.
(28/02/13)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਸੰਪਾਦਕ ਜੀਉ
ਸਤਿ ਸ਼੍ਰੀ ਅਕਾਲ!
ਆਪ ਜੀ ਨੂੰ ਸੰਬੌਧਤ ਡਾ. ਇਕਬਾਲ ਸਿੰਘ ਢਿੱਲੋਂ ਜੀ ਦੇ ਪੱਤਰ, ਮਿਤੀ
27.2.13 ਦੇ ਆਰੰਭ ਵਿਚ, ਡਾ. ਸਾਹਿਬ ਅੰਦਰ ਉੱਤਪੰਨ ਹੋਈ ਭਾਰੀ ਖਲਿਸ਼ ਲਈ ਮੈਂ ਕਸੂਰਵਾਰ ਨਹੀਂ,
ਬਲਕਿ ਇਹ ਤਾਂ ਇਤਹਾਸਕ ਤੱਥ ਹਨ ਜਿਨ੍ਹਾਂ ਤੇ ਡਾ. ਸਾਹਿਬ ਦਾ ਕੋਈ ਜੋਰ ਨਹੀਂ ਚਲਦਾ ਤਾਂ ਉਹ ਆਪਣੀ
ਕਿਸੇ
“ਟਿੰਡ” ਵਿੱਚ
ਮੇਰੇ ਵਲੋਂ
“ਕਾਨਾ”
ਪਾਏ ਜਾਣ ਦੀ ਗਲ ਲਿਖਦੇ ਹਨ। ਡਾ. ਸਾਹਿਬ ਦੀ ਸੱਮਸਿਆ ਇਹ
ਹੈ ਕਿ ਉਹ ਹੱਥ ਵਿੱਚ ਫੜੀ, ਆਪਣੀ ਕਲਮ ਨੂੰ, ਸਿੱਖ ਇਤਹਾਸ ਦੀ ਚਾਬੀ ਸਮਝੀ ਬੈਠੇ ਹਨ। ਉਨ੍ਹਾਂ ਤੋਂ
ਪੁੱਛਿਆ ਜਾਣਾ ਚਾਹੀਦਾ ਹੈ ਕਿ ਕਿਸੇ ਇਤਹਾਸਕ ਤੱਥ ਦੇ ਦਰਸਾਏ ਜਾਣ ਤੇ ਉਹ ਦੂਜੇ ਲਈ ਅਸਿੱਭਯ ਜਿਹੀ
ਸ਼ੈਲੀ ਤੇ ਕਿਉਂ ਉਤਰ ਆਉਂਦੇ ਹਨ? ਖ਼ੈਰ ਆਪਣਾ-ਆਪਣਾ ਸੁਭਾਅ ਹੁੰਦਾ ਹੈ! ਜਿਸਦੇ ਅੰਦਰ ਜੋ ਹੁੰਦਾ ਹੈ
ਉਹ ਉਹੀ ਵੰਡਦਾ ਹੈ।
ਉਹ ਮੇਰੇ ਵਲੋਂ ਦਰਸਾਏ ਠੋਸ ਇਤਹਾਸਕ ਤੱਥ ਤੋਂ ਉੱਠੇ ‘ਗ਼ਮ‘ ਨੂੰ, ਆਪਣੀ
ਪੁਸਤਕ ਦਿਆਂ ਤਿੰਨ ਸੌ ਕਾਪਿਆਂ ਲੱਗ ਜਾਣ ਦੀ ਖੁਸ਼ੀ ਨਾਲ ‘ਗਲਤ’ ਕਰਨ ਦੀ ਕੋਸ਼ਿਸ਼ ਵਿੱਚ ਜਾਪਦੇ ਹਨ।
ਪਰ ਇਸ ‘ਗ਼ਮੋ-ਖ਼ੁਸ਼ੀ‘ ਦੇ ਆਲਮ ਵਿੱਚ ਉਨ੍ਹਾਂ ਦੀ ਸੱਮਸਿਆ ਹਲ ਨਹੀਂ ਹੁੰਦੀ ਬਲਕਿ ਵੱਧਦੀ ਜਾਂਦੀ ਹੈ।
ਉਹ ਲਿਖਦੇ ਹਨ:-
“ਬਾਕੀ ਜੋ ਸਿੱਕਿਆਂ ਦੀ ਗੱਲ ਸ. ਹਰਦੇਵ ਸਿੰਘ ਜੰਮੂ ਜੀ ਨੇ ਕੀਤੀ ਹੈ ਉਸ
ਸਬੰਧੀ ਬੇਨਤੀ ਹੈ ਕਿ ਉਹਨਾਂ ਵੱਲੋਂ ਕੁੱਝ ਸਮਾਂ ਪਹਿਲਾਂ ਤਸਵੀਰਾਂ ਵਿੱਚ ਵਿਖਾਏ ਗਏ ਥੜ੍ਹੇ (ਇਸ
ਥੜ੍ਹੇ ਨੂੰ ਵੀ ‘ਤਖਤ‘ ਕਿਹਾ ਜਾ ਰਿਹਾ ਹੈ ਜਦ ਕਿ ਥੜ੍ਹਾ ‘ਤਖਤ‘ ਨਹੀਂ ਹੁੰਦਾ) ਵਾਂਗ ਸਿੱਕਿਆਂ ਦੀ
ਜਾਂਚ ਵੀ ਜ਼ਰੁਰੀ ਹੈ ਇਹ ਵੇਖਣ ਲਈ ਕਿ ਉਹ ਸਿੱਕੇ ਅਸਲੀ ਹਨ ਜਾਂ ਨਕਲੀ ਅਤੇ ਉਹਨਾਂ ਦੇ ਤਿਆਰ ਹੋਣ
ਦਾ ਅਸਲੀ ਸਮਾਂ ਕੀ ਹੈ”
ਡਾ. ਸਾਹਿਬ ਦੇ ਉਪਰੋਕਤ ਕਥਨ ਤੋਂ ਜਾਪਦਾ ਹੈ ਕਿ ਡਾ. ਸਾਹਿਬ ਨੂੰ ਲੱਗਦਾ
ਹੈ ਕਿ 237 ਸਾਲ ਪਹਿਲਾਂ, ਸੰਨ 1775 ਵਿੱਚ ਹੀ ਜੱਸਾ ਸਿੰਘ ਆਹਲੂਵਾਲਿਆ ਜੀ ਦੇ ਸਮੇਂ ਸਿੱਖਾਂ ਨੇ
ਸੋਚ ਲਿਆ ਸੀ ਕਿ ਸੰਨ 2012 ਵਿਚ, ਡਾ. ਇਕਬਾਲ ਸਿੰਘ ਢਿੱਲੋਂ ਜੀ ਅਕਾਲ ਤਖ਼ਤ ਸਾਹਿਬ ਬਾਰੇ ਇੱਕ
ਕਿਤਾਬ ਲਿਖਣ ਗੇ, ਜਿਸ ਨੂੰ ਗਲਤ ਸਾਬਤ ਕਰਨ ਲਈ ਨਕਲੀ ਸਿੱਕੇ ਐਡਵਾਂਸ ਵਿੱਚ ਘੜ ਕੇ ਰੱਖ ਦਿੱਤੇ
ਜਾਂਣ, ਅਤੇ ਇੰਝ ਹੀ 27 ਸਾਲ ਪਹਿਲਾਂ ਸੰਨ 1986 ਵਿੱਚ ਅਕਾਲ ਤਖ਼ਤ ਦਿਆਂ ਤਸਵੀਰਾਂ ਖਿੱਚਣ ਵਾਲੇ
ਦੇਸ਼-ਵਿਦੇਸ਼ ਦੇ ਸਿੱਖਾਂ ਨੇ, ਢਿੱਲੋਂ ਸਾਹਿਬ ਦੇ ਲੇਖਾਂ ਵਾਸਤੇ, ਗੁਰੂ ਹਰਗੋਬਿੰਦ ਜੀ ਵਲੋਂ ਉਸਾਰੇ
ਅਕਾਲ ਤਖ਼ਤ ਦੀਆਂ ਨਕਲੀ ਤਸਵੀਰਾਂ ਖਿੱਚ ਕੇ ਰੱਖ ਲਈਆਂ ਸਨ। ਡਾ. ਸਾਹਿਬ ਆਪ ਆਪਣੇ ਲਿਖੇ ਵਿੱਚ ਉਲਝ
ਗਏ ਪ੍ਰਤੀਤ ਹੁੰਦੇ ਹਨ। ਉਪੱਰ ਲਿਖਦੇ ਹਨ ਕਿ
“ਇਸ ਥੜੇ ਨੂੰ ਵੀ ਤਖ਼ਤ ਕਿਹਾ ਜਾ ਰਿਹਾ
ਹੈ ਜਦ ਕਿ ਖੜ੍ਹਾ ‘ਤਖ਼ਤ’ ਨਹੀਂ ਹੁੰਦਾ”
ਜ਼ਰਾ ਵੇਖੀਏ ਡਾ. ਸਾਹਿਬ ਨੇ ਪਹਿਲਾਂ ਕੀ ਲਿਖਿਆ! ਉਨ੍ਹਾਂ ਲਿਖਿਆ:-
“. . 1606 ਈਸਵੀ ਵਿੱਚ ਜਦੋਂ ਸ੍ਰੀ ਗੁਰੂ ਸ੍ਰੀ ਅਰਜਨ ਦੇਵ ਜੀ ਲਹੌਰ ਵਿਖੇ
ਕੈਦ ਵਿੱਚ ਸਨ ਅਤੇ ਉਹਨਾਂ ਨੇ ਭਾਂਪ ਲਿਆ ਸੀ ਕਿ ਉਹਨਾਂ ਦੀ ਸ਼ਹੀਦੀ ਨਿਸਚਤ ਹੈ ਤਾਂ ਉਹਨਾਂ ਨੇਂ
ਸਿੱਖੀ ਦੀ ਸ਼ੁਧ ਅਧਿਆਤਮਕ ਲਹਿਰ ਨੂੰ ਇੱਕ ਨਵਾਂ ਰੂਪ ਦੇਣ ਦੀ ਲੋੜ ਮਹਿਸੂਸ ਕੀਤੀ। ਉਹਨਾਂ ਨੇ
ਗਿਆਰਾਂ ਸਾਲ ਦੀ ਉਮਰ ਤੇ ਪਹੁੰਚੇ ਸਾਹਿਬਜਾਦਾ ਹਰਗੋਬਿੰਦ ਜੀ ਨੂੰ ਗੁਰਗੱਦੀ ਦੇ ਯੋਗ ਸਮਝਿਆ ਅਤੇ
ਆਪਣੇ ਇੱਕ ਸਿੱਖ ਰਾਹੀਂ ਉਹਨਾਂ ਨੂੰ ਆਪਣਾ ਸੰਦੇਸ਼ ਪੁੰਚਾਇਆ ਕਿ ਉਹ ਦੇ ਅਗਲੇ ਗੁਰੂ ਬਣ ਕੇ ਸਿੱਖ
ਮੱਤ ਨੂੰ ਇੱਕ ਨਵਾਂ ਰੂਪ ਦੇਣਗੇ। ਇਸ ਸੰਦੇਸ਼ ਰਾਹੀਂ ਬਾਕੀ ਗੱਲਾਂ ਦੇ ਨਾਲ ਨਾਲ
ਇੱਕ ਤਖਤ ਤਿਆਰ ਕਰਨ ਦਾ ਆਦੇਸ਼ ਵੀ
ਦਿੱਤਾ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ 30 ਮਈ
1606 ਨੂੰ ਸ਼ਹੀਦੀ ਪਰਾਪਤ ਕਰ ਗਏ। ਇਸ ਉਪਰੰਤ ਜੂਨ 1606 ਵਿੱਚ ਦਰਬਾਰ ਸਾਹਿਬ ਦੇ ਸਾਹਮਣੇ ਕਰਕੇ
ਦਰਸ਼ਨੀ ਡਿਉਢੀ ਦੇ ਨੇੜੇ ਹੀ ਇੱਕ
ਤਖਤਨੁਮਾ ਥੜ੍ਹੇ ਦੀ ਉਸਾਰੀ ਕਰ ਲਈ ਗਈ
ਅਤੇ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ 11 ਜੂਨ
1606 ਦੇ ਦਿਨ ਗੁਰਗੱਦੀ ਦਿੱਤੇ ਜਾਣ ਦੀ ਰਸਮ
ਇਸ ਤਖਤ ਦੇ ਉਤੇ ਹੀ ਸੰਪੂਰਨ ਕੀਤੀ ਗਈ
ਸੀ (ਜੂਨ ਮਹੀਨੇ ਹੋਈ ਇਸ ਗੁਰਗੱਦੀ ਰਸਮ ਦੀ
ਤਾਰੀਖ ਬਾਰੇ ਮੱਤ-ਭੇਦ ਹਨ)।
ਪਰਤੱਖ ਹੈ ਕਿ ਇਸ ਤਖਤ ਦਾ ਨਿਰਮਾਣ
ਸਾਹਿਬਜਾਦਾ ਹਰਗੋਬਿੰਦ ਜੀ ਦੇ ਛੇਵੇਂ ਗੁਰੂ ਬਣਨ
ਤੋਂ ਪਹਿਲਾਂ ਪੂਰਾ ਹੋ ਚੁੱਕਾ ਸੀ ਅਤੇ ਇਹ ਕਾਰਜ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਹੀ ਚਿਤਵਿਆ
ਗਿਆ ਸੀ। …” ( ਡਾ. ਇਕਬਾਲ
ਸਿੰਘ ਢਿੱਲੋਂ ਜੀ)
ਡਾ. ਸਾਹਿਬ ਜੀ ਨੇ ਆਪ-ਬਾਰ ਬਾਰ ਥੜੇ ਨੂੰ ਤਖ਼ਤ ਕਰਕੇ ਲਿਖਿਆ ਹੁਣ ਕਹਿੰਦੇ
ਹਨ ਥੜਾ ਤਖ਼ਤ ਨਹੀਂ ਹੁੰਦਾ!
ਡਾ. ਸਾਹਿਬ ਜੀ ਜੇ ਕਰ ਖੋਜੀ ਵ੍ਰਿਤੀ ਦੇ ਹਨ ਤਾਂ ਉਨ੍ਹਾਂ ਨੂੰ ਸ੍ਹਾਮਣੇ
ਆਏ ਤੱਥਾਂ ਦੀ ਪੜਚੋਲ ਆਪ ਕਰਨੀ ਚਾਹੀਦੀ ਹੈ ਕਿ ਉਹ ਸਹੀ ਹਨ ਜਾਂ ਗਲਤ! ਜੇ ਕਰ ਉਹ ਤੱਥਾਂ ਬਾਰੇ
‘ਜਾਂਚ’, ‘ਸਹੀ ਜਾਂ ਗਲਤ‘
ਅਤੇ ‘ਅਸਲੀ ਜਾਂ ਨਕਲੀ’ ਦੀ ਸਥਿਤੀ ਵਿੱਚ ਹਨ
ਤਾਂ ਉਹ ਆਪ ਸਿਆਣੇ ਬਣ ਕੇ ਸਮਝਣ ਦਾ ਯਤਨ ਕਰਨ ਕਿ ਉਨ੍ਹਾਂ ਦੀ ਉਸ ਕਿਤਾਬ ਦਾ ਕੀ ਮਹੱਤਵ ਬੱਚੇਆ ਹੈ
ਜਿਸਦੀਆਂ ਤਿੰਨ ਸੌ ਕਾਪੀਆਂ ਨਿਕਲ ਵੀ ਗਈਆਂ ਹਨ? ਇਹ ਤਾਂ ਹੋਰ ਸਮੱਸਿਆ ਵਾਲੀ ਹੈ।
ਪ੍ਰਤੀਤ ਹੁੰਦਾ ਹੈ ਕਿ ਉਨ੍ਹਾਂ ਦੀ ਕਿਤਾਬ ਦੀ ਦੂਜੀ ਐਡੀਸ਼ਨ, ਪਹਿਲੀ ਨੂੰ
ਵਾਪਸ ਲੇਂਣ ਬਾਦ ਹੀ ਛੱਪੇਗੀ! ਇਸ ਦੌਰਾਨ, ਜੇ ਕਰ ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਦੀ ਕਿਸੇ
“ਟਿੰਡ” ਵਿੱਚ ਮੇਰੇ ਤੋਂ ਕੋਈ “ਕਾਨਾ” ਪੈ ਗਿਆ ਹੈ, ਤਾਂ ਇਹ ਮੇਰਾ ਦੋਸ਼ ਨਹੀਂ। ਮੈਂ ਤਾਂ ਆਪਣੇ
ਫ਼ਰਜ਼ ਦਾ ਪਾਲਨ ਕੀਤਾ ਹੈ!
ਹਰਦੇਵ ਸਿੰਘ, ਜੰਮੂ-੨੮-੨-੨੦੧੩
(28/02/13)
ਸੁਰਜਨ ਸਿੰਘ
ਸਭ
ਕੁੱਝ ਢਹਿ ਜਾਣਾ ਹੈ
“ਇਮਾਰਤ ਢਹਿ ਜਾਂਦੀ ਹੈ”। ਇਨਵਰਟਿਡ ਕਾਮਿਆਂ ਵਿੱਚ ਦਰਜ ਫ਼ਿਕਰਾ ਆਪਣੇ ਲੇਖ ਵਿੱਚ ਲਿਖਣ ਵਾਲੇ ਸੱਜਣ
ਦਾ ਭਾਵ ਇਹ ਪ੍ਰਤੀਤ ਹੁੰਦਾ ਹੈ ਕਿ ਜੋ ਢਹਿ ਜਾਣਾ ਹੈ ਉਸ ਨੂੰ ਮਹੱਤਵ ਦੇਣ ਦੀ ਕੋਈ ਲੋੜ ਨਹੀਂ ਹੈ
(ਲੇਖ ਸਿੱਖ ਮਾਰਗ `ਤੇ 27-02-2013 ਦੇ ਇੱਕ ਪੱਤਰ ਥੱਲੇ ਪੇਸਟ ਹੈ)। ਢਹਿ ਤਾਂ ਉਸ ਬੰਦੇ ਵੀ ਜਾਣਾ
ਹੈ ਜਿਸ ਨੇ ਹੁਕਮਨਾਮਾ ਜਾਰੀ ਕੀਤਾ ਹੈ ਅਤੇ ਜਿਸ ਬੰਦੇ ਦੇ ਖ਼ਿਲਾਫ਼ ਹੁਕਮਨਾਮਾ ਜਾਰੀ ਹੋਇਆ ਹੈ ਉਸ
ਵੀ ਢਹਿ ਜਾਣਾ ਹੈ। ਫਿਰ ਰੌਲਾ ਕਿਉਂ ਪਿਆ ਹੋਇਆ ਹੈ? ਦੁਨੀਆ ਵੀ ਨਾਸ਼ਵੰਤ ਹੈ। ਪਰ ਜਦ ਤਕ ਦੁਨੀਆ ਹੈ
ਇਮਾਰਤਾਂ ਦੇ ਨਾਮ ਜ਼ਿੰਦਾ ਰਹਿਣਗੇ ਇਮਾਰਤਾਂ ਨਾਲ ਜੁੜੀਆਂ ਪਰੰਪਰਾਵਾਂ ਅਤੇ ਉਨ੍ਹਾਂ ਨਾਲ ਜੁੜੇ
ਇਤਿਹਾਸ ਦੇ ਕਾਰਣ। ਇਮਾਰਤ ਢਹਿ ਵੀ ਜਾਏ ਪਰ ਜਿਸ ਉਦੇਸ਼ ਲਈ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਅਕਾਲ਼
ਤਖ਼ਤ ਦੀ ਇਮਾਰਤ ਸਿਰਜੀ ਹੈ ਉਹ ਉਦੇਸ਼ ਇਸ ਨਾਲ ਜੁੜਿਆ ਰਹਿਣਾ ਹੈ, ਉਹ ਨਹੀਂ ਮਿਟਾਇਆ ਜਾ ਸਕਦਾ।
ਸਿੱਖ ਵਿਰੋਧੀਆਂ ਨੇ ਸਾਡੀਆਂ ਇਮਾਰਤਾਂ ਢਾਹੀਆਂ ਸਨ ਪਰ ਅਸਾਂ ਫਿਰ ਕਾਇਮ ਕਰ ਲਈਆਂ ਕਿਉਂਕਿ ਇਹ
ਖ਼ਾਲਸਾ ਪੰਥ ਦੀ ਵਿਰਾਸਤ ਹਨ। ਪਰ ਹੁਣ ਤਾਂ ਅਸੀਂ ਆਪ ਹੀ ਆਪਣੇ ਪ੍ਰਚਾਰ ਦੁਆਰਾ ਇਨ੍ਹਾਂ ਨੂੰ ਨਾਬੂਦ
ਕਰੀ ਜਾ ਰਹੇ ਹਾਂ। ਗ਼ੈਰ ਤਾਂ ਗ਼ੈਰ ਹੀ ਹਨ ਪਰ ਇੱਥੇ ਤਾਂ ਅਸੀਂ ਆਪਣਿਆਂ ਕੋਲੋਂ (ਜਿਨ੍ਹਾਂ ਨੂੰ
ਅਸੀਂ ਫੁਲ ਸਮਝਦੇ ਸੀ) ਜ਼ਖ਼ਮ ਖਾਦੇ ਹਨ। ਗ਼ੈਰਾਂ ਤੋਂ ਬਚਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਪਰ ਆਪਣਿਆਂ
ਦਾ ਕੀ ਕੀਤਾ ਜਾਏ? ਚਲੋ ਇਹ ਆਪਣੇ ਵੀ ਆਜ਼ਮਾਏ ਗਏ। “ਆਪ ਗ਼ੈਰੋਂ ਕੀ ਬਾਤ ਕਰਤੇ ਹੈਂ ਹਮ ਨੇ ਅਪਨੇ ਭੀ
ਆਜ਼ਮਾਏ ਹੈਂ। ਆਪ ਕਾਂਟੋਂ ਸੇ ਬੱਚ ਕੇ ਚਲਤੇ ਹੈਂ ਹਮ ਨੇ ਫੂਲੋਂ ਸੇ ਜ਼ਖ਼ਮ ਖਾਏ ਹੈਂ।”
ਸੁਰਜਨ ਸਿੰਘ +919041409041
(28/02/13)
ਸਰਵਜੀਤ ਸਿੰਘ
ਵਾ ਕੀ ਕਰ ਦ੍ਰਾਰੀ ਧਰੀ ਪਗਿਯਾ ਲਈ ਉਤਾਰਿ
ਸਿੱਖ ਮਾਰਗ ਦੇ ਸੰਪਾਦਕ ਨੇ ਆਪਣੇ ਲੇਖ
‘ਕੀ ਤੁਸੀਂ ਭੇਸ ਬਦਲ ਕੇ ਰਾਤ ਨੂੰ
ਕਿਸੇ ਪਰਾਈ ਇਸਤਰੀ ਦੇ ਘਰ ਜਾਣਾ ਚਾਹੁੰਦੇ ਹੋ’?
ਵਿੱਚ ਅਖੌਤੀ ਦਸਮ ਗ੍ਰੰਥ ‘ਚ ਦਰਜ ਇਕ ਕਹਾਣੀ, ਜਿਸ ਨੂੰ ਆਮ ਤੌਰ ਤੇ ਨੂਪ ਕੌਰ ਜਾਂ ਅਨੂਪ ਕੌਰ ਦੀ
ਕਹਾਣੀ ਕਿਹਾ ਜਾਂਦਾ ਹੈ, ਦਾ ਬਹੁਤ ਹੀ ਵਿਸਥਾਰ ਨਾਲ ਵਰਨਣ ਕੀਤਾ ਹੈ। ਆਖੇ ਜਾਂਦੇ ਦਸਮ ਗ੍ਰੰਥ ਦੇ
ਪੰਨਾ 838 ਤੋਂ 844 ਤੱਕ ਦਰਜ ਚਰਿਤ੍ਰ ਨੰ: 21, 22 ਅਤੇ 23, ਜਿਸ ਦੇ ਕੁਲ (60+9+12) 81 ਛੰਦ
ਹਨ, ਦੋ ਵਿਦਵਾਨਾਂ ਵੱਲੋਂ ਕੀਤੇ ਗਏ ਅਰਥ ਵੀ ਹੁ-ਬਹੂ ਲਿਖਣ ਦੇ ਨਾਲ-ਨਾਲ ਕੁਝ ਟਿੱਪਣੀਆਂ ਵੀ
ਕੀਤੀਆਂ ਹਨ। ਚਰਿਤ੍ਰ ਨੰ: 22 ਦੇ ਛੰਦ ਨੰ: ੫, “ਵਾ ਕੀ ਕਰ ਦ੍ਰਾਰੀ ਧਰੀ ਪਗਿਯਾ ਲਈ ਉਤਾਰਿ ॥
ਚੋਰ ਚੋਰ ਕਰਿ ਤਿਹ ਗਹਿਯੋ ਦ੍ਵੈਕ ਮੁਤਹਰੀ ਝਾਰਿ” ਦੇ ਅਰਥਾਂ ਨਾਲ ਕੀਤੀ ਗਈ ਟਿੱਪਣੀ ਦੇ
ਸਬੰਧੀ ਬੇਨਤੀ ਹੈ ਕਿ ਡਾ: ਜੱਗੀ ਜੀ ਦੇ ਮੁਤਾਬਕ ਤਾਂ ਦਾੜ੍ਹੀ ਔਰਤ ਦੇ ਭਰਾ ਦੀ ਫੜੀ
ਜਾਂਦੀ ਹੈ। ਗਿਆਨੀ ਨਰੈਣ ਸਿੰਘ ਮੁਤਾਬਕ “ਲੋਕਾਂ ਨੇ ਹੱਥ ਨਾਲ ਉਹਦੀ ਦਾਹੜੀ ਫੜ ਲਈ ਅਤੇ ਉਹਦੀ ਪੱਗ
ਵੀ ਲਾਹ ਦਿੱਤੀ” (ਕਿਸ ਦੀ?) ਅਗਲੀ ਪੰਗਤੀ “ਉਹਨਾਂ ਨੇ ਰਾਜੇ ਦੇ ਹੱਥ ਬੰਨ੍ਹ ਦਿੱਤੇ” ਤੋਂ ਸਪੱਸ਼ਟ
ਹੋ ਜਾਂਦਾ ਹੈ ਕਿ ਦਾਹੜੀ ਵੀ ਰਾਜੇ ਦੀ ਹੀ ਫੜੀ ਗਈ ਸੀ।
ਡਾ ਹਰਭਜਨ ਸਿੰਘ ਨੇ ਵੀ ਇਸ ਪੰਗਤੀ ਦੇ ਗਲਤ ਅਰਥ ਹੀ ਕੀਤੇ ਹਨ, “ਜਦੋਂ
ਘਿਰੇ ਹੋਏ ਰਾਜੇ ਨੂੰ ਬਚਾਓ ਦਾ ਕੋਈ ਤਰੀਕਾ ਨਾ ਦਿਸਿਆ, ਤਾਂ ਉਸ ਨੇ ਅਨੂਪ ਕੌਰ ਦੇ ਭਾਈ ਦੀ ਪਗੜੀ
ਲਾਹ ਦਿੱਤੀ ਅਤੇ ਉਸ ਨੂੰ ਪਕੜ ਕੇ ਸ਼ੋਰ ਮਚਾਇਆ ਕਿ ਚੋਰ ਇਹ ਹੈ। ਲੋਕਾਂ ਨੇ ਉਸ ਨੂੰ ਚੋਰ ਜਾਣ ਕੇ
ਪਕੜ ਲਿਆ ਅਤੇ ਮਾਰ-ਕੁਟਾਈ ਕਰ ਕੇ
ਅਧਿਕਾਰੀਆਂ
ਦੇ ਹਵਾਲੇ ਕਰ ਦਿੱਤਾ, ਜਿਨ੍ਹਾਂ ਉਸ ਨੂੰ ਜੇਲ੍ਹ ਭੇਜ ਦਿੱਤਾ ” ।
ਆਓ ਹੁਣ ਵੇਖੀਏ; ਡਾ: ਜੋਧ ਸਿੰਘ ਨੇ ਇਨ੍ਹਾਂ ਪੰਗਤੀਆਂ ਦੇ ਅਰਥ ਕੀ ਅਰਥ
ਕੀਤੇ ਹਨ,
“ਆਗੇ ਪੀਛੇ, ਦਾਏ ਬਾਏ ਸਭੀ ਦਿਸ਼ਾਓ ਸੇ
ਉਸੇ ਘੇਰ ਲਿਆ। ਰਾਜਾ ਨੇ ਯਤਨ ਤੋਂ ਕੀਆ ਪਰ ਭਾਗਨੇ ਕੇ ਲੀਏ ਕੋਈ ਰਾਸਤਾ ਨਹੀਨ ਬਚਾ॥4॥ ਲੋਗੋ ਨੇ
ਹਾਥ ਪਕੜ ਕਰ ਉਸਕੀ ਦਾੜੀ ਪਕੜ ਲੀ ਔਰ ਉਸਕੀ ਪਗੜੀ ਉਤਾਰ ਲੀ। ਉਸੇ ਚੋਰ ਚੋਰ ਕਹ ਕਰ ਦੋ ਤੀਨ ਡੰਡੇ
ਮਾਰਕਰ ਪਕੜ ਲੀਆ॥5॥ ਡੰਡਾ ਲਗਨੇ ਸੇ ਰਾਜਾ ਧਰਤੀ ਪਰ ਗਿਰ ਪੜਾ ਔਰ ਮੂਰਸ਼ਤ ਹੋ ਗਿਆ। ਲੋਗੋ ਮੇਂ ਕੋਈ
ਭੀ ਰਹਸਯ ਕੋ ਨ ਸਮਝਾ ਔਰ ਉਨੇ ਰਾਜਾ ਕੇ ਹਾਥ ਬਾਂਧ ਲੀਏ॥6॥ (ਸੈਚੀ ਤੀਜੀ ਪੰਨਾ 227)
ਉਪ੍ਰੋਕਤ ਵਾਰਤਾ ਤੋਂ ਇਹ ਹੀ ਸਿੱਧ ਹੁੰਦਾ ਹੈ ਕਿ ਦਾਹੜੀ ਰਾਜੇ ਦੀ ਹੀ ਪੜੀ
ਗਈ ਸੀ। ਪੋ: ਦਰਸ਼ਨ ਸਿੰਘ ਜੀ ਨੇ, ਜਿਨ੍ਹਾਂ ਲਈ ਇਸ ਚਰਿਤ੍ਰ ਦੀ ਕਥਾਂ ਧਰਮ `ਚ ਛੇਕੇ ਜਾਣ ਦਾ ਕਾਰਨ
ਬਣੀ ਸੀ, ਇਸੇ ਕਹਾਣੀ ਦੀ ਅਸਲੀਅਤ ਹੀ ਬਿਆਨ ਕੀਤੀ ਸੀ। ਅਨੰਦ ਕਾਰਜ ਵੇਲੇ ਪ੍ਰਚਾਰਕਾਂ ਵੱਲੋਂ
ਸੁਭਾਗ ਜੋੜੀ ਨੂੰ, ਗ੍ਰਿਸਤ ਧਰਮ ਦਾ ਉਦੇਸ਼ ਦੇਣ ਵੇਲੇ ਅਕਸਰ ਹੀ ਇਸ ਚਰਿਤ੍ਰ `ਚ ‘ਸੁਧਿ ਜਬ ਤੇ
ਹਮ ਧਰੀ ਬਚਨ ਗੁਰ ਦਏ ਹਮਾਰੇ’ ਪੰਗਤੀਆਂ ਸੁਣਾਈਆਂ ਜਾਦੀਆਂ ਹਨ ਅਤੇ ਇਸ ਨੂੰ ਗੁਰੂ ਜੀ ਦਾ
ਉਪਦੇਸ਼ ਦੱਸਿਆ ਜਾਂਦਾ ਹੈ।
ਆਓ! ਗੱਲ ਦੀ ਤਹਿ ਤਾਈ ਪੁੱਜਣ ਲਈ ਹੋਰ ਵਿਦਵਾਨਾਂ ਦੇ ਵਿਚਾਰ ਵੀ ਜਾਣ ਲਈਏ;
ਗਿਆਨੀ ਸ਼ਵਿੰਦਰ ਸਿੰਘ ਨੇ 23 ਫਰਵਰੀ 2008 ਵਿਚ ਸੈਕਰਾਮੈਂਟੋ
(ਕੈਲੇਫੋਰਨੀਆਂ) ਵਿਖੇ ਇਕ ਸੈਮੀਨਾਰ ਵਿੱਚ ਅਨੂਪ ਕੌਰ ਵਾਲੀ ਕਹਾਣੀ ਨੂੰ ਗੁਰੂ ਜੀ ਦੀ ਆਪ ਬੀਤੀ
ਦੱਸਿਆ ਕਿਹਾ, “ਸੋ ਥੋੜਾ ਜੇਹਾ ਜਿਕਰ ਮੈਂ ਚਤ੍ਰਿਰਾਂ ਦੇ ਬਾਰੇ ਕਹਾਂ... ਜਿਹੜੇ ਚਤ੍ਰਿਰਾਂ ਦੇ
ਬਾਰੇ ਗਲ ਕਰਦੇ ਨੇ ਕੇ ਮਹਾਰਾਜ ਨੇ ਖੁੱਲੇ ਬਚਨ ਕੀਤੇ ਨੇ, ਸਾਧ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ
ਨੇ ਜਿਹੜੇ ਚਤ੍ਰਿਰ ਲਿਖੇ ਨੇ, ਉਹਦੇ ਵਿੱਚ ਮੇਰੇ ਗਰੂ ਗੋਬਿੰਦ ਸਿੰਘ ਨੇ ਆਪਣਾ ਚਤ੍ਰਿਰ ਲਿਖਿਆ ਸਾਧ
ਸੰਗਤ, ਜੇ ਕੋਈ ਕਹੇ ਕਵੀਆਂ ਨੇ ਲਿਖੇ ਨੇ, ਗੁਰੂ ਗੋਬਿੰਦ ਸਿੰਘ ਦਾ ਅਨੂਪ ਕੌਰ ਦਾ ਚਤ੍ਰਿਰ ਕਿੱਦਾਂ
ਆ ਗਿਆ ਉਹਦੇ ਵਿਚ? ਇਸ ਕਰਕੇ ਆਪ ਲਿਖੇ ਨੇ। ਅਨੂਪ ਕੌਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਛਲਣ
ਦੀ ਕੋਸ਼ਿਸ਼ ਕੀਤੀ। ਕੇ ਗੁਰੂ ਮਹਾਰਾਜ ਬੜਾ ਬਲੀ ਯੋਧਾ, ਮੈਂ ਛਲ ਕੇ ਵਿਖਾਉਣੀ ਆਂ... ਗੁਰੂ ਜਾਣੀ
ਜਾਣ ਸਨ, ਪਤਾ ਸੀ ਕੀ ਹੈ ਛਲ ਹੈ ਧੋਖਾ ਹੈ, ਸਭ ਕੁੱਝ ਜਾਣਦੇ ਨੇ, ਪਰ ਕਿਉਂਕਿ ਸਾਨੂੰ ਸਮਝਾਉਣ ਲਈ
ਕੋਈ ਜਤਨ ਤਾਂ ਕਰਨਾ ਸੀ ਨਾ।… ਇਸ ਲਈ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਉਸ ਨੇ
ਜਦੋਂ ਫੇਰ ਸਾਨੂੰ ਪ੍ਰੇਰਿਆ, ਅਸੀਂ ਉਸ ਨੂੰ ਮਨ੍ਹਾਂ ਕੀਤਾ, ਉਸ ਨੇ ਅਨੇਕ ਪ੍ਰਕਾਰ ਦੀਆ ਟਾਂਚਾਂ
ਕੀਤੀਆਂ, ਤਾਨ੍ਹੇ ਮਾਰੇ, ਐਸਾ ਵੀ ਲਿਖਿਆ, ਕੇ ਵੱਡਾ ਸੂਰਮਾ ਅਖਵਾਉਣਾ ਜਾਂ ਮੇਰੀ ਲੱਤ ਥੱਲੋ ਲੱਘ
ਜਾਹ ਨਹੀਂ ਤੇ ਮੇਰੀ ਗੱਲ ਮੰਨ ਲਾ।…ਸਾਧ ਸੰਗਤ ਜਿਨ੍ਹਾਂ ਦੇ ਮਨਾਂ ਦੇ ਵਿੱਚ ਕਚਿਆਈ ਹੁੰਦੀ ਆ ਨਾਂ
ਚਤ੍ਰਿਰ ਪੜ੍ਹ ਕੇ ਮਨ ਉਨ੍ਹਾਂ ਦੇ ਡੋਲਦੇ ਹਨ। ਆਹ ਸਾਡੇ ਭੈਣ ਜੀ ਬੈਠੇ ਨੇ ਕਹਿੰਦੇ ਮੈਂ ਸਾਰਾ ਦਸਮ
ਗ੍ਰੰਥ ਪੜ੍ਹਿਆ, ਕਹਿੰਦੇ ਕੇਹੜਾ ਜੇਹੜਾ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਨਹੀਂ। ...ਹੈ
ਨਾ ਪੂਰਾ ਗੁਰੂ। ਇਕਾਂਤ ਹੋਵੇ, ਜਿਥੇ ਕੋਈ ਦੇਖਦਾ ਨਾਂ ਹੋਵੇ, ਕਿਸੇ ਦਾ ਕੋਈ ਡਰ ਨਾਂ ਹੋਵੇ, ਉਹਦੇ
ਕੋਲ ਸਾਬਤ ਰਹਿਣਾ ਤੇ ਉਹਨੂੰ ਵੀ ਸਿੱਖਿਆ ਦੇਣੀ”।
ਗਿਆਨੀ ਗੁਰਬਚਨ ਸਿੰਘ ਫ਼ਤਿਹ ਦਿਵਸ (2006) ਤੇ ਬੋਲਦਿਆਂ ਕਿਹਾ ਸੀ, “ਦਸਮ
ਗ੍ਰੰਥ ਦੀ ਪ੍ਰਮਾਣਿਕਤਾ ਦੇ ਵਾਸਤੇ ਜੇ ਕੁਝ ਪੜ੍ਹਨਾ ਹੋਵੇ ਤਾਂ ਪਿਆਰਾ ਸਿੰਘ ਪਦਮ ਨੇ ਬਹੁਤ ਸੁੰਦਰ
ਬਚਨ ਲਿਖੇ ਹਨ ਉਹ ਆਪ ਸਾਰੇ ਪੜ੍ਹ ਸਕਦੇ ਹੋ”।
ਆਓ ਪਿਆਰਾ ਸਿੰਘ ਪਦਮ ਦੇ ਸੁੰਦਰ ਬਚਨਾਂ ਦੇ ਦਰਸ਼ਨ ਕਰੀਏ, “ਜੇਹਾ ਕਿ ਅਸੀਂ
ਅਗੇ ਵੀ ਆਖ਼ ਚੁਕੇ ਹਾਂ ਕਿ ਸਾਰੀਆਂ ਕਹਾਣੀਆਂ ਤ੍ਰਿਯਾ ਚਰਿਤਰ ਨਹੀ, ਕਈ ਪੁਰਖ ਚਰਿਤਰ ਵੀ ਹਨ
ਜਿਨ੍ਹਾਂ ਵਿਚ ਕਿਤੇ ਕਿਤੇ ਮਰਦਾਂ ਦੀ ਚੁਤਰਾਈ ਤੇ ਬੀਰਤਾ ਦਾ ਚਰਿਤਰ ਦਰਸਾਇਆ ਗਿਆ ਹੈ। ਇਸ ਦਾ ਭਾਵ
ਵੀ ਇਹੋ ਹੈ ਕਿ ਬਿਖਮ ਹਾਲਾਤ ਵਿਚੋਂ ਵੀ ਚੇਤੰਨ ਹੋ ਕੇ ਨਿਕਲ ਜਾਣਾ ਸਿਆਣੇ ਪੁਰਸ਼ਾ ਦਾ ਕੰਮ ਹੈ।
ਗੁਰੁ ਸਾਹਿਬ ਨੇ ਕੁਝ ਆਪ -ਬੀਤੀਆ ਵੀ ਦਰਜ ਕੀਤੀਆ ਹਨ ਜੋ ਕਿ ਥਾਂ ਥਾਂ ਆਏ ਹਵਾਲਿਆ ਤੋ ਸਪਸ਼ਟ ਹੋ
ਹੀ ਜਾਂਦੀਆਂ ਹਨ। ਅਨੰਦਪੁਰ ਦੇ ਕਈ ਚਲਿਤਰ ਹਨ, ਜਿਵੇਂ 16, 21, 22, 23, ਆਦਿ। 15 ਨੰਬਰ
ਕੀਰਤਪੁਰ ਦਾ ਹੈ”। (ਦਸਮ ਗ੍ਰੰਥ ਦਰਸ਼ਨ, ਪੰਨਾ 125) ਯਾਦ ਰਹੇ ਪਿਆਰਾ ਸਿੰਘ ਪਦਮ ਦੀ ਇਸ ਕਿਤਾਬ
‘ਚ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਦਾ ਵੀ ਪ੍ਰਸੰਸਾ ਪੱਤਰ ਲੱਗਾ ਹੋਇਆ ਹੈ। (ਪੰਨਾ 7)
‘ਦਸਮ ਗ੍ਰੰਥ ਦਰਪਣ’ ਦਾ ਲਿਖਾਰੀ ਗਿਆਨੀ ਹਰਬੰਸ ਸਿੰਘ ਵੀ ਇਸ ਕਹਾਣੀ ਨੂੰ
ਗੁਰੂ ਜੀ ਦੀ ਆਪ ਬੀਤੀ ਹੀ ਮੰਨਦਾ ਹੈ।
“ਇਸੇ
ਤਰ੍ਹਾਂ ਹੋਰ ਗੁਰਸਿਖਾਂ ਨੂੰ ਹਜ਼ੂਰ ਮਾਇਆ ਬਖਸ਼ਦੇ ਰਹਿੰਦੇ ਸਨ ਤਾਂ ਜੋ ਲੋਹ ਲੰਗਰ ਤਪਦੇ ਰਹਿਣ ਤੇ
ਸਿਖ ਸੇਵਕ ਜਿਹੜੇ ਬਾਹਰੋਂ ਦੂਰੋਂ ਦੂਰੋਂ ਆਉਂਦੇ ਉਨ੍ਹਾਂ ਦੀ ਸੰਭਾਲ ਹੋਂਦੀ ਰਹੇ। ਇਤਿਹਾਸ ਗਵਾਹ
ਹੈ ਕਿ ਬਹੁਤ ਸਾਰੇ ਮੁਖੀ ਸਿਖਾਂ ਦੇ ਪ੍ਰਬੰਧ ਵਿਚ ਵੱਖੋ ਵੱਖ ਥਾਵਾਂ ਤੇ ਲੰਗਰ ਚਲਦੇ ਸਨ। ਹੋ ਸਕਦਾ
ਹੈ ਕਿ ਇਸ ਤਰ੍ਹਾਂ ਹੀ ਗੁਰੂ ਜੀ ਨੇ ਨੂਪ ਕੁਅਰਿ ਤੋਂ ਵੀ ਇਹ ਸੇਵਾ ਲਈ ਹੋਵੇ। ਵੀਹ ਹਾਜ਼ਰ ਦੀ
ਛਿਮਾਹੀ ਉਸ ਸਮੇਂ ਦੇਣੀ ਤੇ ਇਸ ਸਬੰਧੀ ਲਿਖਣਾ ਸਾਹਿਬਾਂ ਦਾ ਹੀ ਕੰਮ ਹੈ ਜੇ ਕੋਈ ਹੋਰ ਕਵੀ ਹੁੰਦਾ
ਤਾਂ ਅਤਿ ਕਥਨੀ ਦੇ ਭੈ ਕਰਕੇ ਇਹ ਰਕਮ ਇਤਨੀ ਕਦੇ ਨਾ ਲਿਖਦਾ। ਜਦੋਂ ਹਜ਼ੂਰ ਨੇ ਨੂਪ ਕੁਅਰਿ ਨੂੰ
ਮਾਫ਼ ਕਰ ਦਿਤਾ ‘ਛਿਮਾ ਕਰੋਂ ਅਬ ਤ੍ਰਿਯਾ ਤੁਮੇ ਬਹੁਰ ਨਾ ਕਰੀਯਹੁ ਰਾਂਧ’ ਤਾਂ ਹਜ਼ੂਰ ਉਸ
ਨਾਲ ਭਿਮਨ ਭੇਦ ਕਿਉਂ ਵਰਤਦੇ”। (ਪੰਨਾ 315)
ਪਾਠਕ ਧਿਆਨ ਦੇਣ, ਅਸਲ ਲਿਖਤ ‘ਚ ਇਹ ਪੰਗਤੀ ਇਓ ਹੈ; ਛਿਮਾ ਕਰਹੁ ਅਬ ਤ੍ਰਿਯ
ਹਮੈ ਬਹੁਰਿ ਨ ਕਰਿਯਹੁ ਰਾਧਿ ॥ ਬੀਸ ਸਹੰਸ ਟਕਾ ਤਿਸੈ ਦਈ ਛਿਮਾਹੀ ਬਾਧਿ ॥੧੨॥ ਗਿਆਨੀ ਹਰਬੰਸ ਸਿੰਘ
ਨੇ ‘ਹਮੈ’ ਨੂੰ ‘ਤੁਮੇ’ ਲਿਖਿਆ ਹੈ।
ਗਿਆਨੀ ਈਸ਼ਰ ਸਿੰਘ
‘ਦਸਮ
ਗੁਰੂ ਗ੍ਰੰਥ ਸਾਹਿਬ ਦੇ ਖੰਡਨ ਦਾ ਖੰਡਨ’ ਦੇ ਪ੍ਰਕਰਣ 21 ‘ਨੂਪ ਕੁਅਰਿ’ ਨੂੰ ਗੁਰੂ ਜੀ ਨਾਲ ਹੀ
ਜੋੜਦਾ ਹੈ। “ ਐਨ ਇਸੇ ਤਰ੍ਹਾਂ ਸ੍ਰੀ ਦਸਮੇਸ਼ ਜੀ ਨੇ ਨੂਪ ਕੁਅਰਿ ਦੇ ਘਰ ਪੁਜਕੇ ਇਹ ਕੌਤ ਰਚਕੇ
ਸਿੱਖਿਆ ਦਿੱਤੀ ਹੈ” (ਪੰਨਾ 194)
ਸ਼੍ਰੋਮਣੀ ਕਮੇਟੀ ਦਾ ਰੀਸਰਚ ਸਕਾਲਰ ਅਤੇ ‘ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ
ਸ਼ਬਦ ਮੂਰਤ’ ਦਾ ਲੇਖਕ ਰਣਧੀਰ ਸਿੰਘ ਲਿਖਦਾ ਹੈ,
“ਚਰਿਤ੍ਰੋਪਾਕਯਾਨ ਗ੍ਰੰਥ- ਸਮਮਤ ਸਤਾਰਾ ਸੈ ੪੭-੮ ਬਿੱ: (੧੬੯੦-੯੧) ਵਿਚ ਜਦੋਂ ਦਸਮੇਸ਼ ਪਿਤਾ ਜੋਗੀ
ਵੈਰਾਗੀ ਤੇ ਸੰਨਿਆਸੀ ਆਦਿ ਸੰਪਰਦਾਵਾਂ ਦੇ ਸਿੱਧਾਂ-ਸਾਧਾਂ ਦੇ ਪਰਖ-ਪ੍ਰਖਾਵੇ ਕਰ ਰਹੇ ਸਨ; ਤਾਂ
ਵੈਸਾਖੀ ਤੇ ਦੀਵਾਲੀ ਦੇ ਮੇਲਿਆ ਪੁਰ ‘ਛਜਿਆ’ ਰਾਮਜਨੀ ਤੇ ‘ਅਨੂਪ ਕੋਰ’ ਲਾਹੋਰੀ ਖਤ੍ਰੇਟੀ ਆਦਿ
ਜੋਬਨ ਮੱਤੀਆਂ ਮੁੰਧ-ਮੁਟਿਆਰਾਂ ਭੀ ਅਨੰਦਪੁਰਿ ਆਇਆਂ; ਅਰੁ ਸੱਚੇ ਪਾਤਿਸ਼ਾਹ ਦੀ ਚੜ੍ਹਦੀ ਜੁਆਨੀ ਤੇ
ਮਨੋਹਰ ਨੁਹਾਰ ਵੇਖ ਕੇ ਮੋਹਿਤ ਹੋ ਗਈਆਂ। ਸਤਿਗੁਰਾਂ , ਨਾਰੀ ਦੇ ਪ੍ਰਾਕ੍ਰਿਤਕ ਸੁਭਾਉ ਦੇ ਸਦਕੇ
ਉਨ੍ਹਾਂ ਦੀਆਂ ਭੁੱਲਾਂ ਬਖਸ਼ੀਆਂ ਤੇ ਸੁਮੱਤੇ ਲਾਈਆਂ। ਲੇਕਿਨ ਸਿੱਖਾਂ ਨੂੰ ਐਸੇ ਛਲ-ਛਿੱਦ੍ਰਾਂ ਤੋਂ
ਬਚਣ ਦੀ ਸਿੱਖਿਆ ਦੇਣ ਦੇ ਖਿਆਲ ਨਾਲ, ਉਨਾਂ ਹੀ ਦਿਨਾਂ ਤੋਂ ਨਰ-ਨਾਰੀਆਂ ਦੇ ਚਲਨ ਸਮਬਮਧੀ ਪਕਾਣੇ
ਕਲਮ-ਬਮਦ ਕਰਨੇ ਅਰੰਭ ਦਿੱਤੇ” (ਪੰਨਾ ੨੧)
‘ਦਸਮ ਗੁਰ ਗਿਰਾ ਸਰਵੇਖਣ’ ਦਾ ਲਿਖਾਰੀ ਗਿਆਨੀ ਮਹਾਂ ਸਿੰਘ ਲਿਖਦਾ ਹੈ, “ਇਹ
ਠੀਕ ਹੈ ਕਿ ਇਹਨਾਂ ਕਹਾਣੀਆਂ ਵਿਚ ਨੰਗੇਜ ਬੀ ਬਹੁਤ ਥਾਈ ਹੈ ਪਰ ਏਹ ਕਹਾਣੀਆਂ ਕਾਮ ਵਾਸਨਾ ਨੂੰ
ਪ੍ਰਚਲਤ ਕਰਨ ਲਈ ਨਹੀਂ ਪਰ ਐਸੇ ਛਲ, ਫਰੇਬਾਂ, ਧੋਖਿਆਂ ਤੇ ਚਲਾਕੀਆਂ ਦੇ ਕਰਤਬਾ ਤੋਂ ਸੁਚੇਤ ਤੇ
ਬਚਕੇ ਰਹਿਣ ਦੀ ਪ੍ਰੇਰਨਾ ਲੈਣ ਹਿਤ ਹਨ, ਇਸੇ ਹੀ ਰਚਨਾ ਵਿਚ ਕਲਗੀਧਰ ਪਾਤਸ਼ਾਹ ਜੀ ਸੰਬੰਧੀ ਬੀ ਇਕ,
ਵਾਰਤਾ ਹੈ ਜਿਸ ਵਿਚ ਵਰਣਿਤ ਹੈ ਕਿ ਕਲਗੀਧਰ ਜੀ ਨੇ ਦੱਸਿਆ ਕਿ ਸਾਡੇ ਪਿਤਾ ਨੇ ਸਾਨੂੰ ਸਿਖ੍ਯਾ
ਦਿਤੀ ਸੀ:-
ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬਢੈਯਹੁ । ਪਰ ਨਾਰੀ ਕੀ ਸੇਜ ਭੂਲ
ਸੁਪਨੇ ਹੂੰ ਨ ਜਈਅਹੁ। (ਪੰਨਾ 31)
ਸ਼੍ਰੋਮਣੀ ਕਮੇਟੀ ਦੇ ਮਾਸਿਕ ਪੱਤਰ ‘ਗੁਰਮਤਿ ਪ੍ਰਕਾਸ਼‘ ਫਰਵਰੀ, 1959 ਅੰਕ
ਵਿਚ,
ਪ੍ਰੋ: ਰਾਮ ਪ੍ਰਕਾਸ਼
ਸਿੰਘ
ਐਮ. ਏ. ਐਲ-ਐਲ. ਬੀ ਖਾਲਸਾ ਕਾਲਜ
ਅੰਮ੍ਰਿਤਸਰ, ਆਪਣੇ ਲੇਖ ‘ਚਾਨਣ ਮੁਨਾਰਾ’ ਵਿਚ ਲਿਖਦੇ ਹਨ,
“ਭਰ ਜੁਆਨੀ ਵਿਚ ਇਕ ਸੁਨੱਖੀ ਤੇ ਮਾਲਦਾਰ ਮੁਟਿਆਰ ਆਪ ਜੇ
ਆਸ਼ਕ ਹੋ ਜਾਂਦੀ ਹੈ। ਆਪ ਜੀ ਨੂੰ ਘਰ ਬੁਲਾ ਕੇ ਆਪਣੀ ਜੁਆਨੀ, ਆਪਣੇ ਹੁਸਨ ਤੇ ਆਪਣੇ ਮਾਲ ਦਾ ਜਾਦੂ
ਪਾਉਣ ਦਾ ਪੁਰਾ ਜਤਨ ਕਰਦੀ ਹੈ। ਪਰ ਜਦੋਂ ਆਸ ਪੂਰੀ ਨਹੀਂ ਹੁੰਦੀ ਤਾਂ ਇਕ ਹੋਰ ਬੜਾ ਖਤਰਨਾਕ ਤੀਰ
ਛਡਦੀ ਹੈ”। (ਪੰਨਾ 26) ਯਾਦ ਰਹੇ, ਪੋ: ਰਾਮ ਪ੍ਰਕਾਸ਼ ਸਿੰਘ ਦੇ ਇਸੇ ਲੇਖ ਦੇ ਸਬੰਧ ਵਿਚ ਹੀ ਸਰਦਾਰ
ਕਪੂਰ ਸਿੰਘ ਨੇ ‘ਕਿੱਸਾ ਰੂਪ ਕੌਰ ਦਾ’ ਲਿਖਿਆ ਸੀ।
ਸਾਰੀ ਕਹਾਣੀ ਦਾ ਤੱਤ ਸਾਰ ਇਹ ਹੈ ਕਿ ਗੁਰੂ ਜੀ ਆਪਣੇ ਸਿੱਖਾਂ ਨੂੰ ਇਹ
ਉਪਦੇਸ ਦੇਣ ਲਈ, ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ” ਹੀ ਇਹ ਤਰੱਦਦ ਕੀਤਾ ਸੀ। ਅਸਲ
ਕਹਾਣੀ ਮੁਤਾਬਿਕ ਇਹ ਸਿੱਖਿਆ ਗੁਰੂ ਤੇਗ ਬਹਾਦਰ ਜੀ ਵੱਲੋਂ ਬਾਲਕ ਗੋਬਿੰਦ ਰਾਏ ਨੂੰ ਦਿੱਤੀ ਗਈ
ਸੀ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਨੂੰ ਆਪਣੇ 9 ਸਾਲ ਦੇ ਸਪੁੱਤਰ ਨੂੰ
ਅਜੇਹੀ ਸਿੱਖਿਆ ਦੇਣ ਦੀ ਲੋੜ ਕਿਉਂ ਪਈ?
ਜੇ
ਇਸ ਨੂੰ ਮੰਨ ਲਿਆ ਜਾਵੇ ਕਿ ਇਹ ਪੰਗਤੀਆਂ ਗੁਰੂ ਜੀ ਦੀਆ ਹੀ ਲਿਖੀਆਂ ਅਤੇ ਉਚਾਰਿਆਂ ਹੋਈਆਂ ਹਨ ਤਾਂ
ਫੇਰ ਆਪਣੀ ਜੁੱਤੀ ਅਤੇ ਚਾਦਰ ਛੱਡ ਕੇ ਚੋਰਾਂ ਵਾਂਗੂ ਭਜਣ ਵਾਲਾ ਕੌਣ ਹੋਇਆ?
ਪਨੀ ਪਾਮਰੀ ਤਜਿ ਭਜਯੋ ਸੁਧਿ ਨ ਰਹੀ ਮਾਹਿ’॥ 60॥
ਫਿਰ ਅਨੂਪ ਕੌਰ ਤੋਂ ਮਾਫ਼ੀ ਮੰਗਣ ਵਾਲਾ ਅਤੇ ਉਸ ਨੂੰ 40000 ਟਕਾਂ ਸਲਾਨਾ
ਦੇਣ ਵਾਲ ਕੌਣ ਹੈ? ਅਸਲ ਕਹਾਣੀ `ਚ ਜਿਹੜਾ ਪਾਤਰ ਇਹ ਪੰਗਤੀਆਂ “ਸੁਧਿ ਜਬ ਤੇ ਹਮ ਧਰੀ ਬਚਨ ਗੁਰ
ਦਏ ਹਮਾਰੇ” ਉਚਾਰਨ ਕਰਦਾ ਹੈ ਉਹ ਪਾਤਰ ਹੀ ਆਪਣੀ ਜੁੱਤੀ ਅਤੇ ਚਾਦਰ ਛੱਡ ਕੇ ਚੋਰਾਂ ਵਾਂਗੂ
ਭਜਦਾ ਹੈ। ਡਾ: ਜੋਧ ਸਿੰਘ ਮੁਤਾਬਕ ਉਸੇ ਦੀ ਹੀ ਦਹਾੜੀ ਫੜੀ ਜਾਂਦੀ ਹੈ ਅਤੇ ਪੱਗ ਲਾ ਲਈ ਜਾਂਦੀ
ਹੈ। “ਵਾ ਕੀ ਕਰ ਦ੍ਰਾਰੀ ਧਰੀ ਪਗਿਯਾ ਲਈ ਉਤਾਰਿ”
ਸਤਿਕਾਰ ਯੋਗ ਪਾਠਕੋ, ਇਹ ਹੈ ਅਖੌਤੀ ਗ੍ਰੰਥ ਦੇ ਅਖੌਤੀ ਵਿਦਵਾਨਾਂ ਦੀ
ਅਸਲੀਅਤ, ਜੋ ਦੁਨੀਆ ਭਰ ਦੇ ਗੰਦ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਨਾਮ ਨਾਲ ਨੱਥੀ ਕਰਨ ਦਾ
ਕੋਝਾ ਯਤਨ ਕਰ ਰਹੇ ਹਨ। ਮੈਨੂੰ ਪੂਰਾ ਯਕੀਨ ਹੈ ਕਿ ਆਪ, ਇਸ ਵਿਸ਼ੇ ਬਾਰੇ ਮੇਰੇ ਨਾਲੋਂ ਵੀ ਵੱਧ
ਚਿੰਤਤ ਹੋਵੋਗੇ। ਅਜੇਹਾ ਅਨਰਥ ਹੁੰਦਾ ਦੇਖ ਕੇ ਚੁਪ ਰਹਿਣ ਨਾਲ ਜ਼ਮੀਰ ਦੇ ਮਰ ਜਾਣ ਦਾ ਖ਼ਤਰਾ ਹੁੰਦਾ
ਹੈ। ਇਸ ਲਈ ਸਾਰੇ ਪਾਠਕਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਉਪ੍ਰੋਕਤ ਵਾਰਤਾ ਨੂੰ ਪੜ੍ਹਨ ਤੋਂ
ਪਿੱਛੋਂ ਆਪ ਜੀ ਜਿਸ ਵੀ ਨਤੀਜੇ ਤੇ ਪਹੁੰਚੋ, ਆਪਣੀ ਰਾਏ ਜਰੂਰ ਸਾਂਝੀ ਕਰਨੀ ਜੀ।
ਧੰਨਵਾਦ ਸਰਵਜੀਤ ਸਿੰਘ
(28/02/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਰੁਬਾਈਆਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ
1
ਵਾਹਿਗੁਰੂ ਲੜ ਗੁਰੂ ਦੇ ਲਾਵੇ, ਗੁਰ ਵਾਹਿਗੁਰ ਦਰਸਾਵੇ।
ਜਲ ਤੋਂ ਕੁੰਭ ਬਣੇ ਤੇ ਕੁੰਭ ਵਿੱਚ ਜੀਕੂੰ ਜਲ ਟਿਕ ਜਾਵੇ।
ਗੁਰ ਤੇਰਾ ਤਾਂ ਤੇਰੇ ਘਰ ਵਿਚ, ਲਭਣ ਕਿਥੋਂ ਜਾਣਾ।
ਉਠ ਜਾ ਮਿਲ ਸੰਗਤ ਨੂੰ ਜਿਹੜੀ ਤੈਂਨੂੰ ਗੁਰੂ ਮਿਲਾਵੇ।
2
ਵਾਹਿਗੁਰੂ ਵਾਹਿਗੁਰੂ ਕਰਦੇ ਜਾਈਂ।
ਰਾਤ ਦਿਨੇ ਸਿਮਰਨ ਵਿੱਚ ਜੁਟ ਜਾਈਂ, ਰਸਨਾ ਨਾਮ ਟਿਕਾਈਂ।
ਰਸਨਾ ਤੋਂ ਸਾਹ, ਸਾਹ ਤੋਂ ਅੰਗ ਅੰਗ, ਰੋਮੋ ਰੋਮ ਰਚਾਈਂ।
ਨਾਮ ਜੀਵਨ ਦੀ ਸੱਚੀ ਖੇਤੀ, ਸਿਮਰਨ ਨਾਲ ਕਮਾਈਂ।
ਵਾਹਿਗੁਰੂ ਵਾਹਿਗੁਰੂ ਕਰਦੇ ਜਾਈਂ।
3
ਉਹ ਜਿਉੜਾ ਹੀ ਪਰਮਗਤ ਪਾਵੇ।
ਜਿਹੜਾ ਅਪਣਾ ਆਪ ਗੁਆਵੇ, ਜਿੰਦ ਉਸ ਦੇ ਨਾ ਲਾਵੇ।
ਸੁਧ ਬੁਧ ਭੁਲਕੇ, ਉਸ ਵਿੱਚ ਖੋ ਜਾਏ, ਆਪਾ ਮਾਰ ਮੁਕਾਵੇ।
ਉਸਦਾ ਨਾਮ ਧਿਆਵੇ ਦਮ ਦਮ, ਪਲ ਵੀ ਨਹੀਂ ਭੁਲਾਵੇ।
ਉਹ ਜਿਉੜਾ ਹੀ ਪਰਮਗਤ ਪਾਵੇ।
(28/02/13)
ਜਸਵੰਤ ਸਿੰਘ ‘ਅਜੀਤ’
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤਾਂ ਹੋ ਗਈਆਂ ਪਰ… ਚੋਣਾਂ ਦੌਰਾਨ ਹੋਏ ਸਿਧਾਂਤਾਂ
ਦੇ ਘਾਣ ਦੀ ਭਰਪਾਈ ਕੌਣ ਕਰੇਗਾ?
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦਾ ਦੌਰ ਸਮਾਪਤ ਹੋਣ ਦੇ ਨਾਲ ਹੀ
ਜਿੱਤ-ਹਾਰ ਦਾ ਫੈਸਲਾ ਵੀ ਹੋ ਗਿਆ ਹੈ। ਜਿਥੇ ਹਾਰਨ ਵਾਲੀ ਧਿਰ ਨੇ ਆਪਣੀ ਹਾਰ ਸਵੀਕਾਰ ਕਰ
ਮਤਦਾਤਾਵਾਂ ਵਲੋਂ ਦਿੱਤੇ ਫਤਵੇ ਸਾਹਮਣੇ ਸਿਰ ਝੁਕਾ ਦਿੱਤਾ, ਉਥੇ ਹੀ ਜੇਤੂ ਧਿਰ ਨੇ ਪਿਛਲੇ ਮਹੀਨੇ,
ਫਰਵਰੀ ਦੇ ਆਖਰੀ ਹਫਤੇ ਗੁਰਦੁਆਰਾ ਕਮੇਟੀ ਦੀ ਸੱਤਾ ਪੁਰ ਅਧਿਕਾਰਤ ਕਬਜ਼ਾ ਕਰ ਉਸਦੀਆਂ ਪ੍ਰਬੰਧਕੀ
ਜ਼ਿਮੇਂਦਾਰੀਆਂ ਸੰਭਾਲ ਲਈਆਂ ਹਨ। ਇਨ੍ਹਾਂ ਚੋਣਾਂ ਵਿੱਚ ਕੌਣ ਜਿਤਿਆ ਅਤੇ ਕਿਵੇਂ ਜਿਤਿਆ? ਕੌਣ
ਹਾਰਿਆ ਅਤੇ ਕਿਵੇਂ ਹਾਰਿਆ? ਇਹ ਸਵਾਲ ਹੁਣ ਗਏ-ਬੀਤੇ ਸਮੇਂ ਦੀ ਗਲ ਹੋ ਗਏ ਹੋਏ ਹਨ। ਜਿਸ ਕਾਰਣ
ਇਨ੍ਹਾਂ ਪੁਰ ਹੁਣ ਨਾ ਤਾਂ ਕੋਈ ਚਰਚਾ ਕਰਨ ਅਤੇ ਨਾ ਹੀ ਇਨ੍ਹਾਂ ਦੀ ਸਮੀਖਿਆ ਕਰਨ ਦੀ ਕੋਈ ਲੋੜ ਰਹਿ
ਜਾਂਦੀ ਹੈ।
ਪ੍ਰੰਤੂ ਇਨ੍ਹਾਂ ਚੋਣਾਂ ਦੌਰਾਨ ਸਿੱਖ ਸਿਧਾਂਤਾਂ-ਵਿਰੋਧੀ ਜੋ ਤੂਫਾਨ ਆਇਆ ਅਤੇ ਜਾਂਦਿਆਂ-ਜਾਂਦਿਆਂ
ਆਪਣੇ ਪਿਛੇ ਜੋ ਦੁਖਦਾਈ ਪੈੜਾਂ ਛੱਡ ਗਿਐ, ਉਨ੍ਹਾਂ ਨੂੰ ਵੇਖਦਿਆਂ ਵਾਰ-ਵਾਰ ਇਹ ਸੁਆਲ ਉਭਰ ਕੇ
ਸਾਹਮਣੇ ਆਉਂਦਾ ਹੈ ਕਿ ਕੀ ਇਨ੍ਹਾਂ ਪੈੜਾਂ ਨੂੰ ਕਦੀ ਮਿਟਾਇਆ ਜਾ ਸਕੇਗਾ ਜਾਂ ਇਨ੍ਹਾਂ ਪਾਸੋਂ ਪਿਛਾ
ਛੁਡਾਇਆ ਜਾ ਸਕੇਗਾ ਜਾਂ ਫਿਰ ਆਉਣ ਵਾਲੀਆਂ ਪੀੜੀਆਂ ਨੂੰ ਇਨ੍ਹਾਂ ਹੀ ਪੈੜਾਂ ਪੁਰ ਚਲਦਿਆਂ ਅਗੇ
ਵਧਦਿਆਂ ਰਹਿਣਾ ਹੋਵੇਗਾ? ਇਹ ਕੁੱਝ ਅਜਿਹੇ ਸੁਆਲ ਹਨ ਜੋ ਵਾਰ-ਵਾਰ ਦਿਲ ਨੂੰ ਕਚੋਟਦੇ ਅਤੇ ਇਨ੍ਹਾਂ
ਦਾ ਸਾਰਥਕ ਉੱਤਰ ਮੰਗਦੇ ਹਨ! ਪਰ ਸਮਝ ਵਿੱਚ ਨਹੀਂ ਆਉਂਦਾ ਕਿ ਇਨ੍ਹਾਂ ਦਾ ਕੀ ਅਤੇ ਕਿਵੇਂ ਉੱਤਰ
ਦਿੱਤਾ ਜਾਏ ਜਾਂ ਫਿਰ ਇਨ੍ਹਾਂ ਦਾ ਕੋਈ ਸਾਰਥਕ ਉੱਤਰ ਹੋ ਵੀ ਸਕਦਾ ਹੈ?
ਇਸਦਾ ਕਾਰਣ ਇਹ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਹ ਚੋਣਾਂ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਸਿੱਖਾਂ ਦੀ ਦੂਸਰੀ ਸਭ ਤੋਂ ਵੱਡੀ ਮੰਨੀ ਜਾਂਦੀ ‘ਧਾਰਮਕ’
ਸੰਸਥਾ ਦੀਆਂ ਚੋਣਾਂ ਸਨ। ਜਿਨ੍ਹਾਂ ਵਿੱਚ ਮਤਦਾਤਾਵਾਂ ਨੂੰ ਰਿਝਾਣ ਲਈ ਜਿਸਤਰ੍ਹਾਂ ਸ਼ਰਾਬ ਦੀਆਂ
ਪੇਟੀਆਂ ਵੰਡੀਆਂ ਗਈਆਂ, ਪੈਸਾ ਪਾਣੀ ਵਾਂਗ ਵਹਾਇਆ ਗਿਆ ਅਤੇ ਲਾਲਚ ਦੇ ਨਾਲ-ਨਾਲ ਧਮਕੀਆਂ ਆਦਿ ਵੀ
ਦਿੱਤੀਆਂ ਗਈਆਂ, ਵਿਰੋਧੀ ਉਮੀਦਵਾਰਾਂ ਨੂੰ ਖਰੀਦਣ ਲਈ ਬੋਲੀਆਂ ਵੀ ਲਾਈਆਂ ਗਈਆਂ। ਮਤਲਬ ਇਹ ਕਿ
ਇਨ੍ਹਾਂ ਚੋਣਾਂ ਵਿੱਚ ਹਰ ਤਰ੍ਹਾਂ ਦੇ ਚੰਗੇ-ਬੁਰੇ ਹਥਕੰਡਿਆਂ ਅਤੇ ਸਾਰੇ ਉਪਲਬਧ ਹੋ ਸਕਦੇ
ਕੁ-ਸਾਧਨਾਂ ਦੀ ਖੁਲ੍ਹ ਕੇ ਵਰਤੋਂ ਕੀਤੀ ਗਈ। ਸ਼ਾਇਦ ਹੀ ਕੋਈ ਅਜਿਹਾ ਹਥਕੰਡਾ ਜਾਂ ਕੁ-ਸਾਧਨ ਵਰਤਣੋਂ
ਰਹਿ ਗਿਆ ਹੋਵੇਗਾ, ਜੋ ਸਿੱਖੀ ਦੀਆਂ ਮਾਨਤਾਵਾਂ, ਪਰੰਪਰਾਵਾਂ, ਮਰਿਆਦਾਵਾਂ ਅਤੇ ਸਿਧਾਂਤਾਂ ਦਾ ਘਾਣ
ਕਰਨ ਵਿੱਚ ਸਹਾਇਕ ਹੋ ਸਕਦਾ ਹੋਵੇ।
ਇਹ ਸਭ ਕੁੱਝ ਵੇਖਦਿਆਂ ਸਿੱਖਾਂ ਦੀ ਗਲ ਛੱਡੋ, ਗੈਰ-ਸਿੱਖਾਂ ਤਕ ਨੂੰ ਵੀ ਸਮਝ ਵਿੱਚ ਨਹੀਂ ਸੀ ਆ
ਰਿਹਾ ਕਿ ਇਹ ਚੋਣਾਂ ਕਿਸੇ ਧਾਰਮਕ ਸੰਸਥਾ ਦੀਆਂ ਹੋ ਰਹੀਆਂ ਹਨ ਜਾਂ ਕਿਸੇ ਰਾਜਨੈਤਿਕ, ਸਮਾਜਕ ਜਾਂ
ਫਿਰ ਕਿਸੇ ਗੈਰ-ਸਮਾਜਕ ਸੰਸਥਾ ਦੀਆਂ?
ਜਿਤੇ ਉਮੀਦਵਾਰਾਂ ਨੇ ਖੁਸ਼ੀ ਵਿੱਚ ਬਗਲਾਂ ਵਜਾਈਆਂ, ਢੋਲ-ਢਮਕਿਆਂ ਨਾਲ ਆਪਣੇ ਜਲੂਸ ਕਢਵਾਏ, ਹਾਰ
ਪਵਾਏ ਅਤੇ ਸੁਆਗਤ-ਸਨਮਾਨ ਕਰਵਾਏ। ਜੋ ਹਾਰ ਗਏ ਉਹ ਹਥਿਆਰ ਸੁੱਟ ਘਰਾਂ ਵਿੱਚ ਜਾ ਬੈਠੇ।
ਇਨ੍ਹਾਂ ਚੋਣਾਂ ਤੋਂ ਬਾਅਦ ਇਨ੍ਹਾਂ ਦੇ ਨਿਰਪੱਖ ਅਤੇ ਸਾਫ-ਸੁਥਰੇ ਹੋਣ ਦੇ ਵੀ ਦਾਅਵੇ ਕੀਤੇ ਗਏ,
ਹਾਰੀਆਂ ਅਤੇ ਜਿਤੀਆਂ, ਦੋਹਾਂ ਧਿਰਾਂ ਵਲੋਂ ਮਤਦਾਤਾਵਾਂ ਦਾ ਧੰਨਵਾਦ ਕੀਤਾ ਗਿਆ। ਇਨ੍ਹਾਂ ਚੋਣਾਂ
ਨੂੰ ਕਰਵਾਣ ਦੇ ਜ਼ਿਮੇਂਦਾਰ ਡਾਇਰੈਕਟੋਰੇਟ ਦੇ ਮੁਖੀ ਦਾ ਇਸ ਕਰਕੇ ਸਨਮਾਨ ਵੀ ਕੀਤਾ ਗਿਆ ਕਿ ਉਨ੍ਹਾਂ
ਇਹ ਚੋਣਾਂ ‘ਬੜੀ ਈਮਾਨਦਾਰੀ’ ਨਾਲ ਕਰਵਾਈਆਂ ਜਿਸ ਕਾਰਣ ਇਨ੍ਹਾਂ ਪੁਰ ਕਿਸੇ ਪਾਸਿਉਂ ਵੀ ਕਿੰਤੂ
ਨਹੀਂ ਕੀਤਾ ਗਿਆ। ਪ੍ਰੰਤੂ ਇਸ ਦੌਰਾਨ ਜੋ ਕੁੱਝ ਹੋਇਆ, ਸਿੱਖੀ ਦਾ ਜੋ ਨੁਕਸਾਨ ਹੋਇਆਂ ਅਤੇ ਉਸਦੀਆਂ
ਧਾਰਮਕ ਮਾਨਤਾਵਾਂ, ਮਰਿਆਦਾਵਾਂ ਅਤੇ ਪਰੰਪਰਾਵਾਂ ਦਾ ਜੋ ਘਾਣ ਹੋਇਆ, ਉਹ ਸਭ ਦੇਖ-ਸੁਣ ਧਾਰਮਕ ਸੋਚ
ਅਤੇ ਵਿਸ਼ਵਾਸ ਰਖਣ ਵਾਲੇ ਜਿਨ੍ਹਾਂ ਸਿੱਖਾਂ ਅਤੇ ਗੈਰ-ਸਿੱਖਾਂ ਦੇ ਸਿਰ ਸ਼ਰਮ ਨਾਲ ਝੁਕੇ ਉਨ੍ਹਾਂ ਵਲ
ਕਿਸੇ ਨੇ ਵੀ ਧਿਆਨ ਦੇਣ ਦੀ ਲੋੜ ਨਹੀਂ ਸਮਝੀ। ਫਰਜ਼ੀ ਪਛਾਣ-ਪਤ੍ਰ-ਧਾਰੀਆਂ ਪਾਸੋਂ ਵੰਡੀਆਂ
ਜਾਂਦੀਆਂ ਸ਼ਰਾਬ ਦੀਆਂ ਪੇਟੀਆਂ ਅਤੇ ਰੁਪਿਆਂ ਨਾਲ ਭਰੀਆਂ ਥੈਲੀਆਂ ਫੜੀਆਂ ਗਈਆਂ, ਇੱਕ ਆਜ਼ਾਦ
ਉਮੀਦਵਾਰ ਦਾ ਆਬਜ਼ਰਵਰ ਦਿੱਲ ਦੇ ਦੌਰੇ ਨਾਲ ਮਰ ਗਿਆ, ਜਿਸਦਾ ਦੋਸ਼ ਇੱਕ ਪਾਰਟੀ ਵਿਸ਼ੇਸ਼ ਦੇ ਸਿਰ
ਮੜ੍ਹ, ਉਸਦਾ ਅਕਸ ਵਿਗਾੜਨ ਦੀ ਕੌਸ਼ਿਸ਼ ਕੀਤੀ ਗਈ, ਅਖਬਾਰਾਂ ਵਿੱਚ ਛਪੀਆਂ ਖਬਰਾਂ ਅਨੁਸਾਰ ਦਿੱਲੀ
ਗੁਰਦੁਆਰਾ ਚੋਣਾਂ ਦੌਰਾਨ ਇੱਕ ਪ੍ਰਦੇਸ਼ ਵਿਸ਼ੇਸ਼ ਦੀ ਪੁਲਿਸ ਦੇ 300 ਤੋਂ 350 ਤਕ ਬਾਵਰਦੀ ਪੁਲਿਸ
ਕਰਮਚਾਰੀ ਡਿਊਟੀ ਤੇ ਸਨ; ਸੰਭਵ ਹੈ ਬਿਨਾਂ ਵਰਦੀ ਦੇ ਇਸਤੋਂ ਵੀ ਕਿਤੇ ਵਧ ਹੀ ਰਹੇ ਹੋਣਗੇ, ਦਸਿਆ
ਗਿਆ ਕਿ ਇਨ੍ਹਾਂ ਵਲੋਂ ਮਤਦਾਤਾਵਾਂ ਨੂੰ ਡਰਾਣ-ਧਮਕਾਣ ਦੀਆਂ ਸ਼ਿਕਾਇਤਾਂ ਵੀ ਕੀਤੀਆਂ ਗਈਆਂ। ਇਸੇ
ਤਰ੍ਹਾਂ ਦੀਆਂ ਹੋਰ ਵੀ ਅਜਿਹੀਆਂ ਕਈ ਗਲਾਂ ਹੋਈਆਂ, ਜਿਨ੍ਹਾਂ ਦਾ ਤੁੰਰਤ ਨੋਟਿਸ ਲੈਣਾ ਬਣਦਾ ਸੀ,
ਪਰ ਚੋਣਾਂ ਅਤੇ ਕਾਨੂੰਨ ਤੇ ਵਿਵਸਥਾ ਲਈ ਜ਼ਿਮੇਂਦਾਰ ਹਰ ਕਿਸੇ ਅਧਿਕਾਰੀ ਵਲੋਂ ਇਨ੍ਹਾਂ ਗਲਾਂ ਨੂੰ
ਇਸਤਰ੍ਹਾਂ ਅਣਗੋਲਿਆਂ ਕੀਤਾ ਜਾਂਦਾ ਰਿਹਾ, ਜਿਸ ਕਾਰਣ ਇਹ ਸ਼ੰਕਾ ਪੈਦਾ ਹੋਣੀ ਕੁਦਰਤੀ ਹੈ ਕਿ ਜਿਵੇਂ
ਇਹ ਸਭ ਕੁੱਝ ਉਨ੍ਹਾਂ ਦੀ ਜਾਣਕਾਰੀ ਵਿੱਚ ਅਤੇ ਉਨ੍ਹਾਂ ਦੀ ‘ਸਲਾਹ’ ਜਾਂ ‘ਮਰਜ਼ੀ’ ਨਾਲ ਹੋ ਰਿਹਾ
ਸੀ।
ਅਕਾਲ ਤਖਤ ਦੇ ਜਥੇਦਾਰ ਦੀ ਇੱਕ ਕੌੜੀ ਸਲਾਹ: ਦਸਿਆ ਜਾਂਦਾ ਹੈ ਕਿ ਪਿਛੇ ਜਿਹੇ ਹੋਈਆਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਤੁਰੰਤ ਬਾਅਦ ਸ੍ਰੀ ਅਕਾਲ ਤਖ਼ਤ ਦੇ
ਜੱਥੇਦਾਰ ਨੇ ਇੱਕ ਧਾਰਮਕ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਦੇ ਨਵੇਂ ਚੁਣੇ ਗਏ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਸਿੱਖੀ ਦੀਆਂ
ਮਾਨਤਾਵਾਂ ਅਤੇ ਮਰਿਆਦਾਵਾਂ ਦੇ ਪਾਲਣ ਪ੍ਰਤੀ ਵੱਧ ਰਹੀ ਉਦਾਸੀਨਤਾ ਪੁਰ ਡੂੰਘੀ ਚਿੰਤਾ ਪ੍ਰਗਟ
ਕਰਦਿਆਂ, ਉਨ੍ਹਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ
ਜਿਨ੍ਹਾਂ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਸਿੱਖੀ ਸਰੂਪ ਅਤੇ ਸਿੱਖੀ ਪ੍ਰਤੀ ਸਮਰਪਣ
ਭਾਵਨਾ ਹੋਣ ਦੀ ਬਜਾਏ ਉਦਾਸੀਨਤਾ ਦਾ ਮਾਹੌਲ ਬਣਿਆ ਹੋਇਆ ਹੈ, ਉਨ੍ਹਾਂ ਨੂੰ ਆਪ ਹੀ ਸ਼੍ਰੋਮਣੀ ਕਮੇਟੀ
ਦੀ ਮੈਂਬਰੀ ਤੋਂ ਅਸਤੀਫਾ ਦੇ, ਵੱਖ ਹੋ ਜਾਣਾ ਚਾਹੀਦਾ ਹੈ। (ਸੁਆਲ ਉਠਦਾ ਹੈ ਕਿ ਕੀ ਸ੍ਰੀ ਅਕਾਲ
ਤਖਤ ਸਾਹਿਬ ਦੇ ਜਥੇਦਾਰ ਸਾਹਿਬ, ਦਿੱਲੀ ਗੁਰਦੁਆਰਾ ਕਮੇਟੀ ਦੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਵੀ
ਇਹੀ ਸਲਾਹ ਦੇਣਾ ਚਾਹੁਣਗੇ? ਸ਼ਾਇਦ ਨਹੀਂ ਕਿਉਂਕਿ ਜ਼ਿਆਦਾ ਮੈਂਬਰ ਉਸੇ ਧਿਰ ਦੇ ਹਨ ਜੋ ਉਨ੍ਹਾਂ ਨੂੰ
ਆਪਣਾ ਤਨਖਾਹਦਾਰ ‘ਮੁਲਾਜ਼ਿਮ’ ਸਮਝਦੀ ਹੈ।)
ਖੈਰ, ਗਲ ਅਗੇ ਤੁਰਦੀ ਹੈ, ਇਸੇ ਸਮਾਗਮ ਵਿੱਚ ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੇ ਸ਼੍ਰੋਮਣੀ ਅਕਾਲੀ
ਦਲ ਨੂੰ ਪੁਰਾਣੇ ਅਕਾਲੀਆਂ ਦੀਆਂ ਕੁਰਬਾਨੀਆਂ ਭਰੀ ਵਿਰਾਸਤ ਪੁਰ ਦਾਅਵਾ ਕਰਨ ਦਾ ਕੋਈ ਅਧਿਕਾਰ ਨਹੀਂ
ਰਹਿ ਗਿਆ ਹੋਇਆ। ਇਸਦਾ ਕਾਰਣ ਉਨ੍ਹਾਂ ਇਹ ਦਸਿਆ ਕਿ ਅੱਜ ਦੇ ਅਕਾਲੀਆਂ ਦੇ ਦਿਲ ਵਿੱਚ ਅਕਾਲੀ ਦਲ ਦੀ
ਵਿਰਾਸਤ ਨੂੰ ਸੰਭਾਲਣ ਅਤੇ ਉਸਨੂੰ ਅਮੀਰ ਬਣਾਉਣ ਲਈ ਕੁਰਬਾਨੀਆਂ ਕਰਨ ਅਤੇ ਸ਼ਹਾਦਤਾਂ ਦੇਣ ਦਾ ਨਾ
ਤਾਂ ਉਹ ਜਜ਼ਬਾ ਹੈ ਅਤੇ ਨਾ ਹੀ ਉਹ ਭਾਵਨਾ, ਜੋ ਪੁਰਾਣੇ ਅਕਾਲੀਆਂ ਦੇ ਦਿਲ ਵਿੱਚ ਹੋਇਆ ਕਰਦੀ ਸੀ।
ਉਨ੍ਹਾਂ ਅਨੁਸਾਰ ਅੱਜ ਦੇ ਅਕਾਲੀ ਅਤੇ ਅਕਾਲੀ ਦਲ ਸਿੱਖੀ ਦੀਆਂ ਮਾਨਤਾਵਾਂ, ਮਰਿਆਦਾਵਾਂ ਅਤੇ
ਪਰੰਪਰਾਵਾਂ ਤਕ ਦਾ ਪਾਲਣ ਕਰਨ ਪ੍ਰਤੀ ਇਮਾਨਦਾਰ ਨਹੀਂ ਰਹਿ ਗਏ ਹੋਏ। ਹੁਣ ਤਾਂ ਉਨ੍ਹਾਂ ਦਾ ਮੁੱਖ
ਉਦੇਸ਼ ਸ਼ਹੀਦਾਂ ਦੀ ਵਿਰਾਸਤ ਨੂੰ ਵੇਚ ਰਾਜਸੱਤਾ ਦੇ ਰੂਪ ਵਿੱਚ ਉਸਦਾ ਮੁਲ ਵਟਣਾ ਹੈ।
ਜੇ ਇਮਾਨਦਾਰੀ ਨਾਲ ਵੇਖਿਆ ਅਤੇ ਘੋਖਿਆ ਜਾਏ ਤਾਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੀਆਂ ਇਨ੍ਹਾਂ ਗਲਾਂ
ਵਿੱਚ ਕਾਫੀ ਹਦ ਤਕ ਸੱਚਾਈ ਝਲਕਦੀ ਹੈ, ਕਿਉਂਕਿ ਆਮ ਤੋਰ ਤੇ ਅਕਾਲੀ ਨੇਤਾਵਾਂ ਨੂੰ ਇਹੀ ਕਹਿੰਦਿਆਂ
ਸੁਣਿਆ ਜਾਂਦਾ ਹੈ ਕਿ ਸਿੱਖਾਂ ਨੇ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ, ਪ੍ਰੰਤੂ ਬਦਲੇ
ਵਿੱਚ ਉਨ੍ਹਾਂ ਨੂੰ ਮਿਲਿਆ ਕੀ? ਕਈ ਸਿੱਖ ਆਗੂ ਤਾਂ ਇਹ ਵੀ ਕਹਿੰਦੇ ਸੁਣੇ ਜਾਂਦੇ ਹਨ ਕਿ ਦੇਸ਼ ਨੇ
ਸਿੱਖਾਂ ਦੀਆਂ ਕੁਰਬਾਨੀਆਂ ਦਾ ਮੁਲ ਨਹੀਂ ਚੁਕਾਇਆ। ਪਰ ਉਹ ਇਹ ਨਹੀਂ ਦਸਦੇ ਕਿ ਉਨ੍ਹਾਂ ਆਪ ਦੇਸ਼
ਅਤੇ ਕੌਮ ਲਈ ਕੀ ਕੁਰਬਾਨੀਆਂ ਕੀਤੀਆਂ ਹਨ? ਕਈ ਮੁਖੀ ਆਪਣੀ ਜੇਲ੍ਹ ਯਾਤ੍ਰਾ ਦਾ ਜ਼ਿਕਰ ਵਾਰ-ਵਾਰ ਕਰ
ਇਹ ਪ੍ਰਭਾਵ ਦੇਣ ਦੀ ਕੌਸ਼ਿਸ਼ ਕਰਦੇ ਹਨ, ਕਿ ਉਨ੍ਹਾਂ ਪੰਥ ਜਾਂ ਦੇਸ਼ ਲਈ ਇਤਨੀ ਵਾਰ ਅਤੇ ਇਤਨੇ ਵਰ੍ਹੇ
ਜੇਲ੍ਹ ਕਟੀ। ਪਰ ਉਹ ਇਹ ਕਦੀ ਨਹੀਂ ਦਸਦੇ ਕਿ ਜਿਨ੍ਹਾਂ ਮੰਗਾਂ ਨੂੰ ਮੰਨਵਾਣ ਜਾਂ ਜਿਨ੍ਹਾਂ
ਸਮਸਿਆਵਾਂ ਨੂੰ ਹਲ ਕਰਵਾਣ ਦੇ ਉਦੇਸ਼ ਨਾਲ ਉਨ੍ਹਾਂ ਮੋਰਚੇ ਲਾਏ ਅਤੇ ਆਪ ਇਹ ਜੇਲ੍ਹ ਯਾਤ੍ਰਾਵਾਂ
ਕੀਤੀਆਂ ਉਨ੍ਹਾਂ ਵਿਚੋਂ ਕਿਤਨੀਆਂ ਮੰਗਾਂ ਮੰਨਵਾਈਆਂ ਜਾਂ ਕਿਤਨੀਆਂ ਸਮਸਿਆਵਾਂ ਹਲ ਕਰਵਾਈਆਂ ਹਨ?
ਉਹ ਇਹ ਵੀ ਨਹੀਂ ਦਸਦੇ ਕਿ ਉਹ ਕੌਮ ਨੂੰ ਮੋਰਚਿਆਂ ਵਿੱਚ ਧੱਕ, ਲਾਵਾਰਿਸ ਛੱਡ, ਆਪ ਪਹਿਲੇ ਹੀ ਜਥੇ
ਵਿੱਚ ਕਿਉਂ ਜੇਲ੍ਹ ਜਾ ਵੜਦੇ ਸਨ? ਅਤੇ ਉਹ ਵੀ ਜੇਲ੍ਹ ਦੇ ‘ਲਗਜ਼ਰੀ’ ਕਮਰਿਆਂ ਦਾ ਸੁਖ ਮਾਨਣ ਲਈ?
… ਅਤੇ ਅੰਤ ਵਿੱਚ: ਇਨ੍ਹੀਂ ਹੀ ਦਿਨੀਂ ਇੱਕ ਵਿਦਵਾਨ ਕਥਾਕਾਰ ਦੇ ਪ੍ਰਵਚਨ ਸੁਣਨ ਦਾ ਮੌਕਾ
ਬਣਿਆ। ਉਹ ਕਹਿ ਰਹੇ ਸਨ ਕਿ ਜੇ ਕਿਸੇ ਮੁਸਲਮਾਣ ਨੂੰ ਮੱਕੇ-ਕਾਅਬੇ ਅਤੇ ਮਸਜਿਦ ਵਿੱਚ ਖੁੱਦਾ ਮਿਲਦਾ
ਵਿਖਾਈ ਦਿੰਦਾ ਹੈ ਤਾਂ ਉਸਨੂੰ ਮੱਕੇ-ਕਾਅਬੇ ਅਤੇ ਮਸਜਿਦ ਵਿੱਚ ਜਾ ਇਬਾਦਤ ਕਰਨ ਦਾ ਪੂਰਾ ਅਧਿਕਾਰ
ਹੈ, ਪ੍ਰੰਤੂ ਉਸਨੂੰ ਇਹ ਅਧਿਕਾਰ ਨਹੀਂ ਕਿ ਉਹ ਮੰਦਿਰ ਤੋੜਨ ਲਗ ਜਾਏ। ਇਸੇ ਤਰ੍ਹਾਂ ਜੇ ਕਿਸੇ
ਹਿੰਦੂ ਨੂੰ ਕਾਂਸ਼ੀ-ਮਥਰਾ-ਹਰਿਦੁਆਰ ਦੇ ਮੰਦਿਰਾਂ ਵਿੱਚ ਪਰਮਾਤਮਾ ਮਿਲਦਾ ਵਿਖਾਈ ਦਿੰਦਾ ਹੈ ਤਾਂ
ਉਸਨੂੰ ਵੀ ਇਹ ਪੂਰਾ ਅਧਿਕਾਰ ਹੈ ਕਿ ਉਹ ਉਥੇ ਜਾ ਪੂਜਾ-ਅਰਚਨਾ ਕਰੇ, ਪ੍ਰੰਤੂ ਉਸਨੂੰ ਇਹ ਅਧਿਕਾਰ
ਨਹੀਂ ਕਿ ਉਹ ਮਸਜਿਦਾਂ ਨੂੰ ਤੋੜਨ ਟੁਰ ਪਏ। ਇਸੇ ਤਰ੍ਹਾਂ ਜੇ ਕਿਸੇ ਸਿੱਖ ਨੂੰ ਇਹ ਵਿਸ਼ਵਾਸ ਹੈ ਕਿ
ਸ੍ਰੀ ਹਰਿਮੰਦਿਰ ਸਾਹਿਬ ਵਿੱਚ ਅਕਾਲ ਪੁਰਖ ਵਸਦਾ ਹੈ ਤਾਂ ਉਸਨੂੰ ਇਸ ਗਲ ਦਾ ਤਾਂ ਪੂਰਾ ਅਧਿਕਾਰ ਹੈ
ਕਿ ਉਹ ਉਥੇ ਜਾ ਆਪਣੀ ਅਕੀਦਤ ਪੇਸ਼ ਕਰੇ, ਪ੍ਰੰਤੂ ਉਸਨੂੰ ਵੀ ਇਹ ਅਧਿਕਾਰ ਨਹੀਂ ਦਿੱਤਾ ਜਾ ਸਕਦਾ ਕਿ
ਉਹ ਮੰਦਿਰ-ਮਸਜਿਦ ਗਿਰਾਣਾ ਸ਼ੁਰੂ ਕਰ ਦੇਵੇ। ਉਨ੍ਹਾਂ ਦਾ ਕਹਿਣਾ ਸੀ ਕਿ ਅਸਲੀ ਧਾਰਮਿਕ ਵਿਅਕਤੀ ਉਹੀ
ਹੈ, ਜੋ ਆਪਣੇ ਧਰਮ ਵਿੱਚ ਅਟੁੱਟ ਵਿਸ਼ਵਾਸ ਰਖਦਿਆਂ ਹੋਇਆਂ ਦੂਸਰਿਆਂ ਦੇ ਧਾਰਮਕ ਵਿਸ਼ਵਾਸ ਦਾ ਸਨਮਾਨ
ਕਰੇ। 000
Mobile : +91 98 68 91 77 31
(27/02/13)
ਡਾ: ਇਕਬਾਲ ਸਿੰਘ ਢਿੱਲੋਂ
ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀਓ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ
ਹੋਵੇ ਜੀ!
ਸਿਖਮਾਰਗ ਵੈਬਸਾਈਟ ਉੱਤੇ 25. 02. 2013 ਨੂੰ ਪਾਏ ਗਏ ਮੇਰੇ ਪੱਤਰ ਦੇ ਸਬੰਧ ਵਿੱਚ
ਸ. ਹਰਦੇਵ ਸਿੰਘ ਜੰਮੂ ਜੀ ਦਾ 26. 02. 2013 ਦਾ ਪੱਤਰ ਪੜ੍ਹਨ ਨੂੰ ਮਿਲਿਆ ਹੈ। ਉਂਜ ਤਾਂ ਮੇਰੇ
ਪੱਤਰ ਸਬੰਧੀ ਸ. ਦਰਸ਼ਨ ਸਿੰਘ ਜੀ ਦੇ ਪ੍ਰਤੀਕਰਮ ਦੀ ਉਡੀਕ ਕਰਨੀ ਬਣਦੀ ਸੀ ਪਰੰਤੂ ਜਦੋਂ ਕਿ, ਆਪਣੀ
ਆਦਤ ਅਨੁਸਾਰ, ਸ. ਹਰਦੇਵ ਸਿੰਘ ਜੰਮੂ ਜੀ ਟਿੰਡ ਵਿੱਚ ਕਾਨਾ ਪਾਉਣ ਲਈ ਹਾਜ਼ਰ ਹੋ ਹੀ ਗਏ ਹਨ ਉਹਨਾਂ
ਨੂੰ ਮੇਰੀ ਸਲਾਹ ਹੈ ਕਿ ਇੱਕ ਸੁਹਿਰਦ ਆਲੋਚਕ ਵਾਂਗ ਪਹਿਲਾਂ ਉਹ ਮੇਰੀ ਪੁਸਤਕ ‘ਅਕਾਲ ਤਖਤ: ਸੰਕਲਪ
ਅਤੇ ਵਿਵਸਥਾ’ ਨੂੰ ਚੰਗੀ ਤਰ੍ਹਾਂ ਪੜ੍ਹ ਲੈਣ ਅਤੇ ਫਿਰ ਵਿਧੀਵਤ ਢੰਗ ਨਾਲ ਉਸ ਦਾ ਰਿਵਿਊ ਲਿਖ ਕੇ
ਜਾਰੀ ਕਰ ਦੇਣ। ਤਾਂ ਹੀ ਕੋਈ ਗੱਲ ਬਣੇਗੀ ਨਹੀਂ ਤਾਂ ਐਂਵੇਂ ਈਰਖਾ ਵੱਸ ਇਸ ਪੁਸਤਕ ਦੇ ਖਿਲਾਫ
ਪ੍ਰਾਪੇਗੰਡਾ ਕਰੀ ਜਾਣ ਦਾ ਕੋਈ ਅਸਰ ਨਹੀਂ ਹੋਣ ਲੱਗਾ। ਪੁਸਤਕ ਦੀਆਂ
ਤਿੰਨ ਸੌ ਕਾਪੀਆਂ ਤਾਂ ਲੱਗ ਵੀ ਗਈਆਂ ਹਨ ਅਤੇ ਦੇਸ਼-ਵਿਦੇਸ਼ ਵਿੱਚ ਇਹ ਪੁਸਤਕ, ‘ਸਬੰਧਤ ਧਿਰਾਂ’
ਸਮੇਤ, ਤਕਰੀਬਨ ਹਰ ਥਾਂ ਤੇ ਪਹੁੰਚ ਚੁੱਕੀ ਹੈ। ਦਰਜਨ ਕੁ ਕਾਪੀਆਂ ਤਾਂ ਸ. ਜੰਮੂ ਜੀ ਦੇ ਆਪਣੇ
ਸ਼ਹਿਰ ਦੇ ਪਾਠਕਾਂ ਦੇ ਪਾਸ ਹੀ ਪਹੁੰਚ ਚੁੱਕੀਆਂ ਹਨ। ਹੁਣ ਪੁਸਤਕ ਦਾ ਦੂਸਰਾ ਐਡੀਸ਼ਨ ਕੱਢਣ ਦੀ
ਤਿਆਰੀ ਚੱਲ ਰਹੀ ਹੈ।
ਸ. ਹਰਦੇਵ ਸਿੰਘ ਜੰਮੂ ਜੀ ਨੂੰ ਇਹ ਵੀ ਬੇਨਤੀ ਹੈ ਕਿ ਉਹ ਪੁਸਤਕ ‘ਗੁਰਬਿਲਾਸ ਪਾਤਸ਼ਾਹੀ 6’ ਨੂੰ
ਚੰਗੀ ਤਰ੍ਹਾਂ ਪੜ੍ਹ ਕੇ ਵੇਖ ਲੈਣ ਕਿ ਉਸ ਵਿੱਚ ਵਿਸ਼ਨੂੰ ਨੂੰ ‘ਅਕਾਲ’ ਕਿੱਥੇ ਵਿਖਾਇਆ ਗਿਆ ਹੈ ਅਤੇ
ਥੜ੍ਹੇ (ਜਿਸ ਨੂੰ ਇਸ ਵਿਵਾਦਤ ਪੁਸਤਕ ਦਾ ਲਿਖਾਰੀ ਬਦਨੀਤੀ ਨਾਲ ‘ਤਖਤ’ ਦੇ ਤੌਰ ਤੇ ਵਿਖਾ ਰਿਹਾ
ਹੈ) ਦਾ ਨਾਮ ਕਿਸ ਤਰ੍ਹਾਂ ਹੋਂਦ ਵਿੱਚ ਆਇਆ ਹੈ। (ਪਰਾਪਤ ਸਬੂਤਾਂ ਅਨੁਸਾਰ ਇਹ ਪੁਸਤਕ 1834-1843
ਈਸਵੀ ਦੇ ਸਮੇ ਲਿਖੀ ਗਈ ਸੀ।)
ਬਾਕੀ ਜੋ ਸਿੱਕਿਆਂ ਦੀ ਗੱਲ ਸ. ਹਰਦੇਵ ਸਿੰਘ ਜੰਮੂ ਜੀ ਨੇ ਕੀਤੀ ਹੈ ਉਸ ਸਬੰਧੀ ਬੇਨਤੀ ਹੈ ਕਿ
ਉਹਨਾਂ ਵੱਲੋਂ ਕੁੱਝ ਸਮਾਂ ਪਹਿਲਾਂ ਤਸਵੀਰਾਂ ਵਿੱਚ ਵਿਖਾਏ ਗਏ ਥੜ੍ਹੇ (ਇਸ ਥੜ੍ਹੇ ਨੂੰ ਵੀ ‘ਤਖਤ’
ਕਿਹਾ ਜਾ ਰਿਹਾ ਹੈ ਜਦ ਕਿ ਥੜ੍ਹਾ ‘ਤਖਤ’ ਨਹੀਂ ਹੁੰਦਾ) ਵਾਂਗ ਸਿੱਕਿਆਂ ਦੀ ਜਾਂਚ ਵੀ ਜ਼ਰੁਰੀ ਹੈ
ਇਹ ਵੇਖਣ ਲਈ ਕਿ ਉਹ ਸਿੱਕੇ ਅਸਲੀ ਹਨ ਜਾਂ ਨਕਲੀ ਅਤੇ ਉਹਨਾਂ ਦੇ ਤਿਆਰ ਹੋਣ ਦਾ ਅਸਲੀ ਸਮਾਂ ਕੀ
ਹੈ। ਸ. ਜੱਸਾ ਸਿੰਘ ਆਹਲੂਵਾਲੀਆ ਵੱਲੋਂ ਬੁੱਢਾ ਦਲ ਦੇ ਮੁੱਖੀ ਵਜੋਂ ਪਹਿਲਾਂ 1761 ਈਸਵੀ ਵਿੱਚ
ਸਿੱਖਾਂ ਦੇ ਬਹੁਤ ਥੋੜੇ ਸਮੇ ਲਈ ਲਹੌਰ ਉੱਤੇ ਹੋਏ ਕਬਜ਼ੇ ਸਮੇ ਸਿੱਕਾ ਜ਼ਰੂਰ ਜਾਰੀ ਕੀਤਾ ਗਿਆ ਸੀ
ਪਰੰਤੂ ਬੰਦਾ ਬਹਾਦਰ ਵੱਲੋਂ ਜਾਰੀ ਕੀਤੇ ਗਏ ਸਿੱਕਿਆਂ ਵਾਂਗ ਇਸ ਸਿੱਕੇ ਉੱਤੇ ਵੀ ਹੇਠਾਂ ਦਿੱਤੀ
ਇਬਾਰਤ ਉਕਰਵਾਈ ਗਈ ਸੀ:
ਦੀਗ-ਉ-ਤੀਗ-ਉ-ਫਤਹਿ ਨੁਸਰਤ ਬੀ-ਦਰੰਗ
ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ
1765 ਈਸਵੀ ਵਿੱਚ ਅਹਿਮਦ ਸ਼ਾਹ ਦੁਰਾਨੀ ਦੇ ਪੰਜਾਬੋਂ ਕੂਚ ਕਰ ਜਾਣ ਤੋਂ ਪਿੱਛੋਂ ਅੰਮ੍ਰਿਤਸਰ ਵਿਖੇ
ਦਰਬਾਰ ਸਾਹਿਬ ਦੇ ਸਾਹਮਣੇ ਹੋਏ ਸਿੱਖਾਂ ਦੇ ਇਕੱਠ ਵਿੱਚ ਕੇਵਲ ਲਹੌਰ ਉੱਤੇ ਕਬਜ਼ਾ ਕਰਨ ਦਾ ਮਤਾ ਪਾਸ
ਹੋਇਆ ਸੀ ਨਾ ਕਿ ‘ਸਿਖ ਰਾਜ ਦੀ ਪ੍ਰਭੂਸੱਤਾ ਕਾਇਮ ਕਰਨ’ ਦਾ ਜਾਂ ਕੋਈ ਸਿੱਕਾ ਜਾਰੀ ਕਰਨ ਦਾ। ਹਾਂ,
ਇਹ ਜ਼ਰੂਰ ਹੋਇਆ ਕਿ ਇਸ ਸਮੇ ਤੋਂ ਪੰਜਾਬ ਵਿੱਚ ਪਹਿਲਾਂ ਹੀ ਕਾਇਮ ਹੋ ਚੁੱਕੇ ਵੱਖ-ਵੱਖ ਮਿਸਲਾ ਦੇ
ਰਾਜਾਂ ਵਿੱਚ ਆਪਸੀ ਖਿੱਚੋਤਾਣ ਜ਼ੋਰ ਫੜ੍ਹ ਗਈ। ਲਹੌਰ ਉੱਤੇ ਪਹਿਲਾਂ ਭੰਗੀ ਮਿਸਲ ਅਤੇ ਕਨ੍ਹਈਆ ਮਿਸਲ
ਦੇ ਸਰਦਾਰਾਂ ਨੇ ਅਪਹੁਦਰੇ ਤੌਰ ਤੇ ਕਬਜ਼ਾ ਕਰ ਲਿਆ ਅਤੇ ਫਿਰ ਸ. ਰਣਜੀਤ ਸਿੰਘ ਨੇ ਵੀ ਉਹੀਓ ਕਾਰਾ
ਕਰਦਿਆਂ ਲਹੌਰ ਤੇ ਕਬਜ਼ਾ ਕਰ ਕੇ ਅਤੇ ਬਾਕੀ ਮਿਸਲਾਂ ਨੂੰ ਹਰਾ ਕੇ ਨਿਰੁੰਕਸ਼ ਰਾਜ ਸਥਾਪਤ ਕਰਦੇ ਹੋਏ
ਆਪਣੇ ਆਪ ਨੂੰ ਮਹਾਂਰਾਜਾ ਘੋਸ਼ਿਤ ਕਰਵਾ ਲਿਆ। ਸ. ਰਣਜੀਤ ਸਿੰਘ ਦੇ ਰਾਜ ਵੇਲੇ ਜਾਰੀ ਹੋਏ ਸਿੱਕਿਆ
ਦੀ ਇਬਾਰਤ ਵੀ ਉੱਪਰ ਦਿੱਤੇ ਅਨੁਸਾਰ ਹੀ ਸੀ। ਸ. ਜੱਸਾ ਸਿੰਘ ਆਹਲੂਵਾਲੀਆ ਨੇ 1774 ਈਸਵੀ ਵਿੱਚ
ਕਪੂਰਥਲਾ ਰਿਆਸਤ ਦੀ ਵਾਗ-ਡੋਰ ਸੰਭਾਲੀ ਸੀ ਪਰੰਤੂ ਉਸ ਵਕਤ ਉਸ ਵੱਲੋਂ ਚਲਾਏ ਹੋਏ ਕਿਸੇ ਸਿੱਕੇ ਦਾ
ਜ਼ਿਕਰ ਨਹੀਂ ਮਿਲਦਾ। ਅਜਿਹੀ ਸਥਿਤੀ ਵਿੱਚ ਜ਼ਰੂਰੀ ਹੋ ਜਾਂਦਾ ਹੈ ਕਿ ਸ. ਹਰਦੇਵ ਸਿੰਘ ਜੰਮੂ ਜੀ
ਵੱਲੋਂ ਦੱਸੇ ਜਾ ਰਹੇ ਸਿੱਕਿਆਂ ਦੀ ਵਾਜਬ ਪੜਤਾਲ ਕਰਵਾਈ ਜਾਵੇ ਤਾਂ ਕਿ ਦੁੱਧ ਦਾ ਦੱਧ ਅਤੇ ਪਾਣੀ
ਦਾ ਪਾਣੀ ਹੋ ਸਕੇ।
ਜੋ ਸ. ਹਰਦੇਵ ਸਿੰਘ ਜੰਮੂ ਜੀ ਨੇ ਸਿੱਕਿਆਂ ਸਬੰਧੀ ਇਤਹਾਸਕ ਤੱਥਾਂ ਬਾਰੇ ਅਤੇ ‘ਬੇਦਲੀਲੀ ਅਤੇ
ਕਿਆਸਾਂ’ ਬਾਰੇ ਖੋਜ ਕਰਨ ਦਾ ਸੋਚਿਆ ਹੈ, ਇਹ ਵੀ ਸ਼ੁਭ ਸ਼ਗਨ ਹੈ। ਪਰਮੇਸ਼ਵਰ ਉਹਨਾਂ ਦਾ ਅੰਗ-ਅੰਗ
ਸਹਾਈ ਹੋਵੇ! ਆਮੀਨ! !
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ
(27/02/13)
ਗੁਰਇੰਦਰ ਸਿੰਘ ਪਾਲ
“ਕੀ ਤੁਸੀਂ ਭੇਸ ਬਦਲ ਕੇ ਰਾਤ ਨੂੰ……?”
ਫ਼ਰਵਰੀ 24 ਨੂੰ ਸੰਪਾਦਕ ਦਾ ਲਿਖਿਆ ਉਕਤ ਲੇਖ ‘ਸਿੱਖ ਮਾਰਗ’ `ਤੇ ਪ੍ਰਕਾਸ਼ਿਤ
ਹੋਇਆ ਹੈ। ਇਸ ਦੇ ਨਾਲ ਹੀ ਦੋ ਹੋਰ ਲੇਖ {ਇਕ ਡਾ: ਹਰਭਜਨ ਸਿੰਘ (ਪਟਿਆਲਾ) ਦਾ ਤੇ ਇੱਕ ਸ: ਕਪੂਰ
ਸਿੰਘ ਦਾ} ਵੀ ਪਾਏ ਗਏ ਹਨ। ਇਨ੍ਹਾਂ ਤਿੰਨਾਂ ਲੇਖਾਂ ਵਿੱਚ ਅਖਾਉਤੀ ਦਸਮ ਗ੍ਰੰਥ ਵਿੱਚੋਂ `ਚਰਿਤ੍ਰੋ
ਪਾਖਿਆਨ’ ਦੇ ਚਰਿਤ੍ਰ ਨੰ: 21, 22 ਤੇ 23 ਉੱਤੇ ਚਰਚਾ ਕੀਤੀ ਗਈ ਹੈ। ਡਾ: ਹਰਭਜਨ ਸਿੰਘ ਦੀ ‘ਖੋਜ’
ਦੋ ਨੁਕਤਿਆਂ ਉੱਤੇ ਕੇਂਦ੍ਰਿਤ ਹੈ: ਪਹਿਲਾ,
‘ਕੀ ਇਨ੍ਹਾਂ ਚਰਿਤ੍ਰਾਂ ਦਾ ਪਾਤਰ ਗੁ:
ਗੋਬਿੰਦ ਸਿੰਘ ਜੀ ਹਨ ਜਾਂ ਨਹੀਂ?’ ਅਤੇ ਦੂਜਾ,
‘ਕੀ ਇਹ ਕਥਾ ਸ਼੍ਰੀ ਗੁਰੂ ਜੀ
ਵਾਸਤੇ ਗੌਰਵਮਈ ਹੈ ਜਾਂ ਅਪਮਾਨਜਨਕ?’
ਇਸ ‘ਬੁੱਧੀਜੀਵੀ’ ਡਾ: ਦੀ ‘ਖੋਜ’ ਅਨੁਸਾਰ
“ਇਸ ਕਹਾਣੀ ਦਾ ਨਾਇਕ ਗੁਰੂ ਗੋਬਿੰਦ
ਸਿੰਘ ਜੀ ਤੋਂ ਬਿਨਾਂ ਕੋਈ ਹੋਰ ਨਹੀਂ”। ਅਤੇ,
“ਇਹ ਕਹਾਣੀ ‘ਅਤਿ-ਉਤਮ
ਅਮ੍ਰਿਤ ਕਥਾ’ ਹੈ ਜੋ ਗੁਰੂ ਜੀ ਦਾ ਗੌਰਵ ਵਧਾਉਂਦੀ ਹੈ” !
ਹਰਭਜਨ ਸਿੰਘ ਆਪਣੇ ਲੇਖ ਵਿੱਚ ਗੁਰਮਤਿ-ਵਿਰੋਧੀ ਕਈ ਤੱਥਾਂ ਨੂੰ ਜਾਣ-ਬੁਝ
ਕੇ ਨਜ਼ਰ-ਅੰਦਾਜ਼ ਕਰ ਗਿਆ ਹੈ, ਜਿਵੇਂ ਕਿ: ਗੁਰੂ ਜੀ ਦੀ ਮੰਤ੍ਰ ਸਿੱਖਣ ਦੀ ਅਭਿਲਾਸ਼ਾ, ਸੱਚ ਛੁਪਾਉਣ
ਲਈ ਭੇਖ ਧਾਰਨ ਕਰਨਾ, ਮੰਤ੍ਰ ਸਿੱਖਣ ਵਾਸਤੇ ਰਾਤ ਦਾ ਸਮਾਂ ਹੀ ਯੋਗ ਸਮਝਣਾ, ਭਗਵਤੀ ਸਿਮਰਨ ਕਰਨਾ,
ਨਸ਼ਾ-ਨੋਸ਼ੀ, ਨੂਪ ਕੁਅਰਿ ਦੇ ਰੌਲਾ ਪਾਉਣ `ਤੇ ਝੂਠ ਬੋਲਣਾ, ਦਾੜ੍ਹੀ ਪੁੱਟਵਾਉਣੀ ਅਤੇ ਪੱਗ
ਉਤਰਵਾਉਣੀ, ਛਲ-ਕਪਟ ਨਾਲ ਲੋਕਾਂ ਨੂੰ ਚਕਮਾ ਦੇ ਕੇ ਬੁਜ਼ਦਿਲ ਚੋਰਾਂ ਵਾਂਗ ਜੁੱਤੀ ਤੇ ਕਪੜੇ ਛੱਡ ਕੇ
ਦੌੜ ਜਾਣਾ, ਇਨ੍ਹਾਂ ਵਸਤਾਂ ਦੇ ਚੋਰੀ ਹੋ ਜਾਣ ਦਾ ਕਪਟ ਕਰਨਾ, ਨੂਪ ਕੁਅਰਿ ਨੂੰ ਵੀਹ ਹਜ਼ਾਰ ਟਕੇ
ਛਿਮਾਹੀ ਦੇਣੇ ਅਤੇ ਬ੍ਰਾਹਮਣਾਂ ਨੂੰ ਦਾਨ ਦੇਣ ਦੀ ਸਿੱਖਿਆ ਆਦਿ! ਪਾਠਕ ਸੱਜਨੋਂ! ਕੀ ਇਹ ਸਾਰੀਆਂ
ਕਾਲੀਆਂ ਕਰਤੂਤਾਂ ਗੁਰੂ ਜੀ ਦੀਆਂ ਹੋ ਸਕਦੀਆਂ ਹਨ? ਜੇ ਕੋਈ ਵਿਚਾਰਕ ਇਸ ਪ੍ਰਸ਼ਨ ਦਾ ਜਵਾਬ ‘ਹਾਂ’
ਵਿੱਚ ਦਿੰਦਾ ਹੈ, ਤਾਂ ਉਸ ਦਾ ਇਹ ਨੈਤਿਕ ਫ਼ਰਜ਼ ਬਣਦਾ ਹੈ ਕਿ ਉਹ ਠੋਸ ਤੇ ਢੁੱਕਵੀਆਂ ਦਲੀਲਾਂ ਨਾਲ
ਇਸ ‘ਹਾਂ’ ਨੂੰ ਸਾਬਤ ਕਰੇ! ਅਤੇ ਜੇ ਜਵਾਬ ‘ਨਾਂਹ’ ਹੀ ਹੈ ਤਾਂ ਸਪਸ਼ਟ ਹੈ ਕਿ ਹਰਭਜਨ ਸਿੰਘ
ਸੁਹਿਰਦਤਾ ਤੋਂ ਕੋਰਾ ਹੈ ਅਤੇ ਕਿਸੇ ਲਾਲਚ ਅਧੀਨ ਤੇ ਸਵਾਰਥ-ਵੱਸ ਆਪਣੀ ਜ਼ਮੀਰ ਵੇਚ ਚੁੱਕਿਆ ਹੈ!
ਇਸ ਸੱਚ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਇਸ ਕਥਾ ਵਿੱਚ ਇੱਕ ਅਨਮੋਲ
ਸਿੱਖਿਆ ਹੈ:
“ਪਰ ਨਾਰੀ ਕੀ
ਸੇਜ ਭੂਲਿ ਸੁਪਨੇ ਹੂੰ ਨ ਜੈਯਹੁ॥” ਪਰੰਤੂ ਕੀ ਇਹ
ਸਿੱਖਿਆ ਦੇਣ ਵਾਲੇ ਦੇ ਹਿਰਦੇ ਵਿੱਚ ਉਪਰੋਕਤ ਕਾਲੀਆਂ ਕਰਤੂਤਾਂ ਦੀ ਮੈਲ ਦਾ ਹੋਣਾ ਸੰਭਵ ਹੈ? ਇਹ
ਵਿਚਾਰਨ ਵਾਲੀ ਗੱਲ ਹੈ!
ਸ: ਕਪੂਰ ਸਿੰਘ, ਆਪਣੀ ਬਹੁਪਖੀ ਵਿਦਵਤਾ ਦਾ ਪ੍ਰਦਰਸ਼ਨ ਕਰਦੇ ਹੋਏ, ਬਚਿੱਤਰ
ਨਾਟਕ ਨੂੰ ਦਸਮ ਗ੍ਰੰਥ ਸਵੀਕਾਰਦੇ ਹਨ, ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਤ ਮੰਨਦੇ ਹਨ, ਇਸ
ਕਥਾ ਨੂੰ ਗਲਪ (fiction) ਕਹਿੰਦੇ ਹਨ ਅਤੇ, ਉਪਰੋਕਤ ਦਰਸਾਈਆਂ ‘ਕਰਤੂਤਾਂ’ ਦੇ ਹਵਾਲੇ ਨਾਲ ਉਹ
ਲਿਖਦੇ ਹਨ, “ਇਸ ਕਥਾ ਦਾ ਪਾਤਰ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਣਾ ਉਨ੍ਹਾਂ ਦੀ ਭਰਪੂਰ ਨਿਰਾਦਰੀ
ਹੈ”।
ਫੂਲ ਪਾਨ ਅਰੁ ਕੈਫ ਮੰਗਾਯੋ॥ … ਆਗੇ ਟਰਿ ਤਾ ਕੋ ਤਿਨ ਲੀਨ॥
ਦਾ ਅਰਥ ਸ: ਕਪੂਰ ਸਿੰਘ ਇਉਂ ਕਰਦੇ ਹਨ:
“ਪਾਤ੍ਰ ਨੇ ਅਗਾਂਹ ਵਧ ਕੇ ‘ਆਗੇ ਟਰਿ’ ਪਾਨ ਤੇ
ਅਫੀਮ ਮਿਲੀ ਸ਼ਰਾਬ ਫੜ੍ਹ ਕੇ
ਛੱਕ ਲਈ”।
ਉਨ੍ਹਾਂ ਨ
ੇ
‘ਸਿੱਖ’ ਦਾ ਅਰਥ
‘ਨੌਕਰ ਚਾਕਰ’ ਕੀਤਾ ਹੈ! ਜੋ ਕਿ ਘੋਰ ਅਨਰਥ ਹੈ!
ਇਹ ਅਨਰਥ ਸ਼ਾਇਦ ਹੀ ਕਿਸੇ ਪਾਠਕ ਨੂੰ ਹਜ਼ਮ ਹੋ ਸਕੇਗਾ!
ਡਾ: ਹਰਭਜਨ ਸਿੰਘ ਤੇ ਸ: ਕਪੂਰ ਸਿੰਘ ਨੇ ਆਪਣੇ ਲੇਖਾਂ ਵਿੱਚ ਗੁਰਮਤਿ ਦੇ
ਸਿਧਾਂਤਾਂ ਨੂੰ ਪਰੋਖੇ ਰੱਖਿਆ ਹੈ! ਕੀ ਇਹ ਇਨ੍ਹਾਂ ਲੇਖਕਾਂ ਦੀ ਕੁਟਿਲਤਾ ਨਹੀਂ? ਇਨ੍ਹਾਂ ਦੋਨਾਂ
ਲੇਖਕਾਂ ਦੇ ਲੇਖਾਂ ਨੂੰ ਪੜ੍ਹ ਕੇ ਪਾਠਕ ਕੋਈ ਸੇਧ ਪਾਉਣ ਦੀ ਬਜਾਏ ਮਾਨਸਿਕ ਉਲਝਣ ਵਿੱਚ ਉਲਝ ਕੇ
ਰਹਿ ਜਾਂਦਾ ਹੈ!
ਸ: ਮੱਖਣ ਸਿੰਘ ਪੁਰੇਵਾਲ ਨੇ ਪਾਠਕਾਂ ਦੇ ਨਿਰੀਖਣ ਵਾਸਤੇ ਪਹਿਲਾਂ ਇਨ੍ਹਾਂ
ਤਿੰਨਾਂ ਚਰਿਤ੍ਰਾਂ ਦਾ ਮੂਲ ਪਾਠ ਅਤੇ ਅਰਥ ਦਿੱਤੇ ਹਨ। ਇਨ੍ਹਾਂ ਅਰਥਾਂ ਵਿੱਚ ਥਾਂ ਥਾਂ `ਤੇ 10-11
ਟਿੱਪਣੀਆਂ ਅਤੇ ਅੰਤ ਵਿੱਚ ਚਾਰ ਉਪ-ਸਿਰਲੇਖਾਂ ਹੇਠ ਲੇਖ ਦਾ ਸਾਰੰਸ਼ ਹੈ। ਇਨ੍ਹਾਂ ਟਿੱਪਣੀਆ ਤੇ
ਨਿਸ਼ਕਰਸ਼ ਵਿੱਚ ਨਿੱਗਰ ਦਲੀਲਾਂ ਨਾਲ ਕਥਾ ਦੇ ਮੂਲ ਪਾਠ ਅਤੇ ਦੂਜੇ ਦੋ ਲੇਖਾਂ ਵਿੱਚ ਵਿਆਪਕ
ਗੁਰੁਮਤਿ-ਵਿਰੋਧੀ ਅੰਸ਼ਾਂ ਨੂੰ ਨਜ਼ਰ-ਅੰਦਾਜ਼ ਕਰਨ ਦੀ ਬਜਾਏ ਉਨ੍ਹਾਂ ਦਾ ਦਲੀਲ-ਯੁਕਤ ਖੰਡਨ ਕੀਤਾ ਹੈ।
ਉਸ ਨੇ ਆਪਣੇ ਵਿਚਾਰਾਂ ਦੀ ਪੁਸ਼ਟੀ ਵਾਸਤੇ ਗੁਰਬਾਣੀ ਦੀਆਂ ਤੁਕਾਂ ਦਾ ਸਹਾਰਾ ਵੀ ਲਿਆ ਹੈ। ਇਸ
ਵਾਸਤੇ ਉਸ ਦੇ ਵਿਚਾਰਾਂ ਉੱਤੇ ਨਾਂਹ-ਪਖੀ ਕਿੰਤੂ ਕਰਨ ਦੀ ਗੁੰਜਾਇਸ਼ ਹੀ ਨਹੀਂ ਰਹਿੰਦੀ!
ਪਾਠਕ ਸੱਜਨੋਂ! ਸਾਡਾ ਇਹ ਨੈਤਿਕ ਫ਼ਰਜ਼ ਬਣਦਾ ਹੈ ਕਿ ਅਸੀਂ ਇਨ੍ਹਾਂ ਤਿੰਨਾਂ
ਲੇਖਾਂ ਦਾ ਅਧਿਐਨ ਕਰਕੇ ਫ਼ੈਸਲਾ ਕਰੀਏ ਕਿ ਕੀ ਅਸੀਂ ਅਖੌਤੀ ਦਸਮ ਗ੍ਰੰਥ ਦੀ ਦਲਦਲ ਵਿੱਚੋਂ ਨਿਕਲ ਕੇ
ਗੁਰੂ (ਗ੍ਰੰਥ) ਦੇ ਲੜ ਲੱਗਣਾ ਹੈ ਜਾਂ ਸੁਆਰਥੀ ਤੇ ਕਪਟੀ ‘ਵਿਦਵਾਨਾਂ’ ਦੀਆਂ ਲਿਖਤਾਂ ਦੇ ਪ੍ਰਭਾਵ
ਹੇਠ ਗੁਰੂ ਵੱਲੋਂ ਮੂੰਹ ਮੋੜ ਕੇ ਅੰਧਵਿਸ਼ਵਾਸ ਦੀ ਅੰਨ੍ਹੀ ਖਾਈ ਵਿੱਚ ਹੀ ਡਿੱਗੇ ਰਹਿਣਾ ਹੈ!
ਗੁਰਇੰਦਰ ਸਿੰਘ ਪਾਲ
ਫ਼ਰਵਰੀ 27, 2013.
(27/02/13)
ਸਰਵਜੀਤ ਸਿੰਘ
ਸਤਿਕਾਰ ਯੋਗ ਸੰਪਾਦਕ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ
ਫ਼ਤਿਹ।
ਸਿੱਖ ਮਾਰਗ ਤੇ ਡਾ: ਇਕਬਾਲ ਸਿੰਘ ਢਿੱਲੋਂ ਜੀ ਦਾ ਪੱਤਰ (25-2-2013)
ਪੜ੍ਹ ਕੇ ਇਕ ਸੱਜਣ ਨੇ ਨਿਜੀ ਸੰਪਰਕ ਰਾਹੀ ਪੋ: ਦਰਸ਼ਨ ਸਿੰਘ ਜੀ ਦੇ ਉਸ ਪੱਤਰ ਬਾਰੇ ਜਾਣਕਾਰੀ
ਮੰਗੀ, ਜਿਸ ਦਾ ਜਿਕਰ ਡਾ: ਢਿੱਲੋਂ ਜੀ ਨੇ ਆਪਣੇ ਪੱਤਰ `ਚ ਕੀਤਾ ਹੈ। ਹੋ ਸਕਦਾ ਹੈ ਕਿ ਸਿੱਖ ਮਾਗਰ
ਦੇ ਸਾਰੇ ਪਾਠਕਾਂ ਨੇ ਉਹ ਪੱਤਰ ਨਾ ਪੜ੍ਹਿਆ ਹੋਵੇ। ਮੈਂ, ਪ੍ਰੋ: ਦਰਸ਼ਨ ਸਿੰਘ ਜੀ ਦਾ ਇਕ ਪੱਤਰ
ਸਿੰਘ ਸਭਾ ਯੂ ਐਸ ਏ ਤੇ ਪੜ੍ਹਿਆ ਸੀ। ਉਹ ਪੱਤਰ ਆਪ ਜੀ ਨੂੰ ਭੇਜ ਰਿਹਾ ਹਾਂ ਜੇ ਠੀਕ ਸਮਝੋ ਤਾ ਇਸ
ਪੱਤਰ ਨੂੰ ਸਿੱਖ ਮਾਰਗ ਤੇ ਪੋਸਟ ਕਰ ਦੇਣਾ ਤਾਂ ਜੋ ਸਿੱਖ ਮਾਗਰ ਦੇ ਸਾਰੇ ਪਾਠਕ ਇਸ ਨੂੰ ਪੜ੍ਹ ਸਕਣ
ਅਤੇ ਚਲ ਰਹੀ ਵਿਚਾਰ ਚਰਚਾ ਦਾ ਵੱਧ ਤੋਂ ਵੱਧ ਲਾਹਾ ਲੈ ਸਕਣ।
ਧੰਨਵਾਦ
ਸਰਵਜੀਤ ਸਿੰਘ
##################
ਕਿਸ ਅਕਾਲ ਤਖਤ ਦੀ ਪ੍ਰਭੂ ਸਤਾ ਬਰਕਰਾਰ ਰੱਖਣ ਦੀਆਂ ਗੱਲਾਂ ਕਰਦੇ ਹੋ?
