(30/07/13)
ਗੁਰਸ਼ਰਨ ਸਿੰਘ ਕਸੇਲ
ਗਿਆਨੀ ਸੰਤੋਖ ਸਿੰਘ ਜੀ, ਆਸਟ੍ਰੇਲੀਆ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੋ ਆਪ ਨੇ ਆਪਣੇ ਕੀਮਤੀ ਸਮੇਂ ਵਿਚੋਂ ਕੁਝ ਸਮਾਂ
ਕੱਢਕੇ ਮੇਰੀ ਚਿੱਠੀ ਦੇ ਸਬੰਧ ਵਿਚ ਆਪਣੇ ਵਿਚਾਰਾਂ ਦੀ ਸਾਂਝ ਪਾਈ ਹੈ; ਨਹੀਂ ਤਾਂ ਬਹੁਤੇ ਪ੍ਰਚਾਰਕ
ਤਾਂ ਉਹਨਾਂ ਦੀ ਲਿਖਤ ਬਾਰੇ ਪੁੱਛੇ ਗਏ ਵਿਚਾਰਾਂ ਬਾਰੇ ਦੋ ਲਾਈਨਾਂ ਵੀ ਲਿਖਕੇ ਜਵਾਬ ਦੇਣ ਨੂੰ
ਸ਼ਾਇਦ ਆਪਣੀ ਹੱਤਕ ਸਮਝਦੇ ਹਨ । ਉਂਝ ਭਾਂਵੇਂ ਲੰਮੇਂ –ਲੰਮੇਂ ਲੇਖ ਲਿਖਦੇ ਹੋਣ ।
ਗਿਆਨੀ ਜੀ, “ਸਿੱਖ ਮਾਰਗ” ‘ਤੇ ਲਗਦੀਆਂ ਲਿਖਤਾਂ ਨੂੰ ਪੜ੍ਹਨ ਵਾਲੇ ਬਹੁਗਿਣਤੀ ਪਾਠਕ ਆਮ ਕੰਮ ਕਾਰ
ਕਰਨ ਵਾਲੇ ਹਨ; ਸਿੱਖ ਧਰਮ ਦੇ ਪੇਸ਼ਾਵਰ ਪ੍ਰਚਾਰਕ ਨਹੀਂ ਹਨ, ਉਹਨਾਂ ਵਿਚੋਂ ਇਕ ਮੈਂ ਵੀ ਹਾਂ ।
ਤੁਹਾਡੇ ਵਰਗੇ ਵਿਦਵਾਨਾਂ ਦੀਆਂ ਲਿਖਤਾਂ ਪੜ੍ਹਕੇ, ਸੁਣਕੇ ਗੁਰਮਤਿ ਪ੍ਰਤੀ ਜਾਣਕਾਰੀ ਲੈਣ ਦੀ ਕੋਸ਼ਿਸ਼
ਕਰਦੇ ਹਾਂ । ਸੋ, ਮੈਂ ਆਪ ਜੀ ਨੂੰ “ਅਨੰਦ” ਅਤੇ “ਸੁਖ” ਦੇ ਅੰਤਰ ਬਾਰੇ ਕੀ ਦੱਸ ਸਕਦਾ ਹਾਂ ।
ਆਪ ਜੀ ਪਾਸੋਂ “ਅਨੰਦ” ਅਤੇ “ਸੁਖ” ਬਾਰੇ ਜਾਣਕਾਰੀ ਲੈਣ ਦਾ ਸਬੱਬ ਇਸ ਤਰ੍ਹਾਂ ਬਣ ਗਿਆ ਕਿ ਪਿਛਲੇ
ਹਫਤੇ ਜਦੋਂ ਮੈਂ ਸਵੇਰੇ 6ਕੁ ਵਜੇ ਕੰਮ ਤੇ ਜਾ ਰਿਹਾ ਸਾਂ ਤਾਂ ਟੋਰਾਂਟੋ ਦੇ ਇਲਾਕੇ ਦੇ ਇਕ ਰੇਡੀਓ
ਸਟੇਸ਼ਨ ਤੋਂ ਗਿਆਨੀ ਸੰਤ ਸਿੰਘ ਜੀ ਮਸਕੀਨ ਹੁਰਾਂ ਦੀ ਕਥਾ ਦੀ ਟੇਪ ਜਾਂ ਸੀਡੀ ਲੱਗੀ ਹੋਈ ਸੀ । ਉਹ
ਸੁਣਨ ਲੱਗ ਪਿਆ ਸੀ । ਉਸ ਵਿਚ ਮਸਕੀਨ ਜੀ ਨੇ ਦੱਸਿਆ ਸੀ ਕਿ “ਅਨੰਦ” ਮਨੁੱਖ ਦੀ ਆਤਮਾ ਨੂੰ
ਮਿਲਦਾ ਹੈ ਅਤੇ “ਸੁੱਖ” ਸਰੀਰ ਨੂੰ ਮਿਲਦਾ ਹੈ । ਜਿਹੜਾ ਕੁਝ ਪਲ ਲਈ ਹੁੰਦਾ ਹੈ । “ਸੁਖ” “ਦੁੱਖ”
ਵਿਚ ਵੀ ਬਦਲ ਜਾਂਦਾ ਹੈ ।
ਸੋ, ਪਿਛਲੇ ਹਫਤੇ ਹੀ ਆਪ ਜੀ ਦਾ ਲੇਖ ਪੜ੍ਹ ਰਿਹਾ ਸੀ ਤਾਂ ਉਸ ਵਿਚ ਤੁਸੀਂ ਵੀ ਹੇਠ ਲਿਖੀਆਂ ਇਹ
ਪੰਗਤੀਆਂ ਲਿਖੀਆਂ ਸਨ, ਤਾਂ ਸੋਚਿਆ ਕਿ ਤੁਸੀਂ ਵੀ ਮਸਕੀਨ ਜੀ ਹੁਰਾਂ ਵਾਂਗ ਹੀ ਵਿਦਵਾਨ ਹੋ ਅਤੇ
ਕਾਫੀ ਲੰਮੇਂ ਸਮੇਂ ਤੋਂ ਸਿੱਖ ਧਰਮ ਦੇ ਪ੍ਰਚਾਰਕ ਵੀ ਹੋ ਅਤੇ ਤੁਹਾਨੂੰ ਤਾਂ “ਅਨੰਦ” ਅਨੁਭਵ ਹੋਇਆ
ਵੀ ਹੈ, ਇਸ ਲਈ ਆਪ ਜੀ ਤੋਂ ਇਹ ਜਾਣਨ ਦਾ ਸਬੱਬ ਬਣ ਗਿਆ ਹੈ, ਤਾਂ ਕਿ ਇਸ ਬਾਰੇ ਹੋਰ ਜਾਣਕਾਰੀ ਲੈ
ਸਕਾਂ ਅਤੇ ਸਿੱਖ ਮਾਰਗ ਦੇ ਪਾਠਕਾਂ ਨਾਲ ਵੀ ਇਹ ਜਾਣਕਾਰੀ ਸਾਂਝੀ ਹੋ ਜਾਵੇਗੀ ।
ਜਿਵੇਂ ਤੁਸੀਂ ਲਿਖਿਆ ਹੈ “ਖੈਰ, ਮੈਂ ਬਾਲਟੀ ਫੜ ਕੇ ਚੰਗਾ ਸਮਾ ਤੇ ਦਿਲ ਲਾ ਕੇ ਕਮਰੇ ਦੀਆਂ ਕੰਧਾਂ
ਸਮੇਤ ਫਰਸ਼ ਧੋ ਲਿਆ। ਸਮਾ ਗਰਮੀਆਂ ਦਾ ਹੋਣ ਕਰਕੇ, ਅਜਿਹਾ ਕਰਦਿਆਂ ਮੈਨੂੰ ਕਿਸੇ ਕਿਸਮ ਦੀ ਤਕਲੀਫ
ਦੀ ਥਾਂ ਸਗੋਂ ਅਨੰਦ ਅਨੁਭਵ ਹੋ ਰਿਹਾ
ਸੀ”।
ਸੋ, ਜੇਕਰ ਆਪ ਇਸ ਬਾਰੇ ਜਾਣਕਾਰੀ ਦੇਣੀ ਚਾਹੋ ਤਾਂ ਆਪ ਦੀ ਬਹੁਤ ਮੇਹਰਬਾਨੀ ਹੋਵੇਗੀ; ਜੇਕਰ ਆਪ ਇਸ
ਬਾਰੇ ਆਪਣਾ ਕੀਮਤੀ ਗਿਆਨ ਪਾਠਕਾਂ ਨਾਲ ਸਾਂਝਾ ਨਹੀਂ ਵੀ ਕਰਨਾ ਚਾਹੁੰਦੇ ਤਾਂ ਵੀ ਕੋਈ ਗਿਲਾ ਨਹੀਂ
।
ਆਪਣੇ ਵਿਚਾਰ ਸਾਂਝੇ ਕਰਨ ਲਈ ਇਕ ਵਾਰ ਫੇਰ ਆਪ ਜੀ ਦਾ ਧੰਨਵਾਦ ।
ਆਦਰ ਸਹਿਤ, ਗੁਰਸ਼ਰਨ ਸਿੰਘ ਕਸੇਲ
‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਦੀ ਜਾਣਕਾਰੀ
ਲਈ
ਅੱਜ 30 ਜੁਲਾਈ 2013 ਤੋਂ ਬਾਅਦ ਕੁੱਝ ਦਿਨਾਂ ਲਈ ‘ਸਿੱਖ ਮਾਰਗ’ ਅੱਪਡੇਟ ਨਹੀਂ ਹੋ
ਸਕੇਗਾ-ਸੰਪਾਦਕ।
(30/07/13)
ਸਤਿਨਾਮ ਸਿੰਘ ਮੌਂਟਰੀਅਲ
ਐ
ਬਚਿਤ੍ਰ ਨਾਟਕ ਨੂੰ ਗੁਰੂ ਗੋਬਿੰਦ ਸਿੰਘ ਦੀ ਕਿਰਤ ਮੰਨਣ ਵਾਲਿਓ ਜਵਾਬ ਦਿਓ,
ਬਚਿਤ੍ਰ ਨਾਟਕ ਨੂੰ ਪੜਨ ਵਾਲਿਓ ਸਾਡਾ ਥੋਹਾਡੇ ਨਾਲ ਕੋਈ ਵੈਰ ਨਹੀ ਹੈ, ਤੁਸੀ ਭਾਵੇ
ਬਚਿਤ੍ਰ ਨਾਟਕ ਪੜੋ, ਕੋਕ ਸ਼ਾਸ਼ਤਰ ਪੜੋ, ਰਜਨੀਸ਼ ਦੀਆਂ ਕਾਮ ਤੇ ਲਿਖੀਆਂ ਕਿਤਾਬਾਂ ਪੜੋ, ਕਾਮ ਦੇ
ਵਿਸ਼ੇ ਤੇ ਬਣ ਚੁਕੀਆਂ ਮੂਵੀਆਂ ਦੇਖੋ, ਦੁਨੀਆਂ ਤੇ ਹਰ ਕਿਸੇ ਨੂੰ ਆਪਣੀ ਮਰਜੀ ਨਾਲ ‘ਪੜਨ ਦਾ ‘ਦੇਖਣ
ਦਾ ‘ਸੁਣਨ ਦਾ ਹੱਕ ਹੈ।
ਸਾਡੇ ਤਾਂ ਪੂਰੇ ਸਤਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸਿਖਿਆ ਹੀ ਇਹ ਹੈ-
ਬਿਸਰਿ ਗਈ ਸਭ ਤਾਤਿ ਪਰਾਈ॥ ਜਬ ਤੇ ਸਾਧਸੰਗਤਿ ਮੋਹਿ ਪਾਈ॥ 1॥ ਰਹਾਉ॥ ਨਾ ਕੋ ਬੈਰੀ ਨਹੀ ਬਿਗਾਨਾ
ਸਗਲ ਸੰਗਿ ਹਮ ਕਉ ਬਨਿ ਆਈ॥ 1॥ 1299॥
ਪਰ ਜਦੋਂ ਤੁਸੀਂ ਇੱਕ ਐਸੀ ਲਿਖਤ ਨੂੰ (ਜਿਸ ਲਿਖਤ ਦਾ ਸਿਰ ਪੈਰ ਕੋਈ ਨਹੀ ਹੈ, ਆਪਣਾ ਸਿਧਾਂਤ ਕੋਈ
ਨਹੀ ਹੈ, ਜਿਸ ਲਿਖਤ ਦੀ ਸ਼ਬਦਾਵਲੀ ਵੀ ਬਹੁਤ ਨੀਵੇਂ ਪੱਧਰ ਦੀ ਹੈ) ਗੁਰੂ ਗੋਬਿੰਦ ਸਿੰਘ ਜੀ ਨਾਲ਼
ਜੋੜਦੇ ਹੋ, (ਜਿਸ ਗੁਰੂ ਨੇ ਆਪਣੇ ਲਹੂ ਦਾ ਕਤਰਾ ਕਤਰਾ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਿਧਾਂਤ
ਲਈ ਕੁਰਬਾਨ ਕੱਰ ਦਿੱਤਾ ਹੈ, ਗੁਰੂ ਜੀ ਨੇ ਬੜੇ ਮਾਣ ਨਾਲ ਆਪਣੇ ਸਿਖਾਂ ਨੂੰ ਆਖਰੀ ਹੁਕਮ ਕੀਤਾ ਸੀ,
ਕਿ, ‘ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸੱਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ’ ) ਫਿਰ
ਮਨ ਨੂੰ ਬਹੁਤ ਸੱਟ ਬੱਜਦੀ ਹੈ।
ਸਰਬ ਕਲਾ ਸਮਰੱਥ, ਹੱਰ ਪੱਖ ਤੋ ਪੂਰੇ ਸਤਗੁਰੂ, ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਫੈਸਲਾ ਹੈ-
ਅਵਰ ਉਪਦੇਸੈ ਆਪਿ ਨ ਕਰੈ॥ ਆਵਤ ਜਾਵਤ ਜਨਮੈ ਮਰੈ॥ 269॥
ਅੱਗੇ ਪੜੋ ਬਚਿਤ੍ਰ ਨਾਟਕ ਦੇ ਲਿਖਾਰੀ ਦੀ ਮੂਰਖਤਾ (ਜਿਸ ਨੂੰ ਬਚਿਤ੍ਰੀ ਲੋਕ ਗੁਰੂ ਗੋਬਿੰਦ
ਜੀ ਦੀ ਲਿਖਤ ਆਖ ਕੇ, ਗੁਰੂ ਜੀ ਨੂੰ ਕਹਿਣੀ ਤੇ ਕਰਨੀ ਦਾ ਅਧੂਰਾ ਗੁਰੂ ਸਿਧ ਕਰ ਰਹੇ ਹਨ)
ਕਹਾ ਭਯੋ ਦੋਊ ਲੋਚਨ ਮੂੰਦ ਕੈ ਬੈਠਿ ਰਹਿਓ ਬਕ ਧਯਾਨ ਲਗਾਇਓ।
ਨ੍ਹਤ ਫਿਰਿਓ ਲੀਏ ਸਾਤ ਸਮੁੰਦ੍ਰਨ ਲੋਕ ਗਇਓ ਪਰਲੋਕ ਗਵਾਇਓ।
ਬਾਸੁ ਕੀਓ ਬਿਖਿਆਨ ਸੋ ਬੈਠ ਕੇ ਐਸੇ ਹੀ ਐਸ ਸੋ ਬੈਸ ਬਿਤਾਇਓ।
ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ।
ਅਰਥ- ਕੀ ਹੋ ਗਿਆ ਜੇ ਕੋਈ ਅੱਖਾਂ ਮੀਟ ਕੇ ਬਗਲੇ ਦੀ ਸਮਾਧੀ ਲਾਕੇ ਬੈਠਾ ਰਹੇ।
ਕੀ ਹੋਗਿਆ ਕਿ ਜੇ ਕੋਈ ਸੱਤਾਂ ਸਮੁੰਦਰਾ ਤੇ ਨਹਾਉਂਦਾ ਫਿਰੇ, ਉਸ ਨੇ ਆਪਣੇ ਲੋਕ ਪ੍ਰਲੋਕ ਦੋਨੋ ਹੀ
ਗਵਾ ਲਏ।
ਕੀ ਹੋ ਗਿਆ ਜੇ ਕੋਈ ਜੰਗਲ਼ਾ ਵਿੱਚ ਜਾਕੇ ਰੱਬ ਦਾ ਵਖਿਆਨ ਕਰੇ, ਜੇ ਸਾਰੀ ਉਮਰ ਵੀ ਐਸੇ ਬਿਤਾ ਲਵੇ।
ਪਰ ਮੈ ਸੱਚ ਕੈਹ ਰਿਹਾ ਹਾਂ ਸਾਰੇ ਸੁਣੋ, ਜਿਸ ਨੇ ਰੱਬ ਨਾਲ ਪਿਆਰ ਕਰ ਲਿਆ, ਉਸ ਨੇ ਰੱਬ ਨੂੰ ਪਾ
ਲਿਆ।
ਇਥੇ ਲਿਖਾਰੀ, ‘ਅੱਖਾਂ ਮੀਟਣ ਨੂੰ ‘ਸਮਾਂਧੀਆਂ ਲਾਉਣ ਨੂੰ ‘ਤੀਰਥਾਂ ਤੇ ਨਹਾਉਣ ਨੂੰ ‘ਜੰਗਲ਼ਾ ਵਿੱਚ
ਬੈਠ ਕੇ ਰੱਬ ਨੂੰ ਯਾਦ ਕਰਨ ਨੂੰ ਬਿਲਕੁਲ ਰੱਦ ਕਰ ਰਿਹਾ ਹੈ, ਐਸੇ ਕਰਮਕਾਂਡਾ ਨਾਲ ਲੋਕ ਪਰਲੋਕ ਨੂੰ
ਗਵਾਣਾ ਦੱਸ ਰਿਹਾ ਹੈ।
ਹੁਣ ਅੱਗੇ ਪੜੋ ਲਿਖਾਰੀ ਨੇ ਆਪਣੇ ਹੀ ਲਿਖੇ ਦੀਆਂ ਕਿਵੇਂ ਧਜੀਆਂ
ਉਡਾਈਆਂ-
ਅਬ ਮੈ ਅਪਨੀ ਕਥਾ ਬਖਾਨੋ। ਤਪ ਸਾਧਤ ਜਿਹ ਬਿਧਿ ਮੁਹਿ ਆਨੋ।
ਹੇਮ ਕੁੰਟ ਪਰਬਤ ਹੈ ਜਹਾਂ। ਸਪਤ ਸ੍ਰਿੰਗ ਸੋਭਿਤ ਹੈ ਤਹਾਂ।1।
ਸਪਤਸ੍ਰਿੰਗ ਤਿਹ ਨਾਮੁ ਕਹਾਵਾ। ਪੰਡੁ ਰਾਜ ਜਹ ਜੋਗੁ ਕਮਾਵਾ।
ਤਹ ਹਮ ਅਧਿਕ ਤਪਸਿਆ ਸਾਧੀ।ਮਹਾਕਾਲ ਕਾਲਕਾ ਅਰਾਧੀ।2।
ਅਰਥ- ਹੁਣ ਮੈ ਆਪਣੀ ਕਥਾ ਵਖਿਆਨ ਕਰਦਾ ਹਾਂ, ਜਿਸ ਤਰਾਂ ਤੱਪ ਕਰਦੇ ਨੂੰ ਭੇਜਿਆ ਗਿਆ।
ਜਿਥੇ ਇੱਕ ਹੇਮ ਕੁੰਟ ਨਾਮ ਦਾ ਪਹਾੜ ਹੈ, ਉਥੇ ਸੱਤ ਉਚੀਆਂ ਚੋਟੀਆਂ ਸੋਭ ਰਹੀਆਂ ਹਨ।
ਉਸ ਅਸਥਾਨ ਦਾ ਨਾਮ ਸੱਤ ਚੋਟੀਆਂ ਵਾਲਾ ਕਿਹਾ ਜਾਣ ਲੱਗਾ, ਜਿਥੇ ਪਾਂਡਵਾਂ ਨੇ ਰਾਜ ਜੋਗ ਲਈ ਸਾਧਨਾ
ਕੀਤੀ ਸੀ।
ਉਥੇ ਮੈ ਬਹੁਤ ਹੀ ਕਰੜੀ ਤਪਸਿਆ ਕੀਤੀ, ਮਹਾਕਾਲ ‘ਕਾਲਕਾ ਦੀ ਅਰਾਧਨਾ ਕੀਤੀ।
ਉਪਰ ਲਿਖੇ ਬਿਲਕੁਲ ਵੱਖਰੇ ਵੱਖਰੇ ਦੋ ਸਿਧਾਂਤ ਹਨ, ਜੋ ਇੱਕ ਦੂਜੇ ਨਾਲ ਮੇਲ ਹੀ ਨਹੀਂ ਖਾ ਰਹੇ,
ਬੱਲਕੇ ਇੱਕ ਦੂਜੇ ਨੂੰ ਕੱਟ ਰਹੇ ਹਨ, ਇੱਕ ਵਿੱਚ ਕਿਹਾ ਗਿਆ ਹੈ ਕਿ ਜ਼ੰਗਲ਼ਾਂ ਵਿੱਚ ਤਪਸਿਆ ਕਰਨ
ਵਾਲੇ ਮਨੁਖ, ਲੋਕ ਪ੍ਰਲੋਕ ਦੋਨੋ ਹੀ ਗਵਾ ਲੈਂਦੇ ਹਨ, ਦੂਜੇ ਵਿੱਚ ਕਿਹਾ ਗਿਆ ਹੈ ਕਿ ਮੈ ਆਪ
ਜ਼ੰਗਲਾਂ ਵਿੱਚ ਬੈਠ ਕੇ ਲੰਬੀ ਤੇ ਕਰੜੀ ਤਪਸਿਆ ਕੀਤੀ।
ਕਿਨੀ ਮੂਰਖਤਾ ਵਾਲ਼ੀ ਗੱਲ ਹੈ ਕਿ, ਇੱਕ ਨੂੰ ਸਿੱਖ ਰੋਜ਼ ਨਿਤਨੇਮ ਵਿੱਚ ਪ੍ਹੜ ਰਹੇ ਹਨ, ਅਤੇ ਦੂਜੇ
ਨੂੰ ਤੀਰਥ ਮੰਨਕੇ ਯਾਤਰਾ ਲਈ ਜਾਂਦੇ ਹਨ।
ਜੇ ਤਾਂ ਨਿਤਨੇਮ ਵਾਲੀ ਰਚਨਾਂ ਨੂੰ ਮਨਿਆਂ ਜਾਵੇ, ਫਿਰ ਹੇਮਕੁੰਟ ਵਾਲਾ ਅਸਥਾਨ ਬਿਲਕੁਲ ਝੂਠਾ ਹੈ,
ਸਿੱਖਾ ਦਾ ਉਸ ਨਾਲ ਕੋਈ ਲੈਣਾ ਦੇਣਾ ਨਹੀ ਹੈ।
ਜੇ ਹੇਮਕੁੰਟ ਵਾਲੀ ਰਚਨਾਂ ਨੂੰ ਸਹੀ ਮਨਿਆ ਜਾਵੇ, ਫਿਰ ਨਿਤਨੇਮ ਵਿਚ, ਆਪਣੇ ਗੁਰੂ (ਸ੍ਰੀ ਗਰੰਥ
ਸਾਹਿਬ ਜੀ ਦੀ ਬਾਣੀ) ਨੂੰ ਛੱਡ ਕੇ, ਬਚਿਤ੍ਰ ਨਾਟਕ ਜਿਹੇ ਘਟੀਆਂ ਗਰੰਥ ਦੀਆਂ ਰਚਨਾਂ ਪੜਨ ਦਾ ਕੀ
ਫਾਇਦਾ? ?
ਐ ਬਚਿਤ੍ਰ ਨਾਟਕ ਗਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਮੰਨਣ ਵਾਲਿਓ ਜਵਾਬ ਦਿਓ?
ਕੀ ਇਹੋ ਜਿਹੀਆਂ ਊਲ ਜਲੂਲ ਦੀਆਂ ਕਹਾਣੀ, ਦਸਮ ਪਾਤਸ਼ਾਹ ਲਿਖ ਸਕਦਾ ਹੈ? ?
ਸਤਿਨਾਮ ਸਿੰਘ ਮੌਂਟਰੀਅਲ 514-219-2525
(30/07/13)
ਡਾ: ਗੁਰਮੀਤ ਸਿੰਘ ਬਰਸਾਲ
ਮੂਰਖ ਗੰਢੁ ਪਵੈ ਮੁਹਿ ਮਾਰ
ਗਿਆਨੀ ਜਸਵੀਰ ਸਿੰਘ ਵੈਨਕੁਵਰ ਜੀ ਨੇ ਇਸ ਸ਼ਬਦ ਦੀ ਬਹੁਤ ਹੀ ਸੁੰਦਰ ਵਿਆਖਿਆ ਕਰਕੇ ਇਹ ਸਾਬਤ ਕੀਤਾ
ਹੈ ਕਿ ਮੂਰਖ ਦੇ ਮੂੰਹ ਤੇ ਮਾਰਕੇ ਉਸਦੀ ਸਮਾਜ ਵਿੱਚ ਗੰਢ ਪਵਾਉਣ ਵਾਲੇ ਅਰਥ ਗੁਰਮਤਿ ਅਨਕੂਲ ਨਹੀਂ
ਹਨ । ਦਾਸ ਇਹਨਾਂ ਵਿਚਾਰਾਂ ਨਾਲ ਸਹਿਮਤ ਹੈ ।
ਮੂੰਹ ਮਾਰਨਾ ਇਕ ਮੁਹਾਵਰਾ ਵੀ ਹੈ ਜਿਸ ਦਾ ਅਰਥ ਹੈ ਐਵੇਂ ਹੀ ਬੋਲੀ ਜਾਣਾ/ਗਪੌੜੇ ਛੱਡਣੇ/ਬੇ-ਲੋੜਾ
ਬੋਲਣਾ ਆਦਿ। ਅਸੀਂ ਅਕਸਰ ਦੂਸਰੇ ਨੂੰ ਚੁੱਪ ਕਰਾਉਣ ਲਈ ਜਾਂ ਕਿਸੇ ਸੀਰੀਅਸ ਵਿਚਾਰ ਵੇਲੇ ਏਧਰ ਉਧਰ
ਦੀਆਂ ਮਾਰਨ ਵਾਲੇ ਨੂੰ ਅਕਸਰ ਕਹਿ ਦਿੰਨੇ ਆਂ ਕਿ ਕਿਓਂ ਮੂੰਹ ਮਾਰਿਆ, ਚੁੱਪ ਕਰ।
ਮੂਰਖ ਕਿਸਮ ਦੇ ਲੋਕ ਅਕਸਰ ਆਪਣੇ ਅਜਿਹੇ ਗਾਲੜੀ,ਗੱਪੀ ਅਤੇ ਬੇ-ਸਿਰ ਪੈਰ ਦੀਆਂ ਗੱਲਾਂ ਸੁਣਾਕੇ
ਸਮਾਜ/ਮਹਿਫਿਲ ਵਿੱਚ ਗੰਢ ਪਾਈਂ ਰੱਖਦੇ ਹਨ। ਅਕਸਰ ਖੁੰਢਾਂ ਤੇ ਬੈਠੈ ਲੋਕ ਆਰਜੀ ਮਨੋਰੰਜਨ ਲਈ
ਅਜਿਹੇ ਲੋਕਾਂ ਦਾ ਇੰਤਜਾਰ ਕਰਦੇ ਹਨ ਪਰ ਜਾਣ ਪਿੱਛੋਂ ਕਹਿਣਗੇ ਕਿ ਇਹ ਤਾਂ ਮੂਰਖ ਹੈ ਨਿਰਾ ਗਪੌੜ
ਸੰਖ ਹੈ। ਸੋ ਇਸ ਸ਼ਬਦ ਵਿੱਚ ਸਮਾਜ ਦੀਆਂ ਅਜਿਹੀਆਂ ਗੰਢਾਂ ਦਾ ਹੀ ਜਿਕਰ ਹੈ।
(30/07/13)
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)
ਸਤਿਕਾਰਯੋਗ ਗਿਆਨੀ ਜਗਤਾਰ ਸਿੰਘ ਜੀ ਜਾਚਕ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਆਪ ਜੀ ਦਾ ਲੇਖ: ਬਚਿਤ੍ਰ ਨਾਟਕ (ਕਥਿਤ ਦਸਮ ਗ੍ਰੰਥ) ਵਿਬਸਾਈਟ:
www.sikhmarg.com
ਵਿਖੇ ਪੜਿਆ, ਪਰ ਤੁਹਾਨੂੰ ਤਾਂ ਭਲੀ ਪ੍ਰਕਾਰ ਪਤਾ ਹੀ ਹੈ
ਕਿ ਅਕਾਲ ਤਖਤ ਸਾਹਿਬ ਦਾ ਹੈੱਡ ਮਨਿਸਟਰ ਕਦੀ ਕੋਈ ਜਵਾਬ ਦੇਣ ਦੇ ਸਮਰਥ ਨਹੀ ਹੈ? ਉਨ੍ਹਾਂ ਦੀ
ਜ਼ੁਮੇਵਾਰੀ ਤਾਂ ਸਿੱਖਾਂ ਨੂੰ ਛੇਕਣ ਲਈ ਹੀ ਲਾਈ ਹੋਈ ਹੈ। ਵੈਸੇ ਵੀ ਬਾਹਰ ਰਹਿੰਦੇ ਸਿੱਖ ਤਾਂ
ਉਨ੍ਹਾਂ ਦੀ ਧਾਰਾ ਹੇਠ ਆਉਂਦੇ ਹੀ ਨਹੀਂ। ਇਸ ਲਈ, ਉਨ੍ਹਾਂ ਨੂੰ ਲਿਖਣ ਦਾ ਕੋਈ ਲਾਭ ਨਹੀਂ!
ਦੇਖੋ: The Sikh Gurdwaras Act 1925, as
amended. ਹਾਂ, ਤੁਸੀਂ ਕਿਉਂਕਿ ਇੰਟਰਨੈਸ਼ਨਲ
ਪ੍ਰਚਾਰਕ ਹੋ ਅਤੇ ਉਨ੍ਹਾਂ ਨੂੰ ਨਿੱਜੀ ਤੌਰ `ਤੇ ਭੀ ਜਾਣਦੇ ਹੋ, ਕਿੰਨਾ ਚੰਗਾ ਹੋਵੇ ਜੇ ਤੁਸੀਂ ਆਪ
ਹੀ ਇਹ ਕ੍ਰਿਪਾ ਕਰ ਦੇਵੋ ਤਾਂ ਜੋ ਉਨ੍ਹਾਂ ਨੂੰ ਯਾਦ ਆ ਜਾਵੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ
ਹੁਕਮ ਹੈ: “ਸੱਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗਰੰਥ”, ਜਿਸਦਾ ਭਾਵ “ਗੁਰੂ ਗਰੰਥ ਸਾਹਿਬ:
ੴ ਸਤਿ ਨਾਮੁ ਤੋਂ ਲੈ ਕੇ ਮੁੰਦਾਵਣੀ ਤੱਕ”। ਇਸ ਲਈ, ਸਿੱਖਾਂ ਨੂੰ ਬਚਿਤ੍ਰ ਨਾਟਕ ਖੇਡਣ ਦੀ ਕੀ
ਲੋੜ ਹੈ? ਬਾਹਰ ਰਹਿੰਦੇ ਸਿੱਖਾਂ ਨੂੰ ਆਪ ਹੀ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਸਾਡਾ “ਸ਼ਬਦ ਗੁਰੂ,
ਇੱਕ ਗੁਰੂ ਗਰੰਥ ਸਾਹਿਬ” ਹੀ ਹੈ। ਗੁਰਬਾਣੀ ਵੀ ਇਹੀ ਓਪਦੇਸ਼ ਕਰਦੀ ਹੈ:
“ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥” (ਪੰਨਾ ੬੪੬) “ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ
ਗੁਰੂ ਸੁਰਤਿ ਧੁਨਿ ਚੇਲਾ॥” (ਪੰਨਾ ੯੪੩)
ਆਪ ਜੀ ਦਾ ਸ਼ੁੱਭ-ਚਿੰਤਕ,
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)
(30/07/13)
ਭਾਈ ਸੰਦੀਪ ਸਿੰਘ ਖਾਲੜਾ
ਯਾਦਗਾਰੀ ਹੋ ਨਿਬੜਿਆ ਫਰੈਂਕਫਰਟ ਦਾ ਗੁਰਮਤਿ ਕੈਂਪ।
ਫਰੈਂਕਫਰਟ 29 ਜੁਲਾਈ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ (ਜਰਮਨੀ) ਵਿਖੇ ਲਗਾਇਆ ਗਿਆ
7 ਰੋਜਾ ਗੁਰਮਤਿ ਚੇਤਨਾਂ ਕੈਂਪ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਅੱਜ ਸਮਾਪਤ ਹੋਇਆ। ਇਸ
ਗੁਰਮਤਿ ਕੈਂਪ ਵਿੱਚ ਲਗਭਗ 135 ਬੱਚਿਆਂ ਨੇ ਭਾਗ ਲਿਆ ਜਿਸ ਵਿੱਚ ਭਾਈ ਰਣਜੀਤ ਸਿੰਘ ਜੀ ਖਾਸ ਕਰਕੇ
ਆਪਣੇ ਨਾਲ 50 ਬੱਚਿਆਂ ਦੀ ਟੀਮ ਲੈ ਕੇ ਪਹੁੰਚੇ ਹੋਏ ਸਨ। ਇਸ ਗੁਰਮਤਿ ਕੈਂਪ ਦੌਰਾਨ ਜਿਥੇ ਭਾਈ
ਰਣਜੀਤ ਸਿੰਘ ਜੀ ਅਤੇ ਉਹਨਾਂ ਦੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਬੱਚਿਆਂ ਨੂੰ ਕੀਰਤਨ,
ਹਰਮੋਨੀਅਮ, ਗਤਕਾ ਸਿਖਾਉਣ ਅਤੇ ਦਸਤਾਰ ਬੰਨਣ ਦੀ ਟ੍ਰੇਨਿੰਗ ਦਿਤੀ। ਉਥੇ ਗਿ: ਸੰਤੋਖ ਸਿੰਘ ਜੀ ਨੇ
ਬਹੁਤ ਹੀ ਵਧੀਆ ਤੇ ਸੋਖੇ ਢੰਗ ਨਾਲ ਤਬਲਾ ਸਿਖਾਇਆ। ਇਸ ਦੇ ਨਾਲ ਹੀ ਭਾਈ ਅਮਰੀਕ ਸਿੰਘ ਜੀ ਕਠਿਆਲੀ
ਹੋਰਾਂ ਨੇ ਗੁਰਮਤਿ ਕਲਾਸਾਂ ਲਗਾਈਆਂ ਅਤੇ ਭਾਈ ਸੰਦੀਪ ਸਿੰਘ ਖਾਲੜਾ ਨੇ ਗੁਰਬਾਣੀ, ਨਿਤਨੇਮ ਦੀ
ਸੰਥਿਆ ਕਰਵਾਈ। ਇਸ ਦੇ ਨਾਲ ਨਾਲ ਬੱਚਿਆਂ ਨੂੰ ਧਾਰਮਿਕ ਫਿਲਮਾਂ ਸ਼ਹੀਦ ਭਾਈ ਤਾਰੂ ਸਿੰਘ ਜੀ ਅਤੇ
ਸ਼ਹੀਦ ਭਾਈ ਸ਼ੁਬੇਗ ਸਿੰਘ ਭਾਈ ਸ਼ਾਹਬਾਜ ਸਿੰਘ ਦਿਖਾਈਆਂ ਗਈਆਂ। ਇਸ ਕੈਂਪ ਵਿੱਚ ਚਾਰ ਗਰੁੱਪ ਬਾਬਾ
ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਬਣਾਏ
ਗਏ ਸਨ। ਕੈਂਪ ਦੇ ਅਖੀਰਲੇ ਦਿਨ ਸਾਰੇ ਹੀ ਗਰੁੱਪਾਂ ਦੇ ਬੱਚਿਆਂ ਨੇ ਬਹੁੱਤ ਹੀ ਵਧੀਆ ਢੰਗ ਨਾਲ
ਗੁਰਬਾਣੀ ਕੀਰਤਨ, ਅਤੇ ਬੀਰ ਰਸੀ ਵਾਰਾਂ ਦੀ ਪੇਸ਼ਕਾਰੀ ਕੀਤੀ। ਕੈਂਪ ਦੌਰਾਨ ਬੱਚਿਆਂ ਦੇ ਦਸਤਾਰ
ਮੁਕਾਬਲੇ ਵੀ ਕਰਵਾਏ ਗਏ। ਅਖੀਰਲੇ ਦਿਨ ਸਾਰੇ ਹੀ ਭਾਗ ਲੈਣ ਵਾਲੇ ਬੱਚਿਆਂ ਨੂੰ ਗੁਰਦੁਆਰਾ ਪ੍ਰਬੰਧਕ
ਕਮੇਟੀ ਵੱਲੋਂ ਸਰਟੀਫਿਕੇਟ ਅਤੇ ਵਿਸ਼ੇਸ਼ ਇਨਾਮ ਦੇ ਕੇ ਸਨਲਾਨਿਤ ਕੀਤਾ ਗਿਆ। ਕੈਂਪ ਦੀ ਸਮਾਪਤੀ ਤੇ
ਗੁਰੁ ਗ੍ਰੰਥ ਸਾਹਿਬ ਜੀ ਦੇ ਹਜੂਰ ਅਰਦਾਸ ਤੋਂ ਬਾਅਦ ਭਾਈ ਬਲਵਿੰਦਰ ਸਿੰਘ ਜੀ ਨੇ ਹੁਕਮਨਾਮਾਂ ਲਿਆ।
ਇਸ ਕੈਂ ਦੇ ਦੌਰਾਨ ਫਰੈਂਕਫਰਟ ਦੀਆਂ ਸਾਰੀਆਂ ਹੀ ਸੰਗਤਾਂ ਅਤੇ ਨੌਜੁਆਨਾਂ ਨੇ ਵਧ ਚੜ ਕੇ ਤਨ, ਮਨ,
ਧਨ ਨਾਲ ਸੇਵਾਵਾਂ ਕੀਤੀਆਂ। ਕੈਂਪ ਸਮਾਪਤੀ ਦੌਰਾਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦਵਿੰਦਰ ਸਿੰਘ
ਘਲੋਟੀ ਹੋਰਾਂ ਨੇ ਆਈਆਂ ਸੰਗਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਪਰੰਤ ਗੁਰਦੁਆਰਾ ਸਾਹਿਬ ਵੱਲੋਂ ਭਾਈ
ਰਣਜੀਤ ਸਿੰਘ ਅਤੇ ਭਾਈ ਸੰਤੋਖ ਸਿੰਘ ਜੀ ਨੂੰ ਗੁਰੁ ਬਖਸ਼ਿਸ਼ ਸਿਰੋਪਾ ਅਤੇ ਮੂਮੈਂਟੋ ਦੇ ਕੇ ਸਨਮਾਨਿਤ
ਕੀਤਾ ਗਿਆ। ਇਸ ਸਾਰੇ ਹੀ ਪ੍ਰੋਗਰਾਮ ਦੀ ਕਵਰੇਜ ਵਧੀਆ ਢੰਗ ਨਾਲ ਮੀਡੀਆ ਪੰਜਾਬ ਟੀ. ਵੀ. ਜਰਮਨੀ
ਅਤੇ ਸਿੱਖ ਚੈਨਲ ਯੂ. ਕੇ. ਨੇ ਕੀਤੀ।
(30/07/13)
ਵਰਿੰਦਰ ਸਿੰਘ (ਗੋਲਡੀ)
ਜੇ ਤੂੰ ਰੱਬ ਨੂੰ ਪਾਉਣਾ ਚਾਹੁੰਦਾ
ਤਾਂ ਕਰ ਸੱਭਨਾ ਨੂੰ ਪਿਆਰ,
ਦੁਜੇ ਨੂੰ ਮਾੜਾ ਕਹਿਣ ਵਾਲਿਆ ਪਹਿਲਾਂ ਆਪਣਾ ਆਪ ਸਵਾਰ|
ਆਪਣੇ ਆਪ ਨੂੰ ਬਦਲ ਲੈ ਤੂੰ ਪੱੜ ਕੇ ਗੁਰੂ ਦੀ ਬਾਣੀ,
ਗੁਰਬਾਣੀ ਇੱਕ ਜੀਵਨ ਜਾਚ ਹੈ ਸਮਝ ਲੈ ਇਹ ਕਹਾਣੀ,
ਇੱਕ ਇੱਕ ਸ਼ਬਦ ਤੈਨੂੰ ਸਿਖਿਆ ਦੇਵੇ ਕੋਈ ਮੰਤਰ ਨਾ ਇਸਨੂੰ ਜਾਣੀ,
ਗੁਰੂ ਤਾਂ ਝੱਟ ਕਰ ਦੇਂਦਾ ਹੈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ,
ਥਾਂ ਥਾਂ ਤੇ ਫਿਰਨ ਵਾਲਿਆ ਆਜਾ ਹੁਣ ਤਾਂ ਗੁਰੂ ਦੇ ਦਵਾਰ,
ਦੁਜੇ ਨੂੰ ਮਾੜਾ ਕਹਿਣ ਵਾਲਿਆ ਪਹਿਲਾਂ ਆਪਣਾ ਆਪ ਸਵਾਰ|
ਸਾਰੀ ਜਿੰਦਗੀ ਧੱਕੇ ਖਾਧੇ, ਕਿੱਥੇ ਸਿਰ ਨਹੀਂ ਝੁਕਾਇਆ,
ਪਰ ਜਿੰਦਗੀ ਜਿਉਣ ਦਾ ਤਰੀਕਾ ਤੈਨੂੰ ਕਿੱਸੇ ਵੀ ਨਹੀਂ ਸਿਖਾਇਆ,
ਸੱਚ ਨੂੰ ਪਾਉਣ ਦਾ ਅਸਲੀ ਰਸਤਾ ਤੈਨੂੰ ਕਿੱਸੇ ਨਾ ਕਦੇ ਵਿਖਾਇਆ,
ਹਾਲੇ ਵੀ ਸੰਭਲ ਜਾ ਬੰਦਿਆ ਤਿਆਗ ਦੇ ਮੋਹ ਤੇ ਮਾਇਆ,
ਇਹਨਾ ਪਾਖੰਡੀਆਂ ਦੇ ਪਿੱਛੇ ਲੱਗ ਕੇ ਹੋ ਜਾਵੇਂਗਾ ਖਵਾਰ,
ਦੁਜੇ ਨੂੰ ਮਾੜਾ ਕਹਿਣ ਵਾਲਿਆ ਪਹਿਲਾਂ ਆਪਣਾ ਆਪ ਸਵਾਰ|
ਹੋਰ ਕੋਈ ਜੋ ਮਰਜ਼ੀ ਕਰੇ ਪਰ ਸਿੱਖ ਕਿਉਂ ਦੁਜੇ ਥਾਂ ਜਾਵੇ,
ਇੱਕ ਨੂੰ ਹਮੇਸ਼ਾਂ ਮੰਨਣ ਵਾਲਾ ਕਿਉਂ ਦੁਜੇ ਨੂੰ ਸੀਸ ਝੁਕਾਵੇ,
ਪੂਰੇ ਗੁਰੂ ਨੂੰ ਛੱਡ ਕੇ ਕਿਉਂ ਤੂੰ ਕੱਚਿਆਂ ਦੇ ਗੁਣ ਗਾਵੇਂ,
ਜੇ ਤੂੰ ਗੁਰੂ ਦੇ ਰਸਤੇ ਚੱਲ ਪਿਆ ਤਾਂ ਸਾਰੇ ਸੁੱਖ ਤੂੰ ਪਾਵੇਂ,
“ਗੋਲਡੀ” ਇੱਕ ਗਲ ਨੂੰ ਪੱਲੇ ਬੰਨ ਲੈ ਕੇ “ਜੋ ਤੁਧੁ ਭਾਵੈ ਸਾਈ ਭਲੀ ਕਾਰ”
ਦੁਜੇ ਨੂੰ ਮਾੜਾ ਕਹਿਣ ਵਾਲਿਆ ਪਹਿਲਾਂ ਆਪਣਾ ਆਪ ਸਵਾਰ|
ਜੇ ਤੂੰ ਰੱਬ ਨੂੰ ਪਾਉਣਾ ਚਾਹੁੰਦਾ ਤਾਂ ਕਰ ਸੱਭਨਾ ਨੂੰ ਪਿਆਰ,
ਦੁਜੇ ਨੂੰ ਮਾੜਾ ਕਹਿਣ ਵਾਲਿਆ ਪਹਿਲਾਂ ਆਪਣਾ ਆਪ ਸਵਾਰ|
....ਵਰਿੰਦਰ ਸਿੰਘ (ਗੋਲਡੀ)
(29/07/13)
ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ
ਸਤਿਕਾਰ ਯੋਗ ਗੁਰਮੁਖ ਪਿਆਰੇ ਨੌਜਵਾਨ ਵਿਦਵਾਨ, ਸ. ਗੁਰਸ਼ਰਨ ਸਿੰਘ ਜੀਓ
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਿਹ॥
ਬਹੁਤ ਧੰਨਵਾਦ ਆਪ ਜੀ ਦਾ ਇਸ ਗੱਲੋਂ ਕਿ ਆਪ ਜੀ ਮੇਰੀਆਂ “ਅੱਲ-ਵਲੱਲੀਆਂ’ ਜਿਹੀਆਂ ਲਿਖਤਾਂ ਨੂੰ
ਏਨੇ ਧਿਆਨ ਨਾਲ਼ ਪੜ੍ਹਦੇ ਹੋ। ਏਥੇ ਹੀ ਬੱਸ ਨਹੀਂ, ਇਸ ਤੋਂ ਇਲਾਵਾ ਹੋਰਾਂ ਦੇ ਮੇਰੇ ਵਾਸਤੇ ਪਰਗਟ
ਕੀਤੇ ਗਏ ਉਤਸ਼ਾਹਜਨਕ ਵਿਚਾਰ ਵੀ ਦਿਲਚਸਪੀ ਨਾਲ਼ ਪੜ੍ਹਦੇ ਹੋ। ਇਸ ਤੋਂ ਵਧ ਮੇਰੇ ਵਾਸਤੇ ਮਾਣ ਵਾਲੀ
ਗੱਲ ਹੋਰ ਕੀ ਹੋ ਸਕਦੀ ਹੈ ਕਿ ਮੇਰੇ ਤੋਂ ਅਗਲੀ ਪੀਹੜੀ ਦੇ ਸੁਹਿਰਦ ਵਿਦਵਾਨ ਮੇਰੇ ਵਿਚਾਰਾਂ ਨੂੰ
ਪ੍ਰਸੰਸਾ ਦੀ ਦ੍ਰਿਸ਼ਟੀ ਨਾਲ਼ ਵੇਖਦੇ ਹਨ। ਇਸ ਲਈ ਫਿਰ ਬਹੁਤ ਧੰਨਵਾਦ।
ਬਾਕੀ ਰਹੀ ਗੱਲ ‘ਅਨੰਦ’ ਅਤੇ ‘ਸੁਖ’ ਵਿਚਲੇ ਫਰਕ ਦੀ; ਉਸ ਬਾਰੇ ਬੇਨਤੀ ਹੈ ਕਿ ਸਦਾ ਦੀ ਤਰ੍ਹਾਂ ਇਹ
ਲੇਖ ਲਿਖਦਿਆਂ ਵੀ ਮੈਂ ਕੋਈ ਡੂੰਘੀ ਵਿਚਾਰ ਨਹੀਂ ਕਰ ਸਕਿਆ। ਇਹ ਪ੍ਰਯੋਗ ਸਹਿਵਨ ਹੀ ਹੋ ਗਿਆ ਹੈ।
ਜੇਕਰ ਇਹ ਆਪ ਜੀ ਨੂੰ ਅਢੁਕਵਾਂ ਲੱਗਾ ਹੋਵੇ ਤਾਂ ਮੈਂ ਆਪਣੀ ਗ਼ਲਤੀ ਸਵੀਕਾਰਦਾ ਹਾਂ। ਆਪ ਜੀ ਜੇ
ਇਹਨਾਂ ਦੋਹਾਂ ਸ਼ਬਦਾਂ ਵਿਚਲਾ ਫਰਕ ਮੈਨੂੰ ਸਮਝਾਉਣਾ ਚਾਹੋਗੇ ਤਾਂ ਉਸ ਨੂੰ ਪੜ੍ਹ ਕੇ ਸਵੀਕਾਰਨ ਲਈ
ਤਤਪਰ ਹਾਂ। ਆਪਣੀ ਗ਼ਲਤੀ ਸਵੀਕਾਰਨ ਵਿੱਚ ਸ਼ਾਇਦ ਮੈਂ ਕਦੀ ਵੀ ਗ਼ਲਤ ਜਿਦ ਨਹੀਂ ਕਰਦਾ। ਬਾਵਜੂਦ ੭੧
ਸਾਲ ਦੀ ਉਮਰ ਖਾ ਜਾਣ ਦੇ ਵੀ ਮੈਂ ਖ਼ੁਦ ਨੂੰ ਵਿਦਵਾਨ ਨਹੀਂ ਸਮਝ ਸਕਿਆ।
ਆਪ ਜੀ ਨੇ ਕਿਰਪਾ ਕਰਕੇ ਮੇਰੀ ਇਸ ਅਣਜਾਣਤਾ ਨੂੰ ਵੀ ਜਾਣਕਾਰੀ ਦਾ ਰੂਪ ਦੇਣ ਦੀ ਕਿਰਪਾ ਕਰਨੀ ਜੀ।
ਪੇਸ਼ਗੀ ਧੰਨਵਾਦ।
ਸ਼ੁਭਚਿੰਤਕ
ਸੰਤੋਖ ਸਿੰਘ
(28/07/13)
ਗੁਰਸ਼ਰਨ ਸਿੰਘ ਕਸੇਲ
ਗਿਆਨੀ ਸੰਤੋਖ ਸਿੰਘ ਜੀ, ਆਸਟ੍ਰੇਲੀਆ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਆਪ ਜੀ ਦੀਆਂ ਲਿਖਤਾਂ ਨੂੰ ਪੜ੍ਹਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ । ਆਪ ਲਮੇਂ ਸਮੇਂ ਤੋਂ ਸਿੱਖ
ਧਰਮ ਦਾ ਪ੍ਰੀਚਾਰ ਕਰ ਰਹੇ ਹੋ । ਡਾ ਵਰਿਆਮ ਸਿੰਘ ਸੰਧੂ ਹੋਰਾਂ ਦੀ ਇਕ ਲਿਖਤ ਵਿਚ ਵੀ ਆਪ ਜੀ ਦਾ
ਹਵਾਲਾ ਸੀ । ਹੁਣ ਉਹ ਲਿਖਤ ਤਾਂ ਮੈਂਨੂੰ ਯਾਦ ਨਹੀਂ ਪਰ ਇਹ ਯਾਦ ਹੈ ਕਿ ਤੁਸੀਂ ਤੇ ਇਕ ਤੁਹਾਡੇ
ਸਾਥੀ ਅੰਮ੍ਰਿਤਸਰ ਖਾਲਸਾ ਕਾਲਜ ਹੜ੍ਹਤਾਲ ਕਰਵਾਉਣ ਗਏ ਸੀ ਕੁਝ ਇਸ ਤਰ੍ਹਾਂ ਦਾ ਜਿਕਰ ਸੀ । ਆਪ ਜੀ
ਦੀ ਸਿਫਤ ਵਿਚ ਲੇਖਕ ਨਿੰਦਰ ਘੁਗਿਆਣਵੀਂ ਨੇ ਵੀ ਕਾਫੀ ਚੰਗਾ ਲੇਖ ਲਿਖਿਆ ਸੀ ।
ਆਪ ਜੀ ਦਾ ਲੇਖ “ਵਿਦਵਾਨ ਪ੍ਰਧਾਨ ਜੀ” ਪੜ੍ਹਿਆ ਹੈ; ਚੰਗਾ ਲੱਗਾ । ਇਸ ਵਿਚ ਆਪ ਜੀ ਲਿਖਦੇ
ਹੋ, “ਖੈਰ, ਮੈਂ ਬਾਲਟੀ ਫੜ ਕੇ ਚੰਗਾ ਸਮਾ ਤੇ ਦਿਲ ਲਾ ਕੇ ਕਮਰੇ ਦੀਆਂ ਕੰਧਾਂ ਸਮੇਤ ਫਰਸ਼ ਧੋ ਲਿਆ।
ਸਮਾ ਗਰਮੀਆਂ ਦਾ ਹੋਣ ਕਰਕੇ, ਅਜਿਹਾ ਕਰਦਿਆਂ ਮੈਨੂੰ ਕਿਸੇ ਕਿਸਮ ਦੀ ਤਕਲੀਫ ਦੀ ਥਾਂ ਸਗੋਂ ਅਨੰਦ
ਅਨੁਭਵ ਹੋ ਰਿਹਾ ਸੀ”।
ਗਿਆਨੀ ਜੀ, ਇਹ ਦੱਸਣ ਦੀ ਖੇਚਲ ਕਰਨੀ ਕਿ ਗੁਰਮਤਿ ਅਨੁਸਾਰ “ਅਨੰਦ” ਅਤੇ
“ਸੁਖ” ਵਿਚ ਕੀ ਅੰਤਰ ਹੈ ? ਆਪਣੇ ਵਿਚਾਰ ਪਾਠਕਾਂ ਨਾਲ ਸਾਂਝੇ ਕਰਨ ਲਈ ਆਪ ਦਾ ਧੰਨਵਾਦੀ
ਹੋਵਾਂਗਾ ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
(28/07/13)
ਸੁਰਿੰਦਰ ਸਿੰਘ ‘ਖਲਸਾ’
{ਮਾਡਰਨ
ਗੱਭਰੂ}
ਅਸੀਂ ਹਾਂ ਮਾਡਰਨ ਗੱਭਰੂ, ਸਾਡਾ ਫੁੱਲਾਂ ਜਿਨਾਂ ਭਾਰ।
ਸਾਡੇ ਹੱਡ ਨੇ ਇਉਂ ਖੜਕਦੇ, ਜਿਉਂ ਬਿਜਲੀ ਬੱਦਲਾਂ ਵਿਚਕਾਰ।
ਸਾਡਾ ਮਾਸ ਪਿੰਡੇ ਦਾ ਢਿਲਕਦਾ, ਜਿਉਂ ਬੁੱਢੇ ਅਸੀਉਂ ਪਾਰ।
ਸਾਡੇ ਗੋਡੇ ਭਿੜਦੇ ਤੁਰਦਿਆਂ, ਵੱਜਦੇ ਆਸ ‘ਚ ਬਾਰ-ਬਾਰ।
ਪਾਰੇ ਵਾਂਗ ਇਹ ਦੇਹੀ ਡੋਲਦੀ, ਜਿਉਂ ਬੇੜੀ ਭੰਵਰ ਵਿਚਕਾਰ।
ਅਸੀਂ ਨਸ਼ਿਆਂ ‘ਚ ਜੂਨ ਗੁਜ਼ਾਰਦੇ, ਨਸ਼ਾ ਇੱਕ ਨਹੀਂ ਲੱਗੇ ਚਾਰ-ਚਾਰ।
ਜ਼ਦ ਨਸ਼ੇ ਦੀ ਤੋਟ ਜਿਹੀ ਲੱਗਦੀ, ਨਹੀਂ ਹੁੰਦਾ ਪੱਲ ਵੀ ਗੁਜ਼ਾਰ।
ਹੱਡ ਭੱਜਦੇ ਕੜੱਲ ਜਿਹੇ ਪੈਂਵਦੇ, ਜਾਪੇ ਸਿਰ ਤੇ ਮਣਾਂ ਮੁੰਹ ਭਾਰ।
ਬਿਨਾਂ ਨਸ਼ੇ ਦੇ ਅੱਖ ਨਾ ਖੁੱਲਦੀ, ਉੱਠ ਕੇ ਸਕੀਏ ਨਾ ਕੀੜੀ ਮਾਰ।
ਹੱਥ ਕੰਬਦੇ ਪੈਰ ਡੱਗਮਗੇ, ਸਕੀਏ ਚੱਲ ਨਾ ਕਦਮ ਚਾਰ।
ਸਾਡੀ ਗੱਲ ਦਾ ਨਹੀਂ ਇਤਬਾਰ ਜੇ, ਕਿਸੇ ਅਮਲੀ ਨੂੰ ਮਿਲੋ ਇੱਕ ਬਾਰ।
ਅਸੀਂ ਹੋਏ ਕਰਜ਼ਈ ਜੱਗ ਦੇ, ਹੁਣ ਮੰਗਿਆਂ ਮਿਲੇ ਨਾ ਉਧਾਰ।
ਜਿਸ ਤੋਂ ਮਿਲ ਜਾਏ ਭੋਰਾ ਨਸ਼ੇ ਦਾ, ਉਸਦੇ ਹੋਈਏ ਸ਼ੁਕਰ ਗਜ਼ਾਰ।
ਨਾਲ ਨਸ਼ੇ ਦੇ ਸਵਰਗੀਂ ਉੱਡਦੇ, ਸਮਝੀਏ ਰੱਬ ਨਾਲ ਜੁੜੇ ਹੋਏ ਤਾਰ।
ਨਸ਼ਾ ਉਤਰਿਆ ਹੇਠਾਂ ਡਿੱਗ ਪਏ, ਡਿੱਗੇ ਮੂਧੇ ਮੂੰਹ ਦੇ ਭਾਰ।
ਸਾਨੂੰ ਘਰ ਦੇ ਵਾਧੂ ਸਮਝਦੇ, ਸਾਨੂੰ ਆਖਦੇ ਜੱਗ ਤੇ ਭਾਰ।
ਸਾਡੀ ਧੇਲਾ ਕੀਮਤ ਨਾ ਜੱਗ ਤੇ, ਨਾ ਕਰਦੈ ਕੋਈ ਇਤਬਾਰ।
ਇਸ ਜਿਉਣ ਤੋਂ ਮਰਨਾ ਚੰਗਾ ਹੈ, ਆਖੇ ‘ਸੁਰਿੰਦਰ’ ਇਉਂ ਬਾਰ-ਬਾਰ।
ਸ੍ਰ; ਸੁਰਿੰਦਰ ਸਿੰਘ ‘ਖਲਸਾ’ ਮਿਉਂਦਕਲਾਂ, {ਫਤਿਹਾਬਾਦ} ਮੋਬਾਈਲ =
097287 43287, 094662 66708,
***********************************************************
ਇਉਂ
ਬਿਪਰਾਂ ਨੂੰ ਵੀ ਮਾਤ ਪਾਉਣ ਬਾਬੇ
ਸਿੱਖ ਮੱਤ `ਚ ਬਾਬਿਆਂ ਦੀ ਆਈ ਨ੍ਹੇਰੀ, ਤੇਲ ਸਿੱਖੀ ਦੇ ਬੂਟੇ ਦੀ ਜੜੀਂ ਪਾਉਣ ਬਾਬੇ।
‘ਅਖੰਡ ਪਾਠ’ ਕਿਤੇ ‘ਸੰਪਟ ਪਾਠ’, ਭਿੰਨ-ਭਿੰਨ ਪਾਠਾਂ ਦੀਆਂ ਲੜੀਆਂ ਚਲਾਉਣ ਬਾਬੇ।
ਵਸੀਲ਼ਾ ਰੋਟੀਆਂ ਦਾ ਬਣਿਆ ਪਾਠੀਆਂ ਦਾ, ਗੱਡੀਆਂ ਏ. ਸੀ. ਖੁਦ ਭਜਾਉਣ ਬਾਬੇ।
ਹਰ ਡੇਰੇ ਦਾ ਸਂਵਿਧਾਨ ਵੱਖਰਾ, ਵੰਡੀਆਂ ‘ਪੰਥ `ਚ ਇਉਂ ਪਾਉਣ ਬਾਬੇ।
ਹਰ ਸਾਧ ਨੇ ਰਹਿਤ ਬਣਾਈ ਆਪਣੀ, ਰਹਿਤ ‘ਪੰਥ ਦੀ ਨੂੰ ਖੂੰਜੇ ਲਾਉਣ ਬਾਬੇ।
ਕਿਤੇ ‘ਨਾਨਕ ਸਰੀਏ’ ਕਿਤੇ ‘ਟਕਸਾਲੀ, ਕਈ ਤਰ੍ਹਾਂ ਦੇ ਉਪਨਾਮ ਲਾਉਣ ਬਾਬੇ।
ਤੀਜੇ ਦਿਨ ਛੱਡ ਕੋਈ ਨਵਾਂ ‘ਸ਼ੋਸ਼ਾ, ਰਲ ਲੋਕਾਂ {ਸੰਗਤਾਂ} ਨੂੰ ਉੱਲੂ ਬਣਾਉਣ ਬਾਬੇ।
ਕਰਨੀ ਵਾਲੇ ਨੇ ਬਾਬੇ, ਪ੍ਰਚਾਰ ਕਰਵਾਕੇ, ਅੰਨੀਂ ਸ਼ਰਧਾ ਦਾ ਫਾਇਦਾ ਉਠਾਉਣ ਬਾਬੇ।
ਅੱਖਾਂ ਮੀਟ ਕੇ ‘ਸਿਮਰਨ’ ਦਾ ਪਾਖੰਡ ਕਰਦੇ, ਵਿੱਚ ਭੋਰਿਆਂ ਰੰਗ ਜਮਾਉਣ ਬਾਬੇ।
‘ਗੁਰੂ ਗ੍ਰੰਥ’ ਜੀ ਦੇ ਬਣਕੇ ਸ਼ਰੀਕ ਬੈਠੇ, ਭੋਲੇ ਸ਼ਰਧਾਲੂਆਂ ਤੋਂ ਮੱਥੇ ਟਿਕਾਉਣ ਬਾਬੇ।
ਪਾਖੰਡ ‘ਕੀਰਤਨ’ ਦਾ ਕਰਦੇ ਦੀਵਾਨ ਲਗਾਕੇ, ਚਿਮਟੇ ਢੋਲਕੀਆਂ ਖੂਬ ਖੜਕਾਉਣ ਬਾਬੇ।
ਮੌਤ ਅਟੱਲ ਹੈ, ਲੋਕਾਂ ਨੂੰ ਨਿੱਤ ਦੇਣ ਸਿੱਖਿਆ, ਬਾਡੀ ਗਾਰਡਾਂ’ ਬਿਨਾਂ ਦੀਵਾਨ ਖੁਦ ਨਾ ਲਾਉਣ
ਬਾਬੇ।
ਕੱਚੀਆਂ ਧਾਰਨਾ ਲਾਉਣ, ਤੇ ਜਿਉਂ ਗਾਉਣ ਵਾਲੇ, ‘ਲੰਬੀਆਂ-ਲੰਬੀਆਂ ਹੇਕਾਂ ਲਾਉਣ ਬਾਬੇ।
ਆਰਤੀਆਂ ਕਰਦੇ ਖੜਕਾ-ਖੜਕਾ ਟੱਲੀਆਂ, ਇਉਂ ਬਿੱਪਰਾਂ ਨੂੰ ਵੀ ਮਾਤ ਪਾਉਣ ਬਾਬੇ।
“ਯੂਨੀਅਨ” ਬਣਾਕੇ ਸਾਧ ਸਮਾਜ ਵਾਲੀ, ਹਰ ਮਾਮਲੇ `ਚ ਧੌਂਸ ਜ਼ਮਾਉਣ ਬਾਬੇ।
ਸਿੱਖ ਪੰਥ ਦੀ ਵੱਖਰੀ ਪਛਾਣ ਵਾਲੀ, ‘ਰਹਿਤ ਮਰਿਯਾਦਾ’ ਨੂੰ ਸਦਾ ਛੁਟਿਆਉਣ ਬਾਬੇ।
“ਬਚਿਤ੍ਰ ਨਾਟਕ” ਜਿਹੇ ਲੱਚਰ ‘ਗ੍ਰੰਥ ਤਾਂਈ, “ਦਸਵੇਂ ਨਾਨਕ” ਦੀ ਕ੍ਰਿਤ ਦਰਸਾਉਣ ਬਾਬੇ।
“ਚਿੱਟੇ ਚੋਲੇ” ਪਾ, ਬਣ ਜਾਣ “ਬਗੁਲੇ”, ਮੌਨ ਧਾਰਕੇ “ਮੋਨੀ” ਕਹਾਉਣ ਬਾਬੇ।
ਪਤਾ ਲਗਦੈ, ਜ਼ਦੋਂ ਜ਼ਹਿਰੀ ਡੰਗ’ ਮਾਰਨ, ਅਪਣਾ ਅਸਲੀ ਰੰਗ ਉਦੋਂ ਦਿਖਾਉਣ ਬਾਬੇ।
ਰਿੱਝੀ ਦਾਲ ਵੇਖਣ ਵਾਂਗ ਇਹ ਤਾਂ ਵੰਨਗੀਆਂ ਨੇ, ਬਹੁਤ ਸਾਰੇ ਹੋਰ ਵੀ ਗੁੱਲ ਖਿਲਾਉਣ ਬਾਬੇ।
“ਸਰਿੰਦਰ ਸਿੰਘ” ਕਹੇ, ਸੰਗਤੇ ਰਹੋ ਬੱਚਕੇ, ਮਾਰ ਮਿੱਠੀਆਂ ਜਾਲ `ਚ ਫਸਾਉਣ ਬਾਬੇ।
ਸ੍ਰ; ਸੁਰਿੰਦਰ ਸਿੰਘ ‘ਖਾਲਸਾ’ ਮਿਉਂਦ ਕਲਾਂ {ਫਤਿਹਾਬਾਦ}
ਮੋਬਾਈਲ =097287 43287, =094662 66708,
(28/07/13)
ਦਰਸ਼ਨ ਸਿੰਘ ਅਵਾਰਾ /ਗੁਰਪ੍ਰੀਤ ਸਿੰਘ ਅਬੋਹਰ
ਕੁਝ
ਸਵਾਲ ਰੱਬ ਦੁਆਰਾ ਬਾਬੇ ਨਾਨਕ ਨੂੰ
ਜਿਨਾਂ ਦੇ ਦਿਲ ਰੋਸ਼ਨ ਕਰ ਗਿਓ ਨਿਰਮਲ ਨੂਰੀ ਬਾਣੀ ਨਾਲ
ਆ ਨਾਨਕ ਮੈਂ ਤੈਨੂੰ ਦੱਸਾਂ ਓਨਾਂ ਹੀ ਸਿਖਾਂ ਦਾ ਹਾਲ,
ਓਹੀ ਵਿਹਮ ਭਰਮ ਭੁਲੇਖੇ ਓਹੀ ਵਿਛਆ ਓਹੀ ਇੰਦਰ ਜਾਲ
ਬੀਤੇ ਨੂੰ ਘੁੱਟ ਜਫੀਆਂ ਓਹੀ ਓਹੀ ਸਮਿਓ ਪਛੜੀ ਚਾਲ ,
ਜੇ ਤੂੰ ਬੁਰਾ ਨਾ ਮਨਾਵੇਂ ਨਾਨਕ ਤੈਂਨੂੰ ਇਕ ਕੌੜਾ ਜਿਹਾ ਸਚ ਸੁਨਾ
ਹੈ ਭਰਮਾ ਦਾ ਨਵਾਂ ਅਡੀਸ਼ਨ ਜਿਸ ਦਾ ਰੱਖਿਆ ਸਿਖੀ ਨਾਂ।
ਤੂੰ ਪੂਜਾ ਤੌ ਜਗ ਨੂੰ ਛੁਡਾਵਣ ਗਿਆ ਸੈਂ ਕਿ ਆਪਣੀ ਹੀ ਪੂਜਾ ਕਰਾਵਣ ਗਿਆ ਸੈਂ,
ਤੂੰ ਧੌਣਾਂ ਨੂੰ ਓੱਚਿਆਂ ਉਠਾਵਣ ਗਿਆ ਸੈਂ ਕਿ ਥਾਂ ਥਾਂ ਤੇ ਮੱਥੇ ਟਿਕਵਣ ਸੈਂ,
ਜੇ ਪੱਥਰਾਂਨੂੰ ਪਾਣੀ ਚੜਾਣਾ ਸਹੀ ਏ ਜੇ ਇਹ ਬੁੱਤ ਪਰਸਤੀ ਨਹੀ ਤਾਂ ਹੋਰ ਕੀ ਏ।
ਓਹ ਰੋਸ਼ਣ ਮੁਨਾਰੇ ਮੇਰੇ ਨੂਰ ਨਾਨਕ
ਓਹ ਸੋਮੇ ਪਿਆਰਾਂ ਦੇ ਮਸ਼ਹੂਰ ਨਾਨਕ,
ਮੁਹੱਬਤ ਦੀ ਮਸਤੀ ਚ’ ਮਗਰੂਰ ਨਾਨਕ
ਤੇ ਮਨੁੱਖੀ ਹਿਤਾਂ ਨਾਲ ਭਰਪੂਰ ਨਾਨਕ ,
ਤੂੰ ਕਰਦਾ ਰਿਹਾ ਏਂ ਜਿਨਾ ਦੀ ਵਕਾਲਤ
ਆ ਤਕ ਲੈ ਜਰਾ ਓਨਾਂ ਹੀ ਸਿਖਾਂ ਦੀ ਹਾਲਤ।
ਜਿਨਾਂ ਨੂੰ ਤੂੰ ਭਰਮੋ ਛੁਡਾਇਆ ਏਹੋ ਨੀ
ਜਿਨਾਂ ਨੂੰ ਤੂੰ ਚਾਨਣ ਦਿਖਾਇਆ ਏਹੋ ਨੀ,
ਜਿਨਾਂ ਨੂੰ ਜਿਨਾਂ ਨੂੰ ਤੂੰ ਨੀਂਦੌ ਜਗਾਇਆ ਏਹੋ ਨੀ
ਜਿਨਾਂ ਨੂੰ ਤੂੰ ਸਚ ਦੇ ਰਾਹ ਪਾਇਆ ਏਹੋ ਨੀ,
ਮੇਂ ਸੱਚ ਕਿਹਣ ਲੱਗਾਂ ਬੁਰਾ ਨਾ ਮਨਾਈਂ ਤੇਰੀ ਘਾਲ ਦਿਸਦੀ ਹੈ ਜਾਂਦੀ ਅਜਈਂ।
ਤੇਰੇ ਨਾਮ ਲੇਵਾ ਕਹਾਂਦੇ ਨੇ ਬੇਸ਼ਕ
ਤੇ ਸ਼ਰਦਾ ਬੜੀ ਹੀ ਜਤਾਂਦੇ ਨੇ ਬੇਸ਼ਕ,
ਤੇਰੇ ਨਾਮ ਤੇ ਸਦਾ ਝੂਮ ਜਾਂਦੇ ਨੇ ਬੇਸ਼ਕ
ਤੇ ਨਿਤ ਤੇਰੀ ਬਾਣੀ ਵੀ ਗਾਂਦੇ ਨੇ ਬੇਸ਼ਕ,
ਪਰ ਜੋ ਜੀਵਣ ਚਿਣਗ ਮੇਂ ਤੇਰੇ ਵਿਚ ਸੀ ਪਾਈ
ਇਨਾਂ ਦੇ ਅਮਲਾਂ ਚ’ ਇਹ ਨਜ਼ਰੀ ਨੀ ਆਈ।
ਇਹ ਮੰਗਦੇ ਨੇ ਸਿਹਤ ਸਰੋਵਰ ਚ’ ਨ੍ਹਾ ਕੇ
ਮੁਕੱਦਮੇ ਚ’ ਜਿੱਤ ਕੁਝ ਪਤਾਸੇ ਚੜਾ ਕੇ,
ਇਹ ਲੋੜਦੇ ਨੇ ਪੁੱਤ ਪੈਂਚਮੀ ਸਾਹਿਬ ਜਾ ਕੇ
ਤੇ ਚਾਂਦੇ ਨੇ ਧੰਨ ਲਾਰਾ ਪਾਠਾਂ ਦਾ ਲਾ ਕੇ,
ਨਹੀਂ ਲੱਭਦੇ ਕੋਈ ਕੁਦਰਤ ਚੌ ਕੋਈ ਵਸੀਲਾ
ਤੇ ਮੰਗਣ ਹੀਜਾਤਾ ਨੇ ਲੈਣੇ ਦਾ ਹੀਲਾ
ਇਕੋ ਸਰ ਦੇ ਵਿਚ ਹਰ ਕੀ ਪੌੜੀ ਬਣੀ ਹੈ
ਓਹਦੇ ਦੂਜੇ ਕੰਡੇ ਤੇ ਦੁੱਖ ਭੰਜਣੀ ਹੈ,
ਕੋਈ ਕੰਧ ਵੀ ਵਿਚਾਲੇ ਨਹੀਂ ਬਣੀ ਹੈ
ਕੋਈ ਫਰਕ ਰੰਗੌ ਸਵਾਦੋ ਨਹੀ ਹੈ,
ਪਰ ਇਹਦਾ ਅਸਰ ਹੋਰ ਏ ਇਹਦਾ ਅਸਰ ਹੋਰ ਏ
ਜੋ ਇਹ ਗੱਲ ਨਾ ਮੰਨੇ ਓਹ ਸਿੱਖੀ ਦਾ ਚੋਰ ਏ।
ਜਿਹੇ ਖੰਬ ਭਰਮਾਂ ਨੇ ਕੀਤੇ ਨੇ ਭਾਰੀ
ਹੈ ਭੁੱਲੀ ਇਨਾਂ ਨੂੰ ਅਕਾਸ਼ੀ ਓਡਾਰੀ,
ਪਰਾਧੀਨਤਾ ਏਸੀ ਕੀਤੀ ਨੇ ਪਿਆਰੀ
ਕਿ ਠੁੱਡੇ ਬਿਗਾਣੇ ਵੀ ਜਾਂਦੇ ਨੇ ਸਹਾਰੀ,
ਗੁਲਾਮੀ ਦੀ ਜੰਜੀਰ ਪੌਹਦੀ ਨਹੀ ਨੇ
ਰਤਾ ਪੀੜ ਬੀਣੀ ਨੂੰ ਹੌਦੀ ਨਹੀ ਨੇ।
ਸਮੇ ਦੀਆਂ ਵਾਵਾਂ ਨੂੰ ਪਿੱਠ ਦੇ ਕੇ ਬਿਹਣਾ
ਤੇ ਸਦਾ ਰੋਸ਼ਨੀ ਨਾਲ ਰੁੱਠੇ ਹੀ ਰਿਹਣਾ,
ਹਨੇਰੇ ਵਿਰੁਦ ਜੇ ਕਿਸੇ ਨੇ ਕੁਝ ਕਿਹਣਾ
ਓਹਦੇ ਸਿਰਤੇ ਓਖਾ ਹੈ ਪਗੜੀ ਦਾ ਰਹਿਣਾ,
ਮੇਰੇ ਤੇਰੇ ਨਾ ਤੇ ਇਹ ਕੀ ਹੋ ਰਿਹਾ ਏ ਕਿਹਾ ਸੀ ਜੋ ਤੂੰ ਇਹ ਓਹੀ ਹੋ ਰਿਹਾ ਏ।
ਜੇ ਨਿਸਫਲ ਨੇ ਬਾਹਮਣ ਨੂੰ ਹੰਦੇ ਖਵਣੇ ਤਾਂ ਕਿਸ ਕੰਮ ਨੇ ਭਾਈਆਂ ਨੂੰ ਪੂੜੇ ਸ਼ਕਾਣੇ,
ਜੇ ੳਦਮ ਸ਼ਰਾਦਾਂ ਦੇ ਏਵੇਂ ਨੇ ਜਾਣੇ ਤਾਂ ਕਾਹਤੌ ਨੇ ਮੋਇਆਂ ਦੇ ਨਾ ਤੇ ਭੋਗ ਪਾਣੇ,
ਜੇ ਆਪਣੇ ਹੀ ਅਮਲਾਂ ਦਾ ਹੌਣਾ ਨਬੇੜਾ ਤਾਂ ਮਗਰੌ ਧਰੇ ਪਾਠ ਦਾ ਫਲ ਹੈ ਕਿਹੜਾ।
ਤੂੰ ਤਕ ਤਾਂ ਸਹੀ ਜਾ ਕੇ ਅੱਜ ਗੁਰਦਵਾਰੇ ਪਖੰਡ ਓਥੇ ਕੀ ਕੀ ਗਰਜਾਂ ਖਲਾਰੇ,
ਵਿਆਹ ਧੰਨ ਦੇ ਲਾਲਚ ਓਲਾਦਾਂ ਦੇ ਲਾਰੇ ਸਵਰਗ ਮੁਕਤੀਆਂ ਹੋਰ ਲੱਖਾਂ ਪਸਾਰੇ,
ਫਰਕ ਸਿਰਫ ਇਤਨਾ ਹੀ ਦਿੰਦਾ ਹੈ ਦਿਖਾਈ ਕਿ ਬਾਹਮਣ ਦੀ ਗੱਦੀ ਤੇ ਬੈਠਾ ਹੈ ਭਾਈ
ਓਹੀ ਧੂਫ ਜੋਤਾਂ ਸ਼ਗਣ ਸਾਰ ਓਹੀ ਮੱਸਿਆ ਪੁਨਿਆ ਦੇ ਤਿਓਹਾਰ ਓਹੀ,
ਓਹੀ ਕਿਰਿਆ ਵਰੀਣੇ ਤੇ ਦਿਣ ਵਾਰ ਓਹੀ ਦਿਮਾਗਾਂ ਤੇ ਜੂਨਾਂ ਦਾ ਵੀ ਭਾਰ ਓਹੀ
ਕਲੀ ਹੋ ਕੇ ਵਿਕਦੇ ਨੇ ਪੁਰਾਣੇ ਨੇ ਭਾਂਡੇ ਬਣੇ ਭਾਈ ਓਹੀ ਬਾਹਮਣ ਤੇ ਪਾਂਡੇ।
ਇਹ ਕੰਧਾਂ ਨੂੰ ਮੁਠੀਆਂ ਇਹ ਸਿਹਰੇ ਚੜਾਣੇ
ਇਹ ਰੁਮਾਲਿਆਂ ਨੂੰ ਗੋਟੇ ਤੇ ਸਿਲਮੇ ਲਵਾਣੇ,
ਇਹ ਜੋਤਾਂ ਬਣਾ ਦੇਸੀ ਘਿਓ ਦੇ ਦੀਵੇ ਜਗਾਣੇ
ਇਹ ਸੁਖਣਾ ਇਹ ਭੇਟਾ ਇਹ ਸੋਨੇ ਚੜਾਣੇ,
ਤੇਰੀ ਘਾਲਣਾ ਦਾ ਜੇ ਮਕਸਦ ਇਹੀ ਸੀ
ਤਾਂ ਚਾਲੂ ਪਖੰਡਾਂ ਦੇ ਵਿਚ ਮਾੜਾ ਕੀ ਸੀ।
ਕਰਾਮਾਤ ਨੂੰ ਤੇਰੇ ਨਾਂ ਨਾਲ ਲਾ ਕੇ ਲਹੂ ਦੁੱਧ ਚੁਆ ਕੇ ਤੇ ਮੱਕਾ ਭਵਾਂ ਕੇ ,
ਖੜਾਵਾਂ ਓਡਾਕੇ ਪਹਾੜੀ ਰੁਕਾ ਕੇ ਤੇ ਕਿੱਕਰਾਂ ਦੇ ਓੱਤੋਂ ਮਿਠਾਇਆਂ ਸੁਟਾਕੇ,
ਨਹੀਂ ਸ਼ਾਣ ਇਨਾਂ ਨੇ ਤੇਰੀ ਵਧਾਈ ਸਗੋਂ ਤੇਰੇ ਓੱਤੇ ਹੈ ਦੁਨੀਆਂ ਹਸਾਈ।
ਜੇ ਆਦਰਸ਼ ਤੇਰਾ ਬਣਾਦੇ ਨਿਸ਼ਾਨਾ ਤਾਂ ਇਨ੍ਹਾਂ ਦੇ ਨਕਸ਼ਾਂ ਤੇ ਚਲਦਾ ਜਮਾਨਾ,
ਜੇ ਭੁਲਦੇ ਨਾ ਤੇਰਾ ਅਕਾਸ਼ੀ ਤਰਾਨਾ ਨਾ ਬਣਦੇ ਗੁਲਾਮੀ ਦਾ ਸੋਗੀ ਫਸਾਨਾ,
ਜੇ ਇਹ ਪੂਜਣ ਦੀ ਥਾਂ ਇਹ ਤੈਂਨੂੰ ਸਮਝ ਲੈਂਦੇ ਤਾਂ ਇਨ੍ਹਾਂ ਦੇ ਪੈਰਾਂ ਚ’ ਸੰਗਲ ਨਾ ਪੈਂਦੇ
ਲੇਖਕ: ਦਰਸ਼ਨ ਸਿੰਘ ਅਵਾਰਾ
ਕਿਤਾਬ : ਬਾਗੀ
ਵਲੋਂ : ਗੁਰਪ੍ਰੀਤ ਸਿੰਘ ਅਬੋਹਰ
(26/07/13)
ਤੱਤ ਗੁਰਮਤਿ ਪਰਿਵਾਰ
ਇਕ ‘ਦਰਦਨਾਕ ਅਤੇ ਨਕਾਰਾਤਮਕ ਧਮਾਕਾ’, ਜਿਸ ਨੇ ਸਿਖਾਂ ਨੂੰ ‘ਅਕਾਲ’ ਦੀ ਥਾਂ ਪੁਜਾਰੀਆਂ ਦਾ ‘ਖ਼ਾਲਸਾ’ ਐਲਾਨ ਦਿਤਾ।
ਨਾ-ਅਹਿਲ ਆਗੂਆਂ ਕਾਰਨ ਸਿੱਖਾਂ ਦੀ ਉਰਜਾ ਨੂੰ ਵਿਅਰਥ ਗਵਾਉਣ ਦਾ ਸਿਲਸਿਲਾ ਕਦੋਂ
ਰੁਕੇਗਾ ?
ਸਿੱਖਾਂ
ਦੇ ਸੰਦਰਭ ਵਿਚ ਇਹ ਪ੍ਰਵਾਣਿਤ ਸੱਚਾਈ ਹੈ ਕਿ ਇਹ ਜਜ਼ਬਾਤੀ ਹੋ ਕੇ ਮੁੱਦਿਆਂ ’ਤੇ ਜਲਦੀ ਪ੍ਰਤੀਕ੍ਰਿਆ
ਕਰਦੇ ਹਨ ਅਤੇ ਆਮ ਕਰਕੇ ਇਸ ਪ੍ਰਤੀਕਿਰਿਆ ਵਿਚ ਹੋਸ਼ ਅਤੇ ਮੁੱਦੇ ਦੇ ਪੜਚੋਲ ਦੀ ਘਾਟ ਹੁੰਦੀ ਹੈ। ਇਹ
ਵੀ ਇਕ ਇਤਿਹਾਸਿਕ ਸੱਚਾਈ ਹੈ ਕਿ ਨਾ-ਅਹਿਲ ਆਗੂਆਂ ਨੇ ਜਾਣੇ/ਅਨਜਾਣੇ ਸਿੱਖਾਂ ਦੀ ਊਰਜਾ ਨੂੰ ਵਿਅਰਥ
ਅਨੇਕਾਂ ਵਾਰ ਬਹਾਇਆ ਹੈ। ਪੰਥ ਦੇ ਸੁਚੇਤ ਤਬਕੇ ਨਾਲ ਜੁੜੀਆਂ ਮੰਨੀਆਂ ਜਾਂਦੀਆਂ ਤਿੰਨ ਵੈਬਸਾਈਟਾਂ
ਨੇ ਪਿਛਲੇ ਸਮੇਂ ਵਿਚ ਇਕ ਪ੍ਰਾਜੈਕਟ ਸ਼ੁਰੂ ਕੀਤਾ, ਜਿਸ ਵਿਚ ਪ੍ਰਚਲਤ ਪੰਜ ‘ਤਖਤਾਂ’
ਤੇ ਕਾਬਜ਼ ਪੁਜਾਰੀਆਂ ਕੋਲੋਂ ਸਵਾਲ ਪੁੱਛੇ ਗਏ। ਦੋ ਕੁ ਦਿਨ ਪਹਿਲਾਂ ਇਸ ਪ੍ਰਾਜੈਕਟ ਦੇ ਇਕ ਪੜਾਅ ’ਤੇ
ਸਵਾਲਾਂ ਵਾਲੇ ਪੋਸਟਰ ਕੁਝ ਅਖਬਾਰਾਂ ਵਿਚ ਛੱਪਵਾ ਕੇ ਵੱਡੀ ਗਿਣਤੀ ਵਿਚ ਵੰਡਣ ਦੀ ਕਾਰਵਾਈ ਰੂਪੀ ‘ਧਮਾਕਾ
ਅਤੇ ਕ੍ਰਾਂਤੀ’ ਬਾਰੇ ਇਨ੍ਹਾਂ ਵੈਬਸਾਈਟਾਂ ’ਤੇ ਖਬਰ ਪੜ੍ਹੀ।
ਇਸ
ਪ੍ਰਾਜੈਕਟ ਦੇ ਸੰਚਾਲਕਾਂ ਅਤੇ ਇਸ ਨੂੰ ਸਿੱਖ ਸੰਗਤਾਂ ਤੱਕ ਪਹੁੰਚਾਉਣ ਲਈ ਜ਼ਮੀਨੀ ਪੱਧਰ ’ਤੇ ਉੱਦਮ
ਕਰਨ ਵਾਲਿਆਂ ਦਾ ਉਤਸ਼ਾਹ ਅਤੇ ਮਿਹਨਤ ਸੱਚਮੁੱਚ ਕਾਬਲ-ਏ-ਤਾਰੀਫ ਹੈ ਪਰ ਅਫਸੋਸਜਨਕ ਸੱਚਾਈ ਇਹ ਹੈ ਕਿ ਇਹ ਪ੍ਰਾਜੈਕਟ
ਬਿਨਾਂ ਪੜਚੋਲ, ਦੂਰਦਰਸ਼ਤਾ ਅਤੇ ਸੰਜੀਦਗੀ ਦੇ ਅੱਗੇ ਵਧਾਇਆ ਜਾ ਰਿਹਾ ਹੈ ਕਿ ਇਹ ਗੁਰਮਤਿ ਨੂੰ ਖਤਰਨਾਕ
ਹੱਦ ਤੱਕ ਨਕਾਰਨ ਦਾ ਕਾਰਨ ਬਣ ਗਿਆ ਹੈ। ਜਦੋਂ ਇਹ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ ਤਾਂ ਕੁਝ ਸਮੇਂ
ਬਾਅਦ ਇਸ ਦੇ ਸੰਚਾਲਕਾਂ ਨੇ ਇਹ ਗਿਲਾ ਕਰਦੀ ਟਿੱਪਣੀ ਕੀਤੀ ਸੀ ਕਿ ਕੋਈ ਉਨ੍ਹਾਂ ਨੂੰ ਸਹਿਯੋਗ ਨਹੀਂ
ਕਰ ਰਿਹਾ। ਉਸ ਸਮੇਂ ਅਸੀਂ ਇਕ ਖਾਸ
ਸੰਪਾਦਕੀ ਲਿੱਖ ਕੇ ਸੁਚੇਤ ਕਰਨ ਦਾ ਯਤਨ ਕੀਤਾ ਸੀ ਕਿ ਇਸ ਪ੍ਰਾਜੈਕਟ ਵਿਚ ਗੁਰਮਤਿ ਅਤੇ ਹੋਰ ਪੱਖਾਂ
ਤੋਂ ਕਈਂ ਖਾਮੀਆਂ ਹਨ, ਇਸ ਲਈ ਇਹ ਨੁਕਸਾਨਦਾਇਕ ਹੋ ਸਕਦਾ ਹੈ। ਪਰ ਇਸ ਹਾਂ-ਪੱਖੀ ਆਲੋਚਨਾ
ਨੂੰ ਸੰਚਾਲਕਾਂ ਨੇ ਹਉਮੈ, ਈਰਖਾ ਆਦਿ ਮਾਨਸਿਕ ਕਮਜ਼ੋਰੀਆਂ ਕਾਰਨ ਅਣਦੇਖਿਆ ਕਰ ਦਿਤਾ। ਨਤੀਜਾ ਜਦੋਂ
ਇਹ ਪ੍ਰਾਜੈਕਟ ਜ਼ਮੀਨੀ ਪੱਧਰ ’ਤੇ ਪਹੁੰਚਿਆ ਤਾਂ ਇਹ ਇਕ ਐਸਾ ਦਰਦਨਾਕ ਧਮਾਕਾ ਬਣ ਕੇ ਸਾਹਮਣੇ ਆਇਆ, ਜਿਸ ਨੇ ਸਿੱਖਾਂ ਨੂੰ ਅਕਾਲ
ਦੀ ਥਾਂ ਪੁਜਾਰੀਆਂ ਦਾ ਖਾਲਸਾ ਐਲਾਨ ਦਿਤਾ।
ਆਉ,
ਇਸ ਸੱਚਾਈ ਤੋਂ ਪਰਦਾ ਉਠਾਉਣ ਲਈ ਖੁੱਲਾ ਵਿਸ਼ਲੇਸ਼ਣ ਕਰਦੇ ਹਾਂ। ਇਸ ਪ੍ਰਾਜੈਕਟ ਦਾ ਆਧਾਰ ਇਕ ਇਸ਼ਤਿਹਾਰ
ਹੈ, ਜਿਸ ਵਿਚ ਕਾਬਜ਼ ਪੁਜਾਰੀਆਂ ਨੂੰ ਕੁਝ ਸਵਾਲ ਪੁੱਛੇ ਗਏ ਹਨ। ਇਸ ਨੂੰ ਇਕ ਅਖ਼ਬਾਰ ਵਿਚ ਛਪਵਾ ਕੇ
ਵੱਡੀ ਗਿਣਤੀ ਵਿਚ ਵੰਡਣ ਰਾਹੀਂ ਧਮਾਕੇ ਅਤੇ ਕ੍ਰਾਂਤੀ ਦਾ ਦਾਅਵਾ ਕੀਤਾ ਗਿਆ। ਪਰ ਇਹ ਇਸ਼ਤਿਹਾਰ ਆਪ
ਹੀ ਗੁਰਮਤਿ ਦੀ ਘੋਰ ਉਲੰਘਣਾ ਕਰਨ ਵਾਲਾ ਅਤੇ ਭ੍ਰਿਸ਼ਟ ਪੁਜਾਰੀਆਂ ਵਿਰੁਧ ਵਿੱਢੇ ਗਏ ਸੰਘਰਸ਼ ਦੇ ਦਾਅਵੇ
ਨੂੰ ਖੋਖਲਾ ਸਾਬਤ ਕਰਦਾ ਹੈ। ਖ਼ਬਰ ਅਨੁਸਾਰ ਅਖ਼ਬਾਰ ਵਿਚ ਛਪੇ ਇਸ ਇਸ਼ਤਿਹਾਰ ਦੇ ਅੰਗਰੇਜ਼ੀ ਰੂਪ ਦਾ ਸਿਰਲੇਖ
ਕੁਝ ਇਸ ਤਰ੍ਹਾਂ ਹੈ:
Questions raised by sikh sangat and jathebandis from all over the
world to Jathedars (Religious heads) of Takhats i.e. the supreme religious
authorities of Khalsa.
ਭਾਵ ਸੰਸਾਰ ਭਰ ਤੋਂ ਸਿੱਖ ਸੰਗਤ ਅਤੇ ਜੱਥੇਬੰਦੀਆਂ ਵਲੋਂ ਤਖ਼ਤਾਂ, ਜੋ ਕਿ ਖਾਲਸੇ
ਦੀਆਂ ਸਰਬਉੱਚ (ਸੁਪਰੀਮ) ਅਥਾਰਟੀਜ਼ ਹਨ, ਦੇ ਜੱਥੇਦਾਰਾਂ (ਧਾਰਮਿਕ ਮੁੱਖੀਆਂ) ਨੂੰ ਸਵਾਲ
ਇਸ
ਸਿਰਲੇਖ ਵਿਚ ਹੇਠ ਲਿਖੇ ਐਲਾਨ ਮਿਲਦੇ ਹਨ।
1. ਪ੍ਰਚਲਤ
ਪੰਜ ਤਖ਼ਤ ਖਾਲਸੇ ਦੀਆਂ ਸਰਬਉੱਚ (ਸੁਪਰੀਮ) ਅਥਾਰਟੀਜ਼ ਹਨ।
2.ਪ੍ਰਚਲਤ
ਜੱਥੇਦਾਰ ਇਨ੍ਹਾਂ ਤਖ਼ਤਾਂ ਦੇ ਧਾਰਮਿਕ ਮੁੱਖੀ ਹਨ।
ਇਹ
ਐਲਾਨ ਕਿਤਨੇ ਗੁਰਮਤਿ ਤੋਂ ਉਲਟ, ਦੁਬਿਧਾਮਈ ਅਤੇ ਗਲਤ ਹਨ, ਇਸ ਦੀ ਥੋੜੀ ਸੰਜੀਦਾ ਪੜਚੋਲ ਕਰ ਲੈਂਦੇ
ਹਾਂ। ਗੁਰਬਾਣੀ ਤੋਂ ਸੇਧ ਲਈਏ ਤਾਂ ਪਤਾ ਚਲਦਾ ਹੈ:
ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ। (ਪੰਨਾ 655)
ਭਾਵ
ਇਕ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਵਿਚ ਭਿੱਜੇ ਮਨੁੱਖ ਖਾਲਸੇ ਹਨ। ਇਹ ਸੱਚ ਆਮ ਪ੍ਰਵਾਣਿਤ ਵੀ ਹੈ ਕਿ ਖਾਲਸੇ ਦਾ ਸੰਬੰਧ
ਸਿੱਧਾ
‘ਅਕਾਲ’ ਨਾਲ ਹੈ। ਸੋ ਖਾਲਸਿਆਂ ਲਈ ਸਰਬਉੱਚ ਅਤੇ ਸੁਪਰੀਮ ਅਥਾਰਟੀ ਸਿਰਫ਼ ਅਤੇ ਸਿਰਫ਼ ਅਕਾਲ
ਪੁਰਖ ਹੈ। ਉਸ ਅਕਾਲ ਦੇ ਗਿਆਨ ਰੂਪ ਦਾ ਸੋਮਾ ਹੋਣ ਕਰਕੇ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਖਾਲਸੇ ਲਈ ਸੁਪਰੀਮ ਸੇਧ ਹੈ। ਪਰ ਚਰਚਾ ਅਧੀਨ ਪੋਸਟਰ ਵਿਚ:
1.ਖਾਲਸੇ ਦੀ ਸੁਪਰੀਮ ਅਥਾਰਟੀ ਪੰਜ ਪ੍ਰਚਲਤ ਤਖ਼ਤਾਂ ਨੂੰ ਐਲਾਨਿਆ ਗਿਆ ਹੈ। ਪਹਿਲੀ
ਵਾਰ ਇਹ ਸੁਣਨ ਵਿਚ ਆਇਆ ਹੈ ਕਿ ਸੁਪਰੀਮ ਇਕ ਤੋਂ ਵੱਧ ਵੀ ਹੁੰਦਾ ਹੈ। ਨਾਨਕ ਸਰੂਪਾਂ ਨੇ ਮਨੁੱਖ ਨੂੰ
ਇਕ ਦੇ ਲੱੜ ਲਾ ਕੇ ਖਾਲਸਾ ਬਣਾਇਆ ਸੀ। ਕੀ ਇਸ ਪ੍ਰਾਜੈਕਟ ਦੇ ਸੰਚਾਲਕ ਉਸ ਖਾਲਸੇ ਨੂੰ ਪੰਜ ਤਖ਼ਤਾਂ ਦੇ ਲੜ੍ਹ ਨਹੀਂ ਲਾ ਰਹੇ?
ਇਹ ਵੀ ਸੱਚਾਈ ਹੈ ਕਿ ਪੰਥ ਦੇ ਸੁਚੇਤ ਤਬਕੇ ਦਾ ਵੱਡਾ ਹਿੱਸਾ ਪੰਜ ਤਖ਼ਤਾਂ ਦੀ ਪ੍ਰਚਲਤ ਸਰਬਉੱਚਤਾ ਦੀ
ਥਿਉਰੀ ਨੂੰ ਗੁਰਮਤਿ ਅਨੁਸਾਰੀ ਨਹੀਂ ਮੰਨਦਾ। ਇਸ ਬਾਰੇ ਕਾਲਾ ਅਫਗਾਨਾ ਜੀ ਸਮੇਤ ਕਈਂ ਸੁਚੇਤ ਲੇਖਕ
ਲਿੱਖ ਚੁੱਕੇ ਹਨ। ਪ੍ਰੋ. ਦਰਸ਼ਨ ਸਿੰਘ ਜੀ ਵੀ ‘ਅਕਾਲ ਤਖ਼ਤ’ ਸੰਬੰਧੀ ਇਹ ਕਹਿ ਚੁੱਕੇ ਹਨ ਕਿ ਅਕਾਲ ਤਖ਼ਤ ਕੋਈ ਥਾਂ ਵਿਸ਼ੇਸ਼ ਨਹੀਂ,
ਇਕ ਫ਼ਲਸਫਾ ਹੈ।
2.ਇਨ੍ਹਾਂ ਪੰਜ ‘ਸੁਪਰੀਮ ਤਖ਼ਤਾਂ’
ਦੇ ਧਾਰਮਿਕ ਮੁੱਖੀ ਪ੍ਰਚਲਤ ਜੱਥੇਦਾਰਾਂ ਨੂੰ ਐਲਾਨਿਆ ਗਿਆ ਹੈ। ਸਪਸ਼ਟ ਹੈ ਪੋਸਟਰ ਮੁਤਾਬਕ ਖਾਲਸੇ ਦੀ
ਸੁਪਰੀਮ ਅਥਾਰਿਟੀ (ਤਖ਼ਤਾਂ) ਦੇ ਵੀ ਧਾਰਮਿਕ ਮੁੱਖੀ (ਭਾਵ ਹੋਰ ਵੀ ਸੁਪਰੀਮ) ਇਹ ਜੱਥੇਦਾਰ ਹਨ। ਚੇਤੇ ਰਹੇ ਇਨ੍ਹਾਂ ਮੌਜੂਦਾ ਅਖੌਤੀ ਜੱਥੇਦਾਰਾਂ
ਵਿਚ ਗੁਰਬਚਨ ਸਿੰਘ ਆਦਿ ਲੋਕ ਸ਼ਾਮਿਲ ਹਨ, ਜੋ ਪੋਸਟਰ ਅਨੁਸਾਰ ਖਾਲਸੇ ਦੇ ਸੁਪਰੀਮ ਧਾਰਮਕ ਮੁੱਖੀ ਮੰਨੇ
ਗਏ ਹਨ। ਜਦਕਿ ਸੱਚਾਈ ਇਹ ਹੈ ਕਿ ਤਖ਼ਤਾਂ ਦੇ ਨਾਮ ਹੇਠ ਸਿੱਖ ਸਮਾਜ ਵਿਚ ਪ੍ਰਚਲਤ ਕਰ ਦਿਤੀ
ਗਈ ਵਿਵਸਥਾ ’ਤੇ ਰਾਜਨੀਤਕਾਂ ਦੀ ਸ਼ਹਿ ’ਤੇ ਕਾਬਜ਼ ਇਹ ਪੁਜਾਰੀ ਹਨ,
ਖਾਲਸੇ ਦੇ ਧਾਰਮਿਕ ਮੁੱਖੀ ਨਹੀਂ। ਸਿਧਾਂਤਕ ਤੌਰ ’ਤੇ ਖਾਲਸੇ ਦਾ ਧਾਰਮਿਕ ਮੁੱਖੀ ਸਿਰਫ਼ ਤੇ ਸਿਰਫ਼ ਪ੍ਰਭੂ
ਆਪ ਹੈ ਅਤੇ ਸੇਧ ਉਸ ਦਾ ਗਿਆਨ ਰੂਪ ‘ਸ਼ਬਦ’ ਹੈ, ਜਿਸ ਦਾ ਸੋਮਾ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’
ਹਨ।
ਕੀ
ਇਕ ਅਕਾਲ ਪੁਰਖ ਦੀ ਬਜਾਏ ਕਿਸੇ ਥਾਂ ਵਿਸ਼ੇਸ਼ ਨੂੰ ਖਾਲਸੇ ਦੀ ਸੁਪਰੀਮ ਧਾਰਮਿਕ ਅਥਾਰਟੀ ਅਤੇ ਉਨ੍ਹਾਂ
ਥਾਵਾਂ ’ਤੇ ਕਾਬਜ਼ ਪੁਜਾਰੀਆਂ ਨੂੰ ਖਾਲਸੇ
ਦੇ ਧਾਰਮਿਕ ਮੁੱਖੀ ਐਲਾਨਣਾ ਗੁਰਮਤਿ ਨੂੰ ਪਿੱਠ ਵਿਖਾਉਣਾ ਨਹੀਂ? ਕੀ ਅਕਾਲ ਦੀ ਥਾਂ ਪੁਜਾਰੀਆਂ
ਨੂੰ ਸੁਪਰੀਮ ਮੰਨਦਾ ਐਲਾਨਣਾ
ਆਤਮਕ
ਗੁਨਾਹ ਨਹੀਂ?
ਇਨ੍ਹਾਂ
ਪੁਜਾਰੀਆਂ ਨੂੰ ‘ਜੱਥੇਦਾਰ’ ਕਹਿਣ ਦੀ ਪ੍ਰੰਪਰਾ ਵੀ ਪੜਚੋਲ ਮੰਗਦੀ ਹੈ। ਜੱਥੇ ਦਾ ਮਤਲਬ ਹੁੰਦਾ
ਹੈ ਕਿ ਗਰੁੱਪ ਜੋ ਕਿਸੇ ਮਕਸਦ ਵਿਸ਼ੇਸ਼ ਨੂੰ ਸਮਰਪਤ ਹੁੰਦਾ ਹੈ। ਐਸੇ ਗਰੁੱਪ ਦਾ ਆਗੂ ਜੱਥੇਦਾਰ ਕਹਾਉਂਦਾ
ਹੈ। 1708 ਤੋਂ ਬਾਅਦ ਦੇ ਹਾਲਾਤਾਂ ਵਿਚ ਐਸੇ ਅਨੇਕਾਂ ਸਮੂਹ ਸਿੱਖਾਂ ਵਿਚ ਬਣ ਗਏ ਸਨ, ਜਿਨ੍ਹਾਂ ਦੇ
ਆਗੂ ਜੱਥੇਦਾਰ ਕਹਿਲਾਉਂਦੇ
ਸਨ। ਕਿਸੇ ਧਾਰਮਿਕ ਅਸਥਾਨ ਦੇ ਪੁਜਾਰੀ ਨੂੰ ‘ਜੱਥੇਦਾਰ’ ਕਹਿਣਾ ਗਲਤ ਹੈ। ਇਹ ਕਚਿਹਰੀ ਰੂਪ ਪੰਜ ਜੱਥੇਦਾਰੀ ਵਿਵਸਥਾ ਸਿੱਖ ਸਮਾਜ ਵਿਚ ਭ੍ਰਿਸ਼ਟ ਹਾਕਮ-ਪੁਜਾਰੀ
ਗਠਜੋੜ ਦੀ ਪਕੜ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੀ ਜਾਪਦੀ ਹੈ।
ਇਹ
ਤਾਂ ਗੱਲ ਹੋਈ ਇਸ ਪ੍ਰਾਜੈਕਟ ਦੇ ਆਧਾਰ ਵਜੋਂ ਜਾਰੀ ਕੀਤੇ ਪੋਸਟਰ ਦੇ ਸਿਰਲੇਖ ਵਿਚ ਗੁਰਮਤਿ ਸਿਧਾਂਤ
ਪੱਖੋਂ ਕੀਤੀ ਬਜਰ ਕੁਤਾਹੀਆਂ (ਗਲਤੀ) ਦੀ। ਹੁਣ ਅੱਗੇ ਗੱਲ ਕਰਦੇ ਹਾਂ ਇਸ ਪੋਸਟਰ ਵਿਚ ਦਿੱਤੇ ਸਵਾਲਾਂ
ਦੀ ਪ੍ਰਸੰਗਤਾ ਬਾਰੇ। ਇਸ ਪੋਸਟਰ ਵਿਚ ਦਿੱਤੇ ਬਹੁਤੇ ਸਵਾਲਾਂ ਵਿਚ ਪ੍ਰਚਲਤ ਸਿੱਖ ਰਹਿਤ ਮਰਿਯਾਦਾ ਅਤੇ ਅਕਾਲ
ਤਖ਼ਤ ਦੇ ਨਾਮ ਤੇ ਸਮੇਂ-ਸਮੇਂ ਜਾਰੀ ਹੋਏ ‘ਹੁਕਮਨਾਮਿਆਂ’ ਨੂੰ ਕਸਵੱਟੀ ਬਣਾਇਆ
ਗਿਆ ਹੈ।
ਸੰਜੀਦਗੀ, ਸੁਚੇਤਤਾ ਅਤੇ ਦੂਰ-ਦ੍ਰਿਸ਼ਟੀ ਇਸ ਗੱਲ ਦੀ ਮੰਗ ਕਰਦੀ ਹੈ ਕਿ ਕਸਵੱਟੀ
ਆਪ ਸ਼ੁੱਧ ਅਤੇ ਪੂਰਨ ਹੋਵੇ। ਸੋ ਐਸੇ ਸਵਾਲਾਂ
ਲਈ ਇਕੋ-ਇਕ ਪ੍ਰਮਾਣਿਕ ਕਸਵੱਟੀ ਗੁਰਮਤਿ ਬਣਦੀ ਹੈ। ਪੰਥ ਦੇ ਸੁਚੇਤ ਤਬਕੇ ਵਿਚ ਇਸ ਗੱਲ ’ਤੇ ਲਗਭਗ
ਸਹਿਮਤੀ ਹੈ ਕਿ ਪ੍ਰਚਲਤ ਸਿੱਖ ਰਹਿਤ ਮਰਿਯਾਦਾ ਵਿਚ ਕਈਂ ਕਮੀਆਂ ਹਨ ਅਤੇ ਇਸ ਵਿਚ ਸੁਧਾਰ ਦੀ ਲੋੜ ਹੈ।
ਗਿਆਨੀ ਭਾਗ ਸਿੰਘ ਜੀ ਅੰਬਾਲਾ ਤੋਂ ਸ਼ੁਰੂ ਕਰ ਕੇ, ਹੁਣ ਪ੍ਰੋ. ਦਰਸ਼ਨ ਸਿੰਘ ਜੀ ਵਲੋਂ ਵੀ ਐਸੇ ਸੁਧਾਰ
ਦੀ ਲੋੜ ਨੂੰ ਸਵੀਕਾਰ ਕੀਤਾ ਜਾ ਰਿਹਾ ਹੈ। ਜਿਹੜੀ ਮਰਿਯਾਦਾ ਆਪ ਹੀ ਅਸੀਂ ਪੂਰਨ ਸਹੀ ਨਹੀਂ ਮੰਨਦੇ, ਉਸ ਨੂੰ ਸਵਾਲ ਪੁੱਛਣ ਲਈ ਕਸਵੱਟੀ
ਬਣਾਉਣਾ ਕਿਵੇਂ ਜਾਇਜ਼ ਹੈ? ਕੀ ਇਹ ਦੁਬਿਧਾਮਈ ਪਹੁੰਚ ਨਹੀਂ?
‘ਹੁਕਮਨਾਮਿਆਂ’ ਦੀ ਕਸਵੱਟੀ ਦਾ ਵੀ ਹਾਲ ਕੁਝ ਐਸਾ ਹੀ ਹੈ। ਅਕਾਲ ਤਖ਼ਤ ਦੇ ਨਾਮ
’ਤੇ ਪ੍ਰਚਲਤ ਵਿਵਸਥਾ ਹੇਠ ਬਹੁਤੇ ਆਦੇਸ਼ ਐਸੇ ਹਨ, ਜਿਨ੍ਹਾਂ ਨੂੰ ਪੰਥ ਦਾ ਸੁਚੇਤ ਤਬਕਾ ਗਲਤ ਮੰਨਦਾ
ਹੈ ਅਤੇ ਮਾਨਤਾ ਨਹੀਂ ਦਿੰਦਾ। ਫੇਰ ਐਸੇ ਆਦੇਸ਼ਾਂ ਨੂੰ ਸਵਾਲਾਂ ਲਈ ਕਸਵੱਟੀ ਬਣਾਉਣਾ ਗੁਰਮਤਿ ਸਿਧਾਂਤ
ਨੂੰ ਪਿੱਠ ਵਿਖਾਉਂਦੀ ਦੁਬਿਧਾਮਈ ਪਹੁੰਚ ਨਹੀਂ ? ਚੇਤੇ ਰਹੇ ਜੋਗਿੰਦਰ ਸਿੰਘ ਜੀ ਸਪੋਕਸਮੈਨ ਅਤੇ ਪ੍ਰੋ. ਦਰਸ਼ਨ ਸਿੰਘ ਜੀ ਨੂੰ
ਛੇਕਣ ਦੇ ਆਦੇਸ਼ ਵੀ ਉੱਸੇ ਵਿਵਸਥਾ ਦੇ ਜਾਰੀ ਕੀਤੇ ਹੋਏ ਹਨ, ਜਿਸ ਵਿਵਸਥਾ ਦੇ ‘ਹੁਕਮਨਾਮਿਆਂ’ ਨੂੰ ਸੰਚਾਲਕ
ਸਵਾਲਾਂ ਦੀ ਕਸਵੱਟੀ ਬਣਾ ਰਹੇ ਹਨ। ਗੁਰਮਤਿ ਦੀ ਥਾਂ ਕੱਚੀਆਂ ਕਸਵੱਟੀਆਂ ’ਤੇ ਖੜੇ ਕੀਤੇ ਪ੍ਰਾਜੈਕਟ ਕਿਵੇਂ ਸਹੀ
ਨਤੀਜੇ ਸਾਹਮਣੇ ਲਿਆ ਸਕਦੇ ਹਨ? ਹਾਂ, ਐਸੇ ਪ੍ਰਾਜੈਕਟ ਸਿੱਖਾਂ ਦੇ ਹੋਰ ਕੰਮਾਂ ਵਾਂਗੂ ਊਰਜਾ
ਵਿਅਰਥ ਗੁਆਉਣ ਦਾ ਕੰਮ ਬਾਖੂਬੀ ਕਰ ਸਕਦੇ ਹਨ।
ਟਾਈਗਰ
ਜਥਾ, ਖਾਲਸਾ ਨਿਉਜ਼, ਸਿੰਘ ਸਭਾ ਯੂ ਐਸ ਏ ਵਲੋਂ ਜਾਰੀ ਕੀਤੇ ਇਸ ਪੋਸਟਰ ਦੇ ਹੇਠਾਂ
‘ਸਮਰਥਕ ਜਥੇਬੰਦੀਆਂ’ ਦੀ ਇਕ ਸੂਚੀ ਵੀ ਦਿੱਤੀ ਗਈ ਹੈ। ਕੀ ਇਨ੍ਹਾਂ ‘ਜਥੇਬੰਦੀਆਂ’
ਦੇ ਜੱਥੇਦਾਰਾਂ ਅਤੇ ਹੋਰ ਮੁੱਢਲੇ ਮੈਂਬਰਾਂ ਨੇ ਗੁਰਮਤਿ ਸਿਧਾਂਤਾਂ ਦਾ ਬਜਰ ਘਾਣ ਕਰਦੇ ਇਸ ਪੋਸਟਰ
ਦੀ ਸਮਰਥਨ ਤੋਂ ਪਹਿਲਾਂ ਪੜਚੋਲ ਨਹੀਂ ਕੀਤੀ? ਖਾਲਸਾ ਨਿਉਜ਼ ਵੈਬਸਾਈਟ ’ਤੇ ਲੱਗੀ ਇਸ
‘ਧਮਾਕਾਖੇਜ਼ ਖਬਰ’ ਦੇ ਹੇਠਾਂ ਪੰਥ ਦੇ ਸੁਚੇਤ ਤਬਕੇ ਨਾਲ ਜੁੜੇ ਕੁਝ ਸੱਜਣਾਂ ਨੇ
ਤਾਰੀਫ ਅਤੇ ਹੌਂਸਲਾ ਅਫਜ਼ਾਈ ਦੇ ਕਮੈਂਟਸ ਪਾਏ ਹਨ। ਕੀ ਉਨ੍ਹਾਂ ਵਿਚੋਂ ਕਿਸੇ ਨੇ ਵੀ ਪੋਸਟਰ ਵਿਚਲੀ
ਗੁਰਮਤਿ ਵਿਰੋਧੀ ਸਾਮੱਗਰੀ ਦੀ ਪੜਚੋਲ ਕਰਨੀ ਜ਼ਰੂਰੀ ਨਹੀਂ ਸਮਝੀ? ਇਸ ਪਹੁੰਚ ਨੂੰ ਵੇਖ ਕੇ ‘ਗੁਰ ਬਿਲਾਸ ਪਾ: 6’ ਕਿਤਾਬ ਦੇ ਪ੍ਰਕਾਸ਼ਨ
ਦੀ ਘਟਨਾ ਚੇਤੇ ਆ ਜਾਂਦੀ ਹੈ। ਜੋਗਿੰਦਰ ਸਿੰਘ ਵੇਦਾਂਤੀ ਨੇ ਨੱਬੇ ਦੇ ਦੌਰ ਵਿਚ ‘ਗੁਰ ਬਿਲਾਸ ਪਾ:
6’ ਪੁਸਤਕ ਨੂੰ ਸੰਪਾਦਨ ਕਰਕੇ ਮੁੜ-ਪ੍ਰਕਾਸ਼ਤ ਕੀਤਾ। ਇਸ ਕਿਤਾਬ ਦੇ ਸ਼ੁਰੂ ਵਿਚ ਸਿੱਖ ਸਮਾਜ ਦੀਆਂ ਕਈਂ ਮਸ਼ਹੂਰ ਸ਼ਖਸੀਅਤਾਂ ਨੇ ਤਾਰੀਫ ਵਿਚ ਕਸੀਦੇ ਲਿਖੇ।
ਪਰ ਜਦੋਂ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ ਨੇ ਇਸ ਪੁਸਤਕ ਵਿਚਲੀਆਂ ਗੁਰਮਤਿ ਵਿਰੋਧੀ ਅਤੇ ਨਾਨਕ ਸਰੂਪਾਂ
ਨੂੰ ਕਲੰਕਿਤ ਕਰਦੀ ਸਾਮੱਗਰੀ ਦਾ ਪਰਦਾਫਾਸ਼ ਕੀਤਾ ਤਾਂ ਕਈਂ ਕਸੀਦੇ ਲਿਖਣ ਵਾਲੇ ਕਹਿ ਗਏ ਕਿ ਅਸੀਂ ਤਾਂ
ਪੁਸਤਕ ਪੜ੍ਹੀ ਹੀ ਨਹੀਂ ਜਾਂ ਸਾਡੇ ਨਾਮ ’ਤੇ ਆਪੇ ਹੀ ਤਾਰੀਫਾਂ ਲਿੱਖ ਲਈਆਂ ਗਈਆਂ।
ਪਰ ਬਿਨਾਂ ਪੜਚੋਲ ਦੇ ਸਮਰਥਨ ਕਰਨ ਦੀ ਇਸ
ਗਲਤ ਰੁਚੀ ਦਾ ਪੰਥ ਦੇ ਸੁਚੇਤ ਮੰਨੇ ਜਾਂਦੇ ਤਬਕੇ ਵਿਚ ਵੀ ਪਾਇਆ ਜਾਣਾ ਅਫਸੋਸਜਨਕ ਹੈ।
ਇਸ
ਪ੍ਰਾਜੈਕਟ ਦੇ ਸੰਚਾਲਕਾਂ ਦੀ ਦੁਬਿਧਾ ਅਤੇ ਅਸਪਸ਼ਟਤਾ ਵੀ ਦਿਲਚਸਪ ਹੈ। ਇਕ ਮੁੱਖ ਸੰਚਾਲਕ (ਸੰਪਾਦਕ
ਖਾਲਸਾ ਨਿਉਜ਼) ਆਪਣੇ ਸੰਪਾਦਕੀਆਂ ਵਿਚ ਇਨ੍ਹਾਂ ਪੁਜਾਰੀਆਂ ਨੂੰ ਆਮ ‘ਪੱਪੂ’
ਲਿਖਦੇ ਹਨ, ਪਰ ਪੋਸਟਰ ਵਿਚ ਉਹੀ ਪੁਜਾਰੀ ‘ਖਾਲਸੇ ਦੀਆਂ ਸੁਪਰੀਮ ਅਥਾਰਟੀਜ਼ ਦੇ ਧਾਰਮਿਕ ਮੁੱਖੀ’
ਐਲਾਨਦੇ ਪਏ ਹਨ।
ਪਾਠਕਾਂ
ਨੂੰ ਯਾਦ ਹੋਵੇਗਾ ਕਿ ਇਸ ਪ੍ਰਾਜੈਕਟ ਦੇ ਸੰਚਾਲਕਾਂ ਅਤੇ ਸਿਹਿਯੋਗੀਆਂ ਵਲੋਂ ਪ੍ਰੋ. ਧੂੰਦਾ ਦੇ ਪੁਜਾਰੀਆਂ
ਸਾਹਮਣੇ ਪੇਸ਼ ਹੋਣ ਵਾਲੇ ਫੈਸਲੇ ਨੂੰ ਗਲਤ ਦੱਸਦਿਆਂ ਵਿਰੋਧੀ ਪ੍ਰਚਾਰ ਕੀਤਾ ਗਿਆ ਸੀ। ਪ੍ਰੋ. ਧੂੰਦਾ ਦਾ ਪੇਸ਼ ਹੋਣਾ ਬੇਸ਼ਕ ਗਲਤ ਸੀ ਕਿਉਂਕਿ
ਉਸ ਨਾਲ ਪੁਜਾਰੀਆਂ ਦੀ ਗਲਤ ਪ੍ਰਚਲਤ ਵਿਵਸਥਾ ਨੂੰ ਪ੍ਰੋੜਤਾ ਮਿਲਦੀ ਸੀ ਅਤੇ ਪੰਥ ਦੇ ਸੁਚੇਤ
ਤਬਕੇ ਵਲੋਂ ਉਸ ਗਲਤ ਵਿਵਸਥਾ ਨੂੰ ਨਕਾਰਨ ਦੇ ਇਨਕਲਾਬ ਨੂੰ ਪਿੱਠ ਵਿਖਾਉਣਾ
ਸੀ। ਪਰ ਹੁਣ ਆਪਣੇ ਇਸ ਪ੍ਰਾਜੈਕਟ ਵਿਚ ਇਹ ਸੰਚਾਲਕ ਆਪ ਹੀ ਉਨ੍ਹਾਂ ਪੁਜਾਰੀਆਂ ਨੂੰ ਖਾਲਸੇ ਦੇ ਸੁਪਰੀਮ ਧਾਰਮਿਕ ਮੁੱਖੀ ਐਲਾਨ ਕੇ ਇਸ ਭ੍ਰਿਸ਼ਟ
ਵਿਵਸਥਾ ਨੂੰ ਮਾਨਤਾ ਦੇ ਰਹੇ ਹਨ। ਇਹ ਦੋਗਲੀ ਪਹੁੰਚ ਅਤੇ ਸਮਝ ਸਹੀ ਨਤੀਜੇ ਕਿਵੇਂ ਲਿਆ ਸਕਦੀ ਹੈ
?
ਸਿੱਖ
ਸਮਾਜ ਵਿਚੋਂ ਪੁਜਾਰੀਆਂ ਦੀ ਪਕੜ ਢਿੱਲੀ ਕਰ ਕੇ ਸੁਚੇਤਤਾ ਲਿਆਉਣ ਦੇ ਦਾਅਵੇ ਨਾਲ ਚਲਾਏ ਜਾ ਰਹੇ ਇਸ
ਪ੍ਰਾਜੈਕਟ ਦੇ ਸੰਚਾਲਕਾਂ ਵਲੋਂ ‘ਅਕਾਲ ਦੇ ਖਾਲਸੇ’
ਨੂੰ ‘ਪੁਜਾਰੀਆਂ ਦਾ ਖਾਲਸਾ’
ਮੰਨ ਲੈਣ ਦੀ ਗਲਤ ਪਹੁੰਚ ਵੇਖ ਕੇ
‘ਸ਼ਾਹ
ਮੁਹੰਮਦ’ ਦੀ ਲਿਖਤ
‘ਜੰਗਨਾਮਾ ਸਿੰਘਾਂ ਅਤੇ ਫਰੰਗੀਆਂ’ ਦੇ ਇਹ ਅੰਸ਼ ਜ਼ਹਿਨ ਵਿਚ ਤਾਜ਼ਾ ਹੋ ਜਾਂਦੇ ਹਨ, ਕਿਉਂਕਿ ਪੁਜਾਰੀ
ਤਾਂ ਚਾਹੁੰਦੇ ਹਨ ਕਿ ਖਾਲਸਾ ਸਾਡੀ ਸੁਪਰੀਮਤਾ ਮੰਨੇ।
ਘਰੋਂ ਗਏ ਫਰੰਗੀ ਦੇ ਮਾਰਨੇ ਨੂੰ, ਬੇੜੇ ਤੋਪਾਂ ਦੇ ਸਭ ਖੁਹਾਇ ਆਇ।
ਛੇੜ ਆਫਤਾਂ ਨੂੰ ਮਗਰ ਲਾਇਉ ਨੇ, ਸਗੋਂ ਆਪਣਾ ਆਪ ਗਵਾਏ ਆਇ।
ਖੁਸ਼ੀ ਵਸਦਾ ਸ਼ਹਿਰ ਲਾਹੌਰ ਸਾਰਾ, ਸਗੋਂ ਕੁੰਜੀਆਂ ਹੱਥ ਫੜਾਇ ਆਏ।
ਸ਼ਾਹ ਮੁਹੰਮਦਾ ਕਹਿੰਦੇ ਨੇ ਲੋਕ ਸਿੰਘ ਜੀ, ਤੁਸੀਂ ਚੰਗੀਆਂ ਪੂਰੀਆਂ ਪਾਇ ਆਇ।
ਗੁਰਮਤਿ
ਵਰਗੀ ਲਾਸਾਨੀ ਅਤੇ ਪੂਰਨ ਕਸਵੱਟੀ ਦੀ ਥਾਂ ਰਹਿਤ ਮਰਿਯਾਦਾ ਅਤੇ ਅਖੌਤੀ ਹੁਕਮਨਾਮਿਆਂ ਜਿਹੀਆਂ ਕੱਚੀਆਂ
ਕਸਵੱਟੀਆਂ ਦੇ ਆਧਾਰ ’ਤੇ ਚਲਾਏ ਜਾ ਰਹੇ ਪ੍ਰਾਜੈਕਟ ਵਿਚ ਸਾਹਮਣੇ ਆ ਰਹੇ ਸਿਧਾਂਤਕ ਘਾਣ ਦੀ ਹਾਲਤ ਬਿਆਨ
ਕਰਦੇ ਕੁਝ ਗੁਰਵਾਕ ਹਨ:
ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥
ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ ॥ (ਪੰਨਾ 1372)
ਕਬੀਰ ਮਨੁ ਜਾਨੈ ਸਭ ਬਾਤ ਜਾਨਤ
ਹੀ ਅਉਗਨੁ ਕਰੈ ॥
ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥ (ਪੰਨਾ 1376)
ਜਦੋਂ
ਇਹ ਪ੍ਰਾਜੈਕਟ ਸੰਚਾਲਕਾਂ ਵਲੋਂ ਸ਼ੁਰੂ ਕਰਕੇ, ਕੁਝ ਦਿਨਾਂ ਬਾਅਦ ਹੀ ਸਹਿਯੋਗ ਨਾ ਕਰਨ ਦਾ ਗਿਲਾ ਸ਼ਿਕਵਾ
ਕੀਤਾ ਗਿਆ ਸੀ ਤਾਂ ਤੱਤ ਗੁਰਮਤਿ ਪਰਿਵਾਰ ਨੇ ਆਪਣਾ ਫਰਜ਼ ਸਮਝਦੇ ਹੋਏ, ਇਸ ਪ੍ਰਾਜੈਕਟ ਵਿਚਲੀਆਂ ਕੱਚੀਆਈਆਂ
ਅਤੇ ਗੁਰਮਤਿ ਵਿਰੋਧੀ ਪਹੁੰਚ ਦੇ ਵਿਸ਼ਲੇਸ਼ਣ ਰਾਹੀਂ ਸੁਚੇਤ ਕਰਨ ਦੇ ਮਕਸਦ ਨਾਲ ਇਕ ਲੇਖ ਲਿਖਿਆ ਸੀ,
ਜੋ ਹੇਠ ਲਿਖੇ ਲਿੰਕ ’ਤੇ ਪੜ੍ਹਿਆ ਜਾ ਸਕਦਾ ਹੈ:
http://tattgurmat.org/sampadki/2/Detail-49.aspx#.UfKn0tI_ugs
ਪਰ
ਸ਼ਾਇਦ ਨਫਰਤ, ਈਗੋ ਅਤੇ ਈਰਖਾ ਆਦਿ ਕਮਜ਼ੋਰੀਆਂ ਦੇ ਪ੍ਰਭਾਵ ਹੇਠ ਸੰਚਾਲਕਾਂ ਨੇ ਉਸ ਸੁਹਿਰਦ ਵਿਸ਼ਲੇਸ਼ਣ
ਨੂੰ, ਨਿੱਜੀ ਵਿਰੋਧ ਸਮਝ ਕੇ, ਅਣਗੌਲਿਆਂ ਕਰ ਦਿੱਤਾ। ਨਤੀਜਾ ਇਹ ਕਿ ਹੁਣ ਪ੍ਰਾਜੈਕਟ ਸਿੱਖਾਂ ਨੂੰ
‘ਪੁਜਾਰੀਆਂ ਦਾ ਖਾਲਸਾ’ ਐਲਾਨਣ ਦੀ ਗੁਰਮਤਿ ਵਿਰੋਧੀ ਪਹੁੰਚ ਦੇ ਰੂਪ ਵਿਚ ਸਾਹਮਣੇ ਆਇਆ
ਹੈ। ਆਮ ਧਮਾਕਿਆਂ ਵਿਚ ਜਾਨ ਮਾਲ ਦਾ ਨੁਕਸਾਨ ਹੁੰਦਾ ਹੈ, ਇਸ ਧਮਾਕੇ ਨਾਲ ਸਿੱਖਾਂ
ਦੀ ਗੁਰਮਤਿ ਸਮਝ ਨੂੰ ਗਲਤ ਪੇਸ਼ ਕਰਨ ਰੂਪੀ ਸਿਧਾਂਤਕ ਨੁਕਸਾਨ ਹੋਇਆ ਹੈ।
ਹੁਣ
ਵੀ ਆਪਣਾ ਫਰਜ਼ ਪਛਾਣਦੇ ਹੋਏ ਅਸੀਂ ਇਕ ਵਾਰ ਫੇਰ ਇਸ ਪ੍ਰਾਜੈਕਟ ਦੇ ਸੰਚਾਲਕਾਂ, ਸਮਰਥਕਾਂ ਅਤੇ ਪਾਠਕਾਂ ਨੂੰ ਸੁਚੇਤ
ਕਰਨ ਦੇ ਮਕਸਦ ਨਾਲ ਇਹ ਸੁਹਿਰਦ ਵਿਸ਼ਲੇਸ਼ਣ ਕਰਨ ਦਾ ਯਤਨ ਕੀਤਾ ਹੈ ਤਾਂ ਕਿ ਅਸੀਂ ਗੁਰਮਤਿ ਪ੍ਰਚਾਰ ਦੇ
ਨਾਮ ’ਤੇ ਸਿਧਾਂਤਕ ਸਮਝ ਦਾ ਘਾਣ ਕਰਨ ਵਾਲੇ ਪਾਸੇ ਹੀ ਨਾ ਤੁਰ ਪਈਏ। ਅਸੀਂ ਗੁਰਮਤਿ ਦੇ ਪ੍ਰਚਾਰ ਅਤੇ ਸੁਚੇਤਤਾ ਲਿਆਉਣ ਲਈ ਚਲਾਏ ਹਰ ਪ੍ਰਾਜੈਕਟ ਦੀ ਕਦਰ ਅਤੇ
ਸਮਰਥਨ ਕਰਦੇ ਹਾਂ ਪਰ ਜ਼ਰੂਰੀ ਹੈ ਕਿ ਐਸੇ ਪ੍ਰਾਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ
ਗੁਰਮਤਿ ਦੀ ਕਸਵੱਟੀ ’ਤੇ ਪਰਖ ਲਿਆ ਜਾਵੇ। ਇਸ ਲਈ ਸੰਚਾਲਕਾਂ ਦਾ ਸੁਹਿਰਦ, ਦੂਰਦ੍ਰਿਸ਼, ਸੰਜੀਦਾ, ਸਪਸ਼ਟ ਅਤੇ ਦੁਬਿਧਾ ਮੁਕਤ ਹੋਣਾ ਜ਼ਰੂਰੀ
ਹੈ। ਨਾਲ ਹੀ ਸਾਨੂੰ ਹਰ ਪ੍ਰਾਜੈਕਟ ਜਾਂ ਉਪਰਾਲੇ ਦਾ ਸਮਰਥਨ ਕਰਨ ਤੋਂ ਪਹਿਲਾਂ ਗੁਰਮਤਿ ਵਿਸ਼ਲੇਸ਼ਣ
ਕਰਨ ਦੀ ਰੂਚੀ ਅਪਨਾਉਣੀ ਚਾਹੀਦੀ ਹੈ। ਸਿਰਫ ਕਾਰਗੁਜ਼ਾਰੀਆਂ ਖਾਤੇ ਵਿਚ ਪਾਉਣ ਦੀ ਲਾਲਸਾ ਨਾਲ, ਬਿਨਾਂ
ਗੁਰਮਤਿ ਪੜਚੋਲ ਅਤੇ ਸੰਜੀਦਗੀ ਦੇ, ਉਪਰਾਲੇ ਸ਼ੁਰੂ ਕਰ ਕੇ ਅਸੀਂ ਆਪਣੀ ਅਤੇ ਸੰਗਤ ਦੀ ਊਰਜਾ ਵਿਅਰਥ
ਕਰਨ ਦੇ ਨਾਲ-ਨਾਲ ਗੁਰਮਤਿ ਬਾਰੇ ਗਲਤ ਸੰਦੇਸ਼ ਪੇਸ਼ ਕਰਨ ਦਾ ਕਾਰਨ ਵੀ ਬਣ ਸਕਦੇ ਹਾਂ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(24/07/13)
ਤੱਤ ਗੁਰਮਤਿ ਪਰਿਵਾਰ
ਨੋਟ:- ਦਵਿੰਦਰ ਸਿੰਘ ਜੀ ਆਰਟਿਸਟ ਦੇ ਲੇਖ ਬਾਰੇ 'ਤੱਤ ਗੁਰਮਤਿ ਪਰਿਵਾਰ' ਦਾ ਪੱਖ ਹੇਠ ਦਿੱਤੇ ਲਿੰਕ ਤੇ ਪੜ੍ਹਿਆ ਜਾ ਸਕਦਾ ਹੈ।
http://tattgurmat.org/sampadki/2/Detail-180.aspx#.UfBhHdI_tgE
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
24/07/13
(24/07/13)
ਸਤਿਨਾਮ ਸਿੰਘ ਮੌਂਟਰੀਅਲ
1839 ਤੋਂ ਬਾਦ, 1984 ਤੋਂ ਬਾਦ ਸਿਖਾਂ ਨੂੰ ਕੀ ਮਿਲ਼ਿਆਂ? ?
ਜਦੋਂ 1839 ਨੂੰ ਸਿਖ ਰਾਜ ਖਤਮ ਹੋ ਗਿਆ, ਸਿਖ ਕੌਮ ਗੁਲਾਮ ਹੋ ਗਈ, ਸਿਖ ਖੇਰੂ ਖੇਰੂ
ਹੋ ਗਏ, ਸਿਖਾਂ ਦੇ ਜਰਨੈਲ ਅਤੇ ਚੜਦੀ ਕਲਾ ਵਾਲੇ ਸਿੰਘ ਸ਼ਹੀਦ ਕਰ ਦਿਤੇ ਗਏ…………………ਪਤਾ ਉਦੋਂ
ਸਿਖਾਂ ਨੂੰ ਕੀ ਮਿਲ਼ਿਆ? ? ? ? ਅਖੌਤੀ “ਸੰਤ”
ਜਦੋਂ ਸਿਖਾਂ ਨੂੰ 1984 ਤੋਂ ਲੈਕੇ 1995 ਤੱਕ, ਸਿਖਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ, ਸਿਖ
ਬੱਚੀਆਂ ਦੀ ਇਜ਼ਤ ਲੁਟੀ ਗਈ, ਘਰ ਘਰ ਵਿੱਚ ਬੈਣ ਪਾਏ ਗਏ ……………………ਪਤਾ ਹੁਦੋਂ ਵੀ ਸਿਖਾਂ ਨੂੰ ਕੀ
ਮਿਲ਼ਿਆ? ? ? ? ਅਖੌਤੀ “ਨਾਮ”
ਜਦੋਂ ਵੀ ਕਿਸੀ ਕੌਮ ਨੂੰ ਮਾਰ ਕੁਟ ਕੇ ਗੁਲ਼ਾਮ ਬਣਾਇਆ ਜਾਂਦਾ ਹੈ, ਉਦੋਂ ਫਿਰ ਉਸ ਕੌਮ ਨੂੰ ਆਪਣੇ
ਮੂਲ਼ ਸਿਧਾਂਤ ਨਾਲ਼ੋ ਤੋੜਿਆ ਜਾਂਦਾ ਹੈ, ਉਸ ਦੀ ਸੋਚ ਵੀ ਬਦਲੀ ਜਾਂਦੀ ਹੈ, ਉਸ ਦਾ ਇਤਿਹਾਸ ਬਦਲਿਆ
ਜਾਦਾਂ ਹੈ, ਤਾਂ ਕਿ ਉਸ ਕੌਮ ਨੂੰ ਆਪਣੇ ਤੇ ਹੋਇਆ ਜ਼ੁਲਮ ਯਾਦ ਨਾਂ ਰਹੇ, ਅਤੇ ਲੰਬਾ ਸਮਾਂ ਗੁਲ਼ਾਮ
ਰਖਿਆ ਜਾ ਸਕੇ,
1839 ਤੋ ਬਾਦ ਸਿਖਾਂ ਨੂੰ ਅੰਗਰੇਜਾਂ ਨੇ ਫੌਜ ਵਿੱਚ ਭਰਤੀ ਕਰਨਾ ਸੁਰੂ ਕੀਤਾ, ਵਿਚੋਂ ਹੀ ਕੁੱਝ
ਸਿਖੀ ਸਰੂਪ ਵਾਲ਼ੇ ਬੰਦੇ ਸ਼ਾਂਟੇ ਗਏ, ਜਿਹਨਾਂ ਨੂੰ ਨਾਟਕੀ ਢੰਗ ਨਾਲ਼ “ਸੰਤ” ਬਣਾਕੇ ਸਿਖ ਕੌਮ ਦੇ
ਸਾਮਣੇ ਪੇਸ਼ ਕੀਤਾ ਗਿਆ, ਉਹਨਾਂ ਦੇ ਨਾਲ ਵੱਖਰੀ ਵੱਖਰੀ ਤਰਾਂ ਦੀਆਂ ਕਰਾਂਮਾਤੀ ਕਹਾਣੀਆਂ ਜੋੜੀਆਂ
ਗਈਆਂ, ਕਿਸੇ ਨੂੰ ਗੁਰੂ ਨਾਨਕ ਜੀ ਦਾ ਦੂਸਰਾ ਰੂਪ ਸਿਧ ਕੀਤਾ ਗਿਆ, ਕਿਸੇ ਦੀ ਡਿਊਟੀ ਗੁਰੂ ਗੋਬਿੰਦ
ਸਿੰਘ ਜੀ ਦਿੰਦਾ ਸਿਧ ਕੀਤਾ ਗਿਆ, ਕਿਸੇ ਨੂੰ ਗੁਰੂ ਗੋਬਿੰਦ ਸਿੰਘ ਵਲ਼ੋ ਚਲਾਈ ਅਖੌਤੀ ਟਕਸਾਲ ਦਾ
ਮੁਖੀ ਸਿਧ ਕੀਤਾ ਗਿਆ……… ਜਦੋਂ ਇਹ ਲੋਕ ਸਿਖਾਂ ਦੀਆਂ ਨਜ਼ਰਾਂ ਵਿੱਚ ਪੂਰਨ ‘ਮਹਾਂਪੁਰਖ’ ਬਣ ਗਏ,
ਫਿਰ ਇਹਨਾਂ ਲੋਕਾ ਨੇ ਸਿਖਾਂ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅਣਮੁਲ਼ੇ ਸਿਧਾਂਤ ਨਾਲ਼ੋ ਤੋੜਨ
ਲਈ ਦਿਨ ਰਾਤ ਇੱਕ ਕਰ ਦਿਤਾ, ਗੁਰੂ ਨਾਨਕ ਜੀ ਨੇ ਜਿਥੋਂ ਸਿਖ ਸਮਾਜ ਨੂੰ ਚੁਕਿਆ ਸੀ, ਇਹਨਾਂ ਲੋਕਾਂ
ਨੇ ਉਸ ਤੋਂ ਵੀ ਦਸ ਕਦਮ ਪਿਛੇ ਧੱਕ ਦਿਤਾ, ਜਿਸ ਦਾ ਨਤੀਜਾ ਸਾਨੂੰ 1947 ਵਿੱਚ ਵੇਖਣ ਨੂੰ ਮਿਲ਼ਿਆ,
ਜਦੋਂ ਦੂਜੀਆਂ ਕੌਮਾਂ ਆਪਣੇ ਵੱਖਰੇ ਰਾਜ ਲਈ ਆਪਣਾ ਆਪਣਾ ਦਿਮਾਗ ਵਰਤ ਰਹੀਆਂ ਸਨ, ਸਿਖ ਕੌਮ ਉਦੋਂ
ਮਨੁਖਤਾ ਤੋਂ ਗਿਰੇ ਹੋਏ ਲੋਕਾਂ (ਅਖੌਤੀ ਸੰਤਾਂ) ਦੇ ਚਰਨ ਧੋਅ ਧੋਅ ਕੇ ਪੀ ਰਹੀ ਸੀ,
ਹਿੰਦੂਆਂ ਨੂੰ ਹਿੰਦੋਸਤਾਨ ਮਿਲ਼ ਗਿਆ, ਮੁਸਲਮਾਂਨਾ ਨੂੰ ਪਾਕਿਸਤਾਨ ਮਿਲ਼ ਗਿਆ, , , , ਸਿਖਾਂ ਨੂੰ
ਪਤਾ ਕੀ ਮਿਲ਼ਿਆ? ? “ਸੰਤ”
1995 ਤੋਂ ਬਾਦ ਵੀ ਸਿਖਾਂ ਨਾਲ ਇਸ ਤਰਾਂ ਹੀ ਹੋਇਆ ਹੈ, ਸਿਖ ਕੌਮ ਦਾ ਹਰ ‘ਪ੍ਰਚਾਰਕ’ ਹਰ ਇੱਕ
‘ਕਥਾ ਵਾਚਕ’ ਹਰ ਇੱਕ ‘ਡੇਰੇਦਾਰ’ ਹਰ ਇੱਕ ‘ਜਥੇਦਾਰ’ ਹਰ ਇੱਕ ‘ਲੀਡਰ’ ਖਰੀਦਿਆ ਗਿਆ, ਸਾਰਿਆਂ ਦੀ
ਇਕੋ ਹੀ ਡਿਊਟੀ ਲਗਾਈ ਗਈ ਕਿ, ਭਲਾ ਦਿਓ ਇਹਨਾਂ ਨੂੰ ਅਕਾਲ ਤਖਤ ਢਿਆ ਹੋਇਆ, ਭਲਾ ਦਿਓ ਇਹਨਾਂ ਨੂੰ
ਸਿਖਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ, ਭਲਾ ਦਿਓ ਸਿਖਾਂ ਨੂੰ ਇਹਨਾਂ ਦੀਆਂ ਧੀਆਂ ਦੀਆਂ ਇਜਤਾਂ
ਲੁਟੀਆਂ ਗਈਆਂ, ਭਲਾ ਦਿਓ ਇਹਨਾਂ ਨੂੰ ਹਰ ਇੱਕ ਜਖਮ ਦਿਤਾ ਹੋਇਆ, ਤੋੜ ਦਿਓ ਇਹਨਾਂ ਨੂੰ ਗੁਰਬਾਣੀ
ਦੀ ਵਿਚਾਰ ਨਾਲ਼ੋ, ਬਦਲ ਦਿਓ ਇਹਨਾਂ ਦੀ ਸੋਚ ਲਾ ਦਿਓ ਸਿਖਾਂ ਨੂੰ ਨਾਮ (ਵਾਹਿਗੁਰੂ ਵਾਹਿਗੁਰੂ) ਜਪਣ
ਤੇ ……………ਅੱਜ ਲੱਗਭੱਗ 90% ਪ੍ਰਚਾਰਕ ਸਿਖਾਂ ਨੂੰ ਨਾਮ ਹੀ ਜਪਾ ਰਹੇ ਹਨ, ਕੋਈ ਕਿਸੀ ਤਰਾਂ ਨਾਮ
ਜਪਾ ਰਿਹਾ ਹੈ, ਕੋਈ ਕਿਸੀ ਤਰਾਂ ਨਾਮ ਜਪਾ ਰਿਹਾ ਹੈ……… ਮਖਸਦ ਸਾਰਿਆਂ ਦਾ ਇਕੋ ਹੀ ਹੈ, ਸਿਖਾਂ
ਨੂੰ ਗੁਰਬਾਣੀ ਦੀ ਵਿਚਾਰ ਧਾਰਾ ਨਾਲ਼ੋ ਤੋੜਨਾਂ,
ਦੂਜੀਆਂ ਕੌਮਾਂ ਵਗਿਆਨਕ ਤਰੀਕੇ ਨਾਲ਼ ਧਰਮਾਂ ਦਾ ਪ੍ਰਚਾਰ ਕਰ ਰਹੀਆਂ ਹਨ, , , , ਸਿਖ ਪਤਾ ਕੀ ਜਪ
ਰਹੇ ਹਨ? ? “ਨਾਮ”
ਓ ਭੋਲ਼ਿਓ ਸਿਖੋ, ਜਿਹੜੀਆਂ ਕੌਮਾਂ ਆਪਣੇ ਬੀਤੇ ਸਮੇਂ ਤੋਂ ਕੁੱਝ ਨਹੀ ਸਿਖਦੀਆਂ, ਅਪਣੇ ਮੂਲ਼ ਸਿਧਾਂਤ
ਨਾਲ਼ੋ ਟੁਟ ਜਾਂਦੀਆਂ ਹਨ, ਉਹਨਾਂ ਕੌਮਾਂ ਨੂੰ ਸਦੀਆਂ ਤੱਕ ਗੁਲ਼ਾਮੀ ਭੋਗਣੀ ਪੈਂਦੀ ਹੈ, , ਹਿੰਦੂਆਂ
ਦਾ ਇਤਿਹਾਸ ਸਾਡੇ ਸਾਮਣੇ ਹੈ, ਇਹ ਲੋਕ (ਹਿੰਦੂ) ਬਾਰਾਂ ਸੌ ਸਾਲ ਵੱਖਰੇ ਵੱਖਰ ਤਰੀਕੇ ਨਾਲ ਰਾਮ
ਰਾਮ (ਨਾਮ) ਜਪਦੇ ਰਹੇ, ਸਾਧੂਆਂ ਸੰਤਾਂ ਦੀ ਵੀ ਇਹਨਾ ਲੋਕਾਂ ਵਿੱਚ ਕੋਈ ਕਮੀ ਨਹੀ ਸੀ, ਪਰ ਕੀ
ਖਟਿਆ? ? ? ? ਬਾਰਾਂ ਸੌ ਸਾਲ ਦੀ ਗੁਲ਼ਾਮੀ,
ਸਿਖ ਇੱਕ ਗਿਆਨ ਦਾ ਧਰਮ ਹੈ, ਕਿਰਤੀਆਂ ਦਾ ਧਰਮ ਹੈ, ਸੱਚ ਦਾ ਧਰਮ ਹੈ, ਸਿਖਾਂ ਦਾ “ਨਾਮ” ਸ੍ਰੀ
ਗੁਰੂ ਗਰੰਥ ਸਾਹਿਬ ਜੀ ਦਾ ਸਿਧਾਂਤ ਹੈ, ਸਿਖੀ ਵਿੱਚ ਕੋਈ ਸੰਤ ਨਹੀ ਹੈ, ਕੋਈ ਮਹਾਂਪੁਰਖ ਨਹੀ ਹੈ,
ਕੋਈ ਬ੍ਰਹੰਮਗਿਆਨੀ ਨਹੀ ਹੈ, ਸਿਖ, ਸਿਰਫ ਸਿਖ ਹੈ,
ਸਤਿਨਾਮ ਸਿੰਘ ਮੌਂਟਰੀਅਲ 514-219-2525
(24/07/13)
ਗੁਰੂ ਗ੍ਰੰਥ ਸਤਿਕਾਰ ਜਥਾ
ਸਤਿਕਾਰ ਯੋਗ ਸਾਧ ਸੰਗਤ ਜੀ!ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥
ਸੰਚਾਰ ਸਾਧਨਾਂ ਰਾਹੀਂ ਇਹ ਸੂਚਨਾ ਪ੍ਰਾਪਤ ਹੋਈ ਹੈ ਕਿ ਗੁਰਦਵਾਰਾ ਸਾਹਿਬ ਸੈਨਹੋਜੇ ਕੈਲੇਫੋਰਨੀਆਂ
ਵਿਖੇ 27 ਜੁਲਾਈ ਨੂੰ ਦਸਮ ਗ੍ਰੰਥ ਬਾਰੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਅਸੀਂ ਪ੍ਰਬੰਧਕ
ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਜੇ ਇਹ ਗ੍ਰੰਥ, ਜਿਸ ਨੂੰ ਉਹ 'ਸ੍ਰੀ ਦਸਮ ਗ੍ਰੰਥ ਸਾਹਿਬ' ਆਖਦੇ
ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮੁਬਾਰਕ ਰਸਨਾ ਦੁਆਰਾ ਉਚਾਰੀ ਹੋਈ ਪਾਵਨ ਪਵਿਤਰ ਬਾਣੀ ਦਾ
ਸੰਗ੍ਰਹਿ ਮੰਨਦੇ ਹਨ ਤਾਂ ਆ ਰਹੇ ਵਿਦਵਾਨਾਂ ਤੋਂ ਹੇਠ ਲਿਖੀ 'ਦਸਮ ਬਾਣੀ' ਦੇ ਸ਼ਬਦਾਂ ਦੀ
ਕਥਾ-ਵਾਰਤਾ ਕਰਵਾਉਣ ਦੀ ਕ੍ਰਿਪਾਲਤਾ ਕਰਨ ਤਾਂ ਜੋ ਸੰਗਤਾਂ ਇਸ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ
ਸਕਣ।
1. ਏਕਸ੍ਰਵਣ ਤੇ ਮੈਲ ਨਿਕਾਰਾ॥ ਤਾ ਤੇ ਮਧੂ ਕੀਟਭ ਤਨ ਧਾਰਾ॥ ਦੁਤੀਆਂ ਕਾਨ ਤੇ ਮੈਲ ਨਿਕਾਰੀ॥ ਤਾ
ਤੇ ਭਈ ਸ੍ਰਿਸਟਿ ਇਹ ਸਾਰੀ।॥ 13॥ (ਕੀ ਇਹ ਸ੍ਰਸ਼ਿਟੀ ਕੰਨਾ ਦੀ ਮੈਲ ਤੋਂ ਬਣੀ ਹੈ?) (ਦਸਮ
ਗ੍ਰੰਥ-47, ਡਾ ਜੋਧ ਸਿੰਘ ਦਾ ਟੀਕਾ, ਸੈਂਚੀ ਪਹਿਲੀ ਪੰਨਾ-103)
2. ਦੁਰਗਾ ਪਾਠ ਬਣਾਇਆ ਸਭੇ ਪਉੜੀਆ॥ ਫੇਰਿ ਨ ਜੂਨੀ ਆਇਆ ਜਿਨਿ ਇਹ ਗਾਇਆ॥ 55 ॥
(ਦਸਮ ਗ੍ਰੰਥ-119, ਡਾ ਜੋਧ ਸਿੰਘ, ਸੈਂਚੀ ਪਹਿਲੀ ਪੰਨਾ-253)
3. ਪੋਸਤ ਭਾਂਗ ਅਫੀਮ ਬਹੁ ਗਹਿਰੀ ਭਾਂਗਘੁਟਾਇ॥ ਤੁਰਤ ਤਰਿਨ ਲ੍ਯਾਵਤ ਭਈ ਮਦ ਸਤ ਬਾਰ ਚੁਆਇ॥41॥
(ਚਰਿਤ੍ਰ 16, ਦਸਮ ਗ੍ਰੰਥ-829, ਡਾ ਜੋਧ ਸਿੰਘ, ਸੈਂਚੀ ਤੀਜੀ ਪੰਨਾ-200)
4. ਕਸਿਕਸਿਰਮੈ ਜਾਰ ਕੇ ਸੰਗਾ, ਦਲਿਮਲਿਤਾਹਿਕਰੈਸਰਬੰਗਾ॥ਭਾਂਤਿਭਾਂਤਿ ਤਨ ਭੋਗ ਕਮਾਈ, ਸੋਇਰਹੈਤਯੋਂ
ਹੀ ਲਪਟਾਈ॥14॥
(ਦਸਮ ਗ੍ਰੰਥ-1243, ਡਾ ਜੋਧ ਸਿੰਘ, ਸੈਂਚੀ ਚੌਥੀ -ਪੰਨਾ 327)
5. ਤਬੈਬੈਦਸੋਊ ਕ੍ਰਿਆ ਕਮਾਈ॥ ਤਾਕੇ ਭਗ ਮੈਂ ਜੀਭ ਧਸਾਈ॥ ਕਹਯੋਚਮਰੁ ਤੂੰ ਸੋ ਲਗਿ ਗਈ॥ ਅਤਿ ਹਾਸੀ
ਗਦਹਾ ਕੋ ਭਈ॥30॥
(ਦਸਮ ਗ੍ਰੰਥ-897, ਡਾ. ਜੋਧ ਸਿੰਘ, ਸੈਂਚੀ ਤੀਜੀ ਪੰਨਾ 338)
6. ਇਕ ਦਿਨ ਭਾਂਗਮਿੱਤ੍ਰਤਿਹ ਲਈ॥ ਪੋਸਤ ਸਹਿਤ ਅਫੀਮ ਚੜ੍ਹਾਈ॥ ਭੁਹਰਤਿ ਕਰੀ ਨ ਬੀਰਜ ਗਿਰਾਈ॥ ਆਠ
ਪਹਿਰ ਲਗਿਕੁਅਰਿ ਬਜਾਈ॥10॥ (ਦਸਮ ਗ੍ਰੰਥ-1280, ਡਾ ਜੋਧ ਸਿੰਘ, ਸੈਂਚੀ ਚੌਥੀ-400)
7. ਪ੍ਰਥਮ ਜਾਰ ਜਬ ਧਕਾ ਲਗਾਯੋ॥ ਤਬ ਰਾਨੀ ਲੈ ਢੋਲ ਬਜਾਯੋ॥ ਜਬ ਤਿਹ ਲਿੰਗ ਸੁ ਭਗ ਤੇ ਕਾਢਾ॥
ਤ੍ਰਿਯਦਿਯ ਢੋਲ ਢਮਾਕਾਗਾਢਾ॥10॥
(ਦਸਮ ਗ੍ਰੰਥ-1341, ਡਾ. ਜੋਧ ਸਿੰਘ, ਸੈਂਚੀ ਚੌਥੀ ਪੰਨਾ-531)
8. ਗੁਦਾ ਭੋਗ ਭੇ ਤੇ ਨ੍ਰਿਪਤ ਮਨ ਮਹਿਰਹਿਯੋਲਜਾਇ॥ ਤਾਂ ਦਿਨ ਤੇ ਕਾਹੂੰਤ੍ਰਿਯਹਿਲਯੋ ਨ
ਨਿਕਟਿਬੁਲਾਇ॥20॥
(ਦਸਮ ਗ੍ਰੰਥ-1009, ਡਾ ਜੋਧ ਸਿੰਘ, ਸੈਂਚੀ ਤੀਜੀ-ਪੰਨਾ 534)
9. ਤਾਹਿਕੇਸਅਰਿਬਕਤ੍ਰਲਗਾਯੋ॥ ਸਭ ਕੇਸਨਕੌਦੂਰਿਕਰਾਯੋ॥ ਪੁਰਖਹੁ ਤੇ ਇਸਤ੍ਰੀ ਕਰਿ ਡਾਰੀ॥ ਮਿਤਪਤਿ
ਲੈ ਤੀਰਥਨ ਸਿਧਾਰੀ॥3॥
(ਦਸਮ ਗ੍ਰੰਥ-1017, ਡਾ ਜੋਧ ਸਿੰਘ, ਸੈਂਚੀ ਤੀਜੀ ਪੰਨਾ-578)
10. ਭਗ ਮੋ ਲਿੰਗ ਦਿਓ ਰਾਜਾ ਜਬ॥ਰੁਚਿ ਉਪਜੀ ਤਰੁਨੀ ਕੇ ਜਿਯਤਬ॥ਲਪਟਿਲਪਟਿਆਸਨ ਤਰ ਗਈ॥ ਚੁੰਬਨਕਰਤ
ਭੂਪਤ ਕੇ ਭਈ॥25॥ (ਦਸਮ ਗ੍ਰੰਥ-1356, ਡਾ. ਜੋਧ ਸਿੰਘ, ਸੈਂਚੀ ਚੌਥੀ ਪੰਨਾ-560)
ਜਾਰੀ ਕਰਤਾ- ਗੁਰੂ ਗ੍ਰੰਥ ਸਤਿਕਾਰ ਜਥਾ (ਯੂ ਐਸ ਏ )
(24/07/13)
ਡਾ: ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
ਅਗਿਆਨਤਾ
ਵਰਗਾਂ, ਨਸਲਾਂ, ਮਜ਼ਹਬਾਂ, ਵਿੱਚੋਂ, ਤਿਆਗ ਕੇ ਸਮਾਨਤਾ।
ਖੁਦ ਨੂੰ ਗਿਆਨੀ ਸਮਝਦੀ ਹੈ, ਸਦਾ ਹੀ ਅਗਿਆਨਤਾ।।
ਕਰਿਸ਼ਮਿਆਂ ਨੂੰ ਧਰਮ ਦਾ, ਪ੍ਰਚਾਰ ਇਹ ਹੈ ਸਮਝਦੀ,
ਕਰਿਸ਼ਮੇਂ ਤਾਂ ਹੁੰਦੇ ਸੱਚ ਵਾਲੀ, ਪਕੜ ਤੋਂ ਅਣਜਾਣਤਾ।।
ਧਰਮ ਦਾ ਅਧਾਰ ਇਹ ਤਾਂ, ਆਖਦੀ ਵਿਸ਼ਵਾਸ ਨੂੰ,
ਤਰਕ-ਰਹਿਤ-ਅੰਧ-ਵਿਸ਼ਵਾਸਾਂ ਦੀ ਕਰਕੇ ਮਾਨਤਾ।।
ਕਿਰਤੀ ਨੂੰ ਵਿਹਲੜ ਦੱਸਦਾ, ਮਾਇਆ ਹੈ ਕੈਸੀ ਨਾਗਣੀ,
ਮਾਇਆ ਨੂੰ ਕੁੰਢਲ ਮਾਰਕੇ, ਇਹ ਸਮਝਦੀ ਉਪਰਾਮਤਾ।।
ਠੱਗਾਂ ਨੇ ਬਾਣਾ ਪਾ ਲਿਆ ਹੈ, ਸਾਧੂਆਂ ਦੀ ਦਿੱਖ ਦਾ,
ਇਹਦੇ ਤੋਂ ਵੱਧ ਕੀ ਹੋਵਣੀ, ਇਨਸਾਨ ਦੀ ਨਾਕਾਮਤਾ।।
‘ਕਰਤੇ ਨੂੰ ਲੱਭਣ ਵਾਸਤੇ, ਖੁਸ਼ਾਮਦ ਤੇ ਜੁਗਤੀ ਦੱਸਦੀ’
ਲੋਟੂ ਵਿਚੋਲਾ ਬਣ ਰਹੀ, ਬੰਦੇ ਦੀ ਅੰਤਰਜਾਮਤਾ।।
ਖੁਦੀ ਨੂੰ ਬੇਵਸ ਜਾਣਕੇ, ਪੂਜਣ ਦੇ ਰਸਤੇ ਪੈ ਗਈ,
ਰੱਬ ਨੂੰ ਮਨਾਂ ਚੋਂ' ਕੱਢਕੇ, ਪੱਥਰਾਂ ਦੇ ਘਰੀਂ ਠਾਣਤਾ।।
ਕੁਦਰਤ ਦੇ ਅਟੱਲ ਨਿਯਮਾਂ, ਨੂੰ ਬਦਲ ਸਕਦੀ ਨਹੀਂ,
ਹੋਵੇ ਕਰਮ-ਕਾਂਢੀਆਂ ਦੀ ਕਿੰਨੀ ਵੀ ਪ੍ਰਧਾਨਤਾ।।
ਸਮਝ ਕੇ ਬ੍ਰਹਿਮੰਡੀ ਨਿਯਮਾਂ ਨੂੰ, ਜੋ ਵਰਤੇ ਜਗਤ ਲਈ,
ਭਗਤ ਹੈ ਕਾਦਰ ਦਾ, ਭਾਵੇਂ ਖੋਜ ਦੀ ਅੰਜਾਮਤਾ।।
ਕਾਦਰ ਦੇ ਨਿਯਮਾਂ ਅੰਗ-ਸੰਗ, ਜੀਣਾ ਸਖਾਵੇ ਜੱਗ ਨੂੰ,
ਨਾਨਕ ਦੇ ਗਾਏ ਰਾਗ ਦੀ, ਸਮਝੋ ਜੇ ਕੁਝ ਮਹਾਨਤਾ।।
ਜਿਸਨੇ ਵੀ ਬਹਿ ਵਿਚਾਰ ਕੇ, ਬਾਬੇ ਦੀ ਬਾਣੀ ਭੁੰਚ ਲਈ,
ਹਉਮੇਂ ਤੇ ਉਲਝਣ ਮਾਰਕੇ, ਇਹ ਬਖ਼ਸ਼ਦੀ ਨਿਸ਼ਕਾਮਤਾ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
(24/07/13)
ਦਰਸ਼ਨ ਸਿੰਘ ਅਵਾਰਾ/ਗੁਰਪ੍ਰੀਤ ਸਿੰਘ ਅਬੋਹਰ
ਆਸਤਿਕ
ਦੀ ਅਰਦਾਸ
ਹੇ ਮੇਰੇ ਬਖਸ਼ਿੰਦ ! ਸਿਰਜਣਹਾਰ ਜੀ !
