੁਦਾ! ਮੈਨੂੰ ਤੇਰਾ ਹੀ ਆਸਰਾ ਹੈ, ਤੂੰ ਬਖ਼ਸ਼ਣ ਵਾਲਾ ਹੈਂ; ਮੈਨੂੰ ਸੇਖ਼ ਫ਼ਰੀਦ ਨੂੰ ਆਪਣੀ ਬੰਦਗੀ ਦਾ ਖ਼ੈਰ ਪਾ। ੪। ੧।

ਪ੍ਰਿੰ: ਗੁਰਬਚਨ ਸਿੰਘ ਨੇ ਕਿਹਾ ਇਸ ਸ਼ਬਦ ਦਾ ਭਾਵ ਅਰਥ ਹੈ ਕਿ ਬਖ਼ਸ਼ਣ ਵਾਲਾ ਸਿਰਫ ਖ਼ੁਦਾ ਹੀ, ਉਸ ਦੇ ਦਰ ਤੋਂ ਸਿਰਫ ਉਹੀ ਇਸ਼ਕ ਦਾ ਖੈਰ ਮੰਗ ਸਕਦੇ ਹਨ ਜਿਨ੍ਹਾਂ ਨੂੰ ਰੱਬ ਨੇ ਆਪ ਆਪਣੇ ਲੜ ਲਾਇਆ ਹੈ ਤੇ ਉਨ੍ਹਾਂ ਨੂੰ ਰੱਬ ਨਾਲੋਂ ਦਿਲੋਂ ਪਿਆਰ ਹੈ ਪਰ ਪਰ ਜਿਨ੍ਹਾਂ ਦੇ ਮਨ ਵਿੱਚ ਹੋਰ ਹੈ ਤੇ ਮੂੰਹੋਂ ਕੁੱਝ ਹੋਰ ਆਖਦੇ ਹਨ ਉਹ ਕੱਚੇ (ਆਸ਼ਕ) ਆਖੇ ਜਾਂਦੇ ਹਨ ਤੇ ਅਜਿਹੇ ਮਨੁੱਖ ਧਰਤੀ ਉੱਤੇ ਨਿਰਾ ਭਾਰ ਹੀ ਹਨ। ਉਨ੍ਹਾਂ ਕਿਹਾ ਜਿਹੜੇ ਡੇਰੇਦਾਰ ਰੱਬ ਦੀ ਬਜ਼ਾਏ ਮਾਇਆ ਨਾਲ ਪਿਆਰ ਕਰਦੇ ਹਨ ਉਹ ਗੁਰਬਾਣੀ ਸਮਝਣ ਸਮਝਾਉਣ ਦੀ ਥਾਂ ਵੇਖਦੇ ਹਨ ਕਿ ਉਨ੍ਹਾਂ ਦੇ ਐਸ਼ੋਇਸ਼ਰਤ ਲਈ ਮਾਇਆ ਕਿਸ ਢੰਗ ਨਾਲ ਮਿਲ ਸਕਦੀ ਹੈ। ਹੁਣ ਤੱਕ ਤਾ ਕਾਰ ਸੇਵਾ ਦੇ ਨਾਮ `ਤੇ ਮਾਇਆ ਇਕੱਤਰ ਕਰਦੇ ਰਹੇ ਪਰ ਹੁਣ ਇਹ ਸਮਝ ਗਏ ਹਨ ਕਿ ਬਿਲਡਿੰਗਾਂ ਦੇ ਨਾਮ `ਤੇ ਮਾਇਆ ਕੁੱਝ ਘੱਟ ਮਿਲਦੀ ਹੈ ਇਸ ਲਈ ਨਵਾਂ ਕੰਮ ਸ਼ੁਰੂ ਕੀਤਾ ਹੈ ਕਿ ਗਰੀਬ ਲੜਕੀਆਂ ਦੇ ਵਿਆਹ ਕਰਨੇ ਹਨ, ਉਨ੍ਹਾਂ ਨੂੰ ਦਾਜ਼ ਦੇਣਾ ਹੈ। ਉਨ੍ਹਾਂ ਪੁਛਿਆ ਕਿ ਗੁਰਬਾਣੀ ਅਤੇ ਸਿੱਖ ਰਹਿਤ ਮਰਿਆਦਾ ਅਨੁਸਾਰ ਤਾਂ ਦਾਜ਼ ਦੇਣਾ ਲੈਣਾ ਗਲਤ ਹੈ ਫਿਰ ਇਸ ਵਿਰੁਧ ਪ੍ਰਚਾਰ ਕਰਨ ਦੀ ਥਾਂ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਇਨ੍ਹਾਂ ਨੇ ਆਪ ਹੀ ਦਾਜ਼ ਦੇਣਾ ਸ਼ੁਰੂ ਕਰ ਦਿੱਤਾ ਹੈ। ਪ੍ਰਿੰਸੀਪਲ ਗੁਰਬਚਨ ਸਿੰਘ ਨੇ ਕਿਹਾ ਕਿ ਗਰੀਬ ਲੜਕੀਆਂ ਨੂੰ ਤਾਂ ਪਤਾ ਨਹੀਂ ਕੁੱਝ ਦਾਜ਼ ਮਿਲਦਾ ਹੈ ਜਾਂ ਨਹੀਂ ਪਰ ਇਨ੍ਹਾਂ ਸਾਧਾਂ ਨੂੰ ਵਿੱਚੋਂ ਦਾਜ਼ ਜਰੂਰ ਮਿਲ ਜਾਂਦਾ ਹੈ। ਉਨਹਾਂ ਗੁਰਸਿੱਖਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਗੁਰਮਤਿ ਵਿਰੋਧੀ ਕੰਮ ਕਰਨ ਵਾਲੇ ਸਾਧਾਂ ਨੂੰ ਪੈਸੇ ਦੇਣ ਦੀ ਥਾਂ, ਚਾਹੀਦਾ ਹੈ ਕਿ ਉਹ ਆਪ ਹੀ ਵੇਖਣ ਕਿ ਜੇ ਉਨ੍ਹਾਂ ਦੇ ਪਿੰਡ ਵਿੱਚ ਕੋਈ ਐਸਾ ਪ੍ਰਵਾਰ ਹੈ ਜਿਸ ਦੀ ਸਹਾਇਤਾ ਕਰਨ ਦੀ ਲੋੜ ਹੈ ਤਾ ਉਹ ਸਿੱਧੇ ਹੀ ਉਨ੍ਹਾਂ ਦੀ ਸਹਾਇਤਾ ਕਰ ਦੇਣ

ਪਿਛਲੇ ਤਿੰਨ ਦਿਨਾਂ ਵਿੱਚ ਪਿੰਸੀਪਲ ਗੁਰਬਚਨ ਸਿੰਘ ਜੀ ਨੇ ਭਗਤ ਧੰਨਾ ਜੀ ਦੇ ਕ੍ਰਮਵਾਰ ਦੋ ਸ਼ਬਦ ‘ਭ੍ਰਮਤ ਫਿਰਤ ਬਹੁ ਜਨਮ ਬਿਲਾਨੇ ਤਨੁ ਮਨੁ ਧਨੁ ਨਹੀ ਧੀਰੇ॥ ਲਾਲਚ ਬਿਖੁ ਕਾਮ ਲੁਬਧ ਰਾਤਾ ਮਨਿ ਬਿਸਰੇ ਪ੍ਰਭ ਹੀਰੇ॥ ੧॥ ਰਹਾਉ॥’ …. . ਜੋਤਿ ਸਮਾਇ ਸਮਾਨੀ ਜਾ ਕੈ ਅਛਲੀ ਪ੍ਰਭੁ ਪਹਿਚਾਨਿਆ॥ ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ॥ ੪॥ ੧॥ ਅਤੇ ਇਸ ਦੀ ਹੋਰ ਵਿਆਖਿਆ ਕਰਨ ਹਿੱਤ ਗੁਰੂ ਅਰਜੁਨ ਸਾਹਿਬ ਜੀ ਦਾ

ਮਹਲਾ ੫॥ ਸਿਰਲੇਖ ਹੇਠ ਦਰਜ਼ ਕੀਤਾ ਹੋਇਆ ਸ਼ਬਦ ‘ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ॥ ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ॥ ੧॥ ਰਹਾਉ॥ ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ॥ ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ॥ ੧॥ ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ॥

ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ॥ ੨॥ ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ॥ ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ॥ ੩॥ ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ॥ ੪॥ ੨॥ ਦੀ ਕਥਾ ਕਰਦਿਆਂ ਕਿਹਾ ਕਿ ਭਗਤ ਧੰਨਾ ਜੀ ਖ਼ੁਦ ਕਹਿ ਰਹੇ ਹਨ ਕਿ ਸੰਤ ਜਨਾ ਦੀ ਸੰਗਤ ਵਿੱਚ ਰਹਿ ਕੇ ਉਸ ਅਛੱਲ ਪ੍ਰਭੂ ਦੀ ਪਛਾਣ ਕਰਕੇ ਉਸ ਵਿੱਚ ਸਮਾ ਗਿਆ ਹੈ ਜਿਸ ਦੀ ਹੋਰ ਵਿਆਖਿਆ ਕਰਦੇ ਗੁਰੂ ਅਰਜੁਨ ਸਾਹਿਬ ਜੀ ਸਮਝਾ ਰਹੇ ਹਨ ਕਿ ਜਦੋਂ ਧੰਨਾ ਜੀ ਨੂੰ ਪਤਾ ਲੱਗਾ ਕਿ ਮਨ ਵਿੱਚ ਮਾਇਆ ਦੇ ਤਾਣੇ ਤਣਨ ਦੀ ਲਗਨ ਛੱਡ ਕੇ ਕਬੀਰ ਨੇ ਪ੍ਰਭੂ-ਚਰਨਾਂ ਨਾਲ ਲਗਨ ਲਾ ਲਈ ਤਾਂ ਜਿਹੜਾ ਨੀਵੀਂ ਜਾਤਿ ਦਾ ਗਰੀਬ ਜੁਲਾਹਾ ਸੀ ਉਹ ਗੁਣਾਂ ਦਾ ਸਮੁੰਦਰ ਬਣ ਗਿਆ। ਜਿਹੜਾ ਰਵਿਦਾਸ ਨਿੱਤ ਮੋਏ ਹੋਏ ਪਸ਼ੂ ਢੋਂਦਾ ਸੀ ਪਰ ਜਦੋਂ ਉਸ ਨੇ ਮਾਇਆ (ਦਾ ਮੋਹ) ਛੱਡ ਦਿੱਤਾ, ਸਾਧ ਸੰਗਤਿ ਵਿੱਚ ਰਹਿ ਕੇ ਉੱਘਾ ਹੋ ਗਿਆ, ਉਸ ਨੂੰ ਪਰਮਾਤਮਾ ਦਾ ਦਰਸ਼ਨ ਹੋ ਗਿਆ। ਸੈਣ (ਜਾਤਿ ਦਾ) ਨਾਈ ਲੋਕਾਂ ਦੀਆਂ ਬੁੱਤੀਆਂ ਕੱਢਣ ਵਾਲਾ ਸੀ, ਉਸ ਦੀ ਘਰ ਘਰ ਸੋਭਾ ਹੋ ਤੁਰੀ, ਉਸ ਦੇ ਹਿਰਦੇ ਵਿੱਚ ਪਰਮਾਤਮਾ ਵੱਸ ਪਿਆ ਤੇ ਉਹ ਭਗਤਾਂ ਵਿੱਚ ਗਿਣਿਆ ਜਾਣ ਲੱਗ ਪਿਆ। ਇਸ ਤਰ੍ਹਾਂ (ਦੀ ਗੱਲ) ਸੁਣ ਕੇ ਗਰੀਬ ਧੰਨਾ ਜੱਟ ਭੀ ਉੱਠ ਕੇ ਭਗਤੀ ਕਰਨ ਲੱਗਾ, ਉਸ ਨੂੰ ਪਰਮਾਤਮਾ ਦਾ ਸਾਖਿਆਤ ਦੀਦਾਰ ਹੋਇਆ ਤੇ ਉਹ ਵੱਡੇ ਭਾਗਾਂ ਵਾਲਾ ਬਣ ਗਿਆ। ਇਸ ਤਰ੍ਹਾਂ ਜਦੋਂ ਭਗਤ ਧੰਨਾ ਜੀ (ਭਗਤ) ਨਾਮਦੇਵ ਜੀ ਦਾ ਮਨ ਸਦਾ ਪਰਮਾਤਮਾ ਨਾਲ ਜੁੜਿਆ ਰਹਿੰਦਾ ਸੀ (ਉਸ ਹਰ ਵੇਲੇ ਦੀ ਯਾਦ ਦੀ ਬਰਕਤਿ ਨਾਲ) ਅੱਧੀ ਕੌਡੀ ਦਾ ਗਰੀਬ ਛੀਂਬਾ, (ਮਾਨੋ) ਲਖਪਤੀ ਬਣ ਗਿਆ (ਕਿਉਂਕਿ ਉਸ ਨੂੰ ਕਿਸੇ ਦੀ ਮੁਥਾਜੀ ਨਾਹ ਰਹੀ)।

ਪ੍ਰਿੰ: ਗੁਰਬਚਨ ਸਿੰਘ ਨੇ ਕਿਹਾ ਕਿ ਬਾਣੀ ਤਾਂ ਖ਼ੁਦ ਭਗਤ ਧੰਨਾ ਜੀ ਅਤੇ ਗੁਰੂ ਸਾਹਿਬ ਜੀ ਦੀ ਲਿਖੀ ਹੋਈ ਹੈ ਇਸ `ਤੇ ਅਸੀਂ ਯਕੀਨ ਘੱਟ ਕਰਦੇ ਹਾਂ ਪਰ ਸਾਖੀਆਂ ਜਿਹੜੀਆਂ ਪੱਥਰ ਪੂਜਕ ਪੂਜਾਰੀਆਂ ਦੀਆਂ ਘੜੀਆਂ ਹੋਈਆਂ ਹਨ ਉਨ੍ਹਾਂ `ਤੇ ਵਿਸ਼ਵਾਸ਼ ਕਰਕੇ ਮੰਨ ਬੈਠੇ ਹਾਂ ਕਿ ਭਗਤ ਜੀ ਨੇ ਪੁਜਾਰੀ ਵਲੋਂ ਦਿੱਤੇ ਠਾਕੁਰ ਦੀ ਪੂਜਾ ਕਰਕੇ ਪੱਥਰ ਵਿੱਚੋਂ ਰੱਬ ਦੀ ਪ੍ਰਾਪਤੀ ਕਰ ਲਈ ਹੈ। ਉਨ੍ਹਾਂ ਕਿਹਾ ਜੇ ਅਸਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਸਹੀ ਰਾਹ ਲੱਭਣਾ ਹੈ, ਤਾਂ ਲੋਕਾਂ ਦੀਆਂ ਲਿਖੀਆਂ ਸਾਖੀਆਂ ਨੂੰ ਰਲਾ ਕੇ ਸ਼ਬਦ ਦੇ ਅਰਥ ਕਰਨ ਦੇ ਥਾਂ ਸਿੱਧਾ ਸ਼ਬਦ ਦਾ ਹੀ ਆਸਰਾ ਲਿਆ ਕਰੀਏ; ਨਹੀਂ ਤਾਂ ਬਹੁਤ ਵਾਰੀ ਟਪਲਾ ਲੱਗ ਸਕਦਾ ਹੈ। ਜੇ ਧੰਨੇ ਭਗਤ ਨੇ ਪੱਥਰ ਪੂਜ ਕੇ ਰੱਬ ਲੱਭਾ ਹੁੰਦਾ, ਤਾਂ ਇਸ ਦਾ ਭਾਵ ਇਹ ਨਿਕਲਦਾ ਕਿ ਪੱਥਰ ਪੂਜ ਕੇ ਰੱਬ ਨੂੰ ਮਿਲਣ ਵਾਲੇ ਦੀ ਬਾਣੀ ਦਰਜ ਕਰ ਕੇ ਗੁਰੂ ਅਰਜਨ ਸਾਹਿਬ ਇਸ ਅਸੂਲ ਨੂੰ ਪ੍ਰਵਾਨ ਕਰ ਬੈਠੇ ਹਨ ਕਿ ਪੱਥਰ ਪੂਜਿਆਂ ਭੀ ਰੱਬ ਮਿਲ ਸਕਦਾ ਹੈ; ਪਰ ਉਹਨਾਂ ਦਾ ਆਪਣਾ ਹੁਕਮ ਇਉਂ ਹੈ: “ਜਿਸੁ ਪਾਹਨ ਕਉ ਠਾਕੁਰੁ ਕਹਤਾ॥ ਉਹੁ ਪਾਹਨੁ ਲੈ ਉਸ ਕਉ ਡੁਬਤਾ॥ ੨॥ ਗੁਨਹਗਾਰੁ ਲੂਣ ਹਰਾਮੀ॥ ਪਾਹਨ ਨਾਵ ਨ ਪਾਰਗਰਾਮੀ॥ ੩॥ {ਸੂਹੀ ਮਹਲਾ ੫}


(10/05/11)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸ. ਹਰਦੇਵ ਸਿੰਘ ਜੰਮੂ ਜੀਓ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ।

ਆਪ ਜੀ ਦੇ ਸਿਖਮਾਰਗ ਵੈਬਸਾਈਟ ਤੇ 09. 05. 2011 ਨੂੰ ਆਏ ਪੱਤਰ ਲਈ ਆਪ ਜੀ ਦਾ ਧੰਨਵਾਦ ਹੈ ਜੀ।
ਬੇਨਤੀ ਹੈ ਕਿ ਕਿਸੇ ਸ਼ਬਦ ਨੂੰ ਉਸਦੇ ਸੰਦਰਭ ਦੇ ਅਨੁਸਾਰ ਹੀ ਅਰਥ ਪਰਦਾਨ ਕਰਨੇ ਚਾਹੀਦੇ ਹਨ ਅਤੇ ਨਾਲ ਹੀ ਲੇਖਕ ਦਾ ਭਾਵ ਵੀ ਧਿਆਨ ਵਿੱਚ ਜ਼ਰੂਰ ਰੱਖਣਾ ਚਾਹੀਦਾ ਹੈ। ਇਸ ਸਬੰਧੀ ਫਾਰਸੀ ਦੇ ਸ਼ਬਦ ‘ਖ਼ਸਮ’ ਦੀ ਉਦਾਹਰਣ ਲਈ ਜਾ ਸਕਦੀ ਹੈ ਜਿਸਦੇ ਅਰਥ ‘ਸੁਆਮੀ’ ਵੀ ਹੈ ਅਤੇ ‘ਦੁਸ਼ਮਣ’ ਵੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਚਾਰੀ ਹੋਈ ਸਤਰ “ਜੈਸੀ ਮੈ ਆਵੇ ਖਸਮ ਕੀ ਬਾਣੀ ……….” ਵਿੱਚ ਪਹਿਲੇ ਵਾਲੇ ਅਰਥ ਮੌਜੂਦ ਹਨ ਅਤੇ ਉਹਨਾਂ ਦੀ ਹੀ ਉਚਾਰੀ ਹੋਈ ਸਤਰ “ਖੁਰਾਸਾਨ ਖਸਮਾਨਾ ਕੀਆ ………” ਵਿੱਚ ਦੂਸਰੇ ਵਾਲੇ ਅਰਥ ਲਏ ਗਏ ਹਨ ( ‘ਖ਼ਸਮਾਨਾ’ ਭਾਵ ‘ਦੁਸ਼ਮਣੀ’ ਸ਼ਬਦ ‘ਖ਼ਸਮ’ ਤੋਂ ਬਣਿਆਂ ਹੈ)। ਦੂਸਰੀ ਉਦਾਹਰਣ ਵਜੋਂ ਸ੍ਰੀ ਗ੍ਰੰਥ ਵਿੱਚ (ਕੇਵਲ) ਦੋ ਵਾਰ ਵਰਤੇ ਗਏ ਸ਼ਬਦ–ਜੁੱਟ ‘ਕਾਲ-ਅਕਾਲ’ ਦੇ ਅਰਥ ਵੇਖੇ ਜਾ ਸਕਦੇ ਹਨ ਜੋ ਇੱਕ ਥਾਂ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ‘ਸੀਮਤ ਸਮਾਂ-ਦੀਰਘ ਆਯੂ’ ਦੇ ਅਰਥਾਂ ਵਿੱਚ ਵਰਤਿਆ ਗਿਆ ਹੈ ਅਤੇ ਅਤੇ ਦੂਸਰੀ ਥਾਂ ਭਗਤ ਕਬੀਰ ਜੀ ਵੱਲੋਂ ‘ਜ਼ਿੰਦਗੀ-ਮੌਤ’ ਦੇ ਅਰਥਾਂ ਵਿੱਚ ਵਰਤਿਆ ਗਿਆ ਹੈ। ਹਰ ਭਾਸ਼ਾ ਵਿੱਚੋਂ ਸ਼ਬਦਾਂ ਦੀ ਵਰਤੋਂ ਦੀਆਂ ਇਹੋ ਜਿਹੀਆਂ ਅਨੇਕਾਂ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ। ਕੀ ਆਪ ਜੀ ਉਪਰੋਕਤ ਬਿਆਨੀ ਭਾਸ਼ਾਈ ਸਥਿਤੀ ਨੂੰ ਭੰਬਲਭੂਸਾ
(confusion) ਕਹੋਗੇ, ਆਪਾ-ਵਿਰੋਧ ਕਹੋਗੇ ਜਾਂ ਕੁੱਝ ਹੋਰ?
ਮੇਰੇ ਲੇਖ ‘ਸੇਵਾਦਾਰ ਦਾ ਹੁਕਮਨਾਮਾ’ ਵਿੱਚੋਂ ਜੋ ਟੂਕ ਆਪ ਜੀ ਨੇ ਪੇਸ਼ ਕੀਤੀ ਹੈ ਉਸ ਵਿੱਚ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਯਮਾਂ ਅਨੁਸਾਰ ਇਸ ਅਧੀਨ ਆਉਂਦੇ ਗੁਰਦੁਆਰਿਆਂ ਦੀ ਸੂਚੀ ਵਿੱਚ ‘ਅਕਾਲ ਬੁੰਗਾ’ ਦੀ ਜਗਹ ਤੇ ਵਰਤੇ ਹੋਏ ਨਾਮ ‘ਸ੍ਰੀ ਅਕਾਲ ਤਖਤ’ ਨੂੰ ਵਰਤੋਂ ਵਿੱਚ ਲਿਆਂਦਾ ਹੈ। ਉਸ ਵਕਤ ਮੇਰੇ ਵਿਚਾਰਾਂ ਦੇ ਫੋਕਸ ਅਧੀਨ ‘ਜਥੇਦਾਰ’/‘ਸੇਵਾਦਾਰ’ ਦੀ ਵਿਵਸਥਾ ਸੀ। ਇਸ ਸਮੇਂ ਮੇਰੇ ਵਿਚਾਰਾਂ ਦੇ ਫੋਕਸ ਅਧੀਨ ‘ਅਖੌਤੀ ਅਕਾਲ-ਤਖਤ’ ਦੀ ਵਿਵਸਥਾ ਹੈ। ਸੋ ਕਿਰਪਾ ਕਰਕੇ ਸਬੰਧਤ ਸ਼ਬਦਾਂ ਦੀ ਵਰਤੋਂ ਨੂੰ ਉਹਨਾਂ ਦੇ ਸੰਦਰਭ ਅਤੇ ਲੇਖਕ ਦੇ ਭਾਵ ਅਨੁਸਾਰ ਹੀ ਧਿਆਨ ਵਿੱਚ ਰੱਖੋ ਤਾਂ ਵਧੇਰੇ ਚੰਗਾ ਹੈ।
ਬਾਕੀ ਮੈਂ ‘ਉੱਚ-ਪਦਵੀ’ ਸ਼ਬਦ ‘ਜਥੇਦਾਰ’ ਲਈ ਵਰਤਿਆ ਸੀ ‘ਗ੍ਰੰਥੀ’ ਲਈ ਨਹੀਂ। ਆਪ ਜੀ ਖੁਦ ਹੀ
confusion ਦਾ ਸ਼ਿਕਾਰ ਹੋ ਗਏ ਹੋ। ਮੇਰੇ ਲੇਖ ਦੇ ਸਬੰਧਤ ਹਿੱਸੇ ਨੂੰ ਦੁਬਾਰਾ ਧਿਆਨ ਨਾਲ ਪੜ੍ਹ ਲੈਣਾ ਜੀ।
ਇਕਬਾਲ ਸਿੰਘ ਢਿੱਲੋਂ।
ਚੰਡੀਗੜ੍ਹ।


(10/05/11)
ਕਿਰਪਾਲ ਸਿੰਘ ਬਠਿੰਡਾ

ਸਿੱਖ ਮਾਰਗ ਦੇ ਸਤਿਕਾਰਯੋਗ ਪਾਠਕ ਸਾਹਿਬਾਨ ਅਤੇ ਡਾ: ਇਕਬਾਲ ਸਿੰਘ ਢਿੱਲੋਂ ਸਾਹਿਬ ਜੀਉ,

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।

ਜੇ ਨਿਹੰਗ ਧਰਮ ਸਿੰਘ ਵਰਗਾ ਕੋਈ ਬੰਦਾ ਯਭਲੀਆਂ ਮਾਰੇ (ਕਿ ਗੁਰੂ ਸਾਹਿਬਾਨ ਪਾਸ ਕੋਈ ਬੀੜ ਹੈ ਹੀ ਨਹੀਂ ਸੀ, ਨਾ ਹੀ ਉਹ ਆਪਣੇ ਪਾਸ ਕੋਈ ਬੀੜ ਰੱਖਦੇ ਸਨ, ਮੈਨੂੰ ਇਹ ਦੱਸੋ ਕਿ ਉਨ੍ਹਾਂ ਨੇ ਬੀੜ ਤੋਂ ਕਰਾਉਣਾ ਹੀ ਕੀ ਸੀ? ਜਦੋਂ ਉਨ੍ਹਾਂ ਕੋਲ ਕੋਈ ਬੀੜ ਹੈ ਹੀ ਨਹੀਂ ਸੀ ਤਾਂ ਦੱਸੋ ਗੁਰਗੱਦੀ ਕਿਹੜੇ ਗ੍ਰੰਥ ਨੂੰ ਦੇਣੀ ਸੀ?) ਤਾਂ ਇਸ ਨੂੰ ਇਹ ਕਹਿ ਕੇ ਅਣਗੌਲਿਆ ਕੀਤਾ ਜਾ ਸਕਦਾ ਹੈ ਕਿ ਨਿਹੰਗ ਸੁੱਖਾ ਪੀ ਕੇ ਨਸ਼ੇ ਦੇ ਲੋਰ ਵਿੱਚ ਕਮਲ ਮਾਰ ਰਿਹਾ ਹੈ, ਇਸ ਨੂੰ ਸਮਝਾਉਣ ਜਾਂ ਇਸ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈ। ਪਰ ਜੇ ਇੱਕ ਪੀ. ਐੱਚ. ਡੀ. ਵਿਦਵਾਨ ਇਹ ਲਿਖੇ:

੧. ਨਾ ਹੀ ਕਥਿਤ ਅਕਾਲ ਤਖਤ ਦਾ ਸੰਕਲਪ ਗੁਰੂ ਸਾਹਿਬਾਨ ਦੀ ਦੇਣ ਹੈ ਅਤੇ ਨਾ ਹੀ ਇਸ ਦਾ ਨਾਮ।

੨. ਕਥਿਤ ਅਕਾਲ ਤਖਤ ਕੋਈ ਸੰਸਥਾ ਨਹੀਂ, ਇਹ ਦੋਖੀ ਧਿਰਾਂ ਵੱਲੋਂ ਸਿੱਖ ਕੌਮ ਦੇ ਸਿਰ ਥੋਪਿਆ ਮਨਮੱਤ ਦਾ ਅੱਡਾ ਹੈ।

੩. ਕਥਿਤ ਅਕਾਲ ਤਖਤ ਦੇ ਸੁਧਾਰ ਦੇ ਬਾਰੇ ਸੋਚਣ ਦੀ ਬਜ਼ਾਇ ਇਸ ਤੋਂ ਛੁਟਕਾਰਾ ਪਾਉਣ ਵਿੱਚ ਹੀ ਕੌਮ ਦੀ ਭਲਾਈ ਹੈ।

੪.”ਛੇਵੇਂ ਗੁਰੂ ਜੀ ਦੇ ਜੀਵਨ ਦੇ ਅੰਤਲੇ ਪੜਾ ਤੱਕ ਉਹ ਕਾਰਨ ਮੌਜੂਦ ਨਹੀਂ ਰਹੇ ਜਿਨ੍ਹਾਂ ਕਾਰਨਾਂ ਕਰਕੇ ਉਹਨਾਂ ਨੇ ਤਖਤ ਹੋਂਦ ਵਿੱਚ ਲਿਆਂਦਾ ਸੀ। ਇਹ ਇੱਕ ਮੌਕਾ-ਮੇਲ (Co-incidence) ਹੀ ਹੈ ਕਿ ਇਨ੍ਹੀਂ ਦਿਨੀਂ ਹੀ ਛੇਵੇਂ ਗੁਰੂ ਜੀ ਦਾ ਤਖਤ ਅਲੋਪ ਹੋ ਗਿਆ ਅਤੇ ਉਸ ਦੀ ਜਗਹ ਤੇ ਇੱਕ ਬੁੰਗਾ ਉੱਸਰ ਗਿਆ”।

੫.”ਆਸ਼ੇ ਦੀ ਪਰਾਪਤੀ ਹੋ ਜਾਣ ਮਗ਼ਰੋਂ ਜਲਦੀ ਹੀ ਗੁਰੂ ਸਾਹਿਬਾਨ ਵੱਲੋਂ ਤਖਤ ਨੂੰ ਤਿਆਗ ਦਿੱਤਾ ਗਿਆ ਸੀ `ਅਤੇ` ਇਸ ਦੀ ਜਗਹ ਤੇ ਬੁੰਗਾ ਹੋਂਦ ਵਿੱਚ ਆ ਗਿਆ ਸੀ ਜਿਸ ਦਾ ਨਾਮ `ਅਕਾਲ ਬੁੰਗਾ` ਰੱਖਿਆ ਗਿਆ ਸੀ”।

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਪ੍ਰੋ: ਡਾ: ਇੱਕਬਾਲ ਸਿੰਘ ਢਿੱਲੋਂ ਦੇ ਉਕਤ ਸ਼ਬਦਾਂ ਨੂੰ ਕਿਸ ਰੂਪ ਵਿੱਚ ਲਿਆ ਜਾਵੇ ਇਹ ਮੇਰੀ ਸਮਝ ਵਿੱਚ ਨਹੀਂ ਆ ਰਿਹਾ। ਪਹਿਲੇ ਦੋ ਕਥਨਾਂ ਨੂੰ ਤਾਂ ਇਹ ਖੁੱਦ ਹੀ ਆਪਣੇ ਲੇਖ ਵਿੱਚ ਕੱਟ ਚੁੱਕੇ ਹਨ। ਪਿਛਲੇ ੫੦ ਦਿਨਾਂ ਤੋਂ ਚੱਲ ਰਹੀ ਵੀਚਾਰ ਚਰਚਾ ਦੌਰਾਨ ਇਹ ਸ: ਹਰਦੇਵ ਸਿੰਘ ਜੰਮੂ ਦੇ ੫ ਸਵਾਲਾਂ ਦਾ ਜਵਾਬ ਨਹੀਂ ਦੇ ਸਕੇ। ਇਸ ਸਮੇ ਇਨ੍ਹਾਂ ਦੀ ਤਾਜ਼ਾ ਸਥਿਤੀ ਕੀ ਹੈ, ਇਸ ਬਾਰੇ ਬਿਹਤਰ ਤਾਂ ਉਹ ਖ਼ੁਦ ਹੀ ਦੱਸ ਸਕਦੇ ਹਨ ਪਰ ਮਾਲੂਮ ਹੁੰਦਾ ਹੈ ਕਿ ਇਨ੍ਹਾਂ ਪਾਸ ਆਪਣੇ ਕਥਨ ਦੇ ਹੱਕ ਵਿੱਚ ਕੋਈ ਪ੍ਰਮਾਣਿਕ ਇਤਿਹਾਸਕ ਸ੍ਰੋਤ ਨਹੀਂ ਹੈ। ਕਿਉਂਕਿ ੮. ੫. ੨੦੧੧ ਦੇ ਪੱਤਰ ਵਿੱਚ ਹੀ ਸ: ਜਸਵੀਰ ਸਿੰਘ ਕੈਲਗਿਰੀ ਨੇ ਇਨ੍ਹਾਂ ਤੋਂ ਮੰਗ ਕੀਤੀ ਸੀ `ਹੁਣ ਜਦੋਂ ਕਿ ਆਪ ਜੀ ਕਹਿ ਰਹੇ ਹੋ ਕਿ ਉਸ ਤਖਤ ਦੇ ਅਲੋਪ ਹੋਣ ਦੇ ਸਮੇਂ ਬਾਰੇ ਇਤਹਾਸ ਵਿੱਚ ਕੋਈ ਭਰੋਸੇਯੋਗ ਹਵਾਲਾ ਨਹੀਂ ਮਿਲਦਾ। ਤਾਂ ਮਿਹਰਬਾਨੀ ਕਰਕੇ ਆਪ ਆਪਣੇ ਲੇਖ/ ਪੱਤਰ ਵਿੱਚੋਂ ਹੇਠ ਲਿਖੀਆਂ (ਉਕਤ ਨੁਕਤਾ ਨੰ: ੪ ਅਤੇ ੫) ਲਾਇਨਾਂ ਕੱਟ ਦਿਉ ਤਾਂ ਬਿਹਤਰ ਹੋਵੇਗਾ।

ਡਾ: ਇਕਬਾਲ ਸਿੰਘ ਜੀ ਇਸ ਦਾ ਜਵਾਬ ਕਿਤਨਾ ਹਾਸੋਹੀਣਾ ਦਿੰਦੇ ਹਨ। ਉਹ ਲਿਖਦੇ ਹਨ:- ਸ. ਜਸਬੀਰ ਸਿੰਘ ਜੀ! ਆਪ ਕਹਿਣਾ ਚਾਹੁੰਦੇ ਹੋ ਕਿ ਛੇਵੇਂ ਗੁਰੂ ਜੀ ਦਾ ਤਖਤ ਦੋਖੀਆਂ ਵੱਲੋਂ ਢਾਹ ਦਿੱਤਾ ਗਿਆ ਸੀ ਅਤੇ “ਸਿੱਖਾਂ ਦੇ ਆਪਸੀ ਗੁਰਮਤੇ ਨਾਲ ਬਿਲਡਿੰਗ ਦੀ ਉਸਾਰੀ ਨਵੇਂ ਸਿਰੇ ਹੋ ਗਈ”। ਮੇਰੀਆਂ ਲਿਖਤਾਂ ਵਿੱਚੋਂ ਲਈਆਂ ਦੋ ਟੂਕਾਂ (ਜਿਹਨਾਂ ਨੂੰ ਕੱਟਣ ਲਈ ਆਪ ਜੀ ਆਦੇਸ਼ ਦੇ ਰਹੇ ਹੋ) ਵਿਚਲੇ ਤੱਥ ਤਾਂ ਸਹੀ ਹਨ ਅਤੇ ਆਪ ਜੀ ਖੁਦ ਵੀ ਇਹਨਾਂ ਨੂੰ ਸਹੀ ਸਾਬਤ ਕਰ ਰਹੇ ਹੋ ਜਦੋਂ ਆਪ ਜੀ ਕਹਿੰਦੇ ਹੋ ਕਿ ਕਿ ਛੇਵੇਂ ਗੁਰੂ ਜੀ ਦੇ ਤਖਤ ਨੂੰ ਦੋਖੀਆਂ ਵੱਲੋਂ ਅਲੋਪ ਕਰ ਦਿੱਤੇ ਜਾਣ `ਤੇ ਸਿੱਖਾਂ ਵੱਲੋਂ ਇਸ ਦੀ ਜਗਹ `ਤੇ (ਗੁਰਮਤੇ ਰਾਹੀਂ) ਇੱਕ ਇਮਾਰਤ ਉਸਾਰ ਦਿੱਤੀ ਗਈ ਸੀ। ਹੁਣ ਇਮਾਰਤ ਤਾਂ ਤਖਤ ਨਹੀਂ ਹੁੰਦੀ। ਆਪ ਜੀ ਦਾ ਦਾਵਾ ਤਾਂ ਹੀ ਸਹੀ ਹੁੰਦਾ, ਜੇਕਰ ਛੇਵੇਂ ਗੁਰੂ ਜੀ ਦੇ ਤਖਤ ਦੀ ਜਗਹ `ਤੇ ਉਸ ਵਰਗਾ ਹੀ ਇੱਕ ਹੋਰ ਤਖਤ ਉਸਾਰ ਲਿਆ ਜਾਂਦਾ, ਐਨ ਉਸੇ ਤਰ੍ਹਾਂ ਜਿਵੇਂ ਦਰਬਾਰ ਸਾਹਿਬ ਦੇ ਨਵ-ਨਿਰਮਾਣ ਵੇਲੇ ਪਹਿਲਾਂ ਵਰਗਾ ਢਾਂਚਾ (structure) ਉਸਾਰ ਲਿਆ ਗਿਆ ਸੀ।

ਡਾ: ਸਾਹਿਬ ਜੀ ਦੇ ਉਕਤ ਜਵਾਬ ਤੋਂ ਮਾਲੂਮ ਹੁੰਦਾ ਹੈ ਕਿ ਉਹ ਅਕਾਲ ਤਖ਼ਤ ਨੂੰ ਸਿਧਾਂਤ ਨਹੀਂ ਇੱਕ ਬਿਲਡਿੰਗ ਸਮਝ ਰਹੇ ਹਨ। ਕਿਉਂਕਿ ਜੇ ਦਰਬਾਰ ਸਾਹਿਬ ਵਾਂਗ ਤਖ਼ਤ ਦਾ ਵੀ ਪਹਿਲਾਂ ਵਾਂਗ ਢਾਂਚਾ ਉਸਾਰਿਆ ਜਾਂਦਾ ਫਿਰ ਤਾਂ ਉਹ ਇਸ ਨੂੰ ਤਖ਼ਤ ਮੰਨ ਲੈਂਦੇ ਪਰ ਹੁਣ ਕਿਉਂਕਿ ਇੱਕ ਥੜੇ ਦੀ ਥਾਂ ਬਹੁ ਮੰਜਲੀ ਬਿਲਡਿੰਗ ਉਸਾਰ ਲਈ ਗਈ ਹੈ ਇਸ ਲਈ ਉਹ ਇਸ ਨੂੰ ਤਖ਼ਤ ਮੰਨਣ ਲਈ ਤਿਆਰ ਨਹੀਂ। ਦੂਸਰੀ ਗੱਲ ਉਹ ਗੁਰੂ ਗੋਬਿੰਦ ਸਿੰਘ ਜੀ ਵਲੋਂ ਮਸੰਦਾਂ ਨੂੰ ਸਾੜੇ ਜਾਣ ਅਤੇ ਮੁਗਲਾਂ ਵਲੋਂ ਭਾਈ ਮਤੀਦਾਸ, ਭਾਈ ਦਿਆਲਾ, ਭਾਈ ਸਤੀ ਦਾਸ, ਬਾਬਾ ਬੰਦਾ ਸਿੰਘ ਜੀ ਬਹਾਦਰ, ਭਾਈ ਮਨੀ ਸਿੰਘ ਆਦਿ ਨੂੰ ਸ਼ਹੀਦ ਕੀਤੇ ਜਾਣ ਵਿੱਚ ਕੋਈ ਅੰਤਰ ਨਹੀਂ ਸਮਝ ਰਹੇ। ਇਹੀ ਅੰਤਰ ਸਮਝਾਉਣ ਲਈ ਸ: ਜਸਬੀਰ ਸਿੰਘ ਕੈਲਗਰੀ ਨੇ ਇਨ੍ਹਾਂ ਤੋਂ ਪੁੱਛਿਆ ਸੀ ਕੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਤਖ਼ਤਨੁਮਾ ਥੜੇ ਨੂੰ ਗੁਰਮਤ ਦੇ ਵਿਰੁਧ ਜਾਣ ਕੇ ਆਪ ਹੀ ਢਾਹੇ ਜਾਣ ਦਾ ਆਦੇਸ਼ ਦਿੱਤਾ ਸੀ ਜਾਂ ਪੰਥ ਦੋਖੀਆਂ ਨੇ ਇਸ ਨੂੰ ਢਾਹ ਦਿੱਤਾ ਸੀ? ਜੇ ਗੁਰੂ ਸਾਹਿਬ ਜੀ ਨੇ ਢਾਹੁਣ ਦਾ ਆਦੇਸ਼ ਦਿੱਤਾ ਸੀ ਤਾਂ ਭਰੋਸੇਯੋਗ ਇਤਿਹਾਸਕ ਸ੍ਰੋਤ ਅਨੁਸਾਰ ਉਸ ਦੀ ਕਿਹੜੀ ਤਰੀਖ ਸੀ? ਜੇ ਆਪ ਜੀ ਇਹ ਹਵਾਲੇ ਨਹੀਂ ਦੇ ਸਕਦੇ ਤਾਂ ਕ੍ਰਿਪਾ ਕਰਕੇ ਆਪ ਜੀ ਦੇ ਲੇਖ/ਪੱਤਰ ਵਿੱਚੋਂ ਉਕਤ ਲਾਈਨਾਂ ਕੱਟ ਦਿਓ।

ਅੱਜ ਤੱਕ ਮੰਗੇ ਗਏ ਭਰੋਸੇਯੋਗ ਹਵਾਲੇ ਦੇਣ ਤੋਂ ਅਸਮਰਥ ਵਿਦਵਾਨ ਢਿੱਲੋਂ ਸਾਹਿਬ ਨੇ ਆਪਣੇ ਕਥਨਾਂ ਦੇ ਸਮਰੱਥਨ ਵਿੱਚ ਇਤਿਹਾਸਕ ਸ੍ਰੋਤ ਲੱਭਣ ਦੀ ਥਾਂ ਇੱਕ ਹੋਰ ਮਾਰਕਾ ਮਾਰ ਦਿੱਤਾ। ਸਿੱਖ ਮਾਰਗ `ਤੇ “ਸਾਬਕਾ `ਜਥੇਦਾਰ` ਦਾ ਖਿਆਲੀ ਅਕਾਲ-ਤਖਤ” ਸਿਰਲੇਖ ਹੇਠ ਪਾਏ ਆਪਣੇ ਲੇਖ ਵਿੱਚ ਹੈਰਨੀਜਨਕ ਟਿੱਪਣੀ ਕਰਦਿਆਂ ਲਿਖ ਦਿੱਤਾ: ਸਾਬਕਾ `ਜਥੇਦਾਰ` ਜੀ ਇਸ ਮਹੱਤਵਪੂਰਨ ਤੱਥ ਨੂੰ ਨਜ਼ਰਅੰਦਾਜ਼ ਕਰ ਗਏ ਹਨ ਕਿ ਸਾਰੇ ਸ੍ਰੀ ਗ੍ਰੰਥ ਜੀ ਵਿੱਚ ਕਿਧਰੇ ਇੱਕ ਥਾਂ `ਤੇ ਵੀ ਸ਼ਬਦ-ਜੋੜ `ਅਕਾਲ ਤਖਤ` ਵਰਤਿਆ ਹੋਇਆ ਨਹੀਂ ਮਿਲਦਾ। ਹੋਰ ਤਾਂ ਹੋਰ ਗੁਰਬਾਣੀ ਵਿੱਚ ਇਕੱਲੇ ਤੌਰ `ਤੇ ਸ਼ਬਦ `ਅਕਾਲ` ਦੀ ਵਰਤੋਂ ਹੋਈ ਵੀ ਨਹੀਂ ਮਿਲਦੀ।

ਮੈਨੂੰ ਨਹੀਂ ਸਮਝ ਆ ਰਹੀ ਕਿ ਡਾ: ਸਾਹਿਬ ਜੀ ਦੇ ਉਕਤ ਕਥਨ ਦੇ ਭਾਵ ਨੂੰ ਮੈਂ ਹੀ ਠੀਕ ਨਹੀਂ ਸਮਝ ਸਕਿਆ ਜਾਂ ਉਹ ਵੈਸੇ ਹੀ ਪਾਠਕਾਂ ਦੇ ਦਿਮਾਗ ਦੀ ਕਸਰਤ ਕਰਵਾਉਣ ਲਈ ਅਜਿਹਾ ਕੁੱਝ ਲਿਖ ਰਹੇ ਹਨ। ਕਿਸੇ ਮਨੁਖ ਨੂੰ ਗੁਰਬਾਣੀ ਦਾ ਗਿਆਨ ਹੈ ਜਾ ਨਹੀਂ ਪਰ ਉਸ ਨੂੰ ਇੰਨਾਂ ਕੁ ਤਾਂ ਪਤਾ ਹੈ ਹੀ, ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਤੋਂ ਇਲਾਵਾ ੩੩ ਵਾਰ ਪੂਰਾ ਮੂਲ ਮੰਤਰ ਦਰਜ਼ ਹੈ ਜਿਸ ਵਿੱਚ `ਅਕਾਲ` ਸ਼ਬਦ ਲਿਖਿਆ ਹੋਇਆ ਹੈ।

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।।

ਇਸ ਤੋਂ ਇਲਾਵਾ ਹੇਠ ਲਿਖੀਆਂ ਤੁਕਾਂ ਵਿੱਚ ‘ਅਕਾਲ` ਸ਼ਬਦ ਆਇਆ ਹੈ:-

੧. ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ ਨਾ ਕਦੇ ਮਰੈ ਨ ਜਾਇਆ।। (੭੮)

੨. ਅਕਾਲ ਮੂਰਤਿ ਅਜੂਨੀ ਸੰਭੌ ਮਨ ਸਿਮਰਤ ਠੰਢਾ ਥੀਵਾਂ ਜੀਉ।। ੨।। (੯੯)

੩. ਅਕਾਲ ਪੁਰਖ ਅਗਾਧਿ ਬੋਧ।। (੨੧੨)

੪. ਸਫਲ ਦਰਸਨੁ ਅਕਾਲ ਮੂਰਤਿ ਪ੍ਰਭੁ ਹੈ ਭੀ ਹੋਵਨਹਾਰਾ।। (੬੦੯)

੫. ਕਰਿ ਪੂਜਾ ਹੋਮਿ ਇਹੁ ਮਨੂਆ ਅਕਾਲ ਮੂਰਤਿ ਗੁਰਦੇਵਾ।। ੩।। (੬੧੪)

੬. ਅਕਾਲ ਮੂਰਤਿ ਅਜੂਨੀ ਸੰਭਉ ਕਲਿ ਅੰਧਕਾਰ ਦੀਪਾਈ।। ੧੮।। (੯੧੬)

੭. ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ।। (੧੦੩੮)

੮. ਸਿਮਰੈ ਕਾਲੁ ਅਕਾਲੁ ਸੁਚਿ ਸੋਚਾ।। (੧੦੭੯)

੯. ਅਕਾਲ ਮੂਰਤਿ ਜਿਸੁ ਕਦੇ ਨਾਹੀ ਖਉ।। (੧੦੮੨)

੧੦. ਅਕਾਲ ਮੂਰਤਿ ਰਿਦੈ ਧਿਆਇਦਾ ਦਿਨੁ ਰੈਨਿ ਜਪੰਥਾ।। (੧੧੦੧)

੧੧. ਕਾਲੁ ਅਕਾਲੁ ਖਸਮ ਕਾ ਕੀਨਾੑ ਇਹੁ ਪਰਪੰਚੁ ਬਧਾਵਨੁ।। (੧੧੦੪)

੧੨. ਸਤਿ ਪੁਰਖ ਅਕਾਲ ਮੂਰਤਿ ਰਿਦੈ ਧਾਰਹੁ ਧਿਆਨੁ।। (੧੧੨੧)

੧੩. ਨਿਰਵੈਰੁ ਅਕਾਲ ਮੂਰਤਿ।। (੧੨੦੧)

੧੪. ਅਕਾਲ ਮੂਰਤਿ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਉ।। ੧।। (੧੨੦੮)

ਹੋ ਸਕਦਾ ਹੈ ਕਿ ਹੋਰ ਵੀ ਕਿਸੇ ਰੂਪ ਵਿੱਚ `ਅਕਾਲ` ਸ਼ਬਦ ਆਇਆ ਹੋਵੇ ਪਰ ੩੩+ ੧੪= ੪੭ ਵਾਰ ਤਾਂ ਇਹ ਆ ਹੀ ਗਿਆ ਹੈ। ਕੀ ਇਹ ਸ਼ਬਦ ਡਾ: ਸਾਹਿਬ ਨੂੰ ਨਜ਼ਰ ਨਹੀਂ ਪਏ ਜਾਂ ਉਨ੍ਹਾਂ ਦਾ ਲਿਖਣ ਦਾ ਭਾਵ ਕੋਈ ਹੋਰ ਹੈ। ਜੇ ਉਹ ਇਹ ਕਹਿਣਾ ਚਾਹੁੰਦੇ ਹਨ ਕਿ ਕਿਉਂਕਿ ਗੁਰਬਾਣੀ ਵਿੱਚ ਸ਼ਬਦ `ਅਕਾਲ ਤਖ਼ਤ` ਇਕੱਠਾ ਕਿਧਰੇ ਨਹੀਂ ਆਇਆ ਇਸ ਲਈ ਗੁਰਮਤ ਵਿਰੋਧੀ ਹੈ, ਤਾਂ ਗੁਰਬਾਣੀ ਵਿੱਚ ਤਾਂ `ਨਾਨਕਸ਼ਾਹੀ ਕੈਲੰਡਰ` ਸ਼ਬਦ ਵੀ ਇਕੱਠਾ ਕਿਧਰੇ ਨਹੀਂ ਆਇਆ। ਕੀ ਨਾਨਕਸ਼ਾਹੀ ਕੈਲੰਡਰ ਵੀ ਗੁਰਮਤਿ ਵਿਰੋਧੀ ਸਮਝਦੇ ਹੋ? ਜੇ ਸਮੇਂ ਦੀ ਲੋੜ ਤੇ ਸਹੂਲਤ ਅਨੁਸਾਰ ਅੱਜ ਦੇ ਸਿੱਖ ਪੰਥ ਵਲੋਂ ਨਾਨਕਸ਼ਾਹੀ ਕੈਲੰਡਰ ਬਣਾਉਣਾ ਗੁਰਮਤਿ ਵਿਰੋਧੀ ਨਹੀਂ, ਤਾਂ ਸਮੇਂ ਦੀ ਲੋੜ ਅਨੁਸਾਰ ਗੁਰੂ ਅਰਜੁਨ ਸਾਹਿਬ ਜੀ ਦਾ ਚਿਤਵਿਆ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਆਪਣੇ ਹੱਥੀਂ ਉਸਾਰਿਆ ਤਖ਼ਤ ਗੁਰਮਤਿ ਵਿਰੋਧੀ ਕਿਵੇਂ ਬਣ ਗਿਆ? ਜੇ ਉਨ੍ਹਾਂ ਦੇ ਲਿਖਣ ਦਾ ਭਾਵ ਅਰਥ ਕੁੱਝ ਹੋਰ ਹੈ ਤਾਂ ਉਨ੍ਹਾਂ ਨੂੰ ਦੂਸਰਿਆਂ ਦੇ ਲੇਖਾਂ ਵਿੱਚ ਵਰਤੇ ਗਏ ਸ਼ਬਦਾਂ ਦੇ ਭਾਵ ਅਰਥ ਵੀ ਸਮਝਣੇ ਚਾਹੀਦੇ ਹਨ, ਉਨ੍ਹਾਂ ਵਲੋਂ ਵਰਤੇ ਗਏ ਸ਼ਬਦਾਂ ਦੀ ਚੀਰਫਾੜ ਕਰਨ ਦਾ ਵੀ ਕੋਈ ਹੱਕ ਨਹੀਂ ਹੈ। ਹੋ ਸਕਦਾ ਹੈ ਪ੍ਰੋ: ਦਰਸ਼ਨ ਸਿੰਘ ਵਲੋਂ ਲਿਖੇ ਲੇਖ `ਅਕਾਲ ਤਖਤ, ਅਕਾਲ ਤਖਤ ਦੀ ਇਮਾਰਤ, ਅਤੇ ਅਕਾਲ ਤਖਤ ਦਾ ਸੇਵਾਦਾਰ ਦਾ ਫਰਕ ਸਮਝਣ ਦੀ ਲੋੜ ਹੈ` ਵਿੱਚ ਵਰਤੇ ਗਏ ਗੁਰਬਾਣੀ ਦੇ ਪ੍ਰਮਾਣ ਡਾ: ਢਿੱਲੋਂ ਦੀ ਨਜ਼ਰ ਵਿੱਚ ਤਸੱਲੀਬਖ਼ਸ਼ ਨਾ ਹੋਣ ਪਰ ਪ੍ਰੋ ਦਰਸ਼ਨ ਸਿੰਘ ਦੀ ਇਹ ਲਿਖਤ ਬਹੁਤ ਹੀ ਭਾਵਪੂਰਤ ਹੈ ਤੇ ਇਸ `ਤੇ ਕਤਿੀ ਜਾ ਰਹੀ ਨੁਕਤਾਚੀਨੀ ਸਿਰਫ ਵਿਵਾਦ ਖੜ੍ਹੇ ਕਰਨ ਲਈ ਹੈ। ਪ੍ਰੋ: ਦਰਸ਼ਨ ਸਿੰਘ ਜੀ ਦੀ ਲਿਖਤ ਹੈ:- ਅਕਾਲ ਤਖਤ ਲਫਜ਼ ਵਿੱਚ, “ਦੀ”, “ਦਾ” ਕੋਈ ਲਫਜ਼ ਨਹੀਂ ਹੈ, ਪਰ ਅਕਾਲ ਤਖਤ ਦੀ ਇਮਾਰਤ ਵਿੱਚ “ਦੀ” ਅਤੇ ਅਕਾਲ ਤਖਤ ਦਾ ਸੇਵਾਦਾਰ ਲਫਜ਼ ਵਿੱਚ “ਦਾ”, - ਇਮਾਰਤ ਅਤੇ ਸੇਵਾਦਾਰ ਨੂੰ ਅਕਾਲ ਤਖਤ ਤੋਂ ਵੱਖ ਕਰਦੇ ਹਨ, ਅਤੇ ਉਸਦੇ ਰਿਸ਼ਤੇ ਵਿੱਚ ਇੱਕ ਸ਼ਰਤ ਬਣ ਜਾਂਦੀ ਹੈ, ਕਿ ਜੇ ਇਮਾਰਤ ਵਿੱਚ ਸਿਧਾਂਤ ਰੂਪ ਅਕਾਲ ਤਖਤ ਹੈ, ਤਾਂ ਇਮਾਰਤ ਅਕਾਲ ਤਖਤ ਦੀ ਹੈ, ਨਹੀਂ ਤਾਂ ਨਹੀਂ। ਜੇ ਸੇਵਾਦਾਰ ਵਿੱਚ ਸਿਧਾਂਤ ਰੂਪ ਅਕਾਲ ਤਖਤ ਹੈ ਅਤੇ ਉਹ ਉਸ ਸਿਧਾਂਤ ਦਾ ਮੁੱਖ ਪ੍ਰਚਾਰਕ ਹੈ ਤਾਂ ਅਕਾਲ ਤਖਤ ਦਾ ਸੇਵਾਦਾਰ ਹੈ, ਜੇ ਨਹੀਂ ਤਾਂ ਨਹੀਂ। ਪਰ ਕਿਸੇ ਇਮਾਰਤ ਜਾਂ ਵਿਅਕਤੀ ਨੂੰ ਆਪਣੇ ਆਪ ਵਿੱਚ ਅਕਾਲ ਤਖਤ ਤਾਂ ਆਖਿਆ ਹੀ ਨਹੀਂ ਜਾ ਸਕਦਾ। ਕਿਉਂਕਿ ਅਕਾਲ ਤਖਤ ਅਤੇ ਇਮਾਰਤ ਜਾਂ ਸੇਵਾਦਾਰ ਦੇ ਨਾਮ ਦੇ ਦਰਮਿਆਨ “ਦੀ” ਜਾਂ “ਦਾ” ਖੜ੍ਹੇ ਹਨ।

ਅਕਾਲ ਤਖਤ, ਇੱਕ ਪਵਿਤਰ ਸਿਧਾਂਤ ਹੈ ਜੋ ਮਰਦਾ ਜਾਂ ਬਦਲਦਾ ਨਹੀਂ।


ਅਕਾਲ ਤਖਤ ਦੀ ਇਮਾਰਤ ਸਮੇਂ ਨਾਲ ਢਹਿ ਜਾਂਦੀ ਹੈ, ਜਾਂ ਢਾਹੀ ਜਾਂਦੀ ਹੈ, ਬਦਲ ਜਾਂਦੀ ਹੈ, ਜੋ ਕਈ ਵਾਰ ਹੋਇਆ ਹੈ, ਇਸ ਲਈ ਇਮਾਰਤ ਅਕਾਲ ਤਖਤ ਨਹੀਂ ਹੋ ਸਕਦੀ।


ਅਕਾਲ ਤਖਤ ਦਾ ਸੇਵਾਦਾਰ ਮਰਦਾ ਹੈ, ਬਦਲਿਆ ਜਾਂਦਾ ਹੈ ਅਤੇ ਇੱਕ ਆਮ ਆਦਮੀ ਉਸਨੂੰ ਬਦਲ ਦੇਂਦਾ ਹੈ, ਇਸ ਲਈ ਉਹ ਅਕਾਲ ਤਖਤ ਨਹੀਂ ਹੋ ਸਕਦਾ।

ਜੇ ਭਰੋਸੇਯੋਗ ਇਤਿਹਾਸਕ ਸ੍ਰੋਤ ਦਿੱਤੇ ਤੋਂ ਬਿਨਾਂ ਹੀ ਡਾ: ਢਿੱਲੋਂ ਦੀ ਖੋਜ ਨੂੰ ਸੱਚ ਮੰਨ ਲਈਏ ਤਾਂ ਕਿਸ ਕਿਸ ਦੀ ਖੋਜ ਨੂੰ ਸੱਚ ਮੰਨੀਏ? ਪਰ ਜੇ ਮੰਨੀਏ ਤਾਂ ਮੰਨੀਏ ਤਾਂ ਕਿਵੇਂ? ਕਿਉਂਕਿ ਇਹੋ ਵਿਦਵਾਨ ਸੱਜਣ ਦੇ (ਸਾਬਕਾ ਜੱਥੇਦਾਰ) ਨਾਲ ਸਬੰਧਤ ਲਿਖੇ ਦੋ ਲੇਖਾਂ ਵਿੱਚ, ਸ਼੍ਰੀ ਅਕਾਲ ਤਖਤ ਬਾਰੇ ਵੱਡਾ ਆਪਾ ਵਿਰੋਧ ਹੈ। ਪਹਿਲੇ ਲੇਖ -” ਸੇਵਾਦਾਰ ਦਾ ਹੁਕਮਨਾਮਾ” ਜੋ ਕਿ ਸਿੱਖ ਮਾਰਗ ਡਾਟ ਕਾਮ ਦੀ ਚੌਥੀ ਲੇਖ ਲੜੀ ਵਿੱਚ ਪਿਆ ਹੋਇਆ ਹੈ ਅਤੇ ਡਾ. ਇਕਬਾਲ ਸਿੰਘ ਜੀ ਦਾ ਹੀ ਲਿਖਿਆ ਹੋਇਆ ਹੈ ਅਤੇ ਕੁੱਝ ਹੀ ਮਹੀਨੇ ਪੁਰਣਾ ਹੈ। ਇਸ ਲੇਖ ਦੀ ਅੰਤਿਕਾ ਵਿੱਚ ਕੇਵਲ `ਜੱਥੇਦਾਰ` ਅਤੇ `ਮੁੱਖ ਸੇਵਾਦਾਰ` ਸ਼ਬਦਾਂ ਦਾ ਵਿਰੋਧ ਕਰਦੇ ਲੇਖਕ ਜੀ ਨੇ, ਅਕਾਲ ਤਖਤ ਨੂੰ `ਸ਼੍ਰੀ ਅਕਾਲ ਤਖਤ ਸਵੀਕਾਰਿਆ/ਲਿਖਿਆ ਹੈ ਅਤੇ ਅਕਾਲ ਤਖਤ ਤੇ `ਗ੍ਰੰਥੀੱ ਦੀ ਪਦਵੀ ਨੂੰ `ਉੱਚ-ਪਦਵੀੱ ਕਰਕੇ ਸਵੀਕਾਰ/ਬਿਆਨ ਕੀਤਾ ਹੈ ਅਤੇ `ਸਾਬਕਾ `ਜਥੇਦਾਰ` ਦਾ ਖਿਆਲੀ ਅਕਾਲ ਤਖ਼ਤ` ਸਿਰਲੇਖ ਵਾਲੇ ਦੂਜੇ ਲੇਖ ਵਿੱਚ ਉਹ ਅਕਾਲ ਤਖਤ ਨੂੰ ਖਿਆਲੀ ਕਹਿ ਰਹੇ ਹਨ ਅਤੇ ਉਸ ਦੀ ਹੋਂਦ ਤੋਂ ਮੁਨਕਰ ਹਨ। ਸਾਬਕਾ ਜੱਥੇਦਾਰ ਜੀ ਨਾਲ ਸਬੰਧਤ ਇਹ ਦੋਵੇਂ ਬਿਆਨ ਡਾ. ਇਕਬਾਲ ਸਿੰਘ ਜੀ ਦੇ ਹੀ ਹਨ। ਡਾ: ਸਾਹਿਬ ਖ਼ੁਦ ਹੀ ਦੱਸਣ ਕਿ ਉਨ੍ਹਾਂ ਦੇ ਉਕਤ ਦੋਵਾਂ ਬਿਆਨਾਂ ਵਿਚੋਂ ਕਿਹੜੇ ਨੂੰ ਸਹੀ ਮੰਨੀਏ? ਜੋਗਿੰਦਰ ਸਿੰਘ ਸਪੋਕਸਮੈਨ ਕਹਿ ਰਹੇ ਹਨ ਬਾਬੇ ਨਾਨਕ ਨੇ ਬਾਬਾ ਲਹਿਣਾ ਨੂੰ ਅੱਗੇ ਗੱਦੀ ਹੀ ਨਹੀਂ ਦਿੱਤੀ, ਬਾਬੇ ਨਾਨਕ ਦੀ ਅਸਲੀ ਬਾਣੀ ਦੀ ਪੋਥੀ ਸ਼੍ਰੀ ਚੰਦੀਆਂ ਨੇ ਸਾੜ ਦਿੱਤੀ ਹੈ ਤੇ ਬਾਕੀ ਵਿੱਚ ਮਨਭਾਉਂਦੀਆਂ ਤਬਦੀਲੀਆਂ ਕਰ ਦਿੱਤੀਆਂ। ਸਪੋਕਸਮੈਨ ਵਿੱਚ ਛਪੇ ਇੱਕ ਲੇਖ ਅਨੁਸਰ ੧੭੦੮ ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਗ੍ਰੰਥ ਨੂੰ ਨਹੀਂ ਪੰਥ ਨੂੰ ਦਿੱਤੀ, ਪਰ ਡਾ: ਇਕਬਾਲ ਸਿੰਘ ਢਿੱਲੋਂ ਸਾਹਿਬ ੧੦ ਗੁਰੂ ਸਾਹਿਬਾਨ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਨੂੰ ਵੀ ਗਿਆਰਵਾਂ ਗੁਰੂ ਮੰਨ ਰਹੇ ਹਨ। ਜਦੋਂ ਕਿ ਤੱਤ ਪ੍ਰਵਾਨਤ ਸਿੱਖ ਫ਼ਲਸਫ਼ੇ ਅਨੁਸਾਰ ਗੁਰੂ ੧੧ ਨਹੀਂ ੧ ਹੀ ਹੈ, ਸਮੇਂ ਅਨੁਸਾਰ ਇਨ੍ਹਾਂ ਦੇ ਸਿਰਫ ਸਰੂਪ ਹੀ ਬਦਲੇ ਹਨ: `ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ।। ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ।। (ਪੰਨਾ ੯੬੬) `। ਤੱਤਗੁਰਮਤਿ ਪ੍ਰੀਵਾਰ ਵਾਲੇ ਗੁਰੂ ਨਾਨਕ ਸਮੇਤ ਕਿਸੇ ਇੱਕ ਨੂੰ ਵੀ ਗੁਰੂ ਨਹੀਂ ਮੰਨਦੇ। ਨਿਹੰਗ ਧਰਮ ਸਿੰਘ ਕਹਿੰਦਾ ਹੈ ਗੁਰੂਆਂ ਨੇ ਕੋਈ ਬੀੜ ਲਿਖਵਾਈ ਹੀ ਨਹੀਂ, ਨਾ ਹੀ ਉਨ੍ਹਾਂ ਨੂੰ ਕਿਸੇ ਬੀੜ ਦੀ ਲੋੜ ਹੀ ਸੀ। ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਾ ਬੀੜ ਸਬੰਧੀ ਡਾ: ਢਿੱਲੋਂ ਦਾ ਜੋ ਨਜ਼ਰੀਆ ਹੈ ਉਹ ਵੀ ਸਵਰਗੀ ਡਾ: ਪਿਆਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਲਿਖੀ ਚਿੱਠੀ ਤੋਂ ਸਪਸ਼ਟ ਹੀ ਹੈ।

ਡਾ: ਢਿੱਲੋਂ ਸਾਹਿਬ ਦਾ ਨਜ਼ਰੀਆ ਕੁੱਝ ਵੀ ਹੋਵੇ ਪਰ ਮੈਂ ਉਨ੍ਹਾਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਉਹ ਪੀ. ਐੱਚ. ਡੀ. ਵਿਦਵਾਨ ਹਨ ਇਸ ਲਈ ਵਿਦਵਾਨ ਹੀ ਬਣੇ ਰਹਿਣ ਧਰਮ ਸਿੰਘ ਨਿਹੰਗ ਬਣਨ ਦਾ ਯਤਨ ਨਾ ਕਰਨ। ਇੱਕ ਹੋਰ ਬੇਨਤੀ ਹੈ ਕਿ ਜਦ ਤਕ ਪਿਛਲੇ ਮਹੀਨੇ ਦੀ ਵੀਚਾਰ ਚਰਚਾ ਦੌਰਾਨ ਪਾਠਕਾਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਅਤੇ ਭਰੋਸੇਯੋਗ ਇਤਿਹਾਸਕ ਸ੍ਰੋਤ ਨਹੀਂ ਦੇ ਦਿੰਦੇ ਉਤਨੀ ਦੇਰ ਨਵੇਂ ਵਿਵਾਦਮਈ ਲੇਖ ਲਿਖ ਕੇ ਜੱਗ ਹਸਾਈ ਦਾ ਕਾਰਣ ਨਾ ਬਣਨ। ਜਿਹੜਾ ਸਮਾਂ ਉਹ ਪਾਠਕਾਂ ਦੇ ਜਵਾਬ ਦੇਣ ਵਿੱਚ ਨਸ਼ਟ ਕਰ ਰਹੇ ਹਨ ਉਹ ਸਮਾਂ ਭਰੋਸੇਯੋਗ ਇਤਿਹਾਸਕ ਸ੍ਰੋਤਾਂ ਦੀ ਖੋਜ ਕਰਨ ਲਈ ਲਗਾੳਣ ਤਾ ਜਿਆਦਾ ਬਿਹਤਰ ਹੋਵੇਗਾ। ਲਗਦਾ ਇੰਝ ਹੈ ਕਿ ਆਪਣੇ ਦੂਸਰੇ ਲੇਖ ਵਿੱਚ ਪ੍ਰੋ: ਦਰਸ਼ਨ ਸਿੰਘ ਸਬੰਧੀ ਕੀਤੀਆਂ ਟਿੱਪਣੀ ਕਰਨ ਪਿਛੇ ਛੁਪੀ ਭਾਵਨਾ ਸਿਰਫ ਇਹ ਹੈ, ਕਿ ਸਿੱਖ ਮਾਰਗ ਦੇ ਪਾਠਕ ਧੜੇਬੰਦੀ ਦਾ ਸ਼ਿਕਾਰ ਹੋ ਕੇ ਡਾ: ਇਕਬਾਲ ਸਿੰਘ ਤੋਂ ਪਿਛਲੇ ਲੇਖ ਸਬੰਧੀ ਪੁੱਛੇ ਜਾ ਰਹੇ ਸਵਾਲਾਂ ਦੇ ਜਵਾਬ ਮੰਗਣ ਦਾ ਖਹਿੜਾ ਛੱਡ ਕੇ ਇੱਕ ਦੂਸਰੇ ਤੇ ਜਾਤੀ ਹਮਲੇ ਕਰਨ ਵਿੱਚ ਰੁਝ ਜਾਣ। ਡਾ: ਸਾਹਿਬ ਸਪੱਸ਼ਟ ਕਰਨ ਕਿ ਮੇਰਾ ਅੰਦਾਜ਼ਾ ਕਦੀ ਗਲਤ ਤਾਂ ਨਹੀਂ? ਡਾ: ਢਿੱਲੋਂ ਸਾਹਿਬ ਜੀ ਨੂੰ ਦੁਬਾਰਾ ਬੇਨਤੀ ਹੈ ਕਿ ਉਹ ਸ: ਹਰਦੇਵ ਸਿੰਘ ਜੀ ਵਲੋਂ ਪੁੱਛੇ ਗਏ ੫ ਸਵਾਲਾਂ ਦਾ ਜਵਾਬ ਦੇਣ, ਸ: ਜਸਬੀਰ ਸਿੰਘ ਕੈਲਗਰੀ ਦੇ ਸੁਝਾਅ `ਤੇ ਅਮਲ ਕਰਦੇ ਹੋਏ ਉਨ੍ਹਾਂ ਦੇ ਸਵਾਲ ਦਾ ਜਵਾਬ ਦੇਣ ਜਾਂ ਉਨ੍ਹਾਂ ਦੀ ਮੰਗ ਅਨੁਸਾਰ ਲੇਖ/ਪੱਤਰਾਂ ਵਿੱਚੋਂ ਉਹ ਲਾਈਨਾਂ ਕੱਟਣ, ਅਤੇ ਸਪੱਸ਼ਟ ਕਰਨ ਕਿ ਉਨ੍ਹਾਂ ਦੇ ਹਵਾਲੇ ਅਧੀਨ ਉਕਤ ਦੋਵੇਂ ਲੇਖਾਂ ਵਿੱਚੋਂ ਕਿਹੜਾ ਕਥਨ ਸੱਚ ਹੈ।

ਧੰਨਵਾਦ ਜੀ।

ਕਿਰਪਾਲ ਸਿੰਘ ਬਠਿੰਡਾ

੯੮੫੫੪ ੮੦੭੯੭


(10/05/11)
ਪਰਮਜੀਤ ਸਿੰਘ

ਇਕਬਾਲ ਸਿੰਘ ਜੀ
ਫ਼ਤਿਹ ਪਰਵਾਨ ਕਰਨੀ।
ਤੁਸੀ ਖੌਜ ਕੱਡੀ ਹੈ;
“ਅਖੌਤੀ ਅਕਾਲ-ਤਖਤ ਬਾਰੇ ਪਹਿਲਾ ਲਿਖਤੀ ਹਵਾਲਾ ਕੇਵਲ ਸ਼੍ਰੋਮਣੀ ਕਮੇਟੀ ਦੀ ਨਿਯਮਾਵਲੀ ਵਿੱਚੋਂ ਹੀ ਮਿਲਦਾ ਹੈ ਜੋ 1925 ਈਸਵੀ ਵਿੱਚ ਬਣੇ ਸਿੱਖ ਗੁਰਦੁਆਰਾ ਐਕਟ ਹੇਠ 1926 ਈਸਵੀ ਵਿੱਚ ਹੋਂਦ ਵਿੱਚ ਆਈ”
ਤੁਹਾਡੇ ਤੋਂ ਆਪਣੀ ਚਿੱਠੀ (02. 05. 11) ਵਿੱਚ ਸਵਾਲ ਪੁੱਛਿਆ ਸੀ ਪਰ ਤੁਸੀ ਅੱਜ ਤਕ ਕੋਈ ਜਵਾਬ ਨਹੀਂ ਦਿੱਤਾ। ਤੁਸੀ ਗਲਤ ਸਾਬਤ ਹੋਂਣ ਤੇ ਕੋਈ ਜਵਾਬ ਨਹੀਂ ਲਿਖਦੇ। ਤੁਹਾਡੀ ਉਪਰਲੀ ਖੌਜ ਬਿਲਕੁਲ ਗਲਤ ਹੈ ਕਿਉਂਕਿ ਅਕਾਲ ਤਖਤ ਦਾ ਲਿਖਤੀ ਹਵਾਲਾ ਐਕਟ ਤੋਂ ਸਦਿਆਂ ਪਹਿਲੇ ਦਾ ਹੈ। ਤੁਸੀ ਇਨਾਂ ਗਲਤ ਬਿਆਨ ਕਿਉਂ ਦੇ ਰਹੇ ਹੋ? ਇਸ ਲਈ ਫ਼ਿਰ ਸਵਾਲ ਨੂੰ ਪੁੱਛ ਰਿਹਾ ਹਾਂ;
ਅਕਾਲ ਤਖਤ ਅਤੇ ਅਕਾਲ ਬੁੰਗਾ ਦੋਹੇਂ ਸ਼ਬਦਾਂ ਦੀ ਇਸਤੇਮਾਲ ਸਦੀਆਂ ਪਹਿਲਾਂ ਦੀ ਜਾਪਦੀ ਹੈ ਅਤੇ ਗੁਰਬਿਲਾਸ ੬ ਵਿੱਚ ਵੀ ਦਰਜ ਹੈ। ਫ਼ਿਰ ਆਪ ਜੀ ਅਕਾਲ ਤਖਤ ਨਾਮ ਰਖਣ ਦਾ ਜਿੰਮਾਂ ਗੁਰੂਦੁਆਰਾ ਐਕਟ 1926 ਤੇ ਕਿੰਝ ਪਾ ਰਹੇ ਹੋ? ਕੀ ੧੭੧੫-੨੦ ਵਿੱਚ ਕਮੇਟੀ ਵਾਲੇ ਅਤੇ ਲਿਖਾਰੀ ਆਪਸ ਵਿੱਚ ਰੱਲੇ ਹੋਏ ਸਨ?
ਪਰਮਜੀਤ ਸਿੰਘ


(10/05/11)
ਗੁਰਮਤਿ ਸੰਚਾਰ ਸਭਾ ਜਰਮਨੀ

ਸਿੱਖ ਰਹਿਤ ਮਰਿਯਾਦਾ ਦੀ ਵਰਤੋਂ ਜਾਂ ਦੁਰਵਰਤੋਂ?

ਸਿੱਖਾਂ ਦਾ ਬਹੁਤਾ ਵਰਗ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਦੀ ਹੋਂਦ ਤੋਂ ਹੀ ਅਣਜਾਣ ਹੈ ਕਿਉਂ ਕਿ ਇਸ ਬਾਰੇ ਪ੍ਰਚਾਰਿਆ ਹੀ ਨਹੀਂ ਗਿਆ। ਜਿਹਨਾਂ ਨੂੰ ਇਸ ਬਾਰੇ ਪਤਾ ਹੈ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਸ ਵਿੱਚ ਕੀ ਲਿਖਿਆ ਹੋਇਆ ਹੈ। ਜਿਹਨਾਂ ਨੂੰ ਇਹ ਪਤਾ ਹੈ ਕਿ ਇਸ ਵਿੱਚ ਕੀ ਲਿਖਿਆ ਹੋਇਆ ਹੈ ਉਹ ਇਸ ਤੋਂ ਅਵੇਸਲੇ ਹੋਣ ਕਾਰਨ ਇਸ ਨੂੰ ਨਾ ਹੀ ਆਪਣੇ ਨਿੱਜੀ ਜੀਵਨ ਵਿੱਚ ਅਤੇ ਨਾ ਹੀ ਸੰਗਤੀ ਤੌਰ ਤੇ ਗੁਰਦੁਆਰਿਆਂ ਵਿੱਚ ਅਪਣਾ ਰਹੇ ਹਨ।
ਇਸ ਗਲ ਦੀ ਵੀ ਸਾਰੇ ਹੀ ਦੁਹਾਈ ਦੇ ਰਹੇ ਹਨ ਕਿ ਸਿੱਖਾਂ ਵਿੱਚ ਏਕਤਾ ਨਹੀਂ ਹੈ ਪਰ ਏਕਤਾ ਦੀ ਕੜੀ ਬਣਨ ਵਾਲੀ ਰਹਿਤ ਮਰਿਯਾਦਾ ਵਲ ਉੱਕਾ ਹੀ ਧਿਆਨ ਨਹੀਂ ਦਿੱਤਾ ਜਾ ਰਿਹਾ। ਏਕਤਾ ਹੋਣੀ ਚਾਹੀਦੀ ਹੈ, ਸਾਰਿਆਂ ਨੂੰ ਇੱਕਠੇ ਹੋਣਾ ਚਾਹੀਦਾ ਹੈ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਹਨ। ਪਰ ਇਸ ਤਰਾਂ ਤਾਂ ਹੀ ਹੋ ਸਕਦਾ ਹੈ ਜੇ ਸਾਡੇ ਸਾਰੇ ਧਾਰਮਕ ਅਤੇ ਸਮਾਜਕ ਕੰਮ ਇੱਕੋ ਢੰਗ ਨਾਲ ਹੋਣ, ਅਗਰ ਵੱਖਰੋ ਵੱਖਰੇ ਢੰਗ ਹੋਣਗੇ ਤਾਂ ਵਖਰੇਵਾਂ ਕਰਕੇ ਖੜਕਾ-ਦੜਕਾ ਲਾਜ਼ਮੀਂ ਹੋਵੇਗਾ ਹੀ। ਅਗਰ ਕੋਈ ਗੁਰਸਿੱਖ ਸਿੱਖ ਰਹਿਤ ਮਰਿਯਾਦਾ ਦੀ ਹੋ ਰਹੀ ਉਲੰਘਣਾ ਬਾਰੇ ਪੁੱਛ ਬੈਠੇ ਤਾਂ ਪਹਿਲਾ ਜਵਾਬ ਹੋਵੇਗਾ ਜੀ ਪਤਾ ਨਹੀਂ ਸੀ। ਅਗਰ ਓਹੀ ਗੁਰਸਿੱਖ ਪੁੱਛ ਲਵੇ ਕਿ ਇਸ ਪਖੰਡਬਾਜ਼ੀ ਕਰਨ ਦਾ ਕਿੱਥੋਂ ਪਤਾ ਚਲਿਆ? ਤਾਂ ਡਾਂਗਾਂ ਖੜਕਣ ਦੇ ਹਾਲਾਤ ਬਣ ਗਏ ਸਮਝੋ। ਇਹ ਹੈ ਸਾਡੇ ਜ਼ੁੰਮੇਵਾਰ ਪ੍ਰਬੰਧਕਾਂ ਅਤੇ ਸੰਗਤ ਦੀ ਸੋਚ।
ਸਾਡੇ ਵਿੱਚ ਇੱਕ ਵਰਗ ਹੋਰ ਵੀ ਹੈ ਪੁਜਾਰੀ ਸ਼੍ਰੇਣੀ। ਜਿਹਨਾਂ ਨੂੰ ਅਕਸਰ ਗ੍ਰੰਥੀ ਜੀ, ਭਾਈ ਸਾਹਬ ਕਰਕੇ ਬਲਾਉਂਦੇ ਹਨ ਇਸਤੋਂ ਇਲਾਵਾ ਗੁਰੂ ਕਾ ਵਜ਼ੀਰ, ਬਾਬਾ ਜੀ ਅਤੇ ਪਤਾ ਨਹੀਂ ਕਿੰਨਿਆਂ ਕੁ ਹੋਰ ਬੇਤੁਕੇ ਜਿਹੇ ਨਾਮਾਂ ਜਾਂ ਲਫਜ਼ਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ। ਖੈਰ ਇਹਨਾਂ ਵਿਚੋਂ ਬਹੁਤੇ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਦੀ ਹੋਂਦ ਤੋਂ ਅਣਜਾਣ ਹੀ ਹੁੰਦੇ ਹਨ। ਅਗਰ ਕਿਸੇ ਨੂੰ ਜਾਣਕਾਰੀ ਹੋਵੇ ਭੀ ਤਾਂ ਵੀ ਉਹ ਇਸ ਉੱਪਰ ਠੀਕ ਤਰਾਂ ਪਹਿਰਾ ਨਹੀਂ ਦਿੰਦੇ। ਸਾਡੇ ਏਥੇ ਇੱਕ ਗੁਰਦੁਆਰੇ ਦੇ ਭਾਈ ਦੀ ਉਦਾਹਰਣ ਇਸਦੀ ਜ਼ਾਹਰਾ ਮਿਸਾਲ ਹੈ। ਗੁਰਦੁਆਰੇ ਦੇ ਪ੍ਰਬੰਧਕਾਂ ਨੇ ਸੰਗਤਾਂ ਨੂੰ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਬਾਰੇ ਜਾਣਕਾਰੀ ਦੇਣ ਲਈ ਹਰ ਹਫਤਾਵਾਰੀ ਦੀਵਾਨ ਵਿੱਚ ਇਸਦੇ ਇੱਕ ਪਹਿਲੂ ਨੂੰ ਪੜ੍ਹ ਕੇ ਸੁਣੌਨ ਅਤੇ ਸਮਝੌਣ ਦੀ ਜ਼ੁੰਮੇਵਾਰੀ ਗੁਰਦੁਆਰੇ ਦੇ ਗ੍ਰੰਥੀ ਦੀ ਲਗਾਈ ਸੀ। ਇਸਦੇ ਪੂਰੇ ਹੋਣ ਤੋਂ ਬਾਅਦ ਇਸਨੂੰ ਦੁਬਾਰਾ ਫਿਰ ਓਸੇ ਤਰਾਂ ਸ਼ੁਰੂ ਕਰਵਾ ਦਿੱਤਾ ਗਿਆ ਸੀ ਤਾਂ ਕਿ ਸੰਗਤਾਂ ਵਿੱਚ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਘਰ ਕਰ ਜਾਏ। ਇਸਦਾ ਕੀ ਅਸਰ ਹੋਇਆ? ਇਸਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਗ੍ਰੰਥੀ ਸਿੰਘ ਇਸ ਬਾਰੇ ਕਿੰਨਾਂ ਕੁ ਸੁਚੇਤ ਹੋਇਆ? ਇੱਕ ਐਤਵਾਰ ਨੂੰ ਕੁੱਝ ਸਾਲ ਪਹਿਲਾਂ ਮਰੇ ਹੋਏ ਵਿਅਕਤੀ ਦੀ ਵਿੱਛੜੀ ਹੋਈ ਰੂਹ ਦੀ ਸ਼ਾਂਤੀ ਵਾਸਤੇ ਗ੍ਰੰਥੀ ਜੀ ਨੇ ਅਰਦਾਸ ਕੀਤੀ। ਇਸ ਨਾਲ ਅਰਦਾਸ ਕਰੌਣ ਵਾਲੇ ਖੁਸ਼ ਸਨ, ਉਹ ਸਮਝਦੇ ਸਨ ਕਿ ਉਹਨਾਂ ਦੇ ਵਿੱਛੜੇ ਹੋਏ ਸਬੰਧੀ ਨੂੰ ਸ਼ਾਂਤੀ ਮਿਲ ਗਈ ਸੀ ਅਤੇ ਗ੍ਰੰਥੀ ਸਿੰਘ ਖੁਸ਼ ਸੀ ਕਿ ਉਸਦੀ ਜੇਬ ਗਰਮ ਹੋ ਗਈ ਸੀ ਅਰਦਾਸ ਭੇਟਾ ਕਾਰਨ। ਕੁਦਰਤੀ ਇਸੇ ਦਿਨ ਗ੍ਰੰਥੀ ਜੀ ਨੇ ਅਰਦਾਸ ਤੋਂ ਪਹਿਲਾਂ ਸ਼ਰਾਧ ਦੇ ਵਿਸ਼ੇ ਬਾਰੇ ਹੀ ਵਿਚਾਰ ਕਰਦੇ ਹੋਏ ਸੰਗਤਾਂ ਨੂੰ ਬਹੁਤ ਹੀ ਵਿਸਥਾਰ ਨਾਲ ਜਾਣੂ ਕਰਵਾਇਆ ਸੀ ਕਿ ਗੁਰਮਤਿ ਸਿਧਾਂਤ ਸ਼ਰਾਧ ਕਰਨ ਵਿੱਚ ਵਿਸ਼ਵਾਸ ਨਹੀਂ ਰੱਖਦਾ ਇਸ ਲਈ ਸਿੱਖ ਨੂੰ ਮਰੇ ਹੋਏ ਪ੍ਰਾਣੀ ਲਈ ਸ਼ਰਾਧ ਕਰਨਾ ਮਨ੍ਹਾ ਹੈ। ਭੋਗ ਉਪ੍ਰੰਤ ਜਦੋਂ ਗ੍ਰੰਥੀ ਸਿੰਘ ਨੂੰ ਨਿਮਰਤਾ ਸਹਿਤ ਪੁੱਛਿਆ ਗਿਆ ਕਿ ਭਾਈ ਜੀ ਸ਼ਰਾਧ ਤਾਂ ਆਪ ਜੀ ਨੇ ਕਰ ਦਿੱਤਾ ਹੈ, ਫਿਰ ਜੋ ਸਿੱਖਿਆ ਆਪ ਜੀ ਨੇ ਸਮਝਾਈ ਸੀ ਉਸਦਾ ਕੀ ਮਤਲਬ ਰਹਿ ਗਿਆ! ਅੱਗੋਂ ਗ੍ਰੰਥੀ ਜੀ ਨੂੰ ਕੁੱਝ ਨਾਂਹ ਔੜੇ।
ਹੁਣ ਦੇਖਦੇ ਹਾਂ ਕਿ ਪ੍ਰਬੰਧਕਾਂ ਅਤੇ ਸੰਗਤਾਂ ਨੇ ਇਸਨੂੰ ਕਿੰਨਾ ਕੁ ਅਪਣਾਇਆ? ਚਾਰ ਬੱਜਰ ਕੁਰਹਿਤਾਂ ਵਿਚੋਂ ਸਭ ਤੋਂ ਪਹਿਲਾਂ ਕੇਸ ਨਾਂਹ ਕਤਲ ਕਰਨ ਦੀ ਹੈ ਇਸ ਉੱਪਰ ਲਗਪਗ ਕਿਸੇ ਨੇ ਵੀ ਅਮਲ ਨਹੀਂ ਕੀਤਾ ਏਥੋਂ ਤਿੱਕਰ ਕਿ ਕਮੇਟੀ ਦੇ ਪ੍ਰਧਾਨ ਨੇ ਭੀ ਨਹੀਂ ਉਹ ਵੀ ਸਿਰਫ ਐਤਵਾਰ ਨੂੰ ਪੱਗ ਬੰਨ੍ਹ ਕੇ ਗੁਰਦੁਆਰੇ ਹਾਜ਼ਰੀ ਲਗਵਾਉਂਦਾ ਹੈ ਜਾਂ ਕੋਈ ਹੋਰ ਵਿਰਲਾ ਇਸ ਤਰਾਂ ਕਰਦਾ ਹੈ। ਜ਼ਿਆਦਾ ਤਰ ਤਾਂ, ਸਾਬਤ ਸੂਰਤ ਅਤੇ ਦਿਸਤਾਰ ਸਿਰਾ ਦੇ ਗੁਰਮਤੀ ਸਿਧਾਂਤ ਨੂੰ ਅਣਗੌਲਿਆ ਕਰਦੇ ਹੋਏ, ਰੁਮਾਲ ਬੰਨ੍ਹ ਕੇ ਹੀ ਬੁੱਤਾ ਸਾਰ ਲੈਂਦੇ ਹਨ। ਇਹ ਹੈ ਸਾਡੇ ਗੁਰਦੁਆਰਿਆਂ ਦੀ ਸੰਗਤ ਅਤੇ ਪ੍ਰਬੰਧਕਾਂ ਦਾ ਹਾਲ ਕੀ ਇਸ ਤਰਾਂ ਦੇ ਮਹੌਲ ਵਿੱਚ ਏਕਤਾ ਹੋ ਸਕਦੀ ਹੈ? ਜਾਂ ਸਾਨੂੰ ਏਕਤਾ ਬਾਰੇ ਪਤਾ ਵੀ ਹੈ ਕਿ ਇਹ ਕਿਸ ਸ਼ੈ ਦਾ ਨਾਮ ਹੈ? ਵੀਰੋ ਯਾਦ ਰੱਖੋ ਕਿ ਗੁਰੂ ਦੇ ਆਖੇ ਹੋਏ ਬੋਲਾਂ ਅਨੁਸਾਰ ਜੀਵਨ ਢੰਗ ਅਪਣਾਏ ਬਿਨਾਂ ਅਤੇ ਇੱਕ ਨਾਲ ਜੁੜਨ ਤੋਂ ਬਗੈਰ ਏਕਤਾ ਹੋਣੀ ਅਸੰਭਵ ਹੈ।
ਗੁਰਮਤਿ ਸੰਚਾਰ ਸਭਾ ਜਰਮਨੀ


(10/05/11)
ਤੱਤ ਗੁਰਮਤਿ ਪਰਿਵਾਰ

ਦੋ ਮਸ਼ਹੂਰ ‘ਬਾਬਿਆਂ’ ਦਾ ਚਲਾਣਾ
ਧਿਆਨ ਮੰਗਦੇ ਕੁਝ ਵਿਚਾਰ

ਅਪ੍ਰੈਲ 2011 ਦੇ ਮਹੀਨੇ ਵਿਚ ਡੇਰਾਵਾਦ ਨਾਲ ਸੰਬੰਧਿਤ ਦੋ ਮਸ਼ਹੂਰ ‘ਬਾਬੇ’ ਇਸ ਦੁਨੀਆ ਤੋਂ ਕੂਚ ਕਰ ਗਏ। ਇਕ ‘ਬਾਬਾ’ ਵਿਸ਼ਵ ਪ੍ਰਸਿੱਧ ਸੀ ਅਤੇ ਬਹੁਤੀਆਂ ਮਾਨਤਾਵਾਂ ਕਾਰਨ ਹਿੰਦੂ ਮੱਤ ਨਾਲ ਸੰਬੰਧਿਤ ਸੀ। ਦੂਜੇ ‘ਬਾਬਾ’ ਸਿੱਖ ਕੌਮ ਨਾਲ ਸੰਬੰਧਿਤ ਅਤੇ ‘ਕਾਰਸੇਵਾ ਪ੍ਰਣਾਲੀ’ ਦੇ ‘ਬਾਬਾ ਬੋਹੜ’ ਮੰਨਿਆਂ ਜਾਂਦਾ ਸੀ। ਇਹ ਹਸਤੀਆਂ ਜਿੱਥੇ ਅਪਣੇ ਅੰਧਵਿਸ਼ਵਾਸੀ ਸ਼ਰਧਾਲੂਆਂ ਲਈ ਬਹੁਤ ਪਹੁੰਚੀਆਂ ਹੋਈਆਂ ਸਨ, ਪਰ ਸੁਚੇਤ ਆਲੋਚਕ ਧਿਰਾਂ ਅਤੇ ਲੋਕ ਇਨ੍ਹਾਂ ਨੂੰ ਲੋਕਾਈ ਨੂੰ ਧਰਮ ਦੇ ਨਾਂ ’ਤੇ ਗੁੰਮਰਾਹ ਕਰਕੇ ਉਨ੍ਹਾਂ ਦਾ ਸਰਬਪੱਖੀ ਸੋਸ਼ਣ ਕਰਨ ਵਾਲੇ ਮੰਨਦੇ ਸਨ।
ਵਿਸ਼ਵ ਪ੍ਰਸਿੱਧ ਬਾਬਾ ‘ਸਤਿਆ ਸਾਂਈ’ ਕਰਾਮਾਤੀ ਸ਼ਕਤੀਆਂ ਦੇ ਮਾਲਿਕ ਵਜੋਂ ਮਸ਼ਹੂਰ ਸੀ। ਇਸ ਨੇ ਅਪਣੇ ਆਪ ਨੂੰ ਸ਼ਿਵ ਦਾ ਅਵਤਾਰ ਵੀ ਘੋਸ਼ਿਤ ਕੀਤਾ ਹੋਇਆ ਸੀ। ਅਵਤਾਰੀ ਪੁਰਸ਼ ਹੋਣ ਬਾਰੇ ‘ਸਾਂਈ ਬਾਬੇ’ ਵਲੋਂ ਹੋਰ ਵੀ ਕਈਂ ਦਾਅਵੇ ਸਮੇਂ-ਸਮੇਂ ਕੀਤੇ ਜਾਂਦੇ ਰਹੇ। ਸ਼ਿਵ ਦਾ ਅਵਤਾਰ ਕਹਾਉਂਦੇ ਇਸ ਪੁਰਸ਼ ਵਲੋਂ ਹੱਥ ਦੀ ਸਫਾਈ ਵਿਖਾਉਂਦਿਆਂ ਕੁਝ ਆਮ ਟਰਿਕਾਂ ਜਿਵੇਂ ਹਵਾ ਵਿਚੋਂ ਬਿਭੂਤੀ, ਅੰਗੂਠੀ ਆਦਿ ਕੱਢਣਾ ਨੂੰ ਕਰਾਮਾਤਾਂ ਮੰਨ ਕੇ ਆਮ ਲੋਕ ਪੈਰੋਕਾਰ ਬਣ ਜਾਂਦੇ ਸਨ। ਇਹ ਵੀ ਦਿਲਚਸਪ ਨੁਕਤਾ ਹੈ ਕਿ ਇਹ ਸਤਿਆ ਸਾਂਈ ਬਾਬਾ ਗਰੀਬ ਸ਼ਰਧਾਲੂਆਂ ਨੂੰ ਬਿਭੂਤੀ (ਰਾਖ) ਅਤੇ ਅਮੀਰ ਪੈਰੋਕਾਰਾਂ ਨੂੰ ਬੇਸ਼ਕੀਮਤੀ ਘੜੀਆਂ ਅਤੇ ਅੰਗੂਠੀਆਂ ਪ੍ਰਸਾਦ ਰੂਪ ਵਿਚ ਵੰਡਦਾ ਰਿਹਾ। ਇਨ੍ਹਾਂ ਸ਼ਰਧਾਲੂਆਂ ਵਿਚ ਪੇਂਡੂ ਲੋਕਾਂ ਤੋਂ ਲੈ ਕੇ ਵੱਡੀਆਂ ਮਸ਼ਹੂਰ ਹਸਤੀਆਂ ਵੀ ਸ਼ਾਮਿਲ ਸਨ। ਕ੍ਰਿਕੇਟ ਦਾ ਪ੍ਰਸਿੱਧ ਖਿਲਾੜੀ ਸਚਿਨ ਤੇਂਦੁਲਕਰ ਵੀ ਇਨ੍ਹਾਂ ਵਿਚੋਂ ਇਕ ਹੈ। ਇਸ ਦੇ ਪੈਰੋਕਾਰਾਂ ਦੀ ਗਿਣਤੀ ਕਰੋੜਾਂ ਵਿਚ ਦੱਸੀ ਜਾਂਦੀ ਹੈ ਅਤੇ ਇਹ ਵੀ ਦਾਅਵਾ ਕੀਤਾ ਜਾਂਦਾ ਹੈ ਕਿ ਇਸ ਦੇ ਪੈਰੋਕਾਰਾਂ ਵਿਚ ਸਾਰੇ ਮੱਤਾਂ (ਧਰਮਾਂ) ਦੇ ਲੋਕ ਸ਼ਾਮਿਲ ਸਨ। ਵੋਟਾਂ ਦੇ ਸਵਾਰਥ ਕਾਰਨ ਰਾਜਨੀਤਕ ਲੋਕਾਂ ਦਾ ਐਸੇ ਬਾਬਿਆਂ ਦੀ ਸ਼ਰਣ ਵਿਚ ਜਾਣਾ ਤਾਂ ਅਚੰਭੇ ਵਾਲੀ ਗੱਲ ਨਹੀਂ, ਪਰ ਸਚਿਨ ਤੇਂਦੁਲਕਰ ਵਰਗੀਆਂ ਮਸ਼ਹੂਰ ਹਸਤੀਆਂ, ਜੋ ਖਾਸਕਰ ਨੌਜਵਾਨ ਵਰਗ ਲਈ ਪ੍ਰੇਰਨਾਸ੍ਰੋਤ ਹੁੰਦੀਆਂ ਹਨ, ਵਲੋਂ ਅੰਧਵਿਸ਼ਵਾਸ ਦੇ ਪ੍ਰਭਾਵ ਹੇਠ ਐਸੇ ਤਥਾਕਥਿਤ ਸਾਧਾਂ ਦੀ ਸ਼ਰਨ ਵਿਚ ਜਾਣਾ ਕਰੋੜਾਂ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਅਫਸੋਸਜਨਕ ਹੈ। ਜੇ ਐਸੀਆਂ ਹਸਤੀਆਂ ਸੁਚੇਤ ਹੋ ਕੇ ਡੇਰਾਵਾਦ ਦਾ ਵਿਰੋਧ ਕਰਨ ਅਤੇ ਆਮ ਲੋਕਾਂ ਵਿਚ ਜਾਗ੍ਰਤੀ ਲਿਆਉਣ ਦੀ ਕੋਸ਼ਿਸ਼ ਕਰਨ ਤਾਂ ਆਮ ਲੋਕਾਈ ਨੂੰ ਭਰਮਜਾਲ ਵਿਚੋਂ ਕੱਢਣ ਵਿਚ ਬਹੁਤ ਲਾਹੇਵੰਦ ਹੋ ਸਕਦਾ ਹੈ।
ਅਪਣੇ ਪੈਰੋਕਾਰਾਂ ਲਈ ਸਾਂਈ ਬਾਬਾ ‘ਰੱਬ’ ਵਾਂਗ ਸੀ, ਪਰ ਆਲੋਚਕਾਂ ਅਨੁਸਾਰ ਇਹ ਅਨੇਕਾਂ ਵਿਵਾਦਾਂ ਦਾ ਕੇਂਦਰ ਵੀ ਸੀ। ਜਿਵੇਂ ਜਲਯੋਜਨਾ, ਜਾਦੂਈ ਟਰਿਕਾਂ, ਆਲੋਚਕਾਂ ਦੇ ਕਤਲ ਦਾ ਇਲਜ਼ਾਮ ਆਦਿਕ ਵਿਵਾਦ। ਇਕ ਵੱਡਾ ਇਲਜ਼ਾਮ ਅਪਣੇ ਡੇਰੇ ਵਿਚ ਕੁਝ ਕਿਸ਼ੋਰ ਲੜਕਿਆਂ ਦੇ ਯੋਨ-ਸ਼ੋਸ਼ਨ ਦਾ ਵੀ ਸੀ। ਇਹ ਬਾਬਾ ਭਾਰਤ ਦੀ ਬਦੌਲਤ ਪੂਰੇ ਵਿਸ਼ਵ ਵਿਚ ਫੈਲੇ ‘ਡੇਰਾਵਾਦ’ ਦਾ ਬ੍ਰਾਂਡ ਅੰਬੈਸਡਰ ਕਿਹਾ ਜਾ ਸਕਦਾ ਸੀ। ਡੇਰਾਵਾਦ ਆਮ ਲੋਕਾਈ ਨੂੰ ਧਰਮ ਅਤੇ ਬਖਸ਼ਿਸ਼ਾਂ ਦੇ ਨਾਂ ’ਤੇ ਪਿੱਛੇ ਲਾ ਕੇ ਉਸ ਦਾ ਸਰਬਪੱਖੀ ਸੋਸ਼ਣ ਕਰਦਾ ਹੈ। ਮੀਡੀਆ ਦੇ ਫੈਲਾਅ ਕਾਰਨ ਬਹੁੱਤੇ ਡੇਰਿਆਂ ਦੀਆਂ ਮੰਦ ਕਰਤੂਤਾਂ ਸਾਹਮਣੇ ਆ ਰਹੀਆਂ ਹਨ, ਪਰ ਗਿਆਨ-ਵਿਹੂਣੀ ਲੋਕਾਈ ਵਿਚ ਇਨ੍ਹਾਂ ਦਾ ਪ੍ਰਭਾਵ ਉਤਨਾਂ ਨਹੀਂ ਘੱਟ ਰਿਹਾ। ਮੀਡੀਆ ਜਿੱਥੇ ਕਈਂ ਵਾਰ ਇਨ੍ਹਾਂ ਡੇਰੇਦਾਰਾਂ ਦੀਆਂ ਮੰਦ ਕਰਤੂਤਾਂ ਸਾਹਮਣੇ ਲਿਆਉਂਦਾ ਹੈ, ਉੱਥੇ ਇਹ ਵੀ ਕੜਵਾ ਸੱਚ ਹੈ ਕਿ ਇਨ੍ਹਾਂ ਬਾਬਿਆਂ ਦੀ ਮਾਨਤਾ ਕਰਵਾ ਕੇ ਭਰਮਜਾਲ ਫੈਲਾਉਣ ਵਿਚ ਵੀ ਇਹੀ ਮੀਡੀਆ ਵੱਡਾ ਰੋਲ ਨਿਭਾ ਰਿਹਾ ਹੈ। ਮੀਡੀਆ ਨੂੰ ਇਸ ਆਪਾ-ਵਿਰੋਧੀ ਪਹੁੰਚ ਨੂੰ ਤਿਆਗਣਾ ਚਾਹੀਦਾ ਹੈ।
ਹੁਣ ਗੱਲ ਕਰਦੇ ਹਾਂ ਸਿੱਖ ਕੌਮ ਨਾਲ ਸੰਬੰਧਿਤ ਦੂਜੇ ‘ਬਾਬੇ’ ਹਰਬੰਸ ਸਿੰਘ ਜੀ ਕਾਰਸੇਵਾ ਵਾਲੇ ਦੀ। ਕਈਂ ਹੋਰ ‘ਕਾਰਸੇਵਾ ਵਾਲੇ ਬਾਬਿਆਂ’ ਵਾਂਗੂ ਇਸ ਬਾਬੇ ’ਤੇ ਭ੍ਰਿਸ਼ਟਾਚਾਰੀ ਹੋਣ ਦੇ ਇਲਜ਼ਾਮ ਕਦੀ ਨਹੀਂ ਲੱਗੇ। ਉਸ ਪੱਖੋਂ ਇਹ ਬੇਲਾਗ ਮੰਨੇ ਜਾ ਸਕਦੇ ਹਨ। ਆਮ ਸਿੱਖਾਂ ਵਿਚ ਇਨ੍ਹਾਂ ਦੀ ਵੀ ਕਾਫੀ ਮਾਨਤਾ ਹੈ। ਸਿਆਸੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ (ਖਾਸਕਰ ਦਿਲੀ ਕਮੇਟੀ) ਦੀ ਵੀ ਇਨ੍ਹਾਂ ਨੂੰ ਸਰਪ੍ਰਸਤੀ ਹਾਸਲ ਸੀ। ਪਰ ਸੁਚੇਤ ਪੰਥਕ ਧਿਰਾਂ ਵਲੋਂ ਕੌਮ ਵਿਚ ਫੇਲੇ ਬਾਬਾਵਾਦ ਵਾਂਗੂ ਇਸ ਕਾਰਸੇਵਾ ਪ੍ਰਣਾਲੀ ਦੀ ਵੀ ਜਾਇਜ਼ ਆਲੋਚਣਾ ਕੀਤੀ ਜਾਂਦੀ ਰਹੀ ਹੈ।
ਕਾਰਸੇਵਾ ਵਾਲਿਆਂ ਬਾਬਿਆਂ ਨੇ ਬੇਸ਼ਕੀਮਤੀ ਕੌਮੀ ਧਨ ਗੁਰਦੁਆਰਾ ਇਮਾਰਤਾਂ ਦੇ ਸੰਗਮਰਮਰ ਅਤੇ ਸੋਨਾ ਮੜਨ ਉਪਰ ਬਰਬਾਦ ਕਰ ਦਿੱਤਾ। ਇਨ੍ਹਾਂ ‘ਬਾਬਿਆਂ’ ਵਲੋਂ ਵੱਡਮੁਲੀ ਕੌਮੀ ਇਤਿਹਾਸਿਕ ਵਿਰਾਸਤੀ ਇਮਾਰਤਾਂ ਨੂੰ ਨੇਸਤੋਨਾਬੂਤ ਕਰਕੇ, ਉਨ੍ਹਾਂ ਦੀ ਥਾਂ ਵੱਡੀਆਂ ਸੰਗਮਰਮਰੀ ਇਮਾਰਤਾਂ ਖੜੀਆਂ ਕਰ ਦਿਤੀਆਂ ਗਈਆਂ। ਜਦੋਂਕਿ ਅੱਜ ਸਮੁੱਚਾ ਵਿਸ਼ਵ ਐਸੀਆਂ ਇਤਿਹਾਸਿਕ ਵਿਰਾਸਤਾਂ ਨੂੰ ਉਨ੍ਹਾਂ ਦੇ ਮੂਲ਼ ਰੂਪ ਵਿਚ ਬਚਾਉਣ ਲਈ ਯਤਨ ਕਰ ਰਿਹਾ ਹੈ। ਜਿਹੜਾ ਕੌਮੀ ਧਨ ਅਤਿ ਲੌੜੀਂਦੇ ਸਮਾਜਿਕ ਕਾਰਜਾਂ ਵਿਚ ਖਰਚ ਕੀਤਾ ਜਾਣਾ ਚਾਹੀਦਾ ਸੀ, ਉਹ ਅੱਜ ਸੰਗਮਰਮਰੀ ਬਿੰਲਡਿੰਗਾਂ ਅਤੇ ਸੋਨੇ ਦੇ ਗੁੰਬਦਾਂ/ ਪਾਲਕੀਆਂ ਦੇ ਰੂਪ ਵਿਚ ਤਬਾਹ ਹੋ ਗਿਆ ਹੈ। ਅੱਜ ਗੁਰਦੁਆਰਾ ਇਮਾਰਤਾਂ ਬੇਸ਼ਕ ਪੱਕੀਆਂ ਅਤੇ ਵਿਸ਼ਾਲ ਹੋ ਗਈਆਂ ਹਨ, ਪਰ ਸਿੱਖਾਂ ਦੀ ਕਚਿਆਈ ਦਿਨੋਂ ਦਿਨ ਵੱਧਦੀ ਜਾ ਰਹੀ ਹੈ, ਕਾਰਨ ਜ਼ਿਆਦਾਤਰ ਗੁਰਦੁਆਰੇ ‘ਧਰਮਸਾਲ’ (ਧਰਮ ਪ੍ਰਚਾਰ ਦੇ ਕੇਂਦਰ) ਨਾ ਹੋ ਕੇ ‘ਕਰਮਕਾਂਡਾਂ ਦੇ ਅੱਡੇ’ ਬਣ ਕੇ ਰਹਿ ਗਏ ਹਨ। ਕਿਸੇ ਵਿਰਲੇ ਗੁਰਦੁਆਰੇ ਵਿਚੋਂ ਹੀ ਗੁਰਬਾਣੀ ਸੰਦੇਸ਼ ਦੀ ਖੁਸ਼ਬੂ ਮਿਲਦੀ ਹੋਵੇਗੀ, ਬ੍ਰਾਹਮਣਵਾਦੀ ਤਰਜ਼ ਦੇ ਕਰਮਕਾਂਡਾਂ ਅਤੇ ਅੰਧਵਿਸ਼ਵਾਸਾਂ ਦੀ ਬਦਬੂ ਲਗਭਗ ਹਰ ਗੁਰਦੁਆਰੇ (ਖਾਸਕਰ ਇਤਿਹਾਸਿਕ ਕਹਾਉਂਦੇ) ਵਿਚੋਂ ਖੁੱਲੀ ਮਿਲ ਰਹੀ ਹੈ। ਇਨ੍ਹਾਂ ‘ਬਾਬਿਆਂ’ ਦੀ ਕੌਮ ਵਿਚ ਮਾਨਤਾ ਕਰਵਾਉਣ ਵਿਚ ਭ੍ਰਿਸ਼ਟ ਸਿਆਸੀ ਆਗੂਆਂ ਅਤੇ ਉਨ੍ਹਾਂ ਦੇ ਪ੍ਰਭਾਵ ਹੇਠਲੀਆਂ ਪ੍ਰਬੰਧਕ ਕਮੇਟੀਆਂ (ਦਿਲੀ ਅਤੇ ਅੰਮ੍ਰਿਤਸਰ ਸਮੇਤ ਬਹੁਤੇ ਗੁਰਦੁਆਰਾ ਪ੍ਰਬੰਧਕ) ਜ਼ਿੰਮੇਵਾਰ ਹਨ। ਸਿੱਖ ਕੌਮ ਅਪਣੇ ਫਲਸਫੇ ਦੇ ਪ੍ਰਚਾਰ ਦੇ ਖੇਤਰ ਵਿਚ ਬਹੁਤ ਪਛੜ ਚੁੱਕੀ ਹੈ। ਇਸ ਦਾ ਵੱਡਾ ਕਾਰਨ ਹੈ ਕਿ ਇਸ ਦਾ ਲਗਭਗ ਸਾਰਾ ਕੌਮੀ ਧਨ (ਗਲਤ ਹੱਥਾਂ ਵਿਚ ਹੋਣ ਕਾਰਨ) ਬੇਲੋੜੇ ਕੰਮਾਂ ਉੱਤੇ ਉਜਾੜਿਆ ਜਾ ਰਿਹਾ ਹੈ। ਇਸ ਉਜਾੜੇ ਵਿਚ ਇਕ ਵੱਡਾ ਹੱਥ ਇਸ ਕਾਰਸੇਵਾ ਪ੍ਰਣਾਲੀ ਦਾ ਹੈ।
‘ਬਾਬਾ’ ਹਰਬੰਸ ਸਿੰਘ ਜੀ ਦਾ ਸਾਦੇ ਜੀਵਨ ਬਾਰੇ ਬਹੁੱਤ ਪ੍ਰਚਾਰ ਕੀਤਾ ਜਾਂਦਾ ਹੈ। ਬੇਸ਼ਕ ਇਸ ਵਿਚ ਸੱਚਾਈ ਵੀ ਹੋਵੇਗੀ, ਪਰ ਉਨ੍ਹਾਂ ਦੇ ਚਲਾਣੇ ਤੋਂ ਬਾਅਦ ਉਨ੍ਹਾਂ ਦੇ ਪੈਰੋਕਾਰਾਂ ਵਲੋਂ ਕੀਤੇ ਬੇਲੋੜੇ ਵਿਖਾਵੇ ਨੇ ਇਸ ਦਾਅਵੇ ਨੂੰ ਧੁੰਦਲਾ ਕਰ ਦਿੱਤਾ ਹੈ। ਹੈਲੀਕਾਪਟਰ ਰਾਹੀਂ ਅਰਥੀ ਵਾਲੇ ਜਲੂਸ ਤੇ ਫੁਲਾਂ ਦੀ ਬਰਖਾ, ਚੰਦਨ ਦੀ ਲਕੜੀਆਂ ਨਾਲ ਸਸਕਾਰ ਸਮੇਤ ਹੋਰ ਬਹੁੱਤੇ ਬੇਲੋੜੇ ਵਿਖਾਵਿਆਂ ਅਤੇ ਕਰਮਕਾਂਡਾਂ ਨੇ ਇਸ ਸਾਦਗੀ ਦੇ ਦਾਅਵੇ ਤੇ ਪ੍ਰਸ਼ਨਚਿੰਨ੍ਹ ਲਾ ਦਿੱਤਾ ਹੈ। ਇਤਨਾਂ ਤਾਂ ਪ੍ਰਗਟ ਹੀ ਹੈ ਕਿ ਹਰਬੰਸ ਸਿੰਘ ਅਪਣੇ ਪੈਰੋਕਾਰ ਨੂੰ ਸਾਦਗੀ ਵਿਚ ਰਹਿਣ ਦੀ ਸਿੱਖਿਆ (ਜਾਂ ਤਾਕੀਦ ) ਨਹੀਂ ਦੇ ਗਏ। ਵਿਖਾਵਿਆਂ ਦੇ ਜਲੂਸ ਵਿਚ ‘ਸ਼ਰਧਾ’ ਦਾ ਪ੍ਰਗਟਾਵਾ ਕਰ ਰਹੀ ‘ਸੰਗਤ’ ਇਸ ਗੁਰਵਾਕ ਨੂੰ ਬਿਲਕੁਲ ਮਨੋਂ ਵਿਸਾਰ ਗਈ
ਜੇ ਮਿਰਤਕ ਕਉ ਚੰਦਨੁ ਚੜਾਵੈ॥ ਉਸ ਤੇ ਕਹਹੁ ਕਵਨ ਫਲ ਪਾਵੈ॥
ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ॥ ਤਾਂ ਮਿਰਤਕ ਕਾ ਕਿਆ ਘਟਿ ਜਾਈ॥ (ਪੰਨਾ 1160)
ਹਰਬੰਸ ਸਿੰਘ ਜੀ ਦੀ ਅੰਤਿਮ ਸੰਸਕਾਰ ਦੀਆਂ ਰਸਮਾਂ ਦੇ ਨਾਂ ’ਤੇ ਬ੍ਰਾਹਮਣਵਾਦੀ ਤਰਜ਼ ਦੇ ਕਰਮਕਾਂਡਾਂ ਦਾ ਜੋ ਖੁੱਲਾ ਪ੍ਰਦਰਸ਼ਨ ਕੀਤਾ ਗਿਆ, ਉਸ ਤੋਂ ਤਾਂ ਇਹੀ ਝਲਕਾਰਾ ਮਿਲਦਾ ਹੈ ਕਿ ਇਨ੍ਹਾਂ ਬਾਬਿਆਂ ਦੀ ਸਿੱਖਿਆ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰਵਾ ਕੇ, ਲੋਕਾਂ ਵਲੋਂ ਬੇਅਕਲੀ ਨਾਲ ਦਾਨ ਦੇਣ ਤੱਕ ਹੀ ਸੀਮਿਤ ਹੈ, ਬਾਕੀ ਗੁਰਬਾਣੀ ਨੂੰ ਸਮਝ ਕੇ ਉਸ ਨੂੰ ਜੀਵਨ ਦਾ ਆਧਾਰ ਬਣਾਉਣ ਵਾਲੀ ਸਿੱਖਿਆ ਨਾਲ ਇਨ੍ਹਾਂ ਦਾ ਕੋਈ ਵਾਸਤਾ ਨਹੀਂ ਹੈ।
‘ਬਾਬਾ ਜੀ’ ਨੂੰ ਸ਼ਰਧਾਂਜਲੀ ਪ੍ਰਗਟ ਕਰਦੇ ਹੋਏ ਲਗਭਗ ਹਰ ਸਿੱਖ, ਸ਼ਖਸੀਅਤ ਨੇ ਉਨ੍ਹਾਂ ਨੂੰ ਸੇਵਾ ਦਾ ਪੁੰਜ ਦੱਸਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ (ਜੋ ਅਪਣੀ ਪੰਥ ਵਿਰੋਧੀ ਹਰਕਤਾਂ ਕਾਰਨ ਪਹਿਲਾਂ ਹੀ ਬਹੁਤ ਵਿਵਾਦਾਂ ਦਾ ਕੇਂਦਰ ਹਨ) ਨੇ ਤਾਂ ਉਨ੍ਹਾਂ ਨੂੰ ਸਟੇਜ ਤੋਂ ‘ਪੰਥ ਰਤਨ’ ਦੇ ਖਿਤਾਬ ਨਾਲ ਵੀ ਨਿਵਾਜ ਦਿੱਤਾ। ‘ਬਾਬਾ ਜੀ’ ਦੀ ਸਾਰੀ ਉਮਰ ਦੀ ਕਮਾਈ (ਸੇਵਾ) ਸੀ ਗੁਰਦੁਆਰਾ ਇਮਾਰਤਾਂ ਉਤੇ ਸੋਨਾ ਅਤੇ ਸੰਗਮਰਮਰ ਮੜਨਾ। ਪਰ ਇਸ ‘ਸੇਵਾ’ ਬਾਰੇ ਤਾਂ ਗੁਰਬਾਣੀ ਕਹਿੰਦੀ ਹੈ:
ਕੰਚਨ ਸਿਉ ਪਾਈਐ ਨਹੀ ਤੋਲਿ॥ ਮਨੁ ਦੇ ਰਾਮੁ ਲੀਆ ਹੈ ਮੋਲਿ॥ (ਪੰਨਾ 327)
ਭਾਵ ਜਿਹੜੇ ਮਨ ਕਰਕੇ ਪ੍ਰਭੂ (ਰਾਮ) ਨਾਲ ਜੁੜੇ ਹੁੰਦੇ ਹਨ ਉਹ ਸੋਨੇ, ਸੰਗਰਮਰਮਰ, ਚੰਦਨ (ਦਾਨ) ਆਦਿ ਦੀ ਖੇਡਾਂ ਵਿਚ ਨਹੀਂ ਉਲਝਦੇ ਹਾਂ।
ਅਫਸੋਸ! ਸ਼ਖਸੀਅਤ ਪ੍ਰਸਤੀ (ਬੰਦਾ-ਪੂਜ) ਦੀ ਦਲਦਲ ਵਿਚ ਫਸਿਆ ਕੌਮ ਦਾ ਬਹੁਤਾ ਹਿੱਸਾ ਉਪਰੋਕਤ ਗੁਰਬਾਣੀ ਸੇਧ ਨੂੰ ਵਿਸਾਰੀ ਬੈਠਾ ਹੈ। ਜੇ ਅਸੀਂ ਗੁਰਬਾਣੀ ਦੀ ਸੇਧ ਨੂੰ ਅਪਣਾਉਂਦੇ ਤਾਂ ਇਹ ‘ਡੇਰਾਵਾਦ’, ‘ਬਾਬਾਵਾਦ’ ਦੀ ਬੀਮਾਰੀਆਂ ਕੌਮ ਨੂੰ ਨਾ ਚੰਬੜੀਆਂ ਹੁੰਦੀਆਂ।
ਅਨਮਤਾਂ ਵਿਚ ਡੇਰਾਵਾਦ ਦਾ ਮਿਲਣਾ ਕੋਈ ਅਚੰਭੇ ਵਾਲੀ ਗੱਲ ਨਹੀਂ ਹੈ, ਕਿਉਂਕਿ ਇਹ ਉਨ੍ਹਾਂ ਦੇ ਫਲਸਫੇ ਦਾ ਹਿੱਸਾ ਹੈ। ਪਰ ਸਿੱਖ ਕੌਮ ਵਿਚ ਇਸ ਦਾ ਮਿਲਣਾ ਬੇਸ਼ਕ ਅਫਸੋਸਜਨਕ ਹੈ, ਕਿਉਂਕਿ ਗੁਰਮਤਿ ਐਸੀਆਂ ਕੁ-ਪ੍ਰੰਰਪਰਾਵਾਂ ਦਾ ਭਰਪੂਰ ਖੰਡਨ ਕਰਦੀ ਹੈ। ਇਸ ਸਮੇਂ ਸਮੁੱਚੀ ਲੋਕਾਈ ਨੂੰ ਇਸ ਡੇਰਾਵਾਦ ਬਾਰੇ ਸੁਚੇਤ ਕਰਕੇ ਇਸ ਸਮਾਜਿਕ ਬੁਰਾਈ ਖਿਲਾਫ ਇਕ ਸੰਘਰਸ਼ ਵਿੱਢਣ ਦੀ ਲੋੜ ਹੈ। ਸਿੱਖ ਕੌਮ ਇਸ ਸੰਗਰਸ਼ ਦੀ ਝੰਡਾ-ਬਰਦਾਰ ਹੋਣੀ ਚਾਹੀਦੀ ਹੈ। ਪਰ ਉਸ ਲਈ ਲੋੜ ਹੈ ਕਿ ਅਪਣੇ ਵਿਹੜੇ ਵਿਚੋਂ ਡੇਰਾਵਾਦ, ਬਾਬਾਵਾਦ ਦੇ ਇਨ੍ਹਾਂ ਖਰਪ-ਪਤਵਾਰਾਂ ਦੀ ਸਫਾਈ ਕੀਤੀ ਜਾਵੇ। ਆਸ ਹੈ ਇਸ ਖੇਤਰ ਵਿਚ ਪਹਿਲਾਂ ਤੋਂ ਕੰਮ ਕਰ ਰਹੀਆਂ ਸੁਚੇਤ ਪੰਥਕ ਧਿਰਾਂ, ਇਸ ਸੰਘਰਸ਼ ਨੂੰ ਲੋਕ ਲਹਿਰ ਬਣਾਉਣ ਲਈ ਮਿਲ ਕੇ ਹੰਭਲਾ ਮਾਰਨਗੀਆਂ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ


(09/05/11)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸ. ਜਸਬੀਰ ਸਿੰਘ ਕੈਲਗਿਰੀ ਜੀਓ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ।

ਆਪ ਜੀ ਦੇ ਸਿਖਮਾਰਗ ਵੈਬਸਾਈਟ ਤੇ 08. 05. 2011 ਨੂੰ ਆਏ ਪੱਤਰ ਲਈ ਆਪ ਜੀ ਦਾ ਧੰਨਵਾਦ ਹੈ ਜੀ।

ਇੱਥੇ ਦੋ ਅੱਲਗ-ਅੱਲਗ ਸਥਿਤੀਆਂ ਦੀ ਗੱਲ ਹੋ ਰਹੀ ਹੈ। ਇੱਕ ਛੇਵੇਂ ਗੁਰੂ ਜੀ ਦਾ ਸਮਾਂ ਅਤੇ ਦੂਸਰਾ ਅਜੋਕਾ ਸਮਾਂ। ਛੇਵੇਂ ਗੁਰੂ ਜੀ ਦੇ ਸਮੇਂ ਸ੍ਰੀ ਗੁਰੂ ਗ੍ਰੰਥ ਜੀ ਮੌਜੂਦ ਨਹੀਂ ਸਨ, ਉਸ ਵਕਤ ਦਰਬਾਰ ਸਾਹਿਬ ਵਿੱਚ ਸ੍ਰੀ ਆਦਿ ਗ੍ਰੰਥ ਦਾ ਪਰਕਾਸ਼ ਸੀ। ਸ੍ਰੀ ਆਦਿ ਗ੍ਰੰਥ ਨੂੰ ਗਿਆਰ੍ਹਵੇਂ ਗੁਰੂ ਵਜੋਂ ਗੁਰਗੱਦੀ ਬਹੁਤ ਸਮਾਂ ਪਿੱਛੋਂ ਜਾ ਕੇ ਮਿਲੀ ਹੈ (ਬਦਕਿਸਮਤੀ ਨਾਲ ਬਹੁਤੇ ਸਿਖ ਇਸ ਫਰਕ ਨੂੰ ਨਹੀਂ ਸਮਝਦੇ)। ਛੇਵੇਂ ਗੁਰੂ ਜੀ ਨੇ ਸ੍ਰੀ ਆਦਿ ਗ੍ਰੰਥ ਵਿੱਚ ਮੌਜੂਦ ਗੁਰਬਾਣੀ ਦੇ ਮੀਰੀ ਦੇ ਪੱਖ ਨੂੰ ਸਿਖ ਮੱਤ ਵਿੱਚ ਉਜਾਗਰ ਕਰਨ ਦੇ ਵਿਸ਼ੇਸ਼ ਮਕਸਦ ਦੀ ਪਰਾਪਤੀ ਲਈ ਵਰਤੇ ਜਾਣ ਵਾਲੇ ਹੋਰ ਕਈ ਅੰਸ਼ਾਂ ਦੇ ਨਾਲ-ਨਾਲ ਆਪਣਾ ਤਖਤ ਵੀ ਉਸਾਰਿਆ ਸੀ। ਪਰੰਤੂ ਉਹ ਤਖਤ ਆਪਣੇ ਮੌਲਿਕ ਰੂਪ ਵਿੱਚ ਮੌਜੂਦ ਨਹੀਂ ਰਿਹਾ। ਦੂਸਰੇ ਪਾਸੇ ਅਜੋਕੇ ਸਮੇਂ ਵਿੱਚ ਸਾਡੇ ਗਿਆਰ੍ਹਵੇਂ ਗੁਰੂ ਜੀ ਸ੍ਰੀ ਗੁਰੂ ਗ੍ਰੰਥ ਜੀ ਹਨ। ਅੱਜ ਸਾਨੂੰ ਆਪਣੇ ਅੱਜ ਦੇ ਗੁਰੂ ਜੀ ਦੇ ਤਖਤ ਦੀ ਪਛਾਣ ਕਰਨੀ ਚਾਹੀਦੀ ਹੈ। ਪਹਿਲੀ ਸਥਿਤੀ ਨੂੰ ਸਪਸ਼ਟ ਕਰਨ ਲਈ ਹੀ ਇਸ ਦੂਸਰੀ ਸਥਿਤੀ ਵੱਲ ਆਪ ਜੀ ਦਾ ਧਿਆਨ ਦੁਆਉਣਾ ਪਿਆ ਅਤੇ ਸਾਡੇ ਅੱਜ ਦੇ ਗੁਰੂ ਜੀ ਸ੍ਰੀ ਗੁਰੂ ਗ੍ਰੰਥ ਜੀ ਦੀ ਅਤੇ ਉਹਨਾਂ ਪ੍ਰਤੀ ‘ਸ਼ਰਧਾ’ ਦੀ ਵੀ ਗੱਲ ਹੋ ਗਈ। ਪਰੰਤੂ ਅਸੀਂ ਹਾਂ ਕਿ ਸਾਡੇ ਅੱਜ ਦੇ ਗੁਰੂ ਜੀ ਦੇ ਤਖਤ ਦੀ ਪਛਾਣ ਕਰਨ ਦੀ ਬਜਾਏ ਹੇਠਾਂ ਦਿੱਤੇ ਦੋ ਵੱਡੇ ਝੂਠ ਬੋਲ ਰਹੇ ਹਾਂ:

1. ਛੇਵੇਂ ਗੁਰੂ ਜੀ ਦੇ ਅਲੋਪ ਹੋਏ ਤਖਤ ਦੀ ਜਗਹ ਤੇ ਉੱਸਰੀ ਹੋਈ ‘ਇਮਾਰਤ’ ਛੇਵੇਂ ਗੁਰੂ ਜੀ ਦਾ ਤਖਤ ਹੈ।

(ਤਖਤ ਅਤੇ ਇਮਾਰਤ ਦਾ ਫਰਕ ਹੁੰਦਾ ਹੈ। ਇਮਾਰਤ ਤਖਤ ਨਹੀਂ ਹੁੰਦੀ, ਨਾ ਹੀ ਤਖਤ ਇਮਾਰਤ ਹੁੰਦਾ ਹੈ।)

2. ਛੇਵੇਂ ਗੁਰੂ ਜੀ ਦੇ ਅਲੋਪ ਹੋਏ ਤਖਤ ਦੀ ਜਗਹ ਤੇ ਉੱਸਰੀ ਹੋਈ ਇਮਾਰਤ ਦਾ ਨਾਮ ‘ਅਕਾਲ ਤਖਤ’ ਹੈ।

( ‘ਅਕਾਲ ਤਖਤ’ ਤਾਂ ਛੇਵੇਂ ਗੁਰੂ ਜੀ ਦੇ ਅਲੋਪ ਹੋਏ ਤਖਤ ਦਾ ਨਾਮ ਵੀ ਨਹੀਂ ਸੀ।)

ਹੁਣ ਸਾਨੂੰ ਆਪਣੇ ਆਪ ਨੂੰ ਸਵਾਲ ਪੁੱਛਣਾ ਚਾਹੀਦਾ ਹੈ: ਕੀ ਅਸੀਂ ਝੂਠਿਆਂ ਦੀ ਕੌਮ ਹਾਂ? ਜੇ ਨਹੀਂ ਤਾਂ ਅਸੀਂ ਉੱਪਰ ਦੱਸੇ ਦੋ ਝੂਠ ਕਿਉਂ ਬੋਲਦੇ ਆ ਰਹੇ ਹਾਂ? ਹੈ ਕੋਈ ਗੁਰੂ ਜੀ ਦਾ ਸੱਚਾ-ਸੁੱਚਾ ਸਿੱਖ ਜੋ ਇਸ ਸਵਾਲ ਦਾ ਜਵਾਬ ਦੇ ਦੇਵੇ!