(ਪ੍ਰੋ. ਦਰਸ਼ਨ ਸਿੰਘ ਖਾਲਸਾ)
ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ ਨਾ ਕਦੇ ਮਰੈ ਨ ਜਾਇਆ ॥
(78)
ਤੂ ਅਕਾਲ ਪੁਰਖੁ ਨਾਹੀ ਸਿਰਿ
ਕਾਲਾ ॥ (1038)
ਕੁਝ ਸਮੇ ਤੋਂ ਕੌਮ ਨੂੰ ਗੁਮਰਾਹ ਕਰਣ ਵਾਲੀਆਂ ਬ੍ਰਾਹਮਣੀ ਸਾਜਸ਼ਾਂ ਵਾਂਗ ਹੀ
ਭੋਲੀ ਭਾਲੀ ਸ਼ਰਧਾਲੂ ਸਿਖੀ ਨੂੰ ਇਕ ਸਾਜਸ਼ੀ ਨਾਹਰੇ ਨਾਲ ਗੁਮਰਾਹ ਕੀਤਾ ਜਾ ਰਿਹਾ ਹੈ ਕਿ ਅਕਾਲ ਤਖਤ
ਦੀ ਪ੍ਰਭੂ ਸਤਾ ,ਅਕਾਲ ਤਖਤ ਦੀ ਪ੍ਰਭੂ ਸਤਾ ਮੰਨਣ ਵਾਲੇ ਲੋਕਾਂ ਨੂੰ ਇਕੱਤਰ ਕਰ ਰਹੇ ਹਾਂ ਅਤੇ
ਅਸੀਂ ਅਕਾਲ ਤਖਤ ਦੀ ਪ੍ਰਭੂ ਸਤਾ ਬਰਕਰਾਰ ਰੱਖਨੀ ਹੈ। ਗੱਲ ਬਹੁਤ ਚੰਗੀ ਹੈ ਹਰ ਸਿਖ ਹੀ ਅਕਾਲ ਤਖਤ
ਦੀ ਪ੍ਰਭੂ ਸਤਾ ਮੰਨਦਾ ਹੈ ਅਤੇ ਮੰਨਦਾ ਰਹੇਗਾ। ਅਕਾਲ ਤਖਤ ਦੀ ਪ੍ਰਭੂ ਸਤਾ ਨੂੰ ਕਦੀ ਕੋਈ ਖਤਰਾ ਹੀ
ਨਹੀਂ ਹੈ।
ਪਰ ਮੈ ਏਹਨਾ ਵੀਰਾਂ ਕੋਲੋਂ ਪੁਛਦਾ ਹਾਂ ਵੀਰੋ ਜ਼ਰਾ ਇਹ ਸਪਸ਼ਟ ਕਰ ਦਿਓ ਕੇ
ਤੁਸੀ ਕਿਸਨੂੰ ਅਕਾਲ ਤਖਤ ਮੰਨਦੇ ਹੋ ਅਤੇ ਕਿਸਦੀ ਪ੍ਰਭੂ ਸਤਾ ਦੀ ਗੱਲ ਕਰਦੇ ਹੋ?
ਅਕਾਲ ,ਅਬਿਨਾਸ਼ੀ ਜੁਗੋ ਜੁਗ ਅਟੱਲ
“ ਵਾਹੁ
ਵਾਹੁ ਬਾਣੀ ਨਿਰੰਕਾਰ ਹੈ ”
ਅਨਸਾਰ ਧੁਰ ਤੋਂ ਆਈ ਅਕਾਲ ਪੁਰਖ ਸਰੂਪ ਬਾਣੀ
“ ਪੋਥੀ
ਪ੍ਰਮੇਸ਼ਰ ਕਾ ਥਾਣ ”
ਰੂਪ ਗੁਰੂ ਗ੍ਰੰਥ ਸਾਹਿਬ ਵਿਚ ਸ਼ਸ਼ੋਬਤ ਗੁਰਬਾਣੀ ਸਿਧਾਂਤ ਨੂੰ ਅਕਾਲ ਤਖਤ ਮੰਨਦੇ ਹੋ,?
ਜਾਂ ਇਤਿਹਾਸ ਮੁਤਾਬਕ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਿਰਜੇ ਉਸ ਅਸਥਾਨ
ਨੂੰ ਅਕਾਲ ਤਖਤ ਮੰਨਦੇ ਹੋ ,?
ਜਾਂ ਉਸ ਅਸਥਾਨ ਦੀ ਸੇਵਾ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਰੱਖੇ ਗਏ ਇਕ
ਤਨਖਾਹ-ਦਾਰ ਮੁਲਾਜ਼ਮ ਜੋ ਅਕਾਲ ਤਖਤ ਦੇ ਸਥਾਨ ਤੇ ਖਲੋ ਕੇ ਝੂਠ ਬੋਲਦਾ ਹੋਵੇ ਉਸਨੂੰ ਅਕਾਲ ਤਖਤ
ਮੰਨਦੇ ਹੋ ,? ਹਾਂ ਭੋਲੇ ਸਿਖਾਂ ਨੂੰ ਇਹ ਆਖ ਕੇ ਹੀ ਗੁਮਰਾਹ ਕੀਤਾ ਜਾ ਰਿਹਾ ਹੈ।
ਜਾਂ ਉਸ ਹੁਕਮ ਦੇ ਗ਼ੁਲਾਮ ਤਨਖਾਹ-ਦਾਰ ਵਲੋਂ ਨਿਸਚਤ ਕੀਤੀ ਗਈ ਕਾਲ ਕੋਠੜੀ
ਨੂੰ ਅਕਾਲ ਤਖਤ ਮੰਨਦੇ ਹੋ,?
ਪਿਆਰੇ ਵੀਰੋ ਤੁਸੀਂ ਕਿਸਨੂੰ ਅਕਾਲ ਤਖਤ ਮੰਨ ਕੇ ਸਿਰ ਝੁਕਾਉਂਦੇ ਹੋ, ਕਿਸ
ਅਕਾਲ ਤਖਤ ਅੱਗੇ ਪੇਸ਼ ਹੋਂਦੇ ਹੋ, ਸੱਚੇ ਸਤਿਗੁਰੂ ਦੀ ਸਿਖੀ ਅੱਗੇ ਸੱਚ ਬੋਲਣ ਦੀ ਜੁਰਤ ਕਰਿਓ ਅਤੇ
ਸਪੱਸ਼ਟ ਕਰੋ, ਕਿਸ ਅਕਾਲ ਤਖਤ ਦੀ ਪ੍ਰਭੂ ਸਤਾ ਬਰਕਰਾਰ ਰੱਖਣ ਦੀਆਂ ਗੱਲਾਂ ਕਰਦੇ ਹੋ।
ਦੇਖੋ ਝੂਠ ਬੋਲ ਕੇ ਕੌਮ ਨੂੰ ਗੁਮਰਾਹ ਕਰਣ ਦਾ ਪਾਪ ਨਾ ਕਰਿਓ
ਜੇ ਤਾਂ
ਆਦਿ
ਸਚੁ, ਜੁਗਾਦਿ ਸਚੁ, ਹੈ ਭੀ ਸਚੁ, ਨਾਨਕ ਹੋਸੀ ਭੀ ਸਚੁ ,
ਰੂਪ ਰੱਬੀ ਸਿਧਾਂਤ ਨੂੰ ਅਕਾਲ ਤਖਤ ਮੰਨਦੇ ਹੋ ਤਾਂ ਤੁਸੀ ਮਹਾਨ ਹੋ।
ਪਰ ਦੇਖਿਓ ਬਾਕੀ ਤਿਨੋ ਚੀਜ਼ਾਂ ਅਕਾਲ ਨਹੀਂ ਹਨ,
1. ਇਮਾਰਤਾਂ ਢਹਿ ਜਾਂਦੀਆਂ ਹਨ,
2. ਸੇਵਾਦਾਰ ਮਰ ਜਾਂਦੇ ਹਨ ਜਾਂ ਬਦਲ ਦਿਤੇ ਜਾਂਦੇ ਹਨ “ਜਿਸ ਆਸਨ ਹਮ ਬੈਠੇ
ਕੇਤੇ ਬੈਸ ਗਇਆ”
3. ਬਾਕੀ ਸੇਵਾਦਾਰਾਂ ਦੀਆਂ ਕਾਲ ਕੋਠੜੀਆਂ ਦੀ ਤਾਂ ਸਿਖੀ ਵਿਚ ਥਾਂ ਹੀ ਕੋਈ
ਨਹੀਂ ।
-ਦਰਸ਼ਨ ਸਿੰਘ ਖਾਲਸਾ
ਸਿੰਘ ਸਭਾ ਯੂ ਐਸ ਏ ਤੋਂ ਧੰਨਵਾਦ ਸਹਿਤ
http://www.singhsabhausa.com/fullview.php?type=article&path=2335
(27/02/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਰੁਬਾਈਆਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ
1
ਕਾਮ ਕ੍ਰੋਧ ਮੋਹ ਲੋਭ ਛੱਡ, ਚੁਗਲੀ ਨਿੰਦ ਅਹੰਕਾਰ।
ਸੁੱਚੇ ਸੱਚੇ ਕਰਮ ਕਰ, ਸੱਚਾ ਨਾਂ ਚਿੱਤ ਧਾਰ।
ਸੱਚਾ ਨਾਂ ਚਿੱਤ ਧਾਰ ਰੋਜ਼ਾਨਾ ਸਤਿਸੰਗਤ ਵਿੱਚ ਜਾ।
ਸ਼ੁਭ ਵਚਨ, ਸੁਣ ਕੀਰਤਨ, ਉਸ ਦੀ ਸਿਫਤ ਸਲਾਹ।
ਉਸ ਦੇ ਸੰਗ ਮਨ ਜੋੜ ਲੈ, ਜਾਗੇ ਬੁੱਧ ਬਿਬੇਕ।
ਫੁੱਟੇ ਭਾਂਡਾ ਭਰਮ ਦਾ, ਜੀਵਨ ਹੋਵੇ ਨੇਕ।
2
ਜੀਵਨ ਹੋਵੇ ਨੇਕ, ਦਿਸਣ ਫਿਰ ਸਾਰੇ ਚੰਗੇ।
ਸੁੱਚ ਵਸੇ ਮਨ ਆਣ, ਈਸਵਰ ਰੰਗ ਜਦ ਰੰਗੇ।
ਈਸ਼ਵਰ ਰੰਗ ਕਮਾਲ, ਲਗੇ ਜੱਗ ਚਾਵਾਂ ਭਰਿਆ।
ਕੁਦਰਤ ਦੀ ਬਹਿ ਗੋਦ ਬਣੇ ਮਨ ਹਰਿਆ ਹਰਿਆ।
ਸਭ ਵਿੱਚ ਰੱਬ ਹੀ ਰੱਬ, ਬਿਨਾ ਉਸ ਦੇ ਨਾ ਕੋਈ।
ਮਿਹਰ ਕਰੇ ਜਦ ਆਪ, ਉਦੋਂ ਇਹ ਸੋਝੀ ਹੋਈ।
3
ਸੋਝੀ ਹੋਵੇ ਜਦ, ਲਗੇ ਜਗ ਪਿਆਰਾ ਪਿਆਰਾ।
ਅਪਣੇ ਲੱਗਣ ਸੱਭ, ਬੇਗਾਨਾ ਨਾ ਵੇਚਾਰਾ।
ਬੇਗਾਨਾ ਨਾ ਕੋਈ, ਮੀਤ ਸਭ ਅਪਣੇ ਹੋਏ।
ਸਭ ਵਿੱਚ ਦਿਸਦਾ ਰੱਬ, ਲੜੀ ਇੱਕ ਸੱਭ ਪਰੋਏ।
ਵਸਦਾ ਸਭ ਵਿੱਚ ਲਗਾਤਾਰ, ਹਰ ਦਿਲ ਦੀਆ ਜਾਣੇ।
ਜੋ ਵੀ ਉਸ ਸੰਗ ਮਿਲ ਗਿਆ, ਪਰਮਾਨੰਦ ਮਾਣੇ।
(27/02/13)
ਤੱਤ ਗੁਰਮਤਿ ਪਰਿਵਾਰ
ਗੁਰੂ ਪਦ ਬਾਰੇ ਸਿੱਖ ਮਾਰਗ ਤੇ ਚਲ ਰਹੀ ਵਿਚਾਰ ਲੜੀ ਬਾਰੇ ਜ਼ਰੂਰੀ ਸੂਚਨਾ
ਸਤਿਕਾਰਯੋਗ ਸੰਪਾਦਕ ਸਿੱਖ ਮਾਰਗ ਜੀ,
ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ।
ਪਿੱਛਲੇ ਕੁਝ ਸਮੇਂ ਤੋਂ ‘ਗੁਰੂ ਪਦ’ ਦੇ ਵਿਸ਼ੇ ਤੇ ਵੀਰ ਸੁਖਜੀਤਪਾਲ ਸਿੰਘ ਜੀ ਭੁੱਚੋ-ਮੰਡੀ ਦੀ ਇਕ
ਲੇਖ ਲੜੀ ਸਿੱਖ ਮਾਰਗ ਤੇ ਛਪ ਰਹੀ ਹੈ। ਇਸ ਲੇਖ ਲੜੀ ਦਾ ਬਹੁਤਾ ਹਿੱਸਾ ‘ਤੱਤ ਗੁਰਮਤਿ ਪਰਿਵਾਰ’ ਦੇ
ਵਿਚਾਰਾਂ ਨਾਲ ਸੰਬੰਧਿਤ ਹੈ। ਇਸ ਲੜੀ ਦੇ ਹਰ ਲੇਖ ਦੇ ਅੰਤ ਵਿਚ ਪਰਿਵਾਰ ਨੂੰ ਨੰਬਰਵਾਰ ਕੁਝ ਸਵਾਲ
ਵੀ ਪੁੱਛੇ ਜਾਂਦੇ ਹਨ। ਆਪ ਜੀ ਸਮੇਤ ਜ਼ਿਆਦਾਤਰ ਪਾਠਕ ਇਸ ਗੱਲ ਤੋਂ ਸ਼ਾਇਦ ਵਾਕਿਫ ਹਨ ਕਿ ਪਰਿਵਾਰ
ਵਾਜ਼ਬ ਜਵਾਬਦੇਹੀ ਦੇ ਫਰਜ਼ ਤੋਂ ਕਦੀ ਮੁਨਕਰ ਨਹੀਂ ਹੋਇਆ ਅਤੇ ਹਰ ਵਾਰ ਆਪਣੀਆਂ ਲਿਖਤਾਂ ਸੰਬੰਧੀ ਉਠੇ
ਸਵਾਲਾਂ/ਨੁਕਤਿਆਂ ਬਾਰੇ ਨੰਬਰਵਾਰ ਆਪਣਾ ਪੱਖ ਦੇਣ ਦਾ ਭਰਪੂਰ ਯਤਨ ਕਰਦਾ ਹੈ। ਹਾਂ, ਸਮੇਂ ਦੀ ਘਾਟ
ਕਾਰਨ ਕਈਂ ਵਾਰ ਦੇਰ ਹੋ ਜਾਂਦੀ ਹੈ ਅਤੇ ਸੰਭਵ ਹੈ, ਚੰਦ ਕੁ ਵਾਰ ਅਸੀਂ ਕਿਸੇ ਨੁਕਤੇ/ਸਵਾਲ ਬਾਰੇ
ਆਪਣਾ ਪੱਖ ਨਾ ਵੀ ਦੇ ਸਕੇ ਹੋਈਏ।
ਜਿਥੋਂ ਤੱਕ ‘ਗੁਰੂ ਪਦ’ ਬਾਰੇ ਵਿਚਾਰ ਦੀ ਗੱਲ ਹੈ ਤਾਂ ਇਸ ਵਿਸ਼ੇ ਵਿਚ ਪਰਿਵਾਰ ਆਪਣੇ ਵਿਚਾਰ ਖੁੱਲ
ਕੇ ਵਿਸਤਾਰ ਵਿਚ ਅਨੇਕਾਂ ਵਾਰ ਦੇਂਦਾ ਰਿਹਾ ਹੈ। ਸਾਹਮਣੇ ਆ ਰਹੇ ਸਵਾਲਾਂ ਬਾਰੇ ਆਪਣਾ ਪੱਖ ਵੀ
ਨਿਰੰਤਰ ਦੇਣ ਦਾ ਯਤਨ ਕੀਤਾ ਗਿਆ ਹੈ। ਪਰ ਥੋੜਾ ਸਮਾਂ ਬਾਅਦ ਹੀ ਕੋਈ ਦੂਜਾ ਸੱਜਣ ਉਹੀ ਸਵਾਲ ਘੜੀ
ਮੁੜੀ ਦੁਹਰਾਉਣ ਲਗ ਪੈਂਦਾ ਹੈ, ਜਿਸ ਬਾਰੇ ਆਪਣਾ ਪੱਖ ਅਸੀਂ ਦੇ ਚੁੱਕੇ ਹੁੰਦੇ ਹਾਂ। ਇਸ ਦੁਹਰਾਅ
ਨਾਲ ਪਰਿਵਾਰ ਅਤੇ ਪਾਠਕਾਂ ਦੇ ਕੀਮਤੀ ਸਮੇਂ ਦੀ ਬਰਬਾਦੀ ਵੀ ਹੁੰਦੀ ਹੈ। ਐਸੀ ਹੀ ਸਥਿਤੀ ਨੂੰ ਭਾਂਪ
ਕੇ ਸ਼ਾਇਦ ਆਪ ਜੀ ਨੇ 14 ਦਿਸੰਬਰ 2012 ਨੂੰ ਪਾਠਕਾਂ ਦੇ ਪੰਨੇ ਤੇ ਹੇਠ ਲਿਖੀ ‘ਸੰਪਾਦਕੀ ਟਿੱਪਣੀ’
ਹੋਏ ਇਸ ਵਿਸ਼ੇ ਤੇ ਹੋਰ ਚਰਚਾ ਨਾ ਛਾਪਨ ਦੀ ਗੱਲ ਕਹੀ ਸੀ।
“ ਸੰਪਾਦਕੀ ਨੋਟ : ਅਸੀਂ ਪਹਿਲਾਂ 7 ਦਿਸੰਬਰ ਅਤੇ ਫਿਰ 9 ਦਿਸੰਬਰ ਨੂੰ
ਗੁਰੂ ਪਦ ਬਾਰੇ ਵਿਚਾਰ ਲਈ ਇਥੇ ਨੋਟ ਪਾਇਆ ਸੀ। ਅਤੇ ਹੁਣ ਫਿਰ 14 ਦਿਸੰਬਰ ਨੂੰ ਦੁਹਰਾ ਰਹੇ ਹਾਂ
ਕਿ ਇਸ ਬਾਰੇ ਅਸੀਂ ਹੋਰ ਕੋਈ ਵੀ ਵਿਚਾਰ ਇੱਥੇ ਨਹੀਂ ਕਰਨਾ ਚਾਹੁੰਦੇ ਜਿਸ ਨੇ ਕਰਨੀ ਹੈ ਉਹ ‘ਤੱਤ
ਗੁਰਮਤਿ’ ਦੀ ਸਾਈਟ ਤੇ ਜਾ ਕੇ ਜਾਂ ਸਿੱਧੀ ਚਿੱਠੀ ਪੱਤਰਾਂ ਰਾਹੀਂ ਉਹਨਾਂ ਨਾਲ ਕਰ ਸਕਦੇ ਹਨ।
ਕਿਰਪਾ ਕਰਕੇ ਕੋਈ ਵੀ ਕਿਸੇ ਆਨੇ ਬਹਾਨੇ, ਸਿੱਧੇ ਜਾਂ ਅਸਿੱਧੇ ਰੂਪ ਵਿਚ ਇਸ ਬਾਰੇ ਸਾਨੂੰ ਨਾ
ਲਿਖੇ।ਅੱਜ ਅਸੀਂ ਇਸ ਬਾਰੇ ਕੁੱਝ ਚਿੱਠੀਆਂ ਪਾ ਰਹੇ ਹਾਂ ਤਾਂ ਕੋਈ ਇਹ ਨਾ ਸਮਝੇ ਕਿ ਸਾਡਾ ਪੱਖ
ਨਹੀਂ ਛਾਪਿਆ। ਅੱਗੋਂ ਜੇ ਕਰ ਕੋਈ ਹੋਰ ਸਪਸ਼ਟੀਕਰਨ ਇਸ ਵਿਸ਼ੇ ਬਾਰੇ ਲੋੜ ਪਈ ਤਾਂ ਉਹ ਸਲਾਹਕਾਰ ਬੋਰਡ
ਦੀ ਸਲਾਹ ਨਾਲ ਲਿਖ ਕੇ ਛਾਪ ਦਿੱਤੀ ਜਾਵੇਗੀ।”
ਅਸੀਂ ਕਿਸੇ ਵੀ ਵਿਸ਼ੇ ਤੇ ਵਿਚਾਰ ਨੂੰ ਗਲਤ ਨਹੀਂ ਮੰਨਦੇ ਅਤੇ ਨਾ ਹੀ ਸੰਵੇਦਨਸ਼ੀਲਤਾ, ਕੌਮੀ
ਜ਼ਜਬਾਤਾਂ ਆਦਿ ਦੇ ਨਾਮ ਤੇ ਹਰ ਮਸਲੇ ਨੂੰ ਅਣਮਿੱਥੇ ਸਮੇਂ ਤੱਕ ‘ਠੰਡੇ ਬਸਤੇ’ ਵਿਚ ਪਾਈ ਰੱਖਣ ਦੀ
ਨੀਤੀ ਨੂੰ ਸਹੀ ਮੰਨਦੇ ਹਾਂ। ਇਸ ਲਈ ਜੇ ਸਿੱਖ ਮਾਰਗ ਤੇ ਇਹ ਚਰਚਾ ਚਾਲੂ ਹੈ ਤਾਂ ਸਾਨੂੰ ਕੋਈ
ਇਤਰਾਜ਼ ਨਹੀਂ, ਬਲਕਿ ਖੁਸ਼ੀ ਹੈ। ਜਿਥੋਂ ਤੱਕ ਵੀਰ ਸੁਖਜੀਤਪਾਲ ਸਿੰਘ ਜੀ ਦੇ ਲੇਖਾਂ ਦੀ ਗੱਲ ਹੈ,
ਉਨ੍ਹਾਂ ਵਿਚ ਵੀ ਬਹੁਤਾ ਦੁਹਰਾਅ ਹੀ ਹੋ ਰਿਹਾ ਹੈ। ਇਨ੍ਹਾਂ ਦੇ ਇਸ ਵਿਸ਼ੇ ਤੇ ਕਾਫੀ ਸਮਾਂ ਪਹਿਲਾਂ
ਛਪੇ ਇਕ ਮੁੱਢਲੇ ਲੇਖ ਵਿਚ ਉਠਾਏ ਨੁਕਤਿਆਂ ਬਾਰੇ ਅਸੀਂ ਆਪਣਾ ਪੱਖ ਗੁਰਮਤਿ ਦਲੀਲ ਦੀ ਰੋਸ਼ਨੀ ਵਿਚ
ਨੁਕਤਾਵਾਰ ਵਿਸਤਾਰ ਨਾਲ ਦਿਤਾ ਸੀ, ਜੋ ਸਾਡੀ ਪਹਿਲੀ ਪੁਸਤਕ ਦਾ ਹਿੱਸਾ ਵੀ ਹੈ। ਹੁਣ ਜਦੋਂ ਉਨ੍ਹਾਂ
ਨੇ ਦੁਬਾਰਾ ਇਸ ਸੰਬੰਧੀ ਲੇਖ ਲੜੀ ਸ਼ੁਰੂ ਕੀਤੀ ਤਾਂ ਸਾਨੂੰ ਆਸ ਸੀ ਕਿ ਕੋਈ ਨਵੀਂ ਠੋਸ ਦਲੀਲ
ਸਾਹਮਣੇ ਆਵੇਗੀ, ਜੋ ਸਾਨੂੰ ‘ਗੁਰੂ ਪਦ’ ਦੇ ਵਿਸ਼ੇ ਤੇ ਆਪਣੀ ਸਮਝ ਦਾ ਪੁਨਰ-ਪੜਚੋਲ ਕਰਨ ਲਈ
ਪ੍ਰੇਰਨਾ ਬਣੇਗੀ। ਉਨ੍ਹਾਂ ਦੇ ਇਸ ਲੜੀ ਵਿਚ ਹੁਣ ਤੱਕ ਛੱਪ ਚੁੱਕੇ ਲੇਖਾਂ ਨੂੰ ਅਸੀਂ ਗੌਰ ਨਾਲ
ਪੜਿਆ ਤਾਂ ਸਾਡਾ ਇਹ ਵਿਸ਼ਵਾਸ ਹੋਰ ਪੱਕਾ ਹੋ ਗਿਆ ਹੈ ਕਿ ਇਸ ਨੁਕਤੇ ਤੇ ਵਿਰੋਧ ਕਰਨ ਵਾਲੇ ਲੇਖਕਾਂ
ਦੀ ਲਿਖਤਾਂ ਵਿਚ ਕੱਚਾਪਨ, ਆਪਾ-ਵਿਰੋਧ ਅਤੇ ਦੁਹਰਾਅ ਹੀ ਭਾਰੂ ਹੈ। ਸ਼ਾਇਦ ਇਸ ਲੜੀ ਦੇ ਅੱਗੇ ਆਉਣ
ਵਾਲੇ ਲੇਖਾਂ ਵਿਚ ਕੋਈ ਠੋਸ ਦਲੀਲ ਸਾਹਮਣੇ ਆਵੇ, ਇਹੀ ਆਸ ਹੈ।
ਇਸ ਵਿਸ਼ੇ ਤੇ ਵੀਰ ਭੁੱਚੋ ਮੰਡੀ ਦੇ ਲੇਖਾਂ ਬਾਰੇ ਅਸੀਂ ਹਾਲੀਂ ਤੱਕ ਕੁਝ ਨਹੀਂ ਲਿਖਿਆ, ਤਾਂ ਸ਼ਾਇਦ
ਕੁਝ ਪਾਠਕਾਂ ਨੂੰ ਇਹ ਲਗਿਆ ਹੋਵੇਗਾ ਕਿ ਇਸ ਸੰਬੰਧੀ ਅਸੀਂ ਜਵਾਬਦੇਹੀ ਤੋਂ ਮੁਨਕਰ ਹੋ ਗਏ ਹਾਂ।
ਐਸਾ ਨਹੀਂ ਹੈ, ਕਿਸੇ ਹੋਰ ਜ਼ਰੂਰੀ ਪ੍ਰਾਜੈਕਟ ਵਿਚ ਵਿਅਸਤ ਹੋਣ ਕਾਰਨ ਸਾਡੇ ਕੌਲ ਅਪ੍ਰੈਲ 2013 ਤੱਕ
ਸਮੇਂ ਦੀ ਬਹੁਤ ਘਾਟ ਹੈ, ਇਸੇ ਕਾਰਨ ਅਸੀਂ ਆਪਣੀ ਵੈਬਸਾਈਟ ਵੀ ਠੀਕ ਤਰਾਂ ਅਪਡੇਟ ਨਹੀਂ ਕਰ ਪਾ ਰਹੇ
ਅਤੇ ਪਿਛਲੇ ਸਮੇਂ ਵਿਚ ਵਾਪਰੀਆਂ ਕੁਝ ਅਹਿਮ ਪੰਥਕ ਗਤੀਵਿਧੀਆਂ ਬਾਰੇ ਚਾਹੁੰਦੇ ਹੋਏ ਵੀ ਆਪਣੇ
ਵਿਚਾਰ ਨਹੀਂ ਦੇ ਪਾਏ। ਦੂਜਾ, ਅਸੀਂ ਇੰਤਜਾਰ ਕਰ ਰਹੇ ਹਾਂ ਕਿ ਵੀਰ ਜੀ ਦੀ ਲੜੀ ਇਕ ਵਾਰ ਪੂਰੀ ਹੋ
ਜਾਵੇ ਤਾਂ ਸਾਰੇ ਸਵਾਲਾਂ ਬਾਰੇ ਇਕੋ ਵਾਰ ਹੀ ਆਪਣਾ ਪੱਖ ਲਿਖਣ ਦਾ ਯਤਨ ਕਰੀਏ। ਵੀਰ ਜੀ ਨੂੰ ਬੇਨਤੀ
ਹੈ ਕਿ ਉਹ ਇਸ ਲੜੀ ਦੇ ਪੂਰਨ ਹੋਣ ਦੀ ਸੂਚਨਾ ਸਾਨੂੰ ਦੇ ਦੇਣ। ਵੈਸੇ ਇਸ ਵਿਸ਼ੇ ਤੇ ਪਰਿਵਾਰ ਵਲੋਂ
ਇਤਨਾ ਵਿਸਤਾਰ ਨਾਲ ਵਾਰ ਵਾਰ ਲਿਖਣ ਤੇ ਵੀ ਜੇ ਕਿਸੇ ਦੀ ਜਾਂ ਸਾਡੀ ਸੰਤੁਸ਼ਟੀ ਨਹੀਂ ਹੋ ਰਹੀ ਤਾਂ
ਸਾਨੂੰ ਇਹ ਪ੍ਰਵਾਨ ਕਰ ਲੈਣਾ ਚਾਹੀਦਾ ਹੈ ਕਿ ਅਸੀਂ ਵਿਸ਼ੇ ਵਿਚ ਅਸਹਿਮਤ ਹਾਂ। ਵੈਸੇ, ਵੀਰ ਜੀ ਸਮੇਤ
ਸਾਰੇ ਪਾਠਕਾਂ ਨੂੰ ਅਸੀਂ ਇਹ ਆਸ਼ਵਾਸਨ ਦੇਂਦੇ ਹਾਂ ਕਿ ਵੀਰ ਜੀ ਦੀ ਲੜੀ ਪੂਰੀ ਹੋ ਜਾਣ ਉਪਰੰਤ,
ਅਪਰੈਲ 2013 ਤੋਂ ਬਾਅਦ ਸਮਾਂ ਮਿਲਦੇ ਹੀ ਅਸੀਂ ਸਾਰੇ ਸਵਾਲਾਂ ਬਾਰੇ ਆਪਣਾ ਪੱਖ ਦੇਣ ਦਾ ਯਤਨ
ਕਰਾਂਗੇ। ਉਸ ਸਮੇਂ ਤੱਕ ਜੇ ਕਿਸੇ ਹੋਰ ਨੂੰ ਵੀ ਲਗਦਾ ਹੈ ਕਿ ਇਸ ਵਿਸ਼ੇ ਤੇ ਪਰਿਵਾਰ ਵਲੋਂ ਉਸ ਦੇ
ਸਵਾਲਾਂ ਦੇ ਜਵਾਬ ਨਹੀਂ ਆਏ ਤਾਂ ਉਹ ਵੀ ਇਕ ਵਾਰ ਸਾਰੇ ਸਵਾਲ ਸਾਨੂੰ ਫੇਰ ਸਾਡੀ ਈ-ਮੇਲ ਵਿਚ ਭੇਜ
ਦੇਵੇ ਤਾਂ ਕਿ ਇਕ ਵਾਰ ਵਿਚ ਹੀ ਸਾਰਿਆਂ ਸਵਾਲਾਂ ਬਾਰੇ ਆਪਣਾ ਪੱਖ ਦੇਣ ਦਾ ਯਤਨ ਕਰ ਸਕੀਏ। ‘ਗੁਰੂ
ਪਦ’ ਦੇ ਵਿਸ਼ੇ ਤੇ ਪਰਿਵਾਰ ਦੀ ਸਮਝ ਖਿਲਾਫ ਰੈਗੂਲਰ ਲਿਖਣ ਵਾਲੇ ਕੁੱਝ ਸੱਜਣਾਂ ਨੂੰ ਵੀ ਬੇਨਤੀ ਹੈ
ਕਿ ਇਸ ਸਮੇਂ ਦੌਰਾਣ ਉਹ ਸਾਰਿਆਂ ਨੂੰ ਇਹ ਲਿਖਤੀ ਰੂਪ ਵਿਚ ਦੱਸ ਦੇਣ ਕਿ ਉਹ ਵੀਰ ਸੁਖਜੀਤਪਾਲ ਸਿੰਘ
ਜੀ ਵਲੋਂ ਆਪਣੀ ਲੇਖ ਲੜੀ ਵਿਚ ਦਿਤੇ ਵਿਚਾਰਾਂ ਨਾਲ ਪੂਰੀ ਤਰਾਂ ਸਹਿਮਤ ਹਨ?
ਜਿਥੋਂ ਤੱਕ ਕਿਸੇ ਮਨੁੱਖ ਵਲੋਂ ਕਿਸੇ ਦੇਹਧਾਰੀ/ਮੂਰਤੀ ਨੂੰ ‘ਗੁਰੂ ਜਾਂ ਰੱਬ’ ਮੰਨਣ ਜਾਂ ਨਾ ਮੰਨਣ
ਦੀ ਗੱਲ ਹੈ ਤਾਂ ਇਹ ਉਸਦਾ ਮੁੱਢਲਾ ਮਨੁੱਖੀ ਹੱਕ ਹੈ। ਇਸ ਲਈ ਜੇ ਵੀਰ ਜੀ ਸਮੇਤ ਕੋਈ ਵੀ ਸੱਜਣ
ਨਾਨਕ ਸਰੂਪਾਂ ਸਮੇਤ ਕਿਸੇ ਦੇਹਧਾਰੀ ਨੂੰ ‘ਗੁਰੂ ਜਾਂ ਰੱਬ’ ਮੰਨਦਾ ਹੈ ਤਾਂ ਇਹ ਉਸਦੀ ਮਰਜ਼ੀ ਹੈ।
ਸਾਨੂੰ ਇਸ ਨਾਲ ਕੋਈ ਇਤਰਾਜ਼/ ਨਰਾਜ਼ਗੀ ਨਹੀਂ ਹੈ। ਅਸੀਂ ਤਾਂ ਇਸ ਵਿਸ਼ੇ ਵਿਚ ਸਿਰਫ ਗੁਰਮਤਿ ਸਮਝ
ਅਨੁਸਾਰ ਆਪਣਾ ਵਿਚਾਰ ਪਾਠਕਾਂ ਸਾਹਮਣੇ ਰੱਖਣ ਦਾ ਨਿਮਾਣਾ ਯਤਨ ਕਰਦੇ ਹਾਂ। ਪਰ ਜਦੋਂ ਅਸੀਂ ਆਪਣੀ
ਗੁਰਮਤਿ ਸਮਝ ਅਨੁਸਾਰ ਕਿਸੇ ਦੇਹਧਾਰੀ ਨੂੰ ‘ਗੁਰੂ ਜਾਂ ਰੱਬ’ ਨਾ ਮੰਨਣ ਅਤੇ ਪ੍ਰਚਾਰਨ ਦੇ ਆਪਣੇ
ਮੁੱਢਲੇ ਮਨੁੱਖੀ ਹੱਕ ਦੀ ਵਰਤੋਂ ਕਰਦੇ ਹਾਂ ਤਾਂ ਕੁਝ ਸੱਜਣ ਇਸ ਕਦਰ ਬੌਖਲਾਹਟ ਵਿਚ ਆ ਜਾਂਦੇ ਹਨ
ਕਿ ਸਾਨੂੰ ਬਦਨਾਮ ਕਰਨ ਲਈ ਕਿਸੇ ਵੀ ਹੱਦ ਤੱਕ ਗਿਰਨ ਲਈ ਕਾਹਲੇ ਪਏ ਲਗਦੇ ਹਨ। ਹੁਣ ਤਾਂ ਪਰਿਵਾਰ
ਬਾਰੇ ‘ਨਾਸਤਿਕ, ਆਰ ਐਸ ਐਸ ਦੇ ਏਜੰਟ’ ਆਦਿ ਫਤਵੇ ਵੀ ਆਪਣੇ ਆਪ
ਨੂੰ ਜਾਗਰੂਕ ਕਹਿਲਾਉਣ ਵਾਲਿਆਂ ਕੌਲੋਂ ਸੁਣਨ ਨੂੰ ਮਿਲ ਰਹੇ ਹਨ। ਇਸ ਦੀ ਸਾਨੂੰ ਕੋਈ ਬਹੁਤੀ
ਪ੍ਰਵਾਹ ਨਹੀਂ, ਪਰ ਇਹ ਫਤਵੇਬਾਜ਼ੀ ਦਰਸਾਉਂਦੀ ਹੈ ਕਿ ਉਹ ਗੁਰਮਤਿ ਵਿਚਾਰ ਪੱਖੋਂ ਮਾਨਸਿਕ ਤੌਰ ਤੇ
ਹਾਰ ਮੰਨ ਚੁੱਕੇ ਹਨ ਤਾਂ ਹੀ ਬੌਖਲਾਹਟ ਵਿਚ ਹਲਕੇ ਪੱਧਰ ਦੀ ਫਤਵੇਬਾਜ਼ੀ ਤੇ ਉਤਰ ਆਏ ਹਨ। ਜਦਕਿ
ਸਾਡੇ ਲਈ ਕਿਸੇ ਵੀ ਵਿਚਾਰ ਚਰਚਾ ਵਿਚ ਜਿੱਤ-ਹਾਰ ਦਾ ਕੋਈ ਮਸਲਾ ਨਹੀਂ ਹੁੰਦਾ। ਹਰ ਕੋਈ ਆਪਣੀ
ਪਹੁੰਚ ਲਈ ਆਪ ਜਿੰਮੇਵਾਰ ਹੈ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
27/02/2013
(26/02/13)
ਡਾ: ਗੁਰਮੀਤ ਸਿੰਘ ਬਰਸਾਲ
ਸਤਿਕਾਰਿਤ ਸੰਤੋਖ ਸਿੰਘ ਅਸਟ੍ਰੇਲੀਆ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!!
ਗੁਰਬਾਣੀ ਕਿਸੇ ਭੂਤ ਪਰੇਤ ਰੂਹ ਆਤਮਾ ਆਵਾਗਵਣ ਅਤੇ ਗੈਰ ਕੁਦਰਤੀ ਵਰਤਾਰਿਆਂ ਨੂੰ ਨਹੀਂ ਮੰਨਦੀ।
ਗੁਰਬਾਣੀ ਦੇ ਹਰ ਸ਼ਬਦ ਦੀ ਹਰ ਲਾਈਨ ਗੁਰਮਤਿ ਦਾ ਸਿਧਾਂਤ ਨਹੀਂ ਹੁੰਦੀ । ਬਹੁਤ ਜਗਹ ਗੁਰੂ ਸਾਹਿਬ
ਨੇ ਪਰਚਲਤ ਕਥਾ ਕਹਾਣੀਆਂ ਮੁਹਾਵਰਿਆਂ ਨੂੰ ਹੂ ਬਹੂ ਲਿਖ ਕੇ ਅੰਤ ਵਿੱਚ ਜਾਂ ਰਹਾਓ ਦੀ ਤੁਕ ਨਾਲ
ਗੁਰਮਤਿ ਦਾ ਸਿਧਾਂਤ ਦ੍ਰਿੜ ਕਰਵਾਇਆ ਹੈ ।
ਗੁਰੂ ਗ੍ਰੰਥ ਸਾਹਿਬ ਵਿਚਲੀਆਂ ਹੇਠ ਲਿਖੀਆਂ ਪੰਗਤੀਆਂ ਕਿਸੇ ਭੂਤ ਪ੍ਰੇਤ ਦੀ ਹੋਂਦ ਨੁੰ ਸਾਬਤ ਨਹੀਂ
ਕਰ ਰਹੀਆਂ ਜੀ
ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ।।
ਜਿਸ ਅਸਟਪਦੀ ਦੀਆਂ ਇਹ ਸਤਰਾਂ ਹਨ ਉਸ ਅਸਟਪਦੀ ਦੇ ਸ਼ੁਰੂ ਵਿੱਚ ਇਹ ਸ਼ਬਦ ਲਿਖਿਆ ਹੈ
ਉਸਤਤਿ ਕਰਹਿ ਅਨੇਕ ਜਨ ਅੰਤੁ ਨ ਪਾਰਾਵਾਰ।।
ਨਾਨਕ ਰਚਨਾ ਪ੍ਰਭਿ ਰਚੀ ਬਹੁ ਬਿਧਿ ਅਨਿਕ ਪ੍ਰਕਾਰ।।
ਅਰਥਾਤ ਅਨੇਕਾਂ ਜਨ ਉਸ ਦੀ ਉਸਤਤ ਕਰ ਰਹੇ ਹਨ , ਉਸਦਾ ਅਤੇ ਉਸਦੇ ਜਨਾਂ ਦਾ ਕੋਈ ਅੰਤ ਨਹੀਂ ਹੈ,
ਪ੍ਰਭੂ ਨੇ ਅਨੇਕਾਂ ਵਿਧੀਆਂ ਅਤੇ ਪ੍ਰਕਾਰਾਂ ਦੀ ਰਚਨਾ ਰਚੀ ਹੋਈ ਹੈ । ਇਸ ਸਲੋਕ ਵਿੱਚ ਪ੍ਰਭੂ ਦੀ
ਬੇਅੰਤਤਾਈ ਵਲ ਇਸ਼ਾਰਾ ਹੈ ਅੱਗੇ ਚਲ ਕੇ ਅਸਟਪਦੀ ਵਿੱਚ ਹਰ ਪਰਚਲਤ ਚੀਜ ਨੂੰ ਕੋਟ (ਕਰੋੜਾਂ) ਆਖ ਉਸ
ਇਸੇ ਬਿਅੰਤਤਾਈ ਦੇ ਵਿਸਥਾਰ ਦੀ ਗਲ ਹੈ।
ਅਗਰ ਇਸ ਅਸ਼ਟਪਦੀ ਦੇ ਸਾਰੇ ਸ਼ਬਦੀ ਅਰਥ ਹੀ ਕਰੇ ਜਾਣ ਤਾਂ ਹੇਠ ਲਿਖੀਆਂ ਸੱਤਰਾਂ ਦੇ ਅਰਥ ਇੰਝ
ਹੋਣਗੇ?
ਕਈ ਕੋਟਿ ਦੇਵ ਦਾਨਵ ਇੰਦ੍ਰ ਸਿਰਿ ਛਤ੍ਰ।।
ਦੇਵਤੇ, ਰਾਕਸ਼, ਸਿਰ ਤੇ ਛਤਰਾਂ ਵਾਲੇ ਇੰਦਰ ਕਰੋੜਾਂ ਹਨ। ਜਦ ਕਿ ਸਭ ਜਾਣਦੇ ਹਨ ਮਿਥਿਹਾਸ
ਵਿੱਚ ਵੀ ਕੇਵਲ ਇੱਕ ਹੀ ਇੰਦਰ ਹੋਇਆ ਹੈ ।
ਕਈ ਕੋਟਿ ਗਿਰੀ ਮੇਰ ਸੁਵਰਨ ਥੀਵੇ।।
ਸੋਨੇ ਦੇ ਪਹਾੜ(ਸੁਮੇਰ ਪਰਬਤ) ਕਰੋੜਾਂ ਹਨ।ਜਦ ਕਿ ਸਭ ਜਾਣਦੇ ਹਨ ਕਿ ਸੁਮੇਰ ਪਰਬਤ ਇਕ
ਕਲਪਨਿਕ ਸੋਨੇ ਦਾ ਪਰਬਤ ਹੈ ਜੋ ਅਸਲ ਵਿੱਚ ਕਿਤੇ ਨਹੀਂ ਹੈ। ਇਥੇ ਕਰੋੜਾਂ ਸੁਮੇਰ ਪਰਬਤਾਂ ਦੀ ਗਲ
ਹੈ।
ਕਈ ਕੋਟਿ ਜਖ੍ਹ ਕਿੰਨਰ ਪਿਸਾਚ।।
ਜਖ੍ਹ=ਮਿਥਿਹਾਸਿਕ ਧੰਨ ਦੇਵਤੇ ਦੇ ਅਧੀਨ ਦੇਵਤੇ, ਕਿੰਨਰ=ਮਿਥਿਹਾਸਿਕ ਦੇਵਤੇ ਜਿਹਨਾ ਦਾ
ਮੂੰਹ ਬੰਦੇ ਦਾ ਅਤੇ ਧੜ ਘੋੜੇ ਦਾ । (ਜੋ ਕਰੋੜਾਂ ਤਾਂ ਇਕ ਪਾਸੇ ਇੱਕ ਵੀ ਸੰਭਵ ਨਹੀਂ)
ਸੋ ਅਜਿਹੀਆਂ ਬੇਅੰਤਤਾ ਦੀਆਂ ਉਦਾਹਰਣਾਂ ਦਾ ਮਤਲਬ ਅਜਿਹੀਆਂ ਗੈਰ ਕੁਦਰਤੀ ਚੀਜਾਂ ਦੀ ਹੋਂਦ ਤੇ
ਮੋਹਰ ਲਗਾਉਣਾ ਨਹੀਂ ਹੈ ਸਗੋਂ ਅਜਿਹੀਆਂ ਗੱਲਾਂ ਤੋ ਡਰਨ ਵਾਲੇ ਲੋਕਾਂ ਨੂੰ ਇਸ ਤਰਾਂ ਸਮਝਾਉਣਾ ਹੈ
ਕਿ ਜੋ ਗੱਲਾਂ ਤੁਸੀਂ ਮੰਨੀਂ ਫਿਰਦੇ ਹੋ ਅਜਿਹੀਆਂ ਗਲਾਂ ਕਰੋੜਾਂ ਵੀ ਹੋਣ ਤਾਂ ਵੀ ਅਕਾਲਪੁਰਖ
ਸਾਹਵੇਂ ਤੁਛ ਹੀ ਹਨ । ਕਈ ਜਗਹ ਇੰਝ ਵੀ ਲਿਖਿਆ ਹੈ ਕਿ ਜਮ ਜਮਦੂਤ ਧਰਮਰਾਜ ਜਾਂ ਕੋਈ ਵੀ ਉਸ ਦਾ
ਕੁਝ ਨਹੀਂ ਵਿਗਾੜ ਸਕਦਾ ਜੋ ਸੱਚ ਨਾਲ ਜਾਂ ਸੱਚੇ ਨਾਲ ਜੁੜ ਜਾਂਦਾ ਹੈ । ਬਹੁਤ ਜਗਹ ਉਸ ਸਮੇ ਸਮਾਜ
ਵਿੱਚ ਪਰਚਲਤ ਹੋ ਚੁੱਕੇ ਸਿਖਿਆਦਾਇਕ ਮਿਥਿਹਾਸਿਕ ਕਿਸਿਆਂ ਦਾ ਇਸ਼ਾਰਾ ਵੀ ਅਖੀਰ ਤੇ ਸੱਚ ਦੀ ਜਿੱਤ
ਦਾ ਸੂਚਕ ਹੈ ਨਾਂ ਕਿ ਕਿਸੇ ਮਿਥਿਹਾਸਿਕ ਕਥਾ ਕਹਾਣੀ ਜਾਂ ਪਾਤਰ ਦੀ ਹੋਂਦ ਤੇ ਮੋਹਰ ਲਗਾਣ ਦਾ ।
ਅੱਜ ਵੀ ਕਈ ਵਾਰ ਜਾਨਵਰਾਂ ਪੰਛੀਆਂ ਦੀਆਂ ਕਹਾਣੀਆਂ ਨਾਲ ਇਨਸਾਨ ਨੂੰ ਸਚਾਈ ਤੇ ਚੱਲਣ ਦਾ ਉਪਦੇਸ਼
ਦਿੱਤਾ ਜਾਂਦਾ ਹੈ । ਇਸ ਅਸ਼ਟਪਦੀ ਦੇ ਇਸ ਸ਼ਬਦ ਦੇ ਅਖੀਰ ਤੇ ਲਿਖਿਆ ਹੈ,
ਸਭ ਤੇ ਨੇਰੈ ਸਭਹੂ ਤੇ ਦੂਰਿ।।
ਨਾਨਕ ਆਪਿ ਅਲਿਪਤੁ ਰਹਿਆ ਭਰਪੂਰਿ।।
ਅਰਥਾਤ ਉਹ ਪ੍ਰਭੂ ਇਹਨਾਂ ਸਭਨਾਂ ਦੇ ਨੇੜੇ ਵੀ ਹੈ ਦੂਰ ਵੀ , ਸਭ ਤੋਂ ਨੇੜੇ (ਜੋ ਪ੍ਰਭੂ ਨੂੰ
ਸਮਝਦੇ ਹਨ) ਅਤੇ ਸਭ ਤੋਂ ਦੂਰ ਹੈ (ਜਿਹਨਾਂ ਸਮਝਿਆ ਹੀ ਨਹੀਂ) ਪ੍ਰਭੂ ਸਭ ਥਾਂ ਵਿਆਪਕ ਵੀ ਹੈ ਅਤੇ
ਨਿਰਲੇਪ ਵੀ। ਇਹ ਇਸ ਸ਼ਬਦ ਦਾ ਕੇਂਦਰੀ ਭਾਵ ਹੈ ਨਾਂ ਕਿ ਕਰੋੜਾਂ ਦੀ ਗਿਣਤੀ ਜਾਂ ਉਹਨਾਂ ਉਦਾਹਰਣਾਂ
ਦੀ ਅਸਲ ਹੋਂਦ ਦਾ ਪਰਗਟਾਵਾ । ਅਸਲ ਭੂਤ ਕੌਣ ਹਨ ਇਹਨਾਂ ਵਾਰੇ ਵੀ ਬਹੁਤ ਸਪੱਸ਼ਟ ਹੈ ਕਿ ਜੋ ਇਨਸਾਨ
ਰੱਬ ਤੋਂ ਟੁੱਟੇ ਹਨ ਜਾਂ ਜੋ ਇਨਸਾਨੀਅਤ ਦੇ ਵਿਰੋਧੀ ਹਨ, ਦੁਸ਼ ਕਰਮਾਂ ਵਿੱਚ ਗਲਤਾਨ ਹਨ ਸਮਾਜ ਨੂੰ
ਦੁਖੀ ਕਰਦੇ ਹਨ ਉਹ ਭੂਤ ਹੀ ਹਨ।
ਡਾ: ਗੁਰਮੀਤ ਸਿੰਘ ਬਰਸਾਲ
(26/02/13)
ਸਰਵਜੀਤ ਸਿੰਘ
ਸਤਿਕਾਰ ਯੋਗ ਗਿਆਨੀ ਸੰਤੋਖ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਆਪ ਜੀ ਦੇ ਪੱਤਰ ਸਬੰਧੀ ਬੇਨਤੀ ਹੈ ਕਿ ਇਹ ਵੀ ਡੀ ਓ ਵੇਖ ਕੇ ਤਾ ਮੈਂ ਵੀ ਸੋਚੀ ਪੈ ਗਿਆ ਸੀ ਕਿ
ਰਣਜੀਤ ਸਿੰਘ U Turn
ਕਿਵੇਂ ਮਾਰ ਗਿਆ। ਤੁਹਾਡਾ ਪੱਤਰ ਪੜ੍ਹਨ ਤੋਂ ਪਿਛੋਂ ਮੈਂ ਉਹ ਵੀ ਡੀ ਓ ਇਕ ਵਾਰ ਫੇਰ ਵੇਖੀ ਹੈ।
ਮੈਨੂੰ ਤਾਂ ਇਹ ਵੀ ਡੀ ਓ ਅਸਲੀ ਜਾਪਦੀ ਹੈ ਅਤੇ ਜੋ ਕੁਝ ਉਸ ਨੇ ਭੂਤਾਂ ਬਾਰੇ ਕਿਹਾ ਹੈ ਉਹ ਹੈ ਵੀ
ਸੱਚ।
ਆਪ ਜੀ ਲਿਖਦੇ ਹੋ ਕਿ, “ਦੂਜੀ ਗੱਲ ਇਹ ਹੈ ਕਿ ਨਾ ਤਾਂ ਮੈਂ ਕਿਸੇ ਵਿਅਕਤੀ ਦਾ ਇਸ ਲਈ ਵਿਰੋਧੀ
ਹਾਂ ਕਿ ਲੋਕ ਉਸ ਨੂੰ ਸੰਤ ਕਿਉਂ ਆਖਦੇ ਹਨ ਤੇ ਨਾ ਹੀ ਕਿਸੇ ਸੰਤ ਕਹੇ ਜਾਂਦੇ ਦਾ” ਇਸ ਸਬੰਧੀ
ਬੇਨਤੀ ਹੈ ਆਪ ਜੀ ਨੇ ਰਣਜੀਤ ਸਿੰਘ ਲਈ ਸੰਤ ਸ਼ਬਦ ਕਿਸ ਭਾਵਨਾ ਨਾਲ ਵਰਤਿਆ ਹੈ?
ਇਸ ਵੀ ਡੀ ਓ ਦੇ ਅਰੰਭ `ਚ ਸੰਤ ਸਿੰਘ ਮਸਕੀਨ ਜੀ ਦੇ ਕੁਝ ਸ਼ਬਦ ਹਨ ਜਿਨ੍ਹਾਂ `ਚ ਮਸਕੀਨ ਜੀ, ਗਿਆਨੀ
ਬਲਵਿੰਦਰ ਸਿੰਘ ਜੀ ਦੀ ਹੱਡ ਬੀਤੀ ਸੁਣਾਉਂਦੇ ਹੋਏ ਦੱਸਦੇ ਹਨ ਕਿ ਕਿਵੇਂ ਬਲਵਿੰਦਰ ਸਿੰਘ ਦੇ ਭੂਤਾਂ
ਨੇ ਕੂਹਣੀਆਂ ਮਾਰੀਆ ਸਨ । ਇਸ ਬਾਰੇ ਆਪ ਜੀ ਦਾ ਕੀ ਵਿਚਾਰ ਹੈ? ਕੀ
ਮਸਕੀਨ ਜੀ ਸੱਚ ਬੋਲ ਰਹੇ ਹਨ ਜਾਂ ਝੂਠ? ਕੀ ਕਦੇ ਆਪ ਜੀ ਦੀ ਤੋਂ ਵੀ ਗੁਰਬਾਣੀ ਵਿਚਾਰ ਸਰਵਣ ਕਰਨ
ਲਈ ਭੂਤ ਹਾਜ਼ਰ ਹੋਏ ਹਨ?
ਆਪ ਜੀ ਦੇ ਸ਼ਬਦਾਂ, “ਉਪ੍ਰੋਕਤ ਉਪਦੇਸ਼ ਅਨੁਸਾਰ ਸੰਤ ਰਣਜੀਤ ਸਿੰਘ ਜੀ ਵੀ ਇੱਕ ਵਿਅਕਤੀ ਹੈ ਤੇ ਕੋਈ
ਵੀ ਵਿਅਕਤੀ ਅਭੁੱਲ ਨਹੀਂ ਹੋ ਸਕਦਾ” ਤੋਂ ਤਾ ਇਹ ਹੀ ਸਮਝ ਆਉਂਦਾ ਹੈ ਕਿ ਰਣਜੀਤ ਸਿੰਘ ਨੇ ਇਹ ਕਹਿ
ਕੇ ਕਿ ਕੋਈ ਭੂਤ-ਪ੍ਰੇਤ ਨਹੀਂ ਹੁੰਦੇ, ਤੁਹਾਡੇ ਮੁਤਾਬਕ ਭੁੱਲ ਹੀ ਕੀਤੀ ਹੈ।
ਗਿਆਨੀ ਸੰਤੋਖ ਸਿੰਘ ਜੀ, ਇਸ ਵੀ ਡੀ ਓ `ਚ ਰਣਜੀਤ ਸਿੰਘ ਨੇ ਖੁੱਲਾ ਸੱਦਾ ਵੀ ਦਿੱਤਾ ਹੈ ਕਿ ਕੋਈ
ਵੀ ਮੇਰੇ ਨਾਲ ਇਸ ਵਿਸ਼ੇ ਤੇ ਵਿਚਾਰ ਕਰ ਸਕਦਾ ਹੈ। ਮੇਰਾ ਨਹੀ ਖਿਆਲ ਕਿ ਕੋਈ ਵਿਦਵਾਨ ਉਸ ਦਾ ਇਹ
ਸੱਦਾ ਪ੍ਰਵਾਨ ਕਰੇਗਾ। ਅੱਜ ਤਾਈ ‘ਤਰਕਸ਼ੀਲਾਂ’ ਦਾ ਸੱਦਾ ਵੀ ਕਿਸੇ ਨੇ ਪ੍ਰਵਾਨ ਨਹੀ ਕੀਤਾ।
ਗਿਆਨੀ ਸੰਤੋਖ ਸਿੰਘ ਜੀ, ਜਿਵੇ ਡਾ; ਇਕਬਾਲ ਸਿੰਘ ਜੀ ਨੇ ਲਿਖਿਆ ਹੈ, “ਉੱਪਰ ਦਰਸਾਈ ਸਥਿਤੀ ਤੋਂ
ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ ਕਿ ਸ. ਦਰਸ਼ਨ ਸਿੰਘ ਰਾਗੀ ਜੀ ਨੇ ਮੇਰੀ ਹਾਲ ਵਿੱਚ ਹੀ ਪ੍ਰਕਾਸ਼ਿਤ
ਹੋਈ ਪੁਸਤਕ ‘ਅਕਾਲ-ਤਖਤ: ਸੰਕਲਪ ਅਤੇ ਵਿਵਸਥਾ’ ਚੰਗੀ ਤਰ੍ਹਾਂ ਪੜ੍ਹ ਲਈ ਹੈ” ਇਵੇਂ ਹੀ ਹੋ ਸਕਦਾ
ਹੈ ਕਿ ਰਣਜੀਤ ਸਿੰਘ ਵੀ, ਇੰਦਰ ਸਿੰਘ ਘੱਗੇ ਦੀਆਂ ਅਤੇ ਹੋਰ ਗੁਰਮਿਤ ਦੀ ਸਹੀ ਜਾਣਕਾਰੀ ਰੱਖਣ ਵਾਲੇ ਵਦਵਾਨਾਂ ਦੀਆਂ ਲਿਖਤਾਂ ਪੜ੍ਹਨ ਲੱਗ ਪਿਆ ਹੋਵੇ।
ਸਤਿਕਾਰ ਸਹਿਤ
ਸਰਵਜੀਤ ਸਿੰਘ
(26/02/13)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਸੰਪਾਦਕ ਜੀਉ
ਸਤਿ ਸ਼੍ਰੀ ਅਕਾਲ!
ਆਪ ਜੀ ਦੇ ਮਾਰਫ਼ਤ ਕੁੱਝ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ ਹਾਂ।
ਸਿੱਖ ਮਾਰਗ. ਕਾਮ ਮਿਤੀ
25.2.13
ਨੂੰ ਛੱਪੇ ਡਾ. ਇਕਬਾਲ ਸਿੰਘ ਜੀ ਦੇ “ ਸ਼ੁਭ
ਸ਼ਗਨ” ਦਾ ਐਲਾਨ ਕਰਦੇ ਇੱਕ ਪੱਤਰ ਵਿੱਚ ਇਉਂ
ਲਿਖਿਆ ਗਿਆ ਹੈ:- “…ਸਪਸ਼ਟ
ਕਰਨ ਵਾਲੀ ਗੱਲ ਇਹ ਹੈ ਕਿ ‘ਅਕਾਲ ਤਖਤ’ ਵਿੱਚ ਵਰਤਿਆ ਹੋਇਆ ਨਾਂਵ-ਰੂਪ ‘ਅਕਾਲ’ ਦਾ ਅਰਥ ਵਿਸ਼ਨੂੰ
ਦੇਵਤੇ ਤੋਂ ਹੈ ਜਿਸ ਦੀ ‘ਗੁਰਬਿਲਾਸ ਪਾਤਸ਼ਾਹੀ 6’ ਦੇ ਲੇਖਕ ਨੇ ਉਨ੍ਹੀਵੀਂ ਸਦੀ ਈਸਵੀ ਦੇ ਪਹਿਲੇ
ਅੱਧ ਵਿੱਚ ਕਾਢ ਕੱਢ ਕੇ ‘ਅਕਾਲ ਤਖਤ’ ਦੀ ਪਹਿਲੀ ਵਾਰ ਵਰਤੋਂ ਕੀਤੇ ਜਾਣ ਵੇਲੇ ਕੀਤੀ ਸੀ…”
ਇਸ ਗਲਤ ਬਿਆਨੀ ਲਈ ਗੁਰੁਬਿਲਾਸ ਪਾਤਸ਼ਾਹੀ ੬ ਨੂੰ ਵਰਤਿਆ ਗਿਆ ਤਾਂ ਕਿ
ਪੁਸਤਕ ਸਬੰਧੀ ਵਿਵਾਦ ਦਾ ਲਾਭ ਸ਼੍ਰੀ ਅਕਾਲ ਤਖ਼ਤ ਦੇ ਵਿਰੌਧ ਲਈ ਡਾ. ਸਾਹਿਬ ਜੀ ਦੇ ਕੁੱਝ ਕੰਮ ਆ
ਸਕੇ। ਸਿੱਖ ਮਾਰਗ. ਕਾਮ ਤੇ ਚਲੇ ਸੰਵਾਦ ਅਤੇ ਦਾਸ ਵਲੋਂ ਗੁਰੂ ਹਰਗੋਬਿੰਦ ਜੀ ਵਲੋਂ ਉਸਾਰੇ ‘ਅਕਾਲ
ਤਖ਼ਤ` ਦੀਆਂ ਮੁੰਹ ਬੋਲਦਿਆਂ ਤਸਵੀਰਾਂ ਦਰਸਾਉਂਣ ਬਾਦ, ਡਾ. ਸਾਹਿਬ ਜੀ ਨੂੰ ਆਪਣੀ ਪੁਸਤਕ ਲਈ ਲਿਖੇ
੭-੮ ਲੇਖਾਂ ਨੂੰ ਸਿੱਖ ਮਾਰਗ. ਕਾਮ ਤੌਂ ਹਟਵਾਉਂਣਾ ਪਿਆ ਸੀ। ਨਤੀਜਤਨ, ਉਨ੍ਹਾਂ ਨੂੰ ਆਪਣੀ ਪੁਸਤਕ
ਰੋਕ ਬਦਲਾਉ ਕਰਕੇ ਛਾਪਵਾਉਂਣੀ ਪਈ।
ਉਨ੍ਹਾਂ ਦੀ ਪੁਸਤਕ ਵਿਚ, ਅਕਾਲ ਤਖ਼ਤ ਦੀ ਹੋਂਦ ਨੂੰ ਰੱਧ ਕਰਨ ਦਾ
ਮੁੱਖ ਅਧਾਰ ਇਹ ਤਰਕ ਹੈ ਕਿ, ‘ਅਕਾਲ
ਤਖ਼ਤ` ਸ਼ਬਦ ਜੁੱਟ ਸਾਜਸ਼ ਅਧੀਨ, ੧੯ ਸ਼ਤਾਬਦੀ ਦੇ ਅੰਤ ਵਿੱਚ ‘ਗੁਰੂ ਬਿਲਾਸ ਪਾਤਸ਼ਾਹੀ ੬` ਦੇ ਲਿਖਾਰੀ
ਨੇ ਘੱੜੇਆ ਜੋ ਕਿ ‘ਵਿਸ਼ਨੂੰ` ਦਾ ਤਖ਼ਤ ਸੀ! ਇਸੇ
ਤਰਕ ਨੂੰ ਮੁੱਖ ਅਧਾਰ ਬਣਾ ਕੇ ਡਾ. ਸਾਹਿਬ ਨੇ ਕਿਤਾਬ ਲਿਖ ਸੁੱਟੀ। ਪਰ ਉਨ੍ਹਾਂ ਨੂੰ ਅਫ਼ਸੋਸ
ਹੋਵੇਗਾ ਕਿ ‘ਅਕਾਲ ਤਖ਼ਤ` ਸ਼ਬਦ ਜੁੱਟ ਉਨ੍ਹਾਂ ਦੀ
‘ਬੇਦਲੀਲ` ਅਤੇ ‘ਮਨਘੰੜਤ` ਕਿਆਸਾਂ ਦੀ
ਪਹੁੰਚ ਤੋਂ ਬਾਹਰ ਹੈ। ਪੁਸਤਕ ਵਿੱਚ ਡਾ. ਸਾਹਿਬ,
ਇਸ ਸ਼ਬਦ ਜੁੱਟ ਦੇ, 19 ਸਦੀ ਦੇ ਅੰਤਲੇ ਸਮੇਂ ਵਿੱਚ ਪ੍ਰਗਟ ਹੋਂਣ ਦਾ ਦਾਵਾ ਕਰਦੇ ਹਨ ਤਾਂ ਉਨ੍ਹਾਂ
ਦੀ ਪੁਸਤਕ ਲਈ ਇਹ ਇੱਕ ਤ੍ਰਾਸਦੀ ਹੈ ਕਿ ਇਤਹਾਸਕ ਤੱਥ, ਇਸ ਸ਼ਬਦ ਜੋੜ ਨੂੰ, ਵਿਸ਼ਲੇਸ਼ਣਾਤਮਕ ਰੂਪ
ਵਿਚ, 19 ਸਦੀ ਦੇ ਅਖੀਰ ਤੋਂ ਲਗਭਗ, 125 ਤੋਂ 150 ਸਾਲ ਪਹਿਲਾਂ ਤਕ ਲੈ ਜਾਂਦੇ ਹਨ। ਯਾਨੀ ਡਾ.
ਸਾਹਿਬ ਵਲੋਂ ਦਰਸਾਏ ਗੁਰਬਿਲਾਸ ਪਾਤਸ਼ਾਹੀ ੬ ਦੇ ਰਚਨਾ ਕਾਲ ਤੋਂ 125-150 ਸਾਲ ਪਹਿਲਾਂ! ਤੱਥ
ਸੰਖੇਪ ਇਸ ਪ੍ਰਕਾਰ ਹੈ:-
ਸੰਨ 1722 ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਸਮਕਾਲੀ ਸਿੱਖ
‘ਬਦਰ ਸਿੰਘ`
ਦੇ ਅਕਾਲ ਚਲਾਣੇ ਉਪਰੰਤ, ਉਸਦੀ ਵਿਧਵਾ ਪਤਨੀ ਇੱਕ ਬੱਚੇ
ਦੇ ਨਾਲ ‘ਮਾਤਾ ਸੁੰਦਰੀ` ਜੀ ਦੀ ਸ਼ਰਨ ਵਿੱਚ ਆ ਗਈ ਸੀ। ਕਾਰਜਕਾਰੀ ਖ਼ਾਲਸਾ ਜਰਨੈਲ
‘ਕਪੂਰ ਸਿੰਘ`
ਜੀ ਜਿਸ ਵੇਲੇ ਅੰਮ੍ਰਿਤਸਰ ਤੋਂ, ਮਾਤਾ ਸੁੰਦਰੀ ਜੀ ਨੂੰ
ਮਿਲਣ ਲਈ ਆਏ ਤਾਂ ਉਨ੍ਹਾਂ ਦੀ ਨਜ਼ਰ, ਉਸ 10 ਸਾਲ ਦੇ ਛੇਟੇ ਬੱਚੇ ਤੇ ਪਈ। ਕਪੂਰ ਸਿੰਘ ਜੀ ਨੇ ਬੱਚੇ
ਨੂੰ ਅਪਨਾ ਲਿਆ। ਬੱਚੇ ਨੂੰ ਕਪੂਰ ਸਿੰਘ ਜੀ ਨੇ ਖੰਡੇ ਦਾ ਅੰਮ੍ਰਿਤ ਛਕਾਉਂਣ ਉਪਰੰਤ
ਸ. ਭਾਗ ਸਿੰਘ
ਜੀ ਦੀ ਕਾਮਨ ਹੇਠ ਕਰ ਦਿੱਤਾ। ਭਾਗ ਸਿੰਘ ਜੀ ਦੇ ਅਕਾਲ
ਚਲਾਣੇ ਸਮੇਂ ਉਸ ਬੱਚੇ ਦੀ ਉਮਰ 13 ਸਾਲ ਦੀ ਸੀ। ਇਹ ਬੱਚਾ ਇੱਕ ਵਿਲੱਖਣ ਸਿੱਖ ਸ਼ਖਸੀਅਤ ਅਤੇ ਮਾਹਨ
ਯੋਧਾ ਕਰਕੇ ਉਭਰੇਆ। ਇੱਥੇਂ ਤਕ ਕਿ ਜਿਸ ਵੇਲੇ ਸੰਨ 1748 ਵਿੱਚ ਦਲ ਖ਼ਾਲਸਾ ਦਾ ਗਠਨ ਹੋਇਆ ਤਾਂ
ਕਪੂਰ ਸਿੰਘ ਜੀ ਨੇ ਇਸੇ ਸਿੱਖ ਨੂੰ ਦਲ ਦਾ ਜਰਨੈਲ ਸਥਾਪਤ ਕੀਤਾ। ਇਸ ਜਰਨੈਲ ਦਾ ਨਾਮ ਸੀ
ਸ. ਜੱਸਾ ਸਿੰਘ ਆਹਲੂਵਾਲਿਆ!
ਇਸ ਜਰਨੈਲ ਨੇ ਆਪਣੇ ਕਾਲ ਵਿੱਚ ਲਗਭਗ ਹਰ ਜੰਗ ਵਿੱਚ ਭਾਗ ਲਿਆ ਸੀ। ਸ.
ਜੱਸਾ ਸਿੰਘ ਜੀ ਦੇ ਸਰੀਰ ਤੇ ਲੱਗੇ ਤਲਵਾਰ ਅਤੇ ਗੋਲਿਆਂ ਦੇ 20 ਜ਼ਖਮ ਉਨ੍ਹਾਂ ਦੇ 35 ਸਾਲਾ ਜੂਝਾਰੂ
ਜੀਵਨ ਦਾ ਸਬੂਤ ਸਨ। ਇਹ ਜਰਨੈਲ ਉਸ ਸਮੇਂ ਦੇ ਹੋਰ ਖ਼ੁਦਮੁਖਤਿਆਰ ਮਿਸਲਾਂ ਦੇ ਆਗੂਆਂ ਨੂੰ ਆਪਣੀ
ਕਾਮਨ ਹੇਠ ਰੱਖਣ ਯੋਗ ਰਿਹਾ ਸੀ ਅਤੇ ਸੰਨ 1765 ਵਿੱਚ ਸਿੱਖ ਰਾਜ ਦੀ ਕਾਯਮੀ ਵਿੱਚ ਉਸ ਦੀ ਪ੍ਰਮੁੱਖ
ਭੂਮਿਕਾ ਸੀ। ਜੱਸਾ ਸਿੰਘ ਜੀ ਦਾ ਅਕਾਲ ਚਲਾਣਾ ਅਕਤੂਬਰ ਸੰਨ 1783 ਵਿਚ, ਇੱਕ ਸੰਖੇਪ ਜਿਹੀ ਬਿਮਾਰੀ
ਬਾਦ, ਹੋਇਆ ਸੀ।
ਸ. ਜੱਸਾ ਸਿੰਘ ਆਹਲੂਵਾਲਿਆ ਜੀ ਦੇ ਜੀਵਨ ਕਾਲ ਵਿੱਚ ਇੱਕ ਅਹਿਮ ਘਟਨਾ
ਵਾਪਰੀ। ਸੰਨ 1765 ਵਿੱਚ ਅਕਾਲ ਤਖਤ ਦੇ ਸ੍ਹਾਮਣੇ ਸਿੱਖ ਰਾਜ ਦੀ ਪ੍ਰਭੁਸੱਤਾ ਦਾ ਮਤਾ ਪਾਸ ਹੋਇਆ
ਅਤੇ ਇਸ ਵੇਲੇ, ਹੋਰ ਗਲਾਂ ਨਾਲ, ਇਹ ਨਿਰਨਾ ਵੀ ਹੋਇਆ ਕਿ ਖ਼ਾਲਸਾ ਰਾਜ ਦੀ ਪ੍ਰਭੁਸੱਤਾ ਰੂਪ ਇੱਕ
ਲਾਜ਼ਮੀ ਸਿਧਾਂਤ ਵਜੋਂ ਸਿੱਕਾ ਜਾਰੀ ਕੀਤਾ ਜਾਏ। ਕਰੰਸੀ ਜਾਰੀ ਕਰਨ ਦਾ ਅਧਿਕਾਰ ਅੱਜ ਵੀ ਕਿਸੇ ਦੇਸ਼
ਦੀ ਪ੍ਰਭੁਸੱਤਾ ਦੀ ਨਿਸ਼ਾਨਦੇਹੀ ਦਾ ਇੱਕ ਲਾਜ਼ਮੀ ਸਿਧਾਂਤ ਹੈ। ਖੈਰ! ਸੰਨ 1775 ਨੂੰ ਅੰਮ੍ਰਿਤਸਰ
ਟਕਸਾਲ ਵਲੋਂ ਜਾਰੀ ਸਿੱਕੇਆਂ ਵਿੱਚ ਇਹ ਇਬਾਰਤ ਦਰਜ ਕੀਤੀ ਗਈ:-
ਸ੍ਹਾਮਣੇ:-
ਸਿੱਕਾ ਜ਼ਦ ਬਾਰ ਹਰ ਦੋ
ਆਲਮ, ਤੇਗ-ਨਾਨਕ ਵਾਹਿਬ ਅਸਤ ਫ਼ਤਿਹ ਸਾਹੀ ਗੋਬਿੰਦ ਸਿੰਘ ਸ਼ਾਹ ਸ਼ਾਹਾਨ ਫ਼ਜ਼ਲ ਸੱਚਾ ਸਾਹਿਬ ਅਸਤ
ਪਿੱਛੇ:-
‘ ਜ਼ਰਬ
ਸ਼੍ਰੀ ਅੰਮ੍ਰਿਤਸਰ ਜੀਉ` ਸੰਮਤ ੧੮੩੨ ਮਾਯਮੀਨਾਤ ਮਾਨਸ ਜਾਲੂਸ
ਤਖਤ ਅਕਾਲ
ਬਖ਼ਤ
ਇਸ ਤੋਂ ਛੁੱਟ ਸੰਨ 1780 ਵਿੱਚ ਜਾਰੀ ਇੱਕ ਹੋਰ ਸਿੱਕੇ ਪਿੱਛਲੀ ਇਬਾਰਤ ਇੰਝ
ਸੀ:-
ਜ਼ਰਬ ਸਨ ਅੰਮ੍ਰਿਤਸਰ ਜਾਲੂਸ
ਅਕਾਲ ਤਖਤ
ਸੰਮਤ ੧੮੩੭
ਐਸੇ ਸਿੱਕੇਆਂ ਦਾ ਪ੍ਰਚਲਨ ਬਾਦ ਤਕ ਜਾਰੀ ਰਿਹਾ। ਜਿਸ ਦੀ ਤਫ਼ਸੀਲ ਮੈਂ
ਪਾਠਕਾਂ ਨਾਲ ਫ਼ਿਰ ਸਾਂਝੀ ਕਰਾਂਗਾ।
ਪਹਿਲੇ ਦਰਸਾਇਆ ਸਿੱਕਾ, ਜੱਸਾ ਸਿੰਘ ਆਹਲੂਵਾਲਿਆ ਜੀ ਦੇ ਕਾਰਜਕਾਲ ਦੋਰਾਨ
ਅਤੇ ਉਨ੍ਹਾਂ ਦੇ ਅਕਾਲ ਚਲਾਣੇ ਤੋਂ ਲੱਗਭਗ ਦਹਾਕੇ ਪਹਿਲਾਂ ਦਾ ਹੈ।
ਮੁਦ੍ਰਾਸ਼ਾਸਤ੍ਰ
( Numismatology)
ਦੇ ਜਾਣਕਾਰ ਜਾਣਦੇ ਹਨ ਕਿ
‘ਸਿੱਕੇ`
ਇਤਹਾਸ ਦੇ ਸਬੂਤ ਵਜੋਂ ਕੀ ਮਹੱਤਵ ਰੱਖਦੇ ਹਨ! ਇਹ ਮਹੱਤਵ
ਨੂੰ ਸਮਝਣਾ ਅਨਾੜੀ ਲਿਖਾਰੀਆਂ ਦੇ ਵਸ ਦੀ ਗਲ ਨਹੀਂ ਹੋ ਸਕਦੀ।
ਜੇ ਕਰ ਜਰਨੈਲ ਜੱਸਾ ਸਿੰਘ ਆਹਲੂਵਾਲਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ
ਕੁੱਝ ਸਾਮਕਾਲੀਆਂ ਦੇ ਹੁੰਦੇ ਜਾਰੀ ਹੋਏ ਸਿੱਕੇਆਂ ਤੇ,
‘ਅਕਾਲ ਤਖ਼ਤ`
ਸ਼ਬਦ ਜੁੱਟ ਵਰਤਿਆ ਗਿਆ, ਤਾਂ ਕੀ ਡਾ. ਸਾਹਿਬ ਗੁਰਬਿਲਾਸ
ਪਾਤਸ਼ਾਹੀ ੬ ਨੂੰ ਛੱਡ, ਹੁਣ ਸ. ਜੱਸਾ ਸਿੰਘ ਆਹਲੂਵਾਲਿਆ ਸਮੇਤ ਹੋਰ ਸਿੱਖਾਂ ਨੂੰ ਵੀ
“ਵਿਸ਼ਨੂੰ ਦਾ ਤਖ਼ਤ”
ਸਥਾਪਤ ਕਰਨ ਵਾਲੇ ਸਾਜਸ਼ਕਰਤਾ ਕਰਾਰ ਦੇਂਣ ਗੇ? ਜੇ ਕਰ ਹਾਂ
ਤਾਂ ਸ਼ਾਯਦ ਡਾ. ਸਾਹਿਬ ਜੀ ਨੂੰ ਹੁਣ ਛੱਪੀ ਹੋਈ ਪੁਸਤਕ ਵਾਪਸ ਲੇਂਣੀ ਪਵੇਗੀ ਜਿਵੇਂ ਕਿ ਉਨ੍ਹਾਂ
ਸਿੱਖ ਮਾਰਗ. ਕਾਮ ਤੋਂ ੭ ਲੇਖ ਵਾਪਸ ਲਏ ਸੀ।
ਸਪਸ਼ਟ ਹੈ ਕਿ ਸੰਨ
1765
ਵਿੱਚ ਖਾਲਸਾ ਰਾਜ ਦੀ ਸਥਾਪਨਾ ਕਾਲ ਵਿੱਚ ਸਿੱਕੇਆਂ ਤੇ
‘ਅਕਾਲ ਤਖ਼ਤ`
ਦੀ ਵਰਤੋਂ ਦਾ ਮੁੱਖ ਸਰੋਤ ਕੋਈ ਰਾਤੋ-ਰਾਤ ਘੜੀ ਗਈ ਗਲ
ਨਹੀਂ ਸੀ ਬਲਕਿ ਇਹ ਇੱਕ ਐਸੀ ਅਟਲ ਸੱਚਾਈ ਸੀ ਜੋ ਕਿ ਹੋਰ ਪਿੱਛੋਕੜ ਤੋਂ ਖ਼ਾਲਸੇ ਦੀ ਰੱਗਾਂ ਵਿੱਚ
ਦੋੜਦੀ ਆਈ ਸੀ। ਡਾ. ਸਾਹਿਬ ਨੇ ਲੇਖ ਬਦਲ ਕੇ ਪੁਸਤਕ ਤਾਂ ਛਪਵਾ ਲਈ ਪਰ ਹੁਣ ਛਪੀ ਹੋਈ ਪੁਸਤਕ ਦਾ
ਉਹ ਕੀ ਇਲਾਜ ਕਰਨ ਗੇ ਇਹ ਵੇਖਣ ਵਾਲੀ ਗਲ ਰਹੇਗੀ। ਉਨ੍ਹਾਂ ਵਲੋਂ ਲਿਖੀ ਪੁਸਤਕ
‘ਦਲ ਖ਼ਾਲਸਾ`
ਦੇ ਇਤਹਾਸ ਨੇ ਧਾਰਾਸ਼ਾਈ ਕਰ ਦਿੱਤੀ ਹੈ।
ਤਿਨ੍ਹਾਂ ਦੀ ਵੀ ਕਮਾਈ ਦਾ ਧਿਆਨ ਧਰ
ਕੇ ਬੋਲਦੇ ਹਾਂ ਵਾਹਿਗੁਰੂ! ! !
ਬਾਕੀ ਬੇਦਲੀਲੀ ਅਤੇ ਕਿਆਸਾਂ ਦਾ ਵਿਸ਼ਲੇਸ਼ਣ ਫ਼ਿਰ ਸਹੀ!
ਹਰਦੇਵ ਸਿੰਘ, ਜੰਮੂ-੨੭. ੨. ੨੦੧੩
(26/02/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਰੁਬਾਈਆਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ
1
ਜਿਸ ਅੰਦਰ ਹਉਮੈ ਵਸੇ, ਤਿਸ ਅੰਦਰ ਉਹ ਨਾਂਹ।
ਹਉਮੈਂ ਕਿੱਥੇ ਛੱਡਦੀ, ਰੱਬ ਆਉਣ ਦੀ ਥਾਂ।
ਜੇ ਬੰਦਾ ਸਿਮਰਨ ਕਰੇ, ਹਉਮੈ ਹੋਵੇ ਦੂਰ।
ਖਾਲੀ ਥਾਂ ਉਹ ਆ ਭਰੇ, ਜਿਸ ਦਾ ਜਪੀਏ ਨਾਂ।
2
ਜਿਸ ਦੇ ਅੰਦਰ ਉਹ ਵਸੇ, ਉਸ ਦੇ ਮਨ ਭਉ ਕੀ?
ਸਭ ਥਾਂ ਵਸਦਾ ਵੇਖਦਾ, ਸੁਣਦਾ ਹੈ ਸਭ ਦੀ।
ਉਸ ਦਾ ਜੇਕਰ ਸੰਗ ਹੈ, ਫੇਰ ਇਕਲਪਣ ਕੀ?
ਉਸਦਾ ਜੇ ਸਿਮਰਨ ਕਰੇਂ, ਫਿਰ ਕੀ ਲੋੜ ਰਹੀ?
3
ਨਾਮ ਮਹਾਂਰਸ ਅੰਮ੍ਰਿਤ ਹੁੰਦਾ, ਜਿਸ ਨੂੰ ਗੁਰ ਤੇ ਪਾਈਏ।
ਹੁੰਦਾ ਕਰਮ-ਧਰਮ ਸਭ ਸਫਲਾ, ਜੇਕਰ ਨਾਮ ਧਿਆਈਏ।
ਨਾਮ ਧਿਆਈਏ ਲਾਹਾ ਪਾਈਏ, ਆਵਣ ਜਾਣ ਮੁਕਾਈਏ।
ਮੁਕਤੀ ਇਛਾ ਜੇ ਰੱਖੀ ਹੈ, ਲੜ ਗੁਰ ਦੇ ਲੱਗ ਜਾਈਏ।
4
ਜੋ ਤਪ ਬਾਬੇ ਨਾਨਕ ਕੀਤਾ, ਉਹ ਕਿਸ ਤੋਂ ਬਣ ਆਇਆ।
ਆਪ ਵੀ ਜੁੜਿਆ ਈਸ਼ਵਰ ਦੇ ਸੰਗ, ਜੱਗ ਨੂੰ ਵੀ ਰਾਹ ਪਾਇਆ।
ਹਥੀਂ ਕਰ, ਵੰਡ ਛਕਕੇ ਦਸਿਆ, ਨਾਲੇ ਨਾਮ ਜਪਾਇਆ।
ਧੰਨ ਕਮਾਈ ਤੇਰੀ ਬਾਬਾ, ਕੁਲ ਜੱਗ ਪੰਥ ਫੈਲਾਇਆ।
(26/02/13)
ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ
ਗੁਰਮਤਿ ਸਮਾਗਮ
1984 ਵਿੱਚ ਗਹਿਰੀ ਨਮੋਸ਼ੀ
ਵਿੱਚ ਜਾ ਚੁੱਕੀ ਸਿੱਖ ਕੌਮ ਨੂੰ ਜਗਾਉਣ ਵਾਲੇ ਅਤੇ ਅੱਜ ਵੀ ਬਿਰਧ ਅਵਸਥਾ ਵਿੱਚ ਸਿੱਖੀ ਦਾ ਪ੍ਰਚਾਰ
ਕਰਦੇ ਹੋਏ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਲੜਾਈ ਲੜਨ ਵਾਲੇ
ਅਕਾਲ ਤਖ਼ਤ ਸਾਹਿਬ ਦੇ ਸਾਬਕਾ ਮੁੱਖ ਸੇਵਾਦਾਰ
ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ
(Prof. Darshan Singh Khalsa)
ਮਿਤੀ
28
ਫਰਵਰੀ 2013 ਨੂੰ ਸਮਾਂ 7:00 ਤੋਂ 8:30
ਵਜੇ ਤਕ।
on 28th Feb. 2013 ; 7:00 pm to 8:30 pm
106, ਨੈਸ਼ਨ ਹੱਟ ਨੰ:
5
(ਨੇੜੇ ਬਾਂਕੇ ਬਿਹਾਰੀ ਮੰਦਰ) ਫ਼ਰੀਦਾਬਾਦ
(106, Nissan Hut No.5, Near Banke Bihari Mandir Faridabad)
ਵਿਖੇ ਗੁਰਬਾਣੀ ਕੀਰਤਨ ਅਤੇ ਵਿਚਾਰਾਂ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ।
ਉਪਰੰਤ ਗੁਰੂ ਕਾ ਲੰਗਰ।
ਵੱਲੋਂ: ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ
(Gursikh Family Club Faridabad)
9811512636, 9811981066, 9899109540, 9899806222. 9811461001,
9810052143, 9718488989, 9810675989, 9810650969, 9891199766.9873382359,
9810213750, 9953315542, 9871256196, 9250383238.
(26/02/13)
ਗੁਰਨਾਮ ਸਿੰਘ ਅਕੀਦਾ
18
ਸਾਲਾਂ ਬਾਅਦ ਆਪਣੀ ਭੈਣ ਨੂੰ ਅਸੀਰਵਾਦ ਦੇਣ ਲਈ ਵਿਆਹ ਵਿੱਚ ਸ਼ਾਮਲ ਹੋਇਆ ਭਾਈ ਲੱਖਾ
ਮੈਂ ਬਾਦਲ ਅਤੇ ਅਮਰਿੰਦਰ ਵਿੱਚ ਤੁਲਨਾ ਕਰਨ ਤੇ ਪਾਉਦਾ ਹਾਂ ਕਿ ਸਿੱਖ ਵਿੱਚ ਜਿਆਦਾ ਪ੍ਰਪੱਕ
ਅਮਰਿੰਦਰ ਹੈ: ਭਾਈ ਲੱਖਾ
ਸਾਡੇ ਪਰਵਾਰ ਤੱਕ ਰੁਲ ਗਏ ਕਦੇ ਵੀ ਸ੍ਰੀ ਅਕਾਲ ਤਖਤ ਜਾਂ ਫਿਰ ਸ਼੍ਰੋਮਣੀ ਕਮੇਟੀ ਨੇ ਸਾਡੀ ਮੁਲਾਕਾਤ
ਤੱਕ ਨਹੀਂ ਕੀਤੀ
ਗੁਰਨਾਮ ਸਿੰਘ ਅਕੀਦਾ
ਪਟਿਆਲਾ 24 ਫਰਵਰੀ: ਸਰਦਾਰ ਭਾਈ ਲਖਵਿੰਦਰ ਸਿੰਘ ਲੱਖਾ ਉਰਫ ਹੀਰਾ ਅੱਜ ਪਟਿਆਲਾ ਵਿਖੇ ਆਪਣੀ ਛੋਟੀ
ਭੈਣ ਪਰਮਜੀਤ ਕੌਰ ਤੇ ਵਿਆਹ ਵਿੱਚ ਉਸ ਨੂੰ ਅਸੀਰਵਾਦ ਦੇਣ ਲਈ ਆਇਆ, ਭਾਈ ਲਖਵਿੰਦਰ ਸਿੰਘ ਅੱਜ ਜੇਲ
ਤੋਂ ਬਾਹਰ ਪਟਿਆਲਾ ਵਿੱਚ 18 ਸਾਲਾਂ ਬਾਅਦ ਆਇਆ, ਜਿਹਨਾਂ ਲਈ ਜੇਲ ਦੀਆਂ ਕੰਧਾ ਪਰਬਤ ਹੋ ਗਈਆਂ।
ਭਾਈ ਲੱਖਾ ਪੰਜਾਬ ਦੇ ਕਾਲੇ ਦੌਰ ਦੇ ਮੁੱਖ ਮੰਤਰੀ ਬੇਅੰਤ ਸਿੰਘ ਬੰਬ ਕਾਂਡ ਵਿੱਚ ਉਮਰ ਕੈਦ ਦੀ ਸਜਾ
ਵਿੱਚ ਬੁੜੇਲ ਜੇਲ ਵਿੱਚ ਬੰਦ ਹੈ। ਜਿਸ ਦੀ ਭੈਣ ਦੀ ਜਿੱਦ ਸੀ ਕਿ ਜਦੋਂ ਉਸ ਦਾ ਭਰਾ ਲੱਖਵਿੰਦਰ
ਸਿੰਘ ਉਸ ਦੇ ਵਿਆਹ ਵਿੱਚ ਆਸੀਰਵਾਦ ਦੇਣ ਲਈ ਆਵੇਗਾ ਤਾਂ ਹੀ ਉਹ ਵਿਆਹ ਕਰਾਏਗੀ, ਕਈ ਵਾਰੀ ਤਰੀਕਾਂ
ਰੱਖੀਆਂ ਗਈਆਂ ਪਰ ਜੇਲ ਵਿਚੋਂ ਪੈਰੋਲ ਛੁੱਟੀ ਨਹੀਂ ਮਿਲੀ ਜਿਸ ਕਰਕੇ ਉਸ ਦੀ ਭੈਣ ਦਾ ਵਿਆਹ ਬਹੁਤ
ਹੀ ਦੇਰੀ ਨਾਲ ਹੋਇਆ। ਅੱਜ ਉਸ ਦੀ ਭੈਣ ਦਾ ਵਿਆਹ ਲੁਧਿਆਣਾ ਦੇ ਵਸਨੀਕ ਇੰਦਰਜੀਤ ਸਿੰਘ ਨਾਲ ਹੋਇਆ
ਹੈ।
ਇਸ ਪੱਤਰਕਾਰ ਨਾਲ ਵਿਸ਼ੇਸ਼ ਗੱਲ ਕਰਦਿਆਂ ਸ. ਲੱਖਾ ਨੇ ਕਿਹਾ ਕਿ ਉਸ ਨੂੰ ਵਾਹਿਗੁਰੂ ਤੇ ਕੋਈ ਗਿਲਾ
ਨਹੀਂ ਹੈ ਸਗੋ ਉਸ ਦਾ ਕੋਟਿ-ਕੋਟਿ ਧੰਨਵਾਦ ਜਿਸ ਨੇ ਮੈਨੂੰ ਅੱਜ ਜਿੰਦਾ ਨੂੰ ਹੀ ਪਟਿਆਲਾ ਦੇ ਦਰਸ਼ਨ
ਕਰਵਾ ਦਿਤੇ ਅੱਜ ਮੈਂ ਮੇਰੀ ਭੈਣ ਦੇ ਸ੍ਰੀ ਅਨੰਦ ਕਾਰਜਾਂ ਵਿੱਚ ਸ਼ਾਮਲ ਹੋ ਸਕਿਆ ਹਾਂ। ਜਦੋਂ ਮੈਂ
ਕੇਸ ਵਿੱਚ ਫਸਿਆ ਸੀ ਤਾਂ ਉਸ ਵੇਲੇ ਮੇਰੀ ਭੈਣ ਦੀ ਉਮਰ ਮਸਾਂ 15-16 ਕੁ ਸਾਲ ਦੀ ਹੋਵੇਗੀ, ਮੇਰੀ
ਭੈਣ ਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਜਿਸ ਦੇ ਵਿਆਹ ਦੀਆਂ ਰਸ਼ਮਾਂ ਵਿੱਚ ਮੈਂ ਸ਼ਾਮਲ ਹੋਇਅ ਹਾਂ,
ਉਸ ਨੇ ਹੋਰ ਵੀ ਕਈ ਮੁਦਿਆਂ ਤੇ ਗੱਲ ਕੀਤੀ ਤੇ ਕਿਹਾ ਕਿ ਮੇਰਾ ਪੰਥ ਅੱਜ ਟੁੱਕੜੇ ਟੁੱਕੜੇ ਹੋਇਆ ਹੈ
ਜਿਸ ਨੂੰ ਇਕਮੁੱਠ ਹੋਣਾ ਚਾਹੀਦਾ ਹੈ, ਉਸ ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਮੈਂ ਕਾਂਗਰਸ ਦੇ
ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਅਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਸ.
ਪ੍ਰਕਾਸ਼ ਸਿੰਘ ਬਾਦਲ ਵਿਚਕਾਰ ਤੁਲਨਾ ਕਰਦਾ ਹਾਂ ਤਾਂ ਮੈਨੂੰ ਸਿੱਖੀ ਵਿੱਚ ਜਿਆਦਾ ਪ੍ਰਪੱਕ ਕੈਪ.
ਅਮਰਿੰਦਰ ਸਿੰਘ ਹੀ ਲੱਗਦਾ ਹੈ, ਪਰ ਸ. ਬਾਦਲ ਮੈਨੂੰ ਸਿੱਖ ਨਹੀਂ ਸਗੋਂ ਇੱਕ ਸਿਆਸੀ ਅਤੇ ਸਿਰਫ
ਨਿੱਜ ਪੱਖੀ ਹੀ ਲੱਗ ਰਹੇ ਹਨ, ਜੋ ਆਪਣੇ ਨਿਜੀ ਸਵਾਰਥਾਂ ਲਈ ਆਰ ਐਸ ਐਸ ਦੀ ਜਮਾਤ ਭਾਜਪਾ ਵਰਗੀ
ਸਿਆਸੀ ਪਾਰਟੀ ਨਾਲ ਗੈਰ ਸਿਧਾਂਤਕ ਗਠਜੋੜ ਕਰੀਂ ਬੈਠੇ ਹਨ, ਉਨ੍ਹਾਂ ਨੇ ਸਿੱਖੀ ਨੂੰ ਇੱਕ ਪਰਵਾਰ
ਤੱਕ ਹੀ ਮਹਿਦੂਦ ਕਰ ਦਿਤਾ ਜਿਸ ਕਰਕੇ ਮੇਰੇ ਪੰਥ ਵਿੱਚ ਤਰੇੜਾਂ ਹਨ ਅਤੇ ਸਾਨੂੰ ਜੇਲ ਵਿੱਚ ਬੈਠਿਆਂ
ਨੂੰ ਬਹੁਤ ਹੀ ਦੁੱਖ ਹੁੰਦਾ ਹੈ ਕਿ ਜੇਕਰ ਸ. ਬਾਦਲ ਆਪਣੇ ਆਖਰੀ ਸਮੇਂ ਵਿੱਚ ਸਭ ਸਿਆਸਤਾਂ ਛੱਡ ਕੇ
ਸਿਰਫ ਪੰਥ ਬਾਰੇ ਕੁੱਝ ਕਰ ਦੇਣ ਤਾਂ ਸਾਇਦ ਵਾਹਿਗੁਰੂ ਉਨ੍ਹਾਂ ਦਾ ਭਲਾ ਕਰ ਦੇਵੇ। ਉਨ੍ਹਾਂ ਕਿਹਾ
ਮੈਨੂੰ ਸਮਝ ਨਹੀਂ ਆ ਰਹੀ ਕਿ ਸਾਡੇ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਦਾ ਰਵਈਆ ਸਹੀ ਕਿਉਂ ਨਹੀਂ ਹੈ?
ਸਾਡੇ ਬਾਰੇ ਸਿੱਖ ਪੰਥ ਦੀ ਨੁਮਾਇਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰਵਈਆ ਵਿਚਾਰ ਕਰਨ
ਵਾਲਾ ਕਿਉਂ ਨਹੀਂ ਹੈ? ਸਾਡੇ ਕੋਲ ਕਦੇ ਕੋਈ ਮੁਲਾਕਾਤ ਲਈ ਨਹੀਂ ਆਉਦਾ, ਸਾਨੂੰ ਕੋਈ ਮਿਲਣ ਲਈ ਨਹੀਂ
ਆਉਦਾ, ਮੇਰਾ ਸਾਰਾ ਪਰਵਾਰ ਰੁਲ ਗਿਆ ਹੈ, ਮੈਨੂੰ ਕੋਈ ਗਮ ਨਹੀਂ ਹੈ ਕੀ ਮੈਂ ਕੋਈ ਗਲਤ ਕੰਮ ਕੀਤਾ
ਹੈ, ਪਰ ਕੀ ਸਾਡੇ ਪ੍ਰਤੀ ਪੰਥਕ ਕਹਾਉਣ ਵਾਲੇ ਲੋਕਾਂ ਦਾ ਕੋਈ ਫਰਜ ਨਹੀਂ ਹੈ, ਉਸ ਨੇ ਕਿਹਾ ਕਿ
ਬੇਸ਼ਕ ਸਾਨੂੰ ਜੇਲ ਵਿੱਚ ਕੋਈ ਮੁਸਕਿਲ ਨਹੀਂ ਹੈ ਸਾਨੂੰ ਹਫਤੇ ਵਿੱਚ ਇੱਕ ਮੁਲਾਕਾਤ ਮਿਲਦੀ ਹੈ,
ਚੰਡੀਗੜ੍ਹ ਪੁਲਸ ਸਾਡੇ ਨਾਲ ਸਹੀ ਹੈ ਪਰ ਕੀ ਮਰਨਾ ਹੀ ਪ੍ਰਵਾਨ ਹੁੰਦਾ ਹੈ ਪੰਥਕ ਰਵਾਇਤਾਂ ਵਿਚ, ਪਰ
ਕੀ ਅਸੀਂ ਅੱਜ ਜਿੰਦਾ ਹਾਂ? ਦੋਸ਼ ਅਸੀਂ ਕੀਤਾ ਪਰ ਸਾਡੇ ਸਾਰੇ ਪਰਵਾਰ ਨੇ ਭੁਗਤਿਆ, ਮੇਰਾ ਸਾਰਾ
ਪਰਵਾਰ ਹੀ ਸਹੀਦਾਂ ਦੀ ਗਿਣਤੀ ਵਿੱਚ ਆਉਂਦਾ ਹੈ, ਜਿਸ ਤੇ ਅੱਜ ਵੀ ਕੋਈ ਵਿਸ਼ਵਾਸ ਨਹੀਂ ਕਰਦਾ।
ਉਸ ਨੇ ਕਿਹਾ ਕਿ ਜੋ ਫਾਂਸੀ ਦੀ ਸਜਾ ਭਾਈ ਬਲਵੰਤ ਸਿੰਘ ਰਾਜੋਆਣਾ ਜਾਂ ਫਿਰ ਪ੍ਰੋ. ਦਵਿੰਦਰਪਾਲ
ਸਿੰਘ ਭੁੱਲਰ ਨੂੰ ਦੇਣ ਦੀ ਗੱਲ ਹੋ ਰਹੀ ਹੈ ਅਫਜਲ ਨੂੰ ਫਾਸੀਂ ਚੜਾਇਆ ਜਾ ਚੁੱਕਾ ਹੈ ਇਹ ਬਿਲਕੁਲ
ਹੀ ਗਲਤ ਹੈ। ਘੱਟ ਗਿਣਤੀਆਂ ਪ੍ਰਤੀ ਭਾਰਤ ਸਰਕਾਰ ਦਾ ਇਹ ਰਵਈਆ ਬਿਲਕੁਲ ਹੀ ਗਲਤ ਹੈ, ਉਸ ਨੇ ਸਪਸ਼ਟ
ਸ਼ਬਦਾਂ ਵਿੱਚ ਕਿਹਾ ਕਿ ਸਾਡੇ ਵਲੋਂ ਕੀਤਾ ਇੱਕ ਕਾਂਡ ਤਾਂ ਸਰਕਾਰਾਂ ਲੋਕਾਂ ਅਤੇ ਨਿਆ ਪਾਲਿਕਾ ਨੂੰ
ਨਜ਼ਰ ਆਇਆ ਹੈ ਪਰ ਇਹ ਕਿਊਂ ਹੋਇਆ ਇਸ ਬਾਰੇ ਕਿਸੇ ਨੇ ਕਦੇ ਨਹੀਂ ਵਿਚਾਰਿਆ, ਪੰਜਾਬ ਦੀਆਂ ਜਵਾਨੀਆਂ
ਕੋਹ ਕੋਹ ਕੇ ਮਾਰੀਆਂ ਗਈਆਂ ਸਾਡੇ ਝੂਠੇ ਮੁਕਾਬਲੇ ਬਣਾਏ ਗਏ, ਸਾਨੂੰ ਜਲੀਲ ਕੀਤਾ ਗਿਆ, ਸਾਡੇ
ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ, ਸਾਡੀਆਂ ਧੀਆਂ ਭੈਣਾਂ ਨੂੰ ਲੁਟਿਆ ਗਿਆ ਕੀ ਇਹ ਸਾਰਾ ਕੁੱਝ
ਕੋਈ ਹੋਰ ਵਿਚਾਰ ਕਰੇਗਾ?
ਭਾਈ ਲੱਖਾ ਨੇ ਕਿਹਾ ਕਿ ਮੇਰੀ ਸਾਰੀ ਸਿੱਖ ਕੌਮ ਨੂੰ ਅਪੀਲ ਹੈ ਕਿ ਉਹ ਇੱਕ ਮੁੱਠ ਹੋਵੇ ਕਿਸੇ ਵੀ
ਤਰੀਕੇ ਹੋਵੇ, ਬੇਸ਼ਕ ਸ. ਪ੍ਰਕਾਸ਼ ਸਿੰਘ ਬਾਦਲ ਹੀ ਇਕੱਠੀ ਕਰਨ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਭਾਈ
ਰਾਜੋਆਣਾ ਦੀ ਫਾਸੀਂ ਰੁਕਵਾਈ ਇਸ ਤਰ੍ਹਾਂ ਸਿੱਖ ਕੁੱਝ ਵੀ ਕਰ ਸਕਦਾ ਹੈ ਪਰ ਲੋੜ ਹੈ ਇੱਕ ਮੁਠ ਹੋਣ
ਦੀ, ਸ. ਬਾਦਲ ਆਪਣੀ ਨਿੱਜ ਪੱਖੀ ਸੋਚ ਤਿਆਗਣ ਅਤੇ ਉਹ ਸਿੱਖਾਂ ਦੀ ਅਗਵਾਈ ਕਰਨ ਤੇ ਇਕਜੁਟਤਾ ਵੱਲ
ਆਪਣਾ ਕਦਮ ਵਧਾਉਣ, ਨਾ ਕਿ ਉਹ ਦੁਜੇ ਸਿੱਖਾਂ ਨੂੰ ਖੁੱਡੇ ਲਾਇਨ ਲਾਉਣ ਵੱਲ ਹੀ ਆਪਣਾ ਸਮਾਂ ਬੇਕਾਰ
ਕਰਨ। ਭਾਈ ਲੱਖਾ ਨੇ ਕਿਹਾ ਕਿ ਅਸੀਂ ਜੋ ਉਮਰ ਕੈਦੀ ਹਾਂ ਸਾਡੀ ਉਮਰ ਕੈਦ ਪੂਰੀ ਹੋ ਚੁੱਕੀ ਹੈ,
ਸਾਡਾ ਜੇਲ ਵਿੱਚ ਜੇਲ ਮੈਨੂੰਅਲ ਮੁਤਾਬਿਕ ਆਚਰਣ ਵੀ ਸਹੀ ਹੈ ਸਾਡੀ ਕੋਈ ਸ਼ਿਕਾਇਤ ਨਹੀਂ ਹੈ, ਪਰ ਫਿਰ
ਵੀ ਸਾਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਇਸ ਜਦ ਕਿ ਦੋ ਦੋ ਦਰਜਨ ਮੌਤਾਂ ਕਰਨ ਵਾਲੇ ਹਿੰਦੂਆਂ ਨੂੰ
12 ਸਾਲਾਂ ਬਾਦ ਹੀ ਜੇਲ ਵਿੱਚ ਰਿਹਾਅ ਕਰ ਦਿਤਾ ਗਿਆ ਹੈ, ਜਿਵੇਂ ਕਿ ਕਿਸੋਰੀ ਲਾਲ ਨੂੰ ਅਨੇਕਾਂ
ਕਤਲ ਕਰਨ ਦੇ ਬਾਵਜੂਦ 13 ਸਾਲਾਂ ਬਾਦ ਹੀ ਜੇਲ ਵਿੱਚ ਰਿਹਾਅ ਕਰਨ ਦੀ ਗੱਲ ਹੋ ਰਹੀ ਹੈ। ਅੱਜ ਭਾਈ
ਲੱਖਾ ਨੂੰ ਚੰਡੀਗੜ੍ਹ ਪੁਲਸ ਦੇ ਇਨਸਪੈਕਟਰ ਰਾਮਪਾਲ ਦੇ ਅਧੀਨ 15 ਜਵਾਨਾਂ ਦੀ ਸਖਤ ਸੁਰਖਿਆ ਵਿੱਚ
ਪਟਿਆਲਾ ਲਿਆਂਦਾ ਜਿਥੇ ਕਿ ਪਟਿਆਲਾ ਪੁਲਸ ਵਲੋਂ ਇਨਸਪੈਕਟਰ ਧਰਮਦੇਵ ਦੀ ਭਾਰੀ ਪੁਲਸ ਟੁੱਕੜੀ ਨੇ
ਸੁਰਖਿਆ ਵਿੱਚ ਮਦਦ ਕੀਤੀ।
ਜਿਕਰਯੋਗ ਹੈ ਕਿ ਭਾਈ ਲੱਖਾ ਪੁਲਸ ਮੁਲਾਜਮ ਸੀ ਜੋ ਕਿ ਸਕੱਤਰੇਤ ਵਿੱਚ ਗੱਡੀਆਂ ਪਾਰਕ ਕਰਾਉਣ ਲਈ
ਡਿਉਟੀ ਕਰਦਾ ਸੀ ਜਾਣਕਾਰੀ ਅਨੁਸਾਰ ਉਸ ਨੇ ਬਲਵੰਤ ਸਿੰਘ ਰਾਜੋਆਣਾ, ਅਤੇ ਦਿਲਾਵਰ ਸਿੰਘ ਦੀ
ਅੰਬੇਸਡਰ ਕਾਰ ਪਾਰਕ ਕਰਾਈ ਸੀ ਇਸ ਤੋਂ ਇਲਾਵਾ ਭਾਈ ਲਖਵਿੰਦਰ ਸਿੰਘ ਨੇ ਕਾਂਸਲ ਪਿੰਡ ਦੇ ਇੱਕ ਦਰਜੀ
ਅਨਿਲ ਕੁਮਾਰ ਤੋਂ ਇੱਕ ਖਾਕੀ ਪੈਂਟ ਕਮਰ ਤੋਂ ਖੁੱਲ੍ਹੀ ਕਰਵਾਈ ਜੋ ਕਿ ਦਿਲਾਬਰ ਸਿੰਘ ਨੂੰ ਪੇਟੀ
ਵਿੱਚ ਬੰਬ ਬਨਣ ਲਈ ਪਹਿਨਾਈ ਜਾਣੀ ਸੀ, ਇਸਤੋਂ ਇਲਾਵਾ ਦਿਲਾਵਰ ਨੇ ਆਪਣੇ ਭਰਾ ਨੂੰ ਕਿਸੇ ਵੱਡੀ
ਘਟਨਾ ਹੋਣ ਬਾਰੇ ਦਸ ਕੇ ਕਾਰ ਲੈ ਕੇ ਗਿਆ ਅਤੇ ਲਖਵਿੰਦਰ ਅਤੇ ਗੁਰਮੀਤ ਨੂੰ ਮਿਲਿਆ, ਬੰਬ ਕਾਂਡ ਤੋਂ
ਬਾਅਦ ਸਭ ਤੋਂ ਪਹਿਲਾਂ ਗ੍ਰਿਫਤਾਰ ਹੋਣ ਵਾਲਾ ਲਖਵਿੰਦਰ ਸਿੰਘ ਹੀ ਸੀ, ਸੀ. ਬੀ. ਆਈ. ਨੇ ਅਨੁਸਾਰ
ਦਿਲਾਵਰ ਸਿੰਘ, ਬਲਵੰਤ ਸਿੰਘ ਰਾਜੋਆਣਾ, ਵਾਸੀ ਪਿੰਡ ਰਾਜੋਆਣਾ, ਗੁਰਮੀਤ ਸਿੰਘ ਮੀਤਾ ਵਾਸੀ ਫੇਜ 4
ਮੋਹਾਲੀ, ਲਖਵਿੰਦਰ ਸਿੰਘ ਲੱਖਾ (ਹੀਰਾ) ਵਾਸੀ ਕਾਂਸਲ, ਜਗਤਾਰ ਸਿੰਘ ਤਾਰਾ ਵਾਸੀ ਪਿੰਡ ਡੇਕਵਾਲਾ
(ਰੋਪੜ), ਬਲਵੰਤ ਸਿੰਘ ਵਾਸੀ ਰਤਨ ਨਗਰ ਪਟਿਆਲਾ, ਸ਼ਮਸ਼ੇਰ ਸਿੰਘ ਵਾਸੀ ਪਿੰਡ ਉਕਾਸੀ ਜੱਟਾਂ,
ਪਟਿਆਲਾ, ਨਵਜੋਤ ਸਿੰਘ ਵਾਸੀ ਫੇਜ 3ਬੀ2 ਮੋਹਾਲੀ, ਜਗਤਾਰ ਸਿੰਘ ਹਵਾਰਾ ਵਾਸੀ ਪਿੰਡ ਹਵਾਰਾ ਕਲਾਂ
ਫਤਿਹਗੜ ਸਾਹਿਬ, ਪਰਮਜੀਤ ਸਿੰਘ ਭਿਉਰਾ ਵਾਸੀ ਵਿਸ਼ਵ ਕਰਮਾ ਭਾਰਤ ਲਕਸ਼ੀ ਨਗਰ, ਸ਼ੇਖਰਪੁਰ ਦਿੱਲੀ,
ਨਸੀਬ ਸਿੰਘ ਵਾਸੀ ਪਿੰਡ ਝਿੰਗਲਾ ਕਲਾਂ ਕੁਰਾਲੀ, ਜਗਰੂਪ ਸਿੰਘ ਵਾਸੀ ਫੇਜ 7 ਮੋਹਾਲੀ, ਵਧਾਵਾ ਸਿੰਘ
ਵਾਸੀ ਪਿੰਡ ਸੰਧੂ ਚੱਠਾ, ਕਪੂਰਥਲਾ, ਮੇਹਲ ਸਿੰਘ ਵਾਸੀ ਪਿੰਡ ਦੇਸੂਵਾਲ, ਤਰਨਤਾਰਨ ਇਸ ਬੰਬ ਕਾਂਡ
ਵਿੱਚ ਸ਼ਾਮਲ ਸਨ। ਉਸ ਤੋਂ ਬਾਅਦ ਗੁਰਮੀਤ ਸਿੰਘ (ਬੀਪੀਐਲ ਦੇ ਇੰਜੀਨੀਅਰ), ਨਸੀਬ ਸਿੰਘ, ਲਖਵਿੰਦਰ
ਸਿੰਘ (ਪੰਜਾਬ ਪੁਲਿਸ ਕਾਂਸਟੇਬਲ), ਨਵਜੋਤ ਸਿੰਘ (ਰੈਨਬੈਕਸੀ ਕਰਮਚਾਰੀ), ਜਗਤਾਰ ਸਿੰਘ ਤਾਰਾ
(ਟੈਕਸੀ ਡਰਾਈਵਰ), ਸ਼ਮਸ਼ੇਰ ਸਿੰਘ (ਟਰੱਕ ਡਰਾਈਵਰ), ਜਗਤਾਰ ਸਿੰਘ ਹਵਾਰਾ (ਬੱਬਰ ਖਾਲਸਾ ਇੰਟਰਨੈਸ਼ਨਲ
ਦਾ ਮੈਂਬਰ), ਬਲਵੰਤ ਸਿੰਘ ਰਾਜੋਆਣਾ (ਪੰਜਾਬ ਪੁਲਿਸ ਕਾਂਸਟੇਬਲ), ਪਰਮਜੀਤ ਸਿੰਘ ਭਿਉਰਾ, ਮੇਹਲ
ਸਿੰਘ, ਵਧਾਵਾ ਸਿੰਘ ਤੇ ਜਗਰੂਪ ਸਿੰਘ ਖਿਲਾਫ਼ ਅਦਾਲਤ `ਚ ਦੋਸ਼ ਆਇਦ ਕਰ ਦਿਤੇ ਗਏ। 31 ਜੁਲਾਈ 2007
ਬਲਵੰਤ ਸਿੰਘ ਰਾਜੋਆਣਾ ਤੇ ਜਗਤਾਰ ਸਿੰਘ ਹਵਾਰਾ ਨੂੰ ਚੰਡੀਗੜ੍ਹ ਦੀ ਟਰਾਇਲ ਕੋਰਟ ਨੇ ਫਾਂਸੀ ਦੀ
ਸਜ਼ਾ ਸੁਣਾਈ ਤੇ ਗੁਰਮੀਤ ਸਿੰਘ, ਲਖਵਿੰਦਰ ਸਿੰਘ ਤੇ ਸ਼ਮਸ਼ੇਰ ਸਿੰਘ ਨੂੰ ਉਮਰ ਕੈਦ ਹੋਈ। ਨਸੀਬ ਸਿੰਘ
ਨੂੰ 10 ਸਾਲ ਜੇਲ ਦੀ ਕੈਦ ਤੋਂ ਬਾਦ ਅਜ਼ਾਦ ਕਰ ਦਿਤਾ ਗਿਆ।
ਭਾਈ ਲੱਖਾ ਦੇ ਮਕਾਨ ਵਿੱਚ ਅੱਜ ਇੱਕ ਬੈਡ ਵੀ ਨਹੀਂ ਹੈ
ਖਾਨਦਾਨ ਬਰਬਾਦ ਹੋ ਗਿਆ ਸਾਡਾ ਪਰ ਪੰਥ ਨੇ ਸਾਨੂੰ ਪੁਛਿਆ ਤੱਕ ਨਹੀਂ: ਭਾਈ ਲੱਖਾ ਦਾ ਭਰਾ
ਅਸੀਂ ਸਾਇਦ ਗਰੀਬ ਜਾਤੀ ਵਿਚੋਂ ਹਾਂ ਤਾਂ ਕਰਕੇ ਜਾਂ ਫਿਰ ਹੋਰ ਕਾਰਨ ਹੋਣਗੇ
ਪਟਿਆਲਾ 24 ਫਰਵਰੀ (ਗੁਰਨਾਮ ਸਿੰਘ ਅਕੀਦਾ) : ਜਿਨ੍ਹਾਂ ਲੋਕਾਂ ਨੇ ਪੰਥ ਦੇ ਲੇਖੇ
ਲਾਈ ਹੈ ਉਨ੍ਹਾਂ ਦੀ ਹੀ ਨਹੀਂ ਸਗੋਂ ਪਰਵਾਰ ਨੂੰ ਵੀ ਸਮੇਂ ਨੇ ਨਹੀਂ ਬਖਸ਼ਿਆ, ਜਿਸ ਤਹਿਤ ਅੱਜ 18
ਸਾਲਾਂ ਬਾਅਦ ਲਖਵਿੰਦਰ ਸਿੰਘ ਆਪਣੇ ਉਸ ਘਰ ਵਿੱਚ ਆਇਆ ਜਿਸ ਵਿੱਚ ਕਿ ਇੱਕ ਬੈਡ ਵੀ ਨਹੀਂ ਸੀ, ਆਨਨ
ਫਾਨਨ ਵਿੱਚ ਹੀ ਵਿਆਹ ਕਰਕੇ ਗੁਰੂ ਨਾਨਕ ਨਗਰ ਪਟਿਆਲਾ ਦੀ 9 ਨੰਬਰ ਗਲੀ ਵਿੱਚ ਸਥਿਤ ਮਕਾਨ ਦੇ
ਮੁਹਰਲੇ ਭਾਗ ਨੂੰ ਸਫੇਦੀ ਕਰਾਈ ਸੀ, ਇਸ ਮਕਾਨ ਵਿੱਚ ਲਖਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਰਹਿੰਦੇ
ਸਨ ਜੋ ਕਿ ਪਿਛਲੇ ਦਿਨੀ ਅਮ੍ਰਿਤਸਰ ਪੁਲਸ ਵਿਚੋਂ ਸੇਵਾ ਮੁਕਤ ਹੋਏ ਹਨ, ਪਰ ਉਹਨ੍ਹਾਂ ਦੇ ਇਸ ਮਕਾਨ
ਤੇ ਇੱਕ ਔਰਤ ਨੇ ਕੁੱਝ ਲੋਕਾਂ ਨਾਲ ਮਿਲ ਕੇ ਕਬਜਾ ਕਰ ਲਿਆ ਸੀ, ਜਿਸ ਨੇ ਇਸ ਘਰ ਦਾ ਸਾਰਾ ਹੀ ਸਮਾਨ
ਸਾੜ ਦਿਤਾ ਸੀ ਜੋ ਕਿ ਭਾਈ ਲੱਖਾ ਦੇ ਪਰਵਾਰ ਦਾ ਸੀ, ਜਿਸ ਕਰਕੇ ਉਸ ਔਰਤ ਖਿਲਾਫ ਕੇਸ ਦਰਜ ਹੋਇਆ,
ਹੁਣ ਇਹ ਵੀ ਨਹੀਂ ਕਿ ਮਕਾਨ ਵਿੱਚ ਦੋ ਬੈਡ ਹੀ ਰੱਖ ਲਏ ਜਾਣ, ਭਾਈ ਲੱਖਾ ਦਾ ਭਰਾ ਹਰਦੇਵ ਸਿੰਘ
ਬੇਰੁਜਗਾਰ ਹੈ ਜਿਸ ਨੇ ਕਿਹਾ ਕਿ ਸਾਡੇ ਭਰਾ ਨੇ ਤਾਂ ਜੋ ਕੀਤਾ ਸੋ ਕੀਤਾ ਪਰ ਅਸੀਂ ਬਿਨ੍ਹਾਂ ਕੁੱਝ
ਕੀਤਿਆਂ ਹੀ ਸਜਾ ਕੱਟ ਰਹੇ ਹਾਂ, ਸਾਨੂੰ ਜਦੋਂ ਚਾਹੇ ਪੁਲਸ ਬੁਲਾ ਲੈਂਦੀ ਹੈ, ਸਾਨੂੰ ਦਸ ਨੰਬਰੀਆਂ
ਵਾਂਗ ਪੁਲਸ ਕੋਲ ਹਾਜਰੀ ਭਰਨੀ ਪੈਂਦੀ ਹੈ, ਮੈਨੂੰ ਕੋਈ ਨੌਕਰੀ ਨਹੀਂ ਦਿੰਦਾ, ਉਸ ਨੇ ਕਿਹਾ ਕਿ
ਬੇਸ਼ਕ ਸਿੱਖ ਧਰਮ ਵਿੱਚ ਜਾਤ ਪਾਤ ਨਹੀਂ ਹੈ ਪਰ ਸਾਡੇ ਲਈ ਹੋਵੇਗੀ ਕਿਉਂਕਿ ਅਸੀਂ ਗਰੀਬ ਜਾਤੀ
ਰੰਗਰੇਟਾ ਬਰਾਦਰੀ ਨਾਲ ਸਬੰਧ ਰੱਖਦੇ ਹਾਂ, ਸਾਡੇ ਲਈ ਸਾਰਾ ਪੰਥ ਸੁੱਤਾ ਪਿਆ ਹੈ ਕਦੇ ਵੀ ਕਿਸੇ ਨੇ
ਸਾਡੀ ਸਾਰ ਨਹੀਂ ਲਈ। ਪਰ ਜੋ ਉਚੀਆਂ ਜਾਤਾਂ ਦੇ ਖਾੜਕੂ ਸਿੰਘ ਹਨ ਉਨ੍ਹਾਂ ਦੇ ਵਿਦੇਸੀ ਸਿੱਖਾਂ ਨੇ
ਕੀ, ਇਥੇ ਦੀਆਂ ਸਰਕਾਰਾਂ ਨੇ ਕੀ ਘਰ ਭਰ ਦਿਤੇ ਹਨ, ਉਹ ਮੌਜਾਂ ਕਰਦੇ ਹਨ ਪਰ ਅਸੀਂ ਹਰ ਦਿਨ ਮਰ ਮਰ
ਕੇ ਕੱਟਦੇ ਹਾਂ, ਮੇਰੀ ਭੈਣ ਅੱਜ 33 ਸਾਲ ਦੀ ਉਮਰ ਵਿੱਚ ਵਿਆਹੀ ਹੈ।
(25/02/13)
ਡਾ: ਇਕਬਾਲ ਸਿੰਘ ਢਿੱਲੋਂ
ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀਓ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ
ਹੋਵੇ ਜੀ!