ਹੇ ਮੇਰੇ ਕਿਰਪਾਲ ! ਹੇ ਦਾਤਾਰ ਜੀ !
ਹੇ ਮੇਰੇ ਮਿਹਰਾਂ ਦੇ ਸਾਈ ! ਹੇ ਰਹੀਮ !
ਹੇ ਮੇਰੇ ਕਰਮਾਂ ਦੇ ਮਾਲਿਕ ! ਹੇ ਕਰੀਮ !
ਓ ਗੁਨਾਹਗਾਰਾਂ ਨੂੰ ਤਾਰਨ ਵਾਲਿਆ !
ਪਾਪੀਆਂ ਨੂੰ ਵੀ ਉਬਾਰਨ ਵਾਲਿਆ !
ਮੇਰੇ , ਰੁੜਦੇ ਬੇੜਿਆਂ ਦੇ ਨਾ-ਖੁਦਾ !
ਮੇਰੇ ਬੰਦੀ-ਛੋੜ , ਹੇ ਮੁਸ਼ਕਿਲ- ਕੁਸ਼ਾ !
ਮੇਰੇ ਅਮਲਾਂ ਵੱਲ ਨਜਰ ਭਰ ਕੇ ਨਾ ਵੇਖ !
ਮਿਹਰ ਕਰ , ਦਾਤਾ ! ਨਿਆਂ ਕਰ ਕੇ ਨਾ ਵੇਖ !
ਲੇਖਿਆਂ ਨੂੰ ਛੋੜ ਨਾ ! ਇਨਸਾਫ਼ ਕਰ !
ਮਿਹਰ ਦੇ ਘਰ ਆ ਬਕਸ਼ ਦੇ , ਮਾਫ਼ ਕਰ !
ਕਰਦਾ ਆਈਐਂ ਚੋਰਾਂ ਤੇ ਯਾਰਾਂ ਨੂੰ ਮਾਫ਼ !
ਵਢ-ਕਸਾਈਆਂ ਤੇ ਗੁਨਾਹਗਾਰਾਂ ਨੂੰ ਮਾਫ਼ !
ਹੇ ਮੇਰੇ ਔਕੜ ਦੇ ਸਾਥੀ ! ਦਸਤਗੀਰ !
ਤੈਥੋਂ ਬਲ ਮੰਗਦੈ ਤੇਰੇ ਡਰ ਦਾ ਫ਼ਕੀਰ !
ਮੈਂ ਨਿਤਾਣਾ ਹਾਂ , ਤੂੰ ਮੈਨੂੰ ਤਾਣ ਦੇ !
ਮੈਂ ਨਿਮਾਣਾ ਹਾਂ , ਤੂੰ ਮੈਨੂੰ ਮਾਣ ਦੇ !
ਤੇਰੀ ਬਕ੍ਸ਼ਿਸ਼ ਬਾਝ ਨਕਾਰਾ ਹਾਂ ਮੈਂ |
ਮਿਹਰ ਤੇਰੀ ਬਾਝ ਬੇਚਾਰਾ ਹਾਂ ਮੈਂ |
ਦੇਹ ਮੈਨੂੰ ਵਾਧਾ ਮੇਰੇ ਵਿਓਪਾਰ ਵਿਚ |
ਠੰਢ ਵਰਤਾ ਦੇਹ ਮੇਰੇ ਪਰਵਾਰ ਵਿਚ |
ਮੇਰੀ ਖੇਤੀ 'ਤੇ ਤੂੰ ਮੀਹ ਮਿਹਰਾਂ ਦਾ ਪਾ |
ਮੇਰੇ ਖਲਵਾੜੇ 'ਚ , ਉਚੇ ਬੋਹਲ ਲਾ |
ਮੇਰੇ ਘਰ ਵਿਚ ਚੰਨ ਵਰਗਾ ਲਾਲ ਦੇਹ
ਟਹਿਲੀਏ , ਨੋਕਰ , ਦੇਹ ਧਨ ਦੇਹ , ਮਾਲ ਦੇਹ |
ਮਾਣ ਦੇਹ , ਇਜੱਤ ਦੇਹ , ਸੁਖ ਆਰਾਮ ਦੇਹ |
ਦੇਹ ਨਿਰੋਈ ਬਕਸ਼, ਆਦਰ ਨਾਮ ਦੇਹ |
ਮੇਰੇ ਵਿਹਲੇ ਪੁੱਤ ਨੂੰ ਰੁਜਗਾਰ ਲਾ |
ਉਸਦੇ ਨਾਂ 'ਤੇ ਲਾਟਰੀ ਹੀ ਚਾ ਕਢਾ |
ਜਿੰਦੜੀ ਮੇਰੀ ਛੁਡਾ ਦੇ ਰੋਗ ਤੋਂ |
ਮੈਨੂੰ ਛੁਟਕਾਰਾ ਦਿਵਾ ਇਸ ਸੋਗ ਤੋਂ |
ਫੋਜ-ਦਾਰੀ ਚੋਂ ਮੇਰੀ ਜਿੰਦੜੀ ਛੁਡਾ |
ਝੂਠੇ ਦਾਹਵੇ ਵਿਚ ਮੈਨੂੰ ਡਿਗਰੀ ਦਵਾ |
ਹੋਲਾ ਕਰ , ਕਰਜ ਦਾ ਸਿਰ 'ਤੇ ਭਾਰ ਹੈ |
ਰਾਜੀ ਕਰ ਦੇਹ ਮਹਿ ਮੇਰੀ ਬੀਮਾਰ ਹੈ |
ਮਨਿਆ , ਬਖਸ਼ਣ ਦਾ ਮੇਰਾ ਹੱਕ ਨਹੀਂ |
ਤੇਰੇ ਬਖਸ਼ਣ ਵਿਚ ਤਾਂ ਕੋਈ ਸ਼ੱਕ ਨਹੀਂ |
ਮੈਂ ਗੁਨਾਹ ਕੀਤੇ ਨੇ ਐਸੇ ਆਸ 'ਤੇ |
ਹੈ ਤੇਰੇ ਘਰ ਮਿਹਰ ਪਾਪਾਂ ਵਾਸਤੇ |
ਮਿਹਰ ਕਰ ਤੇ ਮੇਰੇ ਕਾਰਜ ਰਾਸ ਕਰ |
ਵੈਰੀਆਂ ਤੇ ਦੋਖੀਆਂ ਦਾ ਨਾਸ ਕਰ |
ਮੇਰੇ ਦੁਸ਼ਮਣ ਦਾ ਤੂੰ ਮੰਦਾ ਹਾਲ ਕਰ |
ਮੈਨੂੰ ਮਾਲਾਮਾਲ ਕਰ , ਖੁਸ਼ਹਾਲ ਕਰ |
ਦੋਖੀਆਂ ਨੂੰ ਆਪਣੇ ਘਰ ਦੀ ਪਾਈ ਰਖ |
ਉਹਨਾਂ ਨੂੰ ਆਪਣੇ ਹੀ ਆਹਰੇ ਲਾਈ ਰਖ |
ਮੇਰੇ ਦੂਤੀ ਦੀ ਤੂੰ , ਬਾਜੀ ਮਾਤ ਕਰ |
ਮੇਰੇ ਘਰ ਦਿਨ ਚਾਹੜ , ਓਧਰ ਰਾਤ ਕਰ |
ਬੇ -ਹਿਸਿਕਿਤਨੀ ਹੈ ਇਸ ਅਰਦਾਸ ਵਿਚ ?
ਫ਼ਰਕ ਕਿਤਨਾ ਹੈ 'ਅਮਲ ਤੇ 'ਆਸ' ਵਿਚ ?
ਨੰਗੀਆਂ ਹਨ ਕਿਸ ਕਦਰ ਖੁਦ-ਗਰ੍ਜੀਆਂ ?
ਝੋਲੀਆਂ ਅੱਡੀਆਂ ਤੇ ਹਥੀਂ ਅਰਜੀਆਂ ?
ਬੇ-ਬਸੀ ਦਾ ਕਿਸ ਕਦਰ ਇਜਹਾਰ ਹੈ ?
ਕਿਤਨਾ ਸ਼ੋਖ ਇਨਸਾਫ਼ ਤੋਂ ਇਨਕਾਰ ਹੈ ?
ਕਿਸ ਕਦਰ 'ਨਾ-ਚੀਜਗੀ' ਤੇ ਨਾਜ ਹੈ ?
ਦਿਲ ਦੀ ਹੈ , ਕਿ ਕਬਰ ਦੀ ਅਵਾਜ ਹੈ ?
ਰੱਬ ਦਾ ਕਿਤਨਾ ਗਲਤ ਏ ਅਨੁਮਾਨ ਹੈ ?
ਇਹ ਉਦ੍ਹੀ ਉਪਮਾ ਹੈ ਜਾ ਅਪਮਾਨ ਹੈ ?
ਈਰਖਾ ਦਾ ਕਿਤਨਾ ਗੂਹੜਾ ਰੰਗ ਹੈ ?
ਵੈਰੀਆਂ ਦੀ ਮੋਤ ਦੀ ਵੀ ਮੰਗ ਹੈ ?
'ਗਰਜ' ਹਰ ਅਖਰ ਦੇ ਵਿਚ ਭਰਪੂਰ ਹੈ ?
'ਸਾਂਝ' ਦਾ ਨੁਕਤਾ ਨਿਗਾਹ ਤੋਂ ਦੂਰ ਹੈ ?
ਮੰਗੀਆਂ ਨੇ ਰੱਬ ਤੋਂ ਬੇ-ਇਨਸਾਫੀਆਂ |
ਕੋਹਥ੍ਹਰੇ ਕਰਤੂਤ , ਫਿਰ ਵੀ ਮਾਫੀਆਂ |
ਖੁਦ ਕਿਸੇ ਨੂੰ ਮਾਫ਼ ਕਰ ਸਕਣਾ ਈ ਨਾ |
ਆਪ ਬਖਸ਼ਿਸ਼ ਮੰਗਦਿਆਂ ਝਕਣਾ ਈ ਨਾ |
ਆਸ , ਖੁਦ-ਦਾਰੀ ਦਾ ਕਿਧਰੇ ਨਾਂ ਨਹੀ |
ਕੋਸ਼ਸ਼ਾਂ , ਹੀਲੇ , ਅਮਲ ਦੀ ਥਾਂ ਨਹੀਂ |
ਸੜ ਰਿਹਾ ਹੈ ਸਾੜਿਆ , ਕੀਨੇ ਦੇ ਵਿਚ |
ਸਾਂਭ ਰਖਿਆ ਜਹਿਰ ਨੂੰ ਸੀਨੇ ਦੇ ਵਿਚ |
ਖਾਹਿਸ਼ਾਂ , ਮੰਗਾਂ ਦੀ ਹੈ ਪਰਧਾਨਗੀ |
ਨਾਂ ਨੂੰ ਵੀ ਦਿਸਦੀ ਨਹੀ ਮਰਦਾਨਗੀ |
ਮੀਟੀਆਂ ਅਖੀਆਂ ਤੇ ਸਿਰ ਸੁੱਟੇ ਹੋਏ |
ਤਾਣ ਤੇ ਜੁਰਅਤ ਦੇ ਪਰ ਟੁੱਟੇ ਹੋਏ |
ਆਪਣਾ ਹੱਕ ਮੰਗਣ ਦੀ ਜੁਰਅਤ ਹੀ ਨਹੀ |
ਲੈ ਸਕੇ ਇਨਸਾਫ਼ , ਹਿਮੰਤ ਹੀ ਨਹੀ |
ਆਪਣੀਆਂ ਅਮਲਾਂ 'ਤੇ ਕੋਈ ਮਾਣ ਨਹੀ
ਕਿਰਤ 'ਤੇ ਮਿਠਾ ਜਿਹਾ ਅਭਿਮਾਨ ਹੈ
ਆਸਤਕਤਾ ਜੇ ਇਸੇ ਦਾ ਨਾਮ ਹੈ
ਤਾਂ ਮੇਰਾ ਦੂਰੋਂ ਇਸ ਨੂੰ ਪਰਨਾਮ ਹੈ |
ਮੈਂ ਨਹੀਂ ਬਣਦਾ ਅਜਿਹਾ ਆਸਤਕ |
ਇਸ ਤੋਂ ਸੋ ਦਰਜੇ ਹਾਂ ਚੰਗਾ ਨਾਸਤਕ |
ਲੇਖਕ : ਦਰਸ਼ਨ ਸਿੰਘ ਅਵਾਰਾ
ਕਿਤਾਬ : ਬਗਾਵਤ
ਵਲੋਂ : ਗੁਰਪ੍ਰੀਤ ਸਿੰਘ ਅਬੋਹਰ
(24/07/13)
ਭਾਈ ਸੰਦੀਪ ਸਿੰਘ ਖਾਲੜਾ
ਗੁਰਮਤਿ ਟ੍ਰੇਨਿੰਗ ਕੈਂਪ ਫਰੈਂਕਫਰਟ ਦਾ ਦੂਸਰਾ ਦਿਨ ਸੰਗਤਾਂ ਸਮੇਤ ਬੱਚਿਆਂ ਨੇ ਭਾਰੀ ਉਤਸ਼ਾਹ
ਦਿਖਾਇਆ।
(ਕੈਂਪ ਦੇ ਦੂਸਰੇ ਦਿਨ ਬੱਚਿਆਂ ਦੇ ਚਾਰ ਗਰੁੱਪ ਬਣਾਏ )
ਫਰੈਂਕਫਰਟ 23 ਜੁਲਾਈ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ (ਜਰਮਨੀ) ਵਿਖੇ ਸੋਮਵਾਰ
ਤੋਂ ਆਰੰਭ ਕੀਤੇ ਗਏ ਗੁਰਮਤਿ ਟ੍ਰੇਨਿੰਗ ਕੈਂਪ ਦੇ ਦੂਸਰੇ ਦਿਨ ਬੱਚਿਆਂ ਦੇ ਚਾਰ ਗਰੁੱਪ ਬਣਾ ਕੇ
ਕਲਾਸਾਂ ਦੀ ਆਰੰਭਤਾ ਕੀਤੀ ਗਈ। ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਗ੍ਰੰਥੀ ਭਾਈ ਬਲਵਿੰਦਰ ਸਿੰਘ ਜੀ
ਨੇ ਨਿਤਨੇਮ ਕੀਤਾ ਇਸ ਮੌਕੇ ਭਾਈ ਰਣਜੀਤ ਸਿੰਘ ਜੀ ਨਾਲ ਪਹੁੰਚੇ ਬੱਚਿਆਂ ਨੇ ਹਾਜਰੀ ਭਰੀ । ਇਸ ਤੋਂ
ਬਾਅਦ ਗਰੁੱਪ ਸਾਹਿਬਜਾਦਾ ਅਜੀਤ ਸਿੰਘ ਉਮਰ 15 ਸਾਲ ਤੋਂ ਉਪਰ ਸੰਗਤ ਸਮੇਤ, ਦੂਸਰਾ ਗਰੁੱਪ
ਸਾਹਿਬਜਾਦਾ ਜੁਝਾਰ ਸਿੰਘ ਉਮਰ 11 ਤੋਂ 14 ਸਾਲ, ਤੀਸਰਾ ਗਰੁੱਪ ਸਾਹਿਬਜਾਦਾ ਜੋਰਾਵਰ ਸਿੰਘ ਉਮਰ 8
ਤੋਂ 10 ਸਾਲ ਅਤੇ ਚੋਥਾ ਗਰੁੱਪ ਸਾਹਿਬਜਾਦਾ ਫਤਹਿ ਸਿੰਘ ਜੀ ਉਮਰ 5 ਤੋਂ 7 ਸਾਲ ਬਣਾ ਕੇ ਕਲਾਸਾਂ
ਦੀ ਸ਼ੁਰੂਆਤ ਕੀਤੀ ਗਈ ਅੱਜ ਦੂਸਰੇ ਦਿਨ ਵੀ ਕਲਾਸਾਂ ਵਿਚ ਭਾਈ ਰਣਜੀਤ ਸਿੰਘ ਜੀ ਨੇ ਬਾਕੀ ਟੀਚਰਾਂ
ਭਾਈ ਸੰਤੋਖ ਸਿੰਘ ਜੀ , ਗ੍ਰੰਥੀ ਭਾਈ ਅਮਰੀਕ ਸਿੰਘ ਕਠਿਆਲੀ, ਗ੍ਰੰਥੀ ਭਾਈ ਸੰਦੀਪ ਸਿੰਘ ਖਾਲੜਾ
ਸਮੇਤ ਸਾਰੇ ਟੀਚਰਾਂ ਨੇ ਵਧੀਆ ਢੰਗ ਨਾਲ ਸਾਰੇ ਬੱਚਿਆਂ ਨੂੰ ਸੰਗੀਤ, ਤਬਲਾ, ਗੁਰਬਾਣੀ ਸੰਥਿਆ,
ਗੁਰਮਤਿ ,ਗਤਕਾ ਅਤੇ ਦਸਤਾਰ ਸਿਖਲਾਈ ਦੀ ਟ੍ਰ੍ਰ੍ਰੇਨਿੰਗ ਦਿਤੀ। ਇਸ ਕੈਂਪ ਦੌਰਾਨ ਸੰਗਤਾਂ,
ਨੌਜੁਆਨਾਂ ਅਤੇ ਬੀਬੀਆਂ ਵੱਲੋਂ ਭਾਰੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ ਅਤੇ ਸਾਰੀਆਂ ਸੰਗਤਾਂ ਹੱਥੀਂ
ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ।
(22/07/13)
ਤੱਤ ਗੁਰਮਤਿ ਪਰਿਵਾਰ
ਸਤਿਕਾਰ ਦੇ ਨਾਮ ’ਤੇ ਤਾਲਿਬਾਨੀ ਵਤੀਰਾ ਸਿੱਖੀ ਦਾ ਅਕਸ ਵਿਗਾੜਨ ਦਾ ਕਾਰਨ ਬਣ ਰਿਹਾ ਹੈ:
ਸਿੱਖੀ ਦਾ ਮੂਲ ਆਧਾਰ ਗੁਰਮਤਿ ਫਲਸਫਾ ਹੈ। ਹੋਰ ਮੱਤਾਂ ਵਾਂਙੂ ਇਹ ਫਲਸਫਾ
ਪੂਜਾ-ਪੱਧਤੀ ’ਤੇ ਆਧਾਰਿਤ ਨਹੀਂ, ਬਲਕਿ ਇਕ ਜੀਵਨ-ਜਾਚ ਹੈ। ਗੁਰਮਤਿ ਦਾ ਮੂਲ ਸੋਮਾ ‘ਸ਼ਬਦ ਗੁਰੂ
ਗ੍ਰੰਥ ਸਾਹਿਬ ਜੀ’ ਦਾ ਸਰੂਪ ਹੈ, ਇਸ ਲਈ ਸਿੱਖਾਂ ਦੇ ਮਨ ਵਿਚ ਇਸ ਪ੍ਰਤੀ ਸਤਿਕਾਰ ਦੀ ਭਾਵਨਾ ਹੋਣਾ
ਸੁਭਾਵਿਕ ਹੈ। ਪਰ ਜਦੋਂ ਇਹ ਸਤਿਕਾਰ ਗੁਰਮਤਿ ਨੂੰ ਅਣਗੌਲਿਆ ਕਰਕੇ ‘ਅੰਨ੍ਹੀ ਸ਼ਰਧਾ’ ਦਾ ਰੂਪ ਧਾਰ
ਲੈਦਾ ਹੈ ਤਾਂ ਇਹ ਸਿੱਖੀ ਦੇ ਮੂਲ ਤੋਂ ਭਟਕਾਅ ਦਾ ਕਾਰਨ ਬਣਦਾ ਹੈ। ਅੱਜ ਆਮ ਸਿੱਖ ਸਮਾਜ ਵਲੋਂ
ਸਰੂਪ ਨਾਲ ਮੂਰਤੀ ਵਰਗੇ ਹੋ ਰਹੇ ਕਰਮਕਾਂਡ ਇਸ ਭਟਕਾਅ ਦੀ ਨਿਸ਼ਾਨੀ ਹਨ।
‘ਗੁਰਬਾਣੀ ਦਾ ਅਸਲ ਸਤਿਕਾਰ ਉਸ ਵਿਚਲੇ ਉਪਦੇਸ਼ਾਂ ਨੂੰ ਅਪਣਾਅ ਲੈਣਾ ਹੈ’ ਦੀ ਮੂਲ ਸੇਧ ਤੋਂ ਥਿੜਕ
ਜਾਣਾ ਹੀ ਇਸ ਭਟਕਾਅ ਦਾ ਸ਼ੁਰੂਆਤੀ ਕਾਰਨ ਬਣਦਾ ਹੈ। ਇਹ ਸਤਿਕਾਰ ਪਿੱਛਲੇ ਕੁਝ ਸਮੇਂ ਤੋਂ ਤਾਲਿਬਾਨੀ
ਰਵੱਈਏ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਇਸ ਮੰਦ ਰੁਚੀ ਨਾਲ ਜਿੱਥੇ ਇਕ ਪਾਸੇ ਸਿੱਖਾਂ ਦਾ
ਦੁਨੀਆਂ ਸਾਹਮਣੇ ਅਕਸ ਵਿਗੜ ਰਿਹਾ ਹੈ, ਉੁੱਥੇ ਗੁਰਬਾਣੀ ਸੰਦੇਸ਼ ਦੇ ਪ੍ਰਸਾਰ ਵਿਚ ਵੀ ਰੁਕਾਵਟਾਂ
ਪੈਦਾ ਹੋ ਰਹੀਆਂ ਹਨ। ‘ਗੁਰਬਾਣੀ ਸਤਿਕਾਰ’ ਦੇ ਨਾਮ ਹੇਠ ਲੋਕਾਂ ਨੂੰ ਤਾਲਿਬਾਨੀ ਤਰੀਕੇ ਤੰਗ ਅਤੇ
ਤਸ਼ਦੱਦ ਕਰਨ ਦੀਆਂ ਖਬਰਾਂ ਸੁਰਖੀਆਂ ਬਣਦੀਆਂ ਹੀ ਰਹਿੰਦੀਆਂ ਹਨ। ਪਿੱਛਲੇ ਸਮੇਂ ਵਿਚ ਇੰਟਰਨੈਟ
ਮੀਡੀਆ ਰਾਹੀਂ ਸਾਹਮਣੇ ਆਈਆਂ ਐਸੀਆਂ ਕੁਝ ਵੀਡੀਉਜ਼ ਸੁਹਿਰਦ ਸਿੱਖਾਂ ਨੂੰ ਸ਼ਰਮਸਾਰ ਕਰਦੀਆਂ ਹਨ।
‘ਸਤਿਕਾਰ ਦੇ ਨਾਮ ’ਤੇ ਗੁੰਮਰਾਹ ਹੋਏ ਅਤੇ ਗੁੰਮਰਾਹ ਕਰ ਰਹੇ ਸੱਜਣਾਂ ਦੀ ਇਕ ਮਿਸਾਲ ‘ਸਤਿਕਾਰ
ਸਭਾ’ ਦੇ ਨਾਮ ’ਤੇ ਬਣੀ ਕੋਈ ਜਥੇਬੰਦੀ ਹੈ। ਇਸ ਜਥੇਬੰਦੀ ਦਾ ਦਾਅਵਾ ਹੈ ਕਿ ਜਿਸ ਵੀ ਥਾਂ (ਪੁਸਤਕ
ਆਦਿ) ਵਿਚ ‘ਗੁਰਬਾਣੀ’ ਛਪੀ ਹੈ, ਉਸ ਨੂੰ ਹੋਰ ਜਗਾਂ ਪਹੁੰਚਾਉਣ ਲਈ ਇਕ ਖਾਸ ਮਰਿਯਾਦਾ ਦਾ ਪਾਲਨ
ਕਰਨਾ ਜ਼ਰੂਰੀ ਹੈ। ਸਤਿਕਾਰ ਅਤੇ ਮਰਿਯਾਦਾ ਦੇ ਨਾਮ ’ਤੇ ਪੁਜਾਰੀ ਸ਼੍ਰੇਣੀ ਨੇ ਵੈਸੇ ਹੀ ਆਮ ਸਿੱਖਾਂ
ਨੂੰ ‘ਗੁਰਬਾਣੀ ਵਿਚਾਰ’ ਤੋਂ ਦੂਰ ਕੀਤਾ ਹੋਇਆ ਹੈ। ਇਸ ਜਥੇਬੰਦੀ ਵਲੋਂ ਕੁਝ ਲੋਕਾਂ ਨਾਲ ਗੁਰਬਾਣੀ
ਵਾਲੀਆਂ ਪੁਸਤਕਾਂ, ਗੁਟਕਿਆਂ ਦੀ ਬੇਅਦਬੀ ਦਾ ਬਹਾਨਾ ਲਾ ਕੇ ਬਦਸਲੂਕੀ ਕਰਨ ਦੀ ਖਬਰ ਹੁਣੇ ਕੁਝ ਦਿਨ
ਪਹਿਲਾਂ ਵੀ ਸਾਹਮਣੇ ਆਈ ਹੈ।
ਗੁਰਬਾਣੀ ਸੰਦੇਸ਼ ਨੂੰ ਸਮੁੱਚੀ ਮਨੁੱਖਤਾ ਤੱਕ ਪਹੁੰਚਾਉਣ ਦੀ ਸੁਹਿਰਦ ਇੱਛਾ ਰੱਖਣ ਵਾਲੇ ਸਿੱਖਾਂ
ਨੂੰ ਇਹ ਗੱਲ ਪੱਲ੍ਹੇ ਬੰਨ੍ਹ ਲੈਣੀ ਚਾਹੀਦੀ ਹੈ ਕਿ ‘ਸਤਿਕਾਰ ਅਤੇ ਮਰਿਯਾਦਾ’ ਦੀ ਇਹ ਕਾਵਾਂ-ਰੌਲੀ
ਸਿੱਖਾਂ ਅਤੇ ਮਨੁੱਖਤਾ ਲਈ ਨੁਕਸਾਨਦੇਹ ਅਤੇ ਗੁਰਮਤਿ ਅਸੂਲਾਂ ਦੇ ਉਲਟ ‘ਅੰਨ੍ਹੀ ਸ਼ਰਧਾ’ ਦਾ
ਪ੍ਰਗਟਾਵਾ ਹੈ। ਚੇਤੇ ਰਹੇ ਗੁਰਬਾਣੀ ਹੁਣ ਸਿਰਫ ਬੀੜ, ਗੁਟਕਿਆਂ, ਸੈਂਚੀਆਂ ਤੱਕ ਸੀਮਤ ਨਹੀਂ ਰਹੀ
ਬਲਕਿ ਇਹ ਹੁਣ ਕਿਤਾਬਾਂ, ਅਖਬਾਰਾਂ, ਰਸਾਲਿਆਂ ਦੇ ਨਾਲ-ਨਾਲ ਡਿਜ਼ਿਟਲ ਆਦਿ ਦਾ ਹਿੱਸਾ ਵੀ ਬਣੀ ਹੋਈ
ਹੈ। ਫੇਰ ਇਹ ‘ਸਤਿਕਾਰ ਅਤੇ ਮਰਿਯਾਦਾ’ ਦਾ ਅੜਿੱਕਾ ਕਿਹੜੀ-ਕਿਹੜੀ ਥਾਂ ਪਾਵਾਂਗੇ? ਇਸ ਤਰ੍ਹਾਂ ਤਾਂ
ਗੁਰਬਾਣੀ ਦਾ ਪ੍ਰਸਾਰ ਕਰਨਾ ਬਹੁਤ ਔਖਾ ਹੋ ਜਾਵੇਗਾ।
ਸੋ ਸਾਨੂੰ ਸਾਰਿਆਂ ਨੂੰ ਇਸ ਅਖੌਤੀ ‘ਸਤਿਕਾਰ ਅਤੇ ਮਰਿਯਾਦਾ’ ਦੀ ਘੁੰਮਣਘੇਰੀ ਤੋਂ ਆਜ਼ਾਦ ਹੋ ਕੇ,
ਗੁਰਬਾਣੀ ਸੰਦੇਸ਼ ਨੂੰ ਸਮੁੱਚੀ ਮਨੁੱਖਤਾ ਤੱਕ ਪਹੁੰਚਾਉਣ ਲਈ ਸੁਹਿਰਦ ਅਤੇ ਠੋਸ ਯਤਨ ਕਰਨੇ ਚਾਹੀਦੇ
ਹਨ। ਗੁਰਬਾਣੀ ਦਾ ਅਸਲ ਸਤਿਕਾਰ ਉਸ ਦੇ ਉਪਦੇਸ਼ਾਂ ਨੂੰ ਅਪਨਾਉਣ ਅਤੇ ਪ੍ਰਚਾਰਨ ਵਿਚ ਹੀ ਹੈ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(22/07/13)
ਰਘਬੀਰ ਸਿੰਘ ਮਾਨਾਂਵਾਲੀ
ਗ਼ੁਲਾਮੀ
ਦਾ ਤਿਉਹਾਰ-ਰੱਖੜੀ
-ਰਘਬੀਰ ਸਿੰਘ ਮਾਨਾਂਵਾਲੀ
ਰੱਖੜੀ ਵੀਰਾ ਤੇਰੇ ਗੁੱਟ ਉੱਪਰ ਮੈਂ ਬੰਨਣੀ ਨਹੀਂ,
ਪਾਖੰਡ ਜਿਹਾ ਇਹ ਲਗਦਾ ਹੈ ਤਿਉਹਾਰ ਮੈਨੂੰ।
ਪੜ੍ਹ-ਲਿਖ ਕੇ ਅਜੇ ਵੀ ਔਰਤ ਮੂਰਖ ਬਣਦੀ ਹੈ,
ਗ਼ੁਲਾਮੀ ਦਾ ਉਹ ਅੱਜ ਵੀ ਕਰਦੀ ਜਾਪੇ ਇਜ਼ਹਾਰ ਮੈਨੂੰ।
ਹੁਣ ਤਾਂ ਸਾਰੇ ਰਿਸ਼ਤਿਆਂ ਦੇ ਵਿੱਚ ਸਵਾਰਥ ਹੈ,
ਬਿਨ੍ਹਾਂ ਸਵਾਰਥੋਂ ਨਹੀਂ ਕੋਈ ਰੱਖਦਾ ਮੇਲ-ਮਿਲਾਪ।
ਮਰਦ ਪ੍ਰਧਾਨ ਸਮਾਜ ਦੀ ਮੈਂ ਹੁਣ ਗ਼ੁਲਾਮ ਨਹੀਂ,
ਅੱਜ ਮੈਂ ਆਪਣੀ ਰੱਖਿਆ ਕਰ ਸਕਦੀ ਹਾਂ ਆਪ।
ਰੱਖੜੀ ਗੁੱਟ `ਤੇ ਬੰਨ ਕੇ ਭੈਣਾਂ ਇੰਜ ਵੇਖਦੀਆਂ,
ਹੁਣ ਵੀਰ ਕਰੂਗਾ ਤੋਹਫਿਆਂ ਨਾਲ ਮੈਨੂੰ ਮਾਲੋ-ਮਾਲ।
ਉਦੋਂ ਭਾਬੀ ਦੇ ਵੀ ਮੱਥੇ ਤਿਊੜੀ ਪੈ ਜਾਂਦੀ,
ਜਦੋਂ ਨਿਕਲਿਆ ਹੋਏ ਕਚੂਮਰ ਅੱਤ ਮਹਿੰਗਾਈ ਨਾਲ।
ਇਹ ਤਿਉਹਾਰ ਗ਼ੁਲਾਮੀ ਯਾਦ ਕਰਾਉਂਦਾ ਭੈਣਾਂ ਨੂੰ,
ਤੁਸੀਂ ਮਰਦ ਦੇ ਰਹਿਮ `ਤੇ ਰਹਿ ਕੇ ਜਿੰਦਗੀ ਕੱਢਣੀ ਏ।
ਉਠੋ ਪੜ੍ਹ ਲਿਖਕੇ ਤੁਸੀਂ ਭੈਣੋ ਅੱਜ ਕੁੱਝ ਹੋਸ਼ ਕਰੋ,
ਗਲ਼ ਪਈ ਗੁਲਾਮੀ ਦੀ ਹੁਣ ਫਾਹੀ ਵੱਢਣੀ ਏ।
-ਪਿੰਡ ਮਾਨਾਂਵਾਲੀ ਡਾਕ: ਚਾਚੋਕੀ (ਫਗਵਾੜਾ)
ਮੋਬਾਇਲ: 88728-54500
(22/07/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਉਸ
ਵਿੱਚ ਮਿਲਿਆਂ ਮੰਜ਼ਿਲ ਮਿਲਦੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੇ ਤੂੰ ਉਸਨੂੰ ਪਾਉਣਾ ਹੈ।
ਪੈਣਾ ਆਪ ਮਿਟਾਉਣਾ ਹੈ।
ਜੇ ਤੂੰ ਆਪ ਮਿਟਾਉਣਾ ਹੈ।
ਮੈਂ ਨੂੰ ਮਾਰ ਮੁਕਾਉਣਾ ਹੈ।
ਮੈਂ ਮਾਰਨ ਜੇ ਚਾਹੁੰਨਾ ਏਂ।
ਹੋਰਾਂ ਸੰਗ ਕਿਉਂ ਲਾਉਨਾ ਏਂ।
ਹੋਰਾਂ ਸੰਗ ਲਗਾਕੇ ਤੂੰ।
ਬੈਠੈਂ ਲੋਭ ਫਸਾਕੇ ਤੂੰ।
ਜੱਗ-ਮੋਹ ਉਸ ਨੂੰ ਭੁੱਲਾ ਏਂ।
ਮਾਇਆ ਦੇ ਵਿੱਚ ਫੁੱਲਾ ਏਂ।
ਮਨ ਵਿੱਚ ਸੋਚ ਵਿਚਾਰਾਂ ਨੇ।
ਫਾਹਿਆ ਚਿੱਤ ਵਿਕਾਰਾਂ ਨੇ।
ਛੱਡ ਵਿਚਾਰ ਤੇ ਮਾਰ ਵਿਕਾਰ।
ਮੈਂ ਮੈਂ ਛੱਡ ਤੇ ਆਪਾ ਮਾਰ।
ਕਰ ਖਾਲੀ ਮਨ ਉਸ ਦੇ ਬਾਰ।
ਸੱਚੇ ਬਿਨ ਮਨ ਕੁੱਝ ਨਾ ਧਾਰ।
ਵਿਚ ਭਰ ਲੈ ਤੂੰ ਉਸ ਦਾ ਨਾਮ।
ਉਸ ਦੇ ਸੰਗ ਇੱਕ ਜੋੜ ਧਿਆਨ।
ਉਹ ਹੀ, ਹੋਰ ਦਿਸੇ ਨਾ ਕੋਈ।
ਹਰ ਪਲ ਰੱਖਣਾ ਚਿੱਤ ਵਿੱਚ ਸੋਈ।
ਆਪਾ ਭੁੱਲ ਜਾਏ, ਉਹ ਮਨ ਵਸ ਜਾਏ।
ਜੀਣ-ਮਰਨ ਸੋਚਾ ਸਭ ਖਸ ਜਾਏ।
ਜੀਣ ਮੁਕਤ ਇਸੇ ਨੂੰ ਕਹਿੰਦੇ।
ਫਿਰ ਕੋਈ ਸੰਸੇ ਨਈਂ ਰਹਿੰਦੇ।
ਪੂਰੀ ਹੋ ਜਾਏ ਇੱਛਾ ਦਿਲਦੀ।
ਉਸ ਵਿੱਚ ਮਿਲਿਆਂ ਮੰਜ਼ਿਲ ਮਿਲਦੀ।
ਮੈਂ ਫਿਰ ਤੂੰ ਹੀ ਤੂੰ ਹੋ ਜਾਵੇ।
ਤਦ ਜੋਤੀ ਸੰਗ ਜੋਤ ਸਮਾਵੇ।
(20/07/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਰਹਿਨੈ
ਕਿਉਂ ਏਂ ਦੂਰ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਏਨਾ ਨੇੜੇ ਹੋ ਕੇ ਰਹਿਨੈ ਕਿਉਂ ਏਂ ਦੂਰ ਸੱਜਣਾ।
ਮੈਂ ਤਾਂ ਬੇਬਸ, ਪਰ ਤੂੰ ਕਿਉਂ ਮਜ਼ਬੂਰ ਸੱਜਣਾ?
ਤੈਨੂੰ ਪਤੈ, ਤੈਨੂੰ ਚਾਹਾਂ, ਮੈਂ ਤਾਂ ਦਿਲ ਦੀ ਡੂਘਾਣੋਂ,
ਮੈਨੂੰ ਸੁੱਟਿਆ ਅੱਲਗ, ਜਿਵੇਂ ਤੀਰ ਕੋਈ ਕਮਾਣੋਂ।
ਮੈਂ ਹਾਂ ਸੁਨਾਂ ਸੁਨਾਂ, ਤੂੰ ਹੈਂ ਭਰਪੂਰ ਸੱਜਣਾ,
ਏਨਾ ਨੇੜੇ ਹੋ ਕੇ ਰਹਿਨੈ ਕਿਉਂ ਏਂ ਦੂਰ ਸੱਜਣਾ।
ਤੂੰ ਏਂ ਦਾਤਾ ਤੇ ਮੈਂ ਇੱਕ ਤੇਰੇ ਦਰ ਤੇ ਭਿਖਾਰੀ,
ਦੇਦੇ ਦਾਨ ਦੀਦ ਸਦਾ ਏਹੋ ਅਰਜ਼ ਗੁਜ਼ਾਰੀ।
ਤੈਥੋਂ ਵੱਖ ਹੋ ਕੇ ਹੋਏ ਚੂਰ ਚੂਰ ਸਜਣਾ।
ਏਨਾ ਨੇੜੇ ਹੋ ਕੇ ਰਹਿਨੈ ਕਿਉਂ ਏਂ ਦੂਰ ਸੱਜਣਾ।
ਮੈਂ ਤਾਂ ਛੱਡਿਆ ਏ ਜੱਗ ਇੱਕ ਤੇਰਾ ਈ ਸਹਾਰੇ,
ਹੁਣ ਤੇਰੇ ਬਿਨਾ ਹੋਰ ਕੌਣ ਲਾਊਗਾ ਕਿਨਾਰੇ।
ਤੂੰ ਹੀ ਦੇਣਾ ਮੈਨੂੰ ਜੀਣ ਦਾ ਸ਼ਊਰ ਸੱਜਣਾ।
ਏਨਾ ਨੇੜੇ ਹੋ ਕੇ ਰਹਿਨੈ ਕਿਉਂ ਏਂ ਦੂਰ ਸੱਜਣਾ।
ਇੱਕ ਤੇਰੇ ਉਤੇ ਆਸ, ਨਾ ਤੂੰ ਤੋੜੀਂ ਵਿਸ਼ਵਾਸ,
ਦਰ ਆਏ ਨੂੰ ਨਾਂ ਮੋੜੀ, ਹੁਣ ਕਰਕੇ ਨਿਰਾਸ।
ਦੀਦ ਦਾਨ ਦੇ ਦੇ, ਅੱਜ ਹੋ ਕੇ ਤੂਰ ਸੱਜਣਾ,
ਏਨਾ ਨੇੜੇ ਹੋ ਕੇ ਰਹਿਨੈ ਕਿਉਂ ਏਂ ਦੂਰ ਸੱਜਣਾ।
ਤੇਰੀ ਮੰਨੀ ਹੈ ਮੈਂ ਸਦਾ, ਇੱਕ ਮੇਰੀ ਵੀ ਤਾਂ ਮੰਨ,
ਅੰਗ ਲਾ ਲੈ ਮੈਨੂੰ ਆਣ, ਨਾ ਵਿਛੋੜੇ ਦਾ ਲਾ ਡੰਨ।
ਮੇਰੀ ਮੰਨ ਅਰਜ਼ੋਈ ਇਹ ਜ਼ਰੂਰ ਸੱਜਣਾ,
ਏਨਾ ਨੇੜੇ ਹੋ ਕੇ ਰਹਿਨੈ ਕਿਉਂ ਏਂ ਦੂਰ ਸੱਜਣਾ।
(20/07/13)
ਤੱਤ ਗੁਰਮਤਿ ਪਰਿਵਾਰ
ਪੰਜਾਬ ਵਿਚਲੇ ਝੂਠੇ ਪੁਲਿਸ ਮੁਕਾਬਲੇ ਅਤੇ ਰਾਸ਼ਟਰੀ ਮੀਡੀਆ
ਸਿੱਖਾਂ ਦੀ ਇਹ ਸ਼ੁਰੂ ਤੋਂ ਸ਼ਿਕਾਇਤ ਰਹੀਂ ਹੈ ਕਿ 1984-95 ਦੌਰਾਨ ਅਨੇਕਾਂ ਫਰਜ਼ੀ ਪੁਲਿਸ
ਮੁਕਾਬਲਿਆਂ ਰਾਹੀਂ ਅਨਗਿਣਤ ਨਿਰਦੋਸ਼ ਸਿੱਖਾਂ ਨੂੰ ਮਾਰ ਮੁਕਾਇਆ ਗਿਆ। ਪਹਿਲਾਂ ਪਹਿਲ ਤਾਂ ਸਰਕਾਰ
ਇਸ ਦੋਸ਼ ਨੂੰ ਨਕਾਰਦੀ ਰਹੀ। ਪਰ ਜਦੋਂ ਜਸਵੰਤ ਸਿੰਘ ਖਾਲੜਾ ਨੇ ਪੁੱਖਤਾ ਸਬੂਤਾਂ ਦੇ ਆਧਾਰ ’ਤੇ ਇਹ
ਮਸਲਾ ਸੁਪਰੀਮ ਕੋਰਟ ਤੱਕ ਪਹੁੰਚਾ ਦਿਤਾ ਤਾਂ ਸਰਕਾਰ ਅਤੇ ਪੁਲਿਸ ਲਈ ਇਸ ਜ਼ੁਲਮ ਨੂੰ ਛੁਪਾਉਣਾ
ਮੁਸ਼ਕਿਲ ਹੋ ਗਿਆ। ਇਕ ਲੋਕਰਾਜੀ ਨਿਜ਼ਾਮ ਦੀ ਤਰਜ਼ ’ਤੇ ਆਪਣੀ ਗਲਤੀ ਨੂੰ ਇਮਾਨਦਾਰੀ ਨਾਲ ਕਬੂਲਣ ਦੀ
ਥਾਂਵੇ, ਆਮ ਧਾਰਨਾ ਅਨੁਸਾਰ ਸਰਕਾਰ ਅਤੇ ਪੰਜਾਬ ਪੁਲਿਸ ਨੇ ਨਿਰੰਕੁਸ਼ ਰਾਜ ਦੀ ਮਿਸਾਲ ਪੇਸ਼ ਕਰਦੇ
ਹੋਏ ਜਸਵੰਤ ਸਿੰਘ ਖਾਲੜਾ ਨੂੰ ਹੀ ਮਾਰ ਮੁਕਾਉਣ ਦਾ ਰਾਹ ਚੁਣਿਆ। ਕਿਸੇ ਸਰਕਾਰ ਵਲੋਂ ਆਪਣੇ ਹੀ
ਲੋਕਾਂ ਪ੍ਰਤੀ ਐਸੇ ਜ਼ਾਲਮਾਨਾ ਵਤੀਰੇ ਦੀ ਮਿਸਾਲ ਦੁਨੀਆ ਦੇ ਇਤਿਹਾਸ ਵਿਚ ਘੱਟ ਹੀ ਮਿਲਦੀ ਹੈ।
ਸਿੱਖਾਂ ਨੂੰ ਇਹ ਵੀ ਸ਼ਿਕਾਇਤ ਹੈ ਕਿ ਭਾਰਤੀ ਨਿਆਂਪਾਲਿਕਾ ਵਲੋਂ ਵੀ ਉਨ੍ਹਾਂ ਨਾਲ ਮਤਰਿਆ ਸਲੂਕ
ਕੀਤਾ ਜਾਂਦਾ ਹੈ। ਛੋਟੀ-ਛੋਟੀ ਘਟਨਾਵਾਂ ਦਾ ਨੋਟਿਸ ਲੈ ਕੇ ਇਤਿਹਾਸਕ ਫੈਸਲੇ ਦੇਣ ਵਾਲੀ ਭਾਰਤੀ
ਨਿਆਂਪਾਲਿਕਾ ਨੇ ਪੰਜਾਬ ਵਿਚ ਸਰਕਾਰ-ਪੁਲਿਸ ਦੀ ਮਿਲੀਭੁਗਤ ਰਾਹੀਂ ਪੰਜਾਬ ਵਿਚ ਇਕ ਲੰਮੇ ਸਮੇਂ ਤੱਕ
ਕੀਤੇ ਜਨ-ਸੰਹਾਰ ਦਾ ਨੋਟਿਸ ਲੈ ਕੇ ਕਾਰਵਾਈ ਕਰਨ ਦੀ ਕਦੀਂ ਕੋਸ਼ਿਸ਼ ਸ਼ਾਇਦ ਨਹੀਂ ਕੀਤੀ। ਆਪਣੀ
ਜੁਡੀਸ਼ਰੀ ਸਿਸਟਮ ਦਾ ਇਕ ਹਿੱਸਾ ਰਹੇ ਜਸਵੰਤ ਸਿੰਘ ਖਾਲੜਾ (ਐਡਵੋਕੇਟ) ਦੇ ਵਿਰੁਧ ਹੋਏ ਜ਼ੁਲਮ ਦਾ
ਨੋਟਿਸ ਲੈਣਾ ਨਿਆਂਪਾਲਿਕਾ ਦਾ ਫਰਜ਼ ਬਣਦਾ ਸੀ। ਹੋਰ ਤਾਂ ਹੋਰ ਨਵੰਬਰ 84 ਦੇ ਨੰਗੇ-ਚਿੱਟੇ ਸਿੱਖ
ਕਤਲੇਆਮ ਬਾਰੇ ਵੀ ਕੋਈ ਤਸੱਲੀਬਖਸ਼ ਕਾਰਵਾਈ ਭਾਰਤੀ ਸਰਕਾਰ ਜਾਂ ਨਿਆਂਪਾਲਿਕਾ ਲਗਭਗ 30 ਸਾਲ ਬੀਤ
ਜਾਣ ’ਤੇ ਵੀ ਨਹੀਂ ਕਰ ਸਕੀ।
ਲੋਕਰਾਜ ਦਾ ਚੌਥਾ ਥੰਮ ਕਹੇ ਜਾਂਦੇ ਮੀਡੀਆ ਦਾ ਵੀ ਸਿੱਖਾਂ ਪ੍ਰਤੀ ਰਵੱਈਆ ਹਮੇਸ਼ਾਂ ਬੇਗਾਨਗੀ ਵਾਲਾ
ਰਿਹਾ ਹੈ। ਰਾਸ਼ਟਰੀ ਮੀਡੀਆ ਸਿੱਖ ਮਸਲਿਆਂ ਨੂੰ ਜਾਂ ਤਾਂ ਅਣਗੌਲਿਆਂ ਕਰ ਦਿੰਦਾ ਹੈ ਜਾਂ ਫੇਰ ਉਸ
ਨੂੰ ਨਾਂਹ-ਪੱਖੀ ਪੇਸ਼ ਕਰਦਾ ਹੈ। ਕਿਸੇ ਵਿਰਲੇ ਮੀਡੀਆ ਹਾਉਸ ਨੇ ਸਿੱਖਾਂ ਦਾ ਮਾਮਲਾ ਸਹੀ ਤਰੀਕੇ
ਪੇਸ਼ ਕਰਨ ਦਾ ਯਤਨ ਕੀਤਾ ਹੋਵੇਗਾ। ਤਾਜ਼ਾ ਮਿਸਾਲ ਫਰਜ਼ੀ ਪੁਲਿਸ ਮੁਕਾਬਲਿਆਂ ਦੀ ਹੀ ਹੈ। ਇਕ ਸਾਬਕਾ
ਪੁਲਿਸ ਕਰਮਚਾਰੀ ਵਲੋਂ ਜਨਤਕ ਤੌਰ ’ਤੇ ਝੂਠੇ ਮੁਕਾਬਲਿਆਂ ਬਾਰੇ ਸੱਚ ਕਬੂਲ ਕਰ ਕੇ ਇਸ ਮੁੱਦੇ ਨੂੰ
ਫੇਰ ਗਰਮਾ ਦਿਤਾ। ਰਾਸ਼ਟਰੀ ਮੀਡੀਆ ਵਿਚ ਇਸ ਦੌਰਾਨ ਇਸ਼ਰਤ ਜਹਾਂ ਦੇ ਝੂਠੇ ਮੁਕਾਬਲੇ ਦਾ ਮੁੱਦਾ
ਗਰਮਾਇਆ ਹੋਇਆ ਸੀ, ਪਰ ਕਿਸੇ ਵਿਰਲੇ ਰਾਸ਼ਟਰੀ ਨਿਊਜ਼ ਚੈਨਲ ਨੇ ਪੰਜਾਬ ਵਿਚ ਹੋਏ ਪੁਲਿਸ ਮੁਕਾਬਲਿਆਂ
ਬਾਰੇ ਸਾਹਮਣੇ ਆਏ ਇਸ ਨਵੇਂ ਅਤੇ ਠੋਸ ਖੁਲਾਸੇ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ। ਸਿਤਮ ਦੀ ਹੱਦ
ਵੇਖੋ, ਇਕ ਰਾਸ਼ਟਰੀ ਨਿਊਜ਼ ਚੈਨਲ ਵਲੋਂ ਇਸ ਵਿਸ਼ੇ ’ਤੇ ਇਕ ਖਾਸ ਪ੍ਰੋਗਰਾਮ ਪੇਸ਼ ਕੀਤਾ, ਜਿਸਦਾ
ਸਿਰਲੇਖ ਸੀ, “ਕਿਆ ਸਾਰੇ ਪੁਲਿਸ ਮੁਕਾਬਲੇ ਫਰਜ਼ੀ ਹੋਤੇ ਹੈਂ?”। ਇਸ ਪ੍ਰੋਗਰਾਮ ਵਿਚ ਸਾਰੇ ਭਾਰਤ
ਵਿਚ ਪਿੱਛਲੇ ਲੰਮੇ ਸਮੇਂ ਵਿਚ ਹੋਏ ਵੱਖ-ਵੱਖ ਫਰਜ਼ੀ ਪੁਲਿਸ ਮੁਕਾਬਲਿਆਂ ਬਾਰੇ ਰਿਪੋਰਟ ਪੇਸ਼ ਕੀਤੀ
ਗਈ, ਪਰ ਪੰਜਾਬ ਵਿਚਲੇ ਕਿਸੇ ਵੀ ਝੂਠੇ ਪੁਲਿਸ ਮੁਕਾਬਲੇ ਦਾ ਜ਼ਿਕਰ ਤੱਕ ਵੀ ਨਹੀਂ ਕੀਤਾ ਗਿਆ। ਹੋਰ
ਤਾਂ ਹੋਰ ਇਕ ਸਾਬਕਾ ਪੁਲਿਸ ਮੁਲਾਜ਼ਮ ਵਲੋਂ ਇਸ ਵਿਸ਼ੇ ਵੀਚ ਕੀਤੇ ਤਾਜ਼ਾ ਖੁਲਾਸੇ ਨੂੰ ਵੀ ਨਜ਼ਰ ਅੰਦਾਜ਼
ਕਰ ਦਿਤਾ ਗਿਆ। ਰਾਸ਼ਟਰੀ ਮੀਡੀਆ ਦਾ ਇਹ ਫਿਰਕੂ ਚਿਹਰਾ ਉਸ ਦੀ ਪ੍ਰਸੰਗਕਿਤਾ ’ਤੇ ਵੱਡਾ ਪ੍ਰਸ਼ਨ
ਚਿੰਨ੍ਹ ਲਾਉਂਦਾ ਹੈ।
ਸਿੱਖਾਂ ਦੀ ਵੱਡੀ ਤ੍ਰਾਸਦੀ ਇਸ ਦਾ ਪ੍ਰਤੀਨਿਧ ਮੰਨੇ ਜਾਂਦੇ ਅਕਾਲੀ ਦਲ ਦੀ ਸਰਕਾਰ ਵਲੋਂ ਫਿਰਕੂ
ਤਾਕਤਾਂ ਦਾ ਦੁੰਮਛੱਲਾ ਬਣ ਕੇ ਸਿੱਖ ਮਸਲਿਆਂ ਤੋਂ ਮੂੰਹ ਮੋੜ ਲੈਣਾ ਹੈ। ਇਹ ਸਰਕਾਰ ਇਕ ਪਰਿਵਾਰ ਦੇ
ਸੌੜੇ ਸਵਾਰਥਾਂ ਦੀ ਇਤਨੀ ਗੁਲਾਮ ਬਣਾ ਦਿਤੀ ਗਈ ਲਗਦੀ ਹੈ ਕਿ ਇਸ ’ਤੇ ਸਿੱਖ ਮਸਲਿਆਂ ਵਿਚ
‘ਸਿੱਖ-ਵਿਰੋਧੀ’ ਸਟੈਂਡ ਲੈਣ ਦੇ ਦੋਸ਼ ਸ਼ਰੇਆਮ ਲਗਦੇ ਹਨ। ਕਦੇ ਸਿੱਖਾਂ ਨੂੰ ਉਮੀਦ ਸੀ ਕਿ ਜਦੋਂ
ਅਕਾਲੀ ਸਰਕਾਰ ਆਵੇਗੀ ਤਾਂ ਉਸ ਕਾਲੇ ਦੌਰ ਦੇ ਸਰਕਾਰੀ ਅਤੇ ਪੁਲਿਸ ਜ਼ੁਲਮ ਦਾ ਸਾਰਾ ਸੱਚ ਦੁਨੀਆਂ
ਸਾਹਮਣੇ ਲਿਆਵੇਗੀ। ਪਰ ਸਰਕਾਰ ਨੇ ਆਉਂਦੇ ਸਾਰ ਹੀ ਐਸੀ ਪਹੁੰਚ ਤੋਂ ਮੁੰਹ ਫੇਰ ਲਿਆ। ਬੇ-ਹਯਾਈ ਦੀ
ਹੱਦ ਵੇਖੋ, ਜਦੋਂ ਕੁਝ ਮਨੁੱਖੀ ਅਧਿਕਾਰ ਧਿਰਾਂ ਨੇ ਆਪਣੇ ਤੌਰ ’ਤੇ ਇਹ ਸੱਚ ਸਾਹਮਣੇ ਲਿਆਉਣ ਦਾ
ਬੀੜਾ ਚੁੱਕਣ ਲਈ ਇਕ ਕਮੀਸ਼ਨ ਕਾਇਮ ਕੀਤਾ ਤਾਂ ਇਸ ਸਰਕਾਰ ਨੇ ਉਸ ਨੂੰ ਕੰਮ ਨਾ ਕਰਨ ਦਿਤਾ ਅਤੇ
ਜੁਡੀਸ਼ਰੀ ਦਾ ਸਹਾਰਾ ਲੈ ਕੇ ਉਸ ਕਮੀਸ਼ਨ ਨੂੰ ਖਤਮ ਕਰ ਦਿਤਾ ਗਿਆ। ਜਿਨ੍ਹਾਂ ਪੁਲਿਸ ਅਫਸਰਾਂ ’ਤੇ ਉਸ
ਦੌਰ ਵਿਚ ਮਨੁੱਖੀ ਘਾਣ ਦੇ ਦੋਸ਼ ਲਗਦੇ ਰਹੇ ਹਨ, ਉਨ੍ਹਾਂ ਨੂੰ ਉਲਟਾ ਅਕਾਲੀ ਸਰਕਾਰ ਵਲੋਂ ਤਰੱਕੀਆਂ
ਦਿਤੀਆਂ ਗਈਆਂ।
ਸ਼ਾਇਦ ਹੀ ਕਿਸੇ ਹੋਰ ਕੌਮ ਦੀ ਪ੍ਰਤੀਨਿਧ ਰਾਜਨੀਤਕ ਪਾਰਟੀ ਐਸੀ ਹੋਵੇਗੀ, ਜੋ ਕੌਮੀ ਹਿਤਾਂ ਨਾਲ ਐਸਾ
ਧ੍ਰੋਹ ਕਮਾ ਰਹੀ ਹੋਵੇਗੀ? ਭਾਰਤੀ ਸਰਕਾਰ, ਜੁਡੀਸ਼ਰੀ ਅਤੇ ਮੀਡੀਆ ਦਾ ਇਹ ਫਿਰਕੂ ਵਤੀਰਾ ਸਿੱਖਾਂ
ਵਿਚ ਬੇਗਾਨਗੀ ਦੀ ਭਾਵਨਾ ਨੂੰ ਹੋਰ ਵਧਾ ਰਿਹਾ ਹੈ, ਜੋ ਦੇਸ਼ ਦੇ ਲੰਮੇਰੇ ਹਿਤਾਂ ਦੇ ਵਿਰੁਧ ਹੈ। ਇਸ
ਬੇਗਾਨਗੀ ਦੀ ਭਾਵਨਾ ਨੂੰ ਘੱਟ ਕਰਨ ਲਈ ਸਭ ਧਿਰਾਂ ਨੂੰ ਠੋਸ ਅਤੇ ਇਮਾਨਦਾਰਾਨਾ ਜਤਨ ਫੌਰੀ ਤੌਰ ’ਤੇ
ਕਰਨੇ ਚਾਹੀਦੇ ਹਨ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(20/07/13)
ਹਰਲਾਜ ਸਿੰਘ ਬਹਾਦਰਪੁਰ
ਮਾਮਲਾ ਗੁਰੂ ਨਾਨਕ ਜੀ ਦੀ ਤਸਵੀਰ ਨਾਲ ਛੇੜਛਾੜ ਦਾ
ਗੁਰੂ ਨਾਨਕ ਜੀ ਦੀ ਕਲਪਿਤ ਤਸਵੀਰ ਦੇ ਮੁੱਖ ਵਿੱਚ ਸਿਗਰਟ ਪਾਏ ਜਾਣ ਤੇ ਤੜਫਣ ਵਾਲੇ ਸਿੱਖ ਵੀਰੋ
ਕਦੇ ਆਪਣੇ ਵੱਲ ਨਿਗ੍ਹਾ ਮਾਰੀ ਹੈ ਕਿ ਅਸੀਂ ਗੁਰੂਆਂ ਦੇ ਮੁੱਖ ਵਿੱਚ ਕੀ ਕੁੱਝ ਪਾ ਰਹੇ ਹਾਂ?
ਕਿਸੇ ਸਮਾਜ ਵਿਰੋਧੀ, ਸ਼ਰਾਰਤੀ
ਅਨਸਰ, ਗੁਰੂ ਨਿੰਦਕ, ਅਕ੍ਰਿਤਘਣ ਨੇ ਫੇਸਬੁੱਕ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਲਪਿਤ ਤਸਵੀਰ ਨਾਲ
ਛੇੜ ਛਾੜ ਕਰਦਿਆਂ, ਤਸਵੀਰ ਦੇ ਮੁੱਖ ਵਿੱਚ ਸਿਗਰਟ ਪਾ ਕੇ ਨਾ ਬਖਸ਼ਣ ਯੋਗ ਗਲਤੀ ਕਰਕੇ ਸਿੱਖ ਕੌਮ
ਨੂੰ ਚਿੜਾਇਆ ਹੈ। ਅਜਿਹੇ ਗੁਰ ਨਿੰਦਕ ਵਿਰੁੱਧ ਸਰਕਾਰਾਂ ਅਤੇ ਅਦਾਲਤਾਂ ਤੋਂ ਕਾਰਵਾਈ ਕਰਵਾਉਣ ਦੀ
ਆਸ ਰੱਖਣੀ ਮੂਰਖਤਾ ਤੋਂ ਵੱਧ ਕੁੱਝ ਵੀ ਨਹੀਂ ਹੈ, ਇਸ ਲਈ ਅਜਿਹੇ ਦੋਖੀ ਦਾ ਪਤਾ ਲਗਾ ਕੇ ਜਾਗਦੀ
ਜਮੀਰ ਵਾਲੇ ਸਿੱਖਾਂ ਵੱਲੋਂ ਬਣਦੀ ਸਜ਼ਾ ਦੇ ਦੇਣੀ ਚਾਹੀਂਦੀ ਹੈ। ਤਾਂ ਕਿ ਅੱਗੇ ਤੋਂ ਕੋਈ ਹੋਰ
ਸ਼ਰਾਰਤੀ ਅਨਸਰ ਅਜਿਹੀ ਹਰਕਤ ਕਰਨ ਬਾਰੇ ਸੋਚ ਵੀ ਨਾ ਸਕੇ। ਪਰ ਦੁੱਖ ਦੀ ਗੱਲ ਹੈ ਗੁਰੂਆਂ ਤੇ ਸਿੱਖੀ
ਸਿਧਾਂਤਾਂ ਤੋਂ ਆਪਾ ਕੁਰਬਾਨ ਕਰਨ ਵਾਲੀ ਸਿੱਖ ਕੌਮ (ਜਿਸ ਤੋਂ ਵੱਡੇ ਤੋਂ ਵੱਡੇ ਬਾਹੂਬਲੀ ਹੰਕਾਰੀ
ਰਾਜੇ ਵੀ ਭੈ ਖਾਂਦੇ ਸਨ) ਨੂੰ ਸ਼ਰਾਰਤੀ ਅਨਸਰ ਹੀ ਭੈਅ ਮੁਕਤ ਹੋ ਕੇ ਚਿੜਾ ਰਹੇ ਹਨ। ਇਹ ਕੋਈ ਪਹਿਲੀ
ਘਟਨਾ ਨਹੀਂ ਹੈ। ਸ਼ਰਾਰਤੀ ਅਨਸਰਾਂ ਵੱਲੋਂ ਕੀਤੀਆਂ ਜਾ ਰਹੀਆਂ ਅਜਿਹੀਆਂ ਘਟਨਾਵਾਂ ਅਜੋਕੇ ਸਿੱਖਾਂ
ਵਿੱਚੋਂ ਖਤਮ ਹੋ ਰਹੇ ਸਿੱਖੀ ਜਜਬੇ ਦੀਆਂ ਸੂਚਕ ਹਨ। ਸਾਡੇ ਵਿੱਚੋਂ ਸਿੱਖੀ ਜਜਬਾ ਕਿਉਂ ਖਤਮ ਹੋ
ਗਿਆ, ਸਾਡੇ ਨਾਲ ਅਜਿਹੀਆਂ ਸ਼ਰਾਰਤੀ ਘਟਨਾਵਾਂ ਕਿਉਂ ਵਾਪਰ ਰਹੀਆਂ ਹਨ, ਅਤੇ ਸ਼ਰਾਰਤੀ ਅਨਸਰਾਂ ਦੇ
ਹੌਂਸਲੇ ਇਤਨੇ ਬੁਲੰਦ ਕਿਉਂ ਹੋ ਗਏ ਹਨ, ਇਸ ਦਾ ਕੀ ਕਾਰਨ ਹੈ। ਮੇਰੀ ਆਪਣੀ ਸਮਝ (ਹੋ ਸਕਦੈ ਮੈਂ
ਗਲਤ ਹੋਵਾਂ) ਅਨੁਸਾਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈਣ ਵਜਾਏ ਵਿਕਾਊ ਲੀਡਰਾਂ,
ਜਥੇਦਾਰਾਂ, ਸੰਤਾਂ, ਡੇਰੇਦਾਰਾਂ ਪੁਜਾਰੀਆਂ ਦੇ ਗੁਲਾਮ ਬਣ ਚੁੱਕੇ ਹਾਂ। ਫਿਰ ਗੁਰੂ ਤੋਂ ਬੇਮੁੱਖ
ਹੋਏ ਸਾਡੇ ਵਰਗੇ ਸਿੱਖਾਂ ਵਿੱਚ ਸਿੱਖੀ ਜ਼ਜ਼ਬਾ ਕਿਵੇਂ ਰਹਿ ਸਕਦਾ ਹੈ। ਜਦੋਂ ਸਿੱਖੀ ਜ਼ਜ਼ਬਾ ਨਾ ਰਿਹਾ
ਤਾਂ ਫਿਰ ਸਾਡੇ ਵਰਗੇ ਬੇਗੈਰਤੇ ਸਿੱਖਾਂ ਨਾਲ ਸ਼ਰਾਰਤੀ ਅਨਸਰ ਸ਼ਰਾਰਤਾਂ ਹੀ ਕਰਨਗੇ, ਹੋਰ ਕੀ ਅਜਿਹੇ
ਬੇਮੁੱਖਾਂ ਦਾ ਸਤਿਕਾਰ ਹੋਣਾ ਚਾਹੀਂਦਾ ਹੈ? ਆਪਣੇ ਗੁਰੂ ਤੋਂ ਬੇਮੁੱਖ ਹੋਇਆਂ ਨਾਲ ਤਾਂ ਹੋਰ ਵੀ
ਭੈੜੀ ਬਣਨੀ ਚਾਹੀਦੀ ਹੈ। ਆਪਣੇ ਗੁਰੂ ਤੋਂ ਮੂੰਹ ਫੇਰਨ ਵਾਲੇ ਬੇਮੁੱਖਾਂ ਲਈ ਗੁਰਬਾਣੀ ਦਾ ਫੁਰਮਾਨ
ਹੈ:-
ਸਤਿਗੁਰ ਤੇ ਜੋ ਮੁਹ ਫੇਰੇ ਤੇ ਬੇਮੁਖ ਬੁਰੇ ਦਿਸੰਨ॥ ਅਨਦਿਨੁ ਬਧੇ
ਮਾਰੀਅਨਿ ਫਿਰਿ ਵੇਲਾ ਨਾ ਲਹੰਨਿ॥ ੧॥ … … … ਸਤਿਗੁਰ ਤੇ ਜੋ ਮੁਹੁ ਫੇਰੇ ਓਇ ਭ੍ਰਮਦੇ ਨਾ ਟਿਕੰਨਿ॥
ਧਰਤਿ ਅਸਮਾਨੁ ਨ ਝਲਈ ਵਿਚਿ ਵਿਸਟਾ ਪਏ ਪੰਚਨਿ॥ ੪॥ (ਪੰਨਾ ਨੰ: ੨੩੩) ਉਪਰੋਕਤ ਸ਼ਬਦ ਸਾਡੇ
ਵਰਗੇ ਅਜੋਕੇ ਸਿੱਖਾਂ ਉੱਪਰ ਪੂਰੀ ਤਰ੍ਹਾਂ ਢੁੱਕਦਾ ਨਜ਼ਰ ਆਉਂਦਾ ਹੈ। ਕਿਉਂਕਿ ਅਸੀਂ ਗੁਰੂ ਕੇ ਸਿੱਖ
ਕਹਾਉਣ ਵਾਲਿਆਂ ਨੇ ਸਿੱਖੀ ਸਿਧਾਂਤਾਂ ਦੇ ਉਲਟ ਚੱਲਣ ਨੂੰ ਹੀ ਸਿੱਖੀ ਸਮਝਿਆ ਹੋਇਆ ਹੈ। ਕੀ ਸਿੱਖ
ਮੱਤ ਵਿੱਚ ਤਸਵੀਰਾਂ, ਮੂਰਤੀਆਂ ਲਈ ਕੋਈ ਥਾਂ ਹੈ, ਕੀ ਅਸੀਂ ਮੂਰਤੀ ਪੂਜਕ ਹਾਂ? ਜੇ ਨਹੀਂ ਤਾਂ ਫਿਰ
ਅਸੀਂ ਗੁਰੂਆਂ ਦੀਆਂ ਕਲਪਿਤ ਮੂਰਤਾਂ/ਤਸਵੀਰਾਂ ਬਣਾ ਕੇ ਕਿਹੜੇ ਗੁਰ ਹੁਕਮਾਂ ਦੀ ਪਾਲਣਾ ਕਰ ਰਹੇ
ਹਾਂ? ਜਿੱਥੇ ਅੱਜ ਕਿਸੇ ਗੁਰੁ ਦੋਖੀ ਸ਼ਰਾਰਤੀ ਨੇ ਗੁਰੂ ਨਾਨਕ ਜੀ ਦੀ ਕਲਪਿਤ ਤਸਵੀਰ ਨਾਲ ਛੇੜਛਾੜ
ਕਰਨ ਦਾ ਅਪਰਾਧ ਕੀਤਾ ਹੈ ਕੀ ਉੱਥੇ ਅਸੀਂ ਸਿੱਖੀ ਸਿਧਾਂਤਾਂ ਦੇ ਉਲਟ ਗੁਰੂਆਂ ਦੀਆਂ ਕਲਪਿਤ
ਤਸਵੀਰਾਂ ਬਣਾਉਣ ਦਾ ਅਪਰਾਧ ਨਹੀਂ ਕੀਤਾ ਹੋਇਆ? ਜਿੱਥੇ ਅੱਜ ਗੁਰੂਆਂ ਦੀ ਕਲਪਿਤ ਤਸਵੀਰ ਨਾਲ
ਛੇੜਛਾੜ ਕਰਨ ਵਾਲਾ ਦੋਸ਼ੀ ਸਖਤ ਤੋਂ ਸਖਤ ਸਜ਼ਾ ਦਾ ਹੱਕਦਾਰ ਹੈ, ਕੀ ਉੱਥੇ ਅਸੀਂ ਵੀ ਗੁਰੂਆਂ ਦੀਆਂ
ਕਲਪਿਤ ਤਸਵੀਰਾਂ ਬਣਾਉਣ ਦੇ ਦੋਸ਼ ਵਿੱਚ ਸਖਤ ਤੋਂ ਸਖਤ ਸਜ਼ਾ ਦੇ ਹੱਕਦਾਰ ਨਹੀਂ ਹਾਂ? ਉਸ ਪਾਪੀ ਨੂੰ
ਤਾਂ ਸ਼ਾਇਦ ਕੋਈ ਕੀਤੇ ਪਾਪ ਦੀ ਸਜ਼ਾ ਦੇ ਵੀ ਦੇਵੇ, ਪਰ ਸਿੱਖੀ ਸਿਧਾਂਤਾਂ ਦੇ ਉਲਟ ਗੁਰੂਆਂ ਦੀਆਂ
ਕਲਪਿਤ ਤਸਵੀਰਾਂ ਬਣਾਉਣ ਵਾਲੀ ਸਮੁੱਚੀ ਸਿੱਖ ਕੌਮ (ਕਿਸੇ ਵਿਰਲੇ ਨੂੰ ਛੱਡ ਕੇ) ਨੂੰ ਕੀਤੇ ਪਾਪ ਦੀ
ਸਜ਼ਾ ਕੌਣ ਦੇਵੇਗਾ? ਜਿਹੜੀ ਸਿੱਖ ਕੌਮ ਦੀ ਅੱਜ ਇੰਨੀ ਮਾੜੀ ਹਾਲਤ ਹੋ ਰਹੀ ਹੈ, ਕਿਤੇ ਸਿੱਖ ਕੌਮ
ਅਜਿਹੇ ਕੀਤੇ ਹੋਏ ਪਾਪਾਂ ਦੀ ਸਜ਼ਾ ਹੀ ਤਾਂ ਨਹੀਂ ਭੋਗ ਰਹੀ? ਨਹੀਂ, ਮੇਰੀ ਨਜ਼ਰ ਵਿੱਚ ਤਾਂ ਜਿਸ
ਤਰ੍ਹਾਂ ਅਜੋਕੇ ਸਿੱਖ, ਸਿੱਖੀ ਸਿਧਾਂਤਾਂ ਦਾ ਮਲੀਆਮੇਟ ਕਰ ਰਹੇ ਹਨ ਉਸ ਅਨੁਸਾਰ ਤਾਂ ਅਜਿਹੇ ਸਾਡੇ
ਵਰਗੇ ਸਿੱਖਾਂ ਦਾ ਤਾਂ ਸਰਵਨਾਸ਼ ਹੋ ਜਾਣਾ ਚਾਹੀਂਦਾ ਹੈ, ਕਿਉਂਕਿ ਸਿੱਖੀ ਵਿਰੋਧੀ ਤਾਕਤਾਂ ਤਾਂ
ਵਿਰੋਧੀ ਬਣਕੇ ਹੀ ਸਿੱਖੀ ਉੱਪਰ ਹਮਲੇ ਕਰਦੀਆਂ ਹਨ। ਪਰ ਅਸੀਂ ਤਾਂ ਸਿੱਖੀ ਦੇ ਠੇਕੇਦਾਰ, ਪੈਰੋਕਾਰ
ਬਣਕੇ ਸਿੱਖੀ ਵਿਰੋਧੀ ਤਾਕਤਾਂ ਨਾਲੋਂ ਵੀ ਵੱਡੇ ਹਮਲੇ ਸਿੱਖੀ ਉੱਤੇ ਕਰ ਰਹੇ ਹਾਂ।
ਅੱਜ ਕਿਸੇ ਸ਼ਰਾਰਤੀ ਅਨਸਰ ਵੱਲੋਂ ਗੁਰੂ ਨਾਨਕ ਜੀ ਦੀ ਕਲਪਿਤ ਤਸਵੀਰ ਦੇ ਮੁੱਖ ਵਿੱਚ ਸਿਗਰਟ ਪਾਏ
ਜਾਣ ਤੇ ਅਸੀਂ ਤੜਫ ਰਹੇ ਹਾਂ ਅਤੇ ਸਾਡੇ ਪੱਥਰ ਵਰਗੇ ਹਿਰਦੇ ਵਲੂੰਧਰੇ ਗਏ ਹਨ। ਜਿਸ ਕਾਰਨ ਸਾਡੇ
ਸਿੱਖ ਆਗੂ ਇਸ ਘਟਨਾ ਦੇ ਗੰਭੀਰ ਅਤੇ ਸਖਤ ਨੋਟਿਸ ਲੈਂਦਿਆਂ ਸ਼ਰਾਰਤੀ ਅਨਸਰਾਂ ਨੂੰ ਅਜਿਹੀਆਂ
ਸ਼ਰਾਰਤਾਂ ਤੋਂ ਵਾਂਝ ਆ ਜਾਣ ਦੇ ਬਿਆਨਾਂ ਰੂਪੀ ਗੋਲੇ ਦਾਗ ਰਹੇ ਹਨ। ਕੀ ਸਾਨੂੰ ਇਹ ਨਹੀਂ ਪਤਾ ਕਿ
ਅਸੀਂ ਪੱਥਰ ਹਿਰਦਿਆਂ ਵਾਲਿਆਂ ਨੇ ਗੁਰੂ ਦੇ ਮੁੱਖ ਵਿੱਚ ਸਿਗਰਟ ਤੋਂ ਵੀ ਵੱਧ ਗੰਦ ਪਾਇਆ ਹੋਇਆ ਹੈ।
ਗੁਰੂਆਂ ਦੀਆਂ ਕਲਪਿਤ ਤਸਵੀਰਾਂ ਨਾਲ ਛੇੜਛਾੜ ਕਰਨ ਵਾਲੇ, ਸ਼ਰਾਰਤੀ ਅਨਸਰ ਜਾਂ ਸਿੱਖੀ ਵਿਰੋਧੀ ਹੋਰ
ਹਰਕਤਾਂ ਕਰਨ ਵਾਲੇ ਸਿੱਖੀ ਦੇ ਦੁਸ਼ਮਣ ਤਾਂ ਸ਼ਾਇਦ ਆਪਣੀ ਕੀਤੀ ਗਲਤੀ ਤੇ ਪਛਤਾਵਾ ਕਰਕੇ ਸਿੱਖ ਕੌਮ
ਤੋਂ ਮੁਆਫੀ ਵੀ ਮੰਗ ਲੈਣ, ਅਖਬਾਰਾਂ, ਰਸਾਲਿਆਂ, ਵੈੱਬ ਸਾਇਟਾਂ ਅਤੇ ਪੁਸਤਕਾਂ ਛਾਪਣ ਵਾਲੇ ਵੀ
ਮੁਆਫੀ ਮੰਗ ਕੇ ਸਿੱਖ ਵਿਰੋਧੀ ਲਿਖਤਾਂ ਜਾਂ ਤਸਵੀਰਾਂ ਨੂੰ ਹਟਾ ਵੀ ਦਿੰਦੇ ਹਨ। ਪਰ ਅਸੀਂ ਸਿੱਖ
ਕਹਾਉਣ ਵਾਲੇ, ਗੁਰੂ ਨਿੰਦਕ ਪੁਸਤਕਾਂ ਨੂੰ ਨਸ਼ਟ ਕਰਨ ਦੀ ਥਾਂ ਅਜਿਹੀਆਂ ਸਿੱਖੀ ਸਿਧਾਂਤ ਵਿਰੋਧੀ
ਪੁਸਤਕਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਰੱਖ ਕੇ ਮੱਥੇ ਟੇਕਦੇ ਹਾਂ। ਸਾਨੂੰ ਕੌਣ ਕਹੇ ਕਿ
ਰਾਣੀਏ ਅੱਗਾ ਢੱਕ। ਇੱਥੇ ਮੇਰੀ ਗੱਲ ਦੇ ਉਲਟ ਅਰਥ ਇਹ ਨਾ ਬਣਾ ਲੈਣੇ ਕਿ ਮੈਂ ਗੁਰੂ ਨਾਨਕ ਜੀ ਦੀ
ਕਲਪਿਤ ਤਸਵੀਰ ਦੇ ਮੁੱਖ ਵਿੱਚ ਸਿਗਰਟ ਪਾਉਣ ਵਾਲੇ ਦੋਸ਼ੀ ਦੇ ਦੋਸ਼ ਨੂੰ ਘੱਟ ਕਰ ਰਿਹਾ ਹਾਂ, ਮੈਂ
ਤਾਂ ਅਜਿਹੇ ਦੋਸ਼ੀ ਦੇ ਗੋਲੀ ਮਾਰ ਦੇਣ ਦੇ ਹੱਕ ਵਿੱਚ ਹਾਂ ਤਾਂ ਕਿ ਅੱਗੇ ਤੋਂ ਕੋਈ ਹੋਰ ਅਜਿਹੀ
ਗਲਤੀ ਨਾ ਕਰੇ। ਪਰ ਜੋ ਗੰਦ ਅਸੀਂ ਗੁਰੂ ਦੇ ਮੁੱਖ ਵਿੱਚ ਪਾ ਰਹੇ ਹਾਂ
ਇਸ ਪਾਪ ਦੀ ਸਾਨੂੰ ਕੀ ਸਜ਼ਾ ਮਿਲੇਗੀ। ਮੇਰੇ ਖਿਆਲ ਮੁਤਾਬਿਕ ਅੱਜ ਅਸੀਂ 95 ਪ੍ਰਤੀਸ਼ਤ ਸਿੱਖੀ
ਸਿਧਾਂਤਾਂ ਦੇ ਉਲਟ ਮਨਮੱਤਾਂ, ਕਰਮਕਾਂਡ ਤੇ ਪਾਪ ਕਰ ਰਹੇ ਹਾਂ। ਇੱਥੇ ਮੈਂ ਵੰਨਗੀ ਮਾਤਰ ਕੁੱਝ ਕੁ
ਉਦਹਾਰਣਾਂ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ ਤਾਂ ਕਿ ਸਾਨੂੰ ਪਤਾ ਲੱਗ ਜਾਵੇ ਕਿ ਅਸੀਂ ਗੁਰੂਆਂ ਦੇ
ਮੁੱਖ ਵਿੱਚ ਕੀ ਕੁੱਝ ਪਾ ਰਹੇ ਹਾਂ। ਗੁਰਬਿਲਾਸ ਪਾਤਸ਼ਾਹੀ ਛੇਵੀਂ ਜੋ ਗੁਰਮਤਿ ਸਿਧਾਂਤਾਂ ਦੇ ਵਿਰੋਧ
ਨਾਲ ਭਰੀ ਪਈ ਹੈ, ਉਸ ਵਿੱਚੋਂ ਸਿਰਫ ਇੱਕ ਉਦਹਾਰਣ ਦੇ ਰਿਹਾ ਹਾਂ। ਇਸ ਪੁਸਤਕ ਦੇ ਅਧਿਆਇ 7, ਪੰਨਾ
ਨੰਬਰ 190 ਉੱਤੇ ਲਿਖਿਆ ਹੈ ਕਿ ਗੁਰੂ ਨਾਨਕ ਜੀ ਨੇ ਤਿਮਰ (ਤੈਮੂਰ) ਨਾਮ ਦੇ ਭੇਡਾਂ ਦੇ ਆਜੜੀ
ਕੋਲੋਂ ਭੰਗ ਮੰਗੀ ਤਾਂ ਉਸ ਆਜੜੀ ਨੇ ਗੁਰੂ ਨਾਨਕ ਨੂੰ ਸੱਤ ਮੁੱਠੀਆਂ ਭੰਗ ਦੀਆਂ ਦੇ ਦਿੱਤੀਆਂ ਤਾਂ
ਗੁਰੂ ਨਾਨਕ ਜੀ ਨੇ ਉਸਨੂੰ ਸੱਤ ਪਾਤਸ਼ਾਹੀਆਂ ਦਾ ਰਾਜ ਬਖਸ਼ ਦਿੱਤਾ, ਹੁਣ ਜੇ ਕਿਸੇ ਨੇ ਕੱਲ਼੍ਹ ਨੂੰ
ਇਸ ਲਿਖਤ ਦੇ ਅਧਾਰ ਤੇ ਨਾਨਕ ਪਾਤਸ਼ਾਹ ਨੂੰ ਭੰਗ ਪੀਂਦਾ ਵਿਖਾ ਦਿੱਤਾ ਤਾਂ ਸਾਡੇ ਸਿੱਖਾਂ ਦੇ ਪੱਥਰ
ਹਿਰਦੇ ਫਿਰ ਵਲੂੰਧਰੇ ਜਾਣਗੇ, ਪਰ ਜਿਸ ਲਿਖਤ ਵਿੱਚ ਗੁਰੂ ਨਾਨਕ ਜੀ ਨੂੰ ਭੰਗ ਮੰਗਦਾ ਵਿਖਾਇਆ ਗਿਆ
ਹੈ, ਉਸਦੇ ਸਬੰਧ ਵਿੱਚ ਸਾਡੇ ਹਿਰਦੇ ਸ਼ਾਂਤ ਹਨ, ਕਿਉਂਕਿ ਇਹ ਕਿਤਾਬ ਸਾਡੀ ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਨੇ ਗੁਰੂ ਜੀ ਦੀ ਗੋਲਕ ਦੇ ਪੈਸਿਆਂ ਨਾਲ ਛਾਪੀ ਹੈ, ਸਾਡੇ ਅਕਾਲ ਤਖਤ ਅਤੇ ਤਖਤਾਂ
ਦੇ ਜਥੇਦਾਰਾਂ ਨੇ ਇਸ ਗੁਰ ਨਿੰਦਕ ਪੁਸਤਕ ਨੂੰ ਸਲਾਹਿਆ ਹੈ, ਜੋਗਿੰਦਰ ਸਿੰਘ ਵੇਦਾਂਤੀ ਜੀ ਨੇ ਤਾਂ
ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜੇਕਰ ਇਸ ਗ੍ਰੰਥ ਦੀ ਗੁਰਦੁਆਰਿਆਂ ਵਿੱਚ ਮੁੜ ਕਥਾ ਆਰੰਭ ਹੋ ਸਕੇ
ਤਾਂ ਅਸੀਂ ਸਮਝਾਂਗੇ ਕਿ ਕੀਤਾ ਕਾਰਜ ਸਾਰਥਕ ਹੋ ਨਿਬੜਿਆ ਹੈ। ਇਸੇ ਤਰ੍ਹਾਂ ਅਖੌਤੀ ਦਸ਼ਮ ਗ੍ਰੰਥ
ਰਾਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਮੁੱਖ ਵਿੱਚ ਵੀ ਸਿਗਰਟ ਨਾਲੋਂ ਭੈੜਾ ਗੰਦ ਪਾਇਆ ਗਿਆ ਹੈ।
ਇਸਤਰੀ ਜਾਤੀ ਦਾ ਅਪਮਾਨ ਕਰਦੇ 400 ਤੋਂ ਵੱਧ ਚਰਿਤ੍ਰ ਇਸ ਵਿੱਚ ਤ੍ਰਿਯਾ ਚਰਿਤ੍ਰਾਂ ਦੇ ਨਾਮ ਹੇਠ
ਦਰਜ ਹਨ ਅਤੇ ਹੋਰ ਵੀ ਬਹੁਤ ਕੁੱਝ ਹੈ। ਪਰ ਇਸ ਵਿੱਚੋਂ ਵੀ ਟੂਕ ਮਾਤਰ ਦੋ ਕੁ ਉਦਹਾਰਣਾਂ ਲਿਖ ਰਿਹਾ
ਹਾਂ। ਇਸ ਅਖੌਤੀ ਦਸ਼ਮ ਗ੍ਰੰਥ ਵਿੱਚ ਪੰਨਾ ਨੰਬਰ 838 ਤੋਂ 844 ਤੱਕ ਗੁਰੂ ਗੋਬਿੰਦ ਸਿੰਘ ਜੀ ਦਾ
ਘੋਰ ਅਪਮਾਨ ਕੀਤਾ ਗਿਆ ਹੈ। ਇਸ ਗ੍ਰੰਥ ਦੇ 21ਵੇਂ ਚਰਿਤ੍ਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ
ਬਦਚਲਣ ਔਰਤ ਕੋਲ ਜਾਂਦਿਆਂ ਵਿਖਾਇਆ ਗਿਆ ਹੈ:-
… … … … ….॥ ਭੁਜੰਗ ਛੰਦ॥ ਚਲਯੋ ਧਾਰਿ ਆਤੀਤ ਕੋ ਭੇਸ ਰਾਈ॥ ਮਨਾਪਨ ਬਿਖੈ ਸ੍ਰੀ ਭਗੌਤੀ ਮਨਾਈ॥
ਚਲਯੋ ਸੋ ਤਤਾ ਕੇ ਫਿਰਯੋ ਨਾਹਿ ਫੇਰੇ॥ ਧਸਯੋ ਜਾਇਕੈ ਵਾ ਤ੍ਰਿਯਾ ਕੇ ਸੁ ਡੇਰੇ॥ ੧0॥ (ਪੰਨਾ ਨੰਬਰ
੮੩੮) ਅੱਗੇ 22ਵੇਂ ਚਰਿਤ੍ਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਉਸ ਔਰਤ ਦੇ ਘਰ ਜੁੱਤੀ ਛੱਡਕੇ
ਭੱਜਦਾ ਵਿਖਾਇਆ ਗਿਆ ਹੈ:-
ਦੋਹਰਾ॥ ਸੁਨਤ ਚੋਰ ਕੇ ਬਚ ਸ੍ਰਵਨ ਉਠਯੋ ਰਾਇ ਡਰ ਧਾਰ॥ ਭਜਯੋ ਜਾਇ ਡਰ ਪਾਇ ਮਨ ਪਨੀ ਪਾਮਰੀ ਡਾਰਿ॥
੧॥ (ਪੰਨਾ ਨੰਬਰ ੮੪੩) ਅੱਗੇ 23ਵੇਂ ਚਰਿਤ੍ਰ ਵਿੱਚ ਉਸ ਬਦਚਲਣ ਔਰਤ ਨੂੰ 20 ਹਜਾਰ ਰੁਪਏ ਛਿਮਾਹੀ
ਦਿੰਦਾ ਵਿਖਾਇਆ ਗਿਆ ਹੈ:-
ਦੋਹਰਾ॥ ਛਿਮਹਾ ਕਰਹੁ ਅਬ ਤ੍ਰਿਯਹ ਮੈਂ ਬਹੁਰਿ ਨ ਕਰਿਯਹੁ ਰਾਂਧਿ॥ ਬੀਸ ਸਹੰਸਰ ਟਕਾ ਤਿਸ ਦਈ
ਛਿਮਾਹੀ ਬਾਂਧਿ॥ ੧੨॥ (ਪੰਨਾ ਨੰ: ੮੪੪) ਅੱਗੇ ਪੰਨਾ ਨੰਬਰ ੯0੧ ਅਤੇ ੯0੨ ਉੱਤੇ 71ਵੇਂ ਚਰਿਤ੍ਰ
ਵਿੱਚ ਪਾਉਂਟਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੂੰ ਲੋਕਾਂ ਦੀਆਂ ਪੱਗਾਂ ਲਹਾਉਂਦਿਆਂ ਵਿਖਾਇਆ
ਗਿਆ ਹੈ:-
… …॥ ਚੌਪਈ॥ ਮੋਲਹਿ ਏਕ ਪਾਗ ਨਹਿ ਪਾਈ॥ ਤਬ ਮਸਲਤਿ ਹਮ ਜਿਯਹਿ ਬਨਾਈ॥ ਜਾਹਿ ਇਹਾਂ ਮੂਤਤਿ ਲਖਿ
ਪਾਵੋ॥ ਤਾਕੀ ਛੀਨ ਪਗਰਿਯਾ ਲਯਾਵੋ॥ ੬॥ (ਪੰਨਾ ਨੰਬਰ ੯0੧) ………॥ ਦੋਹਰਾ॥ ਰਾਤਿ ਬੀਚ ਕਰਿ ਆਠ ਸੈ
ਪਗਰੀ ਲਈ ਉਤਾਰਿ॥ ਆਨਿ ਤਿਨੈ ਹਮ ਦੀਹ ਮੈ ਧੋਵਨਿ ਦਈ ਸੁਧਾਰਿ॥ ੮॥ … … …. (ਪੰਨਾ ਨੰਬਰ ੯0੨)
ਇਹ ਤਾਂ ਟੂਕ ਮਾਤਰ ਉਦਹਾਰਣਾਂ ਹਨ ਇਸ ਅਖੌਤੀ ਦਸ਼ਮ ਗ੍ਰੰਥ ਵਿੱਚ ਹੋਰ ਵੀ ਵੱਡੇ ਪੱਧਰ ਤੇ ਅਸ਼ਲੀਲਤਾ
ਅਤੇ ਗੁਰਮਤਿ ਵਿਰੋਧੀ ਕਹਾਣੀਆਂ ਹਨ। ਜੋ ਲਿਖਦਿਆਂ ਨੂੰ ਵੀ ਸ਼ਰਮ ਆਉਂਦੀ ਹੈ, ਪਰ ਸਾਡੇ ਅਖੌਤੀ
ਜਥੇਦਾਰ ਕਹਿ ਰਹੇ ਹਨ ਕਿ ਇਹ ਲਿਖਤਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਹਨ। ਜੇਕਰ ਕੱਲ੍ਹ ਨੂੰ ਕਿਸੇ
ਨੇ ਅਖੌਤੀ ਦਸ਼ਮ ਗ੍ਰੰਥ ਅਤੇ ਗੁਰਬਿਲਾਸ ਪਾਤਸ਼ਾਹੀ ਛੇਵੀਂ ਦੇ ਅਧਾਰ ਤੇ ਗੁਰੂਆਂ ਦੀਆਂ ਫੋਟੋਆਂ ਜਾਂ
ਵੀਡੀਓ ਬਣਾ ਕੇ ਫੇਸਬੁੱਕ ਉੱਪਰ ਪਾ ਦਿੱਤੀਆਂ ਅਤੇ ਨਾਲ ਇੰਨ੍ਹਾਂ ਗ੍ਰੰਥਾਂ ਵਿੱਚੋਂ ਪੰਨੇ ਨੰਬਰ
ਲਿਖ ਕੇ ਹਵਾਲੇ ਦੇ ਦਿੱਤੇ ਫਿਰ ਅਸੀਂ ਕੀ ਜਵਾਬ ਦੇਵਾਂਗੇ। ਕਿਉਂਕਿ ਜਿਸ ਗੰਦੇ ਗ੍ਰੰਥ ਰਾਹੀਂ
ਇਖਲਾਕ ਹੀਣ ਕਹਾਣੀਆਂ ਦੁਆਰਾ ਗੁਰੂ ਗੋਬਿੰਦ ਸਿੰਘ ਜੀ ਦੇ ਮੁੱਖ ਵਿੱਚ ਇੰਨਾ ਗੰਦ ਪਾਇਆ ਗਿਆ ਹੈ ਉਸ
ਗੰਦੇ ਗ੍ਰੰਥ ਨੂੰ ਅੱਗ ਲਾ ਕੇ ਸਾੜਨ ਦੀ ਥਾਂ ਅਸੀਂ ਉਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ
ਪ੍ਰਕਾਸ਼ ਕਰ ਰਹੇ ਹਾਂ ਅਤੇ ਮੱਥੇ ਟੇਕ ਰਹੇ ਹਾਂ। ਗੁਰਮਤਿ ਵਿਰੋਧੀ ਕਰਮਕਾਂਡ ਮੂਰਤੀ ਪੂਜਾ ਦੇ ਅਸੀਂ
ਇੰਨੇ ਉਪਾਸਕ ਹੋ ਚੁੱਕੇ ਹਾਂ ਕਿ ਕਿਸੇ ਸ਼ਰਾਰਤੀ ਅਨਸਰ ਵੱਲੋਂ ਗੁਰੂਆਂ ਦੇ ਨਾਮ ਤੇ ਬਣਾਈਆਂ ਗਈਆਂ
ਕਲਪਿਤ ਤਸਵੀਰਾਂ ਨਾਲ ਛੇੜਛਾੜ ਕਰਨ ਤੇ ਤਾਂ ਅਸੀਂ ਮਰਨ ਮਾਰਨ ਤੇ ਉਤਰ ਆਉਂਦੇ ਹਾਂ, ਪਰ ਗੁਰਮਤਿ
ਸਿਧਾਂਤਾਂ ਨੂੰ ਪੈਰਾਂ ਹੇਠ ਲਤਾੜਨ ਸਮੇਂ ਅਸੀਂ ਸਿੱਖੀ ਦੇ ਕਹੇ ਜਾਂਦੇ ਦੁਸ਼ਮਣਾਂ ਨੂੰ ਵੀ ਪਿੱਛੇ
ਛੱਡ ਦਿੰਦੇ ਹਾਂ। ਕੀ ਇਹੀ ਸਾਡੀ ਸਿੱਖੀ ਹੈ?
ਇਸੇ ਤਰ੍ਹਾਂ ਪਹਿਲਾਂ ਸਿਰਸੇ ਡੇਰੇ ਦੇ ਸੌਦੇ ਸਾਧ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਕਲਪਿਤ
ਤਸਵੀਰ ਦੀ ਨਕਲ ਕਰਕੇ ਸਿੱਖ ਕੌਮ ਨੂੰ ਚਿੜਾਇਆ ਸੀ। ਉਸ ਸ਼ਰਾਰਤ ਦਾ ਵੀ ਸਿੱਖੀ ਰਵਾਇਤ ਅਨੁਸਾਰ ਜਵਾਬ
ਦੇਣ ਦੀ ਥਾਂ, ਅਸੀਂ ਵਿਖਾਵੇ ਦਾ ਵਿਰੋਧ ਕਰਕੇ, ਸੜਕਾਂ ਤੇ ਨੰਗੀਆਂ ਤਲਵਾਰਾਂ ਲਹਿਰਾਕੇ, ਜਿੱਥੇ
ਸਿੱਖ ਕੌਮ ਦੇ ਸਮੇਂ ਦਾ, ਧਨ ਦਾ ਤੇ ਜਾਨੀ ਨੁਕਸਾਨ ਕਰਵਾਇਆ, ਉੱਥੇ ਸੌਦਾ ਸਾਧ ਨੂੰ ਜੈੱਡ ਸੁਰੱਖਿਆ
ਦਿਵਾਉਣ ਵਿੱਚ ਵੀ ਸਹਾਇਤਾ ਕੀਤੀ। ਇੱਥੇ ਵੀ ਮੇਰਾ ਮਤਲਬ ਇਹ ਨਹੀਂ ਹੈ ਕਿ ਸੌਦਾ ਸਾਧ ਦਾ ਵਿਰੋਧ
ਨਹੀਂ ਕਰਨਾ ਚਾਹੀਂਦਾ ਸੀ, ਵਿਰੋਧ ਜਰੂਰ ਕਰਨਾ ਸੀ ਪਰ ਉਹ ਵਿਖਾਵੇ ਤੋਂ ਰਹਿਤ ਕਰਨਾ ਸੀ। ਭਾਈ
ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ, ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਹਰਜਿੰਦਰ ਸਿੰਘ
ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਦਿਲਾਵਰ ਸਿੰਘ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਪ੍ਰਮਜੀਤ
ਸਿੰਘ ਭਿਉਰਾ ਆਦਿ ਸਿੰਘਾਂ ਵਾਂਗ ਕਰਨਾ ਚਾਹੀਦਾ ਸੀ। ਜਿਸ ਤਰ੍ਹਾਂ ਇੰਨ੍ਹਾਂ ਸਿੰਘਾਂ ਨੇ ਸ਼ਰਾਰਤੀ
ਅਨਸਰਾਂ ਨੂੰ ਸਜ਼ਾਵਾਂ ਦਿੱਤੀਆਂ ਇਹੀ ਸਿੱਖੀ ਰਵਾਇਤ ਹੈ। ਸੋਚਣ ਵਾਲੀ ਗੱਲ ਹੈ ਜਿੰਨ੍ਹਾਂ ਸ਼ਰਾਰਤੀ
ਅਨਸਰਾਂ ਨੂੰ ਇੰਨ੍ਹਾਂ ਸਿੰਘਾਂ ਨੇ ਸਜ਼ਾਵਾਂ ਦਿੱਤੀਆਂ ਹਨ ਜੇਕਰ ਇੰਨ੍ਹਾਂ ਸ਼ਰਾਰਤੀ ਅਨਸਰਾਂ ਵਿਰੁੱਧ
ਵਿਖਾਵੇ ਦੇ ਜਲਸੇ, ਜਲੂਸ, ਰੋਸ ਧਰਨੇ ਜਾਂ ਰੋਸ ਮਾਰਚ ਕੱਢੇ ਜਾਂਦੇ ਤਾਂ ਕੀ ਇੰਨ੍ਹਾਂ ਅਨਸਰਾਂ ਨੂੰ
ਸਾਡੀਆਂ ਅਦਾਲਤਾਂ ਜਾਂ ਸਰਕਾਰਾਂ ਸਜ਼ਾਵਾਂ ਦੇ ਦਿੰਦੀਆਂ? ਨਹੀਂ। ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਸਿਰ
ਤੇ ਕਫਨ ਬੰਨ੍ਹ ਕੇ ਔਖੇ ਰਸਤਿਆਂ ਤੇ ਚੱਲਣਾ ਪੈਂਦਾ ਹੈ। ਪਰ ਵਿਖਾਵੇ ਦਾ ਵਿਰੋਧ ਕਰਨ ਵਾਲੇ ਸਾਡੇ
ਆਗੂ ਏ. ਸੀ. ਗੱਡੀਆਂ ਵਿੱਚ ਚੜ੍ਹ ਕੇ ਸਿਰ ਤੇ ਕਫਨ ਬੰਨਣ ਦੀ ਥਾਂ ਵਿਖਾਵੇ ਦੇ ਵਿਰੋਧ ਦੇ ਸਿਹਰੇ
ਬੰਨਣ ਲਈ ਕਾਹਲੇ ਹੁੰਦੇ ਹਨ। ਦੁੱਖ ਦੀ ਗੱਲ ਇਹ ਵੀ ਹੈ ਕਿ ਜਿੰਨਾਂ ਸਿੱਖ ਵਿਰੋਧੀ ਹਰਕਤਾਂ
(ਸ਼ਰਾਰਤਾਂ) ਦਾ ਅਸੀਂ ਇੱਕ ਪਾਸੇ ਵਿਰੋਧ ਕਰ ਰਹੇ ਹੁੰਦੇ ਹਾਂ, ਦੂਜੇ ਪਾਸੇ ਉਹੀ ਹਰਕਤਾਂ ਆਪ ਕਰ
ਰਹੇ ਹੁੰਦੇ ਹਾਂ। ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਕਲਪਿਤ ਤਸਵੀਰ ਦੀ ਨਕਲ ਕਰਨ ਤੇ ਅਸੀਂ
ਸੌਦਾ ਸਾਧ ਦਾ ਵਿਰੋਧ ਕਰਦੇ ਰਹੇ ਤੇ ਅੱਜ ਵੀ ਕਰ ਰਹੇ ਹਾਂ ਦੂਜੇ ਪਾਸੇ ਆਪ ਗੁਰੂ ਗ੍ਰੰਥ ਸਾਹਿਬ ਜੀ
ਦੀ ਨਕਲ ਕਰਕੇ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਸੌਦਾ ਸਾਧ ਦੇ ਸਮ ਅਰਥੀ (ਭਾਵ ਕਿ
ਚਰਿੱਤਰ ਹੀਣਤਾ ਅਤੇ ਕਤਲ ਕਰਨ ਦੀਆਂ ਜੋ ਕਹਾਣੀਆਂ ਅਖਬਾਰਾਂ ਰਸਾਲਿਆਂ ਵਿੱਚ ਸੌਦਾ ਸਾਧ ਵਾਰੇ
ਪੜ੍ਹਣ ਨੂੰ ਮਿਲਦੀਆਂ ਹਨ ਉਹੀ ਕਹਾਣੀਆਂ ਨੂੰ ਅਖੌਤੀ ਦਸ਼ਮ ਗ੍ਰੰਥ ਵਿੱਚ ਪ੍ਰਚਾਰਿਆ ਗਿਆ ਹੈ) ਅਖੌਤੀ
ਦਸ਼ਮ ਗ੍ਰੰਥ ਦਾ ਪ੍ਰਕਾਸ਼ ਕਰ ਰਹੇ ਹਾਂ। ਕੀ ਇਹ ਗੁਰ ਹੁਕਮਾਂ ਦੇ ਉਲਟ ਅਸੀਂ ਗੁਰੂ ਗ੍ਰੰਥ ਸਾਹਿਬ ਜੀ
ਦੀ ਨਕਲ ਨਹੀਂ ਕਰ ਰਹੇ? ਸੌਦਾ ਸਾਧ ਨੇ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਕਲਪਿਤ ਤਸਵੀਰ ਦੀ ਨਕਲ
ਕੀਤੀ ਸੀ, ਅਸੀਂ ਮੌਜੂਦਾ ਪ੍ਰਤੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਨਕਲ ਕਰ ਰਹੇ ਹਾਂ। ਕਿਸੇ ਸ਼ਰਾਰਤੀ
ਅਨਸਰ ਨੇ ਗੁਰੂ ਨਾਨਕ ਜੀ ਦੀ ਕਲਪਿਤ ਤਸਵੀਰ ਦੇ ਮੂੰਹ ਵਿੱਚ ਸਿਗਰਟ ਪਾਈ, ਅਸੀਂ ਗੁਰੂ ਨਾਨਕ ਜੀ
ਨੂੰ ਲਿਖਤੀ ਰੂਪ ਵਿੱਚ ਭੰਗ ਖੁਆ ਰਹੇ ਹਾਂ। ਕਿਸੇ ਦਾੜ੍ਹੀ ਕੱਟ ਸ਼ਰਾਰਤੀ ਨੇ ਗੁਰੂ ਗੋਬਿੰਦ ਸਿੰਘ
ਜੀ ਦੀ ਕਲਪਿਤ ਤਸਵੀਰ ਨਾਲ ਛੇੜਛਾੜ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਚੇਹਰੇ ਦੀ ਥਾਂ ਆਪਣਾ ਚੇਹਰਾ
(ਘਸਾੜ) ਲਗਾ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਕੱਟੀ ਦਾੜ੍ਹੀ ਵਾਲੀ ਕਲਪਿਤ ਤਸਵੀਰ ਬਣਾਈ, ਅਸੀਂ
ਲਿਖਤੀ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਬਦਚਲਣ ਔਰਤ ਦੇ ਘਰ ਭੇਜਕੇ, ਫਿਰ ਉੱਥੋਂ ਭੱਜਦਾ
ਵਿਖਾ ਕੇ ਅਤੇ ਉਸ ਮਾੜੀ ਔਰਤ ਨੂੰ ਹਜਾਰਾਂ ਰੁਪਏ ਦਿੰਦਾ ਅਤੇ ਲੋਕਾਂ ਦੀਆਂ ਪੱਗਾਂ ਲਹਾਉਂਦਾ ਵਿਖਾ
ਕੇ ਸਿਧਾਂਤਕ ਤੌਰ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਦਾੜ੍ਹੀ ਕੱਟ ਰਹੇ ਹਾਂ। ਫਿਰ ਕੀ ਅਸੀਂ ਸਿੱਖੀ
ਵਿਰੋਧੀ ਹਰਕਤਾਂ ਕਰਨ ਵਾਲੇ ਸ਼ਰਾਰਤੀ ਅਨਸਰਾਂ ਨਾਲੋਂ ਹਜ਼ਾਰਾਂ ਗੁਣਾ ਵੱਡੇ ਦੋਸ਼ੀ ਨਹੀਂ ਹਾਂ?
ਸਾਡੀ ਅਜੋਕੀ ਹਾਲਤ ਵੇਖ ਕੇ ਤਾਂ ਇਉਂ ਲੱਗਦਾ ਹੈ ਕਿ ਜਿਵੇਂ ਅਸੀਂ ਇਹ ਪ੍ਰਣ ਕਰ ਲਿਆ ਹੋਵੇ ਕਿ:-
ਸਿੱਖੀ ਮਾਰਗ ਤੇ ਚੱਲਣਾ ਨੀ, ਗੁਰਮਤਿ ਸਿਧਾਂਤਾਂ ਨੂੰ ਮੰਨਣਾ ਨੀ। ਗੁਰਮਤਿ ਦੀ ਸੋਝੀ ਆਉਣ ਨੀ
ਦੇਣੀ, ਗੁਰਮਤਿ ਵਿਰੋਧੀ ਮੂਰਤੀ ਦੀ ਬੇਅਦਬੀ ਹੋਣ ਨੀ ਦੇਣੀ। ਗੁਰੂ ਨਾਨਕ ਜੀ ਦੀ ਕਲਪਿਤ ਤਸਵੀਰ ਦੇ
ਮੁੱਖ ਵਿੱਚ ਸਿਗਰਟ ਪਾਏ ਜਾਣ ਤੇ ਤੜਫਨ ਵਾਲੇ ਸਿੱਖ ਵੀਰੋ ਕਦੇ ਆਪਣੇ ਵੱਲ ਨਿਗ੍ਹਾ ਮਾਰੀ ਹੈ ਕਿ
ਅਸੀਂ ਗੁਰੂਆਂ ਦੇ ਮੁੱਖ ਵਿੱਚ ਕੀ ਕੁੱਝ ਪਾ ਰਹੇ ਹਾਂ? ਜਿੱਥੇ ਅੱਜ ਸਿੱਖ ਗੁਰੂਆਂ ਦੀਆਂ ਤਸਵੀਰਾਂ
ਨਾਲ ਛੇੜਛਾੜ ਹੋ ਰਹੀ ਹੈ, ਉੱਥੇ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤਾਂ ਨਾਲ ਵੀ ਛੇੜਛਾੜ ਕੀਤੀ ਜਾ
ਰਹੀ ਹੈ। ਇਸਦੇ ਪਿੱਛੇ ਸਿੱਖ ਵਿਰੋਧੀ ਸ਼ਕਤੀਆਂ ਦੀ ਸਾਜਿਸ਼ ਵੀ ਹੋ ਸਕਦੀ ਹੈ। ਜੋ ਸਿੱਖ ਨੌਜਵਾਨਾਂ
ਨੂੰ ਭੜਕਾ ਕੇ ਉਨ੍ਹਾਂ ਦੇ ਖੂਨ ਦੀ ਹੋਲੀ ਖੇਡਣੀ ਚਾਹੁੰਦੀਆਂ ਹੋਣ ਜਾਂ ਸਿੱਖਾਂ ਵਿੱਚ ਪ੍ਰਚੱਲਿਤ
ਹੋ ਰਹੀ ਮੂਰਤੀ ਪੂਜਾ ਦੀ ਮਨਮੱਤ ਨੂੰ ਪਰਖਣਾ ਚਾਹੁੰਦੀਆਂ ਹੋਣ ਕਿ ਸਿੱਖਾਂ ਅੰਦਰ ਮੂਰਤੀ ਪੂਜਾ ਕਿਸ
ਹੱਦ ਤੱਕ ਪਹੁੰਚ ਚੁੱਕੀ ਹੈ। ਇਸ ਲਈ ਸਾਨੂੰ ਭੜਕਾਹਟ ਵਿੱਚ ਆਉਣ ਦੀ ਥਾਂ ਸਮਝ ਤੋਂ ਕੰਮ ਲੈਂਦਿਆਂ
ਅਜਿਹੀਆਂ ਸਾਜਿਸ਼ਾਂ ਨੂੰ ਅਸਫਲ ਬਣਾ ਦੇਣਾ ਚਾਹੀਂਦਾ ਹੈ ਅਤੇ ਸਾਡੇ ਵਿੱਚ ਆ ਵੜੀ ਮੂਰਤੀ ਪੂਜਾ ਦੀ
ਮਨਮੱਤ ਤੋਂ ਛੁਟਕਾਰਾ ਪਾਉਣ ਦੇ ਯਤਨ ਵੀ ਤੇਜ ਕਰ ਦੇਣੇ ਚਾਹੀਂਦੇ ਹਨ। ਬਰਨਾਲਾ ਤੋਂ ਪਹਿਰੇਦਾਰ ਦੇ
ਰਿਪੋਟਰ ਵੀਰ ਜਗਸੀਰ ਸਿੰਘ ਸੰਧੂ ਦੀ ਖਬਰ ਵਿੱਚ ਵੀ ਸ਼ੰਕਾ ਜਾਹਿਰ ਕੀਤਾ ਗਿਆ ਸੀ ਕਿ ਲੋਕਾਂ ਦੇ
ਧਾਰਮਿਕ ਜਜਬਾਤ ਭੜਕਾ ਕੇ ਸਰਕਾਰ ਫੇਸਬੁੱਕ ਤੇ ਪਾਬੰਦੀ ਤਾਂ ਨਹੀਂ ਲਾਉਣੀ ਚਾਹੁੰਦੀ? ਇਸ ਗੱਲ ਤੋਂ
ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਮੈ ਤਾਂ ਅਖੀਰ ਵਿੱਚ ਇਹੀ ਕਹਿਣਾ ਚਾਹਾਂਗਾ ਕਿ ਸਿੱਖੋ, ਸਿੱਖੀ
ਵਿਰੋਧੀ ਹਰਕਤਾਂ ਕਰਨ ਵਾਲੇ ਸ਼ਰਾਰਤੀ ਅਨਸਰਾਂ ਦਾ ਵਿਰੋਧ ਜਰੂਰ ਕਰੋ, ਪਰ ਕਰੋ ਵਿਖਾਵੇ ਤੋਂ ਰਹਿਤ
ਅਤੇ ਨਾਲ ਆਪਣੇ ਆਪ ਵੱਲ ਵੀ ਵੇਖੋ ਕਿ ਕਿਤੇ ਅਸੀਂ ਵੀ ਕੁੱਝ ਸਿੱਖੀ ਦੇ ਵਿਰੁੱਧ ਤਾਂ ਨਹੀਂ ਕਰ
ਰਹੇ। ਸਿੱਖੀ ਸਿਧਾਂਤਾਂ ਦੇ ਉਲਟ ਸਿੱਖ ਧਰਮ ਵਿੱਚ ਵੜ ਚੁੱਕੀ ਮੂਰਤੀ ਪੂਜਾ ਨੂੰ ਜੜੋਂ ਖਤਮ ਕਰਨ ਲਈ
ਗੁਰੂਆਂ ਦੀਆਂ ਤਸਵੀਰਾਂ ਉੱਤੇ ਮੁਕੰਮਲ ਪਾਬੰਦੀ ਲਗਾ ਦਿਓ, ਕਿਸੇ ਨੂੰ ਕਿਸੇ ਵੀ ਰੂਪ ਵਿੱਚ
ਗੁਰੂਆਂ, ਭਗਤਾਂ ਦੀਆਂ ਤਸਵੀਰਾਂ ਨਾ ਬਣਾਉਣ ਦਿਓ। ਸਿੱਖੀ ਸਿਧਾਂਤਾਂ ਤੇ ਚੋਟ ਕਰਦੀਆਂ ਗੁਰ ਨਿੰਦਕ
ਗੁਰਬਿਲਾਸ ਪਾਤਸ਼ਾਹੀ ਛੇਵੀਂ ਅਤੇ ਅਖੌਤੀ ਦਸ਼ਮ ਗ੍ਰੰਥ ਜਿਹੀਆਂ ਪੁਸਤਕਾਂ ਨੂੰ ਨਸ਼ਟ ਕਰ ਦਿਓ। ਸਿਰਫ
ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨੋ, ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਪੂਰਨ
ਸੇਧ ਲਓ। ਫਿਰ ਹੀ ਅਸੀਂ ਸਿੱਖ ਕਹਾਉਣ ਦੇ ਹੱਕਦਾਰ ਹੋਵਾਂਗੇ। ਫਿਰ ਕਿਸੇ ਸ਼ਰਾਰਤੀ ਅਨਸਰ ਨੇ ਤੁਹਾਡਾ
ਮਖੌਲ ਨਹੀਂ ਉਡਾਉਣਾ। ਪਰ ਜੇਕਰ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ ਅਖੌਤੀ ਦਸ਼ਮ ਗ੍ਰੰਥ,
ਗੁਰਬਿਲਾਸ ਪਾਤਸ਼ਾਹੀ ਛੇਵੀਂ ਜਾਂ ਅਜਿਹੀਆਂ ਹੋਰ ਪੁਸਤਕਾਂ, ਅਖੌਤੀ ਸਾਧਾਂ, ਸੰਤਾਂ ਅਤੇ ਜਥੇਦਾਰਾਂ
ਤੋਂ ਸੇਧ ਲੈਂਦੇ ਰਹੇ ਅਤੇ ਮੂਰਤੀ ਪੂਜਾ ਅਤੇ ਹੋਰ ਕਰਮ ਕਾਂਢ ਕਰਦੇ ਰਹੇ, ਮੁਆਫ ਕਰਨਾ ਫਿਰ ਵੀ
ਸ਼ਰਾਰਤੀ ਅਨਸਰ ਤੁਹਾਡਾ ਮਖੌਲ ਜਿਆਦਾ ਚਿਰ ਨਹੀਂ ਉਡਾ ਸਕਣਗੇ, ਕਿਉਂਕਿ ਤੁਸੀਂ ਜਲਦੀ ਖੁਦ ਹੀ ਇੱਕ
ਮਖੌਲ ਬਣ ਕੇ ਰਹਿ ਜਾਉਂਗੇ।
ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ: ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ: 94170-23911
(20/07/13)
ਦਵਿੰਦਰ ਸਿੰਘ, ਆਰਟਿਸਟ, ਖਰੜ
ਤੱਤ-ਗੁਰਮਤਿ ਪ੍ਰਵਾਰ ਦੀਆਂ ਤਸਵੀਰਾਂ ਪਿੱਛੇ ਛੁਪਿਆ ਸੱਚ ਕੀ ਹੈ?
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਹਿ। ਪ੍ਰਵਾਨ ਹੋਵੇ।
ਸਭ ਤੋਂ ਪਹਿਲਾਂ, ਮੈਂ
‘ਸਿੱਖ
ਮਾਰਗ’
ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਵਿਚਾਰਾਂ ਨੂੰ
‘ਸਿੱਖ ਮਾਰਗ’
ਉਤੇ ਪਾ ਕੇ, ਦੂਰ-ਦੁਰਾਡੇ ਸਿੱਖਾਂ ਤਕ ਪਹੁੰਚਾਇਆ। ਮਿਤੀ 01-07-2013 ਨੂੰ ਜਿਹੜਾ
‘ਸਿੱਖ ਮਾਰਗ’
ਉਤੇ ਬੀਬੀ ਜਸਵੀਰ ਕੌਰ ਦਾ ਲੇਖ ਛਪਿਆ ਸੀ, ਉਸ ਵਿੱਚ ਜੋ ਵੀ ਬੀਬੀ ਜੀ ਨੇ ਮੇਰੇ ਵਲੋਂ ਲਿਖਿਆ ਹੈ,
ਉਹ ਸੱਚ ਸੀ ਅਤੇ ਲੇਖ ਨੂੰ ਕਿਤੇ ਵੀ ਭੇਜਣ ਤੋਂ ਪਹਿਲਾਂ ਮੈਂ ਖੁਦ ਉਸ ਨੂੰ ਪੜ੍ਹ ਲਿਆ ਸੀ। ਇਸ ਤੋਂ
ਬਾਅਦ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਤੱਤ-ਗੁਰਮਤਿ ਪ੍ਰਵਾਰ ਦੀਆਂ ਤਸਵੀਰਾਂ ਪਿੱਛੇ ਛੁਪੇ ਸੱਚ
ਨੂੰ ਜਾਣਨ ਤੋਂ ਪਹਿਲਾਂ, ‘ਸਿੱਖ
ਮਾਰਗ’
ਉਤੇ ਮਿਤੀ 04-07-2013 ਨੂੰ ਤੱਤ-ਗੁਰਮਤਿ ਪ੍ਰਵਾਰ ਦਾ ਜਵਾਬ, ਇੱਕ ਵਾਰ ਫਿਰ ਪੜ੍ਹ ਲਿਆ ਜਾਵੇ ਤਾਂ
ਜੋ ਮੇਰੇ ਵਲੋਂ ਲਿਖੇ ਜਵਾਬ ਨੂੰ ਸਮਝਣਾ ਸੌਖਾ ਹੋ ਜਾਵੇ ਜੀ।
ਮੈਂ ਤੱਤ-ਗੁਰਮਤਿ ਪ੍ਰਵਾਰ ਦਾ ਵੀ ਇਸ ਗੱਲੋਂ ਧੰਨਵਾਦੀ ਹਾਂ ਕਿ ਉਨ੍ਹਾਂ ਨੇ
ਮਿਤੀ 03 ਮਾਰਚ 2013 ਨੂੰ ਹੋਈ ਮੀਟਿੰਗ ਦੀਆਂ ਤਸਵੀਰਾਂ, ਸਿੱਖ ਮਾਰਗ ਉੱਤੇ ਮਿਤੀ 04-07-2013
ਨੂੰ ਆਪਣੇ ਲੇਖ ਦੇ ਜਵਾਬ ਵਿੱਚ ਪਾਈਆਂ ਹਨ। ਇਸ ਨਾਲ ਜਿੱਥੇ ਪਾਠਕਾਂ ਨੂੰ ਮੇਰੀ ਤਸਵੀਰ ਦੀ
ਜਾਣਕਾਰੀ ਮਿਲੇਗੀ, ਉੱਥੇ ਤੱਤ-ਗੁਰਮਤਿ ਪ੍ਰਵਾਰ ਦੇ ਮੈਂਬਰਾਂ ਦੀ ਜਾਣਕਾਰੀ ਵੀ ਮਿਲੇਗੀ ਕਿਉਂਕਿ
‘ਸਿੱਖ
ਮਾਰਗ’
ਦੇ ਪਾਠਕ ਅਕਸਰ ਤੱਤ-ਗੁਰਮਤਿ ਪ੍ਰਵਾਰ ਦੇ ਮੈਂਬਰਾਂ ਬਾਰੇ ਪੁੱਛਦੇ ਰਹਿੰਦੇ ਹਨ।
ਪਹਿਲੀ ਤਸਵੀਰ ਵਿੱਚ ਬੈਠੇ ਵਿਅਕਤੀਆਂ ਦਾ ਕਰਮਵਾਰ ਨਾਮ (ਸੱਜੇ ਤੋਂ ਖੱਬੇ
ਵਲ) ਬਜ਼ੁਰਗ ਸ. ਦਲੀਪ ਸਿੰਘ ਜੀ ਕਸ਼ਮੀਰੀ (ਜਿਨ੍ਹਾਂ ਦੇ ਘਰ ਤੱਤ-ਗੁਰਮਤਿ ਪ੍ਰਵਾਰ ਨੇ ਜ਼ੀਰਕਪੁਰ
ਮੀਟਿੰਗ ਰੱਖੀ ਸੀ), ਸ. ਨਰਿੰਦਰ ਸਿੰਘ ਜੀ ਜੰਮੂ (ਮੁੱਖ ਪ੍ਰਚਾਰਕ ਤੱਤ-ਗੁਰਮਤਿ ਪ੍ਰਵਾਰ), ਸ.
ਰਵਿੰਦਰ ਸਿੰਘ ਜੀ ਪਿੰਜੋਰ (ਮੁੱਖ ਪ੍ਰਚਾਰਕ, ਤੱਤ-ਗੁਰਮਤਿ ਪ੍ਰਵਾਰ), ਮੇਰੀ ਤਸਵੀਰ (ਦਵਿੰਦਰ
ਸਿੰਘ, ਆਰਟਿਸਟ, ਖਰੜ), ਸ. ਮੋਹਨ ਸਿੰਘ ਜੀ ਡੇਰਾਬਸੀ (ਸੰਪਾਦਕੀ ਮੰਡਲ ਮੈਂਬਰ ਅਤੇ ਮੁੱਖ
ਕਥਾ-ਵਾਚਕ, ਤੱਤ-ਗੁਰਮਤਿ ਪ੍ਰਵਾਰ) ਅਤੇ ਨਾਲ ਬੈਠੇ ਹਨ ਇਨ੍ਹਾਂ ਦੀ ਸਰਦਾਰਨੀ। ਦੂਜੀ ਤਸਵੀਰ ਵਿੱਚ
ਬਜ਼ੁਰਗ ਸ. ਦਲੀਪ ਸਿੰਘ ਜੀ, ਸ. ਰਵਿੰਦਰ ਸਿੰਘ ਜੀ, ਸ. ਨਰਿੰਦਰ ਸਿੰਘ ਜੀ, ਦਵਿੰਦਰ ਸਿੰਘ, ਸ.
ਦਲੀਪ ਸਿੰਘ ਜੀ ਦੇ ਭਾਈ ਸਾਹਿਬ, ਸ. ਮੋਹਨ ਸਿੰਘ ਜੀ ਅਤੇ ਉਨ੍ਹਾਂ ਦੀ ਸਰਦਾਰਨੀ। ਤੱਤ-ਗੁਰਮਤਿ
ਪ੍ਰਵਾਰ ਦੇ ਇੱਕ ਹੋਰ ਮੈਂਬਰ ਸ. ਗੁਰਿੰਦਰ ਸਿੰਘ ਜੀ ਮੁਹਾਲੀ (ਰਿਹਾਇਸ਼ ਸੰਨੀ ਇਨਕਲੇਵ, ਖਰੜ) ਦੀ
ਤਸਵੀਰ ਨਹੀਂ ਹੈ ਕਿਉਂਕਿ ਇਹ ਤਸਵੀਰਾਂ ਖਿੱਚਣ ਵਾਲੇ ਉਹ ਆਪ ਸਨ।
ਨੋਟ ਕਿਤਾਬ ਗੁਰਮਤਿ ਜੀਵਨ ਸੇਧਾਂ ਦੀ ਭੂਮਿਕਾ ਅਨੁਸਾਰ ਇਸ ਨਵੀਂ ਮਰਿਆਦਾ
ਦੀ ਵਿਆਖਿਆ ਕਰਨ ਵਾਲੇ ਸ. ਰਵਿੰਦਰ ਸਿੰਘ ਜੀ ਪਿੰਜੋਰ ਅਤੇ ਸ. ਮੋਹਨ ਸਿੰਘ ਜੀ ਡੇਰਾਬਸੀ ਹਨ।
ਹੁਣ ਗੱਲ ਕਰਦੇ ਹਾਂ ਤੱਤ-ਗੁਰਮਤਿ ਪ੍ਰਵਾਰ ਦੀਆਂ ਤਸਵੀਰਾਂ ਵਿੱਚ ਛੁਪੇ ਸੱਚ
ਦੀ। ਤੱਤ-ਗੁਰਮਤਿ ਪ੍ਰਵਾਰ ਨੇ ਆਪਣੇ ਲੇਖ ਦੇ ਜਵਾਬ ਵਿੱਚ ਈਰਖਾ, ਕਰੋਧ, ਭੜਾਸ, ਕੜਵਾਹਟ,
ਭੰਡੀ-ਪ੍ਰਚਾਰ, ਬੌਖਲਾਹਟ, ਝੂਠ, ਨਫ਼ਰਤ, ਮਰੀ ਜ਼ਮੀਰ, ਸਾਹ-ਸੱਤਹੀਣ ਅਤੇ ਗੁਸੈਲੀ ਭਾਸ਼ਾ ਦੀ ਵਰਤੋਂ
ਕੀਤੀ ਹੈ, ਪਰ ਜਦੋਂ ਕਿ ਤੱਤ-ਗੁਰਮਤਿ ਪ੍ਰਵਾਰ ਆਪਣੀ ਵੈਬ-ਸਾਈਟ ਉਤੇ ਬਾਰ-ਬਾਰ ਲੋਕਾਂ ਨੂੰ ਸਿੱਖਿਆ
ਦਿੰਦਾ ਹੈ ਕਿ ਪਾਠਕ ਕਿਸੇ ਵੀ ਲਿਖਤ ਹੇਠਾਂ ਕੁਮੈਂਟਸ ਦੇ ਰੂਪ ਵਿੱਚ ਆਪਣੇ ਵਿਚਾਰ/ਸੁਝਾਅ ਵੀ
ਦੇ ਸਕਦੇ ਹਨ। ਕੁਮੈਂਟਸ ਵਿਸ਼ੇ ਨਾਲ ਸਬੰਧਤ ਅਤੇ ਸ਼ਾਲੀਨ ਭਾਸ਼ਾ ਵਿੱਚ ਪੇਸ਼ ਕਰਨ ਦੀ ਬੇਨਤੀ ਹੈ।
ਦੇਖੋ ਤੱਤ-ਗੁਰਮਤਿ ਪ੍ਰਵਾਰ ਆਪਣੀ ਹੀ ਸਿੱਖਿਆ ਦੀ ਉਲੰਘਣਾ ਕਰਕੇ, ਜਵਾਬ ਦੇਣ ਸਮੇਂ ਖਰਵੀਂ ਭਾਸ਼ਾ
ਦੀ ਵਰਤੋਂ ਕਰਦਾ ਹੈ। ਜਿਹੜੇ ਦੂਜਿਆਂ ਨੂੰ ਤਾਂ ਸਿੱਖਿਆ ਦਿੰਦੇ ਹਨ, ਪਰ ਆਪ ਉਸ ਉਤੇ ਅਮਲ ਨਹੀਂ
ਕਰਦੇ, ਉਨ੍ਹਾਂ ਪ੍ਰਤੀ ਗੁਰਬਾਣੀ ਦਾ ਫ਼ੁਰਮਾਨ ਹੈ:
ਕਬੀਰ ਅਵਰਹ ਕਉ ਉਪਦੇਸਤੇ ਮੁਖ ਮੈ ਪਰਿ ਹੈ ਰੇਤੁ।।
ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ।। (ਪੰਨਾ-1369)
ਅਰਥਾਤ ਜਿਹੜੇ ਹੋਰਨਾਂ ਨੂੰ ਤਾਂ ਮੱਤਾਂ ਦਿੰਦੇ ਹਨ ਪਰ ਉਸ ਮੱਤ ਅਨੁਸਾਰ ਆਪ
ਨਹੀਂ ਚਲਦੇ, ਉਨਾਂ ਲਈ ਸਿੱਖਿਆ ਕੋਈ ਕੀਮਤ ਨਹੀਂ ਰੱਖਦੀ। ਕੇਵਲ ਦੂਜਿਆਂ ਨੂੰ ਉਪਦੇਸ਼ ਕਰਕੇ ਲੋਕਾਂ
ਦੀ ਰਾਸ-ਪੂੰਜੀ ਦੀ ਰਾਖੀ ਕਰਨ ਦਾ ਯਤਨ ਤਾਂ ਕਰਦੇ ਹਨ ਪਰ ਆਪਣੇ ਚੰਗੇ ਗੁਣਾਂ ਨੂੰ ਵੀ ਖ਼ਤਮ ਕਰ
ਲੈਂਦੇ ਹਨ। ਦੂਜਿਆਂ ਨੂੰ ਉਪਦੇਸ਼ ਕਰਨ ਵਾਲੇ ਕਦੇ ਵੀ ਮਨੁੱਖਤਾ ਦਾ ਭਲਾ ਨਹੀਂ ਕਰ ਸਕਦੇ।
ਪਰ ਮੈਂ ਫਿੱਕੇ ਅਤੇ ਅਸੱਭਿਅਕ ਸ਼ਬਦਾਂ ਦੀ ਵਰਤੋਂ ਕਰਕੇ, ਕਿਸੇ ਵੀ ਵਿਅਕਤੀ
ਦਾ ਨਿਰਾਦਰ, ਬਦਨਾਮ ਜਾਂ ਨੀਵਾਂ ਦਿਖਾਉਣ ਵਾਲੀ ਗੱਲ ਨਹੀਂ ਕਰਾਂਗਾ। ਇਸ ਤੋਂ ਇਲਾਵਾ ਇਹ ਵੀ ਸਪੱਸ਼ਟ
ਕਰਨਾ ਚਾਹੁੰਦਾ ਹਾਂ ਕਿ ਮੈਂਨੂੰ ਨਾ ਤਾਂ ਪਹਿਲਾਂ ਅਤੇ ਨਾ ਹੀ ਹੁਣ ਕਿਸੇ ਨੇ ਭੜਕਾਇਆ, ਉਕਸਾਇਆ
ਜਾਂ ਡਰਾਇਆ ਹੈ। ਇਹ ਮੇਰੀ ਆਪਣੀ ਜ਼ਮੀਰ ਦੀ ਅਵਾਜ਼ ਸੀ ਅਤੇ ਹੁਣ ਵੀ ਹੈ। ਸਾਨੂੰ ਇੱਕ ਗੱਲ ਯਾਦ
ਰੱਖਣੀ ਚਾਹੀਦੀ ਹੈ ਕਿ ਕਿਸੇ ਵੀ ਲੇਖਕ ਦੀ ਸ਼ਖਸ਼ੀਅਤ, ਉਸ ਦੀ ਆਪਣੀ ਰਚਨਾ ਵਿਚੋਂ ਆਪਣੇ ਆਪ ਪ੍ਰਗਟ
ਹੋ ਜਾਂਦੀ ਹੈ ਕਿ ਲਿਖਣ ਜਾਂ ਬੋਲਣ ਵਾਲਾ ਕਿਹੋ ਜਿਹੇ ਕਿਰਦਾਰ ਦਾ ਮਾਲਕ ਹੋ ਸਕਦਾ ਹੈ। ਚੰਗੇ ਅਤੇ
ਫਿੱਕੇ ਬੋਲਾਂ ਬਾਰੇ ਗੁਰਬਾਣੀ ਦਾ ਫ਼ੁਰਮਾਨ ਹੈ:
ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ।।
ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ।। (ਪੰਨਾ-15)
ਅਰਥਾਤ ਮਨੁੱਖ ਦਾ ਉਹੀ ਬੋਲਣਾ ਚੰਗਾ ਹੈ, ਭਾਵ ਪ੍ਰਵਾਨ ਹੈ, ਜਿਸ ਦੇ ਬੋਲਣ
ਨਾਲ ਪਰਮਾਤਮਾ ਦੇ ਦਰ ਤੇ ਇੱਜ਼ਤ ਮਿਲਦੀ ਹੈ, ਪਰ ਫਿੱਕੇ ਬੋਲ ਬੋਲਣ ਨਾਲ ਮਨੁੱਖ ਖੁਆਰ ਹੀ ਹੁੰਦਾ
ਹੈ।
‘
ਸਿੱਖ ਮਾਰਗ’
ਨੇ ਮਿਤੀ 01-07-2013 ਨੂੰ ਬੀਬੀ ਜਸਵੀਰ ਕੌਰ ਦਾ ਲੇਖ ਪਾਇਆ ਸੀ। ਇਸ ਲੇਖ ਦੇ ਜਵਾਬ ਵਿੱਚ ਮਿਤੀ
04-07-2013 ਨੂੰ ਤੱਤ-ਗੁਰਮਤਿ ਪ੍ਰਵਾਰ ਨੇ ਆਪਣਾ ਜਵਾਬ ਪਾਇਆ। ਇਸ ਜਵਾਬ ਦੇ ਸਬੰਧ ਵਿੱਚ ਮੈਂ
ਅਗਲੇ ਦਿਨ, ਸ. ਮੋਹਨ ਸਿੰਘ ਜੀ (ਮੈਂਬਰ, ਤੱਤ-ਗੁਰਮਤਿ ਪ੍ਰਵਾਰ) ਨਾਲ ਬੈਠ ਕੇ ਗੱਲ ਕੀਤੀ। ਇੱਥੇ
ਦੱਸਣਾ ਠੀਕ ਰਹੇਗਾ ਕਿ ਮੈਂ, ਸ. ਮੋਹਨ ਸਿੰਘ ਜੀ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਅਤੇ ਅਸੀਂ ਇੱਕ
ਦੂਜੇ ਨੂੰ ਅਕਸਰ ਮਿਲਦੇ ਰਹਿੰਦੇ ਹਾਂ। ਮੈਂ ਮੋਹਨ ਸਿੰਘ ਜੀ ਨੂੰ ਪੁੱਛਿਆ ਕਿ ਜੋ ਤੱਤ-ਗੁਰਮਤਿ
ਪ੍ਰਵਾਰ ਨੇ ਆਪਣੇ ਜਵਾਬ ਵਿੱਚ ਲਿਖਿਆ ਹੈ, ਕੀ ਉਹ ਠੀਕ ਹੈ? ਉਨ੍ਹਾਂ ਨੇ ਕਿਹਾ ਕਿ ਮੈਂਨੂੰ ਇਸ
ਬਾਰੇ ਕੋਈ ਪਤਾ ਨਹੀਂ ਹੈ। ਮੈਂ ਦੂਜਾ ਸਵਾਲ ਕੀਤਾ, ਤੱਤ-ਗੁਰਮਤਿ ਪ੍ਰਵਾਰ ਨੇ ਲਿਖਿਆ ਹੈ ਕਿ
ਦਵਿੰਦਰ ਸਿੰਘ, ਆਰਟਿਸਟ, ਤੱਤ-ਗੁਰਮਤਿ ਪ੍ਰਵਾਰ ਦਾ ਮੈਂਬਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਹ
ਗੱਲ ਠੀਕ ਹੈ ਕਿ ਮੈਂਬਰ ਨਹੀਂ। ਮੇਰਾ ਤੀਜਾ ਸਵਾਲ ਕੀ ਤੁਸੀਂ ਗੁਰਪ੍ਰੀਤ ਸਿੰਘ, ਅਬੋਹਰ ਨੂੰ ਆਪਣਾ
ਮੈਂਬਰ ਮੰਨਦੇ ਹੋ, ਇਸ ਦਾ ਜਵਾਬ ਦਿੱਤਾ ਕਿ ਗੁਰਪ੍ਰੀਤ ਸਿੰਘ ਭਾਵੇਂ ਜੰਮੂ ਵਿਖੇ ਮੀਟਿੰਗ ਵਿੱਚ
ਗਿਆ ਸੀ ਪਰ ਉਹ ਵੀ ਤੱਤ-ਗੁਰਮਤਿ ਪ੍ਰਵਾਰ ਦਾ ਮੈਂਬਰ ਨਹੀਂ ਹੈ।
ਇਕ ਗੱਲ ਤਾਂ ਸਪੱਸ਼ਟ ਹੋ ਚੁੱਕੀ ਹੈ ਕਿ ਨਾ ਤਾਂ ਮੈਂ ਇਨ੍ਹਾਂ ਦਾ ਮੈਂਬਰ
ਹਾਂ ਅਤੇ ਨਾ ਹੀ ਗੁਰਪ੍ਰੀਤ ਸਿੰਘ, ਅਬੋਹਰ, ਇਨ੍ਹਾਂ ਦਾ ਮੈਂਬਰ ਹੈ। ਜਦੋਂ ਦੋਨੋਂ ਹੀ ਧਿਰਾਂ ਵਾਲੇ
ਇਨ੍ਹਾਂ ਦੇ ਮੈਂਬਰ ਨਹੀਂ ਹਨ ਤਾਂ ਤੱਤ-ਗੁਰਮਤਿ ਪ੍ਰਵਾਰ ਨੇ ਮਿਤੀ 14 ਅਪੈਲ 2013 ਨੂੰ ਜਿਹੜਾ
ਪ੍ਰੋਗਰਾਮ ਮੇਰੇ ਘਰ, ਖਰੜ ਵਿਖੇ ਕੀਤਾ ਸੀ, ਉਸ ਪ੍ਰੋਗਰਾਮ ਨੂੰ ਕਰਨ ਲਈ ਤੱਤ-ਗੁਰਮਤਿ ਪ੍ਰਵਾਰ ਨੇ
ਕਿਹੜੇ ਕਿਹੜੇ ਢੰਗ ਅਪਨਾਏ, ਉਹਨਾਂ ਦਾ ਹੇਠ ਲਿਖੇ ਅਨੁਸਾਰ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ:-
1. ਮਿਤੀ 24-02-2013 ਨੂੰ ਸਵੇਰੇ, ਮੈਂ ਅਤੇ ਮੇਰੀ ਪਤਨੀ ਲੁਧਿਆਣੇ ਗਏ।
ਲੁਧਿਆਣੇ ਤੋਂ ਸ. ਗੁਰਸੇਵਕ ਸਿੰਘ ਮਦਰੱਸਾ ਜੀ ਆਪਣੀ ਕਾਰ ਰਾਹੀਂ ਅਬੋਹਰ, ਗੁਰਪ੍ਰੀਤ ਸਿੰਘ ਦੇ ਘਰ
ਲੈ ਕੇ ਗਏ ਸਨ। ਉੱਥੇ ਜਾ ਕੇ ਮੈਂ ਅਤੇ ਮੇਰੀ ਪਤਨੀ ਨੇ ਗੁਰਪ੍ਰੀਤ ਸਿੰਘ (ਜਿਸ ਲੜਕੇ ਨਾਲ ਅਨੰਦ
ਕਾਰਜ ਕੀਤਾ ਜਾਣਾ ਸੀ) ਦੇ ਮਾਤਾ-ਪਿਤਾ ਨੂੰ ਬੇਨਤੀ ਕੀਤੀ ਕਿ ਅਨੰਦ ਕਾਰਜ ਦੀ ਮਿਤੀ 07-04-2013
ਨਿਸ਼ਚਿਤ ਕੀਤੀ ਹੈ, ਜਿਹੜੀ ਕਿ ਉਨ੍ਹਾਂ ਨੇ ਵੀ ਖੁਸ਼ੀ ਨਾਲ ਪ੍ਰਵਾਨ ਕਰ ਲਈ ਸੀ।
2. ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਜਿਹੜਾ ਜਵਾਬ ਤੱਤ-ਗੁਰਮਤਿ ਪ੍ਰਵਾਰ
ਨੇ ਦਿੱਤਾ, ਉਸ ਵਿੱਚ ਲਿਖਿਆ ਹੈ ਕਿ
“
ਇਨ੍ਹਾਂ ਤਿਆਰੀਆਂ ਅਨੁਸਾਰ ਗੁਰਪ੍ਰੀਤ ਸਿੰਘ ਅਬੋਹਰ ਦਾ ਫ਼ੋਨ ਆਇਆ ਕਿ ਉਹ ਆਪਣਾ ਅਨੰਦ ਕਾਰਜ
ਨਵੇਂ ਦਸਤਾਵੇਜ ਅਨੁਸਾਰ ਕਰਨਾ ਚਾਹੁੰਦਾ ਹੈ। ਅਸੀਂ ਕਿਹਾ ਵਿਚਾਰ ਅੱਛਾ ਹੈ ਪਰ ਦੋਹਾਂ ਧਿਰਾਂ ਦਾ
ਤਿਆਰ ਅਤੇ ਸਹਿਮਤ ਹੋਣਾ ਜ਼ਰੂਰੀ ਹੈ। ਤੁਸੀਂ ਦਵਿੰਦਰ ਸਿੰਘ ਨਾਲ ਗੱਲ ਕਰ ਲਵੋ।
”
ਤੱਤ-ਗੁਰਮਤਿ ਪ੍ਰਵਾਰ ਦੇ ਉਪਰੋਕਤ ਵਿਚਾਰਾਂ ਨੂੰ ਪੜ੍ਹ ਕੇ ਸਾਰੇ ਸਮਝ ਸਕਦੇ
ਹਨ ਕਿ ਪ੍ਰੋਗਰਾਮ ਕਰਨ ਸਬੰਧੀ ਸਾਰੀ ਗੱਲ ਗੁਰਪ੍ਰੀਤ ਸਿੰਘ ਦੁਆਰਾ ਅਖਵਾਈ ਅਤੇ ਪੂਰੀ ਕਰਵਾਈ ਗਈ।
ਸੋਚਣ ਵਾਲੀ ਗੱਲ ਇਹ ਹੈ ਕਿ ਗੁਰਪ੍ਰੀਤ ਸਿੰਘ ਲੜਕਾ, ਜਿਸ ਨੇ ਮੇਰੇ ਘਰ ਹਾਲੇ ਪੈਰ ਵੀ ਨਹੀਂ ਸੀ
ਰੱਖਿਆ, ਕੇਵਲ ਉਸ ਨਾਲ ਅਨੰਦ ਕਾਰਜ ਅਤੇ ਪ੍ਰੋਗਰਾਮ ਸਬੰਧੀ ਸਾਰੀਆਂ ਵਿਚਾਰਾਂ ਫੋਨ ਉਤੇ
ਤੱਤ-ਗੁਰਮਤਿ ਪ੍ਰਵਾਰ ਵਲੋਂ ਕੀਤੀਆਂ ਜਾਂਦੀਆਂ ਰਹੀਆਂ ਸਨ। ਗੁਰਪ੍ਰੀਤ ਸਿੰਘ, ਉਨ੍ਹਾਂ ਦੀ ਮੀਟਿੰਗ
ਵਿੱਚ ਜੰਮੂ ਵਿੱਚ ਗਿਆ ਸੀ ਅਤੇ ਉਨ੍ਹਾਂ ਦੇ ਪ੍ਰਭਾਵ ਵਿੱਚ ਸੀ।
3. ਬੇਸ਼ੱਕ, ਤੱਤ-ਗੁਰਮਤਿ ਪ੍ਰਵਾਰ ਵਲੋਂ ਜੰਮੂ ਵਿਖੇ ਕੀਤੀਆਂ ਗਈਆਂ
ਮੀਟਿੰਗਾਂ ਵਿੱਚ ਮੈਂ ਕਦੇ ਨਹੀਂ ਗਿਆ, ਪਰ ਗੁਰਪ੍ਰੀਤ ਸਿੰਘ ਅਬੋਹਰ, ਇਨ੍ਹਾਂ ਦੀ ਮੀਟਿੰਗ ਵਿੱਚ
ਜੰਮੂ ਜਾਣ ਕਰਕੇ, ਉਸ ਨੂੰ ਸਾਰੇ ਜਾਣਦੇ ਸਨ। ਤੱਤ-ਗੁਰਮਤਿ ਪ੍ਰਵਾਰ ਨੇ ਸਿੱਧੇ ਰੂਪ ਵਿੱਚ ਮੇਰੇ
ਨਾਲ ਕੋਈ ਵੀ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਮੇਰੇ ਨਾਲ ਅਕਸਰ ਗੁਰਪ੍ਰੀਤ ਸਿੰਘ ਫ਼ੋਨ ਉਤੇ ਗੱਲਾਂ
ਕਰਦਾ ਰਹਿੰਦਾ ਸੀ। ਮੇਰੇ ਵਿਚਾਰ ਗੁਰਪ੍ਰੀਤ ਸਿੰਘ ਦੁਆਰਾ ਤੱਤ-ਗੁਰਮਤਿ ਪ੍ਰਵਾਰ ਨੂੰ ਪਹੁੰਚਦੇ
ਰਹਿੰਦੇ ਸਨ। ਤੱਤ-ਗੁਰਮਤਿ ਪ੍ਰਵਾਰ ਨੇ ਗੁਰਪ੍ਰੀਤ ਸਿਘ ਨੂੰ ਸੰਦੇਸ-ਵਾਹਕ ਅਤੇ ਮੋਹਰੇ ਦੇ ਰੂਪ
ਵਿੱਚ ਖੂਬ ਵਰਤਿਆ ਕਿਉਂਕਿ ਗੁਰਪ੍ਰੀਤ ਸਿੰਘ ਕਰਕੇ ਹੀ ਤੱਤ-ਗੁਰਮਤਿ ਪ੍ਰਵਾਰ ਮੇਰੇ ਘਰ ਆਪਣਾ
ਪ੍ਰੋਗਰਾਮ ਕਰਨ ਵਿੱਚ ਸਫ਼ਲ ਹੋਇਆ।
4. ਮਿਤੀ 07-04-2013 ਦਾ ਦਿਨ ਅਨੰਦ ਕਾਰਜ ਲਈ ਨਿਸ਼ਚਿਤ ਹੋਣ ਉਪਰੰਤ
ਗੁਰਪ੍ਰੀਤ ਸਿੰਘ ਨੇ ਫ਼ੋਨ ਉਤੇ ਕਿਹਾ ਕਿ ਸ. ਦਲੀਪ ਸਿੰਘ ਜੀ ਕਸ਼ਮੀਰੀ ਦੇ ਘਰ ਜ਼ੀਰਕਪੁਰ ਵਿਖੇ,
ਤੱਤ-ਗੁਰਮਤਿ ਪ੍ਰਵਾਰ ਨੇ ਮੀਟਿੰਗ ਰੱਖੀ ਹੈ, ਉਸ ਵਿੱਚ ਜਾ ਆਉਣਾ, ਉਹ ਆਪਣੇ ਪ੍ਰੋਗਰਾਮ ਬਾਰੇ
ਦੱਸਣਗੇ। ਮੈਂ ਉਸ ਨੂੰ ਕਿਹਾ ਕਿ ਅਨੰਦ ਕਾਰਜ ਦੀ ਤਰੀਕ ਤਾਂ ਅਸੀਂ 07-04-2013 ਪਹਿਲਾਂ ਹੀ
ਨਿਸ਼ਚਿਤ ਕਰ ਚੁੱਕੇ ਹਾਂ। ਉਸ ਨੇ ਕਿਹਾ ਫਿਰ ਵੀ ਤੁਸੀਂ ਜ਼ੀਰਕਪੁਰ ਮੀਟਿੰਗ ਵਿੱਚ ਜਾ ਆਉਣਾ।
5. ਜ਼ੀਰਕਪੁਰ ਮੀਟਿੰਗ ਕਰਨ ਲਈ ਸ. . ਨਰਿੰਦਰ ਸਿੰਘ ਜੀ ਜੰਮੂ ਤੋਂ ਆ ਕੇ ਸ.