ਸ. ਜਸਬੀਰ ਸਿੰਘ ਜੀ, ਆਪ ਕਹਿਣਾ ਚਾਹੁੰਦੇ ਹੋ ਕਿ ਛੇਵੇਂ ਗੁਰੂ ਜੀ ਦਾ ਤਖਤ ਦੋਖੀਆਂ ਵੱਲੋਂ ਢਾ ਦਿੱਤਾ ਗਿਆ ਸੀ ਅਤੇ “ਸਿੱਖਾਂ ਦੇ ਆਪਸੀ ਗੁਰਮਤੇ ਨਾਲ ਬਿਲਡਿੰਗ ਦੀ ਉਸਾਰੀ ਨਵੇਂ ਸਿਰੇ ਹੋ ਗਈ”। ਮੇਰੀਆਂ ਲਿਖਤਾਂ ਵਿੱਚੋਂ ਲਈਆਂ ਦੋ ਟੂਕਾਂ (ਜਿਹਨਾਂ ਨੂੰ ਕੱਟਣ ਲਈ ਆਪ ਜੀ ਆਦੇਸ਼ ਦੇ ਰਹੇ ਹੋ) ਵਿਚਲੇ ਤੱਥ ਤਾਂ ਸਹੀ ਹਨ ਅਤੇ ਆਪ ਜੀ ਖੁਦ ਵੀ ਇਹਨਾਂ ਨੂੰ ਸਹੀ ਸਾਬਤ ਕਰ ਰਹੇ ਹੋ ਜਦੋਂ ਆਪ ਜੀ ਕਹਿੰਦੇ ਹੋ ਕਿ ਕਿ ਛੇਵੇਂ ਗੁਰੂ ਜੀ ਦੇ ਤਖਤ ਨੂੰ ਦੋਖੀਆਂ ਵੱਲੋਂ ਅਲੋਪ ਕਰ ਦਿੱਤੇ ਜਾਣ ਤੇ ਸਿੱਖਾਂ ਵੱਲੋਂ ਇਸ ਦੀ ਜਗਹ ਤੇ (ਗੁਰਮਤੇ ਰਾਹੀਂ) ਇੱਕ ਇਮਾਰਤ ਉਸਾਰ ਦਿੱਤੀ ਗਈ ਸੀ। ਹੁਣ ਇਮਾਰਤ ਤਾਂ ਤਖਤ ਨਹੀਂ ਹੂੰਦੀ। ਆਪ ਜੀ ਦਾ ਦਾਵਾ ਤਾਂ ਹੀ ਸਹੀ ਹੁੰਦਾ ਜੇਕਰ ਛੇਵੇਂ ਗੁਰੂ ਜੀ ਦੇ ਤਖਤ ਦੀ ਜਗਹ ਤੇ ਉਸ ਵਰਗਾ ਹੀ ਇੱਕ ਹੋਰ ਤਖਤ ਉਸਾਰ ਲਿਆ ਜਾਂਦਾ ਐਨ ਉਸੇ ਤਰ੍ਹਾਂ ਜਿਵੇਂ ਦਰਬਾਰ ਸਾਹਿਬ ਦੇ ਨਵ-ਨਿਰਮਾਣ ਵੇਲੇ ਪਹਿਲਾਂ ਵਰਗਾ ਢਾਂਚਾ (structure) ਉਸਾਰ ਲਿਆ ਗਿਆ ਸੀ।

ਮੈਂ ਬੰਗਲਾ ਸਾਹਿਬ ਗੁਰਦੁਆਰੇ ਬਾਰੇ ਗੱਲ ਤਖਤ ਦੇ ਸਥਾਨ ਦੇ ਤੌਰ ਤੇ ਕੀਤੀ (ਸੂਚੀ ਤਖਤਾਂ ਦੇ ਸਥਾਨਾਂ ਦੀ ਸੀ।)। ਮੈਂ ਬੰਗਲਾ ਸਾਹਿਬ ਦੇ ਗੁਰਦੁਆਰੇ ਦੀ ਇਮਾਰਤ ਨੂੰ ਤਖਤ ਨਹੀਂ ਕਿਹਾ ਜਿਵੇਂ ਕਿ ਆਪ ਜੀ ਅਕਾਲ ਬੁੰਗਾ ਗੁਰਦੁਆਰੇ ਦੀ ਇਮਾਰਤ ਨੂੰ ਤਖਤ ਕਹਿ ਰਹੇ ਹੋ। ਅਕਾਲ ਬੁੰਗਾ ਗੁਰਦੁਆਰੇ ਦੀ ਜਗਹ ਨੂੰ ਛੇਵੇਂ ਗੁਰੂ ਜੀ ਦੇ ਤਖਤ ਦੀ ਜਗਹ ਦੇ ਤੌਰ ਤੇ ਤਾਂ ਮੈਂ ਮਾਨਤਾ ਦਿੰਦਾ ਹੀ ਹਾਂ। ਜੇਕਰ ਆਪ ਜੀ ਨੇ ਗੁਰੂ ਸਾਹਿਬਾਨ ਦੇ ਤਖਤਾਂ ਵਾਲੇ ਸਾਰੇ ਸਥਾਨਾਂ ਦੀ ਗੱਲ ਕਰਨੀ ਹੈ ਤਾਂ ਆਪ ਜੀ ਨੂੰ ਇਹ ਦੱਸਣਾ ਪਵੇਗਾ ਕਿ ਇਹਨਾਂ ਵਿੱਚੋਂ ਛੇਵੇਂ ਗੁਰੂ ਜੀ ਦੇ ਤਖਤ ਵਾਲੀ ਜਗਹ ‘ਸਰਵਉੱਚ’ ਕਿਵੇਂ ਹੋ ਗਈ? ਜੇਕਰ ਗੁਰੂ ਸਾਹਿਬਾਨ ਦੇ ਤਖਤਾਂ ਦੇ ਸਾਰੇ ਪੰਦਰਾਂ ਅਸਥਾਨ ਬਰਾਬਰ ਹਨ ਤਾਂ ਸਾਰੇ ਅਸਥਾਨਾਂ ਉਤੇ ਜਥੇਦਾਰ ਨਹੀਂ ਬਿਠਾਉਣੇ ਚਾਹੀਦੇ? ਨਾਲ ਹੀ ਗਿਆਰ੍ਹਵੇਂ ਗੁਰੂ ਸਾਹਿਬ ਦਾ ਵੀ ਇੱਕ ਤਖਤ ਨੀਯਤ ਕਰਨਾ ਚਾਹੀਦਾ ਹੈ ਅਤੇ ਇਹ ਸੋਲ੍ਹਵਾਂ ਤਖਤ ਬਣ ਜਾਵੇਗਾ। ਫਿਰ ਗਿਆਰ੍ਹਵੇਂ ਗੁਰੂ ਜੀ ਦੇ ਸਾਹਮਣੇ ਇਹਨਾਂ ਜਥੇਦਾਰਾਂ ਨੂੰ ਕੀ ਦਰਜਾ ਦੇਵੋਗੇ ਅਤੇ ਕਿਸ ਅਧਾਰ ਤੇ ਦੇਵੋਗੇ। ਸੱਚੀ ਗੱਲ ਤਾਂ ਇਹ ਹੈ ਕਿ ਗਿਆਰ੍ਹਵੇਂ ਗੁਰੂ ਜੀ ਦਾ ਤਖਤ ਹੀ ਸਰਵਉੱਚ ਹੋਵੇਗਾ। ਫਿਰ ਕਿਸੇ ਜਥੇਦਾਰ ਦੀ ਉਂਜ ਹੀ ਲੋੜ ਨਹੀਂ ਰਹੇਗੀ ਅਤੇ ਗ੍ਰੰਥੀ ਨੂੰ ਜਥੇਦਾਰ ਕਹਿ ਕੇ ਪੇਸ਼ ਕਰਨ ਦਾ ਢਕੌਂਸਲਾ ਆਪਣੇ-ਆਪ ਹੀ ਬੰਦ ਹੋ ਜਾਵੇਗਾ।

ਸ. ਜਸਬੀਰ ਸਿੰਘ ਜੀ, ਛੇਵੇਂ ਗੁਰੂ ਜੀ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ ਤਖਤ ਦੀ ਵਰਤੋਂ ਕਰਦੇ ਰਹੇ ਹਨ ਅਤੇ ਇਹਨਾਂ ਤਖਤਾਂ ਦੀ ਗਿਣਤੀ ਪੰਦਰਾਂ ਬਣਦੀ ਹੈ। ਇਹ ਵੱਖਰੀ ਗੱਲ ਹੈ ਕਿ ਇਹਨਾਂ ਵਿੱਚੋਂ ਕੁੱਝ ਇੱਕ ਅੱਜ ਮੌਜੂਦ ਨਹੀਂ। ਇਹ ਸੋਚਣ ਵਾਲੀ ਗੱਲ ਹੈ ਕਿ ਗਿਆਰ੍ਹਵੇਂ ਗੁਰੁ ਜੀ ਦਾ ਤਖਤ ਕਿਹੜਾ ਹੈ। ਮੈਂ ਸ੍ਰੀ ਗੁਰੂ ਗ੍ਰੰਥ ਜੀ ਪ੍ਰਤੀ ਸੱਚੀ ਸ਼ਰਧਾ ਦੀ ਗੱਲ ਇਸ ਸੰਦਰਭ ਵਿੱਚ ਕੀਤੀ ਸੀ। ਕਿਉਂਕਿ ਅੱਜ ਸਾਡੇ ਗਿਆਰ੍ਹਵੇਂ ਗੁਰੂ ਜੀ ਸ਼ਖਸੀ ਰੂਪ ਵਿੱਚ ਮੌਜੂਦ ਨਹੀਂ ਇਸ ਲਈ ਉਹਨਾਂ ਦਾ ਤਖਤ ਵੀ ਇੱਟਾਂ-ਸੀਮੈਂਟ ਜਾਂ ਲਕੜੀ ਦਾ ਨਹੀਂ ਹੋਣਾ ਚਾਹੀਦਾ। ਕਿਉਂਕਿ ਸਾਡੇ ਗੁਰੂ ਜੀ ਗੁਰਬਾਣੀ ਦੀ ਸਿਖਿਆ ਦੇ ਰੂਪ ਵਿੱਚ ਵਿਅਕਤ ਹਨ ਉਹਨਾਂ ਦੀ ਜਗਹ ਸੱਚੇ ਸ਼ਰਧਾਲੂਆਂ ਦੇ ਮਨਾਂ ਵਿੱਚ ਬਣਦੀ ਹੈ। ਮੇਰੇ ਵਿਚਾਰ ਵਿੱਚ ਸੱਚੇ ਸ਼ਰਧਾਲੂਆਂ ਦੇ ਮਨ ਹੀ ਸਾਡੇ ਗਿਆਰ੍ਹਵੇਂ ਗੁਰੂ ਜੀ ਦੇ ਤਖਤ ਹਨ। ਅੱਜ ਸਿੱਖਾਂ ਨੂੰ ਕਿਸੇ ਭੋਤਿਕ ਜਾਂ ਨਕਲੀ ਤਖਤ ਦੀ ਲੋੜ ਨਹੀਂ।

ਇਕਬਾਲ ਸਿੰਘ ਢਿੱਲੋਂ

ਚੰਡੀਗੜ੍ਹ।


(ਨੋਟ:- ਸਰਦਾਰ ਗੁਰਮੀਤ ਸਿੰਘ ਅਸਟ੍ਰੇਲੀਆ ਨੇ ਸਾਨੂੰ ‘ਸਿੱਖ ਮਾਰਗ’ ਤੇ ਪਉਣ ਲਈ ਉਸ ਹੁਕਮਨਾਮੇ ਦੀ ਫੋਟੋਕਾਪੀ ਕਰਕੇ ਭੇਜੀ ਸੀ ਜਿਹੜਾ ਕਿ ਪ੍ਰੋ: ਗੁਰਮੁਖ ਸਿੰਘ ਖਿਲਾਫ ਜਾਰੀ ਕੀਤਾ ਗਿਆ ਸੀ। ਇਹ ਰੂਪ ਸਿੰਘ ਦੀ ਕਿਤਾਬ ਵਿਚੋਂ ਲਿਆ ਸੀ ਅਤੇ ਇਹ ਸਾਨੂੰ ਟਾਈਪ ਕੀਤਾ ਹੋਇਆ ਹੀ ਮਿਲ ਗਿਆ ਸੀ ਜੋ ਕਿ ਅਸੀਂ ਪਾ ਰਹੇ ਹਾਂ-ਸੰਪਾਦਕ)

 ਸਤਿਗੁਰਪ੍ਰਸਾਦਿ।।
ਸ੍ਰੀ ਅਕਾਲ ਸਹਾਏ
ਤਖ਼ਤ ਅਕਾਲ ਬੁੰਗਾ
ਸਾਹਿਬ ਜੀ
ਅਕਾਲ ਸਹਾਏ
ਸ੍ਰੀ ਦਰਬਾਰ ਸਾਹਿਬ
ਹਮ ਜੁਮਲੇ ਸਿੰਘਾਨ ਪੁਜਾਰੀਆਨ ਤਖ਼ਤ ਸ੍ਰੀ ਅਕਾਲ ਬੁੰਗਾ ਜੀ ਸਾਹਿਬ ਵ ਸ੍ਰੀ ਦਰਬਾਰ ਸਾਹਿਬ ਵ ਬਾਬਾ ਅਟਲ ਰਾਇ ਸਾਹਿਬ ਜੀ ਵ ਝੰਡਾ ਬੁੰਗਾ ਸਾਹਿਬ ਵ ਸ਼ਹੀਦ ਬੁੰਗਾ ਸਾਹਿਬ ਜੀ ਦੇ ਮੁਲਾਹਜ਼ੇ ਕਾਰਵਾਈ ਗੁਰਮੁਖ ਸਿੰਘ ਸਕਤ੍ਰਿ ਕਾ ਕੀਆ, ਮਾਲੂਮ ਹੂਆ ਕਿ ਇਸ ਸ਼ਖ਼ਸ ਨੇ ਚੰਦ ਜਗ੍ਹਾ ਬਰਖ਼ਿਲਾਫ਼ ਗੁਰ ਇਸ਼ਟ ਕੇ ਤੌਹੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਵ ਗੁਰ ਅੰਸ ਵ ਗੁਰ ਬਾਨੀ ਕੇ ਤਹਰੀਰ ਵ ਤਕਰੀਰ ਕੀਆ ਹੈ, ਜਿਸ ਸੇ ਸਾਬਤ ਹੋਤਾ ਹੈ ਕਿ ਉਸ ਕਾ ਇਤਕਾਦ ਸਿੱਖੀ ਧਰਮ ਸੇ ਬਿਲਕੁਲ ਬਰਖ਼ਿਲਾਫ਼ ਹੈ, ਇਸ ਵਾਸਤੇ ਹਮ ਤਮਾਮ ਪੁਜਾਰੀਆਨ ਵ ਗ੍ਰੰਥੀਆਨ ਵ ਨੰਬਰਦਾਰਾਨ ਸ੍ਰੀ ਗੁਰਦਵਾਰੇ ਹਾਇ ਮਮਦੂਹ ਤਹਿਰੀਰ ਕਰਤੇ ਹੈਂ ਕਿ ਗੁਰਮੁਖ ਸਿੰਘ ਮਜਕੂਰ ਪੰਥ ਖ਼ਾਲਸਾ ਸੇ ਅਲਹਿਦਾ ਕੀਆ ਗਿਆ ਹੈ, ਗੁਰਦਵਾਰੇ ਹਾਇ ਮੌਸੂਫ਼ ਮੇਂ ਉਸ ਕੀ ਅਰਦਾਸ ਨਾ ਹੋਗੀ ਵ ਬਰਤਾਉ ਨਾ ਹੋਗਾ। ਤਮਾਮ ਸਿੰਘਾਨ ਕੋ ਵਾਜ਼ਿਆ ਰਹੇ ਕਿ ਕੋਈ ਸ਼ਖ਼ਸ ਉਸ ਕਾ ਪੈਰੋਕਾਰ ਨਾ ਹੋ। ਜੋ ਸ਼ਖ਼ਸ ਉਸ ਕੀ ਪੈਰਵੀ ਕਰੇਗਾ, ਵੁਹ ਭੀ ਬੇਮੁਖ ਔਰ ਲਾਇਕ ਤਨਖ਼ਾਹ ਪੰਥ ਕੇ ਸਮਝਾ ਜਾਵੇਗਾ ਔਰ ਵੈਸਾ ਹੀ ਸਲੂਕ ਉਸ ਕੇ ਸਾਥ ਭੀ ਕੀਆ ਜਾਵੇਗਾ। ਫ਼ਕਤ। ਬਤਾਰੀਖ਼ ਸੱਤਵੀਂ ਮਾਹ ਚੇਤ ਸੰਮਤ 418 ਗੁਰ ਨਾਨਕ ਸ਼ਾਹੀ ਮੁਤਾਬਿਕ 18 ਮਾਰਚ 1887 ਈਸਵੀ।
ਦਸਤਖ਼ਤ ਹਾਜ਼ਰੀਨ ਸਿੰਘਾਨ ਉਹਦੇਦਾਰਾਨ ਵ ਗ੍ਰੰਥੀਆਨ ਵ ਪੁਜਾਰੀਆਨ:
ਸਰਦਾਰ ਮਾਨ ਸਿੰਘ ਸਰਬਰਾਹ ਗੁਰਦਵਾਰੇ ਸਾਹਿਬਾਨ, ਸ: ਕਾਨ੍ਹ ਸਿੰਘ ਮਜੀਠੀਆ ਰਈਸ, ਭਾਈ ਹਰਨਾਮ ਸਿੰਘ ਗ੍ਰੰਥੀ ਦਰਬਾਰ ਸਾਹਿਬ, ਭਾਈ ਗੁਲਾਬ ਸਿੰਘ ਮਹੰਤ ਸ੍ਰੀ ਅਕਾਲ ਬੁੰਗਾ ਸਾਹਿਬ, ਭਾਈ ਤੇਜਾ ਸਿੰਘ ਮੁਹਤਮਿਮ ਸ੍ਰੀ ਅਕਾਲ ਬੁੰਗਾ ਸਾਹਿਬ, ਭਾਈ ਜਵਾਹਰ ਸਿੰਘ ਮੁਹਤਮਿਮ ਸ੍ਰੀ ਅਕਾਲ ਬੁੰਗਾ ਸਾਹਿਬ, ਭਾਈ ਪ੍ਰਤਾਪ ਸਿੰਘ, ਸੁੰਦਰ ਸਿੰਘ, ਸ਼ੇਰ ਸਿੰਘ, ਭਾਈ ਕਰਮ ਸਿੰਘ ਅਰਦਾਸੀਆ ਸ੍ਰੀ ਦਰਬਾਰ ਸਾਹਿਬ, ਸਰਦਾਰ ਜਸਵੰਤ ਸਿੰਘ ਪੁਜਾਰੀ ਸ੍ਰੀ ਦਰਬਾਰ ਸਾਹਿਬ, ਠਾਕੁਰ ਸਿੰਘ ਪੁਜਾਰੀ, ਭਾਈ ਦੇਵਾ ਸਿੰਘ ਧੂਪੀਆ, ਭਾਈ ਮੁਲਤਾਨਾ ਸਿੰਘ, ਭਾਈ ਸੰਤਾ ਸਿੰਘ ਪੁਜਾਰੀ, ਭਾਈ ਹਰਦਿੱਤ ਸਿੰਘ ਅਰਦਾਸੀਆ, ਭਾਈ ਮਹਾ ਸਿੰਘ, ਭਾਈ ਟੇਕ ਸਿੰਘ ਪੱਤੀਦਾਰ ਅਕਾਲ ਬੁੰਗੀਆ, ਚੰਚਲ ਸਿੰਘ, ਪ੍ਰੇਮ ਸਿੰਘ ਅਕਾਲ ਬੁੰਗੀਆ ਪੱਤੀਦਾਰ, ਗੁਲਾਬ ਸਿੰਘ ਪੁਜਾਰੀ ਸ੍ਰੀ ਦਰਬਾਰ ਸਾਹਿਬ, ਅਤਰ ਸਿੰਘ ਅਕਾਲ ਬੁੰਗੀਆ, ਭਾਈ ਨਾਰਾਇਣ ਸਿੰਘ ਨੰਬਰਦਾਰ ਬਾਬਾ ਅਟੱਲ ਰਾਇ ਸਾਹਿਬ ਜੀ, ਭਾਈ ਜਵਾਹਰ ਸਿੰਘ, ਭਾਈ ਧੰਨਾ ਸਿੰਘ ਬਾਬਾ ਅਟਲ ਰਾਇ ਜੀ ਦੇ ਸੁਖਈ, ਭਾਈ ਦਰਬਾਰਾ ਸਿੰਘ ਝੰਡੇ ਬੁੰਗੀਆ, ਭਾਈ ਕ੍ਰਿਪਾਲ ਸਿੰਘ ਝੰਡੇ ਬੁੰਗੀਆ, ਗੁਰਦਿੱਤ ਸਿੰਘ ਨਿਸ਼ਾਨਚੀ, ਭਾਈ ਸੰਤ ਸਿੰਘ ਨੰਬਰਦਾਰ, ਭਾਈ ਨਾਰਾਇਣ ਸਿੰਘ ਜੀ ਗ੍ਰੰਥੀ ਸ੍ਰੀ ਤਰਨ ਤਾਰਨ ਸਾਹਿਬ।


(09/05/11)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਪਾਠਕ ਸੱਜਣੋਂ

ਅਤੇ ਡਾ. ਇਕਬਾਲ ਸਿੰਘ ਜੀਉ

ਸਤਿ ਸ਼੍ਰੀ ਅਕਾਲ!

ਸਿੱਖ ਮਾਰਗ. ਕਾਮ ਤੇ ਇੱਕ ਤਾਜ਼ਾ ਲੇਖ “ਸਾਬਕਾ ‘ਜਥੇਦਾਰ’ ਦਾ ਖਿਆਲੀ ਅਕਾਲ-ਤਖਤ” ਬਾ-ਤੋਰ ਪਾਠਕ ਪੜਨ ਨੂੰ ਮਿਲਿਆ ਹੈ। ਲੇਖ ਨੂੰ ਪੜਨ ਉਪਰੰਤ ਦਾਸ ਕੁੱਝ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰਨਾ ਚਾਹੁੰਦਾ ਹੈ।

ਸਾਬਕਾ ‘ਜਥੇਦਾਰ’ ਦਾ ਖਿਆਲੀ ਅਕਾਲ-ਤਖਤ” ਲੇਖ ਵਿੱਚ ਲੇਖਕ ਜੀ ਨੇ ਕਈ ਨਿਜੀ ਵਿਚਾਰਾਂ ਅਤੇ ਕੁੱਝ ਸੁਝਾਵ ਵੀ ਪੇਸ਼ ਕੀਤੇ ਗਏ ਹਨ। ਜਿਵੇਂ ਕਿ:-

“ਸਾਬਕਾ‘ਜਥੇਦਾਰ’ ਜੀ ਦਾ ‘ਅਕਾਲ ਤਖਤ’ ਕੇਵਲ ਖਿਆਲੀ ਪੁਲਾਓ ਹੈ, ਇਸ ਦੀ ਕੋਈ ਹੋਂਦ ਨਹੀਂ, ਇਸ ਦਾ ਕੋਈ ਸਿਧਾਂਤ ਨਹੀਂ। ਸੋ ਇਸ ਦੀ ਪਵਿੱਤਰਤਾ ਅਤੇ ਇਸ ਦੇ ਮਰਨ ਜਾਂ ਬਦਲਣ ਦੀ ਸਥਿਤੀ ਬਾਰੇ ਸੋਚਿਆ ਹੀ ਨਹੀਂ ਜਾ ਸਕਦਾ। ਪਰਤੱਖ ਹੈ ‘ਅਕਾਲ ਤਖਤ’ ਦੀ ਸਥਿਤੀ ਦੇ ਸਬੰਧ ਵਿੱਚ ਸਾਬਕਾ ‘ਜਥੇਦਾਰ’ ਜੀ ਖੁਦ ਹੀ ਵੱਡੇ ਭੰਬਲਭੂਸਿਆਂ ਦਾ ਸ਼ਿਕਾਰ ਹੋਏ ਹੋਏ ਹਨ ਅਤੇ ਉਹਨਾਂ ਦੇ ਉਪਰੋਕਤ ਸਾਰੇ ਬਿਆਨ ਪਾਠਕਾਂ ਨੂੰ ਵਿਸ਼ੇ ਸਬੰਧੀ ਕੋਈ ਸਪਸ਼ਟ ਅਤੇ ਠੋਸ ਅਗਵਾਈ ਦੇਣ ਦੀ ਸਮਰੱਥਾ ਨਹੀਂ ਰੱਖਦੇ। ਸਗੋਂ ਇਹ ਬਿਆਨ ਪਾਠਕਾਂ ਨੂੰ ਗੁਮਰਾਹ ਕਰਨ ਦਾ ਵਸੀਲਾ ਜ਼ਰੂਰ ਬਣਨਗੇ” (ਇਕਬਾਲ ਸਿੰਘ ਢਿੱਲੋਂ (ਡਾ.)

“ਉਹਨਾਂ ਦੀ ਸਿੱਖ ਜਗਤ ਵਿਚਲੀ ‘ਸਾਖ’ ਹਾਲੇ ਕਾਫੀ ਹੱਦ ਤਕ ਬਰਕਰਾਰ ਹੈ। ਇਸ ਲਈ ਉਹਨਾਂ ਨੂੰ ਸਨਿਮਰ ਬੇਨਤੀ ਹੈ ਕਿ ਉਹ ਆਪਣੇ ‘ਸਪਸ਼ਟੀਕਰਨ’ ਦੀ ਚਿੰਤਾ ਛੱਡ ਕੇ ਸਿੱਖ ਜਗਤ ਨੂੰ ਅਖੌਤੀ ਅਕਾਲ-ਤਖਤ ਤੋਂ ਛੁਟਕਾਰਾ ਦੁਆਉਣ ਦੀ ਮੁਹਿੰਮ ਵਿੱਚ ਅੱਗੇ ਆਉਣ। ਜੇਕਰ ਉਹ ਅਜਿਹਾ ਨਹੀਂ ਕਰ ਸਕਦੇ ਤਾਂ ਘਟੋ-ਘਟ ਕਿਸੇ ਖਿਆਲੀ ‘ਅਕਾਲ ਤਖਤ’ ਦੇ ਨਾਮ ਤੇ ‘ਭੋਲੀ-ਭਾਲੀ ਸਿੱਖੀ’ ਨੂੰ ਵੀ ਅਤੇ ‘ਜਾਗਰੂਕ ਸੰਗਤਾਂ’ ਨੂੰ ਵੀ ਗੁਮਰਾਹ ਕਰਨ ਦਾ ਯਤਨ ਨਾ ਕਰਨ” (ਇਕਬਾਲ ਸਿੰਘ ਢਿੱਲੋਂ (ਡਾ.)

ਇਹ ਵਿਚਾਰ ਪੜਨ ਉਪਰੰਤ ਡਾ. ਇਕਬਾਲ ਸਿੰਘ ਜੀ ਵਲੋਂ, ਕੁੱਝ ਹੀ ਦੇਰ ਪਹਿਲਾਂ, ਲਿਖੇ ਪਿੱਛਲੇ ਲੇਖ ਦੇ ਕੁੱਝ ਸ਼ਬਦਾਂ ਤੇ ਨਜ਼ਰਸਾਨੀ ਕਰਨ ਉਪਰੰਤ ਇੱਕ ਦਿਲਚਸਪ ਸਥਿਤੀ ਸ੍ਹਾਮਣੇ ਉਭਰ ਕੇ ਆਈ ਹੈ ਜਿਸ ਨੂੰ ਦਾਸ ਪਾਠਕਾਂ ਨਾਲ ਸਾਂਝੀ ਕਰਨਾ ਚਾਹੁੰਦਾ ਹੈ। ਪਿੱਛਲੇ ਲੇਖ ਦਾ ਸਿਰਲੇਖ ਹੈ:-” ਸੇਵਾਦਾਰ ਦਾ ਹੁਕਮਨਾਮਾ ਜੋ ਕਿ ਸਿੱਖ ਮਾਰਗ. ਕਾਮ ਦੀ ਚੋਥੀ ਲੇਖ ਲੜੀ ਵਿੱਚ ਪਿਆ ਹੋਈਆ ਹੈ ਅਤੇ ਡਾ. ਇਕਬਾਲ ਸਿੰਘ ਜੀ ਦਾ ਹੀ ਲਿਖਿਆ ਹੋਈਆ ਹੈ ਅਤੇ ਕੁੱਝ ਹੀ ਮਹੀਨੇ ਪੁਰਣਾ ਹੈ।

ਇਸ ਲੇਖ ਦੀ ਅੰਤਿਕਾ ਵਿੱਚ ਡਾ. ਇਕਬਾਲ ਸਿੰਘ ਜੀ ਸਾਬਕਾ ਜੱਥੇਦਾਰ ਜੀ ਬਾਰੇ ਲਿਖਦੇ ਹਨ:-

ਅੰਤਿਕਾ

“ਸ਼ਭਨਾਂ ਨੂੰ ਇਸ ਗੱਲ ਦਾ ਪਤਾ ਹੀ ਹੈ ਕਿ ਸ. ਦਰਸ਼ਨ ਸਿੰਘ ਖਾਲਸਾ ਜੀ ਸ੍ਰੀ ਅਕਾਲ ਤਖਤ ਦੇ “ਜਥੇਦਾਰ” ਦੀ ਉੱਚ-ਪਦਵੀ ਤੇ ਬਿਰਾਜਮਾਨ ਰਹਿ ਚੁੱਕੇ ਹਨ (ਭਾਵੇਂ ਕਿ ਸਬੰਧਿਤ ਗੁਰਦੁਆਰਾ ਐਕਟ ਮੁਤਾਬਿਕ ਸ੍ਰੀ ਅਕਾਲ ਤਖਤ ਉਤੇ ਅਸਾਮੀ ‘ਗ੍ਰੰਥੀ’ ਦੀ ਹੈ, ਨਾ ਹੀ “ਜਥੇਦਾਰ” ਦੀ ਅਤੇ ਨਾ ਹੀ “ਮੁੱਖ ਸੇਵਾਦਾਰ” ਦੀ)। ਲ਼ੰਬੇ ਸਮੇਂ ਤੋਂ ਇਹ ਉੱਚ-ਪਦਵੀ ਹੋਰਨਾਂ ਸ਼ਖਸੀਅਤਾਂ ਦੇ ਕਬਜ਼ੇ ਹੇਠ ਚਲੀ ਆ ਰਹੀ ਹੈ। ਇਸ ਲਈ ਖਾਲਸਾ ਜੀ ਨੂੰ ਸਨਿਮਰ ਬੇਨਤੀ ਹੈ ਕਿ ਉਹ ਆਪਣੇ ਬਾਰੇ ਜੋ ਸੱਚ ਹੈ ਉਹ ਹੀ ਲਿਖਿਆ ਕਰਨ। ਚੰਗਾ ਤਾਂ ਇਹ ਹੀ ਹੋਵੇ ਜੇਕਰ ਉਹ “ਮੁੱਖ ਸੇਵਾਦਾਰ” ਦਾ ਲਕਬ ਆਪਣੇ ਨਾਮ ਨਾਲੋਂ ਉਤਾਰਦੇ ਹੋਏ ਸਿੱਖ ਕੌਮ ਦੀ ਮੁੱਖ-ਧਾਰਾ ਵਿੱਚ ਮੁੜ ਤੋਂ ਸ਼ਾਮਲ ਹੋ ਜਾਣ ਅਤੇ ਸਿੱਖ ਕੌਮ ਦੇ ਮਸਲਿਆਂ ਬਾਰੇ ਗੱਲ ਕਰਦੇ ਸਮੇਂ ਇੱਕ ਸਧਾਰਨ ਸਿੱਖ ਵਾਂਗ ਵਿਚਰਦੇ ਹੋਏ ਲਪੇਟਵੀਂ ਭਾਸ਼ਾ ਵਿੱਚ ਹੁਕਮਨਾਮੇ ਜਾਰੀ ਕਰਨ ਤੋਂ ਗੁਰੇਜ਼ ਕਰਿਆ ਕਰਨ” (ਇਕਬਾਲ ਸਿੰਘ ਢਿੱਲੋਂ (ਡਾ.)

ਇੱਕੋ ਕਲਮੀ, ਇੱਕੋ ਹੀ ਸੱਜਣ (ਸਾਬਕਾ ਜੱਥੇਦਾਰ) ਨਾਲ ਸਬੰਧਤ, ਉਪਰੋਕਤ ਦੋਹਾਂ ਬਿਆਨਾ ਵਿੱਚ, ਸ਼੍ਰੀ ਅਕਾਲ ਤਖਤ ਬਾਰੇ ਵੱਡਾ ਆਪਾ ਵਿਰੋਧ ਹੈ। ਪਹਿਲੇ ਲੇਖ ਦੀ ਅੰਤਿਕਾ ਵਿੱਚ ਕੇਵਲ ‘ਜੱਥੇਦਾਰ` ਅਤੇ ‘ਮੁੱਖ ਸੇਵਾਦਾਰ` ਸ਼ਬਦਾਂ ਵਿਰੋਧ ਕਰਦੇ ਲੇਖਕ ਜੀ ਨੇ, ਅਕਾਲ ਤਖਤ ਨੂੰ ‘ਸ਼੍ਰੀ ਅਕਾਲ ਤਖਤ` ਸਵੀਕਾਰਿਆ/ਲਿਖਿਆ ਹੈ ਅਤੇ ਅਕਾਲ ਤਖਤ ਤੇ ‘ਗ੍ਰੰਥੀ` ਦੀ ਪਦਵੀ ਨੂੰ ‘ਉੱਚ-ਪਦਵੀ` ਕਰਕੇ ਸਵੀਕਾਰ/ਬਿਆਨ ਕੀਤਾ ਹੈ ਅਤੇ ਦੂਜੇ ਲੇਖ ਵਿੱਚ ਉਹ ਅਕਾਲ ਤਖਤ ਨੂੰ ਖਿਆਲੀ ਕਹਿ ਰਹੇ ਹਨ ਅਤੇ ਉਸ ਦੀ ਹੋਂਦ ਤੋਂ ਮੁਨਕਰ ਹਨ। ਸਾਬਕਾ ਜੱਥੇਦਾਰ ਜੀ ਨਾਲ ਸਬੰਧਤ ਇਹ ਦੋਵੇਂ ਬਿਆਨ ਡਾ. ਇਕਬਾਲ ਸਿੰਘ ਜੀ ਦੇ ਹੀ ਹਨ।

ਡਾ. ਇਕਬਾਲ ਸਿੰਘ ਜੀ, ਨੇ ‘ਅਕਾਲ ਤਖਤ ਦੀ ਸਥਿਤੀ` ਲੇਖ ਵਿੱਚ ਆਪਣੇ ਇਸ ਲਿਖਤੀ ਆਪਾ ਵਿਰੋਧ (ਵਖੋ-ਵੱਖ ਸਵਕ੍ਰਿਤਿਆਂ) ਵਾਪਸ ਲੇਂਣ ਬਾਰੇ ਕੋਈ ਸਪਸ਼ਟੀਕਰਨ ਪਾਠਕਾਂ ਦੀ ਜਾਣਕਾਰੀ ਲਈ ਨਹੀਂ ਦਿੱਤਾ। ਕਿਉਂ? ਇਹ ਇੱਕ ਅਹਿਮ ਸਵਾਲ ਹੈ। ਐਸਾ ਮੁਮਕਿਨ ਨਹੀਂ ਜਾਪਦਾ ਕਿ ਉਨ੍ਹਾਂ ਨੂੰ ਆਪਣੇ ਪਹਿਲੇ ਸਟੇਂਡ/ਸਵਕ੍ਰਿਤਿਆਂ ਬਾਰੇ ਇਲਮ ਨਾ ਹੋਵੇ! ਇਸ ਲਈ ਉਹ ਅਜੇ ਤਕ, ਇੱਕ ਹੀ ਸਮੇਂ, ਵੱਖੋ-ਵੱਖ ਲਿਖਤਾਂ ਰਾਹੀਂ ਦੋ-ਦੋ ਸਟੇਂਡਾ/ਸਵਕ੍ਰਿਤੀਆਂ ਤੇ ਖੜੇ ਹਨ। ਸਪਸ਼ਟ ਤੋਰ ਤੇ ਇਹ ਵੱਡਾ Confusion ਹੈ। ਜੋ ਖੋਜੀ ਲੇਖਨ ਦੇ ਅਦਬ ਦੇ ਅਸੂਲਾਂ ਦੇ ਉਲਟ ਹੈ।

ਡਾ. ਇਕਬਾਲ ਸਿੰਘ ਜੀ ਕਿਰਪਾ ਕਰਕੇ ਸਪਸ਼ਟ ਕਰੋ ਕਿ ਆਪ ਜੀ ਦਾ ਖੋਜੀ ਜ਼ਹਿਨ ਕਿਸ ਅਧਾਰ ਤੇ ਪਿਛਲੇ ਲੇਖ ਵਿੱਚ ਅਕਾਲ ਤਖਤ ਨੂੰ ‘ਸ਼੍ਰੀ ਅਕਾਲ ਤਖਤ` ਅਤੇ ਉਸੇ ਅਕਾਲ ਤਖਤ ਦੇ ‘ਗ੍ਰੰਥੀ` ਦੀ ਪਦਵੀ ਨੂੰ ‘ਉੱਚ-ਪਦਵੀ` ਮੰਨਦਾ ਹੈ? ਆਪ ਜੀ ਉਦੋਂ ਠੀਕ ਸੀ ਜਾਂ ਹੁਣ ਠੀਕ ਹੋ? ਕਿਉਂ ਨਾ ਇਸ ਬਾਰੇ ਆਪ ਜੀ ਦੀ ਪਹਲਿਆਂ ਸਵਕ੍ਰਿਤਿਆਂ ਨੂੰ ਹੀ ਠੀਕ ਸਮਝਿਆ ਜਾਏ? ਆਸ ਹੈ ਕਿ ਆਪ ਜੀ ਇਨ੍ਹਾਂ ਗੱਲਾਂ ਦਾ ਉੱਤਰ ਦੇਵੋਗੇ!

ਕਿਸੇ ਭੁੱਲਚੂਕ ਲਈ ਖਿਮਾਂ ਦਾ ਜਾਚਕ ਹਾਂ!

ਹਰਦੇਵ ਸਿੰਘ, ਜੰਮੂ


(09/05/11)
ਗੁਰਮੁਖ ਸਿੰਘ

ਭਾਈ ਮੱਖਣ ਸਿੰਘ ਜੀ,
ਤੱਤ ਗੁਰਮਤਿ ਵਾਲੇ ਜੋ ਵੀ ਕੋਈ ਹਨ ਆਪਣੀ ਲਿਖਤ ਦੇ ਅਖੀਰ ਵਿੱਚ “ਨਿਮਰਤਾ ਅਤੇ ਸਤਿਕਾਰ ਸਹਿਤ” ਲਿਖਦੇ ਹਨ। ਉਨ੍ਹਾਂ ਦੀ ਇਹ ਨਿਮਰਤਾ ਸਿੱਖ ਮਾਰਗ ਦੇ ਪਾਠਕਾਂ ਪ੍ਰਤੀ ਹੈ। ਮੈਂ ਵੀ ਸਿੱਖ ਮਾਰਗ ਦਾ ਨਿਮਾਣਾ ਜਿਹਾ ਪਾਠਕ ਹਾਂ। “ਨਿਮਰਤਾ ਅਤੇ ਸਤਿਕਾਰ ਸਹਿਤ” ਇੱਕ ਵਾਕ ਹੈ। ਜੇ ਉਹ ਇਸ ਲਈ ਲਿਖਦੇ ਹਨ ਕਿ ਇਸਤਰਾਂ ਲਿਖਣਾ ਇੱਕ ਫੌਰਮੈਲਿਟੀ ਹੈ ਤਾਂ ਇਸ ਦੀ ਕੋਈ ਜ਼ਰੂਰਤ ਨਹੀਂ। ਇਹ ਲਿਖਣੀ ਤਾਂ ਹੀ ਸੋਭਦੀ ਹੈ ਜੇ ਇਹ ਨਿਮਰਤਾ ਉਨ੍ਹਾਂ ਦੇ ਸੁਭਾਅ ਵਿੱਚ ਵੀ ਉਤਰ ਚੁੱਕੀ ਹੋਵੇ। ਜੇ ਨਿਮਰਤਾ ਜਾਂ ਸਤਿਕਾਰ ਵਿਚੋਂ ਇੱਕ ਚੀਜ਼ ਵੀ ਉਨ੍ਹਾਂ ਦੇ ਸੁਭਾਅ `ਚ ਸ਼ਾਮਲ ਹੁੰਦੀ ਤਾਂ ਉਹ ਮੇਰੇ ਨਾਂ ਨੂੰ ਗੁਰਮੁਖ ਦੀ ਥਾਂ “ਗੁਰਮੱਖ” ਨਾ ਲਿਖਣ। ਉਨ੍ਹਾਂ ਨੇ ਇਹ ਇੱਕ ਤੋਂ ਵੱਧ ਬਾਰ ਇਸਤਰਾਂ ਲਿਖਿਆ ਹੈ। ਮੇਰਾ ਨਾਂ ਗ਼ਲਤ ਲਿਖਣ ਨਾਲ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ, ਪਰ ਸਿੱਖ ਮਾਰਗ ਦੇ ਪਾਠਕਾਂ `ਤੇ ਇਹ ਪ੍ਰਭਾਵ ਜ਼ਰੂਰ ਪੈਂਦਾ ਹੈ ਕਿ ਇਹ ਤੱਤ ਭਾਈ ਸਾਹਿਬਾਨ ਭਾਵਨਾ ਵਿਹੀਣ ਹਨ। ਇਹ ਜੋ ਲਿਖਦੇ ਹਨ ਉਹ ਬੱਸ ਐਵੇਂ ਹੀ ਆਦਤਨ ਲਿਖਦੇ ਹਨ। ਉਨ੍ਹਾਂ ਦੀ ਭਾਵਨਾ ਨਾਲ ਉਨ੍ਹਾਂ ਦੇ ਲਫ਼ਜ਼ਾਂ ਦਾ ਕੋਈ ਸਬੰਧ ਨਹੀਂ ਹੈ।
ਜੇ ਤਾਂ ਗੁਰਮੁਖ ਨੂੰ “ਗੁਰਮੱਖ” ਟਾਈਪ ਦੀ ਗ਼ਲਤੀ ਹੈ ਤਾਂ ਉਹ ਦੱਸ ਦੇਣ ਤਾਂ ਜੋ ਸਿੱਖ ਮਾਰਗ ਦੇ ਪਾਠਕਾਂ ਨੂੰ ਉਨ੍ਹਾਂ ਦੀ ਭਾਵਨਾ ਸਪਸ਼ਟ ਹੋ ਸਕੇ। ਜੇ ਉਹ “ਗੁਰਮੱਖ’ ਲਿਖ ਕੇ ਮੇਰੇ ਵਿਚਾਰਾਂ ਨਾਲ ਅਸਹਿਮਤੀ ਦੀ ਭੜਾਸ ਕੱਢ ਰਹੇ ਹਨ ਤਾਂ ਜੀ ਸਦਕੇ ਰੋਜ਼ ਸੌ ਸੌ ਬਾਰ ਲਿਖਕੇ ਜਲਦ ਸੇ ਜਲਦ ਭੜਾਸ ਮੁਕਤ ਹੋ ਜਾਣ। ਭੜਾਸ ਨਾਲ ਭਰਿਆ ਬੰਦਾ ਸ਼ੁੱਧ ਵਿਚਾਰ ਨਹੀਂ ਕਰ ਸਕਦਾ।
ਭਾਈ ਸਾਹਿਬ ਕਿਰਪਾਲ ਸਿਘ ਨੇ ਮੇਰੇ ਵਿਚਾਰਾਂ ਤੋਂ ਮੇਰੀ ਭਾਵਨਾ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਵਿਚਾਰ ਲਈ ਬੜੀਆਂ ਹੀ ਕੰਮ ਦੀਆਂ ਨਸੀਹਤਾਂ ਦਿਤੀਆਂ ਹਨ ਜੋ ਗ਼ੌਰ ਕਰਨ ਯੋਗ ਹਨ।
ਪਾਠਕਾਂ ਨੂੰ ਮੈਂ ਵੀ ਬੇਨਤੀ ਕਰਦਾ ਹਾਂ ਕਿ ਵਿਚਾਰ ਲਈ ਇੱਕ ਸੁਖਾਵਾਂ ਵਾਤਾਵਰਣ ਪੈਦਾ ਕਰੀਏ। ਉਹ ਚੰਗੀ ਭਾਵਨਾ ਨਾਲ ਹੀ ਹੋ ਸਕਦਾ ਹੈ। ਭਾਵਾਂ ਵਿਚੋਂ ਹੀ ਸ਼ਬਦ ਉਗਮਦੇ ਹਨ। ਵਿਚਾਰਾਂ ਵਿੱਚ ਸਹਿਮਤੀ ਜਾਂ ਅਸਹਿਮਤੀ ਹੁੰਦੀ ਹੈ। ਜਦ ਦੋ ਧਿਰਾਂ ਵਿਚਾਰ ਕਰਦੀਆਂ ਹਨ ਤਾਂ ਵਿਰੋਧੀ ਵਿਚਾਰ ਦਾ, ਅਸਹਿਮਤ ਹੁੰਦਿਆਂ ਵੀ, ਨਿਰਾਦਰ ਨਹੀਂ ਕਰਨਾ ਬਣਦਾ। ਜੇ ਤਾਂ ਸ੍ਰੀ ਅਕਾਲ ਤਖ਼ਤ ਬਾਰੇ ਸਾਰੇ ਸਿੱਖ ਸਹਿਮਤ ਹੋਣ ਪਈ ਇਹ ਹੋਣਾ ਨਹੀਂ ਚਾਹੀਦਾ ਤਾਂ ਤੇ ਡਾ. ਇਕਬਾਲ ਸਿੰਘ ਜੀ ਇਸ ਨੂੰ ਜੋ ਮਰਜ਼ੀ ਕਹਿ ਦੇਣ, ਪਰ ਜਦ ਤੱਕ ਵਿਚਾਰ ਕਿਸੇ ਸਿਰੇ ਨਹੀਂ ਲੱਗੀ ਤਾਂ ਅੱਧ ਵਿਚਕਾਰ ਸ੍ਰੀ ਅਕਾਲ ਤਖ਼ਤ ਸਾਹਿ ਨੂੰ “ਅੱਡਾ” ਲਿਖਣਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦੂਸਰੇ ਵਿਚਾਰ ਕਰਤਾ ਦਾ ਨਿਰਾਦਰ ਹੈ। ਵਿਚਾਰ ਨਾਲ ਅਸਹਿਮਤੀ ਅਤੇ ਨਿਰਾਦਰ ਦੋ ਅਲੱਗ ਗੱਲਾਂ ਹਨ। ਅਸਹਿਮਤੀ ਨੂੰ ਨਿਰਾਦਰ ਵਿੱਚ ਤਬਦੀਲ ਕਰਨ ‘ਤੋਂ ਸੰਕੋਚ ਕਰਨਾ ਚਾਹੀਦਾ ਹੈ।
ਤੱਤ ਭਾਈ ਵੈਬ ਸਾਈਟ ਨੂੰ ਰੋਜ਼ ਅੱਪਡੇਟ ਕਰਦਾ ਹੈ ਅਤੇ ਸਿੱਖਮਾਰਗ ਆਦਿ `ਤੇ ਆਈਆਂ ਚਿੱਠੀਆਂ ਦੇ ਜਵਾਬ ਦਿੰਦਾ ਹੈ। ਪਰ ਉਹ ਆਪਣੀ ਨਿਜੀ ਜ਼ਿੰਮੇਦਾਰੀ ਕਿਸੇ ਅਣਦੱਸੇ ਪਰਿਵਾਰ ਤੇ ਸੁੱਟ ਦਿੰਦਾ ਹੈ। ਉਸ ਨੂੰ ਆਪਣੇ ਨਾਂ, ਜਿਹੜਾ ਵੀ ਕੋਈ ਹੈ, `ਤੇ ਹੀ ਲਿਖਣਾ ਚਾਹੀਦਾ ਹੈ। ਭਾਈ ਮੱਖਣ ਸਿੰਘ ਜੀ ਵੀ ਤਾਂ ਆਪਣੇ ਨਾਂ ਤੇ ਸਾਈਟ ਚਲਾ ਹੀ ਰਹੇ ਹਨ। ਜੇ ਉਹ ਇਸ ਤਰਾਂ ਨਹੀਂ ਕਰਦੇ ਤਾਂ ਪਾਠਕ ਸਮੁੱਚੇ ਤੱਤ ਪਰਿਵਾਰ ਨੂੰ ਹੀ ਨਿਮਰਤਾ ਅਤੇ ਸਤਿਕਾਰ ਵਿਹੂਣਾ ਸਮਝਣਗੇ। ਜਦਕਿ ਕਦੀ ਵੀ ਪੂਰੇ ਦਾ ਪੂਰਾ ਟੱਬਰ ਇਸ ਤਰਾਂ ਦਾ ਨਹੀਂ ਹੁੰਦਾ। ਪਰਿਵਾਰ ਵਿੱਚ ਕੋਈ ਤਾਂ ਬੰਦਾ ਹੁੰਦਾ ਹੀ ਹੈ ਜੋ ਜੈਨੂਅਨ ਹੋਵੇ!
ਮੇਰੀ ਗ਼ੁਜ਼ਾਰਿਸ਼ ਹੈ ਕਿ ਸਿੱਖੀ ਜਾ ਗੁਰਮਤਿ ਨਿਰਾ ਫ਼ਲਸਫ਼ਾ ਨਹੀਂ ਹੈ। ਜੇ ਇਹ ਨਿਰਾ ਫ਼ਲਸਫ਼ਾ ਹੋਵੇ ਤਾਂ ਬਾਣੀ ਕਵਿਤਾ ਅਤੇ ਰਾਗ ਵਿੱਚ ਨਾ ਹੁੰਦੀ। ਕਾਵਿਕਤਾ ਅਤੇ ਰਾਗ ਨਾਲ ਇਸ ਵਿੱਚ ਉਹ ਤੱਤ ਸ਼ਾਮਿਲ ਹੋ ਗਿਆ ਹੈ ਜਿਸ ਨਾਲ ਇਹ ਫ਼ਲਸਫ਼ੇ ‘ਤੋਂ ਵੀ ਕੋਈ ਵਧੇਰੇ ਅਤੇ ਅਗਲੇਰੀ ਅਤੇ ਸ਼ਕਤੀਸ਼ਾਲੀ ਸ਼ੈ ਹੋ ਗਿਆ ਹੈ। ਸਿੱਖੀ ਇੱਕ ਮੁਕੰਮਲ ਜੀਵਨ ਹੈ। ਇਸ ਜੀਵਨ ਦੀ ਕੋਈ ਤਰਜ਼, ਤਰੀਕਾ ਅਤੇ ਸਲੀਕਾ ਹੈ। ਇਸ ਤਰਜ਼, ਤਰੀਕੇ ਅਤੇ ਸਲੀਕੇ ਨੂੰ ਨਿਸ਼ਚਿਤ ਕਰਨ ਲਈ ਸਾਡੇ ਕੋਲ ਗੁਰਬਾਣੀ ਹੈ, ਸਾਹਿਤ ਅਤੇ ਗੁਰ ਇਤਿਹਾਸ ਹੈ। ਇਨ੍ਹਾਂ ਤਿੰਨ ਅੰਗਾਂ ਦੀ ਪਰਸਪਰ ਵਿਚਾਰ ਨਾਲ ਅਸੀਂ ਸਿੱਖੀ ਨਿਸਚਿਤ ਕਰ ਸਕਦੇ ਹਾਂ। ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਮੌਜੂਦ ਹੈ। ਸਾਹਿਤ ਵਿਚੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਕਬਿਤ, ਭਾਈ ਨੰਦ ਲਾਲ ਜੀ ਦੀ ਰਚਨਾ ਦਾ ਕੀਰਤਨ ਕਰਨ ਦੀ ਪ੍ਰੰਪਰਾ ਹੈ। ਇਸ ਦੇ ਇਲਾਵਾ ਦਸਮ ਗ੍ਰੰਥ ਦੇ ਕੁੱਝ ਭਾਗ ਗੁਰਬਾਣੀ ਵਜੋਂ ਮੰਨੇ ਅਤੇ ਸਤਿਕਾਰੇ ਜਾਂਦੇ ਹਨ ਜਿਨ੍ਹਾਂ ਦਾ ਕੀਰਤਨ ਕਰਨ ਦੀ ਪ੍ਰੰਪਰਾ ਹੈ। ਜਨਮ ਸਾਖੀਆਂ, ਗੁਰ ਬਿਲਾਸ, ਸਾਖੀ ਪੋਥੀਆਂ, ਪਰਚੀਆਂ, ਮਹਿਮਾ ਪ੍ਰਕਾਸ਼, ਸਰਬ ਲੋਹ ਗ੍ਰੰਥ ਅਤੇ ਸੂਰਜ ਪ੍ਰਕਾਸ਼ ਗ੍ਰੰਥ, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼ ਅਤੇ ਤਵਾਰੀਖ਼ ਗੁਰੂ ਖ਼ਾਲਸਾ ਸਿੱਖ ਸਾਹਿਤ ਸਮੱਗਰੀ ਹੈ। ਇਹ ਗ੍ਰੰਥਕ ਸਮੱਗਰੀ ਵਿੱਚ ਕੀ ਗ਼ਲਤ ਹੈ ਅਤੇ ਕੀ ਠੀਕ ਹੈ ਇਹ ਬਾਦ ਦੀ ਗੱਲ ਹੈ। ਇਨੀ ਗੱਲ ਤਾਂ ਪੱਕੀ ਹੈ ਨਾ ਕਿ ਇਹ ਸਮੱਗਰੀ ਹੋਂਦ ਰੱਖਦੀ ਹੈ।
ਗੁਰਬਾਣੀ ਇਤਿਹਾਸ ਨੂੰ ਸਮਝਣ ਲਈ ਮਦਦਗਾਰ ਹੁੰਦੀ ਹੈ। ਇਤਿਹਾਸ ਬਾਣੀ ਨੂੰ ਸਮਝਣ ਵਿੱਚ ਸਹਾਇਤਾ ਕਰਦਾ ਹੈ। ਕਈ ਚੀਜ਼ਾਂ ਪ੍ਰੰਪਰਾ ਵਿਚੋਂ ਵੀ ਮਦਦਗਾਰ ਹੁੰਦੀਆਂ ਹਨ। ਪ੍ਰੰਪਰਾਵਾਂ ਅਤੇ ਗ੍ਰੰਥਿਕ ਸਮੱਗਰੀ ਵਿੱਚ ਕਮੀਆਂ ਪੇਸ਼ੀਆਂ ਵੀ ਹਨ, ਲੇਕਿਨ ਇਨ੍ਹਾਂ ਕਮੀਆਂ ਪੇਸ਼ੀਆਂ ਨੂੰ ਨਿਸਚਿਤ ਕਰਨਾ ਸੌਖਾ ਕੰਮ ਨਹੀਂ ਹੈ। ਇਨ੍ਹਾਂ ਪ੍ਰੰਪਰਾਵਾਂ ਅਤੇ ਲਿਖਤੀ ਗ੍ਰੰਥਿਕ ਸਮੱਗਰੀ ਨੂੰ ਮੁਢੋਂ ਸੁਢੋਂ ਰੱਦ ਵੀ ਨਹੀਂ ਕੀਤਾ ਜਾ ਸਕਦਾ।
ਖ਼ਾਲਸਾ ਜੀ, ਜੇ ਕੋਈ ਪੁੱਛੇ ਪਈ ਸਿੱਖੋ ਤੁਹਾਡਾ ਕੋਈ ਅਜਿਹਾ ਗ੍ਰੰਥ ਜਾਂ ਪ੍ਰੰਪਰਾ ਹੈ ਜਿਸ ਨੂੰ ਸਾਰੇ ਸਿੱਖ ਨਿਰਸੰਦੇਹ ਮੰਨਦੇ ਹੋਣ? ਮੈਂ ਸਮਝਦਾ ਹਾਂ ਕਿ ਹਾਲੇ ਤੱਕ ਇੱਕ ਵੀ ਗ੍ਰੰਥ ਅਤੇ ਪ੍ਰੰਪਰਾ ਅਜਿਹੀ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਬਾਰੇ ਵੀ ਸਵਾਲ ਉਠਦੇ ਹਨ ਅਤੇ ਉਠਦੇ ਰਹੇ ਹਨ। ਮੈਂ ਜਾਂ ਹੋਰ ਕੋਈ ਉਨ੍ਹਾਂ ਸਵਾਲਾਂ ਨੂੰ ਜਾਇਜ਼ ਜਾਂ ਨਾਜਾਇਜ਼ ਮੰਨਦਾ ਹੈ, ਸਵਾਲ ਇਹ ਨਹੀਂ ਹੈ। ਸਵਾਲ ਤਾਂ ਉੱਠੇ ਹੀ ਹਨ ਨਾ? ਜਿਹੜੀ ਵੀ ਚੀਜ਼ `ਤੇ ਸਵਾਲੀਆ ਚਿੰਨ ਲੱਗ ਚੁੱਕਾ ਹੈ ਉਸਨੂੰ ਅਸੀਂ ਦੂਜੀਆਂ ਚੀਜ਼ਾਂ ਦੀ ਪਰਖ ਲਈ ਸਟੈਂਡਰਡ ਕਿਵੇਂ ਮੰਨ ਸਕਦੇ ਹਾਂ! ਇਥੇ ਕਿਸੇ ਸਿੰਘ ਨੇ ਕਿਸੇ ਗੱਲ ਲਈ ਦਸਮ ਗ੍ਰੰਥ ਦੀ ਦਲੀਲ ਦਿੱਤੀ। ਮੈਂ ਆਖਿਆ ਕਿ ਦਸਮ ਗ੍ਰੰਥ ਨੂੰ ਸਾਰੇ ਸਿੱਖ ਨਹੀਂ ਮੰਨਦੇ। ਉਸਨੇ ਮੈਂਨੂੰ ਪੁਛਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਸਿੱਖ ਮੰਨਦੇ ਹਨ? ਮੈਂ ਕਿਹਾ ਹਾਂ, ਮੰਨਦੇ ਹਨ। ਉਹ ਕਹਿਣ ਲੱਗਾ ਕਿ ਰਾਗਮਾਲਾ ਵਾਰੇ ਤੁਹਾਡੀ ਕੀ ਰਾਇ ਹੈ? ਮੈਂ ਚੁੱਪ ਹੋ ਗਿਆ। ਰਾਗਮਾਲਾ ਬਾਣੀ ਹੈ ਜਾਂ ਕੀ ਹੈ ਇਹ ਤਾਂ ਵਿਵਾਦ `ਚ ਹੈ। ਪਰ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਤਾਂ ਹੈ ਨਾ। ਹੁਣ ਇਸ ਤੋਂ ਕਿਵੇ ਮੁਨਕਰ ਹੋਇਆ ਜਾਵੇ? ਇਸਤਰਾਂ ਵਿਚਾਰ ਰੁਕ ਗਈ।
ਉਸ ਸ਼ਖ਼ਸ ਨੇ ਕਿਹਾ ਕਿ ਜੇ ਰਾਗਮਾਲਾ ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਕੱਢ ਦੇਣੀ ਚਾਹੀਦੀ ਹੈ ਕਿ ਉਹ ਗੁਰਬਾਣੀ ਨਹੀਂ ਪ੍ਰਤੀਤ ਹੁੰਦੀ ਤਾਂ ਕੱਲ ਨੂੰ ਕੋਈ ਇਹ ਵੀ ਕਹਿ ਸਕਦਾ ਹੈ ਕਿ ਦਸਮ ਗ੍ਰੰਥ ਦਾ ਜਿਹੜਾ ਭਾਗ ਗੁਰਬਾਣੀ ਦੇ ਤੁੱਲ ਸਤਿਕਾਰਿਆ ਜਾਂਦਾ ਹੈ ਜਾਂ ਜਿਸ ਨੂੰ ਸਿੱਖ ਗੁਰਬਾਣੀ ਹੀ ਮੰਨਦੇ ਹਨ ਤਾਂ ਉਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕਿਉਂ ਨਹੀਂ ਕੀਤਾ ਜਾ ਸਕਦਾ! ਉਸਦਾ ਖ਼ਿਆਲ ਸੀ ਕਿ ਜੇ ਕੋਈ ਚੀਜ਼ ਕੱਢੀ ਜਾਣੀ ਜਾਇਜ਼ ਹੈ ਤਾਂ ਪਾਈ ਜਾਣੀ ਵੀ ਜਾਇਜ਼ ਹੋ ਸਕਦੀ ਹੈ। ਮੈਂ ਫਿਰ ਚੁੱਪ ਹੋਇਆ।
ਅਸੀਂ ਜਦ ਬਾਣੀ ਨੂੰ ਫ਼ਲਸਫ਼ੇ ਦੀ ਤਰਾਂ ਡੀਲ ਕਰਦੇ ਹਾਂ ਤਾਂ ਫ਼ਲਸਫ਼ਾ ਡਿਸਪੈਸ਼ਨੇਟ ਹੁੰਦਾ ਹੈ। ਜਿਵੇਂ ਹਿਸਾਬ ਦੇ ਕਿਸੇ ਗ਼ਲਤ ਸਵਾਲ ਨੂੰ ਕੋਈ ਇਸ ਕਰਕੇ ਠੀਕ ਨਹੀਂ ਆਖ ਸਕਦਾ ਕਿ ਇਹ ਮੇਰੇ ਬਾਪੂ ਨੇ ਲਿਖਿਆ ਹੈ। ਜੇ ਬਾਣੀ ਫ਼ਲਸਫ਼ਾ ਹੈ ਤਾਂ ਗੁਰੂ ਸਾਹਿਬ ਨੂੰ ਵਿਦਵਾਨ ਮੰਨਣਾ ਪਏਗਾ। ਫਿਰ ਬਾਣੀ ਦੀ ਕਾਂਤ, ਹੀਗਲ, ਮਾਰਕਸ, ਪਲੈਟੋ, ਅਰਿਸਟੌਟਲ ਨਾਲ ਤੁਲਨਾ ਵੀ ਹੋਵੇਗੀ। ਫਿਰ ਇਹ ਸਿੱਟਾ ਨਿਕਲੇਗਾ ਕਿ ਕੋਈ ਵੀ ਵਿਦਵਾਨ ਇਨਸਾਨ ਨਾ ਪੂਰਾ ਗ਼ਲਤ ਹੈ ਨਾ ਹੀ ਪੂਰਾ ਠੀਕ। ਸਾਰਿਆਂ ਨੂੰ ਰਲਾ ਮਿਲਾ ਕੇ ਕੋਈ ਨਿਰਨਾ ਨਿਕਲੇਗਾ। ਜੇ ਅਸੀਂ ਕਹਾਂਗੇ ਕਿ ਸਾਡੇ ਗੁਰੂ ਸਾਹਿਬਾਂ ਵਿੱਚ ਕੋਈ ਵੀ ਕਮੀ ਪੇਸ਼ੀ ਨਹੀਂ ਹੋ ਸਕਦੀ ਤਾਂ ਉਹ ਕਹਿਣਗੇ ਕਿ ਅਸੀਂ ਡਿਸਪੈਸ਼ਨੇਟ ਨਹੀਂ ਹਾਂ ਭਾਵੁਕ ਹਾਂ। ਭਾਵਕਤਾ ਫ਼ਲਸਫ਼ੇ ਦਾ ਹਿੱਸਾ ਨਹੀਂ ਹੁੰਦੀ। ਫਿਰ ਅਸੀਂ ਕਹਾਂਗੇ ਕਿ ਬਾਣੀ ਫ਼ਲਸਫ਼ਾ ਨਹੀਂ ਹੈ। ਇਹ ਧੁਰ ਕੀ ਬਾਣੀ ਹੈ, ਇਹ ਅਕਾਲੀ ਬਾਣੀ ਹੈ।
ਬਾਣੀ ਵਿੱਚ ਹੀ ਆਇਆ ਹੈ ਕਿ “ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ”। “ਗੁਰੂ” ਨੂੰ “ਕਰਤਾਰ” ਤਸਲੀਮ ਕਰਨਾ ਤਾਂ ਕਿਤੇ ਰਿਹਾ ਸਾਡੇ ਤੱਤ ਭਾਈ ਸਾਹਿਬ ਤਾਂ ਗੁਰੂ ਸਾਹਿਬਾਨ ਨੂੰ ਗੁਰੂ ਮੰਨਣੋ ਵੀ ਇਨਕਾਰੀ ਹਨ। ਗੁਰੂ ਨੂੰ “ਅਭੁਲ” ਮੰਨਦੇ ਹਨ ਪਰ ਗੁਰੂ ਨਹੀਂ। ਸੰਸਾਰ ਕਿਸੇ ਵੀ ਇਨਸਾਨ ਨੂੰ “ਅਭੁਲ” ਮੰਨਣ ਲਈ ਤਿਆਰ ਨਹੀਂ ਹੈ। ਜੇ ਗੁਰੂ ਸਾਹਿਬਾਨ ਇਨਸਾਨ ਹਨ ਤਾਂ ਉਨ੍ਹਾਂ ਨੂੰ “ਭੁਲਣ ਅੰਦਰਿ” ਮੰਨਣਾ ਪਵੇਗਾ। ਜੇ ਉਹ “ਅਭੁਲ” ਹਨ ਤਾਂ ਗੁਰੂ ਮੰਨਣਾ ਪਵੇਗਾ। ਜੇ ਉਹ “ਗੁਰੂ” ਹਨ ਤਾਂ ਭੱਟਾਂ ਅਨੁਸਾਰ “ਕਰਤਾਰ” ਮੰਨਣਾ ਪਵੇਗਾ। ਜੇ ਕਰਤਾਰ ਮੰਨਣਾ ਹੈ ਤਾਂ ਕਰਾਮਾਤ ਵੀ ਮੰਨਣੀ ਪਵੇਗੀ। ਕਿਉਂਕਿ ਜ਼ਫ਼ਨਾਮਹ ਵਿੱਚ ਕਰਤਾਰ ਨੂੰ “ਕਮਾਲਿ ਕਰਾਮਾਤ” ਕਿਹਾ ਗਿਆ ਹੈ।
ਤੱਤ ਭਰਾ ਉਕਤ ਵਿਚਾਰ ਵਿਚੋਂ ਆਪਣੀ ਸਥਿਤੀ ਦੇਖ ਲੈਣ ਕਿਹੜੀ ਹੈ। ਜੇ ਕੋਈ ਵਿਦਵਾਨ ਇਸ ਗੱਲ ਦੀ ਖੋਜ ਕਰਨੀ ਚਾਹੁੰਦਾ ਹੈ ਕਿ ਗੁਰਬਾਣੀ ਫ਼ਲਸਫ਼ਾ ਹੈ ਕਿ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਫ਼ਲਸਫ਼ੇ ਦੀ ਪਰਿਭਾਸ਼ਾ ਸਮਝੇ। ਜੇ ਫ਼ਲਸਫ਼ੇ ਦੀ ਪਰਿਭਾਸ਼ਾ ਵਿੱਚ ਬਾਣੀ ਫਿੱਟ ਹੁੰਦੀ ਹੈ ਤਾਂ ਪਾਠਕ ਤਸਲੀਮ ਕਰ ਲੈਣਗੇ। ਫ਼ਲਸਫ਼ੇ ਦੀ ਪਰਿਭਾਸ਼ਾ ਜੋ ਵਿਦਵਾਨ ਮੰਨਦੇ ਹਨ ਉਸ ਅਨੁਸਾਰ ਹੀ ਦੇਖਣਾ ਹੈ।
ਮੈਨੂੰ ਇਵੇਂ ਪ੍ਰਤੀਤ ਹੁੰਦਾ ਹੈ, ਸ਼ਾਇਦ ਇਵੇਂ ਹੋਵੇ,
ਨਿਮਾਣਾ ਸਿੱਖ,
ਗੁਰਮੁਖ ਸਿੰਘ
ਸ੍ਰੀ ਦੂਖ ਨਿਵਾਰਨ ਸਾਹਿਬ, ਪਟਿਆਲਾ


(09/05/11)
ਚਰਨਜੀਤ ਸਿੰਘ, ਬਰੈਂਮਪਟਨ

ਸ: ਮੱਖਣ ਸਿੰਘ ਜੀ
ਜਿਸ ਸਿੱਖ ਵੀਕਲੀ ਦਾ ਤੁਸੀ ਲਿੰਕ ਦਿੱਤਾ ਹੈ, ਸਿੱਖ ਵੀਕਲੀ ਦੇ ਉਸੀ ਅੰਕ ਦੇ ਪੰਨਾ 8 ਤੇ ਪ੍ਰੋ: ਦਰਸ਼ਨ ਸਿੰਘ ਜੀ ਦਾ ਲੇਖ “ਅਕਾਲ ਤਖਤ, ਅਕਾਲ ਤਖਤ ਦੀ ਇਮਾਰਤ ਅਤੇ ਅਕਾਲ ਤਖਤ ਦਾ ਸੇਵਾਦਾਰ ਦਾ ਫਰਕ ਸਮਝਣ ਦੀ ਲੋੜ ਹੈ” ਵੀ ਛਪਿਆ ਹੈ।
http://sikhweekly.com/Page%208.htm
ਤੁਸੀ ਲਿਖੀਆ ਹੈ
ਉਂਜ ਤਾਂ ਪਹਿਲਾਂ ਵੀ ਕਈ ਵਾਰੀ ਦੱਸਿਆ ਜਾ ਚੁੱਕਾ ਹੈ ਪਰ ਹੁਣ ਫਿਰ ਦੁਹਰਾ ਦਿੰਦੇ ਹਾਂ ਕਿ ਸਾਡੇ ਲਈ ਗੁਰਬਾਣੀ ਗੁਰੂ ਦਾ ਹੁਕਮ ਹੀ ਸਭ ਤੋਂ ਉਪਰ ਹੈ ਇਸ ਤੋਂ ਬਿਨਾ ਹੋਰ ਬੰਦਿਆਂ ਦੀਆਂ ਗੱਲਾਂ ਜਾਂ ਕੋਈ ਹੁਕਮ ਜੋ ਕਿ ਗੁਰਬਾਣੀ ਦੀ ਕਸਵੱਟੀ ਤੇ ਪੂਰਾ ਨਾ ਉਤਰਦਾ ਹੋਵੇ, ਉਹ ਨਾ ਤਾਂ ਪਹਿਲਾਂ ਕਦੀ ਮੰਨਿਆਂ ਹੈ ਅਤੇ ਨਾ ਹੀ ਅਗਾਂਹ ਨੂੰ ਕੋਈ ਮੰਨਣਾ ਹੈ।
ਇਹ ਤੁਸੀ ਪਹਿਲਾਂ ਵੀ ਕਈ ਵਾਰ ਲਿਖ ਚੁਕੇ ਹੋ। ਪਰ ਇਸ ਦਾ ਫੈਸਲਾ ਕੌਣ ਕਰੇਗਾ ਕਿ ਗੁਰਬਾਣੀ ਦੀ ਕਸਵੱਟੀ ਕੀ ਹੈ? ਇੱਥੇ ਤੇ ਕੁਰਾਹੇ ਪਾਉਣ ਵਾਲੇ ਵੀ ਗੁਰਬਾਣੀ ਦੀ ਹੀ ਦੁਹਾਈ ਦਿੰਦੇ ਹਨ। ਇਕਬਾਲ ਸਿੰਘ ਜੀ ਨੂੰ ਅਕਾਲ ਤਖਤ ਦਾ ਕਨਸੈਪਟ ਗੁਰਬਾਣੀ ਵਿੱਚ ਨਹੀਂ ਦਿੱਸਦਾ। ਮੈਨੂੰ ਦਿਸਦਾ ਹੈ। ਤੁਸੀ ਮੇਨੂੰ ਕੇਸਾਂ ਦੇ ਹੱਕ ਵਿੱਚ ਗੁਰਬਾਣੀ ਦੀਆਂ ਤੁਕਾਂ ਪੜ ਕੇ ਸੁਨਾ ਦੇਵੋ। ਮੈਂ ਤੁਹਾਨੁੰ ਉਹ ਤੁਕ ਕੱਢ ਕੇ ਦੇ ਦੇਵਾਂਗਾ ਜੋ ਕੇਸਾਂ ਨੂੰ ਕੋਈ ਮਹੱਤਵ ਨਹੀਂ ਦਿੰਦੀ। ਮੇਨੂੰ ਗੁਰਬਾਣੀ ਵਿੱਚ ਐਸਾ ਕੁੱਝ ਵੀ ਨਜਰ ਨਹੀਂ ਆਉਂਦਾ ਜਿਸ ਨਾਲ ਮੌਤ ਤੋਂ ਬਾਅਦ ਜਿੰਦਗੀ ਦਾ ਪਤਾ ਚਲਦਾ ਹੋਵੇ। ਜਸਬੀਰ ਸਿੰਘ ਕੈਲਗਰੀ ਜੀ ਨੂੰ ਨਜਰ ਆਉੰਦੀ ਹੈ। ਮੈਨੂੰ ਗੁਰਬਾਣੀ ਵਿੱਚ ਮਾਸ ਖਾਣ ਤੇ ਕੋਈ ਪਾਬੰਦੀ ਨਜਰ ਨਹੀਂ ਆਉਂਦੀ। ਬੜੇ ਲੋਕ ਹਨ ਜਿਹਨਾਂ ਨੂੰ ਨਜਰ ਆਉਂਦੀ ਹੈ। ਗੁਰਬਾਣੀ ਹਮੇਸ਼ਾ ਹੀ
subject to interpretation ਰਹੀ ਹੈ ਅਤੇ ਹਮੇਸ਼ਾ ਇੰਝ ਹੀ ਰਹੇਗੀ।
ਆਪਣੇ 30/4/11 ਦੇ ਪੱਤਰ ਵਿੱਚ ਮੈਂ ਭਾਈ ਗੁਰਦਾਸ ਦੀ ਇੱਕ ਬੜੀ ਹੀ ਵਿਚਾਰਣ ਯੋਗ ਪੰਕਤੀ ਕੁਉਟ ਕੀਤੀ ਸੀ ਜੋ ਕਿ 6ਵੇਂ ਗੁਰੁ ਸੰਬਧੀ ਸੀ।
ਬਾਣੀ ਕਰ ਸੁਣ ਗਾਂਵਦਾ
ਕਥੈ ਨ ਸੁਣੈ ਨ ਗਾਂਵ ਸੁਣਾਯਾ। l
ਲੋਕ ਕਹਿਂਦੇ ਸਨ ਕਿ ਪਹਿਲੇ ਗੁਰੁ ਬਾਣੀ ਲਿਖਦੇ ਸਨ, ਸੁਣਦੇ ਸਨ ਅਤੇ ਗਾਉਂਦੇ ਸਨ ਪਰ ਇਹ 6ਵਾਂ ਗੁਰੁ ਨਾ ਲਿਖਦਾ ਹੈ, ਨਾ ਸੁਣਦਾ ਹੈ ਅਤੇ ਨਾ ਹੀ ਗਾਉਂਦਾ ਹੈ। ਪਰ ਫਿਰ ਵੀ ਲੋਕ ਦਿਲੋਂ ਉਹਨਾਂ ਨੂੰ ਗੁਰੁ ਮੰਨਦੇ ਸਨ।
ਸੱਚ ਨ ਲੁਕੈ ਲੁਕਾਇਆ
ਚਰਣ ਕਵਲ ਸਿੱਖ ਭਵਰ ਲੁਭਾਯਾ।
8ਅਜਰ ਜਰੈ ਨ ਆਪ ਜਣਾਯਾ।
ਸੱਪਸ਼ਟ ਹੈ ਕਿ ਗੁਰੁ ਸਾਹਿਬ ਸਾਡੇ ਵਾਂਗ ਸਿਰਫ ਉੰਗਲ ਫੜ ਕੇ ਹੀ ਨਹੀਂ ਬਹਿ ਗਏ ਸਨ ਸਗੋਂ ਉਹ ਕਰਦੇ ਸਨ ਜਿਸ ਵਾਲਾ ਉਂਗਲ ਇਸ਼ਾਰਾ ਕਰਦੀ ਹੈ। ਪਰ ਗੱਲ ਫਿਰ ਉੱਥੇ ਹੀ ਆ ਗਈ ਕਿ ਇਸ ਦਾ ਪਤਾ ਕਿਵੇਂ ਚਲੇ ਕਿ ਉਂਗਲ ਕਿੱਧਰ ਇਸ਼ਾਰਾ ਕਰਦੀ ਹੈ।
ਜੀਵਨ ਇਤਨਾ ਵਿਰਾਟ ਹੈ ਕਿ ਇਸ ਵਿੱਚ ਵਿਰੋਧਾਭਾਸ ਵੀ ਸਮਾ ਜਾਂਦੇ ਹਨ।
ਚਰਨਜੀਤ ਸਿੰਘ,
ਬਰੈਂਮਪਟਨ
(ਟਿੱਪਣੀ:- ਗੁਰਬਾਣੀ ਵਿੱਚ ਕਿਤੇ ਵੀ ਕੋਈ ਵਿਰੋਧਾਭਾਸ ਨਹੀਂ ਹੈ ਇਸ ਸਿਰਫ ਸਮਝਣ ਦੀ ਗੱਲ ਹੈ। ਤੁਹਾਡੇ ਵਲੋਂ ਕੇਸਾਂ ਵਾਲੀਆਂ ਪੰਗਤੀਆਂ ਦੀ ਕਹੀ ਗੱਲ ਦਾ ਪਹਿਲਾਂ ਜਵਾਬ ਦਿੱਤਾ ਜਾ ਚੁੱਕਾ ਹੈ। ਮਰਨ ਤੋਂ ਬਾਅਦ ਕੀ ਹੁੰਦਾ ਹੈ? ਕੀ ਕੋਈ ਆਵਾਗਵਨ ਹੈ? ਇਸ ਬਾਰੇ ਹਾਲੇ ਤੱਕ ਕੋਈ ਸਹਿਮਤੀ ਨਹੀਂ ਹੋ ਸਕੀ। ਇਹ ਜਾਂ ਇਸ ਤਰ੍ਹਾਂ ਦੀ ਕੋਈ ਇੱਕ ਅੱਧੀ ਗੱਲ ਹੋਰ ਹੋ ਸਕਦੀ ਹੈ। ਹਜ਼ਾਰਾਂ ਹੀ ਹੋਰ ਵਿਸ਼ਿਆਂ ਬਾਰੇ ਤਕਰੀਬਨ ਸਾਰੇ ਹੀ ਸਹਿਮਤ ਹਨ, ਡੇਰੇਦਾਰ ਸਾਧਾਂ ਅਤੇ ਉਹਨਾ ਦੇ ਸ਼ਰਧਾਲੂਆਂ ਨੂੰ ਛੱਡ ਕੇ। ਜਿਵੇਂ ਕਿ ਧਰਮ ਰਾਜ, ਚਿਤਰ ਗੁਪਤ, ਨਰਕ ਸੁਰਗ ਆਦਿਕ ਨੂੰ ਕੋਈ ਵੀ ਨਹੀਂ ਮੰਨਦਾ। ਮੈਂ ਗੁਰਬਾਣੀ ਦੀ ਕਸਵੱਟੀ ਤੇ ਪਰਖ ਕੇ ਇਹ ਗੱਲ ਲਿਖ ਚੁੱਕਾ ਹਾਂ ਕਿ ਥੱਲੇ ਬੈਠ ਕੇ ਖਾਣ ਨਾਲ ਕੋਈ ਵੀ ਧਰਮੀ ਨਹੀਂ ਬਣ ਸਕਦਾ। ਸਰੀਰ ਨੂੰ ਕਸ਼ਟ ਦੇ ਕੇ ਕਿਸੇ ਵੀ ਹੱਠ ਨਾਲ ਧਰਮੀ ਨਹੀਂ ਬਣਿਆਂ ਜਾ ਸਕਦਾ। ਗੁਰਬਾਣੀ ਵਿੱਚ ਅਨੇਕਾਂ ਹੀ ਫੁਰਮਾਣ ਇਸ ਪ੍ਰਥਾਇ ਹਨ। ਜੇ ਕਰ ਇਹ ਠੀਕ ਨਹੀਂ ਤਾਂ ਤੁਸੀਂ ਦੱਸ ਦਿਓ ਕਿ ਠੀਕ ਕੀ ਹੈ। ਕਿਸੇ ਹੋਰ ਤੇ ਕੁਰਾਹੇ ਪਉਣ ਦੇ ਇਲਜ਼ਾਮ ਲਉਣ ਤੋਂ ਪਹਿਲਾਂ ਆਪਣੀ ਲੇਖਣੀ ਵੀ ਦੇਖ ਲਿਆ ਕਰੋ ਕਿ ਤੁਸੀਂ ਵੀ ਕਿਤੇ ਕੁਰਾਹੇ ਤਾਂ ਨਹੀਂ ਪਾ ਰਹੇ ਜਿਹੜੇ ਕਿ ਗਰੁਬਾਣੀ ਦੀਆਂ ਤੁਕਾਂ ਦੇ ਕੇਸਾਂ ਨੂੰ ਕੋਈ ਵੀ ਮਹੱਤਵ ਨਾ ਦੇਣ ਦੇ ਅਰਥ ਕੱਢ ਰਹੇ ਹੋ-ਸੰਪਾਦਕ)


(08/05/11)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਹਿ॥

ਡਾ: ਇਕਬਾਲ ਸਿੰਘ ਢਿਲੋਂ ਜੀ!

ਜਿਹੜੀ ਤੁਸੀਂ ਮੇਰੇ ਵੱਲੋਂ ਲਗਾਏ ਗਏ ਇਲਜਾਮਾਂ ਦੀ ਗੱਲ ਕੀਤੀ ਹੈ ਅਸਲ ਵਿੱਚ ਇਲਜਾਮ ਨਹੀਂ ਬਲਿਕਿ ਮੇਰੇ ਤੇ ਦੁਹਰਾਉ ਕਰਨ ਦੇ ਇਲਜਾਮ ਦੇ ਬਦਲੇ ਮੇਰੇ ਵੱਲੋਂ ਸਫਾਈ ਪੇਸ਼ ਕੀਤੀ ਗਈ ਹੈ। ਵੈਸੇ ਤੁਸੀਂ ਜੋ ਵੀ ਲਿਖ ਰਹੇ ਹੋ ਅਤੇ ਜਿਸ ਤਰ੍ਹਾਂ ਵੀ ਲਿਖ ਰਹੇ ਹੋ ਉਸ ਬਾਰੇ ਮੈਨੂੰ ਕੋਈ ਸ਼ਿਕਾਇਤ ਨਹੀਂ ਹੈ।

ਆਪ ਜੀ ਨੇ ਲਿਖਿਆ ਹੈ: “ਸ੍ਰੀ ਗੁਰੂ ਗ੍ਰੰਥ ਜੀ ਦੇ ਪ੍ਰਕਾਸ਼ ਦਾ ਮਤਲਬ ਸਿਰਫ ਇਤਨਾ ਨਹੀਂ ਕਿ ਜਿੱਥੇ ਸ੍ਰੀ ਗ੍ਰੰਥ ਜੀ ਦਾ ਪੁਸਤਕ ਰੂਪ ਖੋਲ੍ਹ ਲਿਆ ਪ੍ਰਕਾਸ਼ ਹੋ ਗਿਆ। ਪ੍ਰਕਾਸ਼ ਦਾ ਅਸਲੀ ਮਤਲਬ ਹੈ ਸਿੱਖ ਸ਼ਰਧਾਲੂਆਂ ਦੇ ਕੋਲ ਗੁਰਬਾਣੀ ਦੀ ਸਿੱਖਿਆ ਪ੍ਰਤੀ ਸੱਚੀ ਸ਼ਰਧਾ ਦਾ ਹੋਣਾ। ਸ਼ਰਧਾ ਦਿਲ ਵਿੱਚ ਹੀ ਹੁੰਦੀ ਹੈ। ਦਿਲ ਵਿੱਚ ਸੱਚੀ ਸ਼ਰਧਾ ਰੱਖ ਕੇ ਹੀ ਸ੍ਰੀ ਗੁਰੂ ਗ੍ਰੰਥ ਜੀ ਦੀ ਸਿੱਖਿਆ ਤੇ ਅਮਲ ਕੀਤਾ ਜਾ ਸਕਦਾ ਹੈ। ਸੋ ਮੇਰੇ ਵਿਚਾਰ ਵਿੱਚ ਅੱਜ ਕਿਸੇ ਨਕਲੀ ਅਤੇ ਭੌਤਿਕ ਤਖਤ (ਜਿਹਾ ਕਿ ਅਖੌਤੀ ਅਕਾਲ- ਤਖਤ ਦੇ ਰੂਪ ਵਿੱਚ 1926 ਈ: ਤੋਂ ਲੈ ਕੇ ਸਿੱਖ ਕੌਮ ਦੇ ਉੱਤੇ ਥੋਪਿਆ ਗਿਆ ਹੈ) ਦੀ ਸਿੱਖ ਕੌਮ ਨੂੰ ਉੱਕਾ ਹੀ ਲੋੜ ਨਹੀਂ”।

ਡਾ: ਸਾਹਿਬ ਜੀ! ਤੁਸੀਂ ਮੇਰੇ ਤੇ ਦੁਹਰਾਉ ਕਰਨ ਦਾ ਇਲਜਾਮ ਲਗਾਂਦੇ ਹੋ ਅਤੇ ਮੇਰੇ ਵਲੋਂ ਦਿੱਤੇ ਗਏ ਸਪੱਸ਼ਟੀਕਰਨ ਨੂੰ ਤੁਸੀਂ ਇਲਜਾਮ ਸਮਝ ਲੈਂਦੇ ਹੋ। ਵਿਚਾਰ ਅੱਗੇ ਤੋਰਨ ਤੋਂ ਪਹਿਲਾਂ, ਮੈਂ ਜੋ ਗੱਲ ਕਹੀ ਸੀ ਉਸ ਦੀ Copy-paste ਲਗਾ ਰਿਹਾ ਹਾਂ -

“ਸਵਾਲ ਉੱਥੇ ਦਾ ਉੱਥੇ ਹੀ ਹੈ ਕਿ ਜੇ ‘ਗੁਰੂ ਜੀ ਦਾ ਤਖਤ ਉੱਥੇ ਹੀ ਮੌਜੂਦ ਹੈ ਜਿੱਥੇ ਸੱਚੀ ਸ਼ਰਧਾ ਦਾ ਨਿਵਾਸ ਹੈ। …ਅਸਲੀ ਤਖਤ ਇੱਕ ਸੁਹਿਰਦ ਸ਼ਰਧਾਲੂ ਦੇ ਮਨ ਵਿੱਚ ਹੈ”।

ਤਾਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਰਬਾਰ ਸਾਹਿਬ ਦੇ ਸਾਹਮਣੇ ‘ਥੜ੍ਹੇ’ ਦੇ ਰੂਪ ਵਿੱਚ ‘ਤਖਤ’ ਦਾ ਨਿਰਮਾਣ ਕਰਵਾਇਆ ਸੀ ਤਾਂ ਕੀ ਉਸ ਵਕਤ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਸਿੱਖ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਸੰਕਲਪ ਦੇ ਮੁੱਦਈ ਨਹੀਂ ਸੀ? ਉਨ੍ਹਾਂਦੇ ਮਨਾਂ ਵਿੱਚ ਸ਼ਰਧਾ ਨਹੀਂ ਸੀ” ?

ਡਾ: ਸਾਹਿਬ ਜੀ! ਗੱਲ ‘ਛੇਵੇਂ ਗੁਰੂ ਜੀ ਦੇ ਤਖਤ’ ਬਾਰੇ ਚੱਲ ਰਹੀ ਹੈ। ਤੁਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਰਧਾ ਦੀ ਗੱਲ ਕਰਨ ਲੱਗ ਪਏ ਹੋ। ਤੁਸੀਂ ਆਪ ਹੀ ਦੇਖੋ ਕੀ ਆਪ ਜੀ ਦਾ ਜਵਾਬ ਮੇਰੇ ਸਵਾਲ ਦੇ ਅਨੁਕੂਲ ਹੈ?

ਆਪ ਜੀ ਨੇ ਅੱਗੇ ਲਿਖਿਆ ਹੈ: “ਬਾਕੀ ਛੇਵੇਂ ਗੁਰੂ ਜੀ ਦਾ ਤਖਤ ਤਾਂ ਅਲੋਪ ਹੈ ਹੀ। … ਮੈਂ ਤਾਂ ਆਪ ਜੀ ਕੋਲੋਂ ਛੇਵੇਂ ਗੁਰੂ ਜੀ ਦੇ ਤਖਤ ਅਲੋਪ ਹੋਣ ਬਾਰੇ ਤਾਰੀਖ ਇਸ ਕਰਕੇ ਪੁੱਛੀ ਸੀ ਕਿ ਆਪ ਜੀ ਵਾਰ ਵਾਰ ਮੇਰੇ ਉੱਤੇ ਇਲਜਾਮ ਲਗਾ ਰਹੇ ਸੀ ਕਿ ਮੈਂ ਉਸ ਤਖਤ ਦੇ ਅਲੋਪ ਹੋਣ ਦੇ ਸਮੇਂ ਬਾਰੇ ਪੱਕੀ ਜਾਣਕਾਰੀ ਨਹੀਂ ਸੀ ਦੇ ਰਿਹਾ ਜਦਕਿ ਮੇਰਾ ਕਹਿਣਾ ਸੀ ਕਿ ਇਤਹਾਸ ਵਿੱਚ ਇਸ ਦੇ ਸਮੇਂ ਬਾਰੇ ਕੋਈ ਭਰੋਸੇਯੋਗ ਹਵਾਲਾ ਨਹੀਂ ਮਿਲਦਾ”।

ਡਾ: ਸਾਹਿਬ ਜੀ! ਤਖਤ ਦੇ ਢਾਏ ਜਾਣ ਦੇ ਸਮੇਂ ਬਾਰੇ ਆਪ ਜੀ ਤੋਂ ਪੁੱਛਣ ਦਾ ਮੇਰਾ ਮਕਸਦ ਇਹ ਸੀ ਕਿ ਜੇ ਗੁਰੂ ਸਾਹਿਬ ਦੇ ਸਮੇਂ ਹੀ ਉਨ੍ਹਾਂਦੇ ਹੁਕਮ ਨਾਲ ਤਖਤ ਢਾਇਆ ਗਿਆ ਸੀ ਤਾਂ ਸਥਿਤੀ ਹੋਰ ਬਣਦੀ ਹੈ। ਪਰ ਜੇ ਬਾਅਦ ਵਿੱਚ ਵਿਦੇਸ਼ੀਆਂ ਜਾਂ ਵਿਰੋਧੀਆਂ ਹੱਥੋਂ ਢਾਇਆ ਗਿਆ ਅਤੇ ਸਿੱਖਾਂ ਦੇ ਆਪਸੀ ਗੁਰਮਤੇ ਨਾਲ ਬਿਲਡਿੰਗ ਦੀ ਉਸਾਰੀ ਨਵੇਂ ਸਿਰੇ ਹੋ ਗਈ ਤਾਂ ਸਥਿਤੀ ਹੋਰ ਬਣਦੀ ਹੈ। ਹੁਣ ਜਦੋਂ ਕਿ ਆਪ ਜੀ ਕਹਿ ਰਹੇ ਹੋ ਕਿ ਉਸ ਤਖਤ ਦੇ ਅਲੋਪ ਹੋਣ ਦੇ ਸਮੇਂ ਬਾਰੇ ਇਤਹਾਸ ਵਿੱਚ ਕੋਈ ਭਰੋਸੇਯੋਗ ਹਵਾਲਾ ਨਹੀਂ ਮਿਲਦਾ। ਤਾਂ ਮਿਹਰਬਾਨੀ ਕਰਕੇ ਆਪ ਆਪਣੇ ਲੇਖ/ ਪੱਤਰ ਵਿੱਚੋਂ ਹੇਠ ਲਿਖੀਆਂ ਲਾਇਨਾਂ ਕੱਟ ਦਿਉ ਤਾਂ ਬਿਹਤਰ ਹੋਵੇਗਾ।

“ਛੇਵੇਂ ਗੁਰੂ ਜੀ ਦੇ ਜੀਵਨ ਦੇ ਅੰਤਲੇ ਪੜਾ ਤੱਕ ਉਹ ਕਾਰਨ ਮੌਜੂਦ ਨਹੀਂ ਰਹੇ ਹਿਨਾਂ ਕਾਰਨਾਂ ਕਰਕੇ ਉਹਨਾਂਨੇ ਤਖਤ ਹੋਂਦ ਵਿੱਚ ਲਿਆਂਦਾ ਸੀ। ਇਹ ਇੱਕ ਮੌਕਾ-ਮੇਲ Co-incidence ਹੀ ਹੈ ਕਿ ਇਨ੍ਹੀ ਦਿਨੀਂ ਹੀ ਛੇਵੇਂ ਗੁਰੂ ਜੀ ਦਾ ਤਖਤ ਅਲੋਪ ਹੋ ਗਿਆ ਅਤੇ ਉਸ ਦੀ ਜਗਹ ਤੇ ਇੱਕ ਬੁੰਗਾ ਉੱਸਰ ਗਿਆ”।

ਆਸ਼ੇ ਦੀ ਪਰਾਪਤੀ ਹੋ ਜਾਣ ਮਗ਼ਰੋਂ ਜਲਦੀ ਹੀ ਗੁਰੂ ਸਾਹਿਬਾਨ ਵੱਲੋਂ ਤਖਤ ਨੂੰ ਤਿਆਗ ਦਿੱਤਾ ਗਿਆ ਸੀ ‘ਅਤੇ’ ਇਸ ਦੀ ਜਗਹ ਤੇ ਬੁੰਗਾ ਹੋਂਦ ਵਿੱਚ ਆ ਗਿਆ ਸੀ ਜਿਸ ਦਾ ਨਾਮ ‘ਅਕਾਲ ਬੁੰਗਾ’ ਰੱਖਿਆ ਗਿਆ ਸੀ”।

ਦੂਸਰੀ ਗੱਲ- “ਬਾਕੀ ਛੇਵੇਂ ਗੁਰੂ ਜੀ ਦਾ ਤਖਤ ਤਾਂ ਅਲੋਪ ਹੈ ਹੀ” ਬਾਰੇ-

ਛੇਵੇਂ ਗੁਰੂ ਜੀ ਦੇ ਵਕਤ ‘ਥੜ੍ਹੇ’ ਦੇ ਰੂਪ ਵਿੱਚ ਬਣੇ ਤਖਤ ਦੀ ਮੌਜੂਦਗੀ ਨਾ ਹੋਣ ਕਰਕੇ ਅੱਜ ਦੇ ਮੌਜੂਦਾ (ਅਕਾਲ) -ਤਖਤ ਨੂੰ ਤੁਸੀਂ ਤਖਤ ਮੰਨਣ ਲਈ ਤਿਆਰ ਨਹੀਂ।

ਹੁਣ ਜਰਾ ਆਪਣਾ 01-05-11 ਦਾ ਪੱਤਰ ਪੜ੍ਹੋ ਉਸ ਵਿੱਚ ਤੁਸੀਂ ਗੁਰਦੁਆਰਾ ‘ਬੰਗਲਾ ਸਾਹਿਬ ਦਿੱਲੀ’ ਨੂੰ ਤਖਤਾਂ ਦੀ ਸੂਚੀ ਵਿੱਚ ਗਿਣਦੇ ਹੋਏ ਲਿਖਿਆ ਹੈ-

“ਨੋਟ: ਬੰਗਲਾ ਸਾਹਿਬ ਦਿੱਲੀ ਨੂੰ ਵੀ ਉਪਰੋਕਤ (ਤਖਤਾਂ ਵਾਲੀ) ਸੂਚੀ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਅੱਠਵੇਂ ਗੁਰੂ ਜੀ ਇੱਥੇ ਆਪਣਾ ਦਰਬਾਰ ਲਗਾਉਂਦੇ ਰਹੇ ਸਨ”।

ਡਾ: ਸਾਹਿਬ ਜੀ! ਕੀ ਬੰਗਲਾ ਸਾਹਿਬ ਵਿੱਚ ਐਸਾ ਕੋਈ ਥੜ੍ਹਾ ਆਦਿ ਮੌਜੂਦ ਹੈ, ਜਿੱਥੇ ਬੈਠਕੇ ਗੁਰੂ ਸਾਹਿਬ ਦਰਬਾਰ ਲਗਾਉਂਦੇ ਰਹੇ ਸਨ? ਕੀ ਬੰਗਲਾ ਸਾਹਿਬ ਦੀ ਬਿਲਡਿੰਗ ਜੋ ਅੱਜ ਦੇ ਮੌਜੂਦਾ ਸਮੇਂ ਹੈ ਕੀ ਗੁਰੂ ਸਾਹਿਬ ਦੇ ਸਮੇਂ ਵੀ ਇਸੇ ਤਰ੍ਹਾਂ ਹੀ ਸੀ? ਜਾਣਕਾਰੀ ਦੇਣ ਦੀ ਖੇਚਲ ਕਰਨੀਂ ਜੀ। ਜੇ ਬੰਗਲਾ ਸਾਹਿਬ ਵਿੱਚ ਬਿਨਾ ਥੜ੍ਹੇ ਆਦਿ ਦੀ ਮੌਜੂਦਗੀ ਤੋਂ ਤੁਸੀਂ ਉਸ ਨੂੰ ‘ਤਖਤ’ ਮੰਨਦੇ ਹੋ ਤਾਂ ਮੌਜੂਦਾ ਅਕਾਲ ਤਖਤ ਨੂੰ ਤਖਤ ਕਿਉਂ ਨਹੀਂ ਮੰਨਦੇ?

ਡਾ: ਸਾਹਿਬ ਜੀ! ਇੱਕ ਪਾਸੇ ਤੁਸੀਂ ਤਖਤਾਂ ਦੀ ਗਿਣਤੀ (ਚੌਦਾਂ-ਪੰਦਰਾਂ) ਦੱਸਦੇ ਹੋ ਦੂਜੇ ਪਾਸੇ ਤੁਸੀਂ ਕਹਿੰਦੇ ਹੋ “ਗੁਰੂ ਜੀ ਦਾ ਤਖਤ ਉੱਥੇ ਹੀ ਮੌਜੂਦ ਹੈ ਜਿੱਥੇ ਸੱਚੀ ਸ਼ਰਧਾ ਦਾ ਨਿਵਾਸ ਹੈ। …ਅਸਲੀ ਤਖਤ ਇੱਕ ਸੁਹਿਰਦ ਸ਼ਰਧਾਲੂ ਦੇ ਮਨ ਵਿੱਚ ਹੈ”। ਦੋਨਾਂ ਗੱਲਾਂ ਦਾ ਆਪਸ ਵਿੱਚ ਕੋਈ ਮੇਲ ਨਹੀਂ ਹੈ।

ਭੁੱਲ-ਚੁੱਕ ਲਈ ਮੁਆਫ਼ੀ ਚਾਹੁੰਦਾ ਹਾਂ। ਧੰਨਵਾਦ।

ਜਸਬੀਰ ਸਿੰਘ (ਕੈਲਗਰੀ)


‘ਸਿੱਖ ਮਾਰਗ’ ਦੀਆਂ ਲਿਖਤਾਂ ਸੰਬੰਧੀ ਕੁੱਝ ਸਾਂਝੀਆਂ ਸੰਪਾਦਕੀ ਟਿੱਪਣੀਆਂ

1- ਉਂਜ ਤਾਂ ਪਹਿਲਾਂ ਵੀ ਕਈ ਵਾਰੀ ਦੱਸਿਆ ਜਾ ਚੁੱਕਾ ਹੈ ਪਰ ਹੁਣ ਫਿਰ ਦੁਹਰਾ ਦਿੰਦੇ ਹਾਂ ਕਿ ਸਾਡੇ ਲਈ ਗੁਰਬਾਣੀ ਗੁਰੂ ਦਾ ਹੁਕਮ ਹੀ ਸਭ ਤੋਂ ਉਪਰ ਹੈ ਇਸ ਤੋਂ ਬਿਨਾ ਹੋਰ ਬੰਦਿਆਂ ਦੀਆਂ ਗੱਲਾਂ ਜਾਂ ਕੋਈ ਹੁਕਮ ਜੋ ਕਿ ਗੁਰਬਾਣੀ ਦੀ ਕਸਵੱਟੀ ਤੇ ਪੂਰਾ ਨਾ ਉਤਰਦਾ ਹੋਵੇ, ਉਹ ਨਾ ਤਾਂ ਪਹਿਲਾਂ ਕਦੀ ਮੰਨਿਆਂ ਹੈ ਅਤੇ ਨਾ ਹੀ ਅਗਾਂਹ ਨੂੰ ਕੋਈ ਮੰਨਣਾ ਹੈ।
2- ਚਲ ਰਹੀ ਵਿਚਾਰ ਚਰਚਾ ਨਾਲ ਸੰਬੰਧਿਤ ਸਾਨੂੰ ਕਈ ਲਿਖਤਾਂ ਐਸੀਆਂ ਮਿਲਦੀਆਂ ਰਹੀਆਂ ਹਨ ਜਿਹਨਾ ਵਿੱਚ ਮੁੱਦਿਆਂ ਤੇ ਘੱਟ ਪਰ ਜ਼ਾਤੀ ਟਿੱਪਣੀਆਂ ਬਹੁਤੀਆਂ ਕੀਤੀਆਂ ਹੋਈਆਂ ਹੁੰਦੀਆਂ ਸਨ। ਉਹ ਅਸੀਂ ਨਹੀਂ ਪਾਈਆਂ ਅਤੇ ਕਈ ਐਡਿਟ ਕਰਕੇ ਪਉਣੀਆਂ ਪਈਆਂ ਸਨ। ਇਸ ਲਈ ਸਭ ਨੂੰ ਬੇਨਤੀ ਹੈ ਕਿ ਆਪਣੇ ਵਿਚਾਰ ਮੁੱਦਿਆਂ ਤੱਕ ਹੀ ਸੀਮਤ ਰੱਖਿਆ ਕਰੋ।
3- ਕਈ ਪਾਠਕ/ਲੇਖਕ ਆਪਣੀਆਂ ਲਿਖਤਾਂ ਵਿੱਚ ਲਿਖ ਕੇ ਭੇਜਦੇ ਹਨ ਕਿ ਆਹ ਫਲਾਨੇ ਦੇ ਲੇਖ ਜਾਂ ਚਿੱਠੀਆਂ ਨਾ ਪਾਇਆ ਕਰੋ ਅਤੇ ਕਈ ਕਹਿੰਦੇ ਹਨ ਕਿ ਫਲਾਨੇ ਦਾ ਲੇਖ ਤਾਂ ਕੋਈ ਲੇਖ ਬਣਦਾ ਨਹੀਂ ਇਸ ਲਈ ਉਸ ਨੂੰ ਚਿੱਠੀਆਂ ਵਾਲੇ ਪੰਨੇ ਤੇ ਪਾਓ ਤਾਂ ਚੰਗਾ ਹੈ। ਇਹ ਗੱਲ ਸਾਡੇ ਤੇ ਹੀ ਰਹਿਣ ਦਿਓ ਕਿ ਕਿਹੜੀ ਲਿਖਤ ਪਉਣੀਂ ਹੈ ਅਤੇ ਕਿੱਥੇ ਪਉਣੀ ਹੈ। ਕੱਲ ਅਤੇ ਅੱਜ ਅਸੀਂ ਦੋ ਲੇਖ ਬਟਾਲਵੀ ਦੇ ਪਾਠਕਾਂ ਦੇ ਪੰਨੇ ਤੇ ਪਾਏ ਹਨ ਕਿਉਂਕਿ ਉਹ ਪਹਿਲਾਂ ਵੀ ਛਪੇ ਹੋਏ ਸਨ ਅਤੇ ਹੋਰ ਥਾਵਾਂ ਤੇ ਛਪਣ ਲਈ ਵੀ ਭੇਜੇ ਗਏ ਸਨ।
4- ਕਿਰਪਾ ਕਰਕੇ ਬੰਦਿਆਂ ਨਾਲ ਨਾ ਜੁੜੋ ਅਤੇ ਨਾ ਹੀ ਇੱਥੇ ਧੜਾ ਬਣਾਉਣ ਦੀ ਕੋਸ਼ਿਸ਼ ਕਰੋ। ਜੋ ਲਿਖਣਾ ਹੈ ਉਹ ਗੁਰਬਾਣੀ ਦੇ ਸੱਚ ਨੂੰ ਹੀ ਸਾਹਮਣੇ ਰੱਖ ਕੇ ਲਿਖਣ ਦਾ ਯਤਨ ਕਰੋ। ਸਾਡੇ ਲਈ ਕੋਈ ਵੀ ਕਿਸੇ ਨਾਲੋਂ ਉਚਾ ਜਾਂ ਨੀਵਾਂ ਨਹੀਂ ਹੈ।
5- ਆਪਣੀ ਹੀ ਸੋਚਣੀ ਅਨੁਸਾਰ ਕਿਸੇ ਨੂੰ ਸਿੱਖ ਜਾਂ ਨਾ ਸਿੱਖ ਹੋਣ ਦਾ ਭਰਮ ਆਪਣੇ ਮਨ ਵਿਚੋਂ ਕੱਢ ਦਿਓ। ਗੁਰਬਾਣੀ ਅਨੁਸਾਰ ਉਹ ਸਿੱਖ ਹੈ ਜੋ ਗੁਰੂ ਕੇ ਭਾਣੇ ਵਿੱਚ ਆਵੇ ਭਾਵ ਕਿ ਗੁਰੂਬਾਣੀ ਦੇ ਹੁਕਮ ਨੂੰ ਸਭ ਤੋਂ ਉਤਮ ਮੰਨੇ ਨਾ ਕਿ ਕਿਸੇ ਹੋਰ ਗ੍ਰੰਥ, ਸਾਧ ਸੰਤ ਜਾਂ ਕਿਸੇ ਕਥਿਤ ਜਥੇਦਾਰ ਦੇ ਹੁਕਮ ਨੂੰ।
6- ਸਿੱਖਾਂ ਦੀ ਏਕਤਾ ਸਿਰਫ ਤੇ ਸਿਰਫ ਇਕੋ ਇੱਕ ਗ੍ਰੰਥ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਸਭ ਤੋਂ ਉਪਰ ਮੰਨ ਕੇ ਹੋ ਸਕਦੀ ਹੈ ਹੋਰ ਕਿਸੇ ਵੀ ਤਰ੍ਹਾਂ ਨਹੀਂ। ਇਹ ਗੱਲ ਸਿੱਖ ਭਾਵੇਂ ਹੁਣ ਸਮਝ ਲੈਣ ਅਤੇ ਭਾਵੇਂ 100 ਸਾਲ ਹੋਰ ਸਮਝਣ ਲਈ ਲਾ ਦੇਣ।
7- ਕਈ ਪਾਠਕਾਂ ਦਾ ਵਿਚਾਰ ਹੈ ਕਿ ਕਈ ਸੰਵੇਦਨਸ਼ੀਲ ਵਿਚਾਰਾਂ ਸਾਰਿਆਂ ਦੇ ਸਾਹਮਣੇ ਖੁੱਲੇ ਰੂਪ ਵਿੱਚ ਨਹੀਂ ਕਰਨੀਆਂ ਚਾਹੀਦੀਆਂ। ਸਾਡੀ ਇਸ ਤੋਂ ਉਲਟ ਸੋਚਣੀ ਹੈ ਕਿ ਜਿਤਨੀ ਵਿਚਾਰ ਸਾਰਿਆਂ ਦੇ ਸਾਹਮਣੇ ਖੁੱਲੇ ਰੂਪ ਵਿੱਚ ਹੋਵੇਗੀ ਉਸ ਦੇ ਸਿੱਟੇ ਥੋੜੇ ਸਮੇ ਲਈ ਭਾਵੇਂ ਨੁਕਸਾਇਨਦਾਇਕ ਹੋਣ ਪਰ ਲੰਮੇ ਸਮੇ ਲਈ ਜ਼ਿਆਦਾ ਚੰਗੇ ਹੋਣਗੇ। ਇੱਥੇ ਮੈਂ ਇੱਕ ਮਿਸਾਲ ਦੇਣੀ ਚਾਹੁੰਦਾ ਹਾਂ। ਸ਼੍ਰੋਮਣੀ ਕਮੇਟੀ ਨੇ ਜਦੋਂ ਚੁਪ ਚੁਪੀਤੇ ਕੁੱਝ ਵਿਦਵਾਨਾਂ ਦੀ ਰਾਇ ਨਾਲ, ਮੰਗਲਾਚਰਨ ਗੁਰੂ ਅਰਜ਼ਨ ਪਾਤਸ਼ਾਹ ਦੀ ਦਿੱਤੀ ਸੋਚਣੀ ਮੁਤਾਬਕ ਇੱਕ ਤਰਤੀਬ ਵਿੱਚ ਸਭ ਤੋਂ ਪਹਿਲਾਂ ਛਾਪਣ ਦੀ ਕੋਸ਼ਿਸ਼ ਕੀਤੀ ਤਾਂ ਕਿਸੇ ਡੇਰੇਦਾਰ ਸਾਧ ਨੇ ਸਿੱਖਾਂ ਨੂੰ ਭੜਕਾ ਦਿੱਤਾ ਕਿ ਇਹ ਬਾਣੀ ਬਦਲਣ ਲੱਗੇ ਹਨ। ਤਾਂ ਉਸ ਸਹੀ ਗੱਲ ਦੀ ਹੀ ਇਤਨੀ ਵਿਰੋਧਤਾ ਹੋਈ ਕਿ ਹੁਣ ਤੱਕ ਬੇ-ਤਰਤੀਬੇ ਛਪਦੇ ਆ ਰਹੇ ਹਨ। ਪਰ ਜੇ ਕਰ ਉਹ ਇਹ ਕਰਨ ਤੋਂ ਪਹਿਲਾਂ ਸਾਰੇ ਸਿੱਖਾਂ ਨੂੰ ਦੱਸਦੇ ਅਤੇ ਅੰਮ੍ਰਿਸਰ ਵਿੱਚ ਪੁਰਾਣੀਆਂ ਹੱਥ ਲਿਖਤ ਬੀੜਾਂ ਦੇ ਦਰਸ਼ਨ ਕਰਵਾ ਕੇ ਕਈ ਵਿਦਵਾਨ ਕਈ ਮਹੀਨੇ ਸਿੱਖਾਂ ਨੂੰ ਇਸ ਬਾਰੇ ਜਾਗਰਤ ਕਰਵਾਉਂਦੇ ਅਤੇ ਉਹਨਾ ਨੂੰ ਉਥੇ ਸੱਦ ਕੇ ਉਹਨਾ ਦੇ ਸ਼ੰਕੇ ਨਿਰਵਿਰਤ ਕਰਦੇ ਤਾਂ ਕਿਸੇ ਡੇਰੇਦਾਰ ਦੀ ਕੋਈ ਹਿੰਮਤ ਨਾ ਪੈਂਦੀ ਭੜਕਾਉਣ ਦੀ।
8- ਚੱਲ ਰਹੀ ਵਿਚਾਰ ਚਰਚਾ ਦੌਰਾਂਨ ਕਿਸੇ ਇੱਕ ਅੱਧੇ ਸ਼ਬਦ ਨੂੰ ਲੈ ਕੇ ਆਪੇ ਤੋਂ ਬਾਹਰ ਹੋ ਕੇ ਦੂਸਰੇ ਪ੍ਰਤੀ ਘਟੀਆ ਸ਼ਬਦਾਵਲੀ ਵਰਤ ਕੇ ਹੋਰਨਾ ਨੂੰ ਭੜਕਾਉਣ ਦਾ ਖਿਆਲ ਮੱਤ ਕਰੋ, ਉਸ ਤੇ ਠਰੰਮੇ ਨਾਲ ਸੋਚ ਵਿਚਾਰ ਕਰਕੇ ਹੀ ਲਿਖੋ ਕਿ ਉਹ ਕਿਤਨਾ ਕੁ ਠੀਕ ਜਾਂ ਗਲਤ ਹੈ। ਇਹ ਖਿਆਲ ਮੱਤ ਕਰੋ ਕਿ ਜੋ ਤੁਸੀਂ ਸੋਚਦੇ ਹੋ ਉਹੀ ਠੀਕ ਅਤੇ ਸਹੀ ਹੈ। ਇੱਥੇ ਮੈਂ ਦੋ ਮਿਸਾਲਾਂ ਦੇਣੀਆਂ ਚਾਹੁੰਦਾ ਹਾਂ। ਡਾ: ਇਕਬਾਲ ਸਿੰਘ ਢਿੱਲੋਂ ਨੇ ਦੋ ਸ਼ਬਦ, “ਅੱਡਾ ਅਤੇ ਅਖੌਤੀ” ਵਰਤੇ ਸਨ। ਇਹਨਾ ਦੇ ਅਰਥ ਆਪਣੀ ਸੋਚਣੀ ਅਨੁਸਾਰ ਹੀ ਕੱਢ ਕੇ ਗਲਤ ਦੱਸਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਤਰ੍ਹਾਂ ਸਿਰਫ ਇੱਥੇ ਲਿਖਣ ਵਾਲਿਆਂ ਨੇ ਹੀ ਨਹੀਂ ਕੀਤਾ ਹੋਰ ਵੀ ਕਈਆਂ ਨੇ ਕੀਤਾ ਹੈ। ਡੇਰਿਆਂ ਵਾਲੇ ਸਾਧਾਂ ਨਾਲ ਸੰਬੰਧਿਤ ਵਿਆਕਤੀਆਂ ਨੇ ਇੱਕ ਸਪੈਸ਼ਲ ਅੰਕ ਹੀ ਇਸ ਵਿਸ਼ੇ ਤੇ ਕੱਢਿਆ ਹੈ। ਪਰ ਇਸ ਦੇ ਉਲਟ ਹੋਰ ਕਈਆਂ ਨੇ ਇਹਨਾ ਦੋ ਸ਼ਬਦਾਂ ਨੂੰ ਠੀਕ ਵੀ ਸਮਝਿਆ ਹੈ। ‘ਸਿੱਖ ਵੀਕਲੀ’ ਇੱਕ ਸਪਤਾਹਿਕ ਪਰਚਾ ਜੋ ਕਿ ਟੋਰਾਂਟੋ ਤੋਂ ਛਪਦਾ ਹੈ ਜਿਹਨਾ ਨਾਲ ਸੰਬੰਧਿਤ ਸੱਜਣਾ ਨੇ ਇਸ ਵਿਚਾਰ ਚਰਚਾ ਵਿੱਚ ਕੋਈ ਹਿੱਸਾ ਵੀ ਨਹੀਂ ਲਿਆ, ਉਹਨਾ ਨੇ ਡਾ: ਇਕਬਾਲ ਸਿੰਘ ਢਿੱਲੋਂ ਦਾ ਇੱਕ ਲੇਖ ‘ਸਿੱਖ ਮਾਰਗ’ ਤੋਂ ਲੈ ਕੇ, ਦੋ ਕਿਸ਼ਤਾਂ ਵਿੱਚ ਛਾਪਿਆ ਹੈ ਅਤੇ ਨਾਲ ਹੀ ਇਸ ਦੇ ਹੱਕ ਵਿੱਚ ਸੰਪਾਦਕੀ ਲਿਖ ਕੇ ਅਖੌਤੀ ਦੇ ਅਰਥ ਵੀ ਦੱਸੇ ਹਨ। ਪਾਠਕ ਜਨ ਇਸ ਨੂੰ ਸਿੱਖ ਵੀਕਲੀ ਡੌਟ ਕੌਮ ਤੇ ਜਾ ਕੇ ਪੜ੍ਹ ਸਕਦੇ ਹਨ ਅਤੇ ਜਾਂ ਫਿਰ ਹੇਠ ਲਿਖੀ ਲਾਈਨ ਤੇ ਕਲਿਕ ਕਰਕੇ ਸਿੱਧਾ ਹੀ ਪੜ੍ਹ ਸਕਦੇ ਹਨ।
ਨੋਟ:- ਸਿੱਖ ਵੀਕਲੀ ਦਾ ਸੰਪਾਦਕੀ ਪੰਨਾ ਅਤੇ ਲੇਖ ਪੜ੍ਹਨ ਲਈ ਇੱਥੇ ਕਲਿਕ ਕਰੋ ਜੀ।


(08/05/11)
ਕਿਰਪਾਲ ਸਿੰਘ ਬਠਿੰਡਾ

ਕਿਸੇ ਨਤੀਜੇ `ਤੇ ਪਹੁੰਚਣ ਲਈ ਵੀਚਾਰ ਚਰਚਾ ਦੌਰਾਨ ਕੁੱਝ ਨਿਯਮ ਅਪਨਾਉਣੇ ਜਰੂਰੀ ਹਨ

ਕਿਰਪਾਲ ਸਿੰਘ ਬਠਿੰਡਾ

ਇਸ ਸਮੇਂ ਸਿੱਖ ਧਰਮ ਵਿਵਾਦਾਂ ਦੇ ਸੰਕਟ ਵਿੱਚ ਘਿਰਿਆ ਹੋਇਆ ਹੈ। ਇਨ੍ਹਾਂ ਵਿਵਾਦਾਂ ਨੂੰ ਵੀਚਾਰ ਚਰਚਾ ਰਾਹੀਂ ਹੱਲ ਕਰਨ ਦੀ ਮੰਨਸ਼ਾ ਨਾਲ ਸੰਪਾਦਕ ਸ: ਮੱਖਣ ਸਿੰਘ ਜੀ ਨੇ ਸਿੱਖ ਮਾਰਗ ਵੈੱਬਸਾਈਟ ਦੇ ਰੂਪ ਵਿੱਚ ਇੱਕ ਬਹੁਤ ਵਧੀਆ ਪਲੇਟਫਾਰਮ ਮੁਹੱਈਆ ਕਰਵਾਇਆ ਹੈ। ਸਾਨੂੰ ਸਾਰਿਆਂ ਨੂੰ ਇਸ ਦੀ ਯੋਗ ਵਰਤੋਂ ਕਰਕੇ ਵਿਵਾਦ ਘਟਾਉਣ ਵੱਲ ਵਧਣਾ ਚਾਹੀਦਾ ਹੈ। ਕਿਸੇ ਸਿੱਟੇ `ਤੇ ਪਹੁੰਚਣ ਲਈ ਚਾਹੀਦਾ ਇਹ ਹੈ ਕਿ ਵੀਚਾਰ ਚਰਚਾ ਸਿਰਫ ਇੱਕ ਵਿਸ਼ੇ/ਮੁੱਦੇ ਨਾਲ ਸਬੰਧਤ ਹੋਵੇ ਤੇ ਇੱਕੋ ਸਮੇਂ ਬਹੁਤੇ ਮੁੱਦਿਆਂ ਤੇ ਵਿਸ਼ਿਆਂ ਨੂੰ ਰਲ ਗੱਡ ਨਹੀਂ ਕਰਨਾ ਚਾਹੀਦਾ। ਪੁੱਛੇ ਜਾਣ ਵਾਲੇ ਸਵਾਲ ਸਿਰਫ ਵੀਚਾਰ ਅਧੀਨ ਮੁੱਦੇ/ਵਿਸ਼ੇ ਨਾਲ ਹੀ ਸਬੰਧਤ ਹੋਣ ਤੇ ਉਸ ਦੇ ਜਵਾਬ ਸਰਲ, ਸੰਖੇਪ ਤੇ ਟੂ ਦੀ ਪੋਇੰਟ ਹੋਣ। ਚੱਲ ਰਹੀ ਰਵਾਇਤ ਜਾਂ ਕਿਸੇ ਇਤਿਹਾਸਕ ਤੱਥ ਨੂੰ ਗਲਤ ਸਿੱਧ ਕਰਨ ਵਾਲੇ ਨੂੰ ਚਾਹੀਦਾ ਹੈ ਕਿ ਉਹ ਆਪਣੇ ਵਲੋਂ ਦਿੱਤੀਆਂ ਗਈਆਂ ਦਲੀਲਾਂ ਦੇ ਪੱਖ ਵਿੱਚ ਗੁਰਬਾਣੀ ਜਾਂ ਪ੍ਰਮਾਣਿਕ ਇਤਿਹਾਸ ਦੇ ਠੋਸ ਤੱਥ ਤੇ ਉਨ੍ਹਾਂ ਦੇ ਮੂਲ ਸ੍ਰੋਤ ਪੇਸ਼ ਕਰਨ ਦਾ ਪਾਬੰਦ ਹੋਵੇ। ਪਰ ਵੇਖਿਆ ਇਹ ਗਿਆ ਹੈ ਕਿ ਇਥੇ ਵੀ ਵੀਚਾਰ ਚਰਚਾ ਵਿੱਚ ਭਾਗ ਲੈਣ ਵਾਲੇ ਚਰਚਾ ਦੌਰਾਨ ਅਪਨਾਏ ਜਾਣ ਵਾਲੇ ਜਰੂਰੀ ਨਿਯਮਾਂ ਦਾ ਤਿਆਗ ਕਰਕੇ ਵਿਰੋਧੀ ਦੀ ਦਲੀਲ ਕੱਟਣ ਲਈ ਮੂਲ ਸ੍ਰੋਤਾਂ ਸਹਿਤ ਤੱਥਾਂ ਦੀ ਮੰਗ ਕਰਨ ਦੀ ਥਾਂ ਜਾਂ ਤਾਂ ਉਸ `ਤੇ ਜਾਤੀ ਦੋਸ਼ ਲਾਏ ਜਾਂਦੇ ਹਨ ਜਾਂ ਉਸ ਤੋਂ ਮੰਗ ਕੀਤੀ ਜਾਂਦੀ ਹੈ ਕਿ ਉਹ ਦੱਸੇ ਕਿ ਉਹ ਕਿਸ ਵੀਚਾਰਧਾਰਾ ਦਾ ਹਾਮੀ ਹੈ, ਭਾਵ ਉਹ ਕਿਸ ਧੜੇ ਨਾਲ ਸਬੰਧਤ ਹੈ। ਇਹੋ ਕਾਰਣ ਹੈ ਕਿ ਸੰਪਾਦਕ ਸਾਹਿਬ ਜੀ ਵੱਲੋਂ ਕਾਫੀ ਯਤਨ ਕੀਤੇ ਜਾਣ ਦੇ ਬਾਵਯੂਦ ਹੁਣ ਤੱਕ ਇੱਥੇ ਚੱਲੀ ਕਿਸੇ ਵੀ ਚਰਚਾ ਦਾ ਕੋਈ ਵੀ ਨਤੀਜ਼ਾ ਨਹੀਂ ਨਿਕਲਿਆ ਤੇ ਹਰ ਇੱਕ ਦਾ ਅੰਤ ਕੁੜੱਤਣ ਤੇ ਧੜੇਬੰਦੀ ਵਿੱਚ ਵਾਧਾ ਹੀ ਨਿਕਲਿਆ। ਪਿਛਲੇ ਤਕਰੀਬਨ ੫੦ ਦਿਨਾਂ ਤੋਂ ਡਾ: ਇਕਬਾਲ ਸਿੰਘ ਢਿੱਲੋਂ ਵਲੋਂ ਲਿਖੇ ਲੇਖ “ਅਕਾਲ ਤਖਤ ਦੀ ਸਥਿਤੀ” ਸਬੰਧੀ ਚੱਲੀ ਚਰਚਾ ਬੇਸ਼ੱਕ ਬੇਸਿੱਟਾ ਰਹੀ ਪਰ ਇਸ ਦੌਰਾਨ ਹੁਣ ਤੱਕ ਹੋਈਆਂ ਚਰਚਾਵਾਂ ਨਾਲੋਂ ਮਾਹੌਲ ਕਾਫੀ ਸੁਖਾਵਾਂ ਰਿਹਾ। ਕਿਉਂਕਿ ਮੈਂ ਸਿੱਖ ਇਤਿਹਾਸ ਦੇ ਕਹੇ ਜਾਣ ਵਾਲੇ ਮੂਲ ਸ੍ਰੋਤ ਨਹੀਂ ਪੜ੍ਹੇ, ਸਿਰਫ ਥੋਹੜੀਆਂ ਬਹੁਤ ਪੁਸਤਕਾਂ ਹੀ ਪੜ੍ਹੀਆਂ ਹਨ ਇਸ ਲਈ ਅਕਾਲ ਤਖ਼ਤ ਸਬੰਧੀ ਇਤਿਹਾਸਕ ਪੱਖ ਤੋਂ ਚੱਲ ਰਹੀ ਇਸ ਚਰਚਾ ਵਿੱਚ ਹਿੱਸਾ ਲੈਣਾ ਮੈਂ ਵਾਜ਼ਬ ਨਹੀਂ ਸਮਝਿਆ।

ਬੇਸ਼ੱਕ ਕੋਈ ਵਿਦਵਾਨ ਹੈ ਜਾਂ ਆਮ ਸਿੱਖ ਅਕਾਲ ਤਖ਼ਤ ਦੀ ਸੰਸਥਾ ਤੇ ਇਸ ਦੀ ਮਹੱਤਤਾ ਤੋਂ ਕੋਈ ਵੀ ਮੁਨਕਰ ਨਹੀਂ ਹੈ। ਡਾ: ਢਿੱਲੋਂ ਦਾ ਲੇਖ ਕਿਉਂਕਿ ਪ੍ਰਚਲਤ ਧਾਰਨਾਵਾਂ ਨੂੰ ਪੂਰੀ ਤਰ੍ਹਾਂ ਕੱਟਦਾ ਸੀ ਇਸ ਲਈ ਬਹਿਸ ਦਾ ਮੁੱਦਾ ਬਣਨਾ ਲਾਜ਼ਮੀ ਸੀ। ਇਸ ਲਈ ਵਿਦਵਾਨ ਡਾ: ਢਿੱਲੋਂ ਨੂੰ ਚਾਹੀਦਾ ਸੀ ਕਿ ਇਸ ਵਿਵਾਦਤ ਲੇਖ ਵਿੱਚ ਪ੍ਰਚੱਲਤ ਧਾਰਨਾਵਾਂ ਨੂੰ ਕੱਟਣ ਵਾਲੀ ਆਪਣੀ ਹਰ ਦਲੀਲ ਨਾਲ ਉਹ ਪੁਖਤਾ ਇਤਿਹਾਸਕ ਸਰੋਤਾਂ ਦਾ ਹਵਾਲਾ ਜਰੂਰ ਦਿੰਦੇ ਪਰ ਹੈਰਾਨੀ ਹੈ ਕਿ ਉਨ੍ਹਾਂ ਆਪਣੇ ਮੁਢਲੇ ਲੇਖ ਵਿੱਚ ਮੁੱਖ ਸਰੋਤ ਤਾਂ ਕੀ ਦੇਣੇ ਸਨ, ਵੀਚਾਰ ਚਰਚਾ ਦੌਰਾਨ ਸ: ਹਰਦੇਵ ਸਿੰਘ ਜੀ ਵਲੋਂ ਵਾਰ ਵਾਰ ਮੰਗੇ ਜਾਣ ਦੇ ਬਾਵਯੂਦ ਹੁਣ ਤੱਕ ਨਹੀਂ ਦਿੱਤੇ ਗਏ। ਲੰਬੇ ਸਮੇਂ ਤੋਂ ਖੋਜ ਕਾਰਜ਼ਾਂ ਨਾਲ ਜੁੜੇ ਇੱਕ ਪੀਐੱਚਡੀ ਵਿਦਵਾਨ ਦਾ ਇਹ ਵਤੀਰਾ ਸ਼ਲਾਘਾਯੋਗ ਨਹੀਂ ਕਿਹਾ ਜਾ ਸਕਦਾ। ਇੱਕ ਹੋਰ ਗੱਲ ਜਿਸ ਨੇ ਮੈਨੂੰ ਚਿੰਤਤ ਕੀਤਾ ਉਹ ਇਹ ਸੀ ਕਿ ਜਾਗਰੂਕ ਕਹਾਉਣ ਵਾਲੇ ਕੁੱਝ ਮੈਂਬਰਾਂ ਵਲੋਂ ਨਿਭਾਏ ਗਿਆ ਰੋਲ ਵੀ ਧੜੇਬੰਦੀ ਦਾ ਹੀ ਸੰਕੇਤ ਸੀ। ਵੀਚਾਰ ਚਰਚਾ ਤਾਂ ਹੋ ਰਹੀ ਹੈ, `ਕੀ ਅਕਾਲ ਤਖ਼ਤ ਦਾ ਸੰਕਲਪ ਗੁਰੂ ਸਾਹਿਬ ਜੀ ਦਾ ਚਿਤਵਿਆ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ ਖੁਦ ਉਸਾਰਿਆ ਹੋਇਆ ਹੈ ਜਾਂ ਮਨਮੱਤ ਫੈਲਾਉਣ ਲਈ ਪੁਜਾਰੀ-ਸਿਆਸੀ ਗੱਠਜੋੜ ਵਲੋਂ ਉਸਾਰਿਆ ਹੋਇਆ ਇੱਕ ਅੱਡਾ ਹੈ। ` ਪਰ ਪਤਾ ਨਹੀਂ ਕਿਉਂ ਤੇ ਕਿਵੇਂ ਇਸ ਮੁੱਦੇ ਨੂੰ ਅਖੌਤੀ ਦਸਮਗ੍ਰੰਥ ਨਾਲ ਨੱਥੀ ਕਰ ਦਿੱਤਾ ਗਿਆ। ਇੱਕ ਵਿਦਵਾਨ ਪਾਠਕ ਵੱਲੋਂ ਤਾਂ ਅਸਿੱਧੇ ਤੌਰ `ਤੇ ਇਹ ਮੰਗ ਕਰ ਦਿੱਤੀ ਗਈ ਕਿ ਭਾਈ ਗੁਰਮੁਖ ਸਿੰਘ ਪਟਿਆਲਾ ਦੀਆਂ ਲਿਖਤਾਂ ਵਿੱਚੋਂ ਇੰਜ ਮਲੂਮ ਹੁੰਦਾ ਹੈ ਕਿ ਉਹ ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਮੰਨਦਾ ਹੈ ਇਸ ਲਈ ਸੰਪਾਦਕ ਵਲੋਂ ਤਹਿ ਕੀਤੀਆਂ ਸ਼ਰਤਾਂ ਲਾਗੂ ਕਰਦੇ ਹੋਏ ਉਸ ਦੀਆਂ ਲਿਖਤਾਂ ਸਾਈਟ `ਤੇ ਪਾਉਣੀਆਂ ਬੰਦ ਕੀਤੀਆਂ ਜਾਣ। ਮੈਂ ਬੇਸ਼ੱਕ ਸਮੁੱਚੇ ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਨਹੀਂ ਮੰਨਦਾ ਪਰ ਆਪਣੇ ਹਮਖ਼ਿਆਲੀ ਵਿਦਵਾਨ ਵਲੋਂ ਗੁਰਮੁਖ ਸਿੰਘ ਦੀਆਂ ਲਿਖਤਾਂ `ਤੇ ਪਬੰਦੀ ਦੀ ਮੰਗ ਨੂੰ ਗੈਰ ਪ੍ਰਸੰਗਿਕ ਸਮਝਦਾ ਹੋਇਆ ਇਸ ਨਾਲ ਸਹਿਮਤ ਨਹੀਂ ਹਾਂ। ਇਹ ਮੰਗ ਕਰਨ ਵਾਲੇ ਵੀਰ ਨੂੰ ਇਹ ਸਮਝ ਲੈਣਾ ਚਾਹੀਦਾ ਸੀ ਕਿ ਵੀਚਾਰ ਚਰਚਾ ਅਖੌਤੀ ਦਸਮ ਗ੍ਰੰਥ ਸਬੰਧੀ ਨਹੀਂ ਹੋ ਰਹੀ, ਅਕਾਲ ਤਖ਼ਤ ਸਬੰਧੀ ਹੋ ਰਹੀ ਹੈ। ਇਸ ਲਈ ਜੇ ਭਾਈ ਗੁਰਮੁਖ ਸਿੰਘ ਇਸ ਦੌਰਾਨ ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਸਿੱਧ ਕਰਨ ਵਲ ਵਧ ਰਿਹਾ ਪ੍ਰਤੀਤ ਹੁੰਦਾ ਤਾਂ ਉਸ ਨੂੰ ਇਸ ਪੱਖੋਂ ਵਰਜੇ ਜਾਣਾ ਜਾਇਜ਼ ਸੀ ਕਿ ਉਹ ਦੋਵੇਂ ਮੁੱਦਿਆਂ ਨੂੰ ਰਲਗੱਡ ਕਰਕੇ ਆਊਟ ਆਫ ਟ੍ਰੈਕ ਜਾਣ ਦੀ ਕੋਸ਼ਿਸ ਨਾ ਕਰੇ ਤੇ ਪ੍ਰਸ਼ਨ ਉੱਤਰ ਸਿਰਫ ਵੀਚਾਰ ਚਰਚਾ ਅਧੀਨ ਅਕਾਲ ਤਖ਼ਤ ਸਬੰਧੀ ਹੀ ਹੋਣੇ ਚਾਹੀਦੇ ਹਨ। ਵਿਰੋਧੀ ਪੱਖ ਦੀਆਂ ਲਿਖਤਾਂ `ਤੇ ਪਬੰਦੀ ਸਿਰਫ ਉਸ ਸਮੇਂ ਹੀ ਜਾਇਜ਼ ਹੈ ਜੇ ਉਸ ਤੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦੇਣ ਤੋਂ ਟਲਣ ਦੀ ਨੀਤੀ ਅਧੀਨ ਉਹ ਜਾਣ ਬੁੱਝ ਕੇ ਬਹੁਤੇ ਮੁੱਦਿਆਂ ਨੂੰ ਰਲ ਗੱਡ ਕਰਕੇ ਵੀਚਾਰ ਚਰਚਾ ਨੂੰ ਲੀਹੋਂ ਲਾਹੁਣ ਦੀ ਕੋਸ਼ਿਸ ਕਰਦਾ ਹੋਇਆ ਕਿਸੇ ਸਿੱਟੇ `ਤੇ ਪਹੁੰਚਣ ਵਿੱਚ ਰੋੜਾ ਬਣੇ। ਜਾਂ ਉਹ ਆਪਣੇ ਵਿਰੋਧੀ `ਤੇ ਨਿਰਅਧਾਰ ਨਿਜੀ ਦੂਸ਼ਣਬਾਜ਼ੀ ਕਰੇ ਤੇ ਇਨ੍ਹਾਂ ਦੂਸ਼ਣਾਂ ਨੂੰ ਸਹੀ ਸਿੱਧ ਕਰਨ ਦੀ ਮੰਗ ਨੂੰ ਮਚਲਾ ਬਣ ਕੇ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਦਾ ਹੋਇਆ ਉਸ ਤੋਂ ਪੁੱਛੇ ਗਏ ਕਿਸੇ ਸਵਾਲ ਦਾ ਜਵਾਬ ਦੇਣ ਤੋਂ ਇਨਕਾਰੀ ਹੋ ਜਾਵੇ। ਜਾਂ ਫਿਰ ਉਹ ਆਪਣੀ ਹੀ ਕਿਸੇ ਲਿਖਤ ਨੂੰ ਨਾ ਤਾਂ ਸਹੀ ਸਿੱਧ ਕਰ ਸਕੇ, ਨਾ ਹੀ ਉਸ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦੇਵੇ ਤੇ ਨਾ ਹੀ ਇਸ ਲਿਖਤ ਨੂੰ ਵਾਪਸ ਲੈਣ ਲਈ ਤਿਆਰ ਹੋਵੇ। ਭਾਈ ਗੁਰਮੁਖ ਸਿੰਘ `ਤੇ ਇਨ੍ਹਾਂ ਵਿੱਚੋਂ ਕੋਈ ਵੀ ਗੱਲ ਲਾਗੂ ਨਹੀਂ ਹੁੰਦੀ ਇਸ ਲਈ ਉਸ ਦੀਆਂ ਲਿਖਤਾਂ `ਤੇ ਪਬੰਦੀ ਦੀ ਮੰਗ ਗੈਰ ਸਦਾਚਾਰਕ ਹੈ ਤੇ ਧੜੇਬੰਦੀ ਦਾ ਸੰਕੇਤ ਹੈ। ਭਾਈ ਗੁਰਮੁਖ ਸਿੰਘ ਦੀਆਂ ਲਿਖਤਾਂ ਤੋਂ ਮਾਲੂਮ ਹੁੰਦਾ ਹੈ ਕਿ ਉਸ ਦੇ ਗਿਆਨ ਦਾ ਪੱਧਰ ਆਮ ਗ੍ਰੰਥੀਆਂ ਤੋਂ ਉੱਚਾ ਹੈ ਤੇ ਉਸ ਨੂੰ ਪੰਥ ਦਾ ਜਾਗਰੂਕ ਮੈਂਬਰ ਮੰਨਿਆ ਜਾ ਸਕਦਾ ਹੈ। ਉਹ ਸਪੱਸ਼ਟ ਲਫ਼ਜਾਂ ਵਿੱਚ ਲਿਖ ਰਹੇ ਹਨ, `ਦਸਮਗ੍ਰੰਥ ਬਾਰੇ ਮੇਰੀ ਕੋਈ ਔਕਾਤ ਨਹੀਂ ਕਿ ਮੈਂ ਇਸ ਦੇ ਵਿਰੁਧ ਜਾਂ ਹੱਕ ਵਿੱਚ ਕੁੱਝ ਕਹਾਂ`। ੨੭. ੪. ੨੦੧੦ ਦੇ ਆਪਣੇ ਪੱਤਰ ਵਿੱਚ ਉਨ੍ਹਾਂ ਦਾ ਇਹ ਲਿਖਣਾ: `ਮੈਂ ਇਥੇ ਆਪਣੇ ਗ੍ਰੰਥੀ ਭਾਈਆਂ ਨਾਲ ਜਦ ਬਹਿਸ ਕਰਦਾ ਸੀ ਤਾਂ ਉਹ ਮੈਨੂੰ ਕਾਮਰੇਡ ਕਾਮਰੇਡ ਕਹਿ ਕੇ ਚਿੜਾਉਂਦੇ ਸਨ ਅਤੇ ਫਿਰ ਗੱਲ ਨਹੀਂ ਸੀ ਕਰਦੇ। ਉਹ ਅਕਸਰ ਇਤਰਾਜ਼ ਕਰਦੇ ਸਨ ਕਿ ਤੁਸੀ ਦਸਮ ਗ੍ਰੰਥ ਦੇ ਬਹਾਨੇ ਕਰਦੇ ਕਰਦੇ ਸਾਰੀਆਂ ਸਿੱਖ ਸੰਸਥਾਵਾਂ ਦਾ ਖ਼ਾਤਮਾ ਕਰੋਗੇ`। ਸਿੱਧ ਕਰਦਾ ਹੈ ਕਿ ਉਹ ਦਸਮ ਗ੍ਰੰਥ ਦੇ ਹੱਕ ਵਿੱਚ ਨਹੀਂ ਹਨ। ਪਰ ਇਸ ਦੇ ਬਾਵਯੂਦ ਲਗਾਤਾਰ ਉਨ੍ਹਾਂ `ਤੇ ਇਹ ਦਬਾਉ ਬਣਾਈ ਜਾਣਾ ਜਾਇਜ਼ ਨਹੀਂ ਕਿ ਉਹ ਆਪਣਾ ਦੋ ਟੁਕ ਫੈਸਲਾ ਦੱਸੇ ਕਿ ਉਹ ਸਮੁੱਚੇ ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਮੰਨਦੇ ਹਨ ਜਾਂ ਨਹੀਂ? ਜੇ ਉਹ ਹਾਂ ਜਾਂ ਨਾਂਹ ਵਿੱਚ ਜਵਾਬ ਨਹੀਂ ਦਿੰਦੇ ਤਾਂ ਉਨ੍ਹਾਂ ਦੀਆਂ ਲਿਖਤਾਂ `ਤੇ ਪਬੰਦੀ ਲਗਾ ਦਿੱਤੀ ਜਾਵੇ। ਮੇਰੇ ਖ਼ਿਆਲ ਵਿੱਚ ਇਹ ਜ਼ਿਦ ਆਪਣੇ ਇੱਕ ਸੁਹਿਰਦ ਵੀਰ ਨੂੰ ਜ਼ਬਰਦਸਤੀ ਦਸਮਗ੍ਰੰਥੀਆਂ ਦੇ ਪਾਲ਼ੇ ਵਿੱਚ ਧੱਕਣ ਲਈ ਸਹਾਇਕ ਹੋਵੇਗੀ। ਪ੍ਰੋ: ਦਰਸ਼ਨ ਸਿੰਘ ਤੋਂ ਇਹੋ ਸਵਾਲ ਪੁੱਛਣ ਵਾਲਿਆਂ ਨੇ ਪਹਿਲਾਂ ਹੀ ਜਾਗਰੂਕ ਲਹਿਰ ਦਾ ਬੇਹੱਦ ਨੁਕਸਾਨ ਕੀਤਾ ਹੈ। ਘੱਟ ਤੋਂ ਘੱਟ ਹੁਣ ਤਾਂ ਇਸ ਤੋਂ ਸਬਕ ਸਿੱਖਣ ਦੀ ਲੋੜ ਹੈ। ਇਹ ਸਵਾਲ ਉਸ ਸਮੇਂ ਪੁੱਛਣੇ ਬਿਲਕੁਲ ਜਾਇਜ਼ ਹੋਣਗੇ ਜਿਸ ਸਮੇਂ ਅਖੌਤੀ ਦਸਮ ਗ੍ਰੰਥ ਦੀਆਂ ਬਾਣੀਆਂ ਸਬੰਧੀ ਕੋਈ ਵੀਚਾਰ ਚਰਚਾ ਚੱਲ ਰਹੀ ਹੋਵੇਗੀ। ਹਰ ਮਸਲੇ `ਤੇ ਦਸਮ ਗ੍ਰੰਥ ਨੂੰ ਵਿੱਚ ਘਸੀਟ ਲੈਣਾ ਅਸਲੀ ਵੀਚਾਰ ਚਰਚਾ ਨੂੰ ਲੀਹੋਂ ਲਾਹੁਣ ਦੇ ਤੁਲ ਹੈ। ਇਹ ਸਵਾਲ ਪੁੱਛਣ ਵਾਲੇ ਵੀਰ ਨੂੰ ਵੀਚਾਰ ਕਰ ਲੈਣੀ ਚਾਹੀਦੀ ਸੀ ਕਿ ਆਮ ਤੌਰ `ਤੇ ਜਿਹੜੇ ਦਸਮ ਗ੍ਰੰਥ ਪੱਖੀ ਹਨ ਉਹ ਸਾਰੇ ਦੇ ਸਾਰੇ ਅਸਲੀ ਨਾਨਕਸ਼ਾਹੀ ਕੈਲੰਡਰ ਦੇ ਵੀ ਵਿਰੋਧੀ ਹਨ। ਪਰ ਬਹੁਤ ਸਾਰੇ ਸਿਖ ਐਸੇ ਹਨ ਜਿਹੜੇ ਅਖੌਤੀ ਦਸਮ ਗ੍ਰੰਥ ਦੇ ਵਿਰੋਧ ਵਿੱਚ ਬੋਲਣ ਤੋਂ ਗੁਰੇਜ਼ ਕਰਦੇ ਹਨ ਪਰ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਖੁਲ੍ਹ ਕੇ ਬੋਲਦੇ ਹਨ। ਕੀ ਅਜਿਹੇ ਗੁਰਭਾਈਆਂ ਤੋਂ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਬੋਲਣ ਤੋਂ ਪਹਿਲਾਂ ਸਪੱਸ਼ਟੀਕਰਣ ਮੰਗਦੇ ਹਾਂ ਕਿ ਉਹ ਦਸਮ ਗ੍ਰੰਥ ਸਬੰਧੀ ਆਪਣਾ ਨਜ਼ਰੀਆ ਸਪੱਸ਼ਟ ਕਰਨ। ਜੇ ਨਹੀਂ, ਤਾਂ ਅਕਾਲ ਤਖ਼ਤ ਸਬੰਧੀ ਚੱਲ ਰਹੀ ਵੀਚਾਰ ਚਰਚਾ ਦੌਰਾਨ ਭਾਈ ਗੁਰਮੁਖ ਸਿੰਘ ਤੋਂ ਇਹ ਪੁੱਛਣਾ ਕਿਵੇਂ ਜਾਇਜ਼ ਹੈ?