ਪਿਛਲੇ ਦਿਨੀਂ ਕੁੱਝ ਵੈਬਸਾਈਟਾਂ ਉੱਤੇ ਸ. ਦਰਸ਼ਨ ਸਿੰਘ ਰਾਗੀ ਜੀ ਦੇ ‘ਅਕਾਲ ਤਖਤ’ ਦੇ ਵਿਸ਼ੇ ਤੇ
ਨਵੇਂ ਵਿਚਾਰ ਪੜ੍ਹਨ ਨੂੰ ਮਿਲੇ ਹਨ। ਉਹਨਾਂ ਦਾ ਇਹ ਪ੍ਰਗਟਾਵਾ ਸਿਖ ਇਤਹਾਸ ਲਈ ਸ਼ੁਭ ਸ਼ਗਨ ਹੈ। ਹੁਣ
ਉਹ ਸਪਸ਼ਟ ਤੌਰ ਤੇ ਸ੍ਰੀ ਗੁਰੂ ਗ੍ਰੰਥ ਜੀ ਨੂੰ ਪ੍ਰਭੂ-ਪਰਮੇਸ਼ਵਰ ਦਾ ਤਖਤ (ਥਾਨ) ਮੰਨਦੇ ਹੋਏ ਸਿੱਖ
ਕੌਮ ਲਈ ਸ੍ਰੀ ਗੁਰੂ ਗ੍ਰੰਥ ਜੀ ਨੂੰ ਹੀ ਸਰਵਉੱਚ ਦਰਸਾਉਣ ਦਾ ਯਤਨ ਕਰ ਰਹੇ ਹਨ ਅਤੇ ਛੇਵੇਂ ਗੁਰੂ
ਜੀ ਵਲੋਂ ਵਰਤੋਂ ਵਿੱਚ ਲਿਆਂਦੇ ਤਖਤ ‘ਅਸਥਾਨ’ ਨੂੰ ਬਣਦਾ ਸਤਿਕਾਰ ਦਿੰਦੇ ਹੋਏ ਅਖੌਤੀ ‘ਅਕਾਲ ਤਖਤ’
ਨੂੰ ਇੱਕ ਇਮਾਰਤ ਦੇ ਅਤੇ ਇੱਕ ਸੰਸਥਾ ਦੇ ਤੌਰ ਤੇ ਮੂਲੋਂ ਹੀ ਨਕਾਰ ਰਹੇ ਹਨ। ਨਾਲ ਹੀ ਉਹ ਅਖੌਤੀ
‘ਅਕਾਲ ਤਖਤ’ ਦੇ ਅਖੌਤੀ ‘ਜੱਥੇਦਾਰ’ ਦੀ ਪਦਵੀ ਨੂੰ ਵੀ ਮਾਨਤਾ ਦੇਣ ਤੋਂ ਪਿੱਛੇ ਹਟ ਗਏ ਹਨ। ਇਸ
ਤਰ੍ਹਾਂ ਉਹ ‘ਅਕਾਲ ਤਖਤ’ ਦੀ ਪ੍ਰੰਪਰਾਗਤ ਹੋਂਦ ਤੋਂ ਇਨਕਾਰੀ ਹੋ ਗਏ ਪਰਤੀਤ ਹੋ ਰਹੇ ਹਨ।
ਉੱਪਰ ਦਰਸਾਈ ਸਥਿਤੀ ਤੋਂ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ ਕਿ ਸ. ਦਰਸ਼ਨ ਸਿੰਘ ਰਾਗੀ ਜੀ ਨੇ ਮੇਰੀ
ਹਾਲ ਵਿੱਚ ਹੀ ਪ੍ਰਕਾਸ਼ਿਤ ਹੋਈ ਪੁਸਤਕ ‘ਅਕਾਲ-ਤਖਤ: ਸੰਕਲਪ ਅਤੇ ਵਿਵਸਥਾ’ ਚੰਗੀ ਤਰ੍ਹਾਂ ਪੜ੍ਹ ਲਈ
ਹੈ ਜਿਸ ਦੀ ਇੱਕ ਕਾਪੀ ਉਹਨਾਂ ਨੂੰ ਪਿਛਲੇ ਦਿਨੀਂ ਉਹਨਾਂ ਦੇ ਮੁਹਾਲੀ ਪਧਾਰਨ ਤੇ ਭੇਂਟ ਕੀਤੀ ਗਈ
ਸੀ। ਹੁਣ ਚੰਗਾ ਹੋਵੇ ਕਿ ਸ. ਰਾਗੀ ਜੀ ਸਿਖ ਕੌਮ ਨੂੰ ਸਪਸ਼ਟ ਤੌਰ ਤੇ ਦੱਸਣ ਕਿ ਗੁਰੂ ਹਰਿਗੋਬਿੰਦ
ਜੀ ਨੇ ਤਖਤ ਦੀ ਵਰਤੋਂ ਤਾਂ ਕੀਤੀ ਸੀ ਪਰੰਤੂ ਉਹ ਤਖਤ ਇੱਕ ਪੀੜ੍ਹਾ ਸੀ ਜਾਂ ਇੱਕ ਕੁਰਸੀ ਨਾ ਕਿ
ਕੋਈ ਥੜ੍ਹਾ ਜਾਂ ਬਹੁ-ਮੰਜ਼ਿਲੀ ਇਮਾਰਤ ਅਤੇ ਉਹਨਾ ਨੇ ਇਸ ਪੀੜ੍ਹੇ/ਕੁਰਸੀ ਦਾ ਨਾਮ ‘ਅਕਾਲ’ ਤੇ ਨਹੀਂ
ਰਖਿੱਆ ਸੀ। ਦੂਸਰੀ ਸਪਸ਼ਟ ਕਰਨ ਵਾਲੀ ਗੱਲ ਇਹ ਹੈ ਕਿ ‘ਅਕਾਲ ਤਖਤ’ ਵਿੱਚ ਵਰਤਿਆ ਹੋਇਆ ਨਾਂਵ-ਰੂਪ
‘ਅਕਾਲ’ ਦਾ ਅਰਥ ਵਿਸ਼ਨੂੰ ਦੇਵਤੇ ਤੋਂ ਹੈ ਜਿਸ ਦੀ ‘ਗੁਰਬਿਲਾਸ ਪਾਤਸ਼ਾਹੀ 6’ ਦੇ ਲੇਖਕ ਨੇ
ਉਨ੍ਹੀਵੀਂ ਸਦੀ ਈਸਵੀ ਦੇ ਪਹਿਲੇ ਅੱਧ ਵਿੱਚ ਕਾਢ ਕੱਢ ਕੇ ‘ਅਕਾਲ ਤਖਤ’ ਦੀ ਪਹਿਲੀ ਵਾਰ ਵਰਤੋਂ
ਕੀਤੇ ਜਾਣ ਵੇਲੇ ਕੀਤੀ ਸੀ (ਵੇਖੋ ਪੁਸਤਕ ‘ਅਕਾਲ-ਤਖਤ: ਸੰਕਲਪ ਅਤੇ ਵਿਵਸਥਾ’ ਦਾ ਦੂਸਰਾ ਅਧਿਆਇ)
ਅਤੇ ਗੁਰਬਾਣੀ ਵਿੱਚ ‘ਅਕਾਲ’ ਦੀ ਵਰਤੋਂ ਕੇਵਲ ਇੱਕ ਵਿਸ਼ੇਸ਼ਣ ਦੇ ਤੌਰ ਤੇ ਹੀ ਹੋਈ ਹੈ ਜਿਵੇਂ ‘ਅਕਾਲ
ਪੁਰਖ’ ਅਤੇ ‘ਅਕਾਲ ਮੂਰਤ’ ਵਿੱਚ ਭਾਵ ‘ਅਕਾਲ ਤਖਤ’ ਦਾ ਅਰਥ ‘ਵਿਸ਼ਨੂੰ ਦਾ ਤਖਤ’ ਤੋਂ ਬਣਦਾ ਹੈ
‘ਪ੍ਰਭੂ ਦਾ ਤਖਤ’ ਤੋਂ ਨਹੀਂ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(25/02/13)
ਗਿ: ਸੰਤੋਖ ਸਿੰਘ ਅਸਟ੍ਰੇਲੀਆ
ਪਿਆਰੇ ਸੰਪਾਦਕ ਜੀਓ
ਕਲ੍ਹ ਸੰਤ ਰਣਜੀਤ ਸਿੰਘ ਢਡਰੀਆਂ ਵਾਲ਼ਿਆਂ ਦੀ ਲੰਮੀ ਵੀਡੀਓ ਸੁਣੀ। ਉਸ ਤੋਂ ਪਹਿਲਾਂ
ਪਰਲੋਕਵਾਸੀ ਗਿਆਨੀ ਸੰਤ ਸਿੰਘ ਮਸਕੀਨ ਜੀ ਦੇ ਕੁੱਝ ਬਚਨ ਵੀ ਸੁਣੇ।
ਅਗਲੀ ਗੱਲ਼ ਆਖਣ ਤੋਂ ਪਹਿਲਾਂ ਦੋ ਗੱਲਾਂ ਸਪੱਸ਼ਟ ਕਰ ਦਿਆਂ: ਨਾ ਤਾਂ ਮੈਨੂੰ ਅਜੇ ਤੱਕ ਕਿਸੇ ਜਿੰਨ,
ਭੂਤ, ਪ੍ਰੇਤ ਆਦਿ ਜੀ ਨੇ ਦਰਸ਼ਨ ਦੇਣ ਦੀ ਕਿਰਪਾ ਕੀਤੀ ਹੈ ਤੇ ਨਾ ਹੀ ਮੈਂ ਉਹਨਾਂ ਨੂੰ ਦਰਸ਼ਨ ਦੇਣ
ਦੀ ਬੇਨਤੀ ਜਾਂ ਕਾਮਨਾ ਕੀਤੀ ਹੈ। ਮੇਰਾ ਉਹਨਾਂ ਤੋਂ ਬਿਨਾ ਵਾਹਵਾ ਸਰੀ ਜਾਂਦਾ ਹੈ। ਦੂਜੀ ਗੱਲ ਇਹ
ਹੈ ਕਿ ਨਾ ਤਾਂ ਮੈਂ ਕਿਸੇ ਵਿਅਕਤੀ ਦਾ ਇਸ ਲਈ ਵਿਰੋਧੀ ਹਾਂ ਕਿ ਲੋਕ ਉਸ ਨੂੰ ਸੰਤ ਕਿਉਂ ਆਖਦੇ ਹਨ
ਤੇ ਨਾ ਹੀ ਕਿਸੇ ਸੰਤ ਕਹੇ ਜਾਂਦੇ ਦਾ, ਅੱਖਾਂ ਮੀਟ ਕੇ ਸ਼ਰਧਾਲੂ ਹਾਂ। ਗੁਰਬਾਣੀ ਫੁਰਮਾਨ, “ਸਾਂਝ
ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲ਼ੀਐ॥” ਉਪਰ ਅਮਲ ਕਰਨ ਦੇ ਯਤਨਾਂ ਵਿੱਚ ਹਾਂ।
ਸ੍ਰੀ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਨਾਮੀ ਬਾਣੀ ਵਿੱਚ ਫੁਰਮਾਉਂਦੇ ਹਨ:
ਕਈ ਕੋਟਿ ਜਖ ਕਿੰਨਰ ਪਿਸਾਚ॥
ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ॥
ਅਰਥ: ਕਰੋੜਾਂ ਹੀ ਜੱਖ ਕਿੰਨਰ ਤੇ ਪਿਸ਼ਾਚ ਹਨ ਅਤੇ ਕਰੋੜਾਂ ਹੀ ਭੂਤ ਪ੍ਰੇਤ ਸੂਰ ਤੇ ਸ਼ੇਰ
ਹਨ।
ਅੱਗੇ ਚੱਲ ਕੇ:
ਪ੍ਰਭ ਤੇ ਹੋਇ ਪ੍ਰਭ ਮਾਹਿ ਸਮਾਤਿ॥ (ਪੰਨਾ 276)
ਅਰਥ: ਪ੍ਰਭੂ ਤੋਂ ਪੈਦਾ ਹੋ ਕੇ ਫਿਰ ਪ੍ਰਭੂ ਵਿੱਚ ਲੀਨ ਹੋ ਜਾਂਦੇ ਹਨ।
ਮੈਂ ਆਪਣੀ ਸੀਮਤ ਜਿਹੀ ਸੋਚ ਅਨੁਸਾਰ ਇਸ ਦੇ ਅਰਥ ਏਹੀ ਸਮਝਦਾ ਹਾਂ ਜੋ ਕਿ ਉਪਰ ਸਪੱਸ਼ਟ ਦਿਸਦੇ ਹਨ।
ਨਵੀ ਵਿਦਵਤਾ, ਅਕਲ ਅਤੇ ਸੋਚ ਅਨੁਸਾਰ, ਆਪਣੇ ਅਨੁਭਵ ਉਪਰ ਆਧਾਰਤ, ਇਹਨਾਂ ਦੇ ਕੁੱਝ ਹੋਰ ਲੁਪਤ ਅਰਥ
ਜੇਕਰ ਨਵੀਨ ਵਿਦਵਾਨ ਕਰਦੇ ਹੋਣ ਤਾਂ ਮੇਰੀ ਮੈਨੂੰ ਉਹਨਾਂ ਦੀ ਜਾਣਕਰੀ ਨਹੀਂ।
ਨਵੀਨ ਮੁਹਾਵਰੇ ਅਨੁਸਾਰ ਗੁਰਬਾਣੀ ਦੇ ਅਰਥਾਂ ਦੀ ਪ੍ਰਪਾਟੀ, ਸਤਿਕਾਰ ਯੋਗ ਪ੍ਰੋ ਸਾਹਿਬ ਸਿੰਘ ਜੀ
ਨੇ ਤੋਰੀ ਹੈ ਅਤੇ ਜਿਸ ਨੂੰ ਅੱਜ ਤੱਕ ਵੀ ਪੜ੍ਹੇ ਲਿਖੇ ਵਿਦਵਾਨ, ਗੁਰਬਾਣੀ ਦੀ ਵਿਚਾਰ ਕਰਨ ਸਮੇ,
ਵਿਗਿਆਨਕ ਤੌਰ ਤੇ ਆਧਾਰ ਮੰਨਦੇ ਹਨ। ਪ੍ਰੌਫ਼ੈਸਰ ਸਾਹਿ ਜੀ ਗੁਪਤ ਰੂਹਾਂ ਬਾਰੇ ਕੀ ਵਿਚਾਰ ਰੱਖਦੇ
ਹਨ, ਇਹ ਸਮਝਣ ਲਈ, ਉਹਨਾਂ ਦੀ ਹੱਥ ਲਿਖਤ ਕਿਤਾਬ ‘ਮੇਰੀ ਜੀਵਨ ਕਹਾਣੀ’ ਦੇ ਪੰਨਾ 106 ਉਪਰ ਦਰਜ
‘ਇਕ ਅਜੀਬ ਘਟਨਾ’ ਅਤੇ ਫਿਰ ਪੰਨਾ 115 ਉਪਰ ਅੰਕਤ ‘ਫਰੂਕੇ ਵਰਗੀ ਇੱਕ ਹੋਰ ਘਟਨਾ’ ਵਿੱਚ ਕੀ ਲਿਖਦੇ
ਹਨ, ਇਸ ਉਪਰ ਵੀ ਨਿਗਾਹ ਮਾਰ ਲੈਣੀ ਲਾਭਦਾਇਕ ਹੋਵੇਗੀ ਹੈ।
ਮੈਨੂੰ ਇਹ ਮੰਨਣ ਵਿੱਚ ਔਖਿਆਈ ਆ ਰਹੀ ਹੈ ਕਿ ਇਸ ਟੇਪ ਵਿੱਚ ਆਖੀਆਂ ਗਈਆਂ ਗੱਲਾਂ ਸੰਤ ਜੀ ਆਖ ਸਕਦੇ
ਹਨ। ਜਿਵੇਂ ਪਹਿਲਾਂ ਉਹਨਾਂ ਦੀ ਫੋਟੋ ਨਾਲ਼ ਗੰਦੀਆਂ ਗਾਹਲਾਂ ਜੋੜ ਕੇ, ਇੰਟਰਨੈਟ ਤੇ ਚਾਹੜੀਆਂ ਗਈਆਂ
ਸਨ, ਹੋ ਸਕਦਾ ਕਿ ਇਹ ਵੀ ਕੋਈ ਅਜਿਹੀ ਸ਼ਰਾਰਤ ਹੀ ਹੋਵੇ। ਅਜਿਹਾ ਕੁੱਝ ਤਾਂ ਕਈ ਦਹਾਕਿਆਂ ਤੋਂ
‘ਤਰਕਸੀਲ਼’ ਪ੍ਰਚਾਰੀ ਜਾ ਰਹੇ ਹਨ ਜੋ ਸੰਤ ਜੀ ਤੋਂ ਅਖਵਾਇਆ ਗਿਆ ਹੈ। ਸੰਤ ਜੀ ਦੇ ਵਿਚਾਰ ਦੂਜਿਆਂ
ਨਾਲ਼ੋਂ ਵੱਖਰੇ ਵੀ ਹੋ ਸਕਦੇ ਹਨ ਤੇ ਸਮੇ ਸਮੇ ਹਾਲਤਾਂ ਅਨੁਸਾਰ ਬਦਲ ਵੀ ਸਕਦੇ ਹਨ ਪਰ ਜੋ ਕੁੱਝ ਉਹ
ਦਾਹਵੇ ਨਾਲ਼ ਗੁਰਬਾਣੀ ਦਾ ਹਵਾਲਾ ਦੇ ਕੇ ਸਿੱਧ ਕਰਨਾ ਚਾਹੁੰਦੇ ਹਨ, ਜਰੂਰੀ ਨਹੀਂ ਅਸੀਂ ਸਾਰੇ ਵੀ
ਉਸ ਵਿਚਾਰ ਨਾਲ਼ ਸਹਿਮਤ ਹੋਈਏ।
ਇਹ ਘਟ ਤੋਂ ਘਟ ਮੈਂ ਤਾਂ ਮੰਨਦਾ ਹਾਂ, ਚਾਹੇ ਹੋਰ ਕੋਈ ਮੰਨੇ ਜਾ ਨਾ ਮੰਨੇ, ਕਿ ਸੰਤ ਰਣਜੀਤ ਸਿੰਘ
ਜੀ ਉਪਰ ਨਿਰੰਕਾਰ ਵੱਲੋਂ ਚਾਰ ਧੁਰੋਂ ਬਖ਼ਸ਼ਿਸ਼ਾਂ ਹਨ। ਅਜਿਹੀਆਂ ਤੇ ਏਨੀ ਮਾਤਰਾ ਵਿੱਚ ਰੱਬੀ
ਰਹਿਮਤਾਂ ਪ੍ਰਾਪਤ ਅਜੇ ਤੱਕ ਕਿਸੇ ਹੋਰ ਸੱਜਣ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ। ਇਹ ਚਾਰ ਰਹਿਮਤਾਂ
ਹਨ: ਸੁੰਦਰ ਸਰੂਪ, ਗਾਉਣ ਕਲਾ ਅਤੇ ਭਾਸ਼ਨ ਕਲਾ, ਅਤੇ ਇਸ ਤੋਂ ਇਲਾਵਾ ਪ੍ਰਬੰਧਨ ਯੋਗਤਾ। ਪਿਛਲੀ
ਚੌਥੀ ਕਲਾ ਦਾ ਸਿਰਜਕ ਉਹਨਾਂ ਦੇ ਸਾਥੀਆਂ ਵਿਚੋਂ ਚਾਹੇ ਕੋਈ ਸੱਜਣ ਹੋਵੇ ਪਰ ਜੋ ਦਿਸਦਾ ਨਾ ਹੋਣ
ਕਰਕੇ, ਇਹ ਯੋਗਤਾ ਵੀ ਮੈਂ ਉਹਨਾਂ ਦੀ ਹੀ ਮੰਨਣ ਲਈ ਮਜਬੂਰ ਹਾਂ। ਹੋ ਸਕਦਾ ਹੈ ਕਿ ਉਹਨਾਂ ਦੇ
ਇਹਨਾਂ ਚਾਰ ਗੁਣਾਂ ਦੇ ਵਿਰੋਧੀ, ਉਹਨਾਂ ਦੀ ਵਡਿਆਈ ਤੋਂ ਈਰਖਾ ਖਾ ਕੇ, ਉਹਨਾਂ ਨੂੰ ਬਦਨਾਮ ਕਰਨ ਦਾ
ਅਸਫ਼ਲ ਤੇ ਕੋਝਾ ਕੁਯਤਨ ਕਰ ਰਹੇ ਹੋਣ!
ਗੁਣ ਅਵਗੁਣ ਸਭ ਮਾਹਿ ਸਰੀਰੈ॥
ਭੁਲਣ ਅੰਦਰ ਸਭ ਕੋ ਅਭੁਲ ਗੁਰੂ ਕਰਤਾਰ॥
ਉਪ੍ਰੋਕਤ ਉਪਦੇਸ਼ ਅਨੁਸਾਰ ਸੰਤ ਰਣਜੀਤ ਸਿੰਘ ਜੀ ਵੀ ਇੱਕ ਵਿਅਕਤੀ ਹੈ ਤੇ ਕੋਈ ਵੀ ਵਿਅਕਤੀ ਅਭੁਲ
ਨਹੀਂ ਹੋ ਸਕਦਾ। ਇਸ ਤੋਂ ਇਲਾਵਾ ਗੁਰਬਾਣੀ ਦਾ ਇਹ ਵੀ ਹੁਕਮ ਹੈ:
ਬਿਨ ਬਾਦ ਵਿਰੋਧਹਿ ਕੋਈ ਨਾਹੀ॥
ਮੈ ਦੇਖਾਲਿਹੁ ਤਿਸੁ ਸਾਲਾਹੀ॥
ਆਪਣੇ ਵਿਚਾਰਾਂ ਨੂੰ, ਬਿਨਾ ਕਿਸੇ ਦਾ ਮਾਣ ਜਾਂ ਅਪਮਾਨ ਕਰਨ ਦੀ ਕੁਬਿਰਤੀ ਤੋਂ ਰਹਿਤ ਹੋ ਕੇ,
ਪਾਠਕਾਂ ਦੇ ਸਨਮੁਖ ਰੱਖ ਰਿਹਾ ਹਾਂ।
ਸ਼ੁਭਚਿੰਤਕ
ਸੰਤੋਖ ਸਿੰਘ
+61 435 060 970
(25/02/13)
ਗੁਰਿੰਦਰ ਸਿੰਘ ਕੋਟਕਪੂਰਾ
ਧਰਮ
ਦੇ ਨਾਂਅ `ਤੇ ਮਨੁੱਖ ਦੀ ਲੁੱਟ ਮੁੱਢ-ਕਦੀਮ ਤੋਂ ਲੈ ਕੇ ਅੱਜ ਵੀ ਨਿਰੰਤਰ ਜਾਰੀ-ਭਾਈ ਪੰਥਪ੍ਰੀਤ
ਸਿੰਘ
ਮੋਰਾਂ ਨਾਚੀ ਬਦਲੇ ਮਹਾਰਾਜਾ ਰਣਜੀਤ ਸਿੰਘ ਤਲਬ ਪਰ ਅੱਜ ਜੱਥੇਦਾਰ ਚੁੱਪ ਕਿਉਂ?
ਵਰ-ਸ਼ਰਾਪ ਤੇ ਡਰ ਜੋਤਸ਼ੀਆਂ ਤੇ ਡੇਰੇਦਾਰਾਂ ਵੱਲੋਂ ਮਨੁੱਖੀ ਲੁੱਟ ਦਾ ਨਵਾਂ ਰਾਹ! !
ਗੋਲਕਾਂ ਦਾ ਪੈਸਾ ਸੰਗਮਰਮਰ ਦੀ ਬਜਾਇ ਹੋਣਹਾਰ ਵਿਦਿਆਰਥੀਆਂ ਦੀ ਪੜ੍ਹਾਈ `ਤੇ ਖਰਚੋ! !
ਕੋਟਕਪੂਰਾ, 25 ਫਰਵਰੀ (ਗੁਰਿੰਦਰ ਸਿੰਘ) :- ਮੋਰਾਂ ਨਾਚੀ ਦਾ ਨਾਚ ਦੇਖਣ ਬਦਲੇ ਸ਼੍ਰੀ
ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਤਲਬ ਕਰਕੇ ਚਿਤਾਵਨੀ ਦਿੱਤੀ ਕਿ
ਸਿੱਖਾਂ ਨੂੰ ਲੜਕੀਆਂ ਦੇ ਨਾਚ ਦੇਖਣੇ ਸ਼ੋਭਾ ਨਹੀਂ ਦਿੰਦੇ ਪਰ ਅੱਜ ਖੇਡਾਂ ਦੇ ਨਾਂਅ `ਤੇ ਕਰੋੜਾਂ
ਰੁਪਿਆ ਖਰਚ ਕੇ ਕੈਟਰੀਨਾ ਕੈਫ਼ ਵਰਗੀਆਂ ਪਰੀਆਂ ਦੇ ਨਾਚ ਕਰਵਾਏ ਜਾ ਰਹੇ ਹਨ। ਇਸ ਦੇ ਬਾਵਜੂਦ ਆਮ
ਜਨਤਾ ਭਾਵੇਂ ਕੁੱਝ ਨਾ ਬੋਲੇ, ਅਕਾਲੀ ਆਗੂ ਭਾਵੇਂ ਕੰਨਾਂ `ਚ ਰੂੰ ਪਾ ਕੇ ਬੈਠੇ ਰਹਿਣ ਪਰ ਤਖ਼ਤਾਂ
ਦੇ ਜੱਥੇਦਾਰਾਂ ਦੀ ਚੁੱਪ ਹੈਰਾਨੀਜਨਕ ਸਿੱਧ ਹੋ ਰਹੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਥਕ ਵਿਦਵਾਨ
ਤੇ ਸਿੱਖ ਚਿੰਤਕ ਭਾਈ ਪੰਥਪ੍ਰੀਤ ਸਿੰਘ ਖਾਲਸਾ ਨੇ ਨੇੜਲੇ ਪਿੰਡ ਵਾੜਾਦਰਾਕਾ ਵਿਖੇ 3 ਰੋਜ਼ਾ ਧਾਰਮਿਕ
ਦੀਵਾਨਾਂ ਦੇ ਪਹਿਲੇ ਦਿਨ ਗੁਰਬਾਣੀ ਦੀਆਂ ਵਿਚਾਰਾਂ ਕਰਦਿਆਂ ਕੀਤਾ। ਉਨਾਂ ਇਤਿਹਾਸ ਦੇ ਪੰਨੇ
ਫਰੋਲਦਿਆਂ ਦੱਸਿਆ ਕਿ ਮੁਸਲਿਮ ਔਰਤ ਬਾਨੋ ਬੇਗਮ ਅਤੇ ਹਿੰਦੂ ਲੜਕੀ ਸ਼ਰਨੀ ਨੂੰ ਗੁੰਡਿਆਂ ਵੱਲੋਂ
ਅਗਵਾ ਕਰਕੇ ਲਿਜਾਣ ਅਤੇ ਹਰੀ ਸਿੰਘ ਨਲੂਏ ਦੇ ਜੈਕਾਰੇ ਤੋਂ ਬਾਅਦ ਸਿੰਘਾਂ ਵੱਲੋਂ ਉਕਤ ਦੋਨੋਂ
ਲੜਕੀਆਂ ਨੂੰ ਸੁਰੱਖਿਅਤ ਗੁੰਡਿਆਂ ਦੇ ਕਬਜ਼ੇ `ਚੋਂ ਛੁਡਾ ਕੇ ਉਨਾਂ ਘਰ ਪਹੁੰਚਾਉਣ ਦੀਆਂ ਸੱਚੀਆਂ
ਕਹਾਣੀਆਂ ਕੋਈ ਬਹੁਤੀਆਂ ਪੁਰਾਣੀਆਂ ਨਹੀਂ ਪਰ ਅੱਜ ਗੈਰਾਂ ਦੀਆਂ ਔਰਤਾਂ ਨਿਲਾਮ ਹੋਣ ਤੋਂ ਬਚਾਉਣ ਦਾ
ਇਤਿਹਾਸ ਸਿਰਜਣ ਵਾਲੀ ਸਿੱਖ ਕੌਮ `ਚ ਘੁਸਪੈਠ ਕਰ ਚੁੱਕੇ ਭੇੜੀਏ ਨਬਾਲਗ ਲੜਕੀਆਂ ਨੂੰ ਦਿਨ-ਦਿਹਾੜੇ
ਅਗਵਾ ਕਰ ਰਹੇ ਹਨ ਤੇ ਆਪਣੀ ਸਕੀ ਧੀ ਦੀ ਪੱਤ ਬਚਾਉਣ ਵਾਲੇ ਪਿਓ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ
ਉਤਾਰਿਆ ਜਾ ਰਿਹਾ ਹੈ। ਉਨਾਂ ਪੰਜਾਬ `ਚ ਫੈਲ ਰਹੀ ਲੱਚਰ ਗਾਇਕੀ ਨੂੰ ਏਜੰਸੀਆਂ ਦੀ ਕਾਢ ਦੱਸਦਿਆਂ
ਕਿਹਾ ਕਿ ਲੱਚਰ ਤੇ ਅਸ਼ਲੀਲ ਗਾਇਕੀ ਨਾਲ ਸਾਡੇ ਨੌਜਵਾਨਾਂ ਦੀ ਅਣਖ ਤੇ ਗੈਰਤ ਨੂੰ ਖਤਮ ਕੀਤਾ ਜਾ
ਰਿਹਾ ਹੈ ਤੇ ਸਿੱਖ ਕੌਮ ਦੀ ਨਸਲਕੁਸ਼ੀ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਗੁਰਬਾਣੀ ਦੀਆਂ
ਵੱਖ-ਵੱਖ ਪੰਗਤੀਆਂ ਦੀਆਂ ਮਿਸਾਲਾਂ ਦਿੰਦਿਆਂ ਉਨਾਂ ਦੱਸਿਆ ਕਿ ਗੁਰੂਆਂ ਨੇ ਗੁਰਬਾਣੀ `ਚ ਕਈ ਜਗ੍ਹਾ
ਝੂਠ ਦੇ ਹਵਾਲੇ ਦੇ ਕੇ ਪਿੱਛੇ ਉਨਾਂ ਨੂੰ ਦਲੀਲਾਂ ਨਾਲ ਰੱਦ ਕਰਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ
ਪਰ ਕਈ ਅਣਭੋਲ ਸੰਗਤਾਂ ਉਨਾਂ ਝੂਠੇ ਹਵਾਲਿਆਂ ਨੂੰ ਹੀ ਗੁਰਮਤਿ ਮੰਨ ਲੈਂਦੀਆਂ ਹਨ ਤੇ ਇਸ ਤਰ੍ਹਾਂ
ਡੇਰੇਦਾਰਾਂ, ਪਖੰਡੀਆਂ, ਤਾਂਤਰਿਕਾਂ ਅਤੇ ਬੂਬਨੇ ਸਾਧਾਂ ਨੂੰ ਆਮ ਸੰਗਤਾਂ ਦੀ ਲੁੱਟ ਕਰਨ ਦਾ ਮੌਕਾ
ਮਿਲ ਜਾਂਦਾ ਹੈ।
ਸ਼ਬਦ ਗੁਰੂ ਚੇਤਨਾ ਸਮਾਗਮ ਦੇ ਪਹਿਲੇ ਦਿਨ ਭਾਈ ਪਰਮਿੰਦਰ ਸਿੰਘ ਪਾਰਸ ਦੇ ਢਾਡੀ ਜੱਥੇ ਨੇ ਸ਼ਹੀਦਾਂ
ਦੀਆਂ ਜੋਸ਼ੀਲੀਆਂ ਵਾਰਾਂ ਪੇਸ਼ ਕਰਕੇ ਆਪਣੀ ਹਾਜ਼ਰੀ ਲਵਾਈ, ਉਪਰੰਤ ਪੰਥਪ੍ਰੀਤ ਸਿੰਘ ਖਾਲਸਾ ਨੇ ਤਨ ਤੇ
ਮਨ ਦੀ ਵੱਖੋ-ਵੱਖਰੀ ਦਸ਼ਾ ਦਾ ਵਿਖਿਆਣ ਕਰਦਿਆਂ ਦੱਸਿਆ ਕਿ ਗੁਰੂ ਦੀ ਹਜ਼ੂਰੀ `ਚ ਤਨ ਦੀ ਹਾਜ਼ਰੀ ਨਹੀਂ
ਬਲਕਿ ਮਨ ਦੀ ਹਾਜ਼ਰੀ ਲੱਗਣੀ ਹੈ, ਕਿਉਂਕਿ ਗੁਰਦਵਾਰਾ ਸਾਹਿਬ ਗੁਰੂ ਦੀ ਪਾਠਸ਼ਾਲਾ ਹੈ ਤੇ ਗੁਰੂ ਦਾ
ਹੁਕਮ ਅਰਥਾਤ ਬਚਨ ਮੰਨਣਾ ਸਾਡਾ ਮੁੱਢਲਾ ਫਰਜ਼ ਹੈ। ਉਨਾਂ ਵੱਖ-ਵੱਖ ਤੀਰਥਾਂ `ਤੇ ਇਸ਼ਨਾਨ ਕਰਨ ਨਾਲ
ਜੋੜ ਕੇ ਬਾਬੇ ਨਾਨਕ ਦੀਆਂ ਪੰਗਤੀਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਤਨ ਦਾ ਇਸ਼ਨਾਨ ਧਰਮ ਨਹੀਂ,
ਕਿਉਂਕਿ ਸਰੀਰਕ ਇਸ਼ਨਾਨ ਨਾਲ ਤਨ ਦੀ ਮੈਲ ਤਾਂ ਦੂਰ ਹੋ ਸਕਦੀ ਹੈ ਪਰ ਕੀਤੇ ਪਾਪਾਂ ਦੀ ਮੈਲ ਦੂਰ
ਨਹੀਂ ਹੋ ਸਕਦੀ, ਕਿਉਂਕਿ ਮਨ ਦੀ ਮੈਲ ਗੁਰਬਾਣੀ ਨਾਲ ਹੀ ਧੋਤੀ ਜਾ ਸਕਦੀ ਹੈ। ਉਨਾਂ ਤਨ ਦਾ ਇਸ਼ਨਾਨ
ਪਾਣੀ ਨਾਲ ਅਤੇ ਮਨ ਦਾ ਇਸ਼ਨਾਨ ਬਾਣੀ ਨਾਲ ਕਰਨ ਦੀਆਂ ਦਲੀਲਾਂ ਦੇ-ਦੇ ਕੇ ਮਿਸਾਲਾਂ ਦਿੰਦਿਆਂ ਦੱਸਿਆ
ਕਿ ਸਰੀਰਕ ਇਸ਼ਨਾਨ ਨਾਲ ਸਿਰਫ਼ ਸਰੀਰ ਸਾਫ ਹੁੰਦੈ ਪਰ ਜਦੋਂ ਮਨ ਨਿਰਮਲ ਹੋ ਜਾਂਦਾ ਹੈ ਤਾਂ ਅੱਖਾਂ
ਬੁਰਾ ਨਹੀਂ ਤੱਕਦੀਆਂ, ਕੰਨ ਗਲਤ ਨਹੀਂ ਸੁਣਦੇ, ਹੱਥ-ਪੈਰ ਆਦਿਕ ਮਾੜਾ ਕੰਮ ਨਹੀਂ ਕਰਦੇ। ਉਨਾਂ
ਕਿਹਾ ਕਿ ਤਨ ਉੱਤੇ ਧਰਮ ਦਾ ਲੇਬਲ ਲਾ ਕੇ ਕੋਈ ਧਰਮੀ ਨਹੀਂ ਬਣ ਜਾਂਦਾ। ਕਿਉਂਕਿ ਬਾਬੇ ਨਾਨਕ ਨੇ
ਸਪਸ਼ਟ ਕੀਤਾ ਹੈ ਕਿ ਇਥੇ ਪ੍ਰਮਾਤਮਾ ਤੋਂ ਬਿਨਾਂ ਕਿਸੇ ਦੇਵੀ-ਦੇਵਤੇ ਦਾ ਕੋਈ ਹੁਕਮ ਨਹੀਂ ਚੱਲਦਾ।
ਵਰ-ਸ਼ਰਾਪ ਜਾਂ ਡਰ ਤਾਂ ਐਵੇ ਜੋਤਸ਼ੀਆਂ ਤੇ ਸਾਧਾਂ ਨੇ ਸੰਗਤ ਦੀ ਲੁੱਟ ਕਰਨ ਲਈ ਬਣਾਏ ਹਨ।
ਗੁਰਦਵਾਰਿਆਂ ਲਈ ਸੋਨੇ ਦੀ ਸੇਵਾ ਮੰਗਣ ਵਾਲਿਆਂ `ਤੇ ਟਿੱਪਣੀ ਕਰਦਿਆਂ ਉਨਾਂ ਦੱਸਿਆ ਕਿ ਸੋਨੇ ਦੀ
ਸੇਵਾ `ਚ ਕੁੰਡੀ ਚੰਗੀ ਲੱਗ ਜਾਂਦੀ ਹੈ। ਉਨਾਂ ਪਿਛਲੇ ਦਿਨੀਂ ਕੁੱਝ ਲੋਕਾਂ ਵੱਲੋਂ ਪਾਕਿਸਤਾਨ `ਚ
ਲਿਜਾਈ ਗਈ ਸੋਨੇ ਦੀ ਪਾਲਕੀ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਸ `ਚ ਕਰੋੜਾਂ ਰੁਪੈ ਦਾ ਘਪਲਾ ਹੋਇਆ,
ਕੁੱਝ ਦਿਨ ਚਰਚਾ ਚੱਲੀ ਤੇ ਫਿਰ ਮਾਮਲਾ ਠੱਪ! ਉਨਾਂ ਦੱਸਿਆ ਕਿ ਜਿਸ ਦਿਨ ਸਿੱਖ ਕੌਮ ਦੇ ਆਗੂ
ਗੋਲਕਾਂ ਦਾ ਪੈਸਾ ਸੰਗਮਰਮਰ ਤੇ ਸੋਨੇ ਉੱਪਰ ਖਰਚ ਕਰਨ ਦੀ ਬਜਾਇ ਹੋਣਹਾਰ ਵਿਦਿਆਰਥੀ/ਵਿਦਿਆਰਥਣਾਂ
ਦੀਆਂ ਪੜ੍ਹਾਈ `ਤੇ ਖਰਚ ਕਰਨਗੇ ਤਾਂ ਉਸ ਦਿਨ ਕੌਮ `ਚ ਨਵਾਂ ਇਨਕਲਾਬ ਪੈਦਾ ਹੋਣਾ ਸੁਭਾਵਿਕ ਹੈ।
ਉਨਾਂ ਅਫਸੋਸ ਜ਼ਾਹਰ ਕੀਤਾ ਕਿ ਧਰਮ ਦੇ ਨਾਂਅ `ਤੇ ਆਮ ਮਨੁੱਖ ਦੀ ਲੁੱਟ ਮੁੱਢ-ਕਦੀਮ ਤੋਂ ਹੁੰਦੀ ਆਈ
ਹੈ, ਜੋ ਅੱਜ ਵੀ ਨਿਰੰਤਰ ਜਾਰੀ ਹੈ।
(25/02/13)
ਬਿਕਰਮਜੀਤ ਸਿੰਘ “ਜੀਤ”
::::
ਸੁਮੱਤ ਦੇਵੀਂ ਦਾਤਾ ::::
ਚੂਰ ਚੂਰ ਦਿਲ ਕਿਸੇਦਾ ਹੁੰਦੈ, ਜਦ ਧੋਖੇਬਾਜ਼ੀ ਕਰਦੇ ਹਾਂ
ਕਿਸੇ ਦੇ ਬੀਜੇ ਖੇਤਾਂ ਦੀ ਅੱਸੀ, ਛੁੱਪ ਛੁੱਪ ਵਾਢੀ ਕਰਦੇ ਹਾਂ
ਗਮਲੇ ਫ਼ੁੱਲਾਂ ਦੇ ਕੋਈ ਸਜਾਏ, ਨਾਮ ਆਪਣੇਂ ਕਰਦੇ ਹਾਂ
ਨੁਸਖ਼ੇ ਕੋਈ ਬਣਾਂਦੈ ਦੂਜਾ, ਲਾ ਅਪਣੀ ਚੇਪੀ ਧਰਦੇ ਹਾਂ
ਰੱਬ ਦਾ ਡੱਰ ਨਹੀਂ ਏ ਸਾਨੂੰ, ਜੱਗ ਨੂੰ ਜੇਬ’ਚ ਧਰਦੇ ਹਾਂ
ਪਾਪ ਝੂਠ ਤੇ ਝੂਠੀ ਆਕੜ, ਨਾਲ ਦੁਨੀ’ਚ ਵਿਚਰਦੇ ਹਾਂ
ਅੱਕਲ ਦੀ ਡੋੰਡੀ ਪਿਟਕੇ ਅਪਣੀ, ਮੀਆਂ ਮਿਠੂ ਬਣਦੇ ਹਾਂ
ਪਰ ਅਣਜਾਣ ਹਾਂ ਨਾਲ ਗੁਨਾਹਾਂ, ਬੇੜੀ ਅਪਣੀ ਭਰਦੇ ਹਾਂ
ਸੱਚ ਹਮੇਸ਼ਾਂ ਸੱਚ ਹੀ ਹੁੰਦੈ, ਆਖਿਰ ਓਹੀ ਉਭਰਦਾ ਹੈ
ਝੂਠ ਮੁੱਲਮਾਂ ਭਾਵੇਂ ਚਮਕੇ, ਪੱਲ ਜਾਂ ਦੋ ਪੱਲ ਭਰ ਦਾ ਹੈ
ਸਿਰ ਤੇ ਰੱਬ ਦਾ ਹੱਥ ਸਦਾ ਹੈ, ਰਾਖੀ ਸੱਚ ਦੀ ਕਰਦਾ ਹੈ
ਤੱਤੀ ਵਾਉ ਨ੍ਹਾਂ ਲਗਦੀ ਉਸਨੂੰ, ਡਗਰ ਜੋ ਸੱਚੀ ਫੜਦਾ ਹੈ
ਕਰੇ “ਜੀਤ”ਅਰਦਾਸ ਹੇ ਦਾਤਾ, ਸਾਨੂੰ ਇਹ ਸੁਮੱਤ ਦੇਵੀਂ
ਸੱਚ ਦਾ ਵਾਸਾ ਹੋਵੇ ਅੰਦਰ, ਇਕ ਏਹੋ ਵਰਦਾਨ ਤੂੰ ਦੇਵੀਂ
ਬਿਕਰਮਜੀਤ ਸਿੰਘ “ਜੀਤ”
(24/02/13)
ਜਸਵਿੰਦਰ ਸਿੰਘ ‘ਰੁਪਾਲ’
{ਭਗਤ
ਰਵਿਦਾਸ ਜੀ ਦੇ ਜਨਮ ਦਿਨ ਤੇ…}
ਜਸਵਿੰਦਰ ਸਿੰਘ ‘ਰੁਪਾਲ’
9814715796
ਪ੍ਰੀਤ ਲਾਈ ਤੂੰ ਇੱਕ ਪ੍ਰਮਾਤਮਾ ਨਾਲ, ਝੂਠੀ ਜੱਗ ਦੀ ਪ੍ਰੀਤ ਸੀ ਤੋੜ ਦਿੱਤੀ।
ਉਸ ਅਨਾਮੀ ਦੇ ਨਾਮ ਨੂੰ ਜਪ ਜਪ ਕੇ, ਸੁਰਤ ਸ਼ਬਦ ਦੇ ਵਿੱਚ ਸੀ ਜੋੜ ਦਿੱਤੀ।
ਰੂਹ ਸਦਾ ਹੀ ਪ੍ਰਭੂ ਦੇ ਗੀਤ ਗਾਵੇ, ਕੂੜ-ਰੀਤ ਦੁਨੀਆਂ ਵਾਲੀ ਤੋੜ ਦਿੱਤੀ।
ਜਾਤ-ਪਾਤ ਵਿੱਚ ਗ੍ਰਸੀ ਸੀ ਸੋਚ ਜਿਹੜੀ, ਇੱਕੋ ਜੋਤ ਦੇ ਵੱਲ ਨੂੰ ਮੋੜ ਦਿੱਤੀ।
ਜਿਹੜੇ ਪੈਰਾਂ ਨੂੰ ਤੁਰਨ ਦੀ ਜਾਚ ਆ ਗਈ, ਉਨ੍ਹਾਂ ਵਾਸਤੇ ਨੈਣ ਵਿਛਾਏ ਤੂੰ ਤਾਂ।
ਕੰਡੇ ਚੁਭਣ ਨਾ, ਕਿਤੇ ਨਾ ਪੈਣ ਅੱਟਣ, ਖਾਤਰ ਉਨ੍ਹਾਂ ਦੀ ਜੋੜੇ ਬਣਾਏ ਤੂੰ ਤਾਂ।
ਅੱਗੇ ਲੱਗ ਕੇ ਚਲਣਾ ਦੱਸਿਆ ਸੀ, ਸੱਚੇ ਮਾਰਗ ਦੇ ਪੂਰਨੇ ਪਾਏ ਤੂੰ ਤਾਂ।
ਅਸਲ ਵਿੱਚ ਸੁੱਚੇ ‘ਸੁੱਚੀ ਕਿਰਤ ਵਾਲੇ’, ਸੁੱਚ-ਜੂਠ ਦੇ ਭੇਦ ਸਮਝਾਏ ਤੂੰ ਤਾਂ।
ਆਈ ਮੱਥੇ ਤਰੇਲੀ ਸੀ ਬ੍ਰਾਹਮਣਾਂ ਦੇ, ਮਾਲਕ ਨਾਲ ਜਾਂ ਤੱਕਿਆ ਪਿਆਰ ਤੇਰਾ।
ਊਚ ਨੀਚ ਬਿਰਤੀ ਜੜ੍ਹੋਂ ਹਿੱਲ ਗਈ ਸੀ, ਇੱਕੋ ਜਿਹਾ ਸਭ ਖਾਤਰ ਵਿਵਹਾਰ ਤੇਰਾ।
ਨੀਚ ਸਮਝ ਤੈਨੂੰ ਘਿਰਣਾ ਕਰਨ ਜਿਹੜੇ, ਉਹਨਾਂ ਲਈ ਵੀ ਖੁਲ੍ਹਾ ਦਰਬਾਰ ਤੇਰਾ।
ਸ਼ਰਮਸ਼ਾਰ ਹੋਏ ਸਾਰੇ ਕਰਮ-ਕਾਂਡੀ, ਨਾਲ ਨਿਮਰਤਾ ਰਿਦਾ ਸਰਸ਼ਾਰ ਤੇਰਾ।
ਪ੍ਰਭੂ-ਪ੍ਰੀਤ ਦੇ ਜ਼ਜ਼ਬੇ ਜੋ ਭਰੇ ਦਿਲ ਵਿੱਚ, ਅਮਰ-ਸ਼ਬਦਾਂ ਦੇ ਅੰਦਰ ਸੰਭਾਲ ਦਿੱਤੇ।
ਰਾਗ ਅਤੇ ਸੰਗੀਤ ਦੀ ਛੋਹ ਦੇ ਕੇ, ਉਚੀ ਸੁਰਤ ਦੇ ਉਚੇ ਖਿਆਲ ਦਿੱਤੇ।
ਆਦਿ-ਗ੍ਰੰਥ ਖਜ਼ਾਨੇ ਲਈ ਗੁਰੂ ਅਰਜਨ, ਜੌਹਰੀ ਬਣ ਜੀਰੇ ਸਨ ਭਾਲ਼ ਦਿੱਤੇ।
ਸਿੱਖ-ਗੁਰੂ-ਪਰਮਾਤਮਾ ਇੱਕ ਹੋਇਆ, ਪਰਦੇ ਸਾਰੇ ਦੇ ਸਾਰੇ ਉਠਾਲ਼ ਦਿੱਤੇ।
ਤੈਨੂੰ ਭਗਤ ਆਖਾਂ ਜਾਂ ਮੈਂ ਗੁਰੂ ਆਖਾਂ, ਹਰੀ ਆਖਾਂ ਜਾਂ ਹਰੀ ਦਾ ਦਾਸ ਆਖਾਂ।
ਰਵੀ ਕਈਆਂ ਤੋਂ ਵਧ ਕੇ ਤੇਜ ਤੇਰਾ, ਕਿੱਦਾਂ ਦੱਸ ਖਾਂ ‘ਰਵੀ’ ਦਾ ‘ਦਾਸ’ ਆਖਾਂ।
ਇੱਧਰ ਉਧਰ ਹਰ ਥਾਂ ਤੂੰ ਹੀਂ ਨਜ਼ਰ ਆਵੇਂ, ਆਮ ਆਖਾਂ ਜਾਂ ਮੈਂ ਤੈਨੂੰ ਖਾਸ ਆਖਾਂ।
ਤੋਹੀ ਮੋਹੀ ਵਿੱਚ ਫਰਕ ਨਾ ਰਿਹਾ ਕੋਈ, ਤੂੰ ਹੀ ਤੂੰ ਹੀ ਬੱਸ ਸਾਸ ਗਿਰਾਸ ਆਖਾਂ।
“ਮੋਹ-ਫਾਸ” ਵਿੱਚ ਫਸਿਆ ਹਾਂ ਅਜੇ ਤੀਕਰ, ਕਿਵੇਂ ਛੁੱਟਾਂਗਾ ਏਸ ਜੰਜਾਲ ਵਿੱਚੋਂ।
ਨਾਮ ਸਿਮਰਨ ਦਾ ਵੱਲ ਨਾ ਜਾਣਦਾ ਹਾਂ, ਤਾਹੀਂਓਂ ਜਾਂਦੇ ਨਹੀਂ ਖਿੰਡੇ ਖਿਆਲ ਵਿੱਚੋਂ।
ਜਿਵੇਂ ਹਰੀ ਨੂੰ ਬੰਨਿਐ “ਪ੍ਰੇਮ-ਬੰਧਨ”, ਜਾਚ ਮੈਨੂੰ ਵੀ ਓਹੀ ਸਿਖਾਲ਼ ਵਿੱਚੋਂ।
“ਬੇਗਮਪੁਰੇ” ਦਾ ਵਾਸੀ ਬਣਾ ਕੇ ਤੇ, ਮੈਲ਼ ਧੋ ਦੇ ਸਾਰੀ ‘ਰੁਪਾਲ’ ਵਿੱਚੋਂ।
--------------------00000---------------------
ਲੈਕਚਰਰ ਅਰਥ-ਸ਼ਾਸ਼ਤਰ,
ਸ. ਸ. ਸ. ਸਕੂਲ, ਭੈਣੀ ਸਾਹਿਬ (ਲੁਧਿਆਣਾ)
ਇਸ ਵੀਡੀਓ
ਵਿੱਚ ਇੱਕ ਡੇਰੇ ਵਾਲੇ ਨੂੰ ਗੁਰਮਤਿ ਦੀਆਂ ਗੱਲਾਂ ਕਰਦੇ ਦੇਖ ਕੇ ਹਰ ਕੋਈ ਹੈਰਾਨ ਹੋ ਸਕਦਾ ਹੈ। ਪਰ
ਜੇ ਕਰ ਸਾਰੇ ਹੀ ਡੇਰੇ ਵਾਲੇ ਇਸ ਤਰ੍ਹਾਂ ਕਰਨ ਲੱਗ ਪੈਣ ਫਿਰ ਕੀ ਹੋ ਸਕਦਾ ਹੈ? ਇਸ ਵੀਡੀਓ ਵਿੱਚ
ਪਹਿਲਾਂ ਕੁੱਝ ਮਿੰਟ ਦੀ ਕਥਾ ਗਿਆਨੀ ਸੰਤ ਸਿੰਘ ਮਸਕੀਨ ਦੀ ਹੈ ਜਿਹੜਾ ਕਿ ਸਾਰੀ ਉਮਰ ਮਿਲਗੋਭਾ
ਜਿਹਾ ਪ੍ਰਚਾਰ ਕਰਦਾ ਰਿਹਾ ਹੈ।
VIDEO
(24/02/13)
ਬਿਕਰਮਜੀਤ ਸਿੰਘ ‘ਜੀਤ’
::
ਕੇਸਰੀ ਨਿਸ਼ਾਨ ::
ਇਹ ਕੇਸਰੀ ਨਿਸ਼ਾਨ ਸੁਹਣਾ ਕੇਸਰੀ ਨਿਸ਼ਾਨ
ਖੰਡਾ ਇਦ੍ਹੇ ਵਿੱਚੋ ਵਿੱਚ ਪਿਆ ਸ਼ੋਭਦਾ ਮਹਾਨ
ਉੱਚਾ ਸੁੱਚਾ ਨਾਲੇ ਅਣਖੀਲਾ ਹੈ ਇਹ ਅੱਤ ਦਾ
ਹੈ ਸ਼ਾਂਤੀ ਦਾ ਚਿਨ੍ਹ ਤੇ ਸਰੂਪ ਵੀ ਇਹ ਸੱਤ ਦਾ
ਜਾਨੋਂ ਵੱਧ ਪਿਆਰਾ ਇਹ ਗੁਰੂ ਦਾ ਨਿਸ਼ਾਨ ਹੈ
ਸਿੱਖਾਂ ਦੀ ਇਹ ਆਨ ਬਾਨ ਮਾਨ ਅੱਤੇ ਸ਼ਾਨ ਹੈ
ਇਹ ਕੇਸਰੀ ਨਿਸ਼ਾਨ..............
ਅਮਨ ਹੋਵੇ ਜੰਗ ਹੋਵੇ ਤੇ ਭਾਵੇਂ ਕੋਈ ਰੰਗ ਹੋਵੇ
ਕਰਦੈ ਹੌਂਸਲੇ ਬੁਲੰਦ ਝੁਲ ਕੇ ਵਿੱਚ ਅਸਮਾਨ
ਉੱਦਮ ਦੇਵੇ ਮਾਰਗ ਦੱਸੇ ਹਰ ਗੁਰਸਿੱਖ ਤਾਈਂ
ਹੈ ਪੰਥ ਦੀ ਹਰ ਜਿੱਤ ਦਾ ਪ੍ਰਤੀਕ ਇਹ ਮਹਾਨ
ਇਹ ਕੇਸਰੀ ਨਿਸ਼ਾਨ..............
ਜਿੱਥੇ ਝੁੱਲੇ ਹੋਵੇ ਉੱਥੇ ਪਾਵਨ ਗੁਰੂ ਦਾ ਦੁਆਰਾ
ਉੱਥੇ ਹਰਿ ਜੱਸ ਹੋਵੇ ਜੁੜੇ ਸੰਗਤ ਬੇਅੰਤ ਜੀ
ਅਜਬ ਨਜ਼ਾਰਾ ਹੋਵੇ ਸੇਵਾ ਅਤੇ ਸਿਮਰਨ ਦਾ
ਲੰਗਰ ਪਵਿੱਤਰ ਚੱਲਣ ਗੁਰੂ ਦੇ ਨਿਰੰਤ ਜੀ
ਇਹ ਕੇਸਰੀ ਨਿਸ਼ਾਨ ਸੁਹਣਾ ਕੇਸਰੀ ਨਿਸ਼ਾਨ
ਖੰਡਾ ਇਦ੍ਹੇ ਵਿੱਚੋ ਵਿੱਚ ਪਿਆ ਸ਼ੋਭਦਾ ਮਹਾਨ
ਰਖਿਅਕ ਸਦੀਵ ਸਾਂਝੀਵਾਲਤਾ ਦਾ ਇਹ ਜਾਣੋਂ
ਏਕਤਾ ਦਾ ਚਿਨ੍ਹ ਸੁਹਣਾ ਸਭ ਦਾ ਪਿਆਰਾ ਹੈ
ਯਾਦ ਦਿਲਵਾਂਦੈ ਸ਼ਹੀਦਾਂ ਸਿੰਘਾਂ ਸੂਰਮਿਆਂ ਦੀ
ਜਗ ਵਿਚ ਸਿੱਖੀ ਦਾ ਇਹ ਚਾਨਣ ਮੁਨਾਰਾ ਹੈ
ਇਹ ਕੇਸਰੀ ਨਿਸ਼ਾਨ..............
"ਜੀਤ"ਅਰਦਾਸ ਇੱਕੋ ਕਰੇ ਓਸ ਵਾਹਿਗੁਰੂ ਨੂੰ
ਉੱਚੀ ਤੇ ਨਿਆਰੀ ਸਿੱਖ ਪੰਥ ਦੀ ਸ਼ਾਨ ਹੋਵੇ
ਇੱਕ ਹੋਵੇ ਖ਼ਾਲਸਾ ਤੇ ਆਪਸੀ ਪਿਆਰ ਵੱਧੇ
ਉੱਚਾ ਸਾਰੇ ਜਗ ਅੰਦਰ ਕੇਸਰੀ ਨਿਸ਼ਾਨ ਹੋਵੇ
ਇਹ ਕੇਸਰੀ ਨਿਸ਼ਾਨ ਸੁਹਣਾ ਕੇਸਰੀ ਨਿਸ਼ਾਨ
ਖੰਡਾ ਇਦ੍ਹੇ ਵਿੱਚੋ ਵਿੱਚ ਪਿਆ ਸ਼ੋਭਦਾ ਮਹਾਨ
ਬਿਕਰਮਜੀਤ ਸਿੰਘ ‘ਜੀਤ’
(23/02/13)
ਹਰਚਰਨ ਸਿੰਘ ਪਰਹਾਰ
ਤੇਰਾ
ਵਿਕਦਾ ਜੈ ਕੁਰੇ ਪਾਣੀ-------
ਹਰਚਰਨ ਸਿੰਘ ਪਰਹਾਰ
(ਸੰਪਾਦਕ-ਮਾਸਿਕ ਸਿੱਖ ਵਿਰਸਾ, ਕੈਲਗਰੀ)
ਫੋਨ: 403-681-8689
ਸੁਰਜੀਤ ਬਿੰਦਰਖੀਏ ਦਾ ਇੱਕ ਗੀਤ `ਤੇਰਾ
ਵਿਕਦਾ ਜੈ ਕੁਰੇ ਪਾਣੀ, ਲੋਕਾਂ ਦਾ ਨਾ ਦੁੱਧ ਵਿਕਦਾ….’ ਜਦੋਂ ਸੁਣਦਾ ਸੀ ਤੇ ਲਗਦਾ ਸੀ ਕਿ ਜੈ ਕੌਰ
ਦਾ ਪਾਣੀ ਤਾਂ ਪਤਾ ਨਹੀਂ ਵਿਕਦਾ ਹੈ ਜਾਂ ਨਹੀਂ, ਪਰ ਧਰਮ ਦੇ ਨਾਮ ਤੇ ਪੁਜਾਰੀਆਂ ਵਲੋਂ ਸਦੀਆਂ ਤੋਂ
ਪਾਣੀ ਵੇਚਣ ਦਾ ਧੰਦਾ ਹਮੇਸ਼ਾਂ ਚਲਦਾ ਰਿਹਾ ਹੈ ਤੇ ਬਾਖੂਬੀ ਚੱਲ ਰਿਹਾ ਹੈ। ਧਰਮ ਦੇ ਨਾਮ ਤੇ ਪਾਣੀ
ਨੂੰ ਕਰਾਮਾਤੀ ਦੱਸ ਕੇ ਵੇਚਣ ਦਾ ਧੰਦਾ ਬੇਸ਼ੱਕ ਹਰ ਪੁਜਾਰੀ ਕਰਦਾ ਹੈ, ਪਰ ਸਭ ਤੋਂ ਵੱਡਾ ਫਰਾਡ
ਅਮਰੀਕਾ ਵਿੱਚ ਹੋ ਰਿਹਾ ਹੈ, ਜਦੋਂ ਪੀਟਰ ਪੌਪੋਫ ਨਾਂ ਦਾ ਵਿਅਕਤੀ ਕਰਾਮਾਤੀ ਪਾਣੀ
(Miracle Water)
ਨਾਲ ਲੋਕਾਂ ਦਾ ਇਲਾਜ ਕਰਨ ਦੇ ਨਾਮ ਤੇ ਕਰੋੜਾਂ ਡਾਲਰ ਲੁੱਟ ਰਿਹਾ ਹੈ। 1987 ਵਿੱਚ ਬੈਂਕਰਪਸੀ
(Bankruptcy)
ਕਰਨ ਵਾਲੇ ਇਸ ਵਿਅਕਤੀ ਨੇ ਕਰਾਮਾਤੀ ਪਾਣੀ ਵੇਚਣ ਨਾਲ 2003 ਵਿੱਚ 9. 6 ਮਿਲੀਅਨ ਡਾਲਰ ਦਾ ਧੰਦਾ
ਕੀਤਾ ਤੇ 2005 ਵਿੱਚ ਇਹ ਧੰਦਾ 23 ਮਿਲੀਅਨ ਤੱਕ ਪਹੁੰਚ ਚੁੱਕਾ ਸੀ। ਧਰਮ ਦੇ ਨਾਮ ਤੇ ਬਣਾਈ ਆਪਣੀ
ਚੈਰੀਟੇਬਲ ਸੰਸਥਾ ਤੋਂ ਉਹ ਹਰ ਸਾਲ 1 ਮਿਲੀਅਨ ਡਾਲਰ ਦਾ ਭੱਤਾ ਲੈਂਦਾ ਹੈ। ਇਸ ਵਿਅਕਤੀ ਨੇ
ਕਰਾਮਾਤੀ ਪਾਣੀ ਵੇਚ ਕੇ 2007 ਵਿੱਚ 4. 5 ਮਿਲੀਅਨ ਡਾਲਰ ਦਾ ਕੈਲੇਫੋਰਨੀਆਂ ਵਿੱਚ ਘਰ ਖ੍ਰੀਦਿਆ
ਸੀ। ਇਹ ਕਹਾਣੀ ਦੱਸਣ ਤੋਂ ਭਾਵ ਹੈ ਕਿ ਕਿਵੇਂ ਕੋਈ ਵੀ ਮਦਾਰੀ, ਪਖੰਡੀ, ਧਰਮ ਦੇ ਨਾਮ ਤੇ ਕੁੱਝ ਵੀ
ਵੇਚ ਸਕਦਾ ਹੈ। ਤੁਹਾਡੇ ਕੋਲ ਵੇਚਣ ਲਈ ਸ਼ਾਤਰ ਦਿਮਾਗ ਚਾਹੀਦਾ ਹੈ, ਪਾਣੀ ਤਾਂ ਜੀਵਨ ਦੀ ਵਡਮੁੱਲੀ
ਲੋੜ ਹੈ, ਵੇਚਣ ਵਾਲੇ ਤਾਂ ਸੁਆਹ ਵੇਚ ਕੇ ਲੱਖਾਂ ਬਣਾਉਂਦੇ ਹਨ। ਵੱਖ-ਵੱਖ ਧਰਮਾਂ ਵਿੱਚ ਪੁਜਾਰੀਆਂ,
ਅਖੌਤੀ ਸਾਧਾਂ-ਸੰਤਾਂ, ਧਰਮ ਗੁਰੂਆਂ ਵਲੋਂ ਪਾਣੀ ਦੇ ਨਾਮ ਤੇ ਕ੍ਰਿਸ਼ਮੇ ਹੋਣ, ਸੁੱਖਾਂ ਪੂਰੀਆਂ
ਹੋਣ, ਦੁੱਖ ਦੂਰ ਹੋਣ ਆਦਿ ਦੇ ਅਨੇਕਾਂ ਥੋਥੇ ਦਾਅਵੇ ਕੀਤੇ ਜਾਂਦੇ ਹਨ, ਜਿਨ੍ਹਾਂ ਨੂੰ ਗਿਆਨ
ਵਿਹੂਣੇ ਅੰਧ ਵਿਸ਼ਵਾਸ਼ੀ ਸ਼ਰਧਾਲੂ ਅੱਖਾਂ ਮੀਚ ਕੇ ਮੰਨਦੇ ਹਨ।
ਇਸ ਸ੍ਰਿਸਟੀ ਵਿੱਚ ਹਵਾ ਤੋਂ ਬਾਅਦ ਜੀਵਨ ਚਲਦਾ ਰੱਖਣ ਲਈ ਜੇ ਕੁੱਝ ਬਹੁਤ ਜਰੂਰੀ ਹੈ ਤਾਂ ਉਹ ਪਾਣੀ
ਹੈ। ਜੇ ਪਾਣੀ ਨਾ ਹੋਵੇ ਤਾਂ ਜੀਵਨ ਸੰਭਵ ਨਹੀਂ, ਇਸੇ ਲਈ ਬਾਣੀ ਵਿੱਚ ਕਿਹਾ ਗਿਆ ਹੈ: ਪਹਿਲਾ ਪਾਣੀ
ਜੀਉ ਹੈ ਜਿਤੁ ਹਰਿਆ ਸਭਿ ਕੋਇ। ਪਾਣੀ ਬਾਰੇ ਗੁਰਬਾਣੀ ਵਿੱਚ ਇਹ ਵੀ ਕਿਹਾ ਗਿਆ ਹੈ। ਪਵਣੁ ਗੁਰੂ
ਪਾਣੀ ਪਿਤਾ ਮਾਤਾ ਧਰਤਿ ਮਹਤੁ॥ (ਪੰਨਾ 8) ਇੱਥੋਂ ਤੱਕ ਕਿ ਇਸ ਸਰੀਰ ਨੂੰ ਪਾਣੀ ਤੋਂ ਬਣਿਆ ਹੋਇਆ
ਵੀ ਗੁਰਬਾਣੀ ਨੇ ਮੰਨਿਆ ਹੈ। ਪਉਣ ਪਾਣੀ ਅਗਨੀ ਕਾ ਮੇਲੁ। ਚੰਚਲ ਚਪਲ ਬੁਧਿ ਕਾ ਖੇਲੁ॥ (ਪੰਨਾ 152)
ਪਉਣ ਪਾਣੀ ਕੀ ਇਹ ਦੇਹ ਸਰੀਰਾ (1172) ਇਸ ਧਰਤੀ ਤੇ ਵੀ ਤਿੰਨ ਹਿੱਸੇ ਪਾਣੀ ਹੈ ਤੇ ਸਾਡਾ ਸਰੀਰ ਵੀ
ਤਿੰਨ ਹਿੱਸੇ ਪਾਣੀ ਹੀ ਹੈ। ਇਸ ਲਈ ਪਾਣੀ ਦੀ ਸਾਡੇ ਜੀਵਨ ਵਿੱਚ ਬੜੀ ਮਹੱਤਤਾ ਹੈ। ਅਗਰ ਇਹ ਸਰੀਰ
ਬਾਹਰੋਂ ਗੰਦਾ ਹੋ ਜਾਵੇ ਤਾਂ ਉਹ ਵੀ ਪਾਣੀ ਨਾਲ ਹੀ ਧੋਤਾ ਜਾ ਸਕਦਾ ਹੈ। ਫੁਰਮਾਨ ਹੈ: ਭਰੀਐ ਹਥੁ
ਪੈਰੁ ਤਨੁ ਦੇਹ॥ ਪਾਣੀ ਧੋਤੈ ਉਤਰਸੁ ਖੇਹ॥ (ਪੰਨਾ 4)
ਵੱਖ ਵੱਖ ਧਰਮਾਂ ਵਿੱਚ ਵੀ ਪਾਣੀ ਦੀ ਬੜੀ ਮਹੱਤਤਾ ਦੱਸੀ ਗਈ ਹੈ। ਪਾਣੀ ਜੀਵਨ ਦਾ ਅਧਾਰ ਹੈ ਤੇ
ਪਾਣੀ ਸਰੀਰ ਸਮੇਤ ਅਨੇਕਾਂ ਤਰ੍ਹਾਂ ਦੀ ਗੰਦਗੀ ਧੋਣ ਦਾ ਵੀ ਸਾਧਨ ਹੈ। ਪਾਣੀ ਦੀ ਜੀਵਨ ਵਿੱਚ
ਮਹੱਤਤਾ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ, ਪਰ ਧਰਮ ਪੁਜਾਰੀ ਹਰ ਚੀਜ ਨੂੰ ਧਰਮ ਨਾਲ ਜੋੜ ਕੇ ਕਰਮ
ਕਾਂਡ ਬਣਾ ਕੇ ਸ਼ਰਧਾਲੂਆਂ ਨੂੰ ਲੁੱਟਣ ਦਾ ਸਾਧਨ ਲੱਭ ਹੀ ਲੈਂਦਾ ਹੈ। ਸਾਇੰਸ ਅਨੁਸਾਰ ਹਰ ਤਰ੍ਹਾਂ
ਦਾ ਪਾਣੀ ਦੋ ਗੈਸਾਂ ਹਾਈਡਰੋਜਨ ਤੇ ਆਕਸੀਜਨ ਤੋਂ ਮਿਲ ਕੇ ਬਣਦਾ ਹੈ। ਜਿਸ ਵਿੱਚ ਦੋ ਹਿੱਸੇ
ਹਾਈਡਰੋਜਨ ਤੇ ਇੱਕ ਹਿੱਸਾ ਆਕਸੀਜਨ ਹੁੰਦੀ ਹੈ। ਪਰ ਕੋਈ ਵੀ ਪਾਣੀ ਅਜਿਹਾ ਨਹੀਂ ਹੁੰਦਾ, ਜਿਸ ਵਿੱਚ
ਕੋਈ ਅਲੌਕਿਕ ਸ਼ਕਤੀ ਹੋਵੇ, ਜੋ ਕੁੱਝ ਕੁਦਰਤ ਦੇ ਨਿਯਮਾਂ ਤੋਂ ਉਲਟ ਕਰਾਮਾਤ ਕਰਨ ਦੇ ਸਮਰੱਥ ਹੋਵੇ।
ਪਰ ਹਰ ਧਰਮ ਪੁਜਾਰੀ ਸਦੀਆਂ ਤੋਂ ਅੰਧ ਵਿਸ਼ਵਾਸ਼ੀ ਸ਼ਰਧਾਲੂਆਂ ਨੂੰ ਫੋਕੇ ਪਾਣੀ ਦੇ ਲੋਟੇ ਕਰਾਮਾਤੀ
ਕਹਿ ਕੇ ਲੁੱਟਦਾ ਆ ਰਿਹਾ ਹੈ। ਕਦੇ ਇਹ ਪੁਜਾਰੀ ਪਾਣੀ ਕੋਲ ਧਰਮ ਗ੍ਰੰਥਾਂ ਦੇ ਪਾਠ ਪੂਜਾ ਕਰਕੇ,
ਮੰਤਰ ਪੜ੍ਹ ਕੇ ਅੰਮ੍ਰਿਤ ਦੱਸਦਾ ਹੈ, ਕਦੇ ਕਿਸੇ ਪਾਣੀ ਦੇ ਪੂਲ ਨੂੰ ਕਰਾਮਾਤੀ ਸਰੋਵਰ ਦੱਸ ਕੇ
ਸਰੀਰਕ ਬੀਮਾਰੀਆਂ ਦੂਰ ਕਰਨ ਦਾ ਡਰਾਮਾ ਰਚਦਾ ਹੈ। ਕਦੇ ਕਿਸੇ ਪਾਣੀ ਦੇ ਸਰੋਵਰ ਨੂੰ ਕਰਾਮਾਤੀ ਦੱਸ
ਕੇ ਮਨੋਕਾਮਨਾਵਾਂ ਪੂਰੀਆਂ ਹੋਣ ਦਾ ਭਰਮ ਪਾਉਂਦਾ ਹੈ।
ਆਉ ਹੁਣ ਇਸ ਪੱਖ ਤੋਂ ਗੁਰਬਾਣੀ ਦਾ ਨਜ਼ਰੀਆਂ ਦੇਖਦੇ ਹਾਂ
ਤੀਰਥਾਂ ਤੇ ਨਹਾਉਣ ਬਾਰੇ: ਸਰੀਰ ਦੀ ਸਫਾਈ ਲਈ ਨਹਾਉਣਾ ਹਰ ਇੱਕ ਲਈ ਜਰੂਰੀ ਹੈ। ਸਰੀਰ ਦੀ ਸੁਸਤੀ
ਤੇ ਗੰਦਗੀ ਦੂਰ ਕਰਨ ਲਈ ਰੋਜ਼ਾਨਾ ਨਹਾਉਣਾ ਲਾਭਕਾਰੀ ਹੋ ਸਕਦਾ ਹੈ। ਪਰ ਧਰਮ ਦੇ ਨਾਮ ਤੇ ਬਣੇ
ਸਰੋਵਰਾਂ, ਤੀਰਥਾਂ ਆਦਿ ਤੇ ਨਹਾਉਣ ਨਾਲ ਕੁੱਝ ਲਾਭ ਹੋ ਸਕਦਾ ਹੈ, ਗੁਰਬਾਣੀ ਦਾ ਫੁਰਮਾਨ ਇਸ
ਤਰ੍ਹਾਂ ਹੈ:
1. ਮਲੁ ਹਉਮੈ ਧੋਤੀ ਕਿਵੇਂ ਨ ਉਤਰੈ ਜੇ ਸਉ ਤੀਰਥ ਨਾਇ। (ਪੰਨਾ 39)
2. ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ। (ਪੰਨਾ 61)
3. ਧੋਤੇ ਮੈਲ ਨ ਉਤਰੈ ਜੇ ਅਠਸਠਿ ਤੀਰਥ ਨਾਇ। (ਪੰਨਾ 87)
4. ਤਟਿ ਤੀਰਥਿ ਦਿਸੰਤਰਿ ਭਵੈ ਅਹੰਕਾਰੀ ਹੋਰੁ ਵਧੇਰੈ ਮਲੁ ਲਾਵਣਿਆ। {ਪੰਨਾ 116)
5. ਨਿਤ ਤੀਰਥਿ ਨਾਵੈ ਨ ਜਾਇ ਅਹੰਕਾਰਾ (ਪੰਨਾ 230)
6. ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ। (ਪੰਨਾ 473)
7. ਅੰਤਰਿ ਮੈਲੁ ਜੇ ਤੀਰਥ ਨਾਵੈ ਤਿਸੁ ਬੈਕੁੰਠ ਨ ਜਾਨਾ। (ਪੰਨਾ 484)
8. ਅਨੇਕ ਤੀਰਥ ਜੇ ਜਤਨ ਕਰੈ ਤਾ ਅੰਤਰ ਕੀ ਹਉਮੈ ਕਦੇ ਨ ਜਾਇ। (ਪੰਨਾ 491)
9. ਭੇਖਧਾਰੀ ਭੇਖ ਕਰਿ ਥਕੇ ਅਠਿਸਠਿ ਤੀਰਥ ਨਾਇ। (644)
10. ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ ਨਾਈਐ। (730)
11. ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ। (789)
12. ਤੀਰਥ ਨਾਇ ਨ ਉਤਰਸਿ ਮੈਲੁ। (890)
13. ਅੰਤਰਿ ਮੈਲੁ ਤੀਰਥ ਭਰਮੀਜੈ। (905)
14. ਤੀਰਥ ਨਾਇ ਕਹਾ ਸੁਚਿ ਸੈਲੁ। (1149)
15. ਨਾ ਤੂ ਆਵਹਿ ਵਸਿ ਤੀਰਥ ਨਾਈਐ॥ (962)
16. ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡਕ ਨਾਵਹਿ। (484)
ਗੁਰਬਾਣੀ ਵਿੱਚ ਸਾਨੂੰ ਅਨੇਕਾਂ ਅਜਿਹੇ ਫੁਰਮਾਨ ਮਿਲਦੇ ਹਨ, ਜਿਨ੍ਹਾਂ ਵਿੱਚ ਧਰਮ ਅਸਥਾਨ ਨਾਲ ਬਣੇ
ਤੀਰਥਾਂ, ਸਰੋਵਰਾਂ ਤੇ ਨਹਾਉਣ ਨੂੰ ਫੋਕਟ ਕਰਮ ਕਿਹਾ ਗਿਆ ਹੈ। ਪਰ ਗੁਰਬਾਣੀ ਦੇ ਆਸ਼ੇ ਤੋਂ ਉਲਟ
ਅਨੇਕਾਂ ਗੁਰਦੁਆਰੇ, ਸਾਧਾਂ ਦੇ ਡੇਰਿਆਂ ਨਾਲ ਬਣੇ ਸਰੋਵਰਾਂ ਸਾਹਮਣੇ ਮਨੋਕਾਮਨਾਵਾਂ ਪੂਰੀਆਂ ਹੋਣ,
ਸਰੀਰਕ ਕਸ਼ਟ ਨਿਵਾਰਨ, ਮੱਸਿਆ, ਸੰਗਰਾਂਦ ਤੇ ਨਹਾਉਣ ਨਾਲ ਪੁੱਤਰਾਂ ਦੀ ਦਾਤ ਪ੍ਰਾਪਤ ਹੋਣ ਦੇ ਦਾਅਵੇ
ਕਰਨ ਵਾਲੇ ਬੋਰਡ ਲੱਗੇ ਮਿਲਣਗੇ। ਜਿਸ ਤੋਂ ਪਤਾ ਲਗਦਾ ਹੈ ਕਿ ਸਿੱਖ ਸਮਾਜ ਪੁਜਾਰੀਆਂ ਤੇ ਪਖੰਡੀ
ਸਾਧਾਂ ਹੱਥ ਚੜ੍ਹ ਕੇ ਗੁਰਬਾਣੀ ਤੋਂ ਉਲਟ ਦਿਸ਼ਾ ਵੱਲ ਤੁਰਿਆ ਹੋਇਆ ਹੈ।
ਗੁਰਬਾਣੀ ਪਾਣੀ ਦੇ ਅਖੌਤੀ ਸਰੋਵਰਾਂ ਦੀ ਥਾਂ ਕਿਸ ਨੂੰ ਤੀਰਥ ਮੰਨਦੀ ਹੈ, ਆਉ ਦੇਖੀਏ।
ਸਚੁ ਤਾ ਪਰੁ ਜਾਣੀਐ ਜਾ ਅਤਮ ਤੀਰਥਿ ਕਰੇ ਨਿਵਾਸੁ। (468)
ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ। ਤੀਰਥ ਸ਼ਬਦ ਬੀਚਾਰੁ ਅੰਤਰਿ ਗਿਆਨੁ ਹੈ। (687)
ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ। (795)
ਅੰਤਰਗਤਿ ਤਰਿਥਿ ਮਲਿ ਨਾਉ। (4)
ਗੁਰ ਸਰੁ ਸਾਗਰੁ ਬੋਹਿਥੋ ਗੁਰੁ ਤੀਰਥੁ ਦਰੀਆਉ। (17)
ਗੁਰ ਤੀਰਥ ਗੁਰੁ ਪਾਰਜਾਤੁ ਗੁਰੁ ਮਨਸਾ ਪੂਰਣਹਾਰ। (52)
ਤੀਰਥੁ ਪੂਰਾ ਸਤਿਗੁਰੂ ਜੋ ਅਨਦਿਨ ਹਰਿ ਹਰਿ ਨਾਮੁ ਧਿਆਏ। (140)
ਪ੍ਰਭ ਕੈ ਸਿਮਰਨਿ ਤੀਰਥ ਇਸਨਾਨੀ। (262)
ਨਾਨਕ ਗੁਰ ਸਮਾਨਿ ਤਰਿਥ ਨਹੀਂ ਕੋਈ ਸਾਚੇ ਗੁਰ ਗੋਪਾਲਾ। (437)
ਅੰਤਰਿ ਤੀਰਥ ਗਿਆਨ ਹੈ ਸਤਿਗੁਰ ਦੀਆ ਬੁਝਾਇ। (587)
ਅਠਸਠਿ ਤੀਰਥ ਗੁਰ ਸਬਦਿ ਦਿਕਾਏ ਤਿਤੁ ਨਾਤੈ ਮਲੁ ਜਾਏ (753)
ਅਠਸਠਿ ਤੀਰਥ ਗੁਰੁ ਦਿਖਾਏ ਘਟ ਹੀ ਭੀਤਰਿ ਨਾਉਗੇ (773)
ਤੀਰਥ ਹਮਰਾ ਹਰਿ ਕੋ ਨਾਮੁ। (1142)
ਗੁਰੁ ਸਮਾਨਿ ਤੀਰਥੁ ਨਹੀ ਕੋਇ। (1328)
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਗੁਰੁ ਸਾਹਿਬ ਬਾਣੀ ਵਿਚ, ਪਾਣੀ ਦੇ ਸਰੋਵਰ ਨੂੰ ਸਰੋਵਰ ਨਹੀਂ
ਤੀਰਥ ਨਹੀਂ ਮੰਨਦੇ, ਨਾ ਹੀ ਪਾਣੀ ਦੇ ਇਨ੍ਹਾਂ ਸਰੋਵਰਾਂ ਵਿੱਚ ਨਹਾਉਣ ਨੂੰ ਧਰਮ ਦਾ ਨੇਮ ਮੰਨਦੇ
ਹਨ। ਗੁਰਬਾਣੀ ਵਾਰ ਵਾਰ ਅੰਦਰ ਦੀ ਗੱਲ ਕਰਦੀ ਹੈ, ਵਿਕਾਰ ਮਨ ਨੂੰ ਹਨ ਤੇ ਮਨੁੱਖ ਸਰੀਰ ਨੂੰ ਧੋ ਕੇ
ਵਿਕਾਰੀ ਜੀਵਨ ਤੋਂ ਮੁਕਤ ਹੋਣ ਦਾ ਭਰਮ ਪਾਲਦਾ ਹੈ। ਅਸਲ ਵਿੱਚ ਅੱਜ ਦਾ ਅਖੌਤੀ ਧਰਮੀ ਤਾਂ ਸਰੋਵਰਾਂ
ਵਿੱਚ ਇਸ਼ਨਾਨ ਕਰਕੇ ਵਿਕਾਰੀ ਜੀਵਨ ਤੋਂ ਮੁਕਤੀ ਦੀ ਕਾਮਨਾ ਕਰਦਾ ਹੀ ਨਹੀਂ, ਉਹ ਤਾਂ ਦੁਨਿਆਵੀ
ਸੁੱਖਾਂ ਦੀ ਪ੍ਰਾਪਤੀ, ਸਰੀਰਕ ਦੁੱਖਾਂ ਦੀ ਨਵਿਰਤੀ ਇਨ੍ਹਾਂ ਸਰੋਵਰਾਂ ਵਿੱਚ ਇਸ਼ਨਾਨ ਕਰਕੇ ਕਰਨਾ
ਚਾਹੁੰਦਾ ਹੈ।
(23/02/13)
ਗਿਆਨੀ ਜਗਤਾਰ ਸਿੰਘ ਜਾਚਕ
ਸ਼੍ਰੋਮਣੀ ਕਮੇਟੀਓਂ ਕੱਢੇ ਪ੍ਰਚਾਰਕ ਭਾਈ ਬਸੰਤ ਸਿੰਘ ਸੇਮਾ ਨੂੰ ‘ਸ੍ਰੀ ਗੁਰੂ ਗ੍ਰੰਥ ਪ੍ਰਚਾਰ
ਟ੍ਰਸਟ’ ਲੁਧਿਆਣਾ ਨੌਕਰੀ ਦੇਵੇਗਾ: ਗਿਆਨੀ ਜਾਚਕ
ਲੁਧਿਆਣਾ, 23 ਫਰਵਰੀ () ਜੇਕਰ 28 ਫਰਵਰੀ ਤੱਕ ਸ਼੍ਰੋਮਣੀ ਕਮੇਟੀ ਨੇ ਭਾਈ ਬਸੰਤ ਸਿੰਘ
ਸੇਮਾ (ਡਬਲ ਐਮ. ਏ) ਨੂੰ ਪ੍ਰਚਾਰਕ ਵਜੋਂ ਨੌਕਰੀ `ਤੇ ਮੁੜ ਬਹਾਲ ਨਾ ਕੀਤਾ ਤਾਂ ਸ੍ਰੀ ਗੁਰੂ ਗ੍ਰੰਥ
ਪ੍ਰਚਾਰ ਟ੍ਰਸਟ ਲੁਧਿਆਣਾ, ਉਸ ਨੂੰ ਪਹਿਲੀ ਮਾਰਚ ਤੋਂ ਬਠਿੰਡੇ ਦੇ ਇਲਾਕੇ ਲਈ ਨਿਯੁਕਤੀ ਪਤਰ
ਦੇਵਗਾ। ਗਿਆਨੀ ਜਸਬੀਰ ਸਿੰਘ ਵੈਨਕੂਵਰ ਤੇ ਉਨ੍ਹਾਂ ਦੇ ਸਾਥੀ ਇਸ ਪੱਖੋਂ ਟ੍ਰਸਟ ਦੀ ਮਾਇਕ ਸਹਾਇਤਾ
ਕਰਨਗੇ। ਕਿਉਂਕਿ, ਟ੍ਰਸਟ ਮਹਿਸੂਸ ਕਰਦਾ ਹੈ ਕਿ ਪ੍ਰਚਾਰਕ ਸੇਮਾ ਜੀ ਨਾਲ ਧੱਕਾ ਤੇ ਅਨਿਆ ਹੋਇਆ ਹੈ।
ਅਸਲ ਵਿੱਚ ਇਹੀ ਕਾਰਣ ਸੀ ਕਿ ਉਸ ਦੇ ਬੱਚੇ ਇਸਾਈ ਮੱਤ ਵਲ ਝੁਕੇ। ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ
ਸ੍ਰੀ ਦਰਬਾਰ ਸਾਹਿਬ ਦੇ ਇੱਕ ਹੈਡ ਗ੍ਰੰਥੀ ਦਾ ਬੇਟਾ ਵੀ ਆਪਣੇ ਬਾਪ ਨਾਲ ਹੋਏ ਦੁਰਵਿਹਾਰ ਕਾਰਨ
ਪਹਿਲਾਂ ਹੀ ਈਸਾਈ ਮਤ ਦਾ ਮੁਖ ਪ੍ਰਚਾਰਕ ਬਣ ਚੁੱਕਾ ਹੈ। ਇਹ ਜਾਣਕਾਰੀ ਪ੍ਰਚਾਰ ਟ੍ਰਸਟ ਦੇ ਚੇਅਰਮੈਨ
ਗਿਆਨੀ ਜਗਤਾਰ ਸਿੰਘ ਜਾਚਕ ਨੇ ਇੱਕ ਪ੍ਰੈਸਨੋਟ ਰਾਹੀਂ ਦਿੱਤੀ।
ਉਨ੍ਹਾਂ ਕਿਹਾ ਕਿ ਕੁੱਝ ਸੁਹਿਰਦ ਸੱਜਣਾਂ ਦਾ ਖ਼ਿਆਲ ਹੈ ਕਿ ਅਜਿਹੇ ਸਿਦਕਹੀਣਾਂ ਦੀਆਂ ਧਮਕੀਆਂ ਦੀ
ਪ੍ਰਵਾਹ ਨਹੀਂ ਕਰਨੀ ਚਾਹੀਦੀ। ਕਿਉਂਕਿ, ਕਈ ਹੋਰਨਾਂ ਦੇ ਮੂੰਹ ਵਿੱਚ ਵੀ ਪਾਣੀ ਆਉਣਾ ਸ਼ੁਰੂ ਹੋ
ਜਾਵੇਗਾ। ਗਿਆਨੀ ਜਸਬੀਰ ਸਿੰਘ ਵੈਨਕੂਵਰ, ਜਥੇਦਾਰ ਤਰਸੇਮ ਸਿੰਘ (ਸਾਬਕਾ ਚੇਅਰਮੈਨ ਧਰਮ ਪ੍ਰਚਾਰ
ਕਮੇਟੀ ਦਿੱਲੀ), ਭਾਈ ਗੁਰਦੇਵ ਸਿੰਘ ਬਟਾਲਵੀ, ਭਾਈ ਦਲਜੀਤ ਸਿੰਘ ਨਿਓਡਾ ਤੇ ਪਤਰਕਾਰ ਭਾਈ ਕ੍ਰਿਪਾਲ
ਸਿੰਘ ਬਠਿੰਡਾ ਵਰਗੇ ਕਈ ਪੰਥ ਦਰਦੀਆਂ ਦਾ ਕਹਿਣਾ ਸੀ ਕਿ ਭਾਵੇਂ ਉਪਰੋਕਤ ਪੱਖ ਵੀ ਵਿਚਾਰਨਯੋਗ ਹੈ।
ਪਰ, ਕਿਸੇ ਵੀ ਸਮਾਜ ਅਥਵਾ ਕੌਮ ਲਈ ਇਹ ਸ਼ਰਮਨਾਕ ਘਟਨਾ ਹੁੰਦੀ ਹੈ ਕਿ ਉਸ ਦਾ ਕੋਈ ਮੈਂਬਰ ਧੱਕੇ ਤੇ
ਅਨਿਆਂ ਤੋਂ ਦੁਖੀ ਹੋ ਕੇ ਅਜਿਹਾ ਫੈਸਲਾ ਲਵੇ। ਇਸ ਲਈ ਟ੍ਰਸਟ ਨੇ ਫੈਸਲਾ ਲਿਆ ਹੈ ਕਿ ਉਹ ਭਾਈ ਬਸੰਤ
ਸਿੰਘ ਸੇਮਾ ਤੋਂ ਪ੍ਰਚਾਰ ਦੀ ਸੇਵਾ ਲੈਣਗੇ।
ਗਿਆਨੀ ਜਾਚਕ ਨੇ ਨਿਸ਼ਕਾਮ ਟ੍ਰਸਟ ਦਿੱਲੀ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਜਥੇਦਾਰ ਤਰਸੇਮ ਸਿੰਘ
ਦੀ ਪ੍ਰੇਰਨਾ ਨਾਲ ਸੇਮਾ ਜੀ ਦੇ ਬੱਚਿਆਂ ਦੀ ਪੜ੍ਹਾਈ ਦੀ ਜ਼ਿਮੇਵਾਰੀ ਲਈ ਹੈ। ਆਸ ਹੈ ਕਿ ਹੋਰ ਵੀ
ਮਾਨਵਵਾਦੀ ਤੇ ਸਿੱਖ ਜਥੇਬੰਦੀਆਂ ਵੀ ਅਜਿਹੀ ਸੋਚ ਅਧੀਨ ਪੀੜਤ ਪ੍ਰਵਾਰਾਂ ਦੀ ਸਾਰ ਲੈਣਗੀਆਂ। ਸਿੱਖ
ਸੰਗਤਾਂ ਨੂੰ ਵੀ ਚਾਹੀਦਾ ਹੈ ਕਿ ਉਹ ਰਾਜਨੀਤਕਾਂ ਦੇ ਕਬਜ਼ੇ ਹੇਠਲੇ ਗੁਰਦੁਆਰਿਆਂ ਦੀਆਂ ਗੋਲਕਾਂ ਭਰਨ
ਦੀ ਥਾਂ ਗ਼ਰੀਬ ਦੇ ਮੂੰਹ ਨੂੰ ਗੁਰੂ ਕੀ ਗੋਲਕ ਬਨਾਉਣ।
(23/02/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸੱਚਾ
ਸੰਤ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਉਹ ਹੁੰਦਾ ਹੈ ਸੱਚਾ ਸੰਤ।
ਜੋ ਰਹਿੰਦਾ ਸਤਿਗੁਰ ਬਿਨਵੰਤ।
ਅੰਦਰੋਂ ਸੱਚਾ ਸੁੱਚਾ ਹੋਵੇ।
ਰੱਬ ਦੇ ਪ੍ਰੇਮ ਗੜੁਤਾ ਹੋਵੇ।
ਨਾਮ `ਚ ਪੂਰਨ ਰੰਗਿਆ ਹੋਵੇ।
ਨਾਮ `ਚ ਜਾਗੇ ਨਾਮ `ਚ ਸੋਵੇ।
ਮੁੱਖੋਂ ਉਚਰੇ ਮਿੱਠੇ ਬੋਲ।
ਸਭ ਲਈ ਰੱਖੇ ਸਾਵੀਂ ਤੋਲ।
ਨਾ ਕੋਈ ਵੈਰ ਨਾ ਦੂਈ ਕੋਈ।
ਜਾਣੇ ਸਭ ਦਾ ਕਰਤਾ ਸੋਈ।
ਸਭ ਦੀ ਮਦਦ, ਸਭ ਦੀ ਸੇਵਾ।
ਵੰਡ ਕੇ ਖਾਣਾ ਖੱਟਿਆ ਮੇਵਾ।
ਜਾਣ ਬਰਾਬਰ ਜੀਆ ਜੰਤ।
ਉਹ ਹੁੰਦਾ ਹੈ ਸੱਚਾ ਸੰਤ।
(23/02/13)
ਬਿੱਟੂ ਖੰਗੂੜਾ
ਦਾਮਿਨੀ
ਇਕ ਲਈ ਉਠੇ ਹਜਾਰਾ ਨੇ ਹੱਥ
ਹਜਾਰਾ ਹੀ ਖਬਰਾ, ਹਜਾਰਾ ਹੀ ਕਿੱਸੇ ਸੀ
ਜਦੋ ਟਾਇਰਾ ਚ ਬਲਦੇ ਸੀ ਮਨੁੱਖ
ਮੋਮਬੱਤੀਆ ਜਗਾਉਣ ਵਾਲੇ ਜਨਾਬ ਕਿਥੇ ਸੀ
ਜੋ ਰਾਤੋ ਰਾਤ ਟੰਗ ਦਿੰਦੇ ਨੇ ਫਾਹੇ
ਏਨੇ ਸਾਲਾ ਤੋਂ ਉਹ ਜਲਾਦ ਕਿੱਥੇ ਸੀ
ਜਦੋ ਸੂਰਜਾ ਨੂੰ ਚੁੱਕ ਲੈਂਦੇ ਸੀ ਹਨੇਰੇ
ਚੰਨ ਵਰਗੇ ਉਦੋ ਇਹ ਮਹਿਤਾਬ ਕਿੱਥੇ ਸੀ
ਜਦੋਂ ਆਮ ਆਦਮੀ ਹਿਰਾਸਿਤ ਚ ਸੀ ਮਰਦਾ
ਮਰਨ ਵਰਤ ਰਖਕੇ ਜਿਉਦੇ ਜਾਲਸਾਜ ਕਿੱਥੇ ਸੀ
ਜਦੋ ਲਾਸ਼ਾ ਦੇ ਵੱਟੇ ਤਰੱਕੀਆ ਸੀ ਮਿਲੀਆ
ਨਵੇਂ ਕਾਨੂੰਨਾ ਦੇ ਕਾਨੂੰਨਸਾਜ ਕਿੱਥੇ ਸੀ
ਵਿਧਵਾ ਮਾਂ ਦਾ ਪੁੱਤ ਜਦੋ ਘਰ ਨਾ ਸੀ ਮੁੜਿਆ
ਉਦੋ ਵੋਟਾ ਭੁਗਤਾਉਣ ਵਾਲੇ ਬੇਲਿਹਾਜ ਕਿੱਥੇ ਸੀ
ਇੱਕ ਰੁੱਖ ਵੱਟ ੇਹਜਾਰਾ ਕਰੁੰਬਲਾ ਦਾ ਬਲਾਤਕਾਰ
ਉਦੋ ਬੁਧੀਜੀਵੀ ਜਮੀਰਾ ਦੀ ਅਵਾਜ ਕਿਥੇ ਸੀ
ਜਦੋ ਸਾਹਮਣੇ ਅੱਖਾ ਦੇ ਪੈਂਦੀਆ ਸੀ ਚੀਕਾ
ਵਾਰਿਸ ਨੂੰ ਜਗਾਉਣ ਵਾਲੀ ਪਰਵਾਜ ਕਿੱਥੇ ਸੀ
ਫਾਂਸੀਆ ਲਈ ਜਦੋ ਹੋਇਆ ਸੀ ਹੁਕਮ
ਕਾਲ ਕੋਠੜੀ ਦੇ ਵੀਹ ਵਰਿਆ ਦਾ ਹਿਸਾਬ ਕਿੱਥੇ ਸੀ
ਬਿੱਟੂ ਹਜ਼ਾਰਾ ਜਦੋ ਰੁਲੀਆ ਸੀ ਇਜਤਾ
ਕਵਿਤਾਵਾ ਗਾਉਣ ਵਾਲੇ ਇਹ ਜਾਂਬਾਜ ਕਿੱਥੇ ਸੀ
ਬਿੱਟੂ ਖੰਗੂੜਾ
+447877792555
(21/02/13)
ਗੁਰਇੰਦਰ ਸਿੰਘ ਪਾਲ
ਸ:
ਮੇਜਰ ਸਿੰਘ ਜੀ ‘ਬੁਢਲਾਡਾ’ ਦੇ ਪੱਤਰ ਦੇ ਸੰਬੰਧ ਵਿੱਚ:
ਕੱਲ੍ਹ ਸ: ਮੇਜਰ ਸਿੰਘ ਜੀ ਦਾ ਪੱਤਰ ਪੜ੍ਹਿਆ। ਪੱਤਰ ਵਿੱਚੋਂ ਝਲਕਦੀ ਲੇਖਕ ਦੀ
ਗੁਰਮਤਿ ਪ੍ਰਤਿ ਸੱਚੀ ਸ਼੍ਰੱਧਾ ਤੇ ਸੁਹਿਰਦਤਾ ਤੋਂ ਪ੍ਰਭਾਵਤ ਹੋ ਕੇ ਲੇਖ ਲੜੀ ਦੂਜੀ ਵਿੱਚੋਂ ਡਾ:
ਸਰਬਜੀਤ ਸਿੰਘ ਜੀ ਦਾ ਸੰਬੰਧਿਤ ਲੇਖ ਧਿਆਨ ਨਾਲ ਪੜ੍ਹਨ ਉਪਰੰਤ ਮੈਂ ਲੇਖਕ (ਮੇਜਰ ਸਿੰਘ ਜੀ) ਨਾਲ
ਪੂਰੀ ਤਰ੍ਹਾਂ ਸਹਿਮਤ ਹੋਣ `ਤੇ ਮਜਬੂਰ ਹਾਂ। ਡਾ: ਸਰਬਜੀਤ ਸਿੰਘ ਜੀ ਦੀ ਕੀਤੀ ‘ਖੋਜ’ ਵਿੱਚ ਕੋਈ
ਤਰਕ ਨਜ਼ਰ ਨਹੀਂ ਆਉਂਦਾ। ਉਨ੍ਹਾਂ ਦੀ ਤੁਅੱਸਬ-ਭਰੀ ‘ਖੋਜ’ ਨੂੰ ਸ: ਮੇਜਰ ਸਿੰਘ ਜੀ ਨੇ ਠੋਸ ਦਲੀਲਾਂ
ਨਾਲ ਰੱਦ ਕੀਤਾ ਹੈ।
ਡਾ: ਸਰਬਜੀਤ ਸਿੰਘ ਜੀ ਨੇ ਠੀਕ ਕਿਹਾ ਹੈ ਕਿ ਭਗਤਾਂ ਦੇ ਇਤਿਹਾਸ ਦਾ ਆਧਾਰ ਕਰਾਮਾਤੀ ਕਥਾਵਾਂ ਹਨ।
ਪਰੰਤੂ ਇਹੋ ਸੱਚ ਗੁਰੁ-ਇਤਿਹਾਸ ਉੱਤੇ ਵੀ ਲਾਗੂ ਹੁੰਦਾ ਹੈ। ਡਾ: ਸਰਬਜੀਤ ਸਿੰਘ ਜੀ ਦਾ ਆਪਣੇ ਲੇਖ
ਵਿੱਚ ਕਾਲਪਣਿਕ ਪਾਤਰ ‘ਸਜਣ ਠੱਗ’ ਦੀ ਮਿੱਥਿਆ ਕਹਾਣੀ ਨੂੰ ਮਾਨਤਾ ਦੇਣੀ ਮੇਰੇ ਇਸ ਕਥਨ ਦਾ ਪੁਖ਼ਤਾ
ਸਬੂਤ ਹੈ। ਗੁਰੂ ਨਾਨਕ ਦੇਵ ਜੀ ਦੇ ਸ਼ਬਦ ‘ਉਜਲੁ ਕੈਹਾ ਚਿਲਕਣਾ……’ ਵਿੱਚ ਕਿਸੇ ‘ਸਜਣ ਠੱਗ’ ਦਾ
ਜ਼ਿਕਰ ਨਹੀਂ ਹੈ। (ਨੋਟ:- ਪ੍ਰੋ: ਸਾਹਿਬ ਸਿੰਘ ਜੀ ਨੇ ਸ੍ਰੀ ਗੁਰੁ ਗ੍ਰੰਥ ਦਰਪਣ ਵਿੱਚ ਇਸ ਸ਼ਬਦ ਦੀ
ਵਿਆਖਿਆ ਕਰਦਿਆਂ ਕਿਸੇ ‘ਸਜਣ ਠੱਗ’ ਦਾ ਵਰਣਨ ਨਹੀਂ ਕੀਤਾ! ਹੋਰ ਸਪਸ਼ਟਤਾ ਵਾਸਤੇ ਮੇਰਾ ਲੇਖ
‘ਉਜਲੁ ਕੈਹਾ ਚਿਲਕਣਾ…’ ਲੇਖ ਲੜੀ ਤੀਜੀ ਵਿੱਚ ਪੜ੍ਹਿਆ
ਜਾ ਸਕਦਾ ਹੈ)। ਪਾਠਕ ਸੱਜਨੋਂ! ਕੀ ਇਹ ਵੀ ਸੱਚ ਨਹੀਂ ਕਿ ਦੇਸ-ਵਿਦੇਸ਼ ਦੇ ਬਹੁਤੇ ‘ਇਤਿਹਾਸਕ’
ਗੁਰੂਦਵਾਰੇ ਦਰਅਸਲ ਮਿਥਿਹਾਸ/ਝੂਠ (ਮਿੱਥਿਆ ਤੇ ਕਰਾਮਾਤੀ ਕਹਾਣੀਆਂ) ਦੀਆਂ ਨੀਹਾਂ ਉੱਤੇ ਹੀ ਉਸਾਰੇ
ਹੋਏ ਹਨ?
ਬਾਣੀਕਾਰਾਂ ਦੇ ਜੀਵਨ ਦਾ ਪ੍ਰਮਾਣਿਕ ਕਾਲ ਨਿਸ਼ਚਿਤ ਕੀਤੇ ਬਿਨਾਂ ਪ੍ਰਚੱਲਿਤ ਇਤਿਹਾਸ ਨੂੰ ਬਿਨਾਂ
ਠੋਸ ਸਬੂਤ ਦੇ ਰੱਦ ਕਰਨਾ ਡਾ: ਸਾਹਿਬ ਦੀ ਖੋਜ ਅਧੂਰੀ ਹੋਣ ਦਾ ਸਬੂਤ ਹੈ।
ਅੰਤ ਵਿੱਚ ਦਾਸ ਇਹ ਕਹਿਣ `ਤੇ ਮਜਬੂਰ ਹੈ ਕਿ ਕਿਸੇ ਵਹਿਮ ਦੇ ਪ੍ਰਭਾਵ ਹੇਠ ਬਾਣੀਕਾਰਾਂ ਵਿੱਚ
ਭੇਦਭਾਵ ਦਰਸਾ ਕੇ ਸਰਬਸਾਂਝੀ ਬਾਣੀ ਦੇ ਸ਼੍ਰੱਧਾਲੂਆਂ ਵਿੱਚ ਵਿਤਕਰੇ ਪੈਦਾ ਕਰਨਾ ਬਾਣੀ ਦੀ ਬੇਅਦਬੀ,
ਬਾਣੀਕਾਰਾਂ ਦਾ ਅਪਮਾਨ ਅਤੇ ਸ਼੍ਰੱਧਾਲੂਆਂ ਨਾਲ ਧੋਖਾ ਹੈ।
ਗੁਰਇੰਦਰ ਸਿੰਘ ਪਾਲ
ਫ਼ਰਵਰੀ 21, 2013.
(21/02/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕੁੱਝ
ਸਵਾਲ-ਜਵਾਬ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮੈਂ ਕਿਉਂ ਜਪਦਾਂ ਨਾਮ?
ਰੱਬ ਨੂੰ ਯਾਦ ਕਰਨ ਲਈ ਮੈਂ ਤਾਂ ਉਸ ਨੂੰ ਵਾਜਾਂ ਮਾਰਾਂ।
ਉਸ ਦੇ ਨਾਲ ਜੁੜਣ ਲਈ ਅਪਣੇ ਅੰਦਰੋਂ ਕਰਾਂ ਪੁਕਾਰਾਂ।
ਆਵੇ ਤੇ ਗਲ ਲਾਵੇ ਮਾਲਿਕ, ਪਹੁੰਚਾਂ ਉਸਦੇ ਧਾਮ।
ਮੈਂ ਇਉਂ ਜਪਦਾਂ ਨਾਮ?
ਸਵਾਸ ਸਵਾਸ ਕਿਉਂ ਜਪਦਾ?
ਏਨੇ ਲੋਕੀਂ ਵਾਜਾਂ, ਯਾਦ ਕਰਨ ਬੜੇ ਅੰਦਰੋਂ।
ਮੇਰੀ ਵਾਜ ਵੀ ਪਹੁੰਚੇ ਉਸ ਤਕ, ਇਸ ਸੱਚੇ ਮਨ-ਮੰਦਰੋਂ।
ਜਦ ਤਕ ਉਸ ਤਕ ਵਾਜ ਨਾ ਪਹੁੰਚੇ, ਰਹਿਣਾ ਹੈ ਇਉਂ ਤਪਦਾ।
ਸਵਾਸ ਸਵਾਸ ਇਉਂ ਜਪਦਾ?
ਵਾਰੀ ਕਦ ਤਕ ਆਵੇ?
ਏਨੇ ਉਸ ਦੇ ਭਗਤ ਨੇ ਜੱਗ ਤੇ ਲੱਗੀ ਲਾਈਨ ਲੰਬੇਰੀ।
ਮੈਂ ਵੀ ਲੱਗਾ ਲਾਈਨ `ਚ, ਆਖਿਰ ਆਊ ਵਾਰੀ ਮੇਰੀ।
ਲਾਈਨ `ਚ ਲੱਗਾ ਜਪਦਾ ਜਾਵਾਂ, ਭਾਗ ਮੇਰਾ ਖੁਲ੍ਹ ਜਾਵੇ।
ਵਾਰੀ ਜਦ ਵੀ ਆਵੇ।
ਲਾਈਨ `ਚ ਲੱਗਾ, ਨਾਮ ਧਿਆਵਾਂ, ਉਸ ਸੰਗ ਧਿਆਨ ਲਗਾਵਾਂ।
ਹੋਰ ਨਹੀਂ ਕੁੱਝ ਮਨ ਵਿੱਚ ਮੇਰੇ, ਮੰਜ਼ਿਲ ਅਪਣੀ ਪਾਵਾਂ।
ਮੰਜ਼ਿਲ; ਪੁਜਾਂ ਉਸ ਨੂੰ ਤੱਕਾਂ, ਤੇ ਉਸ ਦਾ ਹੋ ਜਾਵਾਂ।
ਉਸ ਵਿੱਚ ਮਿਲ, ਮੁਕ ਜਾਂ, ਮਿਟ ਜਾਂ, ਉਸ ਵਿੱਚ ਸਦਾ ਸਮਾਵਾਂ।
(21/02/13)
ਜਸਵੰਤ ਸਿੰਘ ‘ਅਜੀਤ’
ਦਿੱਲੀ ਗੁਰਦੁਆਰਾ ਚੋਣਾਂ
ਕੀ ਚੋਣ ਨਤੀਜਿਆਂ ਪੁਰ ਦੋਵੇਂ ਧਿਰਾਂ ਚਿੰਤਨ ਕਰਨਗੀਆਂ?
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਿਛਲੇ ਮਹੀਨੇ ਹੋਈਆਂ ਚੋਣਾਂ ਵਿੱਚ ਜੋ ਬਦਲਾਉ ਦੀ
ਸਥਿਤੀ ਉਭਰ ਕੇ ਸਾਹਮਣੇ ਆਈ ਹੈ, ਉਸਤੋਂ ਇਹ ਗਲ ਇੱਕ ਵਾਰ ਫਿਰ ਸਾਬਤ ਹੋ ਜਾਂਦੀ ਹੈ ਕਿ ਸਮੇਂ ਦਾ
ਚਕੱਰ ਸਦਾ ਹੀ ਆਪਣੀ ਚਾਲੇ ਚਲਦਾ ਰਹਿੰਦਾ ਹੈ, ਅੱਜ ਜੋ ਹੇਠਾਂ ਹੈ, ਉਹ ਕਲ੍ਹ ਉਪਰ ਆ ਸਕਦਾ ਹੈ ਅਤੇ
ਅੱਜ ਜੋ ਉਪਰ ਹੈ ਉਹ ਕਲ੍ਹ ਹੇਠਾਂ ਜਾ ਸਕਦਾ ਹੈ। ਇਹੀ ਲੋਕਤਾਂਤ੍ਰਿਕ ਪ੍ਰਕ੍ਰਿਆ ਹੈ, ਜਿਸਦੇ
ਚਲਦਿਆਂ ਇੱਕ ਦੀ ਹਾਰ ਤੇ ਦੂਸਰੇ ਦੀ ਜਿੱਤ ਹੋਣਾ ਸੁਭਾਵਕ ਹੈ। ਅਰਥਾਤ ਅੱਜ ਜੋ ਸੱਤਾ ਵਿੱਚ ਹੈ, ਉਹ
ਕਲ੍ਹ ਸੱਤਾ ਤੋਂ ਬਾਹਰ ਅਤੇ ਅੱਜ ਜੋ ਸੱਤਾ ਤੋਂ ਬਾਹਰ ਹੈ, ਉਹ ਕਲ੍ਹ ਸੱਤਾ ਪੁਰ ਕਾਬਜ਼ ਹੋ ਸਕਦਾ
ਹੈ। ਇਸੇ ਚਕੱਰ ਦੇ ਚਲਦਿਆਂ ਹੀ ਪਿਛਲੇ ਮਹੀਨੇ ਹੋਈਆਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵਿੱਚ
ਜੋ ਸੱਤਾ ਪ੍ਰੀਵਰਤਨ ਹੋਇਆ ਹੈ, ਉਸ ਨਾਲ ਬੀਤੇ ਗਿਆਰਾਂ ਵਰ੍ਹਿਆਂ ਤੋਂ ਜੋ ਧਿਰ ਸੱਤਾ ਪੁਰ ਕਾਬਜ਼
ਚਲੀ ਆ ਰਹੀ ਸੀ ਉਹ ਸੱਤਾ ਤੋਂ ਬਾਹਰ ਅਤੇ ਜੋ ਧਿਰ ਸੱਤਾ ਤੋਂ ਬਾਹਰ ਸੀ ਉਹ ਸੱਤਾ ਪੁਰ ਕਾਬਜ਼ ਹੋ ਗਈ
ਹੈ।
ਹੁਣ ਜਦਕਿ ਰਾਜਧਾਨੀ ਦੇ ਸਿੱਖ ਮਤਦਾਤਾਵਾਂ ਨੇ ਜਿੱਤ-ਹਾਰ ਦਾ ਫੈਸਲਾ ਕਰ ਦਿੱਤਾ ਹੈ, ਤਾਂ ਦੋਹਾਂ
ਹੀ ਧਿਰਾਂ ਦੇ ਮੁੱਖੀਆਂ ਨੂੰ ਚਾਹੀਦਾ ਹੈ ਕਿ ਉਹ ਗੁਰਦੁਆਰਾ ਚੋਣਾਂ ਤੋਂ ਪਹਿਲਾਂ ਅਤੇ ਚੋਣਾਂ ਦੇ
ਦੌਰਾਨ ਆਪਣੇ ਵਲੋਂ ਇੱਕ-ਦੂਜੇ ਨੂੰ ਠਿੱਬੀ ਲਾਉਣ ਲਈ ਅਪਨਾਈ ਰਖੀਆਂ ਗਈਆਂ ਉਨ੍ਹਾਂ ਨੀਤੀਆਂ ਦੀ
ਵਲਗਣ ਵਿਚੋਂ ਬਾਹਰ ਨਿਕਲ ਆਤਮ-ਚਿੰਤਨ ਕਰਨ।
ਜੇਤੂ ਧਿਰ ਦੇ ਮੁੱਖੀਆਂ ਨੂੰ ਇਸ ਗਲ ਪੁਰ ਗੰਭੀਰਤਾ ਨਾਲ ਵਿਚਾਰ ਕਰਨੀ ਚਾਹੀਦੀ ਹੈ ਕਿ ਵਾਇਦੇ ਕਰ
ਅਤੇ ਭਰੋਸੇ ਦੇ ਰਾਜਧਾਨੀ ਦੇ ਸਿੱਖਾਂ ਦਾ ਜੋ ਵਿਸ਼ਵਾਸ ਜਿਤਿਆ ਹੈ ਅਤੇ ਜਿਸਦੇ ਸਹਾਰੇ ਉਨ੍ਹਾਂ ਇਤਨਾ
ਭਾਰੀ ਬਹੁਮਤ ਹਾਸਲ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ, ਜਿਸਦੇ ਸਾਹਮਣੇ ਕਿਸੇ ਤਰ੍ਹਾਂ ਦੀ ਕੋਈ
ਚੁਨੌਤੀ ਨਹੀਂ ਰਹਿ ਗਈ, ਉਸ ਵਿਸ਼ਵਾਸ ਨੂੰ ਕਿਵੇਂ ਕਾਇਮ ਰਖਿਆ ਜਾ ਸਕਦਾ ਹੈ? ਉਨ੍ਹਾਂ ਨੂੰ ਇਹ ਮੰਨ
ਕੇ ਅੱਗੇ ਵਧਣਾ ਹੋਵੇਗਾ ਕਿ ਹੁਣ ਉਹ ਵਿਰੋਧੀ ਧਿਰ ਨਹੀਂ, ਸਗੋਂ ਸੱਤਾਧਾਰੀ ਧਿਰ ਬਣ ਗਏ ਹੋਏ ਹਨ।
ਇਸਲਈ ਉਨ੍ਹਾਂ ਨੂੰ ਉਸ ਵਿਰੋਧੀ ਸੋਚ ਅਤੇ ਉਨ੍ਹਾਂ ਨਕਾਰਾਤਮਕ ਨੀਤੀਆਂ, ਜਿਨ੍ਹਾਂ ਦੇ ਸਹਾਰੇ ਉਹ
ਅੱਜ ਤਕ ਆਪਣੀਆਂ ਰਾਜਸੀ ਰੋਟੀਆਂ ਸੇਂਕਦੇ ਚਲੇ ਆਏ ਹਨ, ਦਾ ਤਿਆਗ ਕਰ, ਸਕਾਰਾਤਮਕ ਸੋਚ ਅਤੇ ਉਨ੍ਹਾਂ
ਨੀਤੀਆਂ ਨੂੰ ਅਪਨਾਣਾ ਹੋਵੇਗਾ, ਜਿਨ੍ਹਾਂ ਨਾਲ ਰਾਜਧਾਨੀ ਦੇ ਸਿੱਖਾਂ ਵਿੱਚ ਵਿਸ਼ਵਾਸ ਪੈਦਾ ਹੋ ਸਕੇ
ਕਿ ਉਨ੍ਹਾਂ ਗੁਰਦੁਆਰਾ ਪ੍ਰਬੰਧ ਵਿੱਚ ਬਦਲਾਉ ਲਿਆਣ ਦੇ ਹੱਕ ਵਿੱਚ ਜੋ ਫੈਸਲਾ ਦਿੱਤਾ ਹੈ, ਉਹ ਗਲਤ
ਨਹੀਂ। ਉਨ੍ਹਾਂ ਨੂੰ ਇਸ ਜਿੱਤ ਤੋਂ ਬਾਅਦ ਸਹਿਣਸ਼ੀਲਤਾ ਅਤੇ ਉਸੇ ਤਰ੍ਹਾਂ ਦੀ ਨਿਮਰਤਾ-ਪੂਰਣ ਸੋਚ
ਨੂੰ ਅਪਨਾਣਾ ਚਾਹੀਦਾ ਹੈ, ਜਿਹੋ-ਜਿਹੀ ਫਲਾਂ ਨਾਲ ਲੱਦੇ ਦਰਖਤਾਂ ਵਲੋਂ ਅਪਨਾਈ ਜਾਂਦੀ ਹੈ।
ਜ. ਮਨਜੀਤ ਸਿੰਘ ਜੀਕੇ ਦੀ ਸਲਾਹ: ਦਸਿਆ ਗਿਆ ਹੈ ਕਿ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ
(ਬਾਦਲ) ਜੇ ਜੇਤੂ ਮੈਂਬਰਾਂ ਅਤੇ ਹੋਰ ਮੁੱਖੀਆਂ ਨੂੰ ਸੰਬੋਧਤ ਕਰਦਿਆਂ ਦਲ ਦੇ ਪ੍ਰਦੇਸ਼ ਪ੍ਰਧਾਨ ਜ.
ਮਨਜੀਤ ਸਿੰਘ ਜੀਕੇ ਨੇ ਉਨ੍ਹਾਂ ਨੂੰ ਇੱਕ ਨੇਕ ਅਤੇ ਸਾਰਥਕ ਸਲਾਹ ਦਿੱਤੀ ਹੈ ਕਿ ਸ਼੍ਰੋਮਣੀ ਅਕਾਲੀ
ਦਲ (ਬਾਦਲ) ਨੂੰ ਜੋ ਸ਼ਾਨਦਾਰ ਜਿੱਤ ਹਾਸਲ ਹੋਈ ਹੈ, ਉਸ ਜਿਤ ਨੂੰ ਬਹੁਤ ਹੀ ਸ਼ਾਲੀਨਤਾ ਅਤੇ ਸੁਚਜੇ
ਢੰਗ ਨਾਲ ਸੰਭਾਲੀ ਰਖਣ ਦੀ ਕੌਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਇਸ ਜਿੱਤ ਤੋਂ ਇਤਨਾ ਉਤਸਾਹਿਤ ਨਹੀਂ
ਹੋਣਾ ਚਾਹੀਦਾ ਕਿ ਉਨ੍ਹਾਂ ਦੀ ਜ਼ਬਾਨ ਫਿਸਲਣ ਲਗੇ ਅਤੇ ਉਹ ਅਜਿਹੀਆਂ ਗਲਾਂ ਕਰਨ ਤੇ ਤੁਲ ਜਾਣ
ਜਿਨ੍ਹਾਂ ਨਾਲ ਲੋਕਾਂ ਵਿੱਚ ਇਹ ਸੰਦੇਸ਼ ਜਾਣ ਲਗੇ ਕਿ ਅ-ਮੇਣਵੀਂ ਜਿੱਤ ਹਾਸਲ ਕਰ ਅਕਾਲੀ ਦਲ ਦੇ
ਮੁੱਖੀ ਅਤੇ ਵਰਕਰ ਇਤਨੇ ਭੂਤਰੇ ਗਏ ਹਨ ਕਿ ਉਨ੍ਹਾਂ ਪਾਸੋਂ ਇਹ ਜਿੱਤ ਪਚਾਈ ਨਹੀਂ ਜਾ ਪਾ ਰਹੀ।
ਉਨ੍ਹਾਂ ਵਲੋਂ ਦਿੱਤੀ ਗਈ ਇਸ ਨੇਕ ਸਲਾਹ ਦੇ ਬਾਵਜੂਦ ਇਹੀ ਦੇਖਣ ਵਿੱਚ ਆ ਰਿਹਾ ਹੈ ਕਿ ਇਤਨੀ ਭਾਰੀ
ਜਿੱਤ ਹੋ ਜਾਣ ਦੇ ਬਾਵਜੂਦ ਵੀ ਬਾਦਲ ਅਕਾਲੀ ਦਲ ਦੇ ਕਈ ਮੁੱਖੀ ਆਪਣੀ ਨਕਾਰਾਤਮਕ ਸੋਚ ਅਤੇ ਹਊਮੈ ਦੀ
ਵਲਗਣ ਵਿਚੋਂ ਬਾਹਰ ਨਹੀਂ ਨਿਕਲ ਰਹੇ। ਹੁਣ ਵੀ ਉਹ ਆਪਣੇ-ਆਪਨੂੰ ਵਿਰੋਧੀ ਬੈਂਚਾਂ ਪੁਰ ਹੀ ਬੈਠਾ
ਮੰਨ, ਵਿਰੋਧੀ ਬੈਂਚਾਂ ਵਲ ਧੱਕ ਦਿਤੀ ਗਈ ਹੋਈ ਧਿਰ ਪੁਰ ਪਹਿਲਾਂ ਵਾਂਗ ਹੀ ਘਟੀਆ ਹਮਲੇ ਕਰ ਆਪਣੀ
ਹਊਮੈ ਨੂੰ ਪੱਠੇ ਪਾਣ ਵਿੱਚ ਰੁਝੇ ਚਲੇ ਆ ਰਹੇ ਹਨ। ਉਹ ਇਹ ਗਲ ਸਮਝ ਹੀ ਨਹੀਂ ਪਾ ਰਹੇ ਕਿ ਉਨ੍ਹਾਂ
ਦੇ ਦਲ ਨੂੰ ਜੋ ਇਤਨੀ ਭਾਰੀ ਜਿੱਤ ਪ੍ਰਾਪਤ ਹੋਈ ਹੈ, ਉਹੀ ਵਿਰੋਧੀ ਧਿਰ ਪੁਰ ਦਬਾਉ ਬਣਾਉਣ ਵਿੱਚ
ਭੂਮਿਕਾ ਨਿਭਾ ਰਹੀ ਹੈ। ਅਜਿਹੀ ਸਥਿਤੀ ਵਿੱਚ ਉਨ੍ਹਾਂ ਵਲੋਂ ਦਿੱਤੀਆਂ ਜਾਣ ਵਾਲੀਆਂ ਧਮਕੀਆਂ ਅਤੇ
ਕੀਤੇ ਜਾਣ ਵਾਲੇ ਘਟੀਆ ਕਿਸਮ ਦੇ ਹਮਲਿਆਂ ਨਾਲ ਆਮ ਸਿੱਖਾਂ ਵਿੱਚ ਕੋਈ ਚੰਗਾ ਸੰਦੇਸ਼ ਨਹੀਂ ਜਾ
ਰਿਹਾ। ਉਨ੍ਹਾਂ ਨੂੰ ਇਹ ਵੀ ਸਮਝਣਾ ਹੋਵੇਗਾ ਕਿ ਉਨ੍ਹਾਂ ਦੀ ਅੱਜ ਦੀ ਵਿਰੋਧੀ ਧਿਰ, ਜੋ ਬੀਤੇ
ਗਿਆਰਾਂ ਵਰ੍ਹਿਆਂ ਤੋਂ ਗੁਰਦੁਆਰਾ ਕਮੇਟੀ ਦੀ ਜਿਸ ਸੱਤਾ ਨੂੰ ਸੰਭਾਲੀ ਚਲੀ ਆ ਰਹੀ ਸੀ, ਉਹ ਉਸਨੇ
ਧੱਕੇ ਨਾਲ ਜਾਂ ਜ਼ੋਰ-ਜ਼ਬਰਦਸਤੀ ਹਾਸਲ ਨਹੀਂ ਸੀ ਕੀਤੀ। ਇਹ ਸੱਤਾ ਉਸਨੂੰ ਦਿੱਲੀ ਦੇ ਸਿੱਖ
ਮਤਦਾਤਾਵਾਂ ਨੇ ਉਸੇ ਤਰ੍ਹਾਂ ਹੀ ਸੌਂਪੀ ਸੀ, ਜਿਵੇਂ ਉਨ੍ਹਾਂ ਇਸ ਵਾਰ ਉਨ੍ਹਾਂ ਨੂੰ ਸੌਂਪੀ ਹੈ। ਜੇ
ਉਸ ਧਿਰ ਨੂੰ ਇਸ ਵਾਰ ਸੱਤਾ ਤੋਂ ਬਾਹਰ ਹੋਣਾ ਪਿਆ, ਤਾਂ ਇਹ ਫੈਸਲਾ ਵੀ ਸਿੱਖ ਮਤਦਾਤਾਵਾਂ ਦਾ ਹੀ
ਹੈ। ਜੇ ਵਰਤਮਾਨ ਪ੍ਰਬੰਧਕ ਆਪਣੇ ਪ੍ਰਤੀ ਮਤਦਾਤਾਵਾਂ ਦੇ ਵਿਸ਼ਵਾਸ ਨੂੰ ਕਾਇਮ ਨਾ ਰਖ ਸਕੇ ਤਾਂ
ਉਨ੍ਹਾਂ ਨੂੰ ਵੀ ਉਹ ਸੱਤਾ ਤੋਂ ਬਾਹਰ ਦਾ ਰਸਤਾ ਵਿਖਾਣ ਵਿੱਚ ਕੋਈ ਝਿਝਕ ਨਹੀਂ ਵਿਖਾਣਗੇ। ਇਹ ਗਲ
ਉਨ੍ਹਾਂ ਨੂੰ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ।
ਵਿਰੋਧੀ ਧਿਰ: ਇਸ ਵਿੱਚ ਕੋਈ ਸ਼ਕ ਨਹੀਂ ਕਿ ਜਿਨ੍ਹਾਂ ਨੂੰ ਆਪਣੇ ਵਲੋਂ ਕੀਤੇ ਗਏ ਹੋਏ
ਅਜਿਹੇ ਕੰਮਾਂ, ਜੋ ਸਭ ਦੇ ਸਾਹਮਣੇ ਹਨ ਤੇ ਜਿਨ੍ਹਾਂ ਦੀ ਦੇਸ਼-ਵਿਦੇਸ਼ ਵਿੱਚ ਭਰਪੂਰ ਪ੍ਰਸ਼ੰਸਾ ਹੋ
ਰਹੀ ਸੀ, ਦੇ ਕਾਰਣ ਦ੍ਰਿੜ੍ਹ ਵਿਸ਼ਵਾਸ ਸੀ ਕਿ ਦਿੱਲੀ ਦੇ ਸਿੱਖ ਮਤਦਾਤਾ ਇਨ੍ਹਾਂ ਕੰਮਾਂ ਦਾ ਸਹੀ
ਮੁਲਾਂਕਣ ਕਰ, ਫਿਰ ਤੋਂ ਉਨ੍ਹਾਂ ਨੂੰ ਹੀ ਗੁਰਦੁਆਰਾ ਪ੍ਰਬੰਧ ਦੀ ਸੇਵਾ-ਸੰਭਾਲ ਦੀ ਜ਼ਿਮੇਂਦਾਰੀ
ਸੌਂਪਣਗੇ, ਅਜਿਹੇ ਵਿਸ਼ਵਾਸ ਦੇ ਚਲਦਿਆਂ ਜੇ ਉਨ੍ਹਾਂ ਨੂੰ ਅਣਕਿਆਸੀ ਹਾਰ ਦਾ ਸਾਹਮਣਾ ਕਰਨਾ ਪੈ ਜਾਏ
ਤਾਂ ਉਨ੍ਹਾਂ ਨੂੰ ਧੱਕਾ ਲਗਣਾ ਅਤੇ ਉਨ੍ਹਾਂ ਦਾ ਨਿਰਾਸ਼ਾ ਹੋਣਾ ਸੁਭਾਵਕ ਹੀ ਹੈ। ਅਜਿਹੀ ਸਥਿਤੀ
ਵਿੱਚ ਉਨ੍ਹਾਂ ਨੂੰ ਵਿਚਲਿਤ ਹੋਣ ਦੀ ਥਾਂ, ਆਪਣੇ-ਆਪਨੂੰ ਦ੍ਰਿੜ੍ਹਤਾ ਨਾਲ ਸੰਭਾਲਣਾ ਅਤੇ ਇਹ ਮੰਨ
ਕੇ ਅੱਗੇ ਵਧਣਾ ਚਾਹੀਦਾ ਹੈ ਕਿ ਲੋਕਤੰਤਰ ਵਿੱਚ ਹਾਰ-ਜਿੱਤ ਦਾ ਦੌਰ ਚਲਦਾ ਹੀ ਰਹਿੰਦਾ ਹੈ। ਜਦੋਂ
ਦੋ ਧਿਰਾਂ ਆਹਮੋ-ਸਾਹਮਣੇ ਹੁੰਦੀਆਂ ਹਨ ਤਾਂ ਇੱਕ ਦੀ ਜਿੱਤ ਅਤੇ ਦੂਸਰੀ ਦੀ ਹਾਰ ਹੋਣਾ ਨਿਸ਼ਚਿਤ ਹੈ।
ਇਸ ਹਾਰ ਨੂੰ ਇੱਕ ਖਿਡਾਰੀ ਵਾਂਗ ਸਵੀਕਾਰ ਕਰ ਨਿਰਾਸ਼ਾ ਦੇ ਵਾਤਾਵਰਣ ਤੋਂ ਬਾਹਰ ਨਿਕਲ ਅਗਲੇ
ਮੁਕਾਬਲੇ ਦੀ ਤਿਆਰੀ ਕੀਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਨੂੰ ਨਿਰਾਸ਼ਾ ਤੋਂ ਉਭਰ ਉਨ੍ਹਾਂ ਸਾਰੇ ਕਾਰਣਾਂ ਅਤੇ ਹਾਲਾਤ ਦੇ ਸਬੰਧ ਵਿੱਚ ਨਿਰਪਖਤਾ ਅਤੇ
ਗੰਭੀਰਤਾ ਨਾਲ ਵਿਚਾਰ ਕਰਨੀ ਚਾਹੀਦੀ ਹੈ, ਜਿਨ੍ਹਾਂ ਕਾਰਣ ਉਨ੍ਹਾਂ ਨੂੰ ਇਤਨੀ ਵੱਡੀ ਹਾਰ ਦਾ
ਸਾਹਮਣਾ ਕਰਨਾ ਪਿਆ ਤੇ ਉਨ੍ਹਾਂ ਵਲੋਂ ਕੀਤੇ ਗਏ ਪ੍ਰਸ਼ੰਸਾਯੋਗ ਕੰਮਾਂ ਨੂੰ ਵੀ ਸਿੱਖ ਮਤਦਾਤਾਵਾਂ ਦੀ
ਮਾਨਤਾ ਨਹੀਂ ਮਿਲ ਸਕੀ। ਉਨ੍ਹਾਂ ਨੂੰ ਇਸ ਸਬੰਧ ਵਿੱਚ ਵੀ ਸੋਚਣਾ ਅਤੇ ਵਿਚਾਰਨਾ ਹੋਵੇਗਾ ਕਿ
ਜਾਣੇ-ਅਨਜਾਣੇ ਉਨ੍ਹਾਂ ਪਾਸੋਂ ਅਜਿਹੀਆਂ ਕਿਹੜੀਆਂ ਭੁਲਾਂ ਹੋਈਆਂ ਅਤੇ ਕਮਜ਼ੋਰੀਆਂ ਤੇ ਕਮੀਆਂ ਰਹਿ
ਗਈਆਂ ਸਨ, ਜਿਨ੍ਹਾਂ ਨੂੰ ਦੂਰ ਕਰਨ ਵਲ ਸਮਾਂ ਰਹਿੰਦਿਆਂ ਉਨ੍ਹਾਂ ਦਾ ਧਿਆਨ ਨਹੀਂ ਸੀ ਜਾ ਸਕਿਆ ਅਤੇ
ਵਿਰੋਧੀ ਉਨ੍ਹਾਂ ਦਾ ਲਾਭ ਉਠਾਣ ਵਿੱਚ ਸਫਲ ਹੋ ਗਏ। ਉਨ੍ਹਾਂ ਨੂੰ ਇਹ ਮੰਨ, ਸਾਰੀਆਂ ਸਥਿਤੀਆਂ ਦੀ
ਗੰਭੀਰਤਾ ਨਾਲ ਸਮੀਖਿਆ ਕਰਨੀ ਅਤੇ ਦ੍ਰਿੜ੍ਹਤਾ ਨਾਲ ਫੈਸਲਾ ਲੈਣਾ ਹੋਵੇਗਾ ਕਿ ਵਰਤਮਾਨ ਹਾਲਾਤ,
ਭਾਵੇਂ ਕਿਤਨੇ ਹੀ ਅਣਕਿਅਸੇ ਹਨ, ਫਿਰ ਵੀ ਉਨ੍ਹਾਂ ਨੇ ਇਨ੍ਹਾਂ ਵਿਚੋਂ ਉਭਰਨਾ ਅਤੇ ਸਿੱਖਾਂ ਵਿੱਚ
ਆਪਣੇ ਪ੍ਰਤੀ ਮੁੜ ਵਿਸ਼ਵਾਸ ਕਾਇਮ ਕਰਨਾ ਹੈ। ਅਜਿਹੀ ਸਮੀਖਿਆ ਹੀ ਉਨ੍ਹਾਂ ਦਾ ਮਾਰਗ-ਦਰਸ਼ਨ ਕਰਨ ਵਿੱਚ
ਸਹਾਇਕ ਹੋਵੇਗੀ ਅਤੇ ਉਸੇ ਦੇ ਆਧਾਰ `ਤੇ ਹੀ ਉਹ ਆਪਣੀ ਭਵਿਖ ਦੀ ਰਣਨੀਤੀ ਬਣਾ ਕੇ ਅੱਗੇ ਵਧ ਸਕਣਗੇ।
ਇਸਦੇ ਲਈ ਉਨ੍ਹਾਂ ਪਾਸ ਸਮਾਂ ਵੀ ਕਾਫੀ ਹੈ।
… ਅਤੇ ਅੰਤ ਵਿੱਚ: ਇੱਕ ਭਵਿਖਬਾਣੀ - ਜੋ ਸੱਚ ਸਾਬਤ ਹੋਈ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਦੀਆਂ ਹੋਈਆਂ ਪਿਛਲੀਆਂ ਆਮ ਚੋਣਾਂ ਦੇ ਦੌਰਾਨ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਇਤਿਹਾਸ
ਵਿੱਚ ਸ਼ਾਇਦ ਪਹਿਲੀ ਵਾਰ ਵੇਖਣ ਨੂੰ ਮਿਲਿਆ ਕਿ ਉਨ੍ਹਾਂ ਚੋਣਾਂ ਨੂੰ ਜਿਤਣ ਲਈ ਸ਼੍ਰੋਮਣੀ ਅਕਾਲੀ ਦਲ
(ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਲੋੜੋਂ ਵੱਧ ਸ਼ਕਤੀ ਦਾ ਇਸਤੇਮਾਲ ਕਰਨਾ ਪਿਆ ਸੀ।
ਮੁੱਖ ਮੰਤਰੀ ਵਜੋਂ ਵੀ ਉਨ੍ਹਾਂ ਨੂੰ ਪੰਜਾਬ ਸਰਕਾਰ ਅਤੇ ਉਸਦੇ ਸਾਧਨਾਂ `ਤੇ ਪ੍ਰਭਾਵ ਦੀ ਖੁਲ੍ਹ ਕੇ
ਵਰਤੋਂ ਕਰਨ `ਤੇ ਮਜਬੂਰ ਹੋਣਾ ਪੈ ਗਿਆ ਸੀ। ਇਤਨਾ ਸਭ ਕਰਦਿਆਂ ਹੋਇਆਂ ਵੀ ਬੀਤੇ ਤਕਰੀਬਨ 13-14
ਵਰ੍ਹਿਆਂ ਵਿੱਚ, ਜਦੋਂ ਦੀ ਸ. ਪਰਮਜੀਤ ਸਿੰਘ ਸਰਨਾ ਨੇ ਉਨ੍ਹਾਂ ਨਾਲੋਂ ਤੋੜ-ਵਿਛੋੜਾ ਹੋ ਜਾਣ ਤੇ
ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਗਠਨ ਕਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਚੁਨੌਤੀ ਦੇਣੀ ਸ਼ੁਰੂ
ਕੀਤੀ ਹੈ, ਪਹਿਲੀ ਵਾਰ ਸ. ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਕਾਂਗ੍ਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ
ਸਿੰਘ ਅਤੇ ਪੰਜਾਬ ਵਿਚਲੇ ਆਪਣੇ ਵਿਰੋਧੀ ਸ. ਰਵੀਇੰਦਰ ਸਿੰਘ ਦੇ ਨਾਲ ਸ. ਪਰਮਜੀਤ ਸਿੰਘ ਸਰਨਾ ਦਾ
ਨਾਂ ਬਾਰ-ਬਾਰ ਲੈ, ਉਨ੍ਹਾਂ ਪੁਰ ਤਿੱਖੇ ਹਮਲੇ ਕੀਤੇ। ਕੈਪਟਨ ਅਮਰਿੰਦਰ ਸਿੰਘ ਅਤੇ ਸ. ਰਵੀਇੰਦਰ
ਸਿੰਘ ਪੁਰ ਤਾਂ ਉਹ ਪਹਿਲਾਂ ਤੋਂ ਹੀ ਹਮਲੇ ਕਰਦੇ ਚਲੇ ਆ ਰਹੇ ਸਨ, ਪ੍ਰੰਤੂ ਸ. ਪਰਮਜੀਤ ਸਿੰਘ ਸਰਨਾ
ਦਾ ਨਾਂ ਲੈ, ਉਨ੍ਹਾਂ ਪੁਰ ਸਿੱਧਾ ਹਮਲਾ ਕਰਨ ਤੋਂ ਉਹ ਲਗਾਤਾਰ ਗੁਰੇਜ਼ ਕਰਦੇ ਚਲੇ ਆ ਰਹੇ ਸਨ। ਬਾਦਲ
ਅਕਾਲੀ ਦਲ ਦੇ ਦਿੱਲੀ ਪ੍ਰਦੇਸ਼ ਦੇ ਮੁੱਖੀ ਹੀ ਸ. ਬਾਦਲ ਵਲੋਂ ਉਨ੍ਹਾਂ ਪੁਰ ਹਮਲੇ ਕਰਨ ਦੀ
ਜ਼ਿਮੇਂਦਾਰੀ ਨਿਭਾਂਦੇ ਅਤੇ ਉਨ੍ਹਾਂ ਵਿਰੁਧ ਆਪਣੇ ਦਿੱਲ ਦੀ ਭੜਾਸ ਕਢਦੇ ਚਲੇ ਆ ਰਹੇ ਸਨ। ਪ੍ਰੰਤੂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਪਹਿਲੀ ਵਾਰ ਸ. ਪ੍ਰਕਾਸ਼ ਸ਼ਿੰਘ ਬਾਦਲ ਨੇ
ਆਪ ਸ. ਸਰਨਾ ਦਾ ਨਾਂ ਲੈ ਉਨ੍ਹਾਂ ਪੁਰ ਹਮਲੇ ਕਰ ਆਪਣੀ ਉਨ੍ਹਾਂ ਵਿਰੋਧੀ ਚੁਪ ਤੋੜ ਦਿੱਤੀ ਸੀ। ਜਿਸ
ਤੋਂ ਲੋਕਾਂ, ਵਿਸ਼ੇਸ਼ ਕਰ ਪੰਜਾਬ ਵਾਸੀਆਂ ਵਿੱਚ ਇਹ ਸੰਦੇਸ਼ ਜਾਣੋਂ ਨਹੀਂ ਸੀ ਰਹਿ ਸਕਿਆ ਕਿ ਸ. ਬਾਦਲ
ਨੇ ਪਹਿਲੀ ਵਾਰ ਇਹ ਮਹਿਸੂਸ ਕੀਤਾ ਹੈ ਕਿ ਸ. ਪਰਮਜੀਤ ਸਿੰਘ ਸਰਨਾ ਉਨ੍ਹਾਂ ਲਈ ਗੰਭੀਰ ਚੁਨੌਤੀ
ਬਣਦੇ ਜਾ ਰਹੇ ਹਨ।
ਉਸੇ ਦੌਰਾਨ ਅਕਾਲੀ ਰਾਜਨੀਤੀ ਦੇ ਮਾਹਿਰਾਂ ਨੇ ਸਾਰੀ ਸਥਿਤੀ ਦੀ ਘੋਖ ਕਰਦਿਆਂ ਇਹ ਭਵਿਖਬਾਣੀ ਕਰ
ਦਿੱਤੀ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਜਿਸਤਰ੍ਹਾਂ ਸ.