ਗੁਰਿੰਦਰ ਸਿੰਘ ਜੀ ਮੋਹਾਲੀ (ਰਿਹਾਇਸ਼ ਸੰਨੀ ਇਨਕਲੇਵ, ਖਰੜ) ਠਹਿਰੇ ਹੋਏ ਸਨ। ਮੇਰੀ ਰਿਹਾਇਸ਼ ਵੀ
ਖਰੜ ਵਿੱਚ ਹੀ ਹੈ। ਇਸ ਬਾਰੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਸ. ਗੁਰਿੰਦਰ ਸਿੰਘ ਦੀ ਰਿਹਾਇਸ ਤੋਂ
ਅਸੀਂ ਤਿੰਨ ਜਣੇ ਸ. ਨਰਿੰਦਰ ਸਿੰਘ ਜੀ, ਸ. ਗੁਰਿੰਦਰ ਸਿੰਘ ਜੀ ਅਤੇ ਮੈਂ (ਦਵਿੰਦਰ ਸਿੰਘ) ਕਾਰ
ਵਿੱਚ ਬੈਠ ਕੇ ਜ਼ੀਰਕਪੁਰ ਕੀਤੀ ਜਾਣ ਵਾਲੀ ਮੀਟਿੰਗ ਵਿੱਚ ਗਏ। ਜਿਹੜੀ ਕਿਤਾਬ ਗੁਰਮਤਿ ਜੀਵਨ ਸੇਧਾਂ,
ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਡੇਰਾਬੱਸੀ ਪ੍ਰੋਗਰਾਮ ਤੇ ਰਲੀਜ਼ ਕਰਨੀ ਸੀ,
ਉਹ ਮੀਟਿੰਗ ਵਿੱਚ ਬੈਠ ਕੇ ਤੱਤ-ਗੁਰਮਤਿ ਪ੍ਰਵਾਰ ਦੇ ਸਾਰੇ ਮੈਂਬਰਾਂ ਨੇ ਰਲ ਕੇ ਉਸ ਖਰੜੇ ਦੀ ਸਾਰਾ
ਦਿਨ ਸੁਧਾਈ ਕੀਤੀ। ਇਸ ਕਿਤਾਬ ਦੇ 180 ਪੰਨਿਆਂ ਦਾ ਖਰੜਾ ਕਾਹਲੀ-ਕਾਹਲੀ ਨਾਲ ਪੜ੍ਹ ਕੇ ਫਾਈਨਲ
ਕੀਤਾ। ਮੇਰਾ ਇਸ ਕਿਤਾਬ ਵਿੱਚ ਕੋਈ ਯੋਗਦਾਨ ਨਹੀਂ ਸੀ ਅਤੇ ਨਾ ਹੀ ਮੇਰੀ ਇਸ ਵਿੱਚ ਕੋਈ ਦਿਲਚਸਪੀ
ਸੀ। ਅਨੰਦ ਕਾਰਜ ਕਿਵੇਂ ਅਤੇ ਕਿਸ ਨੇ, ਕਿਸ ਤਰੀਕੇ ਨਾਲ ਸਾਰਾ ਪ੍ਰੋਗਰਾਮ ਕਰਨਾ ਹੈ, ਇਸ ਬਾਰੇ ਕੋਈ
ਗੱਲ ਨਹੀਂ ਸੀ ਹੋਈ ਅਤੇ ਨਾ ਹੀ ਮੈਂ ਕੋਈ ਗੱਲ ਕੀਤੀ। ਇਨ੍ਹਾਂ ਦਾ ਆਪਣਾ ਪ੍ਰੋਗਰਾਮ ਕਦੋਂ, ਕਿੱਥੇ
ਅਤੇ ਕਿਸ ਦਿਨ ਕਰਨਾ ਹੈ, ਇਸ ਬਾਰੇ ਵੀ ਇਹ ਆਪ ਸਪੱਸ਼ਟ ਨਹੀਂ ਸਨ।
6. ਤੱਤ-ਗੁਰਮਤਿ ਪ੍ਰਵਾਰ ਨੇ ਲਿਖਿਆ ਹੈ ਕਿ ਮੀਟਿਗ ਵਿੱਚ ਦਵਿੰਦਰ ਸਿੰਘ,
ਆਰਟਿਸਟ ਨੂੰ ਖਰੜਾ ਦਿੱਤਾ ਗਿਆ ਸੀ, ਪਰ ਮੀਟਿੰਗ ਵਿੱਚ ਜਿਹੜਾ ਖਰੜਾ ਮੈਂਨੂੰ ਦਿੱਤਾ ਗਿਆ ਸੀ, ਉਹ
ਕਿਤਾਬ ਗੁਰਮਤਿ ਜੀਵਨ ਸੇਧਾਂ ਦਾ ਖਰੜਾ ਨਹੀਂ ਸੀ ਸਗੋਂ ਇਸ ਕਿਤਾਬ ਦੇ ਅਰੰਭ ਵਿੱਚ ਛਪੀ ਭੂਮਿਕਾ
ਪੰਨਾ-1-14 ਦਾ ਵੇਰਵਾ ਸੀ ਜੋ ਕਿ ਮੇਰੇ ਕੋਲ ਹੁਣ ਵੀ ਮੌਜੂਦ ਹੈ ਅਤੇ ਇਸ ਜਵਾਬ ਦੇ ਨਾਲ ਸਕੈਨ
ਕਾਪੀ ਨੱਥੀ ਹੈ। ਇਸ ਤੋਂ ਇਲਾਵਾ ਮੇਰੇ ਕੋਲ ਤਿੰਨ ਟ੍ਰੈਕਟ ਕੌੜਾ ਸੱਚ, ਕਿਸ਼ਤ ਨੰ: 24, 26
ਅਤੇ 27 ਵੀ ਹਨ, ਜਿਹੜੇ ਸ. . ਦਲੀਪ ਸਿੰਘ ਜੀ ਨੇ ਦਿੱਤੇ ਸਨ। ਇਥੇ ਇਹ ਵੀ ਦੱਸਣਾ ਉਚਿੱਤ ਹੋਵੇਗਾ
ਕਿ ਸ. ਨਰਿੰਦਰ ਸਿੰਘ ਜੀ ਨੇ ਮੀਟਿੰਗ ਵਿੱਚ ਇਹ ਵੀ ਕਿਹਾ ਸੀ ਕਿ ਸੋਧੇ ਹੋਏ ਖਰੜੇ ਦੀ ਕਾਪੀ ਸ.
ਗੁਰਿੰਦਰ ਸਿੰਘ, ਖਰੜ ਜਾ ਕੇ ਦਵਿੰਦਰ ਸਿੰਘ ਨੂੰ ਦੇ ਆਵੇਗਾ, ਪਰ ਨਾ ਤਾਂ ਖਰੜੇ ਦੀ ਕਾਪੀ ਅਤੇ ਨਾ
ਹੀ ਛਪੀ ਕਿਤਾਬ ਦੀ ਕੋਈ ਕਾਪੀ ਮੈਂਨੂੰ ਸ. ਗੁਰਿੰਦਰ ਸਿੰਘ ਜੀ ਦੇਣ ਆਏ। ਤੱਤ-ਗੁਰਮਤਿ ਪ੍ਰਵਾਰ
ਨੇ ਕਿੰਨਾ ਵੱਡਾ ਝੂਠ ਬੋਲਿਆ ਹੈ ਕਿ ਕਿਤਾਬ ਦਾ ਖਰੜਾ, ਦਵਿੰਦਰ ਸਿੰਘ ਨੂੰ ਜ਼ੀਰਕਪੁਰ ਹੋਈ ਮੀਟਿੰਗ
ਵਿੱਚ ਦਿੱਤਾ ਸੀ।
ਇਂੱਥੇ ਇੱਕ ਗੱਲ ਕਰਨੀ ਲਾਹੇਵੰਦ ਹੋਵੇਗੀ ਕਿ ਮੈਂਨੂੰ ਲੁਧਿਆਣਾ ਵਿਖੇ, ਸ.
ਗੁਰਸੇਵਕ ਸਿੰਘ ਮਦਰੱਸਾ ਜੀ ਨੇ ਆਪਣੇ ਲੜਕੇ ਦੀ ਖੁਸ਼ੀ ਦੇ ਸਬੰਧ ਵਿੱਚ ਇੱਕ ਕਿਤਾਬ (ਗੁਰਮਤਿ ਗਿਆਨ
ਦਾ ਚਾਨਣ, ਲੇਖਕ ਸ. ਬਲਦੇਵ ਸਿੰਘ ਕੈਨੇਡਾ) ਆਪਣੇ ਹਸਤਾਖ਼ਰਾਂ ਅਤੇ ਮਿਤੀ ਸਮੇਤ, ਯਾਦਗਿਰੀ ਦੇ ਤੌਰ
ਤੇ ਭੇਟ ਕੀਤੀ ਜੋ ਅੱਜ ਵੀ ਮੈਂ ਸਾਂਭ ਕੇ ਰੱਖੀ ਹੋਈ ਹੈ। ਕਿਸੇ ਮੌਕੇ ਉੱਤੇ ਕਿਸੇ ਨੂੰ ਕਿਤਾਬ ਭੇਟ
ਕਰਨ ਦਾ ਇਹ ਇੱਕ ਵਧੀਆ ਨਮੂਨਾ ਕਿਹਾ ਜਾ ਸਕਦਾ ਹੈ। ਇਸੇ ਤਰ੍ਹਾਂ ਜੇਕਰ ਜ਼ੀਰਕਪੁਰ ਵਾਲੀ ਮੀਟਿੰਗ
ਵਿੱਚ ਜਾਂ ਅਨੰਦ ਕਾਰਜ ਤੋਂ ਕੁੱਝ ਦਿਨ ਪਹਿਲਾਂ, ਤੱਤ-ਗੁਰਮਤਿ ਪ੍ਰਵਾਰ ਨੇ ਆਪਣੀ ਨਵੀਂ ਛਪੀ ਹੋਈ
ਕਿਤਾਬ ਆਪਣੇ ਹਸਤਾਖ਼ਰਾਂ ਅਤੇ ਮਿਤੀ ਸਮੇਤ ਮੈਂਨੂੰ ਦਿੱਤੀ ਹੁੰਦੀ ਤਾਂ ਵੀ ਗੱਲ ਮੰਨਣਯੋਗ ਸੀ, ਪਰ
ਤੱਤ-ਗੁਰਮਤਿ ਪ੍ਰਵਾਰ ਦਿਲੋਂ, ਪ੍ਰੋਗਰਾਮ ਤੋਂ ਪਹਿਲਾਂ ਨਾ ਤਾਂ ਕਿਤਾਬ ਅਤੇ ਨਾ ਹੀ ਪ੍ਰੋਗਰਾਮ ਦੀ
ਰੂਪ-ਰੇਖਾ ਲਿਖਤੀ ਤੌਰ ਤੇ ਦੇਣਾ ਚਾਹੁੰਦਾ ਸੀ ਕਿਉਂਕਿ ਮੈਂ ਇਨ੍ਹਾਂ ਦਾ ਮੈਂਬਰ ਨਹੀਂ ਸੀ।
7. ਅਨੰਦ ਕਾਰਜ ਦੇ ਸਬੰਧ ਵਿੱਚ ਜੇਕਰ ਮੀਟਿੰਗ ਕਰਨੀ ਸੀ ਤਾਂ ਉਹ ਮੇਰੇ ਘਰ
ਖਰੜ ਵਿਖੇ ਕਰਨੀ ਸੀ। ਖਰੜ ਛੱਡ ਕੇ 15 ਕਿਲੋਮੀਟਰ ਦੂਰ ਜਾਣ ਦੀ ਕੀ ਲੋੜ ਪਈ ਸੀ? ਜਿਸ ਘਰ ਵਿੱਚ
ਪ੍ਰੋਗਰਾਮ ਕਰਨਾ ਸੀ, ਉਸ ਘਰ ਵਿੱਚ ਪਹਿਲਾਂ ਮੀਟਿੰਗ ਰੱਖਣੀ ਜ਼ਰੂਰੀ ਸੀ। ਅਸਲ ਵਿੱਚ ਉਦੋਂ ਤਕ ਮੇਰੇ
ਘਰ ਤੱਤ-ਗੁਰਮਤਿ ਪ੍ਰਵਾਰ ਦੇ ਕਿਸੇ ਪ੍ਰੋਗਰਾਮ ਦੀ ਗੱਲ ਨਹੀਂ ਸੀ।
8. ਜ਼ੀਰਕਪੁਰ ਹੋਈ ਮੀਟਿੰਗ ਬਾਰੇ ਗੁਰਪ੍ਰੀਤ ਸਿੰਘ ਨਾਲ ਫ਼ੋਨ ਉਤੇ ਗੱਲ ਕੀਤੀ
ਕਿ ਤੱਤ-ਗੁਰਮਤਿ ਪ੍ਰਵਾਰ ਨੇ ਆਪਣੇ ਪ੍ਰੋਗਰਾਮ ਬਾਰੇ ਕੁੱਝ ਨਹੀਂ ਦੱਸਿਆ। ਇਸ ਲਈ ਤੁਸੀਂ 07
ਅਪ੍ਰੈਲ 2013 ਦਾ ਦਿਨ ਅਨੰਦ ਕਾਰਜ ਲਈ ਪੱਕਾ ਸਮਝੋ। ਤੱਤ-ਗੁਰਮਤਿ ਪ੍ਰਵਾਰ, ਗੁਰੂ ਨਾਨਕ ਸਾਹਿਬ ਦੇ
ਸਬੰਧ ਵਿੱਚ ਜਿਹੜਾ ਪ੍ਰੋਗਰਾਮ ਕਰਨਾ ਚਾਹੁੰਦਾ ਸੀ ਅਤੇ ਜਿਹੜੀ ਕਿਤਾਬ ਰਲੀਜ਼ ਕਰਨਾ ਚਾਹੁੰਦਾ ਸੀ,
ਉਹ ਆਪਣਾ ਪ੍ਰੋਗਰਾਮ ਜਿੱਥੇ ਵੀ ਕਰਨਗੇ, ਉਦੋਂ ਤੁਸੀਂ ਉਥੇ ਚਲੇ ਜਾਣਾ। ਇਹ ਗੱਲ ਸੁਣ ਕੇ ਗੁਰਪ੍ਰੀਤ
ਸਿੰਘ ਨੇ ਕਿਹਾ ਕਿ ਅਬੋਹਰ ਤੋਂ ਮੈਂਨੂੰ ਐਨੀ ਦੂਰੋਂ ਫਿਰ ਆਉਣਾ ਪਵੇਗਾ। ਇਸ ਲਈ ਹੋਰ ਰੁਕ ਜਾਉ,
ਸ਼ਾਇਦ ਕੋਈ ਨਾ ਕੋਈ ਦਿਨ ਨਿਸ਼ਚਿਤ ਹੋ ਜਾਵੇ।
9. ਸ. ਮੋਹਨ ਸਿੰਘ ਜੀ ਡੇਰਾਬਸੀ, ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦੇ ਸਬੰਧ
ਵਿੱਚ ਗੁਰਮਤਿ ਇਨਕਲਾਬ ਪੁਰਬ, ਡੇਰਾਬਸੀ ਮਨਾਉਣ ਦੀ ਗੱਲ ਪਹਿਲਾਂ ਕਰ ਚੁੱਕੇ ਸਨ। ਜਿਸ ਵਿੱਚ
ਉਨ੍ਹਾਂ ਨੇ ਕਿਹਾ ਸੀ ਕਿ ਅਸੀਂ ਡੇਰਾਬਸੀ ਵੱਡੇ ਪੱਧਰ ਤੇ ਪ੍ਰੋਗਰਾਮ ਕਰਾਂਗੇ। ਸਾਰਿਆ ਦੇ ਹੱਥਾਂ
ਵਿੱਚ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਵਾਲੇ ਦਿਨ, ਗੁਰਮਤਿ ਇਨਕਲਾਬ ਵਾਲੇ ਵੱਡੇ ਬੈਨਰਾਂ ਨਾਲ ਇੱਕ
ਵਿਸ਼ਾਲ ਰੈਲੀ ਕੱਢੀ ਜਾਵੇਗੀ, ਜਿਹੜੀ ਡੇਰਾਬਸੀ ਦੇ ਆਲੇ-ਦੁਆਲੇ ਸਾਰੇ ਪਿੰਡਾਂ ਵਿੱਚ ਘੁੰਮਦੀ ਹੋਈ,
ਡੇਰਾਬਸੀ ਆ ਕੇ ਉੱਥੇ ਰੁਕੇਗੀ, ਜਿੱਥੇ ਪ੍ਰੋਗਰਾਮ ਕੀਤਾ ਜਾਣਾ ਹੈ। ਅਸੀਂ ਇਹ ਪ੍ਰੋਗਰਾਮ ਕਰਕੇ
ਡੇਰਾਬਸੀ ਨੂੰ ਸੰਸਾਰ ਪੱਧਰ ਤੇ ਮਸ਼ਹੂਰ ਕਰ ਦੇਵਾਂਗੇ। ਪਤਾ ਨਹੀਂ ਫਿਰ ਕਿਸ ਗੱਲ ਕਰਕੇ, ਇਹ ਵੱਡੇ
ਪੱਧਰ ਦਾ ਪ੍ਰੋਗਰਾਮ ਮੇਰੇ ਘਰ ਛੋਟੇ ਪੱਧਰ ਤੇ ਕਰਨਾ ਪੈ ਗਿਆ।
10. ਤੱਤ-ਗੁਰਮਤਿ ਪ੍ਰਵਾਰ ਨੇ ਮੀਟਿੰਗ ਵਿੱਚ ਹਾਜ਼ਰ ਹੋਣ ਬਾਰੇ ਮੇਰੇ
ਦਸਤਖਤਾਂ ਵਾਲੀ ਗੱਲ ਕੀਤੀ ਹੈ। ਇਸ ਬਾਰੇ ਕਹਾਂਗਾ ਕਿ ਜੋ ਵੀ ਵਿਅਕਤੀ ਕਿਸੇ ਮੀਟਿੰਗ ਵਿੱਚ ਜਾਂਦਾ
ਹੈ, ਉਹ ਆਪਣੀ ਹਾਜ਼ਰੀ ਪੱਖੋਂ ਹਸਤਾਖ਼ਰ ਜ਼ਰੂਰ ਕਰਦਾ ਹੈ। ਇਹ ਜ਼ਰੂਰੀ ਨਹੀਂ ਹੁੰਦਾ ਕਿ ਹਾਜ਼ਰ ਹੋਣ
ਵਾਲਾ ਵਿਅਕਤੀ ਮੀਟਿੰਗ ਦੀ ਕਾਰਵਾਈ ਨਾਲ ਸਹਿਮਤ ਹੋਵੇ। ਮੀਟਿੰਗ ਵਿੱਚ ਹਸਤਾਖ਼ਰ ਕਰਨ ਵਾਲੀ ਗੱਲ
ਕੇਵਲ ਖਾਨਾ-ਪੂਰਤੀ ਹੁੰਦੀ ਹੈ।
11. ਜੇਕਰ ਮੇਰੇ ਘਰ ਪ੍ਰੋਗਰਾਮ ਕਰਨਾ ਹੁੰਦਾ ਤਾਂ ਉਸ ਪ੍ਰੋਗਰਾਮ ਦੀ
ਰੂਪ-ਰੇਖਾ ਤਿਆਰ ਕਰਨ ਲਈ ਮੇਰੇ ਘਰ ਖਰੜ ਮੀਟਿੰਗ ਹੋਣੀ ਚਾਹੀਦੀ ਸੀ। ਮੀਟਿੰਗ ਵਿੱਚ ਲਏ ਗਏ ਫੈਸਲੇ
ਅਤੇ ਪ੍ਰੋਗਰਾਮ ਦੀ ਰੂਪ-ਰੇਖਾ ਲਿਖਤੀ ਰੂਪ ਵਿੱਚ ਛਾਪੀ ਜਾਂਦੀ। ਜਿਵੇਂ ਤੱਤ-ਗੁਰਮਤਿ ਪ੍ਰਵਾਰ,
ਜੰਮੂ ਵਿਖੇ ਆਪਣੀਆਂ ਮੀਟਿੰਗਾਂ ਕਰਨ ਲਈ, ਆਪਣਾ ਸਾਰਾ ਪ੍ਰੋਗਰਾਮ ਛਾਪ ਕੇ, ਪਹਿਲਾਂ ਆਪਣੇ ਮੈਂਬਰਾਂ
ਨੂੰ ਭੇਜਦਾ ਹੈ, ਉਸੇ ਤਰ੍ਹਾਂ ਮੈਂਨੂੰ ਵੀ ਪ੍ਰੋਗਰਾਮ ਸਬੰਧੀ ਕੋਈ ਲਿਖਤੀ ਵੇਰਵਾ ਦਿੱਤਾ ਜਾਂਦਾ
ਤਾਂ ਗੱਲ ਮੰਨਣਯੋਗ ਸੀ। ਤੱਤ-ਗੁਰਮਤਿ ਪ੍ਰਵਾਰ ਆਪਣੇ ਪ੍ਰੋਗਰਾਮ ਸਬੰਧੀ ਆਪ ਹੀ ਦੁਬਿਧਾ ਵਿੱਚ ਪਿਆ
ਹੋਇਆ ਸੀ, ਕਿਸੇ ਨੂੰ ਲਿਖਤੀ ਪ੍ਰੋਗਰਾਮ ਦਾ ਵੇਰਵਾ ਕਿਵੇਂ ਦੇ ਸਕਦਾ ਸੀ।
12. ਮੀਟਿੰਗ ਦੀਆਂ ਤਸੀਵਰਾਂ ਲਾ ਕੇ ਇਹ ਭੁਲੇਖਾ ਪਾਉਣ ਦੀ ਕੋਸ਼ਿਸ਼ ਕੀਤੀ ਗਈ
ਹੈ ਕਿ ਮੀਟਿੰਗ ਵਿੱਚ ਗੁਰਮਤਿ ਜੀਵਨ ਸੇਧਾਂ ਦੀਆਂ ਸਾਰੀਆਂ ਮਦਾਂ ਪੜ੍ਹ ਕੇ ਸੁਣਾਈਆਂ ਗਈਆਂ। ਇਸ
ਬਾਰੇ ਮੈਂ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹਾਂ ਕਿ ਇਹ ਮੀਟਿੰਗ ਮੇਰੇ ਕਰਕੇ ਨਹੀਂ ਸਗੋਂ ਆਪਣੀ
ਕਿਤਾਬ ਦੇ ਖਰੜੇ ਦੀ ਸੁਧਾਈ ਕਰਨ ਲਈ ਰੱਖੀ ਗਈ ਸੀ ਅਤੇ ਨਾ ਹੀ ਮੇਰੇ ਨਾਲ ਅਨੰਦ ਕਾਰਜ ਸਬੰਧੀ ਕੋਈ
ਗੱਲ ਕੀਤੀ ਗਈ।
ਮੈਂ ਇੱਥੇ ਇੱਕ ਦਿਲਚਸਪ ਗੱਲ ਦਾ ਜ਼ਿਕਰ ਕਰਨ ਲੱਗਾ ਹਾਂ। ਤੱਤ-ਗੁਰਮਤਿ
ਪ੍ਰਵਾਰ ਦੇ ਮੈਂਬਰ ਸ. ਗੁਰਿੰਦਰ ਸਿੰਘ ਜੀ ਮੁਹਾਲੀ, ਇੱਕ ਦਿਨ ਮੇਰੇ ਘਰ ਖਰੜ ਮੈਂਨੂੰ ਮਿਲਣ ਆਏ
ਸਨ। ਮੈਂ ਉਨ੍ਹਾਂ ਨੂੰ ਧਰਮ ਪ੍ਰਚਾਰ ਲਈ ਬਣਾਈਆਂ ਤਸਵੀਰਾਂ ਦਿਖਾਈਆਂ। ਜਿਨ੍ਹਾਂ ਵਿੱਚ ਇੱਕ
ਤਸਵੀਰ/ਬੋਰਡ ਵਿੱਚ ਦੋ ਵੱਡੇ ਸ਼ੀਸ਼ੇ, ਚਿਹਰਾ ਦੇਖਣ ਲਈ ਲਗਾਏ ਹੋਏ ਹਨ, ਦੋਨੋਂ ਸ਼ੀਸ਼ਿਆਂ ਉਪਰ ਲਿਖਿਆ
ਹੈ: ਜਾਤ ਦੀ ਆਪਣੀ ਕੋਈ ਪਛਾਣ ਨਹੀਂ, ਸ਼ੀਸ਼ਾ ਦੇਖ ਸਕਦੇ ਹੋ। ਜਾਤਿ ਕਾ ਗਰਬੁ ਨ ਕਰਿ ਮੂਰਖ
ਗਾਵਾਰਾ।। (ਪੰਨਾ-1127)
ਇਸ ਨੂੰ ਦੇਖ ਕੇ ਅਤੇ ਪੜ੍ਹ ਕੇ ਸ. ਗੁਰਿੰਦਰ ਸਿੰਘ ਜੀ ਕਹਿਣ ਲੱਗੇ, ਇਹ
ਤਾਂ ਠੀਕ ਹੈ ਕਿ ਸਿੱਖ ਦੀ ਕੋਈ ਜਾਤ ਨਹੀਂ ਹੈ, ਪਰ ਬੱਚਿਆਂ ਦੇ ਵਿਆਹ ਕਰਨ ਸਮੇਂ ਤਾਂ ਜਾਤ ਪੁੱਛਣੀ
ਹੀ ਪਵੇਗੀ। ਮੈਂ ਕਿਹਾ ਜਦੋਂ ਸਿੱਖ ਦੀ ਕੋਈ ਜਾਤ ਹੀ ਨਹੀਂ ਹੈ ਤਾਂ ਪੁਛੋਗੇ ਕੀ? ਉਨ੍ਹਾਂ ਨੇ ਕਿਹਾ
ਅਸੀਂ ਕਿਸੇ ਨਾਲ ਕੋਈ ਨਫ਼ਰਤ ਨਹੀਂ ਕਰਦੇ ਪਰ ਆਪਣੇ ਬੱਚਿਆਂ ਦੇ ਵਿਆਹ ਆਪਣੀ ਬਰਾਦਰੀ ਤੋਂ ਬਾਹਰ
ਨਹੀਂ ਕਰ ਸਕਦੇ। ਜੇਕਰ ਅਜਿਹਾ ਕੀਤਾ ਤਾਂ ਪਤਾ ਨਹੀਂ ਦੂਜਾ ਕਿਸ ਜਾਤ ਦਾ ਹੋਵੇ। ਇਹ ਕੇਵਲ ਇੱਕ
ਵਿਅਕਤੀ ਦੀ ਗੱਲ ਨਹੀਂ, ਹੋਰ ਸਿੱਖਾਂ ਦਾ ਵੀ ਇਹੋ ਹਾਲ ਹੈ।
ਜ਼ੀਰਕਪੁਰ ਮੀਟਿੰਗ ਵਿੱਚ ਸ. ਮੋਹਨ ਸਿੰਘ ਜੀ ਨੇ ਸਭ ਦੇ ਸਾਹਮਣੇ ਇੱਕ ਗੱਲ
ਕਹੀ ਸੀ ਕਿ ਖੰਡੇ-ਬਾਟੇ ਦੀ ਪਾਹੁਲ ਮੈਂਨੂੰ ਤਾਂ ਬ੍ਰਾਹਮਣੀ ਕਰਮਕਾਂਡ ਹੀ ਲਗਦਾ ਹੈ। ਮੀਟਿੰਗ ਵਿੱਚ
ਬੈਠੇ ਇਨ੍ਹਾਂ ਦੇ ਸਾਰੇ ਮੈਂਬਰ ਇਹ ਗੱਲ ਸੁਣ ਕੇ ਚੁੱਪ ਰਹੇ। ਸ਼ਾਇਦ ਇਨ੍ਹਾਂ ਨੂੰ ਇਹ ਪਤਾ ਨਹੀਂ ਹੈ
ਕਿ ਖੰਡੇ-ਬਾਟੇ ਦੀ ਪਾਹੁਲ ਨੇ ਹੀ ਸਿੱਖਾਂ ਨੂੰ ਹਥਿਆਰਬੰਦ ਖਾਲਸਾ ਫੌਜ ਵਿੱਚ ਬਦਲ ਕੇ ਸੰਸਾਰ ਦੇ
ਇਤਿਹਾਸ ਵਿੱਚ ਕ੍ਰਾਂਤੀਕਾਰੀ ਕਾਰਨਾਮਾ ਕੀਤਾ ਸੀ। ਹਥਿਆਰਬੰਦ ਸਿੱਖਾਂ ਨੇ ਮੁਗ਼ਲ ਹਕੂਮਤ ਦੇ ਜ਼ੁਲਮਾਂ
ਦਾ ਟਾਕਰਾ ਕਰਕੇ ਅਤੇ ਅਣਗਿਣਤ ਕੁਰਬਾਨੀਆਂ ਦੇ ਕੇ, ਭਾਰਤ ਦੀ ਸਦੀਆਂ ਪੁਰਾਣੀ ਗ਼ੁਲਾਮੀ ਦਾ ਅੰਤ
ਕਰਕੇ, ਆਪਣੀ ਸੂਰਬੀਰਤਾ ਦੀ ਮਿਸਾਲ ਪੇਸ਼ ਕੀਤੀ ਸੀ। ਇਸ ਤੋਂ ਬਾਅਦ ਭਾਰਤ ਨੂੰ ਅੰਗਰੇਜ਼ਾਂ ਦੀ
ਗ਼ੁਲਾਮੀ ਤੋਂ ਅਜ਼ਾਦ ਕਰਵਾਇਆ ਸੀ। ਕੋਈ ਵੀ ਹਥਿਆਰ ਨਾ ਤਾਂ ਕਰਮਕਾਂਡ ਹੁੰਦਾ ਅਤੇ ਨਾ ਹੀ ਕੋਈ
ਚਿੰਨ੍ਹ। ਹਰ ਦੇਸ਼ ਆਪਣੀ ਸੁਰੱਖਿਆ ਲਈ ਹਥਿਆਰਾਂ ਦੀ ਵਰਤੋਂ ਕਰਦਾ ਹੈ, ਪਰ ਕੋਈ ਵੀ ਕਰਮਕਾਂਡ ਜਾਂ
ਚਿੰਨ੍ਹ ਸੁਰੱਖਿਆ ਦਾ ਸਾਧਨ ਨਹੀਂ ਬਣ ਸਕਦਾ।
ਜੇਕਰ ਪਾਹੁਲ ਛਕਣਾ ਬ੍ਰਾਹਮਣੀ ਕਰਮਕਾਂਡ ਹੈ ਤਾਂ ਤੱਤ-ਗੁਰਮਤਿ ਪ੍ਰਵਾਰ ਦੇ
ਮੈਂਬਰਾਂ ਨੇ ਗਲਾਂ ਵਿੱਚ ਕ੍ਰਿਪਾਨਾਂ ਕਿਉਂ ਪਾਈਆਂ ਹਨ? ਇਸ ਤੋਂ ਇਲਾਵਾ ਜੇਕਰ ਖੰਡੇ-ਬਾਟੇ ਦੀ
ਪਾਹੁਲ ਕਰਮਕਾਂਡ ਹੀ ਹੈ ਤਾਂ ਤੱਤ-ਗੁਰਮਤਿ ਪ੍ਰਵਾਰ ਨੇ ਆਪਣੀ ਕਿਤਾਬ ਗੁਰਮਤਿ ਜੀਵਨ ਸੇਧਾਂ ਦੇ
ਪੰਨਾ-163-169 ਤਕ ਖੰਡੇ-ਬਾਟੇ ਦੀ ਪਾਹੁਲ ਛਕਣ ਬਾਰੇ ਪ੍ਰੇਰਣਾ ਕਿਉਂ ਦਿੱਤੀ ਹੈ? ਇੱਕ ਪਾਸੇ
ਕਿਸੇ ਗੱਲ ਨੂੰ ਕਰਮਕਾਂਡ ਦੱਸ ਕੇ ਤਿਆਗਣਾ ਅਤੇ ਦੂਜੇ ਪਾਸੇ ਉਸ ਕਰਮਕਾਂਡ ਨੂੰ ਅਪਨਾਈ ਰੱਖਣਾ।
ਅਜਿਹੀ ਵਿਚਾਰਧਾਰਾ ਰੱਖਣ ਵਾਲੇ ਆਪ ਹੀ ਦੁਬਿੱਧਾ ਦਾ ਸ਼ਿਕਾਰ ਹਨ।
13. ਜੇਕਰ ਇਹ ਸਾਰੇ ਮੇਰੇ ਘਰ ਆ ਕੇ ਵਿਸ਼ੇਸ਼ ਤੌਰ ਤੇ ਮੇਰੇ ਪ੍ਰਵਾਰ ਵਿੱਚ
ਬੈਠ ਕੇ ਆਪਣੀ ਨਵੀਂ ਬਣਾਈ ਮਰਿਆਦਾ ਅਨੁਸਾਰ ਅਨੰਦ ਕਾਰਜ ਦੀ ਵਿਧੀ ਅਤੇ ਪ੍ਰੋਗਰਾਮ ਕਰਨ ਲਈ
ਰੂਪ-ਰੇਖਾ ਤਿਆਰ ਕਰਦੇ ਤਾਂ ਗੱਲ ਮੰਨਣਯੋਗ ਸੀ, ਪਰ ਇਹ ਪਹਿਲਾਂ ਅਜਿਹਾ ਕਰਨਾ ਨਹੀਂ ਸਨ ਚਾਹੁੰਦੇ
ਕਿਉਂਕਿ ਪਹਿਲਾਂ ਦੱਸਣ ਨਾਲ ਇਨ੍ਹਾਂ ਦੇ ਇਰਾਦੇ ਦਾ ਸਾਰਿਆਂ ਨੂੰ ਪਤਾ ਲੱਗ ਜਾਣਾ ਸੀ। ਮੇਰੀ
ਵਿਚਾਰਧਾਰਾ ਕੀ ਹੈ? ਤੱਤ-ਗੁਰਮਤਿ ਪ੍ਰਵਾਰ ਨੂੰ ਗੁਰਪੀਤ ਸਿੰਘ ਦੇ ਫ਼ੋਨਾਂ ਰਾਹੀਂ, ਮੇਰੀ ਸਾਰੀ
ਜਾਣਕਾਰੀ ਪ੍ਰਾਪਤ ਹੁੰਦੀ ਸੀ। ਮੈਂ ਗੁਰਪ੍ਰੀਤ ਸਿੰਘ ਨੂੰ ਫੋਨ ਉਤੇ ਇਹ ਵੀ ਕਿਹਾ ਸੀ ਕਿ ਜਿਹੜੀ
ਮਰਿਆਦਾ 70-75 ਸਾਲ ਤੋਂ ਸਿੱਖ ਕੌਮ ਦਾ ਕੁੱਝ ਨਹੀਂ ਸੰਵਾਰ ਸਕੀ, ਤੱਤ-ਗੁਰਮਤਿ ਪ੍ਰਵਾਰ ਦੀ ਨਵੀਂ
ਮਰਿਆਦਾ ਕੌਮ ਦਾ ਕੀ ਸੰਵਾਰ ਸਕਦੀ ਹੈ? ਜਦੋ ਤਕ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵ-ਉੱਚ
ਸਿੱਖਿਆ ਨੂੰ ਨਹੀਂ ਮੰਨਦੇ, ਉਦੋਂ ਤਕ ਕੋਈ ਵੀ ਮਰਿਆਦਾ ਸਿੱਖ ਕੌਮ ਦਾ ਕੁੱਝ ਵੀ ਨਹੀਂ ਸਵਾਰ ਸਕਦੀ।
ਮੇਰੀਆਂ ਇਹ ਗੱਲਾਂ ਤੱਤ-ਗੁਰਮਤਿ ਪ੍ਰਵਾਰ ਤਕ ਪਹੁੰਚਦੀਆਂ ਸਨ।
14. ਇੱਥੇ ਇੱਕ ਗੱਲ ਉਂਚੇਚੇ ਤੌਰ ਤੇ ਨੋਟ ਕਰਨ ਵਾਲੀ ਹੈ ਕਿ ਇੱਕ ਦਿਨ
ਗੁਰਪ੍ਰੀਤ ਸਿੰਘ, ਅਬੋਹਰ ਨੇ ਮੈਂਨੂੰ ਫੋਨ ਉਤੇ ਪੁਛਿਆ ਕਿ ਤੁਹਾਡੇ ਕੋਲ, ਅਨੰਦ ਕਾਰਜ ਵਾਲੇ ਦਿਨ
ਕੋਣ-ਕੌਣ ਪਹੁੰਚ ਰਿਹਾ ਹੈ? ਮੈਂ ਜਿਨ੍ਹਾਂ ਨੂੰ ਬੁਲਾਉਣਾ ਸੀ, ਉਨ੍ਹਾਂ ਸਾਰਿਆਂ ਦੇ ਨਾਂ ਦੱਸ
ਦਿੱਤੇ। ਕੁੱਝ ਦਿਨ ਬਾਅਦ ਗੁਰਪ੍ਰੀਤ ਸਿੰਘ ਦਾ ਫਿਰ ਫੋਨ ਆਇਆ ਕਿ ਫ਼ਲਾਣੇ ਵਿਅਕਤੀ ਨੂੰ ਅਨੰਦ ਕਾਰਜ
ਵਾਲੇ ਦਿਨ ਨਹੀਂ ਬੁਲਾਉਣਾ। ਮੈਂ ਉਸ ਨੂੰ ਪੁਛਿਆ, ਤੁਹਾਨੂੰ ਉਸ ਵਿਅਕਤੀ ਤੋਂ ਕੀ
objection
ਹੈ? ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮੈਂਨੂੰ ਤਾਂ ਕੋਈ
objection
ਨਹੀਂ, ਪਰ ਮੇਰੇ ਕੋਲ ਤੱਤ-ਗੁਰਮਤਿ ਪ੍ਰਵਾਰ ਦਾ ਫ਼ੋਨ ਆਇਆ ਸੀ। ਮੈਂ ਗੁਰਪ੍ਰੀਤ ਸਿੰਘ ਨੂੰ ਸਾਫ-ਸਾਫ
ਦੱਸ ਦਿੱਤਾ ਕਿ ਮੈਂ ਜਿਸ ਵਿਅਕਤੀ ਦੀ ਸੰਗਤ ਵਿੱਚ ਕਈ ਸਾਲ ਗੁਜ਼ਾਰੇ ਅਤੇ ਜਿਸ ਨੇ ਮੈਂਨੂੰ ਹਮੇਸ਼ਾਂ
ਨੇਕ ਸਲਾਹ ਦਿੱਤੀ, ਉਸ ਵਿਅਕਤੀ ਨੂੰ ਕਿਸੇ ਹਾਲਤ ਵਿੱਚ ਨਹੀਂ ਛੱਡ ਸਕਦਾ। ਤੱਤ-ਗੁਰਮਤਿ ਪ੍ਰਵਾਰ
ਜਿਸ ਵਿਅਕਤੀ ਨੂੰ ਮੇਰੇ ਘਰ ਪਹੁੰਚਣ ਤੋਂ ਰੋਕਣਾ ਚਾਹੁੰਦਾ ਸੀ, ਉਸ ਦਾ ਕਾਰਣ ਕੀ ਸੀ?
ਤੱਤ-ਗੁਰਮ੍ਰਿਤ ਪ੍ਰਵਾਰ ਚੰਗੀ ਤਰ੍ਹਾਂ ਜਾਣਦਾ ਹੈ।
15. ਜਦੋਂ ਤੱਤ-ਗੁਰਮਤਿ ਪ੍ਰਵਾਰ ਦੇ ਪ੍ਰੋਗਰਾਮ ਦੀ ਕਿਸੇ ਵੀ ਥਾਂ ਗੱਲ
ਪੱਕੀ ਨਾ ਹੋਈ ਤਾਂ ਮੈਂ ਗੁਰਪ੍ਰੀਤ ਸਿੰਘ ਨੂੰ ਕਿਹਾ ਕਿ ਮੈਂ ਅਨੰਦ ਕਾਰਜ ਦਾ ਪ੍ਰੋਗਰਾਮ ਆਪਣੇ ਘਰ
ਵਿੱਚ ਹੀ ਕਰ ਲੈਣਾ ਹੈ। ਗੁਰਪ੍ਰੀਤ ਸਿੰਘ ਨੇ ਕਿਹਾ ਅਸੀਂ ਅਨੰਦ ਕਾਰਜ ਦਾ ਪ੍ਰੋਗਰਾਮ ਖਰੜ ਹੀ ਕਰ
ਲੈਂਦੇ ਹਾਂ। ਜਿਹੜੀ ਕਿਤਾਬ ਤੱਤ-ਗੁਰਮਤਿ ਪ੍ਰਵਾਰ ਰਲੀਜ਼ ਕਰਨਾ ਚਾਹੁੰਦਾ ਹੈ, ਉਹ ਵੀ ਉਸੇ ਦਿਨ ਕਰ
ਲੈਣਗੇ। ਗੁਰਪ੍ਰੀਤ ਸਿੰਘ ਨੇ ਕਿਹਾ ਸ. ਗੁਰਿੰਦਰ ਸਿੰਘ, ਮੁਹਾਲੀ ਨੂੰ ਪ੍ਰੋਗਰਾਮ ਸਬੰਧੀ ਸਾਰੀ
ਜਾਣਕਾਰੀ ਹੈ, ਇਸ ਲਈ ਉਸ ਨਾਲ ਗੱਲ ਕਰ ਲੈਣਾ। ਇਹ ਠੀਕ ਹੈ ਕਿ ਸ. ਗੁਰਿੰਦਰ ਸਿੰਘ ਜੀ ਮੇਰੇ ਘਰ ਦੋ
ਵਾਰ ਆਏ ਸਨ ਪਰ ਉਨ੍ਹਾਂ ਨੇ ਮੇਰੇ ਘਰ ਆ ਕੇ ਕੀ ਕੀਤਾ ਅਤੇ ਕਿਹੜੇ ਪ੍ਰਬੰਧ ਕੀਤੇ, ਇਸ ਬਾਰੇ ਉਹ ਆਪ
ਹੀ ਚੰਗੀ ਤਰਾਂ ਜਾਣਦੇ ਹਨ ਕਿਉਂਕਿ ਸਾਰਾ ਪ੍ਰਬੰਧ ਮੈਂ ਆਪ ਹੀ ਕੀਤਾ ਸੀ।
16. ਗੁਰਪ੍ਰੀਤ ਸਿੰਘ ਨਾਲ ਮੇਰੀ ਫੋਨ ਉਤੇ ਇਹ ਵੀ ਗੱਲ ਹੋਈ ਸੀ ਕਿ ਅਨੰਦ
ਕਾਰਜ ਵਾਲੇ ਦਿਨ ਮੈਂ ਲੈਕਚਰ ਜ਼ਰੂਰ ਕਰਨਾ ਹੈ। ਮੈਂ ਆਪਣੇ ਲੈਕਚਰ ਦਾ ਵਿਸ਼ਾ: ਗੁਰੂ ਨਾਨਕ ਸਾਹਿਬ
ਦੇ ਪ੍ਰਚਾਰਕ ਢੰਗਾਂ ਨੂੰ ਅਪਨਾਏ ਬਿਨਾਂ ਸਿੱਖੀ ਸਿਧਾਂਤਾਂ ਦਾ ਪ੍ਰਚਾਰ ਨਹੀਂ ਹੋ ਸਕਦਾ, ਬਾਰੇ
ਵੀ ਦੱਸਿਆ ਸੀ। ਇਹ ਵੀ ਕਿਹਾ ਸੀ ਕਿ ਅੱਜ ਦੇ ਪ੍ਰਚਾਰਕ ਦੂਜਿਆਂ ਨੂੰ ਉਪਦੇਸ਼ ਤਾਂ ਬਹੁਤ ਕਰਦੇ ਹਨ,
ਪਰ ਉਨ੍ਹਾਂ ਉਪਦੇਸ਼ਾਂ ਅਨੁਸਾਰ ਆਪਣਾ ਜੀਵਨ ਨਹੀਂ ਬਣਾਉਂਦੇ। ਤੱਤ-ਗੁਰਮਤਿ ਪ੍ਰਵਾਰ ਮੇਰੇ ਇਨ੍ਹਾਂ
ਵਿਚਾਰਾਂ ਤੋਂ ਜਾਣੂ ਹੋਣ ਕਰਕੇ ਨਾ ਤਾਂ ਸਟੇਜ ਉਤੇ ਮੈਂਨੂੰ ਬੁਲਾਇਆ ਅਤੇ ਨਾ ਹੀ ਮੇਰੇ ਹੋਰ
ਜਾਣਕਾਰ ਵਿਅਕਤੀਆਂ ਨੂੰ।
17. ਤੱਤ-ਗੁਰਮਤਿ ਪ੍ਰਵਾਰ ਨੇ ਲਿਖਿਆ ਹੈ ਕਿ ਸਮਾਗਮ ਦਾ ਸਮਾਂ 13
ਅਪ੍ਰੈਲ 2013 ਨਿਸ਼ਚਿਤ ਕੀਤਾ ਪਰ ਬਦਲ ਦਿੱਤਾ ਗਿਆ ਕਿਉਂਕਿ ਲੁਧਿਆਣਾ ਵਿਖੇ 13-14 ਅਪ੍ਰੈਲ ਨੂੰ
ਇੱਕ ਵੀਰ ਨਿਰਮਲ ਸਿੰਘ ਦੀ ਬੇਟੀ ਦਾ ਵਿਆਹ ਸੀ। ਇਸ ਲਈ 14 ਤਰੀਕ ਨੂੰ ਦੁਪਹਿਰ ਤਕ ਪੁੱਜਣਾ ਮੁਸ਼ਕਲ
ਸੀ। ਇਸ ਕਰਕੇ ਪ੍ਰੋਗਰਾਮ 14 ਅਪ੍ਰੈਲ 2013 ਸ਼ਾਮ ਨੂੰ ਰੱਖ ਦਿੱਤਾ ਗਿਆ। ਤੱਤ-ਗੁਰਮਤਿ ਪ੍ਰਵਾਰ
ਦੇ ਜਿਹੜੇ ਮੈਂਬਰ ਲੁਧਿਆਣੇ ਗਏ ਹੋਏ ਸਨ, ਉਥੇ ਅਨੰਦ ਕਾਰਜ ਨਵੇਂ ਢੰਗ ਨਾਲ ਨਹੀਂ ਕੀਤਾ ਸੀ। ਜਿਹੜਾ
ਇਹ ਕਹਿੰਦੇ ਹਨ ਕਿ 14 ਅਪ੍ਰੈਲ 2013 ਅਨੰਦ ਕਾਰਜ ਕਰਨ ਦੀ ਰੂਪ-ਰੇਖਾ ਪਹਿਲਾਂ ਤੋਂ ਤਿਆਰ ਹੋ
ਚੁੱਕੀ ਸੀ ਅਤੇ ਜਿਸ ਬਾਰੇ ਦਵਿੰਦਰ ਸਿੰਘ ਨੂੰ ਦੱਸਿਆ ਜਾ ਚੁੱਕਾ ਸੀ। ਇਸ ਬਾਰੇ ਦਸਣਾ ਚਾਹੁੰਦਾ
ਹਾਂ ਕਿ 14 ਅਪ੍ਰੈਲ 2013 ਨੂੰ ਸ਼ਾਮ ਨੂੰ ਮੇਰੇ ਮਕਾਨ ਦੀ ਛੱਤ ਉਤੇ ਜਿੱਥੇ ਪ੍ਰੋਗਰਾਮ ਕਰਨ ਲਈ
ਪੰਡਾਲ ਲਗਾਇਆ ਗਿਆ ਸੀ, ਉੱਥੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਕੁੱਝ ਸਮਾਂ ਪਹਿਲਾਂ ਹੀ ਸ. ਨਰਿੰਦਰ
ਸਿੰਘ ਜੀ ਨੇ, ਇੱਕ ਕੋਨੇ ਵਿੱਚ ਬੈਠ ਕੇ, ਤੱਤ-ਗੁਰਮਤਿ ਪ੍ਰਵਾਰ ਦੇ ਮੈਂਬਰਾਂ ਨਾਲ ਸਲਾਹ ਕਰਕੇ,
ਕੀਤੇ ਜਾਣ ਵਾਲੇ ਪ੍ਰੋਗਰਾਮ ਦੀ ਰੂਪ-ਰੇਖਾ ਆਪਣੀ ਡਾਇਰੀ ਵਿੱਚ ਨੋਟ ਕੀਤੀ ਸੀ।
ਸਿੱਖ ਮਾਰਗ ਦੇ ਪਾਠਕ ਇਹ ਸਭ ਕੁੱਝ ਪੜ੍ਹ ਕੇ ਆਪ ਹੀ ਸਮਝ ਸਕਦੇ ਹਨ ਕਿ
ਪਹਿਲਾਂ ਆਪਣੇ ਇਸ ਪ੍ਰੋਗਰਾਮ ਸਬੰਧੀ ਤੱਤ-ਗੁਰਮਤਿ ਪ੍ਰਵਾਰ ਇਹ ਲਿਖ ਚੁੱਕਾ ਹੈ ਕਿ
“ਸਮਾਗਮ
ਦੀ ਰੂਪ-ਰੇਖਾ ਅਤੇ ਕੁੱਝ ਹੋਰ ਵਿਚਾਰ ਅਧੀਨ ਮੁੱਦਿਆਂ ਨੂੰ ਫਾਈਨਲ ਕਰਨ ਲਈ ਤੱਤ-ਗੁਰਮਤਿ ਪ੍ਰਵਾਰ
ਦੇ ਮੁਢਲੇ ਮੈਂਬਰਾਂ ਦੀ ਇੱਕ ਮੀਟਿੰਗ 03-ਮਾਰਚ 2013 ਨੂੰ ਸ. ਦਲੀਪ ਸਿੰਘ ਕਸ਼ਮੀਰੀ ਦੇ ਘਰ
ਜ਼ੀਰਕਪੁਰ ਬੁਲਾਈ ਗਈ”
ਪਰ ਦੇਖਣ ਵਾਲੀ ਗੱਲ ਇਹ ਹੈ ਕਿ 14 ਅਪ੍ਰੈਲ
2013 ਤਕ ਵੀ ਪ੍ਰੋਗਰਾਮ ਦੀ ਰੂਪ-ਰੇਖਾ ਤਿਆਰ ਨਹੀਂ ਸੀ ਹੋਈ, ਉਹ ਰੂਪ-ਰੇਖਾ ਮੇਰੇ ਘਰ ਬੈਠ ਕੇ
ਪ੍ਰੋਗਰਾਮ ਸ਼ੁਰੂ ਹੋਣ ਤੋਂ ਕੁੱਝ ਸਮਾਂ ਪਹਿਲਾਂ ਤਿਆਰ ਕੀਤੀ ਗਈ। ਹੁਣ ਦੱਸੋ ਤੱਤ-ਗੁਰਮਤਿ
ਪ੍ਰਵਾਰ ਦੀ ਕਿਹੜੀ ਗੱਲ ਨੂੰ ਸੱਚ ਮੰਨਿਆ ਜਾਵੇ?
18. ਗੁਰਪ੍ਰੀਤ ਸਿੰਘ ਨੇ ਇੱਕ ਦਿਨ ਫੋਨ ਉਤੇ ਮੈਂਨੂੰ ਇਹ ਵੀ ਕਿਹਾ ਸੀ ਕਿ
ਅਨੰਦ ਕਾਰਜ ਵਾਲੇ ਦਿਨ ਮੈਂ ਖੁਦ ਅਰਦਾਸ ਕਰਾਂਗਾ। ਪਰ ਉਸ ਦਿਨ, ਉਸ ਨੇ ਅਰਦਾਸ ਨਹੀਂ ਕੀਤੀ। ਜਦੋਂ
ਵਿਆਹ ਤੋਂ ਕੁੱਝ ਦਿਨਾਂ ਬਾਅਦ, ਮੈਂ ਅਰਦਾਸ ਨਾ ਕਰਨ ਬਾਰੇ ਪੁਛਿਆ ਤਾਂ ਉਸ ਨੇ ਜਵਾਬ ਦਿੱਤਾ ਕਿ
ਜਦੋਂ ਅਸੀਂ ਬਰਾਤ ਲੈ ਕੇ ਖਰੜ ਆ ਰਹੇ ਸੀ ਤਾਂ ਰਸਤੇ ਵਿੱਚ ਅਰਦਾਸ ਕਰਨ ਦੇ ਵਿਚਾਰ ਬਦਲ ਦਿੱਤੇ ਸਨ।
ਅਰਦਾਸ ਨਾ ਕਰਨ ਦੇ ਵਿਚਾਰ ਗੁਰਪ੍ਰੀਤ ਸਿੰਘ ਨੇ ਆਪ ਬਦਲੇ ਜਾਂ ਤੱਤ-ਗੁਰਮਤਿ ਪ੍ਰਵਾਰ ਦੇ ਕਹਿਣ ਤੇ
ਬਦਲੇ।
ਮੈਂਨੂੰ ਇਨ੍ਹਾਂ ਦੇ ਕਿਸੇ ਵੀ ਨਵੇਂ ਢੰਗ ਦੀ ਕੋਈ ਜਾਣਕਾਰੀ ਨਹੀਂ ਸੀ, ਇਸੇ
ਕਰਕੇ ਮੈਂ ਪ੍ਰੋਗਰਾਮ ਵਿੱਚ ਕੜਾਹ ਪ੍ਰਸ਼ਾਦ ਲੈ ਕੇ ਆਇਆ ਅਤੇ ਕ੍ਰਿਪਾਨ ਭੇਟ ਕਰਨ ਲਈ ਕ੍ਰਿਪਾਨ ਵੀ
ਲੈ ਕੇ ਆਇਆ ਸੀ। ਜੇਕਰ ਮੈਂਨੂੰ ਤੱਤ-ਗੁਰਮਤਿ ਪ੍ਰਵਾਰ ਨੇ ਲਿਖਤੀ ਜਾਂ ਜ਼ਬਾਨੀ ਤੌਰ ਤੇ ਆਪਣੀਆਂ
ਹਦਾਇਤਾਂ ਕੀਤੀਆ ਹੁੰਦੀਆਂ ਕਿ ਪ੍ਰੋਗਰਾਮ ਕਰਨ ਸਮੇਂ, ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਨਹੀਂ
ਲਿਆ ਜਾਵੇਗਾ, ਅਨੰਦ ਕਾਰਜ ਸਮੇਂ ਲਾਵਾਂ ਨਹੀਂ ਪੜ੍ਹੀਆਂ ਜਾਣਗੀਆਂ, ਅਰਦਾਸ ਨਹੀਂ ਕੀਤੀ ਜਾਵੇਗੀ
ਅਤੇ ਨਾ ਹੀ ਕੜਾਹ-ਪ੍ਰਸ਼ਾਦ ਵਰਤਾਇਆ ਜਾਵੇਗਾ। ਮੈਂ ਇਹ ਗੱਲ ਦਾਅਵੇ ਨਾਲ ਕਹਿੰਦਾ ਹਾਂ ਕਿ ਜੇਕਰ
ਪਹਿਲਾਂ ਇਹ ਲਿਖਤੀ ਵੇਰਵਾ ਦਿੱਤਾ ਹੁੰਦਾ ਤਾਂ ਮੈਂ ਤੱਤ-ਗੁਰਮਤਿ ਪ੍ਰਵਾਰ ਦਾ ਪ੍ਰੋਗਰਾਮ ਆਪਣੇ ਘਰ
ਬਿਲਕੁਲ ਨਾ ਹੋਣ ਦਿੰਦਾ।
19. ਤੱਤ-ਗੁਰਮਤਿ ਪ੍ਰਵਾਰ ਲਿਖਦਾ ਹੈ ਕਿ ਅਨੰਦ ਕਾਰਜ ਨਵੇਂ ਢੰਗ ਨਾਲ
ਕਰਾਉਣਾ ਇੱਕ ਬਗ਼ਾਵਤ ਸੀ। ਮੈਂ ਕਹਿੰਦਾ ਹਾਂ ਕਿ ਇਸ ਵਿੱਚ ਬਗ਼ਾਵਤ ਵਾਲੀ ਕੋਈ ਗੱਲ ਨਹੀਂ ਹੈ। ਅਸਲ
ਵੱਡੀ ਬਗ਼ਾਵਤ ਤਾਂ ਜਾਤ-ਪਾਤ ਵਿਰੁੱਧ ਡਟਣ ਦੀ ਹੈ ਕਿਉਂਕਿ ਜਾਤ-ਪਾਤ ਦਾ ਪੂਰਨ ਤਿਆਗ ਕਰਨਾ, ਸਿੱਖੀ
ਦਾ ਮੁੱਢਲਾ ਸਿਧਾਂਤ ਹੈ। ਇਸ ਲਈ ਸਿੱਖ ਦੀ ਕੋਈ ਜਾਤ ਨਹੀਂ ਹੈ, ਜਿਸ ਦੀ ਜਾਤ ਹੈ, ਉਹ ਸਿੱਖ ਨਹੀਂ।
20. ਤੱਤ-ਗੁਰਮਤਿ ਪ੍ਰਵਾਰ ਦਾ ਇਹ ਲਿਖਣਾ ਕਿ ਖਰੜ ਵਿਖੇ ਸਾਰਾ ਪ੍ਰੋਗਰਾਮ
ਤੱਤ-ਗੁਰਮਤਿ ਪ੍ਰਵਾਰ ਦਾ ਸੀ, ਅਨੰਦ ਕਾਰਜ, ਕੇਵਲ ਉਸ ਦਾ ਇੱਕ ਹਿੱਸਾ ਸੀ। ਹੈਰਾਨੀ ਦੀ ਗੱਲ ਹੈ ਕਿ
ਜਿਸ ਵਿਅਕਤੀ ਦੇ ਘਰ ਤੱਤ-ਗੁਰਮਤਿ ਪ੍ਰਵਾਰ ਨੇ ਆਪਣਾ ਸਾਰਾ ਪ੍ਰੋਗਰਾਮ ਕੀਤਾ, ਉਸ ਘਰ ਦੇ ਮੈਂਬਰ
ਨੂੰ ਇਸ ਪ੍ਰੋਗਰਾਮ ਸਬੰਧੀ ਦੋ-ਸ਼ਬਦ ਬੋਲਣ ਦਾ ਸਮਾਂ ਵੀ ਨਾ ਦਿੱਤਾ। ਜਿਸ ਨੇ ਸਾਰੇ ਪ੍ਰੋਗਰਾਮ ਦਾ
ਪ੍ਰਬੰਧ ਆਪਣੇ ਸਿਰ ਤੇ ਕੀਤਾ। ਕਿੰਨੀ ਵੱਡੀ ਬੇਇਨਸਾਫੀ ਕੀਤੀ ਗਈ, ਉਹ ਵੀ ਉਸ ਦਿਨ, ਜਿਸ ਦਿਨ
ਤੱਤ-ਗੁਰਮਤਿ ਪ੍ਰਵਾਰ ਨੇ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਗੁਰਮਤਿ ਇਨਕਲਾਬ ਪੁਰਬ ਦੇ ਰੂਪ ਵਿੱਚ
ਮਨਾਇਆ। ਸਾਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਮੀਟਿੰਗਾਂ ਕਰਕੇ, ਬੈਨਰ ਲਾ ਕੇ ਜਾਂ
ਕੇਵਲ ਗੱਲਾਂ ਕਰਨ ਨਾਲ ਕਦੇ ਇਨਕਲਾਬ ਨਹੀਂ ਆਉਂਦੇ।
ਇਕ ਗੱਲ ਹੋਰ ਵੀ ਨੋਟ ਕਰਨ ਵਾਲੀ ਹੈ ਕਿ ਇਹ ਲਿਖਦੇ ਹਨ ਕਿ ਇਹ ਪ੍ਰੋਗਰਾਮ
ਤੱਤ-ਗੁਰਮਤਿ ਪ੍ਰਵਾਰ ਦਾ ਸੀ, ਇਸ ਕਰਕੇ ਨਹੀਂ ਬੁਲਾਇਆ, ਪਰ ਕਿਤਾਬ ਰਲੀਜ਼ ਕਰਨ ਸਮੇਂ ਮੈਂਨੂੰ ਕਿਉਂ
ਬੁਲਾਇਆ, ਕਿਤਾਬ ਵੀ ਇਨ੍ਹਾਂ ਦੀ ਸੀ ਨਾ ਕਿ ਮੇਰੀ। ਇਥੋਂ ਹੀ ਪਤਾ ਚਲ ਜਾਂਦਾ ਹੈ ਕਿ ਤੱਤ-ਗੁਰਮਤਿ
ਪ੍ਰਵਾਰ ਦੀ ਮਾਨਸਿਕ ਦਸ਼ਾ ਕੀ ਹੈ?
ਮੇਰੇ ਜਵਾਬ ਵਿੱਚ ਗੁਰਪ੍ਰੀਤ ਸਿੰਘ ਲੜਕੇ ਦਾ ਨਾਂ ਬਾਰ-ਬਾਰ ਆਇਆ ਹੈ। ਇਸ
ਦਾ ਮਤਲਬ ਹੈ ਕਿ ਤੱਤ-ਗੁਰਮਤਿ ਪ੍ਰਵਾਰ ਦੀ ਹਰ ਗੱਲ ਗੁਰਪ੍ਰੀਤ ਸਿੰਘ ਦੇ ਮੁੱਖੋ ਫੋਨਾਂ ਰਾਹੀਂ
ਅਖਵਾਈ ਗਈ। ਇਨ੍ਹਾਂ ਨੇ ਗੁਰਪ੍ਰੀਤ ਸਿੰਘ ਦੇ ਮੋਢੇ ਉਤੇ ਬੰਦੂਕ ਰੱਖ ਕੇ ਚਲਾਈ ਹੈ, ਪਰ
ਤੱਤ-ਗੁਰਮਤਿ ਪ੍ਰਵਾਰ ਸਿੱਧੇ ਤੌਰ ਤੇ ਮੇਰੇ ਨਾਲ ਗੱਲ ਕਰਨ ਤੋਂ ਗੁਰੇਜ਼ ਕਰਦਾ ਸੀ ਕਿਉਂਕਿ ਮੈਂ
ਇਨ੍ਹਾਂ ਦਾ
ਮੈਂਬਰ
ਨਹੀਂ ਸੀ। ਇਹ ਹੈ ਤੱਤ-ਗੁਰਮਤਿ ਪ੍ਰਵਾਰ ਦਾ ਨਵੀਂ
ਮਰਿਆਦਾ ਨੂੰ ਲਾਗੂ ਕਰਨ ਦਾ ਨਵਾਂ ਢੰਗ ਅਤੇ ਤਸਵੀਰਾਂ ਪਿੱਛੇ ਛੁਪੇ ਸੱਚ ਦੀ ਸਾਰੀ ਅਸਲੀਅਤ।
ਹੁਣ ਇੱਕ ਨਜ਼ਰ ਮੇਰੀ ਜ਼ਮੀਰ ਬਾਰੇ
ਜਿਥੋਂ ਤਕ ਤੱਤ-ਗੁਰਮਤਿ ਪ੍ਰਵਾਰ ਨੇ ਮੇਰੀ ਜ਼ਮੀਰ ਮਰਨ ਜਾਂ ਸਾਹ-ਸੱਤਹੀਣ ਦੀ
ਗੱਲ ਕੀਤੀ ਹੈ। ਇਸ ਬਾਰੇ ਕਹਾਂਗਾ ਕਿ ਤੱਤ-ਗੁਰਮਤਿ ਪ੍ਰਵਾਰ ਵਾਲੇ ਆਪਣੇ ਆਪ ਨੂੰ ਸਾਰੇ ਸਿੱਖਾਂ
ਨਾਲੋਂ ਸਭ ਤੋਂ ਜ਼ਿਆਦਾ ਸਿਆਣੇ, ਜਾਗਦੀ ਜ਼ਮੀਰ ਵਾਲੇ ਅਤੇ ਬਹਾਦਰ-ਸੂਰਮੇ ਮੰਨਦੇ ਹਨ, ਬਹੁਤ ਚੰਗੀ
ਗੱਲ ਹੈ, ਹੋਣਾ ਵੀ ਚਾਹੀਦਾ ਹੈ, ਪਰ ਜਿਹੜਾ ਲੇਖ ਤੱਤ-ਗੁਰਮਤਿ ਪ੍ਰਵਾਰ ਨੇ ਬੀਬੀ ਜਸਵੀਰ ਕੌਰ ਦੇ
ਲੇਖ ਦੇ ਜਵਾਬ ਵਿੱਚ ਪਾਇਆ ਹੈ, ਉਸ ਦੇ ਥੱਲੇ ਆਪਣਾ ਨਾਂ ਲਿਖਣ ਦੀ ਬਜਾਏ, ਕੇਵਲ ਤੱਤ-ਗੁਰਮਤਿ
ਪ੍ਰਵਾਰ ਲਿਖਿਆ ਹੈ, ਪਤਾ ਨਹੀਂ ਕਿਉਂ? । ਪਰਦੇ ਪਿੱਛੇ ਬੈਠ ਕੇ ਜਵਾਬ ਦੇਣਾ ਸਿਆਣੇ, ਜਾਗਦੀ ਜ਼ਮੀਰ
ਵਾਲੇ ਅਤੇ ਸੂਰਮਿਆਂ ਦਾ ਕੰਮ ਨਹੀਂ ਹੁੰਦਾ। ਮੈਂ ਆਪਣੇ ਵਿਚਾਰਾਂ ਥੱਲੇ ਆਪਣਾ ਨਾਂ ਦਿੱਤਾ ਸੀ ਤਾਂ
ਜੋ ਸਾਰੇ ਮੇਰੇ ਵਿਚਾਰ ਪੜ੍ਹ ਲੈਣ ਅਤੇ ਹੁਣ ਵੀ ਆਪਣਾ ਨਾਂ ਲਿਖ ਰਿਹਾ ਹਾਂ। ਕਿੰਨਾ ਚੰਗਾ ਹੁੰਦਾ
ਜੇਕਰ ਜਵਾਬ ਲਿਖਣ ਵਾਲੇ ਨੇ ਤੱਤ-ਗੁਰਮਤਿ ਪ੍ਰਵਾਰ ਦੀ ਥਾਂ ਆਪਣਾ ਨਾਂ ਲਿਖਿਆ ਹੁੰਦਾ ਤਾਂ ਸਾਰੇ ਉਸ
ਤੋਂ ਵੀ ਵਾਕਫ਼ ਹੋ ਜਾਂਦੇ। ਕੁੱਝ ਸੰਕੇ:
1. ਤੱਤ-ਗੁਰਮਤਿ ਪ੍ਰਵਾਰ ਨੇ ਜਿਹੜਾ ਜਵਾਬ ਪਾਇਆ ਹੈ, ਕੀ ਉਹ ਤੱਤ-ਗੁਰਮਤਿ
ਪ੍ਰਵਾਰ ਦੇ ਸਾਰੇ ਮੈਂਬਰਾਂ ਨੇ ਪਾਇਆ?
2. ਤੱਤ-ਗੁਰਮਤਿ ਪ੍ਰਵਾਰ ਦੇ ਜਿਹੜੇ ਜਿਹੜੇ ਮੈਂਬਰਾਂ ਨੇ ਜਵਾਬ ਪਾਇਆ ਹੈ,
ਕੀ ਉਹ ਆਪਣੇ ਨਾਂ ਸਿੱਖਾਂ ਅੱਗੇ ਨਸ਼ਰ ਕਰਨ ਤੋਂ ਡਰਦੇ ਹਨ?
3. ਤੱਤ-ਗੁਰਮਤਿ ਪ੍ਰਵਾਰ ਵਿੱਚ ਕਈ ਐਸੇ ਸੱਜਣ ਵੀ ਹਨ, ਜਿਹੜੇ ਮੈਂਨੂੰ
ਜਾਣਦੇ ਵੀ ਨਹੀ, ਜਿਨ੍ਹਾਂ ਨੇ ਮੇਰੇ ਵਿਰੁੱਧ ਕਦੇ ਇੱਕ ਸ਼ਬਦ ਨਹੀਂ ਲਿਖਿਆ ਅਤੇ ਨਾ ਹੀ ਕਦੇ ਬੋਲਿਆ
ਹੈ, ਉਨ੍ਹਾਂ ਨੂੰ ਵੀ ਇਸ ਜਵਾਬ ਵਿੱਚ ਸ਼ਾਮਲ ਕਰਕੇ ਪਾਪ ਦੇ ਭਾਗੀਦਾਰ ਕਿਉਂ ਬਣਾਇਆ?
4. ਬੀਬੀ ਜਸਵੀਰ ਕੌਰ ਨੇ ਔਰਤ ਹੋਣ ਦੇ ਨਾਤੇ ਫਿਰ ਵੀ ਆਪਣੇ ਲੇਖ ਵਿੱਚ
ਆਪਣਾ ਨਾਂ ਛਾਪਿਆ ਹੈ, ਪਰ ਤੱਤ-ਗੁਰਮਤਿ ਪ੍ਰਵਾਰ, ਜਿਸ ਨੇ ਜਵਾਬ ਲਿਖਿਆ ਹੈ, ਉਹ ਕੌਣ ਹੈ?
5. ਰੋਜ਼ਾਨਾ ਦੀ ਜ਼ਿੰਦਗੀ ਵਿੱਚ ਮਨੁੱਖ ਨੂੰ ਅਨੇਕਾਂ ਬਾਰ ਆਪਣਾ ਨਾਂ ਲਿਖਣਾ
ਅਤੇ ਦੱਸਣਾ ਪੈਂਦਾ ਹੈ, ਕੀ ਉਸ ਸਮੇਂ ਵੀ ਤੱਤ- ਗੁਰਮਤਿ ਪ੍ਰਵਾਰ ਵਾਲੇ ਆਪਣਾ ਨਾਂ ਲਿਖਣ ਅਤੇ ਦੱਸਣ
ਸਮੇਂ ਹਰ ਥਾਂ ਤੱਤ-ਗੁਰਮਤਿ ਪ੍ਰਵਾਰ ਹੀ ਲਿਖਦੇ ਹਨ?
ਮੇਰੀ ਜ਼ਮੀਰ ਨੇ ਮੈਂਨੂੰ ਹਲੁਣਾ ਦਿੱਤਾ:
ਚੁੱਪ ਬੈਠੇਂਗਾ, ਮਰਿਆ ਸਮਝ ਕੇ ਤੈਂਨੂੰ ਛੱਡ ਜਾਣਗੇ।
ਜਾਗਦਾ ਰਹੇਂਗਾ, ਹੋਰ ਵੀ ਤੇਰੇ ਨਾਲ ਜਾਗਦੇ ਰਹਿਣਗੇ।
ਬੇਸ਼ੱਕ, ਤੱਤ-ਗੁਰਮਤਿ ਪ੍ਰਵਾਰ ਨੇ, ਲੇਖ ਦੇ ਜਵਾਬ ਵਿੱਚ ਮੇਰੀਆਂ ਤਸਵੀਰਾਂ
ਲਾ ਕੇ, ਆਪ ਸਚਿਆਰ ਬਣਨ ਅਤੇ ਮੈਂਨੂੰ ਝੂਠਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਜਿਸ ਚਤੁਰਾਈ
ਨਾਲ, ਮੇਰੇ ਘਰ ਪ੍ਰੋਗਰਾਮ ਕੀਤਾ ਗਿਆ, ਉਸ ਨਾਲ ਤੱਤ-ਗੁਰਮਤਿ ਪ੍ਰਵਾਰ ਦਾ ਸੱਚ, ਸਿਆਣਪ ਅਤੇ
ਵਿਦਵਤਾ ਦੀ ਫ਼ੋਕੀ ਚਮਕ ਦਾ ਸਾਰਾ ਮਲੁੰਮਾ ਆਪਣੇ ਆਪ ਹੀ ਲਹਿ ਗਿਆ ਹੈ।
ਦਵਿੰਦਰ ਸਿੰਘ, ਆਰਟਿਸਟ, ਖਰੜ
ਮੋਬਾਇਲ ਨੰ: 97815-09768
(ਸੰਪਾਦਕੀ ਟਿੱਪਣੀ:- ਛੋਟੀਆਂ-ਛੋਟੀਆਂ ਗੱਲਾਂ ਨੂੰ ਲੋੜੋਂ ਵੱਧ ਤੂਲ ਦੇਣੀ ਬਹੁਤੀ ਸਿਆਣਪ ਵਾਲੀ
ਗੱਲ ਨਹੀਂ ਹੈ। ਇਸ ਤਰ੍ਹਾਂ ਕਰਨ ਨਾਲ ਪਰਿਵਾਰਕ ਰਿਸ਼ਤਿਆਂ ਅਤੇ ਦੋਸਤਾਂ ਵਿੱਚ ਦੂਰੀਆਂ ਵਧਣ ਦਾ
ਖਦਸ਼ਾ ਵੱਧ ਜਾਂਦਾ ਹੈ। ਗੁਰਪ੍ਰੀਤ ਸਿੰਘ ਜੀ ਆਪਣੇ ਢੰਗ ਨਾਲ ਫੇਸ-ਬੁੱਕ ਤੇ ਗੁਰਮਤਿ ਦਾ ਪ੍ਰਚਾਰ ਕਰ
ਰਹੇ ਹਨ। ਤੱਤ ਗੁਰਮਤਿ ਵਾਲਿਆਂ ਨਾਲ ਵੀ ਉਨ੍ਹਾਂ ਦੇ ਚੰਗੇ ਸੰਬੰਧ ਹਨ। ਤੱਤ ਗੁਰਮਤਿ ਵਾਲੇ ਕਈ
ਗਲਤੀਆਂ ਕਰਨ ਦੇ ਬਾਵਜ਼ੂਦ ਵੀ ਬਹੁਤਿਆਂ ਨਾਲੋਂ ਚੰਗੇ ਹਨ। ਉਹ ਆਪਣੇ ਵਿਰੋਧੀਆਂ ਨਾਲ ਉਤਨੀ ਨਫ਼ਰਤ
ਨਹੀਂ ਕਰਦੇ ਜਿਤਨੀ ਵਿਰੋਧੀ ਕਰਦੇ ਹਨ। ਇਹ ਗੱਲ ਮੈਂ ਦਵਿੰਦਰ ਸਿੰਘ ਬਾਰੇ ਨਹੀਂ ਕਹਿ ਰਿਹਾ,
ਉਨ੍ਹਾਂ ਬਾਰੇ ਕਹਿ ਰਿਹਾ ਹਾਂ ਜਿਹੜੇ ਉਨ੍ਹਾਂ ਵਿਰੁੱਧ ਕਈ ਚਿਰ ਤੋਂ ਲਿਖ ਰਹੇ ਹਨ। ਪ੍ਰੋ: ਇੰਦਰ
ਸਿੰਘ ਘੱਗਾ ਨੇ ਵੀ ਇੱਕ ਲੇਖ ਲਿਖਿਆ ਸੀ ਉਹ ਵੀ ਦਵਿੰਦਰ ਸਿੰਘ ਦੇ ਦੋਸਤ ਹਨ। ਦਵਿੰਦਰ ਸਿੰਘ ਨੂੰ
ਆਪਣੀ ਲੜਕੀ ਦੇ ਅਨੰਦ ਕਾਰਜ਼ ਸਮੇਂ ਹੀ ਬੋਲਣ ਲਈ ਸਮਾ ਨਾ ਦੇਣਾ ਕੁੱਝ ਜ਼ਿਆਦਤੀ ਹੋਈ ਹੈ। ਇਹ ਲਿਖਤ
ਲਿਖਣ ਨਾਲ ਉਮੀਦ ਹੈ ਕਿ ਉਨ੍ਹਾ ਦਾ ਮਨ ਹੌਲਾ ਹੋ ਗਿਆ ਹੋਵੇਗਾ। ਇਸ ਵਿਸ਼ੇ ਬਾਰੇ ਅਸੀਂ ਹੋਰ ਕੋਈ
ਲਿਖਤ ਨਹੀਂ ਪਉਣੀ। ਤੱਤ ਗੁਰਮਤਿ ਦੀ ਨਵੀਂ ਸਾਈਟ ਹੁਣ ਚਾਲੂ ਹੈ, ਜੇ ਕਰ ਉਹ ਕੋਈ ਜਵਾਬ ਦੇਣਾ
ਚਾਹੁੰਣ ਤਾਂ ਆਪਣੀ ਸਾਈਟ ਤੇ ਪਾ ਕੇ ਇੱਥੇ ਨੋਟ ਦੇ ਸਕਦੇ ਹਨ। ਅੱਵਲ ਤਾਂ ਉਨ੍ਹਾਂ ਨੂੰ ਸਲਾਹ ਹੈ
ਕਿ ਉਹ ਇਸ ਗੱਲ ਨੂੰ ਇੱਥੇ ਹੀ ਬੰਦ ਕਰ ਦੇਣ।)
(20/07/13)
ਰਾਮਲਾਜ ਸਿੰਘ ਬਹਾਦਰਪੁਰ
ਲੋੜ
ਹੈ ਲੜਕੀਆਂ ਤੇ ਤੇਜਾਬੀ ਹਮਲੇ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਸਜਾ ਦੇਣ ਦੀ,
ਪਰ ਮੰਤਰੀ ਸਖਤੀ ਕਰ ਰਹੇ ਨੇ ਤੇਜਾਬ ਰੱਖਣ, ਵੇਚਣ ਅਤੇ ਖਰੀਦਣ ਵਾਲਿਆਂ ਤੇ।
ਸਾਡੇ ਦੇਸ਼ ਦੇ ਕਾਨੂੰਨ ਦੀ ਕਮਜੋਰੀ ਕਾਰਨ ਤੇਜਾਬੀ ਹਮਲੇ ਇੰਨੇ ਵੱਧ ਗਏ ਹਨ ਕਿ ਸਾਡੇ
ਦੇਸ਼ ਦੀਆਂ ਅਦਾਲਤਾਂ ਨੇ ਵੀ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕੇਂਦਰ ਸਰਕਾਰ ਤੋਂ ਜਵਾਬ
ਮੰਗਿਆ ਹੈ। ਜਿਸ ਕਾਰਨ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਤੇਜਾਬੀ ਹਮਲਿਆਂ ਦੀਆਂ
ਵੱਧ ਰਹੀਆਂ ਵਾਰਦਾਤਾਂ ਦੇ ਮੱਦੇਨਜਰ ਤੇਜਾਬ ਅਤੇ ਹੋਰਨਾਂ ਜਹਿਰੀਲੇ ਮਾਦਿਆਂ (ਪਦਾਰਥਾਂ) ਦੀ ਵਿਕਰੀ
ਨੂੰ ਨੇਮਬੰਦ ਕਰਨ ਦੇ ਢੁੱਕਵੇਂ ਕਦਮ ਚੁੱਕੇ ਗਏ ਹਨ। ਬੈਂਚ ਨੇ ਜਹਿਰਾਂ ਦੇ ਰੱਖ ਰਖਾਓ ਅਤੇ ਵਿਕਰੀ
ਨਿਯਮ 2013 ਤੇ ਨਜਰ ਮਾਰੀ ਜੋ ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਰਸਾਇਣ ਅਤੇ ਖਾਦਾਂ ਬਾਰੇ
ਮੰਤਰਾਲੇ ਨਾਲ ਸਲਾਹ ਮਸ਼ਵਰਾ ਕਰਕੇ ਖਰੜਾ ਤਿਆਰ ਕੀਤਾ ਗਿਆ ਹੈ। ਬੈਂਚ ਨੇ ਕਿਹਾ ਹੈ ਕਿ ਨਿਯਮਾਂ ਦਾ
ਖਰੜਾ ਪ੍ਰਵਾਨਗੀ ਲਈ ਰਾਜਾਂ ਨੂੰ ਭਿਜਵਾਉਣ ਅਤੇ ਨੋਟੀਫਿਕੇਸ਼ਨ ਜਾਰੀ ਕਰਨ ਵਿੱਚ ਸਮਾਂ ਲੱਗ ਸਕਦਾ
ਹੈ। ਇਸ ਮਾਮਲੇ ਤੇ ਆਪਸ ਵਿੱਚ (ਕੇਂਦਰ ਅਤੇ ਰਾਜਾਂ) ਵਿਚਾਰ ਕਰਕੇ ਇੱਕ ਦੋ ਦਿਨਾਂ ਵਿੱਚ ਰਿਪੋਰਟ
ਪੇਸ਼ ਕਰਨੀ ਹੈ। ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਪੱਖ ਵਿੱਚ ਕੁੱਝ ਨਿਯਮ ਜੋ ਸਰਕਾਰ ਬਣਾਉਣਾ
ਚਾਹੁੰਦੀ ਹੈ ਉਹ ਇਹ ਹਨ ਕਿ ਤੇਜਾਬ ਰੱਖਣ ਵਾਲਿਆਂ ਕੋਲ ਤੇਜਾਬ ਰੱਖਣ ਦਾ ਲਾਇਸੰਸ ਹੋਣਾ ਜਰੂਰੀ ਹੈ
ਅਤੇ ਖਰੀਦਦਾਰ ਕੋਲ ਤੇਜਾਬ ਖਰੀਦਣ ਸਮੇਂ ਪਹਿਚਾਣ ਪੱਤਰ ਹੋਣਾ ਜਰੂਰੀ ਹੈ। ਭਾਵ ਕਿ ਸਰਕਾਰ ਨੇ
ਤੇਜਾਬ ਰੱਖਣ ਅਤੇ ਵਰਤਣ ਵਾਸਤੇ ਸ਼ਰਤਾਂ ਸਖਤ ਕਰ ਦਿੱਤੀਆਂ ਹਨ। ਸਾਡੀ ਸਰਵ ਉੱਚ ਅਦਾਲਤ ਨੇ ਕੇਂਦਰ
ਸਰਕਾਰ ਨੂੰ ਤੇਜਾਬੀ ਹਮਲਿਆਂ ਦੀਆਂ ਵਧਦੀਆਂ ਵਾਰਦਾਤਾਂ ਨੂੰ ਰੋਕਣ ਲਈ ਕਿਹਾ ਸੀ, ਪਰ ਪਤਾ ਨੀ ਤਾਂ
ਕੇਂਦਰ ਸਰਕਾਰ ਨੇ ਮਾਨਯੋਗ ਸਰਵ ਉੱਚ ਅਦਾਲਤ ਦੇ ਕਹੇ ਨੂੰ ਸੁਣਿਆ ਹੀ ਨਹੀਂ ਜਾਂ ਜਾਣ ਬੁੱਝ ਕੇ ਇਸ
ਮਸਲੇ ਨੂੰ ਮਿੱਟੀ ਘੱਟੇ ਰੋਲਣ ਦੀ ਕੋਸ਼ਿਸ਼ ਕਰ ਰਹੀ ਹੈ। ਪਹਿਲੀ ਗੱਲ ਤਾਂ ਇਹ ਕਿ ਸਮਾਜ ਵਿੱਚ ਜੋ
ਮਾੜੀਆਂ ਘਟਨਾਵਾਂ ਵਾਪਰਦੀਆਂ ਹਨ ਉਨ੍ਹਾਂ ਦਾ ਸਰਕਾਰਾਂ ਨੂੰ ਆਪਣੇ ਤੌਰ ਤੇ ਖੁਦ ਹੀ ਤੁਰੰਤ ਨੋਟਿਸ
ਲੈਣਾ ਚਾਹੀਂਦਾ ਹੈ। ਘਟਨਾਵਾਂ ਦੇ ਵਾਪਰਨ ਦੇ ਕਾਰਨਾਂ, ਉਹਨਾਂ ਨੂੰ ਰੋਕਣ ਲਈ ਅਤੇ ਦੋਸ਼ੀ ਵਿਅਕਤੀਆਂ
ਨੂੰ ਸਖਤ ਸਜ਼ਾਵਾਂ ਦੇਣ ਲਈ ਕਾਨੂੰਨ ਬਣਾਉਣੇ ਚਾਹੀਂਦੇ ਹਨ ਤਾਂ ਕਿ ਸਾਡੀਆਂ ਅਦਾਲਤਾਂ ਦੋਸ਼ੀ
ਵਿਅਕਤੀਆਂ ਨੂੰ ਬਣਦੀ ਸਜਾ ਦੇ ਸਕਣ। ਪਰ ਅਫਸੋਸ ਕਿ ਆਮ ਜਨਤਾ ਨਾਲ ਵਾਪਰ ਰਹੀਆਂ ਦੁਰਘਟਨਾਵਾਂ ਨੂੰ
ਰੋਕਣ ਲਈ ਸਰਕਾਰਾਂ ਇੰਨੀਆਂ ਲਾਪਰਵਾਹ (ਅਵੇਸਲੀਆਂ) ਹਨ ਕਿ ਸਾਡੀ ਸਰਵ ਉੱਚ ਅਦਾਲਤ ਨੂੰ ਪੀੜਤਾਂ ਦੀ
ਰੱਖਿਆ ਲਈ ਕਾਨੂੰਨ ਬਣਾਉਣ ਲਈ ਸਾਡੀਆਂ ਸਰਕਾਰਾਂ ਨੂੰ ਸਖਤ ਸ਼ਬਦਾਂ ਵਿੱਚ ਤਾੜਨਾ ਕਰਨੀ ਪੈਂਦੀ ਹੈ।
ਇਸ ਦੇ ਬਾਵਜੂਦ ਨੀਤੀਆਂ ਘੜਨ ਲਈ ਬਣੀਆਂ ਸਾਡੀਆਂ ਸਰਕਾਰਾਂ ਅਦਾਲਤ ਤੋਂ ਵਾਰ-ਵਾਰ ਫਿਟਕਾਰ ਤਾਂ ਖਾ
ਸਕਦੀਆਂ ਹਨ ਪਰ ਪੀੜਤ ਆਮ ਜਨਤਾ ਦੇ ਭਲੇ ਲਈ ਨੀਤੀਆਂ ਬਣਾਉਣ ਤੋਂ ਪਾਸਾ ਹੀ ਵੱਟਦੀਆਂ ਰਹਿੰਦੀਆਂ
ਹਨ।
ਸਾਡੇ ਦੇਸ਼ ਵਿੱਚ 1952 ਅਤੇ 1961
ਦੇ ਬਣੇ ਕਾਨੂੰਨ ਹੀ ਭਾਰੂ ਹਨ। ਜਿਸ ਤਰ੍ਹਾਂ ਸਾਡੇ ਦੇਸ਼ ਨੇ ਹਰ ਖੇਤਰ ਵਿੱਚ ਤਰੱਕੀ ਦੇ ਨਾਲ-ਨਾਲ
ਕਤਲ, ਡਾਕੇ, ਚੋਰੀਆਂ, ਭ੍ਰਿਸ਼ਟਾਚਾਰ, ਲੁੱਟਾਂ, ਖੋਹਾਂ, ਬਲਾਤਕਾਰਾਂ, ਮਾਦਾ ਭਰੂਣ ਹੱਤਿਆਵਾਂ ਆਦਿ
ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ, ਉਸ ਅਨੁਸਾਰ ਦੋਸ਼ੀਆਂ ਨੂੰ ਸਜਾਵਾਂ ਦੇਣ ਲਈ ਕਾਨੂੰਨ ਬਣਾਉਣ
ਵਿੱਚ ਸਾਡਾ ਦੇਸ਼ ਬਹੁਤ ਪਿੱਛੇ ਹੈ। ਦੋਸ਼ੀਆਂ ਨੂੰ ਸਜ਼ਾਵਾਂ ਦੇਣ ਵਿੱਚ ਨਵੇਂ ਸਖਤ ਕਾਨੂੰਨ ਬਣਾਉਣ ਦੀ
ਥਾਂ ਪੁਰਾਣੇ ਕਾਨੂੰਨਾਂ ਵਿੱਚ ਹੀ ਮਾਮੂਲੀ ਫੇਰ ਬਦਲ ਕਰਕੇ ਡੰਗ ਟਪਾਊ ਕੰਮ ਕੀਤਾ ਜਾਂਦਾ ਹੈ।
ਪੁਰਾਣੇ ਕਾਨੂੰਨ ਮੁਤਾਬਿਕ ਨਵੇਂ ਅਪਰਾਧਾਂ ਲਈ ਕੋਈ ਸਜ਼ਾ ਹੀ ਨਹੀਂ ਹੈ। ਜਿਵੇਂਕਿ ਗੱਲ ਤੇਜਾਬੀ
ਹਮਲਿਆਂ ਦੀ ਹੀ ਕਰ ਲਈਏ, ਇਸ ਵਿੱਚ ਸਾਡੇ ਦੇਸ਼ ਦੀ ਜਨਤਾ ਅਤੇ ਅਦਾਲਤਾਂ ਚਾਹੁੰਦੀਆਂ ਹਨ ਕਿ ਕਿਸੇ
ਲੜਕੀ ਉੱਤੇ ਤੇਜਾਬ ਪਾਕੇ ਉਸਦੀ ਜਿੰਦਗੀ ਨੂੰ ਬਰਬਾਦ ਕਰਨ ਵਾਲੇ ਸਿਰ ਫਿਰੇ ਦੋਸ਼ੀਆਂ ਨੂੰ ਸਖਤ ਸਜਾ
ਮਿਲੇ, ਪਰ ਸਾਡੀ ਸਰਕਾਰ ਤੇਜਾਬ ਦੇ ਰੱਖ ਰਖਾਅ ਅਤੇ ਵਿਕਰੀ ਲਈ ਕਾਨੂੰਨ ਬਣਾ ਰਹੀ ਹੈ ਅਤੇ ਇਸ ਨੂੰ
ਜਹਿਰ ਦੀ ਸ਼੍ਰੇਣੀ ਵਿੱਚ ਸ਼ਾਮਲ ਕਰਨ ਦੀਆਂ ਫਾਲਤੂ ਦੀਆਂ ਨੀਤੀਆਂ ਪੇਸ਼ ਕਰ ਰਹੀ ਹੈ। ਜਿਸ ਨਾਲ
ਲੜਕੀਆਂ ਉੱਪਰ ਤੇਜਾਬ ਪਾਉਣ ਵਾਲੇ ਦੋਸ਼ੀਆਂ ਦੀ ਥਾਂ ਤੇਜਾਬ ਵੇਚਣ ਅਤੇ ਖਰੀਦਣ ਵਾਲੇ ਲੋੜਬੰਦਾਂ ਨੂੰ
ਹੀ ਪ੍ਰੇਸ਼ਾਨੀਆਂ ਖੜੀਆਂ ਹੋਣਗੀਆਂ। ਕਿਉਂਕਿ ਤੇਜਾਬ ਰੱਖਣਾ ਅਤੇ ਵਰਤਣਾ ਆਮ ਜਨਤਾ ਦੀ ਜਰੂਰਤ ਹੈ,
ਹਰ ਘਰ ਵਿੱਚ ਤੇਜਾਬ ਦੀ ਵਰਤੋਂ ਹੁੰਦੀ ਹੈ। ਹਰ ਖੁਸ਼ੀ ਗਮੀ ਦੇ ਸਮਾਗਮ ਵਿੱਚ ਵੀ ਤੇਜਾਬ ਵਰਤਿਆ
ਜਾਂਦਾ ਹੈ। ਦੁੱਧ ਵਾਲੀਆਂ ਡੇਰੀਆਂ ਅਤੇ ਬੈਟਰੀਆਂ ਵਿੱਚ ਵੀ ਤੇਜਾਬ ਦੀ ਵਰਤੋਂ ਹੁੰਦੀ ਹੈ। ਇਸ ਤੋਂ
ਸਪੱਸ਼ਟ ਹੈ ਕਿ ਤੇਜਾਬ ਦੀ ਰੋਜਾਨਾ ਯੋਗ ਵਰਤੋਂ ਕਰਨ ਵਾਲਿਆਂ ਲਈ ਵੱਡ ਸਮੱਸਿਆ ਖੜੀ ਹੋਵੇਗੀ।
ਕਿਉਂਕਿ ਮੰਨ ਲਓ ਜੇਕਰ ਇੱਕ ਹਜਾਰ ਵਿਅਕਤੀ ਦੇ ਪਿੱਛੇ ਤੇਜਾਬ ਦੀ ਦੁਰਵਰਤੋਂ ਕਰਨ ਵਾਲਾ ਇੱਕ
ਅਪਰਾਧੀ ਹੈ ਤਾਂ ਉਸਦੀ ਵਜ੍ਹਾ ਕਾਰਨ 999 ਵਿਅਕਤੀਆਂ ਨੂੰ ਕਿਉਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਲੋੜ
ਤਾਂ ਇਸ ਗੱਲ ਦੀ ਹੈ ਕਿ ਲੜਕੀਆਂ ਉੱਪਰ ਤੇਜਾਬ ਪਾਉਣ ਵਾਲੇ ਦੋਸ਼ੀ ਨੂੰ ਸਖਤ ਸਜ਼ਾ ਦਿੱਤੀ ਜਾਵੇ, ਪਰ
ਇੱਥੇ ਦੋਸ਼ੀ ਤੇ ਕਿਹੜੀ ਧਾਰਾ ਲੱਗੇਗੀ ਜਾਂ ਦੋਸ਼ੀ ਨੂੰ ਕੀ ਸਜ਼ਾ ਮਿਲੇਗੀ, ਦੋਸ਼ੀ ਨੂੰ ਕਿੰਨਾ
ਜੁਰਮਾਨਾ ਹੋਵੇਗਾ ਉਸਦੀ ਤਾਂ ਗੱਲ ਹੀ ਨਹੀਂ ਹੋ ਰਹੀ, ਤੇਜਾਬ ਨੂੰ ਰੱਖਣ ਅਤੇ ਵੇਚਣ ਅਤੇ ਖਰੀਦਣ
ਨੂੰ ਹੀ ਮੁੱਦਾ ਬਣਾਇਆ ਜਾ ਰਿਹਾ ਹੈ। ਜਦਕਿ ਤੇਜਾਬ ਰੱਖਣਾ, ਵੇਚਣਾ ਜਾਂ ਖਰੀਦਣਾ ਕੋਈ ਮੁੱਦਾ ਨਹੀਂ
ਨਾ ਹੀ ਕਿਸੇ ਨੂੰ ਇਸ ਉੱਪਰ ਇਸ ਤਰ੍ਹਾਂ ਦਾ ਕੋਈ ਇਤਰਾਜ ਹੈ। ਮੰਨ ਲਉ ਜੇਕਰ ਦੋਸ਼ੀ ਵਿਅਕਤੀ ਪ੍ਰਮਾਣ
ਪੱਤਰ ਵਿਖਾ ਕੇ ਤੇਜਾਬ ਖਰੀਦ ਲੈਂਦਾ ਹੈ, ਕੀ ਫਿਰ ਉਹ ਤੇਜਾਬ ਕਿਸੇ ਲੜਕੀ ਦੇ ਚਿਹਰੇ ਨੂੰ ਨਹੀਂ
ਸਾੜੇਗਾ? ਜਾਂ ਅਪਰਾਧੀ ਵਿਅਕਤੀ ਕਿਸੇ ਦੇ ਘਰ ਵਿੱਚੋਂ, ਕਿਸੇ ਖੁਸ਼ੀ ਗਮੀ ਦੇ ਸਮਾਗਮ ਵਿੱਚੋਂ ਕਿਸੇ
ਦੁੱਧ ਵਾਲੀ ਡੇਅਰੀ ਜਾਂ ਬੈਟਰੀ ਵਿੱਚੋਂ ਤੇਜਾਬ ਚੋਰੀ ਕਰਕੇ ਜਾਂ ਧੱਕੇ ਨਾਲ ਖੋਹ ਕੇ ਵੀ ਉਸਦੀ
ਦੁਰਵਰਤੋਂ ਕਰ ਸਕਦਾ ਹੈ। ਜੇ ਕਿਸੇ ਲੜਕੀ ਜਾਂ ਲੜਕੇ ਉੱਪਰ ਤੇਜਾਬ ਪਾਉਣ ਵਾਲੇ ਦੋਸ਼ੀ ਲਈ ਕਤਲ ਅਤੇ
ਇਰਾਦਾ ਕਤਲ ਦੀਆਂ ਧਾਰਾਵਾਂ ਲਾਈਆਂ ਜਾਣ ਇਸ ਉੱਪਰ ਕਿਸੇ ਨੂੰ ਕੀ ਇਤਰਾਜ ਹੈ ਕਿਉਂਕਿ ਇਸ ਕਾਨੂੰਨ
ਦੀ ਦੁਰਵਰਤੋਂ ਕਰਨ ਲਈ ਆਪਣੇ ਉੱਪਰ ਕੋਈ ਤੇਜਾਬ ਪਾਉਣ ਦੀ ਗਲਤੀ ਵੀ ਨਹੀਂ ਕਰ ਸਕਦਾ।
ਸਰਕਾਰ ਤੇਜਾਬ ਨੂੰ ਜਹਿਰ ਦੀ
ਸ਼੍ਰੇਣੀ ਵਿੱਚ ਰੱਖਣ ਦੀ ਗੱਲ ਕਰ ਰਹੀ ਹੈ, ਜਹਿਰ ਤੇ ਸਰਕਾਰਾਂ ਦਾ ਕਿੰਨਾ ਕੁ ਕੰਟਰੋਲ ਹੈ ਉਹ ਸਭ
ਨੂੰ ਚੰਗੀ ਤਰ੍ਹਾਂ ਪਤਾ ਹੈ ਕਿਉਂਕਿ ਜ਼ਹਿਰਾਂ ਦੀ ਸਾਡੇ ਦੇਸ਼ ਵਿੱਚ ਇੰਨੀ ਬਹੁਤਾਤ (ਭਰਮਾਰ) ਹੈ, ਹੋ
ਸਕਦੈ ਹਰ ਥਾਂ ਪੀਣ ਲਈ ਪਾਣੀ ਬੇਸ਼ੱਕ ਨਾ ਮਿਲੇ ਪਰ ਜਹਿਰ ਜਰੂਰ ਮਿਲ ਸਕਦਾ ਹੈ। ਇਸ ਲਈ ਜੇਕਰ ਤੇਜਾਬ
ਨਾਲ ਇੱਕ ਦੁਰਘਟਨਾ ਹੁੰਦੀ ਹੈ ਤਾਂ ਜਹਿਰ ਨਾਲ ਸੌ ਦੁਰਘਟਨਾਵਾਂ ਹੁੰਦੀਆਂ ਹਨ ਬਿਹਾਰ ਦੀ ਉਦਹਾਰਣ
ਸਾਡੇ ਸਾਹਮਣੇ ਹੈ ਜਿੱਥੇ ਦਰਜਨਾਂ ਬੱਚੇ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ ਅਤੇ ਬਹੁਤ ਸਾਰੇ
ਬਿਮਾਰ ਪਏ ਹਨ ਉਸ ਜਹਿਰ ਤੇ ਤਾਂ ਕਾਨੂੰਨ ਬਣਿਆ ਹੋਇਆ ਸੀ ਕੀ ਉਸ ਕਾਨੂੰਨ ਦਾ ਕੋਈ ਫਾਇਦਾ ਹੋਇਆ?
ਫਿਰ ਤੇਜਾਬ ਨੂੰ ਜਹਿਰ ਦੀ ਸ਼੍ਰੇਣੀ ਵਿੱਚ ਰੱਖਣ ਨਾਲ ਜਨਤਾ ਨੂੰ ਇਸਦਾ ਕੀ ਲਾਭ ਹੋ ਸਕਦਾ ਹੈ। ਸਾਡੇ
ਦੇਸ਼ ਦੇ ਕਾਨੂੰਨਾਂ ਵਿਚਲੀਆਂ ਕਮਜੋਰੀਆਂ ਕਾਰਨ ਅਪਰਾਧੀ ਲੋਕ ਅਪਰਾਧ ਕਰਨ ਦੇ ਨਵੇਂ ਢੰਗ ਲੱਭ ਲੈਂਦੇ
ਹਨ ਪਰ ਸਾਡੀਆਂ ਅਦਾਲਤਾਂ ਕੋਲ ਉਹੀ ਪੁਰਾਣੇ ਕਾਨੂੰਨ ਹੀ ਹੁੰਦੇ ਹਨ। ਜਿਸ ਕਰਕੇ ਅਪਰਾਧੀ ਲੋਕ
ਅਪਰਾਧ ਕਰਕੇ ਕਾਨੂੰਨ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਸੌਖਿਆਂ ਹੀ ਦੋਸ਼ ਮੁਕਤ ਹੋ ਜਾਂਦੇ ਹਨ।
ਅਪਰਾਧੀ ਜਾਂ ਦੁਸ਼ਮਣੀ ਵਾਲੇ ਲੋਕ ਆਪਣੇ ਦੋਸ਼ਮਣ ਨੂੰ ਖਤਮ ਕਰਨ ਲਈ ਲਾਇਸੰਸੀ ਬੰਦੂਕ ਜਾਂ ਪਸਤੌਲ ਦੀ
ਵਰਤੋਂ ਕਰਨ ਦੀ ਥਾਂ ਜੀਪਾਂ, ਕਾਰਾਂ, ਟਰੱਕਾਂ ਨੂੰ ਵਰਤਕੇ ਐਕਸੀਡੈਂਟ ਦੀਆਂ ਵਾਰਦਾਤਾਂ ਨੂੰ ਅੰਜਾਮ
ਦਿੰਦੇ ਹਨ। ਕਿਉਂਕਿ ਅਸਲੇ ਦੀ ਵਰਤੋਂ ਨਾਲ ਤਾਂ ਜੇਕਰ ਕੋਈ ਹਵਾਈ ਫਾਇਰ ਵੀ ਕਰ ਦੇਵੇ ਤਾਂ ਵੀ ਉਸ
ਉੱਤੇ ਇਰਾਦਾ ਕਤਲ ਦਾ ਪਰਚਾ ਦਰਜ ਹੋ ਸਕਦਾ ਹੈ, ਇਸੇ ਤਰ੍ਹਾਂ ਤੇਜਾਬੀ ਹਮਲਾ ਵੀ ਇਹਨਾਂ ਅਪਰਾਧੀ
ਵਿਅਕਤੀਆਂ ਦੀ ਹੀ ਨਵੀਂ ਕਾਢ ਹੈ, ਜਿਸ ਨਾਲ ਨਾ ਤਾਂ ਪੀੜਤ ਵਿਅਕਤੀ ਦੀ ਮੌਤ ਹੁੰਦੀ ਹੈ ਤੇ ਨਾ ਹੀ
ਉਹ ਜਿਉਣ ਦੇ ਯੋਗ ਰਹਿੰਦਾ ਹੈ। ਬੱਸ ਉਹ ਇੱਕ ਤੁਰਦੀ ਫਿਰਦੀ ਲਾਸ਼ ਬਣ ਕੇ ਰਹਿ ਜਾਂਦਾ ਹੈ। ਜਿਵੇਂ
ਕਿ ਜਦੋਂ ਇੱਕ ਨੌਜਵਾਨ ਲੜਕੀ ਤੇ ਤੇਜਾਬ ਪੈ ਜਾਂਦਾ ਹੈ ਤਾਂ ਉਸਦਾ ਵਿਆਹ ਕਰਵਾਕੇ ਜੀਵਨ ਜਿਉਣਾ ਅਤੇ
ਕਮਾ ਕੇ ਖਾਣਾ ਤਾਂ ਦੂਰ ਰਿਹਾ ਉਹ ਤਾਂ ਸਾਰੀ ਜਿੰਦਗੀ ਕਿਸੇ ਨੂੰ ਮੂੰਹ ਵੀ ਨਹੀਂ ਵਿਖਾ ਸਕਦੀ। ਬੱਸ
ਜੇ ਉਹ ਜਿਉਂਦੀ ਹੈ ਤਾਂ ਸਿਰਫ ਨਰਕ ਭਰੀ ਜਿੰਦਗੀ ਜਿਉਣ ਲਈ ਜਾਂ ਆਪਣੇ ਕਾਤਲ ਦੋਸ਼ੀ ਨੂੰ ਕਤਲ ਕਰਨ
ਦੀ ਸਜ਼ਾ ਤੋਂ ਬਚਾਉਣ ਲਈ ਹੀ ਜਿਉਂਦੀ ਹੈ, ਕਿਉਂਕਿ ਪੀੜਤ ਦੇ ਜਿਉਂਦਾ ਰਹਿਣ ਨਾਲ ਦੋਸ਼ੀ ਕਤਲ ਦੀ ਸਜ਼ਾ
ਤੋਂ ਸਾਫ ਬਚ ਜਾਂਦਾ ਹੈ। ਇਸ ਜੁਰਮ ਨੂੰ ਰੋਕਣ ਲਈ ਸਰਕਾਰ ਨੂੰ ਤੇਜਾਬੀ ਹਮਲਿਆਂ ਦੇ ਦੋਸ਼ੀਆਂ ਉਪਰ
ਕਤਲ, ਇਰਾਦਾ ਕਤਲ (ਜਾਂ ਅਜਿਹੀ ਸਖਤ ਸਜ਼ਾ ਲਈ ਕੋਈ ਹੋਰ ਨਵੀਂ ਧਾਰਾ ਬਣਾਈ ਜਾਵੇ) ਅਤੇ ਮੁਆਵਜੇ ਦਾ
ਯੋਗ ਪ੍ਰਬੰਧ ਕਰਨਾ ਚਾਹੀਦਾ ਹੈ ਜਿਵੇਂਕਿ ਸਰੀਰ ਦੇ ਲੱਕ ਤੋਂ ਹੇਠਾਂ ਤੇਜਾਬ ਪੈਣ ਤੇ ਇਰਾਦਾ ਕਤਲ
ਦੀ ਧਾਰਾ 307 ਅਧੀਨ ਅਤੇ ਲੱਕ ਤੋਂ ਉਪਰਲੇ ਹਿੱਸੇ ਤੇ ਤੇਜਾਬ ਪੈਣ ਨਾਲ ਕਤਲ ਦੀ ਧਾਰਾ 302 ਅਧੀਨ
ਪਰਚਾ ਦਰਜ ਕਰਕੇ ਸਜ਼ਾ ਦੇਣ ਦੇ ਨਾਲ ਨਾਲ ਪੀੜਤ ਵਿਅਕਤੀ ਦੇ ਇਲਾਜ ਦਾ ਖਰਚ ਅਤੇ ਅੰਗਹੀਣਤਾ ਦੇ
ਸਰਟੀਫਿਕੇਟ ਮੁਤਾਬਿਕ ਉਸਦੀ ਸਾਰੀ ਜਿੰਦਗੀ ਦੀ ਕਮਾਈ ਅਤੇ ਉਸਦੇ ਰੱਖ ਰਖਾਅ ਦਾ ਖਰਚਾ ਉਸ ਅਪਰਾਧੀ
ਵਿਅਕਤੀ ਤੋਂ ਵਸੂਲਣ ਦਾ ਕਾਨੂੰਨ ਹੋਵੇ।
ਅਸਲ ਗੱਲ ਤਾਂ ਇਹ ਹੈ ਕਿ ਤੇਜਾਬੀ
ਹਮਲੇ ਸਾਡੀਆਂ ਸਰਕਾਰਾਂ ਮੰਤਰੀਆਂ ਜਾਂ ਮੰਤਰੀਆਂ ਦੀਆਂ ਧੀਆਂ ਉਪਰ ਨਹੀਂ ਹੁੰਦੇ। ਇਸ ਲਈ ਮੰਤਰੀ
ਇੰਨਾ ਹਮਲਿਆਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਕਿਉਂਕਿ ਇਹ ਮਸਲਾ ਆਮ ਲੋਕਾਂ ਦੇ ਦਰਦ ਦਾ ਹੈ ਆਮ
ਲੋਕਾਂ ਦੇ ਦਰਦ ਦੀ ਪੀੜ ਮੰਤਰੀਆਂ ਨੂੰ ਨਹੀਂ ਹੁੰਦੀ। ਜਦੋਂ ਕਿਸੇ ਮੰਤਰੀ ਉੱਤੇ ਹਮਲਾ ਹੁੰਦਾ ਹੈ
ਤਾਂ ਮੰਤਰੀ ਦੇ ਬੇਸ਼ੱਕ ਝਰੀਟ ਵੀ ਨਾ ਆਵੇ, ਮੰਤਰੀ ਉੱਤੇ ਹਮਲਾ ਕਰਨ ਵਾਲੇ ਸਾਰੇ ਹਮਲਾਵਰ ਵੀ ਮੌਕੇ
ਤੇ ਹੀ ਮਾਰੇ ਜਾਣ ਫਿਰ ਵੀ ਮੰਤਰੀਆਂ ਨੂੰ ਇੰਨੀ ਪੀੜ ਹੁੰਦੀ ਹੈ ਕਿ ਉਹ ਹਮਲਾਵਰਾਂ ਦੀ ਮੌਤ ਹੋਣ ਤੇ
ਵੀ ਸੰਤੁਸ਼ਟ ਨਹੀਂ ਹੁੰਦੇ, ਉਸ ਹਮਲੇ ਦੀ ਜਾਂਚ ਦੇ ਨਾਮ ਹੇਠ ਸਾਜਸ਼ ਦੇ ਨਾਮ ਤੇ ਹੋਰ ਵਿਅਕਤੀਆਂ ਨੂੰ
ਫੜ ਕੇ 120ਬੀ ਅਧੀਨ ਪਰਚਾ ਦਰਜ ਕਰਕੇ ਫਾਂਸੀ ਤੱਕ ਦੀ ਸਜਾ ਦੇ ਦਿੱਤੀ ਜਾਂਦੀ ਹੈ ਕਿਉਂਕਿ ਹਮਲਾ
ਮੰਤਰੀ ਜਾਂ ਮੰਤਰੀਆਂ ਤੇ ਹੋਇਆ ਹੁੰਦਾ ਹੈ। ਇਸ ਲਈ ਕਾਨੂੰਨ ਵੀ ਮੰਤਰੀਆਂ ਨੇ ਹੀ ਬਣਾਉਣਾ ਹੁੰਦਾ
ਹੈ। ਜਦੋਂ ਮਸਲਾ ਆਮ ਜਨਤਾ ਦੀ ਸੁਰੱਖਿਆ ਦਾ ਹੋਵੇ ਫਿਰ ਮੰਤਰੀ ਜੀ ਹੋਰ ਹੀ ਈੜੀਆਂ ਪੀੜੀਆਂ ਪੜਨ
ਲੱਗ ਜਾਂਦੇ ਹਨ ਜਿਵੇਂ ਕਿ ਹੁਣ ਤੇਜਾਬੀ ਹਮਲਿਆਂ ਦੇ ਸਬੰਧ ਵਿੱਚ ਪੜ੍ਹ ਰਹੇ ਹਨ। ਲੋੜ ਹੈ ਤੇਜਾਬੀ
ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਪਰ ਮੰਤਰੀ ਜੀ ਸਖਤੀ ਕਰ ਰਹੇ ਹਨ ਤੇਜਾਬ ਰੱਖਣ,
ਵੇਚਣ ਅਤੇ ਖਰੀਦਣ ਵਾਲਿਆਂ ਤੇ। ਵਾਹ ਮੇਰੇ ਦੇਸ਼ ਦੇ ਮੰਤਰੀਓ ਵਾਹ! ! ! ਤੁਹਾਡੇ ਆਪਣੇ ਦੇਸ਼ ਵਾਸੀਆਂ
(ਨਾਗਰਿਕਾਂ) ਪ੍ਰਤੀ ਅਜਿਹੀ ਘਟੀਆ ਸੋਚ (ਆਪਣੇ ਲਈ ਹੋਰ ਆਪਣੇ ਨਾਗਰਿਕਾਂ ਲਈ ਹੋਰ) ਕਾਰਨ ਹੀ ਅੱਜ
ਅਜ਼ਾਦ ਭਾਰਤ ਦੇ ਲੋਕ ਅੰਗਰੇਜ ਸਰਕਾਰ ਦੀ ਗੁਲਾਮੀ ਨੂੰ ਤੁਹਾਡੀ ਅਖੌਤੀ ਅਜ਼ਾਦੀ ਨਾਲੋਂ ਚੰਗਾ ਸਮਝਦੇ
ਹਨ।
ਸ੍ਰ: ਰਾਮਲਾਜ ਸਿੰਘ ਬਹਾਦਰਪੁਰ
ਸਾਬਕਾ ਸਰਪੰਚ
ਪਿੰਡ ਤੇ ਡਾਕ: ਬਹਾਦਰਪੁਰ
ਤਹਿ: ਬੁਢਲਾਡਾ (ਮਾਨਸਾ)
ਮੋ: 98767-43243
(19/07/13)
ਰਾਜਿੰਦਰ ਸਿੰਘ ਸ਼੍ਰੋਮਣੀ ਖਾਲਸਾ ਪੰਚਾਇਤ
ੴਸਤਿਗੁਰਪ੍ਰਸਾਦਿ॥
ਸਤਿਕਾਰਤ ਵੀਰ ਪ੍ਰਿ. ਗੁਰਬਚਨ ਸਿੰਘ ਪੰਨਵਾਂ ਜੀ ਥਾਈਲੈਂਡ ਵਾਲਿਆਂ ਦਾ ਇੱਕ ਗਿਆਨ ਭਰਪੂਰ ਲੇਖ,
“ਜੰਜੀਰ ਦਾ ਟੁਟਣਾ” ਇਸ ਹਫਤੇ ਦੇ ਲੇਖਾਂ ਵਿੱਚ ਛਪਿਆ ਹੈ,
ਜਿਸ ਵਿੱਚ ਉਨ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1162 ਤੇ ਅੰਕਤ ਭਗਤ ਕਬੀਰ ਜੀ ਦੇ ਹੇਠਲੇ ਸ਼ਬਦ
ਬਾਰੇ ਕਈ ਭਰਮ ਭੁਲੇਖਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ:
“ਗੰਗ ਗੁਸਾਇਨਿ ਗਹਿਰ ਗੰਭੀਰ॥ ਜੰਜੀਰ ਬਾਂਧਿ ਕਰਿ ਖਰੇ ਕਬੀਰ॥ 1॥ ਮਨੁ
ਨ ਡਿਗੈ, ਤਨੁ ਕਾਹੇ ਕਉ ਡਰਾਇ॥ ਚਰਨ ਕਮਲ ਚਿਤੁ ਰਹਿਓ ਸਮਾਇ॥ ਰਹਾਉ॥ ਗੰਗਾ ਕੀ ਲਹਰਿ ਮੇਰੀ ਟੁਟੀ
ਜੰਜੀਰ॥ ਮ੍ਰਿਗਛਾਲਾ ਪਰ ਬੈਠੇ ਕਬੀਰ॥ 2॥ ਕਹਿ ਕੰਬੀਰ ਕੋਊ ਸੰਗ ਨ ਸਾਥ॥ ਜਲ ਥਲ ਰਾਖਨ ਹੈ ਰਘੁਨਾਥ॥
3॥ 10॥ 18॥”
ਸਭ ਤੋਂ ਪਹਿਲਾਂ ਤਾਂ ਮੈਂ ਇਹ ਸਪੱਸ਼ਟ ਕਰ ਦਿਆਂ ਕਿ ਮੇਰਾ ਮਕਸਦ ਕੋਈ ਪ੍ਰਿੰਸੀਪਲ ਸਾਹਿਬ
ਦੇ ਵਿਚਾਰਾਂ ਦੀ ਅਲੋਚਨਾ ਕਰਨਾ ਨਹੀਂ, ਅਤੇ ਮੈਂ ਉਨ੍ਹਾਂ ਦੇ ਇਸ ਵਿਚਾਰ ਨਾਲ ਪੂਰੀ ਤਰ੍ਹਾਂ
ਸਹਿਮਤ ਹਾਂ ਕਿ ਗੁਰਬਾਣੀ ਕਿਸੇ ਕਿਸਮ ਦੀਆਂ ਕਰਾਮਾਤਾਂ ਨੂੰ ਮਾਨਤਾ ਨਹੀਂ ਦੇਂਦੀ ਅਤੇ ਜਿਥੇ ਵੀ
ਕਿਤੇ ਸਾਨੂੰ ਐਸਾ ਮਹਿਸੂਸ ਹੁੰਦਾ ਹੈ, ਇਹ ਸ਼ਬਦ ਨੂੰ ਗਹਿਰਾਈ ਵਿੱਚ ਜਾ ਕੇ ਸਮਝਣ ਦੀ ਘਾਟ ਕਾਰਨ ਹੀ
ਹੈ।
ਮੇਰਾ ਇਹ ਪੱਤਰ ਇੱਕ ਜਿਗਿਆਸੂ ਦੇ ਤੌਰ ਤੇ ਸ਼ਬਦ ਦੀ ਵਿਚਾਰ ਨੂੰ ਚੰਗੀ ਤਰ੍ਹਾਂ ਸਮਝਣ ਦੀ ਤਾਂਘ
ਵਿੱਚ ਹੈ। ਪ੍ਰਿੰਸੀਪਲ ਸਾਹਿਬ ਨੇ, ‘ਗੰਗ ਗੁਸਾਇਨਿ ਗਹਿਰ ਗੰਭੀਰ॥
ਜੰਜੀਰ ਬਾਂਧਿ ਕਰਿ ਖਰੇ ਕਬੀਰ॥’ ਪੰਕਤੀ ਦੀ ਵਿਚਾਰ ਕਰਦਿਆਂ ਜੰਜੀਰ ਦੇ ਭਾਵ ਅਰਥ ਇਹ ਕੀਤੇ
ਹਨ: ਜਿਸ ਤਰ੍ਹਾਂ ਜੰਜੀਰ ਦੀਆਂ ਕੜੀਆਂ ਆਪਸ ਵਿੱਚ ਜੁੜੀਆਂ ਹੁੰਦੀਆਂ ਹਨ ਓਸੇ ਤਰ੍ਹਾਂ ਮੇਰੀ ਸੁਰਤ
ਦੀਆਂ ਕੜੀਆਂ ਪਰਮਾਤਮਾ ਨਾਲ ਜੁੜ ਗਈਆਂ ਹਨ ਤੇ ਮੇਰੇ ਜੀਵਨ ਵਿੱਚ ਸਹਿਜ ਅਵਸਥਾ ਆ ਗਈ ਹੈ।
ਇਥੇ ਜੰਜੀਰ ਸ਼ਬਦ ਦੀ ਵਿਆਖਿਆ ਲਈ ਗੁਰਬਾਣੀ ਦਾ ਬੜਾ ਢੁਕਵਾਂ ਪ੍ਰਮਾਣ,
ਕਬੀਰ ਕੂਕਰੁ ਰਾਮ ਕੋ, ਮੁਤੀਆ ਮੇਰੋ ਨਾਉ।। ਗਲੇ ਹਮਾਰੇ ਜੇਵਰੀ, ਜਹ ਖਿੰਚੈ ਤਹ ਜਾਉ।। ੭੪।।
ਵੀ ਦਿੱਤਾ ਗਿਆ ਹੈ।
ਦੂਸਰੇ ਬੰਦ, ‘ਗੰਗਾ ਕੀ ਲਹਰਿ ਮੇਰੀ ਟੁਟੀ ਜੰਜੀਰ॥ ਮ੍ਰਿਗਛਾਲਾ ਪਰ
ਬੈਠੇ ਕਬੀਰ॥ 2॥’ ਵਿੱਚ ‘ਜੰਜੀਰ’ ਵਿਕਾਰੀ ਤੇ ਕਰਮਕਾਂਡੀ ਸੋਚ ਨੂੰ ਬਣਾ ਦਿੱਤਾ ਹੈ। ਆਪ
ਜੀ ਨੇ ਦੂਸਰੇ ਬੰਦ ਦੇ ਪਹਿਲੇ ਭਾਗ ਦਾ ਭਾਵ ਅਰਥ ਕਰਦਿਆਂ ਲਿਖਿਆ ਹੈ:
“ਗਿਆਨ ਦੀ ਹਨੇਰੀ ਭਾਵ ਗੰਗਾ ਕੀ ਲਹਿਰ ਨਾਲ ਵਿਕਾਰੀ ਤੇ ਕਰਮਕਾਂਡੀ ਸੋਚ ਤੋਂ ਛੁਟਕਾਰਾ ਹੋ ਗਿਆ”।
ਮੈਂ ਇਸ ਗੱਲ ਤੋਂ ਪੂਰੀ ਤਰ੍ਹਾਂ ਸੁਚੇਤ ਹਾਂ ਕਿ ਗੁਰਬਾਣੀ ਵਿੱਚ ਔਗੁਣਾ ਨੂੰ ਜੰਜੀਰ ਆਖਿਆ ਗਿਆ
ਹੈ। ਸਤਿਗੁਰੂ ਦਾ ਫੁਰਮਾਨ ਹੈ:
“ਨਾਨਕ ਅਉਗੁਣ ਜੇਤੜੇ ਤੇਤੇ ਗਲੀ ਜੰਜੀਰ॥ ਜੇ ਗੁਣ ਹੋਨਿ ਤ ਕਟੀਅਨਿ ਸੇ
ਭਾਈ ਸੇ ਵੀਰ॥” (ਸੋਰਠਿ ਮਹਲਾ 1, ਪੰਨਾ 595), ਸੋ ਜੰਜੀਰ ਦਾ
ਅਰਥ ਵਿਕਾਰੀ ਅਤੇ ਕਰਮਕਾਂਡੀ ਸੋਚ ਕਰਨਾ ਕਿਸੇ ਤਰ੍ਹਾਂ ਗਲਤ ਨਹੀਂ।
ਇਹ ਗੱਲ ਸਮਝ ਨਹੀਂ ਲੱਗੀ ਕਿ ਇਕੋ ਸ਼ਬਦ ਵਿੱਚ,
ਇਕੋ ਸੰਦਰਭ ਵਿੱਚ ਆਏ ਦੋ ਲਫਜ਼ਾਂ ਦੇ ਭਾਵ ਅਰਥ ਅਲੱਗ ਅਲੱਗ ਕਿਵੇਂ ਹੋ ਗਏ?
ਧੰਨਵਾਦ ਸਹਿਤ
ਰਾਜਿੰਦਰ ਸਿੰਘ
(19/07/13)
ਡਾ: ਜੋਗਾ ਸਿੰਘ
ਸਤਿਕਾਰਯੋਗ ਸੰਪਾਦਕ ਜੀਓ,
ਫਤਿਹ ਪ੍ਰਵਾਨ ਕਰਨਾ।
ਦਾਸ ਦੇ ਲੇਖ ਛਾਪਣ ਲਈ ਆਪ ਜੀ ਦਾ ਹਾਰਦਿਕ ਧੰਨਵਾਦ। ਮੈਨੂੰ ਆਪਣੇ ਲੇਖਾਂ ਬਾਰੇ ਸਿੱਖ ਮਾਰਗ ਦੇ
ਇੱਕ ਪਾਠਕ ਤੋਂ ਹੀ ਪਤਾ ਲੱਗਾ ਹੈ।
ਪਿਆਰੇ ਪੰਜਾਬੀਓ! ਪੰਜਾਬੀ ਮਾਂ ਬੋਲੀ ਲਈ ਕਮਰ ਕੱਸੇ ਕਰਕੇ ਮੈਦਾਨ ਵਿੱਚ ਆਉਣ ਦੀ ਲੋੜ ਹੈ। ਦਲੀਲ
ਲਈ ਦਾਸ ਨੇ ਜੋ ਸਿਆਣਿਆਂ ਦੀਆਂ ਖੋਜਾਂ ਇਕੱਠੀਆਂ ਕੀਤੀਆਂ ਹਨ ਇਹ ਕਿਸੇ ਵੀ ਅੰਗਰੇਜ਼ੀ-ਨਛੇੜੀ ਨੂੰ
ਚੁੱਪ ਕਰਾਉਣ ਲਈ ਮਹੱਤਵਪੂਰਨ ਹਿੱਸਾ ਪਾ ਸੱਕਦੀਆਂ ਹਨ।
ਇਹ ਦਸਤਾਵੇਜ ਪੰਜਾਬੀ ਵਿੱਚ ਕਿਤਾਬਚੇ ਦੇ ਰੂਪ ਵਿੱਚ ਛਪ ਕੇ 10 ਕੁ ਦਿਨਾਂ ਵਿੱਚ ਆ ਜਾਵੇਗਾ।
ਇੱਕ ਵਾਰ ਫਿਰ ਧੰਨਵਾਦ।
ਮਾਂ ਬੋਲੀ ਦਾ ਸੇਵਾਦਾਰ,
ਜੋਗਾ ਸਿੰਘ
(19/07/13)
ਅਵਤਾਰ ਸਿੰਘ ਮਿਸ਼ਨਰੀ
ਫੇਸ
ਬੁੱਕ ਤੇ ਬਾਣਾਧਾਰੀ ਸਿੰਘਾਂ ਦੀ ਦਿਲ ਟੁੰਬਵੀਂ ਸਪੀਚ ਸੁਣ ਕੇ ਪੰਥ ਦਰਦੀ ਤੌਰ ਤੇ ਲਿਖੇ ਕੁਝ
ਸਾਂਝੇ ਵਿਚਾਰ
ਅਵਤਾਰ ਸਿੰਘ ਮਿਸ਼ਨਰੀ (510-432-5827)
ਨੌਜਵਾਨ ਭੁਝੰਗੀ ਸਿੰਘ ਭਾਈ ਰਣਜੀਤ ਸਿੰਘ ਜੀ ਟਕਸਾਲੀ ਆਪ ਜੀ ਦੀ ਤਕਰੀਰ ਦਾ ਧੰਨਵਾਦ
ਹੈ! ਭਾਈ ਸਾਹਿਬ ਜੀ ਅਸਲੀ ਮਿਸ਼ਨਰੀ ਕਦੇ ਵੀ ਬਾਣੇ ਦਾ ਵਿਰੋਧ ਨਹੀਂ ਕਰਦੇ ਸਗੋਂ ਕਦਰ ਕਰਦੇ ਹਨ। ਜੇ
ਬਾਣਾਧਾਰੀ ਵੀਰ “ਇੱਕ ਗ੍ਰੰਥ, ਇੱਕ ਪੰਥ, ਇੱਕ ਨਿਸ਼ਾਨ, ਇੱਕ ਵਿਧਾਂਨ ਅਤੇ ਇੱਕ ਨਾਨਕਸ਼ਾਹੀ ਕੈਲੰਡਰ”
ਦੇ ਵਿਸ਼ਵਾਸ਼ੀ ਅਤੇ ਪ੍ਰਚਾਰਕ ਹਨ ਤਾਂ ਕੋਈ ਵਿਰੋਧ ਨਹੀਂ। ਅਸਲੀ ਮਿਸ਼ਨਰੀ ਓਦੋਂ ਵਿਰੋਧ ਕਰਦੇ ਜਾਂ
ਸਮਝਾਉਣ ਲਈ ਪ੍ਰਚਾਰ ਕਰਦੇ ਹਨ ਜਦੋਂ ਕੋਈ ਸਿੱਖ ਬਾਣਾ ਪਾ ਕੇ ਬ੍ਰਾਹਮਣੀ ਕਰਮਕਾਂਡ ਕਰਦਾ ਅਤੇ
ਅੰਧਵਿਸ਼ਵਾਸ਼ੀ ਹੋ ਡੇਰੇਦਾਰ ਭੇਖੀ ਸਾਧਾਂ ਦੇ ਡੇਰਿਆਂ ਤੇ ਵੀ ਸ਼ਰਧਾ ਨਾਲ ਜਾਂਦਾ ਹੈ ਜੋ ਅਕਾਲ ਤਖਤ
ਤੋਂ ਪੰਥ ਪ੍ਰਮਾਣਿਤ ਮਰਯਾਦਾ ਦਾ ਪਾਲਣ ਨਹੀਂ ਕਰਦੇ। ਅੱਜ ਸਿੱਖ ਕੌਮ ਦੀ ਵੱਡੀ ਤਰਾਸਦੀ ਹੈ ਕਿ ਉਸ
ਨੂੰ “ਇੱਕ ਧੁਰੇ ਅਕਾਲ ਪੁਰਖ, ਇੱਕ ਗੁਰੂ ਗ੍ਰੰਥ, ਇੱਕ ਪੰਥ, ਇੱਕ ਨਿਸ਼ਾਨ, ਇੱਕ ਵਿਧਾਨ ਅਤੇ ਇੱਕ
ਕੌਮੀ ਕੈਲੰਡਰ” ਨਾਲੋਂ ਤੋੜ ਕੇ “ਵੱਖ ਵੱਖ ਗ੍ਰੰਥਾਂ, ਵੱਖ ਵੱਖ ਪੰਥਾਂ, ਵੱਖ ਵੱਖ ਨਿਸ਼ਾਨਾਂ, ਵੱਖ
ਵੱਖ ਵਿਧਾਨਾਂ ਅਤੇ ਵੱਖ ਵੱਖ ਕੈਲੰਡਰਾਂ” ਦੇ ਰਾਹੇ ਤੋਰ ਕੇ ਉਲਝਾ ਦਿੱਤਾ ਹੈ। ਇਸ ਲਈ ਅਸੀਂ ਸਭ
ਆਪਸ ਵਿੱਚ ਹੀ ਲੜੀ ਮਰੀ ਜਾ ਰਹੇ ਹਾਂ। ਅੱਜ ਸਾਡੀ ਸਿੱਖਾਂ ਦੀ ਇੱਕ ਪਛਾਣ ਨਹੀਂ ਰਹਿਣ ਦਿੱਤੀ।
ਦੇਖੋ! ਕੋਈ ਗੋਲ ਪੱਗ, ਕੋਈ ਨੁਕਰਵਾਲੀ ਪੋਚਵੀਂ ਪੱਗ, ਕੋਈ ਚਪਟੀ, ਕੋਈ ਢੇਡੀ, ਕੋਈ ਨਾਮਧਾਰੀ
ਸਟਾਈਲ, ਕੋਈ ਡੇਰਾ ਸਟਾਈਲ, ਕੋਈ ਪਟਕਾ, ਕੋਈ ਚਿਤਰ-ਮਿਤਰੀ ਦਸਤਾਰ ਸਜਾ ਜਾਂ ਪੱਗ ਬੰਨ੍ਹ ਰਿਹਾ ਹੈ।
ਕਿਸੇ ਦਾ ਰੰਗ ਨੀਲਾ, ਕਿਸੇ ਦਾ ਪੀਲਾ, ਕਿਸੇ ਦਾ ਕਾਲਾ, ਕਿਸੇ ਦਾ ਚਿੱਟਾ, ਕਿਸੇ ਦਾ ਕੇਸਰੀ ਅਤੇ
ਕਿਸੇ ਦਾ ਬਸੰਤੀ ਆਦਿਕ ਵੱਖ-ਵੱਖ ਰੰਗ ਬਰੰਗੇ ਕਲਰ ਹਨ। ਗੈਰ ਸਿੱਖ ਕਿਵੇਂ ਅੰਦਾਜਾ ਲਾਉਣ ਜਾਂ ਜੱਜ
ਕਰਨ ਕਿ ਇਹ ਗੁਰਸਿੱਖ ਹੈ। ਕੋਈ ਖੁਲ੍ਹੀ ਦਾੜੀ, ਕੋਈ ਬੰਨ੍ਹੀ ਦਾੜੀ, ਕਿਸੇ ਦੇ ਸਿਰ ਲੰਬੇ ਕੇਸ,
ਕੋਈ ਸਫਾ ਚੱਟ ਮੋਨਾਂ ਪਰ ਸਭਨਾਂ ਦੇ ਨਾਵਾਂ ਪਿੱਛੇ ਸਿੰਘ ਲਫਜ਼ ਪਰ ਸਿੰਘ ਦੀ ਸ਼ਕਲ ਅਤੇ ਅਕਲ ਵੱਖੋ
ਵੱਖਰੀ ਕਿਉਂ?। ਕੌਮ ਕਿਵੇਂ ਖਖੜੀਆਂ ਕਰੇਲੇ ਹੋਈ ਪਈ ਹੈ। ਹਰ ਰੋਜ ਅਨੇਕਾਂ ਵਾਰ ਸਾਰੇ ਹੀ ਅਰਦਾਸ
ਕਰਦੇ ਹਾਂ ਕਿ “ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ” ਫਿਰ ਵੀ ਅਸੀਂ ਬਹੁਤੇ ਹੋਰ
ਗ੍ਰੰਥਾਂ ਨੂੰ ਵੀ ਗੁਰੂ ਦੇ ਬਰਾਬਰ ਪ੍ਰਕਾਸ਼ ਕਰਕੇ ਮੱਥੇ ਟੇਕੀ ਜਾ ਰਹੇ ਹਾਂ। ਸਾਨੂੰ ਇੱਕ ਅਕਾਲ
ਪੁਰਖ ਅਤੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਤੇ ਸੰਪੂਰਨ ਵਿਸ਼ਵਾਸ਼ ਕਰਨਾ ਪਵੇਗਾ ਵਰਨਾ ਅਸੀਂ ਨਾ ਇੱਕ ਹੋ
ਸਕਾਂਗੇ ਅਤੇ ਨਾਂ ਹੀ ਸਾਡੇ ਮਤਭੇਦ ਆਦਿਕ ਝਗੜੇ ਮੁਕਣਗੇ।
ਜਰਾ ਸੋਚੋ! ਬਾਣਾਧਾਰੀ ਵੀਰ ਵੀ ਅਸਲੀ ਮਿਸਨਰੀਆਂ ਦੇ ਹੀ ਭੈਣ ਭਰਾ ਹਨ। ਜੇ ਸਾਡਾ ਗੁਰੂ ਇੱਕ, ਬਾਣਾ
ਇੱਕ ਅਤੇ ਮਰਯਾਦਾ ਇੱਕ ਹੋ ਜਾਵੇ ਤਾਂ ਸਾਰੇ ਕਲੇਸ਼ ਖਤਮ ਹੋ ਸਕਦੇ ਹਨ। ਅਜੋਕੀ ਕੌਮੀ ਦੁਰਦਸ਼ਾ ਨੂੰ
ਏਕਤਾ ਨਾਲ ਹੀ ਦੂਰ ਕੀਤਾ ਜਾ ਸਕਦਾ ਹੈ। ਸਾਡਾ ਮਾਤਾ ਪਿਤਾ ਇੱਕ ਅਕਾਲ ਪੁਰਖ ਅਤੇ ਸਾਡਾ ਗਿਆਨ ਦਾਤਾ
ਇੱਕ ਗੁਰੂ ਗ੍ਰੰਥ ਸਾਹਿਬ ਫਿਰ ਵੱਖਰੇਵੇਂ ਕਾਹਦੇ? ਏਕੁ ਪਿਤਾ ਏਕਸ ਕੇ
ਹਮ ਬਾਰਿਕ ਤੂ ਮੇਰਾ ਗੁਰ ਹਾਈ ॥(611) ਅਤੇ ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾਭਾਈਆ ॥(648)
ਅਸੀਂ ਸਾਰੇ ਹੀ ਗੁਰਸਿੱਖ ਹਾਂ ਨਾਂ ਕਿ ਬਾਬੇ, ਸੰਤ, ਸਾਧ, ਮਹਾਂਰਾਜ ਜਾਂ ਅਖੌਤੀ ਬ੍ਰਹਮ
ਗਿਆਨੀ। ਅਸੀਂ ਸੰਤ ਸਿਪਾਹੀ ਹਾਂ ਇਕੱਲੇ ਸੰਤ ਨਹੀਂ। ਅਸੀਂ ਖਾਲਸੇ ਹਾਂ ਦੋਗਲੇ ਨਹੀਂ। ਅਸੀਂ ਖਾਲਸਾ
ਪੰਥ ਦੇ ਮੈਂਬਰ ਹਾਂ ਨਾਂ ਕਿ ਵੱਖ-ਵੱਖ ਸੰਪ੍ਰਦਾਵਾਂ ਅਤੇ ਡੇਰੇ ਮੱਠਾਂ ਦੇ ਅਨੁਯਾਈ। ਆਪਸੀ ਵਿਚਾਰ
ਵਿਟਾਦਰਾ ਕਰਕੇ ਹੀ ਅਸੀਂ ਆਪਣੇ ਗੁੱਸੇ ਗਿਲੇ ਦੂਰ ਕਰ ਸਕਦੇ ਹਾਂ ਕਿਉਂਕਿ ਸਾਡਾ ਗੁਰਸਿੱਖਾਂ ਦਾ
ਇੱਕ ਸਾਂਝਾ ਪ੍ਰਵਾਰ ਖਾਲਸਾ ਪੰਥ ਹੈ। ਅਸੀਂ ਭੁਲਣਹਾਰ ਹਾਂ ਅਤੇ ਗੁਰੂ ਹੀ ਸਾਨੂੰ ਭੁਲਿਆਂ ਨੂੰ
ਰਾਹੇ ਪਾ ਸਕਦਾ ਹੈ। ਆਓ ਇਕ ਦੂਜੇ ਦੇ ਪੈਰ ਖਿਚਣੇ, ਪੱਗਾਂ ਲਹੁਣੀਆਂ, ਅੱਖਾਂ ਦਿਖਾਉਣੀਆਂ ਅਤੇ
ਨਫਰਤਾਂ ਪਾਲਣੀਆਂ ਬੰਦ ਕਰਕੇ ਆਪਸੀ ਪ੍ਰੇਮ, ਪਿਆਰ ਅਤੇ ਵਿਚਾਰ ਵਿਟਾਂਦਰੇ ਦੇ ਰਾਹੇ ਪੈ ਕੇ ਸੰਸਾਰ
ਵਿੱਚ ਅੱਗੇ ਵਧੀਏ-ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ ॥ (1196) ਆਗੇ ਸਮਝ ਚਲੋ ਨੰਦ
ਲਾਲਾ ਪਾਛੇ ਜੋ ਬੀਤੀ ਸੋ ਬੀਤੀ॥ (ਭਾ. ਨੰਦ ਲਾਲ)
(19/07/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਅਸੀਂ
ਕੋਈ ਬੇਗਾਨੇ ਨਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਅਸੀਂ ਨਾ ਬੇਗਾਨੇ ਜੋ ਤੂੰ, ਸਾਨੂੰ ਟਾਲੀ ਜਾਵੇਂਗਾ।
ਦੀਦ ਦਾਨ ਦੇਣ ਦੇ ਲਈ, ਕਿਨਾ ਟਰਕਾਏਂਗਾ?