ਭਾਈ ਗੁਰਮੁਖ ਸਿੰਘ ਵਲੋਂ ਪ੍ਰਗਟ ਕੀਤੇ ਸਾਰੇ ਵੀਚਾਰਾਂ ਵਿੱਚ ਵਜ਼ਨ ਹੈ ਸਵਾਏ ਇਸ ਵੀਚਾਰ ਦੇ ਕਿ ਫ਼ਲਸਫ਼ਾ ਵਾਰਤਕ ਵਿੱਚ ਹੁੰਦਾ ਹੈ ਜਦੋਂ ਕਿ ਗੁਰਬਾਣੀ ਕਾਵਿ ਰੂਪ ਅਤੇ ਰਾਗਾਂ ਵਿੱਚ ਹੈ। ਪਰ ਡਾ: ਢਿੱਲੋਂ ਦੇ ਵੀਚਾਰ ਉਨ੍ਹਾਂ ਦੀਆਂ ਲਿਖਤਾਂ ਵਿਚੋਂ ਹੀ ਸਵੈ ਵਿਰੋਧੀ ਜਾਪਦੇ ਹਨ। ਉਹ ਆਪਣੇ ਮੂਲ ਲੇਖ ਵਿੱਚ ਤਾਂ ਲਿਖ ਰਹੇ ਹਨ: `ਮਈ ੧੬੦੬ ਈਸਵੀ ਵਿੱਚ ਜਦੋਂ ਸ੍ਰੀ ਗੁਰੂ ਸ੍ਰੀ ਅਰਜਨ ਦੇਵ ਜੀ ਲਹੌਰ ਵਿਖੇ ਕੈਦ ਵਿੱਚ ਸਨ ਅਤੇ ਉਹਨਾਂ ਨੇ ਭਾਂਪ ਲਿਆ ਸੀ ਕਿ ਉਹਨਾਂ ਦੀ ਸ਼ਹੀਦੀ ਨਿਸਚਤ ਹੈ ਤਾਂ ਉਹਨਾਂ ਨੇ ਸਿੱਖੀ ਦੀ ਸ਼ੁਧ ਅਧਿਆਤਮਕ ਲਹਿਰ ਨੂੰ ਇੱਕ ਨਵਾਂ ਰੂਪ ਦੇਣ ਦੀ ਲੋੜ ਮਹਿਸੂਸ ਕੀਤੀ। ਉਹਨਾਂ ਨੇ ਗਿਆਰਾਂ ਸਾਲ ਦੀ ਉਮਰ ਤੇ ਪਹੁੰਚੇ ਸਾਹਿਬਜ਼ਾਦਾ ਹਰਗੋਬਿੰਦ ਜੀ ਨੂੰ ਗੁਰਗੱਦੀ ਦੇ ਯੋਗ ਸਮਝਿਆ ਅਤੇ ਆਪਣੇ ਇੱਕ ਸਿੱਖ ਰਾਹੀਂ ਉਹਨਾਂ ਨੂੰ ਆਪਣਾ ਸੰਦੇਸ਼ ਪੁੰਚਾਇਆ ਕਿ ਉਹ ਅਗਲੇ ਗੁਰੂ ਬਣ ਕੇ ਸਿੱਖ ਮੱਤ ਨੂੰ ਇੱਕ ਨਵਾਂ ਰੂਪ ਦੇਣਗੇ। ਇਸ ਸੰਦੇਸ਼ ਰਾਹੀਂ ਬਾਕੀ ਗੱਲਾਂ ਦੇ ਨਾਲ-ਨਾਲ ਇੱਕ ਤਖਤ ਤਿਆਰ ਕਰਨ ਦਾ ਆਦੇਸ਼ ਵੀ ਦਿੱਤਾ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ੩੦ ਮਈ ੧੬੦੬ ਨੂੰ ਸ਼ਹੀਦੀ ਪਰਾਪਤ ਕਰ ਗਏ। ਇਸ ਉਪਰੰਤ ਜੂਨ ੧੬੦੬ ਵਿੱਚ ਦਰਬਾਰ ਸਾਹਿਬ ਦੇ ਸਾਹਮਣੇ ਕਰਕੇ ਦਰਸ਼ਨੀ ਡਿਉਢੀ ਦੇ ਨੇੜੇ ਹੀ ਇੱਕ ਤਖਤਨੁਮਾ ਥੜ੍ਹੇ ਦੀ ਉਸਾਰੀ ਕਰ ਲਈ ਗਈ ਅਤੇ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ੧੧ ਜੂਨ ੧੬੦੬ ਦੇ ਦਿਨ ਗੁਰਗੱਦੀ ਦਿੱਤੇ ਜਾਣ ਦੀ ਰਸਮ ਇਸ ਤਖਤ ਦੇ ਉਤੇ ਹੀ ਸੰਪੂਰਨ ਕੀਤੀ ਗਈ ਸੀ।

ਗੁਰਗੱਦੀ ਪਰਾਪਤ ਕਰਨ ਉਪਰੰਤ ਛੇਵੇਂ ਗੁਰੂ ਜੀ ਇਸ ਤਖਤ ਉਤੇ ਦਰਬਾਰ ਲਗਾ ਕੇ ਸਿੱਖ ਭਾਈਚਾਰੇ ਨਾਲ ਸਬੰਧਿਤ ਮਸਲਿਆਂ ਦਾ ਨਿਬੇੜਾ ਕਰਿਆ ਕਰਦੇ ਸਨ। ਉਹ ਦੁਪਹਿਰ ਤੋਂ ਪਿੱਛੋਂ ਇਸ ਤਖਤ ਉਤੇ ਦਰਬਾਰ ਲਗਾਉਂਦੇ ਅਤੇ ਰਾਤ ਨੂੰ ਇਥੇ ਬੈਠ ਕੇ ਹੀ ਢਾਡੀਆਂ ਤੋਂ ਜੋਸ਼ੀਲੀਆਂ ਵਾਰਾਂ ਸੁਣਦੇ। ਉਹਨਾਂ ਨੇ ਇਸ ਤਖਤ ਤੋਂ ਦੂਰ-ਦੁਰਾਡੇ ਦੀਆਂ ਸਿੱਖ ਸੰਗਤਾਂ ਦੇ ਨਾਮ ਹੁਕਮਨਾਮੇ ਵੀ ਜਾਰੀ ਕੀਤੇ ਜਿਹਨਾਂ ਵਿੱਚ ਵਿਸ਼ੇਸ਼ ਕਰਕੇ ਸੰਗਤਾਂ ਨੂੰ ਭੇਟਾ ਵਿੱਚ ਧਨ ਆਦਿਕ ਦੀ ਜਗਹ ਤੇ ਘੋੜੇ ਅਤੇ ਸ਼ਸਤਰ ਲੈ ਕੇ ਆਉਣ ਦੀ ਹਦਾਇਤ ਕੀਤੀ ਗਈ ਸੀ।

ਪਰ ਸ: ਹਰਦੇਵ ਸਿੰਘ ਦੇ ੩੧. ੦੩. ੨੯੧੧ ਦੇ ਪੱਤਰ ਦੇ ਜਵਾਬ ਵਿੱਚ ਲਿਖ ਰਹੇ ਹਨ: ਆਪ ਜੀ ਦੀਆਂ ਸਾਰੀਆਂ ਦਲੀਲਾਂ ਹੇਠ ਲਿਖੇ ਤਿੰਨ ਨੁਕਤਿਆਂ ਤੇ ਅਧਾਰਿਤ ਹਨ ਜਿਹਨਾਂ ਨੂੰ ਆਪ ਜੀ ਵਾਰ-ਵਾਰ ਦੁਹਰਾਉਂਦੇ ਹੋ:
੧. ਕਥਿਤ ਅਕਾਲ ਤਖਤ ਦਾ ਸੰਕਲਪ ਅਤੇ ਇਸ ਦਾ ਨਾਮ ਗੁਰੂ ਸਾਹਿਬਾਨ ਦੀ ਦੇਣ ਹੈ।

੨. ਕਥਿਤ ਅਕਾਲ ਤਖਤ ਇੱਕ ਸੰਸਥਾ ਹੈ।
੩. ਕਥਿਤ ਅਕਾਲ ਤਖਤ ਦੀ ਕਾਰਜਸ਼ੈਲੀ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ।
ਮੇਰਾ ਤਰਕ ਜੋ ਕਿ ਮੈਂ ਸਪਸ਼ਟ ਰੂਪ ਵਿੱਚ ਆਪਣੇ ਲੇਖ ਵਿੱਚ ਦਿੱਤਾ ਹੈ ਜਵਾਬ ਦੇ ਤੌਰ ਤੇ ਹੇਠਾਂ ਫਿਰ ਦੁਹਰਾ ਰਿਹਾ ਹਾਂ:
੧. ਨਾ ਹੀ ਕਥਿਤ ਅਕਾਲ ਤਖਤ ਦਾ ਸੰਕਲਪ ਗੁਰੂ ਸਾਹਿਬਾਨ ਦੀ ਦੇਣ ਹੈ ਅਤੇ ਨਾ ਹੀ ਇਸ ਦਾ ਨਾਮ।
੨. ਕਥਿਤ ਅਕਾਲ ਤਖਤ ਕੋਈ ਸੰਸਥਾ ਨਹੀਂ, ਇਹ ਦੋਖੀ ਧਿਰਾਂ ਵੱਲੋਂ ਸਿੱਖ ਕੌਮ ਦੇ ਸਿਰ ਥੋਪਿਆ ਮਨਮੱਤ ਦਾ ਅੱਡਾ ਹੈ।
੩. ਕਥਿਤ ਅਕਾਲ ਤਖਤ ਦੇ ਸੁਧਾਰ ਦੇ ਬਾਰੇ ਸੋਚਣ ਦੀ ਬਜਾਇ ਇਸ ਤੋਂ ਛੁਟਕਾਰਾ ਪਾਉਣ ਵਿੱਚ ਹੀ ਕੌਮ ਦੀ ਭਲਾਈ ਹੈ। ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ।

੨੫. ੦੪. ੨੦੧੧ ਪੱਤਰ ਦੇ ਜਵਾਬ ਵਿੱਚ ਲਿਖ ਰਹੇ ਹਨ: ਇਥੇ ਮੈਂ ਆਪ ਜੀ ਨੂੰ ਇਹ ਦੱਸਣਾਂ ਚਾਹਾਂਗਾ ਕਿ ਮੈਂ ਕੋਈ ਵੀ `ਅਕਾਲ ਤਖਤ` ਵਿਰੋਧੀ ਲੇਖ ਨਹੀਂ ਲਿਖਿਆ ਜਿਵੇਂ ਕਿ ਆਪ ਜੀ ਪਾਠਕਾਂ ਨੂੰ ਮੇਰੇ ਖਿਲਾਫ ਭੜਕਾਉਣ ਹਿਤ ਦੱਸ ਰਹੇ ਹੋ। ਜਿਸ ਚੀਜ਼ ਦੀ ਮੈਂ ਹੋਂਦ ਹੀ ਨਹੀਂ ਸਵੀਕਾਰ ਕਰਦਾ ਉਸ ਦੇ `ਵਿਰੋਧ` ਵਿੱਚ ਮੈਂ ਕਿਵੇਂ ਲਿਖ ਸਕਦਾ ਹਾਂ? …. . ਜੇਕਰ ਆਪ ਜੀ ਮੇਰੇ ਪੱਤਰ ਵਿੱਚ ਦਿੱਤੀ ਗਈ ਮੇਰੀ ਧਾਰਨਾਂ ਨੂੰ ਸਵੀਕਾਰਨਾ ਨਹੀਂ ਚਾਹੁੰਦੇ ਤਾਂ ਇਹ ਆਪ ਜੀ ਦੀ ਆਪਣੀ ਮਰਜ਼ੀ ਹੈ। ਪਰੰਤੂ ਆਪ ਜੀ ਐਵੇਂ ਹੀ ਮੇਰੇ ਖਿਲਾਫ “ਅਕਾਲ ਤਖਤ ਇਦਾਰੇ ਨੂੰ ਬੰਦ ਕਰਵਾਉਣ ਦੀ ਮਨਸ਼ਾ” ਰੱਖਣ ਦਾ ਇਲਜ਼ਾਮ ਨਾ ਲਗਾਵੋ ਜੀ। ਇਹ ਬੇਬੁਨਿਆਦ ਇਲਜ਼ਾਮ ਪਾਠਕਾਂ ਨੂੰ ਮੇਰੇ ਖਿਲਾਫ ਭੜਕਾਹਟ ਵਿੱਚ ਆਉਣ ਦਾ ਕਾਰਨ ਬਣ ਸਕਦਾ ਹੈ।

ਕੀ ਡਾ: ਢਿੱਲੋਂ ਦੀ ਮੱਦਦ `ਤੇ ਉਤਰੇ ਜਾਗਰੂਕ ਵੀਰਾਂ ਨੂੰ ਇਨ੍ਹਾਂ ਦੇ ਉਕਤ ਕਥਨਾਂ ਵਿੱਚ ਸਵੈਵਿਰੋਧ ਨਹੀਂ ਦਿੱਸ ਰਿਹਾ। ਵੀਰ ਜੀ ਜਿਸ ਦੀ ਹੋਂਦ ਅਸੀਂ ਮੰਨ ਲਈਏ ਉਸ ਦਾ ਵਿਰੋਧ ਨਹੀਂ ਕਰਦੇ, ਵਿਰੋਧ ਕਰਦੇ ਹੀ ਉਸ ਚੀਜ ਦਾ ਹਾਂ ਜਿਸ ਦੀ ਅਸੀਂ ਹੋਂਦ ਨਹੀਂ ਮੰਨਦੇ ਪਰ ਉਸ ਨੂੰ ਧੱਕੇ ਨਾਲ ਹੀ ਸਾਡੇ `ਤੇ ਠੋਸਿਆ ਜਾ ਰਿਹਾ ਹੋਵੇ। ਅਖੌਤੀ ਦਸਮ ਗ੍ਰੰਥ ਇਸ ਦੀ ਇੱਕ ਮਸਾਲ ਹੈ। ਮੇਰੇ ਸਮੇਤ ਕੋਈ ਵੀ ਜਾਗਰੂਕ ਸਿੱਖ ਇਸ ਤੋਂ ਮੁਨਕਰ ਨਹੀਂ ਹੈ ਕਿ ਇਸ ਸਮੇਂ ਅਕਾਲ ਤਖ਼ਤ ਦੇ ਨਾਮ ਦੀ ਰੱਜ ਕੇ ਦੁਰਵਰਤੋਂ ਹੋ ਰਹੀ ਹੈ, ਇਸ ਵਿੱਚ ਫੌਰੀ ਤੌਰ `ਤੇ ਸੁਧਾਰ ਕੀਤੇ ਬਿਨਾਂ ਸਿੱਖਾਂ ਦਾ ਕੋਈ ਭਲਾ ਹੋਣਾ ਸੰਭਵ ਨਹੀਂ ਹੈ। ਪਰ ਇਸ ਗੱਲ ਨਾਲ ਸਹਿਮਤ ਨਹੀਂ ਕਿ ਅਕਾਲ ਤਖਤ ਕੋਈ ਸੰਸਥਾ ਹੀ ਨਹੀਂ, ਇਹ ਦੋਖੀ ਧਿਰਾਂ ਵੱਲੋਂ ਸਿੱਖ ਕੌਮ ਦੇ ਸਿਰ ਥੋਪਿਆ ਮਨਮੱਤ ਦਾ ਅੱਡਾ ਹੈ। ਕਥਿਤ ਅਕਾਲ ਤਖਤ ਦੇ ਸੁਧਾਰ ਦੇ ਬਾਰੇ ਸੋਚਣ ਦੀ ਬਜਾਇ ਇਸ ਤੋਂ ਛੁਟਕਾਰਾ ਪਾਉਣ ਵਿੱਚ ਹੀ ਕੌਮ ਦੀ ਭਲਾਈ ਹੈ। ਡਾ: ਢਿੱਲੋਂ ਸਾਹਿਬ ਖ਼ੁਦ ਵੀ ਇਹ ਸਿੱਧ ਨਹੀਂ ਕਰ ਸਕੇ ਕਿ ਕਿਹੜੀ ਦੋਖੀ ਧਿਰ ਨੇ ਕਿਸ ਸਮੇਂ ਇਸ ਨੂੰ ਮਨਮੱਤ ਦੇ ਅੱਡੇ ਵਜੋਂ ਸਥਾਪਤ ਕੀਤਾ। ਜਦੋਂ ਕਿ ਖੁਦ ਇਹ ਮੰਨ ਚੁੱਕੇ ਹਨ ਕਿ ਗੁਰੂ ਅਰਜੁਨ ਸਾਹਿਬ ਜੀ ਨੇ ਖ਼ੁਦ ਹੀ (ਗੁਰੂ) ਹਰਿਗੋਬਿੰਦ ਸਾਹਿਬ ਜੀ ਨੂੰ ਇੱਕ ਤਖ਼ਤ ਤਿਆਰ ਕਰਨ ਦਾ ਆਦੇਸ਼ ਦਿੱਤਾ, ਇਸ ਉਪ੍ਰੰਤ ਉਨ੍ਹਾਂ ਨੇ ਜੂਨ ੧੬੦੬ ਵਿੱਚ ਦਰਬਾਰ ਸਾਹਿਬ ਦੇ ਸਾਹਮਣੇ ਕਰਕੇ ਦਰਸ਼ਨੀ ਡਿਉਢੀ ਦੇ ਨੇੜੇ ਹੀ ਇੱਕ ਤਖਤਨੁਮਾ ਥੜ੍ਹੇ ਦੀ ਉਸਾਰੀ ਕਰ ਲਈ ਤੇ ਇਸ ਤਖਤ ਤੋਂ ਦੂਰ-ਦੁਰਾਡੇ ਦੀਆਂ ਸਿੱਖ ਸੰਗਤਾਂ ਦੇ ਨਾਮ ਹੁਕਮਨਾਮੇ ਵੀ ਜਾਰੀ ਕੀਤੇ ਵਿਸ਼ੇਸ਼ ਕਰਕੇ ਸੰਗਤਾਂ ਨੂੰ ਭੇਟਾ ਵਿੱਚ ਧਨ ਆਦਿਕ ਦੀ ਜਗਹ ਤੇ ਘੋੜੇ ਅਤੇ ਸ਼ਸਤਰ ਲੈ ਕੇ ਆਉਣ ਦੀ ਹਦਾਇਤ ਕੀਤੀ ਗਈ ਸੀ।

ਸਿਰਫ ਇਸ ਆਧਾਰ `ਤੇ ਅਕਾਲ ਤਖ਼ਤ ਤੋਂ ਛੁਟਕਾਰਾ ਪਾਉਣ ਦੀ ਸਲਾਹ ਦੇਣਾ ਜਾਇਜ਼ ਨਹੀਂ ਕਿ ਗੁਰੂ ਸਾਹਿਬ ਜੀ ਦੇ ਸਮੇਂ ਇਸ ਦਾ ਨਾਮ ਸਿਰਫ ਤਖ਼ਤ ਸੀ, ਜਿਸ ਦਾ ਨਾਮ ਬਦਲ ਕੇ ਅਕਾਲ ਬੁੰਗਾ ਤੇ ਹੁਣ ਅਕਾਲ ਤਖ਼ਤ ਬਣ ਗਿਆ ਹੈ, ਉਸ ਸਮੇਂ ਇਹ ਇੱਕ ਥੜਾ ਨੁਮਾ ਤਖ਼ਤ ਸੀ, ਹੁਣ ਇਸ ਇਸ `ਤੇ ਬਹੁਮੰਜਲੀ ਬਿਲਡਿੰਗ ਦੀ ਉਸਾਰੀ ਕਰ ਲਈ ਹੈ। ਕੁੱਝ ਸਮਾਂ ਹੀ ਇੱਥੇ ਰਹਿਣ ਪਿੱਛੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਇਥੋਂ ਉੱਠ ਕੇ ਕੀਰਤਪੁਰ ਸਾਹਿਬ ਚਲੇ ਗਏ ਤੇ ਉਨ੍ਹਾਂ ਸਮੇਤ ਬਾਅਦ ਵਿੱਚ ਕੋਈ ਵੀ ਗੁਰੂ ਸਾਹਿਬ ਇਸ ਤਖ਼ਤ `ਤੇ ਨਹੀਂ ਆਏ।

ਵੀਰ ਜੀ ਜਿੰਨਾ ਸਮਾਂ ਅਕਾਲ ਤਖ਼ਤ `ਤੇ ਕੋਈ ਗੁਰੂ ਸਾਹਿਬ ਨਹੀਂ ਆਏ ਉਨਾਂ ਹੀ ਸਮਾਂ ਕੋਈ ਵੀ ਗੁਰੂ ਸਾਹਿਬ ਦਰਬਾਰ ਸਾਹਿਬ ਵੀ ਨਹੀਂ ਆਇਆ, ਉਸ ਦੀ ਬਿਲਡਿੰਗ ਵੀ ਉਹ ਨਹੀਂ ਰਹੀ ਜਿਹੜੀ ਗੁਰੂ ਅਰਜੁਨ ਸਾਹਿਬ ਜੀ ਦੇ ਸਮੇਂ ਉਸਾਰੀ ਗਈ ਸੀ, ਇਸ ਦਾ ਨਾਮ ਵੀ ਦਰਬਾਰ ਸਾਹਿਬ ਤੋਂ ਬਦਲ ਕੇ ਹਰਿਮੰਦਰ ਸਾਹਿਬ, ਗੋਲਡਨ ਟੈਂਪਲ ਤੇ ਸਵਰਨ ਮੰਦਰ ਆਦਿ ਰੱਖੇ ਗਏ ਹਨ। ਗੁਰਦੁਆਰਿਆਂ ਦੇ ਨਾਮ ਵੀ ਧਰਮਸਾਲ ਹੁੰਦੇ ਸਨ। ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਵੀ ਪਹਿਲਾਂ ਪੋਥੀ ਸਾਹਿਬ, ਆਦਿ ਗ੍ਰੰਥ ਹੁੰਦਾ ਸੀ। ਮੌਜੂਦਾ ਛਪਾਈ ਵਾਲੇ ਗੁਰੂ ਗ੍ਰੰਥ ਸਾਹਿਬ ਵੀ ਉਹ ਨਹੀਂ ਜਿਹੜਾ ਗੁਰੂ ਅਰਜਨ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਤੋਂ ਕਲਮ ਨਾਲ ਲਿਖਵਾਇਆ ਸੀ ਜਾਂ ਗੁਰੂ ਗੋਬਿੰਦ ਸਿੰਘ ਜੀ ਨ ਭਾਈ ਮਨੀ ਸਿੰਘ ਜੀ ਤੋਂ ਲਿਖਵਾਇਆ ਸੀ। ਪਰ ਇਹ ਜਰੂਰ ਹੈ ਕਿ ਮੌਜੂਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਫ਼ਲਸਫ਼ਾ ਉਹੀ ਹੈ ਜੋ ਗੁਰੂ ਸਾਹਿਬ ਜੀ ਨੇ ਆਪਣੀ ਦੇਖ ਰੇਖ ਹੇਠ ਸੰਪਾਦਤ ਕੀਤਾ ਸੀ। ਜਿਥੋਂ ਤੱਕ ਦੁਰਵਰਤੋਂ ਦੀ ਗੱਲ ਹੈ ਉਹ ਤਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਅਖੰਡਪਾਠ ਦੀਆਂ ਲੜੀਆਂ ਤੇ ਸੰਪਟ ਪਾਠ ਕਰਨ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਦੁਰਵਰਤੋਂ ਕਰ ਰਹੇ ਹਨ। ਡਾ: ਇਕਬਾਲ ਸਿੰਘ ਢਿੱਲੋਂ ਦੀ ਇਸ ਗੱਲ ਵਿੱਚ ਵੀ ਕੋਈ ਵਜ਼ਨ ਨਹੀਂ ਕਿ `ਅਖੌਤੀ` ਅਕਾਲ ਤਖ਼ਤ ਤੋਂ ਅੱਜ ਤੱਕ ਇੱਕ ਵਾਰੀ ਵੀ ਗੁਰਮਤਿ ਦੀ ਗੱਲ ਨਹੀਂ ਹੋਈ ਜਦੋਂ ਕਿ ਹਮੇਸ਼ਾਂ ਮਨਮਤ ਦਾ ਹੀ ਪ੍ਰਚਾਰ ਹੋ ਰਿਹਾ ਹੈ। ਸ: ਚਰਨਜੀਤ ਸਿੰਘ ਬਰੈਂਪਟਨ ਨੇ ਆਪਣੇ ਇੱਕ ਪੱਤਰ ਵਿੱਚ ਅਕਾਲ ਤਖ਼ਤ `ਤੇ ਗੁਰਮਤਿ ਅਨੁਸਾਰੀ ਹੋਏ ਫੈਸਲਿਆਂ ਦੀ ਲੰਬੀ ਸੂਚੀ ਦਿੱਤੀ ਹੈ। ਸੋ ਅਜੇਹੇ ਸ਼ੰਕੇ ਖੜ੍ਹੇ ਕਰਨੇ ਨਿਰਮੂਲ ਹਨ ਤੇ ਜਾਗਰੂਕਤਾ `ਤੇ ਪ੍ਰਸ਼ਨ ਚਿੰਨ੍ਹ ਵੀ। ਬੜੀ ਹੈਰਾਨੀ ਹੈ ਕਿ ਪਿੱਛੇ ਜਿਹੇ ਇੱਕ ਅਖ਼ਬਾਰ ਦੇ ਸੰਪਾਦਕ ਤੋਂ ਬਾਅਦ ਇੱਕ ਅਖੌਤੀ ਨਿਹੰਗ ਧਰਮ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਤੇ ਗੁਰਿਆਈ ਨੂੰ ਰੱਦ ਕੀਤਾ। ਸ਼ੇਰੇ ਪੰਜਾਬ ਰੇਡੀਓ ਨੇ ਇਸ ਮੁੱਦੇ ਨੂੰ ਚੁੱਕਿਆ, ਸੱਚ ਦੀ ਪਟਾਰੀ ਅਖ਼ਬਾਰ ਸਮੇਤ ਕੁੱਝ ਪੰਥਕ ਵੈੱਬਸਾਈਟਾਂ ਨੇ ਇਹ ਖ਼ਬਰਾਂ ਲਾਈਆਂ ਤਾਂ ਇੱਕ ਜਾਗਰੂਕ ਕਹਾਉਣ ਵਾਲੇ ਗਰੁੱਪ ਨੇ ਇਤਰਾਜ ਕੀਤਾ ਕਿ ਇਹ ਖ਼ਬਰਾਂ ਲਾ ਕੇ ਧਰਮ ਸਿੰਘ ਨੂੰ ਮੁਫਤ ਦੀ ਪਬਲੀਸਿਟੀ ਦਿੱਤੀ ਜਾ ਰਹੀ ਹੈ। ਪਰ ਉਹੀ ਗਰੁੱਪ ਡਾ: ਇਕਬਾਲ ਸਿੰਘ ਢਿੱਲੋਂ ਦੇ ਲੇਖ ਦੀ ਹਮਾਇਤ ਕਰਕੇ, ਕੀ ਉਸ ਨੂੰ ਪਬਲੀਸਿਟੀ ਨਹੀਂ ਦੇ ਰਿਹਾ। ਮੈਨੂੰ ਇੰਝ ਪ੍ਰਤੀਤ ਹੋਣ ਲੱਗ ਪਿਆ ਹੈ ਕਿ ਇਸ ਗਰੁੱਪ ਨੂੰ ਦਸਮ ਗ੍ਰੰਥ ਤੋਂ ਬਗੈਰ ਹੋਰ ਕੋਈ ਪੰਥਕ ਮੁੱਦਾ ਹੀ ਨਹੀਂ ਦਿੱਸ ਰਿਹਾ। ਜਿਹੜਾ ਵੀ ਦਸਮ ਗ੍ਰੰਥ ਦੀ ਵਿਰੋਧਤਾ ਕਰਦਾ ਹੈ ਉਸ ਦੀ ਇਹ ਅੱਖਾਂ ਮੀਚ ਕੇ ਹਮਾਇਤ ਕਰਦੇ ਹਨ। ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ `ਤੇ ਉਂਗਲ ਉਠਾਉਣ ਵਾਲਿਆਂ ਦਾ ਵਿਰੋਧ ਇਨ੍ਹਾਂ ਨੂੰ ਫਾਲਤੂ ਦਾ ਕੰਮ ਦਿੱਸ ਰਿਹਾ ਹੈ। ਪੰਥ ਵਿੱਚ ਆਏ ਕਿਸੇ ਹੋਰ ਨਿਘਾਰ ਦੀ ਗੱਲ ਕਰਨ ਵਾਲੇ ਤੋਂ ਪਹਿਲਾਂ ਇਹ ਸਰਟੀਫਿਕੇਟ ਮੰਗਣਾ ਸ਼ੁਰੂ ਕਰ ਦਿੰਦੇ ਹਨ- ਇਹ ਦੱਸ ਕਿ ਤੂੰ ਸਮੁੱਚੇ ਅਖੌਤੀ ਦਸਮ ਗ੍ਰੰਥ ਤੇ ਸਿੱਖ ਰਹਿਤ ਮਰਿਆਦਾ ਨੂੰ ਰੱਦ ਕਰਦਾ ਹੈਂ ਜਾਂ ਨਹੀਂ? ਜੇ ਨਹੀਂ ਤਾਂ ਤੈਨੂੰ ਸੁਧਾਰ ਦੀ ਗੱਲ ਕਰਨ ਦਾ ਕੋਈ ਹੱਕ ਹੀ ਨਹੀਂ ਹੈ। ਜਾਗਰੂਕ ਅਖਵਾਉਣ ਵਾਲੇ ਸਿੱਖਾਂ ਲਈ ਹੁਣ ਦੀਰਘ ਵੀਚਾਰ ਕਰਨ ਦਾ ਸਮਾ ਹੈ ਕਿ ਕੀ ਉਨ੍ਹਾਂ ਦੀ ਇਹ ਪਹੁੰਚ ਦਸਮ ਗ੍ਰੰਥੀਆਂ ਤੇ ਪੁਜਾਰੀਆਂ ਨੂੰ ਲਾਭ ਤੇ ਜਾਗਰੂਕ ਲਹਿਰ ਦਾ ਨੁਕਸਾਨ ਤਾਂ ਨਹੀ ਕਰ ਰਹੀ। ਗੁਰੂ ਭਲੀ ਕਰੇ ਕਿ ਕਦੀ ਉਹ ਇਹ ਸੋਚਣ ਲਈ ਸਮਾਂ ਕੱਢ ਸਕਣ।

ਇੱਕ ਗੱਲ ਹੋਰ, ਕਿ ਇੱਕ ਅਖ਼ਬਾਰ ਦੇ ਸੰਪਾਦਕ ਆਪਣੇ ਵਿਰੋਧੀਆਂ `ਤੇ ਸਵਾਲਾਂ ਦੀ ਬੁਛਾੜ ਕਰ ਰਹੇ ਹਨ ਤੇ ਉਨ੍ਹਾਂ ਨੂੰ ਮਿਹਣਾ ਮਾਰਦੇ ਰਹਿੰਦੇ ਹਨ ਕਿ ਗੁਰੂ ਸਾਹਿਬ ਸਾਹਿਬ ਦੇ ਬਖ਼ਸ਼ੇ ਸਿਧਾਂਤ: `ਰੋਸੁ ਨ ਕੀਜੈ ਉਤਰੁ ਦੀਜੈ`

`ਤੇ ਪਹਿਰਾ ਦਿੰਦੇ ਹੋਏ ਮੇਰੇ ਸਵਾਲਾਂ ਦਾ ਜਵਾਬ ਦੇਵੋ। ਇਸ ਤੁੱਕ ਦੀ ਵਰਤੋਂ ਹੋਰ ਵਿਦਵਾਨ ਵੀ ਖੁਲ੍ਹ ਕੇ ਕਰਨ ਲੱਗ ਪਏ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਉਹ ਆਪਣੇ ਇਸ ਸਿਧਾਂਤ `ਤੇ ਖ਼ੁਦ ਹੀ ਪਹਿਰਾ ਨਹੀਂ ਦਿੰਦੇ। ਉਨ੍ਹਾਂ ਦੀਆਂ ਲਿਖਤਾਂ ਸਬੰਧੀ ਪੁੱਛੇ ਗਏ ਕਿਸੇ ਇੱਕ ਵੀ ਸਵਾਲ ਦਾ ਉਨ੍ਹਾਂ ਨੇ ਖੁਦ ਜਵਾਬ ਨਹੀਂ ਦਿੱਤਾ ਤੇ ਕਹਿੰਦੇ ਹਨ ਕਿ ਇਨ੍ਹਾਂ ਸਵਾਲਾਂ ਦਾ ਜਵਾਬ ਬਾਬਾ ਨਾਨਕ ਦੇਣਗੇ। ਦੂਸਰੀ ਗੱਲ ਇਹ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਹ ਤੁੱਕ ਗੁਰੂ ਨਾਨਕ ਸਾਹਿਬ ਜੀ ਦੀ ਨਹੀਂ ਬਲਕਿ ਸਿੱਧਾਂ ਵਲੋਂ ਪੁੱਛਿਆ ਗਿਆ ਸਵਾਲ ਹੈ ਜਿਸ ਦਾ ਅਗਲਾ ਹਿੱਸਾ ਹੈ: `ਕਿਉ ਪਾਈਐ ਗੁਰ ਦੁਆਰੋ।। ` ਜਿਸ ਸਿੱਧ ਗੋਸਟਿ ਦੀ ਬਾਣੀ ਵਿੱਚੋਂ ਇਹ ਤੁਕ ਲਈ ਗਈ ਹੈ ਉਸ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਸਿਧਾਂ ਨੂੰ ਇੱਕ ਵੀ ਸਵਾਲ ਨਹੀਂ ਕੀਤਾ, ਸਾਰੇ ਦੇ ਸਾਰੇ ਸਵਾਲ ਸਿੱਧਾਂ ਵਲੋਂ ਕੀਤੇ ਗਏ ਹਨ ਤੇ ਗੁਰੂ ਨਾਨਕ ਸਾਹਿਬ ਜੀ ਨੇ ਸਿਰਫ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਹੀ ਦਿੱਤੇ ਹਨ। ਜਵਾਬ ਦੇਣ ਸਮੇਂ ਵੀ ਉਨ੍ਹਾਂ ਨੇ ਸਿੱਧਾਂ `ਤੇ ਕੋਈ ਸ਼ਰਤ ਨਹੀਂ ਰੱਖੀ ਕਿ ਪਹਿਲਾਂ ਤੁਸੀਂ ਇਹ ਦੱਸੋ ਕਿ ਤੁਸੀਂ ਮੇਰੇ ਮੱਤ ਨਾਲ ਸਹਿਮਤ ਹੋ ਜਾਂ ਨਹੀਂ? ਜੇ ਨਹੀਂ ਤਾਂ ਤੁਹਾਨੂੰ ਸਵਾਲ ਕਰਨ ਦਾ ਕੋਈ ਹੱਕ ਨਹੀਂ ਹੈ। ਅਸਲ ਵਿੱਚ ਸਵਾਲ ਜਵਾਬ ਜਾਂ ਵੀਚਾਰ ਚਰਚਾ ਹੁੰਦੀ ਹੀ ਉੱਥੇ ਹੈ ਜਿੱਥੇ ਵੀਚਾਰਾਂ ਦਾ ਵਖਰੇਵਾਂ ਹੋਵੇ। ਜਿੱਥੇ ਵੀਚਾਰ ਬਿੱਲਕੁਲ ਮਿਲ ਹੀ ਜਾਣ ਉਥੇ ਤਾਂ ਸਵਾਲ ਹੀ ਮੁੱਕ ਜਾਂਦੇ ਹਨ। ਗੁਰੂ ਸਾਹਿਬ ਜੀ ਨੇ ਆਪਣੀ ਸਾਰੀ ਬਾਣੀ ਵਿੱਚ ਕਿਧਰੇ ਵੀ ਕਿਸੇ ਨੂੰ ਕੋਈ ਸਵਾਲ ਕੀਤਾ ਹੀ ਨਹੀਂ ਸਗੋਂ ਦੂਸਰਿਆਂ ਦੇ ਸ਼ੰਕਿਆਂ ਦੇ ਉੱਤਰ ਹੀ ਦਿੱਤੇ ਹਨ। ਕਿਸੇ ਨੂੰ ਸਵਾਲ ਤਾਂ ਕਰਦੇ, ਜੇ ਉਨ੍ਹਾਂ ਨੂ ਕੋਈ ਸ਼ੰਕਾ ਹੁੰਦਾ। ਜੇ ਕਰ ਸਾਨੂੰ ਸੁਖੈਣ ਢੰਗ ਨਾਲ ਸਮਝਾਉਣ ਲਈ ਪ੍ਰਸ਼ਨ ਕੀਤੇ ਵੀ ਹਨ ਤਾਂ ਉਨ੍ਹਾਂ ਦੇ ਕਿਸੇ ਤੋਂ ਉਤਰ ਲੈਣ ਲਈ ਨਹੀਂ ਸਗੋਂ ਉਨ੍ਹਾਂ ਦੇ ਉਤਰ ਖੁਦ ਹੀ ਦਿੱਤੇ ਹਨ ਤਾ ਕਿ ਇਸ ਤਰ੍ਹਾਂ ਸਾਨੂੰ ਸੌਖੇ ਢੰਗ ਨਾਲ ਜਲਦੀ ਸਮਝ ਵਿੱਚ ਆ ਜਾਵੇ। ਜਿਵੇਂ ਕਿ ਜਪੁਜੀ ਸਾਹਿਬ ਦੀ ਪਹਿਲੀ ਪਉੜੀ ਵਿੱਚ ਸਵਾਲ ਕੀਤਾ ਹੈ: `ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ।। ` ਇਸ ਦਾ ਜਵਾਬ ਕਿਸੇ ਤੋਂ ਨਹੀਂ ਮੰਗਿਆ ਸਗੋਂ ਖ਼ੁਦ ਹੀ ਦਿੱਤਾ ਹੈ: `ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ।। ੧।। ` ਇਹੋ ਢੰਗ ਬਾਕੀ ਦੀ ਸਾਰੀ ਬਾਣੀ ਵਿੱਚ ਵਰਤਿਆ ਗਿਆ ਹੈ। ਸੋ ਪੰਥ ਦੇ ਆਪੂੰ ਬਣੇ ਅਖੌਤੀ ਠੇਕੇਦਾਰਾਂ (ਪੁਜਾਰੀ- ਜਥੇਦਾਰ ਵਰਗ) ਅਤੇ ਪੰਥ ਨੂੰ ਨਵੀਂ ਸੇਧ ਵਾਲੇ ਜਾਗਰੂਕ ਵਿਦਵਾਨਾਂ ਨੂੰ ਚਾਹੀਦਾ ਹੈ ਕਿ ਉਹ ਗੁਰੂ ਸਾਹਿਬ ਜੀ ਦੀ ਇਸ ਤਕਨੀਕ `ਤੇ ਅਮਲ ਕਰਦੇ ਹੋਏ ਸਿਰਫ ਵਿਰੋਧੀ ਵੀਚਾਰਾਂ ਵਾਲਿਆਂ ਦੀਆਂ ਜਵਾਬ ਤਲਬੀਆਂ ਤੇ ਸਪੱਸ਼ਟੀਕਰਣ ਮੰਗਣ ਵਿੱਚ ਹੀ ਮਸ਼ਰੂਫ ਨਾ ਰਹਿਣ ਬਲਕਿ ਉਨ੍ਹਾਂ ਵਲੋਂ ਪ੍ਰਚਾਰੀ ਜਾ ਰਹੀ ਵੀਚਾਰਧਾਰਾ ਸਬੰਧੀ ਖ਼ੁਦ ਜਗਿਆਸੂਆਂ ਦੀ ਤਸੱਲੀ ਕਰਵਾਉਣ।

ਕਿਰਪਾਲ ਸਿੰਘ ਬਠਿੰਡਾ

੯੮੫੫੪ ੮੦੭੯੭


(08/05/11)
ਗੁਰਦੇਵ ਸਿੰਘ ਬਟਾਲਵੀ

ਇਰਾਨ ਵਿੱਚ ਸਿੱਖ ਅਤੇ ਸਿੱਖ ਇਤਹਾਸ
ਜਗਤ ਗੁਰੂ ਬਾਬਾ ਗੁਰੂ ਨਾਨਕ ਜੀ ਵਲੋਂ ਜਗਤ ਜਲੰਦੇ ਦੇ ਉੱਧਾਰ ਲਈ ਕਰੀਬ 48 ਹਜ਼ਾਰ ਮੀਲ ਦੀ ਪੈਦਲ ਯਾਤਰਾ ਕੀਤੀ ਗਈ ਜਿਸ ਵਿੱਚ ਜੰਗਲ, ਪਹਾੜ, ਨਦੀ-ਨਾਲੇ ਤੇ ਹੋਰ ਬਿਖੜੇ ਰਾਹਾਂ ਦੇ ਨਾਲ ਨਾਲ ਸਮੁੰਦਰੀ ਯਾਤਰਾ ਵੀ ਸ਼ਾਮਲ ਹੈ। ਅਤੇ ਇਹ ਮਾਣ ਸਿਰਫ ਤੇ ਸਿਰਫ ਬਾਬਾ ਗੁਰੂ ਨਾਨਕ ਜੀ ਨੂੰ ਹੀ ਜਾਂਦਾ ਹੈ ਦੁਨੀਆਂ ਦੇ ਕਿਸੇ ਵੀ ਹੋਰ ਪੈਗੰਬਰ ਨੇ 400 ਮੀਲ ਤੋਂ ਵੱਧ ਪੈਦਲ ਸਫਰ ਨਹੀ ਕੀਤਾ। ਮਹਾਨ ਵਿਗਆਨੀ, ਦਾਰਸ਼ਨਿਕ, ਤਰਕਸ਼ੀਲ ਤੇ ਰਹਿਬਰ ਹੋਣ ਦਾ ਮਾਣ ਵੀ ਸਿਰਫ ਬਾਬਾ ਗੁਰੂ ਨਾਨਕ ਜੀ ਨੂੰ ਹੀ ਜਾਂਦਾ ਹੈ। ਅਤੇ ਬਾਕੀ ਜਿੰਨੇ ਵੀ ਪੈਗੰਬਰ ਹੋਏ ਹਨ ਉਨ੍ਹਾਂ ਦੇ ਸਫਰ ਦੀ ਵਜ੍ਹਾ ਤਕਰੀਬਨ ਜ਼ਰ, ਜੋਰੂ ਤੇ ਜਮੀਨ ਹੀ ਰਹੀ ਹੈ। ਬਾਬੇ ਨਾਨਕ ਜੀ ਦੀਆਂ ਪ੍ਰਚਾਰ ਫੇਰੀਆਂ ਦੇ ਦਾਇਰੇ ਵਿੱਚ ਦੁਨੀਆਂ ਦੇ ਬਹੁਤ ਮੁਲਕ ਆਉਂਦੇ ਹਨ ਅਤੇ ਇਰਾਨ ਦੇਸ਼ ਵੀ ਉਨ੍ਹਾਂ ਫੇਰੀਆਂ ਦਾ ਇੱਕ ਹਿੱਸਾ ਹੈ।
ਅੱਜ ਤੋਂ ਕਰੀਬ 35/36 ਸਾਲ ਪਹਿਲਾਂ ਜਦੋਂ ਮੈਂ ਇਰਾਨ ਗਿਆ ਸੀ ਉਸ ਵੇਲੇ ਮੈਨੂੰ ਨਾਂ ਤੇ ਕੋਈ ਬਹੁਤੀ ਦੁਨੀਆਂ ਦਾਰੀ ਦੀ ਸਮਝ ਸੀ ਨਾਂ ਹੀ ਬਹੁਤਾ ਸਿੱਖੀ ਬਾਰੇ ਗਿਆਨ ਸੀ। ਸਿਰਫ ਕੇਸ ਰੱਖੇ ਹੋਣ ਕਰਕੇ ਆਪਣੇ ਆਪ ਨੂੰ ਸਿੱਖ ਸਮਝੀ ਜਾ ਰਿਹਾ ਸੀ (ਵੈਸੇ ਜਾਅਦਾ ਤਰ ਸਿੱਖਾਂ ਦੀ ਅੱਜ ਵੀ ਏਹੋ ਹੀ ਹਾਲਤ ਹੈ) ਬਸ ਗੁਰਦਵਾਰੇ ਜਾਣਾਂ ਜਾਂ ਕਦੀਂ ਕਦੀਂ ਪਾਠ ਕਰ ਲੈਣਾ ਇਸ ਨੂੰ ਹੀ ਸਿੱਖੀ ਸਮਝ ਲੈਣ ਦਾ ਬੜਾ ਵੱਡਾ ਭੁਲੇਖਾ ਜਿਹਾ ਸੀ। ਉਹਨਾ ਦਿਨਾਂ ਵਿੱਚ 4/5 ਦਫਾ ਤੈਹਰਾਨ ਦੇ ਗੁਰਦਵਾਰਾ ਸਾਹਬ ਜਾਣ ਦਾ ਮੌਕਾ ਬਣਿਆਂ ਪਰ ਮੱਥਾ ਟੇਕ ਕੇ ਤੇ ਲੰਗਰ ਛਕ ਕੇ ਮੁੜ ਆਉਣਾ ਤੇ ਇਸ ਤੌਂ ਅਗੇ ਹੋਰ ਕਿਸੇ ਕਿਸਮ ਦਾ ਖਿਆਲ ਹੀ ਨਹੀਂ ਆਇਆ, ਇਸ ਨੂੰ ਬਦ ਕਿਸਮਤੀ ਹੀ ਕਹਾਂਗੇ। ਅਤੇ ਨਾ ਹੀ ਇਸ ਬਾਰੇ ਕਿਸੇ ਨੇ ਕੁੱਝ ਸਮਝਾਇਆ ਹੀ ਸੀ।
ਮੈਂ ਗਲਤੀ ਨਾਲ ਇਹ ਹੀ ਸਮਝਦਾ ਰਿਹਾ ਕਿ ਇਹ ਗੁਰਦਵਾਰਾ ਹੀ ਇਤਹਾਸਕ ਹੈ, ਇਰਾਨ ਵਿੱਚ ਦੋ ਗੁਰਦਵਾਰੇ ਹਨ ਇੱਕ ਤੈਹਰਾਨ ਵਿੱਚ ਅਤੇ ਦੂਜਾ ਜਾਹਿਦਾਨ ਵਿੱਚ ਪਰ ਇਸ ਗਲ ਦਾ ਹੁਣ ਪਤਾ ਲੱਗਾ ਕਿ ਇਹ ਦੋਨੋ ਹੀ ਗੁਰਦਵਾਰੇ ਸਿੰਘ ਸਭਾ ਗੁਰਦਵਾਰੇ ਹਨ ਇਤਹਾਸਕ ਨਹੀਂ ਹਨ। ਇਸ ਨਾਲ ਮਨ ਨੂੰ ਬੜਾ ਧੱਕਾ ਜਿਹਾ ਵੱਜਾ ਕਿ ਗੁਰੂ ਨਾਨਕ ਸਾਹਿਬ ਜੀ ਇਰਾਨ ਗਏ ਸਨ ਤੇ ਭਾਈ ਮਰਦਾਨਾ ਜੀ ਦਾ ਚਲਾਣਾਂ ਵੀ ਇਰਾਨ ਵਿੱਚ ਹੀ ਹੋਇਆ ਸੀ ਪਰ ਭਾਈ ਮਰਦਾਨਾਂ ਜੀ ਦੀ ਕੋਈ ਵੀ ਯਾਦਗਾਰ ਇਰਾਨ ਵਿੱਚ ਨਹੀਂ ਬਣੀ ਹੋਈ ਜਦਕਿ ਇਰਾਨ ਵਿੱਚ ਸਿਖਾਂ ਨੂੰ ਰਿਹਂਦਿਆਂ ਨੂੰ ਸ਼ਾਇਦ ਸਦੀ ਤੋਂ ਵੀ ਵੱਧ ਸਮਾਂ ਹੋ ਚੁੱਕਾ ਹੈ (ਜਦੋਂਕਿ ਰਾਸਟਰਪਤੀ ਸੱਦਾਮ ਹੁਸੈਨ ਦੇ ਸਮੇਂ ਵਿੱਚ ਇਰਾਕ ਚ ਨੋਕਰੀਆਂ ਕਰਨ ਗਏ ਹੋਏ ਸਿੱਖ ਵੀਰਾਂ ਨੇ ਜਗ੍ਹਾ ਦੀ ਤਲਾਸ਼ ਕਰਕੇ ਬਗਦਾਦ ਵਿੱਚ ਗੁਰਦਵਾਰਾ ਕਾਇਮ ਕਰ ਦਿੱਤਾ ਹੈ) ਅਸੀਂ ਰੋਜ਼ਾਨਾਂ ਅਰਦਾਸ ਵਿੱਚ ਕਹਿੰਦੇ ਹਾਂ ਕਿ ਜਿਨ੍ਹਾਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰੇ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖ਼ਸ਼ੋ ਪਰ ਕਦੇ ਇਹ ਨਹੀਂ ਸੋਚਿਆ ਕਿ ਪੰਥ ਨੇ ਜਿਨ੍ਹਾਂ ਗੁਰਧਾਮਾਂ ਨੂੰ ਵਿਸਾਰ ਦਿੱਤਾ ਹੈ ਓਹਨਾਂ ਬਾਰੇ ਕੀ ਕੀਤਾ ਜਾਏ। ਉਸ ਅਰਦਾਸ ਦੀਆਂ ਲਾਈਨਾਂ ਨੂੰ ਅਸੀਂ ਸਿਰਫ ਪਾਕਿਸਤਾਨ ਵਿੱਚਲੇ ਗੁਰਦਵਾਰਿਆਂ ਨੂੰ ਹੀ ਅਧਾਰ ਬਣਾ ਕੇ ਬੈਠ ਗਏ ਹਾਂ। ਬੰਗਲਾ ਦੇਸ਼ ਅਤੇ ਅਫਗਾਨਸਤਾਨ ਦੇ ਵਿੱਚ ਵੀ ਇਤਹਾਸਕ ਗੁਰਦਵਾਰੇ ਬਣੇ ਹੋਏ ਹਨ ਓਹਨਾਂ ਵਲ਼ ਅਸੀਂ ਕਦੇ ਧਿਆਨ ਹੀ ਨਹੀਂ ਮਾਰਿਆ! ਜਦ ਕਿ ਓਥੇ ਗੁਰਦਵਾਰੇ ਵੀ ਉਸਾਰੇ ਹੋਏ ਹਨ, (ਸਾਡਾ ਮਕਸਦ ਕਿਸੇ ਜਗ੍ਹਾ ਜਾਂ ਵਸਤੂ ਨਾਲ ਜੁੜਨਾ ਜਾਂ ਜੋੜਨਾ ਨਹੀ ਹੈ ਬਲਕਿ ਬਾਬੇ ਨਾਨਕ ਜੀ ਦੀ ਵੀਚਾਰਧਾਰਾ ਦੇ ਪ੍ਰਚਾਰ ਕੇਂਦਰ ਸਥਾਪਤਿ ਕਰਨ ਦਾ ਹੈ) ਤੇ ਜਿੱਥੇ ਅਜੇ ਅਸੀਂ ਬਾਬੇ ਨਾਨਕ ਵਲੋਂ ਰੱਖੇ ਕਦਮਾਂ ਦੀ ਨਿਸ਼ਾਨ ਦੇਹੀ ਨਹੀਂ ਕਰ ਸਕੇ ਓਹਨਾਂ ਥਾਵਾਂ ਦਾ ਕੀ ਕੀਤਾ ਜਾਏ? ਇਸੇ ਸੋਚ ਨੂੰ ਲੈਕੇ ਮੈਂ ਸਨ 2009 ਵਿੱਚ ਜੂਨ ਮਹੀਨੇ ਦੇ ਕੁੱਝ ਦਿਨ ਇਰਾਨ ਦੀ ਯਾਤਰਾ ਕਰਕੇ ਆਇਆਂ। ਦੂਜਾ ਸ਼ਾਇਦ ਉਥੋਂ ਕੋਈ ਸਿੱਖ ਇਤਹਾਸ ਨਾਲ ਸਬੰਧਤ ਫਾਰਸੀ ਵਿੱਚ ਕੁੱਝ ਲਿਖਤਾਂ ਮਿਲ ਜਾਣ। ਪੁਰਾਣੇ ਪ੍ਰਬੰਧਕ ਸ੍ਰ ਮਖਣ ਸਿੰਘ ਜੀ ਚਲਾਣਾ ਕਰ ਚੁੱਕੇ ਹਨ ਉਹਨਾ ਤੋਂ ਬਾਅਦ ਕਈ ਕਮੇਟੀਆਂ ਹੋਂਦ ਵਿੱਚ ਆਈਆਂ ਹਨ ਪਰ ਕਿਸੇ ਵਲੋਂ ਵੀ ਇਹ ਖੇਚਲ ਨਹੀ ਕੀਤੀ ਗਈ ਕਿ ਗੁਰੂ ਨਾਨਕ ਸਾਹਿਬ ਜੀ ਦੇ ਠਹਿਰਾਓ ਵਾਲੀ ਥਾਂ ਜਾਂ ਜਿੱਥੇ ਭਾਈ ਮਰਦਾਨਾ ਜੀ ਦਾ ਇੰਤਕਾਲ ਹੋਇਆ/ਚਲਾਣਾ ਕੀਤਾ ਸੀ ਓਹਨਾਂ ਥਾਵਾਂ ਦੀ ਹੀ ਭਾਲ ਕਰ ਲਈ ਜਾਂਦੀ।
ਮੇਰੇ ਵਲੋਂ ਅਲੱਗ ਅਲੱਗ ਸਿੱਖਾਂ ਤੋਂ ਕੀਤੀ ਪੁਛ ਪੜਤਾਲ ਤੋਂ ਕਿਸੇ ਨੇ ਭਾਈ ਮਰਦਾਨਾ ਜੀ ਦੇ ਇੰਤਕਾਲ ਵਾਲੀ ਥਾਂ ਖੁਰਮਸ਼ਹਿਰ ਤੇ ਕਿਸੇ ਨੇ ਬੰਦਰਆਬਾਸ ਦਸਿਆ, ਪੁਰਾਣੀਆਂ ਲਿਖਤਾਂ ਮੁਤਾਬਕ ਖੁਰਮਸ਼ਹਿਰ ਹੀ ਠੀਕ ਲਗਦਾ ਹੈ ਇਤਿਹਾਸ ਵਿੱਚ ਖੁਰਮ ਨਦੀ ਦਾ ਜਿਕਰ ਵੀ ਆਉਂਦਾ ਹੈ। ਕਿਉਂਕਿ ਅਬਾਦਾਨ ਤੇ ਖੁਰਮ ਸ਼ਹਿਰ ਦੇ ਵਿੱਚਕਾਰ ਨਦੀ ਵਗਦੀ ਹੈ ਦੂਜਾ ਬਗਦਾਦ ਤੇ ਬਸਰਾ ਵੀ ਇਸਦੇ ਨੇੜੇ ਹਨ ਪਰ ਉਸ ਵਾਕਿਆ ਵਾਲੀ ਥਾਂ ਦੀ ਨਿਸ਼ਾਨ ਦੇਹੀ ਕਰਨੀ ਜਰੂਰੀ ਹੈ। ਇਰਾਨ ਦੇ ਜਾਅਦਾਤਰ ਸਿੱਖ ਕਾਰੋਬਾਰੀ ਹਨ ਬਹੁਤਿਆਂ ਕੋਲ ਤੇ ਗੁਰਦਵਾਰੇ ਆਉਣ ਦਾ ਸਮਾਂ ਵੀ ਨਹੀਂ, ਦੂਜਾ ਕਾਰਣ ਬਹੁਤੇ ਇਰਾਨੀ ਸਿੱਖ ਇਰਾਨ ਦੀ ਇਸਲਮੀ ਸਰਕਾਰ ਤੋਂ ਡਰਦੇ ਸਿੱਖੀ ਦੀ ਗਲ ਹੀ ਨਹੀਂ ਕਰਦੇ ਕਿ ਕਿਤੇ ਇਹ ਨਾ ਹੋ ਜਾਏ ਉਹ ਨਾ ਹੋ ਜਾਏ ਵਗੈਰਾਹ-ਵਗੈਰਾਹ, ਜਦਕਿ ਓਥੇ ਕੋਈ ਐਸੀ ਗਲ ਨਹੀਂ। ਇਰਾਨ ਦੇ ਸਿਖਾਂ ਵਲੋਂ ਇੱਕ ਬੜੀ ਦਿਲਚਸਪ ਗਲ ਮੈਂਨੂ ਸੁਣਾਈ ਗਈ ਕਿ ਕਿਸੇ ਸ਼ਰਾਰਤੀ ਲਕਾਂ ਵਲੋਂ ਇਰਾਨ ਸਰਕਾਰ ਦੇ ਕਨ ਭਰੇ ਗਏ ਕਿ ਸਿਖਾਂ ਦੇ ਗ੍ਰੰਥ ਵਿੱਚ ਇਸਲਾਮ ਦੇ ਖਿਲਾਫ ਲਿਖਿਆ ਹੋਇਆ ਹੈ ਅਤੇ ਇਸ ਗਲ ਦੀ ਪੁਣ ਛਾਣ ਕੀਤਿਆਂ ਬਗੈਰ ਹੀ ਇਰਾਨੀ ਹਕੂਮਤ ਨੇ ਸਿੱਖਾਂ ਨੂੰ ਕਿਹਾ ਕਿ ਇਹ ਆਪਣਾ ਗੁਰਦਵਾਰਾ ਬੰਦ ਕਰੋ ਤੁਸੀ ਇਸਲਾਮ ਦੇ ਖਿਲਾਫ ਪ੍ਰਚਾਰ ਕਰਦੇ ਹੋ। ਕੁੱਝ ਸੂਝਵਾਨ ਸਿਖਾਂ ਨੇ ਗੁਰਦਵਾਰਾ ਬੰਦ ਕਰਵਾਣ ਆਏ ਅਧਿਕਾਰੀਆਂ ਨੂੰ ਦਸਿਆ ਕਿ ਸਿੱਖ ਧਰਮ ਤੇ ਹਰ ਇੱਕ ਦਾ ਸਤਿਕਾਰ ਕਰਦਾ ਹੈ ਅਤੇ ਇੱਕ ਅਕਾਲ ਪੁਰਖ, ਇੱਕ ਅਲ੍ਹਾ ਦੀ ਇਬਾਦਤ ਦੀ ਗਲ ਕਰਦਾ ਹੈ। ਇਸ ਗਲ ਦੀ ਤਸੱਲੀ ਵਾਸਤੇ ਇੱਕ ਇਰਾਨੀ ਵਫਦ ਨੂੰ ਦਰਬਾਰ ਸਾਹਬ ਅਮ੍ਰਿਤਸਰ ਦੀ ਯਾਤਰਾ ਕਰਵਾਈ ਅਤੇ ਉਨ੍ਹਾਂ ਦੇ ਸਾਰੇ ਸ਼ੰਕੇ ਦੂਰ ਕਰਵਾਏ। ਇਰਾਨੀ ਵਫਦ ਨੇ ਇਸ ਗਲ ਨੂੰ ਸਵੀਕਾਰ ਕੀਤਾ ਕਿ ਸਿੱਖ ਧਰਮ ਨਵੇਂ ਯੁਗ ਦਾ ਧਰਮ ਹੈ ਅਤੇ ਇਹ ਹਰ ਮਨੁਖ ਨੂੰ ਆਪਣੇ ਕਲਾਵੇ ਵਿੱਚ ਲੈਣ ਦੀ ਸਮਰੱਥਾ ਰਖੱਦਾ ਹੈ ਪਰ ਉਨ੍ਹਾਂ ਨੇ ਇੱਕ ਸ਼ਰਤ ਰੱਖ ਦਿੱਤੀ ਕਿ ਤੁਸੀਂ ਕਿਸੇ ਇਰਾਨੀ ਨੂੰ ਆਪਣੇ ਗੁਰਦਵਾਰੇ ਨਹੀ ਆਉਣ ਦਿਉਗੇ ਤਾਕਿ ਕੋਈ ਇਰਾਨੀ ਸਿੱਖ ਧਰਮ ਨੂੰ ਨਾਂ ਅਪਨਾ ਲਵੇ।
ਮੈਨੂੰ ਇਹ ਵੀ ਪਤਾ ਲਗਾ ਕਿ ਗੁਰਦਵਾਰਾ ਸਾਹਬ ਦੀ ਪ੍ਰਬੰਧਕ ਕਮੇਟੀ ਇੱਕ ਸਕੂਲ ਵੀ ਚਲਾ ਰਹੀ ਸੀ ਲਖਾਂ ਡਾਲਰ ਫੰਡ ਵੀ ਜੋੜਿਆ ਹੋਇਆ ਸੀ ਜੋ ਪ੍ਰਬੰਧਕਾਂ ਦੇ ਆਪਸੀ ਟਕਰਾਅ ਕਰਕੇ ਸਕੂਲ ਦਾ ਸਾਰਾ ਪ੍ਰਬੰਧ ਅਤੇ ਫੰਡ ਇੰਡੀਆ ਅੰਬੈਸੀ ਨੇ ਸੰਭਾਲ ਲਿਆ ਹੈ ਤੇ ਹੁਣ ਗੁਰਦਵਾਰਾ ਪ੍ਰਬੰਧਕਾਂ ਦਾ ਸਕੂਲ ਤੇ ਕੋਈ ਵੀ ਹਕ ਨਹੀਂ ਰਿਹਾ ਹੈ।
ਮਜੂਦਾ ਪ੍ਰਬੰਧਕ ਕਮੇਟੀ ਵਿੱਚ ਸੈਕਟਰੀ ਸ੍ਰ ਸਾਹਿਬ ਸਿੰਘ ਹੈ ਜੋ ਕਾਫੀ ਉਤਸ਼ਾਹੀ ਨੋਂਜਵਾਂਨ ਹੈ ਉਸ ਨੇ ਮੈਨੂੰ ਦਸਿਆ ਕਿ ਏਥੇ ਕੁੱਝ ਦੂਰੀ ਤੇ ਧਾਰਮਕ ਖੋਜ ਕਰਨ ਵਾਸਤੇ ਇੱਕ ਯੁਨੀਵਰਸਟੀ ਬਣੀ ਹੋਈ ਹੈ ਜਿਥੇ ਦੁਨੀਆਂ ਦੇ ਅਲਗ-ਅਲਗ ਧਰਮਾਂ ਤੇ ਖੋਜ ਚਲ ਰਹੀ ਹੈ ਤੇ ਜਿੱਥੇ ਸਿੱਖਇਜ਼ਮ ਤੇ ਵੀ ਬਕਾਇਦਾ ਰਿਸਰਚ ਹੋ ਰਹੀ ਹੈ ਅਤੇ ਇਰਾਨੀ ਵਿਦਆਰਥੀ ਓਥੇ ਸਿੱਖ ਧਰਮ ਉਤੇ ਪੀ, ਐਚ, ਡੀ ਕਰ ਰਹੇ ਹਨ ਮੈਂ ਤੁਹਾਨੂੰ ਓਥੇ ਲੈਕੇ ਜਾਣਾਂ ਹੈ ਇਹ ਸੁਣ ਕੇ ਮੈਨੂੰ ਬੜੀ ਖੁਸ਼ੀ ਹੋਈ ਤੇ ਮੈਂ ਇਕਦਮ ਇਸ ਲਈ ਤਿਆਰ ਹੋ ਗਿਆ। ਗੁਰਦਵਾਰਾ ਸਾਹਬ ਦੀ ਕਮੇਟੀ ਵਲੋਂ ਯੁਨੀਵਰਸਟੀ ਦੇ ਅਧਿਕਾਰੀਆਂ ਨੂੰ ਸਾਡੇ ਓਥੇ ਪਹੁੰਚਣ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦੇ ਦਿੱਤੀ ਗਈ। ਤੈਹਰਾਨ ਤੋਂ ਕਰੀਬ 130 ਕਿਲੋਮੀਟਰ ਦੀ ਦੂਰੀ ਤੇ ਕੋਮ ਸ਼ਹਿਰ ਵਿਖੇ ਬਣੀ ਹੋਈ ਇਹ ਯੁਨੀਵਰਸਟੀ ਵਿੱਚ ਵਿਦਆਰਥੀ ਤੇ ਸਭਿਆਚਾਰ ਮਾਮਲਿਆਂ ਦੇ ਡਾਇਰੈਕਟਰ ਜਨਾਬ ਮੁਹਮਦ ਮੇਹਦੀ ਅਲੀਮਰਦੀ ਨੇ ਗਰਮਜੋਸ਼ੀ ਸਾਨੂੰ ਜੀ ਆਇਆਂ ਕਿਹਾ ਤੇ ਮੈਨੂੰ ਹੈਰਾਨੀ ਹੋਈ ਜਦੋਂ ਉਹਨਾਂ ਨੇ “ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ” ਬੁਲਾਈ। ਏਥੇ ਇਹ ਦਸਣਾ ਵੀ ਜਰੂਰੀ ਹੈ ਕਿ ਇਰਾਨ ਦੇ ਮੁਸਲਮਾਨ ਤੇ ਏਥੋਂ ਦੀ ਇਸਲਾਮੀ ਹਕੂਮਤ ਦੁਨੀਆਂ ਦੇ ਸਿਰਫ ਚਾਰ ਧਰਮਾਂ ਨੂੰ ਹੀ ਮਾਨਤਾ ਦੇ ਰਹੇ ਸਨ ਜਿਨ੍ਹਾਂ ਵਿੱਚ ਖੁਦ ਇਸਲਾਮ, ਇਸਾਈ, ਯਹੂਦੀ ਤੇ ਪਾਰਸੀ ਧਰਮ ਆਉਂਦੇ ਹਨ ਬਾਕੀਆਂ ਨੂੰ ਇਹ ਕਾਫਰ ਹੀ ਸਮਝਦੇ ਹਨ। ਸਾਹਿਬ ਸਿੰਘ ਵਲੋਂ ਮੈਨੂੰ ਇਹ ਦਸਿਆ ਗਿਆ ਏਥੇ ਉਕਤ ਯੁਨੀਵਰਸਟੀ ਵਿੱਚ ਸਿੱਖਇਜ਼ਮ ਬਾਰੇ ਚੇਅਰ ਕਾਇਮ ਕੀਤੀ ਗਈ ਹੈ, ਡਾਇਰੈਕਟਰ ਜਨਾਬ ਮੁਹਮਦ ਮੇਹਦੀ ਅਲੀਮਰਦੀ ਨੇ ਸਿੱਖਇਜ਼ਮ ਬਾਰੇ ਬਹੁਤ ਕੁੱਝ ਪੜਿਆ ਹੋਇਆ ਹੈ ਤੇ ਓਹਨਾ ਨੁੰ ਸਿੱਖੀ ਬਾਰੇ ਬਹੁਤ ਗਿਆਨ ਹੈ ਤੇ ਉਹਨਾ ਵਲੋਂ ਗੁਰਮੁਖੀ ਪੜਾਉਣ ਬਾਰੇ ਵੀ ਯਤਨ ਕੀਤੇ ਜਾ ਰਹੇ ਹਨ। ਮੈਨੂੰ ਓਥੇ ਬੁਧੀਜੀਵੀਆਂ ੱਿਵਚ ਸਿੱਖ ਧਰਮ ਬਾਰੇ ਲੈਕਚਰ ਕਰਨ ਦਾ ਮੋਕਾ ਵੀ ਮਿਲਿਆ, ਮੈਂ ਓਥੇ ਬੜੇ ਵਿਸਥਾਰ ਨਾਲ ਗੁਰੂ ਨਾਨਕ ਸਾਹਿਬ ਦੀ ਆਮਦ ਤੋਂ ਲੈਕੇ ਗੁਰੁ ਗੋਬਿੰਦ ਸਿੰਘ ਸਾਹਿਬ ਵਲੋਂ ਖੰਡੇ ਬਾਟੇ ਦੀ ਪਾਹੁਲ, ਪੰਜ ਕਕਾਰਾਂ, ਲੰਗਰ ਪ੍ਰਥਾ ਤੇ ਲੰਗਰ ਦੀ ਮੱਹਤਤਾ ਬਾਰੇ ਵਿਚਾਰ ਰੱਖੇ, ਮੇਰੇ ਵਲੋਂ ਕੀਤੇ ਲੈਕਚਰ ਦਾ ਫਾਰਸੀ ਤਰਜਮਾਂ ਸੈਕਟਰੀ ਸਾਹੇਬ ਸਿੰਘ ਤੇ ਸ੍ਰ ਲਾਜਪਾਲ ਸਿੰਘ ਜੀ ਨੇ ਰਲ ਕੇ ਕੀਤਾ ਬਾਅਦ ਵਿੱਚ ਡੀਬੇਟ ਵੀ ਹੋਈ। ਯੁਨੀਵਰਸਟੀ ਵਾਲਿਆਂ ਨੇ ਇਸ ਗਲ ਨੂੰ ਮਨ ਲਿਆ ਹੈ ਕਿ ਇਸਲਾਮ ਅਤੇ ਸਿੱਖਇਜ਼ਮ ਹੀ ਐਸੇ ਧਰਮ ਹਨ ਜੋ ਆਪਸ ਵਿੱਚ ਬਹੁਤ ਨੇੜਤਾ ਰਖਦੇ ਹਨ ਤੇ ਇੱਕ ਰਬ ਦੇ ਉਪਾਸ਼ਕ ਹਨ। ਡੀਬੇਟ ਦੇ ਸਮੇ ਇੱਕ ਵਿਦਿਆਰਥੀ ਨੇ ਖੁਦ ਹੀ ਗੁਰੂ ਨਾਨਕ ਸਾਹਿਬ ਜੀ ਦੇ ਮੱਕੇ ਵਾਲੀ ਘਟਨਾ ਨੂੰ ਕਿ ਰਬ ਹਰ ਥਾਂ ਤੇ ਵਸਦਾ ਹੈ ਨੂੰ ਪੂਰੀ ਗੁਰਮਤਿ ਮੁਤਾਬਕ ਬਾਕੀਆਂ ਨੂੰ ਦਸਿਆ। ਮੈਨੂੰ ਉਮੀਦ ਹੈ ਕਿ ਜਦੋਂ ਓਥੇ ਸਿੱਖੀ ਬਾਰੇ ਖੋਜ ਚਲ ਰਹੀ ਹੈ ਤੇ ਜਰੂਰੀ ਹੈ ਕਿ ਓਥੇ ਫਾਰਸੀ ਜੂਬਾਨ ਵਿੱਚ ਵੀ ਕਿਤਾਬਾਂ ਛਪਣਗੀਆਂ ਤੇ ਸਿੱਖੀ ਦਾ ਪ੍ਰਚਾਰ ਹੋਵੇਗਾ ਜੋ ਕਿਸੇ ਵੇਲੇ ਬਾਬੇ ਨਾਨਕ ਨੇ ਕੀਤਾ ਸੀ।
ਇਸ ਬਾਰੇ ਮੈਂ ਅਤੇ ਮੇਰੇ ਕੁੱਝ ਸਾਥੀਆਂ ਨੇ ਬਾਬੇ ਨਾਨਕ ਦੇ ਪੈਰੋਕਾਰ ਹੋਣ ਦੇ ਨਾਤੇ ਇੱਕ ਉਪਰਾਲਾ ਆਰਂਭਿਆ ਹੈ ਕਿ ਭਾਰਤ ਤੇ ਪਾਕਿਸਤਾਨ ਤੋਂ ਇਲਾਵਾ ਜਿੱਥੇ-ਜਿੱਥੇ ਵੀ ਬਾਬੇ ਨਾਨਕ ਨੇ ਜਿਵੇਂ ਕਿ ਤੁਰਕੀ, ਅਫਰੀਕਾ, ਮਿਸ਼ਰ, ਸ੍ਰੀ ਲੰਕਾ ਤੇ ਰੂਸ ਵਗੈਰ੍ਹਾ ਵਿੱਚ ਆਪਣੇ ਮੁਬਾਰਕ ਕਦਮ ਰੱਖੇ ਹਨ ਓਥੇ ਦੀਆਂ ਸਰਕਾਰਾਂ ਦੀ ਮਦਦ ਨਾਲ ਓਹਨਾਂ ਥਾਵਾਂ ਦੀ ਭਾਲ ਕਰਕੇ ਓਥੇ-ਓਥੇ ਸਿੱਖੀ ਦੇ ਪ੍ਰਚਾਰ ਕੇਂਦਰ ਕਾਇਮ ਕਰ ਸਕੀਏ ਤਾ ਕਿ ਬਾਬੇ ਨਾਨਕ ਦੀ ਵੀਚਾਰਧਾਰਾ ਦੁਨੀਆ ਵਿੱਚ ਚਾਨਣ ਮੁਨਾਰਾ ਬਣਕੇ ਕੁਲ ਦੁਨੀਆਂ ਨੂੰ ਅੰਧਵਿਸਵਾਸ਼, ਊਚ ਨੀਚ ਤੇ ਆਪਸੀ ਖਿਹਬਾਜ਼ੀ ਤੋਂ ਛੁਟਕਾਰਾ ਦਿਵਾ ਸਕੇ ਤੇ ਗੁਰਮਤਿ ਦਾ ਚਾਨਣ ਸਾਰੀ ਦੁਨੀਆਂ ਵਿੱਚ ਫੈਲੇ, ਅਗਰ ਕੋਈ ਵੀ ਇਸ ਬਾਰੇ ਆਪਣਾ ਸਹਿਯੋਗ ਕਰਨਾ ਚਾਹੇ ਤੇ ਸਾਡੇ ਨਾਲ ਸੰਪਰਕ ਕਰ ਸਕਦਾ ਹੈ॥
ਗੁਰਦੇਵ ਸਿੰਘ ਬਟਾਲਵੀ
ਮੋ: 9417270965


(07/05/11)
ਤੱਤ ਗੁਰਮਤਿ ਪਰਿਵਾਰ

ਸਤਿਕਾਰਯੋਗ ਸੰਪਾਦਕ ਅਤੇ ਸਮੂਹ ਪਾਠਕ ‘ਸਿੱਖ ਮਾਰਗ’,

ਵੀਰ ਗੁਰਮੱਖ ਸਿੰਘ ਜੀ ਪਟਿਆਲਾ ਪਿੱਛਲੇ ਕੁੱਝ ਸਮੇਂ ਤੋਂ ‘ਤੱਤ ਗੁਰਮਤਿ ਪਰਿਵਾਰ’ ਬਾਰੇ ਲਗਾਤਾਰ ਟਿੱਪਣੀਆਂ ਕਰ ਰਹੇ ਹਨ। ਅਸੀਂ ਉਨ੍ਹਾਂ ਨਾਲ ਵਿਚਾਰ ਕਰਨ ਦਾ ਯਤਨ ਵੀ ਕੀਤਾ। ਉਨ੍ਹਾਂ ਹੁਣ ਤੱਕ ਦੀਆਂ ‘ਸਿੱਖ ਮਾਰਗ’ `ਤੇ ਛਪੀਆਂ ਲਿਖਤਾਂ ਬਾਰੇ ਕੁੱਝ ਵਿਚਾਰ ਸਾਂਝੇ ਕਰਨ ਦਾ ਯਤਨ ਕਰ ਰਹੇ ਹਾਂ।

1. ਵੀਰ ਜੀ ਕਿਸੇ ਵੀ ਨੁਕਤੇ ਨੂੰ ਲੈ ਕੇ ਵਿਚਾਰ ਕਰਨ ਦੇ ਚਾਹਵਾਨ ਨਹੀਂ ਹਨ। ਉਹ ਟਿੱਪਣੀਆਂ ਤਾਂ ਬਹੁਤ ਕਰ ਰਹੇ ਹਨ ਪਰ ਉਸ ਲਈ ਕੋਈ ਹਵਾਲਾ ਜਾਂ ਨੁਕਤਾ ਨਹੀਂ ਦਿੰਦੇ ਜਾਂ ਵਿਚਾਰਦੇ।

2. ਵੀਰ ਜੀ ਅਨੁਸਾਰ ਗੁਰਬਾਣੀ ਵਿੱਚ ਕੋਈ ਫਲਸਫਾ ਨਹੀਂ, ਕਿਉਂਕਿ ਗੁਰਬਾਣੀ ਕਵਿਤਾ ਹੈ, ਜਦਕਿ (ਉਨ੍ਹਾਂ ਅਨੁਸਾਰ) ਫਲਸਫਾ ਸਿਰਫ ਵਾਰਤਕ ਵਿੱਚ ਹੀ ਹੋ ਸਕਦਾ ਹੈ। ਇਸਦਾ ਭਾਵ ਇਹ ਵੀ ਨਿਕਲਦਾ ਹੈ ਕਿ ‘ਗੁਰਬਾਣੀ’ ਸਿਰਫ ਗਾਇਨ ਕਰਕੇ ਅਨੰਦ ਮਾਨਣ ਵਾਸਤੇ ਹੈ, ਸਮਾਜ ਸੁਧਾਰ ਨਾਲ ਇਸ ਦਾ ਕੋਈ ਲੈਣਾ-ਦੇਣਾ ਨਹੀਂ ਹੈ।

3. ਵੀਰ ਜੀ, ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸਮ ਗ੍ਰੰਥ ਦੋਹਾਂ ਵਿੱਚ ਮਿਲਾਵਟ ਹੈ, ਇਸ ਮਿਲਾਵਟ ਨਾਲ ‘ਸ਼ਰਧਾ ਅਤੇ ਵਿਸ਼ਵਾਸ’ ਵਿੱਚ ਕੋਈ ਫਰਕ ਨਹੀਂ ਪੈਣਾ ਚਾਹੀਦਾ। ‘ਪਰਿਵਾਰ’ ‘ਰਾਗਮਾਲਾ’ ਨੂੰ ਛੱਡ ਕੇ ਸਮੁਚੇ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਸਮਰਿਪਿਤ ਹੈ ਅਤੇ ਦਸਮ ਗ੍ਰੰਥ ਨੂੰ ਮੁੱਢੋਂ ਹੀ ਰੱਦ ਕਰਦਿਆਂ ਰਹਿਤ ਮਰਿਯਾਦਾ ਦੀ ਪੁਨਰ ਪੜਚੋਲ ਅਤੇ ਸੁਧਾਰ ਦੀ ਗੱਲ ਕਰਦਾ ਹੈ। ਧਾਰਮਿਕ ਸਿੱਖ ਸਾਹਿਤ ਵਿਚਲੀ ਕਿਸੇ ਕਿਸਮ ਦੀ ਵੀ ਮਿਲਾਵਟ ਨੂੰ ਦੂਰ ਕਰਨ ਦੇ ਯਤਨਾਂ ਦੀ ਹਿਮਾਇਤ ਕਰਦਾ ਹੈ ਨਾਕਿ ‘ਸ਼ਰਧਾ ਅਤੇ ਵਿਸ਼ਵਾਸ’ ਦੇ ਨਾਂ `ਤੇ ਮਿਲਾਵਟ ਨੂੰ ‘ਨਤਮਸਤਕ’ ਹੁੰਦੇ ਰਹਿਣ ਦੀ।

4. ਵੀਰ ਜੀ ਅਨੁਸਾਰ ਦਸਮ ਗ੍ਰੰਥ ਬਾਰੇ ਸਵਾਲ ਕਰਨਾ ਨਿਆਣਿਆਂ ਦੇ ਸਵਾਲਾਂ ਵਾਂਗੂ ਹੈ। ਇੱਕ ਪਾਸੇ ਪੰਥ ਵਿਰੋਧੀ ਤਾਕਤਾਂ ਦੇ ਜਾਣੇ/ਅੰਜਾਣੇ ਮੋਹਰੇ ਬਣੇ ਸਿੱਖ ਦਸਮ ਗ੍ਰੰਥ ਨੂੰ ਆਪਣਾ ਦੂਜਾ ਗੁਰੂ ਬਣਾ ਕੇ ਉਸ ਦੇ ਅਖੰਡ ਪਾਠ, ਨਿਤਨੇਮ, ਪ੍ਰਕਾਸ਼ ਕਰ ਰਹੇ ਹਨ ਅਤੇ ਪੁਜਾਰੀਆਂ ਵਾਂਗੂ ਗੁਰੂ ਗ੍ਰੰਥ ਸਾਹਿਬ ਜੀ ਨਾਲ ਦਸਮ ਗ੍ਰੰਥ ਦੀਆਂ ਆਰਤੀਆਂ ਉਤਾਰ ਰਹੇ ਹਨ। ਇੱਧਰ ਵੀਰ ਜੀ ਕਹਿ ਰਹੇ ਹਨ ਕਿ ਉਨ੍ਹਾਂ ਨੂੰ ‘ਪੁਜਾਰੀ’ ਨਾ ਕਹੋ, ਜਥੇਦਾਰ ਸਿੰਘ ਸਾਹਿਬ ਆਦਿ ਕਹੋ। ਵੀਰ ਜੀ ਦਾ ਭਾਵ ਹੈ ਕਿ ਕੌਮ ਵਿੱਚ ਘਰ ਕਰ ਚੁੱਕੀਆਂ ਮਨਮੱਤਾਂ ਬਾਰੇ ਸਵਾਲ ਨਾ ਕਰੋ, ਚੁੱਪਚਾਪ ‘ਸਿਮਰਨ’ ਕਰੀ ਜਾਵੋ। ਸ਼ਾਇਦ ਵੀਰ ਜੀ ਅਨੁਸਾਰ ਇਹ ਸਭ ਮਨਮੱਤਾਂ ਹੀ ਨਹੀਂ ਹਨ। ਵੀਰ ਜੀ ਵਾਲੇ ‘ਗੁਰਦੁਆਰੇ’ (ਦੁਖ ਨਿਵਾਰਨ) ਵਿੱਚ ਜੋਤ ਦੇ ਨਾਂ `ਤੇ ਦੇਸੀ ਘਿਉ ਫੁਕਿਆ ਜਾ ਰਿਹਾ ਹੈ। ਇਤਿਹਾਸ ਵਾਲੇ ਬੋਰਡ ਰਾਹੀਂ ਸੰਗਤ ਨੂੰ ਪੰਚਮੀ ਆਦਿ ਦੇ ਖਾਸ ਇਸ਼ਨਾਨ ਨਾਲ ਸਾਰੇ ਕਸ਼ਟ ਦੂਰ ਹੋਣ ਦਾ ਭਰਮ ਫੈਲਾਇਆ ਜਾ ਰਿਹਾ ਹੈ। ਵੀਰ ਜੀ ਨੂੰ ਉਹ ਸਭ ਸ਼ਾਇਦ ਨਹੀਂ ਚੁੱਭਦਾ, ਹਾਂ ਐਸੀ ਮਨਮੱਤਾਂ ਬਾਰੇ ਸੱਚ ਸਾਹਮਣੇ ਲਿਆ ਕੇ ਸੁਧਾਰ ਦੀ ਮੰਸ਼ਾ ਰਖਣ ਵਾਲੇ ‘ਤੱਤੇ’ ਜਾਪਦੇ ਹਨ ਅਤੇ ਐਸੀਆਂ ਮਨਮੱਤਾਂ ਰਾਹੀਂ ਲੋਕਾਈ ਨੂੰ ਕੁਰਾਹੇ ਪਾਉਣ ਦਾ ਯਤਨ ਕਰ ਰਹੇ ‘ਅਕਾਲ ਦੇ ਪੁਜਾਰੀ’ (ਏਕ ਨਾਮ ਕੋ ਥੀਉ ਪੂਜਾਰੀ)।

5. ਵੀਰ ਜੀ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਸਵਾਲ ਨਹੀਂ ਪੁੱਛਣੇ ਚਾਹੀਦੇ, ਜਦਕਿ ਸਾਰੇ ਸੂਝਵਾਨ ਵਿਦਵਾਨ ਇਹ ਵਿਚਾਰ ਰੱਖਦੇ ਹਨ ਕਿ ਜ਼ਿਆਦਾ ਸਵਾਲ ਪੁੱਛਣ ਵਾਲੇ ਬੱਚੇ ਜ਼ਿਆਦਾ ਸੁਚੇਤ ਅਤੇ ਸਮਝਦਾਰ ਹੁੰਦੇ ਹਨ। ਵੀਰ ਜੀ ਵਲੋਂ ਦਿੱਤੀ ਮਿਸਾਲ ਤਾਂ ਹੋਰ ਵੀ ਹਾਸੋਹੀਣੀ ਹੈ। ਮਿਸਾਲ ਅਨੁਸਾਰ ਸ਼ਰਾਬ ਪੀ ਰਹੇ ਪਿਤਾ ਨੂੰ ਬੱਚੇ ਵਲੋਂ ਇਹ ਸਵਾਲ “ਕੀ ਗੁਰੂ ਜੀ ਵੀ ਸ਼ਰਾਬ ਪੀਂਦੇ ਸਨ?’ ਦਾ ਜਵਾਬ ਪਿਤਾ ਜੀ ਵਲੋਂ ਦਿਤਾ ਗਿਆ ‘ਦਿਸ ਇਜ਼ ਨੋਟ ਏ ਗੁਡ ਕੋਸ਼ਚਨ’। ਵੀਰ ਜੀ ਇਸ ਮਿਸਾਲ ਵਿੱਚ ਬੱਚੇ ਦੀ ਸੁਚੇਤਤਾ ਦੀ ਦਾਦ ਦੇਣ ਦੀ ਥਾਂ ਸ਼ਰਾਬੀ ਪਿਤਾ (ਜਿਸ ਨੂੰ ਬੱਚੇ ਦਾ ਇਹ ਜ਼ਹੀਨ ਸਵਾਲ ਸੁਣ ਕੇ ਬਾਗੋ-ਬਾਗ ਹੋ ਕੇ ਪੁੱਤਰ ਨੂੰ ਗੱਲ ਨਾਲ ਲਾ ਲੈਣਾ ਚਾਹੀਦਾ ਸੀ। ਸ਼ਰਾਬ ਦੀ ਬੋਤਲ ਨੂੰ ਵਗਾਹ ਕੇ ਮਾਰਦੇ ਹੋਏ, ਕਹਿਣਾ ਸੀ, ਪੁੱਤਰ ਜੀ ਗੁਰੂ ਜੀ ਸ਼ਰਾਬ ਨਹੀਂ ਪੀਂਦੇ ਸਨ, ਮੈਂ ਹੀ ਭਟਕਿਆ ਹੋਇਆ ਸੀ) ਵਲੋਂ ਬੇਸ਼ਰਮੀ ਨਾਲ ਘੇਸਲ ਵੱਟ ਕੇ ਆਪਣੇ ਕੁਕਰਮ (ਸ਼ਰਾਬ ਪੀਣਾ) ਨੂੰ ਤਿਆਗਣ ਦੀ ਥਾਂ ਪੁੱਤਰ ਨੂੰ ਨਿਰੁਉਤਸਾਹਿਤ ਕਰਨ ਦੀ ਪ੍ਰੋਢਤਾ ਕਰ ਰਹੇ ਹਨ, ਵੀਰ ਜੀ ਉਲਟਾ ਸੁਚੇਤ ਬੱਚੇ ਨੂੰ ਗਲਤ ਦੱਸ ਰਹੇ ਹਨ। ਇਸ ਇੱਕ ਮਿਸਾਲ ਨਾਲ ਹੀ ਵੀਰ ਜੀ ਦੀ ਮਾਨਸਿਕਤਾ ਸਪਸ਼ਟ ਹੋ ਜਾਂਦੀ ਹੈ।

6. ਵੀਰ ਜੀ ਇੱਕ ਪਾਸੇ ਤਾਂ ਗੁਰਬਾਣੀ ਨੂੰ ਫਲਸਫਾ ਹੀ ਨਹੀਂ ਮੰਨਦੇ, ਦੂਜੀ ਤਰਫ ਸਿੱਖ ਮਾਰਗ `ਤੇ ਆਪਣੇ ਲਿਖਤਾਂ ਦੇ ਪ੍ਰਕਾਸ਼ਨ ਬਾਰੇ ‘ਸਿੱਧ ਗੋਸਟਿ’ ਦਾ ਹਵਾਲਾ ਦੇ ਰਹੇ ਹਨ। ਜੇ ਫਲਸਫਾ ਹੀ ਨਹੀਂ, ਤਾਂ ਫਿਰ ਵਿਚਾਰ ਕਿਸ ਲਈ ਕਰ ਰਹੇ ਹਨ?

ਉਪਰੋਕਤ ਸੰਖੇਪ ਵਿਚਾਰਾਂ ਤੋਂ ਸਪਸ਼ਟ ਹੈ ਕਿ ਵੀਰ ਜੀ ਨਾ ਤਾਂ ਕਿਸੇ ਨੁਕਤੇ `ਤੇ ਵਿਚਾਰ ਕਰਨ ਦੇ ਚਾਹਵਾਨ ਹਨ, ਨਾ ਹੀ ਉਹ ਗੁਰਬਾਣੀ ਨੂੰ ਇੱਕ ਫਲਸਫਾ ਮੰਨਦੇ ਹਨ। ਇਸ ਲਈ ‘ਤੱਤ ਗੁਰਮਤਿ ਪਰਿਵਾਰ’ ਨੇ ਇਹ ਫੈਸਲਾ ਕੀਤਾ ਹੈ ਕਿ ਵੀਰ ਜੀ ਦੀਆਂ ਟਿੱਪਣੀਆਂ ਨੂੰ ਅੱਗੇ ਤੋਂ ਅਣਗੌਲਿਆਂ ਕਰ ਦਿੱਤਾ ਜਾਵੇਗਾ। ਕਿਉਂਕਿ ਐਸੀ ਵਿਚਾਰ ਨਾਲ ਕੋਈ ਫਾਇਦਾ ਹੁੰਦਾ ਨਹੀਂ ਜਾਪਦਾ, ਕੀਮਤੀ ਸਮੇਂ ਦਾ ਨੁਕਸਾਨ ਜ਼ਰੂਰ ਹੋ ਰਿਹਾ ਹੈ।

ਨਿਮਰਤਾ ਅਤੇ ਸਤਿਕਾਰ ਸਹਿਤ

ਤੱਤ ਗੁਰਮਤਿ ਪਰਿਵਾਰ


(07/05/11)
ਚਰਨਜੀਤ ਸਿੰਘ ਬਰੈਂਮਪਟਨ

ਗੁਰਮੁਖ ਸਿੰਘ ਜੀ

ਤੁਹਾਡਾ ਕੱਲ ਦਾ ਪੱਤਰ ਬੜਾ ਪ੍ਰੇਰਣਾਦਾਇਕ ਸੀ। ਅੱਜ ਹਰ ਇੱਕ ਧਿੱਰ ਦੂਜੀ ਧਿੱਰ ਨੂੰ ਸਰਕਾਰੀ, ਗਲਤ ਪ੍ਰਭਾਵ ਹੇਠ, ਵਿਕਾਊ ਜਾਂ ਫਿਰ ਘੱਟੋ ਘੱਟ ਨਾਸਮਝ ਤਾ ਸਮਝਦੀ ਹੀ ਹੈ। ਪਰ ਹਕੀਕਤ ਤਾ ਉਹੀ ਹੀ ਹੈ ਜੋ ਤੁਸੀ ਬਿਆਨ ਕਰ ਦਿੱਤੀ ਹੈ। ਕੋਈ ਵੀ ਸਿੱਖ ਜਾਂ ਧਿਰ ਇੱਕ ਫਾੜੀ ਤੋਂ ਵੱਧ ਕੁੱਝ ਵੀ ਨਹੀਂ।
ਜੇ ਕਿਸੇ ਨੂੰ ਹੇਠ ਲਿਖੀ ਪੰਕਤੀ ਦੇ ਅਰਥ ਕਰਨ ਨੂੰ ਕਿਹਾ ਜਾਵੇ ਤਾਂ ਸਭ ਵੱਧ ਚੜ ਕੇ ਕਰਨਗੇ। ਪਰ ਇਸ ਤੋਂ ਸੇਧ ਲੈ ਕੇ ਵੱਖ ਵੱਖ ਧਿਰਾਂ ਇੱਕ ਹੋਣ ਨੂੰ ਤਿਆਰ ਨਹੀਂ।
ਅਪੁ ਤੇਜੁ ਬਾਇ ਪ੍ਰਿਥਮੀ ਆਕਾਸਾ ॥ ਐਸੀ ਰਹਤ ਰਹਉ ਹਰਿ ਪਾਸਾ ॥ (327)
ਘਟੋ ਘਟ ਇੱਕ ਗੱਲ ਤੇ ਸਾਰੇ ਸਹਿਮਤ ਹਨ ਕਿ ਸੱਮਸਿਆ ਬੜੀ ਗੰਭੀਰ ਹੈ। ਹਰ ਇੱਕ ਪੰਥ ਦਰਦੀ ਆਪਣੇ ਆਪਣੇ ਢੰਗ ਨਾਲ ਸੱਮਸਿਆ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਆਪਣੇ ਆਪਣੇ ਸੁਝਾਵ ਦੇ ਰਿਹਾ ਹੈ। ਕਿਸੇ ਨੂੰ ਸੱਮਸਿਆ ਦੀ ਜੜ੍ਹ ਕਿਤੇ ਮਹਿਸੂਸ ਹੁੰਦੀ ਹੈ ਤੇ ਕਿਸੇ ਨੂੰ ਕਿਤੇ।
ਇਸ ਤੋਂ ਇੱਕ ਗੱਲ ਤੇ ਜਾਹਿਰ ਹੁੰਦੀ ਹੀ ਹੈ ਕਿ ਸਿੱਖਾਂ ਵਿੱਚ ਜਾਗਰੁਕਤਾ ਦੇ ਨਾਲ ਨਾਲ ਇਨਵਾਲਵਮੈਂਟ ਵੀ ਵੱਧ ਰਹੀ ਹੈ। ਜੋ ਕਿ ਇੱਕ ਚੰਗੀ ਗੱਲ ਹੈ। ਅੱਜ ਜੋ ਸਾਨੂੰ ਸੱਮਸਿਆ ਦਿਨ ਬ ਦਿਨ ਵੱਧਦੀ ਨਜਰ ਆਉੰਦੀ ਹੈ, ਇਹ ਕੋਈ ਜਰੂਰੀ ਨਹੀਂ ਕਿ ਮਾੜੀ ਗੱਲ ਹੀ ਹੋ ਨਿਬੜੇ।
ਇਕ ਅੰਗ੍ਰੇਜੀ ਦੀ ਕਹਾਵਤ ਹੈ। ਸ਼ਾਇਦ ਉਹੀ ਕਿਸੇ ਰੂਪ ਵਿੱਚ ਸਾਡੇ ਤੇ ਲਾਗੂ ਹੋ ਜਾਵੇ।
If you don't know how to solve a problem,Make it a bigger one.

ਚਰਨਜੀਤ ਸਿੰਘ
ਬਰੈਂਮਪਟਨ


(07/05/11)
ਗੁਰਦੇਵ ਸਿੰਘ ਬਟਾਲਵੀ

ਕੀ ਅਸੀਂ ਸੱਚਮੁਚ ਹੀ ਗੁਰਮਤਿ ਦੇ ਰਾਹ ਦੇ ਪਾਂਧੀ ਹਾਂ?
ਅਕਸਰ ਮੈਂ ਜਦੋਂ ਵੀ ਅੰਿਮ੍ਰਤਸਰ ਜਾਂਦਾ ਹਾਂ ਮੇਰੀ ਕੋਸਿਸ਼ ਹੁੰਦੀ ਹੈ ਕਿ ਮੈਂ ਦਰਬਾਰ ਸਾਹਬ ਦੇ ਜਰੂਰ ਦਰਸ਼ਨ ਕਰ ਲਵਾਂ। ਹਾਲਾਂ ਕਿ ਇਹ ਗਲ ਗੁਰੂ ਸਿਧਾਂਤ ਨਾਲ ਮੇਲ ਨਹੀਂ ਖਾਂਦੀ ਕਿਉਂਕਿ ਸ਼ਬਦ ਗੁਰੂ, ਗਿਯਾਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਰ ਸ਼ਹਿਰ, ਹਰ ਮੁਹੱਲੇ ਵਿੱਚ ਬਣੇ ਹੋਏ ਗੁਰਦਵਾਰਿਆਂ ਵਿੱਚ ਬਿਰਾਜ਼ਮਾਨ ਹਨ ਅਤੇ ਗੁਰਬਾਣੀ ਮੁਤਾਬਿਕ, ਗੁਰੁ ਮੇਰੈ ਸੰਗਿ ਸਦਾ ਹੈ ਨਾਲੇ॥ … ਦੁਜਾ, ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥ …. ਖੈਰ ਸ਼ਾਮ ਦਾ ਸਮਾ ਸੀ ਸੋਦਰ ਦੀ ਬਾਣੀ ਦੇ ਨਿਤਨੇਮ ਤੋ ਬਾਅਦ ਆਰਤੀ ਦਾ ਕੀਰਤਨ ਹੋ ਰਿਹਾ ਸੀ ਪਾਵਨ ਲਾਈਨਾਂ ਜੋ ਮੇਰੇ ਕੰਨੀ ਪੈ ਰਹੀਆਂ ਸੀ, ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ॥ 2॥ … ਬਸ ਉਸੇ ਵੇਲੇ ਦਿਲ ਨੇ ਅਵਾਜ ਦਿੱਤੀ ਕਿ ਹੇ ਅਕਾਲ ਪੁਰਖ ਇਹ ਕੀ ਅਸੀਂ ਗਿਯਾਨ ਦੇ ਸਾਗਰ ਵਿੱਚ ਬੈਠ ਕੇ ਵੀ ਗਿਯਾਨ ਤੋਂ ਸਖਣੇ ਹਾਂ, ਇਹ ਕੋਈ ਖਾਰੇ ਪਾਣੀ ਦਾ ਸਾਗਰ ਨਹੀਂ ਜਿਸ ਵਿਚੋ ਪਾਣੀ ਨਾ ਪੀਤਾ ਜਾ ਸਕੇ, ਇੱਕ ਪਾਸੇ ਨਾਮ ਦੀ ਜੋਤ ਦੀ ਗਲ ਹੋ ਰਹੀ ਹੈ ਦੂਜੇ ਪਾਸੇ ਹਰਮੰਦਰ ਦੇ ਅੰਦਰ ਘਿਓ ਦਾ ਦੀਵਾ ਬਾਲ਼ੀ ਬੈਠੇ ਹਾਂ। ਜਦੋਂ ਬਿਜਲੀ ਨਹੀਂ ਸੀ ਉਸ ਵਕਤ ਲੋੜ ਸੀ ਪਰ ਅਜ ਕਿਉਂ? ਮੈਨੂੰ ਤੇ ਕਿਤੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਘਿਓ ਦੀ ਜੋਤ ਜਗਾਉਣ ਦੀ ਤਾਕੀਦ ਕੀਤੀ ਹੋਈ ਨਹੀਂ ਮਿਲੀ!
ਜਾਂ ਤੇ ਬਹੁਤਾਤ ਸਿਖਾਂ ਨੇ ਇਹ ਤਹੱਈਆ ਕਰ ਲਿਆ ਹੈ ਕਿ ਗੁਰੂ ਨੂੰ ਗੁਰੂ ਵੀ ਕਹਿਣਾ ਹੈ ਤੇ ਉਸ ਦੇ ਦੱਸੇ ਰਾਹ ਤੇ ਚਲਣ ਤੋਂ ਮੁਨਕਰ ਵੀ ਹੋਣਾ ਹੈ ਇਕੱਲੀ ਗਲ ਦੀਵਾ ਜਾਂ ਜੋਤ ਜਗਾਉਣ ਦੀ ਨਹੀਂ, ਲਗ-ਭਗ ਰੋਜਾਨਾਂ ਭਗਤ ਕਬੀਰ ਜੀ ਦੀ ਬਾਣੀ, ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ॥ ਪੜ੍ਹਦੇ ਹਾਂ ਸੁਣਦੇ ਹਾਂ ਪਰ ਫਿਰ ਵੀ ਲੱਖਾਂ ਰੁਪੱਈਆਂ ਦੇ ਫੁਲ ਪੱਤੀਆਂ ਆਪਣੀ ਅੰਨੀ ਸ਼ਰਧਾਵਸ ਸ੍ਰੀ ਦਰਬਾਰ ਸਾਹਬ ਜਾਂ ਹੋਰ ਗੁਰਦਵਾਰਿਆਂ ਵਿੱਚ ਚੜਾਈ ਜਾ ਰਹੇ ਹਾਂ, ਜਾਂ ਇਹ ਮਨ ਰਹੇ ਹਾਂ ਕਿ ਕਬੀਰ ਸਾਹਬ ਦਾ ਇਹ ਪਾਵਨ ਸ਼ਬਦ ਸਿੱਖਾਂ ਵਾਸਤੇ ਨਹੀ ਸਿਰਫ ਮੂਰਤੀ ਪੂਜਕਾਂ ਲਈ ਹੈ। ਭਗਤਜਨ, ਗੁਰੂਜਨ ਜਾਂ ਪੈਗੰਬਰ ਕਿਸੇ ਖਾਸ ਫਿਰਕੇ ਦੇ ਨਹੀ ਸਮੁੱਚੀ ਮਨੁਖਤਾ ਦੇ ਰਹਿਬਰ ਹੁੰਦੇ ਹਨ। ਬਾਬਾ ਕਬੀਰ ਜੀ ਆਪਣੇ ਬਚਨਾਂ ਵਿੱਚ ਕਹਿ ਰਹੇ ਹਨ, ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ॥ ਪਰ 99% ਗੁਰਦਵਾਰਿਆਂ, ਮੰਦਰਾਂ, ਮਸਜਿਦਾਂ ਵਿੱਚ ਉੱਚੀ ਅਵਾਜ਼ ਵਿੱਚ ਸਪੀਕਰ ਚਲਾ ਕੇ ਸਾਂਈ ਨੂੰ ਬਹਿਰਾ ਦਸਣ ਵਿੱਚ ਲੱਗੇ ਹੋਏ ਹਾਂ।
ਹੋਰ ਬਹੁਤ ਸਾਰੀਆਂ ਗਲਾਂ ਹਨ ਜੋ ਗੁਰਮਤਿ ਵਿੱਚ ਪ੍ਰਵਾਨ ਨਹੀਂ ਪਰ ਸਿਖਾਂ ਵਲੋਂ ਇਹ ਕਹਿ ਕੇ ਖਿਹੜਾ ਛਡਾਅ ਲਿਆ ਜਾਂਦਾ ਹੈ ਕਿ ਸਾਡੇ ਵੱਢੇ ਵਢੇਰੇ ਕਰਦੇ ਰਹੇ ਸੀ ਸੋ ਰੀਤ ਜਹੀ ਚਲੀ ਆਉਂਦੀ ਹੈ। 95% ਸਿੱਖ ਪ੍ਰਵਾਰਾਂ ਵੱਲੋਂ ਖਾਸ ਕਰਕੇ ਸ਼ਹਿਰਾਂ ਵਿੱਚ ਨਰਾਤਿਆਂ ਵਿੱਚ ਕੰਜ਼ਕਾਂ ਨੂੰ ਪੂਜਿਆ ਜਾਂਦਾ ਹੈ, ਜੋ ਕੁਖ ਵਿੱਚ ਕਤਲ ਹੋਣ ਤੋਂ ਬਚ ਗੱਈਆ ਹੁੰਦੀਆਂ ਹਨ ਪਰ ਉਹਨਾਂ ਵੀਚਾਰੀਆਂ ਵਿੱਚੋ ਕਈ ਵਿਆਹ ਤੋਂ ਬਾਅਦ ਦਾਜ਼ ਦੀ ਭੇਟ ਚੜ ਜਾਂਦੀਆਂ ਹਨ ਖੈਰ ਏਨੇ ਕੁ ਪ੍ਰਵਾਰ ਹੀ ਕਰਵਾ ਚੌਥ ਦਾ ਵਰਤ ਵੀ ਰਖਦੇ ਹਨ ਜਦਕਿ ਇਹ ਜਾਣਦੇ ਹੋਏ ਵੀ ਕਿ ਗੁਰਬਾਣੀ ਇਸ ਦਾ ਖੰਡਣ ਕਰਦੀ ਹੈ, ਛੋਡਹਿ ਅੰਨੁ ਕਰਹਿ ਪਾਖੰਡ॥ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਵੱਢੇ ਵਢੇਰੇ ਦੀ ਰੀਤ ਨੂੰ ਹੀ ਅੱਖਾਂ ਮ੍ਹੀਟ ਕੇ ਮੰਨੀ ਜਾਣਾ ਹੈ ਤੇ ਇਹ ਗਲ ਬਾਬਾ ਗੁਰੂ ਨਾਨਕ ਜੀ ਦੇ ਵਿਚਾਰ ਵਿੱਚ ਕਿਉਂ ਨਹੀਂ ਆਈ ਕਿ ਉਨ੍ਹਾਂ ਦੇ ਵੱਢੇ ਵਢੇਰੇ ਜਨੇਊ ਪਾਉਂਦੇ ਰਹੇ ਹਨ ਅਸੀਂ ਨਾ ਮਨ੍ਹਾਂ ਕਰੀਏ ਸਤਿ ਬਚਨ ਕਿਹ ਕੇ ਜਨੇਉ ਧਾਰਣ ਕਰ ਲੱਈਏ? ਜਾਂ ਵੱਢੇ ਵਢੇਰੇ ਪਿਤਰਾਂ ਨੂੰ ਪੂਜਦੇ ਰਹੇ ਹਨ, ਹਰਿਦੁਆਰ ਵਿੱਚ ਸੂਰਜ ਨੂੰ ਪਾਣੀ ਦਿੰਦੇ ਰਹੇ ਹਨ ਅਸੀਂ ਵੀ ਚੁਪ ਚਾਪ ਇਹ ਸਭ ਕਰੀ ਜਾਈਏ? ਨਾ ਕੋਈ ਨਰਾਜ਼ ਹੋਵੇ ਨਾਂ ਕਿਸੇ ਨੂੰ ਠੇਸ ਪਹੁਂਚੇ ਤੇ ਨਾਂ ਹੀ ਧਾਰਾ 295 ਦਾ ਡਰ (ਅਗਰ ਉਸ ਵੇਲੇ ਵੀ ਇਹ ਧਾਰਾ ਹੁੰਦੀ) ਇਹ ਕਿੰਨੀ ਤਕਲੀਫ ਦੇਹ ਗਲ ਹੈ ਕਿ ਅਜ ਸਿੱਖਾਂ ਨੇ ਹੀ ਬਾਬੇ ਗੁਰੂ ਨਾਨਕ ਜੀ ਦੀ ਵਿਗਆਨਕ ਤੇ ਕ੍ਰਾਂਤੀਕਾਰੀ ਸੋਚ ਨੂੰ ਰੋਲ਼ ਕੇ ਰੱਖ ਦਿੱਤਾ ਹੈ। ਇਹ ਆਮ ਮਨੁਖ ਦੀ ਗਲ ਨਹੀਂ, ਮਿਸ਼ਨਰੀ ਪ੍ਰਚਾਰਕ ਵੀਰ ਜਿਨ੍ਹਾਂ ਬਾਰੇ ਤਕਰੀਬਨ ਸਿਆਣੇ ਸਿਖਾਂ ਦੀ ਇਹ ਵੀਚਾਰ ਹੈ ਕਿ ਇਹ ਗੁਰਮਤਿ ਤੋਂ ਬਾਹਰ ਨਹੀਂ ਜਾਂਦੇ ਔਰ ਹਕਕਿਤ ਵੀ ਏਹੋ ਹੀ ਹੈ ਪਰ ਪਿਛਲੇ ਦਿਨੀ ਮੈਨੂੰ ਇੱਕ ਤਲਖ ਤਜਰਬਾ ਹੋਇਆ ਗੁਰਬਾਣੀ ਮੁਤਾਬਕ, ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ॥ 1॥ ਰਹਾਉ॥ ਬਹੁਤੇ ਗੁਰਦਵਾਰਿਆ ਵਿੱਚ ਮਨਮਤਿ ਹੁੰਦੀ ਵੇਖ ਕੇ ਮੇਰੇ ਮਨ ਨੂੰ ਬੜੀ ਤਕਲੀਫ ਹੁੰਦੀ ਹੈ, ਮੈਂ ਵਿਸਾਖੀ ਦੇ ਸੰਬਧ ਵਿੱਚ ਇੱਕ ਐਸੇ ਗੁਰਦਵਾਰੇ ਗਿਆ ਜਿੱਥੇ ਮਿਸ਼ਨਰੀ ਵੀਰਾਂ ਦਾਂ ਕੰਟਰੋਲ ਹੈ। ਪਹਿਲਾਂ ਤੇ ਉੱਥੇ ਅਖੰਡ ਪਾਠ ਬਾਰੇ ਦਸਿਆ ਗਿਆ ਕਿ ਫਲਾਣੇ ਸਿੰਘ ਨੇ ਅਖੰਡ ਪਾਠ ਦੀ ਸੇਵਾ ਲਈ ਸੀ ਅਤੇ ਏਹ ਇਸ ਤਰ੍ਹਾਂ ਦੀ ਸੇਵਾ ਆਮ ਤੌਰ ਤੇ ਕਰਦੇ ਰਹਿੰਦੇ ਹਨ ਵਗੈਰ੍ਹਾ-ਵਗੈਰ੍ਹਾ। ਪਰ ਜੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਮਨ ਲੱਈਏ ਤੇ ਅਖੰਡ ਪਾਠ ਹੋ ਹੀ ਨਹੀਂ ਸਕਦਾ “ਰਹਾੳ” ਤੋਂ ਭਾਵ ਹੁੰਦਾ ਹੈ ਰੁਕੋ, ਠਹਿਰੋ’ ਜੇ ਰੁਕ ਗਏ ਠਹਿਰ ਗਏ ਤੇ ਫਿਰ ਪਾਠ “ਅਖੰਡ” ਕਿਵੇਂ ਹੋ ਗਿਆ ਘਟੋ ਘੱਟ ਮਿਸ਼ਨਰੀ ਵੀਰਾਂ ਨੂੰ ਤੇ ਇਸ ਅਖੰਡ ਪਾਠਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਦੂਜਾ ਉੱਥੇ ਵਸਾਖ ਦਾ ਮਹੀਨਾਂ ਪੜ੍ਹ ਕੇ ਸੁਣਇਆ ਗਿਆ ਜੋ ਗੁਰਮਤਿ ਤੋਂ ਬਿਲਕੁਲ ਉਲਟ ਹੈ। ਬਲਕਿ ਚਾਹੀਦਾ ਤੇ ਏਹ ਸੀ ਕਿ ਦਸਿਆ ਜਾਂਦਾ ਗੁਰਮਤਿ ਵਿੱਚ ਕਿਸੇ ਵੀ ਦਿਨ ਦੀ ਕੋਈ ਖਾਸ ਮਹੱਤਤਾ ਨਹੀ ਹੁੰਦੀ, ਸਭ ਦਿਨ ਇੱਕੋ ਜਹੇ ਹਨ ਗੁਰਬਾਣੀ ਮੁਤਾਬਕ, ਸਤਿਗੁਰ ਬਾਝਹੁ ਅੰਧੁ ਗੁਬਾਰੁ॥ ਥਿਤੀ ਵਾਰ ਸੇਵਹਿ ਮੁਗਧ ਗਵਾਰ॥
ਪਿੱਛੇ ਜਿਹੇ ਕਿਸੇ ਨੇ ਇਹ ਨਾਅਰਾ ਦੇ ਕੇ ਕਿ 3 ਸੋ ਸਾਲ ਗੁਰੂ ਦੇ ਨਾਲ ਕਿਹ ਕੇ ਸਾਨੂੰ 540 ਸਾਲਾਂ ਦੇ ਗੁਰੂ ਕਾਲ ਵਿੱਚੋਂ 240 ਸਾਲਾਂ ਦੇ ਸੁਨੈਹਰੀ ਸਮੇ ਤੋਂ ਬੜੀ ਸੋਚੀ ਸਮਝੀ ਚਾਲ ਨਾਲ ਗੁਰੂ ਤੋਂ ਤੋੜਨ ਦਾ ਕੋਝਾ ਯਤਨ ਕੀਤਾ ਗਿਆ। ਤੇ ਲੋਕ ਬਿਨਾਂ ਸੋਚਿਆਂ ਸਮਝਿਆਂ ਪਿੱਛੇ-ਪਿੱਛੇ ਗਾਈ ਗਏ ਜਿਵੇਂ ਬਾਣੀ ਨਾਲੋਂ ਜਾਅਦਾ ਜਰੂਰੀ ਇਹ ਹੋਵੇ।
ਬਦਕਿਸਮਤੀ ਨਾਲ ਅਜ ਇਹ ਕਹਿਣਾ ਪੈ ਰਿਹਾ ਹੈ ਕਿ ਸਿੱਖਾਂ ਦੀ ਬਹੁਗਿਣਤੀ ਅਜ ਕਰਮਕਾਂਢੀ ਹੋ ਚੁੱਕੀ ਹੈ। ਸੰਪਟ ਪਾਠ ਕਰਨ ਕਰਾੳਣ ਵਾਲੇ ਇਹ ਦਸਣ ਦਾ ਯਤਨ ਕਰ ਰਹੇ ਹਨ ਕਿ ਜੋ ਸੋਝੀ ਸਾਨੂੰ ਹੈ ਉਹ ਗੁਰੂ ਸਾਹਿਬਾਨ ਨੂੰ ਨਹੀਂ ਸੀ ਗੁਰੂ ਸਾਹਬ ਬਾਣੀ ਵਿੱਚ ਸੰਪਟ ਲਗਾਉਣਾ ਭੁਲ ਗਏ ਸੋ ਅਸੀਂ ਉਸ ਭੁਲ ਨੂੰ ਸੁਧਾਰ ਰਹੇ ਹਾਂ ਤੇ ਆਮ ਲੋਕਾਂ ਦੇ ਨਾਲ ਨਾਲ ਗੁਰੂ ਸਾਹਿਬਾਂ ਤੇ ਵੀ ਬੜਾ ਉਪਕਾਰ ਕਰ ਰਹੇ ਹਾਂ। 99% ਡੇਰੇਦਾਰ ਇਲਾਹੀ ਬਾਣੀ ਨੂੰ ਮੰਤਰਾਂ ਦੇ ਵਾਂਗਰ ਵਰਤ ਕੇ ਲੋਕਾਂ ਨੂੰ ਧੀਆਂ ਪੁਤਰ ਵੰਡਣ ਦਾ ਢਕਵੰਝ ਕਰ ਰਹੇ ਹਨ। ਕਿਉਂਕਿ ਦਾਤਾ ਅਕਾਲ ਪੁਰਖ ਨਾ ਹੋ ਕੇ ਏਹ ਸਾਂਡ ਆਸ਼ਰਮਾਂ ਦੇ ਮਾਲਕ ਸਾਧ ਹਨ। ਤੁਸੀਂ ਬਹੁਤ ਸਾਰੇ ਡੇਰੇ ਦਾਰਾਂ ਦੇ ਅੰਨੇ ਸ਼ਰਧਾਲੂਆਂ ਪਾਸੋ ਇਹ ਗਲ ਆਮ ਹੀ ਸੁਣੀ ਹੋਵੇਗੀ ਕਿ ਸਾਡੇ ਘਰ ਤੇ ਪੁਤਰ ਫਲਾਣੇ ਬਾਬਾ ਜੀ ਦੀ ਕ੍ਰਿਪਾ ਨਾਲ ਹਇਆ ਹੈ ਮੇਰੀ ਉਨਾਂ ਸਜਣਾਂ ਨੂੰ ਸਲਾਹ ਹੈ ਕਿ ਆਪਣਾ ਤੇ ਆਪਣੇ ਪੁਤਰ ਦਾ ਡੀ ਐਨ ਏ ਟੈਸਟ ਜਰੂਰ ਕਰਵਾ ਲੈਣ ਤਾਂਕਿ ਕਿਸੇ ਦੀ ਕੀਤੀ ਹੋਈ ਕ੍ਰਿਪਾ ਤੇ ਹੀ ਆਪਣਾ ਸਾਰਾ ਕੁੱਝ ਹੀ ਨਾਂ ਲੁਟਾਈ ਜਾਣ। ਦੂਜੇ ਪਾਸੇ ਤਕਰੀਬਨ-ਤਕਰੀਬਨ ਸਾਰੇ ਡੇਰੇਦਾਰ ਗੁਰਬਾਣੀ ਗਾਉਂਦੇ ਹੀ ਨਹੀਂ ਬਲਕਿ ਇਉਂ ਕਿਹ ਲਵੋ ਕਿ ਇਹਨਾਂ ਨੂੰ ਗੁਰਬਾਣੀ ਆਉਂਦੀ ਹੀ ਨਹੀਂ। ਕੱਚੀ ਬਾਣੀ ਭਾਵ ਕਵਿਤਾਵਾਂ ਜਾਂ ਗੀਤਾਂ ਨੂੰ ਹੀ ਧਾਰਣਾਂ ਲਗਾ ਲਗਾ ਕੇ ਗਾਈ ਜਾਂਦੇ ਹਨ ਤੇ ਕਹਿੰਦੇ ਹਨ ਕਿ ਇਸ ਵਿੱਚ ਕੱਚੀ ਪੱਕੀ ਕੋਈ ਗਲ ਨਹੀ ਬਾਣੀ ਤੇ ਬਾਣੀ ਹੈ ਜਦਕਿ ਗੁਰੂ ਗ੍ਰੰਥ ਸਾਹਿਬ ਵਿੱਚ ਸਪਸ਼ਟ ਦਰਜ਼ ਹੈ, ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ॥ ਜਾਂ, ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਨਾਂ ਤੇ ਏਹ ਲੋਕ ਦਲੀਲ ਨੂੰ ਸਮਝਦੇ ਹਨ ਅਤੇ ਨਾਂ ਹੀ ਕੋਈ ਦਲੀਲ ਇਨ੍ਹਾਂ ਪਾਸ ਹੁੰਦੀ ਹੈ।
ਅੱਜ ਬਹੁਤੇ ਗੁਰਦਵਾਰੇ ਟ੍ਰਸਟ ਬਣ ਚੁਕੇ ਹਨ (ਸਿੰਘ ਸਭਾਵਾਂ ਦੀ ਗਲ ਖਤਮ ਹੋ ਚੁੱਕੀ ਹੈ) ਜਿਸਦੇ ਮਾਲਕ 21ਵੀਂ ਸਦੀ ਦੇ “ਮਹੰਤ” ਮਜੂਦਾ ਪ੍ਰਬੰਧਕ ਹਨ ਤੇ ਮਰਦੇ ਦਮ ਤਕ ਮਜੂਦਾ ਪ੍ਰਬੰਧਕ ਹੀ ਰਹਿਣਗੇ। ਲੁਧਿਆਣੇ ਸ਼ਹਿਰ ਵਿੱਚ ਇੱਕ ਬਹੁਤ ਵੱਡਾ ਗੁਰਦਵਾਰਾ ਹੈ ਜਿਸ ਦੇ ਪ੍ਰਬੰਧਕਾਂ ਅਤੇ ਹੋਰ ਸਿਰਕਢ ਆਗੂਆਂ ਵਿੱਚ ਕਿਸੇ ਗੱਲੋਂ ਮਤਭੇਦ ਬਣ ਗਏ ਤੇ ਦੂਜੇ ਸਜਣਾਂ ਨੇ ਉਸ ਗੁਰਦਵਾਰੇ ਦੇ ਸਾਹਮਣੇ ਇੱਕ ਹੋਰ ਗੁਰਦਵਾਰਾ ਸਥਾਪਤ ਕਰ ਦਿੱਤਾ ਅਤੇ ਉਸਨੂੰ ਸਿੱਖ ਕੋਮ ਦੇ ਇੱਕ ਮਹਾਨ ਸ਼ਹੀਦ ਦਾ ਨਾਮ ਦੇ ਦਿੱਤਾ। ਇਲਾਕੇ ਦੇ ਲੋਕ ਉੱਥੇ ਚੁਪਹਿਰੇ, ਚਿਲ਼ੀਏ ਕਟਣ ਲਗ ਪਏ ਉਸ ਗੁਰਦਵਾਰੇ ਦੀ ਗੋਲਕ ਬਹੁਤ ਵਧ ਗਈ ਪੁਰਾਣਿਆਂ ਨੂੰ ਚਿੰਤਾ ਹੋਈ ਤੇ ਉਨ੍ਹਾਂ ਨੇ ਵੱਡੇ ਗੁਰਦਵਾਰੇ ਵਿੱਚ ਇੱਕ ਹੋਰ ਗੁਰਦਵਾਰਾ ਬਣਾ ਦਿੱਤਾ ਅਤੇ ਇਹ ਪ੍ਰਚਾਰ ਕਰ ਦਿੱਤਾ ਕਿ ਅਸਲੀ ਸ਼ਹੀਦਾਂ ਦੀ ਜਗ੍ਹਾ ਏਹ ਹੈ। ਹੁਣ ਇਕੋ ਗੁਰਦਵਾਰੇ ਵਿੱਚ ਦੋ ਅਲੱਗ਼-ਅਲੱਗ਼ ਦੀਵਾਨ ਲਗਦੇ ਹਨ ਸਿੱਖ ਕੌਮ ਨੂੰ ਮਜਾਕ ਦਾ ਪਾਤਰ ਬਣਾ ਕੇ ਰੱਖ ਦਿੱਤਾ ਹੈ। ਕੌਮ ਨਿਘਾਰ ਵਲ ਜਾ ਰਹੀ ਹੈ ਇਸ ਗਲ ਦੀ ਕਿਸੇ ਨੂੰ ਕੋਈ ਚਿੰਤਾ ਨਹੀ। ਲੋੜ ਹੈ ਸਿੱਖੀ ਦੀਆਂ ਮੰਜਲਾਂ ਉਸਾਰਨ ਦੀ ਨਾਂਕਿ ਨਿਤ ਨਵੇਂ ਗੁਰਦਵਾਰੇ ਬਣਾਉਣ ਦੀ, ਮੇਰੀ ਸਮਝ ਮੁਤਾਬਕ ਹਰ ਗੁਰਦਵਾਰੇ ਵਿੱਚ ਪੰਜ ਤੋਂ ਸਤ ਕਿਲੋਮੀਟਰ ਦਾ ਫਾਸਲਾ ਹੋਣਾ ਚਾਹੀਦਾ ਹੈ ਬਾਕੀ ਥਾਵਾਂ ਤੇ ਸਕੂਲ, ਡਿਸਪੈਂਸਰੀਆਂ, ਕਿੱਤਾ ਮੁਖੀ ਕੋਰਸਾਂ ਦੇ ਅਦਾਰੇ ਖੋਲਣੇ ਚਾਹੀਦੇ ਹਨ ਤਾਕਿ ਗਰੀਬ ਸਿੱਖ ਵੀ ਕੁੱਝ ਲਾਭ ਲੈ ਸਕੇ। ਦਸਵੰਧ ਗੁਰਦਵਾਰਿਆਂ ਤੇ ਨਹੀਂ ਲੋੜਵੰਦਾ ਤੇ ਲਗਣਾ ਚਾਹੀਦਾ ਹੈ। ਉਂਝ ਤੇ ਗੁਰਦਵਾਰੇ ਵੀ ਗੁਰਮਤਿ ਦੀ ਪਾਠਸ਼ਾਲਾ ਹੀ ਹੋਣੇ ਚਾਹੀਦੇ ਹਨ ਜਿੱਥੇ ਲੋਕਾਂ ਨੂੰ ਗੁਰਮਤਿ ਪੜ੍ਹਾਈ ਜਾਂਦੀ ਹੋਵੇ।
ਅਜ ਗੁਰਦਵਾਰਿਆਂ ਵਿੱਚ ਗੁਰਬਾਣੀ ਗਾਈ ਜਾਂਦੀ ਹੈ, ਪੜ੍ਹਾਈ ਜਾਂਦੀ ਹੈ, ਰਟਾਈ ਜਾਂਦੀ ਹੈ ਪਰ ਨਾਂ ਤੇ ਗੁਰਮਤਿ ਸਖਾਈ ਜਾਂਦੀ ਹੈ ਨਾਂ ਹੀ ਬਾਬਾ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਨੂੰ ਦ੍ਰਿੜ ਕਰਾਇਆ ਜਾਂਦਾ ਹੈ ਜੋ ਬਹੁਤ ਹੀ ਜਰੂਰੀ ਹੈ। ਅਜ ਪੰਜਾਬ ਦੇ ਹਰ ਹਿੱਸੇ ਵਿੱਚ ਅਖੋਤੀ ਨਿਹੰਗ ਸਿੰਘ ਨਸ਼ੇ ਦੇ ਕਾਰੋਬਾਰ ਵਿੱਚ ਗ੍ਰਸਤ ਹਨ। ਸਰਕਾਰੀ ਜਮੀਨਾਂ ਤੇ ਨਜਾਇਜ਼ ਕਬਜੇ ਕਰਕੇ ਭੰਗ ਘੋਟ-ਘੋਟ ਕੇ ਲੋਕਾਂ ਨੂੰ ਨਸ਼ੇ ਪਿਆ ਰਹੇ ਹਨ (ਕੁਝ ਕਿਰਤੀ ਵੀ ਹਨ ਖੇਤੀਬਾੜੀ ਜਾਂ ਹੋਰ ਕੰਮ ਵੀ ਕਰ ਰਹੇ ਹਨ ਉਨ੍ਹਾਂ ਨੂੰ ਮੁਬਾਰਕ ਹੈ) ਪਰ ਇਹ ਨਸ਼ਿਆਂ ਨੂੰ ਵੇਚਣ ਵਾਲੇ ਬਿਲਕੁਲ ਕਿਰਤੀ ਨਹੀ ਕਹੇ ਜਾ ਸਕਦੇ। ਨਾਂ ਤੇ ਇਨ੍ਹਾਂ ਨੂੰ ਗੁਰਬਾਣੀ ਦੀ ਸਮਝ ਹੈ ਤੇ ਨਾਂ ਹੀ ਸਮਾਜ ਵਿੱਚ ਵਿਚਰਣ ਦੀ ਅਕਲ। ਉਕਤ ਸਾਰੀਆਂ ਗਲਾਂ ਨੂੰ ਵਿਚਾਰਦੇ ਹੋਏ ਕਿ ਅਸੀਂ ਏਹ ਦਾਅਵਾ ਕਰ ਸਕਦੇ ਹਾਂ ਕਿ ਅਸੀਂ ਸੱਚਮੁਚ ਹੀ ਗੁਰਮਤਿ ਦੇ ਰਾਹ ਦੇ ਪਾਂਧੀ ਹਾਂ?
ਗੁਰਦੇਵ ਸਿੰਘ ਬਟਾਲਵੀ
9417270965