ਪਰਮਜੀਤ ਸਿੰਘ ਸਰਨਾ ਪੁਰ ਉਨ੍ਹਾਂ ਦਾ ਨਾਂ ਲੈ ਕੇ ਹਮਲੇ ਕਰਨ ਤੇ ਮਜਬੂਰ ਹੋਣਾ ਪਿਆ ਹੈ, ਉਸ ਸਥਿਤੀ
ਨੂੰ ਵੇਖਦਿਆਂ ਹੋਇਆਂ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਨੇੜ ਭਵਿਖ ਵਿੱਚ ਹੋਣ
ਵਾਲੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ
ਇੱਕ ਜ਼ਖਮੀ ਸ਼ੇਰ ਵਾਂਗ ਸ. ਪਰਮਜੀਤ ਸਿੰਘ ਦੀ ਸ਼ਕਤੀ ਤੋੜਨ ਲਈ, ਉਨ੍ਹਾਂ ਦੀ ਅਗਵਾਈ ਵਾਲੇ ਸ਼੍ਰੋਮਣੀ
ਅਕਾਲੀ ਦਲ ਦਿੱਲੀ ਨੂੰ ਜ਼ਬਰਦਸਤ ਟੱਕਰ ਦੇਣ ਲਈ ਆਪਣੀ ਪੂਰੀ ਸ਼ਕਤੀ ਝੌਂਕ ਸਕਦੇ ਹਨ।
ਅਕਾਲੀ ਰਾਜਸੀ ਮਾਹਿਰਾਂ ਵਲੋਂ ਉਸ ਸਮੇਂ ਕੀਤੀ ਗਈ ਇਹ ਭਵਿਖਬਾਣੀ ਆਖਰ ਸੱਚ ਹੋ ਕੇ ਰਹੀ। ਸ.
ਪ੍ਰਕਾਸ਼ ਸਿੰਘ ਬਾਦਲ ਨੇ ਹੀ ਨਹੀਂ, ਸਗੋਂ ਉਨ੍ਹਾਂ ਦੇ ਸਾਹਿਬਜ਼ਾਦੇ ਸ. ਸੁਖਬੀਰ ਸਿੰਘ ਬਾਦਲ ਨੇ ਵੀ
ਇਨ੍ਹਾਂ ਚੋਣਾਂ ਵਿੱਚ ਆਪਣੀ, ਆਪਣੀ ਸਰਕਾਰ, ਆਪਣੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਦੇ ਨਾਲ ਹੀ ਸਹਿਯੋਗੀ ਪਾਰਟੀ, ਭਾਜਪਾ ਦੀ ਵੀ ਸਮੁਚੀ ਤਾਕਤ ਝੌਂਕ, ਉਨ੍ਹਾਂ ਪਾਸੋਂ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਖੋਹ ਲੈਣ ਵਿੱਚ ਸਫਲਤਾ ਪ੍ਰਾਪਤ ਕਰ ਲਈ।
Mobile : + 91 98 68 91 77 31
(20/02/13)
ਮੇਜਰ ਸਿੰਘ ‘ਬੁਢਲਾਡਾ’
ਸਤਿਕਾਰਯੋਗ ਸੰਪਾਦਕ (ਸਿੱਖ ਮਾਰਗ) ਜੀ,
ਸਤਿ ਸ੍ਰੀ ਅਕਾਲ!
ਸ੍ਰੀ ਮਾਨ ਜੀ, ਮੈਂ ਆਪ ਜੀ ਨੂੰ ਡਾ. ਸਰਬਜੀਤ ਸਿੰਘ ਦੇ ਲੇਖ ਦੇ ਸਬੰਧ
ਵਿੱਚ ਆਪਣੇ ਇਹ ਵਿਚਾਰ ਭੇਜ ਰਿਹਾਂ ਹਾਂ, ਛਾਪਣ ਦੀ ਕਿਰਪਾਲਤਾ ਕਰਨੀ ਜੀ। ਧੰਨਵਾਦ!
ਆਪ ਜੀ ਦਾ ਸ਼ੁਭਚਿੰਤਕ-
ਮੇਜਰ ਸਿੰਘ ‘ਬੁਢਲਾਡਾ’
ਮੋਬਾ: 94176-42327
90414-06713
-----------------------------------------
“ਕੀ ਪੰਦਰਾਂ ਭਗਤ ਜਿਨਹਾਂ ਦੀ ਬਾਣੀ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਹੈ,
ਉਹ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਹੋਏ ਸਨ, ਸਮਕਾਲੀ ਸਨ, ਜਾਂ ਗੁਰੂ ਨਾਨਕ ਸਾਹਿਬ ਤੋਂ ਬਾਅਦ
ਹੋਏ ਸਨ?”
ਉਪਰੋਕਤ ਸਿਰਲੇਖ ਹੇਠ ਲੇਖ ਲੜੀ ਦੋ ਵਿੱਚ ਡਾ. ਸਰਬਜੀਤ ਸਿੰਘ (ਨਵੀਂ
ਮੁੰਬਈ) ਦਾ ਲੇਖ ਪੜ੍ਹਨ ਨੂੰ ਮਿਲਿਆ, ਪੜ੍ਹਕੇ ਹੈਰਾਨੀ ਹੋਈ! ਕਿਉਂ ਕਿ ਸਦੀਆਂ ਬੀਤ ਜਾਣ ਤੋਂ ਬਾਅਦ
ਵੀ ਗੁਰੂ ਗਰੰਥ ਸਹਿਬ ਵਿੱਚ ਬਾਣੀ ਦੇ ਰਚੇਤਾ ਭਗਤ ਸਹਿਬਾਨਾਂ ਨੂੰ, ਅੱਜ ਵੀ ਗਿਆਨ ਦੇ ਯੁੱਗ ਵਿਚ,
ਬਹੁਤੇ ਸਿੱਖ ਇਹਨਾਂ ‘ਭਗਤ ਸਹਿਬਾਨਾਂ’ ਨੂੰ ਉਹ ਸਤਿਕਾਰ ਨਹੀਂ ਦੇ ਰਹੇ, ਜਿਹਨਾਂ ਦੇ ਉਹ ਹੱਕਦਾਰ
ਹਨ ਅਤੇ ਜਿਹੜਾ ਸਤਿਕਾਰ ਸਾਡੇ ਗੁਰੂ ਸਹਿਬਾਨਾਂ ਨੇ ਇਹਨਾਂ ‘ਭਗਤਾਂ’ ਨੂੰ ਦਿੱਤਾ ਹੋਇਆ ਹੈ। ਜਿਸ
ਦਾ ਕਾਰਨ
‘ਨਾਮਦੇਵ ਜੀ
ਛੀਬਾਂ, ਕਬੀਰ ਜੀ ਜੁਲਾਹਾ, ਅਤੇ ਰਵਿਦਾਸ ਜੀ ਚੁਮਾਰ, ਆਦਿ
ਅਖੌਤੀ ਨੀਵੀਂ ਜਾਤੀ ਦੇ ਹੋਣਾ ਵੀ ਜਾਪਦਾ ਹੈ। ਕਿਉਂ ਕਿ ਇਹਨਾਂ ਦੀ ਬਾਣੀ ਹੋਰ ਸਾਰੇ ਭਗਤਾਂ ਨਾਲੋਂ
ਜਿਆਦਾ ਹੋਣ ਤੇ ਇਹ ਸਭ ਤੋਂ ਜਿਆਦਾ ਨਜਰ ਆਉਂਦੇ ਹਨ। ਇਸ ਲਈ ਕੁੱਝ ਲੋਕ (ਗੁਰੂ ਸਹਿਬਾਂ ਦੀ ਸੋਚ ਦੇ
ਉਲਟ) ਇਸੇ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਨੇ, ਕਿ ਕਿਵੇਂ ਨਾ ਕਿਵੇਂ, ਇਹਨਾਂ ‘ਭਗਤਾਂ’ ਨੂੰ ਛੋਟੇ
ਅਤੇ ਗੁਰੂਆਂ ਨੂੰ ਵੱਡੇ ਬਣਾਕੇ ਫਰਕ ਰੱਖਿਆ ਜਾਵੇ। ਸਿੱਖ ਕੌਮ ਵਿੱਚ ਵਿਦਵਾਨ ਮੰਨੇ ਜਾਂਦੇ ਪੰਡਿਤ
ਤਾਰਾ ਸਿੰਘ ਅਤੇ ਮੈਕਾਲਿਫ, ਗੁਰ ਭਗਤ ਮਾਲ ਦੇ ਲਿਖਾਰੀ ਆਦਿ ਨੇ ਇਹਨਾਂ ‘ਭਗਤ ਸਹਿਬਾਨਾਂ’ ਵਾਰੇ ਕਈ
ਭਰਮ-ਭੁਲੇਖੇ ਪੈਦਾ ਕੀਤੇ ਹੋਏ ਹਨ ਅਤੇ ਸਾਡੇ ਬਹੁਤੇ ਪ੍ਰਚਾਰਕ ਬਿਨਾਂ ਸੋਚੇ-ਸਮਝੇ ਇਹਨਾਂ ਦੇ ਲਿਖੇ
ਊਲ-ਜਲੂਲ ਨੂੰ ਹੁਣ ਵੀ ਉਸੇ ਤਰਾਂ ਪ੍ਰਚਾਰਦੇ ਚਲੇ ਆ ਰਹੇ ਹਨ।
ਲੇਖਕ ਸਰਬਜੀਤ ਸਿੰਘ
ਜੀ ਵੀ, “ਗੁਰੂ ਨਾਨਕ ਸਹਿਬ ਵਲੋਂ ਭਗਤਾਂ ਦਾ ਆਪਣੀ ਬਾਣੀ ਵਿੱਚ ਜਿਕਰ ਨਾ ਕਰਨ ਦੇ” ਨਵੇਂ ਬਹਾਨੇ
ਰਾਹੀਂ ਇਹੀ ਯਤਨ ਕਰਦਾ ਨਜਰ ਆ ਰਿਹਾ ਹੈ; ਭਾਵੇਂ ਕਿ ਸਿੱਖ ਵਿਦਵਾਨ ਪ੍ਰੋਫੈਸਰ ਸਾਹਿਬ ਸਿੰਘ (ਡੀ
ਲਿਟ) ਨੇ ਆਪਣੀ ਜਿੰਦਗੀ ਦਾ ਵੱਡਾ ਹਿੱਸਾ ਗੁਰਬਾਣੀ ਸਮਝਣ ਤੇ ਵਿਚਾਰਨ ਉਤੇ ਲਾਕੇ ਕੋਈ 50-52 ਸਾਲ
ਪਹਿਲਾਂ ‘ਭਗਤ ਬਾਣੀ ਟੀਕੇ’ ਵਿੱਚ ਆਪਣੀ ਖੋਜ ਰਾਹੀਂ, ਗੁਰਬਾਣੀ ਪਰਮਾਣਾਂ ਨਾਲ ਇਹ ਸਿੱਧ ਕਰ ਦਿਤਾ
ਸੀ ਕਿ - “ਭਗਤ ਬਾਣੀ’ ਗੁਰੂ
ਨਾਨਕ ਸਾਹਿਬ ਨੇ ਹੀ ਉਦਾਸੀਆਂ ਸਮੇ ਇੱਕਤਰ ਕਰਕੇ ਸਾਂਭੀ ਹੋਈ ਸੀ, ਜਿਹੜੀ ਕਿ ਅਗੋਂ ਗੁਰੂਆਂ ਰਾਂਹੀ
ਹੀ ਪੰਜਵੇਂ ਪਾਤਸਾਹ ਕੋਲ ਪਹੁੰਚੀ।” ਭਗਤ ਬਾਣੀ
ਦੇ ਟੀਕੇ ਅੰਦਰ ਗੁਰੂ ਨਾਨਕ ਅਤੇ ਤੀਜੇ ਚੌਥੇ, ਪੰਜਵੇਂ ਗੁਰੂ ਸਹਿਬਾਨਾਂ ਦੇ ਕਈ ਸ਼ਬਦ, ਭਗਤ
ਸਹਿਬਾਨਾਂ ਦੇ ਸ਼ਬਦਾਂ ਨਾਲ ਦਿਤੇ ਹੋਏ ਹਨ, ਜਿਹੜੇ ਇਕੋ ਰਾਗ ਅਤੇ ਇਕੋ ਸੁਰਤਾਲ ਵਿੱਚ ਹਨ। ਜਿਹਨਾਂ
ਤੋਂ ਇਹ ਸਿਧ ਕੀਤਾ ਹੋਇਆ ਹੈ, ਕਿ ਇਹ ਸ਼ਬਦ ਗੁਰੂ ਸਹਿਬਾਨਾਂ ਨੇ ਭਗਤਾਂ ਦੇ ਸ਼ਬਦ ਸਾਹਮਣੇ ਰਖਕੇ
ਆਪਣੇ ਸ਼ਬਦ ਰਚੇ ਹੋਏ ਹਨ ਅਤੇ ਪ੍ਰੋ: ਸਹਿਬ ਸਿੰਘ ਜੀ ਨੇ ਕੋਈ ਸੱਕ ਦੀ ਗੁੰਜਾਇਸ ਹੀ ਨਹੀਂ ਰਹਿਣ
ਦਿਤੀ। ਫਿਰ ਵੀ ਸਰਬਜੀਤ ਜੀ, ਨੂੰ ਇਹ ਗੱਲ ਰਾਸ ਨਹੀਂ ਆ ਰਹੀ। ਖੈਰ! ਜੇਕਰ ਕਿਸੇ ਵਿਦਵਾਨ ਦੀ ਲਿਖਤ
ਨਾਲ ਸਹਿਮਤੀ ਨਹੀਂ ਬਣਦੀ ਤਾਂ ਆਪਣੀ ਗੱਲ ਨੂੰ ਸਹੀ ਸਿਧ ਕਰਨ ਵਾਸਤੇ ਉਸ ਤੋਂ ਵੱਧ ਠੋਸ ਸਬੂਤ ਦੇਕੇ
ਪਹਿਲੇ ਲੇਖਕ ਦੀ ਦਲੀਲ ਨੂੰ ਕਟਿਆ ਜਾ ਸਕਦਾ ਹੈ। ਪਰ ਜਿਹੜਾ ਬਹਾਨਾ/ਸਬੂਤ (ਸਰਬਜੀਤ ਜੀ ਨੇ) ਲੱਭਕੇ
ਲਿਖਿਆ ਹੈ, ਉਹ ਠੀਕ ਨਹੀਂ ਜਾਪ ਰਿਹਾ। ਆਓ ਸਰਬਜੀਤ ਜੀ ਦੇ ਲੇਖ ਉਤੇ ਵਿਚਾਰ ਕਰੀਏ। ਲਿਖਿਆ ਹੈ
ਕਿ:- “ਆਮ ਤੌਰ ਤੇ ਇਤਿਹਾਸਕ
ਗੱਲਾਂ ਕਰਨ ਵੇਲੇ, ਇਹੀ ਕਿਹਾ ਜਾਦਾਂ ਹੈ ਕਿ ਗੁਰੂ ਨਾਨਕ ਸਹਿਬ ਨੇ ਬਹੁਤ ਸਾਰੇ ਭਗਤਾਂ ਦੀ ਬਾਣੀ
ਇੱਕਠੀ ਕੀਤੀ ਸੀ। ਪਰ ਹੈਰਾਨਗੀ ਦੀ ਗੱਲ ਹੈ, ਕਿ ਗੁਰੂ ਨਾਨਕ ਸਹਿਬ ਨੇ ਆਪਣੀ ਬਾਣੀ ਵਿੱਚ ਇਹਨਾਂ
15 ਭਗਤਾਂ ਵਿਚੋਂ ਕਿਸੇ ਇੱਕ ਦਾ ਵੀ ਜਿਕਰ ਨਹੀਂ ਕੀਤਾ ਹੈ। ਜੇਕਰ ਗੁਰੂ ਨਾਨਕ ਦੇ ਮਨ ਦੇ ਅੰਦਰ
ਭਗਤਾ ਦੀ ਬਾਣੀ ਲਈ ਸਤਿਕਾਰ ਸੀ, ਤਾਂ ਉਹ, ਉਹਨਾਂ ਦਾ ਆਪਣੀ ਬਾਣੀ ਵਿੱਚ ਜਰੂਰ ਜਿਕਰ ਕਰਦੇ। ਗੁਰੂ
ਗਰੰਥ ਸਹਿਬ ਅੰਦਰ ਅਕਿਰਤਘਣਾ ਨੂੰ ਬੁਰੀ ਤਰਾਂ ਫਿਟਕਾਰਿਆ ਗਿਆ ਹੈ। ਇਸ ਲਈ ਗੁਰੂ ਨਾਨਕ ਸਹਿਬ ਦਾ
ਅਕਿਰਤਘਣ ਬਨਣਾ ਅਸੰਭਵ ਹੈ।”
ਅਗੇ ਇੱਕ ਹੋਰ ਦਲੀਲ ਦਿੰਦਿਆ ਲਿਖਿਆ ਹੈ-
“ਗੁਰੂ ਨਾਨਕ ਸਾਹਿਬ ਨੇ ਆਪਣੀ
ਬਾਣੀ ਵਿੱਚ ਕਈਆਂ ਦਾ ਜਿਕਰ ਕੀਤਾ ਹੈ, ਉਦਾਰਣ ਤੌਰ ਤੇ ਬ੍ਰਹਮਾ, ਬਲਿਰਾਜਾ, ਹਰੀਚੰਦ, ਹਰਣਾਖਸ,
ਪਰਿਲਾਦ, ਰਾਵਣ, ਸਹਿਸਬਾਹੁ, ਜਰਾਸਿੰਧ, ਕਾਲਜਮੁਨ, ਰਕਤਬੀਜੁ, ਕਾਲੁਨੇਮੁ, ਦੁਰਯੋਜਨ, ਜਨਮੇਜੇ,
ਕੰਸ, ਚਾਂਡਰੁ, ਆਦਿ। ਇਸ ਤੋ ਇਲਾਵਾ ਇੰਦਰ, ਸੀਤਾ, ਰਾਮ, ਲਛਮਣ, ਕ੍ਰਿਸ਼ਨ, ਪਾਂਡਉ, ਗੌਤਮ, ਅਹਲਿਆ
ਆਦਿ।
ਅੱਗੇ ਫਿਰ ਲਿਖਿਆ ਹੈ ਕਿ
-
“ਗੁਰੂ ਨਾਨਕ ਸਹਿਬ ਕਿਸੇ ਗੁਰਸਿੱਖ ਨੂੰ ਬਿਆਨ ਕੀਤੇ ਬਿਨਾ ਨਹੀਂ ਛੱਡ ਸਕਦੇ ਸਨ। ਜੇਕਰ ਉਹਨਾਂ ਦੇ
ਮਨ ਦੇ ਅੰਦਰ ਭਗਤਾਂ ਦੀ ਬਾਣੀ ਪ੍ਰਤੀ ਸਤਿਕਾਰ ਸੀ, ਤਾਂ ਉਹ ਉਹਨਾਂ ਭਗਤਾਂ ਦਾ ਆਪਣੀ ਬਾਣੀ ਵਿੱਚ
ਕਿਤੇ ਨਾ ਕਿਤੇ ਜਰੂਰ ਜਿਕਰ ਕਰਦੇ। ਪਰ ਇਸ ਸਬੰਧੀ ਗੁਰੂ ਗਰੰਥ ਸਹਿਬ ਵਿੱਚ ਪਰਮਾਣ ਨਹੀਂ ਮਿਲਦਾ।
ਗੁਰੂ ਨਾਨਕ ਸਹਿਬ ਦੀ ਸਿਖਿਆ ਲੈ ਕੇ, ਜਿਹਨਾਂ ਦੇ ਜੀਵਨ ਵਿੱਚ ਪਲਟਾ ਆ ਗਿਆ, ਉਹਨਾਂ ਦਾ ਵੀ ਗੁਰੂ
ਨਾਨਕ ਸਹਿਬ ਨੇ ਜਿਕਰ ਕੀਤਾ ਹੈ, ਜਿਵੇਂ ਕਿ ਸੱਜਣ ਦਾ ਇੱਕ ਠੱਗ ਤੋਂ ਸਿੱਖੀ ਦਾ ਪ੍ਰਚਾਰਕ ਬਣਨਾ।”
ਲੇਖਕ ਸਰਬਜੀਤ ਸਿੰਘ ਨੇ ਕਿੱਡਾ ਵੱਡਾ ਇਲਜਾਮ ਲਾਇਆ ਹੈ ‘ਗੁਰੂ ਨਾਨਕ ਸਹਿਬ’
ਉਤੇ
- “ਕਿ ਗੁਰੂ ਨਾਨਕ ਸਾਹਿਬ
ਦੇ ਮੰਨ ਅੰਦਰ ਭਗਤਾਂ ਤੇ ਇਹਨਾਂ ਦੀ ਬਾਣੀ ਸਬੰਧੀ ਕੋਈ ਸਤਿਕਾਰ ਨਹੀਂ ਸੀ।”
ਗੁਰੂ ਨਾਨਕ ਸਹਿਬ ਵਲੋਂ ਆਪਣੀ ਬਾਣੀ ਵਿੱਚ ਇਹਨਾਂ ਭਗਤਾਂ
ਦਾ ਨਾਮ ਲੈਕੇ ਸਿੱਧਾ ਜਿਕਰ ਨਾ ਕਰਨਾ ਕੋਈ ਵੀ ਕਾਰਨ ਹੋ ਸਕਦਾ ਹੈ, ਜਿਵੇਂ ਗੁਰੂ ਤੇਗ ਬਹਾਦਰ
ਸਾਹਿਬ ਨੇ ਵੀ ਇਹਨਾਂ ਭਗਤਾਂ ਦੇ ਸਬੰਧ ਵਿੱਚ ਕੋਈ ਬਾਣੀ ਨਹੀਂ ਉਚਾਰੀ, ਜਦੋ ਕਿ ਉਹਨਾਂ ਦੇ ਸਾਹਮਣੇ
ਤਾਂ ‘ਗਰੰਥ ਸਹਿਬ’ ਵਿੱਚ ਇਹਨਾਂ ਸਾਰੇ ਭਗਤਾਂ ਦੀ ਬਾਣੀ ਮੋਜੂਦ ਸੀ ਅਤੇ ਤੀਜੇ, ਚੌਥੇ, ਤੇ ਪੰਜਵੇਂ
ਗੁਰੂਆਂ ਨੇ ਤਾਂ ਆਪਣੀ ਬਾਣੀ ਵਿੱਚ ਇਹਨਾਂ ਭਗਤਾਂ ਨੂੰ ਸਤਿਕਾਰ ਵੀ ਦਿੱਤਾ ਹੋਇਆ ਸੀ। ਕੀ ਗੁਰੂ
ਤੇਗ ਬਹਾਦਰ ਸਹਿਬ ਵਾਰੇ ਵੀ ਇਹੋ ਕਿਹਾ ਜਾਵੇਗਾ, ਕਿ ਇਹਨਾਂ (ਗੁਰੂ ਤੇਗ ਬਹਾਦਰ ਸਹਿਬ) ਦੇ ਮਨ
ਅੰਦਰ ਵੀ ‘ਭਗਤਾਂ’ ਲਈ ਲਈ ਕੋਈ ਸਤਿਕਾਰ ਨਹੀਂ ਸੀ? ਹੋਰ ਵੇਖੋ ਸਰਬਜੀਤ ਜੀ ਤੁਹਾਡੇ ਲੇਖ ਮੁਤਾਬਕ ,
ਭਗਤ ਸਧਨਾ ਜੀ, ਪਰਮਾਨੰਦ ਜੀ,
ਰਾਮਾਨੰਦ ਜੀ,
ਪੀਪਾ ਜੀ,
ਅਤੇ
ਭੀਖਨ ਜੀ
ਦਾ ਵੀ ਕਿਸੇ ਗੁਰੂ ਸਹਿਬਾਨ ਨੇ ਜਿਕਰ ਨਹੀਂ ਕੀਤਾ ਅਤੇ ਖੁਦ ਗੁਰੂ ਅਰਜਨ ਦੇਵ ਜੀ ਨੇ ਵੀ ਜਿਕਰ
ਨਹੀਂ ਕੀਤਾ, ਜਿਹਨਾਂ ਨੇ ਇਹਨਾਂ (ਭਗਤਾਂ) ਦੀ ਬਾਣੀ ਨੂੰ ਗੁਰੂ ਗਰੰਥ ਸਹਿਬ ਵਿੱਚ ਦਰਜ ਕੀਤਾ ਹੈ,
ਕੀ ਪੰਜਵੇਂ ਪਾਤਸਾਹ ਵਾਰੇ ਵੀ ਇਹੋ ਕਿਹਾ ਜਾਵੇਗਾ ਇਹਨਾਂ ਪੰਜੇ ਭਗਤਾਂ ਦਾ ਇਹਨਾਂ (ਗੁਰੂ ਅਰਜਨ
ਦੇਵ) ਦੇ ਮਨ ਅੰਦਰ ਕੋਈ ਸਤਿਕਾਰ ਨਹੀਂ ਸੀ? ਜੇਕਰ ਪੰਜਵੇਂ ਪਾਤਸਾਹ ਦੇ ਮਨ ਅੰਦਰ ਇਹਨਾਂ ਪ੍ਰਤੀ
ਸਤਿਕਾਰ ਸੀ, ਤਦ ਹੀ ਇਹਨਾਂ (ਭਗਤਾਂ) ਦੀ ਬਾਣੀ ਗੁਰੂ ਗਰੰਥ ਸਹਿਬ ਵਿੱਚ ਸਾਮਲ ਕੀਤੀ, ਨਹੀਂ ਕੀ
ਲੋੜ ਸੀ? ਫਿਰ ਜਦੋ ਭਗਤਾਂ ਅਤੇ ਉਹਨਾਂ ਦੀ ਬਾਣੀ ਦਾ ਗੁਰੂ ਨਾਨਕ ਸਹਿਬ ਦੇ ਮਨ ਅੰਦਰ ਸਤਿਕਾਰ ਨਹੀਂ
ਸੀ, ਫਿਰ ਗੁਰੂ ਨਾਨਕ ਸਹਿਬ ਦੀ ਗੱਦੀ ਦੇ ਮਾਲਕ (ਵਾਰਿਸ) ਤੀਜੇ, ਚੋਥੇ, ਪੰਜਵੇਂ ਪਾਤਸਾਹ ਤੇ ਐਸੀ
ਕਿਹੜੀ ਭੀੜ ਬਣ ਆਈ ਸੀ, ਉਹ ਇਹਨਾਂ ਭਗਤਾਂ ਦੇ ਗੁਣ ਆਪਣੀ ਬਾਣੀ ਵਿੱਚ ਗਾਉਂਦੇ ਰਹੇ? ਅਤੇ ਨਾ ਹੀ
ਕੋਈ ਵੀ ਭੀੜ ਇਹਨਾਂ ਨੂੰ ਆਪਣੇ ਅਸੂਲਾਂ ਤੋਂ ਥਿੜਕਾਅ ਨਹੀਂ ਸਕਦੀ ਸੀ ਅਤੇ ਨਾਂ ਹੀ ਥਿੜਕੇ ਸਨ।
ਫਿਰ ਕੀ ਗੁਰੂ ਨਾਨਕ ਸਹਿਬ ਨਾਲੋ ਤੀਜੇ, ਚੌਥੇ, ਪੰਜਵੇਂ ਨਾਨਕ ਦੀ ਸੋਚ ਵਿੱਚ ਕੋਈ ਫਰਕ ਸੀ? ਫਿਰ
ਤੁਹਾਡੇ ਲੇਖ ਮੁਤਾਬਕ, ਫਰੀਦ
ਜੀ ਦਾ ਜਿਕਰ ਸਿਰਫ ਤੀਜੇ ਅਤੇ ਪੰਜਵੇਂ ਪਾਤਸਾਹ ਨੇ ਹੀ ਕੀਤਾ ਹੈ,
ਇਥੇ ਕੀ ਸਮਝਿਆ ਜਾਵੇ ਕਿ ਚੌਥੇ ਪਾਤਸਾਹ ਦੇ ਮਨ ਅੰਦਰ
‘ਫਰੀਦ ਜੀ’ ਲਈ ਕੋਈ ਸਤਿਕਾਰ ਨਹੀਂ ਸੀ? ਫਿਰ ਨਾਨਕ ਜੋਤ ਛੇਵੇਂ, ਸਤਵੇਂ, ਅੱਠਵੇਂ ਅਤੇ ਦਸਵੇਂ
ਗੁਰੂ ਸਹਿਬਾਨਾਂ ਨੇ ਵੀ, ਗੁਰੂ ਸਹਿਬਾਨਾਂ ਸਮੇਤ ਕਿਸੇ ਦੇ ਸਬੰਧ ਵਿੱਚ ਕੋਈ ਬਾਣੀ ਨਹੀਂ ਉਚਾਰੀ,
ਕੀ ਇਹਨਾਂ ਗੁਰੂ ਸਹਿਬਾਨਾਂ ਵਾਰੇ ਵੀ ਇਹੀ ਸੋਚਿਆ ਜਾਵੇਗਾ, ਕਿ ਇਹਨਾਂ ਮਨ ਅੰਦਰ ਕਿਸੇ ਪ੍ਰਤੀ
ਸਤਿਕਾਰ ਨਹੀਂ ਸੀ? ਜੇਕਰ ਦਸਵੇਂ ਪਾਤਸਾਹ ਦੇ ਮਨ ਅੰਦਰ ਇਹਨਾਂ ਭਗਤਾਂ ਪ੍ਰਤੀ ਸਤਿਕਾਰ ਨਾ ਹੂੰਦਾ,
ਤਾਂ ਫਿਰ ਦਸਵੇਂ ਗੁਰੂ ਨੇ ਗੁਰੂ ਗਰੰਥ ਸਹਿਬ ਲੜ ਲਾਉਂਦਿਆਂ ਸਮੇਂ ਸਿੱਖਾਂ ਨੂੰ ਨਾਲ ਇਹ ਵੀ ਹਦਾਇਤ
ਕਰ ਜਾਣਾ ਸੀ, ਵੀ “ਇਕੱਲੇ ਗੁਰੂਆਂ ਦੀ ਹੀ ਬਾਣੀ ਨੂੰ ਹੀ ਮੰਨਣਾ ਹੈ, ਹੋਰ ਕਿਸੇ ਭਗਤ ਦੀ ਬਾਣੀ
ਨੂੰ ਨਹੀਂ।”
ਵੀਰ ਸਰਬਜੀਤ ਜੀ, ਅੱਗੇ ਤੁਸੀਂ ਜਿਹੜੀ ਗੱਲ ਕਹਿੰਦੇ ਹੋਂ ਕਿ
“ਗੁਰੂ ਨਾਨਕ ਸਹਿਬ ਕਿਸੇ ਗੁਰਸਿੱਖ
ਨੂੰ ਬਿਆਨ ਕੀਤੇ ਬਿਨਾਂ ਨਹੀਂ ਛੱਡ ਸਕਦੇ,” ਪਰ
ਜਿਹਨਾਂ ਦੇ ਤੁਸੀਂ ਉਪਰ ਨਾਮ ਦਿਤੇ ਹਨ, “ ਬਰਮਾ,
ਰਾਮ, ਕ੍ਰਿਸ਼ਨ, ਇੰਦਰ ਰਾਵਣ, ਬਲਿਰਾਜਾ, ਗੌਤਮ, ਅਹਲਿਆ ਆਦਿ।”
(ਇਸ ਤੋ ਇਲਾਵਾ ਸਿੱਧ ਜੋਗੀਆਂ ਆਦਿ ਦਾ ਅਤੇ ਹੋਰ ਕਈਆਂ ਦਾ
ਗੁਰਬਾਣੀ ਅੰਦਰ ਜਿਕਰ ਆਇਆ ਹੈ।) ਕੀ ਇਹ ਸਾਰੇ ਗੁਰਸਿੱਖ ਹਨ? ਜਿਥੋ ਤੱਕ ‘ਸੱਜਣ ਠੱਗ’ ਦੀ ਗੱਲ ਹੈ,
ਉਸ ‘ਸੱਜਣ’ ਨੂੰ ਗੁਰੂ ਸਹਿਬ ਨੇ ਆਪ ਸਿਧੇ ਰਸਤੇ ਪਾਇਆ ਸੀ, ਇਸ ਲਈ ਉਸਦਾ ਬਾਣੀ ਵਿੱਚ ਜਿਕਰ ਆਇਆ
ਬਣਦਾ ਹੈ। ਪਰ ਇਹਨਾਂ ਭਗਤਾਂ ਨੂੰ ਤੁਸੀਂ ਕਿਸ ਥਾਂ ਰਖੋਗੇ? ਨਾ ਤਾਂ ਇਹ ਉਪਰੋਕਤ ਦਰਜ ਦੇਵਤਿਆਂ
ਵਿੱਚ ਹਨ ਅਤੇ ਨਾਂ ਹੀ ਰਾਜਿਆਂ ਵਿਚੋ ਅਤੇ ਨਾ ਹੀ ਸਿਧ ਜੋਗੀਆਂ ਵਿਚੋ ਅਤੇ ਨਾ ਹੀ ਠੱਗਾਂ ਵਿਚੋਂ,
ਨਾ ਹੀ ਇਹ (ਭਗਤ) ਕੋਈ ਐਸਾ ਕਰਮਕਾਂਡ ਕਰਦੇ ਸਨ, ਜਿਹਨਾਂ ਨੂੰ ਸਮਝਾਕੇ ਸਿੱਧੇ ਰਸਤੇ ਪਾਇਆ ਗਇਆ
ਹੋਵੇ; ਸਗੋਂ ਇਹ ਤਾਂ ਆਪ ਹੀ ਪਰਉਪਕਾਰੀ ਸਨ।
ਰਹੀ ਗੱਲ ਵੀਰ ਸਰਬਜੀਤ ਜੀ ਤੁਹਾਡੇ ਵਲੋਂ ਖਿਚ-ਧੂਹਕੇ ਗੁਰੂ ਨਾਨਕ ਸਹਿਬ
ਤੋਂ ਜਨਮ ਤੋਂ ਪਿਛੋ ਇਹਨਾਂ (ਸਾਰੇ ਭਗਤਾਂ) ਨੂੰ ਪੈਦਾ (ਹੋਣ ਦੇ ਸੱਕ) ਕਰਨ ਦੀ। ਜੇ ਇਹ ਮੰਨ ਵੀ
ਲਿਆ ਜਾਵੇ, ਇਹ ਸਾਰੇ ਭਗਤ ਪਹਿਲੇ ਦੋਵਾਂ ਗੁਰੂ ਸਹਿਬਾਨਾਂ ਪਿਛੋ ਪੈਦਾ ਹੋਏ, ਤਾਂ ਫਿਰ ਇਹ ਸਾਡੇ
ਤੀਜੇ, ਚੌਥੇ ਅਤੇ ਪੰਜਵੇਂ ਗੁਰੂਆਂ ਦੇ ਸਮੇਂ ਵਿੱਚ ਹੀ ਹੋਏ। ਤੁਹਾਡੇ ਲੇਖ ਮੁਤਾਬਕ ਤਾਂ,
ਰਵਿਦਾਸ ਜੀ, ਤ੍ਰਿਲੋਚਨ ਜੀ, ਧੰਨਾ ਜੀ
ਜੈਦੇਵ ਜੀ, ਅਤੇ ਸੈਣ ਜੀ ਦਾ ਜਿਕਰ, ਚੌਥੇ ਤੇ ਪੰਜਵੇਂ ਪਾਤਸਾਹ ਨੇ ਕੀਤਾ ਹੈ।”
ਫਿਰ ਤਾਂ ਇਹਨਾਂ ਸਾਰਿਆ ਦਾ ਜਨਮ ਤੀਜੇ ਪਾਤਸਾਹ ਦੇ ਵੀ
ਪਿਛੋ ਹੋਇਆ ਹੋਇਆ ਮੰਨਿਆ ਜਾਵੇਗਾ? ਫਿਰ ਸਾਡੇ ਇਹ ਗੁਰੂ ਸਹਿਬਾਨ ਜਿਹੜੇ ਕਿ ਇਹਨਾਂ ਭਗਤਾਂ ਦਾ
ਆਪਣੀ ਬਾਣੀ ਵਿੱਚ ਸਤਿਕਾਰ ਕਰਦੇ ਹਨ, ਇਹਨਾਂ ਗੁਰੂਆਂ ਵਿਚੋ ਕੋਈ ਵੀ ਇਹਨਾਂ ਨੂੰ ਮਿਲਿਆ ਨਹੀਂ
ਹੋਵੇਗਾ? ਚਲੋ ਨਾਂ ਵੀ ਮਿਲੇ ਹੋਣ, ਫਿਰ ਰਵਿਦਾਸ ਜੀ, ਕਬੀਰ ਜੀ, ਜਦੋਂ ਆਪਣੇ ਤੋਂ ਪਹਿਲਾਂ ਹੋਏ
ਮਹਾਂਪੁਰਸ਼ਾਂ ਨੂੰ ਆਪਣੀ ਬਾਣੀ ਵਿੱਚ ਬਿਆਨ ਕਰਦੇ ਹਨ, ਤਾਂ ਫਿਰ ਗੁਰੂ ਨਾਨਕ ਸਹਿਬ ਨੂੰ ਅਤੇ ਆਪਣੇ
ਸਮਕਾਲੀ ਗੁਰੂਆਂ ਨੂੰ ਆਪਣੀ ਬਾਣੀ ਵਿੱਚ ਬਿਆਨ ਕਰਨ ਵਿੱਚ ਕੀ ਹਰਜ ਸੀ? ਜਦੋ ਕਿ ਸਰਬਜੀਤ ਜੀ
ਤੁਹਾਡੀ ਸੋਚ ਮੁਤਾਬਕ ਜਿਵੇਂ ਤੋਹਾਨੂੰ ਸੱਕ ਹੈ ਕਿ
“ਇਹਨਾਂ ਭਗਤਾਂ ਨੇ ਆਪਣੀ ਬਾਣੀ ਲਿਖਣ
ਲਈ ਸੇਧ ਅਤੇ ਸਿਖਿਆ ਵੀ ਇਹਨਾਂ ਗੁਰੂਆਂ ਤੋਂ ਲਈ ਹੋ ਸਕਦੀ ਹੈ?”
ਫਿਰ ਆਪ, ਆਪਣੇ ਲੇਖ ਵਿੱਚ ਇਹ ਵੀ ਕਹਿ ਰਹੇ ਹੋਂ, ਕਿ
“ਭਗਤਾਂ ਨੇ ਵੀ ਆਪਣੀ ਬਾਣੀ
ਵਿੱਚ ਅਤੇ ਗੁਰੂ ਸਹਿਬਾਂ ਨੇ ਵੀ ਭਗਤਾਂ ਸਬੰਧੀ ਇਹੀ ਲਿਖਿਆ ਹੈ, ਕਿ ਉਹਨਾਂ ਨੇ ‘ਪੂਰੇ ਗੁਰੂ ਤੇ
ਗਤਿ ਪਾਈ’ ਭਾਵ ਪੂਰੇ ਗੁਰੂ ਤੋਂ ਸਿਖਿਆ ਪ੍ਰਾਪਤ ਕੀਤੀ। ਸਾਨੂੰ ਭਲੀ ਪ੍ਰਕਾਰ ਪਤਾ ਹੈ ਕਿ ਪੂਰੇ
ਗੁਰੂ ਦਾ ਭਾਵ ‘ਸਬਦ ਗੁਰੂ’ ਹੀ ਹੈ। ਭਗਤਾਂ ਨੇ ਵੀ ਆਪਣੀ ਬਾਣੀ ਵਿੱਚ ਕਿਸੇ ਵਿਆਕਤੀਗਤ ਗੁਰੂ ਦਾ
ਜਿਕਰ ਨਹੀਂ ਕੀਤਾ। ਇਸ ਤੋਂ ਸਾਫ ਜਾਹਰ ਹੂੰਦਾ ਹੈ ਕਿ ਇਹਨਾਂ ਭਗਤਾਂ ਨੇ ਵੀ ਗੁਰੂ ਨਾਨਕ ਦੁਆਰਾ
ਦਰਸਾਏ ਗਏ ‘ਸਬਦ ਗੁਰੂ’ ਨੂੰ ਹੀ ਅਪਣਾਇਆ ਹੋਵੇਗਾਂ।”
ਜੇਕਰ ਤੁਹਾਡੀ ਇਸ ਗੱਲ ਨੂੰ ਸੱਚ ਮੰਨਿਆਂ ਜਾਵੇ ਤਾਂ ਗੁਰੂ
ਨਾਨਕ ਸਹਿਬ ਦਾ ਅਤੇ ਭਗਤ ਸਹਿਬਾਨਾਂ ਦਾ ਗੁਰੂ ਇਕੋ ‘ਸਬਦ ਗੁਰੂ’ ਹੀ ਹੋਇਆ; ਭਾਵ ਗੁਰੂ ਅਤੇ ਭਗਤ
ਸਹਿਬਾਨ, ਇਕੋ ਗੁਰੂ ਦੇ ਸੇਵਕ ਹੋਏ। ਫਿਰ ਇਹਨਾਂ ਵਿੱਚ ਫਰਕ ਕਾਹਦਾ ਹੋਇਆ? (ਹੈ ਵੀ ਨਹੀਂ) ਜਦੋ ਹਰ
ਤਰਾਂ ਦਾ ਗਿਆਨ ਗੁਰੂ ਨਾਨਕ ਸਹਿਬ ਨੂੰ ‘ਸਬਦ ਗੁਰੂ’ ਤੋਂ ਮਿਲ ਸਕਦਾ ਹੈ, ਫਿਰ ਇਹਨਾਂ ਭਗਤਾਂ ਨੂੰ
ਕਿਉਂ ਨਹੀਂ ਮਿਲ ਸਕਦਾ? ਜਦੋ ਕੋਈ ਭਗਤਾਂ ਨੂੰ ਗੁਰੂ ਕਹਿੰਦਾ ਜਾ ਲਿਖਦਾ ਹੈ, ਤਾਂ ਫਿਰ ਬਹੁਤੇ
ਸਿੱਖ ਚਿੜ ਕਿਉਂ ਮੰਨਦੇ ਹਨ? ਕੁੱਝ ਸਿੱਖ ਵਿਦਵਾਨ ਵੀ ਇਹ ਗੱਲ (ਭਗਤਾਂ ਨੂੰ ਗੁਰੂ ਕਹਿਣ ਦੀ)
ਬਰਦਾਸਤ ਨਹੀਂ ਕਰਦੇ। ਤੁਹਾਡੀ ਇਹ ਗੱਲ ( ਇਕੋ
ਸਬਦ ਗੁਰੂ ਵਾਲੀ) ਨਾਲ ਕੋਈ ਸਹਿਮਤ ਹੋਵੇ ਭਾਂਵੇ
ਨਾ, ਇਸ ਗੱਲ ਤੋਂ ਕੋਈ ਨਹੀਂ ਭੱਜ ਸਕਦਾ ਕਿ ਪ੍ਰਮਾਤਮਾ ਨੂੰ ਆਪਣਾ ਸਭ ਕੁੱਝ ਅਰਪਣ ਕਰਨ ਵਾਲੇ ਸਾਰੇ
ਪ੍ਰਮਾਤਮਾ ਦੇ ਭਗਤ ਹੀ ਹੁੰਦੇ ਹਨ। ਇਸ ਲਈ
ਗੁਰਬਾਣੀ ਵਿੱਚ ‘ਹਰਿ ਦੇ ਭਗਤ’,
ਸਤਿਗੁਰਾਂ ਨੂੰ ਵੀ ਕਿਹਾ ਗਿਆ ਹੈ। ਸਤਿਗੁਰੂ ਵੀ ਭਗਤ ਹਨ। ਇਹ ਗੱਲ ਗੁਰੂ ਅਮਰਦਾਸ ਜੀ ਕਹਿ ਰਹੇ
ਹਨ, - “ਧਨੁ ਧਨੁ ਹਰਿ ਭਗਤੁ ਸਤਿਗੁਰੂ ਹਮਾਰਾ, ਜਿਸਕੀ ਸੇਵਾ ਤੇ ਹਮ ਹਰਿ ਨਾਮਿ ਲਿਵ ਲਾਈ।
ਸਤਿਗੁਰੂ ਹਮਾਰਾ ਜਿਨਿ ਵੈਰੀ ਮਿਤਰ ਹਮ ਕਉ, ਸਭ ਸਮ ਦ੍ਰਿਸਟਿ ਦਿਖਾਈ॥” (ਪੰਨਾ 594) ਭਾਵ
ਸਤਿਗੁਰਾਂ ਅਤੇ ਭਗਤਾਂ ਵਿੱਚ ਕੋਈ ਫਰਕ ਨਹੀਂ ਹੈ।
ਗੁਰਬਾਣੀ ਵਿੱਚ ਅਨੇਕਾਂ ਪਰਮਾਣ ਮਿਲਦੇ ਹਨ ਕਿ, ਸਾਧੂ,
ਸੰਤ, ਭਗਤ, ਸਤਿਗੁਰੂ ਵਿੱਚ ਕੋਈ ਅੰਤਰ ਨਹੀਂ ਹੈ
ਫਿਰ ਸਰਬਜੀਤ ਜੀ ਤੁਸੀ ਜਿਹੜਾ ਚਾਰਟ 15 ਭਗਤਾਂ ਸਬੰਧੀ ਆਪਣੇ ਲੇਖ ਵਿੱਚ
ਦਿਤਾ ਹੈ, ਇਹ ਵੀ ਕੋਈ ਪਰਮਾਨਤ ਨਹੀਂ ਹੈ, ਤੁਹਾਡੇ ਵਲੋਂ ਦਿਤੇ ਇਸ ਚਾਰਟ ਨੂੰ ਗੁਰੂ ਰਵਿਦਾਸ ਜੀ
ਦਾ ਇਹ ਸਬਦ
“ਨਾਮਦੇਵ ਕਬੀਰੁ
ਤ੍ਰਿਲੋਚਨ ਸਧਨਾ ਸੈਨੁ ਤਰੇ॥ ਕਹਿ ਰਵਿਦਾਸੁ ਸੁਨਹੁ ਰੇ ਸੰਤਹੁ, ਹਰਿ ਜੀਉ ਤੇ ਸਭੈ ਸਰੈ॥” (1106)
ਹੀ ਗਲਤ ਸਾਬਤ ਕਰ ਦਿੰਦਾ ਹੈ। ਕਿਉਂ ਕਿ ਤੁਹਾਡੇ
ਦਿਤੇ ਇਸ ਚਾਰਟ ਮੁਤਾਬਕ ਕਬੀਰ ਜੀ ਦਾ ਜਨਮ 1441 ਤੋਂ 1518 ਦੱਸਿਆ ਗਿਆ ਅਤੇ ‘ਸੈਨ’ ਜੀ ਦਾ 1500
ਦੇ ਲਾਗੇ ਅਤੇ ਰਵਿਦਾਸ ਦਾ 1399 ਜੋ ਕਿ ਸਹੀ ਨਹੀਂ ਹੈ। ਕਿਉਂ ਕਿ ਰਵਿਦਾਸ ਜੀ ਆਪਣੀ ਬਾਣੀ ਵਿੱਚ
ਉਹਨਾਂ ਦਾ ਜਿਕਰ ਹੀ ਕਰ ਸਕਦੇ ਨੇ, ਜਿਹੜੇ ਇਹਨਾਂ ਤੋਂ ਪਹਿਲਾਂ ਜਾਂ ਉਸੇ ਸਮੇਂ ਅੰਦਰ ਹੋਏ ਹਨ।
ਜਿਸ ਨੂੰ ਤੁਸੀਂ ਖੁਦ੍ਹ ਆਪ ਵੀ ਮੰਨਦੇ ਹੋਂ। ਲੇਖਕ ਵੀਰ ਜੀ ਤੁਸੀਂ ਇਸ ਲੇਖ ਵਿੱਚ ਇਹ ਵੀ ਲਿਖਦੇ
ਹੋਂ ਕਿ ਭਗਤ ਤ੍ਰਿਲੋਚਨ ਦਾ
ਜਿਕਰ ਸਿਰਫ ਚੌਥੇ, ਪੰਜਵੇਂ ਤੇ ਭੱਟਾਂ ਨੇ ਅਤੇ ਸੈਣ ਜੀ ਦਾ ਸਿਰਫ ਚੌਥੇ ਤੇ ਪੰਜਵੇਂ ਗੁਰੂ ਨੇ
ਕੀਤਾ ਹੈ। ਜਦੋ ਕਿ ਉਪਰੋਕਤ ਸ਼ਬਦ ਵਿੱਚ ਰਵਿਦਾਸ
ਜੀ ਨੇ ਵੀ ਇਹਨਾਂ ਭਗਤਾਂ (ਤ੍ਰਿਲੋਚਨ ਅਤੇ ਸੈਣ) ਦਾ ਜਿਕਰ ਕੀਤਾ ਹੋਇਆ ਹੈ। ਪਰ ਤੁਹਾਨੂੰ ਸਾਇਦ ਇਹ
ਨਜਰ ਨਹੀਂ ਪਿਆ।
ਸਰਬਜੀਤ ਜੀ, ਇਹ ਤਾਂ ਸਭ ਜਾਣਦੇ ਹਨ, ਕਿ ‘ਭਗਤ ਸਹਿਬਾਨ’ ਆਪਣੇ ਸਮੇਂ ਅੰਦਰ
ਇਕੱਲੇ ਤਾਂ ਪੈਦਾ ਨਹੀਂ ਹੋਏ ਸਨ। ਇਹਨਾਂ ਭਗਤਾਂ ਦੇ ਸਮੇਂ ਅੰਦਰ ਹੋਰ ਵੀ ਕਈ ਇਤਿਹਾਸਕ ਘਟਨਾਵਾਂ
ਵਾਪਰੀਆਂ ਹੋਈਆਂ ਹਨ, ਜਿਹੜੀਆਂ ਸਾਬਤ ਕਰਦੀਆਂ ਹਨ, ਇਹ ਸਾਰੇ ‘ਭਗਤ ਸਹਿਬਾਨ’ ਗੁਰੂ ਨਾਨਕ ਸਹਿਬ
ਤੋਂ ਪਹਿਲਾਂ ਹੀ ਹੋਏ ਸਨ। ਇਸ ਲਈ ਪੜ੍ਹੋ ਇਹਨਾਂ ਭਗਤ ਸਹਿਬਾਨਾਂ ਨਾਲ ਜੁੜੀਆਂ ਇਤਿਹਾਸਕ ਸਾਖੀਆ
ਨਾਲ ਰਾਜੇ-ਰਾਣੀਆਂ ਦਾ ਜੀਵਨ ਕਾਲ ਆਦਿ ਪੜ੍ਹੋ, ਸਾਇਦ ਤੁਹਾਡਾ ਭਰਮ ਦੂਰ ਹੋ ਸਕੇ।
-----------------------------------
ਮੇਜਰ ਸਿੰਘ ‘ਬੁਢਲਾਡਾ’
ਮੋਬਾ: 94176-42327
9041-06713
(20/02/13)
ਡਾ: ਗੁਰਮੀਤ ਸਿੰਘ ਬਰਸਾਲ (ਸੈਨਹੋਜੇ)
ਤੱਤ
ਗੁਰਮਤਿ ਦੇ ਝੰਡੇ
ਬਿਪਰੀ ਚਾਲਾਂ ਸੰਗਤ ਸਮਝਣ ਲੱਗ ਪਈ ਹੈ,
ਤੱਤ ਗੁਰਮਤਿ ਦੇ ਝੰਡੇ ਹੁਣ ਲਹਿਰਾਵਣਗੇ।
ਸੱਚ ਬੋਲਣ ਤੇ ਸਿੱਖੀ ਚੋਂ ਛਿਕਵਾਇਆਂ ਨੂੰ,
ਸਿੱਖ ਗੁਰੂ ਦੇ ਅੱਖਾਂ ਉੱਪਰ ਬਿਠਾਵਣਗੇ।
ਜੋ “ਸਿੱਖਾਂ ਕੋ ਜੂਤੇ ਮਾਰੋ”ਕਹਿੰਦੇ ਸੀ,
ਉਹਨਾਂ ਉਲਟਾ ਨੱਕ ਤੇ ਜੁੱਤੀ ਖਾ ਲਈ ਏ:
“ਕਾਨਪੁਰੀ ਸਿੱਖਾਂ” ਦੀ ਹਿੰਮਤ ਦੇ ਜਲਵੇ,
ਪੂਰੀ ਦੁਨੀਆਂ ਵਿੱਚ ਦੁਹਰਾਏ ਜਾਵਣਗੇ।।
ਡਾ ਗੁਰਮੀਤ ਸਿੰਘ ਬਰਸਾਲ (ਸੈਨਹੋਜੇ)
(19/02/13)
ਸੁਖਜੀਤ ਪਾਲ ਸਿੰਘ
‘ਨਾਨਕ’ ਸਰੂਪਾਂ ਨੂੰ ‘ਗੁਰੂ’ ਕਹਿਣ ਦਾ ਵੱਲ ਗੁਰਬਾਣੀ ਖੁਦ ਆਪ ਸਿਖਾਉਂਦੀ
ਹੈ। ਭਾਗ-ਪੰਜਵਾਂ
ਸੁਖਜੀਤ ਪਾਲ ਸਿੰਘ ਨੇੜੇ ਸਿੰਘ ਸਭਾ ਗੁਰਦੁਆਰਾ
ਭੁੱਚੋ ਮੰਡੀ (ਬਠਿੰਡਾ) ਮੋਬਾ: 98724-86992, ਫੋਨ: 0164-5009492
ਸਤਗੁਰੁ ਨਿਰੰਜਨੁ ਸੋਇ ll ਮਾਨੁਖ ਕਾ ਕਰਿ ਰੂਪੁ ਨ ਜਾਨੁ ll
(ਪੰਨਾ: ੮੯੫) ਅਰਥ:- ਸਤਿਗੁਰੋਂ ਕੋ ਮਾਨੁਖ ਕਾ ਰੂਪ ਕਰ ਕੇ ਨਾ ਜਾਨ, ਭਾਵ ਸੇ ਪਰਮੇਸ਼ਰ ਰੂਪ
ਜਾਨ ll ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ ll (ਪੰਨਾ ੪੪੪) ਭਾਵ:-
ਗੁਰੂ ਸਿਖ ਹੈ ‘ਤੇ ਸਿਖ ਗੁਰੂ ਹੈ ਭਾਵ ਦੋਨੋਂ ਇਕੋ ਰੂਪ ਹਨ। ਕਿਉਂਕਿ ਸਿੱਖ ਵੀ ਗੁਰੂ ਦੇ ਉਪਦੇਸ਼
ਗੁਰਬਾਣੀ ਦਾ ਹੀ ਪ੍ਰਚਾਰ ਕਰਕੇ ਲੋਕਾਈ ਨੂੰ ਗੁਰੂ ਦੇ ਲੜ ਲਾਉਂਦਾ ਹੈ।
ਪਹਿਲੇ ਚਾਰ ਭਾਗਾਂ ‘ਚ ਤੱਤ ਗੁਰਮਤਿ ਪਰਿਵਾਰ ਵੱਲੋਂ ਗੁਰਬਾਣੀ ‘ਤੇ ਗੁਰੂ
ਇਤਹਾਸ ‘ਚੋਂ ਉਠਾਏ ਗਏ ਸਵਾਲਾਂ ਦੇ ਅਧਾਰ ‘ਤੇ ਜਵਾਬ ਦਿੱਤਾ ਗਿਆ ਹੈ ‘ਤੇ ਹੁਣ ਇਸ ਭਾਗ ‘ਚ ਤੱਤ
ਗੁਰਮਤਿ ਪਰਿਵਾਰ ਵੱਲੋਂ ਗੱਲੀਬਾਤੀ ਉਠਾਏ ਗਏ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ ਕਰਦੇ ਹਾਂ। ਸੱਭ
ਤੋਂ ਪਹਿਲਾਂ ਦੇਖਦੇ ਹਾਂ ਤੱਤ ਗੁਰਮਤਿ ਪਰਿਵਾਰ ਦੇ ਆਪਾ ਵਿਰੋਧੀ ਵਿਚਾਰ:-
ਇਥੇ ਸਵਾਲ ਇਹ ਉਠਦਾ ਹੈ ਕਿ ਸਾਡੇ ਲਈ ਗੁਰਮਤਿ ਸਿਧਾਂਤ
ਜ਼ਿਆਦਾ ਮਾਇਨੇ ਰੱਖਦੇ ਹਨ ਜਾਂ ਕੱਚੀਆਂ ਦਲੀਲਾਂ?
ਪੰਨਾ ਨੰ: 18, ਵਾਪਸੀ ਦਾ ਸਫਰ
(ਭਾਗ-੧), ਤੱਤ ਗੁਰਮਤਿ ਪਰਿਵਾਰ। ਮੰਨ ਲਵੋ ਅਸੀ
ਦਿੱਲੀ ਜਾਣਾ ਹੈ। ਕੋਈ ਭਲਾ ਮਾਣਸ ਸਾਨੂੰ ਦਿੱਲੀ ਲੈ ਜਾਂਦਾ ਹੈ ਜਾਂ ਦਿੱਲੀ ਵੱਲ ਜਾਣ ਵਾਲੇ ਰਾਹ
ਦੀ ਪਛਾਣ ਕਰਾਉਂਦਾ ਹੈ। ਕੀ ਅਸੀ ਉਸ ਮਨੁੱਖ ਨੂੰ ਦਿੱਲੀ ਮੰਨ ਲਵਾਂਗੇ? ਨਹੀ ਨਾ। ਬਿਲਕੁੱਲ ਇਸੇ
ਤਰਾਂ ਨਾਨਕ ਸਰੂਪ ਸਾਨੂੰ ਅਖੋਤੀ ਦੇਹਧਾਰੀ ਗੁਰੂ ਦੇ ਜੰਜਾਲ ਤੋਂ ਕੱਢ ਕੇ ਅਸਲੀ
ਗੁਰੂ ‘ਸ਼ਬਦ ਗੁਰੂ’ (ਸੱਚ ਦਾ ਗਿਆਨ) ਦੀ ਪਹਿਚਾਣ
ਕਰਾਉਣ ਲਈ ਆਏ ਸਨ। ਪਰ ਕੀ ਆਪਾਂ ਉਹਨਾਂ ਨੂੰ ਹੀ ‘ਗੁਰੂ’ (ਦਿੱਲੀ) ਮੰਨਣ ਦਾ ਭੁਲੇਖਾ ਤਾਂ ਨਹੀ ਖਾ
ਰਹੇ? ਸਾਧਨ ਅਤੇ ਮੰਜ਼ਿਲ ਦਾ ਫਰਕ ਸਮਝਣਾ ਬਹੁਤ ਜਰੂਰੀ ਹੈ। ਮੰਜ਼ਿਲ ਲਈ ਸਾਧਨ ਬਹੁਤ ਜਰੂਰੀ ਹਨ, ਪਰ
ਸਾਧਨ ਹੀ ਮੰਜ਼ਿਲ ਨਹੀਂ ਹੁੰਦੇ।
ਪੰਨਾ ਨੰ: 18, ਵਾਪਸੀ ਦਾ ਸਫਰ
(ਭਾਗ-੧), ਤੱਤ ਗੁਰਮਤਿ ਪਰਿਵਾਰ।
ਜਵਾਬ
:- ਦੇਖੋ ਤੱਤ ਗੁਰਮਤਿ ਪਰਿਵਾਰ ਪਹਿਲਾਂ ਤਾਂ ਆਪ ਹੀ ਕਿਹ ਰਿਹਾ ਹੈ ਕਿ
“ਸਾਡੇ ਲਈ ਗੁਰਮਤਿ ਸਿਧਾਂਤ ਜ਼ਿਆਦਾ ਮਾਇਨੇ ਰੱਖਦੇ ਹਨ ਜਾਂ
ਕੱਚੀਆਂ ਦਲੀਲਾਂ?” ‘ਤੇ ਫਿਰ
ਗੁਰੂ ਦਾ ਨਿਰਾਦਰ ਕਰਦੀ ਕੱਚੀ ਦਲੀਲ ਰੂਪੀ ‘ਦਿੱਲੀ’ ਵਾਲੀ ਨਕਲੀ ਕਹਾਣੀ ਲਿਖ ਦਿੱਤੀ ਹੈ, ਜਿਸ ਦਾ
ਗੁਰਬਾਣੀ ਜਾਂ ਗੁਰੂ ਇਤਹਾਸ ਨਾਲ ਕੋਈ ਸਬੰਧ ਹੀ ਨਹੀ ਹੈ। ਕੀ ਇਹ ਪਰਿਵਾਰ ਦੇ ਆਪਾ ਵਿਰੋਧੀ ਵਿਚਾਰ
ਨਹੀ ਹਨ? ਤੱਤ ਗੁਰਮਤਿ ਪਰਿਵਾਰ ਦੀ ਲਿਖੀ ਇਸ ਕਹਾਣੀ ਨੂੰ ਜੇਕਰ ਮੰਨ ਲਈਏ ਤਾਂ ਸਾਨੂੰ ਮੰਨਣਾ
ਪਵੇਗਾ ਕਿ ਗੁਰੂ ਨਾਨਕ ਰੱਬੀ ਜੋਤ ਨਹੀ ਸਨ। ਬਲਕਿ ਉਹ ਤਾਂ ‘ਦਿੱਲੀ’ ਦਾ ਰਾਸਤਾ ਦੱਸਣ ਵਾਲਾ
‘ਕੋਈ ਭਲਾ ਮਾਣਸ’
ਹੀ ਹੈ। ਉਹ ਤਾਂ ‘ਸੱਚ ਦਾ ਗਿਆਨ’ ਨੂੰ ਦਰਸਾਉਣ ਵਾਲੇ ਇੱਕ
‘ਸਾਧਨ’
ਮਾਤਰ ਹੀ ਹਨ, ਭਾਵ ਕਿ ਉਹ ਆਮ ਮਨੁੱਖ ਹੀ ਸਨ, ਕਿਉਂਕਿ ਦਿੱਲੀ ਜਾਣ ਦਾ ਰਾਸਤਾ ਤਾਂ ਕੋਈ ਆਮ ਮਨੁੱਖ
ਵੀ ਦੱਸ ਸਕਦਾ ਹੈ। ਇਸ ‘ਦਿੱਲੀ’ ਵਾਲੀ ਕਹਾਣੀ ਦਾ ਭਾਵ ਤਾਂ ਸਤਿਗੁਰੂ ਜੀ ਨੂੰ ਇੱਕ ਆਮ ਆਦਮੀ ਤੱਕ
ਸੀਮਤ ਕਰ ਰਿਹਾ ਹੈ। ਕੋਈ ਵੀ ਗੁਰੂ ਦਾ ਸਿਦਕੀ ਸਿੱਖ ਇਹੋ ਜਿਹੀ ਕੱਚੀਆਂ ਪਿੱਲੀਆਂ ਕਹਾਣੀਆਂ ਨੂੰ
ਨਹੀ ਮੰਨ ਸਕਦਾ ਜੋ ਗੁਰੂ ਪਾਤਸ਼ਾਹ ਜੀ ਦਾ ਅਪਮਾਨ ਕਰਦੀ ਹੋਵੇ। ਮੈਨੂੰ ਇੰਜ਼ ਲਗਦਾ ਹੈ ਕਿ ਜਿਵੇਂ
ਤੱਤ ਗੁਰਮਤਿ ਪਰਿਵਾਰ ਦੀ ਮਨਸਿਕਤਾ ਨੂੰ ਦੇਖ ਕੇ ਹੀ ਗੁਰੂ ਅਰਜੁਨ ਦੇਵ ਜੀ ਨੇ ਇਹ ਗੁਰਬਾਣੀ
ਪ੍ਰਮਾਣ ਲਿਖਿਆ ਹੈ:-
ਦੂਜਾ ਨਹੀ ਜਾਨੈ ਕੋਇ ll ਸਤਗੁਰੁ ਨਿਰੰਜਨੁ ਸੋਇ ll ਮਾਨੁਖ ਕਾ ਕਰਿ ਰੂਪੁ
ਨ ਜਾਨੁ ll ਮਿਲੀ ਨਿਮਾਨੇ ਮਾਨੁ ll੨ll ਰਾਮਕਲੀ ਮਹਲਾ ੫ll (ਗੁਰੂ ਗ੍ਰੰਥ ਸਾਹਿਬ, ਪੰਨਾ: ੮੯੫)
ਅਰਥ:—ਤੈਨੂੰ ਇਹ ਚਾਹੀਏ ਗੁਰਾਂ ਨੂੰ ਕੋਈ ਦੂਜਾ ਕਰਕੇ ਨਾ ਜਾਨੈ ll ਸੋ ਸਤਗੁਰੂ ਨਿਰੰਜਨ ਪੁਰਖ
ਕਾ ਰੂਪੁ ਹੈ ll ਸਤਿਗੁਰੋਂ ਕੋ ਮਾਨੁਖ ਕਾ ਰੂਪ ਕਰ ਕੇ ਨਾ ਜਾਨ, ਭਾਵ ਸੇ ਪਰਮੇਸ਼ਰ ਰੂਪ ਜਾਨ ll
ਨਿਮਾਣੇ ਹੋਣੇ ਸੇ ਸਤਿਗੁਰੋਂ ਸੇ ਮਾਨ ਮਿਲੇਗਾll ੨ll
ਟੀਕਾ ਫੀਰਦਕੋਟ ਵਾਲਾ।
ਪਾਰਬ੍ਰਹਮੁ ਪਰਮੇਸਰੁ ਅਨੂਪੁ ll
ਸਫਲ ਮੂਰਤਿ ਗੁਰੁ ਤਿਸ ਕਾ ਰੂਪੁ ll੨ll (ਪੰਨਾ: ੧੧੫੨)
ਸੋ ਮੇਰੀ ਤੱਤ ਗੁਰਮਤਿ ਪਰਿਵਾਰ ਨੂੰ
ਬੇਨਤੀ ਹੈ ਕਿ ਜੇਕਰ ‘ਗੁਰੂ’ ਪਦ ‘ਤੇ ਆਪ ਜੀ ਨੇ ਵਿਚਾਰ ਦੇਣੇ ਹਨ ਤਾਂ ਉਹ ਗੁਰਬਾਣੀ ਪ੍ਰਮਾਣ ‘ਤੇ
ਅਧਾਰਿਤ ਹੋਣ ਜਾਂ ਗੁਰਬਾਣੀ ਦੀ ਕੱਸਵਟੀ ਤੇ ਖਰੇ ਉੱਤਰਣ ਵਾਲੇ ਗੁਰੂ ਇਤਹਾਸ ‘ਤੇ ਅਧਾਰਿਤ ਹੋਣ ਤਾਂ
ਹੀ ਆਪ ਜੀ ਦੀ ਗੱਲ ਮੰਨੀ ਜਾ ਸਕਦੀ ਹੈ। ਨਹੀਂ ਤਾਂ ਆਪ ਜੀ ਵੱਲੋਂ ਸਣਾਈਆਂ ਕੱਚੀਆਂ ਕਹਾਣੀਆਂ ਕੌਮ
‘ਚ ਵਿਵਾਦ ਪੈਦਾ ਕਰ ਸਕਦੀਆਂ ਹਨ ਕੌਮ ਦਾ ਕੁੱਝ ਸਵਾਰ ਨਹੀ ਸਕਦੀਆਂ।
ਜੇ ਪਹਿਲੇ, ਦੂਜੇ ਗੁਰੂ ਦੀ ਗਿਣਤੀ ਠੀਕ ਹੈ ਤਾਂ ਫੇਰ ਕੀ ਸਾਡਾ ਪਹਿਲਾ
ਗੁਰੂ ਉਹ ਨਹੀਂ ਹੋਣਾ ਚਾਹੀਦਾ ਸੀ ਜਿਸ ਨੂੰ ਨਾਨਕ ਪਾਤਸ਼ਾਹ ਜੀ ਨੇ ਆਪਣਾ ਗੁਰੂ ਕਿਹਾ ਸੀ? ਕੀ ਇਸ
ਹਿਸਾਬ ਨਾਲ ਨਾਨਕ ਪਾਤਸ਼ਾਹ ਦੂਜੇ ਗੁਰੂ ਨਹੀਂ ਹੋਏ?
ਪੰਨਾ ਨੰ: 20, ਵਾਪਸੀ ਦਾ ਸਫਰ
(ਭਾਗ-੧), ਤੱਤ ਗੁਰਮਤਿ ਪਰਿਵਾਰ।
ਜਵਾਬ :- ਸਿਖ ਕੌਮ ਨੂੰ ਉਲਜਾਉਂਣ ਵਾਸਤੇ ਇਹ ਵਾਧੂ ਦੇ ਸਵਾਲ ਕੀਤੇ ਜਾ ਰਹੇ
ਹਨ, ਜਦੋਂ ਅਸੀਂ ਅਗਵਾਈ ਗੁਰੂ ਗ੍ਰੰਥ ਸਾਹਿਬ ਜੀ ਤੋਂ ਲੈਂਦੇ ਹਾਂ ਤਾਂ ਇਸ ਵਿਸ਼ੇ ‘ਤੇ ਕੋਈ ਵਿਵਾਦ
ਹੀ ਨਹੀ ਹੋਣਾ ਚਾਹੀਦਾ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਸਾਡੇ ਪਹਿਲੇ ਗੁਰੂ, ਗੁਰੂ
ਨਾਨਕ ਦੇਵ ਜੀ ਹਨ, ਇਸ ਵਾਰੇ ਭਾਈ ਕਾਨ ਸਿੰਘ ਨਾਭਾ ਜੀ ਨੇ ਇਸ ਤਰਾਂ ਲਿਖਿਆ ਹੈ:-
ਗੁਰਬਾਣੀ ਵਿਚ ਆਪਣੇ ਲਈ ਸਤਿਗੁਰਾਂ ਨੇ
ਮਹਲਾ ਸ਼ਬਦ ਵਰਤਿਆ ਹੈ, ਮਹਲਾ ਦੇ ਅੰਤ ਜੋ ਅੰਗ ਹੋਵੇ ਉਸ ਤੋਂ ਗੁਰੂ ਸਾਹਿਬ ਦਾ ਨਾਮ ਜਾਣਨਾ ਚਾਹੀਏ,
ਜਿਵੇਂ-ਮਹਲਾ ੧ ਸ਼੍ਰੀ ਗੁਰੂ ਨਾਨਕ ਦੇਵ, ਮਹਲਾ ੯ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਆਦਿ।
ਪੰਨਾ ਨੰ: 934, ਮਹਾਨ ਕੋਸ਼, ਸਤਿਕਾਰਯੋਗ ਭਾਈ ਕਾਨ ਸਿੰਘ
ਨਾਭਾ ਜੀ। ਸੋ ਪਹਿਲੇ ਦੂਜੇ
ਗੁਰੂ ਦੀ ਗਿਣਤੀ ਸਾਡੇ ਨਾਨਕ ਸਰੂਪ ਦਸ ਗੁਰੂ ਸਾਹਿਬਾਨਾਂ ਲਈ ਹੈ। ਜੋ ਕਿ ਸਾਰੀ ਮਨੁੱਖਤਾ ਦੇ ਗੁਰੂ
ਹਨ। ਜਿੱਥੋਂ ਤੱਕ ਗੁਰੂ ਨਾਨਕ ਦੇਵ ਜੀ ਦੇ ਗੁਰੂ ਰੱਬ ਜੀ ਦੀ ਗੱਲ ਹੈ ਤਾਂ ਗੁਰੂ ਰੱਬ ਜੀ ਨਾਨਕ
ਸਰੂਪ ਨਹੀ ਹਨ ਬਲਕਿ ਨਾਨਕ ਸਰੂਪ, ਗੁਰੂ ਰੱਬ ਜੀ ਦਾ ਰੂਪ ਹਨ, ਇਸ ਲਈ ਉਹ ਨਾਨਕ ਸਰੂਪਾਂ ਦੀ ਗਿਣਤੀ
ਵਿਚ ਨਹੀ ਆ ਸਕਦੇ। ਇਸ ਲਈ ਉਹਨਾਂ ਨੂੰ ਪਹਿਲੇ ਗੁਰੂ ਦੀ ਜਗਾ ਦਰਸਾਉਣਾਂ ਜਾਂ ਜਾਣ ਬੁੱਝਕੇ ਇਸ
ਬਾਬਤ ਸਵਾਲ ਪੁੱਛਣਾ ਗੁਰਮਤਿ ਵਿਰੋਧੀ ਗੱਲਾਂ ਹਨ।
ਜਦ ਅਸੀਂ ਜਨਮਸਾਖੀਆਂ, ਦਸਮ ਗ੍ਰੰਥ ਆਦਿ ਦੇ ਰੂਪ ਵਿਚ ਪਏ ਬ੍ਰਾਹਮਣਵਾਦ ਦੇ
ਪਰਛਾਵੇ ਨੂੰ ਪਛਾਣ ਗਏ ਹਾਂ, ਤਾਂ ‘ਦੇਹਧਾਰੀ ਗੁਰੂ’ ਵਾਲੇ ਬ੍ਰਾਹਮਣੀ ਵਿਚਾਰ ਦੇ ਪਰਛਾਵੇ ਨੂੰ ਵੀ
ਪਛਾਣ ਲਈਏ। ਇਸ ਵਿਚ ਕੋਈ ਹਰਜ ਨਹੀ।
ਪੰਨਾ ਨੰ: 40, ਵਾਪਸੀ ਦਾ ਸਫਰ
(ਭਾਗ-੧), ਤੱਤ ਗੁਰਮਤਿ ਪਰਿਵਾਰ।
http://www.sikhmarg.com/2009/1227-guru-pad.html
ਜਵਾਬ :- ਪਿਛਲੇ ਚਾਰ ਭਾਗਾਂ ‘ਚ ਆਪਾਂ ਨੇ ਗੁਰਬਾਣੀ ਦੀ ਕੱਸਵਟੀ ਤੇ ਪਰਖ
ਲਿਆ ਹੈ ਕਿ ਦਸੇ ਨਾਨਕ ਸਰੂਪ ਸਾਡੇ ਗੁਰੂ ਹਨ ‘ਤੇ ਉਹਨਾਂ ਨੂੰ ਗੁਰੂ ਕਹਿਣਾ ਬ੍ਰਾਹਮਣਵਾਦ ਜਾਂ
ਬ੍ਰਾਹਮਣਵਾਦ ਦਾ ਪਰਛਾਵਾ ਬਿਲਕੁੱਲ ਵੀ ਨਹੀ ਹੈ, ਬਲਕਿ ਨਿਰੋਲ ਗੁਰਮਤਿ ਹੈ। ਸੋ ਮੇਰੀ ਤੱਤ ਗੁਰਮਤਿ
ਪਰਿਵਾਰ ਨੂੰ ਬੇਨਤੀ ਹੈ ਕਿ ਆਪ ਜੀ ‘ਗੁਰੂ ਸੁਧਾਰ’ ‘ਪੰਥ ਸੁਧਾਰ’ ‘ਰਹਿਤ ਮਰਿਆਦਾ ਸੁਧਾਰ’ ਆਦਿ
ਮਿਸ਼ਨ ‘ਤੇ ਕੰਮ ਕਰਨ ਤੋਂ ਪਹਿਲਾਂ ਆਪ ਜੀ ਆਪਣੇ ਮਨਾਂ ਅੰਦਰ ਦੇਖ ਲਵੋ ਕਿਤੇ ਤੁਸੀਂ ਗੁਰੂ ਦੀ
ਬਿਬੇਕਵਾਦੀ ਵਿਚਾਰਧਾਰਾ ਨੂੰ ਤਰਕਵਾਦੀ ਵਿਚਾਰਧਾਰਾ ਨਾਲ ਤਾਂ ਨਹੀਂ ਪਰਖ ਰਹੇ ਹੋ?
ਕੁੱਝ ਐਸੇ ਪਾਠਕ/ ਵਿਦਵਾਨ ਵੀ ਹੋ ਸਕਦੇ ਹਨ, ਜੋ ‘ਗੁਰੂ’ ਪਦ ਰੀਸਰਚਰ ਵਿੱਚ
ਪਾ ਕੇ ਕੁੱਝ ਹੋਰ ਤੁੱਕਾਂ ਦੇ ਅਰਥ ਪੁੱਛਣ। ਪਰ ਇਸ ਤਰਾਂ ਤਾਂ ਇਹ ਵਿਚਾਰ ਬੇਲੋੜੀ ਅਤੇ ਲੰਬੀ
ਖਿੱਚਦੀ ਜਾਵੇਗੀ, ਕਿਉਂਕਿ ‘ਗੁਰੂ’ ਪਦ ਨਾਲ ਸਬੰਧਿਤ ਘੱਟੋ-ਘੱਟ 1000 ਤੁੱਕਾਂ ਗੁਰਬਾਣੀ ਵਿੱਚ
ਹੋਣਗੀਆਂ।
ਪੰਨਾ ਨੰ: 40,
ਵਾਪਸੀ ਦਾ ਸਫਰ (ਭਾਗ-੧), ਤੱਤ ਗੁਰਮਤਿ ਪਰਿਵਾਰ।
http://www.sikhmarg.com/2009/1227-guru-pad.html
ਜਵਾਬ :- ਵੀਰ ਜੀਉ ਆਪ ਜੀ ਦੱਬੀ ਸੁਰ ਵਾਲੇ ਵਿਦਵਾਨ ਦੇ ਪ੍ਰਭਾਵ ਹੇਠਾ ਆ
ਕੇ ਗੁਰੂ ਸਹਿਬਾਨਾਂ ਨੂੰ ਗੁਰੂ ਕਹਿਣ ਤੋਂ ਆਕੀ ਹੋਏ ਹੋ ਨਾ ਕਿ ਗੁਰੂ ਗ੍ਰੰਥ ਸਾਹਿਬ ਜੀ ਅਧਿਐਨ
ਕਰਕੇ, ਜੇਕਰ ਆਪ ਵੀਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਇਸ ਵਿਸ਼ੇ ‘ਤੇ ਪੂਰਣ ਤੋਰ ਤੇ ਅਧਿਐਨ ਕੀਤਾ
ਹੁੰਦਾ ਤਾਂ ਆਪ ਜੀ ਇਹ ਕਦੇ ਨਾ ਲਿਖਦੇ ਕਿ
“ਗੁਰੂ
ਪਦ ਨਾਲ ਸਬੰਧਿਤ ਘੱਟੋ-ਘੱਟ 1000 ਤੁੱਕਾਂ ਗੁਰਬਾਣੀ ਵਿੱਚ ਹੋਣਗੀਆਂ”
ਆਪ ਜੀ ਦੇ ਅੰਦਾਜੇ ਅੰਦਰ ਜੇਕਰ 100, 200 ਜਾਂ 500 ਦਾ ਫਰਕ ਹੁੰਦਾ ਤਾਂ ਕੋਈ ਵੱਡੀ ਗੱਲ ਨਹੀਂ
ਹੋਣੀ ਸੀ, ਪਰ ਇੱਥੇ ਫਰਕ 500, 700 ਜਾਂ 1000 ਦਾ ਨਹੀ ਲਗਭਗ 6600 ਦਾ ਹੈ। ਕਿਉਂਕਿ ਗੁਰੂ ਗ੍ਰੰਥ
ਸਾਹਿਬ ਜੀ ਅੰਦਰ ‘ਗੁਰੂ’ ਪਦ ਨਾਲ ਸਬੰਧਤ ਸ਼ਬਦ (ਪਦ) ਇਸ ਤਰਾਂ ਆਏ ਹਨ:- 1. ਗੁਰ-3155 ਵਾਰੀ,
ਗੁਰੁ-736 ਵਾਰੀ, ਗੁਰਿ-581 ਵਾਰੀ, ਗੁਰੂ-302 ਵਾਰੀ, ਗੁਰਹਿ-16 ਵਾਰੀ, ਗੁਰਾ-3 ਵਾਰੀ, ਗੁਰਏ-2
ਵਾਰੀ, ਗੁਰਹ-2 ਵਾਰੀ, ਗੁਰੋ-1 ਵਾਰੀ, ਗੁਰੰ-1 ਵਾਰੀ। 3155+736+581+302+16+3+2+2+1+1= 4799
2. ਗੁਰਦੇਵ-75 ਵਾਰੀ, ਗੁਰਦੇਉ-41 ਵਾਰੀ, ਗੁਰਦੇਵਾ-3 ਵਾਰੀ, ਗੁਰਦੇਵਿ-2 ਵਾਰੀ, ਗੁਰਦੇਵਏ-1
ਵਾਰੀ। 75+41+3+2+1=122 3. ਸਤਗੁਰੁ-39 ਵਾਰੀ, ਸਤਗੁਰ-30 ਵਾਰੀ, ਸਤਗੁਰਿ-13 ਵਾਰੀ,
ਸਤਗੁਰੂ-04 ਵਾਰੀ, ਸਤਗੁਰੈ-01 ਵਾਰੀ। 39+30+13+4+1=87 4. ਸਤਿਗੁਰ-1475 ਵਾਰੀ, ਸਤਿਗੁਰੁ-760
ਵਾਰੀ, ਸਤਿਗੁਰਿ-235 ਵਾਰੀ, ਸਤਿਗੁਰੂ-145 ਵਾਰੀ, ਸਤਿਗੁਰਾ-06 ਵਾਰੀ, ਸਤਿਗੁਰੈ-3 ਵਾਰੀ,
ਸਤਿਗੁਰਏ-1 ਵਾਰੀ। 1475+760+235+145+3+1=2619
ਇਹਨਾਂ ਸ਼ਬਦਾ ਦਾ ਕੁੱਲ ਜੋੜ ਹੈ:
4799+122+87+2619=7627
’ਗੁਰੂ’ ਪਰਥਾਏ ਹੋਰ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਹੋ ਸਕਦੇ ਹਨ ਜਿਸ ਤੋਂ ਇਨਕਾਰ ਨਹੀ
ਕੀਤਾ ਜਾ ਸਕਦਾ ਹੈ। ਸੋ ਆਪ ਵੀਰਾਂ ਨੂੰ ਬੇਨਤੀ ਹੈ ਕਿ ‘ਗੁਰੂ’ ਪਦ ਦੇ ਵਿਸ਼ੇ ‘ਤੇ ਤੁੱਕੇ ਨਾ ਲਗਾਉ
ਜੀ, ਬਲਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਨ ਤੋਰ ਤੇ ਅਧਿਐਨ ਕਰਕੇ ਆਪਣੇ ਵਿਚਾਰ ਦੇਵੋ ਜੀ।
ਜੇ ਸਿਰਫ ਕਿਸੇ ਬਾਣੀ ਦੀ ਰਚਨਾ ਜਾਂ ਪ੍ਰਵਾਣਿਤ ਕਰਨਾ ਹੀ ‘ਗੁਰੂ’ ਹੋਣ ਦੀ
ਕਸਵੱਟੀ ਮੰਨ ਲਈ ਜਾਵੇ ਤਾਂ ਸਿੱਖਾਂ ਦੇ 35 ਗੁਰੂ ਮੰਨੇ ਜਾਣੇ ਚਾਹੀਦੇ ਹਨ ਕਿਉਂਕਿ ‘ਸ਼ਬਦ ਗੁਰੂ
ਗ੍ਰੰਥ ਸਾਹਿਬ ਜੀ’ ਦੇ ਪ੍ਰਚਲਿਤ ਸਰੂਪ ਵਿਚ 35 ਬਾਣੀਕਾਰਾਂ ਦੀ ਰਚਨਾ ਸ਼ਾਮਿਲ ਮੰਨੀ ਜਾਂਦੀ ਹੈ,
ਕਵੀ ‘ਆਲਮ’ ਦੀ ਗੱਲ ਨਾ ਵੀ ਕਰੀਏ ਤਾਂ। ਅੱਜ ਤੱਕ ‘ਗੁਰੂ’ ਵਿਸ਼ੇਸ਼ਣ ਦੀ ਪ੍ਰੋਢਤਾ ਕਰਨ ਵਾਲੇ ਕਿਸੇ
ਵੀ ਸਜੱਣ ਨੇ ਇਸ ਨੁੱਕਤੇ ਦਾ ਕੋਈ ਜਵਾਬ ਨਹੀਂ ਦਿੱਤਾ।
6-12-12,
http://www.sikhmarg.com/your-view91.html
ਜਵਾਬ :- ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਸਿੱਖਾਂ ਸਮੇਤ ਸਾਰੀ ਮਨੁੱਖਤਾ
ਦੀ ਗੁਰੂ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਆਪ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪ
ਗੁਰਿਆਈ ਦਿੱਤੀ ਹੈ। ਪਰ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਬਾਣੀਕਾਰਾਂ ਨੂੰ ਕੀ ਕਿਹ ਸੰਬੋਧਨ ਕਰਨਾ
ਹੈ ਤਾਂ ਇਹ ਸੇਧ ਵੀ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ
ਅੰਦਰ ਨਾਨਕ ਸਰੂਪਾਂ ਨੂੰ ਗੁਰੂ ਜਾਂ ਸਤਿਗੁਰੂ ਕਹਿਣ ਵਾਲੇ ਅਨੇਕਾਂ ਗੁਰਬਾਣੀ ਪ੍ਰਮਾਣ ਮਿਲਦੇ ਹਨ
ਇਸ ਕਰਕੇ ਨਾਨਕ ਸਰੂਪਾਂ ਨੂੰ ਗੁਰੂ ਜਾਂ ਸਤਿਗੁਰੂ ਕਿਹਾ ਜਾਂਦਾ ਹੈ। ਗੁਰੂ ਸਾਹਿਬਾਨਾਂ ਤੋਂ ਬਆਦ
ਭਗਤ ਸਹਿਬਾਨਾਂ ਦੀ ਬਾਣੀ ਆਉਂਦੀ ਹੈ, ਗੁਰੂ ਗ੍ਰੰਥ ਸਾਹਿਬ ਜੀ ਅੰਦਰ ਭਗਤਾਂ ਵਾਰੇ ਇਸ ਤਰਾਂ ਲਿਖਿਆ
ਮਿਲਦਾ ਹੈ
“ ਰਾਗੁ ਗਉੜੀ
ਭਗਤਾਂ ਕੀ ਬਾਣੀ (ਪੰਨਾ ੩੨੩), ਰਾਗੁ ਆਸਾ ਬਾਣੀ ਭਗਤਾ ਕੀ ll ਕਬੀਰ ਜੀਉ ਨਾਮਦੇਉ ਜੀਉ ਰਵਿਦਾਸ
ਜੀਉ ll ਆਸਾ ਸ੍ਰੀ ਕਬੀਰ ਜੀਉ ll (ਪੰਨਾ ੪੭੫)”
ਆਦਿ, ਇਸ ਲਈ ਸਿੱਖ 15 ਭਗਤਾਂ ਨੂੰ
ਸਤਿਕਾਰ ਨਾਲ ਭਗਤ ਕਹਿੰਦੇ ਹਨ। ਭਗਤਾਂ ਤੋਂ ਬਾਅਦ 3 ਸਿੱਖਾਂ ਦੀ ਬਾਣੀ ਅਉਂਦੀ ਹੈ, ਗੁਰੂ ਗ੍ਰੰਥ
ਸਾਹਿਬ ਜੀ ਅੰਦਰ ਸਿੱਖ ਬਾਣੀਕਾਰਾਂ ਵਾਰੇ ਇਸ ਤਰਾਂ ਲਿਖਿਆ ਮਿਲਦਾ ਹੈ
“ਕਹੈ ਸੁੰਦਰੁ ਸੁਣਹੁ ਸੰਤਹੁ ਸਭੁ
ਜਗਤੁ ਪੈਰੀ ਪਾਇ ਜੀਉ ll (ਪੰਨਾ ੯੨੪), ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ (ਪੰਨਾ
੯੬੬)” ਇਸ ਲਈ ਸਿਖ
ਬਾਣੀਕਾਰਾਂ ਨੂੰ ਪੰਥ ਭਾਈ ਸ਼ਬਦ ਨਾਲ ਸਤਿਕਾਰ ਦਿੰਦਾ ਹੈ। ਭਾਈ ਸੁੰਦਰ ਜੀ, ਭਾਈ ਸੱਤਾ ਜੀ, ਭਾਈ
ਬਲਵੰਡ ਜੀ। ਸਿੱਖ ਬਾਣੀਕਾਰਾਂ ਤੋਂ ਬਾਅਦ 11 ਭੱਟਾਂ ਦੇ ਸਵਈਏ ਆਉਦੇ ਹਨ ਸਵਈਏ ਮਹਲੇ ਪਹਿਲੇ ਕੇ,
ਸਵਈਏ ਮਹਲੇ ਪੰਜਵੇ ਕੇ ਆਦਿ ਭੱਟਾਂ ਦੇ ਸਵਈਆਂ ਅੰਦਰ ਭੱਟਾਂ ਦੇ ਇਕੱਲੇ ਨਾਮ ਛਾਪ ਵੱਜੋਂ ਆਏ ਹਨ,
ਇਸ ਲਈ ਸਿੱਖ ਭੱਟਾਂ ਨੂੰ ਸਤਿਕਾਰ ਨਾਲ ਭੱਟ ਮਹਾਂਪੁਰਖ ਆਖਦੇ ਹਨ। ਦੂਜੀ ਗੱਲ ਗੁਰੂ ਗ੍ਰੰਥ ਸਾਹਿਬ
ਜੀ ਅੰਦਰ ਭਗਤਾਂ ਨੂੰ ਸਿੱਖ ਬਾਣੀਕਾਰਾਂ ਨੂੰ ‘ਤੇ ਭੱਟਾਂ ਨੂੰ ਕਿਤੇ ਵੀ ਗੁਰੂ ਨਹੀ ਕਿਹਾ ਗਿਆ ਹੈ
‘ਤੇ ਨਾ ਹੀ ਇਹਨਾਂ ਨੂੰ ਆਪਣੇ ਸਮੇਂ ਅੰਦਰ ‘ਗੁਰੂ’ ਦੀ ਪਦਵੀ ਮਿਲੀ ਸੀ, ਇਸ ਲਈ ਭਗਤਾਂ ਸਿੱਖਾਂ
‘ਤੇ ਭੱਟਾਂ ਨੂੰ ਗੁਰੂ ਨਹੀ ਕਿਹਾ ਜਾਂਦਾ ਹੈ, ਸੋ ਇਹ ਸਵਾਲ ਹੀ ਬੇਤੁੱਕਾ ਹੈ ਕਿ ਸਾਡੇ 35 ਗੁਰੂ
ਹਨ।
1708 ਈ. ਵੇਲੇ ਦਸ਼ਮੇਸ਼ ਜੀ ਦੇ ਨਾਂ ਨਾਲ ਜੋੜੀ ਜਾਂਦੀ ਤੁੱਕ ‘ਆਤਮਾ ਗ੍ਰੰਥ
ਵਿਚ, ਸ਼ਰੀਰ ਪੰਥ ਵਿਚ’ ਗੁਰਬਾਣੀ ਨਹੀਂ ਹੈ ਅਤੇ ਨਾ ਹੀ ਇਹ ਲਫਜ਼ ਪ੍ਰਮਾਣਿਕ ਜਾਪਦੇ ਹਨ। ਜਿਸ ਸ਼ਰੀਰ
ਨੂੰ ‘ਪੰਥ’ ਵਿੱਚ ਦਸਿਆ ਜਾ ਰਿਹਾ ਹੈ, ਉਹ ਪੰਥ ਤਾਂ ਧੜਿਆਂ ਵਿੱਚ ਵੰਡਿਆ ਪਿਆ ਹੈ। ਕੀ ਮੰਨ ਲਈਏ
ਦਸ਼ਮੇਸ਼ ਜੀ ਦੇ ਸ਼ਰੀਰ ਦੇ ਟੁੱਕੜੇ-ਟੁੱਕੜੇ (ਧੜੇ) ਹੋ ਗਏ ਹਨ।
ਪੰਨਾ ਨੰ: 25, ਵਾਪਸੀ ਦਾ ਸਫਰ
(ਭਾਗ-੧), ਤੱਤ ਗੁਰਮਤਿ ਪਰਿਵਾਰ।
http://www.sikhmarg.com/2009/1227-guru-pad.html
ਜਵਾਬ :- ‘ਆਤਮਾ ਗ੍ਰੰਥ ਵਿਚ, ਸ਼ਰੀਰ ਪੰਥ ਵਿਚ’ ਇਹ ਬੋਲ ਕੋਈ ਆਪ ਜੀ ਦੀ
ਲਿਖੀ ‘ਦਿੱਲੀ’ ਵਾਲੀ ਕਹਾਣੀ ਵਾਂਗ ਕਿਸੇ ਸਿੱਖ ਨੇ ਨਹੀ ਲਿਖੇ ਜਿਸ ਨੂੰ ਕਿ ਰੱਦ ਕੀਤਾ ਜਾ ਸਕੇ,
ਬਲਕਿ 1708 ਈ: ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਬੋਲ ਸਾਰੀ ਸੰਗਤ ਨੂੰ ਕਹੇ ਸਨ। ਜੋ ਕਿ ਸਾਨੂੰ
ਇਤਹਾਸਕ ਸਰੋਤਾਂ ਤੋਂ ਮਿਲਦੇ ਹਨ। ਪਿਛਲੇ 300 ਸਾਲਾਂ ਤੋਂ ਕਿਸੇ ਨੇ ਵੀ ਇਹਨਾਂ ਬੋਲਾਂ ‘ਤੇ ਇਤਰਾਜ
ਨਹੀਂ ਕੀਤਾ ਹੈ। ਪਰ ਆਪ ਜੀ ਵੱਲੋਂ ਇਹ ਵਾਧੂ ਦਾ ਇਤਰਾਜ ਕੀਤਾ ਜਾ ਰਿਹਾ ਹੈ। ਗੁਰਬਾਣੀ ਦਸਮੇਸ਼
ਪਿਤਾ ਜੀ ਦੇ ਕਹੇ ਬੋਲ ‘ਆਤਮਾ ਗ੍ਰੰਥ ਵਿਚ, ਸ਼ਰੀਰ ਪੰਥ ਵਿਚ’ ਦੀ ਪ੍ਰੋੜਤਾ ਕਰਦੀ ਹੈ, ਦੇਖੋ
ਗੁਰਬਾਣੀ ਪ੍ਰਮਾਣ :-
ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ ll (ਪੰਨਾ ੪੪੪) ਭਾਵ : ਗੁਰੂ ਸਿਖ ਹੈ
‘ਤੇ ਸਿਖ ਗੁਰੂ ਹੈ ਭਾਵ ਦੋਨੋਂ ਇਕੋ ਰੂਪ ਹਨ। ਕਿਉਂਕਿ ਸਿੱਖ ਵੀ ਗੁਰੂ ਦੇ ਉਪਦੇਸ਼ ਗੁਰਬਾਣੀ ਦਾ ਹੀ
ਪ੍ਰਚਾਰ ਕਰਕੇ ਲੋਕਾਈ ਨੂੰ ਗੁਰੂ ਦੇ ਲੜ ਲਾਉਂਦਾ ਹੈ।
ਇਸ ਗੁਰਬਾਣੀ ਪ੍ਰਮਾਣ ਦੀ ਪ੍ਰੋੜਤਾ
1708 ਈ: ‘ਚ ਪੰਜ ਪਿਆਰਿਆਂ ਨੂੰ ਗੁਰੂ ਰੂਪ ਮੰਨ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦੀ ਪਾਹੁਲ
ਲੇ ਕੇ ਕੀਤੀ ਸੀ। ਸੋ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਬੋਲ ‘ਆਤਮਾ ਗ੍ਰੰਥ ਵਿਚ, ਸ਼ਰੀਰ ਪੰਥ ਵਿਚ’
ਪੂਰੀ ਤਰਾਂ ਪ੍ਰਮਾਣਿਕ ਹਨ। ਹੁਣ ਰਹੀ ਗੱਲ ਪੰਥ ਦੀ ਧੜਿਆਂ ‘ਚ ਵੰਡੇ ਜਾਣ ਦੀ ਤਾਂ ਇਸ ਨਾਲ ਗੁਰੂ
ਦੇ ਸਰੀਰ ਦੇ ਟੁਕੜੇ ਨਹੀ ਹੋ ਸਕਦੇ ਕਿਉਂਕਿ ਗੁਰੂ ਦਾ ਉਪਦੇਸ਼ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ
ਬਾਣੀ ਹੈ, ਜਿਹੜੇ ਗੁਰੂ ਉਪਦੇਸ਼ ਨੂੰ ਨਾ ਮੰਨ ਕੇ ਆਪਣੀ ਮਨਮੱਤ ਚਲਾਉਂਦੇ ਹਨ, ਉਹੀ ਪੰਥ ਨੂੰ ਧੜਿਆਂ
‘ਚ ਵੰਡਣ ਦਾ ਕਾਰਨ ਬਣਦੇ ਹਨ, ‘ਤੇ ਇਸ ਦਾ ਇੱਕ ਕਾਰਨ ਤਾਂ ਆਪ ਜੀ ਖੁਦ ਹੀ ਹੋ, ਕਿਉਂਕਿ ਆਪ ਜੀ ਵੀ
ਕਦੇ ‘ਗੁਰੂ’ ਪਦ ‘ਤੇ ਕਦੇ ਮਹਲਾ 10 ਵਰਗੇ ਮਸਲੇ ਖੜੇ ਕਰਕੇ ਪੰਥ ਨੂੰ ਵੰਡਣ ਦੀ ਕੋਸ਼ਿਸ ਕਰਦੇ
ਰਹਿੰਦੇ ਹੋ। ਸੋ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਜੀ ਇਹਨਾਂ ਵਿਵਾਦਾਂ ਨੂੰ ਛੱਡਕੇ
ਗੁਰਬਾਣੀ ਪ੍ਰਚਾਰ ਦਾ ਕੰਮ ਆਰੰਭੋ ਤਾਂ ਜੋ ਪੰਥ ‘ਚ ਬਣੇ ਧੜਿਆਂ ਨੂੰ ਖਤਮ ਕੀਤਾ ਜਾ ਸਕੇ।
ਨਾਨਕ ਸਰੂਪਾਂ ਲਈ ‘ਗੁਰੂ’ ਪਦ ਵਰਤਨਾ ਸਿਧਾਂਤ ਵਿਰੁਧ ਹੈ। ਕੌਮ ਵਿੱਚ
ਪਿਛਲੇ 200-250 ਸਾਲਾਂ ਤੋਂ ਇਹ ਗੱਲ ਪ੍ਰਚਾਰੀ ਗਈ ਹੈ।
ਪੰਨਾ ਨੰ: 22, ਵਾਪਸੀ ਦਾ ਸਫਰ
(ਭਾਗ-੧), ਤੱਤ ਗੁਰਮਤਿ ਪਰਿਵਾਰ।
http://www.sikhmarg.com/2009/1227-guru-pad.html
ਜਵਾਬ :- ਇਸ ਸਵਾਲ ਦਾ ਜਵਾਬ ਵੀਰ ਹਰਦੇਵ ਸਿੰਘ ਜੰਮੂ ਜੀ ਨੇ ਆਪਣੇ ਇੱਕ
ਲੇਖ ‘ਇਤਹਾਸਕ ਝੂਠ’ ਅੰਦਰ ਦਿੱਤਾ ਹੈ ਜੋ ਕਿ ਸਿਖ ਮਾਰਗ ‘ਤੇ ਮੋਜੂਦ ਹੈ।
ਲਿੰਕ:
http://www.sikhmarg.com/2013/0106-ithask-jhooth.html
ਨੋਟ:- ਇਹ ‘ਗੁਰੂ’ ਪਦ ਦਾ ਵਿਵਾਦ ਸੱਭ ਪਹਿਲਾਂ ਸਪੋਕਸਮੈਨ ਨੇ ਸੁਰੂ ਕੀਤਾ
ਸੀ ‘ਤੇ ਇਸ ਦਾ ਜਵਾਬ ਭਾਈ ਕਿਰਪਾਲ ਸਿੰਘ ਬਠਿੰਡਾ ਜੀ ਨੇ ਆਪਣੇ ਲੇਖਾਂ ਰਾਹੀ ਬਹੁਤ ਹੀ ਸੋਹਣੇ
ਤਰੀਕੇ ਨਾਲ ਦੇ ਕੇ ਸਪੋਕਸਮੈਨ ‘ਤੇ ਇਸ ਦੇ ਵਿਦਵਾਨਾਂ ਨੂੰ ਨਿਰਉਤਰ ਕੀਤਾ ਸੀ, ਉਹ ਅੱਜ ਤੱਕ ਭਾਈ
ਕਿਰਪਾਲ ਸਿੰਘ ਜੀ ਦੇ ਕਿਸੇ ਜਵਾਬ ਦਾ ਉਤਰ ਨਹੀ ਦੇ ਸਕੇ ਹਨ। ‘ਤੇ ਸਿੱਖ ਮਾਰਗ ਉਤੇ ਵੀਰ ਹਰਦੇਵ
ਸਿੰਘ ਜੰਮੂ ਜੀ ‘ਤੇ ਪ੍ਰਿ: ਸੁਰਜੀਤ ਸਿੰਘ ਜੀ ਨੇ ਬਹੁਤ ਜਿੰਮੇਵਾਰੀ ਨਾਲ ਇਸ ਮੁੱਦੇ ‘ਤੇ ਲੇਖ ਲਿਖ
ਕੇ ਬਹੁਤ ਵਧੀਆ ਵਿਚਾਰ ਦਿੱਤੇ ਹਨ। ਸੋ ਮੈਂ
ਭਾਈ ਕਿਰਪਾਲ ਸਿੰਘ ਜੀ, ਵੀਰ ਹਰਦੇਵ
ਸਿੰਘ ਜੰਮੂ ਜੀ, ਪ੍ਰਿ: ਸੁਰਜੀਤ ਸਿੰਘ ਜੀ, ਜਸਬੀਰ ਸਿੰਘ ਕੈਲਗਰੀ ਜੀ, ਚਰਨਜੀਤ ਸਿੰਘ ਬਰੈਂਮਪਟਨ
ਜੀ ‘ਤੇ ਹੋਰ ਜਿਹੜੇ ਵੀਰਾਂ
ਨੂੰ ਮੈਂ ਜਾਣਦਾ ਨਹੀ ਜਿੰਨਾਂ ਨੇ ਇਸ ਵਿਸ਼ੇ ‘ਤੇ ਸੇਵਾ ਨਿਭਾਈ ਹੈ, ਮੈਂ ਸੱਭ ਦਾ ਤਹਿ ਦਿੱਲੋਂ
ਧੰਨਵਾਦ ਕਰਦਾ ਹਾਂ।
ਹੁਣ ਤੱਤ ਗੁਰਮਤਿ ਪਰਿਵਾਰ ਦੇ ਵੀਰਾਂ ਤੋਂ ਕੁੱਝ ਸਵਾਲ ਪੁੱਛਣ ਦੀ ਵਾਰੀ ਹੈ
:-
20. ਪਹਿਲਾਂ ਆਪ ਜੀ ਵੱਲੋਂ ਕੱਚੀਆਂ ਦਲੀਲਾਂ ਨੂੰ ਨਿਕਾਰਣਾ ‘ਤੇ ਫਿਰ ਆਪ
ਹੀ ‘ਦਿੱਲੀ’ ਵਾਲੀ ਕੱਚੀ ਕਹਾਣੀ ਦੀ ਦਲੀਲ ਦੇਣਾ ਕੀ ਇਹ ਆਪਾ ਵਿਰੋਧੀ ਨਹੀ ਹੈ?
21. ਕੀ ਗੁਰਬਾਣੀ ਜਾਂ ਗੁਰ ਇਤਹਾਸ ਨੂੰ ਸਮਝਾਉਣ ਵਾਸਤੇ ਕੱਚੀਆਂ ਕਹਾਣੀ
ਸਣਾਉਣੀਆਂ ਗੁਰਮਤਿ ਹੈ?
22.
‘ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ ll (ਪੰਨਾ ੪੪੪)’
ਆਪ ਜੀ ਅਨੁਸਾਰ ਤਾਂ ਸਿਰਫ ਰੱਬ ਜੀ ਜਾਂ ਸੱਚ ਦਾ ਗਿਆਨ ਹੀ ਗੁਰੂ ਹਨ। ਪਰ ਇਸ ਪੰਗਤੀ ਅੰਦਰ ਤਾਂ
ਸਿੱਖ ਨੂੰ ਵੀ ਗੁਰੂ ਕਿਹਾ ਗਿਆ ਹੈ? ਕੀ ਆਪ ਜੀ ਦੇ ਸਿਧਾਂਤ ਨੂੰ ਇਹ ਪ੍ਰਮਾਣ ਰੱਦ ਨਹੀ ਕਰਦਾ ਹੈ?
ਕੀ ਆਪ ਜੀ ਇਸ ਪੰਗਤੀ ਦੇ ਅਰਥ ਆਪਣੇ ਦੱਸੇ ਸਿਧਾਂਤ ਅਨੁਸਾਰ ਕਰਕੇ ਦਿਖਾਉਂਗੇ?
23.
‘ਪਵਣੁ ਗੁਰੂ ਪਾਣੀ ਪਿਤਾ ll (ਪੰਨਾ:
੮)’
ਆਪ ਜੀ ਦੇ ਅਨੁਸਾਰ ਰੱਬ ਜੀ ‘ਤੇ ਸੱਚ
ਦਾ ਗਿਆਨ ਗੁਰੂ ਹਨ,
‘ਪਵਣੁ ਗੁਰੂ’ ਵਾਲੇ
ਗੁਰਬਾਣੀ ਪ੍ਰਮਾਣ ਨੂੰ ਮਿਲਾ ਕੇ ਤਿੰਨ ਗੁਰੂ ਹੋ ਗਏ, ਜੇਕਰ
‘ਸਿਖੁ ਗੁਰੂ’
ਵਾਲੇ ਗੁਰਬਾਣੀ ਪ੍ਰਮਾਣ ਨੂੰ ਮਿਲਾ ਲਈਏ ਤਾਂ ਹੁਣ ਚਾਰ ਗੁਰੂ ਹੋ ਗਏ ਹਨ, ਪਰ ਇਹ ਤਾਂ ਆਪ ਜੀ ਦੱਸੇ
ਸਿਧਾਂਤ ‘ਤੇ ਖਰੇ ਨਹੀ ਉੱਤਰ ਰਹੇ ਹਨ? ਕੀ ਆਪ ਜੀ ਦਾ ਦਰਸਾਇਆ ਸਿਧਾਂਤ ਗਲਤ ਨਹੀ ਹੋ ਗਿਆ ਹੈ?
24. ਆਪ ਜੀ ਨੇ ਆਪਣੇ ਇੱਕ ਲੇਖ ‘ਚ ਲਿਖਿਆ ਹੈ ਕਿ ਨਾਨਕ ਸਰੂਪਾਂ ਨੂੰ ਗੁਰੂ
ਕਹਿਣ ਦੀ ਗੱਲ ਕੌਮ ਵਿੱਚ ਪਿਛਲੇ 200-250 ਸਾਲਾਂ ਤੋਂ ਪ੍ਰਚਾਰੀ ਗਈ ਹੈ। ਕੀ ਆਪ ਜੀ ਆਪਣੇ ਇਸ ਕਥਨ
ਨੂੰ ਇਤਹਾਸ ਵਿੱਚੋਂ ਹਵਾਲੇ ਦੇ ਕੇ ਸਿੱਧ ਕਰ ਸਕਦੇ ਹੋ?
25. ਆਪ ਜੀ ਨੇ ਆਪਣੇ ਲੇਖ ‘ਸਾਚਾ ਸਤਿਗੁਰੂ ਕੌਣ’ ਅੰਦਰ ਲਿਖਿਆ ਹੈ:
“ਗੁਰੂ ਦਾ ਸਭ ਤੋਂ ਸਾਦਾ ਤੇ ਸਟੀਕ ਅਰਥ ‘ਸੇਧ
ਦਾਤਾ’ ਹੈ। ਭਾਵ ਜਿਸ ਤੋਂ ਅਸੀਂ ਸੇਧ ਲੈਂਦੇ ਹਾਂ ਉਹੀ ਸਾਡਾ ਗੁਰੂ ਹੁੰਦਾ ਹੈ।“
ਆਪ ਜੀ ਤੋਂ ਪੁੱਛਣਾ ਚਾਹੁੰਦਾ ਹਾਂ,
ਕੀ ਦੱਸੇ ਨਾਨਕ ਸਰੂਪ ਸੇਧ ਦਾਤਾ ਨਹੀ ਸਨ? ਜੇਕਰ ਉਹ ਸੇਧ ਦਾਤਾ ਸਨ ਤਾਂ ਉਹ ਫਿਰ ਆਪਣੇ ਗੁਰੂ
ਕਿਵੇਂ ਨਹੀ ਹਨ?
ਚਲਦਾ….......
(19/02/13)
ਅਵਤਾਰ ਸਿੰਘ ਮਿਸ਼ਨਰੀ
ਸਿੱਖਾਂ ਦਾ ਗੁਰੂ
“ਗੁਰੂ ਗ੍ਰੰਥ ਸਾਹਿਬ” ਜਾਂ
ਅਜੋਕੇ ਅਖੌਤੀ ਜਥੇਦਾਰ?
ਅਵਤਾਰ ਸਿੰਘ ਮਿਸ਼ਨਰੀ (5104325827)
ਗੁਰੂ ਅਤੇ ਸਿੱਖ ਦਾ ਆਪਸ ਵਿੱਚ ਗੂੜ੍ਹਾ ਸਬੰਧ ਹੈ। ਗੁਰੂ ਗਿਆਨ ਦਾਤਾ ਹੈ
ਅਤੇ ਸਿੱਖ ਗੁਰੂ ਤੋਂ ਸਿੱਖਣ ਵਾਲਾ ਗਿਆਨ ਪਾਤਰ ਹੈ। ਸਿੱਖ ਗੁਰੂ ਸਾਹਿਬਾਨਾਂ ਤੋਂ ਪਹਿਲਾਂ ਕੇਵਲ
ਦੇਹਧਾਰੀ ਨੂੰ ਹੀ ਸੰਪੂਰਨ ਗੁਰੂ ਮੰਨਿਆਂ ਜਾਂਦਾ ਸੀ। ਦੇਹਧਾਰੀ ਹੋਣ ਕਰਕੇ ਉਹ ਸਦੀਵੀ ਨਹੀਂ ਸੀ
ਸਗੋਂ ਸਮੇਂ ਨਾਲ ਵਿਨਾਸ਼ ਹੁੰਦਾ ਅਤੇ ਨਵਾਂ ਗੁਰੂ ਥਾਪਿਆ ਜਾਂਦਾ ਸੀ। ਰੱਬੀ ਭਗਤਾਂ ਨੇ ਵੀ ਪਹਿਲੇ
ਦੇਹਧਾਰੀ ਗੁਰੂ ਧਾਰਨ ਕੀਤੇ ਪਰ ਸਵੈ ਚਿੰਤਨ ਨਾਲ ਸ਼ਬਦ ਸੁਰਤਿ ਦਾ ਗਿਆਨ ਪ੍ਰਾਪਤ ਕਰਕੇ ਉਹ ਵੀ
ਦੇਹਾਂ ਤੋਂ ਉਪਰ ਉਠ ਗਏ ਤੇ ਪੁਕਾਰ ਪੁਕਾਰ ਕੇ ਕਹਿਣ ਲੱਗ ਪਏ-ਕਹੁ ਕਬੀਰ ਮੈਂ ਸੋ ਗੁਰ ਪਾਇਆ ਜਾ
ਨਾਉਂ ਬਿਬੇਕੋ॥ ( ) ਭਾਵ ਮੈਂ ਗਿਆਨ ਗੁਰੂ ਨੂੰ ਪਾ ਲਿਆ ਹੈ।
ਸਿੱਖ ਧਰਮ ਦੇ ਬਾਨੀ ਅਤੇ ਦੁਨੀਆਂ ਦੇ ਸਿਰਮੌਰ ਰਹਿਬਰ ਬਾਬਾ ਨਾਨਾਕ ਜੀ ਵੀ
ਸ਼ਬਦ ਗੁਰੂ ਗਿਆਨ ਨੂੰ “ਗੁਰੂ” ਮੰਨਦੇ ਅਤੇ ਪ੍ਰਚਾਰਦੇ ਸਨ। ਜਦ ਸਿੱਧਾਂ ਪੁੱਛਿਆ
“ਤੇਰਾ ਕਵਣੁ ਗੁਰੂ ਜਿਸ ਕਾ ਤੂ
ਚੇਲਾ” ਤਾਂ ਬਾਬੇ ਨੇ ਫੁਰਮਾਇਆ- ਸਬਦੁ
ਗੁਰੂ ਸੁਰਤਿ ਧੁਨਿ ਚੇਲਾ॥(942) ਭਾਵੇਂ ਸ਼ਬਦ
ਹੀ ਗੁਰੂ ਹੈ ਦਾ ਸਿਧਾਂਤ ਦ੍ਰਿੜ ਕਰਾਉਣ ਲਈ ਬਾਬੇ ਨਾਨਕ ਨੂੰ ਵੀ ਦੇਹਧਾਰੀ ਗੁਰੂ ਪ੍ਰਥਾ ਰਾਹੀਂ
ਸ਼ਬਦ ਗੁਰੂ ਗਿਆਨ ਦਾ ਪ੍ਰਚਾਰ ਕਰਨਾ ਪਿਆ ਪਰ ਉਨ੍ਹਾਂ ਨੇ ਪ੍ਰਮੁੱਖਤਾ “ਸ਼ਬਦ ਗੁਰੂ” ਨੂੰ ਹੀ ਦਿੱਤੀ।
ਦਸਾਂ ਜਾਮਿਆਂ ਵਿੱਚ ਪੂਰਨ ਤੌਰ ਤੇ ਲੋਕਾਈ ਨੂੰ ਸਮਝਾ ਦਿੱਤਾ ਕਿ ਦੇਹਾਂ ਬਿਨਸਨਹਾਰ ਹਨ ਅਤੇ ਸ਼ਬਦ
ਗੁਰੂ ਸਦੀਵੀ ਹੈ- ਸਤਿਗੁਰੁ
ਮੇਰਾ ਸਦਾ ਸਦਾ ਨਾ ਆਵੈ ਨਾ ਜਾਇ॥ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ॥(759)
ਸਤਿਗੁਰੁ ਸਦੀਵੀ ਹੈ, ਜਮਦਾ ਮਰਦਾ ਨਹੀਂ, ਨਾਸ਼
ਰਹਿਤ ਅਤੇ ਸਭ ਵਿੱਚ ਸਮਾਇਆ ਹੋਇਆ ਹੈ।
ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਨੇ ਰੱਬੀ ਬਾਣੀ “ਸ਼ਬਦ” ਨੂੰ ਆਪੋ ਆਪਣੇ
ਸਮੇਂ ਪੋਥੀਆਂ ਦੇ ਰੂਪ ਵਿੱਚ ਆਪ ਲਿਖ ਕੇ ਸੰਭਾਲਿਆ, ਗੁਰੂ ਅਰਜਨ ਸਾਹਿਬ ਜੀ ਨੇ ਉਸ ਨੂੰ ਇੱਕ ਜਿਲਦ
ਵਿੱਚ ਇਕੱਤਰ ਕਰਕੇ “ਪੋਥੀ ਪਰਮੇਸ਼ਰ ਕਾ ਥਾਨ” ਦਾ ਨਾਮ ਦਿੱਤਾ। ਗੁਰੂ ਨਾਨਕ ਸਾਹਿਬ ਜੀ ਦੇ ਦਸਵੇਂ
ਜਾਂਨਸ਼ੀਨ ਸਾਹਿਬੇ ਕਮਾਲਿ ਗੁਰੂ ਗੋਬਿੰਦ ਸਿੰਘ ਜੀ ਨੇ ਪੱਕੇ ਤੌਰ ਤੇ ਦੇਹਧਾਰੀ ਗੁਰੂ ਵਾਲੀ ਪ੍ਰਥਾ
ਬੰਦ ਕਰਦੇ ਹੋਏ “ਸ਼ਬਦ ਗੁਰੂ” ਦੀ ਪ੍ਰਥਾ ਨੂੰ ਸਦੀਵੀ ਮਾਨਤਾ ਦਿੰਦੇ ਹੋਏ ਸਮੱਚੇ ਸਿੱਖ ਜਗਤ ਨੂੰ
ਸਦੀਵੀ ਹੁਕਮ ਦੇ ਦਿੱਤਾ ਕਿ ਅਸਲ ਵਿੱਚ ਸਿੱਖ ਦਾ ਗੁਰੂ ਸ਼ਬਦ ਹੀ ਹੈ ਜੋ ਸਦੀਵੀ ਹੈ ਦੇਹਾਂ
ਬਿਨਸਨਹਾਰ ਹਨ-
ਸਭ ਸਿੱਖਨ
ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥
ਇਸ ਹੁਕਮ ਤੋਂ ਬਾਅਦ ਸਿੱਖਾਂ ਨੇ ਕਦੇ ਵੀ ਕਿਸੇ
ਦੇਹਧਾਰੀ ਨੂੰ ਗੁਰੂ ਨਹੀਂ ਮੰਨਿਆਂ ਭਾਵੇਂ ਉਹ ਕਿਸੇ ਵੱਡੇ ਰੁਤਬੇ ਜਾਂ ਪਦਵੀ ਦਾ ਧਾਰਨੀ ਵੀ ਕਿਉਂ
ਨਾਂ ਹੋਵੇ।
ਸਿੱਖ ਸੰਗਤ ਜਾਂ ਸਰਬੱਤ ਖਾਲਸੇ ਦੇ ਰੂਪ ਵਿੱਚ ਇਕੱਤਰ ਹੋ ਕੇ
“ਗੁਰੂ ਗ੍ਰੰਥ ਸਾਹਿਬ”
ਜੀ ਦੇ ਸਿਧਾਂਤਾਂ ਤੋਂ ਹੀ ਅਗਵਾਈ ਲੈ ਕੇ ਹਰ ਤਰ੍ਹਾਂ ਦੇ ਫੈਸਲੇ ਕਰਦੇ ਰਹੇ। ਕੋਈ ਵੀ ਫੈਸਲਾ
“ਗੁਰੂ ਗ੍ਰੰਥ ਸਿਹਬ”
ਜੀ ਦੇ ਸਿਧਾਂਤ ਦੇ ਉਲਟ ਨਹੀਂ ਸੀ ਹੁੰਦਾ। ਸਿੱਖਾਂ ਦਾ ਮੇਨ ਮੁਖੀ
“ਗੁਰੂ ਗ੍ਰੰਥ ਸਾਹਿਬ”
ਹੀ ਸੀ। ਮੁਖੀ ਸਿੱਖ ਇਕੱਠੇ ਹੋ ਕੇ ਜੋ ਵੀ ਫੈਸਲਾ ਜਾਂ ਗੁਰਮਤਾ ਕਰਦੇ ਉਸ ਨੂੰ ਸਮੁੱਚੀ ਸੰਗਤ ਨੂੰ
ਸੁਨਾਉਣ ਲਈ ਮਜੂਦਾ ਸੰਗਤ ਵਿੱਚੋਂ ਹੀ ਸਰਬਸਮਤੀ ਨਾਲ ਉਹ ਫੈਸਲਾ ਜਾਂ ਗੁਰਮਤਾ ਅੱਗੇ ਸਿੱਖ ਸੰਗਤ
ਨੂੰ ਸੁਣਾ ਕੇ ਫਿਰ ਸੰਗਤ ਵਿੱਚ ਰਲ ਜਾਂਦਾ ਨਾਂ ਕਿ ਸਦੀਵੀ ਜਥੇਦਾਰ ਬਣਕੇ ਆਪਣੀ ਮਰਜੀ ਦੇ ਹੁਕਮ
ਸੁਨਾਉਂਦਾ ਰਹਿੰਦਾ।
ਸਾਧ ਸੰਗਤ ਜੀ ਜਿਨ੍ਹਾਂ ਚਿਰ ਸਿੱਖ
“ਗੁਰੂ ਗ੍ਰੰਥ ਸਾਹਿਬ”
ਜੀ ਨੂੰ ਅਤੇ ਇਸ ਦੇ ਸਿਧਾਂਤਾਂ ਨੂੰ ਮੁੱਖ ਰੱਖ ਕੇ ਵਿਚਰਦੇ ਰਹੇ ਸਦਾ ਹੀ ਚੜ੍ਹਦੀਆਂ ਕਲਾਂ ਵਿੱਚ
ਰਹੇ ਭਾਂਵੇ ਵਕਤੀਆ ਮੁਗਲੀ ਹਕੂਮਤਾਂ ਨਾਲ ਝੂਜਦੇ ਹੋਏ ਜੰਗਲਾਂ ਬੀਆ ਬਾਨਾਂ ਵਿੱਚ ਵੀ ਰਹਿਣਾ ਪਿਆ।
ਸਿੱਖਾਂ ਵਿੱਚ ਪੰਚਾਇਤ ਰਵਾਇਤ ਹੀ ਪ੍ਰਧਾਨ ਰਹੀ ਹੈ ਪੰਚ ਵੀ ਸੰਗਤ ਵਿੱਚੋਂ ਗੁਰਮੁਖ ਗੁਰਬਾਣੀ ਦੇ
ਸਿਧਾਂਤਾਂ ਦੇ ਧਾਰਨੀਆਂ ਨੂੰ ਚੁਣਿਆਂ ਜਾਂਦਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪ੍ਰਥਾ ਨੂੰ ਪੰਜ
ਪਿਆਰੇ ਨਾਮ ਦੇ ਕੇ ਅਸਲੀ ਡੇਮੋਕਰੇਸੀ ਨੂੰ ਮਾਨਤਾ ਦਿੱਤੀ। ਇਹ ਪੰਜ ਵੀ ਸਮੁੱਚੇ ਪੰਥ ਵਿੱਚੋਂ
ਹੁੰਦੇ ਨਾਂ ਕਿ ਕਿਸੇ ਇੱਕ ਧੜੇ ਜਾਂ ਇਲਾਕੇ ਦੇ।
ਅੰਗ੍ਰੇਜਾਂ ਦੇ ਰਾਜ ਤੋਂ ਬਾਅਦ ਜਦ ਸਿੱਖਾਂ ਦੀਆਂ ਸਿੰਘ ਸਭਾਵਾਂ ਨੇ ਤਕੜੇ
ਹੋ ਕੇ ਮਹੰਤਾਂ, ਡੇਰੇਦਾਰ ਸੰਪ੍ਰਦਾਈਆਂ ਨੂੰ ਗੁਰਦੁਆਰਿਆਂ ਦੇ ਪ੍ਰਬੰਧ ਚੋਂ ਬਾਹਰ ਕੱਢ ਕੇ, ਗੁਰੂ
ਦਰਸਾਈ ਸੰਗਤੀ ਪੰਚ ਪ੍ਰਧਾਨੀ ਪ੍ਰਥਾ ਬਹਾਲ ਕੀਤੀ ਅਤੇ ਸਮੁੱਚੇ ਗੁਰਦੁਆਰਿਆਂ ਦਾ ਪ੍ਰਬੰਧ ਸਿੱਖ
ਰਹਿਤ ਮਰਯਾਦਾ ਅਨੁਸਾਰ ਕੀਤਾ। ਸਮਾਂ ਪਾ ਕੇ ਸਿੱਖ ਅਮੀਰ ਹੋ ਅਵੇਸਲੇ ਹੋ ਗਏ ਅਤੇ ਮਹੰਤ ਟਾਈਪ ਆਗੂ
ਜਥੇਦਾਰ ਬਣ ਗਏ। ਵੱਖ ਵੱਖ ਧੜੇ ਪੈਦਾ ਹੋ ਗਏ। ਕੋਈ ਡੇਰੇਦਾਰ, ਕੋਈ ਸੰਪ੍ਰਦਾਈ ਸੈਂਕੜੇ ਹੀ ਸਿੱਖੀ
ਦੇ ਠੇਕੇਦਾਰ ਬਣ ਬੈਠੇ। ਭਾਵੈ 1932 ਤੋਂ ਲੈ ਕੇ 1945 ਤੱਕ ਸਭ ਨੇ ਇਕੱਤਰ ਹੋ
“ਸਿੱਖ ਰਹਿਤ ਮਰਯਾਦਾ”
ਬਣਾਈ ਪਰ ਬਹੁਤੇ ਸੰਪ੍ਰਸਾਈ ਡੇਰੇਦਾਰ ਇਸ ਤੋਂ ਮਨੁੱਕਰ ਹੋ ਗਏ ਜੋ ਅੱਜ ਵੀ ਮਨੁੱਕਰ ਹਨ। ਅੱਜ ਕਿਸੇ
ਵੀ ਸਿੱਖ ਡੇਰੇ ਜਾਂ ਸੰਪ੍ਰਦਾ ਵਿੱਚ ਖਾਲਸੇ ਦੀ
“ਸਿੱਖ ਰਹਿਤ ਮਰਯਾਦਾ”
ਲਾਗੂ ਨਹੀਂ।
ਅੱਜ ਸਿੱਖਾਂ ਦੇ ਜਥੇਦਾਰ ਜਾਂ ਆਗੂ ਰਾਜਨੀਤਕ ਪਾਰਟੀਆਂ ਥਾਪਦੀਆਂ ਹਨ। ਸਰਬਤ
ਖਾਲਸਾ ਪ੍ਰਥਾ ਜਬਰੀ ਖਤਮ ਕਰ ਦਿੱਤੀ ਗਈ ਹੈ। ਅੱਜ ਇੱਕਪਾਸੜ ਜਥੇਦਾਰ ਪੰਥ ਤੇ ਥੋਪੇ ਜਾ ਰਹੇ ਹਨ ਜੋ
ਰੰਜਸ਼ ਵਿੱਚ ਦੂਜੇ ਧੜੇ ਦੇ ਸਿੱਖਾਂ ਨੂੰ ਪੰਥ ਵਿੱਚੋਂ ਹੀ ਛੇਕੀ ਜਾ ਰਹੇ ਹਨ। ਜੋ ਗੁਰੂ ਗ੍ਰੰਥ ਦਾ
ਹੁਕਮ ਛੱਡ ਕੇ ਆਪਣਾਂ ਅਤੇ ਅਖੌਤੀ ਦਸਮ ਗ੍ਰੰਥ ਦਾ ਹੁਕਮ ਮੰਨਵਾ ਰਹੇ ਹਨ। ਅੱਜ ਜਿਹੜਾ ਵੀ ਗੈਰਤ
ਵਾਲਾ ਸਿੱਖ
“ਗੁਰੂ ਗ੍ਰੰਥ
ਸਾਹਿਬ” ਜੀ ਨੂੰ ਛੱਡ ਕੇ ਇਨ੍ਹਾਂ
“ਧੱਕੜ
ਜਥੇਦਾਰਾਂ”
ਦਾ ਜਾਂ ਅਖੌਤੀ ਦਸਮ ਗ੍ਰੰਥ ਦਾ ਹੁਕਮ ਨਹੀਂ ਮੰਨਦਾ ਉਸ ਨੂੰ ਅਕਾਲ ਤਖਤ ਦੇ ਨਾਂ ਦਾ ਡਰਾਵਾ ਦੇ ਕੇ,
ਪੰਥ ਵਿੱਚੋਂ ਛੇਕ ਦਿੱਤਾ ਜਾਂਦਾ ਹੈ। ਹਊਆ ਅਕਾਲ ਤਖਤ ਦਾ ਪਾਇਆ ਜਾਂਦਾ ਹੈ ਪਰ ਵਾਸਤਵ ਵਿੱਚ ਇਹ
ਖੁਦ ਹੀ ਅਕਾਲ ਤਖਤ ਦਾ ਹੁਕਮ ਨਹੀਂ ਮੰਨਦੇ। ਜਰਾ ਸੋਚੋ! ਗੁਰੂ ਸਿੱਖ ਨੂੰ ਜੋੜਦਾ ਜਾਂ ਤੋੜਦਾ ਹੈ।
ਸਿੱਖ ਭੁਲਣਹਾਰ ਹੈ ਭੁੱਲ ਵੀ ਸਕਦਾ ਹੈ- ਭੁਲਣ
ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥ (61)
ਅਜੋਕੇ ਭੁਲਣਹਾਰ ਅਤੇ ਪਾਰਟੀਬਾਜ ਜਥੇਦਾਰਾਂ ਨੂੰ ਕੋਈ ਹੱਕ ਨਹੀਂ ਕਿ ਉਹ ਆਏ
ਦਿਨ
“ਗੁਰੂ ਗ੍ਰੰਥ
ਸਾਹਿਬ” ਜੀ ਦੇ ਸਿੱਖਾਂ ਨੂੰ ਪੰਥ ਚੋਂ ਛੇਕੀ
ਜਾਣ। ਗੁਰੂ ਦੀ ਬਾਣੀ ਪੜ੍ਹਨ, ਵਿਚਾਰਨ ਅਤੇ ਧਾਰਨ ਦਾ ਸਭ ਨੂੰ ਹੱਕ ਹੈ ਪਰ ਇਹ ਜਥੇਦਾਰ ਇਸ ਤੇ ਵੀ
ਪਾਬੰਦੀ ਲਾ ਕੇ, ਪ੍ਰਚਾਰ ਕਰਨ ਵਾਲੇ ਦੀ ਸ਼ਰੇਆਮ ਸੰਗਤ ਵਿੱਚ ਬੇਇਜ਼ਤੀ ਕਰਦੇ ਹਨ। ਸੋ ਸਿੱਖ ਸੰਗਤਾਂ
ਨੂੰ ਹੁਣ ਸੋਚਣਾਂ ਪੈਣਾਂ ਹੈ ਕਿ ਉਨ੍ਹਾਂ ਨੇ ਹੁਕਮ
“ਗੁਰੂ ਗ੍ਰੰਥ ਸਾਹਿਬ”
ਜੀ ਦਾ ਮੰਨਣਾਂ ਹੈ ਜਾਂ ਪਾਰਟੀਬਾਜ ਅਖੌਤੀ ਜਥੇਦਾਰਾਂ ਦਾ? ਇਨ੍ਹਾਂ ਸਿੱਖੀ ਦੋਖੀ ਜਥੇਦਾਰਾਂ ਨੇ
ਪੰਥਕ ਪ੍ਰਚਾਰਕਾਂ ਨੂੰ ਛੇਕ ਛੇਕ ਕੇ, ਪੰਥ ਦੇ ਵਿਸਥਾਰ ਦਾ ਇਨ੍ਹਾਂ ਨੁਕਸਾਨ ਕਰ ਦਿੱਤਾ ਹੈ ਜੋ
ਸ਼ਾਇਦ ਕਦੇ ਪੂਰਾ ਨਹੀਂ ਹੋ ਸਕਦਾ। ਸਿੰਘ ਸਭਾ ਲਹਿਰ ਦੇ ਮੋਢੀ ਪ੍ਰੋ. ਗੁਰਮੁਖ ਸਿੰਘ ਜੀ ਨੂੰ
ਇਨ੍ਹਾਂ ਛਾਕਿਆਂ, ਧੁਨੰਤਰ ਵਿਦਵਾਨ ਗਿ. ਭਾਗ ਸਿੰਘ ਅੰਬਾਲਾ ਨੂੰ ਇਨ੍ਹਾਂ ਛੇਕਿਆ, ਬਿਪਰਨ ਕੀ ਰੀਤ
ਤੋਂ ਸੱਚ ਦਾ ਮਾਰਗ ਪੁਸਤਕ ਦੇ ਵਿਦਵਾਂਨ ਲਿਖਾਰੀ ਬਜੁਰਗ ਬਾਬਾ ਗੁਰਬਖਸ਼ ਸਿੰਘ ਕਾਲਾ ਅਫਗਾਨਾਂ ਜੀ
ਨੂੰ ਇਨ੍ਹਾਂ ਛੇਕਿਆ, ਸਪੋਕਸਮੈਨ ਅਖਬਾਰ ਦੇ ਮੀਡੀਏ ਰਾਹੀਂ ਸਿੱਖਾਂ ਨੂੰ ਜਾਗ੍ਰਿਤ ਕਰਨ ਵਾਲੇ
ਸੰਪਾਦਕ ਸ੍ਰ. ਜੋਗਿੰਦਰ ਸਿੰਘ ਨੂੰ ਇਨ੍ਹਾਂ ਛੇਕਿਆ, ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਅਤੇ
ਧੜੱਲੇਦਾਰ ਪ੍ਰਚਾਰਕ ਪ੍ਰੋ. ਦਰਸ਼ਨ ਸਿੰਘ ਜੀ ਨੂੰ ਇਨ੍ਹਾਂ ਛੇਕਿਆ ਅਤੇ ਅੱਗੇ ਹੋਰ ਪੰਥਕ ਵਿਦਵਾਨਾਂ
ਨੂੰ ਛੇਕਣ ਦੀਆਂ ਤਿਆਰੀਆਂ ਕਰ ਰਹੇ ਹਨ। ਸਾਧ ਸੰਗਤ ਜੀ! ਜਰਾ ਧਿਆਨ ਨਾਲ ਸੋਚ ਵਿਚਾਰ ਕਰੋ ਕਿ ਇੱਕ
ਧੜੇ ਦੇ ਅਖੌਤੀ ਜਥੇਦਾਰਾਂ ਨੇ ਕਦੇ ਕਿਸੇ ਪੰਥ ਦੋਖੀ ਡੇਰੇਦਾਰ, ਸੰਪ੍ਰਦਾਈ, ਟਕਸਾਲੀ, ਅਕਾਲੀ ਜਾਂ
ਕਿਸੇ ਬਲਾਤਕਾਰੀ ਸਾਧ ਨੂੰ ਪੰਥ ਚੋਂ ਛੇਕਿਆ ਹੈ? ਜੇ ਗੁਰੂ ਸਾਹਿਬਾਂਨ ਨੇ ਪੰਥ ਚੋਂ ਛੇਕਣ ਲਈ ਕੋਈ
ਜਥੇਦਾਰ ਨਹੀਂ ਥਾਪਿਆ ਤਾਂ ਅਜੋਕੇ ਸਿੱਖ ਕਉਣ ਹੁੰਦੇ ਹਨ ਅਜਿਹਾ ਕਰਨ ਵਾਲੇ?