ਛੱਡ ਭਾਵੇਂ ਰੱਖ ਪਰ ਅਸੀਂ ਨਹੀਓਂ ਛੱਡਣਾ,
ਤੇਰੇ ਅੱਗੇ ਪੱਲਾ ਅਸੀਂ ਏਸੇ ਤਰ੍ਹਾਂ ਅੱਡਣਾ।
ਵੇਲਾ ਕਦੇ ਆਊ ਜਦ ਆਪ ਗਲ ਲਾਏਂਗਾ।
ਅਸੀਂ ਨਾ ਬੇਗਾਨੇ ਜੋ ਤੂੰ, ਸਾਨੂੰ ਟਾਲੀ ਜਾਵੇਂਗਾ।
ਛੁਪਣ-ਛੁਪਾਈ ਦਾ ਇਹ ਖੇਲ੍ਹ ਕਿਨਾ ਚੱਲਣਾ।
ਆਹਵੇਂ ਸਾਹਵੇਂ ਹੋ ਕੇ ਹੱਲ, ਏਸ ਦਾ ਏ ਲੱਭਣਾ,
ਕਦੇ ਨਾ ਕਦੇ ਤੂੰ ਸਾਡੀ ਨਜ਼ਰੀਂ ਸਮਾਵੇਂਗਾ,
ਅਸੀਂ ਨਾ ਬੇਗਾਨੇ ਜੋ ਤੂੰ, ਸਾਨੂੰ ਟਾਲੀ ਜਾਵੇਂਗਾ।
ਤੇਰੇ ਦੀਦ ਖਾਤਰ ਨੇ ਨਜ਼ਰਾਂ ਤਰਾਸ਼ੀਆਂ,
ਮਾਇਆ ਕੋਲੋਂ ਟੁੱਟ ਹੋਏ ਨਾਮ ਅਭਿਲਾਸ਼ੀ ਆਂ
ਹਰ ਸਾਹ `ਚ ਨਾਮ ਤੇਰਾ, ਬਚ ਕਿਵੇਂ ਜਾਵੇਂਗਾ।
ਅਸੀਂ ਨਾ ਬੇਗਾਨੇ ਜੋ ਤੂੰ, ਸਾਨੂੰ ਟਾਲੀ ਜਾਵੇਂਗਾ।
ਇਹ ਤਾਂ ਗੱਲ ਸੱਚੀ, ਚੱਲੇ ਮਰਜ਼ੀ ਤਾਂ ਤੇਰੀ ਹੀ,
ਮਰਜ਼ੀ ਨੂੰ ਢਾਲਣਾ ਇਹ ਹੋਈ ਜ਼ਿਦ ਮੇਰੀ ਵੀ।
ਕਦੋਂ ਮੇਰੀ ਮਰਜ਼ੀ `ਚ ਅਪਣੀ ਮਿਲਾਵੇਂਗਾ?
ਅਸੀਂ ਨਾ ਬੇਗਾਨੇ ਜੋ ਤੂੰ, ਸਾਨੂੰ ਟਾਲੀ ਜਾਵੇਂਗਾ।
(19/07/13)
ਬਿਕਰਮਜੀਤ ਸਿੰਘ “ਜੀਤ”
ਸੱਚਾ
ਸਾਥੀ ਤੂੰਹੀ ਤੂੰਹੀ
ਚੌਪਾਸੀਂ ਆਕਾਸ਼ ਪਾਤਾਲੀਂ, ਹਰ ਪਾਸੇ ਹੈਂ ਤੂੰਹੀ ਤੂੰਹੀ
ਹਰ ਬੰਦੇ ਜੀਅ ਜੰਤ ਦੇ ਅੰਦਰ, ਵੱਸੇਂ ਇੱਕੋ ਤੂੰਹੀ ਤੂੰਹੀ
ਚੰਨ ਸੂਰਜ ਜਲ ਪੌਣ ਨਜ਼ਾਰੇ, ਸਭਦਾ ਕਰਤਾ ਤੂੰਹੀ ਤੂੰਹੀ
ਘਾਹ ਤ੍ਰਿਣ ਬੂਟੇ ਫ਼ੁੱਲ ਫ਼ਲਾਂ ਅੰਦਰ, ਵੱਸੇਂ ਇੱਕੋ ਤੂੰਹੀ ਤੂੰਹੀ
ਸਿਰਜਣਹਾਰ ਰਿਜ਼ਕ ਦਾ ਦਾਤਾ, ਕੇਵਲ ਇੱਕੋ ਤੂੰਹੀ ਤੂੰਹੀ
ਦਿਲ ਦੀਆਂ ਰਮਜ਼ਾਂ ਜਾਣਨ ਵਾਲਾ, ਸੱਚਾ ਇੱਕੋ ਤੂੰਹੀ ਤੂੰਹੀ
ਵੱਖ ਵੱਖ ਧਰਮ ਤੇ ਭਾਂਤ ਦੇ ਲੋਕੀਂ, ਮਲਿਕ ਇੱਕੋ ਤੂੰਹੀ ਤੂੰਹੀ
ਰਾਮ ਵਾਹਿਗੁਰੂ ਅੱਲਾ ਤੂੰ ਹੀ, ਹੈਂ ਈਸਾ ਗੌਤਮ ਤੂੰਹੀ ਤੂੰਹੀ
ਹਰ ਬੰਦੇ ਦੀ ਰਗ ਰਗ ਜਾਣੇਂ, ਹੈਂ ਅੰਤਰਜਾਮੀ ਤੂੰਹੀ ਤੂੰਹੀ
ਚੰਗੇ ਮਾੜੇ ਕਰਮਾਂ ਦਾ ਫ਼ਲ, ਨਿਰਪੱਖ ਹੋ ਦੇਵੇਂ ਤੂੰਹੀ ਤੂੰਹੀ
ਧਰਮੀ ਪਾਪੀ ਜੋਧਾ ਤੇ ਲਿੱਸਾ, ਹੈਂ ਰਾਜੇ ਰੰਕ ‘ਚ ਤੂੰਹੀ ਤੂੰਹੀ
ਵਿਚਰਣ ਤੇਰੇ ਹੁਕਮ ਦੇ ਬੱਝੇ, ਸੂਤ੍ਰਧਾਰ ਇੱਕ ਤੂੰਹੀ ਤੂੰਹੀ
ਮੈਂ ਮੇਰੀ ਨੂੰ ਛੱਡ ਕੇ ਬੰਦਿਆ, ਹਰਦਮ ਜੱਪਲੈ ਤੂੰਹੀ ਤੂੰਹੀ
ਰਹਿਮਤ ਬਰਕਤ ਓਸੇ ਪਾਈ, ਆਖਿਆ ਜਿਸਵੀ ਤੂੰਹੀ ਤੂੰਹੀ
ਜੀਵਨ ਰੱਥ ਦਾ ਮੇਰਾ ਸਾਰਥੀ, ਮਾਰਗ ਦਰਸ਼ਕ ਤੂੰਹੀ ਤੂੰਹੀ
ਸਭ ਜਗ “ਜੀਤ” ਟੋਲ ਮੈਂ ਡਿੱਠਾ, ਸੱਚਾ ਸਾਥੀ ਤੂੰਹੀ ਤੂੰਹੀ
ਬਿਕਰਮਜੀਤ ਸਿੰਘ “ਜੀਤ”
(18/07/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਭੁੱਲ
ਗਿਆ ਜੱਗ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਭੁੱਲ ਗਿਆ ਜੱਗ, ਇੱਕ ਤੂੰ ਹੀ ਚੇਤੇ ਰਹਿ ਗਿਆ।
ਛੁੱਟੇ ਸਭ ਸੱਗ, ਇੱਕ ਤੂੰ ਹੀ ਚੇਤੇ ਰਹਿ ਗਿਆ।
ਭਰਮਾਂ ਨੇ ਮਾਰਿਆ, ਭੁਲੇਖਿਆਂ ਨੇ ਮਾਰਿਆ,
ਜ਼ਿੰਦਗੀ ਦਾ ਬਹੁਤਾ ਹਿੱਸਾ, ਭਟਕਣੀਂ ਗੁਜ਼ਾਰਿਆ,
ਮਾਇਆ ਲੀਤਾ ਠੱਗ, ਇੱਕ ਤੂੰ ਹੀ ਚੇਤੇ ਰਹਿ ਗਿਆ।
ਭੁੱਲ ਗਿਆ ਜੱਗ, ਇੱਕ ਤੂੰ ਹੀ ਚੇਤੇ ਰਹਿ ਗਿਆ।
ਬਹੁੜੀਂ ਮੇਰੇ ਸਾਈਆਂ, ਤੇਰੇ ਬਿਨਾ ਜੀਣ ਭੁੱਲਿਆ,
ਬੁੱਕਲ `ਚ ਲੈ ਲੈ, ਬਾਲ ਤੇਰਾ ਫਿਰੇ ਰੁੱਲਿਆ,
ਫੜੀ ਹੱਥ ਅੱਗ, ਇੱਕ ਤੂੰ ਹੀ ਚੇਤੇ ਰਹਿ ਗਿਆ।
ਭੁੱਲ ਗਿਆ ਜੱਗ, ਇੱਕ ਤੂੰ ਹੀ ਚੇਤੇ ਰਹਿ ਗਿਆ।
ਯਾਰ ਜੀਹਨੂੰ ਚਾਹੀਦਾ ਏ, ਠੱਗ ਨਹੀਓਂ ਚਾਹੀਦਾ,
ਤੂੰ ਹੀ ਮੈਨੂੰ ਚਾਹਦਿਾ ਏਂ, ਜੱਗ ਨਹੀਓਂ ਚਾਹੀਦਾ,
ਤੇਰੇ ਹੱਥ ਪੱਗ, ਇੱਕ ਤੂੰ ਹੀ ਚੇਤੇ ਰਹਿ ਗਿਆ।
ਭੁੱਲ ਗਿਆ ਜੱਗ, ਇੱਕ ਤੂੰ ਹੀ ਚੇਤੇ ਰਹਿ ਗਿਆ।
ਸਾਹਾਂ ਵਿੱਚ ਤੂੰ ਹੀ, ਮੇਰੀ ਜਾਨ ਵਿੱਚ ਤੂੰ ਏਂ,
ਚੌਵੀ ਘੰਟੇ ਰਹਿੰਦਾ ਏਂ ਧਿਆਨ ਵਿੱਚ ਤੂੰ ਏਂ,
ਵਸੇਂ ਰਗ ਰਗ, ਇੱਕ ਤੂੰ ਹੀ ਚੇਤੇ ਰਹਿ ਗਿਆ।
ਭੁੱਲ ਗਿਆ ਜੱਗ, ਇੱਕ ਤੂੰ ਹੀ ਚੇਤੇ ਰਹਿ ਗਿਆ।
ਤੇਰੇ ਬਿਨਾ ਮੈਨੂੰ ਲੱਗੇ, ਅਪਣਾ ਨਾ ਕੋਈ ਵੀ,
ਤਾਹੀਓਂ ਤੇਰੇ ਕੋਲ ਇਹ ਮੈਂ ਕਰਾਂ ਅਰਜ਼ੋਈ ਵੀ,
ਆ ਜਾ ਅੰਗ ਲੱਗ, ਇੱਕ ਤੂੰ ਹੀ ਚੇਤੇ ਰਹਿ ਗਿਆ।
ਭੁੱਲ ਗਿਆ ਜੱਗ, ਇੱਕ ਤੂੰ ਹੀ ਚੇਤੇ ਰਹਿ ਗਿਆ।
(18/07/13)
ਡਾ: ਜੋਗਾ ਸਿੰਘ
ਭਾਸ਼ਾ ਨੀਤੀ
ਬਾਰੇ ਅੰਤਰਰਾਸ਼ਟਰੀ ਖੋਜ, ਨੂੰ ਪੜ੍ਹਨ ਲਈ ਕਲਿਕ ਕਰੋ।
ਪੰਜਾਬੀ ਭਾਸ਼ਾ ਨੂੰ ਕਿਤਨਾ ਕੁ ਖਤਰਾ, ਨੂੰ ਪੜ੍ਹਨ ਲਈ ਕਲਿਕ ਕਰੋ।
ਜੋਗਾ ਸਿੰਘ, ਐਮ.ਏ., ਐਮ.ਫਿਲ., ਪੀ-ਐਚ.ਡੀ. (ਯੌਰਕ, ਯੂ.ਕੇ.)
ਕਾਮਨਵੈਲਥ ਵਜੀਫਾ ਪ੍ਰਾਪਤ (1990-93)
ਪ੍ਰੋਫੈਸਰ ਅਤੇ ਸਾਬਕਾ ਮੁਖੀ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ
ਡਾਇਰੈਕਟਰ, ਸੈਂਟਰ ਫਾਰ ਡਾਇਸਪੋਰਾ ਸਟੱਡੀਜ਼
ਪੰਜਾਬੀ ਯੂਨੀਵਰਸਿਟੀ, ਪਟਿਆਲਾ - 147 002 (ਪੰਜਾਬ) - ਭਾਰਤ।
ਜੇਬੀ: +91-9915709582 ਘਰ: +91-175-2281582 ਦਫ: +91-175-304-6511/6241
ਬਿਜ-ਡਾਕ: [email protected],
[email protected]
Joga Singh, M.A., M.Phil., Ph.D. (York, U.K.)
Commonwealth Scholarship Awardee (1990-93)
Professor & Ex-Head, Department of Linguistics & Punjabi Lexicography
Director, Centre for Diaspora Studies
Punjabi University, Patiala - 147 002 (Punjab) - INDIA.
Mobile: +91-9915709582 Home: +91-175-2281582 Office: +91-175-304-6511/6241
ਬਾਲਟੀਮੋਰ
ਸੈਮੀਨਾਰ ਦੌਰਾਨ ਸ: ਸਰਬਜੀਤ ਸਿੰਘ ਸੈਕਰਾਮੈਂਟੋ ਨਾਨਕਸ਼ਾਹੀ ਕੈਲੰਡਰ ਦੇ ਕੁੱਝ ਤਕਨੀਕੀ ਨੁਕਤੇ
ਸਾਂਝੇ ਕਰਦੇ ਹੋਏ।
(18/07/13)
ਬਿਕਰਮਜੀਤ ਸਿੰਘ “ਜੀਤ”
ਕਦੀ
ਕਦੀ
ਅੰਤਰਮਨ ਨੂੰ ਖੋਜ ਤੂੰ ਬੰਦੇ
ਬਹਿ ਨਵੇਕਲਾ ਕਦੀ ਕਦੀ
ਕੌਣ ਹੈਂ ਤੂੰ ਕੀ ਮੂਲ ਹੈ ਤੇਰਾ
ਸੋਚ ਦੁੜ੍ਹ੍ਹਾਲੈ ਕਦੀ ਕਦੀ
ਭਰਮ ਦੇ ਪੜਦੇ ਤੇਰੇ ਖੁੱਲ੍ਹਸਨ
ਕਰ ਮਨ ਏਕਾਗਰ ਕਦੀ ਕਦੀ
ਜਗ ਦੇ ਭੰਬਲਭੂਸਿਆਂ ਵਿਚੋਂ
ਕਢ੍ਹ ਸਮਾਂ ਉਚੇਚਾ ਕਦੀ ਕਦੀ
ਮੋਹ ਮਾਯਾ ਮਿਕਨਾਤੀਸੀ ਤੋਂ
ਖਹਿੜਾ ਤੂੰ ਛੁਡਾਲੈ ਕਦੀ ਕਦੀ
ਅਗਿਆਨ ਦੇ ਘੁੱਪ ਹਨੇਰੇ ਚੋਂ
ਆ ਚਾਨਣ ਵਲ ਵੀ ਕਦੀ ਕਦੀ
ਤੇਰੇ ਅੰਦਰ ਅਮ੍ਰਿਤ ਦਾ ਸੋਮਾ
ਨੈਣ ਖ੍ਹੋਲ ਅੰਦਰਲੇ ਕਦੀ ਕਦੀ
“ਜੀਤ” ਜੋਤ ਰੂਹਾਨੀ ਪਾਵੇਂਗਾ
ਲੈ ਫ਼ਰੋਲ ਤੂੰ ਆਪਾ ਕਦੀ ਕਦੀ
ਪੰਜ ਐਬਾਂ ਨੂੰ ਕਢ੍ਹ ਸੁੱਟ ਬਾਹਰ
ਧੋ ਮਾਂਜ ਲੈ ਹਿਰਦਾ ਕਦੀ ਕਦੀ
ਜੋਤ ਨਾਮ ਦੀ ਕਰ ਅੰਦਰ ਰੋਸ਼ਨ
ਸਭ ਤਾਤ ਵਿੱਸਰਕੇ ਕਦੀ ਕਦੀ
ਵਾਂਗ ਸੁਪਨੇ ਤੇਰਾ ਜੀਵਨ ਇਹ
ਕਰ ਗੌਰ ਤੂੰ ਇਸਤੇ ਕਦੀ ਕਦੀ
ਮੰਨ ਲੈ ਆਦੇਸ਼ ਗੁਰ ਸੱਚੇ ਦਾ
ਨੱਕਮਸਤਕ ਹੋ ਕੇ ਕਦੀ ਕਦੀ
ਤੂੰ ਮੂਰਤ ਹੈਂ ਉਸ ਕਰਤੇ ਦੀ
ਇਹ ਭੇਦ ਸਮਝ ਲੈ ਕਦੀ ਕਦੀ
ਵਿਛੜੇ ਉਸ ਪ੍ਰੀਤਮ ਪਿਆਰੇ ਨੂੰ
ਕਰ ਹੀਲਾ ਮੇਲ ਦਾ ਕਦੀ ਕਦੀ
ਉੱਤਮ ਜੂਨ ਮਨੁੱਖੀ ਪਾਈ ਤੂੰ
ਜੋ ਮਿਲੇ ਸੰਜੋਗੀਂ ਕਦੀ ਕਦੀ
“ਜੀਤ”ਜੱਪ ਲੈ ਨਾਂ ਸਾਈਂ ਦਾ ਤੂੰ
ਸੁਣ ਲੈ ਜ਼ਮੀਰ ਦੀ ਕਦੀ ਕਦੀ
.....ਬਿਕਰਮਜੀਤ ਸਿੰਘ “ਜੀਤ”
(16/07/13)
ਹਾਕਮ ਸਿੰਘ
ਧਾਰਾ ੨੯੫ ਏ ਬਾਰੇ
ਤੱਤ ਗੁਰਮਤਿ ਪਰਿਵਾਰ ਨੇ ਆਪਣੇ ੧੪/੭/੧੩ ਦੇ ਪੱਤਰ ਵਿਚ ਧਾਰਾ ੨੯੫ ਏ ਬਾਰੇ ਲਿਖਿਆ
ਹੈ, “ਇਸੇ ਕਾਨੂੰਨ ਦੇ ਮੰਦ-ਵਰਤਾਰੇ ਦਾ ਸ਼ਿਕਾਰ ਡਾ. ਇਕਬਾਲ ਸਿੰਘ ਢਿੱਲੋਂ ਚੰਡੀਗੜ੍ਹ ਨੂੰ ਬਨਾਉਣ
ਦੀਆਂ ਤਿਆਰੀਆਂ ਹੋ ਰਹੀਆਂ ਹਨ”। ਸਿੱਖ ਪੁਜਾਰੀ ਐਸੀ ਤਿਆਰੀ ਜੀ ਸਦਕੇ ਕਰਨ। ਸੱਚ ਤਾਂ ਇਹ ਹੈ ਕਿ
ਇਕ ਗੁਰਦੁਆਰੇ ਦੀ ਇਮਾਰਤ ਨੂੰ ਗੁਰੂ ਦੀ ਪਦਵੀ ਜੈਸੇ ਅਧਿਕਾਰਾਂ ਦੀ ਮਾਲਕ ਹੋਣ ਦਾ ਦਾਅਵਾ ਕਰਕੇ
ਪੁਜਾਰੀ ਵਰਗ ਨੇ ਡਾ. ਇਕਬਾਲ ਸਿੰਘ ਜੀ ਅਤੇ ਉਹਨਾਂ ਜੈਸੀ ਸੂਝ ਰੱਖਣ ਵਾਲੇ ਹੋਰ ਬਹੁਤ ਸਾਰੇ ਸਿੱਖ
ਸ਼ਰਧਾਲੂਆਂ ਦੀਆਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਉਤੇਜਿਤ ਹੋਈਆਂ ਧਾਰਮਕ ਭਾਵਨਾਵਾਂ ਨੂੰ ਭਾਰੀ
ਠੇਸ ਪੁਚਾਈ ਹੈ।
ਅਕਾਲ ਤਖਤ ਦੀ ਵਾਸਤਵਿਕਤਾ ਇਹ ਹੈ ਕਿ ਦਰਬਾਰ ਸਾਹਿਬ ਤੇ ਨੇੜੇ ਹੀ, ਮੱਲ ਅਖਾੜੇ ਅਤੇ ਢਾਡੀ ਦਰਬਾਰ
ਅਤੇ ਗੁਰਮਤਿ ਪਰਚਾਰ ਲਈ ਉਥੇ ਹੀ ਇਕ ਵਖਰਾ ਥੜ੍ਹਾ ਉਸਾਰ ਲਿਆ ਸੀ। ਉਸ ਨਵੇਂ ਟਿਕਾਣੇ ਨੂੰ ਗੁਰਮਤਿ
ਦੇ ਵੈਰੀ ‘ਗੁਰ ਬਿਲਾਸ ਪਾਤਸ਼ਾਹੀ ੬’ ਦੇ ਸ਼ਾਤਰ ਲੇਖਕ ਨੇ ਅਕਾਲ ਤਖਤ ਨਾਂ ਦੇਣ ਦੀ ਸ਼ਰਾਰਤ ਕੀਤੀ ਸੀ।
੧੯੨੫ ਵਿਚ ਅੰਗਰੇਜ਼ ਸਰਕਾਰ ਨੇ ਇਸ ਗੁਰ ਅਸਥਾਨ ਦਾ ਨਾਂ ਆਪਣੇ ਗੁਰਦੁਆਰਾ ਐਕਟ ਵਿਚ ਵੀ ਅਕਾਲ ਤਖਤ
ਦਰਜ ਕਰ ਦਿੱਤਾ ਅਤੇ ਅਜੋਕੇ ਸਿੱਖ ਵਿਦਵਾਨਾਂ ਨੇ ਸ਼ਰਧਾ ਭਾਵਨਾਵਾਂ ਵਸ ਇਸ ਦਾ ਵਿਲੱਖਣ ਮਿਥਿਹਾਸ ਰਚ
ਛੱਡਿਆ।
ਧਾਰਮਕ ਭਾਵਨਾਵਾਂ ਨੂੰ ਠੇਸ ਪੁਚਾਉਣਾ ਅਪਰਾਧ ਓਦੋਂ ਬਣਦਾ ਹੈ ਜਦੋਂ ਕਿਸੇ ਪਵਿਤਰ ਗ੍ਰੰਥ ਜਾਂ ਸਥਾਨ
ਨੂੰ ਪਦਾਰਥਕ ਹਾਨੀ ਪੁਚਾਈ ਜਾਵੇ ਜਾਂ ਐਸਾ ਕਰਨ ਦੀ ਮਨਸ਼ਾ ਨਾਲ ਕੋਈ ਕਾਰਵਾਈ ਕੀਤੀ ਜਾਵੇ। ਆਮ
ਕਿਰਿਆ ਅਤੇ ਵਿਚਾਰ ਤਾਂ ਕਿਸੇ ਨਾ ਕਿਸੇ ਦੀ ਧਾਰਮਕ ਭਾਵਨਾ ਨੂੰ ਠੇਸ ਪੁਚਾਉਂਦੇ ਹੀ ਹਨ। ਮੰਦਰ ਦੇ
ਟੱਲ, ਗੁਰਬਾਣੀ ਦਾ ਪਾਠ, ਅਤੇ ਮਸਜ਼ਿਦ ਦੀ ਬਾਂਗ ਹਰ ਕਿਸੇ ਨੂੰ ਪਸੰਦ ਨਹੀਂ ਆਉਂਦੇ। ਕਈ ਲੋਕ ਅਸ਼ਲੀਲ
ਗਾਣੇ, ਫਿਲਮਾਂ, ਅਸ਼ਲੀਲ ਸਾਹਿਤ, ਚਿਤਰ, ਆਦਿ ਪਸੰਦ ਕਰਦੇ ਹਨ ਪਰ ਇਹ ਬਹੁਤੇ ਲੋਕਾਂ ਦੀਆਂ ਧਾਰਮਕ
ਭਾਵਨਾਵਾਂ ਨੂੰ ਠੇਸ ਪੁਚਾਉਂਦੇ ਹਨ। ਅਖੌਤੀ ਦਸਮ ਗ੍ਰੰਥ ਦੀਆਂ ਅਸ਼ਲੀਲ ਰਚਨਾਵਾਂ ਨੂੰ ਗੁਰੂ ਗੋਬਿੰਦ
ਸਿੰਘ ਜੀ ਦੇ ਨਾਂ ਨਾਲ ਜੋੜਨ ਅਤੇ ਉਹਨਾਂ ਰਚਨਾਵਾਂ ਨੂੰ ਗੁਰੂ ਪਦਵੀ ਦਾ ਅਧਿਕਾਰੀ ਬਨਾਉਣ ਦੇ
ਜਤਨਾਂ ਨੇ ਗੁਰਮਤਿ ਦੇ ਧਾਰਨੀਆਂ ਦੀਆਂ ਧਾਰਮਕ ਭਾਵਨਾਵਾਂ ਨੂੰ ਵਲੂੰਧਰ ਛੱਡਿਆ ਹੈ।
ਡਾ. ਇਕਬਾਲ ਸਿੰਘ ਜੀ ਦੀ ਅਕਾਲ ਤਖਤ ਦੇ ਵਿਸ਼ੇ ਤੇ ਰਚੀ ਪੁਸਤਕ ਤੇ ਅੰਤਰਰਾਸ਼ਟਰੀ ਕਾਪੀਰਾਇਟ ਅਤੇ
ਭਾਰਤ ਦੇ ਕਾਪੀਰਾਇਟ ਕਨੂੰਨ ਲਾਗੂ ਹੁੰਦੇ ਹਨ। ਕਿਸੇ ਪੁਸਤਕ ਅਤੇ ਉਸ ਦੇ ਲੇਖਕ ਤੇ ਟਾਰਟ, ਲਿਬਲ
ਅਤੇ ਸਲੈਂਡਰ (Tort, Libel and Slander)
ਦੇ ਕਨੂੰਨ ਅਧੀਨ ਵੀ ਇਲਜ਼ਾਮ ਲਾਇਆ ਜਾ ਸਕਦਾ ਹੈ। ਲੇਖਕ ਨੂੰ ਆਪਣੇ ਵਿਚਾਰ ਪਰਗਟ ਕਰਨ ਦੀ ਖੁਲ੍ਹ
ਹੁੰਦੀ ਹੈ ਜਦੋਂ ਤੱਕ ਉਸ ਦੇ ਵਿਚਾਰ ਕਿਸੇ ਦੀ ਜਾਣ ਬੁਝ ਕੇ ਨਿੰਦਾ, ਬਦਨਾਮੀ ਜਾਂ ਭੰਡੀ ਨਾ ਕਰਨ
ਅਤੇ ਕਿਸੇ ਨੂੰ ਕੋਈ ਨੁਕਸਾਨ ਨਾ ਪੁਚਾਉਣ। ਭਾਰਤ ਦੇ ਸੰਵਿਧਾਨ ਵਿਚ ਹਰ ਨਾਗਰਿਕ ਨੂੰ ਮੌਲਕ ਅਧਿਕਾਰ
ਪ੍ਰਾਪਤ ਹਨ। ਇਹਨਾਂ ਅਧਿਕਾਰਾਂ ਵਿਚ ਸੁਤੰਤਰ ਸੋਚ ਅਤੇ ਅਭਿਵਿਅੰਜਨਾ
(Freedom of Thought and Expression)
ਅਤੇ ਧਾਰਮਕ ਕਿਰਿਆਵਾਂ ਦੀ ਸੁਤੰਤਰਤਾ (Freedom of
Religion) ਸ਼ਾਮਲ ਹਨ। ਇਹਨਾਂ ਅਧਿਕਾਰਾਂ ਦੀ
ਉਲੰਘਣਾ ਕਰਨ ਵਾਲਾ ਕੋਈ ਵੀ ਕਨੂੰਨ ਅਤੇ ਕਾਰਵਾਈ ਅਧਿਕਾਰ ਤੋਂ ਬਾਹਰ
(Ultra Vires)
ਅਤੇ ਗੈਰਕਾਨੂੰਨੀ ਹੁੰਦੀ ਹੈ। ਵਿਦਵਾਨਾਂ ਨੂੰ ਆਪਣੇ ਮੌਲਕ ਅਧਿਕਾਰਾਂ ਬਾਰੇ ਸੁਚੇਤ ਰਹਿਣ ਦੀ ਲੋੜ
ਹੈ ਇਸ ਲਈ ਉਹਨਾਂ ਨੂੰ ਮੌਲਕ ਅਧਿਕਾਰਾਂ ਦੇ ਕਿਸੇ ਤਜ਼ਰਬੇਕਾਰ ਅਤੇ ਸਿਆਣੇ ਕਨੂੰਨੀ ਵਿਸ਼ੇਸ਼ਗ ਦਾ
ਸਲਾਹ ਲੈ ਲੈਣੀ ਚਾਹੀਦੀ ਹੈ। ਕਨੂੰਨ ਦਾ ਖੇਤਰ ਬਹੁਤ ਟੇਢਾ ਅਤੇ ਗੁੰਝਲਦਾਰ ਹੈ। ਕਨੂੰਨ ਨੂੰ ਸਮਝਣਾ
ਅਤੇ ਠੀਕ ਢੰਗ ਨਾਲ ਵਰਤਣਾ ਕਾਫੀ ਔਖਾ ਹੁੰਦਾ ਹੈ।
ਜੇਕਰ ਪੁਜਾਰੀ ਲੋਕ ਡਾ. ਇਕਬਾਲ ਸਿੰਘ ਜੀ ਦੀ ਪੁਸਤਕ ਵਿਰੁਧ ਕੋਈ ਕਨੂੰਨੀ ਕਾਰਵਾਈ ਕਰਨ ਦੀ ਭੁਲ ਕਰ
ਬੈਠੇ ਤਾਂ ਹੋ ਸਕਦਾ ਹੈ ਉਹਨਾਂ ਦਾ ਕੱਖਾਂ ਨਾਲ ਉਸਾਰਿਆ ਰਾਜ ਮਹਲ ਹੀ ਢੈ ਢੇਰੀ ਹੋ ਜਾਵੇ। ਸ਼ਾਇਦ
ਉਹ ਨਹੀਂ ਜਾਣਦੇ ਕਿ ਧਾਰਮਕ ਸੰਸਥਾਵਾਂ ਨੂੰ ਰਾਜਸੀ ਅਤੇ ਨਿਆਂ ਅਧਿਕਾਰ ਪ੍ਰਾਪਤ ਨਹੀਂ ਹਨ। ਧਾਰਮਕ
ਸੰਸਥਾਵਾਂ ਵੱਲੋਂ ਅਜਿਹੇ ਅਧਿਕਾਰਾਂ ਦੀ ਵਰਤੋਂ ਗੈਰਕਾਨੂੰਨੀ ਅਤੇ ਮੌਲਕ ਅਧਿਕਾਰਾਂ ਦੀ ਉਲੰਘਣਾ
ਹੈ।
ਹਾਕਮ ਸਿੰਘ
(16/07/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜਾਗਣ
ਦਾ ਵੇਲਾ, ਤੈਨੂੰ ਨੀਂਦਰ ਕਿਉਂ ਆਉਂਦੀ ਏ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜਾਗਣ ਦਾ ਵੇਲਾ, ਤੈਨੂੰ ਨੀਂਦਰ ਕਿਉਂ ਆਉਂਦੀ ਏ।
ਸਜਣਾਂ ਦਾ ਮੇਲਾ, ਤੈਨੂੰ ਨੀਂਦਰ ਕਿਉਂ ਆਉਂਦੀ ਏ।
ਯਾਦ ਉਹਨੂੰ ਕਰਨਾ ਸੀ, ਚਿੱਤ `ਚ ਧਿਆਉਣਾ ਸੀ,
ਅੰਤਰ ਧਿਆਨ ਮਨ, ਉਸ ਵਿੱਚ ਲਾੳਣਾ ਸੀ।
ਪਾਇਆ ਕੀ ਝਮੇਲਾ, ਤੈਨੂੰ ਨੀਂਦਰ ਕਿਉਂ ਆਉਂਦੀ ਏ।
ਜਾਗਣ ਦਾ ਵੇਲਾ, ਤੈਨੂੰ ਨੀਂਦਰ ਕਿਉਂ ਆਉਂਦੀ ਏ।
ਸੱਜਰੀ-ਸਵੇਰ, ਚਾਰੇ ਪਾਸੇ ਚੁੱਪ-ਚਾਂ ਹੈ,
ਗੂੰਜਦਾ ਜੇ ਕਿਤੇ ਬੱਸ ਇਕੋ ਉਹਦਾ ਨਾਂ ਹੈ,
ਨਾਮ ਲੈ ਸੁਹੇਲਾ, ਤੈਨੂੰ ਨੀਂਦਰਾਂ ਕਿਉਂ ਪੈਂਦੀਆਂ।
ਜਾਗਣ ਦਾ ਵੇਲਾ, ਤੈਨੂੰ ਨੀਂਦਰ ਕਿਉਂ ਆਉਂਦੀ ਏ।
ਤੂੰ ਤੇ ਤੇਰਾ ਸਾਹਿਬ ਹੁਣ ਹੋਏ ਕੋਲ ਕੋਲ ਨੇ,
ਦੇਖਣਾ ਕੀ ਲਾਂਭੇ, ਤੇਰੇ ਅੰਦਰ ਦੇ ਬੋਲ ਨੇ,
ਤੂੰ ਨਾ ਏਂ ਅਕੇਲਾ, ਤੈਨੂੰ ਨੀਦਰਾਂ ਕਿਉਂ ਪੈਂਦੀਆਂ।
ਜਾਗਣ ਦਾ ਵੇਲਾ, ਤੈਨੂੰ ਨੀਂਦਰ ਕਿਉਂ ਆਉਂਦੀ ਏ।
ਚੱਲ, ਗਲ ਮਿਲ, ਗੱਲਾਂ ਦਿਲ ਦੀਆਂ ਕਰ ਲੈ,
ਕਿਰਨਾਂ ਦੀ ਰੋਸ਼ਨੀ ਨੂੰ ਹਿੱਕ ਵਿੱਚ ਭਰ ਲੈ,
ਅਨੁਭਵ ਨਵੇਲਾ, ਤੈਨੂੰ ਨੀਂਦਰ ਕਿਉਂ ਆਉਂਦੀ ਏ।
ਜਾਗਣ ਦਾ ਵੇਲਾ, ਤੈਨੂੰ ਨੀਂਦਰ ਕਿਉਂ ਆਉਂਦੀ ਏ।
(16/07/13)
ਗੁਰਪ੍ਰੀਤ ਸਿੰਘ ਅਬੋਹਰ
ਜਰੂਰਤ ਗਿਆਂਨ ਦੀ ਜਾ ਅਖੋਤੀ ਧਾਰਮਿਕ ਚਿਨਾਂ ਦੀ!
ਅਜ ਦਾ ਮੇਰਾ ਵਿਸ਼ਾ ਹੈ ਕਿ ਮਨੁਖ ਗੁਰਬਾਣੀ ਗਿਆਂਨ ਦੁਆਰਾ ਸਿਆਣਾ ਹੋਣਾ ਚਾਹੁੰਦਾ ਹੈ
ਜਾ ਫਿਰ ਆਪਣੇ ਆਪ ਨੂੰ ਕਿਸੇ ਅਖੋਉਤੀ ਕਰਾਮਾਤੀ ਹੋਣ ਦਾ ਭਾਵ ਕਰਾਮਾਤ ਵਿਖਾਉਣ ਵਾਲਾ ਬਣ ਜਾਣਾ
ਚਾਹੁੰਦਾ ਹੈ। ਕਈ ਵਾਰੀ ਦੇਖਣ ਵਿਚ ਆਇਆ ਹੈ ਹਰ ਵਿਅਕਤੀ ਜੋ ਗੁਰਬਾਣੀ ਨਾਲ ਪਿਆਰ ਕਰਦਾ ਹੈ ਗੁਰਬਾਣੀ
ਵਿਚਰਦਾ ਹੈ ਓਹ ਵੀ ਕਈ ਪ੍ਰਕਾਰ ਦੀਆਂ ਗੁਰਮਤ ਵਿਰੋਧੀ ਵਿਚਾਰਾਂ ਵਿਚ ਇੰਨਾ ਫਸਿਆ ਹੁੰਦਾ ਹੈ ਕਿ
ਦੇਖ ਕੇ ਬਹੁਤ ਦੁਖ ਹੁੰਦਾ ਹੈ ਜੇ ਕਰ ਓਸ ਵਿਅਕਤੀ ਨਾਲ ਇਸ ਵਿਸ਼ੇ ਤੇ ਗਲ ਕੀਤੀ ਜਾਵੇ ਤਾਂ ਓਹ ਓਸਦਾ
ਜਵਾਬ ਵੀ ਆਪਣੀ ਮਤ ਨਾਲ ਤਿਆਰ ਕਰੀ ਬੈਠਾ ਹੁੰਦਾ ਹੈ।
ਇਕ ਛੋਟਾ ਜਿਹਾ ਪ੍ਰਕਰਣ ਆਪ ਜੀ ਦੇ ਸਾਹਮਣੇ ਕਰ ਰਿਹਾ ਹਾਂ ਜਿਵੇਂ ਕਿ ਜਾਗੇ ਹੋਏ ਸਿਖ ਜਾਣਦੇ ਹਨ
ਕਿ ਸਿਖੀ ਕਿਸੇ ਨਿਸ਼ਾਨ ਜਾ ਵਿਸ਼ੇਸ਼ ਲਿਬਾਸ ਨੂੰ ਮਾਨਤਾ ਨਹੀ ਦਿੰਦੀ। ਅਸੀਂ ਕਈ ਧਾਰਮਿਕ ਥਾਵਾਂ ਤੇ ਜਾ
ਗੁਰਦਵਾਰਿਆਂ ਦੇ ਬਾਹਰ ਜੋ ਸਟਾਲ ਲਗਾਏ ਹੁੰਦੇ ਹਨ ਓਹਨਾ ਸਟਾਲਾਂ ਵਿਚ ਆਮ ਤੋਰ ਤੇ ਸਿਖੀ ਵਿਰੋਧੀ
ਕਈ ਤਰਾਂ ਦਾ ਸਮਾਨ ਬਹੁਤ ਧੜਲੇ ਨਾਲ ਲੋਕ ਵੇਚਦੇ ਹਨ। ਓਹਨਾ ਵਿਚੋਂ ਇਕ ਹੈ ਗਲ ਵਿਚ ਪਹਿਨਿਆ ਜਾਣ
ਵਾਲਾ ਤਾਵੀਤਨੁਮਾ ਲਾਕੇਟ ਜਿਸ ਵਿਚ ਕਕਾਰ ਪਾਏ ਹੁੰਦੇ ਹਨ। ਕਈ ਸਿਖ ਪ੍ਰਚਾਰਕਾਂ ਦੇ ਗਲ ਵਿਚ ਵੀ ਪਾਏ
ਮੈਂ ਦੇਖੇ ਹਨ ਆਮ ਤੋਰ ਤੇ ਇਹ ਬੀਬੀਆਂ ਦੇ ਗਲਾਂ ਵਿਚ ਬਹੁਤ ਜਿਆਦਾ ਹੁੰਦੇ ਹਨ। ਮੈਂ ਇਹ ਗਲ ਜਾਣਦਾ
ਹਾਂ ਬੀਬੀਆਂ ਕੋਲ ਬਾਣੀ ਪੜਨ ਦਾ ਸਮਾਂ ਬਹੁਤ ਹੁੰਦਾ ਹੈ ਅਤੇ ਓਹ ਗੁਰਬਾਣੀ ਪੜਦੀਆਂ ਵੀ ਬਹੁਤ ਹਨ
ਪਰ ਪਤਾ ਨਹੀ ਏਨੀ ਗੁਰਬਾਣੀ ਪੜਨ ਨਾਲ ਵੀ ਓਹ ਕਈ ਤਰਾਂ ਦੇ ਵੇਹਿਮਾ ਭਰਮਾਂ ਵਿਚ ਫਸ ਜਾਂਦੀਆਂ ਹਨ।
ਗਲਾਂ ਵਿਚ ਇਸ ਤਰਾਂ ਦੇ ਕਕਾਰ ਪਾਓਨ ਦਾ ਜਿਆਦਾ ਰੁਝਾਨ ਪਿੰਡਾ ਵਿਚ ਹੈ। ਇਕ ਨੇ ਆਪਣੇ ਲਈ ਖ਼ਰੀਦ ਕੇ
ਗਲ ਪਾ ਲਿਆ ਤਾਂ ਸਾਰੀਆਂ ਨੇ ਖ਼ਰੀਦ ਕੇ ਆਪਣੇ ਗਲਾਂ ਵਿਚ ਪਾ ਲੈਣਾ ਹੈ। ਕਿਸੇ ਨੂੰ ਇਹ ਪਤਾ ਹੋਵੇ
ਭਾਵੇਂ ਨਾ ਹੋਵੇ ਕਿ ਇਸਦੇ ਨਾਲ ਹੋਣਾ ਕੀ ਹੈ ਕੀ ਧਰਮ ਨਾਲ ਇਸਦਾ ਕੋਈ ਸੰਬੰਧ ਹੈ ਵੀ ਜਾ ਇਕ
ਭੇਡਚਾਲ ਹੈ।
ਇਸ ਤਰਾਂ ਦੀਆਂ ਹੋਰ ਵੀ ਕਈ ਚੀਜਾਂ ਹਨ ਜੋ ਗੁਰਮਤ ਵਿਰੋਧੀ ਹਨ ਜਿਵੇਂ :ਮਾਲਾ ,ਤਸਵੀਰਾਂ ,ਤਸਵੀਰਾਂ
ਵਾਲੇ ਲਾਕੇਟ ,ਗੁਰਮਤ ਵਿਰੋਧੀ ਇਸ਼ਤਿਹਾਰ ਆਦਿਕ ਇਸ ਪ੍ਰਕਾਰ ਇਹ ਸਾਰੀਆਂ ਵਸਤਾਂ ਜੋ ਨਾਮੀ ਇਤਿਹਾਸਿਕ
ਗੁਰਦਵਾਰਿਆਂ ਦੇ ਬਾਹਰ ਵਿਕ ਰਹੀਆਂ ਹੁੰਦੀਆਂ ਹਨ ਪਰ ਕਿਸੇ ਨੂੰ ਕੋਈ ਫਿਕਰ ਨਹੀ ਹੁੰਦੀ ਇਸ ਪ੍ਰਕਾਰ
ਦੀਆਂ ਕਿਰਿਆਂਵਾਂ ਤੋਂ ਇਹ ਵੀ ਪਤਾ ਚਲਦਾ ਹੈ ਕਿ ਜੋ ਇਨਾ ਚੀਜਾਂ ਨੂੰ ਨਹੀ ਤਿਆਗਦੇ ਓਹ ਬਾਣੀ ਦੀ
ਵਿਚਾਰ ਨਹੀ ਕਰਦੇ ਅਤੇ ਜੋ ਵੀਚਾਰ ਕਰਦੇ ਹਨ ਓਹ ਇਸ ਤਰਾਂ ਦੀਆਂ ਚੀਜਾਂ ਸਰੀਰ ਉਪਰ ਕਿਸੇ ਰੂਪ ਵਿਚ
ਨਹੀ ਰਹਨ ਦਿੰਦੇ।
ਸਾਨੂੰ ਦੇਖਣਾ ਚਾਹੀਦਾ ਹੈ ਕਿ ਸਾਨੂੰ ਅਜ ਤਕ ਬਾਣੀ ਪੜਨ ਦਾ ਕੀ ਲਾਭ ਹੋਇਆ ਜੋ ਬਾਣੀ ਸਾਨੂੰ ਤਿਆਗਨ ਨੂੰ
ਆਖ ਰਹੀ ਹੈ ਅਸੀਂ ਉਸ ਨੂੰ ਨਹੀ ਤਿਆਗਦੇ ਫਿਰ ਅਸੀਂ ਪਿਆਰੇ ਗੁਰਸਿਖ ਕਿਵੇ ਬਣ ਸਕਦੇ ਹਾਂ?
ਬਾਣੀ ਨੇ ਸਾਨੂੰ ਦਸਿਆ ਹੈ ਕਿ ਪਰਮਾਤਮਾ ਇਕ ਹੈ :
ਸਾਹਿਬ ਮੇਰਾ ਏਕੋ ਹੈ || ਏਕੋ ਹੈ ਭਾਈ ਏਕੋ ਹੈ ||(ਪੰਨਾ ਨ.੩੪੦)
ਤਾਂ ਅਸੀਂ ਮਨ ਲੇਣਾ ਸੀ ਕਿ ਰਬ ਜੀ ਇਕ ਹਨ ਪਰ ਅਸੀਂ ਮਨਨ ਨੂੰ ਤਿਆਰ ਨਹੀ ਹਾਂ ਮਨ ਵਿਚ ਇਹ
ਸੋਚ ਹੁੰਦੀ ਹੈ ਕਿ ਇਸ ਜਗਾਹ ਤੇ ਵੀ ਮਥਾ ਟੇਕ ਲਈਏ ਓਥੇ ਵੀ ਜਾ ਆਈਏ ਬਾਬੇ ਨਾਨਕ ਦੀ ਤਾਂ ਗਲ
ਮੰਨਣੀ ਨਹੀ ਆਪਣੀ ਸਿਆਨਪ ਨੂੰ ਵਰਤ ਕੇ ਚਲੇ ਗਏ ਅਖਵਾ ਆਪਣੇ ਆਪ ਨੂੰ ਬਾਬੇ ਨਾਨਕ ਦੇ ਸਿਖ ਹੁੰਦੇ
ਹਾਂ। ਇਕ ਵਾਰ ਆਪਣੀ ਮਤ ਨੂੰ ਪਾਸੇ ਰਖ ਕੇ ਬਾਬੇ ਨਾਨਕ ਵਲ ਨਿਗਾਹ ਮਾਰੀਏ ਤਾਂ ਬਾਬਾ ਕਹਿੰਦਾ ਹੈ
ਬਾਹਰੀ ਸੁਹਪਣ ਤੁਹਾਡੇ ਕਿਸੇ ਕਮ ਦਾ ਨਹੀ ਇਹ ਮਤ ਕੋਝੀ ਹੈ ਤੇ ਸਮਾਂ ਬਰਬਾਦ ਕਰਨ ਵਾਲੀ ਹੈ :
ਬਾਬਾ ਨਾਨਕ ਸੰਸਾਰ ਦੇ ਪਹਿਲੇ ਧਰਮ ਵਿਗਿਆਨੀ ਹੋਏ ਹਨ ਜਿਹਨਾ ਨੇ ਇਤਿਹਾਸ ਵਿਚ ਪਹਿਲੀ ਵਾਰ ਧਰਮ
ਵਿਚ ਦਾਖਲ ਹੋਈਆਂ ਸਾਰੀਆਂ ਗੈਰ ਧਾਰਮਿਕ ਗਲਾਂ ਜਾਂ ਵਰਤਾਰੇ ਨੂੰ ਨਿਖੇੜ ਕੇ ਕਹਿ ਦਿੱਤਾ ਕਿ ਇਹਨਾ
ਗਲਾਂ ਦਾ ਧਰਮ ਨਾਲ ਕੋਈ ਸੰਬੰਧ ਨਹੀ
ਮਾਸ ਨਾ ਖਾਣਾ ,ਜਨੇਊ ਧਾਰਨ ਕਰਨਾ,ਤਿਲਕ ਲਗਾਨਾ .ਜਯੋਤਿਸ਼ ,ਸ਼ਰਾਧ ,ਥਿਤ ਵਾਰ ,ਗ੍ਰਹਿਣ ਆਦਿਕ
ਸੈਂਕੜੇ ਮਾਨੋਤਾਂ ਸਨ ਜਿਹਨਾਂ ਨੂੰ ਧਰਮ ਕਹਿ ਕੇ ਪਰਚਾਰਿਆ ਜਾਂਦਾ ਸੀ ਪਰ ਬਾਬੇ ਨਾਨਕ ਨੇ ਸਾਰੀਆਂ
ਅਖੋਉਤੀ ਮਾਨੋਤਾਂ ਨੂੰ ਵਿਗਿਆਨਿਕ ਢੰਗ ਨਾਲ ਓਹਨਾ ਨੂੰ ਨਿਖੇੜਿਆ ਅਤੇ ਰੱਦ ਵੀ ਕੀਤਾ ਇਸੇ ਤਰਾਂ ਹੀ
ਅਜ ਅਸੀਂ ਵੀ ਨਾਨਕ ਨਾਮ ਲੇਵਾ ਸਾਰੇ ਸਿਖ ਬਾਬੇ ਦੀ ਬਾਣੀ ਦੀ ਰੋਸ਼ਨੀ ਵਿਚ ਸਿਖਾਂ ਨੂੰ ਤੇ ਆਮ ਜਨਤਾ
ਨੂੰ ਇਹ ਦਸੀਏ ਕਿ ਉਪਰੋਕਤ ਕਰਮਕਾਂਡ ਕਰ ਲੈਣ ਨਾਲ ਰਬ ਦਾ ਪਿਆਰ ਨਹੀ ਪਾਇਆ ਜਾ ਸਕਦਾ ਅਗਰ ਪਿਆਰ
ਪਾਓਨਾ ਹੈ ਤਾਂ ਆਓ ਗੁਰਬਾਣੀ ਤੋਂ ਸੇਧ ਲੈ ਕੇ ਸੁਚਜੀ ਸਿਖਿਆ ਪ੍ਰਾਪਤ ਕਰੀਏ ਅਤੇ ਆਪਣੇ ਆਤਮਿਕ ਜੀਵਨ
ਨੂੰ ਸੋਹਣਾ ਬਣਾਈਏ ਇਹ ਸਾਰਾ ਕੁਜ ਉੱਦਮ ਨਾਲ ਹੀ ਹੋਣਾ ਹੈ।
ਸਲੋਕੁ ਮਃ ੫ ॥ ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ ॥੧॥ (ਪੰਨਾ 522 )
ਗੁਰਪ੍ਰੀਤ ਸਿੰਘ ਅਬੋਹਰ
ਮੋਬਾਇਲ ੯੦੪੧੫੦੭੬੨੬
*****************************************************************
ਪੋਥੀਆਂ ਕਿਤਾਬਾਂ ਵਿਚੋਂ ਕੀ ਏਂ ਵੀਰਾ
ਲਭਦਾ
ਇਨਾਂ ਵਿਚੋਂ ਪਤਾ ਤੈਨੂੰ ਲਗਨਾਂ ਨਹੀ ਰੱਬ ਦਾ
ਇਨਾਂ ਵਿਚ ਨਕਸ਼ੇ ਨੇ ਮੰਦਰ ਮਸੀਤਾਂ ਦੇ
ਮੰਤਰਾਂ ਤੇ ਝਾੜੇ ਟੂਣੇ ਧਾਗਿਆਂ ਤਵੀਤਾਂ ਦੇ
ਜਿਕਰ ਹੈ ਵਰੀਨਿਆਂ ਦ ਪਿਤਰਾਂ ਸ਼ਰਾਧਾਂ ਦਾ
ਸ਼ੁਧੀ,ਤਬਲੀਗ ਹਵਨ ਯੱਗ ਤੇ ਸਮਾਧਾਂ ਦਾ
ਲਿਖਿਆ ਬਿਆਨ ਭੇਟਾ ਸੁਖਣਾਂ ਨਿਆਜਾਂ ਦਾ
ਝਟਕੇ ਹਲਾਲ ਸੰਖ ਬਾੰਗ ਤੇ ਨਮਾਜਾਂ ਦਾ
ਦੋਜਖਾਂ ਦੇ ਸਹਿਮ ਕਿਤੇ ਜੰਤਾਂ ਦੇ ਲਾਰੇ ਨੇ
ਭਖਦੇ ਅੰਗਾਰੇ ਕਿਤੇ ਵਗਦੇ ਫੁਹਾਰੇ ਨੇ
ਤੋਖਲਾ ਕਿਆਮਤਾਂ ਦਾ ਲੇਖਿਆਂ ਦਾ ਸਹਿਮ ਹੈ
ਡਰ ਧਰਮਰਾਜ ਅਪਛਰਾ ਦਾ ਵਹਿਮ ਹੈ
ਰੋਅਬ ਹੈ ਜਬਾਰ ਦਾ ਤੇ ਖੋਫ਼ ਹੈ ਕਹਾਰ ਦਾ
ਤਾਂਘ ਹੈ ਰਹੀਮ ਦੀ ਤੇ ਆਸਰਾ ਦਾਤਾਰ ਦਾ
ਤ੍ਜ੍ਕਾਰਾ ਹੈ ਵਹੀ ਦਾ ਤੇ ਦਾਹਵਾ ਹੈ ਇਲਹਾਮ ਦਾ
ਵੇਰਵਾ ਹੈ ਕੁਫਰ ਦਾ ਤੇ ਨਖੇੜਾ ਇਸਲਾਮ ਦਾ
ਯਾਤਰਾ ਦੀ ਮਹਿਮਾ ਕਿਤੇ ਹੱਜ ਦਾ ਬਿਆਨ ਹੈ
ਪੂਜਾ ਹਵਨ ਸੰਧਿਆ ਦੀ ਕਿਤੇ ਦਾਸਤਾਨ ਹੈ
ਝੇਡਾ ਆਵਾਗੋਉਣ ਦਾ ਤੇ ਫਾਨੀ ਸੰਸਾਰ ਦਾ
ਲਿਖਿਆ ਹੈ ਆਵਣਾ ਪੈਗੰਬਰ ਅਵਤਾਰ ਦਾ
ਤ੍ਜ੍ਕਰਾ ਹੈ ਲੇਖਾਂ ਦਾ ਅਮੋੜ ਤਕਦੀਰ ਦਾ
ਸਾਰਾ ਹੀ ਸਿਆਪਾ ਹੈ ਵੇ ਗੋਗੀਆਂ ਤੇ ਖੀਰ ਦਾ
ਕਾਗਤਾਂ ਚੋਂ ਐਵੇਂ ਪਿਆਂ ਲੋੜਦਾ ਹੈਂ ਲ੍ਭਦਾਂ
ਇਨਾਂ ਵਿਚ ਰੱਬ ਤੋਬਾ ਜਿਕਰ ਨਹੀ ਰੱਬ ਦਾ
ਆ ਜਾ ਤੈਨੂੰ ਨਵੀਂ ਕਿਤਾਬ ਹਾਂ ਮੈਂ ਦਸਦਾ
ਜਿਹੜੇ ਅਖਰ ਅਖਰ ਵਿਚ ਰੱਬ ਹੈ ਵੇ ਵਸਦਾ
ਇਹ ਸਫੇ ਆਵਦੇਂ ਨਹੀ ਗਿਣਤੀਆਂ ਹਿਸਾਬਾਂ ਵਿਚ
ਇਹਦੀ ਵੰਡ ਕੀਤੀ ਗਈ ਹੈ ਬਹੁਤ ਸਾਰੇ ਬਾਬਾਂ ਵਿਚ
ਸੁਣ ਇਹ ਕਿਤਾਬ ਉਹਦੀ ਸਾਰੀ ਕਾਇਨਾਤ ਹੈ
ਇਕ ਮਾਇਕ ਬਾਬ ਵਿਚ ਰੱਬ ਸਾਖਿਆਤ ਹੈ
ਖੋਜ ਕੁੰਜੀ ਨਾਲ ਤਾਲਾ ਭੇਤ ਵਾਲਾ ਖੋਹਲ ਲੈ
ਇਨਾਂ ਬਾਬਾਂ ਵਿਚੋਂ ਮਾਹੀ ਲੁਕੇ ਹੋਏ ਟੋਲ ਲੈ
ਪਰਬਤਾਂ ਦੇ ਦਾਮਨਾਂ ਚ ਉਬਲਦੇ ਫੁਹਾਰੇ ਚੋਂ
ਜੰਗਲਾਂ ਚ ਨਚਦੀ ਨਦੀ ਦੇ ਕਿਨਾਰੇ ਚੋਂ
ਬਰਫ਼ ਨਾਲ ਢਕੀ ਹੋਈ ਹਿਮਾਲਿਆ ਦੀ ਉਚਾਈ ਚੋਂ
ਸਾਗਰਾਂ ਦੀ ਭੇਤ ਨਾਲ ਭਰੀ ਡੂੰਘਿਆਈ ਚੋਂ
ਤਾਰਿਆਂ ਦੇ ਨਾਲ ਜੜੇ ਨੀਲੇ ਅਸਮਾਨਾਂ ਚੋਂ
ਨਿੱਤ ਨਵੇਂ ਝਖੜਾਂਤੇ ਤੂਫਾਨਾਂ ਚੋਂ
ਬਾਦਲਾਂ ਡੇ ਸੀਨੇ ਵਿਚ ਬਿਜਲੀ ਦੀ ਚਮਕ ਚੋਂ
ਖਾਣਾਂ ਦਿਆਂ ਖੀਸਿਆਂ ਚ ਹੀਰਿਆਂ ਦੀ ਦਮਕ ਚੋਂ
ਹਰਨਾਂ ਦਿਆਂ ਵਗਾਂ ਵਿਚੋਂ ਕੂੰਜਾਂ ਦੀ ਕਤਾਰ ਚੋਂ
ਮੋਰਾਂ ਦਿਆਂ ਪੈਲਾਂ ਤੇ ਭੋਰਾਂ ਦੀ ਗੁੰਜਾਰ ਚੋਂ
ਫੁਟ ਰਹੇ ਸ਼ਾਗੂਫੀਆਂ ਚ ਗੁਨਚਿਆਂ ਦੀ ਮਹਿਕ ਚੋਂ
ਕਲੀ ਦੀ ਖਾਮੋਸ਼ੀ ਵਿਚੋਂ ਬੁਲਬੁਲਾਂ ਦੀ ਚਹਿਕ ਚੋਂ
ਸੁਬ੍ਲਾਂ ਦੀ ਜੁਲ੍ਫ਼ ਵਿਚੋਂ ਨਰਗ੍ਸਾਂ ਦੇ ਨੈਣ ਚੋਂ
ਕੋਇਲਾਂ ਦੀ ਕੂਕ ਵਿਚੋਂ ਬੁਲਬੁਲਾਂ ਦੇ ਵੈਨ ਚੋਂ
ਨਵੀਆਂ ਕਰੂਮ੍ਬ੍ਲਾਂ ਚੋਂ ਟਹਿਕ ਰਹੇ ਫੁਲਾਂ ਚੋਂ
ਦੁਧ ਪੀਂਦੇ ਬਚਿਆਂ ਦੇ ਖਿੜੇ ਹੋਏ ਬੁਲਾਂ ਚੋਂ
ਤ੍ਰੇਲ ਭਿੰਨੇ ਪਤਰਾਂ ਚੋਂ ਅਧ ਖਿੜੀ ਕਲੀ ਚੋਂ
ਕੰਡਿਆਂ ਚ ਘਿਰੀ ਹੋਈ ਜਿੰਦ ਨਾਜਾਂ ਪਲੀ ਚੋਂ
ਵਹੁਟੀ ਦੇ ਪਿਆਰ ਭਰੇ ਅਖੀਆਂ ਦੇ ਖੇੜੇ ਚੋਂ
ਬਚਿਆਂ ਦੇ ਹਾਸੇ ਨਾਲ ਗੂੰਜ ਰਹੇ ਵਿਹੜੇ ਚੋਂ
ਚੇਹਰਆਂ ਦੀ ਲਾਲੀ ਵਿਚੋਂ ਜੁਲ੍ਫ਼ ਦੀ ਲੰਬਾਈ ਚੋਂ
ਨੈਣਾਂ ਦਿਆਂ ਡੋਰਿਆਂ ਚੋਂ ਸਰੂ ਜਿਹੀ ਉਚਾਈ ਚੋਂ
ਚੜੇ ਹੋਏ ਜੋਬਨਾਂ ਦੀ ਚਾਲ ਮਸਤਾਨੀ ਚੋਂ
ਫੜਕ ਰਹੇ ਡੋਲਿਆਂ ਚੋਂ ਉਠਦੀ ਜਵਾਨੀ ਚੋਂ
ਨੈਣਾਂ ਦੇ ਪਿਆਲੇ ਵਿਚ ਝੂਮਦੇ ਖੁਮਾਰਾਂ ਚੋਂ
ਨਿਘੀਆਂ ਪ੍ਰੀਤਾਂ ਵਿਚੋਂ ਧੜਕਦੇ ਪਿਆਰਾਂ ਚੋਂ
ਬਿਰਹੋਂ ਵਿਚ ਹੰਝੂਆਂ ਦੀ ਬਝੀ ਹੋਈ ਤਾਰ ਚੋਂ
ਨਿਮੀ ਨਿਮੀ ਮਠੀ ਮਠੀ ਸਾਵਨੀ ਫੁਹਾਰ ਚੋਂ
ਇਸ਼ਕ ਦਿਆਂ ਤਰਲਿਆਂ ਚੋਂ ਹੁਸਨ ਦੇ ਰੁਸੇਵੇਂ ਚੋਂ
ਪ੍ਰੇਮ ਮਜਬੂਰੀਆਂ ਚੋ ਮਿਠੜੇ ਮਨੇਵੇਂ ਚੋਂ
ਆਸ਼ਕਾਂ ਦੇ ਹੋਕਿਆਂ ਚੋਂ ਦਿਲਬਰਾਂ ਦੇ ਨਾਜ ਚੋਂ
ਸੁਣ ਕੋਈ ਗੀਤ ਕਿਸੇ ਸੋਚ ਭਰੇ ਸਾਜ ਚੋਂ
ਇਹਨਾਂ ਵਿਚੋਂ ਇਕ ਇਕ ਬਾਬ ਲਾਜਵਾਬ ਹੈ
ਸਾਰਿਆਂ ਤੋਂ ਸੋਹਣਾ ਵੀ ਇਕ ਇਹਨਾਂ ਵਿਚੋਂ ਬਾਬ ਹੈ
ਜੀਹਦਾ ਸਿਰ ਲੇਖ ਹੈ ਵੇ ਦਿਲ ਇਨਸਾਨ ਦਾ
ਇਹਦੇ ਵਿਚ ਖਾਸ ਹੈ ਟਿਕਾਣਾ ਭਗਵਾਨ ਦਾ
ਫੋਲ ਵੇਖ ਪੜ ਇਹਦਾ ਆਦਰ ਸਤਕਾਰ ਕਰ
ਇਹਦੇ ਜਜਬਾਤ ਸਮਝ ਰੱਜ ਕੇ ਪਿਆਰ ਕਰ
ਉਹੀ ਰੱਬ ਜਿਹਨੂੰ ਤੂੰ ਹੈਂ ਢੂੰਡ ਢੂੰਡ ਥਕਦਾ
ਇਹਦੇ ਵਿਚ ਬੈਠਾ ਤੇਰਾ ਰਾਹ ਹੈ ਪਿਆ ਤਕਦਾ
ਲੇਖਕ : ਦਰਸ਼ਨ ਸਿੰਘ ਅਵਾਰਾ
ਕਿਤਾਬ : ਬਗਾਵਤ
ਵਲੋਂ ਗੁਰਪ੍ਰੀਤ ਸਿੰਘ ਅਬੋਹਰ
ਮੋ ੯੦੪੧੫੦੭੬੨੬
(16/07/13)
ਗੁਰਚਰਨ ਪੱਖੋਕਲਾਂ
ਪੰਜਾਬੀ
ਕਿਸਾਨ ਇਉਂ ਕੀਤਾ ਬਰਬਾਦ ਅਤੇ ਕਰਜਾਈ ?
ਜਦ ਵੀ ਕਿਸਾਨ ਦੇ ਕਰਜਾਈ ਹੋਣ ਦੇ ਕਾਰਨ ਗਿਣਾਏ ਜਦ ਹਨ ਤਾਂ ਉਹਨਾਂ ਅਨੁਸਾਰ ਬਹੁਤੇ
ਲੇਖਕ ਅਤੇ ਵਿਦਵਾਨ ਜਾਂ ਖੇਤੀਬਾੜੀ ਮਾਹਰ ਕਿਸਾਨ ਵਿੱਚ ਹੀ ਜਿਆਦਾ ਦੋਸ ਕੱਢਦੇ ਹਨ ਪਰ ਅਸਲ ਵਿੱਚ
ਕਿਸਾਨ ਨੂੰ ਸਰਕਾਰਾਂ ਦੁਆਰਾ ਕਰਜਾਈ ਕਰਨ ਦੀਆਂ ਨੀਤੀਆਂ ਜੁੰਮੇਵਾਰ ਹਨ । ਹਰ ਸਰਕਾਰ ਕਿਸਾਨ ਨੂੰ
ਆਪਣੀ ਮਰਜੀ ਮੁਤਾਬਕ ਚਲਾਉਣ ਲਈ ਇਸਨੂੰ ਮਜਬੂਰ ਅਤੇ ਬੇਬੱਸ ਬਣਿਆ ਭਾਲਦੀਆਂ ਹਨ। ਪੰਜਾਬ ਦਾ ਕਿਸਾਨ
ਸਭ ਤੋਂ ਉੱਤਮ ਤਕਨੀਕੀ ਖੇਤੀ ਕਰਨ ਲਈ ਜਾਣਿਆ ਜਾਂਦਾ ਹੈ । ਪੰਜਾਬ ਸਰਕਾਰ ਦੀਆਂ ਨੀਤੀਆਂ ਨੇ ਇਸਨੂੰ
ਇਸ ਤਕਨੀਕ ਦੇ ਇੱਕ ਹਿੱਸੇ ਨਾਲ ਹੀ ਏਨਾਂ ਕਰਜਾਈ ਕਰਵਾ ਦਿੱਤਾ ਹੈ ਜੋ ਇਸਦੇ ਸਿਰ ਖੜੇ ਸਮੁੱਚੇ
ਸਰਕਾਰੀ ਤੌਰ ਤੇ ਰਜਿਸਟਰਡ ਕਰਜੇ ਨੂੰ ਖਤਮ ਕਰ ਸਕਦਾ ਹੈ। ਪੰਜਾਬ ਵਿੱਚ ਖੇਤੀਬਾੜੀ ਦੇ ਲਈ ਯੋਗ
ਵਧੀਆ ਜਮੀਨ ਇੱਕ ਕਰੋੜ ਏਕੜ ਦੇ ਕਰੀਬ ਹੈ ਜਿਸਨੂੰ ਨਹਿਰੀ ਪਾਣੀ ਤੋਂ ਬਿਨਾਂ ਚਾਰ ਲੱਖ ਬਿਜਲੀ ਨਾਲ
ਚੱਲਣ ਵਾਲੇ ਟਿਊਬਵੈਲਾਂ ਦੀ ਜਰੂਰਤ ਹੈ । ੲੱਕ ਬਿਜਲੀ ਮੋਟਰ 25 ਏਕੜ ਤੱਕ ਦੀ ਜਮੀਨ ਦੀ ਸਿੰਜਾਈ ਕਰ
ਸਕਦੀ ਹੈ ਪਰ ਇਹ ਵਰਤਮਾਨ ਵਿੱਚ ਛੇ ਕੁ ਏਕੜਾਂ ਪਿੱਛੇ ਇੱਕ ਬਿਜਲਈ ਮੋਟਰ ਹੈ। ਸਰਕਾਰਾਂ ਦੁਆਰਾ
ਬਿਜਲੀ ਦੀ ਕਟੌਤੀ ਏਨੀ ਜਿਆਦਾ ਹੈ ਕਿ ਹਰ ਕਿਸਾਨ ਨੂੰ ਬਿਜਲੀ ਕਨੈਕਸਨਾਂ ਦੀ ਗਿਣਤੀ ਵਧਾਉਣੀ ਪੈ
ਰਹੀ ਹੈ। ਚਾਰ ਲੱਖ ਬਿਜਲੀ ਦੇ ਕਨੈਕਸਨਾਂ ਦੀ ਥਾਂ ਇਹਨਾਂ ਦੀ ਗਿਣਤੀ 14 ਲੱਖ ਹੈ। ਇਹ ਫਾਲਤੂ ਦਸ
ਲੱਖ ਕਨੈਕਸਨ ਕਿਸਾਨਾਂ ਨੂੰ ਮਜਬੂਰੀ ਵਿੱਚ ਲੈਣੇ ਪਏ ਹਨ। ਇੱਕ ਬਿਜਲੀ ਕਨੈਕਸਨ ਤੇ ਘੱਟੋ ਘੱਟ ਇੱਕ
ਲੱਖ ਰੁਪਏ ਖਰਚ ਆ ਜਾਂਦੇ ਹਨ। ਇੱਕ ਬਿਜਲੀ ਮੋਟਰ ਦੇ ਲਈ ਟਿਊਬਵੈਲ ਲਗਾਉਣ ਤੇ ਇੱਕ ਲੱਖ ਰੁਪਏ ਅਲੱਗ
ਖਰਚ ਆਉਂਦੇ ਹਨ । ਟਿਊਬਵੈਲ ਤਦੀ ਬਿਜਲੀ ਮੋਟਰ ਅਤੇ ਜਮੀਨ ਰੱਖਣ ਤੇ ਡੇਢ ਲੱਖ ਰੁਪਏ ਹੋਰ ਖਰਚ
ਆਉਂਦੇ ਹਨ ਅਤੇ ਇਸ ਤਰਾਂ ਇਹ ਖਰਚਾ ਕੁੱਲ ਸਾਢੇ ਤਿੰਨ ਲੱਖ ਤੱਕ ਅੱਪੜ ਜਾਂਦਾ ਹੈ । ਵਾਧੂ ਲਏ
ਬਿਜਲੀ ਕਨੈਕਸਨਾਂ ਤੇ ਪੰਜਾਬੀ ਕਿਸਾਨਾਂ ਦਾ 35000 ਕਰੋੜ ਰੁਪਏ ਦਾ ਖਰਚਾ ਆ ਚੁੱਕਾ ਹੈ । ਪੰਜਾਬ
ਦੇ ਕਿਸਾਨਾਂ ਸਿਰ ਸਰਕਾਰੀ ਤੌਰ ਤੇ ਰਜਿਸਟਰਡ ਕਰਜਾ 42000 ਕਰੋੜ ਹੈ ।
ਜੇ ਪੰਜਾਬ ਦੇ ਕਿਸਾਨਾਂ ਨੂੰ 24 ਘੰਟੇ ਬਿਜਲੀ ਸਪਲਾਈ ਦਿੱਤੀ ਜਾਦੀਂ ਤਾਂ ਕਿਸਾਨਾਂ ਦਾ 35000
ਕਰੋੜ ਰੁਪਇਆ ਬਚਾਇਆ ਜਾ ਸਕਦਾ ਸੀ ਅਤੇ ਕਿਸਾਨ ਨੇ ੲਹ ਪੈਸਾ ਖੇਤੀਬਾੜੀ ਵਿੱਚ ਇਨਵੈਸਟ ਕਰਨਾਂ ਸੀ
ਜਿਸ ਨਾਲ ਪੰਜਾਬ ਦੀ ਖੇਤੀ ਹੋਰ ਤਰੱਕੀ ਕਰਦੀ ਉਲਟਾ ਕਿਸਾਨ ਹੁਣ ਕਰਜਾਈ ਹੋ ਗਿਆ ਹੈ। ਕਿਸਾਨ
ਸੰਗਠਿਤ ਨਾਂ ਹੋਣ ਕਰਕੇ ਕੋਈ ਸੰਘਰਸ ਨਹੀਂ ਕਰ ਸਕਦਾ। ਕਿਸਾਨਾਂ ਦੀ ਕੋਈ ਇੱਕ ਵੀ ਜਥੇਬੰਦੀ ਨਹੀਂ
ਹੈ । ਭਾਰਤੀ ਕਿਸਾਨ ਯੁਨੀਆਂਨ ਦੇ ਨਾਂ ਅਨੇਕਾਂ ਯੁਨੀਅਨਾਂ ਰਾਜਨੀਤਕ ਪਾਰਟੀਆਂ ਦੀਆਂ ਪੈਦਾਇਸ ਹਨ
ਜਿਹਨਾਂ ਦੇ ਨੇਤਾ ਲੋਕ ਆਪਣੇ ਅਤੇ ਆਪਣੀਆਂ ਰਾਜਨੀਤਕ ਪਾਰਟੀਆਂ ਦੀਆਂ ਬੋਲੀ ਬੋਲਦੀਆਂ ਹਨ ਕਿਸਾਨਾਂ
ਦੀ ਨਹੀਂ। ਕਿਸਾਨ ਵਰਗ ਰਾਜਨੀਤਕ ਤੌਰ ਤੇ ਸੁਚੇਤ ਨਾਂ ਹੋਣ ਦੇਣ ਲਈ ਵੀ ਇਹ ਕਿਸਾਨ ਆਗੂ ਹੀ
ਜੁੰਮੇਵਾਰ ਹਨ। ਕਿਸਾਨ ਆਗੂ ਕਦੇ ਵੀ ਬਿਜਲੀ ਸਪਲਾਈ 24 ਘੰਟੇ ਨਹੀਂ ਮੰਗੇ । ਜੇ ਪੰਜਾਬੀ ਕਿਸਾਨ
ਨੂੰ ਚਾਰ ਘੰਟਿਆਂ ਦੀ ਥਾਂ 24 ਘੰਟੇ ਸਪਲਾਈ ਦਿੱਤੀ ਜਾਦੀ ਤਦ ਇਸਦਾ 35000 ਕਰੋੜ ਬਚਾਇਆ ਜਾ ਸਕਦਾ
ਸੀ ਜੋ ਕਿ ਹੁਣ ਕਿਸਾਨ ਦੇ ਸਿਰ ਭੂਤ ਬਣਕੇ ਖੜਾ ਹੈ ਜੋ ਉਸਨੂੰ ਖੁਦਕਸੀਆਂ ਕਰਨ ਲਈ ਮਜਬੂਰ ਕਰਦਾ
ਹੈ। ਇਹਨਾਂ ਖੁਦਕਸੀਆਂ ਦੇ ਸਿਵਿਆਂ ਤੇ ਕਿਸਾਨ ਆਗੂ ਅਤੇ ਰਾਜਨੀਤਕ ਆਗੂ ਆਪਣੀਆਂ ਰੋਟੀਆਂ ਪਕਾਉਂਦੇ
ਹਨ। ਕੁੱਝ ਲੋਕ ਪਾਣੀ ਦੀ ਬੱਚਤ ਦੇ ਨਾਂ ਤੇ ਘੱਟ ਬਿਜਲੀ ਸਪਲਾਈ ਦੇਣ ਦੀ ਗੱਲ ਕਰਦੇ ਹਨ ਜੋ ਕਿ
ਫਜੂਲ ਹੈ ਕਿੳਂਕਿ ਕਿਸਾਨ ਨੇ ਜਰੂਰਤ ਅਨੁਸਾਰ ਪਾਣੀ ਹਰ ਹੀਲੇ ਕੱਢਣਾਂ ਹੈ। ਖੇਤੀਬਾੜੀ ਦੀਆਂ ਫਸਲਾਂ
ਨਾਂ ਜਿਆਦਾ ਪਾਣੀ ਸਹਾਰਦੀਆਂ ਹਨ ਅਤੇ ਨਾਂ ਹੀ ਘੱਟ ਪਾਣੀ ਨਾਲ ਪੂਰਾ ਝਾੜ ਦਿੰਦੀਆਂ ਹਨ। ਸੋ ਕਿਸਾਨ
ਨੂੰ ਪਾਣੀ ਪੂਰਾ ਕਰਨ ਲਈ ਇੱਕ ਦੀ ਥਾਂ ਚਾਰ ਮੋਟਰਾਂ ਲਵਾਉਣ ਲਈ ਜਰੂਰ ਮਜਬੂਰ ਹੋਣਾਂ ਪੈ ਰਿਹਾ ਹੈ।
ਬਿਜਲੀ ਮੋਟਰਾਂ ਚਾਰ ਘੰਟੇ ਸਪਲਾਈ ਨਾਲ ਜਿੰਨੀ ਜਮੀਨ ਸਿੰਜਦੀਆਂ ਹਨ 24 ਘੰਟੇ ਨਾਲ ਇਸਤੋਂ ਛੇ
ਗੁਣਾਂ ਜਿਆਦਾ ਸਿੰਜਣਗੀਆਂ । ਬਿਜਲੀ ਦੋਨਾਂ ਹਾਲਤਾਂ ਵਿੱਚ ਬਰਾਬਰ ਹੀ ਖਰਚ ਹੋਣੀ ਹੈ ਪਰ 24 ਘੰਟੇ
ਸਪਲਾਈ ਨਾਲ ਕਿਸਾਨ ਦਾ ਸਮੁੱਚਾ ਕਰਜਾ ਕਦੇ ਵੀ ਕਿਸਾਨ ਸਿਰ ਨਾਂ ਚੜਦਾ । ਮੋਟਰ ਕਨੈਕਸਨਾਂ ਤੇ
ਇਹਨਾਂ ਨੂੰ ਚਾਲੂ ਕਰਨ ਲਈ 10000 ਕਰੋੜ ਦਾ ਲਗਾਇਆ ਸਮਾਨ ਕਾਰਖਾਨੇਦਾਰਾਂ ਨੂੰ ਅਤੇ ਬਿਜਲੀ ਬੋਰਡ
ਨੂੰ ਜਰੂਰ ਕਮਾਈ ਦਾ ਸਾਧਨ ਬਣਿਆ ਰਿਹਾ । ਬਿਜਲੀ ਬੋਰਡ ਦੇ ਅਫਸਰ ਕਿਸਾਨਾਂ ਦੀ ਮਜਬੂਰੀ ਵਿੱਚੋਂ
ਰਿਸਵਤਾਂ ਬਟੋਰ ਕੇ ਕਾਰਾਂ ਕੋਠੀਆਂ ਦੇ ਮਾਲਕ ਬਣ ਗਏ ਅਤੇ ਰਾਜਨੀਤਕ ਨੇਤਾ ਇਸਦੀ ਬਦੌਲਤ ਕੁਰਸੀਆਂ
ਤੇ ਕਾਬਜ ਹੋਈ ਜਾ ਰਹੇ ਹਨ। ਇਸ ਤਰਾਂ ਦੇ ਹੋਰ ਵੀ ਕਈ ਕਾਰਨ ਹਨ ਜੋ ਸਰਕਾਰਾਂ ਦੀਆਂ ਗਲਤ ਨੀਤੀਆਂ
ਵਿੱਚੋਂ ਉਪਜੇ ਹਨ ਜਿੰਹਨਾਂ ਕਾਰਨ ਕਿਸਾਨ ਕਰਜਾਈ ਹੋਇਆ ਹੈ। ਰਾਜਨੀਤਕਾਂ ਨੇ ਵੋਟਾਂ ਵਟੋਰਨ ਲਈ
ਰਾਜਨੀਤੀ ਕਰਕੇ ਆਮ ਕਿਸਾਨਾਂ ਨੂੰ ਪਾਟੋਧਾੜ ਕਰਨ ਦਾ ਕੰਮ ਵੱਡੇ ਪੱਧਰ ਤੇ ਕੀਤਾ ਹੈ ਜਿਸ ਨਾਲ
ਕਿਸਾਨ ਤਕਨੀਕ ਤੇ ਕਈ ਗੁਣਾਂ ਜਿਆਦਾ ਖਰਚਾ ਕਰਨ ਲਈ ਮਜਬੂਰ ਹੈ। ਖੇਤੀਬਾੜੀ ਮਾਹਿਰ ਸਰਕਾਰਾਂ ਨੂੰ
ਸਹੀ ਸਲਾਹ ਦਿੰਦੇ ਨਹੀਂ ਜਾਂ ਰਾਜਨੀਤਕ ਲੋਕ ਉਹਨਾਂ ਦੀ ਮੰਨਦੇ ਨਹੀ ਇਹ ਭੇਤ ਸਰਕਾਰੀ ਫਾਈਲਾਂ ਹੀ
ਜਾਣਦੀਆਂ ਹਨ । ਰਾਜਨੀਤਕ ਲੋਕ ਅਤੇ ਅਫਸਰ ਮੋਟੇ ਹੋਈ ਜਾ ਰਹੇ ਕਿਸਾਨ ਸੁਕਦਾ ਜਾ ਰਿਹਾ ਹੈ
।ਖੇਤੀਬਾੜੀ ਦੇ ਮਾਹਰ ਗਲਤ ਸਲਾਹਾਂ ਦੇਣ ਦੇ ਬਾਵਜੂਦ ਕਦੇ ਜੁੰਮੇਵਾਰ ਨਹੀਂ ਬਣਾਏ ਜਾਂਦੇ ਉਲਟਾ
ਅਨੇਕਾਂ ਮੈਡਲਾਂ ਨਾਲ ਸਨਮਾਨੇ ਜਾਂਦੇ ਹਨ ਅਤੇ ਤਨਖਾਹਾਂ ਦੇ ਵਿੱਚ ਅੰਨੇ ਵਾਧੇ ਕਰਕੇ ਐਸਪ੍ਰਸਤ
ਬਣਾਏ ਜਾ ਰਹੇ ਹਨ। ਜੀਨਾਂ ਪਾਕੇ ਕਿਸਾਨਾਂ ਦੇ ਖੇਤਾਂ ਵਿੱਚ ਜਾਕੇ ਫੋਟੋਆਂ ਖਿਚਵਾਕੇ ਕਿਸਾਨਾਂ ਦੇ
ਹਿਮਾਇਤੀ ਹੋਣ ਦਾ ਢਿੰਡੋਰਾ ਪਿਟਦੇ ਇਹ ਲੋਕ ਕਦੇ ਦੱਸਣਗੇ ਕਿ ਕਿਸਾਨ ਇਹਨਾਂ ਅਫਸਰ ਲੋਕਾਂ ਦੀ
ਮਿਹਨਤ ਕਰਨ ਦੇ ਬਾਵਜੂਦ ਖੁਦਕਸੀਆਂ ਤਕ ਕਿਉਂ ਪਹੁੰਚ ਗਿਆ? ਜਾਂ ਕੀ ਅਸਲ ਵਿੱਚ ਅਖੌਤੀ ਖੇਤੀਬਾੜੀ
ਮਾਹਰਾਂ ਦੀਆਂ ਸਲਾਹਾਂ ਕਿਸਾਨਾਂ ਲਈ ਸਿਕਾਰੀ ਦੇ ਜਾਲ ਦਾ ਰੂਪ ਹੀ ਸਨ ਜਿਸ ਨਾਲ ਅਜਾਦੀ ਨਾਲ ਰਹਿਣ
ਵਾਲਾ ਕਿਸਾਨ ਨਾਂ ਦਾ ਪੰਛੀ ਰਾਜਨੀਤਕ ਲੋਕਾਂ ਦੇ ਘਰ ਅਤੇ ਪੈਰਾਂ ਦਾ ਸਿੰਗਾਰ ਬਣਾ ਦਿੱਤਾ ਗਿਆ।
ਕਿਸਾਨ ਆਗੂ ਵ ਆਪਣੇ ਰਾਜਨੀਤਕ ਗੁਰੂਆਂ ਨਾਲ ਖੁਸੀਆਂ ਮਨਾ ਰਹੇ ਹਨ ਜਿੰਹਨਾਂ ਦੀਆਂ ਨੀੀਅਨੇ ਵੀ ਇਸ
ਕੰਮ ਵਿੱਚ ਕੁਰਸੀ ਦੇ ਮਾਲਕਾਂ ਦਾ ਪੂਰਾ ਹੱਥ ਵਟਾਇਆ ਹੈ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ
ਬਰਨਾਲਾ
(14/07/13)
ਜਸਪ੍ਰੀਤ ਕੌਰ ਫਰੀਦਾਬਾਦ
•
ਜੀਵਨ ਵਿੱਚ ਅਕਾਲਪੁਰਖ ਵਾਲੇ ਗੁਣ ਭਗੌਤੀ ਨਾਂ ਦੀ ਦੇਵੀ ਅੱਗੇ ਅਰਦਾਸ ਕਰਕੇ ਕਦੇ ਵੀ ਨਹੀਂ ਆ
ਸਕਦੇ? ਸੁਰਿੰਦਰ ਸਿੰਘ ਫਰੀਦਾਬਾਦ
• ਚੰਗੇ ਗੁਣਾਂ ਦਾ ਧਾਰਣੀ ਹੋਣਾ ਹੈ ਤਾਂ ਉਸ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਨਿਰਭਉ ਨਿਰਵੈਰ
ਅਕਾਲਪੁਰਖ ਦੇ ਗੁਣਾਂ ਨੂੰ ਅਪਣਾਉਂਦੇ ਹੋਏ ਉਸ ਅਗੇ ਅਰਦਾਸ ਕਰਣ ਦੀ ਲੋੜ
(ਜਸਪ੍ਰੀਤ ਕੌਰ ਫਰੀਦਾਬਾਦ ੧੪ ਜੁਲਾਈ ੨੦੧੩)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਰ ਮਹੀਨੇ ਦੀ ੧੩ ਨੂੰ ਅਖੌਤੀ ਦਸਮ ਗ੍ਰੰਥ/ਬਚਿੱਤਰ
ਨਾਟਕ ਦੇ ਵਿਰੋਧ ਵਿੱਚ ਮਨਾਏ ਜਾਣ ਵਾਲੇ ਕਾਲੇ ਦਿਵਸ ਮੌਕੇ ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਦੇ
ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਜਿਸ ਵਾਰ ਭਗੌਤੀ ਨੂੰ ਸਿੱਖ ਸਮਾਜ
ਵਿੱਚ ਅਰਦਾਸ ਦਾ ਨਾਂ ਦੇ ਕੇ ਪੜਿਆ ਜਾ ਰਿਹਾ ਹੈ ਅਸਲ ਵਿੱਚ ਉਹ ਅਰਦਾਸ ਅਕਾਲਪੁਰਖ ਅੱਗੇ ਨਹੀਂ
ਸਗੋਂ ਭਗੌਤੀ ਨਾਂ ਦੀ ਦੇਵੀ ਅੱਗੇ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਖੌਤੀ ਦਸਮ
ਗ੍ਰੰਥ/ਬਚਿੱਤਰ ਨਾਟਕ ਵਿੱਚ ਵਾਰ ਭਗੌਤੀ ਦੀਆਂ ਸਾਰੀਆਂ ਪਉੜੀਆਂ ਦੁਰਗਾ ਪਾਠ ਹਨ। ਕੇਵਲ ਪਹਿਲੀ
ਪਉੜੀ ਵਿੱਚ ਬੜੀ ਚਲਾਕੀ ਨਾਲ ਕਵੀ ਨੇ ਸਿੱਖਾਂ ਨੂੰ ਗੁਮਰਾਹ ਕਰਣ ਲਈ ਪਹਿਲੇ ਨੌਂ ਗੁਰੂ ਸਾਹਿਬਾਨਾਂ
ਦਾ ਨਾਂ ਲੈ ਕੇ ਉਨ੍ਹਾਂ ਨੂੰ ਵੱਖ ਵੱਖ ਦਾਤਾਂ ਦੇਣ ਵਾਲਾ ਦਰਸਾ ਕੇ ਸ਼ਬਦ ਗੁਰੂ ਦੇ ਸਿਧਾਂਤ ਬਾਣੀ
ਗੁਰੂ ਅਤੇ ਵਿਚਿ ਬਾਣੀ ਅੰਮ੍ਰਿਤ ਸਾਰੇ ਤੋਂ ਦੂਰ ਕਰਨ ਦੀ ਗੰਦੀ ਖੇਡ ਖੇਡੀ ਹੈ ਜੋ ਕਿ ਵਾਰ ਭਗੌਤੀ
ਦੀ ੫੫ਵੀਂ ਪਉੜੀ “ਦੁਰਗਾ ਪਾਠ ਬਣਾਇਆ ਸਭੇ ਪਉੜੀਆ ਫਿਰਿ ਨਾ ਜੂਨੀ ਆਇਆ ਜਿਨਿ ਇਹ ਗਾਇਆ’ ਵਿਚੋਂ
ਸਾਫ ਝਲਕਦੀਆਂ ਹਨ। ਇਸ ਰਚਨਾ ਦੇ ਕਵੀ ਦਾ ਨਾਮ ਸਿਆਮ ਹੈ ਕਵੀ ਸਿਆਮ ਕਹਿੰਦਾ ਹੈ ਕਿ ਹੇ ਦੇਵੀ
ਦੁਰਗਾ ਮੈਨੂੰ ਤਾਂ ਤੇਰਾ ਆਸਰਾ ਹੈ (ਤੇਰਾ ਸਾਮ ਤਕਾਈ ਦੇਵੀ ਦੁਰਗਸ਼ਾਹ)। ਇੰਨ੍ਹਾਂ ਸਪਸ਼ਟ ਹੋਣ ਅਤੇ
ਕਵੀ ਛਾਪ ਲਿਖੇ ਹੋਣ ਦੇ ਬਾਵਜੂਦ ਵੀ ਜੇ ਕੋਈ ਸਿਆਮ ਕਵੀ ਦੀ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ
ਸਾਬਤ ਕਰਣ ਲਈ ਬਜਿਦ ਹੈ ਤਾਂ ਉਹ ਅਪਣੇ ਆਪ ਨੂੰ ਸ਼ਬਦ ਗੁਰੂ ਦਾ ਸਿੱਖ ਅਖਵਾਉਣ ਦਾ ਹਕਦਾਰ ਨਹੀਂ। ਸ.
ਸੁਰਿੰਦਰ ਸਿੰਘ ਨੇ ਕਿਹਾ ਕਿ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਵਿੱਚ ਭਗੌਤੀ ਨੂੰ ਸ਼ਿਵਾ, ਦੁਰਗਾ,
ਛਿਮਾ, ਤੋਤਲਾ, ਕਾਲੀ, ਕਪਾਲਿਨੀ, ਚੰਡੀ ਆਦਿ ਨਾਵਾਂ ਨਾਲ ਸੰਬੋਧਨ ਕੀਤਾ ਹੈ ਜੋ ਕਿ ਅਕਾਲਪੁਰਖ ਨੂੰ
ਸੰਬੋਧਤ ਨਾਂ ਨਹੀਂ ਸਗੋਂ ਭਗੌਤੀ/ਦੁਰਗਾ ਦੇਵੀ ਨੂੰ ਸੰਬੋਧਨ ਕਰਦਿਆਂ ਦੇਵੀ ਭਗਤ ਸਿਆਮ ਦੀ ਰਚਨਾ
ਹੈ। ਇਸ ਗੱਲ ਦੀ ਹਾਮੀ ਮਹਾਨ ਕੋਸ਼ ਕ੍ਰਿਤ ਭਾਈ ਕਾਨ੍ਹ ਸਿੰਘ ਨਾਭਾ ਵੀ ਕਰਦੇ ਹਨ। ਉਨ੍ਹਾਂ ਕਿਹਾ ਕਿ
ਅਖੌਤੀ ਦਸਮ ਗ੍ਰੰਥ ਵਿੱਚ ਦੇਵੀ ਨੂੰ ਅਯਾਸ਼ ਰਾਜੇ ਇੰਦਰ ਦੀ ਮਦਦ ਕਰਣ ਵਾਲੀ, ਗੁੱਸੇ ਵਾਲੀ, ਨਸ਼ਿਆਂ
ਦਾ ਸੇਵਨ ਕਰਨ ਵਾਲੀ ਦਰਸਾਉਣ ਤੋਂ ਬਾਦ ਵੀ ਉਸ ਵਰਗਾ ਬਣਨ ਦੀ ਹਮਾਇਤ ਕੀਤੀ ਹੈ। ਸ. ਸੁਰਿੰਦਰ ਸਿੰਘ
ਨੇ ਕਿਹਾ ਕਿ ਗੁਰਬਾਣੀ ਦੇ ਸਿਧਾਂਤ ਜੈਸਾ ਸੇਵੇ ਤੈਸੋ ਹੋਏ ਮੁਤਾਬਕ ਜੀਵਨ ਵਿੱਚ ਜੇ ਚੰਗੇ ਗੁਣਾਂ
ਦਾ ਧਾਰਣੀ ਹੋਣਾ ਹੈ ਤਾਂ ਉਸ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਨਿਰਭਉ ਨਿਰਵੈਰ ਅਕਾਲਪੁਰਖ ਦੇ
ਗੁਣਾਂ ਨੂੰ ਅਪਣਾਉਂਦੇ ਹੋਏ ਉਸ ਅਗੇ ਅਰਦਾਸ ਕਰਣ ਦੀ ਲੋੜ ਹੈ ਨਾ ਕਿ ਬਚਿਤਰ ਨਾਟਕ/ਅਖੌਤੀ ਦਸਮ
ਗ੍ਰੰਥ ਦੇ ਕ੍ਰੋਧ ਅਤੇ ਨਸ਼ਿਆਂ ਦਾ ਸੇਵਨ ਕਰਨ ਵਾਲੇ ਇਸ਼ਟ ਨੂੰ ਪ੍ਰਿਥਮ ਭਗੌਤੀ ਸਿਮਰਿ…ਆਖ ਕੇ।
(14/07/13)
ਤੱਤ ਗੁਰਮਤਿ ਪਰਿਵਾਰ
‘ਧਾਰਾ 295 ਏ’ ਬਨਾਮ
ਗੁਰਮਤਿ
‘ਵਿਚਾਰ ਪੇਸ਼ ਕਰਨ ਦੀ ਆਜ਼ਾਦੀ’ ਦੇ ਮੁੱਢਲੇ ਮਨੁੱਖੀ ਹੱਕਾਂ ਨੂੰ ਦਬਾਉਣ
ਲਈ ਧਾਰਾ ‘295-ਏ’ ਦੀ ਦੁਰਵਰਤੋਂ
ਸਿੱਖਾਂ ਲਈ ਤਾਂ ਇਸ ਦੀ ਵਰਤੋਂ ਗੁਰਮਤਿ ਨੂੰ ਪਿੱਠ ਵਿਖਾਉਣ ਵਾਲੀ ਗੱਲ
ਹੈ।
ਦੁਨੀਆਂ ਦਾ ਹਰ ਮੱਤ (ਧਰਮ ਦੇ ਨਾਂ ਹੇਠ ਪ੍ਰਚਲਤ) ਇਹ ਦਾਅਵਾ ਅਤੇ ਪ੍ਰਚਾਰ
ਕਰਦਾ ਹੈ ਕਿ ਉਸ ਦੀ ਵਿਚਾਰਧਾਰਾ ਸਭ ਤੋਂ ਸ੍ਰੇਸ਼ਟ ਹੈ। ਸਿੱਖਾਂ ਵਲੋਂ ਵੀ ਐਸਾ ਦਾਅਵਾ ਅਤੇ ਮਾਣ ਆਮ
ਕੀਤਾ ਜਾਂਦਾ ਹੈ, ਉਹ ਗੱਲ ਵੱਖਰੀ ਹੈ ਕਿ ਸਿਧਾਂਤਕ ਪੱਖੋਂ ਸਿੱਖ ਸਮਾਜ ਵਿਚਾਰਧਾਰਾ ਤੋਂ ਬਾਗ਼ੀ ਹੋ
ਕੇ ਪੁਜਾਰੀਵਾਦ ਦਾ ਗੁਲਾਮ ਬਣ ਚੁੱਕਿਆ ਹੈ। ਇਸ ਦੇ ਬਾਵਜੂਦ ਇਹ ਇਕ ਸਥਾਪਤ ਸੱਚਾਈ ਹੈ ਕਿ ਵੱਖ-ਵੱਖ
ਧਰਮਾਂ ਦੀ ਤੁਲਨਾਤਮਕ ਪੜਚੋਲ ਕਰਨ ਵਾਲੇ ਬਹੁਤੇ ਨਿਰਪੱਖ ਵਿਦਵਾਨਾਂ ਦਾ ਇਹ ਮੰਨਣਾ ਹੈ ਕਿ ‘ਗੁਰਮਤਿ
ਫਲਸਫਾ’ ਹੀ ਇਕੋ-ਇਕ ਫਲਸਫਾ ਹੈ, ਜੋ ਸਮੁੱਚੀ ਮਨੁੱਖਤਾ ਨੂੰ ਆਪਣੇ ਕਲਾਵੇ ਵਿਚ ਲੈ ਕੇ ਸਰਬਪੱਖੀ
ਸੁਚਾਰੂ ਸੇਧ ਦੇਣ ਦੀ ਸਮਰੱਥਾ ਰੱਖਦਾ ਹੈ।
ਇਹ ਮਾਣ ਜਾਂ ਹੰਕਾਰ ਵਾਲੀ ਗੱਲ ਨਹੀਂ,
ਬਲਕਿ ਗੁਰਮਤਿ ਦੇ ਪੈਰੋਕਾਰਾਂ ਦੀ ਇਹ ਮੁੱਢਲੀ ਜਿੰਮੇਵਾਰੀ ਬਣ ਜਾਂਦੀ ਹੈ ਕਿ ਇਸ ਫਲਸਫੇ ਨੂੰ
ਮਨੁੱਖੀ ਭਲਾਈ ਦੇ ਮਕਸਦ ਨਾਲ ਸਮੁੱਚੀ ਮਨੁੱਖਤਾ ਤੱਕ ਪਹੁੰਚਾਉਣ ਲਈ ਠੋਸ ਉਪਰਾਲੇ ਕਰੇ। ਇਨ੍ਹਾਂ
ਉਪਰਾਲਿਆਂ ਪਿੱਛੇ ਹੋਰ ਮੱਤਾਂ ਵਾਂਙੂ ਗਿਣਤੀ ਵਧਾਉਣ ਦੀ
‘ਚੂਹਾ-ਦੌੜ’
ਦੀ ਮੰਸ਼ਾ ਨਹੀਂ ਹੋਣੀ ਚਾਹੀਦੀ ਬਲਕਿ ਮਨੁੱਖਤਾ ਨੂੰ ਪੁਜਾਰੀਵਾਦ ਦੇ ਚੁੰਗਲ ਤੋਂ ਛੁਡਾ ਕੇ ਸਰਬਪੱਖੀ
ਆਜ਼ਾਦੀ ਲਈ ਦਰਦ ਮਨ ਵਿਚ ਹੋਣਾ ਚਾਹੀਦਾ ਹੈ।
ਐਸੇ ਪਵਿੱਤਰ ਯਤਨਾਂ ਲਈ ‘ਅਕਾਲ ਤਖਤ’
ਦੇ ਨਾਮ ’ਤੇ ਪ੍ਰਚਲਤ ‘ਪੁਜਾਰੀਵਾਦੀ ਵਿਵਸਥਾ’ ਦੇ ਝੰਡੇ ਹੇਠ ਚੱਲਣ ਦੀ ਇੱਛਾ ਫਜ਼ੂਲ ਹੈ।
‘ਆਪਣੇ ਵਿਚਾਰਾਂ ਨੂੰ ਪੇਸ਼ ਕਰਨ ਦੀ ਆਜ਼ਾਦੀ’ ਇਕ ਮੁੱਢਲਾ ਹੱਕ ਹੈ। ਗੁਰਮਤਿ
ਮਾਰਗ ਦੇ ਮੋਢੀ ਬਾਬਾ ਨਾਨਕ ਜੀ ਵੀ ਇਸ ਹੱਕ ਦੀ ਪ੍ਰੋੜਤਾ ਕਰਦੇ ਹੋਏ ਲਿਖਦੇ ਹਨ:
ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥ (ਪੰਨਾ 661)
ਅੱਜ ਦੇ ਸਮੇਂ ਵਿਚ ਭਾਰਤ ਦੇ ਕਾਨੂੰਨ ਦੀ ਇਕ ਧਾਰਾ
‘295-ਏ’
ਬਹੁਤ ਚਰਚਾ ਵਿਚ ਹੈ। ਇਸ ਕਾਨੂੰਨੀ ਧਾਰਾ ਅਨੁਸਾਰ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ
ਪਹੁੰਚਾਉਣ ਕਾਰਨ ਸਜ਼ਾ ਹੋ ਸਕਦੀ ਹੈ। ਧਾਰਮਿਕ ਭਾਵਨਾਵਾਂ ਨੂੰ ਠੇਸ ਦਾ ਘੇਰਾ ਇਤਨਾ ਵਿਸ਼ਾਲ ਅਤੇ
ਲਚਕੀਲਾ ਹੈ ਕਿ ਇਸ ਦਾ ਸਹਾਰਾ ਲੈ ਕੇ ਕਿਸੇ ਵੀ ਵਿਚਾਰਕ ਨੂੰ ਆਸਾਨੀ ਨਾਲ ਸ਼ਿਕਾਰ ਬਣਾਇਆ ਜਾ ਸਕਦਾ
ਹੈ। ਇਸ ਦੀ ਵਰਤੋਂ ਪਿੱਛਲੇ ਕੁਝ ਸਮੇਂ ਵਿਚ ਬਹੁਤ ਵੱਧ ਗਈ ਹੈ। ਅਫਸੋਸ! ਬਾਬਾ ਨਾਨਕ ਜੀ ਦੇ
ਪੈਰੋਕਾਰ ਕਹਾਉਣ ਦਾ ਦਾਅਵਾ ਕਰਨ ਵਾਲੀ ਸਿੱਖ ਕੌਮ ਵਿਚ ਵੀ ਇਸ ਦੀ ਵਰਤੋਂ ਬਹੁਤ ਹੋ ਰਹੀ ਹੈ।
ਭਾਰਤੀ ਸੰਵਿਧਾਨ ਦਾ ਇਸ ਕਾਨੂੰਨ ਪ੍ਰਤੀ ਕੁਝ ਵੀ ਨਜ਼ਰੀਆ ਹੋਵੇ,
ਪਰ ਗੁਰਮਤਿ ਮਾਰਗ ਇਸ ਕਾਨੂੰਨ ਦੀ ਆਮ
ਵਰਤੋਂ ਦੇ ਹੱਕ ਵਿਚ ਨਹੀਂ ਹੈ, ਕਿਉਂਕਿ ਗੁਰਮਤਿ ਖੁੱਲ੍ਹੇ ਦਿਮਾਗਾਂ ਅਤੇ ਵਿਚਾਰ-ਚਰਚਾ ਦਾ ਰਾਹ ਹੈ
ਨਾ ਕਿ ਅੰਨ੍ਹੀ ਸ਼ਰਧਾ ਅਤੇ ਸੰਕੀਰਨਤਾ ਦਾ। ਸਿੱਖ
ਸਮਾਜ ਵਿਚ ਵੀ ਇਸ ਧਾਰਾ ਦੀ ਦੁਰਵਰਤੋਂ ਮੁੱਖ ਤੌਰ ’ਤੇ ‘ਹਾਕਮ-ਪੁਜਾਰੀ’ ਗਠਜੋੜ ਵਲੋਂ ਪੁਨਰਜਾਗਰਨ
ਦੇ ਰਾਹ ’ਤੇ ਚੱਲ ਰਹੇ ਪੰਥ-ਦਰਦੀ ਵਿਦਵਾਨਾਂ ਦਾ ਰਾਹ ਰੋਕਣ ਲਈ ਕੀਤੀ ਜਾ ਰਹੀ ਹੈ। ਅਗਲੀ ਵਿਚਾਰ
ਤੋਂ ਇਹ ਸਪਸ਼ਟ ਹੋ ਜਾਵੇਗਾ ਕਿ ਜੇ ਇਸ ਕਾਨੂੰਨ ਦੀ ਅੰਨ੍ਹੀ ਵਰਤੋਂ ਸਹੀ ਮੰਨੀ ਜਾਵੇ ਤਾਂ ਇਸ ਨਜ਼ਰੀਏ
ਤੋਂ ‘ਬਾਬਾ ਨਾਨਕ ਜੀ ਸਮੇਤ ਸਾਰੇ ਨਾਨਕ ਸਰੂਪ’, ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’, ਅਤੇ ਹੋ ਚੁੱਕੇ
ਬਹੁਤੇ ਪੰਥਕ ਵਿਦਵਾਨ ਦੋਸ਼ੀ ਸਾਬਤ ਹੋਣਗੇ।
ਜੇ ਐਸਾ ਹੈ ਤਾਂ ਫੇਰ ਅਸੀਂ ਕਿਹੜੀ
ਸਿੱਖੀ ਦਾ ਭਰਮ ਪਾਲੀ ਬੈਠੇ ਹਾਂ?
ਇਸ ਕਾਨੂੰਨ ਦਾ ਆਧਾਰ ਹੈ ਕਿ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ
ਪਹੁੰਚਾਉਣਾ ਅਪਰਾਧ ਹੈ।
ਇਹ ਵੀ ਇਕ ਸਰਬ-ਪ੍ਰਵਾਨਤ
ਸੱਚਾਈ ਹੈ ਕਿ ਬਹੁਤੇ ਪ੍ਰਚਲਤ ਧਰਮਾਂ ਦਾ ਆਧਾਰ ਮੁੱਖ ਤੌਰ ’ਤੇ ਅੰਧਵਿਸ਼ਵਾਸ ਅਤੇ ਕਰਮਕਾਂਡ ਹਨ।
ਇਨ੍ਹਾਂ ਫਿਰਕੂ ਮਾਨਤਾਵਾਂ ਵਿਚ ਆਮ ਲੋਕਾਂ ਦੀ ਸ਼ਰਧਾ ਵੀ ਬਹੁਤ ਹੈ। ਕਿਸੇ ਵੀ ਪ੍ਰਚਾਰਕ/ਵਿਦਵਾਨ
ਵਲੋਂ ਪ੍ਰਚਲਤ ਮਾਨਤਾਵਾਂ ਦਾ ਖੰਡਨ ਆਮ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਹੀ ਪਹੁੰਚਾਉਂਦਾ ਹੈ।
ਭਾਰਤੀ ਅਦਾਲਤਾਂ ਵਿਚ ਐਸੇ ਕੇਸ ਬਹੁਤਾਤ ਵਿਚ ਮਿਲਦੇ ਹਨ। ਕਈਂ ਥਾਂ ’ਤੇ ਫਿਰਕੁ ਅਸਹਿਣਸ਼ੀਲਤਾ ਇਸ
ਕਦਰ ਹਾਵੀ ਹੈ ਕਿ ਵਿਰੋਧੀ ਵਿਚਾਰ ਪੇਸ਼ ਕਰਨ ਵਾਲੇ ਦਾ ਕਤਲ ਕਰਨ ਜਾਂ ਉਸ ਉੱਤੇ ਕਤਲ ’ਤੇ ਇਨਾਮ
ਰੱਖਣ ਦੇ ਮੰਦ-ਕਾਰੇ ਵੀ ਵੇਖਣ ਨੂੰ ਮਿਲਦੇ ਹਨ।
ਬਾਬਾ ਨਾਨਕ ਜੀ ਨੇ ਆਪਣੇ ਪ੍ਰਚਾਰ ਸਫ਼ਰ ਦੌਰਾਨ ਪ੍ਰਚਲਤ ਮੱਤਾਂ (ਹਿੰਦੂ,
ਮੁਸਲਿਮ ਆਦਿ) ਦੀ ਗਲਤ ਅਤੇ ਰੂੜੀਵਾਦੀ ਮਾਨਤਾਵਾਂ ਦਾ ਖੁੱਲਾ ਖੰਡਨ ਕੀਤਾ। ਜਿਸ ਕਾਰਨ ਸ਼ਰਧਾਲੂ
ਨਾਸਮਝ ਲੋਕਾਂ ਅਤੇ ਪੁਜਾਰੀ ਤਬਕੇ ਨੇ ਉਨ੍ਹਾਂ ਨੂੰ ‘ਭੂਤਨਾ ਬੇਤਾਲਾ’ ਆਦਿ ਵੀ ਕਿਹਾ। ਬੇਸ਼ਕ ਬਾਬਾ
ਨਾਨਕ ਜੀ ਸੱਚ ਦਾ ਪ੍ਰਚਾਰ ਕਰ ਰਹੇ ਸਨ ਪਰ ਉਨ੍ਹਾਂ ਦੇ ਪ੍ਰਚਾਰ ਨਾਲ ਕਈ ਸ਼ਰਧਾਲੂਆਂ ਦੀਆਂ ਪ੍ਰਚਲਤ
ਮਾਨਤਾਵਾਂ ਪ੍ਰਤੀ ਭਾਵਨਾਵਾਂ ਨੂੰ ਠੇਸ ਵੀ ਪਹੁੰਚਦੀ ਸੀ। ਕੀ ਇਸ ਕਾਨੂੰਨ ਅਨੁਸਾਰ ਤਾਂ ਉਹ ਵੀ
ਦੋਸ਼ੀ ਨਹੀਂ ਮੰਨੇ ਜਾਣਗੇ? ਇਹੀ ਗੱਲ ਮਗਰਲੇ ਨਾਨਕ ਸਰੂਪਾਂ ਦੇ ਪ੍ਰਚਾਰ ’ਤੇ ਵੀ ਢੁੱਕਦੀ ਹੈ।
‘ਗੁਰਬਾਣੀ’ ਵਿਚ ਗਲਤ ਪ੍ਰਚਲਤ ਧਾਰਮਿਕ ਮਾਨਤਾਵਾਂ ਦਾ ਖੁੱਲਾ ਖੰਡਨ ਮਿਲਦਾ ਹੈ। ਹੋਰ ਤਾਂ ਹੋਰ
ਸਪਸ਼ਟ
‘ਹਿੰਦੂ ਅੰਨ੍ਾ ਤੁਰਕੂ
ਕਾਣਾ ॥ (ਪੰਨਾ 875), ‘ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ ॥ (ਪੰਨਾ 664)
ਆਦਿ ਤੁੱਕਾਂ ਮਿਲਦੀਆਂ ਹਨ, ਜਿਸ ਨਾਲ ਹਿੰਦੂ ਅਤੇ
ਮੁਸਲਮਾਨ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦਾ ਬਹਾਨਾ ਬਣਾ ਸਕਦੇ ਹਨ। ਸੋ ਇਸ ਕਾਨੂੰਨ ਦਾ
ਸਹਾਰਾ ਲੈ ਕੇ ਕੁਝ ਲੋਕਾਂ ਵਲੋਂ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ’ਤੇ ਧਾਰਮਿਕ ਭਾਵਨਾਵਾਂ ਨੂੰ
ਭੜਕਾਉਣ ਦਾ ਦੋਸ਼ ਆਇਦ ਕਰਦਿਆਂ ਪਾਬੰਦੀ ਦੀ ਮੰਗ ਕੀਤੀ ਜਾ ਸਕਦੀ ਹੈ?
ਉਸ ਵੇਲੇ ਆਪ ਹੀ ਇਸ ਕਾਨੂੰਨ ਦੀ
ਦੁਰਵਰਤੋਂ ਆਪਣੇ ਵਿਦਵਾਨਾਂ ਖਿਲਾਫ ਕਰਨ ਵਾਲੀ ਸਿੱਖ ਕੌਮ ਕਿਥੇ ਮੁੰਹ ਲੁਕਾਏਗੀ?
ਇਸ ਨਜ਼ਰੀਏ ਤੋਂ ਤਾਂ ਪ੍ਰੋ. ਗੁਰਮੁੱਖ ਸਿੰਘ, ਗਿਆਨੀ ਦਿੱਤ ਸਿੰਘ, ਕਾਨ੍ਹ
ਸਿੰਘ ਜੀ ਨਾਭਾ ਸਮੇਤ ਉਹ ਸਾਰੇ ਵਿਦਵਾਨ ਵੀ ਦੋਸ਼ੀ ਸਾਬਤ ਹੋ ਜਾਣਗੇ, ਜਿਨ੍ਹਾਂ ਨੇ ਗਲਤ ਪ੍ਰਚਲਤ
ਮਾਨਤਾਵਾਂ ਖਿਲਾਫ ਅਵਾਜ਼ ਉਠਾ ਕੇ ਸੁਧਾਰ ਦੀ ਗੱਲ ਅੱਗੇ ਤੋਰੀ। ਸਿੱਧਾ ਅਤੇ ਸਪਸ਼ਟ ਮਤਲਬ ਹੈ ਕਿ ਇਸ
ਨਜ਼ਰੀਏ ਤੋਂ ਤਾਂ ਗੁਰਮਤਿ ਇਨਕਲਾਬ ਦਾ ਸਾਰਾ ਸਫ਼ਰ ਹੀ ‘ਦੋਸ਼ੀ’ ਸਾਬਤ ਹੋ ਜਾਵੇਗਾ।
ਫੇਰ ਕਿਹੜੀ ਮਹਾਨ ਸਿੱਖੀ ਅਤੇ ਕਿਹੜੀ
ਮਹਾਨ ਕੌਮ?
ਸੱਚ ਤਾਂ ਇਹ ਵੀ ਹੈ ਕਿ ਵਿਦਵਾਨਾਂ/ਖੋਜਾਰਥੀਆਂ/ਪ੍ਰਚਾਰਕਾਂ ਖਿਲਾਫ ਇਸ
ਕਾਨੂੰਨ ਦੀ ਦੁਰਵਰਤੋਂ ਵਿਕਾਸ ਦੇ ਰਾਹ ਵਿਚ ਰੋੜੇ ਅਟਕਾੳੇੁਣ ਵਾਲੀ ਕਾਰਵਾਈ ਹੈ, ਜਿਸ ਦਾ ਵਿਰੋਧ
ਕਰਨਾ ਹਰ ਇਮਾਨਦਾਰ ਅਤੇ ਸੁਚੇਤ ਮਨੁੱਖ ਦਾ ਫਰਜ਼ ਬਣਦਾ ਹੈ।
ਗੁਰਮਤਿ ਮਾਰਗ ਦੇ ਪਾਂਧੀਆਂ ਲਈ ਤਾਂ ਐਸੀ ਦੁਰਵਰਤੋਂ ਦਾ
ਵਿਰੋਧ ਇਕ ਪਵਿੱਤਰ ਫਰਜ਼ ਬਣ ਜਾਂਦਾ ਹੈ, ਕਿਉਂਕਿ ਗਲਤ ਮਾਨਤਾਵਾਂ ਦਾ ਖੰਡਨ ਇਸ ਸਫ਼ਰ ਦਾ ਇਕ ਅਹਿਮ
ਪਹਿਲੂ ਹੈ। ਸੰਪਰਦਾਈ ਧਿਰਾਂ ਵਲੋਂ ਤਾਂ ਇਸ ਕਾਨੂੰਨ ਦੀ ਦੁਰਵਰਤੋਂ ਦੀ ਹਮੇਸ਼ਾਂ ਹਿਮਾਇਤ ਕੀਤੀ
ਜਾਵੇਗੀ, ਕਿਉਂਕਿ ਉਨ੍ਹਾਂ ਦਾ ਤਾਂ ਆਧਾਰ ਹੀ ਪੁਜਾਰੀਵਾਦੀ ਮਾਨਤਾਵਾਂ ਹਨ। ਸਿੱਖ ਸਮਾਜ ਵਿਚਲੀਆਂ
ਸੰਪਰਦਾਈ ਧਿਰਾਂ ਵਲੋਂ ਵੀ ਪੁਨਰਜਾਗਰਨ ਦੇ ਖੇਤਰ ਵਿਚ ਵਿਚਰ ਰਹੇ ਪ੍ਰਚਾਰਕਾਂ/ਵਿਦਵਾਨਾਂ ਵਿਰੁਧ ਇਸ
ਕਾਨੂੰਨ ਦੀ ਮੰਗ ਆਮ ਹੁੰਦੀ ਰਹੀ ਹੈ।
ਇਸੇ ਕਾਨੂੰਨ ਦੀ ਦੁਰਵਰਤੋਂ ਦੇ ਮੰਦ-ਵਰਤਾਰੇ ਦਾ ਅਗਲਾ ਸ਼ਿਕਾਰ ਡਾ. ਇਕਬਾਲ
ਸਿੰਘ ਢਿੱਲੋਂ ਚੰਡੀਗੜ ਨੂੰ ਬਣਾਉਣ ਦੀਆਂ ਤਿਆਰੀਆਂ ਹੋ ਰਹੀਆਂ ਹਨ।
ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਗੁਰਮਤਿ ਵਿਰੋਧੀ ਬਹਾਨਾ ਬਣਾ ਕੇ, ਭ੍ਰਿਸ਼ਟ
‘ਹਾਕਮ-ਪੁਜਾਰੀ’ ਗਠਜੋੜ ਦੀ ਦੁੰਮ-ਛਲਾ ਸ਼੍ਰੋਮਣੀ ਕਮੇਟੀ ਨੇ ਡਾ. ਢਿਲੋਂ ਖਿਲਾਫ ਕੇਸ ਕਰਨ ਦੀ
ਤਿਆਰੀ ਕਰ ਲਈ ਹੈ। ਇਸ ਦਾ ਆਧਾਰ ਉਨ੍ਹਾਂ ਦੀ ਕੁਝ ਸਮਾਂ ਪਹਿਲਾਂ ਛਪੀ ਕਿਤਾਬ
‘ਅਕਾਲ ਤਖਤ : ਸੰਕਲਪ ਅਤੇ ਵਿਵਸਥਾ’
ਨੂੰ ਬਣਾਇਆ ਜਾ ਰਿਹਾ ਹੈ। ਇਸ ਪੁਸਤਕ ਵਿਚ ਡਾ. ਜੀ ਨੇ ਅਕਾਲ ਤਖਤ ਦੇ ਨਾਮ ’ਤੇ ਪ੍ਰਚਲਤ ਮੌਜੂਦਾ
ਵਿਵਸਥਾ ਨੂੰ ਗੈਰ-ਪ੍ਰਮਾਣਿਕ ਅਤੇ ਗੁਰਮਤਿ ਵਿਰੋਧੀ ਸਾਬਤ ਕਰਨ ਦਾ ਦਾਅਵਾ ਖੋਜ ਦੇ ਆਧਾਰ ’ਤੇ ਕੀਤਾ
ਹੈ। ਮਿਲੀ ਜਾਣਕਾਰੀ ਅਨੁਸਾਰ, ਇਸ ਕਿਤਾਬ ਨੂੰ ਸ਼੍ਰੋਮਣੀ ਕਮੇਟੀ ਦੇ ‘ਪੇਡ ਵਿਦਵਾਨਾਂ’ ਨੇ ਧਾਰਮਿਕ
ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਦੱਸਿਆ ਹੈ ਅਤੇ ਲੇਖਕ ਵਿਰੁਧ ਕਾਨੂੰਨੀ ਕਾਰਵਾਈ ਕਰਨ ਦੀ
ਸਿਫਾਰਸ਼ ਕੀਤੀ ਹੈ। ਐਸੇ ਵਿਦਵਾਨਾਂ ਦੀ ਗੁਰਮਤਿ ਇਨਕਲਾਬ ਪ੍ਰਤੀ ਅਗਿਆਨਤਾ ਅਤੇ ਅਣਗਹਿਲੀ ਵੇਖ ਕੇ
ਅਫਸੋਸ ਹੀ ਕੀਤਾ ਜਾ ਸਕਦਾ ਹੈ ਜਾਂ ਫੇਰ ਉਨ੍ਹਾਂ ਦੀ ਭਰਤੀ ਹੀ ਆਪਣੀ ਮਰਜ਼ੀ ਅਨੁਸਾਰੀ ਫੈਸਲੇ
ਕਰਵਾਉਣ ਲਈ ਕੀਤੀ ਗਈ ਹੋ ਸਕਦੀ ਹੈ।
ਜ਼ਰੂਰੀ ਨਹੀਂ ਕਿ ਡਾ. ਇਕਬਾਲ ਸਿੰਘ ਦੀਆਂ ਲਿਖੀਆਂ ਸਾਰੀਆਂ ਗੱਲਾਂ ਸਹੀ
ਹੋਣ।
ਪਰ ਉਸ ਲਈ ਤਰੀਕਾ ਇਹ
ਸੀ ਕਿ ਸ਼੍ਰੋਮਣੀ ਕਮੇਟੀ ਉਸ ਪੁਸਤਕ ਵਿਚ ਦਿਤੀਆਂ ਗਲਤ ਗੱਲਾਂ ਨੂੰ ਸਪਸ਼ਟ ਕਰਨ ਲਈ ਗੁਰਮਤਿ ਦਲੀਲਾਂ
ਅਤੇ ਠੋਸ ਤੱਥਾਂ ਦੇ ਆਧਾਰ ’ਤੇ ਆਪਣੇ ਵਿਦਵਾਨਾਂ ਰਾਹੀਂ ਜਵਾਬ ਦਿੰਦੀ ।
ਇਹੀ ਗੁਰਮਤਿ ਦਾ ਰਾਹ ਵੀ ਹੈ। ਚੇਤੇ ਰਹੇ ਜੇ ਭਾਵਨਾਵਾਂ ਨੂੰ ਠੇਸ ਪਹੂੰਚਾਉਣ ਦੀ ਗੱਲ ਹੈ ਤਾਂ
ਆਪਣੀ ਛਾਪੀ ਪੁਸਤਕ ‘ਸਿੱਖ
ਇਤਿਹਾਸ’ ਰਾਹੀਂ ਸ਼੍ਰੋਮਣੀ ਕਮੇਟੀ ’ਤੇ ਵੀ ਇਹ
ਦੋਸ਼ ਲਗਦੇ ਰਹੇ ਹਨ, ਜਿਸ ਬਾਰੇ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੀ। ਪਰ ਕਾਨੂੰਨੀ ਕਾਰਵਾਈ ਦਾ
ਰਾਹ ਆਪਣਾ ਕੇ ਗੁਰਮਤਿ ਨੂੰ ਪਿੱਠ ਵਿਖਾਉਣ ਦੀ ਤਿਆਰੀ ਕਰ ਲਈ ਗਈ ਹੈ। ਜੇ ਕੱਲ ਨੂੰ ਅਦਾਲਤ ਵਿਚ
ਵਿਰੋਧੀ ਧਿਰ ਦੇ ਵਕੀਲ ਵੀ ਇਸੇ ਨਾਸਮਝੀ ਹੇਠ ਬਾਬਾ ਨਾਨਕ ਜੀ ਅਤੇ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’
ਦੀ ਅਸਲ ਭਾਵਨਾ ਨੂੰ ਸਮਝੇ ਬਗੈਰ, ਉਨ੍ਹਾਂ ਦੇ ਪ੍ਰਚਾਰ ਰਾਹੀਂ ਹੋਰ ਮੱਤਾਂ ਦੇ ਸ਼ਰਧਾਲੂਆਂ ਦੀ
ਭਾਵਨਾਵਾਂ ਨੂੰ ਠੇਸ ਪਹੁੰਚਣ ਦੀ ਦਲੀਲ ਦੇ ਦਿੱਤੀ ਤਾਂ ਸ਼੍ਰੋਮਣੀ ਕਮੇਟੀ ਅਤੇ ਸਿੱਖ ਕੌਮ ਲਈ ਵੱਡੀ
ਨਮੋਸ਼ੀ ਦੇ ਹਾਲਾਤ ਵੀ ਬਣ ਸਕਦੇ ਹਨ।
ਪੁਜਾਰੀਵਾਦੀ ਪ੍ਰਭਾਵ ਹੇਠ ਵਿਚਰ ਰਹੀਆਂ ਸਿੱਖ ਸਮਾਜ ਵਿਚਲੀਆਂ ਸੰਪਰਦਾਈ
ਧਿਰਾਂ ਵਲੋਂ ਕਮੇਟੀ ਦੀ ਇਸ ਕਾਰਵਾਈ ਦੀ ਪ੍ਰੋੜਤਾ ਹੋਣਾ ਸਮਝ ਵਿਚ ਆਉਂਦਾ ਹੈ ਕਿਉਂਕਿ ਉਹ ਪ੍ਰਚਲਤ
ਮਾਨਤਾਵਾਂ ਦੇ ਖੰਡਨ ਦੇ ਵਿਰੋਧੀ ਹਨ।
ਪਰ ਵੱਡਾ ਅਫਸੋਸ ਇਹ ਹੈ ਕਿ ਪੰਥ ਦੇ
ਜਾਗਰੂਕ ਤਬਕੇ ਦਾ ਹਿੱਸਾ ਮੰਨੀ ਜਾਂਦੀ ਕਿਸੇ ਵੀ ਧਿਰ ਜਾਂ ਸ਼ਖਸੀਅਤ ਨੇ ਡਾ. ਢਿਲੋਂ ਖਿਲਾਫ ਕੀਤੀ
ਜਾ ਰਹੀ ਇਸ ਗੁਰਮਤਿ ਉਲਟ ਕਾਰਵਾਈ ਦੇ ਵਿਰੋਧ ਵਿਚ ਆਵਾਜ਼ ਨਹੀਂ ਉਠਾਈ।
ਕਾਰਨ ਸਿਰਫ ਇਹੀ ਹੈ ਕਿ ਡਾ. ਢਿਲੋਂ ਦੇ ਲਿਖੇ/ਕਹੇ ਕੁਝ ਨੁਕਤਿਆਂ ਨਾਲ ਅਸੀਂ ਸਹਿਮਤ ਨਹੀਂ ਹਾਂ,
ਇਸ ਲਈ ਉਨ੍ਹਾਂ ਪ੍ਰਤੀ ਮਨ ਵਿਚ ਕੁੜੱਤਨ ਹੈ।
ਵਿਚਾਰਕ ਅਸਹਿਮਤੀ ਨੂੰ ਨਿੱਝੀ ਵਿਰੋਧ,
ਈਰਖਾ ਅਤੇ ਨਫਰਤ ਬਣਾ ਲੈਣ ਦੀ ਸਾਡੀ ਕਮਜ਼ੋਰੀ ਨੇ ਪੰਥ ਦੇ ਸੁਚੇਤ ਤਬਕੇ ਨੂੰ ਅੱਜ ਤੱਕ ਇਕੱਠਾ ਨਹੀਂ
ਹੋਣ ਦਿਤਾ। ਸਟੇਜਾਂ ’ਤੇ ਬੇਸ਼ਕ ਅਸੀਂ ਇਹ ਪ੍ਰਚਾਰ
ਕਰਦੇ ਹਾਂ ਕਿ ਨੌਵੇਂ ਪਾਤਸ਼ਾਹ ਜੀ ਨੇ ਬਿਲਕੁਲ ਵਿਪਰੀਤ ਮੱਤ (ਜਨੇਉ ਪਾਉਣਾ) ਦੇ ਲੋਕਾਂ ਦੇ ਮੁੱਢਲੇ
ਮਨੁੱਖੀ ਹੱਕਾਂ (ਧਾਰਮਿਕ ਅਕੀਦੇ ਦੀ ਆਜ਼ਾਦੀ) ਲਈ ਸ਼ਹੀਦੀ ਦਿੱਤੀ ਪਰ ਵਿਵਹਾਰ ਵਿਚ ਅਸੀਂ ਇਸ ਕਰਕੇ
ਕਿਸੇ ਵਿਦਵਾਨ ਖਿਲਾਫ ਹੋ ਰਹੇ ਧੱਕੇ ਦਾ ਵਿਰੋਧ ਨਹੀਂ ਕਰਨਾ ਕਿਉਂਕਿ ਅਸੀਂ ਉਸ ਦੇ ਨੁਕਤਿਆਂ ਨਾਲ
ਸਹਿਮਤ ਨਹੀਂ। ਇਹ ਹੈ ਸਾਡੀ ਗੁਰਮਤਿ ਪ੍ਰਤੀ ਸੰਜੀਦਗੀ ਅਤੇ ਦ੍ਰਿੜਤਾ ਦੀ ਤਰਸਯੋਗ ਹਾਲਤ!
ਜਿਥੋਂ ਤੱਕ ਧਾਰਾ ‘295-ਏ’ ਦੀ ਵਰਤੋਂ ਦੀ ਗੱਲ ਹੈ ਤਾਂ ਇਹ ਗੱਲ ਉਸ ਹੱਦ
ਤੱਕ ਤਾਂ ਕੁਝ ਸਹੀ ਮੰਨੀ ਜਾ ਸਕਦੀ ਹੈ, ਜਿਥੇ ਕਿਸੇ ਦੋਸ਼ੀ ਦਾ ਮਕਸਦ ਜ਼ਾਹਰਾ ਅਤੇ ਹਲਕੇ ਤਰੀਕੇ
ਕਿਸੇ ਮੱਤ ਜਾਂ ਮਾਨਤਾ ਖਿਲਾਫ ਨਫਰਤ ਦਾ ਮੁਜ਼ਾਹਰਾ ਕਰਨਾ ਹੈ।
ਮਿਸਾਲ ਲਈ ਕਿਸੇ ਧਾਰਮਿਕ ਪੁਸਤਕ ਨੂੰ
ਨਫਰਤ ਜਾਂ ਭੜਕਾਹਟ ਅਧੀਨ ਨੁਕਸਾਨ ਪਹੁੰਚਾਉਣਾ, ਕਿਸੇ ਮੱਤ ਦੇ ਰਹਿਬਰ ਬਾਰੇ ਨਫਰਤ ਹੇਠ ਘਟੀਆ
ਟਿੱਪਣੀਆਂ ਕਰਨੀਆਂ ਆਦਿ। ਐਸੇ ਹਾਲਾਤਾਂ ਵਿਚ ਵੀ
ਬੇ-ਮੁਹਾਰਾ ਜ਼ਜਬਾਤਾਂ ਦਾ ਪ੍ਰਗਟਾਵਾ ਕਰਕੇ ਕਤਲ-ਓ-ਗ਼ਾਰਤ ’ਤੇ ਉਤਰ ਆਉਣ ਦੀ ਥਾਂ ਹੋਸ਼ ਨਾਲ ਯੋਗ
ਕਾਨੂੰਨੀ ਅਤੇ ਹੋਰ ਕਾਰਵਾਈ ਕਰਨੀ ਚਾਹਦੀ ਹੈ।
ਪਰ ਵਿਦਵਾਨਾਂ/ਪ੍ਰਚਾਰਕਾਂ/ਲੇਖਕਾਂ ਵਲੋਂ ਖੋਜ/ਦਲੀਲਾਂ ਆਦਿ ਦੇ ਆਧਾਰ ’ਤੇ
ਸਾਹਮਣੇ ਆਉਂਦੇ ਤੱਥਾਂ ਨੂੰ ‘ਧਾਰਮਿਕ ਭਾਵਨਾਵਾਂ ਨੂੰ ਠੇਸ’ ਦਾ ਨਾਮ ਦੇਣਾ ‘ਵਿਚਾਰ ਪੇਸ਼ ਕਰਨ ਦੇ
ਮੁੱਢਲੇ’
ਮਨੁੱਖੀ ਹੱਕ ਨੂੰ
ਕੁਚਲਨਾ ਹੈ। ਐਸੇ ਮਾਮਲਿਆਂ ਵਿਚ ਉਸ
ਲੇਖਕ/ਪ੍ਰਚਾਰਕ/ਵਿਦਵਾਨ ਦੇ ਨੁਕਤਿਆਂ ਦਾ ਦਲੀਲ ਨਾਲ ਜਵਾਬ ਦੇਣਾ ਹੀ ਮਨੁੱਖਤਾ ਅਤੇ ਗੁਰਮਤਿ ਦਾ
ਰਾਹ ਹੈ। ਨਹੀਂ ਤਾਂ ਇਸ
ਕਾਨੂੰਨ ਦੀ ਅੰਨ੍ਹੀ ਵਰਤੋਂ ਸਮਾਜ ਦੇ ਮਾਨਸਿਕ ਵਿਕਾਸ ਵਿਚ ਇਕ ਵੱਡੀ ਰੁਕਾਵਟ ਸਾਬਿਤ ਹੋਵੇਗੀ।
ਡਾ. ਇਕਬਾਲ ਸਿੰਘ ਖਿਲਾਫ ਕੀਤੀ ਜਾ ਰਹੀ ਇਸ ਕਾਰਵਾਈ ਨੂੰ ਗੁਰਮਤਿ ਵਿਰੋਧੀ
ਅਤੇ ਮਨੁੱਖੀ ਹੱਕਾਂ ਨੂੰ ਕੁਚਲਣ ਦੀ ਕਾਰਵਾਈ ਮੰਨਦੇ ਹੋਏ ‘ਤੱਤ ਗੁਰਮਤਿ ਪਰਵਾਰ’ ਇਸ ਦਾ ਪੁਰਜ਼ੋਰ
ਖੰਡਨ ਕਰਦਾ ਹੈ।
ਆਪਣੇ ਆਪ ਨੂੰ ਗੁਰਮਤਿ ਮਾਰਗ ਦਾ
ਸੱਚਾ ਪਾਂਧੀ ਸਮਝਣ ਵਾਲੇ ਹਰ ਸ਼ਖਸ/ਧਿਰ ਨੂੰ ਐਸੀਆਂ ਗਲਤ ਕਾਰਵਾਈਆਂ ਦਾ ਵਿਰੋਧ ਕਰਨਾ ਚਾਹੀਦਾ ਹੈ।
ਐਸੀ ਸਿਧਾਂਤਕ ਦ੍ਰਿੜਤਾ ਹੀ ਪੰਥ ਦੇ ਸੁਚੇਤ ਤਬਕੇ ਨੂੰ, ਅਸਹਿਮਤੀਆਂ ਦੇ ਬਾਵਜੂਦ, ਇਕ ਸਾਂਝੇ ਮੰਚ
ਤੇ ਇਕੱਠੇ ਹੋਣ ਦਾ ਆਧਾਰ ਬਣ ਸਕਦੀ ਹੈ। ਵਰਨਾ ਸਾਡੀ ਨਿੱਜੀ ਨਫਰਤ ਦਾ ਫਾਇਦਾ ਪੁਜਾਰੀਵਾਦੀ ਤਾਕਤਾਂ
ਨੂੰ ਹੋ ਰਿਹਾ ਹੈ ਅਤੇ ਅਸੀਂ ਗੁਰਮਤਿ ਪੁਨਰਜਾਗਰਨ ਦੀ ਲਹਿਰ ਨੂੰ ਕਮਜ਼ੋਰ ਕਰਨ ਦਾ ਕਾਰਨ ਬਣ ਰਹੇ
ਹੋਵਾਂਗੇ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(14/07/13)
ਸਤਿੰਦਰਜੀਤ ਸਿੰਘ
‘ਵਿੱਦਿਆ ਵੀਚਾਰੀ ਤਾਂ ਪਰਉਪਕਾਰੀ’
ਸਤਿੰਦਰਜੀਤ ਸਿੰਘ
‘ਵਿੱਦਿਆ ਵੀਚਾਰੀ ਤਾਂ ਪਰਉਪਕਾਰੀ’ ਦਾ ਕਥਨ ਤਾਂ ਹੁਣ ਬੇ-ਮਾਇਨਾ ਜਿਹਾ ਹੋ ਗਿਆ।
ਵਪਾਰ ਬਣਾ ਧਰਿਆ ਸਰਕਾਰ ਨੇ ਧਨਾਢ ਲੋਕਾਂ ਨਾਲ ਮਿਲ ਕੇ ਇਸ ਕਿੱਤੇ ਨੂੰ। ਕੋਈ ਸਮਾਂ ਸੀ ਜਦੋਂ
ਪੜ੍ਹ-ਲਿਖ ਕੇ ਲੋਕ ਤਰੱਕੀ ਕਰਦੇ ਸਨ ਪਰ ਹੁਣ ਤਰੱਕੀ ਕਰਕੇ ਸਕੂਲ ਖੋਲ੍ਹਦੇ ਹਨ ‘ਤੇ ਫਿਰ ਵੱਧ
ਫੀਸਾਂ ‘ਤੇ ਘੱਟ ਸਹੂਲਤਾਂ, ਬੇਰੁਜ਼ਗਾਰੀ ਦੀ ਚੱਕੀ ‘ਚ ਪਿਸ ਰਹੀ ਭੀੜ ਦਾ ਸ਼ੋਸ਼ਣ....ਇਹੀ ਸਭ ਤਾਂ ਹੈ
ਇਸ ਪਾਸੇ ਹੁਣ...!
ਦੁਕਾਨਾਂ ਵਾਂਗ ਸਕੂਲ ਖੁੱਲ੍ਹੇ ਨੇ, ਕੋਈ ਨਹੀਂ ਪੁੱਛਦਾ। ਬਹੁਤੇ ਸਕੂਲਾਂ ਕੋਲ ਸਿਹਤ ਪੱਖੋਂ ਜ਼ਰੂਰੀ
ਸ਼ਰਤਾਂ ਦਾ ਵੀ ਹੀਲਾ ਨਹੀਂ, ਤੰਗ ਕਮਰੇ, ਇੱਕ ਪੱਖਾ, ਖਰਾਬ ਪਾਣੀ ਠੰਡਾ ਕਰਨ ਵਾਲੇ ਕੂਲਰ, ਫਿਲਟਰ
ਦੀਆਂ ਤਾਂ ਬੱਸ ਸਕੀਮਾਂ ਈ ਨੇ ਕੰਧ ਦੀ ਮਿਣਤੀ ਕਰਦੀਆਂ, ਖੇਡ ਮੈਦਾਨ ਤਾਂ ‘ਬਣਾਉਣਾ ਸੀ’ ‘ਚ ਬਦਲ
ਗਿਆ, ਬਿਜਲੀ ਗੁੱਲ ਹੋਣ ‘ਤੇ (ਜੋ ਕਿ ਪਿੰਡਾਂ ਵਿੱਚ ਆਮ ਵਰਤਾਰਾ) ਤਾਂ ਬੱਚੇ ਤੌਲੀਏ ਨਾਲ ਪੂਝਣ
ਵਾਲਾ ਹਾਲ ਹੋ ਜਾਂਦਾ, ਪਸੀਨਾ ਪਾਣੀ ਵਾਂਗ ਨਿਕਲਦਾ.....ਪਰ ਸਾਰੇ ਚੁੱਪ ਨੇ, ਸਰਕਾਰ ਵੀ ‘ਤੇ ਮਾਪੇ
ਵੀ, ਮੀਡੀਆ ਮਸ਼ਰੂਫ ਆ ‘ਮਸਾਲੇਦਾਰ’ ਖ਼ਬਰਾਂ ਲੱਭਣ ‘ਚ......ਪਰ ਜੇ ਕਦੇ ਕਿਸੇ ਅਧਿਆਪਕ ਨੇ ਗਲਤੀ
ਕਾਰਨ ਮਾਰ ਦਿੱਤਾ ਜਾਂ ਕੁੱਝ ਕਹਿ ਦਿੱਤਾ ਤਾਂ ਪਰਲੋ ਆ ਜਾਂਦੀ ਆ...ਜਿਸ ਵਿੱਚ ਸਹੀ ਹੋਣ ‘ਤੇ
ਅਧਿਆਪਕ ਨੂੰ ਹੀ ‘ਬਲੀ ਦਾ ਬੱਕਰਾ’ ਬਣਨਾ ਪੈਂਦਾ।
ਹੁਣ ‘ਸਿੱਖਣ ਲਈ ਆਉ, ਸੇਵਾ ਲਈ ਜਾਉ’ ਨੂੰ ਕੋਈ ਨਹੀਂ
ਸਮਝਦਾ, ਬੱਚੇ ਤਾਂ ਸਿਖਾਉਣ ਵਾਲੇ ਦੀ ‘ਸੇਵਾ’ ਕਰਨ ਲੱਗੇ ਢਿੱਲ ਨਹੀਂ ਕਰਦੇ... ਮੈਨੂੰ ਅੱਜ ਈ ਪਤਾ
ਲੱਗਾ ਕਿ ਇੱਕ ਵਾਰ ਇੱਕ ਅਧਿਆਪਕ ਨੇ ਬੱਚੇ ਨੂੰ ‘ਵਾਲਾਂ ਦੇ ਡਿਜ਼ਾਇਨ’ ਨੂੰ ਸਹੀ ਕਰਨ ਲਈ ਕਹਿ
ਦਿੱਤਾ ‘ਤੇ ਅਗਲੇ ਨੇ ਲਾਮ-ਲਸ਼ਕਰ ਲੈ ਕੇ ਧਾਵਾ ਬੋਲ ਦਿੱਤਾ।
ਜਿੱਥੇ ਅਧਿਆਪਕ ਕਦੇ ‘ਗੁਰੂ’ ਹੁੰਦਾ ਸੀ ਹੁਣ ਇਹ ‘ਗੁਲਾਮਾਂ’ ਵਾਂਗ ਹੈ, ਸਰਕਾਰੀ ਸਕੂਲਾਂ ਵਿੱਚ
ਬੱਚੇ ਨੂੰ ਕੁੱਝ ਕਿਹਾ ਤਾਂ ਮੀਡੀਆਂ ਆਲੇ ਇੱਜ਼ਤ ਨੂੰ ਤਾਰ-ਤਾਰ ਕਰਨ ਲੱਗੇ ਸੰਕੋਚ ਨਹੀਂ ਕਰਦੇ ‘ਤੇ
ਜੇ ਨਿੱਜੀ ਸਕੂਲ ਵਿੱਚ ਕੁੱਝ ਕਿਹਾ ਤਾਂ ਮੀਡੀਆ ਤਾਂ ਹੈ ਈ ਮਾਪੇ ਵੀ ‘ਪਾਕਿਸਤਾਨੀ’ ਸਮਝ ਕੇ ਪੇਸ਼
ਆਉਂਦੇ ਆ ‘ਤੇ ‘ਮਾਲਕਾਂ’ ਨੇ ਤਾਂ ਬੱਚੇ ਸੰਭਾਲਣੇ ਆ, ਪੜ੍ਹਾਉਣ ਵਾਲੇ ਤਾਂ ਬਹੁਤ ਤੁਰੇ ਫਿਰਦੇ ਆ
ਘੱਟਾ ਛਾਣਦੇ। ਮਾਪੇ-ਅਧਿਆਪਕ ਮਿਲਣੀ ‘ਤੇ ਮਾਪੇ ਆ ਕੇ ਕਹਿਣਗੇ, “ਜੀ ਬੱਸ ਪੜ੍ਹਨ ਲਾ ਦਿਉ, ਜੇ
ਨਹੀਂ ਸਮਝਦਾ ਤਾਂ ਖੜਕਾਉ, ਅਸੀਂ ਨੀ ਕੁੱਝ ਕਹਿੰਦੇ ਸਾਡੇ ਵੱਲੋਂ ਖੁੱਲ੍ਹੀ ਛੁੱਟੀ ਆ। ਸਾਡੀ ਨੀ
ਮੰਨਦੇ ਬੱਚੇ, ਸਾਰਾ ਦਿਨ ਟੀ.ਵੀ. ਮੂਹਰੇ ਬੈਠੇ ਰਹਿੰਦੇ ਆ, ਇਹਨਾਂ ਨੂੰ ਕਹੋ ਟੀ.ਵੀ. ਘੱਟ ਦੇਖਣ”,
‘ਤੇ ਜਦੋਂ ਅਧਿਆਪਕ ਇਸ ਫੁਰਮਾਨ ‘ਤੇ ਅਮਲ ਕਰਦਾ ਤਾਂ ‘ਕੁੜਿੱਕੀ ‘ਚ ਲੱਤ’ ਫਸਾ ਬਹਿੰਦਾ।
ਇੱਕ ਪੱਖ ਇਹ ਵੀ ਹੈ ਕਿ ਹੁਣ ਅਧਿਆਪਕ ਵੀ ‘ਗੁਰੂ’ ਵਾਂਗ ਪੇਸ਼ ਨਹੀਂ ਆਉਂਦੇ, ਸ਼ਰਾਬ ਪੀ ਕੇ ਸਕੂਲ
ਵੜਨ ਵਾਲਾ ਕਾਹਦਾ ਗੁਰੂ...? ਕਈ ਐਸੇ ਹਨ ਕਿ ਗੱਲਾਂ-ਬਾਤਾਂ ਨਾਲ ਈ ਘਰ ਪੂਰਾ ਕਰ ਜਾਂਦੇ ਆ, ਕਲਾਸ
ਵਿੱਚ ਘੱਟ ‘ਤੇ ‘ਸੁੱਖ-ਦੁੱਖ’ ਸਾਂਝੇ ਕਰਨ ‘ਚ ਵੱਧ ਮਤਲਬ ਕਿ ਆਪਸ ਵਿੱਚ ਗੱਲਾਂ-ਬਾਤਾਂ ‘ਤੇ ਜ਼ਰੂਰਤ
ਨਾਲੋਂ ਵੱਧ ਸਮਾਂ ਦੇਣ ਵਾਲੇ ਵੀ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਦੇ ਆ। ਆਪਸੀ ਵੀਚਾਰਾਂ ਦੀ
ਸਾਂਝ ਵੀ ਜ਼ਰੂਰੀ ਆ, ਸੁੱਖ-ਦੁੱਖ ਵੰਡਣੇ-ਵੰਡਾਉਣੇ ਵੀ ਜ਼ਰੂਰੀ ਆ ਪਰ ਇੱਕ ਸੀਮਾ ਵਿੱਚ।
ਸਰਕਾਰੀ ਸਕੂਲਾਂ ਵਿੱਚ ਅੱਜ ਦੇ ਸਮੇਂ ਪੜ੍ਹਾਈ ਬਿਹਤਰ ਆ ਕੁੱਝ ਪਹਿਲਾਂ ਨਾਲੋਂ ਪਰ ਸਹੂਲਤਾਂ ਘੱਟ
ਨੇ, ਅਧਿਆਪਕਾਂ ਦੀ ਤਨਖਾਹ ਤਾਂ ਬਹੁਤ ਆ ਪਰ ਬਾਕੀ ਸਹੂਲਤਾਂ ਘੱਟ ਨੇ। ਅਧਿਆਪਕਾਂ ਦੀ ਘਾਟ ਵੱਲ
ਧਿਆਨ ਬਹੁਤ ਘੱਟ ਆ ਪਰ ਸਰਕਾਰ ਕਹਿੰਦੀ ਆ ਕਿ ਗਲੀਆਂ ‘ਚ ਫਿਰਦੇ ਬੱਚੇ ਸਕੂਲ ਵਾੜ ਦੇਣੇ ਆਂ। ਸਰਕਾਰ
ਵੀ ਹੁਣ ਤਾਂ ਮੁਫਤ ਵਿੱਦਿਆ ਤੋਂ ਹੱਥ ਖਿਸਕਾਉਂਦੀ ਨਜ਼ਰ ਆ ਰਹੀ ਆ ‘ਤੇ ਨਿੱਜੀ ਸਕੂਲਾਂ ਵਿੱਚ
ਬੱਚਿਆਂ ਨੂੰ ਪੜ੍ਹਾਉਣਾ ‘ਖਾਲਾ ਜੀ ਦਾ ਵਾੜਾ ਨਹੀਂ’, ਆਮ ਬੰਦੇ ਲਈ ਬਹੁਤ ਮੁਸ਼ਕਿਲ ਆ। ਅੱਜ ਅੱਤ ਦੀ
ਗਰੀਬੀ ਵਿੱਚ 2000 ਰੁ: ਪ੍ਰਤੀ ਮਹੀਨਾ ‘ਤੇ ਕਿਹੜੇ ਖੇਤਰ ਵਿੱਚ ਕੰਮ ਕਰਨ ਵਾਲਾ ਮਿਲਦਾ....? ਪਰ
ਨਿੱਜੀ ਖੇਤਰ ਵਿੱਚ ਪੜ੍ਹਾਉਣ ਵਾਲੇ ਮਿਲਦੇ ਆ ‘ਤੇ ਜਾਂ ਗ੍ਰੰਥੀ... ਅਧਿਆਪਕ ਨੇ ਦੁਨਿਆਵੀ ਸਿੱਖਿਆ
ਦੇਣੀ ਆ ‘ਤੇ ਗ੍ਰੰਥੀ ਸਿੰਘਾਂ ਨੇ ਧਾਰਮਿਕ ਤੌਰ ‘ਤੇ ਸੁਚੱਜੀ ਸੇਧ ਦੇਣੀ ਆ। ਵਿਕਾਸਸ਼ੀਲ ਦੇਸ਼ ਦੀ
ਨੀਂਹ ਮਜ਼ਬੂਤ ਕਰਨ ਵਾਲੇ ਤੰਗੀ-ਤੁਰਸ਼ੀ ਨਾਲ ਘੁਲਦੇ ਆ, ਜਿਸਦੇ ਦਿਮਾਗ ਵਿੱਚ ਘਰ ਦੇ ਖਰਚੇ ਨੂੰ
ਚਲਾਉਣ ਦਾ ਫਿਕਰ ਲਹੂ ਨਾਲੋਂ ਵੱਧ ਫੈਲਦਾ, ਉਹਦਾ ਪੜ੍ਹਾਉਣ ਵਿੱਚ ਕਿੰਨਾ ਧਿਆਨ ਲੱਗੂ....? ਐਨਾ
ਤਾਂ ਸਾਰੇ ਸਮਝ ਈ ਸਕਦੇ ਆ। ਜਿਸਦੇ ਆਪਣੇ ਬੱਚਿਆਂ ਦੀ ਫੀਸ ਹੀ ਪੂਰੀ ਨਹੀਂ ਹੁੰਦੀ, ਉਹ ਦੂਜਿਆਂ ਦੇ
ਕਿਵੇਂ ਕਮਾਉਣ ਲਾ ਦੂ...?