(07/05/11)
ਕਿਰਪਾਲ ਸਿੰਘ ਬਠਿੰਡਾ

ਅਸੀਂ ਸ਼ਤਾਬਦੀਆਂ ਤੇ ਗੁਰਪੁਰਬ ਤਾਂ ਬਹੁਤ ਮਨਾਉਂਦੇ ਹਾਂ ਪਰ ਗੁਰੂ ਨਹੀਂ ਮਨਾਉਂਦੇ: ਪ੍ਰਿੰ. ਗੁਰਬਚਨ ਸਿੰਘ ਥਾਈਲੈਂਡ

ਬਠਿੰਡਾ, ੫ ਮਈ (ਕਿਰਪਾਲ ਸਿੰਘ): ਅਸੀਂ ਸ਼ਤਾਬਦੀਆਂ ਤੇ ਗੁਰਪੁਰਬ ਤਾਂ ਬਹੁਤ ਮਨਾਉਂਦੇ ਹਾਂ ਪਰ ਗੁਰੂ ਨਹੀਂ ਮਨਾਉਂਦੇ। ਇਹ ਸ਼ਬਦ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਿੰ. ਗੁਰਬਚਨ ਸਿੰਘ ਜੀ ਥਾਈਲੈਂਡ ਵਾਲਿਆਂ ਨੇ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਚੱਲ ਰਹੀ ਕਥਾ ਦੌਰਾਨ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਨ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਵੱਡੇ ਸਮਾਗਮ ਕਰਵਾਉਣ ਦੇ ਬਹਾਨੇ ਕੌਮ ਦੀ ਕਮਾਈ ਦਾ ਵੱਡਾ ਹਿੱਸਾ ਇਸ਼ਤਿਹਾਰਬਾਜ਼ੀ, ਸ਼ਮਿਆਨੇ ਅਤੇ ਲੰਗਰਾਂ `ਤੇ ਖਰਚਿਆ ਜਾ ਰਿਹਾ ਹੈ ਜਦ ਕਿ ਉਨ੍ਹਾਂ ਸਮਾਗਮਾਂ ਵਿੱਚ ਸ਼ਬਦ ਦੀ ਵਿਆਖਿਆ ਕਰਦਿਆਂ ਜਾਂ ਤਾਂ ਚੁਟਕਲੇ ਸੁਣਾ ਕੇ ਹਸਾਇਆ ਜਾਂਦਾ ਹੈ ਜਾਂ ਸਾਖੀਆਂ ਸੁਣਾ ਕੇ ਰੁਆਇਆ ਜਾਂਦਾ ਹੈ ਪਰ ਗੁਰੂ ਦੇ ਸਿਧਾਂਤ ਦੀ ਗੱਲ ਨਾਮਾਤਰ ਹੀ ਹੁੰਦੀ ਹੈ। ਪ੍ਰਿੰਸੀਪਲ ਗੁਰਬਚਨ ਸਿੰਘ ਨੇ ਕਿਹਾ ਗੁਰਬਾਣੀ ਦੀ ਵਿਆਖਿਆ ਕਰਦਿਆਂ ਕੇਵਲ ਨਾਮ ਜਪਣ ਦੇ ਪੱਖ ਨੂੰ ਲੈ ਕੇ ਹੀ ਸਾਰਾ ਜੋਰ ਲਾ ਦਿੱਤਾ ਜਾਂਦਾ ਹੈ ਜਦ ਕਿ ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਵਲੋਂ ਸਾਨੂੰ ਬਖਸ਼ੀ ਜੀਵਨ ਸੇਧ ਦੇ ਸਮੁੱਚੇ ਪੱਖਾਂ ਨੂੰ ਬਿੱਲਕੁਲ ਵਿਸਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਵਿੱਚ ਸਾਨੂੰ ਸੇਧ ਦਿੱਤੀ ਗਈ ਹੈ ਕਿ ਮਨੁਖ ਨੇ ਉੱਦਮੀ ਬਣ ਕੇ ਆਪਣੇ ਤੇ ਆਪਣੇ ਪ੍ਰਵਾਰ ਦੇ ਨਿਰਬਾਹ ਲਈ ਧਰਮ ਦੀ ਕ੍ਰਿਤ ਕਰਨੀ ਹੈ, ਸੰਤੋਖ ਦਾ ਜੀਵਨ ਬਤੀਤ ਕਰਨਾ ਹੈ ਤੇ ਦੂਸਰੀਆਂ ਦੀ ਕਮਾਈ ਨੂੰ ਲਾਲਚ ਵੱਸ ਹੋ ਕੇ ਹੜੱਪਣ ਦੀ ਸੋਚ ਤਿਆਗਣੀ ਹੈ। ਸਮੁੱਚੀ ਮਨੁਖਤਾ ਨੂੰ ਪ੍ਰਮਾਤਮਾ ਦੀ ਅੰਸ਼ ਜਾਣ ਕੇ ਜਾਤ ਪਾਤ ਊਚ ਨੀਚ ਦਾ ਭੇਦ ਭਾਵ ਮਿਟਾ ਕੇ ਇੱਕ ਸਮਾਨ ਪਿਆਰ ਵਾਲਾ ਵਿਵਹਾਰ ਕਰਨਾ ਹੈ। ਵਹਿਮਾਂ ਭਰਮਾਂ ਵਿੱਚ ਫਸ ਕੇ ਕਰਮ ਕਾਂਡਾਂ ਵਿੱਚ ਉਲਝਣ ਤੇ ਪੁਜਾਰੀਆਂ ਦੀ ਲੁੱਟ ਤੋਂ ਬਚਣਾ ਹੈ। ਅਸਲ ਵਿੱਚ ਇਹ ਗੁਣ ਧਾਰਣ ਕਰਨੇ ਹੀ ਸਹੀ ਮਾਅਨਿਆਂ ਵਿੱਚ ਨਾਮ ਜਪਣਾ ਹੈ ਜਿਸ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ ਗਿਆ ਹੈ। ਜੇ ਇਸ ਵੱਲ ਧਿਆਨ ਦਿੱਤਾ ਜਾਂਦਾ ਤਾਂ ਗੁਰੂ ਦਾ ਸਿੱਖ ਕਦੀ ਵੀ ਭ੍ਰਿਸ਼ਟਾਚਾਰ, ਦਾਜ ਦਹੇਜ ੳਤੇ ਕੁੜੀਮਾਰ ਵਰਗੀ ਲਾਹਨਤ ਵਿੱਚ ਗ੍ਰਸਤ ਨਾ ਹੁੰਦਾ। ਇਨ੍ਹਾਂ ਅਲਾਮਤਾਂ ਵਿੱਚ ਸਿੱਖਾਂ ਦੇ ਫਸੇ ਰਹਿਣ ਦਾ ਇੱਕੋ ਇੱਕ ਕਾਰਣ ਹੈ ਕਿ ਗੁਰਬਾਣੀ ਨੂੰ ਸਮਝੇ ਅਤੇ ਆਪਣੇ ਜੀਵਨ ਵਿੱਚ ਅਪਨਾੳਣ ਤੋਂ ਸਖਣੇ ਹੋ ਕੇ ਨਾਮ ਜਪਣ ਨੂੰ ਇੱਕ ਕਰਮਕਾਂਡ ਦੇ ਤੌਰ `ਤੇ ਪ੍ਰਚਾਰਿਆ ਤੇ ਅਪਨਾਇਆ ਜਾ ਰਿਹਾ ਹੈ। ਪ੍ਰਿੰ: ਗੁਰਬਚਨ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਨੇ ਸਿੱਧੇ ਤੌਰ `ਤੇ ਮਨੁੱਖ ਨੂੰ ਕੁੱਤਾ, ਖੋਤਾ ਆਦਿ ਪਸ਼ੂ ਕਹਿਣ ਦੀ ਵਜਾਏ ਇਨ੍ਹਾਂ ਨੂੰ ਪ੍ਰਤੀਕ ਦੇ ਤੌਰ `ਤੇ ਵਰਤਿਆ ਹੈ ਪਰ ਸਿਖਿਆ ਸਾਨੂੰ ਹੀ ਦਿੱਤੀ ਗਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: ੧੧੯੬ `ਤੇ ਕਬੀਰ ਸਾਹਿਬ ਜੀ ਦਾ ਦਰਜ਼ ਸ਼ਬਦ ‘ਸੁਰਹ ਕੀ ਜੈਸੀ ਤੇਰੀ ਚਾਲ॥ ਤੇਰੀ ਪੂੰਛਟ ਊਪਰਿ ਝਮਕ ਬਾਲ॥ ੧॥ ਇਸ ਘਰ ਮਹਿ ਹੈ ਸੁ ਤੂ ਢੂੰਢਿ ਖਾਹਿ॥ ਅਉਰ ਕਿਸ ਹੀ ਕੇ ਤੂ ਮਤਿ ਹੀ ਜਾਹਿ॥ ੧॥ ਰਹਾਉ॥ ਚਾਕੀ ਚਾਟਹਿ ਚੂਨੁ ਖਾਹਿ॥ ਚਾਕੀ ਕਾ ਚੀਥਰਾ ਕਹਾਂ ਲੈ ਜਾਹਿ॥ ੨॥ ਛੀਕੇ ਪਰ ਤੇਰੀ ਬਹੁਤੁ ਡੀਠਿ॥ ਮਤੁ ਲਕਰੀ ਸੋਟਾ ਤੇਰੀ ਪਰੈ ਪੀਠਿ॥ ੩॥ ਕਹਿ ਕਬੀਰ ਭੋਗ ਭਲੇ ਕੀਨ॥ ਮਤਿ ਕੋਊ ਮਾਰੈ ਈਂਟ ਢੇਮ॥ ੪॥ ੧॥’ ਦੇ ਰਹਾਉ ਦੀ ਤੁਕ ਵਿੱਚ ਕੁੱਤੇ ਨੂੰ ਪ੍ਰਤੀਕ ਦੇ ਤੌਰ `ਤੇ ਵਰਤ ਕੇ ਸਾਨੂੰ ਸਿਖਿਆ ਦਿੱਤੀ ਗਈ ਹੈ:- (ਹੇ ਕੁੱਤੇ ਦੇ ਸੁਭਾਉ ਵਾਲੇ ਜੀਵ!) ਜੋ ਕੁੱਝ ਆਪਣੀ ਹੱਕ ਦੀ ਕਮਾਈ ਹੈ, ਉਸੇ ਨੂੰ ਨਿਸੰਗ ਹੋ ਕੇ ਵਰਤ। ਕਿਸੇ ਬਿਗਾਨੇ ਮਾਲ ਦੀ ਲਾਲਸਾ ਨਾਹ ਕਰਨੀ। ੧। ਰਹਾਉ। ਬਾਕੀ ਦੇ ਸ਼ਬਦ ਵਿੱਚ ਕੁੱਤੇ ਦਾ ਸਿਰਫ ਦ੍ਰਿਸ਼ਟਾਂਤ ਦਿੱਤਾ ਹੈ ਕਿ (ਹੇ ਕੁੱਤੇ!) ਗਾਂ ਵਰਗੀ ਤੇਰੀ ਤੋਰ ਹੈ, ਤੇਰੀ ਪੂਛਲ ਉੱਤੇ ਵਾਲ ਭੀ ਸੁਹਣੇ ਚਮਕਦੇ ਹਨ। ੧। (ਹੇ ਕੁੱਤੇ!) ਤੂੰ ਚੱਕੀ ਚੱਟਦਾ ਹੈਂ, ਤੇ ਆਟਾ ਖਾਂਦਾ ਹੈਂ, ਪਰ (ਜਾਂਦਾ ਹੋਇਆ) ਪਰੋਲਾ ਕਿੱਥੇ ਲੈ ਜਾਇਂਗਾ? । ੨। (ਹੇ ਸੁਆਨ!) ਤੂੰ ਉੱਪਰ ਟੰਗੇ ਹੋਏ ਦੁੱਧ ਵਾਲੇ ਛਿੱਕੇ ਵਲ ਬੜੀ ਲਾਲਸਾ ਨਾਲ ਤੱਕ ਰਿਹਾ ਹੈਂ, ਵੇਖੀਂ, ਕਿਤੇ ਲੱਕ ਉੱਤੇ ਕਿਤੋਂ ਸੋਟਾ ਨਾਹ ਵੱਜੇ। ੩। ਕਬੀਰ ਆਖਦਾ ਹੈ— (ਹੇ ਸੁਆਨ!) ਤੂੰ ਬਥੇਰਾ ਕੁੱਝ ਖਾਧਾ ਉਜਾੜਿਆ ਹੈ, ਪਰ ਧਿਆਨ ਰੱਖੀਂ ਕਿਤੇ ਕੋਈ ਇੱਟ ਢੇਮ ਤੇਰੇ ਸਿਰ ਉੱਤੇ ਨਾਹ ਮਾਰ ਦੇਵੇ। ੪। ੧। ਪ੍ਰਿੰਸੀਪਲ ਗੁਰਬਚਨ ਸਿੰਘ ਨੇ ਕਿਹਾ ਕਬੀਰ ਸਾਹਿਬ ਜੀ ਦੀ ਕੁੱਤੇ ਨੂੰ ਦਿੱਤੀ ਗਈ ਸਿਖਿਆ ਹੁਣ ਅਸੀਂ ਆਪਣੇ `ਤੇ ਲਾਗੂ ਕਰਕੇ ਵੇਖੀਏ ਕਿ ਸਾਡੀ ਹਾਲਤ ਉਸ ਕੁੱਤੇ ਵਾਲੀ ਤਾਂ ਨਹੀਂ। ਜਦੋਂ ਮਨੁਖ ਕੁੱਤੇ ਵਾਂਗ ਲਾਲਚ ਵੱਸ ਹੋ ਕੇ ਸੁਆਰਥ ਅਧੀਨ ਧਰਮ ਸਥਾਨ `ਤੇ ਆਉਂਦਾ ਹੈ ਤਾਂ ਉਸ ਦੀ ਸ਼ਰੀਫ਼ਾਂ ਵਰਗੀ ਸ਼ਕਲ ਤੇ ਪਹਿਰਾਵਾ ਹੁੰਦਾ ਹੈ, ਪਰ ਬਾਹਰ ਜਾ ਕੇ ਬਿਗਾਨੇ ਘਰਾਂ ਵਲ ਤੱਕਦਾ ਹੈ, ਜਿਹੜੀ ਮਾਇਆ ਰੋਜ਼ ਵਰਤਦਾ ਹੈ ਇਹ ਤਾਂ ਭਲਾ ਵਰਤੀ, ਪਰ ਜੋੜ ਜੋੜ ਕੇ ਰੱਖਣ ਵਾਲੀ ਬ੍ਰਿਤੀ ਕੁੱਤੇ ਵਲੋਂ ਪ੍ਰੋਲਾ ਚੁੱਕ ਕੇ ਲੈ ਜਾਣ ਵਾਲੀ ਹੀ ਗੱਲ ਹੈ। ਕਬੀਰ ਸਾਹਿਬ ਜੀ ਨੇ ਇਸ ਸ਼ਬਦ ਵਿੱਚ ਸਮਝਾਇਆ ਹੈ- ਹੇ ਜੀਵ! ਤੂੰ ਜੁ ਇਹ ਭੋਗ ਭੋਗਣ ਵਿੱਚ ਹੀ ਰੁੱਝਾ ਪਿਆ ਹੈਂ, ਇਹਨਾਂ ਦਾ ਅੰਤ ਖ਼ੁਆਰੀ ਹੀ ਹੁੰਦਾ ਹੈ) ਭਾਵ:- ਸੰਤੋਖ-ਹੀਨਤਾ ਖ਼ੁਆਰ ਕਰਦੀ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: ੪੮੭ `ਤੇ ਅੱਜ ਦੇ ਵੀਚਾਰ ਅਧੀਨ ਸ਼ਬਦ: ‘ਮਾਟੀ ਕੋ ਪੁਤਰਾ ਕੈਸੇ ਨਚਤੁ ਹੈ॥ ਦੇਖੈ ਦੇਖੈ ਸੁਨੈ ਬੋਲੈ ਦਉਰਿਓ ਫਿਰਤੁ ਹੈ॥ ੧॥ ਰਹਾਉ॥’ ਦੇ ਅਰਥ ਕਰਦਿਆਂ ਪਿੰ: ਗੁਰਬਚਨ ਸਿੰਘ ਨੇ ਕਿਹਾ ਕਿ ਗੁਰਬਾਣੀ ਵਿੱਚ ਭਗਤ ਸਾਹਿਬਾਨ ਤੇ ਗੁਰੂ ਸਾਹਿਬਾਨ ਵਲੋਂ ਵਰਤੇ ਗਏ ਪ੍ਰਤੀਕ ਤੇ ਦ੍ਰਿਸ਼ਟਾਂਤਾਂ ਨੂੰ ਨਾ ਸਮਝਣ ਦਾ ਹੀ ਕਾਰਣ ਹੈ ਕਿ (ਮਾਇਆ ਦੇ ਮੋਹ ਵਿੱਚ ਫਸ ਕੇ) ਇਹ ਮਿੱਟੀ ਦਾ ਪੁਤਲਾ ਕੇਹਾ ਹਾਸੋ-ਹੀਣਾ ਹੋ ਕੇ ਨੱਚ ਰਿਹਾ ਹੈ (ਭਟਕ ਰਿਹਾ ਹੈ); (ਮਾਇਆ ਨੂੰ ਹੀ) ਚਾਰ-ਚੁਫੇਰੇ ਢੂੰਢਦਾ ਹੈ; (ਮਾਇਆ ਦੀਆਂ ਹੀ ਗੱਲਾਂ) ਸੁਣਦਾ ਹੈ (ਭਾਵ, ਮਾਇਆ ਦੀਆਂ ਗੱਲਾਂ ਹੀ ਸੁਣਨੀਆਂ ਇਸ ਨੂੰ ਚੰਗੀਆਂ ਲੱਗਦੀਆਂ ਹਨ), (ਮਾਇਆ ਕਮਾਣ ਦੀਆਂ ਹੀ) ਗੱਲਾਂ ਕਰਦਾ ਹੈ, (ਹਰ ਵੇਲੇ ਮਾਇਆ ਦੀ ਖ਼ਾਤਰ ਹੀ) ਦੌੜਿਆ ਫਿਰਦਾ ਹੈ। ੧। ਰਹਾਉ।

‘ਜਬ ਕਛੁ ਪਾਵੈ ਤਬ ਗਰਬੁ ਕਰਤੁ ਹੈ॥ ਮਾਇਆ ਗਈ ਤਬ ਰੋਵਨੁ ਲਗਤੁ ਹੈ॥ ੧॥’ ਜਦੋਂ (ਇਸ ਨੂੰ) ਕੁੱਝ ਧਨ ਮਿਲ ਜਾਂਦਾ ਹੈ ਤਾਂ (ਇਹ) ਅਹੰਕਾਰ ਕਰਨ ਲੱਗ ਪੈਂਦਾ ਹੈ; ਪਰ ਜੇ ਗੁਆਚ ਜਾਏ ਤਾਂ ਰੋਂਦਾ ਹੈ, ਦੁੱਖੀ ਹੁੰਦਾ ਹੈ। ੧।

‘ਮਨ ਬਚ ਕ੍ਰਮ ਰਸ ਕਸਹਿ ਲੁਭਾਨਾ॥ ਬਿਨਸਿ ਗਇਆ ਜਾਇ ਕਹੂੰ ਸਮਾਨਾ॥ ੨॥’ ਆਪਣੇ ਮਨ ਦੀ ਰਾਹੀਂ, ਬਚਨਾਂ ਦੀ ਰਾਹੀਂ, ਕਰਤੂਤਾਂ ਦੀ ਰਾਹੀਂ, ਚਸਕਿਆਂ ਵਿੱਚ ਫਸਿਆ ਹੋਇਆ ਹੈ, (ਆਖ਼ਰ ਮੌਤ ਆਉਣ ਤੇ) ਜਦੋਂ ਇਹ ਸਰੀਰ ਢਹਿ ਪੈਂਦਾ ਹੈ ਤਾਂ ਜੀਵ (ਸਰੀਰ ਵਿਚੋਂ) ਜਾ ਕੇ (ਪ੍ਰਭੂ-ਚਰਨਾਂ ਵਿੱਚ ਅਪੜਨ ਦੇ ਥਾਂ) ਕਿਤੇ ਕੁਥਾਂ ਹੀ ਟਿਕਦਾ ਹੈ। ੨।

‘ਕਹਿ ਰਵਿਦਾਸ ਬਾਜੀ ਜਗੁ ਭਾਈ॥ ਬਾਜੀਗਰ ਸਉ ਮ+ਹਿ ਪ੍ਰੀਤਿ ਬਨਿ ਆਈ॥ ੩॥ ੬॥’ ਰਵਿਦਾਸ ਆਖਦਾ ਹੈ—ਹੇ ਭਾਈ! ਇਹ ਜਗਤ ਇੱਕ ਖੇਡ ਹੀ ਹੈ, ਮੇਰੀ ਪ੍ਰੀਤ ਤਾਂ (ਜਗਤ ਦੀ ਮਾਇਆ ਦੇ ਥਾਂ) ਇਸ ਖੇਡ ਦੇ ਬਣਾਉਣ ਵਾਲੇ ਨਾਲ ਲੱਗ ਗਈ ਹੈ (ਸੋ, ਮੈਂ ਇਸ ਹਾਸੋ-ਹੀਣੇ ਨਾਚ ਤੋਂ ਬਚ ਗਿਆ ਹਾਂ)। ੩। ੬।

ਇਸ ਸ਼ਬਦ ਦਾ ਭਾਵ ਸਮਝਾਉਂਦਿਆਂ ਪ੍ਰਿੰਸੀਪਲ ਗੁਰਬਚਨ ਸਿੰਘ ਜੀ ਨੇ ਕਿਹਾ ਮਾਇਆ ਵਿੱਚ ਫਸਿਆ ਜੀਵ ਭਟਕਦਾ ਹੈ ਤੇ ਹਾਸੋ-ਹੀਣਾ ਹੁੰਦਾ ਹੈ; ਇਸ ਖ਼ੁਆਰੀ ਤੋਂ ਸਿਰਫ਼ ਉਹੀ ਬਚਦਾ ਹੈ ਜੋ ਮਾਇਆ ਦੇ ਰਚਨਹਾਰ ਪਰਮਾਤਮਾ ਨਾਲ ਪਿਆਰ ਪਾਂਦਾ ਹੈ।

*******************************************

ਆਓ ਰਲਕੇ ਹੰਭਲਾਂ ਮਾਰੀਏ
1984 ਦੇ ਸਿੱਖ ਕਤਲੇਆਮ ਵੇਲੇ ਮਸੀਹਾ ਬਣੇ ਸਵ: ਸ੍ਰੀ ਬਜਰੰਗ ਸਿੰਘ ਅਤੇ ਪਰਿਵਾਰ ਦੀ ਦਾਸਤਾਨ
26 ਸਾਲ ਬੀਤ ਜਾਣ ਦੇ ਬਾਵਜੂਦ ਵੀ ਉਨਾਂ ਲੋਕਾਂ ਨੂੰ ਅਜੇ ਤਕ ਕੋਈ ਇਨਸਾਫ ਨਹੀ ਮਿਲਿਆ ਜਿਨਾਂ ਨੇ ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਤੋ ਬਾਅਦ 1984 ਦੇ ਭਿਆਨਕ ਦੰਗਿਆਂ ਦਾ ਦਰਦ ਹੰਢਾਇਆ ਹੈ। ਇਸ ਨੂੰ ਦੰਗੇ ਕਹਿਣਾ ਵੀ ਸ਼ਾਇਦ ਗਲਤ ਹੋਵੇਗਾ ਕਿਉਕਿ ਦੰਗੇ ਤਾਂ ਦੋਹਾਂ ਧਿਰਾ ਵਿਚਕਾਰ ਹੋਇਆ ਕਰਦੇ ਨੇ, ਇੱਥੇ ਤਾਂ ਕਹਿਰ ਕਰਨ ਵਾਲੀ ਇਕ ਹੀ ਧਿਰ ਸੀ, ਮੁਕਾਬਲਾ ਤਾਂ ਪੀੜਿਤ ਧਿਰ ਨੇ ਕੀਤਾ ਹੀ ਨਹੀ। ਕਾਤਿਲ ਅਜੇ ਵੀ ਬੇਲਗਾਮ ਘੁੰਮ ਰਹੇ ਨੇ ਅਤੇ ਪੀੜਿਤ ਅਜੇ ਵੀ ਦਰ ਦਰ ਧੱਕੇ ਖਾਣ ਲਈ ਮਜਬੁਰ ਹਨ। ਭਵਿਖ ਵਿਚ ਵੀ ਕਿਸੇ ਇਨਸਾਫ ਪ੍ਰਾਪਤੀ ਦੀ ਮੰਜਿਲ ਅਜੇ ਬਹੁਤ ਦੂਰ ਜਾਪਦੀ ਹੈ। ਪਰ ਇਹਨਾ ਸਰਦ ਅਤੇ ਕਾਲੀਆ ਰਾਤਾਂ ਵਿਚ ਵੀ ਕੁਝ ਕੁ ਵਿਅਕਤੀਆ ਨੇ ਸੱਚ ਦਾ ਪੱਲਾ ਨਹੀ ਛੱਡਿਆ, ਉਹਨਾ ਨੇ ਆਪਣੀ ਜਿੰਦਗੀ ਨੂੰ ਦਾਅ ਤੇ ਲਗਾਕੇ ਮਾਨਵਤਾ ਦੇ ਦੀਵੇ ਨੂੰ ਬੁਝਣ ਨਹੀ ਦਿੱਤਾ ਅਤੇ ਇਸ ਨੂੰ ਆਪਣੇ ਬਲੀਦਾਨ ਨਾਲ ਜੱਗਦੇ ਰਖਿਆ ਹੈ। ਮਾਨਵਤਾ ਦੇ ਸੇਵਾਦਾਰਾ ਨੇ ਇਹਨਾਂ ਬੁਰੇ ਦਿਨਾਂ ਵਿਚ ਔਖੇ ਸਮੇ ਨਾਂ ਕੇਵਲ ਪੀੜਿਤ ਸਿੱਖਾਂ ਨੂੰ ਬਚਾਇਆ, ਉਨਾਂ ਨੂੰ ਆਸਰਾ ਦਿਤਾ ਸਗੋਂ ਉਹਨਾ ਦੀ ਖਾਤਰ ਗੁੰਡਾ ਅਨਸਰਾ ਨੂੰ ਆਪਣੇ ਦੁਸ਼ਮਣ ਵੀ ਬਣਾ ਲਿਆ।
ਇਹਨਾ ਹੀ ਕੁਝ ਕੁ ਗਿਣਤੀ ਦੇ ਪਰਿਵਾਰਾ ਵਿਚੋ ਇਕ ਹਿੰਦੂ ਧਰਮ ਨਾਲ ਸਬੰਧਿਤ ਪਰਿਵਾਰ ਸੀ, ਸ੍ਰੀ ਬਜਰੰਗ ਸਿੰਘ ਦਾ ਪਰਿਵਾਰ, ਜੋ ਅਜੇ ਤਕ ਜੁਲਮ ਦੀਆ ਝੱਖੜ ਹਨੇਰੀਆ ਸਾਹਮਣੇ ਸੱਚ ਦੇ ਆਸਰੇ ਅਡੋਲ ਖੜ੍ਹਾ ਹੈ। ਇਸ ਪਰਿਵਾਰ ਦੀ ਕੁਰਬਾਨੀ ਅੱਗੇ ਸਿਰ ਆਪਣੇ ਆਪ ਹੀ ਸ਼ਰਧਾ ਨਾਲ ਝੁਕ ਜਾਂਦਾ ਹੈ। ਯਕੀਨ ਹੀ ਨਹੀ ਆਉਂਦਾ ਕਿ ਅਜਕਲ ਦੇ ਪਦਾਰਥਵਾਦੀ ਯੁੱਗ ਵਿਚ ਵੀ ਕੋਈ ਵਿਅਕਤੀ ਅਜਿਹਾ ਵੀ ਹੋ ਸਕਦਾ ਹੈ ਜੋ ਦੂਸਰੇ ਦੀ ਤਕਲੀਫ ਨੂੰ ਧੁਰ ਅੰਦਰੋ ਪ੍ਰਵਾਨ ਕਰਕੇ ਉਹਨਾ ਲਈ ਸਭ ਕੁਝ ਕੁਰਬਾਨ ਕਰ ਦੇਵੇ ਅਤੇ ਬਿਨਾਂ ਕੁਝ ਪ੍ਰਾਪਤ ਕੀਤਿਆ ਹੀ ਇਸ ਫਾਨੀ ਸੰਸਾਰ ਤੋ ਖਾਮੋਸ਼ੀ ਨਾਲ ਅਲਵਿਦਾ ਆਖ ਹੋ ਜਾਵੇ।
ਸ੍ਰੀ ਬਜਰੰਗ ਸਿੰਘ ਦਾ ਪਰਿਵਾਰ ਦਿੱਲੀ ਦੇ ਸਬਜੀ ਮੰਡੀ ਇਲਾਕੇ ਵਿਚ ਰਹਿੰਦਾ ਸੀ। ਉਹਨਾ ਦੇ ਪਿਤਾ ਚੋਧਰੀ ਦਲਜੀਤ ਸਿੰਘ ਅਤੇ ਭਰਾ ਧੁਰੇੱਦਰ ਸਿੰਘ ਵੀ ਉਹਨਾ ਦੇ ਨਾਲ ਹੀ ਸਨ। ਉਸ ਸਮੇਂ ਇਹ ਤਿੰਨੋ ਬਤੋਰ ਵਕੀਲ ਸੇਵਾ ਨਿਭਾ ਰਹੇ ਸਨ। ਇਸ ਤੋ ਬਿਨਾ ਇਹਨਾ ਦੀਆ 12 ਮਿੰਨੀ ਬੱਸਾਂ ਅਤੇ 8 ਵਹੀਕਲ ਵੀ ਸਨ। ਇਸ ਤਰਾਂ ਇਹ ਇਲਾਕੇ ਦਾ ਅਮੀਰ ਪਰਿਵਾਰ ਸੀ। 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੇ ਕਤਲ ਤੋ ਬਾਅਦ ਸਭ ਤੋ ਪਹਿਲਾਂ ਇਹਨਾਂ ਨੇ ਆਪਣੇ ਸਾਹਮਣੇ ਰਹਿੰਦੇ ਸਿੱਖ ਡਾਕਟਰ ਅਤੇ ਉਸ ਦੇ 2 ਬੇਟਿਆ ਨੂੰ ਭੀੜ ਦੇ ਹਮਲੇ ਤੋ ਬਚਾਇਆ ਅਤੇ ਉਸ ਤੋ ਬਾਅਦ ਉਸੇ ਰਾਤ ਹੀ 58 ਸਿੱਖ ਪਰਿਵਾਰਾਂ ਨੂੰੰ ਆਪਣੇ ਘਰ ਵਿਚ ਸ਼ਰਨ ਦਿੱਤੀ। ਬਦਲੇ ਵਿਚ ਭੀੜ ਨੇ ਇਹਨਾ ਦੇ ਘਰ ਨੂੰ ਅੱਗ ਲਗਾ ਦਿੱਤੀ। ਇਸ ਤੋ ਬਾਅਦ ਇਹਨਾ ਨੇ ਦਿੱਲੀ ਵਿਚ ਸਭ ਤੋ ਪਹਿਲਾਂ ਨਿਜੀ ਪੱਧਰ ਤੇ ਸਿੱਖਾ ਨੂੰ ਬਚਾਉਣ ਲਈ ਰਾਹਤ ਕੈਪ ਲਗਾਇਆ, ਜਿਸ ਵਿਚ ਕੁਲ 2500 ਸਿੱਖ ਪਰਿਵਾਰਾਂ ਨੂੰ ਬਚਾਕੇ ਲਿਆਂਦਾ ਗਿਆ। ਸਿੱਖਾ ਨੂੰ ਬਚਾਉਣ ਲਈ ਲਾਈਆਂ ਗਈਆ 12 ਮਿੰਨੀ ਬੱਸਾਂ ਅਤੇ 8 ਵਹੀਕਲ ਵੀ ਸ਼ਰਾਰਤੀਆ ਵਲੋ ਬਾਅਦ ਵਿਚ ਸਾੜ ਦਿੱਤੇ ਗਏ। ਸ੍ਰੀ ਬਜਰੰਗ ਸਿੰਘ ਅਤੇ ਉਹਨਾਂ ਦੇ ਪਰਿਵਾਰ ਨੇ ਸਿੱਖਾਂ ਦੀਆ 61 ਲੜਕੀਆ ਦੇ ਵਿਆਹ ਧੀਆਂ ਬਣਾਕੇ ਕੀਤੇ। ਵਿਧਵਾਵਾਂ ਲਈ ਸਸਤੇ ਫਲੈਟ ਲੈ ਕੇ ਦੇਣ ਲਈ ਸ੍ਰੀ ਬਜਰੰਗ ਸਿੰਘ ਮਰਨ ਵਰਤ ਤੇ ਬੈਠ ਗਏ ਅਤੇ ਇਹ ਮਰਨ ਵਰਤ 33 ਦਿਨ ਚਲਿਆ। ਜਿਸ ਦੋਰਾਨ ਉਨਾਂ ਦਾ ਭਾਰ ਸਾਢੇ ਅਠਾਰਾਂ ਕਿਲੋ ਘੱਟ ਗਿਆ। ਅੰਤ ਦਿਲੀ ਡਿਵੈਲਪਮੈਂਟ ਅਥਾਰਿਟੀ ਨੇ 2 ਜਨਵਰੀ 1985 ਨੂੰ ਉਹਨਾਂ ਦੀ ਗੱਲ ਮੰਨ ਲਈ ਅਤੇ ਉਹਨਾ ਨੇ ਆਪਣਾ ਮਰਨ ਵਰਤ ਸੁਪਰੀਮ ਕੋਰਟ ਦੇ ਜੱਜ ਮਾਨਯੋਗ ਮੁਰਤਜਾ ਫਜਲ ਅਲੀ ਦੇ ਸਾਹਮਣੇ ਤੋੜਿਆ। ਇਸ ਤਰਾਂ ਵਿਧਵਾਵਾਂ ਨੂੰ ਫਲੈਟ ਮਿਲਣੇ ਸ਼ੁਰੂ ਹੋਏ। ਸ੍ਰੀ ਬਜਰੰਗ ਸਿੰਘ ਦਾ ਪਰਿਵਾਰ ਧਮਕੀਆ ਤੋ ਨਾ ਡਰਿਆ ਤਾਂ ਉਹਨਾਂ ਵਿਰੁੱਧ ਸਿਕਾਇਤਾ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਕਿ ਉਹਨਾ ਨੇ ਟੈਕਸ ਚੋਰੀ ਕਰਕੇ ਅਤੇ ਨਜਾਇਜ ਧਨ ਦੀ ਵਰਤੋ ਕਰਕੇ ਸਿੱਖਾਂ ਦੀ ਮੱਦਦ ਕੀਤੀ ਹੈ। ਪਰਿਵਾਰ ਨੇ ਸਾਬਿਤ ਕਰ ਦਿਤਾ ਕਿ ਇਹ ਸਭ ਕੁਝ ਪਰਿਵਾਰਕ ਮੈਬਰਾਂ ਨੇ ਆਪਣੀ ਜਮੀਨ ਗਹਿਣੇ ਰੱਖਕੇ, ਇਸਤਰੀਆ ਦੇ ਗਹਿਣੇ ਵੇਚਕੇ, ਆਪਣੇ ਫਿਕਸ ਡਿਪਾਜਿਟ ਤੁੜਵਾਕੇ ਅਤੇ ਰਿਸਤੇਦਾਰਾ ਤੋ ਉਧਾਰ ਲੈ ਕੇ ਕੀਤਾ ਹੈ। ਸ੍ਰੀਮਤੀ ਚੰਚਲ ਸਿੰਘ ਸੁਪਤਨੀ ਸ੍ਰੀ ਬਜਰੰਗ ਸਿੰਘ ਨੇ ਆਪਣੇ ਗਹਿਣੇ ਰੱਖਕੇ ਇਕ ਲੱਖ ਅੱਸੀ ਹਜਾਰ, ਜਮੀਨ ਗਹਿਣੇ ਰੱਖਕੇ ਦੋ ਲੱਖ ਪੰਜਾਹ ਹਜਾਰ ਅਤੇ ਇਸੇ ਤਰਾਂ ਹੋਰ ਧਨ ਇਕੱਠਾ ਕੀਤਾ ਪਰ ਕਿਸੇ ਤੋ ਵੀ ਇਕ ਪੈਸਾ ਨਹੀ ਲਿਆ। ਇਸ ਤੋ ਬਿਨਾਂ ਪਰਿਵਾਰ ਉੱਪਰ ਲੜਕੀਆ ਵੇਚਣ ਦੇ ਬੇਬੁਨਿਆਦ ਦੋਸ਼ ਲਗਾਕੇ ਜਲੀਲ ਕਰਨ ਦੀ ਕੋਸ਼ਿਸ ਕੀਤੀ ਗਈ ਪਰ ਵਿਰੋਧੀ ਕੁਝ ਵੀ ਸਾਬਿਤ ਨਾ ਕਰ ਸਕੇ ਅਤੇ ਸੱਚ, ਸੱਚ ਹੀ ਰਿਹਾ।
ਜਦੋ ਪੰਜਾਬ ਸਰਕਾਰ ਨੂੰ ਸ੍ਰੀ ਬਜਰੰਗ ਸਿੰਘ ਦੀਆ ਦਲੇਰਨੁਮਾ ਅਤੇ ਸੇਵਾ ਵਾਲੀਆ ਕਾਰਵਾਈਆ ਦਾ ਪਤਾ ਲੱਗਿਆ ਤਾਂ ਸ੍ਰੀ ਹਰਚੰਦ ਸਿੰਘ ਲੋਂਗੋਵਾਲ ਅਤੇ ਸਾਬਕਾ ਮੁੱਖ ਮੰਤਰੀ ਸ੍ਰ: ਸੁਰਜੀਤ ਸਿੰਘ ਬਰਨਾਲਾ ਖੁਦ ਚੱਲਕੇ ਸ੍ਰੀ ਬਜਰੰਗ ਸਿੰਘ ਨੂੰ ਮਿਲਣ ਗਏ ਅਤੇ ਮਾਇਕ ਸਹਾਇਤਾ ਦੇਣ ਦੀ ਕੋਸ਼ਿਸ ਕੀਤੀ। ਜੋ ਉਹਨਾ ਨੇ ਨਿਮਰਤਾ ਸਹਿਤ ਲੇਣ ਤੋ ਨਾਂਹ ਕਰ ਦਿੱਤੀ। ਪੰਜਾਬ ਸਰਕਾਰ ਨੇ ਲਿਖਤੀ ਰੂਪ ਵਿਚ ਸ੍ਰੀ ਬਜਰੰਗ ਸਿੰਘ ਨੂੰ ਪੰਜ ਲੱਖ ਰੁ: ਵੀ ਦਿੱਤੇ ਅਤੇ ਉਹਨਾਂ ਦਾ ਸਨਮਾਨ ਵੀ ਕੀਤਾ ਪਰ ਇਹ ਰੁਪਏ ਵੀ ਉਹਨਾਂ ਨੇ ਪੀੜਿਤਾ ਲਈ ਬਣਾਏ ਟਰੱਸਟ ਦੇ ਹਵਾਲੇ ਕਰ ਦਿੱਤੇ। ਪੰਜਾਬ ਸਰਕਾਰ ਵਲੋ ਸ੍ਰੀ ਬਜਰੰਗ ਸਿੰਘ ਨਾਲ ਲਿਖਤੀ ਵਾਅਦਾ ਕੀਤਾ ਗਿਆ ਸੀ ਕਿ ਸ੍ਰੀ ਬਜਰੰਗ ਸਿੰਘ ਦੇ ਸਾਰੇ ਸਾੜੇ ਵਾਹਨਾ ਨੂੰ ਪੰਜਾਬ ਸਰਕਾਰ ਆਪਣੇ ਖਰਚੇ ਤੇ ਖਰੀਦਕੇ ਦੇਵੇਗੀ ਅਤੇ ਰੂਟ ਪਰਿਵਾਰ ਜਿਹੜੇ ਮੰਗੇਗਾ ਉਸ ਨੂੰ ਬਿਨਾਂ ਸ਼ਰਤ ਦਿੱਤੇ ਜਾਣਗੇ। ਪਰ ਸਰਕਾਰਾ ਬਦਲ ਗਈਆ ਤੇ ਇਹ ਵਾਅਦੇ ਵਾਅਦੇ ਹੀ ਰਹੇ, ਵਫਾ ਨਾਂ ਹੋ ਸਕੇ।
ਕੇਂਦਰ ਸਰਕਾਰ ਨੇ ਦੰਗਿਆ ਦੀ ਜਾਂਚ ਲਈ ਜਦੋ ਸ੍ਰੀ ਰੰਗਾਨਾਥ ਮਿਸ਼ਰਾ ਕਮਿਸ਼ਨ ਦੀ ਸਥਾਪਨਾ ਕੀਤੀ ਤਾਂ ਸ੍ਰੀ ਬਜਰੰਗ ਸਿੰਘ ਨੇ 69 ਸਫਿਆ ਦਾ ਹਲਫਨਾਮਾ 9_9_1985 ਨੂੰ ਦਾਇਰ ਕਰਕੇ ਕਾਤਲਾਂ ਤੇ ਦੋਸ਼ੀਆ ਨੂੰ ਸਜਾ ਦਿਵਾਉਣ ਦਾ ਯਤਨ ਸ਼ੁਰੂ ਕਰ ਦਿਤਾ । ਇਸ ਸਬੰਧੀ ਜਦੋ ਉਹ ਕਮਿਸ਼ਨ ਸਾਹਮਣੇ ਗਵਾਹੀ ਦੇਣ ਜਾ ਰਹੇ ਸਨ ਤਾਂ ਉਨਾਂ ਦੀ ਚਿਟੀ ਫੀਅੇਟ ਕਾਰ ਨੰ: ਐਚ. ਆਰ. ਐਚ 166 ਤੇ ਛੇ ਗੋਲੀਆ ਚਲਾਈਆਂ ਗਈਆ । ਇਕ ਗੋਲੀ ਉਹਨਾਂ ਦੀ ਬਾਂਹ ਤੇ ਵੀ ਲੱਗੀ ਪਰ ਉਹ ਕਮਿਸ਼ਨ ਸਾਹਮਣੇ ਪੇਸ਼ ਹੋਏ, ਕਿਉਂਕਿ ਸ੍ਰੀ ਬਜਰੰਗ ਸਿੰਘ ਜੁਲਮ ਵਿਰੁੱਧ ਪੂਰੀ ਤਰਾਂ ਡਟੇ ਹੋਏ ਸਨ। ਇਸ ਰੋਸ ਵਜੋ ਕੁਝ ਗੁੰਡਾ ਅਨਸਰਾਂ ਨੇ 6_7_1989 ਨੂੰ ਫਿਰ ਉਹਨਾ ਦੇ ਘਰ ਨੂੰ ਅੱਗ ਲਗਾ ਦਿੱਤੀ। ਉਹਨਾ ਦੇ ਬੇਟੇ ਹਿਮਾਸੂੰ ਅਤੇ ਬੇਟੀ ਹਿਮਾਤਕਾਂ ਨੇ ਦੂਸਰੀ ਮੰਜਿਲ ਤੋ ਛਾਲ ਮਾਰਕੇ ਜਾਨ ਬਚਾਈ। ਰਾਜਨੀਤਿਕ ਦੁਖਾਂਤ ਦਾ ਅੰਤ ਇਥੇ ਹੀ ਨਹੀ ਹੋਇਆ ਸਗੋਂ ਉਹਨਾਂ ਦੇ ਘਰ ਨੂੰ ਵੀ ਸਰਕਾਰ ਨੇ ਆਨੇ ਬਹਾਨੇ ਮਸ਼ੀਨਾਂ ਰਾਹੀ ਤੁੜਵਾ ਦਿੱਤਾ। ਇਸਦੇ ਬਾਹਰਲੇ ਹਿੱਸੇ ਤੇ ਕਬਜਾ ਕਰਵਾ ਦਿਤਾ ਗਿਆ। ਜਿਸ ਦੇ ਸਿੱਟੇ ਵਜੋਂ ਬਜਰੰਗ ਸਿੰਘ ਦੇ ਪਿਤਾ ਚੋਧਰੀ ਦਲਜੀਤ ਸਿੰਘ ਇਸ ਦੁੱਖ ਨੂੰ ਨਾ ਸਹਾਰਦੇ ਹਏ ਸਵਰਗਵਾਸ ਹੋ ਗਏ। ਪਰਿਵਾਰਕ ਮੈਬਰਾਂ ਅਨੁਸਾਰ ਸਾਜਿਸਾ ਦਾ ਦੋਰ 1984 ਤੋ ਸ਼ੁਰੂ ਹੋਇਆ ਅਤੇ ਸ੍ਰੀ ਬਜਰੰਗ ਸਿੰਘ ਦੀ ਮੋਤ 14_7_2005 ਤਕ ਸਿਖਰ ਤੇ ਰਿਹਾ। ਇਸ ਸਮੇ ਦੋਰਾਨ ਕਿਰਾਏ ਤੇ ਭੇਜੇ ਹੋਏ ਗੁੰਡੇ ਅਕਸਰ ਹੀ ਉਹਨਾਂ ਨੂੰ ਤੰਗ ਕਰਿਆ ਕਰਦੇ ਸਨ। ਅੱਕ ਕੇ ਸ੍ਰੀਮਤੀ ਚੰਚਲ ਸਿੰਘ ਬੱਚਿਆਂ ਸਮੇਤ ਪੁਰਾਣੇ ਘਰ ਨੂੰ ਛੱਡਕੇ ਦਿੱਲੀ ਦੇ ਉਸ ਕਾਲਜ ਵਿਚ ਚਲੇ ਗਏ ਜਿਥੇ ਉਹ ਨੌਕਰੀ ਕਰਦੇ ਸਨ।
ਹੁਣ ਹਾਲਾਤ ਇਹ ਹੈ ਕਿ ਪਰਿਵਾਰ ਵੱਲ ਪੰਜਾਬ ਐਂਡ ਸਿੰਧ ਬੈਂਕ ਦਾ ਕਰਜਾ ਖੜਾ ਹੈ। ਜਿਸ ਨੂੰ ਲੈ ਕੇ ਉਹਨਾਂ ਨੇ ਮਿੰਨੀ ਬੱਸਾ ਪਾਈਆ ਸਨ। ਵਹੀਕਲਾ ਦਾ ਬਕਾਇਦਾ ਨੈਸ਼ਨਲ ਇਨਸ਼ੋਰੈਂਸ ਕੰਪਨੀ ਵਲੋ ਬੀਮਾ ਕੀਤਾ ਗਿਆ ਸੀ। ਬੈਕ ਲੋਨ ਵਾਪਿਸ ਕਰਨ ਤੇ ਜੋਰ ਦੇ ਰਿਹਾ ਹੈ ਪਰ ਬੀਮਾ ਕੰਪਨੀ ਵਲੋ ਕੀਤੇ ਗਏ ਬੀਮੇ ਦੇ ਰਕਮ ਦੀ ਅਦਾਇਗੀ ਨਹੀ ਕੀਤੀ ਜਾ ਰਹੀ ਹੈ। ਪਰਿਵਾਰ ਇਸ ਦੁੱਚਿਤੀ ਨੂੰ ਲੈ ਕੇ ਅਦਾਲਤ ਵਿਚ ਪਹੁੰਚਿਆ ਹੌਿੲਆ ਹੈ। ਕਰਜੇ ਦੀ ਅਦਾਇਗੀ ਨੂੰ ਲੈ ਕੇ ਭਵਿੱਖ ਵਿਚ ਕੀ ਹੋਵੇਗਾ, ਕੋਈ ਕੁਝ ਨਹੀ ਕਹਿ ਸਕਦਾ।
17 ਜਨਵਰੀ 2010 ਨੂੰ ਸ੍ਰੀ ਬਜਰੰਗ ਸਿੰਘ ਦੇ ਨੌਂਵਾਨ ਇਕਲੌਤੇ ਪੁੱਤਰ ਸ੍ਰੀ ਹਿਮਾਂਸ਼ੂ ਸਿੰਘ ਦੀ ਮੋਤ ਵੀ ਹੋ ਚੁੱਕੀ ਹੈ। ਉਹਨਾਂ ਦੀ ਛੋਟੀ ਬੇਟੀ ਦਾ ਵਿਆਹ ਵੀ ਦਸੰਬਰ 2010 ਵਿਚ ਹੋ ਚੁੱਕਾ ਹੈ। ਪੂਰੇ ਦਸਤਾਵੇਜਾ ਸਮੇਤ ਫਾਇਲ ਉਪ ਮੁੱਖ ਮੰਤਰੀ, ਪੰਜਾਬ ਨੂੰ ਸੋਂਪੀ ਜਾ ਚੁੱਕੀ ਹੈ। ਉਹਨਾਂ ਨੇ ਹਾਂ ਵੀ ਕਹੀ ਪਰ ਅਜੇ ਤਕ ਪਰਿਵਾਰ ਨੂੰ ਕੋਈ ਸਹਾਇਤਾ ਨਹੀ ਮਿਲੀ। ਪਰਿਵਾਰ ਵੀ ਐਨਾ ਅਣਖੀ ਹੈ ਕਿ ਕਿਸੇ ਤੋ ਕੋਈ ਵੀ ਨਿਜੀ ਸਹਾਇਤਾ ਲੈਣ ਤੋ ਬਿਲਕੁਲ ਇਨਕਾਰੀ ਹੈ। ਹਾਂ ਇਹ ਗੱਲ ਵੱਖਰੀ ਹੈ ਕਿ ਸਰਕਾਰ ਜਾਂ ਪੰਜਾਬ ਐਡ ਸਿੰਧ ਬੈਕ ਕਰਜਾ ਮਾਫ ਕਰਦੇ ਹਨ ਤਾਂ ਉਹਨਾਂ ਨੂੰ ਕੋਈ ਇਤਰਾਜ ਨਹੀ ਹੈ।
ਇਥੇ ਸਵਾਲ ਉੱਠਦਾ ਹੈ ਕਿ ਸਰਕਾਰਾ, ਸਿੱਖਾਂ ਅਤੇ ਧਾਰਮਿਕ ਜਥੇਬੰਦੀਆ ਨੇ ਪਰਿਵਾਰ ਲਈ ਕੀ ਕੀਤਾ ਸ਼ਾਇਦ ਕੁਝ ਵੀ ਨਹੀ। ਇਹ ਕੋਈ ਫਿਲਮੀ ਕਹਾਣੀ ਨਹੀ ਜਿਸ ਨੂੰ ਪੜ੍ਹਿਆ, ਦੋ ਦਿਨ ਹਮਦਰਦੀ ਰੱਖੀ ਅਤੇ ਫਿਰ ਆਮ ਕਹਾਣੀਆ ਵਾਂਗ ਭੁਲਾ ਦਿੱਤਾ ਗਿਆ।
ਆਉ ਸੁਹਿਰਤਦਤਾ ਨਾਲ ਇਸ ਬਾਰੇ ਸੋਚੀਏ। ਪੰਜਾਬ ਸਰਕਾਰ, ਸ੍ਰੋਮਣੀ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਜਥੇਬੰਦੀਆਂ ਨੂੰ ਤੁਰੰਤ ਹੀ ਇਸ ਦਿਸ਼ਾ ਵੱਲ ਸਕਾਰ ਆਤਮਕ ਕਦਮ ਚੁੱਕਣੇ ਚਾਹੀਦੇ ਹਨ।
… … … … … ….
ਨੋਟ: ਪਰਿਵਾਰ ਨਾਲ 12 ਅਪ੍ਰੈਲ 2011 ਨੂੰ ਲੁਧਿਆਣਾ ਵਿਖੇ ਮੀਟਿੰਗ ਹੋਈ ਹੈ। ਪਰਿਵਾਰ ਨੇ ਫਿਰ ਦੁਹਰਾਇਆ ਹੈ ਕਿ ਉਹ ਕਰਜਾ ਉਤਾਰਨ ਲਈ ਕਿਸੇ ਤੋ ਨਿਜੀ ਰੂਪ ਵਿਚ ਕੋਈ ਪੈਸਾ ਨਹੀ ਲੈਣਗੇ। ਪਰਿਵਾਰ ਅਤੇ ਸਾਰਿਆ ਦੀ ਸਹਿਮਤੀ ਨਾਲ ਫੈਸਲਾ ਕੀਤਾ ਗਿਆ ਕਿ ਸ੍ਰੀ ਬਜਰੰਗ ਸਿੰਘ ਦੀ ਯਾਦ ਨੂੰ ਬਰਕਰਾਰ ਰੱਖਣ ਲਈ ਉਹਨਾਂ ਦੇ ਪਿੰਡ ਵਿਖੇ ਉਹਨਾਂ ਦੀ ਯਾਦ ਵਿਚ ਕੋਈ ਸਕੂਲ ਜਾਂ ਸੰਸਥਾ ਸਥਾਪਿਤ ਕੀਤੀ ਜਾਵੇਗੀ ਤਾਂ ਜੋ ਦੂਸਰਿਆਂ ਨੂੰ ਵੀ ਚੰਗੇ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਰਹੇ। ਇਸ ਲਈ ਪਰਿਵਾਰ ਆਪਣੀ ਜਮੀਨ ਵੀ ਦੇਣ ਲਈ ਤਿਆਰ ਹੈ। ਇਸ ਲਈ ਮੋਕੇ ਤੇ ਹੀ ਸ੍ਰੀ ਬਜਰੰਗ ਸਿੰਘ ਯਾਦਗਾਰੀ ਫਾਊਡੇਸ਼ਨ (ਕਾਰਜਕਾਰੀ) ਦੀ ਸਥਾਪਨਾ ਕੀਤੀ ਗਈ। ਸਾਰਿਆ ਨੇ ਸਰਬ ਸੰਮਤੀ ਨਾਲ ਇਹ ਫੈਸਲਾ ਕੀਤਾ ਕਿ ਇਕ ਮਹੀਨਾ ਸ੍ਰੀ ਬਜਰੰਗ ਸਿੰਘ ਦੀ ਕੁਰਬਾਨੀ ਬਾਰੇ ਪ੍ਰਚਾਰ ਕੀਤਾ ਜਾਵੇ ਤਾਂ ਜੋ ਵੱਧ ਤੋ ਵੱਧ ਵਿਅਕਤੀਆ ਨੂੰ ਇਸ ਕਾਰਜ ਨਾਲ ਜੋੜਿਆ ਜਾ ਸਕੇ। ਕ੍ਰਿਪਾ ਕਰਕੇ ਇਹ ਵੀ ਦੱਸਿਆ ਜਾਵੇ ਕਿ ਆਪਾਂ ਇਹ ਕੰਮ ਕਰਨ ਦੇ ਸਮਰੱਥ ਵੀ ਹਾਂ ਜਾਂ ਨਹੀ। ਕਿਤੇ ਅਜਿਹਾ ਨਾ ਹੋਵੇ ਕਿ ਜਜਬਾਤ ਵਿਚ ਆ ਕੇ ਕੰਮ ਸ਼ੁਰੂ ਕਰ ਦਿੱਤਾ ਜਾਵੇ ਤੇ ਬਾਅਦ ਵਿਚ ਇਸ ਨੂੰ ਪੂਰਾ ਨਾ ਕਰ ਸਕੀਏ। ਕੋਈ ਵੀ ਵਿਅਕਤੀ ਜੋ ਇਸ ਨੇਕ ਕੰਮ ਲਈ ਲੋੜੀਦਾ ਸਮਾਂ ਜਾਂ ਕਿਸੇ ਪ੍ਰਕਾਰ ਦੀ ਵੀ ਸਹਾਇਤਾ ਕਰ ਸਕਦਾ ਹੈ ਉਹ ਆਪਣੇ ਵਿਚਾਰ ਦੇ ਸਕਦਾ ਹੈ। ਫਾਊਡੇਸ਼ਨ ਵਿਚ ਲਗਭਗ ਸਾਰੇ ਇਲਾਕਿਆ ਤੋ ਵਿਅਕਤੀਆਂ ਨੂੰ ਸ਼ਾਮਿਲ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਬੱਸ ਸ਼ਰਤ ਇਹ ਹੈ ਕਿ ਵਿਅਕਤੀ ਇਮਾਨਦਾਰ ਅਤੇ ਚੰਗੇ ਕਿਰਦਾਰ ਵਾਲਾ ਹੋਣਾ ਚਾਹੀਦਾ ਹੈ। ਆਪ ਸਭ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਵਿਚਾਰ ਈਮੇਲ ਰਾਹੀ ਜਾਂ ਫੋਨ ਰਾਹੀ ਤੁਰੰਤ ਦਿੱਤੇ ਜਾਣ ਤਾਂ ਜੋ ਅਗਲੀ ਮੀਟਿੰਗ ਵਿਚ ਠੋਸ ਫੈਸਲਾ ਲਿਆ ਜਾ ਸਕੇ। ਅਗਲੀ ਮੀਟਿੰਗ 15 ਮਈ ਤੋ ਬਾਅਦ ਕਿਸੇ ਦਿਨ ਰੱਖੀ ਜਾਵੇਗੀ। ਆਪ ਸਭ ਨੂੰ ਇਸ ਵਿਚ ਸ਼ਾਮਿਲ ਹੋਣ ਦਾ ਖੁੱਲਾ ਸੱਦਾ ਦਿੱਤਾ ਜਾਂਦਾ ਹੈ।
ਫੋਨ ਨੰ: ਸੁਖਬੀਰ ਫਰੀਦਕੋਟ , 098144_98298, , ਡਾ: ਪਰਮਜੀਤ ਸਿੰਘ (ਜਗਰਾਉ) 9814956247, ਧਰਮਿੰਦਰ ਸਿੰਘ (ਜਲੰਧਰ) 9815781009, ਗੁਰਪ੍ਰੀਤ ਸਿੰਘ ਚਾਵਲਾ (ਲੁਧਿਆਣਾ ) 9815480448, ਸੁਰਿੰਦਰ ਸਿੰਘ ਬੜਿੰਗ (ਕਨੇਡਾ) 001_250758_6179, ਨਰਿੰਦਰਪਾਲ ਸਿੰਘ (ਦਿੱਲੀ) 09136111244, ਸੁਖਜੀਤ ਅਲਕੜਾ (ਲੁਧਿਆਣਾ) 9915596133, ਗਿਆਨੀ ਗੁਰਨੈਬ ਸਿੰਘ ( ਜਗਰਾਉ) 9779898934, ਦਲਜੀਤ ਸਿੰਘ 98155 70819, ਹਰਮੇਸ਼ ਸਿੰਘ (ਨਵਾਂ ਸ਼ਹਿਰ) 9872561789, ਜਸਵੰਤ ਸਿੰਘ ਕੁੱਲ ( ਦੀਪ ਸਿੰਘ ਵਾਲਾ ) 9463856475, ਸੁਖਮੰਦਰ ਸਿੰਘ ਸੰਧੂ 9872623053 ਸੁਦੇਸ਼ ਕਮਲ ਸ਼ਰਮਾ ( ਫਰੀਦਕੋਟ) 9501600748,


(07/05/11)
ਸੰਦੀਪ ਸਿੰਘ

ਖਾਲੜਾ ੭ ਮਈ (ਸੰਦੀਪ ਸਿੰਘ) ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੀ ਯਾਦ ਚ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਗੁਰਮਤਿ ਪ੍ਰਚਾਰ ਕੇਂਦਰ ਡੱਲ ਵੱਲੋਂ ਚਾਰ ਰੋਜਾ ਗੁਰਮਤਿ ਟ੍ਰੇਨਿੰਗ ਕੈਂਪ ਰੋਜ ਗਾਰਡਨ ਪਬਲਿਕ ਸਕੂਲ ਖਾਲੜਾ ਵਿਖੇ ਲਗਾਇਆ ਗਿਆ ਜਿਸ ਵਿੱਚ ੨੨੫ ਬੱਚਿਆਂ ਨੇ ਭਾਗ ਲਿਆ ਜਿਹਨਾਂ ਦੇ ਵੱਖ-ਵੱਖ ੮ ਗਰੁੱਪ ਬਣਾ ਕੇ ਪ੍ਰੋਫੈਸਰ ਨਛੱਤਰ ਸਿੰਘ ਜੀ ਦੀ ਅਗਵਾਈ ਹੇਠ ਪਹੁੰਚੇ ਮਿਸ਼ਨਰੀ ਸਟਾਫ ਨੇ ਗੁਰਬਾਣੀ, ਇਤਿਹਾਸ, ਰਹਿਤ ਮਰਯਾਦਾ ਦੀ ਜਾਣਕਾਰੀ ਦਿਤੀ ਇਸ ਦੌਰਾਨ ਪ੍ਰਚਾਰਕਾਂ ਨੇ ਗੁਰਦੁਆਰਾ ਪਹਿਲੀ ਪਾਤਸ਼ਾਹੀ ਵਿਖੇ ਰੋਜਾਨਾਂ ਸ਼ਾਮ ਨੂੰ ਭਾਈ ਤਾਰੂ ਸਿੰਘ ਜੀ ਪੂਹਲਾ, ਤਾਰਾ ਸਿੰਘ ਜੀ ਵਾਂ, ਸੁੰਦਰੀ, ਕਬਿ ਗਲਿ ਲਾਵਹਿਗੇ ਆਦਿ ਧਾਰਮਿਕ ਫਿਲਮਾਂ ਪ੍ਰੋਜੈਕਟਰ ਰਾਹੀਂ ਦਿਖਾਈਆਂ ਗਈਆਂ ਇਸ ਦੇ ਨਾਲ ਹੀ ਸਵੇਰੇ ਸ਼ਾਮ ਕਥਾ ਕੀਰਤਨ ਸਮਾਗਮ ਦੀ ਲੜੀ ਚੱਲੀ, ਅਖੀਰਲੇ ਦਿਨ ਅੰਮ੍ਰਿਤ ਵੇਲੇ ਗੁਰੂ ਘਰ ਵਿਖੇ ਹਫਤਾਵਾਰੀ ਕਲਾਸਾਂ ਚ ਆਉਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ, ਇਸ ਦੇ ਨਾਲ ਹੀ ਕੈਂਪ ਦੌਰਾਨ ਲਈ ਗਈ ਪ੍ਰੀਖਿਆ ਚੋਂ ਪਹਿਲੇ, ਦੂਜੇ, ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਸਨਮਾਨ ਚਿੰਨ ਦਿਤੇ ਗਏ ਤੇ ਬਾਕੀ ਭਾਗ ਲੈਣ ਵਾਲੇ ਬੱਚਿਆਂ ਨੂੰ ਵੀ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ, ਇਸ ਸਮੇਂ ਖਾਲੜਾ ਮਿਸ਼ਨ ਕਮੇਟੀ ਦੇ ਮੁੱਖ ਬੁਲਾਰੇ ਸਤਨਾਮ ਸਿੰਘ ਅਮੀਸ਼ਾਹ ਨੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੌਂ ਕੀਤੇ ਜਾ ਉਪਰਾਲੇ ਦੀ ਸ਼ਲਾਘਾ ਕੀਤੀ ਇਸ ਮੌਕੇ ਸਕੂਲ ਦੇ ਐਮ ਡੀ ਕਾਬਲ ਸਿੰਘ, ਮੈਨੇਜਰ ਗੁਰਜੀਤ ਸਿੰਘ, ਮੈਡਮ ਜਤਿੰਦਰ ਕੌਰ, ਸਰਪੰਚ ਮੇਜਰ ਸਿੰਘ, ਸਤਨਾਮ ਸਿੰਘ ਅਮੀਸ਼ਾਹ, ਕਰਨੈਲ ਸਿੰਘ ਫੌਜੀ, ਪ੍ਰਚਾਰਕ ਗੁਰਸ਼ਰਨ ਸਿੰਘ ਡੱਲ, ਪ੍ਰਚਾਰਕ ਸੰਦੀਪ ਸਿੰਘ ਖਾਲੜਾ, ਨਿਰਮਲ ਸਿੰਘ, ਗ੍ਰੰਥੀ ਜਗਜੀਤ ਸਿੰਘ ਆਦਿ ਹਾਜਿਰ ਸਨ। ਸੰਪਰਕ ੯੮੫੫੩੪੧੬੧੬


(06/05/11)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਵੀਰ ਸਰਬਜੀਤ ਸਿੰਘ ਜੀਉ,

ਸਤਿ ਸ਼੍ਰੀ ਅਕਾਲ!

ਆਪ ਜੀ ਨੇ ਆਪਣੇ ਪੱਤਰ (05.05.2011) ਵਿੱਚ ਦੋ ਸਵਾਲ ਪੁੱਛੇ ਹਨ ਜੋ ਕਿ ਇਸ ਪ੍ਰਕਾਰ ਹਨ:-

(1) ਕੀ ਅੱਜ ਵਾਲਾ ਅਕਾਲ ਤਖਤ ਸਾਹਿਬ ਗੁਰੂ ਜੀ ਨੇ ਉਸਾਰਿਆ ਸੀ ਜਾਂ ਨਹੀ?

(2) ਥੜੇ ਤੋਂ ਅਕਾਲ ਤਖਤ ਸਾਹਿਬ, ਇਸ ਤੋਂ ਵੀ ਅੱਗੇ ਸਕੱਤਰਰੇਤ ਤੱਕ ਦਾ ਸਫਰ ਕਿਵੇਂ ਤਹਿ ਕੀਤਾ ਗਿਆ ਹੈ?”

ਆਪ ਜੀ ਸਪਸ਼ਟਤਾ ਨਾਲ ਸਵਾਲ ਪੁੱਛਦੇ ਹੋ ਅਤੇ ਅਹਿਮ ਵਿਚਾਰਾਂ ਵੀ ਕਰਦੇ ਹੋ। ਆਪ ਜੀ ਦੇ ਸਵਾਲ ਅਹਿਮ ਹਨ। ਸਮਾਂ ਮਿਲਿਆ ਹੈ ਅਤੇ ਦਾਸ ਆਪਣੇ ਵਿਚਾਰ ਆਪ ਜੀ ਨਾਲ ਸਾਂਝੇ ਕਰਨ ਦਾ ਯਤਨ ਕਰੇਗਾ।

ਵੀਰ ਜੀ ਆਪ ਜੀ ਦੇ ਪਹਿਲੇ ਸਵਾਲ ਦੇ ਨਾਲ ਅੱਗੇ ਵੱਧਣ ਤੋਂ ਪਹਿਲਾਂ ਇਹ ਕਹਿਣਾ ਚਾਹੁੰਦਾ ਹਾਂ ਕਿ ਆਪ ਜੀ ਦਾ ਪਹਿਲਾ ਸਵਾਲ ਕੋਈ ਮੁੱਦਾ ਨਹੀਂ ਬਲਕਿ ਇੱਕ ਸਵਾਲ ਹੈ। ਸਵਾਲਾਂ ਅਤੇ ਮੁੱਦਿਆਂ ਵਿੱਚ ਫ਼ਰਕ ਹੁੰਦਾ ਹੈ! ਖ਼ੈਰ, ਅੱਜ ਵਾਲਾ ਅਕਾਲ ਤਖਤ (ਭਵਨ ਵਜੋਂ) ਉਹ ‘ਸਟ੍ਰੱਕਚਰ` ਨਹੀਂ ਜੋ 1984 ਤੋਂ ਪਹਿਲਾਂ ਸੀ ਕਿਉਂਕਿ ਇਸ ਸਮੇਂ ਦੋਰਾਨ ਹਾਲਾਤਾਂ ਕਾਰਨ ਕਮੋਬੇਸ਼ ਇਸਦੀ ਦੋ ਵਾਰ ਉਸਾਰੀ ਹੋਈ ਅਤੇ ਨਾਲ ਹੀ 1984 ਤੋਂ ਪਹਿਲਾਂ ਦਾ ਸਟ੍ਰੱਕਚਰ ਹੂ-ਬਾ-ਹੂ ਉਹ ਸਟ੍ਰੱਕਚਰ ਨਹੀਂ ਸੀ ਜੋ ਕਿ ਗੁਰੂ ਹਰਗੋਬਿੰਦ ਜੀ ਵੇਲੇ ਸੀ। ਗੁਰੂ ਸਾਹਿਬ ਵੇਲੇ ਅਤੇ ਬਾਦ ਵਿੱਚ ਉਸਾਰੀ ਵਿੱਚ ਬਦਲਾਵ ਆਉਂਦੇ ਰਹੇ ਸੀ।

ਜਿੱਥੋ ਤਕ ਗੁਰੂ ਹਰਗੋਬਿਂਦ ਜੀ ਦਾ ਸਬੰਧ ਹੈ ਤਾਂ ਉਨ੍ਹਾਂ ਆਰੰਭ ਵਿੱਚ ‘ਥੜੇ` ਦੀ ਉਸਾਰੀ ਕਦਾਚਿੱਤ ਨਹੀਂ ਸੀ ਕੀਤੀ ਬਲਕਿ ‘ਥੜਾਨੁਮਾਂ ਤਖਤ` ਦੀ ਉਸਾਰੀ ਕੀਤੀ ਸੀ। ਤਖਤ ਥੜਾਨੁਮਾਂ, ਬੈਂਚਨੁਮਾਂ ਜਾਂ ਕੁਰਸੀਨੁਮਾਂ ਵੀ ਹੋ ਸਕਦਾ ਹੈ ਅਤੇ ਭਵਨਨੁਮਾਂ ਵੀ। ਕਿਸੇ ਥੜੇ, ਬੈਂਚ ਜਾਂ ਕੁਰਸੀ ਨੂੰ, ‘ਤਖਤ ਦਾ ਫ਼ਲਸਫ਼ਾ` ਹੀ ਤਖਤ ਦੇ ਰੂਪ ਵਿੱਚ ਸਥਾਪਤ ਕਰਦਾ ਹੈ। ਤਖਤ ਦਾ ਵਿਚਾਰ (concept) ਬੈਠਣ ਦੀ ਥਾਂ ਮਾਤਰ ਨਹੀਂ ਹੁੰਦਾ। ਧਿਆਨ ਵਿੱਚ ਰੱਖਣ ਵਾਲੀ ਗੱਲ ਹੈ ਕਿ ਉਸਾਰੀ ਹਮੇਸ਼ਾ ਘੱਟ ਤੋਂ ਵੱਧ ਵੱਲ ਤੁਰਨ ਕਾਰਨ ਹੀ ਉਸਾਰੀ ਅਖਵਾਉਂਦੀ ਹੈ। ਤਖਤ ਦੀ ਥਾਂ ਹੀ ਹੋਰ ਉਸਾਰੀ ਨਾ ਕਰਨ ਦੀ ਕੋਈ ਰੋਕ ਤਾਂ ਨਹੀਂ ਸੀ। ਜਾਹਰ ਹੈ ਸਮਾਂ ਲੱਗਣਾ ਹੀ ਸੀ।

ਖੈਰ ਕਾੰਸੇਪਟ ਨੂੰ ਸਮਝਣ ਲਈ ਮਿਸਾਲ ਦੇ ਤੋਰ ਤੇ ਰਾਜਸੀ ਤਖਤ ਦਾ ਉਧਾਹਰਣ ਵਿਚਾਰੀਏ! ਕੁਰਸੀਆਂ ਤਾਂ ਆਪ ਜੀ ਦੇ ਅਤੇ ਮੇਰੇ ਘਰ ਵੀ ਹਨ! ਪਰ ਮੇਰੇ ਘਰ ਪਈ ਕੁਰਸੀ ਪ੍ਰਧਾਨਮੰਤ੍ਰੀ ਦੀ ਕੁਰਸੀ ਕਿਉਂ ਨਹੀਂ? ਨਿਰਸੰਦੇਹ ਕੁਰਸੀ ਦੇ ਪਿੱਛੇ ਕੋਈ ਗੱਲ ਹੈ ਜੋ ਕਿ ਮੇਰੇ/ਆਪ ਜੀ ਦੇ ਘਰ ਪਈ ਕੁਰਸੀ ਨੂੰ ਪ੍ਰਧਾਨਮੰਤ੍ਰੀ ਦੀ ਕੁਰਸੀ ਨਾਲੋਂ ਵੱਖ ਕਰਦੀ ਹੈ। ਇਸ ਕਰਕੇ ਜਿਹੜੀ ‘ਗੱਲ` ਸਾਡੀਆਂ ਕੁਰਸੀਆਂ ਨੂੰ ਕਿਸੇ ‘ਤਖਤ` ਨਾਲੋਂ ਵੱਖ ਕਰਦੀ ਹੈ, ਉਹ ‘ਗੱਲ` ਹੀ ਵਾਸਤਵ ਵਿੱਚ ਕੁਰਸੀ ਨੂੰ ਕਿਸੇ ਤਖਤ ਦੇ ਰੂਪ ਵਿੱਚ ਸਥਾਪਤ ਕਰਦੀ ਹੈ, ਨਾ ਕਿ ਕੁਰਸੀ ਦੀ ਬਣਤਰ! ਕੁਰਸੀ/ਥੜੇ/ਭਵਨ ਦੀ ਬਣਤਰ ਬਦਲਣ ਨਾਲ ਤਖਤ ਦਾ ਕਾੰਨਸੇਪਟ ਨਹੀਂ ਬਦਲਦਾ। ਇਹ ਗੱਲ ਸਭ ਤੋਂ ਵੱਧ ਧਿਆਨ ਦੇਂਣ ਯੋਗ ਹੈ। ਇਹ ਸਟ੍ਰੱਕਚਰ ਤੋਂ ਵੱਖਰੀ ਮਹੱਤਵਪੁਰਨ ਗੱਲ ਹੈ। ‘ਤਖਤ` ਸਬਦ ਦੀ ਵਰਤੋਂ ਇਸ ਦੇ ਸਮੁੱਚੇ ਕਾੰਨਸੇਪਟ (Concept) ਦੇ ਪਰਿਪੇਖ, ਵਿੱਚ ਕਈ ਵਾਰ, ਇੱਕ ਭਨਵ ਨੂੰ ਹੀ ਨਹੀਂ, ਬਲਕਿ ਪੁਰੇ ਮੁਲਕ ਨੂੰ ਤਖਤ ਵਿੱਚ ਬਦਲ ਦਿੰਦੀ ਹੈ।

ਮਿਸਾਲ ਦੇ ਤੋਰ ਤੇ, ਅਕਸਰ ਇਹ ਕਿਹਾ/ਲਿਖਿਆ/ਮੰਨਿਆਂ ਜਾਂਦਾ ਹੈ ਕਿ ਸ਼ਾਹਜਹਾਨ ਦੇ ਬਾਦ ਔਰੰਗਜ਼ੇਬ ਲਾਲ ਕਿਲੇ ਦੇ ਤਖਤ ਤੇ ਬੈਠੀਆ ਸੀ ਪਰ ਨਾਲ ਹੀ ਤਖਤ ਦੇ ਸਮੁੱਚੇ ਪਰਿਪੇਖ ਨੂੰ ਧਿਆਨ ਵਿੱਚ ਰੱਖਦੇ ਇਹ ਵੀ ਕਿਹਾ/ਲਿਖਿਆ/ਮਨਿੰਆਂ ਜਾਂਦਾ ਹੈ ਕਿ ਸ਼ਾਹਜਹਾਨ ਉਪਰੰਤ ਔਰੰਗਜ਼ੇਬ ਦਿੱਲੀ ਦੇ ਤਖਤ/ ਭਾਰਤ ਦੇ ਤਖਤ ਤੇ ਬੈਠੀਆ ਸੀ। ਇਸ ਤਰਾਂ ‘ਤਖਤ` ਆਪਣੇ ਪ੍ਰਤੀਕਾਤਮਕ ਰੂਪ (ਥੜੇ/ਕੁਰਸੀ/ਬੈਂਚ/ਕਮਰੇ) ਤੋਂ ਹੁੰਦਾ ਇੱਕ ਕਿਲੇ/ਭਵਨ, ਇੱਕ ਸ਼ਹਿਰ ਤੋਂ ਲੇਕੇ ਪੁਰੇ ਮੁਲਕ ਨੂੰ ਆਪਣੇ ਪਰਿਪੇਖ ਵਿੱਚ ਸਮੇਟ ਲੇਂਦਾ ਹੈ।

ਹੁਣ ਗੱਲ ਆਉਂਦੀ ਹੈ ਅਕਾਲ ਤਖਤ ਦੇ ਸਟ੍ਰੱਕਚਰ ਵਿੱਚ ਆਏ ਬਦਲਾਵ ਦੀ। ਗੁਰੂ ਹਰਗੋਬਿਂਦ ਜੀ ਨੇ ਗੁਰਮਤਿ ਸਿਧਾਂਤ ਨੂੰ ਦ੍ਰਿੜ ਕਰਵਾਉਂਣ ਲਈ ਅਕਾਲ ਤਖਤ ਦੀ ਸਥਾਪਨਾ ਕੀਤੀ ਅਤੇ ਲਗਬਗ ਤਿੰਨ ਦਹਾਕਿਆਂ ਦੇ ਆਸਪਾਸ ਉਸ ਥਾਂ ਦੀ ਵਰਤੋਂ ਕੀਤੀ। ਦਿਨ ਰਾਤ ਉਸ ਥਾਂ ਦਾ ਇਸਤੇਮਾਲ ਵੀ ਕੀਤਾ ਅਤੇ ਇਸੇ ਸਮੇਂ ਦੋਰਾਨ ਉੱਥੇ ਬੁੰਗਾ ਵੀ ਉਸਾਰ ਲਿਆ ਅਤੇ ਆਪ ਉਸ ਬੁੰਗੇ ਵਿੱਚ ਰਹਿੰਦੇ ਐਸੀਆਂ ਪੰਥਕ ਗਤਵਿਧੀਆਂ ਚਲਾਉਂਦੇ ਰਹੇ। ਸੂਰੂਆਤੀ ਦਿਨਾਂ ਵਿੱਚ ਤਖਤ ਦੀ ਉਸਾਰੀ ਹੋਈ ਤਾਂ ਅਕਾਲ ਤਖਤ ਸ਼ਬਦ ਜੋੜ ਦੀ ਵਰਤੋਂ ਹੀ ਮੂਲ ਵਰਤੋਂ ਸੀ। ਬੁੰਗਾ ਉਸਾਰ ਲਿਆ ਗਿਆ ਤਾਂ ਅਕਾਲ ਬੁੰਗਾ ਸਬਦ ਜੋੜ ਵੀ ਪ੍ਰਚਲਤ ਹੋਈਆ ਪਰ ਮੂਲ ਨਾਮ ਅਕਾਲ ਤਖਤ ਹੀ ਰਿਹਾ। ਤਖਤ ਜੇ ਕਰ ਵਿਚਾਰ ਕੇ ਉਸਾਰਿਆ ਗਿਆ ਸੀ ਤਾਂ ਸਪਸ਼ਟ ਹੈ ਕਿ ‘ਵਿਚਾਰ` ਅਲੋਪ ਨਹੀਂ ਕਿਹਾ ਜਾ ਸਕਦਾ।

ਆਪ ਜੀ ਅਗਰ ਅੱਜ ਲਾਲ ਕਿਲੇ ਨੂੰ ਵੇਖਣ ਜਾਉ ਤਾਂ ਉਹ ਸਥਾਨ ਬਾਦਸ਼ਹਾਂ ਦਾ ਤਖਤ ਹੋਂਣ ਦੇ ਨਾਲ ਨਾਲ ਉਨਾਂ ਦੀ ਹਿਹਾੲਸ਼ਗਾਹ ਵੀ ਸਾਬਤ ਹੁੰਦਾ ਹੈ। ਇਸ ਲਈ ਉਸ ਸਥਾਨ ਲਈ ਦਿੱਲੀ ਦਾ ਤਖਤ, ਭਾਰਤ ਦਾ ਤਖਤ, ਬਾਦਸ਼ਾਹ ਦਾ ਤਖਤ, ਬਾਦਸ਼ਾਹ ਦਾ ਕਿਲਾ, ਲਾਲ ਕਿਲਾ, ਬਾਦਸ਼ਾਹ ਦੀ ਰਿਹਾਇਸ਼ਗਾਹ/ਮਹਲ ਕਰਕੇ ਵੀ ਜਾਣਿਆ ਜਾਂਦਾ ਹੈ। ਉਸਾਰੀ ਨਜ਼ਰੋਂ ਉਹ ਕਿਲਾ ਵੀ ਮੋਜੂਦਾ ਸਵਰੂਪ ਵਿੱਚ ਠੀਕ ਉਂਝ ਨਹੀਂ ਹੈ ਜਿਵੇਂ ਕਿ ਉਸ ਨੂੰ ਸ਼ਾਹਜਹਾਨ ਨੇ ਬਨਵਾਇਆ ਸੀ। ਕਿਉਂਕਿ ਕਾਲਾਂਤਰ ਉਸ ਦੇ ਅੰਦਰ ਔਰੰਗਜ਼ੇਬ ਤਕ ਨੇ ਬਦਲਾਵ ਕੀਤੇ ਸਨ।

ਇੱਕ ਹੋਰ ਮਿਸਾਲ ਵਿਚਾਰਣ ਵਾਲੀ ਹੈ! ਸਾਰੀ ਦੁਨਿਆਂ ਜਾਣਦੀ ਹੈ ਕਿ ਕੁਤਬੂਦੀਨ ਐਬਕ ਨੇ ਦਿੱਲੀ ਫ਼ਤਿਹ ਕਰਨ ਬਾਦ ਫ਼ਤਿਹ ਦੇ ਪ੍ਰਤੀਕ/ਯਾਦਗਾਰ ਵਜੋਂ ਕੁਤਬ ਮੀਨਾਰ ਬਣਾਈ ਸੀ। ਉਸੀ ਨੂੰ ਉਸ ਮੀਨਾਰ ਦਾ ਕਰਤਾ ਮਨਿੰਆਂ ਜਾਂਦਾ ਹੈ।

ਕੁਤਬੂਦੀਨ ਐਬਕ ਨੇ ਕੁਤਬ ਮੀਨਾਰ ਦੀ ਕੇਵਲ ਇੱਕ ਮੰਜਲ ਬਣਵਾਈ ਸੀ ਜਿਸ ਨੂੰ ਬਾਦ ਵਿੱਚ ਸੁਲਤਾਨ ਇਲਤੁਤਮਿਸ਼ ਨੇ ਹੋਰ ਤਿੰਨ ਮੰਜ਼ਲਾ ਉਸਾਰੀ ਰਾਹੀਂ ਪੁਰਾ ਕੀਤਾ। ਸਨ 1336 ਅਤੇ ਸਨ 1368 ਵਿੱਚ (ਮੁਹੰਮਦ ਤੁਗਲਕ ਅਤੇ ਫ਼ਿਰੋਜ਼ ਤੁਗਲਕ ਦੇ ਕਾਲ ਦੋਰਾਨ) ਆਸਮਾਨੀ ਬਿਜਲੀ ਕਾਰਨ ਇਹ ਦੋ ਵਾਰ ੳਤੋਂ ਡਿੱਗੀ ਪਈ ਸੀ ਜਿਸ ਨੂੰ ਇਨ੍ਹਾ ਸੁਲਤਾਨਾਂ ਨੇ ਮੁੜ ਉਸਾਰਿਆ ਸੀ। ਬਾਦ ਵਿੱਚ ਸਿਕੰਦਰ ਲੋਧੀ (1489-1517) ਨੇ ਵੀ ਇਸ ਦੀ ਆਖਰੀ ਮੰਜਲਾਂ ਦਾ ਹੋਰ ਕੰਮ ਕਰਵਾਈਆ ਸੀ ਅਤੇ ਕਈ ਬਦਲਾਵ ਕੀਤੇ ਸੀ।

ਫ਼ਿਰ ਕਾਲਾਂਤਰ ਭੁਚਾਲ ਕਾਰਨ ਇਸ ਦੀ ਉਪਰਲੀ ਮੰਜਲ ਨੂੰ ਵੱਡਾ ਨੁਕਸਾਨ ਪੁਹੁੰਚਿਆ ਜਿਸ ਕਾਰਨ ਅੰਗ੍ਰਜ਼ ਅਫ਼ਸਰ ਮੇਜਰ ਸਮਿਥ ਨੇ ਇਸਦਾ ਗੁਬੰਧ ਬਦਲਵਾਈਆ ਸੀ ਜਿਸ ਨੂੰ ਇੱਕ ਵਾਰ ਫ਼ਿਰ, ਢੁੱਕਵਾਂ ਨਾ ਲਗਣ ਕਾਰਨ ਇੱਕ ਹੋਰ ਅੰਗ੍ਰਜ਼ ਵਾਯਸਰਾਏ ਨੇ 1848 ਵਿੱਚ ਢਾਹ ਕੇ ਬਦਲਵਾ ਦਿੱਤਾ ਸੀ।

ਹੁਣ ਵਿਚਾਰਣ ਤੇ ਪਤਾ ਚਲਦਾ ਹੈ ਕਿ ਕੁਤਬ ਮੀਨਾਰ ਨੇ ਉਸਾਰੀ ਵਜੋਂ ਕਈ ਵੱਡੇ ਬਦਲਾਵ ਪ੍ਰਾਪਤ ਕੀਤੇ ਹਨ। ਅੱਜ ਉਹ ਮੀਨਾਰ ਠੀਕ ਉਂਝ ਨਹੀਂ ਹੈ ਜਿਵੇਂ ਕਿ ਉਹ ਆਪਣੇ ਅਸਲ ਕਰਤਾ ਕੁਤਬੂਦੀਨ ਐਬਕ ਵੇਲੇ ਸੀ। ਪਰ ਇਸਦਾ ਅਰਥ ਕਦਾਚਿੱਤ ਇਹ ਨਹੀਂ ਮੰਨਿਆਂ ਜਾਂਦਾ ਕਿ ਕੁਤਬ ਮੀਨਾਰ ਉਸਾਰਣ ਵਾਲਾ ਮੂਲ ਬੰਦਾ ਕੁਤਬੂਦੀਨ ਐਬਕ ਨਹੀਂ ਸੀ। ਐਸੀਆਂ ਕਈ ਮਿਸਾਲਾਂ ਹਨ।

ਇੱਥੋਂ ਤਕ ਕੀ ਦਰਬਾਰ ਸਾਹਿਬ ਵੀ ਅੱਜ ਠੀਕ ਉਂਝ ਨਹੀਂ ਹੈ ਜਿਵੇਂ ਕਿ ਗੁਰੂ ਨੇ ਉਸ ਨੂੰ ਉਸਾਰਿਆ ਸੀ। ਕਾਲਾਂਤਰ ਇਸ ਵਿੱਚ ਬਦਲਾਵ ਆਏ। ਸੋਨੇ ਦਾ ਅਤੇ ਸੰਗ-ਏ-ਮਰਮਰ ਰਾਹੀਂ ‘ਪਿਤਰੋਦਉਰਾ` (ਸੰਗਮਰਮਰ ਵਿੱਚ ਬੇਲ ਬੁਟਿਆਂ ਦਾ ਕੰਮ) ਦਾ ਕੰਮ ਹੋਈਆ ਸੀ। ਭਵਨ ਉਸਾਰੀ ਵਿੱਚ ਕਾਲਾਂਤਰ ‘ਬਦਲਾਵ`, ਉਸਾਰੀ ਦੇ ਮੂਲ ਕਰਤਾ ਦੇ ‘ਹੱਕ` ਨੂੰ ਨਹੀਂ ਖੋਹ ਸਕਦੇ। ਮੂਲ ਕਰਤਾ ਹਮੇਸ਼ਾ ਮੂਲ ਕਰਤਾ ਬਣਿਆ ਹੀ ਰਹਿੰਦਾ ਹੈ। ਭਾਰੀ ਬਦਲਾਵਾਂ ਦੇ ਬਾ-ਵਜੂਦ ਉਸਾਰੀ ਨੂੰ ਉਸ ਦੇ ਮੂਲ ਕਰਤਾ ਨਾਲ ਜੋੜ ਕੇ ਹੀ ਜਾਣਿਆਂ ਜਾਦਾਂ ਹੈ।

ਅਕਾਲ ਤਖਤ ਦੇ ਇਤਹਾਸ ਨੂੰ ਸ਼੍ਰੰਖਲਾਬੱਧ ਤੋਰ ਤੇ ਵੇਖਣ ਨਾਲ ਨਿਰਵਿਵਾਦ ਤੋਰ ਤੇ ਸਪਸ਼ਟ ਪਤਾ ਚਲਦਾ ਹੈ ਕਿ ਉਸ ਤਖਤ ਦੇ ਮੂਲ ਕਰਤਾ ਗੁਰੂ ਹਰਗੋਬਿੰਦ ਜੀ ਹੀ ਸਨ! ਅਕਾਲ ਤਖਤ ਦਾ ਇਤਹਾਸ ‘ਕੱਟ ਪੀਸ` ਥਿਯੂਰੀ ਰਾਹੀਂ ਨਹੀਂ ਸਮਝਿਆ ਜਾ ਸਕਦਾ ਅਤੇ ਨਾ ਹੀ ਇਸ ਥਿਯੂਰੀ ਨਾਲ ਇਸ ਨੂੰ ੬ਵੇ ਗੁਰੂ ਜੀ ਤੋਂ ਅਲਗ ਕੀਤਾ ਜਾ ਸਕਦਾ ਹੈ। ਸਟ੍ਰੱਕਚਰਲ (Structural) ਬਦਲਾਵ ਦਾ ਤਰਕ, ਅਕਾਲ ਤਖਤ ਦੀ ਉਸਾਰੀ ਪਿੱਛੇ ਗੁਰੂ ਦੀ ਸਿੱਖਿਆ/ਮੰਸ਼ਾ/ਮਕਸਦ ਦੀ ਕਾਟ ਨਹੀਂ ਬਣ ਸਕਦਾ! ਗੁਰੂ ਸੋਚ-ਵਿਚਾਰ ਨਾਲ ਕੰਮ ਕਰਦੇ ਸੀ। ਤਖਤ ਜੇ ਕਰ ਵਿਚਾਰ ਕੇ ਉਸਾਰਿਆ ਗਿਆ ਸੀ ਤਾਂ ਸਪਸ਼ਟ ਹੈ ਕਿ ਵਿਚਾਰ ਅਲੋਪ ਨਹੀਂ ਕਿਹਾ ਜਾ ਸਕਦਾ। ਇਸ ਵਿੱਚ ਸਟ੍ਰਕਚਰਲ ਬਦਲਾਉ ਮਾਈਨਾ ਨਹੀਂ ਰੱਖਦੇ।

ਹੁਣ ਆਪ ਜੀ ਦਾ ਦੁਸਰਾ ਸਵਾਲ:-

(2) “ਥੜੇ ਤੋਂ ਅਕਾਲ ਤਖਤ ਸਾਹਿਬ, ਇਸ ਤੋਂ ਵੀ ਅੱਗੇ ਸਕੱਤਰਰੇਤ ਤੱਕ ਦਾ ਸਫਰ ਕਿਵੇਂ ਤਹਿ ਕੀਤਾ ਗਿਆ ਹੈ?”

ਵੀਰ ਜੀ ਪਿੱਛੇ ਵਿਚਾਰ ਆਏ ਹਾਂ ਕਿ ਜਿੱਥੋ ਤਕ ਗੁਰੂ ਹਰਗੋਬਿਂਦ ਜੀ ਦਾ ਸਬੰਧ ਹੈ ਤਾਂ ਉਨ੍ਹਾਂ ‘ਥੜੇ` ਦੀ ਉਸਾਰੀ ਕਦਾਚਿੱਤ ਨਹੀਂ ਸੀ ਕੀਤੀ ਬਲਕਿ ‘ਥੜਾਨੁਮਾਂ ਤਖਤ` ਦੀ ਉਸਾਰੀ ਕੀਤੀ ਸੀ। ਸਿਧਾਂਤਕ ਤੋਰ ਤੇ, ਇਹ ‘ਥੜੇ` ਤੋਂ ਅਕਾਲ ਤਖਤ ਸਾਹਿਬ ਦਾ ਸਫ਼ਰ ਨਹੀਂ ਹੈ। ਗੁਰੂ ਸਾਹਿਬ ਦੀ ਸੋਚ ਨੇ ਥੜੇਨੁਮਾਂ ਤਖਤ ਦਾ ਰੂਪ ਲਿਆ ਸੀ ਨਾ ਕਿ ਕਿਸੇ ਥੜੇ ਨੇ ਗੁਰੂ ਦੀ ਸੋਚ ਦਾ! ਗੁਰੂ ਜੀ ਨੇ ਸੋਚ ਕੇ ਤਖਤ ਬਨਾਇਆ ਸੀ ਨਾ ਕਿ ਤਖਤ ਬਨਾ ਕੇ ਸੋਚਿਆ ਸੀ! ਇਸ ਦਾ ਨਾਮ ਅਕਾਲ ਤਖਤ ਸੀ। ਇਹ ਸਮਕਾਲ਼ੀ ਸਿਆਸੀ ਤਖਤਾਂ ਦੇ ਮੁਕਾਬਲ ਪਰਮਾਤਮਾ ਦੇ ਸਰਵੋੱਚ ਨਿਆਂ ਦਾ ਪ੍ਰਤੀਕਾਤਮਕ ਪ੍ਰਗਟਾਵਾ ਸੀ। ਇਸੇ ਥਾਂ ਗੁਰੂ ਵਲੋਂ ਬੁੰਗੇ ਦੀ ਉਸਾਰੀ ਨਾਲ ਇਸ ਨੂੰ ਅਕਾਲ ਬੁੰਗਾ ਵੀ ਕਿਹਾ ਜਾਣ ਲਗਾ ਸੀ। ਤਖਤ ਜੇ ਕਰ ਵਿਚਾਰ ਕੇ ਉਸਾਰਿਆ ਗਿਆ ਸੀ ਤਾਂ ਸਪਸ਼ਟ ਹੈ ਕਿ ਉਸਾਰੀ ਵਿੱਚ ਬਦਲਾਵ ਕਾਰਨ ਵਿਚਾਰ ਅਲੋਪ ਨਹੀਂ ਕਿਹਾ ਜਾ ਸਕਦਾ।

ਦਾਸ ਪਾਸ ਜੇਕਰ ਇੱਕ ਕਮਰੇ ਦਾ ਛੋਟਾ ਜਿਹਾ ਪਰਵਾਰਕ ਘਰ ਹੋਵੇ ਅਤੇ ਦਾਸ ਕਦੇ ਲੋੜ ੳਨੁਸਾਰ ਉਸ ਨੂੰ ਵੱਡੇ ਮਕਾਨ ਵਿੱਚ ਬਦਲ ਦੇਵੇ ਤਾਂ ਉਸ ਨਵੀਂ ਉਸਾਰੀ ਨਾਲ ਨਾ ਤਾਂ ਮੇਰੇ ਇੱਕ ਕਮਰੇ ਦਾ ਇਤਹਾਸ/Purpose ਮੁੱਕਦਾ ਹੈ ਅਤੇ ਨਾ ਹੀ ਮੇਰੇ ਪਰਿਵਾਰ ਦਾ ਕੰਨਸੇਪਟ! ਕੋਈ ਕਮਰੇ ਨੂੰ ਅਲੋਪ ਵੀ ਕਹਿ ਲੇਵੇ ਤਾਂ ਵੀ ਮੇਰੇ ਪਰਿਵਾਰ ਦਾ ਕੰਸੇਪਟ ਅਲੋਪ ਨਹੀਂ ਹੁੰਦਾ।

ਗੁਰੂਆਂ ਦੇ ਅਕਾਲ ਚਲਾਣੇ ਉਪਰੰਤ ਇਸ ਭਵਨ ਨਾਲ ਜੁੜੇ ਗੁਰਮਤਿ ਫ਼ਲਸਫ਼ੇ ਬਾਰੇ ਸਿੱਖਾਂ ਦਾ ਸੰਕਲਪ ਵਿਵਹਾਰਕ ਤੌਰ ਤੇ ਕਈ ਬਦਲਾਵਾਂ ਵਿੱਚੋਂ ਲੰਗਿਆ ਹੈ। ਇਹ ਸਿੱਖਾਂ ਦੀ ਸਫ਼ਲਤਾ-ਅਸਫ਼ਲਤਾ ਦੀ ਦਾਸਤਾਨ ਹੈ। ਜਿਥੋਂ ਤਕ ਸਕੱਤਰਰੇਤ ਦੀ ਗੱਲ ਹੈ, ਤਾਂ ਇਹ ਵਿਸ਼ਾ ਗੁਰਮਤਿ ਦੇ ਸਿਧਾਂਤ ਵਿੱਚ ਬਦਲਾਵ ਨਾਲ ਨਹੀਂ ਬਲਕਿ ਬੰਦਿਆਂ ਦੀ ਕਾਰਜ਼ਸ਼ੈਲੀ ਦੇ ਸਫ਼ਰ ਨਾਲ ਸਬੰਧਤ ਹੈ। ਅਸੀਂ ਗੁਰਮਤਿ ਨੂੰ ਬੰਦਿਆਂ ਦੀ ਕਾਰਜਸ਼ੈਲੀ ਦੇ ਅਧਾਰ ਤੇ ਨਹੀਂ ਨਿਸ਼ਚਤ ਕਰ ਸਕਦੇ। ਅਕਾਲ ਤਖਤ ਨਾਲ ਜੁੜਿਆ ਗੁਰਮਤਿ ਸਿਧਾਂਤ ਅਲਗ ਗੱਲ ਹੈ ਅਤੇ ਬੰਦਿਆਂ ਦੀ ਕਾਰਜਸ਼ੈਲੀ ਦਾ ਸਫ਼ਰ ਅਲਗ।

ਮੇਰੇ ਵਿਚਾਰ ਅਨੁਸਾਰ ਪਿੱਛਲੇ ਦੋ ਤੋਂ ਵੱਧ ਦਹਾਕਿਆਂ ਦਰਮਿਆਨ ਦੋ ਵਾਰ ਅਕਾਲ ਤਖਤ ਦੀ ਉਸਾਰੀ ਵੇਲੇ ਸੇਵਾਦਾਰਾਂ ਨੇ ਕਿਸੇ ਨਾ ਕਿਸੇ ਨਾਲ ਲੱਗਦੇ ਕਮਰੇ ਵਿੱਚ ਬੈਠ ਕੇ ਕੰਮ ਕੀਤਾ ਹੋਣਾ ਹੈ। ਇੱਕ ਵਾਰ ਤਾਂ ਐਸੀ ਸਥਿਤੀ ਵੀ ਸੀ ਕਿ ਜਿਸ ਵੇਲੇ ਉਸਾਰੀ ਲਈ ਅਕਾਲ ਤਖਤ ਭਵਨ ਨੂੰ ਢਾਹ ਕੇ (ਕੁੱਝ ਪੁਰਾਣੇ ਨਿਸ਼ਾਨਦਹੀਆਂ ਛੱਡਦੇ ਹੋਏ) ਮੁੜ ਉਸਾਰੀ ਆਰੰਭ ਕੀਤੀ ਗਈ ਸੀ। ਉਸ ਵੇਲੇ ਭਵਨ ਤਾਂ ਬੇਸ਼ੱਕ ਨਹੀਂ ਸੀ ਪਰ ਉਸ ਸਿਧਾਂਤ ਦੀ ਅਣਹੋਂਦ ਨਹੀਂ ਸੀ ਜਿਸ ਨੂੰ ਮੁੱਖ ਰੱਖਦੇ ਗੁਰੂ ਨੇ ਉਸ ਨੂੰ ਉਸਾਰਿਆ ਸੀ।

ਅੱਜ ਜੇਕਰ ਕਿਸੇ ਆਪਦਾ ਕਾਰਣ ਹੀ ਕਿਸੇ ਧਰਮ ਦਾ ਕੋਈ ਇਤਹਾਸਕ/ਵਿਚਾਰਕ ਕੇਂਦਰ ਤਬਾਹ ਵੀ ਹੋ ਜਾਏ ਤਾਂ ਉਸ ਨੂੰ ਮੰਨਣ ਵਾਲੇ ਉਸਦੀ ਦੁਬਾਰਾ ਉਸਾਰੀ ਕਰਨ ਗੇ। ਉਹ ਇਹ ਨਹੀਂ ਕਹਿਣ ਗੇ ਕਿ ਪਹਿਲੀ ਉਸਾਰੀ ਅਲੋਪ ਹੋ ਗਈ ਹੈ ਇਸ ਲਈ ਹੁਣ ਬਸ ਕਰੋ, ਹੋਰ ਉਸਾਰੀ ਦਾ ਕੋਈ ਮਤਲਬ ਨਹੀਂ! ਨਵੀਂ ਉਸਾਰੀ ਵੀ ਆਪਣੀ ਇਤਹਾਸਕ ਸ਼੍ਰੰਖਲਾ ਵਿੱਚ ਮੂਲ ਉਸਾਰੀ ਨਾਲ ਜੁੜੀ ਰਹੇਗੀ ਅਤੇ ਮੰਨੀ ਜਾਵੇਗੀ।

ਗੁਰਮਤਿ ਅਨੁਸਾਰ, ਕਿੱਧਰੇ ਵੀ ਬੈਠ ਕੇ ਗੁਰਮਤਿ ਦੀ ਗੱਲ ਕੀਤੀ ਜਾ ਸਕਦੀ ਹੈ। ਅਕਾਲ ਤਖਤ ਤੇ ਬੈਠਕ ਕਰਕੇ ਕੀਤੀ ਮਨਮਤਿ, ਸਹੀ ਨਹੀਂ ਹੋ ਸਕਦੀ ਅਤੇ ਕਿਸੇ ਕਮਰੇ ਵਿੱਚ ਬੈਠ ਕੇ ਕੀਤੀ ਗੁਰਮਤਿ ਦੀ ਗੱਲ ਗਲਤ ਨਹੀਂ ਹੋ ਸਕਦੀ। ਮੂਲ ਤਾਂ ਗੁਰੂ ਦੀ ਸਿੱਖਿਆ ਹੈ ਜਿਸ ਨੂੰ ਗੁਰੂ ਨੇ ਅਕਾਲ ਤਖਤ ਦੇ ਨਿਰਮਾਣ ਰਾਹੀਂ ਹਮੇਸ਼ਾ ਲਈ ਸੰਸਾਰ ਦੇ ਸ੍ਹਾਮਣੇ ਰੱਖਿਆ ਹੈ। ਬੰਦਿਆਂ ਦੀ ਕਾਰਜਸ਼ੈਲੀ ਬਾਰੇ ਸਵਾਲ ਹੋ ਸਕਦੇ ਹਨ ਪਰ ਅਕਾਲ ਤਖਤ ਰਾਹੀਂ ਮਿਲਦੀ ਗੁਰੂ ਦੀ ਸਿੱਖਿਆ ਕੋਈ ਮੁੱਦਾ ਨਹੀਂ ਹੈ। ਗੁਰੂ ਕਿਸੇ ਵੀ ਵਿਦਵਾਨ ਨਾਲੋਂ ਬੇਹਤਰ ਜਾਣਦੇ ਸੀ ਕਿ ਕੋਈ ਗੱਲ ਕਿਵੇਂ ਸਿੱਖਾਉਂਣੀ ਹੈ? ਉਹ ਗੁਰੂ ਸਨ! ਉਨ੍ਹਾਂ ਨੂੰ ਸਿੱਖਿਆ ਦੇਣ ਲਈ ਢੰਗ ਵਰਤਣ ਦਾ ਅਧਿਕਾਰ ਸੀ!