ਪੰਜਾਬ ਵਸਦਾ ਗੁਰਾਂ ਦੇ ਨਾਮ ਤੇ
ਪਰ ਅੱਜ ਉਹੋ ਪੰਜਾਬ ਮਾਰੂ ਨਸ਼ਿਆਂ, ਪਾਖੰਡਾਂ, ਵਹਿਮਾਂ, ਭਰਮਾਂ, ਪਾਟੋ ਧਾੜ ਅਤੇ ਬਲਾਤਕਾਰੀ ਅਖੌਤੀ
ਸਾਧਾਂ ਡੇਰੇਦਾਰਾਂ ਦੇ ਨਾਂ ਤੇ ਵੱਸ ਨਹੀਂ ਸਗੋਂ ਬਰਬਾਦ ਹੋ ਰਿਹਾ ਹੈ। ਇਨ੍ਹਾਂ ਅਖੌਤੀ ਜਥੇਦਾਰਾਂ
ਦਾ ਧਿਆਂਨ ਓਧਰ ਨਹੀਂ ਜਾਂਦਾ ਸਗੋਂ ਹਰ ਵੇਲੇ ਪੰਥਕ ਪ੍ਰਚਾਰਕਾਂ ਨੂੰ ਰੋਕਣ ਅਤੇ ਛੇਕਣ ਵੱਲ ਹੀ
ਤਰਲੋ ਮੱਛੀ ਹੋਇਆ ਰਹਿੰਦਾ ਹੈ।
ਗੁਰੂ ਦੇ ਸਿੱਖੋ! ਜਰਾ ਸੋਚੋ ਜੇ ਗੁਰਸਿੱਖੀ ਗੁਰ ਸਿਧਾਂਤਾਂ ਨੂੰ ਸੰਸਰ ਭਰ
ਵਿੱਚ ਫੈਲਾਉਣਾਂ ਹੈ ਤਾਂ ਅਖੌਤੀ ਸੰਪ੍ਰਾਈ ਜਥੇਦਾਰਾਂ ਦੇ
“ਕੂੜਨਾਮਿਆਂ ਰੂਪ ਲੋਹੇ ਦੇ
ਪਿੰਜਰਿਆਂ” ਨੂੰ ਤੋੜ, ਅਜ਼ਾਦ ਹੋ ਕੇ, ਕੇਵਲ
ਤੇ ਕੇਵਲ “ਗੁਰੂ ਗ੍ਰੰਥ
ਸਾਹਿਬ” ਜੀ ਨੂੰ ਆਪਣਾਂ ਗੁਰੂ-ਆਗੂ ਮੰਨ ਕੇ
ਆਪਣਾਂ ਜੀਵਨ ਸਫਲਾ ਕਰੋ ਅਤੇ
“ਆਪ ਜਪੈ ਅਵਰਹ ਨਾਮ ਜਪਾਵੈ” ਦੇ
ਮਹਾਂਵਾਕ ਅਨੁਸਾਰ ਹੋਰਨਾਂ ਨੂੰ ਵੀ ਗੁਰੂ ਗਿਆਨ ਦੇ ਭੰਡਾਰੇ ਵੰਡਦੇ ਸਦਾ ਚੇਤੇ ਰੱਖੋ ਕਿ ਸਿੱਖਾਂ
ਨੇ ਹੁਕਮ ਸਦਾ “ਗੁਰੂ
ਗ੍ਰੰਥ ਸਾਹਿਬ” ਸ਼ਬਦ ਗੁਰੂ ਦਾ ਮੰਨਣਾ ਹੈ
ਨਾਂ ਕਿ ਪਾਰਟੀਬਾਜ ਬ੍ਰਾਹਮਣਵਾਦੀ ਸੰਪ੍ਰਦਾਈ ਅਖੌਤੀ ਜਥੇਦਾਰਾਂ ਦਾ। ਯਾਦ ਰੱਖੋ! ਜਿਸ ਦਿਨ ਸਿੱਖਾਂ
ਨੇ ਸੱਚੇ ਮਨੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਸਦੀਵੀ ਅਤੇ ਸੰਪੂਰਨ ਗੁਰੂ ਮੰਨ ਲਿਆ ਫਿਰ
ਸਰਕਾਰੀ ਗਿਦੜ ਜਥੇਦਾਰਾਂ ਦੇ
“ਗਿਦੜ ਪ੍ਰਵਾਨਿਆਂ”
ਦੀ ਮੁਥਾਜੀ ਮੁੱਕ ਜਾਵੇਗੀ ਅਤੇ
ਗੁਰੂ ਦਾ ਪੰਥ ਚੜ੍ਹਦੀਆਂ ਕਲਾਂ ਵਿੱਚ ਵਧੇ ਫੁੱਲੇਗਾ। ਲੋੜ ਸਮੁੱਚੀਆਂ ਜਾਗਰੂਕ ਧਿਰਾਂ ਨੂੰ ਛੋਟੇ
ਮੋਟੇ ਮਤ ਭੇਦ ਭੁਲਾ ਕੇ, ਰਲ ਮਿਲ ਚੱਲਣ ਦੀ ਹੈ। ਦੇਖੋ ਜੇ ਇਹ ਅਖੌਤੀ ਜਥੇਦਾਰਾਂ ਦੇ ਸਰਕਾਰੀ
ਹੁਕਮਾਂ ਦੀ ਪ੍ਰਵਾਹ ਨਾਂ ਕਰਦਿਆਂ ਹੋਇਆਂ ਕਾਨ੍ਹਪੁਰ (ਯੂਪੀ) ਦੀਆਂ ਜਾਗ੍ਰਿਤ ਸੰਗਤਾਂ ਨੇ ਪੰਥਕ
ਵਿਦਵਾਂਨ ਪ੍ਰੋ. ਦਰਸ਼ਨ ਸਿੰਘ ਤੋਂ ਗੁਰਬਾਣੀ ਦਾ ਕੀਰਤਨ ਪ੍ਰਚਾਰ ਕਰਵਾਇਆ ਹੈ ਜੋ ਕਾਬਲੇ ਤਾਰੀਫ ਹੈ।
ਅਜਿਹਾ ਮੋਹ ਮਾਇਆ, ਪਾਰਟੀ, ਸੌੜੀਆਂ ਗਰਜਾਂ ਅਤੇ ਬਿਗਾਨੀਆਂ ਆਸਾਂ ਤੋਂ ਉਪਰ ਉੱਠ ਕੇ ਕੀਤਾ ਜਾ
ਸਕਦਾ ਹੈ। ਕਾਸ਼ ਸਿੱਖਾਂ ਨੂੰ ਇਹ ਸਮਝ ਕਦੋਂ ਆਵੇਗੀ ਕਿ ਉਨ੍ਹਾਂ ਦਾ ਸਦੀਵੀ ਗੁਰੂ
“ਸ਼ਬਦ ਗੁਰੂ ਗ੍ਰੰਥ ਸਾਹਿਬ”
ਹੀ ਹੈ ਨਾ ਕਿ ਕੋਈ ਦੇਹਧਾਰੀ ਸੰਤ ਜਾਂ ਜਥੇਦਾਰ ਅਤੇ ਉਨ੍ਹਾਂ ਨੇ ਹੁਕਮ ਵੀ ਗੁਰੂ ਦਾ ਮੰਨਣਾ ਹੈ
ਨਾਂ ਕਿ ਅਖੋਤੀ ਸਾਧ-ਸੰਤ ਜਾਂ ਇੱਕਪਾਸੜ ਪਾਰਟੀਬਾਜ ਜਥੇਦਾਰਾਂ ਦਾ!
(17/02/13)
ਹਰਲਾਜ ਸਿੰਘ ਬਹਾਦਰਪੁਰ
ਪੰਥ
ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਅਤੇ ਅਕਾਲ ਤਖਤ ਮਹਾਨ ਦਾ ਸ਼ੋਰ ਪਾਉਣ ਵਾਲੇ ਖੁਦ ਇਸਨੂੰ ਕਿੰਨਾ ਕੁ
ਮੰਨਦੇ ਹਨ?
ਦਿੱਲੀ ਸਿੱਖ ਗਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਬਾਦਲ ਧੜੇ ਦੀ ਹੋਈ ਜਿੱਤ, ਅਕਾਲ ਤਖਤ
ਦੀ ਜਿੱਤ ਹੈ ਜਾਂ ਹਾਰ?
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ
ਕਮੇਟੀ ਦੀਆਂ ਚੋਣਾਂ ਲਈ 27 ਜਨਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ 30 ਜਨਵਰੀ 2013 ਨੂੰ ਹੋਈ।
ਇਹਨਾਂ ਚੋਣਾਂ ਵਿੱਚ ਅਕਾਲੀ ਦਲ ਬਾਦਲ ਦੀ ਜਿੱਤ ਅਤੇ ਅਕਾਲੀ ਦਲ ਦਿੱਲੀ (ਸਰਨਾ ਗਰੁੱਪ) ਦੀ ਹਾਰ
ਹੋਈ। ਸਾਡੇ ਦੇਸ਼ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਚੋਣਾਂ ਵਿੱਚ ਵੋਟਾਂ ਰਾਹੀਂ ਹੁੰਦੀ ਜਿੱਤ ਹਾਰ,
ਜਿੱਤਣ ਵਾਲੇ ਜਾਂ ਹਾਰਨ ਵਾਲੇ ਵਿਅਕਤੀ ਦੇ ਕਿਰਦਾਰ ਜਾਂ ਇਮਾਨਦਾਰੀ ਨੂੰ ਮੁੱਖ ਰੱਖਕੇ ਨਹੀਂ
ਹੁੰਦੀ। ਕਿਉਂਕਿ ਇਮਾਨਦਾਰ ਇਨਸਾਨ ਤਾਂ ਭਾਰਤੀ ਲੋਕਤੰਤਰ ਵਿੱਚ ਚੋਣ ਲੜਨ ਬਾਰੇ ਸੋਚ ਵੀ ਨਹੀਂ
ਸਕਦਾ। ਚੋਣਾਂ ਚਾਹੇ ਕਿਸੇ ਵੀ ਸੰਸਥਾ ਦੀਆਂ ਹੋਣ ਉਨ੍ਹਾਂ ਵਿੱਚ ਟੱਕਰ ਦੋ ਗਰੁੱਪਾਂ ਦੀ ਹੁੰਦੀ ਹੈ।
ਜਿਹੜਾ ਗਰੁੱਪ ਆਪਣੇ ਬਾਹੂਬਲ, ਪੈਸੇ, ਨਸ਼ੇ ਅਤੇ ਲਾਰਿਆਂ ਰਾਹੀਂ ਵੱਧ ਲੋਕਾਂ ਨੂੰ ਆਪਣੇ ਹੱਕ ਵਿੱਚ
ਭੁਗਤਾ ਗਿਆ ਉਹ ਜਿੱਤ ਜਾਂਦਾ ਹੈ ਤੇ ਦੂਜਾ ਹਾਰ ਜਾਂਦਾ ਹੈ। ਚੋਣਾਂ ਜਿੱਤਣ ਲਈ ਕੋਈ ਵੀ ਧਿਰ ਆਪਣੇ
ਵੱਲੋਂ ਕੋਈ ਕਸਰ ਬਾਕੀ ਨਹੀਂ ਰਹਿਣ ਦਿੰਦੀ, ਸਾਰੇ ਇੱਕ ਦੂਜੇ ਤੋਂ ਵੱਧ ਬੇਨਿਯਮੀਆਂ ਦਾ ਚਿੱਕੜ
ਉਛਾਲਦੇ ਹਨ। ਪਰ ਉਸ ਸਮੇਂ ਦੁੱਖ ਹੁੰਦਾ ਹੈ ਜਦੋਂ ਸਮਾਜਿਕ, ਧਾਰਮਿਕ, ਕੁਰੀਤੀਆਂ, ਬੇਨਿਯਮੀਆਂ ਦੇ
ਵਿੱਚ ਗਲ ਤੱਕ ਧਸੇ ਹੋਏ, ਧਰਮ ਦੇ ਕਾਤਲ, ਬੇਈਮਾਨ ਆਗੂ (ਖਾਸ ਕਰਕੇ ਅਖੌਤੀ ਸਿੱਖ ਆਗੂ) ਸਿੱਖੀ ਨੂੰ
ਇਸ ਚਿੱਕੜ ਵਿੱਚ ਲਿਤਾੜਦੇ ਹੋਏ ਆਪਣੇ ਆਪ ਨੂੰ ਸਿੱਖੀ ਦੇ ਪਹਿਰੇਦਾਰ, ਅਕਾਲ ਪੁਰਖ ਨੂੰ ਮੰਨਣ ਵਾਲੇ
ਅਕਾਲੀ, ਗੁਰਬਾਣੀ ਅਤੇ ਅਕਾਲ ਤਖਤ ਨੂੰ ਸਮਰਪਿਤ ਪੇਸ਼ ਕਰਦੇ ਹਨ। ਅਜਿਹੇ ਆਗੂ ਜਿੱਥੇ ਆਮ ਲੋਕਾਂ ਦੀ
ਹਰ ਤਰ੍ਹਾਂ ਦੀ ਲੁੱਟ ਕਰਦੇ ਹਨ ਉੱਥੇ ਸਿੱਖੀ ਵਰਗੇ ਸੱਚੇ ਸੁੱਚੇ ਧਰਮ ਨੂੰ ਵੀ ਬਦਨਾਮ ਕਰਦੇ ਹਨ।
ਜਿਵੇਂ ਕਿ ਹੁਣ ਦਿੱਲੀ ਦੇ ਗੁਰਦੁਆਰਿਆਂ ਦੀਆਂ ਗੋਲਕਾਂ ਦੀ ਸੇਵਾ (ਕਬਜ਼ੇ ਤੇ ਲੁੱਟ) ਲਈ ਹੋਈ ਲੋਕ
ਤੰਤਰੀ ਲੜਾਈ ਵਿੱਚ ਵੇਖਣ ਸੁਨਣ ਨੂੰ ਮਿਲਦਾ ਰਿਹਾ ਹੈ। ਬਾਦਲ ਦਲ ਦੇ ਚੋਣ ਪ੍ਰਚਾਰ ਵਿੱਚ ਅਕਾਲ ਤਖਤ
ਨੂੰ ਮੰਨਣ ਨਾ ਮੰਨਣ ਦੀ ਦੁਹਾਈ ਦਿੱਤੀ ਜਾਂਦੀ ਰਹੀ ਅਤੇ ਹੁਣ ਚੋਣਾਂ ਜਿੱਤਣ ਤੋਂ ਬਾਅਦ ਵੀ ਇਹੀ
ਪ੍ਰਚਾਰਿਆ ਜਾ ਰਿਹਾ ਹੈ ਕਿ ਦਿੱਲੀ ਦੀ ਸਿੱਖ ਸੰਗਤ ਨੇ ਅਕਾਲ ਤਖਤ ਨਾਲ ਮੱਥਾ ਲਾਉਣ ਵਾਲਿਆਂ ਨੂੰ
ਨਕਾਰਿਆ ਹੈ ਅਤੇ ਅਕਾਲ ਤਖਤ ਨੂੰ ਮੰਨਣ ਵਾਲਿਆਂ ਨੂੰ ਸੇਵਾ ਦਾ ਮੌਕਾ ਦਿੱਤਾ ਹੈ। ਅਜਿਹੀ ਬਿਆਨਬਾਜੀ
ਪੜ੍ਹ ਸੁਣ ਕੇ ਮਨ ਵਿੱਚ ਸਵਾਲ ਪੈਦਾ ਹੁੰਦੇ ਹਨ ਕਿ ਅਕਾਲ ਤਖਤ ਕੀ ਹੈ, ਇਸਨੂੰ ਮੰਨਣਾ ਅਤੇ ਇਸ ਨਾਲ
ਮੱਥਾ ਲਾਉਣਾ ਕਿਸ/ਕਾਸ ਨੂੰ ਕਿਹਾ ਜਾਂਦਾ ਹੈ। ਇਸ ਬਾਰੇ ਅਖਬਾਰਾਂ, ਪੁਸਤਕਾਂ ਤੇ ਰਸਾਲਿਆਂ ਵਿੱਚੋਂ
ਜੋ ਕੁੱਝ ਪੜ੍ਹ ਸੁਣ ਕੇ ਸਿੱਖਿਆ ਮਿਲੀ ਹੈ ਉਸ ਅਨੁਸਾਰ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਅਕਾਲ ਤਖਤ
ਸਾਹਿਬ ਦੇ ਪਹਿਲੇ ਨਾਮ, ਤਖਤ ਜਾਂ ਅਕਾਲ ਬੁੰਗਾ ਆਦਿ ਅਤੇ ਇਸਦੀ ਸਥਾਪਨਾ ਦੇ ਸੰਨ ਵੀ ਵੱਖ-ਵੱਖ
ਲਿਖੇ ਮਿਲਦੇ ਹਨ। ਇਹ ਵੀ ਲਿਖਿਆ ਮਿਲਦਾ ਹੈ ਕਿ ਹਰਗੋਬਿੰਦ ਪਾਤਸ਼ਾਹ ਜੀ ਨੇ ਇੱਥੋਂ ਸਿੱਖ ਸੰਗਤਾਂ
ਲਈ ਹੁਕਮਨਾਮੇ ਜਾਰੀ ਕੀਤੇ ਸਨ। ਇਹ ਵੀ ਲਿਖਿਆ ਮਿਲਦਾ ਹੈ ਕਿ ਹਰਗੋਬਿੰਦ ਪਾਤਸ਼ਾਹ ਜੀ ਵੀ ਇੱਥੇ
ਕੁੱਝ ਸਮਾਂ ਹੀ ਠਹਿਰੇ ਸਨ ਤੇ ਬਾਅਦ ਵਿੱਚ ਕੋਈ ਵੀ ਗੁਰੂ ਇਸ ਤਖਤ ਤੇ ਨਹੀਂ ਆਇਆ। ਇਹ ਵੀ ਜਿਕਰ
ਮਿਲਦਾ ਹੈ ਕਿ ਸਿੱਖ ਅਕਾਲ ਤਖਤ ਦੇ ਸਾਹਮਣੇ ਇੱਕਠੇ ਹੋ ਕੇ ਪੰਥਕ ਫੈਸਲੇ ਕਰਦੇ ਰਹੇ ਸਨ। ਪਰ ਅਕਾਲ
ਤਖਤ ਸਾਹਿਬ ਦੇ ਜਥੇਦਾਰ ਦਾ ਨਾਮ ਜਾਂ ਜਥੇਦਾਰ ਦੇ ਹੁਕਮਨਾਮੇ ਦਾ ਜਿਕਰ 1920 ਤੱਕ ਕਿਤੇ ਨਹੀਂ
ਮਿਲਦਾ। ਉਂਝ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ
ਹੈ ਨਾ ਕਿ ਕਿਸੇ ਤਖਤ ਦੇ। ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਹੀ ਅਕਾਲ ਤਖਤ ਦੇ ਮਾਲਕ ਹਨ, ਸਿੱਖਾਂ
ਲਈ ਗੁਰਬਾਣੀ ਹੀ ਅਕਾਲ ਤਖਤ ਦਾ ਹੁਕਮ ਹੈ ਜੋ ਹਰ ਸਿੱਖ ਲਈ ਮੰਨਣਾ ਲਾਜਮੀ ਹੈ। ਕਿਉਂਕਿ ਚਵਰ ਤਖਤ
ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ, ਕੋਈ ਮਨੁੱਖ ਅਕਾਲ ਤਖਤ ਦਾ ਮਾਲਕ ਜਾਂ ਜਥੇਦਾਰ ਨਹੀਂ ਹੋ
ਸਕਦਾ। ਕਿਸੇ ਤਨਖਾਹਦਾਰ ਪੁਜਾਰੀ ਅਖੌਤੀ ਜਥੇਦਾਰ ਦੇ ਬੋਲਾਂ ਕਬੋਲਾਂ ਨੂੰ ਅਕਾਲ ਤਖਤ ਸਾਹਿਬ ਦਾ
ਹੁਕਮਨਾਮਾ ਕਹਿਣਾ, ਗੁਰਬਾਣੀ ਅਤੇ ਅਕਾਲ ਤਖਤ ਦੇ ਸਿਧਾਂਤਾਂ ਦਾ ਅਪਮਾਨ ਹੈ। ਹਾਂ ਜੇ ਕਿਤੇ
ਮਨੁੱਖਤਾ ਦੇ ਭਲੇ ਲਈ ਜਾਂ ਸਿੱਖ ਕੌਮ ਨੂੰ ਕਿਸੇ ਸਾਂਝੇ ਪੰਥਕ ਕਾਰਜਾਂ ਲਈ ਕੋਈ ਪੰਥਕ ਫੈਸਲਾ ਕਰਨ
ਦੀ ਜਰੂਰਤ ਹੋਵੇ ਤਾਂ ਕਿਸੇ ਵੀ ਜਗ੍ਹਾ `ਤੇ ਬੈਠ ਕੇ ਗੁਰਬਾਣੀ ਦੀ ਰੋਸ਼ਨੀ ਵਿੱਚ ਸਿਆਣੇ ਸਿੱਖ
ਵਿਦਵਾਨ ਇੱਕਠੇ ਹੋ ਕੇ ਗੁਰਮਤਿ ਅਨੁਸਾਰ ਵਿਚਾਰ ਵਟਾਂਦਰਾ ਕਰਕੇ ਕੋਈ ਫੈਸਲਾ ਕਰਨ, ਉਸ ਫੈਸਲੇ ਨੂੰ
ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤਾ ਜਾਵੇ। ਅਜਿਹੇ ਫੈਸਲੇ ਨੂੰ ਸਿੱਖ ਪੰਥ ਦਾ ਹੁਕਮਨਾਮਾ ਜਾਂ
ਫੈਸਲਾ ਕਿਹਾ ਜਾ ਸਕਦਾ ਹੈ। ਇਸ ਲਈ ਗੁਰਬਾਣੀ, ਗੁਰਮਤਿ ਅਨੁਸਾਰ ਹੋਏ ਫੈਸਲੇ ਨੂੰ ਮੰਨਣਾ ਹੀ ਅਕਾਲ
ਤਖਤ ਨੂੰ ਮੰਨਣਾ ਹੈ ਅਤੇ ਗੁਰਬਾਣੀ ਨੂੰ ਨਾ ਮੰਨਣਾ, ਗੁਰਮਤਿ ਦੇ ਉਲਟ ਕਾਰਜ ਕਰਕੇ, ਅਕਾਲ ਤਖਤ ਦੇ
ਨਾਮ ਦੀ ਦੁਰਵਰਤੋਂ ਕਰਨੀ ਹੀ ਅਕਾਲ ਤਖਤ ਨੂੰ ਨਾ ਮੰਨਣਾ ਹੈ, ਅਕਾਲ ਤਖਤ ਨਾਲ ਮੱਥਾ ਲਾਉਣਾ ਹੈ ਅਤੇ
ਅਕਾਲ ਤਖਤ ਨੂੰ ਚੁਣੌਤੀ ਦੇਣੀ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਤਖਤਾਂ ਦੇ ਅਖੌਤੀ ਜਥੇਦਾਰ,
ਸਮੁੱਚਾ ਸੰਤ ਸਮਾਜ, ਦਮਦਮੀ ਟਕਸਾਲ, ਡੇਰੇਦਾਰ ਅਤੇ ਪ੍ਰਕਾਸ਼ ਸਿੰਘ ਬਾਦਲ ਵਰਗੇ ਜਿੰਨਾ ਨੇ ਕਦੇ
ਗੁਰਬਾਣੀ ਨੂੰ ਨਹੀਂ ਮੰਨਿਆ, ਗੁਰਮਤਿ ਦੇ ਉਲਟ ਕਾਰਜ ਕਰਦੇ ਹਨ, ਅਕਾਲ ਤਖਤ ਨੂੰ ਚੁਣੌਤੀਆਂ ਦਿੰਦੇ
ਹਨ ਅਤੇ ਅਕਾਲ ਤਖਤ ਦੇ ਨਾਮ ਦੀ ਦੁਰਵਰਤੋਂ ਕਰਦੇ ਹਨ। ਇਹੀ ਅਕਾਲ ਤਖਤ ਦੇ ਨਾਮ `ਤੇ ਇੰਨਾ ਸ਼ੋਰ ਮਚਾ
ਰਹੇ ਹਨ ਕਿ ਆਮ ਲੋਕਾਂ ਨੂੰ ਇਹ ਲੱਗਣ ਲੱਗ ਜਾਂਦਾ ਹੈ ਕਿ ਇਹੀ ਅਕਾਲ ਤਖਤ ਨੂੰ ਸਮਰਪਿਤ ਹਨ। ਜੋ
ਸਿੱਖ ਸੱਚਮੁੱਚ ਅਕਾਲ ਤਖਤ ਨੂੰ ਸਮਰਪਿਤ ਹਨ ਉਹ ਅਕਾਲ ਤਖਤ ਦੇ ਵਿਰੋਧੀ ਲੱਗਣ ਲੱਗ ਪੈਂਦੇ ਹਨ। ਇਹੀ
ਕਾਰਨ ਹੈ ਕਿ ਅਕਾਲ ਤਖਤ ਦੇ ਨਾਮ `ਤੇ ਗੁਰਮਤਿ ਦੇ ਵਿਰੁੱਧ ਕਾਫੀ ਕੁੱਝ ਹੁੰਦਾ ਰਿਹਾ ਹੈ ਤੇ ਅੱਜ
ਵੀ ਹੋ ਰਿਹਾ ਹੈ। ਇਸ ਵਾਰੇ ਸਾਰਾ ਕੁੱਝ ਲਿਖਣਾ ਤਾਂ ਮੇਰੇ ਵੱਸ ਦੀ ਗੱਲ ਨਹੀਂ ਹੈ, ਇਸ ਲਈ ਕੁੱਝ
ਕੁ ਉਦਹਾਰਣਾਂ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ ਤਾਂ ਕਿ ਪਤਾ ਲੱਗ ਸਕੇ ਕਿ ਅਕਾਲ ਤਖਤ ਨੂੰ ਕੌਣ
ਮੰਨਦਾ ਹੈ ਤੇ ਕੌਣ ਨਹੀਂ ਮੰਨਦਾ। ਇਹ ਜਰੂਰੀ ਨਹੀਂ ਹੈ ਕਿ ਅਕਾਲ ਤਖਤ ਦੇ ਨਾਮ ਜੋ ਅਖੌਤੀ
ਹੁਕਮਨਾਮੇ ਜਾਰੀ ਕੀਤੇ ਜਾਦੇ ਹਨ ਉਹ ਗੁਰਮਤਿ ਅਨੁਸਾਰੀ ਹੋਣ, ਪਰ ਬਿਨਾਂ ਸ਼ੱਕ ਬਹੁਤ ਹੁਕਮਨਾਮੇ
ਗੁਰਮਤਿ ਵਿਰੋਧੀ ਜਰੂਰ ਹੁੰਦੇ ਹਨ।
ਆਓ ਵੇਖੀਏ ਕਿ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਅਤੇ ਅਕਾਲ ਤਖਤ ਮਹਾਨ ਦਾ ਸ਼ੋਰ ਪਾਉਣ ਵਾਲੇ ਖੁਦ
ਇਸਨੂੰ ਕਿੰਨਾ ਕੁ ਮੰਨਦੇ ਹਨ?
ਜਿਵੇਂ ਕਿ ਅਕਾਲ ਤਖਤ ਦੇ ਪੁਜਾਰੀਆਂ ਨੇ ਗੁਰਬਾਣੀ, ਗੁਰਮਤਿ ਦੇ ਪ੍ਰਚਾਰਕ ਪ੍ਰੋ: ਗੁਰਮੁੱਖ ਸਿੰਘ
ਜੀ ਨੂੰ 18 ਮਾਰਚ 1887 ਨੂੰ ਪੰਥ ਵਿੱਚੋਂ ਛੇਕ ਦਿੱਤਾ ਸੀ। ਅਕਾਲ ਤਖਤ ਦੇ ਨਾਮ ਤੇ ਪੁਜਾਰੀਆਂ
ਵੱਲੋਂ ਜਾਰੀ ਕੀਤਾ ਗਿਆ ਇਹ ਹੁਕਮਨਾਮਾ ਜਾਂ ਫੈਸਲਾ ਸਭ ਸਿੱਖਾਂ ਨੂੰ ਮੰਨਣਾ ਚਾਹੀਦਾ ਸੀ? ਕੀ ਇਹ
ਅਕਾਲ ਤਖਤ ਦਾ ਹੁਕਮ ਸੀ? ਨਹੀਂ। ਇਸੇ ਲਈ ਪ੍ਰੋ: ਗੁਰਮੁੱਖ ਸਿੰਘ ਜੀ ਨੂੰ ਮਰਨ ਤੋਂ ਬਾਅਦ
25-9-1995 ਨੂੰ ਅਕਾਲ ਤਖਤ ਦੇ ਨਾਮ `ਤੇ ਫੈਸਲਾ ਕਰਦਿਆਂ 18 ਮਾਰਚ 1887 ਵਾਲੇ ਹੁਕਮਨਾਮੇ ਨੂੰ
ਰੱਦ ਕੀਤਾ ਗਿਆ ਅਤੇ ਪ੍ਰੋ: ਗੁਰਮੁੱਖ ਸਿੰਘ ਜੀ ਨੂੰ ਸਨਮਾਨਿਤ ਕੀਤਾ ਗਿਆ।
ਅਕਾਲ ਤਖਤ ਦੇ ਪੁਜਾਰੀਆਂ ਨੇ ਤਾਂ ਜਲ੍ਹਿਆਂ ਵਾਲੇ ਬਾਗ ਗੋਲੀ ਕਾਂਢ ਦੇ ਮੁੱਖ ਦੋਸ਼ੀ ਜਨਰਲ ਅਡਵਾਇਰ
ਨੂੰ ਵੀ ਅਕਾਲ ਤਖਤ ਤੋਂ ਸਿਰੋਪਾ ਦੇ ਕੇ ਉਸਨੂੰ ਸਨਮਾਨਿਤ ਕਰ ਦਿੱਤਾ ਸੀ।
ਪ੍ਰਕਾਸ਼ ਸਿੰਘ ਬਾਦਲ ਤੇ ਗੁਰਚਰਨ ਸਿੰਘ ਟੌਹੜਾ ਦੇ ਹੋਏ ਆਪਸੀ ਵਿਵਾਦ ਨੂੰ (1999 ਦੀ ਵਿਸਾਖੀ, 300
ਸਾਲਾ ਖਾਲਸਾ ਸਾਜਨਾ ਸ਼ਤਾਬਦੀ ਤੱਕ) ਰੋਕਣ ਲਈ 31-12-1998 ਨੂੰ ਅਕਾਲ ਤਖਤ ਦੇ ਨਾਮ ਤੇ ਹੁਕਮਨਾਮਾ
ਜਾਰੀ ਹੋਇਆ ਸੀ। ਪਰ ਪ੍ਰਕਾਸ਼ ਸਿੰਘ ਬਾਦਲ ਨੇ ਇਸ ਹੁਕਮਨਾਮੇ ਦੀਆਂ ਧੱਜੀਆਂ ਉਡਾਉਂਦਿਆਂ ਅਕਾਲ ਤਖਤ
ਦੇ ਜਥੇਦਾਰ ਦੀ ਹੀ ਅਕਾਲ ਤਖਤ ਤੋਂ ਛੁੱਟੀ ਕਰ ਦਿੱਤੀ ਤੇ ਨਾਲੇ ਗੁਰਚਰਨ ਸਿੰਘ ਟੌਹੜੇ ਤੋਂ ਸ਼੍ਰੋ:
ਗੁ: ਪ੍ਰ: ਕਮੇਟੀ ਦੀ ਪ੍ਰਧਾਨਗੀ ਖੋਹ ਲਈ। ਫਿਰ 11-2-1999 ਨੂੰ ਅਕਾਲ ਤਖਤ ਦੇ ਨਾਮ ਤੇ ਸਿੱਖ ਕੌਮ
ਨੂੰ ਸੰਦੇਸ਼ ਜਾਰੀ ਕੀਤਾ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਨੇ ਬਾਬਰ ਬਣ ਕੇ ਪਾਵਨ ਸ਼੍ਰੀ ਅਕਾਲ ਤਖਤ
ਸਾਹਿਬ ਦੀਆਂ ਮਹਾਨ ਪਰੰਪਰਾਵਾਂ ਤੇ ਕਬਜਾ ਕਰ ਲਿਆ ਹੈ। ਇਸ ਲਈ ਬਾਦਲ ਅਤੇ ਇਸਦੀ ਸਲਾਹਕਾਰ ਜੁੰਡਲੀ
ਦਾ ਰਾਜਨੀਤਿਕ ਅਤੇ ਧਾਰਮਿਕ ਖੇਤਰ ਵਿੱਚ ਕਦੀ ਵਿਸ਼ਵਾਸ ਨਾ ਕੀਤਾ ਜਾਵੇ । ਅਕਾਲ ਤਖਤ ਦੇ ਨਾਮ ਤੇ
ਜਾਰੀ ਕੀਤੇ ਇਸ ਸੰਦੇਸ਼ ਦਾ ਕੀ ਬਣਿਆ? ਇਸ ਸੰਦੇਸ਼ ਨੂੰ ਕਿਸਨੇ ਮੰਨਿਆ?
ਪੂਰਨ ਸਿੰਘ ਨੇ 25-1-2000 ਤੋਂ 28-3-2000 ਤੱਕ ਅਕਾਲ ਤਖਤ ਦੇ ਨਾਮ ਤੇ ਥੋਕ ਵਿੱਚ ਹੁਕਮਨਾਮੇ
ਜਾਰੀ ਕਰਕੇ ਜੰਗੀਰ ਕੌਰ ਪ੍ਰਧਾਨ ਸ਼੍ਰੋ: ਗੁ: ਪ੍ਰ: ਕਮੇਟੀ, ਭਗਵਾਨ ਸਿੰਘ ਮੁੱਖ ਗ੍ਰੰਥੀ ਅਕਾਲ
ਤਖਤ, ਕੇਵਲ ਸਿੰਘ ਜਥੇਦਾਰ ਦਮਦਮਾ ਸਾਹਿਬ, ਮਨਜੀਤ ਸਿੰਘ ਜਥੇਦਾਰ ਤਖਤ ਸ਼੍ਰੀ ਕੇਸਗੜ੍ਹ, ਰਘੁਜੀਤ
ਸਿੰਘ, ਸਤਨਾਮ ਸਿੰਘ, ਗੁਰਪਾਲ ਸਿੰਘ, ਪ੍ਰੀਤਮ ਸਿੰਘ, ਜਸਵਿੰਦਰ ਸਿੰਘ ਮੈਂਬਰ ਸ਼੍ਰੋ: ਗੁ: ਪ੍ਰ:
ਕਮੇਟੀ ਨੂੰ ਪੰਥ ਵਿੱਚੋਂ ਛੇਕ ਦਿੱਤਾ ਅਤੇ 13-3-2000 ਨੂੰ ਅਕਾਲ ਤਖਤ ਦੇ ਨਾਮ ਪ੍ਰਕਾਸ਼ ਸਿੰਘ
ਬਾਦਲ ਨੂੰ ਵੀ ਸੰਦੇਸ਼ ਜਾਰੀ ਕਰ ਦਿੱਤਾ ਸੀ ਕਿ ਉਪਰੋਕਤ ਛੇਕੇ ਹੋਏ ਵਿਅਕਤੀਆਂ ਨੂੰ ਕੋਈ ਕੰਮ ਨਾ
ਕਰਨ ਦਿੱਤਾ ਜਾਵੇ, ਇੰਨਾਂ ਦੀ ਥਾਂ ਤੇ ਹੋਰ ਬੰਦੇ ਨਿਯੁਕਤ ਕੀਤੇ ਜਾਣ। ਪੂਰਨ ਸਿੰਘ ਵੱਲੋਂ ਅਕਾਲ
ਤਖਤ ਦੇ ਨਾਮ ਤੇ ਜਾਰੀ ਕੀਤੇ ਗਏ ਇੰਨ੍ਹਾਂ ਹੁਕਮਨਾਮਿਆਂ ਨੂੰ ਮੰਨਣ ਦੀ ਥਾਂ ਪੂਰਨ ਸਿੰਘ ਦੀ ਅਕਾਲ
ਤਖਤ ਤੋਂ ਛੁੱਟੀ ਕਰ ਦਿੱਤੀ ਗਈ ਤੇ ਉਸਦੀ ਥਾਂ ਜੋਗਿੰਦਰ ਸਿੰਘ ਨੂੰ ਜਥੇਦਾਰ ਬਣਾ ਦਿੱਤਾ। ਫਿਰ
ਜੋਗਿੰਦਰ ਸਿੰਘ ਨੇ 29-3-2000 ਨੂੰ ਅਕਾਲ ਤਖਤ ਦੇ ਨਾਮ ਤੇ ਫੈਸਲਾ ਕਰਕੇ ਪੂਰਨ ਸਿੰਘ ਵੱਲੋਂ ਜਾਰੀ
ਕੀਤੇ ਗਏ ਸਾਰੇ ਹੁਕਮਨਾਮੇ ਰੱਦ ਕਰ ਦਿੱਤੇ ਅਤੇ ਪੂਰਨ ਸਿੰਘ ਵੱਲੋਂ ਦੋਸ਼ੀ ਠਹਿਰਾਏ ਗਏ ਸਾਰੇ
ਵਿਅਕਤੀਆਂ ਨੂੰ ਦੋਸ਼ ਮੁਕਤ ਕਰ ਦਿੱਤਾ।
ਹੁਣ ਗੱਲ ਕਰ ਲਈਏ ਪੰਥਕ ਸਿੱਖ ਰਹਿਤ ਮਰਯਾਦਾ ਦੀ ਜਿਸਨੂੰ ਅਕਾਲ ਤਖਤ ਵੱਲੋਂ ਪ੍ਰਮਾਣਿਤ ਕਿਹਾ
ਜਾਂਦਾ ਹੈ। ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋ: ਗੁ: ਪ੍ਰ: ਕਮੇਟੀ ਇਸਨੂੰ ਲੱਖਾਂ ਦੀ ਗਿਣਤੀ ਵਿੱਚ
ਛਾਪ ਕੇ ਮੁਫਤ ਵੰਡਦੀ ਹੈ। ਬੇਸ਼ੱਕ ਜਾਗਰੂਕ ਸਿੱਖ ਤਾਂ ਇਸ ਵਿੱਚ ਵੀ ਅਨੇਕਾਂ ਊਣਤਾਈਆਂ ਨੂੰ ਦਲੀਲਾਂ
ਸਹਿਤ ਸਿੱਧ ਕਰਦੇ ਹਨ। ਇਹਨਾਂ ਦੀ ਤਾਂ ਗੱਲ ਛੱਡੋ। ਆਓ ਵੇਖੀਏ ਕਿ ਪੰਥ ਪ੍ਰਮਾਣਿਤ ਸਿੱਖ ਰਹਿਤ
ਮਰਯਾਦਾ ਨੂੰ ਉੱਤਮ ਕਹਿਣ ਵਾਲੇ ਇਸ ਸਿੱਖ ਰਹਿਤ ਮਰਯਾਦਾ ਨੂੰ ਕਿੰਨਾ ਕੁ ਮੰਨਦੇ ਹਨ। ਪਹਿਲੀ ਗੱਲ
ਤਾਂ ਇਹ ਹੈ ਕਿ ਸਿੱਖ ਪੰਥ ਅੰਦਰ ਪੈਦਾ ਹੋਏ ਸਮੂਹ ਡੇਰਿਆਂ ਦੇ ਸੰਤਾਂ ਨੇ ਅਕਾਲ ਤਖਤ ਦੀ ਮਰਯਾਦਾ
ਨੂੰ ਕਦੇ ਵੀ ਨਹੀਂ ਮੰਨਿਆ ਸਭ ਦੀਆਂ ਆਪੋ ਆਪਣੇ ਡੇਰਿਆਂ ਦੀਆਂ ਵੱਖੋ-ਵੱਖਰੀਆਂ ਮਰਯਾਦਾਵਾਂ ਹਨ।
ਅਕਾਲ ਤਖਤ ਮਹਾਨ ਹੈ ਦਾ ਸਭ ਤੋਂ ਵੱਧ ਰੌਲਾ ਪਾਉਣ ਵਾਲੀ ਕਹੀ ਜਾਂਦੀ ਦਮਦਮੀ ਟਕਸਾਲ ਨੇ ਵੀ ਅਕਾਲ
ਤਖਤ ਵਾਲੀ ਪੰਥਕ ਰਹਿਤ ਮਰਯਾਦਾ ਨੂੰ ਮੰਨਣ ਦੀ ਥਾਂ ਇਸਨੂੰ ਚੁਣੌਤੀ ਦਿੰਦਿਆਂ ਆਪਣੀ ਵੱਖਰੀ ਰਹਿਤ
ਮਰਯਾਦਾ ਛਾਪੀ ਹੋਈ ਹੈ। ਪ੍ਰਕਾਸ਼ ਸਿੰਘ ਬਾਦਲ ਤਾਂ ਅਕਾਲ ਤਖਤ ਨੂੰ ਆਪਣੀ ਨਿੱਜੀ ਜਗੀਰ ਸਮਝਦਾ ਹੈ।
ਉਸ ਲਈ ਤਾਂ ਅਕਾਲ ਤਖਤ ਉਸਦਾ ਸਿਆਸੀ ਦਫਤਰ ਹੈ ਅਤੇ ਇਸਦੇ ਅਖੌਤੀ ਜਥੇਦਾਰ ਦੀ ਅਹਿਮੀਅਤ ਇੱਕ
ਤਨਖਾਹਦਾਰ ਚਪੜਾਸੀ ਤੋਂ ਵੀ ਘੱਟ ਹੈ। ਅਕਾਲ ਤਖਤ ਵੱਲੋਂ ਪ੍ਰਮਾਣਿਤ ਕਹੀ ਜਾਂਦੀ ਸਿੱਖ ਰਹਿਤ
ਮਰਯਾਦਾ ਦੇ ਗੁਰਦੁਆਰੇ ਸਿਰਲੇਖ ਹੇਠ ਪੰਨਾ ਨੰਬਰ 13 ਤੇ ਕਾਲਮ ਸ ਦੇ ਪਹਿਰੇ ਵਿੱਚ ਲਿਖਿਆ ਹੈ ਕਿ
ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਥਾਨ ਤੇ ਧੂਪ ਜਾਂ ਦੀਵੇ ਮਚਾ ਕੇ ਆਰਤੀ ਕਰਨੀ, ਭੋਗ ਲਾਉਣਾ,
ਜੋਤਾਂ ਜਗਾਉਣੀਆਂ, ਟੱਲ ਖੜਕਾੳੇੁਣੇ ਆਦਿ ਕਰਮ ਗੁਰਮਤਿ ਅਨੁਸਾਰੀ ਨਹੀਂ। ਅੱਗੇ ਕਾਲਮ ਹ ਦੇ ਪਹਿਰੇ
ਵਿੱਚ ਲਿਖਿਆ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁਲ) ਕਿਸੇ ਪੁਸਤਕ ਨੂੰ ਅਸਥਾਪਨ
ਨਹੀਂ ਕਰਨਾ। ਉਪਰੋਕਤ ਮਰਯਾਦਾ ਦੇ ਵਿਰੁੱਧ ਤਖਤਾਂ, ਡੇਰਿਆਂ, ਗੁਰੂ ਘਰਾਂ ਵਿੱਚ, ਗੁਰੂ ਗ੍ਰੰਥ
ਸਾਹਿਬ ਜੀ ਦੀ ਹਜੂਰੀ ਵਿੱਚ ਸ਼ਰੇਆਮ ਦੀਵੇ ਮਚਾ ਕੇ ਆਰਤੀਆਂ ਕੀਤੀਆਂ ਜਾਂ ਰਹੀਆਂ ਹਨ, ਜੋਤਾਂ
ਜਗਾਈਆਂ ਜਾ ਰਹੀਆਂ ਹਨ। ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਗ ਲਵਾਏ ਜਾ ਰਹੇ ਹਨ, (ਦਮਦਮੀ ਟਕਸਾਲ
ਵਾਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਗ ਛਕਾਉਣ ਦੇ ਹਵਾਲੇ ਵੀ ਦੇ ਰਹੇ ਹਨ) ਤਖਤਾਂ ਤੇ ਟੱਲ ਖੜਕਾਏ
ਜਾ ਰਹੇ ਹਨ। ਡੇਰਿਆਂ ਵਿੱਚ ਅਤੇ ਦੋ ਤਖਤਾਂ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਵਾਕਰ (ਤੁਲ) ਅਸ਼ਲੀਲ
ਕਵਿਤਾ ਦੇ ਪੁਲੰਦੇ ਅਖੌਤੀ ਦਸ਼ਮ ਗ੍ਰੰਥ ਨੂੰ ਪ੍ਰਕਾਸ਼ ਕੀਤਾ ਜਾ ਰਿਹਾ ਹੈ (ਦਮਦਮੀ ਟਕਸਾਲ ਵਾਲੇ
ਆਪਣੀ ਛਾਪੀ ਰਹਿਤ ਮਰਯਾਦਾ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਵਾਂਗ ਹੀ ਅਖੌਤੀ ਦਸ਼ਮ ਗ੍ਰੰਥ ਦੇ ਸਹਿਜ
ਪਾਠ ਤੇ ਅਖੰਡ ਪਾਠ ਕਰਨ ਦੀ ਪ੍ਰੇਰਨਾ ਦੇ ਰਹੇ ਹਨ) ਸੋਚੋ ਅਕਾਲ ਤਖਤ ਸਾਹਿਬ ਤੇ ਗੁਰੂ ਗ੍ਰੰਥ
ਸਾਹਿਬ ਜੀ ਨੂੰ ਕੌਣ ਮੰਨਦਾ ਹੈ ਤੇ ਕੌਣ ਚੁਣੌਤੀ ਦਿੰਦਾ ਹੈ?
ਅਕਾਲ ਤਖਤ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਵਿੱਚ ਅੱਗੇ ਕੀਰਤਨ ਸਿਰਲੇਖ ਹੇਠ ਪੰਨਾ ਨੰਬਰ 15
`ਤੇ ਕਾਲਮ ੲ ਦੇ ਪਹਿਰੇ ਵਿੱਚ ਲਿਖਿਆ ਹੈ ਕਿ ਸੰਗਤ ਵਿੱਚ ਕੀਰਤਨ ਕੇਵਲ ਗੁਰਬਾਣੀ ਜਾਂ ਇਸਦੀ
ਵਿਆਖਿਆ ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੋ ਸਕਦਾ ਹੈ ਅਤੇ ਕਾਲਮ
ਸ ਦੇ ਪਹਿਰੇ ਵਿੱਚ ਲਿਖਿਆ ਹੈ ਕਿ ਸ਼ਬਦਾਂ ਨੂੰ ਜੋਟੀਆਂ ਦੀ ਧਾਰਨਾ ਜਾਂ ਰਾਗ ਨਾਲ ਪੜ੍ਹਦਿਆਂ ਬਾਹਰ
ਦੀਆਂ ਮਨ ਘੜਤ ਤੇ ਵਾਧੂ ਤੁਕਾਂ ਲਾ ਕੇ ਧਾਰਨਾ ਲਾਉਣੀ ਜਾਂ ਗਾਉਣਾ ਅਯੋਗ ਹੈ। ਉਪਰੋਕਤ ਲਿਖੇ ਦੇ
ਵਿਰੁੱਧ ਤਖਤਾਂ, ਡੇਰਿਆਂ ਅਤੇ ਗੁਰੂ ਘਰਾਂ ਵਿੱਚ ਅਖੌਤੀ ਦਸ਼ਮ ਗ੍ਰੰਥ ਵਿੱਚੋਂ ਕੁੱਝ ਰਚਨਾਵਾਂ ਦਾ
ਕੀਰਤਨ ਸ਼ਰੇਆਮ ਕੀਤਾ ਜਾਂਦਾ ਹੈ, ਸਮੂਹ ਸੰਤ ਬਾਬੇ ਕੱਚੀਆਂ ਧਾਰਨਾਂ ਅਤੇ ਆਪਣੇ ਡੇਰਿਆਂ ਦੇ ਮਰ
ਚੁੱਕੇ ਵੱਡੇ ਮਹਾਂ ਪੁਰਸ਼ਾਂ, ਬ੍ਰਹਮ ਗਿਆਨੀਆਂ ਦੇ ਵਚਨਾਂ, ਪ੍ਰਵਚਨਾਂ ਦਾ ਹੀ ਕੀਰਤਨ ਕਰਦੇ ਹਨ,
ਫਿਰ ਪੰਥਕ ਕੌਣ ਹੋਇਆ ਤੇ ਪੰਥ ਵਿਰੋਧੀ ਕੌਣ?
ਅਕਾਲ ਤਖਤ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਵਿੱਚ ਅਖੰਡ ਪਾਠ ਦੇ ਸਿਰਲੇਖ ਹੇਠ ਪੰਨਾ ਨੰਬਰ
17 ਦੇ ਕਾਲਮ ਅ ਦੇ ਪਹਿਰੇ ਵਿੱਚ ਲਿਖਿਆ ਹੈ ਕਿ ਜੇ ਕੋਈ ਆਦਮੀ ਆਪ ਪਾਠ ਨਹੀਂ ਕਰ ਸਕਦਾ ਤਾਂ ਕਿਸੇ
ਚੰਗੇ ਪਾਠੀ ਕੋਲੋਂ ਸੁਣ ਲਵੇ, ਪਰ ਇਹ ਨਾ ਹੋਵੇ ਕਿ ਪਾਠੀ ਆਪੇ ਇਕੱਲਾ ਬਹਿ ਕੇ ਪਾਠ ਕਰਦਾ ਰਹੇ ਤੇ
ਸੰਗਤ ਜਾਂ ਟੱਬਰ ਦਾ ਕੋਈ ਆਦਮੀ ਨਾ ਸੁਣਦਾ ਹੋਵੇ। ਅੱਗੇ ਕਾਲਮ ੲ ਦੇ ਪਹਿਰੇ ਵਿੱਚ ਲਿਖਿਆ ਹੈ ਕਿ
ਅਖੰਡ ਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ ਕੁੰਭ, ਜੋਤ, ਨਲੀਏਰ ਆਦਿ ਰੱਖਣਾਂ ਜਾਂ ਨਾਲ ਨਾਲ
ਜਾਂ ਵਿੱਚ ਵਿੱਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਮਨਮੱਤ ਹੈ। ਉਪਰੋਕਤ ਹਦਾਇਤਾਂ ਦੇ ਵਿਰੁੱਧ
ਸਮੂਹ ਗੁਰੂ ਘਰਾਂ ਅਤੇ ਆਮ ਲੋਕਾਂ ਦੇ ਘਰਾਂ ਵਿੱਚ ਇੱਕਲੇ ਪਾਠੀ ਪਾਠ ਕਰਦੇ ਵੇਖੇ ਜਾ ਸਕਦੇ ਹਨ,
ਜਿੱਥੇ ਸੁਣਨ ਵਾਲਾ ਕੋਈ ਨਹੀਂ ਹੁੰਦਾ। ਲੋੜ ਸੀ ਇਸ ਮਨਮੱਤ ਨੂੰ ਰੋਕਣ ਦੀ ਉਲਟਾ ਸ਼੍ਰੋ: ਗੁ: ਪ੍ਰ:
ਕਮੇਟੀ ਨੇ ਪੈਸੇ ਕਮਾਉਣ ਦੀ ਨੀਅਤ ਨਾਲ ਆਪਣੇ ਪ੍ਰਬੰਧ ਅਧੀਨ ਇਤਿਹਾਸਕ ਗੁਰੂ ਘਰਾਂ ਵਿੱਚ ਅਤੇ
ਤਖਤਾਂ `ਤੇ ਭਾੜੇ ਦੇ ਪਾਠਾਂ ਦੀ ਬੁਕਿੰਗ ਸ਼ੁਰੂ ਕਰਕੇ ਮਰਯਾਦਾ ਦੀਆਂ ਧੱਜੀਆਂ ਉਡਾਈਆਂ। ਅਕਾਲ ਤਖਤ
ਨੂੰ ਸਮਰਪਿਤ ਕਹਾਉਂਦੀ ਦਮਦਮੀ ਟਕਸਾਲ ਨੇ ਅਕਾਲ ਤਖਤ ਦੀ ਮਰਯਾਦਾ ਦੇ ਉਲਟ ਆਪਣੀ ਵੱਖਰੀ ਮਰਯਾਦਾ ਦੇ
ਅਨੁਸਾਰ ਅਖੰਡ ਪਾਠ ਦੇ ਸਮੇਂ ਕੁੰਭ, ਜੋਤ, ਨਲੀਏਰ ਰੱਖਣ ਤੋਂ ਇਲਾਵਾ ਅਖੰਡ ਪਾਠ ਦੇ ਨਾਲ ਜਪੁਜੀ
ਸਾਹਿਬ ਦਾ ਪਾਠ ਜਾਰੀ ਰੱਖਣ ਅਤੇ ਚਲਦੇ ਪਾਠ ਵਿੱਚ ਵੱਖ-ਵੱਖ ਸਿੱਧੀਆਂ/ਪ੍ਰਾਪਤੀਆਂ ਲਈ ਮੰਤਰਾਂ
ਵਾਂਗ ਵੱਖ-ਵੱਖ ਸ਼ਬਦਾਂ ਦੇ ਸੰਪਟ ਲਾਉਣ ਦੀ ਹਦਾਇਤ ਕਰਕੇ ਕੀ ਅਕਾਲ ਤਖਤ ਨੂੰ ਚੁਣੌਤੀ ਨਹੀਂ ਦਿੱਤੀ?
ਅਕਾਲ ਤਖਤ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਵਿੱਚ ਗੁਰਮਤਿ ਦੀ ਰਹਿਣੀ ਸਿਰਲੇਖ ਹੇਠ ਪੰਨਾ
ਨੰਬਰ 19 `ਤੇ ਕਾਲਮ ੳ ਦੇ ਪਹਿਰੇ ਵਿੱਚ ਲਿਖਿਆ ਹੈ ਕਿ ਇੱਕ ਅਕਾਲ ਪੁਰਖ ਤੋਂ ਛੁਟ ਕਿਸੇ ਦੇਵੀ
ਦੇਵਤੇ ਦੀ ਉਪਾਸਨਾ ਨਹੀਂ ਕਰਨੀ। ਇਸਦੇ ਉਲਟ ਪ੍ਰਕਾਸ਼ ਸਿੰਘ ਬਾਦਲ ਹਵਨ ਕਰਦਾ ਹੈ, ਬਾਦਲ ਦੀ ਨੂੰਹ
ਹਰਸਿਮਰਤ ਕੌਰ ਬਾਦਲ ਸ਼ਿਵਲਿੰਗ ਦੀ ਪੂਜਾ ਕਰਦੀ ਹੈ। ਕੀ ਇਹੀ ਅਕਾਲ ਤਖਤ ਨੂੰ ਮੰਨਣਾ ਹੈ?
ਅਕਾਲ ਤਖਤ ਦੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ 7-12-2000 ਨੂੰ ਪੰਜਾਬੀ ਟ੍ਰਿਬਿਊਨ ਵਿੱਚ
ਬਿਆਨ ਦਿੱਤਾ ਸੀ ਕਿ ਆਰ. ਐਸ. ਐਸ. ਸਿੱਖ ਧਰਮ ਦੇ ਅੰਦਰੂਨੀ ਮਸਲਿਆਂ ਵਿੱਚ ਦਖਲ ਅੰਦਾਜੀ ਕਰ ਰਹੀ
ਹੈ ਜੋ ਦੇਸ਼ ਦੀਆਂ ਘੱਟ ਗਿਣਤੀਆਂ ਲਈ ਖਤਰੇ ਦੀ ਘੰਟੀ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਜਥੇਦਾਰ ਦੇ ਇਸ
ਬਿਆਨ ਦੇ ਵਿਰੁੱਧ 9-12-2000 ਨੂੰ ਇਸ ਦੇ ਉਲਟ ਬਿਆਨ ਦਿੱਤਾ ਕਿ ਆਰ. ਐਸ. ਐਸ. ਦੇ ਵਿਰੁੱਧ ਬਿਆਨ
ਦੇਣ ਵਾਲੇ ਪੰਜਾਬ ਦੇ ਦੁਸ਼ਮਣ ਹਨ ਅਤੇ ਅਮਨ ਨੂੰ ਅੱਗ ਲਾਉਣ ਵਾਲੇ ਹਨ। ਕੀ ਇਹ ਅਕਾਲ ਤਖਤ ਦਾ
ਸਤਿਕਾਰ ਸੀ?
ਅਕਾਲ ਤਖਤ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਵਿੱਚ ਮ੍ਰਿਤਕ ਸੰਸਕਾਰ ਦੇ ਸਿਰਲੇਖ ਹੇਠ ਪੰਨਾ
ਨੰਬਰ 26 ਤੇ ਕਾਲਮ ਖ ਦੇ ਪਹਿਰੇ ਵਿੱਚ ਲਿਖਿਆ ਹੈ ਕਿ ਅੰਗੀਠੇ ਵਿੱਚੋਂ ਫੁੱਲ ਚੁਗ ਕੇ ਗੰਗਾ,
ਪਤਾਲਪੁਰੀ, ਕਰਤਾਰਪੁਰ ਸਾਹਿਬ ਆਦਿਕ ਥਾਵਾਂ ਵਿੱਚ ਜਾ ਕੇ ਪਾਉਣੇ ਮਨਮੱਤ ਹੈ। ਇਸਦੇ ਵਿਰੁੱਧ ਸ਼੍ਰੋ:
ਗੁ: ਪ੍ਰ: ਕਮੇਟੀ ਦੇ ਅਧੀਨ ਗੁਰਦੁਆਰਾ ਕੀਰਤਪੁਰ ਵਿਖੇ ਸ਼ਰੇਆਮ ਫੁੱਲ ਪਾਏ ਜਾ ਰਹੇ ਹਨ, ਸ਼੍ਰੋ: ਗੁ:
ਪ੍ਰ: ਕਮੇਟੀ ਇਸ ਮਨਮੱਤ ਨੂੰ ਰੋਕਣ ਦੀ ਥਾਂ ਇਸ ਨੂੰ ਬੜਾਵਾ ਦੇ ਰਹੀ ਹੈ। ਕਰੋੜਾਂ ਰੁਪਏ ਖਰਚ ਕੇ
ਫੁੱਲ ਪਾਉਣ ਲਈ ਅਸਤ ਘਾਟ ਬਣਾ ਰਹੀ ਹੈ। ਖਾਸ ਵਿਅਕਤੀਆਂ ਦੇ ਫੁੱਲ ਪਾਉਣ ਸਮੇਂ ਤਖਤਾਂ ਦੇ ਜਥੇਦਾਰ
ਖੁਦ ਅਰਦਾਸਾਂ ਕਰਦੇ ਹਨ ਕੀ ਇਹ ਅਕਾਲ ਤਖਤ ਦਾ ਵਿਰੋਧ ਨਹੀਂ ਹੈ? ਇਹ ਅਕਾਲ ਤਖਤ ਦੀ ਮਰਯਾਦਾ ਕਿਸ
ਲਈ ਹੈ?
ਰਹੀ ਗੱਲ ਨਾਨਕਸ਼ਾਹੀ ਕੈਲੰਡਰ ਦੀ। ਨਾਨਕਸ਼ਾਹੀ ਕੈਲੰਡਰ ਪਾਲ ਸਿੰਘ ਪੁਰੇਵਾਲ ਨੇ ਤਿਆਰ ਕੀਤਾ ਸੀ,
ਕਾਫੀ ਖੋਜ ਪੜਤਾਲ ਤੋਂ ਬਾਅਦ 2003 ਵਿੱਚ ਇਸਨੂੰ ਅਕਾਲ ਤਖਤ ਤੋਂ ਜਾਰੀ ਕੀਤਾ ਗਿਆ ਸੀ। ਆਰ. ਐੱਸ.
ਐੱਸ. , ਤਖਤ ਪਟਨਾ ਸਾਹਿਬ, ਤਖਤ ਹਜੂਰ ਸਾਹਿਬ ਦੇ ਜਥੇਦਾਰਾਂ, ਧੁੰਮਾ ਗਰੁੱਪ ਅਤੇ ਸਮੂਹ ਡੇਰੇਦਾਰ
ਸੰਤਾਂ ਨੇ ਇਸਨੂੰ ਮੰਨਣ ਦੀ ਥਾਂ ਇਸ ਦਾ ਡੱਟ ਕੇ ਵਿਰੋਧ ਕੀਤਾ। ਸਿੱਖ ਮਿਸ਼ਨਰੀ ਕਾਲਜਾਂ, ਦਿੱਲੀ
ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਜਾਗਰੂਕ ਧਿਰਾਂ ਨੇ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ
ਨੂੰ ਮੰਨਦਿਆਂ ਅਕਾਲ ਤਖਤ ਵੱਲੋਂ ਜਾਰੀ ਨਾਨਕਸ਼ਾਹੀ ਕੈਲੰਡਰ ਨੂੰ ਪ੍ਰਵਾਨ ਕਰਕੇ ਲਾਗੂ ਕੀਤਾ। ਸੱਤ
ਸਾਲ ਇਹ ਕੈਲੰਡਰ ਲਾਗੂ ਵੀ ਰਿਹਾ। ਇਸ ਕੈਲੰਡਰ ਨੂੰ ਮੰਨਣ ਵਾਲਿਆਂ ਨੂੰ ਪੰਥਕ ਆਖ ਕੇ ਸਨਮਾਨਿਤ ਕਰਨ
ਅਤੇ ਇਸ ਨੂੰ ਨਾ ਮੰਨਣ ਵਾਲਿਆਂ ਨੂੰ ਪੰਥ ਵਿਰੋਧੀ ਆਖ ਕੇ ਪੰਥ ਵਿੱਚੋਂ ਛੇਕਣ ਦੀ ਥਾਂ ਉਲਟਾ ਅਕਾਲ
ਤਖਤ ਤੋਂ ਜਾਰੀ ਨਾਨਕ ਸ਼ਾਹੀ ਕੈਲੰਡਰ ਨੂੰ ਮੰਨਣ ਵਾਲਿਆਂ ਨੂੰ ਪੰਥ ਵਿਰੋਧੀ, ਕਾਂਗਰਸ ਦੇ ਏਜੰਟ,
ਅਖੌਤੀ ਵਿਦਵਾਨ ਕਹਿ ਕੇ ਭੰਡਿਆ ਗਿਆ ਅਤੇ ਅਕਾਲ ਤਕਤ ਨੂੰ ਨਾ ਮੰਨਣ ਵਾਲਿਆਂ ਨੂੰ ਪੰਥਕ ਆਖ ਕੇ
ਸਤਕਾਰਿਆ ਗਿਆ।
ਨਾਨਕਸ਼ਾਹੀ ਕੈਲੰਡਰ ਵਿੱਚ
ਸੋਧਾਂ ਕਿਉਂ? ਦੇ ਨਾਮ ਹੇਠ 5 ਜਨਵਰੀ 2010 ਨੂੰ ਰੋਜਾਨਾ ਅਜੀਤ ਅਖਬਾਰ ਵਿੱਚ ਅਵਤਾਰ ਸਿੰਘ ਪ੍ਰਧਾਨ
ਸ਼੍ਰੋ: ਗੁ: ਪ੍ਰ: ਕਮੇਟੀ ਵੱਲੋਂ ਇਸ਼ਤਿਹਾਰ ਦੇ ਕੇ ਦਲੀਲਾਂ ਇਹ ਦਿੱਤੀਆਂ ਗਈਆਂ ਕਿ ਨਾਨਕਸ਼ਾਹੀ
ਕੈਲੰਡਰ ਵਿੱਚ ਸੋਧਾਂ ਇਸ ਲਈ ਕੀਤੀਆਂ ਜਾ ਰਹੀਆਂ ਹਨ ਕੇ ਪੰਥ ਨਾਲੋਂ ਅਲੱਗ ਥਲੱਗ ਹੋਏ ਸੰਤ ਸਮਾਜ
ਨੂੰ ਪੰਥ ਦੀ ਮੁੱਖ ਧਾਰਾ ਵਿੱਚ ਲਿਆਂਦਾ ਜਾ ਸਕੇ, ਪੰਥ ਦੇ ਪੰਜਾਬ ਤੋਂ ਬਾਹਰਲੇ ਦੋ ਤਖਤ ਵੀ ਇਸ
ਕੈਲੰਡਰ ਦੇ ਮੁੱਦੇ ਤੇ ਵੰਡੇ ਹੋਏ ਹਨ ਉਨ੍ਹਾਂ ਦੀ ਏਕਤਾ ਵੀ ਜਰੂਰੀ ਹੈ ਆਦਿ। ਪਰ ਕੀ ਹੁਣ ਸਮੁੱਚੇ
ਤਖਤਾਂ, ਸਮੂਹ ਡੇਰੇਦਾਰ ਸੰਤਾਂ ਅਤੇ ਦਮਦਮੀ ਟਕਸਾਲ ਦੀ ਮਰਯਾਦਾ ਇੱਕ ਹੋ ਗਈ ਹੈ? ਕੀ ਹੁਣ ਸਾਰਿਆਂ
ਨੇ ਅਕਾਲ ਤਖਤ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਨੂੰ ਅਪਣਾ ਲਿਆ ਹੈ? ਜਿਹੜਾ ਵਿਅਕਤੀ ਜਾਂ
ਸੰਪਰਦਾ ਅਕਾਲ ਤਖਤ ਨੂੰ ਨਾ ਮੰਨੇ ਅਤੇ ਅਕਾਲ ਤਖਤ ਨੂੰ ਚੁਣੌਤੀਆਂ ਦਿੰਦਾ ਰਹੇ, ਕੀ ਅਜਿਹੇ ਵਿਅਕਤੀ
ਜਾਂ ਸੰਪਰਦਾ ਦੀ ਮਨਮੱਤ ਨੂੰ ਉਲਟਾ ਅਕਾਲ ਤਖਤ ਤੇ ਲਾਗੂ ਕਰਨਾ ਹੀ ਅਕਾਲ ਤਖਤ ਨੂੰ ਮੰਨਣਾ ਹੈ? ਜਾਂ
ਅਕਾਲ ਤਖਤ ਨੂੰ ਸਮਰਪਿਤ ਹੋਣਾ ਹੈ? ਅਕਾਲ ਤਖਤ ਨੂੰ ਮੰਨਣ ਵਾਲੇ ਲੋਕ ਪੰਥਕ ਹਨ ਜਾਂ ਆਪਣਾ ਹੁਕਮ
ਅਕਾਲ ਤਖਤ ਨੂੰ ਮਨਵਾਉਣ ਵਾਲੇ ਪੰਥਕ ਹਨ? ਇਸ ਲਈ ਵਿਚਾਰਨ ਦੀ ਲੋੜ ਹੈ ਕਿ ਦਿੱਲੀ ਸਿੱਖ
ਗਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਬਾਦਲ ਧੜੇ ਦੀ ਹੋਈ ਜਿੱਤ, ਅਕਾਲ ਤਖਤ ਦੀ ਜਿੱਤ ਹੈ
ਜਾਂ ਹਾਰ? ਅਸਲ ਗੱਲ ਤਾਂ ਇਹ ਹੈ ਜਿੰਨਾ ਚਿਰ ਸਿੱਖ ਕੌਮ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ
ਪੁਜਾਰੀਆਂ ਨੂੰ ਅਕਾਲ ਤਖਤ ਦੇ ਮਾਲਕ ਸਮਝਦੀ ਰਹੇਗੀ ਉਨਾ ਚਿਰ ਅਕਾਲ ਤਖਤ ਦੀ ਕਦੇ ਜਿੱਤ ਹੋ ਹੀ
ਨਹੀਂ ਸਕਦੀ। ਜਿੰਨਾ ਚਿਰ ਸਿੱਖ ਕੌਮ ਗੁਰਬਾਣੀ ਦੇ ਹੁਕਮਾਂ ਨੂੰ ਅਕਾਲ
ਤਖਤ ਦੇ ਹੁਕਮਨਾਮਿਆਂ ਦੀ ਥਾਂ ਤੇ ਤਨਖਾਹਦਾਰ ਪੁਜਾਰੀਆਂ ਦੇ ਸਿਆਸੀ ਬੋਲਾਂ ਕਬੋਲਾਂ ਨੂੰ ਹੁਕਮਨਾਮੇ
ਮੰਨਦੀ ਰਹੇਗੀ ਉਨਾ ਚਿਰ ਧੜਾ ਭਾਵੇਂ ਕੋਈ ਵੀ ਜਿੱਤੇ ਪਰ ਅਕਾਲ ਤਖਤ ਹਾਰਦਾ ਹੀ ਰਹੇਗਾ।
ਅਕਾਲ ਤਖਤ ਦੇ ਸੱਚ ਜਾਂ ਸਿਧਾਂਤ ਨੂੰ ਸਮਝੇ ਤੋਂ ਬਗੈਰ, ਸਿੱਖ ਕੌਮ ਅਕਾਲ ਤਖਤ ਦੇ ਨਾਮ `ਤੇ
ਗੁਮਰਾਹ ਹੋ ਕੇ ਗੂੜ੍ਹੀ ਨੀਂਦ ਸੋ ਚੁੱਕੀ ਹੈ। ਹੋ ਸਕਦੈ ਇਹ ਹੁਣ ਜਾਗ ਵੀ ਨਾ ਸਕੇ, ਪਰ ਆਉਣ ਵਾਲੇ
ਸਮੇਂ ਵਿੱਚ ਜਦੋਂ ਖੋਜੀ ਵਿਦਵਾਨ ਖੋਜਾਂ ਕਰਨਗੇ ਤਾਂ ਇਹ ਗੱਲ ਵਿਸ਼ੇਸ਼ ਖੋਜ ਦਾ ਵਿਸ਼ਾ ਹੋਵੇਗੀ ਕਿ
ਜਿੰਨ੍ਹਾਂ ਨੂੰ ਅਕਾਲ ਤਖਤ ਤੋਂ ਮਾਨ ਸਨਮਾਨ ਮਿਲਦੇ ਰਹੇ ਹਨ ਉਨ੍ਹਾਂ ਨੇ ਸਿੱਖ ਕੌਮ ਨਾਲ ਕੀ-ਕੀ
ਗੱਦਾਰੀਆਂ ਕੀਤੀਆਂ ਹਨ, ਅਤੇ ਜਿੰਨ੍ਹਾਂ ਨੂੰ ਅਕਾਲ ਤਖਤ ਦੇ ਨਾਮ ਤੇ ਪੰਥ ਵਿੱਚੋਂ ਛੇਕਿਆ ਜਾਂਦਾ
ਰਿਹਾ ਹੈ ਉਨ੍ਹਾਂ ਦੀਆਂ ਸਿੱਖ ਕੌਮ ਲਈ ਕੀ-ਕੀ ਘਾਲਣਾ ਤੇ ਕੁਰਬਾਨੀਆਂ ਹਨ। ਮੇਰੀ ਕਿਸੇ ਸੰਤਾਂ,
ਬਾਬਿਆਂ, ਅਕਾਲੀਆਂ, ਜਥੇਦਾਰਾਂ, ਸ਼੍ਰੋ: ਗੁ: ਪ੍ਰ: ਕਮੇਟੀ ਜਾਂ ਟਕਸਾਲੀਆਂ ਨਾਲ ਕੋਈ ਦੁਸ਼ਮਣੀ ਜਾਂ
ਨਿੱਜੀ ਵਿਰੋਧਤਾ ਨਹੀਂ ਹੈ। ਇਹ ਜੋ ਕੁੱਝ ਮੈਂ ਲਿਖਿਆ ਹੈ ਇਸ ਬਾਰੇ ਬਹੁਤਿਆਂ ਨੂੰ ਪਤਾ ਹੈ ਕਿ ਸੰਤ
ਬਾਬੇ, ਅਕਾਲੀ, ਜਥੇਦਾਰ, ਸ਼੍ਰ: ਗੁ: ਪ੍ਰ: ਕਮੇਟੀ ਅਤੇ ਟਕਸਾਲੀ ਅਕਾਲ ਤਖਤ ਨੂੰ ਜਾਂ ਅਕਾਲ ਤਖਤ ਦੇ
ਕਹੇ ਜਾਂਦੇ ਹੁਕਮਨਾਮਿਆਂ ਨੂੰ ਜਾਂ ਅਕਾਲ ਤਖਤ ਵੱਲੋਂ ਪ੍ਰਮਾਣਿਤ ਕਹੀ ਜਾਂਦੀ ਸਿੱਖ ਰਹਿਤ ਮਰਯਾਦਾ
ਨੂੰ ਕਿੰਨਾ ਕੁ ਮੰਨਦੇ ਹਨ। ਇਸ ਬਾਰੇ ਮੈਨੂੰ ਬਹੁਤੀ ਜਾਣਕਾਰੀ ਤਾਂ ਨਹੀਂ ਹੈ। ਜਿੰਨੀ ਕੁ ਜਾਣਕਾਰੀ
ਆਮ ਮਿਲਦੀ ਹੈ ਜਿਸ ਤੋਂ ਲਗਭਗ ਸਾਰੇ ਹੀ ਜਾਣੂ ਹਨ ਬੱਸ ਉਸੇ ਵਿੱਚੋਂ ਕੁੱਝ ਕੁ ਉਦਹਾਰਣਾਂ ਨੂੰ
ਪਾਠਕਾਂ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਅਕਾਲ ਤਖਤ ਨੂੰ ਕੌਣ ਮੰਨਦਾ
ਹੈ ਤੇ ਕੌਣ ਨਹੀਂ ਮੰਨਦਾ?
ਹਰਲਾਜ ਸਿੰਘ ਬਹਾਦਰਪੁਰ ਪਿੰਡ ਤੇ ਡਾਕ: ਬਹਾਦਰਪੁਰ
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ) ਪਿੰਨ - 151501
ਮੋ: 94170-23911
(16/02/13)
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)
ਸਤਿਕਾਰਯੋਗ ਸਰਦਾਰ ਸੁਰਜਨ ਸਿੰਘ ਜੀ, {ਮਾਰਫਤ ਸਿੱਖ ਮਾਰਗ}
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਖਿਮਾ ਕਰਨਾ ਜੀ ਕਿ ਮੈਂ ਆਪ ਜੀ ਪਾਸੋਂ ਇੱਕ ਛੋਟਾ ਜਿਹਾ ਸਵਾਲ ਪੁਛ ਬੈਠਾ, ਪਰ ਆਪ ਜੀ ਨੇ ਤਾਂ
ਮੈਨੂੰ ਫਿਰ ਪੜ੍ਹਣੇ ਪਾ ਦਿੱਤਾ, ਜਿਹੜੀ ਕਿ ਚੰਗੀ ਨਸੀਹਤ ਹੈ! ਖ਼ੈਰ, ਮੈਂ ਪੂਰਾ ਯੱਤਨ ਕਰਾਂਗਾ,
ਤਾਂ ਜੋ ਇਹ ਖ਼ਾਸ ਜਾਣਕਾਰੀ ਹਾਸਲ ਕਰ ਸਕਾਂ ਕਿਉਂਕਿ ਮੇਰੇ ਪਾਸ ਹੇਠਲੀਆਂ ਕਿਤਾਬਾਂ ਪਰਾਪਤ ਹਨ। ਪਰ,
ਜੇ ਕੋਈ ਵਿਸ਼ੇਸ ਪੁਸਤਕ ਦੱਸੋ ਤਾਂ ਬਹੁਤ ਮਿਹਰਬਾਨੀ ਹੋਵੇਗੀ!
1. Sketch of The Sikhs by Lieutenant-Colonel
Malcolm;
2. History of the Sikhs by J.D. Cunningham;
3. History of the Panjab by Syad Muhammad Latif;
4. A Short History of The Sikhs by Teja Singh & Ganda Singh;
5. A History of the Sikhs by Khushwant Singh;
6. A History of the Sikh People by Dr. Gopal Singh;
7. History of the Sikhs by Hari Ram Gupta;
8. The Sikhs in History by Sangat Singh;
9. The Sikhs by Patwant Singh;
10. Religion and History of the Sikhs by Judge Mewa Singh;
11. Sikh History by Dr. Harjinder Singh Dilgeer;
12. Rehtnamaiy by Prof. Piara Singh Padam;
13. Hukamname by Dr. Ganda Singh
14. Sehje Rachio Khalsa by Prof. Harinder Singh Mehboob
ਧੰਨਵਾਦ ਸਹਿਤ,
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)
(16/02/13)
ਗੁਰਸ਼ਰਨ ਸਿੰਘ ਕਸੇਲ
ਸਤਿਕਾਰ ਯੋਗ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਗੁਰਮਤਿ ਦੀ ਸੋਝੀ ਰੱਖਣ ਅਤੇ ਸਿੱਖ ਧਰਮ ਨੂੰ ਚੜ੍ਹਦੀ ਕਲਾ ਵਿਚ ਵੇਖਣ ਵਾਲੇ ਸਿੱਖੋ,
ਆਪ ਪਾਸੋਂ ਇਹ ਜਾਣਨ ਦੀ ਤਾਂਘ ਨਾਲ ਇਹ ਲਿਖ ਰਿਹਾ ਹਾਂ ਕਿ ਕਿਸੇ ਪ੍ਰਾਣੀ ਦੇ ਅਕਾਲ ਚਲਾਣਾ ਕਰ ਜਾਣ
ਤੇ ਜਿਵੇਂ ਸਿੱਖ ਰਹਿਤ ਮਰਯਾਦਾ ਵਿਚ ਲਿਖਿਆ ਹੈ ਕਿ, ‘ਦੁਸਿਹਰੇ’ ਦੇ ਪਿਛੋਂ ਚਲਾਣੇ ਦੀ ਕੋਈ ਰਸਮ
ਬਾਕੀ ਨਹੀਂ ਰਹਿੰਦੀ।
ਪਰ ਜੋ ਵੇਖਣ ਵਿਚ ਆ ਰਿਹਾ ਹੈ ਕਿ ਆਪਣੇ ਆਪ ਨੂੰ ਵਿਦਵਾਨ ਸਮਝਣ ਵਾਲੇ ਜਾਂ ਘਰ ਵਿਚ ਸ੍ਰੀ ਗੁਰੂ
ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਵਾਲੇ, ਖੰਡੇ ਬਾਟੇ ਦੀ ਪਾਹੁਲ ਲਈ ਹੋਣ ਵਾਲੇ ਆਦਿ ਵਿਚੋਂ ਵੀ
ਬਹੁਗਿਣਤੀ ਆਪਣੇ ਕਿਸੇ ਰਿਸ਼ਤੇਦਾਰ ਦੀ ਮੌਤ ਨੂੰ ਸਾਲ ਹੋਣ ਤੋਂ ਪਹਿਲਾਂ-ਪਹਿਲਾਂ ਅਖੰਡ ਪਾਠ ਜਾਂ
ਸਧਾਰਨ ਪਾਠ ਕਰਵਾਉਣਾ ਜਰੂਰੀ ਸਮਝਦੇ ਹਨ । ਜੇਕਰ ਉਸਦੀ ਯਾਦ ਵਿਚ ਕਰਵਾਉਣਾ ਹੈ ਤਾਂ ਮਿਰਤਕ ਦੀ ਮੌਤ
ਵਾਲੀ ਤਰੀਕ ਵਾਲੇ ਦਿਨ ਜਾਂ ਛੁੱਟੀ ਦੀ ਸਹੁਲਤ ਵੇਖਕੇ ਕੁਝ ਦਿਨ ਪਿੱਛੋਂ ਜਾਂ ਇਕ ਅੱਧ ਦਿਨ ਪਹਿਲਾਂ
ਨਹੀਂ; ਬਲਕਿ ਮਹੀਨਾ ਜਾਂ ਇਸ ਤੋਂ ਵੱਧ ਸਮਾਂ ਪਹਿਲਾਂ ਕਰਵਾਉਂਦੇ ਹਨ । ਸੋ, ਪਾਠਕ ਵੀਰੋ, ਭੈਣੋ ਕੀ
ਇਹ ਗੁਰਮਤਿ ਅਨੁਸਾਰ ਠੀਕ ਹੈ? ਜਾਂ ਕਿ ਜਿਵੇਂ ਸੁਣਨ ਵਿਚ ਆਉਦਾ ਹੈ ਕਿ ਹਿੰਦੂ ਧਰਮ ਅਨੁਸਾਰ ਮਿਰਤਕ
ਦਾ “ਵਰੀਹਣਾ” (ਹੋ ਸਕਦਾ ਕਿਸੇ ਇਲਾਕੇ ਵਿਚ ਇਸਦਾ ਕੋਈ ਹੋਰ ਨਾਂਅ ਹੋਵੇ) ਬਾਰਵੇਂ ਮਹੀਨੇ ਤੋਂ
ਪਹਿਲਾਂ ਪਹਿਲਾਂ ਕਰਨਾ ਜਰੂਰੀ ਹੈ ਕੀ ਅਸੀਂ ਜਾਣੇ-ਅਣਜਾਣੇ ਵਿੱਚ ਅਜੇ ਉਸੇ ਵਹਿਮ ਭਰਮ ਵਿੱਚ ਤਾਂ
ਨਹੀਂ ਫਸੇ ?
ਇਸ ਬਾਰੇ ਗੁਰਮਤਿ ਅਨੁਸਾਰ ਜਾਣਕਾਰੀ ਦੇਣ ਲਈ ਸੱਭ ਦਾ ਧੰਨਵਾਦੀ ਹੋਵਾਂਗਾ ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
(16/02/13)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਸੰਪਾਦਕ ਜੀਉ,
ਸਤਿ ਸ਼੍ਰੀ ਅਕਾਲ!
ਸੰਪਾਦਕ ਜੀਉ, ਮੇਰੇ ਵਲੋਂ ਲਿਖੇ ਇੱਕ ਲੇਖ ਬਾਰੇ, ਕਲ ਸਿੱਖ ਮਾਰਗ. ਕਾਮ ਤੇ ਇੱਕ
ਅਸਿੱਧੀ ਟਿੱਪਣੀ ਆਈ ਹੈ, ਜਿਸ ਬਾਰੇ ਮੈਂ ਆਪਣਾ ਪੱਖ ਰੱਖਣਾ ਜ਼ਰੂਰੀ ਸਮਝਦਾ ਹਾਂ।
ਦਾਸ ਪਹਿਲੀ ਵਾਰ ਸੰਨ 2010 ਵਿਚ, ਆਪ ਜੀ ਦੀ ਵੈਬਸਾਈਟ ਦਾ ਸਦਕਾ, ਸਿੱਖ ਮਾਰਗ ਦੇ ਪਾਠਕਾਂ ਨਾਲ
ਆਪਣੇ ਲੇਖਾਂ ਰਾਹੀਂ ਸੰਬੋਧਤ ਹੋਇਆ ਸੀ। ਇਸੇ ਸੰਨ ਦੇ ਆਰੰਭਕ ਮਹੀਨੇਆਂ ਵਿੱਚ ਆਨ ਲਾਈਨ ਅਖਬਾਰਾਂ
ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪ੍ਰਤੀ ਅਤਿ ਦੇ ਨੀਵੇਂ ਦਰਜੇ ਦੇ ਵਿਚਾਰਾਂ/ਕਿੰਤੂਆਂ ਨੂੰ
ਪੜ ਕੇ ਅਚੰਭਤ ਰਹਿ ਗਿਆ ਸੀ। ਮੈਂ ਉਦੋਂ ਹੀ ਇਸ ਨੀਤੀ ਦਾ ਵਿਰੌਧ ਕੀਤਾ ਸੀ। ਇਨ੍ਹਾਂ ਨੀਤੀਆਂ ਦੇ
ਸਬੂਤ ਨਿਯੂਜ਼ ਮੀਡੀਏ ਵਿੱਚ ਮੌਜੂਦ ਹਨ।
ਆਪਣੇ ਲੇਖਾਂ ਰਾਹੀਂ, ਜਿੱਥੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕਾਬਲ
ਦਸ਼ਮ ਗ੍ਰੰਥ ਨੂੰ ਸਥਾਪਤ ਕਰਨ ਦੀ ਸੋਚ ਦਾ ਸਪਸ਼ਟ ਵਿਰੌਧ ਕਰਦਾ ਹਾਂ, ਉੱਥੇ ਨਾਲ ਹੀ ਮੈਂ, ਗੁਰੂ
ਗ੍ਰੰਥ ਸਾਹਿਬ ਜੀ ਨੂੰ ਗੁਰੂ ਦੀ ਪਦਵੀ ਤੋਂ ਹਟਾਉਂਣ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਇੱਕ
ਵੱਡੇ ਹਿੱਸੇ ਨੂੰ ਰੱਧ ਕਰਨ ਅਤੇ ਗੁਰੂ ਨਾਨਕ ਬਾਣੀ ਨੂੰ ਵੀ ਵਿਵਾਦਤ ਕਰਨ ਦੀ ਨੀਤੀ ਦਾ ਵੀ ਵਿਰੌਧ
ਕਰਦਾ ਹਾਂ। ਮੈਂ ਇਸ ਮਾਨਸਿਕਤਾ ਨੂੰ ਮੀਣਾ ਮਾਨਸਿਕਤਾ ਤੁੱਲ ਸਮਝਦਾ ਹਾਂ।
ਮੇਰੀ ਇਸ ਸਮਝ ਨਾਲ ਕੁੱਝ ਸੱਜਣ ਪਰੇਸ਼ਾਨ ਹੋਏ ਹਨ। ਐਸੇ ਸੱਜਣ ਜੋ ਕਿ ਦੋ-ਤਿੰਨ ਸਾਲ ਪਹਿਲਾਂ ਆਪ
ਜਾਗਰੂਕਾਂ ਦਰਮਿਆਨ ਮੌਜੂਦ ਦੂਰੀਆਂ ਬਾਰੇ ਲੇਖ ਲਿਖ ਰਹੇ ਸਨ! ਉਸ ਵੇਲੇ ਤਾਂ ‘ਹਰਦੇਵ ਸਿੰਘ’ ਨਾਮ
ਦਾ ਇਹ ਨਿਮਾਣਾ ਪੰਜਾਬੀ ਟਾਈਪ ਸਿੱਖ ਰਿਹਾ ਸੀ!
ਸੰਪਾਦਕ ਜੀ, ਮੈਂ ਆਪ ਜੀ ਦੇ ਮਾਧਿਅਮ ਇਹ ਜਾਣਨਾ ਚਾਹੁੰਦਾ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ
ਗੁਰਤਾ ਦੀ ਪਦਵੀ ਤੋਂ ਹਟਾਉਂਣ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਇੱਕ ਵੱਡੇ ਹਿੱਸੇ ਨੂੰ
ਰੱਧ ਕਰਨ ਦੀ ਨੀਤੀ ਬਾਰੇ ਮੇਰੀ ਅਸਹਿਮਤੀ ਨਾਲ ਕੁੱਝ ਸੱਜਣਾ ਨੂੰ ਕੀ ਪਰੇਸ਼ਾਨੀ ਹੈ? ਇਨ੍ਹਾਂ ਪੰਥ
ਮਾਰ੍ਹੂ ਸਥਿਤੀਆਂ ਵਿੱਚ ਸਿੱਖ ਰਹਿਤ ਮਰਿਆਦਾ ਕਾਨੂਨ ਮੰਨਣ ਨਾ ਮੰਨਣ ਦੀ ਗਲ ਕਿੱਥੋਂ ਆ ਗਈ?
ਇਸ ਬਾਰੇ ਜੇ ਕਰ ਉਹ ਆਪ ਬੋਲ ਅਤੇ ਜਵਾਬ ਨਹੀਂ ਦੇ ਸਕਦੇ ਤਾਂ ਕੀ ਉਹ ਚਾਹੁੰਦੇ ਹਨ ਕਿ ਮੈਂ ਵੀ ਇਸ
ਬਾਰੇ ਆਪਣੀ ਜ਼ੁਬਾਨ ਉਨ੍ਹਾਂ ਵਾਂਗ ਹੀ ਬੰਦ ਕਰ ਲਵਾਂ? ਉਹ ਚਾਹੁੰਦੇ ਹਨ ਕਿ ਮੈਂ ਗੁਰੂ ਗ੍ਰੰਥ
ਸਾਹਿਬ ਨੂੰ ਗੁਰੂ ਦੀ ਪਦਵੀ ਤੋਂ ਹਟਾਉਂਣ ਅਤੇ ਉਸਦੀ ਬਾਣੀ ਨੂੰ ਰੱਧ ਕਰਦੀਆਂ ਬਾਰੂਨੀ ਅਤੇ
ਅੰਦਰੂਨੀ ਨੀਤੀਆਂ ਬਾਰੇ ਚੁੱਪ ਰਹਾਂ। ਜਾਗਰੂਕ ਅਖਵਾਉਂਣ ਲਈ ਮੈਂ ਇਸ ਸੋਚ ਨਾਲ ਆਪਣੀ ਸੋਚ ਦਾ ਏਕਾ
ਕਰ ਲਵਾਂ? ਸਬੰਧਤ ਸੱਜਣ ਇਨ੍ਹਾਂ ਸਵਾਲਾਂ ਤੇ ਆਤਮਚਿੰਤਨ ਕਰਨ।
ਸੰਪਾਦਕ ਜੀ ਆਪ ਜੀ ਦੇ ਮਾਧਿਅਮ ਮੈਂ ਕੇਵਲ ਇਤਨਾ ਕਹਿਣਾ ਚਾਹੁੰਦਾ ਹਾਂ ਕਿ
ਮੈਂ ਇਸ ਨੀਤੀ ਨੂੰ ਜਾਗਰਿਤੀ, ਅਤੇ ਇਸ ਨੀਤੀ ਦੇ ਧਾਰਕ ਸੱਜਣਾਂ ਨੂੰ ਇਸ
ਪੱਖੋਂ, ਜਾਗਰੂਕ ਕਹਿਣ ਤੋਂ ਅਸਮਰਥ ਹਾਂ। ਮੇਰੇ ਵਿੱਚ ਇਤਨੀ ਹਿੰਮਤ ਨਹੀਂ ਕਿ ਮੈਂ ਐਸਾ ਕਰ
ਸਕਾਂ!
ਕਿਸੇ ਭੁੱਲ ਚੂਕ ਲਈ ਛਿਮਾ ਦਾ ਜਾਚਕ,
ਹਰਦੇਵ ਸਿੰਘ, ਜੰਮੂ-16. 2. 2013
ਸ. ਹਰਵਿੰਦਰ ਸਿੰਘ ਸਰਨਾ, ਸਕਤੱਰ
ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਬੀਤੇ ਦੋ ਦਿਨਾਂ ਵਿੱਚ ਦੋ ਵਾਰ ਵਿਦੇਸ਼ ਰਾਜ ਮੰਤਰੀ ਮਹਾਰਾਣੀ
ਪ੍ਰਨੀਤ ਕੌਰ ਨਾਲ ਉਨ੍ਹਾਂ ਦੇ ਦਫਤਰ ਵਿੱਚ ਮੁਲਾਕਾਤ ਕੀਤੀ। ਪਹਿਲੀ ਮੁਲਾਕਾਤ ਦੌਰਾਨ ਉਨ੍ਹਾਂ
ਵਿਦੇਸ਼ ਰਾਜ ਮੰਤਰੀ ਨੂੰ ਕਿਹਾ ਕਿ ਉਹ ਭਾਰਤ ਦੌਰੇ ਤੇ ਆਏ ਫਰਾਂਸ ਦੇ ਰਾਸ਼ਟਰਪਤੀ ਫਰਾਂਸਵਾ ਔਲਾਂਦ
ਨਾਲ ਇੱਕ ਵਿਸ਼ੇਸ਼ ਮੁਲਾਕਾਤ ਕਰ ਉਨ੍ਹਾਂ ਸਾਹਮਣੇ ਫਰਾਂਸ ਦੇ ਸਰਕਾਰੀ ਸਕੂਲਾਂ ਵਿੱਚ ਸਿੱਖ
ਵਿਦਿਆਰਥੀਆਂ ਦੇ ਪੱਗੜੀ ਬੰਨ੍ਹਣ ਤੇ ਲਗੀ ਹੋਈ ਪਾਬੰਧੀ ਹਟਾਏ ਜਾਣ ਦੀ ਸਿੱਖਾਂ ਦੀ ਲੰਬੇ ਸਮੇਂ ਤੋਂ
ਲਟਕਦੀ ਚਲੀ ਆ ਰਹੀ ਮੰਗ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਅਤੇ ਉਨ੍ਹਾਂ ਨੂੰ ਦਸਣ ਕਿ ਪੱਗੜੀ
ਪਹਿਨਣਾ ਸਿੱਖਾਂ ਲਈ ਕਿਤਨਾ ਮਹਤੱਵਪੂਰਣ ਹੈ, ਇਹ ਉਨ੍ਹਾਂ ਦਾ ਧਾਰਮਕ ਚਿੰਨ੍ਹ ਹੀ ਨਹੀਂ, ਸਗੋਂ
ਉਨ੍ਹਾਂ ਦੇ ਪਹਿਰਾਵੇ ਦਾ ਇੱਕ ਜ਼ਰੂਰੀ ਅੰਗ ਵੀ ਹੈ। ਸ. ਸਰਨਾ ਨੇ ਵਿਦੇਸ਼ ਰਾਜ ਮੰਤਰੀ ਨੂੰ ਇਹ ਵੀ
ਕਿਹਾ ਕਿ ਉਹ ਫਰਾਂਸ ਦੇ ਰਾਸ਼ਟਰਪਤੀ ਨੂੰ ਇਹ ਵੀ ਦਸਣ ਕਿ ਪੱਗੜੀ ਭਾਰਤੀ ਸਮਾਜ ਦਾ ਵੀ ਇੱਕ ਜ਼ਰੂਰੀ
ਹਿਸਾ ਹੈ, ਕਿਉਂਕਿ ਭਾਰਤ ਵਿੱਚ ਕਿਸੇ ਮਹੱਤਵਪੂਰਣ ਸ਼ਖਸੀਅਤ ਨਾਲ ਮੁਲਾਕਾਤ ਸਮੇਂ ਇਸਨੂੰ ਪਹਿਨਣਾ ਉਸ
ਪ੍ਰਤੀ ਸਨਮਾਨ ਪ੍ਰਗਟ ਕਰਨਾ ਮੰਨਿਆ ਜਾਂਦਾ ਹੈ। ਸ. ਸਰਨਾ ਨੇ ਕਿਹਾ ਕਿ ਸ਼੍ਰੀ ਫਰਾਂਸਵਾ ਔਲਾਂਦ ਨੂੰ
ਇਹ ਵੀ ਯਾਦ ਕਰਵਾਇਆ ਜਾਏ ਕਿ ਸਿੱਖਾਂ ਦੇ ਫਰਾਂਸ ਨਾਲ ਭਾਰਤ ਦੀ ਆਜ਼ਾਦੀ ਤੋਂ ਕਈ ਵਰ੍ਹੇ ਪਹਿਲਾਂ ਦੇ
ਸਦਭਾਵਨਾਪੂਰਣ ਸਬੰਧ ਚਲੇ ਆ ਰਹੇ ਹਨ ਅਤੇ ਇਹ ਸਬੰਧ ਉਸ ਸਮੇਂ ਤੋਂ ਹਨ, ਜਦੋਂ ਪਹਿਲੀ ਵਿਸ਼ਵ ਜੰਗ ਦੇ
ਸਮੇਂ ਪੱਗੜੀਧਾਰੀ ਸਿੱਖ ਫੌਜੀ ਫਰਾਂਸ ਦੀ ਰਖਿਆ ਲਈ ਉਥੇ ਪੁਜੇ ਤੇ ਉਨ੍ਹਾਂ ਆਪਣੀਆਂ ਜਾਨਾਂ ਹੂਲ ਕੇ
ਫਰਾਂਸ ਦੀ ਦੁਸ਼ਮਣ ਫੌਜਾਂ ਤੋਂ ਰਖਿਆ ਕੀਤੀ ਸੀ।
ਸ. ਹਰਵਿੰਦਰ ਸਿੰਘ ਸਰਨਾ ਦੀ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਨਾਲ ਦੂਸਰੀ ਮੁਲਾਕਾਤ
ਕਲ੍ਹ ਸ਼ੁਕਰਵਾਰ ਹੋਈ ਜਿਸ ਵਿੱਚ ਵਿਦੇਸ਼ ਰਾਜ ਮੰਤਰੀ ਨੇ ਉਨ੍ਹਾਂ ਨੂੰ ਦਸਿਆ ਕਿ ਪਗੱੜੀ ਦੇ ਮਸਲੇ ਤੇ
ਉਨ੍ਹਾਂ ਦੀ ਫਰਾਂਸ ਦੇ ਰਾਸ਼ਟਰਪਤੀ ਨਾਲ ਲੰਬੀ ਅਤੇ ਵਿਸਥਾਰ ਨਾਲ ਗਲਬਾਤ ਹੋਈ ਹੈ। ਸ਼੍ਰੀ ਫਰਾਂਸਵਾ
ਔਲਾਂਦ ਨੇ ਉਨ੍ਹਾਂ ਦੀ ਗਲ ਨੂੰ ਬਹੁਤ ਹੀ ਧਿਆਨ ਨਾਲ ਸੁਣਿਆ ਅਤੇ ਸਮਝਿਆ। ਉਨ੍ਹਾਂ ਭਰੋਸਾ ਦੁਆਇਆ
ਹੈ ਕਿ ਉਹ ਵਾਪਸ ਜਾ ਕੇ ਆਪਣੇ ਗ੍ਰਹਿ ਅਤੇ ਕਾਨੂੰਨ ਮੰਤਰੀਆਂ ਨਾਲ ਗਲ ਕਰਨਗੇ ਅਤੇ ਤੁਹਾਡੀਆਂ
ਭਾਵਨਾਵਾਂ ਉਨ੍ਹਾਂ ਤਕ ਪਹੁੰਚਾਣ ਤੋਂ ਇਲਾਵਾ ਉਹ ਆਪਣੇ ਵਲੋਂ ਵੀ ਉਨ੍ਹਾਂ ਨੂੰ ਜ਼ੋਰ ਦੇ ਕੇ ਕਹਿਣਗੇ
ਕਿ ਭਾਰਤ ਅਤੇ ਵਿਸ਼ੇਸ਼ ਰੂਪ ਵਿੱਚ ਸਿੱਖਾਂ ਨਾਲ ਚਲੇ ਆ ਰਹੇ ਆਪਣੇ ਸਦਭਾਵਨਾਪੂਰਣ ਸਬੰਧਾਂ ਦਾ ਸਨਮਾਨ
ਕਰਦਿਆਂ, ਲੰਬੇ ਸਮੇਂ ਤੋਂ ਲਟਕਦੇ ਚਲੇ ਆ ਰਹੇ ਇਸ, ਪੱਗੜੀ ਦੇ ਮਸਲੇ ਨੂੰ ਛੇਤੀ ਤੋਂ ਛੇਤੀ ਹਲ ਕਰ
ਸਿੱਖਾਂ ਦੇ ਰੋਸੇ ਨੂੰ ਦੂਰ ਕੀਤਾ ਜਾਏ।
(16/02/13)
ਬਿੱਟੂ ਖੰਗੂੜਾ
ਅਜਕਲ ਹਰ ਚੜ੍ਹਦੀ ਸਵੇਰ ਨੂੰ
ਮਨੁੱਖਤਾ ਦਾ ਸੂਰਜ ਬਲਾਤਕਾਰ ਵਰਗੇ ਘਿਨਾਓਣੇ ਅਪਰਾਧਾ ਅਤੇ ਔਰਤਾ ਖਿਲਾਫ ਹੋ ਰਹੇ ਜੁਲਮਾ ਨਾਲ
ਗ੍ਰਹਿਣਿਆ ਜਾਂਦਾ। ਇਹ ਮੁਜਰਿਮ ਕਿਸੇ ਖਾਸ ਖਿਤੇ, ਜਾਤ ਜਾਂ ਧਰਮ ਨਾਲ ਸਬੰਧਿਤ ਨਹੀ ਬਲਕਿ ਇਹ
ਅਣਮਨੁੱਖੀ ਵਰਤਾਰਾ ਸਰਵਵਿਆਪਕ ਹੈ। ਰੋਜਮਰਾ ਦੀਆਂ ਲੋੜਾਂ ਪੂਰੀਆ ਕਰਨ ਤੇ ਫਿਰ ਵੱਧ ਤੋ ਵੱਧ ਪਦਾਰਥ
ਇਕੱਠੇ ਕਰਨ ਦੀ ਆਪਾਧਾਪੀ ਵਿੱਚ ਅਸੀ ਲੋਕ ਇਨ੍ਹਾ ਸੁਰਖੀਆ ਨੂੰ ਇੱਕ ਖਬਰ ਤੋ ਵੱਧ ਮਹੱਤਵ ਨਹੀ
ਦਿੰਦੇ, ਪਰ ਸੋਚੋ ਇਸ ਜੁਲਮ ਦਾ ਸ਼ਿਕਾਰ ਕਦੇ ਸਾਡੀ ਆਪਣੀ ਮਾਂ, ਭੈਣ, ਪਤਨੀ ਤੇ ਧੀ ਵੀ ਹੋ ਸਕਦੀਆ
ਨੇ।
ਇਸ ਲਈ ਜੇ ਤੁਸੀ ਇਸ ਦੁਨੀਆ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤੇ ਇਸ ਜੁਲਮ ਦੇ ਖਿਲਾਫ ਅਵਾਜ
ਬੁਲੰਦ ਕਰਨ ਦਾ ਇਰਾਦਾ ਰਖਦੇ ਹੋ ਤਾ ਫਿਰ ਤੁਹਾਨੂੰ ਖੁਦ ਨੂੰ ਹੀ ਉਠਣਾ ਪਵੇਗਾ।
ਇਸ ਵੀਰਵਾਰ ਨੂੰ ਇੱਕ ਲਹਿਰ ਉਠੀ ਹੈ, ‘ਵਨ ਬਿਲੀਅਨ ਰਾਇਜਿੰਗ” ਅਰਥਾਤ ਸੌ ਕਰੋੜ ਲੋਕਾ ਦਾ ਉਠਣਾ
ਔਰਤਾ ਖਿਲਾਫ ਹੋ ਰਹੇ ਅਪਰਾਧਾ ਨੂੰ ਰੋਕਣ ਲਈ ਪੂਰੀ ਦੁਨੀਆ ਉਠੀ ਹੈ
ਅਫਗਾਨਿਸਤਾਨ ਵਿੱਚ ਮਾਰਚ, ਬੰਗਲਾਦੇਸ਼ ਵਿੱਚ ਇਨਸਾਨਾ ਦੀਆ ਕੜੀਆ ਜੋੜਦੀ ਜੰਜੀਰ ਤੇ ਬ੍ਰਿਟਿਸ਼
ਪਾਰਲੀੰਮੈਂਟ ਵਿੱਚ ਭਖਵੀ ਬਹਿਸ ਹੋਈ ਹੈ।
ਇਸ ਦੀ ਸ਼ੁਰੂਆਤ ਕੀਤੀ ਹੈ ਵੈਜੀਨਾ ਮੋਨੋਲੌਗਜ ਦੀ ਲੇਖਕ ਈਵ ੲੈਂਸਲਰ ਨੇ, ਦੁਨੀਆ ਭਰ ਵਿੱਚ ਹੋਏ ਇਸ
ਵਿਖਾਵੇ ਦੀ ਇੱਕ ਕੜੀ ਤਹਿਤ ਦੇਸੀ ਰੇਡੀਓ ਅਤੇ ਪੰਜਾਬੀ ਸੈਂਟਰ ਸਾਊਥਾਲ ਵਲੋ ਸਾਊਥਾਲ (ਲੰਡਨ) ਦੇ
ਮੈਨਰ ਹਾਉਸ ਪਾਰਕ ਵਿੱਚ ਦੇਸੀ ਰੇਡੀਉ ਤੋ ਸ਼ੁਰੂ ਹੋਕੇ ਇੱਕ ਮਾਰਚ ਅਤੇ ਇਕੱਠ ਕੀਤਾ ਗਿਆ, ਜਿਸ
ਵਿੱਚ ਸ਼ਾਮਲ ਲੋਕਾ ਨੇ ਔਰਤਾ ਦੇ ਖਿਲਾਫ ਜੁਲਮਾ ਨੂੰ ਰੋਕਣ ਵਾਲੇ ਪੋਸਟਰ ਚੁਕੇ ਹੋਏ ਸਨ
ਇਸ ਇਕੱਠ ਵਿੱਚ ਲੋਕਲ ਮੇਅਰ, ਰਾਜਨੀਤਕ ਅਤੇ ਸਭ ਵਰਗਾ ਦੇ ਲੋਕ ਸ਼ਾਮਿਲ ਹੋਏ
ਬਿੱਟੂ ਖੰਗੂੜਾ
+447877792555
(15/02/13)
ਗੁਰਸ਼ਰਨ ਸਿੰਘ ਕਸੇਲ
ਸ੍ਰ. ਸੁਰਜਨ ਸਿੰਘ ਜੀ,
ਸਤਿ ਸ੍ਰੀ ਅਕਾਲ ।
ਆਪ ਨੇ ਆਪਣੀ 13-2-13 ਵਾਲੀ ਚਿੱਠੀ ਵਿਚ ਜਿਵੇਂ ਘੱਗਾ ਜੀ ਬਾਰੇ ਆਪਣੇ ਇਹ ਵਿਚਾਰ ਦਿਤੇ ਹਨ ਕਿ,
“ਘੱਗਾ ਜੀ ਪੜ੍ਹੇ ਲਿਖੇ ਹਨ, ਪ੍ਰੋਫੈਸਰ ਹਨ, ਪ੍ਰਚਾਰਕ ਹਨ। ਇਹਨਾਂ ਨੂੰ ਅਕਾਲ਼ ਤਖ਼ਤ ਦਾ ਜੱਥੇਦਾਰ
ਬਣਾ ਦਿੱਤਾ ਜਾਏ ਤਾਂ ਇਹਨਾਂ ਦੀ ਕਾਰਗੁਜ਼ਾਰੀ ਬਤੌਰ ਅਕਾਲ ਤਖ਼ਤ ਜੱਥੇਦਾਰ ਕਿਹੋ ਜਿਹੀ ਹੋਵੇਗੀ ਇਹ
ਇਹਨਾਂ ਦੇ ਖ਼ਾਲਸਾ ਨਿਊਜ਼ ਨੂੰ ਦਿੱਤੇ ਜਵਾਬਾਂ ਤੋਂ ਡੁਲ੍ਹ-ਡੁਲ੍ਹ ਪੈਂਦੀ ਹੈ”। ਇਵੇਂ ਹੀ ਆਪ ਦੀ
28-12-12 ਵਾਲੀ ਚਿੱਠੀ ਵਿਚ ਜਿਵੇਂ ਤੁਸੀਂ ਇਹ ਲਿਖਿਆ ਹੈ ਕਿ, “ਮੈਂ ਕਾਇਆ ਸਰੀਰ/ਦੇਹ ਲਈ
ਅਤੇ ਜੋਤਿ ਰੂਹਾਨੀ/ਆਤਮਿਕ ਰੋਸ਼ਨੀ ਲਈ ਵਰਤਿਆ ਹੈ”, ਤੋਂ ਵੀ ਕਈ ਸਿੱਖ ਆਪ ਨੂੰ “ਸਾਧ
ਲਾਣੇ” ਵਾਲੀ ਵਿਚਾਰਧਾਰੇ ਵਾਲੇ ਆਖ ਸਕਦੇ ਹਨ ।
ਇਕ ਪਾਠਕ,
ਗੁਰਸ਼ਰਨ ਸਿੰਘ ਕਸੇਲ
(15/02/13)
ਡਾ: ਗੁਰਮੀਤ ਸਿੰਘ ਬਰਸਾਲ
ਸਤਿਕਾਰਿਤ ਐਡੀਟਰ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!!
ਤੁਸੀਂ ਜਾਣਦੇ ਹੋ ਕਿ ਜਾਗਰੂਕ ਵਰਗ ਰਾਗਮਾਲਾ ਅਤੇ ਵਚਿਤਰਨਾਟਕ ਦੀਆਂ ਰਚਨਾਵਾਂ ਨੂੰ
ਗੁਰੂ ਕਿਰਤ ਨਹੀਂ ਮੰਨਦਾ । ਜਿਸ ਤਰਾਂ ਦੁਨਿਆਵੀ ਤੌਰ ਤੇ ਵੀ ਅਗਲੇ ਕਾਨੂੰਨ ਆਉਣ ਤੱਕ ਪਿਛਲਾ
ਕਾਨੂੰਨ ਹੀ ਲਾਗੂ ਰਹਿੰਦਾ ਹੈ ਅਤੇ ਉਨਾਂ ਚਿਰ ਤੱਕ ਉਸੇ ਕਾਨੂੰਨ ਤਹਿਤ ਵਿਚਰਦਿਆਂ ਨਵੇਂ ਕਾਨੂੰਨ
ਲਈ ਸੰਘਰਸ਼ ਕੀਤਾ ਜਾਂਦਾ ਹੈ । ਇਸੇ ਤਰਾਂ ਸਿੱਖਾਂ ਦੀ ਰਹਿਤ ਮਰਿਆਦਾ ਨੂੰ ਕੇਵਲ ਤੇ ਕੇਵਲ ਗੁਰੂ
ਗ੍ਰੰਥ ਸਾਹਿਬ ਜੀ ਦੀ ਬਾਣੀ ਅਨਕੂਲ ਬਣਾਉਣ ਲਈ ਅਤੇ ਵਚਿਤਰ ਨਾਟਕ ਤੋਂ ਸਦਾ ਲਈ ਖਹਿੜਾ ਛਡਾਉਣ ਲਈ
ਆਪਣੇ ਤਰੀਕੇ ਨਾਲ ਸੰਘਰਸ਼ ਕਰਦਾ ਹੋਇਆ ਜਾਗਰੁਕਾਂ ਦਾ ਇਕ ਵੱਡਾ ਹਿੱਸਾ ਤਬਦੀਲੀ ਤੱਕ ਸੰਗਤੀ ਤੌਰ ਤੇ
ਪੁਰਾਣੇ ਕਾਨੂੰਨ ਅਨੁਸਾਰ ਹੀ ਵਿਚਰਨ ਨੂੰ ਠੀਕ ਮੰਨਦਾ ਹੈ । ਪਰ ਸਿਖ ਮਾਰਗ ਤੇ ਲਿਖਣ ਵਾਲੇ ਕੁਝ
ਲੋਕ ਆਪਦੀ ਸਿਖ ਮਾਰਗ ਤੇ ਕਿਸੇ ਨੀਤੀ ਤਹਿਤ ਲਗਾਈ ਸਾਰੀ ਸ਼ਕਤੀ ਅੰਜਾਈਂ ਜਾਂਦੀ ਦੇਖਕੇ ਜਾਗਰੁਕਾਂ
ਦੀ ਚੜਤ ਤੋਂ ਬੁਖਲਾਕੇ ਦੂਜੀਆਂ ਵੈੱਬ ਸਾਈਟਾਂ ਤੇ ਜਾਗਰੁਕਾਂ ਖਿਲਾਫ ਲਿਖਣ ਲਈ ਮਜਬੂਰ ਹੋ ਗਏ ਹਨ ।
ਵਚਿੱਤਰ ਨਾਟਕ ਅਤੇ ਰਾਗਮਾਲਾ ਦੇ ਸਪੋਰਟਰ ਇਹ ਲੋਕ ਜਾਗਰੁਕਾਂ ਨੂੰ ਨਾਸਤਿਕ ਕਹਿ ਕਹਿ ਥੱਕਕੇ ਹੁਣ
ਮੀਣੇ ਕਹਿਣ ਲੱਗ ਪਏ ਹਨ । ਪਰ ਫੇਸਬੁਕ ਵਰਗੀਆਂ ਸੋਸ਼ਲ ਸਾਈਟਾਂ ਅਤੇ ਨੌਜਵਾਨਾਂ ਨੂੰ ਗੁਰਮਤਿ ਗਿਆਨ
ਨਾਲ ਜੁੜ ਰਹੇ ਦੇਖਕੇ ਇੰਝ ਲਗਦਾ ਹੈ ਕਿ ਜਿਸ ਤਰਾਂ ਜਾਗਰਿਤੀ ਆ ਰਹੀ ਹੈ ਇਹਨਾਂ ਲੋਕਾਂ ਨੂੰ ਮੂੰਹ
ਦੀ ਖਾਣੀ ਹੀ ਪੈਣੀ ਹੈ ।
ਗੁਰਮੀਤ ਸਿੰਘ ਬਰਸਾਲ
(15/02/13)
ਸੁਰਜਨ ਸਿੰਘ
ਮਾਨਯੋਗ ਗੁਰਮੀਤ ਸਿੰਘ ਜੀ,
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ, ਸ੍ਰੀ ਗੁਰੂ ਹਰਿਗੋਬਿੰਦ ਜੀ ਦੀ ਮੀਰੀ ਪੀਰੀ, ਮੀਣਿਆਂ ਤੋਂ
ਪਰਹੇਜ਼, ਧੀਰਮਲ ਦਾ ਸ਼ੀਏਂ ਮਸੰਦ ਨੂੰ ਨਾਲ ਲੈਕੇ ਬਕਾਲੇ ਵਿਖੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਤੇ
ਹਮਲਾ ਕਰਨਾ ਅਤੇ ਸ਼ੀਏਂ ਮਸੰਦ ਦਾ ਗੁਰੂ ਜੀ ਤੇ ਗੋਲੀ ਚਲਾਉਣਾ, ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦਾ
ਆਨੰਦਪੁਰ ਵਸਾਉਣਾ, ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੀ ਸ਼ਹੀਦੀ ਦਿੱਲੀ ਵਿੱਚ, 1699 ਦੀ ਵਿਸਾਖੀ,
ਚਮਕੌਰ ਦਾ ਯੁੱਧ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਖਦਰਾਨੇ ਦੀ ਢਾਬ, ਸ੍ਰੀ ਗੁਰੂ ਗੋਬਿੰਦ ਸਿੰਘ
ਜੀ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਹੁਕਮਨਾਮਾ, ਬੰਦਾ ਸਿੰਘ ਬਹਾਦੁਰ ਦਾ ਖ਼ਾਲਸਾ
ਰਾਜ ਕਾਇਮ ਕਰਨਾ ਅਤੇ ਉਸ ਬਹਾਦੁਰ ਦੀ ਦਿੱਲੀ ਵਿੱਚ ਸ਼ਹਾਦਤ, ਕੇਸ ਨਾ ਕਟਵਾਉਣ ਕਰਕੇ ਭਾਈ ਤਾਰੂ
ਸਿੰਘ ਦੀ ਖੋਪਰੀ ਉਤਾਰਨਾ, ਭਾਈ ਮਨੀ ਸਿੰਘ ਜੀ ਦਾ ਬੰਦ-ਬੰਦ ਕਟਨਾ, ਜ਼ਹੀਆ ਖ਼ਾਂ ਗਵਰਨਰ ਲਾਹੌਰ ਦੀ
ਸਿੱਖੀ ਛੱਡ ਕੇ ਇਸਲਾਮ ਕਬੂਲ਼ ਕਰਨ ਦੀ ਪੇਸ਼ਕਸ਼ ਨਾ ਮੰਨਣ ਕਰਕੇ ਸੁਬੇਗ ਸਿੰਘ ਅਤੇ ਸ਼ਾਹਬਾਜ਼ ਸਿੰਘ ਨੂੰ
ਚਰਖੜੀ ਤੇ ਚਾੜ੍ਹਨਾ, ਛੋਟਾ ਅਤੇ ਵੱਡਾ ਘੱਲੂਘਾਰਾ, ਇਹਨਾਂ ਸਭ ਦੇ ਜੋ ਸਰੋਤ ਹਨ ਉਹੀ ਇਨ੍ਹਾਂ
ਹੁਕਮਨਾਮਿਆਂ ਦੇ ਸਰੋਤ ਹਨ। ਮਾਨਯੋਗ ਗੁਰਮੀਤ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਆਪਣੇ ਰੁਝੇਵੇਂ
ਵਿੱਚੋਂ ਕੁੱਝ ਸਮਾਂ ਕੱਢ ਕੇ ਸਿੱਖ ਇਤਿਹਾਸ ਤੇ ਝਾਤ ਮਾਰਣ।
ਆਪ ਦਾ ਸ਼ੁਭ ਚਿੰਤਕ---ਸੁਰਜਨ ਸਿੰਘ
(15/02/13)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਡਾ. ਗੁਰਮੀਤ ਸਿੰਘ ਬਰਸਾਲ ਜੀ,
ਗੁਰੂ ਬਖ਼ਸ਼ੀ ਫ਼ਤਿਹ ਪਰਵਾਨ ਕਰਨੀ!
ਮੇਰੇ ਪਿੱਛਲੇ ਪੱਤਰ ਵਿਚਲੇ ਸ਼ਬਦਾਂ ਮੁਤਾਬਕ ਆਪ ਜੀ ਦੀ ਭਾਵਨਾ ਕਦਰ ਯੋਗ ਸੀ। ਆਪ ਜੀ
ਨੇ, “ਵੀਰ ਜੀ ਕਿਸੇ ਦੀ ਏਕਤਾ ਅਪੀਲ ਨਾਲ ਜਾਗਰੂਕਾਂ ਵਿੱਚ ਏਕਤਾ ਨਹੀਂ ਹੋਣ ਲਗੀ, ਤੁਸੀ ਬੇ-ਫਿਕਰ
ਰਹੋ ਜੀ” ਲਿਖ ਕੇ ਮੇਰਾ ਅਸਮੰਜਸ ਦੂਰ ਕੀਤਾ ਹੈ। ਇਸ ਲਈ ਆਪ ਜੀ ਦਾ ਧਨਵਾਦ!
ਹਰਦੇਵ ਸਿੰਘ, ਜੰਮੂ-15. 2. 2013
(15/02/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜਦ
ਜੁੜਾਂ ਤੇਰੇ ਨਾਲ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜਦ ਜੁੜਾਂ ਤੇਰੇ ਨਾਲ, ਹੁੰਦਾ ਬੜਾ ਈ ਕਮਾਲ।
ਚਾਰੇ ਪਾਸੇ ਖੇੜਾ ਖੇੜਾ, ਪਾਉਣ ਖੁਸ਼ੀਆਂ ਧਮਾਲ।
ਚਿੱਤ ਬੜਾ ਈ ਅਨੰਦ, ਸ਼ਾਂਤ ਸ਼ਾਂਤ ਕਾਇਨਾਤ।
ਸਾਰੇ ਲੱਗਦੇ ਪਿਆਰੇ, ਜਿਨੀ ਤੇਰੀ ਸਭ ਦਾਤ।
ਹੋਰ ਆਵੇ ਨਾ ਵਿਚਾਰ, ਬਸ ਤੇਰਾ ਹੀ ਖਿਆਲ।
ਜਦ ਜੁੜਾਂ ਤੇਰੇ ਨਾਲ, ਹੁੰਦਾ ਬੜਾ ਈ ਕਮਾਲ।
ਉੱਠੇ ਅੰਦਰੋਂ ਪ੍ਰੀਤ, ਤੇਰੇ ਲਿਖੀ ਜਾਵਾਂ ਗੀਤ।
ਪਤਾ ਲਗਦਾ ਨਾ ਕੋਈ, ਵੇਲਾ ਜਾਵੇ ਕਿਵੇਂ ਬੀਤ।
ਗਾਉਂਦੇ ਪੰਛੀਆਂ ਦੇ ਨਾਲ, ਮਿਲ ਜਾਂਦੀ ਸੁਰ ਤਾਲ।
ਜਦ ਜੁੜਾਂ ਤੇਰੇ ਨਾਲ, ਹੁੰਦਾ ਬੜਾ ਈ ਕਮਾਲ।
ਤੇਰਾ ਕਿਨਾ ਏਂ ਪਸਾਰ, ਕਿਨੇ ਰਚੇ ਨੇ ਆਕਾਰ!
ਰੋਜ਼ ਬਦਲਦੇ ਨੇ ਰੰਗ, ਤੈਨੂੰ ਚੜ੍ਹੇ ਨਿਤ ਵਾਰ।
ਵਾਹ ਕਿਆ ਪੱਤਿਆਂ ਦਾ ਨਾਚ, ਨੱਚੇ ਨਾਲ ਡਾਲ ਡਾਲ।
ਜਦ ਜੁੜਾਂ ਤੇਰੇ ਨਾਲ, ਹੁੰਦਾ ਬੜਾ ਈ ਕਮਾਲ।
ਜਦੋਂ ਵਿਹੜੇ ਖਿਲੇ ਧੁੱਪ, ਨ੍ਹੇਰਾ ਜਾਂਦਾ ਕਿਤੇ ਛੁੱਪ।
ਚੰਗੀ ਲਗਦੀ ਏ ਚੁੱਪ, ਆਉਂਦਾ ਤੇਰਾ ਹੀ ਖਿਆਲ।
ਜਦ ਜੁੜਾਂ ਤੇਰੇ ਨਾਲ, ਹੁੰਦਾ ਬੜਾ ਈ ਕਮਾਲ।
ਦਾਤਾ ਏਵੇਂ ਜੋੜੀ ਰੱਖ, ਕਰ ਪਲ ਵੀ ਨਾ ਵੱਖ,
ਤੇਰੇ ਵਿੱਚ ਰਹੇ ਚਿੱਤ, ਪਲ ਫਰਕੇ ਨਾ ਅੱਖ।
ਰੱਖ ਰਤਾ ਵੀ ਨਾ ਪਾਸੇ, ਏਵੇਂ ਅਪਣੇ `ਚ ਢਾਲ।
ਜਦ ਜੁੜਾਂ ਤੇਰੇ ਨਾਲ, ਹੁੰਦਾ ਬੜਾ ਈ ਕਮਾਲ।
(14/02/13)
ਡਾ: ਗੁਰਮੀਤ ਸਿੰਘ ਬਰਸਾਲ
ਸਤਿਕਾਰਿਤ ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!!
ਮੇਰੇ ਲਿਖਣ ਦੀ ਕੀ ਭਾਵਨਾ ਹੈ ਜਾਂ ਤੁਹਾਡੇ ਸਵਾਲ ਦੀ ਕੀ ਭਾਵਨਾਂ ਹੈ ਹੁਣ ਤੱਕ ਸਭ ਜਾਣ ਚੁੱਕੇ ਹਨ
।
ਵੀਰ ਜੀ ਕਿਸੇ ਦੀ ਏਕਤਾ ਅਪੀਲ ਨਾਲ ਜਾਗਰੁਕਾਂ ਵਿੱਚ ਏਕਤਾ ਨਹੀਂ ਹੋਣ ਲੱਗੀ, ਤੁਸੀਂ ਬੇ-ਫਿਕਰ ਰਹੋ
ਜੀ।
ਗੁਰਮੀਤ ਸਿੰਘ ਬਰਸਾਲ
(14/02/13)
ਗੁਰਮੀਤ ਸਿੰਘ (ਸਿੱਡਨੀ ਅਸਟ੍ਰੇਲੀਆ)
ਸ:
ਸੁਰਜਨ ਸਿੰਘ ਜੀ,
ਕੀ ਤੁਸੀਂ ਪ੍ਰਿਥੀਏ, ਮਸੰਦ ਅਤੇ ਧੀਰਮੱਲੀਏ ਨੂੰ ਛੇਕਣ ਵਾਲੇ, ਗੁਰੂ ਗੋਬਿੰਦ ਸਿੰਘ
ਦੇ ਉਸ ਹੁਕਮਨਾਮੇ ਦੇ ਸਰੋਤ ਦੱਸਣ ਦੀ ਖੇਚਲ ਕਰੋਂਗੇ?