ਭੁੱਲ-ਚੁੱਕ ਦੀ ਖਿਮਾਂ।
ਸਤਿੰਦਰਜੀਤ ਸਿੰਘ।
(14/07/13)
ਕਮਲਜੀਤ ਸਿੰਘ ਅਟਵਾਲ
ਸਤਿ
ਸੀ੍ ਅਕਾਲ ,
ਕੋਈ ਬਾਰਾਂ ਕੁ ਸਾਲ ਪਹਿਲਾਂ ਦੀ ਗੱਲ ਐ ਇੱਕ ਬੰਦਾ ਰੈਸਟੋਰੈਂਟ ਚ ਕੰਮ ਤੇ ਲਗਾਇਆ , ਹਫਤੇ ਬਾਅਦ
ਰੰਗਰੂਟ ਦੀ ਛੁੱਟੀ ਸੀ ਤੇ ਉਸ ਨੂੰ ਲੈਣ ਗਏ । ਮਾਲਕ ਨੇ ਹੱਥ ਹੱਥ ਲੰਬੇ ਗਲਾਸ ਮੈਂਗੋ ਲੱਸੀ ਦੇ
ਰੱਖ ਸਾਡੀ ਸੇਵਾ ਕਰੀ , ਲੱਸੀ ਸੜ੍ਹੱਕ ਕੇ ਅਸੀ ਚੁੰਝਾਂ ਸਾਫ ਸੂਫ ਕਰ ਬਹਿ ਗਏ ਚੁੱਪ ਜਹੀ ਛਾ ਗਈ ।
ਮੇਰੇ ਨਾਲਦਾ ਛਾਈ ਹੋਈ ਚੁੱਪ ਨੂੰ ਭੰਨਦਾ ਹੋਇਆ ਮਾਲਕ ਨੂੰ ਆਂਹਦਾ " ਭਾਜੀ ਹੋਰ ਸੁਣਾਓ , ਬੰਦਾ
ਕੰਮ ਕਾਰ ਨੂੰ ਕਿਵੇਂ ਆਂ " ।
" ਮਾਲਕ ਕਹਿੰਦਾ ਮੁੰਡਾ ਕੰਮ ਨੂੰ ਤਾਂ ਛੋਹਲ਼ਾ ਪਰ ਕਰਦਾ ਬਹਿ ਕੇ ਐ " ।
ਸੋ ਮਾਲਕ ਸਾਹਿਬੇ ਕਮਾਲ ਨੂੰ ਕਹਿਣਾ ਪੈਣਾ " ਦਸਮ ਗਰੰਥ ਪ੍ਰਤੀ ਤੇਰੇ ਸਿੱਖ ਜਾਗਰਤ ਹੋਣ ਨੂੰ ਹੈ
ਤਾਂ ਛੋਹਲ਼ੇ ਪਰ ਹੁੰਦੇ ਬਹਿ ਬਹਿ ਕੇ ਆ " ॥
ਕਮਲਜੀਤ ਸਿੰਘ ਅਟਵਾਲ
(14/07/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸਵਾਲ
ਜਵਾਬ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਪਾਉਂਦਾ ਰੋਜ਼ ਸਵਾਲ ਅਨੋਖੇ, ਮੇਰਾ ਜ਼ਿਦੀ ਪੋਤਾ।
ਅੱਕ ਜਾਂਦਾ ਹਾਂ, ਉੱਤਰ ਲੱਭਦਾ, ਉਹ ਪੁਛਣੋਂ ਨਾ ਹਟਦਾ।
ਪੁੱਛਦਾ: “ਹਾਥੀ ਵੱਡਾ ਏ ਕਿਉਂ? ਕੀੜੀ ਏ ਕਿਉਂ ਛੋਟੀ?
ਗਊ ਖਾਂਦੀ ਕਿਉਂ ਘਾਹ? ਸ਼ੇਰ ਕਿਉਂ ਖਾਵੇ ਮਾਸ ਦੀ ਬੋਟੀ?
ਖੋਤਾ ਕਿਉਂ ਹੀਂਗਦਾ ਭੈੜਾ? ਗਿਲਝ ਕਿਉਂ ਬੋ ਮਾਰੇ?
ਕੋਇਲ ਦੀ ਕਿਉਂ ਵਾਜ ਸੁਰੀਲੀ? ਲਗਦੇ ਬੋਟ ਪਿਆਰੇ?
ਚਮਗਾਦੜ ਕਿਉਂ ਲਟਕੇ ਪੁੱਠਾ, ਚੂਹਾ ਖੁੱਡ ਵਿੱਚ ਰਹਿੰਦਾ।
ਬਈਆ, ਬੁਣੇ ਆਲਣਾ ਉਲਟਾ, ਮੱਛ ਦਰਿਆ ਵਿੱਚ ਵਹਿੰਦਾ।
ਉਲੂ ਨੂੰ ਕਿਉਂ ਰਾਤ ਨੂੰ ਦਿਸਦਾ, ਮੈਨੂੰ ਕਿਉਂ ਨਾ ਦਿਸਦਾ?
ਪਾਣੀ ਕਿਉਂ ਥੱਲੇ ਨੂੰ ਵਹਿੰਦਾ, ਚੋਟੀ ਤੇ ਨਾ ਟਿਕਦਾ?
ਖੂਨ ਲਾਲ ਕਿਉ? ਕਿਉਂ ਨਾ ਚਿੱਟਾ? ਵਾਲ ਤੁਹਾਡੇ ਚਿੱਟੇ,
ਤੁਸੀਂ ਬਦਾਮੀ, ਪਾਪਾ ਗੋਰਾ?” ਕੀ ਦਸਾਂ ਨਾ ਸੁੱਝੇ।
ਆਖੇ “ਪੱਤੇ ਹਰੇ ਕਿਉਂ ਨੇ? ਤਨੇ ਕਿਉਂ ਨਾ ਸਾਵੇ” ?
ਉੱਤਰ ਮੈਂ ਤਾ ਦਿਆਂ ਜੇ ਇਹ ਕੁਝ, ਮੇਰੀ ਸਮਝ `ਚ ਆਵੇ।
ਮੈਂ ਵੀ ਪੁੱਛਿਆ, “ਤੂੰ ਕਿਉਂ ਜ਼ਿਦੀ, ਚੈਨ ਲੈਣ ਨਾ ਦੇਂਦਾ?”
ਆਖੇ “ਉੱਤਰ ਨਾ ਕੋਈ ਦਿੰਦਾ, ਤਾਂ ਮੈਂ ਕਲਪਦਾ ਰਹਿੰਦਾ”।
ਆਖਾਂ “ਇਹ ਸਭ ਮਾਇਆ ਉਸਦੀ, ਸਭ ਹੁੰਦਾ ਉਸ ਭਾਣੇ।
ਮਾਇਆ ਦਾ ਹੱਲ ਕਿੱਥੋਂ ਲਭੀਏ, ਅਸੀਂ ਹਾਂ ਬਾਲ ਇੰਞਾਣੇ।”
“ਬਾਲ ਤੁਸੀਂ ਵੀ ਮੇਰੇ ਵਰਗੇ? ਉੱਤਰ ਦੇ ਨਾ ਸਕਦੇ?
ਫਿਰ ਤਾਂ ਆਪਾਂ ਆੜੀ ਆੜੀ, ਚੱਲ ਕੇ ਰੱਬ ਤੋਂ ਪੁੱਛਦੇ।
ਸਾਨੂੰ ਸਮਝ ਨਾ ਜੋ ਵੀ ਆਵੇ, ਰੱਬ ਤੋਂ ਉੱਤਰ ਪਾਈਏ।
ਮੈਂ ਵੀ ਹੁਣ ਜ਼ਿਦ ਕਰਨੀ ਛੱਡੀ, ਆੜੀ ਰੱਬ ਸੰਗ ਲਾਈਏ”।
(14/07/13)
ਜਸਵੰਤ ਸਿੰਘ ‘ਅਜੀਤ’
ਦਿੱਲੀ ਯੂਨੀਵਰਸਿਟੀ ਬਨਾਮ ਪੰਜਾਬੀ ਭਾਸ਼ਾ ਵਿਵਾਦ
ਇਸ ਵਰ੍ਹੇ ਤੋਂ ਦਿੱਲੀ ਯੂਨੀਵਰਸਿਟੀ ਵਿੱਚ ਬੀ. ਏ. ਦੇ ਅਰੰਭ ਕੀਤੇ ਗਏ ਚਾਰ-ਸਾਲਾ
ਕੋਰਸ ਵਿੱਚ ਲਾਗੂ ਡੀਸੀ-ਟੂ ਪ੍ਰਣਾਲੀ ਦੇ ਤਹਿਤ ਪੰਜਾਬੀ ਭਾਸ਼ਾ ਦੀ ਪੜ੍ਹਾਈ ਦੂਜੇ ਵਰ੍ਹੇ ਤੋਂ ਸ਼ੁਰੂ
ਕੀਤੇ ਜਾਣ ਦਾ ਜੋ ਪ੍ਰਾਵਧਾਨ ਕੀਤਾ ਗਿਆ ਹੈ, ਉਸਨੂੰ ਲੈ ਕੇ ਰਾਜਧਾਨੀ ਦੇ ਪੰਜਾਬੀ ਭਾਸ਼ਾਈ ਲੋਕਾਂ
ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਉਚ ਜਮਾਤਾਂ ਵਿੱਚ
ਪੰਜਾਬੀ ਭਾਸ਼ਾ ਦੀ ਪੜ੍ਹਾਈ ਕਰਨ ਵਾਲਿਆਂ ਦੀ ਗਿਣਤੀ ਵਿੱਚ ਭਾਰੀ ਗਿਰਾਵਟ ਆਇਗੀ, ਜੋ ਕਿ ਦਿੱਲੀ
ਵਿੱਚ ਪੰਜਾਬੀ ਭਾਸ਼ਾ ਦੇ ਲਈ ਬਹੁਤ ਹੀ ਘਾਤਕ ਸਾਬਤ ਹੋਵੇਗੀ। ਇਸਲਈ ਉਹ ਦਿੱਲੀ ਯੂਨੀਵਰਸਿਟੀ ਦੀ ਇਸ
ਨੀਤੀ ਨੂੰ ਕਿਸੇ ਵੀ ਕੀਮਤ `ਤੇ ਸਵੀਕਾਰ ਕਰਨ ਲਈ ਤਿਆਰ ਨਹੀਂ। ਵੱਡੇ ਪੈਮਾਨੇ ਤੇ ਉਸਦਾ ਵਿਰੋਧ ਕਰਨ
ਲਈ ਰਣਨੀਤੀ ਬਣਾਉਣ ਵਿੱਚ ਰੁਝ ਗਏ ਹੋਏ ਹਨ।
ਦਿੱਲੀ ਯੂਨੀਵਰਸਿਟੀ ਵਲੋਂ ਪੰਜਾਬੀ ਭਾਸ਼ਾ ਨਾਲ ਕੀਤੇ ਗਏ ਇਸ ਅਨਿਆਇ ਦੇ ਵਿਰੁਧ ਅਰੰਭੇ ਗਏ ਸੰਘਰਸ਼
ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ
ਵੱਖ-ਵੱਖ ਅਕਾਲੀ ਦਲਾਂ ਆਦਿ ਵਲੋਂ ਆਪਣੇ ਸਿਰ ਸੇਹਰਾ ਬੰਨ੍ਹਣ ਦੀ ਜੋ ਨੀਤੀ ਅਪਨਾਈ ਜਾ ਰਹੀ ਹੈ,
ਉਸਦੇ ਸਫਲ ਹੋਣ ਪ੍ਰਤੀ ਹੁਣ ਤੋਂ ਹੀ ਸ਼ੰਕਾਵਾਂ ਪ੍ਰਗਟ ਕੀਤੀਆਂ ਜਾਣ ਲਗੀਆਂ ਹਨ। ਭਾਸ਼ਾਈ ਮਾਹਿਰਾਂ
ਦਾ ਕਹਿਣਾ ਹੈ ਕਿ, ਇਸ ਨੀਤੀ ਦੇ ਚਲਦਿਆਂ ਪੰਜਾਬੀ ਭਾਸ਼ਾ ਦੇ ਸਿੱਖ ਭਾਸ਼ਾ ਹੋਣ ਦਾ ਜੋ ਭਰਮ ਪੈਦਾ
ਕੀਤਾ ਗਿਆ ਹੋਇਆ ਹੈ ਉਸਨੂੰ ਬਲ ਮਿਲੇਗਾ, ਜਿਸਦੇ ਚਲਦਿਆਂ ਗੈਰ-ਸਿੱਖ ਪੰਜਾਬੀ ਇਸ ਸੰਘਰਸ਼ ਨਾਲੋਂ
ਦੂਰ ਛਿਟਕ ਜਾਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸੰਘਰਸ਼ ਨੂੰ ਸਫਲਤਾ ਦੀ ਮੰਜ਼ਿਲ ਤਕ ਪਹੁੰਚਾਣ ਲਈ
ਸਿੱਖ ਲੀਡਰਾਂ ਨੂੰ ਆਪਣੇ ਸਿਰ ਸੇਹਰਾ ਬੰਨ੍ਹਣ ਦੀ ਲਾਲਸਾ ਨੂੰ ਤਿਆਗਣਾ ਅਤੇ ਇਸਦੀ ਅਗਵਾਈ
ਗ਼ੈਰ-ਸਿੱਖਾਂ ਨੂੰ ਸੌਂਪਣੀ ਹੋਵੇਗੀ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸਿੱਖ ਆਗੂਆਂ ਨੂੰ ਇਹ ਗਲ
ਯਾਦ ਰਖਣੀ ਚਾਹੀਦੀ ਹੈ ਕਿ ਜਦੋ ਹਰਿਆਣਾ ਵਿੱਚ ਪੰਜਾਬੀ ਭਾਸ਼ਾ ਨੂੰ ਸਨਮਾਨ ਦੁਆਣ ਲਈ ਸਿੱਖ ਆਗੂਆਂ
ਵਲੋਂ ਸੰਘਰਸ਼ ਛੇੜਿਆ ਗਿਆ ਹੋਇਆ ਸੀ, ਉਹ ਸਫਲਤਾ ਨਾ ਮਿਲ ਪਾਣ ਦੇ ਕਾਰਣ ਲਗਾਤਾਰ ਲੰਬਾ ਖਿੱਚਦਾ
ਚਲਿਆ ਜਾ ਰਿਹਾ ਸੀ, ਆਖਿਰ ਉਸਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ‘ਪੰਜਾਬ ਕੇਸਰੀ’ ਦਿੱਲੀ ਦੇ
ਸੰਪਾਦਕ ਸ਼੍ਰੀ ਅਸ਼ਵਿਨੀ ਕੁਮਾਰ ਨੇ ਅੱਗੇ ਆ ਉਸਦੀ ਅਗਵਾਈ ਸੰਭਾਲੀ। ਉਨ੍ਹਾਂ ਆਪਣੀ ਲੇਖਨ-ਸ਼ਕਤੀ ਦੀ
ਵਰਤੋਂ ਕਰ ਹਰਿਆਣਾ ਦੇ ਸਮੁਚੇ ਪੰਜਾਬੀਆਂ ਨੂੰ ਝਿਂਝੋੜਿਆ ਤੇ ਉਨ੍ਹਾਂ ਦੇ ਦਿਲ ਵਿੱਚ ਦਬੇ ਆਪਣੀ
ਮਾਤ-ਭਾਸ਼ਾ ਪੰਜਾਬੀ ਪ੍ਰਤੀ ਪਿਆਰ ਨੂੰ ਉਭਾਰਿਆ ਅਤੇ ਉਨ੍ਹਾਂ ਨੂੰ ਆਪਣੀ ਜ਼ਿੰਮੇਂਦਾਰੀ ਦਾ ਅਹਿਸਾਸ
ਕਰਵਾਇਆ। ਜਿਸਦਾ ਨਤੀਜਾ ਇਹ ਹੋਇਆ ਕਿ ਉਥੋਂ ਦੇ ਸਾਰੇ ਪੰਜਾਬੀ ਇੱਕ ਜੁਟ ਹੋ ਪੰਜਾਬੀ ਭਾਸ਼ਾ ਨੂੰ
ਸਨਮਾਨ ਦੁਆਣ ਦੇ ਆਪਣੇ ਸੰਘਰਸ਼ ਨੂੰ ਸਫਲਤਾ ਦੀ ਮੰਜ਼ਿਲ ਤੱਕ ਪਹੁੰਚਾਣ ਲਈ ਸਰਗਰਮ ਹੋ ਗਏ।
ਦਸਿਆ ਗਿਆ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਮੁੱਖੀਆਂ ਨੇ ਦਿੱਲੀ ਯੂਨੀਵਰਸਿਟੀ ਵਲੋਂ ਪੰਜਾਬੀ
ਭਾਸ਼ਾ ਸਹਿਤ ਹੋਰ ਇਲਾਕਾਈ ਭਾਸ਼ਾਵਾਂ ਨਾਲ ਕੀਤੇ ਜਾ ਰਹੇ ਇਸ ਅਨਿਆਇ ਦੇ ਵਿਰੁਧ ਸੰਘਰਸ਼ ਤੇਜ਼ ਕਰਨ ਲਈ,
ਇਲਾਕਾਈ ਭਾਸ਼ਾਈ ਮੁਖੀਆਂ ਨਾਲ ਮਿਲ ਕੇ ਇੱਕ ਸਾਂਝਾ ਮੁਹਾਜ਼ ਬਣਾਇਆ ਹੈ, ਜੋ ਸੁਆਗਤਯੋਗ ਹੈ ਪਰ ਇਸ
ਮੁਹਾਜ਼ ਵਿੱਚ ਗ਼ੈਰ-ਸਿੱਖ ਪੰਜਾਬੀਆਂ ਨੂੰ ਪ੍ਰਤੀਨਿਧਤਾ ਦੇ ਕੇ ਪੰਜਾਬੀ ਭਾਸ਼ਾ ਦੀ ਲੜਾਈ ਦੀ
ਜ਼ਿਮੇਂਦਾਰੀ ਨਾ ਸੌਂਪਿਆਂ ਜਾਣਾ ਇਸਦੀ ਸਫਲਤਾ ਪ੍ਰਤੀ ਸ਼ੰਕਾਵਾਂ ਨੂੰ ਬਣਾਈ ਰਖ ਰਿਹਾ ਹੈ।
ਸ. ਸ਼ੰਟੀ ਨੇ ਉਠਾਇਆ ਇੱਕ ਸੁਆਲ: ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ
ਸਕਤੱਰ ਅਤੇ ਗੁਰਦੁਆਰਾ ਕਮੇਟੀ ਦੇ ਵਰਤਮਾਨ ਮੈਂਬਰ ਸ. ਗੁਰਮੀਤ ਸਿੰਘ ਸ਼ੰਟੀ ਨੇ ਸ੍ਰੀ ਅੰਮ੍ਰਿਤਸਰ
ਪੁਜ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕਰ ਉਨ੍ਹਾਂ ਨੂੰ ਇੱਕ ਪਤ੍ਰ
ਸੌਂਪਿਆ ਹੈ, ਦਸਿਆ ਗਿਆ ਹੈ ਕਿ ਉਸ ਪਤ੍ਰ ਵਿੱਚ ਸ. ਸ਼ੰਟੀ ਵਲੋਂ ਮੰਗ ਕੀਤੀ ਗਈ ਹੈ ਕਿ ਸ੍ਰੀ ਅਕਾਲ
ਤਖਤ ਤੋਂ ਨਵੰਬਰ-84 ਦੇ ਕਤਲੇਆਮ ਦੌਰਾਨ ਮਾਰੇ ਗਏ ਸਿੱਖਾਂ ਨੂੰ ‘ਸ਼ਹੀਦ’ ਐਲਾਨ ਕੇ ਉਨ੍ਹਾਂ ਨੂੰ
ਸ਼ਹੀਦ ਵਜੋਂ ਮਾਨਤਾ ਦੇ ਕੇ ਸਨਮਾਨਿਆ ਜਾਏ। ਸ. ਗੁਰਮੀਤ ਸਿੰਘ ਸ਼ੰਟੀ ਨੇ ਆਪਣੇ ਇਸ ਪਤ੍ਰ ਵਿੱਚ ਸ੍ਰੀ
ਅਕਾਲ ਤਖਤ ਦੇ ਜੱਥੇਦਾਰ ਨੂੰ ਇਹ ਵੀ ਯਾਦ ਕਰਾਇਆ ਹੈ ਕਿ ਅਕਾਲ ਤਖਤ ਤੋਂ ਨਵੰਬਰ-84 ਦੇ ਕਤਲੇਆਮ
ਨੂੰ ‘ਸਿਖ ਨਸਲਕੁਸ਼ੀ’ ਤਾਂ ਐਲਾਨ ਦਿੱਤਾ ਗਿਆ ਹੈ, ਪ੍ਰੰਤੂ ਇਸ ਕਾਂਡ ਵਿੱਚ ਆਪਣੀਆਂ ਜਾਨਾਂ ਗੰਵਾਣ
ਵਾਲੇ ਸਿੱਖਾਂ ਨੂੰ ਸ਼ਹੀਦ ਨਹੀਂ ਐਲਾਨਿਆ ਗਿਆ। ਸ. ਸ਼ੰਟੀ ਦਾ ਮੰਨਣਾ ਹੈ ਕਿ ਨਵੰਬਰ-84 ਦੇ ਕਤਲੇਆਮ
ਦਾ ਸ਼ਿਕਾਰ ਹੋਏ ਸਿੱਖਾਂ ਦੇ ‘ਸ਼ਹੀਦ’ ਹੋਣ ਜਾਂ ਨਾ ਹੋਣ ਦੇ ਸਬੰਧ ਵਿੱਚ ਉਠ ਰਹੇ ਸੁਆਲ ਕਾਰਣ
ਸਿੱਖਾਂ ਵਿੱਚ ਦੁਬਿਧਾ ਬਣੀ ਹੋਈ ਹੈ ਅਤੇ ਇਹੀ ਦੁਬਿਧਾ ਨਵੰਬਰ-84 ਦੇ ਕਤਲੇਆਮ ਦੀ ਯਾਦਗਾਰ ਬਣਾਏ
ਜਾਣ ਦੇ ਮੁੱਦੇ `ਤੇ ਵਿਵਾਦ ਪੈਦਾ ਕਰਨ ਦਾ ਕਾਰਣ ਬਣ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਅਕਾਲ
ਤਖਤ ਤੋਂ ਇਸ ‘ਨਸਲਕੁਸ਼ੀ’ ਦਾ ਸ਼ਿਕਾਰ ਹੋਏ ਸਿੱਖਾਂ ਨੂੰ ‘ਸ਼ਹੀਦ’ ਵਜੋਂ ਮਾਨਤਾ ਦੇ ਦਿੱਤੀ ਜਾਂਦੀ ਹੈ
ਤਾਂ ਇਸ ਸਬੰਧੀ ਯਾਦਗਾਰ ਸਥਾਪਤ ਕੀਤੇ ਜਾਣ ਦੇ ਸਬੰਧ ਵਿੱਚ ਪੈਦਾ ਹੋਇਆ ਵਿਵਾਦ ਆਪਣੇ ਆਪ ਖਤਮ ਹੋ
ਜਾਇਗਾ।
ਇਸ ਸਬੰਧ ਵਿੱਚ ਧਿਆਨ ਦੇਣ ਵਾਲੀ ਗਲ ਇਹ ਹੈ ਕਿ ਨਵੰਬਰ-84 ਦੇ ਕਾਂਡ ਦੇ ਇਸ ਪਹਿਲੂ ਨੂੰ ਅਜੇ ਤਕ
ਨਾ ਤਾਂ ਕਿਸੇ ਨੇ ਛੋਹਾ ਅਤੇ ਨਾ ਹੀ ਕਦੀ ਇਸਦੇ ਸਬੰਧ ਵਿੱਚ ਕੋਈ ਸੁਆਲ ਉਠਾਇਆ। ਸ. ਗੁਰਮੀਤ ਸਿੰਘ
ਸ਼ੰਟੀ ਨੇ ਇਸ ਮੁੱਦੇ ਨੂੰ ਪਹਿਲੀ ਵਾਰ ਛੋਹ ਅਤੇ ਉਠਾ ਕੇ ਨਾ ਕੇਵਲ ਅਕਾਲ ਤਖਤ ਦੇ ਜੱਥੇਦਾਰ ਨੂੰ,
ਸਗੋਂ ਸਾਰੇ ਸਿੱਖ ਜਗਤ ਨੂੰ ਇਸ ਸਬੰਧ ਵਿੱਚ ਗੰਭੀਰਤਾ ਨਾਲ ਵਿਚਾਰਨ ਲਈ ਮਜਬੂਰ ਕਰ ਦਿੱਤਾ ਹੈ।
ਧਾਰਮਕ ਮਾਨਤਾਵਾਂ ਪ੍ਰਤੀ ਸਮਰਪਤ ਸ਼ਖਸੀਅਤਾਂ ਦਾ ਮੰਨਣਾ ਹੈ ਕਿ ਧਾਰਮਕ ਮਾਨਤਾਵਾਂ ਅਨੁਸਾਰ ਇਸ
ਮੁੱਦੇ ਪੁਰ ਕੋਈ ਫੈਸਲਾ ਲੈਣਾ ਅਕਾਲ ਤਖਤ ਦੇ ਜੱਥੇਦਾਰ ਲਈ ਸਹਿਜ ਨਹੀਂ ਹੋਵੇਗਾ, ਕਿਉਂਕਿ ਧਾਰਮਕ
ਮਾਨਤਾਵਾਂ ਅਨੁਸਾਰ ‘ਸ਼ਹੀਦ’ ਉਹੀ ਮੰਨਿਆ ਜਾ ਸਕਦਾ ਹੈ, ਜਿਸਨੇ ਕਿਸੇ ਮਹਾਨ ਮਾਨਵੀ ਉਦੇਸ਼ ਲਈ ਮੌਤ
ਨੂੰ ਕਬੂਲਿਆ ਅਤੇ ਸਾਹਮਣੇ ਬਚਾਅ ਦਾ ਰਸਤਾ ਹੁੰਦਿਆਂ ਹੋਇਆਂ ਵੀ ਉਸਨੇ ਆਪਣੇ ਉਦੇਸ਼ ਤੇ ਦ੍ਰਿੜ੍ਹਤਾ
ਨਾਲ ਪਹਿਰਾ ਦਿੰਦਿਆਂ ਮੌਤ ਨੂੰ ਹੀ ਪਹਿਲ ਦੇ ਆਧਾਰ ਤੇ ਸਵੀਕਾਰਿਆ ਹੋਵੇ। ਇਸਦੇ ਨਾਲ ਹੀ ਇਸ ਸਬੰਧੀ
ਫੈਸਲਾ ਕਰਦਿਆਂ ਪੰਜਾਂ ਸਿੰਘ ਸਾਹਿਬਾਨ ਦੇ ਸਾਹਮਣੇ ਇਹ ਸੁਆਲ ਵੀ ਵਿਚਾਰ-ਅਧੀਨ ਹੋਵੇਗਾ ਕਿ ਕੀ ਜਿਸ
ਮੌਤ ਦਾ ਮੁਅਵਜ਼ਾ ਲੈ ਲਿਆ ਗਿਆ ਹੋਵੇ ਕੀ ਉਸ ਮੌਤ ਨੂੰ ਸਿੱਖ ਮਾਨਤਾਵਾਂ ਅਨੁਸਾਰ ‘ਸ਼ਹੀਦ ਦੀ ਮੌਤ’
ਵਜੋਂ ਸਵਕਾਰਿਆ ਜਾ ਸਕਦਾ ਹੈ ਜਾਂ ਮਾਨਤਾ ਦਿੱਤੀ ਜਾ ਸਕਦੀ ਹੈ?
(12/07/13)
ਸਰਵਜੀਤ ਸਿੰਘ
ਗਿਆਨੀ ਜਗਤਾਰ ਸਿੰਘ ਜਾਚਕ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ।
ਸਿੱਖ ਮਾਰਗ ਤੇ ਚਲ ਰਹੀ ਵਿਚਾਰ ਚਰਚਾ ਨੂੰ ਮੈਂ ਧਿਆਨ ਨਾਲ ਪੜ੍ਹ ਰਿਹਾ ਹਾਂ
ਤਾ ਜੋ ਵਿਦਵਾਨਾਂ ਤੋਂ ਕੁਝ ਸਿੱਖਿਆ ਜਾ ਸਕੇ। ਆਪ ਜੀ ਦੇ 10 ਜੁਲਾਈ ਦੇ ਪੱਤਰ ਮੁਤਾਬਕ ਆਪ ਜੀ ਨੇ
ਆਪਣੇ ਰੁਝੇਵਿਆਂ ਕਾਰਨ ਵਿਚਾਰ ਚਰਚਾ ਕਰਨ ਤੋਂ ਅਸਮਰੱਥਾ ਪ੍ਰਗਟਾਈ ਹੈ। ਆਪ ਜੀ ਦੇ ਬਚਨ, “ਇਸ
ਲਈ ਅੱਜ ਦੇ ਪਤਰ ਪਿਛੋਂ ਮੇਰੇ ਲਈ ਇਸ ਵਿਚਾਰ ਲੜੀ ਨੂੰ ਅੱਗੇ ਜਾਰੀ ਰਖ ਸਕਣਾ ਅਸੰਭਵ ਹੈ। ਕੋਈ
ਭੁੱਲ-ਚੁੱਕ ਹੋ ਗਈ ਹੋਵੇ ਤਾਂ ਐਡੀਟਰ ਸਾਹਿਬ ਤੇ ਪਾਠਕ ਮੁਆਫ਼ ਕਰਨਗੇ”। ਚਲੋ ਕੋਈ ਗੱਲ ਨਹੀਂ।
ਆਪ ਜੀ ਜਿਸ ਪ੍ਰਜੈਕਟ ਤੇ ਕੰਮ ਕਰ ਰਹੇ ਹੋ, ਉਹ ਬਹੁਤ ਹੀ ਜਰੂਰੀ ਹੈ ਪਰ ਮੈਨੂੰ ਇਕ ਗੱਲ ਦੀ ਸਮਝ
ਨਹੀ ਆਈ, ਜਿਸ ਕਾਰਨ ਇਹ ਪੱਤਰ ਲਿਖਣਾ ਪਿਆ ਹੈ।
ਜਾਚਕ ਜੀ, ਸਿੱਖ ਮਾਰਗ ਤੇ ਤਾਂ ਆਪ ਜੀ ਲਿਖਤੀ ਰੂਪ `ਚ ਵਿਚਾਰ ਚਰਚਾ ਨੂੰ
ਬੰਦ ਕਰਨ ਦਾ ਐਲਾਨ ਕਰਦੇ ਹੋ ਦੂਜੇ ਪਾਸੇ ਖਾਲਸਾ ਨਿਊਜ਼ ਤੇ ਆਪ ਜੀ ਦਾ ਇਕ ਪੱਤਰ 10 ਜੁਲਾਈ ਨੂੰ ਹੀ
ਛਪ ਰਿਹਾ ਹੈ, ਅਜੇਹਾ ਕਿਉਂ?
(
http://www.khalsanews.org/newspics/2013/07%20July%202013/11%20July%2013/11%20July%2013%20Jachak%20reg%20Goldy,%20Dhillon.htm)
ਗਿਆਨੀ ਜੀ, ਜੇ ਡਾ ਢਿੱਲੋਂ ਜੀ ਦੇ ਲਿਖੇ ਸ਼ਬਦ,
“ਗੁਰਬਾਣੀ ਦੀ ਵਿਆਖਿਆ ਵਿੱਚ
ਬ੍ਰਾਹਮਣਵਾਦੀ ਤੱਤ ਪੈਦਾ ਕਰਨ ਵਿੱਚ ਭਾਈ ਗੁਰਦਾਸ ਦਾ ਵੱਡਾ ਹੱਥ ਹੈ”,
ਮਨਮੱਤ ਹਨ ਤਾਂ ਇਹ ਸਪੱਸ਼ਟ ਕਰਨ ਦੀ ਕ੍ਰਿਪਾਲਤਾ ਕਰੋ ਕਿ
22 ਜੂਨ ਦੇ ਪੱਤਰ `ਚ ਲਿਖੇ ਹੋਏ ਤੁਹਾਡੇ ਸ਼ਬਦ,
“ਗੁਰੂ ਨਾਨਕ ਬਾਣੀ ਦੀ ਰੌਸਨੀ
ਵਿੱਚ ਤਾਂ ਕਿਸੇ ਹੱਦ ਤਕ ਸਹੀ ਮੰਨਿਆ ਜਾ ਸਕਦਾ ਹੈ, ਪਰ ਸਮੁੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ
ਰੌਸ਼ਨੀ ਵਿੱਚ ਨਹੀਂ” ਗੁਰਮਤਿ ਕਿਵੇਂ ਹਨ?
ਗਿਆਨੀ ਜੀ, ਕੀ ਇਹ ਸੱਚ ਨਹੀ ਕਿ ਆਪ ਜੀ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਸਬੰਧੀ, ਗੁਰਸ਼ਰਨ
ਸਿੰਘ ਕਸੇਲ ਦੇ ਸਵਾਲ ਦਾ ਜਵਾਬ ਨਹੀ ਦਿੱਤਾ?
ਕੀ ਇਹ ਸੱਚ ਨਹੀ ਕਿ ਆਪ ਜੀ ਨੇ ਡਾ ਢਿੱਲੋਂ ਦੇ ਇਕ ਬਹੁਤ ਹੀ ਸਪੱਸ਼ਟ ਅਤੇ ਸੰਖੇਪ ਸਵਾਲ ਦਾ
ਜਵਾਬ ਨਹੀ ਦਿੱਤਾ?
ਇਨ੍ਹਾਂ ਦੋਵਾਂ ਨੇ ਆਪ ਜੀ ਨੂੰ ਦੋ ਵਾਰ ਯਾਦ ਵੀ ਕਰਵਾਇਆ ਸੀ।
ਗਿਆਨੀ ਜੀ, ਇਕ ਪਾਸੇ ਤਾਂ ਆਪ ਜੀ ਲਿਖਦੇ ਹੋ,
“ਬਾਕੀ ਸ੍ਰ. ਬਲਦੇਵ ਸਿੰਘ ਟਰਾਂਟੋ
ਜਾਂ ਕਿਸੇ ਹੋਰ ਵਿਦਵਾਨ ਦੀ ਲਿਖਤ ਨਾਲ ਮੈਂ ਸਹਿਮਤ ਹਾਂ ਜਾਂ ਅਸਹਿਮਤ, ਇੱਹ ਪੱਖ ਅਖ਼ਬਾਰੀ ਮੰਚ `ਤੇ
ਛੇੜਣਾ ਹਾਨੀਕਾਰਕ ਸਿੱਧ ਹੋ ਸਕਦਾ ਹੈ। ਇਸ ਲਈ ਅੱਛਾ ਰਹੇਗਾ ਕਿ ਇਹ ਪੱਖ ਨਾ ਛੇੜਿਆ ਜਾਏ”।
ਜਦੋਂ ਕੇ ਸੱਚ ਇਹ ਹੈ ਕਿ ਆਪ ਜੀ ਨੇ ਇਸ ਵਿਸ਼ੇ ਨੂੰ ਸਿੱਖ ਮਾਰਗ ਤੇ ਅਰੰਭ ਕੀਤਾ ਸੀ ਅਤੇ ਹੁਣ ਆਪ
ਜੀ ਹੀ ਖਾਲਸਾ ਨਿਊਜ਼ ਤੇ ਨਵਾ ਮੋਰਚਾ ਖੋਲ ਰਹੇ ਹੋ।
ਜਾਚਕ ਜੀ, ਨਿਮਰਤਾ ਸਹਿਤ ਬੇਨਤੀ ਹੈ ਕਿ ਇਹ ਸਪੱਸ਼ਟ ਕਰੋ ਕਿ ਆਪ ਜੀ ਦੇ ਕਥਨ
ਮੁਤਾਬਕ, ਜਿਹੜੀ ਵਿਚਾਰ ਚਰਚਾ ਸਿੱਖ ਮਾਰਗ ਤੇ ਕਰਨੀ ਹਾਨੀਕਾਰਕ ਸਿੱਧ ਹੋ ਸਕਦੀ ਹੈ, ਉਹ ਵਿਚਾਰ
ਚਰਚਾ ਖਾਲਸਾ ਨਿਊਜ਼ ਤੇ ਕਰਨੀ ਲਾਭਦਾਇਕ ਕਿਵੇਂ ਹੋ ਸਕਦੀ ਹੈ?
ਸਤਿਕਾਰ ਯੋਗ ਗਿਆਨੀ ਜਗਤਾਰ ਸਿੰਘ ਜੀ, ਇਹ ਸਪੱਸ਼ਟ ਕਰੋ ਕਿ ‘ਸਿੱਖ ਮਾਰਗ’
ਤੋਂ ਸਪੱਸ਼ਟੀ ਕਰਨ ਲੈਣ ਲਈ, ‘ਖਾਲਸਾ ਨਿਊਜ਼’ ਦੇ ਮੰਚ ਦੀ ਵਰਤੋ ਕਰਨ ਦੀ ਆਪ ਜੀ ਨੂੰ ਲੋੜ ਕਿਉ
ਮਹਿਸੂਸ ਹੋਈ ਜਦੋਂ ਕਿ ਆਪ ਜੀ ਦੇ ਪੱਤਰ ਤਾਂ ਸਿੱਖ ਮਾਰਗ ਤੇ ਛਪ ਰਹੇ ਹਨ। ਆਪ ਜੀ ਦੇ ਬਚਨ,
“ਅਦਾਰਾ ‘ਸਿੱਖ ਮਾਰਗ’ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹ ਡਾ. ਢਿੱਲੋਂ ਦੇ ਵਿਚਾਰਾਂ ਨਾਲ ਸਹਿਮਤ
ਹਨ ਜਾਂ ਨਹੀਂ ?
ਸਤਿਕਾਰ ਸਹਿਤ
ਸਰਵਜੀਤ ਸਿੰਘ
(ਨੋਟ:-ਇਹ ਪੱਤਰ ਖਾਲਸਾ ਨਿਊਜ਼ ਨੂੰ ਵੀ ਪੋਸਟ ਕਰਨ ਲਈ ਭੇਜਿਆ ਗਿਆ ਹੈ)
(12/07/13)
ਮਨਦੀਪ ਸਿੰਘ ਵਰਨਨ
ਸਤਿਕਾਰਯੋਗ ਗਿ. ਜਗਤਾਰ ਸਿੰਘ ਜਾਚਕ ਜੀ
ਗੁਰ ਫਤਿਹ ਪਰਵਾਨ ਕਰਨੀ ਜੀ
ਆਪ ਜੀ ਬੜੇ ਹੀ ਸੁੰਦਰ ਤਰੀਕੇ ਨਾਲ ਵਿਚਾਰ -ਚਰਚਾ ਕਰ ਰਹੇ ਸੀ, ਆਪ ਜੀ ਗੁਰਮਤਿ ਦੇ ਜਾਣਕਾਰ ਅਤੇ
ਪ੍ਰਚਾਰਕ ਹੋ। ਤੁਸੀਂ ਵਿਚਾਰ ਚਰਚਾ ਕਰਦਿਆਂ ਬੜਾ ਮਾਪਤੋਲ ਵਰਤਿਆ ਹੈ ਪਰ ਸਿੱਖ ਮਾਰਗ ਤੇ ਹੋ ਰਹੀ
ਕਿਸੇ ਵੀ ਚਰਚਾ ਬਾਰੇ ਸਿੱਖ ਮਾਰਗ ਤੇ ਹੀ ਲਿਖਣਾ ਚਾਹੀਦਾ ਹੈ । ਇੱਥੇ ਤਾਂ ਆਪ ਜੀ ਗੁਰਬਾਣੀ
ਪ੍ਰਮਾਣਾ ਸਹਿਤ ਨਿਮਰ ਵਿਚਾਰ ਕਰਦੇ ਹੋ ਪਰ ਡਾ. ਇਕਬਾਲ ਸਿੰਘ ਢਿੱਲੋਂ ਅਤੇ ਸ. ਵਰਿੰਦਰ ਸਿੰਘ
ਗੋਲਡੀ ਦਰਮਿਆਨ ਚੱਲ ਰਹੀ ਚਰਚਾ ਬਾਰੇ ਆਪਣੇ ਖਿਆਲ ਸਿੱਖ ਮਾਰਗ ਤੇ ਦੇਣ ਦੀ ਬਜਾਏ ਆਪਣਾ ਗੁਬਾਰ
ਖਾਲਸਾ ਨਿਊਜ਼ ਤੇ ਕੱਢਿਆ ਹੈ :- ਲਿੰਕ..
http://khalsanews.org/newspics/2013/07%20July%202013/11%20July%2013/11%20July%2013%20Jachak%20reg%20Goldy,%20Dhillon.htm
ਡਾ. ਢਿਲੋਂ ਦੇ ਵਿਚਾਰਾਂ ਨਾਲ ਮੇਰਾ ਸਹਿਮਤ ਹੋਣਾ
ਜਾਂ ਨਾ ਸਹਿਮਤ ਹੋਣਾ ਜ਼ਰੂਰੂ ਨਹੀਂ ਪਰ ਅਗਰ ਤੁਹਾਨੂੰ ਉਹਨਾਂ ਦੇ ਵਿਚਾਰ ਗੁਰਮਤਿ ਵਿਰੋਧੀ ਜਾਪਦੇ
ਹਨ ਤਾਂ ਤੁਹਾਨੂੰ ਸਿੱਖ ਮਾਰਗ ਤੇ ਹੀ ਲਿਖਣਾ ਬਣਦਾ ਸੀ ਤੇ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਸੀ ।
ਡਾ. ਢਿੱਲੋ ਅਤੇ ਸ. ਗੋਲਡੀ ਦੀ ਵਿਚਾਰ ਬਾਰੇ ਵੀ ਅਗਰ ਕੋਈ ਨੁਕਤਾ ਸੀ ਤਾਂ ਸਿੱਖ ਮਾਰਗ ਤੇ ਲਿਖਿਆ
ਜਾਂਦਾ ਤਾਂ ਆਪਜੀ ਦੀ ਸੁਹਿਰਦਤਾ ਦੀ ਦਾਦ ਦੇਣੀ ਬਣਦੀ ਸੀ । ਹੋਰ ਕਿਸੇ ਮੰਚ ਤੇ ਜਾਕੇ ਸਿੱਖ ਮਾਰਗ
ਤੇ ਚੱਲ ਰਹੀ ਚਰਚਾ ਬਾਰੇ ਫਤਵਾ ਨੁਮਾ ਲੇਖ ਲਿਖਣਾ ਸ਼ੋਭਦਾ ਨਹੀਂ ਖਾਸ ਕਰਕੇ ਜਦੋਂ ਤੁਸੀਂ ਸਿੱਖ
ਮਾਰਗ ਤੇ ਚਰਚਾ ਕਰ ਰਹੇ ਹੋ । ਸਿੱਖ ਮਾਰਗ ਤੇ ਡਾ. ਢਿੱਲੋਂ ਬਾਰੇ ਅੱਖਰ ਵੀ ਨਾ ਲਿਖਣਾ ਪਰ ਖਾਲਸਾ
ਨਿਊਜ ਤੇ ਫਤਵਾਨੁਮਾ ਲੇਖ ਲਿਖਣਾ ਸਿੱਧ ਕਰਦਾ ਹੈ ਕਿ ਸ਼ਾਇਦ ਸਿੱਖਾਂ ਵਿੱਚ ਹੁਕਮਨਾਮੇ ਤੇ ਫਤਵੇ ਦੇਣ
ਦਾ ਰੁਝਾਨ ਕਦੇ ਖਤਮ ਨਹੀਂ ਹੋਵੇਗਾ। ਆਪ ਜੀ ਦੀ ਇਸ ਕਾਰਵਾਈ ਨੇ ਨਿਰਾਸ਼ ਕੀਤਾ ਹੈ ਜੇ ਹੋ ਸਕੇ ਤਾਂ
ਕਿਰਪਾ ਕਰਕੇ ਦੱਸਣਾ ਕਰਿਓ ਕਿ ਤੁਹਾਨੂੰ ਇਹ ਕਦਮ ਕਿਉਂ ਚੁੱਕਣਾ ਪਿਆ , ਕਿ ਸਿੱਖ ਮਾਰਗ ਦੇ ਸੰਪਾਦਕ
ਜੀ ਨੇ ਨਹੀਂ ਛਾਪਿਆ ਜਾਂ ਕੋਈ ਹੋਰ ਮਾਜਰਾ ਹੈ ।
ਖਿਮਾਂ ਦਾ ‘ਜਾਚਕ’
ਮਨਦੀਪ ਸਿੰਘ ਵਰਨਨ
(ਸੰਪਾਦਕੀ ਟਿੱਪਣੀ:- ਸ: ਮਨਦੀਪ ਸਿੰਘ ਵਰਨਨ ਜੀ,
ਇੰਟਰਨੈਸ਼ਨਲ ਸਿੱਖ ਮਿਸ਼ਨਰੀ ਪ੍ਰਚਾਰਕ ਜਗਤਾਰ ਸਿੰਘ ਜਾਚਕ ਜੀ ਤਕਰੀਬਨ ਪਿਛਲੇ 8 ਸਾਲਾਂ ਤੋਂ ਸਿੱਖ
ਮਾਰਗ ਤੇ ਲਿਖ ਰਹੇ ਹਨ। ਕੋਈ ਦੋ ਕੁ ਸਾਲ ਪਹਿਲਾਂ ਜਦੋਂ ਇੱਥੇ ਸਿੱਖ ਮਾਰਗ ਤੇ ਕਰਤਾਰ ਪੁਰੀ ਬੀੜ
ਅਤੇ ਮੌਜੂਦਾ ਬੀੜ ਬਾਰੇ ਕੁੱਝ ਵਿਚਾਰਾਂ ਹੋ ਰਹੀਆਂ ਸਨ ਤਾਂ ਕਈਆਂ ਨੇ ਉਸ ਵੇਲੇ ਡਾ: ਢਿੱਲੋਂ ਤੇ
ਇਲਜ਼ਾਮ ਲਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਹੁਣ ਫਿਰ ਦੁਬਾਰਾ ਕੀਤੀ ਹੈ ਕਿ ਉਹ ਬੀੜ ਨੂੰ ਨਕਲੀ ਕਹਿੰਦਾ
ਹੈ ਹਾਲਾਂ ਕਿ ਉਸ ਨੇ ਕਰਤਾਰ ਪੁਰੀ ਬੀੜ ਬਾਰੇ ਇਹ ਲਫਜ਼ ਵਰਤੇ ਸਨ। ਇਸ ਬੀੜ ਬਾਰੇ ਜਾਣਕਾਰੀ ਲਈ ਡਾ:
ਜੋਧ ਸਿੰਘ ਅਤੇ ਗਿ: ਗੁਰਦਿੱਤ ਸਿੰਘ ਦੀ ਕਿਤਾਬ ਮੁੰਦਾਵਣੀ ਪੜ੍ਹ ਕੇ ਅਸਲੀਅਤ ਜਾਣੀ ਜਾ ਸਕਦੀ ਹੈ।
ਉਸ ਵੇਲੇ ਜਾਚਕ ਜੀ ਨੇ ਇਸ ਪੱਖ ਬਾਰੇ ਇੱਕ ਜਾਣਕਾਰੀ ਭਰਪੂਰ ਲੇਖ ਲਿਖਿਆ ਸੀ ਜਿਹੜਾ ਕਿ ਬਹੁਤਾ ਡਾ:
ਢਿੱਲੋਂ ਅਤੇ ਸਰਵਜੀਤ ਸਿੰਘ ਦੇ ਪੱਖ ਵਿੱਚ ਜਾਂਦਾ ਸੀ। ਹੁਣ ਵਾਲੀ ਵਿਚਾਰ ਚਰਚਾ ਸਭ ਤੋਂ ਪਹਿਲਾਂ
ਜਾਚਕ ਜੀ ਨੇ ਹੀ 11 ਜੂਨ ਨੂੰ ਡਾ: ਇਕਬਾਲ ਸਿੰਘ ਢਿੱਲੋਂ ਦੇ ਨਾਮ ਚਿੱਠੀ ਲਿਖ ਕੇ ਹੀ ਸ਼ੁਰੂ ਕੀਤੀ
ਸੀ। ਇਸ ਬਾਰੇ ਹੋਰ ਜਾਣਕਾਰੀ ਤੁਹਾਨੂੰ ਸਰਵਜੀਤ ਸਿੰਘ ਦੇ ਪੱਤਰ ਵਿਚੋਂ ਅਤੇ ਇਸ ਨਾਲ ਸੰਬੰਧਿਤ ਹੋਰ
ਚਿੱਠੀਆਂ ਪੜ੍ਹ ਕੇ ਮਿਲ ਜਾਵੇਗੀ। ਜਿਹੜਾ ਬੰਦਾ ਇੰਟਰਨੈਸ਼ਨਲ ਦੇ ਪੱਧਰ ਦਾ ਪ੍ਰਚਾਰਕ ਹੋਵੇ ਅਤੇ
ਬਾਰ-ਬਾਰ ਪੁੱਛਣ ਤੇ ਵੀ ਸੱਚ ਬੋਲਣ ਤੋਂ ਥਿੜਕਦਾ ਹੋਵੇ ਉਹ ਦਿਮਾਗੀ ਵਿਦਵਾਨ ਤਾਂ ਹੋ ਸਕਦਾ ਹੈ ਪਰ
ਉਸ ਦੇ ਹਿਰਦੇ ਵਿੱਚ ਹਾਲੇ ਗੁਰਬਾਣੀ ਦਾ ਸੱਚ ਨਹੀਂ ਵਸਿਆ। ਇੱਥੇ ‘ਸਿੱਖ ਮਾਰਗ’ ਤੇ ਲਿਖਣ ਵਾਲੇ
ਹਜ਼ਾਰਾਂ ਹੀ ਲੇਖਕ/ਪਾਠਕ ਹਨ ਅਤੇ ਡਾ: ਇਕਬਾਲ ਸਿੰਘ ਢਿੱਲੋਂ ਉਨ੍ਹਾਂ ਵਿਚੋਂ ਇੱਕ ਹੈ। ਉਹ ਨਾ ਤਾਂ
ਮੇਰਾ ਕੋਈ ਰਿਸ਼ਤੇਦਾਰ ਹੈ ਅਤੇ ਨਾਂ ਹੀ ਕੋਈ ਖਾਸ ਮਿੱਤਰ ਹੈ ਜਿਸ ਨਾਲ ਕਿ ਮੈਂ ਕੋਈ ਕਿਸੇ ਕਿਸਮ ਦੀ
ਰਿਆਇਤ ਕਰਦਾ ਹਾਂ। ਜਿਹੜਾ ਵੀ ਕੋਈ ਵਿਆਕਤੀ ਦਸਮ ਗ੍ਰੰਥ ਅਤੇ ਰਾਗਮਾਲਾ ਨੂੰ ਗੁਰੂ ਕ੍ਰਿਤ ਨਹੀਂ
ਮੰਨਦਾ ਅਤੇ ਗੁਰਬਾਣੀ ਨੂੰ ਹੀ ਸਰਵਉਚ ਮੰਨਦਾ ਹੈ ਉਹ ਲਿਖਣ ਪੜ੍ਹਨ ਦੀ ਅਜ਼ਾਦੀ ਨੂੰ ਮੁੱਖ ਰੱਖ ਕੇ
ਆਪਣੇ ਵਿਚਾਰ ਇੱਥੇ ਸਾਂਝੇ ਕਰ ਸਕਦਾ ਹੈ। ਜਿਸ ਅਨੁਸਾਰ ਡਾ: ਢਿੱਲੋਂ ਅਤੇ ਹੋਰ ਕਰਦੇ ਹਨ। ਜਦੋਂ
ਕੋਈ ਕਿਸੇ ਨਾਲ ਧੱਕੇਸ਼ਾਹੀ ਕਰਕੇ ਇੱਥੋਂ ਕੱਢਣਾ ਚਾਹੇ ਤਾਂ ਫਿਰ ਉਸ ਦੇ ਹੱਕ ਵਿੱਚ ਹਾਂ ਦਾ ਨਾਹਰਾ
ਮੈਂਨੂੰ ਮਾਰਨਾ ਪੈਂਦਾ ਹੈ ਜਿਸ ਦਾ ਉਲਟਾ ਰੀਐਕਸ਼ਨ, ਧੱਕੇ ਕਰਨ ਵਾਲੇ ਤੇ ਪੈ ਜਾਂਦਾ ਹੈ। ਫਿਰ ਉਹ
ਵਿਆਕਤੀ ਸਿੱਖ ਮਾਰਗ ਵਿਰੁੱਧ ਆਪਣੀ ਬੁਖਲਾਹਟ ਹੋਰ ਥਾਂ ਤੇ ਜਾਂ ਕੇ ਜ਼ਾਹਰ ਕਰਦਾ ਹੈ। ਇਸ ਤਰ੍ਹਾਂ
ਦੇ ਕਈ ਲੇਖਕ ਹਨ ਜਿਹੜੇ ਪਹਿਲਾਂ ਇੱਥੇ ਲਿਖਦੇ ਰਹੇ ਹਨ ਅਤੇ ਹੁਣ ਮੌਕਾ ਮਿਲਣ ਤੇ ਸਿੱਖ ਮਾਰਗ
ਵਿਰੁੱਧ ਆਪਣੀ ਭੜਾਸ ਕੱਢਦੇ ਰਹਿੰਦੇ ਹਨ। ਇਨ੍ਹਾਂ ਸਾਰਿਆਂ ਨੂੰ ਇਹ ਨਹੀਂ ਪਤਾ ਕਿ ਇੱਥੇ ਸਿੱਖ
ਮਾਰਗ ਤੇ ਪਹਿਲਾਂ ਤੋਂ ਹੀ ਧੱਕਾ ਧੌਂਸ ਨਹੀਂ ਚੱਲਦਾ ਸਿਰਫ ਸੱਚ ਹੀ ਚੱਲਦਾ ਹੈ। ਇਹ ਸੱਚ ਹਜ਼ਾਰਾਂ
ਹੀ ਪਾਠਕ ਹੁਣ ਤੱਕ ਸਮਝ ਚੁੱਕੇ ਹਨ। ਜੇ ਕਰ ਇਸ ਤਰ੍ਹਾਂ ਨਾ ਹੁੰਦੀ ਤਾਂ ਸਿੱਖ ਮਾਰਗ ਕਦੋਂ ਦਾ ਹੀ
ਬੰਦ ਹੋ ਚੁੱਕਾ ਹੁੰਦਾ ਅਤੇ ਸਾਰੇ ਹੀ ਪਾਠਕ/ਲੇਖਕ ਇਸ ਨੂੰ ਅਲਵਿਦਾ ਕਹਿ ਚੁੱਕੇ ਹੁੰਦੇ। ਜਿਹੜੀ
ਚਿੱਠੀ/ਲੇਖ ਖ਼ਾਲਸਾ ਨਿਊਜ਼ ਤੇ ਛਪੀ ਹੈ ਉਹ ਮੈਨੂੰ ਵੀ ਮਿਲੀ ਸੀ ਅਤੇ ਉਸ ਦਾ ਜਵਾਬ ਜੋ ਮੈਂ ਦਿੱਤਾ
ਸੀ ਉਹ ਹੂ-ਬ-ਹੂ ਹੇਠਾਂ ਛਾਪ ਰਿਹਾ ਹਾਂ:
ਸ: ਜਗਤਾਰ ਸਿੰਘ ਜਾਚਕ ਜੀ,
ਤੁਹਾਡੀ ਅੱਜ 9 ਜੁਲਾਈ ਵਾਲੀ ਚਿੱਠੀ ਸਿਰਫ ਡਾ: ਇਕਬਾਲ ਸਿੰਘ ਢਿੱਲੋਂ ਦਾ ਵਿਰੋਧ ਕਰਨ ਲਈ ਹੀ ਲਿਖੀ
ਲਗਦੀ ਹੈ ਕਿਉਂਕਿ ਇਸ ਵਿੱਚ ਵਿਚਾਰ ਵਾਲੀ ਤਾਂ ਕੋਈ ਗੱਲ ਨਹੀਂ ਹੈ। ਸ਼ਾਇਦ ਅੱਜ ਸਪੋਕਸਮੈਨ ਵਿੱਚ ਉਸ
ਵਿਰੁੱਧ ਛਪੀ ਖ਼ਬਰ ਦਾ ਅਸਰ ਤੁਹਾਡੇ ਤੇ ਹੋ ਗਿਆ ਹੋਵੇ। ਉਸ ਦੀਆਂ ਲਿਖਤਾਂ ਬਾਰੇ ਇੱਥੇ ਸਾਲਾਂ ਬੱਧੀ
ਵਿਚਾਰ ਹੁੰਦਾ ਰਿਹਾ ਹੈ ਅਤੇ ਉਹ ਜਵਾਬ ਦਿੰਦਾ ਰਿਹਾ ਹੈ, ਉਦੋਂ ਤੁਸੀਂ ਕਦੀ ਵੀ ਦਖਲ ਨਹੀਂ ਦਿੱਤਾ
ਹੋ ਸਕਦਾ ਹੈ ਕਿ ਤੁਸੀਂ ਸਾਰਾ ਕੁੱਝ ਨਾ ਪੜ੍ਹਿਆ ਹੋਵੇ। ਭਾਈ ਗੁਰਦਾਸ ਦੀਆਂ ਵਾਰਾਂ ਬਾਰੇ ਤੁਹਾਨੂੰ
ਕਈ ਸਵਾਲ ਮੁੜ-ਮੁੜ ਕੇ ਪੁੱਛੇ ਹਨ ਪਰ ਤੁਸੀਂ ਹਾਲੇ ਤੱਕ ਉਸ ਦਾ ਕੋਈ ਜਵਾਬ ਨਹੀਂ ਦਿੱਤਾ। ਹੋਰ ਵੀ
ਬਹੁਤਿਆਂ ਦੇ ਜਵਾਬ ਤੁਸੀਂ ਹਾਲੇ ਤੱਕ ਨਹੀਂ ਦਿੱਤੇ।
‘ਸਿੱਖ ਮਾਰਗ’ ਦੇ ਸਲਾਹਕਾਰ ਬੋਰਡ ਅਤੇ ਹੋਰ ਲੇਖਕ ਜਿਹੜੇ ਕਿ ਮੁੱਢ ਤੋਂ ਹੀ ਸਿੱਖ ਮਾਰਗ ਨਾਲ ਜੁੜੇ
ਹੋਏ ਹਨ ਉਨ੍ਹਾ ਦੇ ਵਿਚਾਰ ਇਸ ਬਾਰੇ ਲਏ ਜਾਣਗੇ ਫਿਰ ਕੋਈ ਫੈਸਲਾ ਲਿਆ ਜਾ ਸਕਦਾ ਹੈ ਕਿ ਉਹ ਕਿਤਨਾ
ਕੁ ਠੀਕ ਜਾਂ ਗਲਤ ਹੈ।
ਧੰਨਵਾਦ ਸਹਿਤ,
ਸੰਪਾਦਕ।
(12/07/13)
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)
ਸਤਿਕਾਰਯੋਗ ਗਿਆਨੀ ਸੰਤੋਖ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
On going through ICS Sirdar Kapur Singh’s
Books: “Parasaraprasna, Sikhism an Oecumenical Religion and Sachi Sakhi, etc.” I
will try to find out and then let you know if I come across any such story.
ਪਰ, ਜੇ ਸਾਨੂੰ ਐਸੀ ਜਾਣਕਾਰੀ ਪਰਾਪਤ ਵੀ ਹੋ ਗਈ
ਤਾਂ ਫਿਰ, ਇਸ ਤੋਂ ਸਾਨੂੰ ਕੀ ਗੁਰਮਤਿ ਸੇਧ ਮਿਲਦੀ ਹੈ ਜਿਵੇਂ ਦਰਬਾਰ ਸਾਹਿਬ ਵਿਖੇ ਬੇਰੀ,
ਨਾਨਕਮਤੇ ਪੀਪਲ ਅਤੇ ਮਿੱਠੇ ਰੀਠੇ, ਆਦਿਕ ਨੂੰ ਮੱਥਾ ਟੇਕਣ ਦਾ ਰਿਵਾਜ਼! ਆਸਾ ਕੀ ਵਾਰ (੧੨) ਪੰਨਾ
੪੬੯, ਸਲੋਕੁ ਮ: ੧॥ ਗੁਰੂ ਨਾਨਕ ਸਾਹਿਬ ਹਰ ਰੋਜ਼ ਸਾਨੂੰ ਸੋਝੀ ਬਖ਼ਸ਼ਿਸ਼ ਕਰਦੇ ਹਨ:
“ਬਲਿਹਾਰੀ ਕੁਦਰਤਿ ਵਸਿਆ॥ ਤੇਰਾ ਅੰਤੁ ਨ ਜਾਈ ਲਖਿਆ॥ ੧॥ ਰਹਾਉ॥
ਆਓ, ਹਰ ਸਮੇਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਮੰਨਦੇ ਰਹੀਏ: “ਸੱਭ ਸਿੱਖਨ ਕਉ ਹੁਕਮ
ਹੈ, ਗੁਰੂ ਮਾਨਿਓ ਗਰੰਥ” ਗੁਰੂ ਗਰੰਥ ਸਾਹਿਬ ੴ ਸਤਿ ਨਾਮ ਤੋਂ ਮੁੰਦਾਵਣੀ ਤੱਕ (ਪੰਨੇ ੧-੧੪੨੯)
ਆਪਜੀ ਦਾ ਸ਼ੁੱਭ ਚਿੰਤਕ,
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)
(12/07/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤੇਰੇ
ਨਾਲ ਜੋ ਲਾਈ ਸਾਈਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤੇਰੇ ਨਾਲ ਜੋ ਲਾਈ ਸਾਈਂ।
ਫਿਰਦਾਂ ਜਗ ਦੀ ਹੋਸ਼ ਭੁਲਾਈਂ।
‘ਤੂੰ ਹੀ ਤੂੰ’ ਕੁੱਝ ਹੋਰ ਨਾ ਦਿਸਦਾ,
ਰਾਹ ਦੇਖਾਂ ਹੁਣ ਹੋਰ ਮੈਂ ਕਿਸਦਾ?
ਸਾਈਆਂ ਦਿੱਬ ਦ੍ਰਿਸ਼ਟੀ ਤੇਰੀ,
ਤੇਰੇ ਬਿਨ ਔਕਾਤ ਕੀ ਮੇਰੀ?
ਤਨ ਨੂੰ ਲੱਗੇ ਰੋਗ ਬਥੇਰੇ,
ਰੋਗ ਹਟਾਵੇਂ ਵੱਸ ਹੈ ਤੇਰੇ,
ਹਰ ਇੱਕ ਰੋਗ ਦੀ ਬਾਮ ਨਾਮ ਹੈ,
ਸਹੀ ਟਿਕਾਣਾ ਸੱਚ ਧਾਮ ਹੈ।
ਸੱਚ ਘਰ ਤੇਰਾ, ਸਦਾ ਉਜਾਲਾ,
ਮਾਣੇ ਉਹ ਜੋ ਕਿਸਮਤ ਵਾਲਾ।
ਯਾਦ ਰਿਹਾ ਹੁਣ ਨਾਮ ਹੈ ਤੇਰਾ,
ਨਾਮ ਤੇਰੇ ਬਿਨਾ ਕੁੱਝ ਨਾ ਮੇਰਾ,
ਆਪੂੰ ਮੇਰੇ ਐਬ ਲੁਕਾਈਂ,
ਅਪਣੇ ਨਾਮ ਦੀ ਲਾਜ ਬਚਾਈਂ।
ਟੁੱਟੇ ਨੂੰ ਅਪਣੇ ਗਲ ਲਾਈਂ।
ਤੇਰੇ ਨਾਲ ਜੋ ਲਾਈ ਸਾਈਂ।
ਆਖਾਂ ਕੁਦਰਤ ਗਲ ਪਾ ਬਾਹੀਂ,
ਇਹ ਹੁਣ ਲੱਗੀ ਟੁੱਟੇ ਨਾਹੀਂ।
ਤੇਰੀ ਗੋਦੀ ਮੌਜ ਮਨਾਵਾਂ,
ਦੂਰ ਕਿਉਂ ਮੈਂ ਤੈਥੋਂ ਜਾਵਾਂ,
ਤੇਰੀ ਨਦਰਿ ਦੇ ਸਦਕਾ ਜੀਵਾਂ,
ਤੇਰੀ ਮਿਹਰ ਤਾਂ ਅੰਮ੍ਰਿਤ ਪੀਵਾਂ,
ਦਾਤਾ ਨਜ਼ਰ ਮਿਹਰ ਦੀ ਪਾਈਂ,
ਤੇਰੇ ਨਾਲ ਜੋ ਲਾਈ ਸਾਈਂ।
ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ
ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।
(11/07/13)
ਅਵਤਾਰ ਸਿੰਘ ਲੰਡਨ
ਸਤਿਕਾਰਯੋਗ ਗਿਆਨੀ ਜਗਤਾਰ ਸਿੰਘ ਜੀ ਜਾਚਕ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸ੍ਰ. ਮੱਖਣ ਸਿੰਘ ਜੀ ਪੁਰੇਵਾਲ ਨੇ ਗੁਰਬਾਣੀ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਤੇ
ਕੁੱਝ ਸਿੱਖਣ ਲਈ ਸਿੱਖ ਮਾਰਗ ਦੀ ਸੁਵਿਧਾ ਪ੍ਰਦਾਨ ਕੀਤੀ ਹੈ ਜਿਸ ਦਾ ਲਾਹਾ ਲਿਆ ਜਾਣਾ ਚੰਗਾ ਲਗਦਾ
ਹੈ। ਤੇ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਕਰ ਵਿਚਾਰ ਵਟਾਂਦਰਾ ਬੇਲੋੜੀ ਬਹਿਸ ਦਾ ਵਿਸ਼ਾ ਨਾ
ਬਣੇਂ। ਸੱਚ ਤਾਂ ਇਹ ਹੈ ਕਿ ਮੇਰੀ ਸੋਚ ਅਤੇ ਸਮੱਝ ਵਿੱਚ ਇਹ ਗੱਲ ਕਿਸੇ ਤਰ੍ਹਾਂ ਵੀ ਨਹੀਂ ਆ ਰਹੀ
ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅਪਣੀ ਜਾਨ ਬਚਾਉਣ ਲਈ ਅਰਦਾਸ ਕੀਤੀ ਹੋਵੇ ਗੀ ਕਿਉਂਕਿ ਉਨ੍ਹਾਂ
ਸਮਿਆਂ ਵਿੱਚ ਤਾਂ ਕੋਈ ਸਿੱਖ ਵੀ ਅਪਣੀ ਜਾਨ ਬਚਾਉਣ ਲਈ ਅਕਾਲ ਪੁਰਖ ਅਗੇ ਅਰਦਾਸ ਨਹੀਂ ਸੀ ਕਰਦਾ।
ਦੋ ਮਾਸੂਮ ਛੋਟੇ ਸਾਹਿਬਜ਼ਾਦਿਆਂ ਦੇ ਨੀਂਹਾਂ ਵਿੱਚ ਚਿਣੇ ਜਾਣ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਨੇ ਅਜਿਹੀ ਕੋਈ ਅਰਦਾਸ ਨਹੀਂ ਕੀਤੀ ਮਿਲਦੀ। ਹਾਂ ਨਵਾਬ ਮਾਲੇਰਕੋਟਲਾ ਨੇ ਜ਼ਰੂਰ ਕੀਤੀ ਸੀ ਜੋ
ਪ੍ਰਵਾਨ ਨਾਂ ਹੋਈ। ਗੁਰੂ ਨਾਨਕ ਸੰਦੇਸ਼/ਉਪਦੇਸ਼ ਹੀ ਅਜਿਹਾ ਸੀ ਕਿ ਸਿਖਾਂ ਨੇ ਬਿਗਾਨਿਆਂ ਦੀ ਰੱਖਿਆ
ਕਰਦਿਆਂ ਵੀ ਹੱਸ ਹੱਸ ਕੇ ਜਾਂਨਾਂ ਵਾਰੀਆਂ।
ਜੇ ਹਰ ਸ਼ਬਦ ਦੇ ਅੱਖਰੀਂ ਅਰੱਥ ਕਰਨ ਲਗੀਏ ਤਾਂ ਕਈ ਥਾਂਈਂ ਅਨੱਰਥ ਹੋ ਜਾਂਦਾ ਹੈ ਤੇ ਸ਼ਰਧਾਵਾਨ
ਸਿੱਖਾਂ ਦੇ ਦਿਲਾਂ ਵਿੱਚ ਦੁਬਿਧਾ ਪੈਦਾ ਹੋ ਜਾਂਦੀ ਹੈ। ਜਿਵੇਂ ਕਿ ਸ਼ਬਦ ਹੈ
“ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ” ਪੰਨਾਂ
੫੫੭। ਸਿੱਖ ਨਿੱਤਾ ਪ੍ਰਤੀ ਅਰਦਾਸ ਕਰਦੇ ਸਮੇਂ ਬਿਬੇਕ ਦਾਨ ਮੰਗਦਾ ਹੈ। ਜਦ ਗੱਲ ਬਿਬੇਕ ਤੇ ਆ
ਜਾਂਦੀ ਹੈ ਤਾਂ ਗੁਰੂ ਫੁਰਮਾਨ ਹੈ “ਅਕਲੀ ਪੜ੍ਹਿ ਕੈ ਬੁਝੀਐ ਅਕਲੀ ਕੀਚੈ
ਦਾਨੁ॥ ਨਾਨਕੁ ਆਖੈ ਰਾਹੁ ਏਹ ਹੋਰਿ ਗਲਾਂ ਸੈਤਾਨ”॥ ਪੰਨਾ ੧੨੪੫ ਪੜ੍ਹਕੇ ਬੁੱਝਣਾ ਹੀ ਗਿਆਨ
ਦਾ ਮਾਰਗ ਦਰਸ਼ਕ ਹੈ। “ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠ ਤਹ
ਪਾਪ” ਪੰਨਾ ੧੩੭੨।
ਆਪ ਜੀ ਨੇ ਮੇਰੇ ਪ੍ਰਤੀ ਜੋ ਮਿੱਠੇ ਅਤੇ ਪਿਆਰੇ ਸ਼ਬਦ ਵਰਤੇ ਹਨ ਮੈਂ ਉਨ੍ਹਾਂ ਲਈ ਮੈਂ ਆਪ ਜੀ ਦਾ
ਅਤਿ ਧੰਨਵਾਦੀ ਹਾਂ।
ਧੰਨਵਾਦ ਸਹਿਤ
ਅਵਤਾਰ ਸਿੰਘ ਲੰਡਨ ੧੧ ਜੁਲਾਈ ੨੦੧੩
(11/07/13)
ਗਿ: ਸੰਤੋਖ ਸਿੰਘ
ਗੁਰਮੁਖ ਪਿਆਰੇ ਵਿਦਵਾਨ ਸੱਜਣ ਜੀਓ
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਿਹ॥
ਬੜੇ ਹੀ ਸਾਲਾਂ ਤੋਂ ਇੱਕ ਇਤਿਹਾਸਕ ਘਟਨਾ ਬਾਰੇ ਪੜ੍ਹਦੇ ਅਤੇ ਵਿਦਵਾਨਾਂ ਪਾਸੋਂ
ਸੁਣਿਆਂ ਜਾਂਦਾ ਰਿਹਾ ਹੈ ਕਿ ਰਾਜਸਥਾਨ ਸੂਬੇ ਦੇ ਕਿਸੇ ‘ਸੁਹਾਵਾ’ ਨਾਮੀ ਸਥਾਨ ਉਪਰ, ਜੰਡ ਅਤੇ
ਪਿੱਪਲ ਨਾਂ ਦੇ ਜੁੜਵੇਂ ਦੋ ਦਰੱਖ਼ਤ ਹਨ। ਇਸ ਸਥਾਨ ਦੇ ਨਾਲ਼ ਸ਼ਾਇਦ ਦਸਵੇਂ ਗੁਰੂ ਜੀ ਨਾਲ਼ ਸਬੰਧਤ ਕੋਈ
ਸਾਖੀ ਦੱਸੀ ਜਾਂਦੀ ਹੈ ਕਿ ਜਦੋਂ ਪਿੱਪਲ ਨੇ ਪੂਰੀ ਤਰ੍ਹਾਂ ਜੰਡ ਨੂੰ ਆਪਣੇ ਵਿੱਚ ਸਮੋ ਲਿਆ ਓਦੋਂ
ਕੋਈ ਵਿਸ਼ੇਸ਼ ਘਟਨਾ ਵਾਪਰੇਗੀ ਜਿਸ ਦਾ ਸਿੱਖ ਪੰਥ ਦੀ ਕਿਸੇ ਕਿਸਮ ਦੀ ਭਲਿਆਈ ਨਾਲ਼ ਸਬੰਧ ਸਮਝਿਆ
ਜਾਂਦਾ ਹੈ।
ਸ਼ਾਇਦ ਕਿਤੇ ਨੈਸ਼ਨਲ ਪ੍ਰੋਫ਼ੈਸਰ ਆਫ਼ ਸਿੱਖਇਜ਼ਮ, ਭਾਈ ਸਾਹਿਬ ਸਿਰਦਾਰ ਕਪੂਰ ਸਿੰਘ ਜੀ ਨੇ ਕਿਤੇ ਅਜਿਹੀ
ਕਿਸੇ ਵਾਰਤਾ ਦਾ, ਆਪਣੀ ਲਿਖਤ ਵਿੱਚ ਜ਼ਿਕਰ ਕੀਤਾ ਹੈ।
ਅੱਜ ਕਲ੍ਹ ਮੈਂ ਏਥੇ ਲੰਡਨ ਵਿਖੇ ਆਇਆ ਹੋਇਆ ਹਾਂ ਅਤੇ ਇੱਕ ਵਿਦਵਾਨ ਗੁਰਸਿੱਖ ਵੱਲੋਂ, ਮੇਰੇ ਪਾਸੋਂ
ਅਜਿਹੀ ਕਿਸੇ ਸਾਖੀ ਬਾਰੇ ਜਾਣਕਾਰੀ ਮੰਗੀ ਗਈ ਹੈ। ਮੈਂ ਇਸ ਬਾਰੇ ਸਹੀ ਜਾਣਕਾਰੀ ਨਹੀਂ ਰੱਖਦਾ।
ਜੇਕਰ ਕੋਈ ਗੁਰੂ ਦਾ ਪਿਆਰਾ ਵਿਦਵਾਨ ਸੱਜਣ ਇਸ ਬਾਰੇ ਸਹੀ ਜਾਣਕਾਰੀ ਮੇਰੇ ਤੱਕ ਪੁਚਾ ਸਕੇ ਤਾਂ ਮੈਂ
ਉਸ ਦਾ ਧੰਨਵਾਦੀ ਹੋਵਾਂਗਾ।
ਏਥੇ ਇੰਗਲੈਂਡ ਵਿੱਚ ਮੇਰਾ ਨੰਬਰ ਹੈ: 0044 74 48 26 82 85
ਮੇਰਾ ਈ-ਮੇਲ ਸਿਰਨਵਾਂ ਹੈ:
[email protected]
ਗਿ: ਸੰਤੋਖ ਸਿੰਘ
(11/07/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕੀ
ਆਖਾਂ?
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਹੁੰਦਾ ਨਾ ਜੋ ਜੀ ਕਰਦਾ ਹੈ, ਕੀ ਆਖਾਂ?
ਉਪਰ ਵਾਲਾ ਕੀ ਕਰਦਾ ਹੈ? ਕੀ ਆਖਾਂ?
ਜਦ ਵੀ ਮਨ ਦੀ ਕਰਦਾਂ, ਹੁੰਦੀ ਸਹੀ ਨਹੀਂ,
ਠੀਕ ਜੋ ਉਹ ਦਿਲ ਦੀ ਕਰਦਾ ਹੈ, ਕੀ ਆਖਾਂ?
ਮੇਰੀ ਮਰਜ਼ੀ, ਉਸ ਦੀ ਮਰਜ਼ੀ ਮਿਲਦੀ ਨਾ,
ਹੁੰਦਾ, ਜੋ ਮਰਜ਼ੀ ਕਰਦਾ ਹੈ, ਕੀ ਆਖਾਂ?
ਲੋਕੀ ਆਖਣ, ਜੋ ਕਰਦੈ ਸੋ ਸਹੀ ਕਰੇ,
ਉਹ ਤਾਂ ਸਦਾ ਭਲੀ ਕਰਦਾ ਹੈ, ਕੀ ਆਖਾਂ?
ਉਸ ਦੀ ਮਰਜ਼ੀ, ਅਪਣੀ ਮਰਜ਼ੀ ਜਾਣ ‘ਰਤਨ’
ਦੇਖੀ ਚਲ ਜੋ ਵੀ ਕਰਦਾ ਹੈ, ਕੀ ਆਖਾਂ?
(11/07/13)
ਬਿਕਰਮਜੀਤ ਸਿੰਘ “ਜੀਤ”
...ਸਾਹਾਂ ਦੀ ਡੋਰ...
ਸਾਹਾਂ ਦੀ ਡੋਰ ਸਲਾਮਤ ਜਦਤਕ
ਭਜ ਲੈ ਨਾਮ ਕਰਮ ਸ਼ੁਭ ਕਰਲੈ
ਜੂਨ - ਚੁਰਾਸੀ ਤੋਂ ਜੇ ਛੁੱਟਣਾ
ਸੱਚੇ ਗੁਰੂ ਦਾ ਪੱਲਾ ਫੜਲੈ
ਕਈ ਜਨਮਾਂ ਦੀ ਭੁਗਤ ਕੇ ਪੀੜਾ
ਉੱਤਮ ਜਨਮ ਮਿਲਿਐ ਇਹ ਤੈਨੂੰ
“ਜੀਤ” ਜਾਏ ਨਾ ਲੰਘ ਅਜਾਈਂ
ਪਾਲੈ ਮੁਕਤੀ ਕਰ ਸਫ਼ਲ ਏਸਨੂੰ
ਛੱਡ ਗ਼ਫ਼ਲਤ ਗਲ ਮੰਨ ਗੁਰੂ ਦੀ
ਉੱਚੀ ਸੁੱਚੀ ਸੋਚ ਤੂੰ ਕਰਲੈ
ਸੱਚ ਧਰਮ ਗੁਰਮੱਤ ਅਪਨਾਲੈ
ਦੀਵਾ ਨਾਮ ਦਾ ਹਿਰਦੇ ਧਰਲੈ
ਖੁੰਝ ਗਿਆ ਅਵਸਰ ਜੇ ਸੁਨਹਰੀ
ਤੂੰ ਕਰੇਂਗਾ ਪਸ਼ਚਾਤਾਪ ਬਥੇਰਾ
ਸਾਕ ਸਬੰਧੀ ਮੀਤ ਤੇ ਭਾਈ
ਅੰਤੇਹ ਸਾਥ ਨਹੀਂ ਦੇਣਾ ਤੇਰਾ
ਸੋਨਾ ਰੁੱਪਾ ਦੌਲਤ ਜਗ ਦੀ
ਕੱਚਾ ਧਨ ਇਹ ਸੰਗ ਨਹੀਂ ਜਾਣਾ
ਸੇਵਾ ਭਗਤੀ ਨਾਮ ਦੀ ਪੂੰਜੀ
ਕੇਵਲ ਏਹੀ ਕੰਮ ਹੈ ਆਣਾ
ਗਾ ਲੈ ਕੀਰਤ ਵਿਚ ਜੁੜਕੇ ਸੰਗਤ
ਮਨ ਤਨ ਤੇਰਾ ਉਜਲਾ ਹੋਸੀ
“ਜੀਤ” ਓਹ ਤ੍ਰੁਠਸੀ ਸੱਚਾ ਸਾਈਂ
ਚਰਣ ਕਮਲਾਂ ਵਿਚ ਥਾਂ ਓਹ ਦੇਸੀ
(10/07/13)
ਜਗਤਾਰ ਸਿੰਘ ਜਾਚਕ
ਭਾਈ ਅਵਤਾਰ ਸਿੰਘ ਲੰਡਨ ਦੇ ਉੱਤਰ ਵਿੱਚ:
ਸਤਿਕਾਰਯੋਗ ਭਾਈ ਅਵਤਾਰ ਸਿੰਘ ਜੀ ਅਦਬ ਤੇ ਪਿਆਰ ਸਹਿਤ ਵਾਹਿਗੁਰੂ ਜੀ ਕਾ
ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਹਿ। ਜਿਹੜਾ ਵਿਅਕਤੀ ‘ਹੁਕਮਿ ਰਜਾਈ ਚਲਣਾ` ਦੀ ਇਤਨੀ ਸੁੰਦਰ ਤੇ
ਨਿਵੇਕਲੀ ਪ੍ਰੀਭਾਸ਼ਾ ਕਰਨ ਦੀ ਸੂਝ ਤੇ ਸਮਰਥਾ ਰੱਖਦਾ ਹੈ; ਮੈਂ ਨਹੀਂ ਸਮਝ ਰਿਹਾ ਕਿ ਉਸ ਨੂੰ ਕਿਵੇਂ
ਲੋੜ ਭਾਸੀ ਇਹ ਪ੍ਰਸ਼ਨ ਪੁੱਛਣ ਦੀ ਕਿ ‘ਸੁਲਹੀ ਤੇ ਨਾਰਾਇਣ ਰਾਖੁ` ਅਰਦਾਸ, ਕੀ ਗੁਰਦੇਵ ਜੀ ਨੇ ਆਪਣੀ
ਜਾਨ ਬਚਾਉਣ ਲਈ ਕੀਤੀ ਸੀ?
ਭਾਈ ਸਾਹਿਬ!
“ਸਤਿਗੁਰ ਕੇ ਜੀਅ ਕੀ ਸਾਰ ਨ ਜਾਪੈ;
ਕਿ ਪੂਰੈ ਸਤਿਗੁਰ ਭਾਵੈ”? ।।
{ਸ੍ਰੀ
ਗੁਰੂ ਗ੍ਰੰਥ ਸਾਹਿਬ - ਅੰਕ ੩੧੭} ਗੁਰਵਾਕ ਦੀ ਰੌਸ਼ਨੀ ਵਿੱਚ ਬੇਨਤੀ ਹੈ ਕਿ ਅਸੀਂ ਪੂਰੇ ਤੌਰ `ਤੇ
ਨਹੀਂ ਜਾਣ ਸਕਦੇ ਕਿ ‘ਸੁਲਹੀ ਤੇ ਨਾਰਾਇਣ ਰਾਖੁ` ਦੀ ਅਰਦਾਸ ਕਰਨ ਵੇਲੇ ਸਤਿਗੁਰੂ ਜੀ ਦਿਲ ਵਿੱਚ ਕੀ
ਸੀ? ਉਨ੍ਹਾਂ ਇਹ ਅਰਦਾਸ ਕਿਸ ਦਿਸ਼੍ਰਟੀਕੋਨ ਤੋਂ ਕੀਤੀ? ਪਰ, “ਨਾ ਓਹੁ ਮਰਤਾ, ਨਾ ਹਮ ਡਰਿਆ।। ਨਾ
ਓਹੁ ਬਿਨਸੈ, ਨਾ ਹਮ ਕੜਿਆ।। “ {ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ - ਅੰਕ ੩੯੧} ਦਾ ਇਲਾਹੀ ਨਗ਼ਮਾ
ਗਾਉਣ ਵਾਲੇ ਰੱਬ ਰੂਪ ਸਤਿਗੁਰੂ ਅਤੇ ਗੁਰੂ ਦਰਬਾਰ ਵਿੱਚ ਪ੍ਰਵਾਨ ਚੜ੍ਹੇ ਭਗਤ-ਜਨਾਂ ਬਾਰੇ ਸਾਡੇ ਲਈ
ਅਜਿਹਾ ਸੋਚਣਾ ਵੀ ਭਾਰੀ ਭੁੱਲ ਹੋਵੇਗੀ ਕਿ ਉਨ੍ਹਾਂ ਅੰਦਰ ਮੌਤ ਦਾ ਕੋਈ ਡਰ ਸੀ ਜਾਂ ਉਨ੍ਹਾਂ ਨੇ
ਕੇਵਲ ਆਪਣੀ ਜਾਨ ਬਚਾਉਣ ਲਈ ਅਰਦਾਸ ਕੀਤੀ।
ਭਾਈ ਸਾਹਿਬ! ਦਾਸ ਨੂੰ ਤਾਂ ਇਸ ਵਿਸ਼ੇ ਸਬੰਧੀ ਇਤਨੀ ਕੁ ਸਮਝ ਪੈਂਦੀ ਹੈ ਕਿ
ਸਤਿਗੁਰਾਂ ਦੇ ਸਾਹਮਣੇ ਮਸਲਾ ਆਪਣੀ ਜਾਨ ਬਚਾਉਣ ਦਾ ਨਹੀਂ ਸੀ; ਮਸਲਾ ਸੀ ਅਕਾਲਪੁਰਖ ਦੇ ਹੁਕਮ ਵਿੱਚ
ਗੁਰੂ ਨਾਨਕ ਸਾਹਿਬ ਜੀ ਵੱਲੋਂ ਮਨੁਖਤਾ ਦੇ ਭਲੇ ਲਈ ਅਰੰਭੇ ਮਿਸ਼ਨ ਦੀ ਪੂਰਤੀ। ਆਪ ਜੀ ਭਲੀਭਾਂਤ
ਜਾਣਦੇ ਹੋ ਕਿ ਸੁਲਹੀ ਖਾਂ ਦੇ ਹਮਲੇ ਦੀ ਸਾਜਿਸ਼ ਵਿੱਚ ਵੱਡਾ ਹੱਥ ਸੀ ਸਤਿਗੁਰਾਂ ਦੇ ਵੱਡੇ ਭਾਈ
ਬਾਬਾ ਪ੍ਰਿਥੀਚੰਦ ਦਾ, ਜਿਹੜਾ ਸੁਆਰਥ ਵੱਸ ਹਕੂਮਤ ਦਾ ਹੱਥ ਠੋਕਾ ਬਣ ਕੇ ਇਸ ਤਾਕ ਵਿੱਚ ਸੀ ਕਿ
ਸਤਿਗੁਰੂ ਜੀ ਮਾਰੇ ਜਾਣ `ਤੇ ਮੈਂ ਗੁਰਿਆਈ ਸੰਭਾਲ ਕੇ ਮੌਜਾਂ ਲਵਾਂਗਾ। ਪਰ, ਪਰਉਪਕਾਰੀ ਸਤਿਗੁਰੂ
ਜੀ ਵੱਲੋਂ ਉਸ ਵੇਲੇ ਇੱਕ ਪਾਸੇ ਸ਼ਹਿਰ, ਸਰੋਵਰ ਤੇ ਕੇਂਦਰੀ ਸਥਾਨ ਸ੍ਰੀ ਦਰਬਾਰ ਸਾਹਿਬ ਦੀ ਉਸਾਰੀ
ਚੱਲ ਰਹੀ ਸੀ ਤੇ ਦੂਜੇ ਪਾਸੇ ਗੁਰਬਾਣੀ ਰੂਪ ਪੀਊ ਦਾਦੇ ਦੇ ਖਜ਼ਾਨੇ ਨੂੰ ਸੰਭਾਲਣ ਤੇ ਸਦਾ ਲਈ
ਸੁਰਖਿਅਤ ਕਰਕੇ ਮਨੁਖਤਾ ਦੀ ਝੋਲੀ ਪਉਣ ਦੀਆਂ ਤਿਆਰੀਆਂ ਹੋ ਰਹੀਆਂ ਸਨ। ਹਮਲਾਵਰ ਸੈਨਾ ਦੇ ਟਾਕਰੇ
ਲਈ ਸਤਿਗੁਰਾਂ ਕੋਲ ਅਜੇ ਕੋਈ ਹਥਿਆਰਬੰਦ ਵਿਸ਼ੇਸ਼ ਸਿੱਖ ਸੈਨਾ ਵੀ ਨਹੀਂ ਸੀ। ਜ਼ਰਾ ਗੰਭੀਰਤਾ ਨਾਲ
ਸੋਚੋ ਸਾਰੀ ਪ੍ਰਸਥਿਤੀ ਨੂੰ, ਕਿ ਕਿਤਨੀ ਲੋੜ ਸੀ ਉਸ ਵੇਲੇ ਸਤਿਗੁਰੂ ਜੀ ਦੀ ਸਰੀਰਕ ਸਲਾਮਤੀ ਦੀ
ਗੁਰੂ ਨਾਨਕ ਸਾਹਿਬ ਦੇ ਚਲਾਏ ਪੰਥ ਨੂੰ ਸਫਲਤਾ ਦੀਆਂ ਸਿਖਰਾਂ ਤੱਕ ਪਹੁੰਚਾਣ ਦੀ ਅਤੇ ਮਨੁਖਤਾ ਦੀ
ਭਲਾਈ ਅਰੰਭੇ ਕੰਮਾਂ ਦੀ ਪੂਰਤੀ ਲਈ? ਹੋਰ ਕੀ ਅਰਥ ਸੀ ਹਿਤਕਾਰੀ ਸਿੱਖਾਂ ਵੱਲੋਂ ਸਤਿਗੁਰੂ ਜੀ ਨੂੰ
ਹੇਠ ਲਿਖੇ ਸ਼ਬਦ ਵਿੱਚਲੀਆਂ ਸਲਾਹਾਂ ਦੇਣ ਤੋਂ? ਕਿਉਂਕਿ, ਉਹ ਦੂਰਅੰਦੇਸ਼ ਸਮਝਦੇ ਸਨ ਕਿ ਸਿੱਖੀ ਦੇ
ਵਿਕਾਸ ਲਈ ਹਕੂਮਤ ਨਾਲ ਟਕਰਾਅ ਕਈ ਪੱਖਾਂ ਤੋਂ ਹਾਨੀਕਾਰਕ ਹੈ। ਗੁਰਵਾਕ ਹੈ:
ਪ੍ਰਥਮੇ ਮਤਾ, ਜਿ ਪਤ੍ਰੀ ਚਲਾਵਉ।। ਦੁਤੀਏ ਮਤਾ, ਦੁਇ ਮਾਨੁਖ ਪਹੁਚਾਵਉ।।
ਤ੍ਰਿਤੀਏ ਮਤਾ, ਕਿਛੁ ਕਰਉ ਉਪਾਇਆ।। ਮੈ ਸਭੁ ਕਿਛੁ ਛੋਡਿ; ਪ੍ਰਭ! ਤੁਹੀ ਧਿਆਇਆ।। ੧।।
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ - ਅੰਕ ੩੭੧
ਸਪਸ਼ਟ ਹੈ ਕਿ ਸਿੱਖਾਂ ਲਈ ਚਮਕੌਰ ਦੀ ਗੜ੍ਹੀ ਵਾਲੀ ਸਥਿਤੀ ਬਣੀ ਹੋਈ ਸੀ
ਸਤਿਗੁਰੂ ਜੀ ਦੀ ਸਰੀਰਕ ਸਲਾਮਤੀ ਪੱਖੋਂ।
ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੀ ਨਿਰਭੈਤਾ, ਦਲੇਰੀ ਅਤੇ ਪਿਤਾ
ਗੁਰੂ ਰਾਮਦਾਸ ਜੀ ਵੱਲੋਂ ਬਖਸ਼ੀ ਗੁਰਿਆਈ ਦੀ ਜ਼ਿਮੇਂਵਾਰੀ ਦੇ ਅਹਿਸਾਸ ਦਾ ਕਮਾਲ ਇਹ ਹੈ ਕਿ ਉਨ੍ਹਾਂ
ਆਪਣੀ ਜਾਨ ਬਚਾਉਣ ਲਈ ਨਾ ਤਾਂ ਹਕੂਮਤ (ਸੁਲਹੀ) ਦੇ ਤਰਲੇ ਮਾਰੇ ਅਤੇ ਨਾ ਹੀ ਪ੍ਰਿਥੀਚੰਦ ਨਾਲ ਕੋਈ
ਸਮਝਾਉਤਾ ਕੀਤਾ। ਸਗੋਂ ਆਪਣੇ ਵੱਡੇ ਮਿਸ਼ਨ ਨੂੰ ਧਿਆਨ ਵਿੱਚ ਰਖਦਿਆਂ ਅਕਾਲਪੁਰਖ ਦੇ ਆਸਰੇ ਸੁਲਹੀ
ਖਾਂ ਦੇ ਟਾਕਰੇ ਲਈ ਤਿਆਰ ਹੋ ਗਏ।
ਸੁਲਹੀ ਤੇ ਨਾਰਾਇਣ ਰਾਖੁ॥ ਸੁਲਹੀ ਕਾ ਹਾਥੁ ਕਹੀ
ਨ ਪਹੁਚੈ’ ਅਰਦਾਸਮਈ ਤੁਕਾਂ ਵਿੱਚ ਸੁਲਹੀ ਕਾ ਹਾਥੁ ਕਹੀ ਨ
ਪਹੁਚੈ’ ਤੁਕਾਂਸ਼ ਦੀ ਸਰਬਪੱਖੀ ਪਹੁੰਚ ਨੂੰ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ। ਜੂਨ
੧੯੮੪ ਦੇ ਹਮਲੇ ਵਾਂਗ ਸਭ ਤੋਂ ਵੱਡਾ ਖ਼ਤਰਾ ਸੀ ਪੋਥੀਆਂ ਦੇ ਰੂਪ ਵਿੱਚ ਸੰਭਾਲੀ ਧੁਰ ਕੀ ਬਾਣੀ
ਲੁੱਟੇ ਤੇ ਸਾੜੇ ਜਾਣ ਦਾ। ਰੱਬੀ ਹੋਂਦ ਵਿੱਚ ਵਿਸ਼ਵਾਸ਼ ਰਖਣ ਅਤੇ ਸਰਬੱਤ ਦਾ ਭਲਾ ਸੋਚਣ ਵਾਲੇ ਕੇਵਲ
ਮਜ਼ਹਬੀ ਰਹਿਬਰ ਦੇ ਹਿਰਦੇ ਵਿੱਚੋਂ ਹੀ ਨਹੀਂ, ਸਗੋਂ ਹਰੇਕ ਆਸਤਕ ਮਨੁੱਖ ਵੱਲੋਂ ਸ਼ਕਤੀਸ਼ਾਲੀ ਹਮਲਾਵਰ
ਨਾਲ ਟਕਰ ਲੈਣ ਵਰਗੀ ਮੁਸੀਬਤ ਤੋਂ ਪਹਿਲਾਂ, ਹਿਰਦੇ ਵਿੱਚੋਂ ਉਪਰੋਕਤ ਕਿਸਮ ਦੀ ਅਰਦਾਸ ਨਿਕਲਣੀ
ਸੁਭਾਵਿਕ ਹੈ। ਭਾਵੇਂ ਕੋਈ ਕਿਤਨਾ ਵੀ ਵੱਡਾ ਨਿਰਭੈ ਸੂਰਮਾ ਹੋਵੇ। ਸਤਿਗੁਰੂ ਜੀ ਵੱਲੋਂ ਆਪਣੇ
ਭਗਤਵਛਲ, ਭਗਤ ਰਖਿਅਕ ਤੇ ਭਗਤਾਂ ਦਾ ਅੰਗੀਕਾਰ ਕਰਨ ਵਾਲੇ ਮਾਲਕ ਪ੍ਰਭੂ ਅੱਗੇ ਅਰਦਾਸ ਕਰਨ ਦਾ
ਮਨੋਰਥ ਕੇਵਲ ਇਤਨਾ ਸੀ ਹੇ ਅਕਾਲਪੁਰਖ ਆਪਣੇ ਸੇਵਕਾਂ ਨੂੰ ਅਜਿਹਾ ਬਲ ਬਖਸ਼ ਕਿ ਉਹ ਸੁਲਹੀ ਖਾਂ ਵਰਗੇ
ਹੰਕਾਰੀ ਜ਼ਾਲਮ ਦਾ ਅਡੋਲਤਾ ਤੇ ਨਿਰਭੈਤਾ ਸਹਿਤ ਟਾਕਰਾ ਕਰ ਸਕਣ। ਤਾਂ ਕਿ ਉਹ ਦੁਸਟ ਚੌਕੜੀ ਆਪਣੇ
ਭੈੜੇ ਮਨਸੂਬਿਆਂ ਵਿੱਚ ਸਫਲ ਨਾ ਹੋ ਸਕੇ।
ਪਰਮੇਸ਼ਰ ਨੂੰ ਭਾਇਆ ਤਾਂ ਉਹ ਟਾਕਰੇ ਤੋਂ ਪਹਿਲਾਂ ਹੀ ਘੋੜੇ ਸਮੇਤ
ਪ੍ਰਿਥੀਚੰਦ ਦੇ ਭੱਠੇ ਵਿੱਚ ਡਿੱਗ ਕੇ ਮਰ ਗਿਆ। ਗੁਰਦੇਵ ਜੀ ਮਹਿਸੂਸ ਕੀਤਾ ਕਿ ਇਹ ਕਲਾ ਮੇਰੇ ਖ਼ਸਮ
ਪ੍ਰਭੂ ਨੇ ਵਰਤਾਈ ਹੈ ਆਪਣੇ ਜਨ ਦੀ ਅਰਦਾਸ ਸੁਣ ਕੇ। “ਕਹੁ ਨਾਨਕ ਤਿਸੁ ਪ੍ਰਭ ਬਲਿਹਾਰੀ ਜਿਨਿ ਜਨ
ਕਾ ਕੀਨੋ ਪੂਰਨ ਵਾਕੁ।। “ ਰੱਬੀ ਹੋਂਦ ਵਿੱਚ ਅਟੁਟ ਵਿਸ਼ਵਾਸ਼ ਰਖਣ ਵਾਲੇ ਹਰੇਕ ਭਗਤ ਦੇ ਹਿਰਦੇ ਵਿੱਚ
ਅਜਿਹੇ ਭਾਵ ਪੈਦਾ ਹੋਣੇ ਸੁਭਾਵਿਕ ਹਨ।
ਭਗਤਾਂ ਦੀਆਂ ਹੱਡ-ਬੀਤੀਆਂ ਨੂੰ ਵੀ ਸਾਨੂੰ ਇਸੇ ਸਦੰਰਭ ਵਿੱਚ ਵਿਚਾਰਨ ਦੀ
ਲੋੜ ਹੈ। ਭਗਤ ਬਾਬਾ ਨਾਮਦੇਵ ਤੇ ਕਬੀਰ ਸਾਹਿਬ ਬਾਦਸ਼ਾਹਾਂ ਵੱਲੋਂ ਮੌਤ ਦੀ ਸਜ਼ਾ ਤੋਂ ਡਰ ਕੇ ਆਪਣੇ
ਮਿਸ਼ਨ ਤੋਂ ਡੋਲੇ ਨਹੀਂ। ਕਰਾਮਾਤ ਦਿਖਾਉਣ ਲਈ ਵੀ ਤਿਆਰ ਨਹੀਂ ਹੋਏ ਅਤੇ ਨਾ ਹੀ ਅਜੋਕੇ ਡੇਰੇਦਾਰਾਂ
ਵਾਗ ਉਨ੍ਹਾਂ ਕੋਈ ਦਾਵਾ ਕੀਤਾ ਕਿ ਉਹ ਕੁਦਰਤੀ ਨਿਯਮਾਂ ਦੇ ਉੱਲਟ ਕੋਈ ਚਮਤਕਾਰ ਕਰ ਸਕਦੇ ਹਨ। ਨਾ
ਹੀ ਉਨ੍ਹਾਂ ਕਿਸੇ ਨੂੰ ਕੋਈ ਸਰਾਪ ਦਿੱਤਾ। ਕਿਉਂਕਿ, ਉਹ ਜਾਣਦੇ ਸਨ ਕਿ “ਕੀਤੇ ਕੈ ਕਹਿਐ ਕਿਆ
ਹੋਇ।। {ਅੰਕ ੨੫} “ ਅਥਵਾ “ਕਰਿ ਹੈ ਰਾਮੁ ਹੋਇ ਹੈ ਸੋਇ।। {ਅੰਕ ੧੧੬੫} ਇਹ ਹੈ “ਹੁਕਮਿ ਰਜਾਈ
ਚਲਣਾ” ਅਥਵਾ ਰੱਬੀ ਰਜ਼ਾ ਵਿੱਚ ਰਾਜ਼ੀ ਰਹਿਣਾ।
ਵੈਸੇ ਵੀ ਭਗਤ ਬਾਬਾ ਨਾਮਦੇਵ ਜੀ ਨਾਲ ਸਬੰਧਤ ਘਟਨਾ ਵਿੱਚ ਮੋਈ ਗਾਂ ਦਾ
ਜ਼ਿੰਦਾ ਹੋਣਾ ਜਾਂ ਕਬੀਰ ਜੀ ਦਾ ਗੰਗਾ ਵਿੱਚ ਡੁੱਬਣ ਤੋਂ ਬਚਣਾ ਕਾਦਰ ਦੀ ਕੁਦਰਤ ਵਿੱਚ ਕੋਈ ਅਨਹੋਣੀ
ਗੱਲ ਨਹੀਂ। ਸੰਸਾਰ ਮੰਚ `ਤੇ ਬਹੁਤ ਕੁੱਝ ਐਸਾ ਵਾਪਰਦਾ ਰਹਿੰਦਾ ਹੈ ਜਿਸ ਨੂੰ ਦੇਖਕੇ ਬੰਦਾ ਦੰਗ
ਅਤੇ ਚਕਿਤ ਰਹਿ ਜਾਂਦਾ ਹੈ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਕਈ ਐਸੀਆਂ ਖਬਰਾਂ ਸੁਣਨ ਨੂੰ ਮਿਲ
ਜਾਂਦੀਆਂ ਹਨ ਕਿ ਡਾਕਟਰਾਂ ਦੁਆਰਾ ਮਰਿਆ ਘੋਸ਼ਿਤ ਕੀਤਾ ਗਿਆ ਬੰਦਾ ਕੁੱਝ ਸਮੇਂ ਬਾਅਦ ਜਿੰਦਾ ਹੋ
ਗਿਆ। ਮਿਸਾਲ ਦੇ ਤੌਰ ਤੇ ਹੇਠਾਂ ਦਿੱਤੇ ਦੋ ਲਿੰਕ ਦੇਖੋ-
http://news.yahoo.com/blogs/sideshow/newborn-baby-found-alive-morgue-12-hours-being-175501352.html
http://www.dailymail.co.uk/health/article-1306283/Miracle-premature-baby-declared-dead-doctors-revived-mothers-touch.html
ਇੱਥੇ ਪਹਿਲੇ ਲਿੰਕ ਵਿੱਚ ਡਾਕਟਰਾਂ ਦੁਆਰਾ ਮ੍ਰਿਤ ਕਰਾਰ ਦਿੱਤੇ ਨਵ-ਜੰਮੇ
ਬੱਚੇ ਨੂੰ ਜਦੋਂ 12 ਘੰਟੇ ਬਾਅਦ ਬਕਸੇ ਵਿੱਚੋਂ ਕਢਿਆ ਗਿਆ ਤਾਂ ਬੱਚਾ ਜਿੰਦਾ ਪਾਇਆ ਗਿਆ। ਯਾਦ ਰਹੇ
ਕਿ ਨਵ-ਜੰਮੇ ‘ਜੀਂਦੇ` ਬੱਚੇ ਨੂੰ ਵੀ ਜੇ 12 ਘੰਟੇ ਤੱਕ ਬਕਸੇ ਵਿੱਚ ਬੰਦ ਰੱਖਿਆ ਜਾਵੇ ਤਾਂ ਉਹ ਵੀ
ਮਰ ਸਕਦਾ ਹੈ।
ਦੂਸਰੇ ਲਿੰਕ ਵਿੱਚ ਜੰਮਦਿਆਂ ਹੀ ਡਾਕਟਰਾਂ ਦੁਆਰਾ ਮ੍ਰਿਤ ਘੋਸ਼ਿਤ ਬੱਚੇ ਨੂੰ
ਮਾਂ ਆਪਣੀ ਸ਼ਾਤੀ ਨਾਲ ਲਗਾਕੇ ਚੁੰਮਦੀ ਚੱਟਦੀ ਰਹੀ ਤਾਂ 20 ਮਿੰਟਾਂ ਬਾਦ ਬੱਚਾ ਜਿੰਦਾ ਹੋ ਗਿਆ।
ਤਾਰੂ ਮਨੁਖ ਨੂੰ ਲੱਤਾਂ ਬਾਹਾਂ ਬੰਨ੍ਹ ਕੇ ਵੀ ਡੂੰਘੀ ਨਦੀ ਵਿੱਚ ਸੁੱਟ
ਦਿੱਤਾ ਜਾਵੇ ਤਾਂ ਵੀ ਉਹ ਪਾਣੀ ਦੇ ਵਹਾਅ ਵੱਲ ਮੁਰਦਾ ਤਾਰੀ ਤਰ ਕੇ ਡੁੱਬਣੋ ਬਚ ਸਕਦਾ ਹੈ। ਭਗਤ
ਕਬੀਰ ਜੀ ਹੁਰਾਂ ਨੇ ਡੁੱਬਣ ਤੋਂ ਬਚ ਕੇ ਭਗਤਾਂ ਦੀ ਭਾਸ਼ਾ ਵਿੱਚ ਆਖਿਆ ਕਿ ਮੈਨੂੰ ਇਉਂ ਜਾਪਿਆ
ਜਿਵੇਂ ਪ੍ਰਭੂ ਦੀ ਕਿਰਪਾ ਸਕਦਾ ਗੰਗਾ ਦੀਆਂ ਲਹਿਰਾਂ ਨੇ ਮੇਰੀਆਂ ਜੰਜੀਰਾਂ ਤੋੜ ਦਿਤੀਆਂ ਹੋਣ ਤੇ
ਮੈਂ ਪਾਣੀ ਉੱਤੇ ਇਉਂ ਤਰ ਗਿਆ ਜਿਵੇਂ ਮ੍ਰਿਗਸ਼ਾਲਾ `ਤੇ ਚੌਂਕੜੀ ਮਾਰ ਕੇ ਬੈਠਾ ਹੋਵਾਂ। ਗਊ ਜ਼ਿੰਦਾ
ਹੋ ਗਈ ਤਾਂ ਭਗਤ ਨਾਮਦੇਵ ਜੀ ਨੇ ਕਿਹਾ ਰੱਬ ਮੇਰੀ ਸਹਾਇਤਾ ਆਪ ਆਇਆ ਹੈ ਤਾਂ ਕਿ ਲੋਕਾਂ ਅੰਦਰ ਉਸ
ਦੀ ਸਰਬ-ਵਿਆਪਕ ਹੋਂਦ ਦਾ ਵਿਸ਼ਵਾਸ਼ ਬਣਿਆ ਰਹੈ। ਕਿਉਂਕਿ, ਭਗਤਾਂ ਨੇ ਸ੍ਰੀ ਗੁਰੂ ਅਰਜਨ ਸਾਹਿਬ ਵਾਂਗ
ਆਪਣੇ ਧਾਰਮਿਕ ਅਕੀਦੇ ਮੁਤਾਬਿਕ ਇਹੀ ਅਨੁਭਵ ਕੀਤਾ ਕਿ ਸਾਨੂੰ ਬਚਾਉਣ ਵਿੱਚ ਕਰਣਕਾਰਣ ਸਮਰਥ ਮਾਲਕ
ਪ੍ਰਭੂ ਦਾ ਹੱਥ ਹੈ। ਉਸ ਨੇ ਹੀ ਕੋਈ ਕਲਾ ਵਰਤਾਈ ਹੈ।
ਭਗਤਾਂ ਦੇ ਐਸੇ ਕਥਨ, ਸਧਾਰਨ ਮਨੁੱਖਾਂ ਅੰਦਰ ਦਾ ਰੱਬੀ ਹੋਂਦ ਵਿੱਚ ਵਿਸ਼ਵਾਸ਼
ਹੋਰ ਪਕੇਰਾ ਕਰਨ ਵਿੱਚ ਬਹੁਤ ਸਹਾਇਕ ਹੁੰਦੇ ਹਨ। ਭਗਤਾਂ ਦਾ ਵੀ ਬੱਸ ਇਹੀ ਮਨੋਰਥ ਹੁੰਦਾ ਹੈ ਲੋਕਾਈ
ਅੰਦਰ ਰੱਬੀ ਵਿਸ਼ਵਾਸ਼ ਦ੍ਰਿੜ ਹੋਵੇ ਅਤੇ ਸਮਾਜਿਕ, ਰਾਜਨੀਤਕ ਤੇ ਧਾਰਮਿਕ ਆਗੂ ਜਨਤਾ ਨਾਲ ਸਮਾਨਤਾ ਤੇ
ਨਿਆਂਪੂਰਵਕ ਵਿਹਾਰ ਕਰਨ। ਇਸ ਤੋਂ ਇਲਾਵਾ ਉਨ੍ਹਾਂ ਦਾ ਕੋਈ ਨਿਜੀ ਸੁਆਰਥ ਨਹੀਂ ਹੁੰਦਾ। ਇਹੀ ਕਾਰਣ
ਹੈ ਰੱਬੀ ਕੌਤਕ ਨੂੰ ਧਿਆਨ ਵਿੱਚ ਰੱਖ ਕੇ ਜਦੋਂ ਬਾਦਸ਼ਾਹ ਬਾਬਾ ਨਾਮਦੇਵ ਜੀ ਅਗੇ ਝੁਕਦਾ ਹੈ ਤਾਂ
ਉਨ੍ਹਾਂ ਦੀ ਇੱਕ ਮੰਗ ਸੀ।
ਇਸ ਪਤੀਆ ਕਾ ਇਹੈ ਪਰਵਾਨੁ।। ਸਾਚਿ ਸੀਲਿ ਚਾਲਹੁ ਸੁਲਿਤਾਨ।।
ਭੈਰਉ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ - ਅੰਕ ੧੧੬੬
ਆਸ ਹੈ ਕਿ ਆਪਣੇ ਸੁਆਲ ਦੇ ਉਤਰ ਵਿੱਚ ਆਪ ਵੀ ਆਪਣੇ ਵਿਚਾਰ ਪਾਠਕਾਂ ਨਾਲ
ਸਾਂਝੇ ਕਰੋਗੇ।
ਭੁੱਲ-ਚੁੱਕ ਮੁਆਫ਼
ਤੁਹਾਡਾ ਵੀਰ: ਜਗਤਾਰ ਸਿੰਘ ਜਾਚਕ, ਨਿਊਯਾਰਕ। ਮਿਤੀ ੧੦. ੦੭-੨੦੧੩
ਭਾਈ ਜਰਨੈਲ ਸਿੰਘ ਸਿਡਨੀ ਦੇ ਉਤਰ ਵਿੱਚ:
ਪਿਆਰੇ ਵੀਰ ਭਾਈ ਜਰਨੈਲ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ
ਕੀ ਫ਼ਤਹਿ। ਭਾਈ ਸਾਹਿਬ ਮੇਰੇ ਲਿਖੇ ਵਿਚਾਰ ਪੱਤਰਾਂ ਤੋਂ ਜੋ ਆਪ ਨੇ ਹੇਠ ਲਿਖਿਆ ਸਿੱਟਾ ਕੱਢਿਆ ਹੈ,
ਉਹ ਦਰੁਸਤ ਨਹੀ:
“ਅਗਰ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਬੇਸ਼ਕ ਗੁਰੂ ਨਾਨਕ ਸਾਹਿਬ ਆਪ
ਚਮਤਕਾਰਾਂ ਨੂੰ ਨਹੀਂ ਮੰਨਦੇ ਸਨ ਪਰ ਫਿਰ ਵੀ ਉਹਨਾਂ ਨੂੰ ਭਗਤਾਂ ਦੀ ਜ਼ਿੰਦਗੀ ਦੇ ਚਮਤਕਾਰ ਸੱਚੇ
ਲਗੇ। ਮੇਰੇ ਖ਼ਿਆਲ `ਚ ਉਹਨਾਂ ਦਾ ਇਸ ਤੋਂ ਵਧ ਹੋਰ ਕੋਈ ਨਿਰਾਦਰ ਨਹੀਂ ਹੋ ਸਕਦਾ।”
ਕਿਉਂਕਿ, ਮੈਂ ਕਿਧਰੇ ਨਹੀਂ ਲਿਖਿਆ ਕਿ ਗੁਰੂ ਨਾਨਕ ਸਾਹਿਬ ਕਰਾਮਾਤ ਰੂਪ
ਕੁਦਰਤੀ ਚਮਤਕਾਰਾਂ ਤੋਂ ਇਨਕਾਰੀ ਹਨ। ਉਨ੍ਹਾਂ ਲਈ ਤਾਂ ਰੱਬ ਦਾ ਨਿਰੰਕਾਰ ਤੋਂ ਸਕਾਰ ਹੋਣਾ ਹੀ ਸਭ
ਤੋਂ ਵੱਡਾ ਤੇ ਵਿਸਮਾਦ-ਜਨਕ ਰੱਬੀ ਚਮਤਕਾਰ ਹੈ। ਸਿੱਧ ਗੋਸ਼ਟ ਵਿੱਚ ਹੇਠ ਲਿਖਿਆ ਵਾਕ ਇਸ ਹਕੀਕਤ ਦਾ
ਅਕਟ ਪ੍ਰਮਾਣ ਹੈ:
ਆਦਿ ਕਉ ਬਿਸਮਾਦੁ ਬੀਚਾਰੁ ਕਥੀਅਲੇ, ਸੁੰਨ ਨਿਰੰਤਰਿ ਵਾਸੁ ਲੀਆ।। {ਅੰਕ
੯੪੦} ਪੰਜ ਵਿਰੋਧੀ ਤੱਤਾਂ ਨੂੰ ਸ਼ੇਰ ਤੇ ਬਕਰੀ ਦਾ ਮਿਲਾਪ ਕਰਵਾਉਣ ਵਾਂਗ ਕੁਦਰਤ ਦੀ ਰਚਨਾ ਰਚਾਉਣੀ
ਅਤੇ ਪਾਣੀ ਦੀ ਮੈਲੀ ਬੂੰਦ ਤੋਂ ਮਨੁਖ ਦੀ ਇਤਨੀ ਸੁੰਦਰ ਤੇ ਚੇਤੰਨ ਘਾੜਤ ਘੜਨੀ ਵੀ ਚਮਤਕਾਰ ਹੈ।
ਆਸਾ ਦੀ ਵਾਰ ਪੜ੍ਹੋ, ਕੁਦਰਤ ਦਾ ਸਾਰਾ ਨਿਜ਼ਾਮ ਉਨ੍ਹਾਂ ਲਈ ਅਜਿਹਾ ਚਮਤਕਾਰ ਹੈ, ਜਿਹੜਾ ਗੁਰਦੇਵ ਜੀ
ਨੂੰ ਵਿਸਮਾਦ ਵਿੱਚ ਲੈ ਜਾਂਦਾ ਹੈ। ਗੁਰਵਾਕ ਹੈ:
ਵਿਸਮਾਦੁ ਪਉਣੁ ਵਿਸਮਾਦੁ ਪਾਣੀ।। ਵਿਸਮਾਦੁ ਅਗਨੀ ਖੇਡਹਿ ਵਿਡਾਣੀ।।
ਵਿਸਮਾਦੁ ਧਰਤੀ ਵਿਸਮਾਦੁ ਖਾਣੀ।। ……… ਵਿਸਮਾਦੁ ਨੇੜੈ ਵਿਸਮਾਦੁ ਦੂਰਿ।। ਵਿਸਮਾਦੁ ਦੇਖੈ ਹਾਜਰਾ
ਹਜੂਰਿ।। ਵੇਖਿ ਵਿਡਾਣੁ ਰਹਿਆ ਵਿਸਮਾਦੁ।। ਨਾਨਕ ਬੁਝਣੁ ਪੂਰੈ ਭਾਗਿ।। ੧।। {
ਆਸਾ
ਕੀ ਵਾਰ (ਮਃ ੧) ਗੁਰੂ ਗ੍ਰੰਥ ਸਾਹਿਬ - ਅੰਕ ੪੬੪}
ਬਦਕਿਸਮਤੀ ਨਾਲ ਅਖਰੀ ਗਿਆਨ `ਤੇ ਅਧਾਰਿਤ ਬੁੱਧੀ ਮੰਡਲ ਦੀ ਤਰਕ ਵਿਤਰਕ
ਵਿੱਚ ਫਸ ਕੇ ਅਸੀਂ ਭਾਗਹੀਣ ਇਹ ਵਿਸਮਾਦ ਗਵਾ ਬੈਠੇ ਹਾਂ। ਧਰਮ ਗ੍ਰੰਥਾਂ ਤੇ ਵਿਗਿਆਨ ਦੇ ਬਲਬੋਤੇ
ਗਿਣਤੀ ਦੇ ਕੁੱਝ ਕੁਦਰਤੀ ਨਿਯਮਾਂ ਨੂੰ ਸਮਝ ਕੇ ਉਨ੍ਹਾਂ ਨੂੰ ਹੀ ਸਭ ਕੁੱਝ ਮੰਨ ਬੈਠੇ ਹਾਂ। ਅਸੀਂ
ਭੁਲ ਰਹੇ ਹਾਂ ਕਿ ‘
ਕਰਤੇ ਕੈ
ਕਰਣੈ ਨਾਹੀ ਸੁਮਾਰੁ।। “ {ਜਪੁ (ਮਃ ੧) ਗੁਰੂ
ਗ੍ਰੰਥ ਸਾਹਿਬ - ਅੰਕ ੩}
ਕਰਤੇ ਦੀ ਕੁਦਰਤ ਵਿੱਚ ਨਿਤ ਨਵੇਂ ਪ੍ਰੀਵਰਤਨ ਹੋ ਰਹੇ। ਇਨ੍ਹਾਂ
ਪ੍ਰੀਵਰਤਨਾਂ ਨੂੰ ਵਾਚਣ ਵਾਲੇ ਸਾਇੰਸਦਾਨ ਵੀ ਹੈਰਾਨ, ਪ੍ਰੇਸ਼ਾਨ ਤੇ ਚਿੰਤਾਤੁਰ ਹੋ ਰਹੇ ਹਨ। ਮੇਰੇ
ਵੀਰ ਕੁਦਰਤ ਦੇ ਨਿਯਮ ਸਾਡੇ ਜੀਵਾਂ ਲਈ ਅਟੱਲ ਹਨ; ਸਿਰਜਨਹਾਰ ਤੇ ਕਰਣਕਾਰਣ ਸਮਰਥ ਅਕਾਲਪੁਰਖ ਲਈ
ਨਹੀਂ। ਜਿਹੜਾ ਬੋਲ ਵਿਗਾੜ ਮਨੁਖ ਕਰਤੇ ਦੀ ਕੁਦਰਤ ਨੂੰ ਪੂਰਨ ਰੂਪ ਵਿੱਚ ਜਾਨਣ ਤੇ ਕੁਦਰਤ ਨੂੰ
ਪ੍ਰੀਵਰਤਨਸ਼ੀਲ ਨਹੀਂ ਮੰਨਦਾ। ਉਹ ਤਾਂ ਗੁਰੂ ਨਾਨਕ ਦ੍ਰਿਸ਼ਟੀ ਵਿੱਚ ਗਾਵਾਰਾਂ ਸਿਰ ਗਵਾਰ ਹੈ। ਇਸ
ਪੱਖੋਂ ਜਪ ਸਾਹਿਬ ਦਾ ਹੇਠ ਲਿਖਿਆ ਵਾਕ ਵਿਚਾਰਨਯੋਗ ਹੈ:
ਜੇਵਡੁ ਭਾਵੈ ਤੇਵਡੁ ਹੋਇ।। ਨਾਨਕ ਜਾਣੈ ਸਾਚਾ ਸੋਇ।। ਜੇ ਕੋ ਆਖੈ
ਬੋਲੁਵਿਗਾੜੁ।। ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ।। {
ਜਪੁ
(ਮਃ ੧) ਗੁਰੂ ਗ੍ਰੰਥ ਸਾਹਿਬ - ਅੰਕ ੬}
ਬਾਕੀ ਰਹੀ ਗੱਲ ਰਿਧਾਂ ਸਿੱਧਾਂ ਦੀ, ਇਨ੍ਹਾਂ ਬਾਰੇ ਗੁਰੂ ਬਾਬਾ ਆਖਦਾ ਹੈ:
ਨਵ ਨਿਧੀ ਅਠਾਰਹ ਸਿਧੀ ਪਿਛੈ ਲਗੀਆ ਫਿਰਹਿ ਜੋ ਹਰਿ ਹਿਰਦੈ ਸਦਾ ਵਸਾਇ।।
- {ਸੋਰਠਿ ਕੀ ਵਾਰ (ਮਃ ੩) ਗੁਰੂ ਗ੍ਰੰਥ ਸਾਹਿਬ
- ਅੰਕ ੬੪੯} ਪਰ, ਨਾਲ ਹੀ ਅਰਦਾਸ ਵੀ ਕਰਦਾ ਹੈ:
ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ।। ਗੁਪਤੁ ਪਰਗਟੁ ਹੋਇ ਬੈਸਾ ਲੋਕੁ
ਰਾਖੈ ਭਾਉ।। ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ।। ੩।।
- ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ – ਅੰਕ ੧੪
ਇਸ ਤੋਂ ਇਲਾਵਾ ਜੋ ਆਪ ਨੇ ਇਹ ਦਲੀਲ ਦਿੱਤੀ ਹੈ ਕਿ “
ਤੁਹਾਡੀ
ਗਲ ਸਹੀ ਮੰਨ ਲਈਏ ਤਾਂ ਸਵਾਲ ਪੈਦਾ ਹੁੰਦਾ ਏ ਰੱਬ ਉਸ ਵੇਲੇ ਕਿਥੇ ਸੀ ਜਦੋਂ ਇਸੇ ਜੁੰਡਲੀ ਦੀ
ਸਾਜਿਸ਼ ਕਰਕੇ ਗੁਰੁ ਸਾਹਿਬ ਨੂੰ ਅਸਿਹ ਤਸੀਹੇ ਦੇ ਕੇ ਸ਼ਹੀਦ ਕਰ ਦਿਤਾ ਗਿਆ। ਗੁਰੂ ਤੇਗ ਬਹਾਦਰ
ਸਾਹਿਬ ਲਈ ਰੱਬ ਕਿਉਂ ਨਹੀਂ ਬੁਹੜਿਆ? ਅਗਰ ਤੁਹਾਡੀ ਗਲ ਮੰਨਦੇ ਹਾਂ ਤਾਂ ਸਿਖਾਂ ਨੇ ਜੋ ਵੀ
ਹਥਿਆਰਮੰਦ ਸੰਘਰਸ਼ ਕੀਤੇ ਨੇ ਬੇਸਮਝੀ `ਚ ਕੀਤੇ ਨੇ ” ।
ਇਸ ਸਬੰਧੀ ਬੇਨਤੀ ਹੈ ਕਿ ਜੇ ਤੁਸੀਂ ਭਾਈ ਅਵਤਾਰ ਸਿੰਘ ਲੰਡਨ ਦੇ ਉਤਰ ਵਿੱਚ
ਲਿਖੀ ਵਾਰਤਾ ਪੜ੍ਹ ਲਓ ਤਾਂ ਮੇਰੇ ਵਿਚਾਰਾਂ ਲਈ ਤੁਹਾਡੇ ਅੰਦਰ ਪੈਦਾ ਹੋਇਆ ਇਹ ਭਰਮ ਵੀ ਦੂਰ ਹੋਣ
ਦੀ ਸੰਭਾਵਨਾ ਹੈ। ਬਾਕੀ ਮੈਂ ਪਹਿਲਾਂ ਵੀ ਲਿਖ ਚੁੱਕਾ ਹਾਂ ਕਿ ਮਿਲ ਕੇ ਬੈਠਣ ਤੋਂ ਬਗੈਰ ਅਜਿਹੇ
ਗੰਭੀਰ ਮਸਲਿਆਂ ਬਾਰੇ ਮਿਲ ਬੈਠਣ ਦੀ ਲੋੜ ਹੈ। ਅਜਿਹੀ ਚੁੰਚ ਚਰਚਾ ਦੁਆਰਾ ਕੋਈ ਸਿੱਟਾ ਨਿਕਲਣਾ
ਅਸੰਭਵ ਜਾਪਦਾ ਹੈ।
ਇਸ ਲਈ ਅੱਜ ਦੇ ਪਤਰ ਪਿਛੋਂ ਮੇਰੇ ਲਈ ਇਸ ਵਿਚਾਰ ਲੜੀ ਨੂੰ ਅੱਗੇ ਜਾਰੀ ਰਖ
ਸਕਣਾ ਅਸੰਭਵ ਹੈ। ਕੋਈ ਭੁੱਲ-ਚੁੱਕ ਹੋ ਗਈ ਹੋਵੇ ਤਾਂ ਐਡੀਟਰ ਸਾਹਿਬ ਤੇ ਪਾਠਕ ਮੁਆਫ਼ ਕਰਨਗੇ।
ਕਿਉਂਕਿ, ਸ੍ਰੀ ਗੁਰੂ ਗ੍ਰੰਥ ਸਾਹਿਬ ਇੰਸੀਚਿਊਟ ਵੱਲੋਂ ਦਾਸ ਨੂੰ ਸਉਂਪੇ ਗਏ ਪ੍ਰਜੈਕਟ ਵਿੱਚੋਂ
ਇਤਨਾ ਸਮਾਂ ਕੱਢ ਸਕਣਾ ਅਸੰਭਵ ਹੋ ਰਿਹਾ ਹੈ। ਯਤਨ ਕਰਾਂਗਾ ਕਿ ਨਵੰਬਰ ਦੇ ਅੰਤਲੇ ਵੀਕ ਇਸ ਵਿਸ਼ੇ
`ਤੇ ਲੁਧਿਆਣੇ ਵਿਚਾਰ ਗੋਸ਼ਟੀ ਕਰਵਾਈ ਜਾਵੇ। ਕਿਉਂਕਿ ਇਥੇ ਪਹੁੰਚ ਕੇ ਹੀ ਸਾਰਿਆਂ ਦੀਆਂ ਬਰੇਕਾਂ
ਲੱਗ ਜਾਂਦੀਆਂ ਹਨ। ਆਸ ਹੈ ਕਿ ਆਪ ਸਾਰੇ ਇਸ ਪੱਖੋਂ ਸਹਿਯੋਗੀ ਹੋਵੋਗੇ।
ਤੁਹਾਡਾ ਵੀਰ: ਜਗਤਾਰ ਸਿੰਘ ਜਾਚਕ, ਨਿਊਯਾਰਕ ਮਿਤੀ: ੧੦. ੦੭. ੨੦੧੩
(10/07/13)
ਡਾ: ਗੁਰਮੀਤ ਸਿੰਘ ਬਰਸਾਲ
ਭਾਈਚਾਰੇ ਦੀ ਹਾਰ
ਜਦ ਵੀ ਵੋਟਾਂ ਵਾਲਾ ਕਿਤੇ ਨਗਾਰਾ ਵੱਜਦਾ ਏ,
ਲੋਕ ਰਾਜ ਤੇ ਦਿਲ ਸਭਦਾ ਬਲਿਹਾਰ ਹੀ ਜਾਂਦਾ ਏ।
ਕਿਹੜੇ ਕਿਹੜੇ ਲੀਡਰ ਦੇਸ਼ ਤਰੱਕੀ ਚਾਹੁੰਦੇ ਨੇ,
ਮਿਲ ਸਭਨਾਂ ਨੂੰ ਦੱਸਣ ਦਾ ਅਧਿਕਾਰ ਹੀ ਜਾਂਦਾ ਏ।
ਨਿੱਜੀ ਗਰਜਾਂ ਦੇ ਨਾਲ ਲੋਕੀਂ ਵੋਟਾਂ ਪਾਉਂਦੇ ਨੇ,
ਪੈਸਾ ਵੰਡਿਆ ਕਈ ਵਾਰੀ ਕੰਮ ਸਾਰ ਹੀ ਜਾਦਾ ਏ।
ਜੰਤਾ ਪੈਰੀਂ ਕਰਨ ਦੀ ਕੋਈ ਨੀਤੀ ਬਣਦੀ ਨਾਂ,
ਵੋਟਰ ਨੂੰ ਮਿਲ ਸੁਪਨਿਆ ਦਾ ਸੰਸਾਰ ਹੀ ਜਾਂਦਾ ਏ।
ਰੋਟੀ ਆਪ ਕਮਾਵਣ ਜੋਗਾ ਵੋਟਰ ਨਾਂ ਹੋ ਜਾਏ,
ਲੋਕਾਂ ਕੋਲੇ ਸਸਤੀ ਦਾ ਪਰਚਾਰ ਹੀ ਜਾਂਦਾ ਏ।
ਰਿਸ਼ਤੇਦਾਰਾਂ ਮਿੱਤਰਾਂ ਦੇ ਵਿੱਚ ਕੰਧਾਂ ਕਰ ਦੇਣਾਂ,
ਰਾਜਨੀਤਕ ਦਾ ਤਪਦਾ ਹਿਰਦਾ ਠਾਰ ਹੀ ਜਾਂਦਾ ਏ।
ਸਾਲਾਂ ਦੇ ਨਾਲ ਸਾਂਝ ਜੋ ਲੋਕਾਂ ਅੰਦਰ ਬਣਦੀ ਏ,
ਇੱਕੋ ਸੀਜਨ ਸਾਰਾ ਕੁਝ ਡਕਾਰ ਹੀ ਜਾਂਦਾ ਏ।
ਭਾਵੇਂ ਵੰਡਕੇ ਨਸ਼ੇ ਲੋਕ ਕੁਝ ਜਿੱਤ ਵੀ ਜਾਂਦੇ ਨੇ,
ਪਰ ਹਰ ਵਾਰੀ ਭਾਈਚਾਰਾ ਹਾਰ ਹੀ ਜਾਂਦਾ ਏ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
(08/07/13)
ਬਲਵਿੰਦਰ ਸਿੰਘ ਮੈਲਬੋਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ !
ਸਮੂਹ ਸਿਖ ਮਾਰਗ ਦੇ ਪਾਠਕ ਵੀਰਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ । ਮੈਂ ਇਤਹਾਸ ਵਿਚੋਂ ਭਾਈ ਮੋਤੀ
ਰਾਮ ਮਹਿਰਾ ਜਿਨਾ ਨੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਮਦਦ ਕੀਤੀ ਸੀ ਬਾਰੇ ਕੁੱਝ
ਪੜਨ ਦਾ ਜਤਨ ਕਰ ਰਿਹਾ ਸੀ । ਕੇਵਲ ਦੁੱਧ ਦੀ ਸੇਵਾ ਅਤੇ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰਨ ਦੀ
ਘਟਨਾ ਤੋਂ ਇਲਾਵਾ ਓਹਨਾ ਬਾਰੇ ਕੋਈ ਵੀ ਵਿਸ਼ੇਸ ਜਾਣਕਾਰੀ ਪ੍ਰਾਪਤ ਨਹੀ ਹੋਈ । ਸਿਖ ਮਾਰਗ ਦੇ ਕਿਸੇ
ਵੀ ਪਾਠਕ ਕੋਲ ਕੋਈ ਵੀ ਓਹਨਾ ਦੇ ਬਾਰੇ ਜਾਣਕਾਰੀ ਹੋਵੇ ਤਾਂ ਸਾਂਝ ਪਾਉਣ ਦੀ ਖੇਚਲ ਕਰਨੀ ਜੀ !
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ !
ਧੰਨਵਾਦ ਸਹਿਤ
ਬਲਵਿੰਦਰ ਸਿੰਘ ਮੈਲਬੋਰਨ ।
(08/07/13)
ਅਵਤਾਰ ਸਿੰਘ ਲੰਡਨ
ਸਤਿਕਾਰਯੋਗ ਗਿਆਨੀ ਜਗਤਾਰ ਸਿੰਘ ਜੀ ਜਾਚਕ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਆਪ ਜੀ ਸਿੱਖ ਵਿਚਾਰਧਾਰਾ ਦੇ ਇੱਕ ਮੰਨੇਂ ਹੋਏ ਵਿਦਵਾਨ, ਸੁਲਝੇ ਹੋਏ ਪ੍ਰਚਾਰਕ ਅਤੇ
ਕਥਾਕਾਰ ਹੋ। ਜਦੋਂ ਆਪ ਜੀ ਵਲੋਂ ਕੀਤੀ ਗਈ ਵਿਆਖਿਆ ਪ੍ਰਤੀ ਕੁੱਝ ਸ਼ੰਕੇ ਪੈਦਾ ਹੋਏ ਤਾਂ ਆਪ ਜੀ ਦੀ
ਸੇਵਾ ਵਿੱਚ ਸਵਾਲ ਲੈ ਕੇ ਹਾਜ਼ਰ ਹੋਇਆ ਹਾਂ। ਮੇਰਾ ਸਵਾਲ ਤਾਂ ਸਿਰਫ਼ ਏਨਾਂ ਕੁ ਹੀ ਹੈ ਕਿ ਕੀ
ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੁਲਹੀ ਤੋਂ ਅਪਣੀ ਜਾਨ ਬਚਾਉਣ ਲਈ ਅਕਾਲ ਪੁਰਖ
ਅਗੇ ਬੇਨਤੀ ਕੀਤੀ ਸੀ ਜੋ ਅਕਾਲ ਪੁਰਖ ਨੇ ਪ੍ਰਵਾਨ ਕਰ ਲਈ ਤੇ ਸੁਲਹੀ ਦਾ ਅੰਤ ਹੋ ਗਿਆ?
ਜ਼ਿੰਦਗੀ ਵਿੱਚ ਵਾਪਰੀ ਹਰ ਘਟਨਾ ਨੂੰ ਚੁੱਪ-ਚਾਪ ਪ੍ਰਵਾਨ ਕਰੀ ਜਾਣ ਦਾ ਨਾਮ “ਹੁਕਮਿ ਰਜ਼ਾਈ ਚਲਣਾ”
ਨਹੀਂ ਹੈ। ਸ੍ਰਿਸ਼ਟੀ ਦੀ ਰਚਨਾਂ ਅਤੇ ਇਸ ਦਾ ਸਾਰਾ ਪਸਾਰਾ ਅਟੱਲ ਨਿਯਮਬਧ ਚਲਣਾ ਰੱਬੀ ਹੁਕਮ ਹੈ। ਜਦ
ਕਿ ਮਨੁੱਖ ਵਲੋਂ ਇਸ ਧਰਤੀ ਤੇ ਬਨਾਏ ਗਏ ਨਿਯਮ ਮਨੁੱਖੀ ਲੋੜਾਂ ਅਨੁਸਾਰ ਬਦਲੇ ਜਾ ਸਕਦੇ ਹਨ ਤੇ
ਬਦਲਦੇ ਰਹਿੰਦੇ ਹਨ। ਮਨੁੱਖੀ ਹਕਾਂ ਲਈ ਜੂਝਣਾਂ ਗੁਰਮਤਿ ਦਾ ਮਾਰਗ ਹੈ। ਰੱਬੀ ਹੁਕਮ ਨੂੰ ਬੁੱਝਕੇ
ਚਲਣ ਵਾਲਾ ਜੀਵ ਨਿਰਭਉ ਤੇ ਨਿਰਵੈਰ ਹੋ ਜਾਂਦਾ ਹੈ ਤਾਂ ਤੇ ਉਹ ਅਕਾਲ ਪੁਰਖ ਦੀ ਰਚਨਾਂ ਅਤੇ ਹਰ ਜੀਵ
ਨਾਲ ਪ੍ਰੇਮ ਕਰਦਾ ਹੈ। ਉਹ ਮੌਤ ਤੋਂ ਡਰਦਾ ਨਹੀਂ ਸਗੋਂ “ਜਉ ਤਉ ਪ੍ਰੇਮ
ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ” ਪੰਨਾਂ ੧੪੧੦ ਦਾ ਪਾਂਧੀ ਬਣ ਜਾਂਦਾ ਹੈ।
ਇਹ “ਹੁਕਮਿ ਰਜਾਈ ਚਲਣਾ” ਹੈ। ਇਸ ਹੁਕਮ ਨੂੰ ਬੁੱਝਣ ਤੇ ਇਸ ਤੇ ਚਲਣ ਵਾਲਿਆਂ ਸਦਕਾ ਹੀ ਸਿੱਖੀ
ਇਤਹਾਸ ਕੁਰਬਾਨੀਆਂ ਦਾ ਇਤਹਾਸ ਜਾਣਿਆਂ ਜਾਂਦਾ ਹੈ।
ਆਸ ਕਰਦਾ ਹਾਂ ਕਿ ਆਪ ਜੀ ਮੇਰੇ ਸਵਾਲ ਦਾ ਜਵਾਬ ਜ਼ਰੂਰ ਦੇਣ ਦੀ ਕਿਰਪਾ ਕਰੋਗੇ ਕਿ
ਕੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅਪਣੀ ਜਾਨ ਬਚਾਉਣ ਲਈ ਅਕਾਲ ਪੁਰਖ
ਅਗੇ ਬੇਨਤੀ ਕੀਤੀ ਸੀ?
ਧੰਨਵਾਦ ਸਹਿਤ।
ਅਵਤਾਰ ਸਿੰਘ ਲੰਡਨ ੮ ਜੁਲਾਈ ੨੦੧੩
(08/07/13)
ਗੁਰਸ਼ਰਨ ਸਿੰਘ ਕਸੇਲ
ਸ੍ਰ. ਜਗਤਾਰ ਸਿੰਘ ਜਾਚਕ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਜਾਚਕ ਜੀ, ਤੁਹਾਡਾ ਵਿਚਾਰ ਦੇਣ ਲਈ ਬਹੁਤ ਧੰਨਵਾਦ । ਆਪ ਜੀ ਪਾਸੋਂ ਭਾਈ ਗੁਰਦਾਸ ਜੀ
ਦੀ ਵਾਰ ਪਹਿਲੀ ਦੀ 36ਵੀਂ ਪੋੜੀ ਦੀ ਵਿਆਖਿਆ ਬਾਰੇ ਪੁੱਛਿਆ ਸੀ ਸ਼ਾਇਦ ਉਸ ਬਾਰੇ ਆਪ ਜੀ ਨੂੰ ਦੱਸਣ
ਦਾ ਯਾਦ ਨਹੀਂ ਰਿਹਾ । ਸੋ, ਮੇਹਰਬਾਨੀ ਕਰਕੇ ਦੱਸਣ ਦੀ ਖੇਚਲ ਕਰਨੀ ਜੀ। ਜੇਕਰ ਆਪਨੇ ਇਸ ਪੋੜੀ ਦੀ
ਵਿਆਖਿਆ ਨਹੀਂ ਕੀਤੀ ਤਾਂ ਜੇ ਕਿਸੇ ਆਪ ਵਰਗੇ ਹੋਰ ਵਿਦਵਾਨ ਨੇ ਕੀਤੀ ਹੈ ਜਿਸ ਦੀ ਵਿਆਖਿਆ ਨਾਲ ਆਪ
ਸਹਿਮਤ ਹੋਵੋ ਤਾਂ ਦੱਸਣ ਦੀ ਖੇਚਲ ਕਰਨੀ ਜੀ, ਧੰਨਵਾਦੀ ਹੋਵਾਂਗਾ ।
ਹੇਠ ਲਿਖੀ ਇਹ ਵਾਰ ਹੈ ਜਿਸਨੂੰ ਭਾਈ ਗੁਰਦਾਸ ਜੀ ਦੀ ਆਖਦੇ ਹਨ :
ਪੁਛੇ ਪੀਰ ਤਕਰਾਰ ਕਰ ਏਹ ਫਕੀਰ ਵਡਾ ਆਤਾਈ॥ (੧-੩੬-੧)
ਏਥੇ ਵਿਚ ਬਗਦਾਦ ਦੇ ਵਡੀ ਕਰਾਮਾਤ ਦਿਖਲਾਈ॥ (੧-੩੬-੨)
ਪਾਤਾਲਾਂ ਆਕਾਸ਼ ਲਖ ਓੜਕ ਭਾਲੀ ਖਬਰ ਸੁ ਸਾਈ॥ (੧-੩੬-੩)
ਫੇਰ ਦੁਰਾਇਣ ਦਸਤਗੀਰ ਅਸੀ ਭਿ ਵੇਖਾਂ ਜੋ ਤੁਹਿ ਪਾਈ॥ (੧-੩੬-੪)
ਨਾਲ ਲੀਤਾ ਬੇਟਾ ਪੀਰ ਦਾ ਅਖੀਂ ਮੀਟ ਗਿਆ ਹਵਾਈ॥ (੧-੩੬-੫)
ਲਖ ਅਕਾਸ਼ ਪਤਾਲ ਲਖ ਅਖ ਫੁਰਕ ਵਿਚ ਸਭ ਦਿਖਲਾਈ॥ (੧-੩੬-੬)
ਭਰ ਕਚਕੌਲ ਪ੍ਰਸ਼ਾਦ ਦਾ ਧੁਰੋਂ ਪਤਾਲੋਂ ਲਈ ਕੜਾਈ॥ (੧-੩੬-੭)
ਜ਼ਾਹਰ ਕਲਾ ਨ ਛਪੈ ਛਪਾਈ ॥
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
(08/07/13)
ਡਾ: ਇਕਬਾਲ ਸਿੰਘ ਢਿੱਲੋਂ
ਸਤਿਕਾਰਯੋਗ ਸ. ਵਰਿੰਦਰ ਸਿੰਘ ਗੋਲਡੀ ਜੀਓ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ
ਹੋਵੇ ਜੀ!