ਗੁਰੂ ਬਾਣੀ ਉਚਾਰ/ ਲਿਖ ਕੇ ਚੁੱਪਚਾਪ ਨਹੀਂ ਸੀ ਬੈਠੇ ਬਲਕਿ ਉਹ ਕਈ ਤਰੀਕਿਆਂ ਰਾਹੀਂ ਸਿਧਾਂਤਾ ਨੂੰ ਦ੍ਰਿੜਾਉਂਦੇ ਰਹੇ ਜਿਨ੍ਹਾਂ ਵਿੱਚੋਂ ਅਕਾਲ ਤਖਤ ਇੱਕ ਮਹੁੱਤਵਪੁਰਨ ਢੰਗ ਸੀ। ਗੁਰਬਾਣੀ ਨੂੰ ਸਮਝਣ ਲਈ ਗੁਰੂਆਂ ਦੇ ਕੀਤੇ ਕੰਮਾਂ ਤੋਂ ਸਿੱਖਣ ਦੀ ਲੋੜ ਹਮੇਸ਼ਾ ਬਣੀ ਰਹੇਗੀ।

ਇੰਨੇ ਹੀ ਵਿਚਾਰਾਂ ਨਾਲ ਧਨਵਾਦ ਸਹਿਤ,

ਹਰਦੇਵ ਸਿੰਘ, ਜੰਮੂ


(06/05/11)
ਗੁਰਮੁਖ ਸਿੰਘ

ਵੀਰ ਮੱਖਣ ਸਿੰਘ ਜੀ,
ਸਰਬਜੀਤ ਵੀਰ ਨੇ ਤੁਹਾਨੂੰ ਮੇਰੀਆਂ ਲਿਖਤਾਂ ਸਿੱਖ ਮਾਰਗ `ਤੇ ਨਾ ਛਾਪਣ ਲਈ ਟੇਢੇ ਢੰਗ ਨਾਲ ਹੁਕਮ ਚਾੜਿਆ ਹੈ। ਆਪ ਜੀ ਨੇ ਮੇਰੀਆਂ ਗੱਲਾਂ ਨੂੰ ਗੋਲ ਮੋਲ ਕਿਹਾ ਹੈ। ਮੈਂ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੁੰਦਾ ਹਾਂ ਜੀ ਤਾਂ ਕਿ ਤੁਹਾਨੂੰ, ਮੇਰੇ ਕਾਰਣ, ਸਰਬਜੀਤ ਵਰਗੇ ਜਾਗਰੁਕਾਂ ਦੀਆਂ ਮਿੱਠੀਆਂ ਮਿਠੀਆਂ ਝਿੜਕਾਂ ਨਾ ਸੁਣਨੀਆਂ ਪੈਣ।
ਅੱਜ ਸਿੱਖ ਸਮਾਜ ਵਿੱਚ ਦਸਮ ਗ੍ਰੰਥ `ਤੇ ਇੱਕ ਬਹੁਤ ਵੱਡਾ ਸਵਾਲੀਆ ਚਿੰਨ ਲੱਗ ਚੁੱਕਾ ਹੈ, ਜਿਸ ਨਾਲ ਸਿੱਖ ਸਮਾਜ ਦੋਫ਼ਾੜ ਹੈ।
ਰਾਗਮਾਲਾ ਦੇ ਮੁੱਦੇ `ਤੇ ਵੀ ਸਿੱਖ ਸਮਾਜ ਦੋਫਾੜ ਹੈ।
ਲੰਗਰ ਬਾਬਤ ਵੀ ਸਿੱਖ ਸਮਾਜ ਦੋਫਾੜ ਹੈ।
ਰਹਿਤ ਮਰਿਆਦਾ ਦੇ ਮਾਮਲੇ ਵਿੱਚ ਸਿੱਖ ਸਮਾਜ ਵੀ ਦੋ ਫਾੜ ਹੈ। ਅੱਗੋਂ ਜਾਗਰੂਕ ਵੀ ਦੋਫਾੜ ਹਨ।
ਅਕਾਲ ਤਖ਼ਤ ਸਾਹਿਬ ਬਾਬਤ ਜਾਗਰੂਕ ਦੋਫਾੜ ਹੋਣੋ ਮਸਾਂ ਬਚੇ ਹਨ। ਜੇ ਡਾ. ਇਕਬਾਲ ਸਿੰਘ ਢਿੱਲੋਂ ਆਪਣੀਆਂ ਕਲਪਨਾਵਾਂ ਦੇ ਨਿਰਵਿਵਾਦਤ ਸ੍ਰੋਤ ਦੱਸ ਦੇਣ ਤਾਂ ਅਕਾਲ ਤਖ਼ਤ ਬਾਰੇ ਸਿੱਖ ਸਮਾਜ ਦੋਫਾੜ ਹੋਣ ‘ਤੋਂ ਬਚ ਜਾਏ!
ਮਿਕਲਿਔਡ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਇਹੋ ਜਹੇ ਵਿਚਾਰ ਲਿਖੇ ਹਨ ਜਿਹੜੇ ਸਿੱਖ ਸਮਾਜ ਨੂੰ ਦੋਫਾੜ ਕਰ ਸਕਦੇ ਸਨ ਜੇ ਉਨ੍ਹਾਂ ਦਾ ਸਮੇਂ ਸਿਰ ਜਵਾਬ ਨਾ ਦਿੱਤਾ ਜਾਂਦਾ।
ਉਸ ਦੀ ਰੀਸ ਵਿੱਚ ਪਸ਼ੌਰਾ ਸਿੰਘ ਅਤੇ ਪਿਆਰ ਸਿੰਘ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਕਤਾ `ਤੇ ਪ੍ਰਸ਼ਨਚਿੰਨ ਲਗਾਉਣ ਵਿੱਚ ਪਿੱਛੇ ਨਹੀ ਰਹੇ।
ਸ਼ਨੀਵਾਰ, ਜੂਨ ਛੱਬੀ ਸੰਨ ਚਾਰ ਨੂੰ ਅੰਗਰੇਜ਼ੀ ਟ੍ਰਿਬਿਊਨ ਵਿੱਚ ਖ਼ੁਸ਼ਵੰਤ ਸਿੰਘ ਨੇ ਲਿਖਿਆ ਸੀ “ਕਬੀਰਜ਼ ਹਿਮਜ਼. ਸ਼ੁਅਰ?”
ਟੈਗੋਰ ਨੇ ਲਿਖਿਆ ਸੀ ਕਿ ਗੁਰੂ ਹਰਗੋਬਿੰਦ ਜੀ ਨੇ ਅਕਾਲ ਤਖ਼ਤ ਦੇ ਨਿਰਮਾਣ ਨਾਲ ਧਰਮ ਦੀ ਚਿੱਟੀ ਚਾਦਰ `ਤੇ ਲਹੂ ਲਿਬੜੀ ਤਲਵਾਰ ਧਰ ਦਿੱਤੀ।
ਡਾ. ਇਕਬਾਲ ਸਿੰਘ ਗੁਰੂ ਹਰਗੋਬਿੰਦ ਜੀ ਨੂੰ ਉਕਤ ‘ਜੁਰਮ’ ‘ਤੋਂ ਬਰੀ ਕਰਦਾ ਹੈ ਕਹਿੰਦਾ ਹੈ ਕਿ ਲਹੂ ਲਿਬੜੀ ਤਲਵਾਰ (ਭਾਵ ਸ੍ਰੀ ਅਕਾਲ ਤਖ਼ਤ) ਗੁਰੂ ਹਰਗੋਬਿੰਦ ਜੀ ਨੇ ਨਹੀਂ, ਪਤਾ ਨਹੀਂ ਕੌਣ ਰੱਖ ਗਿਆ ਸੀ।
ਵੀਰ ਜੀ, ਸ. ਗੁਰਤੇਜ ਸਿੰਘ ਹੁਰਾਂ ਨੇ ਰਲ ਮਿਲ ਕੇ ਇੱਕ ਪੁਸਤਕ ਛਾਪੀ ਸੀ: “ਪਲੈਨਡ ਅਟੈਕ ਔਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਅਕੈਡਮਿਕਸ ਔਰ ਬਲੈਸਫੈਮੀ”। ਮੇਰੇ ਲੜਕੇ ਕੋਲ ਇਹ ਕਿਤਾਬ ਪਈ ਹੈ ਅਤੇ ਮੈਂ ਵੀ ਇਹ ਪੜ੍ਹੀ ਹੈ। ਤੁਸੀਂ ਜ਼ਰੂਰ ਇਹ ਪੁਸਤਕ ਪੜ੍ਹੋ ਜੀ। ਫਿਰ ਆਪ ਜੀ ਨੂੰ ਪਤਾ ਲੱਗ ਜਾਏਗਾ ਕਿ ਜੇ ਕਿਸੇ ਕੌਮ ਦੀ ਜੜ੍ਹ ਗਾਲਣੀ ਹੋਵੇ ਤਾਂ ਕਿਸ ਤਰਾਂ ਦੇ ਪ੍ਰਸ਼ਨ ਚਿੰਨ ਉਠਾਏ ਜਾਂਦੇ ਹਨ ਅਤੇ ਉਨ੍ਹਾਂ ਦੇ ਜਵਾਬ ਕਿਵੇਂ ਦੇਈਦੇ ਹਨ।
ਪ੍ਰਸ਼ਨ ਚਿੰਨ ਬੱਚਾ ਵੀ ਲਗਾ ਸਕਦਾ ਹੈ। ਅਸਲ ਵਿੱਚ ਬੱਚੇ ਹੀ ਬਹੁਤੇ ਪ੍ਰਸ਼ਨ ਚਿੰਨ ਲਗਾਉਂਦੇ ਹਨ।
ਜਦ ਬੱਚਿਆਂ ਨੂੰ ਹੋਸ਼ ਆਉਣ ਲਗਦੀ ਹੈ ਤਾਂ ਉਹ ਅਕਸਰ ਆਪਣੀ ਮਾਂ ਨੂੰ ਪੁੱਛਦੇ ਹਨ ਕਿ ਉਹ ਪੈਦਾ ਕਿਵੇਂ ਹੋਇਆ ਹੈ। ਮਾਵਾਂ ਅਕਸਰ ਆਖ ਦਿੰਦੀਆਂ ਹਨ ਕਿ ਉਹ ਤੂੜੀ ਵਾਲੇ ਕੋਠੇ ਵਿਚੋਂ ਮਿਲਿਆ ਸੀ। ਜਦ ਵੱਡਾ ਹੋਇਆਂ ਬੱਚੇ ਨੂੰ ਸਵੈ ਗਿਆਨ ਹੋ ਜਾਂਦਾ ਹੈ ਤਾਂ ਉਹ ਆਪਣੇ ਸਵਾਲ ਦੀ ਮੂਰਖਤਾ `ਤੇ ਹੱਸਦਾ ਵੀ ਹੈ ਤੇ ਸ਼ਾਇਦ ਸ਼ਰਮਿੰਦਾ ਵੀ ਹੁੰਦਾ ਹੈ, ਪਰ ਉਹ ਆਪਣੀ ਮਾਂ ਦੀ ਸਿਆਣਪ ਦੀ ਅੰਦਰੋ ਅੰਦਰ ਦਾਦ ਦਿੰਦਾ ਹੈ। ਤੁਸੀਂ ਬੱਚਿਆਂ ਵਾਲੇ ਪ੍ਰਤੀਤ ਹੁੰਦੇ ਹੋ ਇਸ ਲਈ ਤੁਹਾਨੂੰ ਬੱਚਿਆਂ ਦੇ ਸਵਾਲਾਂ ਦਾ ਜ਼ਰੂਰ ਪਤਾ ਹੋਵੇਗਾ। ਮੈਨੂੰ ਕਿਸੇ ਨੇ ਦੱਸਿਆ ਹੈ ਕਿ ਕਿਤੇ ਕੋਈ ਸਿਆਣਾ ਬੰਦਾ ਕਿਸੇ ਨਾਲ ਬੈਠਾ ਡਰਿੰਕ ਕਰਨ ਲੱਗਾ ਤਾਂ ਕੋਲ ਬੈਠੇ ਕਿਸੇ ਬੱਚੇ ਨੇ ਪੁਛਿਆ ਕਿ “ਗੁਰੂ ਜੀ ਵੀ ਡਰਿੰਕ ਕਰਦੇ ਸਨ?” ਤਾਂ ਉਹ ਸਿਆਣੇ ਨੇ ਆਖਿਆ, “ਦਿੱਸ ਇਜ਼ ਨੌਟ ਏ ਗੁੱਡ ਕੁਐਸਚਨ”। ਵੀਰ ਜੀ, ਕਈ ਸਵਾਲ “ਗੁੱਡ” ਨਹੀਂ ਹੁੰਦੇ ਅਤੇ ਕਈਆਂ ਦਾ ਪੁੱਛਣ ਜਾਂ ਜਵਾਬ ਦੇਣ ਦਾ ਢੁਕਵਾਂ ਸਮਾਂ ਵੀ ਨਹੀਂ ਹੁੰਦਾ। ਉਕਤ ਸਵਾਲ ਦਾ ਜਵਾਬ “ਨਹੀਂ” ਵੀ ਹੋ ਸਕਦਾ ਸੀ। ਪਰ ਇਸ ਦਾ ਅਰਥ ਇਹ ਹੋਣਾ ਸੀ ਕਿ ਅਸੀਂ ਗੁਰੂ ਨੂੰ ਆਪਣੇ ਬਣਾਏ ਸਦਾਚਾਰ ਦੇ ਕਟਿਹਰੇ `ਚ ਖੜਾ ਕਰ ਸਕਦੇ ਹਾਂ।
ਖ਼ੁਸ਼ਵੰਤ ਸਿੰਘ ਨੇ ਮੁਕੰਮਲ ਸਿੱਖ ਇਤਿਹਾਸ ਲਿਖਿਆ ਹੈ। ਉਸ ਨੇ ਗੁਰੂ ਅਰਜਣ ਪਾਤਸ਼ਾਹ ਜੀ `ਤੇ ਪ੍ਰਸ਼ਨ ਚਿੰਨ ਲਗਾਇਆ ਹੈ ਕਿ ਉਨ੍ਹਾਂ ਨੇ ਕਬੀਰ ਦੀ ਭਾਸ਼ਾ ਨੂੰ ਪੰਜਾਬੀਆਈਜ਼ ਕਰ ਦਿਤਾ ਹੈ। ਉਸ ਦਾ ਖ਼ਿਆਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੇ ਕਬੀਰ ਦੀ ਭਾਸ਼ਾ ਅਸਲ ਕਬੀਰ ਦੀ ਨਹੀਂ ਹੈ। ਤੁਸੀ ਦੱਸੋ ਕਿ ਇਸ ਦਾ ਸਾਡੇ ਕੋਲ ਵਿਸ਼ਵਾਸ ਦੇ ਇਲਾਵਾ ਕੋਈ ਹੋਰ ਸਬੂਤ ਹੈ ਕਿ ਅਸੀਂ ਕਹਿ ਸਕੀਏ ਕਿ ਗੁਰੂ ਜੀ ਨੇ ਕਬੀਰ ਦੀ ਭਾਸ਼ਾ ਨਾਲ ਛੇੜ ਛਾੜ ਨਹੀਂ ਕੀਤੀ ਹੋਵੇਗੀ। ਭਾਸ਼ਾ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲਾ ਕਬੀਰ ਕਹਿੰਦਾ ਹੈ “ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥” ਪਰ ਬਾਹਰ ਵਾਲਾ ਕਬੀਰ ਕਹਿੰਦਾ ਹੈ ਕਿ “ਕਬੀਰਾ ਤੇਰੀ ਝੌਪੜੀ, ਗਲ ਕਟਿਅਨ ਕੇ ਪਾਸ, ਜੋ ਕਰਨਗੇ ਸੋ ਭਰਨਗੇ ਤੁਮ ਕਿਉਂ ਭਏ ਉਦਾਸ”। ਹੁਣ ਕੀ ਕਹੀਏ ਕਿਹੜਾ ਕਬੀਰ ਠੀਕ ਹੈ। ਇਨ੍ਹਾਂ ਗੱਲਾਂ ਦਾ ਕੀ ਕਰੀਏ।
ਜੇ ਆਪਣੇ ਵਿਸ਼ਵਾਸ ਤੋੜਨੇ ਹਨ ਤਾਂ ਅਗਲੇ ਕਹਿੰਦੇ ਹਨ ਕਿ ਸਾਰੇ ਵਿਸ਼ਵਾਸ ਤੋੜੋ। ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਤਿੰਨ ਕੁ ਵਿਸ਼ਵਾਸ ਸਾਨੂੰ ਕਾਇਮ ਰੱਖ ਲੈਣ ਦਿਉ ਬਾਕੀ ਤੋੜ ਦਿਉ।
ਕਈ ਕਹਿੰਦੇ ਹਨ ਗੁਰੂ ਜੀ ਨੇ ਇੱਕ ਇੱਕ ਪੰਕਤੀ `ਤੇ ਲਿਖਿਆ ਹੈ ਕਿ ਇਹ ਬਾਣੀ ਕਿਸ ਦੀ ਹੈ। ਪਰ ਜਪੁਜੀ ਸਾਹਿਬ `ਤੇ ਕੁੱਝ ਨਹੀਂ ਲਿਖਿਆ ਹੋਇਆ। ਜਪੁਜੀ ਸਾਹਿਬ ਦਾ ਅੰਤਮ ਸਲੋਕ ਦੂਜੇ ਪਾਤਸ਼ਾਹ ਦੇ ਨਾਂ ਹੇਠ ਵੀ ਲਿਖਿਆ ਗਿਆ ਹੈ। ਇਸ ਸਲੋਕ ਨੂੰ ਕਿਸ ਦਾ ਮੰਨੀਏ ਅਤੇ ਜਪੁਜੀ ਨੂੰ ਕਿਸ ਦੀ!
ਵੀਰ ਜੀ, ਮੇਰਾ ਮੰਨਣਾ ਹੈ ਕਿ ਆਪਣੀਆਂ ਧਰਮ ਪ੍ਰੰਪਰਾਵਾਂ, ਮਨੌਤਾਂ ਤੇ ਵਿਸ਼ਵਾਸ ਦਾ ਮਜ਼ਾਕ ਨਹੀਂ ਬਣਾਈਦਾ। ਸਵਾਲ ਕਰਨ ਦੇ ਤਰੀਕੇ ਤਮੀਜ਼ਯਾਫ਼ਤਾ ਹੋਣੇ ਜ਼ਰੂਰੀ ਹਨ। ਵਿਸ਼ਵਾਸ਼ਾਂ ਬਾਰੇ ਗੱਲ ਸੰਕੋਚਵੇਂ ਲਹਿਜ਼ੇ ਵਿਚ, ਸੰਭਲ ਕੇ, ਭੈਅ ਵਿੱਚ ਰਹਿ ਕੇ ਕਰੀਦੀ ਹੈ।
ਕੋਈ ਆਪਣੀ ਮਾਂ ਨੂੰ ਕਦੀ ਪੁੱਛਦਾ ਹੈ ਕਿ ਉਸਦਾ ਪਿਉ ਕੌਣ ਹੈ। ਧਰਮ ਦੇ ਮਾਮਲੇ ਵਿੱਚ ਸਾਡੇ ਸਵਾਲ ਇਹੋ ਜਹੇ ਹੀ ਹਨ। ਸਰਬਜੀਤ ਗੁੱਸਾ ਨਾ ਕਰੀਂ ਵੀਰੇ, ਤੇਰੇ ਸਵਾਲ ਮੈਂ ਬੁਹਤ ਸਾਰੇ ਪੜ੍ਹੇ ਹਨ, ਮੈਂ ਕੁੱਝ ਨਹੀਂ ਕਹਿੰਦਾ, ਤੂੰ ਖ਼ੁਦ ਦੁਬਾਰਾ ਪੜ੍ਹੀਂ। ਦੇਖਣਾ ਉਹ ਕਿਹੋ ਜਹੇ ਹਨ।
ਸਾਡੇ ਪੁਰਤਨ ਸਿੱਖਾਂ ਨੇ ਸਿੱਖ ਸਮਾਜ ਨੂੰ ਫਾੜ ਫਾੜ ਹੋਣ ‘ਤੋਂ ਬਚਾਈ ਰੱਖਿਆ ਹੈ। ਪਰ ਹੁਣ ਅਸੀਂ ਰੋਜ਼ ਇੱਕ ਨਵੀਂ ਫਾੜ ਬਣਾ ਧਰਦੇ ਹਾਂ। ਸਿੱਖ ਸਮਾਜ ਫਾੜੀ ਫਾੜੀ ਹੋਇਆ ਪਿਆ ਹੈ। ਹਰੇਕ ਫਾੜੀ ਕਹਿੰਦੀ ਹੈ ਕਿ ਬਾਕੀ ਦੀਆਂ ਸਾਰੀਆਂ ਫਾੜੀਆਂ ਉਸੇ ਨੂੰ ਮੁਕੰਮਲ ਸੰਗਤਰਾ ਤਸਲੀਮ ਕਰ ਲੈਣ। ਕੋਈ ਵੀ ਫਾੜੀ ਮੁਕੰਮਲ ਸੰਗਤਰਾ ਨਾ ਹੈ ਨਾ ਹੋ ਸਕਦੀ ਹੈ ਨਾ ਹੋਣੀ ਚਾਹੀਦੀ ਹੈ। ਫਾੜੀ ਫਾੜੀ ਹੋ ਕੇ ਮੁੜ ਸੰਗਤਰਾ ਬਣਿਆ ਵੀ ਨਹੀਂ ਜਾ ਸਕਦਾ। ਫਾੜੀਆਂ ਨੂੰ ਧਾਗੇ ਟੇਪਾਂ ਨਾਲ ਜੋੜ ਕੇ ਵੀ ਸੰਗਤਰਾ ਨਹੀਂ ਬਣਾਇਆ ਜਾ ਸਕਦਾ।
ਸੋ, ਵੀਰ ਸਰਬਜੀਤ ਜੀ, ਮੈਂ ਸਿੱਖ ਸਮਾਜ ਦੀ ਇੱਕ ਫਾੜੀ ਹਾਂ ਕਿ ਸੰਗਤਰਾ ਮੈਂ ਕਹਿ ਨਹੀਂ ਸਕਦਾ, ਪਰ ਮੇਰੀ ਮੁਕੰਮਲ ਸੰਗਤਰਾ ਬਣੇ ਰਹਿਣ ਦੀ ਨਿਮਰ ਇੱਛਾ ਜ਼ਰੂਰ ਹੈ, ਫਾੜੀ ਫਾੜੀ ਹੋਣ ਦੀ ਨਹੀਂ।
ਜੇ ਫਿਰ ਵੀ ਤੁਸੀਂ ਮੇਰੇ ਵਿਚਾਰਾਂ `ਤੇ ਸਿੱਖ ਮਾਰਗ `ਤੇ ਪਾਬੰਦੀ ਲਗਾਉਣਾ ਚਾਹੁੰਦੇ ਤਾਂ ਜੀ ਸਦਕੇ ਲਗਵਾ ਦਿਉ। ਇੱਕ ਗੁਰੂ ਨਾਨਕ ਨੇ ਗੋਸ਼ਟੀ ਕੀਤੀ ਸੀ। ਉਸ ਵਿੱਚ ਨਾਥਾਂ ਜੋਗੀਆਂ ਨੂੰ ਵੀ ਗੱਲ ਕਰਨ ਦੀ ਪੂਰੀ ਖੁੱਲ ਸੀ ਤੇ ਗੁਰੂ ਸਾਹਿਬ ਨੂੰ ਵੀ। ਸਿੱਖਮਾਰਗ ਵੀ ਗੋਸ਼ਟ ਦਾ ਹੀ ਇੱਕ ਜ਼ਰੀਆ ਹੈ। ਪਰ ਆਪ ਜੀ ਨਾਥਜੋਗੀਆਂ ਦੇ ਮੂੰਹ `ਤੇ ਪੱਟੀ ਬੰਨਵਾ ਕੇ ਉਨ੍ਹਾਂ ਨਾਲ ਗੋਸ਼ਟ ਰਚਾਉਣਾ ਚਾਹੁੰਦੇ ਹੋ। ਐਸੀ ਗੋਸ਼ਟ ਦੀ ਕੋਈ ਪ੍ਰੰਪਰਾ ਨਹੀਂ ਹੈ, ਜਿਥੇ ਇਹ ਹੋਵੇ ਕਿ ਜਿਹੜਾ ਸਾਡੀ ਗੱਲ ਨਾਲ ਸਹਿਮਤ ਨਹੀਂ ਉਸ `ਤੇ ਪਾਬੰਦੀ ਲਗਾ ਦਿਉ।
ਦਸਮਗ੍ਰੰਥ ਬਾਰੇ ਮੇਰੀ ਕੋਈ ਔਕਾਤ ਨਹੀਂ ਕਿ ਮੈਂ ਇਸ ਦੇ ਵਿਰੁਧ ਜਾਂ ਹੱਕ ਵਿੱਚ ਕੁੱਝ ਕਹਾਂ। ਨਾ ਹੀ ਇਹ ਗ੍ਰੰਥ ਮੇਰੇ ਨਿਗੂਣੇ ਗਿਆਨ ਦੇ ਮੁਥਾਜ਼ ਹਨ। ਹਾਂ ਫਿਰ ਵੀ ਜਿਸਨੂੰ ਭਾਸ਼ਾਵਾਂ ਦਾ ਵਿਸਤ੍ਰਤ ਗਿਆਨ, ਛੰਦ ਨੇਮ ਦਾ ਵਿਧਾਨ ਅਤੇ ਤਮਾਮ ਸਾਹਿਤਕ ਪਰਿਪਾਟੀਆਂ, ਵਿਧਾਵਾਂ ਅਤੇ ਪ੍ਰੰਪਰਾਵਾਂ ਦੇ ਪ੍ਰਯੋਜਨ ਦੀ ਮੁਕੰਮਲ ਵਾਕਫ਼ੀਅਤ ਹੋਵੇ ਉਹ ਇਸ ਬਾਰੇ ਮੂਹ ਖੋਲ੍ਹ ਸਕਦਾ ਹੈ। ਮੇਰੀ ਚੁੱਪ ਭਲੀ ਹੈ ਜਾਂ ਵੀਰ ਮੱਖਣ ਸਿੰਘ ਜੀ ਅਨੁਸਾਰ ਗੋਲਮੋਲ ਹੀ ਠੀਕ ਹੈ। ਮੈਂ ਆਪਣੇ ਵਿਚਾਰ ਨਹੀਂ ਭਾਵਨਾਵਾਂ ਸਾਂਝੀਆਂ ਕੀਤੀਆਂ ਹਨ। ਜਿਵੇਂ ਠੀਕ ਲੱਗੇ ਕਰ ਲੈਣਾ ਜੀ।
ਆਪ ਜੀ ਨੂੰ ਆਪਣੇ ਵੀਰ ਮੰਨ ਕੇ ਇੱਕ ਤਰਲਾ ਜ਼ਰੂਰ ਕਰਨਾ ਚਾਹੂੰਦਾ ਹਾਂ ਕਿ ਜੇ ਤੁਸੀਂ ਮੇਰੇ `ਤੇ ਪਾਬੰਦੀ ਆਇਦ ਕਰਨੀ ਹੀ ਹੈ ਤਾਂ ਇਹ ਇੱਕ ਲਿਖਤ ਜ਼ਰੂਰ ਛਾਪ ਦੇਣੀ ਜੀ।
“ਏਕ ਨਾਮ ਕੋ ਥੀਓ ਪੂਜਾਰੀ”
“ਠਾਕੁਰ ਕਾ ਸੇਵਕੁ ਸਦਾ ਪੂਜਾਰੀ”
ਗੁਰਮੁਖ ਸਿੰਘ
ਸ੍ਰੀ ਦੂਖ ਨਿਵਾਰਨ ਸਾਹਿਬ, ਪਟਿਆਲਾ


(05/05/11)
ਸਰਵਜੀਤ ਸਿੰਘ

ਸਤਿਕਾਰ ਯੋਗ ਸੰਪਾਦਕ ਜੀ
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।

ਬੇਨਤੀ ਹੈ ਕਿ ਤੁਸੀ ਇਕ ਤੋਂ ਵੱਧ ਵਾਰ ਸੰਪਾਦਕੀ ਨੋਟ ਲਿਖ ਕੇ ਸਪੱਸ਼ਟ ਕਰ ਚੁੱਕੇ ਹੋ ਕਿ ਅਖੌਤੀ ਦਸਮ ਗ੍ਰੰਥ ਦੇ ਹਮਾਇਤਿਆ ਲਈ ‘ਸਿੱਖ ਮਾਰਗ’ ਤੇ ਕੋਈ ਥਾਂ ਨਹੀ ਹੈ ਆਪ ਜੀ ਨੇ ਆਪਣੇ 29 ਅਪ੍ਰੇਲ ਦੇ ਸੰਪਾਦਕੀ ਨੋਟ ਵਿਚ ਵੀ ਲਿਖਿਆ ਸੀ, “ਨਵੇਂ ਜਾਂ ਪੁਰਾਣੇ ਪਾਠਕਾਂ/ਲੇਖਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੇ ਦਸਮ ਗ੍ਰੰਥ ਅਤੇ ਰਾਗਮਾਲਾ ਨੂੰ ਗੁਰੂ ਕ੍ਰਿਤ ਮੰਨਦੇ ਹਨ ਉਹ ਕਿਰਪਾ ਕਰਕੇ ‘ਸਿੱਖ ਮਾਰਗ’ ਤੇ ਛਪਣ ਲਈ ਆਪਣੀ ਕੋਈ ਵੀ ਲਿਖਤ ਨਾ ਭੇਜਣ”।
ਸ: ਗੁਰਮੁਖ ਸਿੰਘ ਜੀ ਆਪਣੇ 2 ਮਈ ਦੇ ਪੱਤਰ `ਚ ਲਿਖਦੇ ਹਨ,
“ 7. ਆਪ ਜੀ ਨੇ ਮੇਰਾ ਦਸਮ ਗ੍ਰੰਥ ਬਾਰੇ ਵਿਚਾਰ ਪੁਛਿਆ ਹੈ। ਇੱਕ ਵਿਚਾਰ ਅਧਾਰਤ ਵਿਸ਼ਵਾਸ਼ ਹੁੰਦਾ ਹੈ ਅਤੇ ਇੱਕ ਵਿਸ਼ਵਾਸ ਅਧਾਰਤ ਵਿਚਾਰ। ਦਸਮ ਗ੍ਰੰਥ ਸਮੁਚੇ ਰੂਪ `ਚ ਗੁਰੂ ਕ੍ਰਿਤ ਹੈ ਕਿ ਨਹੀਂ ਇਹ ਦੀਰਘ ਵਿਚਾਰ ਦਾ ਵਿਸ਼ਾ ਹੈ। ਇਸ ਦਾ ਨਿਰਣਾ ਨਹੀਂ ਕੇਵਲ ਵਿਚਾਰ ਕਰਨ ਲਈ ਬੰਦਾ ਵਿਦਿਆ ਦਾ ਪੁੰਜ ਹੋਣਾ ਚਾਹੀਦਾ ਹੈ। ਹੁਣ ਤੱਕ ਦਸਮ ਗ੍ਰੰਥ ਬਾਰੇ ਜਿਨੀ ਵਿਚਾਰ ਹੋਈ ਹੈ ਉਹ ਕੇਵਲ ਸਦਾਚਾਰ ਦੇ ਨੁਕਤੇ ‘ਤੋਂ ਹੋਈ ਹੈ। ਗੁਰੂ ਨੂੰ ਅਸੀਂ ਆਪਣੇ ਬਣਾਏ ਸਦਾਚਾਰ ਜਾਂ ਲੋਕ ਲੱਜਾ ਦੇ ਕਟਿਹਰੇ `ਚ ਨਹੀਂ ਖੜਾ ਕਰ ਸਕਦੇ।
8. ਦਸਮ ਗ੍ਰੰਥ ਦਾ ਭਾਸ਼ਾ ਨੇਮ, ਛੰਦ ਵਿਧਾਨ ਅਤੇ ਸਾਹਿਤ ਪਰਿਪਾਟੀਆਂ ਦਾ, ਸਿਰਫ਼ ਗਿਆਨ ਨਹੀਂ, ਅਨੁਭਵ ਹੋਣਾ ਜ਼ਰੂਰੀ ਹੈ ਤਾਂ ਹੀ ਕੋਈ ਵਿਚਾਰ ਹੋ ਸਕਦੀ ਹੈ। ਜੇ ਆਪ ਜੀ ਨੂੰ ਦਸਮ ਗ੍ਰੰਥ ਦੇ ਭਾਸ਼ਾ ਨੇਮ, ਛੰਦ ਵਿਧਾਨ ਅਤੇ ਸਾਹਿਤ ਪਰਿਪਾਟੀਆਂ ਦਾ ਅਨੁਭਵ ਹੈ ਤਾਂ ਮੈਂ ਉਕਤ ਸਵਾਲ ਆਪ ਜੀ ਤੋਂ ਹੀ ਜਾਣਨਾ ਚਾਹਾਂਗਾ। ਜੇ ਤੁਹਾਡੀ ਨਜ਼ਰ ਵਿੱਚ ਕੋਈ ਹੋਰ ਵਿਅਕਤੀ ਹੈ ਜਿਸ ਨੂੰ ਇਸ ਦਾ ਪਤਾ ਹੋਵੇ ਤਾਂ ਆਪ ਉਸ ‘ਤੋਂ ਪੁਛ ਸਕਦੇ ਹੋ। ਮੇਰਾ ਗਿਆਨ, ਅਨੁਭਵ ਅਤੇ ਹੌਸਲਾ ਇਤਨਾ ਬੁਲੰਦ ਨਹੀ ਕਿ ਮੈਂ ਗੁਰੂ ਨੂੰ ਲੋਕ ਲੱਜਾ ਦੇ ਕਟਿਹਰੇ `ਚ ਖੜਾ ਕਰਕੇ ਇਹੋ ਜਹੇ ਸਵਾਲ ਕਰਾਂ”।
ਇਸ ਤੋਂ ਸਪੱਸ਼ਟ ਹੈ ਕਿ ਸ: ਗੁਰਮੁਖ ਸਿੰਘ ਜੀ ਅਖੌਤੀ ਦਸਮ ਗ੍ਰੰਥ ਦੇ ਹਮਾਇਤੀ ਹਨ। ਮੈਨੂੰ ਇਸ ਤੇ ਕੋਈ ਇਤਿਰਾਜ ਨਹੀ ਹੈ। ਉਨ੍ਹਾਂ ਨੂੰ ਅਜੇਹਾ ਕਰਨ ਦਾ ਪੂਰਾ ਹੱਕ ਹੈ। ਮੈ ਉਨ੍ਹਾਂ ਦੇ ਇਸ ਅਧਿਕਾਰ ਦਾ ਸਤਿਕਾਰ ਕਰਦਾ ਹਾਂ ਪਰ ਆਪ ਜੀ ਨੂੰ ਬੇਨਤੀ ਹੈ ਕਿ ਉਨ੍ਹਾਂ ਦੀਆਂ ਲਿਖਤ ਨੂੰ ‘ਸਿੱਖ ਮਾਰਗ’ ਤੇ ਪੋਸਟ ਕਰਨ ਜਾ ਨਾ ਕਰਨ ਵਾਰੇ ਆਪਣੇ ਸੰਪਾਦਕੀ ਨੋਟਾਂ ਦੇ ਅਧਾਰ ਤੇ ਸਥਿਤੀ ਨੂੰ ਸੱਪਸ਼ਟ ਕੀਤਾ ਜਾਵੇ।
(ਟਿੱਪਣੀ:- ਗੁਰਮੁਖ ਸਿੰਘ ਜੀ ਨੇ ਹਾਲੇ ਤੱਕ ਦਸਮ ਗ੍ਰੰਥ ਬਾਰੇ ਆਪਣੀ ਸਥਿਤੀ ਪੂਰੀ ਤਰ੍ਹਾਂ ਸਪਸ਼ਟ ਨਹੀਂ ਕੀਤੀ, ਗੱਲ ਗੋਲ-ਮੋਲ ਕਰ ਰਹੇ ਹਨ। ਜਦੋਂ ਗੱਲ ਸਪਸ਼ਟ ਰੂਪ ਵਿੱਚ ਹਾਂ ਜਾਂ ਨਾਂਹ ਵਿੱਚ ਕਰ ਦਿੱਤੀ ਉਸ ਵੇਲੇ ਹੀ ਉਹਨਾ ਦੀਆਂ ਲਿਖਤਾਂ ਸੰਬੰਧੀ ਫੈਸਲਾ ਲਾਗੂ ਹੋ ਜਾਵੇਗਾ-ਸੰਪਾਦਕ)

#######################

ਅਕਾਲ ਤਖਤ ਸਾਹਿਬ ਬਾਰੇ ਚੱਲ ਰਹੀ ਵਿਚਾਰ ਚਰਚਾ ਸਬੰਧੀ ਮੈ 17 ਅਪ੍ਰੈਲ ਦੇ ਪੱਤਰ ਵਿਚ ਇਕ ਬੇਨਤੀ ਕੀਤੀ ਸੀ, “ਇਥੇ ਤਾਂਈ ਤਾਂ ਸਾਰੇ ਸਹਿਮਤ ਹਨ ਕਿ ਥੜਾਂ/ਤਖਤ ਦੀ ਉਸਾਰੀ ਗੁਰੂ ਜੀ ਨੇ ਕੀਤੀ ਸੀ। ਉਸ ਦੀ ਉਸਾਰੀ 1606 ਵਿਚ ਕੀਤੀ ਗਈ ਸੀ ਜਾਂ 1608 ਇਹ ਵੀ ਕੋਈ ਵੱਡਾ ਮਸਲਾ ਨਹੀ ਹੈ, ਉਸਾਰੀ ਸਿਰਫ ਗੁਰੂ ਜੀ, ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਨੇ ਕੀਤੀ ਸੀ ਜਾਂ ਸੰਗਤ ਵੀ ਸ਼ਾਮਲ ਸੀ, ਇਸ ਬਾਰੇ ਜੇ ਸਹਿਮਤੀ ਨਾ ਹੋਵੇ ਤਾਂ ਵੀ ਕੰਮ ਚੱਲ ਸਕਦਾ ਹੈ। ਮੁੱਖ ਮੁੱਦਾ ਤਾਂ ਇਹ ਹੈ, ਕੀ ਅੱਜ ਵਾਲਾ ਅਕਾਲ ਤਖਤ ਸਾਹਿਬ ਗੁਰੂ ਜੀ ਨੇ ਉਸਾਰਿਆ ਸੀ ਜਾਂ ਨਹੀ? ਜੇ ਨਹੀ ਤਾਂ ਵਿਦਿਵਾਨਾਂ ਨੂੰ ਇਹ ਖੋਜ-ਪੜਤਾਲ ਕਰਨੀ ਚਾਹੀਦੀ ਹੈ ਕਿ ਥੜੇ ਤੋਂ ਅਕਾਲ ਤਖਤ ਸਾਹਿਬ, ਇਸ ਤੋਂ ਵੀ ਅੱਗੇ ਸਕੱਤਰਰੇਤ ਤੱਕ ਦਾ ਸਫਰ ਕਿਵੇਂ ਤਹਿ ਕੀਤਾ ਗਿਆ ਹੈ?”
ਮੈ ਇਹ ਪੱਤਰ ਸਮੂਹ ਪਾਠਕਾਂ ਨੂੰ ਸਬੋਧਨ ਕਰਕੇ ਲਿਖਿਆ ਸੀ ਸ਼ਾਇਦ ਇਸੇ ਕਾਰਨ ਹੀ ਕਿਸੇ ਵੀ ਸੱਜਣ ਨੇ ਮੇਰੀ ਬੇਨਤੀ ਵੱਲ ਧਿਆਨ ਨਹੀ ਦਿੱਤਾ। ਅੱਜ, ਮੈ ਇਸ ਵਿਚਾਰ ਚਰਚਾ `ਚ ਸ਼ਾਮਲ ਵਿਦਿਵਾਨਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਜੇ ਆਪ ਜੀ ਇਸ ਸਬੰਧੀ ਕੋਈ ਜਾਣਕਾਰੀ ਸਾਝੀ ਕਰ ਸਕੋ ਤਾਂ ਬੁਹਤ ਧੰਨਵਾਦੀ ਹੋਵਾਗਾ।
ਸਤਿਕਾਰ ਸਹਿਤ
ਸਰਵਜੀਤ ਸਿੰਘ


(05/05/11)
ਗੁਰਮੁਖ ਸਿੰਘ

ਸ. ਮੱਖਣ ਸਿੰਘ ਜੀ,
ਤੱਤ ਭਰਾਵਾਂ ਨੇ ਕੁੱਝ ਪੁਛਿਆ ਹੈ ਜਿਸਦਾ ਜਵਾਬ ਹਾਜ਼ਰ ਹੈ ਜੀ।
ਗੁਰਬਾਣੀ ਦੇ ਫ਼ੁਰਮਾਨ “ਇਕਿ ਤਤੇ ਇਕਿ ਬੋਲਨਿ ਮਿਠੇ” ਮੁਤਾਬਕ ਤੱਤ ਪਰਿਵਾਰ ਜੀਓ,

ਆਪ ਜੀ ਨੂੰ ‘ਨਿਸ਼ਕਾਮ’ ਨਹੀਂ ਕੇਵਲ ਨਿਮਰਤਾ ਸਹਿਤ ਬੇਨਤੀ ਹੈ ਕਿ ਕਈ ਗੱਲਾਂ ਸਿੱਧੀਆਂ ਕਰਨ ਵਾਲੀਆਂ ਨਹੀਂ ਹੁੰਦੀਆਂ, ਇਸ਼ਾਰੇ ਮਾਤਰ ਕਰੀਦੀਆਂ ਹਨ। ਬਿਟਵੀਨ ਦਾ ਲਾਈਨਜ਼ ਦਾ ਏਹੋ ਭਾਵ ਹੈ। ਕਈ ਵਿਸ਼ੇ ਹੀ ਅਜਿਹੇ ਹੁੰਦੇ ਹਨ, ਜਿਨ੍ਹਾਂ ਬਾਰੇ ਸਿੱਧੇ ਲਫ਼ਜ਼ ਨਹੀਂ ਵਰਤੀਦੇ। ਜਿਸ ਨੂੰ ਤੁਸੀਂ ਫ਼ਲਸਫ਼ਾ ਜਾਂ ਸਿਧਾਂਤ ਕਹਿੰਦੇ ਹੋ ਉਸ ਲਈ ਫਿੱਟ ਅਤੇ ਢੁਕਵੀਂ ਵਾਰਤਕ ਹੁੰਦੀ ਹੈ ਕਵਿਤਾ ਨਹੀਂ। ਗੁਰਬਾਣੀ ਵਾਰਤਕ ਵਿੱਚ ਨਹੀਂ ਹੈ, ਕਵਿਤਾ ਵਿੱਚ ਹੈ। ਕਵਿਤਾ ਵੀ ਰਾਗ ਵਿੱਚ ਹੈ। ਇਸ ਦਾ ਭਾਵ ਇਹ ਹੋਇਆ ਕਿ ਧਰਮ ਮੁਢਲੇ ਰੂਪ ਵਿੱਚ ਕੇਵਲ ਸਿਧਾਂਤ ਜਾਂ ਫ਼ਲਸਫ਼ਾ ਨਹੀਂ ਹੈ। ਸਿਧਾਂਤ ਜਾਂ ਫ਼ਲਸਫ਼ਾ ਮੈਥਿਮੈਟਿਕਲ ਹੁੰਦਾ ਹੈ ਅਤੇ ਮੈਥਿਮੈਟਿਕਸ ਦੀ ਭਾਸ਼ਾ ਕਵਿਤਾ ਜਾਂ ਰਾਗ ਨਹੀਂ ਸਗੋਂ ਵਾਰਤਕ ਹੁੰਦੀ ਹੈ। ਜਿਥੇ ਰੁਹਾਨੀ ਅਨੁਭਵ, ਜੀਵਨ ਦੇ ਅਹਿਸਾਸ ਦੀ ਸ਼ਿੱਦਤ ਜਾਂ ਤੀਬਰ ਵੇਗ (ਵੰਡਰ) ਦਾ ਜ਼ਿਕਰ ਹੋਵੇ ਉਥੇ ਮੁਹਾਵਰੇ, ਅਖਾਣ, ਪ੍ਰਤੀਕ ਅਤੇ ਇਸ਼ਾਰੇ ਹੁੰਦੇ ਹਨ। “ਦੇਖੀਏ ਤਕਰੀਰ ਕੀ ਲੱਜ਼ਤ ਕਿ ਜੋ ਉਸਨੇ ਕਹਾ, ਹਮ ਨੇ ਜਾਨਾ, ਕਿ ਗੋਇਆ, ਯਿਹ ਭੀ ਮੇਰੇ ਦਿਲ ਮੇਂ ਹੈ” “ਪਰਥਾਇ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ” ਤਾਂ ਮਹਾਂਵਾਕ ਹੈ ਹੀ। ਆਪ ਜੀ ਨੇ ਮੈਨੂੰ ਪੁਛਣਾ ਕੀਤੀ ਸੀ ਪਈ ਕੀ ਮੈਂ ਦਸਮ ਗ੍ਰੰਥ ਨੂੰ ਸਮੁੱਚੇ ਰੂਪ ਵਿੱਚ ਗੁਰੂ ਕ੍ਰਿਤ ਮੰਨਦਾ ਹਾਂ। ਇਸ ਦਾ ਜਵਾਬ ਮੈਂ ਆਪ ਜੀ ਨੂੰ ਫ਼ੇਰਵੇਂ ਰੂਪ ਵਿੱਚ ਦਿੱਤਾ ਸੀ। ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੇ ਰੂਪ ਵਿੱਚ ਗੁਰੂ ਕ੍ਰਿਤ ਨਹੀਂ ਹੈ ਤਾਂ ਇਸ ਨਾਲ ਸਾਡੀ ਆਸਥਾ ਨੂੰ ਕੋਈ ਆਂਚ ਨਹੀਂ ਆਉਂਦੀ ਤਾਂ ਦਸਮ ਗ੍ਰੰਥ ਵੀ ਜੇ ਸਮੁੱਚੇ ਰੂਪ ਵਿੱਚ ਗੁਰੂ ਕ੍ਰਿਤ ਨਹੀਂ ਹੈ ਤਾਂ ਇਸੇ ਗੱਲ ਨਾਲ ਆਪ ਜੀ ਦੀ ਆਸਥਾ ਨੂੰ ਆਂਚ ਨਹੀਂ ਆਉਣੀ ਚਾਹੀਦੀ।
ਆਪ ਜੀ ਨੂੰ ਬੇਨਤੀ ਹੈ ਕਿ ਉਪਰ ਸਿਰਫ਼ ਆਪ ਜੀ ਦੇ ਇੱਕ ਸਵਾਲ ਦਾ ਜਵਾਬ ਹੈ।
ਦਸਮ ਗ੍ਰੰਥ ਬਾਰੇ ਜਦ ਕੋਈ ਹੋਰ ਗੱਲ ਹੋਵੇਗੀ ਤਾਂ ਉਸ ਬਾਬਤ ਆਪਣੀ ਰਾਇ ਵੀ ਦੇਵਾਂਗਾ।
ਮੇਰੀ ਇੱਕ ਗ਼ੁਜ਼ਾਰਿਸ਼ ਦਾ ਖ਼ਿਆਲ ਰੱਖਣਾ ਕਿ ਜਿਵੇਂ ਅਸੀਂ ਆਪਣੇ ਮਾਂ ਬਾਪ ਬਾਰੇ ਤਹਿਜ਼ੀਬ ਵਿੱਚ ਰਹਿ ਕੇ ਗੱਲ ਕਰਦੇ ਹਾਂ ਇਵੇਂ ਗੁਰੂ ਦਾ ਰੁਤਬਾ ਮਾਂ ਬਾਪ ਤੋਂ ਵੀ ਕਿਤੇ ਉਚਾ ਹੈ ਇਸ ਲਈ ਗੁਰੂ ਬਾਰੇ ਗੱਲ ਤਹਿਜ਼ੀਬ ਵਿਚ, ਇਤਮੀਨਾਨ ਨਾਲ, ਰੱਬੀ ਭੈਅ ਵਿੱਚ ਹੋਣੀ ਚਾਹੀਦੀ ਹੈ। ਜੇ ਉਸਦਾ ਆਪ ਜੀ ਨੂੰ ਡਰ ਨਹੀਂ ਹੈ ਤਾਂ ਮੈਂ ਕੁੱਝ ਨਹੀਂ ਕਹਿ ਸਕਦਾ, ਪਰ ਮੈਨੂੰ ੳਸੁਦਾ ਡਰ ਹੈ।
ਮੇਰੇ ਡਰਨ ਦਾ ਭਾਵ ਇਹੀ ਸੀ ਕਿ ਨਾਜ਼ਕ ਚੀਜ਼ਾਂ ਨੂੰ ਰਤਾ ਡਰ ਕੇ ਜਾਂ ਸੰਭਲ ਕੇ ਹੱਥ ਲਗਾਈਦਾ ਹੈ। ਮੈਂ ਚਿਤਵ ਸਕਦਾ ਹਾਂ ਕਿ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸਿੱਖ ਪਰੜ ਪਰੜ ਮੂੰਹ ਨਹੀਂ ਮਾਰਦੇ ਹੋਣਗੇ ਅਤੇ ਨਾ ਹੀ ਨਿਰਲੱਜ ਹੋ ਕੇ ਵਿਚਰਦੇ ਹੋਣਗੇ। ਜਿਵੇਂ ਮਾਪਿਆਂ ਦੀ ਹਾਜ਼ਰੀ ਵਿੱਚ ਬੱਚੇ ਸੰਕੋਚ ਵਿੱਚ ਰਹਿੰਦੇ ਹਨ। ਗੁਰੂ ਨੂੰ ਹਾਜ਼ਰ ਨਾਜ਼ਰ ਜਾਣਨ ਵਾਲੇ ਸਿੱਖ ਲਈ ਜ਼ਰੂਰੀ ਹੈ ਗੁਰੂ ਦੀ ਕੋਈ ਵੀ ਗੱਲ ਸੰਕੋਚਵੇਂ ਲਹਿਜ਼ੇ ਵਿਚ, ਸੰਭਲ ਕੇ ਅਤੇ ਰਤਾ ਡਰ ਕੇ ਹੀ ਹੋਵੇ। ਆਪਣੀ ਮੱਤ `ਤੇ ਇਤਨਾ ਭਰੋਸਾ ਵੀ ਨਹੀਂ ਕੋਈ ਕਰ ਸਕਦਾ। ਆਪਣੀ ਮੱਤ ਮਨਮੱਤ ਹੀ ਹੁੰਦੀ ਹੈ। ਗੁਰਮਤਿ ਆਪਣੇ ਆਪ ਵਿੱਚ ਤੱਤ ਹੈ। ਹੁਣ ਤੱਤ ਦਾ ਅੱਗੋਂ ਹੋਰ ਤੱਤ ਕੀ ਹੋ ਸਕਦਾ ਹੈ। ਸਿਰਫ਼ ਜਦ ਕਿਸੇ ਨੇ ਆਪਣੀ ਮਨਮੱਤ ਨੂੰ ਗੁਰਮਤਿ ਸਮਝ ਲਿਆ ਹੋਵੇ ਤਦ ਹੀ ਉਸਨੂੰ ਆਪਣੀ ਮਨਮੱਤ ਨੂੰ ਤੱਤ ਗੁਰਮਤ ਕਹਿਣਾ ਪੈਂਦਾ ਹੈ।
ਪਿਆਰ ਸਹਿਤ,
ਗੁਰਮੁਖ ਸਿੰਘ


(05/05/11)
ਕਿਰਪਾਲ ਸਿੰਘ ਬਠਿੰਡਾ

ਮਨੁਖ ਜਿੰਨੀ ਉੱਚੀ ਹਸਤੀ ਨਾਲ ਜੁੜ ਜਾਵੇ ਉਸ ਦਾ ਆਤਮਕ ਕੱਦ ਉਨਾਂ ਹੀ ਉੱਚਾ ਹੋ ਜਾਂਦਾ ਹੈ: ਪ੍ਰਿੰ. ਗੁਰਬਚਨ ਸਿੰਘ ਥਾਈਲੈਂਡ

ਬਠਿੰਡਾ, ੫ ਮਈ (ਕਿਰਪਾਲ ਸਿੰਘ): ਜਿਸ ਤਰ੍ਹਾਂ ਬੇਲ ਜਿੰਨੇ ਉੱਚੇ ਦ੍ਰਖ਼ਤ ਨਾਲ ਲੱਗ ਜਾਵੇ ਉਸ ਦਾ ਕੱਦ ਉਨਾਂ ਹੀ ਉੱਚਾ ਹੋ ਜਾਂਦਾ ਹੈ, ਇਸੇ ਤਰ੍ਹਾਂ ਮਨੁਖ ਜਿੰਨੀ ਉੱਚੀ ਹਸਤੀ ਨਾਲ ਜੁੜ ਜਾਵੇ ਉਸ ਦਾ ਆਤਮਕ ਕੱਦ ਉਨਾਂ ਹੀ ੳੱਚਾ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਹੜੇ ਮਨੁਖ ਦੇਵੀ ਦਵਤਿਆਂ ਜਾਂ ਪੂਜਾ ਕਰਦੇ ਹਨ ਜਾਂ ਦੇਹਧਾਰੀ ਗੁਰੂਆਂ ਦੀ ਓਟ ਲ਼ੈਂਦੇ ਹਨ ਉਨ੍ਹਾਂ ਦਾ ਰੁਤਬਾ ਇੱਕ ਮਨੁਖ ਤੋਂ ਉੱਚਾ ਨਹੀਂ ਉਠ ਸਕਦਾ ਬਲਕਿ ਕਈ ਵਾਰ ਤਾਂ ਉਸ ਤੋਂ ਵੀ ਨੀਵਾਂ ਹੋ ਕੇ ਪਸ਼ੂਆਂ ਦੇ ਦਰਜ਼ੇ ਤੱਕ ਪਹੁੰਚ ਜਾਂਦਾ ਹੈ, ਪਰ ਜਿਹੜਾ ਸਿੱਧਾ ਅਕਾਲਪੁਰਖ਼ ਨਾਲ ਜੁੜ ਜਾਂਦਾ ਹੈ ਉਸ ਦਾ ਆਤਮਕ ਕੱਦ ਪ੍ਰਮਾਤਮਾ ਜਿੱਡਾ ਹੀ ਹੋ ਜਾਂਦਾ ਹੈ। ਇਹ ਸ਼ਬਦ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਿੰ. ਗੁਰਬਚਨ ਸਿੰਘ ਜੀ ਥਾਈਲੈਂਡ ਵਾਲਿਆਂ ਨੇ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਚੱਲ ਰਹੀ ਕਥਾ ਦੌਰਾਨ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਨ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਪ੍ਰਿੰ: ਗੁਰਬਚਨ ਸਿੰਘ ਨੇ ਆਪਣੇ ਇਸ ਕਥਨ ਦੀ ਪ੍ਰੋੜਤਾ ਲਈ ਗੁਰੂ ਗ੍ਰੰਥ ਸਾਹਿਬ ਜੀ `ਚ ਪੰਨਾ ਨੰ: ੮੭੪ `ਤੇ ਭਗਤ ਨਾਮਦੇਵ ਜੀ ਦਾ ਗੋਂਡ ਰਾਗ ਵਿੱਚ ਦਰਜ਼ ਸ਼ਬਦ ‘ਭੈਰਉ ਭੂਤ ਸੀਤਲਾ ਧਾਵੈ।। ਖਰ ਬਾਹਨੁ ਉਹੁ ਛਾਰੁ ਉਡਾਵੈ।। ੧।। ` ਦਾ ਹਵਾਲਾ ਦਿੰਦਿਆਂ ਕਿਹਾ ਜੋ ਮਨੁੱਖ ਭੈਰੋਂ ਵੱਲ ਜਾਂਦਾ ਹੈ (ਭਾਵ, ਜੋ ਭੈਰੋਂ ਦੀ ਅਰਾਧਨਾ ਕਰਦਾ ਹੈ) ਉਹ (ਵਧ ਤੋਂ ਵਧ ਭੈਰੋਂ ਵਰਗਾ ਹੀ) ਭੂਤ ਬਣ ਜਾਂਦਾ ਹੈ। ਜੋ ਸੀਤਲਾ ਨੂੰ ਅਰਾਧਦਾ ਹੈ ਉਹ (ਸੀਤਲਾ ਵਾਂਗ) ਖੋਤੇ ਦੀ ਸਵਾਰੀ ਕਰਦਾ ਹੈ ਤੇ (ਖੋਤੇ ਦੇ ਨਾਲ) ਸੁਆਹ ਹੀ ਉਡਾਉਂਦਾ ਹੈ। ੧।

`ਸਿਵ ਸਿਵ ਕਰਤੇ ਜੋ ਨਰੁ ਧਿਆਵੈ।। ਬਰਦ ਚਢੇ ਡਉਰੂ ਢਮਕਾਵੈ।। ੨।। ` ਜੋ ਮਨੁੱਖ ਸ਼ਿਵ ਦਾ ਨਾਮ ਜਪਦਾ ਹੈ ਉਹ (ਵਧ ਤੋਂ ਵਧ ਜੋ ਕੁੱਝ ਹਾਸਲ ਕਰ ਸਕਦਾ ਹੈ, ਇਹ ਹੈ ਕਿ ਸ਼ਿਵ ਦਾ ਰੂਪ ਲੈ ਕੇ, ਸ਼ਿਵ ਦੀ ਸਵਾਰੀ) ਬਲਦ ਉੱਤੇ ਚੜ੍ਹਦਾ ਹੈ ਤੇ (ਸ਼ਿਵ ਵਾਂਗ) ਡਮਰੂ ਵਜਾਉਂਦਾ ਹੈ। ੨।

`ਮਹਾ ਮਾਈ ਕੀ ਪੂਜਾ ਕਰੈ।। ਨਰ ਸੈ ਨਾਰਿ ਹੋਇ ਅਉਤਰੈ।। ੩।। ` ਜੋ ਮਨੁੱਖ ਪਾਰਬਤੀ ਦੀ ਪੂਜਾ ਕਰਦਾ ਹੈ ਉਹ ਮਨੁੱਖ ਤੋਂ ਜ਼ਨਾਨੀ ਬਣ ਕੇ ਜਨਮ ਲੈਂਦਾ ਹੈ (ਕਿਉਂਕਿ ਪੂਜਾ ਕਰਨ ਵਾਲਾ ਆਪਣੇ ਪੂਜਯ ਦਾ ਰੂਪ ਹੀ ਬਣ ਸਕਦਾ ਹੈ)। ੩।
`
ਤੂ ਕਹੀਅਤ ਹੀ ਆਦਿ ਭਵਾਨੀ।। ਮੁਕਤਿ ਕੀ ਬਰੀਆ ਕਹਾ ਛਪਾਨੀ।। ੪।। ` ਹੇ ਭਵਾਨੀ! ਤੂੰ ਸਭ ਦਾ ਮੁੱਢ ਅਖਵਾਉਂਦੀ ਹੈਂ, ਪਰ (ਆਪਣੇ ਭਗਤਾਂ ਨੂੰ) ਮੁਕਤੀ ਦੇਣ ਵੇਲੇ ਤੂੰ ਭੀ, ਪਤਾ ਨਹੀਂ, ਕਿੱਥੇ ਲੁਕੀ ਰਹਿੰਦੀ ਹੈਂ (ਭਾਵ, ਮੁਕਤੀ ਭਵਾਨੀ ਪਾਸ ਭੀ ਨਹੀਂ ਹੈ)। ੪।

ਇਸ ਸ਼ਬਦ ਦੀ ਰਹਾਉ ਦੀਆਂ ਤੁਕਾਂ ਵਿੱਚ ਭਗਤ ਜੀ ਸਮਝਾ ਰਹੇ ਹਨ (ਹੇ ਪੰਡਤ!) ਮੈਂ ਤੇਰੇ ਇਨ੍ਹਾਂ ਦੇਵੀ ਦੇਵਤੇ- ਭੈਰਉ, ਸ਼ਿਵ ਜੀ, ਮਹਾਂਮਾਈ ਪਾਰਬਤੀ ਭਵਾਨੀ ਆਦਿ ਨੂੰ ਨਹੀਂ ਧਿਆਉਂਦਾ, ਮੈਂ ਤਾਂ ਇੱਕ ਸੋਹਣੇ ਰਾਮ ਦਾ ਨਾਮ ਹੀ ਲਵਾਂਗਾ, (ਤੁਹਾਡੇ) ਹੋਰ ਸਾਰੇ ਦੇਵਤਿਆਂ ਨੂੰ ਉਸ ਨਾਮ ਦੇ ਵੱਟੇ ਵਿੱਚ ਦੇ ਦਿਆਂਗਾ, (ਭਾਵ, ਪ੍ਰਭੂ-ਨਾਮ ਦੇ ਟਾਕਰੇ ਤੇ ਮੈਨੂੰ ਤੁਹਾਡੇ ਕਿਸੇ ਭੀ ਦੇਵੀ ਦੇਵਤੇ ਦੀ ਲੋੜ ਨਹੀਂ ਹੈ)। ੧। ਹਉ ਤਉ ਏਕੁ ਰਮਈਆ ਲੈਹਉ।। ਆਨ ਦੇਵ ਬਦਲਾਵਨਿ ਦੈਹਉ।। ੧।। ਰਹਾਉ।।

ਅਤੇ ਅਖੀਰਲੇ ਬੰਦ `ਗੁਰਮਤਿ ਰਾਮ ਨਾਮ ਗਹੁ ਮੀਤਾ।। ਪ੍ਰਣਵੈ ਨਾਮਾ ਇਉ ਕਹੈ ਗੀਤਾ।। ੫।। ੨।। ੬।। ` ਵਿੱਚ ਭਗਤ ਨਾਮਦੇਵ ਜੀ ਪੰਡਿਤ ਨੂੰ ਸੰਬੋਧਤ ਹੋ ਕੇ ਸਮਝਾ ਰਹੇ ਹਨ, ਹੇ ਮਿੱਤਰ (ਪੰਡਤ!) ਸਤਿਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦੇ ਨਾਮ ਦੀ ਓਟ ਲੈ, (ਤੁਹਾਡੀ ਧਰਮ-ਪੁਸਤਕ) ਗੀਤਾ ਭੀ ਇਹੀ ਆਖਦੀ ਹੈ। ੫। ੨। ੬।

ਇਸ ਸ਼ਬਦ ਦਾ ਭਾਵ ਹੈ ਕਿ ਪੂਜਾ ਕਰ ਕੇ ਮਨੁੱਖ ਵੱਧ ਤੋਂ ਵੱਧ ਆਪਣੇ ਪੂਜਯ ਦਾ ਰੂਪ ਹੀ ਬਣ ਸਕਦਾ ਹੈ; ਸੰਸਾਰ-ਸਮੁੰਦਰ ਤੋਂ ਮੁਕਤੀ ਦਿਵਾਉਣੀ ਕਿਸੇ ਦੇਵੀ ਦੇਵਤੇ ਦੇ ਹੱਥ ਨਹੀਂ; ਇਸ ਵਾਸਤੇ ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ, ਪ੍ਰਭੂ ਹੀ ਮੁਕਤੀ-ਦਾਤਾ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: ੪੮੬ `ਤੇ ਭਗਤ ਰਵਿਦਾਸ ਜੀ ਦੇ ਆਸਾ ਰਾਗ ਵਿੱਚ ਦਰਜ਼, ਅੱਜ ਦੇ ਵੀਚਾਰ ਅਧੀਨ ਸ਼ਬਦ ਦੀਆਂ ਰਹਾਉ ਦੀਆਂ ਤੁਕਾਂ `ਤੁਝਹਿ ਚਰਨ ਅਰਬਿੰਦ ਭਵਨ ਮਨੁ।। ਪਾਨ ਕਰਤ, ਪਾਇਓ ਪਾਇਓ ਰਾਮਈਆ ਧਨੁ।। ੧।। ਰਹਾਉ।। ` ਦੀ ਵਿਆਖਿਆ ਕਰਦਿਆਂ ਪ੍ਰਿੰਸੀਪਲ ਗੁਰਬਚਨ ਸਿੰਘ ਨੇ ਦੱਸਿਆ ਕਿ ਇਸ ਵਿੱਚ ਭਗਤ ਰਵਿਦਾਸ ਜੀ ਅਕਾਲਪੁਰਖ਼ ਨੂੰ ਮੁਖ਼ਾਤਿਬ ਹੋ ਕੇ ਕਹਿ ਰਹੇ ਹਨ- (ਹੇ ਸੋਹਣੇ ਰਾਮ!) ਮੇਰਾ ਮਨ ਕਉਲ ਫੁੱਲ ਵਰਗੇ ਸੋਹਣੇ ਤੇਰੇ ਚਰਨਾਂ ਨੂੰ ਆਪਣੇ ਰਹਿਣ ਦੀ ਥਾਂ ਬਣਾ ਚੁਕਿਆ ਹੈ; (ਤੇਰੇ ਚਰਨ-ਕਮਲਾਂ ਵਿਚੋਂ ਨਾਮ-ਰਸ) ਪੀਂਦਿਆਂ ਪੀਂਦਿਆਂ ਮੈਂ ਲੱਭ ਲਿਆ ਹੈ, ਮੈਂ ਲੱਭ ਲਿਆ ਹੈ ਤੇਰਾ ਨਾਮ-ਧਨ। ੧। ਰਹਾਉ। ਪ੍ਰਿੰਸੀਪਲ ਸਾਹਿਬ ਜੀ ਨੇ ਦੱਸਿਆ ਕਿ ਕਿ ਇੱਥੇ ਪ੍ਰਭੂ ਦੇ ਚਰਨਾਂ ਤੋਂ ਭਾਵ ਕਿਸੇ ਦੇਹ ਧਾਰੀ ਦੇ ਚਰਨ ਜਾਂ ਪੈਰ ਨਹੀਂ ਬਲਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਮੰਗਲਾਚਰਨ ਵਿੱਚ ਦੱਸੇ ਗੁਣਾਂ ਤੋਂ ਹੈ ਕਿ ਇਨ੍ਹਾਂ ਗੁਣਾਂ ਨੂੰ ਹਰ ਰੋਜ਼ ਯਾਦ ਕਰਦਿਆਂ ਕਰਦਿਆਂ ਉਸ ਵਰਗੇ ਗੁਣ ਸਤ, ਸੰਤੋਖ, ਦਇਆ, ਨਿਰਭਉ, ਨਿਰਵੈਰਤਾ ਧਾਰਨ ਕਰਕੇ ਉਸ ਪ੍ਰਭੂ ਵਰਗਾ ਹੀ ਹੋਣਾ ਹੈ। ਜਦੋਂ ਮਨੁਖ ਨੂੰ ਇਹ ਗੁਣ ਹਾਸਲ ਹੋ ਜਾਣ ਤਾਂ ਉਸ ਦੀ ਜੋ ਸਥਿਤੀ ਬਣਦੀ ਹੈ ਉਸ ਦਾ ਵਰਨਣ ਭਗਤ ਰਵਿਦਾਸ ਜੀ ਇਸ ਸ਼ਬਦ ਦੇ ਪਹਿਲੇ ਪਦੇ ਵਿੱਚ ਵਰਨਣ ਕਰਦੇ ਹਨ: `ਕਹਾ ਭਇਓ ਜਉ ਤਨੁ ਭਇਓ ਛਿਨੁ ਛਿਨੁ।। ਪ੍ਰੇਮੁ ਜਾਇ ਤਉ ਡਰਪੈ ਤੇਰੋ ਜਨੁ।। ੧।। ` ਭਾਵ (ਇਹ ਨਾਮ-ਧਨ ਲੱਭ ਕੇ ਹੁਣ) ਜੇ ਮੇਰਾ ਸਰੀਰ ਨਾਸ ਭੀ ਹੋ ਜਾਏ ਤਾਂ ਭੀ ਮੈਨੂੰ ਕੋਈ ਪਰਵਾਹ ਨਹੀਂ। ਹੇ ਰਾਮ! ਤੇਰਾ ਸੇਵਕ ਤਦੋਂ ਹੀ ਘਬਰਾਏਗਾ ਜੇ (ਇਸ ਦੇ ਮਨ ਵਿਚੋਂ ਤੇਰੇ ਚਰਨਾਂ ਦਾ) ਪਿਆਰ ਦੂਰ ਹੋਵੇਗਾ। ੧।

`ਸੰਪਤਿ ਬਿਪਤਿ ਪਟਲ ਮਾਇਆ ਧਨੁ।। ਤਾ ਮਹਿ ਮਗਨ ਹੋਤ ਨ ਤੇਰੋ ਜਨੁ।। ੨।। ` ਇਸ ਦੂਸਰੇ ਪਦੇ ਵਿੱਚ ਸਮਝਾ ਰਹੇ ਹਨ:- ਧਨ, ਬਿਪਤਾ, —ਇਹ ਮਾਇਆ ਦੇ ਪਰਦੇ ਹਨ (ਜੋ ਮਨੁੱਖ ਦੀ ਮੱਤ ਉਤੇ ਪਏ ਰਹਿੰਦੇ ਹਨ); ਹੇ ਪ੍ਰਭੂ! ਤੇਰਾ ਸੇਵਕ (ਮਾਇਆ ਦੇ) ਇਹਨਾਂ (ਪਰਦਿਆਂ) ਵਿੱਚ (ਹੁਣ) ਨਹੀਂ ਫਸਦਾ। ੨।

`ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ।। ਕਹਿ ਰਵਿਦਾਸ ਛੂਟਿਬੋ ਕਵਨ ਗੁਨ।। ੩।। ੪।। ` ਰਵਿਦਾਸ ਆਖਦਾ ਹੈ—ਹੇ ਪ੍ਰਭੂ! (ਮੈਂ) ਤੇਰਾ ਦਾਸ ਤੇਰੇ ਪਿਆਰ ਦੀ ਰੱਸੀ ਨਾਲ ਬੱਝਾ ਹੋਇਆ ਹਾਂ। ਇਸ ਵਿਚੋਂ ਨਿਕਲਣ ਨੂੰ ਮੇਰਾ ਜੀ ਨਹੀਂ ਕਰਦਾ। ੩। ੪।

ਇਸ ਸ਼ਬਦ ਦਾ ਭਾਵ ਸਮਝਾਉਂਦੇ ਹੋਏ ਪ੍ਰਿੰਸੀਪਲ ਗੁਰਬਚਨ ਸਿੰਘ ਨੇ ਕਿਹਾ ਮਨੁਖ ਸਿਧਾਂਤ ਨਾਲ ਸਮਝੌਤਾ ਸਿਰਫ ਉਸ ਸਮੇ ਹੀ ਕਰਦਾ ਹੈ ਜਿਸ ਸਮੇਂ ਕਿਸੇ ਬਿਪਤਾ ਨੂੰ ਵੇਖ ਕੇ ਘਬਰਾ ਜਾਵੇ ਉਸ ਬਿਪਤਾ ਤੋਂ ਬਚਣ ਲਈ ਸਿਧਾਂਤ ਛੱਡ ਕੇ ਸਮਝੌਤੇ ਲਈ ਤਿਆਰ ਹੋ ਜਾਂਦਾ ਹੈ। ਜਾਂ ਲਾਲਚਵੱਸ ਹੋ ਕੇ ਧਨ ਤੇ ਅਹੁਦਾ ਪ੍ਰਾਪਤ ਕਰਨ ਹਿਤ ਸਿਧਾਂਤ ਛੱਡ ਕੇ ਸਮਝੌਤੇ ਲਈ ਤਿਆਰ ਹੋ ਜਾਂਦਾ ਹੈ, ਜਿਵੇਂ ਕਿ ਅੱਜ ਕੱਲ੍ਹ ਦੇ ਸਿਆਸੀ ਨੇਤਾ ਕਰ ਰਹੇ ਹਨ। ਪਰ ਜਿਸ ਮਨੁੱਖ ਨੂੰ ਪ੍ਰਭੂ-ਚਰਨਾਂ ਦਾ ਪਿਆਰ ਪ੍ਰਾਪਤ ਹੋ ਜਾਏ, ਉਸ ਨੂੰ ਦੁਨੀਆ ਦੇ ਹਰਖ ਸੋਗ ਪੋਹ ਨਹੀਂ ਸਕਦੇ ਤਾਂ ਉਸ ਵਲੋਂ ਸਿਧਾਂਤ ਛੱਡਣ ਦਾ ਮਤਲਬ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਨਾਲ ਸ਼ਹੀਦ ਹੋਏ ਗੁਰਸਿਖਾਂ- ਭਾਈ ਮਤੀਦਾਸ, ਭਾਈ ਦਿਆਲਾ ਜੀ ਅਤੇ ਭਾਈ ਸਤੀ ਦਾਸ ਜੀ ਦੀ ਉਦਾਹਰਣ ਦਿੰਦਿਆ ਕਿਹਾ ਕਿ ਕੀ ਅੱਜ ਵੀ ਉਨ੍ਹਾਂ ਵਾਂਗ ਨਿਜੀ ਲਾਭ, ਸੁਖ ਤਿਆਗ ਕੇ ਸੱਚ ਲਈ ਆਪਾ ਨਿਸ਼ਾਵਰ ਕਰਨ ਵਾਲਾ ਕੋਈ ਹੈ।


(04/05/11)
ਤੱਤ ਗੁਰਮਤਿ ਪਰਿਵਾਰ

ਸਤਿਕਾਰਯੋਗ ਵੀਰ ਗੁਰਮੱਖ ਸਿੰਘ ਜੀ,

ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ,

ਸਾਡੇ ਪੱਤਰ ਦੇ ਪ੍ਰਤੀਕਰਮ ਵਜੋਂ ਆਪ ਜੀ ਦਾ ਖੱਤ ਪੜ੍ਹਿਆ। ਤਹਿ ਦਿਲੋਂ ਧੰਨਵਾਦੀ ਹਾਂ ਜੀ। ਗੁਰਮਤਿ ਦੀ ਸੇਧ ਵਿੱਚ ਜਵਾਬਦੇਹੀ ਦੇ ਫਰਜ਼ ਵਜੋਂ, ਸਭ ਤੋਂ ਪਹਿਲਾਂ ਆਪ ਜੀ ਵਲੋਂ ‘ਤੱਤ ਗੁਰਮਤਿ ਪਰਿਵਾਰ’ ਨੂੰ ਕੀਤੇ ਨਵੇਂ ਸਵਾਲ ਬਾਰੇ ‘ਪਰਿਵਾਰ’ ਦਾ ਪੱਖ:

ਵੀਰ ਜੀ ਅਪਣੇ ਇਸ ਖੱਤ ਦੇ ਨੁਕਤਾ ਨੰ. 12 ਵਿੱਚ ਆਪ ਜੀ ਨੂੰ ‘ਪਰਿਵਾਰ’ ਨੂੰ ਡਰਦੇ-2 ਇੱਕ ਸਵਾਲ ਪੁੱਛਣ ਦੀ ਗੱਲ ਕੀਤੀ ਹੈ। ਵੀਰ ਜੀ! ਇੱਕ ਗੁਰਮੁੱਖ ਕਿਸੇ ਕੋਲੋਂ ਵੀ ਡਰਦਾ ਨਹੀਂ। ਰੱਬ ਵੀ ਕੋਈ ਹਉਆ ਨਹੀਂ, ਜਿਸ ਤੋਂ ਡਰਿਆ ਜਾਵੇ। ਉਸ ਨਾਲ ਪਿਆਰ ਪਾ ਕੇ ਉਸ ਦੇ ਨਿਯਮਾਂ ਨੂੰ ਸਮਝਣ ਦਾ ਜਤਨ ਕਰਨਾ ਬਣਦਾ ਹੈ। ‘ਮਹਾਂਕਾਲ’ ਦਾ ਸਿੱਖ ਤਾਂ ਉਸ ਤੋਂ ਡਰੇ ਤਾਂ ਗੱਲ ਹਜ਼ਮ ਹੋ ਸਕਦੀ ਹੈ, ਕਿਉਂਕਿ ਮਹਾਂਕਾਲ (ਦਸਮ ਗ੍ਰੰਥ ਅਨੁਸਾਰ) ਬਹੁਤ ਹੀ ਕ੍ਰੋਧਵਾਨ, ਡਰਾਵਣੇ ਰੂਪ ਵਾਲਾ ਹੈ। ਪਰ ਗੁਰਬਾਣੀ ਵਾਲਾ ਰੱਬ ਤਾਂ ਬਹੁਤ ਮਿਠਬੋਲੜਾ, ਸਹਿਜ ਵਾਲਾ ਹੈ, ਉਸ ਤੋਂ ਡਰਨਾ ਕਿਉਂ? ਨਾ ਹੀ ਉਹ ਰੱਬ ਸਾਡੇ ਵਾਂਗੂ ਇਤਨਾ ਹੋਛਾ ਹੈ ਕਿ ਕਿਸੇ ਨਾਲ ਵਿਚਾਰਕ ਅਸਹਿਮਤੀ ਮਾਤਰ ਕਾਰਨ ਮਨ ਵਿੱਚ ਉਸ ਨਾਲ ਨਫਰਤ ਧਾਰ ਲਵੇ।

ਆਪ ਜੀ ਨੇ ਇਸ ਨੁਕਤੇ ਵਿੱਚ ਸਵਾਲ ਕਰਨ ਦੀ ਥਾਂ ‘?’ ਦਾ ਇਸਤੇਮਾਲ ਕਰਕੇ ‘ਪਰਿਵਾਰ’ ਖਿਲਾਫ ਇਲਜ਼ਾਮ ਹੀ ਲਾਏ ਹਨ। ਇਲਜ਼ਾਮ ਤਰਾਸ਼ੀ ਦਾ ਕੋਈ ਗਿਲਾ ਨਹੀਂ, ਕਿਉਂਕਿ ਲੋਕਾਂ ਨੇ ਤਾਂ ਸਾਡੇ ਮੁਰਸ਼ਦ (ਬਾਬਾ ਨਾਨਕ ਜੀ) ਨੂੰ ਵੀ ਨਹੀਂ ਬਖਸ਼ਿਆ, ਸਾਡੀ ਤਾਂ ਔਕਾਤ ਹੀ ਕੀ ਹੈ? ਪਰ ਸਿੱਖ ਮਾਰਗ ਦੇ ਵਕਾਰ ਦਾ ਤਾਂ ਖਿਆਲ ਰੱਖ ਲੈਣਾ ਸੀ ਜੀ। ਸਾਡੀ ਕਿਹੜੀ ਲਿਖਤ ਵਿੱਚ ਤੁਹਾਨੂੰ ਇਹ ਪਤਾ ਚਲਿਆ ਕਿ ਅਸੀਂ ਭੱਟਾਂ ਦੇ ਸਵੱਈਏ, ਭਗਤਾਂ ਅਤੇ ਹੋਰ ਮਹਾਂਪੁਰਖਾਂ ਦੀ ‘ਗੁਰੂ ਗ੍ਰੰਥ ਸਾਹਿਬ ਜੀ’ ਵਿਚਲੀ ਬਾਣੀ ਨੂੰ ਨਹੀਂ ਮੰਨਦੇ? ਸਵਾਲ ਇਸ ਤਰ੍ਹਾਂ ਹੁੰਦਾ ਹੈ, “ਕੀ ਤੁਸੀਂ ਭੱਟਾਂ ਦੀ ਬਾਣੀ ਨੂੰ ਮੰਨਦੇ ਹੋ?” ਨਾ ਕਿ “ਭੱਟ ਬਾਣੀ ਨੂੰ ਆਪ ਨਹੀਂ ਮੰਨਦੇ?”।

‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਮੌਜੂਦਾ ਛੱਪ ਰਹੇ ਸਰੂਪ ਵਿੱਚ ਅਸੀਂ ‘ਰਾਗਮਾਲਾ’ ਨੂੰ ਗੁਰਬਾਣੀ ਨਹੀਂ ਮੰਨਦੇ। ਬਾਕੀ ਸਾਰੀਆਂ ਰਚਨਾਵਾਂ ਨੂੰ ਅਸੀਂ ਗੁਰਬਾਣੀ ਮੰਨਦੇ ਹਾਂ।

ਵੀਰ ਜੀ ਆਪ ਜੀ ਦਾ ਖੱਤ ਤਾਂ ‘ਪਰਿਵਾਰ’ ਨੂੰ ਸੰਬੋਧਿਤ ਹੈ ਪਰ 16 ਵਿਚੋਂ 6 ਪਵਾਇੰਟ ਇਕਬਾਲ ਸਿੰਘ ਜੀ ਨੂੰ ਸਮਰਪਿਤ ਹਨ।

ਤੂਸੀ ‘ਦਸਮ ਗ੍ਰੰਥ’ ਬਾਰੇ ਸਿੱਧੇ ਜਿਹੇ ਸਵਾਲਾਂ ਦਾ ਜਵਾਬ ਸ਼ਬਦਾਂ ਦੇ ਜਾਲ ਵਿੱਚ ਉਲਝਾ ਕੇ ਟਾਲ ਗਏ। ਸਪਸ਼ਟ ਲਿਖ ਦਿੰਦੇ ਕਿ ਮੈਂ ਦਸਮ ਗ੍ਰੰਥ ਨੂੰ ‘ਦਸ਼ਮੇਸ਼ ਜੀ’ ਕ੍ਰਿਤ ਮੰਨਦਾ ਹਾਂ। ਕਈਂ ਭਟਕੇ ਹੋਏ, ਦਸਮ ਗ੍ਰੰਥ ਦੀਆਂ ਰਚਨਾਵਾਂ ਨੂੰ ‘ਗੁਰਬਾਣੀ’ ਮੰਨ ਰਹੇ ਹਨ। ਪਰ ਸ਼ਾਇਦ ਹੀ ਉਨ੍ਹਾਂ ਵਿੱਚ ਇਹ ਕਬੂਲਣ ਤੋਂ ਕੋਈ ਇਹ ਸੰਕੋਚ ਕਰਦਾ ਹੈ। ਪਰ ਆਪ ਜੀ ਤਾਂ ਅਪਣੇ ਵਿਚਾਰ ਵੀ ਖੁੱਲ ਕੇ ਨਹੀਂ ਦੇ ਪਾ ਰਹੇ। ਸ਼ਾਇਦ ਆਪ ਜੀ ਨੂੰ ਖਦਸ਼ਾ ਹੋਵੇਗਾ ਕਿ ਦਸਮ ਗ੍ਰੰਥੀ ਕਬੂਲ ਕਰ ਲੈਣ ਨਾਲ ‘ਸਿੱਖ ਮਾਰਗ’ ਤੇ ਆਪ ਜੀ ਦੀਆਂ ਲਿਖਤਾਂ ਨਾ ਛਪਣ। ਆਪ ਜੀ ਦੇ ਖੱਤ ਦੇ ਅੰਤ ਵਿਚਲੇ ਇਹ ਲਫਜ਼ ‘ਗੁਰੂ ਸਾਹਿਬਾਨ ਅਤੇ ਗੁਰੂ ਕ੍ਰਿਤਾਂ ਬਾਰੇ ਅਨੋਖੇ ਸਵਾਲ ਕਰਨ ਲਈ ਆਪ ਜੀ ਦੇ ਹੌਂਸਲੇ ਸਾਹਮਣੇ ਮੇਰਾ ਸਿਰ ਝੁਕਦਾ ਹੈ’ ਸਪਸ਼ਟ ਕਰ ਦਿੰਦੇ ਹਨ ਕਿ ਆਪ ਜੀ ਦਸਮ ਗ੍ਰੰਥ ਨੂੰ ਦਸ਼ਮੇਸ਼ ਪਾਤਸ਼ਾਹ ਕ੍ਰਿਤ ਮੰਨਦੇ ਹੋ, ਕਿਉਂਕਿ ਸਾਡਾ ਸਿੱਧਾ ਜਿਹਾ ਸਵਾਲ (ਤੁਹਾਡੇ ਅਨੁਸਾਰ ਅਨੋਖਾ) ਤਾਂ ਹੈ ਹੀ ਦਸਮ ਗ੍ਰੰਥ ਦੀ ਰਚਨਾ ਬਾਰੇ ਸੀ, ਜਿਸ ਨੂੰ ਆਪ ‘ਗੁਰੂ ਕ੍ਰਿਤਾਂ’ ਬਾਰੇ ਅਨੋਖੇ ਸਵਾਲ ਲਿੱਖ ਰਹੇ ਹੋ।

ਸਾਡੇ ਵਲੋਂ ਨੌਵੇਂ ਪਾਤਸ਼ਾਹ ਜੀ ਦੀ ਦਿਤੀ ਮਿਸਾਲ ਨੂੰ ਆਪ ਜੀ ਨੇ ਧੱਕੇ ਨਾਲ ਹੀ ਉਨ੍ਹਾਂ ਵਲੋਂ ਚੋਰ ਦਾ ਸਾਥ ਦੇਣਾ ਬਣਾ ਦਿੱਤਾ। ਸਾਡਾ ਨੁਕਤਾ ਬਿਲਕੁਲ ਸਿੱਧਾ ਅਤੇ ਸਪਸ਼ਟ ਸੀ ਕਿ ਉਹ ਸ਼ਹੀਦੀ ‘ਤਿਲਕ-ਜੰਝੂ’ ਆਦਿ ਕਿਸੇ ਚਿੰਨ੍ਹ ਦੀ ਰਾਖੀ ਲਈ ਨਹੀਂ, ਬਲਕਿ ਇਸ ਮੁੱਢਲੇ ਮਨੁੱਖੀ ਅਧਿਕਾਰ ਪ੍ਰਤੀ ਸੀ ਕਿ ਹਰ ਕਿਸੇ ਨੂੰ ਅਪਣੀ ਮਰਜ਼ੀ ਅਨੁਸਾਰ ਧਰਮ ਨੂੰ ਮੰਨਣ ਦਾ ਅਧਿਕਾਰ ਹੈ। ਕਿਸੇ ਨੂੰ ਜਬਰਦਸਤੀ ਅਪਣਾ ਧਰਮ ਬਦਲਣ ਲਈ ਮਜ਼ਬੂਰ ਕਰਨਾ ਧੱਕਾ ਹੈ। ਇਹ ਸ਼ਹਾਦਤ ਉਸੇ ਧੱਕੇ ਖਿਲਾਫ ਸੀ।

ਆਪ ਜੀ ਨੇ ਗੁਰਬਾਣੀ ਵਿੱਚ ਆਏ ‘ਪੁਜਾਰੀ’ ਲਫਜ਼ ਦਾ ਹਵਾਲਾ ਦੇ ਕੇ ‘ਪੁਜਾਰੀਵਾਦ’ ਨੂੰ ਗੁਰਮਤਿ ਵਿੱਚ ਜ਼ਾਇਜ਼ ਠਹਿਰਾਇਆ ਹੈ। ਜਿਸ ‘ਪੁਜਾਰੀਵਾਦ’ ਦਾ ਖੰਡਨ ਕੀਤਾ ਜਾ ਰਿਹਾ ਹੈ, ਉਹ ‘ਨਾਂਹ-ਪੱਖੀ’ ਪੁਜਾਰੀ ਪ੍ਰਤੀ ਹੈ, ਨਾਕਿ ਗੁਰਬਾਣੀ ਹਵਾਲੇ ਵਿੱਚ ਵਰਤੇ ਪੁਜਾਰੀ (ਭਗਤ) ਵਿਸ਼ੇਸ਼ਨ ਲਈ। ਸਿੱਖ ਸਮਾਜ ਵਿਚਲੇ ਇਸ ‘ਨਾਂਹ-ਪੱਖੀ’ ਪੁਜਾਰੀਆਂ ਦੀ ਇੱਕ ਮਿਸਾਲ ਦਿੰਦੇ ਹੋਏ ਦਸਿਆ ਸੀ, ਜਿਹੜੇ ਪੈਸੇ ਲੈ ਕੇ ਦੁਜਿਆਂ ਲਈ ਅਰਦਾਸਾਂ ਕਰਦੇ ਹਨ। ਆਪ ਜੀ ਨੂੰ ਬੇਸ਼ਕ ਐਸੇ ਸ਼ਖਸ ‘ਭਾਈ’, ‘ਗੁਰੂ ਦਾ ਵਜ਼ੀਰ’ ਲਗਦੇ ਹੋਵਣ, ਪਰ ਕੋਈ ਵੀ ਸੁਚੇਤ ਸਿੱਖ ਜਾਣਦਾ ਹੈ ਕਿ ਉਹ ਪੁਜਾਰੀ ਹੀ ਹਨ। ਜਿਸ ਤਰ੍ਹਾਂ ਗਲਤ ਤਰੀਕੇ ਗੁਰਬਾਣੀ ਦਾ ਹਵਾਲਾ ਵਰਤ ਕੇ ਆਪ ਜੀ ‘ਪੁਜਾਰੀਵਾਦ’ ਨੂੰ ਗੁਰਮਤਿ ਅਨੁਸਾਰੀ ਦੱਸਣ ਦਾ ਯਤਨ ਕਰ ਰਹੇ ਹੋ, ਕਲ ਨੂੰ ਤੁਸੀਂ ਇਹ ਗੁਰਬਾਣੀ ਵਾਕ ‘ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਕਹੀਐ’ (ਪੰਨਾ 512) ਦੀ ਗਲਤ ਵਰਤੋਂ ਕਰਕੇ ‘ਬ੍ਰਾਹਮਣਵਾਦ’ ਨੂੰ ਵੀ ਗੁਰਮਤਿ ਦਾ ਅੰਗ ਮੰਨ ਲਵੋਗੇ। ਜੇ ਐਸਾ ਹੀ ਹੈ ਤਾਂ ਫੇਰ ਆਰ. ਐਸ. ਐਸ. ਦਾ ਵਿਰੋਧ ਸਿੱਖ ਕਿਉਂ ਕਰ ਰਹੇ ਹਨ? ਆਰ. ਐਸ. ਐਸ. ਵੀ ਤਾਂ ਇਹੀ ਕਹਿ ਰਹੀ ਹੈ ਕਿ ਸਿੱਖ ਬ੍ਰਾਹਮਣੀ ਮੱਤ ਦੀ ਹੀ ਇੱਕ ਸ਼ਾਖ ਹਨ।

ਅਸੀਂ ਆਪ ਜੀ ਨੂੰ ‘ਦਸਮ ਗ੍ਰੰਥ’ ਬਾਰੇ ਇੱਕ ਸਿੱਧਾ ਜਿਹਾ ਸ਼ੰਕਾ ਪੁਛਿਆ ਸੀ ਕਿ ਕੀ ਅੱਜ ਦੀ ਆਪਣੀ ਸਮਝ ਅਨੁਸਾਰ ਪੂਰੇ ਦਸਮ ਗ੍ਰੰਥ ਨੂੰ ਦਸਮੇਸ਼ ਪਾਤਸ਼ਾਹ ਜੀ ਦੀ ਬਾਣੀ ਮੰਨਦੇ ਹੋ? ਜੇ ਨਹੀਂ, ਤਾਂ ਇਸ ਵਿਚਲੀਆਂ ਫੇਰ ਕਿਹੜੀਆਂ-ਕਿਹੜੀਆਂ ਰਚਨਾਵਾਂ ਨੂੰ ‘ਗੁਰਬਾਣੀ’ ਮੰਨਦੇ ਹੋ? ਇਸ ਸਿੱਧੇ ਜਿਹੇ ਸਵਾਲ ਬਾਰੇ ਅਪਣੇ ਪੱਖ ਨੂੰ ਤਾਂ ਆਪ ਲਫਜ਼ਾਂ ਦੇ ਜਾਲ ਵਿੱਚ ਟਾਲ ਗਏ, ਉਲਟਾ ਸਾਨੂੰ ਇਸ ਸੰਬੰਧੀ ਪੁੱਛ ਲਿਆ। ਪਰ ਅਸੀਂ ਘੇਸਲ ਨਹੀਂ ਵਟਾਂਗੇ ਤੇ ਬਿਲਕੁਲ ਸਪਸ਼ਟ ਜਵਾਬ ਦੇਵਾਂਗੇ। ਅਸੀਂ ਅਪਣੀ ਗੁਰਮਤਿ ਸਮਝ ਅਨੁਸਾਰ ‘ਅਖੌਤੀ ਦਸਮ ਗ੍ਰੰਥ’ ਦੀ ਕਿਸੇ ਇੱਕ ਵੀ ਰਚਨਾ ਨੂੰ ਦਸਵੇਂ ਪਾਤਸ਼ਾਹ ਜੀ ਦੀ ਕ੍ਰਿਤ (ਗੁਰਬਾਣੀ) ਨਹੀਂ ਮੰਨਦੇ, ਸਮੇਤ ਜਾਪ, ਚੌਪਈ ਆਦਿ ਦੇ।

ਵੀਰ ਜੀ, ਅਗਰ ਤੂਸੀਂ ਕਿਸੇ ਵੀ ਸਵਾਲ/ਸ਼ੰਕੇ ਦਾ ਜਵਾਬ ਨਹੀਂ ਦਿੰਦੇ ਤਾਂ ਵੀ ਸਾਨੂੰ ਕੋਈ ਗਿਲਾ ਨਹੀਂ। ਅਸੀਂ ਸੇਧ ਨਾਨਕ ਪਾਤਸ਼ਾਹ ਜੀ ਕੋਲੋਂ ਲੈਂਦੇ ਹੋਏ ਆਪਣੀ ਸਮਝ ਅਨੁਸਾਰ ਖਰਾ ਸੱਚ ਪੇਸ਼ ਕਰਨ ਦਾ ਯਤਨ ਕਰਦੇ ਹਾਂ, ਇਸ ਗੱਲ ਦੀ ਪ੍ਰਵਾਹ ਨਹੀਂ ਕਰਦੇ ਕਿ ਕਿਤਨੇ ਲੋਕ ਉਸ ਨੂੰ ਅਪਨਾ ਰਹੇ ਹਨ। ਸਾਡੀ ਸਮਝ ਅਨੁਸਾਰ ਜੇ ਬਾਬਾ ਨਾਨਕ ਜੀ ਨੇ ਵੀ ਕਦੀ ਇਸ ਗੱਲ ਦੀ ਪ੍ਰਵਾਹ ਨਹੀਂ ਕੀਤੀ। ਉਨ੍ਹਾਂ ਦਾ ਆਪਣਾ ਬੇਟਾ ਹੀ ਉਨ੍ਹਾਂ ਦੇ ਫਲਸਫੇ ਤੋਂ ਬਾਗੀ ਹੋ ਗਿਆ ਸੀ। ਇਸ ਨਾਲ ਉਨ੍ਹਾਂ ਦਾ ਸੱਚ ਫਿੱਕਾ ਤਾਂ ਨਹੀਂ ਹੋ ਜਾਂਦਾ।

ਬੇਨਤੀ ਅਤੇ ਆਸ ਹੈ ਕਿ ਆਪ ਜੀ ਜੇ ਵਿਚਾਰ ਜਾਰੀ ਰੱਖਣਾ ਚਾਹੁੰਦੇ ਹੋ ਤਾਂ ਵਿਚਾਰ ਨੂੰ ਬਿਨਾ ਸੰਕੋਚ, ਸਪਸ਼ਟ, ਸੰਖੇਪ ਅਤੇ ਨੁਕਤਾਵਾਰ ਹੀ ਜਾਰੀ ਰੱਖੋਗੇ। ਕਿਸੇ ਹੋਰ ਦੀਆਂ ਗੱਲਾਂ ਨੂੰ ‘ਪਰਿਵਾਰ’ `ਤੇ ਥੋਪਣ ਦੀ ਪ੍ਰਵਿਰਤੀ ਦਾ ਤਿਆਗ ਕਰ ਦੇਵੋਗੇ।

ਨਿਮਰਤਾ ਅਤੇ ਸਤਿਕਾਰ ਸਹਿਤ

ਤੱਤ ਗੁਰਮਤਿ ਪਰਿਵਾਰ


(04/05/11)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸ. ਅਮਰ ਜੀਤ ਸਿੰਘ ਚੰਦੀ ਜੀਓ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ।

ਆਪ ਜੀ ਦੇ ਸਿਖਮਾਰਗ ਵੈਬਸਾਈਟ ਤੇ 03. 05. 2011 ਨੂੰ ਆਏ ਪੱਤਰ ਲਈ ਆਪ ਜੀ ਦਾ ਧੰਨਵਾਦ ਹੈ ਜੀ।

ਆਪ ਜੀ ਨੂੰ ਯਾਦ ਹੋਵੇਗਾ ਕਿ ਆਪ ਜੀ ਦੀ ਇੱਕ ਲਿਖਤ 12. 04. 2011 ਨੂੰ ਸਿਖਮਾਰਗ ਵੈਬਸਾਈਟ ਤੇ ਪਾਈ ਗਈ ਸੀ। ਇਸ ਦਾ ਸਿਰਲੇਖ ਸੀ ‘ਅਕਾਲ ਤਖਤ ਸਾਹਿਬ’। ਇਹੀ ਲਿਖਤ ਆਪ ਜੀ ਵੱਲੋਂ ਉਸੇ ਦਿਨ ਖਾਲਸਾਨਿਊਜ਼ ਵੈਬਸਾਈਟ ਤੇ ਵੀ ਪੁਆਈ ਗਈ ਸੀ। ਆਪ ਜੀ ਦੀ ਇਹ ਲਿਖਤ ਉਹੀ ਹੈ ਜਿਸ ਨੂੰ ਬਾਦ ਵਿੱਚ ਆਪ ਜੀ ‘ਵਾਕ-ਜਾਲ’ ਵਿੱਚ ਉਲਝ ਕੇ ਪਹਿਲਾਂ ਚਿੱਠੀ ਅਤੇ ਫਿਰ ਲੇਖ ਕਹਿ ਗਏ ਸੀ (ਹਾਲਾਂਕਿ ਇਹ ਲਿਖਤ ਨਾਂ ਤਾਂ ਚਿੱਠੀ ਹੈ ਅਤੇ ਨਾਂ ਹੀ ਲੇਖ!)। ਇਹ ਲਿਖਤ ਆਪ ਜੀ ਨੇ ਸਿਖਮਾਰਗ ਵੈਬਸਾਈਟ ਤੇ ‘ਅਕਾਲ-ਤਖਤ’ ਵਿਸ਼ੇ ਤੇ ਆਏ ਮੇਰੇ ਲੇਖਾਂ ਵਿਚਲੇ ਮੇਰੇ ਵਿਚਾਰਾਂ ਸਬੰਧੀ ਇਸ ਵੈਬਸਾਈਟ ਤੇ ਉਸ ਵਕਤ ਚੱਲ ਰਹੀ ਵਿਚਾਰ-ਚਰਚਾ ਕਰਕੇ ਮੁੱਖ ਤੌਰ ਤੇ ਮੈਂਨੂੰ ਨਿਸ਼ਾਨਾ ਬਣਾ ਕੇ ਹੀ ਲਿਖੀ ਸੀ ਪਰੰਤੂ ਕਿਸੇ ਕਾਰਨ ਆਪ ਜੀ ਨੇ ਉਸ ਲਿਖਤ ਵਿੱਚ ਮੈਨੂੰ ਸਿੱਧੇ ਤੌਰ ਤੇ ਸੰਬੋਧਿਤ ਕਰਨ ਅਤੇ ਲਿਖਤ ਵਿੱਚ ਮੇਰਾ ਨਾਮ ਦਰਜ ਕਰਨ ਤੋਂ ਪਰਹੇਜ਼ ਕਰ ਲਿਆ ਸੀ। ਜਦੋਂ 13. 04. 2011 ਦੇ ਸਿਖਮਾਰਗ ਵੈਬਸਾਈਟ ਤੇ ਆਏ ਮੇਰੇ ਪੱਤਰ ਵਿੱਚ ਮੈਂ ਆਪ ਜੀ ਦੇ ਇਸ ਵਿਵਹਾਰ ਪ੍ਰਤੀ ਆਪਣਾ ਗਿਲਾ ਜ਼ਾਹਰ ਕੀਤਾ ਤਾਂ 14. 04. 2011 ਨੂੰ ਇਸੇ ਵੈਬਸਾਈਟ ਤੇ ਆਪ ਜੀ ਦਾ ਮੈਂਨੂੰ ਸੰਬੋਧਿਤ ਹੋ ਕੇ ਭੇਜਿਆ ਪੱਤਰ ਵੀ ਆ ਗਿਆ। ਸੋ ਆਪ ਜੀ ਆਪਣੇ 12. 04. 2011 ਦੇ ਪੱਤਰ ਰਾਹੀਂ ਇਸ ਵਿਚਾਰ ਚਰਚਾ ਵਿੱਚ ਸ਼ਾਮਲ ਹੋ ਗਏ ਸੀ। ਚੱਲ ਰਹੀ ਵਿਚਾਰ ਚਰਚਾ ਦੇ ਮੁੱਦੇ ਬਾਰੇ ਉਚੇਚੇ ਤੌਰ ਤੇ ਅਤੇ ਬਗੈਰ ਕਿਸੇ ਮੰਗ ਤੋਂ (voluntarily) ਆਪਣੀ ਲਿਖਤ ਭੇਜ ਦੇਣਾ ਵਿਚਾਰ ਚਰਚਾ ਵਿੱਚ ਆਪਣੀ ਮਰਜ਼ੀ ਨਾਲ ਸ਼ਾਮਲ ਹੋਣਾ ਹੀ ਗਿਣਿਆ ਜਾਵੇਗਾ।

ਸਤਿਕਾਰਯੋਗ ਸ. ਜਸਬੀਰ ਸਿੰਘ ਕੈਲਗਿਰੀ ਜੀਓ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ।

ਆਪ ਜੀ ਦੇ ਸਿਖਮਾਰਗ ਵੈਬਸਾਈਟ ਤੇ 03. 05. 2011 ਨੂੰ ਆਏ ਪੱਤਰ ਲਈ ਆਪ ਜੀ ਦਾ ਧੰਨਵਾਦ ਹੈ ਜੀ।

ਮੇਰੀ ਸਨਿਮਰ ਬੇਨਤੀ ਦੇ ਬਾਵਜੂਦ ਆਪ ਜੀ ਨੇ ਇਸ ਪੱਤਰ ਵਿੱਚ ਅਨੇਕਾਂ ਨੁਕਤਿਆਂ ਦਾ ਦੁਹਰਾਓ ਕਰ ਦਿੱਤਾ ਹੈ। ਆਪ ਜੀ ਫਿਰ ਤੋਂ ਮੇਰੇ ਉੱਤੇ ਇਹ ਜਾਤੀ ਟਿੱਪਣੀ ਕਰ ਰਹੇ ਹੋ ਕਿ ਮੈਂ ‘ਕੋਈ ਵੀ ਨੁਕਤਾ’ ਸਪਸ਼ਟ ਨਹੀਂ ਕਰਦਾ। ਆਪ ਜੀ ਮੇਰੇ ਉੱਤੇ ਦੂਸਰੀ ਜਾਤੀ ਟਿੱਪਣੀ ਇਹ ਕਰ ਰਹੇ ਹੋ ਕਿ ਮੈਂ ‘ਆਪਣੀ ਕਹੀ ਹੋਈ ਗੱਲ’ ਤੋਂ ਬਦਲ ਜਾਂਦਾ ਹਾਂ। ਅੱਗੇ ਜਾ ਕੇ ਆਪ ਜੀ ਇੱਕ ਹੋਰ ਜਾਤੀ ਟਿੱਪਣੀ ਕਰਦੇ ਹੋ ਕਿ ਮੇਰੇ ‘ਜੁਆਬ ਤਸੱਲੀਬਖਸ਼ ਨਹੀਂ’ ਹਨ। ਹੋਰ ਅੱਗੇ ਜਾ ਕੇ ਆਪ ਜੀ ਮੇਰੇ ਉੱਤੇ ‘ਘੁੰਡੀ ਰੱਖ ਕੇ ਗੱਲ ਗੋਲ-ਮੋਲ ਕਰਨ’ ਦੀ ਜਾਤੀ ਟੱਪਣੀ ਵੀ ਕਰ ਕਹੇ ਹੋ। ਜੇਕਰ ਮੈਂ ਆਪ ਜੀ ਦੀਆਂ ਨਜ਼ਰਾਂ ਵਿੱਚ ਇਤਨੇ ਸਾਰੇ ਔਗੁਣਾਂ ਵਾਲਾ ਸ਼ਖਸ ਹਾਂ ਤਾਂ ਆਪ ਜੀ ਵਰਗੇ ਮਹਾਨ ਪੁਰਸ਼ ਨੂੰ ਇਤਨੀ ਛੋਟੀ ਸ਼ਖਸੀਅਤ ਵਾਲੇ ਬੰਦੇ ਦੇ ਤਾਂ ਉਂਜ ਹੀ ਮੂੰਹ ਨਹੀਂ ਲੱਗਣਾਂ ਚਾਹੀਦਾ। ਇਹ ਤਾਂ ਆਪ ਜੀ ਨੂੰ ਇੱਕ ਮਹੀਨੇ ਦੇ ਸਮੇਂ ਵਿੱਚ ਅਹਿਸਾਸ ਹੋ ਹੀ ਗਿਆ ਹੋਣਾ ਹੈ। ਆਪ ਜੀ ਦਾ ਮੇਰੇ ਵਿਚਾਰਾਂ ਨਾਲ ਸਹਿਮਤ ਨਾ ਹੋਣਾ ਆਪ ਜੀ ਦਾ ਹੱਕ ਹੈ। ਪਰ ਆਪ ਜੀ ਆਪਣੇ ਸਵਾਲਾਂ ਦਾ ਦੁਹਰਾ ਕਰਦੇ ਹੋਏ ਵਾਰ-ਵਾਰ ਅਜਿਹੀਆਂ ਟਿੱਪਣੀਆਂ ਕਰਕੇ ਮੈਂਨੂੰ ਸ਼ਰਮਸਾਰ ਕਿਉਂ ਕਰ ਰਹੇ ਹੋ? ਮੈਂ ਤਾਂ ਆਪ ਜੀ ਨੂੰ ਕਦੀ ਕੋਈ ਸਵਾਲ ਨਹੀਂ ਕੀਤਾ, ਕੇਵਲ ਆਪ ਜੀ ਦੇ ਸਵਾਲਾਂ ਦੇ ਜਵਾਬ ਦਿੰਦਾ ਆ ਰਿਹਾ ਹਾਂ ਉਹ ਵੀ ਖਿੜੇ ਮੱਥੇ। ਜੇਕਰ ਆਪ ਜੀ ਬਗੈਰ ਜਾਤੀ ਟਿੱਪਣੀ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਖਤ ਬਾਰੇ ਮੇਰੇ ਵਿਚਾਰਾਂ ਬਾਰੇ ਸਪਸ਼ਟੀਕਰਨ ਮੰਗ ਲੈਂਦੇ ਤਾਂ ਵੀ ਮੈਂ ਆਪਣਾ ਭਾਵ ਆਪ ਜੀ ਨੂੰ ਸਮਝਾਉਣ ਦਾ ਯਤਨ ਕਰਨਾ ਹੀ ਸੀ। ਚੰਗੀ ਵਿਚਾਰ-ਚਰਚਾ ਵਿੱਚ ਜਾਤੀ ਟਿੱਪਣੀਆਂ (personal comments) ਲਈ ਕੋਈ ਥਾਂ ਨਹੀਂ ਹੁੰਦੀ। ਅਜਿਹੀਆਂ ਜਾਤੀ ਟਿੱਪਣੀਆਂ ਦਾ ਵਾਰ-ਵਾਰ ਦੁਹਰਾ ਜਾਤੀ ਹਮਲੇ (personal attack) ਦਾ ਰੂਪ ਧਾਰਨ ਕਰ ਜਾਂਦਾ ਹੈ ਅਤੇ ਵਿਚਾਰ-ਚਰਚਾ ਨੂੰ ਅਸਲੋਂ ਹੀ ਬੇਸੁਆਦ ਕਰ ਦਿੰਦਾ ਹੈ।

ਆਪ ਜੀ ਇਹ ਸਹੀ ਨਹੀਂ ਕਹਿ ਰਹੇ ਕਿ ਵਿਚਾਰ-ਚਰਚਾ ਵਿੱਚ ਸ਼ਾਮਲ ਹੋਣ ਦਾ ਮਕਸਦ ਸਿਖ ਮੱਤ ਵਿੱਚ ਪਏ ਭੁਲੇਖੇ ਦੂਰ ਕਰਨਾ ਹੈ। ਸਗੋਂ ਵਿਚਾਰ-ਚਰਚਾ ਦਾ ਮਕਸਦ ਦੂਸਰੀ ਧਿਰ ਦੇ ਵਿਚਾਰਾਂ ਪ੍ਰਤੀ ਆਪਣੇ ਭੁਲੇਖੇ ਦੂਰ ਕਰਨਾ ਹੁੰਦਾ ਹੈ। ਜੇਕਰ ਵਿਸ਼ਾ ਸਿਖ ਮੱਤ ਨਾਲ ਸਬੰਧ ਰਖਦਾ ਹੋਵੇ (ਜਿਹਾ ਕਿ ਸਿਖਮਾਰਗ ਵੈਬਸਾਈਟ ਤੇ ਅਕਸਰ ਹੁੰਦਾ ਹੀ ਹੈ) ਪਾਠਕਾਂ ਵਿੱਚ ਸਿਖ ਮੱਤ ਪ੍ਰਤੀ ਜਾਗਰੂਕਤਾ ਵਧੇਗੀ ਹੀ।

ਹੁਣ ਆਪ ਜੀ ਦੇ ਨੁਕਤੇ। ਸ੍ਰੀ ਗੁਰੂ ਗ੍ਰੰਥ ਜੀ ਦੇ ਪ੍ਰਕਾਸ਼ ਦਾ ਮਤਲਬ ਸਿਰਫ ਇਤਨਾਂ ਨਹੀਂ ਕਿ ਜਿੱਥੇ ਸ੍ਰੀ ਗ੍ਰੰਥ ਜੀ ਦਾ ਪੁਸਤਕ ਰੂਪ ਖੋਲ੍ਹ ਲਿਆ ਪ੍ਰਕਾਸ਼ ਹੋ ਗਿਆ। ਪ੍ਰਕਾਸ਼ ਦਾ ਅਸਲੀ ਮਤਲਬ ਹੈ ਸਿਖ ਸ਼ਰਧਾਲੂਆਂ ਦੇ ਕੋਲ ਗੁਰਬਾਣੀ ਦੀ ਸਿਖਿੱਆ ਪ੍ਰਤੀ ਸੱਚੀ ਸ਼ਰਧਾ ਦਾ ਹੋਣਾ। ਸ਼ਰਧਾ ਦਿਲ ਵਿੱਚ ਹੀ ਹੁੰਦੀ ਹੈ। ਦਿਲ ਵਿੱਚ ਸੱਚੀ ਸ਼ਰਧਾ ਰੱਖ ਕੇ ਹੀ ਸ੍ਰੀ ਗੁਰੂ ਗ੍ਰੰਥ ਜੀ ਦੀ ਸਿਖਿੱਆ ਤੇ ਅਮਲ ਕੀਤਾ ਜਾ ਸਕਦਾ ਹੈ। ਸੋ ਮੇਰੇ ਵਿਚਾਰ ਵਿੱਚ ਅੱਜ ਕਿਸੇ ਨਕਲੀ ਅਤੇ ਭੌਤਿਕ ਤਖਤ (ਜਿਹਾ ਕਿ ਅਖੌਤੀ ਅਕਾਲ-ਤਖਤ ਦੇ ਰੂਪ ਵਿੱਚ 1926 ਈਸਵੀ ਤੋਂ ਲੈ ਕੇ ਸਿਖ ਕੌਮ ਦੇ ਉੱਤੇ ਥੋਪਿਆ ਗਿਆ ਹੈ) ਦੀ ਸਿਖ ਕੌਮ ਨੁੰ ਉੱਕਾ ਹੀ ਲੋੜ ਨਹੀਂ।

ਛੇਵੇਂ ਗੁਰੂ ਜੀ ਦੇ ਸਮੇਂ ਹਾਲਾਤ ਹੋਰ ਸਨ। ਉਦੋਂ ਹਾਲੇ ਸਿਖ ਜੀਵਨ-ਸ਼ੈਲੀ ਵਿੱਚ ਮੀਰੀ ਦਾ ਪੱਖ ਉਜਾਗਰ ਨਹੀਂ ਹੋਇਆ ਸੀ। ਛੇਵੇਂ ਗੁਰੂ ਜੀ ਨੇ ਗੁਰਬਾਣੀ ਵਿਚਲੇ ਫਲਸਫੇ ਦੇ ਅਨੁਸਾਰ ਹੀ ਤਖਤ ਨੂੰ ਬਹੁਤ ਸਾਰੇ ਅੰਸ਼ਾਂ ਦੇ ਨਾਲ-ਨਾਲ ਮੀਰੀ ਦੇ ਪੱਖ ਨੂੰ ਉਜਾਗਰ ਕਰਨ ਹਿਤ ਵਰਤੋਂ ਵਿੱਚ ਲਿਆਂਦਾ। (ਇਹ ਗੱਲ ਬੜੀ ਵਾਰ ਦੁਹਰਾਈ ਜਾ ਚੁੱਕੀ ਹੈ।) ਪਰੰਤੂ ਉਸ ਵਕਤ ਸ੍ਰੀ ਗ੍ਰੰਥ ਜੀ ਨੂੰ ਗੁਰੂ ਦਾ ਦਰਜਾ ਪਰਾਪਤ ਨਹੀਂ ਸੀ। ਹੁਣ ਸ੍ਰੀ ਗ੍ਰੰਥ ਜੀ ਸਿੱਖਾਂ ਦੇ ਗਿਆਰ੍ਹਵੇਂ ਗੁਰੂ ਜੀ ਹਨ। ਅੱਜ ਸਿਖ ਸਾਰੇ ਸੰਸਾਰ ਵਿੱਚ ਫੈਲ ਚੁੱਕੇ ਹਨ। ਗੁਰੂਆਂ ਦੇ ਤਖਤਾਂ ਦੀ ਗਿਣਤੀ ਤਾਂ ਪੰਦਰਾਂ ਬਣਦੀ ਹੈ। ਪਰੰਤੂ ਅੱਜ ਸਿੱਖਾਂ ਨੂੰ ਤਖਤਾਂ ਦੀ ਲੋੜ ਨਹੀਂ, ਯੋਗ ਅਗਵਾਈ ਦੀ ਲੋੜ ਹੈ। ਇਹ ਅਗਵਾਈ ਕੇਵਲ ਸ੍ਰੀ ਗੁਰੂ ਗ੍ਰੰਥ ਜੀ ਪਾਸੋਂ ਹੀ ਮਿਲ ਸਕਦੀ ਹੈ। ਸੋ ਅੱਜ ਲੋੜ ਹੈ ਕਿ ਸਿੱਖਾਂ ਦੇ ਦਿਲਾਂ ਅੰਦਰ ਸ੍ਰੀ ਗੁਰੂ ਗ੍ਰੰਥ ਜੀ ਪ੍ਰਤੀ ਸੱਚੀ ਸ਼ਰਧਾ ਪੈਦਾ ਕੀਤੀ ਜਾਵੇ ਜਿਸ ਨਾਲ ਦੁਨੀਆਂ ਦੇ ਕੋਨੇ-ਕੋਨੇ ਵਿੱਚ ਗਿਆਰ੍ਹਵੇਂ ਗੁਰੂ ਜੀ ਦੇ ਤਖਤ ਹੋਂਦ ਵਿੱਚ ਆ ਜਾਣਗੇ।

ਬਾਕੀ ਛੇਵੇਂ ਗੁਰੂ ਜੀ ਦਾ ਤਖਤ ਤਾਂ ਅਲੋਪ ਹੈ ਹੀ। ਆਪ ਜੀ ਮੇਰੇ ਵਿਚਾਰਾਂ ਨੂੰ ਜਿਵੇਂ ਮਰਜ਼ੀ ਲੈ ਲਵੋ ਆਪ ਜੀ ਦੀ ਮਰਜ਼ੀ ਹੈ। ਪ੍ਰੰਤੂ ਆਪ ਜੀ ਦੁਹਰਾਓ ਵਿੱਚ ਪੈ ਕੇ ਮੇਰੇ ਉੱਤੇ ਜਾਤੀ ਟਿੱਪਣੀਆਂ ਕਰਨ ਦਾ ਬਹਾਨਾ ਤਲਾਸ਼ ਨਾ ਕਰੋ। ਮੈਂ ਤਾਂ ਆਪ ਜੀ ਕੋਲੋਂ ਛੇਵੇਂ ਗੁਰੂ ਜੀ ਦੇ ਤਖਤ ਅਲੋਪ ਹੋਣ ਬਾਰੇ ਤਾਰੀਖ ਇਸ ਕਰਕੇ ਪੁੱਛੀ ਸੀ ਕਿ ਆਪ ਜੀ ਵਾਰ-ਵਾਰ ਮੇਰੇ ਉੱਤੇ ਇਲਜ਼ਾਮ ਲਗਾ ਰਹੇ ਸੀ ਕਿ ਮੈਂ ਉਸ ਤਖਤ ਦੇ ਅਲੋਪ ਹੋਣ ਦੇ ਸਮੇਂ ਬਾਰੇ ਪੱਕੀ ਜਾਣਕਾਰੀ ਨਹੀਂ ਸੀ ਦੇ ਰਿਹਾ ਜਦ ਕਿ ਮੇਰਾ ਕਹਿਣਾ ਸੀ ਕਿ ਇਤਹਾਸ ਵਿੱਚ ਇਸ ਬਾਰੇ ਕੋਈ ਭਰੋਸੇਯੋਗ ਹਵਾਲਾ ਨਹੀਂ ਮਿਲਦਾ। ਇੱਥੋਂ ਹੀ ਆਪ ਜੀ ਦੇ ਇਸ ਵਿਚਾਰ-ਚਰਚਾ ਵਿੱਚ ਦੁਹਰਾਓ, ਜਿਰ੍ਹਾ ਅਤੇ ਜਾਤੀ ਟਿੱਪਣੀਆਂ ਦੀ ਨੀਤੀ ਅਪਣਾਉਣ ਵਿੱਚੋਂ ਆਪ ਜੀ ਦੇ ਅਸਲੀ ਮਨਸ਼ੇ ਦਾ ਝਲਕਾਰਾ ਮਿਲ ਜਾਂਦਾ ਹੈ।

ਭੌਤਿਕ ਢਾਚੇ ਨਾਲ ਫਰਕ ਕਿਉਂ ਨਹੀਂ ਪੈਂਦਾ? ਫਰਕ ਜ਼ਰੂਰ ਪੈਂਦਾ ਹੈ, ਤਾਂ ਹੀ ਤਾਂ ਦਰਬਾਰ ਸਾਹਿਬ ਨੂੰ ਵਾਰ-ਵਾਰ ਉਸਾਰਿਆ ਗਿਆ ਸੀ। ਛੇਵੇਂ ਗੁਰੂ ਜੀ ਦਾ ਤਖਤ ਮੌਲਿਕ ਰੂਪ ਵਿੱਚ ਦੁਬਾਰਾ ਕਿਉਂ ਨਹੀਂ ਉਸਾਰਿਆ ਗਿਆ? ਇਹੀ ਹੀ ਤਾਂ ਸੋਚਣ ਵਾਲੀ ਗੱਲ ਹੈ। ਭੌਤਿਕ ਢਾਚੇ ਨਾਲ ਫਰਕ ਨਾਂ ਪੈਂਦਾ ਹੋਵੇ ਤਾਂ ‘ਮਨਮੱਤ ਦਾ ਅੱਡਾ’ ਸ਼ਬਦਾਂ ਦੀ ਵਰਤੋਂ ਤੇ ਗੁੱਸਾ ਕਿਉਂ ਦਿਖਾਇਆ ਜਾਂਦਾ ਹੈ? ਮੈਂ ਗੁਰੂ ਜੀ ਵੱਲੋਂ ਤਖਤ ਦਾ ਤਿਆਗ ਕਰਨ ਦੀ ਗੱਲ ਕੀਤੀ ਸੀ ਨਾਂ ਕਿ ਕਿਸੇ ‘ਸੰਕਲਪ ‘ਦਾ ਤਿਆਗ ਕਰਨ ਦੀ। ਆਪ ਜੀ ਐਵੇਂ ਹੀ (ਚਲਾਕੀ ਨਾਲ) ਇਹ ਸ਼ਬਦ ਮੇਰੇ ਮੂੰਹ ਵਿੱਚ ਪਾ ਰਹੇ ਹੋ। ਆਪ ਜੀ ਦੇ ਸੰਕਲਪ ਬਾਰੇ ਮੈਂ ਪਿਛਲੇ ਲੇਖ ਵਿੱਚ ਆਪਣੇ ਵਿਚਾਰ ਦੇ ਦਿੱਤੇ ਹਨ। ਜੋ ਟੂਕ ਆਪ ਜੀ ਨੇ ਦਿੱਤੀ ਹੈ ਉਸ ਵਿੱਚ “ਖੁਦ ਹੀ ਤਖਤ ਢਵਾ ਦਿੱਤਾ ਹੋਣਾ” ਸ਼ਬਦ ਮੌਜੂਦ ਨਹੀਂ ਹਨ। ਆਪ ਜੀ ਨੇ ਮੇਰਾ ਭਾਵ ਸਮਝਣ ਦਾ ਯਤਨ ਕਰਨਾ ਹੈ ਨਾ ਕਿ ਆਪਣੀ ਮਰਜ਼ੀ ਦੇ ਸ਼ਬਦ ਮੇਰੇ ਮੂੰਹ ਵਿੱਚ ਪਾਉਣੇ ਹਨ।

ਇਸ ਤੋਂ ਅੱਗੇ ਆਪ ਕਾਫੀ ਦੁਹਰਾਓ ਕਰ ਰਹੇ ਹੋ। ਅੱਜ ਦੇ ਯੁਗ ਵਿੱਚ ਸਿੱਖਾਂ ਦੀ ਇੱਕ ਸੋਚ ਲਈ ਇੱਕ ਕੇਂਦਰ ਸ੍ਰੀ ਗੁਰੂ ਗ੍ਰੰਥ ਜੀ ਹੀ ਹੈ। ਦੱਸਵੇਂ ਗੁਰੂ ਜੀ ਸਿਖ ਕੌਮ ਨੂੰ ਸ੍ਰੀ ਗੁਰੂ ਗ੍ਰੰਥ ਜੀ ਦੇ ਲੜ ਲਾ ਕੇ ਗਏ ਹਨ। ਜੇਕਰ ਸਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ ਪ੍ਰਤੀ ਆਸਥਾ ਨਹੀਂ ਅਤੇ ਅਸੀਂ ਕੌਮ ਦੀ ਇੱਕ ਸੋਚ ਲਈ ਹੋਰ ਕੇਂਦਰ ਲਭਦੇ ਫਿਰਦੇ ਹਾਂ ਤਾਂ ਫਿਰ ਅਸੀਂ ਕਾਹਦੇ ਸਿਖ ਹਾਂ? ਆਪ ਜੀ ਇਸ ਵਿਚਾਰ-ਚਰਚਾ ਵਿਚ, ਜੇਕਰ ਸਮਝ ਸਕਦੇ ਹੋ ਤਾਂ, ਮੇਰਾ ਭਾਵ ਸਮਝਣ ਦਾ ਯਤਨ ਕਰੋ। ਆਪਣੇ ਵਿਚਾਰਾਂ ਨੂੰ ਵਿਅਕਤ ਕਰਨ ਲਈ ਕੋਈ ਵੱਖਰੀ ਲਿਖਤ ਤਿਆਰ ਕਰੋ। ਵਿਚਾਰ-ਚਰਚਾ ਬਹੁਤ ਲੰਬੀ ਹੋ ਗਈ ਹੈ। ਮੇਰੇ ਪਾਸ ਸਮੇਂ ਦੀ ਬਹੁਤ ਭਾਰੀ ਕਿਲੱਤ ਹੈ। ਮੇਰੇ ਵਰਗੇ ਛੋਟੇ ਦਰਜੇ ਦੇ ਵਿਅਕਤੀ ਨਾਲ ਉਂਜ ਵੀ ਆਪ ਜੀ ਵਰਗੇ ਰੁਤਬੇ ਦੇ ਮਾਲਕ ਨੂੰ ਚਰਚਾ ਕਰਨਾਂ ਸ਼ੋਭਦਾ ਨਹੀਂ। ਭੁੱਲ-ਚੁੱਕ ਲਈ ਮੁਆਫੀ ਚਾਹਾਂਗਾ।

ਇਕਬਾਲ ਸਿੰਘ ਢਿੱਲੋਂ

ਚੰਡੀਗੜ੍ਹ।


(04/05/11)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਡਾ. ਇਕਬਾਲ ਸਿੰਘ ਜੀ

ਸਤਿ ਸ਼੍ਰੀ ਅਕਾਲ!

ਵੀਰ ਜੀ, ਆਪ ਜੀ ਦੇ ਪੱਤਰ ਦਾ ਧਨਵਾਦ!

ਇੱਕ ਵਾਰ ਫ਼ਿਰ ਦਾਸ ਪੁਰੀ ਇਮਾਨਦਾਰੀ ਨਾਲ ਕੇਵਲ ਇਤਨਾ ਹੀ ਦੁਹਰਾਣਾ ਚਾਹੁੰਦਾ ਹੈ ਕਿ ਕਿਸੇ ਨੂੰ ਭਣਕਾਉਂਣ/ਉਕਸਾਉਂਣ ਦਾ ਕੰਮ ਕਰਨਾ ਇੱਕ ਮੁਰਖਤਾ ਵਾਲਾ, ਘਟੀਆ ਕਿਸਮ ਦਾ ਕੰਮ ਹੁੰਦਾ ਹੈ ਜਿਸ ਨੂੰ ਦਾਸ ਕਦੇ ਵੀ ਕਰਨਾ ਪਸੰਦ ਨਹੀਂ ਕਰਦਾ। ਐਸਾ ਕਰਨਾ ਲੇਖਨ/ਸੰਵਾਦ ਕਰਨ ਦੀ ਤੌਹੀਨ ਹੈ! ਹਰ ਲੇਖਕ (ਆਪ ਜੀ ਸਮੇਤ) ਨੂੰ ਐਸਾ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਵਿਵਾਦ ਦਾ ਸਹਾਰਾ ਉਹ ਲੇਂਦਾ ਹੈ ਜਿਸ ਕੋਲ ਤਰਕ ਨਾ ਬਚੇ। ਦਾਸ ਨੇ ਆਪ ਜੀ ਨੂੰ ਇਹ ਵੀ ਸਪਸ਼ਟ ਕੀਤਾ ਸੀ ਕਿ ਇਹ ਆਪਸੀ ਭਾਈਬੰਦੀ ਵਾਲਾ ਸੰਵਾਦ ਹੈ।

ਦਾਸ ਆਪ ਨੂੰ ਪਹਿਲਾਂ ਹੀ ਸਪਸ਼ਟ ਕਰ ਚੁੱਕਿਆ ਹੈ ਕਿ ਸਵਾਲ ਬੇਨਤੀ ਦੇ ਤੌਰ ਤੇ ਪੁੱਛੇ ਗਏ ਹਨ ਅਤੇ ਜ਼ਬਰਦਸਤੀ ਦੇ ਤੌਰ ਤੇ ਕਦਾਚਿੱਤ ਨਹੀਂ! ਇਸ ਵਿੱਚ ਆਪ ਨੂੰ ਜੇਕਰ ਲੰਭਾ ਸਮਾਂ ਲਗੇਗਾ ਤਾਂ ਕੋਈ ਗੱਲ ਨਹੀਂ। ਮੈਂ ਤਾਂ ਪਿੱਛਲੇ ਪੱਤਰ ਵਿੱਚ ਕੇਵਲ ਇੱਕੋ ਹੀ ਸਵਾਲ ਪੁੱਛਿਆ ਸੀ ਜਿਸਦਾ ਜਵਾਬ ਤਾਂ ਆਪ ਜੀ ਨੇ ਨਹੀਂ ਦਿੱਤਾ ਬਲਕਿ ਹੋਰ ਗੱਲਾਂ ਵਲ ਤੁਰ ਪਏ। ਆਪ ਜੀ ਦੇ ਪੱਤਰ ਤੋਂ ਸਪਸ਼ਟ ਹੋ ਗਿਆ ਹੈ ਕਿ ਆਪ ਜੀ ਅਜੇ ‘ਇੱਕ` ਸਵਾਲ ਦਾ ਵੀ ਜਵਾਬ ਦੇਣ ਦੀ ਸਥਿਤੀ ਵਿੱਚ ਨਹੀਂ ਹੋ।

ਜਵਾਬ ਦੇਣਾ ਜਾਂ ਨਾ ਦੇਣਾ ਆਪ ਜੀ ਦਾ ਹੱਕ ਹੈ। ਲੇਕਿਨ ਆਪ ਜੀ ਨੇ ਹੁਣ ਹਰ ਸਵਾਲ ਨੂੰ ‘ਇਲਜ਼ਾਮ/ਜ਼ਬਰਦਸਤੀ` ਏਲਾਨਣ ਦਾ ਢੰਗ ਇਖ਼ਤਿਆਰ ਕਰ ਲਿਆ ਹੈ। ਆਪ ਜੀ ਜਵਾਬ, ਆਪਣੀ ਮਰਜ਼ੀ ਜਾਂ ਸਹੁਲਿਯਤ ਮੁਤਾਬਕ, ਨਾ ਵੀ ਦੇਵੋ ਤਾਂ ਵੀ ਕੋਈ ਗੱਲ ਨਹੀਂ ਪਰ ਧਿਆਨ ਹਟਾਉਂਣ ਲਈ ਇਹ ਢੰਗ ਨਹੀਂ ਸੋਭਦਾ। ਇਹ ਤਰਕ/ਨੁੱਕਤੇ ਤੋਂ ਧਿਆਨ ਹੱਟਾਉਂਣ ਦੇ ਪੁਰਾਣੇ ਹੋ ਚੁੱਕੇ ਢੰਗ ਹਨ। ਪਾਠਕ ਸੱਜਣਾ ਨੇ ਸੰਵਾਦ ਪੜ ਹੀ ਲਿਆ ਹੈ। ਉਹ ਆਪ ਗੱਲ ਨੂੰ ਸਮਝਣ ਦੀ ਸਮਰਥਾ ਰੱਖਦੇ ਹਨ। ਆਪ ਜੀ ਵੀ ਗੱਲ ਪਾਠਕਾਂ ਤੇ ਹੀ ਛੱਡ ਦੇਵੋ।

ਬਾਕੀ ਆਪ ਜੀ ਨੂੰ ਦਾਸ ਤੋਂ ਇਲਾਵਾ ਕੋਈ ਕੀ ਲਿਖਦਾ/ਕਹਿੰਦਾ/ਪੁੱਛਦਾ ਹੈ ਇਸ ਦੀ ਜਿੰਮੇਦਾਰੀ ਦਾਸ ਤੇ ਬਿਲਕੁਲ ਨਹੀਂ। ਨਾ ਹੀ ਦਾਸ ਕਿਸੇ ਕਾਪੀ ਦੀ ਉਠੀਕ ਵਿੱਚ ਹੈ। ਲੇਖਨ ਦੇ ਅਦਬ ਮੁਤਾਬਕ ਆਪਣੇ ਲੇਖਾਂ/ਸ਼ਬਦਾਵਲੀ ਲਈ ਆਪ ਜੀ ਖ਼ੁਦ ਜਿੰਮੇਦਾਰ ਹੋ ਦਾਸ ਨਹੀਂ। ਆਪ ਜੀ ਮੇਰੇ ਕੋਲੋਂ ਤਾਂ ਪੁੱਛ ਕੇ ਲਿਖਦੇ ਨਹੀਂ ਅਤੇ ਨਾ ਹੀ ਪਾਠਕ ਦਾਸ ਤੋਂ ਪੁੱਛ ਕੇ ਪੜਦੇ ਹਨ! ਲੇਖ ਆਪ ਜੀ ਨੇ ਲਿਖਿਆ ਅਤੇ ਕਸੂਰਵਾਰ ਦਾਸ ਕਿਵੇਂ ਹੋ ਗਿਆ? ਕੀ ਦਾਸ ਦਾ ਇਹ ਕਸੂਰ ਹੈ ਕਿ ਦਾਸ ਨੇ ਆਪ ਜੀ ਦੇ ਲੇਖ ਨੂੰ ‘ਸੱਤ ਬਚਨ` ਕਰਕੇ ਸਵੀਕਾਰ ਨਹੀਂ ਕੀਤਾ? । ਆਪ ਜੀ ਇੱਝ ਗੱਲ ਕਰਦੇ ਹੋ ਜਿਵੇਂ ਕਿ ਆਪ ਜੀ ਨੇ ਕੋਈ ਗੁਪਤ ਲੇਖ ਲਿਖਿਆ ਸੀ ਜਿਸ ਨੂੰ ਦਾਸ ਨੇ ਲੀਕ ਕਰ ਦਿੱਤਾ ਹੋਵੇ। ਆਪ ਜੀ ਨੇ ਅਕਾਲ ਤਖਤ ਦੀ ਆਲੋਚਨਾ ਸਾਰਵਜਨਕ ਲੇਖ ਰਾਹੀਂ ਕੀਤੀ ਪਰ ਆਪਣੇ ਲੇਖ ਦੀ ਆਲੋਚਨਾ ਆਪ ਜੀ ਨੂੰ ਇਲਜ਼ਾਮ ਲੱਗ ਰਹੀ ਹੈ। ਦਾਸ ਨੇ ਵੀ ਸਵਾਲ ਪੁੱਛ ਕੇ ਕੋਈ ਜੁਰਮ ਤਾਂ ਨਹੀਂ ਕੀਤਾ। ਸਿੱਧ ਗੋਸ਼ਟਿ ਵੇਲੇ ਗੁਰੂ ਨਾਨਕ ਜੀ ਨੂੰ ਸਿੱਧਾਂ ਨੇ ਬਾਰੀਕੀ ਨਾਲ ਸਵਾਲ-ਦਰ-ਸਵਾਲ ਕੀਤੇ ਸੀ। ਗੁਰੂ ਨਾਨਕ ਨੇ ਉਨ੍ਹਾਂ ਦੇ ਸਵਾਲਾਂ ਨੂੰ ਲੇਕੇ ਇਲਜ਼ਾਮ! ਇਲਜ਼ਾਮ! ਦਾ ਰੋਲਾ ਨਹੀਂ ਸੀ ਪਾਇਆ ਬਲਕਿ ਸਹੀ ਢੰਗ ਨਾਲ ਸੰਵਾਦ ਕਰਦੇ ਹੋਏ ਜੁਆਬ ਦਿੱਤੇ ਸੀ।

ਅੰਤ ਵਿੱਚ ਆਪ ਜੀ ਨੇ ਲਿਖਿਆ ਹੈ:

“ ਇਹ ਪਾਠਕਾਂ ਤੇ ਅਤੇ ਸਿਖ ਕੌਮ ਤੇ ਹੀ ਛੱਡ ਦਿਓ ਕਿ ਉਹ ਮੇਰੀਆਂ ਲਿਖਤਾਂ ਨੂੰ ਕਿੰਜ ਲੈਂਦੇ ਹਨ। ਮੇਰੇ ਵੱਲੋਂ ਪੇਸ਼ ਕੀਤਾ ਗਿਆ ਕੋਈ ਵੀ ਤੱਥ ਕਿਸੇ ਵਿਵਾਦਤ ਸਰੋਤ ਉੱਤੇ ਅਧਾਰਿਤ ਨਹੀਂ”

ਪਾਠਕ ਆਪ ਜੀ ਦੇ ਲੇਖਾਂ ਨੂੰ ਕਿੰਝ ਲੇਂਦੇ ਅਤੇ ਕੀ ਪ੍ਰਤੀਕ੍ਰਿਆ ਦਿੰਦੇ ਹਨ ਇਹ ਉਨ੍ਹਾਂ ਤੇ ਹੀ ਨਿਰਭਰ ਹੈ। ਮੇਰਾ ਇਸ ਵਿੱਚ ਕੋਈ ਦਖ਼ਲ ਨਹੀਂ ਬਣਦਾ। ਇਸੀ ਗੱਲ ਨੂੰ ਆਪ ਜੀ ਖ਼ੁਦ ਵੀ ਸਮਝੋ ਅਤੇ ਕਿਸੇ ਹੋਰ ਤੇ ਦੋਸ਼ ਮੜਨ ਦਾ ਢੰਗ ਨਾ ਅਖ਼ਤਿਆਰ ਕਰੋ। ਐਸਾ ਕਰਨਾ ਆਮ ਪਾਠਕਾਂ ਦੀ ਸਮਰਥਾ ਤੇ ਅਵਿਸ਼ਵਾਸ ਕਰਨਾ ਹੈ ਕਿ ਉਹ ਕਿਸੇ ਦੇ ਕਹਿਣ ਤੇ ਚਲਦੇ ਹਨ।

ਕਲ ਤਕ ਆਪ ਜੀ ਸਰੋਤਾਂ ਬਾਰੇ ਦੱਸਣ ਲਈ ਲੰਬਾ ਸਮਾਂ ਲੱਗਣ ਦੀ ਗੱਲ ਕਰ ਰਹੇ ਸੀ ਪਰ ਅੱਜ ਆਪ ਜੀ ਉਪਰੋਕਤ ਦਾਵਾ ਕਰ ਰਹੇ ਹੋ। ਤੇ ਜੇਕਰ ਕੋਈ ਆਪ ਜੀ ਨੂੰ ਅਵਿਵਾਦਤ ਮੂਲ ਸਰੋਤ ਬਾਰੇ ਪੂੱਛ ਲਵੇ ਤਾਂ ਆਪ ਜੀ ਉੇੱਤੇਜਤ ਹੋ ਜਾਂਦੇ ਹੋ! ਅਗਰ ਆਪ ਜੀ ਨੂੰ ਆਪਣੇ ਵਲੋਂ ਪੇਸ਼ ਕੀਤੇ ਹਰ ਤੱਥ ਦੇ ਮੂਲ (Primary) ਅਵਿਵਾਦਤ ਸਰੋਤ ਪਤਾ ਹਨ ਤਾਂ ਫ਼ਿਰ ਦੱਸ ਹੀ ਛੱਡਦੇ। ਇਤਹਾਸਕ ਸਰੋਤਾਂ ਦੇ ਨਾਮ ਤਾਂ ਸਾਰਵਜਨਕ ਹੁੰਦੇ ਹਨ Classified ਨਹੀਂ। ਹਰ ‘ਸਹੀ` ਜਾਂ ‘ਗਲਤ` ਤੱਥ, ਦੋਹਾਂ ਦਾ ਮੂਲ ਸਰੋਤ ਲੇਖਕ ਕੋਲੋਂ ਪੁੱਛਿਆ ਜਾ ਸਕਦਾ ਹੈ। ਕੀ ਇਤਹਾਸ ਬਾਰੇ ਲਿਖਣ ਵਾਲਾ ਲਿਖਾਰੀ ਸਹੀ ਜਾਣਕਾਰੀ ਦੇ ਮੂਲ ਸਰੋਤਾਂ ਨੂੰ ਨਹੀਂ ਲਿਖਦਾ? ਨਿਰਸੰਦੇਹ ਲਿਖਦਾ ਹੈ! ਕੋਈ ਲੇਖਕ ਇਹ ਪਾਬੰਦੀ ਨਹੀਂ ਲਗਾ ਸਕਦਾ ਕਿ ਪਾਠਕ ਉਸ ਵਲੋਂ ਲਿਖੇ ਸਹੀ/ਗਲਤ ਤੱਥਾਂ ਦੇ ਮੂਲ ਸਰੋਤਾਂ ਬਾਰੇ ਨਾ ਪੁੱਛੇ। ਹਾਂ ਉਹ ਇਹ ਕਹਿ ਸਕਦਾ ਹੈ ਕਿ ਮੈਂ ਜਵਾਬ ਨਹੀਂ ਦੇਣਾ ਜਾਂ ਮੈਂਨੂੰ ਅਜੇ ਪਤਾ ਨਹੀਂ ਇਸ ਲਈ ਬਾਦ ਵਿੱਚ ਦੇਵਾਂਗਾ। ‘ਬਾਦ` ਵਾਲੀ ਸਥਿਤੀ ਵਿੱਚ ਧਾਰਨਾ ਦੇ ਸਹੀ ਹੋਂਣ ਦਾ ਦਾਵਾ ਵੀ ਬਾਦ ਵਿੱਚ ਹੀ ਸਾਬਤ ਹੁੰਦਾ ਹੈ ਐਡਵਾਂਸ ਵਿੱਚ ਨਹੀਂ।

ਵੀਰ ਜੀ ਲੇਖਕ ਆਪਣੀ ਮਰਜ਼ੀ ਨਾਲ ਲਿਖ ਜਰੂਰ ਸਕਦਾ ਹੈ ਪਰ ਉਹ ਪਾਠਕਾਂ ਵਲੋਂ ਪੁੱਛੇ ਜਾਣ ਵਾਲੇ ਸਵਾਲਾਂ ਨੂੰ ਆਪ ‘ਤੈਅ` ਨਹੀਂ ਕਰ ਸਕਦਾ। ਆਪ ਜੀ ਸਵਾਲਾਂ ਦਾ ਜਵਾਬ ਦੇਣਾ ਆਪਣਾ ਫ਼ਰਜ਼ ਦੱਸਦੇ ਹੋ ਪਰ ਚਰਚਾ ਲਈ ਜ਼ਰੂਰੀ ਸਵਾਲ ਪੁੱਛਣ ਤੇ ਪਾਬੰਦੀ ਵੀ ਲਗਾਉਂਦੇ ਹੋ। ਲਿਖਣਾ ਕੇਵਲ ਆਪ ਜੀ ਦਾ ਅਧਿਕਾਰ ਨਹੀਂ ਸਾਰਿਆਂ ਦਾ ਹੈ। ਆਪ ਜੀ ਬਾਕੀਆਂ ਕੋਲੋਂ ਇਹ ਅਧਿਕਾਰ ਨਹੀਂ ਖੋਹ ਸਕਦੇ। ਕਿਸੇ ਨੂੰ ਆਪ ਜੀ ਦਾ ਲੇਖ ਪਸੰਦ ਨਹੀਂ ਵੀ ਆ ਸਕਦਾ। ਇਸ ਵਿੱਚ ਕੋਈ ਪਾਪ ਤਾਂ ਨਹੀਂ ਹੋ ਗਿਆ!

ਜਿਥੋਂ ਤਕ ਮੇਰੇ ਸਵਾਲ ਕਰਨ ਦੀ ਗੱਲ ਹੈ, ਉਸ ਵਿੱਚ ਦਾਸ ਵਲੋਂ ਕੋਈ ਜ਼ਬਰਦਸਤੀ ਨਹੀਂ। ਉਹ ਸਿਰਫ਼ ਬੇਨਤੀ ਸੀ। ਮੂਲ ਸਰੋਤਾਂ ਬਾਰੇ ਜਦੋਂ ਆਪ ਜੀ ਦੀ ਮਰਜ਼ੀ ਹੋਵੇ ਜਾਂ ਸਮਾਂ ਲਗੇ, ਉਦੋਂ ਹੀ ਦੱਸ ਦੇਣਾ! ਮੇਰਾ ਸਹਿਯੋਗ ਆਪ ਜੀ ਦੇ ਨਾਲ ਹੈ। ਨਾ ਵੀ ਦੱਸੋ ਤਾਂ ਵੀ ਕੋਈ ਗੱਲ ਨਹੀਂ। ਤਦ ਤਕ ਆਪ ਜੀ ਦੇ ਲੇਖਾਂ ਦਾ ਕੋਈ ਮੱਹਤਵ ਨਹੀਂ ਬੱਚਦਾ! ਬਾਕੀ ਕੋਈ ਹੋਰ ਪਾਠਕ/ਲਿਖਾਰੀ ਉਨ੍ਹਾਂ ਜਾਂ ਹੋਰ ਸਵਾਲਾਂ ਨੂੰ ਆਪ ਤੋਂ ਪੁੱਛਦਾ ਰਹੇ ਤਾਂ ਇਹ ਗੱਲ ਆਪ ਜੀ ਅਤੇ ਪੁੱਛਣ ਵਾਲੇ ਦਰਮਿਆਨ ਹੈ।

ਮੇਰੇ ਵਿਚਾਰ ਨਾਲ ਅਸੀਂ ਆਪਸ ਵਿੱਚ ਇਸ ਵਿਸ਼ੇ ਤੇ ਹੁਣ ਬਹੁਤ ਸੰਵਾਦ ਕਰ ਚੁੱਕੇ ਹਾਂ! ਇਸ ਲਈ ਜਵਾਬ ਨਾ ਆਉਂਣ ਤਕ ਅੱਗੇ ਸੰਵਾਦ ਦੀ ਲੋੜ ਨਹੀਂ ਪ੍ਰਤੀਤ ਹੁੰਦੀ।

ਅਣਜਾਣੇ ਹੋਈ ਕਿਸੇ ਭੁੱਲ ਚੂਕ ਲਈ ਖਿਮਾਂ ਦਾ ਜਾਚਕ ਹਾਂ!

ਧਨਵਾਦ ਅਤੇ ਸਤਿਕਾਰ ਸਹਿਤ!