ਗੁਰਮੀਤ ਸਿੰਘ (ਸਿੱਡਨੀ ਅਸਟ੍ਰੇਲੀਆ)
(14/02/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੀ
ਸਦਕੇ
ਦਲਵਿੰਦਰ ਸਿੰਘ ਗ੍ਰੇਵਾਲ
ਸਾਨੂੰ ਅਪਣੇ ਕੋਲ ਬੁਲਾਇਆ, ਜੀ ਸਦਕੇ।
ਫੜਕੇ ਅਪਣੇ ਪਾਸ ਬਿਠਾਇਆ, ਜੀ ਸਦਕੇ।
ਘੁਟਕੇ ਅਪਣੇ ਗਲ ਨਾਲ ਲਾਇਆ, ਜੀ ਸਦਕੇ।
ਮੋਹ-ਮਾਇਆ ਦਾ ਹੋਸ਼ ਭੁਲਾਇਆ, ਜੀ ਸਦਕੇ।
ਮਨ ਦਾ ਹਰਿਕ ਵਿਚਾਰ ਮਿਟਾਇਆ, ਜੀ ਸਦਕੇ।
ਆਨੰਦ ਦਾ ਪਰਵਾਹ ਵਰਸਾਇਆ, ਜੀ ਸਦਕਾ।
ਤੂੰ ਹੀ ਤੂੰ ਏਂ ਬਸ ਦਿਸ ਆਇਆ, ਜੀ ਸਦਕੇ।
ਏਵੇਂ ਹੀ ਹਰ ਰੱਖ ਨਾਲ ਮਿਲਾਇਆ, ਜੀ ਸਦਕਾ।
(14/02/13)
ਸਤਨਾਮ ਕੌਰ ਫਰੀਦਾਬਾਦ
ਜਦ
ਚਿੱਤਰਕਾਰ ਅਨੀਰੁੱਧ ਸਾਈਨਾਥ ਦੀਆਂ ਬਣਾਈਆਂ ਅਸ਼ਲੀਲ ਤਸਵੀਰਾਂ `ਤੇ ਰੋਕ ਲਗ ਸਕਦੀ ਹੈ ਤਾਂ ਫਿਰ
ਅਖੌਤੀ ਦਸਮ ਗ੍ਰੰਥ `ਤੇ ਕਿਉਂ ਨਹੀਂ? : ਸ. ਉਪਕਾਰ ਸਿੰਘ ਫਰੀਦਾਬਾਦ
ਦਸਮ ਗ੍ਰੰਥ ਮੁਤਾਬਕ: ਗੁਰੂ ਗੋਬਿੰਦ ਸਿੰਘ ਜੀ ਚੋਰ, ਪੱਗਾਂ
ਵੇਚਣ ਵਾਲਾ ਲੁਟੇਰਾ ਅਤੇ ਗਰੀਬਾਂ ਦਾ ਖੂਨ ਚੁਸਣ ਵਾਲਾ: ਸ. ਸੁਖਦੇਵ ਸਿੰਘ ਮੌਹਾਲੀ
(੧੪ ਫਰਵਰੀ ੨੦੧੩: ਸਤਨਾਮ ਕੌਰ ਫਰੀਦਾਬਾਦ)
ਅਨਿਰੁੱਧ ਸਾਈਨਾਥ ਜੀ! ਸਿਰਫ ਕਾਲੀਦਾਸ ਦੀ ਪੁਸਤਕ ਵਿੱਚ ਹੀ ਨਹੀਂ, ਕਵੀ ਰਾਮ, ਸਿਆਮ
ਦੇ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਵਿੱਚ ਵੀ ਹਿੰਦੂ ਦੇਵੀ ਦੇਵਤਾਵਾਂ ਦੇ ਅਸ਼ਲੀਲ ਚਿੱਤਰਾਂ ਦਾ
ਜ਼ਿਕਰ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ.
ਉਪਕਾਰ ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਜਦ ਚਿੱਤਰਕਾਰ ਅਨੀਰੁੱਧ ਸਾਈਨਾਥ ਦੀ ਬਣਾਈਆਂ
ਅਸ਼ਲੀਲ ਤਸਵੀਰਾਂ `ਤੇ ਰੋਕ ਲਗ ਸਕਦੀ ਹੈ ਤਾਂ ਫਿਰ ਅਖੌਤੀ ਦਸਮ ਗ੍ਰੰਥ `ਤੇ ਕਿਉਂ ਨਹੀਂ? ਜ਼ਿਕਰਯੋਗ
ਹੈ ਕਿ ਪਿਛਲੇਂ ਦਿਨੀਂ ੩ ਫਰਵਰੀ ੨੦੧੩ ਨੂੰ ਬੈਂਗਲੌਰ ਵਿਖੇ ਚਿੱਤਰ ਕਲਾ ਪਰਿਸ਼ਦ ਵੱਲੋਂ ਲਾਈ
ਪ੍ਰਦਰਸ਼ਨੀ (ਜਿਸ ਦੀ ਵੀਡੀਉ ਯੂ-ਟਿਉਬ `ਤੇ ਵੀ ਪਈ ਹੈ) ਵਿੱਚ ਦਿੱਲੀ ਦੇ ਉਭਰਦੇ ਚਿੱਤਰਕਾਰ
ਅਨੀਰੁੱਧ ਸਾਈਨਾਥ ਨੇ ਨਿਉਡ ਦੇਵੀ ਦੇਵਤਾਵਾਂ ਦੇ ਚਿੱਤਰਾਂ ਦੀ ਪ੍ਰਦਰਸ਼ਨੀ ਲਾਈ ਜਿਸ ਵਿੱਚ ਸ਼ਿਵ
ਪਾਰਵਤੀ ਤੇ ਕਾਲੀ ਦੀਆਂ ਕੁੱਝ ਨੰਗੇਜ ਤਸਵੀਰਾਂ ਵੀ ਪੇਸ਼ ਕੀਤੀਆਂ। ਉਸ ਤੋਂ ਬਾਦ ਤਸਵੀਰਾਂ ਨੂੰ
ਪ੍ਰਦਰਸ਼ਨੀ ਤੋਂ ਹਟਾਉਣ ਲਈ ਚਿੱਤਰਕਾਰ ਅਨੀਰੁੱਧ ਨੂੰ ਬਜਰੰਗ ਦਲ, ਸ਼ਿਵ ਸੈਨਾ, ਵਿਸ਼ਵ ਹਿੰਦੂ ਪਰਿਸ਼ਦ
ਅਤੇ ਆਰ. ਐਸ. ਐਸ. ਦੇ ਕਾਰਕੁਨਾਂ ਵੱਲੋਂ ਧਮਕੀਆਂ ਮਿਲਣ ਲੱਗੀਆਂ ਅੰਤ ਪੁਲਿਸ ਦੀ ਸਹਾਇਤਾ ਲੈਂਦਿਆਂ
ਤਸਵੀਰਾਂ ਨੂੰ ਪ੍ਰਦਰਸ਼ਨੀ ਤੋਂ ਹਟਾ ਦਿੱਤਾ ਗਿਆ। ਅਪਣਾ ਪੱਖ ਰਖਦਿਆਂ ਅਨੀਰੁੱਧ ਨੇ ਦਸਿਆ ਕਿ ਉਸਨੇ
ਜੋ ਦੇਵੀ ਦੇਵਤਾਵਾਂ ਦੀਆਂ ਨੰਗੇਜ ਤਸਵੀਰਾਂ ਬਣਾਈਆਂ ਹਨ ਅਜਿਹਾ ਕੁੱਝ ਛੇਵੀਂ ਸ਼ਤਾਬਦੀ ਵਿੱਚ
ਸੰਸਕ੍ਰਿਤ ਦੇ ਵਿਦਵਾਨ ਕਾਲੀਦਾਸ ਨੇ ਵੀ ਅਪਣੀ ਪੁਸਤਕ ਵਿੱਚ ਲਿਖਿਆ ਹੈ। ਸ. ਉਪਕਾਰ ਸਿੰਘ ਨੇ ਕਿਹਾ
ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਲੋਕ ਆਪਣੇ ਦੇਵੀ ਦੇਵਤਾਵਾਂ ਦੀਆਂ ਵਾਸਤਵਕ ਅਸ਼ਲੀਲ
ਤਸਵੀਰਾਂ ਦੇ ਪ੍ਰਦਰਸ਼ਨ `ਤੇ ਤਾਂ ਰੋਕ ਲਾਉਂਦੇ ਹਨ ਪਰ ਉਹੀ ਲੋਕ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ
ਹੇਠ ਅਖੌਤੀ ਦਸਮ ਗ੍ਰੰਥ/ਬਚਿੱਤਰ ਨਾਟਕ ਵਿੱਚ ਭਰੀ ਅਸ਼ਲੀਲਤਾ ਦਾ ਪ੍ਰਚਾਰ ਕਰਕੇ ਗੁਰੂ ਗੋਬਿੰਦ ਸਿੰਘ
ਜੀ ਦੀ ਸ਼ਖਸੀਅਤ ਨੂੰ ਗੰਧਲਾ ਕਰਨ ਵਿੱਚ ਮੋਹਰੀ ਰੋਲ ਨਿਭਾ ਰਹੇ ਹਨ ਅਤੇ ਇੰਨ੍ਹਾਂ ਹੀ ਲੋਕਾਂ ਦੇ
ਹੱਥਠੋਕੇ ਸਿੱਖੀ ਸਰੂਪ ਵਾਲੇ ਹਨ, ਜਿੰਨ੍ਹਾਂ ਵਿੱਚ ਕੁੰਭ ਦੇ ਮੇਲੇ ਵਿੱਚ ਸ਼ਿਰਕਤ ਕਰਣ ਵਾਲੀ
ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੌਮਣੀ ਕਮੇਟੀ, ਬਿਕਰਮੀ ਕੈਲੰਡਰ ਨੂੰ ਨਾਨਕਸ਼ਾਹੀ ਦਾ ਨਾਂ ਦੇ ਕੇ
ਅਕਾਲ ਤਖ਼ਤ ਤੋਂ ਜਾਰੀ ਕਰਣ ਵਾਲੇ ਤਖ਼ਤਾਂ ਦੇ ਜੱਥੇਦਾਰ, ਸੰਤ ਸਮਾਜ, ਦਮਦਮੀ ਟਕਸਾਲ ਅਤੇ ਨਿਹੰਗ
ਜੱਥੇਬੰਦੀਆਂ ਆਦਿ ਸ਼ਾਮਲ ਹਨ। ਸ਼੍ਰੋਮਣੀ ਸਿੱਖ ਸਮਾਜ ਮੌਹਾਲੀ ਦੇ ਆਗੂ ਸ. ਸੁਖਦੇਵ ਸਿੰਘ ਮੌਹਾਲੀ ਨੇ
ਕਿਹਾ ਕਿ ਜਿਸ ਅਸ਼ਲੀਲ ਬਚਿੱਤਰ ਨਾਟਕ /ਅਖੌਤੀ ਦਸਮ ਗ੍ਰੰਥ ਨੂੰ ਇਹ ਲੋਕ ਗੁਰੂ ਗੋਬਿੰਦ ਸਿੰਘ ਜੀ ਦੀ
ਰਚਨਾ ਸਾਬਤ ਕਰਨਾ ਚਾਹੁੰਦੇ ਹਨ ਅਸਲ ਵਿੱਚ ਉਹ ਸਾਕਤ ਮਤੀਏ ਕਵੀ ਰਾਮ ਸਿਆਮ ਦੀਆਂ ਰਚਨਾਵਾਂ ਹਨ ਜੋ
ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਨਾਲ ਮੇਲ ਨਹੀਂ ਖਾਂਦੀਆਂ। ਇਹ ਗ੍ਰੰਥ ਦੇਵੀ ਦੇਵਤਾਵਾਂ ਅਤੇ
ਅਵਤਾਰਵਾਦ ਨੂੰ ਮੰਨਦਾ ਹੈ। ਹਰ ਪ੍ਰਕਾਰ ਦੇ ਨਸ਼ੇ ਮਦਿਰਾ, ਭੰਗ, ਬੀੜੀ, ਅਫੀਮ, ਪੋਸਤ ਪੀਣ ਦੀ
ਇਜ਼ਾਜ਼ਤ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਜੋ ਨਸ਼ੇ ਨਹੀਂ ਕਰੇਗਾ ਉਹ ਕੁੱਤੇ ਦੀ ਮੌਤ ਮਰੇਗਾ। ਕਵੀ
ਭੁਲਣਹਾਰ ਹੈ, ਉਹ ਸਿੱਖਾਂ ਨੂੰ ਲਵ ਕੁਸ਼ ਦੀ ਔਲਾਦ ਦਸਦਾ ਹੈ, ਸਿੱਖ ਇਤਿਹਾਸ ਦੀਆਂ ਮਹਤਵਪੂਰਨ
ਘਟਨਾਵਾਂ ਦਾ ਜ਼ਿਕਰ ਕਰਨਾ ਵੀ ਭੁੱਲ ਗਿਆ ਅਤੇ ਇਤਿਹਾਸ ਦੇ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਦਾ
ਹੈ। ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਚੋਰ, ਪੱਗਾਂ ਵੇਚਣ ਵਾਲਾ ਲੁਟੇਰਾ ਅਤੇ ਗਰੀਬਾਂ ਦਾ ਖੂਨ
ਚੁਸਣ ਵਾਲਾ ਲਿਖਦਾ ਹੈ, ਇਸ ਗ੍ਰੰਥ ਦੇ ਇਸ਼ਟ ਸਰਬਕਾਲ/ਮਹਾਕਾਲ ਅਤੇ ਦੇਵੀ ਕਾਲਕਾ (ਸ਼ਿਵਾ, ਭਗੌਤੀ)
ਹਨ। ਜੋ ਮਦਿਰਾ ਮਾਂਸ ਦਾ ਸੇਵਨ ਕਰਦੇ ਹਨ। ਉਨ੍ਹਾਂ ਦਸਿਆ ਕਿ ਇਸ ਗ੍ਰੰਥ ਦੀ ਵੱਡ-ਆਕਾਰੀ ਰਚਨਾ
ਚਰਿਤਰੋਪਖਿਆਨ ਧੀਆਂ-ਭੈਣਾਂ ਦਾ ਅਪਮਾਨ ਕਰਦੀ ਹੈ ਉਸ ਵਿੱਚ ਇੰਨ੍ਹੀ ਅਸ਼ਲੀਲਤਾ ਭਰੀ ਹੈ ਕਿ ਇਸਨੂੰ
ਕੱਲੇ ਬਹਿ ਕੇ ਵੀ ਨਹੀਂ ਪੜਿਆ ਜਾ ਸਕਦਾ ਪਰ ਸ਼ਾਬਾਸ਼ੇ, ਉਨ੍ਹਾਂ ਬੇਸ਼ਰਮਾਂ ਨੂੰ ਜੋ ਇਨ੍ਹੇ ਨਿਰਲੱਜ
ਅਤੇ ਬੇਸ਼ਰਮ ਹਨ ਕਿ ਉਹ ਇਸ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਨਾਲ ਜੋੜਦੇ ਹਨ।
(13/02/13)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਡਾ. ਗੁਰਮੀਤ ਸਿੰਘ ਬਰਸਾਲ ਜੀ
ਸਤਿ ਸ਼੍ਰੀ ਅਕਾਲ!
ਜਾਗਰੂਕ ਸੱਜਣ ਕਿਸੇ ਵੀ ਸਮੇਂ, ਕਿਸੇ ਵੀ ਕੌਮ ਲਈ ਮਹੱਤਵਪੁਰਨ ਹੁੰਦੇ ਹਨ।
ਵਿਸ਼ੇਸ਼ ਰੂਪ ਵਿੱਚ ਉਸ ਵੇਲੇ ਜਿਸ ਵੇਲੇ ਕਿ ਜਾਗਰੂਕ ਸੱਜਣ ਧਾਰਮਕ ਚਿੰਤਨ/ਸਮਾਜ ਨਾਲ ਵਾਬਸਤਾ ਹੋਂਣ।
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਹਿਲਾ ਪੰਥਕ ਉਪਦੇਸ਼,
‘ਇਕ ਪੰਥ’
ਦਾ ਸਿਧਾਂਤ ਹੈ। ਇਸ ਲਈ ਜ਼ਾਹਰ ਹੈ ਕਿ ਜਾਗਰੂਕਾਂ
ਦੇ ਨਾਲ-ਨਾਲ ਸਾਰੇ ਪੰਥ ਵਿੱਚ ਵੀ ਏਕੇ ਦੀ ਭਾਵਨਾ ਪ੍ਰਬਲ ਰਹਿਣੀ ਚਹੀਦੀ ਹੈ। ਗੁਰਮਤਿ ਦੇ ਇਸ ਭਾਵ
ਦਾ ਪਾਲਨ ਜਾਗਰੂਕ ਧਿਰ ਇੱਕ ਹੋ ਕੇ ਕਰ ਸਕਦੇ ਹਨ। ਇਸ ਲਈ ਮੈਂ ਆਪ ਜੀ ਦੇ ਇਸ ਵਿਚਾਰ ਨਾਲ ਸਹਿਮਤ
ਹਾਂ ਕਿ ਜਾਗਰੂਕ ਸੱਜਣਾ ਵਿੱਚ ਵਿਚਾਰਕ ਏਕਤਾ ਹੋਂਣੀ ਚਾਹੀਦੀ ਹੈ। ਆਪ ਜੀ ਦੀ ਭਾਵਨਾ ਕਦਰ ਯੋਗ ਹੈ।
ਪਰ ਆਪ ਜੀ ਵਲੋਂ ਹੇਠ ਲਿਖੀਆਂ ਪੰਗਤਿਆਂ ਕਾਰਨ ਕੁੱਝ ਅਸਮੰਜਸ ਜਿਹਾ ਉੱਤਪੰਨ ਹੋਇਆ ਹੈ। ਆਪ ਜੀ ਨੇ
ਲਿਖਿਆ ਹੈ:-
“ਕਈ ਜਾਗਰੁਕ ਗਰੁੱਪ ਇੱਕ ਹੀ ਝਟਕੇ ਖਰੇ ਸੱਚ ਦੇ ਹਾਮੀ ਹਨ ਜਦ ਕਿ ਕਈ
ਗਰੁੱਪ ਇਸ ਉਲਝੀ ਤਾਣੀ ਲਈ ਪੜਾਅ ਵਾਰ ਚੱਲਣਾ ਜਿਆਦਾ ਅਸਰਦਾਰ ਸਮਝਦੇ ਹਨ। ਦੋਨੋ ਤਰਾਂ ਦੇ ਗਰੁੱਪ
ਸਾਂਝੀ ਮੰਜਿਲ ਹੁੰਦਿਆਂ ਇਕ ਦੂਜੇ ਦੀ ਨੀਤੀ ਨੂੰ ਸਮਝਦੇ ਹੋਏ ਵੀ ਇਕ ਦੂਜੇ ਦੀ ਵਿਰੋਧਤਾ ਕਰਕੇ
ਡੇਰਾਦਾਰਾਂ ਦਾ ਕੰਮ ਆਸਾਨ ਕਰੀ ਜਾ ਰਹੇ ਹਨ”
(ਆਪ ਜੀ ਦਾ ਲੇਖ “ਜਾਗਰੂਕਾਂ ਦੀ
ਏਕਤਾ” )
ਵੀਰ ਜੀ ਆਪ ਜੀ ਨੇ ਉਪਰੋਕਤ ਪੰਗਤੀਆਂ ਵਿੱਚ ਦੋ ਤਰਾਂ ਦੇ ਜਾਗਰੂਕ ਗਰੁੱਪਾਂ
ਦੇ ਹੋਂਣ ਦੀ ਗਲ ਲਿਖੀ ਹੈ।
(1) ਇੱਕ ਹੀ ਝੱਟਕੇ ਖਰੇ ਸੱਚ ਦੇ ਹਾਮੀ! (2) ਪੜਾਅ ਵਾਰ ਚਲਣ ਵਾਲੇ!
ਆਪ ਜੀ ਦਾ ਕਹਿਣਾ ਹੈ ਕਿ ਇਨ੍ਹਾਂ ਦੋਵੇਂ ਗਰੁੱਪਾਂ ਦੀ
‘ਮੰਜਿਲ ਸਾਂਝੀ’ ਹੈ ਅਤੇ ਇਹ ‘ਇਕ ਦੂਜੇ ਦੀ ਨੀਤੀ’ ਨੂੰ ਵੀ ਸਮਝਦੇ ਹਨ।
ਵੀਰ ਬਰਸਾਲ ਜੀਉ, ਆਪ ਜੀ ਵਲੋਂ ਲਿਖਿਆ ਉਪਰੋਕਤ ਪੈਰਾ ਜਾਗਰੂਕ ਏਕਤਾ ਦੇ
ਭਵਿੱਖ ਦੇ ਸੰਧਰਭ ਵਿੱਚ ਬੜਾ ਮਹੱਤਵ ਪੁਰਨ ਹੈ। ਵਿਸ਼ੇਸ਼ਰੂਪ ਵਿੱਚ ਉਸ ਵੇਲੇ, ਜਿਸ ਵੇਲੇ ਕਿ ਆਪ ਜੀ
ਨੂੰ ਸਾਰੇ ਜਾਗਰੂਕ ਸੱਜਣਾਂ ਵਿੱਚ ‘ਨੀਤੀਗਤ ਸਮਝ’ ਅਤੇ ‘ਮੰਜਿਲ’ ਇਕੋ ਜਿਹੀ ਨਜ਼ਰ ਆ ਰਹੀ ਹੋਵੇ।
ਇਥੇ ਦੋ ਸਥਿਤੀਆਂ ਨੂੰ ਵਿਚਾਰਨਾ ਜ਼ਰੂਰੀ ਹੈ।
ਪਹਿਲੀ ਇਹ ਕਿ, ਕੁੱਝ ਜਾਗਰੂਕ ਅਖਵਾਉਂਦੇ ਵੀਰਾਂ ਲਈ ਗੁਰੂ ਸਾਹਿਬਾਨ ਅਤੇ
ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦੀ ਪਦਵੀ ਤੋਂ ਹਟਾਉਂਣਾ ਅਤੇ ਉਸ ਨੂੰ ਪੁਸਤਕ ਦਾ ਦਰਜਾ
ਦੇਂਣਾ ਵੀ
“ਖਰਾ ਸੱਚ”
ਅਤੇ
‘ਮੰਜਿਲ’
ਹੈ।
ਦੂਜੀ ਇਹ ਕਿ, ਕੁੱਝ ਜਾਗਰੂਕ ਅਖਵਾਉਂਦੇ ਸੱਜਣਾਂ ਦੀ
‘ਮੰਜਿਲ’
‘ਪੜਾਅ ਵਾਰ’ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਵਿਚੋਂ
ਭਗਤਾਂ-ਭੱਟਾਂ ਦੀ ਬਾਣੀ ਅਤੇ ਫਿਰ ਗੁਰੂ ਨਾਨਕ ਤੋਂ ਛੁੱਟ ਬਾਕੀ ਗੁਰੂਆਂ ਦੀ ਬਾਣੀ ਬਾਹਰ ਕਰਕੇ,
ਗੁਰੂ ਨਾਨਕ ਜੀ ਦੀ ਬਾਣੀ ਵੀ ਵਿਵਾਦਤ ਕਰਨਾ ਹੈ। ਇਹ ਸਭ ਗੁਰੂ ਨੂੰ ਵਿਵਾਦਤ ਕਰਨ ਦੇ ਸਿਲਸਿਲੇ ਹਨ।
ਵੀਰ ਬਰਸਾਲ ਜੀ ਇਸ ਲਈ ਆਪ ਜੀ ਤੋਂ ਸਿਧਾ ਸਵਾਲ ਹੈ ਕਿ:-
ਕੀ ਉਪਰੋਕਤ ਕਥਿਤ “ਖਰੇ ਸੱਚ” ਵੀ ਸਾਰੇ ਜਾਗਰੂਕਾਂ ਦੀ “ਸਾਂਝੀ ਮੰਜਿਲ”
ਅਤੇ ਉਸਦੀ ਪ੍ਰਾਪਤੀ ਦੀ “ਨੀਤੀ” ਹਨ? ਜੇ ਕਰ ਨਹੀਂ ਤਾਂ ਆਪ ਜੀ ਐਸੇ ਸੱਜਣਾਂ ਨੂੰ ਕਿਸ ਗਰੁੱਪ
ਵਿੱਚ ਸ਼ੂਮਾਰ ਕਰਦੇ ਹੋ? ਆਪਣੇ ਵਲੋਂ ਦਰਸਾਏ ‘ਪਹਿਲੇ’ ਜਾਂ ਫ਼ਿਰ ‘ਦੂਜੇ’ ਗਰੁੱਪ ਵਿਚ? ਜਾਂ ਫ਼ਿਰ
ਦੋਹਾਂ ਤੋਂ ਬਾਹਰ?
ਆਪ ਜੀ ਵਲੋਂ ਜਵਾਬ ਦੀ ਉਡੀਕ ਵਿਚ।
ਹਰਦੇਵ ਸਿੰਘ, ਜੰਮੂ-13. 2. 2013
(13/02/13)
ਸੁਰਜਨ ਸਿੰਘ
ਕੁੱਝ ਪ੍ਰਚਾਰਕਾਂ ਬਾਰੇ
05- 02-2013 ਨੂੰ ਖ਼ਾਲਸਾ ਨਿਊਜ਼ ਤੇ ਛਾਪੇ ਪ੍ਰੋ. ਇੰਦਰ ਸਿੰਘ ਘੱਗਾ ਜੀ ਦੇ
‘ਹੁਕਮਨਾਮਿਆਂ ਬਾਰੇ ਤੱਥ’ ਲੇਖ ਥੱਲੇ ਸੰਪਾਦਕ ਖ਼ਾਲਸਾ ਨਿਊਜ਼ ਦੀ ਟਿੱਪਣੀ ਇਸਤਰ੍ਹਾਂ ਹੈ: “ਪ੍ਰੋ.
ਇੰਦਰ ਸਿੰਘ ਜੀ ਘੱਗਾ ਜੀ, ਆਪ ਜੀ ਵਲੋਂ ਸਾਰੇ ਸਵਾਲ ਕੀਤੇ ਜਾਇਜ਼ ਹਨ, ਜਿਨ੍ਹਾਂ ਦਾ ਜਵਾਬ ਕਿਸੇ
ਨਹੀਂ ਦੇਣਾ………ਸਾਨੂੰ ਤੁਹਾਡੀ ਕਰੈਡਿਬਿਲਟੀ ਤੇ ਕੋਈ ਸ਼ੱਕ ਨਹੀਂ, ਪਰ ਸਾਡੇ ਵਲੋਂ ਆਪ ਜੀ ਨੂੰ ਇੱਕ
ਸਵਾਲ ਹੈ: ਗੁਰਚਰਨ ਸਿੰਘ ਜਿਊਣਵਾਲੇ ਨਾਲ ਆਪ ਜੀ ਦਾ ਕੀ ਸੰਬੰਧ ਹੈ? ਕੀ ਤੁਸੀਂ ਉਸ ਦੇ ਵਿਚਾਰਾਂ
ਨਾਲ ਸਹਿਮਤ ਹੋ? ਜੇ ਨਹੀਂ ਤਾਂ ਉਸ ਵਰਗੇ ਨਾਸਤਿਕ ਨਾਲ ਤੁਹਾਡੀ ਕੀ ਸਾਂਝ ਹੈ? ਜਵਾਬ ਦੀ ਉਡੀਕ’ ਚ
ਸੰਪਾਦਕ ਖ਼ਾਲਸਾ ਨਿਊਜ਼”। ਘੱਗਾ ਜੀ ਵਲੋਂ ਦਿੱਤੇ ਜਵਾਬ 09-02-2013 ਨੂੰ ਖ਼ਾਲਸਾ ਨਿਊਜ਼ ਨੇ ‘ਪ੍ਰੋ.
ਇੰਦਰ ਸਿੰਘ ਘੱਗਾ ਵਲੋਂ ਖ਼ਾਲਸਾ ਨਿਊਜ਼ ਨੂੰ ਸਵਾਲ ਨਾਮਾ ਜਵਾਬ’ ਸਿਰਲੇਖ ਥੱਲੇ ਛਾਪੇ ਹਨ। ਘੱਗਾ ਜੀ
ਦੇ ਜਵਾਬ ਇਸਤਰ੍ਹਾਂ ਹਨ: “ਕੀ ਮੈਂ ਆਪ ਜੀ ਦਾ ਗੁਲਾਮ ਹਾਂ ਜੋ ਤੁਹਾਡੀਆਂ ਗੱਲਾਂ ਦਾ ਜਵਾਬ ਦੇਵਾਂ?
ਕਿਸ ਹਸੀਅਤ ਵਿੱਚ ਮੇਰੇ ਕੋਲੋਂ ਜਵਾਬ ਤਲਬੀ ਕਰ ਰਹੇ ਹੋ? ਕੀ ਇਹ ਖ਼ਾਲਸਾ ਨਿਊਜ਼ ਵਾਲੇ ਜਾਂ ਕੋਈ ਹੋਰ
ਤਹਿ ਕਰੇਗਾ ਕਿ ਮੈਂ ਕੀਹਦੇ ਨਾਲ ਸਾਂਝ ਰਖਣੀ ਹੈ ਜਾਂ ਕਿਹੜੇ ਵਿਚਾਰ ਨਾਲ ਸਹਿਮਤੀ?” ਮੇਰੇ ਵਿਚਾਰ
ਵਿੱਚ ਘੱਗਾ ਜੀ ਨੂੰ ਖ਼ਾਲਸਾ ਨਿਊਜ਼ ਵਲੋਂ 05-02-2013 ਨੂੰ ਘੱਗਾ ਜੀ ਨਾਲ ਜਤਾਈ ਸਹਿਮਤੀ ਅਤੇ ਘੱਗਾ
ਜੀ ਦੀ ਕਰੈਡਿਬਿਲਟੀ (credibility )
ਤੇ ਸ਼ੱਕ ਨਾਂ ਹੋਣਾ ਚੰਗਾ ਨਹੀਂ ਲਗਾ। ਜੇ ਘੱਗਾ ਜੀ ਨੂੰ ਚੰਗਾ ਨਹੀਂ ਲਗਿਆ ਤਾਂ ਘੱਗਾ ਜੀ ਦੇ ਜਵਾਬ
ਖ਼ਾਲਸਾ ਨਿਊਜ਼ ਨੂੰ ਵੀ ਚੰਗੇ ਨਹੀਂ ਲਗੇ। ਖ਼ੈਰ ਇਹ ਉਹਨਾਂ ਦੁਹਾਂ ਧਿਰਾਂ ਦੀ ਆਪਸਦਾਰੀ ਦਾ ਮਾਮਲਾ
ਹੈ। ਖ਼ਾਲਸਾ ਨਿਊਜ਼ ਨੇ ਘੱਗਾ ਜੀ ਨੂੰ ਤਾਕੀਦ ਤਾਂ ਕਰ ਹੀ ਦਿੱਤੀ ਹੈ ਕਿ ਗੁਰਬਾਣੀ ਦੀਆਂ ਤੁਕਾਂ ਸੋਚ
ਸਮਝ ਕੇ ਵਰਤਿਆ ਕਰਨ। ਅੱਜਕਲ ਸਿੱਖ ਵਿਦਵਾਨਾਂ ਵਿੱਚ ਆਪਣਾ ਨਿਜੀ ਖ਼ਿਆਲ ਸਿੱਧ ਕਰਨ ਲਈ ਗੁਰਬਾਣੀ ਦੀ
ਤੁਕ ਦਾ ਹਵਾਲਾ ਦੇਣਾ ਆਮ ਪ੍ਰਚੱਲਿਤ ਹੈ। ਹੋ ਇਹ ਰਿਹਾ ਹੈ ਕਿ ਬਹੁਤੇ ਵਿਦਵਾਨ ਆਪਣੀ ਮਤਿ ਨੂੰ
ਗੁਰਬਾਣੀ ਦੇ ਭਾਵ ਅਰਥ ਦੇ ਪਿਛੇ ਚਲਾਉਣ ਦੀ ਬਜਾਏ ਗੁਰਬਾਣੀ ਦੀ ਤੁਕ ਨੂੰ ਆਪਣੀ ਮਤਿ ਦੇ ਪਿਛੇ
ਚਲਾਉਣ ਦੀ ਕੋਸ਼ਿਸ਼ ਕਰਦੇ ਹਨ। ਗੁਰਬਾਣੀ ਦੀ ਤੁਕ ਨੂੰ ਸੋਚ ਸਮਝ ਕੇ ਵਰਤਣ ਦੀ ਨਸੀਹਤ ਨੂੰ ਜੇ ਸਿੱਖ
ਵਿਦਵਾਨ ਮੰਨ ਲੈਣ ਤਾਂ ਸਿੱਖ ਜਗਤ ਵਿੱਚ ਪਾਈਆਂ ਗਈਆਂ ਕਾਫ਼ੀ ਗਲਤਫ਼ਹਿਮੀਆਂ ਦੂਰ ਹੋ ਸਕਦੀਆਂ ਹਨ।
ਘੱਗਾ ਜੀ ਆਪਣੇ ਲੇਖ ਵਿੱਚ ਲਿਖਦੇ ਹਨ “ਗੁਰੂ ਕਾਲ ਸਮੇਂ ਕਿਸੇ ਵਿਅਕਤੀ ਵਿਰੁੱਧ ਗੁਰੂ ਸਾਹਿਬ ਨੇ
ਹੁਕਮਨਾਮੇ ਜਾਰੀ ਨਹੀਂ ਕੀਤੇ”। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖ਼ਾਲਸਾ ਸਾਜ਼ ਕੇ ਹੁਕਮ ਕੀਤਾ
ਮੀਣੇ (ਪ੍ਰਿਥੀਏ), ਮਸੰਦ, ਧੀਰਮੱਲੀਆਂ ਨਾਲ ਨਹੀਂ ਵਰਤਨਾ। ਕੀ ਇਹ ਹੁਕਮਨਾਮਾ ਨਹੀਂ ਹੈ? ਇਹ
ਹੁਕਮਨਾਮਾ ਹੀ ਹੈ। ਘੱਗਾ ਜੀ ਇਹ ਵੀ ਆਖਦੇ ਹਨ ਕਿ ਅਕਾਲ ਤਖ਼ਤ ਤੇ ਨਿਯੁਕਤ ਜੱਥੇਦਾਰ ਘੱਟ ਪੜ੍ਹੇ
ਲਿਖੇ ਹੋਣ ਕਰਕੇ ਗ਼ਲਤੀਆਂ ਕਰਦੇ ਹਨ। ਘੱਗਾ ਜੀ ਪੜ੍ਹੇ ਲਿਖੇ ਹਨ, ਪ੍ਰੋਫੈਸਰ ਹਨ, ਪ੍ਰਚਾਰਕ ਹਨ।
ਇਹਨਾਂ ਨੂੰ ਅਕਾਲ਼ ਤਖ਼ਤ ਦਾ ਜੱਥੇਦਾਰ ਬਣਾ ਦਿੱਤਾ ਜਾਏ ਤਾਂ ਇਹਨਾਂ ਦੀ ਕਾਰਗੁਜ਼ਾਰੀ ਬਤੌਰ ਅਕਾਲ ਤਖ਼ਤ
ਜੱਥੇਦਾਰ ਕਿਹੋ ਜਿਹੀ ਹੋਵੇਗੀ ਇਹ ਇਹਨਾਂ ਦੇ ਖ਼ਾਲਸਾ ਨਿਊਜ਼ ਨੂੰ ਦਿੱਤੇ ਜਵਾਬਾਂ ਤੋਂ ਡੁਲ੍ਹ-ਡੁਲ੍ਹ
ਪੈਂਦੀ ਹੈ।
ਸੁਰਜਨ ਸਿੰਘ +919041409041
ਆਓ ੧੩ ਤਰੀਖ ਨੂੰ ਸ਼ਰੇਆਮ ਕਾਲਾ
ਦਿਵਸ ਐਲਾਨ ਕਰੀਏ ।
ਕਮਲਜੀਤ ਸਿੰਘ ਅਟਵਾਲ
(13/02/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮਿਹਰ
ਸਭ ਉਸਦੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜਨ ਕੀ ਪਾਣੀਹਾਰ, ਮਿਹਰ ਸਭ ਉਸਦੀ।
ਕਿਸ ਗਲ ਦਾ ਹੰਕਾਰ, ਮਿਹਰ ਸਭ ਉਸਦੀ।
ਤਨ ਵੀ ਉਸਦਾ, ਮਨ ਵੀ ਉਸਦਾ।
ਇਹ ਸਭ ਮਾਇਆ, ਧਨ ਵੀ ਉਸਦਾ।
ਸਭ ਰਚਿਆ ਕਰਤਾਰ, ਮਿਹਰ ਸਭ ਉਸਦੀ।
ਜਨ ਕੀ ਪਾਣੀਹਾਰ, ਮਿਹਰ ਸਭ ਉਸਦੀ।
ਨਾ ਲੈ ਆਇਆ, ਨਾ ਲੈ ਜਾਣਾ।
ਜੋ ਰਚਿਆ ਏਥੇ ਰਹਿ ਜਾਣਾ।
ਕਰ ਕੇ ਦੇਖ ਵਿਚਾਰ, ਮਿਹਰ ਸਭ ਉਸਦੀ।
ਜਨ ਕੀ ਪਾਣੀਹਾਰ, ਮਿਹਰ ਸਭ ਉਸਦੀ।
ਉਸ ਦੀਆਂ ਦਾਤਾਂ ਅੰਤ ਨਾ ਕੋਈ।
ਜਿਸ ਨੂੰ ਲਾ ਹੱਥ ਉਸ ਦੀ ਸੋਈ।
ਜਨ ਕੀ ਪਾਣੀਹਾਰ, ਮਿਹਰ ਸਭ ਉਸਦੀ।
ਬੰਦਾ ਤਾਂ ਕਿਰਦਾਰ, ਮਿਹਰ ਸਭ ਉਸਦੀ।
ਉਹ ਦੇਵੇ ਤਾਂ ਮੌਜ ਮਨਾਵਾਂ।
ਉਸ ਦਿਤੇ ਤੇ ਕਿਉਂ ਇਤਰਾਵਾਂ।
ਮਾਇਆ ਝੂਠ ਪਸਾਰ, ਮਿਹਰ ਸਭ ਉਸਦੀ।
ਜਨ ਕੀ ਪਾਣੀਹਾਰ, ਮਿਹਰ ਸਭ ਉਸਦੀ।
ਕਿਉਂ ਰੋਂਵਾਂ ਜੇ ਉਹ ਲੈ ਜਾਵੇ।
ਉਹ ਦੇਵੇ ਤੇ ਖੇਡ ਖਿਡਾਵੇ।
ਖੇਡ ਹੈ ਕੁਲ ਸੰਸਾਰ, ਮਿਹਰ ਸਭ ਉਸਦੀ।
ਜਨ ਕੀ ਪਾਣੀਹਾਰ, ਮਿਹਰ ਸਭ ਉਸਦੀ।
ਝੂਠੀ ਹੈ ਸਭ ਤੇਰੀ ਮੇਰੀ,
ਉਸ ਦੀ ਸਭ ਜੋ, ਵਸਤ ਬਖੇਰੀ।
ਸਭ ਜਗ ਬਿਣਸਣਹਾਰ, ਮਿਹਰ ਸਭ ਉਸਦੀ।
ਜਨ ਕੀ ਪਾਣੀਹਾਰ, ਮਿਹਰ ਸਭ ਉਸਦੀ।
ਉਸ ਦੀ ਵਸਤ ਨਾ ਮੇਰ ਕਰੀਦੈ।
ਉਸ ਦਾ ਸ਼ੁਕਰ ਗੁਜ਼ਾਰ ਰਹੀਦੈ।
ਸ਼ਾਂਤੀ ਚਿਤ ਵਿੱਚ ਧਾਰ, ਮਿਹਰ ਸਭ ਉਸਦੀ।
ਜਨ ਕੀ ਪਾਣੀਹਾਰ, ਮਿਹਰ ਸਭ ਉਸਦੀ।
(12/02/13)
ਅਵਤਾਰ ਸਿੰਘ ਮਿਸ਼ਨਰੀ
ਮਿਸ਼ਨਰੀ ਲਹਿਰ ਦੇ ਮੋਢੀ ਸ੍ਰ. ਗਿਆਨ ਸਿੰਘ ਮਿਸ਼ਨਰੀ ਨਹੀਂ ਰਹੇ!
(ਅਵਤਾਰ ਸਿੰਘ ਮਿਸ਼ਨਰੀ) ਸਿੱਖ ਜਗਤ ਵਿੱਚ ਇਹ ਖਬਰ ਬੜੇ ਬੜੇ ਦੁੱਖ ਨਾਲ ਪੜ੍ਹੀ
ਜਾਵੇਗੀ ਕਿ ਮਿਸ਼ਨਰੀ ਲਹਿਰ ਦੇ ਮੋਢੀਆਂ ਚੋਂ ਸਤਿਕਾਰਯੋਗ ਵਿਦਵਾਂਨ ਬਜੁਰਗ ਸ੍ਰ. ਗਿਆਨ ਸਿੰਘ
ਮਿਸ਼ਨਰੀ ਸ਼ੁਭਾ 7 ਵਜੇ ਸੁਵਾਸਾਂ ਦੀ ਪੂੰਜੀ ਖਤਮ ਕਰਕੇ ਅਕਾਲ ਚਲਾਣਾ ਕਰ ਗਏ ਹਨ। ਆਪ ਜੀ ਨੇ ਮਿਸ਼ਨਰੀ
ਕਾਲਜ ਨਾਲ ਸੇਵਾ ਕਰਦੇ ਬਹੁਤ ਸਾਰੇ ਪ੍ਰਾਣੀਆਂ ਨੂੰ ਖੰਡੇ ਦੀ ਪਾਹੁਲ ਦਿੱਤੀ, ਪ੍ਰਚਾਰ ਨੂੰ ਮੁੱਖ
ਰੱਖ ਕੇ ਬਹੁਤ ਸਾਰੇ ਮਿਸ਼ਨਰੀ ਮੈਗਜ਼ੀਨ ਬੁੱਕ ਕੀਤੇ, ਲਿਟ੍ਰੇਚਰ ਵੰਡਿਆ, ਗੁਰਮਤਿ ਦੀਆਂ ਕਲਾਸਾਂ
ਲਾਈਆਂ ਅਤੇ ਗੁਰਬਾਣੀ ਕਥਾ ਵਿਚਾਰ ਨਾਲ ਵੀ ਗੁਰਮਤਿ ਦਾ ਪ੍ਰਚਾਰ ਕੀਤਾ। ਇਨ੍ਹਾਂ ਨੂੰ ਗੁਰਮਤਿ ਦਾ
ਗੂੜ ਗਿਆਨ ਸੀ ਜਦ ਵੀ ਕਦੇ ਕੋਈ ਗੁਰਬਾਣੀ, ਫਿਲੌਸਫੀ ਜਾਂ ਇਤਿਹਾਸ ਬਾਰੇ ਕੋਈ ਸਵਾਲ ਪੁੱਛਣਾਂ ਤਾਂ
ਬੜੇ ਠਰੰਮੇ ਨਾਲ ਢੁਕਵਾਂ ਅਤੇ ਜਚਦਾ ਜਵਾਬ ਦਿੰਦੇ ਸਨ। ਅੱਜ ਕੱਲ ਆਪ ਜੀ ਸੈਕਰਾਮੈਂਟੋ ਸ਼ਹਿਰ ਵਿਖੇ
ਰਹਿ ਰਹੇ ਸਨ। ਆਪ ਜੀ ਜਿੱਥੇ ਮਿਸ਼ਨਰੀ ਪੰਚਾਇਤ ਦੇ ਪ੍ਰਬੰਧ ਵਿੱਚ ਵੀ ਰਹੇ ਓਥੇ ਸੁਲਝੇ ਹੋਏ
ਪ੍ਰਬੰਧਕ ਵੀ ਸਨ। ਇਥੇ ਸੈਕਰਾਮੈਂਟੋ ਦੇ ਗੁਰਦੁਆਰਾ ਬਰਾਡਸ਼ਾਹ ਦੇ ਵੀ ਪ੍ਰਧਾਨ ਰਹੇ ਹਨ। ਬੜੇ
ਹਸਮੁੱਖ ਸੁਭਾ ਦੇ ਮਾਲਕ ਅਤੇ ਗੁਰਮੁਖ ਵਿਦਵਾਂਨ ਮਿਸ਼ਨਰੀ ਪ੍ਰਚਾਰਕ ਸਨ। ਅੱਜ ਕੱਲ੍ਹ ਗਾਹੇ ਬਿਗਾਹੇ
ਗੁਰਦੁਆਰਾ ਦਸ਼ਮੇਸ਼ ਦਰਬਾਰ ਸੈਕਰਾਮੈਂਟੋ ਵਿਖੇ ਵੀ ਗੁਰਬਾਣੀ ਦੀ ਕਥਾ ਵਿਚਾਰ ਕਰਿਆ ਕਰਦੇ ਸਨ।
ਗੁਰਮਤਿ ਪ੍ਰਚਾਰ ਵਾਸਤੇ ਜਦੋਂ ਵੀ ਕਿਸੇ ਸਭਾ ਸੁਸਾਇਟੀ ਨੇ ਕਹਿਣਾ ਬੜੀ ਖੁਸ਼ੀ ਨਾਲ ਜਾਂਦੇ ਸਨ।
ਮਿਸ਼ਨਰੀਆਂ ਤੋਂ ਇਲਾਵਾ ਬਾਕੀ ਪੰਥਕ ਜਥੇਬੰਦੀਆਂ ਨਾਲ ਵੀ ਉਨ੍ਹਾਂ ਦੇ ਚੰਗੇ ਸਬੰਧ ਸਨ। ਅਜਿਹੇ
ਗੁਰਮੁਖ ਮਿਸ਼ਨਰੀ ਵਿਦਵਾਨ ਅਕਾਲ ਚਲਾਣਾਂ ਜਿੱਥੇ ਉਨ੍ਹਾਂ ਦੇ ਪ੍ਰਵਾਰ ਲਈ ਅਸਹਿ ਹੈ ਓਥੇ ਪੰਥਕ
ਪ੍ਰਵਾਰ ਲਈ ਵੀ ਬੜਾ ਦੁੱਖਦਾਈ ਹੈ। ਖਾਸ ਕਰਕੇ ਸਿੱਖ ਮਿਸ਼ਨਰੀ ਕਾਲਜ ਲੁਧਿਆਨਾਂ ਅਤੇ ਸਹਿਬਜ਼ਾਦਾ
ਜੁਝਾਰ ਸਿੰਘ ਮਿਸ਼ਨਰੀ ਕਾਲਜ ਰੋਪੜ ਲਈ ਤਾਂ ਅਤਿਅੰਤ ਦੁਖਦਾਈ ਹੈ।
ਉਨ੍ਹਾਂ ਦੇ ਪ੍ਰਵਾਰ ਨਾਲ ਦੁਖ ਸੁਖ ਸਾਂਝਾ ਕਰਨ ਲਈ ਆਪ ਸਭ ਸਾਕ ਸਬੰਧੀ ਜਾਂ ਦੋਸਤ ਮਿਤਰ ਇਸ ਨੰਬਰ
916-429-9892 ਤੇ ਫਨ ਕਰ ਸਕਦੇ ਹੋ।
ਗੁਰੂ ਗ੍ਰੰਥ ਮਿਸ਼ਨ ਆਫ ਯੂ. ਐੱਸ. ਏ., ਮਿਸ਼ਨਰੀ ਸਰਕਲਾਂ, ਸਿੰਘ ਸਭਾ ਇੰਟ੍ਰਨੈਸ਼ਨਲ ਕਨੇਡਾ, ਸਿੰਘ
ਸਭਾ ਇੰਟ੍ਰਨੈਸ਼ਨਲ ਅਮਰੀਕਾ, ਸਿੱਖ ਵਿਰਸਾ ਅਦਾਰਾ ਕਨੇਡਾ, ਅਦਾਰਾ ਸਿੰਘ ਸਭਾ ਯੂ.ਐੱਸ. ਏ. ਡਾਟ ਕਾਮ
ਅਤੇ ਵਰਲਡ ਸਿੱਖ ਫੈਡਰੇਸ਼ਨ ਜਥੇਬੰਦੀ ਵੱਲੋਂ ਅਕਾਲ ਪੁਰਖ ਪਾਸ ਅਰਦਾਸ ਹੈ ਕਿ ਵਿਛੁੜੀ ਆਤਮਾਂ ਨੂੰ
ਚਰਨ ਨਿਵਾਸ ਬਖਸ਼ਦੇ ਹੋਏ ਪਿੱਛੇ ਉਨ੍ਹਾਂ ਦੇ ਪ੍ਰਵਾਰ ਅਤੇ ਪੰਥਕ ਮਿਸ਼ਨਰੀ ਪ੍ਰਵਾਰਾਂ ਨੂੰ ਭਾਣਾ
ਮੰਨਣ ਦਾ ਬਲ ਬਖਸ਼ਣ।
ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ
ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।
(12/02/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਅਸੀਂ
ਤਾਂ ਜਾਣਾ ਹੈ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜਗ ਤੇ ਰਹਿ ਦਿਨ ਚਾਰ, ਅਸੀਂ ਤਾਂ ਜਾਣਾ ਹੈ।
ਕਰ ਅਪਣਾ ਕਿਰਦਾਰ, ਅਸੀਂ ਤਾਂ ਜਾਣਾ ਹੈ।
ਉਸ ਦੀਆਂ ਖੇਡਾਂ, ਉਸ ਦੀ ਮਾਇਆ।
ਕਰਦੇ ਹਾਂ ਜੋ ਉਸ ਕਰਵਾਇਆ।
ਉਸ ਦੀ ਰਜ਼ਾ’ ਚ ਸਦ ਸੁਖ ਪਾਇਆ।
ਏਹੋ ਜੀਵਨ ਸਾਰ, ਅਸੀਂ ਤਾਂ ਜਾਣਾ ਹੈ।
ਜਗ ਤੇ ਰਹਿ ਦਿਨ ਚਾਰ, ਅਸੀਂ ਤਾਂ ਜਾਣਾ ਹੈ।
ਹੋਏ ਦੀ ਕੀ ਖੁਸ਼ੀ ਮਨਾਈਏ,
ਨਾ ਹੋਏ ਤਾਂ ਕਿਉਂ ਪਛਤਾਈਏ।
ਮਨ ਤੇ ਗਮ ਕਿਉਂ ਐਵੇਂ ਲਾਈਏ।
ਜੋ ਕਰਦਾ ਕਰਤਾਰ, ਅਸੀਂ ਤਾਂ ਜਾਣਾ ਹੈ।
ਜਗ ਤੇ ਰਹਿ ਦਿਨ ਚਾਰ, ਅਸੀਂ ਤਾਂ ਜਾਣਾ ਹੈ।
ਸਾਡਾ ਕੰਮ ਹੈ ਕਰਦੇ ਜਾਣਾ,
ਖੁਸ਼ ਹੋ ਉਸਦਾ ਹੁਕਮ ਬਜਾਣਾ।
ਤਨ, ਮਨ, ਧਨ ਸੰਗ ਫਰਜ਼ ਨਿਭਾਣਾ।
ਰੱਖ ਸਭ ਸੰਗ ਸਹਿਚਾਰ, ਅਸੀਂ ਤਾਂ ਜਾਣਾ ਹੈ।
ਜਗ ਤੇ ਰਹਿ ਦਿਨ ਚਾਰ, ਅਸੀਂ ਤਾਂ ਜਾਣਾ ਹੈ।
ਹੋਈਏ ਜੋ ਉਸ ਤੋਂ ਇਨਕਾਰੀ,
ਪੈ ਜਾਂਦਾ ਹੈ ਸਭ ਕੁੱਝ ਭਾਰੀ।
ਨਿਭ ਸਕਦੀ ਨਈਂ ਜ਼ਿਮੇਵਾਰੀ।
ਹਰ ਪਾਸੇ ਹੀ ਮਾਰ, ਅਸੀਂ ਤਾਂ ਜਾਣਾ ਹੈ।
ਜਗ ਤੇ ਰਹਿ ਦਿਨ ਚਾਰ, ਅਸੀਂ ਤਾਂ ਜਾਣਾ ਹੈ।
ਉਮਰ ਗੁਜ਼ਾਰੀ ਰੱਬ ਭਰੋਸੇ।
ਇਸ ਲਈ ਹਾਂ ਨਾ ਕਦੇ ਮਸੋਸੇ।
ਉਹ ਖਾਈਏ ਜੋ ਆਪ ਪਰੋਸੇ,
ਕਿਸ ਗਲ ਦਾ ਹੰਕਾਰ, ਅਸੀਂ ਤਾਂ ਜਾਣਾ ਹੈ।
ਜਗ ਤੇ ਰਹਿ ਦਿਨ ਚਾਰ, ਅਸੀਂ ਤਾਂ ਜਾਣਾ ਹੈ।
ਗੁਰ ਕਹਿੰਦੇ ਅਸੀਂ ਹੁਕਮ `ਚ ਚਲਣਾ।
ਮਨ ਦੀ ਮੰਨ ਨਾ ਅੜੀਆਂ ਕਰਨਾ।
ਹੁਕਮ `ਚ ਮਾੜਾ ਚੰਗਾ ਬਣਨਾ।
ਹੁਕਮ `ਚ ਸਭ ਸੰਸਾਰ, ਅਸੀਂ ਤਾਂ ਜਾਣਾ ਹੈ।
ਜਗ ਤੇ ਰਹਿ ਦਿਨ ਚਾਰ, ਅਸੀਂ ਤਾਂ ਜਾਣਾ ਹੈ।
ਹੁਕਮ `ਚ ਆਉਣਾ, ਹੁਕਮ `ਚ ਜਾਣਾ।
ਹੁਕਮ `ਚ ਉਠਣਾ, ਬਹਿਣਾਂ ਖਾਣਾ।
ਹੁਕਮ ਜੋ ਦੇਵੇ, ਸੇਧ ਬਣਾਣਾ।
ਜੀਣਾ ਹੁਕਮ ਆਧਾਰ, ਅਸੀਂ ਤਾਂ ਜਾਣਾ ਹੈ।
ਜਗ ਤੇ ਰਹਿ ਦਿਨ ਚਾਰ, ਅਸੀਂ ਤਾਂ ਜਾਣਾ ਹੈ।
(10/02/13)
ਗੁਰਮਤਿ ਵਿਚਾਰ ਸਭਾ-ਜੰਮੂ
ਵੀਰ
ਗੁਰਿੰਦਰ ਸਿੰਘ ਪਾਲ ਜੀਉ,
ਫ਼ਤਿਹ ਪਰਵਾਨ ਕਰਨੀ!
ਆਪ ਜੀ ਨਾਲ ਹੋਰ ਪੱਤਰਾਚਾਰ ਅਜੇ ਸੰਭਵ ਤਾਂ ਨਹੀਂ, ਪਰ ਸ਼ਿਸ਼ਟਾਚਾਰ ਆਪ ਜੀ ਵਲੋਂ ਲਿਖੇ
“ਅਰਜ਼ੋਈ” ਸ਼ਬਦ ਨੂੰ ਨਜ਼ਰਅੰਦਾਜ਼ ਕਰਨ ਦੀ ਇਜਾਜ਼ਤ ਨਹੀਂ ਦਿੰਦਾ।
‘ਗੁਰਮਤਿ ਵਿਚਾਰ ਸਭਾ’ ਕੋਈ ਗੁਰਮਤਿ ਤੇ ਏਕਾਧਿਕਾਰ ਦੀ ਸਭਾ ਨਹੀਂ ਅਤੇ ਨਾ ਹੀ ਅਸੀਂ ਮਹਾਂਪੁਰਸ਼
ਹਾਂ।
ਆਪ ਜੀ ਦੇ ਲੇਖਾਂ ਦੀ ਨਾ ਵਿਚਾਰ ਕੀਤੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਨਿਰਅਰਥਕ ਲਿਖਿਆ ਹੈ। ਆਪ
ਜੀ ਇੰਝ ਨਾ ਸਮਝੋ ਜੀ। ਦਸ਼ਮੇਸ਼ ਜੀ ਦੇ ਆਦੇਸ਼ ‘ਸਭ ਸਿੱਖਣ ਕੋ ਹੁਕਮ ਗੁਰੂ
ਮਾਨਿਯੋਂ ਗ੍ਰੰਥ’ ਹੇਠ ਪੰਥਕ ਸਿੱਖ ਰਹਿਤ ਮਰਿਆਦਾ ਪ੍ਰਤੀ ਸਮਰਪਣ ਦੇ ਪ੍ਰਾਰੂਪ ਅਤੇ ਉਸਦੀ
ਪੱਧਰ ਨੂੰ ਸਮਝਣ ਦੀ ਲੋੜ ਹੈ।
ਜਿੱਥੋਂ ਤਕ ‘ਕਰਮਕਾਂਡ’ ਦੀ ਗਲ ਹੈ ਤਾਂ ਇਹ ਇੱਕ ਵਿਸਤ੍ਰਤ ਵਿਸ਼ਾ ਹੈ। ਵੀਰ ਜੀ ਜੀਵਨ ਅਨੇਕਾਂ
ਕਰਮਾਂ ਦੀ ਬੁਣਤਰ ਹੈ। ਵਿਚਾਰ ਕੇਵਲ ਸਹੀ ਅਤੇ ਗਲਤ ਦਾ ਹੈ। ਇੱਥੋਂ ਤਕ ਅਕਾਲ ਪੁਰਖ ਦੀ ਸਾਜੀ
ਕੁਦਰਤ ਵੀ ਇੱਕ ਪ੍ਰਕਾਰ ਦੇ ਮਰਿਆਦਤ ਕਰਮਕਾਂਡ ਵਿੱਚ ਬੱਜੀ ਹੈ। ਜ਼ਰਾ ਵੇਖੋ ਧਰਤੀ ਦੀ ਚਾਲ ਨੂੰ,
ਜ਼ਰਾ ਵੇਖੋ ਹਵਾ-ਪਾਣੀ ਦੇ ਵਰਤਾਵ ਨੂੰ! ਵੋਖੋ ਜ਼ਰਾ ਮਨੁੱਖਾ ਜੀਵਨ ਨੂੰ! ਬੱਚੇ ਤੋਂ ਜਵਾਨ, ਜਵਾਨ
ਤੋਂ ਬੁੱਡੇ ਹੋਂਣ ਦੀ ਮਰਿਆਦਾ, ਜਾਗਣ ਤੋਂ ਸੋਂਣ ਅਤੇ ਸੋ ਕੇ ਜਾਗਣ ਦੀ ਮਰਿਆਦਾ! ਗੁਰਮਤਿ ਵਿੱਚ ਵੀ
ਵਿਸ਼ੇਸ਼ ਕਰਮ ‘ਵਿਹਿਤ’ ਹਨ ਅਤੇ ਵਿਸ਼ੇਸ਼ ਕਰਮ ‘ਨਿਸ਼ਿੱਧ’ ਹਨ। ਗੁਰਮਤਿ ਵਿੱਚ ਕਰਮ ਵਹੀਨਤਾ ਨਹੀਂ ਬਲਕਿ
ਨਿਯਮਬੱਧਤਾ ਦਾ ਉਪਦੇਸ਼ ਹੈ। ਇਹ ਬੰਦੇ ਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਨਿਯਮ ਨੂੰ ਸਾਰਥਕ ਜਾਂ
ਨਿਰਅਰਥਕ ਕਰਕੇ ਵਰਤਦਾ-ਸਮਝਦਾ ਹੈ।
ਬਾਕੀ ਅਸੀਂ ਨਾ ਤਾਂ ਵਿਦਵਾਨ ਹਾਂ ਅਤੇ ਨਾ ਹੀ ਗੁਰਮਤਿ ਦਿਆਂ ਕਸਵਟੀਆਂ ਤਿਆਰ ਕਰਨ ਯੋਗ ਹਾਂ। ਆਪ
ਜੀ ਵਲੋਂ ਉੱਧਤ ਕੀਤੇ ਲੇਖ ਨੂੰ ਜ਼ਰੂਰ ਪੜਨ ਦਾ ਯਤਨ ਕਰਾਂਗੇ। ਬਾਕੀ ਵਿਚਾਰ ਸਮਾਂ ਮਿਲਣ ਤੇ ਹੀ
ਸਾਂਝੇ ਕਰ ਪਾਵਾਂਗੇ ਜੀ।
ਵਲੋਂ
ਗੁਰਮਤਿ ਵਿਚਾਰ ਸਭਾ-ਜੰਮੂ
ਸੰਪਰਕ: 094196-30499
(10/02/13)
ਬਿਕਰਮਜੀਤ ਸਿੰਘ 'ਜੀਤ'
:::
ਸਿੱਖਣਾਂ ਬਾਕੀ ਹੈ :::
( ਬਿਕਰਮਜੀਤ ਸਿੰਘ 'ਜੀਤ' )
ਮੌਸਮ ਕੋਲੋਂ ਅਸਾਂ ਨਹੀਂ ਸਿੱਖਿਆ, ਹਾਲਾਤਾਂ ਵਿਚ ਢਲਣਾਂ
ਬਿਰਖ ਦੇ ਕੋਲੋਂ ਵੀ ਨਹੀਂ ਸਿੱਖਿਆ, ਸੱਚ ਦੇ ਉਪਰ ਖੜ੍ਹਣਾਂ
ਅਸੀ ਨ੍ਹਾਂ ਸਿੱਖਿਆ ਧਰਤੀ ਕੋਲੋਂ, ਸਦਾ ਹੀ ਵਿੱਛੇ ਰਹਿਣਾਂ
ਪਾਣੀਂ ਕੋਲੋਂ ਕਦੇ ਨਹੀਂ ਸਿੱਖਿਆ, ਨੀਵੀਂ ਥਾਂ ਤੇ ਬਹਿਣਾਂ
ਸ਼ੀਸ਼ੇ ਕੋਲੋਂ ਸਿੱਖ ਨਹੀਂ ਸੱਕੇ, ਅਸੀਂ ਸੱਚੋ ਸੱਚ ਦਰਸਾਣਾਂ
ਅਸੀਂ ਸਿੱਖਿਆ ਨਹੀਂ ਘੜੀ ਦੇ ਕੋਲੋਂ, ਹਰਦਮ ਚਲਦੇ ਜਾਣਾਂ
ਸੂਰਜ ਕੋਲੋਂ ਅਸਾਂ ਨਹੀਂ ਸਿੱਖਿਆ, ਸੱਭ ਨੂੰ ਰੋਸ਼ਨ ਕਰਨਾਂ
ਚੰਨ ਕੋਲੋਂ ਵੀ ਨਹੀਂ ਏ ਸਿੱਖਿਆ, ਠੰਡਕ ਸੱਭ ਵਿਚ ਭਰਨਾਂ
ਸਿੱਖਆ ਨਹੀਂ ਕੁੱਤੇ ਦੇ ਕੋਲੋਂ, ਅਸੀਂ ਮਾਲਿਕ ਦਾ ਹੋ ਜਾਣਾਂ
ਕਛੂਏ ਕੋਲੋਂ ਅਸੀਂ ਨਹੀਂ ਸਿੱਖਿਆ, ਸਹਿਜੇ ਟੁਰ ਜਿੱਤ ਜਾਣਾਂ
ਫ਼ੁਲ ਕੋਲੋਂ ਨ੍ਹਾਂ ਸਿੱਖਿਆ ਵਿਚ ਕੰਡਿਆਂ ਦੇ ਖਿੜਿਆ ਰਹਿਣਾਂ
ਸਿੱਖਿਆ ਨਹੀਂ ਵੇਲ ਦੇ ਕੋਲੋਂ, ਸੰਗ ਪ੍ਰੀਤਮ ਲਿਪਟੇ ਰਹਿਣਾਂ
ਸਿੱਖਣਾਂ ਹੈ ਅਜੇ ਅੱਗ ਦੇ ਕੋਲੋਂ, ਅਸਾਂ ਨਿੱਘ ਕਿਸੇ ਨੂੰ ਦੇਣੀਂ
ਬਰਫ਼ ਦੇ ਕੋਲੋਂ ਵੀ ਸਿੱਖਣਾਂ ਹੈ, ਅਸੀਂ ਠੰਢ ਕਲੇਜੇ ਪਾਣੀਂ
ਨਦੀ ਦੇ ਕੋਲੋਂ ਨ੍ਹਾਂ ਸਿੱਖ ਸਕੇ, ਤਾਂਘ ਪ੍ਰੀਤਮ ਕੋਲ ਜਾਣ ਦੀ
ਨ੍ਹਾਂ ਸਿੱਖੀ ਏ ਸਾਗਰ ਕੋਲੋਂ, ਤੜਪ ਵਿਛੜਿਆਂ ਨੂੰ ਪਾਣ ਦੀ
ਅਸੀਂ ਨਹੀਂ ਸਿੱਖਿਆ ਪੱਥਰ ਕੋਲੋਂ, ਨਿਸਚਾ ਪੱਕਾ ਕਰਨਾਂ
ਲੋਹੇ ਕੋਲੋਂ ਨਹੀਂ ਸਿੱਖਿਆ ਅੰਦਰ, ਫ਼ੌਲਾਦੀ ਜਜ਼ਬਾ ਭਰਨਾਂ
ਲਕੜੀ ਕੋਲੋਂ ਕਿਸੇ ਦੇ ਤਾਂਈਂ, ਨਹੀਂ ਸਿੱਖਿਆ ਕੱਟ ਜਾਣਾਂ
ਫ਼ਲਦਾਰ ਟਹਿਣੀਂ ਤੋਂ ਅਸੀਂ, ਸਿੱਖਿਆ ਨਹੀਂ ਝੁਕ ਜਾਣਾਂ
ਕਦੋਂ ਸਿੱਖਾਂਗੇ ਸੱਭ ਕੁਝ ਅਸੀਂ, ਇਹ ਸਮਾਂ ਖਿਸਕਦਾ ਜਾਏ
ਮਿਲਿਐ ਜਨਮ ਮਨੁੱਖੀ ਉੱਤਮ, ਐਵੇਂ ਬਿਰਥਾ ਲੰਘੀ ਜਾਏ
ਵਂਡਕੇ ਪਿਆਰ ਜਗਤ ਦੇ ਅੰਦਰ, ਲਈਏ ਖੁਸ਼ੀ ਹਰ ਇਕ ਤੋਂ
ਸੱਚ ਦੇ ਮਾਰਗ ਨੂੰ ਅਪਨਾਈਏ, ਡਰੀਏ ਸਿਰਫ਼ ਇਕ ਰੱਬ ਤੋਂ
ਕਾਮ ਕ੍ਰੋਧ ਹੰਕਾਰ ਨੂੰ ਤੱਜੀਏ, ਲੋਭ ਮੋਹ ਸੱਭ ਕਰੀਏ ਦੂਰ
ਨੀਵੇਂ ਹੋ ਰਹੀਏ ਜਗ ਅੰਦਰ,ਆਕੜ ਮਾਣ ਦਾ ਕਰੀਏ ਚੂਰ
ਜੀਵਨ ਹੋਵੇ ਸੁਥਰਾ ਸਾਡਾ, ਕਰੀਏ ਕਿਰਤ ਸੱਚੀ ਤੇ ਸੁੱਚੀ
ਸੱਚ ਧਰਮ ਤੇ ਸੇਵਾ ਸਿਮਰਨ, ਇਨ੍ਹਾਂ 'ਚ ਹੋਵੇ ਸਾਡੀ ਰੁਚੀ
ਬੋਲ ਅਸਾਡੇ ਹੋਵਣ ਮਿੱਠੇ, ਕਰੀਏ ਮਾਣ ਤੇ ਆਦਰ ਸੱਭ ਦਾ
ਨਾਲ ਪਿਆਰ ਦੇ ਜਿੱਤੀਏ ਅਸੀਂ, ਦਿਲ ਜਗਤ ਵਿਚ ਸੱਭਦਾ
ਇਕ ਅਰਦਾਸ "ਜੀਤ" ਇਹ ਰੱਬ ਨੂੰ, ਆਓ ਮਿਲਕੇ ਕਰੀਏ
ਹੋਵੇ ਜਨਮ ਇਹ ਸਫ਼ਲ ਅਸਾਡਾ, ਭਉਜਲ ਪਾਰ ਉਤਰੀਏ
(10/02/13)
ਹਰਲਾਜ ਸਿੰਘ ਬਹਾਦਰਪੁਰ
ਮਾਨਤਾ ਪ੍ਰਾਪਤ ਭਾਰਤੀ ਅੱਤਵਾਦੀਆਂ ਨੇ ਆਮ ਇਨਸਾਨ (ਅਫਜ਼ਲ ਗੁਰੂ) ਨੂੰ ਅੱਤਵਾਦੀ ਬਣਾ ਕੇ ਫਾਂਸੀ
`ਤੇ ਟੰਗਿਆ
13 ਦਸੰਬਰ 2001 ਵਿੱਚ ਕੁੱਝ ਹਥਿਆਰਬੰਦ ਅੱਤਵਾਦੀਆਂ ਨੇ ਭਾਰਤੀ ਸੰਸਦ ਤੇ ਹਮਲਾ ਕਰ
ਦਿੱਤਾ ਸੀ। ਜਿਸ ਵਿੱਚ 9 ਵਿਅਕਤੀ ਮਾਰੇ ਗਏ ਸਨ ਤੇ 15 ਜਖਮੀ ਹੋ ਗਏ ਸਨ। ਜਿਸਨੇ ਵੀ ਇਹ ਜੁਰਮ
ਕੀਤਾ, ਉਹ ਭਾਵੇਂ ਅੱਤਵਾਦੀਆਂ ਨੇ ਕੀਤਾ ਹੋਵੇ ਜਾਂ ਭਾਰਤੀ ਏਜੰਸੀਆਂ ਨੇ ਕੀਤਾ ਹੋਵੇ ਉਹ ਬਹੁਤ
ਮਾੜਾ ਹੋਇਆ। ਬੇਚਾਰੇ ਬੇਦੋਸ਼ੇ ਲੋਕ ਮਾਰੇ ਗਏ। ਭਾਰਤੀ ਲੋਕਤੰਤਰ ਦੇ ਸਭ ਤੋਂ ਵੱਡੇ ਮੰਦਰ ਕਹੇ
ਜਾਂਦੇ ਇਸ ਪਾਰਲੀਮੈਂਟ ਹਾਊਸ `ਤੇ ਹਮਲਾ ਕਰਨ ਵਾਲੇ ਸਾਰੇ ਦੋਸ਼ੀ ਮੌਕੇ `ਤੇ ਹੀ ਮਾਰੇ ਗਏ ਸਨ। ਪਰ
ਭਾਰਤੀ ਪੁਲਿਸ ਨੇ ਆਪਣਾ ਤਾਣਾ-ਬਾਣਾ ਬੁਣਦਿਆਂ ਇਸ ਹਮਲੇ ਦੇ ਦੋਸ਼ ਵਿੱਚ ਕੁੱਝ ਮੁਸਲਮਾਨਾਂ ਨੂੰ ਫੜ
ਕੇ ਹਮਲੇ ਦੀ ਸਾਜਿਸ਼ ਦੇ ਦੋਸ਼ ਉਨ੍ਹਾਂ ਦੇ ਸਿਰ ਮੜ੍ਹ ਦਿੱਤੇ। ਉਨ੍ਹਾਂ ਵਿੱਚੋਂ ਮੁਹੰਮਦ ਅਫਜ਼ਲ ਨੂੰ
ਇਸ ਹਮਲੇ ਦੀ ਸਾਜਿਸ਼ ਦਾ ਦੋਸ਼ੀ ਬਣਾ ਕੇ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਸੀ। ਜਿਸਨੂੰ 9 ਫਰਵਰੀ 2013
ਨੂੰ ਸਵੇਰੇ 8 ਵਜੇ ਫਾਂਸੀ `ਤੇ ਲਟਕਾ ਦਿੱਤਾ ਗਿਆ। ਬੇਗੁਨਾਹਾਂ ਦੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ
ਜਰੂਰ ਹੋਣੀ ਚਾਹੀਦੀ ਹੈ। ਇਸ ਗੱਲ ਤੋਂ ਕੋਈ ਵੀ ਮੁਨੱਕਰ ਨਹੀਂ ਹੁੰਦਾ। ਪਰ ਵੋਟ ਦੀ ਰਾਜਨੀਤੀ ਨੂੰ
ਮੁੱਖ ਰੱਖਦਿਆਂ ਵੱਧ ਗਿਣਤੀ ਲੋਕਾਂ ਦੀ ਵਾਹ-ਵਾਹ ਖੱਟਣ ਲਈ ਘੱਟ ਗਿਣਤੀਆਂ ਦੇ ਬੇਦੋਸ਼ੇ ਲੋਕਾਂ ਨੂੰ
ਦੋਸ਼ੀ ਬਣਾ ਕੇ ਫਾਂਸੀ `ਤੇ ਟੰਗਣਾ ਵੀ ਬਹੁਤ ਵੱਡਾ ਜੁਰਮ ਹੈ, ਇਸਨੂੰ ਵੀ ਠੀਕ ਨਹੀਂ ਕਿਹਾ ਜਾ
ਸਕਦਾ। ਭਾਰਤੀ ਲੋਕਤੰਤਰ ਦੇ ਮੰਦਰ `ਤੇ ਹਮਲਾ ਕਰਨ ਵਾਲੇ ਸਾਰੇ ਹਮਲਾਵਰ ਮੌਕੇ `ਤੇ ਹੀ ਮਾਰੇ ਗਏ
ਸਨ। ਫਿਰ ਵੀ ਇਸ ਦੇਸ਼ ਦੇ ਵਿੱਚ ਇੱਕ ਮੁਸਲਮਾਨ ਨੂੰ ਫਾਂਸੀ `ਤੇ ਟੰਗ ਕੇ ਭਾਰਤੀ ਤਾੜੀਆਂ ਮਾਰ ਰਹੇ
ਹਨ ਤੇ ਖੁਸ਼ੀ ਵਿੱਚ ਲੱਡੂ ਵੰਡ ਰਹੇ ਹਨ। ਜੂਨ 1984 ਵਿੱਚ ਸਿੱਖ ਕੌਮ ਦੇ ਸਭ ਤੋਂ ਵੱਡੇ ਮੰਦਰ ਉੱਤੇ
ਭਾਰਤੀ ਫੌਜ ਨੇ ਅੱਤਵਾਦੀ ਬਣ ਕੇ ਹਮਲਾ ਕਰਕੇ ਹਜਾਰਾਂ ਬੇਦੋਸ਼ਿਆਂ ਦਾ ਕਤਲ ਕੀਤਾ। ਉਨ੍ਹਾਂ ਨੂੰ
ਫਾਂਸੀ ਕਿਉਂ ਨਹੀਂ? ਜੇ ਭਾਰਤੀ ਹਾਕਮ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਦੋਸ਼ੀ ਮੰਨ ਕੇ ਇਸ
ਹਮਲੇ ਨੂੰ ਸਹੀ ਠਹਿਰਾਉਂਦੇ ਹਨ ਤਾਂ ਕੀ ਭਿੰਡਰਾਂਵਾਲੇ ਸਮੇਤ ਉਸਦੇ ਕੁੱਝ ਸਾਥੀਆਂ ਨੂੰ ਮਾਰਨ ਜਾਂ
ਫੜਨ ਲਈ ਸਿੱਖ ਕੌਮ ਦੇ ਸਭ ਤੋਂ ਵੱਡੇ ਧਾਰਮਿਕ ਸਥਾਨ ਨੂੰ ਢਹਿ ਢੇਰੀ ਕਰਨਾ, ਹਜਾਰਾਂ ਬੇਦੋਸ਼ਿਆਂ ਦਾ
ਕਤਲ ਕਰਨਾ ਅਤੇ ਸਿੱਖ ਕੌਮ ਦੀਆਂ ਇਤਿਹਾਸਕ ਨਿਸ਼ਾਨੀਆਂ ਨੂੰ ਅੱਗ ਲਾ ਕੇ ਸਾੜ ਦੇਣਾ ਕੀ ਜੁਰਮ ਨਹੀਂ
ਸੀ? ਅਜਿਹੇ ਸਰਕਾਰੀ ਅੱਤਵਾਦੀਆਂ ਨੂੰ ਫਾਂਸੀ ਕੌਣ ਦੇਵੇ? ਨਵੰਬਰ 1984 ਵਿੱਚ ਦੇਸ਼ ਦੀ ਰਾਜਧਾਨੀ
ਦਿੱਲੀ ਅਤੇ ਕਈ ਹੋਰ ਥਾਵਾਂ `ਤੇ ਸ਼ਰੇਆਮ ਸਿੱਖਾਂ ਦੀਆਂ ਜਾਇਦਾਦਾਂ, ਘਰਾਂ ਨੂੰ ਅੱਗਾਂ ਲਾਈਆਂ
ਗਈਆਂ, ਹਜਾਰਾਂ ਦੀ ਗਿਣਤੀ ਵਿੱਚ ਬੇਦੋਸ਼ੇ ਸਿੱਖਾਂ ਨੂੰ ਕਤਲ ਕੀਤਾ ਗਿਆ, ਅੱਜ ਤੱਕ ਦੋਸ਼ੀਆਂ ਦੀ
ਪਹਿਚਾਣ ਨਹੀਂ ਹੋ ਸਕੀ, ਸਜਾ ਮਿਲਣੀ ਤਾਂ ਦੂਰ ਦੀ ਗੱਲ ਹੈ। ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ
ਵਿੱਚ ਮਾਰਨ ਵਾਲਿਆਂ ਦੀ ਸ਼ਨਾਖਤ ਕਰਨ ਦੀ ਥਾਂ ਬੇਦੋਸ਼ਿਆਂ ਦੇ ਕਾਤਲਾਂ ਅਤੇ ਅਣਪਛਾਤੇ ਕਹਿ ਕੇ ਸਾੜੇ
ਗਏ ਸਿੱਖ ਨੌਜਵਾਨਾਂ ਦੀ ਪਹਿਚਾਣ ਕਰਨ ਵਾਲੇ ਜਸਵੰਤ ਸਿੰਘ ਖਾਲੜਾ ਵਰਗਿਆਂ ਦਾ ਵੀ ਕਤਲ ਕਰ ਦਿੱਤਾ
ਗਿਆ। ਦਸੰਬਰ 1992 ਵਿੱਚ ਮੁਸਲਮਾਨਾਂ ਦੇ ਧਾਰਮਿਕ ਸਥਾਨ ਬਾਬਰੀ ਮਸਜਿਦ ਨੂੰ ਢਹਿ ਢੇਰੀ ਕੀਤਾ ਗਿਆ।
ਕਿਸੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਨਹੀਂ। ਮਾਰਚ 2000 ਵਿੱਚ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ ਦੀ
ਭਾਰਤ ਫੇਰੀ ਦੌਰਾਨ ਜੰਮੂ ਕਸ਼ਮੀਰ ਦੇ ਚਿੱਠੀ ਸਿੰਘਪੁਰਾ ਵਿਖੇ 35 ਸਿੱਖਾਂ ਦਾ ਕਤਲੇਆਮ ਕੀਤਾ ਗਿਆ,
ਹਾਲੇ ਤੱਕ ਕਾਤਲਾਂ ਦੀ ਪਹਿਚਾਣ ਨਹੀਂ ਹੋ ਸਕੀ।
ਫਰਵਰੀ-ਮਾਰਚ 2002 ਵਿੱਚ ਗੁਜਰਾਤ
ਵਿੱਚ ਸੈਂਕੜੇ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ, ਉਨ੍ਹਾਂ ਦੇ ਘਰ-ਘਾਟ ਸਾੜੇ ਗਏ। ਇਸ ਦੋਸ਼ ਵਿੱਚ
ਕਿੰਨੇ ਦੋਸ਼ੀਆਂ ਨੂੰ ਫਾਂਸੀ ਹੋਈ? ਦੁੱਖ ਦੀ ਗੱਲ ਇਹ ਹੈ ਕਿ ਘੱਟ ਗਿਣਤੀਆਂ ਸਿੱਖਾਂ, ਮੁਸਲਮਾਨਾਂ
ਦਾ ਦਿਨ ਦਿਹਾੜੇ ਸ਼ਰੇਆਮ ਕਤਲ ਕਰਨ ਵਾਲੇ ਦੋਸ਼ੀਆਂ ਦੀ ਪਹਿਚਾਣ ਨਹੀਂ ਹੁੰਦੀ। ਪਰ ਇਸ ਦੇਸ਼ ਵਿੱਚ ਕੋਈ
ਕਿਸੇ ਵੀ ਕਿਸਮ ਦੀ ਘਟਨਾ ਵਾਪਰ ਜਾਵੇ ਜਿਸਦਾ ਕੋਈ ਠੋਸ ਸਬੂਤ ਵੀ ਨਾ ਹੋਵੇ, ਉਸਦੇ ਦੋਸ਼ ਵਿੱਚ
ਸਿੱਖਾਂ ਜਾਂ ਮੁਸਲਮਾਨਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਫਾਂਸੀ ਤੇ ਜਰੂਰ ਟੰਗ ਦਿੱਤਾ ਜਾਂਦਾ ਹੈ।
ਜਿਸਦਾ ਕੋਈ ਮਰਦਾ ਹੈ ਉਸਨੂੰ ਰੋਸ ਤਾਂ ਹੁੰਦਾ ਹੀ ਹੈ। ਪਰ ਭਾਰਤੀ ਬਹੁ ਗਿਣਤੀ ਦੇ ਲੋਕ ਤਾਂ
ਭਾਈਚਾਰਕ ਸਾਂਝ ਅਨੁਸਾਰ ਉਸਦੇ ਦੁੱਖ ਵਿੱਚ ਸ਼ਰੀਕ ਹੋਣ ਦੀ ਥਾਂ ਉਲਟਾ ਘੱਟ ਗਿਣਤੀਆਂ ਦੇ ਹੋਏ
ਕਤਲੇਆਮ ਜਾਂ ਮੌਤ `ਤੇ ਜਿੱਥੇ ਆਪ ਲੱਡੂ ਵੰਡਦੇ ਹਨ, ਉੱਥੇ ਘੱਟ ਗਿਣਤੀਆਂ ਦੇ ਰੋਸ ਦਾ ਵੀ ਡੱਟ ਕੇ
ਵਿਰੋਧ ਕਰਦੇ ਹਨ। ਜਿਵੇਂ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਵਿਰੁੱਧ 28-3-2012 ਨੂੰ
ਰੋਸ ਕਰਦੇ ਸਿੱਖਾਂ ਦਾ ਡੱਟ ਕੇ ਵਿਰੋਧ ਕੀਤਾ ਗਿਆ। ਫਿਰ ਇਸ ਵਿਰੋਧ ਦਾ ਰੋਸ ਕਰਦੇ ਸਿੱਖਾਂ ਦਾ
ਅਗਲੇ ਦਿਨ ਵੀ ਵਿਰੋਧ ਕੀਤਾ ਗਿਆ। ਜਿਸ ਵਿੱਚ ਪੰਜਾਬ ਪੁਲਿਸ ਨੇ ਇੱਕ ਸਿੱਖ ਨੌਜਵਾਨ ਦਾ ਗੋਲੀ ਮਾਰ
ਕੇ ਕਤਲ ਕਰ ਦਿੱਤਾ। ਕਿਸੇ ਵੀ ਦੋਸ਼ੀ ਨੂੰ ਅੱਜ ਤੱਕ ਸਜ਼ਾ ਮਿਲੀ? ਹੁਣ ਦਿੱਲੀ ਵਿੱਚ ਮੁਸਲਮਾਨ
ਨੌਜਵਾਨ ਅਫਜ਼ਲ ਗੁਰੂ ਦੀ ਮੌਤ `ਤੇ ਰੋਸ ਪ੍ਰਗਟਾ ਰਹੇ ਸਨ ਤਾਂ ਬਜਰੰਗ ਦਲ ਨੇ ਫਿਰ ਉਨ੍ਹਾਂ ਦਾ ਡੱਟ
ਕੇ ਵਿਰੋਧ ਕੀਤਾ। ਕਸ਼ਮੀਰ ਵਿੱਚ ਵੀ ਰੋਸ ਪ੍ਰਦਰਸ਼ਨ ਕਰਦੇ ਮੁਸਲਮਾਨਾਂ ਨੂੰ ਕੁੱਟਿਆ ਗਿਆ ਅਤੇ ਭਾਰਤੀ
ਹਿੰਦੂ ਅਫਜ਼ਲ ਗੁਰੂ ਦੀ ਮੌਤ `ਤੇ ਖੁਸ਼ੀ ਵਿੱਚ ਲੱਡੂ ਵੰਡ ਰਹੇ ਹਨ। ਜਦੋਂ ਅਕਾਲ ਤਖਤ `ਤੇ ਹਮਲਾ
ਹੋਇਆ ਸੀ, ਇਨ੍ਹਾਂ ਨੇ ਉਦੋਂ ਵੀ ਲੱਡੂ ਵੰਡੇ ਸਨ। ਇਨ੍ਹਾਂ ਦਾ ਇਹੀ ਵਡੱਪਣ ਹੈ, ਕਿ ਜਦੋਂ ਘੱਟ
ਗਿਣਤੀਆਂ `ਤੇ ਜੁਲਮ ਹੁੰਦੇ ਹਨ ਤਾਂ ਇਹ ਉਹਨਾਂ ਦੇ ਦੁੱਖ ਵਿੱਚ ਸ਼ਰੀਕ ਹੋਣ ਦੀ ਥਾਂ ਜਿੱਥੇ ਉਨ੍ਹਾਂ
ਨੂੰ ਦੁੱਖ ਦਾ ਪ੍ਰਗਟਾਵਾ ਵੀ ਨਹੀਂ ਕਰਨ ਦਿੰਦੇ, ਉੱਥੇ ਉਨ੍ਹਾਂ ਨੂੰ ਚਿੜਾਉਣ ਲਈ ਉਨ੍ਹਾਂ ਦੀ ਗਮੀ
ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਉਂਦੇ ਹਨ। ਭਾਰਤੀ ਹਿੰਦੂਆਂ ਨੇ ਜੋਗਾ ਵਿਖੇ ਹੋ ਰਹੀ ਗਊ ਹੱਤਿਆ ਦੇ
ਵਿਰੋਧ ਵਿੱਚ ਰੋਸ ਮਾਰਚ ਕੀਤੇ ਅਤੇ ਬੰਦ ਦਾ ਸੱਦਾ ਦਿੱਤਾ ਤਾਂ ਕਿਸੇ ਨੇ ਇਹਨਾਂ ਦਾ ਵਿਰੋਧ ਨਹੀਂ
ਕੀਤਾ। ਸ਼ਿਵ ਸੈਨਾ ਮੁਖੀ ਬਾਲ ਠਾਕਰੇ 17 ਨਵੰਬਰ 2012 ਨੂੰ ਮਰ ਗਿਆ ਸੀ, ਜਿਸਦੇ ਸੋਗ ਵਿੱਚ ਸ਼ਿਵ
ਸੈਨਾ ਨੇ ਮੁੰਬਈ ਨੂੰ ਬੰਦ ਕਰਵਾ ਦਿੱਤਾ। ਕਿਸੇ ਨੇ ਇਸਦਾ ਵਿਰੋਧ ਨਹੀਂ ਕੀਤਾ। ਇੱਕ ਲੜਕੀ ਨੇ
ਫੇਸਬੁੱਕ ਤੇ ਇੱਕ ਸੰਖੇਪ ਜਿਹੀ ਟਿੱਪਣੀ ਕਰ ਦਿੱਤੀ ਕਿ ਅਜਿਹੇ ਬੰਦੇ ਰੋਜ ਹੀ ਪੈਦਾ ਹੁੰਦੇ ਤੇ
ਮਰਦੇ ਹਨ ਫਿਰ ਸ਼ਹਿਰ ਬੰਦ ਕਰਨ ਦਾ ਕੀ ਮਤਲਬ। ਇੱਕ ਹੋਰ ਲੜਕੀ ਨੇ ਇਸ ਟਿੱਪਣੀ ਨੂੰ ਠੀਕ ਕਹਿ ਦਿੱਤਾ
ਸੀ। ਇਹਨਾਂ ਦੋਹਾਂ ਲੜਕੀਆਂ ਤੇ ਪਰਚੇ ਦਰਜ ਕਰਵਾ ਦਿੱਤੇ ਗਏ। ਬੱਸ ਇੱਕ ਹੀ ਗੱਲ ਹੈ ਕਿ ਇਸ ਦੇਸ਼
ਵਿੱਚ ਘੱਟ ਗਿਣਤੀਆਂ ਨਾਲ ਜੋ ਮਰਜੀ ਸਲੂਕ ਹੋਵੇ, ਵੱਧ ਗਿਣਤੀ ਲੋਕ ਲੁੱਟ-ਖੋਹ, ਕਤਲ ਆਦਿ ਜੋ ਮਰਜੀ
ਕਰਨ, ਘੱਟ ਗਿਣਤੀ ਸਿੱਖ ਤੇ ਮੁਸਲਮਾਨ ਉਸਨੂੰ ਬਰਦਾਸ਼ਤ ਕਰਦੇ ਰਹਿਣ। ਜੇ ਘੱਟ ਗਿਣਤੀ ਦੇ ਲੋਕ ਰੋਸ
ਮਾਰਚ, ਧਰਨੇ ਜਾਂ ਮੁਜਾਹਰੇ ਕਰਨ ਉਹ ਫਿਰ ਵੀ ਦੇਸ਼ ਧਰੋਹੀ ਅਤੇ ਉਨ੍ਹਾਂ ਦਾ ਪੁਲਿਸ ਦੀਆਂ ਡਾਂਗਾਂ
ਤੇ ਗੋਲੀਆਂ ਨਾਲ ਸਵਾਗਤ ਕੀਤਾ ਜਾਂਦਾ ਹੈ। ਜੇ ਬੇਇਨਸਾਫੀਆਂ ਦੇ ਸਤਾਏ ਕੁੱਝ ਨੌਜਵਾਨ ਗੁੱਸੇ ਵਿੱਚ
ਆਕੇ ਹਥਿਆਰ ਚੁੱਕ ਲੈਣ ਤਾਂ ਪੂਰੀ ਕੌਮ ਨੂੰ ਅੱਤਵਾਦੀ ਆਖ ਕੇ ਬਦਨਾਮ ਕੀਤਾ ਜਾਂਦਾ ਹੈ। ਵੱਧ ਗਿਣਤੀ
ਜਿਵੇਂ ਮਰਜੀ ਦਿੱਲੀ ਗੁਜਰਾਤ ਜਾਂ ਹੋਰ ਸ਼ਹਿਰਾਂ ਵਿੱਚ ਘੱਟ ਗਿਣਤੀਆਂ ਦਾ ਕਤਲੇਆਮ ਕਰਨ, ਮਾਲੇਗਾਂਵ
ਬੰਬ ਧਮਾਕੇ ਕਰਨ, ਸਮਝੌਤਾ ਐਕਸਪ੍ਰੈਸ ਵਿੱਚ ਬੰਬ ਧਮਾਕੇ ਕਰਨ, ਸ਼ਹਿਰ ਬੰਦ ਕਰਵਾਉਣ ਉਹ ਫਿਰ ਵੀ ਦੇਸ਼
ਭਗਤ। ਜੇ ਕੋਈ ਵਿਰੋਧੀ ਧਿਰ ਦਾ ਆਗੂ ਉਨ੍ਹਾਂ ਨੂੰ ਭਗਵੇਂ ਅੱਤਵਾਦੀ ਕਹਿ ਦੇਵੇ ਤਾਂ ਪੂਰਾ ਦੇਸ਼ ਹੱਲ
ਜਾਂਦਾ ਹੈ। ਇਹ ਜਿਸਨੂੰ ਮਰਜੀ ਅੱਤਵਾਦੀ ਕਹਿਣ ਤਾਂ ਅਗਲਾ ਅੱਗੋਂ ਬੋਲ ਵੀ ਨਹੀਂ ਸਕਦਾ। ਇਸ ਲਈ
ਅਫਜ਼ਲ ਗੁਰੂ `ਤੇ ਕੀਤੇ ਤਸ਼ੱਦਦ ਦੀ ਅਤੇ ਉਸਦੀ ਜਿੰਦਗੀ ਬਾਰੇ ਜੋ ਕੁੱਝ ਮੈਨੂੰ ਪੜ੍ਹਣ ਨੂੰ ਮਿਲਿਆ
ਹੈ ਉਸ ਅਨੁਸਾਰ ਤਾਂ ਮੈਂ ਇਹੀ ਕਹਿ ਸਕਦਾ ਹਾਂ ਕਿ ਮਾਨਤਾ ਪ੍ਰਾਪਤ ਭਾਰਤੀ ਅੱਤਵਾਦੀਆਂ ਨੇ ਇੱਕ ਆਮ
ਇਨਸਾਨ (ਅਫਜ਼ਲ ਗੁਰੂ) ਨੂੰ ਅੱਤਵਾਦੀ ਬਣਾ ਕੇ ਫਾਂਸੀ `ਤੇ ਟੰਗਿਆ ਹੈ। ਅਫਜ਼ਲ ਗੁਰੂ ਦੀ ਫਾਂਸੀ ਵੀ
ਘੱਟ ਗਿਣਤੀਆਂ ਲਈ ਕੋਈ ਨਵੀਂ ਘਟਨਾ ਨਹੀਂ। ਭਾਰਤੀ ਘੱਟ ਗਿਣਤੀਆਂ ਲਈ ਤਾਂ ਇਹ ਕੁੱਝ ਰਾਖਵਾਂ ਹੀ
ਹੈ। ਜੋ ਆਪਣੇ ਘੱਟ ਗਿਣਤੀ ਹੋਣ ਦੇ ਗੁਨਾਹ ਵਿੱਚ ਪ੍ਰਾਪਤ ਕਰਦੇ ਰਹੇ ਹਨ ਅਤੇ ਕਰਦੇ ਰਹਿਣਗੇ। ਭਾਰਤ
ਦੀਆਂ ਘੱਟ ਗਿਣਤੀਆਂ ਖਾਸ ਕਰਕੇ ਸਿੱਖਾਂ ਤੇ ਮੁਸਲਮਾਨਾਂ ਨੂੰ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ
ਆਪਣਿਆਂ ਤੋਂ ਵੱਧ ਕੇ ਸ਼ਾਮਿਲ ਹੋਣਾ ਚਾਹੀਂਦਾ ਹੈ। ਕਿਉਂਕਿ ਭਾਰਤ ਵਿੱਚ ਘੱਟ ਗਿਣਤੀ ਹੋਣ ਦਾ
ਦੁਖਾਂਤ ਦੋਹਾਂ ਕੌਮਾਂ ਦਾ ਸਾਂਝਾ ਹੈ।
ਹਰਲਾਜ ਸਿੰਘ ਬਹਾਦਰਪੁਰ ਪਿੰਡ ਤੇ ਡਾਕ: ਬਹਾਦਰਪੁਰ
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ) ਪਿੰਨ-51501
ਮੋਬ: 94170-23911
(09/02/13)
ਗੁਰਇੰਦਰ ਸਿੰਘ ਪਾਲ
‘ਗੁਰਮਤਿ ਵਿਚਾਰ ਸਭਾ, ਜੰਮੂ’ ਦੇ ਵਿਦਵਾਨ ਸੱਜਨੋਂ:
ਆਪ ਦੇ ਫ਼ਰਵਰੀ 8 ਦੇ ਪੱਤਰ ਤੋਂ ਪਤਾ ਲੱਗਿਆ ਕਿ ਆਪ ਗੁਰਮਤਿ ਸਮਝਣ ਵਾਸਤੇ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਤੋਂ ਸੇਧ ਲੈਂਦੇ ਹੋ! ! ! ਪਰੰਤੂ ਜਨਵਰੀ 30 ਦੇ ਪ੍ਰਤਿੱਗਿਆ-ਪੱਤਰ ਵਿੱਚ ਤਾਂ
ਆਪ ਨੇ ਰਹਿਤ ਮਰਿਆਦਾ ਪ੍ਰਤੀ ਸਮਰਪਤ ਹੋਣ ਦੀ ਘੋਸ਼ਣਾ ਕੀਤੀ ਹੈ! ! ! ਮੈਂ ਪਹਿਲਾਂ ਵੀ ਅਰਜ਼ ਕਰ
ਚੁੱਕਿਆ ਹਾਂ ਕਿ ਜੋ ਲੋਕ ਗੁਰੂ ਗ੍ਰੰਥ ਤੋਂ ਸੇਧ ਲੈਂਦੇ ਹਨ ਉਹ ਕਰਮਕਾਂਡੀ ਮਰਿਅਦਾਵਾਂ ਨੂੰ ਸਮਰਪਤ
ਨਹੀਂ ਹੋ ਸਕਦੇ! ! !
ਤੁਹਾਡੇ ਪੱਤਰਾਂ ਵਿੱਚਲੇ ‘ਤਰਕ’ ਅਤੇ ਇਨ੍ਹਾਂ ਵਿੱਚ ਵਰਤੀ ਬੋਲੀ-ਸ਼ੈਲੀ ਇਸ ਗੱਲ ਦਾ ਸਬੂਤ ਹੈ ਕਿ
ਆਪ ਬੜੀ ‘ਗੰਭੀਰਤਾ’ ਨਾਲ ਗੁਰਮਤਿ ਵਿਚਾਰਾਂ ਕਰਦੇ ਹੋ ਅਤੇ ਗੁਰਮਤਿ-ਸਿਧਾਂਤਾਂ ਨੂੰ ਚੰਗੀ ਤਰ੍ਹਾਂ
ਸਮਝ ਵੀ ਗਏ ਹੋ! ! !
ਗੁਰਮਤਿ ਵਿਚਾਰਾਂ ਕਰਨ ਵਾਲੇ ਵਿਦਵਾਨ ਸੱਜਨੋਂ! ਮੇਰੇ ਲੇਖਾਂ ਦੀ ਨਿਰਾਰਥਕਤਾ ਬਾਰੇ ਜੋ ਆਪ ਦਾ
ਵਿਚਾਰ ਹੈ, ਮੈਂ ਉਸ ਦਾ ਖਿੜੇ ਮੱਥੇ ਸਵਾਗਤ ਕਰਦਾ ਹਾਂ! ਪਰੰਤੂ ਆਪ ਅੱਗੇ ਇੱਕ ਅਰਜ਼ੋਈ ਹੈ ਕਿ
‘ਗੁਰਮਤਿ ਵਿਚਾਰ ਸਭਾ’ ਦੇ ਮਹਾਂਪੁਰਸ਼ ਮੈਂਬਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ
ਗੁਰਮਤਿ ਬਾਰੇ ਜੋ ਸਮਝਿਆ ਹੈ, ਉਹ ਆਪਣੀਆਂ ਲਿਖਤਾਂ ਰਾਹੀਂ ਮੇਰੇ ਵਰਗੇ ਭਟਕਿਆਂ ਹੋਇਆਂ ਨਾਲ ਵੀ
ਸਾਂਝਾ ਕਰ ਲੈਣ! ਤਾ ਕਿ ਮੇਰੇ ਵਰਗੇ ਮੂੜ੍ਹ ਵੀ ਆਪ ਜੀ ਦੀਆਂ ਸਾਰਥਕ ਲਿਖਤਾਂ ਨੂੰ ਗੁਰਮਤਿ ਸਮਝਣ
ਦੀ ਕਸਵਟੀ ਬਣਾ ਕੇ ਸਹੀ ਰਸਤੇ ਪੈ ਸਕਣ! ਉਮੀਦ ਹੈ ਨਿਰਾਸ਼ ਨਹੀਂ ਕਰੋਗੇ!
ਇਕ ਹੋਰ ਬਿਨਤੀ ਹੈ ਕਿ ਜੇ ਆਪ ਜੀ ਨੂੰ ‘ਗੁਰਮਤਿ ਵਿਚਾਰ’ ਦੀ ਮਸਰੂਫ਼ੀਯਤ ਤੋਂ ਫ਼ੁਰਸਤ ਮਿਲੇ ਤਾਂ
‘ਮਰਯਾਦਾ’ ਦੇ ਵਿਸ਼ੇ `ਤੇ ‘ਸਿੱਖ ਮਾਰਗ’ ਉੱਤੇ ਪ੍ਰਕਾਸ਼ਿਤ ਹੋ ਚੁੱਕੇ ਲੇਖ, ਖ਼ਾਸ ਕਰਕੇ ਲੇਖ ਲੜੀ
ਚੌਥੀ ਵਿੱਚੋਂ ਸ: ਹਾਕਮ ਸਿੰਘ ਜੀ ਦੇ ਲੇਖ: ਰਹਿਤ ਮਰਯਾਦਾ ਦਾ
ਆਧਾਰ, ਗੁਰਮਤਿ ਅਤੇ ਰਹਿਤ ਮਰਯਾਦਾ ਅਤੇ ਸਿੱਖ ਗੁਰਦੁਆਰਾ ਐਕਟ 1925 ਆਦਿ, ਪੜ੍ਹਣ ਦੀ
ਖੇਚਲ ਕਰਨਾ ਜੀ।
‘ਗੁਰਮਤਿ ਵਿਚਾਰਾਂ’ ਵਿੱਚ ਵਿਅਸਤ ਵਿਦਵਾਨਾਂ ਦਾ ਸਮਾਂ ਲੈਣ ਦੀ ਗੁਸਤਾਖੀ ਲਈ ਛਿਮਾ ਦਾ
ਜਾਚਕ ਹਾਂ ਜੀ!
ਗੁਰਇੰਦਰ ਸਿੰਘ ਪਾਲ
ਫ਼ਰਵਰੀ 9, 2013
(09/02/13)
ਹਰਦੇਵ ਸਿੰਘ, ਜੰਮੂ
‘ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ’
ਹਰਦੇਵ ਸਿੰਘ, ਜੰਮੂ
ਦਸ ਗੁਰੂ ਸਾਹਿਬਾਨ ਦੀ ਆਤਮਕ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ
ਸਰਵੋੱਚਤਾ ਨਿਰਸੰਦੇਹ ਨਿਰਵਿਵਾਦਤ ਹੈ। ਦਸ਼ਮੇਸ਼ ਜੀ ਨੇ ਸਿੱਖ ਪੰਥ ਨੂੰ ਕੁੱਝ ਅਧਿਕਾਰ-ਜ਼ਿੰਮੇਵਾਰੀ
ਸੋਂਪਦੇ ਇਸੇ ਸਰਵੋੱਚਤਾ ਦੇ ਅਧੀਨਸਥ ‘ਮਿਲ ਕੇ’ ਤੁਰਨ ਦਾ ਹੁਕਮ ਦਿੱਤਾ ਸੀ। ਗੁਰੂ ਗ੍ਰੰਥ ਸਾਹਿਬ
ਜੀ ਦੀ ਇਕਛੱਤਰ ਅਗੁਆਈ ਦਾ ਪਹਿਲਾ ਪੰਥਕ ਸਬਕ,
‘ਇਕ ਪੰਥ’
ਦਾ ਸਿਧਾਂਤ ਹੈ।
ਜੋ ਇਸ ਸਿਧਾਂਤ ਨੂੰ ਢਾਹ ਲਾਏ ਉਹ
ਕਿਤਨੇ ਵੀ ‘ਦਾਵੇ’ ਕਿਉਂ ਨਾ ਕਰ ਲੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ ਹੇਠ ਨਹੀਂ ਮੰਨਆ ਜਾ
ਸਕਦਾ।
ਪਹਿਲੀ ਨਜ਼ਰੇ ‘ਕੇਵਲ ਗੁਰੂ ਗ੍ਰੰਥ ਜੀ ਦੀ ਅਗੁਆਈ’ ਦਾ ਤਰਕ ਕਿਸੇ ਵੀ ਪੰਥ
ਦਰਦੀ ਨੂੰ ਆਕਰਸ਼ਤ ਕਰਦਾ ਹੈ ਕਿਉਂਕਿ
ਕੋਈ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ
ਗੁਰਤਾ ਤੋਂ ਮੁਨਕਰ ਨਹੀਂ ਹੋ ਸਕਦਾ ਅਤੇ ਨਾ ਹੀ ਹੋਂਣਾ ਚਾਹੀਦਾ ਹੈ।
ਲੇਕਿਨ
‘ਨਿਜ ਸਵਾਰਥ’
ਧਰਮ ਅਸਥਾਨਾਂ ਤੇ ਨਹੀਂ ਉਪਜਦਾ ਬਲਕਿ ਅਕਸਰ ‘ਬਾਹਰੋਂ’
ਪਨਪਦਾ ਧਰਮ ਸਥਾਨ ਵਿੱਚ ਵੜਦਾ ਹੈ, ਅਤੇ ਕਈਂ ਵਾਰ, ਕਿਸੇ ਸੰਸਥਾਨ, ਧਿਰ, ਰਸਾਲੇ, ਅਖ਼ਬਾਰ ਆਦਿ ਦੇ
ਰੂਪ ਵਿੱਚ ‘ ਧਰਮ
ਅਧਾਰਤ ਸਵਾਰਥ ਨੀਤੀ’,
ਧਰਮ ਸਥਾਨ ਤੋਂ ਬਾਹਰ ਰਹਿ ਕੇ ਕਰਦਾ ਹੈ।
ਖੈਰ! ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ ਦੀ ਦਲੀਲ਼, ਕੁੱਝ ਸਾਲਾਂ
ਤੋਂ, ਕੁੱਝ ਇੰਝ ਤੁਰੀ:-
(1)
ਇਤਹਾਸ ਨਹੀਂ ਕੇਵਲ ਗੁਰੁ ਗ੍ਰੰਥ ਸਾਹਿਬ ਜੀ ਦੀ ਅਗੁਆਈ!
(2) ਸਿੱਖ ਰਹਿਤ ਮਰਿਆਦਾ ਨਹੀਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ!
(3)
ਸ਼੍ਰੀ ਅਕਾਲ ਤਖਤ ਕੋਈ ਸੰਸਥਾਨ ਨਹੀਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ!
(4) ਭਾਈ ਗੁਰਦਾਸ, ਭਾਈ ਨੰਦ ਲਾਲ ਨਹੀਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ
ਅਗੁਆਈ!
(5)
ਭਗਤ ਅਤੇ ਭੱਟ ਬਾਣੀ, ਬਾਣੀ ਨਹੀਂ ਅਤੇ ਕੇਵਲ ਗੁਰੂ ਸਾਹਿਬਾਨ ਜੀ ਵਲੋਂ ਉਚਰੀ ਬਾਣੀ ਦੀ ਅਗੁਆਈ
(6)
ਗੁਰੂ ਸਾਹਿਬਾਨ ਦੀ ਬਾਣੀ ਵਿਚੋਂ ਕੇਵਲ ਗੁਰੁ ਨਾਨਕ ਜੀ ਵਲੋਂ ਉਚਾਰੀ ਬਾਣੀ ਦੀ ਅਗੁਆਈ!
(7)
ਗੁਰੂ ਸਾਹਿਬਾਨ ਗੁਰੂ ਨਹੀਂ ਸਨ, ਭੁੱਲਣਹਾਰ ਸਨ ਅਤੇ ਇਸ ਲਈ ਕੇਵਲ ਸ਼ਬਦ ਗੁਰੂ ਤੋਂ ਅਗੁਆਈ!
(8)
ਸ਼ਬਦ ਗੁਰੂ ਨਹੀਂ ਕੇਵਲ ਉਸ ਵਿਚਲੇ ਸੱਚ ਦੇ ਗਿਆਨ ਤੋਂ ਅਗੁਆਈ!
(9)
ਸੱਚ ਦਾ ਗਿਆਨ ਗੁਰੂ ਹੈ ਇਸ ਲਈ ‘ਗੁਰੂ ਗ੍ਰੰਥ ਸਾਹਿਬ’ ਗੁਰੂ ਨਹੀਂ ਪੁਸਤਕ ਹੈ।
ਹੁਣ ਤਾਂ ਕੁੱਝ ਦਿਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਦੁਆਰੇਆਂ ਤੋਂ
ਹਟਾਉਂਣ ਲਈ ਮਚਲ ਰਹੇ ਹਨ। ਪਹਿਲਾਂ ਕਹਿੰਦੇ ਸਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਹੋਰ
ਪੁਸਤਕ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਬਹੁਤ ਚੰਗੀ ਗਲ ਸੀ ਪਰ ਹੁਣ ਕਹਿੰਦੇ ਹਨ ਕਿ ਗੁਰੂ ਗ੍ਰੰਥ
ਸਾਹਿਬ ਦੇ ਪ੍ਰਕਾਸ਼ ਦੀ ਵੀ ਲੋੜ ਨਹੀਂ। ਇਸ ਨੀਤੀ ਨੂੰ ਅਘੋਸ਼ਤ ਢੰਗ ਨਾਲ ਹੋਲੀ-ਹੋਲੀ ਪੜਾਅਵਾਰ
ਤੋਰੇਆ ਜਾ ਰਿਹਾ ਹੈ।
ਬਹੁਤੇ ਪੰਥ ਦਰਦੀ ਅਚੰਬਤ ਹਨ ਕਿ ਉਨ੍ਹਾਂ ਦੀ 1% ਰੱਧ ਕਰਨ ਦੀ ਚਾਹ 100%
ਰੱਧ ਕਰਨ ਦਾ ਦਰਦ ਲੇ ਆਈ। ਇਸ ਵਰਤਾਰੇ ਨੇ ਜਾਗਰੂਕਤਾ ਦੀ ਵਿਸ਼ਵਿਸਨੀਯਤਾ ਨੂੰ ਗਹਿਰੀ ਸੱਟ ਮਾਰੀ
ਹੈ। ਇਹ ਵੱਡਾ ਨੁਕਸਾਨ ਹੈ!
10-15 ਸਾਲ ਪਹਿਲਾਂ ਆਰੰਭ ਹੋਏ ਇਸ ਨਾਟਕ ਦਾ ਅਸਲੀ ਟੀਚਾ ਸਿੱਖ ਪੰਥ ਵਿੱਚ
ਦੁਬਿਦਾ ਉਤਪੰਨ ਕਰਨਾ ਨਹੀਂ ਬਲਕਿ ਦੁਫ਼ੇੜ ਉਤਪੰਨ ਕਰਨਾ ਸੀ। ਦੁਬਿਦਾਵਾਂ ਤਾਂ ਕੇਵਲ ਮਾਧਿਅਮ ਹਨ!
ਉਸ ਵੇਲੇ ਕਿਸੇ ਦੀ ਪੈਸੇ ਦੀ ਭੁੱਖ, ਕਿਸੇ ਦੀ ਚੋਧਰਾਹਟ ਦੀ ਭੁੱਖ, ਕਈਂ ਪੰਥ ਦਰਦੀ ਸੁਹਿਰਦਾਂ ਦੇ
ਭੋਲੇਪਨ ਲਈ, ਧਰਮ ਦੀ ਗਲ ਹੋ ਗਈ, ਜਿਸ ਵਿੱਚ ਜਜ਼ਬਾਤਾਂ ਨੂੰ ਇਸਤੇਮਾਲ ਕੀਤਾ ਗਿਆ।
ਖੈਰ! ਕੋਈ ਇਨ੍ਹਾਂ ਸੱਜਣਾ ਨੂੰ ਪੁੱਛੇ ਕਿ ਜੇ ਕਰ ਹਰ ਅਧਾਰ ਨੂੰ ਰੱਧ ਕਰਨ
ਲਈ ‘ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ’ ਦੀ ਦਲੀਲ ਹੈ ਤਾਂ ਇਹ ਆਪ ਲੇਖ ਕਿਉਂ ਲਿਖਦੇ ਹਨ?
ਨਾ ਲਿਖਣ ਕੋਈ ਵੀ ਲੇਖ, ਨਾ ਬਨਾਉਣ ਕੋਈ ਵੀ ਸੰਸਥਾ, ਨਾ ਬਨਾਉਣ ਕੋਈ ਵੀ ਜੱਥੇਬੰਦੀ, ਨਾ ਕਰਨ
ਸਟੇਜਾਂ ਤੇ ਲੈਕਚਰ ਅਤੇ ਛੱਡ ਦੇਂਣ ਸਿੱਖਾਂ ਨੂੰ, ਕਿ ਉਹ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ
ਪੜਨ। ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਲਈ ਕਿਸੇ ਦੇ ਵੀ ਲੇਖਾਂ ਤੋਂ ਅਗੁਆਈ ਕਿਉਂ ਲਈ ਜਾਏ?
ਪੰਥ ਦੇ ਮਾਹਨ ਵਿਦਵਾਨਾਂ ਦੇ ਕੰਮ ਨੂੰ ‘ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ
ਅਗੁਆਈ’ ਦੇ ਤਰਕ ਨਾਲ ਰੱਧ ਕਰਨ ਵਾਲੇ ਆਪ ਕਿਵੇਂ ਅਤੇ ਕਿਉਂ ਕੰਮ ਕਰ ਰਹੇ ਹਨ? ਜੇ ਕਰ ਗੁਰੂ ਗ੍ਰੰਥ
ਸਾਹਿਬ ਜੀ ਸਾਡੇ ਪਾਸ ਹਨ ਤਾਂ ਕੋਈ ਵੀ ਹੋਰ ਲਿਖਤ ਲਿਖੀ ਹੀ ਕਿਉਂ ਜਾਂਦੀ ਹੈ? ਬੜੀ ਅਜੀਬ ਗਲ
ਪ੍ਰਤੀਤ ਹੁੰਦੀ ਹੈ ਕਿ ਕੌਮ ਦੇ ਵਿਲੱਖਣ ਵਿਦਵਾਨਾਂ ਦੇ ਕੰਮ ਨੂੰ ‘ਕੇਵਲ ਗੁਰੂ ਗ੍ਰੰਥ ਸਾਹਿਬ ਜੀ
ਦੀ ਅਗੁਆਈ’ ਦੇ ਤਰਕ ਤੇ ਰੱਧ ਕਰਨ ਵਾਲਾ ਕੋਈ ਸੱਜਣ ਆਪ ਗੁਰਮਤਿ ਸਮਝਾਉਂਣ ਲਈ ਲੇਖ ਲਿਖਦਾ ਰਹੇ।
ਦਰਅਸਲ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ ਵਿੱਚ ਸਿੱਖ ਦੇ ਨਿਸ਼ਚੇ ਦਾ
ਅਤੇ ਇਸ ਦਲੀਲ ਦਾ ਦੁਰਉਪਯੋਗ ਕਰਕੇ ਸਿੱਖਾਂ ਨੂੰ ਗੁਰੂ ਸਾਹਿਬਾਨ ਵਲੋਂ ਸਥਾਪਤ ਹਰ ਅਧਾਰ ਨਾਲੋਂ
ਤੋੜ ਕੇ ਆਪਣੀ ਕੱਚੀ ਮਾਨਸਿਕਤਾ ਦੀ ਅਗੁਆਈ ਨਾਲ ਜੋੜਨ ਦੀ ਲਚਰਤਾ ਪਰੋਸੀ ਗਈ। ਆਪਣੇ ਸਵਾਰਥ ਹੇਤੂ
ਇਸ ਲਚਰਤਾ ਨੂੰ ਅਰੰਭਣ ਵਾਲੇ ਸੱਜਣਾਂ ਲਈ ਇਹ ਜ਼ਰੂਰੀ ਸੀ ਕਿ ਉਹ ਸਿੱਖ ਵਿਰਸੇ ਵਿੱਚ ਹੋਏ ਹਰ ਮਹਾਨ
ਵਿਦਵਾਨਾਂ ਨੂੰ ਹੋਲੀ-ਹੋਲੀ ਸ਼ੱਕ ਦੇ ਘੇਰੇ ਵਿੱਚ ਲਿਆਉਂਣ। ਉਨ੍ਹਾਂ ਆਪਣਾ ਸਵਾਰਥ ਪੁਰਾ ਕੀਤਾ ਤੇ
ਕਈਂਆਂ ਨੂੰ ਆਪਣੇ ਵਿਦਵਾਨ ਹੋਂਣ ਦਾ ਹਉਮੇ ਰੋਗ ਲਗ ਗਿਆ।
ਨਿਜ ਹਿਤਾਂ ਲਈ ਧਰਮ ਸੰਸਥਾਨਾਂ ਨਾਲ ਜੁੜੇ ਸੱਜਣਾਂ ਅਤੇ ਰਾਜਨੀਤੀ ਦੇ
ਗਠਜੋੜ ਦੀ ਪ੍ਰੋਢਤਾ ਗੁਰਮਤਿ ਵਿੱਚ ਨਹੀਂ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਅਤੇ ਇਹ ਨਿੰਦਨੀਯ ਹੈ।
ਲੇਕਿਨ ਇਸ ਦੇ ਨਾਲ ਨਾਲ ਕੀ ਗੁਰਦੁਆਰਾ ਵਿਵਸਥਾ
ਤੋਂ ਬਾਹਰ ਧਰਮ ਨਾਲ ਜੁੜੀਆਂ ਧਿਰਾਂ ਲਈ, ਧਰਮ ਦੇ ਨਾਮ ਤੇ ‘ਨਿਜ ਹਿਤ ਰਾਜਨੀਤੀ’ ਕਰਨ ਦੀ ਛੂਟ
ਗੁਰਮਤਿ ਵਿੱਚ ਹੈ? ਜੇ ਕਰ ਬੇਲੋੜੀ ‘ਪੁਜਾਰੀ’ ਟਰਮ ਵਰਤੀ ਜਾਂਦੀ ਹੈ ਤਾਂ ਕੀ ਕੇਵਲ ਗੁਰਦੁਆਰੇਆਂ
ਵਿੱਚ ਬੈਠਾ ਸੇਵਾਦਾਰ-ਗ੍ਰੰਥੀ-ਕੀਰਤਨੀਆਂ ਪੁਜਾਰੀ ਹੈ? ਕੀ ਗੁਰਦੁਆਰੇਆਂ ਤੋਂ ਬਾਹਰ ਗੁਰਮਤਿ ਨੂੰ
ਢਾਹ ਲਗਾੁੳਂਦੇ ਲੋਗ ਪੁਜਾਰੀ ਨਹੀਂ ਹਨ? ਕੀ ਧਰਮ ਦੇ ਨਾਮ ਤੇ ਉਨ੍ਹਾਂ ਦਾ ਆਪਣਾ ‘ਨਿਜ ਸਵਾਰਥ’ ਅਤੇ
‘ਵਪਾਰਕ ਰਾਜਨੀਤੀ’ ਪੁਜਾਰੀਵਾਦ ਨਹੀਂ?
ਜੇ ਕਰ ਪੁਜਾਰੀ ਮਨੁੱਖ ਅਤੇ ਪਰਮਾਤਮਾ ਦੇ ਦਰਮਿਆਨ ਖੜਾ ‘ਪੇਸ਼ਾਵਰ’ ਹੁੰਦਾ
ਹੈ ਤਾਂ ਧਿਆਨ ਵਿੱਚ ਰਹੇ ਕਿ ਇਹ ਪੇਸ਼ਾਵਰ ਹੁਣ ਸਫ਼ੇਦ ਕੁਰਤੇ ਪਜਾਮੇ ਜਾਂ ਚੋਲੇ-ਵਿਮਟੇ ਵਿੱਚ ਹੀ
ਨਹੀਂ ਬਲਕਿ ਪੇਂਟ-ਕੋਟ-ਕਮੀਜ਼ ਵਿੱਚ ਵੀ ਹੈ। ਇਹ ਪੁਜਾਰੀ ਕੁਰਤੇ-ਪਜਾਮੇ ਵਾਲੇ ਨੂੰ ਪੁਜਾਰੀ ਕਹਿ ਕੇ
ਆਪਣੇ ਪੁਜਾਰੀ ਪੁਣੇ ਨੂੰ ਛੁਪਾਉਂਣਾ ਚਾਹੁੰਦਾ ਹੈ? ਨਿਰਸੰਦੇਹ: ਛੁਪਾਉਂਣਾ ਚਾਹੁੰਦਾ ਹੈ! ਪਰ
‘ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ’ ਉਸ ਦੀ ਪਛਾਣ ਵੀ ਪ੍ਰਗਟ ਕਰਦੀ ਹੈ!
ਹਰਦੇਵ ਸਿੰਘ, ਜੰਮੂ-9. 2. 2013
(09/02/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਬਾਹਰ
ਕੀ ਭਾਲੇਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੋ ਵਸਦਾ ਅੰਦਰ ਤੇਰੇ, ਬਾਹਰ ਕੀ ਭਾਲੇਂ, ਬਾਹਰ ਕੀ ਭਾਲੇਂ।
ਜੰਗਲ ਢੂੰਡੇਂ, ਬੇਲੇ ਢੂੰਡੇ, ਤੀਰਥ ਢੂੰਡੇਂ, ਮੇਲੇ ਢੂੰਡੇ,
ਮੰਦਿਰ ਢੂੰਡੇ, ਮਸਜਿਦ ਢੂੰਡੇਂ, ਮਿਲੇ ਨਾ ਜਿੱਥੇ, ਕਾਸਿਦ ਢੂੰਡੇਂ।
ਜੋ ਤੇਰੇ ਅੰਗ ਸੰਗ ਹੈ ਰਚਿਆ, ਜੋ ਤੇਰੇ ਧੁਰ ਅੰਦਰ ਵਸਿਆ।
ਜੋ ਸਦ ਤੇਰੇ ਅੰਦਰ ਰਹਿੰਦਾ, ਜੋ ਤੇਰੇ ਸਾਹੀਂ ਸਾਹ ਲੈਂਦਾ।
ਜੋ ਸੰਗ ਤੇਰੇ ਸ਼ਾਮ ਸਵੇਰੇ, ਬਾਹਰ ਕੀ ਭਾਲੇਂ, ਬਾਹਰ ਕੀ ਭਾਲੇਂ।
ਜੋ ਵਸਦਾ ਅੰਦਰ ਤੇਰੇ, ਬਾਹਰ ਕੀ ਭਾਲੇਂ, ਬਾਹਰ ਕੀ ਭਾਲੇਂ।
ਤੇਰੀ ਹਰ ਗੱਲ ਸੁਣਦਾ ਕੋਲੇ, ਜੋ ਤੇਰੇ ਅੰਦਰ ਹੀ ਬੋਲੇ,
ਰਖਦਾ ਤੈਨੂੰ ਕਾਰਜ ਲਾਈ, ਜੋ ਹੁੰਦਾ ਹੈ ਸਦਾ ਸਹਾਈ।
ਆਪ ਪਛਾਣੇਂ, ਤਾਂ ਉਸ ਜਾਣੇਂ, ਜੇ ਉਸ ਜਾਣੇਂ ਭੇਦ ਪਛਾਣੇ,
ਭੇਦ ਜੋ ਪਾਇਆ, ਫਰਕ ਮਿਟਾਇਆ, ਫਰਕ ਮਿਟਾ, ਸੰਗ ਆਪ ਮਿਲਾਇਆ।
ਆਪ ਮਿਲੇ ਮਨ ਚਾਉ ਘਣੇਰੇ, ਬਾਹਰ ਕੀ ਭਾਲੇਂ, ਬਾਹਰ ਕੀ ਭਾਲੇਂ।
ਜੋ ਵਸਦਾ ਅੰਦਰ ਤੇਰੇ, ਬਾਹਰ ਕੀ ਭਾਲੇਂ, ਬਾਹਰ ਕੀ ਭਾਲੇਂ।
ਜੋ ਖੋਜੇ ਸੋ ਉਸ ਨੂੰ ਪਾਵੇ, ਉਸ ਸੰਗ ਜੁੜੇ, ਸੋ ਭਟਕ ਮਿਟਾਵੇ।
ਭਟਕ ਮਿਟਾਵੇ, ਟੇਕ ਲਗਾਵੇ, ਟੇਕ ਲਗਾਵੇ ਤੇ ਉਸ ਪਾਵੇ।
ਅੰਦਰ ਅਪਣੇ ਧਿਆਨ ਟਿਕਾ ਲੈ, ਚੁਪ ਹੋ, ਉਸ ਸੰਗ ਟੇਕ ਲਗਾ ਲੈ।
ਜਪ ਹਰ ਨਾਮ, ਹਰ ਸਾਸ ਵਸਾ ਲੈ, ਫਿਰ ਉਸ ਨੂੰ ਅੰਦਰ ਹੀ ਪਾਲੈ।
ਕਟ ਲੈ ਆਉਣ ਜਾਣ ਦੇ ਫੇਰੇ, ਬਾਹਰ ਕੀ ਭਾਲੇਂ, ਬਾਹਰ ਕੀ ਭਾਲੇਂ।
ਜੋ ਵਸਦਾ ਅੰਦਰ ਤੇਰੇ, ਬਾਹਰ ਕੀ ਭਾਲੇਂ, ਬਾਹਰ ਕੀ ਭਾਲੇਂ।
(09/02/13)
ਬਿਕਰਮਜੀਤ ਸਿੰਘ “ਜੀਤ”
:::::<< ਦਾਤਾ >>:::::
ਸ਼ਰਣ ਆਪਣੀ ਰਖ ਲੈ ਸਾਈਂ, ਗਿਣੀ ਨ੍ਹਾਂ ਸਾਡੇ ਅਵਗੁਣ ਦਾਤਾ
ਚੰਗੇ ਮਾੜੇ ਅਸੀਂ ਤੇਰੇ ਹੀ ਹਾਂ, ਤ੍ਰੁਠ ਕੇ ਹੁਣ ਅਪਨਾ ਮੇਰੇ ਦਾਤਾ
ਵਿਣ ਮੰਗਿਆਂ ਤੂੰ ਸਭ ਕੁਝ ਦੇਨੈਂ, ਹੈਂ ਵੱਡਦਾਨੀ ਤੂੰ ਮੇਰੇ ਦਾਤਾ
ਭਰੇਂ ਢਿਡ ਤੂੰ ਇੱਕ ਇੱਕ ਦਾ, ਦੇਵੇਂ ਰਿਜ਼ਕ ਹਰ ਇੱਕ ਨੂੰ ਦਾਤਾ
ਦੇਵੀਂ ਸੁਮੱਤ ਸ਼ੁਭ ਕਾਰਜ ਕਰੀਏ, ਸੁਥਰਾ ਹੋਵੇ ਜੀਵਨ ਦਾਤਾ
ਕੋਹਾਂ ਦੂਰ ਝੂਠ ਤੋ ਰਹੀਏ, ਰਾਹ ਸਚ ਧਰਮ ਦੀ ਪਾਈਂ ਦਾਤਾ
ਨਿੰਦਿਆ ਲਾਲਚ ਲੋਭ ਪਾਪ ਤੋਂ, ਬਚ ਬਚਾ ਕੇ ਰਹੀਏ ਦਾਤਾ
ਸਾਧ ਸੰਗਤ ਬਹਿ ਕੀਰਤ ਗਾਈਏ, ਸੇਵਾ ਭਗਤੀ ਕਰੀਏ ਦਾਤਾ
ਨਜ਼ਰ ਮਿਹਰ ਦੀ ਪਾ ਕੇ ਸਾਨੂੰ, ਨਾਮ-ਰੰਗ ਵਿਚ ਰੰਗ ਦੇ ਦਾਤਾ
ਬਾਝ ਤੇਰੇ ਕੋਈ ਹੋਰ ਨ੍ਹਾਂ ਸੁਝੇ, ਜੀਤ ਨੂੰ ਦੂਜਾ ਦੁਆਰ ਹੇ ਦਾਤਾ
..... ਬਿਕਰਮਜੀਤ ਸਿੰਘ “ਜੀਤ” .....
(08/02/13)
ਗੁਰਮਤਿ ਵਿਚਾਰ ਸਭਾ-ਜੰਮੂ
ਵੀਰ
ਗੁਰਰਿੰਦਰ ਸਿੰਘ ਪਾਲ ਜੀ,
ਫ਼ਤਿਹ ਪਰਵਾਨ ਕਰਨੀ ਜੀ।
ਆਪ ਜੀ ਦੇ ਕਥਨ ਤੋਂ ਭਾਸਦਾ ਹੈ ਕਿ ਸਿੱਖ ਵਿਦਵਾਨ, ਪ੍ਰੋ. ਗੁਰਮੁਖ ਸਿੰਘ ਜੀ, ਭਾਈ
ਕ੍ਹਾਨ ਸਿੰਘ ਨਾਭਾ ਜੀ, ਪ੍ਰੋ. ਸ਼ਾਹਿਬ ਸਿੰਘ ਜੀ, ਭਾਵਾ ਪ੍ਰੇਮ ਸਿੰਘ ਜੀ ਹੇਤੀ, ਪ੍ਰਿ. ਤੇਜਾ
ਸਿੰਘ ਜੀ, ਭਾਈ ਵੀਰ ਸਿੰਘ ਜੀ, ਪ੍ਰੋ. ਜੋਧ ਸਿੰਘ ਜੀ ਆਦਿ ਅਤੇ ਸਿੰਘ ਸਭਾ ਲਹਿਰ ਨਾਲ ਜੁੜੇ ਸਿੱਖ,
ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਤ ਨਹੀਂ ਸੀ ਸਨ ਕਿਉਂਕਿ ਜੇ ਕਰ ਹੁੰਦੇ ਤਾਂ ‘ਸਿੱਖ ਰਹਿਤ
ਮਰਿਆਦਾ’ ਦਸਤਾਵੇਜ਼ ਨਾ ਬਣਦਾ।
ਵੀਰ ਜੀਉ ਜਿਸ ਦਿਨ ਗੁਰਮਤਿ ਸਮਝਣ ਲਈ ਆਪ ਜੀ ਦੀ ਸ਼ਰਨ ਆਉਂਣਾ ਪਿਆ ਤਾਂ ਜ਼ਰੂਰ ਆਵਾਂਗੇ। ਫਿਲਹਾਲ
ਗੁਰਮਤਿ ਸਮਝਣ ਲਈ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਸਾਹਿਬਾਨ ਦੇ ਜੀਵਨ ਤੇ ਹੀ ਨਿਰਭਰ
ਹਾਂ। ਅਸੀਂ ਅਜੇ ਆਪ ਜੀ ਵਰਗੇ ਸੂਝਵਾਨ ਵਿਦਵਾਨਾਂ ਦੇ ਲਿਖੇ ਲੇਖਾਂ ਨੂੰ ਗੁਰਮਤਿ ਸਮਝਣ ਦੀ ਕਸਵਟੀ
ਨਹੀਂ ਬਨਾਇਆ।
ਛਿਮਾ ਕਰਨਾ ਵਿਅਸਤ ਹੋਂਣ ਕਾਰਨ ਆਪ ਜੀ ਨਾਲ ਹੋਰ ਪੱਤਰਾਚਾਰ ਨਹੀਂ ਕਰ ਪਾਵਾਂਗੇ!