ਸਿਖਮਾਰਗ ਵੈਬਸਾਈਟ ਤੇ 04. 07. 2013 ਨੂੰ ਪਾਏ ਗਏ ਆਪ ਜੀ ਦੇ ਪੱਤਰ ਲਈ ਆਪ ਜੀ ਦਾ ਧੰਨਵਾਦ ਹੈ
ਜੀ। ਆਪ ਜੀ ਨੇ ਮੇਰੀ ਜ਼ਿੰਮੇਵਾਰੀ ਲਗਾਈ ਹੈ ਕਿ ਮੈਂ ‘ੴ’ ਅਤੇ ‘ਇਕ ਓਅੰਕਾਰ’ ਦੇ
ਆਪਸੀ ਸਬੰਧਾਂ ਬਾਰੇ ਆਪਣੇ ਵਿਚਾਰ ਦੇਵਾਂ। ਇੱਥੇ ਪਹਿਲਾਂ ਤਾਂ ਵਿਸ਼ੇ ਸਬੰਧੀ ਹੁਣ ਤਕ ਪੇਸ਼ ਹੋ
ਚੁੱਕੇ ਵਿਚਾਰਾਂ ਨੂੰ ਦੁਹਰਾਉਣਾ ਪਵੇਗਾ। ਅਸੀਂ ਵੇਖ ਚੁੱਕੇ ਹਾਂ ਕਿ ‘ੴ’ ਦਾ ਸਹੀ ਉਚਾਰਨ ‘ਇੱਕੋ’
ਜਾਂ ‘ਏਕੋ’ ਹੈ ‘ਇਕ ਓਅੰਕਾਰ’ ਨਹੀਂ ਭਾਵ ‘ੴ’ ਵਿਚਲੇ ‘ਓ’ ਦਾ ਉਚਾਰਨ ਹੋੜੇ ਦੀ ਧੁਨੀ ਹੈ
‘ਓਅੰਕਾਰ’ ਨਹੀਂ। ਇੱਥੇ ਇਸ ਗੱਲ ਤੇ ਜ਼ੋਰ ਦੇਣਾ ਅਤਿਅੰਤ ਜ਼ਰੂਰੀ ਹੈ ਕਿ ਗੁਰਬਾਣੀ ਦਾ ਉਚਾਰਨ ਲਿਖਤ
ਅਨੁਸਾਰ ਸਹੀ-ਸਹੀ ਹੋਣਾ ਚਾਹੀਦਾ ਹੈ, ਬਦਲ ਕੇ ਨਹੀਂ। ਜੇਕਰ ‘ੴ’ ਦੇ ਰਚਨਹਾਰ ਨੇ ‘ਓ’ ਦਾ ਭਾਵ
‘ਓਅੰਕਾਰ’ ਤੋਂ ਲੈਣਾ ਸੀ ਤਾਂ ਉਹ ਇੱਥੇ ‘ਓਅੰਕਾਰ’ ਹੀ ਲਿਖ ਦਿੰਦਾ, ਉਸ ਨੇ ਅੱਗੇ ਜਾ ਕੇ ਗੁਰਬਾਣੀ
ਵਿੱਚ ਵੀ ‘ਓਅੰਕਾਰ’ ਸ਼ਬਦ ਦੀ ਕਈ ਵਾਰ ਵਰਤੋਂ ਕੀਤੀ ਹੋਈ ਹੈ। ਪਰੰਤੂ ਉਸ ਨੇ ਇੱਥੇ ‘ੴ’ ਹੀ ਲਿਖਿਆ
ਹੈ ਅਤੇ ਸਾਡੇ ਵਿੱਚੋਂ ਕਿਸੇ ਨੂੰ ਵੀ ਇਹ ਹੱਕ ਨਹੀਂ ਜਾਂਦਾ ਕਿ ਅਸੀਂ ‘ਓ’ ਨੂੰ ‘ਓਅੰਕਾਰ’ ਕਰਕੇ
ਪੜ੍ਹੀ ਜਾਈਏ।
ਸ. ਗੋਲਡੀ ਜੀ, ਅਰਥਾਂ ਦੀ ਗੱਲ ਕਰਦਿਆਂ ਅਸੀਂ ਵੇਖਦੇ ਹਾਂ ਕਿ ‘ੴ’ ਦੇ ਸਿੱਧੇ ਅਰਥ ਪ੍ਰਭੂ ਜਾਂ
ਪਰਮੇਸ਼ਵਰ ਨਹੀਂ। ‘ੴ’ ਤੋਂ ਸਾਡੇ ਸਾਹਮਣੇ ਸਵਾਲ ਖੜਾ ਹੋ ਜਾਂਦਾ ਹੈ ਕਿ “ਕੌਣ ਹੈ ਉਹ ਇੱਕੋ?” ਅਤੇ
ਇਸ ਸਵਾਲ ਦਾ ਉੱਤਰ ਹੈ ਪ੍ਰਭੂ-ਪਰਮੇਸ਼ਵਰ। ਗੁਰਬਾਣੀ ਵਿੱਚ ਪ੍ਰਭੂ-ਪਰਮੇਸ਼ਵਰ ਲਈ ਹੋਰ ਵੀ ਸ਼ਬਦ ਵਰਤੇ
ਹੋਏ ਹਨ ਜਿਵੇਂ ਹਰੀ, ਰਾਮ, ਗੋਪਾਲ, ਗੋਬਿੰਦ, ਜਗਦੀਸ, ਰੱਬ, ਅਲਾਹ, ਖੁਦਾ, ਗੁਸਾਈਂ, ਨਰਾਇਣ,
ਵਾਹਿਗੁਰੂ ਆਦਿਕ ਅਤੇ ‘ਦਖਣੀ ਓਅੰਕਾਰ’ ਦੇ ਅਧਾਰ ਤੇ ਇਹਨਾਂ ਨਾਲ ‘ਓਅੰਕਾਰ’ ਵੀ ਜੋੜਿਆ ਜਾ ਸਕਦਾ
ਹੈ। ਪਰੰਤੂ ਇਸ ਨਾਲ ‘ਓਅੰਕਾਰ’ ਨੂੰ ‘ਓ’ ਦਾ ਪਰਿਆਇਵਾਚੀ ਨਹੀਂ ਸਮਝਿਆ ਜਾ ਸਕਦਾ। ਇਸ ਤਰ੍ਹਾਂ
ਅਰਥਾਂ ਪੱਖੋਂ ‘ਇਕ ਓਅੰਕਾਰ’ ਦਾ ‘ੴ’ ਨਾਲ ਕੋਈ ਸਿੱਧਾ ਸਬੰਧ ਨਹੀਂ ਬਣਦਾ। ਉਂਜ ਸ਼ਬਦ ‘ਓਅੰਕਾਰ’
ਸੰਸਕ੍ਰਿਤ ਸ਼ਬਦ ‘ਓਅਮ’ ਨਾਲ ਸਬੰਧਤ ਹੈ। ‘ਓਅਮ’ ਦਾ ਅਰਥ ਹੈ ‘ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼’ ਅਤੇ
‘ਓਅੰਕਾਰ’ ਦਾ ਅਰਥ ਹੈ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਨੂੰ ਪੈਦਾ ਕਰਨ ਵਾਲਾ ਅਤੇ ਇਹਨਾਂ ਤਿੰਨ
ਦੇਵਤਿਆਂ ਦੀ ਰੱਖਿਆ ਕਰਨ ਵਾਲਾ। ਗੁਰੂ ਨਾਨਕ ਜੀ ਨੇ ਇਹਨਾ ਅਰਥਾਂ ਵਿੱਚ ਇਹ ਤਬਦੀਲੀ ਲਿਆਂਦੀ ਕਿ
‘ਓਅੰਕਾਰ’ ਤਾਂ ਹੀ ਇੱਕ ਸ਼ਕਤੀ ਹੋ ਸਕਦਾ ਹੈ ਜੇਕਰ ਇਹ ਪ੍ਰਭੂ ਦੇ ਤੌਰ ਤੇ ਮਨੁੱਖ ਜਾਤੀ ਅਤੇ ਸਾਰੀ
ਸਰਿਸ਼ਟੀ ਨਾਲ ਸਬੰਧ ਰੱਖੇ ਨਾ ਕਿ ਕੇਵਲ ਤਿੰਨ ਦੇਵਤਿਆਂ ਨਾਲ ਜਿਹਨਾਂ ਦੀ ਆਪਣੀ ਅਸਲੀਅਤ ਕੁਛ ਵੀ
ਨਹੀਂ ਹੋ ਸਕਦੀ। ਪਰੰਤੂ ਗੁਰੂ ਨਾਨਕ ਜੀ ਵੱਲੋਂ ‘ਓਅੰਕਾਰ’ ਦੀ ਅਸਲੀਅਤ ਜ਼ਾਹਰ ਕਰਨ ਨਾਲ ਵੀ ‘ੴ’
ਵਿਚਲੇ ‘ਓ’ ਨੂੰ ‘ਓਅੰਕਾਰ’ ਕਰਕੇ ਨਹੀਂ ਉਚਾਰਿਆ ਜਾ ਸਕਦਾ ਕਿਉਂਕਿ ਇਸ ਤਰ੍ਹਾਂ ਕਰਨ ਨਾਲ
ਬਿੱਪਰਵਾਦੀ ਧਿਰਾਂ ਇਸਨੂੰ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਦੀ ਤਿੱਕੜੀ ਨਾਲ ਹੀ ਜੋੜਨਗੀਆਂ।
ਸ. ਗੋਲਡੀ ਜੀ, ਅਸਲ ਵਿੱਚ ‘ੴ’ ਨੂੰ ਉਚਾਰਨ ਪੱਖੋਂ ਅਤੇ ਅਰਥਾਂ ਪੱਖੋਂ ‘ਇਕ ਓਅੰਕਾਰ’ ਦੇ ਬਰਾਬਰ
ਕਰਨ ਦਾ ਭੰਬਲਭੂਸਾ ਭਾਈ ਗੁਰਦਾਸ ਦਾ ਪਾਇਆ ਹੋਇਆ ਹੈ। ਅਜਿਹੀ ਬਰਾਬਰੀ ਦਾ ਅਧਾਰ ਭਾਈ ਗੁਰਦਾਸ ਦੀਆਂ
ਹੇਠਾਂ ਦਿੱਤੀਆਂ ਸਤਰਾਂ ਨੂੰ ਬਣਾਇਆ ਜਾਂਦਾ ਹੈ:
“ਏਕਾ ਏਕੰਕਾਰ ਕਰ ਲਿਖ ਵੇਖਾਲਿਆ।
ਊੜਾ ਓਅੰਕਾਰ ਪਾਸ ਬਹਾਲਿਆ।”
ਹੁਣ ਤਕ ਸਾਰੇ ਜਾਗਰੂਕ ਸਿਖ ਸਮਝ ਚੁੱਕੇ ਹਨ ਕਿ ਗੁਰਬਾਣੀ ਦੀ ਵਿਆਖਿਆ ਵਿੱਚ ਬ੍ਰਾਹਮਣਵਾਦੀ ਤੱਤ
ਪੈਦਾ ਕਰਨ ਵਿੱਚ ਭਾਈ ਗੁਰਦਾਸ ਦਾ ਵੱਡਾ ਹੱਥ ਹੈ। ਜੇਕਰ ‘ੴ’ ਦਾ ਉਚਾਰਨ ਭਾਈ ਗੁਰਦਾਸ ਦੇ ਅਨੁਸਾਰ
ਹੀ ਕਰਨਾ ਹੋਵੇ ਤਾਂ ਇਹ ਹੋਵੇਗਾ, ‘ਏਕੰਕਾਰ-ਓਅੰਕਾਰ’ ਨਾ ਕਿ ਇਕੱਲਾ ‘ਇਕ-ਓਅੰਕਾਰ’ ਕਿਉਂਕਿ ਭਾਈ
ਗੁਰਦਾਸ ਏਕੇ ਨੂੰ ‘ਏਕੰਕਾਰ’ ਦੱਸਦਾ ਹੈ ਅਤੇ ਊੜੇ ਨੂੰ ‘ਓਅੰਕਾਰ’। ਇਸ ਤਰ੍ਹਾਂ ਭਾਈ ਗੁਰਦਾਸ
ਵੱਲੋਂ ਦਿੱਤੀ ‘ੴ’ ਦੀ ਵਿਆਖਿਆ ਭੰਬਲਭੂਸੇ ਵਾਲੀ ਹੈ ਵੀ ਹੈ ਅਤੇ ਗੁਰਮੱਤ ਦੀ ਭਾਵਨਾ ਦੇ ਉਲਟ ਵੀ।
ਇਸ ਕਰਕੇ ਇਸ ਵਿਆਖਿਆ ਨੂੰ ਨਕਾਰ ਦੇਣਾ ਹੀ ਮਸਲੇ ਦਾ ਉਚਿਤ ਹਲ ਹੈ।
ਸੋ, ਸ. ਗੋਲਡੀ ਜੀ, ਮੇਰੀ ਸਨਿਮਰ ਬੇਨਤੀ ਹੈ ਕਿ ਚੰਗਾ ਹੋਵੇਗਾ ਕਿ ‘ੴ’ ਨੂੰ ‘ਏਕੋ’ ਕਰਕੇ ਹੀ
ਉਚਾਰਿਆ ਜਾਵੇ ਨਾ ਕਿ ‘ਇਕ-ਓਅੰਕਾਰ’ ਕਰ ਕੇ ਅਤੇ ਨਾ ਹੀ ਇਸ ਦੇ ਅਰਥਾਂ ਨੂੰ ‘ਓਅੰਕਾਰ’ ਨਾਲ ਜੋੜਿਆ
ਜਾਵੇ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(07/07/13)
ਜਰਨੈਲ ਸਿੰਘ, ਸਿਡਨੀ ਅਸਟ੍ਰੇਲੀਆ
ਸਤਿਕਾਰ ਯੋਗ ਜਾਚਕ ਜੀ ਤੇ ਸਿਖ ਮਾਰਗ ਦੇ ਪਾਠਕ ਸਹਿਬਾਨ
ਗੁਰ ਫ਼ਤਿਹ ਪਰਿਵਾਨ ਕਰਨੀ!
ਜਾਚਕ ਜੀ ਮੇਰੀ ਚਿਠੀ ਦਾ ਜਵਾਬ ਦੇਣ ਲਈ ਆਪ ਦਾ ਬਹੁਤ ਬਹੁਤ ਧੰਨਵਾਦ।
ਜਾਚਕ ਜੀ ਤੁਸੀਂ ਗਲ ਨੂੰ ਪੁੱਠੇ ਪਾਸਿਓਂ ਫੜ ਰਹੇ ਹੋ। ਇਥੇ ਗਲ ਕਿਸੇ ਸਾਧ ਜਾਂ
ਤਾਂਤਰਿਕ ਦੀ ਭਗਤਾਂ ਨਾਂਲ ਤੁਲਨਾ ਦੀ ਨਹੀ ਏ ਬਲਕਿ ਰੱਬ ਵਲੋਂ ਆਪਣੇ ਨਿਯਮ ਤੋੜਨ ਦੀ ਹੈ। ਤੁਸੀਂ
ਕਹਿੰਦੇ ਹੋ ਕਿ ਰੱਬ ਆਪਣੇ ਭਗਤਾਂ ਲਈ ਖੁਸ਼ੀ ਖੁਸ਼ੀ ਆਪਣੇ ਨਿਯਮ ਤੋੜ ਦਿੰਦਾ ਏ। ਇਹਨਾਂ ਸਾਧਾਂ ਦੇ
ਚੇਲੇ ਵੀ ਉਹਨਾਂ ਨੂੰ ਰੱਬ ਰੂਪ ਭਗਤ ਹੀ ਸਮਝਦੇ ਨੇ ਅਤੇ ਰੱਬੀ ਨਿਯਮਾਂ ਨੂੰ ਤੋੜਨ ਮਰੋੜਣ ਦੇ ਕਾਬਲ
ਸਮਝਦੇ ਨੇ। ਉਹਨਾਂ ਲਈ ਇਹ ਸਾਧ ਨਾਮਦੇਵ ਜਾਂ ਕਬੀਰ ਨਾਲੋਂ ਕਿਸੇ ਗਲੋਂ ਘਟ ਨਹੀ ਹਨ। ਜਿਸ
ਸਿਧਾਂਤਿਕ ਸਾਂਝ ਦੀ ਗਲ ਮੈਂ ਕਰ ਰਿਹਾਂ ਹਾਂ ਉਸਨੂੰ ਤੁਸੀਂ ਨਜ਼ਰ ਅੰਦਾਜ਼ ਕਰਕੇ ਉਲਟਾ ਗ਼ੁਨਾਹ ਦਾ
ਡਰਾਵਾ ਦੇ ਰਹੇ ਹੋ। ਮੇਰੀ ਸਮਝ ਅਨੁਸਾਰ ਤੁਹਾਡੀ ਸੋਚ ਇਹਨਾਂ ਸਾਧਾਂ ਦੇ ਹੱਕ `ਚ ਭੁਗਤ ਰਹੀ ਹੈ।
ਜਾਚਕ ਜੀ ਗੁਨਾਹ ਦਾ ਪਰਦਾ ਹਟਾ ਕੇ ਆਪਣੀ ਕਰਣੀ ਦੇ ਵਿਰੋਧਾਭਾਸ ਵਲ ਨਜ਼ਰ ਮਾਰੋ।
ਜਿਹੜੀ ਤੁਸਾਂ ਪ੍ਰੋ ਸਾਹਿਬ ਸਿੰਘ ਵਾਰੇ ਗਲ ਕੀਤੀ ਹੈ ਉਸ ਵਾਰੇ ਅਰਜ਼ ਏ ਕਿ ਪ੍ਰੋ ਹੁਰਾਂ ਦਾ
ਦੇਣ ਕੋਈ ਨਹੀਂ ਮੋੜ ਸਕਦਾ। ਉਹਨਾਂ ਸਾਨੂੰ ਓਜੜੇ ਭਟਕਦੇ ਜਾਂਦਿਆਂ ਨੂੰ ਸਿਧੇ ਰਾਹ ਪਾਇਆ। ਮੇਰੇ
ਵਰਗਿਆਂ ਨਾਲੋਂ ਤਾਂ ਬਿਲਾ ਸ਼ੱਕ ਉਹ ਹਜ਼ਾਰ ਦਰਜ਼ਾ ਅਗੇ ਸਨ ਪਰ ਫਿਰ ਵੀ ਉਹ ਤੁਹਾਡੀ ਤਰਾਂ ਇਨਸਾਨ ਸਨ।
ਉਹਨਾਂ ਕੋਲੋਂ ਵੀ ਗ਼ਲਤੀ ਹੋ ਸਕਦੀ ਏ। ਉਹਨਾਂ ਆਪ ਵੀ ਇਸ ਗਲ ਦਾ ਇਕਬਾਲ ਕੀਤਾ ਹੈ। ਉਹਨਾਂ ਦਾ
ਸਤਿਕਾਰ ਇਸੇ ਵਿੱਚ ਹੈ ਕਿ ਅਸੀਂ ਉਹਨਾਂ ਦੀ ਸੁਝਾਈ ਸੇਧ ਵਿੱਚ ਖ਼ੋਜ਼ ਜਾਰੀ ਰਖੀਏ। ਅਗਰ ਅਸੀਂ ਉਹਨਾਂ
ਦੀ ਸੇਧ ਤੋਂ ਭਟਕ ਕੇ ਗੁਰਬਾਣੀ ਦੀ ਸਿਧਾਂਤਿਕ ਇਕਸਾਰਤਾ ਉਪਰ ਸ਼ੱਕ ਕਰੀਏ ਤਾਂ ਉਹਨਾਂ ਦੀ ਸਾਰੀ
ਕੀਤੀ ਕਰਾਈ ਖੂਹ `ਚ ਪਾਉਣ ਵਾਲੀ ਗਲ ਹੈ।
ਜਾਚਕ ਜੀ ਅਗਰ ਗੁਰੂ ਨਾਨਕ ਸਾਹਿਬ ਨੂੰ ਇਹਨਾਂ ਰਚਨਾਵਾਂ ਵਿੱਚ ਉਹ ਰੱਬੀ ਨਿਯਮ, ਜਿਹਨਾਂ ਨੂੰ
ਉਹ ਆਪਣੀ ਬਾਣੀ ਵਿੱਚ ਅਟੱਲ ਦਸਦੇ ਨੇ, ਟੁਟਦੇ ਨਜ਼ਰ ਆਉਂਦੇ ਤਾਂ ਉਹ ਇਹਨਾਂ ਨੂੰ ਕਦਾਚਿਤ ਨਾ ਸੰਭਾਲ
ਕੇ ਰੱਖਦੇ। ਇਤਹਾਸ ਵਿੱਚ ਇਸ ਗਲ ਦਾ ਜ਼ਿਕਰ ਆਉਂਦਾ ਹੈ ਕੇ ਗੁਰੂ ਅਰਜਨ ਸਾਹਿਬ ਨੇ ਐਸੀਆਂ ਕਈ
ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ `ਚ ਸਾਮਲ ਹੋਣ ਦੇ ਕਾਬਲ ਨਹੀਂ ਸਮਝਿਆ। ਇਸੇ ਕਰਕੇ ਸਾਨੂੰ ਪ੍ਰੋ
ਸਾਹਿਬ ਸਿੰਘ ਦੀ ਖੋਜ਼ ਨੂੰ ਅਗੇ ਤੋਰਦਿਆਂ ਇਹਨਾਂ ਰਚਨਾਵਾਂ ਦੇ ਸਹੀ ਭਾਵ ਅਰਥ ਲੱਭਣੇ ਚਾਹੀਦੇ ਨੇ।
ਅਗਰ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਬੇਸ਼ਕ ਗੁਰੂ ਨਾਨਕ ਸਾਹਿਬ ਆਪ
ਚਮਤਕਾਰਾਂ ਨੂੰ ਨਹੀਂ ਮੰਨਦੇ ਸਨ ਪਰ ਫਿਰ ਵੀ ਉਹਨਾਂ ਨੂੰ ਭਗਤਾਂ ਦੀ ਜ਼ਿੰਦਗੀ ਦੇ ਚਮਤਕਾਰ ਸੱਚੇ
ਲਗੇ। ਮੇਰੇ ਖ਼ਿਆਲ `ਚ ਉਹਨਾਂ ਦਾ ਇਸ ਤੋਂ ਵਧ ਹੋਰ ਕੋਈ ਨਿਰਾਦਰ ਨਹੀਂ ਹੋ ਸਕਦਾ।
ਬਾਕੀ ਜਿਹੜੀ ਤੁਸੀਂ ਸੁਲਹੀ ਖ਼ਾਨ ਦੀ ਮਿਸਾਲ ਦਿਤੀ ਹੈ ਉਸ ਤੇ ਤੁਹਾਨੂੰ ਹੋਰ ਵਿਚਾਰ ਕਰਨੀ ਚਾਹੀਦੀ
ਹੈ। ਸੁਲਹੀ ਖ਼ਾਨ ਆਪਣੇ ਸਮੇ ਦਾ ਇੱਕ ਆਲਾ ਅਫ਼ਸਰ ਸੀ ਜਿਸ ਦੀ ਪ੍ਰਿਥੀ ਚੰਦ ਨਾਲ ਯਾਰੀ ਸੀ। ਪ੍ਰਿਥੀ
ਚੰਦ, ਸੁਲਹੀ ਖ਼ਾਨ ਅਤੇ ਬੀਰਬਲ ਦੀ ਜੁੰਡਲੀ ਗੁਰੂ ਸਾਹਿਬ ਨੂੰ ਹਰ ਹੀਲੇ ਨੁਕਸਾਨ ਪੁਹੰਚਾੳਣਾ
ਚਾਹੁੰਦੀ ਸੀ। ਅਗਰ ਤੁਹਾਡੀ ਗਲ ਸਹੀ ਮੰਨ ਲਈਏ ਤਾਂ ਸਵਾਲ ਪੈਦਾ ਹੁੰਦਾ ਏ ਰੱਬ ਉਸ ਵੇਲੇ ਕਿਥੇ ਸੀ
ਜਦੋਂ ਇਸੇ ਜੁੰਡਲੀ ਦੀ ਸਾਜਿਸ਼ ਕਰਕੇ ਗੁਰੁ ਸਾਹਿਬ ਨੂੰ ਅਸਿਹ ਤਸੀਹੇ ਦੇ ਕੇ ਸ਼ਹੀਦ ਕਰ ਦਿਤਾ ਗਿਆ।
ਗੁਰੂ ਤੇਗ ਬਹਾਦਰ ਸਾਹਿਬ ਲਈ ਰੱਬ ਕਿਉਂ ਨਹੀਂ ਬੁਹੜਿਆ? ਅਗਰ ਤੁਹਾਡੀ ਗਲ ਮੰਨਦੇ ਹਾਂ ਤਾਂ ਸਿਖਾਂ
ਨੇ ਜੋ ਵੀ ਹਥਿਆਰਮੰਦ ਸੰਘਰਸ਼ ਕੀਤੇ ਨੇ ਬੇਸਮਝੀ `ਚ ਕੀਤੇ ਨੇ।
ਜਾਚਕ ਜੀ ਆਪਣੇ ਵਿਚਾਰ ਸਾਂਝੇ ਕਰਨ ਲਈ ਤੁਹਾਡਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ। ਮੈਨੂੰ ਇਸ
ਚਰਚਾ ਦਾ ਬੇਹੱਦ ਲਾਭ ਹੋਇਆ ਹੈ। ਇੱਕ ਆਖਰੀ ਗਲ ਅਗਰ ਤੁਸੀਂ ਮੈਨੂੰ ਕਿਸੇ ਵਿਸ਼ੇਸ਼ਣ ਨਾਲ ਸੰਬੋਧਨ ਨਾ
ਕਰੋ ਤਾਂ ਠੀਕ ਰਹੇਗਾ। ਮੈਂ ਇਸ ਦਾ ਬੁਰਾ ਨਹੀਂ ਮਨਾਇਆ ਪਰ ਇਸ ਨਾਲ ਚਲਦੀ ਚਰਚਾ ਨੂੰ ਨੁਕਸਾਨ
ਪੁਹੰਚ ਸਕਦਾ ਏ।
ਧੰਨਵਾਦ ਸਹਿਤ
ਜਰਨੈਲ ਸਿੰਘ
ਸਿਡਨੀ ਅਸਟ੍ਰੇਲੀਆ
(07/07/13)
ਜਗਤਾਰ ਸਿੰਘ ਜਾਚਕ, ਨਿਊਯਾਰਕ
ਅਵਤਾਰ ਸਿੰਘ ਲੰਡਨ ਦੇ ਉੱਤਰ ਵਿੱਚ:
ਮੇਰੇ ਪਿਆਰੇ ਵੀਰ ਭਾਈ ਅਵਤਾਰ ਸਿੰਘ ਜੀ! ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ
ਕੀ ਫ਼ਤਹਿ। ਵਿਚਾਰਾਂ ਦੀ ਸਾਂਝ ਲਈ ਧੰਨਵਾਦ। ਕਿਰਪਾ ਕਰਕੇ ਪਹਿਲਾਂ ਇਹ ਸਪਸ਼ਟ ਕਰੋ ਕਿ ‘ਹੁਕਮਿ ਰਜਾਈ
ਚਲਣਾ’ ਜ਼ਿੰਦਗੀ ਵਿੱਚ ਵਾਪਰੀ ਹਰ ਘਟਨਾ ਨੂੰ ਚੁੱਪ-ਚਾਪ ਪ੍ਰਵਾਨ ਕਰੀ ਜਾਣ ਦਾ ਨਾਮ ਹੈ ਜਾਂ ਕੁੱਝ
ਹੋਰ?
ਭਾਈ ਸਾਹਿਬ! ਜਾਪਦਾ ਹੈ ਕਿ ਆਪ ਜੀ ਨੂੰ ਸਤਿਗੁਰੂ ਜੀ ਵੱਲੋਂ “ਸੁਲਹੀ ਤੇ ਨਾਰਾਇਣ ਰਾਖੁ॥” ਦੀ
ਅਰਦਾਸ, ਰੱਬੀ ਰਜ਼ਾ ਅਥਵਾ ਭਾਣੇ ਦਾ ਉਲੰਘਣ ਜਾਪਦੀ ਹੈ। ਪਰ,
ਗੁਰਬਾਣੀ ਵਿੱਚ ਤਾਂ ਬਹੁਤ ਸਾਰੇ ਅਜਿਹੇ ਸ਼ਬਦ ਹਨ ਜਿਨ੍ਹਾ ਰਾਹੀਂ ਇੱਕ ਪਾਸੇ ਦੱਸਿਆ ਗਿਆ ਹੈ ਕਿ
ਜੰਮਣ ਮਰਨਾ ਹੁਕਮ ਹੈ, ਦੁਖ ਸੁਖ ਵਾਪਰਨੇ ਉਸ ਦਾ ਭਾਣਾ ਹੈ। ਜਿਵੇਂ:
ਜੰਮਣੁ ਮਰਣਾ ਹੁਕਮੁ ਹੈ, ਭਾਣੈ ਆਵੈ ਜਾਇ॥ {ਮ: 1, ਅੰਕ 472} ;
ਦੁਖੁ ਸੁਖੁ ਭਾਣੈ, ਤਿਸੈ ਰਜਾਇ॥ {ਮਃ 1, ਅੰਕ 223}
ਦੂਜੇ ਪਾਸੇ ਅਨੇਕਾਂ ਸ਼ਬਦ ਹਨ, ਜਿਨ੍ਹਾ ਵਿੱਚ ਜਨਮ ਮਰਨ ਤੋਂ ਛੁੱਟਕਾਰੇ ਅਤੇ ਦੁਖਾਂ ਦੀ
ਨਵਿਰਤੀ ਲਈ ਅਰਦਾਸ ਕੀਤੀ ਮਿਲਦੀ ਹੈ ਤੇ ਅਜਿਹੀ ਅਰਦਾਸ ਕਰਨ ਦੀ ਪ੍ਰੇਰਨਾ ਵੀ ਹੈ:
ਕਰ ਜੋੜਿ ਨਾਨਕ ਦਾਨੁ ਮਾਗੈ, ਜਨਮ ਮਰਣ ਨਿਵਾਰਿ ਲੇਹੁ॥ 1॥ {ਮਃ 5, ਅੰਕ
457}
ਦੂਖ ਤਿਸੈ ਪਹਿ ਆਖੀਅਹਿ, ਸੂਖ ਜਿਸੈ ਹੀ ਪਾਸਿ॥ 3॥ {ਮਃ 1, ਅੰਕ 16}
ਜਿਸ ਕੀ ਓਟ ਤਿਸੈ ਕੀ ਆਸਾ॥ ਦੁਖੁ ਸੁਖੁ ਹਮਰਾ ਤਿਸ ਹੀ ਪਾਸਾ॥ ਰਾਖਿ ਲੀਨੋ ਸਭੁ ਜਨ ਕਾ ਪੜਦਾ॥
ਨਾਨਕੁ ਤਿਸ ਕੀ ਉਸਤਤਿ ਕਰਦਾ॥ 4॥ {ਮਃ 5, ਅੰਕ 1145}
ਕੀ ਅਜਿਹੀਆਂ ਅਰਦਾਸਾਂ ਨੂੰ ਰੱਬੀ ਹਕੁਮ, ਰਜ਼ਾ ਅਥਵਾ ਭਾਣੇ ਉਲੰਘਣ ਮੰਨਿਆ ਜਾਏਗਾ?
ਜੇਕਰ ਪ੍ਰੋ. ਸਾਹਿਬ ਸਿੰਘ ਜੀ ਵੱਲੋਂ ‘ਸੁਲਹੀ ਤੇ ਨਾਰਾਇਣ ਰਾਖੁ॥’ ਸ਼ਬਦ ਦੇ ਅਰਥ ਆਪ ਜੀ ਨੂੰ ਸਹੀ
ਨਹੀਂ ਜਾਪਦੇ ਤਾਂ ਕਿਰਪਾ ਕਰਕੇ ਵਿਆਕਰਣਿਕ ਨਿਯਮਾਂ ਅਧੀਨ ਆਪ ਉਹ ਅਰਥ ਕਰ ਦਿਓ, ਜਿਹੜੇ ਰੱਬੀ ਰਜ਼ਾ
ਦੇ ਅਨੁਕੂਲ ਜਾਪਣ। ਦਾਸ ਸਮੇਤ ਸਿੱਖ ਮਾਰਗ ਦੇ ਸਾਰੇ ਪਾਠਕ ਧੰਨਵਾਦੀ ਹੋਣਗੇ।
ਸਿਖਿਆਰਥੀ: ਜਗਤਾਰ ਸਿੰਘ ਜਾਚਕ, ਨਿਊਯਾਰਕ। ਮਿਤੀ: 7-7-2013
**********************************************
ਗੁਰਸ਼ਰਨ ਸਿੰਘ ਕਸੇਲ ਦੇ
ਉੱਤਰ ਵਿੱਚ:
ਕਸੇਲ ਜੀ ਅਦਬ ਸਹਿਤ ਵਾਹਿਗੁਰੂ ਜੀ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਹਿ। ਕਸੇਲ ਜੀ ਸਮੇਤ
ਸਿੱਖ ਮਾਰਗ ਦੇ ਸਮੂਹ ਪਾਠਕਾਂ ਨੂੰ ਬੇਨਤੀ ਹੈ ਕਿ ਚੱਲ ਰਹੀ ਸਿਧਾਂਤਕ ਵਿਚਾਰ ਨੂੰ ਅਦਬ ਤੇ ਪਿਆਰ
ਸਹਿਤ ਅੱਗੇ ਤੋਰੋ, ਪਿੱਛੇ ਨਾ ਮੋੜੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਤਰਗਤਿ ਰਖੋ। ਗੁਰਬਾਣੀ
`ਤੇ ਅਧਾਰਿਤ ਪੱਤਰਾਂ ਨੂੰ ਲੈ ਕੇ ਕਿਸੇ ਦੀ ਵਿਅਕਤੀਗਤ ਧਾਰਨਾ ਬਾਰੇ ਫੈਸਲੇ ਨਾ ਦਿਓ।
ਕਸੇਲ ਜੀ! ਆਪ ਸੂਝਵਾਨ ਹੋ, ਕਿਸੇ ਵੀ ਵਿਅਕਤੀ ਦੀ ਸਮਾਧ ਨੂੰ ਮੱਥਾ ਟੇਕਣਾ ਅਗਿਆਨਤਾ ਹੈ। ਪਰ,
ਕਿਰਪਾ ਕਰਨੀ ਹੁਣ ਵਿਚਾਰ ਨੂੰ ਇਸ ਪਾਸੇ ਅਜੇ ਨਾ ਮੋੜਣਾ।
ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਮੁੱਖ ਮਸਲਾ ਆਪਣੀ ਜਾਨ ਬਚਾਉਣਾ ਨਹੀਂ, ਵਲੀ ਕੰਧਾਰੀ ਦੇ
ਅਹੰਕਾਰ ਕਾਰਨ ਲੋਕਾਂ ਲਈ ਪੈਦਾ ਹੋਈ ਪਾਣੀ ਦੀ ਸਮਸਿਆ ਨੂੰ ਸਲਝਾਉਣਾ ਸੀ। ਅਕਾਲ ਪੁਰਖ ਮਿਹਰ ਸਦਕਾ
ਉਸ ਵਿੱਚ ਉਹ ਸਫਲ ਹੋਏ। ਪਹਾੜ ਤੋਂ ਰਿੜਿਆ ਹੋਇਆ ਪੱਥਰ, ਜਿਨ੍ਹਾਂ ਵੀ ਕੁਦਰਤੀ ਨਿਯਮਾਂ ਅਧੀਨ
ਰੁਕਿਆ, ਉਹ ਸਾਰੇ ਨਿਯਮ ਬਨਾਉਣ ਵਾਲਾ ਕਰਣਕਾਰਣ ਸਰਬਕਲਾ ਸਮਰਥ ਅਕਾਲਪੁਰਖ ਆਪ ਹੀ ਹੈ। ਇਸ ਲਈ ਧਰਮ
ਦੀ ਭਾਸ਼ਾ ਵਿੱਚ ਇਹ ਕਹਿਣਾ ਵੀ ਗ਼ਲਤ ਨਹੀਂ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਅਕਾਲਪੁਰਖ ਨੇ ਆਪਣਾ ਹੱਥ
ਦੇ ਕੇ ਬਚਾਇਆ। ਮੇਰਾ ਖ਼ਿਆਲ ਹੈ ਕਿ ਪਹਾੜ ਵਿੱਚ ਲੱਗੇ ਗੁਰੂ ਨਾਨਕ ਸਾਹਿਬ ਜੀ ਦੇ ਪੰਜੇ (ਹੱਥ) ਦੇ
ਪ੍ਰਤੀਕ ਨਿਸ਼ਾਨ ਵਿੱਚ ਸਾਨੂੰ ਅਕਾਲਪੁਰਖ ਦਾ ਹੱਥ ਦੇਖਣ ਦੀ ਲੋੜ ਹੈ।
(07/07/13)
ਤੱਤ ਗੁਰਮਤਿ ਪਰਿਵਾਰ
ਯਾਦਗਾਰਾਂ ਦੀ ਰਾਜਨੀਤੀ
ਇਤਿਹਾਸਕ ਯਾਦਗਾਰਾਂ ਮਿਟਾਉਣ ਵਾਲੇ ਹੀ ਕਿਉਂ ਬਨਾਣਾ ਚਾਹੁੰਦੇ ਹਨ ਨਵੀਆਂ ਯਾਦਗਾਰਾਂ?
ਸਿੱਖ ਸਮਾਜ ਦੀ ਵਾਗਡੋਰ ਜਦੋਂ ਦੀ ਹਾਕਮ-ਪੁਜਾਰੀ ਗਠਜੋੜ ਦੇ ਪੰਜੇ ਹੇਠ ਆਈ ਹੈ, ਇਸ ਵਿਚ ਵਿਵਾਦਾਂ
ਦਾ ਰੋਲ-ਘਚੋਲਾ ਵੱਧਦਾ ਹੀ ਜਾਂਦਾ ਹੈ। ਸਿੱਖ ਸਮਾਜ ਵਿਚ ਉਠਿਆ ਹਰ ਮੁੱਦਾ ਇਸ ਨਾਪਾਕ ਗਠਜੋੜ ਦੀਆਂ
ਕੁ-ਚਾਲਾਂ ਕਾਰਨ ਆਪਣੇ ਪਿੱਛੇ ਬੇ-ਸ਼ਰਮੀ ਅਤੇ ਨਾ-ਅਹਿਲੀਅਤ ਦੀਆਂ ਅਮਿੱਟ ਪੈੜਾਂ ਛੱਡ ਜਾਂਦਾ ਹੈ।
ਕੋਈ ਵਿਵਾਦ ਕਦੇ ਸਹੀ ਤਰੀਕੇ (ਗੁਰਮਤਿ ਦੀ ਸੇਧ ਵਿਚ) ਹਲ ਨਹੀਂ ਹੁੰਦਾ। ਤਾਜ਼ਾ ਦੌਰ ਦੀ ਗੱਲ ਕਰੀਏ
ਤਾਂ ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਦੀ ਸਿਆਹੀ ਹਾਲੀਂ ਸੁੱਕੀ ਨਹੀਂ ਸੀ ਕਿ ਯਾਦਗਾਰਾਂ ਦਾ ਮੁੱਦਾ
ਇਕ ਵਿਵਾਦ ਬਣ ਕੇ ਰਹਿ ਗਿਆ।
ਪਹਿਲਾਂ ਗੱਲ ਤੁਰੀ ਜੂਨ 1984 ਦੇ ਘਲੂਘਾਰੇ ਦੀ ਯਾਦਗਾਰ ਬਾਰੇ। ਇਹ ਮੰਗ ਕਾਫੀ ਸਮੇਂ ਤੋਂ ਉੱਠ ਰਹੀ
ਸੀ, ਪਰ ਕਾਬਜ਼ ਹਾਕਮ-ਪੁਜਾਰੀ ਗਠਜੋੜ ਇਸ ਮੰਗ ਵੱਲ ਕੰਨ ਨਹੀਂ ਧਰ ਰਿਹਾ ਸੀ। ਜਦੋਂ ਇਸ ਨੂੰ ਇਹ
ਮੁੱਦਾ ਰਾਜਨੀਤਕ ਸਵਾਰਥ ਪੂਰੇ ਕਰਨ ਦਾ ਜ਼ਰੀਆ ਮਹਿਸੂਸ ਹੋਇਆ ਤਾਂ ਇਸ ਨੂੰ ਬਣਾਉਣ ਦੀ ਗੱਲ ਕੀਤੀ
ਜਾਣ ਲੱਗ ਪਈ। ਪਰ ਆਪਣੀ ਚਾਲਾਕ ਅਤੇ ਬੇਈਮਾਨ ਪ੍ਰਵਿਰਤੀ ਕਾਰਨ ਇਸ ਗਠਜੋੜ ਨੇ ਇਹ ਪਹਿਲਾਂ ਹੀ ਤੈਅ
ਕਰ ਲਿਆ ਸੀ ਕਿ ਇਸ ਨਾਮ ਦੇ ਨਾਮ ’ਤੇ ਸਿਰਫ ਖਾਨਾਪੂਰਤੀ ਹੀ ਕਰਨੀ ਹੈ। ਸੋ ਮੂਲ ਨਾਨਕਸ਼ਾਹੀ
ਕੈਲੰਡਰ ਦਾ ਬੇੜਾ ਗਰਕ ਕਰਕੇ ‘ਧੁੰਮਾ ਛਾਪ’ ਕੈਲੰਡਰ ਬਣਾਉਣ ਦੀ ਤਰਜ਼ ’ਤੇ ਇਸ ਯਾਦਗਾਰ ਦਾ ਠੇਕਾ
ਵੀ ਹਰਨਾਮ ਸਿੰਘ ਧੁੰਮਾ (ਦਮਦਮੀ ਟਕਸਾਲ ਮਹਿਤਾ ਦਾ ਮੌਜੂਦਾ ਮੁੱਖੀ) ਨੂੰ ਸੌਂਪ ਦਿਤਾ ਗਿਆ,
ਕਿਉਂਕਿ ਉਹ ਇਸ ‘ਵਿਗਾੜ-ਸੇਵਾ’ ਲਈ ਗਠਜੋੜ ਦਾ ਚਹੇਤਾ ਕਰਿੰਦਾ ਮੰਨਿਆ ਜਾਂਦਾ ਹੈ।
ਸਿਤਮ ਦੀ ਗੱਲ ਇਹ ਹੈ ਕਿ ਅੱਜ ਯਾਦਗਾਰਾਂ ਦੀ ਉਸਾਰੀ ਪ੍ਰਤੀ ਝੂਠਾ ਪਿਆਰ ਦਿਖਾਉਣਾ ਵਾਲੇ ਇਸ ਗਠਜੋੜ
ਦੀ ਸ਼ਹਿ ਤੇ ਹੀ ਸੰਪਰਦਾਈ ਕਾਰਸੇਵਾ ਵਾਲੇ ਠੱਗਾਂ ਨੇ ਬਹੁਤੀਆਂ ਠੋਸ ਪੁਰਾਤਵ ਇਤਿਹਾਸਕ ਨਿਸ਼ਾਨੀਆਂ
ਸੰਗਮਰਮਰ ਦੇ ਬਦਲੇ ਨੈਸਤ-ਉ-ਨਾਬੂਦ ਕਰ ਦਿਤੀਆਂ। ਕਿਥੇ ਹੈ ਚਮਕੌਰ ਦੀ ਗੜੀ? ਕਿਥੇ ਹੈ ਕੱਚੀ
ਹਵੇਲੀ? ਹੋਰ ਤਾਂ ਹੋਰ ਪੁਰਾਤਨ ਹੱਥ ਲਿਖਤ ਗ੍ਰੰਥ ਸਰੂਪਾਂ ਨੂੰ ਵੀ ‘ਸਤਿਕਾਰ’ ਦੇ ਛਲਾਵੇ ਹੇਠ,
‘ਬਿਰਧ’ ਦਰਸਾਉਂਦੇ ਜਲਾ ਕੇ ਨਸ਼ਟ ਕਰ ਦਿਤਾ ਗਿਆ। ਜਦਕਿ ਸਮੁੱਚੇ ਵਿਸ਼ਵ ਵਿਚ ਪੁਰਾਤਨ ਇਤਿਹਾਸਕ
ਇਮਾਰਤਾਂ ਅਤੇ ਹੱਥ ਲਿਖਤ ਦਸਤਾਵੇਜ਼ਾਂ ਨੂੰ ਬਹੁਤ ਸਾਂਭ ਸਾਂਭ ਕੇ ਰੱਖਿਆ ਜਾਂਦਾ ਹੈ। ਤ੍ਰਾਸਦੀ ਇਹ
ਵੀ ਹੈ ਕਿ ਐਸੇ ਕੁ-ਕਰਮਾਂ ਵਿਚ ਸ਼ਾਮਿਲ ਅਨਸਰ ਸਿੱਖ ਕੌਮ ਵਿਚ ਸੰਤ/ਬਾਬੇ ਕਰ ਕੇ ਸਤਿਕਾਰੇ ਜਾਂਦੇ
ਹਨ ਅਤੇ ਅੰਨ੍ਹੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਹੋਏ ਗੁਰਮਤਿ ਨੂੰ ਪਿੱਠ ਵਿਖਾ ਲਈ ਜਾਂਦੀ ਹੈ। ਜੇ
ਕੌਮੀ ਕੇਂਦਰ ’ਤੇ ਕਾਬਜ਼ ਲੋਕਾਂ ਨੂੰ ਜੂਨ 84 ਦੇ ਦਰਦਨਾਕ ਘੱਲੂਘਾਰੇ ਦੀਆਂ ਯਾਦਾਂ ਸਾਂਭਣ ਦਾ
ਮਾੜਾ ਵੀ ਹੇਜ ਹੁੰਦਾ ਤਾਂ 29 ਸਾਲ ਪਹਿਲਾਂ ਵਾਪਰੇ ਘਟਨਾਕ੍ਰਮ ਦੇ ਨਿਸ਼ਾਨ ਇਤਨੀ ਜਲਦੀ ਖਤਮ ਨਾ ਕਰ
ਦਿੱਤੇ ਜਾਂਦੇ। ਦਰਬਾਰ ਸਾਹਿਬ ਕੰਪਲੈਕਸ ਤੋਂ ਚੰਦ ਕੁ ਮੀਟਰਾਂ ਦੀ ਦੂਰੀ ’ਤੇ ਜ਼ਲੀਆਵਾਲਾ ਬਾਗ ਵਿਚ
ਸਾਂਭੇ ਹੋਏ ਲਗਭਗ 100 ਸਾਲ ਪੁਰਾਣੇ ਜ਼ੁਲਮ (ਗੋਲੀਆਂ) ਦੇ ਨਿਸ਼ਾਨ ਸਿੱਖ ਕੌਮ ਅਤੇ ਕਾਬਜ਼ ਧਿਰਾਂ
ਨੂੰ ਸ਼ਰਮਸਾਰ ਕਰਨ ਲਈ ਕਾਫੀ ਹਨ। ਸਿੱਖ ਸਮਾਜ ਦੇ ਕੇਂਦਰ ’ਤੇ ਕਾਬਜ਼ ਇਹ ਗਠਜੋੜ ਤਾਂ ਉੱਕਾ ਹੀ
ਢੀਠ ਅਤੇ ਬੇਸ਼ਰਮ ਹੋ ਚੁੱਕਿਆ ਹੈ, ਉਸ ਤੋਂ ਮੌਜੂਦਾ ਦੌਰ ਵਿਚ ਕਿਸੇ ਚੰਗੇ ਦੀ ਆਸ ਰੱਖਣਾ ਮੂਰਖਤਾ
ਹੋਵੇਗੀ। ਅਫਸੋਸ! ਆਮ ਸਿੱਖ ਸਮਾਜ ਦੀ ਮਾਨਸਿਕਤਾ ’ਤੇ ਵੀ ਹੁੰਦਾ ਹੈ, ਜੋ ਇਨ੍ਹਾਂ ਵਲੋਂ ਐਸੇ
ਪ੍ਰੰਪਚਾਂ ਰਾਹੀਂ ਤਿਆਰ ਕੀਤੇ ਛੁਣਛੁਣਿਆ ’ਤੇ ਲੱਟੂ ਹੋ ਜਾਂਦੇ ਹਨ।
ਗੱਲ ਕਰਦੇ ਹਾਂ ਜੂਨ 84 ਦੀ ਯਾਦਗਾਰ ਬਾਰੇ। ਜੇ ਪਿੱਛਲੇ 29 ਸਾਲਾਂ ਵਿਚ ਖਤਮ ਕਰ ਦਿਤੇ ਗਏ
ਨਿਸ਼ਾਨਾਂ ਦੀ ਘਾਟ ਨੂੰ ਭੁਲਾ ਕੇ ਨਵੇਂ ਸਿਰਿਉਂ ਯਾਦਗਾਰ ਬਣਾਉਣ ਵੇਲੇ ਇਮਾਨਦਾਰੀ ਨਾਲ ਸੋਚਿਆ
ਜਾਂਦਾ ਤਾਂ ਜ਼ਰੂਰੀ ਸੀ ਕਿ ਸਮੁੱਚੇ ਵਿਸ਼ਵ ਦੇ ਸਿੱਖਾਂ ਅਤੇ ਮਾਹਰਾਂ ਕੌਲੋਂ ਸੁਝਾਅ ਮੰਗੇ ਜਾਂਦੇ।
ਉਨ੍ਹਾਂ ਸੁਝਾਵਾਂ ’ਤੇ ਗੌਰ ਕਰਨ ਲਈ ਮਾਹਰ ਪੰਥਦਰਦੀਆਂ ਦੀ ਕਮੇਟੀ ਬਣਾਈ ਜਾਂਦੀ। ਉਸ ਦੀ ਰਿਪੋਰਟ
ਦੇ ਆਧਾਰ ’ਤੇ ਇਕ ਮਾਹਰਾਂ ਦੇ ਪੈਨਲ ਦੀ ਦੇਖ-ਰੇਖ ਹੇਠ ਐਸੀ ਠੋਸ ਯਾਦਗਾਰ ਤਿਆਰ ਕੀਤੀ ਜਾਂਦੀ, ਜਿਸ
ਨੂੰ ਵੇਖ ਕਿ ਸਾਹਮਣੇ ਜੂਨ 84 ਦਾ ਜ਼ੁਲਮ ਇਕ ਫਿਲਮ ਵਾਂਗੂ ਘੁੰਮ ਜਾਂਦਾ। ਇਸ ਯਾਦਗਾਰ ਬਾਰੇ ਠੋਸ
ਸੁਝਾਅ ਅਤਿੰਦਰਪਾਲ ਸਿੰਘ ਖਾਲਸਤਾਨੀ (ਸਾਬਕਾ ਪਾਰਲੀਮੈਂਟ ਮੈਂਬਰ) ਨੇ ਆਪਣੀ ਇਕ ਲਿਖਤ ਦੇ ਰੂਪ ਵਿਚ
ਪੇਸ਼ ਕੀਤੇ ਗਏ ਸਨ ਪਰ ਅਫਸੋਸ ਲਗਭਗ ਸਾਰਿਆਂ ਨੇ ਉਸ ਸੁਝਾਅ ਨੂੰ ਅਣਗੌਲਿਆਂ ਕਰ ਦਿਤਾ। ਇਸ ਵਿਚਲਾ
ਇਕ ਠੋਸ ਸੁਝਾਅ ਇਹ ਸੀ ਕਿ ਯਾਦਗਾਰ ਵਾਲੀ ਬਿਲਡਿੰਗ ਦੀ ਬਾਹਰੀ ਦਿੱਖ ਬਿਲਕੁਲ ਵੈਸੀ ਹੋਵੇ, ਜਿਹੋ
ਜਹੀ ਤਸਵੀਰ 84 ਵਿਚ ਢੱਠੇ ਅਕਾਲ ਤਖ਼ਤ ਦੀ ਸੀ।
ਪਰ ਹੋਇਆ ਕੀ? ਬਿਨਾਂ ਕਿਸੇ ਦੇ ਸੁਝਾਅ ਮੰਗੇ ਯਾਦਗਾਰ ਦੀ ਉਸਾਰੀ ਦਾ ਠੇਕਾ ਹਰਨਾਮ ਸਿੰਘ ਧੁੰਮਾ
ਜਿਹੇ ਸ਼ੱਕੀ ਮੰਨੇ ਜਾਂਦੇ ਬੰਦੇ ਨੂੰ ਦੇ ਦਿਤਾ ਗਿਆ, ਜਿਸ ਨੇ ਯਾਦਗਾਰ ਦੇ ਨਾਮ ’ਤੇ ਖਾਨਾਪੂਰਤੀ
ਕਰਨ ਲਈ ਇਕ ਹੋਰ ਗੁਰਦੁਆਰਾ ਉਸਾਰ ਦਿਤਾ ਅਤੇ ਉੱਥੇ ਚੰਦ ਕੁ ਤਸਵੀਰਾਂ ਰਾਹੀਂ ਯਾਦਗਾਰ ਦਾ ਪੂਰਾ
ਹੋਣਾ ਮੰਨ ਲਿਆ। ਉਸ ਕੰਪਲੈਕਸ ਵਿਚ ਗੁਰਦਵਾਰਿਆਂ ਦੀ ਪਹਿਲਾਂ ਹੀ ਕਿਹੜੀ ਘਾਟ ਸੀ? ਮੂਲ ਨਾਨਕਸ਼ਾਹੀ
ਕੈਲੰਡਰ ਨੂੰ ਵਿਗਾੜਨ ਦੀ ਸੇਵਾ ਵੀ ਇਸੇ ਸ਼ਖਸ ਨੇ ਨਿਭਾਹੀ ਸੀ। ਯਾਦਗਾਰ ਦੇ ਨਾਮ ’ਤੇ ਸਿੱਖਾਂ ਨੇ
ਇਸ ਭ੍ਰਿਸ਼ਟ ਗਠਜੋੜ ਦੇ ਛੁਣਛੁਣੇ ਨੂੰ ਬਿਨਾਂ ਪੜਚੋਲਿਆਂ ਸਵੀਕਾਰ ਕਰ ਲਿਆ। ਪਰ ਕੁਝ ਸਮੇਂ ਬਾਅਦ
ਹੀ ਇਸ ਗਠਜੋੜ ਵਿਚਲੇ ਕੁਝ ਸੱਜਣਾਂ ਦੇ ਹਿਤਾਂ ਦੇ ਟਕਰਾਅ ਲਈ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ
ਤਸਵੀਰ ਦਾ ਬਹਾਨਾ ਬਣਾ ਕੇ ਵਿਵਾਦ ਛੇੜਦੇ ਹੋਏ ਰੋਲ-ਘਚੋਲਾ ਜਿਹਾ ਪੈਦਾ ਕਰ ਦਿੱਤਾ ਗਿਆ। ਉਹ ਸ਼ੋਰ
ਹਾਲੀਂ ਖਤਮ ਨਹੀਂ ਸੀ ਹੋਇਆ ਕਿ ਨਵੰਬਰ 84 ਦੀ ਦਿੱਲੀ ਵਿਖੇ ਇਕ ਹੋਰ ਯਾਦਗਾਰ ਦਾ ਨਵਾਂ ਮਸਲਾ ਖੜਾ
ਕਰ ਦਿੱਤਾ ਗਿਆ।
ਨਵੰਬਰ 84 ਵਿਚ ਦਿੱਲੀ ਕੇਂਦਰ ’ਤੇ ਕਾਬਜ਼ ਕਾਂਗਰਸੀ ਨੇਤਾਵਾਂ ਦੇ ਇਸ਼ਾਰੇ ’ਤੇ ਕੀਤੇ ਗਏ ਸਿੱਖ
ਕਤਲੇਆਮ ਨੂੰ ਵੀ 29 ਸਾਲ ਹੋ ਚਲੇ ਹਨ। ਇਸ ਸਮੇਂ ਤੱਕ ਨਾ ਤਾਂ ਸਿੱਖ ਸਮਾਜ ਪੀੜਿਤਾਂ ਦੀ ਕੋਈ ਠੋਸ
ਮਦਦ ਕਰ ਪਾਇਆ ਅਤੇ ਨਾ ਹੀ ਸਰਕਾਰ ਕੋਲੋਂ ਕੋਈ ਇੰਸਾਫ ਲੈ ਪਾਇਆ। ਜਦਕਿ ਇਸ ਦੇ ਗੁਰਦੁਆਰਿਆਂ ਦੀ
ਆਮਦਨ ਅਰਬਾਂ-ਖਰਬਾਂ ਵਿਚ ਹੈ। ਸਿੱਖ ਸਮਾਜ ਗੁਰਪੁਰਬਾਂ ਅਤੇ ਲੰਗਰਾਂ ਦੇ ਨਾਮ ’ਤੇ ਕਰੋੜਾਂ ਰੁਪਏ
ਤਾਂ ਰੋੜ ਸਕਦਾ ਹੈ ਪਰ ਆਪਣੇ ਪੀੜਿਤ ਤਬਕੇ ਦਾ ਦਰਦ ਵੰਡਾਉਣ ਦਾ ਠੋਸ ਉਪਰਾਲਾ ਅੱਜ ਤੱਕ ਨਹੀਂ ਕਰ
ਸਕਿਆ। 29 ਸਾਲ ਤੱਕ ਦਿੱਲੀ ਕਮੇਟੀ ’ਤੇ ਬਾਦਲ ਧੜਾ ਵੀ ਕਾਬਜ਼ ਰਿਹਾ ਅਤੇ ਸਰਨਾ ਧੜਾ ਵੀ ਪਰ ਕਿਸੇ
ਨੂੰ ਯਾਦਗਾਰ ਦਾ ਚੇਤਾ ਨਹੀਂ ਆਇਆ। ਕੁਝ ਸਮਾਂ ਪਹਿਲਾਂ ਹੋਈਆਂ ਚੌਣਾਂ ਵਿਚ ਬਾਦਲ ਧੜਾ ਦਿੱਲੀ
ਕਮੇਟੀ ’ਤੇ ਫਿਰ ਕਾਬਜ਼ ਹੋ ਗਿਆ। ਇਸ ਦੇ ਬਹੁਤੇ ਅਹੁਦੇਦਾਰ ਦਾਗਦਾਰ ਅਤੇ ਮੌਕਾ-ਪ੍ਰਸਤ ਹਨ।
ਇਨ੍ਹਾਂ ਨੂੰ ਦਿੱਲੀ ਵਿਚ ਕਾਂਗਰਸ ਨੂੰ ਠਿੱਬੀ ਲਾ ਕੇ ਆਪਣੇ ਰਾਜਨੀਤਕ ਪਤੀ (ਬੀ ਜੇ ਪੀ) ਨੂੰ
ਫਾਇਦਾ ਪਹੁੰਚਾਉਣ ਲਈ ਮੌਜੂਦਾ ਸਮੇਂ ਨਵੰਬਰ 84 ਦੇ ਕਤਲੇਆਮ ਦੀ ਯਾਦਗਾਰ ਦਾ ਮੁੱਦਾ ਇਕ
ਬ੍ਰਹਮ-ਅਸਤਰ ਜਾਪਿਆ, ਸੋ ਇਸ ਯਾਦਗਾਰ ਦਾ ਹੇਜ ਜਾਗ ਪਿਆ। ਜੂਨ 84 ਦੀ ਯਾਦਗਾਰ ਵਾਂਙੂ ਬਿਨਾਂ ਕਿਸੇ
ਸਲਾਹ ਮਸ਼ਵਰੇ ਅਤੇ ਠੋਸ ਆਧਾਰ ਦੇ, ਆਨਨ-ਫਾਨਨ ਵਿਚ ਇਸ ਯਾਦਗਾਰ ਦਾ ਨੀਂਹ ਪੱਥਰ ਰੱਖ ਦਿਤਾ ਗਿਆ,
ਜੋ ਇਹ ਸਪਸ਼ਟ ਕਰਨ ਲਈ ਕਾਫੀ ਹੈ ਕਿ ਇਸ ਪਿੱਛੇ ਮਹਿਜ਼ ਰਾਜਨੀਤਕ ਸਵਾਰਥ ਛੁੱਪੇ ਹਨ, ਹੋਰ ਕੁੱਝ
ਨਹੀਂ। ਇਸ ਨੀਂਹ ਪੱਥਰ ਸਮਾਗਮ ਵਿਚ ਬੀ. ਜੇ. ਪੀ. ਨੇਤਾਵਾਂ ਦੀ ਮੌਜੂਦਗੀ ਨੇ ਇਹ ਚਾਲ ਹੋਰ ਵੀ
ਸਪਸ਼ਟ ਕਰ ਕੇ ਰੱਖ ਦਿੱਤੀ। ਜ਼ਿਕਰਯੋਗ ਹੈ ਕਿ ਇਸੇ ਬੀ. ਜੇ. ਪੀ. ਦੇ ਕੁੱਝ ਨੇਤਾ ਇੰਕਸ਼ਾਫ ਕਰਦੇ
ਹਨ ਕਿ ਜੂਨ 84 ਵਿਚ ਦਰਬਾਰ ਸਾਹਿਬ ਕੰਪਲੈਕਸ ’ਤੇ ਹਮਲਾ ਕਰਨ ਲਈ ਇੰਦਰਾ ਗਾਂਧੀ ਨੂੰ ਇਨ੍ਹਾਂ ਨੇ
ਹੀ ਉੱਕਸਾਇਆ ਸੀ। ਸੌੜੇ ਰਾਜਨੀਤਕ ਸਵਾਰਥਾਂ ਦੀ ਪੂਰਤੀ ਲਈ ਇਕ ਹੋਰ ਯਾਦਗਾਰ ਦਾ ਲਾਲੀਪੱਾਪ ਸਿੱਖ
ਸਮਾਜ ਦੇ ਹੱਥ ਵਿਚ ਫੜਾਉਣ ਦੀ ਯੋਜਨਾ ਬਣ ਚੁੱਕੀ ਹੈ।
ਜੇ ਗੱਲ ਸਰਨਾ ਧੜੇ ਦੀ ਕਰੀਏ ਤਾਂ ਕਾਂਗਰਸ ਪ੍ਰਤੀ ਆਪਣੇ ਝੁਕਾਅ ਕਾਰਨ ਇਸ ਯਾਦਗਾਰ ਦੇ ਵਿਰੋਧ
ਪਿੱਛੇ ਵੀ ਰਾਜਨੀਤੀ ਹੀ ਮੁੱਖ ਹੈ। ਹੁਣ ਉਨ੍ਹਾਂ ਨੂੰ ਜਾਪਦਾ ਹੈ ਕਿ ਇਹ ਯਾਦਗਾਰ ਰਕਾਬ ਗੰਜ
ਕੰਪਲੈਕਸ ਵਿਚ ਨਹੀਂ ਹੋਣੀ ਚਾਹੀਦੀ, ਕਿਧਰੇ ਬਾਹਰ ਹੋਣੀ ਚਾਹੀਦੀ ਹੈ। 12 ਸਾਲ ਦੇ ਸਮੇਂ ਦੌਰਾਨ
ਉਨ੍ਹਾਂ ਨੂੰ ਇਸ ਯਾਦਗਾਰ ਦਾ ਚੇਤਾ ਕਦੀ ਨਹੀਂ ਆਇਆ। ਉਧਰ ਸਰਨਾ ਧੜੇ ਦੇ ਇਸ ਵਿਰੋਧ ਨੇ ਪੁਜਾਰੀਆਂ
ਦੇ ਪੌ-ਬਾਰਾਂ ਕਰ ਦਿੱਤੇ ਕਿਉਂਕਿ ਉਨ੍ਹਾਂ ਨੂੰ ਅਕਾਲ ਤਖਤ ਦੇ ਨਾਮ ’ਤੇ ਚਲ ਰਹੇ ਆਪਣੇ ਥਾਣੇ ਵਿਚ
ਪੇਸ਼ ਕਰਵਾਉਣ ਲਈ ਕੁਝ ਮੁਰਗੇ ਮਿਲ ਗਏ। ਸੋ ਯਾਦਗਾਰ ਦੇ ਵਿਰੋਧ ਦੇ ਇਲਜ਼ਾਮ ਨੂੰ ਬਹਾਨਾ ਬਣਾ ਕੇ
‘ਸਰਨਾ’ ਧੜੇ ਦੇ ਨਾਮ ਥਾਣੇ ਦੇ ਸੰਮਨ ਜ਼ਾਰੀ ਕਰ ਦਿੱਤੇ ਗਏ। ਉਨ੍ਹਾਂ ਨੂੰ ਪਤਾ ਹੈ ਨੀਮ ਰਾਜਨੀਤਕ
ਹੋਣ ਕਰਕੇ ਸਰਨਾ ਧੜੇ ਨੇ ‘ਨਿਮਾਣੇ ਸਿੱਖ’ ਵਜੋਂ ਵਿਚ ਹਾਜ਼ਰੀ ਲਵਾਉਣ ਆ ਜਾਣਾ ਹੈ ਅਤੇ ਸਾਡੇ ਇਸ
ਥਾਣੇਦਾਰੀ ਪੁਜਾਰੀਵਾਦੀ ਸਿਸਟਮ ਦੀ ਮਾਨਤਾ ਹੋਰ ਮਜ਼ਬੂਤ ਕਰ ਦੇਣੀ ਹੈ।
ਯਾਦਗਾਰਾਂ ਦੇ ਇਸ ਰੋਲ-ਘਚੋਲੇ ਵਿਚ ਨੁਕਸਾਨ ਸਿੱਖ ਸਮਾਜ ਅਤੇ ਉਸ ਦੀ ਸਾਖ਼ ਦਾ ਹੋ ਰਿਹਾ ਹੈ।
ਸਮੁੱਚੀ ਦੁਨੀਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜ਼ੁਲਮਾਂ ਦੀ ਪਛਾਣ ਦੱਸਣ ਲਈ ਐਸੇ ਘੱਲੂਘਾਰਿਆਂ
ਦੀਆਂ ਯਾਦਗਾਰਾਂ ਨਿਹਾਇਤ ਜ਼ਰੂਰੀ ਹਨ ਪਰ ਉਸ ਲਈ ਸੁਹਿਰਦਤਾ, ਇੱਛਾ-ਸ਼ਕਤੀ ਅਤੇ ਯੋਜਨਾਬੱਧ ਢੰਗ
ਨਾਲ ਕੰਮ ਕਰਨ ਦੀ ਜ਼ਰੂਰਤ ਹੈ।ਜੇ ਇਮਾਨਦਾਰੀ ਨਾਲ ਸੰਨ 84 ਦੇ ਘੱਲੂਘਾਰੇ ਦੀ ਯਾਦਗਾਰ ਬਣਾਉਣ ਦੀ
ਮੰਸ਼ਾ ਹੋਵੇ ਤਾਂ ਇਸ ਲਈ ਕਿਸੇ ਖੁੱਲੀ ਥਾਂ ਉਪਰ ਸੰਨ 84 ਦੇ ਘੱਲੂਘਾਰਿਆਂ ਦੀ ਇਕ ਸਾਂਝੀ ਯਾਦਗਾਰ
ਬਣਾਈ ਜਾਵੇ। ਇਸੇ ਵਿਚ ਜੂਨ 84 ਦੇ ਹਮਲੇ ਅਤੇ ਨਵੰਬਰ 84 ਦੇ ਕਤਲੇਆਮ ਦਾ ਸੱਚ ਮਜ਼ਬੂਤ
ਢੰਗ-ਤਰੀਕਿਆਂ ਨਾਲ ਪੇਸ਼ ਕੀਤਾ ਜਾਵੇ। ਇਨ੍ਹਾਂ ਘੱਲੂਘਾਰਿਆਂ ਲਈ ਇਨਸਾਫ ਲੈਣ ਲਈ ਵੀ ਠੋਸ ਕਾਨੂੰਨੀ
ਕਾਰਵਾਈ ਨਹੀਂ ਕੀਤੀ ਗਈ। ਜੇ ਮਜ਼ਬੂਤ ਢੰਗ ਨਾਲ ਇਨ੍ਹਾਂ ਜੁਲਮਾਂ ਦਾ ਸੱਚ ਅਦਾਲਤੀ ਫੈਸਲਿਆਂ ਰਾਹੀਂ
ਕਬੂਲ ਕਰਵਾ ਲਿਆ ਜਾਵੇ ਤਾਂ ਉਹ ਵੀ ਇਕ ਵੱਡੀ ਇਤਿਹਾਸਿਕ ਉਪਲਬਦੀ ਹੋਵੇਗੀ। ਅਹਿਮ ਨੁਕਤਾ ਇਹ ਵੀ ਹੈ
ਕਿ ਯਾਦਗਾਰਾਂ ਦੇ ਨਾਲ-ਨਾਲ ਐਸੇ ਘੱਲੂਘਾਰਿਆਂ ਤੋਂ ਪੀੜਤ ਤਬਕੇ ਦਾ ਦੁੱਖ ਵੰਡਾਉਣ ਲਈ ਠੋਸ
ਇੰਤਜ਼ਾਮ ਕੀਤੇ ਜਾਣ। ਨਾਲ ਹੀ ਰਾਜਨੀਤਕ ਸਵਾਰਥਾਂ ਲਈ ਯਾਦਗਾਰਾਂ ਦੇ ਨਾਮ ’ਤੇ ਖਾਨਾਪੂਰਤੀ ਵਾਲੇ
ਛੁਣਛੁਣੇ ਫੜਾਉਣ ਦੀ ਪ੍ਰਵਿਰਤੀ ਅਪਰਾਧ ਹੈ ਅਤੇ ਐਸੇ ਲਾਲੀਪਾਪਸ ’ਤੇ ਖੁਸ਼ ਹੋ ਜਾਣ ਦੀ ਪਹੁੰਚ
ਬਾਰੇ ਵੀ ਸਿੱਖ ਸਮਾਜ ਅਤੇ ਚੇਤੰਨ ਤਬਕੇ ਨੂੰ ਸਵੈ-ਪੜਚੋਲ ਕਰਨ ਦੀ ਲੋੜ ਹੈ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(06/07/13)
ਅਵਤਾਰ ਸਿੰਘ ਲੰਡਨ
ਸਤਿਕਾਰਯੋਗ ਗਿਆਨੀ ਜਗਤਾਰ ਸਿੰਘ ਜੀ ਜਾਚਕ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਆਪ ਜੀ ਦੇ ਪੱਤਰ ਪੜ੍ਹਕੇ ਮਨ ਵਿੱਚ ਹੇਠ ਲਿਖੇ ਸ਼ਬਦਾਂ ਬਾਰੇ ਕੁੱਝ ਪ੍ਰਸ਼ਨ ਪੈਦਾ ਹੋਏ
ਹਨ। ਅਪਣੇ ਵਿਚਾਰ ਦੇਕੇ ਕਿਰਤਾਰਥ ਕਰਨ ਦੀ ਕਿਰਪਾ ਕਰਨੀ।
੧. ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲ ਪੰਨਾਂ ੧
੨. ਵਿਣੁ ਤੁਧੁ ਹੋਰ ਜਿ ਮੰਗਣਾ ਸਿਰਿ ਦੁਖਾ ਕੈ ਦੁਖ ਪੰਨਾਂ ੦੫੮
੩. ਤੇਰਾ ਕੀਆ ਮੀਠਾ ਲਾਗੈ ਪੰਨਾਂ ੩੯੪
ਉਪਰ ਲਿਖੇ ਸ਼ਬਦਾਂ ਦੀ ਹੋਂਦ ਦੇ ਸਨਮੁੱਖ ਕੀ ਆਪ ਜੀ ਇਹ ਸਮਝਦੇ ਹੋ ਕਿ ਸ਼ਹੀਦਾਂ ਦੇ ਸਿਰਤਾਜ
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੁਲਹੀ ਤੋਂ ਅਪਣੀ ਜਾਨ ਬਚਾਉਣ ਲਈ ਅਕਾਲ ਪੁਰਖ ਅੱਗੇ ਬੇਨਤੀ ਕੀਤੀ
ਸੀ ਜੋ ਅਕਾਲ ਪੁਰਖ ਨੇ ਪ੍ਰਵਾਨ ਕਰ ਲਈ ਤੇ ਸੁਲਹੀ ਦਾ ਅੰਤ ਹੋ ਗਿਆ?
ਧੰਨਵਾਦ ਸਹਿਤ।
ਅਵਤਾਰ ਸਿੰਘ ਲੰਡਨ
੬ ਜੁਲਾਈ ੨੦੧੩
(06/07/13)
ਤੱਤ ਗੁਰਮਤਿ ਪਰਿਵਾਰ
ਤੱਤ
ਗੁਰਮਤਿ ਪਰਿਵਾਰ ਦੀ ਵੈਬਸਾਈਟ ਬਦਲਵੇਂ ਰੂਪ ਵਿਚ ਮੁੜ ਸ਼ੁਰੂ
‘ਤੱਤ ਗੁਰਮਤਿ ਪਰਿਵਾਰ’
ਲਗਭਗ ਦਸੰਬਰ 2012 ਤੋਂ ਹੀ ਕਈਂ ਰੁਝੇਵਿਆਂ ਕਾਰਨ ਅਸੀਂ ਤੱਤ ਗੁਰਮਤਿ
ਪਰਿਵਾਰ ਦੀ ਵੈਬਸਾਈਟ ਰੈਗੂਲਰ ਅਪਡੇਟ ਨਹੀਂ ਕਰ ਪਾ ਰਹੇ ਸੀ। ਇਸੇ ਦੌਰਾਨ ਕੁਝ ਕਾਰਨਾਂ ਕਰਕੇ
ਅਪ੍ਰੈਲ਼ 2013 ਵਿਚ ਪਰਿਵਾਰ ਦੀ ਵੈਬਸਾਈਟ ਦਾ ਸਾਲਾਨਾ ਨਵੀਨੀਕਰਨ ਨਹੀਂ ਹੋ ਪਾਇਆ ਅਤੇ ਉਹ ਬੰਦ ਹੋ
ਗਈ। ਪਿਛਲੇ ਲਗਭਗ 2 ਮਹੀਨੇ ਵਿਚ ਅਸੀਂ ਇਸ ਨੂੰ ਦੁਬਾਰਾ ਤਿਆਰ ਕਰਨ ਦਾ ਯਤਨ ਕਰ ਰਹੇ ਸੀ। ਦੁਬਾਰਾ
ਨਵੇਂ ਸਿਰੇ ਤੋਂ ਸਾਰਾ ਕੰਮ ਕਰਨ ਕਾਰਨ ਸਮਾਂ ਕਾਫੀ ਲੱਗ ਗਿਆ ਹੈ। ਹੁਣ ਇਹ ਵੈਬਸਾਈਟ ਇਕ ਨਵੇਂ ਨਾਮ
ਅਤੇ ਵੱਖਰੇ ਰੂਪ ਵਿਚ ਪਾਠਕਾਂ ਸਾਹਮਣੇ ਪੇਸ਼ ਕਰਦੇ ਹੋਏ ਅਸੀਂ ਖੁਸ਼ੀ ਮਹਿਸੂਸ ਕਰ ਰਹੇ ਹਾਂ। ਪਿੱਛਲੇ
ਸਮੇਂ ਵਿਚ ਪਾਠਕਾਂ ਨੂੰ ਹੋਈ ਪਰੇਸ਼ਾਨੀ ਲਈ ਖਿਮਾ ਦੇ ਜਾਚਕ ਹਾਂ ਅਤੇ ਭਰਪੂਰ ਕੋਸ਼ਿਸ਼ ਕਰਾਂਗੇ ਕਿ
ਅੱਗੇ ਤੋਂ ਇਹ ਲਗਾਤਾਰ ਅਪਡੇਟ ਕੀਤੀ ਜਾਂਦੀ ਰਹੇ।
ਇਸ ਦਾ ਨਵਾਂ ਲਿੰਕ
www.tattgurmat.org
ਹੈ।
ਇਸ ਦੇ ਹੋਮ ਪੇਜ ਵਿਚ ਰੋਜ਼ਾਨਾ ਖਬਰਾਂ, ਲੇਖਾਂ, ਚਿੱਠੀ-ਪੱਤਰਾਂ ਤੋਂ ਇਲਾਵਾ
6 ਹਵਤਾਵਾਰੀ ਲੇਖ ਲੜੀਆਂ ਵੀ ਸ਼ੁਰੂ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿਚ ਵਿਆਖਿਆ ਸੁਧਾਰ ਦੇ ਨਜ਼ਰੀਏ
ਤੋਂ ਕੀਤੀ ਜਾ ਰਹੀ ਗੁਰਬਾਣੀ ਵਿਚਾਰ, ਭਾਈ ਗੁਰਦਾਸ ਜੀ ਦੀ ਪ੍ਰਚਲਿਤ ਵਾਰਾਂ ਦੀ ਵਿਆਖਿਆ ਅਤੇ
ਪੜਚੋਲ, ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ ਦੀ ਪੁਸਤਕ ਲੜੀ ‘ਮਾਸੁ ਮਾਸੁ ਕਰਿ ਮੂਰਖੁ ਝਗੜੇ’, ਪ੍ਰੋ.
ਇੰਦਰ ਸਿੰਘ ਜੀ ਘੱਗਾ ਦੀ ‘ਪੌਰਾਣਕ ਕਥਾਵਾਂ ਦਾ ਅੰਤ’ ਲੜੀਵਾਰ ਛਾਪੀ ਜਾਵੇਗੀ। ਇਨ੍ਹਾਂ ਲੜੀਆਂ ਵਿਚ
ਖਾਸ ਆਕਰਸ਼ਨ ‘ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ’ ਦੌਰਾਨ ਤਿਆਰ ਦਸਤਾਵੇਜ਼ ‘ਗੁਰਮਤਿ ਜੀਵਨ
ਸੇਧਾਂ: ਮੁੱਖ ਨੁਕਤੇ’ ਪ੍ਰਕਾਸ਼ਤ ਕੀਤਾ ਜਾਵੇਗਾ ਨਾਲ ਹੀ ਭਾਰਤੀ ਇਤਿਹਾਸਕਾਰਾਂ ਵਲੋਂ 1857 ਦੀ
‘ਪਹਿਲੀ ਭਾਰਤੀ ਆਜ਼ਾਦੀ ਦੀ ਲੜਾਈ’ ਵਿਚ ਸਿੱਖਾਂ ਉੱਤੇ ਸਹਿਯੋਗ ਨਾ ਕਰਨ ਦੇ ਲਾਏ ਜਾਂਦੇ ਇਲਜ਼ਾਮ ਦਾ
ਪਰਦਾਫਾਸ਼ ਕਰਨ ਦੇ ਮਕਸਦ ਨਾਲ ਲਿਖੇ ਨਾਵਲ ‘1857, ਕੋਈ ਔਰ ਭੀ ਥਾ’ (ਲੇਖਕ ਸ੍ਰ. ਹਰਪਾਲ ਸਿੰਘ
ਅਰੂਸ਼) (ਹਿੰਦੀ ਵਿਚ) ਵੀ ਪ੍ਰਕਾਸ਼ਤ ਕੀਤਾ ਜਾਵੇਗਾ।
ਸਮੇਂ ਨਾਲ ਦਸਤਾਵੇਜ਼ ‘ਗੁਰਮਤਿ ਜੀਵਨ ਸੇਧਾਂ: ਮੁੱਖ ਨੁਕਤੇ’ ਵੀ ‘ਪੀ. ਡੀ.
ਐਫ.’ ਰੂਪ ਵਿਚ ਪੱਕੇ ਤੌਰ ’ਤੇ ਹੋਮ ਪੇਜ ’ਤੇ ਅਪਲੋਡ ਕਰ ਦਿੱਤਾ ਜਾਵੇਗਾ, ਜਿਸ ਦੀ ਪਾਠਕਾਂ ਵਲੋਂ
ਕਾਫੀ ਸਮੇਂ ਤੋਂ ਮੰਗ ਹੋ ਰਹੀ ਸੀ। ਇਸ ਨਾਲ ਕੁਝ ਸੱਜਣਾਂ ਵਲੋਂ ਇਸ ਸੰਬੰਧੀ ‘ਤੱਤ ਗੁਰਮਤਿ
ਪਰਿਵਾਰ’ ਬਾਰੇ ਕਿਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਦਾ ਝੂਠ ਵੀ ਨੰਗਾ ਹੋ ਜਾਵੇਗਾ।
ਇਸ ਵੈਬਸਾਈਟ ਦੀ ਇਕ ਖਾਸੀਅਤ ਇਹ ਹੈ ਕਿ ਇਸ ਦੇ ਹੋਮ-ਪੇਜ਼ ’ਤੇ ਹੋਰ
ਬਹੁੱਤੀਆਂ ਪੰਥਕ ਵੈਬਸਾਈਟਾਂ ਦੇ ਲਿੰਕ ਦਿਤੇ ਗਏ ਹਨ, ਜਿਥੋਂ ਉਹ ਵੈਬਸਾਈਟਾਂ ਸਿੱਧੀਆਂ ਹੀ ਖੋਲੀਆਂ
ਜਾ ਸਕਦੀਆਂ ਹਨ। ਨਾਲ ਹੀ ਹਰ ਲਿਖਤ ਥੱਲੇ ਪਾਠਕਾਂ ਵਲੋਂ ਆਪਣੇ ਵਿਚਾਰ (ਕਮੈਂਟਸ) ਪੇਸ਼ ਕਰਨ ਦੀ
ਆਪਸ਼ਨ ਵੀ ਰੱਖੀ ਗਈ ਹੈ। ਸਾਰੇ ਪਾਠਕਾਂ ਅਤੇ ਲੇਖਕਾਂ ਵਲੋਂ ਭਰਪੂਰ ਸਹਿਯੋਗ ਦੀ ਆਸ ਕਰਦੇ ਹੋਏ
ਬੇਨਤੀ ਹੈ ਕਿ ਉਹ ਇਸ ਲਿੰਕ ਤੇ ਜਾ ਕੇ ਇਕ ਵਾਰ ਵੈਬਸਾਈਟ ਜ਼ਰੂਰ ਵੇਖਣ ਅਤੇ ਇਸ ਨੂੰ ਹੋਰ ਬੇਹਤਰ
ਬਣਾਉਣ ਲਈ ਆਪਣੇ ਕੀਮਤੀ ਸੁਝਾਅ ਜ਼ਰੂਰ ਭੇਜਣ।
www.tattgurmat.org
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
06 ਜੁਲਾਈ 13.
(05/07/13)
ਗੁਰਸ਼ਰਨ ਸਿੰਘ ਕਸੇਲ
ਸ੍ਰ. ਜਗਤਾਰ ਸਿੰਘ ਜਾਚਕ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਜਾਚਕ ਜੀ, ਤੁਸੀਂ ਗੁਰਮਤਿ ਦਾ ਕਾਫੀ ਪ੍ਰਚਾਰ ਕਰਦੇ ਹੋ, ਤੁਹਾਨੂੰ ਇਸ ਬਾਰੇ ਚੰਗੀ
ਜਾਣਕਾਰੀ ਹੈ, ਇਸ ਲਈ ਆਪ ਜੀ ਤੋਂ ਕੁਝ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹਾਂ । ਆਸ ਹੈ ਕਿ ਆਪ ਜੀ ਦੇ
ਗੁਰਮਤਿ ਬਾਰੇ ਗਿਆਨ ਤੋਂ ਮੇਰੇ ਵਰਗੇ ਅਣਜਾਣ ਵੀ ਕਾਫੀ ਲਾਹਾ ਲੈਂਦੇ ਹਨ ।
ਜਾਚਕ ਜੀ, ਪਹਿਲਾਂ ਤਾਂ ਜਿਸ ਗੱਲ ਤੋਂ ਆਪ ਜੀ ਨਾਲ ਪਾਠਕਾਂ ਦਾ ਵਿਚਾਰ ਵਿਟਾਂਦਾ ‘ਸਿੱਖ ਮਾਰਗ’
‘ਤੇ ਹੋ ਰਿਹਾ ਹੈ, ਇਸ ਬਾਰੇ ਆਪ ਜੀ ਦੇ ਕੀ ਵਿਚਾਰ ਹਨ ਇਹ ਦੱਸਣ ਦੀ ਖੇਚਲ ਕਰਨੀ ਜੀ ।
ਕੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਵੱਲ ਆਉਂਦਾ ਉਹ ਵੱਡਾ ਪੱਥਰ ਕਿਸੇ
ਕਰਾਮਾਤ ਨਾਲ ਰੋਕਿਆ ਹੋਵੇਗਾ ਜਾਂ ਅਕਾਲ ਪੁਰਖ ਨੇ ਆਪਣੀ ਕਲਾ ਵਿਖਾਕੇ ਗੁਰੂ ਜੀ ਦੀ ਜਾਨ ਬਚਾਈ
ਹੋਵੇਗੀ ਜਾਂ ਕੁਝ ਹੋਰ ਹੈ?
ਜਾਚਕ ਜੀ, ਜਿਹਨਾਂ ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਜੇ ਕਿਤੇ ਉਹਨਾਂ
ਭਗਤਾਂ ਦੀ ਕੋਈ ਸਮਾਧ ਹੋਵੇ ਤਾਂ ਕੀ ਸਿੱਖਾਂ ਨੂੰ ਉਥੇ ਸਮਾਧ ਨੂੰ ਮੱਥਾ ਟੇਕਣਾ ਚਾਹੀਦਾ ਹੈ ਜਾਂ
ਨਹੀਂ?
ਜਾਚਕ ਜੀ, ਇਕ ਦਿਨ ਕਿਸੇ ਵਾਕਫ ਦੇ ਘਰ ਬੈਠੇ ਸਾਂ । ਉਥੇ ਇਕ ਪੜ੍ਹਿਆ ਲਿਖਿਆ
(P H D)
ਸੱਜਣ ਦੱਸ ਰਿਹਾ ਸੀ, ਕਿ “ਪੰਜਾਬ ਵਿਚ ਮੇਰੇ ਘਰ ਕਰਾਏਦਾਰਾਂ ਨੇ ਕਬਜਾ ਕਰ ਲਿਆ ਸੀ । ਫਿਰ ਮੈਂ
ਅਕਾਲ ਪੁਰਖ ਅੱਗੇ ਅਰਦਾਸ ਕੀਤੀ ਤੇ ਕੁਝ ਦਿਨ ਬਾਅਦ ਹੀ ਕਰਾਏਦਾਰ ਪ੍ਰੀਵਾਰ ਦੇ ਮੁੱਖੀ ਬੰਦੇ ਦੀ
ਕਾਰ ਟੱਕਰ ਵਿਚ ਮੌਤ ਹੋ ਗਈ। ਫਿਰ ਪ੍ਰੀਵਾਰ ਵਾਲਿਆਂ ਨੇ ਮੈਂਨੂੰ ਸੱਦ ਕਿ ਘਰ ਦੀਆਂ ਚਾਬੀਆਂ ਦੇ
ਦਿਤੀਆਂ । ਇਸ ਤਰ੍ਹਾਂ ਮੇਰਾ ਘਰ ਖਾਲੀ ਹੋ ਗਿਆ” ।
ਉਸ ਸਮੇਂ ਤੋਂ ਮੇਰੇ ਦਿਮਾਗ ਵਿਚ ਇਹ ਸਵਾਲ ਆਉਂਦਾ ਹੈ ਕਿ ਅਕਾਲ ਪੁਰਖ ਸੱਭ ਕੁਝ ਕਰ ਸਕਦਾ ਹੈ ।
ਅਕਾਲ ਪੁਰਖ ਇਕ ਛਿਨ ਵਿਚ ਸਾਡੀ ਸੋਚ ਬਦਲ ਸਕਦਾ ਹੈ ਤਾਂ ਫਿਰ ਉਸਨੂੰ ਕਿਸੇ ਅਰਦਾਸ ਕਰਨ ਵਾਲੇ ਨੂੰ
ਬਚਾਉਣ ਲਈ ਜਾਂ ਉਸਦਾ ਘਰ ਜਾਂ ਜਮੀਨ ਛੱਡਵਾਉਣ ਲਈ ਮਾਰਨ ਦੀ ਹੀ ਕੀ ਲੋੜ ਹੈ ਉਹ ਉਸਦੀ ਸੋਚ ਹੀ
ਕਿਉਂ ਨਹੀਂ ਬਦਲ ਦੇਂਦਾ ?
ਜਾਚਕ ਜੀ, ਇਕ ਜਾਣਕਾਰੀ ਹੋਰ ਦੇਣੀ, ਕਿ ਹੇਠ ਲਿਖੀ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ
36ਵੀਂ ਪੋੜੀ ਦੀ ਆਪ ਜੀ ਨੇ ਵਿਆਖਿਆ ਕੀਤੀ ਹੈ ਜਾਂ ਆਪ ਜਾਣਦੇ ਹੋਵੋ ਕਿ ਕਿਸਨੇ ਗੁਰਮਤਿ ਅਨੁਸਾਰ
ਇਸ ਦੀ ਵਿਆਖਿਆ ਕੀਤੀ ਹੈ ਜੇ ਹੈ ਤਾਂ ਦੱਸਣ ਦੀ ਖੇਚਲ ਕਰਨੀ ਜੀ ।
ਪੁਛੇ ਪੀਰ ਤਕਰਾਰ ਕਰ ਏਹ ਫਕੀਰ ਵਡਾ ਆਤਾਈ॥ (੧-੩੬-੧)
ਏਥੇ ਵਿਚ ਬਗਦਾਦ ਦੇ ਵਡੀ ਕਰਾਮਾਤ ਦਿਖਲਾਈ॥ (੧-੩੬-੨)
ਪਾਤਾਲਾਂ ਆਕਾਸ਼ ਲਖ ਓੜਕ ਭਾਲੀ ਖਬਰ ਸੁ ਸਾਈ॥ (੧-੩੬-੩)
ਫੇਰ ਦੁਰਾਇਣ ਦਸਤਗੀਰ ਅਸੀ ਭਿ ਵੇਖਾਂ ਜੋ ਤੁਹਿ ਪਾਈ॥ (੧-੩੬-੪)
ਨਾਲ ਲੀਤਾ ਬੇਟਾ ਪੀਰ ਦਾ ਅਖੀਂ ਮੀਟ ਗਿਆ ਹਵਾਈ॥ (੧-੩੬-੫)
ਲਖ ਅਕਾਸ਼ ਪਤਾਲ ਲਖ ਅਖ ਫੁਰਕ ਵਿਚ ਸਭ ਦਿਖਲਾਈ॥ (੧-੩੬-੬)
ਭਰ ਕਚਕੌਲ ਪ੍ਰਸ਼ਾਦ ਦਾ ਧੁਰੋਂ ਪਤਾਲੋਂ ਲਈ ਕੜਾਈ॥ (੧-੩੬-੭)
ਜ਼ਾਹਰ ਕਲਾ ਨ ਛਪੈ ਛਪਾਈ ॥
ਆਪ ਜੀ ਦੇ ਵਿਚਾਰ ਜਾਣਨ ਦੀ ਤਾਘ ਵਿਚ,
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
(05/07/13)
ਜਸਵੰਤ ਸਿੰਘ ‘ਅਜੀਤ’
ਗਲਾਂ ਕਰਨੀਆਂ ਤਾਂ ਬਹੁਤ ਸੁਖਾਲੀਆਂ ਨੇ ਪਰ ਅਮਲ …
ਸਿੱਖ ਜਗਤ ਵਲੋਂ ਬੀਤੇ ਵਰ੍ਹਿਆਂ ਵਿੱਚ ਸਿੱਖ ਜਗਤ ਵਲੋਂ ਸਿੱਖ ਇਤਿਹਾਸ ਨਾਲ ਸਬੰਧਤ
ਦਰਜਨਾਂ ਸ਼ਤਾਬਦੀਆਂ ਮੰਨਾਈਆਂ ਗਈਆਂ ਹਨ। ਇਨ੍ਹਾਂ ਸ਼ਤਾਬਦੀਆਂ ਨੂੰ ਮੰਨਾਉਣ ਸਮੇਂ ਸਿੱਖਾਂ ਦੀਆਂ
ਕਹਿੰਦੀਆਂ-ਕਹਾਉਂਦੀਆਂ ਸਰਵੁੱਚ ਧਾਰਮਕ ਜਥੇਬੰਦੀਆਂ ਵਲੋਂ ਅਨੇਕਾਂ ਪ੍ਰਭਾਵਸ਼ਾਲੀ ਪ੍ਰੋਗਰਾਮ ਉਲੀਕੇ
ਜਾਂਦੇ ਰਹੇ ਹਨ। ਜਦੋਂ ਇਨ੍ਹਾਂ ਉਲੀਕੇ ਗਏ ਪ੍ਰੋਗਰਾਮਾਂ ਦਾ ਐਲਾਨ ਕੀਤਾ ਜਾਂਦਾ ਰਿਹਾ, ਉਸ ਸਮੇਂ
ਸਿੱਖੀ ਵਿੱਚ ਆ ਰਹੇ ਨਿਘਾਰ ਤੋਂ ਚਿੰਤਿਤ ਸਿੱਖਾਂ ਵਿੱਚ ਇੱਕ ਆਸ ਦੀ ਕਿਰਨ ਚਮਕ ਉਠਦੀ ਰਹੀ ਹੈ ਕਿ
ਆਖਿਰ ਸਿੱਖੀ ਪ੍ਰਤੀ ਸਮਰਪਿਤ ਜਥੇਬੰਦੀਆਂ ਦੇ ਮੁੱਖੀ ਸਿੱਖੀ ਵਿਰਸੇ ਦੀ ਸੰਭਾਲ ਪ੍ਰਤੀ ਚੇਤੰਨ ਹੋ
ਰਹੇ ਹਨ।
ਅਜਿਹੇ ਹੀ ਐਲਾਨੇ ਗਏ ਕੁੱਝ ਪ੍ਰੋਗਰਾਮਾਂ ਨੂੰ ਵੰਨਗੀ ਵਜੋਂ ਪੇਸ਼ ਕਰ ਕੇ ਹੀ ਅਗਲੀ ਗਲ ਕੀਤੀ ਜਾ
ਸਕਦੀ ਹੈ। ਕੁੱਝ ਵਰ੍ਹੇ ਪਹਿਲਾਂ ਦੀ ਗਲ ਹੈ ਕਿ ਸਿੱਖ ਜਗਤ ਵਲੋਂ ਸ੍ਰੀ ਗੁਰੂ ਅੰਗਦ ਦੇਵ ਜੀ ਦੀ
ਪੰਜਵੀਂ ਅਵਤਾਰ ਸ਼ਤਾਬਦੀ ਅਤੇ ਉਸ ਤੋਂ ਕੁੱਝ ਸਮੇਂ ਬਾਅਦ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ
ਪ੍ਰਕਾਸ਼ ਦੀ ਚੌਥੀ ਸ਼ਤਾਬਦੀ ਮੰਨਾਈ ਜਾਣੀ ਸੀ। ਇਨ੍ਹਾਂ ਮੌਕਿਆਂ ਤੇ ਸਿੱਖਾਂ ਦੀ ਇੱਕ ਸਰਵੁਚ ਧਾਰਮਕ
ਜਥੇਬੰਦੀ ਵਲੋਂ ਉਲੀਕੇ ਗਏ ਪ੍ਰਭਾਵਸ਼ਾਲੀ ਪ੍ਰੋਗਰਾਮਾਂ ਦਾ ਐਲਾਨ ਉਸਦੇ ਮੁੱਖੀਆਂ ਵਲੋ ਪਤੱਰਕਾਰਾਂ
ਨਾਲ ਇੱਕ ਮਿਲਣੀ ਦਾ ਆਯੋਜਨ ਕਰ ਕੇ ਕੀਤਾ ਗਿਆ, ਜਿਵੇਂ ਕਿ-
(ੳ) ਸਿੱਖੀ ਪ੍ਰਤੀ ਸਮਰਪਿਤ ਪੰਜ ਸੌ ਸਿੱਖਾਂ ਦਾ ਇੱਕ ਅਜਿਹਾ ਜਥਾ ਤਿਆਰ ਕੀਤਾ ਜਾਇਗਾ, ਜਿਸਦੇ
ਵੱਖ-ਵੱਖ ਵਿੰਗ ਪਿੰਡ-ਪਿੰਡ ਜਾ ਸਿੱਖੀ ਦਾ ਪ੍ਰਚਾਰ ਕਰਨਗੇ। (ਅ) ਸਾਰੇ ਖਾਲਸਾਂ ਸਕੂਲਾਂ ਅਤੇ
ਕਾਲਜਾਂ ਵਿੱਚ ਗੁਰਮਤਿ ਕੇਂਦਰ ਸਥਾਪਤ ਕੀਤੇ ਜਣਗੇ, ਜੋ ਵਿਦਿਆਰਥੀਆਂ ਨੂੰ ਸਿੱਖੀ ਵਿਰਸੇ ਨਾਲ ਜੋੜਨ
ਦੀ ਜ਼ਿਮੇਂਦਾਰੀ ਨਿਭਾਉਣਗੇ। ਇਸਦੇ ਨਾਲ ਹੀ ਵਿਦਿਆਰਥੀਆਂ ਨੂੰ ਸਿੱਖੀ ਵਿਰਸੇ ਤੋਂ ਜਾਣੂ ਕਰਵਾ, ਉਸ
ਨਾਲ ਜੋੜਨ ਦੇ ਉਪਰਾਲੇ ਕੀਤੇ ਜਾਣਗੇ। (ੲ) ਦਸ ਹਜ਼ਾਰ ਨੌਜਵਾਨਾਂ ਨੂੰ ਬਾਣੀ ਤੇ ਬਾਣੇ ਦਾ ਧਾਰਨੀ
ਬਣਾਇਆ ਜਾਇਗਾ, ਜੋ ਦੂਸਰੇ ਸਿੱਖ ਨੌਜਵਾਨਾਂ ਲਈ ਮਾਡਲ ਹੋਣਗੇ। (ਸ) ਸਿੱਖ ਸਕੂਲਾਂ-ਕਾਲਜਾਂ ਦੇ
ਟੀਚਰਾਂ ਦੇ ਪੰਦ੍ਰਾਂਹ-ਪੰਦ੍ਰਾਂਹ ਦਿਨਾਂ ਟ੍ਰੇਨਿੰਗ ਕੈਂਪ ਲਾਏ ਜਾਣਗੇ, ਜੋ ਸਿੱਖ ਵਿਦਿਆਰਥੀਆਂ
ਨੂੰ ਸਿੱਖੀ ਵਿਰਸੇ ਤੋਂ ਜਾਣੂ ਕਰਵਾਉਣ ਦੀ ਜ਼ਿਮੇਂਦਾਰੀ ਨਿਭਾਣਗੇ। (ਹ) ਸਿੱਖ ਇਤਿਹਾਸ ਨਾਲ ਸਬੰਧਤ
ਸੀਰੀਅਲ ਅਤੇ ਫਿਲਮਾਂ ਤਿਆਰ ਕਰਵਾਈਆਂ ਜਾਣਗੀਆਂ। (ਕ) ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਸ਼ਵ-ਵਿਆਪੀ
ਸਰਬ-ਸਾਂਝੀਵਾਲਤਾ ਦਾ ਸੰਦੇਸ਼ ਘਰ-ਘਰ ਪਹੁੰਚਾਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਤੇ
ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸਬੰਧ ਵਿੱਚ, ਹਰ ਮਹੀਨੇ ਦੀ ਪੰਜ ਤਾਰੀਖ ਨੂੰ ਅਨੰਦਪੁਰ ਸਾਹਿਬ,
ਪਰਿਵਾਰ ਵਿਛੋੜਾ, ਫਤਹਗੜ੍ਹ ਸਾਹਿਬ ਤੇ ਚਮਕੌਰ ਸਾਹਿਬ ਵਿੱਖੇ ਸਮਾਗਮਾਂ ਦਾ ਆਯੋਜਨ ਕੀਤਾ ਜਾਇਆ
ਕਰੇਗਾ। (ਖ) ਇਹ ਮਹਿਸੂਸ ਕਰਦਿਆਂ ਕਿ ਅਜੇ ਤਕ ਆਪਣਾ ਪ੍ਰਚਾਰ ਆਪਣਿਆਂ ਤਕ ਹੀ ਹੋ ਰਿਹਾ ਹੈ, ਫੈਸਲਾ
ਕੀਤਾ ਗਿਆ ਕਿ ਜਿਨ੍ਹਾਂ ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਉਨ੍ਹਾਂ ਦੇ
ਜੀਵਨ ਨਾਲ ਸਬੰਧਤ ਇਤਿਹਾਸਕ ਅਸਥਾਨਾਂ ਤੇ ਵੀ ਸਮਾਗਮ ਕਰਕੇ ਉਨ੍ਹਾਂ ਦੇ ਪੈਰੋਕਾਰਾਂ ਤਕ ਸਿੱਖੀ ਦਾ
ਸਰਬ-ਸਾਂਝੀਵਾਲਤਾ ਪੁਰ ਅਧਾਰਤ ਸੰਦੇਸ਼ ਪਹੁੰਚਾਇਆ ਜਾਇਗਾ, ਆਦਿ। (ਗ) ਇਸ ਸਾਰੇ ਪ੍ਰੋਗਰਾਮ ਨਾਲ
ਸਬੰਧਿਤ ਸਾਰੇ ਸਮਾਗਮਾਂ ਦਾ ਵਾਤਾਵਰਣ ਸਿੱਖੀ ਵਾਲਾ ਰਖਿਆ ਜਾਇਗਾ।
ਇਨ੍ਹਾਂ ਐਲਾਨੇ ਗਏ ਪ੍ਰੋਗਰਾਮਾਂ ਤੋਂ ਇਲਾਵਾ ਵੱਖ-ਵੱਖ ਵਿਦਵਾਨਾਂ, ਬੁੱਧੀਜੀਵੀਆਂ ਅਤੇ ਸਿੱਖ
ਮੁੱਖੀਆਂ ਵਲੋਂ ਆਏ ਸੁਝਾਵਾਂ ਨੂੰ ਮੁੱਖ ਰਖਦਿਆਂ ਬੱਚੀਆਂ ਲਈ ਮਾਤਾ ਖੀਵੀ ਜੀ ਅਤੇ ਮਾਤਾ ਗੁਜਰੀ ਜੀ
ਦੇ ਨਾਂ ਤੇ ਉੱਚ-ਪਧਰੀ ਵਿਦਿਆਕ ਅਤੇ ਤਕਨੀਕੀ ਸੰਸਥਾਵਾਂ ਅਤੇ ਸਾਹਿਬਜ਼ਾਦਿਆਂ ਦੇ ਨਾਂ `ਤੇ ਛੋਟੇ
ਬੱਚਿਆਂ ਲਈ ਜੂਨੀਅਰ ਸਕੂਲਾਂ ਦੀ ਸਥਾਪਨਾ ਕੀਤੇ ਜਾਣ ਦਾ ਫੈਸਲਾ ਵੀ ਕੀਤਾ ਗਿਆ। ਧਰਮ ਪ੍ਰਚਾਰ ਲਈ
ਬਹੁ-ਭਾਸ਼ੀ ਵਿਦਵਾਨਾਂ ਦੀਆਂ ਸੇਵਾਵਾਂ ਲੈਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨੀਂ ਲਗੇ
ਸ਼ਰਧਾਲੂਆਂ ਨੂੰ ਬਾਣੀ ਦੇ ਭਾਵ-ਅਰਥ ਸਮਝਾਣ ਦੇ ਜਤਨ ਅਰੰਭ ਕਰਨ ਦਾ ਵੀ ਐਲਾਨ ਕੀਤਾ ਗਿਆ। ਇਨ੍ਹਾਂ
ਪ੍ਰੋਗਰਾਮਾਂ ਨੂੰ ਦੋ ਹਿਸਿਆਂ ਵਿੱਚ ਵੰਡਣ ਦਾ ਫੈਸਲਾ ਵੀ ਕੀਤਾ ਗਿਆ। ਇੱਕ ਹਿਸੇ ਵਿੱਚ ਥੋੜੇ ਸਮੇਂ
ਦੇ ਅਤੇ ਦੂਜੇ ਹਿਸੇ ਵਿੱਚ ਲੰਮੇਂ ਸਮੇਂ ਦੇ ਪ੍ਰੋਗਰਾਮਾਂ ਨੂੰ ਰਖਿਆ ਗਿਆ।
ਇਸੇ ਤਰ੍ਹਾਂ ਇੱਕ ਹੋਰ ਸਿੱਖ ਧਾਰਮਕ ਜਥੇਬੰਦੀ ਦੇ ਮੁੱਖੀਆਂ ਵਲੋਂ ਆਪਣੇ ਪੱਧਰ ਤੇ ਉਲੀਕੇ ਗਏ ਹੇਠ
ਦਿਤੇ ਪ੍ਰੋਗਰਾਮਾਂ ਨੂੰ ਸਰੰਜਾਮ ਦੇਣ ਦਾ ਫੈਸਲਾ ਕੀਤਾ ਗਿਆ:
(ੳ) ਇੱਕ ਹਾਈ-ਟੈੱਕ ਅਜਾਇਬ ਘਰ ਅਤੇ ਇੱਕ ਇੰਨਫਾਰਮੇਸ਼ਨ ਸੈਂਟਰ ਕਾਇਮ ਕੀਤਾ ਜਾਇਗਾ। (ਅ) ਸਿੱਖ ਧਰਮ
ਦੇ ਸਬੰਧ ਵਿੱਚ ਪੰਜ-ਪੰਜ, ਦਸ-ਦਸ, ਕਿਤਾਬਾਂ ਦੇ ਸੈੱਟ ਸਾਂਸਦਾਂ, ਵਿਧਾਇਕਾਂ, ਜੱਜਾਂ,
ਦੂਤਾਵਾਸਾਂ, ਸੋਸਾਇਟੀਆਂ, ਜਥੇਬੰਦੀਆਂ, ਮੀਡੀਆ ਅਤੇ ਉੱਚ ਦਰਜੇ ਦੇ ਅਫ਼ਸਰਾਂ ਤਕ ਪਹੁੰਚਾਏ ਜਾਣਗੇ।
(ੲ) ਸਕੂਲਾਂ, ਕਾਲਜਾਂ, ਅਤੇ ਹੋਰ ਲਾਇਬ੍ਰੇਰੀਆਂ ਨੂੰ ਸਿੱਖ ਧਰਮ ਸਬੰਧੀ ਕਿਤਾਬਾਂ ਭੇਜੀਆਂ
ਜਾਣਗੀਆਂ ਅਤੇ ਉਨ੍ਹਾਂ ਨੂੰ ਇਹ ਪੇਸ਼ਕਸ਼ ਵੀ ਕੀਤੀ ਜਾਇਗੀ ਕਿ ਜੇ ਉਹ ਚਾਹੁਣ ਤਾਂ ਸਿੱਖ ਧਰਮ ਦੀ
ਜਾਣਕਾਰੀ ਦੇਣ ਵਾਸਤੇ ਵਿਦਵਾਨ ਵੀ ਭੇਜੇ ਜਾ ਸਕਦੇ ਹਨ। (ਸ) ਸਿੱਖ ਰੈਫਰੈਂਸ ਲਾਇਬ੍ਰੇਰੀ ਅਤੇ ਸਿੱਖ
ਧਰਮ ਰੀਸਰਚ ਸੈਂਟਰ ਕਇਮ ਕੀਤਾ ਜਾਇਗਾ। (ਹ) ਵੱਡੇ ਅਫਸਰਾਂ, ਸਿਆਸੀ ਅਤੇ ਧਾਰਮਕ ਆਗੂਆਂ ਅਤੇ ਮੀਡੀਆ
ਦੇ ਨਾਲ ਸਬੰਧ ਕਾਇਮ ਕੀਤਾ ਜਾਇਗਾ। ਇਸਦੇ ਨਾਲ ਹੀ ਇੱਕ ਐੱਫ ਐੱਮ ਰੇਡੀਓ ਸਟੇਸ਼ਨ ਅਤੇ ਟੀ ਵੀ ਚੈਨਲ
ਕਾਇਮ ਕੀਤਾ ਜਾਇਗਾ। (ਕ) ਦੁਸਹਿਰੇ ਦੀਆਂ ਛੁਟੀਆਂ ਵਿੱਚ ਇੱਕ ਕੇਂਦਰੀ ਗੁਰਮਤਿ ਕੈਂਪ ਲਾਇਆ ਜਾਇਗਾ।
(ਖ) ਸਕੂਲਾਂ ਅਤੇ ਕਾਲਜਾਂ ਦੇ ਟੀਚਰਾਂ ਵਾਸਤੇ ਇੱਕ ਰੀਫਰੈਸ਼ਰ ਕੋਰਸ ਅਤੇ ਕੈਂਪ ਲਾਇਆ ਜਾਇਗਾ। (ਗ)
ਦੁਰਲਭ ਕਿਤਾਬਾਂ ਅਤੇ ਖਰੜਿਆਂ ਨੂੰ ਐਡਿਟ ਕਰਕੇ ਛਾਪਿਆ ਜਾਇਗਾ। (ਘ) ਗੁਰੂ ਗ੍ਰੰਥ ਸਾਹਿਬ ਦੀ
ਸਿੱਖਿਆ ਬਾਰੇ ਇੱਕ ਸੌ-ਕੁ ਸਫ਼ੇ ਦੀ ਕਿਤਾਬ ਤਿਆਰ ਕਰਕੇ ਵੱਖ-ਵੱਖ ਭਾਸ਼ਾਵਾਂ ਵਿੱਚ ਛਾਪੀ ਜਾਇਗੀ।
(ਚ) ਵੱਖ-ਵੱਖ ਖੇਤ੍ਰਾਂ ਵਿੱਚ ਮੁਹਾਰਤ ਹਾਸਲ ਕਰਨ ਵਾਲੀਆਂ ਸਿੱਖ ਸ਼ਖਸੀਅਤਾਂ, ਜਿਵੇਂ ਕਿ ਪਤ੍ਰਕਾਰ,
ਡਾਕਟਰ, ਅਫਸਰ (ਆਈ ਏ ਐੱਸ, ਆਈ ਪੀ ਐੱਸ, ਆਈ ਐੱਫ ਐੱਸ ਅਤੇ ਹੋਰ), ਜੱਜ, ਵਕੀਲ, ਇੱਜੀਨੀਅਰ, ਟੀਚਰ
ਤੇ ਪ੍ਰੋਫੈਸਰ, ਲੇਖਕ, ਖਿਡਾਰੀ, ਵਿਦੇਸ਼ੀ ਸਿੱਖ, ਵਪਾਰੀ ਅਤੇ ਮਿਸ਼ਨਰੀ ਆਦਿ ਦਾ ਰਜਿਸਟਰ ਤਿਆਰ ਕੀਤਾ
ਜਾਇਗਾ। (ਛ) ‘ਗੁਰੂ ਮਾਨਿਓ ਗ੍ਰੰਥ’ ਵਿਸ਼ੇ ਨਾਲ ਸਬੰਧਤ, ਦੀਵਾਨ, ਸੈਮੀਨਾਰ ਆਦਿ ਵੱਖ-ਵੱਖ ਥਾਵਾਂ
ਤੇ ਕੀਤੇ ਜਾਣਗੇ, ਆਦਿ ਪ੍ਰੋਗਰਾਮ ਉਲੀਕੇ ਗਏ। ਇਹ ਗਲ ਇਥੇ ਵਰਨਣਯੋਗ ਹੈ ਕਿ ਅਜਿਹੇ ਹੀ ਵਾਇਦਿਆਂ
ਭਰੇ ਐਲਾਨ ਹਰ ਇਤਿਹਾਸਕ ਸ਼ਤਾਬਦੀ ਨੂੰ ਮੰਨਾਉਦਿਆਂ ਹੋਇਆਂ ਕੀਤੇ ਜਾਂਦੇ ਚਲੇ ਆ ਰਹੇ ਹਨ।
ਜੇ ਇਨ੍ਹਾਂ ਸਾਰੇ ਵਾਇਦਿਆਂ ਦੀ ਘੋਖ ਕੀਤੀ ਜਾਏ ਤਾਂ ਇਹ ਸਮਝਣਾ ਮੁਸ਼ਕਿਲ ਨਹੀਂ, ਕਿ ਇਨ੍ਹਾਂ
ਵਾਇਦਿਆਂ ਅਧੀਨ ਉਲੀਕੇ ਗਏ ਸਾਰੇ ਪ੍ਰੋਗਰਾਮ ਅਜਿਹੇ ਹਨ, ਜੇ ਇਨ੍ਹਾਂ ਪੁਰ ਇਮਾਨਦਾਰੀ ਨਾਲ ਅਮਲ
ਹੋਵੇ ਤਾਂ ਸਿੱਖ ਇਤਿਹਾਸ ਵਿੱਚ ਕ੍ਰਾਂਤੀ ਦਾ ਇੱਕ ਨਵਾਂ ਯੁਗ ਅਰੰਭ ਹੋ ਸਕਦਾ ਹੈ ਅਤੇ ਇਹ
ਪ੍ਰੋਗਰਾਮ ਸਿੱਖੀ ਦੀ ਸੰਭਾਲ ਵਿੱਚ ਮਹਤੱਵ-ਪੂਰਣ ਭੂਮਿਕਾ ਅਦਾ ਕਰ ਸਕਦੇ ਹਨ।
ਪ੍ਰੰਤੂ ਹੁੰਦਾ ਕੀ ਰਿਹਾ ਹੈ? ਸਮੇਂ ਦੇ ਬੀਤਣ ਨਾਲ ਹੀ ਇਨ੍ਹਾਂ ਐਲਾਨਾਂ ਅਧੀਨ ਕੀਤੇ ਗਏ ਵਾਇਦਿਆਂ
ਨੂੰ ਵੀ, ਚੋਣ-ਵਾਇਦਿਆਂ ਵਾਂਗ ਹੀ ਭੁਲਾ ਕੇ ਠੰਡੇ ਬਸਤੇ ਵਿੱਚ ਪਾ ਦਿਤਾ ਜਾਂਦਾ ਰਿਹਾ ਹੈ। ਫਿਰ
ਜਿਵੇਂ ਮੁੜ ਚੋਣਾਂ ਦਾ ਮੌਸਮ ਆਉਣ ਤੇ ਰਾਜਸੀ ਜਥੇਬੰਦੀਆਂ ਅਤੇ ਉਮੀਦਵਾਰਾਂ ਵਲੋਂ ਠੰਡੇ ਬਸਤੇ ਵਿੱਚ
ਪਾਈ ਗਈ ਹੋਈ, ਪਿਛਲੇ ਵਾਇਦਿਆਂ ਦੀ ਪਿਟਾਰੀ ਨੂੰ ਕਢ, ਖੋਲ੍ਹ, ਝਾੜ-ਪੂੰਝ ਅਤੇ ਸੰਵਾਰ ਕੇ, ਨਵੇਂ
ਰੂਪ ਵਿੱਚ ਲੋਕਾਂ ਦੇ ਸਾਹਮਣੇ ਪੇਸ਼ ਕਰ ਦਿਤਾ ਜਾਂਦਾ ਹੈ, ਬਿਲਕੁਲ ਉਸੇ ਹੀ ਤਰ੍ਹਾਂ ਨਵੀਂ ਸ਼ਤਾਬਦੀ
ਆਉਣ ਦੇ ਮੌਕੇ ਤੇ ਸਿੱਖ ਜਥੇਬੰਦੀਆਂ ਅਤੇ ਉਨ੍ਹਾਂ ਦੇ ਮੁੱਖੀਆਂ ਵਲੋਂ ਵੀ ਪਿਛਲੀਆਂ ਸ਼ਤਾਬਦੀਆਂ ਦੇ
ਮੌਕੇ ਤੇ ਕੀਤੇ ਗਏ ਵਾਇਦਿਆਂ ਭਰੇ ਐਲਾਨਾਂ ਨੂੰ ਠੰਡੇ ਬਸਤੇ ਵਿੱਚੋਂ ਕਢ, ਝਾੜ-ਪੂੰਝ ਨਵੇਂ ਰੂਪ
ਵਿੱਚ ਸਿੱਖਾਂ ਸਾਹਮਣੇ ਪੇਸ਼ ਕਰ ਦਿਤਾ ਜਾਂਦਾ ਚਲਿਆ ਆ ਰਿਹਾ ਹੈ। ਇਹ ਕੁੱਝ ਵੇਖ-ਸੁਣ ਕੇ ਉਹ
ਵਿਸ਼ਵਾਸ ਨਿਰਾਸ਼ਾ ਵਿੱਚ ਬਦਲ ਜਾਂਦਾ ਰਿਹਾ ਹੈ, ਜੋ ਇਨ੍ਹਾਂ ਵਾਇਦਿਆਂ-ਭਰੇ ਐਲਾਨ ਪੜ੍ਹ-ਸੁਣ ਕੇ
ਪੈਦਾ ਹੋਇਆ ਹੁੰਦਾ ਰਿਹਾ ਹੈ।
ਗਲਾਂ ਚੰਗੀਆਂ ਪਰ ਅਮਲ ਆਸਾਨ ਨਹੀਂ! ਸਮੇਂ-ਸਮੇਂ ਸਿੱਖੀ ਨੂੰ ਲਗ ਰਹੀ ਢਾਹ ਅਤੇ ਸਿੱਖੀ ਦੇ
ਹੋ ਰਹੇ ਨੁਕਸਾਨ ਦੇ ਬਾਰੇ ਬਹੁਤ ਚਰਚਾ ਕੀਤੀ ਜਾਂਦੀ ਰਹਿੰਦੀ ਹੈ। ਜਦੋਂ ਕਦੀ ਇਸ ਸਥਿਤੀ ਵਿਚੋਂ
ਉਭਰਨ ਦੀ ਗਲ ਸ਼ੁਰੂ ਹੁੰਦੀ ਹੈ ਤਾਂ ਇਹ ਕਿਹਾ ਜਾਣ ਲਗਦਾ ਹੈ ਕਿ ਪ੍ਰਮੁਖ ਧਾਰਮਕ ਜਥੇਬੰਦੀਆਂ ਪੁਰ
ਰਾਜਸੀ ਪ੍ਰਭਾਵ ਹੋਣ ਕਾਰਣ ਹੀ ਸਿੱਖੀ ਨੂੰ ਢਾਹ ਲਗ ਰਹੀ ਹੈ। ਇਸ ਕਰਕੇ ਜਦੋਂ ਤਕ ਇਨ੍ਹਾਂ ਤੋਂ
ਰਾਜਸੀ ਗ਼ਲਬਾ ਖਤਮ ਨਹੀਂ ਕੀਤਾ ਜਾਂਦਾ, ਤਦ ਤਕ ਸਿੱਖੀ ਨੂੰ ਬਚਾ ਪਾਣਾ ਸੰਭਵ ਨਹੀਂ ਹੋਵੇਗਾ।
ਭਾਵੇਂ ਉਨ੍ਹਾਂ ਦਾ ਇਹ ਖਦਸ਼ਾ ਠੀਕ ਹੋ ਸਕਦਾ ਹੈ, ਪਰ ਸੁਆਲ ਇਹ ਵੀ ਉਠਦਾ ਹੈ ਕਿ ਇਸ ਸੋਚ ਦੇ
ਧਾਰਨੀਆਂ ਦੀ ਆਪਣੀ ਭਾਵਨਾ ਵਿੱਚ ਕਿਥੋਂ ਤਕ ਇਮਾਨਦਾਰੀ ਅਤੇ ਦ੍ਰਿੜ੍ਹਤਾ ਭਰੀ ਹੋਵੇਗੀ ਕਿ ਉਹ
ਬਿਨਾਂ ਕਿਸੇ ਲਾਲਸਾ ਦੇ ਸਿੱਖੀ ਨੂੰ ਬਚਾਣ ਪ੍ਰਤੀ ਸਮਰਪਿਤ ਹੋ, ਇਸ ਜ਼ਿਮੇਂਦਾਰੀ ਨੂੰ ਸੰਭਾਲ ਸਕਣ?
ਸਭ ਤੋਂ ਪਹਿਲੀ ਵਿਚਾਰਨ ਵਾਲੀ ਗਲ ਤਾਂ ਇਹ ਹੈ ਕਿ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ
ਕਿਸੇ ਹੋਰ ਧਾਰਮਕ ਜਥੇਬੰਦੀ ਨੂੰ ਰਾਜਸੀ ਪ੍ਰਭਾਵ ਤੋਂ ਮੁਕਤ ਕਰਵਾ ਲੈਣਾ ਇਤਨਾ ਆਸਾਨ ਹੈ ਜਿਤਨਾ ਕਿ
ਇਸ ਸਬੰਧੀ ਗਲਾਂ ਕਰ ਲੈਣਾ? ਫਿਰ ਇਸ ਗਲ ਦੀ ਕੀ ਗਰੰਟੀ ਹੈ ਕਿ ਆਉਣ ਵਾਲੇ ਨਵੇਂ ਸੱਤਾਧਾਰੀ ਇਨ੍ਹਾਂ
ਅਸਥਾਨਾਂ ਨੂੰ ਰਾਜਨੀਤੀ ਤੋਂ ਮੁਕਤ ਰਖਣਗੇ ਤੇ ਇਨ੍ਹਾਂ ਦੀ ਵਰਤੋਂ ਨਿਜ-ਸੁਆਰਥ ਲਈ ਨਹੀਂ ਕਰਨਗੇ?
ਇਹ ਗਲ ਯਾਦ ਰਖਣ ਵਾਲੀ ਹੈ ਕਿ ਸਿੱਖਾਂ ਦੀਆਂ ਧਾਰਮਕ ਜਥੇਬੰਦੀਆਂ ਦੀਆਂ ਪ੍ਰਬੰਧਕੀ ਕਮੇਟੀਆਂ
ਲੋਕਤਾਂਤ੍ਰਿਕ ਮਾਨਤਾਵਾਂ ਦਾ ਪਾਲਣ ਕਰਦਿਆਂ ਗਠਿਤ ਕੀਤੀਆਂ ਜਾਂਦੀਆਂ ਹਨ ਅਤੇ ਲੋਕਤੰਤਰ ਦੇ
ਦ੍ਰਿਸ਼ਟੀਕੋਣ ਤੋਂ ਇਹ ਸਚਾਈ ਸਵੀਕਾਰ ਕਰਨੀ ਹੀ ਹੋਵੇਗੀ ਕਿ ਲੋਕਤੰਤਰ ਵਿੱਚ ਹਮੇਸ਼ਾਂ ਸਿੱਖੀ-ਵਿਰੋਧੀ
ਸ਼ਕਤੀਆਂ ਦਾ ਪਲੜਾ ਭਾਰੀ ਹੋਵੇਗਾ। ਇਸਦਾ ਕਾਰਣ ਇਹ ਹੈ ਕਿ ਉਹ ਸਾਰੀਆਂ ਸ਼ਕਤੀਆਂ, ਜੋ ਸਿੱਖੀ ਪ੍ਰਤੀ
ਸਮਰਪਿਤ ਹੋਣ ਦੀਆਂ ਦਾਅਵੇਦਾਰ ਜਥੇਬੰਦੀਆਂ ਦੇ ਵਿਰੋਧ ਦਾ ਸ਼ਿਕਾਰ ਹੋ ਰਹੀਆਂ ਹਨ, ਉਨ੍ਹਾਂ ਦੇ
ਵਿਰੁਧ ਇੱਕ-ਜੁਟ ਹੋ ਖੜੀਆਂ ਹੋ ਰਹੀਆਂ ਹਨ, ਜੋ ਲੋਕਤਾਂਤ੍ਰਿਕ ਢੰਗ ਨਾਲ ਚੁਣੀਆਂ ਜਾਣ ਵਾਲੀਆਂ
ਕਮੇਟੀਆਂ ਦੀ ਚੋਣ ਵਿੱਚ ਉਸੇ ਦਾ ਸਾਥ ਦੇਣਗੀਆਂ, ਜੋ ਉਨ੍ਹਾਂ ਦਾ ਪੱਖ ਪੂਰਦਾ ਹੈ। ਇਸਤਰ੍ਹਾਂ ਜੋ
ਨਤੀਜਾ ਸਾਹਮਣੇ ਆ ਸਕਦਾ ਹੈ, ਉਹ ਕਿਸੇ ਤੋਂ ਛੁਪਿਆ ਨਹੀਂ।
…ਅਤੇ ਅੰਤ ਵਿੱਚ: ਜੇ ਸਿੱਖੀ ਨੂੰ ਬਚਾਣ ਦੇ ਸੰਕਲਪ ਵਿੱਚ ਇਮਾਨਦਾਰੀ ਅਤੇ ਦ੍ਰਿੜ੍ਹਤਾ
ਹੋਵੇ, ਤਾਂ ਪੁਰਾਤਨ ਸਿੱਖ ਇਤਿਹਾਸ ਵਲ ਝਾਤ ਮਾਰਕੇ, ਉਸਤੋਂ ਮਾਰਗ-ਦਰਸਨ ਲੈਣਾ ਅਤੇ ਆਪਣੇ ਆਪਨੂੰ
ਰਾਜਸੀ ਲਾਲਸਾ ਤੋਂ ਮੁਕਤ ਕਰਨਾ ਹੋਵੇਗਾ, ਜੋ ਕਿ ਸਹਿਜ ਨਹੀਂ। ਇਸਲਈ ਜ਼ਰੂਰੀ ਹੈ ਕਿ ਕਿਸੇ ਪੁਰ ਟੇਕ
ਰਖਣ ਦੀ ਬਜਾਏ, ਆਪ ਸਿਰੜੀ ਬਣਿਆ ਜਾਏ। ਜਦੋਂ ਤਕ ਆਪ ਸੁਆਰਥ-ਮੁਕਤ ਨਹੀਂ ਹੋਇਆ ਜਾਇਗਾ, ਤਦ ਤਕ
ਦੂਜਿਆਂ ਦਾ ਵਿਸ਼ਵਾਸ ਜਿਤ ਕੇ ਉਨ੍ਹਾਂ ਨੂੰ ਆਪਣੇ ਨਾਲ ਚਲਾਣਾ ਸੰਭਵ ਨਹੀਂ ਹੋ ਸਕੇਗਾ। ਇਹ ਗਲ ਪੱਲੇ
ਬੰਨ੍ਹ ਕੇ ਹੀ ਅਗੇ ਵਧਿਆ ਜਾ ਸਕਦਾ ਹੈ।
(04/07/13)
ਵਰਿੰਦਰ ਸਿੰਘ (ਗੋਲਡੀ)
ਸਤਿਕਾਰ ਯੋਗ ਇਕਬਾਲ ਸਿੰਘ ਢਿਲੋਂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ,
ਵੀਰ ਜੀਓ ਮੈ ਪਹਲਾਂ ਵੀ ਦੱਸ ਚੁੱਕਾ ਹਾਂ ਕੇ ਮੇਰੇ ਹਿਸਾਬ ਨਾਲ ਸਹੀ ਉਚਾਰਣ ੧ (ਇਕ)
+ਓ = ਏਕੋ ਹੀ ਬਣਦਾ ਹੈ, ਬਾਕੀ ਲਗਦਾ ਹੈ ਕੇ ਤੁਹਾਡੀ ਇਸ ਵਿਸ਼ੇ ਉਤੇ ਕਾਫੀ ਰਿਸਰਚ ਹੈ ਇਸ ਲਈ
ਬੇਨਤੀ ਹੈ ਕੇ ਤੁਸੀ ਹੀ ਮੁੱਦੇ ਤੇ ਰੋਸ਼ਨੀ ਪਾਓ !
ਵਰਿੰਦਰ ਸਿੰਘ (ਗੋਲਡੀ)
(04/07/13)
ਜਗਤਾਰ ਸਿੰਘ ਜਾਚਕ, ਨਿਊਯਾਰਕ
ਜਰਨੈਲ ਸਿੰਘ ਸਿਡਨੀ ਦੇ ਉੱਤਰ ਵਿੱਚ:
ਮੇਰੇ ਬਿਬੇਕੀ ਵੀਰ ਭਾਈ ਜਰਨੈਲ ਸਿੰਘ (ਸਿਡਨੀ) ਜੀ ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ
ਫ਼ਤਹਿ।
ਉੱਤਰ ਲਈ ਧੰਨਵਾਦ। ਅੱਛਾ ਹੋਇਆ ਤੁਹਾਨੂੰ ਮੇਰੇ ਬਾਰੇ ਕੋਈ ਸ਼ੰਕਾ ਨਹੀਂ ਰਹੀ। ਪਰ
ਮੇਰੀਆਂ ਇੱਕ ਦੋ ਬੇਨਤੀਆਂ ਹੋਰ ਹਨ, ਉਹ ਧਿਆਨ ਪੂਰਵਕ ਪੜ੍ਹਣ ਦੀ ਖੇਚਲ ਕਰਨੀ।
ਪਹਿਲੀ ਬੇਨਤੀ ਹੈ ਕਿ ਦਾਸ ਦੇ ਖ਼ਿਆਲ ਮੁਤਾਬਿਕ ਪਾਖੰਡੀ ਤੇ ਆਚਰਣਹੀਣ ਤਾਂਤਰਿਕਾਂ ਤੇ ਦੰਭੀ
ਡੇਰੇਦਾਰਾਂ ਦੇ ਸੁਆਰਥੀ ਵਰਤਾਰੇ ਨੂੰ ਰੱਬ ਰੂਪ ਭਗਤਾਂ ਦੀ ਸਚਿਆਰ ਕਰਣੀ ਨਾਲ ਤੁੱਲਣਾ ਦੇਣੀ,
ਭਗਤ-ਜਨਾਂ ਦਾ ਨਿਰਾਦਰ ਕਰਨ ਤੁੱਲ ਹੈ। ਸਿਧਾਂਤਕ ਸਾਂਝ ਦੀ ਗੱਲ ਤਾਂ ਛੱਡੋ, ਅਜਿਹਾ ਸੋਚਣਾ ਹੀ
ਗੁਨਾਹ ਹੈ।
ਦੂਜੀ ਬੇਨਤੀ ਇਹ ਹੈ ਕਿ ਭਗਤ ਕਬੀਰ ਸਾਹਿਬ ਅਤੇ ਬਾਬਾ ਨਾਮਦੇਵ ਜੀ ਦੀ ਜ਼ਿੰਦਗੀ ਵਿੱਚ ਰੱਬੀ ਰਜ਼ਾ
ਵਿਖੇ ਹੋਏ ਅਲੌਕਿਕ ਚਮਤਕਾਰ, ਪ੍ਰੋ. ਸਾਹਿਬ ਸਿੰਘ ਜੀ ਨੂੰ ਤਾਂ ਗੁਰਬਾਣੀ ਦੀ ਇਕਸਾਰਤਾ ਭੰਗ ਕਰਦੇ
ਨਹੀਂ ਜਾਪਦੇ। ਇਸੇ ਲਈ ਉਨ੍ਹਾਂ ਨੇ ਸਬੰਧਤ ਸ਼ਬਦਾਂ ਨੂੰ ਵਿਆਕਰਣਿਕ ਨਿਯਮਾਂ ਅਧੀਨ ਇਤਿਹਾਸਕ ਪਰਿਪੇਖ
ਵਿੱਚ ਅਰਥਾਉਂਦਿਆਂ ਕਿਧਰੇ ਕੋਈ ਵਿਸ਼ੇਸ਼ ਨੋਟ ਨਹੀਂ ਲਿਖਿਆ ਕਿ ਇਨ੍ਹਾਂ ਸ਼ਬਦ ਦਾ ਪ੍ਰਸੰਗ ਗੁਰਮਤਿ
ਅਨੁਸਾਰੀ ਨਹੀਂ। ਕਿਉਂਕਿ, ਭਗਤਵਛਲ ਅਕਾਲਪੁਰਖ ਦੇ ਬਿਰਦ ਨੂੰ ਪਰਗਟਾਉਂਦਿਆਂ ਗੁਰਬਾਣੀ ਵਿੱਚ ਬਹੁਤ
ਥਾਈਂ ਪ੍ਰਵਾਨ ਕੀਤਾ ਗਿਆ ਹੈ ਕਿ ਭਗਤ-ਜਨ ਜੋ ਚਿਤਵਦੇ ਹਨ, ਉਹ ਪ੍ਰਵਾਨ ਕਰਦਾ ਹੈ। ਉਹ ਭਗਤਾਂ ਦੀ
ਪੈਜ ਰੱਖਦਾ ਅਤੇ ਅੰਗੀਕਾਰ ਕਰਦਾ ਹੋਇਆ ਉਨ੍ਹਾਂ ਦਾ ਹਰ ਥਾਂ ਰਖਵਾਲਾ ਹੁੰਦਾ ਹੈ।
ਇਸ ਪੱਖੋਂ ਧਿਆਨ ਦੇਣ ਯੋਗ ਦੂਜੀ ਗੱਲ ਇਹ ਹੈ ਕਿ ਜੇ ਕਰ ਭਗਤਾਂ ਦੇ ਜੀਵਨ ਦੀਆਂ ਚਮਤਕਾਰੀ
ਘਟਨਾਵਾਂ, ਗੁਰਮਤਿ ਪ੍ਰਕਾਸ਼ ਦੇ ਮੋਢੀ ਗੁਰੂ ਨਾਨਕ ਸਾਹਿਬ ਜੀ ਨੂੰ ਰੱਬੀ-ਰਜ਼ਾ ਦੇ ਵਿਪਰੀਤ ਜਾਪਦੀਆਂ
ਤਾਂ ਇਨ੍ਹਾਂ ਨੂੰ ਉਹ ਆਪਣੀ ਪੋਥੀ ਵਿੱਚ ਨਾ ਸੰਭਾਲਦੇ ਅਤੇ ਨਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਵਿੱਚ ਇਨ੍ਹਾਂ ਨੂੰ ਥਾਂ ਮਿਲਦੀ। ਗੁਰੂ ਸਾਹਿਬ ਵਿਚਾਰਿਆ ਕਿ ਭਗਤ-ਜਨਾਂ ਦੀ ਜ਼ਿੰਦਗੀ ਵਿੱਚ ਜੋ ਵੀ
ਅਲੌਕਿਕ ਘਟਨਾ ਘਟੀ, ਉਹ ਅਕਾਲਪੁਰਖ ਦੇ ਭਗਤਵਛਲੀ ਬਿਰਦ ਅਧੀਨ ਰੱਬੀ ਰਜ਼ਾ ਵਿੱਚ ਹੈ। ਕਿਉਂਕਿ, ਮੋਈ
ਗਊ ਜ਼ਿੰਦਾ ਹੋਣ ਵਾਲੀ ਘਟਨਾ ਨਾਲ ਸਬੰਧਤ ਸ਼ਬਦ ਦੇ ਰਹਾਉ ਵਾਲੀ ਤੁਕ ਵਿੱਚ ਭਗਤ ਬਾਬਾ ਨਾਮਦੇਵ ਜੀ
ਬਾਦਸ਼ਾਹ ਨੂੰ ਨਿਰਭੈਤਾ ਸਹਿਤ ਕਹਿੰਦੇ ਹਨ:
ਮੇਰਾ ਕੀਆ ਕਛੂ ਨ ਹੋਇ॥
ਕਰਿ ਹੈ ਰਾਮੁ ਹੋਇ ਹੈ ਸੋਇ॥ ੪॥ {ਗੁਰੂ ਗ੍ਰੰਥ ਸਾਹਿਬ, ਅੰ. ੧੧੬੫}
ਭਗਤਾਂ ਵਾਂਗ ਗੁਰੂ ਸਾਹਿਬਾਨ ਨੇ ਵੀ ਰੱਬੀ ਦਰਗਾਹ ਦੇ ਵਰਤਾਰੇ ਅਤੇ ਉਸ ਦੇ ਭਗਤ ਰਖਿਅਕ
ਬਿਰਦ ਨੂੰ ਪ੍ਰਗਾਉਣ ਲਈ ਆਪਣੀਆਂ ਕੁੱਝ ਹੱਡ ਬੀਤੀਆਂ ਦੇ ਹਵਾਲੇ ਦਿੱਤੇ ਹਨ। ਜਿਵੇਂ ਹੇਠ ਲਿਖੇ ਸ਼ਬਦ
ਵਿੱਚ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਸਦੇ ਹਨ ਕਿ ਜਦੋਂ ਸੁਲਹੀ ਖਾਂ ਹਮਲਾਵਰ ਹੋਇਆ ਤਾਂ ਉਸ
ਤੋਂ ਬਚਾਅ ਲਈ ਅਸੀਂ ਨਰਾਇਣ ਪ੍ਰਭੂ ਅੱਗੇ ਅਰਦਾਸ ਕੀਤੀ। ਮੇਰੇ ਖਸਮ ਪ੍ਰਭੂ ਨੇ ਆਪਣੇ ਮੌਤ ਰੂਪ
ਕੁਹਾੜੇ ਨਾਲ ਉਸ ਦਾ ਸਿਰ ਕਟਿਆ ਤੇ ਇਸ ਤਰ੍ਹਾਂ ਉਹ ਅੱਗ ਵਿੱਚ ਸੜ ਕੇ ਨਾਪਾਕ ਹੋ ਕੇ ਮਰਿਆ:
ਬਿਲਾਵਲੁ ਮਹਲਾ ੫॥ ਸੁਲਹੀ ਤੇ ਨਾਰਾਇਣ ਰਾਖੁ॥ ਸੁਲਹੀ ਕਾ ਹਾਥੁ ਕਹੀ ਨ
ਪਹੁਚੈ ਸੁਲਹੀ ਹੋਇ ਮੂਆ ਨਾਪਾਕੁ॥ ੧॥ ਰਹਾਉ॥ ਕਾਢਿ ਕੁਠਾਰੁ ਖਸਮਿ ਸਿਰੁ ਕਾਟਿਆ ਖਿਨ ਮਹਿ ਹੋਇ ਗਇਆ
ਹੈ ਖਾਕੁ॥ ਮੰਦਾ ਚਿਤਵਤ ਚਿਤਵਤ ਪਚਿਆ ਜਿਨਿ ਰਚਿਆ ਤਿਨਿ ਦੀਨਾ ਧਾਕੁ॥ ੧॥ ਪੁਤ੍ਰ ਮੀਤ ਧਨੁ ਕਿਛੂ ਨ
ਰਹਿਓ ਸੁ ਛੋਡਿ ਗਇਆ ਸਭ ਭਾਈ ਸਾਕੁ॥ ਕਹੁ ਨਾਨਕ ਤਿਸੁ ਪ੍ਰਭ ਬਲਿਹਾਰੀ ਜਿਨਿ ਜਨ ਕਾ ਕੀਨੋ ਪੂਰਨ
ਵਾਕੁ॥ ੨॥ ੧੮॥ ੧੦੪॥ {ਪੰਨਾ ੮੨੫}
ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਵਿੱਚ ਤੁਕ ਅਰਥ ਇਸ ਪ੍ਰਕਾਰ ਹਨ:
ਅਰਥ : — (ਹੇ ਪ੍ਰਭੂ ! ਮੇਰੀ ਸੇਵਕ ਦੀ ਤਾਂ ਤੇਰੇ ਪਾਸ ਹੀ ਅਰਜ਼ੋਈ ਸੀ ਕਿ) ਹੇ ਪ੍ਰਭੂ !
(ਸਾਨੂੰ) ਸੁਲਹੀ (ਖਾਂ) ਤੋਂ ਬਚਾ ਲੈ, ਅਤੇ ਸੁਲਹੀ ਦਾ (ਜ਼ੁਲਮ-ਭਰਿਆ) ਹੱਥ (ਸਾਡੇ ਉੱਤੇ) ਕਿਤੇ ਭੀ
ਨਾਹ ਅੱਪੜ ਸਕੇ। (ਹੇ ਭਾਈ ! ਪ੍ਰਭੂ ਨੇ ਆਪ ਹੀ ਮੇਹਰ ਕੀਤੀ ਹੈ) ਸੁਲਹੀ (ਖਾਂ) ਮਲੀਨ-ਬੁੱਧਿ ਹੋ
ਕੇ ਮਰਿਆ ਹੈ। ੧। ਰਹਾਉ।
ਹੇ ਭਾਈ ! ਖਸਮ ਪ੍ਰਭੂ ਨੇ (ਮੌਤ-ਰੂਪ) ਕੁਹਾੜਾ ਕੱਢ ਕੇ (ਸੁਲਹੀ ਦਾ) ਸਿਰ ਵੱਢ ਦਿੱਤਾ ਹੈ, (ਜਿਸ
ਕਰ ਕੇ ਉਹ) ਇੱਕ ਖਿਨ ਵਿੱਚ ਹੀ ਸੁਆਹ ਦੀ ਢੇਰੀ ਹੋ ਗਿਆ ਹੈ। ਹੋਰਨਾਂ ਦਾ ਨੁਕਸਾਨ ਕਰਨਾ ਸੋਚਦਾ
ਸੋਚਦਾ (ਸੁਲਹੀ) ਸੜ ਮਰਿਆ ਹੈ। ਜਿਸ ਪ੍ਰਭੂ ਨੇ ਉਸ ਨੂੰ ਪੈਦਾ ਕੀਤਾ ਸੀ, ਉਸ ਨੇ (ਹੀ ਉਸ ਨੂੰ
ਪਰਲੋਕ ਵਲ ਦਾ) ਧੱਕਾ ਦੇ ਦਿੱਤਾ ਹੈ। ੧।
ਹੇ ਭਾਈ ! ਸਾਰਾ ਸਾਕ (ਕੁਟੰਬ) ਛੱਡ ਕੇ (ਸੁਲਹੀ ਇਸ ਦੁਨੀਆ ਤੋਂ) ਤੁਰ ਗਿਆ ਹੈ। ਉਸ ਦੇ ਭਾ ਦੇ
ਨਾਹ ਕੋਈ ਪੁੱਤਰ ਰਹਿ ਗਏ, ਨਾਹ ਕੋਈ ਮਿੱਤਰ ਰਹਿ ਗਏ, ਨਾਹ ਧਨ ਰਹਿ ਗਿਆ, ਉਸ ਦੇ ਭਾ ਦਾ ਕੁੱਝ ਭੀ
ਨਹੀਂ ਰਹਿ ਗਿਆ। ਹੇ ਨਾਨਕ ! ਆਖ—ਮੈਂ ਉਸ ਪ੍ਰਭੂ ਤੋਂ ਕੁਰਬਾਨ ਜਾਂਦਾ ਹਾਂ, ਜਿਸ ਨੇ ਆਪਣੇ ਸੇਵਕ
ਦੀ ਅਰਦਾਸ ਸੁਣੀ ਹੈ (ਤੇ, ਸੇਵਕ ਨੂੰ ਸੁਲਹੀ ਤੋਂ ਬਚਾਇਆ ਹੈ)। ੨। ੧੮। ੧੦੪।
ਭਾਵ : —ਕੋਈ ਭੀ ਬਿਪਤਾ ਆਉਂਦੀ ਦਿੱਸੇ, ਪਰਮਾਤਮਾ ਦੇ ਦਰ ਤੇ ਹੀ ਅਰਜ਼ੋਈ ਕੀਤੀ ਫਬਦੀ ਹੈ।
ਸਪਸ਼ਟ ਹੈ ਕਿ ਸੁਲਹੀ ਖਾਂ ਕੁਦਰਤੀ ਮੌਤੇ ਨਹੀਂ ਮਰਿਆ। ਅਕਾਲ ਪੁਰਖ ਨੇ ਆਪਣੇ ਸੇਵਕ ਦੀ ਅਰਦਾਸ ਸੁਣ
ਕੇ ਉਸ ਨੂੰ ਬਚਾਉਣ ਲਈ ਵਿਸ਼ੇਸ਼ ਤੌਰ `ਤੇ ਮਾਰਿਆ। ਜੇ ਗੁਰੂ ਅਰਜਨ ਸਾਹਿਬ ਜੀ ਨੂੰ ਬਚਾਉਣ ਲਈ ਰੱਬ
ਕੋਈ ਵਿਸ਼ੇਸ਼ ਚਲਿਤ ਰਚਾ ਸਕਦਾ ਹੈ ਤਾਂ ਭਗਤਾਂ ਲਈ ਕਿਉਂ ਨਹੀਂ ਬਹੁੜ ਸਕਦਾ?
ਮੇਰੇ ਵੀਰ ਜੋ ਤੁਸੀਂ ਗੱਲਾਂ ਕਰਦੇ ਹੋ, ਉਹ ਅਜੋਕੇ ਜੁੱਗ ਦੇ ਹਾਣ ਦੀਆਂ ਹਨ। ਧਰਮ ਨੂੰ ਸਰਬਕਾਲੀ,
ਸਰਬਦੇਸ਼ੀ, ਸਰਬਵਿਆਪੀ ਅਤੇ ਸਰਬਪ੍ਰਵਾਨਿਤ ਤੇ ਮਨੁਖਤਾਵਾਦੀ ਬਨਾਉਣ ਲਈ ਇਹ ਲੋੜੀਦੀਆਂ ਵੀ ਹਨ। ਪਰ,
ਗੁਰਬਾਣੀ ਦੀ ਅਜਿਹੀ ਵਿਆਖਿਆ ਕਰਨ ਲਈ, ਲੋੜ ਹੈ ਗੁਰੂ ਨਾਨਕ ਸਾਹਿਬ ਜੀ ਦੀ ਪ੍ਰਚਾਰ ਜੁਗਤਿ ਨੂੰ
ਸਮਝਣ ਦੀ; ਨਾ ਕਿ ਸ਼ਬਦਾਂ ਦੇ ਅਰਥ ਬਦਲਣ ਲਈ ਪ੍ਰਕਰਣ ਤੇ ਵਿਆਕਰਣ ਦਾ ਉਲੰਘਣ ਕਰਕੇ ਲਫ਼ਜ਼ਾਂ (ਪਦਾਂ)
ਨੂੰ ਨਾ ਤੋੜਣ ਮਰੋੜਣ ਦੀ।
ਮੈਂ ਗੁਰਬਾਣੀ ਦੀ ਦਾਰਸ਼ਨਿਕ ਇਕਸਾਰਤਾ ਦੇ ਵਿਰੁਧ ਨਹੀਂ। ਪਰ, ਮੈਂ ਚਹੁੰਦਾ ਹਾਂ ਕਿ ਇਸ ਲਈ ਅਸੀਂ
ਆਪਣੀ ਦਿਮਾਗੀ ਸੋਚ ਅਧੀਨ ਸ਼ਬਦਾਂ ਦੇ ਅਰਥ ਬਦਲਣ ਲਈ ਪ੍ਰਕਰਣ ਤੇ ਵਿਆਕਰਣ ਦਾ ਉਲੰਘਣ ਨਾ ਕਰੀਏ।
ਅਕਾਲਮੂਰਤਿ ਦੇ ਰੱਬੀ ਵਿਸ਼ੇਸ਼ਣ ਨੂੰ ਭੁੱਲ ਕੇ ਪੱਥਰਾਂ ਨੂੰ ਪੂਜਣ ਵਾਂਗ ਕੇਵਲ ਨਿਰਜਿੰਦ ਕੁਦਰਤੀ
ਨਿਯਮਾਂ ਨੂੰ ਹੀ ਰੱਬ ਨਾ ਪਰਚਾਰੀਏ। ਕਿਉਂਕਿ, ਕੁਦਰਤੀ ਨਿਯਮਾਂ ਨੂੰ ਹੀ ਸਭ ਕੁੱਝ ਮੰਨ ਲੈਣਾ,
ਰੱਬੀ ਹੋਂਦ ਤੋਂ ਇਨਕਾਰੀ ਹੋਣ ਤੁੱਲ ਹੈ। ਯਾਦ ਰੱਖੋ! ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ
ਵਿੱਚ ਸਿਰਜਨਹਾਰ ਅਕਾਲਪੁਰਖ ਦੀ ਉਸ ਇੱਕ ਓਅੰਕਾਰੀ ਚੇਤੰਨ ਹੋਂਦ ਹਸਤੀ ਤੋਂ ਇਨਕਾਰੀ ਹੋ ਸਕਣਾ
ਅਸੰਭਵ ਹੈ, ਜਿਸ ਨੇ ਅਟਲ ਕੁਦਰਤੀ ਨਿਯਮ ਬਣਾਏ ਤੇ ਕੁਦਰਤ ਦੀ ਰਚਨਾ ਰਚੀ। ਗੁਰਵਾਕ ਹੈ:
ਆਪੀਨੈੑ ਆਪੁ ਸਾਜਿਓ ਆਪੀਨੈੑ ਰਚਿਓ ਨਾਉ॥
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥ {ਅੰਕ ੪੬੩}
ਅੱਛਾ ਹੁੰਦਾ ਜੇ ਵਿਚਾਰਧਾਰਕ ਸਾਂਝ ਲਈ ਤੁਸੀਂ ਆਪਣਾ ਫੋਨ ਨੰਬਰ ਤੇ ਈਮੇਲ ਭੇਜ ਦਿੰਦੇ।
ਕਿਉਂਕਿ, ਬਹੁਤ ਗੱਲਾਂ ਹਨ, ਜਿਹੜੀਆਂ ਮਿਲ ਕੇ ਹੀ ਕੀਤੀਆਂ ਜਾ ਸਕਦੀਆਂ ਹਨ। ਭੁੱਲ-ਚੁੱਕ ਮੁਆਫ਼।
ਦਰਸ਼ਨ ਅਭਿਲਾਖੀ:
ਜਗਤਾਰ ਸਿੰਘ ਜਾਚਕ, ਨਿਊਯਾਰਕ
ਮਿਤੀ: ੪ ਜੁਲਾਈ ੨੦੧੩
(04/07/13)
ਤੱਤ ਗੁਰਮਤਿ ਪਰਿਵਾਰ
‘ਕੂੜੁ ਠਗੀ
ਗੁਝੀ ਨਾ ਰਹੈ ਮੁਲੰਮਾ ਪਾਜੁ ਲਹਿ ਜਾਇ’
ਅਸੀਂ
ਮਿਆਰੀ ਆਲੋਚਨਾ ਦੀ ਜਾਚ ਕਦੋਂ ਸਿਖਾਂਗੇ?