ਹਰਦੇਵ ਸਿੰਘ, ਜੰਮੂ


(04/05/11)
ਅਮਰ ਜੀਤ ਸਿੰਘ ਚੰਦੀ

ਬਲੀ ਦੇ ਬੱਕਰਿਆਂ ਦੀ ਭਾਲ

ਇਕ ਕਹਾਵਤ ਹੈ ਕਿ ਬ੍ਰਾਹਮਣ ਸੌ ਸਾਲ ਪਹਿਲਾਂ ਸੋਚਦਾ ਹੈ ਕਿ, ਉਸ ਨੇ ਸੌ ਸਾਲ ਮਗਰੋਂ ਕੀ ਕਰਨਾ ਹੈ। ਮੁਸਲਮਾਨ ਇਕ ਸਾਲ ਪਹਿਲਾਂ ਸੋਚਦਾ ਹੈ ਕਿ ਉਸ ਨੇ ਅਗਲੇ ਸਾਲ ਕੀ ਕਰਨਾ ਹੈ ਅਤੇ ਸਿੱਖ ਕਰਨ ਮਗਰੋਂ ਸੋਚਦਾ ਹੈ ਕਿ, ਇਹ ਕੀ ਹੋਇਆ? ਵੈਸੇ ਤਾਂ ਹਰ ਕਿਸੇ ਦੇ ਆਪਣੇ-ਆਪਣੇ ਗੁਣ ਹੁੰਦੇ ਹਨ, ਸਿੱਖਾਂ ਨੂੰ ਅਕਾਲ-ਪੁਰਖ ’ਤੇ ਏਨਾ ਭਰੋਸਾ ਹੁੰਦਾ ਸੀ ਕਿ ਉਨ੍ਹਾਂ ਨੂੰ ਚਲਾਕੀਆਂ ਚੱਲਣ ਦੀ ਲੋੜ ਨਹੀਂ ਹੁੰਦੀ ਸੀ, ਇਸ ਲਈ ਉਨ੍ਹਾਂ ਨੂੰ ਕੋਈ ਵੀ ਫੈਸਲਾ ਲੈਣ ਵਿਚ ਕੋਈ ਦਿੱਕਤ ਨਹੀਂ ਹੁੰਦੀ ਸੀ। ਅੱਜ ਸਿੱਖਾਂ ਦੀ ਆਦਤ ਤਾਂ ਉਹੀ ਰਹਿ ਗਈ ਹੈ, ਬਿਨਾ ਜ਼ਿਆਦਾ ਸੋਚੇ ਵਿਚਾਰੇ ਫੈਸਲਾ ਕਰ ਲੈਣ ਦੀ।
ਪਰ ਉਨ੍ਹਾਂ ਨੂੰ ਪਰਮਾਤਮਾ ’ਤੇ ਭਰੋਸੇ ਦੀ ਥਾਂ ਆਪਣੀਆਂ ਚਲਾਕੀਆਂ ’ਤੇ ਜ਼ਿਆਦਾ ਭਰੋਸਾ ਹੋ ਗਿਆ ਹੈ। ਇਸ ਲਈ ਸਿਰਫ 5 % ਹੀ ਅਜਿਹੇ ਰਹਿ ਗਏ ਹਨ, ਜੋ ਉਸ ਕੀਤੇ ਕੰਮ ਦੇ ਨਿਕਲੇ ਸਿੱਟਿਆਂ ਤੋਂ ਸਬਕ ਲੈਂਦੇ ਹੋਏ, ਸਵੈ-ਪੜਚੋਲ ਕਰ ਕੇ ਅਗਾਂਹ ਤੋਂ ਉਸ ਗਲਤੀ ਨੂੰ ਨਾ ਦੁਹਰਾਉਣ ਦਾ ਪ੍ਰਣ ਕਰਦੇ ਹਨ।
95 % ਤਾਂ ਕੋਈ ਵੀ ਕੰਮ ਵਿਗੜ ਜਾਣ ਪਿੱਛੋਂ ਪਛਤਾਉਂਦੇ ਅਤੇ ਕਲਪਦੇ ਹੀ ਵੇਖੇ ਜਾ ਸਕਦੇ ਹਨ। ਕਿਸੇ ਕੰਮ ਦੇ ਵਿਗੜ ਜਾਣ ਪਿਛੋਂ ਉਸ ’ਤੇ ਵਿਚਾਰ ਕਰ ਲੈਣ ਦਾ ਤਦ ਹੀ ਲਾਭ ਹੁੰਦਾ ਹੈ, ਜੇ ਇਹ ਫੈਸਲਾ ਕੀਤਾ ਜਾਵੇ ਕਿ ਭਵਿੱਖ ਵਿਚ ਇਹ ਗਲਤੀ ਦੁਬਾਰਾ ਨਹੀਂ ਕੀਤੀ ਜਾਵੇਗੀ। ਪਰ ਏਥੇ ਤਾਂ ਸਦੀਆਂ ਤੋਂ ਇਹ ਹੋ ਰਿਹਾ ਹੈ ਕਿ ਇਕ ਕੰਮ ਵਿਗੜਨ ਤੇ, ਸਿੱਖ ਵਿਦਵਾਨ ਉਸ ਬਾਰੇ ਚਰਚਾ ਸ਼ੁਰੂ ਕਰਦੇ ਹਨ, ਪਰ ਉਸ ਦਾ ਮੰਤਵ, ਉਸ ਤੋਂ ਕੁਝ ਸਿਖਿਆ ਲੈਣ ਦਾ ਨਹੀਂ ਹੁੰਦਾ, ਬਲਕਿ ਆਪਣੀ ਵਿਦਵਤਾ ਦਾ ਪ੍ਰਗਟਾਵਾ ਕਰਨ ਦਾ ਹੁੰਦਾ ਹੈ। ਕੁਝ ਮਹੀਨੇ ਇਹ ਸਿੰਗ-ਫਸਾਈ ਚਲਦੀ ਹੈ, ਤਦ ਤੱਕ ਕੋਈ ਦੂਸਰੀ ਸਮੱਸਿਆ ਖੜੀ ਹੋ ਜਾਂਦੀ ਹੈ। ਫਿਰ ਉਹ ਪਹਿਲਾ ਵਿਸ਼ਾ ਵਿਚੇ ਹੀ ਛੱਡ ਕੇ, ਦੂਸਰੇ ਵਿਸ਼ੇ ’ਤੇ ਸਿੰਗ-ਫਸਾਈ ਸ਼ੁਰੂ ਹੋ ਜਾਂਦੀ ਹੈ। ਇਵੇਂ ਹੀ ਸਦੀਆਂ ਬੀਤ ਗਈਆਂ ਹਨ, ਪਰ ਸਿੱਖਾਂ ਨੇ ਇਕ ਵੀ ਉਲਝਣ ਨਹੀਂ ਸੁਲਝਾਈ। ਜਿਸ ਬਾਰੇ ਵਿਚਾਰ ਕਰਨ ਦੀ ਸਖਤ ਲੋੜ ਹੈ।
ਹਿੰਦੂਆਂ ਨੇ ਸੱਠ ਸਾਲ ਕਰੀਬ ਪਹਿਲਾਂ ਇਕ ਸੰਸਥਾ ਬਣਾਈ ਸੀ, ਆਰ. ਐਸ. ਐਸ. (ਜੀ ਨਹੀਂ ਤੁਸੀਂ ਗਲਤ ਸੋਚ ਰਹੇ ਹੋ, ਮੈਂ ਅਸਲੀ ਆਰ. ਐਸ. ਐਸ. ਦੀ ਗੱਲ ਨਹੀਂ ਕਰ ਰਿਹਾ, ਮੈਂ ਨਕਲੀ ਆਰ. ਐਸ. ਐਸ ਦੀ ਗੱਲ ਕਰ ਰਿਹਾ ਹਾਂ, ਜਿਸ ਨੂੰ ਰਾਸ਼ਟ੍ਰੀ ਸਿੱਖ ਸੰਗਤ ਕਿਹਾ ਜਾਂਦਾ ਹੈ। ਮੈਂ ਇਕ ਲੇਖ ਵੀ ਲਿਖਿਆ ਸੀ ਕਿ ਸਿੱਖ ਸੰਗਤ, ਨਾ ਪ੍ਰਾਂਤੀ ਹੁੰਦੀ ਹੈ, ਨਾ ਰਾਸ਼ਟ੍ਰੀ ਅਤੇ ਨਾ ਹੀ ਅੰਤਰ-ਰਾਸ਼ਟਰੀ, ਸਿੱਖ ਸੰਗਤ ਤਾਂ ਪੂਰੇ ਬਰਹਿਮੰਡ ਵਿਚ ਇਕ ਹੀ ਹੁੰਦੀ ਹੈ। ਪਰ ਮੇਰੇ ਵਰਗੇ ਦੀ ਸੁਣਦਾ ਕੌਣ ਹੈ?) ਜਿਸ ਦਾ ਅੱਜ ਸਿੱਖਾਂ ਵਿਚ ਅਜਿਹਾ ਜਾਲ ਫੈਲ ਚੁੱਕਾ ਹੈ ਕਿ ਸੀ. ਬੀ. ਆਈ. ਦੇ ਡਾਇਰੈਕਟਰ ਤੋਂ ਰਾਜ-ਸਭਾ ਦੇ ਮੈਂਬਰ। ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਤੋਂ ਲੋਕਲ ਮੈਂਬਰਾਂ ਤਕ। ਕਹੇ ਜਾਂਦੇ ਤਖਤਾਂ ਦੇ ਅਖੌਤੀ ਜਥੇਦਾਰਾਂ, ਦਰਬਾਰ ਸਾਹਿਬ ਅਤੇ ਹੋਰ ਇਤਿਹਾਸਿਕ ਗੁਰਦਵਾਰਿਆਂ ਦੇ ਹੈਡ-ਗ੍ਰੰਥੀ ਅਤੇ ਗ੍ਰੰਥੀ। ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪਰਧਾਨਾਂ ਤੋਂ ਆਮ ਮੈਂਬਰਾਂ ਤਕ। ਸਿੰਘ ਸਭਾਵਾਂ ਦੇ ਪਰਧਾਨਾਂ, ਸਕੱਤ੍ਰਾਂ, ਮੈਂਬਰਾਂ। ਵਪਾਰੀ ਤਬਕੇ ਵਿਚਲੇ ਵਪਾਰੀ। ਕਾਰ ਸੇਵਾ ਤੋਂ ਲੈ ਕੇ ਡੇਰਿਆਂ ਦੇ ਡੇਰੇਦਾਰਾਂ ਤਕ। ਵੱਡੇ-ਵੱਡੇ ਪਰਚਾਰਕਾਂ ਤੋਂ ਛੋਟੇ-ਛੋਟੇ ਰਾਗੀਆਂ, ਕਥਾਕਾਰਾਂ ਤਕ। ਰਾਧਾਸਵਾਮੀਆਂ, ਨਿਰੰਕਾਰੀਆਂ, ਝੂਠੇ ਸੌਦੇ ਵਾਲਿਆਂ, ਆਸ਼ੂ-ਤੋਸ਼ੀਆਂ, ਨਾਮਧਾਰੀਆਂ ਆਦਿ ਕਈ ਸ਼ਾਖਾਵਾਂ ਵਿਚ। ਪੰਜਾਬ ਦੀਆਂ ਯੂਨੀਵਰਸਟੀਆਂ ਦੇ ਡੀਨ, ਪ੍ਰੋਫੈਸਰ। ਖਾਲਸਾ ਕਾਲਜਾਂ, ਸਕੂਲਾਂ ਦੇ ਪ੍ਰਿੰਸੀਪਲਾਂ ਤੋਂ ਆਮ ਟੀਚਰਾਂ ਤਕ। ਜੁਡੀਸ਼ਰੀ ਦੇ ਜੱਜਾਂ, ਵਕੀਲਾਂ ਤਕ ਸਿੱਖ ਸ਼ਕਲ ਦੇ ਸਾਬਤ-ਸੂਰਤ ਦਿਸਣ ਵਾਲੇ, ਉਸ ਆਰ. ਐਸ. ਐਸ. ਦੇ ਮੈਂਬਰ ਹਨ। ਇਨ੍ਹਾਂ ਸਾਰਿਆਂ ਨੂੰ ਕੇਂਦਰੀ ਏਜੈਂਸੀਆਂ ਤੋਂ ਅਲੱਗ-ਅਲੱਗ ਢੰਗ ਦੇ ਲਾਭ ਦਿੱਤੇ ਜਾਂਦੇ ਹਨ।
ਇਸ ਵਕਤ ਤੱਕ ਇਨ੍ਹਾਂ ਦੀ ਮਾਰਫਤ, ਸਿੱਖਾਂ ਨੂੰ ਕੁਰਾਹੇ ਪਾਇਆ ਜਾਂਦਾ ਸੀ, ਸਿੱਖਾਂ ਵਿਚ ਆਪਸੀ ਨਫਰਤ ਪੈਦਾ ਕਰ ਕੇ, ਏਕੇ ਵਿਚ ਪਾੜਾ ਪਾਇਆ ਜਾਂਦਾ ਸੀ। ਪਰ ਹੁਣ ਇਹ ਆਰ. ਐਸ. ਐਸ. ਜਵਾਨ ਹੋ ਗਈ ਹੈ, ਉਸ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ।
ਪਿਛਲੇ ਦਿਨੀਂ ਇਨ੍ਹਾਂ ਦੀ ਇਕ ਤਿੰਨ ਦਿਨਾ ਬੈਠਕ ਅਯੁਧਿਆ ਵਿਖੇ, ਵਿਵਾਦਤ ਰਾਮ ਮੰਦਰ ਵਾਲੀ ਥਾਂ ਤੇ ਹੋਈ। ਓਥੇ ਇਨ੍ਹਾਂ ਨੇ ਅਖੰਡ-ਪਾਠ ਵੀ ਕਰਵਾਇਆ। ਪ੍ਰੋਗਰਾਮ ਦੇ ਮੁੱਖ ਮਹਿਮਾਨ, ਸ੍ਰੀ ਰਾਮ ਕਿਲਾ ਦੇ ਮਹੰਤ, ਕਰੁਣਾ ਨਿਧਾਨ ਸਰਨ ਸਨ। ਉਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਕਿਹਾ:
“ਹਿੰਦੂਤਵ ’ਤੇ ਸੰਕਟ ਵੇਲੇ, ਸਿੱਖਾਂ ਨੇ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਕੇ, ਇਸ ਦਾ ਮੁਕਾਬਲਾ ਕੀਤਾ। ਹਿੰਦੂਤਵ ਦੀ ਰੱਖਿਆ ਵਿਚ ਸਿੱਖ ਪੰਥ ਦਾ ਅਹਿਮ ਰੋਲ ਹੈ।”
ਰਾਸ਼ਟ੍ਰੀ ਸਿੱਖ ਸੰਗਤ ਦੇ ਮੀਡੀਆ ਇੰਚਾਰਜ ਡਾ. ਅਵਤਾਰ ਸਿੰਘ ਨੇ ਮੀਡੀਏ ਨੂੰ ਦੱਸਿਆ ਕਿ ਦੇਸ਼ ਦੇ ਕੋਨੇ-ਕੋਨੇ ਤੋਂ ਸ਼ਰਧਾਲੂ ਇਕੱਠੇ ਹੋਏ। ਇਹ ਪ੍ਰੋਗ੍ਰਾਮ ਰਾਸ਼ਟ੍ਰੀ ਸਿੱਖ ਸੰਗਤ ਅਤੇ ਗੁਰਦਵਾਰਾ ਬ੍ਰਹਮ-ਕੁੰਡ ਨੇ ਮਿਲ ਕੇ ਕੀਤਾ।
ਰਾਸ਼ਟ੍ਰੀ ਸਿੱਖ ਸੰਗਤ ਦੇ ਪਰਮੁੱਖ ਆਗੂ ਪ੍ਰਕਾਸ਼ ਜੈਸਵਾਲ ਅਤੇ ਉਤ੍ਰਾਖੰਡ ਘੱਟ ਗਿਣਤੀ ਕਮਿਸ਼ਨ ਦੇ ਪ੍ਰਧਾਨ, ਸੁਖਦੇਵ ਸਿੰਘ ਨਾਮਧਾਰੀ ਆਦਿ ਨੇ ਵੀ ਭਾਗ ਲਿਆ। ਪਰਮੁੱਖ ਹਿੰਦੂ ਲੀਡਰ ਅਸ਼ੋਕ ਸਿੰਘਲ ਨੇ ਆਪਣੇ ਭਾਸ਼ਨ ਵਿਚ ਕਿਹਾ:
“ਸਿੱਖ ਪੰਥ ਦੇ ਸਹਿਯੋਗ ਤੋਂ ਬਿਨਾ, ਰਾਮ-ਮੰਦਰ ਪੂਰਾ ਨਹੀਂ ਹੋ ਸਕਦਾ।”
ਪਹਿਲਾਂ ਥੋੜਾ ਵਿਚਾਰ ਰਾਸ਼ਟ੍ਰੀ ਸਿੱਖ ਸੰਗਤ ਬਾਰੇ ਕਰ ਲੈਣਾ ਲਾਹੇ ਵੰਦ ਹੋਵੇਗਾ।
ਇਹ ਸਿੱਖਾਂ ਦੀ ਉਹ ਸੰਸਥਾ ਹੈ, ਜਿਸ ਨੇ ਅੱਜ-ਤਕ 1984 ਵਿਚ ਦਰਬਾਰ ਸਾਹਿਬ ਤੇ ਹਮਲੇ ਬਾਰੇ, ਸਿੱਖਾਂ ਦੇ ਕਤਲੇਆਮ ਬਾਰੇ, ਜਾਂ ਇੰਸਾਫ ਦੀ ਉਡੀਕ ਵਿਚ 26 ਸਾਲ ਤੋਂ ਉਪਰ ਦਾ ਸਮਾਂ ਬੀਤ ਜਾਣ ਬਾਰੇ, ਕਦੀ ਆਪਣੀ ਜ਼ਬਾਨ ਨੂੰ ਕਸ਼ਟ ਨਹੀਂ ਦਿੱਤਾ। ਸਿੱਖਾਂ ਵਿਚ ਇਹ ਉਹ ਸੰਸਥਾ ਹੈ, ਜੋ ਸ਼ਿਕਾਰੀ ਵਲੋਂ ਪਾਲੇ ਬਟੇਰੇ ਦਾ ਕੰਮ ਕਰਦੀ ਹੈ। ਜਿਵੇਂ ਸ਼ਿਕਾਰੀ ਜਾਲ ਲਗਾ ਕੇ ਓਥੇ ਆਪਣੇ ਪਾਲਤੂ ਬਟੇਰੇ ਵਾਲਾ ਪਿੰਜਰਾ ਰੱਖ ਦਿੰਦਾ ਹੈ। ਉਹ ਬਟੇਰਾ ਆਪਣੀ ਬੋਲੀ ਬੋਲ-ਬੋਲ ਕੇ ਆਪਣੇ ਭਰਾਵਾਂ ਨੂੰ ਜਾਲ ਥੱਲੇ ਇਕੱਠੇ ਕਰ ਲੈਂਦਾ ਹੈ। ਇਵੇਂ ਜੋ ਬਟੇਰੇ ਉਸ ਦੇ ਕੋਲ ਆ ਜਾਂਦੇ ਹਨ, ਉਹ ਜਾਲ ਵਿਚ ਫੱਸ ਕੇ ਆਪਣੀ ਆਜ਼ਾਦੀ ਗਵਾ ਲੈਂਦੇ ਹਨ। ਇਹੀ ਕੰਮ ਇਹ ਰਾਸ਼ਟ੍ਰੀ ਸਿੱਖ ਸੰਗਤ ਕਰ ਰਹੀ ਹੈ।
ਉਸ ਨੇ ਰਾਮ ਮੰਦਰ ਵਾਲੀ ਵਿਵਾਦਤ ਥਾਂ ਤੇ ਇਕੱਠ ਕਰ ਕੇ, ਅਖੰਡ-ਪਾਠ ਕਰਵਾ ਕੇ, ਨੇਤਿਆਂ ਰਾਹੀਂ ਇਹੀ ਸੰਦੇਸ਼ ਦਿੱਤਾ ਹੈ ਕਿ “ਜਦ ਵੀ ਹਿੰਦੂਆਂ ’ਤੇ ਸੰਕਟ ਆਇਆ ਹੈ ਤਾਂ ਸਿੱਖਾਂ ਨੇ ਆਪਣੀਆਂ ਆਹੂਤੀਆਂ ਦੇ ਕੇ ਹਿੰਦੂਤਵ ਦੀ ਰਕਸ਼ਾ ਕੀਤੀ ਹੈ।” ਅਤੇ “ਸਿੱਖ ਪੰਥ ਦੇ ਪੂਰਨ ਸਹਿਯੋਗ ਤੋਂ ਬਿਨਾ, ਰਾਮ ਮੰਦਰ ਨਹੀਂ ਬਣ ਸਕਦਾ।”
ਸਿੱਧੀ ਜਿਹੀ ਗੱਲ ਹੈ, ਹਿੰਦੂ ਲੀਡਰਾਂ ਦਾ ਸੁਨੇਹਾ ਹੈ ਕਿ ਰਾਮ-ਮੰਦਰ ਬਨਾਉਣ ਲਈ, ਸਿੱਖਾਂ ਦੇ ਸਹਿਯੋਗ ਦੀ ਲੋੜ ਹੈ। ਹੁਣ ਸਿੱਖ ਵੀ ਆਪਣੇ ਪੁਰਖਿਆਂ (ਗੁਰੂ ਤੇਗਬਹਾਦਰ ਜੀ) ਵਾਙ, ਸਾਡੀ ਰਕਸ਼ਾ ਲਈ ਆਪਣੀਆਂ ਅਹੂਤੀਆਂ ਦੇਣ। (ਇਸ ਤੋਂ ਅਗਾਂਹ ਦੀ ਗੱਲ ਨਹੀਂ ਬੋਲ ਰਹੇ ਪਰ ਮਨ ਵਿਚ ਇਹੀ ਸੋਚ ਰਹੇ ਹੋਣੇ ਹਨ ਕਿ, ਉਸ ਮਗਰੋਂ ਤੁਹਾਡੇ ਬੱਚਿਆਂ ਅਤੇ ਤੁਹਾਡੇ ਪੋਤਿਆਂ ਦਾ ਵੀ ਉਹੀ ਹਾਲ ਕਰਾਂਗੇ, ਜੋ ਸਾਡੇ ਵੱਡਿਆਂ ਨੇ, ਗੁਰੂ ਤੇਗ ਬਹਾਦਰ ਜੀ ਦੇ ਪੁਤ੍ਰ ਅਤੇ ਪੋਤਿਆਂ ਦਾ ਕੀਤਾ ਸੀ)
ਆਉ ਹੁਣ ਇਸ ਬਾਰੇ ਵਿਚਾਰ ਕਰੀਏ ਕਿ ਇਨ੍ਹਾਂ ਬਟੇਰਿਆਂ ਵਲੋਂ ਤੁਹਾਨੂੰ ਜਿਸ ਜਾਲ ਵਿਚ ਫਸਾਇਆ ਜਾ ਰਿਹਾ ਹੈ, ਉਸ ਵਿਚੋਂ ਕੀ ਨਿਕਲਣ ਵਾਲਾ ਹੈ ?
(1) ਸਭ ਤੋਂ ਪਹਿਲਾਂ, ਮੁਸਲਮਾਨਾਂ ਵਿਚ ਇਹ ਸੁਨੇਹਾ ਜਾਵੇਗਾ ਕਿ, ਸਿੱਖ ਅਤੇ ਹਿੰਦੂ ਇਕੋ ਚੀਜ਼ ਹਨ। ਜੋ ਸਿੱਖ, ਘੱਟ ਗਿਣਤੀਆਂ ਦੇ ਇਕੱਠੇ ਹੋਣ ਦੀ ਗੱਲ ਕਰਦੇ ਹਨ, ਗੁਜਰਾਤ ਵਿਚ ਮੁਸਲਮਾਨਾਂ ਦੇ ਕਤਲੇਆਮ ਅਤੇ ਉੜੀਸਾ ਅਤੇ ਉਤ੍ਰ-ਪਰਦੇਸ਼ ਵਿਚ ਈਸਾਈਆਂ ਦੀ ਬੁਰੀ ਹਾਲਤ ਬਾਰੇ ਗੱਲ ਕਰਦੇ ਹਨ, ਉਹ ਸਿਰਫ ਵਿਖਾਵਾ ਹੈ। ਇਸ ਤਰ੍ਹਾਂ ਭਾਰਤ ਵਿਚਲੀਆਂ ਘੱਟ-ਗਿਣਤੀਆਂ ਦੇ ਇਕੱਠੇ ਹੋਣ ਦੀ ਸੰਭਾਵਨਾ ਖਤਮ ਹੋ ਜਾਵੇਗੀ।
(2) ਰਾਮ ਮੰਦਰ ਬਨਾਉਣ ਵੇਲੇ, ਇਨ੍ਹਾਂ ਬਟੇਰਿਆਂ ਦੀ ਨਮਾਇਸ਼ ਕਰ ਕੇ, ਸਿੱਖਾਂ ਅਤੇ ਮੁਸਲਮਾਨਾਂ ਵਿਚ ਹੋਰ ਨਫਰਤ ਪੈਦਾ ਕੀਤੀ ਜਾਵੇਗੀ, ਜਿਸ ਨਾਲ 1984 ਵਰਗੀ ਘਟਨਾ ਮੁੜ ਵਾਪਰਨ ’ਤੇ, ਮੁਸਲਮਾਨਾਂ ਵਲੋਂ ਸਿੱਖਾਂ ਦੀ ਕੀਤੀ ਜਾਣ ਵਾਲੀ ਮਦਦ ਦੀ ਸੰਭਾਵਨਾ ਬਿਲਕੁਲ ਖਤਮ ਹੋ ਜਾਵੇਗੀ।
(3) 1984 ਦੇ ਸਿੱਖ ਕਤਲੇਆਮ ਨੂੰ ਲੈ ਕੇ, ਦੂਸਰੇ ਮੁਲਕਾਂ ਵਿਚਲੇ ਸਿੱਖਾਂ ਵਲੋਂ, ਦੂਸਰੇ ਮੁਲਕਾਂ ਦੀਆਂ ਸਰਕਾਰਾਂ ਨੂੰ ਜਾਗਰਤ ਕਰ ਕੇ ਸਿੱਖਾਂ ਦੀ ਮਦਦ ’ਤੇ ਆਉਣ ਅਤੇ ਸਿੱਖਾਂ ਦੇ ਹੱਕਾਂ ਨੂੰ ਨਿਸ਼ਚਿਤ ਕਰਵਾਉਣ ਦੇ ਉਪਰਾਲੇ ਨੂੰ ਸੱਟ ਵੱਜੇਗੀ, ਦੂਸਰੇ ਮੁਲਕਾਂ ਦੇ ਲੋਕ ਅਤੇ ਸਰਕਾਰਾਂ, ਸਿੱਖਾਂ ’ਤੇ ਵਿਸ਼ਵਾਸ ਕਰਨਾ ਘੱਟ ਕਰ ਦੇਣਗੇ।
(4) ਦੇਸ਼ ਵਿਚ ਵੀ 26 ਸਾਲ ਤੋਂ ਇੰਸਾਫ ਨਾ ਮਿਲਣ ਵਿਰੁੱਧ ਉਠ ਰਹੀ ਲਹਿਰ ਨੂੰ, ਕਾਫੀ ਧੱਕਾ ਵੱਜੇਗਾ ਅਤੇ ਭਾਰਤ ਸਰਕਾਰ ਨੂੰ, 1984 ਦੇ ਦੋਸ਼ੀਆਂ ਨੂੰ ਤਦ ਤੱਕ ਰਾਹਤ ਦੇਣਾ ਸੰਭਵ ਹੋ ਜਾਵੇਗਾ, ਜਦ ਤਕ ਉਹ ਅਤੇ ਉਨ੍ਹਾਂ ਵਿਰੁੱਧ ਗਵਾਹੀ ਦੇਣ ਵਾਲੇ ਆਪ ਹੀ ਨਹੀਂ ਮਰ ਜਾਂਦੇ।
(5) ਰਾਮ ਮੰਦਰ ਦੇ ਮੁੱਦੇ ਨੂੰ ਲੈ ਕੇ ਸਿੱਖਾਂ ਦੇ ਮੁਸਲਮਾਨਾਂ ਵਲੋਂ ਕਤਲ ਹੋਣਗੇ। ਮੁਸਲਿਮ ਦੇਸ਼ਾਂ ਵਿਚ ਵਸਦੇ ਸਿੱਖਾਂ ’ਤੇ ਵੀ ਪਰਲੋ ਆ ਜਾਵੇਗੀ। (ਯਕੀਨਨ ਇਹ ਉਹ ਸਿੱਖ ਨਹੀਂ ਹੋਣਗੇ, ਜੋ ਬਟੇਰਿਆਂ ਦੀ ਜਮਾਤ ਵਿਚੋਂ ਹਨ। ਇਹ ਸਿੱਖ ਉਹ ਹੀ ਹੋਣਗੇ, ਜੋ ਸਿੱਖਾਂ ਦੀ ਆਜ਼ਾਦ ਹਸਤੀ ਲਈ ਜੂਝ ਰਹੇ ਹਨ। ਭਾਵੇਂ ਉਹ ਮੁਸਲਮਾਨਾਂ ਹੱਥੋਂ ਮਰਨ, ਭਾਵੇਂ ਮੁਸਲਮਾਨਾਂ ਦੀ ਆੜ ਵਿਚ, ਇਨ੍ਹਾਂ ਨੂੰ ਗਾਂਧੀ-ਵਾਦੀ ਮਾਰ ਦੇਣ।
(6) ਭਵਿੱਖ ਵਿਚ, 1984 ਵਰਗੇ ਕਿਸੇ ਕਾਂਡ ਦੇ ਵਾਪਰਨ ’ਤੇ ਸਿੱਖਾਂ ਨੂੰ ਦੁਨਿਆਵੀ ਭਾਈਚਾਰੇ ਤੋਂ, ਕੋਈ ਮਦਦ ਨਹੀਂ ਮਿਲੇਗੀ, ਸਾਰੇ ਹੀ ਇਸ ਨੂੰ ਇਕ ਘਰੇਲੂ ਝਗੜਾ ਸਮਝ ਕੇ ਅਣਗੌਲਿਆ ਕਰ ਦੇਣਗੇ।
ਇਕ ਗੱਲ ਹੋਰ ਧਿਆਨ ਮੰਗਦੀ ਹੈ ਕਿ, ਜੇ ਇਸ ਵਾਰ ਕੋਈ ਘਟਨਾ ਵਾਪਰਦੀ ਹੈ ਤਾਂ, 1984 ਵਿਚ ਸਿੱਖਾਂ ਕੋਲ ਆਪਣੀ ਰੱਖਿਆ ਲਈ ਪਰਯਾਪਤ ਹਥਿਆਰ ਸਨ, ਜਿਨ੍ਹਾਂ ਦੇ ਹੁੰਦਿਆਂ ਸਿੱਖਾਂ ਨੇ ਆਪਣਾ ਕਾਫੀ ਬਚਾਅ ਕਰ ਲਿਆ ਸੀ, ਪਰ ਇਸ ਵਾਰ ਸਿੱਖਾਂ ਕੋਲ, ਉਸ ਵੇਲੇ ਨਾਲੋਂ ਦਸਵਾਂ ਹਿੱਸਾ ਵੀ ਹਥਿਆਰ ਨਹੀਂ ਹਨ। 1984 ਵੇਲੇ ਸਿੱਖ ਫੌਜਾਂ ਦੀ ਬਗਾਵਤ ਨੇ ਵੀ, ਸਿੱਖਾਂ ਦਾ ਕਾਫੀ ਬਚਾਅ ਕਰ ਦਿੱਤਾ ਸੀ, ਇਸ ਵੇਲੇ ਸਿੱਖ ਫੋਜੀ ਆਪ ਹੀ ਪਲਟਣਾਂ ਵਿਚ ਇਸ ਤਰ੍ਹਾਂ ਵੰਡੇ ਹੋਏ ਹਨ ਕਿ, ਉਨ੍ਹਾਂ ਦੀਆਂ ਪਲਟਣਾਂ ਵਿਚ ਹੀ ਉਨ੍ਹਾਂ ਨੂੰ, ਬੜੇ ਸੌਖਿਆਂ ਮਾਰ ਦਿੱਤਾ ਜਾਵੇਗਾ।
1984 ਵੇਲੇ ਨਾਲੋਂ, ਸਿੱਖਾਂ ਦੇ ਲੀਡਰਾਂ ਦੀਆਂ ਨੀਤੀਆਂ ਸਦਕਾ, ਸਿੱਖਾਂ ਵਿਚ ਉਹ ਜਜ਼ਬਾ ਨਹੀਂ ਹੈ, ਜਿਸ ਆਸਰੇ ਮੁਸੀਬਤਾਂ ਦਾ ਟਾਕਰਾ ਕੀਤਾ ਜਾਂਦਾ ਹੈ। ਨਾ ਹੀ, ਇਕ ਦੂਜੇ ਦੀ ਮਦਦ ਕਰਨ ਦੀ ਭਾਵਨਾ ਹੈ। ਬਹੁਤਿਆਂ ਦੇ ਦਿਮਾਗ ਵਿਚ ਇਹ ਭਰ ਗਿਆ ਹੋਇਆ ਹੈ ਕਿ ਸਾਡੇ ਕੇਸ ਕੱਟੇ ਹੋਣ ਕਾਰਨ ਸਾਡਾ ਬਚਾਅ ਹੋ ਹੀ ਜਾਣਾ ਹੈ। ਇਵੇਂ ਹਿੰਦੂਆਂ ਲਈ, ਨੀਮ ਫੌਜੀ ਬਲਾਂ ਆਸਰੇ, ਸਿੱਖਾਂ ਦਾ ਹਸ਼ਰ ਬੋਧੀਆਂ ਵਾਲਾ ਕਰਨ ਵਿਚ ਬਹੁਤੀ ਅੜਚਨ ਨਹੀਂ ਆਵੇਗੀ, ਅਤੇ ਸਿੱਖ ਪੰਥ ਵੀ ਵਿਦੇਸ਼ਾਂ ਵਿਚ ਹੀ ਬਚ ਪਾਵੇਗਾ।
ਅਜਿਹੀ ਹਾਲਤ ਨੂੰ ਵੇਖਦੇ ਹੋਏ, ਇਹੀ ਬੇਨਤੀ ਕੀਤੀ ਜਾਂਦੀ ਹੈ ਕਿ ਸਿੱਖੀ ਨੂੰ ਸਮਰਪਿਤ ਸਿੱਖ, ਇਨ੍ਹਾਂ ਬਟੇਰਿਆਂ ਤੋਂ ਬਚਣ ਅਤੇ ਕਿਸੇ ਭੜਕਾਹਟ ਵਿਚ ਆ ਕੇ ਬਲੀ ਦੇ ਬੱਕਰੇ ਨਾ ਬਣਨ, ਇਸ ਵਿਚ ਹੀ ਉਨ੍ਹਾਂ ਅਤੇ ਪੰਥ ਦੀ ਭਲ਼ਾਈ ਹੈ।
ਅਮਰ ਜੀਤ ਸਿੰਘ ਚੰਦੀ


(03/05/11)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸ. ਹਰਦੇਵ ਸਿੰਘ ਜੰਮੂ ਜੀ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ।
ਆਪ ਜੀ ਦੇ ਸਿਖਮਾਰਗ ਵੈਬਸਾਈਟ ਤੇ 02. 05. 2011 ਨੂੰ ਆਏ ਪੱਤਰ ਲਈ ਆਪ ਜੀ ਦਾ ਧੰਨਵਾਦ ਹੈ ਜੀ।
ਮੇਰਾ ਜਵਾਬ ਨਾ ਟਾਲਮਟੋਲ ਵਾਲਾ ਹੈ ਅਤੇ ਨਾ ਹੀ
out of context ਹੈ। ਅਸਲ ਵਿੱਚ ਆਪ ਜੀ ਦਾ ਸਵਾਲ ਹੀ out of context (ਸੰਦਰਭ ਤੋਂ ਬਾਹਰਾ) ਹੈ। ਆਪ ਜੀ ਨੂੰ ਪਤਾ ਹੀ ਹੈ ਕਿ ਅਸੀਂ ਇੱਕ ਪ੍ਰਕਾਸ਼ਨ (publication) ਉਤੇ ਆਈ ਰਚਨਾਂ ਸਬੰਧੀ ਕੇਵਲ ਵਿਚਾਰ-ਚਰਚਾ ਵਿੱਚ ਸ਼ਾਮਲ ਹਾਂ। ਮੈਂ ਇੱਕ ਵਿਸ਼ੇਸ਼ ਵਿਸ਼ੇ ਤੇ ਲੇਖ ਲਿਖਿਆ ਹੈ ਅਤੇ ਆਪ ਜੀ ਇੱਕ ਪਾਠਕ/ਵਿਦਵਾਨ ਦੇ ਤੌਰ ਤੇ ਮੇਰੇ ਵੱਲੋਂ ਉਠਾਏ ਗਏ ਨੁਕਤਿਆਂ ਸਬੰਧੀ ਆਪਣਿਆਂ ਸ਼ੰਕਿਆਂ ਦੀ ਨਵਿਰਤੀ ਹਿਤ ਮੇਰੇ ਕੋਲੋਂ ਕੁੱਝ ਸਵਾਲਾਂ ਦੇ ਜੁਆਬ ਮੰਗ ਰਹੇ ਹੋ। ਜ਼ਾਹਰ ਹੈ ਕਿ ਆਪ ਜੀ ਦੇ ਸ਼ੰਕੇ ਉਹਨਾਂ ਨੁਕਤਿਆਂ ਨਾਲ ਸਬੰਧਤ ਹੋਣਗੇ ਜਿਹਨਾਂ ਨਾਲ ਆਪ ਜੀ ਸਹਿਮਤ ਨਹੀਂ। ਆਪ ਜੀ ਕੋਈ ਵਾਧੂ ਜਾਣਕਾਰੀ ਵੀ ਮੰਗ ਸਕਦੇ ਹੋ ਜਿਸਦਾ ਉੱਤਰ ਦੇਣਾ ਲੇਖਕ ਦੇ ਤੌਰ ਤੇ ਮੇਰੀ ਮਰਜ਼ੀ ਜਾਂ ਸਹੂਲਤ ਤੇ ਨਿਰਭਰ ਕਰੇਗਾ। ਪਰੰਤੂ ਵਿਚਾਰ-ਚਰਚਾ ਵਿੱਚ ਸਾਡੀ ਸ਼ਮੂਲੀਅਤ ਇਸ ਤਰ੍ਹਾਂ ਨਹੀਂ ਕਿ ਮੈਂ ਇੱਕ ਅਦਾਲਤ ਦੇ ਕਟਿਹਰੇ ਵਿੱਚ ਮੁਜਰਿਮ ਜਾਂ ਗਵਾਹ ਦੇ ਤੌਰ ਤੇ ਖੜਾ ਹਾਂ ਅਤੇ ਆਪ ਜੀ ਇੱਕ ਵਿਰੋਧੀ ਵਕੀਲ ਵਾਂਗ ਮੈਂਨੂੰ ਜਿਰ੍ਹਾ (cross-examination ) ਦੇ ਮਕਸਦ ਨਾਲ ਸਵਾਲ ਉਤੇ ਸਵਾਲ ਕਰੀ ਜਾ ਰਹੇ ਹੋ ਅਤੇ ਜ਼ਬਰਦਸਤੀ ਮੇਰੇ ਮੂੰਹ ਵਿੱਚੋਂ ਕੁੱਝ ਸ਼ਬਦ ਕਢਵਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹੋ। ਚੱਲ ਰਹੀ ਵਿਚਾਰ-ਚਰਚਾ ਵਿੱਚ ਸ਼ੁਰੂ ਤੋਂ ਹੀ ਮੈਂ ਅਜਿਹੀ ਹੀ ਸਥਿਤੀ ਭੁਗਤ ਰਿਹਾ ਹਾਂ। ਇਸ ਵਿਚਾਰ-ਚਰਚਾ ਦੇ ਕੁੱਝ ਹੋਰ ਪਹਿਲੂ ਵੀ ਹਨ ਜਿਵੇਂ:-
1. ਵੈਬਸਾਈਟ ਉੱਤੇ ਮੇਰੇ ਬਾਰੇ ਜਾਤੀ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। (ਵੇਖੋ ਸ. ਅਮਰਜੀਤ ਸਿੰਘ ਚੰਦੀ ਜੀ ਦੇ ਪੱਤਰ)
2. ਵੈਬਸਾਈਟ ਤੇ ਮੇਰੇ ਖਿਲਾਫ ਅਪਮਾਨਜਨਕ ਭਾਸ਼ਾ ਵਰਤੀ ਜਾ ਰਹੀ ਹੈ। (ਵੇਖੋ ਸ. ਗੁਰਮੁਖ ਸਿੰਘ ਜੀ ਦੇ ਪੱਤਰ)
3. ਵੈਬਸਾਈਟ ਤੇ ਮੇਰੇ ਨਾਲ ਦਬਕਿਆਂ ਦੇ ਲਹਿਜੇ ਵਿੱਚ ਗੱਲ ਕੀਤੀ ਜਾ ਰਹੀ ਹੈ। (ਵੇਖੋ ਅਮਰਜੀਤ ਸਿੰਘ ਚੰਦੀ ਜੀ ਦੇ ਪੱਤਰ)
4. ਵੈਬਸਾਈਟ ਤੇ ਮੇਰੇ ਤੇ ਬੇਬੁਨਿਆਦ ਇਲਜ਼ਾਮ ਲਗਾ ਕੇ ਪਾਠਕਾਂ ਨੂੰ ਮੇਰੇ ਖਿਲਾਫ ਭੜਕਾਉਣ ਲਈ ਬਿਆਨ ਦਿੱਤੇ ਜਾ ਰਹੇ ਹਨ। (ਵੇਖੋ ਸ. ਹਰਦੇਵ ਸਿੰਘ ਜੰਮੂ ਜੀ ਦੇ ਪੱਤਰ)
5. ਗੁੱਟਬੰਦੀ ਦਾ ਢੰਗ ਅਪਣਾਇਆ ਜਾ ਰਿਹਾ ਹੈ। ਚਾਰ-ਪੰਜ ਹੋਰ ਸੱਜਣ ਵੀ ਤਕਰੀਬਨ ਇੱਕੋ ਜਿਹੇ ਸਵਾਲਾਂ ਦਾ ਦੁਹਰਾਓ ਕਰਦੇ ਹੋਏ ਵਿਚਾਰ-ਚਰਚਾ ਵਿੱਚ ਸ਼ਾਮਲ ਹਨ।
6. ਪ੍ਰਾਪੇਗੰਡੇ ਦੇ ਤੌਰ ਤੇ ਬਾਹਰਲੇ ਲੋਕਾਂ ਨੂੰ ਈ-ਮੇਲ ਰਾਹੀਂ ਚਿੱਠੀਆਂ ਭੇਜੀਆਂ ਜਾ ਰਹੀਆਂ ਜਾ ਰਹੀਆਂ ਹਨ।
(ਸ. ਹਰਦੇਵ ਸਿੰਘ ਜੰਮੂ ਜੀ ਦੇ ਨਾਮ ਹੇਠ ਈ-ਮੇਲ ਕੀਤੇ ਗਏ ਪੱਤਰਾਂ ਸਬੰਧੀ ਮੇਰੇ ਪਾਸ ਸਬੂਤ ਮੌਜੂਦ ਹਨ।)
7. ਫੋਨ ਰਾਹੀਂ ਮੈਂਨੂੰ ਜਾਨੋਂ ਮਾਰਨ ਅਤੇ ਜੇਲ੍ਹ ਭਿਜਵਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ ਅਤੇ ਮੈਂ ਸਮਝ ਸਕਦਾ ਹਾਂ ਕਿ ਅਜਿਹਾ ਕਿਉਂ ਹੋ ਰਿਹਾ ਹੈ। (ਅਖਬਾਰਾਂ ਦੀਆਂ ਖਬਰਾਂ ਤਾਂ ਬਹੁਤੇ ਪਾਠਕਾਂ ਨੇ ਪੜ੍ਹ ਹੀ ਲਈਆਂ ਹੋਣਗੀਆਂ।)
ਇਸ ਸਥਿਤੀ ਵਿੱਚ ਹੋਣ ਦੇ ਬਾਵਜੂਦ ਵੀ ਮੈਂ ਇੱਕ ਮਹੀਨੇ ਤੋਂ ਵੱਧ ਸਮਾਂ ਚੱਲੀ ਇਸ ਵਿਚਾਰ-ਚਰਚਾ ਵਿੱਚ ਤਕਰੀਬਨ ਹਰੇਕ ਪਾਠਕ ਦੇ ਹਰ ਸੁਆਲ ਦਾ ਜੁਆਬ ਦਿੰਦਾ ਆ ਰਿਹਾ ਹਾਂ ਅਤੇ ਭਵਿਖ ਵਿੱਚ ਵੀ ਅਜਿਹਾ ਕਰਦਾ ਰਹਾਂਗਾ। ਇਸ ਬਾਰੇ ਮੇਰੇ ਵੱਲੋਂ ਵਿਸ਼ਵਾਸ ਦਿਵਾਉਣ ਦੇ ਬਾਵਜੂਦ ਇਹ ਪ੍ਰਾਪੇਗੰਡਾ ਕੀਤਾ ਜਾ ਰਿਹਾ ਹੈ ਕਿ ਮੈਂ ਕੁੱਝ ਸਵਾਲਾਂ ਦੇ ਜੁਆਬ ਦੇਣ ਤੋਂ “ਭੱਜ ਰਿਹਾ” ਹਾਂ। ਇਹ ਤਾਂ ਇਸ ਤਰ੍ਹਾਂ ਹੈ ਕਿ ਜਿਵੇਂ ਛਬੀਲ ਲਗਾਈ ਖੜ੍ਹੇ ਕਿਸੇ ਸੇਵਾਦਾਰ ਦੀ ਬਾਂਹ ਮਰੋੜ ਕੇ ਉਸ ਨੰਹ ਕਿਹਾ ਜਾਵੇ ਕਿ “ਸਿੱਧੀ ਤਰ੍ਹਾਂ ਪਾਣੀ ਪਿਆਉਂਦਾ ਏਂ ਕਿ ਨਹੀਂ?” ਫਿਰ ਹੋਰ ਦੋ ਜਣੇ ਆ ਕੇ ਉਸਦੀ ਦੂਸਰੀ ਬਾਂਹ ਵੀ ਮਰੋੜ ਦੇਣ ਅਤੇ ਸਾਰੇ ਜਣੇ ਇਹ ਰੌਲਾ ਪਾ ਦੇਣ ਕਿ “ਵੇਖੋ! ਇਹ ਬੰਦਾ ਪਾਣੀ ਨਹੀਂ ਪਿਲਾ ਰਿਹਾ!”
ਸ. ਜੰਮੂ ਜੀ, ਜੇਕਰ ਆਪ ਜੀ ਆਲੋਚਕ ਹੁੰਦੇ ਤਾਂ ਆਪ ਜੀ ਨੇ ਮੈਂਨੂੰ ਇਹ ਪੰਜ ਸਵਾਲ ਕਰਨੇ ਹੀ ਨਹੀਂ ਸਨ। ਦੂਸਰੇ ਪਾਸੇ ਇੱਕ ਆਮ ਪਾਠਕ/ਵਿਦਵਾਨ ਦੇ ਤੌਰ ਤੇ ਆਪ ਜੀ ਨੇ ਮੇਰੀ ਸਥਿਤੀ ਸਮਝਦੇ ਹੋਏ ਇਹਨਾਂ ਸਵਾਲਾਂ ਦੇ ਜੁਆਬ ਲਈ ਉਸ ਢੰਗ ਨਾਲ ਜ਼ਿਦ ਨਹੀਂ ਸੀ ਕਰਨੀ ਚਾਹੀਦੀ ਜਿਹੋ ਜਿਹਾ ਆਪ ਜੀ ਅਪਣਾ ਰਹੇ ਹੋ। ਨਾਲ, ਆਪ ਜੀ ਦੀ ਪਿੱਠ ਤੇ ਖੜ੍ਹੇ ਕੁੱਝ ਬਾਹਰਲੇ ਲੋਕ ਵੀ ਮੇਰੇ ਉੱਤੇ ਸ਼ੁਰੂ ਤੋਂ ਹੀ ਖਾਹਮਖਾਹ ਦਾ ਦਬਾਅ ਪਾਉਣ ਦਾ ਯਤਨ ਕਰ ਰਹੇ ਹਨ, ਕਿਉਂ? । ਇਸ ਸਾਰੇ ਕੁੱਝ ਤੋਂ ਲਗਦਾ ਹੈ ਕਿ ਦਾਲ ਵਿੱਚ ਕੁਛ ਕਾਲਾ ਜ਼ਰੂਰ ਹੈ। ਆਪ ਜੀ ਦਾ ਮੇਰੇ ਉੱਤੇ ਸਵਾਲ ਕਰਨ ਦਾ ਮਨਸ਼ਾ ਇੱਕ ਆਮ ਪਾਠਕ/ਵਿਦਵਾਨ ਵਾਲਾ ਨਹੀਂ ਜਾਪਦਾ।
ਕਿਉਂਕਿ ਮੈਂਨੂੰ ਆਪ ਜੀ ਵਰਗੇ ਸੱਜਣਾਂ ਦੀ ਮਿਹਰਬਾਨੀ ਸਦਕਾ ਥਾਣੇ/ਅਦਾਲਤ ਵਿੱਚ ਵੀ ਆਪ ਜੀ ਦੇ ਸਵਾਲਾਂ ਸਮੇਤ ਕਈ ਸਵਾਲਾਂ ਦਾ ਜਵਾਬ ਦੇਣਾ ਪੈਣਾ ਹੈ, ਮੈਂ ਪੂਰੀ ਤਿਆਰੀ ਵਿੱਚ ਹਾਂ। ਆਪ ਜੀ ਨੂੰ ਧੀਰਜ ਰੱਖਣੀ ਚਾਹੀਦੀ ਹੈ, ਆਪ ਜੀ ਨੂੰ ਵੀ ਇੱਕ ਕਾਪੀ ਮਿਲ ਜਾਵੇਗੀ ਅਤੇ ਇੱਕ ਕਾਪੀ ਸਿਖਮਾਰਗ ਵੈਬਸਾਈਟ ਲਈ ਵੀ ਭੇਜ ਦਿੱਤੀ ਜਾਵੇਗੀ। ਪਰੰਤੂ ਇਹ ਕਾਪੀ ਤਾਂ ਮੈਂ ਆਪਣੇ ਕਾਨੂੰਨੀ ਸਲਾਹਕਾਰ ਦੀ ਆਗਿਆ ਨਾਲ ਹੀ ਪੇਸ਼ ਕਰ ਸਕਾਂਗਾ।
ਆਪ ਜੀ ਆਪਣੀ ਆਦਤ ਅਨੁਸਾਰ ਜਾਣ-ਬੁੱਝ ਕੇ ਗਲਤ ਸਿੱਟਾ ਕੱਢ ਰਹੇ ਹੋ ਕਿ ਸਮੇਂ ਦੀ ਘਾਟ ਦੀ ਗੱਲ ਕਰਨ ਦਾ ਮਤਲਬ ਮੇਰੇ ਕੋਲ ਜਾਣਕਾਰੀ ਦਾ ਅਭਾਵ ਹੈ। ਸਮਾਂ (4-5 ਘੰਟੇ) ਤਾਂ ਮੈਂਨੂੰ ਤਖਤਾਂ ਦੀ ਸੂਚੀ ਦੁਬਾਰਾ ਤੋਂ ਲੱਭਣ, ਸੂਚੀ ਨੂੰ ਸੋਧਣ/ਤਿਆਰ ਕਰਨ, ਚਿੱਠੀ ਦਾ ਡਰਾਫਟ ਬਣਾਉਣ, ਟਾਈਪ ਕਰਨ ਅਤੇ ਈ-ਮੇਲ ਕਰਨ ਆਦਿਕ ਵਿੱਚ ਵੀ ਲੱਗਾ ਸੀ। ਅਸਲੀ ਗੱਲ ਇਹ ਹੈ ਕਿ ਮੈਂ ਵਿਸ਼ੇ ਸਬੰਧੀ ਆਪ ਜੀ ਅਤੇ ਆਪ ਜੀ ਦੇ ਸਹਿਯੋਗੀਆਂ ਦੇ ਹਰ ਸਵਾਲ ਦਾ ਜਵਾਬ ਤਸੱਲੀਬਖਸ਼ ਢੰਗ ਨਾਲ ਦੇ ਚੁੱਕਾ ਹਾਂ। ਆਪ ਜੀ ਨੇ ਖੁਦ ਹੀ ਮੇਰੇ ਸਾਰੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਈ ਹੈ। ਜਦੋਂ ਆਪ ਜੀ ਨੂੰ ਮੇਰੇ ਵਿਚਾਰਾਂ ਨਾਲ ਅਸਹਿਮਤ ਹੋਣ ਦਾ ਕੋਈ ਨੁਕਤਾ ਨਹੀਂ ਮਿਲਿਆ ਤਾਂ ਆਪ ਜੀ ਨੇ ਤਖਤਾਂ ਦੀ ਸੂਚੀ ਅਤੇ ਛੇਵੇਂ ਗੁਰੂ ਜੀ ਦੀ ਕੈਦ ਦੇ ਸਮੇਂ ਬਾਰੇ ਸ਼ੰਕਾ ਜ਼ਾਹਰ ਕਰ ਦਿੱਤੀ। ਮੈਂ ਆਪ ਜੀ ਨੂੰ ਇਹ ਜਾਣਕਾਰੀ ਹਵਾਲਿਆਂ ਸਮੇਤ ਮੁਹੱਈਆ ਕਰ ਦਿੱਤੀ। ਹੁਣ ਵਿਚਾਰ-ਚਰਚਾ ਵਿੱਚ ਆਪ ਜੀ ਕੋਲ ਆਪਣਾ ਪੱਖ ਪੂਰਨ ਲਈ ਕੋਲ ਕੋਈ ਦਲੀਲ ਨਹੀਂ ਬਚੀ ਅਤੇ ਮੈਨੂੰ ਘੇਰਨ ਲਈ ਕੋਈ ਨੁਕਤਾ ਨਹੀਂ ਬਚਿਆ। ਇਸ ਲਈ ਆਪ ਜੀ ਵਿਸ਼ੇ ਤੋਂ ਬਾਹਰ ਜਾ ਕੇ ਮੈਂਨੂੰ ਇੱਕ ਨਵੀਂ ਵਿਚਾਰ-ਚਰਚਾ ਵਿੱਚ ਉਲਝਾਉਣਾ ਚਾਹੁੰਦੇ ਹੋ ਅਤੇ ਪਾਠਕਾਂ ਨੂੰ ਮੇਰੇ ਖਿਲਾਫ ਭੜਕਾਉਣ ਹਿਤ ਮੇਰੇ ਉੱਤੇ ‘ਟਾਲ-ਮਟੋਲ’ ਕਰਨ ਦਾ ਬੇਬੁਨਿਆਦ ਇਲਜ਼ਾਮ ਲਗਾ ਰਹੇ ਹੋ। ਦੂਜੇ ਪਾਸੇ ਪੰਜ ਸਵਾਲਾਂ ਦਾ ਸ਼ੋਸ਼ਾ ਛੱਡ ਕੇ ਆਪ ਜੀ ਨੇ ਪਾਠਕਾਂ ਨੂੰ ਗੁਮਰਾਹ ਕਰਨ ਦਾ ਯਤਨ ਵੀ ਕੀਤਾ ਹੈ।
ਸ. ਜੰਮੂ ਜੀ, ਆਪ ਜੀ ਕੇਵਲ ਸਵੈ-ਪੜਚੋਲ ਹੀ ਕਰੋ ਜੀ। ਇਹ ਪਾਠਕਾਂ ਤੇ ਅਤੇ ਸਿਖ ਕੌਮ ਤੇ ਹੀ ਛੱਡ ਦਿਓ ਕਿ ਉਹ ਮੇਰੀਆਂ ਲਿਖਤਾਂ ਨੂੰ ਕਿੰਜ ਲੈਂਦੇ ਹਨ। ਮੇਰੇ ਵੱਲੋਂ ਪੇਸ਼ ਕੀਤਾ ਗਿਆ ਕੋਈ ਵੀ ਤੱਥ ਕਿਸੇ ਵਿਵਾਦਤ ਸਰੋਤ ਉੱਤੇ ਅਧਾਰਿਤ ਨਹੀਂ। ਇਸ ਲਈ ਮੈਂਨੂੰ ਪੂਰਾ ਭਰੋਸਾ ਹੈ ਕਿ ਇਹ ਕਰਾਂਤੀਕਾਰੀ ਤੱਥ ਅਵੱਸ਼ ਹੀ ਸਿਖ ਕੌਮ ਦੇ ਨਵੇਂ ਇਤਹਾਸ ਦੀ ਸਿਰਜਣਾ ਦਾ ਵਸੀਲਾ ਬਣਨਗੇ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


(03/05/11)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਹਿ॥

ਡਾ: ਇਕਬਾਬ ਸਿੰਘ ਢਿੱਲੋਂ ਜੀ!

ਆਪ ਜੀ ਨੇ ਲਿਖਿਆ ਹੈ ਕਿ “ਚੰਗੀ ਵਿਚਾਰ-ਚਰਚਾ ਵਿੱਚ ਹੋਣਾ ਇਹ ਚਾਹੀਦਾ ਹੈ ਕਿ ਦੂਸਰੀ ਧਿਰ ਦਾ ਭਾਵਾਰਥ ਸਮਝ ਲਿਆ ਜਾਵੇ ਅਤੇ ਉਸ ਬਾਰੇ ਆਪਣੀ ਸਹਿਮਤੀ ਜਾਂ ਅਸਹਿਮਤੀ ਪਰਗਟ ਕਰ ਦਿੱਤੀ ਜਾਵੇ। ਦੂਸਰੀ ਧਿਰ ਨੂੰ ਹਰ ਹੀਲੇ ਆਪਣੇ ਪੱਖ ਦੇ ਨੁਕਤੇ ਉੱਤੇ ਲਿਆਉਣ ਦਾ ਯਤਨ ਵਿਚਾਰ-ਚਰਚਾ ਨੂੰ ਬੇਸੁਆਦ ਬਣਾ ਦਿੰਦਾ ਹੈ”।

ਡਾ: ਸਾਹਿਬ ਜੀ! ਕੋਈ ਹਰ ਹੀਲੇ ਆਪਣੇ ਪੱਖ ਦੇ ਲ਼ਫ਼ਜ਼ ਕਿਸੇ ਦੇ ਮੂਹੋਂ ਨਹੀਂ ਕਢਵਾ ਸਕਦਾ। ਉਹ ਵੀ ਆਪ ਜੀ ਵਰਗੇ ਪੜ੍ਹੇ ਲਿਖੇ ਅਤੇ ਏਸ ਗੱਲੋਂ ਸੁਚੇਤ ਵਿਅਕਤੀ ਕੋਲੋਂ। ਸਿੱਖ ਮਾਰਗ ਤੇ ਵਿਚਾਰ ਚਰਚਾ ਦਾ ਮਕਸਦ ਹੈ ਸਿੱਖ-ਮੱਤ ਵਿੱਚ ਪਏ ਭੁਲੇਖੇ ਦੂਰ ਹੋ ਸਕਣ। ਜੋ ਕਿ ਆਪਸੀ ਵਿਚਾਰ ਚਰਚਾ ਦੇ ਜਰੀਏ ਹੀ ਸੰਭਵ ਹੈ। ਆਪ ਜੀ ਦੇ ਗਿਲੇ ਦੇ ਉਲਟ ਮੇਰਾ ਕਹਿਣਾ ਇਹ ਹੈ ਕਿ ਤੁਸੀਂ ਕੋਈ ਵੀ ਨੁਕਤਾ ਸਪੱਸ਼ਟ ਨਹੀਂ ਕਰਦੇ। ਅਤੇ ਆਪਣੀ ਕਹੀ ਹੋਈ ਗੱਲ ਤੋਂ ਬਦਲ ਜਾਂਦੇ ਹੋ। ਮਿਸਾਲ ਦੇ ਤੌਰ ਤੇ ਆਪਣੇ 16-04-11 ਦੇ ਪੱਤਰ ਵਿੱਚ ਤੁਸੀਂ ਲਿਖਿਆ ਸੀ “ਅੱਜ ਵੀ ਜਿੱਥੇ ਸਾਡਾ ਗੁਰੂ ਹੈ ਉੱਥੇ ਤਖਤ ਵੀ ਹੋਵੇਗਾ। ਪਰੰਤੂ ਹੁਣ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ‘ਸੋ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉੱਥੇ ਹੀ ਤਖਤ ਮੌਜੂਦ ਹੈ’। ਗੁਰੂ ਜੀ ਨੂੰ ਕਿਸੇ ਨਕਲੀ ਤਖਤ ਦੀ ਲੋੜ ਨਹੀਂ”।

ਲੇਕਿਨ 27-04-11 ਦੇ ਆਪਣੇ ਪੱਤਰ ਵਿੱਚ ਤੁਸੀਂ ਗੱਲ ਨੂੰ ਬਦਲ ਕੇ ਲਿਖ ਦਿੱਤਾ:

ਗੁਰੂ ਜੀ ਦਾ ਤਖਤ ਤਾਂ ਉੱਥੇ ਹੀ ਮੌਜੂਦ ਹੈ ਜਿੱਥੇ ਸੱਚੀ ਸ਼ਰਧਾ ਦਾ ਨਿਵਾਸ ਹੈ। ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਸਲੀ ਤਖਤ ਇੱਕ ਸੁਹਿਰਦ ਸ਼ਰਧਾਲੂ ਦੇ ਮਨ ਵਿੱਚ ਹੈ”।

ਸਵਾਲ ਉੱਥੇ ਦਾ ਉੱਥੇ ਹੀ ਹੈ ਕਿ ਜੇ ‘ਗੁਰੂ ਜੀ ਦਾ ਤਖਤ ਉੱਥੇ ਹੀ ਮੌਜੂਦ ਹੈ ਜਿੱਥੇ ਸੱਚੀ ਸ਼ਰਧਾ ਦਾ ਨਿਵਾਸ ਹੈ। …ਅਸਲੀ ਤਖਤ ਇੱਕ ਸੁਹਿਰਦ ਸ਼ਰਧਾਲੂ ਦੇ ਮਨ ਵਿੱਚ ਹੈ”।

ਤਾਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਰਬਾਰ ਸਾਹਿਬ ਦੇ ਸਾਹਮਣੇ ‘ਥੜ੍ਹੇ’ ਦੇ ਰੂਪ ਵਿੱਚ ‘ਤਖਤ’ ਦਾ ਨਿਰਮਾਣ ਕਰਵਾਇਆ ਸੀ ਤਾਂ ਕੀ ਉਸ ਵਕਤ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਸਿੱਖ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਸੰਕਲਪ ਦੇ ਮੁੱਦਈ ਨਹੀਂ ਸੀ? ਉਨ੍ਹਾਂਦੇ ਮਨਾਂ ਵਿੱਚ ਸ਼ਰਧਾ ਨਹੀਂ ਸੀ?

ਡਾ: ਸਾਹਿਬ ਜੀ! ਮੇਰੇ ਮੁਤਾਬਕ ਆਪ ਜੀ ਦੇ ਜਵਾਬ ਤਸੱਲੀ ਬਖਸ਼ ਨਹੀਂ ਹਨ। ਹੁਣ ਜੇ ਆਪ ਜੀ ਦੀਆਂ ਲਿਖਤਾਂ ਤੋਂ ਸਵਾਲ ਪੈਦਾ ਹੁੰਦੇ ਹਨ ਤਾਂ ਆਪ ਜੀ ਨੂੰ ਇਹ (ਬੇਕਾਰ ਦੀ) ਜਿਰ੍ਹਾ (Cross-examination) ਲੱਗ ਰਹੀ ਹੈ। ਸਿਖ ਮਾਰਗ ਤੇ ਪੁਰਾਣੇ ਪੱਤਰ ਪੜ੍ਹ ਕੇ ਦੇਖੋ ਵਿਚਾਰ ਵਟਾਂਦਰੇ ਇਸੇ ਤਰ੍ਹਾਂ ਹੀ ਹੁੰਦੇ ਆਏ ਹਨ। ਅਤੇ ਵਿਚਾਰ ਵਟਾਂਦਰੇ ਦਾ ਇਹੀ ਤਰੀਕਾ ਹੈ। ਬਲਕਿ ਹੁਣ ਜਿਸ ਤਰ੍ਹਾਂ ਵਿਚਾਰ ਚਰਚਾ ਬਿਨਾ ਤਲਖੀ ਵਾਲੇ ਮਾਹੌਲ ਵਿੱਚ ਚੱਲ ਰਹੀ ਹੈ ਪਹਿਲਾਂ ਨਾਲੋਂ ਕਿਤੇ ਬਿਹਤਰ ਗੱਲ ਹੈ।

‘ਤਖਤ’ ਦੇ ਅਲੋਪ ਹੋਣ ਅਤੇ ਇਸ ਦੇ ਥਾਂ ‘ਬੁੰਗੇ’ ਦੇ ਨਿਮਾਣ ਦੀ ਗੱਲ ਤੁਸੀਂ ਖੁਦ ਕੀਤੀ ਸੀ, ਇਸ ਦੇ ਅਲੋਪ ਹੋਣ ਦੀ ਤਾਰੀਖ ਤੁਸੀਂ ਮੇਰੇ ਕੋਲੋਂ ਪੁੱਛ ਰਹੇ ਹੋ। ਮੈਂ ਤਾਂ ਕਿਤੇ ਨਹੀਂ ਕਿਹਾ ਅਤੇ ਨਾ ਹੀ ਮੈਂ ਇਹ ਮੰਨਦਾ ਹਾਂ ਕਿ ‘ਤਖਤ’ ਢਾ ਕੇ ‘ਬੁੰਗਾ/ ਅਕਾਲ ਬੁੰਗਾ ਹੋਂਦ ਵਿੱਚ ਆਇਆ ਸੀ। ਮੈਂ ਤਾਂ ਭਾਈ ਕਾਨ੍ਹ ਸਿੰਘ ਨਾਭਾ ਦੀ ਲਿਖਤ ਤੇ ਭਰੋਸਾ ਕਰਦਾ ਹਾਂ ਕਿ ਗੁਰੂ ਸਾਹਿਬ ਨੇ ਤਖਤ ਦਾ ਨਿਰਮਾਣ ਕਰਵਾਇਆ ਜਿਸ ਦਾ ਨਾਮ ਅਕਾਲ ਬੁੰਗਾ ਰੱਖਿਆ ਗਿਆ ਸੀ।

ਮੇਰੇ ਮੁਤਾਬਕ ‘ਤਖਤ/ ਅਕਾਲ ਤਖਤ’ ਦੇ ਭੌਤਿਕ Physical ਢਾਂਚੇ ਨਾਲ ਕੋਈ ਫਰਕ ਨਹੀਂ ਪੈਂਦਾ। ਅਕਾਲ ਤਖਤ ਆਪਣੇ ਸੰਕਲਪ ਕਰਕੇ ਅਕਾਲ ਤਖਤ ਹੈ ਕਿਸੇ ਢਾਚੇ ਕਰਕੇ ਨਹੀਂ।

ਹਾਂ ਭੌਤਿਕ Physical ਢਾਚੇ ਦੇ ਢੈਣ ਅਤੇ ਉਸ ਦੇ ਥਾਂ ਕਿਸੇ ਰਿਹਾਇਸ਼-ਗਾਹ ਦੇ ਨਿਰਮਾਣ ਨਾਲ ਵੀ ਫ਼ਰਕ ਪੈਣਾ ਸੀ, ਜੇ ਇਹ ਕੰਮ ਗੁਰੂ ਸਾਹਿਬ ਦੇ ਹੁਕਮ ਨਾਲ ਹੋਇਆ ਹੁੰਦਾ। ਉਸ ਹਾਲਤ ਵਿੱਚ ਗੁਰੂ ਸਾਹਿਬ ਵੱਲੋਂ ਖੁਦ ‘ਤਖਤ ਦੇ ਸੰਕਲਪ’ ਦੇ ਤਿਆਗ ਹੋਣ ਦਾ ਸੰਕੇਤ ਮਿਲਣਾ ਸੀ। ਪਰ ਜੇ ਇਹ ਕੰਮ ਦੋਖੀਆਂ ਹੱਥੋਂ ਹੋਇਆ ਹੈ ਤਾਂ ਤਖਤ ਦੇ ਢਾਂਚੇ ਦੇ ਢੈਣ ਨਾਲ ਕੋਈ ਫਰਕ ਨਹੀਂ ਪੈਂਦਾ। ਕਿਉਂਕਿ ਉਸ ਹਾਲਤ ਵਿੱਚ ਤਖਤ ਦਾ ਸੰਕਲਪ ਨਹੀਂ ਸੀ ਢੈਣਾ ਸਿਰਫ ਇਸ ਦੇ ਭੌਤਿਕ ਢਾਂਚੇ ਨੂੰ ਹੀ ਨੁਕਸਾਨ ਪਹੁੰਚਿਆ ਹੋਣਾ ਸੀ। ਇਹੀ ਕਾਰਣ ਹੈ ਮੇਰਾ ਆਪ ਜੀ ਪਾਸੋਂ ‘ਤਖਤ’ ਦੇ ਢਾਏ ਜਾਣ ਅਤੇ ਉਸ ਦੇ ਥਾਂ ‘ਬੁੰਗੇ’ ਦੇ ਨਿਰਮਾਣ ਬਾਰੇ ਸਵਾਲ ਪੁੱਛੇ ਜਾਣ ਦਾ। ਜੋ ਕਿ ਤੁਸੀਂ ਸਪੱਸ਼ਟ ਨਹੀਂ ਕਰ ਰਹੇ। ਇਸ ਨੁਕਤੇ ਬਾਰੇ ਤੁਸੀਂ ਲਿਖਿਆ ਸੀ ਕਿ ਤੁਸੀਂ ਜੋ ਜਵਾਬ ਦੇ ਚੁੱਕੇ ਹੋ ਉਸੇ ਨੂੰ ਅੰਤਿਮ ਮੰਨਿਆ ਜਾਵੇ। ਇਸ ਬਾਰੇ ਮੈਂ ਆਪ ਜੀ ਤੋਂ ਉਸ ਅੰਤਿਮ ਜਵਾਬ ਦੀ Copy-paste ਦੀ ਮੰਗ ਕੀਤੀ ਸੀ ਜੋ ਕਿ ਆਪ ਜੀ ਨੇ ਨਹੀਂ ਲਗਾਈ।

ਤੁਸੀਂ ਲਿਖਿਆ ਹੈ “ਮੈਂ ਇਹ ਕਦੀ ਨਹੀ ਕਿਹਾ ਕਿ ਛੇਵੇਂ ਗੁਰੂ ਜੀ ਨੇ ‘ਖੁਦ ਹੀ ਤਖਤ ਢਵਾ ਦਿੱਤਾ ਹੋਣਾ ਹੈ’ ਜੇਕਰ ਆਪ ਜੀ ਪਾਸ ਕੋਈ ਇਸ ਸਬੰਧੀ ਸਬੂਤ ਮੌਜੂਦ ਹੈ ਤਾਂ ਪੇਸ਼ ਕਰੋ ਜੀ”।

ਡਾ: ਸਾਹਿਬ ਜੀ! ਆਪ ਜੀ ਆਪਣਾ ਲੇਖ ‘ਅਕਾਲ ਤਖਤ ਦੀ ਸਥਿਤੀ’ ਪੜ੍ਹੋ ਜੀ। ਤੁਸੀਂ ਲਿਖਿਆ ਹੈ:

“ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਆਸ਼ੇ ਦੀ ਪਰਾਪਤੀ ਹੋ ਜਾਣ ਮਗ਼ਰੋਂ ਜਲਦੀ ਹੀ ਗੁਰੂ ਸਾਹਿਬਾਨ ਵੱਲੋਂ ਤਖਤ ਨੂੰ ਤਿਆਗ ਦਿੱਤਾ ਗਿਆ ਸੀ ‘ਅਤੇ’ ਇਸ ਦੀ ਜਗਹ ਤੇ ਬੁੰਗਾ ਹੋਂਦ ਵਿੱਚ ਆ ਗਿਆ ਸੀ ਜਿਸ ਦਾ ਨਾਮ ‘ਅਕਾਲ ਬੁੰਗਾ’ ਰੱਖਿਆ ਗਿਆ ਸੀ”। ਡਾ: ਸਾਹਿਬ ਜੀ! ਇੱਥੇ ਆਪਣੇ ਲਿਖੇ ਲਫ਼ਜ਼ਾਂ ਤੇ ਗ਼ੌਰ ਕਰੋ ਜੀ। ਹਾਲਾਂ ਕਿ ਆਪ ਜੀ ਇੱਥੇ ਥੋੜ੍ਹੀ ਜਿਹੀ ਘੁੰਡੀ ਰੱਖ ਕੇ ਗੱਲ ਗੋਲ਼ ਮੋਲ਼ ਕਰ ਗਏ ਹੋ ਕਿ ‘ਬੁੰਗਾ ਹੋਂਦ ਵਿੱਚ ਆ ਗਿਆ’ (ਕੀ ਬੁੰਗਾ ਆਪੇ ਹੋਂਦ ਵਿੱਚ ਆ ਗਿਆ?) ਪਰ ਕੀ ਆਪ ਜੀ ਦੀ ਲਿਖਤ ਦਾ ਅਰਥ ਇਹ ਨਹੀਂ ਬਣਦਾ ਕਿ ਗੁਰੂ ਸਾਹਿਬ ਨੇ ਖੁਦ ਤਖਤ ਦਾ ਤਿਆਗ ਕਰਕੇ (ਢਵਾ ਕੇ) ਬੁੰਗੇ ਦਾ ਨਿਰਮਾਣ ਕਰਵਾਇਆ ਸੀ? ਤੁਸੀਂ ਕਹਿੰਦੇ ਹੋ ਕਿ ਚੰਗੀ ਵਿਚਾਰ-ਚਰਚਾ ਵਿੱਚ ਹੋਣਾ ਇਹ ਚਾਹੀਦਾ ਹੈ ਕਿ ਦੂਸਰੀ ਧਿਰ ਦਾ ਭਾਵਾਰਥ ਸਮਝ ਲਿਆ ਜਾਵੇ। ਹੁਣ ਇੱਥੇ ਮੇਰੇ ਮੁਤਾਬਕ ਜੋ ਭਾਵਾਰਥ ਬਣਦੇ ਹਨ ਉਹ ਮੈਂ ਲਿਖ ਦਿੱਤੇ ਹਨ। ਤੁਸੀਂ ਕੋਈ ਹੋਰ ਭਾਵਾਰਥ ਸਮਝਾਉਣੇ ਚਾਹੋ ਤਾਂ ਲਿਖ ਸਕਦੇ ਹੋ।

ਤੁਸੀਂ ਲਿਖਿਆ ਹੈ:

“ਨਾ ਹੀ ਹੁਣ ਕਦੇ ਸਿੱਖ ਕੌਮ ਦਾ ਸਰਬੱਤ ਖਾਲਸਾ ਹੋਣਾ ਹੈ ਅਤੇ ਨਾ ਹੀ ਗੁਰਮਤੇ ਹੋਣੇ ਹਨ। ਬਦਲੇ ਹੋਏ ਹਾਲਾਤ ਵਿੱਚ ਸਿੱਖ ਕੌਮ ਨੇ ਕੀ ਰਸਤਾ ਅਖਤਿਆਰ ਕਰਨਾ ਹੈ ਇਸ ਦੀ ਅਗਵਾਈ ਕੇਵਲ ਸ੍ਰੀ ਗੁਰੂ ਗ੍ਰੰਥ ਜੀ ਹੀ ਦੇ ਸਕਦੇ ਹਨ”।

ਡਾ: ਸਾਹਿਬ ਜੀ! ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੇ ਹੁੰਦਿਆਂ ਜੇ ਬਦਲੇ ਹੋਏ ਹਾਲਾਤ ਕਾਰਣ ਗੁਰੂ ਸਾਹਿਬ ਨੂੰ ਦਰਬਾਰ ਸਾਹਿਬ ਦੇ ਸਾਹਮਣੇ ਦਰਬਾਰ ਸਾਹਿਬ ਤੋਂ ਵੱਖਰਾ ਤਖਤ ਉਸਾਰਨ ਦੀ ਉਸ ਵਕਤ ਜਰੂਰਤ ਪਈ ਸੀ ਤਾਂ ਅੱਜ ਵੀ ਜਰੂਰਤ ਉਸੇ ਤਰ੍ਹਾਂ ਹੀ ਹੈ। ਉਹ ਜਰੂਰਤ ਘਟੀ ਨਹੀਂ। ਜੇ ਸਿੱਖਾਂ ਨੂੰ ਅੱਜ ਹਰ ਪਹਿਲੂ ਤੋਂ ਸੇਧ ਗੁਰੂ ਗ੍ਰੰਥ ਸਾਹਿਬ ਤੋਂ ਮਿਲਣੀ ਹੈ ਤਾਂ ਇਹ ਸੇਧ ਗੁਰੂ ਹਰਗੋਬਿੰਦ ਸਾਹਿਬ ਦੇ ਵਕਤ ਵੀ ਮਿਲਣੀ ਚਾਹੀਦੀ ਸੀ। ਵੱਖਰੇ ਥੜ੍ਹੇ ਦੇ ਰੂਪ ਵਿੱਚ ਤਖਤ ਦੇ ਨਿਰਮਾਣ ਦੀ ਜਰੂਰਤ ਨਹੀਂ ਸੀ ਪੈਣੀ। ਤੁਹਾਡਾ ਕਹਿਣਾ ਹੈ ਕਿ ਸਿੱਖ ਕੌਮ ਨੂੰ ਅਗਵਾਈ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਕਦੇ ਹਨ। ਬਾਬਿਆਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਜੋ ਸੇਧ ਮਿਲਦੀ ਹੈ ਉਹ ਉਸੇ ਦਾ ਪ੍ਰਚਾਰ ਕਰ ਰਹੇ ਹਨ ਤਾਂ ਉਨ੍ਹਾਂ ਦੀ ਸ਼ਰਧਾਂ ਨੂੰ ਤੁਸੀਂ ਦਿਖਾਵਾ ਕਿਉਂ ਕਹਿੰਦੇ ਹੋ? ਇਹ ਕਿਉਂ ਕਹਿੰਦੇ ਹੋ ‘ਢੌਂਗੀ ਲੋਕ ਤਾਂ ਪੁਸਤਕ ਰੂਪ ਨੂੰ ਮੂਰਤੀ ਦੇ ਤੌਰ ਤੇ ਵਰਤ ਰਹੇ ਹਨ’ ?

ਅਨਮਤੀਏ ਆਏ ਦਿਨ ਸਿੱਖ ਧਰਮ ਵਿੱਚ ਦਖਲ ਦੇ ਕੇ ਕੋਈ ਨਾ ਕੋਈ ਛੇੜਖਾਨੀ ਕਰਦੇ ਰਹਿੰਦੇ ਹਨ। ਤੁਸੀਂ ਇਹ ਨਹੀਂ ਦੱਸਿਆ ਕਿ ਉਸ ਸੰਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਤੋਂ ਕੀ ਅਗਵਾਈ ਮਿਲਦੀ ਹੈ?

ਮੇਰੇ ਮੁਤਾਬਕ ਅਕਾਲ ਤਖਤ ਦਾ ਪ੍ਰਬੰਧ ਬ੍ਰਹਮਣੀ ਸੋਚ ਅਤੇ ਰਾਜਨੀਤੀ ਦੇ ਦਬਾਵ ਹੇਠੋਂ ਨਿਕਲ ਕੇ ਸਿੱਖਾਂ ਦੇ ਹੱਥਾਂ ਵਿੱਚ ਆਵੇ ਅਤੇ ਉੱਥੋਂ ਸਿੱਖ ਕੌਮ ਦੇ ਭਲੇ ਲਈ ਹੁਕਮ ਜਾਰੀ ਹੋਣੇ ਚਾਹੀਦੇ ਹਨ। ਤਾਂ ਕਿ ਸਾਰੇ ਸਿੱਖ ਇੱਕ ਸੋਚ ਦੇ ਧਾਰਨੀ ਹੋ ਸਕਣ। ਗੁਰਬਾਣੀ ਦੇ ਆਪੋ ਆਪਣੇ ਅਰਥ ਕਰਕੇ ਸਿੱਖਾਂ ਨੂੰ ਗੁਮਰਾਹ ਨਾ ਕੀਤਾ ਜਾ ਸਕੇ। ਅਨਮਤੀਆਂ ਨੂੰ ਸਿੱਖ ਵਿਰੋਧੀ ਕਾਰਵਾਈਆਂ ਕਰਨ ਦਾ ਹਿਆਂ ਨਾ ਪੈ ਸਕੇ। ਸਿੱਖਾਂ ਦੀ ਇੱਕ ਸੋਚ ਲਈ ਇੱਕ ਕੇਂਦਰ ਦਾ ਹੋਣਾ ਜਰੂਰੀ ਹੈ। ਜਿੱਥੋਂ ਸਭ ਨੂੰ ਸਹੀ ਸੇਧ ਮਿਲ ਸਕੇ ਅਤੇ ਹਰ ਸਿੱਖ ਨੂੰ ਉਸ ਇੱਕ ਸੇਧ ਤੋਂ ਹੁਕਮ ਮਿਲਣ ਵਿੱਚ ਅਤੇ ਉਸ ਦੀ ਪਾਲਣਾ ਕਰਨ ਵਿੱਚ ਖੁਸ਼ੀ ਅਤੇ ਫ਼ਖ਼ਰ ਮਹਿਸੂਸ ਹੋਵੇ। ਪਰ ਅੱਜ ਅਕਾਲ ਤਖਤ ਸਿੱਖਾਂ ਲਈ ਮਜਾਕ ਅਤੇ ਨਮੋਸ਼ੀ ਦਾ ਕੇਂਦਰ ਬਣਿਆ ਪਿਆ ਹੈ।

ਮੇਰੀ ਸਾਰੀ ਵਿਚਾਰ ਦਾ ਨਿਚੋੜ ਇਹ ਹੈ ਕਿ ਗੁਰੂ ਸਾਹਿਬ ਦੇ ਹੱਥੀਂ ਤਿਆਰ ਕਰਵਾਏ ਗਏ ‘ਤਖਤ ਦੇ ਸੰਕਲਪ’ ਦਾ ਜੇ ਗੁਰੂ ਸਾਹਿਬ ਨੇ ਖੁਦ ਤਿਆਗ ਕਰ ਦਿੱਤਾ ਸੀ ਤਾਂ ਬੇਸ਼ਕ ਤਖਤ ਖਤਮ ਹੋ ਚੁੱਕਾ ਹੈ। ਪਰ ਜੇ ਕਿਸੇ ਕਾਰਣ ਤਖਤ ਦਾ ਇਸਤੇਮਾਲ ਗੁਰੂ ਸਾਹਿਬ ਨਹੀਂ ਕਰ ਸਕੇ ਤਾਂ ਤਖਤ ਖਤਮ ਨਹੀਂ ਹੋਇਆ। ਜੇ ਕਿਸੇ ਵਕਤ ਸਿੱਖਾਂ ਦੀ ਆਪਸੀ ਸਹਿਮਤੀ ਨਾਲ ਪਹਿਲਾਂ ਵਾਲੀ ਸਥਿਤੀ ਵਿੱਚ ਨਾ ਰਹਿ ਕੇ ਅਕਾਲ ਤਖਤ ਨੇ ਵੱਡੇ ਭਵਨ ਦਾ ਰੂਪ ਲੈ ਲਿਆ ਹੈ ਤਾਂ ਵੀ ਅਕਾਲ ਤਖਤ ਖਤਮ ਨਹੀਂ ਹੋਇਆ (ਨਾ ਹੀ ਵੱਡੀ ਬਿਲਡਿੰਗ ਹੋਣ ਨਾਲ ਅਕਾਲ ਤਖਤ ਵੱਡਾ ਹੋ ਗਿਆ ਹੈ)। ਜੇ ਕਿਸੇ ਵਿਦੇਸ਼ੀ ਜਾਂ ਸਿੱਖ ਵਿਰੋਧੀ ਹੱਥੋਂ ਇਸ ਨੂੰ ਢਾ ਦਿੱਤਾ ਗਿਆ ਸੀ ਤਾਂ ਵੀ ਤਖਤ ਖਤਮ ਨਹੀਂ ਹੋਇਆ। ਜੇ ਦਰਬਾਰ ਸਾਹਿਬ ਵਿਦੇਸ਼ੀਆਂ ਹੱਥੋਂ ਢੈ ਕੇ ਵੀ ਅੱਜ ਦਰਬਾਰ ਸਾਹਿਬ ਹੈ ਤਾਂ ਅਕਾਲ ਤਖਤ ਵੀ ਕਿਸੇ ਦੇ ਹੱਥੋਂ ਢਾਏ ਜਾਣ ਦੇ ਬਾਵਜੂਦ ਅੱਜ ਅਕਾਲ ਤਖਤ ਹੀ ਹੈ।

ਡ: ਸਾਹਿਬ ਜੀ! ਇਸ ਚੱਲਦੇ ਵਿਸ਼ੇ ਦੇ ਸੰਬੰਧ ਵਿੱਚ ‘www.khalsanews.org’ ਤੇ ਸਿੰਘ ਸਾਹਿਬ ਪ੍ਰੋ: ਦਰਸ਼ਨ ਸਿੰਘ ਜੀ ਦਾ ਲੇਖ ‘ਅਕਾਲ ਤਖਤ, ਅਕਾਲ ਤਖਤ ਦੀ ਇਮਾਰਤ, ਅਤੇ ਅਕਾਲ ਤਖਤ ਦਾ ਸੇਵਾਦਾਰ ਦਾ ਫਰਕ ਸਮਝਣ ਦੀ ਲੋੜ’ ਵੀ ਪੜ੍ਹਨ ਦੇ ਕਾਬਲ ਹੈ ਜੀ।

ਭੁਲ ਚੁਕ ਲਈ ਮੁਆਫ਼ੀ

ਜਸਬੀਰ ਸਿੰਘ (ਕੈਲਗਰੀ)


(03/05/11)
ਅਮਰ ਜੀਤ ਸਿੰਘ ਚੰਦੀ

ਡਾ. ਇਕਬਾਲ ਸਿੰਘ ਢਿਲੋਂ ਜੀ, ਗੁਰ ਫਤਹਿ ਪਰਵਾਨ ਹੋਵੇ ਜੀ।
ਆਪ ਜੀ ਦਾ ੨-੫-੧੧ ਦਾ ਪੱਤ੍ਰ, ਸਿੱਖ ਮਾਰਗ ਤੇ ਪੜ੍ਹਨ ਦਾ ਸੁਭਾਗ ਪਰਾਪਤ ਹੋਇਆ। ਆਪ ਜੀ ਨੇ ਉਸ ਵਿਚ, ਕੁੱਝ ਮੁੱਦੇ ਉਠਾਏ ਹਨ। ਮੈਂ ਸੋਚਦਾ ਹਾਂ ਕਿ ਇਸ ਵਿੱਚ ਉਠਾਏ ਮੁੱਦੇ, ਪਾਠਕਾਂ ਦੇ ਸਾਮ੍ਹਣੇ ਸਾਫ ਹੋ ਹੀ ਜਾਣੇ ਚਾਹੀਦੇ ਹਨ। ਆਪ ਜੀ ਦਾ ਪਹਿਲਾ ਨੁਕਤਾ ਹੈ ਕਿ “ਆਪ (ਯਾਨੀ ਕਿ ਮੈਂ) ਇਸ ਵਿਚਾਰ ਚਰਚਾ ਵਿੱਚ ਆਪ ਹੀ ਆਏ ਸੀ, ਅਤੇ ਆਪ ਹੀ ਚਲੇ ਗਏ। ਵੀਰ ਜੀ, ਕੀ ਤੁਸੀਂ ਪਾਠਕਾਂ ਨੂੰ ਇਹ ਦੱਸਣ ਦੀ ਖੇਚਲ ਕਰੋਗੇ ਕਿ ਮੈਂ, ਕਿਸ ਤਾਰੀਖ ਦੀ ਚਿੱਠੀ ਰਾਹੀਂ, ਆਪ ਜੀ ਦੀ ਵਿਚਾਰ ਚਰਚਾ ਵਿੱਚ ਸ਼ਾਮਲ ਹੋਇਆ ਸੀ?
ਅਤੀ ਧੰਨਵਾਦੀ ਹੋਵਾਂਗਾ। ਅਮਰ ਜੀਤ ਸਿੰਘ ਚੰਦੀ


(03/05/11)
ਅਮਰ ਸਿੰਘ

ਖਾਲਸੇ ਦੀ ਸਿਰਜਣਾ ਗੁਰੁ ਨਾਨਕ ਸਾਹਿਬ ਨੇ ਹੀ ਕਰ ਦਿੱਤੀ ਸੀ।
ਪ੍ਰੋ ਗੁਰਬਚਨ ਸਿੰਘ ਥਾਈਲੈਂਡ
ਸ਼ਾਹਕੋਟ 25-4-2011

ਸ੍ਰੀ ਗੁਰੁ ਸਿੰਘ ਸਭਾ ਸ਼ਾਹਕੋਟ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਤਸ਼ਾਹੀ ਨੋਜਵਾਨ ਵੀਰਾਂ ਵਲੋਂ ਖਾਲਸੇ ਦਾ ਪਰਗਟ ਦਿਵਸ ਮਨਾਉਨਦਿਆਂ ਹੋਇਆ ਚਾਰ ਦਿਨ ਦੀਵਾਨ ਸਜਾਇਆ ਗਿਆ। ਇਹਨਾਂ ਚਾਰ ਦਿਨਾਂ ਦੇ ਦੀਵਾਨਾਂ ਵਿੱਚ ਅੰਤਰ ਰਾਂਸ਼ਟਰੀ ਸਿਖ ਕੌਮ ਦੇ ਨਾਮਵਰ ਪ੍ਰਚਾਰਕ ਪ੍ਰੋ. ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਨੇ ਗੁਰਬਾਣੀ ਸ਼ਬਦ ਵੀਚਾਰਾਂ ਕਰਦਿਆਂ ਕਿਹਾ ਕਿ ਇਤਿਹਾਸ ਵੱਖ-2 ਲੇਖਕਾਂ ਅਨੁਸਾਰ ਨਹੀ ਸਗੋ ਗੁਰਬਾਣੀ ਅਨੁਸਾਰ ਗੁਰੂਆਂ ਦਾ ਜੀਵਣ ਸਮਝਣ ਦੀ ਲੋੜ ਹੈ। ਇਸ ਗੱਲ ਨੂੰ ਸ਼ਪਸਟ ਕੀਤਾ ਕਿ ਅੱਜ ਕੌਮ ਕੇਵਲ ਨਿੱਕੇ-2 ਚੰਦ ਮੁੱਦਿਆਂ ਤੀਕ ਸੀਮਤ ਹੋ ਕਿ ਰਹਿ ਗਈ ਹੈ। ਗੁਰੁ ਨਾਨਕ ਸਾਹਿਬ ਜੀ ਨੇ ਜਿਹੜੇ ਬੁਨਿਆਦੀ ਸਿਧਾਂਤ ਦੁਨੀਆਂ ਨੂੰ ਦਿੱਤੇ ਸਨ। ਉਹ ਸਾਰੇ ਭੁੱਲਦੇ ਕੇਵਲ ਪੰਜ ਪਿਆਰਿਆਂ ਸੀਸ ਆਪ ਲਾਹ ਕੇ ਫਿਰ ਜੋੜਦਾ ਹੀ ਇਤਿਹਾਸ ਸੁਣਾਇਆ ਜਾ ਰਿਹਾ ਹੈ। ਅਜੇਹਾ ਗੈਰ ਕੁਦਰਤੀ ਇਤਿਹਾਸ ਸੁਣਾਇਆ ਹੀ ਨਹੀ ਜਾ ਰਿਹਾ ਸਗੋ ਲੜਾਈ, ਝਗੜਾ ਤੇ ਬਹਿਸ ਵੀ ਕਰ ਰਹੇ ਹਾਂ। ਪ੍ਰੋ. ਥਾਈਲੈਂਡ ਹੋਰਾਂ ਸ਼ਬਦ ਦੀ ਵੀਚਾਰ ਕਰਦਿਆ ਕਿਹਾ ਕਿ ਸਿਰ ਵਿਚੋ ਪੁਰਾਣੀ ਸੋਚ, ਗੁਲਾਮੀ ਦਾ ਅਹਿਸਾਸ, ਹੀਣ ਭਾਵਣਾ ਨੂੰ ਵਡਿਆ ਸੀ। ਜਿਸ ਖਾਲਸੇ ਦੀ ਸਿਰਜਣਾ ਗੁਰੁ ਤੇ ਆਪਸ ਵਿੱਚ ਜੋੜਣ ਦਾ ਅਰਥ ਸੀ ਇੱਕ ਵੀਚਾਰਧਾਰਾ ਵਾਲੀ ਸੋਚ ਪੈਦਾ ਕੀਤੀ। ਆਪਸੀ ਨਫਰਤ ਨੂੰ ਖਤਮ ਕੀਤਾ। ਨਾਨਕ ਸਾਹਿਬ ਜੀ ਨੇ ਵੇਂਈ ਨਦੀ ਦੇ ਕਿਨਾਰੇ ਬੈਠ ਕੇ ਜੋ ਸੋਚ ਕੀਤੀ ਸੀ ਉਹੀ ਸੋਚ ਗੁਰੁ ਗੋਬਿੰਦ ਸਿੰਘ ਨੇ ਵੈਸਾਖੀ ਵਾਲੇ ਦਿਨ ਦੁਨੀਆਂ ਵਿੱਚ ਪਰਗਟ ਕੀਤੀ। ਦੇਖਣ ਨੂੰ ਅਸੀ ਸਾਰੇ ਖਾਲਸੇ ਲਗਦੇ ਹਾਂ ਪਰ ਗੁਰਬਾਣੀ ਵਾਲੀ ਸਿਧਾਂਤ ਵੀਚਾਰ ਤੋਂ ਕੋਹਾਂ ਦੂਰ ਬੈਠੇ ਹਾਂ।
ਉਹਨਾਂ ਕਿਹਾ ਕਿ ਗੁਰੁ ਨਾਨਕ ਸਾਹਿਬ ਨੇ ਮਨੁੱਖਤਾ ਨੂੰ ਸਚਿਆਰ ਬਣਨ ਦਾ ਸੁਨੇਹਾ ਦਿਤਾ ਸੀ ਜੋ ਖਾਲਸੇ ਦੇ ਰੂਪ ਵਿੱਚ ਪ੍ਰਗਟ ਹੋਇਆ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵਿਸਾਖੀ ਨੂੰ ਖਾਲਸੇ ਦਾ ਜਨਮ ਹੋਇਆ ਤਾਂ ਅਸੀ ਪਹਿਲੇ ਨੋ ਗੁਰੁ ਸਾਹਿਬਾਨਾ ਦੀ ਘਾਲ ਇੱਕ ਪਾਸੇ ਰੱਖ ਦੇਂਦੇ ਹਾਂ। ਅਸਲ ਵਿੱਚ ਖਾਲਸੇ ਦਾ ਜਨਮ ਰਾਇ ਭੋਇ ਦੀ ਤਲਵੰਡੀ ਹੋਇਆ ਤੇ ਅਨੰਦਪੁਰ ਸਾਹਿਬ ਵਿਖੇ ਇਸ ਨੂੰ ਦੁਨੀਆਂ ਸਾਹਮਣੇ ਅੰਦਰੋਂ ਤੇ ਬਾਹਰ ਇੱਕ ਰੂਪ ਵਿੱਚ ਪ੍ਰਗਟ ਕੀਤਾ। ਦਸਤਾਰ ਦੀ ਮਹਾਨਤਾ ਦੇ ਸਬੰਧ ਵਿੱਚ ਮਿੱਠੀ ਜੇਹੀ ਟਕੋਰ ਕਰਦਿਆਂ ਪ੍ਰੋ. ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਨੇ ਕਿਹਾ ਕੇ ਉਹਨਾਂ ਨੌਜਵਾਨ ਵੀਰਾਂ ਨੂੰ ਬੇਨਤੀ ਕੀਤੀ ਘੱਟੋ-2 ਅਸੀਂ ਗੁਰਦੁਆਰੇ ਦਸਤਾਰ ਸਜਾ ਕਿ ਆਈਏ ਉਂਜ ਅਸੀਂ ਦਸਤਾਰ ਦਿਵਸ ਮਨਾਂ ਰਹੇ ਹਾਂ ਪਰ ਅੱਧਿਓ ਵੀਰਾਂ ਨੇ ਨਿੱਕੇ-2 ਪਟਕੇ ਬੰਨੇ ਹੋਏ ਹਨ। ਇਸ ਵੀਚਾਰ ਦਾ ਅਸਰ ਹੋਇਆ ਕਿ ਅਗਲੇ ਦਿਨ ਵਿੱਚ ਸਾਰੇ ਹੀ ਨੌਜਵਾਨ ਵੀਰਾਂ ਨੇ ਭਰਵੀਆਂ ਦਸਤਾਰਾਂ ਸਜਾਈਆਂ ਹੋਈਆਂ ਸਨ। ਸ਼ਬਦ ਦੀਆਂ ਵੀਚਾਰਾਂ ਸੁਣਨ ਲਈ ਸੰਗਤਾਂ ਵਿੱਚ ਇਤਨਾ ਉਤਸ਼ਾਹ ਸੀ ਰਾਤ ਗਿਆਰਾਂ ਵਜੇ ਤੀਕ ਬਹੁਤ ਪ੍ਰੇਮ ਨਾਲ ਸੁਣਦੀ ਰਹੀ ਪ੍ਰੰਬਧਕ ਕਮੇਟੀ ਦੇ ਨਾਲ ਗਿਆਨੀ ਅੰਮ੍ਰਿਤਪਾਲ ਸਿੰਘ ਵੀਰ ਹਰਦੀਪ ਸਿੰਘ ਵੀਰ ਨਵਦੀਪ ਸਿੰਘ ਤੇ ਇਹਨਾਂ ਸਾਰੇ ਸਬੰਧੀਆਂ ਵਲੋਂ ਇਸ ਸਮਾਗਮ ਨੂੰ ਸ਼ਫਲ ਬਣਾਉਣ ਲਈ ਉਚੇਚੀ ਮਿਹਨਤ ਕੀਤੀ ਗਈ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਸ਼ਾਹਕੋਟ ਵਿਖੇ ਗੁਰਮਤਿ ਦੀਆਂ ਕਲਾਸ਼ਾ ਵੀ ਲਗਾ ਰਹੇ ਹਨ।
ਅਮਰ ਸਿੰਘ
S.D.O
ਇੰਚਰਜ਼ ਗੁਰਮਿਤ ਪ੍ਰਚਾਰ ਕੇਂਦਰ
ਗੁਰਮਿਤ ਗਿਆਨ ਮਿਸ਼ਨਰਿ ਕਾਲਜ਼
ਲੁਧਿਆਣਾ


(03/05/11)
ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਨਿਤਨੇਮ
-ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਨਿਤਨੇਮ ਦਾ ਸੰਧੀ ਵਿਛੇਦ ਹੈ ਨਿਤ+ਨੇਮ ਭਾਵ ਰੋਜ਼ਾਨਾ ਪਾਲਣ ਵਾਲਾ ਨਿਯਮ | ਯਾਨੀਕਿ ਉਹ ਕਾਰਜ ਜੋ ਇੱਕ ਮਿੱਥੇ ਗਏ ਵਿਧਾਨ ਮੁਤਾਬਿਕ ਨਿਤਾਪ੍ਰਤੀ ਕਰਨਾ ਜ਼ਰੂਰੀ ਹੋਵੇ |
ਖੈਰ ਜਿੱਥੇ ਮਨੁੱਖੀ ਜੀਵਨ ਵਿੱਚ ਰੋਜ਼ਾਨਾ ਪਾਲਣ ਵਾਲੇ ਕਈ ਕੰਮ ਹਨ ਜਿਵੇਂ ਉੱਠਣਾ, ਨਿਵਿਰਤ ਹੋਣਾ, ਨਹਾਣਾ, ਖਾਣਾ, ਤਿਆਰ ਹੋਣਾ, ਕਿਰਤ ਕਰਨੀ, ਆਪਣੀਆਂ ਅਤੇ ਪਰਿਵਾਰ ਦੀਆਂ ਲੋੜਾਂ ਦੀ ਪੂਰਤੀ ਦਾ ਯਤਨ ਕਰਨਾ, ਇਤਿਆਦਿਕ, ਉੱਥੇ ਕਾਇਨਾਤ ਦੀ ਹੌਂਦ ਦੇ ਕਰਨ, ਕਾਰਨ ਤੇ ਕਾਰਕ ਅਤੇ ਦ੍ਰਿਸ਼ਟ ਤੇ ਅਦ੍ਰਿਸ਼ਟ ਸੱਤਾ ਦੇ ਕਣ-ਕਣ ਵਿੱਚ ਸੁਭਾਏਮਾਨ ਪਰਮ ਤੱਤ ਦੇ ਝਲਕਾਰੇ ਨੂੰ ਮਾਣਦਿਆਂ ਉਸ ਨਾਲ ਆਤਮਸਾਥ ਕਰਨ ਦਾ ਯਤਨ ਕਰਨਾ ਵੀ ਮਨੁੱਖੀ ਜੀਵਨ ਦਾ ਮੁੱਖ ਨਿਤਨੇਮ ਹੈ ਬਲਕਿ ਅਸਲ ਵਿੱਚ ਇਹੋ ਹੀ ਉਸਦੀ ਹੌਂਦ ਦਾ ਮੂਲ ਮੰਤਵ ਹੈ - "ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ -- ਪੰਨਾ ੧੨" |
ਹੁਣ ਹਰ ਅਧਿਆਤਮਿਕ ਵਿਚਾਰਧਾਰਾ (ਸਧਾਰਨ ਭਾਸ਼ਾ ਵਿੱਚ ਧਰਮ ਜਾਂ ਪੰਥਾਂ) ਨੇ ਇਸ ਆਤਮਸਾਥ ਦੇ ਆਪਣੀ-ਆਪਣੀ ਵਿਚਾਰਧਾਰਕ ਪ੍ਰਣਾਲੀ ਅਨੁਸਾਰ ਵੱਖਰੇ-ਵੱਖਰੇ ਤਰੀਕੇ ਪਰਿਭਾਸ਼ਿਤ ਕੀਤੇ ਹਨ | ਇਸੇ ਪ੍ਰਕਾਰ ਗੁਰੂ ਨਾਨਕ ਦੀ ਵਿਚਾਰਧਾਰਾ ਨੇ ਵੀ ਆਤਮਸਾਥ ਦਾ ਇੱਕ ਸੁਚੱਜਾ ਤਰੀਕਾ ਸੁਝਾਇਆ ਹੈ - " ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥ -- ਪੰਨਾ ੭੨੭" | ਗੁਰਮਤ ਦੀ ਇਸੇ ਵਿਚਾਰਧਾਰਾ ਅਨੁਸਾਰ ਪਰਮ ਤੱਤ ਨੂੰ ਲਭਣਾ ਜਾਂ ਪ੍ਰਾਪਤ ਕਰਨਾ ਬਾਹਰਮੁਖੀ ਕਾਰਜ ਨਹੀ ਬਲਕਿ - "ਫਰੀਦਾ ਜੰਗਲੁ ਜੰਗਲੁ ਕਿਆ ਭਵਹਿ, ਵਣਿ ਕੰਡਾ ਮੋੜੇਹਿ॥ ਵਸੀ ਰਬੁ ਹਿਆਲੀਐ, ਜੰਗਲੁ ਕਿਆ ਢੂਢੇਹਿ॥ -- ਪੰਨਾ ੧੩੭੮" |
ਸੋ ਉਪਰੋਕਤ ਵਿਚਾਰ ਅਨੁਸਾਰ ਸਿੱਖ ਦਾ ਨਿਤਨੇਮ ਆਪਣੇ ਅੰਦਰ ਨੂੰ ਸ਼ਬਦ ਦੀ ਵਿਚਾਰ ਅਨੁਸਾਰ ਖੋਜਣਾ ਹੈ |
ਹੁਣ ਥੋੜ੍ਹਾ ਜਿਹਾ ਸ਼ਬਦ ਗੁਰੂ ਦੀ ਸੰਪਾਦਨਾ ਨੂੰ ਵਾਚੀਏ... ਸਤਿਗੁਰੁ ਅਰਜਨ ਸਾਹਿਬ ਤੇ ਗੁਰੂ ਗਰੰਥ ਸਾਹਿਬ ਦੀ ਮੂਲ ਸੰਪਾਦਨਾ ਦੌਰਾਨ ਅਤੇ ਪਿਤਾ ਗੁਰੂ ਗੋਬਿੰਦ ਸਿੰਘ ਨੇ ਪੂਰਨਤਾ ਦੌਰਾਨ, ਇਸ ਗਲ 'ਤੇ ਆਪਣੀ ਮੋਹਰ ਲਾ ਦਿੱਤੀ ਹੈ ਕਿ ਸਿਖ ਦਾ ਨਿਤਨੇਮ ਕੀ ਹੋਣਾ ਚਾਹੀਦਾ ਹੈ | ਗੁਰੂ ਗਰੰਥ ਸਾਹਿਬ ਦੀ ਸੰਪਾਦਨਾ ਨੂੰ ਪਹਿਲੀ ਨਜ਼ਰੇ ਦੇਖਣ ਨਾਲ ਹੀ ਇਹ ਗਲ ਪੂਰੀ ਤਰ੍ਹਾਂ ਸਾਫ਼ ਹੋ ਜਾਂਦੀ ਹੈ ਕਿ ਮੂਲ ਵੰਡ ੩ ਹਿੱਸਿਆਂ ਵਿਚ ਹੈ :
੧) ਨਿਤਨੇਮ ਦੀਆਂ ਬਾਣੀਆਂ (ਪੰਨਾ ੧ ਤੋਂ ੧੩ )
੨) ਰਾਗ ਬੱਧ ਬਾਣੀਆਂ (ਪੰਨਾ ੧੪ ਤੋਂ ੧੩੫੩)
੩) ਰਾਗ ਮੁਕਤ ਬਾਣੀਆਂ (ਪੰਨਾ ੧੩੫੩ ਤੋਂ ੧੪੨੮-੨੯ )
ਫਿਰ ਇਸ ਤੋਂ ਬਾਅਦ ੧੪੨੯ ਪੰਨੇ 'ਤੇ ਮੁੰਦਾਵਨੀ ਤੇ ਸ਼ੁਕਰਾਨਾ ਲਿਖ ਕੇ ਸੰਪੂਰਨਤਾ ਕੀਤੀ ਗਈ ਹੈ |
ਇਸ ਵਿੱਚ ਭਾਗ ੧ ਦੀਆਂ ਨਿਤਨੇਮ ਦੀਆਂ ਬਾਣੀਆਂ ਵਿੱਚ ‘ਜਪ’, ‘ਸੋ ਦਰ’, ‘ਸੋ ਪੁਰਖ’ ਤੇ ‘ਸੋਹਿਲਾ’, ਜਿਹਨਾਂ ਦੇ ਸਿਰਲੇਖ ਕ੍ਰਮਵਾਰ ਇਹਨਾਂ ਦੀ ਸ਼ੁਰੁਆਤ ਵਿੱਚ ਹੀ ਸਾਫ਼-ਸਾਫ਼ ਲਿੱਖ ਦਿੱਤੇ ਗਏ ਹਨ | ਇਸ ਤੋਂ ਬਾਅਦ ਰਾਗ ਬੱਧ ਬਾਣੀਆਂ ਆਪਣੀ ਵੱਖਰੀ ਸੰਪਾਦਨਾ ਯੁਕਤੀ ਅਨੁਸਾਰ ਚਲਦੀਆਂ ਹਨ, ਜੋ ਉਹਨਾਂ ਨੂੰ ਪਹਿਲੇ ਭਾਗ ਨਾਲੋਂ ਪੂਰੀ ਤਰ੍ਹਾਂ ਅੱਡ ਕਰ ਦਿੰਦੀ ਹੈ | ਇਸੇ ਤਰ੍ਹਾਂ ਰਾਗ-ਮੁਕਤ ਬਾਣੀਆਂ ਦੀ ਸੰਪਾਦਨ ਯੁਕਤੀ ਉਹਨਾਂ ਨੂੰ ਦੋਜੇ ਭਾਗ ਨਾਲੋਂ ਨਿਖੇੜ੍ਹਦੀ ਹੈ |
ਸੋ ਸੰਪਾਦਨਾ ਦੇ ਵਿੱਚ ਹੀ ਸਾਨੂੰ ਸਤਿਗੁਰੁ ਨੇ ਸਾਡੇ ਨਿਤਨੇਮ ਬਾਰੇ ਸੰਕੇਤ ਦੇ ਦਿੱਤਾ ਹੈ | ਹੁਣ ਗੁਰੂ ਗਰੰਥ ਸਾਹਿਬ ਦੀ ਪਹਿਲੀ ਮੁੰਦਣਾ ਵੇਲੇ ਜਾਂ ਪੂਰਨਤਾ ਵੇਲੇ ਜੇ ਕਿਤੇ ਕਿਸੇ ਹੋਰ ਬਾਣੀ ਦੀ ਨਿਤਨੇਮ ਵਜੋਂ ਲੋੜ ਹੁੰਦੀ ਜਾਂ ਦੋਹਾਂ ਸੰਪਾਦਨ-ਕਰਤਾਵਾਂ ਗੁਰੂ ਅਰਜਨ ਸਾਹਿਬ ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜ਼ਰੂਰਤ ਮਹਿਸੂਸ ਕੀਤੀ ਹੁੰਦੀ ਜਾਂ ਹੋਰ ਕੋਈ ਨਿਤਨੇਮ ਦੀ ਬਾਣੀ ਦੋਹਾਂ ਕੋਲ ਮੌਜੂਦ ਹੁੰਦੀ ਤਾਂ ਪੂਰਨ ਸਤਿਗੁਰੂ ਸਿੱਖਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਦੁਬਿਧਾ ਨੂੰ ਮੇਟਣ ਲਈ ਆਪ ਹੀ ਹੋਰ ਬਾਣੀਆਂ ਦਾ ਵਾਧਾ ਕਰ ਸਕਦੇ ਸਨ | ਪਰ ਦੋਹਾਂ ਨਾਨਕ-ਜੋਤਾਂ ਨੇ ਜੇ ਅਜਿਹਾ ਨਹੀਂ ਕੀਤਾ ਤਾਂ ਇਸਦਾ ਇੱਕੋ-ਇੱਕ ਅਰਥ ਹੈ ਕਿ ਉਹ ਬਾਣੀਆਂ ਵਿੱਚ ਵਾਧਾ ਨਹੀਂ ਚਾਹੁੰਦੇ ਸਨ ਜਾਂ ਉਹਨਾਂ ਨੇ ਇਹਨਾਂ ਤੋਂ ਛੁੱਟ ਹੋਰ ਕੋਈ ਬਾਣੀ ਦੀ ਲੋੜ੍ਹ ਰੱਖੀ ਹੀ ਨਹੀਂ |
ਹੁਣ ਨਿਤਨੇਮ ਦੀ ਗਲ ਕਰਨ ਦੇ ਨਾਲ-ਨਾਲ ਪ੍ਰਸ਼ਨ ਇਹ ਵੀ ਹੈ ਕਿ ਸਾਡਾ ਗੁਰੂ ਕੋਣ ਹੈ ?
---- ਜੇ ਇਸ ਸਵਾਲ ਦਾ ਜਵਾਬ ਗੁਰੂ ਗਰੰਥ ਸਾਹਿਬ ਹਨ ਤਾਂ - "ਸਰਬ ਸੁਖਾ ਕਾ ਦਾਤਾ ਸਤਿਗੁਰੁ ਤਾ ਕੀ ਸਰਨੀ ਪਾਈਐ ॥ -- ਪੰਨਾ ੬੧੧"- ਅਨੁਸਾਰ ਸਤਿਗੁਰੁ ਤਾਂ ਹਰ ਸੁੱਖ ਦਾ ਦਾਤਾ ਹੈ, ਸੰਸਾਰ ਦੇ ਸਾਰੇ ਪਦਾਰਥਕ ਤੇ ਅਧਿਆਤਮਿਕ ਸੁੱਖ ਉਸਦੀ ਸਿੱਖਿਆ ਅਨੁਸਾਰ ਬਿਤੀਤ ਕਰਨ ਨਾਲ ਮਿਲ ਸਕਦੇ ਹਨ, ਤਾਂ ਕੀ ਫੇਰ ਸਭ ਸੁਖ ਦੇਣ ਵਾਲਾ ਸਤਿਗੁਰੂ ਸਾਨੂੰ ਸਾਡੀ ਅਧਿਆਤਮਿਕਤਾ ਦੀ ਮੂਲ ਦਾਤ ਨਿਤਨੇਮ ਦੇਣ ਦੇ ਵੀ ਅਸਮਰਥ ਹੈ ?
ਦੂਜਾ ਪ੍ਰਸ਼ਨ ਇਹ ਉੱਠਦਾ ਹੈ ਕਿ ਕੀ ਅਸੀਂ ਗੁਰੂ ਗਰੰਥ ਸਾਹਿਬ ਆਪਣੇ-ਆਪ ਵਿੱਚ ਪੂਰਨ ਸਤਿਗੁਰੂ ਮੰਨਦੇ ਹਾਂ ?
---- ਜੇ ਅਸੀਂ ਇਸ ਸਵਾਲ ਦਾ ਜਵਾਬ ਹਾਂ ਵਿੱਚ ਦਿੰਦੇ ਹਾਂ ਤਾਂ ਫਿਰ ਕਿਸੇ ਸੰਸਾਰਿਕ ਤੇ ਅਧਿਆਤਮਿਕ ਜ਼ਰੂਰਤ ਦੀ ਪ੍ਰਾਪਤੀ ਲਈ ਸਾਨੂੰ ਬਾਹਰ ਝਾਕਣ ਦੀ ਲੋੜ ਹੀ ਨਹੀਂ ਬਚ ਜਾਂਦੀ, ਭਾਵੇਂ ਉਹ ਰੋਜ਼ਾਨਾ ਦਾ ਪਾਲਣ ਕਰਨ ਵਾਲਾ ਨਿਯਮ ਹੀ ਹੋਵੇ...
ਸੋ ਅੰਤਿਕਾ ਵਜੋਂ ਇੰਨਾ ਹੀ ਕਹਿਣਾ ਚਾਹਵਾਂਗਾ, ਕਿ ਆਓ ਸਤਿਗੁਰੂ ਅਰਜਨ ਸਾਹਿਬ ਦੀ ਸੰਪਾਦਨਾ ਤੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੀਤੀ ਪੂਰਨਤਾ ਤੇ ਉਂਗਲ ਨਾ ਉਠਾਈਏ ਬਲਕਿ ਸਿਰ ਨਿਵਾਂਦਿਆਂ ਆਪਣੇ ਜਾਗਦੀ-ਜੋਤਿ ਗੁਰੂ ਗਰੰਥ ਸਾਹਿਬ ਨੂੰ ਪੂਰਨ ਗੁਰੂ ਮੰਨਦਿਆਂ
ਆਪਣੇ ਨਿਤਨੇਮ ਨੇਮ ਨੂੰ ਗੁਰੂ ਦੀ ਮਤਿ ਅਨੁਸਾਰੀ ਬਣਾਈਏ - "ਗੁਰ ਕੀ ਮਤਿ ਤੂੰ ਲੇਹਿ ਇਆਨੇ ॥ -- ਪੰਨਾ ੨੮੮"
ਸਤਿਗੁਰੂ ਪਾਤਿਸਾਹੁ ਰਹਿਮਤ ਕਰਨ ...
-ਕਵਲਦੀਪ ਸਿੰਘ ਕੰਵਲ


(02/05/11)
ਡਾ: ਇਕਬਾਲ ਸਿੰਘ ਢਿੱਲੋਂ

ਸ. ਅਮਰ ਜੀਤ ਸਿੰਘ ਚੰਦੀ ਜੀ, ਆਪ ਜੀ ਨੂੰ ਮੇਰੇ ਵਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ।
ਸਿਖਮਾਰਗ ਵੈਬਸਾਈਟ ਤੇ ਆਏ ਆਪ ਜੀ ਦੇ 29. 04. 2011 ਦੇ ਪੱਤਰ ਵਿੱਚ ਆਪ ਜੀ ਨੇ ਮੇਰਾ ਹਵਾਲਾ ਵੀ ਦਿੱਤਾ ਹੈ। ਆਪ ਜੀ ਖੁਦ ਹੀ ਵਿਚਾਰ-ਚਰਚਾ (ਜਿਸ ਨੂੰ ਆਪ ਜੀ ਵਿਵਾਦ ਦਾ ਨਾਮ ਦਿੰਦੇ ਹੋ) ਵਿੱਚ ਆਏ ਸੀ ਅਤੇ ਖੁਦ ਹੀ ਬਾਹਰ ਚਲੇ ਗਏ ਸੀ। ਹੁਣ ਆਪ ਜੀ ਫਿਰ ਆ ਗਏ ਹੋ, ਆਪ ਜੀ ਦਾ ਸਵਾਗਤ ਹੈ ਜੀ। ਵਾਕ-ਜਾਲ ਵਿੱਚ ਤਾਂ ਆਪ ਜੀ ਖੁਦ ਹੀ ਉਲਝੇ ਸੀ ਅਤੇ ਹੁਣ ਵੀ ਉਲਝ ਰਹੇ ਹੋ। ਆਪ ਜੀ ਕਹਿੰਦੇ ਹੋ ਕਿ “ਮੈਂ ਤੁਹਾਡੀ ਵਿਚਾਰ ਚਰਚਾ ਵਿੱਚ ਕੋਈ ਦਖਲ ਨਹੀਂ ਦੇਣ ਵਾਲਾ”। ਦਖਲ ਤਾਂ ਆਪ ਜੀ ਨੇ ਦੇ ਵੀ ਦਿੱਤਾ ਹੈ। ਇਸ ਤੋਂ ਅੱਗੇ ਆਪ ਜੀ ਵੱਲੋਂ ਮੈਨੂੰ ਪੰਜ ਸਵਾਲਾਂ ਦਾ ਜਵਾਬ ਦੇਣ ਲਈ ਆਦੇਸ਼ ਦੇਣਾ ਵੀ ਤਾਂ ਵਿਚਾਰ-ਚਰਚਾ ਵਿੱਚ ਸਿੱਧਾ ਦਖਲ ਦੇਣਾ ਹੀ ਹੈ। ਜਵਾਬ ਤਾਂ ਮੈਂ ਸ. ਹਰਦੇਵ ਸਿੰਘ ਜੰਮੂ ਜੀ ਨੂੰ ਦੇਣਾ ਹੈ, ਆਪ ਜੀ ਐਵੇਂ ਹੀ ਤਰਲੋ-ਮੱਛੀ ਹੋ ਰਹੇ ਹੋ ਜੀ। ਆਪ ਜੀ ਸ. ਗੁਰਇੰਦਰ ਸਿੰਘ ਪਾਲ ਜੀ ਦੇ ਸਵਾਲਾਂ ਦਾ ਉੱਤਰ ਦਿਓ, ਆਪ ਜੀ ਨੂੰ ਕੌਣ ਰੋਕਦਾ ਹੈ? ਮੇਰੀ ਸਮਝ ਵਿੱਚ ਤਾਂ ਮੇਰੀ ਅਤੇ ਸ. ਜੰਮੂ ਜੀ ਵਿਚਲੀ ਵਿਚਾਰ-ਚਰਚਾ ਦਾ ਆਪ ਜੀ ਵੱਲੋਂ ਸ. ਗੁਰਇੰਦਰ ਸਿੰਘ ਪਾਲ ਜੀ ਦੇ ਸਵਾਲਾਂ ਦਾ ਉੱਤਰ ਦੇਣ ਨਾਲ ਕੋਈ ਸਬੰਧ ਨਹੀਂ ਬਣਦਾ।
ਸ. ਚੰਦੀ ਜੀ, ਵੈਬਸਾਈਟ ਉੱਤੇ ਵਿਚਾਰ-ਚਰਚਾ ਦਾ ਚਲਦਾ ਰੱਖਣਾ ਜਾਂ ਬੰਦ ਕਰ ਦੇਣਾ ਤਾਂ ਮਾਨਯੋਗ ਸੰਪਾਦਕ ਜੀ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਆਪ ਜੀ ਕਲਾਸ ਦੇ ਮੁਨੀਟਰ ਵਾਂਗ ਮੈਂਨੂੰ ਦਬਕੇ ਕਿਉਂ ਮਾਰੀ ਜਾ ਰਹੇ ਹੋ? ਆਪ ਜੀ ਵੱਲੋਂ ਮੇਰੇ ਸਬੰਧੀ ਕੀਤੀਆਂ ਜਾ ਰਹੀਆਂ ਜਾਤੀ ਟਿੱਪਣੀਆਂ ਸ਼ਿਸ਼ਟਾਚਾਰ ਦੀਆਂ ਹੱਦਾਂ ਲੰਘ ਰਹੀਆਂ ਹਨ। ਆਸ ਹੈ ਕਿ ਆਪ ਜੀ ਇਹਨਾਂ ਹੱਦਾਂ ਦਾ ਸਤਿਕਾਰ ਬਹਾਲ ਕਰਨ ਦਾ ਯਤਨ ਕਰੋਗੇ ਤਾਂ ਕਿ ਵਿਚਾਰ-ਚਰਚਾ ਸੁਚਾਰੂ ਰੂਪ ਵਿੱਚ ਚਲਦੀ ਰਹੇ।
ਸ. ਚਰਨਜੀਤ ਸਿੰਘ ਬਰੈਮਪਟਨ ਜੀ, ਆਪ ਜੀ ਨੂੰ ਮੇਰੇ ਵਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ।
ਸਿਖਮਾਰਗ ਵੈਬਸਾਈਟ ਤੇ ਆਏ ਆਪ ਜੀ ਦੇ 30. 04. 2011 ਦੇ ਪੱਤਰ ਲਈ ਆਪ ਜੀ ਦਾ ਧੰਨਵਾਦ ਹੈ ਜੀ। ਆਪ ਜੀ ਨੇ ਮੇਰੇ 17. 04. 2011 ਦੇ ਪੱਤਰ ਦਾ ਹਵਾਲਾ ਦੇ ਕੇ ਕੁੱਝ ਟਿੱਪਣੀਆਂ ਕੀਤੀਆਂ ਹਨ। ਹੇਠਾਂ ਕ੍ਰਮਵਾਰ ਉੱਤਰ ਦੇਣ ਦਾ ਯਤਨ ਕੀਤਾ ਗਿਆ ਹੈ:
1. ਆਪ ਜੀ ਵੱਲੋਂ ਪੇਸ਼ ਕੀਤੀ ਗਈ ਭਾਈ ਗੁਰਦਾਸ ਜੀ ਦੀ ਰਚਨਾਂ (ਵਾਰ 26 ਪਉੜੀ 24) ਵਿੱਚ ਤਾਂ ‘ਅਕਾਲ ਤਖਤ’ ਸ਼ਬਦ-ਜੋੜ ਵਰਤਿਆਂ ਹੋਇਆ ਨਹੀਂ ਮਿਲਦਾ।
2. ਇਹ ਵੀ ਮੰਨਣਯੋਗ ਗੱਲ ਨਹੀਂ ਹੈ ਕਿ ਗੁਰੂ ਜੀ ਨੇ ਇੱਕ ਛੋਟੇ ਜਿਹੇ ਥੜ੍ਹੇ ਦੀ ਜਗਹ ਤੇ ਇੱਕ ਵੱਡਾ ਸਾਰਾ ਅਤੇ ਬਹੁ-ਮੰਜ਼ਿਲਾ ਰਿਹਾਇਸ਼ੀ ਭਵਨ ਉਸਾਰ ਦਿੱਤਾ ਸੀ ਜਿਸ ਵਿੱਚੋਂ ਤਖਤ ਗਾਇਬ ਸੀ। ਦੀਵਾਨ ਤਾਂ ਬਗੈਰ ਛੱਤ ਤੋਂ ਵੀ ਲੱਗ ਸਕਦੇ ਸਨ।
3. ਗੁਰਬਾਣੀ ਵਿੱਚ ਸ਼ਿਕਾਰ ਖੇਡਣ ਤੋਂ ਮਨ੍ਹਾਂ ਨਹੀਂ ਕੀਤਾ ਗਿਆ।
4. ਉਸ ਵਕਤ ਦੇ ਸਿੱਖਾਂ ਅਤੇ ਆਪ ਜੀ ਲਈ ਗੁਰਮੱਤ ਅਤੇ ਸ਼ਿਕਾਰ ਖੇਡਣ ਦਾ ਆਪਸੀ ਸਬੰਧ ਕੀ ਹੈ ਮੈਂ ਇਸ ਬਾਰੇ ਕੁੱਝ ਨਹੀਂ ਕਹਿ ਸਕਦਾ ਪਰੰਤੂ ਗੁਰਮੱਤ ਅਤੇ ਤਖਤ ਦੇ ਸਬੰਧ ਬਾਰੇ ਮੈਂ ਬਿਲਕੁਲ ਸਪਸ਼ਟ ਹਾਂ। ‘ਅਕਾਲ ਤਖਤ’ ਦੀ ਹੋਂਦ ਨੂੰ ਮੈਂ ਉਂਜ ਹੀ ਨਹੀਂ ਮੰਨਦਾ।
5. ਇਹ ਤਾਂ ਮੈਂ ਮੰਨਦਾ ਹੀ ਹਾਂ ਕਿ ਛੇਵੇਂ ਗੁਰੂ ਜੀ ਨੇ ਤਖਤ ਦੀ ਵਰਤੋਂ ਕੀਤੀ ਸੀ।
6. ਛੇਵੇਂ ਗੁਰੂ ਜੀ ਨੇ ਸਿੱਖ ਮੱਤ ਵਿੱਚ ਮੀਰੀ ਦਾ ਪੱਖ ਪੂਰੀ ਤਰ੍ਹਾਂ ਸਥਾਪਤ ਕਰ ਦਿੱਤਾ ਸੀ ਇਸ ਲਈ ਉਹਨਾਂ ਤੋਂ ਬਾਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਮੇਤ ਸਾਰੇ ਗੁਰੂ ਸਾਹਿਬਾਨ ਨੇ ਤਖਤ ਦੀ ਵਰਤੋਂ ਕੀਤੀ ਸੀ। ਕੜੀ ਤਾਂ ਆਪੇ ਜੁੜ ਗਈ।
7. ਇੱਕ ਤਾਂ ਅਨੰਦਪੁਰ ਸਾਹਿਬ ਸ਼ਹਿਰ ਅੰਮ੍ਰਿਤਸਰ ਤੋਂ ਬਹੁਤ ਦੂਰੀ ਤੇ ਵੱਸਿਆ ਹੋਇਆ ਹੈ ਦੂਸਰਾ ਦੋਵੇਂ ਸਥਾਨ ਇੱਕੋ ਸਿਧਾਂਤ, ਸਿੱਖੀ ਮੱਤ, ਨੂੰ ਹੀ ਰੂਪਮਾਨ ਕਰਦੇ ਹਨ, ਇਸ ਲਈ ਅਨੰਦਪੁਰ ਸਾਹਿਬ ਸ਼ਹਿਰ ਅੰਮ੍ਰਿਤਸਰ ਦਾ ਸ਼ਰੀਕ ਨਹੀਂ ਬਣਦਾ। ਅਖੌਤੀ ਅਕਾਲ-ਤਖਤ ਦਰਬਾਰ ਸਾਹਿਬ ਦੇ ਐਨ ਸਾਹਮਣੇ ਕੁੱਝ ਗਜ਼ਾਂ ਦੀ ਦੂਰੀ ਤੇ ਮਨਮੱਤ ਦੇ ਅੱਡੇ ਦੇ ਤੌਰ ਤੇ ਕਾਇਮ ਕੀਤਾ ਗਿਆ ਹੋਇਆ ਹੈ। ਅਖੌਤੀ ਅਕਾਲ-ਤਖਤ ਦਰਬਾਰ ਸਾਹਿਬ ਦਾ ਪੂਰਕ ਨਹੀਂ ਸਗੋਂ ਇੱਕ ਖਤਰਨਾਕ ਸ਼ਰੀਕ ਹੀ ਹੈ। ਸਿੱਖੀ ਦਾ ਅਜਿਹਾ
sovereignty ਦਾ ‘ਸੰਕਲਪ’ ਆਪ ਜੀ ਨੂੰ ਮੁਬਾਰਕ!

ਇਕਬਾਲ ਸਿੰਘ ਢਿੱਲੋਂ

ਚੰਡੀਗੜ੍ਹ


(02/05/11)
ਹਰਦੇਵ ਸਿੰਘ ਜੰਮੂ

ਸਤਿਕਾਰ ਯੋਗ ਡਾ. ਇਕਬਾਲ ਸਿੰਘ ਜੀ,

ਸਤਿ ਸ਼੍ਰੀ ਅਕਾਲ!

ਆਪ ਜੀ ਦਾ ਪੱਤਰ (01.05.2011) ਪੜਿਆ ਹੈ। ਧਨਵਾਦ!