ਵਲੋਂ-
ਗੁਰਮਤਿ ਵਿਚਾਰ ਸਭਾ-ਜੰਮੂ
ਸੰਪਰਕ-94196-30499
(08/02/13)
ਤੱਤ ਗੁਰਮਤਿ ਪਰਿਵਾਰ
ਸਚ ਕਿਨਾਰੇ ਰਹਿ ਗਇਆ ਖਹਿ ਮਰਦੇ ਬਾਹਮਣ
ਮਉਲਾਣੇ॥
“ਸੱਚ ਦਾ ਹੋਕਾ ਦੇਣ ਵਾਲਿਆਂ ਖਿਲਾਫ ਤੇਜ਼
ਹੋਇਆ ਗੁੰਮਰਾਹਕੁੰਨ ਪ੍ਰਾਪੇਗੰਡਾ”
“ਕੁਝ ਸੁਚੇਤ ਮੰਨੇ ਜਾਂਦੇ ਵਿਦਵਾਨ ਅਤੇ
ਵੈਬਸਾਈਟਾਂ ਵੀ ਮੋਹਰੇ ਬਣੀਆਂ”
ਬਾਬਾ ਨਾਨਕ ਜੀ ਵੇਲੇ ਬ੍ਰਾਹਮਣ ਅਤੇ ਮੌਲਾਣੇ (ਭਾਵ
ਪੁਜਾਰੀ ਸ਼੍ਰੇਣੀ) ‘ਸੱਚ ਦੀ ਵਿਚਾਰ’ ਨੂੰ ਅੱਖੋਂ ਪਰੋਖੇ ਕਰਕੇ, ਇੱਕ ਦੂਜੇ ਨੂੰ ਨੀਂਵਾ ਵਿਖਾਉਣ
ਲਈ, ਹਲਕੇ ਪੱਧਰ `ਤੇ ਗੁੰਮਰਾਹਕੁੰਨ ਪ੍ਰਚਾਰ ਅਤੇ ਫਤਵੇਬਾਜ਼ੀ ਕਰ ਰਹੇ ਸਨ। ਬ੍ਰਾਹਮਣ ਮੁਸਲਮਾਨਾਂ
ਨੂੰ ‘ਮਲੇਛ’ ਆਦਿ ਫਤਵੇ ਜਾਰੀ ਕਰ ਕੇ, ਨੀਂਵਾ ਵਿਖਾਉਣ ਦੀ ਕੋਸ਼ਿਸ਼ ਕਰਦੇ ਹੋਏ, ਆਮ ਲੋਕਾਈ ਨੂੰ ਧਰਮ
ਦੇ ਨਾਮ `ਤੇ ਗੁੰਮਰਾਹ ਕਰ ਰਿਹਾ ਸੀ। ਦੁਜੀ ਤਰਫ, ਮੌਲਾਣੇ ਹਿੰਦੂਆਂ ਨੂੰ ‘ਕਾਫਿਰ’ ਐਲਾਨਦੇ ਹੋਏ,
ਸਮਾਜ ਵਿੱਚ ਨਫਰਤ ਦੇ ਬੀਜ ਬੋ ਰਹੇ ਸਨ ਅਤੇ ਲੋਕਾਈ ਨੂੰ ਲੜਾ ਰਹੇ ਸਨ। ਐਸੇ ਫਤਵੇਬਾਜ਼ ਅਤੇ ਮਤਸੱਬੀ
ਲੋਕ ਬਾਬਾ ਨਾਨਕ ਜੀ ਕੋਲ ਵੀ ਆਪਣੇ ਇਸ ਭਰਮ ਦਾ ਫੈਸਲਾ ਕਰਵਾਉਣ ਆਏ ਕਿ ਹਿੰਦੂ ਵੱਡਾ ਕਿ ਮੁਸਲਮਾਨ?
ਬਾਬਾ ਨਾਨਕ ਜੀ ਨੇ ਆਪਣੇ ਬ੍ਰਾਹਮੰਡੀ ਫਲਸਫੇ ਅਨੁਸਾਰ ਉਨ੍ਹਾਂ ਨੂੰ ਸਮਝਾਇਆ ਕਿ ਚੰਗੇ ਅਮਲਾਂ ਤੋਂ
ਬਿਨਾਂ, ਹਰ ਇੱਕ ਨੂੰ (ਸਮੇਤ ਹਿੰਦੂ, ਮੁਸਲਮਾਨ) ਦੇ ਪਛਤਾਉਣਾ ਪੈਂਦਾ ਹੈ। ਇਸ ਸੰਬੰਧੀ ਭਾਈ
ਗੁਰਦਾਸ ਜੀ ਦੀਆਂ ਪ੍ਰਚਲਿਤ ਵਾਰਾਂ ਵਿੱਚ ਜ਼ਿਕਰ ਇਉਂ ਹੈ:
ਪੁਛਨਿ ਫੋਲਿ ਕਿਤਾਬ ਨੋ ਹਿੰਦੂ
ਵਡਾ ਕਿ ਮੁਸਲਮਾਨੋਈ॥
ਬਾਬਾ ਆਖੇ ਹਾਜੀਆਂ ਸੁਭਿ ਅਮਲਾ
ਬਾਝਹੁ ਦੋਨੋ ਰੋਈ॥
ਬਾਬਾ ਨਾਨਕ ਜੀ ਵਲੋਂ ਖਰਾ ਸੱਚ ਪੇਸ਼ ਕਰਨ ਦੇ ਅੰਦਾਜ਼ ਤੋਂ
ਬੌਖਲਾਏ ਪ੍ਰਚਾਰਕਾਂ ਨੇ ਉਨ੍ਹਾਂ ਨੂੰ ‘ਭੂਤਨੇ, ਬੇਤਾਲੇ’ ਦੇ ਫਤਵੇ ਵੀ ਦਿੱਤੇ। ਪਰ ਨਾਨਕ ਪਾਤਸ਼ਾਹ
ਜੀ ਉਨ੍ਹਾਂ ਨੂੰ ਠਰੰਮ੍ਹੇ ਅਤੇ ਸਹਿਜ ਨਾਲ ਵਿਚਾਰ ਕਰਨ ਦੀ ਸਲਾਹ ਦੇਂਦੇ ਹੋਏ ‘ਰੋਸੁ ਨ ਕੀਜੈ ਉਤਰੁ
ਦੀਜੈ’ ਦੀ ਸੇਧ ਵਿੱਚ ਤੁਰਨ ਲਈ ਉਤਸ਼ਾਹਤ ਕਰਦੇ ਰਹੇ।
ਹਾਲਾਤ ਅੱਜ ਵੀ ਵੈਸੇ ਹੀ ਹਨ। ‘ਸੱਚ ਦੀ ਵਿਚਾਰ’ ਨੂੰ
ਕਿਨਾਰੇ ਕਰਕੇ, ਇੱਕ ਦੂਜੇ ਨੂੰ ਨੀਂਵਾ ਵਿਖਾਉਣ ਅਤੇ ਗੁੰਮਰਾਹਕੁੰਨ ਪ੍ਰਚਾਰ ਰਾਹੀਂ ਬਦਨਾਮ ਕਰਨ ਦੀ
ਬਦਨੀਅਤੀ/ਪ੍ਰਾਪੇਗੰਡਾ/ਰੁਚੀ ਅੱਜ ਵੀ ਜਾਰੀ ਹੈ। ਅਫਸੋਸ! ਇਹ ਮੰਦ ਪ੍ਰਵਿਰਤੀ ਬਾਬਾ ਨਾਨਕ ਜੀ ਦੀ
ਪੈਰੋਕਾਰ ਹੋਣ ਦਾ ਦਾਅਵਾ ਕਰਦੀ ਸਿੱਖ ਕੌਮ ਵਿੱਚ ਵੀ ਭਾਰੂ ਰਹੀ ਹੈ। ਸੰਪਰਦਾਈ ਧਿਰਾਂ ਵਲੋਂ
ਪੁਰਾਣੇ ਸਮੇਂ ਤੋਂ ਹੀ ਸੱਚ ਦਾ ਹੌਕਾ ਦੇ ਕੇ ਜਾਗਰੂਕਤਾ ਲਿਆਉਣ ਦੀ ਕੋਸ਼ਿਸ਼ ਕਰਨ ਵਾਲੀਆਂ ਸ਼ਖਸੀਅਤਾਂ
ਅਤੇ ਧਿਰਾਂ ਖਿਲਾਫ ਐਸੀ ਫਤਵੇਬਾਜ਼ੀ (ਕਾਮਰੇਡ, ਨਾਸਤਕ ਆਦਿ) ਅਤੇ ਕੂੜ ਪ੍ਰਚਾਰ ਹੁੰਦਾ ਰਿਹਾ ਹੈ।
ਹੁਣ ਜਾਗਰੂਕਤਾ ਦਾ ਲਬਾਦਾ ਔੜੀ ਬੈਠੀਆਂ ਕੁੱਝ ਧਿਰਾਂ, ਸ਼ਖਸੀਅਤਾਂ ਆਦਿ ਨੇ ਵੀ ਇਸ ਗਲਤ ਪਹੁੰਚ ਨੂੰ
ਅਪਨਾਅ ਲਿਆ ਹੈ।
ਨਿਰੋਲ ਗੁਰਬਾਣੀ ਦੀ ਰੌਸ਼ਨੀ ਵਿੱਚ ਹਰ ਗੱਲ ਨੂੰ ਖਰੇ ਅਤੇ
ਸਪਸ਼ਟ ਰੂਪ ਵਿੱਚ ਕਹਿਣ ਦੀ ਆਪਣੀ ਪਹੁੰਚ ਕਾਰਨ ‘ਤੱਤ ਗੁਰਮਤਿ ਪਰਿਵਾਰ’ ਵੀ ਐਸੀਆਂ ਤਾਕਤਾਂ ਦਾ
ਸ਼ਿਕਾਰ ਸ਼ੁਰੂ ਤੋਂ ਰਿਹਾ ਹੈ। ‘ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ’ ਦੇ ਸਫਲ ਸੰਯੋਜਨ ਤੋਂ ਬਾਅਦ
ਤਾਂ ਇਨ੍ਹਾਂ ਧਿਰਾਂ ਦੀ ਬੌਖਲਾਹਟ ਬਹੁਤ ਵੱਧ ਗਈ ਹੈ ਅਤੇ ਇਨ੍ਹਾਂ ਨੇ ‘ਪਰਿਵਾਰ’ ਨੂੰ ਬਦਨਾਮ ਕਰਨ
ਖਾਤਿਰ ਹਲਕੇ ਪੱਧਰ ਦਾ ਝੂਠਾ ਪ੍ਰਾਪੇਗੰਡਾ ਤੇਜ਼ ਕਰ ਦਿੱਤਾ ਹੈ। ਇਸੇ ਕੜੀ ਵਿੱਚ ਉਹੀ ਗੱਲਾਂ
ਵਾਰ-ਵਾਰ ਅਲਗ-ਅਲਗ ਨਾਮਾਂ ਹੇਠ ਪੇਸ਼ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਬਾਰੇ ‘ਪਰਿਵਾਰ’ ਇਕ-ਇਕ
ਨੁਕਤੇ `ਤੇ ਵਿਸਤਾਰ ਨਾਲ ਆਪਣਾ ਪੱਖ ਪਾਠਕਾਂ ਸਾਹਮਣੇ ਰੱਖ ਚੁੱਕਿਆ ਹੈ। ਤਾਜ਼ਾ ਘਟਨਾਵਾਂ ਵਿਚੋਂ
ਗੁਰਦੇਵ ਸਿੰਘ ਜੀ ਸੰਧੇਵਾਲੀਆ, ਖਾਲਸਾ ਨਿਉਜ਼ ਅਤੇ ਜਸਵਿੰਦਰ ਸਿੰਘ ਜੀ ਕੈਨੇਡਾ (ਨੁੱਕਤਾਵਾਰ ਜਵਾਬ
ਮਿਲਣ ਤੋਂ ਬਾਅਦ ਇਹ ਨਿਰੁੱਤਰ ਹਨ) ਦੀ ਕੱਢੀ ਭੜਾਸ ਤੋਂ ਬਾਅਦ ਇਸ ਲੜੀ ਵਿੱਚ ਤਾਜ਼ਾ ਨਾਮ ਜੁੜਿਆ ਹੈ
ਕਿਸੇ ਵੀਰ ਜਗਮੋਹਨ ਸਿੰਘ ‘ਸਿੱਖ ਮਿਸ਼ਨਰੀ’ ਦਾ। ਪਹਿਲੇ ਕੂੜ ਪ੍ਰਚਾਰਕਾਂ ਵਾਂਗੂ ਹੀ ਇਸ ਵੀਰ ਨੇ ਵੀ
ਕਿਸੇ ਨੁਕਤੇ `ਤੇ ਵੀਚਾਰ ਦੇਣ ਦੀ ਥਾਂ ਹਲਕੇ ਪੱਧਰ ਦੀ ਫਤਵੇਬਾਜ਼ੀ ਅਤੇ ਸ਼ੋਸ਼ੇਬਾਜੀ ਦਾ ਸਹਾਰਾ ਲਿਆ
ਹੈ। ਇਨ੍ਹਾਂ ਨੇ ਆਪਣੀ ਬੌਖਲਾਹਟ ਦਾ ਪ੍ਰਗਟਾਵਾ ਇੱਕ ਕਵਿਤਾ ਰਾਹੀਂ ਕੀਤਾ ਹੈ। ਇਹ ਕਵਿਤਾ ਇਸ ਲਿੰਕ
`ਤੇ ਪੜ੍ਹੀ ਜਾ ਸਕਦੀ ਹੈ।
http://thekhalsa.org/frame.php?path=344&article=1092
ਇਸ ਕਵਿਤਾ ਵਿੱਚ ਬਹੁਤੇ ਨੁਕਤੇ ਝੂਠ ਆਧਾਰਿਤ ਹਨ ਅਤੇ
ਬਾਕੀਆਂ ਬਾਰੇ ਸਾਡਾ ਪੱਖ ਵਿਸਤਾਰ ਵਿੱਚ ਸਾਡੇ ਸੰਪਾਦਕੀਆਂ ਵਿੱਚ ਦਿੱਤਾ ਜਾ ਚੁੱਕਾ ਹੈ। ਸਾਡੀ
ਗੁਰਮਤਿ ਸਮਝ ਅਨੁਸਾਰ ਕਿਸੇ ਵੀ ਦੇਹਧਾਰੀ ਲਈ ‘ਗੁਰੂ’ ਵਿਸ਼ੇਸ਼ਣ ਵਰਤੋਂ ਗਲਤ ਹੈ। ਇਹ ਵਿਚਾਰ ‘ਤੱਤ
ਗੁਰਮਤਿ ਪਰਿਵਾਰ’ ਤੋਂ ਇਲਾਵਾ ਹੋਰ ਵੀ ਕੁੱਝ ਪੰਥਕ ਵਿਦਵਾਨਾਂ ਦਾ ਹੈ ਅਤੇ ‘ਪਰਿਵਾਰ’ ਦੀ ਕਾਇਮੀ
ਦੇ ਪਹਿਲਾਂ ਤੋਂ ਹੀ ਪ੍ਰਚਲਿਤ ਹੈ। ‘ਪਰਿਵਾਰ’ ਨੇ ਆਪਣੀ ਗੁਰਮਤਿ ਸਮਝ ਅਨੁਸਾਰ ਇਸ ਬਾਰੇ ਖੁੱਲ ਕੇ
ਆਪਣਾ ਪੱਖ ਰੱਖਿਆ ਹੈ, ਧੱਕੇ ਨਾਲ ਕਿਸੇ `ਤੇ ਥੋਪਿਆ ਨਹੀਂ ਅਤੇ ਨਾ ਹੀ ਵਿਰੋਧੀ ਵਿਚਾਰ ਵਾਲਿਆਂ
ਨਾਲ ਨਰਾਜ਼ਗੀ ਪਾਲੀ ਹੈ। ਬਾਕੀ ਇਸ ਕਵਿਤਾ ਵਿੱਚ ‘ਪਰਿਵਾਰ’ ਉਤੇ ਭੱਟ ਬਾਣੀ ਨੂੰ ਰੱਦ ਕਰਨ, ਅਨਮਤਾਂ
ਵਿੱਚ ਆਪਣੀਆਂ ਕੁੜੀਆਂ ਦੇਣ ਦੀ ਪ੍ਰੋੜਤਾ ਕਰਨ, ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਨੂੰ
ਗਲਤ ਕਹਿਣ ਆਦਿ ਰੂਪੀ ਨਿਰੋਲ ਝੂਠੇ ਇਲਜ਼ਾਮ ਲਾਏ ਗਏ ਹਨ। ਇਨ੍ਹਾਂ ਇਲਜ਼ਾਮਾਂ ਦੇ ਹੱਕ ਵਿੱਚ ਬੌਖਲਾਏ
ਹੋਏ ਇਸ ਕਵੀ ਨੇ ਕੋਈ ਸਬੂਤ ਵੀ ਨਹੀਂ ਦਿੱਤਾ। ‘ਸਿੱਖ ਰਹਿਤ ਮਰਿਯਾਦਾ ਸੁਧਾਰ’ ਉਪਰਾਲੇ ਦੇ ਦੌਰਾਨ
ਤਿਆਰ ਹੋਇਆ ਦਸਤਾਵੇਜ਼ ‘ਗੁਰਮਤਿ ਜੀਵਨ ਸੇਧਾਂ: ਮੁੱਖ ਨੁੱਕਤੇ’ ਦਾ ਡਰਾਫਟ ਸੁਝਾਵਾਂ ਲਈ ਕਿਨ੍ਹਾਂ
ਸਮਾਂ ਜਨਤਕ ਤੌਰ `ਤੇ ਪਾਇਆ ਗਿਆ। ਗੁੰਮਰਾਹ ਕਰਨ ਵਾਲੇ ਕਿਸੇ ਸੱਜਣ ਨੇ ਕੋਈ ਵਿਚਾਰ/ਸੁਝਾਵ ਨਹੀਂ
ਦਿੱਤਾ। ਤਿਆਰ ਹੋਇਆ ਦਸਤਾਵੇਜ਼ ਵੀ ਥੋੜੇ ਸਮੇਂ ਵਿੱਚ ਪ੍ਰਕਾਸ਼ਿਤ ਹੋ ਕੇ ਲੋਕਾਈ ਦੇ ਸਾਹਮਣੇ ਆ
ਜਾਵੇਗਾ। ਇਸ ਨਾਲ ਇਨ੍ਹਾਂ ਦੇ ਕੂੜ ਦੇ ਖਿਲਾਰੇ ਦਾ ਭਾਂਡਾ ਫੋੜ ਹੋ ਹੀ ਜਾਣਾ ਹੈ। ਪਰ ਸਾਨੂੰ ਪਤਾ
ਹੈ ਕਿ ਇਨ੍ਹਾਂ ਦਾ ਸ਼ੋਰ ਕਦੀ ਖਤਮ ਨਹੀਂ ਹੋਣਾ, ਕਿਉਂਕਿ ਇਨ੍ਹਾਂ ਦਾ ਨਿਸ਼ਾਨਾ ਤਾਂ ਬਾਬੇ ਨਾਨਕ ਦੇ
ਸਮੇਂ ਤੋਂ ਹੀ ਵਿਚਾਰ ਕਰਨ ਦੀ ਥਾਂ ਹਲਕੀ ਫਤਵੇਬਾਜੀ ਰਾਹੀਂ ਸ਼ੋਰ ਪਾ ਕੇ ਲੋਕਾਈ ਨੂੰ ਗੁੰਮਰਾਹ ਕਰਨ
ਦਾ ਯਤਨ ਕਰਨਾ ਹੈ।
ਜਗਮੋਹਨ ਸਿੰਘ ਮਿਸ਼ਨਰੀ ਨਾਮਕ ਤਾਜ਼ਾ ਉਭਰੇ ਵੀਰ ਨੇ ਵੀ
‘ਸੱਚ ਦੀ ਵਿਚਾਰ’ ਤੋਂ ਕਿਨਾਰਾ ਕਰ ਕੇ ‘ਪਰਿਵਾਰ’ ਖਿਲਾਫ ਨਾਸਤਿਕ, ਕਾਮਰੇਡ, ਆਰ. ਐਸ. ਐਸ. ਦੇ
ਏਜੰਟ ਹੋਣ ਦੇ ਫਤਵੇ ਜਾਰੀ ਕੀਤੇ ਹਨ। ਬਾਬਾ ਨਾਨਕ ਜੀ ਦੀ ਸੇਧ ਵਿੱਚ ਹਰ ਫਤਵਾ ਸਿਰ-ਮੱਥੇ। ਜਦੋਂ
ਕਵਿਤਾ ਨਾਲ ਖਿਲਾਰਾ ਪੂਰਾ ਹੋਇਆ ਨਜ਼ਰ ਨਹੀਂ ਆਇਆ ਤਾਂ ਇਸ ਵੀਰ ਨੇ ਸੰਪਾਦਕ ‘ਦ ਖਾਲਸਾ ਵੈਬਸਾਈਟ’
ਦੇ ਨਾਮ `ਤੇ ਇੱਕ ਖੱਤ ਲਿੱਖ ਕੇ ਨਾਸਤਿਕ, ਕਾਮਰੇਡ ਦੇ ਫਤਵੇ ਦੁਹਰਾਉਂਦੇ ਹੋਏ ਇਹ ਲਿਖਿਆ ਹੈ ਕਿ
ਇਸ ਵੀਰ ਨੂੰ ਧੱਮਕੀਆਂ ਦਿੱਤੀਆਂ ਗਈਆਂ, ਉਸ ਦੀ ਕਵਿਤਾ ਡਿਲੀਟ ਕਰ ਦਿੱਤੀ ਗਈ। ਕਿਆ ਬਾਤ ਹੈ?
ਧਮਕੀਆਂ ਦਾ ਕੋਈ ਸਬੂਤ ਤਾਂ ਦਿੰਦੇ। ਪਰ ਜਿਨ੍ਹਾਂ ਨੇ ਸਿਰਫ ਖਿਲਾਰਾ ਪਾਉਣਾ ਹੋਵੇ, ਉਨ੍ਹਾਂ ਨੂੰ
ਸਬੂਤ ਜਾਂ ਦਲੀਲਾਂ ਨਾਲ ਕੀ ਕੰਮ। ਉਨ੍ਹਾਂ ਨੂੰ ਤਾਂ ਸ਼ੋਸ਼ੇਬਾਜ਼ੀਆਂ ਦਾ ਸ਼ੋਰ ਰਾਸ ਆਉਂਦਾ ਹੈ।
ਸੱਚਾਈ ਇਹ ਹੈ ਕਿ ‘ਤੱਤ ਗੁਰਮਤਿ ਪਰਿਵਾਰ’ ਨੇ ਇਹ ਕਵਿਤਾ
ਪਹਿਲੀ ਵਾਰ ਫੇਸ ਬੁੱਕ ਦੇ ਇੱਕ ਗਰੁਪ ‘ਬਾਬਾ ਬੰਦਾ ਸਿੰਘ ਬਹਾਦੁਰ’ ਤੇ ਪੜ੍ਹੀ। ਉਥੋਂ ਅਸੀਂ ਆਪ
ਕਾਪੀ ਕਰ ਕੇ ਇਸ ਨੂੰ ਦੋ ਵੱਡੇ ਫੇਸ ਬੁੱਕ ਗਰੁਪਾਂ ‘ਬਚਿੱਤਰ ਨਾਟਕ: ਇੱਕ ਸਾਜਿਸ਼’ ਅਤੇ ‘ਸਚ
ਸੁਣਾਇਸੀ ਸਚੁ ਕੀ ਬੇਲਾ’ ਵਿੱਚ ਪਾਇਆ। ‘ਪਰਿਵਾਰ’ ਨੇ ਕੋਈ ਧਮਕੀ ਦੇਣ ਦੀ ਬਜਾਇ ਹਰ ਥਾਂ ‘ਕਮੈਂਟ’
ਪਾ ਕੇ ਕਵਿਤਾ ਦੇ ਲੇਖਕ (ਜਗਮੋਹਨ ਸਿੰਘ ਜੀ) ਨੂੰ ਨੁੱਕਤਾਵਾਰ ਵਿਚਾਰ ਕਰਨ ਦਾ ਸੱਦਾ ਦਿਤਾ ਅਤੇ
ਫੋਨ ਨੰਬਰ ਵੀ ਮੰਗਿਆ। ਝੂਠ ਦੇ ਪੈਰ ਨਹੀਂ ਹੁੰਦੇ। ਐਸੇ ਕੂੜ ਦਾ ਖਿਲਾਰਾ ਪਾਉਣ ਵਾਲਿਆਂ ਦਾ ਵਿਚਾਰ
ਪੱਧਰ ਕਿਤਨਾ ਨੀਂਵਾ ਹੈ, ਉਸ ਦੀ ਝਲਕ ਫੇਸਬੁੱਕ ਤੇ ਇਸ ਕਵਿਤਾ ਹੇਠ ਹੋਈ ਚਰਚਾ ਵਿਚੋਂ ਮਿਲਦੀ ਹੈ।
ਇਸ ਚਰਚਾ ਵਿੱਚ ਮੁੱਖ ਰੂਪ ਵਿੱਚ ਤਿੰਨ ਸੱਜਣਾਂ ਨੇ ਹਿੱਸਾ ਲਿਆ। ਇੱਕ ‘ਤੱਤ ਗੁਰਮਤਿ ਪਰਿਵਾਰ’ ਨੂੰ
ਬਦਨਾਮ ਕਰਨ ਦੀ ਪਹੁੰਚ ਨਾਲ ਖਿਲਾਰਾ ਪਾਉਂਦੀਆਂ ਧਿਰਾਂ ਦਾ ਪ੍ਰਧੀਨਿਧੀ ਵਜੋਂ ‘ਸੈਕੂਲਰ ਇੰਡੀਆ’
ਨਾਮ ਦੀ ਆਈ. ਡੀ. ਹੇਠ ਸੱਜਣ, ਦੂਜਾ ‘ਪਰਿਵਾਰ’ ਤੇ ਤੀਜੇ ‘ਰਾਇ ਜਗਦੇਵ’ ਨਾਮਕ ਨਿਰਪੱਖ ਸੱਜਣ।
ਹੇਠਾਂ ਦਿੱਤੀ ਵਿਚਾਰ ਤੋਂ ‘ਪਰਿਵਾਰ’ ਦਾ ਵਿਰੋਧ ਕਰਦੇ ਸੱਜਣਾਂ ਦਾ ਮਿਆਰ ਅਤੇ ਬੌਖਲਾਹਟ ਦੇ ਦਰਸ਼ਨ
ਕੀਤੇ ਜਾ ਸਕਦੇ ਹਨ।
ਸੈਕੂਲਰ ਇੰਡੀਆ ਆਈ. ਡੀ. ਦੇ ਕੁੱਝ ਵਿਚਾਰ
Secular India
manooo ? kiyo nahi mande
thode vidvaan gurpreet shrama te apbe bete muslaman nu devan nu tyar hai
(ਮੰਨੋ? ਕਿਉਂ ਨਹੀਂ ਮੰਨਦੇ ਥੋਡੇ
ਵਿਦਵਾਨ ਗੁਰਪ੍ਰੀਤ ਸ਼ਰਮਾ ਤੇ ਆਪਦੇ ਬੇਟੀ ਮੁਸਲਮਾਨ ਨੂੰ ਦੇਵਨ ਨੂੰ ਤਿਆਰ ਹੈ)
Secular India rai tu sikh nahi soo sikha de gal vich naa
bol gangoo de aullad
(ਰਾਇ ਤੂੰ ਸਿੱਖ ਨਹੀਂ ਸਿੱਖਾਂ ਦੀ ਗੱਲ ਵਿੱਚ ਨਾ ਬੋਲ ਗੰਗੂ ਦੀ ਔਲਾਦ)
Secular India
thode
mat pita rsss hai ji
(ਥੋਡੇ ਮਾਤ ਪਿਤਾ ਆਰ. ਐਸ. ਐਸ. ਹੈ ਜੀ)
Secular India
thode
vichar sainu parvan nahi ase rehat maryada de akhar akhar nu mande hai
(ਥੋਡੇ ਵਿਚਾਰ ਸਾਨੂੰ ਪਰਵਾਨ ਨਹੀਂ
ਅਸੀਂ ਰਹਿਤ ਮਰਯਾਦਾ ਦੇ ਅੱਖਰ ਅੱਖਰ ਨੂੰ ਮੰਨਦੇ ਹਾਂ)
Secular India
gangoo
de aullad tu chup raha sikha de mamliya vich naa bol
(ਗੰਗੂ ਦੀ ਔਲਾਦ ਤੂੰ ਚੁੱਪ ਰਹਿ
ਸਿੱਖਾਂ ਦੇ ਮਾਮਲਿਆਂ ਵਿੱਚ ਨਾ ਬੋਲ)
ਪੂਰੀ ਚਰਚਾ ਇਸ ਲਿੰਕ ਤੇ ਪੜ੍ਹੀ ਜਾ ਸਕਦੀ ਹੈ
https://www.facebook.com/groups/bababandasinghbahadhurinternationalawarness/
ਉਪਰੋਕਤ ਸ਼ਬਦਾਵਲੀ ਤੋਂ ਸਪਸ਼ਟ ਹੋ ਰਿਹਾ ਹੈ ਕਿ ‘ਤੱਤ
ਗੁਰਮਤਿ ਪਰਿਵਾਰ’ ਨੂੰ ਬਦਨਾਮ ਕਰਨ ਦੀ ਮੰਸ਼ਾ ਨਾਲ ਕੂੜ ਪ੍ਰਚਾਰ ਕਰ ਰਹੇ ਸੱਜਣਾਂ ਦੀ ਬੋਲੀ ਅਤੇ
ਮਿਆਰ ਕਿਤਨਾ ਨੀਂਵਾ ਹੈ। ਗੁਰਮਤਿ ਅਤੇ ਬਾਬਾ ਨਾਨਕ ਦੀ ਸੇਧ ਵਿੱਚ ਵਿਚਾਰ ਚਰਚਾ ਕਰਨ ਦੀ ਥਾਂ
‘ਫਤਵੇਬਾਜ਼ੀ, ਝੂਠ’ ਦਾ ਸ਼ੋਰ ਹੀ ਇਨ੍ਹਾਂ ਨੇ ਆਪਣਾ ਆਸਰਾ ਬਣਾਇਆ ਹੋਇਆ ਹੈ।
‘ਪਰਿਵਾਰ’ ਸਮੇਤ ਆਪਣੇ ਵਿਚਾਰਾਂ ਨਾਲ ਅਸਹਿਮਤ ਲੋਕਾਂ
ਨੂੰ ‘ਨਾਸਤਿਕ’ ਦਾ ਫਤਵਾ ਜਾਰੀ ਕਰਨ ਵਾਲੇ ਅਜਿਹੇ ਸੱਜਣਾਂ ਨੂੰ ਅਸੀਂ ਪਹਿਲਾਂ ਵੀ ਪੁੱਛਿਆ ਸੀ ਕਿ
ਉਹ ‘ਨਾਸਤਿਕ’ ਕਿਵੇਂ ਹੋਏ? ਨਾਸਤਿਕ ਹੁੰਦਾ ਹੈ, ਜੋ ਰੱਬ ਦੀ ਕਿਸੇ ਵੀ ਤਰ੍ਹਾਂ ਦੀ ਹੋਂਦ ਤੋਂ
ਮੁਨਕਰ ਹੋਏ। ਫੇਰ ਕਿਸੇ ਖਾਸ ਮਾਨਤਾ, ਪ੍ਰੰਪਰਾ ਨਾਲ ਅਸਿਹਮਤ ਸੱਜਣ ‘ਨਾਸਤਿਕ’ ਕਿਵੇਂ ਹੋਏ? ਕੀ
ਐਸੇ ਸੱਜਣਾਂ ਨੇ ਲਿਖਤੀ ਰੂਪ ਵਿੱਚ ਕਿਧਰੇ ਇਹ ਦਾਅਵਾ ਕੀਤਾ ਹੈ ਕਿ ਉਹ ਰੱਬ ਨੂੰ ਨਹੀਂ ਮੰਨਦੇ?
ਦੂਜਾ ਸਵਾਲ, ਕੀ ‘ਨਾਸਤਿਕ, ਆਰ. ਐਸ. ਐਸ. ਦੇ ਏਜੰਟ’
ਆਦਿ ਫਤਵੇ ਜਾਰੀ ਕਰਨ ਵਾਲਾ ਮਨੁੱਖ ਬਾਬਾ ਨਾਨਕ ਦਾ ਸਿੱਖ ਕਹਿਲਾਉਣ ਦਾ ਹੱਕਦਾਰ ਹੈ?
ਸਾਨੂੰ ਪੂਰੀ ਆਸ ਹੈ ਕਿ ‘ਸ਼ੋਰ ਮਚਾਉ ਬ੍ਰਿਗੇਡ’ ਨੇ
ਇਨ੍ਹਾਂ ਸਵਾਲਾਂ ਨੂੰ ਅਣਗੌਲਿਆਂ ਕਰ ਦੇਣਾ ਹੈ ਕਿਉਂਕਿ ਉਨ੍ਹਾਂ ਦਾ ਬਾਬਾ ਨਾਨਕ ਜੀ ਦੀ ‘ਰੋਸੁ ਨ
ਕੀਜੈ ਉਤਰੁ ਦੀਜੈ’ ਦੀ ਸੇਧ ਵਿੱਚ ਕੋਈ ਵਿਸ਼ਵਾਸ ਨਹੀਂ। ਉਨ੍ਹਾਂ ਦੀ ਮਾਨਸਕ ਹਾਲਤ ਕੁੱਝ ਇਸ ਤਰ੍ਹਾਂ
ਦੀ ਹੈ:
ਸਚ ਕਿਨਾਰੇ ਰਹਿ ਗਇਆ ਖਹਿ ਮਰਦੇ ਬਾਹਮਣ ਮਉਲਾਣੇ॥
ਜੇ ਜਾਗਰੂਕ ਮੰਨੀਆਂ ਜਾਂਦੀਆਂ ਪੰਥਕ ਵੈਬਸਾਈਟਾਂ ਦੀ ਗੱਲ
ਕਰੀਏ ਤਾਂ ਐਸੇ ਕੂੜ ਪ੍ਰਚਾਰ ਦਾ ਪਹਿਲਾ ਬੁਲਾਰਾ ਬਣੀ ਸੀ ‘ਖਾਲਸਾ ਨਿਉਜ਼’। ਸ਼ਾਇਦ ਐਸੇ ਖਿਲਾਰ ਗਰੁਪ
ਦਾ ਨਵਾਂ ਬੁਲਾਰਾ ਹੁਣ ਅਮਰਜੀਤ ਸਿੰਘ ਚੰਦੀ ਜੀ ਦੀ ਸਰਪ੍ਰਸਤੀ ਹੇਠ ਸ਼ੁਰੂ ਹੋਈ ‘ਦ ਖਾਲਸਾ’
ਵੈਬਸਾਈਟ ਵੀ ਬਣਦੀ ਜਾ ਰਹੀ ਹੈ। ਕੌਣ ਕਦੋਂ ਬਹਿਕ ਜਾਵੇ, ਕਦੋਂ ਭਟਕ ਜਾਵੇ, ਕਦੋਂ ਆਪਣੇ ਮਿਆਰ ਤੋਂ
ਡਿੱਗ ਜਾਵੇ, ਕੁੱਝ ਕਹਿਣਾ ਮੁਸ਼ਕਿਲ ਹੈ।
ਕਾਸ਼! ਸਾਨੂੰ ‘ਗੁਰਬਾਣੀ’ ਨੂੰ ਆਧਾਰ ਬਣਾ ਕੇ ਵਿਚਾਰ ਕਰਨ
ਦੀ ਸੇਧ ਆ ਜਾਵੇ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
08/02/13
(08/02/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੱਗ
ਬੰਧਨ ਦੁਨੀਆਂਦਾਰੀ ਹੈ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੱਗ ਬੰਧਨ ਦੁਨੀਆਂਦਾਰੀ ਹੈ। ਨਿਤ ਵਧਦਾ ਬੋਝਾ ਭਾਰੀ ਹੈ।
ਇਹ ਬੋਝਾ ਵਧਦਾ ਜਾਂਦਾ ਹੈ। ਪਰ ਬਲ ਨਿਤ ਘਟਦਾ ਜਾਂਦਾ ਹੈ।
ਕੀਤੇ ਦਾ ਫਲ ਨਾ ਆਂਦਾ ਹੈ, ਖੁਸ਼ ਘੱਟ, ਮਨ ਵੱਧ ਘਬਰਾਂਦਾ ਹੈ।
ਨਿਤ ਚੜ੍ਹਦਾ ਫਿਕਰ ਸਵਾਰੀ ਹੈ। ਜੱਗ ਬੰਧਨ ਦੁਨੀਆਂਦਾਰੀ ਹੈ।
ਜਿਉਂ ਬੋਝ ਇਹ ਢੋਂਦੇ ਜਾਂਦੇ ਹਾਂ। ਤਿਉਂ ਹੋਰ ਉਲਝਦੇ ਜਾਂਦੇ ਹਾਂ।
ਹੱਲ ਕੋਈ ਲੱਭ ਨਾ ਪਾਂਦੇ ਹਾਂ। ਰਗੜੇ ਤੇ ਰਗੜੇ ਖਾਂਦੇ ਹਾਂ।
ਹਾਰਾਂ ਦੀ ਸੱਟ ਕਰਾਰੀ ਹੈ। ਜੱਗ ਬੰਧਨ ਦੁਨੀਆਂਦਾਰੀ ਹੈ।
ਮਨ ਸਮਝੇ ਨਾ, ਕੀ ਕਰਨਾ ਹੈ। ਮੋਹ ਮਾਇਆ ਤੋਂ ਕਿੰਜ ਬਚਣਾ ਹੈ।
ਕਿੰਜ ਕੂੜ ਤੋਂ ਪਾਸੇ ਰਹਿਣਾ ਹੈ। ਕਿੰਜ ਸੱਚ-ਸੱਚੇ ਸੰਗ ਜੁੜਣਾ ਹੈ।
ਕਿਉਂ ਦੁਨੀਆਂ ਅਜੇ ਪਿਆਰੀ ਹੈ। ਜੱਗ ਬੰਧਨ ਦੁਨੀਆਂਦਾਰੀ ਹੈ।
ਜੱਗ ਰਹਿੰਦੇ ਚਿਕੜ ਦੂਰ ਕਿਵੇਂ। ਹਿਰਦੇ ਵਿੱਚ ਆਵੇ ਨੂਰ ਕਿਵੇਂ।
ਹੋ ਜਾਈਏ ਫਿਰ ਮਖਮੂਰ ਕਿਵੇਂ। ਦਰ ਪੁੱਜੀਏ ਸੱਚ ਹਜ਼ੂਰ ਕਿਵੇਂ।
ਪਲ ਮਿਲੇ ਮੁਕਾਮ-ਦੀਦਾਰੀ ਹੈ। ਜੱਗ ਬੰਧਨ ਦੁਨੀਆਂਦਾਰੀ ਹੈ।
ਜਦ ਚਾਹੁੰਦਾ ਹੈ ਲੜ ਲਾਉਂਦਾ ਹੈ। ਦਰ ਆਏ ਨਾ ਠੁਕਰਾਉਂਦਾ ਹੈ।
ਕੀ ਕਰਨੈ ਖੁਦ ਸਮਝਾਉਂਦਾ ਹੈ। ਜਿਉਂ ਭਾਵੇ ਤਿਵੇਂ ਚਲਾਉਂਦਾ ਹੈ।
ਛੱਡ ਜੱਗ, ਪਾ ਉਸ ਸੰਗ ਯਾਰੀ ਹੈ। ਜੱਗ ਬੰਧਨ ਦੁਨੀਆਂਦਾਰੀ ਹੈ।
ਕਰ ਦੇ ਸੱਭ ਸੋਚ ਵਿਚਾਰ ਪਰੇ। ਸੰਗ ਉਸ ਦੇ ਜੋੜ ਲੈ ਤਾਰ ਘਰੇ।
ਜਿਉਂ ਆਖੇ ਕਰ ਸਭ ਕਾਰ ਖਰੇ। ਖੁਦ ਆਪੇ ਲਾਊ ਪਾਰ ਤਰੇ।
ਇਹ ਮਾਇਆ ਪਰਖਣ ਹਾਰੀ ਹੈ। ਜੱਗ ਬੰਧਨ ਦੁਨੀਆਂਦਾਰੀ ਹੈ।
ਰੱਖ ਓਟ ਤੇ ਧਰਮ ਨਿਭਾਂਦਾ ਜਾ, ਕੀ ਮੈਂ, ਉਹ, ਗਿਆਨ ਵਧਾਂਦਾ ਜਾ।
ਸਦ ਧਿਆਨ ਉਸੇ ਵਿੱਚ ਲਾਂਦਾ ਜਾ। ਇੰਜ ਸ਼ਬਦ ਦੀ ਕਾਰ ਕਮਾਂਦਾ ਜਾ।
ਉਸ ਦੀ ਤਾਂ ਨਦਰ ਨਿਆਰੀ ਹੈ। ਜੱਗ ਬੰਧਨ ਦੁਨੀਆਂਦਾਰੀ ਹੈ।
(08/02/13)
ਸੁਖਜੀਤ ਪਾਲ ਸਿੰਘ
‘ਨਾਨਕ’ ਸਰੂਪਾਂ ਨੂੰ ‘ਗੁਰੂ’ ਕਹਿਣ ਦਾ ਵੱਲ ਗੁਰਬਾਣੀ ਖੁਦ ਆਪ ਸਿਖਾਉਂਦੀ
ਹੈ।
ਭਾਗ-ਚੋਥਾ
ਸੁਖਜੀਤ ਪਾਲ ਸਿੰਘ ਨੇੜੇ ਸਿੰਘ ਸਭਾ ਗੁਰਦੁਆਰਾ,
ਭੁੱਚੋ ਮੰਡੀ (ਬਠਿੰਡਾ) ਮੋਬਾ: 98724-86992, ਫੋਨ:0164-5009492
ਗੁਰ ਅੰਮ੍ਰਿਤ ਭਿੰਨੀ
ਦੇਹੁਰੀ
ਅੰਮ੍ਰਿਤੁ ਬੁਰਕੇ ਰਾਮ ਰਾਜੇ ll (ਪੰਨਾ : ੪੪੯)
ਅਰਥ :— ਗੁਰੂ (ਜੀ ਦੀ)
ਦੇਹੀ
(ਰੱਬ ਜੀ ਦੇ ਨਾਮ) ਅੰਮ੍ਰਿਤ ਨਾਲ
ਭਿੱਜੀ ਹੋਈ ਹੈ, (ਗੁਰੂ ਜੀ ਦੀ ਦੇਹੀ ‘ਚੋਂ) ਰੱਬ ਜੀ ਦਾ ਨਾਮ ਅੰਮ੍ਰਿਤ ਡੁੱਲ ਡੁੱਲ ਪੈਂਦਾ ਹੈ।
ਹਉ ਵੇਖਿ ਵੇਖਿ ਗੁਰੂ ਵਿਗਸਿਆ ਗੁਰ ਸਤਿਗੁਰ
ਦੇਹਾ
ll੧੭ll (ਪੰਨਾ : ੭੨੬)
ਅਰਥ:— ਮੈਂ (ਤਾਂ) ਗੁਰੂ (ਜੀ) ਨੂੰ ਵੇਖ ਵੇਖ ਕੇ ਗੁਰੂ ਸਤਿਗੁਰੂ (ਦਾ ਸੋਹਣਾ)
ਸਰੀਰ
(ਵੇਖ ਕੇ) ਖਿੜ ਰਿਹਾਂ ਹਾਂ।
ਪਿਛਲੇ ਭਾਗ ‘ਚ ਆਪਾਂ ਦੇਖਿਆ ਸੀ ਕਿ ਤੱਤ ਗੁਰਮਤਿ ਪਰਿਵਾਰ ਨੇ ਮਹਲੇ ਤੀਜੇ ਦੇ ਸ਼ਬਦ ‘ਚੋਂ
‘ਗੁਰੂ ਸਦਾਏ ਅਗਿਆਨੀ ਅੰਧਾ’
ਵਾਲੀ ਇਕੱਲੀ ਇੱਕ ਤੁੱਕ
ਲੇ ਕੇ ਉਸ ਦੇ ਕਿਵੇਂ ਗਲਤ ਅਰਥ ਕੀਤੇ ਸਨ, ਅਤੇ ਬਿਨਾਂ ਗੁਰਬਾਣੀ ਪ੍ਰਮਾਣ ਦਿੱਤਿਆਂ ਗੱਲੀ ਬਾਤੀ ਇਹ
ਸਿੱਧ ਕਰਨ ਦੀ ਕੋਸ਼ਿਸ ਕੀਤੀ ਸੀ ਕਿ ਗੁਰੂ ਨਾਨਕ ਦੇਵ ਜੀ ਨੇ ਕਿਸੇ ਜੀਵ ਨੂੰ ਨਹੀ ਫਿਟਕਾਰਿਆ। ਜਿਸ
ਤਰਾਂ ਤੱਤ ਗੁਰਮਤਿ ਪਰਿਵਾਰ ਨੇ ਗੁਰਬਾਣੀ ਦੇ ਗਲਤ ਅਰਥ ਕੀਤੇ ਹਨ, ਓਸੇ ਤਰਾਂ ਗੁਰੂ ਇਤਹਾਸ ‘ਚੋਂ
ਕੁੱਝਕ ਸਾਖੀਆਂ ਲੈ ਕੇ ਆਪਣੀ ਸੋਚ ਨੂੰ ਠੀਕ ਦਰਸਾਉਂਣ ਲਈ ਉਹਨਾਂ ਸਾਖੀਆਂ ਦਾ ਵੀ ਗਲਤ ਭਾਵ ਕੱਢਿਆ
ਗਿਆ ਹੈ। ਦੇਖੋ ਤੱਤ ਗੁਰਮਤਿ ਪਰਿਵਾਰ ਦੇ ਵਿਚਾਰ :-
ਕਈ ਵਾਰ ਮਨੁੱਖ ਗਲਤ ਵਿਚਾਰਾਂ ਵਿੱਚ ਗਲਤਾਨ ਹੋ ਕੇ ਮਾੜੇ ਕੰਮ ਕਰਨ ਲੱਗ ਪੈਂਦਾ ਹੈ। ਪਰ ਕਈ ਵਾਰ
ਹਾਲਾਤ ਜਾਂ ਸੂਝਵਾਨ ਮਨੁੱਖਾਂ ਦੇ ਉਦਮਾਂ ਸਦਕਾ ਉਹ ਗਲਤ ਮਾਨਸਿਕਤਾ ਨੂੰ ਤਿਆਗਣ ਵਿੱਚ ਸਫਲ ਵੀ ਹੋ
ਜਾਂਦਾ ਹੈ ਤੇ ਮੁੜ ਤੋਂ ਚੰਗੇ ਕੰਮ ਕਰਨ ਲੱਗ ਪੈਂਦਾ ਹੈ। ਭਾਵ, ਉਹ ਮਨੁੱਖ, ਮਨਮੁਖ ਤੋਂ ਗੁਰਮੁਖ
ਬਣ ਜਾਂਦਾ ਹੈ। ਕੀ ਅਜਿਹਾ ਹੋਣ ਨਾਲ ਉਸਦਾ ਸਰੀਰ ਬਦਲ ਜਾਂਦਾ ਹੈ? ਬਿਲਕੁਲ ਨਹੀਂ, ਸਰੀਰ ਤਾਂ
ਉਹੀ ਰਹਿੰਦਾ ਹੈ। ਫਿਰ ਬਦਲਿਆ ਕੀ? ਬਦਲੇ ਤਾਂ ਸਿਰਫ਼ ਵਿਚਾਰ ਹੀ ਹਨ। ਸੋ ਸਪਸ਼ਟ ਹੋਇਆ ਕਿ ਸਰੀਰ
ਚੇਲਾ ਨਹੀਂ, ਚੇਲਾ ਸੁਰਤ ਜਾਂ ਵਿਚਾਰ ਹੀ ਹਨ। ਸਿੱਖ ਇਤਿਹਾਸ ਵਿੱਚ ਅਜਿਹੀਆਂ ਕਈ ਮਿਸਾਲਾਂ
ਮਿਲਦੀਆਂ ਹਨ। ਸਿਰਫ਼ ਇੱਕ ਮਿਸਾਲ ਸਾਂਝੀ ਕਰਦੇ ਹਾਂ ਤਾਂ ਕਿ ਨੁਕਤਾ ਜ਼ਿਆਦਾ ਸਪਸ਼ਟ ਹੋ ਸਕੇ। ਤੀਜੇ
ਪਾਤਸ਼ਾਹ ਬਾਬਾ ਅਮਰਦਾਸ ਜੀ ਗੁਰਮਤਿ ਵਿਚਾਰਧਾਰਾ ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਸਾਰੇ
ਬ੍ਰਾਹਮਣਵਾਦੀ ਕਰਮ-ਕਾਂਡ ਕਰਦੇ ਸਨ। ਉਹ ਵੈਸ਼ਨੂੰ ਦੇਵੀ ਅਤੇ ਹੋਰ ਤੀਰਥਾਂ ਦੀ ਯਾਤਰਾ ‘ਤੇ ਜਾਂਦੇ
ਸਨ, ਦੇਵੀ-ਦੇਵਤਿਆਂ ਨੂੰ ਪੂਜਦੇ ਸਨ, ਮੂਰਤੀ ਪੂਜਾ ਵੀ ਕਰਦੇ ਸਨ। ਇਹ ਸਾਰੇ ਕਰਮ ਗੁਰਮਤਿ
ਸਿਧਾਂਤਾਂ ਤੋਂ ਉਲਟ ਹਨ। ਪਰ ਜਦ ਉਹ ਗੁਰਮਤਿ ਵਿਚਾਰਧਾਰਾ ਦੇ ਸੰਪਰਕ ਵਿੱਚ ਆਏ ਤਾਂ ‘ਸੱਚ ਦਾ
ਗਿਆਨ’ ਪ੍ਰਾਪਤ ਕੀਤਾ ਤਾਂ ਇਹ ਸਾਰੀਆਂ ਮਨਮਤਾਂ ਤਿਆਗ ਦਿੱਤੀਆਂ। ਕੀ ਅਜਿਹਾ ਕਰਨ ਨਾਲ ਉਨਾਂ ਦਾ
ਸਰੀਰ ਬਦਲ ਗਿਆ? ਨਹੀਂ, ਸਰੀਰ ਤਾਂ ਉਹੀ ਰਿਹਾ। ਬਦਲੇ ਸਨ ਤਾਂ ਸਿਰਫ਼ ਵਿਚਾਰ। ਸੋ ਸਪਸ਼ਟ ਹੋਇਆ ਕਿ
‘ਗੁਰੂ’ ਜਾਂ ‘ਚੇਲਾ’ ਸਰੀਰ ਨਹੀਂ ਬਲਕਿ ਵਿਚਾਰਧਾਰਾ ਹੁੰਦੀ ਹੈ।
ਪੰਨਾ ਨੰ: 19, ਵਾਪਸੀ ਦਾ ਸਫਰ
(ਭਾਗ-੧), ਤੱਤ ਗੁਰਮਤਿ ਪਰਿਵਾਰ।
http://www.sikhmarg.com/2009/0920-guru-pad-vichaar.html
ਜਵਾਬ :- ਤੱਤ ਗੁਰਮਤਿ ਪਰਿਵਾਰ ਨੇ ਉਪਰ ਅਪਾਣੀ ਵਿਚਾਰ ‘ਚ ਕਿਹਾ
“ਕਿ ਸਰੀਰ ਚੇਲਾ ਨਹੀਂ, ਚੇਲਾ ਸੁਰਤ ਜਾਂ ਵਿਚਾਰ ਹੀ ਹਨ।“
ਅਤੇ ਗੁਰੂ ਅਮਰਦਾਸ ਜੀ ਦੀ ਸਾਖੀ ਸੁਣਾਕੇ ਆਪ ਹੀ ਸਵਾਲ ਕੀਤਾ
“ਕੀ ਅਜਿਹਾ ਕਰਨ ਨਾਲ ਉਨਾਂ ਦਾ ਸਰੀਰ ਬਦਲ ਗਿਆ?”
‘ਤੇ ਆਪ ਹੀ ਜਵਾਬ ਦੇ ਦਿੱਤਾ ਕਿ “ਨਹੀ, ਸਰੀਰ
ਤਾਂ ਉਹੀ ਰਿਹਾ। ਬਦਲੇ ਸਨ ਤਾਂ ਸਿਰਫ਼ ਵਿਚਾਰ”
ਕੀ ਤੱਤ ਗੁਰਮਤਿ ਪਰਿਵਾਰ ਵੱਲੋਂ ਕੀਤੇ ਗਏ ਸਵਾਲ ‘ਤੇ ਦਿੱਤੇ ਗਏ ਜਵਾਬ ਗੁਰਮਤਿ ਅਨੁਸਾਰੀ ਹਨ ਆਓ
ਇਹਨਾਂ ਸਵਾਲ ਜਵਾਬਾਂ ਨੂੰ ਗੁਰਬਾਣੀ ਪ੍ਰਮਾਣਾਂ ਰਾਹੀ ਸਮਝਦੇ ਹਾਂ। ਸਭ ਤੋਂ ਪਹਿਲਾਂ ਆਪਾਂ
ਗੁਰਬਾਣੀ ਪ੍ਰਮਾਣਾਂ ਰਾਹੀਂ ਦੇਖਦੇ ਹਾਂ ਕਿ ਗੁਰਮਤਿ ਦੇ ਸੰਪਰਕ ਵਿਚ ਆਉਣ ਤੋਂ ਪਹਿਲਾਂ (ਮਨਮੁੱਖ)
ਇਨਸਾਨਾਂ ਦੇ ਸਰੀਰ ਦੀ ਕੀ ਅਵਸਥਾ ਹੁੰਦੀ ਹੈ :-
ਨਿਰਗੁਣ ਦੇਹ
ਸਾਚ ਬਿਨੁ ਕਾਚੀ ਮੈ ਪੂਛਉ ਗੁਰੁ ਅਪਨਾ
ll (ਪੰਨਾ: ੧੨੭੪)
ਅਰਥ:— ਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਤੋਂ ਬਿਨਾ ਗੁਣ-ਹੀਨ ਮਨੁੱਖਾ
ਸਰੀਰ
ਕੱਚਾ ਹੀ ਰਹਿੰਦਾ ਹੈ (ਭਾਵ, ਜੀਵ ਨੂੰ
ਜਨਮ ਮਰਨ ਮਿਲਦਾ ਰਹਿੰਦਾ ਹੈ), ਸਤਿਕਾਰਯੋਗ ਡਾ:
ਸਾਹਿਬ ਸਿੰਘ ਜੀ ਡੀ. ਲਿਟ.
ਜਿਨਿ ਧਨ ਪਿਰ ਕਾ ਸਾਦੁ ਨ ਜਾਨਿਆ ਸਾ
ਬਿਲਖ ਬਦਨ
ਕੁਮਲਾਨੀ ll (ਪੰਨਾ: ੧੨੫੫ )
ਅਰਥ :— ਜਿਸ ਜੀਵ-ਇਸਤ੍ਰੀ ਨੇ
ਪ੍ਰਭੂ-ਪਤੀ ਦੇ ਮਿਲਾਪ ਦਾ ਆਨੰਦ ਨਹੀਂ ਸਮਝਿਆ (ਭਾਵ, ਆਨੰਦ ਨਹੀਂ ਮਾਣਿਆ) ਉਹ ਸਦਾ (ਦੁਨੀਆ ਦੇ
ਝੰਬੇਲਿਆਂ ਵਿਚ ਹੀ) ਵਿਆਕੁਲ ਰਹਿੰਦੀ ਹੈ, ਉਸ ਦਾ
ਚੇਹਰਾ
ਕੁਮਲਾਇਆ ਰਹਿੰਦਾ ਹੈ ।੧।
ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ.
ਦੇਹ
ਅੰਧਾਰੀ ਅੰਧ ਸੁੰਞੀ ਨਾਮ ਵਿਹੂਣੀਆ ll
(ਪੰਨਾ: ੫੭੭) ਅਰਥ :—
ਹੇ ਭਾਈ! ਜੇਹੜਾ ਸਰੀਰ
ਪਰਮਾਤਮਾ ਦੇ ਨਾਮ ਤੋਂ ਸੱਖਣਾ ਰਹਿੰਦਾ ਹੈ, ਉਹ ਮਾਇਆ ਦੇ ਮੋਹ ਦੇ ਹਨੇਰੇ ਵਿਚ ਅੰਨਾ ਹੋਇਆ ਰਹਿੰਦਾ
ਹੈ । ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ.
ਲਿਟ।
ਆਵਣ ਜਾਣੁ ਭਇਆ ਦੁਖੁ ਬਿਖਿਆ
ਦੇਹ
ਮਨਮੁਖ ਸੁੰਞੀ ਸੁੰਞੁ ll (ਪੰਨਾ:
੧੧੭੯) ਅਰਥ:— ਹੇ ਭਾਈ!
ਮਾਇਆ (ਦੇ ਮੋਹ) ਦੇ ਕਾਰਨ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦਾ ਜਨਮ ਮਰਨ ਦਾ ਗੇੜ ਬਣਿਆ
ਰਹਿੰਦਾ ਹੈ ਉਹਨਾਂ ਨੂੰ ਕਲੇਸ਼ ਵਾਪਰਿਆ ਰਹਿੰਦਾ ਹੈ, ਉਹਨਾਂ ਦਾ
ਸਰੀਰ
ਨਾਮ ਤੋਂ ਸੱਖਣਾ ਰਹਿੰਦਾ ਹੈ, ਉਹਨਾਂ
ਦੇ ਅੰਦਰ ਨਾਮ ਵਲੋਂ ਸੁੰਞ ਬਣੀ ਰਹਿੰਦੀ ਹੈ ।
ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ।
ਬਿਨੁ ਨਾਵੈ ਦੁਖੁ ਦੇਹੁਰੀ
ਜਿਉ ਕਲਰ ਕੀ ਭੀਤਿ ll (ਪੰਨਾ: ੫੮)
ਪਦ ਅਰਥ:— ਕਲਰ ਕੀ ਭੀਤਿ – ਰੇਤ ਦੀ
ਕੰਧ। ਅਰਥ:— ਨਾਮ ਸਿਮਰਨ ਤੋਂ ਬਿਨਾ
ਸਰੀਰ
ਨੂੰ (ਚਿੰਤਾ ਆਦਿਕ ਇਤਨਾ) ਦੁੱਖ
ਵਿਆਪਦਾ ਹੈ (ਕਿ ਸਰੀਰਕ ਸੱਤਿਆ ਇਉਂ ਕਿਰਦੀ ਜਾਂਦੀ ਹੈ) ਜਿਵੇਂ ਕਲਰ ਦੀ ਕੰਧ (ਕਿਰਦੀ ਰਹਿੰਦੀ ਹੈ)
। ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ।
ਇਹੁ
ਸਰੀਰੁ
ਕੂੜਿ ਕੁਸਤਿ ਭਰਿਆ ਗਲ ਤਾਈ ਪਾਪ ਕਮਾਏ ll (ਪੰਨਾ: ੨੪੫)
ਅਰਥ:— (ਮਾਇਆ ਦੇ ਮੋਹ ਵਿਚ ਫਸ ਕੇ
ਮਨੁੱਖ ਦਾ) ਇਹ ਸਰੀਰ
ਝੂਠ ਠੱਗੀ-ਫ਼ਰੇਬ ਨਾਲ ਨਕਾ-ਨਕ ਭਰਿਆ ਰਹਿੰਦਾ ਹੈ ਤੇ ਜੀਵ ਪਾਪ ਕਮਾਂਦਾ ਰਹਿੰਦਾ ਹੈ,
ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ।
ਅੰਧੀ ਕੰਮੀ ਅੰਧੁ ਮਨੁ ਮਨਿ ਅੰਧੈ
ਤਨੁ
ਅੰਧੁ ll (ਪੰਨਾ: ੧੨੮੭)
ਪਦ ਅਰਥ:—
ਤਨੁ —(ਭਾਵ)
ਗਿਆਨ-ਇੰਦ੍ਰੇ । ਅਰਥ:— ਜਿਉਂ ਜਿਉਂ ਵਿਚਾਰ-ਹੀਣ ਹੋ ਕੇ ਮੰਦੇ ਕੰਮ ਕੀਤੇ ਜਾਣ, ਤਿਉਂ ਤਿਉਂ ਮਨ
ਅੰਨਾ (ਭਾਵ, ਵਿਚਾਰੋਂ ਸੱਖਣਾ) ਹੁੰਦਾ ਜਾਂਦਾ ਹੈ; ਤੇ ਮਨ ਵਿਚਾਰ-ਹੀਣ ਹੋਇਆ
ਗਿਆਨ-ਇੰਦ੍ਰੇ
ਭੀ ਅੰਨੇ ਹੋ ਜਾਂਦੇ ਹਨ (ਭਾਵ, ਅੱਖਾਂ ਕੰਨ ਆਦਿਕ ਭੀ ਮੰਦੇ ਪਾਸੇ ਲੈ ਤੁਰਦੇ ਹਨ) ।
ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ।
ਮੁਖਿ ਨਿੰਦਾ ਆਖਾ ਦਿਨੁ ਰਾਤਿ ll ਪਰ ਘਰੁ ਜੋਹੀ ਨੀਚ ਸਨਾਤਿ ll ਕਾਮੁ ਕ੍ਰੋਧੁ
ਤਨਿ
ਵਸਹਿ ਚੰਡਾਲ ll ਧਾਣਕ ਰੂਪਿ ਰਹਾ ਕਰਤਾਰ ll੨ll ਸਿਰੀਰਾਗੁ ਮਹਲਾ ੧ ll (ਗੁਰੂ ਗ੍ਰੰਥ ਸਾਹਿਬ,
ਪੰਨਾ: ੨੪) ਅਰਥ:— ਮੈਂ
ਦਿਨੇ ਰਾਤ ਮੂੰਹੋਂ (ਦੂਜਿਆਂ ਦੀ) ਨਿੰਦਾ ਕਰਦਾ ਰਹਿੰਦਾ ਹਾਂ, ਮੈਂ ਨੀਚ ਤੇ ਨੀਵੇਂ ਅਸਲੇ ਵਾਲਾ ਹੋ
ਗਿਆ ਹਾਂ, ਪਰਾਇਆ ਘਰ ਤੱਕਦਾ ਹਾਂ । ਮੇਰੇ
ਸਰੀਰ
ਵਿਚ ਕਾਮ ਤੇ ਕ੍ਰੋਧ ਚੰਡਾਲ ਵੱਸ ਰਹੇ
ਹਨ, ਹੇ ਕਰਤਾਰ! ਮੈਂ ਸਾਂਹਸੀਆਂ ਵਾਲੇ ਰੂਪ ਵਿਚ ਤੁਰਿਆ ਫਿਰਦਾ ਹਾਂ ।੨।
ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ।
ਕਾਇਆ ਕਮਲੁ ਹੈ ਕੁਮਲਾਣਾ ll
ਮਨਮੁਖੁ ਸਬਦੁ ਨ ਬੁਝੈ ਇਆਣਾ ll ਗੁਰ ਪਰਸਾਦੀ ਕਾਇਆ ਖੋਜੇ ਪਾਏ ਜਗਜੀਵਨੁ ਦਾਤਾ ਹੇ ll੮ll ਮਾਰੂ
ਸੋਲਹੇ ਮਹਲਾ ੩ ll (ਗੁਰੂ ਗ੍ਰੰਥ ਸਾਹਿਬ, ਪੰਨਾ: ੧੦੫੧)
ਅਰਥ:— ਹੇ ਭਾਈ! ਆਪਣੇ ਮਨ ਦੇ ਪਿੱਛੇ
ਤੁਰਨ ਵਾਲਾ ਬੇ-ਸਮਝ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦਾ, (ਇਸ ਵਾਸਤੇ ਉਸ ਦੇ)
ਸਰੀਰ
ਵਿਚ ਉਸ ਦਾ ਹਿਰਦਾ-ਕੌਲ ਫੁੱਲ ਕੁਮਲਾਇਆ ਰਹਿੰਦਾ ਹੈ । ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਆਪਣੇ
ਸਰੀਰ ਨੂੰ ਖੋਜਦਾ ਹੈ (ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ) ਉਹ ਜਗਤ ਦੇ ਸਹਾਰੇ ਪਰਮਾਤਮਾ
ਨੂੰ ਲੱਭ ਲੈਂਦਾ ਹੈ ।੮। ਸਤਿਕਾਰਯੋਗ ਡਾ: ਸਾਹਿਬ
ਸਿੰਘ ਜੀ ਡੀ. ਲਿਟ।
ਉੱਪਰ ਆਏ ਗੁਰਬਾਣੀ ਪ੍ਰਮਾਣਾਂ ਰਾਹੀਂ ਆਪਾਂ ਨੇ ਦੇਖਿਆ ਕਿ ਗੁਰਮਤਿ ਦੇ
ਸੰਪਰਕ ਵਿਚ ਆਉਣ ਤੋਂ ਪਹਿਲਾਂ (ਮਨਮੁੱਖ) ਇਨਸਾਨ ਦਾ ਸਰੀਰ ਰੱਬੀ ਨਾਮ (ਗੁਣਾਂ) ਤੋਂ ਬਿਨਾਂ ਕੱਚਾ
ਹੈ, ਸੁੰਞਾ ਹੈ, ਅੰਨਾ ਹੈ, ਰੇਤ ਦੀ ਕੰਧ ਵਰਗਾ ਹੈ ‘ਤੇ ਕਾਮ ਕ੍ਰੋਧ ਇਸ ਸਰੀਰ ਅੰਦਰ ਵੱਸਦੇ ਹਨ।
ਹੁਣ ਆਪਾਂ ਗੁਰਬਾਣੀ ਪ੍ਰਮਾਣਾਂ ਰਾਹੀਂ ਦੇਖਦੇ ਹਾਂ ਸਿੱਖਾਂ ਨੂੰ ਸਰੀਰ ਵਾਸਤੇ ਕੀ ਉਪਦੇਸ਼ ਹਨ।
ਗੁਰੂ ਗ੍ਰੰਥ ਸਾਹਿਬ ਜੀ ਦਾ ਸਿਖ ਨੂੰ ਉਪਦੇਸ਼ ਹੈ ਕਿ ਸਿਖ ਆਪਣਾ ਮਨ ਧਨ ਘਰ ਆਦਿ ਸਮੇਤ ਆਪਣਾ
‘ਸਰੀਰ’ ਵੀ ਗੁਰੂ ਨੂੰ ਸਉਪ ਦੇਵੇ :- ਤਨੁ
ਮਨੁ ਗੁਰ ਪਹਿ ਵੇਚਿਆ ਮਨੁ ਦੀਆ ਸਿਰੁ ਨਾਲਿ ll (ਪੰਨਾ: ੨੦) ਅਰਥ:— ਜਿਸ ਮਨੁੱਖ ਨੇ (ਨਾਮ ਦੇ
ਵੱਟੇ) ਆਪਣਾ ਤਨ
ਤੇ ਆਪਣਾ ਮਨ ਗੁਰੂ ਦੇ ਹਵਾਲੇ ਕਰ
ਦਿੱਤਾ, ਜਿਸ ਨੇ ਮਨ ਹਵਾਲੇ ਕੀਤਾ ਤੇ ਸਿਰ ਵੀ ਹਵਾਲੇ ਕਰ ਦਿੱਤਾ l
ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ।
ਮਨੁ ਤਨੁ
ਅਰਪਿ ਧਰੇ ਗੁਰ ਆਗੈ ਸਤਿ ਪਦਾਰਥੁ
ਪਾਵੈ ll੩ll (ਪੰਨਾ: ੩੮੧)
ਅਰਥ:— ਆਪਣਾ ਮਨ ਗੁਰੂ ਦੇ ਹਵਾਲੇ
ਕਰਦਾ ਹੈ ਆਪਣਾ ਸਰੀਰ
(ਹਰੇਕ ਗਿਆਨ-ਇੰਦ੍ਰਾ) ਗੁਰੂ ਦੇ ਹਵਾਲੇ ਕਰਦਾ ਹੈ ਤੇ ਗੁਰੂ ਪਾਸੋਂ ਸਦਾ ਕਾਇਮ ਰਹਿਣ ਵਾਲਾ
ਹਰਿ-ਨਾਮ ਪ੍ਰਾਪਤ ਕਰਦਾ ਹੈ ।੩। ਸਤਿਕਾਰਯੋਗ ਡਾ:
ਸਾਹਿਬ ਸਿੰਘ ਜੀ ਡੀ. ਲਿਟ.
ਹਰਿ ਨਾਮੁ ਹਿਰਦੈ ਪਵਿਤ੍ਰੁ ਪਾਵਨੁ ਇਹੁ
ਸਰੀਰੁ
ਤਉ ਸਰਣੀ ll੭ll (ਪੰਨਾ: ੫੦੬)
ਅਰਥ:— (ਹੇ ਭਾਈ!)
ਪਰਮਾਤਮਾ ਦਾ ਪਵਿਤ੍ਰ ਨਾਮ ਆਪਣੇ ਹਿਰਦੇ ਵਿਚ (ਰੱਖ ਤੇ ਪ੍ਰਭੂ ਅੱਗੇ ਇਉਂ ਅਰਦਾਸ ਕਰ—ਹੇ ਪ੍ਰਭੂ!)
ਮੇਰਾ ਇਹ ਸਰੀਰ
ਤੇਰੀ ਸਰਨ ਹੈ (ਭਾਵ, ਮੈਂ ਤੇਰੀ ਸਰਨ
ਆਇਆ ਹਾਂ) ।੭। ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ
ਡੀ. ਲਿਟ.
ਮਨੁ ਤਨੁ
ਅਰਪਿ ਧਰਉ ਸਭੁ ਆਗੈ ਰਸੁ ਗੁਰਮਤਿ
ਗਿਆਨੁ ਦ੍ਰਿੜੀਜੈ ll (ਪੰਨਾ: ੧੩੨੫)
ਅਰਥ:— ਜੇ ਕੋਈ ਮੇਰੇ ਹਿਰਦੇ ਵਿਚ
ਗੁਰਮਤਿ ਦੀ ਰਾਹੀਂ ਪਰਮਾਤਮਾ ਦੇ ਨਾਮ ਦਾ ਆਨੰਦ ਅਤੇ ਆਤਮਕ ਜੀਵਨ ਦੀ ਸੂਝ ਪੱਕੀ ਕਰ ਦੇਵੇ ਤਾਂ ਮੈਂ
ਆਪਣਾ ਮਨ ਆਪਣਾ ਤਨ
ਸਭ ਕੁਝ ਉਸ ਦੇ ਅੱਗੇ ਭੇਟਾ ਰੱਖ ਦਿਆਂ ।੧।ਰਹਾਉ।
ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ.
ਤਨੁ ਮਨੁ ਧਨੁ ਗ੍ਰਿਹੁ ਸਉਪਿ ਸਰੀਰੁ ll ਸੋਈ ਸੁਹਾਗਨਿ ਕਹੈ ਕਬੀਰੁ ll (ਪੰਨਾ: ੩੨੮)
ਅਰਥ:— ਕਬੀਰ ਆਖਦਾ ਹੈ — ਉਹੋ (ਜੀਵ-) ਇਸਤ੍ਰੀ ਭਾਗਾਂ ਵਾਲੀ ਹੈ ਜੋ ਆਪਣਾ ਤਨ, ਮਨ, ਧਨ, ਘਰ ਤੇ
ਸਰੀਰ (ਆਪਣੇ ਪਤੀ ਦੇ) ਹਵਾਲੇ ਕਰ ਦੇਂਦੀ ਹੈ ।੩।੨੩।
ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ।
ਗੁਰੂ ਦਾ ਉਪਦੇਸ਼ ਮੰਨ ਕੇ ਸਿਖ ਨੇ ਆਪਣਾ ਤਨ ਮਨ ਧਨ ਆਦਿਕ ਗੁਰੂ ਨੂੰ ਸਉਪ
ਦਿੱਤਾ ਭਾਵ ਸਰੀਰ ਨੂੰ ਚੇਲਾ (ਸਿੱਖ) ਬਣਾ ਦਿੱਤਾ। ਸਰੀਰ ਨੂੰ ਸੁੱਚਾ ਕਰਨ ਲਈ ਨਾਮ ਅ੍ਰਮਿਤ ਨੂੰ
ਆਪਣੇ ਹਿਰਦੇ ‘ਚ ਵਸਾ ਲਿਆ, ਗੁਰੂ ਦੇ ਭੈ (ਅਦਬ) ‘ਚ ਹੋਣ ਨਾਲ ਗੁਰੂ ਨੂੰ ਮਿਲਣ ਨਾਲ ਗੁਰੂ ਦੀ
ਸਿਖਿਆ ਲੈਣ ਨਾਲ ਸਰੀਰ ਨੂੰ ਵਿਕਾਰਾਂ ਤੋਂ ਬਚਾਕੇ ਰੱਖਣ ਦੀ ਸੂਝ ਆ ਗਈ :-
ਤਨੁ
ਸੂਚਾ ਸੋ ਆਖੀਐ ਜਿਸੁ ਮਹਿ ਸਾਚਾ ਨਾਉ
ll ਭੈ ਸਚਿ ਰਾਤੀ ਦੇਹੁਰੀ
ਜਿਹਵਾ ਸਚੁ ਸੁਆਉ ll (ਪੰਨਾ: ੧੯)
ਅਰਥ:— ਜੇਹੜਾ ਸੁੰਦਰ
ਸਰੀਰ
ਪਰਮਾਤਮਾ ਦੇ ਅਦਬ-ਪਿਆਰ ਵਿਚ ਪਰਮਾਤਮਾ
ਦੀ ਯਾਦ ਵਿਚ ਰੰਗਿਆ ਰਹਿੰਦਾ ਹੈ, ਜਿਸ ਦੀ ਜੀਭ ਨੂੰ ਸਿਮਰਨ ਹੀ (ਆਪਣੀ ਹਸਤੀ ਦਾ) ਅਸਲ ਮਨੋਰਥ
ਜਾਪਦਾ ਹੈ, ਜਿਸ ਸਰੀਰ
ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਟਿਕਿਆ ਰਹਿੰਦਾ ਹੈ ਉਹੀ ਸਰੀਰ ਪਵਿਤਰ ਅਖਵਾ ਸਕਦਾ ਹੈ । ਸਤਿਕਾਰਯੋਗ
ਡਾ: ਸਾਹਿਬ ਸਿੰਘ ਜੀ ਡੀ. ਲਿਟ। ਗੁਰਿ ਮਿਲਿਐ ਹਮ ਕਉ
ਸਰੀਰ
ਸੁਧਿ ਭਈ ll (ਪੰਨਾ: ੨੩੩)
ਅਰਥ:— (ਹੇ ਭਾਈ!) ਜੇ ਗੁਰੂ ਮਿਲ
ਪਏ ਤਾਂ ਅਸੀ ਆਪਣੇ ਸਰੀਰ ਨੂੰ ਵਿਕਾਰਾਂ ਤੋਂ ਬਚਾ ਰੱਖਣ ਦੀ ਸੂਝ ਭੀ ਹਾਸਲ ਕਰ ਲੈਂਦੇ ਹਾਂ ।
ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ.
ਰੱਬ ਜੀ ਦੀ ਸੇਵਾ ਭਗਤੀ ਕਰਨ ਨਾਲ ਤਨ ਮਨ ਰੱਬ ਜੀ ਨਾਲ ਇੱਕ ਰਸ (ਗਲਤਾਨ)
ਹੋ ਗਿਆ ਹੈ, ਇੱਕ ਰਸ ਹੋ ਕੇ ਸਿੱਖੀ ਜੀਵਨ ਕਮਾਉਣ ਤੋਂ ਬਾਅਦ ਗੁਰਸਿਖ ਦਾ ਇਹ ਸਰੀਰ ਸੋਨੇ ਵਰਗਾ ਹੋ
ਗਿਆ ਹੈ ‘ਤੇ ਇਹ ਸਰੀਰ ਸਫਲ ਹੋ ਗਿਆ :- ਤਨ
ਮਨ ਗਲਤ ਭਏ ਠਾਕੁਰ ਸਿਉ ਆਪਨ ਲੀਏ
ਮਿਲਾਈ ll (ਪੰਨਾ: ੧੨੯੯) ਪਦ ਅਰਥ:— ਗਲਤ—ਗ਼ਲਤਾਨ, ਮਸਤ । ਅਰਥ:— ਹੇ ਭਾਈ! (ਪਰਮਾਤਮਾ ਦੀ)
ਭਗਤੀ ਭਗਤ-ਜਨਾਂ ਪਾਸੋਂ ਹੀ ਹੋ ਸਕਦੀ ਹੈ । ਉਹਨਾਂ ਦੇ
ਤਨ
ਉਹਨਾਂ ਦੇ ਮਨ ਪਰਮਾਤਮਾ ਦੀ ਯਾਦ ਵਿਚ
ਮਸਤ ਰਹਿੰਦੇ ਹਨ । ਉਹਨਾਂ ਨੂੰ ਪ੍ਰਭੂ ਆਪਣੇ ਨਾਲ ਮਿਲਾਈ ਰੱਖਦਾ ਹੈ ।੧।ਰਹਾਉ।
ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ।
ਮਨਿ ਤਨੇ
ਗਲਤਾਨ ਸਿਮਰਤ ਪ੍ਰਭ ਨਾਮ ਹਰਿ
ਅੰਮ੍ਰਿਤੁ ਪੀਵਤੇ ਜੀਉ ll (ਪੰਨਾ: ੮੦)
ਅਰਥ:— ਪਰਮਾਤਮਾ ਦਾ ਨਾਮ ਸਿਮਰ-ਸਿਮਰ
ਕੇ (ਭਗਤ ਜਨ ਆਪਣੇ) ਮਨ ਦੀ ਰਾਹੀਂ (ਆਪਣੇ)
ਸਰੀਰ
ਦੀ ਰਾਹੀਂ ਪ੍ਰਭੂ-ਨਾਮ ਵਿਚ ਮਸਤ
ਰਹਿੰਦੇ ਹਨ, ਤੇ, ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਸਦਾ ਪੀਂਦੇ ਰਹਿੰਦੇ ਹਨ । ਕੰਚਨ
ਕਾਇਆ
ਜੋਤਿ ਅਨੂਪੁ ll (ਪੰਨਾ: ੪੧੪)
ਅਰਥ:— (ਹਰੀ ਦਾ ਮਹਲ ਪਉਣ ਵਾਲੇ ਸੇਵਕ
ਦੀ) ਦੇਹੀ
ਸੋਨੇ ਵਰਗੀ ਸੁੰਦਰ (ਹੋ ਜਾਂਦੀ) ਹੈ l
ਸ਼ਬਦਾਰਥ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ਼੍ਰੀ ਅਮ੍ਰਿਤਸਰ ਸਾਹਿਬ।
ਕੰਚਨ ਕਾਇਆ
ਨਿਰਮਲ ਹੰਸੁ ll ਜਿਸੁ ਮਹਿ ਨਾਮੁ ਨਿਰੰਜਨ ਅੰਸੁ ll (ਪੰਨਾ: ੧੨੫੬)
ਅਰਥ:— (ਹੇ ਵੈਦ!) ਜਿਸ
ਸਰੀਰ
ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ,
ਪਰਮਾਤਮਾ ਦੀ ਜੋਤਿ (ਲਿਸ਼ਕਾਰਾ ਮਾਰਦੀ) ਹੈ, ਉਹ ਸਰੀਰ ਸੋਨੇ ਵਰਗਾ ਸੁੱਧ ਰਹਿੰਦਾ ਹੈ,
ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ।
ਕੰਚਨ ਕਾਇਆ
ਕੋਟ ਗੜ ਵਿਚਿ ਹਰਿ ਹਰਿ ਸਿਧਾ ll (ਪੰਨਾ: ੪੪੯)
ਅਰਥ :— (ਹੇ ਭਾਈ!) ਗੁਰੂ ਦੀ ਸਰਨ ਪੈ
ਕੇ ਭਾਲ ਕਰਦਿਆਂ ਕਰਦਿਆਂ ਮੈਂ ਮਿੱਤਰ-ਪ੍ਰਭੂ ਨੂੰ (ਆਪਣੇ ਅੰਦਰ ਹੀ) ਲੱਭ ਲਿਆ ਹੈ । ਮੇਰਾ ਇਹ
ਸਰੀਰ
ਕਿਲਾ (ਮਾਨੋ) ਸੋਨੇ ਦਾ ਬਣ ਗਿਆ ਹੈ
(ਕਿਉਂਕਿ ਗੁਰੂ ਦੀ ਕਿਰਪਾ ਨਾਲ) ਇਸ ਵਿਚ ਪਰਮਾਤਮਾ ਪਰਗਟ ਹੋ ਗਿਆ ਹੈ ।
ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ।
ਕੰਚਨ ਕਾਇਆ
ਨਿਰਮਲੀ ਜੋ ਸਚਿ ਨਾਮਿ ਸਚਿ ਲਾਗੀ ll (ਪੰਨਾ: ੫੯੦)
ਅਰਥ :— ਜੋ
ਸਰੀਰ
ਸੱਚੇ ਨਾਮ ਦੀ ਰਾਹੀਂ ਸੱਚੇ ਪ੍ਰਭੂ
ਵਿਚ ਜੁੜਿਆ ਹੋਇਆ ਹੈ, ਉਹ ਸੋਨੇ ਵਰਗਾ ਸੁੱਧ ਹੈl
ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ।
ਕੰਚਨ
ਕਾਇਆ ਜੋਤੀ ਜੋਤਿ ਸਮਾਈ ll
(ਪੰਨਾ: ੮੩੩ ) ਅਰਥ:—
(ਵਿਕਾਰਾਂ ਤੋਂ ਬਚੇ ਰਹਿਣ ਦੇ ਕਾਰਨ)
ਸਰੀਰ
ਸੋਨੇ ਵਰਗਾ ਸੁੱਧ ਰਹਿੰਦਾ ਹੈ, (ਮਨੁੱਖ ਦੀ) ਜਿੰਦ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ।੬।
ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ। ਕੰਚਨ
ਕਾਇਆ
ਗੁਰਮੁਖਿ ਬੂਝੈ ਜਿਸੁ ਅੰਤਰਿ ਨਾਮੁ ਨਿਵਾਸੀ ਹੇ ll (ਪੰਨਾ: ੧੦੪੮)
ਅਰਥ:— ਜਿਹੜਾ ਮਨੁੱਖ ਗੁਰੂ ਦੇ ਸਨਮੁਖ
ਹੋ ਕੇ (ਸਹੀ ਜੀਵਨ-ਰਾਹ) ਸਮਝ ਲੈਂਦਾ ਹੈ ਜਿਸ ਦੇ ਅੰਦਰ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਸ ਦਾ
ਇਹ ਸਰੀਰ
(ਵਿਕਾਰਾਂ ਤੋਂ ਬਚਿਆ ਰਹਿ ਕੇ) ਸੁੱਧ ਸੋਨਾ ਬਣਿਆ ਰਹਿੰਦਾ ਹੈ ।੪।
ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ।
ਸਫਲ ਹੋਤ ਇਹ ਦੁਰਲਭ
ਦੇਹੀ
ll ਜਾ ਕਉ ਸਤਿਗੁਰੁ ਮਇਆ ਕਰੇਹੀ ll੨ll (ਪੰਨਾ: ੧੨੯੯)
ਅਰਥ:— ਜਿਸ ਮਨੁੱਖ ਉਤੇ ਸਤਿਗੁਰੂ ਜੀ
ਕਿਰਪਾ ਕਰਦੇ ਹਨ। ਉਸ ਦਾ ਇਹ ਦੁਰਲੱਭ
ਸਰੀਰ
ਸਫਲ ਹੋ ਜਾਂਦਾ ਹੈ ।੨। ਗੋਬਿੰਦ ਕੀ ਟਹਲ ਸਫਲ ਇਹ
ਕਾਂਇਆ
ll (ਪੰਨਾ: ੨੦੨) ਅਰਥ:—
ਪਰਮਾਤਮਾ ਦੀ ਸੇਵਾ-ਭਗਤੀ ਕਰਨ ਨਾਲ ਇਹ
ਸਰੀਰ
ਸਫਲ ਹੋ ਜਾਂਦਾ ਹੈ। ਸਤਿਕਾਰਯੋਗ ਡਾ: ਸਾਹਿਬ
ਸਿੰਘ ਜੀ ਡੀ. ਲਿਟ।
ਗੁਰੂ
ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਉਪਦੇਸ਼ ਰਾਹੀਂ ਸਾਨੂੰ ਪਤਾ ਲੱਗਾ ਹੈ ਕਿ ਮਨਮੁਖ ਤੋਂ ਗੁਰਸਿਖ ਬਨਣ
ਤੱਕ ਸਾਡਾ ਮਨ ਸਾਡੇ ਵਿਚਾਰ ਹੀ ਨਹੀ ਬਦਲਦੇ ਹਨ ਬਲਕਿ ਸਾਡਾ ਸਰੀਰ ਵੀ ਬਦਲਦਾ ਹੈ, ਜੇਕਰ ਮਨਮਖੀ
ਕੱਚੀ ਸੁੰਞੀ ਦੇਹ ਗੁਰੂ ਦੀ ਸਿੱਖ (ਚੇਲਾ) ਬਣ ਜਾਵੇ ਤਾਂ ਗੁਰੂ ਦੇ ਹੁਕਮ ‘ਚ ਚਲਣ ਨਾਲ ਬਦਲਕੇ
ਸੋਨੇ ਵਰਗੀ ਸੁੰਦਰ ਹੋ ਜਾਂਦੀ ਹੈ ‘ਤੇ ਰੱਬੀ ਜੀ ਦੀ ਬੰਦਗੀ ਕਰਕੇ ਇਹ ਮਨੁੱਖਾ ਸਰੀਰ ਸਫਲ ਹੋ
ਜਾਂਦਾ ਹੈ। ਆਪਾਂ ਦੁਨਿਆਵੀ ਜੀਵ ਹਾਂ ਆਪਾਂ ਨੂੰ ਸਰੀਰ ਦੇ ਅੰਦਰ ਹੋ ਰਹੇ ਬਦਲਾਵ ‘ਤੇ ਹੋ ਰਹੀਆਂ
ਗਤੀਵਿਧੀਆਂ ਦਾ ਕੁੱਝ ਵੀ ਪਤਾ ਨਹੀ ਹੈ, ਪਰ ਅਭੁੱਲ ਗੁਰੂ ਸਾਹਿਬਾਨ ਸਰਭ ਕਲਾਂ ਭਰਪੂਰ ਹਨ ਉਹਨਾਂ
ਤੋਂ ਕੁੱਝ ਵੀ ਲੁਕਿਆ ਨਹੀ ਹੈ। ਇੱਕ ਮਿਸਾਲ ਸਾਂਝੀ ਕਰਦੇ ਹਾਂ ਵਿਗਿਆਨ ਅਨੁਸਾਰ ਸਾਡੇ ਸਰੀਰ ਅੰਦਰ
ਹਰ ਰੋਜ ਲੱਖਾਂ ਹੀ ਸੈੱਲ ਜਨਮ ਲੈਂਦੇ ਹਨ ‘ਤੇ ਅੰਦਰ ਹੀ ਮਰ ਜਾਂਦੇ ਹਨ ਅਤੇ ਮਰੇ ਹੋਏ ਸੈੱਲਾਂ ਦੀ
ਵੱਡੀ ਗਿਣਤੀ ਵਾਲਾਂ ਰਾਹੀ ਚਮੜੀ ਰਾਹੀਂ ਦੰਦਾ ਆਦਿ ਰਾਹੀਂ ਸਰੀਰ ‘ਚੋਂ ਨਿਕਲ ਜਾਂਦੀ ਹੈ। ‘ਤੇ
ਲੱਖਾਂ ਹੀ ਅੰਦਰਲੇ ਸੈੱਲ ਪਿਸ਼ਾਬ ‘ਤੇ ਪਸੀਨੇ ਰਾਹ ਫਾਲਤੂ ਬਣ ਜਾਂਦੇ ਹਨ; ਭਾਵ ਇਹ ਕਿ ਵਿਗਆਨ
ਅਨੁਸਾਰ ਸਰੀਰ ਅੰਦਰ ਜਨਮ ਮਰਣ ਦਾ ਗੇੜ ਚੱਲਦਾ ਰਹਿੰਦਾ ਹੈ ਵਿਗਆਨ ਨੂੰ ਇਸ ਗੱਲ ਦਾ ਪਤਾ ਪੰਜਾਹ
ਜਾਂ ਸੋ ਸਾਲ ਪਹਿਲਾਂ ਹੀ ਲੱਗਾ ਹੋਵੇਗਾ ਪਰ ਗੁਰੂ ਪਾਤਸ਼ਾਹ ਜੀ ਨੇ ਇਹੀ ਗੱਲ ਲਗਭਗ ਸਾਡੇ ਚਾਰ ਸੋ
ਸਾਲ ਪਹਿਲਾਂ ਗੁਰਬਾਣੀ ਅੰਦਰ ਲਿਖ ਦਿੱਤੀ ਸੀ :-
ਕਾਇਆ ਅੰਦਰਿ ਬ੍ਰਹਮਾ ਬਿਸਨੁ
ਮਹੇਸਾ ਸਭ ਓਪਤਿ ਜਿਤੁ ਸੰਸਾਰਾ ll ਸਚੈ ਆਪਣਾ ਖੇਲੁ ਰਚਾਇਆ ਆਵਾ ਗਉਣੁ ਪਾਸਾਰਾ ll ਪੂਰੈ ਸਤਿਗੁਰਿ
ਆਪਿ ਦਿਖਾਇਆ ਸਚਿ ਨਾਮਿ ਨਿਸਤਾਰਾ ll੭ll੨ll ਸੂਹੀ ਮਹਲਾ ੩ ll (ਗੁਰੂ ਗ੍ਰੰਥ ਸਾਹਿਬ, ਪੰਨਾ:
੭੫੪) ਅਰਥ:- ਬ੍ਰਹਮਾ ਵਿਸਨੂੰ ਮਹੇਸ ਜਿਹੜੇ ਸਾਰੇ ਜਗਤ ਦੇ ਸਿਰਜਣਹਾਰ (ਆਖੇ ਜਾਂਦੇ ਹਨ) ਇਸ
ਸਰੀਰ ਅੰਦਰ ਮੋਜੂਦ ਹਨ, ਰੱਬ ਜੀ ਨੇ ਆਪਣਾ ਖੇਲ ਰਚਾ ਕੇ (ਸਰੀਰ ਅੰਦਰ) ਜਨਮ ਮਰਨ ਦਾ ਖਿਲਾਰਾ
ਖਿਲਾਰਿਆ ਹੈ, ਪੂਰੇ ਸਤਿਗੁਰ ਨੇ ਆਪ (ਮੇਰੇ ‘ਤੇ ਕ੍ਰਿਪਾ ਕਰਕੇ ਮੈਨੂੰ ਰੱਬ ਜੀ ਦਾ (ਨਿਯਮ) ਖੇਲ)
ਦਿਖਾ ਦਿੱਤਾ ਹੈ। ਸਚਿ ਨਾਮ*
(ਭਾਵ ਸੱਚ ਦੇ ਗਿਆਨ) ਨਾਲ ਮੇਰਾ ਪਾਰ ਉਤਾਰਾ ਹੋ ਗਿਆ ਹੈ।
* ਗਯਾਨ ਸਰੂਪ। ਯਥਾ-‘ਸਤਿਨਾਮੁ’
(ਸਤਿ) ਤ੍ਰੈ ਕਾਲ ਅਬਾਧ ਸਦਾ ਇਕ ਰਸ ਤੇ (ਨਾਮ) ਗਯਾਨ ਸਰੂਪ ਹੈ।
ਪੰਨਾ-375, ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼, ਭਾਈ ਵੀਰ
ਸਿੰਘ ਜੀ।
ਇਸ
ਗੁਰਬਾਣੀ ਪ੍ਰਮਾਣ ਦੇਣ ਤੋਂ ਭਾਵ ਇਹ ਹੈ ਕਿ ਸਰੀਰ ਅੰਦਰ ਦੀ ਹਰ ਗੱਲ ਨੂੰ ਗੁਰੂ ਸਾਹਿਬਾਨ ਜਾਣਦੇ
ਹਨ, ਉਹੀ ਦੱਸ ਸਕਦੇ ਹਨ ਕਿ ਗੁਰੂ ਦੇ ਸਿੱਖ ਬਨਣ ਤੋਂ ਬਾਅਦ ਕੱਚਾ ਸੁੰਞਾਂ ਸਰੀਰ ਬਦਲਕੇ ਸੋਨੇ
ਵਰਗਾ ਸੁੰਦਰ ਹੋ ਜਾਂਦਾ ਹੈ। ਆਪਾਂ ਗੁਰਬਾਣੀ ਅਨੁਸਾਰ ਦੇਖ ਲਿਆ ਹੈ ਕਿ ਮਨ ਨਾਲ ਨਾਲ ਤਨ ਨੂੰ ਵੀ
ਸਿੱਖ (ਚੇਲਾ) ਬਨਾਉਣਾ ਹੈ ‘ਤੇ ਮਨਮੁਖ ਤੋਂ ਗੁਰਮੁਖ ਬਨਣ ਨਾਲ ਦੇਹ ਵੀ ਬਦਲੀ ਹੈ। ਇਹ ਤਾਂ ਸਰੀਰ
ਦੇ ਅੰਦਰ ਦੀ ਗਲ ਸੀ ਪਰ ਜੇਕਰ ਆਪਾਂ ਬਾਹਰੀ ਤੋਰ ਤੇ ਦਸ ਸਾਲ ਤੋਂ ਨਸ਼ਾ ਖਾਂਦੇ ਕਿਸੇ ਨਸ਼ੇੜੀ ਦਾ
ਸਰੀਰ ਦੇਖੀਏ ‘ਤੇ ਦਸ ਸਾਲ ਤੋਂ ਗੁਰਸਿਖ ਬਨੇ ਦਾ ਸਰੀਰ ਦੇਖੀਏ ਤਾਂ ਦੋਹਾਂ ਦੇ ਸਰੀਰ ਦਾ ਪਤਾ ਲਗ
ਜਾਵੇਗਾ। ਸੋ ਤੱਤ ਗੁਰਮਤਿ ਪਰਿਵਾਰ ਦਾ ਇਹ ਕਹਿਣਾ ਕਿ ਮਨਮੁਖ ਤੋਂ ਗੁਰਸਿਖ ਬਨਣ ਨਾਲ ਸਰੀਰ ਨਹੀ
ਬਦਲਦਾ ਸਰੀਰ ਚੇਲਾ ਨਹੀ ਹੁੰਦਾ ਸਿਧਾਂਤਹੀਣ ਗੱਲਾਂ ਹਨ। ਤੱਤ ਗੁਰਮਤਿ ਪਰਿਵਾਰ ਵੱਲੋਂ ਦਿੱਤੇ ਗਏ
ਹੋਰ ਵਿਚਾਰ ਸਾਂਝੇ ਕਰਦੇ ਹਾਂ:- ..........
ਇੱਕ ਵਾਰ ਭਾਈ ਲਹਿਣਾ ਜੀ ਬਾਬਾ ਨਾਨਕ ਜੀ ਦੇ ਦਰਸ਼ਨ ਕਰਨ ਦੀ ਤਾਂਘ ਨਾਲ ਕਰਤਾਰਪੁਰ ਆਏ। ਉਨਾਂ
ਵੇਖਿਆ ਕਿ ਕੋਈ ਵਿਅਕਤੀ ਖੇਤਾਂ ਵਿੱਚ ਹੱਲ ਵਾਹ ਰਿਹਾ ਹੈ। ਭਾਈ ਲਹਿਣਾ ਜੀ ਨੇ ਪੁੱਛਿਆ ਕਿ ਬਾਬਾ
ਨਾਨਕ ਜੀ ਨੂੰ ਮਿਲਣਾ ਹੈ, ਕਿੱਥੇ ਮਿਲਣਗੇ? ਦਿਲਸਚਪ ਤੱਥ ਇਹ ਹੈ ਕਿ ਹੱਲ ਬਾਬਾ ਨਾਨਕ ਜੀ ਹੀ ਵਾਹ
ਰਹੇ ਸਨ ਪਰ ਭਾਈ ਲਹਿਣਾ ਜੀ, ਨਾਨਕ ਸਾਹਿਬ ਜੀ ਦੇ ਸਰੀਰ ਤੋਂ ਉਨਾਂ ਦੀ ਪਛਾਣ ਨਾ ਕਰ ਸਕੇ।
ਇਸੇ ਤਰਾਂ, ਇੱਕ ਵਾਰ ਕਾਬੁਲ ਦੀ ਸੰਗਤ ਦਰਬਾਰ ਸਾਹਿਬ, ਅੰਮ੍ਰਿਤਸਰ ਆਈ। ਉਹ ਪੰਜਵੇਂ ਪਾਤਸ਼ਾਹ ਜੀ
ਦੇ ਦਰਸ਼ਨ ਕਰਨ ਲਈ ਵਿਆਕੁਲ ਸਨ। ਅਰਜਨ ਪਾਤਸ਼ਾਹ ਉਸ ਵੇਲੇ ਜੋੜੇ ਸੰਭਾਲਣ ਦੀ ਸੇਵਾ ਕਰ ਰਹੇ ਸਨ।
ਕਾਬੁਲ ਦੀ ਸੰਗਤ ਨੇ ਜੋੜੇ ਉਤਾਰੇ, ਜਿਨਾਂ ਦੀ ਸੰਭਾਲ ਪੰਜਵੇਂ ਪਾਤਸ਼ਾਹ ਜੀ ਨੇ ਕੀਤੀ। ਸੰਗਤ ਦੇ
ਲੋਕ ਅੰਦਰ ਦਰਸ਼ਨੀ ਡਿਓਢੀ ਵਿੱਚ ਗਏ। ਬਾਬਾ ਬੁੱਢਾ ਜੀ ਨੂੰ ਮਿਲੇ ਤੇ ਕਿਹਾ ਕਿ ਅਰਜਨ ਪਾਤਸ਼ਾਹ ਜੀ
ਦੇ ਦਰਸ਼ਨ ਕਰਨੇ ਹਨ। ਉਹ ਕਿੱਥੇ ਮਿਲਣਗੇ? ਬਾਬਾ ਬੁੱਢਾ ਜੀ ਨੇ ਦੱਸਿਆ ਕਿ ਉਹ ਤਾਂ ਬਾਹਰ ਜੋੜਿਆਂ
ਦੀ ਸੇਵਾ ਕਰ ਰਹੇ ਹਨ। ਉਸ ਤੋਂ ਬਾਅਦ ਕਾਬਲ ਦੀ ਸੰਗਤ ਉਨਾਂ ਨੂੰ ਜਾ ਕੇ ਮਿਲੀ। ਭਾਵ, ਸਿਰਫ਼
ਸਰੀਰ ਨੂੰ ਵੇਖ ਕੇ ਹੀ ਉਹ ਅਰਜਨ ਪਾਤਸ਼ਾਹ ਨੂੰ ਨਹੀਂ ਪਛਾਣ ਸਕੇ।
ਪੰਨਾ ਨੰ: 19, ਵਾਪਸੀ ਦਾ ਸਫਰ
(ਭਾਗ-੧), ਤੱਤ ਗੁਰਮਤਿ ਪਰਿਵਾਰ।
http://www.sikhmarg.com/ ੨੦੦੯ / ੦੯੨੦ -guru-pad-vichaar.html
ਜਵਾਬ:- ਨਾ ਦੇਹ ਗੁਰੂ ਹੈ ਨਾ ਚੇਲਾ ਵਾਲੀ ਵਿਚਾਰਧਾਰਾ ਨੂੰ ਸਹੀ ਸਿੱਧ ਕਰਨ ਲਈ ਤੱਤ ਗੁਰਮਤਿ
ਪਰਿਵਾਰ ਨੇ ਇਹ ਦੋ ਸਾਖੀਆ ਪ੍ਰਮਾਣ ਵਜੋਂ ਵਰਤੀਆਂ ਹਨ। ਪਰ ਆਪਾਂ ਨੇ ਇੱਥੇ ਇਹ ਸਮਝਣਾ ਹੈ ਕਿ ਕੀ
ਤੱਤ ਗੁਰਮਤਿ ਪਰਿਵਾਰ ਨੇ ਗੁਰਬਾਣੀ ਸਿਧਾਂਤ ਅਨੁਸਾਰ ਇਹਨਾਂ ਸਾਖੀਆਂ ਦਾ ਭਾਵ ਠੀਕ ਵਰਤਿਆ ਹੈ ਜਾਂ
ਗਲਤ। ਮਿਸਾਲ ਦੇ ਤੋਰ ਤੇ ਆਮ ਕਰਕੇ ਜੇਕਰ ਕੋਈ ਇਨਸਾਨ ਕਿਸੇ ਦੂਸਰੇ ਇਨਸਾਨ ਨੂੰ ਪਹਿਲੀ ਵਾਰ ਮਿਲਦਾ
ਹੈ ਭਾਵੇ ਕਿ ਉਹ ਬਹੁਤ ਮਹਾਨ ਹਸਤੀ ਦੇ ਮਲਾਕ ਕਿਉਂ ਨਾ ਹੋਣ ਤਾਂ ਵੀ ਆਪਾਂ ਦੁਨਿਆਵੀ ਜੀਵ ਜਲਦੀ
ਕਿਤੇ ਉਹਨਾਂ ਨੂੰ ਜਾਂ ਉਹਨਾਂ ਦੇ ਸਰੀਰ ਨੂੰ ਦੇਖ ਕੇ ਉਹਨਾਂ ਨੂੰ ਜਾਂ ਉਹਨਾਂ ਦੀ ਵਡਿਆਈ ਨੂੰ ਨਹੀ
ਪਹਿਚਾਣ ਸਕਦੇ ਹਾਂ ਕਿਉਂਕਿ ਦੁਨਿਆਵੀ ਜੀਵਾਂ ਕੋਲ ਨਾ ਕੋਈ ਇਹੋ ਜਿਹੀ ਅੱਖ ਹੁੰਦੀ ਹੈ ਨਾ ਇਹੋ
ਜਿਹੀ ਅਵਸਥਾ ਹੁੰਦੀ ਹੈ, ਇਸ ਤਰਾਂ ਹੋਣਾ ਇੱਕ ਕੁਦਰਤੀ ਵਰਤਾਰਾ ਹੈ। ਇਹ ਗੱਲ ਭਾਈ ਲਹਿਣਾ ਜੀ ਤੇ
ਅਤੇ ਕਾਬੁਲ ਦੀ ਸੰਗਤ ‘ਤੇ ਪੂਰੀ ਤਰਾਂ ਢੁੱਕਦੀ ਹੈ, ਕਿਉਂਕਿ ਉਸ ਸਮੇਂ ਕਾਬੁਲ ਦੀ ਸੰਗਤ ਅਤੇ ਭਾਈ
ਲਹਿਣਾ ਜੀ ਦੁਨਿਆਵੀ ਇਨਸਾਨ ਸਨ, ਉਹਨਾਂ ਕੋਲ ਇਸ ਤਰਾਂ ਦੀ ਨਾ ਕੋਈ ਸੋਝੀ ਵਾਲੀ ਅੱਖ ਸੀ ‘ਤੇ ਨਾ
ਕੋਈ ਗੁਣ ਸੀ, ਇਸੇ ਲਈ ਉਹ ਗੁਰੂ ਸਾਹਿਬਾਨ ਨੂੰ ਦੇਖਕੇ ਜਾਂ ਉਹਨਾਂ ਦੇ ਸਰੀਰ ਨੂੰ ਦੇਖਕੇ ਉਹਨਾਂ
ਨੂੰ ਨਹੀ ਪਹਿਚਾਣ ਸਕੇ। ਪਰ ਇਸ ਦੇ ਉਲਟ ਗੁਰੂ ਇਹੋ ਜਿਹੇ ਸਾਰੇ ਗੁਣਾਂ ਨਾਲ ਭਰਪੂਰ ਹਨ ਇਸ ਲਈ ਉਹ
ਮਨਮੁਖ ਦੀ ਦੇਹੀ ‘ਤੇ ਗੁਰਸਿਖ ਦੀ ਦੇਹੀ ਦਾ ਫਰਕ ਦਸ ਸਕਦੇ ਹਨ ਜੋ ਕਿ ਆਪਾਂ ਉਪਰ ਗੁਰਬਾਣੀ
ਪ੍ਰਮਾਣਾਂ ਰਾਹੀਂ ਵਿਚਾਰ ਆਏ ਹਾਂ। ਇਸ ਲਈ ਜੇਕਰ ਉਸ ਸਮੇਂ ਦੇ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦੇਵ
ਜੀ ਨੂੰ ਦੇਖ ਕੇ ਜਾਂ ਉਹਨਾਂ ਦੇ ਸਰੀਰ ਨੂੰ ਦੇਖ ਕੇ ਨਹੀ ਪਹਿਚਾਣਿਆ ਤਾਂ ਸਿੱਖਾਂ ਵਾਸਤੇ ਕੋਈ
ਫੁਰਮਾਣ ਨਹੀ ਬਣ ਜਾਂਦਾ ਕਿ ਇਹ ਸਾਖੀਆ ਦੇ ਕੱਢੇ ਗਏ ਗਲਤ ਭਾਵ ਨੂੰ ਮੰਨ ਕੇ ਅਸੀਂ ਇਹ ਮੰਨ ਲਈਏ
ਨਾਨਕ ਸਰੂਪ ਸਾਡੇ ਗੁਰੂ ਨਹੀ ਸਨ ‘ਤੇ ਦੇਹ ਚੇਲਾ ਨਹੀ ਹੁੰਦੀ। ਇਕ ਪੱਖ ਇਹ ਵੀ :- ਜਿਸ ਵੇਲੇ ਭਾਈ
ਲਹਿਣਾ ਜੀ ਕਰਮ ਕਾਂਡੀ ਦੇਵੀ ਭਗਤ ਸਨ ਅਤੇ ਉਹ ਗੁਰੂ ਨਾਨਕ ਦੇਵ ਜੀ ਨੂੰ ਨਹੀ ਪਹਿਚਾਣ ਸਕੇ ਤਾਂ
ਤੱਤ ਗੁਰਮਤਿ ਪਰਿਵਾਰ ਉਸ ਸਾਖੀ ਦਾ ਭਾਵ ਪ੍ਰਮਾਣ ਵਜੋਂ ਲੈ ਰਿਹਾ ਹੈ, ਪਰ ਜੇਕਰ ਤੱਤ ਗੁਰਮਤਿ
ਪਰਿਵਾਰ ਨੂੰ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਬਣੇ ਹੋਏ ਗੁਰੂ ਦੀ ਬਾਣੀ ‘ਚੋਂ ਬਾਬੇ ਨਾਨਕ ਨੂੰ
ਗੁਰੂ ਨਾਨਕ ਕਹਿੰਦਾ ਪ੍ਰਮਾਣ
“ਤਿਨ ਕਉ ਕਿਆ ਉਪਦੇਸੀਐ ਜਿਨ ਗੁਰੁ ਨਾਨਕ ਦੇਉ”
ਦਿੱਤਾ ਜਾਵੇ ਤਾਂ ਪਰਿਵਾਰ ਫਟ ਦੇਣੇ ਹੀ ਆਖ ਦੇਵੇਗਾ, ਨਹੀ ਜੀ ਇੱਥੇ ‘ਗੁਰੂ’ ਅਤੇ ‘ਨਾਨਕ’ ਨੂੰ
ਅਲਗ ਅਲਗ ਅਰਥਾਉਣ ਦੀ ਲੋੜ ਹੈ, ਇੱਥੇ ਤਾਂ ਪੰਗਤੀ ਦੇ ਅਖੀਰ ਵਿਚ ‘ਨਾਨਕ’ ਛਾਪ ਆਈ ਹੈ ਆਦਿ। ਜਿਸ
ਵੇਲੇ ਭਾਈ ਲਹਿਣਾ ਜੀ ਗੁਰਮਤਿ ਤੋਂ ਅਨਜਾਣ ਸਨ ਉਸ ਵੇਲੇ ਦੀ ਗੱਲ ਤੱਤ ਗੁਰਮਤਿ ਪਰਿਵਾਰ ਵੱਲੋਂ ਭਾਵ
ਰੂਪ ਵਿਚ ਮੰਨੀ ਜਾ ਰਹੀ ਹੈ ਪਰ ਜਦੋਂ ਭਾਈ ਲਹਿਣਾ ਜੀ ਗੁਰੂ ਅੰਗਦ ਹੋ ਗਏ ਤਾਂ ਉਹਨਾਂ ਦੇ ਉਪਦੇਸ਼
ਨੂੰ ਮੰਨਿਆ ਨਹੀ ਜਾ ਰਿਹਾ ਹੈ, ਪਤਾ ਨਹੀ ਪਰਿਵਾਰ ਦੀ ਇਹ ਕਿਹੋ ਜਿਹੀ ਤੱਤ ਗੁਰਮਤਿ ਹੈ। ਨਾਨਕ ਜੀ
ਦੇ ਦੱਸੇ ਸਰੂਪ ਸਾਡੇ ਗੁਰੂ ਹਨ ਇਹ ਸੋਝੀ ਗੁਰਬਾਣੀ ਹੀ ਸਾਨੂੰ ਬਖਸ਼ੀ ਹੈ, ਨਾਨਕ ਸਰੂਪਾਂ ਨੂੰ ਗੁਰੂ
ਕਹਿੰਦੇ ਪ੍ਰਮਾਣ ਆਪਾਂ ਨੇ ਪਹਿਲੇ ਭਾਗ ‘ਚ ਦੇਖੇ ਸਨ ਆਓ ਹੁਣ ਇਸ ਭਾਗ ‘ਚ ਵੀ ਕੁੱਝ ਹੋਰ ਪ੍ਰਮਾਣ
ਦੇਖਦੇ ਹਾਂ:-
ਗੁਰ ਅੰਮ੍ਰਿਤ ਭਿੰਨੀ
ਦੇਹੁਰੀ
ਅੰਮ੍ਰਿਤੁ ਬੁਰਕੇ ਰਾਮ ਰਾਜੇ ll ਜਿਨਾ ਗੁਰਬਾਣੀ ਮਨਿ ਭਾਈਆ ਅੰਮ੍ਰਿਤਿ ਛਕਿ ਛਕੇ ll੪ll੯ll੧੬ll
ਆਸਾ ਮਹਲਾ ੪ ll (ਗੁਰੂ ਗ੍ਰੰਥ ਸਾਹਿਬ, ਪੰਨਾ : ੪੪੯)
ਪਦ ਅਰਥ:— ਬੁਰਕੇ - ਬੁੜਕੇ, ਬੁੜਕਦਾ
ਹੈ, ਭਾਵ ਡੁੱਲ ਡੁੱਲ ਪੈਂਦਾ ਹੈ। 2. ਛਿੜਕਣਾ। ਅਰਥ:— ਗੁਰੂ (ਜੀ ਦੀ)
ਦੇਹੀ ( ਰੱਬ
ਜੀ ਦੇ ਨਾਮ) ਅੰਮ੍ਰਿਤ ਨਾਲ ਭਿੱਜੀ ਹੋਈ ਹੈ, (ਗੁਰੂ ਜੀ ਦੀ ਦੇਹੀ ‘ਚੋਂ) ਰੱਬ ਜੀ ਦਾ ਨਾਮ
ਅੰਮ੍ਰਿਤ ਡੁੱਲ ਡੁੱਲ ਪੈਂਦਾ ਹੈ। ਸੋ ਧੰਨੁ ਗੁਰੂ ਸਾਬਾਸਿ ਹੈ ਹਰਿ ਦੇਇ ਸਨੇਹਾ ll ਹਉ ਵੇਖਿ
ਵੇਖਿ ਗੁਰੂ ਵਿਗਸਿਆ ਗੁਰ ਸਤਿਗੁਰ
ਦੇਹਾ
ll੧੭ll ਗੁਰ
ਰਸਨਾ
ਅੰਮ੍ਰਿਤੁ ਬੋਲਦੀ ਹਰਿ ਨਾਮਿ ਸੁਹਾਵੀ
ll ਜਿਨ ਸੁਣਿ ਸਿਖਾ ਗੁਰੁ ਮੰਨਿਆ ਤਿਨਾ ਭੁਖ ਸਭ ਜਾਵੀ ll੧੮ll ਤਿਲੰਗ ਮਹਲਾ ੪ ll (ਗੁਰੂ ਗ੍ਰੰਥ
ਸਾਹਿਬ, ਪੰਨਾ : ੭੨੬ )
ਅਰਥ:— ਮੈਂ (ਤਾਂ) ਗੁਰੂ (ਜੀ) ਨੂੰ ਵੇਖ ਵੇਖ ਕੇ ਗੁਰੂ ਸਤਿਗੁਰੂ (ਜੀ ਦਾ ਸੋਹਣਾ)
ਸਰੀਰ
ਵੇਖ ਕੇ ਖਿੜ ਰਿਹਾਂ ਹਾਂ। ਗੁਰੂ ਜੀ ਦੀ
ਜੀਭ
(ਰੱਬ ਜੀ ਦਾ ਨਾਮ) ਅੰਮ੍ਰਿਤ ਉਚਾਰਣ ਕਰਦੀ ਸੋਹਣੀ ਲਗਦੀ ਹੈ। ਸਤਿਗੁਰੁ
ਅੰਦਰਹੁ
ਨਿਰਵੈਰੁ ਹੈ ਸਭੁ ਦੇਖੈ ਬ੍ਰਹਮੁ ਇਕੁ
ਸੋਇ ll ਗਉੜੀ ਕੀ ਵਾਰ ਮਹਲਾ ੪ ll (ਗੁਰੂ ਗ੍ਰੰਥ ਸਾਹਿਬ, ਪੰਨਾ: ੩੦੨)
ਅਰਥ :— ਸਤਿਗੁਰੂ ਦੇ
(ਹਿਰਦੇ)
ਵਿਚ ਕਿਸੇ ਨਾਲ ਵੈਰ ਨਹੀਂ, ਉਹ ਸਭ ਥਾਈਂ ਇਕ ਪ੍ਰਭੂ ਨੂੰ ਵੇਖ ਰਿਹਾ ਹੈ।
ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ.
ਸਤਿਗੁਰ ਪੁਰਖੁ ਨਿਰਵੈਰੁ ਹੈ ਨਿਤ
ਹਿਰਦੈ
ਹਰਿ ਲਿਵ ਲਾਇ ll੨੩ll ਸਲੋਕ ਵਾਰਾਂ ਤੇ ਵਧੀਕ ll ਸਲੋਕ ਮਹਲਾ ੩ ll (ਗੁਰੂ ਗ੍ਰੰਥ ਸਾਹਿਬ, ਪੰਨਾ:
੧੪੧੫) ਅਰਥ:— ਹੇ ਭਾਈ!
ਗੁਰੂ (ਇਕ ਐਸਾ ਮਹਾ) ਪੁਰਖ ਹੈ ਜਿਸ ਦਾ ਕਿਸੇ ਨਾਲ ਭੀ ਵੈਰ ਨਹੀਂ ਹੈ, ਗੁਰੂ ਹਰ ਵੇਲੇ ਆਪਣੇ
ਹਿਰਦੇ
ਵਿਚ ਪਰਮਾਤਮਾ ਨਾਲ ਲਗਨ ਲਾਈ ਰੱਖਦਾ ਹੈ ।
ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ.
ਸਤਿਗੁਰੁ ਨਿਰਵੈਰੁ ਪੁਤ੍ਰ
ਸਤ੍ਰ ਸਮਾਨੇ ਅਉਗਣ ਕਟੇ ਕਰੇ
ਸੁਧੁ ਦੇਹਾ
ll ਰਾਮਕਲੀ ਕੀ ਵਾਰ ਮਹਲਾ ੫ ll (ਗੁਰੂ ਗ੍ਰੰਥ ਸਾਹਿਬ, ਪੰਨਾ: ੯੬੧)
ਅਰਥ:— ਸਤਿਗੁਰੂ ਨੂੰ ਕਿਸੇ ਨਾਲ ਵੈਰ
ਨਹੀਂ, ਉਸ ਨੂੰ ਪੁਤ੍ਰ ਤੇ
ਵੈਰੀ ਇਕੋ ਜਿਹੇ ਪਿਆਰੇ ਹਨ
(ਜੋ ਕੋਈ ਭੀ ਉਸ ਦੀ ਸਰਨ ਆਵੇ ਉਸ ਦੇ) ਔਗੁਣ ਕੱਟ ਕੇ (ਗੁਰੂ) ਉਸ ਦੇ
ਸਰੀਰ
ਨੂੰ ਸੁੱਧ ਕਰ ਦੇਂਦਾ ਹੈ । ਸਤਿਕਾਰਯੋਗ ਡਾ:
ਸਾਹਿਬ ਸਿੰਘ ਜੀ ਡੀ. ਲਿਟ.
ਇਹਨੇ ਗੁਰਬਾਣੀ ਪ੍ਰਮਾਣਾਂ ਦੇ ਹੁੰਦਿਆਂ ਨਾਨਕ ਸਰੂਪਾਂ ਨੂੰ ਗੁਰੂ ਨਾ ਕਹਿਣ
ਦੀ ਕੋਈ ਗੁੰਝਾਇਸ਼ ਹੀ ਨਹੀ ਰਹਿੰਦੀ ਸੋ ਜਿੰਨੀ ਜਲਦੀ ਹੋ ਸਕੇ ਇਸ ਵਿਵਾਦ ਨੂੰ ਖਤਮ ਕਰ ਦੇਣਾ
ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸਰੀਰ, ਦੇਹ, ਕਾਇਆ ਆਦਿ ਨਾਲ ਸਬੰਧਤ ਸ਼ਬਦ (ਪਦ)
ਇਸ ਤਰਾਂ ਨਾਲ ਆਏ ਹਨ :- ਕਾਇਆ-174 ਵਾਰੀ, ਕਾਂਇਆ-12 ਵਾਰੀ, ਕਾਇਅਉ-4 ਵਾਰੀ, ਕਾਇਆਂ-1 ਵਾਰੀ,
ਤਨੁ-496 ਵਾਰੀ, ਤਨਿ-261 ਵਾਰੀ, ਤਨ-153 ਵਾਰੀ, ਤਨੋ-3 ਵਾਰੀ, ਤਨੌ-1 ਵਾਰੀ, ਤਨਾ-5 ਵਾਰੀ,
ਦੇਹ-141 ਵਾਰੀ, ਦੇਹੁ-112 ਵਾਰੀ, ਦੇਹੀ-78 ਵਾਰੀ, ਦੇਹਾ-13 ਵਾਰੀ, ਦੇਹੁਰੀ-11 ਵਾਰੀ, ਦੇਹੰ-3
ਵਾਰੀ, ਦੇਹੁਰੀਆ-2 ਵਾਰੀ, ਦੇਹਾਦਿ-1 ਵਾਰੀ, ਸਰੀਰੁ-57 ਵਾਰੀ, ਸਰੀਰ-30 ਵਾਰੀ, ਸਰੀਰਾ-28 ਵਾਰੀ,
ਸਰੀਰਿ-18 ਵਾਰੀ, ਸਰੀਰਹੁ-5 ਵਾਰੀ, ਸਰੀਰੇ-3 ਵਾਰੀ, ਸਰੀਰੈ-3 ਵਾਰੀ, ਸਰੀਰੀ-2 ਵਾਰੀ, ਸਰੀਰੰ-1
ਵਾਰੀ,
ਹੁਣ ਤੱਤ ਗੁਰਮਤਿ ਪਰਿਵਾਰ ਦੇ ਵੀਰਾਂ ਤੋਂ
ਕੁੱਝ ਸਵਾਲ ਪੁੱਛਣ ਦੀ ਵਾਰੀ ਹੈ :-
14. ਜੇਕਰ ਦੇਹ ਚੇਲਾ ਨਹੀ ਹੁੰਦੀ ਤਾਂ ਉਪਰ ਆਏ ਗੁਰਬਾਣੀ ਪ੍ਰਮਾਣਾਂ ‘ਚ
ਸਰੀਰ ਨੂੰ ਗੁਰੂ ‘ਤੇ ਰੱਬ ਜੀ ਅੱਗੇ ਸਾਉਂਪਣ ਦੀ ਹਦਾਇਤ ਕਿਉਂ ਦਿੱਤੀ ਗਈ ਹੈ? ਆਪ ਜੀ ਗੁਰਬਾਣੀ
ਪ੍ਰਮਾਣਾਂ ਰਾਹੀਂ ਸਿੱਧ ਕਰੋ ਕਿ ਦੇਹ ਚੇਲਾ ਨਹੀ ਹੁੰਦੀ ਹੈ?
15. ਜੇਕਰ ਦੇਹ ਚੇਲਾ ਨਹੀ ਤਾਂ ਦੇਹ ਅੰਗਾਂ ਨੂੰ ਇਹ ਹੁਕਮ ਕਿਉਂ ਦਿੱਤਾ
ਗਿਆ ਹੈ:-
ਅੰਤਰਿ ਗੁਰੁ
ਆਰਾਧਣਾ ਜਿਹਵਾ
ਜਪਿ ਗੁਰ ਨਾਉ ll ਨੇਤ੍ਰੀ
ਸਤਿਗੁਰੁ ਪੇਖਣਾ ਸ੍ਰਵਣੀ
ਸੁਨਣਾ ਗੁਰ ਨਾਉ ll (ਪੰਨਾ : ੫੧੭)
16. ਆਪ ਜੀ ਦੇ ਅਨੁਸਾਰ ਮਨਮੁਖ ਤੋਂ ਗੁਰਸਿਖ ਬਨਣ ਨਾਲ ਦੇਹ ਨਹੀ ਬਦਲਦੀ ਹੈ
ਕੀ ਆਪ ਜੀ ਇਸ ਸਿਧਾਂਤ ਨੂੰ ਗੁਰਬਾਣੀ ਪ੍ਰਮਾਣਾ ਰਾਹੀਂ ਸਿੱਧ ਕਰ ਸਕਦੇ ਹੋ?
17.
‘ਗੁਰ ਅੰਮ੍ਰਿਤ ਭਿੰਨੀ ਦੇਹੁਰੀ’
ਇਹ ਕਿਹੜੇ ਗੁਰੂ ਸਾਹਿਬਾਨ ਹਨ ਜਿੰਨਾ ਦੀ ਦੇਹੀ ਨਾਮ ਅਮ੍ਰਿਤ ਨਾਲ ਭਿੱਜੀ ਹੋਈ ਹੈ?
18.
‘ਹਉ ਵੇਖਿ ਵੇਖਿ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ’
ਇਹ ਕਿਹੜੇ ਗੁਰੂ ਸਾਹਿਬਾਨ ਹਨ ਜਿਨਾਂ ਦੀ ਦੇਹੀ ਨੂੰ ਦੇਖ ਕੇ ਚੋਥੇ ਨਾਨਕ ਗੁਰੂ ਰਾਮਦਾਸ ਜੀ ਖੁਸ਼
ਹੋ ਰਹੇ ਹਨ?
19.
‘ਸਤਿਗੁਰੁ ਨਿਰਵੈਰੁ ਪੁਤ੍ਰ ਸਤ੍ਰ ਸਮਾਨੇ ਅਉਗਣ ਕਟੇ ਕਰੇ ਸੁਧੁ ਦੇਹਾ’
ਇਹ ਕਿਹੜੇ ਨਿਰਵੈਰ ਸਤਿਗੁਰੂ ਹਨ ਜਿਹੜੇ ਆਪਣੇ ਪੁਤਰ ‘ਤੇ ਵੈਰੀ ਦੇ ਇਕ ਸਮਾਨ
ਔਗੁਣ ਕਟ ਕੇ ਉਹਨਾਂ ਦੇ
ਸਰੀਰ ਨੂੰ ਸ਼ੁੱਧ ਕਰ ਦਿੰਦੇ
ਹਨ?
ਚਲਦਾ….......
(07/02/13)
ਗੁਰਇੰਦਰ ਸਿੰਘ ਪਾਲ
‘ਸਿੱਖ ਮਾਰਗ’ ਨਾਲ ਜੁੜੇ ਪਾਠਕਾਂ/ਲੇਖਕਾਂ ਦੇ ਵਿਚਾਰ ਵਾਸਤੇ:
ਜਨਵਰੀ 30, 2013 ਨੂੰ
‘ਸਿੱਖ ਮਾਰਗ’
ਉੱਤੇ
‘ਗੁਰਮਤਿ ਵਿਚਾਰ ਸਭਾ, ਜੰਮੂ’
ਵੱਲੋਂ ਇੱਕ ਘੋਸ਼ਣਾ-ਪੱਤਰ ਪ੍ਰਕਾਸ਼ਿਤ ਹੋਇਆ ਸੀ, ਜਿਸ ਦਾ
ਸੀਰਸ਼ਕ ਹੈ:
‘ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਯੋ ਗ੍ਰੰਥ’
‘ਸਿੱਖ ਰਹਿਤ ਮਰਿਆਦਾ ਚੇਤਨਾ ਉਪਰਾਲਾ’
ਅਸੀਂ ਪੰਥ ਪਰਵਾਣਿਤ ‘ਸਿੱਖ ਰਹਿਤ ਮਰਿਆਦਾ’ ਪ੍ਰਤੀ ਸਮਰਪਤ ਹਾਂ!
ਸੰਸਥਾਵਾਂ/ਗੁਰਦੁਆਰਾ ਪ੍ਰਬੰਧਕ ਕਮੇਟੀਆਂ
ਇਸ ਦੇ ਹੇਠਾਂ
35
ਸੰਸਥਾਵਾਂ/ਪ੍ਰਬੰਧਕ ਕਮੇਟੀਆਂ ਦੇ ਨਾਵਾਂ ਦੀ ਸੂਚੀ ਹੈ। ਇਸ ਸੂਚੀ ਦੇ ਅੰਤ ਵਿੱਚ
`ਚਲਦਾ……’
ਲਿਖਿਆ ਹੈ, ਜਿਸ ਦਾ ਭਾਵ ਹੈ ਕਿ ਇਸ ਲਿਸਟ ਵਿੱਚ
ਅਜੇ ਹੋਰ ਵਾਧਾ ਹੋਵੇਗਾ। ਪਰੰਤੂ ਇਹ `ਚਲਦਾ’, ਜਿਸ ਦੀ ਉਡੀਕ ਕਈ ਪਾਠਕਾਂ ਨੂੰ ਹੋਵੇਗੀ, ਅੱਜ ਤੀਕ
ਰੁਕਿਆ ਹੋਇਆ ਹੈ! ਇਸੇ ਕਾਰਣ ਇਸ ਅਜੀਬ ਜਿਹੇ ਪ੍ਰਤਿੱਗਿਆ-ਪੱਤਰ ਬਾਰੇ ਵਿਚਾਰ ਦੇਣ ਵਿੱਚ ਪਛੜ ਗਿਆ
ਹਾਂ।
ਪਾਠਕ ਸੱਜਨੋਂ! ਇਸ ਘੋਸ਼ਣਾ-ਪੱਤਰ ਦੀ ਪਹਿਲੀ ਲਾਈਨ,
‘ਸਭ ਸਿੱਖਣ ਕੋ ਹੁਕਮ ਹੈ ਗੁਰੂ
ਮਾਨਿਯੋ ਗ੍ਰੰਥ’, ਹਰ ਰੋਜ਼ ਅਣਗਿਣਤ ਵਾਰ
ਗਾਈ/ਦੁਹਰਾਈ ਜਾਂਦੀ ਹੈ! ਇਸ ਦੇ ਸਰਲ ਅਰਥ ਹਨ ਕਿ ਗੁਰੂ ਦੇ ਸਿੱਖ ਨੇ ਕੇਵਲ ਅਤੇ ਕੇਵਲ ਗੁਰੂ
ਗ੍ਰੰਥ ਨੂੰ ਹੀ ਸਮਰਪਿਤ ਹੋਣਾ ਹੈ।
ਸ਼ੀਰਸ਼ਕ ਦੀ ਤੀਸਰੀ ਸਤਰ ਹੈ:
“ਅਸੀਂ ਪੰਥ ਪਰਵਾਣਿਤ ‘ਸਿੱਖ ਰਹਿਤ
ਮਰਿਆਦਾ’ ਪ੍ਰਤੀ ਸਮਰਪਤ ਹਾਂ”। ਇਸ ਕਥਨ ਅਨੁਸਾਰ
ਇਨ੍ਹਾਂ ਲੋਕਾਂ ਨੇ ਗੁਰੂ ਪ੍ਰਵਾਣਿਤ ਗੁਰੂ ਗ੍ਰੰਥ ਨੂੰ ਦਰਕਿਨਾਰ ਕਰਕੇ ਗੁਰੁ-ਹੁਕਮ-ਅਦੂਲੀ ਕੀਤੀ
ਹੈ ਅਤੇ ਆਪੂੰ ਬਣਾਈ ‘ਪੰਥ ਪਰਵਾਣਿਤ ਰਹਿਤ ਮਰਿਆਦਾ’ ਪ੍ਰਤੀ ਵਫ਼ਾਦਾਰੀ ਦੀ ਪ੍ਰਤਿੱਗਿਆ ਕੀਤੀ ਹੈ!