ਬੀਬੀ
ਜਸਵੀਰ ਕੌਰ ਮਾਰਫਤ ਕੇਹਰ ਸਿੰਘ ਚੰਡੀਗੜ ਦੀ ਝੂਠੀ ਭੜਾਸ ਬਾਰੇ ਸਾਡਾ ਪੱਖ
‘ਤੱਤ
ਗੁਰਮਤਿ ਪਰਿਵਾਰ’
ਅਨੇਕਾਂ ਮੁੱਦਿਆਂ ’ਤੇ ਆਪਸੀ
ਅਸਹਿਮਤੀ ਇਕ ਮੁੱਢਲੀ ਮਨੁੱਖੀ ਹਕੀਕਤ ਹੈ। ਧਰਮ ਦੇ ਖੇਤਰ ਵਿਚ ਇਕੋ ਵਿਚਾਰਧਾਰਾ ਨੂੰ ਮੰਨਣ ਵਾਲੇ
ਵੱਖ-ਵੱਖ ਵਿਦਵਾਨਾਂ ਵਿਚ ਕਈਂ ਮੁੱਦਿਆਂ ’ਤੇ ਵਿਚਾਰਕ ਅਸਹਿਮਤੀ ਹੋਣਾ ਇਕ ਆਮ ਗੱਲ ਹੈ। ਇਸ
ਅਸਹਿਮਤੀ ਦੇ ਆਧਾਰ ’ਤੇ ਵਿਰੋਧੀ ਵਿਚਾਰ ਵਾਲਿਆਂ ਦੀ ਆਲੋਚਨਾ ਵੀ ਅਕਸਰ ਹੁੰਦੀ ਰਹਿੰਦੀ ਹੈ। ਸਿੱਖ
ਮੱਤ ਦੇ ਵਿਦਵਾਨ ਵੀ ਇਸ ਦਾ ਅਪਵਾਦ ਨਹੀਂ ਹਨ। ਗੁਰਮਤਿ ਦੇ ਅਨੇਕਾਂ ਵਿਸ਼ਿਆਂ ’ਤੇ ਵਿਦਵਾਨਾਂ ਵਿਚ
ਅਸਹਿਮਤੀ ਆਮ ਗੱਲ ਹੈ ਅਤੇ ਇਸ ਸੰਬੰਧੀ ਲਿਖਤਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
ਪੁਨਰਜਾਗਰਨ ਦੇ ਖੇਤਰ ਵਿਚ ਵਿਚਰ ਰਹੀਆਂ ਅਨੇਕਾਂ ਧਿਰਾਂ/ਵਿਦਵਾਨਾਂ ਵਿਚ ਵੀ ਐਸੀ ਰੁਚੀ ਆਮ ਵੇਖੀ
ਜਾਂਦੀ ਹੈ।
‘ਹਾਂ-ਪੱਖੀ’ ਆਲੋਚਨਾ ਹਮੇਸ਼ਾਂ ਵਿਕਾਸ ਦਾ ਆਧਾਰ ਬਣਦੀ ਹੈ।
ਗੁਰਮਤਿ ਦੇ ਪੈਰੋਕਾਰ ਹੋਣ ਦਾ ਦਾਅਵਾ ਲਾਜ਼ਮੀ ਮੰਗ ਕਰਦਾ ਹੈ ਕਿ ਐਸੀ ਆਲੋਚਨਾ ਠੋਸ ਤੱਥਾਂ ਅਤੇ
ਦਲੀਲਾਂ ’ਤੇ ਆਧਾਰਿਤ ਹੋਵੇ ਅਤੇ ਆਲੋਚਨਾ ਵੇਲੇ ਮਨ ਵਿਚ ਈਰਖਾ, ਕ੍ਰੌਧ, ਨਫਰਤ ਆਦਿ ਅਲਾਮਤਾਂ ਨਾ
ਹੋਣ। ਇਨ੍ਹਾਂ ਕਮਜ਼ੋਰੀਆਂ ਕਾਰਨ ਆਲੋਚਕ ਝੂਠ ਅਤੇ ਕੂੜ ਦਾ ਆਸਰਾ ਲੈ ਕੇ ਵਿਰੋਧੀ ਵਿਚਾਰ ਵਾਲੇ ਨੂੰ
ਬਦਨਾਮ ਕਰਨ ਦੀ ਮੰਸ਼ਾ ਨਾਲ ਹਲਕੇ ਪੱਧਰ ਦੀ ਇਲਜ਼ਾਮ ਤਰਾਸ਼ੀ ’ਤੇ ਉਤਰਦਾ ਹੋਇਆ, ਆਪਣੀ ਸ਼ਖਸੀਅਤ ਵਿਚਲੇ
ਅਸਲ ਕਿਰਦਾਰ ਨੂੰ ਸਾਹਮਣੇ ਲੈ ਆਉਂਦਾ ਹੈ। ਐਸੀ ਬੌਖਲਾਹਟ ਦਾ ਪ੍ਰਗਟਾਵਾ ਕਰਨ ਵਾਲੇ ਲੇਖਕ ਤੇ
ਗੁਰਮਤਿ ਦੇ ਪੈਰੋਕਾਰ ਹੋਣ ਦੇ ਦਾਅਵੇ ਤੇ ਵੀ ਪ੍ਰਸ਼ਨ-ਚਿੰਨ੍ਹ ਲੱਗ ਜਾਂਦਾ ਹੈ, ਬੇਸ਼ਕ ਉਹ
ਪੰਜ-ਕਕਾਰੀ ਹੋਵੇ ਜਾਂ ਕੇਸਕੀਧਾਰੀ।
ਕੁਝ ਐਸੀ
ਹੀ ਮਾਨਸਿਕਤਾ ਉਦੋਂ ਸਾਹਮਣੇ ਆਈ, ਜਦੋਂ ਪਿੱਛਲੇ ਦਿਨੀਂ ਸਿੱਖ ਮਾਰਗ (ਅਤੇ ਕੁਝ ਹੋਰ ਵੈਬਸਾਈਟਾਂ)
’ਤੇ ਬੀਬੀ ਜਸਵੀਰ ਕੌਰ ਜੀ ਦੇ ਨਾਮ ਹੇਠ ਕੇਹਰ ਸਿੰਘ ਜੀ ਚੰਡੀਗੜ ਨੇ ਤੱਤ ਗੁਰਮਤਿ ਪਰਿਵਾਰ ਪ੍ਰਤੀ
ਕੁੱਝ ਮੁੱਦਿਆਂ ’ਤੇ ਅਸਹਿਮਤੀ ਕਾਰਨ ਮਨ ਵਿਚ ਪੈਦਾ ਹੋਈ ਨਫਰਤ ਤੋਂ ਗ੍ਰਸਤ ਹੋ ਕੇ ਨੀਮ ਝੂਠ ਦਾ
ਸਹਾਰਾ ਲੈਂਦੇ ਹੋਏ, ਪਰਿਵਾਰ ਨੂੰ ਬਦਨਾਮ ਕਰਨ ਦੇ ਮਕਸਦ ਨਾਲ ਇਕ ਲਿਖਤ ਪ੍ਰਕਾਸ਼ਿਤ ਕੀਤੀ।
ਪਹਿਲਾਂ ਫੋਨ ’ਤੇ ਸਾਡੇ ਇਕ ਮੁੱਢਲੇ ਪ੍ਰਬੰਧਕੀ ਮੈਂਬਰ ਨੂੰ ਕੇਹਰ ਸਿੰਘ ਜੀ ਅਤੇ ਦਵਿੰਦਰ ਸਿੰਘ ਜੀ
ਆਰਟਿਸਟ, ਪਰਿਵਾਰ ਬਾਰੇ ਭੰਡੀ-ਪ੍ਰਚਾਰ ਕਰਨ ਦਾ ਧਮਕੀ ਰੂਪ ਇਸ਼ਾਰਾ ਕਰ ਚੁੱਕੇ ਸਨ। ਕਿਸੇ ਮਜ਼ਬੂਰੀ
ਹੇਠ ਜੇ ਕੇਹਰ ਸਿੰਘ ਜੀ ਆਪਣੇ ਨਾਮ ਨਾਲ ਨਹੀਂ ਲਿਖਦੇ ਤਾਂ ਇਹ ਗੱਲ ਸਮਝੀ ਜਾ ਸਕਦੀ ਹੈ ਪਰ ਉਸ
ਹਾਲਤ ਵਿਚ ਬਿਹਤਰ ਸੀ ਕਿ ਉਹ ‘ਇਕ ਪਾਠਕ’ ਵਜੋਂ ਹੀ ਲਿੱਖ ਦੇਂਦੇ। ਨਫਰਤ ਅਤੇ ਬੌਖਲਾਹਟ ਆਦਿਕ
ਮਾਨਸਿਕ ਕਮਜ਼ੋਰੀਆਂ ਦਾ ਠੀਕਰਾ ਆਪਣੀ ਧਰਮ-ਪਤਨੀ ਦੇ ਨਾਮ ’ਤੇ ਭੰਨਣਾ ਤਾਂ ਗੁਰਮਤਿ ਦਾ ਰਾਹ ਨਹੀਂ
ਲਗਦਾ?
ਖੈਰ! ਇਸ
ਪੂਰੇ ਲੇਖ ਦਾ ਆਧਾਰ ਇਹ ਸੀ ਕਿ ਤੱਤ ਗੁਰਮਤਿ ਪਰਿਵਾਰ ਨੇ ਸਮਾਗਮ ਬਾਰੇ ਦਵਿੰਦਰ ਸਿੰਘ ਜੀ ਖਰੜ ਨੂੰ
ਕੁਝ ਨਹੀਂ ਦੱਸਿਆ ਅਤੇ ਚੁੱਪ-ਚੁੱਪੀਤੇ ਹੀ ਕਰ ਲਿਆ। ਦੂਜਾ ਝੂਠਾ ਇਲਜ਼ਾਮ ਇਹ ਹੈ ਕਿ ਆਰਟਿਸਟ ਜੀ ਦੀ
ਬੇਟੀ ਦੇ ਆਨੰਦ ਕਾਰਜ ਨੂੰ ਪਰਿਵਾਰ ਨੇ ਹਾਈਜੈਕ ਕਰਕੇ ਆਪਣਾ ਸਮਾਗਮ ਬਣਾ ਲਿਆ।
ਉਪਰੋਕਤ
ਝੂਠ ਦਾ ਪਰਦਾਫਾਸ਼ ਕਰਨ ਲਈ ਇਸ ਸਮਾਗਮ ਦੀ ਪ੍ਰਿਸ਼ਟ-ਭੂਮੀ ਤੇ ਸੰਖੇਪ ਨਜ਼ਰ ਮਾਰ ਲੈਣੀ ਲਾਹੇਵੰਦ
ਹੋਵੇਗੀ।
ਪਾਠਕਾਂ ਨੂੰ ਚੇਤੇ ਹੋਵੇਗਾ ਕਿ
ਪਰਿਵਾਰ ਨੇ ਲਗਭਗ 2-ਢਾਈ ਸਾਲ ਦਾ ਸਮਾਂ ਲਾ ਕੇ ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਦਾ ਸੰਯੋਜਨ
ਕੀਤਾ। ਇਸ ਉਪਰਾਲੇ ਦੌਰਾਨ ਸਿੱਖ ਰਹਿਤ ਮਰਿਯਾਦਾ ਵਿਚਲੀਆਂ ਗੁਰਮਤਿ ਵਿਰੋਧੀ ਗੱਲਾਂ ਦਾ ਸੁਧਾਰ
ਕਰਕੇ ਇਕ ਨਵਾਂ ਰੂਪ ਤਿਆਰ ਕਰਨ ਦੇ ਮਕਸਦ ਨਾਲ ਸਾਰਿਆਂ ਕੋਲੋਂ ਖਰੜੇ ਬਾਰੇ ਖੁੱਲੇ ਵਿਚਾਰ ਮੰਗੇ
ਗਏ। ਸੰਭਾਵਿਤ ਖਰੜੇ ’ਤੇ ਵਿਚਾਰ ਕਰਨ ਲਈ ਜੰਮੂ ਵਿਖੇ ਦੋ ਵਾਰ ਦੋ ਦਿਨਾਂ ਵਿਚਾਰ-ਚਰਚਾਵਾਂ ਵੀ
ਕਰਵਾਈਆਂ ਗਈਆਂ। ਇਨ੍ਹਾਂ ਵਿਚਾਰ-ਚਰਚਾਵਾਂ ਵਿਚ ਸ਼ਾਮਿਲ ਹੋਣ ਅਤੇ ਆਪਣੇ ਲਿਖਤੀ ਵਿਚਾਰ ਦੇਣ ਲਈ
ਸਾਰਿਆਂ ਨੂੰ ਵਾਰ-ਵਾਰ ਬੇਨਤੀ ਕੀਤੀ ਗਈ। ਕੇਹਰ ਸਿੰਘ ਜੀ ਚੰਡੀਗੜ ਅਤੇ ਦਵਿੰਦਰ ਸਿੰਘ ਜੀ ਖਰੜ
ਸਮੇਤ ਜਾਗਰੂਕ ਪੰਥ ਦਾ ਹਿੱਸਾ ਮੰਨੀਆਂ ਜਾਂਦੀਆਂ ਬਹੁਤੀਆਂ ਧਿਰਾਂ ਅਤੇ ਸ਼ਖਸੀਅਤਾਂ ਨੂੰ ਨਿੱਜੀ
ਸੱਦਾ ਪੱਤਰ (ਈ-ਮੇਲ ਰਾਹੀਂ, ਫੋਨ ਰਾਹੀਂ, ਹੱਥੀਂ ਆਦਿ) ਅਤੇ ਸੰਭਾਵਿਤ ਖਰੜੇ ਦੀ ਕਾਪੀ ਭੇਜੀ ਗਈ।
ਪਰ ਕੇਹਰ ਸਿੰਘ ਜੀ ਨੇ ਨਾ ਤਾਂ ਉਸ ਬਾਰੇ ਕੋਈ ਲਿਖਤੀ ਵਿਚਾਰ ਦਿਤੇ ਅਤੇ ਨਾ ਹੀ ਵਿਚਾਰ-ਚਰਚਾ ਵਿਚ
ਸ਼ਾਮਲ ਹੋਏ।
ਕੀ ਐਸੇ
ਲੋਕਾਂ ਨੂੰ ਉਸ ਦਸਤਾਵੇਜ਼ ਬਾਰੇ ਕੋਈ ਗੱਲ ਕਰਨ ਦਾ ਨੈਤਿਕ ਹੱਕ ਬਣਦਾ ਹੈ?
ਦਸਤਾਵੇਜ਼ ਵਿਚ ਆਖਰੀ ਮੱਦ ਰਾਹੀਂ ਸੁਧਾਰ ਦੀ ਗੁੰਜਾਇਸ਼ ਹਮੇਸ਼ਾਂ ਰੱਖੀ ਗਈ ਹੈ ਅਤੇ ਉਸ ਲਈ
ਨੁੱਕਤਾਵਾਰ ਸੁਝਾਵਾਂ ਦਾ ਹਮੇਸ਼ਾਂ ਸੁਆਗਤ ਕੀਤਾ ਜਾਵੇਗਾ। ਕੇਹਰ ਸਿੰਘ ਜੀ ਸਮੇਤ ਕੋਈ ਵੀ ਉਸ ਬਾਰੇ
ਆਪਣੇ ਲਿਖਤੀ ਸੁਝਾਅ ਸੰਯੋਜਕ ਵਜੋਂ ਪਰਿਵਾਰ ਨੂੰ ਭੇਜ ਸਕਦਾ ਹੈ ਪਰ ਇਮਾਨਦਾਰੀ ਇਸ ਗੱਲ ਦੀ ਮੰਗ
ਕਰਦੀ ਹੈ ਕਿ ਸੁਝਾਅ ਗੁਰਮਤਿ ਦਲੀਲ ਅਤੇ ਨੇਕ-ਨੀਅਤੀ ਨਾਲ ਦਿੱਤੇ ਜਾਣ, ਨਾ ਕਿ ਬਦਨਾਮ ਕਰਨ ਦੀ
ਮਾੜੀ ਮਾਨਸਿਕਤਾ ਹੇਠ ਝੂਠ ਅਤੇ ਬੌਖਲਾਹਟ ਦਾ ਪ੍ਰਗਟਾਵਾ ਕਰ ਕੇ ਆਪਣਾ ਜਲੂਸ ਕੱਢਿਆ ਜਾਵੇ। ਅਸੀਂ
ਪਹਿਲਾਂ ਵੀ ਇਮਾਨਦਾਰੀ ਨਾਲ ਸਾਰਿਆਂ ਨੂੰ ਵਿਚਾਰ ਦੇਣ ਦਾ ਖੁੱਲਾ ਸੱਦਾ ਦਿਤਾ ਸੀ ਅਤੇ ਹੁਣ ਵੀ
ਵਿਸ਼ਵਾਸ ਦੁਆਉਂਦੇ ਹਾਂ ਕਿ ਦਸਤਾਵੇਜ਼ ਬਾਰੇ ਆਏ ਸਾਰੇ ਸੁਝਾਵਾਂ/ਵਿਚਾਰਾਂ ਨੂੰ ਸਾਂਭ ਕੇ ਰੱਖਿਆ
ਜਾਵੇਗਾ ਅਤੇ ਦਸਤਾਵੇਜ਼ ਦੀ ਅਗਲੀ ਪੜਚੋਲ ਵੇਲੇ ਸਭਾ ਦੇ ਸਾਹਮਣੇ ਰੱਖਿਆ ਜਾਵੇਗਾ। ਉਸ ਸਭਾ ਵਿਚ
ਕੇਹਰ ਸਿੰਘ ਜੀ ਨੂੰ ਦੁਬਾਰਾ ਹਰ ਵਿਸ਼ੇ ਤੇ ਆਪਣੇ ਵਿਚਾਰ ਰੱਖਣ ਦਾ ਸੱਦਾ ਦਿਤਾ ਜਾਵੇਗਾ, ਇਹ ਸਾਡਾ
ਭਰੋਸਾ ਹੈ।
ਇਹ
ਅਹਿਮ ਗੱਲ ਚੇਤੇ ਰਹੇ ਕਿ ਇਹ ਦਸਤਾਵੇਜ਼ ਪੰਥ ਦੇ ਸੁਚੇਤ ਤਬਕੇ ਦਾ ਸਾਂਝਾ ਉਪਰਾਲਾ ਹੈ, ਨਾ ਕਿ ਸਿਰਫ
ਤੱਤ ਗੁਰਮਤਿ ਪਰਿਵਾਰ ਦੀ ਇਕ ਪੁਸਤਕ।
ਹਾਂ, ਉਪਰਾਲੇ ਦੇ ਸੰਯੋਜਕ ਵਜੋਂ ਅਸੀਂ ਇਸ ਦਸਤਾਵੇਜ਼ ਨੂੰ ਪਹਿਲ ਦੇ ਆਧਾਰ ’ਤੇ ਅਪਨਾਉਣ ਦੀ
ਜ਼ਿੰਮੇਵਾਰੀ ਲਈ ਹੈ। ਮੰਗੇ ਜਾਣ ’ਤੇ ਵਿਚਾਰ ਦੇਣ ਜਾਂ ਵਿਚਾਰ-ਚਰਚਾ ਤੋਂ ਭਗੌੜੇ ਹੋਣਾ ਅਤੇ
ਦਸਤਾਵੇਜ਼ ਤਿਆਰ ਹੋਣ ਉਪਰੰਤ ਝੂਠ ਆਧਾਰਿਤ ਬੌਖਲਾਹਟ ਦਾ ਪ੍ਰਗਟਾਵਾ ਕਰਨ ਦੀ ਕੇਹਰ ਸਿੰਘ ਜੀ ਦੀ
ਹਰਕਤ ਵੱਲ ਵੇਖ ਕੇ
ਗੁਰਬਖਸ਼
ਸਿੰਘ ਜੀ ਕਾਲਾ ਅਫਗਾਨਾ ਦਾ ਵਾਕਿਆ ਚੇਤੇ ਆ ਜਾਂਦਾ ਹੈ।
ਉਨ੍ਹਾਂ ਨੇ ਆਪਣੀ ਹਰ ਪੁਸਤਕ ਪ੍ਰਕਾਸ਼ਤ ਕਰਨ ਤੋਂ ਪਹਿਲਾਂ ਉਸ ਦਾ ਖਰੜਾ ਪੰਥ ਦੀਆਂ ਅਹਿਮ ਸ਼ਖਸੀਅਤਾਂ
ਦੀ ਨਜ਼ਰਸਾਨੀ ਅਤੇ ਸੁਝਾਵਾਂ ਲਈ ਉਨ੍ਹਾਂ ਤੱਕ ਪਹੁੰਚਾਇਆ ਅਤੇ ਬੇਨਤੀ ਕੀਤੀ। ਜ਼ਿਆਦਾਤਰ ਨੇ ਕੋਈ
ਇਤਰਾਜ਼ ਨਾ ਕੀਤਾ ਜਾਂ ਅਣਗੌਲਿਆਂ ਕਰ ਦਿੱਤਾ। ਪਰ ਜਦੋਂ ਪੁਸਤਕਾਂ ਪ੍ਰਕਾਸ਼ਿਤ ਹੋ ਗਈਆਂ ਤਾਂ ਕਾਲਾ
ਅਫਗਾਨਾ ਜੀ ਨੂੰ ਬਦਨਾਮ ਕਰਨ ਲਈ ਬੇਲੋੜਾ ਸ਼ੋਰ ਮਚਾਉਣ ਵਿਚ ਉਹੀ ਸੰਪਰਦਾਈ/ਪੁਜਾਰੀਵਾਦੀ ਧਿਰਾਂ
ਅੱਗੇ ਸਨ, ਜਿਨ੍ਹਾਂ ਦੇ ਮੋਹਤਬਰਾਂ ਨੂੰ ਉਹ ਖਰੜੇ ਨਜ਼ਰਸਾਨੀ ਲਈ ਭੇਜੇ ਗਏ ਸਨ। ਅਫਸੋਸ! ਉਸ
ਸੰਪਰਦਾਈ ਪਹੁੰਚ ਦਾ ਸ਼ਿਕਾਰ ਕੇਹਰ ਸਿੰਘ ਜੀ ਜਿਹੇ ਸੱਜਣ ਵੀ ਹੋ ਗਏ ਹਨ। ਸੱਚਾਈ ਤਾਂ ਇਹ ਵੀ ਹੈ ਕਿ
ਪਰਿਵਾਰ ਨੂੰ ਬਦਨਾਮ ਕਰਨ ਲਈ ਨਿਰ-ਆਧਾਰ ਊਝਾਂ ਲਾਉਣ ਲਈ ਜਾਗਰੂਕ ਪੰਥ ਦਾ ਹਿੱਸਾ ਮੰਨੇ ਜਾਂਦੇ ਕੁਝ
ਸੱਜਣਾਂ ਨੇ ਇਕ ਲਾਬੀ ਦਾ ਰੂਪ ਬਣਾ ਲਿਆ ਹੋਇਆ ਹੈ, ਕਿਉਂਕਿ ਉਹ ਅਸਹਿਮਤੀ ਨੂੰ ਨਫਰਤ ਦਾ ਰੂਪ ਦੇਣ
ਦੀ ਕਮਜ਼ੋਰੀ ਦਾ ਸ਼ਿਕਾਰ ਹੋ ਚੁੱਕੇ ਹਨ। ਤੱਤ ਗੁਰਮਤਿ ਪਰਿਵਾਰ ‘ਹਾਂ-ਪੱਖੀ’ ਆਲੋਚਨਾ ਦਾ ਹਮੇਸ਼ਾਂ
ਦਿਲੋਂ ਸੁਆਗਤ ਕਰਦਾ ਹੈ, ਪਰ ਨਾਲ ਹੀ ਬਾਬਾ ਨਾਨਕ ਜੀ ਦੀ ‘ਭੂਤਨਾ ਬੇਤਾਲਾ’ ਵਾਲੀ ਜੀਵਨ ਸੇਧ ਵਿਚ
ਐਸੇ ਕੋਝੇ ਹੱਥਕੰਡਿਆਂ ਤੋਂ ਹਮੇਸ਼ਾਂ ਬੇ-ਪ੍ਰਵਾਹ ਰਹਿੰਦਾ ਹੈ ਅਤੇ ਰਹੇਗਾ।
ਹੁਣ ਗੱਲ ਕਰਦੇ ਹਾਂ ਇਸ ਲੇਖ
ਦਾ ਆਧਾਰ ਬਣੇ ਵੱਡੇ ਝੂਠ ਕਿ
‘ਦਵਿੰਦਰ ਸਿੰਘ ਜੀ ਆਰਟਿਸਟ ਨੂੰ ਸਮਾਗਮ ਅਤੇ ਆਨੰਦ ਕਾਰਜ ਦੇ ਤਰੀਕੇ ਬਾਰੇ ਕੁਝ ਦੱਸਿਆ ਨਹੀਂ ਗਿਆ’,
ਦੀ ਸੱਚਾਈ ਬਾਰੇ। ਪੰਥ ਦੇ ਸੁਚੇਤ ਤਬਕੇ ਦੇ ਸਾਂਝੇ ‘ਸਿੱਖ ਰਹਿਤ ਮਰਿਯਾਦਾ ਸੁਧਾਰ’ ਉਪਰਾਲੇ ਰਾਹੀਂ
ਤਿਆਰ ਹੋਏ ਦਸਤਾਵੇਜ਼
‘ਗੁਰਮਤਿ
ਜੀਵਨ ਸੇਧਾਂ : ਮੁੱਖ ਨੁਕਤੇ’
ਨੂੰ ਅਮਲੀ ਰੂਪ ਵਿਚ ਅਪਨਾਉਣ ਦੀ ਜ਼ਿੰਮੇਵਾਰੀ ਦੀ, ਪਹਿਲ ਕਰਨ ਦੀ ਵਿਚਾਰ ਤੱਤ ਗੁਰਮਤਿ ਪਰਿਵਾਰ ਨੇ
ਸੰਯੋਜਕ ਵਜੋਂ ਕੀਤੀ। ਇਸ ਸਾਂਝੇ ਦਸਤਾਵੇਜ਼ ਵਿਚ ਸਾਲ ਵਿਚ ਤਿੰਨ ਪੁਰਬ ਮਨਾਉਣ ਦੀ ਮੱਦ ਦਰਜ ਹੈ। ਇਸ
ਕੜੀ ਵਿਚ ਪਹਿਲਾ ਪੁਰਬ
‘ਗੁਰਮਤਿ
ਇਨਕਲਾਬ ਪੁਰਬ’
ਮਿੱਥਿਆ ਗਿਆ ਹੈ, ਜੋ ਦਸਾਂ ਨਾਨਕ ਸਰੂਪਾਂ ਨੂੰ ਸਮਰਪਿਤ ਕਰਦੇ ਹੋਏ ਬਾਬਾ ਨਾਨਕ ਜੀ ਦੇ ਪ੍ਰਕਾਸ਼
ਪੁਰਬ (14 ਅਪ੍ਰੈਲ 2013) ਮੌਕੇ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ। ਇਨ੍ਹਾਂ ਤਿਆਰੀਆਂ ਦੌਰਾਨ
ਗੁਰਪ੍ਰੀਤ ਸਿੰਘ ਜੀ ਅਬੋਹਰ ਦਾ ਫੋਨ ਆਇਆ ਕਿ ਉਹ ਆਪਣਾ ਆਨੰਦ ਕਾਰਜ ਨਵੇਂ ਦਸਤਾਵੇਜ਼ ਅਨੁਸਾਰ ਕਰਨਾ
ਚਾਹੁੰਦੇ ਹਨ। (ਗੁਰਪ੍ਰੀਤ ਸਿੰਘ ਜੀ ਦਾ ਰਿਸ਼ਤਾ ਕੁਝ ਦਿਨ ਪਹਿਲਾਂ ਹੀ ਦਵਿੰਦਰ ਸਿੰਘ ਜੀ ਆਰਟਿਸਟ
ਦੀ ਬੇਟੀ ਨਾਲ ਤੈਅ ਹੋਇਆ ਸੀ)। ਜਦੋਂ ਅਸੀਂ ਉਨ੍ਹਾਂ ਨੂੰ ‘ਗੁਰਮਤਿ ਇਨਕਲਾਬ ਪੁਰਬ’ ਮਨਾਉਣ ਦੀ
ਯੋਜਨਾ ਬਾਰੇ ਦੱਸਿਆ ਤਾਂ ਉਨ੍ਹਾਂ ਕਿਹਾ ਕਿ ਬਿਹਤਰ ਹੈ ਕਿ ਸਾਡਾ ਆਨੰਦ ਕਾਰਜ ਵੀ ਉਸੇ ਸਮਾਗਮ
ਦੌਰਾਨ ਹੋ ਜਾਵੇ। ਅਸੀਂ ਕਿਹਾ ਕਿ ਇਹ ਵਿਚਾਰ ਅੱਛਾ ਹੈ, ਪਰ ਇਸ ਲਈ
ਦੋਹਾਂ
ਧਿਰਾਂ ਦਾ ਤਿਆਰ ਅਤੇ ਸਹਿਮਤ
ਹੋਣਾ ਜ਼ਰੂਰੀ ਹੈ। ਤੁਸੀ ਦਵਿੰਦਰ ਸਿੰਘ ਜੀ ਨਾਲ ਗੱਲ ਕਰਕੇ ਸਾਨੂੰ ਦੱਸ ਦੇਵੋ। ਗੁਰਪ੍ਰੀਤ ਸਿੰਘ ਜੀ
ਨੇ ਕੁਝ ਦਿਨ ਬਾਅਦ ਕਿਹਾ ਕਿ ਉਹ ਤਿਆਰ ਹਨ। ਬਾਕੀ ਤੁਸੀ ਉਨ੍ਹਾਂ ਨਾਲ ਮਿਲ ਕੇ ਵੀ ਸਲਾਹ ਕਰ ਲਵੋ।
ਸਮਾਗਮ ਦੀ ਰੂਪ ਰੇਖਾ ਅਤੇ ਕੁਝ ਹੋਰ ਵਿਚਾਰ ਅਧੀਨ ਮੁੱਦਿਆਂ ਨੂੰ ਫਾਈਨਲ ਕਰਨ ਲਈ ਤੱਤ ਗੁਰਮਤਿ
ਪਰਿਵਾਰ ਦੇ ਮੁੱਢਲੇ ਪ੍ਰਬੰਧਕੀ ਮੈਂਬਰਾਂ ਦੀ ਇਕ ਮੀਟਿੰਗ
03
ਮਾਰਚ 2013 ਨੂੰ ਦਲੀਪ ਸਿੰਘ ਕਸ਼ਮੀਰੀ ਜੀ ਦੇ ਘਰ ਜ਼ੀਰਕਪੁਰ ਵਿਖੇ ਬੁਲਾਈ ਗਈ।
ਦਵਿੰਦਰ ਸਿੰਘ ਜੀ ਆਰਟਿਸਟ ਤੱਤ ਗੁਰਮਤਿ ਪਰਿਵਾਰ ਦੇ ਮੈਂਬਰ ਨਹੀਂ ਹਨ। ਪਰ ਕਿਉਂਕਿ ਗੁਰਪ੍ਰੀਤ
ਸਿੰਘ ਜੀ ਅਨੁਸਾਰ ਉਹ ਦਸਤਾਵੇਜ਼ ਮੁਤਾਬਕ ਆਨੰਦ ਕਾਰਜ ਕਰਨ ਲਈ ਤਿਆਰ ਸਨ, ਇਸ ਲਈ ਉਨ੍ਹਾਂ ਨੂੰ ਇਸ
ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਬੁਲਾਇਆ ਗਿਆ ਤਾਂ ਕਿ ਉਨ੍ਹਾਂ ਦੀ ਸਹਿਮਤੀ ਬਾਰੇ ਜਾਣ ਲਿਆ ਜਾਵੇ
ਅਤੇ ‘ਗੁਰਮਤਿ ਜੀਵਨ ਸੇਧਾਂ - ਮੁਖ ਨੁੱਕਤੇ’ ਦਸਤਾਵੇਜ਼ ਵਿਚ ਦਰਜ ਆਨੰਦ ਕਾਰਜ ਦੀਆਂ ਮੱਦਾਂ ਬਾਰੇ
ਵਿਚਾਰ ਵਟਾਂਦਰਾ ਕਰ ਲਿਆ ਜਾਵੇ। ਮੀਟਿੰਗ ਦੌਰਾਨ ਦਸਤਾਵੇਜ਼ ਦੇ ਪੁਸਤਕ ਰੂਪ ਨੂੰ ਫਾਈਨਲ ਕਰਨ ਬਾਰੇ,
ਸਮਾਗਮ ਦੀ ਮਿਤੀ, ਸਥਾਨ ਅਤੇ ਰੂਪ-ਰੇਖਾ ਆਦਿ ਫਾਈਨਲ ਕਰਨ ਬਾਰੇ ਵਿਚਾਰਾਂ ਹੋਈਆਂ। ਦਵਿੰਦਰ ਸਿੰਘ
ਜੀ ਇਸ ਮੀਟਿੰਗ ਵਿਚ ਪੂਰਾ ਸਮਾਂ ਸ਼ਾਮਿਲ ਰਹੇ। ਤੱਤ ਗੁਰਮਤਿ ਪਰਿਵਾਰ ਦੇ ਇਕ ਮੁੱਢਲੇ ਮੈਂਬਰ
ਗੁਰਿੰਦਰ ਸਿੰਘ ਮੋਹਾਲੀ ਨਾਲ ਮਿੱਥੇ ਸਮੇਂ ਅਨੁਸਾਰ ਉਨ੍ਹਾਂ ਦੀ ਨਵੀਂ ਰਿਹਾਇਸ਼ ਸੰਨੀ ਇੰਨਕਲੇਵ
ਵਿਖੇ ਸਵੇਰੇ ਤਕਰੀਬਨ ਸਾਢੇ ਅੱਠ ਵਜੇ ਪਹੁੰਚ ਕੇ ਉਥੋਂ ਹੀ ਉਨ੍ਹਾਂ ਨਾਲ ਹੀ ਮੀਟਿੰਗ ਵਾਲੇ ਸਥਾਨ
ਤੇ ਪੁੱਜੇ, ਮੀਟਿੰਗ ਵਿਚ ਪੂਰਾ ਸਮਾਂ ਹਾਜ਼ਰ ਰਹੇ ਅਤੇ ਲੰਗਰ ਛਕਣ ਤੋਂ ਬਾਅਦ ਉਨ੍ਹਾਂ ਨਾਲ ਹੀ ਵਾਪਸ
ਘਰ ਪਰਤੇ। ਮੀਟਿੰਗ ਦੌਰਾਨ ਉਨ੍ਹਾਂ ਨੂੰ ਦਸਤਾਵੇਜ਼ ਅਨੁਸਾਰ ਆਨੰਦ ਕਾਰਜ ਸਿਰਲੇਖ ਹੇਠਲੀਆਂ ਸਾਰੀਆਂ
ਮੱਦਾਂ ਪੜ੍ਹ ਕੇ ਸੁਣਾਈਆਂ ਗਈਆਂ ਅਤੇ ਉਨ੍ਹਾਂ ਨੇ ਉਸ ਅਨੁਸਾਰ ਕਾਰਜ ਕਰਨ ਲਈ ਸਹਿਮਤੀ ਦਿਤੀ, ਨਾਲ
ਹੀ ਉਨ੍ਹਾਂ ਨੂੰ ਦਸਤਾਵੇਜ਼ ਦੀ ਇਕ ਕਾਪੀ ਵੀ ਦਿਤੀ ਗਈ। ਮੀਟਿੰਗ ਦੌਰਾਨ ਸਮਾਗਮ ਦਸਤਾਵੇਜ਼ ਅਨੁਸਾਰ
ਮਨਾਉਣ ਦੀ ਮੰਸ਼ਾ ਨਾਲ ਉਸ ਦੀ ਰੂਪ-ਰੇਖਾ ਫਾਈਨਲ ਕੀਤੀ ਗਈ। ਸਮਾਗਮ ਦੇ ਸਥਾਨ ਬਾਰੇ ਚਲੀ ਚਰਚਾ ਵਿਚ
ਬੇਸ਼ਕ ਜੰਮੂ/ਮੋਹਾਲੀ/ਡੇਰਾਬੱਸੀ ਬਾਰੇ ਵਿਚਾਰ ਹੋਈ। ਸਮਾਗਮ ਡੇਰਾਬੱਸੀ ਕਰਨ ਦਾ ਪਹਿਲਾਂ ਪਲਾਨ ਬਣਿਆ
ਪਰ ਆਰਟਿਸਟ ਜੀ ਨੇ ਕਿਹਾ ਕਿ ਉਥੇ ਆਨੰਦ ਕਾਰਜ ਕਰਨਾ ਮੁਸ਼ਕਿਲ ਹੈ ਕਿਉਂਕਿ ਡੇਰਾਬੱਸੀ ਮੇਰੇ ਸੌਹਰੇ
ਹਨ ਅਤੇ ਮੈਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਵਿਆਹ ਵਿਚ ਨਹੀਂ ਬੁਲਾਉਣਾ। ਉਨ੍ਹਾਂ ਇਹ ਵੀ ਕਿਹਾ ਕਿ
ਖਰੜ ਵਿਖੇ ਮੇਰੇ ਮਕਾਨ ਦੀ ਛੱਤ ’ਤੇ ਕਾਫੀ ਥਾਂ ਹੈ, ਜੇ ਤੂਸੀ ਠੀਕ ਸਮਝੋ ਤਾਂ ਸਮਾਗਮ ਉਥੇ ਹੀ ਕਰ
ਲਵੋ। ਸਾਰਿਆਂ ਦੀ ਵਿਚਾਰ ਬਣੀ ਕਿ ਠੀਕ ਹੈ ਸਮਾਗਮ ਉਨ੍ਹਾਂ ਦੇ ਘਰ ਹੀ ਕਰ ਲਿਆ ਜਾਵੇਗਾ ਅਤੇ ਉਸ
ਪੁਰਬ ਦੇ ਸਮਾਗਮ ਦੌਰਾਨ ਹੀ ਆਨੰਦ ਕਾਰਜ ਵੀ ਕਰਵਾ ਦਿਤਾ ਜਾਵੇਗਾ। ਪਰਿਵਾਰ ਦੇ ਇਕ ਮੁੱਢਲੇ ਮੈਂਬਰ
ਗੁਰਿੰਦਰ ਸਿੰਘ ਮੋਹਾਲੀ ਦੀ ਸੇਵਾ ਲਾਈ ਗਈ ਕਿ ਉਹ ਦਵਿੰਦਰ ਸਿੰਘ ਜੀ ਦੇ ਘਰ ਜਾ ਕੇ ਸਮਾਗਮ ਲਈ
ਢੁਕਵੀਂ ਥਾਂ ਦਾ ਜਾਇਜ਼ਾ ਲੈਣ ਅਤੇ ਹੋਰ ਲੌੜੀਂਦੇ ਇੰਤਜ਼ਾਮ ਕਰਨ। ਉਹ ਮੈਂਬਰ ਇਸ ਸਮਾਗਮ ਦੇ ਸਿਲਸਿਲੇ
ਵਿਚ 2 ਵਾਰ ਆਰਟਿਸਟ ਜੀ ਦੇ ਘਰ ਵੀ ਗਏ।
ਕੀ
ਦਵਿੰਦਰ ਸਿੰਘ ਜੀ ਦਾ ਜ਼ਮੀਰ ਇੰਨਾ ਸਾਹਸੱਤ ਹੀਨ ਹੋ ਚੁੱਕਾ ਹੈ ਕਿ ਉਹ ਕੇਹਰ ਸਿੰਘ ਜਿਹੇ ਸੱਜਣਾਂ
ਦੀ ਬਦਨੀਅਤੀ ਦਾ ਮੌਹਰਾ ਬਨਣ ਲਈ ਨੀਮ-ਝੂਠ ਦਾ ਸਹਾਰਾ ਲੈਣ ਤੋਂ ਵੀ ਗੁਰੇਜ਼ ਨਹੀਂ ਕਰ ਰਹੇ?
ਸਬੂਤ ਵਜੋਂ ਉਸ ਮੀਟਿੰਗ ਦੀਆਂ ਕੁਝ ਤਸਵੀਰਾਂ ਨਾਲ ਦਿਤੀਆਂ ਜਾ ਰਹੀਆਂ ਹਨ। ਜੇ ਦਵਿੰਦਰ ਸਿੰਘ
ਜੀ/ਕੇਹਰ ਸਿੰਘ ਜੀ ਚਾਹੁਣ ਤਾਂ ਕਾਰਵਾਈ ਵਾਲੇ ਰਜਿਸਟਰ ਵਿਚ ਦਵਿੰਦਰ ਸਿੰਘ ਜੀ ਦੇ ਦਸਤਖਤਾਂ ਵਾਲਾ
ਪੰਨਾ ਵੀ ਸਕੈਨ ਕਰ ਕੇ ਦਿਤਾ ਜਾ ਸਕਦਾ ਹੈ, ਜਿਸ ਵਿਚ ਉੱਪਰ ਵਰਣਤ ਸਾਰੀਆਂ ਗੱਲਾਂ ਦਾ ਲਿਖਤੀ
ਹਵਾਲਾ ਮੌਜੂਦ ਹੈ।
ਬੀਬੀ ਜਸਵੀਰ ਕੌਰ ਦੇ ਨਾਮ ਹੇਠ
ਛਪੀ ਲਿਖਤ ਦਾ ਮੂਲ ਆਧਾਰ ਦੂਜਾ ਵੱਡਾ ਝੂਠ ਇਹ ਸੀ ਕਿ ਆਰਟਿਸਟ ਜੀ ਦੀ ਬੇਟੀ ਦੇ ਆਨੰਦ ਕਾਰਜ ਨੂੰ
ਪਰਿਵਾਰ ਨੇ ਆਪਣਾ ਸਮਾਗਮ ਬਣਾ ਕੇ ਹਾਈਜੈਕ ਕਰ ਲਿਆ। ਸੱਚਾਈ ਇਹ ਹੈ ਕਿ ਇਹ ਸਮਾਗਮ ਮੂਲ ਰੂਪ ਵਿਚ
‘ਗੁਰਮਤਿ ਇਨਕਲਾਬ ਪੂਰਬ’
ਸੀ, ਜਿਸਦਾ ਸੰਯੋਜਨ ਤੱਤ ਗੁਰਮਤਿ ਪਰਿਵਾਰ ਨੇ ਸਾਂਝੇ ਸੁਧਾਰ ਉਪਰਾਲੇ ਵਿਚ ਸ਼ਾਮਿਲ ਹੋਰ ਜਾਗਰੂਕ
ਧਿਰਾਂ ਦੇ ਸਹਿਯੋਗ ਨਾਲ ਕੀਤਾ ਸੀ। ਉਹ ਆਨੰਦ ਕਾਰਜ, ਕੁਝ ਹੋਰ ਪ੍ਰੋਗਰਾਮਾਂ ਵਾਂਗੂ ਇਸ ਸਮਾਗਮ ਦਾ
ਸਿਰਫ ਇਕ ਹਿੱਸਾ ਸੀ। ਆਨੰਦ ਕਾਰਜ ਤੋਂ ਇਲਾਵਾ ਹੋਰ ਮੁੱਖ ਪ੍ਰੋਗਰਾਮ ‘ਗੁਰਮਤਿ ਜੀਵਨ ਸੇਧਾਂ: ਮੁੱਖ
ਨੁਕਤੇ’ ਪੁਸਤਕ ਦਾ ਵਿਮੋਚਨ ਸੀ। ਇਸ ਤੋਂ ਇਲਾਵਾ ਮਰਹੂਮ ਗੁਰਦੀਪ ਸਿੰਘ ਜੀ ਫਗਵਾੜਾ ਨੂੰ ਗੁਰਮਤਿ
ਸਿਧਾਂਤਾਂ ਪ੍ਰਤੀ ਦ੍ਰਿੜਤਾ ਲਈ ‘ਸਨਮਾਨ
ਪੱਤਰ’ ਭੇਟ
ਕਰਨਾ ਵੀ ਇਸ ਸਮਾਗਮ ਦਾ ਇਕ ਹਿੱਸਾ ਸੀ।
ਇਸ ਸਮਾਗਮ ਦੀ ਹੇਠਾਂ ਦਿਤੀ ਤਸਵੀਰ ਵਿਚ ਪਿੱਛੇ ਲੱਗਿਆ ਬੈਨਰ ਇਸ ਗੱਲ ਦਾ ਸਬੂਤ ਹੈ ਕਿ ਇਹ ਸਮਾਗਮ
ਮੂਲ ਰੂਪ ਵਿਚ ‘ਗੁਰਮਤਿ ਇਨਕਲਾਬ ਪੁਰਬ’ ਦਾ ਸਮਾਗਮ ਸੀ ਅਤੇ ਆਨੰਦ ਕਾਰਜ ਦੋਵਾਂ ਧਿਰਾਂ ਦੀ ਸਹਿਮਤੀ
ਨਾਲ ਨਵੇਂ ਦਸਤਾਵੇਜ਼ ਮੁਤਾਬਕ ਇਸ ਸਮਾਗਮ ਦੌਰਾਨ ਕਰਵਾਇਆ ਗਿਆ।
ਇਕ ਵੱਡਾ ਸਬੂਤ ਇਹ ਵੀ ਹੈ ਕਿ
ਸਮਾਗਮ ਦਾ ਸਮਾਂ ਪਹਿਲਾਂ 13 ਤਾਰੀਖ ਨੂੰ ਨਿਸ਼ਚਿਤ ਕੀਤਾ ਗਿਆ ਸੀ। ਪਰ ਜਦੋਂ ਇਸ ਵਿਚ ਸ਼ਾਮਿਲ ਹੋਣ
ਲਈ ਹੋਰ ਕੁਝ ਧਿਰਾਂ ਨੂੰ ਜਾਣਕਾਰੀ ਦੇਣ ਲਈ ਫੋਨ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ 13-14 ਤਾਰੀਖ
ਨੂੰ ਲੁਧਿਆਣਾ ਵਿਚ ਫਰੀਦਾਬਾਦ ਦੇ ਇਕ ਵੀਰ ਨਿਰਮਲ ਸਿੰਘ ਜੀ ਦੀ ਬੇਟੀ ਦਾ ਵਿਆਹ ਸਮਾਗਮ ਹੈ, ਜਿਸ
ਵਿਚ ਉਨ੍ਹਾਂ ਸਾਰਿਆਂ ਨੇ ਸ਼ਾਮਿਲ ਹੋਣਾ ਹੈ, ਸੋ 14 ਦੁਪਹਿਰ ਤੱਕ ਆ ਪਾਉਣਾ ਸੰਭਵ ਨਹੀਂ ਹੋਵੇਗਾ।
ਵਿਚਾਰ ਉਪਰੰਤ ਸਮਾਗਮ ਦਾ ਸਮਾਂ ਬਦਲ ਕੇ 14 ਤਾਰੀਖ ਸ਼ਾਮ ਦਾ ਕਰ ਦਿੱਤਾ ਗਿਆ। ਸਮਾਂ ਸਮਾਗਮ ਦਾ
ਬਦਲਿਆ ਜਾ ਰਿਹਾ ਸੀ, ਜੇ ਇਹ ਸਿਰਫ ਆਨੰਦ ਕਾਰਜ ਹੁੰਦਾ ਤਾਂ ਇਸ ਦਾ ਸਮਾਂ ਬਦਲਣ ਦੀ ਲੋੜ ਨਹੀਂ
ਰਹਿੰਦੀ। ਸਿੱਖ ਸਮਾਜ ਵਿਚ ਸ਼ਾਇਦ ਹੀ ਕੋਈ ਆਨੰਦ ਕਾਰਜ ਸ਼ਾਮ ਨੂੰ ਕਰੀਬ 8 ਵਜੇ ਹੋਇਆ ਹੋਵੇਗਾ। ਪਰ
ਕਿਉਂਕਿ ਇਹ ਆਨੰਦ ਕਾਰਜ ਇਸ ਸਮਾਗਮ ਦਾ ਹਿੱਸਾ ਬਣ ਚੁੱਕਿਆ ਸੀ, ਸੋ ਸਮਾਗਮ ਦੇ ਹਿਸਾਬ ਨਾਲ ਹੀ ਇਹ
14 ਤਾਰੀਖ ਸ਼ਾਮ ਨੂੰ ਸਿਰੇ ਚੜ੍ਹਿਆ। ਹਾਂ, ਦਸਤਾਵੇਜ਼ ਦੀ ਮੱਦ ਅਨੁਸਾਰ ਕੀਤਾ ਇਹ ਆਨੰਦ ਕਾਰਜ
ਪ੍ਰਚਲਤ ਕਰਮਕਾਂਡੀ ਮਰਿਯਾਦਾ ਵਾਲੇ ਆਨੰਦ ਕਾਰਜ ਨਾਲ ਬਗਾਵਤ ਸੀ,
ਇਸ ਕ੍ਰਾਂਤੀਕਾਰੀ ਆਨੰਦ ਕਾਰਜ ਦੀ ਚਰਚਾ ਵਧੇਰੇ ਹੋਣੀ ਸੁਭਾਵਕ ਸੀ।
ਸੋ ਇਹ ਇਲਜ਼ਾਮ ਵੀ ਨੀਮ ਕੂੜ
ਸਾਬਤ ਹੋ ਗਿਆ ਕਿ ਆਰਟਿਸਟ ਜੀ ਦੀ ਬੇਟੀ ਦੇ ਆਨੰਦ ਕਾਰਜ ਨੂੰ ਪਰਿਵਾਰ ਨੇ ਹਾਈਜੈਕ ਕਰ ਕੇ ਆਪਣਾ
ਸਮਾਗਮ ਬਣਾ ਲਿਆ। ਸੱਚਾਈ ਇਹ ਹੈ ਕਿ ਅਸਲ ਵਿਚ ਇਹ ਸਮਾਗਮ ‘ਗੁਰਮਤਿ ਇਨਕਲਾਬ ਪੁਰਬ’ ਦਾ ਸੀ, ਜੋ
ਤੱਤ ਗੁਰਮਤਿ ਪਰਿਵਾਰ ਦੇ ਸੰਯੋਜਨ ਹੇਠ ਕੀਤਾ ਗਿਆ। ਆਨੰਦ ਕਾਰਜ ਨੂੰ ਇਸ ਸਮਾਗਮ ਦੇ ਇਕ ਹਿੱਸੇ
ਵਜੋਂ ਕੀਤਾ ਗਿਆ, ਕਿਉਂਕਿ ਦੋਹਾਂ ਪਰਿਵਾਰਾਂ ਨੇ ਸਮਾਗਮ ਦੌਰਾਨ ਇਹ ਕਾਰਜ ਕਰਨ ਦੀ ਇੱਛਾ ਜ਼ਾਹਰ
ਕੀਤੀ ਸੀ। ਪਤਾ ਨਹੀਂ ਗੁਰਮਤਿ ਦੇ ਪੈਰੋਕਾਰ ਹੋਣ ਦਾ ਦਾਅਵਾ ਕਰਨ ਵਾਲੇ ਸੱਜਣ ਨਫਰਤ ਅਤੇ ਬੌਖਲਾਹਟ
ਜਿਹੀਆਂ ਕਮਜ਼ੋਰੀਆਂ ਦਾ ਸ਼ਿਕਾਰ ਹੋ ਕੇ, ਵਿਰੋਧੀ ਵਿਚਾਰਾਂ ਵਾਲੇ ਸੱਜਣਾਂ ਨੂੰ ਬਦਨਾਮ ਕਰਨ ਦੀ ਨੀਅਤ
ਨਾਲ ਨੀਮ ਕੂੜ ਦਾ ਸਹਾਰਾ ਲੈਣ ਲਈ ਆਪਣੀ ਜ਼ਮੀਰ ਨੂੰ ਇਤਨਾ ਨੀਵਾਂ ਗਿਰਾਉਣ ਲਈ ਕਿਵੇਂ ਤਿਆਰ ਹੋ
ਜਾਂਦੇ ਹਨ?
ਬੀਬੀ ਜਸਵੀਰ ਕੌਰ ਦੇ ਨਾਮ ਹੇਠ
ਛਪੀ ਲਿਖਤ ਵਿਚ ਪਾਠਕਾਂ ਨੂੰ ਗੁੰਮਰਾਹ ਕਰਨ ਅਤੇ ਭੜਕਾਉਣ ਲਈ ਪ੍ਰੋ. ਘੱਗਾ ਜੀ ਦੇ ਲੇਖ, ਸਮਾਗਮ
ਦੌਰਾਣ ਕੁੱਝ ਸੱਜਣਾਂ ਦੇ ਵਿਚਾਰ ਆਦਿ ਦੇ ਹਵਾਲੇ ਨੂੰ ਕੁਝ ਆਪੂੰ ਬਣਾਈਆਂ ਜ਼ਜਬਾਤੀ ਗੱਲਾਂ ਨਾਲ
ਰਲਗੱਡ ਕਰਕੇ ਕੂੜ ਦਾ ਖਿਲਾਰਾ ਪਾਇਆ ਗਿਆ ਹੈ। ਇਸ ਲਿਖਤ ਵਿਚ ਵਿਚਾਰਾਂ/ਲਿਖਤਾਂ ਦੇ ਕੁਝ ਅੰਸ਼ਾਂ
ਨੂੰ ਸੰਦਰਭ ਤੋਂ ਵੱਖਰਾ ਪੇਸ਼ ਕਰਕੇ ਗੁੰਮਰਾਹ ਕਰਨ ਲਈ ਉਹੀ ਮਾੜੀ ਨੀਅਤ ਦਾ ਢੰਗ ਅਪਨਾਇਆ ਗਿਆ ਹੈ
ਜੈਸਾ ਸੰਪਰਦਾਈ/ਪੁਜਾਰੀਵਾਦੀ ਧਿਰਾਂ ਕਾਲਾ ਅਫਗਾਨਾ ਜੀ ਨੂੰ ਬਦਨਾਮ ਕਰਨ ਲਈ
ਉਨ੍ਹਾਂ ਦੀਆਂ ਲਿਖਤਾਂ ਵਿਚ ਚੰਦ ਕੁ ਸੱਤਰਾਂ ਦੇ ਹਵਾਲੇ ਨਾਲ ਕਰਦੀਆਂ ਰਹੀਆਂ ਹਨ।
ਦੂਜੀ ਗੱਲ, ਅਸੀਂ ਪਹਿਲਾਂ ਵੀ ਕਈਂ ਵਾਰ ਇਹ ਗੱਲ ਦੁਹਰਾ ਚੁੱਕੇ ਹਾਂ ਕਿ
ਪਰਿਵਾਰ
ਸਿਰਫ ਉਨ੍ਹਾਂ ਲਿਖਤਾਂ ਲਈ ਹੀ ਜਵਾਬਦੇਹ ਹੈ, ਜੋ ‘ਤੱਤ ਗੁਰਮਤਿ ਪਰਿਵਾਰ’ ਦੇ ਨਾਮ ਹੇਠ ਛਪਦੀਆਂ
ਹਨ। ਸੰਯੋਜਕ ਵਜੋਂ ਅਸੀਂ ‘ਗੁਰਮਤਿ ਜੀਵਨ ਸੇਧਾਂ: ਮੁੱਖ ਨੁਕਤੇ’ ਦਸਤਾਵੇਜ਼ ਦੀਆਂ ਮੱਦਾਂ ਲਈ ਵੀ
ਜਵਾਬਦੇਹ ਹਾਂ। ਪਰ ਕਿਸੇ ਹੋਰ ਦੀਆਂ ਲਿਖਤਾਂ/ਲੈਕਚਰਾਂ ਦਾ ਹਵਾਲਾ ਦੇ ਕੇ ਪਰਿਵਾਰ ਨੂੰ ਬਦਨਾਮ ਕਰਨ
ਦੀ ਕੋਸ਼ਿਸ਼ਾਂ ਬਦਨੀਅਤੀ ਦਾ ਹੀ ਪ੍ਰਗਟਾਵਾ ਮੰਨੀਆਂ ਜਾਣਗੀਆਂ।
ਬੀਬੀ ਜਸਵੀਰ ਕੌਰ ਜੀ ਦੇ ਨਾਮ
ਹੇਠ ਛਪੀ ਲਿਖਤ ਵਿਚ ਦਵਿੰਦਰ ਸਿੰਘ ਜੀ ਆਰਟਿਸਟ ਦਾ ਲਿਖਿਆ ਇਕ ਹਿੱਸਾ ਵੀ ਹੈ। ਉਸ ਵਿਚ ਆਰਟਿਸਟ
ਵੀਰ ਜੀ ਨੇ ਗੁਰਬਾਣੀ ਸੇਧ
“ਸਚਹੁ ਓਰੈ
ਸਭੁ ਕੋ ਉਪਰਿ ਸਚੁ ਆਚਾਰੁ”
(ਪੰਨਾ 62) ਦਾ ਹਵਾਲਾ ਦਿੱਤਾ ਹੈ। ਗੁਰਬਾਣੀ ਦੀ ਹਰ ਸੇਧ ਵਾਂਗੂ ਇਹ ਵੀ ਬਾ-ਕਮਾਲ ਸੇਧ ਹੈ ਪਰ ਇਸ
ਪੂਰੇ ਘਟਨਾਕ੍ਰਮ ਦੌਰਾਨ ਬੋਲੇ ਆਪਣੇ
ਕੋਰੇ
ਝੂਠ ਦੇ
ਮੱਦੇ-ਨਜ਼ਰ ਕੀ ਵੀਰ ਜੀ ਇਸ ਗੁਰਬਾਣੀ ਸੇਧ ਦੀ ਰੌਸ਼ਨੀ ਵਿਚ ਸਵੈ-ਪੜਚੋਲ ਕਰਣਗੇ? ਕੀ ਉਨ੍ਹਾਂ ਦਾ
ਜ਼ਮੀਰ ‘ਸੱਚ’ ਨੂੰ ਕਬੂਲਣ ਦੀ ਤਾਕਤ ਹੀ ਗਵਾਂ ਬੈਠਾ ਹੈ? ‘ਆਚਾਰ’ ਦੀ ਗੱਲ ਤਾਂ ਦੂਰ ਰਹੀ। ਗੁਰਬਾਣੀ
ਦੀ ਇਕ ਹੋਰ ਲਾਸਾਨੀ ਸੇਧ ਹੈ
‘ਚਉਥੀ
ਨੀਅਤਿ ਰਾਸ ਮਨੁ”
(ਪੰਨਾ 141)। ਪਰ ਜਿਸ ਬਦਨੀਅਤੀ ਦਾ ਪ੍ਰਗਟਾਵਾ ਕੁੱਝ ਸੱਜਣਾਂ ਦੀ ਚੁੱਕ ਵਿਚ ਆ ਕੇ ਦਵਿੰਦਰ ਸਿੰਘ
ਜੀ ਕਰ ਰਹੇ ਹਨ, ਕੀ ਇਹ ਉਨ੍ਹਾਂ ਦੇ ਗੁਰਮਤਿ ਦੇ ਸਮਰਥਕ ਹੋਣ ਦੇ ਦਾਅਵੇ ਤੇ ਪ੍ਰਸ਼ਨ-ਚਿੰਨ੍ਹ ਨਹੀਂ
ਹੈ?
ਅਸੀਂ ਆਪਣੀ ਉਪਰੋਕਤ ਲਿਖਤ ਵਿਚ
ਬੀਬੀ ਜਸਵੀਰ ਕੌਰ ਜੀ ਵਲੋਂ ਲਿਖਤ ਦਾ ਮੂਲ ਆਧਾਰ ਦੋ ਵੱਡੇ ਝੂਠਾਂ ਨੂੰ ਸਬੂਤਾਂ ਰਾਹੀਂ ਨੰਗਾ ਕਰ
ਦਿੱਤਾ ਹੈ। ਉਸ ਲਿਖਤ ਵਿਚ ਪਾਏ ਹੋਰ ਮਿਲਗੋਭਾ ਖਿਲਾਰੇ ਦੇ ਹਰ ਨੁਕਤੇ ਵਿਚਲੀ ਮੰਦ-ਬਿਰਤੀ ਨੂੰ
ਸਾਹਮਣੇ ਲਿਆਉਣ ਦੀ ਸਮਰੱਥਾ ਗੁਰਮਤਿ ਸੇਧ ਨੇ ਸਾਨੂੰ ਬਖਸ਼ੀ ਹੈ, ਪਰ ਫਿਲਹਾਲ ਅਸੀਂ ਉਸ ਦਾ ਖੁਲਾਸਾ
ਨਹੀਂ ਕਰ ਰਹੇ। ਜੇ ਇਨ੍ਹਾਂ ਸੱਜਣਾਂ ਸਮੇਤ ਕਿਸੇ ਨੂੰ ਉਨ੍ਹਾਂ ਨੁਕਤਿਆਂ ਬਾਰੇ ਸਾਡਾ ਪੱਖ ਜਾਨਣ ਦੀ
ਇੱਛਾ ਹੈ ਤਾਂ
ਸਿਰਫ
ਤੱਤ ਗੁਰਮਤਿ ਪਰਿਵਾਰ ਦੀਆਂ ਲਿਖਤਾਂ/ਕਾਰਵਾਈਆਂ ਪ੍ਰਤੀ ਸਵਾਲ ਸਾਨੂੰ ਕਰ ਸਕਦਾ ਹੈ, ਕਿਸੇ ਹੋਰ
ਸੱਜਣ ਦੀ ਲਿਖਤਾਂ/ਵਿਚਾਰਾਂ ਆਦਿ ਨਾਲ ਮਿਲਗੋਭਾ ਬਣਾ ਕੇ ਨਹੀਂ।
ਜਿਥੋਂ ਤੱਕ ‘ਗੁਰਮਤਿ ਜੀਵਨ
ਸੇਧਾਂ: ਮੁੱਖ ਨੁਕਤੇ’ ਦਸਤਾਵੇਜ਼ ਦੀ ਗੱਲ ਹੈ, ਉਸ ਨੂੰ ਤਿਆਰ ਕਰਨ ਤੋਂ ਪਹਿਲਾਂ ਸੰਭਾਵਿਤ ਖਰੜੇ
ਨੂੰ ਲੰਮਾ ਸਮਾਂ ਜਨਤਕ ਤੌਰ ’ਤੇ ਵਿਚਾਰ ਦੇਣ ਲਈ ਪੇਸ਼ ਕੀਤਾ ਗਿਆ। ਵੀਰ ਕੇਹਰ ਸਿੰਘ ਜੀ, ਦਵਿੰਦਰ
ਸਿੰਘ ਜੀ ਸਮੇਤ ਪੰਥ ਦੇ ਸੁਚੇਤ ਤਬਕੇ ਦਾ ਹਿੱਸਾ ਮੰਨੀਆਂ ਜਾਂਦੀਆਂ ਬਹੁਤੀਆਂ ਸ਼ਖਸੀਅਤਾਂ/ਧਿਰਾਂ
ਨੂੰ ਉਸ ਤੇ ਕੀਤੀਆਂ ਵਿਚਾਰ ਚਰਚਾਵਾਂ ਵਿਚ ਸ਼ਾਮਿਲ ਹੋਣ ਜਾਂ ਉਸ ਬਾਰੇ ਲਿਖਤੀ ਵਿਚਾਰ ਭੇਜਣ ਦਾ
ਸੱਦਾ ਦਿਤਾ ਗਿਆ। ਜੇ ਇਨ੍ਹਾਂ ਵਿਚੋਂ ਕਿਸੇ ਨੂੰ ਇਹ ਜਾਪਦਾ ਹੈ ਕਿ ਉਸ ਦਸਤਾਵੇਜ਼ ਵਿਚ ਕਈ ਮੱਦਾਂ
ਗਲਤ ਹਨ ਤਾਂ ਇਸਦੀ ਜਿੰਮੇਵਾਰੀ ਵੀ ਉਨ੍ਹਾਂ ਲੋਕਾਂ ਦੀ ਹੀ ਬਣਦੀ ਹੈ, ਜੋ ਵਿਚਾਰ ਦੇਣ ਅਤੇ ਵਿਚਾਰ
ਕਰਨ ਤੋਂ ਭਗੌੜੇ ਹੋ ਕੇ ਗੁਰਮਤਿ ਨੂੰ ਪਿੱਠ ਵਿਖਾ ਗਏ। ਖਾਸ ਕਰਕੇ ਦਵਿੰਦਰ ਸਿੰਘ ਜੀ ਆਰਟੀਸਟ ਨੂੰ
ਸਾਡੇ ਇਕ ਮੁਢੱਲੇ ਮੈਂਬਰ ਨੇ ਨਿੱਜੀ ਤੌਰ ’ਤੇ ਜੰਮੂ ਵਿਖੇ ਵਿਚਾਰ-ਚਰਚਾਵਾਂ ਵਿਚ ਸ਼ਾਮਲ ਹੋਣ ਦੀ
ਜ਼ੁਬਾਨੀ ਬੇਨਤੀ ਵੀ ਕੀਤੀ।
ਇਸ ਦਸਤਾਵੇਜ਼ ਦੀ ਭੂਮਿਕਾ ਵਿਚ
ਇਹ ਸਪਸ਼ਟ ਦਰਜ ਹੈ ਕਿ ਇਸ ਵਿਚਲੀਆਂ ਸੇਧਾਂ ਨੂੰ ਮੰਨਣਾ ਜਾਂ ਨਾ ਮੰਨਣਾ ਹਰ ਇਕ ਦੀ ਸਵੈ-ਇੱਛਾ ਦਾ
ਵਿਸ਼ਾ ਹੈ, ਇਸ ਨੂੰ ਲਾਗੂ ਕਰਨ ਲਈ ਕੋਈ ਪੁਜਾਰੀ-ਡੰਡਾ ਨਹੀਂ ਵਰਤਿਆ ਜਾਵੇਗਾ। ਜੇ ਕੋਈ ਅਸਹਿਮਤ ਹੈ
ਤਾਂ ਉਹ ਉਸ ਨੂੰ ਨਾ ਅਪਨਾਏ। ਕੋਈ ਭਗੌਤੀ ਸਿਮਰਨ ਦੀ ਅਰਦਾਸ ਕਰੇ ਜਾਂ ਮੂਰਤੀ ਪੂਜਾ ਇਹ ਉਸਦੀ ਇੱਛਾ
ਹੈ, ਧਰਮ ਦੇ ਨਾਮ ’ਤੇ ਦੁਜਿਆਂ ਉੱਤੇ ਕੁਝ ਥੋਪਣਾ ਗਲਤ ਹੈ। ਅਸੀਂ ਸਹਿਜ ਅਤੇ ਠਰੰਮੇ ਵਿਚ ਰਹਿੰਦੇ
ਹੋਏ, ਕਿਸੇ ਅਸਹਿਮਤੀ ਦੇ ਮੁੱਦੇ ’ਤੇ ਤੱਥਾਂ ਅਤੇ ਦਲੀਲ ਨਾਲ ਮਿਆਰੀ ਅਤੇ ‘ਹਾਂ-ਪੱਖੀ’ ਆਲੋਚਨਾ
ਕਰਨ ਦਾ ਸਵਾਗਤ ਕਰਦੇ ਹਾਂ ਅਤੇ ਐਸੀ ਅਲੋਚਨਾ ਦਾ ਹੱਕ ਹਰ ਕਿਸੇ ਨੂੰ ਹੈ।
ਦਸਤਾਵੇਜ਼ ਦੀ ਆਖਰੀ ਮੱਦ ਸਪਸ਼ਟ
ਕਰਦੀ ਹੈ ਕਿ ਇਸ ਵਿਚ ਹਮੇਸ਼ਾਂ ਸੁਧਾਰ ਦੀ ਗੁੰਜਾਇਸ਼ ਰਹੇਗੀ। ਇਕ ਨਿਸ਼ਚਿਤ ਸਮੇਂ ਬਾਅਦ ਇਸ ਦੀ
ਨਿਯਮਿਤ ਪੜਚੋਲ ਕੀਤੀ ਜਾਇਆ ਕਰੇਗੀ ਅਤੇ ਆਏ ਵਿਚਾਰਾਂ/ਸੁਝਾਵਾਂ ਨੂੰ ਪੜਚੋਲਿਆ ਜਾਇਆ ਕਰੇਗਾ। ਬੀਬੀ
ਜਸਵੀਰ ਕੌਰ (ਜਾਂ ਵੀਰ ਕੇਹਰ ਸਿੰਘ ਜੀ), ਦਵਿੰਦਰ ਸਿੰਘ ਜੀ ਆਰਟਿਸਟ ਸਮੇਤ ਕੋਈ ਵੀ ਸੱਜਣ ਇਸ
ਦਸਤਾਵੇਜ਼ ਦੀਆਂ ਮੱਦਾਂ ਬਾਰੇ ਆਪਣੇ ਲਿਖਤੀ ਵਿਚਾਰ/ਸੁਝਾਵ ਪਰਿਵਾਰ ਨੂੰ (ਸੰਯੋਜਕ ਹੋਣ ਕਰਕੇ) ਭੇਜ
ਸਕਦਾ ਹੈ, ਜਿਨ੍ਹਾਂ ਨੂੰ ਸਾਂਭ ਕੇ ਰੱਖਿਆ ਜਾਵੇਗਾ।
ਐਸੇ
ਸੁਝਾਵਾਂ/ਵਿਚਾਰਾਂ ਲਈ ਅਸੀਂ ਤਹਿਦਿਲੋਂ ਧੰਨਵਾਦੀ ਹੋਵਾਂਗੇ।
ਵੀਰ ਦਵਿੰਦਰ ਸਿੰਘ ਜੀ ਨੂੰ
ਬੇਨਤੀ ਹੈ ਕਿ ਗੁਰਮਤਿ ਸਾਨੂੰ ਬਿਬੇਕ ਦਾ ਮਾਰਗ ਦੱਸਦੀ ਹੈ ਅਤੇ ਇਕ ਗੁਰਸਿੱਖ ਨੇ ਆਪਣੇ ਬਿਬੇਕ ਨੂੰ
ਕਦੇ ਵੀ ਕਿਸੇ ਹੋਰ ਦੀ ਚੁੱਕ ਦਾ ਇਤਨਾ ਗੁਲਾਮ ਨਹੀਂ ਬਣਾ ਲੈਣਾ ਚਾਹੀਦਾ ਕਿ ਉਹ ਐਸੀ ਚੁੱਕ ਦੇ
ਪ੍ਰਭਾਵ ਹੇਠ ਬੱਚਿਆਂ ਦੇ ਗ੍ਰਹਿਸਤੀ ਜੀਵਨ ਨੂੰ ਬਰਬਾਦ ਕਰਨ ਤੋਂ ਵੀ ਗੁਰੇਜ਼ ਨਾ ਕਰੇ। ਇਸ ਵਿਸ਼ੇ
’ਤੇ ਲੋੜ ਪੈਣ ’ਤੇ ਜ਼ਿਆਦਾ ਖੁਲਾਸਾ ਵਾਜਿਬ ਸਮੇਂ ਕੀਤਾ ਜਾ ਸਕਦਾ ਹੈ।
ਵਿਚਾਰਕ ਅਸਹਿਮਤੀ ਨੂੰ ਨਿੱਜੀ
ਵਿਰੋਧ ਬਣਾ ਲੈਣ ਦੀ ਕਮਜ਼ੋਰੀ ਨਾਲ ਗ੍ਰਸਤ ਕੇਹਰ ਸਿੰਘ ਜੀ ਸਮੇਤ ‘ਗੁਰਮਤਿ ਇਨਕਲਾਬ ਪੁਰਬ’ ਦੇ
ਸਮਾਗਮ ਦੀ ਕਾਮਯਾਬੀ ਤੋਂ ਬੌਖਲਾਏ ਕੁੱਝ ਸੱਜਣਾਂ ਵਲੋਂ ਸਾਡੇ ਇਕ ਮੁੱਢਲੇ ਮੈਂਬਰ ਨੂੰ ਕੀਤੇ ਫੋਨ
ਤੋਂ ਸਾਡਾ ਅੰਦਾਜ਼ਾ ਇਹ ਕਹਿੰਦਾ ਹੈ ਕਿ ਇਹ ਲਿਖਤ ਆਪਣੀ ਧਰਮ-ਪਤਨੀ ਦੇ ਨਾਮ ਤੇ ਕੇਹਰ ਸਿੰਘ ਜੀ
ਚੰਡੀਗੜ ਨੇ ਆਪ ਲਿਖੀ ਹੈ।
ਪਰ ਜੇ
ਇਹ ਲੇਖ ਸੱਚਮੁੱਚ ਹੀ ਉਨ੍ਹਾਂ ਦੀ ਧਰਮ ਪਤਨੀ ਬੀਬੀ ਜਸਵੀਰ ਕੌਰ ਜੀ ਨੇ ਲਿਖਿਆ ਹੈ
ਤਾਂ ਉਨ੍ਹਾਂ ਨੂੰ ਬੇਨਤੀ ਹੈ ਕਿ ਉਹ ਐਸੀਆਂ ਝੂਠੀਆਂ, ਕੱਚ-ਘਰੜ ਅਤੇ ਗੁੰਮਰਾਹ-ਕੁੰਨ ਲਿਖਤਾਂ ਲਿਖ
ਕੇ ਆਪਣੀ ਸ਼ਖਸੀਅਤ ਨੂੰ ਇਤਨਾ ਹਲਕਾ ਨਾ ਬਣਾਉਣ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(03/07/13)
ਜਰਨੈਲ ਸਿੰਘ, ਸਿਡਨੀ ਅਸਟ੍ਰੇਲੀਆ
ਸਤਿਕਾਰ ਯੋਗ ਜਾਚਕ ਜੀ ਤੇ ਸਿਖ ਮਾਰਗ ਦੇ ਪਾਠਕ ਸਹਿਬਾਨ
ਗੁਰ ਫ਼ਤਿਹ ਪਰਿਵਾਨ ਕਰਨੀ!
ਜਾਚਕ ਜੀ ਮੇਰੇ ਮਨ `ਚ ਉਠੇ ਸਵਾਲਾਂ ਦਾ ਜਵਾਬ ਦੇਣ ਲਈ ਆਪ ਦਾ ਬਹੁਤ ਬਹੁਤ ਧੰਨਵਾਦ।
ਕੁੱਝ ਦੇਰ ਪਹਿਲਾਂ ਤੁਹਾਡੇ ਵਾਰੇ ਇੱਕ ਖ਼ਬਰ ਛਪੀ ਸੀ ਜਿਸ ਵਿੱਚ ਤੁਸੀਂ ਇੱਕ ਭੂਤ ਪਰੇਤ ਕੱਡਣ ਵਾਲੀ
ਅਤੇ ਓਪਰੀਆਂ ਕਸਰਾਂ ਦਾ ਇਲਾਜ਼ ਕਰਨ ਵਾਲੀ ਬੀਬੀ ਦਾ ਥੜ੍ਹਾ ਪੁਟਿਆ ਸੀ। ਇਹ ਖ਼ਬਰ ਪੜ੍ਹ ਕੇ ਤੁਹਾਡੇ
ਵਾਰੇ ਮਨ `ਚ ਇੱਕ ਪ੍ਰਭਾਵ ਬਣਿਆ ਸੀ ਪਰ ਜਦੋਂ ਤੁਹਾਡੀ ਮਿਤੀ 23/06/2013 ਵਾਲੀ ਚਿੱਠੀ ਪੜ੍ਹੀ
ਤਾਂ ਕੁੱਝ ਅਜੀਬ ਲਗਾ। ਇਸੇ ਕਰਕੇ ਮੈਂ ਇਹ ਸਵਾਲ ਕੀਤੇ ਸਨ। ਹੋ ਸਕਦਾ ਮੈਂ ਗਲਤ
ਹੋਵਾਂ ਪਰ ਮੈਨੂੰ ਇਹ ਵੀ ਮਹਿਸੂਸ ਹੋਇਆ ਹੈ ਕਿ ਮੇਰੇ ਸਵਾਲ ਤੁਹਾਨੂੰ ਚੰਗੇ ਨਹੀਂ ਲਗੇ। ਤੁਹਾਡੇ
ਜਵਾਬ ਸਿਰ ਮੱਥੇ।
ਜਾਚਕ ਜੀ ਓਪਰੀਆਂ ਕਸਰਾਂ ਦਾ ਇਲਾਜ਼ ਕਰਨ ਵਾਲੇ ਅਤੇ ਚਮਤਕਾਰਾਂ ਦਾ ਦਾਅਵਾ ਕਰਨ ਵਾਲੇ ਬੇਸ਼ਕ ਵੱਖਰੇ
ਨਜ਼ਰ ਆੳਂਦੇ ਨੇ ਪਰ ਇਹਨਾਂ ਵਿੱਚ ਇੱਕ ਡੂੰਘੀ ਸਿਧਾਂਤਿਕ ਸਾਂਝ ਹੈ। ਉਹ ਹੈ ਰੱਬੀ ਨਿਯਮਾਂ ਨੂੰ ਤੋੜ
ਜਾਂ ਤੁੜਵਾ ਸਕਣ ਦੀ ਸਮਰਥਾ ਦਾ ਦਾਅਵਾ। ਇਹ ਅਕਸਰ ਦੇਖਣ `ਚ ਆੳਂਦਾ ਹੈ ਕਿ ਕਰਾਮਾਤਾਂ ਕਰਨ ਦਾ
ਦਾਅਵਾ ਕਰਨ ਵਾਲੇ ਬਾਬੇ ਜਾਂ ਡੇਰੇ ਓਪਰੀਆਂ ਕਸਰਾਂ ਦਾ ਇਲਾਜ਼ ਵੀ ਕਰਦੇ ਨੇ। ਸਾਡੇ ਗੁਰਦਵਾਰਿਆਂ
ਵਿੱਚ ਵੀ ਇਹ ਇਲਾਜ਼ ਉਪਲਭਦ ਨੇ। ਸਿਡਨੀ ਦੇ ਇੱਕ ਵੱਡੇ ਗੁਰਦਵਾਰੇ ਦੇ ਸੇਵਾਦਾਰਾਂ ਨੇ ਕਿਸੇ ਗੈਰ
ਸਿਖ ਦੇ ਘਰ `ਚ ਬਿਨਾਂ ਸਫਲਤਾ ਇਹ ਇਲਾਜ਼ ਕੀਤਾ ਸੀ। ਉਹ ਬੀਬੀ ਇੱਕ ਬਹੁਤ ਛੋਟੀ ਦੁਕਾਨਦਾਰ ਏ/ਸੀ
ਅਤੇ ਡੇਰੇ ਵੱਡੇ ਵੱਡੇ ਵਪਾਰਿਕ ਘਰਾਣੇ। ਮੈਨੂੰ ਇਹ ਲਗਾ ਕਿ ਤੁਹਾਡੇ ਵਿਚਾਰ ਵੀ ਇਸ ਵਰਤਾਰੇ ਨੂੰ
ਉਤਸ਼ਾਹਿਤ ਕਰਨ ਵਾਲੇ ਨੇ। ਅਗਰ ਰੱਬ ਨਾਮਦੇਵ ਜਾਂ ਕਬੀਰ ਲਈ ਆਪਣੇ ਨਿਯਮ ਤੋੜ ਸਕਦਾ ਏ ਤਾਂ ਫਿਰ
ਅਜ ਕਲ ਦੇ ਸਾਧਾਂ ਲਈ ਕਿਉਂ ਨਹੀਂ ਤੋੜੂਗਾ? ਇਹ ਤਾਂ ਕਿਤੇ ਨਹੀਂ ਲਿਖਿਆ ਕਿ ਰੱਬ ਨੇ ਅਗੇ ਤੋਂ ਲੀਕ
ਖਿਚਤੀ ਏ।
ਜਾਚਕ ਜੀ ਤੁਸੀਂ ਆਪਣੇ ਜਵਾਬ ਵਿੱਚ ਇਹ ਸਪਸ਼ਟ ਕੀਤਾ ਏ ਕਿ ਨਾਨਕ ਬਾਣੀ ਤੁਸੀਂ ਸਾਰੇ ਗੁਰੂਆਂ ਦੀ
ਬਾਣੀ ਨੂੰ ਕਹਿੰਦੇ ਹੋ। ਤੁਹਾਡੇ ਵਿਚਾਰ ਵਿੱਚ ਨਾਨਕ ਬਾਣੀ ਅਤੇ
ਭਗਤਬਾਣੀ ਵਿੱਚ ਚਮਤਕਾਰ ਸਬੰਧੀ ਵਿਚਾਰਧਾਰਿਕ ਮਤ ਭੇਦ ਹੈ। ਪ੍ਰੋ: ਸਾਹਿਬ ਸਿੰਘ ਦਰਪਣ
ਵਿੱਚ ਇਹ ਤਰਕ ਪੱਲੇ ਬੰਨ੍ਹ ਕੇ ਤੁਰਦੇ ਨੇ ਕਿ ਗੁਰੁ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਇਕੋ
ਵਿਚਾਰਧਾਰਾ ਦੇ ਸੂਤਰ `ਚ ਪਰੋਈ ਹੋਈ ਏ। ਜ਼ਾਹਰਾ ਤੌਰ ਤੇ ਤੁਹਾਡੇ ਵਿਚਾਰ ਉਹਨਾਂ ਨਾਲੋਂ ਭਿੰਨ੍ਹ
ਨੇ। ਮੇਰਾ ਆਪਣਾ ਖਿਆਲ ਹੈ ਕਿ ਪ੍ਰੋ: ਸਾਹਿਬ ਸਿੰਘ ਦਾ ਇਹ ਤਰਕ ਬਿਲਕੁਲ ਜ਼ਾਇਜ ਹੈ।
ਜਾਚਕ ਜੀ ਆਪਣੇ ਵਿਚਾਰ ਸਾਂਝੇ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮੇਰੇ ਮਨ `ਚ ਤੁਹਾਡੇ ਵਾਰੇ
ਹੁਣ ਕੋਈ ਅਸਪਸ਼ਟਤਾ ਨਹੀ ਹੈ।
ਧੰਨਵਾਦ ਸਹਿਤ
ਜਰਨੈਲ ਸਿੰਘ
ਸਿਡਨੀ ਅਸਟ੍ਰੇਲੀਆ
(03/07/13)
ਟਾਈਗਰ ਜਥਾ ਕਨੇਡਾ-ਫੇਸਬੁੱਕ ਰਾਹੀਂ
ਸੰਤ
ਹਰਦੇਵ ਸਿੰਘ ਲੂਲੋਂ ਵਲੋਂ ਬਖੇਰੇ ਕੁੱਝ ਜੂਠੇ ਮੋਤੀ
੧. ਅਖੰਡ ਪਾਠ ਸਮੇਂ ਨਾਰੀਅਲ ਰੱਖਣ ਵਿੱਚ ਕੀ ਮਾੜੀ ਗੱਲ ਹੈ? ਨਾਰੀਅਲ ਬ੍ਰਾਹਮਣ ਨੂੰ
ਦੇ ਦਿਉ, ਅੰਬ ਬਾਣੀਆਂ ਨੂੰ ਦੇ ਦਿਉ, ਖਜੂਰਾਂ ਮੁਸਲਮਾਨਾਂ ਨੇ ਲਈਆਂ ਹੋਈਐਂ। ਤੁਸੀਂ ਸਿੱਖ ਟੱਲੀਆਂ
ਵਜਾਉਂਦੇ ਫਿਰਿਉ।
੨. ਇੱਕ ਹੋਰ ਢਕੌਂਸ ਰਚਿਐ। ਕਹਿੰਦੇ ਅਸੀਂ ਬ੍ਰਾਹਮਣਾਂ ਤੇ ਜੁਦੀ (ਵੱਖਰੀ) ਜੰਤਰੀ (ਨਾਨਕਸ਼ਾਹੀ)
ਬਨਾਉਣੀ ਹੈ। ਕਰੋੜਾਂ ਰੁਪਏ ਬਦੇਸ਼ੀਆਂ ਤੋਂ ਲੈ ਕੇ ਸਿੱਖਾਂ ਵਿੱਚ ਫੁੱਟ ਪਾਉਣ ਦੀ ਗੱਲ ਹੈ, ਜੰਤਰੀ
ਦੀ ਨਹੀਂ।
੩. ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਪੁਰਬ, ਪਹਿਲੇ ਗੁਰੂ ਹਰਦੁਆਰ ਜਾ ਕੇ ਮਨਾਉਂਦੇ ਰਹੇ ਤੇ
ਭੰਡਾਰਾ ਕਰਦੇ ਰਹੇ। ਹੁਣ ਤਕ ਹਰਿ ਕੀ ਪੌੜੀ ਤੇ ਯਾਦ ਬਣੀ ਹੋਈ ਹੈ।
੪. ਗੁਰੂ ਨਾਨਕ ਦੇਵ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਮਿਲਦੀ। ਗੁਰੂ ਜੀ ਦੀ ਬਹੁਤ
ਸਾਰੀ ਬਾਣੀ (ਗੁਰੂ ਗ੍ਰੰਥ ਸਾਹਿਬ ਤੋਂ) ਬਾਹਰ ਹੈ। ਉਸ ਪੋਥੀ ਦਾ ਨਾਂ ‘ਗੋਹਜ ਗ੍ਰੰਥ’ ਹੈ ਤੇ ਇਸ
ਦੇ ਹਰ ਇੱਕ ਨੂੰ ਦਰਸ਼ਨ ਨਹੀਂ ਕਰਾਏ ਜਾਂਦੇ।
੫. ਸਿੱਖ ਦਸਮੇਸ਼ ਪਿਤਾ ਦੇ ਚਰਨਾਂ ਤੇ ਮੱਥਾ ਟੇਕਣ ਤਾਂ ਮੱਥਾ ਧਰਤੀ ਤੇ ਜਾ ਲੱਗੇ। ਵਿਚਕਾਰੋਂ ਗੁਰੂ
ਦੇ ਚਰਨ ਹੀ ਅਲੋਪ ਹੋ ਜਾਂਦੇ ਸਨ।
੬.’ਪ੍ਰਗਟ ਗੁਰਾਂ ਕੀ ਦੇਹ’ ਦਾ ਅਰਥ ਦੱਸ ਗੁਰੂਆਂ ਦੇ ਦਰਸ਼ਨ ਹਨ। ਜੇ ਇੱਕ ਗੁਰੂ ਦੇ ਦਰਸ਼ਨ ਮਤਲਬ
ਹੁੰਦਾ ਤਾਂ ‘ਗੁਰਾਂ’ ਸ਼ਬਦ ਨਾ ਲਿਖਿਆ ਹੁੰਦਾ।
ਕੀ ਇਹ ਸਾਧ (ਸੰਤ) ਗੁਰਮਤਿ ਉਤੇ ਇਸੇ ਤਰ੍ਹਾਂ ਹਮਲੇ ਕਰਦੇ ਰਹਿਣਗੇ ਜਿਸ ਤਰ੍ਹਾਂ ਕਾਫ਼ੀ ਸਮੇਂ ਤੋਂ
ਲੈ ਕੇ ਅੱਜ ਤਕ ਕਰਦੇ ਆ ਰਹੇ ਹਨ? ਸੰਤਾਂ ਦੇ ਦਿਵਾਨਾਂ ਵਿੱਚ ਕੱਚੀਆਂ ਧਾਰਣਾਂ, ਮਨਘੜਤ ਸਾਖੀਆਂ ਦਾ
ਹੀ ਬੋਲਬਾਲਾ ਹੁੰਦਾ ਹੈ ਜਿਨ੍ਹਾਂ ਦਾ ਬਖਾਨ ਕਰ ਕੇ ਭੋਲੀ-ਭਾਲੀ ਜਨਤਾ ਨੂੰ ਗੁਰਮਤਿ ਤੋਂ ਬਹੁਤ ਦੂਰ
ਲਿਜਾ ਰਹੇ ਹਨ ਅਤੇ ਪੰਥਕ ਮਰਯਾਦਾ ਦੇ ਵੀ ਉਲਟ ਬੋਲਦੇ ਹਨ। ਮੈਂ ਸੰਤ ਹਰਦੇਵ ਸਿੰਘ ਲੂਲੋ ਵਾਲੇ, ਜੋ
ਸ਼੍ਰੋ: ਗੁਰ: ਪ੍ਰ: ਕਮੇਟੀ ਤੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਵੀ ਹਨ, ਦੇ ਇੱਕ ਦਿਵਾਨ ਦੀ ਕੈਸਿਟ
ਸੁਣੀ ਜੋ ਹੇਠਾਂ ਹੂਬਹੂ ਪੇਸ਼ ਕਰ ਰਿਹਾ ਹਾਂ:
ਸੰਤ ਜੀ ਇਸ ਕੈਸਟ ਵਿੱਚ ਕਹਿੰਦੇ ਹਨ:
“ਅਸੀਂ ਅਖੰਡ ਪਾਠ ਰੱਖਿਆ ਅਮਰੀਕਾ ‘ਚ। ਉਥੇ ਸਾਨੂੰ ਇੱਕ ਗਿਆਨਾ ਸੂੰ ਮਿਲਿਆ। ਕਹਿੰਦਾ ‘ਬਾਬਾ ਜੀ
ਐਹ ਨਾਰੀਅਲ ਕਿਉਂ ਰਖਿਆ ਹੈ? ‘ਮੈਂ ਸਮਝ ਗਿਆ ਬਈ ਗਿਆਨਾ ਸੂੰ ਐ। ਗਿਆਨਾ ਸੂੰ ਉਹ ਹੁੰਦਾ ਹੈ ਜਿਹੜਾ
ਪੜ੍ਹਿਆ ਨਾ ਹੋਵੇ, ਐਵੀਂ ਗਿਆਨ ਦੀ ਡਾਂਗ ਚੱਕੀ ਫਿਰਦਾ ਹੋਵੇ। ਮੈਂ ਕਿਹਾ, ‘ਭਾਈ ਸਾਡੇ ਕੋਲ ਤਾਂ
ਪਰਸੋਂ ਦਾ ਪਿਆ ਹੈ, ਤੈਨੂੰ ਕੀ ਕਹਿ ਤਾ ਇਹਨੇ? ਤੈਨੂੰ ਕੀ ਤਕਲੀਫ ਹੋਈ? ‘ਉਹ ਕਹਿੰਦਾ, ‘ਤਕਲੀਫ
ਨਹੀਂ ਬਾਬਾ ਜੀ, ਨਾਰੀਅਲ ਤਾਂ ਬ੍ਰਾਹਮਣਾਂ ਦਾ ਹੁੰਦਾ ਹੈ। ‘ਮੈਂ ਕਿਹਾ ਆਜਾ ਮੈਨੂੰ ਸਮਝਾਦੇ, ਮੈਂ
ਵੀ ਮੰਨ ਜੂੰਗਾ। ਮੈਂ ਕਿਹਾ, ‘ਨਾਰੀਅਲ ਕਿਥੇ ਪੈਦਾ ਹੁੰਦਾ ਹੈ? ‘ਕਹਿੰਦਾ, ਦਰੱਖਤ ਨੂੰ ਲਗਦਾ ਹੈ।
‘ਮੈਂ ਕਿਹਾ ਨਾਰੀਅਲ ਬ੍ਰਾਹਮਣਾਂ ਦੇ ਗਿੱਟਿਆਂ ਨੂੰ ਤਾਂ ਨਹੀਂ ਲੱਗਦੇ? ਦੇਖੋ ਜੀ ਵਹਿਮ ਪਾਇਐ।
ਕਹਿੰਦੇ ਨਾਰੀਅਲ ਬ੍ਰਾਹਮਣਾਂ ਦਾ ਹੈ। ਨਾਰੀਅਲ ਬ੍ਰਾਹਮਣਾਂ ਨੂੰ ਦੇ ਦਿਉ, ਅਮਰੂਦ ਖੱਤਰੀਆਂ ਨੂੰ ਦੇ
ਦਿਉ, ਖਜੂਰਾਂ ਮੁਸਲਮਾਨਾਂ ਨੇ ਲਈਆ ਹੋਈਆਂ ਐ। ਤੁਸੀਂ ਸਿੱਖੋ ਟੱਲੀਆਂ ਵਜਾਉਂਦੇ ਫਿਰਿਉ। ਮੁੰਬਈ
ਜਾਉ, ਕਲਕੱਤੇ ਜਾਉ, ਉਹ ਤੁਹਾਨੂੰ ਕੈਂਪਾਂ ਕੋਲਾ ਨਹੀਂ ਪਿਲਾਉਂਦੇ, ਉਹ ਨਾਰੀਅਲ ਭੰਨ ਕੇ ਪਿਲਾਉਂਦੇ
ਐ। ਜਿਸ ਸਿੱਖ ਨੇ ਉਥੇ ਜਾ ਕੇ ਚਾਰ-ਪੰਜ ਗਲਾਸ ਪੀ ਲਏ, ਉਸ ਨੂੰ ਚਿੱਠੀ ਲਿਖ ਕੇ ਪਾ ਦਿਉ ਕਿ ‘ਤੂੰ
ਹੁਣ ਬ੍ਰਾਹਮਣ ਹੈਂ, ਪੰਜਾਬ ‘ਚ ਨਾ ਆਈਂ … …. . ।’
ਅੱਗੇ ਫਿਰ ਇਹ ਸੰਤ ਇਉਂ ਬੋਲਦਾ ਹੈ:
‘ਇਕ ਹੋਰ ਢੌਂਗ ਰਚਿਐ। ਕਹਿੰਦੇ ਅਸੀਂ ਬ੍ਰਾਹਮਣਾਂ ਤੇ ਜੁਦੀ (ਵੱਖਰੀ) ਜੰਤਰੀ ਬਣਾਉਂਦੀ ਹੈ।
ਕਹਿੰਦੇ ਚੰਦਰਮਾ ਦੀ ਥਿਤ ਬ੍ਰਾਹਮਣ ਬਣਾਉਨਦੈ। ਇਹ ਤਾਂ ਸਾਰੇ ਸੰਸਾਰ ਵਾਸਤੇ ਹੀ ਸਾਂਝਾ ਹੈ। ਇਹ
ਤਾਂ ਅਮਰੀਕਾ ਵਿੱਚ ਵੀ ਦਿਸਦੈ ਤੇ ਅਰਬ ਕੰਟਰੀ ਵਿੱਚ ਵੀ ਦਿਸਦਾ ਹੈ, ਜਿੱਥੇ ਬ੍ਰਾਹਮਣ ਦਾ ਨਾਉਂਵੀ
ਨਹੀਂ ਹੈ। ਇਹ ਤਾਂ ਮੱਕੇ ‘ਚ ਵੀ ਦਿਸਦੈ ਤੇ ਹਰਿਮੰਦਰ ਸਾਹਿਬ ਨੂੰ ਵੀ ਰੌਸ਼ਨੀ ਕਰ ਰਿਹਾ ਹੈ। ਅਖੈ
ਚੰਦਰਮਾ ਦੀਆਂ ਥਿੱਤਾਂ ਬ੍ਰਾਹਮਣਾਂ ਦੀਐਂ। ਲਉ ਕੀਹਨੇ ਬਣਾਇਆ ਚੰਦਰਮਾ? ਵਾਹਿਗੁਰੂ ਨੇ ਬਣਾਇਐ।
ਬ੍ਰਾਹਮਣ ਇਹਦੇ ਕਿਥੋਂ ਠੇਕੇਦਾਰ ਬਣ ਗਏ ਬਈ? ਸਾਨੂੰ ਨਹੀਂ ਪਤਾ ਕਿ ਸਾਡੇ ਸਤਿਗੁਰੂ ਨਾਨਕ ਦੇਵ ਜੀ
ਦਾ ਜਨਮ ਦਿਨ ਸ੍ਰੀ ਗੁਰੂ ਅੰਗਦਦੇਵ ਜੀ ਮਨਾਉਂਦੇ ਰਹੇ? ਜੋਤੀ ਜੋਤ ਗੁਰੂ ਨਾਨਕ ਦੇਵ ਜੀ ਦਾ, ਗੁਰੂ
ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਹਰਦੁਆਰ ਜਾ ਕੇ ਭੰਡਾਰਾ ਕਰਦੇ ਰਹੇ ਹਨ। ਹੁਣ ਤਕ ਹਰਿ ਕੀ
ਪੌੜੀ ਤੇ ਯਾਦ ਬਣੀ ਹੋਈ ਹੈ ਤੇ ਦਸਵੇਂ ਪਾਤਸ਼ਾਹ ਤਕ ਨੌਂ ਪਾਤਸ਼ਾਹਾਂ ਦੇ ਗੁਰਪੁਰਬ ਨੌਏ ਗੁਰੂ
ਮਨਾਉਂਦੇ ਰਹੇ ਹਨ ਜਾਂ ਕਿ ਉਹਨਾਂ ਨੇ ਮਨਾਏ ਨੇ? ਦਸਮ ਪਾਤਸ਼ਾਹ ਤੋਂ ਬਾਅਦ ਭਾਈ ਮਨੀ ਸਿੰਘ, ਬਾਬਾ
ਦੀਪ ਸਿੰਘ ਸ਼ਹੀਦ ਜਿਹੜੇ ਗੁਰੂ ਸਾਹਿਬ ਦੇ ਕੋਲ ਰਹਿ ਕੇ ਪੜ੍ਹੈ, ਕੀ ਉਹਨਾਂ ਨੂੰ ਪਤਾ ਹੀ ਨਹੀਂ
ਲਗਿਆ ਗੁਰੂ ਨਾਨਕ ਦੇਵ ਜੀ ਦੇ ਜਨਮ ਦਾ? ਕੀ ਉਹਨਾਂ ਨੂੰ ਦਸਮ ਪਾਤਸ਼ਾਹ ਦੇ ਅਵਤਾਰ ਦਾ ਪਤਾ ਹੀ ਨੀ
ਲਗਿਆ? ਨਾ ਭਾਈ ਸੰਤੋਖ ਸਿੰਘ ਜੀ ਨੂੰ ਪਤਾ ਲਗਿਆ? ਇਹ ਜੰਤਰੀ ਦੀ ਗੱਲ ਨਹੀਂ, ਕਰੋੜਾਂ ਅਰਬਾਂ
ਰੁਪਈਏ ਬਦੇਸੀਆਂ ਤੋਂ ਲੈ ਕੇ ਸਿੱਖਾਂ ਵਿੱਚ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਹਨ।
(03/07/13)
ਡਾ: ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
ਕਿਧਰੋਂ
ਕਿਧਰ ਨੂੰ?
,,,,,,,,,,,,,,,,,,,,,,,
ਅਸੀਂ ਬੁਰਿਆਈ ਨਾਲ ਲੜਨਾਂ ਸੀ,
ਪਰ ਬੁਰਿਆਂ ਦੇ ਨਾਲ ਖਹਿ ਗਏ ਹਾਂ।।
ਅਸੀਂ ਬਾਹਰਲਿਆਂ ਨੂੰ ਜਿੱਤਦੇ ਰਹੇ,
ਪਰ ਅੰਦਰਲਿਆਂ ਤੋਂ ਢਹਿ ਗਏ ਹਾਂ।।
ਸਾਨੂੰ ਮਜ਼ਹਬੀ ਭੰਵਰ ਚੋਂ' ਨਿਕਲਣ ਦਾ,
ਗੁਰੂ ਨਾਨਕ ਰਸਤਾ ਦੱਸਿਆ ਸੀ।
ਅਸੀਂ ਨਿਆਰੇ ਰਸਤੇ ਨੂੰ ਛੱਡਕੇ,
ਮੁੜ ਬਹਿਣਾ ਦੇ ਵਿੱਚ ਬਹਿ ਗਏ ਹਾਂ।।
ਸੱਚ-ਧਰਮ ਦੇ ਪਹੀਏ ਦੋ ਹੁੰਦੇ,
ਇਕ ਗਿਆਨ ਤੇ ਦੂਜਾ ਸ਼ਰਧਾ ਦਾ।
ਅਸੀਂ ਅੰਧਵਿਸ਼ਵਾਸੀ ਸ਼ਰਧਾ ਦੇ,
ਅਲਵਿਦਾ ਗਿਆਨ ਨੂੰ ਕਹਿ ਗਏ ਹਾਂ।।
ਸਾਨੂੰ ਰੋਜ਼ੀ ਦੇ ਲਈ ਗੁਰਬਾਣੀ,
ਸੁਕਿਰਤ ਕਰਨ ਲਈ ਕਹਿੰਦੀ ਹੈ।
ਸਾਡੀ ਮਿਹਨਤ ਖਾਧੀ ਜੋਕਾਂ ਨੇ,
ਅਸੀਂ ਕਿਸਮਤ ਕਹਿਕੇ ਸਹਿ ਗਏ ਹਾਂ।।
ਗੁਰ ਨਾਨਕ ਨੇ ਉਪਦੇਸ਼ ਲਿਖੇ,
ਜੀਵਨ ਵਿੱਚ ਧਾਰਨ ਕਰਨੇ ਲਈ।
ਅਸੀਂ ਗੁਰ-ਸਿੱਖਿਆ ਨੂੰ ਭੁੱਲਕੇ ਤੇ,
ਪੂਜਾ ਦੇ ਰਸਤੇ ਪੈ ਗਏ ਹਾਂ।।
ਉਸ ਇਕ ਉੰਗਲ ਚੁੱਕ ਦੱਸਿਆ ਸੀ,
ਬ੍ਰਹਿਮੰਡ ਦਾ ਕਰਤਾ ਇੱਕੋ ਹੈ।
ਅਸੀਂ ਗਲ ਸਮਝਣ ਦੀ ਥਾਵੇਂ ਤਾਂ,
ਉੰਗਲ ਹੀ ਪੂਜਣ ਡਹਿ ਗਏ ਹਾਂ।।
ਕੁਦਰਤ ਦੇ ਗੁੱਝੇ ਨਿਯਮਾਂ ਨੂੰ,
ਉਸ ਹੁਕਮ ਸਾਹਿਬ ਦਾ ਆਖਿਆ ਸੀ।
ਅਸੀਂ ਰਮਜਾਂ ਸਮਝਣ ਜੋਗੇ ਨਾਂ,
ਸ਼ਬਦਾਂ ਵਿੱਚ ਫਸਕੇ ਰਹਿ ਗਏ ਹਾਂ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
(02/07/13)
ਡਾ: ਇਕਬਾਲ ਸਿੰਘ ਢਿੱਲੋਂ
ਸਤਿਕਾਰਯੋਗ ਸ. ਵਰਿੰਦਰ ਸਿੰਘ ਗੋਲਡੀ ਜੀ, ਆਪ ਜੀ ਨੂੰ ਮੇਰੇ ਵੱਲੋਂ
ਪਰੇਮ ਭਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ।
ਸਿਖਮਾਰਗ ਵੈਬਸਾਈਟ ਤੇ 01. 07. 2013 ਨੂੰ ਪਾਏ ਗਏ ਆਪ ਜੀ ਦੇ ਪੱਤਰ ਲਈ
ਆਪ ਜੀ ਦਾ ਧੰਨਵਾਦ ਹੈ ਜੀ। ਮੈਂ ਆਪ ਜੀ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ‘ੴ’ ਦਾ ਸਹੀ ਅਤੇ
ਇੱਕੋ-ਇਕ ਉਚਾਰਨ ‘ਇੱਕੋ’ ਹੀ ਹੈ। ਇਸ ਦਾ ਮਤਲਬ ਹੈ ਕਿ ‘ੴ’ ਦਾ ‘ਇਕ ਓਂਕਾਰ’, ‘ਇਕ ਓਅੰਕਾਰ’
ਜਾਂ ‘ਏਕੰਕਾਰ’ ਕਰਕੇ ੳਚਾਰਨ ਕਰਨਾ ਸਹੀ ਨਹੀਂ। ਸਾਨੂੰ ਪਹਿਲਾਂ ਇਹ ਗੱਲ ਮੰਨ ਕੇ ਹੀ ਅਰਥਾਂ ਵੱਲ
ਤੁਰਨਾ ਚਾਹੀਦਾ ਹੈ। ਕਿਸੇ ਰਚਨਾ (ਵਿਸ਼ੇਸ਼ ਕਰਕੇ ਗੁਰਬਾਣੀ) ਦੇ ਪਾਠ (
text)
ਦਾ ਸਹੀ ਉਚਾਰਨ ਕੀਤਾ ਜਾਣਾ ਬਹੁਤ ਜ਼ਰੂਰੀ ਹੈ ਅਤੇ ਉਚਾਰਨ ਨੂੰ ਵਿਗਾੜਨ ਦਾ ਕਿਸੇ ਨੂੰ ਵੀ ਹੱਕ
ਪਰਾਪਤ ਨਹੀਂ। ਅਰਥਾਂ ਵੱਲ ਤੁਰਨ ਤੋਂ ਪਹਿਲਾਂ ਇੱਕ ਹੋਰ ਭਾਸ਼ਾਈ ਪੱਖ ਧਿਆਨ ਵਿੱਚ ਰੱਖਣਾ ਵੀ ਜ਼ਰੂਰੀ
ਹੈ ਅਤੇ ਉਹ ਹੈ ਕਿਸੇ ਸ਼ਬਦ (word)
ਦੀ ਰੂਪਕ-ਬਣਤਰ (morphology)।
ਉਦਾਹਰਨ ਦੇ ਤੌਰ ਤੇ ‘ਖਿਡਾਰੀ’ ਸ਼ਬਦ ‘ਖੇਡ’ ਤੋਂ ਬਣਿਆਂ ਹੈ ਅਤੇ ਇਸ ਵਿੱਚ ਦੂਸਰਾ ਭਾਗ ‘ਰੀ’
ਪਿਛੇਤਰ (suffix)
ਦੇ ਤੌਰ ਤੇ ਸ਼ਾਮਲ ਕੀਤਾ ਗਿਆ ਹੈ। ਆਪ ਜੀ ਨੇ ‘ੴ’ ਦੀ ਰੂਪਕ ਬਣਤਰ (ਇਕ+ਓ) ਵੀ ਸਹੀ ਦਰਸਾਈ ਹੈ। ਇਸ
ਤਰ੍ਹਾਂ ‘ੴ’ ਦੀ ਰੂਪਕ ਬਣਤਰ ‘ਇਕ ਓਂਕਾਰ’, ‘ਇਕ ਓਅੰਕਾਰ’ ਜਾਂ ‘ਏਕੰਕਾਰ’ ਤੋਂ ਬਿਲਕੁਲ ਭਿੰਨ
ਬਣਦੀ ਹੈ। (ਇੱਥੇ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਸਿਖਮਾਰਗ ਵੈਬਸਾਈਟ ਤੇ 27. 06. 2013 ਨੂੰ
ਪਾਏ ਗਏ ਆਪ ਜੀ ਦੇ ਪੱਤਰ ਵਿੱਚ ਆਪ ਜੀ ਨੇ ‘ਓਅੰ’ ਨੂੰ ਵਿੱਚ ਕਿਸ ਲਈ ਲੈ ਆਂਦਾ ਹੈ।)
ਪਰੰਤੂ, ਸ. ਵਰਿੰਦਰ ਸਿੰਘ ਜੀ, ਆਪ ਜੀ ਦਾ ਇਹ ਕਹਿਣਾ ਤਰਕ-ਸੰਗਤ ਨਹੀਂ ਕਿ
“…. ਜੇ ਅਰਥ ਸਮਝ ਆਏ ਤਾਂ ਹੀ ਉਚਾਰਨ ਠੀਕ ਹੋ ਸਕਦਾ ਹੈ”। ਮੈਂ ਆਪ ਜੀ ਅੱਗੇ ਇੱਕ ਸ਼ਬਦ
‘ਡੌਮਚੂ’ ਰੱਖਦਾ ਹਾਂ। ਆਪ ਜੀ ਇਸ ਸ਼ਬਦ ਦਾ ਉਚਾਰਨ ਤਾਂ
ਠੀਕ-ਠੀਕ ਕਰ ਲਵੋਗੇ ਪਰੰਤੂ ਆਪ ਜੀ ਨੂੰ ਇਸ ਸ਼ਬਦ ਦੇ ਅਰਥ ਕਦੀ ਸਮਝ ਨਹੀਂ ਆਉਣ ਲੱਗੇ। ਦੁਸਰੇ ਪਾਸੇ
ਕਈ ਵਾਰੀ ਉਚਾਰਨ ਦੇ ਵਿਗਾੜ ਕਰਕੇ ਸੁਣਨ ਵਾਲੇ ਲਈ ਅਰਥਾਂ ਦੇ ਅਨਰਥ ਹੋ ਜਾਂਦੇ ਹਨ। ਉਦਾਹਰਨ ਦੇ
ਤੌਰ ਤੇ ਜੇਕਰ ਕੋਈ ‘ਕਾਲਾ’ ਨੂੰ ‘ਕਾਲ੍ਹਾ’ ਕਰਕੇ ਉਚਾਰ ਦੇਵੇਗਾ ਤਾਂ ਸੁਣਨ ਵਾਲੇ ਨੂੰ ਅਰਥਾਂ ਦੀ
ਤਬਦੀਲੀ ਦਾ ਸਾਹਮਣਾ ਕਰਨਾ ਪਵੇਗਾ। ਭਾਸ਼ਾ-ਵਿਗਿਆਨਕ ਪੱਖੋਂ ਸਹੀ ਅਰਥ ਸਹੀ ਉਚਾਰਨ ਦੇ ਪਿੱਛੇ ਚਲਦੇ
ਹਨ ਮੂਹਰੇ ਨਹੀਂ।
ਸ. ਵਰਿੰਦਰ ਸਿੰਘ ਜੀ, ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਉੱਪਰ ਦਰਸਾਏ
ਭਾਸ਼ਾਈ ਤੱਥਾਂ ਨੂੰ ਸਾਹਮਣੇ ਰੱਖਦਿਆਂ ਆਪ ਜੀ ਸਪਸ਼ਟ ਕਰੋ ਕਿ ਆਪ ਜੀ ਇੱਕ ਪਾਸੇ ‘ਇੱਕੋ’ ਦੇ ਅਰਥਾਂ
ਅਤੇ ਦੂਸਰੇ ਪਾਸੇ ‘ਇਕ ਓਂਕਾਰ’, ‘ਇਕ ਓਅੰਕਾਰ’ ਜਾਂ ‘ਏਕੰਕਾਰ’ ਦੇ ਅਰਥਾਂ ਵਿੱਚ ਸਮਾਨਤਾ ਕਿਸ
ਅਧਾਰ ਤੇ ਕਿਆਸ ਕਰਦੇ ਹੋ?
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(02/07/13)
ਵਰਿੰਦਰ ਸਿੰਘ (ਗੋਲਡੀ)
ਸਤਿਨਾਮੁ
ਪ੍ਰੋ: ਸਾਹਿਬ ਸਿੰਘ ਜੀ ‘ਦਰਪਨ’ ਵਿੱਚ ‘ਸਤਿਨਾਮੁ’ ਦੇ ਅਰਥ ਲਿਖਦੇ ਹਨ: ਸਤਿਨਾਮੁ-
ਜਿਸ ਦਾ ਨਾਮ ‘ਸਤਿ’ ਹੈ । ਲਫ਼ਜ਼ ‘ਸਤਿ’ ਦਾ ਸੰਸਕ੍ਰਿਤ ਸਰੂਪ ‘ਸਤਯ’ ਹੈ, ਇਸ ਦਾ ਅਰਥ ਹੈ ‘ਹੋਂਦ
ਵਾਲਾ’। ਇਸ ਦਾ ਧਾਤੂ ‘ਅਸ’ ਹੈ, ਜਿਸ ਦਾ ਅਰਥ ਹੈ ‘ਹੋਣਾ’। ਸੋ ‘ਸਤਿਨਾਮ’ ਦਾ ਅਰਥ ਹੈ “ਉਹ ਇੱਕ
ਓਅੰਕਾਰ, ਜਿਸ ਦਾ ਨਾਮ ਹੈ ਹੋਂਦ ਵਾਲਾ”। ਸਭ ਨੂੰ ਪਤਾ ਹੈ ਕੇ ਉਸ ਦਾ ਨਾਮ ‘ਸਤਿ’ ਹੈ, ਸਦਾ ਰਹਿਣ
ਵਾਲਾ ਹੈ ਪਰ ਇਸ ਦਾ ਅਸਲ ਮਤਲਬ ਕੀ ਹੈ? ਅਸੀਂ ਉਸ ਦੇ ਕਈ ਨਾਮ ਆਪਣੀ-ਆਪਣੀ ਮੱਤ ਮੁਤਾਬਿਕ ਰੱਖ
ਦਿੱਤੇ, ਕੋਈ ਉਸ ਨੂੰ ‘ਵਾਹੇਗੁਰੂ’ ਕਹਿੰਦਾ ਹੈ ‘ਤੇ ਕੋਈ ਅਕਾਲਪੁਰਖ, ਕੋਈ ਰਾਮ, ਰਹੀਮ, ਗੋਬਿੰਦ,
ਅੱਲਾ, ਗੌਡ, ਜੀਸਸ ਅਤੇ ਹੋਰ ਬਹੁਤ ਕੁੱਝ ਪਰ ਜਦੋਂ ਉਸ ਨੂੰ ਇਹ ਨਾਮ ਨਹੀਂ ਦਿੱਤੇ ਗਏ ਸਨ ਉਹ ਤਾਂ
ਓਦੋਂ ਵੀ ਸੀ ‘ਤੇ ਹਮੇਸ਼ਾਂ ਰਹੇਗਾ, ਇਸੇ ਲਈ ਉਸ ਦਾ ਅਸਲੀ ਨਾਮ ‘ਸਤਿਨਾਮ’ ਹੀ ਹੈ ਜੋ ਸਦਾ ‘ਸਤਿ’
ਹੈ| ਮਾਰੂ ਰਾਗ ਵਿੱਚ ਗੁਰੂ ਅਰਜਨ ਪਾਤਿਸ਼ਾਹ ਦਾ ਬਹੁਤ ਸੁੰਦਰ ਵਾਕ ਹੈ:
ਕਿਰਤਮ ਨਾਮ ਕਥੇ ਤੇਰੇ ਜਿਹਬਾ ॥ਸਤਿ ਨਾਮੁ ਤੇਰਾ ਪਰਾ ਪੂਰਬਲਾ ॥
ਕਹੁ ਨਾਨਕ ਭਗਤ ਪਏ ਸਰਣਾਈ ਦੇਹੁ ਦਰਸੁ ਮਨਿ ਰੰਗੁ ਲਗਾ ॥੨੦॥
ਅਰਥ: ਹੇ ਪ੍ਰਭੂ! (ਸਾਡੀ ਜੀਵਾਂ ਦੀ) ਜੀਭ ਤੇਰੇ ਉਹ ਨਾਮ ਉਚਾਰਦੀ ਹੈ ਜੋ ਨਾਮ (ਤੇਰੇ ਗੁਣ
ਵੇਖ ਵੇਖ ਕੇ ਜੀਵਾਂ ਨੇ) ਬਣਾਏ ਹੋਏ ਹਨ।ਪਰ ‘ਸਤਿਨਾਮੁ’ ਤੇਰਾ ਮੁੱਢ-ਕਦੀਮਾਂ ਦਾ ਨਾਮ ਹੈ (ਭਾਵ,
ਤੂੰ ‘ਹੋਂਦ ਵਾਲਾ’ ਹੈਂ, ਤੇਰੀ ਇਹ ‘ਹੋਂਦ’ ਜਗਤ-ਰਚਨਾ ਤੋਂ ਪਹਿਲਾਂ ਭੀ ਮੌਜੂਦ ਸੀ)।ਨਾਨਕ! ਆਖਦਾ
ਹੈ (ਹੇ ਪ੍ਰਭੂ!) ਤੇਰੇ ਭਗਤ ਤੇਰੀ ਸਰਨ ਪਏ ਰਹਿੰਦੇ ਹਨ, ਤੂੰ ਉਹਨਾਂ ਨੂੰ ਦਰਸਨ ਦੇਂਦਾ ਹੈਂ,
ਉਹਨਾਂ ਦੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ ॥੨੦॥
ਉਸ ਦਾ ਹੁਕਮ ਅਟੱਲ ਹੈ, ਉਸ ਦਾ ਨਿਯਮ ਹਮੇਸ਼ਾਂ ਸੱਚ ਹੈ, ਸੂਰਜ, ਚੰਦ, ਹਵਾ, ਅਗਨੀ , ਅਕਾਸ਼,
ਬਨਸਪਤੀ ਅਤੇ ਜੀਵ-ਜੰਤ ਸਭ ਉਸ ਦੇ ਹੁਕਮ ਵਿੱਚ ਹਨ। ਸਿਰਫ ਮਨੁੱਖ ਹੀ ਇੱਕ ਜੀਵ ਹੈ ਜਿਹੜਾ ਉਸਦੇ
ਹੁਕਮ ਵਿੱਚ ਆਉਣ ਨੂੰ ਤਿਆਰ ਨਹੀਂ ਹੈ, ਗੁਰਬਾਣੀ ਬਾਰ-ਬਾਰ ਮਨੁੱਖ ਨੂੰ ਹੁਕਮ ਵਿੱਚ ਚੱਲਣ ਦੀ
ਸਿੱਖਿਆ ਦਿੰਦੀ ਹੈ। ਗੁਰਬਾਣੀ ਨੂੰ ਪੜ੍ਹਨਾ ‘ਤੇ ਵਿਚਾਰਨਾ ਵੀ ਇਸੇ ਕਰਕੇ ਹੈ ਤਾਂ ਕੇ ਸਾਨੂੰ ਸਮਝ
ਆ ਸਕੇ ਕੇ ਸਚਿਆਰਾ ਮਨੁੱਖ ਕਿਵੇਂ ਬਣਨਾ ਹੈ ਅਤੇ ਉਸ ਸੱਚੇ ਨਾਲ ਕਿਵੇਂ ਜੁੜਨਾ ਹੈ। ਅੱਜ ਸਾਡੀ
ਬਦਕਿਸਮਤੀ ਇਹ ਹੈ ਕੇ ਅਸੀਂ ਗੁਰੂ ਕੋਲੋਂ ਗਿਆਨ ਲੈਣ ਦੀ ਜਗ੍ਹਾ ਉੱਤੇ ਉਸ ਦੇ ਸ਼ਬਦਾਂ ਨੂੰ ਹੀ
ਬਾਰ-ਬਾਰ ‘ਨਾਮ ਜਪਣ’ ਦੇ ਨਾਮ ‘ਤੇ ਰਟੀ ਜਾ ਰਹੇ ਹਾਂ। ਕੋਈ ‘ਇੱਕ ਓਅੰਕਾਰ’, ਕੋਈ ‘ਵਾਹੇਗੁਰੂ’
ਕੋਈ ‘ਸਤਿਨਾਮੁ’ ‘ਤੇ ਕੋਈ ਪੂਰੇ ਮੂਲਮੰਤਰ ਦਾ ਜਾਪ ਕਰੀ ਜਾ ਰਿਹਾ ਹੈ ਪਰ ਰੱਬ ਦੇ ਕਿਸੇ ਵੀ ਗੁਣ
ਨੂੰ ਆਪਣੇ ਅੰਦਰ ਵਸਾਉਣ ਵਾਸਤੇ ਤਿਆਰ ਨਹੀਂ ਹੈ। ਅਸਲ ਵਿੱਚ ਉਸ ਦੇ ਰੱਬੀ ਗੁਣਾਂ ਨੂੰ ਆਪਣੇ ਜੀਵਨ
ਵਿੱਚ ਧਾਰ ਕੇ ਜੀਵਨ ਗੁਜ਼ਰਨਾ ਹੀ ਉਸ ਦਾ ਨਾਮ ਜਪਣਾ ਹੈ।
ਸਤਿਨਾਮੁ ਵਾਲਾ ਗੁਣ ਅਸੀਂ ਕਿਵੇਂ ਧਾਰਨ ਕਰ ਸਕਦੇ ਹਾਂ? ਆਸਾ ਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਜੀ
ਦੀ ਪਉੜੀ ਹੈ:
ਮਃ ੧ ॥ ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ ॥ ਕੂੜ ਕੀ ਮਲੁ ਉਤਰੈ
ਤਨੁ ਕਰੇ ਹਛਾ ਧੋਇ॥
ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ ॥ ਨਾਉ ਸੁਣਿ ਮਨੁ ਰਹਸੀਐ ਤਾ ਪਾਏ ਮੋਖ ਦੁਆਰੁ॥
ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ ॥ ਧਰਤਿ ਕਾਇਆ ਸਾਧਿ ਕੈ ਵਿਚਿ ਦੇਇ ਕਰਤਾ ਬੀਉ॥
ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ ॥ ਦਇਆ ਜਾਣੈ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ॥
ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ॥ ਸਤਿਗੁਰੂ ਨੋ ਪੁਛਿ ਕੈ ਬਹਿ ਰਹੈ ਕਰੇ
ਨਿਵਾਸੁ॥
ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ ॥ ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ ॥੨॥
{ਪੰਨਾ 468}
ਅਰਥ:- (ਜਗਤ ਰੂਪ ਛਲ ਵਲੋਂ ਵਾਸ਼ਨਾ ਪਰਤ ਕੇ, ਜਗਤ ਦੇ) ਅਸਲੇ ਦੀ ਸਮਝ ਤਦੋਂ ਹੀ ਆਉਂਦੀ ਹੈ
ਜਦੋਂ ਉਹ ਅਸਲੀਅਤ ਦਾ ਮਾਲਕ (ਰੱਬ) ਮਨੁੱਖ ਦੇ ਹਿਰਦੇ ਵਿਚ ਟਿਕ ਜਾਏ । ਤਦੋਂ ਮਾਇਆ ਛਲ ਦਾ ਅਸਰ ਮਨ
ਤੋਂ ਦੂਰ ਹੋ ਜਾਂਦਾ ਹੈ (ਫੇਰ ਮਨ ਦੇ ਨਾਲ ਸਰੀਰ ਭੀ ਸੁੰਦਰ ਹੋ ਜਾਂਦਾ ਹੈ, ਸਰੀਰਕ ਇੰਦਰੇ ਭੀ
ਗੰਦੇ ਪਾਸੇ ਵਲੋਂ ਹਟ ਜਾਂਦੇ ਹਨ, ਮਾਨੋ) ਸਰੀਰ ਧੁਪ ਕੇ ਸਾਫ਼ ਹੋ ਜਾਂਦਾ ਹੈ ।(ਮਾਇਆ ਛਲ ਵਲੋਂ ਮਨ
ਦੇ ਫੁਰਨੇ ਹਟ ਕੇ, ਕੁਦਰਤ ਦੇ) ਅਸਲੇ ਦੀ ਸਮਝ ਤਦੋਂ ਹੀ ਆਉਂਦੀ ਹੈ, ਜਦ ਮਨੁੱਖ ਉਸ ਅਸਲੇ ਵਿਚ ਮਨ
ਜੋੜਦਾ ਹੈ, (ਤਦੋਂ ਉਸ ਅਸਲੀਅਤ ਵਾਲੇ ਦਾ) ਨਾਮ ਸੁਣ ਕੇ ਮਨੁੱਖ ਦਾ ਮਨ ਖਿੜਦਾ ਹੈ ਤੇ ਉਸ ਨੂੰ
(ਮਾਇਆ ਦੇ ਬੰਧਨਾਂ ਤੋਂ) ਸੁਤੰਤਰ ਹੋਣ ਦਾ ਰਾਹ ਮਿਲ ਜਾਂਦਾ ਹੈ ।ਜਗਤ ਦੇ ਅਸਲੇ ਪ੍ਰਭੂ ਦੀ ਸਮਝ
ਤਦੋਂ ਪੈਂਦੀ ਹੈ, ਜਦੋਂ ਮਨੁੱਖ ਰੱਬੀ ਜੀਵਨ (ਗੁਜ਼ਾਰਨ ਦੀ) ਜੁਗਤੀ ਜਾਣਦਾ ਹੋਵੇ, ਭਾਵ, ਸਰੀਰ ਰੂਪ
ਧਰਤੀ ਨੂੰ ਤਿਆਰ ਕਰਕੇ ਇਸ ਵਿਚ ਪ੍ਰਭੂ ਦਾ ਨਾਮ ਬੀਜ ਦੇਵੇ ।ਸੱਚ ਦੀ ਪਰਖ ਤਦੋਂ ਹੁੰਦੀ ਹੈ, ਜਦੋਂ
ਸੱਚੀ ਸਿੱਖਿਆ (ਗੁਰੂ ਪਾਸੋਂ) ਲਏ ਅਤੇ (ਉਸ ਸਿੱਖਿਆ ਉੱਤੇ ਚੱਲ ਕੇ) ਸਭ ਜੀਵਾਂ ਉੱਤੇ ਤਰਸ ਕਰਨ ਦੀ
ਜਾਚ ਸਿੱਖੇ ਤੇ (ਲੋੜਵੰਦਾਂ ਨੂੰ) ਕੁਝ ਦਾਨ ਪੁੰਨ ਕਰੇ ।ਉਸ ਧੁਰ-ਅੰਦਰਲੀ ਅਸਲੀਅਤ ਨਾਲ ਤਦੋਂ ਹੀ
ਜਾਣ-ਪਛਾਣ ਹੁੰਦੀ ਹੈ ਜਦੋਂ ਮਨੁੱਖ ਧੁਰ ਅੰਦਰਲੇ ਤੀਰਥ ਉੱਤੇ ਟਿਕੇ, ਆਪਣੇ ਗੁਰੂ ਪਾਸੋਂ ਉਪਦੇਸ਼ ਲੈ
ਕੇ ਉਸ ਅੰਦਰਲੇ ਤੀਰਥ ਉੱਤੇ ਬੈਠਾ ਰਹੇ, ਉੱਥੇ ਹੀ ਸਦਾ ਨਿਵਾਸ ਰੱਖੇ ।ਨਾਨਕ ਅਰਜ਼ ਕਰਦਾ ਹੈ
ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਅਸਲੀਅਤ ਦਾ ਮਾਲਕ ਪ੍ਰਭੂ ਟਿਕਿਆ ਹੋਇਆ ਹੈ, ਉਨ੍ਹਾਂ ਦੇ ਸਾਰੇ
ਦੁੱਖਾਂ ਦਾ ਇਲਾਜ ਉਹ ਆਪ ਬਣ ਜਾਂਦਾ ਹੈ, (ਕਿਉਂਕਿ ਉਹ) ਸਾਰੇ ਵਿਕਾਰਾਂ ਨੂੰ (ਉਸ ਹਿਰਦੇ ਵਿਚੋਂ)
ਧੋ ਕੇ ਕੱਢ ਦੇਂਦਾ ਹੈ (ਜਿੱਥੇ ਉਹ ਵੱਸ ਰਿਹਾ ਹੈ) ।2।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਮਨੁੱਖ ਨੂੰ ਇੱਕ ਸਚਿਆਰਾ ਮਨੁੱਖ ਬਨਣ ਦੀ ਰਾਹ
ਦਿਖਾਉਂਦੀ ਹੈ। ਆਓ ਸੱਚ ਨਾਲ ਸਾਂਝ ਪਾ ਕੇ ਸੱਚੀ-ਸੁੱਚੀ ਕਮਾਈ ਕਰੀਏ। ਕੰਮ ਕੋਈ ਵੀ ਹੋਵੇ
ਇਮਾਨਦਾਰੀ ਵਾਲਾ ਹੋਵੇ ਅਤੇ ਸੱਚਾ-ਸੁੱਚਾ ਹੋਵੇ। ਗੁਰਬਾਣੀ ਨੂੰ ਸਿਰਫ ਪੜ੍ਹੀਏ ਹੀ ਨਾ, ਵਿਚਾਰੀਏ
ਵੀ ਤਾਂ ਜੋ ਉਸ ਨਾਲ ਸਾਂਝ ਪਾਈ ਜਾ ਸਕੇ। ਅੱਜ ਸੁਖਮਨੀ ਸਾਹਿਬ ਜੀ ਦੇ ਪਾਠ ਹਰ ਗੁਰਦਵਾਰੇ ਵਿੱਚ
ਹਫਤੇ ਵਿੱਚ ਦੋ-ਦੋ, ਤਿੰਨ-ਤਿੰਨ ਵਾਰ ਹੋ ਰਹੇ ਹਨ, ਬੀਬੀਆਂ ਬਹੁਤ ਉਤਸ਼ਾਹ ਨਾਲ ਪਾਠ ਕਰਦੀਆਂ ਹਨ।
ਆਓ ਪਾਠ ਕਰਨ ਦੇ ਨਾਲ-ਨਾਲ ਇਸ ਨੂੰ ਵਿਚਾਰੀਏ ਵੀ:
ਰੂਪੁ ਸਤਿ ਜਾ ਕਾ ਸਤਿ ਅਸਥਾਨੁ ॥ ਪੁਰਖੁ ਸਤਿ ਕੇਵਲ ਪਰਧਾਨੁ ॥
ਕਰਤੂਤਿ ਸਤਿ ਸਤਿ ਜਾ ਕੀ ਬਾਣੀ ॥ ਸਤਿ ਪੁਰਖ ਸਭ ਮਾਹਿ ਸਮਾਣੀ ॥
ਸਤਿ ਕਰਮੁ ਜਾ ਕੀ ਰਚਨਾ ਸਤਿ ॥ ਮੂਲੁ ਸਤਿ ਸਤਿ ਉਤਪਤਿ ॥
ਸਤਿ ਕਰਣੀ ਨਿਰਮਲ ਨਿਰਮਲੀ ॥ ਜਿਸਹਿ ਬੁਝਾਏ ਤਿਸਹਿ ਸਭ ਭਲੀ ॥
ਸਤਿ ਨਾਮੁ ਪ੍ਰਭ ਕਾ ਸੁਖਦਾਈ ॥ ਬਿਸ੍ਵਾਸੁ ਸਤਿ ਨਾਨਕ ਗੁਰ ਤੇ ਪਾਈ ॥੬॥
ਅਰਥ:- ਜਿਸ ਪ੍ਰਭੂ ਦਾ ਰੂਪ ਤੇ ਟਿਕਾਣਾ ਸਦਾ-ਥਿਰ ਰਹਿਣ ਵਾਲੇ ਹਨ, ਕੇਵਲ ਉਹੀ ਸਰਬ-ਵਿਆਪਕ ਪ੍ਰਭੂ
ਸਭ ਦੇ ਸਿਰ ਤੇ ਹੈ ।ਜਿਸ ਸਦਾ-ਅਟੱਲ ਅਕਾਲ ਪੁਰਖ ਦੀ ਬਾਣੀ ਸਭ ਜੀਵਾਂ ਵਿਚ ਰਮੀ ਹੋਈ ਹੈ (ਭਾਵ, ਜੋ
ਪ੍ਰਭੂ ਸਭ ਜੀਵਾਂ ਵਿਚ ਬੋਲ ਰਿਹਾ ਹੈ) ਉਸ ਦੇ ਕੰਮ ਵੀ ਅਟੱਲ ਹਨ ।ਜਿਸ ਪ੍ਰਭੂ ਦੀ ਰਚਨਾ ਮੁਕੰਮਲ
ਹੈ (ਭਾਵ, ਅਧੂਰੀ ਨਹੀਂ), ਜੋ (ਸਭ ਦਾ) ਮੂਲ-(ਰੂਪ) ਸਦਾ ਅਸਥਿਰ ਹੈ, ਜਿਸ ਦੀ ਪੈਦਾਇਸ਼ ਭੀ ਮੁਕੰਮਲ
ਹੈ, ਉਸ ਦੀ ਬਖ਼ਸ਼ਸ਼ ਸਦਾ ਕਾਇਮ ਹੈ ।ਪ੍ਰਭੂ ਦੀ ਮਹਾ ਪਵ੍ਰਿਤ ਰਜ਼ਾ ਹੈ, ਜਿਸ ਜੀਵ ਨੂੰ (ਰਜ਼ਾ ਦੀ) ਸਮਝ
ਦੇਂਦਾ ਹੈ, ਉਸ ਨੂੰ (ਉਹ ਰਜ਼ਾ) ਪੂਰਨ ਤੌਰ ਤੇ ਸੁਖਦਾਈ (ਲੱਗਦੀ ਹੈ) ।ਪ੍ਰਭੂ ਦਾ ਸਦਾ-ਥਿਰ ਰਹਿਣ
ਵਾਲਾ ਨਾਮ ਸੁਖ-ਦਾਤਾ ਹੈ । ਹੇ ਨਾਨਕ! (ਜੀਵ ਨੂੰ) ਇਹ ਅਟੱਲ ਸਿਦਕ ਸਤਿਗੁਰੂ ਤੋਂ ਮਿਲਦਾ ਹੈ ।6।
ਉਸ ਦੇ ਹੁਕਮ ਵਿੱਚ ਰਹਾਂਗੇ ‘ਤੇ ਹਮੇਸ਼ਾ ਸੁੱਖ ਮਾਣਾਂਗੇ ਨਹੀਂ ਤਾਂ ਸੁੱਖਾਂ ਦੀ ਮਨੀ ਕਹਿ-ਕਹਿ ਕੇ
ਜਿੰਨੇ ਮਰਜ਼ੀ ਪਾਠ ਕਰੀ ਜਾਵੋ ਕਦੇ ਸੁੱਖ ਨਸੀਬ ਨਹੀਂ ਹੋਵੇਗਾ।
ਭੁੱਲ ਚੁੱਕ ਦੀ ਖਿਮਾਂ,
ਵਰਿੰਦਰ ਸਿੰਘ (ਗੋਲਡੀ)।
(02/07/13)
ਅਵਤਾਰ ਸਿੰਘ ਮਿਸ਼ਨਰੀ
“ਲਕੀਰ ਦੇ ਫਕੀਰ ਨਹੀਂ ਬਦਲਦੇ ਸਿੱਖਣ ਵਾਲੇ ਬਦਲ ਜਾਂਦੇ ਹਨ”
ਅਵਤਾਰ ਸਿੰਘ ਮਿਸ਼ਨਰੀ (5104325827)
ਇਸ ਸਬੰਧ ਵਿੱਚ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਬਾਰੇ ਕੁਝ ਵਿਚਾਰਾਂ ਪੇਸ਼ ਹਨ।
ਬਾਬਾ ਰਣਜੀਤ ਸਿੰਘ ਜੀ ਜੇ ਗੁਰਮਤਿ ਦੀ ਨਿਰੋਲ ਗੱਲ ਕਰ ਰਹੇ ਹਨ ਤਾਂ ਇਹ ਉਨ੍ਹਾ ਦਾ ਵਡੱਪਨ ਹੈ।
ਲਕੀਰ ਦੇ ਫਕੀਰ ਨਹੀਂ ਬਦਲਦੇ ਪਰ ਬੰਦਾ ਕਦੇ ਵੀ ਬਦਲ ਸਕਦਾ ਹੈ ਜੇ ਬਦਲਦਾ ਨਹੀਂ ਤਾਂ ਪੱਥਰ ਜਾਂ
ਗਧਾ ਹੈ। ਮਸਕੀਨ ਜੀ ਵੀ ਜਿੰਦਗੀ ਦੇ ਆਖਰੀ ਪੜ੍ਹਾ ਤੇ ਕਹਿ ਰਹੇ ਸਨ ਕਿ ਗੁਰਮਤਿ ਤਾਂ ਹੁਣ ਸਮਝ ਆਉਣ
ਲੱਗੀ ਹੈ ਸਾਰੀ ਉਮਰ ਕਥਾ ਕਰਦੇ ਲੰਘ ਗਈ। ਬਾਬਾ ਰਣਜੀਤ ਸਿੰਘ ਨੇ ਵੀ ਜਿਵੇਂ ਜਨਮ ਮਰਨ, ਭੂਤ ਪ੍ਰੇਤ
ਅਤੇ ਰਹਿਤ ਮਰਯਾਦਾ ਬਾਰੇ ਜੋ ਨਵੇ ਵਖਿਆਨ ਦਿੱਤੇ ਹਨ ਕਬਲੇ ਤਾਰੀਫ ਹਨ। ਤੇ ਹੁਣ ਖਾਲਸਾ ਵਿਰਾਸਤ ਦੀ
ਗੱਲ ਕਰਦਿਆਂ ਸੱਚੋ ਸੱਚ ਬਿਆਨ ਕੀਤਾ ਹੈ ਲਗਦਾ ਹੈ ਕਿ ਉਨ੍ਹਾਂ ਦੀ ਸਿਖਿਆ ਵਿੱਚ ਉਚੇਰਾ ਵਾਧਾ ਹੋ
ਰਿਹਾ ਹੈ। ਥੋੜਾ ਚਿਰ ਪਹਿਲਾਂ ਬਰਕਲੇ (ਕੈਲੇਫੋਰਨੀਆਂ) ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਪੁਰਬ ਦੇ
ਸਬੰਧ ਵਿੱਚ ਚਲ ਰਹੇ ਨਗਰ ਕੀਰਤਨ ਵਿੱਚ ਸਾਡੇ ਕੋਲ ਗੁਰਮਤਿ ਦੀ ਸਟਾਲ ਤੇ ਬਾਬਾ ਰਣਜੀਤ ਸਿੰਘ ਜੀ ਦੇ
ਕਟੜ ਸੇਵਕ ਮਿਲੇ ਤੇ ਕਹਿੰਦੇ ਸੰਨ ਕਿ ਬਾਬਾ ਜੀ ਹੁਣ ਸਿੱਖ ਰਹਿਤ ਮਰਯਾਦਾ ਜੋ ਪੰਥ ਪ੍ਰਵਾਣਿਤ
ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਤ ਹੈ ਦਾ ਡਟ ਕੇ ਪ੍ਰਚਾਰ ਕਰ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਸਭ
ਸੰਗੀਆਂ ਨੂੰ ਕਿਹਾ ਹੈ ਕਿ ਹਰੇਕ ਮਾਈ ਭਾਈ "ਸਿੱਖ ਰਹਿਤ ਮਰਯਾਦਾ" ਕੀ ਕਾਪੀ ਘਰ ਰੱਖੇ ਅਤੇ ਜਰੂਰ
ਪੜ੍ਹੇ ਅਤੇ ਉਹ ਸਾਡੇ ਕੋਲੋਂ ਵੀ ਲੈ ਕੇ ਗਏ। ਸਿੱਖ ਦੀ ਗੁਣਾਂ ਦੀ ਸਾਂਝ ਹੈ-ਸਾਂਝ ਕਰੀਜੈ ਗੁਣਹ
ਕੇਰੀ॥ (ਗੁਰੂ ਗ੍ਰੰਥ) ਸਾਡਾ ਕਿਸੇ ਦਾ ਵੀ ਬਾਬਿਆਂ ਨਾਲ ਕੋਈ ਜਾਤੀ ਵਿਰੋਧ ਨਹੀਂ ਸਗੋਂ ਗੁਰਮਤਿ
ਸਿਧਾਂਤਾਂ ਬਾਰੇ ਵਿਚਾਰ ਚਰਚਾ ਹੀ ਕਰਦੇ ਹਾਂ। ਜੇ ਅਜੋਕੇ ਬਾਬੇ ਇੱਕ ਗੁਰੂ ਗ੍ਰੰਥ, ਇੱਕ ਪੰਥ, ਇੱਕ
ਨਿਸ਼ਾਨ ਅਤੇ ਇੱਕ ਵਿਧਾਨ ਨੂੰ ਅਪਣਾਅ ਕੇ ਪ੍ਰਚਾਰ ਕਰਨ ਲੱਗ ਜਾਣ ਤਾਂ ਸਿੱਖ ਕੌਮ ਚੜ੍ਹਦੀ ਕਲਾ ਵੱਲ
ਜਾ ਸਕਦੀ ਹੈ। ਭਾਈ ਨੰਦ ਲਾਲ ਵੀ ਦਰਸਾਉੰਦੇ ਹਨ ਕਿ-ਸਾਰੀ ਉਮਰ ਗੁਨਾਹੀ ਬੀਤੀ। ਹਰਿ ਕੀ ਭਗਤਿ ਨ
ਕੀਤੀ। ਆਗੈ ਸਮਝ ਚੱਲੋ ਨੰਦ ਲਾਲਾ ਪਾਛੈ ਜੋ ਬੀਤੀ ਸੋ ਬੀਤੀ॥ ਸਿੱਖ ਕੌਮ ਦਾ ਅਸਲੀ ਬਾਬਾ ਤਾਂ ਗੁਰੂ
ਗ੍ਰੰਥ ਸਾਹਿਬ ਹੈ ਜਦ ਆਪੂੰ ਬਣੇ ਬਾਬਿਆਂ ਨੂੰ ਇਹ ਗੱਲ ਸਮਝ ਆ ਜਾਵੇਗੀ ਤਾਂ ਉਹ ਬਾਬਿਆਂ ਤੋਂ ਬਦਲ
ਕੇ ਭਾਈ ਅਖਵਾਉਣ ਵਿੱਚ ਸਕੂਨ ਅਤੇ ਫਕਰ ਮਹਿਸੂਸ ਕਰਨਗੇ ਅਤੇ ਸਿੱਖ ਸੰਗਤਾਂ ਨੂੰ ਭੰਬਲ ਭੂਸਿਆਂ
ਵਿੱਚ ਨਹੀਂ ਪਾਉਣਗੇ ਸਗੋਂ ਭਰਮਾਂ ਚੋਂ ਕੱਢਣਾ ਆਪਣਾ ਫਰਜ ਸਮਝਣਗੇ।
(02/07/13)
ਹਰਮਨਪ੍ਰੀਤ ਸਿੰਘ ਖਾਲਸਾ
ਜਦੋਂ ਕਿਸੇ ਸਾਧ ਵਲੋਂ ਅਖਬਾਰਾਂ
ਵਿੱਚ ਬਿਆਨ ਦਿੱਤਾ ਜਾਂਦਾ ਹੈ ਕਿ ਅੱਜ ਵੀਹ ਹਜ਼ਾਰ ਪ੍ਰਾਣੀਆਂ ਨੂੰ ਖੰਡੇ ਦੀ ਪਾਹੁਲ ਦਿੱਤੀ ਗਈ ਹੈ
ਤਾਂ ਮਨ ਗਦ ਗਦ ਕਰਨ ਦੀ ਬਜਾਏ ਇਹ ਸੋਚਣ ਲਈ ਮਜ਼ਬੂਰ ਹੋ ਜਾਂਦਾ ਹੈ ਕਿ ਅੰਮ੍ਰਿਤ ਛੱਕਣ ਵਾਲੀ ਵੀਹ
ਹਜ਼ਾਰ ਦੀ ਗੁਰੂ ਕੀ ਲਾਡਲੀ ਫ਼ੌਜ ਫਿਰ ਗਈ ਕਿੱਥੇ ਹੈ? ਸੜਕਾਂ, ਬੱਸਾਂ ਅੱਡਿਆਂ ਕਬੱਡੀ ਦਿਆਂ ਮੈਚਾਂ
ਤੇ ਹੋਰ ਸਭਿਆਚਾਰ ਪ੍ਰੋਗਰਾਮਾਂ ਵਿੱਚ ਇਕੱਠੀ ਹੋਈ ਭੀੜ ਨੂੰ ਦੇਖਣ ਤੋਂ ਪਤਾ ਚਲਦਾ ਹੈ ਕਿ ਸ਼ਾਇਦ
ਪੰਜਾਬ ਵਿੱਚ ਕੋਈ ਟਾਂਵਾਂ ਟਾਂਵਾ ਹੀ ਦਸਤਾਰ ਵਾਲਾ ਬੰਦਾ ਹੋਏਗਾ। ਜਦੋਂ ਕਿਸੇ ਟੀਵੀ ਚੈਨਲ ਤੇ ਨਾਮ
ਸਿਮਰਨ, ਕੀਰਤਨ ਦਰਬਾਰ ਦਾ ਖੰਡਾ ਖੜਕਦਾ ਦਿਸਦਾ ਹੈ ਤਾਂ ਇੰਝ ਮਹਿਸੂਸ ਹੁੰਦਾ ਹੈ ਕਿ ਹੁਣ ਉਹ ਦਿਨ
ਦੂਰ ਨਹੀਂ ਜਦੋਂ ਸਾਰੀ ਕੌਮ ਗੁਰਮਤ ਦੀ ਧਾਰਨੀ ਬਣ ਜਾਏਗੀ। ਨਗਰ ਕੀਰਤਨ ਦੀਆਂ ਉੱਡਦੀਆਂ ਧੂੜਾਂ ਦੇਖ
ਕੇ ਮਹਿਸੂਸ ਹੁੰਦਾ ਹੈ ਕਿ ਸਮੁੱਚੀ ਕੌਮ ਨੂੰ ਸਿੱਖ ਸਿਧਾਂਤ ਦੀ ਸਮਝ ਆ ਗਈ ਹੈ।
ਹਰ ਪਿੰਡ ਵਿੱਚ ਮਾਰਬਲ ਨਾਲ ਮੜੇ ਹੋਏ ਚਾਰ ਚਾਰ ਗੁਰਦੁਆਰੇ ਤੇ ਉਹਨਾਂ ਦੇ ਉੱਚੇ ਉੱਚੇ ਬਣੇ ਗੁੰਬਦ
ਇੰਜ ਮਹਿਸੂਸ ਕਰਾਉਂਦੇ ਹਨ ਕਿ ਸਿੱਖ ਵਾਕਿਆ ਹੀ ਬਹੁਤ ਅਮੀਰ ਹੋ ਗਏ ਹਨ ਤੇ ਗੁਰੂ ਪ੍ਰਤੀ ਇਹਨਾਂ ਦੀ
ਪੂਰੀ ਅਸਤਾ ਹੈ। ਇਸ ਦੇ ਇਲਾਵਾ ਸਾਧਾਂ ਦਾ ਢੋਲਕੀ ਕੁੱਟ ਕੀਰਤਨ ਤੇ ਚਿਮਟਿਆਂ ਦਾ ਪੀਟੀ ਸ਼ੋਅ ਵੀ
ਆਪਣਾ ਪ੍ਰਭਾਵ ਦੇ ਕੇ ਦੱਸ ਰਿਹਾ ਹੈ ਕਿ ਅਸੀਂ ਹੀ ਸਿੱਖ ਧਰਮ ਨੂੰ ਚੁੱਕਿਆ ਹੋਇਆ ਹੈ ਵਰਨਾ ਸਿੱਖ
ਧਰਮ ਦਿਸਦਾ ਵੀ ਨਾ।
ਸਿੱਖ ਧਰਮ ਦੇ ਪਰਚਾਰ ਦੀਆਂ ਖਬਰਾਂ ਪੜ੍ਹੀ ਦੀਆਂ ਹਨ ਤਾਂ ਅੰਕੜੇ ਬਹੁਤ ਹੀ ਸੋਹਣੇ ਹੁੰਦੇ ਹਨ ਪਰ
ਜਦੋਂ ਜ਼ਮੀਨੀ ਤਲ਼ ਦੀਆਂ ਹਕੀਕਤਾਂ ਸਮਝਣ ਦਾ ਯਤਨ ਕੀਤਾ ਜਾਂਦਾ ਹੈ ਤਾਂ ਇੰਝ ਮਹਿਸੂਸ ਹੂੰਦਾ ਹੈ ਕਿ
ਸਿੱਖ ਧਰਮ ਦਾ ਰੰਚਕ ਮਾਤਰ ਵੀ ਪਰਚਾਰ ਨਹੀਂ ਹੋਇਆ ਤੇ ਨਾ ਹੀ ਕਿਸੇ ਵਲੋਂ ਕੋਈ ਸਾਰਥਿਕ ਯਤਨ ਹੋ
ਰਿਹਾ ਹੈ।
ਬਾਹਰੋਂ ਦੇਖਿਆਂ ਪੱਕਾ ਸਿੱਖੀ ਦਾ ਹੀ ਝੌਲ਼ਾ ਪੈਂਦਾ ਹੈ ਪਰ ਨੇੜੇ ਗਿਆਂ ਪਤਾ ਚੱਲਦਾ ਹੈ ਕਿ ਸਿੱਖ
ਸਿਧਾਂਤ ਦੇ ਤਾਂ ਅਸੀਂ ਨੇੜੇ ਤੇੜੇ ਵੀ ਨਹੀਂ ਹਾਂ। ਗੱਲਾਂ ਤਾਂ ਹਰ ਰੋਜ਼ ਵਾਪਰ ਦੀਆਂ ਹੀ ਰਹਿੰਦੀਆਂ
ਹਨ ਪਰ ਅਸੀਂ ਉਹਨਾਂ ਵਲ ਕਦੀ ਬਹੁਤਾ ਧਿਆਨ ਨਹੀਂ ਦਿੱਤਾ ਜਾਂ ਫਿਰ ਅਸੀਂ ਸਬੰਧਤ ਲੋਕਾਂ ਦੀ ਨਰਾਜ਼ਗੀ
ਮੁੱਲ ਲੈਣ ਲਈ ਤਿਆਰ ਨਹੀਂ ਹੁੰਦੇ। ਹਊ ਪਰੇ ਆਪਾਂ ਕੀ ਲੈਣਾ ਹੈ। ਸਾਰਾ ਕੁੱਝ ਏਵੇਂ ਹੀ ਚੱਲੀ
ਜਾਂਦਾ ਹੈ। ਦੂਸਰਾ ਇਹ ਕਹਿ ਕੇ ਅਸੀਂ ਬਿਲਕੁਲ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਲੈਂਦੇ ਹਾਂ ਕਿ
ਜੀ ਆਪਾਂ ਕਾਹਨੂੰ ਕਿਸੇ ਦੀ ਸ਼ਰਧਾ ਤੋੜਨੀ ਹੈ ਜੋ ਕਰਦਾ ਹੈ ਕਰੀ ਜਾਣ ਦਿਓ। ਕਈ ਤਾਂ ਇਹ ਵੀ ਕਹਿ
ਦੇਂਦੇ ਹਨ ਤੁਸੀਂ ਸਾਰੀ ਦੁਨੀਆਂ ਨੂੰ ਸੁਧਾਰਣ ਦਾ ਠੇਕਾ ਲਿਆ ਹੋਇਆ ਹੈ। ਜੇ ਕਿਸੇ ਪਰਚਾਰਕ, ਰਾਗੀ,
ਗ੍ਰੰਥੀ ਜਾਂ ਪ੍ਰਬੰਧਕ ਕਮੇਟੀ ਨਾਲ ਸਿੱਖ ਸਿਧਾਂਤ `ਤੇ ਵਿਚਾਰ ਕਰਨ ਦਾ ਯਤਨ ਕੀਤਾ ਜਾਏ ਤਾਂ ਉਹਨਾਂ
ਦਾ ਘੜਿਆ ਘੜਾਇਆ ਉੱਤਰ ਹੁੰਦਾ ਹੈ, ਕਿ ਜੀ ਕੀ ਕਰੀਏ, ਲੋਕ ਮੰਨਦੇ ਤਾਂ ਹੈ ਨਹੀਂ, ਫਿਰ ਅਸਾਂ
ਪਰਸ਼ਾਦਾ ਪਾਣੀ ਵੀ ਤਾਂ ਛੱਕਣਾ ਹੁੰਦਾ ਹੈ। ਜਿੱਥੇ ਕੋਈ ਜੁੜਿਆ ਹੈ ਜੁੜਿਆ ਰਹਿਣ ਦਿਓ, ਤੁਸੀਂ
ਕਾਹਨੂੰ ਉਹਦੀ ਸ਼ਰਧਾ ਤੋੜਕੇ ਨਰਕਾਂ ਦੇ ਭਾਗੀ ਬਣਦੇ ਹੋ।
(01/07/13)
ਵਰਿੰਦਰ ਸਿੰਘ (ਗੋਲਡੀ)
ਸਤਿਕਾਰ
ਯੋਗ ਡਾ. ਇਕ਼ਬਾਲ ਸਿੰਘ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,
ਦਾਸ ਨੇ ‘ੴ’ ਨੁੰ ‘ਇਕ ਓਂਕਾਰ’,
‘ਇਕ ਓਅੰਕਾਰ’, ‘ਏਕੰਕਾਰ’ ਅਤੇ ‘ਇਕੋ’ ਨੂੰ ਇੱਕ ਬਰਾਬਰ ਨਹੀਂ ਮਨਿਆ ਸਿਰਫ ਅਲਗ ਅਲਗ ਉਚਾਰਨਾਂ ਦੀ
ਗਲ ਕੀਤੀ ਹੈ| ਮੇਰੀ ਛੋਟੀ ਮੱਤ ਦੇ ਮੁਤਾਬਿਕ ਸਹੀ ਭਾਸ਼ਾਈ ਰੂਪ ਏਕੋ ੧ (ਇਕ) ਓ (ਓ) ਹੀ ਬਣਦਾ ਹੈ
ਅਤੇ ਇਸ ਦਾ ਉਚਾਰਣ ਏਕੋ ਹੋਣਾ ਚਾਹੀਦਾ ਹੈ | ਪਰ ਮੇਰੇ ਹਿਸਾਬ ਨਾਲ ਉਚਾਰਣ ਤੋਂ ਜਿਆਦਾ ਜਰੂਰੀ
ਹੈ ਇਸ ਦੇ ਅਰਥਾਂ ਨੂੰ ਸਮਝਨਾ ਕਿਉਂਕੇ ਜੇ ਅਰਥ ਸਮਝ ਆਏ ਤਾਂ ਹੀ ਉਚਾਰਣ ਠੀਕ ਹੋ ਸਕਦਾ ਹੈ |
(01/07/13)
ਜਸਵੀਰ ਕੌਰ
(ਸੰਪਾਦਕੀ ਨੋਟ:- ਇਹ ਲਿਖਤ ਬਹੁਤੀ ਕਰਕੇ ਤੱਤ ਗੁਰਮਤਿ ਵਾਲਿਆਂ ਨਾਲ ਅਤੇ ਪ੍ਰੋ: ਇੰਦਰ ਸਿੰਘ ਘੱਗਾ
ਨਾਲ ਸੰਬੰਧਿਤ ਹੈ। ਇਸ ਕਰਕੇ ਉਨ੍ਹਾ ਨਾਲ ਸੰਬੰਧਿਤ ਥਾਂਵਾਂ ਤੇ ਹੀ ਛਪਣੀ ਚਾਹੀਦੀ ਸੀ। ਕਿਉਂਕਿ
ਹੁਣ ਤੱਤ ਗੁਰਮਤਿ ਵਾਲਿਆਂ ਦੀ ਆਪਣੀ ਸਾਈਟ ਬੰਦ ਹੈ ਅਤੇ ਸਪੋਕਸਮੈਨ ਵਿੱਚ ਵੀ ਪਤਾ ਨਹੀਂ ਕਦੋਂ ਛਪੇ
ਅਤੇ ਜਾਂ ਨਾ ਛਪੇ ਇਸ ਲਈ ‘ਸਿੱਖ ਮਾਰਗ’ ਤੇ ਛਾਪ ਰਹੇ ਹਾਂ। ਇਸ ਨੂੰ ਛਾਪਣ ਦਾ ਮਕਸਦ ਸਿਰਫ ਸਚਾਈ
ਜਾਨਣਾ ਹੈ। ਜਿਨ੍ਹਾਂ ਦੇ ਨਾਮ ਇਸ ਲਿਖਤ ਵਿੱਚ ਆਏ ਹਨ ਸਿਰਫ ਉਹੀ ਆਪਣੇ ਵਿਚਾਰ ਇੱਕ ਵਾਰੀ ਦੇ ਸਕਦੇ
ਹਨ ਤਾਂ ਕਿ ਅਸਲੀਅਤ ਸਭ ਦੇ ਸਾਹਮਣੇ ਆ ਸਕੇ)
ਤੱਤ-ਗੁਰਮਤਿ ਦੇ ਨਾਂ ‘ਤੇ ਅਧੁਨਿਕਤਾ ਜਾਂ ਮਨ-ਮਰਜ਼ੀ
ਅਖ਼ਬਾਰ ‘ਰੋਜ਼ਾਨਾ ਸਪੋਕਸਮੈਨ’ ਵਿੱਚ ਮਿਤੀ 29-05-2013 ਨੂੰ ਸ. ਇੰਦਰ ਸਿੰਘ
ਘੱਘਾ ਦਾ ਲੇਖ ਛਪਿਆ ਸੀ, ਜਿਸ ਦਾ ਸਿਰਲੇਖ ਸੀ, ‘ਪੁਰਾਤਨਤਾ ਅਤੇ ਅਧੁਨਿਕਤਾ ਵਿੱਚ ਫਸਿਆ ਸਮਾਜ’।
ਇਸ ਲੇਖ ਵਿੱਚ ਘੱਘਾ ਜੀ ਨੇ ਮਿਤੀ 14 ਅਪ੍ਰੈਲ 2013 ਨੂੰ ਸ. ਦਵਿੰਦਰ ਸਿੰਘ, ਆਰਟਿਸਟ, ਖਰੜ ਦੇ ਘਰ
ਹੋਏ, ਅਨੰਦ ਕਾਰਜ ਦੇ ਸਬੰਧ ਵਿੱਚ ਆਪਣੇ ਵਿਚਾਰ ਪੇਸ਼ ਕੀਤੇ ਸਨ। ਲੇਖ ਨੂੰ ਪੜ੍ਹ ਕੇ ਜਾਪਦਾ ਹੈ ਕਿ
ਲੇਖਕ ਨੇ ਇਸ ਵਿੱਚ ਦਿਤੇ ਵਿਚਾਰ ਸ. ਦਵਿੰਦਰ ਸਿੰਘ, ਆਰਟਿਸਟ ਅਤੇ ਉਨ੍ਹਾਂ ਦੇ ਪ੍ਰਵਾਰਕ ਮੈਂਬਰਾਂ
ਦੀ ਰਾਏ ਲਏ ਬਗੈਰ ਹੀ ਲਿਖ ਦਿਤੇ ਹਨ। ਕਿੰਨਾ ਚੰਗਾ ਹੁੰਦਾ, ਜੇਕਰ ਲੇਖਕ, ਸ. ਦਵਿੰਦਰ ਸਿੰਘ ਅਤੇ
ਉਸ ਪ੍ਰੋਗਰਾਮ ਵਿੱਚ ਉਸ ਵਲੋਂ ਬੁਲਾਏ ਹੋਰ 4-5 ਪ੍ਰਵਾਰਾਂ ਦੇ ਵਿਚਾਰ ਸੁਣ ਕੇ ਅਤੇ ਉਨ੍ਹਾਂ ਦਾ
ਪ੍ਰਤੀਕਰਮ ਜਾਣ ਕੇ ਸਾਰੀ ਅਸਲੀਅਤ ਲਿਖਦੇ ਤਾਂ ਘੱਘਾ ਜੀ ਦੇ ਲੇਖ ਦੀ ਰੂਪ-ਰੇਖਾ ਕੁੱਝ ਹੋਰ ਹੀ
ਹੋਣੀ ਸੀ।
ਸਾਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਤਬਦੀਲੀ ਹੋਣਾ ਕੁਦਰਤ ਦਾ ਇੱਕ
ਜ਼ਰੂਰੀ ਨਿਯਮ ਹੈ, ਪਰ ਜੇਕਰ ਕੋਈ ਮਨੁੱਖ ਤਬਦੀਲੀ ਦੇ ਨਾਂ ਤੇ ਕੁਦਰਤੀ ਨਿਯਮਾਂ ਦੀ ਉਲੰਘਣਾ ਕਰਨ
ਵਿੱਚ ਆਪਣੀ ਬਹੁਤ ਵੱਡੀ ਸਿਆਣਪ ਸਮਝਦਾ ਹੈ ਤਾਂ ਉਸ ਦੀ ਇਹ ਬਹੁਤ ਵੱਡੀ ਭੁੱਲ ਹੋਵੇਗੀ। ਇਸੇ
ਤਰ੍ਹਾਂ ਜੇਕਰ ਕੋਈ ਮਨੁੱਖ ਤਬਦੀਲੀ ਦੇ ਨਾਂ ਤੇ ਸਿੱਖੀ ਦੀ ਜੜ੍ਹਾਂ ਪੁੱਟੇ ਤਾਂ ਸਿੱਖ ਕੌਮ ਨੂੰ
ਅਜਿਹੀ ਤਬਦੀਲੀ ਤੋਂ ਲਾਭ ਘੱਟ ਅਤੇ ਨੁਕਸਾਨ ਵਧੇਰੇ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਤੱਤ-ਗੁਰਮਤਿ
ਪ੍ਰਵਾਰ ਵਲੋਂ ਤੱਤ-ਗਰਮਤਿ ਦੇ ਨਾਂ ਤੇ ਜਿਹੜੀ ਤਬਦੀਲੀ ਲਿਆਉਣ ਲਈ ਅਧੁਨਿਕਤਾ ਪੇਸ਼ ਕੀਤੀ ਜਾ ਰਹੀ
ਹੈ, ਉਸ ਅਧੁਨਿਕਤਾ ਅਤੇ ਤਬਦੀਲੀ ਨਾਲ ਸਿੱਖ ਕੌਮ ਦੇ ਖ਼ਾਤਮੇ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ।
ਇਸ ਤਬਦੀਲੀ ਨੂੰ ਮੁੱਖ ਰੱਖ ਕੇ ਤੱਤ-ਗਰਮਤਿ ਪ੍ਰਵਾਰ ਨੇ ਸ. . ਦਵਿੰਦਰ
ਸਿੰਘ, ਆਰਟਿਸਟ ਦੇ ਘਰ ਜਿਹੜਾ ਪ੍ਰੋਗਰਾਮ ਕੀਤਾ ਸੀ, ਉਸ ਵਿੱਚ ਸ. ਸੁਖਦੇਵ ਸਿੰਘ, ਮੋਹਾਲੀ, ਸ.