ਆਪ ਜੀ ਨੇ ਦਾਸ ਦੇ ਪੰਜ ਸਵਾਲਾਂ ਦਾ ਜਵਾਬ ਨਹੀਂ ਦਿੱਤਾ! ਆਪ ਜੀ ਨੇ ਜਵਾਬ ਵਿੱਚ ਲਿਖਿਆ ਹੈ:-

“ਅੰਤ ਉੱਤੇ ਆਪ ਜੀ ਨੇ ਆਪਣੇ ਪੰਜਾਂ ਸਵਾਲਾਂ ਦੇ ਮੇਰੇ ਵੱਲੋਂ ਉੱਤਰ ਦੇਣ ਦੀ ਗੱਲ ਦੁਹਰਾਈ ਹੈ। ਵੈਸੇ ਤਾਂ ਮੇਰੇ ਵੱਲੋਂ ਪੇਸ਼ ਕੀਤੇ ਗਏ ਉਹਨਾਂ ਵਿਚਾਰਾਂ/ਤੱਥਾਂ ਜਿਹਨਾਂ ਨਾਲ ਆਪ ਜੀ ਸਹਿਮਤ ਹੋ ਦੇ ਸਰੋਤਾਂ ਬਾਰੇ ਜਾਣਕਾਰੀ ਦੀ ਆਪ ਜੀ ਨੂੰ ਲੋੜ ਨਹੀਂ ਕਿਉਂਕਿ ਇਹ ਜਾਣਕਾਰੀ ਤਾਂ ਆਪ ਜੀ ਪਾਸ ਪਹਿਲਾਂ ਹੀ ਮੌਜੂਦ ਹੈ ਅਤੇ ਜੇਕਰ ਆਪ ਜੀ ਕੋਲ ਮੌਜੂਦ ਇਹ ਜਾਣਕਾਰੀ ਵਿਵਾਦਮਈ ਨਹੀਂ ਤਾਂ ਮੇਰੇ ਵੱਲੋਂ ਪੇਸ਼ ਕੀਤੀ ਅਜਿਹੀ ਜਾਣਕਾਰੀ ਵੀ ਵਿਵਾਦਮਈ ਨਹੀਂ ਹੋ ਸਕਦੀ”

ਆਪ ਜੀ ਸੂਝਵਾਨ ਹੋ! ਆਪ ਜਾਣਦੇ ਹੋ ਕਿ ਮੇਰੇ ਸਵਾਲ ਸਹਿਮਤਿ-ਅਸਹਿਮਤੀ ਬਾਰੇ ਨਹੀਂ ਬਲਕਿ ਇਸ ਬਾਰੇ ਹਨ ਕਿ ਆਪ ਜੀ ਦੀ ਜਾਣਕਾਰੀ ਦੇ ਮੂਲ ਸਰੋਤ ਕਿਹੜੇ ਹਨ? ਦਾਸ ਨੂੰ ਚਲ ਰਹੀ ਚਰਚਾ ਦੇ ਸੰਦਰਭ ਵਿੱਚ ਮੂਲ ਸਰੋਤਾਂ ਬਾਰੇ ਜਾਣਕਾਰੀ ਦੀ ਲੋੜ ਨਾ ਹੁੰਦੀ ਤਾਂ ਆਪ ਜੀ ਤੋਂ ਸਵਾਲ ਪੁੱਛਦਾ ਹੀ ਕਿਉਂ? ਸਵਾਲ ਇਹ ਨਹੀਂ ਕਿ ਆਪ ਜੀ ਦੀ ਜਾਣਕਾਰੀ ਵਿਵਾਦਮਯੀ ਹੈ ਜਾਂ ਨਹੀਂ ਸਵਾਲ ਇਹ ਹੈ ਕਿ ਆਪ ਵਲੋਂ ਅਵਿਵਾਦਤ ਸਵੀਕਾਰੀ ਜਾਣਕਾਰੀ ਦੇ ਮੂਲ ਸਰੋਤ ਕਿਹੜੇ ਹਨ? ਉਹ ਸਰੋਤ ਵਿਵਾਦਤ ਹਨ ਜਾਂ ਅਵਿਵਾਦਤ? ਇਸ ਲਈ ਆਪ ਜੀ ਦਾ ਉਰੋਕਤ ਬਿਆਨ ਬਿਲਕੁਲ Out of Context ਅਤੇ ਟਾਲ-ਮਟੋਲ ਵਰਗਾ ਹੈ, ਜੋ ਕਿ ਆਪ ਜੀ ਵਰਗੇ ਖੌਜੀ ਨੂੰ ਸੋਭਦਾ ਨਹੀਂ।

ਮੈਂ ਆਪ ਜੀ ਤੋਂ ਆਪ ਜੀ ਵਲੋਂ ਸਵੀਕਾਰ ਕੀਤੇ ਤੱਥਾਂ ਦੇ ਸਰੋਤ ਪੁੱਛੇ ਹਨ। ਸਾਰੇ ਪਾਠਕ ਇਸ ਗੱਲ ਨੂੰ ਜਾਣਦੇ ਹਨ। ਮੈਂ ਤਾਂ ਚਰਚਾ ਦੇ ਸ਼ੁਰੂ ਤੋਂ ਹੀ ਕਹਿੰਦਾ ਆ ਰਿਹਾ ਹਾਂ ਕਿ ਸਿੱਖ ਇਤਹਾਸ ਵਿਵਾਦਤ ਸੋਮਿਆਂ ਵਿੱਚਲੇ ਸਹੀ ਤੱਥਾਂ ਤੋਂ ਹੀ ਉਸਰਿਆ ਹੈ ਜਦ ਕਿ ਆਪ ਜੀ ਨੇ ਵਿਵਾਦਤ ਸੋਮਿਆਂ ਦੀ ਕਿਸੇ ਗੱਲ ਨੂੰ ਵੀ ਮੰਨਣ ਤੋਂ ਬਾਰ-ਬਾਰ ਇਨਕਾਰ ਕੀਤਾ ਸੀ। ਤਾਂ ਹੀ ਦਾਸ ਨੇ ਆਪਣੇ ‘ਪੰਜ ਸਵਾਲ` ਆਪ ਜੀ ਦੇ ਸ੍ਹਾਮਣੇ ਰਖੇ ਸੀ ਤਾਂ ਕਿ ਪਤਾ ਚਲ ਸਕੇ ਕਿ ਆਪ ਜੀ ਕਿਹੜੇ ਅਵਿਵਾਦਤ ਮੂਲ ਸੋਮਿਆਂ ਤੇ ਹੀ ਭਰੋਸਾ ਕਰਦੇ ਤੁਰਦੇ ਅਤੇ ਤੱਥ ਸਵੀਕਾਰਦੇ ਹੋ।

ਅੰਤ ਵਿੱਚ ਆਪ ਜੀ ਲਿਖਦੇ ਹੋ:-

“ਜਿਵੇਂ ਕਿ ਮੈਂ ਪਹਿਲਾਂ ਵੀ ਸਵੀਕਾਰ ਕਰ ਚੁਕਿੱਆ ਹਾਂ ਕਿ ਮੇਰੀਆਂ ਲਿਖਤਾਂ ਨਾਲ ਸਬੰਧਤ ਹਰ ਪ੍ਰਸ਼ਨ ਦਾ ਉੱਤਰ ਦੇਣਾ ਮੇਰਾ ਫਰਜ਼ ਹੈ ਪਰੰਤੂ ਇਹ ਸਾਰੀ ਜਾਣਕਾਰੀ ਇਕੱਤਰ ਕਰਨ ਲਈ ਮੈਂਨੂੰ ਬਹੁਤ ਸਾਰਾ ਸਮਾਂ ਅਤੇ ਮਿਹਨਤ ਲਗਾਉਣੀ ਪਵੇਗੀ। ਇਸ ਚੱਲ ਰਹੀ ਚਰਚਾ ਕਰਕੇ ਲੰਬੇ ਸਮੇਂ ਤੋਂ ਮੇਰਾ ਜ਼ਰੂਰੀ ਖੋਜ ਅਤੇ ਅਧਿਐਨ ਕਾਰਜ ਰੁਕਿਆ ਪਿਆ ਹੈ। ਆਪ ਜੀ ਦੇ ਸਹਿਯੋਗ ਦੀ ਲੋੜ ਹੈ। ਬਾਕੀ ਆਪ ਜੀ ਜਿਵੇਂ ਚਾਹੋਗੇ ਕਰ ਲਵਾਂਗੇ”

ਹਾਂ ਇੱਥੇ ਟਾਲ-ਮਟੋਲ ਤੋਂ ਬਾਦ ਆਪ ਜੀ ਨੇ ਸਵੀਕਾਰ ਕੀਤਾ ਹੈ ਕਿ ਆਪ ਜੀ ਪਾਸ ਜਾਣਕਾਰੀ ਨਹੀਂ ਹੈ ਇਸ ਲਈ ਜਵਾਬ ਨਹੀਂ ਦੇ ਸਕਦੇ ਕਿਉਂਕਿ ਆਪ ਜੀ ਵਿਅਸਤ ਹੋ ਅਤੇ ਆਪ ਜੀ ਨੂੰ ਇਸ ਲਈ ਸਮਾਂ ਚਾਹੀਦਾ ਹੈ।

ਇਹ ਗੱਲ ਆਪ ਜੀ ਨੂੰ ਪਹਿਲਾਂ ਹੀ ਦੱਸ ਦੇਂਣੀ ਚਾਹੀਦੀ ਸੀ ਕਿ ਆਪ ਜੀ ਦਾ ‘ਅਕਾਲ ਤਖਤ` ਸਬੰਧੀ ਲੇਖ, ਆਪ ਜੀ ਪਾਸ, ਮੂਲ ਸਰੋਤਾਂ ਦੀ ਜਾਣਕਾਰੀ ਹੋਣ ਬਗ਼ੈਰ ਲਿਖਿਆ ਗਿਆ ਹੈ ਅਤੇ ਆਪ ਜੀ ਨੂੰ ਇਹ ਨਹੀਂ ਪਤਾ ਕਿ ਆਪ ਜੀ ਵਲੋਂ ਪੜੇ/ਸਵੀਕਾਰੇ/ਲਿਖੇ ਗਏ ਤੱਥ, ‘ਵਿਵਾਦਤ ਮੂਲ ਸਰੋਤਾਂ` ਤੋਂ ਆਏ ਹਨ ਜਾ ‘ਅਵਿਵਾਦਤ ਮੂਲ ਸਰੋਤਾਂ` ਤੋਂ? ਆਪ ਜੀ ਖੁਦ ਤਾਂ ਵਿਵਾਦਤ ਸੋਮਿਆਂ ਤੋਂ ਲਏ ਗਏ ਤੱਥ ਵਰਤ ਗਏ ਤੇ ਵਿਚਾਰ ਕਰਨ ਵਾਲੇ ਪਾਠਕਾਂ ਦਾ ਹੱਥ ਫ਼ੜ ਲਿਆ ਕਿ ਹੋਰ ਕੋਈ ਨਾ ਵਰਤੇ।

ਡਾ. ਸਾਹਿਬ ਜੀਉ, ਜ਼ਰਾ ਮੰਨ ਨਾਲ ਵਿਚਾਰ ਕੇ ਆਪਣੇ ਆਪ ਤੋਂ ਪੁਰੀ ਇਮਾਨਦਾਰੀ ਨਾਲ ਸਵਾਲ ਪੁੱਛਣਾ ਕਿ ਕੀ ਆਪ ਜੀ ਨੂੰ ਇਹ ਪਤਾ ਨਹੀਂ ਕਿ ਅਨੇਕਾਂ ਇਤਹਾਸਕ ਤੱਥ ਵਿਵਾਦਤ ਸੋਮਿਆਂ ਤੋਂ ਹੀ ਲਏ ਗਏ ਹਨ? ਆਪਣੇ ਨਿਜੀ ਧਾਰਨਾ ਯੁਕਤ ਇੱਕ ਲੇਖ ਦੀ ਖਾਤਰ ਉਸ ਤੱਥ ਤੋਂ ਕਿੰਨੀ ਕੂ ਦੇਰ ਮੁਨਕਰ ਹੁੰਦੇ ਰਹੋਗੇ ਜਿਸ ਨੂੰ ਆਪ ਚੰਗੀ ਤਰਾਂ ਜਾਣਦੇ ਹੋ? ਸਿੱਖ ਇਤਹਾਸ ਬਾਰੇ ਖੌਜ ਕਰਨ ਵਾਲੇ ਹਰ ਵਿਚਾਰਕ ਨੂੰ ਅਤੇ ਸੁਚੇਤ ਪਾਠਕ ਨੂੰ ਇਸਦਾ ਪਤਾ ਹੈ। ਆਪ ਜੀ ਖੌਜ/ਅਧਿਐਨ ਕਾਰਜ ਕਰਦੇ ਹੋ। ਇਹ ਨਹੀਂ ਹੋ ਸਕਦਾ ਹੈ ਕਿ ਆਪ ਜੀ ਨੂੰ ਇਸ ਮੁੱਡਲੀ ਗੱਲ ਦਾ ਪਤਾ ਨਾ ਹੋਵੇ। ਆਪ ਨੇ ਪੁੱਛੇ ਗਏ ਪੰਜ ਸਵਾਲਾਂ ਦੇ ਜਵਾਬ ਦੇਂਣ ਬਾਰੇ ਆਪਣੇ ਫ਼ਰਜ਼ ਨੂੰ ਕੇਵਲ ਤਸਲੀਮ ਕੀਤਾ ਹੈ ਪਰ ਉਸ ਨੂੰ ਨੁਕਤੇ ਤੇ ਰਹਿ ਕੇ ਅਜੇ ਤਕ ਨਿਭਾਈਆ ਨਹੀਂ।

ਖ਼ੈਰ ਹੁਣ ਆਪ ਜੀ ਨੇ ਜਵਾਬ ਦੇਂਣ ਲਈ ਬਹੁਤ ਸਮਾਂ ਲਗਣ ਦੀ ਗੱਲ ਕੀਤੀ ਹੈ। ਪਰ ਵੀਰ ਜੀ ਇੱਕ ਛੋਟਾ ਜਿਹਾ ਸਵਾਲ ਹੈ! ਜੇਕਰ ਬਹੁਤ ਸਮਾਂ ਲਗਾਉਂਣ ਤੋਂ ਬਾਦ ਆਪ ਜੀ ਨੂੰ ਪਤਾ ਚਲਿਆਂ ਕਿ ਆਪ ਜੀ ਵਲੋਂ ਸਵੀਕਾਰੇ ਗਏ ਬਹੁਤ ਸਾਰੇ ਤੱਥ ਵਿਵਾਦਤ ਸੋਮਿਆਂ ਤੋਂ ਹੀ ਆਏ ਹਨ ਤਾਂ ਆਪ ਜੀ ਉਨ੍ਹਾਂ ਤੱਥਾਂ ਨੂੰ ਰੱਧ ਕਰੋਗੇ ਜਾਂ ਸਵੀਕਾਰ ਕਰਕੇ ਹੀ ਰੱਖੋਗੇ? ਮੇਰੇ ਵਿਚਾਰ ਵਿੱਚ ਇਸ ਸਵਾਲ ਦਾ ਜਵਾਬ ਦੇਂਣ ਲਈ ਤਾਂ ਸਮੇਂ ਦੀ ਲੋੜ ਨਹੀਂ। ਆਸ ਹੈ ਕਿ ਫ਼ਿਲਹਾਲ ਆਪ ਇਸ ਸਵਾਲ ਦਾ ਜਵਾਬ ਤਾਂ ਪਾਠਕਾਂ ਨੂੰ ਦੇਵੋਗੇ।

ਦਾਸ ਚਾਹੁੰਦਾ ਹੈ ਕਿ ਆਪ ਜੀ ਕਿਰਪਾ ਕਰਕੇ ਸਮਾਂ ਕੱਡ ਕੇ ਆਪਣੇ ਵਲੋਂ ਸਵੀਕਾਰੇ ਤੱਥਾਂ ਦੇ ਮੂਲ ਸਰੋਤਾਂ ਦੀ ਜਾਣਕਾਰੀ ਪਾਠਕਾਂ ਦੇ ਸ੍ਹਾਮਣੇ ਰਖਣ ਦੀ ਕਿਰਪਾਲਤਾ ਕਰਨੀ ਤਦ ਤਕ ਇਸ ਬਾਰੇ ਆਪ ਜੀ ਦੇ ਲੇਖਾਂ (ਪੁਰਾਣੇ/ਨਵੇਂ) ਦਾ ਕੋਈ ਮਹੱਤਵ ਨਹੀਂ ਬਚਿੱਆ ਹੈ। ਆਪ ਜੀ ਦੂਜਿਆਂ ਨੂੰ ਵਿਵਾਦਤ ਸੋਮੇਂ ਦਾ ਸਹੀ ਹਵਾਲਾ ਵੀ ‘ਨਾ` ਵਰਤਨ ਦੀ ਨਸੀਯਤ ਦਿੰਦੇ ਹੋਏ ਖ਼ੁਦ ਵਿਵਾਤਦ ਮੂਲ ਸੋਮਿਆਂ ਤੋਂ ਆਏ ਤੱਥਾਂ ਨੂੰ ਵਰਤਨ ਦਾ ਅਧਿਕਾਰ ਕਿਵੇਂ ਰੱਖ ਸਕਦੇ ਹੋ? ਕੀ ਇਹ ਆਪ ਜੀ ਦਾ ਵਿਸ਼ੇਸ਼ਾਧਿਕਾਰ ਹੈ?

ਵੀਰ ਜੀੳ, ਆਪ ਜੀ ਨੇ ਅਕਾਲ ਤਖਤ ਬਾਰੇ ਆਪਣੀ ਨਿਜੀ ਸਥਿਤੀ/ਸੋਚ ੧੦੦% ਸਹੀ ਦੇ ਦਾਵੇ ਨਾਲ ਸਪਸ਼ਟ ਕਰ ਦਿੱਤੀ ਹੈ। ਹੋਰ ਸਪਸ਼ਟਤਾ ਦੀ ਲੋੜ ਨਹੀਂ ਪ੍ਰਤੀਤ ਹੁੰਦੀ। ਹੁਣ ਆਪ ਜੀ ਲਈ ਕੇਵਲ ਪੁੱਛੇ ਗਏ ਜਾਂ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਦੇਂਣ ਦੀ ਵਾਰੀ ਹੈ ਜਿਨ੍ਹਾਂ ਦਾ ਇੰਤਜ਼ਾਰ ਜਿਗਿਆਸੂ/ਨਿਰਪੱਖ ਪਾਠਕ ਕਰ ਰਹੇ ਹਨ ਤਾਂ ਕਿ ਸਾਰਿਆਂ ਦੀ ਜਾਣਕਾਰੀ ਵਿੱਚ ਵਾਧਾ ਹੋਵੇ।

ਹਰਦੇਵ ਸਿੰਘ ਜੰਮੂ


(02/05/11)
ਗੁਰਮੁਖ ਸਿੰਘ

ਵੀਰ ਮੱਖਣ ਸਿੰਘ ਜੀ,
ਆਪ ਜੀ ਦੀ ਸਾਈਟ `ਤੇ ਤੱਤ ਵੀਰਾਂ ਨੇ ਮੈਨੂੰ ਕੁੱਝ ਸਵਾਲ ਪੁਛੇ ਹਨ। ਉਨ੍ਹਾਂ ਦੇ ਕੁੱਝ ਬਣਦੇ ਸਰਦੇ ਸਪਸ਼ਟੀਕਰਣ ਪੇਸ਼ ਹਨ। ਵੀਰ ਮੱਖਣ ਸਿੰਘ ਜੀ, ਇਨ੍ਹਾਂ ਸਪਸ਼ਟੀਕਰਣਾ ਨਾਲ ਆਪ ਜੀ ਦਾ ਕੋਈ ਸਬੰਧ ਨਹੀਂ ਹੈ। ਇਹ ਕੇਵਲ ਤੱਤ ਵੀਰਾਂ ਲਈ ਹਨ। ਇਸ ਲਈ ਇਸ ਨੂੰ ਕੱਟਣਾ ਨਾ ਪੂਰਾ ਛਾਪ ਦੇਣਾ ਜੀ। ਆਪ ਜੀ ਦੀ ਮਿਹਰਬਾਨੀ ਹੋਵੇਗੀ।
ਪਰਮ ਪੂਜਯ ਤੱਤ ਵੀਰ ਜੀਓ,
1. ਤੁਸੀਂ ਸਮਝਦੇ ਹੋ ਨੌਵੇਂ ਪਾਤਸ਼ਾਹ ਜੀ ਨੇ ਬ੍ਰਾਹਮਣ ਲਈ ਸ਼ਹਾਦਤ ਦਿੱਤੀ ਪਰ ਉਹ ਬ੍ਰਾਹਮਣਵਾਦ ਦੇ ਹੱਕ ਵਿੱਚ ਨਹੀਂ ਸਨ। ਅਜਿਹੇ ਸਮੇਂ ਭੁਲੇਖੇ ਦੀ ਗੁੰਜਾਇਸ਼ ਰਹਿੰਦੀ ਹੈ। ਇਸ ਕਰਕੇ ਡਾ. ਇਕਬਾਲ ਸਿੰਘ ਨੂੰ ਇਹ ਪਹਿਲਾਂ ਹੀ ਸਪਸ਼ਟ ਕਹਿ ਦੇਣਾ ਬਣਦਾ ਹੈ ਕਿ ਉਸ ਦੀ ਹਮਾਇਤ ਦਾ ਅਰਥ ਇਹ ਨਹੀਂ ਕਿ ਉਹ ਠੀਕ ਹੈ।
2. ਮੇਰਾ ਲੜਕਾ ਇਥੇ ਹੀ ਇੱਕ ਖੋਜ ਕਾਰਜ ਵਿੱਚ ਰੁਝਿਆ ਹੋਇਆ ਹੈ। ਮੈਂ ਦੇਖਿਆ ਹੈ ਕਿ ਉਹ ਆਪਣੀ ਲਿਖਤ ਵਿੱਚ ਕੋਈ ਵੀ ਟਿੱਪਣੀ ਨਹੀਂ ਕਰਦਾ। ਉਹ ਹਰ ਵਾਕ ਸ਼ੱਕ ਦੀ ਗੁੰਜਾਇਸ਼ ਰੱਖ ਕੇ ਲਿਖਦਾ ਹੈ। ਮੈਂ ਉਸਨੂੰ ਇਸਦਾ ਕਾਰਣ ਪੁਛਿਆ ਤਾਂ ਉਸਨੇ ਆਖਿਆ ਕਿ ਕਿਸੇ ਵੀ ਟਿੱਪਣੀ (ਸਟੇਟਮੈਂਟ) ਦੇ ਪੱਖ ਵਿੱਚ ਹਵਾਲਾ ਦੇਣਾ ਜ਼ਰੂਰੀ ਹੁੰਦਾ ਹੈ। ਇਸ ਕਰਕੇ ਖੋਜ ਵਿੱਚ ਦੋ ਟੁੱਕ ਵਾਕ ਲਿਖਣੇ ਮੁਸ਼ਕਲ ਹੁੰਦੀ ਹੈ। ਉਸ ਨੇ ਦੱਸਿਆ ਕਿ ਤੱਥ (ਫੈਕਟ) ਅਤੇ ਧਾਰਨਾ (ਓਪੀਨੀਅਨ) ਦੋ ਗੱਲਾਂ ਹਨ। ਜੇ ਧਾਰਨਾ ਦਾ ਸਬੂਤ ਦਿੱਤਾ ਜਾਵੇ ਤਾਂ ਉਹ ਤੱਥ ਬਣ ਜਾਂਦੀ ਹੈ। ਧਾਰਨਾ ਬੰਦੇ ਦੀ ਇਛਾ, ਨਫ਼ਰਤ ਜਾਂ ਹੇਜ ਵਿਚੋਂ ਉਗਮਦੀ ਹੈ।
3. ਡਾ. ਢਿਲੋਂ ਨੇ ਆਪਣੀ ‘ਖੋਜ’ ਵਿੱਚ ਧਾਰਨਾਵਾਂ ਨੂੰ ਤੱਥਾਂ ਦੀ ਤਰਾਂ ਪੇਸ਼ ਕੀਤਾ ਹੈ। ਜਦੋਂ ਵੀਰ ਜੰਮੂ ਜੀ ਨੇ ਉਸ ਦੀ ਧਾਰਨਾ ਨੂੰ ਕੱਟਿਆ ਤਾਂ ਉਸ ਨੇ ਉਸ ਕਾਟ ਦਾ ਸਬੂਤ ਪੁਛਿਆ। ਸਬੂਤ ਦਿੱਤਾ ਤਾਂ ਕਹਿਣ ਲੱਗਾ ਇਹ ‘ਵਿਵਾਬਤ’ ਅਤੇ ‘ਬਦਨਾਮ’ ਪੁਸਤਕ ਹੈ।
4. ਜਦ ਵੀਰ ਜੰਮੂ ਨੇ ਉਸਦੀਆਂ ਧਾਰਨਾਵਾਂ (ਕਲੋਲ ਕਲਪਨਾਵਾਂ) ਦਾ ਸਬੂਤ ਮੰਗਿਆ ਤਾਂ ਹਫ਼ਤਾ ਭਰ ਆਨਾ ਕਾਨੀ ਕੀਤੀ। ਹੁਣ ਥੈਲੇ `ਚੋ ਬਿੱਲੀ ਬਾਹਰ ਆਈ। ਪੱਟਿਆ ਪਹਾੜ ਤਾਂ ਨਿਕਲਿਆ ਚੂਹਾ। ਅਖੇ ਮੈਂ ਇਹ ਦਿਲਗੀਰ ਦੀ ਕਿਤਾਬ ਵਿੱਚ ਪੜ੍ਹਿਆ ਹੈ।
5. ਖੋਜ ਵਿੱਚ ਮੁਢਲੇ ਸ੍ਰੋਤ ਵਰਤੋਂ ਜੋਗ ਹੁੰਦੇ ਹਨ, ਦੁਜੈਲੇ ਨਹੀਂ। ਦਿਲਗੀਰ ਮੁਢਲਾ ਸ੍ਰੋਤ ਹੈ, ਦੁਜੈਲਾ, ਤੀਜੇਲਾ ਜਾਂ ਚੌਥੇਲਾ ਹੈ ਤੁਸੀਂ ਖ਼ੁਦ ਅਨੁਮਾਨ ਲਗਾ ਸਕਦੇ ਹੋ! ਦਿਲਗੀਰ ਕਿਤਨਾ ਕੁ ਨਿਰਵਿਵਾਦਤ ਅਤੇ ਬਦਨਾਮੀ ਰਹਿਤ ਹੈ ਇਹ ਵੀ ਤੁਸੀਂ ਜਾਣਦੇ ਹੋ। ਉਹ ਕਿਸੇ ਵੇਲੇ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਰਿਸਰਚ ਬੋਰਡ ਦੇ ਡਾਇਰੈਕਟਰ ਰਹੇ ਹਨ। ਉਥੇ ਉਨ੍ਹਾਂ ਦੀ ਕਾਰਕਰਦਗੀ ਤੋਂ ਉਸ ਦੀ ਹਰਮਨਪਿਆਰਤਾ ਦਾ ਕਿਆਫ਼ਾ ਲਗਾਇਆ ਜਾ ਸਕਦਾ ਹੈ।
6. ਇਸ ਕਰਕੇ ਢਿਲੋਂ ਦਾ ਸਾਥ ਦੇਣ ਤੋਂ ਪਹਿਲਾਂ ਉਸ ਦੀ ‘ਖੋਜ’ ਬਾਰੇ ਨਿਰਣਾ ਹੋ ਜਾਣਾ ਚਾਹੀਦਾ ਹੈ।
7. ਆਪ ਜੀ ਨੇ ਮੇਰਾ ਦਸਮ ਗ੍ਰੰਥ ਬਾਰੇ ਵਿਚਾਰ ਪੁਛਿਆ ਹੈ। ਇੱਕ ਵਿਚਾਰ ਅਧਾਰਤ ਵਿਸ਼ਵਾਸ਼ ਹੁੰਦਾ ਹੈ ਅਤੇ ਇੱਕ ਵਿਸ਼ਵਾਸ ਅਧਾਰਤ ਵਿਚਾਰ। ਦਸਮ ਗ੍ਰੰਥ ਸਮੁਚੇ ਰੂਪ `ਚ ਗੁਰੂ ਕ੍ਰਿਤ ਹੈ ਕਿ ਨਹੀਂ ਇਹ ਦੀਰਘ ਵਿਚਾਰ ਦਾ ਵਿਸ਼ਾ ਹੈ। ਇਸ ਦਾ ਨਿਰਣਾ ਨਹੀਂ ਕੇਵਲ ਵਿਚਾਰ ਕਰਨ ਲਈ ਬੰਦਾ ਵਿਦਿਆ ਦਾ ਪੁੰਜ ਹੋਣਾ ਚਾਹੀਦਾ ਹੈ। ਹੁਣ ਤੱਕ ਦਸਮ ਗ੍ਰੰਥ ਬਾਰੇ ਜਿਨੀ ਵਿਚਾਰ ਹੋਈ ਹੈ ਉਹ ਕੇਵਲ ਸਦਾਚਾਰ ਦੇ ਨੁਕਤੇ ‘ਤੋਂ ਹੋਈ ਹੈ। ਗੁਰੂ ਨੂੰ ਅਸੀਂ ਆਪਣੇ ਬਣਾਏ ਸਦਾਚਾਰ ਜਾਂ ਲੋਕ ਲੱਜਾ ਦੇ ਕਟਿਹਰੇ `ਚ ਨਹੀਂ ਖੜਾ ਕਰ ਸਕਦੇ।
8. ਦਸਮ ਗ੍ਰੰਥ ਦਾ ਭਾਸ਼ਾ ਨੇਮ, ਛੰਦ ਵਿਧਾਨ ਅਤੇ ਸਾਹਿਤ ਪਰਿਪਾਟੀਆਂ ਦਾ, ਸਿਰਫ਼ ਗਿਆਨ ਨਹੀਂ, ਅਨੁਭਵ ਹੋਣਾ ਜ਼ਰੂਰੀ ਹੈ ਤਾਂ ਹੀ ਕੋਈ ਵਿਚਾਰ ਹੋ ਸਕਦੀ ਹੈ। ਜੇ ਆਪ ਜੀ ਨੂੰ ਦਸਮ ਗ੍ਰੰਥ ਦੇ ਭਾਸ਼ਾ ਨੇਮ, ਛੰਦ ਵਿਧਾਨ ਅਤੇ ਸਾਹਿਤ ਪਰਿਪਾਟੀਆਂ ਦਾ ਅਨੁਭਵ ਹੈ ਤਾਂ ਮੈਂ ਉਕਤ ਸਵਾਲ ਆਪ ਜੀ ਤੋਂ ਹੀ ਜਾਣਨਾ ਚਾਹਾਂਗਾ। ਜੇ ਤੁਹਾਡੀ ਨਜ਼ਰ ਵਿੱਚ ਕੋਈ ਹੋਰ ਵਿਅਕਤੀ ਹੈ ਜਿਸ ਨੂੰ ਇਸ ਦਾ ਪਤਾ ਹੋਵੇ ਤਾਂ ਆਪ ਉਸ ‘ਤੋਂ ਪੁਛ ਸਕਦੇ ਹੋ। ਮੇਰਾ ਗਿਆਨ, ਅਨੁਭਵ ਅਤੇ ਹੌਸਲਾ ਇਤਨਾ ਬੁਲੰਦ ਨਹੀ ਕਿ ਮੈਂ ਗੁਰੂ ਨੂੰ ਲੋਕ ਲੱਜਾ ਦੇ ਕਟਿਹਰੇ `ਚ ਖੜਾ ਕਰਕੇ ਇਹੋ ਜਹੇ ਸਵਾਲ ਕਰਾਂ।
9. ਵਿਸ਼ਵਾਸ਼ ਦੇ ਮਾਮਲੇ ਵਿੱਚ ਮੈਨੂੰ ਪ੍ਰੋ. ਮੋਹਣ ਸਿੰਘ ਦੀ ਕਾਵਿ ਪੰਕਤੀ ਯਾਦ ਆਉਂਦੀ ਹੈ, “ਗੱਲ ਸੁਣਜਾ ਭਟਕੇ ਰਾਹੀ ਦੀ, ਇੱਕ ਚਿਣਗ ਮੈਨੂੰ ਵੀ ਚਾਹੀਦੀ”।
10. ਮੈਂ ਇਹ ਦੇਖਿਆ ਹੈ ਕਿ ਕੁੱਝ ਲੋਕਾਂ ਨੂੰ ਗਿਆਨ ਜਾਂ ਅਨੁਭਵ ਤਾਂ ਹੋਇਆ ਨਹੀਂ ਪਰ ਉਨ੍ਹਾਂ ਨੂੰ ਹੌਸਲੇ ਦੇ ਖੁੱਲੇ ਗੱਫ਼ੇ ਮਿਲ ਗਏ ਹੋਏ ਹਨ। ਅਜਿਹੇ ਲੋਕ ਆਪਣੇ ਹੌਸਲੇ ਦੀ ਵਰਤੋਂ ਗੁਰੂ ਦੀ ਅਜ਼ਮਤ ਗਿਰਾਉਣ ਲਈ ਕਰ ਰਹੇ ਹਨ। ਅਜਿਹੇ ਬੁਲੰਦ ਹੌਸਲੇ ਦਾ ਮੁਜੱਸਮਾ ਡਾ. ਢਿਲੋਂ ਆਪ ਦੇ ਸਾਹਮਣੇ ਹੈ।
11. ਢਾ. ਢਿਲੋਂ ਜੀ ਨੇ ਖ਼ੁਦ ਲਿਖਿਆ ਹੈ ਕਿ ਉਸ ਦਾ ‘ਖੋਜ ਕਾਰਜ’ ਰੁਕਿਆ ਪਿਆ ਹੈ ਅਤੇ ਉਸ ਕੋਲ ਆਪਣੀ ਖੋਜ ਸਬੰਧੀ ਪ੍ਰਸ਼ਨਾ ਦੇ ਉਤਰ ਦੇਣ ਦਾ ਸਮਾਂ ਨਹੀਂ ਹੈ। ਵੀਰ ਜੰਮੂ ਜੀ ਨੇ ਉਸ ਕੋਲੋਂ ਕੋਈ ਲੰਮੇ ਚੌੜੇ ਪ੍ਰਸ਼ਨ ਨਹੀਂ ਪੁਛੇ, ਕੇਵਲ ਸ੍ਰੋਤ ਪੁਛੇ ਹਨ। ਜੇ ਡਾ. ਢਿਲੋਂ ਸੱਚੀਮੁਚੀ ਦੇ ਖੋਜੀ ਹਨ ਤਾਂ ਉਨ੍ਹਾਂ ਕੋਲ ਸ੍ਰੋਤ ਦੀ ਜਾਣਕਾਰੀ ਤਿਆਰ ਚਾਹੀਦੀ ਹੈ। ਪਰ ਉਨ੍ਹਾਂ ਦੀ ਗੱਲ ਤੋਂ ਲਗਦਾ ਹੈ ਕਿ ਉਹ ਸ੍ਰੋਤਾਂ ਦੇ ਅਧਾਰਤ ਖੋਜ ਨਹੀਂ ਕਰਦੇ, ਬਲਕਿ ਖੋਜ ਦੇ ਅਧਾਰਤ ਸ੍ਰੋਤ ਲਭਦੇ ਹਨ, ਅਤੇ ਸ੍ਰੋਤ ਲੱਭਣ ਲਈ ਉਨ੍ਹਾਂ ਕੋਲ ਸਮਾਂ ਨਹੀਂ ਹੈ। ਧੰਨ ਹੈ ਅਜਿਹੀ ਖੋਜ, ਧੰਨ ਹੈ ਅਜਿਹਾ ਖੋਜਾਰਥੀ ਅਤੇ ਧੰਨ ਹਨ ਅਜਿਹੇ ਖੋਜਾਰਥੀ ਦੇ ਪਿਠ ਠੋਕੇ!
12. ਇਕ ਸਵਾਲ ਡਰਦਾ ਡਰਦਾ ਆਪ ਜੀ ਨੂੰ ਕਰ ਰਿਹਾ ਹਾਂ ਜੀ। ਡਰ ਗੁਰੂ ‘ਤੋਂ ਹੈ ਅਤੇ ਤੁਹਾਡੇ ‘ਤੋਂ ਵੀ। ਜੇ ਆਪ ਜੀ ਮੁਤਾਬਕ ਦਸਮ ਗ੍ਰੰਥ ਸਮੁੱਚੇ ਰੂਪ `ਚ ਗੁਰੂ ਕ੍ਰਿਤ ਨਹੀਂ ਹੈ ਅਤੇ ਇਸ ਲਈ ਉਹ ਮੰਨਣ ਯੋਗ ਵੀ ਨਹੀਂ ਹੈ ਤਾਂ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁਚੇ ਰੂਪ ਵਿੱਚ ‘ਗੁਰੂ ਕ੍ਰਿਤ’ ਹਨ, ਅਤੇ ਇਸ ਹਾਲਤ ਵਿੱਚ ਇਸ ਬਾਰੇ ਆਪ ਜੀ ਦਾ ਕੀ ਵਿਚਾਰ ਹੈ? ਆਪ ਜੀ ਭਗਤ ਬਾਣੀ ਨੂੰ ਗੁਰੂ ਦਾ ਸਤਿਕਾਰ ਨਹੀਂ ਦਿੰਦੇ? ਭੱਟ ਬਾਣੀ ਨੂੰ ਆਪ ਨਹੀਂ ਮੰਨਦੇ? ਮੁਸਲਮਾਨ ਦਰਵੇਸ਼ ਬਾਬਾ ਫ਼ਰੀਦ ਜੀ ਦੀ ਬਾਣੀ ਬਾਰੇ ਆਪ ਜੀ ਕੀ ਸਮਝਦੇ ਹੋ? ਸ੍ਰੀ ਗੁਰ ਗ੍ਰੰਥ ਸਾਹਿਬ ਵਿੱਚ ਸ਼ਾਮਲ ਗੁਰ ਸਿੱਖਾਂ ਦੀ ਬਾਣੀ ਨੂੰ ਆਪ ਜੀ ਨਹੀਂ ਮੰਨਦੇ?
13. ਆਪ ਜੀ ਦੀ ਭਾਸ਼ਾ ਕਈ ਥਾਂ ਬਹੁਤ ਤੱਤੀ ਹੋ ਜਾਂਦੀ ਹੈ। ਮੈਨੂੰ ਗੁਰਬਾਣੀ ਦੀ ਪੰਕਤੀ ਚੇਤੇ ਆ ਗਈ: “ਇਕਿ ਤਤੇ ਇਕਿ ਬੋਲਨਿ ਮਿਠੇ”। ਇਸ ਲਈ ਮੈਨੂੰ ਲੱਗਿਆ ਕਿ ਆਪ ਜੀ ‘ਤੱਤ’ ਨਹੀਂ ‘ਤੱਤੇ’ ਹੋ। ਕਿਉਂਕਿ ਤੱਤ ਨੂੰ ਤੱਤੇ ਹੋਣਾ ਪਸੰਦ ਨਹੀਂ ਹੈ ਜੀ।
14. ਆਪ ਜੀ ਦੀ ਧਾਰਣਾ ਮੁਤਾਬਕ ਨੌਵੇਂ ਪਾਤਸ਼ਾਹ ਨੇ ਪੁਜਾਰੀਆਂ ਦੇ ਹੱਕ ਵਿੱਚ ਸ਼ਹਾਦਤ ਦਿਤੀ ਪਰ ਪੁਜਾਰੀਵਾਦ ਦਾ ਖੰਡਨ ਕੀਤਾ। ਤੁਹਾਡੇ ਮੁਤਾਬਕ ਗੁਰੂ ਸਾਹਿਬ ਚੋਰ (ਪੁਜਾਰੀ) ਨੂੰ ਚੋਰੀ (ਪੁਜਾਰੀਵਾਦ) ਦੀ ਸਜ਼ਾ ਦੇਣ ਦੇ ਹੱਕ ਵਿੱਚ ਨਹੀਂ ਸਨ। ਜੇ ਕੋਈ ਕਹੇ ਕਿ ਮੈਂ ਚੋਰੀ ਦਾ ਖੰਡਨ ਕਰਦਾ ਹਾਂ ਪਰ ਚੋਰਾਂ ਦੇ ਹੱਕ ਵਿੱਚ ਹਾਂ ਤਾਂ ਤੁਸੀਂ ਕੀ ਕਹੋਗੇ? (ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਬਾਰੇ ਮੇਰਾ ਵਿਚਾਰ ਤੁਹਾਡੇ ਵਾਲਾ ਨਹੀਂ ਹੈ- ਕਿਤੇ ਹੋਰ ਵਿਚਾਰ ਕਰਾਂਗੇ)
15. ਆਪ ਜੀ ਦੀ ਸਾਈਟ `ਤੇ ਕੁੱਝ ਤੁਹਾਡੀਆਂ ਮਨਪਸੰਦ ਸਾਈਟਾਂ ਦੇ ਪਤੇ ਦਿੱਤੇ ਗਏ ਹਨ। ਉਨ੍ਹਾਂ ਵਿੱਚ ਇੱਕ ਸ. ਗੁਰਤੇਜ ਸਿੰਘ ਜੀ ਦਾ ਬਲੌਗ ਹੈ, ਜਿਸ ਦੇ ਸਿਰਲੇਖ ਵਜੋਂ ਲਿਖਿਆ ਹੈ: “ਪੂਜਾ ਅਕਾਲ ਕੀ, ਪਰਚਾ ਸਬਦ ਕਾ, ਦੀਦਾਰ ਖ਼ਾਲਸੇ ਕਾ, ਭਲਾ ਸਰਬੱਤ ਦਾ”। ਜੇ ਇਹ ਮਾਟੋ ਇੱਕ ਸਿੱਖ ਦਾ ਹੈ ਤਾਂ ਹਰ ਸਿੱਖ ਅਕਾਲ ਦੀ ਪੂਜਾ ਕਰਨ ਵਾਲਾ ਪੁਜਾਰੀ ਹੈ। ਆਪ ਇਸ ਪੁਜਾਰੀਵਾਦ ਨੂੰ ਖ਼ਤਮ ਕਰਨ ਦਾ ਟੀਚਾ ਮਿਥੀ ਬੈਠੇ ਹੋ, ਇਹ ਕਾਰਜ ਆਪ ਜੀ ਨੂੰ ਹੀ ਮੁਬਾਰਕ ਹੈ।
16. ਪੰਜਵੇ ਪਾਤਸ਼ਾਹ ਜੀ ਦਾ ਫ਼ੁਰਮਾਨ ਯਾਦ ਰੱਖੋ: “ਏਕ ਨਾਮ ਕੋ ਥੀਓ ਪੂਜਾਰੀ” ਅਤੇ “ਠਾਕੁਰ ਕਾ ਸੇਵਕ ਸਦਾ ਪੂਜਾਰੀ”।
ਗੁਰੂ ਸਾਹਿਬਾਨ ਅਤੇ ਗੁਰੂ ਕਿਰਤਾਂ ਬਾਰੇ ਅਨੋਖੇ ਸਵਾਲ ਕਰਨ ਲਈ ਆਪ ਜੀ ਦੇ ਬੁਲੰਦ ਹੌਸਲੇ ਸਾਹਮਣੇ ਮੇਰਾ ਸਿਰ ਝੁਕਦਾ ਹੈ।
ਇਸ ਮਾਮਲੇ ਵਿੱਚ ਆਪ ਜੀ ਦੀ ਚਰਨ ਧੂੜ,
ਗੁਰਮੁਖ ਸਿੰਘ
ਸ੍ਰੀ ਦੂਖ ਨਿਵਾਰਨ ਸਾਹਿਬ, ਪਟਿਆਲਾ


(02/05/11)
ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ

ਪ੍ਰੋ. ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਨੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਦੇ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ
ਗੁਰਮਤਿ ਗਿਆਨ ਚੇਰੀਟੇਬਲ ਟਰੱਸਟ ਦੇ ਪ੍ਰਬੰਧ ਹੇਠ 1996 ਤੋਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਸਿੱਖ ਕੌਮ ਨੂੰ ਪੜ੍ਹੇ ਲਿਖੇ ਪ੍ਰਚਾਰਕ ਤਿਆਰ ਕਰਕੇ ਸਮਰਪਿਤ ਕਰਨ ਵਿਚ ਜੁਟਿਆ ਹੋਇਆ ਹੈ। ਬਾਨੀ ਪ੍ਰਿੰਸੀਪਲ ਗਿਆਨੀ ਜਗਜੀਤ ਸਿੰਘ ਸਿੱਦਕੀ ਜੀ ਦੇ ਅਰੰਭੇ ਪੰਥਕ ਕਾਰਜ ਨੂੰ ਪ੍ਰਿੰਸੀਪਲ ਕੰਵਰ ਮਹਿੰਦਰ ਪ੍ਰਤਾਪ ਸਿੰਘ ਦੀ ਯੋਗ ਅਗਵਾਈ ਮਿਲੀ। ਜਿਸ ਸਦਕਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਨੇ ਪੂਰੇ ਸਿੱਖ ਜਗਤ ਵਿਚ ਗੁਰਬਾਣੀ ਅਤੇ ਸਿੱਖੀ ਅਸੂਲਾਂ ਦੇ ਪ੍ਰਚਾਰ-ਪ੍ਰਸਾਰ ਨੂੰ ਦਿਨ ਰਾਤ ਇਕ ਕਰਕੇ ਸੰਗਤਾਂ ਤੱਕ ਪਹੁੰਚਾਇਆ।
ਪਿਛਲੇ ਕੁੱਝ ਸਾਲਾਂ ਤੋਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਦੇ ਵਾਇਸ ਪਿੰਸੀਪਲ ਦੇ ਤੌਰ ਤੇ ਸੇਵਾ ਨਿਭਾ ਰਹੇ ਪ੍ਰੋ. ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਨੂੰ 2 ਮਈ ਨੂੰ ਪ੍ਰਿੰਸੀਪਲ ਦੀ ਸੇਵਾ ਸੌਪੀ ਗਈ ਹੈ। ਪ੍ਰੋ. ਗੁਰਬਚਨ ਸਿੰਘ ਜੀ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਤੋਂ ਪ੍ਰਚਾਰਕ ਦਾ ਕੋਰਸ ਕਰਨ ਉਪਰੰਤ ਲੰਮਾ ਸਮਾਂ ਰਾਮਗੜ੍ਹੀਆ ਸਕੂਲ, ਲੁਧਿਆਣਾ ਵਿਖੇ ਧਾਰਮਿਕ ਅਧਿਆਪਕ ਵਜੋਂ ਸੇਵਾ ਨਿਭਾਈ। ਉਪਰੰਤ 15 ਸਾਲ ਤੱਕ ਥਾਈਲੈਂਡ ਵਿਖੇ ਗੁਰਦੁਆਰਾ ਸਾਹਿਬ ਵਿਖੇ ਬਤੌਰ ਹੈੱਡ ਗ੍ਰੰਥੀ ਸੇਵਾਵਾਂ ਨਿਭਾਈਆਂ। ਇਸ ਤੋਂ ਇਲਾਵਾ ਅਮਰੀਕਾ, ਕਨੇਡਾ, ਇੰਗਲੈਂਡ, ਨਿਊਂਜ਼ੀਲੈਂਡ, ਦੁਬਈ, ਯੂਰਪ ਤੇ ਏਸ਼ੀਆ ਦੇ ਅਨੇਕਾਂ ਹੀ ਗੁਰਦੁਆਰਿਆਂ ਵਿਚ ਗੁਰਬਾਣੀ ਵਿਖਿਆਨ ਦੁਆਰਾ ਸੰਗਤਾਂ ਨੂੰ ਗੁਰਮਤਿ ਤੋਂ ਜਾਣੂ ਕਰਾਇਆ ਹੈ।
ਜਿਥੇ ਗਿਆਨੀ ਜੀ ਇਕ ਸਫਲ ਵਕਤੇ ਦੇ ਤੌਰ ਤੇ ਸੇਵਾ ਨਿਭਾ ਰਹੇ ਹਨ ਉਥੇ ਉਨ੍ਹਾਂ ਨੇ ਗੁਰਮਤਿ ਦੇ ਸਿਧਾਂਤਾਂ ਨੂੰ ਲਿਖਤੀ ਰੂਪਮਾਨ ਕਰਕੇ 5 ਕਿਤਾਬਾਂ ਵੀ ਕੌਮ ਦੀ ਝੋਲੀ ਪਾਈਆਂ ਹਨ।
ਗੁਰਮਤਿ ਗਿਆਨ ਚੈਰੀਟੇਬਲ ਟਰੱਸਟ ਵੱਲੋਂ ਗੁਰਮਤਿ ਸਮਾਗਮ ਕਰਕੇ ਸਤਿਗੁਰੂ ਜੀ ਦੇ ਹਜ਼ੂਰ ਅਰਦਾਸ ਬੇਨਤੀ ਕਰਨ ਉਪਰੰਤ ਪ੍ਰੋ. ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਨੂੰ ਪ੍ਰਿੰਸੀਪਲ ਦੀ ਸੇਵਾ ਸੌਂਪੀ। ਇਸ ਮੌਕੇ ਕਾਲਜ ਦੇ ਪ੍ਰਬੰਧਕ, ਸਮੂਹ ਸਟਾਫ, ਵਿਦਿਆਰਥੀ ਅਤੇ ਪਤਵੰਤੇ ਸੱਜਣ ਹਾਜ਼ਰ ਸਨ।


(02/05/11)
ਕਿਰਪਾਲ ਸਿੰਘ ਬਠਿੰਡਾ

ਵਿਸ਼ਵ ਸਿੱਖ ਕੌਂਸਲ ਵਲੋਂ ੨੦੦੩ ਵਾਲਾ ਅਸਲੀ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਸਬੰਧੀ ਮਤਾ ਪਾਸ

*ਬਿਕ੍ਰਮੀ ਕੈਲੰਡਰ ਇਤਨਾ ਨੁਕਸਦਾਰ ਹੈ ਕਿ ਇਸ ਵਿੱਚ ਨਾ ਸਾਲ ਵਿੱਚ ਦਿਨਾਂ ਦੀ ਗਿਣਤੀ ਨਿਸਚਤ ਹੈ ਇਹ ੩੫੪ ਦਿਨਾਂ ਤੋਂ ਲੈ ਕੇ ੩੮੩ ਜਾਂ ੩੮੪ ਦਿਨ ਤੱਕ ਵਧਦੇ ਘਟਦੇ ਰਹਿੰਦੇ ਹਨ, ਨਾ ਸਾਲ ਦੇ ਮਹੀਨਿਆਂ ਦੀ ਗਿਣਤੀ ਨਿਸਚਤ ਹੈ- ਕਦੀ ਸਾਲ ਵਿੱਚ ੧੨ ਮਹੀਨੇ ਤੇ ਕਦੀ ੧੩, ਨਾ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਨਿਸਚਤ ਹੈ ਇਹ ੨੯ ਤੋਂ ਲੈ ਕੇ ੩੨ ਦਿਨ ਤੱਕ ਘਟਦੀ ਵਧਦੀ ਹੈ। ਕਦੀ ਦੋ ਦੋ ਦਿਨ ਇੱਕੋ ਤਿੱਥ ਰਹਿੰਦੀ ਹੈ ਤੇ ਕਦੀ ਇੱਕ ਦਿਨ ਵਿੱਚ ਦੋ ਦੋ ਤਿਥਾਂ ਆ ਜਾਂਦੀਆਂ ਹਨ। ਸਿਰਫ ਤਿੱਥਾਂ ਹੀ ਨਹੀਂ ਕਿਸੇ ਸਾਲ ਵਿੱਚ ਇੱਕੋ ਨਾਮ ਦੇ ਦੋ ਮਹੀਨੇ ਤੇ ਕਿਸੇ ਸਾਲ ਵਿੱਚ ਕੋਈ ਖਾਸ ਮਹੀਨਾ ਆਉਂਦਾ ਹੀ ਨਹੀਂ। ਇਸ ਲਈ ਗੁਰਪੁਰਬ ਦੀਆਂ ਤਰੀਖਾਂ ਨਿਸਚਤ ਕਰਨੀਆਂ ਇਸ ਤਰ੍ਹਾਂ ਦਾ ਗੋਰਖਧੰਦਾ ਹੈ ਜਿਹੜਾ ਕਿ ਪੰਡਤ ਵਲੋਂ ਬਣਾਈ ਯੰਤਰੀ ਤੋਂ ਬਿਨਾ ਹੱਲ ਹੋ ਹੀ ਨਹੀਂ ਸਕਦਾ

*ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਕੇ ਇਸ ਨੂੰ ਬਿਕ੍ਰਮੀ ਕੈਲੰਡਰ ਨਾਲ ਰਲਗੱਡ ਕਰਨ ਵਾਲੇ ਆਰਐੱਸਐੱਸ ਦੇ ਏਜੰਟ ਮਾਲੂਮ ਹੁੰਦੇ ਹਨ ਜਿਹੜੇ ਸਿੱਖਾਂ ਨੂੰ ਹਮੇਸ਼ਾਂ ਲਈ ਪੰਡਤਾਂ ਦੇ ਮੁਥਾਜ ਬਣਾਈ ਰੱਖਣਾ ਚਾਹੁੰਦੇ ਹਨ।


ਬਠਿੰਡਾ, ੨ ਮਈ (ਕਿਰਪਾਲ ਸਿੰਘ): ਵਿਸ਼ਵ ਸਿੱਖ ਕੌਂਸਲ-ਅਮੈਰਿਕਾ ਰੀਜਨ ਵਲੋਂ ਪਾਸ ਕੀਤੇ ਮਤੇ ਵਿੱਚ ੨੦੦੩ ਵਾਲੇ ਨਾਨਕਸ਼ਾਹੀ ਕੈਲੰਡਰ ਨੂੰ ਸਵੀਕਾਰ ਕਰਦਿਆਂ ਸਾਰੇ ਸਿੱਖ ਜਗਤ ਨੂੰ ਪੁਰਜ਼ੋਰ ਸ਼ਬਦਾਂ ਵਿਚ ਅਪੀਲ ਕੀਤੀ ਗਈ ਹੈ ਕਿ ਉਹ ਅੱਜ ਤੋਂ ਹੀ ਸਾਰੇ ਗੁਰਪੁਰਬ ਅਤੇ ਹੋਰ ਦਿਨ-ਦਿਹਾੜੇ ਇਸ ਕੈਲੰਡਰ ਅਨੁਸਾਰ ਮਨਾਉਣ ਦੀ ਕਿਰਪਾਲਤਾ ਕਰਨ ਤੋਂ ਇਲਾਵਾ ਆਪਣੇ ਪਰਿਵਾਰਕ ਤੇ ਸਮਾਜਕ ਕਾਰ-ਵਿਹਾਰ ਵੀ ਇਸ ਕੈਲੰਡਰ ਅਨੁਸਾਰ ਹੀ ਕਰਨ। ਇਹ ਜਾਣਕਾਰੀ ਕੌਂਸਿਲ ਦੇ ਜਨਰਲ ਸਕੱਤਰ ਡਾ: ਤਰੁਣਜੀਤ ਸਿੰਘ ਨੇ ਸੰਸਥਾ ਦੇ ਲੈਟਰਪੈਡ 'ਤੇ ਪਾਸ ਕੀਤੇ ਮਤੇ ਦੀ ਨਕਲ ਭੇਜ ਕੇ ਦਿਤੀ। ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ੨੦੦੩ ਵਿੱਚ ਜਾਰੀ ਕੀਤੇ ਗਏ, ਨਾਨਕਸ਼ਾਹੀ ਕੈਲੰਡਰ ਨੂੰ ਹੂਬਹੂ ਸਵੀਕਾਰ ਕਰਨ ਦੇ ਕਾਰਨ ਦਸਦਿਆਂ ਮਤੇ ਵਿੱਚ ਲਿਖਿਆ ਹੈ ਕਿ:-
ਇਸ ਕੈਲੰਡਰ ਦਾ ਨਾਮ ਗੁਰੂ ਨਾਨਕ ਸਾਹਿਬ ਦੇ ਨਾਮ ਨਾਲ ਸ਼ੁਰੂ ਹੁੰਦਾ ਹੈ, ਅਤੇ ਇਸ ਦਾ ਸੰਮਤ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਵਾਲੇ ਸਾਲ ੧੪੬੯ ਤੋਂ ਸ਼ੁਰੂ ਹੈ। ਮਹੀਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਬਾਰਹ ਮਾਹਾ ਅਨੁਸਾਰ ਚੇਤ ਤੋਂ ਹੀ ਅਰੰਭ ਹੁੰਦੇ ਹਨ।
ਇਸ ਕੈਲੰਡਰ ਵਿੱਚ ਸਾਲ ਦੀ ਲੰਬਾਈ, ਅੰਗ੍ਰੇਜ਼ੀ ਗਰੈਗੋਰੀਅਨ ਕੈਲੰਡਰ ਯਾ ਮੌਸਮੀ ਸਾਲ ਵਾਂਗ, ੩੬੫ ਦਿਨ ੫ ਘੰਟੇ ੪੮ ਮਿੰਟ ੪੫ ਸਕਿੰਟ 'ਤੇ ਆਧਾਰਿਤ ਹੈ ਜਿਸ ਸਦਕਾ ਮਹੀਨਿਆਂ ਤੇ ਰੁੱਤਾਂ ਦਾ ਆਪਸੀ ਸਬੰਧ ਸਦਾ ਲਈ ਉਹੀ ਰਹੇਗਾ ਜੋ ਗੁਰਬਾਣੀ ਵਿੱਚ ਬਾਰਹ ਮਾਹਾ, ਅਤੇ ਰੁਤੀ ਸਲੋਕ ਦੀ ਬਾਣੀ ਵਿੱਚ ਦਰਸਾਇਆ ਗਿਆ ਹੈ।
ਮਹੀਨੇ ਕੇਵਲ ੩੧ ਜਾਂ ੩੦ ਦਿਨ ਦੇ ਹਨ। ਪਹਿਲੇ ੫ ਮਹੀਨੇ ੩੧/੩੧ ਦਿਨ ਦੇ ਅਤੇ ਬਾਕੀ ਸਾਰੇ ੩੦/੩੦ ਦਿਨ ਦੇ। ਲੀਪ ਦੇ ਸਾਲ ਵਿੱਚ ਫ਼ੱਗਣ ੩੧ ਦਿਨ ਦਾ। ਇਹ ਚੇਤੇ ਰੱਖਣ ਲਈ ਬੜਾ ਸਰਲ ਹੈ। ਜਦ ਫ਼ਰਵਰੀ ਲੀਪ ਦੀ ਹੋਵੇਗੀ ਉਸ ਸਾਲ ਫ਼ੱਗਣ ਲੀਪ ਦਾ ਹੋਵੇਗਾ।
ਗੁਰਪੁਰਬਾਂ ਦੀਆਂ ਤਾਰੀਖ਼ਾਂ ਸੂਰਜੀ ਕੈਲੰਡਰ ਅਨੁਸਾਰ ਹੋਣ ਕਾਰਣ ਸਾਰੇ ਗੁਰਪੁਰਬਾਂ ਦੀਆਂ ਤਾਰੀਖਾਂ ਸਦਾ ਲਈ ਨਾਨਕਸ਼ਾਹੀ ਕੈਲੰਡਰ ਅਤੇ ਸਾਂਝੇ ਕੈਲੰਡਰ ਵਿੱਚ ਨਿਸ਼ਚਿਤ ਹੋਣ ਕਾਰਨ ਹਰ ਸਾਲ ਉਹੀ ਰਹਿਣਗੀਆਂ ਅਤੇ ਸਾਲ ਵਿਚ ਇੱਕੋ ਵਾਰੀ ਆਉਣਗੀਆਂ। ਮਿਸਾਲ ਦੇ ਤੌਰ 'ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਦਿਵਸ ੨੩ ਪੋਹ ਨਾਨਕਸ਼ਾਹੀ ਅਤੇ ੫ ਜਨਵਰੀ ਸਦਾ ਹੀ ਇੱਕੋ ਦਿਨ ਆਉਣਗੇ।
ਉਕਤ ਕਾਰਨਾਂ ਤੋਂ ਇਲਾਵਾ ਮਤੇ ਵਿੱਚ ਇਹ ਵੀ ਲਿਖਿਆ ਹੈ ਕਿ ਨਾਨਕਸ਼ਾਹੀ ਕੈਲੰਡਰ ਸਿੱਖਾਂ ਦੀ ਵਖਰੀ ਹਸਤੀ ਅਤੇ ਅੱਡਰੀ ਕੌਮੀਅਤ ਦਾ ਪ੍ਰਤੀਕ ਹੈ ਜਿਸ ਤੋਂ ਸਿੱਖਾਂ ਨੂੰ ਆਪਣੇ ਕੌਮੀ ਨਿਸ਼ਾਨੇ ਵੱਲ ਅੱਗੇ ਵਧਣ ਦੀ ਪ੍ਰੇਰਨਾ ਮਿਲਦੀ ਹੈ ਇਸ ਲਈ ਸਿੱਖ ਕੌਮ ਪਾਸ ਆਪਣੇ ਨਵੇਕਲੇ ਕੈਲੰਡਰ ਦਾ ਹੋਣਾ ਵਿਸ਼ੇਸ਼ ਮਹੱਤਤਾ ਰਖਦਾ ਹੈ।
ਇਹ ਦੱਸਣਯੋਗ ਹੈ ਕਿ ਵਿਸ਼ਵ ਸਿੱਖ ਕੌਂਸਲ - ਅਮੈਰਿਕਾ ਰਿਜਨ, ਸਿੱਖ ਗੁਰੂਦੁਆਰੇ ਅਤੇ ਸੰਸਥਾਂਵਾਂ ਦੀ ਅਮਰੀਕਾ ਵਿਚ ਇਕ ਪ੍ਰਤਿਨਧ ਅਤੇ ਚੁਣੀ ਹੋਈ ਸੰਸਥਾ ਹੈ ਜਿਸ ਦੇ ਕੌਮੀ ਪੱਧਰ 'ਤੇ ਮੈਂਬਰਾਂ ਦੀ ਸੂਚੀ ਵਿਚ ੪੭ ਗੁਰੂਦੁਆਰੇ ਅਤੇ ਹੋਰ ਸਿੱਖ ਸੰਸਥਾਵਾਂ ਸ਼ਾਮਲ ਹਨ। ਇਹ ਸੰਸਥਾ ਸਿੱਖ ਮਸਿਲਆਂ ਦੀ ਬੇਹਤਰੀ ਲਈ ਕੌਮੀ ਅਤੇ ਅੰਤ੍ਰਰਾਸ਼ਟਰੀ ਪੱਧਰ 'ਤੇ ਅੇਡਵੋਕੇਸੀ ਕਰਦੀ ਹੋਈ ਵਿਦਿਅਕ ਅਤੇ ਮਨੁਖਤਾ ਦੀ ਭਲਾਈ ਵਰਗੇ ਮਸਿਲਆਂ 'ਤੇ ਕੇਂਦਰਿਤ ਰਹਿ ਕੇ ਕੰਮ ਕਰਦੀ ਹੈ। ਵਿਸ਼ਵ ਸਿੱਖ ਕੌਂਸਲ - ਅਮੈਰਿਕਾ ਰਿਜਨ ਵਲੋਂ ਪਾਸ ਕੀਤੇ ਗਏ ਇਸ ਮਤੇ ਵਿੱਚ ਸਰਦਾਰ ਪਾਲ ਸਿੰਘ (ਪੁਰੇਵਾਲ) ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਹੈ, ਜਿਨ੍ਹਾਂ ਨੇ ਨਾਨਕਸ਼ਾਹੀ ਕੈਲੰਡਰ ਨੂੰ ਬੜੀ ਮਿਹਨਤ ਨਾਲ ਵਿਗਿਆਨਕ ਢੰਗ ਵਰਤ ਕੇ ਤਿਆਰ ਕੀਤਾ ਹੈ। ਇਸ ਦੇ ਨਾਲ ਹੀ ਮਤੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਵਿਚ ਬੇਨਤੀ ਕੀਤੀ ਗਈ ਹੈ ਕਿ ਉਹ ੨੦੦੩ ਵਿੱਚ ਸਮੁੱਚੇ ਪੰਥ ਵਲੋਂ ਪਰਵਾਨ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਨੂੰ ਮੁੜ ਕੇ ਲਾਗੂ ਕਰਨ ਦਾ ਆਦੇਸ਼ ਦੇਣ ਦੀ ਕਿਰਪਾਲਤਾ ਕਰਨ।
ਇਹ ਦੱਸਣਯੋਗ ਹੈ ਕਿ ੨੦੧੦ ਵਿੱਚ ਸੋਧ ਦੇ ਨਾਮ 'ਤੇ ਨਾਨਕਸ਼ਾਹੀ ਕੈਲੰਡਰ, ਬਿਕ੍ਰਮੀ ਕੈਲੰਡਰ ਦਾ ਮਿਲਗੋਭਾ ਕਰ ਦਿੱਤਾ ਗਿਆ ਹੈ। ਬਿਕ੍ਰਮੀ ਕੈਲੰਡਰ ਦੇ ਸੂਰਜੀ ਸਾਲ ਦੀ ਲੰਬਾਈ ੩੬੫.੨੫੮੭ ਦਿਨ ਹੈ ਤੇ ਇਹ ਮੌਸਮੀ ਸਾਲ, ਜਿਸ ਦੀ ਲੰਬਾਈ ੩੬੫.੨੪੨੨ ਹੈ, ਤੋਂ ਲੱਗਭੱਗ ੬੦ ਸਾਲ ਪਿੱਛੋਂ ઠਇਕ ਦਿਨ ਅੱਗੇ ਹੋ ਜਾਂਦਾ ਹੈ। ਇਹ ਕੈਲੰਡਰ ਵੀ ੧੮-੧੯ ਨਵੰਬਰ ੧੯੬੪ ਨੂੰ ਅੰਮ੍ਰਿਤਸਰ ਵਿਖੇ ਹੋਈ ਮੀਟੰਗ ઠਵਿਚ ਸੋਧਿਆ ਜਾ ਚੁੱਕਾ ਹੈ। ਨਵੇਂ ਸਿਧਾਂਤ ਨੂੰ ਦ੍ਰਿਕਗਿਣਤ ਸਿਧਾਂਤ ਕਿਹਾ ਜਾਂਦਾ ਹੈ, ਜਿਸ ਅਨੁਸਾਰ ਸਾਲ ਦੀ ਲੰਬਾਈ ੩੬੫.੨੫੬੩ ਦਿਨ ਹੈ। ਇਹ ਸਾਲ ਵੀ ਮੌਸਮੀ ਸਾਲ ਤੋਂ ਲੱਗਭੱਗ ੭੨ ਸਾਲ ਪਿੱਛੋਂ ਇਕ ਦਿਨ ਅੱਗੇ ਹੋ ਜਾਂਦਾ ਹੈ। ਇਨ੍ਹਾਂ ਕੈਲੰਡਰਾਂ ਦੀ ਵਰਤੋਂ ਕਾਰਨ ਹੀ ઠਪਿਛਲੇ ੫੦੦ ਸਾਲ ਵਿਚ ਮੌਸਮੀ ਸਾਲ ਨਾਲੋਂ ਲੱਗ ਭੱਗ ੮ ਦਿਨਾਂ ਦਾ ਫਰਕ ਪੈ ਚੁੱਕਾ ਹੈ। ਜੇ ਇਹ ਇਸੇ ਤਰ੍ਹਾ ਹੀ ਚਲਦਾ ਰਹੇ ਤਾਂ ਗੁਰਬਾਣੀ ਵਿਚ ਦਰਜ ਮਹੀਨਿਆਂ ਦਾ ਸਬੰਧ ਰੁੱਤਾਂ ਨਾਲੋ ਟੁੱਟ ਜਾਵੇਗਾ।
ਬਿਕ੍ਰਮੀ ਕੈਲੰਡਰ ਦਾ ਹੋਰ ਵੱਡਾ ਨੁਕਸ ਇਹ ਹੈ ਕਿ ਇਸ ਵਿੱਚ ਗੁਰਪੁਰਬ ਤੇ ਹੋਰ ਦਿਹਾੜੇ ਚੰਦ੍ਰਮਾ ਦੀਆਂ ਤਿਥਾਂ ਦੇ ਹਿਸਾਬ ਰੱਖੇ ਗਏ ਹਨ। ਚੰਦਰ ਸਾਲ ਦੀ ਲੰਬਾਈ ੩੫੪.੩੭ ਦਿਨ ਹੁੰਦੀ ਹੈ ਇਹ ਸਾਲ ਸੂਰਜੀ ਸਾਲ ਤੋਂ ਲਗਪਗ ੧੧ ਦਿਨ ਛੋਟਾ ਹੈ। ਦੋ ਸਾਲ 'ਚ ਹੀ ਇਹ ਸੂਰਜੀ ਸਾਲ ਨਾਲੋਂ ੨੨ ਦਿਨ ਪਿਛੇ ਰਹਿ ਜਾਂਦਾ ਹੈ। ਇਸ ਨੂੰ ਸੂਰਜੀ ਸਾਲ ਦੇ ਨੇੜੇ ਤੇੜੇ ਰੱਖਣ ਲਈ ਇਸ ਸਾਲ 'ਚ ਇਕ ਹੋਰ ਮਹੀਨਾ ਜੋੜ ਦਿੱਤਾ ਜਾਂਦਾ ਹੈ। ਅਜੇਹੇ ਸਾਲ ਵਿਚ ਚੰਦ ਦੇ ਸਾਲ ਦੇ ੧੩ ਮਹੀਨੇ ਅਤੇ ੩੮੩ ਜਾਂ ੩੮੪ ਦਿਨ ਹੁੰਦੇ ਹਨ। ੨੦੧੦ ਵਿਚ ਵੈਸਾਖ ਦੇ ਦੋ ਮਹੀਨੇ ਸਨ। ੨੦੧੨ 'ਚ ਭਾਦੋਂ ਦੇ ੨ ਮਹੀਨੇ ਹੋਣਗੇ। ਤੇਰਵੇਂ ਮਹੀਨੇ ਨੂੰ ਮਲ ਮਾਸ ਕਹਿੰਦੇ ਹਨ। ਇਸ ਮਹੀਨੇ ਕੋਈ ਵੀ ਸ਼ੁਭ ਕੰਮ ਨਹੀ ਕੀਤਾ ਜਾ ਸਕਦਾ। ਇਸ ਲਈ ਇਸ ਮਹੀਨੇ ਤੋਂ ਪਿਛੋਂ ਆਉਣ ਵਾਲੇ ਸਾਰੇ ਦਿਹਾੜੇ ੧੮/੧੯ ਦਿਨ ਪੱਛੜ ਜਾਂਦੇ ਹਨ। ੧੯ ਸਾਲਾਂ 'ਚ ੭ ਸਾਲ ਅਜੇਹੇ ਹੁੰਦੇ ਹਨ। ਇਸ ਕਾਰਨ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ (ਪੋਹ ਸੁਦੀ ੭) ਇਕ ਸਾਲ 'ਚ ਦੋ ਵਾਰੀ ਆ ਜਾਂਦਾ ਹੈ ਅਤੇ ਕਿਸੇ ਸਾਲ ਇਕ ਵੇਰੀ ਵੀ ਨਹੀਂ ਆਉਂਦਾ। ਇਸ ਸਾਲ ਇਹ ਦਿਹਾੜਾ ੧੧ ਜਨਵਰੀ ਸੀ ਅਤੇ ਫਿਰ ੩੧ ਦਸੰਬਰ ਨੂੰ ਹੋਵੇਗਾ, ੨੦੧੨ ਵਿਚ ਇਹ ਦਿਹਾੜਾ ਨਹੀ ਆਵੇਗਾ। ੨੦੧੩ 'ਚ ੧੮ ਜਨਵਰੀ, ઠ੨੦੧੪ 'ਚ ੭ ਜਨਵਰੀ ਅਤੇ ੨੮ ਦਸੰਬਰ ਨੂੰ ਹੋਵੇਗਾ ਪਰ ੨੦੧੫ 'ਚ ਨਹੀ ਆਵੇਗਾ। ਬਿਕ੍ਰਮੀ ਕੈਲੰਡਰ ਇਤਨਾ ਨੁਕਸਦਾਰ ਹੈ ਕਿ ਇਸ ਵਿੱਚ ਨਾ ਸਾਲ ਵਿੱਚ ਦਿਨਾਂ ਦੀ ਗਿਣਤੀ ਨਿਸਚਤ ਹੈ ਇਹ ੩੫੪ ਦਿਨਾਂ ਤੋਂ ਲੈ ਕੇ ੩੮੩ ਜਾਂ ੩੮੪ ਦਿਨ ਤੱਕ ਵਧਦੇ ਘਟਦੇ ਰਹਿੰਦੇ ਹਨ, ਨਾ ਸਾਲ ਦੇ ਮਹੀਨਿਆਂ ਦੀ ਗਿਣਤੀ ਨਿਸਚਤ ਹੈ- ਕਦੀ ਸਾਲ ਵਿੱਚ ੧੨ ਮਹੀਨੇ ਤੇ ਕਦੀ ੧੩, ਨਾ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਨਿਸਚਤ ਹੈ ਇਹ ੨੯ ਤੋਂ ਲੈ ਕੇ ੩੨ ਦਿਨ ਤੱਕ ਘਟਦੀ ਵਧਦੀ ਹੈ। ਕਦੀ ਦੋ ਦੋ ਦਿਨ ਇੱਕੋ ਤਿੱਥ ਰਹਿੰਦੀ ਹੈ ਤੇ ਕਦੀ ਇੱਕ ਦਿਨ ਵਿੱਚ ਦੋ ਦੋ ਤਿਥਾਂ ਆ ਜਾਂਦੀਆਂ ਹਨ। ਸਿਰਫ ਤਿੱਥਾਂ ਹੀ ਨਹੀਂ ਕਿਸੇ ਸਾਲ ਵਿੱਚ ਇੱਕੋ ਨਾਮ ਦੇ ਦੋ ਮਹੀਨੇ ਤੇ ਕਿਸੇ ਸਾਲ ਵਿੱਚ ਕੋਈ ਖਾਸ ਮਹੀਨਾ ਆਉਂਦਾ ਹੀ ਨਹੀਂ। ਇਸ ਲਈ ਗੁਰਪੁਰਬ ਦੀਆਂ ਤਰੀਖਾਂ ਨਿਸਚਤ ਕਰਨੀਆਂ ਇਸ ਤਰ੍ਹਾਂ ਦਾ ਗੋਰਖਧੰਦਾ ਹੈ ਜਿਹੜਾ ਕਿ ਪੰਡਤ ਵਲੋਂ ਬਣਾਈ ਯੰਤਰੀ ਤੋਂ ਬਿਨਾ ਹੱਲ ਹੋ ਹੀ ਨਹੀਂ ਸਕਦਾ। ਸੋ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਕੇ ਇਸ ਨੂੰ ਬਿਕ੍ਰਮੀ ਕੈਲੰਡਰ ਨਾਲ ਰਲਗੱਡ ਕਰਨ ਵਾਲੇ ਆਰਐੱਸਐੱਸ ਦੇ ਏਜੰਟ ਮਾਲੂਮ ਹੁੰਦੇ ਹਨ ਜਿਹੜੇ ਸਿੱਖਾਂ ਨੂੰ ਹਮੇਸ਼ਾਂ ਲਈ ਪੰਡਤਾਂ ਦੇ ਮੁਥਾਜ ਬਣਾਈ ਰੱਖਣਾ ਚਾਹੁੰਦੇ ਹਨ।


(02/05/11)
ਪਰਮਜੀਤ ਸਿੰਘ

ਇਕਬਾਲ ਸਿੰਘ ਜੀ,
ਫ਼ਤਿਹ ਪਰਵਾਨ ਕਰਨੀ।
ਅਕਾਲ ਤਖਤ ਅਤੇ ਅਕਾਲ ਬੁੰਗਾ ਦੋਹੇਂ ਸ਼ਬਦਾਂ ਦੀ ਇਸਤੇਮਾਲ ਸਦੀਆਂ ਪਹਿਲਾਂ ਦੀ ਜਾਪਦੀ ਹੈ ਅਤੇ ਗੁਰਬਿਲਾਸ ੬ ਵਿੱਚ ਵੀ ਦਰਜ ਹੈ। ਫ਼ਿਰ ਆਪ ਜੀ ਅਕਾਲ ਤਖਤ ਨਾਮ ਰਖਣ ਦਾ ਜਿੰਮਾਂ ਐਸ. ਜੀ. ਪੀ. ਸੀ ਤੇ ਕਿੰਝ ਪਾ ਰਹੇ ਹੋ? ਕੀ ੧੭੧੫-੨੦ ਵਿੱਚ ਕਮੇਟੀ ਵਾਲੇ ਅਤੇ ਲਿਖਾਰੀ ਆਪਸ ਵਿੱਚ ਰੱਲੇ ਹੋਏ ਸਨ? ਸ. ਹਰਦੇਵ ਸਿੰਘ ਜੀ ਵਲੋਂ ਉਠਾਈਆਂ ਇਨ੍ਹਾਂ ਗੱਲਾ ਦਾ ਜਵਾਬ ਅਜ ਤਕ ਤੁਸੀ ਨਹੀਂ ਦਿੱਤਾ। ਤੁਹਾਨੂੰ ਅਜੇ ਖੋਜ ਦੀ ਲੋੜ ਹੈ। ਤੋਲ ਕੇ ਬੋਲਣਾ ਠੀਕ ਹੁੰਦਾ ਹੈ। ਕੁੱਝ ਗਲਤ ਕਿਹਾ ਹੋਵੇ ਤਾਂ ਮਾਫ਼ ਕਰਨਾ।
ਪਰਮਜੀਤ ਸਿੰਘ


(01/05/11)
ਦਰਸ਼ਨ ਸਿੰਘ ਖਾਲਸਾ

ਗੁਰੂ ਸਵਾਰੇ ਵੀਰ ਸ. ਮੱਖਣ ਸਿੰਘ ਜੀਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

ਵੀਰ ਜੀਓ ਬੀਤੇ ਸਮੇਂ ਵਿਚੋਂ ਆਪਜੀ ਨੇ ਮੇਰੀ ਜੀਵਨ ਸ਼ੈਲੀ ਦਾ ਅੰਦਾਜ਼ਾ ਲਾ ਲਿਆ ਹੋਵੇਗਾ, ਮੈਂ ਆਪਣੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਨਮਾਨ ਲਈ ਜੂਝ ਰਿਹਾ ਹਾਂ, ਇਹੋ ਮੇਰੇ ਜੀਵਨ ਸੰਘਰਸ਼ ਦੀ ਮੰਜ਼ਿਲ ਹੈ, ਇਸੇ ਲਈ ਮੈਂ ਕਿਸੇ ਹੋਰ ਵਿਸ਼ੇ ਤੇ ਜਵਾਬ ਸਵਾਲ ਜਾਂ ਟਕਰਾਓ ਵਿੱਚ ਕਦੀ ਨਹੀਂ ਪਿਆ, ਪਰ ਆਪ ਜੀ ਵਲੋਂ ਲਿੱਖੀ ਟਿਪਣੀ ਵਿਚੋਂ ਮੈਨੂੰ ਅਨਜਾਣੇ ਹੀ ਆਪਣੇ ਤੇ ਲੱਗਿਆ ਇੱਕ ਇਲਜ਼ਾਮ ਜਿਹਾ ਦਿਸਿਆ, ਤਾਂ ਆਪਣੇ ਸਬੰਧੀ ਦੋ ਕੁ ਲਾਈਨਾ ਲਿਖਣੀਆਂ ਜਰੂਰੀ ਸਮਝੀਆਂ।

ਵੀਰ ਜੀ, ਜਦੋਂ ਵੈਨਕੁਵਰ ਦੇ ਅਸਥਾਨਾਂ ਲਈ ਕੁਰਸੀਆਂ ਜਾਂ ਤੱਪੜਾਂ ਦਾ ਹੁਕਮਨਾਮਾ ਜਾਰੀ ਹੋਇਆ ਸੀ, ਮੈਂ ਉਸ ਦਿਨ ਤੋਂ ਹੀ ਕਈ ਵਾਰ ਰੇਡੀਓ ‘ਤੇ ਅਤੇ ਜੇ ਉਨ੍ਹਾਂ ਦਿਨਾਂ ਵਿੱਚ ਹੀ ਹੋਈ ਪੁਰਾਨੀ ਵੀਡੀਓ ਟੇਪ ਕਢਾਈ ਜਾਵੇ, ਤਾਂ ਰਘਬੀਰ ਸਿੰਘ ਸਮੱਘ ਸਾਹਿਬ ਦੇ ਟੀਵੀ ਪ੍ਰੋਗਰਾਮ ਟੋਰਾਂਟੋ ਤੋਂ ਬੋਲਦਿਆਂ, ਮੈਂ ਸਪਸ਼ਟ ਕੀਤਾ ਸੀ ਕਿ ਕੁਰਸੀਆਂ ਤੱਪੜਾਂ ਦਾ ਝਗੜਾ ਫਜ਼ੂਲ ਹੈ, ਲੰਗਰ ਦਾ ਅਰਥ ਹੈ, ਲੋੜਵੰਦ ਨੂੰ ਭੋਜਨ ਮਿਲੇ, ਜਿਸਨੂੰ ਪੁਰਾਤਨਤਾ ਕਹਿੰਦੇ ਹਨ, ਉਸ ਵੱਕਤ ਤਾਂ ਬਰਾਤਾਂ ਭੀ ਤੱਪੜਾਂ ਤੇ ਰੋਟੀ ਖਾਂਦੀਆਂ ਸਨ।

ਬਾਕੀ ਕੁੱਛ ਸਮਾਂ ਤਾਂ ਇਹ ਅਸਥਾਨ ਆਪਣੇ ਹਾਲਾਤਾਂ ਵਿੱਚ ਉਲਝੇ ਰਹੇ, ਇਨ੍ਹਾਂ ਸਮਾਂ ਮੰਗਿਆ ਹੀ ਨਹੀਂ, ਅੱਜ ਤੋਂ ਚਾਰ ਪੰਜ ਸਾਲ ਪਹਿਲੇ ਇਕ ਹੋਰ ਅਸਥਾਨ ਅਤੇ ਰੌਸ ਸਟਰੀਟ ਗੁਰਦੁਆਰੇ ਵਾਲਿਆਂ ਨੇ ਸਮਾਂ ਮੰਗਿਆ ਤਾਂ ਮੈਂ ਕਿਹਾ, ਦੋਵਾਂ ਥਾਵਾਂ ਤੇ ਜਾਵਾਂਗਾ, ਮਿਲਕੇ ਪ੍ਰੋਗਰਾਮ ਬਣਾ ਲਉ। ਜਦੋਂ ਮੈਂ ਵੈਨਕੁਵਰ ਪੁਜ ਗਿਆ, ਤਾਂ ਦੂਜੀ ਧਿਰ ਵਿਰੋਧ ਵਿੱਚ ਟਕਰਾਓ ‘ਤੇ ਤੁਲ ਗਈ। ਮੈਂ ਰੌਸ ਸਟਰੀਟ ਦੇ ਪ੍ਰਬੰਧਕਾਂ ਨਾਲ ਉਸ ਵਕਤ ਬਚਨ ਕੀਤਾ ਸੀ, ਕਿ ਮੈਂ ਦੋਹਾਂ ਦੇ ਸਾਂਝੇ ਪ੍ਰੋਗਰਾਮ ਲਈ ਆਇਆ ਸੀ, ਪਰ ਤੁਹਾਡੇ ਇਸ ਟਕਰਾਓ ਨੇ ਮੈਨੂੰ ਬੇਚੈਨ ਕੀਤਾ ਹੈ, ਇਸ ਵਾਰ ਮੈਂ ਕਿਤੇ ਭੀ ਪ੍ਰੋਗਰਾਮ ਨਹੀਂ ਕਰ ਰਿਹਾ। ਪਰ ਕਿਉਂਕਿ ਇਸ ਵਿਰੋਧ ਵਿੱਚ ਤੁਹਾਡਾ ਕੋਈ ਦੋਸ਼ ਨਹੀਂ, ਇਸ ਲਈ ਤੁਹਾਡੇ ਨਾਲ ਬਚਨ ਕਰਦਾ ਹਾਂ, ਕਿ ਮੈਂ ਕੀਰਤਨ ਕਰਨ ਲਈ ਜੇ ਵੈਨਕੁਵਰ ਵਿੱਚ ਆਵਾਂਗਾ, ਤਾਂ ਪਹਿਲਾ ਕੀਰਤਨ ਤੁਹਾਡੇ ਕੋਲ ਰੌਸ ਸਟਰੀਟ ਕਰਾਂਗਾ। ਸੋ ਪੰਜ ਸਾਲ ਪਹਿਲੇ ਕੀਤੇ ਬਚਨ ਨੂੰ ਪਾਲਦਿਆਂ, ਜਦੋਂ ਇਸ ਵਾਰ ਇੰਦਰਜੀਤ ਸਿੰਘ ਕਲੋਨਾ, ਸ. ਬਚਿੱਤਰ ਸਿੰਘ, ਸ. ਕੁਲਦੀਪ ਸਿੰਘ ਸ਼ੇਰੇ ਪੰਜਾਬ ਰੇਡਿਓ ਹੁਰਾਂ ਨੇ ਪ੍ਰੋਗਰਾਮ ਬਣਾਇਆ, ਤਾਂ ਉਨ੍ਹਾਂ ਵੀਰਾਂ ਕੋਲੋਂ ਪੁਛਿਆ ਜਾ ਸਕਦਾ ਹੈ, ਕਿ ਮੈਂ ਸਾਫ ਆਖਿਆ ਕਿ ਮੇਰਾ ਰੌਸ ਸਟਰੀਟ ਨਾਲ ਕੀਤਾ ਹੋਇਆ ਬਚਨ ਪਾਲਣਾ ਜਰੂਰੀ ਹੈ, ਅਤੇ ਪੰਜ ਸਾਲ ਪਹਿਲਾਂ ਕੀਤਾ ਹੋਇਆ ਉਹ ਬਚਨ ਪਾਲਿਆ, ਕਿਉਂਕੇ ਮੇਰੇ ਵੀਚਾਰਾਂ ਅਨੁਸਾਰ ਪਹਿਲੇ ਤੋਂ ਹੀ ਕੁਰਸੀਆਂ ਅਤੇ ਤੱਪੜਾਂ ਦਾ ਕੋਈ ਝਗੜਾ ਨਹੀਂ ਹੈ।

ਦਰਸ਼ਨ ਸਿੰਘ ਖਾਲਸਾ
(ਸੰਪਾਦਕੀ ਟਿੱਪਣੀ:- ਦਰਸ਼ਨ ਸਿੰਘ ਜੀ, ਮੈਂ ਵੈਨਕੂਵਰ ਤੋਂ ਤਕਰੀਬਨ 425 ਮੀਲ ਨੌਰਥ ਵੱਲ ਰਹਿੰਦਾ ਹਾਂ ਇਸ ਲਈ ਵੈਨਕੂਵਰ ਅਤੇ ਇਸ ਦੇ ਨਾਲ ਲੱਗਦੇ ਹੋਰ ਗੁਰਦੁਰਿਆਂ ਦੇ ਪ੍ਰਬੰਧਕਾਂ ਵਿੱਚ ਆਪਸੀ ਚੌਧਰ ਦੀ ਜਾਂ ਹੋਰ ਕਿਸੇ ਧੜੇਬੰਦੀ ਦੀ ਮੈਨੂੰ ਕੋਈ ਬਹੁਤੀ ਜਾਣਕਾਰੀ ਨਹੀਂ ਹੁੰਦੀ। ਜੋ ਕੁੱਝ ਅਖਬਾਰਾਂ, ਰੇਡੀਓ ਜਾਂ ਜੇਹੜੇ ਵਿਆਕਤੀ ਖੁਦ ਉਥੇ ਜਾ ਕੇ ਸੁਣ ਕੇ ਆਏ ਹੋਣ ਉਹਨਾ ਤੋਂ ਮਿਲੀ ਜਾਣਕਾਰੀ ਤੋਂ ਹੀ ਅੰਦਾਜ਼ਾ ਲਉਣਾ ਪੈਂਦਾ ਹੈ ਕਿ ਉਥੇ ਕੀ ਹੋ ਰਿਹਾ ਹੈ। ਹਾਂ, ਜੇ ਕਰ ਮੈਂ ਖੁਦ ਉਥੇ ਜਾ ਕੇ ਕਈਆਂ ਨੂੰ ਮਿਲ ਕੇ ਇਸ ਬਾਰੇ ਪੁੱਛ ਪੜਤਾਲ ਕਰਾਂ ਤਾਂ ਅਸਲੀਅਤ ਦਾ ਪਤਾ ਲੱਗ ਸਕਦਾ ਹੈ। ਤੁਹਾਡੇ ਬਾਰੇ ਜੋ ਪਹਿਲਾਂ ਟਿੱਪਣੀ ਕੀਤੀ ਸੀ ਉਹ ਜੋ ਕੁੱਝ ਅਖਬਾਰਾਂ ਵਿੱਚ ਛਪਿਆ ਸੀ ਜਾਂ ਉਸ ਵੇਲੇ ਆਮ ਲੋਕਾਂ ਦੀ ਜ਼ਬਾਨ ਤੇ ਸੀ, ਉਸ ਦੇ ਅਧਾਰ ਤੇ ਹੀ ਕੀਤੀ ਸੀ। ਜੋ ਕੁੱਝ ਹੁਣ ਤੁਸੀਂ ਦੱਸ ਰਹੇ ਹੋ ਇਸ ਬਾਰੇ ਮੈਂ ਨਾ ਤਾਂ ਅਖਬਾਰ ਵਿੱਚ ਪੜ੍ਹਿਆ ਸੀ ਅਤੇ ਨਾ ਹੀ ਕਿਸੇ ਤੋਂ ਸੁਣਿਆਂ ਸੀ। ਹੋ ਸਕਦਾ ਹੈ ਕਿ ਕਿਸੇ ਅਖਬਾਰ ਵਿੱਚ ਛਪਿਆ ਵੀ ਹੋਵੇ ਅਤੇ ਮੈਨੂੰ ਨਾ ਪਤਾ ਲੱਗਾ ਹੋਵੇ। ਉਂਜ ਵੀ ਸਾਡੇ ਸ਼ਹਿਰ ਵਿੱਚ ਇਕ-ਦੋ ਹੀ ਅਖਬਾਰਾਂ ਆਉਂਦੀਆਂ ਸਨ/ਹਨ ਸਾਰੀਆਂ ਨਹੀਂ ਜਿਹੜੀਆਂ ਕਿ ਉਥੇ ਛਪਦੀਆਂ ਹਨ। ਰਾਤ ਨੂੰ ਮੈਂ ਕੰਮ ਕਰਦਾ ਹੈ ਅਤੇ ਦਿਨ ਨੂੰ ਬਹੁਤਾ ਸਮਾ ਸਿੱਖ ਮਾਰਗ ਲਈ ਲੱਗ ਜਾਂਦਾ ਹੈ ਇਸ ਲਈ ਟੀ. ਵੀ. ਦੇ ਪ੍ਰੋਗਰਾਮ ਦੇਖਣ ਲਈ ਸਮਾ ਨਹੀਂ ਬਚਦਾ। ਰਘਬੀਰ ਸਿੰਘ ਦਾ ਗੁਰਬਾਣੀ ਪ੍ਰੋਗਰਾਮ ਕਿਤੇ ਸਮਾ ਮਿਲੇ ਤਾਂ ਦੇਖ ਲੈਂਦਾ ਹਾਂ ਪਰ ਉਸ ਨੂੰ ਚੰਗੇ ਪ੍ਰੋਗਰਾਮ ਪੇਸ਼ ਕਰਨ ਦੇ ਕਾਰਨ ਹਰ ਸਾਲ ਪਿਛਲੇ ਕਈ ਸਾਲਾਂ ਤੋਂ ਲਗਭੱਗ 500 ਡਾਲਰ ਭੇਜ ਦਿੰਦਾ ਰਿਹਾ ਹਾਂ। ਜੇ ਕਰ ਤੁਹਾਡੇ ਵਿਚਾਰਾਂ ਅਨੁਸਾਰ ਪਹਿਲਾਂ ਤੋਂ ਹੀ ਕੋਈ ਕੁਰਸੀਆਂ ਅਤੇ ਤੱਪੜਾਂ ਦਾ ਝਗੜਾ ਨਹੀਂ ਹੈ ਤਾਂ ਚੰਗੀ ਗੱਲ ਹੈ। ਇਹ ਹੋਰ ਵੀ ਚੰਗੀ ਗੱਲ ਹੈ ਤੁਸੀਂ ਖੁਦ ਹੀ ਇਸ ਦਾ ਸਪਸ਼ਟੀਕਰਨ ਦੇ ਦਿੱਤਾ ਹੈ। ਕਿਸੇ ਨੂੰ ਜਾਣਬੁੱਝ ਕੇ ਬਦਨਾਮ ਕਰਨਾ, ਜਿਸ ਤਰ੍ਹਾਂ ਕਈ ਆਮ ਸਿੱਖ ਕਰਦੇ ਹਨ ਜਾਂ ਕਿਸੇ ਸਵਾਲ ਜਵਾਬ ਵਿੱਚ ਉਲਝਾਉਣਾ ਮੇਰੇ ਸੁਭਾਅ ਦਾ ਹਿੱਸਾ ਨਹੀਂ ਹੈ)


(01/05/11)
ਡਾ: ਇਕਬਾਲ ਸਿੰਘ ਢਿੱਲੋਂ

ਸ. ਜਸਬੀਰ ਸ਼ਿੰਘ ਕੈਲਗਿਰੀ ਜੀ, ਮੇਰੇ ਵੱਲੋਂ ਆਪ ਜੀ ਨੂੰ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ।

ਸਿਖਮਾਰਗ ਵੈਬਸਾਈਟ ਤੇ ਆਏ ਆਪ ਜੀ ਦੇ 29. 04. 2011 ਦੇ ਪੱਤਰ ਲਈ ਆਪ ਜੀ ਦਾ ਧੰਨਵਾਦ ਹੈ ਜੀ।

ਆਪ ਜੀ ਨੇ ਦੁਹਰਾਓ ਦਾ ਕਾਰਨ ਮੇਰੇ ਵੱਲੋਂ ਅਸਪਸ਼ਟ ਹੋਣ ਨੂੰ ਦਸਿੱਆ ਹੈ। ਵਿਚਾਰ-ਚਰਚਾ ਦੌਰਾਨ ਮੈਂ ਆਪਣੇ ਵੱਲੋਂ ਪੂਰੀ ਤਰ੍ਹਾਂ ਸਪਸ਼ਟ ਹੋਣ ਅਤੇ ਗੋਲ-ਮੋਲ ਗੱਲ ਕਰਨ ਤੋਂ ਬਚਣ ਦਾ ਯਤਨ ਕਰਦਾ ਹਾਂ ਅਤੇ ਮੇਰਾ ਇਹ ਯਤਨ ਪਾਠਕਾਂ ਵੱਲੋਂ ਆਮ ਕਰਕੇ ਸਰਾਹਿਆ ਵੀ ਜਾਂਦਾ ਹੈ। ਅਸਲੀ ਕਾਰਨ ਆਪ ਜੀ (ਅਤੇ ਕੁੱਝ ਹੋਰ ਸੱਜਣਾਂ) ਦੀ ਸਵਾਲ ਕਰਨ ਦੀ ਤਕਨੀਕ ਵਿੱਚ ਹੈ ਕਿਉਂਕਿ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਣ ਲੱਗਦਾ ਹੈ ਜਿਵੇਂ ਕਿ ਮੈਂ ਕੋਈ ਮੁਜਰਿਮ ਹੋਵਾਂ ਅਤੇ ਅਦਾਲਤ ਦੇ ਕਟਿਹਰੇ ਵਿੱਚ ਇੱਕ ਵਕੀਲ ਵੱਲੋਂ ਜਿਰ੍ਹਾ (cross-examination) ਦਾ ਸਾਹਮਣਾ ਕਰ ਰਿਹਾ ਹੋਵਾਂ ਅਤੇ ਵਕੀਲ ਵੀ ਉਹ ਜੋ ਆਪਣੀ ਮਰਜ਼ੀ ਦਾ ਉੱਤਰ ਮੇਰੇ ਮੂੰਹ ਵਿੱਚੋਂ ਕਢਵਾਉਣ ਲਈ ਬਜ਼ਿਦ ਹੋਵੇ। ਫਿਰ ਉਸ ਵਕੀਲ ਨਾਲ ਉਸੇ ਸ੍ਰੇਣੀ ਦੇ ਕੁੱਝ ਹੋਰ ਵਕੀਲ ਵੀ ਸ਼ਾਮਲ ਹੋ ਜਾਣ। ਚੰਗੀ ਵਿਚਾਰ-ਚਰਚਾ ਵਿੱਚ ਹੋਣਾ ਇਹ ਚਾਹੀਦਾ ਹੈ ਕਿ ਦੂਸਰੀ ਧਿਰ ਦਾ ਭਾਵ ਸਮਝ ਲਿਆ ਜਾਵੇ ਅਤੇ ਉਸ ਬਾਰੇ ਆਪਣੀ ਸਹਿਮਤੀ ਜਾਂ ਅਸਹਿਮਤੀ ਪਰਗਟ ਕਰ ਦਿੱਤੀ ਜਾਵੇ। ਦੂਸਰੀ ਧਿਰ ਨੂੰ ਹਰ-ਹੀਲੇ ਆਪਣੇ ਪੱਖ ਦੇ ਨੁਕਤੇ ਉੱਤੇ ਲਿਆਉਣ ਦਾ ਯਤਨ ਵਿਚਾਰ-ਚਰਚਾ ਨੂੰ ਬੇਸੁਆਦ ਬਣਾ ਦਿੰਦਾ ਹੈ।

ਹੁਣ ਆਪ ਜੀ ਵੱਲੋਂ ਉਠਾਏ ਗਏ ਨੁਕਤਿਆਂ ਵੱਲ ਆਉਂਦੇ ਹਾਂ। ‘ਤਿਆਗ’ ਤੋਂ ਮੇਰਾ ਮਤਲਬ ਸੀ ਕਿ ਗੁਰੂ ਜੀ ਹੁਣ ਅੰਮ੍ਰਿਤਸਰ ਵਾਲੇ ਤਖਤ ਦੀ ਦਰਬਾਰ ਲਗਾਉਣ ਹਿਤ ਵਰਤੋਂ ਨਹੀਂ ਕਰ ਰਹੇ ਸਨ। ਤਖਤ ਅਲੋਪ ਤਾਂ ਹੋਇਆ ਹੀ ਸੀ। ਪਰੰਤੂ ਇਸ ਦੇ ਅਲੋਪ ਹੋਣ ਦੀ ਪੱਕੀ ਤਾਰੀਖ ਦਾ ਇਤਹਾਸ ਵਿੱਚ ਕੋਈ ਭਰੋਸੇਯੋਗ ਹਵਾਲਾ ਮੌਜੂਦ ਨਾ ਹੋਣ ਦੀ ਸਥਿਤੀ ਵਿੱਚ ਵੱਖ-ਵੱਖ ਸੰਭਾਵਨਾਵਾਂ ਬਾਰੇ ਤਾਂ ਸੋਚਿਆ ਹੀ ਜਾ ਸਕਦਾ ਹੈ। ਜੇ ਕਰ ਆਪ ਜੀ ਕੋਲ ਇਸ ਬਾਰੇ ਕੋਈ ਪੱਕੀ ਜਾਣਕਾਰੀ ਹੈ ਤਾਂ ਪਾਠਕਾਂ ਨਾਲ ਜ਼ਰੂਰ ਸਾਂਝੀ ਕਰੋ। ਮੈਂ ਇਹ ਕਦੀ ਨਹੀਂ ਕਿਹਾ ਕਿ ਛੇਵੇਂ ਗੁਰੂ ਜੀ ਨੇ “ਖੁਦ ਹੀ ਤਖਤ ਢਵਾ ਦਿੱਤਾ ਹੋਣਾ” ਹੈ। ਜੇਕਰ ਆਪ ਜੀ ਪਾਸ ਕੋਈ ਇਸ ਸਬੰਧੀ ਸਬੂਤ ਮੌਜੂਦ ਹੈ ਤਾਂ ਪੇਸ਼ ਕਰੋ ਜੀ। ਮੌਕਾ–ਮੇਲ (co-incidence) ਦਾ ਅਰਥ ਇਹ ਹੀ ਹੁੰਦਾ ਹੈ ਕਿ ਕੁੱਝ ਘਟਨਾਵਾਂ ਇੱਕੋ ਸਮੇਂ ਵਾਪਰ ਜਾਂਦੀਆਂ ਹਨ ਪਰੰਤੂ ਇਹ ਜ਼ਰੂਰੀ ਨਹੀਂ ਹੁੰਦਾ ਕਿ ਉਹਨਾਂ ਵਿੱਚ ਕੋਈ ਆਪਸੀ ਸਬੰਧ ਹੋਵੇ। 1635 ਈਸਵੀ ਤਕ ਛੇਵੇਂ ਗੁਰੂ ਜੀ ਵੱਲੋਂ ਸਿੱਖ ਮੱਤ ਵਿੱਚ ਮੀਰੀ ਦਾ ਪੱਖ ਉਜਾਗਰ ਕਰਨ ਦਾ ਮਿਸ਼ਨ ਪੂਰਾ ਹੋ ਗਿਆ ਸੀ (ਅਤੇ ਇਹ ਪੱਖ ਭਵਿਖ ਵਿੱਚ ਵੀ ਕਾਇਮ ਰਹਿਣਾਂ ਸੀ)। ਉਧਰ ਗੁਰੂ ਜੀ ਵੱਲੋਂ ਕੀਰਤਪੁਰ ਜਾ ਕੇ ਬਸੇਰਾ ਕਰਨ ਕਰਕੇ ਉਹਨਾਂ ਵੱਲੋਂ ਅੰਮ੍ਰਿਤਸਰ ਵਾਲੇ ਤਖਤ ਦੀ ਦਰਬਾਰ ਲਗਾਉਣ ਹਿਤ ਵਰਤੋਂ ਬੰਦ ਹੋ ਗਈ ਅਤੇ ਉਹਨਾਂ ਦੀ ਗੈਰਹਾਜ਼ਰੀ ਵਿੱਚ (ਉਹਨਾਂ ਦੇ ਜੀਵਤ ਹੁੰਦਿਆਂ ਜਾਂ ਉਹਨਾਂ ਦੇ ਇਸ ਸੰਸਾਰ ਵਿੱਚੋਂ ਚਲੇ ਜਾਣ ਤੋਂ ਛੇਤੀ ਮਗਰੋਂ) ਅੰਮ੍ਰਿਤਸਰ ਵਿਚਲਾ ਉਹਨਾਂ ਦਾ ਤਖਤ ਅਲੋਪ ਹੋ ਗਿਆ ਅਤੇ ਉਸ ਦੀ ਜਗਹ ਤੇ ਇੱਕ ਬੁੰਗਾ ਉਸੱਰ ਗਿਆ। ਇਹ ਤਾਂ ਤੱਥ ਹਨ। ਇਹਨਾਂ ਵਿੱਚੋਂ ਮੇਰੇ ਖਿਲਾਫ ਕੋਈ ਸਬੂਤ ਲਭਣ ਦੇ ਯਤਨ ਨੂੰ ਮੈਂ ਫੋਕੀ ਜਿਰ੍ਹਾ ਦਾ ਹਿੱਸਾ ਹੀ ਸਮਝਦਾ ਆ ਰਿਹਾ ਹਾਂ। ਇਹ ਤਾਂ ਸਪਸ਼ਟ ਹੀ ਹੈ ਕਿ ਗੁਰੂ ਜੀ ਆਪਣੇ ਹੱਥੀਂ ਉਸਾਰੇ ਤਖਤ ਨੂੰ ਢਾ ਦੇਣ ਦਾ ਹੁਕਮ ਨਹੀਂ ਕਰਨਗੇ। ਅਜਿਹੀ ਸੰਭਾਵਨਾਂ ਤਾਂ ਹੀ ਬਣਦੀ ਹੈ ਜੇਕਰ ਅਕਾਲ ਬੁੰਗਾ ਗੁਰੂ ਜੀ ਨੇ ਖੁਦ ਬਣਵਾਇਆ ਹੋਵੇ। ਨਿਸਚੇ ਹੀ ਤਖਤ ਨੂੰ ਅਲੋਪ ਕਰਨ ਦਾ ਕੰਮ ਦੋਖੀਆਂ ਦਾ ਹੀ ਹੈ।

ਸ. ਜਸਬੀਰ ਸਿੰਘ ਜੀ, ਮੈਂ ਇਹ ਕਦੇ ਨਹੀਂ ਕਿਹਾ ਕਿ ਗੁਰਮਤੇ ਕੇਵਲ ਤਖਤ ਦੇ ਸਾਹਵੇਂ ਬੈਠ ਕੇ ਹੀ ਹੋ ਸਕਦੇ ਹਨ। ਮੇਰੀ ਧਾਰਨਾਂ ਤਾਂ ਸਗੋਂ ਇਹ ਹੈ ਕਿ ਜਿਤਨੇ ਗੁਰਮਤੇ ਅੰਮ੍ਰਿਤਸਰ ਵਿਖੇ ਹੋਏ ਉਹ ਦਰਬਾਰ ਸਾਹਿਬ ਦੇ ਸਾਹਮਣੇ ਬੈਠ ਕੇ ਹੋਏ। ਤਖਤ ਦੀ ਜਗਹ ਦੀ ਜਾਂ ਉਸ ਵੇਲੇ ਤਕ ਉੱਸਰ ਚੁੱਕੇ ਬੁੰਗੇ ਦੀ ਸਰਬੱਤ ਖਾਲਸਾ ਇਕੱਤਰਤਾਵਾਂ ਜਾਂ ਇਹਨਾਂ ਵਿੱਚ ਕੀਤੇ ਗਏ ਗੁਰਮਤਿਆਂ ਨਾਲ ਕੋਈ ਸਬੰਧ ਨਹੀਂ ਸੀ। ਅਜਿਹਾ ਕੇਵਲ ਦਰਬਾਰ ਸਾਹਿਬ ਦੀ ਮਹੱਤਤਾ ਨੂੰ ਘਟਾਉਣ ਲਈ ਪਰਚਾਰਿਆ ਜਾਂਦਾ ਰਿਹਾ ਹੈ। ਛੇਵੇਂ ਗੁਰੂ ਜੀ ਦੇ ਤਖਤ ਦੀ ਸਾਡੇ ਗੌਰਵਮਈ ਵਿਰਸੇ ਦਾ ਹਿੱਸਾ ਹੋਣ ਕਰਕੇ ਅੱਜ ਵੀ ਲੋੜ ਹੈ ਜਿਵੇਂ ਕਿ ਅਨੰਦਗੜ੍ਹ ਕਿਲ੍ਹੇ ਦੀ। ਪਰ ਇਹ ਯਾਦ ਰੱਖਣਾ ਚਾਹਦਾ ਹੈ ਕਿ ਨਾ ਹੀ ਹੁਣ ਕਦੇ ਸਿੱਖ ਕੌਮ ਦਾ ਸਰਬੱਤ ਖਾਲਸਾ ਹੋਣਾ ਹੈ ਅਤੇ ਨਾ ਹੀ ਕੋਈ ਗੁਰਮਤੇ ਹੋਣੇ ਹਨ। ਬਦਲੇ ਹੋਏ ਹਾਲਾਤ ਵਿੱਚ ਸਿੱਖ ਕੌਮ ਨੇ ਕੀ ਰਸਤਾ ਅਖਤਿਆਰ ਕਰਨਾ ਹੈ ਇਸ ਦੀ ਅਗਵਾਈ ਕੇਵਲ ਸ੍ਰੀ ਗੁਰੂ ਗ੍ਰੰਥ ਜੀ ਹੀ ਦੇ ਸਕਦੇ ਹਨ।

ਅੱਜ ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਦੇ ਸਾਹਮਣੇ ਕੋਈ ਤਖਤ ਮੌਜੂਦ ਨਹੀਂ। ਜੇਕਰ ਆਪ ਜੀ ਇੱਕ ਪੰਜ ਮੰਜ਼ਿਲੀ ਇਮਾਰਤ ਨੂੰ ਤਖਤ ਕਹੋ ਤਾਂ ਮੈਂ ਤਾਂ ਇਸ ਨੂੰ ‘ਨਕਲੀ ਤਖਤ’ ਹੀ ਕਹਾਂਗਾ। ਜੇਕਰ ਇਸ ਇਮਾਰਤ ਵਿਚਲੇ ਗੁਰਦੁਆਰੇ (ਗੁਰਦੁਆਰਾ ਅਕਾਲ ਬੁੰਗਾ) ਦੀ ਗੱਲ ਕਰੀਏ ਤਾਂ ਕੀ ਇਸ ਦਾ ਚੋਰੀ-ਚੋਰੀ ਨਾਮ ਬਦਲ ਕੇ ‘ਗੁਰਦੁਆਰਾ ਅਕਾਲ ਤਖਤ’ ਕਰ ਦੇਣਾ ਅਤੇ ਫਿਰ ਧੋਖੇ ਨਾਲ ਉਸ ਇਮਾਰਤ ਨੂੰ ‘ਅਕਾਲ ਤਖਤ’ ਐਲਾਨ ਦੇਣਾ, ਇਸ ਨੂੰ ਅਖੌਤੀ ਅਕਾਲ-ਤਖਤ ਨਹੀਂ ਬਣਾ ਦਿੰਦਾ?

ਹੁਣ ਗੁਰੂ ਜੀ ਦੇ ਤਖਤ ਬਾਰੇ। ਗੁਰੂ ਜੀ ਦੇ ਤਖਤ ਦਾ ਕੋਈ ਨਿਵੇਕਲਾ ਸੰਕਲਪ ਮੌਜੂਦ ਨਹੀਂ ਸੀ। ਗੁਰੂ ਜੀ ਕੋਲ ਮੀਰੀ ਦਾ ਸੰਕਲਪ ਸੀ ਜੋ ਗੁਰਬਾਣੀ ਵਿੱਚ ਤਾਂ ਮੌਜੂਦ ਹੀ ਸੀ ਅਤੇ ਜਿਸ ਨੂੰ ਉਹ ਪੰਜਵੇਂ ਗੁਰੂ ਜੀ ਦੇ ਸਮੇਂ ਦੇ ਹਾਲਾਤ ਅਨੁਸਾਰ ਦਿੱਤੇ ਆਦੇਸ਼ ਦੇ ਤਹਿਤ ਸਿੱਖ ਮੱਤ ਵਿੱਚ ਉਜਾਗਰ ਕਰਨਾਂ ਚਾਹੁੰਦੇ ਸਨ। ਇਸ ਲਈ ਉਹਨਾਂ ਨੇ ਇੱਕ ਵਿਸ਼ੇਸ਼ ਦੁਨਿਆਵੀ ਬਾਦਸ਼ਾਹਾਂ ਵਾਲੀ ਜੀਵਨ-ਸ਼ੈਲੀ ਧਾਰਨ ਕੀਤੀ ਜਿਸ ਵਿੱਚ ਤਖਤ ਦੀ ਵਰਤੋਂ ਵੀ ਜ਼ਰੂਰੀ ਸੀ। ਗੁਰੂ ਜੀ ਦੇ ਤਖਤ ਨਾਲ ਜੁੜਿਆ ਮੰਤਵ ਕੇਵਲ ਇਤਨਾਂ ਹੀ ਸੀ। ਇਸ ਤਖਤ ਨਾਲ ਕਦੀ ਵੀ ਉਹ ਸੰਕਲਪ ਨਹੀਂ ਸੀ ਜੋੜਿਆ ਗਿਆ ਜੋ ਆਪ ਜੀ ਸਮਝੀ ਬੈਠੇ ਹੋ। ਇਸ ਸਬੰਧੀ ਆਪ ਜੀ ਨੂੰ ਮੇਰੇ ਕੁੱਝ ਹੋਰ ਵਿਚਾਰ ਇਸੇ ਵਿਸ਼ੇ ਤੇ ਮੇਰੇ ਅਗਲੇ ਲੇਖ ਵਿੱਚ ਪੜ੍ਹਨ ਨੂੰ ਮਿਲ ਜਾਣਗੇ।

ਛੇਵੇਂ ਗੁਰੂ ਜੀ ਨੇ ਜੰਗ-ਯੁੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਅਨੁਸਾਰ ਹੀ ਕੀਤੇ ਸਨ ਭਾਵ ਮੀਰੀ ਦੇ ਪੱਖ ਸਬੰਧੀ ਸਿਖਿੱਆ ਤਾਂ ਗੁਰਬਾਣੀ ਵਿੱਚ ਮੌਜੂਦ ਹੈ ਹੀ ਸੀ ਕੇਵਲ ਉਹਨਾਂ ਨੇ ਸਮੇਂ ਦੇ ਹਾਲਾਤ ਅਨੁਸਾਰ ਦਿੱਤੇ ਪੰਜਵੇਂ ਗੁਰੂ ਜੀ ਦੇ ਆਦੇਸ਼ ਤਹਿਤ ਇਸ ਪੱਖ ਨੂੰ ਸਿੱਖ ਮੱਤ ਵਿੱਚ ਉਜਾਗਰ ਕੀਤਾ ਸੀ। ਆਪਣੇ ਆਪ ਨੂੰ ਠੀਕ ਰਾਹ ਤੇ ਤੋਰੀ ਰੱਖਣ ਦਾ ਭਾਵ ਇਹ ਹੈ ਕਿ ਅਸੀਂ ਆਪ ਉਹਨਾਂ ਕੁਤਾਹੀਆਂ ਤੋਂ ਬਚ ਕੇ ਰਹੀਏ ਜੋ ਸਾਨੂੰ ਦੂਸਰਿਆਂ ਦੇ ਵਿਵਹਾਰ ਵਿੱਚ ਨਜ਼ਰ ਆਉਂਦੀਆਂ ਹਨ। ਆਪ ਜੀ ਨਾਲ ਅਤੇ ਸ. ਜੰਮੂ ਜੀ ਨਾਲ ਵਿਚਾਰ-ਚਰਚਾ ਤਾਂ ਹੀ ਚੱਲ ਰਹੀ ਹੈ ਕਿਉਂਕਿ ਮੇਰੇ ਲੇਖ ਵੈਬਸਾਈਟ ਤੇ ਆਉਣ ਤੇ ਆਪ ਜੀ ਵਰਗੇ ਸੱਜਣਾਂ ਨੇ ਕੁੱਝ ਜਾਨਣ ਦੀ ਜਗਿਆਸਾ ਵਿਖਾਈ ਹੈ। ਜਿਤਨਾ ਚਿਰ ਸਵਾਲ ਆਉਂਦੇ ਰਹਿਣਗੇ ਉਹਨਾਂ ਦੇ ਉੱਤਰ ਦੇਣਾ ਮੇਰੀ ਜ਼ਿੰਮੇਵਾਰੀ ਬਣਦੀ ਹੈ।

ਤਖਤ ਦੇ ਮੰਤਵ ਬਾਰੇ ਮੇਰੇ ਵੱਲੋਂ ਕਈ ਵਾਰ ਦਸਿੱਆ ਜਾ ਚੁੱਕਾ ਹੈ ਅਤੇ ਇਹ ਉੱਪਰ ਵਾਲੇ ਦੋ ਪੈਰਿਆਂ ਵਿੱਚ ਫਿਰ ਦੁਹਰਾਇਆ ਗਿਆ ਹੈ। ਭਾਈ ਕਾਹਨ ਸਿੰਘ ਨਾਭਾ ਤਾਂ ਆਪਣਾ ਹੋਰ ਸਪਸ਼ਟੀਕਰਨ ਦੇਣ ਲਈ ਅੱਜ ਮੌਜੂਦ ਨਹੀਂ ਪਰੰਤੂ ਸਬੰਧਿਤ ਵੈਬਸਾਈਟ (ਸਿੱਖੀ ਵਿਕੀ) ਤੋਂ ਅੱਜ ਭਲੀ-ਭਾਂਤ ਪੜਤਾਲ ਕੀਤੀ ਜਾ ਸਕਦੀ ਹੈ। ਮੈਂ ਆਪਣਾ ਸਰੋਤ ਆਪ ਜੀ ਨੂੰ ਦੱਸ ਦਿੱਤਾ ਸੀ। ਅੱਗੇ ਮੇਰੀ ਦਲੀਲ ਨੂੰ ਕੱਟਣ ਲਈ ਪੜਤਾਲ ਤਾਂ ਆਪ ਜੀ ਨੇ ਕਰਨੀ ਸੀ ਕਿ ਉਹ ਸਰੋਤ ਭਰੋਸੇਯੋਗ ਹੈ ਜਾਂ ਨਹੀਂ। ਆਪ ਜੀ ਵਾਜਬ ਪੜਤਾਲ ਕਰਨ ਉਪਰੰਤ ਹੀ ਮੈਂਨੂੰ ਮੋੜਵਾਂ ਸਵਾਲ ਕਰ ਸਕਦੇ ਹੋ।

ਸ. ਜਸਬੀਰ ਸਿੰਘ ਜੀ, ਮੇਰੇ ਖਿਲਾਫ ਪਿਛਲੇ ਦਿਨੀਂ ਆਏ ਧਮਕੀ ਭਰੇ ਬਿਆਨਾਂ ਸਬੰਧੀ ਆਪ ਜੀ ਵੱਲੋਂ ਪਰਗਟ ਕੀਤੀਆਂ ਗਈਆਂ ਭਾਵਨਾਵਾਂ ਲਈ ਮੈਂ ਆਪ ਜੀ ਦਾ ਸ਼ੁਕਰਗੁਜ਼ਾਰ ਹਾਂ ਜੀ।

ਸਤਿਕਾਰਯੋਗ ਸ. ਹਰਦੇਵ ਸਿੰਘ ਜੰਮੂ ਜੀ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ।

ਆਪ ਜੀ ਦੇ ਸਿਖਮਾਰਗ ਵੈਬਸਾਈਟ ਤੇ 29. 04. 2011 ਨੂੰ ਆਏ ਪੱਤਰ ਲਈ ਆਪ ਜੀ ਦਾ ਧੰਨਵਾਦ ਹੈ ਜੀ। ਮੇਰੀ ਬੇਨਤੀ ਨੂੰ ਸਵੀਕਾਰ ਕਰਦਿਆਂ ਜੋ ਜਾਣਕਾਰੀ ਆਪ ਜੀ ਵੱਲੋਂ ਦਿੱਤੀ ਗਈ ਹੈ ਉਸ ਮੁਤਾਬਿਕ ਆਪ ਜੀ ਨੇ ਮੇਰੇ ਵਿਚਾਰਾਂ ਸਬੰਧੀ ਆਪ ਜੀ ਵੱਲੋਂ ਪੇਸ਼ ਕੀਤੀਆਂ ਗਈਆਂ ਪੰਜੇ ਟੂਕਾਂ ਵਿਚਲੇ ਕੇਵਲ ਇੱਕ ਨੂੰ ਛੱਡ ਕੇ ਬਾਕੀ ਸਾਰੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਈ ਹੈ। (ਤਖਤਾਂ ਦੀ ਸੂਚੀ ਮੰਗਣਾਂ ਅਸਹਿਮਤੀ ਦੇ ਘੇਰੇ ਵਿੱਚ ਨਹੀਂ ਆਉਂਦਾ)। ਆਪ ਜੀ ਦੀ ਅਸਹਿਮਤੀ ਕੇਵਲ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਗਵਾਲੀਅਰ ਦੇ ਕਿਲੇ ਵਿਖੇ ਹੋਈ ਕੈਦ ਦੇ ਸਮੇਂ ਬਾਰੇ ਹੈ ਜੋ ਮੈਂ ‘ਤਕਰੀਬਨ ਛੇ ਸਾਲ’ ਕਰਕੇ ਦਰਜ ਕੀਤਾ ਹੈ। ਇਸ ਸਬੰਧੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਇਹ ਜਾਣਕਾਰੀ ਡਾ. ਹਰਜਿੰਦਰ ਸਿੰਘ ਦਿਲਗੀਰ ਦੀ ਅੰਗਰੇਜ਼ੀ ਵਿੱਚ ਲਿਖੀ ਹੋਈ ਪੁਸਤਕ Akal Takht Sahib: Concept and Role’ ਤੇ ਅਧਾਰਿਤ ਹੈ (ਵੇਖੋ ਪੰਨਾਂ 48)। ਡਾ. ਦਿਲਗੀਰ ਨੇ ਛੇਵੇਂ ਗੁਰੂ ਜੀ ਦੀ ਗਵਾਲੀਅਰ ਦੇ ਕਿਲੇ ਵਿਖੇ ਹੋਈ ਕੈਦ ਦਾ ਸਮਾਂ ਜਨਵਰੀ 1613 ਈਸਵੀ ਤੋਂ ਅਕਤੂਬਰ 1618 ਈਸਵੀ (ਪੰਜ ਸਾਲ ਨੌਂ ਮਹੀਨੇ) ਦਰਜ ਕੀਤਾ ਹੈ।

ਟੂਕ ਚੌਥੀ ਦੇ ਸਬੰਧ ਵਿੱਚ ਮੈਂ ਖੁਦ ਹੀ ਬ੍ਰੈਕਟ ਵਿੱਚ ਦੱਸਿਆ ਹੋਇਆ ਹੈ ਕਿ ਜੂਨ 1606 ਈਸਵੀ ਵਿੱਚ ਹੋਈ ਮੰਨੀ ਜਾਂਦੀ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਗੁਰਗੱਦੀ ਦੀ ਰਸਮ ਦੀ ਤਾਰੀਖ ਬਾਰੇ ਮੱਤ-ਭੇਦ ਹਨ। ਛੇਵੇਂ ਗੁਰੂ ਜੀ ਦੇ ਤਖਤ ਦੇ ਨਿਰਮਾਣ ਸਬੰਧੀ ਆਪਣੀ ਅਸਹਿਮਤੀ ਦਾ ਉੱਤਰ ਆਪ ਜੀ ਖੁਦ ਹੀ ਦੇ ਰਹੇ ਹੋ ਜਦੋਂ ਆਪ ਜੀ ਕਹਿੰਦੇ ਹੋ, “ਬਾਕੀ ਗੁਰੂ ਹਰਗੋਬਿੰਦ ਜੀ ਗੁਰੂ ਬਣੇ ਅਤੇ ਇਹ ਰਸਮ ਇਸੇ ਤਖਤ ਤੇ ਹੋਈ ਸੀ ਇਸ ਬਾਰੇ ਕੋਈ ਸ਼ਕ ਨਹੀਂ”। ਜ਼ਾਹਰ ਹੈ ਕਿ ਰਸਮ ਤੋਂ ਪਹਿਲਾਂ ਤਖਤ ਦਾ ਨਿਰਮਾਣ ਕਾਰਜ ਪੂਰਾ ਹੋ ਚੁਕਿੱਆ ਸੀ।

ਵਿਚਾਰ-ਅਧੀਨ ਪੰਜ ਟੂਕਾਂ ਵਿਚਲੇ ਮੇਰੇ ਵਿਚਾਰਾਂ ਦੀ ਉੱਪਰ ਬਿਆਨੀ ਸਥਿਤੀ ਤੋਂ ਇਲਾਵਾ ਆਪ ਜੀ ਨੇ ਮੇਰੇ ਵੱਲੋਂ ਹੁਣ ਤਕ ਦੇ ਸਾਰੇ ਤੱਥਾਂ ਨਾਲ ਸਹਿਮਤੀ ਪ੍ਰਗਟਾਈ ਹੈ। ਆਪ ਜੀ ਦਾ ਧੰਨਵਾਦ ਹੈ ਜੀ।

ਸ. ਜੰਮੂ ਜੀ, ਮੈਂ ਇਹ ਕਿਤੇ ਨਹੀਂ ਕਿਹਾ ਕਿ ਛੇਵੇਂ ਗੁਰੂ ਜੀ ਵੱਲੋਂ ਉਸਾਰੇ ਤਖਤ ਲਈ ‘ਅਕਾਲ ਬੁੰਗਾ’ ਜਾਂ ‘ਤਖਤ ਅਕਾਲ ਬੁੰਗਾ ਗੁਰਦੁਆਰਾ’ ਵਰਗੇ ਨਾਮ ਪਰਚਲਤ ਰਹੇ ਹਨ। ਛੇਵੇਂ ਗੁਰੂ ਜੀ ਦੇ ਤਖਤ ਲਈ ਇਹ ਸ਼ਬਦ-ਜੋੜ ਆਪ ਜੀ ਖਾਹ-ਮੁਖਾਹ ਮੇਰੇ ਮੂੰਹ ਵਿੱਚ ਪਾ ਰਹੇ ਹੋ। ਅਕਾਲ ਬੁੰਗਾ ਪਹਿਲਾਂ ਜਿਵੇਂ-ਕਿਵੇਂ ਵੀ ਹੋਂਦ ਵਿੱਚ ਆਇਆ, ਉਨ੍ਹੀਵੀ ਸਦੀ ਦੇ ਪਿਛਲੇ ਅੱਧ ਵਿੱਚ ਕਿਸੇ ਵੇਲੇ ਇਸ ਨੂੰ ਗੁਰਦੁਆਰੇ ਵਿੱਚ ਤਬਦੀਲ ਕਰ ਦਿੱਤਾ ਗਿਆ। ਵੀਹਵੀਂ ਸਦੀ ਦੇ ਅਰੰਭ ਵਿੱਚ ਇਸ ‘ਗੁਰਦੁਆਰਾ ਅਕਾਲ ਬੁੰਗਾ’ ਨੂੰ ‘ਗੁਰਦੁਆਰਾ ਤਖਤ ਅਕਾਲ ਬੁੰਗਾ’ ਵੀ ਕਿਹਾ ਜਾਣ ਲੱਗਾ। ਇਸ ਸਬੰਧੀ ਹਵਾਲੇ ‘ਅਕਾਲੀ’ ਅਖਬਾਰ ਵਿੱਚ ਮਿਲਦੇ ਹਨ ਜੋ ਕਿ ਪੁਸਤਕ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਵੇਂ ਬਣੀ?’ ਨਾਮੀ ਪੁਸਤਕ (ਲੇਖਕ ਡਾ. ਹਰਜਿੰਦਰ ਸਿੰਘ ਦਿਲਗੀਰ) ਵਿੱਚ ਸ਼ਾਮਲ ਹਨ।

ਅਖੌਤੀ ਅਕਾਲ-ਤਖਤ ਦੇ ਬਾਰੇ ਆਪ ਜੀ ਦੀ ਧਾਰਨਾਂ (ਜਿਸ ਨਾਲ ਮੈਂ ਸਹਿਮਤ ਨਹੀਂ) ਸਬੰਧੀ ਮੈਂ ਕੁੱਝ ਵਿਚਾਰ ਇਸੇ ਵਿਸ਼ੇ ਤੇ ਭੇਜੇ ਆਪਣੇ ਅਗਲੇ ਲੇਖ ਵਿੱਚ ਦਿੱਤੇ ਹਨ। ਪੜ੍ਹ ਲੈਣਾ ਜੀ।

ਹੁਣ ਤਖਤਾਂ ਦੀ ਸੂਚੀ ਬਾਰੇ। ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਆਪਣੀ ਉਪਰੋਕਤ ਪੁਸਤਕ ਵਿੱਚ ਪੰਨਾਂ 48 ਤੋਂ 57 ਉੱਤੇ ਗੁਰੂ ਸਾਹਿਬਾਨ ਦੇ ਚੌਦਾਂ ਤਖਤਾਂ ਦਾ ਵੇਰਵਾ ਦਿੱਤਾ ਹੈ। ਇਹਨਾਂ ਤਖਤਾਂ ਦੀ ਸੂਚੀ ਹੇਠਾਂ ਦਿੱਤੀ ਜਾ ਰਹੀ ਹੈ:

. ਛੇਵੇਂ ਗੁਰੂ ਜੀ ਦੇ ਤਖਤ

1. ਅੰਮ੍ਰਿਤਸਰ (ਦਰਬਾਰ ਸਾਹਿਬ ਦੇ ਸਾਹਮਣੇ)

2. ਗਵਾਲੀਅਰ

3. ਗੋਇੰਦਵਾਲ

4. ਡਰੋਲੀ

5. ਕਰਤਾਰਪੁਰ

6. ਕੀਰਤਪੁਰ (ਸੱਤਵੇਂ ਅਤੇ ਅੱਠਵੇਂ ਗੁਰੂ ਜੀ ਵੀ ਇਸੇ ਤਖਤ ਉੱਤੇ ਆਪਣਾ ਦਰਬਾਰ ਲਗਾਉਂਦੇ ਸਨ।)

ਅ. ਨੌਵੇਂ ਗੁਰੂ ਜੀ ਦੇ ਤਖਤ

1. ਬਕਾਲਾ

2. ਚੱਕ ਨਾਨਕੀ: ਅਨੰਦਪੁਰ ਸਾਹਿਬ (ਇਹ ‘ਤਖਤ ਦਮਦਮਾ ਸਾਹਿਬ’ ਕਰਕੇ ਵੀ ਜਾਣਿਆਂ ਜਾਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਇਸ ਤਖਤ ਉਤੇ ਆਪਣਾ ਦਰਬਾਰ ਲਗਾਉਂਦੇ ਰਹੇ ਹਨ।)

3. ਪਟਨਾ

4. ਅੰਮ੍ਰਿਤਸਰ (ਥੜ੍ਹਾ ਸਾਹਿਬ: ਇਹ ਤਖਤ ਗੁਰੂ ਜੀ ਨੇ 23 ਨਵੰਬਰ 1664 ਈਸਵੀ ਨੂੰ ਅੰਮ੍ਰਿਤਸਰ ਵਿਖੇ ਆਪਣੀ ਇਕ-ਦਿਨਾਂ ਫੇਰੀ ਸਮੇਂ ਦਰਬਾਰ ਲਗਾਉਣ ਲਈ ਵਰਤੋਂ ਵਿੱਚ ਲਿਆਂਦਾ।)

. ਦੱਸਵੇਂ ਗੁਰੂ ਜੀ ਦੇ ਤਖਤ

1. ਪਾਉਂਟਾ

2. ਕੇਸਗੜ੍ਹ (ਅਨੰਦਪੁਰ ਸਾਹਿਬ)

3. ਤਲਵੰਡੀ ਸਾਬੋ

4. ਨੰਦੇੜ (ਹਜ਼ੂਰ ਸਾਹਿਬ)

ਨੋਟ: ਬੰਗਲਾ ਸਾਹਿਬ, ਦਿੱਲੀ ਨੂੰ ਵੀ ਉਪਰੋਕਤ ਸੂਚੀ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਅੱਠਵੇਂ ਗੁਰੂ ਜੀ ਇਥੇ ਆਪਣਾ ਦਰਬਾਰ ਲਗਾਉਂਦੇ ਰਹੇ ਸਨ।

ਅੰਤ ਉੱਤੇ ਆਪ ਜੀ ਨੇ ਆਪਣੇ ਪੰਜਾਂ ਸਵਾਲਾਂ ਦੇ ਮੇਰੇ ਵੱਲੋਂ ਉੱਤਰ ਦੇਣ ਦੀ ਗੱਲ ਦੁਹਰਾਈ ਹੈ। ਵੈਸੇ ਤਾਂ ਮੇਰੇ ਵੱਲੋਂ ਪੇਸ਼ ਕੀਤੇ ਗਏ ਉਹਨਾਂ ਵਿਚਾਰਾਂ/ਤੱਥਾਂ ਜਿਹਨਾਂ ਨਾਲ ਆਪ ਜੀ ਸਹਿਮਤ ਹੋ ਦੇ ਸਰੋਤਾਂ ਬਾਰੇ ਜਾਣਕਾਰੀ ਦੀ ਆਪ ਜੀ ਨੂੰ ਲੋੜ ਨਹੀਂ ਕਿਉਂਕਿ ਇਹ ਜਾਣਕਾਰੀ ਤਾਂ ਆਪ ਜੀ ਪਾਸ ਪਹਿਲਾਂ ਹੀ ਮੌਜੂਦ ਹੈ ਅਤੇ ਜੇਕਰ ਆਪ ਜੀ ਕੋਲ ਮੌਜੂਦ ਇਹ ਜਾਣਕਾਰੀ ਵਿਵਾਦਮਈ ਨਹੀਂ ਤਾਂ ਮੇਰੇ ਵੱਲੋਂ ਪੇਸ਼ ਕੀਤੀ ਅਜਿਹੀ ਜਾਣਕਾਰੀ ਵੀ ਵਿਵਾਦਮਈ ਨਹੀਂ ਹੋ ਸਕਦੀ। ਜੇਕਰ ਮੇਰੇ ਵੱਲੋਂ ਦਿੱਤੇ ਗਏ ਕਿਸੇ ਸਰੋਤ ਨੂੰ ਆਪ ਜੀ ਵਿਵਾਦਮਈ ਘੋਸ਼ਿਤ ਵੀ ਕਰ ਦਿੰਦੇ ਹੋ ਤਾਂ ਇਸ ਸਬੰਧੀ ਚਰਚਾ ਵਿਸ਼ੇ ਤੋਂ ਬਾਹਰ ਚਲੀ ਜਾਵੇਗੀ। ਜਿਵੇਂ ਕਿ ਮੈਂ ਪਹਿਲਾਂ ਵੀ ਸਵੀਕਾਰ ਕਰ ਚੁਕਿੱਆ ਹਾਂ ਕਿ ਮੇਰੀਆਂ ਲਿਖਤਾਂ ਨਾਲ ਸਬੰਧਤ ਹਰ ਪ੍ਰਸ਼ਨ ਦਾ ਉੱਤਰ ਦੇਣਾ ਮੇਰਾ ਫਰਜ਼ ਹੈ ਪਰੰਤੂ ਇਹ ਸਾਰੀ ਜਾਣਕਾਰੀ ਇਕੱਤਰ ਕਰਨ ਲਈ ਮੈਂਨੂੰ ਬਹੁਤ ਸਾਰਾ ਸਮਾਂ ਅਤੇ ਮਿਹਨਤ ਲਗਾਉਣੀ ਪਵੇਗੀ। ਇਸ ਚੱਲ ਰਹੀ ਚਰਚਾ ਕਰਕੇ ਲੰਬੇ ਸਮੇਂ ਤੋਂ ਮੇਰਾ ਜ਼ਰੂਰੀ ਖੋਜ ਅਤੇ ਅਧਿਐਨ ਕਾਰਜ ਰੁਕਿਆ ਪਿਆ ਹੈ। ਆਪ ਜੀ ਦੇ ਸਹਿਯੋਗ ਦੀ ਲੋੜ ਹੈ। ਬਾਕੀ ਆਪ ਜੀ ਜਿਵੇਂ ਚਾਹੋਗੇ ਕਰ ਲਵਾਂਗੇ।

ਇਕਬਾਲ ਸਿੰਘ ਢਿੱਲੋਂ

ਚੰਡੀਗੜ੍ਹ।


(01/05/11)
ਤੱਤ ਗੁਰਮਤਿ ਪਰਿਵਾਰ

ਵੀਰ ਗੁਰਮੁੱਖ ਸਿੰਘ ਜੀ ਪਟਿਆਲਾ,

ਸਤਿਕਾਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ਜੀ,

ਸਿੱਖ ਮਾਰਗ ਚਿੱਠੀਆਂ ਵਾਲੇ ਕਾਲਮ ਵਿੱਚ 29 ਅਤੇ 30 ਅਪ੍ਰੈਲ ਨੂੰ ਆਪ ਜੀ ਦੇ ਦੋ ਖੱਤ ਛਪੇ ਹਨ। ਇਨ੍ਹਾਂ ਖੱਤਾਂ ਵਿੱਚ ‘ਤੱਤ ਗੁਰਮਤਿ ਪਰਿਵਾਰ’ ਬਾਰੇ ਵੀ ਕੁੱਝ ਟਿੱਪਣੀਆਂ ਹਨ। ਆਪ ਜੀ ਵਲੋਂ ਕੀਤੀ ਆਲੋਚਨਾ ਅਤੇ ਸੁਝਾਅ ਲਈ ਅਸੀਂ ਤਹਿ ਦਿਲੋਂ ਧੰਨਵਾਦੀ ਹਾਂ ਜੀ। ਗੁਰਮਤਿ ਦੀ ਸੇਧ ਵਿੱਚ ਆਪਣੇ ਜਵਾਬਦੇਹੀ ਦੇ ਫਰਜ਼ ਨੂੰ ਪਛਾਣਦੇ ਹੋਏ, ਇਨ੍ਹਾਂ ਟਿੱਪਣੀਆਂ ਬਾਰੇ ‘ਪਰਿਵਾਰ’ ਦਾ ਪੱਖ ਦੇਣ ਦਾ ਨਿਮਾਣਾ ਯਤਨ ਕਰ ਰਹੇ ਹਾਂ ਜੀ।

1. ਆਪ ਜੀ ਨੇ ਸਾਡੇ ਨਾਲ ਗਿਲਾ ਕੀਤਾ ਹੈ ਕਿ ਅਸੀਂ ਇਕਬਾਲ ਸਿੰਘ ਜੀ ਦੀ ਪਿੱਠ ਤੇ ਆ ਗਏ ਹਾਂ। ਸਾਡੀ ਸਮਝ ਅਨੁਸਾਰ ਇੱਕ ਗੁਰਮੁੱਖ ਨੂੰ ਜਿੱਥੇ ਵੀ ਧੱਕਾ ਹੁੰਦਾ ਦਿੱਸਦਾ ਹੈ, ਉਸ ਦਾ ਫਰਜ਼ ਬਣਦਾ ਹੈ ਕਿ ਉਸ ਧੱਕੇ ਖਿਲਾਫ ਅਵਾਜ਼ ਉਠਾਏ, ਅਸੀਂ ਇਹੀ ਫਰਜ਼ ਨਿਭਾਉਣ ਦਾ ਯਤਨ ਕੀਤਾ ਹੈ। ਅਕਾਲ ਤਖਤ `ਤੇ ਜਥੇਦਾਰਾਂ ਦੇ ਨਾਂ ਹੇਠ ਬਿਠਾਏ ਲੋਕਾਂ ਵਲੋਂ ਇਕਬਾਲ ਸਿੰਘ ਜੀ ਖਿਲਾਫ ਧੱਕਾ ਕਰਨ ਦੀ ਗੱਲ ਤੁਰੀ, ਇਸ ਲਈ ਉਸ ਧੱਕੇ ਦੀ ਖਿਲ਼ਾਫਤ ਕੀਤੀ। ਇਹੀ ਪੁਜਾਰੀ ਪਹਿਲਾਂ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ, ਜੋਗਿੰਦਰ ਸਿੰਘ ਜੀ ਸਪੋਕਸਮੈਨ ਅਤੇ ਪ੍ਰੋ. ਦਰਸ਼ਨ ਸਿੰਘ ਜੀ ਨਾਲ ਧੱਕਾ ਕਰ ਚੁੱਕੇ ਹਨ। ਉਨ੍ਹਾਂ ਦੇ ਖਿਲਾਫ ਹੋਏ ਧੱਕੇ ਦਾ ਵੀ ਅਸੀਂ ਵਿਰੋਧ ਕੀਤਾ ਸੀ। ਹੁਣ ਵੀ ਧੱਕੇ ਖਿਲਾਫ ਅਵਾਜ਼ ਉਠਾ ਰਹੇ ਹਾਂ। ਆਪ ਜੀ ਸਾਹਮਣੇ ਬੇਨਤੀ ਰੂਪ ਸ਼ੰਕਾ ਹੈ ਜੀ ਕਿ ਕੀ ਆਪ ਜੀ ਉਪਰੋਕਤ ਤਿੰਨ ਸ਼ਖਸੀਅਤਾਂ ਖਿਲਾਫ ‘ਜਥੇਦਾਰਾਂ’ (ਪੁਜਾਰੀਆਂ) ਵਲੋਂ ਕੀਤੀ ਕਾਰਵਾਈ ਨੂੰ ਸਹੀ ਮੰਨਦੇ ਹੋ? ਸ਼ੰਕੇ ਦਾ ਜਵਾਬ ਜ਼ਰੂਰ ਦੇਣਾ ਜੀ, ਤਾਂ ਕਿ ਭੁਲੇਖੇ ਦੂਰ ਹੋ ਸਕਣ।

ਅਸੀਂ ਪਹਿਲਾਂ ਵੀ ਸਪਸ਼ਟ ਕਰ ਚੁੱਕੇ ਹਾਂ ਕਿ ਅਕਾਲ ਤਖਤ ਸੰਬੰਧੀ ਚਲ ਰਹੀ ਚਰਚਾ ਦੌਰਾਨ ਕਿਸੇ ਵੀ ਲੇਖਕ (ਸਮੇਤ ਡਾ. ਇਕਬਾਲ ਸਿੰਘ ਜੀ) ਦੇ ਵਿਚਾਰਾਂ ਨਾਲ ਅਸੀਂ ਪੂਰੀ ਤਰ੍ਹਾਂ ਸਹਿਮਤ ਨਹੀਂ ਹਾਂ। ਪਰ ਇਹ ਅਸਹਿਮਤੀ ਧੱਕੇ ਖਿਲਾਫ ਅਵਾਜ਼ ਉਠਾਉਣ ਵਿੱਚ ਰੁਕਾਵਟ ਨਹੀਂ ਬਣਦੀ। ਨੌਵੇਂ ਪਾਤਸ਼ਾਹ ਜੀ ਵੀ ਬ੍ਰਾਹਮਣੀ ਮੱਤ ਦੇ ਸਿਧਾਂਤਾਂ ਨਾਲ ਸਹਿਮਤ ਨਹੀਂ ਸਨ, ਪਰ ਫੇਰ ਵੀ ਉਨ੍ਹਾਂ ਨੇ ਮੁੱਢਲੇ ਮਨੁੱਖੀ ਹੱਕਾਂ ਨੂੰ ਕੁਚਲਣ ਦੇ ਧੱਕੇ ਵਿਰੁਧ ਕੁਰਬਾਨੀ ਦਿੱਤੀ।

2. ਆਪ ਜੀ ਅਨੁਸਾਰ ਸਾਡੀ ਲਿਖਤ ਵਿੱਚ ਭੜਕਾਉ ਭਾਸ਼ਾ ਨੱਕੋ-ਨੱਕ ਭਰੀ ਪਈ ਹੈ। ਅਸੀਂ ਹਮੇਸ਼ਾਂ ਨਿਮਰਤਾ ਵਿੱਚ ਰਹਿ ਕੇ ਲਿੱਖਣ ਦਾ ਯਤਨ ਕਰਦੇ ਹਾਂ, ਪਰ ਖਰਾ ਸੱਚ ਪੇਸ਼ ਕਰਨ ਦੇ ਯਤਨਾਂ ਵਿੱਚ ਪੁਜਾਰੀ ਪ੍ਰਵਿਰਤੀ ਦੇ ਲੋਕਾਂ ਲਈ ਕਈ ਵਾਰ ਭਾਸ਼ਾ ਸੁਭਾਵਿਕ ਹੀ ਸਖ਼ਤ ਵਰਤ ਹੋ ਜਾਂਦੀ ਹੈ। ਪਰ ਸਾਡਾ ਮਕਸਦ ਸੁਧਾਰ ਹੀ ਹੁੰਦਾ ਹੈ, ਭੜਕਾਣਾ ਨਹੀਂ। ਜੇ ਆਪ ਜੀ ਸਾਡੀ ਲਿਖਤ ਦੇ ਐਸੇ ਕੁੱਝ ਸ਼ਬਦ ਜਾਂ ਵਾਕ ਦਸ ਦੇਂਦੇ, ਜਿਹੜੇ ਭੜਕਾਹਟ ਪੈਦਾ ਕਰ ਰਹੇ ਹਨ, ਤਾਂ ਸਮਝਣ ਵਿੱਚ ਸਹੂਲਤ ਹੋਣੀ ਸੀ।

3. ਆਪ ਜੀ ਅਨੁਸਾਰ ਇਸ ਸਮੇਂ ਤੱਕ ਆਪ ਜੀ ਦਾ ‘ਅਕਾਲ ਤਖਤ ਵਾਲੀ ਮਰਿਯਾਦਾ ਵਿੱਚ ਪੂਰਾ ਯਕੀਨ ਹੈ’। ਅਸੀਂ ਆਪ ਜੀ ਦੇ ਇਸ ਵਿਚਾਰ ਨਾਲ ਸਹਿਮਤ ਨਹੀਂ। ਹਰ ਕਿਸੇ ਨੂੰ ਅਪਣੀ ਮਰਜ਼ੀ ਨਾਲ ਕਿਸੇ ਵੀ ਚੀਜ਼ ਵਿੱਚ ਵਿਸ਼ਵਾਸ ਰੱਖਣ ਦਾ ਹੱਕ ਹੈ। ਆਪ ਜੀ ਦੇ ਇਸ ਯਕੀਨ ਦੇ ਅਧਾਰ `ਤੇ ਅਸੀਂ ਕੁੱਝ ਸ਼ੰਕੇ ਰੱਖ ਰਹੇ ਹਾਂ, ਜੇ ਯੋਗ ਸਮਝੋ ਤਾਂ ਜਵਾਬ ਦੇ ਦੇਣਾ ਜੀ।

(ੳ) ਕੀ ਆਪ ਪੂਰਨ ਦਸਮ ਗ੍ਰੰਥ ਨੂੰ ਦਸ਼ਮੇਸ਼ ਪਾਤਸ਼ਾਹ ਜੀ ਕ੍ਰਿਤ ਮੰਨਦੇ ਹੋ? ਜੇ ਨਹੀਂ ਤਾਂ ਕਿਹੜੀਆਂ-ਕਿਹੜੀਆਂ ਰਚਨਾਵਾਂ ਨੂੰ ਦਸ਼ਮੇਸ਼ ਕ੍ਰਿਤ ਮੰਨਦੇ ਹੋ? ਇਸ ਮਾਨਤਾ ਦਾ ਆਧਾਰ ਕੀ ਹੈ ਜੀ?