ਦੋਹਾਂ ਸਤਰਾਂ ਵਿਚਲੇ ਵਿਰੋਧਾਭਾਸ਼ ਨੂੰ ਵਿਚਾਰਿਆ ਜਾਵੇ!
ਦੂਸਰੀ ਲਾਈਨ,
“ਸਿੱਖ ਰਹਿਤ ਮਰਿਆਦਾ ਚੇਤਨਾ ਉਪਰਾਲਾ”
ਤੋਂ ਇਉਂ ਲੱਗਦਾ ਹੈ ਕਿ ਇਨ੍ਹਾਂ ਲੋਕਾਂ ਨੂੰ
ਗੁਰਮਤਿ-ਚੇਤਨਾ ਵਾਸਤੇ ਉਪਰਾਲੇ ਦੀ ਕੋਈ ਜ਼ਰੂਰਤ ਹੀ ਨਹੀਂ! ਸੁਹਿਰਦ ਪਾਠਕੋ! ਅਸੀਂ ਸਾਰੇ ਭਲੀ ਭਾਂਤ
ਜਾਣਦੇ ਹਾਂ ਕਿ ਗੁਰਮਤਿ ਪ੍ਰਤਿ ਸੁਚੇਤ ਬੰਦਿਆਂ ਨੂੰ ਕਿਸੇ ਰਹਿਤ ਮਰਿਆਦਾ ਬਾਰੇ ਚੇਤੰਨ ਹੋਣ ਦੀ
ਲੋੜ ਹੀ ਨਹੀਂ ਰਹਿੰਦੀ।
ਇਹ ਪ੍ਰਤਿੱਗਿਆ-ਪੱਤਰ ਭੇਜਣ ਵਾਲੀ ਸੰਸਥਾ ਦਾ ਨਾਮ ਹੈ:
‘ਗੁਰਮਤਿ ਵਿਚਾਰ ਸਭਾ, ਜੰਮੂ’।
ਇਹ ਨਾਮ ਵੀ ਢੁੱਕਵਾਂ ਨਹੀਂ! ਕਿਉਂਕਿ ਜੋ ਲੋਕ
ਗੁਰਮਤਿ ਦੀ ਵਿਚਾਰ ਕਰਦੇ ਹਨ, ਉਹ ਕਰਮਕਾਂਡੀ ਮਰਿਆਦਾਵਾਂ ਦੇ ਜਾਲ ਵਿੱਚ ਕਦੇ ਨਹੀਂ ਉਲਝਦੇ!
ਇਸ ਘੋਸ਼ਣਾ-ਪੱਤਰ ਵਿੱਚ ਇੱਕ ਹੋਰ ਨੁਕਤਾ ਵਿਚਾਰਨ-ਯੋਗ ਹੈ; ਉਹ ਇਹ ਕਿ ਇਸ
ਲਿਸਟ ਵਿੱਚ
35 ਆਂ
ਵਿੱਚੋਂ 32
ਨਾਮ ਸਿਰਫ਼ ਜੰਮੂ ਦੇ ਹੀ ਹਨ! ਜੇ ਇਹ ਸਾਰੇ ਗੁਰੂ ਗ੍ਰੰਥ ਨੂੰ ਸਪਰਪਿਤ ਹੁੰਦੇ ਤਾਂ ਇਸ ਘੋਸ਼ਣਾ-ਪੱਤਰ
ਦੀ ਲੋੜ ਹੀ ਨਹੀਂ ਸੀ ਪੈਣੀ ਅਤੇ ਨਾ ਹੀ ਇੱਕ ਸ਼ਹਿਰ ਵਿੱਚ ਇਤਨੇ ਗੁੱਟ ਹੀ ਹੋਣੇ ਸਨ। ਇਹ ਗੁਰੂ
ਗ੍ਰੰਥ ਨਾਲੋਂ ਟੁੱਟ ਕੇ ਰਹਿਤ ਮਰਿਆਦਾ ਪ੍ਰਤੀ ਸਮਰਪਤ ਹੋਣ ਦਾ ਨਤੀਜਾ ਹੈ।
ਇਕ ਹੋਰ ਤੱਥ ਜਿਸ ਦਾ ਦਾਸ ਨੇ ਕਈ ਵਾਰ ਜ਼ਿਕਰ ਕੀਤਾ ਹੈ ਕਿ ਪੰਥ ਪਰਵਾਣਿਤ
ਰਹਿਤ ਮਰਿਆਦਾ ਗੁਰਮਤਿ ਦੀ ਕਸੌਟੀ ਉੱਤੇ ਪੂਰੀ ਨਹੀਂ ਉਤਰਦੀ। ਗੁਰਬਾਣੀ ਵਿੱਚ ਕਰਮਕਾਂਡਾਂ ਦਾ
ਪੁਰਜ਼ੋਰ ਖੰਡਨ ਹੈ, ਇਸ ਦੇ ਉਲਟ ਆਪੂੰ ਬਣਾਈਆਂ ਮਰਿਆਦਾਵਾਂ ਕਰਮਕਾਂਡਾਂ ਦੇ ਰਾਹ ਤੋਰਦੀਆਂ ਹਨ! ਇਸ
ਲਈ ਇਹ ਸਪਸ਼ਟ ਹੈ ਕਿ ਜੋ ਲੋਕ ਗ੍ਰੰਥ ਨੂੰ ਗੁਰੂ ਮੰਨਦੇ ਹਨ ਉਹ ਕਿਸੇ ਮਰਿਆਦਾ ਨੂੰ ਸਮਰਪਿਤ
ਨਹੀਂ ਹੋ ਸਕਦੇ, ਅਤੇ ਜਿਹੜੇ ਲੋਕ ਕਿਸੇ ਵੀ ਆਪੂੰ ਬਣਾਈ ਰਹਿਤ ਮਰਿਆਦਾ ਨੂੰ ਸਮਰਪਿਤ ਹਨ, ਉਹ ਗੁਰੂ
ਗ੍ਰੰਥ ਨੂੰ ਮੰਨਦੇ ਹੀ ਨਹੀਂ ਹੋ ਸਕਦੇ!
ਗੁਰਇੰਦਰ ਸਿੰਘ ਪਾਲ
ਫ਼ਰਵਰੀ
07, 2013.
(07/02/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਲੋਭ
ਲਾਲਚ ਦੀ ਦੁਨੀਆਂ ਦੇ ਵਿੱਚ ਖੋ ਕੇ ਰਹਿ ਗਏ ਆਂ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਲੋਭ ਲਾਲਚ ਦੀ ਦੁਨੀਆਂ ਦੇ ਵਿੱਚ ਖੋ ਕੇ ਰਹਿ ਗਏ ਆਂ।
ਮੁਕਤ ਹੋਣ ਦੀ ਥਾਂ ਤੇ ਜੱਗ ਦੇ ਹੋ ਕੇ ਰਹਿ ਗਏ ਆਂ॥
ਇਹ ਤਾਂ ਪਤਾ ਹੈ ਜੱਗ ਰੱਬ ਰਚਿਆ ਖੇਲ੍ਹ ਚਲਾਵਣ ਲਈ।
ਬੰਦਾ ਰੱਬ ਨੇ ਘੜਿਆ ਅਪਣਾ ਰੋਲ ਨਿਭਾਵਣ ਲਈ।
ਅਣਜਾਣੇ ਬਣ ਮਨ ਦੇ ਬੂਹੇ ਢੋ ਕੇ ਬਹਿ ਗਏ ਆਂ।
ਲੋਭ ਲਾਲਚ ਦੀ ਦੁਨੀਆਂ ਦੇ ਵਿੱਚ ਖੋ ਕੇ ਰਹਿ ਗਏ ਆਂ।
ਨਾਲ ਲਿਆਏ ਕੁੱਝ ਨਾ, ਕੁੱਝ ਵੀ ਸਾਥ ਨਾ ਜਾਣਾ ਏਂ।
ਫਿਰ ਵੀ ਛੱਡਿਆ ਜੱਫਾ ਨਾ ਮਾਇਆ ਨੂੰ ਪਾਣਾ ਏਂ।
ਬਿਨਸਣਹਾਰੀ ਮਾਇਆ ਵਾਧੂ, ਢੋ ਕੇ ਰਹਿ ਗਏ ਆਂ।
ਲੋਭ ਲਾਲਚ ਦੀ ਦੁਨੀਆਂ ਦੇ ਵਿੱਚ ਖੋ ਕੇ ਰਹਿ ਗਏ ਆਂ।
ਰੱਬ ਦੇ ਸਾਰੇ ਜੀਅ ਇਹ ਦਿਲੋਂ ਭੁਲਾਈ ਜਾਂਦੇ ਹਾਂ।
‘ਆਹ ਮੇਰਾ, ਅਹੁ ਤੇਰਾ’ ਵੰਡੀਆਂ ਪਾਈ ਜਾਂਦੇ ਹਾਂ।
ਕੱਤਿਆ ਕੁੱਝ ਨਾ ਪੂਰਾ, ਪੂਣੀ ਛੋਹ ਕੇ ਬਹਿ ਗਏ ਆਂ।
ਲੋਭ ਲਾਲਚ ਦੀ ਦੁਨੀਆਂ ਦੇ ਵਿੱਚ ਖੋ ਕੇ ਰਹਿ ਗਏ ਆਂ।
ਬਿਨਸਣਹਾਰੇ ਰੂਪ ਰੰਗ ਤੇ ਐਵੇਂ ਡੁਲ੍ਹ ਗਏ ਆਂ।
ਮੋਹ ਦੀ ਥਾਂ ਤੇ ਪ੍ਰੇਮ ਪ੍ਰਭੂ ਦਾ ਕਰਨਾ ਭੁਲ ਗਏ ਆਂ।
ਨਾਮ ਜਪਣ ਦੀ ਥਾਂ ਮੋਹ ਚੱਕੀ ਝੋਕੇ ਬਹਿ ਗਏ ਆਂ।
ਲੋਭ ਲਾਲਚ ਦੀ ਦੁਨੀਆਂ ਦੇ ਵਿੱਚ ਖੋ ਕੇ ਰਹਿ ਗਏ ਆਂ।
(07/02/13)
ਬਿਕਰਮਜੀਤ ਸਿੰਘ ਜੀਤ
ਮਾਂ-ਬੋਲੀ
::.
ਬੋਲੀ ਹੈ ਸਿਰਮੌਰ ਪੰਜਾਬੀ, ਹੈ ਵੱਖਰੀ ਇਸਦੀ ਸ਼ਾਨ
ਹਰ ਦਿਲ ਤੇ ਹੈ ਰਾਜ ਏਸਦਾ, ਹੈ ਇਹ ਕੌਮ ਦੀ ਜਾਨ
ਅੱਸੀ ਵਿਰਸੇ ਤੋਂ ਟੁੱਟ ਜਾਵਾਂਗੇ, 'ਗਰ ਭੁਲਾਂਗੇ ਮਾਂ-ਬੋਲੀ
ਵਿਸਰ ਜਾਣਗੇ ਵਡੇ ਵਡੇਰੇ, ਜਿਨ੍ਹਾਂ ਕੌਮ ਲਈ ਰੱਤ ਡ੍ਹੋਲੀ
ਛੱਡ ਜਾਵਾਂਗੇ ਪੁਸ਼ਤਾਂ ਦੇ ਲਈ, ਅਸੀਂ ਨਿਰਾ ਘੋਰ ਅੰਧਾਰ
ਮਾਂ-ਬੋਲੀ ਨ੍ਹਾਂ ਕੀਤੀ ਰੋਸ਼ਨ, ਜੇ ਮਨ-ਮੰਦਰ ਵਿਚਕਾਰ
ਕਿਵੇਂ ਪੜ੍ਹਾਂਗੇ ਕਿੰਵ ਸਮਝਾਂਗੇ, ਗੁਰਬਾਣੀ ਅਥਾਹ ਅਪਾਰ
ਪੰਜਾਬੀ ਤੇ ਗੁਰਮੁੱਖੀ ਲਿਪੀ, ਜੇਕਰ ਕਰੀ ਨ੍ਹਾਂ ਅੰਗੀਕਾਰ
ਅੰਤਰਮਨ 'ਗਰ ਪੁੱਛੇਗਾ ਕਲ੍ਹ, ਕੀ ਮੁੰਹ ਦਿਆਂਗੇ ਉਸਨੂੰ
ਕਿਓਂ ਭੁੱਲੇ ਵਿਰਸੇ ਨੂੰ ਆਪਣੇ, ਕਿਓਂ ਭੁੱਲੇ ਮਾਂ-ਬੋਲੀ ਨੂੰ
ਫ਼ੋਕੀ ਸ਼ਾਨ'ਚ ਢੱਲ ਗਏ ਅਸੀਂ, ਪੱਛਮ ਦੇ ਸਾਂਚੇ ਅੰਦਰ
ਵਿਰਸਾ ਅਪਣਾ ਛੱਡ ਪਏ ਹਾਂ, ਬੇਗਾਨੇ ਰੰਗ ਢੰਗ ਅੰਦਰ
ਸਾਂਭ ਸਮੇਂ ਸਿਰ ਕੀਤੀ ਨ੍ਹਾਂ, ਸਿਖਿਆ ਵੱਡਿਆਂ ਦੀ ਭੁੱਲੇ
ਛੱਡਕੇ ਹੀਰੇ ਲਾਲ ਅਮੁੱਲੇ, ਝੂਠੀ ਚਕਾਚੌੰਧ ਵਿਚ ਰੁੱਲੇ
ਕਦਰ ਕਰੋ ਪੰਜਾਬੀ ਦੀ, ਇਹ ਸਾਂਝ ਦਿਲਾਂ ਵਿਚ ਪਾਂਦੀ ਏ
ਡੋਰ ਪਿਆਰ ਦੀ ਐਸੀ ਇਹ, ਨੇੜੇ ਜੋ ਸਭ ਨੂੰ ਲਿਆਂਦੀ ਏ
ਕੌਮਾਂ ਓਹੀ ਜਗ ਦੇ ਅੰਦਰ, ਸਿਰ ਉੱਚਾ ਕਰ ਕੇ ਜੀਵਣ
ਰੱਖਣ ਜਿਊਂਦੀ ਜੋ ਮਾਂ-ਬੋਲੀ, ਅਮੀਰ ਵਿਰਸਿਓਂ ਥੀਵਣ
“ਜੀਤ” ਸਿਆਣੇ ਆਓ ਬਣੀਏ, ਫ਼ਿਕਰ ਭਵਿਖ ਦੀ ਕਰੀਏ
ਰੰਗ ਪੰਜਾਬੀ ਗੁਰਮੁੱਖੀ ਦਾ, ਅਪਣੇ ਜੀਵਨ ਵਿਚ ਭਰੀਏ
~~~~~~~~~~~~~~~~~~~~~~~~~~
ਬਿਕਰਮਜੀਤ ਸਿੰਘ "ਜੀਤ"
(07/02/13)
ਜਸਵੰਤ ਸਿੰਘ ‘ਅਜੀਤ’
ਦਿੱਲੀ ਗੁਰਦੁਆਰਾ ਚੋਣਾਂ ਵਿੱਚ ਬਾਦਲ ਦਲ ਦੀ ਜਿੱਤ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦਾ ਪਹਿਲਾ ਦੌਰ ਸਮਾਪਤ ਹੋ
ਚੁਕਾ ਹੈ, ਜਿਸ ਵਿੱਚ ਸਿੱਖ ਮਤਦਾਤਾਵਾਂ ਵਲੋਂ ਚੁਣੇ ਗਏ 46 ਮੈਂਬਰਾਂ ਵਿਚੋਂ 37 ਸ਼੍ਰੋਮਣੀ ਅਕਾਲੀ
ਦਲ (ਬਾਦਲ) ਅਤੇ 8 ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਹਨ, ਜਦਕਿ ਇੱਕ ਕੇਂਦ੍ਰੀ ਸਿੰਘ ਸਭਾ ਦਾ।
ਦੂਸਰੇ ਦੌਰ ਵਿੱਚ ਜੋ ਪੰਜ ਮੈਂਬਰ ਕੋਆਪਟ ਕੀਤੇ ਜਾਣੇ ਹਨ, ਉਨ੍ਹਾਂ ਵਿੱਚੋਂ ਦੋ ਦੀ ਚੋਣ ਚੁਣੇ ਹੋਏ
ਮੈਂਬਰਾਂ ਵਲੋਂ ਕੀਤੀ ਜਾਇਗੀ ਅਤੇ ਇੱਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਪਣੇ
ਪ੍ਰਤੀਨਿਧੀ ਵਜੋਂ ਨਾਮਜ਼ਦ ਕੀਤਾ ਜਾਇਗਾ। ਇਹ ਤਿਨੋਂ ਹੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹੀ
ਹੋਣਗੇ, ਇਸ ਵਿੱਚ ਕੋਈ ਸ਼ਕ ਨਹੀਂ। ਇਨ੍ਹਾਂ ਤੋਂ ਬਿਨਾਂ ਰਜਿਸਟਰਡ ਸਿੰਘ ਸਭਾਵਾਂ ਦੇ ਜੋ ਦੋ
ਪ੍ਰਤੀਨਿਧੀ ਲਾਟਰੀ ਰਾਹੀਂ ਕੋਆਪਟ ਕੀਤੇ ਜਾਣੇ ਹਨ, ਸੁਭਾਵਿਕ ਹੈ ਕਿ ਉਹ ਵੀ ਬਾਦਲ ਅਕਾਲੀ ਦਲ ਦੇ
ਨਾਲ ਜਾਣ ਵਿੱਚ ਹੀ ਆਪਣਾ ਭਲਾ ਸਮਝਣਗੇ। ਇਨ੍ਹਾਂ ਤੋਂ ਇਲਾਵਾ ਚਾਰ ਤਖਤਾਂ, ਸ੍ਰੀ ਅਕਾਲ ਤਖਤ
ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਤੇ ਤਖਤ ਸ੍ਰੀ ਹਰਿਮੰਦਿਰ
ਪਟਨਾ ਸਾਹਿਬ ਦੇ ਜੱਥੇਦਾਰ, ਜਿਨ੍ਹਾਂ ਨੂੰ ਮਤਦਾਨ ਦਾ ਅਧਿਕਾਰ ਨਹੀਂ, ਕਮੇਟੀ ਵਿੱਚ ਨਾਮਜ਼ਦ ਕੀਤੇ
ਜਾਣਗੇ। ਇਸਤਰ੍ਹਾਂ 55 ਮੈਂਬਰਾਂ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਹਾਊਸ
ਮੁਕੰਮਲ ਹੋ ਜਾਇਗਾ। ਇਸ ਹਾਊਸ ਵਿੱਚ ਮਤਦਾਨ ਦਾ ਅਧਿਕਾਰ ਪ੍ਰਾਪਤ 51 ਮੈਨਬਰਾਂ ਵਿਚੋਂ 42 ਮੈਂਬਰ
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਪਣੇ ਹੋਣਗੇ, ਜੋ ਕਿ ਇਤਨਾ ਠੋਸ ਬਹੁਮਤ ਹੈ ਕਿ ਉਸਦੇ ਸਾਹਮਣੇ
ਕਿਸੀ ਵੀ ਤਰ੍ਹਾਂ ਦੀ ਕੋਈ ਚੁਨੌਤੀ ਨਹੀਂ ਹੋਵੇਗੀ।
ਇਸ ਸਥਿਤੀ ਨੂੰ ਬਣਾਈ ਰਖਣ ਲਈ ਜ਼ਰੂਰੀ ਹੈ, ਜਿਵੇਂ ਕਿ ਕੇਂਦ੍ਰੀ ਸਿੰਘ ਸਭਾ ਦੇ ਪ੍ਰਧਾਨ ਅਤੇ
ਗੁਰਦੁਆਰਾ ਕਮੇਟੀ ਦੇ ਚੁਣੇ ਹੋਏ ਮੈਂਬਰ ਸ. ਤਰਵਿੰਦਰ ਸਿੰਘ ਮਰਵਾਹ ਨੇ ਕਿਹਾ ਹੈ ਕਿ ਨਵੀਂ ਕਮੇਟੀ
ਦੇ ਮੁਖੀਆਂ ਨੂੰ ਪਿਛਲੀ ਕਮੇਟੀ ਦੀ ਅਲੋਚਨਾ ਕਰਨ ਦੀ ਬਜਾਏ ਰੁਕੇ ਹੋਏ ਸਾਰੇ ਵਿਕਾਸ ਕਾਰਜਾਂ ਨੂੰ
ਪੂਰਿਆਂ ਕਰਨ ਅਤੇ ਵਿਦਿਅਕ ਸੰਸਥਾਵਾਂ ਵਿਚਲਾ ਵਿਦਿਅਕ ਪੱਧਰ ਉਚਿਆਣ ਵਲ ਧਿਅਨ ਕੇਂਦ੍ਰਿਤ ਕਰਨਾ
ਚਾਹੀਦਾ ਹੈ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀਆਂ ਨੂੰ ਇਸ ਗਲ ਦਾ ਵੀ ਧਿਆਨ ਰਖਣਾ ਹੋਵੇਗਾ ਕਿ ਜੇ ਇਤਨਾ
ਜ਼ਿਆਦਾ ਠੋਸ ਬਹੁਮਤ ਪ੍ਰਾਪਤ ਹੋਵੇ, ਜਿਸਦੇ ਸਾਹਮਣੇ ਕੋਈ ਚੁਨੌਤੀ ਨਾ ਹੋਵੇ, ਤਾਂ ਸਹਿਜ ਵਿੱਚ ਹੀ
ਕਈ ਅਜਿਹੀਆਂ ਗਲਤੀਆਂ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ, ਜੋ ਸੱਤਾਧਾਰੀਆਂ ਦਾ ਅਕਸ ਵਿਗਾੜਨ ਦਾ
ਕਾਰਣ ਬਣ, ਮਤਦਾਤਾਵਾਂ ਤਕ ਇਹ ਸੁਨੇਹਾ ਪਹੁੰਚਾਣ ਲਗਦੀਆਂ ਹਨ ਕਿ ਉਨ੍ਹਾਂ ਭਰਮ-ਜਾਲ ਦਾ ਸ਼ਿਕਾਰ ਹੋ,
ਬਦਲਾਉ ਦੇ ਹੱਕ ਵਿੱਚ ਜੋ ਫੈਸਲਾ ਦਿੱਤਾ ਹੈ, ਉਹ ਗਲਤ ਸਾਬਤ ਹੋ ਰਿਹਾ ਹੈ। ਸ਼ਾਇਦ ਇਸੇ ਸਥਿਤੀ ਦਾ
ਮੁਲਾਂਕਣ ਕਰ, ਸ਼੍ਰੋਮਣੀ ਪੰਥਕ ਫੋਰਮ ਦੇ ਪ੍ਰਧਾਨ ਸ. ਪ੍ਰਿਤਪਾਲ ਸਿੰਘ ਅਤੇ ਜਨਰਲ ਸਕੱਤ੍ਰ ਸ.
ਕੁਲਬੀਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਸਲਾਹ
ਦਿਤੀ ਹੈ ਕਿ ਉਨ੍ਹਾਂ ਨੂੰ ਆਪਣੀ ਇਸ ਜਿੱਤ ਦੇ ਪ੍ਰਭਾਵ ਨੂੰ ਬਣਾਈ ਰਖਣ ਲਈ, ਲੋਕਾਂ ਦਾ ਇਹ ਭਰਮ
ਦੂਰ ਕਰਨਾ ਹੋਵੇਗਾ ਕਿ ਚੋਣਾਂ ਵਿੱਚ ਕੀਤੇ ਜਾਣ ਵਾਲੇ ਵਾਇਦੇ ਵੋਟਰਾਂ ਨੂੰ ਭਰਮਾ ਕੇ ਚੋਣਾਂ ਜਿਤਣ
ਲਈ ਕੇਵਲ `ਚੋਣ ਲਾਲੀਪਾਪ’ ਹੀ ਹੁੰਦੇ ਹਨ, ਜਿਨ੍ਹਾਂ ਨੂੰ ਪੂਰਿਆਂ ਕਰਨਾ ਜ਼ਰੂਰੀ ਨਹੀਂ ਹੁੰਦਾ।
ਉਨ੍ਹਾਂ ਨੂੰ ਕੀਤੇ ਵਾਇਦਿਆਂ ਨੂੰ ਪੂਰਿਆਂ ਕਰਨ ਲਈ ਪ੍ਰਭਾਵੀ ਰਣਨੀਤੀ ਬਨਾਣੀ ਹੋਵੇਗੀ ਅਤੇ ਉਸਦੇ
ਆਧਾਰ `ਤੇ ਵਾਇਦਿਆਂ ਨੂੰ ‘ਲਾਂਗ ਟਰਮ’ ਅਤੇ ‘ਸ਼ਾਰਟ ਟਰਮ’ ਦੇ ਹਿਸਿਆਂ ਵਿੱਚ ਵੰਡ, ਉਨ੍ਹਾਂ ਪੁਰ
ਪੜਾਅ-ਦਰ-ਪੜਾਅ ਅਮਲ ਦੀ ਪ੍ਰਕ੍ਰਿਆ ਅਰੰਭ ਕਰਨੀ ਹੋਵੇਗੀ, ਨਾਲ ਹੀ ਹੋ ਰਹੇ ਕੰਮਾਂ ਦੀ ਮਾਸਕ
ਸਮੀਖਿਆ ਕਰਨ ਦੀ ਜ਼ਿਮੇਂਦਾਰੀ ਵੀ ਉਨ੍ਹਾਂ ਨੂੰ ਆਪ ਸੰਭਾਲਣੀ ਹੋਵੇਗੀ। ਇਨ੍ਹਾਂ ਮੁਖੀਆਂ ਦਾ ਮੰਨਣਾ
ਹੈ ਕਿ ਕਿਸੇ ਸਾਫ-ਸੁਥਰੀ ਛੱਬੀ ਵਾਲੇ ਨੂੰ ਹੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਦੀਆਂ
ਜ਼ਿਮੇਂਦਾਰੀਆਂ ਸੌਂਪੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਅਨੁਸਾਰ ਗੁਰਦੁਆਰਾ ਕਮੇਟੀ ਲਈ ਚੁਣੇ ਗਏ
ਦਲ ਦੇ ਮੈਂਬਰਾਂ ਵਿਚੋਂ ਇਸ ਅਹੁਦੇ ਲਈ ਜ. ਮਨਜੀਤ ਸਿੰਘ ਹੀ ਸਭ ਤੋਂ ਵੱਧ ਯੋਗ ਹਨ।
ਪ੍ਰਧਾਨਗੀ ਲਈ ਲਾਬੀ: ਦਿੱਲੀ ਗੁਰਦੁਆਰਾ ਚੋਣਾਂ ਦਾ ਪਹਿਲਾ ਪੜਾਅ ਪਾਰ ਕਰਦਿਆਂ ਹੀ, ਜਿਵੇਂ
ਇਹ ਸਪਸ਼ਟ ਹੋ ਗਿਆ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਹੀ ਗੁਰਦੁਆਰਾ ਕਮੇਟੀ ਦੀ ਸੱਤਾ ਪੁਰ ਕਾਬਜ਼
ਹੋਵੇਗਾ, ਦਲ ਦੇ ਅੰਦਰ ਹੀ ਪ੍ਰਧਾਨਗੀ ਦੇ ਅਹੁਦੇ ਲਈ ਲਾਬਿੰਗ ਸ਼ੁਰੂ ਹੋ ਗਈ। ਵਿਸ਼ਲੇਸ਼ਕਾਂ ਨੇ
ਪ੍ਰਧਾਨਗੀ ਦੇ ਅਹੁਦੇ ਲਈ ਜ. ਮਨਜੀਤ ਸਿੰਘ ਜੀਕੇ, ਮਨਜਿੰਦਰ ਸਿੰਘ ਸਿਰਸਾ, ਜ. ਅਵਤਾਰ ਸਿੰਘ ਹਿਤ
ਅਤੇ ਜ. ਓਂਕਾਰ ਸਿੰਘ ਥਾਪਰ ਦੇ ਨਾਵਾਂ ਦੀ ਚਰਚਾ ਕਰਦਿਆਂ, ਇਹ ਦਾਅਵਾ ਵੀ ਕੀਤਾ ਕਿ ਜ. ਮਨਜੀਤ
ਸਿੰਘ ਅਤੇ ਸ. ਮਨਜਿੰਦਰ ਸਿੰਘ ਸਿਰਸਾ ਹੀ ਸ. ਸੁਖਬੀਰ ਸਿੰਘ ਬਾਦਲ ਦੀ ‘ਗੁੱਡ ਬੁਕ’ ਵਿੱਚ ਹਨ, ਇਸ
ਕਾਰਣ ਇਨ੍ਹਾਂ ਵਿਚੋਂ ਹੀ ਕੋਈ ਪ੍ਰਧਾਨ ਬਣ ਸਕਦਾ ਹੈ। ਇਹ ਦਾਅਵਾ ਕਰਨ ਵਾਲਿਆਂ ਨੇ ਇਸ ਦੌੜ ਵਿੱਚ
ਜ. ਮਨਜੀਤ ਸਿੰਘ ਦੇ ਸਭ ਤੋਂ ਅਗੇ ਹੋਣ ਦਾ ਦਾਅਵਾ ਵੀ ਕੀਤਾ।
ਮਿਲੇ ਸੰਕੇਤਾਂ ਅਨੁਸਾਰ ਪ੍ਰਧਾਨਗੀ ਦੇ ਅਹੁਦੇ ਦੇ ਦਾਅਵੇਦਾਰਾਂ ਵਿੱਚ ਉਪਰੋਕਤ ਨਾਵਾਂ ਦੇ ਹੋਣ ਦੀ
ਚਰਚਾ ਸ਼ੁਰੂ ਹੁੰਦਿਆਂ ਹੀ, ਉਨ੍ਹਾਂ ਵਿੱਚ ਆਪੋ-ਆਪਣੇ ਦਾਅਵੇ ਮਜ਼ਬੂਤ ਕਰਨ ਅਤੇ ਦੂਸਰਿਆਂ ਦੇ ਦਾਅਵੇ
ਕਮਜ਼ੋਰ ਕਰਨ ਦੀ ਦੌੜ ਸ਼ੁਰੂ ਹੋ ਗਈ। ਦਸਿਆ ਗਿਆ ਹੈ ਕਿ ਇੱਕ-ਦੂਸਰੇ ਦੇ ਦਾਅਵੇ ਦੀ ਹਵਾ ਕਢਣ ਲਈ
ਦੱਬੇ ਮੁਰਦੇ ਉਖਾੜੇ ਜਾ ਰਹੇ ਹਨ। ਜ. ਮਨਜੀਤ ਸਿੰਘ ਜੀਕੇ ਦੇ ਬਾਰੇ ਇਹ ਕਿਹਾ ਜਾਣ ਲਗਾ ਹੈ ਕਿ
ਬੀਤੇ ਸਮੇਂ ਵਿੱਚ ਉਨ੍ਹਾਂ ਵਲੋਂ ਧੋਖਾ ਦਿੱਤੇ ਜਾਣ ਕਾਰਣ ਹੀ ਕਈ ਵਾਰ, ਘਟੋ-ਘਟ ਤਿੰਨ ਵਾਰ ਤਾਂ
ਗੁਰਦੁਆਰਾ ਕਮੇਟੀ ਦੇ ਅੰਤ੍ਰਿੰਗ ਬੋਰਡ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਜਿੱਤ
ਹਾਰ ਵਿੱਚ ਬਦਲ ਜਾਂਦੀ ਰਹੀ। ਇਸ ਕਾਰਣ ਉਨ੍ਹਾਂ ਪੁਰ ਫਿਰ ਤੋਂ ਭਰੋਸਾ ਕਰਨਾ, ਆਪਣੇ-ਆਪਨੂੰ ਧੋਖਾ
ਦੇਣਾ ਹੋਵੇਗਾ। ਮਨਜਿੰਦਰ ਸਿੰਗ ਸਿਰਸਾ ਨੂੰ ‘ਜੂਨੀਅਰ’ ਕਹਿ, ਉਨ੍ਹਾਂ ਦੇ ਦਾਅਵੇ ਨੂੰ ਕਮਜ਼ੋਰ ਕੀਤਾ
ਜਾ ਰਿਹਾ ਹੈ। ਇਸੇ ਤਰ੍ਹਾਂ ਜ. ਅਵਤਾਰ ਸਿੰਘ ਹਿਤ ਅਤੇ ਜ. ਓਂਕਾਰ ਸਿੰਘ ਥਾਪਰ ਵਿਰੁਧ ਵੀ ਦੱਬੇ
ਮੁਰਦੇ ਉਖਾੜੇ ਜਾ ਰਹੇ ਹਨ।
ਸ. ਸੁਖਬੀਰ ਸਿੰਘ ਬਾਦਲ ਦੇ ਦਿਲ ਵਿੱਚ ਕੀ ਹੈ? ਇਹ ਸਮਝਣਾ ਸਹਿਜ ਨਹੀਂ। ਕੋਈ ਨਹੀਂ ਜਾਣਦਾ ਕਿ ਉਹ
ਚੁਣੇ ਹੋਏ ਮੈਂਬਰਾਂ ਵਿਚੋਂ ਹੀ ਕਿਸੇ ਦੇ ਸਿਰ ਪ੍ਰਧਾਨਗੀ ਦਾ ‘ਤਾਜ’ ਸਜਾਉਣਗੇ ਜਾਂ ਕਿਸੇ ਨਾਮਜ਼ਦ
ਹੋਣ ਵਾਲੇ ਦੇ?
ਇਹ ‘ਭੇਦ’ : ਜੋ ਕਈ ਸੁਆਲ ਖੜੇ ਕਰਦਾ ਹੈ: ਇਨ੍ਹੀਂ ਦਿਨੀਂ ਚੰਡੀਗੜ੍ਹ ਤੋਂ ਪ੍ਰਕਾਸ਼ਤ ਇੱਕ
ਅੰਗ੍ਰੇਜ਼ੀ ਦੈਨਕ ਵਲੋਂ ਇਹ ‘ਭੇਤ’ ਖੋਲ੍ਹਿਆ ਗਿਆ ਦਸਿਆ ਗਿਆ ਹੈ ਕਿ ਪੰਜਾਬ ਪੁਲਿਸ ਦੇ ਉਨ੍ਹਾਂ
300-350 ਜਵਾਨਾਂ, ਜੋ ਦਿੱਲੀ ਵਿੱਚ ਬਾਦਲ ਅਕਾਲੀ ਦਲ ਦੇ ਦਿੱਲੀ ਵਿਚਲੇ ਅਗੂਆਂ ਦੇ ‘ਸਟੇਟਸ
ਸਿੰਬਲ’ ਦੇ ਰੂਪ ਵਿੱਚ, ਉਨ੍ਹਾਂ ਦੀ ਸੁਰਖਿਆ ਪੁਰ ਤੈਨਾਤ ਸਨ, ਦਿੱਲੀ ਗੁਰਦੁਆਰਾ ਚੋਣਾਂ ਦੌਰਾਨ
‘ਮੁਸਤੈਦੀ ਭਰੀ’ ਜ਼ਿਮੇਂਦਾਰੀ ਨਿਭਾਂਦੇ ਰਹੇ। ਇਹ ਗਲ ਸੱਚ ਹੈ ਤਾਂ ਸੁਆਲ ਉਠਦਾ ਹੈ ਕਿ ਜੇ
ਗੁਰਦੁਆਰਾ ਚੋਣਾਂ ਦੇ ਦੌਰਾਨ ਪੰਜਾਬ ਪੁਲਿਸ ਦੇ ਇਹ 300-350 ਬਾਵਰਦੀ ਜਵਾਨ ਦਿੱਲੀ ਵਿੱਚ ਤੈਨਾਤ
ਹੋ ‘ਮੁਸਤੈਦੀ ਭਰੀ ਜ਼ਿਮੇਂਦਾਰੀ’ ਨਿਭਾਂਦੇ ਰਹੇ ਸਨ, ਤਾਂ ਸੰਭਵ ਹੈ ਕਿ ਸਾਦੇ ਕਪੜਿਆਂ ਵਿੱਚ
ਇਨ੍ਹਾਂ ਤੋਂ ਕਿਤੇ ਵੱਧ ਹੀ ਜਵਾਨ ਤੈਨਾਤ ਰਹੇ ਹੋਣਗੇ। ਹੈਰਾਨੀ ਦੀ ਗਲ ਹੈ ਕਿ ਇੱਕ ਪ੍ਰਦੇਸ਼ ਦੀ
ਪੁਲਿਸ ਦੇ ਇਤਨੇ ਜਵਾਨ ਦੇਸ਼ ਦੇ ਦੂਸਰੇ ਪ੍ਰਦੇਸ਼ ਅਤੇ ਉਹ ਵੀ ਦੇਸ਼ ਕੀ ਰਾਜਧਾਨੀ, ਦਿੱਲੀ ਵਿੱਚ ਲੰਬੇ
ਸਮੇਂ ਤੋਂ ਤੈਨਾਤ ਚਲੇ ਆ ਰਹੇ ਹਨ। ਪ੍ਰੰਤੂ ਨਾ ਤਾਂ ਦਿੱਲੀ ਪ੍ਰਦੇਸ਼ ਦੀ ਸਰਕਾਰ ਨੇ ਹੀ ਅਤੇ ਨਾ ਹੀ
ਕੇਂਦ੍ਰੀ ਗ੍ਰਹਿ ਵਿਭਾਗ ਨੇ ਅੱਜ ਤਕ ਇਸਦਾ ਕੋਈ ਨੋਟਿਸ ਲਿਆ।
ਅਕਾਲੀ ਮੁਖੀਆਂ ਦਾ ਗਿਆਨ: ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਇੱਕ ਮੁਖੀ ਨੇ ਮੰਗ ਕੀਤੀ ਹੈ
ਕਿ ਦਿੱਲੀ ਦੀ ਮੁੱਖ ਮੰਤ੍ਰੀ ਸ਼ੀਲਾ ਦੀਕਸ਼ਿਤ ਨੂੰ ਸ੍ਰੀ ਅਕਾਲ ਤਖਤ ਪੁਰ ਹਾਜ਼ਰ ਹੋ ਮੁਾਅਫੀ ਮੰਗਣੀ
ਚਾਹੀਦੀ ਹੈ, ਕਿਉਂਕਿ ਉਨ੍ਹਾਂ ਸਰਨਾ-ਭਰਾਵਾਂ ਨਾਲ ਮਿਲ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ
ਪ੍ਰਕਾਸ਼ ਪੁਰਬ 5 ਜਨਵਰੀ ਨੂੰ ਮਨਾਇਆ, ਜਦਕਿ ਸ੍ਰੀ ਅਕਾਲ ਤਖਤ ਤੋਂ ਇਹ ਪੁਰਬ 18 ਜਨਵਰੀ ਨੂੰ ਮਨਾਏ
ਜਾਣ ਦਾ ਆਦੇਸ਼ ਦਿੱਤਾ ਗਿਆ ਸੀ। ਸਿੱਖਾਂ ਦੀ ਪ੍ਰਤੀਨਿਧ ਹੋਣ ਦੀ ਇੱਕਲੌਤੀ ਦਾਅਵੇਦਾਰ ਜੱਥੇਬੰਦੀ
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀਆਂ ਨੂੰ ਇਤਨਾ ਤਾਂ ਪਤਾ ਹੋਣਾ ਹੀ ਚਾਹੀਦਾ ਹੈ ਕਿ ਸਿੱਖੀ
ਦੀਆਂ ਮਾਨਤਾਵਾਂ ਅਨੁਸਾਰ ਅਕਾਲ ਤਖਤ ਪੁਰ ਉਨ੍ਹਾਂ ਨੂੰ ਹੀ ਬੁਲਾਇਆ ਜਾ ਸਕਦਾ ਹੈ ਅਤੇ ਉਨ੍ਹਾਂ
ਵਿਰੁਧ ਹੀ ਉਥੋਂ ਧਾਰਮਕ ਮਾਨਤਾਵਾਂ ਅਨੁਸਾਰ ਕਾਰਵਾਈ ਹੋ ਸਕਦੀ ਹੈ, ਜੋ ਸਿੱਖ ਧਰਮ ਦਾ ਅਨੁਆਈ ਹੋਵੇ
ਅਤੇ ਜਿਸਦੀ ਸਿੱਖੀ ਦੀਆਂ ਮਾਨਤਾਵਾਂ ਵਿੱਚ ਸ਼ਰਧਾ ਅਤੇ ਆਸਥਾ ਹੋਵੇ, ਕਿਸੇ ਹੋਰ ਦੇ ਵਿਰੁਧ ਨਹੀਂ।
ਜੇ 18 ਜਨਵਰੀ ਦੀ ਬਜਾਏ ਕਿਸੇ ਹੋਰ ਦਿਨ ਜਾਂ ਉਸਦੇ ਅਗੇ-ਪਿਛੇ ਕਿਸੇ ਦਿਨ ਸ੍ਰੀ ਗੁਰੂ ਗੋਬਿੰਦ
ਸਿੰਘ ਜੀ ਦਾ ਅਵਤਾਰ ਪੁਰਬ ਮਾਨਾਇਆ ਜਾਣਾ, ਸਿੱਖੀ ਮਰਿਆਦਾ ਦੇ ਵਿਰੁਧ ਹੈ ਤਾਂ ਉਹ ਸਾਰੀਆਂ ਹੀ
ਸੰਸਥਾਵਾਂ ‘ਦੋਸ਼ੀ’ ਹਨ, ਜੋ ਰਾਗੀ ਜਥਿਆਂ ਤੇ ਪ੍ਰਚਾਰਕਾਂ ਦੀ ਉਪਲਬਧਤਾ ਦੇ ਆਧਾਰ `ਤੇ ਕਿਸੇ ਹੋਰ
ਦਿਨ ਇਹ ਪੁਰਬ ਮਨਾਂਦੀਆਂ ਚਲੀਆਂ ਆ ਰਹੀਆਂ ਹਨ।
ਚੰਗਾ ਹੋਵੇ ਕਿ ਹੁਣ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਗੁਰਪੁਰਬਾਂ ਦੇ ਨਾਂ ਤੇ ਵਰਤੇ ਜਾਂਦੇ
ਚਲੇ ਆ ਰਹੇ ਅਕਾਲ ਤਖਤ ਦੇ ਚੈਪਟਰ ਨੂੰ ਬੰਦ ਕਰ ਦੇਣ, ਕਿਉਂਕਿ ਜੇ ਦਿੱਲੀ ਦੇ ਸਿੱਖਾਂ ਸਾਹਮਣੇ ਇਹ
ਭੇਤ ਖੁਲ੍ਹ ਗਿਆ ਕਿ ਇਸ ਮੁੱਦੇ ਨੂੰ ਨਿਜੀ ਸੁਆਰਥ ਅਧੀਨ, ਉਨ੍ਹਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਸ.
ਸਰਨਾ ਵਿਰੁਧ ਉਭਾਰ, ਉਨ੍ਹਾਂ ਦਾ ਸ਼ੋਸ਼ਣ ਕੀਤਾ ਗਿਆ ਹੈ, ਨਹੀਂ ਤਾਂ ਇਸ ਹਮਾਮ ਵਿੱਚ ਉਹ ਆਪ ਵੀ ਨੰਗੇ
ਹਨ। ਤਾਂ ਉਨ੍ਹਾਂ ਨੂੰ ਆਪਣੇ ਫੈਸਲੇ ਪੁਰ ਪਛਤਾਵਾ ਹੋਣ ਲਗੇਗਾ।
… ਅਤੇ ਅੰਤ ਵਿੱਚ: ਦਸਿਆ ਗਿਆ ਹੈ ਕਿ ਜਦੋਂ ਦਿੱਲੀ ਗੁਰਦੁਆਰਾ ਚੋਣਾਂ ਦੇ ਅੰਤਿਮ ਨਤੀਜੇ ਆ
ਰਹੇ ਸਨ ਤਾਂ ਬਾਦਲ ਅਕਾਲੀ ਦਲ ਦਾ ਇੱਕ ਮੁਖੀ ਦਿੱਲੀ ਦੀ ਮੁੱਖ ਮੰਤ੍ਰੀ ਦੀ ਕੋਠੀ ਉਨ੍ਹਾਂ ਦਾ
ਧੰਨਵਾਦ ਕਰਨ ਅਤੇ ਸਰਨਾ ਅਕਾਲੀ ਦਲ ਦਾ ਇੱਕ ਜੇਤੂ ਮੈਂਬਰ ਸ. ਸੁਖਬੀਰ ਸਿੰਘ ਬਾਦਲ ਦੀ ਕੋਠੀ
ਉਨ੍ਹਾਂ ਨੂੰ ਵਧਾਈ ਦੇਣ ਪੁਜਾ ਹੋਇਆ ਸੀ।
Mobile : +91 98 68 91 77 31
(02/02/13)
ਸਤਨਾਮ ਕੌਰ ਫਰੀਦਾਬਾਦ
ਬੀਬੀ ਹਰਸਿਮਰਤ ਕੌਰ ਜੀ ਸੰਗਰਾਦ ਤੇ ਪੂਰਨਮਾਸ਼ੀ ਦਾ ਸਿੱਖੀ ਨਾਲ ਕੋਈ ਸੰਬੰਧ ਨਹੀਂ: ਸ. ਉਪਕਾਰ
ਸਿੰਘ ਫਰੀਦਾਬਾਦ
ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹੁਕਮ ਹੀ ਅਕਾਲ ਤਖ਼ਤ ਦਾ ਹੁਕਮ
(੨ ਫਰਵਰੀ ੨੦੧੩: ਸਤਨਾਮ ਕੌਰ ਫਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ.
ਉਪਕਾਰ ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਦਿੱਲੀ ਦੇ
ਗੁਰਦੁਆਰਿਆਂ ਉਤੇ ਹੁੰਝਾਂ ਫੇਰ ਜਿੱਤ ਹਾਸਲ ਕਰਨ ਤੋਂ ਬਾਦ ਬੀਬੀ ਬਾਦਲ ਵੱਲੋਂ ਇੱਕ ਨਿਜ ਚੈਨਲ ਪੀ.
ਟੀ. ਸੀ `ਤੇ ਦਿੱਤੇ ਬਿਆਨ ਕਿ ਹੁਣ ਅਕਾਲ ਤਖ਼ਤ ਦੇ ਹੁਕਮ ਅਨੁਸਾਰ ਇਕੋ ਸਮੇਂ ਸੰਗਰਾਦ, ਪੂਰਨਮਾਸ਼ੀ
ਅਤੇ ਗੁਰਪੁਰਬ ਮਨਾਏ ਜਾਣਗੇ’ ਦੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਗੁਰਪੁਰਬ, ਸੰਗਰਾਦ ਤੇ ਪੂਰਨਮਾਸ਼ੀ
ਤਾਂ ਇੱਕ ਹੋ ਗਏ ਪਰ ਕੀ ਸਾਡਾ ਗੁਰੂ ਵੀ ਇੱਕ ਹੋਵੇਗਾ? ਉਨ੍ਹਾਂ ਕਿਹਾ ਕਿ ਜਿੰਨ੍ਹਾਂ ਸਥਾਨਾਂ `ਤੇ
ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦੂਜੇ ਗ੍ਰੰਥ ਦਾ ਪ੍ਰਕਾਸ਼ ਕਰਕੇ ਅਕਾਲ ਤਖ਼ਤ ਦੀ ਮਰਿਆਦਾ ਨੂੰ
ਚੈਲੰਜ ਕੀਤਾ ਜਾ ਰਿਹਾ ਹੈ ਕੀ ਸ਼੍ਰੋਮਣੀ ਅਕਾਲੀ ਦਲ ਬਾਦਲ ਹੁਣ ਉਨ੍ਹਾਂ ਖਿਲਾਫ ਵੀ ਕੋਈ ਕਾਰਵਾਈ
ਕਰੇਗਾ? ਉਨ੍ਹਾਂ ਕਿਹਾ ਕਿ ਜਿਸ ਅਕਾਲ ਤਖ਼ਤ ਦਾ ਨਾਂ ਵਰਤ ਕੇ ਬੀਬੀ ਬਾਦਲ ਸੰਗਰਾਦ ਤੇ ਪੂਰਨਮਾਸ਼ੀ
ਮਨਾਉਣ ਦੀ ਗੱਲ ਕਰ ਰਹੇ ਸਨ ਉਸ ਅਕਾਲ ਤਖ਼ਤ ਵੱਲੋਂ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਵਿੱਚ ਗੁਰਮਤਿ
ਰਹਿਣੀ ਸਿਰਲੇਖ ਹੇਠ ਪੂਰਨਮਾਸ਼ੀ, ਇਕਾਦਸ਼ੀ ਵਰਗੇ ਭਰਮ ਰੂਪੀ ਕਰਮਾਂ ਉਪਰ ਨਿਸ਼ਚਾ ਨਹੀਂ ਕਰਨਾ ਲਿਖਿਆ
ਹੈ ਅਨੰਦ ਕਾਰਜ ਸਿਰਲੇਖ ਹੇਠ ਥਿਤਿ ਵਾਰ ਅਤੇ ਚੰਗੇ ਮੰਦੇ ਦਿਨਾਂ ਦੀ ਖੋਜ ਕਰਣ ਨੂੰ ਮਨਮਤ ਦਸਿਆ
ਹੈ। ਗੁਰੂ ਗ੍ਰੰਥ ਸਾਹਿਬ ਜੀ ਮੁਤਾਬਕ ਵੀ ਸਾਰੇ ਦਿਨ ਮਹੀਨੇ ਚੰਗੇ ਹਨ ਅਤੇ ਥਿਤਾਂ ਵਾਰਾਂ,
ਚੰਦ-ਸੂਰਜ ਕੇਵਲ ਮੂਰਖ ਤੇ ਬੁੱਧੂ ਕਿਸਮ ਦੇ ਲੋਕ ਹੀ ਵਿਚਾਰਦੇ ਹਨ
(ਸਤਿਗੁਰ ਬਾਝਹੁ ਅੰਧ ਗੁਬਾਰ ਥਿਤੀ ਵਾਰ ਸੇਵਹਿ ਮੂਗਧ ਗਵਾਰ॥ ਗੁਰੂ ਗ੍ਰੰਥ ਸਾਹਿਬ ਅੰਕ ੮੪੩)
ਸ. ਉਪਕਾਰ ਸਿੰਘ ਨੇ ਕਿਹਾ ਕਿ ਬੀਬੀ ਬਾਦਲ ਦਿੱਲੀ ਕਮੇਟੀ ਦੀ ਚੋਣਾਂ ਵਿੱਚ ਜਿੱਤ ਹਾਸਲ ਕਰਨ ਲਈ
ਜਿਸ ਸੰਤ ਸਮਾਜ ਦਾ ਧੰਨਵਾਦ ਕਰ ਰਹੇ ਸਨ ਉਨ੍ਹਾਂ ਨੇ ਤਾਂ ਕਦੇ ਅਕਾਲ ਤਖ਼ਤ ਦੀ ਮਰਿਯਾਦਾ ਨੂੰ ਮੰਨਿਆ
ਹੀ ਨਹੀਂ। ਸੰਤ ਸਮਾਜ ਨੂੰ ਧੰਨਵਾਦ ਕਰਨ ਦਾ ਅਰਥ ਅਸਲ ਵਿੱਚ ਦਿੱਲੀ ਵਿੱਚ ਵੀ ਪੰਜਾਬ ਵਾਂਗ
ਡੇਰਾਵਾਦ ਨੂੰ ਲਾਇਸੈਂਸ ਦੇ ਕੇ ਅਕਾਲ ਤਖ਼ਤ ਦੀ ਮਰਿਆਦਾ ਦੀ ਧੱਜੀਆਂ ਉਡਾਉਣਾ ਤਾਂ ਨਹੀਂ? ਉਨ੍ਹਾਂ
ਕਿਹਾ ਕਿ ਅਕਾਲ ਤਖ਼ਤ ਇੱਕ ਸਿਧਾਂਤ ਦਾ ਨਾਂ ਹੈ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆਵਾਂ ਹੀ
ਆਉਂਦੀਆਂ ਹਨ ਪਰ ਕਿਉਂਕਿ ਬੀਬੀ ਬਾਦਲ ਅੰਮ੍ਰਿਤਸਰ ਵਿੱਚ ਬਣੇ ਅਕਾਲ ਤਖ਼ਤ ਦੀ ਗੱਲ ਕਰ ਰਹੇ ਸਨ
ਜਿੱਥੇ ਕੇਵਲ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹੁਕਮ ਹੀ ਅਕਾਲ ਤਖ਼ਤ ਦਾ ਹੁਕਮ ਮੰਨਿਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਜੇ ਅਕਾਲੀ ਦਲ ਬਾਦਲ ਸਚਮੁਚ ਪੂਰਨ ਏਕਤਾ ਨੂੰ ਲਾਗੂ ਕਰਨਾ ਚਾਹੁੰਦਾ ਹੈ ਤਾਂ ਉਸ
ਨੂੰ ਇਕਾ ਬਾਣੀ ਇੱਕ ਗੁਰ ਇਕੋ ਸ਼ਬਦ ਵੀਚਾਰਿ ਨੂੰ ਆਧਾਰ ਬਣਾ ਕੇ ਸੇਵਾ ਕਰਨੀ ਚਾਹੀਦੀ ਹੈ।
(02/02/13)
ਸੁਰਜਨ ਸਿੰਘ
“ਜਿਨ੍ਹਾਂ ਨੇ ਦੇਖ ਕੇ ਅਣਡਿੱਠ ਕੀਤਾ”
ਮੈਂ 1-2-2013 ਨੂੰ ਖ਼ਾਲਸਾ ਨਿਯੂਜ਼ ਵੈਬ ਸਾਈਟ ਤੇ ਪ੍ਰੋ: ਦਰਸ਼ਨ ਸਿੰਘ ਜੀ ਦੀ ਦਿੱਲੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 27-1-2013 ਨੂੰ ਹੋ ਚੁੱਕੀਆਂ ਚੋਣਾਂ ਬਾਰੇ ਲਾਈ ਟਿੱਪਣੀ ਪੜ੍ਹੀ
ਹੈ। ਪ੍ਰੋ: ਸਾਹਿਬ ਲਿਖਦੇ ਹਨ ਸਿੱਖਾਂ ਨੇ “ਇੱਕ ਲਫਜ਼ ਰੋਜ਼ਾਨਾ ਦੀ ਅਰਦਾਸ ਵਿੱਚ ਸ਼ਾਮਲ ਕਰਕੇ ਬਿਨਾ
ਸੋਚੇ ਸਮਝੇ ਆਪਣੇ ਤੇ ਲਾਗੂ ਕਰ ਲਿਆ ਹੈ, ਉਹ ਲਫਜ਼ ਹੈ “ਜਿਨ੍ਹਾਂ ਨੇ ਦੇਖ ਕੇ ਅਣਡਿੱਠ ਕੀਤਾ,
ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ”। ਪ੍ਰੋ: ਸਾਹਿਬ ਦਾ ਇਸ਼ਾਰਾ ਅਰਦਾਸ ਦੇ
ਇਸ ਪੈਰੇ ਵਲ ਹੈ:- “ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ, ਹਠੀਆਂ, ਜਪੀਆਂ,
ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ,
ਤਿਨ੍ਹਾਂ ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ, ਖਾਲਸਾ ਜੀ! ਬੋਲੋ ਜੀ ਵਾਹਿਗੁਰੂ!”।
ਪ੍ਰੋ: ਜੀ “ਵੇਖ ਕੇ ਅਣਡਿੱਠ ਕੀਤਾ “ਦਾ ਭਾਵ ਇਹ ਕਹਿ ਰਹੇ ਹਨ ਕਿ ਦਿੱਲੀ ਦੇ ਸਿੱਖਾਂ ਨੇ ਬਿਨਾ
ਸੋਚੇ ਸਮਝੇ ਇਹ ਲਫਜ਼ ਆਪਣੇ ਤੇ ਲਾਗੂ ਕਰਕੇ ਬਾਦਲ ਦਲ ਦੀਆਂ ਖਾਮੀਆਂ ਨੂੰ ਨਜ਼ਰਅੰਦਾਜ਼ ਕਰਕੇ ਬਾਦਲ ਦਲ
ਨੂੰ ਜਿੱਤ ਦਿਲਾਈ ਹੈ, ਯਾਨੀ ਸਰਨਾ ਦੀ ਹਾਰ ਦੀ ਜ਼ਿਮੇਦਾਰ ਰੋਜ਼ਾਨਾ ਦੀ ਅਰਦਾਸ ਹੈ। ਮੇਰੇ ਵਿਚਾਰ
ਵਿੱਚ ਲਫਜ਼ “ਅਣਡਿੱਠ ਕੀਤਾ” ਦਾ ਭਾਵ ਉਹ ਨਹੀਂ ਜੋ ਪ੍ਰੋ: ਜੀ ਸਮਝਦੇ ਹਨ। ਇਸ ਦਾ ਭਾਵ ਇਸਤਰ੍ਹਾਂ
ਹੈ:-ਸਿੱਖ ਮੁਸ਼ਕਲ ਤੋਂ ਮੁਸ਼ਕਲ ਹਾਲਾਤ ਵੇਖ ਕੇ ਵੀ ਨਹੀਂ ਘਬਰਾਉਂਦਾ ਬਲਕਿ ਹਠ=ਦ੍ਰਿੜਤਾ ਨਾਲ
( with determination )
ਹਾਲਾਤ ਦਾ ਮੁਕਾਬਲਾ ਕਰਦਾ ਹੈ, ਲੋੜੀਂਦੀ ਕਾਰਵਾਈ ਕਰਦਾ
ਹੈ ਅਤੇ ਲੋੜ ਪੈਣ ਤੇ ਤੇਗ ਵੀ ਵਾਹੁੰਦਾ ਹੈ, ਲੋੜਵੰਦਾਂ ਲਈ ( ਦੇਗ ) ਰੋਟੀ ਪਾਣੀ ਦਾ ਬੰਦੋਬਸਤ ਵੀ
ਕਰਦਾ ਹੈ। ਰੋਜ਼ਾਨਾ ਅਰਦਾਸ ਵਿੱਚ ਸਿੱਖ ਜਿਨ੍ਹਾਂ ਸ਼ਖਸੀਅਤਾਂ ਦਾ ਧਿਆਨ ਧਰਦਾ ਹੈ ਉਹ ਸਾਧਾਰਣ ਮਨੁਖ
ਨਹੀਂ ਹਨ। ਉਹ ਸ਼ਖਸੀਅਤਾਂ ਹਨ ਬੰਦਾ ਸਿੰਘ ਬਹਾਦੁਰ ਵਰਗੀਆਂ; ਉਹ ਬਹਾਦੁਰ ਸੂਰਮਾ ਜਿਸ ਨੇ ਆਪਣੇ
ਪੁਤਰ ਦਾ ਕੇਲਜਾ ਆਪਣੇ ਮੂੰਹ ਵਿੱਚ ਧੁਨਿਆ ਜਾਂਦਾ ਅਣਡਿੱਠ ਕੀਤਾ। ਇਨ੍ਹਾਂ ਸ਼ਖਸੀਅਤਾਂ ਦਾ ਧਿਆਨ ਇਸ
ਲਈ ਧਰੀਦਾ ਹੈ ਤਾਕਿ ਸਾਨੂੰ ਉਹਨਾਂ ਵਰਗਾ ਜੀਵਨ ਜਿਉਣ ਦੀ ਪ੍ਰੇਰਣਾ ਮਿਲੇ। 25-1-2013 ਨੂੰ
ਰੂ-ਬਰੂ-ਟੂ-ਡੇ ਟੀ ਵੀ ਤੇ ਮੈਂ ਪ੍ਰੋ: ਜੀ ਦੀ ਇੱਕ ਤਕਰੀਰ ਸੁਣੀ ਹੈ ਜੋ ਇਸਤਰ੍ਹਾਂ ਹੈ:- “ਅਕਾਲ
ਤਖਤ ਅਕਾਲਪੁਰਖ ਦਾ ਇੱਕ ਸਿਧਾਂਤ ਰੂਪੀ ਤਖਤ ਹੈ, ਸਥਾਨ ਜਿਹੜਾ ਹੈ ਉਹ ਅਕਾਲਪੁਰਖ ਦੇ ਸਿਧਾਂਤ ਨੂੰ
ਲਾਗੂ ਕਰਨ ਦਾ ਟਿਕਾਣਾ ਹੈ, ਜਿਹੜਾ ਜੱਥੇਦਾਰ ਹੈ ਉਸ ਸਿਧਾਂਤ ਨੂੰ ਪ੍ਰਚਾਰਨ ਦਾ ਇੱਕ ਪ੍ਰਚਾਰਕ
ਹੈ”। ਪ੍ਰੋ: ਜੀ ਇਤਨਾਂ ਕੁ ਠੀਕ ਕਹਿ ਰਹੇ ਹਨ ਕਿ ਅਕਾਲ ਤਖਤ ਅਕਾਲਪੁਰਖ ਦੇ ਸਿਧਾਂਤ ਨੂੰ ਲਾਗੂ
ਕਰਨ ਦਾ ਟਿਕਾਣਾ ਹੈ। ਅਕਾਲਪੁਰਖ ਦਾ ਸਿਧਾਂਤ ਕੀ ਹੈ? ਮੇਰੇ ਵਿਚਾਰ ਵਿੱਚ ਅਕਾਲਪੁਰਖ ਦਾ ਸਿਧਾਂਤ
ਖ਼ਾਲਸੇ ਪੰਥ ਦਾ ਸਿਧਾਂਤ ਹੈ, “ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ”। ਅਕਾਲ ਤਖਤ ਦੇ ਸਿਧਾਂਤ ਨੂੰ
ਪ੍ਰਚਾਰਨ ਦੇ ਪ੍ਰਚਾਰਕ ਤਾਂ ਅਸੀਂ ਸਾਰੇ ਹੀ ਹਾਂ। ਦਿੱਲੀ ਦੇ ਸਿੱਖ ਵੀ ਕਹਿੰਦੇ ਹਨ ਕਿ ਇਹ ਜਿੱਤ
ਅਕਾਲ ਤਖਤ ਦੀ ਹੈ, ਉਹ ਵੀ ਅਕਾਲ ਤਖਤ ਦੇ ਸਿਧਾਂਤ ਪ੍ਰਚਾਰਨ ਦੇ ਪ੍ਰਚਾਰਕ ਹਨ। ਅਕਾਲ ਤਖਤ ਦੇ
ਜੱਥੇਦਾਰ ਕੋਲ ਖ਼ਾਲਸਾ ਪੰਥ ਵਲੋਂ ਸੌਂਪੇ ਅਧਿਕਾਰ ਹਨ ਜਿਨ੍ਹਾਂ ਦੁਆਰਾ ਉਹ ਖ਼ਾਲਸਾ ਪੰਥ ਦਾ ਸਿਧਾਂਤ
ਲਾਗੂ ਰੱਖਣ ਦਾ ਕੰਮ ਕਰਦਾ ਹੈ। ਪ੍ਰਚਾਰਕ ਕੋਲ ਇਹ ਅਧਿਕਾਰ ਨਹੀਂ ਹਨ। ਅਕਾਲ ਤਖਤ ਦੀ ਸੇਵਾ ਵਿੱਚ
ਨਿਯੁਕਤ ਵਿਅਕਤੀ ਜੱਥੇਦਾਰ ਦੀ ਪਦਵੀ ਨਾਲ ਹੀ ਜਾਣਿਆ ਜਾਂਦਾ ਹੈ, ਪ੍ਰਚਾਰਕ ਦੇ ਗੁਣ ਉਸ ਵਿੱਚ ਲੁਪਤ
(implied )
ਹਨ। ਪ੍ਰੋ: ਜੀ ਆਪਣੇ ਆਪ ਨੂੰ ਸਾਬਕਾ ਅਕਾਲ ਤਖਤ ਦਾ
ਜੱਥੇਦਾਰ ਹੀ ਆਖਦੇ ਹਨ, ਸਾਬਕਾ ਅਕਾਲ ਤਖਤ ਦਾ ਪ੍ਰਚਾਰਕ ਨਹੀਂ ਆਖਦੇ। ਗੱਲ ਬਾਤ ਕਰਦੇ ਵੀ ਅਕਸਰ
ਆਖਦੇ ਹਨ ਕਿ ਜਦ ਮੈਂ ਅਕਾਲ ਤਖਤ ਦਾ ਜੱਥੇਦਾਰ ਸੀ ਆਦਿ। ਬਾਦਲ ਅਕਾਲੀ ਦਲ ਨਾਲ ਪ੍ਰੋ: ਜੀ ਦੀ
ਨਾਰਾਜ਼ਗੀ ਹੈ, ਇਸ ਦਾ ਇਜ਼ਹਾਰ ਕਰਨ ਲਈ ਉਸ ਨੂੰ ਬੁਰਾ ਭਲਾ ਕਹਿੰਦੇ ਹਨ। ਮੇਰੇ ਵਿਚਾਰ ਵਿੱਚ ਨਿਜੀ
ਰੰਜਸ਼ ਕੱਢਣ ਲਈ ਪੰਥਕ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ, ਅਕਾਲ ਤਖਤ, ਰੋਜ਼ਾਨਾ ਦੀ ਅਰਦਾਸ ਆਦਿ ਨੂੰ
ਦੋਸ਼ੀ ਠਹਿਰਾਉਣਾ ਠੀਕ ਨਹੀਂ ਹੈ।
ਸੁਰਜਨ ਸਿੰਘ +919041409041
(02/02/13)
ਜਸਵਿੰਦਰ ਸਿੰਘ “ਰੁਪਾਲ”
ਤਲਾਸ਼ੀ
ਜਸਵਿੰਦਰ ਸਿੰਘ “ਰੁਪਾਲ”
9814715796
ਮੈਟਰਿਕ ਦੇ ਇਮਤਿਹਾਨ ਹੋ ਰਹੇ ਸਨ। ਮੈਂ ਇੱਕ ਪਬਲਿਕ ਸਕੂਲ ਵਿੱਚ ਬਣੇ ਸੈਟਰ ਵਿਖੇ ਨਿਗਰਾਨ ਵਜੋਂ
ਡਿਊਟੀ ਦੇ ਰਿਹਾ ਸੀ। ਸ਼ਾਮ ਦਾ ਪੇਪਰ ਸੀ। ਬੱਚੇ ਵੀ ਪ੍ਰਾਈਵੇਟ ਸਨ ਅਤੇ ਪੇਪਰ ਵੀ ਅੰਗਰੇਜ਼ੀ ਦਾ।
ਚੈਕਿੰਗ ਹੋਣ ਦੀ ਪੂਰੀ ਪੂਰੀ ਸੰਭਾਵਨਾ ਸੀ। ਅਸੀਂ ਸਾਰੇ ਪੂਰੀ ਤਰਾਂ ਚੇਤੰਨ ਸਾਂ। ਇੱਕ ਵਾਰ
ਪਰਚੀਆਂ ਪਾਕਟਾਂ ਬਾਹਰ ਕੱਢੀਆਂ ਜਾ ਚੁੱਕੀਆਂ ਸਨ। ਮੁੱਖ-ਅਧਿਆਪਕ ਸਾਹਿਬ, ਜਿਹੜੇ ਕੇਂਦਰ ਕੰਟਰੋਲਰ
ਵੀ ਸਨ, ਨਕਲ ਦੇ ਪੂਰੀ ਤਰਾਂ ਵਿਰੁੱਧ ਵੀ ਸਨ, ਚੰਗੀ ਤਰਾਂ ਜਾਇਜਾ ਲੈ ਰਹੇ ਸਨ। ਉਨ੍ਹਾਂ ਮੈਨੂੰ ਵੀ
ਇਸ਼ਾਰਾ ਕੀਤਾ ਕਿ ਇੱਕ ਵਾਰੀ ਤਲਾਸ਼ੀ ਹੋਰ ਲੈ ਲਈ ਜਾਵੇ। ਮੈਂ ਤਲਾਸ਼ੀ ਲੈਣੀ ਦੁਬਾਰਾ ਸ਼ੁਰੂ ਕਰ
ਦਿੱਤੀ। ਉਹ ਆਪ ਵੀ ਤਲਾਸ਼ੀ ਲੈਣ ਲੱਗ ਪਏ। ਅਸੀਂ ਜੇਬਾਂ, ਬਟੂਏ, ਡੈਸਕ, ਜੁੱਤੀਆਂ ਆਦਿ ਸਭ ਚੈੱਕ
ਕਰਨੀਆਂ ਸੁਰੂ ਕਰ ਦਿੱਤੀਆਂ। ਇੱਕ ਵਿਦਿਆਰਥੀ ਦੀ ਪੈਂਟ ਦੀ ਅੰਦਰਲੀ ਜ਼ੇਬ ਵਿੱਚ ਮੈਨੂੰ ਕੁੱਝ ਹੋਣ
ਦਾ ਸ਼ੱਕ ਪਿਆ। ਮੈਂ ਉਸ ਨੂੰ ਘੁਰ ਕੇ ਪੁੱਛਿਆ, “ਕੱਢ ਇਹ ਕੀ ਐ?”
“ਜੀ ਇਹ ਤਾਂ ਡੱਬੀ ਐ।”
“ਡੱਬੀ-ਕਾਹਦੀ? ? ਦਿਖਾ ਜ਼ਰਾ”
“ਜ਼ਰਦਾ ਏ ਜੀ।”
“ਹੈਂ? ? ਤੂੰ ਜ਼ਰਦਾ ਖਾਨਾਂ ਏ?” ਮੈਂ ਉਸ ਨੂੰ ਸਿਰ ਤੋਂ ਪੈਰਾਂ ਤੱਕ ਦੇਖ ਰਿਹਾ ਸੀ। ਚਿਹਰੇ ਤੇ
ਦਾੜ੍ਹੀ ਤਾਂ ਅਜੇ ਨਹੀਂ ਸੀ ਆਈ, ਪਰ ਉਸ ਦੇ ਸੀਸ ਤੇ ਦਸਤਾਰ ਬੰਨ੍ਹੀ ਹੋਈ ਸੀ। ਮੇਰਾ ਸਿਰ ਸ਼ਰਮ ਨਾਲ਼
ਨੀਵਾਂ ਹੋ ਰਿਹਾ ਸੀ, ਜਿਵੇਂ ਮੈਂ ਕੋਈ ਗੁਨਾਹ ਕਰ ਬੈਠਾ ਹੋਵਾਂ … …. . ।
--------------------00000-----------------------
ਲੈਕਚਰਰ ਅਰਥ-ਸ਼ਾਸ਼ਤਰ,
ਸਰਕਾਰੀ ਸੀਨੀ. ਸੈਕੰਡਰੀ ਸਕੂਲ,
ਭੈਣੀ ਸਾਹਿਬ (ਲੁਧਿਆਣਾ) -141126
(02/02/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਹੋਵੇਂ
ਤੂੰ ਦਿਆਲ, ਮੈਨੂੰ ਹੋਰ ਕੀ ਏ ਚਾਹੀਦਾ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਹੋਵੇਂ ਤੂੰ ਦਿਆਲ, ਮੈਨੂੰ ਏਹੋ ਹੀ ਏ ਚਾਹੀਦਾ।
ਰਹੇਂ ਮੇਰੇ ਨਾਲ, ਮੈਨੂੰ ਏਹੋ ਹੀ ਏ ਚਾਹੀਦਾ।
ਤੈਨੂੰ ਪਾਉਣ ਵਾਸਤੇ ਮੈਂ ਕੀ ਕੀ ਕਰੀ ਜਾਂਦਾ ਹਾਂ।
ਤੜਕੇ ਸਵੇਰੇ ਠੰਢੇ ਪਾਣੀ `ਚ ਨਹਾਂਦਾ ਹਾਂ।
ਲੰਬਾ ਪੈਂਡਾ ਕੱਟ, ਸਤਿਸੰਗਤ `ਚ ਜਾਂਦਾ ਹਾਂ।
ਘੰਟੇ ਬੱਧੀ ਨਾਮ ਤੇਰਾ, ਹੇਕ ਲਾ ਕੇ ਗਾਂਦਾ ਹਾਂ।
ਹੋਵੇਂ ਕਿਰਪਾਲ, ਮੈਨੂੰ ਏਹੋ ਹੀ ਏ ਚਾਹੀਦਾ।
ਹੋਵੇਂ ਤੂੰ ਦਿਆਲ, ਮੈਨੂੰ ਏਹੋ ਹੀ ਏ ਚਾਹੀਦਾ।
ਆਉਂਦੇ ਜਾਂਦੇ ਰਟ, ਤੇਰੇ ਨਾਮ ਦੀ ਹੀ ਲਾਉਂਦਾ ਹਾਂ।
ਤੇਰੇ ਬਿਨਾ ਹੋਰ ਕੋਈ ਵਿਚਾਰ ਨਾ ਲਿਆਉਂਦਾ ਹਾਂ।
ਦਿਤੇ ਤੇਰੇ ਕਾਰਜ ਮੈਂ ਸਾਰੇ ਹੀ ਨਿਭਾਉਂਦਾ ਹਾਂ।
ਕੀਤੀ ਜੋ ਕਮਾਈ ਵੰਡ ਖਾਂਦਾ ਤੇ ਖਲਾਉਂਦਾ ਹਾਂ।
ਤੈਨੂੰ ਲਵਾਂ ਭਾਲ ਮੈਨੂੰ ਏਹੋ ਹੀ ਏ ਚਾਹੀਦਾ।
ਹੋਵੇਂ ਤੂੰ ਦਿਆਲ, ਮੈਨੂੰ ਏਹੋ ਹੀ ਏ ਚਾਹੀਦਾ।
ਰਾਤਾਂ ਨੂੰ ਵੀ ਤੇਰੇ ਹੀ ਮੈਂ ਸੁਪਨੇ ਸਜਾਉਂਦਾ ਹਾਂ।
ਮਿਲ ਜਾਵੇਂ ਇਹੋ ਅਰਜ਼ੋਈ ਦਿਲੋਂ ਗਾਉਂਦਾ ਹਾਂ।
ਚਾਰੇ ਪਾਸੇ ਤੇਰਾ ਹੀ ਪਸਾਰਾ ਸਦਾ ਪਾਉਂਦਾ ਹਾਂ।
ਦਿਨੇ ਰਾਤ ਤੇਰੀਆਂ ਹੀ ਕਵਿਤਾਂ ਬਣਾਉਦਾਂ ਹਾਂ।
ਪੂਰੀ ਹੋਵੇ ਘਾਲ, ਮੈਨੂੰ ਏਹੋ ਹੀ ਏ ਚਾਹੀਦਾ।
ਹੋਵੇਂ ਤੂੰ ਦਿਆਲ, ਮੈਨੂੰ ਏਹੋ ਹੀ ਏ ਚਾਹੀਦਾ।
ਸਦਕੇ ਮੈਂ ਤੇਰੇ, ਬੜੀ ਸੁਣਦਾ ਪੁਕਾਰ ਏਂ।
ਮੰਗੇ ਬਿਨਾ ਦੇਈ ਜਾਨੈਂ, ਦਾਤਾਂ ਦੇ ਭੰਡਾਰ ਏਂ।
ਲੈਂਦਾ ਥੱਕ ਜਾਵਾਂ, ਦੇਈ ਜਾਂਦਾ ਤੂੰ ਅਪਾਰ ਏਂ।
ਸ਼ੁਕਰ ਗੁਜ਼ਾਰ ਹਾਂ ਜੋ, ਦਿੰਦਾ ਏਨਾ ਤੂੰ ਪਿਆਰ ਏਂ।
ਤੇਰਾ ਇਹ ਕਮਾਲ, ਮੈਨੂੰ ਏਹੋ ਹੀ ਏ ਚਾਹੀਦਾ।
ਹੋਵੇਂ ਤੂੰ ਦਿਆਲ, ਮੈਨੂੰ ਏਹੋ ਹੀ ਏ ਚਾਹੀਦਾ।
(02/02/13)
ਸਤਿਨਾਮ ਸਿੰਘ ਮੌਂਟਰੀਆਲ
ਧੰਨ
ਧੰਨ ਬਾਬੇ ਨਾਨਕਸਰੀਏ -ਉਰਫ ਨੰਦਸਰੀਏ,
ਗੁਰੂਆਂ ਨੇ ਲੰਗਰ ਚਲਾਏ,
-ਨੰਦਸਰੀਆਂ ਨੇ ਖੰਡਨ ਕੀਤਾ,
ਗੁਰੂਆਂ ਨੇ ਮਾਲ੍ਹਾ ਦਾ ਖੰਡਨ ਕੀਤਾ,
-ਨੰਦਸਰੀਆਂ ਨੇ ਮਾਲ੍ਹਾ ਫੇਰੀਆਂ
ਗੁਰੂਆਂ ਨੇ ਕਿਰਤ ਨੂੰ ਪਹਿਲ ਦਿਤੀ,
-ਨੰਦਸਰੀਆਂ ਨੇ ਖੰਡਨ ਕੀਤਾ,
ਗੁਰੂਆਂ ਨੇ ਜੋਤ ਨਾਰੀਅਲ ਦਾ ਖੰਡਨ ਕੀਤਾ,
–ਨੰਦਸਰੀਆਂ ਨੇ ਮਾਨਤਾ ਦਿਤੀ,
ਗੁਰੁਆਂ ਨੇ ਫੋਟੋ ਦਾ ਖੰਡਨ ਕੀਤਾ,
-ਨੰਦਸਰੀਆਂ ਨੇ ਫੋਟੋ ਦੀ ਪੂਜਾ ਕੀਤੀ,
ਗੁਰੂਆਂ ਨੇ ਬੋਲੇ ਸੋ ਨਿਹਾਲ ਦਾ ਜਕਾਰਾ ਬਲਾਇਆ,
-ਨੰਦਸਰੀਆਂ ਨੇ ਖੰਡਨ ਕੀਤਾ,
ਗੁਰੂਆਂ ਨੇ ਗਿਣਤੀ ਦੇ ਪਾਠਾਂ ਦਾ ਖੰਡਨ ਕੀਤਾ,
-ਨੰਦਸਰੀਆਂ ਨੇ ਗਿਣਤੀ ਦੇ ਪਾਠ ਕਰਵਾਏ,
ਗੁਰੂਆਂ ਨੇ ਗਰਿਸਤ ਨੂੰ ਪਹਿਲ ਦਿਤੀ,
-ਨੰਦਸਰੀਆਂ ਨੇ ਗਰਿਸਤ ਦਾ ਖੰਡਨ ਕੀਤਾ,
ਗੁਰੂਆਂ ਨੇ ਜਾਤ ਪਾਤ ਦਾ ਖੰਡਨ ਕੀਤਾ,
-ਨੰਦਸਰੀਆਂ ਨੇ ਮਾਨਤਾ ਦਿਤੀ,
ਗੁਰੂਆਂ ਨੇ ਭੋਰਿਆਂ ਦਾ ਖੰਡਨ ਕੀਤਾ,
-ਨੰਦਸਰੀਆਂ ਨੇ ਭੋਰੇ ਪਟਵਾਏ,
ਗੁਰੂਆਂ ਨੇ ਗੁਰੂ ਮਾਨਿਓ ਗਰੰਥ ਵਾਲੇ ਦੋਹਰੇ ਨੂੰ ਮਾਨਤਾ ਦਿਤੀ,
–ਨੰਦਸਰੀਆਂ ਨੇ ਖੰਡਨ ਕੀਤਾ,
ਫਿਰ ਵੀ ਇਹ ਗੁਰੂਆਂ ਦੇ ਸੱਭ ਤੋਂ ਵੱਡੇ ਭਗਤ ਹਨ,
ਧੰਨ ਧੰਨ ਬਾਬੇ ਨਾਨਕਸਰੀਏ -ਉਰਫ ਨੰਦਸਰੀਏ
ਸਤਿਨਾਮ ਸਿੰਘ ਮੌਂਟਰੀਆਲ, 514-219-2525
(01/02/13)
ਮਦਨ ਮੋਹਨ ਸਿੰਘ
ਸਿੱਖ ਮਾਰਗ ਦੇ ਪਿਆਰੇ ਸੱਜਣੋ,
ਅੱਜ ਕੱਲ ਪਿੰਦਰਪਾਲ ਅਤੇ ਸਿਰੀਨਗਰ ਵਾਲੇ ਦਾ ਸਿੱਖਾਂ ਵਿੱਚ ਬਹੁਤ ਹੀ ਚਰਚਾ ਹੋ
ਰਿਹਾ ਹੈ।
ਮੈ ਨਿਮਰਤਾ ਸਹਿਤ ਸਿੱਖ ਪੰਥ ਤੋਂ ਇਹ ਪੁੱਛਣਾਂ ਅਤੇ ਸਮਝਣਾ ਚਾਹੁੰਦਾ ਹਾਂ ਕਿ ਖਾਲਸਾ ਜੀਓ,
ਸਤਿਕਾਰ ਦੇਣਾ ਹੁੰਦਾ ਜਾਂ ਸੁੱਟਣਾ ਹੁੰਦਾ, ਕੀ ਇਹ ਪੰਥ ਦੀ ਨਰਾਦਰੀ ਤਾਂ ਨਹੀਂ? ਤੁਸੀਂ ਸਾਰਿਆਂ
ਨੇ ਦੇਖ ਹੀ ਲਿਆ ਹੋਵੇਗਾ ਇਹ ਭਾਣਾ ਕਿੱਦਾ ਵਾਪਰਿਆ। ਮੈਂ ਨਿਮਰਤਾ ਸਹਿਤ ਸੁਹਿਰਦ ਲੇਖਿਕ ਵੀਰਾਂ
ਨੂੰ ਆਖਾਗਾਂ ਕਿ ਜੇ ਤੁਸੀਂ ਅੱਜ ਨਹੀਂ ਬੋਲੇ ਕੌਮ ਕਦੇ ਵੀ ਤੁਹਾਨੂੰ ਮੁਆਫ ਨਹੀਂ ਕਰੇਗੀ। ਸਿੰਘੋ
ਜਾਗੋ ਸਿੱਖ ਟੀ ਵੀ ਚੈਨਲ ਜਿਹਨਾਂ ਨੂੰ ਤੁਸੀਂ ਆਪਣੇ ਆਖਦੇ ਹੋ ਉਹ ਬਾਦਲ ਅਤੇ ਸਾਧਾਂ ਦੇ ਥੱਲੇ ਹੋ
ਚੁੱਕੇ ਹਨ। ਬਾਹਮਣ, ਲੋਕਾਂ ਨੂੰ ਦਾਨ ਦੇਣ ਲਈ ਪਰੇਰਦਾ ਸੀ। ਇਹ ਉਨਾਂ ਨਾਲੋਂ ਵੀ ਅੱਗੇ ਲੱਗ ਗਏ ਹਨ
ਸਿੱਖ ਟੀਵੀ ਜਾਂ ਸੰਗਤ ਟੀ ਵੀ ਦੇ ਨਾ ਪੈਸੇ ਇਕਠੇ ਕਰਕੇ ਸਾਧਾਂ ਦੇ ਗੁਣ ਗਾਉਂਦੇ ਹਨ। ਇਹ ਕਿਹੜੀ
ਸਿੱਖ ਪੰਥ ਦੀ ਸੇਵਾ ਹੈ ਜੀ?
ਮਦਨ ਮੋਹਨ ਸਿੰਘ
(01/02/13)
ਸਤਨਾਮ ਕੌਰ ਫਰੀਦਾਬਾਦ/ਮੌਹਾਲੀ
ਜਦੋਂ ਬੀਬੀ ਸੁਖਬੀਰ ਕੌਰ ਦੀ ਅੰਤਮ ਅਰਦਾਸ ਗੁਰਮਤਿ ਸਮਾਗਮ ਹੋ ਨਿਬੜਿਆ
ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਬਹਾਲ ਕਰਣ ਦਾ ਸੁਪਨਾ ਰਖਦੇ ਸਨ ਬੀਬੀ ਸੁਖਬੀਰ ਕੌਰ
(੩੧ ਜਨਵਰੀ ੨੦੧੩: ਸਤਨਾਮ ਕੌਰ ਫਰੀਦਾਬਾਦ/ਮੌਹਾਲੀ)
ਮਿਸ਼ਨਰੀ ਲਹਿਰ ਦੇ ਮੋਢੀ ਸ. ਮਹਿੰਦਰ ਸਿੰਘ ਜੋਸ਼ ਦੇ ਸਾਥੀ ਅਤੇ ਸ਼੍ਰੋਮਣੀ ਸਿੱਖ ਸਮਾਜ
ਇੰਟਰਨੈਸ਼ਨਲ ਮੌਹਾਲੀ ਦੇ ਆਗੂ ਸ੍ਰ. ਸੁਖਦੇਵ ਸਿੰਘ ਦੀ ੬੮ ਸਾਲਾ ਜੀਵਨ ਸਾਥਣ ਬੀਬੀ ਸੁਖਬੀਰ ਕੌਰ
ਪਿਛਲੇ ਦਿਨੀਂ ਦੇਹ ਤਿਆਗ ਗਏ ਸਨ। ਉਨ੍ਹਾਂ ਦੀ ਅੰਤਮ ਅਰਦਾਸ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ
ਫੇਸ-੧ ਮੌਹਾਲੀ ਵਿਖੇ ਹੋਈ ਜਿੱਥੇ ਸਿੱਖ ਜਗਤ ਦੀਆਂ ਵਿਦਵਾਨ ਸ਼ਖਸੀਅਤਾਂ ਅਤੇ ਵਿਚਾਰਵਾਨ ਇਕੱਤਰ
ਹੋਏ। ਬੀਬੀ ਸੁਖਬੀਰ ਕੌਰ ਜੋ ਕਿ ਗੁਰਮਤਿ ਜੀਵਨ ਦੇ ਧਾਰਣੀ ਸਨ ਜ਼ਿਕਰਯੋਗ ਹੈ ਕਿ ਨਵੰਬਰ ੨੦੦੬ ਤੋਂ
ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਤਖ਼ਤਾਂ ਅਤੇ ਟਕਸਾਲਾਂ ਉਪਰ ਅਸ਼ਲੀਲ ਗ੍ਰੰਥ ਦੇ ਪ੍ਰਕਾਸ਼ ਖਿਲਾਫ
ਜਾਗਰੂਕ ਵੀਰਾਂ-ਭੈਣਾਂ ਵੱਲੌਂ ਜਿਹੜੀ ਮੁਹਿੰਮ ਵਿੱਢੀ ਗਈ ਸੀ ਉਸ ਵਿੱਚ ਉਨ੍ਹਾਂ ਦਾ ਭਰਪੂਰ ਯੋਗਦਾਨ
ਰਿਹਾ। ਉਨ੍ਹਾਂ ਸਿੱਖ ਸੰਗਤਾਂ ਨੂੰ ਮਾਈ ਭਾਗੋ ਬ੍ਰਿਗੇਡ ਸੰਸਥਾ ਤੋਂ ਅਪੀਲ ਵੀ ਕੀਤੀ ਕਿ ਗੁਰੂ
ਗ੍ਰੰਥ ਸਾਹਿਬ ਜੀ ਦੇ ਬਰਾਬਰ ਤਖ਼ਤਾਂ ਅਤੇ ਟਕਸਾਲਾਂ ਵਿਖੇ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਗੁਰੂ
ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਿੱਧਾ ਚੈਲੰਜ ਹੈ। ਗੁਰਮਤਿ ਸਮਾਗਮ ਮੌਕੇ ਉਨ੍ਹਾਂ ਦੇ ਜੀਵਨ
ਸਾਥੀ ਸ. ਸੁਖਦੇਵ ਸਿੰਘ ਨੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੇਰੀ ਪਤਨੀ ਦੀ ਇਹ ਦਿਲੀਂ
ਇੱਛਾ ਸੀ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਕਿਸੇ ਵੀ ਤਰ੍ਹਾਂ ਦਾ ਕਰਮਕਾਂਡ ਨਾ ਕੀਤਾ ਜਾਵੇ। ਉਨ੍ਹਾਂ
ਕਿਹਾ ਕਿ ਬੀਬਾ ਸੁਖਬੀਰ ਕੌਰ ਦਾ ਕਹਿਣਾ ਸੀ ਕਿ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਗੁਰੂ ਗ੍ਰੰਥ
ਸਾਹਿਬ ਜੀ ਦੀ ਸਰਵਉਚੱਤਾ ਨੂੰ ਚੈਲੰਜ ਹੈ ਇਸ ਕਰ ਕੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲੇ
ਸਿੱਖ ਕੋਈ ਐਸਾ ਉਪਰਾਲਾ ਕਰਨ ਜਿਸ ਨਾਲ ਪੰਜਾਬ ਤੋਂ ਬਾਹਰਲੇ ਦੋ ਤਖ਼ਤਾਂ ਅਤੇ ਟਕਸਾਲਾਂ ਵੱਲੋਂ ਦੋ
ਗੁਰੂ ਸਾਬਤ ਕਰ ਕੇ ਗੁਰੂ ਗ੍ਰੰਥ ਸਾਹਿਬ ਦੀ ਤੌਹੀਨ ਬੰਦ ਕੀਤੀ ਜਾਵੇ। ਇੰਨ੍ਹਾਂ ਕਹਿੰਦੇ ਹੋਏ ਸ.
ਸੁਖਦੇਵ ਸਿੰਘ ਭਾਵੁਕ ਹੋ ਗਏ ਅਤੇ ਉਨ੍ਹਾਂ ਤੋਂ ਮਾਇਕ ਲੈਂਦਿਆਂ ਫਰੀਦਾਬਾਦ ਤੋਂ ਸ਼੍ਰੌਮਣੀ ਸਿੱਖ
ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਨੇ ਕਿਹਾ ਕਿ ਬੀਬੀ ਸੁਖਬੀਰ ਕੌਰ ਜੀ ਦੀ ਇਸ ਇੱਛਾ
ਨਾਲ ਜੇ ਅਸੀਂ ਸਹਿਮਤ ਹਾਂ ਤਾਂ ਸਾਨੂੰ ਹੱਥ ਖੜੇ ਕਰ ਕੇ ਇਸ ਗੱਲ ਦੀ ਪ੍ਰਵਾਨਗੀ ਦੇਣੀ ਚਾਹੀਦੀ ਹੈ
ਅਤੇ ਸੰਗਤਾਂ ਨੇ ਜੁਆਬ ਵਿੱਚ ਦੋਵੇਂ ਹੱਥ ਖੜੇ ਕਰ ਕੇ ਜੈਕਾਰਾ ਛੱਡਿਆ। ਇਸ ਮੌਕੇ ਸ੍ਰ. ਰਵਿੰਦਰ
ਸਿੰਘ ਨੇ ਸਦ ਬਾਣੀ ਦੀ ਵਿਚਾਰ ਕੀਤੀ ਅਤੇ ਪ੍ਰੋਫੈਸਰ ਦਰਸ਼ਨ ਸਿੰਘ ਨੇ ਕੀਰਤਨ ਅਤੇ ਗੁਰਬਾਣੀ
ਵਿਚਾਰਾਂ ਰਾਹੀਂ ਇਕਾ ਬਾਣੀ ਇੱਕ ਗੁਰ ਇਕੋ ਸ਼ਬਦ ਵਿਚਾਰ ਦੀ ਗੱਲ ਕੀਤੀ। ਇਸ ਮੌਕੇ ਸ਼੍ਰੌਮਣੀ ਕਮੇਟੀ
ਮੈਂਬਰ ਸ. ਹਰਦੀਪ ਸਿੰਘ, ਸੁਰਿੰਦਰ ਸਿੰਘ ਫਰੀਦਾਬਾਦ, ਸ. ਨਿਰਮਲ ਸਿੰਘ, ਡਾ. ਤਰਲੋਚਨ ਸਿੰਘ, ਸ੍ਰ.
ਰਜਿੰਦਰ ਸਿੰਘ, ਰਵਿੰਦਰ ਸਿੰਘ, ਹਰਮਿੰਦਰ ਸਿੰਘ ਲੁਧਿਆਣਾ, ਗੁਰਸੇਵਕ ਸਿੰਘ ਮਦਰੱਸਾ, ਸਤਪਾਲ ਸਿੰਘ
ਦੁਗਰੀ, ਹਰਵਿੰਦਰ ਸਿੰਘ ਜਮਾਲਪੁਰ, ਸ਼ਮਸੇਰ ਸਿੰਘ, ਹਾਈਕੋਰਟ ਐਡਵੋਕੇਟ ਮਨਜੀਤ ਸਿੰਘ, ਅਮਰਜੀਤ
ਸਿੰਘ, ਕਰਨਲ ਗੁਰਦੀਪ ਸਿੰਘ, ਜਸਵਿੰਦਰ ਸਿੰਘ ਦੁਬਈ ਅਤੇ ਮਨਮੋਹਨ ਸਿੰਘ ਸਕਾਉਟ ਗੁਰਦੁਆਰਾ ਸ੍ਰੀ
ਗੁਰੂ ਸਿੰਘ ਸਭਾ ਫੇਸ-੧ ਅਤੇ ੬, ਗੁਰਦੁਆਰਾ ਸਾਚਾ ਧਨ ਦੇ ਪ੍ਰਬੰਧਕ ਵੀਰ ਰੋਜ਼ਾਨਾ ਸਪੋਸਕਮੈਨ ਤੋਂ
ਵਾਲੀਆ ਜੀ ਅਤੇ ਸ. ਗੁਰਿੰਦਰ ਸਿੰਘ ਕੋਟਕਪੁਰਾ ਆਦਿ ਸਖਸੀਅਤਾਂ ਹਾਜ਼ਰ ਸਨ।
(01/02/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤਨ ਮਨ
ਦਾ ਸੰਤੁਲਨ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤਨ ਸੰਤੁਲਨ ਕਰੋ, ਅਪਣਾ ਮਨ ਸੰਤੁਲਨ ਕਰੋ।
ਸ਼ੁਧ ਖਾਵੋ ਸ਼ੁਧ ਪੀਵੋ, ਚੰਗਾ ਚਾਲ ਚਲਨ ਕਰੋ।
ਦਾਤਾਂ ਰੱਬ ਦੀਆਂ ਨੇ, ਕਿਧਰੇ ਥੋੜਾ ਕਿਤੇ ਬਹੁਤ।
ਬਹੁਤਾ ਕਿਸੇ ਦਾ ਦੇਖ, ਨਾ ਐਵੇਂ, ਜੀਅ ਵਿੱਚ ਜਲਨ ਕਰੋ।
ਸਭ ਨੂੰ ਪ੍ਰੇਮ ਕਰੋ ਯਾਰੋ, ਸਭ ਦਾ ਭਲਾ ਕਰੋ।
ਸਾਰੇ ਉਸ ਦੇ ਜੀਵ, ਦੂਸਰਾ ਕੌਣ ਇਹ ਮਨਨ ਕਰੋ?
ਸੁੱਚ ਹੋਵੇ ਤਨ ਮਨ ਦੀ, ਸੱਚ ਦੇ ਨੇੜੇ ਲੱਗੀਦਾ।
ਭਟਕਣ ਸੱਚ ਵਿੱਚ ਮੁਕਦੀ, ਸੱਚ ਵਿੱਚ ਮਿਲਕੇ ਅਮਨ ਕਰੋ।
ਸੋਚਾਂ ਛੱਡਕੇ, ਸਿਮਰਨ ਕਰਨਾ, ਮਾਇਆ ਤੋਂ ਟੁੱਟਣਾ,
ਬੇਗਾਨਾ ਛੱਡ ਅਪਣੇ ਦੇ ਸੰਗ ਜੁੜਕੇ ਸ਼ਗਨ ਕਰੋ।
ਤਨ ਸੰਤੁਲਨ ਕਰੋ, ਅਪਣਾ ਮਨ ਸੰਤੁਲਨ ਕਰੋ।
ਸ਼ੁਧ ਖਾਵੋ ਸ਼ੁਧ ਪੀਵੋ, ਚੰਗਾ ਚਾਲ ਚਲਨ ਕਰੋ।
(01/02/13)
ਜਸਵੰਤ ਸਿੰਘ ‘ਅਜੀਤ’
ਦਿੱਲੀ ਗੁਰਦੁਆਰਾ ਚੋਣਾਂ
ਅਣਕਿਆਸੇ ਜਾਂ ਅਸਾਵੀਂ ‘ਜੰਗ’ ਦੇ ਨਤੀਜੇ?
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੇ ਜੋ ਨਤੀਜੇ ਸਾਹਮਣੇ ਆਏ
ਹਨ, ਉਨ੍ਹਾਂ ਨੂੰ ਲੈ ਕੇ ਜੋ ਵਿਸ਼ਲੇਸ਼ਣ ਕੀਤੇ ਜਾ ਰਹੇ ਹਨ ਉਨ੍ਹਾਂ ਅਨੁਸਾਰ ਇੱਕ ਪਾਸੇ ਤਾਂ ਇਹ
ਮੰਨਿਆ ਜਾ ਰਿਹਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੇ ਨਤੀਜਿਆਂ
ਨੇ ਇਨ੍ਹਾਂ ਚੋਣਾਂ ਦੇ ਨਤੀਜਿਆਂ ਬਾਰੇ ਕੀਤੀਆਂ ਜਾਂਦੀਆਂ ਰਹੀਆਂ ਸਾਰੀਆਂ ਕਿਆਸਅਰਾਈਆਂ ਅਤੇ ਲਾਏ
ਜਾਂਦੇ ਰਹੇ ਅਨੁਮਾਨਾਂ ਨੂੰ ਖਾਰਜ ਕਰ ਕੇ ਰਖ ਦਿੱਤਾ ਹੈ ਅਤੇ ਦੂਸਰੇ ਪਾਸੇ ਇਹ ਕਿਹਾ ਜਾ ਰਿਹਾ ਹੈ
ਕਿ ਇਹ ਨਤੀਜੇ ਇੱਕ ਅਸਾਵੀਂ ‘ਜੰਗ’ ਦੇ ਹਨ, ਕਿਉਂਕਿ ਇੱਕ ਪਾਸੇ ਤਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ
ਦੇ ਕੇਵਲ ਦੋ ਮੁਖੀ, ਸ. ਪਰਮਜੀਤ ਸਿੰਘ ਸਰਨਾ ਅਤੇ ਸ. ਹਰਵਿੰਦਰ ਸਿੰਘ ਸਰਨਾ, ਹੀ ਸਨ, ਜਦਕਿ ਦੂਸਰੇ
ਪਾਸੇ ਉਨ੍ਹਾਂ ਦੇ ਵਿਰੁਧ ਸ਼੍ਰੋਮਣੀ ਅਕਾਲੀ ਦਲ (ਬਾਦਲ), ਉਸਦੀ ਯੂਥ ਇੱਕਾਈ ਦੀ ਬ੍ਰਿਗੇਡ, ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦੇ ਸਾਰੇ ਮੁੱਖੀਆਂ ਅਤੇ ਸਾਧਨਾਂ ਦੇ ਨਾਲ ਸੰਤ
ਸਮਾਜ ਤੇ ਭਾਜਪਾ ਦੀ ਸ਼ਕਤੀ ਵੀ ਸੀ। ਇਤਨਾ ਹੀ ਨਹੀਂ, ਬਾਦਲ ਪਰਿਵਾਰ ਦਾ ਟੀਵੀ ਚੈਨਲ ਪੀਟੀਸੀ ਵੀ
ਪੂਰੀ ਤਾਕਤ ਨਾਲ ਇਸ ‘ਜੰਗ’ ਵਿੱਚ ਸਰਨਾ-ਭਰਾਵਾਂ ਦੇ ਵਿਰੁਧ ਮਾਹੌਲ ਬਣਾਉਣ ਅਤੇ ਉਸਨੂੰ ਹਵਾ ਦੇਣ
ਵਿੱਚ ਜੁਟਿਆ ਹੋਇਆ ਸੀ। ਇਸ ਹਾਲਤ ਵਿੱਚ ਜੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ 46 ਸੀਟਾਂ ਵਿਚੋਂ 37
ਸੀਟਾਂ ਪੁਰ ਆਪਣੀ ਜਿਤ ਦਰਜ ਕਰਵਾਉਣ ਵਿੱਚ ਸਫਲਤਾ ਪ੍ਰਾਪਤ ਕਰ ਲਈ ਤਾਂ ਇਸ ਵਿੱਚ ਕੋਈ ਹੈਰਾਨੀ
ਵਾਲੀ ਕੋਈ ਗਲ ਨਹੀਂ।
ਇਸ ‘ਜੰਗ’ ਵਿੱਚ ਜਿਤ ਪ੍ਰਾਪਤ ਕਰ, ਸ਼੍ਰੋਮਣੀ ਅਕਾਲੀ ਦਲ (ਬਾਦਲ), ਜੋ ਬੀਤੇ ਦਸਾਂ ਵਰ੍ਹਿਆਂ ਤੋਂ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਤੋਂ ਬਾਹਰ ਚਲਿਆ ਆ ਰਿਹਾ ਸੀ, ਨੇ ਦਿੱਲੀ
ਗੁਰਦੁਆਰਾ ਕਮੇਟੀ ਦੀ ਸੱਤਾ ਮੁੜ ਹਾਸਲ ਕਰਨ ਵਿੱਚ ਸਫਲਤਾ ਪ੍ਰਾਪਤ ਕਰ ਲਈ ਅਤੇ ਇਨ੍ਹਾਂ ਵਰ੍ਹਿਆਂ
ਵਿੱਚ ਹੀ ਗੁਰਦੁਆਰਾ ਕਮੇਟੀ ਦੀ ਸੱਤਾ ਪੁਰ ਕਾਬਜ਼ ਚਲੇ ਆ ਰਹੇ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ)
ਨੂੰ ਕਰਾਰੀ ਹਾਰ ਦੇ ਸੱਤਾ ਤੋਂ ਬਾਹਰ ਧੱਕ ਦਿੱਤਾ। ਇਥੋਂ ਤਕ ਕਿ ਦਲ ਦੇ ਪ੍ਰਧਾਨ ਸ. ਪਰਮਜੀਤ ਸਿੰਘ
ਸਰਨਾ ਨੂੰ ਵੀ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਇਨ੍ਹਾਂ ਨਤੀਜਿਆਂ ਪੁਰ ਵਿਸ਼ਲੇਸ਼ਕਾਂ ਵਲੋਂ ਆਪੋ-ਆਪਣੀ ਸੋਚ ਮੁਤਾਬਕ ਅਤੇ ਉਹ ਵੀ ਸ਼੍ਰੋਮਣੀ ਅਕਾਲੀ ਦਲ
(ਬਾਦਲ) ਦੇ ਮੁੱਖੀਆਂ ਵਲੋਂ ਇਨ੍ਹਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਦੇ ਮੁਖੀਆਂ
ਵਿਰੁਧ ਪ੍ਰਚਾਰੇ ਜਾਂਦੇ ਰਹੇ ਦੋਸ਼ਾਂ ਦੇ ਆਧਾਰ ਤੇ ਆਪੋ-ਆਪਣੇ ਨਤੀਜੇ ਕਢੇ ਜਾ ਰਹੇ ਹਨ, ਜਦਕਿ ਉਸ
ਸੱਚਾਈ ਨੂੰ ਮੂਲੋਂ ਹੀ ਨਜ਼ਰ-ਅੰਦਾਜ਼ ਕੀਤਾ ਜਾ ਰਿਹਾ ਹੈ, ਜੋ ਇਸ ਸਥਿਤੀ ਦਾ ਮੂਲ ਕਾਰਣ ਰਹੀ ਹੈ।
ਜਿਵੇਂ ਕਿ ਉਪਰ ਜ਼ਿਕਰ ਕੀਤਾ ਗਿਆ ਹੈ ਕਿ ਇਸ ਚੋਣ ਮੁਹਿੰਮ ਵਿੱਚ ਇੱਕ ਪਾਸੇ ਕੇਵਲ ਸ. ਪਰਮਜੀਤ ਸਿੰਘ
ਸਰਨਾ ਅਤੇ ਉਨ੍ਹਾਂ ਦੇ ਭਰਾ ਸ. ਹਰਵਿੰਦਰ ਸਿੰਘ ਸਰਨਾ ਨੇ ਹੀ ਆਪਣੀ ਪਾਰਟੀ, ਸ਼੍ਰੋਮਣੀ ਅਕਾਲੀ ਦਲ
ਦਿੱਲੀ (ਸਰਨਾ) ਦੇ ਉਮੀਦਵਾਰਾਂ ਦੇ ਹਕ ਵਿੱਚ ਚੋਣ ਪ੍ਰਚਾਰ ਕਰਨ ਦੀ ਜ਼ਿਮੇਂਦਾਰੀ ਸੰਭਾਲੀ ਹੋਈ ਸੀ।
ਇਸ ਚੋਣ ਮੁਹਿੰਮ ਵਿੱਚ ਉਨ੍ਹਾਂ ਨਾਲ ਕੋਈ ਵੀ ਤੀਸਰਾ ਆਗੂ ਨਹੀਂ ਸੀ ਅਤੇ ਦੂਸਰੇ ਪਾਸੇ ਪੰਜਾਬ ਦੇ
ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ-ਮੁਖ
ਮੰਤਰੀ ਤੇ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਆਪਣੇ ਅਕਾਲੀ ਦਲ ਤੇ ਉਸਦੇ ਯੂਥ ਵਿੰਗ, ਪੰਾਜਬ
ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦੇ ਸਾਰੇ ਸਾਧਨਾਂ ਨਾਲ ਲੈਸ
ਹੋ, ਦਿੱਲੀ ਗੁਰਦੁਆਰਾ ਕਮੇਟੀ ਪੁਰ ‘ਕਬਜ਼ੇ’ ਦੀ ‘ਜੰਗ’ ਜਿਤਣ ਲਈ ਦਲ-ਬਲ ਸ਼ਹਿਤ ਪੁਜੇ ਹੋਏ ਸਨ।
ਇਸਤੋਂ ਇਲਾਵਾ ਉਨ੍ਹਾਂ ਸੰਤ ਸਮਾਜ ਨੂੰ ਵੀ ਆਪਣੇ ਹਕ ਵਿੱਚ ਵਰਤਿਆ, ਭਾਜਪਾ ਦੇ ਆਗੂ ਵੀ ਆਪਣੀ ਪੂਰੀ
ਸ਼ਕਤੀ ਨਾਲ ਉਨ੍ਹਾਂ ਦੇ ਹਕ ਵਿੱਚ ਨਿਤਰੇ ਹੋਏ ਸਨ।
ਬਾਦਲ ਪਰਿਵਾਰ ਦੇ ਨਿਜੀ ਟੀਵੀ ਚੈਨਲ, ਪੀਟੀਸੀ ਨੇ ਵੀ ਲਗਾਤਾਰ ਵੀਹ ਦਿਨ ਸ਼੍ਰੋਮਣੀ ਅਕਾਲੀ ਦਲ
ਦਿੱਲੀ ਦੇ ਮੁਖੀਆਂ, ਸਰਨਾ-ਭਰਾਵਾਂ ਵਿਰੁਧ ਪ੍ਰਚਾਰ ਕਰਨ ਵਿੱਚ ਦਿਨ ਰਾਤ ਇੱਕ ਕਰੀ ਰਖਿਆ। ਇਸ ਚੈਨਲ
ਪੁਰ ਸਰਨਾ-ਭਰਾਵਾਂ ਦੇ ਵਿਰੋਧੀਆਂ ਨਾਲ ਮੁਲਾਕਾਤਾਂ ਪ੍ਰਸਾਰਤ ਕਰ, ਉਨ੍ਹਾਂ ਵਿਰੁਧ ਮਾਹੌਲ ਬਣਾਉਣ
ਅਤੇ ਉਸਨੂੰ ਹਵਾ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ ਗਈ। ਕੋਈ ਅਜਿਹਾ ਦੋਸ਼ ਨਹੀਂ ਸੀ ਰਹਿ ਗਿਆ ਜੋ
ਸਰਨਾ-ਭਰਾਵਾਂ ਪੁਰ ਨਾ ਲਾਇਆ ਗਿਆ ਹੋਵੇ। ਹੋਰ ਤਾਂ ਹੋਰ ਸ਼੍ਰੀ ਅਕਾਲ ਤਖਤ ਤੋਂ 2003 ਥੇ 2010
ਵਿੱਚ ਜਾਰੀ ਨਾਨਕਸ਼ਾਹੀ ਕੈਲੰਡਰਾਂ ਬਾਰੇ ਪੰਥ ਵਿੱਚ ਪਏ ਹੋਏ ਭੰਬਲ-ਭੂਸੇ ਲਈ ਵੀ ਸਰਨਾ-ਭਰਾਵਾਂ ਨੂੰ
ਹੀ ਦੋਸ਼ੀ ਠਹਿਰਾ, ਉਨ੍ਹਾਂ ਪੁਰ ਅਕਾਲ ਤਖਤ ਦੇ ਆਦੇਸ਼ ਨੂੰ ਨਾ ਮੰਨਣ ਦੇ ਦੋਸ਼ ਲਾਏ ਹੀ ਨਹੀਂ ਗਏ,
ਸਗੋਂ ਉਨ੍ਹਾਂ ਨੂੰ ਬੁਰੀ ਤਰ੍ਹਾਂ ਉਛਾਲਿਆ ਵੀ ਗਿਆ।
ਜਦਕਿ ਨਾਨਕਸ਼ਾਹੀ ਕੈਲੰਡਰ ਸਬੰਧੀ ਚਲ ਰਹੇ ਵਿਵਾਦ ਦੀ ਸੱਚਾਈ ਇਹ ਹੈ ਕਿ ਸੰਨ-2010 ਵਿੱਚ ਜਾਰੀ
ਸੋਧੇ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕੀਤੇ ਜਾਣ ਦੇ ਮੁੱਦੇ ਪੁਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਦੇ ਅਹੁਦੇਦਾਰ, ਕਾਰਜਕਾਰਨੀ ਦੇ ਮੈਂਬਰਾਂ ਦੇ ਨਾਲ ਹੀ ਉਸਦੇ ਅਧੀਨ ਪੰਜਾਬ ਵਿੱਚਲੇ ਤਿੰਨਾਂ
ਤਖਤਾਂ ਦੇ ਜਥੇਦਾਰ ਤਕ ਵੀ ਆਪੋ ਵਿੱਚ ਸਹਿਮਤ ਨਹੀਂ। ਇਹ ਹੀ ਨਹੀਂ ਸ੍ਰੀ ਅਕਾਲ ਤਖਤ ਤੋਂ ਸ.
ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੀ ਸੱਤਾ-ਅਧੀਨ ਸ਼੍ਰੋਮਣੀ ਕਮੇਟੀ ਦੇ ਮੁਖੀਆਂ ਦੇ ਨਾਂ ਜਾਰੀ
ਲਗਭਗ ਡੇਢ ਦਰਜਨ ਅਜਿਹੇ ਆਦੇਸ਼ ਹਨ, ਜਿਨ੍ਹਾਂ ਨੂੰ ਉਨ੍ਹਾਂ ਵਲੋਂ ਲਗਾਤਾਰ ਅਣਗੋਲਿਆਂ ਕੀਤਾ ਜਾਂਦਾ
ਚਲਿਆ ਆ ਰਿਹਾ ਹੈ। ਪ੍ਰੰਤੂ ਪੰਜਾਬ ਵਿੱਚ ਕਿਸੇ ਵਲੋਂ ਵੀ ਕਦੀ ਬਾਦਲ ਅਕਾਲੀ ਦਲ ਅਤੇ ਸ਼੍ਰੋਮਣੀ
ਕਮੇਟੀ ਦੇ ਮੁਖੀਆਂ ਦੇ ਇਸ ਗੁਨਾਹ ਦਾ ਵਿਰੋਧ ਕੀਤਾ ਜਾਣਾ ਤਾਂ ਦੂਰ ਰਿਹਾ, ਉਨ੍ਹਾਂ ਵਿਰੁਧ ਕਦੀ
ਕਿਸੇ ਨੇ ਰੋਸ ਤਕ ਵੀ ਪ੍ਰਗਟ ਨਹੀਂ ਕੀਤਾ। ਇਥੋਂ ਤਕ ਵੀ ਕਿ ਇਸ ਸਮੇਂ ਦੌਰਾਨ ਸ੍ਰੀ ਅਕਾਲ ਤਖਤ ਦੇ
ਰਹੇ ਜਥੇਦਾਰਾਂ ਵਿਚੋਂ ਵੀ ਕਿਸੇ ਨੇ ਉਨ੍ਹਾਂ ਪਾਸੋਂ ਅਕਾਲ ਤਖਤ ਤੋਂ ਜਾਰੀ ਆਦੇਸ਼ਾਂ ਦਾ ਪਾਲਣ ਨਾ
ਕੀਤੇ ਜਾਣ ਦੇ ਸਬੰਧ ਵਿੱਚ ਜਵਾਬ-ਤਲਬੀ ਤਕ ਵੀ ਨਹੀਂ ਕੀਤੀ।
ਇਸਤਰ੍ਹਾਂ ਇੱਕ ਪਾਸੇ ਮਤਦਾਤਾਵਾਂ ਨੂੰ ਸਰਨਾ-ਭਰਾਵਾਂ ਵਿਰੁਧ ਬਦਜ਼ਨ ਕਰਨ ਲਈ ਧੂਆਂ-ਧਾਰ ਪਚਾਰ ਕੀਤਾ
ਜਾ ਰਿਹਾ ਸੀ, ਅਤੇ ਦੂਜੇ ਪਾਸੇ ਸਰਨਾ-ਭਰਾ ਇਸ ਵਿਸ਼ਵਾਸ ਨਾਲ ਚੋਣ ਮੁਹਿੰਮ ਚਲਾਉਣ ਵਿੱਚ ਜੁਟੇ ਹੋਏ
ਸਨ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਵਲੋਂ ਦਿੱਲੀ ਗੁਰਦੁਆਰਾ ਕਮੇਟੀ ਦੀ ਸੇਵਾ-ਸੰਭਾਲ ਦੇ
ਵਰ੍ਹਿਆਂ ਵਿੱਚ ਗੁਰਦੁਆਰਾ ਪ੍ਰਬੰਧ ਵਿੱਚ ਪਾਰਦਰਸ਼ਿਤਾ ਲਿਆਉਣ, ਗੁਰਧਾਮਾਂ ਦੀ ਦਿੱਖ ਸੰਵਾਰਨ,
ਸੰਗਤਾਂ ਲਈ ਸਹੂਲਤਾਂ ਵਿੱਚ ਵਾਧਾ ਕਰਨ ਅਤੇ ਗੁਰਧਾਮਾਂ ਦੇ ਆਲੇ-ਦੁਆਲੇ ਦਾ ਵਿਸਥਾਰ ਕਰ ਉਨ੍ਹਾਂ ਦਾ
ਸਰੂਪ ਦਿਲਖਿਚਵਾਂ ਬਣਾਉਣ ਦੇ ਨਾਲ ਹੀ ਜੋ ਵਿਦਿਅਕ ਖੇਤ੍ਰ ਦਾ ਵਿਸਥਾਰ ਕੀਤਾ ਗਿਆ, ਤਕਨੀਕੀ
ਸੰਸਥਾਵਾਂ ਸਥਾਪਤ ਕੀਤੀਆਂ ਅਤੇ ਉਨ੍ਹਾਂ ਪ੍ਰਬੰਧ ਅਤੇ ਪੱਧਰ ਵਿੱਚ ਸੁਧਾਰ ਲਿਆਉਣ ਦੇ ਜੋ ਕਦਮ ਉਠਾਏ
ਹਨ ਅਤੇ ਦੇਸ਼-ਵਿਦੇਸ਼ ਵਿੱਚ ਵਸਦੇ ਸਿੱਖਾਂ ਦੀਆਂ ਸੱਮਸਿਆਵਾਂ ਨੂੰ ਹਲ ਕਰਵਾਉਣ ਵਿੱਚ ਜੋ ਭੂਮਿਕਾ
ਨਿਭਾਈ ਹੈ, ਉਹ ਸੰਗਤਾਂ ਦੇ ਸਾਹਮਣੇ ਹੈ, ਉਹ ਉਨ੍ਹਾਂ ਦੀ ਜਿੱਤ ਦੀ ਜ਼ਾਮਨ ਹੋਵੇਗੀ। ਉਨ੍ਹਾਂ ਦੀਆਂ
ਇਹ ਸਾਰੀਆਂ ਪ੍ਰਾਪਤੀਆਂ ਉਨ੍ਹਾਂ ਵਿਰੁਧ ਛੇੜੀ ਗਈ ਮੁਹਿੰਮ, ਵਿਸ਼ੇਸ਼ ਰੂਪ ਵਿੱਚ ਅਕਾਲ ਤਖਤ ਦੇ
ਆਦੇਸ਼ਾਂ ਨੂੰ ਨਾ ਮੰਨਣ ਦੇ ਲਾਏ ਗਏ ਦੋਸ਼ਾਂ ਦਾ ਕੀਤੇ ਜਾ ਰਹੇ ਧੂੰਆਂ-ਧਾਰ ਪ੍ਰਚਾਰ ਹੇਠ ਦਬ ਕੇ ਰਹਿ
ਗਿਆ। ਜਿਸ ਕਾਰਣ ਇਨ੍ਹਾਂ ਪ੍ਰਾਪਤੀਆਂ ਕਾਰਣ ਉਨ੍ਹਾਂ ਵਿੱਚ ਪੈਦਾ ਹੋਇਆ ਲੋੜੋਂ ਵਧ ਅਤਮ-ਵਿਸ਼ਵਾਸ ਵੀ
ਉਨ੍ਹਾਂ ਲਈ ਨੁਕਸਾਨ-ਦੇਹ ਸਾਬਤ ਹੋਇਆ। ਇਹ ਵੀ ਦਸਿਆ ਜਾਂਦਾ ਹੈ ਕਿ ਕੁੱਝ ਉਨ੍ਹਾਂ ਲੋਕਾਂ ਨੇ ਵੀ
ਇਨ੍ਹਾਂ ਨਾਲ ਵਿਸ਼ਵਾਸਘਾਤ ਕੀਤਾ, ਜਿਨ੍ਹਾਂ ਨੇ ਇਨ੍ਹਾਂ ਦੀ ਜੀ-ਹਜ਼ੂਰੀ ਕਰ ਆਪ ਇਨ੍ਹਾਂ ਦੀ ਨੇੜਤਾ
ਪ੍ਰਾਪਤ ਕਰ ਲਈ ਤੇ ਚਿਰਾਂ ਤੋਂ ਵਿਸ਼ਵਾਸ ਪਾਤਰ ਚਲੇ ਆ ਰਿਹਾਂ ਨੂੰ ਦੂਰ ਧਕ ਦਿੱਤਾ ਹੋਇਆ ਸੀ।
ਸ਼ਾਇਦ ਉਨ੍ਹਾਂ ਨੂੰ ਇਹ ਵੀ ਵਿਸ਼ਵਾਸ ਸੀ ਕਿ ਜਿਵੇਂ ਭਾਜਪਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਮਦਦ ਲਈ
ਪੂਰੀ ਤਾਕਤ ਨਾਲ ਮੈਦਾਨ ਵਿੱਚ ਨਿਤਰੀ ਹੋਈ ਹੈ, ਉਸੇ ਤਰ੍ਹਾਂ ਉਸਨੂੰ ਕਾਉਂਟਰ ਕਰਨ ਲਈ ਕਾਂਗ੍ਰਸ ਵੀ
ਉਨ੍ਹਾਂ ਦੀ ਮਦਦ ਲਈ ਮੈਦਾਨ ਵਿੱਚ ਨਿਤਰੇਗੀ। ਉਨ੍ਹਾਂ ਦੇ ਇਸ ਵਿਸ਼ਵਾਸ ਦਾ ਕਾਰਣ ਇਹ ਸੀ ਕਿ ਉਹ
ਭਾਜਪਾ ਵਿਰੁਧ ਕਾਂਗ੍ਰਸ ਨਾਲ ਡਟ ਕੇ ਖਲੌਂਦੇ ਚਲੇ ਆ ਰਹੇ ਸਨ। ਇਥੋਂ ਤਕ ਕਿ ਦਿੱਲੀ ਵਿਧਾਨ ਸਭਾ
ਦੀਆਂ ਚੋਣਾਂ ਸਮੇਂ ਉਨ੍ਹਾਂ ਰਾਜਧਾਨੀ ਦੇ ਸਿੱਖਾਂ ਦੀਆਂ ਮੀਟਿੰਗਾਂ ਕਰ ਅਤੇ ਲੋਕਸਭਾ ਦੀਆਂ ਚੋਣਾਂ
ਸਮੇਂ ਰਾਸ਼ਟਰੀ ਪੱਧਰ ਤੇ ਸਿੱਖ ਪ੍ਰਤੀਨਿਧੀਆਂ ਦੀਆਂ ਕਾਨਫ੍ਰੰਸਾਂ ਕਰ ਸਿੱਖਾਂ ਨੂੰ ਕਾਂਗ੍ਰਸ ਦੇ ਹਕ
ਵਿੱਚ ਨਿਤਰਨ ਲਈ ਤਿਆਰ ਕਰਨ ਵਿੱਚ ਮੁਖ ਭੂਮਿਕਾ ਨਿਭਾਈ ਸੀ। ਪਰ ਨਾ ਤਾਂ ਕਾਂਗ੍ਰਸ ਪਾਰਟੀ ਭਾਜਪਾ
ਦੇ ਬਾਦਲ ਅਕਾਲੀ ਦਲ ਦੇ ਹਕ ਵਿੱਚ ਅਤੇ ਸਰਨਾ ਅਕਾਲੀ ਦਲ ਦੇ ਵਿਰੁਧ ਕੀਤੇ ਜਾ ਰਹੇ ਪ੍ਰਚਾਰ ਨੂੰ
ਕਾਉਂਟਰ ਕਰਨ ਲਈ ਨਿਤਰੀ ਅਤੇ ਨਾ ਹੀ ਕਾਂਗ੍ਰਸ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਚੋਣ
ਜ਼ਾਬਤੇ ਦੀਆਂ ਕੀਤੀਆਂ ਜਾ ਰਹੀਆਂ ਉਲੰਘਣਾਵਾਂ ਦੀਆਂ ਉਨ੍ਹਾਂ ਵਲੋਂ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ
ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਸਮਝੀ। ਜਿਸ ਕਾਰਣ ਉਨ੍ਹਾਂ ਦੇ ਹੌਂਸਲੇ ਵਧੇ ਤੇ ਉਨ੍ਹਾਂ ਵੋਟਾਂ
ਪੈਣ ਤੋਂ ਇੱਕ ਦਿਨ ਪਹਿਲਾਂ, ਅਰਥਾਤ 26 ਜਨਵਰੀ ਨੂੰ ਆਪਣੇ, ਪੀਟੀਸੀ ਚੈਨਲ ਪੁਰ ਸ੍ਰੀ ਅਕਾਲ ਤਖਤ
ਦੇ ਜਥੇਦਾਰ ਪਾਸੋਂ ਆਪਣੇ ਉਮੀਦਵਾਰਾਂ ਦੇ ਹਕ ਵਿੱਚ ਅਪੀਲ ਜਾਰੀ ਕਰਵਾ ਲਈ, ਜਦਕਿ 25, ਜਨਵਰੀ ਸ਼ਾਮ
ਨੂੰ ਚੋਣ ਪ੍ਰਚਾਰ ਲਈ ਨਿਸ਼ਚਿਤ ਸਮਾਂ ਖਤਮ ਹੋ ਗਿਆ ਹੋਇਆ ਸੀ ਅਤੇ ਇਸਤੋਂ ਬਾਅਦ ਚੋਣ ਪ੍ਰਚਾਰ ਕਰਨਾ
ਜਾਂ ਆਪਣੇ ਹਕ ਵਿੱਚ ਅਪੀਲ ਜਾਰੀ ਕਰਵਾਣੀ ਜਾਂ ਕਰਨੀ ਜਾਂ ਫਿਰ ਇਸ਼ਤਿਹਾਰ ਛਪਵਾਣੇ, ਆਦਿ ਚੋਣ ਜ਼ਾਬਤੇ
ਦੀ ਸਪਸ਼ਟ ਉਲੰਘਣਾ ਸੀ।
…ਅਤੇ ਅੰਤ ਵਿੱਚ: ਇਸ ਸਮੇਂ ਜਦਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ
ਵਿੱਚ ਪ੍ਰਾਪਤ ਹੋਈ ਰਿਕਾਰਡ ਜਿਤ ਕਾਰਣ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਖੁਸ਼ੀ ਤੇ ਜੋਸ਼ ਦਾ
ਮਾਹੌਲ ਬਣਿਆ ਹੋਇਆ ਹੈ, ਉਥੇ ਹੀ ਇਹ ਸੁਆਲ ਵੀ ਜਿਤੇ ਮੈਂਬਰਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ
ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਚੁਣੇ ਗਏ ਮੈਂਬਰਾਂ ਵਿਚੋਂ ਹੀ ਕੋਈ ਬਣੇਗਾ ਜਾਂ
ਨਾਮਜ਼ਦ ਹੋਣ ਵਾਲੇ ਮੈਂਬਰਾਂ ਵਿਚੋਂ? ਦਸਿਆ ਜਾਂਦਾ ਹੈ ਕਿ ਜਿਹੜੇ ਪੰਜ ਮੈਂਬਰ ਨਾਮਜ਼ਦ ਹੋਣੇ ਹਨ, ਉਹ
ਗੁਰਦੁਆਰਾ ਕਮੇਟੀ ਵਿੱਚ ਬਾਦਲ ਅਕਾਲੀ ਦਲ ਦੀ ਸ਼ਕਤੀ ਹੀ ਬਣਨਗੇ। ਇਸ ਸਮੇਂ ਪ੍ਰਧਾਨ ਦੇ ਅਹੁਦੇ ਲਈ
ਜਿਹੜੇ ਚਾਰ ਨਾਂ ਚਰਚਾ ਵਿੱਚ ਹਨ, ਉਨ੍ਹਾਂ ਵਿੱਚ ਜ, ਅਵਤਾਰ ਸਿੰਘ ਹਿਤ, ਜ. ਓਂਕਾਰ ਸਿੰਘ ਥਾਪਰ,
ਜ, ਮਨਜੀਤ ਸਿੰਘ ਜੀਕੇ ਅਤੇ ਸ. ਮਨਜਿੰਦਰ ਸਿੰਘ ਸਿਰਸਾ ਦੇ ਨਾਂ ਹਨ। ਇਹ ਵੀ ਦਸਿਆ ਜਾ ਰਿਹਾ ਹੈ ਕਿ
ਇਨ੍ਹਾਂ ਚਹੁੰ ਦੇ ਸਾਥੀਆਂ ਵਲੋਂ ਆਪੋ-ਆਪਣੇ ਮੁਖੀ ਲਈ ਲਾਬੀ ਕਰਦਿਆਂ ਦੂਸਰਿਆਂ ਵਿਰੁਧ ਦਬੇ ਮੁਰਦੇ
ਉਖਾੜੇ ਜਾ ਰਹੇ ਹਨ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜੇ ਇਨ੍ਹਾਂ ਵਲੋਂ ਆਪੋ-ਆਪਣੇ ਹਕ ਵਿੱਚ ਲਾਬੀ
ਕਰਵਾਈ ਜਾਣੀ ਜਾਰੀ ਰਖੀ ਗਈ, ਤਾਂ ਫਿਰ ਸ. ਸੁਖਬੀਰ ਸਿੰਘ ਬਾਦਲ ਨੂੰ ਨਾਮਜ਼ਦ ਮੈਂਬਰਾਂ ਵਿਚੋਂ ਕਿਸੇ
ਦੇ ਸਿਰ ਤੇ ਪ੍ਰਧਾਨਗੀ ਦਾ ਸਿਹਰਾ ਬੰਨ੍ਹਣਾ ਪੈ ਸਕਦਾ ਹੈ। ਮਤਲਬ ਇਹ ਕਿ ਗੁਰਦੁਆਰਾ ਕਮੇਟੀ ਦਾ
ਪ੍ਰਧਾਨ ਉਹ ਹੀ ਬਣੇਗਾ ਜਿਸਦੇ ਸਿਰ ਤੇ ਸ. ਸੁਖਬੀਰ ਸਿੰਘ ਹੱਥ ਰਖਣਗੇ। 000
Mobile : +91 98 68 91 77 31
{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}
.