(ਅ) ਸਾਡੀ ਸਮਝ ਅਨੁਸਾਰ ਮੌਜੂਦਾ ਰਹਿਤ ਮਰਿਯਾਦਾ ਵਿੱਚ ਪੂਰਾ ਵਿਸ਼ਵਾਸ ਰੱਖਣ ਦਾ ਭਾਵ ਦਸ਼ਮੇਸ਼ ਪਾਤਸ਼ਾਹ ਜੀ ਨੂੰ ਦੇਵੀ ਪੂਜਕ (ਪ੍ਰਿਥਮ ਭਗੌਤੀ ਸਿਮਰ ਕੇ) ਅਤੇ ਅਸ਼ਲੀਲ ਰਚਨਾਵਾਂ ਦਾ ਕਰਤਾ (ਕਬਿਯੋ ਬਾਚ ਬੇਨਤੀ ਚੌਪਈ ਪਾ: 10) ਐਲਾਨਣਾ ਹੈ। ਇਸ ਸੰਬੰਧੀ ਆਪ ਜੀ ਦਾ ਕੀ ਵਿਚਾਰ ਹੈ ਜੀ?

4. ਆਪ ਜੀ ਅਨੁਸਾਰ ਸਾਨੂੰ ਅਕਾਲ ਤਖਤ ਦੇ ਜਥੇਦਾਰ ਲਈ ਸੁਚੱਜੀ ਭਾਸ਼ਾ ਵਰਤਣੀ ਚਾਹੀਦੀ ਹੈ। ਆਪ ਜੀ ਦੇ ਸੁਝਾਅ ਲਈ ਤਹਿ ਦਿਲੋਂ ਧੰਨਵਾਦੀ ਹਾਂ। ਇੱਕ ਮਨੁੱਖ ਵਜੋਂ ਸਾਡੇ ਲਈ ਹਰ ਕੋਈ ਸਤਿਕਾਰਯੋਗ ਹੈ। ਜਿੱਥੋਂ ਤੱਕ ਪ੍ਰਚਲਿਤ ਜਥੇਦਾਰਾਂ ਦੀ ਗੱਲ ਹੈ, ਆਪਣਾ ਸਤਿਕਾਰ ਘਟਾਉਣ ਲਈ ਉਨ੍ਹਾਂ ਦੇ ਮੰਦ-ਕਰਮ ਜਿੰਮੇਵਾਰ ਹਨ, ਕਿਸੇ ਦੀ ਸਖ਼ਤ ਭਾਸ਼ਾ ਨਹੀਂ। ਉਨ੍ਹਾਂ ਬਾਰੇ ਖਰਾ ਸੱਚ ਪੇਸ਼ ਕਰਨ ਲਈ ਕਈਂ ਵਾਰ ਸਖ਼ਤ ਭਾਸ਼ਾ ਵਰਤੀ ਜਾਂਦੀ ਹੈ। ਗੁਰਬਾਣੀ ਵਿੱਚ ਵੀ ਪੁਜਾਰੀਆਂ ਖਿਲ਼ਾਫ ਸੱਚ ਪੇਸ਼ ਕਰਨ ਲਈ ਸਖ਼ਤ ਭਾਸ਼ਾ ਵਰਤੀ ਮਿਲਦੀ ਹੈ ਜੀ।

ਤੁਸੀਂ ਸਾਨੂੰ ‘ਤੱਤ ਗੁਰਮਤੀਏ’ ਲਿਖਿਆ ਸਾਨੂੰ ਖੁਸ਼ੀ ਹੋਈ, ਕਿਉਂਕਿ ਸਾਡਾ ਯਤਨ ਗੁਰਮਤਿ ਨੂੰ ਮੰਨਣ ਅਤੇ ਪ੍ਰਚਾਰਨ ਦਾ ਰਹਿੰਦਾ ਹੈ। ਇਸੇ ਤਰ੍ਹਾਂ ਜੇ ਕੋਈ ਦਸਮ ਗ੍ਰੰਥ ਨੂੰ ਮਾਨਤਾ ਦਿੰਦਾ ਹੈ ਤਾਂ ਉਸ ਨੂੰ ‘ਦਸਮ ਗ੍ਰੰਥੀ’ ਕਹਾਉਣ ਵਿੱਚ ਖੁਸ਼ੀ ਹੋਣੀ ਚਾਹੀਦੀ ਹੈ। ਜੇ ਕੋਈ ਪੁਜਾਰੀਆਂ ਵਾਲੇ ਕਰਮ ਕਰਦਾ ਹੈ ਤਾਂ ਉਸ ਨੂੰ ‘ਪੁਜਾਰੀ’ ਕਹਿਲਾਉਣ ਵਿੱਚ ਕੋਈ ਦਿੱਕਤ ਜਾਂ ਨਰਾਜ਼ਗੀ ਨਹੀਂ ਹੋਣੀ ਚਾਹੀਦੀ। ਆਪ ਜੀ ਨੂੰ ਇਹ ਲਫਜ਼ ਪਤਾ ਨਹੀਂ ਕਿਉਂ ਬੁਰਾ ਲਗ ਗਿਆ?

( ‘ਨਾਂਹ-ਪੱਖੀ’ ) ਪੁਜਾਰੀ ਉਹ ਹੁੰਦਾ ਹੈ, ਜੋ ਧਰਮ (ਧਾਰਮਿਕ ਰਸਮਾਂ, ਵਿਸ਼ਵਾਸਾਂ) ਦਾ ਨਾਂ ਲੈ ਕੇ ਲੋਕਾਈ ਨੂੰ ਗੁੰਮਰਾਹ ਕਰਦਾ ਹੈ। ਬ੍ਰਾਹਮਣ ਐਸਾ ਹੀ ਇੱਕ ਪੁਜਾਰੀ ਵਰਗ ਹੈ। ਅਜੌਕੇ ਜਥੇਦਾਰ ਵੀ ਕੌਮ ਨੂੰ ਅਕਾਲ ਤਖਤ ਦਾ ਨਾਂ ਵਰਤ ਕੇ ਗੁੰਮਰਾਹ ਕਰ ਰਹੇ ਹਨ। ਆਪ ਜੀ ਭਾਂਵੇ ਉਨ੍ਹਾਂ ਵਲੋਂ ਕੀਤੇ ਨਾਨਕਸ਼ਾਹੀ ਕੈਲੰਡਰ ਦੇ ਕਤਲ ਅਤੇ ਹੋਰ ਅਨੇਕਾਂ ਮੰਦ-ਕਰਮਾਂ ਨੂੰ ਸਹੀ ਮੰਨਦੇ ਹੋਵੋ, ਪਰ ਕੋਈ ਸੁਚੇਤ ਸਿੱਖ ਐਸਾ ਨਹੀਂ ਮੰਨਦਾ। ਜੋ ਲੋਕ ਹਾਕਮਾਂ ਦੇ ਮਾਨਸਿਕ ਗੁਲਾਮ ਹੋਣ, ਉਹ ਜਥੇਦਾਰ ਨਹੀਂ ਪੁਜਾਰੀ ਹੀ ਹੁੰਦੇ ਹਨ ਜੀ। ਜਿੱਥੋਂ ਤੱਕ ਆਪ ਜੀ ਦਾ ਉਨ੍ਹਾਂ ਨੂੰ ‘ਦਲੀਲ ਨਾਲ ਸਮਝਾਉਣ’ ਦਾ ਸੁਝਾਅ ਹੈ ਤਾਂ ਐਸੀਆਂ ਕੋਸ਼ਿਸ਼ਾਂ ਕਈਂ ਵਾਰ ਹੋ ਚੁੱਕੀਆਂ ਹਨ। ਪ੍ਰੋ. ਦਰਸ਼ਨ ਸਿੰਘ ਜੀ ਉਨ੍ਹਾਂ ਨੂੰ ਦਲੀਲਾਂ ਰਾਹੀਂ ਸਮਝਾਉਣ ਹੀ ਗਏ ਸਨ। ਨਾਨਕਸ਼ਾਹੀ ਕੈਲੰਡਰ ਦੇ ਮਸਲੇ `ਤੇ ਵੀ ਪਾਲ ਸਿੰਘ ਜੀ ਪੁਰੇਵਾਲ ਸਮੇਤ ਅਨੇਕਾਂ ਨੇ ਉਨ੍ਹਾਂ ਨੂੰ ਦਲੀਲਾਂ ਦੇ ਕੇ ਸਮਝਾਉਣ ਦਾ ਯਤਨ ਕੀਤਾ, ਪਰ ਪੁਜਾਰੀ ਦਲੀਲ ਦੀ ਭਾਸ਼ਾ ਸਮਝ ਗਏ ਹੋਵਣ, ਇਤਿਹਾਸ ਵਿੱਚ ਵਿਰਲਾ ਹੀ ਐਸਾ ਕੋਈ ਹਵਾਲਾ ਮਿਲਦਾ ਹੋਵੇਗਾ ਜੀ। ਦਲੀਲ ਦੀ ਗੱਲ ਆਜ਼ਾਦ ਜ਼ਮੀਰ ਵਾਲੇ ਹੀ ਕਰ ਅਤੇ ਸਮਝ ਸਕਦੇ ਹਨ, ਗੁਲਾਮ ਮਾਨਸਿਕਤਾ ਵਾਲੇ ‘ਪੁਜਾਰੀ’ ਨਹੀਂ।

5. ਆਪ ਜੀ ਅਨੁਸਾਰ ਸਾਡਾ ਰਵੱਈੲਾ ‘ਅੱਗ ਲਗਾਈ ਡੱਬੂ ਕੰਧ ਤੇ’ ਵਾਲਾ ਦੱਸਿਆ ਹੈ। ਵੀਰ ਜੀ! ਸਮਝ ਘੱਟ ਹੋਣ ਕਾਰਨ ਅਸੀਂ ਆਪ ਜੀ ਦੇ ਇਸ ਮੁਹਾਵਰੇ ਦਾ ਭਾਵ ਨਹੀਂ ਸਮਝ ਸਕੇ। ਜੇ ਖੁੱਲ ਕੇ ਸਮਝਾ ਸਕੋ ਅਤੇ ਉਸ ਦੇ ਕਾਰਨ ਵੀ ਦਸ ਸਕੋ ਤਾਂ ਮਿਹਰਬਾਨੀ ਹੋਵੇਗੀ ਤਾਂ ਕਿ ਉਸ ਬਾਰੇ ਵੀ ਅਪਣਾ ਪੱਖ ਦੇ ਸਕੀਏ।

6. ਆਪ ਜੀ ਅਨੁਸਾਰ ਅਸੀਂ ‘ਬਦਨਾਮੀ ਵਿਚੋਂ ਨਾਂ ਕਮਾਉਣਾ ਚਾਹੁੰਦੇ ਹਾਂ ਅਤੇ ਸੁਰਖੀਆਂ ਵਿੱਚ ਛਾ ਜਾਣਾ ਚਾਹੁੰਦੇ ਹਾਂ’। ਵੀਰ ਜੀ ਅਸੀਂ ਸ਼ੁਰੂ ਤੋਂ ਹੀ ਅਪਣੀ ਗੁਰਮਤਿ ਸਮਝ ਅਨੁਸਾਰ ਸਿੱਖ ਸਮਾਜ ਵਿੱਚ ਘਰ ਕਰ ਚੁੱਕੀਆਂ ਗਲਤ ਮਾਨਤਾਵਾਂ ਦੇ ਸੁਧਾਰ ਲਈ ਤੱਥਾਂ ਅਤੇ ਦਲੀਲਾਂ ਰਾਹੀਂ ਬੇਤਨੀਆਂ ਕਰ ਰਹੇ ਹਾਂ। ਆਪ ਜੀ ਨੇ ਸਾਡਾ ਕੋਈ ਐਸਾ ਨੁਕਤਾ ਨਹੀਂ ਸਾਂਝਾ ਕੀਤਾ, ਜਿਸ ਤੋਂ ਆਪ ਜੀ ਨੂੰ ਇਹ ਮਹਿਸੂਸ ਹੋਇਆ ਕਿ ਅਸੀਂ ਬਦਨਾਮੀ ਵਿਚੋਂ ਨਾਂ ਕਮਾਉਣਾ ਚਾਹੁੰਦੇ ਹਾਂ। ਜੇ ਸਾਝਾਂ ਕਰ ਸਕੋ ਤਾਂ ਮੇਹਰਬਾਨੀ ਹੋਵੇਗੀ। ਜੇ ਸੱਚ ਨੂੰ ਖਰੇ ਰੂਪ ਵਿੱਚ ਸੱਚ ਪੇਸ਼ ਕਰਨ ਨਾਲ ਅਗਿਆਨ ਵਿੱਚ ਫਸੇ ਲੋਕਾਂ ਤੋਂ ਬਦਨਾਮੀ ਮਿਲਦੀ ਹੈ ਤਾਂ ਉਸ ਦੀ ਸਾਨੂੰ ਪਰਵਾਹ ਨਹੀਂ। ਐਸੇ ਸਮੇਂ ਸਾਡੇ ਸਾਹਮਣੇ ਬਾਬਾ ਨਾਨਕ ਜੀ ਦੀ ਸੇਧ ਹੁੰਦੀ ਹੈ, ਜਿਨ੍ਹਾਂ ਵਲੋਂ ਪੇਸ਼ ਕੀਤਾ ਖਰਾ ਸੱਚ ਸਮਝਣ ਤੋਂ ਅਸਮਰਥ ਜਾਂ ਬੌਖਲਾਏ ਲੋਕ ਉਨ੍ਹਾਂ ਨੂੰ ‘ਭੂਤਨਾ ਅਤੇ ਬੇਤਾਲਾ’ ਆਦਿ ਕਹਿ ਕੇ ਬਦਨਾਮ ਕਰਦੇ ਸੀ। ਜਦੋਂ ਐਸੇ ਲੋਕਾਂ ਨੇ ਬਾਬਾ ਨਾਨਕ ਜੀ ਜਿਹੇ ਲਾਸਾਨੀ ਰਹਿਬਰ ਨੂੰ ਨਹੀਂ ਬਖਸ਼ਿਆ ਤਾਂ ਸਾਡੀ ਤਾਂ ਔਕਾਤ ਹੀ ਕੀ ਹੈ? ਸ਼ਾਇਦ ਬਾਬਾ ਨਾਨਕ ਵੇਲੇ ਆਪ ਜੀ ਜੈਸੇ ਕੁੱਝ ਲੋਕ ਬਾਬਾ ਨਾਨਕ ਜੀ `ਤੇ ਵੀ ਇਹ ਦੂਸ਼ਣ ਲਾਉਂਦੇ ਹੋਣਗੇ ਕਿ ਗਲਤ ਮਾਨਤਾਵਾਂ ਪ੍ਰਤੀ ਖਰਾ ਸੱਚ ਪੇਸ਼ ਕਰ ਕੇ ਉਹ ਬਦਨਾਮੀ ਚੋਂ ਨਾਂ ਕਮਾਉਣਾ ਚਾਹੁੰਦੇ ਹਨ।

ਜਿਥੋਂ ਤੱਕ ਆਪ ਜੀ ਦਾ ਇਹ ਦੂਸ਼ਣ ਹੈ ਕਿ ‘ਪਰਿਵਾਰ ਸੁਰਖੀਆਂ ਵਿੱਚ ਛਾ ਜਾਣਾ ਚਾਹੁੰਦਾ ਹੈ’ ਤਾਂ ਵੀਰ ਜੀ! ਖਿਆਲ ਕਰਨਾ ਸੁਰਖੀਆਂ ਵਿੱਚ ਛਾਉਣ ਦੇ ਚਾਹਵਾਨ ਲੋਕ ਅਪਣਾ ਨਾਂ ਵੱਡਾ-ਵੱਡਾ ਲਿੱਖਵਾ ਕੇ, ਫੋਟੋਆਂ ਵੀ ਨਾਲ ਲਵਾ ਕੇ ਖੁਸ਼ ਹੁੰਦੇ ਹਨ। ਪਰ ‘ਪਰਿਵਾਰ’ ਦੇ ਕਿਸੇ ਵੀ ਲਿਖਤ ਨਾਲ ਤਾਂ ਕਿਸੇ ਦਾ ਵੀ ਨਾਂ ਤੱਕ ਨਹੀਂ ਛਪਦਾ। ਜ਼ਿਆਦਾਤਰ ਪਾਠਕਾਂ ਨੂੰ ਤਾਂ ਸ਼ਾਇਦ ਇਹ ਵੀ ਨਹੀਂ ਪਤਾ ਹੋਵੇਗਾ ਕਿ ‘ਤੱਤ ਗੁਰਮਤਿ ਪਰਿਵਾਰ’ ਦੇ ਲੇਖਕ ਕੌਣ ਹਨ? ਫੇਰ ਸੁਰਖੀਆਂ ਵਿੱਚ ਰਹਿਣ ਦੀ ਚਾਹਤ ਦਾ ਦੂਸ਼ਣ ਕਿਵੇਂ ਜ਼ਾਇਜ ਹੈ ਜੀ?

7. ਵੀਰ ਜੀ, ਤੁਸੀਂ ਆਪਣੀ ਲਿਖਤ ਵਿੱਚ ਬੌਖਲਾਹਟ ਵਿੱਚ ਆਪਣੇ ਆਪ ਤੋਂ ਹੀ ਸਵਾਲ ਪੁੱਛ ਗਏ ਕਿ ‘ਕੀ ਮੈਂ ਪੁਜਾਰੀ ਹਾਂ?’ ਇਹ ਬੇਸ਼ਕ ਸਵੈ-ਪੜਚੋਲ ਦਾ ਮੁੱਦਾ ਹੈ, ਪਰ ਅਪਣੇ ਤੋਂ ਪੁੱਛੇ ਸਵਾਲ ਨੂੰ ਪ੍ਰਕਾਸ਼ਿਤ ਕਰਵਾਉਣ ਦੀ ਲੋੜ ਨਹੀਂ ਹੁੰਦੀ ਜੀ। ਜੇ ਇਸ ਸੰਬੰਧੀ ਸਾਡੀ ਰਾਏ ਜਾਨਣਾ ਚਾਹੋਗੇ ਤਾਂ ਜ਼ਰੂਰ ਵਿਚਾਰ ਦੇਣ ਦਾ ਯਤਨ ਕਰਾਂਗੇ। ਵੈਸੇ ਆਮ ਵਿਚਾਰ ਅਨੁਸਾਰ ਰੱਬ ਦੀ ਪੂਜਾ ਕਰਨੀ ਪੂਜਾਰੀਵਾਦ ਨਹੀਂ, ਪਰ ਪੈਸੇ ਲੈ ਕੇ ਰੱਬ ਦੀ ਪੂਜਾ ਕਰਨੀ ਜਾਂ ਧਰਮ ਕਰਮ ਦੇ ਨਾਂ `ਤੇ ਲੋਕਾਂ ਨੂੰ ਕਰਮਕਾਂਡਾਂ, ਅੰਧਵਿਸ਼ਵਾਸਾਂ ਵਿੱਚ ਉਲਝਾਉਣਾ ਬੇਸ਼ਕ ਪੁਜਾਰੀਵਾਦ ਹੈ। ਸਿੱਖ ਸਮਾਜ ਵਿੱਚ ਵੀ ਭਾਈ, ਗ੍ਰੰਥੀ ਆਦਿ ਪੈਸੇ ਲੈ ਕੇ ਹੋਰਾਂ ਲਈ ਅਰਦਾਸਾਂ ਅਤੇ ਪਾਠ ਕਰ ਰਹੇ ਹਨ, ਇਹ ਵੀ ਪੁਜਾਰੀਵਾਦ ਦਾ ਹੀ ਇੱਕ ਰੂਪ ਹੈ।

8. ਆਪ ਜੀ ਨੇ ਸਾਨੂੰ ਸਵੱਛ ਅਤੇ ਸਭਿਅਕ ਭਾਸ਼ਾ ਵਰਤਣ ਦਾ ਸੁਝਾਅ ਦਿੱਤਾ ਹੈ। ਆਪ ਜੀ ਦਾ ਸੁਝਾਅ ਸਿਰ-ਮੱਥੇ, ਅਸੀਂ ਹਾਰਦਿਕ ਧੰਨਵਾਦੀ ਹਾਂ। ਅਸੀਂ ਤਾਂ ਹਮੇਸ਼ਾਂ ਸਵੱਛ ਅਤੇ ਸਭਿਅਕ ਸ਼ਬਦਾਵਲੀ ਹੀ ਵਰਤਣ ਦਾ ਯਤਨ ਕਰਦੇ ਹਾਂ। ਜੇ ਆਪ ਜੀ ਨੂੰ ਕੋਈ ਉਕਾਈ ਜਾਪੀ ਹੋਵੇ ਤਾਂ ਖਿਮਾ ਦੇ ਜਾਚਕ ਹਾਂ। ਬੇਨਤੀ ਹੈ ਕਿ ਹਵਾਲੇ ਦੇ ਕੇ ਇਸ ਬਾਰੇ ਸਮਝਾ ਸਕੋ ਤਾਂ ਸਮਝਣ ਵਿੱਚ ਸਹੂਲਤ ਹੋਵੇਗੀ। ਆਪਣੇ 30 ਅਪ੍ਰੈਲ ਦੇ ਖੱਤ ਵਿੱਚ ਆਪ ਨੇ ‘ਪਰਿਵਾਰ ਨੂੰ ਸਹਿਜ ਦਾ ਪੱਲਾ ਫੜਨ ਦਾ ਸੁਝਾਅ ਦਿਤਾ’। ਆਪ ਜੀ ਦਾ ਇਹ ਸੁਝਾਅ ਹਾਰਦਿਕ ਧੰਨਵਾਦ ਸਹਿਤ ਸਿਰ ਮੱਥੇ। ਅਸੀਂ ਤਾਂ ਹਮੇਸ਼ਾਂ ਸਹਿਜ ਵਿੱਚ ਹੀ ਰਹਿ ਕੇ ਲਿੱਖਣ ਦਾ ਯਤਨ ਕਰਦੇ ਹਾਂ, ਉਕਾਈ ਹੋ ਜਾਣੀ ਵੀ ਸੰਭਵ ਹੈ ਜੀ।

ਆਪ ਜੀ ਨੂੰ ਇਸ ਵਿਸ਼ੇ ਵਿੱਚ ਸਵੈ-ਪੜਚੋਲ ਕਰਨ ਦੀ ਇੱਕ ਬੇਨਤੀ ਰੂਪ ਗੁਸਤਾਖੀ ਕਰ ਰਹੇ ਹਾਂ ਜੀ। 29-4-11 ਦੇ ਖੱਤ ਵਿੱਚ ਆਪ ਜੀ ਲਿਖਦੇ ਹੋ:

ਸ੍ਰੀ ਅਕਾਲ ਤਖ਼ਤ ਸਾਹਿਬ ਬਾਬਤ “ਅੱਡਾ” ਅਤੇ “ਹੋਸਟਲ” ਜਹੇ ਸ਼ਬਦ ਵਰਤ ਕੇ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹਊਆ ਖੜਾ ਕਰਕੇ ਬਚਾਉ ਬਚਾਉ ਦਾ ਰੌਲਾ ਪਾਉਣ ਦੀ ਨੀਤੀ ਵਰਤ ਰਿਹਾ ਹੈ। ਉਸ ਦੀ ਪਿੱਠ ’ਤੇ ਤੱਤਗੁਰਮਤੀਏ ਵੀਰ ਸਭ ਤੋਂ ਪਹਿਲਾਂ ਆ ਖੜੇ ਹਨ, 

30-4-11 ਨੂੰ ਛਪੇ ਖੱਤ ਵਿੱਚ ਆਪ ਜੀ ਲਿਖਦੇ ਹੋ:

‘ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨਾਲ ਕਸ਼ਮਕਸ਼ ਦੇ ਮਾਮਲੇ ਵਿੱਚ ਡਾ. ਢਿੱਲੋਂ ਜੀ ਦੀ ਰੱਜ ਕੇ ਹਮਾੲਤਿ ਕਰਨੀ ਬਣਦੀ ਹੈ’

ਪਹਿਲੇ ਦਿਨ ਤਾਂ ਆਪ ਜੀ ਡਾ. ਇਕਬਾਲ ਸਿੰਘ ਜੀ ਤੇ ਦੂਸ਼ਣ ਲਾ ਰਹੇ ਹੋ ਕਿ ਉਹ ਬਚਾਉ ਬਚਾਉ ਦਾ ਰੌਲਾ ਪਾ ਰਹੇ ਹਨ। (ਜਦਕਿ ਸੱਚਾਈ ਇਹ ਹੈ ਕਿ ਇਕਬਾਲ ਸਿੰਘ ਜੀ ਨੇ ਬਚਾਉ ਬਚਾਉ ਦਾ ਰੌਲਾ ਕੋਈ ਨਹੀਂ ਪਾਇਆ, ਬਲਕਿ ਉਹ ਤਾਂ ਸਪਸ਼ਟ ਕਹਿ ਰਹਿ ਹਨ ਕਿ ਜੇ ਇਸ ਸਟੈਂਡ ਲਈ ਮੈਨੂੰ ਜੇਲ ਵੀ ਜਾਣਾ ਪਿਆ ਤਾਂ ਕੋਈ ਹਰਜ਼ ਨਹੀਂ, ਧਮਕੀਆਂ ਦੇ ਰੂਪ ਵਿੱਚ ਰੌਲਾ ਤਾਂ ਆਪ ਜੀ ਦੇ ‘ਸਿੰਘ ਸਾਹਿਬ’ ‘ਜਥੇਦਾਰ ਜੀ’ ਪਾ ਰਹੇ ਹਨ)। ਨਾਲ ਹੀ ਆਪ ਜੀ ‘ਪਰਿਵਾਰ’ ਵਲੋਂ ਉਨ੍ਹਾਂ ਖਿਲਾਫ ਧੱਕੇ ਦਾ ਵਿਰੋਧ ਕਰਦੇ ਬਿਆਨ ਨੂੰ ਲੈ ਕੇ ਖਫਾ ਹੁੰਦੇ ਹੋਏ ਕਹਿ ਰਹੇ ਹੋ ਕਿ ਅਸੀਂ ‘(ਤੱਤ ਗੁਰਮਤੀਏ) ਸਭ ਤੋਂ ਪਹਿਲਾਂ ਉਨ੍ਹਾਂ ਦੀ ਪਿੱਠ ਤੇ ਆ ਖੜੇ ਹੋਏ’ ਹਾਂ।

ਦੂਜੇ ਦਿਨ ਆਪ ਖੁੱਦ ਹੀ ਸਾਰਿਆਂ ਨੂੰ ਨਸੀਹਤ ਦੇ ਰਹੇ ਹੋ ਕਿ ਜਥੇਦਾਰ ਨਾਲ ਕਸ਼ਮਕਸ਼ ਦੇ ਮਾਮਲੇ ਵਿੱਚ ਡਾ. ਢਿਲੋਂ ਦੀ ਰੱਜ ਕੇ ਹਿਮਾਇਤ ਕਰਨੀ ਬਣਦੀ ਹੈ (ਭਾਵ ਉਨ੍ਹਾਂ ਦੀ ਪਿੱਠ ਤੇ ਖੜੇ ਹੋਣਾ ਚਾਹੀਦਾ ਹੈ)।

ਇਕੋ ਦਿਨ ਬਾਅਦ ਪਹੁੰਚ ਵਿੱਚ ਇਤਨਾ ਵਿਰੋਧਾਭਾਸ ਕਿਉਂ? ਜਿਹੜੀ ਗੱਲ ਇੱਕ ਦਿਨ ਪਹਿਲਾਂ ‘ਤੱਤ ਗੁਰਮਤਿ ਪਰਿਵਾਰ’ ਵਲੋਂ ਕਰਨ `ਤੇ ਤੁਸੀਂ ਇਤਨੇ ਖਫਾ ਹੋ ਗਏ, ਦੂਜੇ ਦਿਨ ਉਹੀ ਗੱਲ ਸਾਰਿਆਂ ਨੂੰ ਕਰਨ ਦੀ ਨਸੀਹਤ ਦੇ ਰਹੇ ਹੋ। ਕੀ ਇਹ ਗੱਲ ਸਵੈ-ਪੜਚੋਲ ਦੀ ਮੰਗ ਨਹੀਂ ਕਰਦੀ ਕਿ ਸਹਿਜ ਕੌਣ ਖੋ ਰਿਹਾ ਹੈ?

9. ਅਸੀਂ ਆਪ ਜੀ ਨੂੰ ਪੁਜਾਰੀ ਕਿਧਰੇ ਨਹੀਂ ਕਿਹਾ, ਕਿਉਂਕਿ ਇਸ ਤੋਂ ਪਹਿਲਾਂ ਆਪ ਜੀ ਨਾਲ ਸਾਡੀ ਕੋਈ ਵਿਚਾਰ ਹੀ ਨਹੀਂ ਹੋਈ। ਇਸ ਖੱਤ ਵਿੱਚ ਅਸੀ (ਨਾਂਹ-ਪੱਖੀ) ਪੁਜਾਰੀ ਦੇ ਕੁੱਝ ਲੱਛਣ ਜ਼ਰੂਰ ਸਾਂਝੇ ਕੀਤੇ ਹਨ। ਉਨ੍ਹਾਂ ਦੇ ਆਧਾਰ `ਤੇ ਇਸ ਸੰਬੰਧੀ ਸਵੈ-ਪੜਚੋਲ ਕਰਨਾ ਚਾਹੋ ਤਾਂ ਕਰ ਸਕਦੇ ਹੋ ਜੀ।

ਸਤਿਕਾਰ ਅਤੇ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ


(01/05/11)
ਜੋਰਾ ਸਿੰਘ ਰਾਜੋਆਣਾ

ਨਾਮ ਦਾ ਸਿੱਖ ਸੰਕਲਪ-ਆਦਿ ਗ੍ਰੰਥ ਦੀ ਕਸਵੱਟੀ 'ਤੇ
(ਜੋਰਾ ਸਿੰਘ ਰਾਜੋਆਣਾ)

ਸਤਿਗੁਰ ਨਾਨਕ ਪ੍ਰਗਟਿਆ
ਮਿਟੀ ਧੁੰਦ ਜਗ ਚਾਨਣੁ ਹੋਆ॥
ਜਿਉ ਕਰ ਸੂਰਜ ਨਿਕਲਿਆ
ਤਾਰੇ ਛਪੇ ਅੰਧੇਰ ਪਲੋਆ॥

ਭਾਈ ਗੁਰਦਾਸ ਦੀਆਂ ਇਨ੍ਹਾਂ ਤੁਕਾਂ 'ਤੇ ਓਪਰੀ ਨਜ਼ਰ ਮਾਰਿਆਂ ਪ੍ਰਤੀਤ ਹੁੰਦਾ ਹੈ, ਜਿਵੇਂ ਚਾਨਣ ਬੜਾ ਸੁਖਾਲਾ ਹੀ ਹੋ ਗਿਆ ਹੈ ਪਰ ਡੂੰਘਾਈ ਨਾਲ ਵਿਚਾਰਿਆਂ ਇਥੇ ਦੋ ਗੱਲਾਂ ਸਾਹਮਣੇ ਆਉਂਦੀਆਂ ਹਨ। ਜਦੋਂ ਚਾਨਣ ਹਨੇਰੇ ਵਿਚ ਸਫ਼ਰ ਕਰਦਾ ਹੈ ਤਾਂ ਹਨੇਰਾ ਆਪਣੇ-ਆਪ ਪਰ੍ਹੇ ਹੋਈ ਜਾਂਦਾ ਹੈ ਪਰ ਜਦੋਂ ਚਾਨਣ ਧੁੰਦ ਵਿਚ ਸਫ਼ਰ ਕਰਦਾ ਹੈ ਤਾਂ ਧੁੰਦ ਆਪਣੇ-ਆਪ ਪਰ੍ਹੇ ਨਹੀਂ ਹੁੰਦੀ ਬਲਕਿ ਚਾਨਣ ਨੂੰ ਧੁੰਦ ਨਾਲ ਖਹਿ ਕੇ ਲੰਘਣਾ ਪੈਂਦਾ ਹੈ। ਚਾਨਣ ਦੇ ਧੁੰਦ ਨਾਲ ਖਹਿ ਕੇ ਲੰਘਣ ਦੇ ਅਜਿਹੇ ਸਫ਼ਰ ਦੀ ਹੀ ਦੱਸ ਪਾਉਂਦਾ ਹੈ ਸਾਡਾ ਸਿੱਖ ਸੰਕਲਪ।
'ਜਉ ਤਉ ਪ੍ਰੇਮ ਖੇਲਣ ਦਾ ਚਾਉ। ਸਿਰੁ ਧਰਿ ਤਲੀ ਗਲੀ ਮੋਰੀ ਆਉ। ਇਤੁ ਮਾਰਗਿ ਪੈਰੁ ਧਰੀਜੈ। ਸਿਰੁ ਦੀਜੈ ਕਾਣਿ ਨਾ ਕੀਜੈ।'
'ਪੁੱਛਣ ਖੋਲ੍ਹ ਕਿਤਾਬ ਨੋ ਹਿੰਦੂ ਵੱਡਾ ਕਿ ਮੁਸਲਮਨੋਈ। ਬਾਬਾ ਆਖਹਿ ਕਾਜੀਆ ਸ਼ੁਭ ਅਮਲਾਂ ਬਾਝੋ ਦੋਨੋ ਰੋਈ।' ਇਨ੍ਹਾਂ ਤੁਕਾਂ ਤੋਂ ਸਪੱਸ਼ਟ ਹੈ ਕਿ ਹਿੰਦੂ ਜਾਂ ਮੁਸਲਮਾਨ ਦਾ ਚੰਗਾ ਜਾਂ ਮਾੜਾ ਹੋਣਾ ਉਨ੍ਹਾਂ ਦੀ ਪਾਠ-ਪੂਜਾ 'ਤੇ ਨਿਰਭਰ ਨਹੀਂ ਕਰਦਾ, ਬਲਕਿ ਮਨੁੱਖ ਉਹੀ ਚੰਗਾ ਹੁੰਦਾ ਹੈ ਜਿਹੜਾ ਚੰਗੇ ਕੰਮ ਕਰਦਾ ਹੈ ਪਰ ਨਾਨਕ ਨਾਮ ਲੇਵਾ ਦੀ ਜ਼ਿੰਦਗੀ ਅੱਜ ਚੰਗੇ ਕੰਮਾਂ ਦੀ ਝਲਕ ਨਹੀਂ ਮਾਰਦੀ। ਅਸੀਂ ਉਹ ਸਾਰੇ ਹੀ ਕਰਮਕਾਂਡ ਅਪਨਾ ਲਏ ਹਨ ਜਿਨ੍ਹਾਂ ਤੋਂ ਬਾਬੇ ਨਾਨਕ ਨੇ ਸਾਡਾ ਖਹਿੜਾ ਛੁਡਾਇਆ ਸੀ। ਸਾਡਾ ਹਾਲ ਅੱਜ ਉਨ੍ਹਾਂ ਲੋਕਾਂ ਨਾਲੋਂ ਵੀ ਭੈੜਾ ਹੈ ਜਿਨ੍ਹਾਂ ਨੇ ਬਾਬੇ ਨਾਨਕ ਨੂੰ ਕੁਰਾਹੀਆ ਆਖਿਆ ਸੀ। ਫਿਰ ਸਾਡਾ ਹਾਲ ਹੈ ਕੀਹਦੇ ਵਰਗਾ? ਸਾਡਾ ਹਾਲ ਉਨ੍ਹਾਂ ਕਸ਼ਮੀਰੀ ਪੰਡਤਾਂ ਵਰਗਾ ਹੈ ਜਿਹੜੇ ਸਹਾਰੇ ਦੀ ਭਾਲ ਵਿਚ ਚੱਲ ਕੇ ਆਨੰਦਪੁਰ ਸਾਹਿਬ ਆਏ ਸਨ।
ਅੱਜ ਬਾਬੇ ਨਾਨਕ ਦੇ ਜਨਮ ਦੇ 542 ਸਾਲਾਂ ਤੋਂ ਬਾਅਦ ਸੁਆਲ ਕਾਅਬੇ ਦੇ ਘੁੰਮ ਜਾਣ ਦਾ ਨਹੀਂ ਹੈ; ਸੁਆਲ ਬਾਬੇ ਨਾਨਕ ਉਤੇ ਸੱਪ ਵੱਲੋਂ ਕੀਤੀ ਛਾਂ ਜਾਂ ਦਰਖਤ ਦੀ ਛਾਂ ਦੇ ਹੀ ਰੁਕ ਜਾਣ ਦਾ ਵੀ ਨਹੀਂ ਹੈ। ਸੁਆਲ ਇਹ ਵੀ ਨਹੀਂ ਹੈ ਕਿ ਬਾਬਾ ਨਾਨਕ ਲਵ ਅਤੇ ਕੁਸ਼ ਦੀ ਔਲਾਦ ਹੈ। ਸੁਆਲ ਮਰਦਾਨੇ ਨੂੰ ਭੁੱਖ ਲੱਗਣ ਵੇਲੇ ਅੱਕ ਦੀਆਂ ਕੌੜੀਆਂ ਕੁਕੜੀਆਂ ਦੇ ਮਿੱਠੇ ਹੋ ਜਾਣ ਜਾਂ ਕੌੜੇ ਰੀਠਿਆਂ ਦੇ ਮਿੱਠੇ ਹੋ ਜਾਣ ਦਾ ਵੀ ਨਹੀਂ ਹੈ। ਫਿਰ ਸੁਆਲ ਹੈ ਕੀ? ਸੁਆਲ ਹੈ: ਜਦੋਂ ਚਾਨਣ ਨੇ ਧੁੰਦ ਵਿਚ ਆਪਣਾ ਸਫ਼ਰ ਸ਼ੁਰੂ ਕੀਤਾ ਤਾਂ ਉਸ ਸਫ਼ਰ ਦ ਪਹਿਲੇ ਹੀ ਕਦਮ ਦਾ ਦਿਸ਼ਾ-ਨਿਰਦੇਸ਼ ਕੀ ਹੈ? ਜਾਂ ਇਉਂ ਆਖ ਲਈਏ ਕਿ ਗੁਰੂ ਗ੍ਰੰਥ ਬਾਣੀ ਵਿਚ 'ੴ ਸਤਿਨਾਮੁ' ਦਾ ਕੀ ਸੰਕਲਪ ਹੈ? ਇਸ ਤੋਂ ਪਹਿਲਾਂ ਕਿ ਮੈਂ ਇਸ ਸੁਆਲ ਦਾ ਜਵਾਬ ਦੇਵਾਂ, ਮੈਂ ਤੁਹਾਨੂੰ ਇਕ ਸੁਆਲ ਪੁੱਛਦਾ ਹਾਂ। ਤੁਸੀਂ ਦੱਸੋ ਕਿ ਤੁਹਾਡੇ ਪਿਤਾ ਦਾ ਨਾਮ ਕਿਸੇ ਨੇ ਧਰਿਆ ਹੈ? ਜਵਾਬ ਨਿਸ਼ਚੇ ਹੀ ਹੋਵੇਗਾ ਕਿ ਸਾਡੇ ਪਿਤਾ ਦਾ ਨਾਮ ਸਾਡੇ ਬਾਬੇ ਨੇ ਧਰਿਆ। ਆਓ ਹੁਣ ਅਸਲ ਵਿਸ਼ੇ ਵੱਲ ਆਉਂਦੇ ਹਾਂ ਕਿ 'ੴ ਸਤਿਨਾਮੁ' ਦਾ ਕੀ ਸੰਕਲਪ ਹੈ। 'ੴ ਸਤਿਨਾਮੁ' ਸਰਸਰੀ ਨਜ਼ਰੇ ਬੇਸ਼ਕ ਗਿਣਤੀਵਾਚਕ ਅਤੇ ਨਾਉਂਵਾਚਕ ਲਗਦਾ ਹੋਵੇ ਪਰ ਅਜਿਹਾ ਨਹੀਂ ਹੈ। ਇਹ ਨਾ ਹੀ ਗਿਣਤੀਵਾਚਕ ਹੈ ਅਤੇ ਨਾ ਹੀ ਨਾਉਂਵਾਚਕ ਹੈ। ਇਹ ਅਗਿਣਤ ਹੈ ਅਤੇ ਅਨਾਮ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਸਤਿਨਾਮ ਦੀ ਪਰਿਭਾਸ਼ਾ ਇਸ ਤਰ੍ਹਾਂ ਹੈ:
'ਕਿਰਤਮ ਨਾਮ ਕਥੇ ਤੇਰੇ ਜਿਹਬਾ॥ ਸਤਿਨਾਮੁ ਤੇਰਾ ਪਰਾ ਪੂਰਬਲਾ॥' ਭਾਵ ਜੀਭ ਦੁਆਰਾ ਉਚਾਰੇ ਜਾਣ ਵਾਲੇ ਸਾਰੇ ਹੀ ਨਾਮ ਬਣਾਉਟੀ ਹਨ। ਤੇਰਾ ਅਸਲ ਜਾਂ ਸੱਚਾ ਨਾਉਂ ਪਰਾ ਪੂਰਬਲਾ ਹੈ-ਮੁੱਢ ਕਦੀਮ ਵਾਲਾ ਹੈ। ਇਹ ਉਸ ਸਮੇਂ ਦੀ ਦੱਸ ਪਾਉਂਦਾ ਹੈ, ਜਦੋਂ ਹਾਲੇ ਨਾਉਂ ਧਰਨ ਵਾਲੇ ਪੈਦਾ ਨਹੀਂ ਸੀ ਹੋਏ, ਭਾਵ ਇਹ ਅਨਾਮ ਹੈ।
ਆਪਾਂ ਸਾਰੇ ਹੀ ਇਹ ਜਾਣਦੇ ਹਾਂ ਕਿ ਸੱਚ ਉਦੋਂ ਵੀ ਮੌਜੂਦ ਹੁੰਦਾ ਹੈ ਜਦੋਂ ਹਾਲੇ ਸੱਚ ਦੀ ਖੋਜ ਨਹੀਂ ਹੋਈ ਹੁੰਦੀ। ਜਦੋਂ ਲੋਕ ਇਹ ਨਹੀਂ ਸਨ ਜਾਣਦੇ ਕਿ ਪਾਣੀ ਹਾਈਡਰੋਜਨ ਅਤੇ ਆਕਸੀਜਨ ਦਾ ਜੋਗਕ ਹੈ। ਪਾਣੀ ਉਦੋਂ ਵੀ ਮੌਜੂਦ ਸੀ। ਆਉ ਹੁਣ ਦੇਖੀਏ, ਪੰਦਰਵੀਂ ਸਦੀ ਵਿਚ ਉਚਾਰੇ ਇਸ 'ਸਤਿਨਾਮੁ ਤੇਰਾ ਪਰਾ ਪੂਰਬਲਾ' ਦੀ ਮੁਢਲੀ ਮੌਜੂਦਗੀ ਕੀ ਹੈ? ਇਸ ਸੁਆਲ ਦਾ ਜਵਾਬ ਦੇਣ ਲਈ ਗੁਰਬਾਣੀ ਸਤਿਨਾਮੁ ਦੀ ਸ਼ੂਕ ਪਾ ਕੇ ਸਾਨੂੰ ਆਦਿ ਸੱਚ ਵਿਚ ਉਤਾਰ ਦਿੰਦੀ ਹੈ। ਆਦਿ ਸੱਚ ਵਿਚ ਇਹ ਪਰਾ ਪੂਰਬਲਾ ਕਰਤਾ ਪੁਰਖ ਆਦਿ ਪੁਰਖ ਹੈ। ਇਹ ਆਦਿ ਪੁਰਖ ਉਹ ਪਿਤਾ ਹੈ ਜਿਸ ਦਾ ਅੱਗੇ ਕੋਈ ਪਿਤਾ ਨਹੀਂ ਹੈ; ਜਿਹੜਾ ਇਸ ਦਾ ਨਾਮ ਧਰ ਸਕੇ। ਇਸ ਲਈ ਇਹ ਆਦਿ ਪੁਰਖ ਪਿਤਾ ਅਨਾਮ ਹੈ। ਇਸ ਆਦਿ ਪੁਰਖ ਪਿਤਾ ਦਾ ਨਾਮ ਰੱਖਣ 'ਤੇ ਗੁਰਬਾਣੀ ਨੇ ਸਖ਼ਤ ਇਤਰਾਜ਼ ਕੀਤਾ ਹੈ। 'ਆਦਿ ਪੁਰਖ ਕਉ ਅਲਹੁ ਕਹੀਐ, ਸੇਖਾਂ ਆਈ ਵਾਰੀ॥ ਦੇਵਲ ਦੇਵਤਿਆਂ ਕਰ ਲਾਗਾ ਐਸੀ ਕੀਰਤ ਚਾਲੀ॥ ਭਾਵ ਜਦੋਂ ਸੇਖਾਂ ਦਾ ਦਾਅ ਲੱਗਿਆ ਤਾਂ ਉਨ੍ਹਾਂ ਨੇ ਆਦਿ ਪੁਰਖ ਜਿਹੜਾ ਅਨਾਮ ਹੈ, ਉਸ ਦਾ ਕਿਰਤਮ ਨਾਮ ਅੱਲਾ ਰੱਖ ਦਿੱਤਾ। ਇਸ ਬਨਾਉਟੀ ਨਾਉਂ ਦੀ ਆੜ ਹੇਠ ਹਿੰਦੂਆਂ 'ਤੇ ਧੌਂਸ ਜਮਾਈ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ 'ਤੇ ਟੈਕਸ ਠੋਕ ਦਿੱਤੇ।
ਅੱਜ ਗੇਂਦ ਹਿੰਦੂਆਂ ਦੇ ਹੱਥ ਆਈ ਹੋਈ ਹੈ ਅਤੇ ਉਹ ਧਰਮ ਨਿਰਪੱਖ ਭਾਰਤ ਵਿਚ ਅੱਲਾ ਦੇ ਭਗਤ ਨੂੰ ਸਬਕ ਸਿਖਾ ਰਹੇ ਹਨ। ਕਿਰਤਮ ਨਾਮ ਦੀ ਆੜ ਹੇਠ ਜਮਾਈ ਇਹ ਧੌਂਸ ਹਿੰਦੂਆਂ ਅਤੇ ਮੁਸਲਮਾਨਾਂ ਤੱਕ ਹੀ ਸੀਮਤ ਨਹੀਂ ਬਲਕਿ ਹਰ ਕੌਮ ਆਪਣੀ ਰਾਜਨੀਤਕ ਸ਼ਕਤੀ ਦੇ ਬਲਬੂਤੇ,
ਕਿਰਤਮ ਨਾਮ ਦੀ ਆੜ ਹੇਠ ਦੂਜੀਆਂ ਕੌਮਾਂ ਨਾਲ ਧੱਕਾ ਕਰਦੀ ਆਈ ਹੈ।
ਗੁਰਮਤਿ ਨਾਮ ਦੀ ਸ਼ਬਦਾਵਲੀ ਵਿਚ ਅਨਾਮ ਦੀ ਵਿਥਿਆ ਹੈ। ਇਹ ਗੁੱਝੀ ਰਮਜ਼ ਹੈ ਜਿਸ ਨੂੰ ਸਮਝਣ ਵਿਚ ਅਸੀਂ ਅਸਫ਼ਲ ਰਹੇ ਹਾਂ। ਅਨਾਮ ਸਿਰਜਣਹਾਰ ਹੈ ਅਤੇ ਸਿਰਜਿਆ ਹੋਇਆ ਨਾਮ ਹੈ। 'ਆਪੀ ਨੇ ਆਪ ਸਾਜਿਆ' ਇਹ ਦਰਸਾਉਂਦਾ ਹੈ ਕਿ ਅਨਾਮ ਰੂਪ ਏਕਤਾ, ਨਾਮਰੂਪ ਅਨੇਕਤਾ ਵਿਚ ਬਦਲ ਗਈ ਹੈ। ਇਸ ਨਾਮ ਰੂਪ ਅਨੇਕਤਾ ਤੋਂ ਬਾਹਰ ਕੋਈ ਅਨਾਮ ਰੂਪ ਏਕਤਾ (ਕਰਤਾ) ਨਹੀਂ ਹੈ। ਇਸ ਨਾਮ ਰੂਪ ਅਨੇਕਤਾ ਤੋਂ ਬਾਹਰ ਕਰਤਾ ਦੀ ਭਾਲ ਸਾਕਤ ਕਿਰਿਆ ਹੈ। ਮੈਂ 'ਨਿਰਖਤ ਨਿਰਖਤ ਸਰੀਰੁ ਸਭੁ ਖੋਜਿਆ ਇਕੁ ਗੁਰਮੁਖ ਚਲਤੁ ਦਿਖਾਇਆ॥ ਬਾਹਰ ਖੋਜ ਮੂਏ ਸਭੁ ਸਾਕਤ ਹਰ ਗੁਰਮਤੀ ਘਰ ਪਾਇਆ॥' 'ਜੇਤਾ ਕੀਤਾ ਤੇਤਾ ਨਾਉ॥' ਜਿਨ੍ਹਾਂ ਵੀ ਸਿਰਜਿਆ ਹੋਇਆ ਹੈ, ਸਾਰਾ ਨਾਮ ਹੀ ਤਾਂ ਹੈ। ਜਿਹੜਾ ਖੁਦ ਹੀ ਨਾਮ ਹੈ, ਉਸ ਨੂੰ ਬਾਹਰੋਂ ਨਾਮ ਭਾਲਣ ਦੀ ਕੀ ਲੋੜ ਹੈ? ਕਿਤੇ ਹੋਰ ਜਾਣ ਦੀ ਕੀ ਲੋੜ ਹੈ? ਹੁਣ ਆਪਾਂ ਇਹ ਦੇਖਾਂਗੇ ਕਿ ਗੁਰਮਤਿ ਅਨੁਸਾਰ ਪ੍ਰਭੂ ਪ੍ਰਾਪਤੀ ਦੀ ਕੀ ਵਿਆਖਿਆ ਹੈ? ਗੁਰਮਤਿ ਦੇ ਨਜ਼ਰੀਏ ਵਿਚ ਇਹ ਸੰਸਾਰ ਅਨਾਮ ਰੂਪ ਏਕਤਾ (ਹਰ) ਦਾ ਹੀ ਰੂਪ ਹੈ। ਇਹੁ ਵਿਸੁ ਸੰਸਾਰੁ ਤੁਮ ਦੇਖਤੇ ਇਹੁ ਹਰ ਕਾ ਰੂਪ ਹੈ॥ ਨਿੱਜੀ ਨਾਮ (ਹਉਮੈ) ਦਾ ਆਪਣੇ-ਆਪ ਨੂੰ ਸਮੁੱਚੇ ਨਾਮ (ਸੰਸਾਰ) ਦੇ ਅਰਪਣ ਕਰ ਦੇਣਾ ਹੀ ਪ੍ਰਭੂ ਪ੍ਰਾਪਤੀ ਹੈ। 'ਆਪੁ ਗਵਾਈਐ ਤਾਂ ਸਹੁ ਪਾਇਐ ਅਉਰੁ ਕੈਸੀ ਚਤੁਰਾਈ॥ ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥ ਹੋਰੁ ਸਭਨਾ ਕੀ ਰੇਣਕਾ ਤਉ ਆਉ ਹਮਾਰੈ ਪਾਸਿ॥ ਪ੍ਰਭੂ ਪ੍ਰਾਪਤੀ ਦੀ ਇਹ ਵਿਆਖਿਆ ਤੱਤੀਆਂ ਤਵੀਆਂ 'ਤੇ ਬੈਠਣ ਵਾਲਿਆਂ, ਆਰਿਆਂ ਨਾਲ ਸੀਸ ਚਿਰਵਾਉਣ ਵਾਲਿਆਂ, ਖੋਪਰੀਆਂ ਲੁਹਾਉਣ ਵਾਲਿਆਂ, ਆਪਣੇ ਬੱਚਿਆਂ ਦੇ ਦਿਲ ਦੇ ਟੁਕੜੇ ਮੂੰਹ ਵਿਚ ਪਵਾਉਣ ਵਾਲਿਆਂ ਅਤੇ ਹੋਰ ਅਨੇਕਾਂ ਕੁਰਬਾਨੀਆਂ ਕਰਨ ਵਾਲਿਆਂ ਨੂੰ ਹੀ ਰਾਸ ਆ ਸਕਦੀ ਹੈ। ਕਲਜੁਗ ਦੇ ਤੱਤੇ ਝੋਲਿਆਂ ਤੋਂ ਬਚਾਈਂ, ਔਖੀ ਘੜੀ ਨਾ ਦੇਖਣ ਦੇਈਂ, ਰਟਣ ਵਾਲਿਆਂ ਨੂੰ ਪ੍ਰਭੂ ਪ੍ਰਾਪਤੀ ਦੀ ਇਹ ਪਰਿਭਾਸ਼ਾ ਰਾਸ ਨਹੀਂ ਆਉਣੀ।
ਪ੍ਰਭੂ ਪ੍ਰਾਪਤੀ ਦਾ ਜਿਹੜਾ ਰਾਹ ਇਨ੍ਹਾਂ ਲੋਕਾਂ ਨੇ ਫੜਿਆ ਹੋਇਆ ਹੈ, ਗੁਰਬਾਣੀ ਉਸ ਨੂੰ ਮਾਨਤਾ ਨਹੀਂ ਦਿੰਦੀ। ਜਿਵੇਂ, ਰਾਮੁ ਰਾਮੁ ਕਰਤਾ ਸਭੁ ਜਗੁ ਫਿਰੇ ਰਾਮ ਨਾ ਪਾਇਆ ਜਾਏ॥ ਨਿਰਹਾਰ ਵਰਤੀ ਅਪਰਸਾ॥ ਇਕ ਲੂਕਿ ਨਾ ਦੇਵਜਿ ਦਰਸਾ॥ ਇਕਿ ਮਨ ਹੀ ਗਿਆਤਾ॥ ਘਾਟ ਨਾ ਕਿਨਹੀ ਕਹਾਇਆ॥ ਸਭ ਕਹਤੇ ਹੈ ਪਾਇਆ॥ ਗੁਰਬਾਣੀ ਦੀਆਂ ਇਹ ਤੁਕਾਂ ਦਰਸਾਉਂਦੀਆਂ ਹਨ ਕਿ ਪ੍ਰਭੂ ਕੋਈ ਪ੍ਰਾਪਤ ਕਰਨ ਵਾਲੀ ਵਸਤੂ ਨਹੀਂ ਹੈ। ਇਹ ਅਸਰੀਰੀ ਹੈ। ਸੋ ਮੁਖ ਜਲਉ ਜਿਤੁ ਕਹਹਿ ਠਾਕੁਰੁ ਜੋਨੀ॥ ਉਹ ਲੋਕ ਜੋ ਕਹਿੰਦੇ ਹਨ ਕਿ ਜਾਪੁ ਤਾਪੁ ਅਤੇ ਸਿਮਰਨ ਨਾਲ ਸਰੀਰੀ ਪ੍ਰਭੂ ਦਰਸ਼ਨ ਦੇ ਦਿੰਦਾ ਹੈ, ਗੁਰਬਾਣੀ ਦਾ ਕਥਨ ਹੈ ਕਿ ਅਜਿਹੇ ਲੋਕਾਂ ਦਾ ਮੂੰਹ ਜਲ ਜਾਵੇਗਾ। ਗੁਰਬਾਣੀ ਦੀਆਂ ਹੇਠਲੀਆਂ ਸਤਰਾਂ ਵੀ ਗੰਭੀਰ ਵਿਚਾਰ ਦੀ ਮੰਗ ਕਰਦੀਆਂ ਹਨ: ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ॥ ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਉ॥ ਭੂਲੀ ਮਾਲਿਨੀ ਹੈ ਏਉ॥ ਸਤਿਗੁਰੂ ਜਾਗਤਾ ਹੈ ਦੇਉ॥ ਬ੍ਰਹਮ ਪਾਤੀ ਬਿਸੁਨ ਡਾਰੀ ਫੂਲ ਸੰਕਰ ਦੇਉ॥ ਤੀਨਿ ਦੇਵਿ ਪ੍ਰਤਖਿ ਤੋਰਹਿ ਕਰਹਿ ਕਿਸ ਕੀ ਸੇਉ॥ ਗੁਰਬਾਣੀ ਦੀਆਂ ਇਨ੍ਹਾਂ ਤੁਕਾਂ ਦਾ ਸੱਚ ਉਨ੍ਹਾਂ ਲੋਕਾਂ ਨੂੰ ਬੜਾ ਕੌੜਾ ਲੱਗੇਗਾ ਜਿਹੜੇ ਜਿਉਂਦੇ ਜਾਗਦੇ ਸਤਿਗੁਰ (ਜਾਗਤ ਜੋਤ) ਨੂੰ ਇਕ ਨਿਰਜੀਵ ਪੱਥਰ ਦੀ ਭੇਟ ਕਰ ਰਹੇ ਹਨ। ਯਮਲਾ ਜੱਟ ਦੀਆਂ ਦੋ ਲਾਈਨਾਂ ਇੱਥੇ ਲਿਖਣੀਆਂ ਪਸੰਦ ਕਰਾਂਗਾ:
"ਐਸੀ ਰੀਤ ਦੇਖੀ ਯਾਰੋ ਇਸ ਸੰਸਾਰ ਦੀ, ਮੋਇਆਂ ਨੂੰ ਇਹ ਪੂਜਦੀ ਜਿਉਂਦਿਆਂ ਨੂੰ ਮਾਰਦੀ।"
ਗੁਰਮਤਿ ਸਰੀਰੋਂ ਬਾਹਰ ਕਿਸੇ ਹੋਰ ਸਰੀਰੀ ਪ੍ਰਭੂ ਦੀ ਧਾਰਨਾ ਨੂੰ ਰੱਦ ਕਰਦੀ ਹੈ। ਗੁਰਮਤਿ ਦਾ ਪ੍ਰਭੂ ਅਸਰੀਰੀ ਹੈ। ਇਹ ਗੁਰਮੁਖ ਵਿਚ ਸਮਾਇਆ ਹੋਇਆ ਹੈ। ਗੁਰਮਤਿ ਦਾ ਬ੍ਰਹਮ ਗਿਆਨੀ, ਸੰਤ, ਗੁਰ, ਸਤਿਗੁਰ ਅਸਰੀਰੀ ਹਨ। ਇਹ ਸਾਰੇ ਗੁਰਮੁਖ ਵਿਚ ਸਮਾਏ ਹੋਏ ਹਨ। ਗੁਰਬਾਣੀ ਦਾ ਫੁਰਮਾਨ ਹੈ:
ਗੁਰਿ ਕਹਿਆ ਅਵਰੁ ਨਹੀਂ ਦੂਜਾ॥
ਕਿਸੁ ਕਹੁ ਦੇਖ ਕਰਉ ਅਨ ਪੂਜਾ॥
ਕਥਨੀ ਕਹਹਿ ਕਹੇ ਸੇ ਮੂਏ॥
ਸੋ ਪ੍ਰਭੂ ਦੂਰ ਨਹੀਂ ਪ੍ਰਭ ਤੂੰ ਹੈ॥

ਇਸ ਸਰੀਰ ਤੋਂ ਬਾਹਰ ਕਿਸੇ ਹੋਰ ਸਰੀਰ ਦਾ ਆਸਰਾ ਤੱਕਣਾ ਦੂਜਾ ਭਾਉ ਹੈ। ਕਲਮ ਜਲਊ ਸਣ ਮਸਵਾਣੀਆ ਕਾਗਦ ਭੀ ਜਲ ਜਾਉ। ਲਿਖਣ ਵਾਲਾ ਜਲਿ ਬਲਉ ਜਿਨਿ ਲਿਖਿਆ ਦੂਜਾ ਭਾਉ। ਗੁਰਬਾਣੀ ਦੀ ਆਰਤੀ ਸਾਡੀ ਆਰਤੀ ਨਾਲੋਂ ਵੱਖਰੀ ਹੈ। "ਗਗਨ ਮੈ ਥਾਲੁ ਰਵਿ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲਿਆਨਲੋ ਪਵਣ ਚਵਰੋ ਕਰੇ ਸਗਲ ਬਨਰਾਏ ਫੂਲਤ ਜੋਤੀ। ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ।" ਆਹ! ਕਿੰਨੀ ਵਧੀਆ ਤੇਰੀ ਆਰਤੀ ਆਪਣੇ ਆਪ ਹੀ ਹੋ ਰਹੀ ਹੈ ਪਰ ਅਸੀਂ ਥਾਲ ਵਿਚ ਦੀਵੇ ਰੱਖ ਕੇ ਨਕਲੀ ਆਰਤੀ ਕਰਨੋਂ ਹਟ ਨਹੀਂ ਸਕਦੇ। ਗੁਰਬਾਣੀ ਦਾ ਸਿਮਰਨ ਵੀ ਸਾਡੇ ਸਿਮਰਨ ਨਾਲੋਂ ਵੱਖਰੇ ਅਰਥ ਰਖਦਾ ਹੈ। 'ਜਾਪੁ ਤਾਪੁ ਕੋਟਿ ਲਖ ਪੂਜਾ ਹਰਿ ਸਿਮਰਨ ਤੁਲਿ ਨਾ ਲਾਇਣ।' ਹਰ ਸਿਮਰਨ ਦੀ ਬਰਾਬਰੀ ਲੱਖਾਂ ਕਰੋੜਾਂ ਜਾਪ ਤਪ ਅਤੇ ਪੂਜਾ ਨਹੀਂ ਕਰ ਸਕਦੇ। ਆਉ, ਹੁਣ ਹਰ ਸਿਮਰਨ ਦੇ ਅਰਥਾਂ ਨੂੰ ਵਿਚਾਰੀਏ। "ਹਰਿ ਸਿਮਰਨ ਕੀਓ ਸਗਲ ਆਕਾਰਾ॥ ਹਰਿ ਸਿਮਰਨ ਮਹਿ ਆਪ ਨਿਰੰਕਾਰਾ॥" ਇਸ ਦੇ ਦੋ ਅਰਥ ਕੀਤੇ ਜਾ ਸਕਦੇ ਹਨ, ਪਹਿਲਾ, ਹਰ ਸਿਮਰਨ ਨੂੰ ਵਿਸ਼ੇਸ਼ਣ ਮੰਨ ਕੇ: ਇਸ ਤੁਕ ਦੀ ਤੁਲਨਾ ਇਕ ਹੋਰ ਤੁਕ ਨਾਲ ਕਰਦੇ ਹਾਂ ਜਿਹੜੀ ਤਦਭਾਵ ਤੁਕ ਹੈ। 'ਨਾਮ ਕੇ ਧਾਰੇ ਸਗਲੇ ਜੰਤ॥' ਨਾਮ ਅਤੇ ਸਿਮਰਨ ਤਦਭਵ ਸ਼ਬਦ ਹੋ ਨਿਬੜਦੇ ਹਨ ਜਿਨ੍ਹਾਂ ਦਾ ਸਬੰਧ ਉਤਪਤੀ ਨਾਲ ਹੈ, ਜਾਪ ਜਾਂ ਸਿਮਰਨ ਨਾਲ ਨਹੀਂ। ਦੂਜਾ, ਹਰ ਸਿਮਰਨ ਨੂੰ ਕਿਰਿਆ ਮੰਨ ਕੇ: ਇਸ ਤੁਕ ਦੀ ਤੁਲਨਾ ਇਕ ਹੋਰ ਤੁਕ 'ਖਾਲਕ ਖਲਕ ਖਲਕ ਮਹਿ ਖਾਲਕ' ਨਾਲ ਕਰਦੇ ਹਾਂ ਜਿਹੜੀ ਉਪਰੋਕਤ ਤੁਕ ਦੀ ਤਦਭਵ ਤੁਕ ਹੈ।
ਹੁਣ ਜੇ ਆਪਾਂ 'ਖਲਕ ਮਹਿ ਖਾਲਕ' ਅਤੇ 'ਹਰ ਸਿਮਰਨ ਮਹਿ ਆਪ ਨਿਰੰਕਾਰ' ਦੀ ਤੁਲਨਾ ਕਰੀਏ ਤਾਂ ਹਰ ਸਿਰਮਨ ਦਾ ਅਰਥ ਖਲਕ ਜਾਂ ਕੁਦਰਤ ਹੈ। ਭਾਵ ਕੁਦਰਤ ਦੇ ਜੀਵਨ ਰੌਂਅ ਦਾ ਸਹਿਜ ਵਰਤਾਰਾ ਹੀ ਹਰ ਸਿਮਰਨ ਹੈ, ਆਰਤੀ ਹੈ ਪਰ ਅਸੀਂ ਗੁਰਬਾਣੀ ਦੇ ਇਸ ਰਹੱਸ ਨੂੰ ਸਮਝ ਨਹੀਂ ਸਕੇ ਅਤੇ 'ਹਰ ਅਰਾਧਨਾ ਜਾਨਾ ਰੇ ਹਰ ਹਰ ਗੁਰ ਕਰਤਾ ਰੇ' ਦਾ ਸੱਦਾ ਸਾਡੇ 'ਤੇ ਪੂਰਾ ਢੁਕਦਾ ਹੈ। ਗੁਰਮਤਿ ਇਕ ਮਾਰਗ ਹੈ। ਸਬਰ, ਸੰਤੋਖ, ਸੱਚ, ਸਹਿਜ ਅਤੇ ਅਡੋਲਤਾ ਇਸ ਦੀ ਮੰਜ਼ਲ ਹੈ ਪਰ ਅਸੀਂ ਮਾਰਗ ਨੂੰ ਹੀ ਮੰਜ਼ਲ ਮੰਨ ਲਿਆ ਹੈ। ਗੁਰਮੁਖ ਦੇ ਚਲਾਏ ਗਾਡੀ ਰਾਹ 'ਤੇ ਅਸੀਂ ਮਨਮੁਖਤਾ ਦੀ ਧੂੜ ਉਡਾ ਦਿੱਤੀ ਹੈ। ਕਾਮ, ਕਰੋਧ, ਲੋਭ, ਮੋਹ, ਅਹੰਕਾਰ ਨਾਲ ਲੱਦਿਆ ਸਾਡਾ ਆਪਣਾ ਟੱਟੂ ਵੀ ਇਸ ਧੂੜ ਵਿਚ ਰਲਿਆ ਹੋਇਆ ਹੈ। ਕੂੜ ਅਤੇ ਧੂੜ ਦੀ ਇਸ ਹਨੇਰੀ ਵਿਚ ਅੰਨ੍ਹੀ ਪੀਂਹਦੀ ਅਤੇ ਕੁੱਤੀ ਚੱਟਦੀ ਹੈ। ਸਬਰ ਸੰਤੋਖ ਸੱਚ ਸਹਿਜ ਅਤੇ ਅਡੋਲਤਾ ਸਾਡੇ ਵਿਚੋਂ ਲੋਪ ਹੋ ਗਏ ਹਨ। ਅੱਜ ਦੇਹਧਾਰੀ ਸੰਤ, ਬ੍ਰਹਮ ਗਿਆਨੀ, ਮਹਾਂਪੁਰਖ, ਮਹਾਰਾਜ ਅਤੇ ਚੇਲੇ ਤਾਂ ਬਹੁਤ ਹਨ ਪਰ ਗੁਰਮੁਖ ਜਾਂ ਖ਼ਾਲਸਾ ਕੋਈ ਵਿਰਲਾ ਹੀ ਹੋਵੇਗਾ।
ਖ਼ਾਲਸਾ ਗੁਰਮੁਖ ਦਾ ਸਿਖਰ ਰੂਪ ਹੈ ਜਿਵੇਂ ਸਿੱਟਾ ਬੂਟੇ ਦਾ ਸਿਖਰ ਰੂਪ ਹੁੰਦਾ ਹੈ। ਬੂਟੇ ਤੋਂ ਬਗੈਰ ਜਿਵੇਂ ਸਿੱਟੇ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ, ਠੀਕ ਇਸੇ ਤਰ੍ਹਾਂ ਖ਼ਾਲਸਾ ਉਹੀ ਸਜ ਸਕਦਾ ਹੈ ਜਿਹੜਾ ਗੁਰਮੁਖ ਹੋਵੇ ਪਰ ਅੱਜ ਕੱਲ੍ਹ ਖਾਲਸਾ ਸਜਣ ਵਾਸਤੇ ਗੁਰਮੁਖ ਹੋਣ ਦੀ ਸ਼ਰਤ ਨਹੀਂ ਲਾਈ ਜਾਂਦੀ। ਅਜਿਹਾ ਕਰਕੇ ਅਸੀਂ ਗੁਰੂਆਂ ਦੀਆਂ ਨੌਂ ਪੀੜ੍ਹੀਆਂ ਦੀ ਘਾਲਣਾ ਨੂੰ ਉਕਾ ਹੀ ਵਿਸਾਰ ਦਿੱਤਾ ਹੈ। ਬੇਸ਼ਕ ਅਸੀਂ ਕਹੀ ਜਾਈਏ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ ਪਰ ਅਸੀਂ ਗੁਰੂ ਨਾਲੋਂ ਵੱਧ ਸਤਿਕਾਰ ਦੇਹਧਾਰੀਆਂ ਨੂੰ ਦੇ ਰਹੇ ਹਾਂ। ਇਹ ਕੌੜਾ ਸੱਚ ਹੈ ਜਿਹੜਾ ਸਾਨੂੰ ਮੰਨਣਾ ਔਖਾ ਲਗਦਾ ਹੈ। ਅੱਜ ਗੁਰੂ ਘਰਾਂ ਵਿਚ ਗੁਰਮਤਿ ਵਿਰੋਧੀ ਗਤੀਵਿਧੀਆਂ ਹੋ ਰਹੀਆਂ ਹਨ। ਮੈਨੂੰ ਤਾਂ ਇਉਂ ਲਗਦਾ ਹੈ ਜਿਵੇਂ ਕੋਈ ਸਾਡਾ ਹੀ ਪਿਸਤੌਲ ਲੈ ਕੇ ਸਾਡਾ ਹੀ ਘਰ ਲੁੱਟੀ ਜਾਂਦਾ ਹੋਵੇ। ਰੋਗੀ ਦਾ ਰੋਗ ਨੂੰ ਪਛਾਣ ਲੈਣਾ ਤੰਦਰੁਸਤੀ ਦੀ ਦੱਸ ਪਾਉਂਦਾ ਹੈ ਪਰ ਜੇਕਰ ਕੋਈ ਰੋਗੀ ਇਹ ਕਹੇ-ਮੈਂ ਤੰਦਰੁਸਤ ਹਾਂ, ਤਾਂ ਉਹ ਅੱਜ ਵੀ ਮਰਿਆ ਅਤੇ ਕੱਲ੍ਹ ਵੀ ਮਰਿਆ। ਰੋਗ ਨੂੰ ਕਬੂਲ ਕਰ ਲੈਣ ਵਾਲੇ ਸੁਹਿਰਦ ਰੋਗੀਆਂ ਦੀ ਭਾਲ ਨੂੰ ਸਮਰਪਤ ਹੈ ਮੇਰਾ ਇਹ ਲੇਖ
ਲੇਖਕ-- ਜੋਰਾ ਸਿੰਘ ਰਾਜੋਆਣਾ


(01/05/11)
ਕਿਰਪਾਲ ਸਿੰਘ ਬਠਿੰਡਾ

ਝੂਠ ਸਿਰਫ ਪੁਜਾਰੀ ਹੀ ਨਹੀਂ ਬੋਲਦੇ ਵਿਗਿਆਨੀ ਤੇ ਰਾਜਨੀਤਕ ਲੋਗ ਵੀ ਬੋਲਦੇ ਹਨ: ਭਾਈ ਪੰਥਪ੍ਰੀਤ ਸਿੰਘ

ਨਾਨਕਸ਼ਾਹੀ ਕੈਲੰਡਰ ਦਾ ਕਤਲ ਹੈ ਤੇ ਇਸ ਦਾ ਕਤਲ ਕਰਨ ਵਾਲਿਆਂ ਦਾ ਇਤਿਹਾਸ ਵਿੱਚ ਨਾਮ ਕਾਲੇ ਅੱਖਰਾਂ ਵਿੱਚ ਲਿਖਿਆ ਜਾਵੇਗਾ

ਬਠਿੰਡਾ, ੧ ਮਈ (ਕਿਰਪਾਲ ਸਿੰਘ): ਝੂਠ ਸਿਰਫ ਪੁਜਾਰੀ ਹੀ ਨਹੀਂ ਬੋਲਦੇ ਵਿਗਿਆਨੀ ਤੇ ਰਾਜਨੀਤਕ ਲੋਗ ਵੀ ਬੋਲਦੇ ਹਨ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ ਆਸਾ ਰਾਗ ਵਿੱਚ ਪੰਨਾ ਨੰ: ੪੮੬ ‘ਤੇ ਦਰਜ਼ ਭਗਤ ਨਾਮਦੇਵ ਜੀ ਦੇ ਸ਼ਬਦ ਪਾਰਬ੍ਰਹਮੁ ਜਿ ਚੀਨੑਸੀ, ਆਸਾ ਤੇ ਨ ਭਾਵਸੀ।। ਰਾਮਾ ਭਗਤਹ ਚੇਤੀਅਲੇ ਅਚਿੰਤ ਮਨੁ ਰਾਖਸੀ।। ੧।। ‘ ਦੀ ਕਥਾ ਕਰਦਿਆਂ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਭਾਈ ਬਖਤੌਰ ਵਾਲਿਆਂ ਨੇ ਕਹੇ। ਉਨ੍ਹਾਂ ਕਿਹਾ ਸ਼ਬਦ ਦੇ ਇਸ ਪਹਿਲੇ ਪਦੇ ਵਿੱਚ ਭਗਤ ਜੀ ਦੱਸ ਰਹੇ ਹਨ ਕਿ ਜੋ ਮਨੁੱਖ ਪਰਮਾਤਮਾ ਨਾਲ ਜਾਣ-ਪਛਾਣ ਪਾ ਲੈਂਦੇ ਹਨ, ਜਿਨ੍ਹਾਂ ਸੰਤ ਜਨਾਂ ਨੇ ਪ੍ਰਭੂ ਨੂੰ ਸਿਮਰਿਆ ਹੈ, ਉਹਨਾਂ ਨੂੰ ਹੋਰ ਹੋਰ ਆਸਾਂ ਚੰਗੀਆਂ ਨਹੀਂ ਲੱਗਦੀਆਂ। ਪ੍ਰਭੂ ਉਹਨਾਂ ਦੇ ਮਨ ਨੂੰ ਚਿੰਤਾ ਤੋਂ ਬਚਾਈ ਰੱਖਦਾ ਹੈ। ੧।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਜਿਹੜੇ ਲੋਕਾਂ ਨੇ ਪ੍ਰਮਾਤਮਾ ਨਾਲ ਜਾਣ ਪਛਾਣ ਨਹੀਂ ਪਾਈ, ਉਸ ਦਾ ਸਿਮਰਨ ਨਹੀਂ ਕੀਤਾ ਪਰ ਵਿਖਾਵੇ ਮਾਤਰ ਭਗਤੀ ਕਰਦੇ ਹਨ ਉਨ੍ਹਾਂ ਦਾ ਮਨ ਕਦੀ ਵੀ ਦੁਨਿਆਵੀ ਆਸਾਂ ਤੋਂ ਖਹਿੜਾ ਨਹੀਂ ਛੁਡਾ ਸਕਦਾ ਸਗੋਂ ਇਛਾਵਾਂ ਦਿਨੋਂ ਦਿਨ ਵਧਦੀਆਂ ਹੀ ਰਹਿੰਦੀਆਂ ਹਨ ਤੇ ਇਹ ਦੁਨਿਆਵੀ ਇਛਾਵਾਂ ਪੂਰੀਆਂ ਕਰਨ ਲਈ ਉਹ ਝੂਠ ਤੇ ਪਖੰਡ ਦਾ ਸਹਾਰਾ ਲੈਂਦੇ ਹਨ। ਉਨ੍ਹਾਂ ਕਿਹਾ ਇਹ ਨਹੀਂ ਕਿ ਝੂਠ ਸਿਰਫ ਪੁਜਾਰੀ ਹੀ ਬੋਲਦੇ ਹਨੇ ਸਗੋਂ ਪ੍ਰਮਾਤਮਾਂ ਨੂੰ ਭੁੱਲ ਬੈਠੇ ਤੇ ਮਾਇਆ ਜਾਲ ਵਿੱਚ ਫਸ ਕੇ ਹੋਰ ਪੜ੍ਹੇ ਲਿਖੇ ਇਥੋਂ ਤੱਕ ਕਿ ਵਿਗਿਆਨੀ ਵੀ ਵੱਡੇ ਵੱਡੇ ਝੂਠ ਬੋਲਦੇ ਹਨ। ਅੱਖਾਂ ਦੇ ਮਾਹਰ ਡਾ: ਦਲਜੀਤ ਸਿੰਘ ਦੀ ਪੁਸਤਕ ਦਾ ਹਵਾਲਾ ਦਿੰਦਿਆਂ ਭਾਈ ਪੰਥਪ੍ਰੀਤ ਸਿੰਘ ਨੇ ਇਹ ਭੇਦ ਖੋਲ੍ਹਿਆ ਕਿ ਇੱਕ ਮੈਡੀਕਲ ਵਿਗਿਆਨੀ ਨੇ ਇਹ ਝੂਠ ਬੋਲ ਕੇ ਅਤੇ ਵੱਡੇ ਪੱਧਰ ‘ਤੇ ਪ੍ਰਚਾਰ ਕਰ ਕੇ ਲੋਕਾਂ ਵਿੱਚ ਇਹ ਭਰਮ ਤੇ ਡਰ ਪੈਦਾ ਕਰ ਦਿੱਤਾ ਕਿ ਏਡਜ਼ ਦੀ ਬੀਮਾਰੀ ਐੱਚਆਈਵੀ ਵਾਇਰਸ ਰਾਹੀਂ ਫੈਲਦੀ ਹੈ। ਉਸ ਪੁਸਤਕ ਵਿੱਚ ਲਿਖਿਆ ਹੈ, ਅਸਲ ਵਿੱਚ ਜਿਸ ਵਿਅਕਤੀ ਦੇ ਖੁਨ ਦਾ ਟੈਸਟ ਰਜ਼ੱਲਟ ਐੱਚਆਈਵੀ ਪੋਜੀਟਿਵ ਆ ਜਾਵੇ ਉਸ ਨੂੰ ਏਡਜ਼ ਦੀ ਬੀਮਾਰੀ ਨਹੀਂ ਹੈ ਸਗੋਂ ਉਸ ਦਾ ਮਤਲਬ ਹੈ ਕਿ ਉਸ ਦੇ ਸਰੀਰ ਵਿੱਚ ਇਸ ਬੀਮਾਰੀ ਨਾਲ ਲੜਨ ਦੀ ਸਮਰੱਥਾ ਹੈ। ਪੋਜ਼ੀਟਿਵ ਰਜ਼ੱਲਟ ਆਉਣ ਪਿਛੋਂ ਜਿਹੜੀਆਂ ਦੁਆਈਆਂ ਏਡਜ਼ ਦੀ ਬੀਮਾਰੀ ਦੀ ਰੋਕਥਾਮ ਲਈ ਦਿੱਤੀਆਂ ਜਾਂਦੀਆਂ ਹਨ ਉਹ ਸਗੋਂ ਉਸ ਸਰੀਰ ਵਿੱਚ ਇਸ ਬੀਮਾਰੀ ਨਾਲ ਲੜਨ ਦੀ ਸਮਰਥਾ ਖਤਮ ਕਰ ਦਿੰਦੀਆਂ ਹਨ। ਲੋਕਾਂ ਦੇ ਇਸ ਡਰ ਨੂੰ ਦੂਰ ਕਰਨ ਲਈ ਇੱਕ ਹੋਰ ਵਿਗਿਆਨੀ ਜਿਸਦਾ ਅਸਲੀ ਨਾਮ ਭਾਈ ਸਾਹਿਬ ਮੌਕੇ ਤੇ ਯਾਦ ਨਾ ਕਰ ਸਕੇ, ਨੇ ਐੱਚਆਈਵੀ ਵਾਇਰਸ ਦਾ ਟੀਕਾ ਲੋਕਾਂ ਦੇ ਸਾਹਮਣੇ ਆਪਣੇ ਆਪ ਨੂੰ ਲਾ ਕੇ ਵਿਖਾਇਆ ਕਿ ਇਸ ਨਾਲ ਏਡਜ਼ ਨਹੀਂ ਹੋਈ। ਉਸ ਵਿਗਿਆਨੀ ਅਨੁਸਾਰ ਏਡਜ਼ ਦੀ ਬੀਮਾਰੀ ਦਾ ਸਭ ਤੋਂ ਵੱਡਾ ਕਾਰਣ ਨਸ਼ੇ ਹਨ ਕਿਉਂਕਿ ਨਸ਼ੇ ਸਰੀਰ ਵਿੱਚੋਂ ਬੀਮਾਰੀ ਨਾਲ ਲੜਨ ਦੀ ਸਮਰੱਥਾ ਖਤਮ ਕਰ ਦਿੰਦੇ ਹਨ। ਦੂਸਰਾ ਕਾਰਣ ਸਮਲਿੰਗਤਾ ਅਤੇ ਨਜ਼ਾਇਜ਼ ਸਬੰਧ ਵੀ ਹੋ ਸਕਦੇ ਹਨ। ਭਾਈ ਪੰਥਪ੍ਰੀਤ ਸਿੰਘ ਨੇ ਦੱਸਿਆ ਕਿ ਝੂਠ ਰਾਹੀਂ ਇਹ ਭਰਮ ਪੈਦਾ ਕਰਨ ਦਾ ਮੁਖ ਕਾਰਣ ਇਹ ਸੀ ਕਿ ਐੱਚਆਈਵੀ ਟੈਸਟ ਅਤੇ ਦੁਆਈਆਂ ਵਿੱਚੋਂ ਕਮਿਸ਼ਨ ਦੇ ਤੌਰ ‘ਤੇ ਵੱਡਾ ਹਿੱਸਾ ਉਸ ਵਿਗਿਆਨੀ ਨੂੰ ਜਾਂਦਾ ਸੀ। ਇਸੇ ਤਰ੍ਹਾਂ ਪਿਛੇ ਜਿਹੇ ਸਵਾਈਨ ਫਲੂ ਦੇ ਖਤਰੇ ਨੂੰ ਵੱਡੇ ਪੱਧਰ ‘ਤੇ ਵਧਾ ਚੜ੍ਹਾ ਕੇ ਪ੍ਰਚਾਰਿਆ ਗਿਆ ਕਿ ਲੱਖਾਂ ਲੋਕ ਇਸ ਬੀਮਾਰੀ ਨਾਲ ਮਰ ਜਾਣਗੇ ਅਤੇ ਦੁਆਈਆਂ ਦੀ ਇਤਨੀ ਘਾਟ ਹੋ ਜਾਵੇਗੀ ਕਿ ਇਹ ਮਿਲਣੀਆਂ ਹੀ ਨਹੀਂ, ਇਸ ਲਈ ਇਨ੍ਹਾਂ ਦੁਆਈਆਂ ਦਾ ਵੱਡੇ ਪੱਧਰ ‘ਤੇ ਸਟਾਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਪ੍ਰਚਾਰ ਪਿੱਛੇ ਵੀ ਦੁਆਈਆਂ ਵੇਚ ਕੇ ਪੈਸੇ ਕਮਾਉਣ ਦੀ ਹੀ ਦੁਰਭਾਵਨਾ ਸੀ।

ਰਾਜਨੀਤਕ ਆਗੂਆਂ ਦੇ ਝੂਠ ਦੀ ਗੱਲ ਕਰਦਿਆਂ ਭਾਈ ਪੰਥਪ੍ਰੀਤ ਸਿੰਘ ਨੇ ਸ਼ਹੀਦ ਭਗਤ ਸਿੰਘ ਦੀ ਉਦਾਹਰਣ ਦਿੱਤੀ ਕਿ ਜਿਹੜੇ ਨਾਸਤਕਾਂ ਦੇ ਆਪਣੇ ਪੱਲੇ ਕੱਖ ਨਹੀਂ ਸੀ ਉਨ੍ਹਾਂ ਅਜੇਹਾ ਜਾਲ ਬੁਣ ਕੇ ਭਗਤ ਸਿੰਘ ਨੂੰ ਨਾਸਤਕ ਦੱਸ ਕੇ ਉਸ ਤੇ ਆਪਣੀ ਮੋਹਰ ਲਾ ਲਈ। ਭਾਈ ਰਣਧੀਰ ਸਿੰਘ ਦੀਆਂ ਜੇਲ੍ਹ ਚਿੱਠੀਆਂ ਤੇ ਸਿਰਦਾਰ ਕਪੂਰ ਸਿੰਘ ਦੀ ਸਾਚੀ ਸਾਖੀ ਇਸ ਝੂਠ ਦਾ ਪਰਦਾ ਫ਼ਾਸ਼ ਕਰਦੀਆਂ ਹਨ। ਜੇਲ੍ਹ ਚਿੱਠੀਆਂ ਅਤੇ ਸਾਚੀ ਸਾਖੀ ਪੁਸਤਕ ਲਿਖਣ ਪਿਛੋਂ ਭਾਈ ਰਣਧੀਰ ਸਿੰਘ ਤੇ ਸਿਰਦਾਰ ਕਪੂਰ ਸਿੰਘ ਲੰਬਾ ਸਮਾ ਜਿਉਂਦੇ ਰਹੇ ਸਨ। ਉਨ੍ਹਾਂ ਦੀਆਂ ਲਿਖਤਾਂ ਨੂੰ ਉਸ ਸਮੇਂ ਤੱਕ ਕਿਸੇ ਨੇ ਵੀ ਚੁਣੌਤੀ ਨਹੀਂ ਦਿੱਤੀ, ਜਿਸ ਤੋਂ ਸਿੱਧ ਹੁੰਦਾ ਹੈ ਕਿ ਉਨ੍ਹਾਂ ਵਲੋਂ ਇਹ ਲਿਖੇ ਜਾਣਾ ਬਿਲਕੁਲ ਸੱਚ ਹੈ ਕਿ ਜੇਲ੍ਹ ਵਿੱਚ ਭਾਈ ਰਣਧੀਰ ਸਿੰਘ ਨਾਲ ਸੰਪਰਕ ਵਿੱਚ ਆਉਣ ਪਿਛੋਂ ਭਗਤ ਸਿੰਘ ਨਾਸਤਕ ਤੋਂ ਆਸਤਕ ਬਣ ਗਿਆ ਸੀ ਅਤੇ ਉਸ ਨੇ ਕੇਸ ਰੱਖ ਲਏ ਸਨ ਤੇ ਸਿੱਖ ਧਰਮ ਧਾਰਨ ਕਰ ਲਿਆ ਸੀ। ਇਸ ਦੀ ਗਵਾਹੀ ਇੱਕ ਜੇਲ੍ਹ ਹੋਲਦਾਰ ਨੇ ਵੀ ਦਿੱਤੀ ਹੈ ਕਿ ਫਾਂਸੀ ਦੇਣ ਸਮੇਂ ਭਗਤ ਸਿੰਘ ਦੇ ੬-੬ ਇੰਚ ਲੰਬੇ ਕੇਸ ਸਨ। ਉਸ ਸਮੇ ਦੇ ਸਰਕਾਰੀ ਰੀਕਾਰਡ ਵਿੱਚ ਇਹ ਦਰਜ਼ ਹੈ ਕਿ ਭਗਤ ਸਿੰਘ ਦੀ ਅੰਤਿਮ ਇੱਛਾ ਅਨੁਸਾਰ ਉਸ ਦਾ ਸਸਕਾਰ ਸਿੱਖ ਮਰਿਆਦਾ ਅਨੁਸਾਰ ਕੀਤਾ ਗਿਆ ਸੀ। ਸੋ ਇਹ ਦੋ ਸਰਕਾਰੀ ਗਵਾਹੀਆਂ ਅਨੁਸਾਰ ਵੀ ਭਗਤ ਸਿੰਘ ਅਖੀਰਲੇ ਸਮੇ ‘ਤੇ ਸਿੱਖ ਬਣ ਗਿਆ ਸੀ ਪਰ ਜਿਨ੍ਹਾਂ ਨੇ ਉਸ ਦੁਆਲੇ ਝੂਠ ਦਾ ਤਾਣਾ ਬਾਣਾ ਤਣਿਆ ਸੀ ਉਹ ਇਸ ਸੱਚ ਨੂੰ ਅੱਜ ਤੱਕ ਮੰਨਣ ਲਈ ਤਿਆਰ ਨਹੀਂ।

ਦੂਸਰਾ ਸੱਚ ਇਹ ਹੈ ਕਿ ਮਸਜ਼ਿਦਾਂ ਵਿੱਚ ਬੰਬ ਧਮਾਕੇ ਹਿੰਦੂ ਕੱਟੜਵਾਦੀਆਂ ਨੇ ਕੀਤੇ, ਮਰਨ ਵਾਲੇ ਮੁਸਲਮਾਨ ਸਨ। ਪਰ ਝੂਠ ਇਹ ਫੈਲਾਇਆ ਜਾ ਰਿਹਾ ਸੀ ਕਿ ਇਹ ਧਮਾਕੇ ਮੁਸਲਿਮ ਅਤਿਵਾਦੀਆਂ ਨੇ ਕੀਤੇ ਤੇ ਇਸ ਝੂਠੇ ਦੋਸ਼ ਦੇ ਆਸਰੇ ਫੜੇ ਵੀ ਮੁਸਲਮਾਨ ਹੀ ਜਾਂਦੇ ਰਹੇ। ਇਹ ਈਮਾਨਦਾਰ ਪੁਲਿਸ ਅਫਸਰ ਹੇਮੰਤ ਕਰਕਰੇ ਦੀ ਹੀ ਹਿੰਮਤ ਸੀ, ਜਿਸ ਨੇ ਇਸ ਝੂਠ ਤੋਂ ਪਰਦਾ ਉਠਾਇਆ। ਸ਼੍ਰੀ ਕਰਕਰੇ ਨੂੰ ਇਸ ਦੀ ਕੀਮਤ ਆਪਣੀ ਜਾਨ ਦੇ ਕੇ ਦੇਣੀ ਪਈ। ਇਸ ਦਾ ਕੁੱਝ ਕੁੱਝ ਸੱਚ ਸਾਬਕਾ ਕੇਂਦਰੀ ਮੰਤਰੀ ਏ ਆਰ ਅੰਤੁਲੇ ਨੇ ਬੋਲਣ ਦੀ ਕੋਸ਼ਿਸ਼ ਕੀਤੀ ਪਰ ਰਾਜਨੀਤਕ ਦਬਾਅ ਕਾਰਣ ਉਸ ਨੂ ਫਿਰ ਚੁੱਪ ਰਹਿਣ ਲਈ ਮਜ਼ਬੂਰ ਕਰ ਦਿੱਤਾ। ਕੁੱਝ ਸੱਚ ਦਿਗਵਿਜੇ ਸਿੰਘ ਨੇ ਵੀ ਬੋਲਿਆ। ਇੱਕ ਸੇਵਾ ਮੁਕਤ ਆਈਜੀਪੀ ਨੇ ਪੁਸਤਕ ਲਿਖੀ ‘ਹੂ ਕਿਲਡ ਮਿਸਟਰ ਕਰਕਰੇ‘ ਕਰਕਰੇ ਨੂੰ ਕਿਸ ਨੇ ਮਾਰਿਆ। ਪਰ ਪੂਰਾ ਸੱਚ ਹਾਲੀ ਬਾਹਰ ਆਉਣਾ ਹੈ ਤੇ ਇਸ ਸੱਚ ਨੂੰ ਬਾਹਰ ਆਉਣ ਤੋਂ ਰਾਜਨੀਤਕ ਦਬਾਅ ਨਾਲ ਰੋਕਿਆ ਜਾ ਰਿਹਾ ਹੈ।

ਤੀਸਰੀ ਉਦਾਹਰਣ ਉਨ੍ਹਾਂ ਚਿੱਠੀ ਸਿੰਘਪੁਰਾ ਵਿੱਚ ੩੬ ਸਿੱਖਾਂ ਦੇ ਕਤਲ ਕੀਤੇ ਜਾਣ ਅਤੇ ਪਿਛੋਂ ਉਨ੍ਹਾਂ ਕਤਲਾਂ ਦੇ ਦੋਸ਼ ਅਧੀਨ ੫ ਮੁਸਲਮਾਨਾਂ ਨੂੰ ਅਤਿਵਾਦੀ ਦੱਸ ਕੇ ਮਾਰ ਦੇਣ ਦੀ ਹੈ। ਇਸ ਝੂਠ ਤੋਂ ਪਰਦਾ ਵੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੇ ਆਪਣੀ ਇੱਕ ਪੁਸਤਕ ਵਿੱਚ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਭਾਰਤ ਦੇ ਦੌਰੇ ਦੌਰਾਨ ਏਜੰਸੀਆਂ ਨੇ ੩੬ ਸਿੱਖਾਂ ਦਾ ਕਤਲ ਕੀਤਾ ਅਤੇ ਲਿਖਿਆ ਕਿ ਜੇ ਉਹ ਜੰਮੂ ਕਸ਼ਮੀਰ ਦੇ ਦੌਰੇ ‘ਤੇ ਜਾਣ ਦਾ ਐਲਾਨ ਨਾ ਕਰਦੇ ਤਾਂ ਇਨ੍ਹਾਂ ਸਿੱਖਾਂ ਦਾ ਕਤਲ ਨਾ ਹੁੰਦਾ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਰਾਜਨੀਤਕ ਦਬਾਅ ਕਾਰਣ ਇਸ ਦਾ ਪੂਰਾ ਸੱਚ ਵੀ ਬਾਹਰ ਆਉਣ ਤੋਂ ਰੁਕਿਆ ਹੈ, ਕਿ ਉਹ ਏਜੰਸੀਆਂ ਤੇ ਅਸਲ ਦੋਸ਼ੀ ਵਿਅਕਤੀ ਕਿਹੜੇ ਹਨ? ਪਿਛਲੇ ਸਾਲ ਗੁਰਦੁਆਰਾ ਰਕਾਬ ਗੰਜ਼ ਦਿੱਲੀ ਦੀ ਸਟੇਜ਼ ‘ਤੇ ਥੋਹੜਾ ਸੱਚ ਫਰੂਕ ਅਬਦੁੱਲਾ ਨੇ ਵੀ ਬੋਲਿਆ ਕਿ ਸਿੱਖਾਂ ਦੇ ਕਾਤਲਾਂ ਦੀ ਪਛਾਣ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇੰਨਾਂ ਸੁਣਦਿਆਂ ਸਾਰ ਕੁੱਝ ਸਿੱਖਾਂ ਨੇ ਜੈਕਾਰੇ ਵੀ ਛੱਡੇ, ਹਾਲਾਂਕਿ ਜੈਕਾਰੇ ਛੱਡਣ ਦੀ ਕੋਈ ਤੁਕ ਹੀ ਨਹੀਂ ਬਣਦੀ ਕਿਉਂਕਿ ਜੈਕਾਰੇ ਸਿਰਫ ਉਸ ਸਮੇਂ ਹੀ ਛੱਡੇ ਜਾਣੇ ਚਾਹੀਦੇ ਸਨ ਜਿਸ ਸਮੇ ਕਾਤਲਾਂ ਦੀ ਪਛਾਣ ਹੋ ਜਾਂਦੀ ਤੇ ਉਨ੍ਹਾਂ ਨੂੰ ਸਜਾ ਮਿਲ ਜਾਂਦੀ। ਸਿੱਖਾਂ ਨੂੰ ਉਸ ਸਮੇਂ ਪੁੱਛਣਾ ਇਹ ਚਾਹੀਦਾ ਸੀ ਕਿ ਫਰੂਕ ਅਬਦੁੱਲਾ ਜੀ! ਤੁਸੀ ਇਸ ਸਮੇ ਕੇਂਦਰ ਵਿੱਚ ਮੰਤਰੀ ਹੋ, ਤੁਹਾਡਾ ਪੁੱਤਰ ਉਮਰ ਅਬਦੁੱਲਾ ਜੰਮੂ ਕਸ਼ਮੀਰ ਦਾ ਮੁਖ ਮੰਤਰੀ ਹੈ। ਜੇ ਤੁਸੀਂ ਮੰਨਦੇ ਹੋ ਕਿ ਕਾਤਲਾਂ ਦੀ ਪਛਾਣ ਹੋਣੀ ਚਾਹੀਦੀ ਹੈ ਤਾਂ ਤੁਹਾਨੂੰ ਕਰਨੀ ਚਾਹੀਦੀ ਹੈ। ਜੇ ਹੁਣ ਵੀ ਤੁਸੀਂ ਪਛਾਣ ਨਹੀਂ ਕਰ ਸਕਦੇ ਤਾਂ ਹੋਰ ਕਦੋਂ ਕਰੋਗੇ? ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਹੋਰ ਬਹੁਤੇਰੇ ਝੂਠ ਬੋਲੇ ਜਾਂਦੇ ਹਨ ਜਿਨ੍ਹਾਂ ਦੇ ਸੱਚ ਨੂੰ ਰਾਜਨੀਤਕ ਦਬਾਅ ਕਾਰਣ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਬੰਦਾ ਇਸ ਦੁਨੀਆਂ ਵਿੱਚ ਵਾਪਰ ਰਹੇ ਸੱਚ ਝੂਠ ਦਾ ਨਿਤਾਰਾ ਨਹੀਂ ਕਰ ਸਕਦਾ ਉਹ ਪ੍ਰਮਾਤਮਾ ਦੇ ਪਰਮ ਸੱਚ ਤੱਕ ਪਹੁੰਚਣ ਦਾ ਦਾਅਵਾ ਕਿਵੇਂ ਕਰ ਸਕਦਾ ਹੈ? ਸੱਚ ਬੋਲਣਾ ਆਸਾਨ ਨਹੀਂ, ਹਰ ਵਿਅਕਤੀ ਸੱਚ ਬੋਲਣ ਦੀ ਜੁਰਹਤ ਨਹੀਂ ਕਰ ਸਕਦਾ। ਇਹ ਗੁਰੂ ਨਾਨਕ ਹੀ ਸਨ ਜੋ ਸੱਚ ਦਾ ਹੋਕਾ ਦੇ ਸਕਦੇ ਸਨ, ਤੇ ਉਨ੍ਹਾਂ ਪਹਿਲਾ ਸੱਚ ਸ਼ਮਸ਼ਾਨ ਭੂਮੀ ਵਿੱਚੋਂ ਬੋਲਿਆ, ਜਿਹੜਾ ਕਿ ਇਸ ਗੱਲ ਦਾ ਪ੍ਰਤੀਕ ਹੈ ਕਿ ਸੱਚ ਬੋਲਣ ਵਾਲਾ ਮੌਤ ਕਬੂਲ ਕਰਕੇ ਹੀ ਸੱਚ ਬੋਲ ਸਕਦਾ ਹੈ। ਇਸ ਸੱਚ ‘ਤੇ ਪਹਿਰਾ ਦੇਣ ਕਾਰਣ ਹੀ ੬ਵੇਂ ਤੇ ਨੌਵੇਂ ਗੁਰੂ ਨੂ ਸ਼ਹੀਦੀਆਂ ਦੇਣੀਆਂ ਪਈਆਂ ਦਸਵੇਂ ਗੁਰੂ ਨੇ ਸਰਬੰਸ ਵਾਰਿਆ ਤੇ ਬੇਅੰਤ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਨ ਵਾਲੇ ਇੱਕ ਹੋਰ ਝੂਠ ਬੋਲ ਰਹੇ ਹਨ ਕਿ ਇਸ ਵਿੱਚ ਸੋਧਾਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਇਹ ਸੋਧਾਂ ਨਹੀਂ ਬਲਕਿ ਵਿਗਾੜ ਹੈ ਕਿਉਂਕਿ ਕਿ ਇਸ ਦੀਆਂ ਸੰਗਰਾਂਦਾ ਤਾਂ ਬਿਕਰਮੀ ਕੈਲੰਡਰ ਵਾਲੀਆਂ ਕਰ ਦਿੱਤੀਆਂ ਤੇ ਕੁੱਝ ਗੁਰਪੁਰਬ ਚੰਦ੍ਰਮਾਂ ਦੀਆਂ ਤਿੱਥਾਂ ਦੇ ਹਿਸਾਬ ਕਰ ਦਿੱਤੇ ਤੇ ਬਾਕੀ ਦੇ ਨਾਨਕਸ਼ਾਹੀ ਕੈਲੰਡਰ ਵਿੱਚ ਨਿਸਚਿਤ ਕੀਤੀਆਂ ਤਰੀਖਾਂ ਅਨੁਸਾਰ ਜਿਹੜੇ ਕਿ ਸੰਗਰਾਂਦਾਂ ਬਦਲਣ ਸਦਕਾ ਸਾਰੇ ਹੀ ਅੱਗੇ ਪਿੱਛੇ ਹੋ ਗਏ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਪੋਹ ਸੁਦੀ ੭ ਤਾਂ ਰੱਖ ਲਿਆ, ਪਰ ਪੋਹ ਸੁਦੀ ੭ ਕਦੋਂ ਆਵੇਗੀ ਇਹ ਪੰਡਿਤਾਂ ਵਲੋਂ ਤਿਆਰ ਕੀਤੀ ਯੰਤਰੀ ਤੋਂ ਪਤਾ ਲੱਗੇਗਾ। ਇਸ ਦਾ ਮਤਲਬ ਇਹ ਹੋਇਆ ਕਿ ਜੇ ਕਦੀ ਪੰਡਿਤ ਆਪਣੀ ਯੰਤਰੀ ਨਾ ਬਣਾਉਣ ਤਾਂ ਸਾਨੂੰ ਪਤਾ ਹੀ ਨਹੀਂ ਲੱਗ ਸਕੇਗਾ ਕਿ ਗੁਰਪੁਰਬ ਕਿਸ ਦਿਨ ਹੈ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਜੇ ਮਹਾਤਮਾ ਗਾਂਧੀ ਦਾ ਜਨਮ ਦਿਨ ਹਰ ਸਾਲ ੨ ਅਕਤੂਬਰ, ਅਜਾਦੀ ਦਿਨ ਹਰ ਸਾਲ ੧੫ ਅਗੱਸਤ ਨੂੰ ਮਨਾਈ ਜਾਂਦੀ ਹ, ੈ ਅਸੀਂ ਆਪਣੇ ਬੱਚਿਆਂ ਦੇ ਜਨਮ ਦਿਨ ਜੇ ਮਨਾਉਂਦੇ ਹਾਂ ਤਾਂ ਉਹ ਵੀ ਹਰ ਸਾਲ ਇੱਕ ਹੀ ਨਿਸਚਿਤ ਤਰੀਖ ਨੂੰ ਮਨਾਏ ਜਾਂਦੇ ਹਨ, ਤਾਂ ਗੁਰਪੁਰਬ ਹਰ ਸਾਲ ੩੬੫ ਦਿਨਾਂ ਪਿੱਛੋਂ ਇੱਕ ਨਿਸਚਤ ਤਰੀਖ ਨੂੰ ਕਿਉਂ ਨਹੀਂ ਮਨਾ ਸਕਦੇ? ਇਸ ਸਾਲ ਗੁਰਪੁਰਬ ੧੧ ਜਨਵਰੀ ਨੂੰ ਮਨਾਇਆ ਹੈ ਇਸੇ ਸਾਲ ੩੧ ਦਸੰਬਰ ਨੂੰ ਫਿਰ ਮਨਾਇਆ ਜਾਵੇਗਾ ਤੇ ੨੦੧੨ ਵਿੱਚ ਇਹ ਬਿਲਕੁਲ ਨਾਹੀਂ ਆਵੇਗਾ। ਇਸ ਲਈ ਇਹ ਸੋਧਾਂ ਨਹੀਂ ਨਾਨਕਸ਼ਾਹੀ ਕੈਲੰਡਰ ਦਾ ਕਤਲ ਹੈ ਤੇ ਇਸ ਦਾ ਕਤਲ ਕਰਨ ਵਾਲਿਆਂ ਦਾ ਇਤਿਹਾਸ ਵਿੱਚ ਨਾਮ ਕਾਲੇ ਅੱਖਰਾਂ ਵਿੱਚ ਲਿਖਿਆ ਜਾਵੇਗਾ। ਉਨ੍ਹਾਂ ਕਿਹਾ ਜਿਹੜੇ ਅਕਾਲ ਤਖ਼ਤ ਦਾ ਨਾਮ ਲੈ ਕੇ ਕਹਿੰਦੇ ਹਨ, ਇਸ ਨੂੰ ਮੰਨਣਾ ਚਾਹੀਦਾ ਹੈ ਉਹ ਖ਼ੁਦ ਦੱਸਣ ਕਿ ੨੦੦੩ ਤੋਂ ਲੈ ਕੇ ੨੦੧੦ ਤੱਕ ਅਕਾਲ ਤਖ਼ਤ ਤੋਂ ਜਾਰੀ ਹੋਇਆ ਕੈਲੰਡਰ ਉਨ੍ਹਾਂ ਕਿਉਂ ਨਹੀਂ ਮੰਨਿਆ। ਅਕਾਲ ਤਖ਼ਤ ਦੀ ਮਰਿਆਦਾ ਹੁਣ ਤੱਕ ਕਿਉਂ ਨਹੀਂ ਮੰਨ ਰਹੇ? ਐਸੇ ਝੂਠ ਬੋਲਣ ਵਾਲਿਆਂ ਨੂੰ ਇਸ ਸ਼ਬਦ ਦੀਆਂ ਰਹਾਉ ਦੀਆਂ ਤੁਕਾਂ, ‘ਕੈਸੇ ਮਨ ਤਰਹਿਗਾ ਰੇ ਸੰਸਾਰੁ ਸਾਗਰੁ ਬਿਖੈ ਕੋ ਬਨਾ।। ਝੂਠੀ ਮਾਇਆ ਦੇਖਿ ਕੈ ਭੂਲਾ ਰੇ ਮਨਾ।। ੧।। ਰਹਾਉ।। ‘ ਵਿੱਚ ਕਿਹਾ ਗਿਆ ਹੈ:- ਹੇ (ਮੇਰੇ) ਮਨ! ਸੰਸਾਰ-ਸਮੁੰਦਰ ਤੋਂ ਕਿਵੇਂ ਪਾਰ ਲੰਘੇਂਗਾ? ਇਸ (ਸੰਸਾਰ-ਸਮੁੰਦਰ) ਵਿੱਚ ਵਿਕਾਰਾਂ ਦਾ ਪਾਣੀ (ਭਰਿਆ ਪਿਆ) ਹੈ। ਹੇ ਮਨ! ਇਹ ਨਾਸਵੰਤ ਮਾਇਕ ਪਦਾਰਥ ਵੇਖ ਕੇ ਤੂੰ (ਪਰਮਾਤਮਾ ਵਲੋਂ) ਖੁੰਝ ਗਿਆ ਹੈਂ। ੧। ਰਹਾਉ।

ਛੀਪੇ ਕੇ ਘਰਿ ਜਨਮੁ ਦੈਲਾ, ਗੁਰ ਉਪਦੇਸੁ ਭੈਲਾ।। ਸੰਤਹ ਕੈ ਪਰਸਾਦਿ, ਨਾਮਾ ਹਰਿ ਭੇਟੁਲਾ।। ੨।। ੫।। ‘ ਮੈਨੂੰ ਨਾਮੇ ਨੂੰ (ਭਾਵੇਂ) ਛੀਂਬੇ ਦੇ ਘਰ ਜਨਮ ਦਿੱਤਾ, ਪਰ (ਉਸ ਦੀ ਮਿਹਰ ਨਾਲ) ਮੈਨੂੰ ਸਤਿਗੁਰੂ ਦਾ ਉਪਦੇਸ਼ ਮਿਲ ਗਿਆ; ਹੁਣ ਸੰਤ ਜਨਾਂ ਦੀ ਕਿਰਪਾ ਨਾਲ ਮੈਨੂੰ (ਨਾਮੇ) ਨੂੰ ਰੱਬ ਮਿਲ ਪਿਆ ਹੈ। ੨। ੫।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਸੁਆਰਥੀ ਲੋਕਾਂ ਦੀਆਂ ਘੜੀਆਂ ਹੋਈਆਂ ਕਹਾਣੀਆਂ ਵਲ ਜਾਈਏ ਤਾਂ ਇਹ ਘਾੜਤ ਆਖਦੀ ਹੈ ਕਿ ਪਿਉ ਕਿਤੇ ਕੰਮ ਗਿਆ, ਪਿਛੋਂ ਨਾਮਦੇਵ ਨੇ ਠਾਕੁਰਾਂ ਨੂੰ ਦੁੱਧ ਪਿਲਾ ਲਿਆ, ਤਾਂ ਇਸ ਤਰ੍ਹਾਂ ਨਾਮਦੇਵ ਨੂੰ ਰੱਬ ਮਿਲ ਪਿਆ। ਪਰ ਨਾਮਦੇਵ ਜੀ ਆਪ ਇਹ ਆਖਦੇ ਹਨ ਕਿ ਮੈਨੂੰ ਨਾਮੇ ਨੂੰ “ਸੰਤਹ ਕੈ ਪਰਸਾਦਿ ਹਰਿ ਭੇਟੁਲਾ”, ਕਿਉਂਕਿ ਮੈਨੂੰ “ਗੁਰ ਉਪਦੇਸੁ ਭੈਲਾ”। ਸਾਡੇ ਸ਼ਹਿਨਸ਼ਾਹ ਗੁਰੂ ਰਾਮਦਾਸ ਜੀ ਭੀ ਹਾਮੀ ਭਰਦੇ ਹਨ ਕਿ “ਹਰਿ ਜਪਤਿਆ ਉਤਮ ਪਦਵੀ ਪਾਇ”। ਕੌਣ ਕੌਣ? “ਰਵਿਦਾਸ ਚਮਾਰ ਉਸਤਤਿ ਕਰੈ, ਹਰਿ ਕੀਰਤਿ ਨਿਮਖ ਇੱਕ ਗਾਇ” ਅਤੇ “ਨਾਮਦੇਇ ਪ੍ਰਤਿ ਲਗੀ ਹਰਿ ਸੇਤੀ” {ਸੂਹੀ ਮਹਲਾ ੪} ਉਨ੍ਹਾਂ ਕਿਹਾ ਕੀ ਇਹ ਸਭ ਕੁੱਝ ਨਿਰਾ ਪੜ੍ਹਨ ਲਈ ਹੀ ਹੈ? ਕੀ ਇਸ ਉੱਤੇ ਅਸਾਂ ਇਤਬਾਰ ਨਹੀਂ ਕਰਨਾ? ਸੰਭਲ ਕੇ ਵਿਚਾਰੋ ਕਿ ਜਿਸ ਦੇ ਸਦੀਆਂ ਦੇ ਬਣੇ ਧਾਰਮਿਕ ਰਸੂਖ਼ ਅਤੇ ਮੁਫ਼ਤ ਦੀ ਰੋਟੀ ਦੇ ਵਸੀਲੇ ਉੱਤੇ ਨਾਮਦੇਵ ਕਬੀਰ, ਰਵਿਦਾਸ ਵਰਗੇ ਸੂਰਮੇ ਮਰਦਾਂ ਨੇ ਕਰਾਰੀ ਚੋਟ ਮਾਰੀ, ਉਸ ਨੇ ਇਹ ਚੋਟ ਲੰਮੇ ਪੈ ਕੇ ਹੀ ਨਹੀਂ ਸਹਾਰਨੀ ਸੀ, ਉਸ ਨੇ ਭੀ ਆਪਣਾ ਵਾਰ ਕਰਨਾ ਹੀ ਸੀ ਤੇ ਆਪਣਾ ਰਸੂਖ਼ ਮੁੜ ਬਨਾਣਾ ਸੀ। ਤਾਹੀਏਂ ਇਹ ਸਾਰੇ ਭਗਤ ਠਾਕੁਰਾਂ ਦੇ ਪੁਜਾਰੀ ਤੇ ਬ੍ਰਾਹਮਣ ਦੇਵਤਿਆਂ ਦੇ ਚੇਲੇ ਬਣਾ ਦਿੱਤੇ ਗਏ। ਪਰ ਅਸੀਂ ਇਨ੍ਹਾਂ ਘੜੀਆਂ ਹੋਈਆਂ ਸਾਖੀਆਂ ‘ਤੇ ਵਿਸ਼ਵਾਸ਼ ਨਹੀਂ ਕਰਨਾ ਬਲਕਿ ਗੁਰਬਾਣੀ ਤੋਂ ਸੇਧ ਲੈ ਕੇ ਆਪਣਾ ਜੀਵਨ ਸੰਵਾਰਨਾ ਹੈ।


(01/05/11)
ਸੰਦੀਪ ਸਿੰਘ ਖਾਲੜਾ

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਗੁਰਮਤਿ ਪ੍ਰਚਾਰ ਕੇਂਦਰ ਡੱਲ (ਤਰਨ ਤਾਰਨ) ਵੱਲੋਂ ੨. ੫. ੧੧ ਤੋਂ ਲੈ ਕੇ ੫. ੫. ੧੧ ਤੱਕ ਰੋਜ ਗਾਰਡਨ ਪਬਲਿਕ ਸਕੂਲ ਖਾਲੜਾ ਵਿਖੇ ਸ਼ਹੀਦ ਜਸਵੰਤ ਸਿੰਘ ਜੀ ਖਾਲੜਾ ਦੀ ਯਾਦ ਚ ਚਾਰ ਰੋਜਾ ਗੁਰਮਤਿ ਟ੍ਰੇਨਿੰਗ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਚ ਪ੍ਰੋ: ਨਛੱਤਰ ਸਿੰਘ ਜੀ ਦੀ ਅਗਵਾਈ ਹੇਠ ਆ ਰਹੇ ਮਿਸ਼ਨਰੀ ਪ੍ਰਚਾਰਕ ਬੱਚਿਆਂ ਨੂੰ ਗੁਰਮਤਿ ਦੀ ਸਿਖਿਆ ਦੇਣਗੇ, ਇਸ ਦੇ ਨਾਲ ਹੀ ਚਾਰੇ ਹੀ ਦਿਨ ਸ਼ਾਮ ਨੂੰ ਗੁਰਦੁਆਰਾ ਪਹਿਲੀ ਪਾਤਸ਼ਾਹੀ ਵਿਖੇ ਧਾਰਮਿਕ ਫਿਲਮ ਦਿਖਾਈ ਜਾਇਆ ਕਰੇਗੀ।
ਸੰਪਰਕ:-੯੮੫੫੩੪੧੬੧੬ ਸੰਦੀਪ ਸਿੰਘ ਖਾਲੜਾ


{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜੀ}


.