ਬਲਬੀਰ ਸਿੰਘ, ਮੁਹਾਲੀ, ਪ੍ਰਵਾਰਾਂ ਸਮੇਤ ਸ. ਅਵਤਾਰ ਸਿੰਘ, ਧਰਮਗੜ੍ਹ, ਸ. ਨਾਇਬ ਸਿੰਘ ਚੰਡੀਗੜ੍ਹ,
ਸ. ਕੁਲਵਿੰਦਰ ਸਿੰਘ ਚੰਡੀਗੜ੍ਹ, ਉੱਥੇ ਹਾਜ਼ਰ ਸਨ, ਜਿਨ੍ਹਾਂ ਵਿੱਚ ਮੈਂ ਵੀ ਪ੍ਰਵਾਰ ਸਮੇਤ ਹਾਜ਼ਰ
ਸੀ। ਉਹ ਸਾਰੇ ਇਸ ਪ੍ਰੋਗਰਾਮ ਨਾਲ ਸਹਿਮਤ ਨਹੀਂ ਸਨ ਅਤੇ ਅਸੀਂ ਸਾਰੇ ਆਪਣੇ ਆਪਣੇ ਵਿਚਾਰ ਰਖਣਾ
ਚਾਹੁੰਦੇ ਸਨ, ਪਰ ਸਾਰਿਆਂ ਨੇ ਅਨੰਦ ਕਾਰਜ ਦੇ ਉਸ ਘਰੇਲੂ ਪ੍ਰੋਗਰਾਮ ਵਿੱਚ ਉਸ ਵੇਲੇ ਚੁੱਪ ਰਹਿਣਾ
ਹੀ ਠੀਕ ਸਮਝਿਆ। ਦੂਜੇ ਪਾਸੇ ਤੱਤ-ਗੁਰਮਤਿ ਪ੍ਰਵਾਰ ਦੇ ਆਪੇ ਬਣੇ ਅਹੁਦੇਦਾਰਾਂ ਨੇ ਸ. ਦਵਿੰਦਰ
ਸਿੰਘ, ਆਰਟਿਸਟ ਦੇ ਘਰੇਲੂ ਪ੍ਰੋਗਰਾਮ ਨੂੰ ਆਪਣੀ ਮਨ-ਮਰਜ਼ੀ ਅਤੇ ਅਤੇ ਹੁਸ਼ਿਆਰੀ ਨਾਲ ਹਾਈਜੈਕ ਕਰਕੇ,
ਕਰਮਕਾਂਡਾਂ ਨੂੰ ਖ਼ਤਮ ਕਰਨ ਦੇ ਨਾਂ ਤੇ ਸਿੱਖੀ ਨੂੰ ਖ਼ਤਮ ਕਰਨ ਵਾਲੀ ਸੋਚ ਨੂੰ ਹੀ ਪ੍ਰਗਟਾਇਆ। ਅਸਲ
ਵਿੱਚ ਤੱਤ-ਗਰਮਤਿ ਪ੍ਰਵਾਰ ਵਾਲੇ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਕਿ ਜੇਕਰ ਸ. ਦਵਿੰਦਰ
ਸਿੰਘ ਜਾਂ ਉਸ ਵਲੋਂ ਬੁਲਾਏ ਗਏ ਮੈਂਬਰਾਂ ਨੂੰ ਸਟੇਜ ਉੱਤੇ ਬੋਲਣ ਦਾ ਸਮਾਂ ਦਿੱਤਾ ਜਾਂਦਾ ਤਾਂ
ਉਨ੍ਹਾਂ ਦੇ ਪ੍ਰਚਾਰ ਦੀ ਅਸਲੀਅਤ ਪ੍ਰਗਟ ਹੋ ਜਾਣੀ ਸੀ। ਜੇਕਰ ਦੇਖਿਆ ਜਾਵੇ ਅਨਜਾਣ ਤੋਂ ਅਨਜਾਣ
ਪ੍ਰਚਾਰਕ ਵੀ ਅਜਿਹੇ ਪ੍ਰੋਗਰਾਮ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀ ਸੰਗਤ ਦਾ
ਧੰਨਵਾਦ ਕਰਨ ਲਈ, ਪ੍ਰਵਾਰ ਦੇ ਕਿਸੀ ਮੈਂਬਰ ਜਾਂ ਉਸ ਪ੍ਰਵਾਰ ਨਾਲ ਸਬੰਧਤ ਕਿਸੇ ਵੀ ਵਿਅਕਤੀ ਨੂੰ
ਸਟੇਜ ਤੇ ਬੋਲਣ ਦਾ ਮੌਕਾ ਜ਼ਰੂਰ ਦਿੰਦੇ ਹਨ।
ਪ੍ਰੋਗਰਾਮ ਦੇਖ ਕੇ ਸਾਡੇ ਸਾਰਿਆਂ ਦਾ ਮਨ ਬਹੁਤ ਦੁੱਖੀ ਹੋਇਆ। ਇੱਥੇ ਦੱਸਣਾ
ਉਚਿੱਤ ਹੋਵੇਗਾ ਕਿ ਸ. ਦਵਿੰਦਰ ਸਿੰਘ, ਆਰਟਿਸਟ ਦੇ ਪ੍ਰਵਾਰ ਨਾਲ ਸਾਡੀ ਬਹੁਤ ਪੁਰਾਣੀ ਪ੍ਰਵਾਰਕ
ਸਾਂਝ ਬਣੀ ਹੋਈ ਹੈ ਅਤੇ ਸਾਡਾ ਇੱਕ ਦੂਜੇ ਦੇ ਘਰ ਆਉਣਾ ਜਾਣਾ ਬਣਿਆ ਹੋਇਆ ਹੈ। ਇਸ ਸਾਂਝ ਕਰਕੇ,
ਜਦੋਂ ਪ੍ਰਵਾਰ ਨਾਲ ਗੱਲ ਕੀਤੀ ਗਈ ਕਿ ਤੁਸੀਂ ਤੱਤ-ਗੁਰਮਤਿ ਪ੍ਰਵਾਰ ਵਲੋਂ ਕੀਤੇ ਗਏ ਪ੍ਰੋਗਰਾਮ ਨਾਲ
ਸਹਿਮਤ ਹੋ? ਕੀ ਇਹ ਪ੍ਰੋਗਰਾਮ ਤੁਹਾਡੇ ਪ੍ਰਵਾਰ ਦੀ ਸਹਿਮਤੀ ਨਾਲ ਹੋਇਆ ਹੈ? ਕੀ ਤੁਹਾਨੂੰ ਇਸ
ਪ੍ਰੋਗਰਾਮ ਦੀ ਰੂਪ-ਰੇਖਾ ਬਾਰੇ ਪਹਿਲਾਂ ਤੋਂ ਪਤਾ ਸੀ? ਪ੍ਰਵਾਰ ਨੇ ਇਨ੍ਹਾਂ ਸਵਾਲਾਂ ਦੇ ਜਵਾਬ
ਵਿੱਚ ਕਿਹਾ ਕਿ ਪ੍ਰੋਗਰਾਮ ਵਿੱਚ ਕੀ ਕੁੱਝ ਕਰਨਾ ਹੈ, ਇਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਸੀ
ਅਤੇ ਨਾ ਹੀ ਸਾਡੇ ਨਾਲ ਕੋਈ ਸਲਾਹ-ਮਸ਼ਵਰਾ ਹੀ ਕੀਤਾ ਗਿਆ। ਜਿੱਥੋਂ ਤਕ ਪ੍ਰੋਗਰਾਮ ਨਾਲ ਸਹਿਮਤ ਹੋਣ
ਦੀ ਗੱਲ ਹੈ, ਉਸ ਨਾਲ ਅਸੀਂ ਬਿਲਕੁਲ ਸਹਿਮਤ ਨਹੀਂ। ਤੱਤ-ਗੁਰਮਤਿ ਪ੍ਰਵਾਰ ਨੇ ਆਪਣੀ ਕਿਤਾਬ ਰਲੀਜ਼
ਕਰਨ ਦੇ ਨਾਂ ਤੇ ਅਨੰਦ ਕਾਰਜ ਦਾ ਸਾਰਾ ਪ੍ਰੋਗਰਾਮ ਕਿਰ-ਕਿਰਾ ਕਰ ਦਿੱਤਾ।
ਤੱਤ-ਗੁਰਮਤਿ ਪ੍ਰਵਾਰ ਵਲੋਂ ਕੀਤੇ ਗਏ ਪ੍ਰੋਗਰਾਮ ਬਾਰੇ ਜੋ ਸਵਾਲ ਉਤਪਨ
ਹੋਏ, ਉਨ੍ਹਾਂ ਸਵਾਲਾਂ ਦੇ ਜਵਾਬ ਜਾਨਣ ਅਤੇ ਘੱਘਾ ਜੀ ਵਲੋਂ ਆਪਣੇ ਲੇਖ ਵਿੱਚ ਛੁਪਾਈ ਅਸਲੀਅਤ ਨੂੰ
ਪ੍ਰਗਟ ਕਰਨ ਦੀ ਉਮੀਦ ਨਾਲ ਮੈਂ ਲਿਖਣ ਦੀ ਗੁਸਤਾਖ਼ੀ ਕਰ ਰਹੀ ਹਾਂ ਤਾਂ ਜੋ ਸਾਰਿਆਂ ਨੂੰ ਤੱਤ-ਗਰਮਤਿ
ਪ੍ਰਵਾਰ ਅਤੇ ਘੱਘਾ ਜੀ ਦੇ ਲੇਖ ਦੀ ਅਸਲੀਅਤ ਦਾ ਪਤਾ ਲੱਗ ਜਾਵੇ। ਜਿਵੇਂ ਕਿ:
1) ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅਨੁਸਾਰ ਤੱਤ-ਗੁਰਮਤਿ ਤੋਂ ਕੀ
ਭਾਵ ਹੈ, ਦੱਸਣ ਦੀ ਕ੍ਰਿਪਾਲਤਾ ਕਰਨੀ।
2) ਕੀ ਤੱਤ-ਗੁਰਮਤਿ ਪ੍ਰਵਾਰ ਨੇ ਸ. ਦਵਿੰਦਰ ਸਿੰਘ ਨੂੰ ਪਹਿਲਾਂ ਤੋਂ ਇਹ
ਜਾਣਕਾਰੀ ਦਿੱਤੀ ਸੀ ਕਿ ਕਿਤਾਬ ਗੁਰਮਤਿ ਜੀਵਨ ਸੇਧਾਂ ਦੀ ਮਰਿਆਦਾ ਅਨੁਸਾਰ ਸਾਰਾ ਪ੍ਰੋਗਰਾਮ ਕਰਨਾ
ਹੈ? ਜੇਕਰ ਹਾਂ ਤਾਂ ਉਸ ਬਾਰੇ ਦੱਸਿਆ ਜਾਵੇ ਕਿ ਤੱਤ-ਗੁਰਮਤਿ ਪ੍ਰਵਾਰ ਦੇ ਕਿਸ ਮੈਂਬਰ ਨੇ ਸ.
ਦਵਿੰਦਰ ਸਿੰਘ ਨਾਲ ਗੱਲ ਕੀਤੀ ਸੀ, ਉਸ ਦਿਨ, ਤਾਰੀਖ ਅਤੇ ਸਥਾਨ ਬਾਰੇ ਦੱਸਣ ਦੀ ਕ੍ਰਿਪਾਲਤਾ ਕੀਤੀ
ਜਾਵੇ। ਜੇਕਰ ਨਹੀਂ ਤਾਂ ਇਹ ਦੱਸਿਆ ਜਾਵੇ ਕਿ ਅਜਿਹਾ ਕਰਨਾ ਤੱਤ-ਗੁਰਮਤਿ ਹੈ ਜਾਂ ਮਨਮਤਿ।
3) ਪ੍ਰੋਗਰਾਮ ਵਾਲੇ ਦਿਨ, ਘੱਘਾ ਜੀ ਨੇ ਪ੍ਰੋਗਰਾਮ ਦੀ ਰੂਪ-ਰੇਖਾ ਬਾਰੇ
ਆਪਣੀ ਅਣਜਾਣਤਾ ਪ੍ਰਗਟਾਈ ਸੀ। ਪਰ ਘੱਘਾ ਜੀ ਨੇ ਲੇਖ ਵਿਚਲੇ ਵਿਚਾਰਾਂ ਅਤੇ ਅਨੰਦ ਕਾਰਜ ਕਰਾਉਣ
ਵਾਲੇ ਲੜਕੇ ਨਾਲ ਗੱਲ ਕਰਨ ਉਪਰੰਤ ਪਤਾ ਲੱਗਾ ਕਿ ਘੱਘਾ ਜੀ ਨੂੰ ਇਸ ਪ੍ਰੋਗਰਾਮ ਦੀ ਰੂਪ-ਰੇਖਾ ਬਾਰੇ
ਪਹਿਲਾਂ ਤੋਂ ਹੀ ਪਤਾ ਸੀ। ਜੇਕਰ ਘੱਘਾ ਜੀ ਨੂੰ ਪ੍ਰੋਗਰਾਮ ਬਾਰੇ ਪਹਿਲਾਂ ਤੋਂ ਹੀ ਪਤਾ ਸੀ ਤਾਂ
ਪ੍ਰੋਗਰਾਮ ਵਾਲੇ ਦਿਨ ਆਪਣੀ ਅਣਜਾਣਤਾ ਪ੍ਰਗਟਾ ਕੇ ਝੂਠ ਕਿਉਂ ਬੋਲਿਆ ਸੀ?
4) ਕੀ ਇਹ ਸੱਚ ਨਹੀਂ ਕਿ ਕਿਸੇ ਵੀ ਸੰਸਥਾ ਦੀ ਇਕਸਾਰਤਾ ਅਤੇ ਅਨੁਸ਼ਾਸਨ
ਕਾਇਮ ਰੱਖਣ ਲਈ ਬਣਾਏ ਗਏ ਅਸੂਲਾਂ ਨੂੰ ਜੇਕਰ ਕੋਈ ਮਨੁੱਖ ਕਰਮਕਾਂਡਾਂ ਦੀ ਐਨਕ ਲਾ ਕੇ ਦੇਖੇਗਾ ਤਾਂ
ਦੁਨਿਆਵੀ ਅਤੇ ਧਾਰਮਕ ਰਸਮਾਂ ਨਿਭਾਉਣ ਵਾਲਾ ਕੋਈ ਵੀ ਕਰਮ ਪ੍ਰਭੂ ਪ੍ਰਾਪਤੀ ਦਾ ਸਾਧਨ ਨਹੀਂ ਬਣਦਾ
ਦਿਸਦਾ। ਫਿਰ ਭਾਵੇਂ ਤੱਤ-ਗੁਰਮਤਿ ਪ੍ਰਵਾਰ ਦੀ ਨਵੀਂ ਛਪੀ ਕਿਤਾਬ ਗੁਰਮਤਿ ਜੀਵਨ ਸੇਧਾਂ ਵਿੱਚ ਲਿਖੀ
ਮਰਿਆਦਾ ਹੀ ਕਿਉਂ ਨਾ ਹੋਵੇ।
5)
ਤੁਸੀਂ ਭਾਰਤ ਦੇਸ ਨੂੰ
ਅੱਤ ਪਛੜੇ ਹੋਏ ਦੇਸ਼ਾਂ ਵਿਚੋਂ ਇੱਕ ਕਹਿ ਰਹੇ ਹੋ, ਪਰ ਆਪ ਸ਼ਾਇਦ ਬਹੁਤ ਹਨੇਰੇ ਵਿੱਚ ਹੋ ਕਿਉਂਕਿ
ਅਖ਼ਬਾਰੀ ਰਿਪੋਟਾਂ ਅਨੁਸਾਰ ਭਾਰਤ ਸੰਸਾਰ ਦੀ ਤੀਜੀ ਸਭ ਤੋਂ ਵੱਡੀ ਤਾਕਤ ਦੇ ਰੂਪ ਵਿੱਚ ਉਭਰ ਰਿਹਾ
ਹੈ। ਤੁਹਾਡੀ ਜਾਣਕਾਰੀ ਹਿੱਤ ਦੱਸ ਦੇਣਾ ਚਾਹੁੰਦੀ ਹਾਂ ਕਿ ਭਾਰਤ ਕੋਲ ਸੰਸਾਰ ਦੀ ਤੀਜੀ ਵੱਡੀ ਫੌਜ
ਹੈ। ਅਰਮੀਕਾ ਵਰਗੇ ਦੇਸ ਦੀ ਆਰਥਿਕ ਦਸ਼ਾ ਡੁੱਬਣ ਕਿਨਾਰੇ ਸੀ ਤਾਂ ਉਦੋਂ ਭਾਰਤ ਦੀ ਆਰਥਿਕ ਦਸ਼ਾ ਉਤੇ
ਕੋਈ ਪ੍ਰਭਾਵ ਨਹੀਂ ਪਿਆ ਸੀ, ਜਦੋਂ ਕਿ ਅਰਮੀਕਾ ਦੀਆਂ ਕਈ ਕੰਪਨੀਆਂ ਅਤੇ ਕਈ ਬੈਂਕ ਡੁੱਬ ਗਏ ਸਨ।
6)
ਘੱਘਾ ਜੀ ਨੇ ਆਪਣਾ
ਲੇਖ ਡੇਢ ਮਹੀਨਾ ਰੁਕ ਕੇ ਕਿਉਂ ਦਿੱਤਾ? ਇਸ ਦਾ ਕਾਰਣ ਇਹ ਤਾਂ ਨਹੀਂ ਸੀ ਕਿ ਜੇਕਰ ਸ. ਦਵਿੰਦਰ
ਸਿੰਘ, ਆਰਟਿਸਟ ਵਲੋਂ ਜਾਂ ਕਿਸੇ ਹੋਰ ਵਲੋਂ ਵਿਰੋਧ ਕੀਤਾ ਗਿਆ ਤਾਂ ਇਹ ਕਹਿ ਕੇ ਮੁੱਕਰ ਜਾਵਾਂਗੇ
ਕਿ ਮੈਂਨੂੰ ਇਸ ਬਾਰੇ ਪਤਾ ਨਹੀਂ ਸੀ। ਜੇਕਰ ਸ. ਦਵਿੰਦਰ ਸਿੰਘ, ਆਰਟਿਸਟ ਜਾਂ ਕਿਸੇ ਹੋਰ ਨੇ ਵਿਰੋਧ
ਨਾ ਕੀਤਾ ਤਾਂ ਸਿੱਖ-ਕੌਮ ਨੂੰ ਅਧੁਨਿਕਤਾ ਅਤੇ ਪੁਰਾਤਨਤਾ ਵਿੱਚ ਉਲਝਾ ਕੇ ਆਪਣੀ ਵਿਦਵਤਾ ਅਤੇ
ਪ੍ਰੋਫ਼ੈਸਰੀ ਨੂੰ ਚਮਕਾ ਲਵਾਂਗੇ।
7) ਜਿਥੋਂ ਤਕ ਤੁਹਾਡੀ ਪ੍ਰੋਫ਼ੈਸਰੀ ਦੀ ਗੱਲ ਹੈ, ਉਸ ਬਾਰੇ ਤੁਸੀਂ ਆਪਣੀ
ਕਿਤਾਬ ਵਿੱਚ ਲਿਖਿਆ ਹੈ ਕਿ ਐਸ. ਜੀ. ਪੀ. ਸੀ. ਨੇ ਬਿਨਾਂ ਟੈਸਟ ਪਾਸ ਕੀਤਿਆਂ ਮੈਂਨੂੰ ਇਹ ਡਿਗਰੀ
ਦਿੱਤੀ ਹੈ, ਪਰ ਹੁਣ ਤੁਸੀਂ ਐਸ. ਜੀ. ਪੀ. ਸੀ. ਨੂੰ ਭੰਡਦੇ ਨਹੀਂ ਥੱਕਦੇ। ਜੇਕਰ ਐਸ. ਜੀ. ਪੀ.
ਸੀ. ਵਲੋਂ ਕੀਤੇ ਸਾਰੇ ਕੰਮ ਠੀਕ ਨਹੀਂ ਹਨ ਤਾਂ ਤੁਹਾਡੀ ਪ੍ਰੋਫ਼ੈਸਰੀ ਵਾਲੀ ਡਿਗਰੀ ਕਿਧਰੋਂ ਠੀਕ
ਮੰਨੀ ਜਾ ਸਕਦੀ ਹੈ। ਲਿਖਣਾ ਤਾਂ ਨਹੀਂ ਸੀ ਪਰ ਜਦੋਂ ਤੁਸੀਂ ਅਸਲੀਅਤ ਨੂੰ ਛੁਪਾ ਕੇ ਸਿੱਖ-ਕੌਮ ਨੂੰ
ਹਨੇਰੇ ਵਿੱਚ ਰੱਖਣ ਲਈ ਝੂਠ ਦਾ ਸਹਾਰਾ ਲਿਆ ਤਾਂ ਮਜਬੂਰਨ ਲਿਖਣਾ ਪਿਆ।
8) ਤੁਸੀਂ ਆਪਣੇ ਲੇਖ ਵਿੱਚ ਲਿਖਿਆ ਹੈ ਕਿ ਦਵਿੰਦਰ ਸਿੰਘ ਨੇ ਵੀ ਤੁਹਾਨੂੰ
ਆਪਣੇ ਪ੍ਰੋਗਰਾਮ ਵਿੱਚ ਬੁਲਾਇਆ ਸੀ, ਪਰ ਸਚਾਈ ਇਹ ਹੈ ਕਿ ਤੁਹਾਨੂੰ ਉਸ ਨੇ ਆਪ ਨਹੀਂ ਸੀ ਬੁਲਾਇਆ।
ਤੁਸੀਂ ਆਪਣੇ ਲੇਖ ਵਿੱਚ ਇਹ ਸਚਾਈ ਕਿਉਂ ਨਹੀਂ ਲਿਖੀ? ਤੁਸੀਂ ਇਹ ਇਸ ਕਰਕੇ ਨਹੀਂ ਲਿਖਿਆ ਤਾਂ ਜੋ
ਲੋਕ ਸਮਝਣ ਕਿ ਸ. ਦਵਿੰਦਰ ਸਿਘ ਵੀ ਤੁਹਾਡੇ ਵਲੋਂ ਕੀਤੇ ਗਏ ਪ੍ਰੋਗਰਾਮ ਨਾਲ ਸਹਿਮਤ ਸੀ।
9) ਤੁਸੀਂ ਲਿਖ ਰਹੇ ਹੋ ਕਿ ਧਰਮ ਦੱਸ ਕੇ ਆਪਣੀ ਗੱਲ ਦੂਸਰੇ ਉਤੇ ਥੋਪਣੀ
ਪਾਪ ਹੈ। ਹਾਂ ਇਹ ਗੱਲ ਸੱਚ ਹੈ। ਫਿਰ ਕੀ ਤੱਤ-ਗੁਰਮਤਿ ਪ੍ਰਵਾਰ ਨੇ ਆਪਣੀ ਹਾਉਂਮੈ ਨੂੰ ਪੱਠੇ ਪਾਉਣ
ਲਈ ਆਪਣੀ ਬਣਾਈ ਮਰਿਆਦਾ ਗੁਰਮਤਿ ਜੀਵਨ ਸੇਧਾਂ ਨੂੰ ਧਰਮ ਦੱਸ ਕੇ ਸ. ਦਵਿੰਦਰ ਸਿੰਘ ਦੇ ਪ੍ਰਵਾਰ ਤੇ
ਧਰਮ ਦੱਸ ਕੋ ਨਹੀਂ ਠੋਸਿਆ?
10) . ਸ. ਦਵਿੰਦਰ ਸਿੰਘ, ਆਰਟਿਸਟ ਦੇ ਦੱਸੇ ਅਨੁਸਾਰ ਤੱਤ-ਗੁਰਮਤਿ ਪ੍ਰਵਾਰ
ਆਪਣੀ ਕਿਤਾਬ ਗੁਰਮਤਿ ਜੀਵਨ ਸੇਧਾਂ ਰਲੀਜ਼ ਕਰਨ ਲਈ, ਸਭ ਤੋਂ ਪਹਿਲਾਂ ਆਪਣਾ ਪ੍ਰੋਗਰਾਮ ਜੰਮੂ ਵਿਖੇ
ਕਰਨਾ ਚਾਹੁੰਦਾ ਸੀ। ਡੇਰਾਬੱਸੀ ਅਤੇ ਮੁਹਾਲੀ ਵਿਖੇ ਕਰਨ ਦੀ ਸਲਾਹ ਵੀ ਹੁੰਦੀ ਰਹੀ। ਜੀਰਕਪੁਰ ਵੀ
ਮੀਟਿੰਗ ਕੀਤੀ ਗਈ ਤਾਂ ਜੋ ਕਿਸੇ ਇੱਕ ਥਾਂ ਪ੍ਰੋਗਰਾਮ ਨਿਸਚਿਤ ਕੀਤਾ ਜਾ ਸਕੇ। ਪਰ ਇਨ੍ਹਾਂ ਥਾਵਾਂ
ਤੇ ਵੀ ਪ੍ਰੋਗਰਾਮ ਨਿਸਚਿਤ ਨਾ ਹੋ ਸਕਿਆ। ਜੇਕਰ ਇਹ ਪ੍ਰੋਗਰਾਮ ਕਿਸੇ ਗੁਰਦੁਆਰੇ ਜਾਂ ਕਿਸੇ ਜਨਤਕ
ਥਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੀਤਾ ਜਾਂਦਾ ਤਾਂ ਸ਼ਾਇਦ ਤੱਤ-ਗੁਰਮਤਿ ਪ੍ਰਵਾਰ ਦਾ
ਬਹੁਤ ਵਿਰੋਧ ਹੋਣਾ ਸੀ। ਇਸ ਵਿਰੋਧ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ, ਤੱਤ-ਗੁਰਮਤਿ
ਪ੍ਰਵਾਰ ਨੇ ਸ. ਦਵਿੰਦਰ ਸਿੰਘ, ਆਰਟਿਸਟ ਦੇ ਘਰ ਉਸ ਦੇ ਨਿੱਜੀ ਪ੍ਰੋਗਰਾਮ ਵਿੱਚ ਕਿਤਾਬ ਰਲੀਜ਼ ਕਰਨ
ਦਾ ਪ੍ਰੋਗਰਾਮ ਬਣਾਇਆ।
ਹੁਣ ਗੱਲ ਕਰਦੇ ਹਾਂ ਤੱਤ-ਗੁਰਮਤਿ ਪ੍ਰਵਾਰ ਦੀ ਨਵੀਂ ਮਰਿਆਦਾ ਗੁਰਮਤਿ ਜੀਵਨ
ਸੇਧਾਂ ਅਤੇ ਉਨ੍ਹਾਂ ਦੇ ਵਿਚਾਰ ਜਿਹੜੇ ਪ੍ਰੋਗਰਾਮ ਵਿੱਚ ਦੇਖਣ ਅਤੇ ਸੁਨਣ ਨੂੰ ਮਿਲੇ।
ਹੁਕਮਨਾਮੇ ਬਾਰੇ
ਤੱਤ-ਗੁਰਮਤਿ ਪ੍ਰਵਾਰ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ
ਹੁਕਮਨਾਮਾ ਨਹੀਂ ਲਿਆ। ਘੱਘਾ ਜੀ ਨੇ ਆਪਣੇ ਲੇਖ ਵਿੱਚ ਲਿਖਿਆ ਹੈ:
“ਉਂਜ
ਜੋ ‘ਹੁਕਮਨਾਮੇ’
ਰੋਜ਼ਾਨਾ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਹੋਰ
ਹਜ਼ਾਰਾਂ ਗੁਰਦੁਆਰਿਆਂ ਵਿੱਚ ਸੁਣਾਏ ਜਾਂਦੇ ਹਨ, ਉਨ੍ਹਾਂ ਨੂੰ ਕੌਣ ਮੰਨਦਾ ਹੈ?
”
ਇਸ ਤੋਂ ਸਪੱਸ਼ਟ ਹੋਇਆ ਕਿ ਹੁਕਮਨਾਮਾ ਲੈਣ ਦੀ ਕੋਈ
ਲੋੜ ਨਹੀਂ ਹੈ। ਜੇਕਰ ਇਹ ਗੱਲ ਠੀਕ ਹੈ ਤਾਂ ਘੱਘਾ ਜੀ ਦੱਸਣ ਦੀ ਕ੍ਰਿਪਾਲਤਾ ਕਰਨ ਕਿ ਗੁਰੂ ਨਾਨਕ
ਸਾਹਿਬ ਦੇ ਸਪੁੱਤਰਾਂ ਨੇ ਗੁਰੂ ਸਾਹਿਬ ਦਾ ਕੋਈ ਵੀ ਹੁਕਮ ਨਹੀਂ ਸੀ ਮੰਨਿਆ, ਪਰ ਗੁਰੂ ਸਾਹਿਬ ਨੇ
ਆਪਣਾ ਸਾਰਾ ਜੀਵਨ ਗੁਰਬਾਣੀ ਸਿੱਖਿਆ ਦੇ ਪ੍ਰਚਾਰ ਉਤੇ ਲਾ ਕੇ ਅਗਿਆਨਤਾ ਵਿੱਚ ਭਟਕ ਰਹੀ ਲੋਕਾਈ ਨੂੰ
ਸੱਚ ਦਾ ਰਾਹ ਦਿਖਾਇਆ।
ਜੇਕਰ ਘੱਘਾ ਜੀ ਦੀ ਗੱਲ ਮੰਨੀਏ ਤਾਂ ਗੁਰੂ ਸਾਹਿਬ ਵੀ ਪ੍ਰਚਾਰ ਕਰਨ ਤੋਂ ਇਹ
ਕਹਿ ਕੇ ਖਹਿੜਾ ਛੁਡਾ ਲੈਂਦੇ ਕਿ ਜਦੋਂ ਮੇਰੇ ਸਪੁੱਤਰ ਹੀ ਗੁਰਬਾਣੀ ਹੁਕਮਾਂ ਨੂੰ ਨਹੀਂ ਮੰਨਦੇ ਤਾਂ
ਮੈਂਨੂੰ ਵੀ ਕੀ ਲੋੜ ਹੈ, ਲੋਕਾਈ ਨੂੰ ਗੁਰਬਾਣੀ ਹੁਕਮ ਸੁਣਾਉਣ ਦੀ? ਕੀ ਲੋੜ ਸੀ ਗੁਰੂ ਸਾਹਿਬ ਨੂੰ
ਦੂਰ-ਦੁਰਾਡੇ ਦੇਸਾਂ ਜਾਂ ਵਿਦੇਸ਼ਾਂ ਵਿੱਚ ਜਾ ਕੇ ਪ੍ਰਚਾਰ ਕਰਨ ਲਈ ਅਣਗਿਣਤ ਤਕਲੀਫ਼ਾਂ ਸਹਿਣ ਕਰਨ
ਦੀ? ਗੁਰ-ਇਤਿਹਾਸ ਗਵਾਹ ਹੈ ਕਿ ਸਤਿਗੁਰਾਂ ਦੇ ਆਪਣੇ ਕੁੱਝ ਪ੍ਰਵਾਰਕ ਮੈਂਬਰ ਵੀ ਜਿਵੇਂ ਦਾਤੂ,
ਪ੍ਰਿਥੀ ਚੰਦ, ਮਿਹਰਬਾਨ, ਬਾਬਾ ਰਾਮ ਰਾਇ, ਧੀਰਮਲ ਆਦਿ ਗੁਰਮਤਿ ਦੇ ਪ੍ਰਚਾਰ ਨੂੰ ਮੰਨਣ ਦੀ ਥਾਂ
ਹਮੇਸ਼ਾ ਵਿਰੋਧ ਹੀ ਕਰਦੇ ਰਹੇ ਹਨ। ਸਤਿਗੁਰਾਂ ਅਤੇ ਸਿੱਖਾਂ ਨੂੰ ਗੁਰਮਤਿ ਵਿਰੋਧੀ ਅਤੇ ਸੱਚ ਵਿਰੋਧੀ
ਲੋਕਾਂ ਦੀਆਂ ਸਾਜਸ਼ਾਂ ਕਰਕੇ ਅਨੇਕਾਂ ਕੁਰਬਾਨੀਆਂ ਵੀ ਦੇਣੀਆਂ ਪਈਆਂ ਸਨ। ਅੱਜ ਵਰਗੇ ਲੋਕ ਉਦੋਂ ਵੀ
ਬਹੁਤ ਸਨ, ਜਿਨ੍ਹਾਂ ਨੇ ਬਹੁ-ਗਿਣਤੀ ਵਿੱਚ ਗੁਰਬਾਣੀ ਸਿੱਖਿਆ ਨੂੰ ਸੁਣਿਆ, ਪਰ ਉਸ ਨੂੰ ਮੰਨਿਆ
ਵਿਰਲੇ ਲੋਕਾਂ ਨੇ ਸੀ।
ਜੇਕਰ ਅੱਜ ਕੋਈ ਹੁਕਮਨਾਮੇ ਨੂੰ ਸੁਣ ਕੇ ਮੰਨਣ ਲਈ ਤਿਆਰ ਨਹੀਂ ਹੈ ਤਾਂ
ਤੁਹਾਨੂੰ ਵੀ ਪ੍ਰਚਾਰ ਕਰਨ ਲਈ ਐਨਾ ਤਰੱਦਰ ਕਰਨ ਦੀ ਕੀ ਲੋੜ ਪਈ ਹੈ? ਕੀ ਲੋੜ ਪਈ ਹੈ, ਗੁਰਬਾਣੀ
ਵਿਆਖਿਆ ਕਰਨ ਦੀ? ਕੀ ਲੋੜ ਪਈ ਹੈ, ਨਵੀਂ ਮਰਿਆਦਾ ਛਾਪ ਕੇ ਰਲੀਜ਼ ਕਰਨ ਦੀ? ਕੀ ਲੋਕਾਂ ਨੇ ਤੁਹਾਨੂੰ
ਕੋਈ ਲਿਖਤੀ ਭਰੋਸਾ ਦਿੱਤਾ ਹੈ ਕਿ ਤੱਤ-ਗੁਰਮਤਿ ਪ੍ਰਵਾਰ ਵਾਲੇ ਜੋ ਲਿਖਣਗੇ, ਛਾਪਣਗੇ ਜਾਂ ਪ੍ਰਚਾਰ
ਕਰਨਗੇ, ਉਸ ਨੂੰ ਹੂ-ਬ-ਹੂ ਮੰਨ ਲੈਣਗੇ? ਜੇ ਨਹੀਂ ਤਾਂ ਐਵੇਂ ਵਕਤ ਬਰਬਾਦ ਕਰਨ ਦੀ ਕੀ ਲੋੜ ਹੈ
ਕਿਉਂਕਿ ਕੋਈ ਮੰਨਦਾ ਤਾਂ ਹੈ ਨਹੀਂ ਗੁਰਬਾਣੀ ਹੁਕਮਾਂ ਨੂੰ।
ਪਰ ਨਹੀਂ ਸਾਰੀ ਦੁਨੀਆਂ ਦੇ ਲੋਕ ਇੱਕ ਵਿਚਾਰਾਂ ਦੇ ਨਹੀਂ ਹੁੰਦੇ। ਗੁਰਬਾਣੀ
ਸਿੱਖਿਆ ਦੀ ਕਦਰ ਕਰਨ ਵਾਲੇ ਵੀ ਹਨ। ਇਸ ਲਈ ਸਿੱਖ ਪ੍ਰਚਾਰਕਾਂ ਦਾ ਫ਼ਰਜ਼ ਬਣਦਾ ਹੈ ਕਿ ਗੁਰਬਾਣੀ
ਹੁਕਮਾਂ ਤੋਂ ਮਿਲਣ ਵਾਲੀ ਸਿੱਖਿਆ ਨੂੰ ਸੰਗਤ ਵਿੱਚ ਪ੍ਰਚਾਰਨਾ। ਪ੍ਰਚਾਰਕਾਂ ਦੀ ਇਹ ਕੋਈ ਸ਼ਰਤ ਨਹੀਂ
ਹੁੰਦੀ ਕਿ ਜੇਕਰ ਸੰਗਤ ਗੁਰਬਾਣੀ ਹੁਕਮਾਂ ਨੂੰ ਮੰਨੇਗੀ ਉਹ ਤਾਂ ਹੀ ਪ੍ਰਚਾਰ ਕਰਨਗੇ। ਅਸਲ ਗੱਲ
ਸਿੱਖੀ ਨੂੰ ਪ੍ਰੇਮ ਕਰਨ ਦੀ ਹੈ ਜੋ ਸਿੱਖੀ ਨਾਲ ਪ੍ਰੇਮ ਕਰੇਗਾ, ਉਹ ਗੁਰਬਾਣੀ ਹੁਕਮਾਂ ਨੂੰ ਜ਼ਰੂਰ
ਸੁਣੇਗਾ ਅਤੇ ਮੰਨੇਗਾ। ਜਿਵੇਂ ਕਿ ਸਕੂਲ ਵਿੱਚ ਪੜ੍ਹਾਉਣ ਵਾਲੇ ਹਰ ਅਧਿਆਪਕ ਦਾ ਮੁੱਖ ਫ਼ਰਜ਼, ਸਭ
ਵਿਦਿਆਰਥੀਆਂ ਨੂੰ ਬਰਾਬਰ ਪੜ੍ਹਾਉਣਾ ਹੁੰਦਾ ਹੈ, ਪਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਉਸ ਅਧਿਆਪਕ
ਕੋਲੋਂ ਪੜ੍ਹਣ ਵਾਲੇ ਸਾਰੇ ਵਿਦਿਆਰਥੀ ਇਕੋਂ ਜਿੰਨੇ ਨੰਬਰ ਲੈ ਕੇ ਪਾਸ ਹੋਣਗੇ। ਨਾ ਹੀ ਅਜਿਹਾ ਅੱਜ
ਤਕ ਹੋਇਆ ਹੈ ਅਤੇ ਨਾ ਹੀ ਕਦੇ ਹੋ ਸਕੇਗਾ।
ਫ਼ਤਹਿ ਬੁਲਾਉਣ ਬਾਰੇ
ਘੱਘਾ ਜੀ ਨੇ ਆਪਣੇ ਪੂਰੇ ਲੇਖ ਵਿੱਚ ਕਿਤੇ ਵੀ ਫ਼ਤਹਿ ਦਾ ਜ਼ਿਕਰ ਨਹੀਂ ਕੀਤਾ।
ਇਸ ਦਾ ਕਾਰਣ ਘੱਘਾ ਜੀ ਹੀ ਜਾਨਣ, ਪ੍ਰੰਤੂ ਮੇਰੀ ਸਮਝ ਮੁਤਾਬਿਕ ਘੱਘਾ ਜੀ ਆਪਣੀ ਕਲਮ ਉਨ੍ਹਾਂ
ਵਿਸ਼ਿਆਂ ਤੇ ਹੀ ਘਸਾਉਂਦੇ ਹਨ, ਜਿਨ੍ਹਾਂ ਤੋਂ ਇਹ ਲੱਗੇ ਕਿ ਉਹ ਬਹੁਤ ਵੱਡੇ ਸੁਲਝੇ ਹੋਏ ਲੇਖਕ ਹਨ।
ਤੱਤ-ਗੁਰਮਤਿ ਪ੍ਰਵਾਰ ਦੇ ਬੁਲਾਰਿਆਂ ਅਤੇ ਪ੍ਰਚਾਰਕਾਂ ਨੇ ਪ੍ਰੋਗਰਾਮ ਵਿੱਚ
‘ਵਾਹਿਗੁਰੂ
ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫਤਹਿ। ’
ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦੇ ਦਿੱਤੀ, ਜਿਸ ਬਾਰੇ ਅੱਜ ਤਕ ਕਿਸੇ ਸਿੱਖ ਨੇ ਕਦੇ ਵੀ ਕੋਈ
ਕਿੰਤੂ-ਪ੍ਰੰਤੂ ਨਹੀਂ ਕੀਤਾ। ਇਨ੍ਹਾਂ ਨੂੰ ਅੱਜ ਫ਼ਤਹਿ ਬੁਲਾਉਣਾ ਵੀ ਕਰਮਕਾਂਡ ਨਜ਼ਰ ਆਉਣ ਲੱਗ ਪਿਆ
ਹੈ। ਤੁਹਾਡੇ ਇੱਕ ਮੈਂਬਰ ਨਾਲ ਹੋਈ ਗੱਲਬਾਤ ਅਨੁਸਾਰ
‘ਸਤਿ ਸ੍ਰੀ ਅਕਾਲ’
ਬੋਲਣ ਨਾਲ ਸਾਰਾ ਸੰਸਾਰ ਇੱਕ ਹੁੰਦਾ ਦਿਸਦਾ ਹੈ। ਇਹ ਕਿਉਂ ਸਵੀਕਾਰ ਨਹੀਂ ਕਰਦੇ ਕਿ ਤੁਹਾਡੇ ਵਿੱਚ
ਗੁਰੂ ਜੀ ਵਲੋਂ ਦਿੱਤੇ ਬੋਲੇ ਨੂੰ ਬੋਲਣ ਦੀ ਹਿੰਮਤ ਹੀ ਨਹੀਂ ਹੈ ਕਿਉਂਕਿ ਜਦੋਂ ਤੁਹਾਨੂੰ ਕਕਾਰਾਂ
ਤੋਂ ਡਰ ਲਗਦਾ ਹੈ ਤਾਂ ਫ਼ਤਹਿ ਤੋਂ ਵੀ ਡਰ ਲਗਦਾ ਹੀ ਹੋਵੇਗਾ। ਢੁੱਚਰ ਇਹ ਡਾਹੀ ਗਈ ਹੈ ਕਿ ਸਤਿ
ਸ੍ਰੀ ਅਕਾਲ ਸਾਰੇ ਬੋਲ ਲੈਂਦੇ ਹਨ, ਫ਼ਤਹਿ ਬੋਲਣ ਨਾਲ ਸੰਸਾਰ ਵਿੱਚ ਵਖਰੇਵਾਂ ਪੈ ਰਹੇ ਹਨ। ਵਾਹ ਜੀ!
ਵਾਹ! ਤੁਹਾਡੀ ਸੋਚ ਤੋਂ ਬਲਿਹਾਰੇ ਜਾਈਏ। ਤੁਸੀਂ ਇਹ ਕਿਉਂ ਨਹੀਂ ਮੰਨ ਲੈਂਦੇ ਕਿ ਫ਼ਤਹਿ ਬੋਲਣ
ਲੱਗਿਆਂ ਸੰਗ ਲਗਦੀ ਹੈ ਕਿਉਂਕਿ ਕਕਾਰ ਤਿਆਗ ਦਿੱਤੇ, ਅਰਦਾਸ ਤਿਆਗ ਦਿੱਤੀ, ਮੱਥਾ ਟੇਕਣਾ ਕਰਮਕਾਂਡ
ਹੈ, ਹੁਕਮਨਾਮਾ ਲੈਣਾ ਕਰਮਕਾਂਡ ਹੈ, ਅਨੰਦ ਕਾਰਜ ਦੀ ਰਸਮ ਛੱਡ ਕੇ ਮੁਸਲਮਾਨੀ ਰਸਮ ਪ੍ਰਵਾਨ (ਕਬੂਲ)
ਅਪਨਾ ਲਈ ਹੈ, ਪਾਹੁਲ ਵੀ ਕਰਮਕਾਂਡ ਸਮਝ ਕੇ ਤਿਆਗ ਦਿੱਤੀ ਹੈ। ਹੌਲੀ ਹੌਲੀ ਸਭ ਕੁੱਝ ਤਿਆਗ ਕੇ
ਸਿੱਖੀ ਦਾ ਭੋਗ ਪਾ ਦੇਣਾ ਹੈ। ਆਪਣੀਆਂ ਕਮਜ਼ੋਰੀਆਂ ਨੂੰ ਕਰਮਕਾਂਡ ਦੱਸ ਕੇ ਤਿਆਗਣਾ ਕਿਥੋਂ ਦੀ
ਤੱਤ-ਗਰਮਤਿ ਹੈ?
‘
ਸਤਿ ਸ੍ਰੀ ਅਕਾਲ’
ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ‘ਸਤਿ
ਸ੍ਰੀ ਅਕਾਲ’
ਬੋਲ ਕੇ ਅਸੀਂ ਸਾਰੇ ਸੰਸਾਰ ਨੂੰ ਸਿੱਖ ਬਣਾ ਦੇਵਾਂਗਾ। ਭੋਲਿਓ! ਦਿੱਲੀ ਤੋਂ ਅੱਗੇ ਜਾ ਕੇ ਦੇਖੋ
‘ਸਤਿ
ਸ੍ਰੀ ਅਕਾਲ’
ਜਾਂ ਫ਼ਤਹਿ ਬਾਰੇ ਕੋਈ ਜਾਣਦਾ ਵੀ ਹੈ। ਫ਼ਤਹਿ ਨਾ ਬੁਲਾਉਣ ਦਾ ਕਾਰਣ ਇਹ ਦੱਸਿਆ ਹੈ ਕਿ ਫ਼ਤਹਿ ਸਰਬਲੋਹ
ਗ੍ਰੰਥ ਵਿੱਚ ਦਰਜ ਹੈ, ਪਰ ਇਹ ਦੱਸਣ ਸਤਿ ਸ੍ਰੀ ਅਕਾਲ ਕਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ?
ਤੁਸੀਂ ਆਪਣੀ ਮਰਜ਼ੀ ਨਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਅੱਧਾ ਹਿੱਸਾ ਹੀ ਕਿਉਂ ਬੁਲਾਉਂਦੇ
ਹੋ, ਕੀ ਪੂਰਾ ਬੋਲਣ ਲੱਗਿਆਂ ਸੰਗ ਆਉਂਦੀ ਹੈ? ਤੁਹਾਡੇ ਕੋਲ ਉਹ ਕਿਹੜਾ ਪ੍ਰਮਾਣ ਹੈ ਕਿ ਫ਼ਤਹਿ
ਸਰਬਲੋਹ ਗ੍ਰੰਥ ਵਿਚੋਂ ਆਈ ਹੈ? ਇਹ ਵੀ ਹੋ ਸਕਦਾ ਹੈ ਕਿ ਸਰਬਲੋਹ ਗ੍ਰੰਥ ਲਿਖਣ ਵਾਲੇ ਨੇ ਪਹਿਲਾਂ
ਤੋਂ ਪ੍ਰਚਲਤ ਫ਼ਤਹਿ ਨੂੰ ਉਸ ਵੇਲੇ ਇਸ ਗ੍ਰੰਥ ਵਿੱਚ ਦਰਜ ਕੀਤਾ ਹੋਵੇ।
ਬਾਕੀ ਘੱਘਾ ਜੀ ਨਾਲ ਜਦੋਂ ਫ਼ੋਨ ਤੇ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ
ਮੈਂ ਪ੍ਰੋਗਰਾਮਾਂ ਵਿੱਚ ਫ਼ਤਹਿ ਦੀ ਥਾਂ
‘ਸਤਿ
ਸ੍ਰੀ ਅਕਾਲ’
ਬੁਲਾਉਣ ਵਿੱਚ ਸਹਿਮਤ ਨਹੀਂ ਹਾਂ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਦੱਸਿਆ ਕਿ ਮੈਂ ਤਾਂ ਪਹਿਲੀ
ਇਕੋਂ ਮੀਟਿੰਗ ਵਿੱਚ ਗਿਆ ਸੀ ਤਾਂ ਉਥੇ ਵੀ ‘ਵਾਹਿਗੁਰੂ
ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫਤਹਿ। ’
ਦੀ ਥਾਂ ‘ਸਤਿ
ਸ੍ਰੀ ਅਕਾਲ’
ਬੁਲਾਉਣ ਦਾ ਵਿਰੋਧ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਤਾਂ ਅੱਜ ਵੀ ਸਟੇਜਾਂ ਤੋਂ ਫ਼ਤਹਿ ਹੀ
ਬੁਲਾਉਂਦਾ ਹਾਂ। ਘੱਘਾ ਜੀ ਦੀ ਗੱਲ ਵਿੱਚ ਸਚਾਈ ਹੈ ਕਿਉਂਕਿ ਉਨ੍ਹਾਂ ਨੇ ਵਿਆਹ ਵਾਲੇ ਦਿਨ
ਪ੍ਰੋਗਰਾਮ ਵਿੱਚ ਆਪਣਾ ਲੈਕਚਰ ਕਰਨ ਤੋਂ ਪਹਿਲਾਂ ਸੰਗਤ ਨੂੰ ਫਤਹਿ ਬੁਲਾਈ ਸੀ, ਜਦੋਂ ਕਿ ਸਾਰੇ
ਪ੍ਰੇਗਰਾਮ ਵਿੱਚ ਤੱਤ-ਗੁਰਮਤਿ ਪ੍ਰਵਾਰ ਦੇ ਮੈਂਬਰਾਂ ਨੇ ਆਪਣਾ ਲੈਕਚਰ ਕਰਨ ਸਮੇਂ ਫਤਹਿ ਦੀ ਥਾਂ
ਸਤਿ ਸ੍ਰੀ ਅਕਾਲ ਬੁਲਾਈ ਸੀ।
ਕੁੱਝ ਸਵਾਲ:
1) ਤੱਤ-ਗੁਰਮਤਿ ਪ੍ਰਵਾਰ ਵਾਲੇ ਅਕਸਰ ਆਪਣੇ ਅਫ਼ਸਰਾਂ ਨੂੰ ਜੈ ਹਿੰਦ
ਬੁਲਾਉਂਦੇ ਹਨ, ਪਰ ਤੱਤ-ਗੁਰਮਤਿ ਪ੍ਰਵਾਰ ਵਾਲੇ ਇਹ ਦੱਸਣ ਕਿ ਜੈ ਹਿੰਦ ਕਿਹੜੇ ਗ੍ਰੰਥ ਵਿੱਚ ਦਰਜ
ਹੈ?
2) . ਜਦੋਂ ਕੋਈ ਵਿਅਕਤੀ ਮਿਲਣ ਸਮੇਂ ਜਾਂ ਫੋਨ ਉਤੇ ਜੈ ਹਿੰਦ, ਨਮਸਤੇ,
ਨਮਸਕਾਰ, ਸਲਾਮ, ਗੁੱਡ ਮਾਰਨਿੰਗ, ਗੁੱਡ ਅਫਟਰ ਨੂਨ, ਗੁੱਡ ਇਵਨਿੰਗ, ਗੁੱਡ ਨਾਈਟ, ਬਾਏ-ਬਾਏ,
ਹਾਏ-ਹਾਏ ਆਦਿ ਸ਼ਬਦਾਂ ਨਾਲ ਸੰਬੋਧਨ ਕਰਦੇ ਹਨ, ਕੀ ਤੱਤ-ਗੁਰਮਤਿ ਪ੍ਰਵਾਰ ਵਾਲੇ ਅਜਿਹੇ ਸਮੇਂ, ਉਸ
ਵਿਅਕਤੀ ਨੂੰ ਟੋਕ ਕੇ ਕਹਿੰਦੇ ਹਨ ਕਿ ਸਾਨੂੰ ਸਿਰਫ
‘ਸਤਿ
ਸ੍ਰੀ ਅਕਾਲ’
ਹੀ ਬੁਲਾਈ ਜਾਵੇ?
3) ਇਨ੍ਹਾਂ ਦੇ ਬੱਚੇ ਸਕੂਲਾਂ, ਕਾਲਜਾਂ ਜਾਂ ਹੋਰ ਥਾਵਾਂ ਤੇ ਗੁੱਡ
ਮਾਰਨਿੰਗ, ਗੁੱਡ ਅਫਟਰ ਨੂਨ, ਗੁੱਡ ਇਵਨਿੰਗ, ਗੁੱਡ ਨਾਈਟ, ਬਾਏ-ਬਾਏ, ਹਾਏ-ਹਾਏ ਬੁਲਾਉਂਦੇ ਰਹਿੰਦੇ
ਹਨ। ਫ਼ਤਹਿ ਬੁਲਾਉਣ ਵਿੱਚ ਤਾਂ ਨਫ਼ਰਤ ਲਗਦੀ ਹੈ ਪਰ ਈਸਾਈਅਤ ਬੋਲੀ ਦੇ ਸ਼ਬਦ ਇਨ੍ਹਾਂ ਨੂੰ ਚੰਗੇ ਲਗਦੇ
ਹਨ। ਅਜਿਹਾ ਕਿਉਂ?
4) ਗੁਰੂ ਗ੍ਰੰਥ ਸਾਹਿਬ ਵਿੱਚ ਰੱਬ ਦੇ ਜਿੰਨੇ ਵੀ ਨਾਮ ਦਰਜ ਹਨ, ਉਹ ਸਾਰੇ
ਸਦੀਆਂ ਪਹਿਲਾਂ ਅਨਮਤ ਵਾਲਿਆਂ ਦੇ ਧਰਮ ਗ੍ਰੰਥਾਂ ਵਿੱਚ ਦਰਜ ਹਨ, ਜਿਵੇਂ ਰਾਮ, ਗੋਪਾਲ, ਕ੍ਰਿਸ਼ਨ,
ਮੁਰਾਰੀ, ਕੋਸੋ, ਜਗਦੀਸ਼, ਬ੍ਰਹਮਾ, ਰਿਖੀਕੇਸ, ਬੀਠਲ, ਅਲਾਹ, ਮਉਲਾ, ਕਰੀਮ, ਰਹੀਮ, ਗੁਸਾਈਂ ਆਦਿ।
ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਪੜ੍ਹਣ ਸਮੇਂ, ਜਿਥੇ-ਜਿੱਥੇ ਇਹ ਨਾਮ ਆ ਜਾਣਗੇ, ਕੀ ਸਿੱਖ
ਇਹ ਨਾਮ ਪੜ੍ਹਣੇ ਛੱਡ ਦੇਣਗੇ ਜਾਂ ਗੁਰਬਾਣੀ ਵਿਚੋਂ ਕੱਢ ਦੇਣਗੇ?
5) . ਦਸਮ ਗ੍ਰੰਥ ਵਿੱਚ ੴ ਸਤਿ ਗੁਰਪ੍ਰਸਾਦਿ।। ਅਨੇਕਾਂ ਬਾਰ ਲਿਖਿਆ ਹੋਇਆ
ਮਿਲਦਾ ਹੈ। ਕੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ੴ ਸਤਿ ਗੁਰਪ੍ਰਸਾਦਿ।। ਨੂੰ ਸਿੱਖ ਪੜ੍ਹਣਾ ਛੱਡ
ਦੇਣਗੇ ਜਾਂ ਗੁਰਬਾਣੀ ਵਿਚੋਂ ਕੱਢ ਦੇਣਗੇ?
6) ਦਸਮ ਗ੍ਰੰਥ ਵਿੱਚ ਭਗਉਤੀ ਦੀ ਵਾਰ ਵਿੱਚ 9 ਗੁਰੂ ਸਾਹਿਬਾਨ ਦੇ ਨਾਂ ਦਰਜ
ਹਨ। ਕੀ ਸਿੱਖ, 9 ਗੁਰੂ ਸਾਹਿਬਾਨ ਦੇ ਨਾਂ ਪੜ੍ਹਣੇ ਛੱਡ ਦੇਣਗੇ ਜਾਂ ਗੁਰਬਾਣੀ ਅਤੇ ਕਿਤਾਬਾਂ
ਵਿਚੋਂ ਕੱਢ ਦੇਣਗੇ?
7) ਅਸਲ ਵਿੱਚ ਫ਼ਤਹਿ ਖੰਡੇ-ਬਾਟੇ ਦੀ ਪਾਹੁਲ ਨਾਲ ਜੁੜੀ ਹੋਈ ਹੈ। ਇਨ੍ਹਾਂ
ਦੀਆਂ ਔਰਤਾਂ ਅਤੇ ਬੱਚੇ ਖੰਡੇ ਬਾਟੇ ਦੀ ਪਾਹੁਲ ਛਕਣ ਲਈ ਤਿਆਰ ਨਹੀਂ ਹਨ। ਕੀ ਇਹ ਖੰਡੇ ਬਾਟੇ ਦੀ
ਪਾਹੁਲ ਅਤੇ ਫ਼ਤਹਿ ਤੋਂ ਛੁਟਕਾਰਾ ਪਾਉਣ ਲਈ ਸਤਿ ਸ੍ਰੀ ਅਕਾਲ ਨੂੰ ਪ੍ਰਚਲਤ ਕਰਨ ਦੀ ਕੋਸ਼ਿਸ਼ ਤਾਂ
ਨਹੀਂ ਕਰ ਰਹੇ ਹੋ?
ਜਿਹੜੀ ਇਹ ਗੱਲ ਕਹਿੰਦੇ ਹਨ ਕਿ ਫ਼ਤਹਿ ਬੁਲਾਉਣ ਨਾਲ ਸੰਸਾਰ ਵਿੱਚ ਵਖਰੇਵੇਂ
ਪੈਦਾ ਹੋ ਰਹੇ ਹਨ। ਇਸ ਬਾਰੇ ਇਨ੍ਹਾਂ ਨੂੰ ਇਹ ਪਤਾ ਨਹੀਂ ਹੈ ਕਿ ਗੁਰਮਤਿ ਸਾਰੇ ਸੰਸਾਰ ਵਿੱਚ ਆਪਣਾ
ਨਿਆਰਾ ਸਿਧਾਂਤ ਪੇਸ਼ ਕਰਦੀ ਹੈ। ਗੁਰੂ ਨਾਨਕ ਸਾਹਿਬ ਨੇ ਸਦੀਆਂ ਪਹਿਲਾਂ ਪ੍ਰਚਲਤ ਫੋਕਟ
ਰੀਤਾਂ-ਰਸਮਾਂ ਨੂੰ ਦਲੇਰੀ ਨਾਲ ਠੁਕਰਾ ਕੇ ਇੱਕ ਕ੍ਰਾਂਤੀਕਾਰੀ ਵਿਚਾਰਧਾਰਾ ਦੀ ਸ਼ੁਰੂਆਤ ਕੀਤੀ ਸੀ।
ਗੁਰਬਾਣੀ ਥਾਂ ਥਾਂ ਤੇ ਧਰਮ ਦੇ ਨਾਂ ਤੇ ਪਖੰਡ ਕਰਨ ਵਾਲਿਆਂ ਦਾ ਦਲੇਰੀ ਨਾਲ ਪਾਜ ਨੰਗਾ ਕਰ ਰਹੀ
ਹੈ। ਗੁਰਬਾਣੀ ਵਿੱਚ ਅਨੇਕਾਂ ਐਸੇ ਗੁਰਬਾਣੀ ਫ਼ੁਰਮਾਨ ਹਨ ਜੋ ਅਗਿਆਨੀ ਲੋਕਾਂ ਨੂੰ ਸਮਝਾਉਣ ਲਈ
ਸਿੱਧੀ ਚੋਟ ਕਰ ਰਹੇ ਹਨ। ਵਖਰੇਵੇਂ ਦੀ ਗੱਲ ਨੂੰ ਲੈ ਕੇ ਤੱਤ-ਗਰਮਤਿ ਵਾਲੇ ਕੱਲ ਨੂੰ ਇਹ ਕਹਿ ਕੇ
ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਪੜ੍ਹਣੀ ਛੱਡ ਦੇਣਗੇ ਕਿ ਗੁਰਬਾਣੀ ਪੜ੍ਹਣ ਅਤੇ ਸੁਣਾਉਣ ਨਾਲ
ਸੰਸਾਰ ਵਿੱਚ ਵਖਰੇਵੇਂ ਪੈਦਾ ਹੋ ਰਹੇ ਹਨ। ਇਸ ਲਈ ਸੰਸਾਰ ਵਿੱਚ ਬਣਾਏ ਗੁਰਦੁਆਰਿਆਂ ਨੂੰ ਬੰਦ ਕਰ
ਦੇਣਾ ਚਾਹੀਦਾ ਹੈ। ਸਿੱਖਾਂ ਦੀ ਸ਼ਕਲ ਵੀ ਸੰਸਾਰ ਵਿੱਚ ਸਭ ਤੋਂ ਅਲੱਗ ਹੈ। ਕੀ ਤੱਤ-ਗੁਰਮਤਿ ਵਾਲੇ
ਕਲ ਨੂੰ ਆਪਣੀਆਂ ਨਿਆਰੀਆਂ ਸ਼ਕਲਾਂ ਵੀ ਬਦਲ ਲੈਣਗੇ?
ਗੁਰੂ ਗ੍ਰ੍ਰ੍ਰੰਥ ਸਾਹਿਬ ਜੀ ਵਿੱਚ ਆਏ ਵਾਹਿਗੁਰੂ ਸ਼ਬਦ ਦੀ ਵਿਚਾਰ ਕਰ ਲਈ ਜਾਵੇ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ।। (ਪੰਨਾ-1402)
ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ।।
(ਪੰਨਾ-1402)
ਕੀਆ ਖੇਲੁ ਬਡ ਮੇਲੁ ਤਮਾਸਾ ਵਹਿਗੁਰੂ ਤੇਰੀ ਸਭ ਰਚਨਾ।। (ਪੰਨਾ-1403)
ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਗੁਰੂ ਤੇਰਾ ਸਭ ਸਦਕਾ।। (ਪੰਨਾ-1404)
ਉਪਰੋਕਤ ਸ਼ਬਦਾਂ ਦੇ ਅਰਥ ਕੋਈ ਵੀ ਪ੍ਰਚਾਰਕ ਭਾਵੇਂ ਵਾਹ ਗੁਰੂ, ਵਾਹਿਗੁਰ
ਜਾਂ ਪ੍ਰਮਾਤਮਾ ਕਰੇ ਤਦ ਵੀ ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਹਿ। ਦੇ ਅਰਥ ਇਹ ਹੀ
ਬਣਨਗੇ ਕਿ ਖ਼ਾਲਸਾ ਵਾਹਿਗੁਰੂ (ਪ੍ਰਮਾਤਮਾ) , ਪ੍ਰਭੂ ਜਾਂ ਵਾਹ ਗੁਰੂ ਦਾ ਹੈ ਅਤੇ ਫ਼ਤਹਿ ਵੀ ਉਸੇ ਦੀ
ਹੈ। ਇਹੋ ਅਰਥ ਪ੍ਰਿੰਸੀਪਲ ਸਾਹਿਬ ਸਿੰਘ, ਸ. ਮਨਮੋਹਨ ਸਿੰਘ, ਗਿਆਨੀ ਹਰਬੰਸ ਸਿੰਘ, ਪਟਿਆਲਾ ਨੇ
ਕੀਤੇ ਹਨ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਤੱਤ-ਗੁਰਮਤਿ ਪ੍ਰਵਾਰ ਵਾਲਿਆਂ ਨੂੰ ਖਾਲਸਾ ਪੰਥ, ਗੁਰੂ
ਨਾਨਕ ਸਾਹਿਬ ਦਾ ਚਲਾਇਆ ਧਰਮ ਜਾਂ ਸਿੱਖ-ਕੌਮ ਨੂੰ ਗੁਰੂ, ਵਾਹਿਗੁਰੂ, ਪ੍ਰਭੂ, ਪ੍ਰਮਾਤਮਾ ਜਾਂ
ਅਕਾਲਪੁਰਖ ਦਾ ਹੈ ਅਤੇ ਫ਼ਤਹਿ ਵੀ ਉਸ ਦੀ ਹੀ ਕਹਿਣ ਜਾਂ ਸੁਣਨ ਵਿੱਚ ਕਿਉਂ ਡਰ ਲਗਦਾ ਹੈ? ਜੇਕਰ
ਉਪਰੋਕਤ ਗੁਰਬਾਣੀ ਸ਼ਬਦਾਂ ਦੇ ਅਰਥ ਕੁੱਝ ਹੋਰ ਬਣਦੇ ਹੋਣ ਤਾਂ ਸਮਝਾਉਣ ਦੀ ਕ੍ਰਿਪਾਲਤਾ ਕਰਨੀ ਜਾਂ
ਤੱਤ-ਗੁਰਮਤਿ ਪ੍ਰਵਾਰ ਗੁਰਬਾਣੀ ਦੇ ਉਪਰੋਕਤ ਸ਼ਬਦਾਂ ਨੂੰ ਗੁਰਬਾਣੀ ਮੰਨਣ ਲਈ ਹੀ ਤਿਆਰ ਨਹੀਂ?
ਸਿੱਖਾਂ ਦਾ ਨਿਆਰਾਪਨ ਸੰਸਾਰ ਦੇ ਲੋਕਾਂ ਨੂੰ ਤਾਂ ਚੁਭਦਾ ਹੀ ਸੀ, ਹੁਣ
ਤੱਤ-ਗੁਰਮਤਿ ਪ੍ਰਵਾਰ ਵਾਲਿਆਂ ਨੂੰ ਵੀ ਚੁਭਣ ਲੱਗ ਪਿਆ ਹੈ। ਪਰ ਗੁਰੂ ਦੇ ਸਿੱਖ ਕਿਸੇ ਪਿੱਛੇ ਲੱਗ
ਕੇ ਫ਼ਤਹਿ ਬਲਾਉਣੀ ਨਹੀਂ ਛੱਡਣਗੇ ਕਿਉਂਕਿ ਗੁਰੂ ਦੇ ਸਿੱਖ ਪਹਿਲਾਂ ਵੀ
‘ਵਾਹਿਗੁਰੂ
ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਹਿ। ’
ਬੁਲਾਉਦੇ ਸਨ, ਹੁਣ ਵੀ ਬੁਲਾਉਣਗੇ ਅਤੇ ਭਵਿੱਖ ਵਿੱਚ ਵੀ ਬੁਲਾਉਂਦੇ ਰਹਿਣਗੇ।
ਅਨੰਦ ਕਾਰਜ ਬਾਰੇ
ਤੱਤ-ਗੁਰਮਤਿ ਪ੍ਰਵਾਰ ਵਲੋਂ ਕਰਵਾਏ ਗਏ ਅਨੰਦ ਕਾਰਜ ਵਾਲੇ ਦਿਨ ਜਦੋਂ ਘੱਘਾ
ਜੀ ਨੂੰ ਪੁੱਛਿਆ ਗਿਆ ਕਿ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦੁਆਲੇ ਚਾਰ ਪ੍ਰਕਰਮਾਂ ਕਰਨ ਨਾਲ ਸਿੱਖ,
ਹਿੰਦੂ ਬਣ ਜਾਂਦੇ ਹਨ ਤਾਂ ਕੀ ਇਸ ਸਮਾਗਮ ਅੰਦਰ ਕਬੂਲ ਹੈ, ਕਬੂਲ ਹੈ ਦੀ ਥਾਂ ਤੇ ਪ੍ਰਵਾਨ ਸ਼ਬਦ
ਵਰਤੋਂ ਕਰਕੇ, ਕੀ ਸਿੱਖ ਨਿਕਾਹ ਵਾਲੀਆਂ ਰਸਮਾਂ ਦੀ ਨਕਲ ਕਰਕੇ, ਮੁਸਲਮਾਨ ਤਾਂ ਨਹੀਂ ਬਣ ਗਏ? ਤਦੋਂ
ਤੁਸੀਂ ਇਸ ਨੂੰ ਨਿਕਾਹ ਵਾਲੀ ਰਸਮ ਮੰਨਦੇ ਹੋਏ, ਇਥੋਂ ਤਕ ਮੰਨਿਆ ਸੀ ਕਿ ਇਹ ਗ਼ਲਤ ਹੋਇਆ ਹੈ। ਪਰ
ਘੱਘਾ ਜੀ ਨੇ ਆਪਣੇ ਲੇਖ ਵਿੱਚ ਲਿਖਿਆ ਹੈ:
“ਪੁਰਾਤਨ
ਮਰਿਆਦਾ ਦੀ ਰਟ ਲਾਉਣ ਵਾਲੇ ਜ਼ਰਾ ਧਿਆਨ ਦੇਣ ਕਿ ਅਸੀਂ ਪੰਜ ਸੌ ਸਾਲ ਪਿੱਛੇ ਨਹੀਂ ਜਾ ਸਕਦੇ। ਅੱਜ
ਅਸੀਂ ਇੱਕੀਵੀਂ ਸਦੀ ਵਿੱਚ ਪਹੁੰਚ ਚੁੱਕੇ ਹਾਂ। ਗੁਰੂ ਗ੍ਰੰਥ ਸਾਹਿਬ ਦੁਆਲੇ ਚੱਕਰ ਕੱਟ ਕੇ ਕੀ
ਵਿਆਹ ਜ਼ਿਆਦਾ ਪੱਕਾ ਹੋ ਜਾਂਦਾ ਹੈ? ”ਹੁਣ
ਘੱਘਾ ਜੀ ਕੱਲ ਨੂੰ ਇਹ ਨਾ ਲਿਖਣ ਲੱਗ ਪੈਣ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ 500 ਸਾਲ ਤੋਂ
ਜ਼ਿਆਦਾ ਪੁਰਾਣੀ ਹੋ ਗਈ ਹੈ। ਅੱਜ ਅਸੀਂ ਇੱਕੀਵੀਂ ਸਦੀ ਵਿੱਚ ਪਹੁੰਚਣ ਕਰਕੇ ਨਵੀਂ ਗੁਰਬਾਣੀ
ਲਿਖਾਂਗੇ। ਅਨੰਦ ਕਾਰਜ ਬਾਰੇ ਦੱਸਣ ਜਦੋਂ ਉਨ੍ਹਾਂ ਨੂੰ ਤੱਤ-ਗੁਰਮਤਿ ਪ੍ਰਵਾਰ ਵਲੋਂ ਕਰਾਵਾਏ ਗਏ
ਅਨੰਦ ਕਾਰਜ ਬਾਰੇ ਪੁੱਛਿਆ ਸੀ ਤਾਂ ਉਨ੍ਹਾਂ ਨੇ ਉਸ ਤਰੀਕੇ ਨੂੰ ਨਿਕਾਹ ਵਾਲੀ ਰਸਮ ਮੰਨਿਆ ਸੀ ਪਰ
ਆਪਣੇ ਲੇਖ ਵਿੱਚ ਤੱਤ-ਗੁਰਮਤਿ ਪ੍ਰਵਾਰ ਵਲੋਂ ਕਰਵਾਏ ਤਰੀਕੇ ਨੂੰ ਸਹੀ ਮੰਨਿਆ ਹੈ। ਹੁਣ ਘੱਘਾ ਜੀ
ਦੀ ਕਿਹੜੀ ਗੱਲ ਠੀਕ ਮੰਨੀ ਜਾਵੇ?
ਤੱਤ-ਗੁਰਮਤਿ ਪ੍ਰਵਾਰ ਨੇ ਆਪਣੀ ਨਵੀ ਬਣਾਈ ਮਰਿਆਦਾ ਨਾਲ ਜਿਹੜਾ ਅਨੰਦ ਕਾਰਜ
ਕੀਤਾ ਜਾਂ ਭਵਿੱਖ ਵਿੱਚ ਕਰਨਗੇ, ਕੀ ਉਹ ਜ਼ਿਆਦਾ ਪੱਕੇ ਹੋਣਗੇ? ਜਿਹੜੇ ਸਿੱਖ ਪੁਰਾਣੀ ਮਰਿਆਦਾ
ਅਨੁਸਾਰ ਅਨੰਦ ਕਾਰਜ ਕਰਵਾਦੇਂ ਆ ਰਹੇ ਸਨ, ਕੀ ਉਹ ਸਾਰੇ ਕੱਚੇ ਸਾਬਤ ਹੋਏ ਹਨ? ਜਾਂ ਭਵਿੱਖ ਵਿੱਚ
ਕਰਾਉਣਗੇ, ਕੀ ਉਹ ਸਾਰੇ ਕੱਚੇ ਸਾਬਤ ਹੋਣਗੇ? ਕੀ ਘੱਘਾ ਜੀ ਨੂੰ ਆਪਣਾ ਅਨੰਦ ਕਾਰਜ ਵੀ ਕੱਚਾ ਹੀ
ਸਮਝਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦਾ ਅਨੰਦ ਕਾਰਜ ਵੀ ਪੁਰਾਣੀ ਮਰਿਆਦਾ ਅਨੁਸਾਰ ਹੋਇਆ ਸੀ।
ਦਾਜ ਲੈਣਾ ਜਾਂ ਦੇਣਾ ਕਾਨੂੰਨੀ ਜ਼ੁਰਮ ਹੈ। ਆਪ ਜੀ ਦੇ ਕਹਿਣ ਅਨੁਸਾਰ ਲੜਕੀ
ਨੂੰ ਦਾਜ ਦੇਣ ਨਾਲੋਂ ਚੰਗਾ ਹੈ ਕਿ ਲੜਕੀ ਦੇ ਖਾਤੇ ਵਿੱਚ 10 ਲੱਖ ਰੁਿਪਆ ਜਮ੍ਹਾ ਕਰਾ ਦੇਣਾ
ਚਾਹੀਦਾ ਹੈ, ਜਿਹੜਾ ਕੰਮ ਵੀ ਆਵੇ। ਕੀ ਇਹ ਗੁਪਤ ਦਾਜ ਨਹੀਂ? ਦਾਜ ਉੱਤੇ ਘਟ ਖ਼ਰਚਾ ਹੁੰਦਾ ਹੈ ਅਤੇ
ਦਿੱਤਾ ਗਿਆ ਦਾਜ ਸਾਰਾ ਸਮਾਜ ਦੇਖਦਾ ਹੈ ਪਰ ਬੈਂਕ ਵਿੱਚ ਗੁਪਤ ਤਰੀਕੇ ਨਾਲ ਦਿੱਤਾ ਗਿਆ ਦਾਜ ਕੋਈ
ਨਹੀਂ ਦੇਖਦਾ। ਜਿਸ ਕੋਲ 10 ਲੱਖ ਰੁਪਿਆ ਨਾ ਹੋਵੇ ਜਾਂ ਜਿਸ ਕੋਲ ਲੜਕੀਆਂ ਹੀ ਹਨ, ਉਹ ਕੀ ਕਰੇ? ਕੀ
ਉਹ ਕਰਜਾ ਲੈ ਕੇ 10 ਲੱਖ ਰੁਪਿਆ ਲੜਕੀ ਦੇ ਖਾਤੇ ਵਿੱਚ ਜਮਾ ਕਰਾਵੇ? ਕੀ ਅਜਿਹੇ ਪ੍ਰਚਾਰ ਨਾਲ ਸਮਾਜ
ਦੇ ਗ਼ਰੀਬ ਲੋਕਾਂ ਲਈ ਮੁਸੀਬਤ ਪੈਦਾ ਨਹੀਂ ਕੀਤੀ ਜਾ ਰਹੀ?
ਇਸ ਪ੍ਰੋਗਰਾਮ ਵਿੱਚ ਅਬੋਹਰ ਤੋਂ ਆਏ ਇੱਕ ਬਰਾਤੀ ਸੱਜਣ ਵੀਰ ਪਰਮਜੀਤ ਸਿੰਘ
ਜੋ ਆਪ ਨੂੰ ਤੱਤ-ਗਰਮਤਿ ਪ੍ਰਵਾਰ ਵਾਲੇ ਮੰਨਦੇ ਸਨ, ਆਪਣੇ ਵਿਚਾਰ ਪੇਸ਼ ਕਰਨ ਸਮੇਂ ਕਿਹਾ ਸੀ ਕਿ ਮੈਂ
ਆਪਣੀ ਲੜਕੀ ਦੀ ਸ਼ਾਦੀ ਇਸ ਤਰ੍ਹਾਂ ਨਹੀਂ ਕਰਾਂਗਾ ਪਰ ਆਪਣੇ ਲੜਕੇ ਦਾ ਅਨੰਦ ਕਾਰਜ ਇਸ ਤਰ੍ਹਾਂ ਹੀ
ਕਰਾਂਗਾ। ਤੱਤ-ਗੁਰਮਤਿ ਪ੍ਰਵਾਰ ਦੇ ਮੈਂਬਰਾਂ ਦੀ ਕਹਿਣੀ ਅਤੇ ਕਰਨੀ ਵਿੱਚ ਅੰਤਰ ਕਿਉਂ ਹੈ? ਆਪਣੀ
ਲੜਕੀ ਦੇ ਅਨੰਦ ਕਾਰਜ ਵਿੱਚ ਤੱਤ-ਗੁਰਮਤਿ ਮਰਿਆਦਾ ਕਿਉਂ ਲਾਗੂ ਨਹੀਂ ਹੋ ਸਕਦੀ ਪਰ ਸ. ਦਵਿੰਦਰ
ਸਿੰਘ, ਆਰਟਿਸਟ ਦੀ ਲੜਕੀ ਦੇ ਅਨੰਦ ਕਾਰਜ ਵਿੱਚ ਉਸ ਦੀ ਪ੍ਰਵਾਨਗੀ ਲਏ ਬਿਨਾਂ ਤੱਤ-ਗੁਰਮਤਿ ਮਰਿਆਦਾ
ਲਾਗੂ ਹੋ ਸਕਦੀ ਹੈ, ਅਜਿਹਾ ਕਿਉਂ?
ਅਨੰਦ ਕਾਰਜ ਹੋਣ ਉਪਰੰਤ ਅੱਜ ਵੀ ਲੋਕ ਤਲਾਕ ਲੈ ਰਹੇ ਹਨ। ਪਰ ਇਸਤ੍ਰੀ ਅਤੇ
ਪਰ ਪੁਰਸ਼ ਦਾ ਸੰਗ ਕਰ ਰਹੇ ਹਨ। ਦਾਜ ਨ ਲਿਆਉਣ ਵਾਲੀਆਂ ਲੜਕੀਆਂ ਨੂੰ ਮਾਰਿਆ ਅਤੇ ਤੰਗ ਕੀਤਾ ਜਾ
ਰਿਹਾ ਹੈ। ਦੋ-ਦੋ ਅਨੰਦ ਕਾਰਜ ਕਰਵਾਏ ਹੋਏ ਹਨ, ਇੱਕ ਦੇਸ ਵਿੱਚ ਦੂਜਾ ਵਿਦੇਸ ਵਿਚ। ਤੱਤ-ਗੁਰਮਤਿ
ਪ੍ਰਵਾਰ ਨਵੀਂ ਮਰਿਆਦਾ ਅਨੁਸਾਰ ਜਿਹੜਾ ਅਨੰਦ ਕਾਰਜ ਕਰਨਗੇ, ਕੀ ਉਸ ਤਰੀਕੇ ਨਾਲ ਉਕਤ ਸਾਰੀਆਂ ਗ਼ਲਤ
ਕਾਰਵਾਈਆਂ ਨੂੰ ਸਮਾਜ ਵਿਚੋਂ ਖ਼ਤਮ ਕਰਨ ਦੀ ਗਰੰਟੀ ਦਿੰਦੇ ਹਨ? ਯਾਦ ਰੱਖੋ, ਕਿਸੇ ਸਿਸਟਮ ਜਾਂ
ਮਰਿਆਦਾ ਨੂੰ ਬਦਲਣ ਨਾਲ ਮਨੁੱਖ ਅੰਦਰਲੇ ਦਾਜ ਪ੍ਰਤੀ ਲਾਲਚ, ਵਿਕਾਰ ਅਤੇ ਜ਼ੁਲਮ ਨਹੀਂ ਬਦਲ ਜਾਂਦੇ।
ਅਸਲ ਲੋੜ ਹੈ ਗੁਰਬਾਣੀ ਸਿੱਖਿਆ ਅਨੁਸਾਰ ਲੋਕਾਂ ਦੀ ਮਾਨਸਿਕ ਵਿਚਾਰਧਾਰਾ ਨੂੰ ਬਣਲਣ ਦੀ।
ਖੰਡੇ-ਬਾਟੇ ਦੀ ਪਾਹੁਲ ਬਾਰੇ
ਸਾਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਕੇਵਲ ਖੰਡੇ-ਬਾਟੇ ਦੀ ਪਾਹੁਲ
ਹੀ ਹੈ ਜੋ ਸਿੱਖ ਦੀ ਸ਼ਕਲ ਨੂੰ ਬਚਾਈ ਰੱਖਣ ਵਿੱਚ ਸਹਾਈ ਹੈ। ਖੰਡੇ ਬਾਟੇ ਦੀ ਪਾਹੁਲ ਛਕਣ ਨਾਲ
ਮਨੁੱਖ ਪੰਜ ਕਕਾਰਾਂ ਵਾਲਾ ਬਣ ਜਾਂਦਾ ਹੈ। ਖੰਡੇ-ਬਾਟੇ ਦੀ ਪਾਹੁਲ ਛਕਣ ਨਾਲ ਮਰਦ ਜਾਂ ਔਰਤ ਆਪਣੇ
ਕੁਦਰਤੀ ਸੁਹੱਪਣ ਵਿੱਚ ਰਹਿੰਦੇ ਹਨ। ਬਨਾਉਟੀ ਸੁੰਦਰਤਾ ਲਈ ਸਿੱਖ ਔਰਤਾਂ ਮੇਕ-ਅਪ ਨਹੀਂ ਕਰਦੀਆਂ,
ਭਰਵੱਟੇ ਨਹੀਂ ਬਣਾਉਂਦੀਆਂ, ਸਿਰ ਦੇ ਲੰਮੇ ਕੇਸ ਨਹੀਂ ਕਟਾਉਂਦੀਆਂ, ਮਨ-ਮਰਜ਼ੀ ਦਾ ਬੇਢੰਗਾ ਪਹਿਰਾਵਾ
ਨਹੀਂ ਪਾਉਂਦੀਆਂ, ਪਰ ਤੱਤ-ਗੁਰਮਤਿ ਪ੍ਰਵਾਰ ਨੇ ਸਿੱਖ ਕੌਮ ਦੇ ਨਿਆਰੇਪਨ ਨੂੰ ਖ਼ਤਮ ਕਰਨ ਦਾ ਰਾਹ
ਤਿਆਰ ਕਰਨ ਲਈ ਖੰਡੇ-ਬਾਟੇ ਦੀ ਪਾਹੁਲ ਨੂੰ ਕਰਮਕਾਂਡ ਦੱਸਣਾ ਸ਼ੁਰੂ ਕਰ ਦਿੱਤਾ ਹੈ। ਜਿਸ ਦਿਨ
ਖੰਡੇ-ਬਾਟੇ ਦੀ ਪਾਹੁਲ ਛਕਣ ਵਾਲੀ ਸ਼ਰਤ ਖ਼ਤਮ ਹੋ ਗਈ ਤਾਂ ਉਸੇ ਦਿਨ ਸਿੱਖ ਕੌਮ ਦੀ ਹੋਂਦ ਵੀ ਖ਼ਤਮ ਹੋ
ਗਈ ਸਮਝੋ। ਸਿੱਖ ਲਈ ਸ਼ਕਲ ਅਤੇ ਅਕਲ ਦੋਨੋਂ ਬਹੁਤ ਜ਼ਰੂਰੀ ਹਨ। ਜੇਕਰ ਕੋਈ ਮਨੁੱਖ ਪਾਹੁਲ ਛਕ ਕੇ
ਮਾੜੇ ਕੰਮਾਂ ਤੋਂ ਬਚਿਆ ਰਹਿੰਦਾ ਹੈ ਤਾਂ ਤੱਤ-ਗੁਰਮਤਿ ਪ੍ਰਵਾਰ ਨੂੰ ਪੰਜ ਕਕਾਰਾਂ ਤੋਂ ਕਿਹੜੀ
ਮਨਮਤ ਜਾਂ ਕਰਮਕਾਂਡ ਨਜ਼ਰ ਆਉਂਦਾ ਹੈ?
ਯਾਦ ਰੱਖੋ, ਜਿਵੇਂ ਸਕੂਲ ਦੇ ਵਿਦਿਆਰਥੀ ਲਈ ਵਰਦੀ, ਫੌਜ ਜਾਂ ਪੁਲਸ ਦੇ
ਜਵਾਨ ਲਈ ਵਰਦੀ ਸਾਰਿਆਂ ਨੂੰ ਇਕਸਾਰਤਾ ਅਤੇ ਅਨੁਸਾਸਨ ਵਿੱਚ ਰੱਖਣ ਦਾ ਇੱਕ ਵਸੀਲਾ ਹੈ, ਉਸੇ
ਤਰ੍ਹਾਂ ਸਿੱਖ ਕੌਮ ਨੂੰ ਇਕਸਾਰਤਾ ਅਤੇ ਅਨੁਸ਼ਾਸਨ ਵਿੱਚ ਰੱਖਣ ਲਈ ਖੰਡੇ ਬਾਟੇ ਦੀ ਪਾਹੁਲ ਜ਼ਰੂਰੀ
ਹੈ। ਸਕੂਲ ਦੀ ਵਰਦੀ ਪਾਉਣ ਵਾਲੇ ਵਿਦਿਆਰਥੀ ਹੁਸ਼ਿਆਰ ਵੀ ਹੋ ਸਕਦੇ ਹਨ ਅਤੇ ਨਲਾਇਕ ਵੀ ਹੋ ਸਕਦੇ
ਹਨ। ਸਕੂਲ ਦੀ ਪੜ੍ਹਾਈ ਬੱਚੇ ਨੇ ਕਰਨੀ ਹੈ ਨਾ ਕਿ ਵਰਦੀ ਨੇ। ਇਸੇ ਤਰ੍ਹਾਂ ਦੇਸ਼ ਦੀ ਸੇਵਾ ਜਵਾਨ ਨੇ
ਕਰਨੀ ਹੈ ਨਾ ਕਿ ਉਸ ਦੀ ਵਰਦੀ ਨੇ। ਜੇਕਰ ਕੋਈ ਜਵਾਨ ਆਪਣੇ ਫ਼ਰਜ਼ਾਂ ਦੀ ਉਲੰਘਣਾ ਕਰਦਾ ਹੈ ਤਾਂ ਇਸ
ਦਾ ਇਹ ਮਤਲਬ ਨਹੀਂ ਹੁੰਦਾ ਕਿ ਦੇਸ ਦੇ ਸਾਰੇ ਜਵਾਨਾਂ ਨੂੰ ਇਹ ਕਹਿ ਕੇ ਵਰਦੀ ਪਹਿਨਣ ਤੋਂ ਰੋਕ
ਦਿੱਤਾ ਜਾਵੇ ਕਿ ਫ਼ਲਾਣਾ ਜਵਾਨ ਵਰਦੀ ਪਾ ਕੇ ਆਪਣੇ ਫ਼ਰਜ਼ਾਂ ਦੀ ਉਲੰਘਣਾ ਕਰਦਾ ਹੈ।
ਇਸੇ ਤਰ੍ਹਾਂ ਜੇਕਰ ਕੋਈ ਖੰਡੇ-ਬਾਟੇ ਦੀ ਪਾਹੁਲ ਛਕ ਕੇ, ਸਿੱਖ-ਸਿਧਾਂਤਾਂ
ਤੋਂ ਉਲਟ ਕੰਮ ਕਰਦਾ ਹੈ ਜਾਂ ਸਮਾਜ ਵਿੱਚ ਮਾੜੇ ਕੰਮ ਕਰਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਬਣ
ਜਾਂਦਾ ਕਿ ਸਿੱਖਾਂ ਨੂੰ ਖੰਡੇ-ਬਾਟੇ ਦੀ ਪਾਹੁਲ ਛਕਾਉਣੀ ਹੀ ਬੰਦ ਕਰ ਦਿੱਤੀ ਜਾਵੇ। ਅਸਲ ਲੋੜ ਹੈ
ਸਿੱਖਾਂ ਵਿੱਚ ਗੁਰਬਾਣੀ ਸਿੱਖਿਆ ਦਾ ਪ੍ਰਚਾਰ ਕਰਨਾ ਅਤੇ ਪਾਹੁਲ ਛਕਣ ਵਾਲੇ ਲੋਕਾਂ ਦੀ ਵਿਚਾਰਧਾਰਾਂ
ਨੂੰ ਬਦਲਣਾ ਨਾ ਕਿ ਸਿਸਟਮ ਨੂੰ ਬਦਲਣਾ। ਸਿੱਖ ਕੌਮ ਦੇ ਨਿਆਰੇਪਨ ਨੂੰ ਬਚਾਉਣ ਲਈ ਖੰਡੇ-ਬਾਟੇ ਦੀ
ਪਾਹੁਲ ਸਬੰਧੀ, ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਦੂਰ-ਅੰਦੇਸੀ ਲਿਆ ਗਿਆ ਫ਼ੈਸਲਾ ਹੈ ਜੋ ਸਿੱਖ ਕੌਮ
ਵਿੱਚ ਇਕਸਾਰਤਾ ਅਤੇ ਅਨੁਸ਼ਾਸਨ ਕਾਇਮ ਰੱਖਣ ਲਈ ਅਤਿ ਜ਼ਰੂਰੀ ਹੈ।
ਪੰਜ ਕਕਾਰਾਂ ਬਾਰੇ
ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਆਪਣੀ ਲਿਖਤ ਸਿੱਖ ਤਵਾਰੀਖ ਦੇ ਪੰਨਾ-316
ਉਤੇ ਲਿਖਿਆ ਹੈ ਕਿ
“ਹੁਣ
ਤੁਸੀਂ ਅਕਾਲ ਪੁਰਖ ਦਾ ਖਾਲਸਾ ਹੋ। ਤੁਸੀਂ ਪੰਜ ਕਕਾਰਾਂ ਨੂੰ ਹਮੇਸਾ ਆਪਣੇ ਅੰਗ ਰਖਣਾ ਹੈ।
”
ਪਰ ਤੱਤ-ਗਰਮਤਿ ਪ੍ਰਵਾਰ ਦੇ ਮੈਂਬਰ ਪਾਹੁਲ ਲੈਣ
ਉਪਰੰਤ ਵੀ ਕਕਾਰ ਨਹੀਂ ਪਹਿਨਦੇ। ਜਿਸ ਦੀ ਉਦਾਹਰਣ ਸ. ਪਰਮਜੀਤ ਸਿੰਘ, ਅਬੋਹਰ (ਜਿਸ ਨੇ ਕ੍ਰਿਪਾਨ
ਅਤੇ ਕੜਾ ਨਹੀਂ ਪਾਇਆ ਹੋਇਆ ਸੀ) ਅਤੇ ਇਸ ਪ੍ਰੋਗਰਾਮ ਵਿੱਚ ਅਨੰਦ ਕਾਰਜ ਕਰਾਉਣ ਵਾਲੇ ਗੁਰਪ੍ਰੀਤ
ਸਿੰਘ ਨੇ ਕ੍ਰਿਪਾਨ ਪਾਈ ਹੋਈ ਸੀ ਪਰ ਕੜਾ ਨਹੀਂ ਸੀ ਪਾਇਆ)। ਇਸ ਬਾਰੇ ਉਹ ਕਹਿੰਦੇ ਹਨ ਕਿ ਉਨ੍ਹਾਂ
ਨੇ ਖੰਡੇ ਬਾਟੇ ਦੀ ਪਾਹੁਲ ਲਈ ਹੋਈ ਹੈ ਪਰ ਕਕਾਰਾਂ ਦੀ ਕੋਈ ਜਰੂਰਤ ਨਹੀਂ ਹੈ ਕਿਉਂਕਿ ਕਕਾਰ ਧਾਰਮਕ
ਚਿੰਨ੍ਹ ਹੋਣ ਕਰਕੇ, ਰੱਬ ਦੀ ਪ੍ਰਾਪਤੀ ਵਿੱਚ ਰੋੜਾ ਹਨ। ਕਕਾਰਾਂ ਵਿੱਚ ਸਭ ਤੋਂ ਪਹਿਲਾਂ ਕੇਸ ਹਨ।
ਜੇਕਰ ਕੇਸ ਚਿੰਨ੍ਹ ਹਨ ਤਾਂ ਇਹ ਵੀ ਰੱਬ ਦੀ ਪ੍ਰਾਪਤੀ ਵਿੱਚ ਰੋੜਾ ਹੋਏ, ਕੀ ਇਨ੍ਹਾਂ ਨੂੰ ਕੇਸਾਂ
ਦੀ ਵੀ ਕੋਈ ਲੋੜ ਨਹੀਂ? ਤੱਤ-ਗੁਰਮਤਿ ਪ੍ਰਵਾਰਾਂ ਦੇ ਆਪਣੇ ਹੀ ਮੈਂਬਰ ਕੇਸਾਂ ਦੀ ਸੰਭਾਲ ਤੋਂ ਬਾਗ਼ੀ
ਹਨ ਕਿਉਂਕਿ ਉਨ੍ਹਾਂ ਦੇ ਕੁੱਝ ਪ੍ਰਵਾਰਕ ਮੈਂਬਰ ਵਿਆਹ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਬਿਊਟੀ ਪਾਰਲਰ
ਤੇ ਜਾ ਕੇ ਆਏ ਸਨ। ਲੋੜ ਪੈਣ ਤੇ ਉਨ੍ਹਾਂ ਦੇ ਨਾਮ ਅਤੇ ਬਿਊਟੀ ਪਾਰਲਰ ਦੇ ਨਾਮ ਦੱਸੇ ਜਾ ਸਕਦੇ ਹਨ।
ਤੱਤ-ਗੁਰਮਤਿ ਪ੍ਰਵਾਰ ਵਾਲੇ ਆਪਣੀ ਨਵੀ ਮਰਿਆਦਾ ਗੁਰਮਤਿ ਜੀਵਨ ਸੇਧਾਂ ਛਾਪ
ਕੇ ਸਿੱਖ ਕੌਮ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ? ਜੇਕਰ ਇਹ ਸਿੱਖਾਂ ਲਈ ਕੇਸ ਚਿੰਨ੍ਹ ਸਮਝਦੇ ਹੋਏ
ਕੇਸਾਂ ਨੂੰ ਰੋੜਾ ਸਮਝਦੇ ਹਨ ਤਾਂ ਫਿਰ ਤੱਤ-ਗੁਰਮਤਿ ਪ੍ਰਵਾਰ ਨੂੰ ਆਪਣੀ ਕਿਤਾਬ ਦੇ ਪੰਨਾ-151 ਤੋਂ
169 ਤਕ ਖੰਡੇ ਬਾਟੇ ਦੀ ਪਾਹੁਲ ਬਾਰੇ ਲਿਖਣ ਦੀ ਕੀ ਲੋੜ ਪਈ ਸੀ? ਕੀ ਇਹ ਸਭ ਕੁੱਝ ਲਿਖ ਕੇ ਆਮ
ਲੋਕਾਈ ਨੂੰ ਬੁੱਧੂ ਬਣਾਉਣ ਵਾਲੀ ਗੱਲ ਨਹੀਂ ਹੈ ਜਾਂ ਫਿਰ ਤੱਤ-ਗੁਰਮਤਿ ਪ੍ਰਵਾਰ ਦੇ ਮੈਂਬਰਾਂ ਦੀ
ਯੋਗਤਾ, ਕਹਿਣੀ ਅਤੇ ਕਰਨੀ ਵਿੱਚ ਅੰਤਰ ਹੈ?
ਕੀ ਇਹ ਸੱਚ ਨਹੀਂ ਕਿ ਤੱਤ-ਗੁਰਮਤਿ ਪ੍ਰਵਾਰ ਦਾ ਇੱਕ ਮੈਂਬਰ ਸ. ਦਲੀਪ
ਸਿੰਘ, ਅਬੋਹਰ ਕੇਸਾਂ ਵਿਰੋਧੀ ਬਿਆਨ ਦੇ ਕੇ ਚਰਚਾ ਦਾ ਵਿਸ਼ਾ ਬਣਿਆ ਸੀ। ਜੇਕਰ ਤੱਤ-ਗੁਰਮਤਿ ਪ੍ਰਵਾਰ
ਦੇ ਮੈਂਬਰ ਕੇਸਾਂ ਬਾਰੇ ਇਹੋ ਜਿਹੇ ਵਿਚਾਰ ਰੱਖਦੇ ਹਨ ਤਾਂ ਫਿਰ ਤੁਹਾਨੂੰ ਨਵੀਂ ਸੰਸਥਾ ਬਣਾਉਣ ਦੀ
ਕੀ ਲੋੜ ਪੈ ਗਈ ਸੀ? ਤੁਹਾਨੂੰ ਡਾ. ਰਾਣੂ ਦੀ ਸਹਿਜਧਾਰੀ ਸੰਸਥਾ ਦੀ ਮੈਂਬਰਸ਼ਿਪ ਲੈਣੀ ਚਾਹੀਦੀ ਸੀ
ਕਿਉਂਕਿ ਤੱਤ-ਗੁਰਮਤਿ ਪ੍ਰਵਾਰ ਨੇ ਆਪਣੀ ਨਵੀਂ ਬਣਾਈ ਮਰਿਆਦਾ ਗੁਰਮਤਿ ਜੀਵਨ ਸੇਧਾਂ ਦੇ ਪੰਨਾ-20
ਤੇ ਗ਼ੈਰ-ਕੁਦਰਤੀ ਢੰਗ ਨਾਲ ਉੱਗ ਆਏ ਕੇਸਾਂ ਨੂੰ ਕਤਲ ਕਰਾਉਣ ਦੀ ਵਕਾਲਤ ਕੀਤੀ ਹੈ। ਹੁਣ ਉਨ੍ਹਾਂ
ਲੋਕਾਂ ਨੂੰ ਬਹਾਨਾ ਮਿਲ ਜਾਣਾ ਹੈ ਕਿ ਦਾੜ੍ਹੀ-ਮੁੱਛਾਂ ਜਾਂ ਭਰਵੱਟੇ ਆਦਿ ਗ਼ੈਰ-ਕੁਦਰਤੀ ਜਾਂ ਬਿਨਾਂ
ਲੋੜ ਤੋਂ ਹਨ ਜੋ ਕਿ ਕਟਾਏ ਜਾ ਸਕਦੇ ਹਨ।
ਗੁਰੂ ਦੇ ਸਿੱਖਾਂ ਨੂੰ ਕਕਾਰਾਂ ਦੀ ਮਹੱਤਤਾ ਬਾਰੇ ਚੰਗੀ ਤਰ੍ਹਾਂ ਜਾਣਕਾਰੀ
ਹੋਣੀ ਚਾਹੀਦੀ ਹੈ, ਜਿਵੇਂ ਕਿ
ਕੇਸ: ਮਨੁੱਖ ਦੇ ਸਿਰ ਦੇ ਵਾਲਾਂ ਨੂੰ ਕੇਸ ਕਿਹਾ ਜਾਂਦਾ ਹੈ ਪਰ ਅੱਜ
ਕੇਸ-ਦਾੜੀ-ਮੁੱਛਾਂ ਨੂੰ ਕੇਵਲ ਸਿੱਖਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਅਤੇ ਸਾਰੀ ਉਮਰ ਕਟਾਇਆ
ਜਾ ਰਿਹਾ ਹੈ। ਜਿਨ੍ਹਾਂ ਔਰਤਾਂ ਜਾਂ ਮਰਦਾਂ ਦੇ ਸਿਰ ਦੇ ਵਾਲ ਝੜ ਜਾਂਦੇ ਹਨ, ਉਹ ਵਾਲਾਂ ਨੂੰ
ਉਗਾਉਣ ਲਈ ਆਪਣਾ ਡਾਕਟਰੀ ਇਲਾਜ ਕਰਵਾਉਂਦੇ ਹਨ, ਪਰ ਜ੍ਹਿਨ੍ਹਾਂ ਦੇ ਵਾਲ ਹਨ, ਉਹ ਫਾਲਤੂ ਸਮਝ ਕੇ
ਸਾਰੀ ਉਮਰ ਕਟਾਉਂਦੇ ਰਹਿੰਦੇ ਹਨ। ਕੁਦਰਤੀ ਸ਼ਕਲ ਨੂੰ ਬਚਾਉਣ ਲਈ ਹੀ ਸਿੱਖਾਂ ਨੂੰ ਕੇਸਾਂ ਦੀ ਸੰਭਾਲ
ਲਈ ਪੰਜ ਕਕਾਰਾਂ ਵਿੱਚ ਸਭ ਤੋਂ ਪਹਿਲਾਂ ਲਾਜ਼ਮੀ ਕੀਤਾ ਗਿਆ ਹੈ। ਸਿੱਖ ਮਰਦ ਅਤੇ ਔਰਤ ਨੂੰ ਕੇਸ
ਕਟਾਉਣ ਦੀ ਸਖ਼ਤ ਮਨਾਹੀ ਹੈ। ਇਸ ਲਈ ਸੰਸਾਰ ਵਿੱਚ ਕੇਵਲ ਸਿੱਖ ਕੌਮ ਹੀ ਅਜਿਹੀ ਕੌਮ ਹੈ ਜਿਸ ਦੇ
ਸਿੱਖ ਨੇ ਆਪਣੇ ਕੇਸਾਂ ਖਾਤਰ ਆਪਣੀ ਸਿਰ ਦੀ ਖੋਪਰੀ ਉਤਰਵਾ ਲਈ ਸੀ। ਸਿੱਖ ਆਪਣੇ ਕੇਸਾਂ ਨੂੰ ਆਪਣੀ
ਜਾਨ ਤੋਂ ਵੱਧ ਪਿਆਰ ਕਰਦੇ ਹਨ। ਜਦੋਂ ਤਕ ਸਿੱਖ ਇਸ ਧਰਤੀ ਉਤੇ ਰਹਿਣਗੇ, ਉਦੋਂ ਤਕ ਉਹ ਇਸ ਧਰਤੀ ਤੇ
ਮਨੁੱਖ ਦੀ ਅਸਲ ਬਣਤਰ ਨੂੰ ਪੇਸ਼ ਕਰਦੇ ਰਹਿਣਗੇ।
ਕੰਘਾ: ਕੇਸਾਂ ਦੀ ਸੰਭਾਲ ਲਈ ਕੇਸਾਂ ਨੂੰ ਕੰਘਾ ਕਰਨਾ ਬਹੁਤ ਜ਼ਰੂਰੀ ਹੈ
ਕਿਉਂਕਿ ਸਿੱਖ ਜਟਾਧਾਰੀ ਨਹੀਂ ਹੈ। ਜੇਕਰ ਔਰਤਾਂ ਆਪਣੇ ਸਿਰ ਦੇ ਕੇਸਾਂ ਨੂੰ ਜਟਾਂ ਬਣਾ ਲੈਣ ਤਾਂ
ਉਨ੍ਹਾਂ ਦਾ ਸਾਰਾ ਸੁਹੱਪਣ ਖ਼ਤਮ ਹੋ ਜਾਵੇਗਾ। ਕੇਸਾਂ ਦੀ ਸਭਾਲ ਲਈ ਕੰਘਾ ਕਰਨਾ ਬਹੁਤ ਜਰੂਰੀ ਹੈ।
ਕੰਘਾਂ ਕਕਾਰਾਂ ਵਿੱਚ ਦੂਜੇ ਨੰ ਤੇ ਆਉਂਦਾ ਹੈ।
ਕ੍ਰਿਪਾਨ: ਕ੍ਰਿਪਾਨ ਸਿੱਖ ਦੀ ਆਪਣੀ ਸੁਰੱਖਿਆ ਲਈ ਹੈ। ਇੱਕ ਮਨੁੱਖ
ਕ੍ਰਿਪਾਨ ਦੀ ਵਰਤੋਂ ਜ਼ੁਲਮ ਕਰਨ ਲਈ ਕਰਦਾ ਹੈ ਅਤੇ ਦੂਜਾ ਕ੍ਰਿਪਾਨ ਦੀ ਵਰਤੋਂ ਜ਼ੁਲਮ ਦਾ ਨਾਸ ਕਰਨ
ਲਈ ਕਰਦਾ ਹੈ। ਕ੍ਰਿਪਾਨ ਆਪਣੇ ਆਪ ਵਿੱਚ ਕੁੱਝ ਨਹੀਂ ਕਰਦੀ। ਜਿਸ ਤਰ੍ਹਾਂ ਦੇ ਮਨੁੱਖ ਦੇ ਵਿਚਾਰ
ਹੋਣਗੇ, ਉਸੇ ਤਰ੍ਹਾਂ ਮਨੁੱਖ ਕ੍ਰਿਪਾਨ ਦੀ ਵਰਤੋਂ ਕਰਦਾ ਹੈ। ਅੱਜ ਸਮਾਜ ਵਿੱਚ ਲੜਕੀਆਂ ਆਪਣੀ
ਸੁਰੱਖਿਆ ਤੋਂ ਬਿਨਾਂ ਵਿਚਰ ਰਹੀਆਂ ਹਨ, ਜਿਸ ਕਰਕੇ ਉਨ੍ਹਾਂ ਨਾਲ ਬਲਾਤਕਾਰ ਹੋ ਰਹੇ ਹਨ। ਲੜਕੀਆਂ
ਆਪਣੇ ਗਲ ਵਿੱਚ ਕ੍ਰਿਪਾਨ ਪਾਉਣ ਤੋਂ ਸ਼ਰਮ ਮਹਿਸੂਸ ਕਰਦੀਆਂ ਹਨ। ਪਰ ਜਦੋਂ ਲੜਕੀਆਂ ਨਾਲ ਬਲਾਤਕਾਰ
ਹੁੰਦੇ ਹਨ ਤਾ ਉਨ੍ਹਾਂ ਇੱਜ਼ਤ ਆਬਰੂ ਖ਼ਤਮ ਹੋ ਜਾਂਦੀ ਹੈ। ਉਨ੍ਹਾਂ ਨੂੰ ਜਿੱਥੇ ਆਪਣੀ ਜ਼ਿੰਦਗੀ ਵਿੱਚ
ਸਰੀਰਕ ਅਤੇ ਮਾਨਸਿਕ ਦੁੱਖ ਝੱਲਣੇ ਪੈਂਦੇ ਹਨ, ਉਥੇ ਉਨ੍ਹਾਂ ਦਾ ਖੁਸ਼ੀਆਂ ਭਰਿਆ ਜੀਵਨ ਸਾਰੀ ਉਮਰ ਲਈ
ਖ਼ਤਮ ਹੋ ਜਾਂਦਾ ਹੈ। ਲੜਕੀਆਂ ਨੂੰ ਆਪਣੀ ਸੁਰੱਖਿਆ ਲਈ ਖੰਡੇ ਬਾਟੇ ਦੀ ਪਾਹੁਲ ਛਕ ਕੇ ਕ੍ਰਿਪਾਨ
ਪਾਉਣੀ ਚਾਹੀਦੀ ਹੈ, ਪਰ ਅੱਜ ਤਤ-ਗੁਰਮਤਿ ਪ੍ਰਵਾਰ ਕ੍ਰਿਪਾਨ ਨੂੰ ਕਰਮਕਾਂਡ ਦੱਸ ਕੇ ਲੜਕੀਆਂ ਦੇ
ਰਾਹ ਵਿੱਚ ਕੰਢੇ ਬੀਜ ਰਿਹਾ ਹੈ।
ਕੜਾ: ਸਿੱਖ, ਲੋਹੇ ਦਾ ਸਖ਼ਤ ਕੜਾ ਪਹਿਨਦੇ ਸਨ। ਕੜਾ ਕਈ ਵਾਰੀ
ਸਿੱਖ ਲਈ ਸੁਰੱਖਿਆ ਦਾ ਸਾਧਨ ਵੀ ਬਣ ਜਾਂਦਾ ਸੀ। ਕੜਾ ਸਿੱਖ ਨੂੰ ਹਰ ਚੰਗੇ-ਮਾੜੇ ਕਰਮ ਕਰਨ ਸਮੇਂ
ਗੁਰੂ ਦੀ ਯਾਦ ਦਿਵਾਉਂਦ ਹੈ। ਇਸ ਤੋਂ ਇਲਾਵਾ ਲੋਹੇ ਦਾ ਕੜਾ ਅਮੀਰ-ਗ਼ਰੀਬ ਦਾ ਭੇਦ-ਭਾਵ ਨੂੰ ਵੀ
ਮਿਟਾਉਂਦਾ ਹੈ, ਪਰ ਅੱਜ ਇਹ ਫੈਸ਼ਨ ਬਣ ਗਿਆ ਹੈ ਅਤੇ ਕਈ ਧਾਤਾ ਦੇ ਕੜੇ ਪ੍ਰਚਲਤ ਹੋ ਗਏ ਹਨ। ਤੱਤ
ਗੁਰਮਤਿ ਪ੍ਰਵਾਰ ਨੇ ਅੱਜ ਕੜੇ ਨੂੰ ਫ਼ਜ਼ੂਲ ਸਮਝ ਕੇ ਆਪਣੇ ਹੱਥਾਂ ਵਿਚੋਂ ਕੱਢ ਦਿੱਤਾ ਹੈ। ਪਰ ਜੇਕਰ
ਕਿਸੇ ਨੂੰ ਕੋਈ ਸੋਨੇ ਦਾ ਮਹਿੰਗਾ ਕੜਾ ਭੇਟ ਕਰ ਦੇਵੇ ਤਾਂ ਉਸ ਨੂੰ ਚਿੰਨ੍ਹ ਜਾਂ ਕਰਮਕਾਂਡ ਦੱਸ ਕੇ
ਪਰੇ ਨਹੀਂ ਸੁੱਟਦਾ।
ਕਛਹਿਰਾ: ਨਗਨ ਢਕਣ ਲਈ ਕਛਹਿਰਾ ਇੱਕ ਵਧੀਆ ਪੁਸ਼ਾਕ ਹੈ ਭਾਵੇਂ ਅੱਜ ਕਈ
ਤਰ੍ਹਾਂ ਦੇ ਅੰਦਰੂਨੀ ਪਹਿਨਣ ਵਾਲੇ ਕਪੜੇ ਬਜ਼ਾਰ ਵਿੱਚ ਆ ਗਏ ਹਨ ਪਰ ਜੋ ਕਛਹਿਰੇ ਦੀ ਆਪਣੀ ਬਣਤਰ ਹੈ
ਉਹ ਰੇਡੀਮੇਡ ਕਪੜਿਆਂ ਦੀ ਨਹੀਂ ਹੈ। ਪੁਰਾਣੇ ਸਮੇਂ ਲੋਕ ਤੇੜ ਦੇ ਦੋ ਹੀ ਕਪੜੇ ਹੁੰਦੇ ਸਨ ਲੰਗੋਟੀ
ਅਤੇ ਧੋਤੀ। ਲੰਗੋਟੀ ਅਧਨੰਗਾ ਪਹਿਰਾਵਾ ਸੀ ਜੋ ਇੱਕ ਸਭਿਅਕ ਪ੍ਰਵਾਰ ਵਿੱਚ ਨਹੀਂ ਸੀ ਚਲ ਸਕਦਾ।
ਦੂਜਾ ਧੋਤੀ ਪਾ ਕੇ ਸੂਰਬੀਰ ਮੈਦਾਨੇ ਜੰਗ ਵਿੱਚ ਨਹੀਂ ਸੀ ਲੜ ਸਕਦਾ ਕਿਉਂਕਿ ਉਸ ਦੇ ਖੁਲ੍ਹਣ ਅਤੇ
ਨੰਗੇਜ ਢਕਣ ਵਿੱਚ ਰੁਕਾਵਟ ਬਣਦਾ ਸੀ।
ਬਹੁਤ ਸਾਰੇ ਸਿੱਖ ਐਸੇ ਵੀ ਹਨ, ਜਿਨ੍ਹਾ ਨੇ ਪਾਹੁਲ ਤਾਂ ਲਈ ਪਰ ਕਛਹਿਰਾ
ਜ਼ਰੂਰ ਪਹਿਨਦੇ ਹਨ। ਜਿਹੜੇ ਲੋਕ ਇਹ ਕਹਿੰਦੇ ਹਨ ਕਿ ਅੱਜ ਕਛਹਿਰਾ ਪਹਿਨਣ ਦੀ ਕੋਈ ਲੋੜ ਨਹੀਂ ਹੈ,
ਉਨ੍ਹਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਅੱਜ ਸਮਾਜ ਵਿੱਚ ਅਜਿੀਹੇ ਲੋਕ ਵੀ ਸ਼ਰੇਆਮ ਦੇਖੇ ਜਾ
ਸਕਦੇ ਹਨ ਜੋ ਸਰੀਰ ਨੂੰ ਜ਼ਿਆਦਾ ਢੱਕਣਾ ਪਸੰਦ ਨਹੀਂ ਕਰਦੇ। ਕੱਲ ਨੂੰ ਅਜਿਹੇ ਲੋਕ ਇਹ ਵੀ ਕਹਿਣ ਲੱਗ
ਜਾਣਗੇ ਕਿ ਮਨੁੱਖ ਨੂੰ ਕੱਪੜੇ ਪਹਿਨਣ ਦੀ ਵੀ ਕੋਈ ਲੋੜ ਨਹੀਂ ਹੈ।
ਜੇਕਰ ਕੋਈ ਖੰਡੇ-ਬਾਟੇ ਦੀ ਪਾਹੁਲ ਛਕ ਕੇ ਚੰਗੇ ਕੰਮ ਕਰਦਾ ਹੈ ਤਾਂ ਸਮਾਜ
ਉਸ ਦੀ ਪ੍ਰਸੰਸਾ ਕਰਦਾ ਹੈ। ਇਸਦੇ ਉਲਟ ਜਿਹੜਾ ਪਾਹੁਲ ਛਕ ਕੇ ਸਮਾਜ ਵਿੱਚ ਰਹਿੰਦਾ ਹੋਇਆ ਸਿੱਖੀ
ਸਿਧਾਂਤਾਂ ਤੋਂ ਉਲਟ ਕੰਮ ਕਰਦਾ ਹੈ, ਤਾਂ ਉਸ ਵਿੱਚ ਖੰਡੇ ਬਾਟੇ ਦੀ ਪਾਹੁਲ ਅਤੇ ਪੰਜ ਕਕਾਰਾਂ ਦਾ
ਕੀ ਕਸੂਰ ਹੈ? ਅਸਲ ਕਸੂਰ ਕਕਾਰਾਂ ਦਾ ਨਹੀਂ ਸਗੋਂ ਮਨੁੱਖ ਦੇ ਗ਼ਲਤ ਵਿਚਾਰਾਂ ਦਾ ਹੈ। ਕੀ ਜਿਹੜੇ
ਸਿੱਖ ਖੰਡੇ-ਬਾਟੇ ਦੀ ਪਾਹੁਲ ਨਹੀਂ ਛਕਦੇ ਅਤੇ ਪੰਜ ਕਕਾਰਾਂ ਦੇ ਧਾਰਨੀ ਨਹੀ, ਕੀ ਉਹ ਸਿੱਖੀ
ਸਿਧਾਂਤਾਂ ਤੋਂ ਉਲਟ ਕੰਮ ਨਹੀਂ ਕਰਦੇ, ਕੀ ਉਹ ਸਮਾਜ ਵਿੱਚ ਮਾੜੇ ਕੰਮ ਨਹੀਂ ਕਰਦੇ? ਪੰਜਾਬੀ ਦੀ
ਕਹਾਵਤ ਹੈ ਨੱਚਣ ਨਾ ਜਾਣੇ ਫਿੱਟੇ ਮੂੰਹ ਗੋਡਿਆਂ ਦਾ। ਪੰਜ ਕਕਾਰਾਂ ਨੂੰ ਧਾਰਨ ਕਰਨ ਤੋਂ ਮਨ ਤਾਂ
ਆਪਣਾ ਬੇਈਮਾਨ ਹੋਵੇ ਤੇ ਕਸੂਰ ਕਕਾਰਾਂ ਦਾ ਕੱਢਣਾ, ਕਿਥੋਂ ਦੀ ਸਿਆਣਪ ਕਹੀ ਜਾ ਸਕਦੀ। ਇਸ ਲਈ ਤੱਤ-
ਗੁਰਮਤਿ ਪ੍ਰਵਾਰ ਪੰਜ ਕਕਾਰਾਂ ਨੂੰ ਕਰਮਕਾਂਡ ਜਾਂ ਚਿੰਨ੍ਹ ਸਾਬਤ ਕਰਨ ਦੀ ਥਾਂ ਆਪਣੇ ਗ਼ਲਤ ਵਿਚਾਰਾਂ
ਨੂੰ ਠੀਕ ਕਰੇ। ਪਾਹੁਲ ਛਕਣਾ ਅਤੇ ਕਕਾਰਾਂ ਨੂੰ ਧਾਰਨ ਕਰਨਾ ਅੱਜ ਵੀ ਸਿੱਖ ਲਈ ਉੰਨਾ ਜ਼ਰੂਰੀ ਹੈ,
ਜਿੰਨਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਸੀ।
ਨੋਟ: ਕਕਾਰਾਂ ਨੂੰ ਧਾਰਨ ਕਰਨ ਤੋਂ ਭਾਵ ਗੁਰੂ ਦੇ ਹੁਕਮਾਂ ਨੂੰ ਮੰਨਣਾ ਹੈ।
ਗੁਰੂ ਦਾ ਹੁਕਮ ਮੰਨਣ ਸਮੇਂ ਜਿਹੜਾ ਮਨੁੱਖ ਕਿਸੇ ਲਾਭ ਜਾਂ ਹਾਨੀ ਬਾਰੇ ਸੋਚਦਾ ਹੈ ਜਾਂ ਕੋਈ
ਕਿੰਤੂ-ਪ੍ਰੰਤੂ ਕਰਦਾ ਹੈ ਤਾਂ ਉਹ ਮਨੁੱਖ, ਗੁਰੂ ਨਾਲ ਪ੍ਰੇਮ ਨਹੀਂ ਕਰ ਸਕਦਾ।
ਕੜਾਹ-ਪ੍ਰਸ਼ਾਦ ਬਾਰੇ
ਇਸ ਪ੍ਰੋਗਰਾਮ ਵਿੱਚ ਕੜਾਹ-ਪ੍ਰਸ਼ਾਦ ਦਾ ਵੀ ਰੱਜ ਕੇ ਮਖ਼ੌਲ ਉਡਾਇਆ ਗਿਆ।
ਪ੍ਰੋਗਰਾਮ ਦੀ ਸਮਾਪਤੀ ਤੇ ਜਦੋਂ ਕੜਾਹ-ਪ੍ਰਸ਼ਾਦ ਵਰਤਾਉਣ ਦੀ ਗੱਲ ਆਈ ਤਾਂ ਆਪੂੰ ਬਣੇ ਸਟੇਜ ਸੈਕਟਰੀ
ਨੇ ਕਿਹਾ ਕਿ ਕੜਾਹ ਦੀ ਵੀ ਕੋਈ ਲੋੜ ਨਹੀਂ ਸੀ, ਜੇਕਰ ਹੁਣ ਘਰ ਵਾਲਿਆਂ ਨੇ ਕੜਾਹ-ਪ੍ਰਸ਼ਾਦ
ਪ੍ਰੋਗਰਾਮ ਵਿੱਚ ਰੱਖ ਹੀ ਦਿੱਤਾ ਹੈ ਤਾਂ ਲੰਗਰ ਵਿੱਚ ਵਰਤਾ ਦਿੱਤਾ ਜਾਵੇ। ਜੇਕਰ ਸੰਗਤ ਵਿੱਚ ਕੜਾਹ
ਪ੍ਰਸ਼ਾਦ ਵਰਤਾਉਣਾ ਹੀ ਨਹੀਂ ਸੀ ਤਾਂ ਦਵਿੰਦਰ ਸਿੰਘ ਨੂੰ ਪਹਿਲਾਂ ਹੀ ਕਹਿ ਦੇਣਾ ਸੀ ਕਿ ਕੜਾਹ
ਪ੍ਰਸ਼ਾਦ ਬਣਾਉਣ ਦੀ ਕੋਈ ਲੋੜ ਨਹੀਂ ਹੈ। ਉਸ ਵੇਲੇ ਤੱਤ-ਗੁਰਮਤਿ ਪ੍ਰਵਾਰ ਨੇ ਆਪਣੀਆਂ ਅੱਖਾਂ ਕਿਉਂ
ਬੰਦ ਕਰ ਲਈਆਂ ਸਨ, ਜਦੋਂ ਕਿ ਉਹ ਉਥੇ ਪਹਿਲਾਂ ਤੋਂ ਘੁੰਮ ਰਹੇ ਸਨ। ਜੇਕਰ ਤੱਤ-ਗੁਰਮਤਿ ਪ੍ਰਵਾਰ
ਵਾਲੇ ਸ. ਦਵਿੰਦਰ ਸਿੰਘ ਨਾਲ ਕੜਾਹ-ਪ੍ਰਸ਼ਾਦ ਬਾਰੇ ਪਹਿਲਾਂ ਤੋਂ ਹੀ ਆਪਣਾ ਸਲਾਹ-ਮਸ਼ਵਰਾ ਕਰਦੇ ਤਾਂ
ਇਨ੍ਹਾਂ ਦੀ ਬਦਨੀਤੀ ਦਾ ਪਤਾ ਚਲ ਜਾਣਾ ਸੀ ਅਤੇ ਸਾਰਾ ਪ੍ਰੋਗਰਾਮ ਠੁਸ ਹੋ ਕੇ ਰਹਿ ਜਾਣਾ ਸੀ।
ਤੱਤ-ਗੁਰਮਤਿ ਪ੍ਰਵਾਰ ਦੇ ਮੈਂਬਰ ਆਪਣੇ ਆਪ ਨੂੰ ਭਾਈ ਗੁਰਦਾਸ ਜੀ ਤੋਂ ਵੀ
ਜ਼ਿਆਦਾ ਸਿਆਣੇ ਸਮਝਣ ਲਗ ਪਏ ਹਨ ਕਿਉਂਕਿ ਭਾਈ ਗੁਰਦਾਸ ਜੀ ਨੇ ਆਪਣੇ 124 ਨੰਬਰ ਕਬਿੱਤ ਅੰਦਰ ਲਿਖਿਆ
ਹੈ ਕਿ
“ਖਾਂਡ
ਘ੍ਰਿਤ ਚੂਨ ਜਲ ਪਾਵਕ ਇਕਤ੍ਰ ਭਏ, ਪੰਚ ਮਿਲ ਪ੍ਰਗਟ ਪੰਚਾਮ੍ਰਿਤ ਪ੍ਰਗਾਸ ਹੈ।
”
ਭਾਵ ਕਿ ਖੰਡ, ਘਿਓ, ਆਟਾ, ਜਲ ਅਤੇ ਅਗਨੀ ਪੰਜਾਂ ਦੇ
ਇਕੱਠੇ ਮਿਲਣ ਨਾਲ ਜਿਵੇਂ ਕੜਾਹ ਪ੍ਰਸ਼ਾਦ ਬਣ ਜਾਂਦਾ ਹੈ। ਆਪ ਜੀ ਇਹ ਸਮਝਾਉਣ ਦੀ ਖੇਚਲ ਕਰੋਗੇ ਕਿ
ਭਾਈ ਗੁਰਦਾਸ ਜੀ ਕਿਸ ਕੜਾਹ-ਪ੍ਰਸ਼ਾਦ ਦੀ ਉਦਾਹਰਣ ਦੇ ਕੇ ਸਮਝਾ ਰਹੇ ਹਨ। ਕੀ ਕਿਸੇ ਹੋਰ ਧਰਮ ਜਿਵੇਂ
ਹਿੰਦੂ, ਮੁਸਲਮਾਨ, ਇਸਾਈ, ਜੈਨੀ, ਬੋਧੀ ਆਦਿ ਅੰਦਰ ਪਹਿਲਾਂ ਕੜਾਹ-ਪ੍ਰਸ਼ਾਦ ਦੀ ਵਰਤੋਂ ਕੀਤੀ ਜਾਂਦੀ
ਸੀ? ਜਾਂ ਅੱਜ ਵੀ ਹੋ ਰਹੀ ਹੈ? ਜਿਸ ਦੀ ਉਦਾਹਰਣ ਭਾਈ ਗੁਰਦਾਸ ਜੀ ਨੇ ਦਿੱਤੀ ਹੈ ਜਾਂ ਇਹ ਸੱਚ ਹੈ
ਕਿ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਸਿੱਖ ਕੌਮ ਅੰਦਰ ਹੋਰ ਪ੍ਰਚਲਤ ਪ੍ਰਸ਼ਾਦਾਂ ਦੀ ਥਾਂ ਕੜਾਹ
ਪ੍ਰਸ਼ਾਦ ਨੇ ਲੈ ਲਈ ਸੀ।
ਇਸ ਬਾਰੇ ਆਪ ਜੀ ਦਾ ਧਿਆਨ ਇੱਕ ਹੋਰ ਲਿਖਤ ਵਲ ਦਿਵਾਇਆ ਜਾਂਦਾ ਹੈ ਕਿ ਡਾ.
ਹਰਜਿੰਦਰ ਸਿੰਘ ਦਿਲਗੀਰ ਆਪਣੀ ਲਿਖਤ ਸਿੱਖ ਤਵਾਰੀਖ ਪਹਿਲੇ ਹਿੱਸੇ ਦੇ ਪੰਨਾ-316 ਤੇ ਲਿਖਿਆ ਹੈ ਕਿ
“ਗੁਰੂ
ਸਾਹਿਬ ਨੇ ਸੰਗਤ ਨੂੰ ਮੁਖਾਤਿਬ ਹੋ ਕੇ ਆਖਿਆ ਕਿ ਹੁਣ ਤੋਂ ਇਨ੍ਹਾਂ ਪੰਜਾਂ ਮਰਜੀਵੜਿਆਂ ਨੂੰ
‘ਪੰਜ
ਪਿਆਰੇ’
ਆਖਿਆ ਜਾਇਆ ਕਰੇਗਾ। ਜਦ ਤਕ ਚੰਦ ਸੂਰਜ ਕਾਇਮ ਰਹਿਣਗੇ, ਗੁਰੂ ਨੂੰ ਸਿਰ ਭੇਟ ਕਰਨ ਵਾਲੇ ਪਹਿਲੇ ਪੰਜ
ਸਿੱਖਾਂ ਦਾ ਨਾਂ ਦੁਨੀਆਂ ਭਰ ਚ ਕਾਇਮ ਰਹੇਗਾ। ਜਦੋਂ ਵੀ ਕੜਾਹ ਪ੍ਰਸ਼ਾਦ ਦੇਗ ਤਿਆਰ ਹੋਇਆ ਕਰੇਗੀ,
ਇਨ੍ਹਾਂ ਦਾ ਛਾਂਦਾ (ਹਿੱਸਾ) ਸਭ ਤੋਂ ਪਹਿਲਾਂ ਕੱਢਿਆ ਜਾਇਆ ਕਰੇਗਾ।
”
ਇਹ ਸ਼ਬਦ ਉਸ ਲੇਖਕ ਦੀ ਕਿਤਾਬ ਦਾ ਹਿੱਸਾ ਹਨ, ਜਿਸ
ਬਾਰੇ ਤੱਤ-ਗੁਰਮਤਿ ਪ੍ਰਵਾਰ ਵਾਲੇ ਆਪਣੀ ਕਿਤਾਬ ਗੁਰਮਤਿ ਜੀਵਨ ਸੇਧਾਂ ਦੇ ਪੰਨਾ ਨੰ: 6 ਉਤੇ ਲਿਖਦੇ
ਹਨ “ਪਰ
ਇੱਕ ਪ੍ਰੋਜੈਕਟ ਵਜੋਂ ਸਿੱਖ ਰਹਿਤ ਮਰਿਆਦਾ ਸੁਧਾਰ ਦੇ ਠੋਸ ਜਤਨ ਸੰਨ 2006 ਦੇ ਆਸ ਪਾਸ ਮੋਹਾਲੀ
ਪੰਜਾਬ ਵਿਖੇ ਸ਼ੁਰੂ ਹੋਏ। ਇਨ੍ਹਾਂ ਯਤਨਾਂ ਦੇ ਸੂਤਰਧਾਰ ਡਾ. ਹਰਜਿੰਦਰ ਸਿੰਘ ਜੀ ਦਿਲਗੀਰ ਬਣੇ। … …
ਇਨ੍ਹਾਂ ਯਤਨਾਂ ਰਾਹੀਂ ਮੁਢਲੇ ਰੂਪ ਵਿੱਚ ਇੱਕ ਸੰਭਾਵੀ ਖਰੜਾ ਵੀ ਤਿਆਰ ਹੋਇਆ। …. ਇਸ ਸੁਧਾਰ
ਉਪਰਾਲੇ ਦੇ ਪਹਿਲੇ ਪੜਾਅ ਵਜੋਂ 2010 ਈਸਵੀ ਵਿਚ, ਸੰਨ 2006 ਦੇ ਆਸ ਪਾਸ ਤਿਆਰ ਕੀਤੇ ਸੰਭਾਵੀ
ਖਰੜੇ ‘ਤੇ,
ਦੁਬਾਰਾ ਨਿੱਠ ਕੇ ਨਿਜੀ ਮੀਟਿੰਗਾਂ ਵਿੱਚ ਲੜੀਵਾਰ ਗੁਰਮਤਿ ਵੀਚਾਰਾਂ ਸ਼ੁਰੂ ਕੀਤੀਆਂ ਗਈਆਂ।
ਇੱਥੇ ਸੋਚਣ ਵਾਲੀ ਗੱਲ ਹੈ ਕਿ ਡਾ. ਹਰਜਿੰਦਰ ਸਿੰਘ
ਦਿਲਗੀਰ, ਕਿਤਾਬ ਗੁਰਮਤਿ ਜੀਵਨ ਸੇਧਾਂ ਨਾਲ ਸਹਿਮਤ ਹਨ ਜਾਂ ਲੁਕਵੇਂ ਤਰੀਕੇ ਨਾਲ ਉਨ੍ਹਾਂ ਦਾ ਨਾਂ
ਵਰਤਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਗੁਰਮਤਿ ਜੀਵਨ ਸੇਧਾਂ ਕਿਤਾਬ ਦੇ ਪੰਨਾ-178 ਤੇ ਪਹਿਲੀ
ਵਿਚਾਰ ਗੋਸਟੀ ਵਿੱਚ ਵੀਡੀਓ ਕਾਨਫਰੰਸ ਰਾਹੀ ਸ਼ਾਮਲ ਕੁੱਝ ਪੰਥ ਦਰਦੀ ਸੱਜਣਾਂ ਦੀ ਸੂਚੀ ਵਿੱਚ ਡਾ.
ਹਰਜਿੰਦਰ ਸਿੰਘ ਦਿਲਗੀਰ ਦਾ ਨਾਂ ਵੀ ਦਰਜ ਹੈ। ਜੇਕਰ ਉਹ ਸਹਿਮਤ ਹਨ ਤਾਂ ਫਿਰ ਉਨ੍ਹਾਂ ਦੀ 2008
ਵਿੱਚ ਛਪੀ ਤਵਾਰੀਖ ਕਿਵੇਂ ਸੱਚੀ ਮੰਨੀ ਜਾ ਸਕਦੀ ਹੈ? ਇਸ ਕਿਤਾਬ ਦਾ ਹਵਾਲਾ ਦੇਣ ਦਾ ਇੱਕ ਹੋਰ ਵੀ
ਕਾਰਣ ਸੀ ਕਿ ਇਸ ਕਿਤਾਬ ਦੀ ਜਿਲਦ ਤੇ ਡਾ. ਸੁਖਪ੍ਰੀਤ ਸਿੰਘ ਉਦੋਕੇ ਨੇ ਲਿਖਿਆ ਹੈ:
“ਕੌਮੀ
ਤਵਾਰੀਖ ਦਾ ਨਿਵੇਕਲੀ ਵਿਧੀ ਨਾਲ ਅਧਿਐਨ ਕਰਨਾ ਅਤੇ ਇਤਿਹਾਸਕ ਤੱਥਾਂ ਨੂੰ ਪੂਰੀ ਤਰ੍ਹਾਂ ਪਰਖ ਕੇ
ਸਿਕੇਬੰਦ ਇਤਿਹਾਸ ਨੂੰ ਪੇਸ਼ ਕਰਨਾ ਅਜੋਕੇ ਯੁੱਗ ਵਿੱਚ ਡਾ. ਦਿਲਗੀਰ ਦੇ ਹਿੱਸੇ ਹੀ ਆਇਆ ਹੈ
”
ਜਿਨ੍ਹਾਂ ਦਾ ਨਾਮ ਚੰਗੇ ਸੁਲਝੇ ਹੋਏ ਵਿਦਵਾਨਾਂ ਵਿੱਚ ਆਉਂਦਾ ਹੈ।
ਅਰਦਾਸ ਬਾਰੇ
ਤੱਤ ਗੁਰਮਤਿ ਪ੍ਰਵਾਰ ਨੇ ਆਪਣੀ ਪੁਸਤਕ ਦੇ ਪੰਨਾ- 48-49 ਉਤੇ ਲਿਖਿਆ ਹੈ
ਕਿ ਅਰਦਾਸ ਤੋਂ ਭਾਵ ਹੈ ਸਮਰਪਣ ਹੈ ਨਾ ਕਿ ਕਿਸੇ ਖਾਸ ਤਰੀਕੇ ਨਾਲ, ਰਸਮੀ ਬੋਲ ਕੇ ਕੀਤੀ ਜਾਂ
ਕਰਵਾਈ ਅਰਦਾਸ।
ਜਵਾਬ:
ਅਰਦਾਸ ਅਤੇ ਸਮਰਪਣ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ।
ਅਰਦਾਸ: ਫ਼ਾਰਸੀ ਸ਼ਬਦ ਅਰਜ਼ਦਾਸਤ ਦਾ ਸੰਖੇਪ ਰੂਪ ਹੈ, ਜਿਸ ਦੇ ਅਰਥ ਹਨ
ਅਰਜੋਈ, ਅਰਜ, ਬੇਨਤੀ ਜਾਂ
Prayer (ਗੁਰੂ
ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿੱਚ ਅਰਦਾਸ, ਬੇਨਤੀ, ਬਿਨਵੰਤਿ, ਬਿਨਉ, ਬਿਨਵੈ, ਬੇਨੰਤੀ, ਦੋਇ
ਜੋੜਿ ਆਦਿ ਸ਼ਬਦ ਅਨੇਕਾਂ ਬਾਰ ਆਏ ਹਨ), ਜਿਸ ਦਾ ਇਸ਼ਾਰੇ ਮਾਤਰ ਵਰਨਣ ਹੇਠ ਲਿਖੇ ਅਨੁਸਾਰ ਹੈ। ਅਰਦਾਸ
ਕਿਸ ਅੱਗੇ ਕਰਨੀ ਹੈ, ਸਵਾਲਾਂ ਦੇ ਰੂਪ ਵਿੱਚ ਕੁੱਝ ਗੁਰਬਾਣੀ ਫ਼ੁਰਮਾਨ:
1) ਤੂ ਆਪੇ ਸਭੁ ਕਿਛੁ ਜਾਣਦਾ ਕਿਸੁ ਆਗੈ ਕਰੀ ਪੂਕਾਰ।।
(ਪੰਨਾ-1258)
2) ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ।।
(ਪੰਨਾ-1420)
3) ਜੋ ਕਿਛੁ ਕਰਣਾ ਸੁ ਤੇਰੈ ਪਾਸਿ।। ਕਿਸੁ ਆਗੈ ਕੀਚੈ ਅਰਦਾਸਿ।।
(ਪੰਨਾ-1125)
ਹੁਣ ਦੇਖੋ, ਜਿਸ ਅੱਗੇ ਅਰਦਾਸ ਕਰਨੀ ਹੈ, ਜਵਾਬ ਦੇ ਰੂਪ ਵਿੱਚ ਕੁੱਝ
ਗੁਰਬਾਣੀ ਫ਼ੁਰਮਾਨ:
1) ਜਿਸੁ ਨਾਲਿ ਜੋਰੁ ਨ ਚਲਈ ਖਲੇ ਕੀਚੈ ਅਰਦਾਸਿ।। (ਪੰਨਾ-994)
2) ਸੁਖਦਾਤਾ ਭੈ ਭੰਜਨੋ ਤਿਸੁ ਆਗੈ ਕਰਿ ਅਰਦਾਸਿ।।
ਮਿਹਰ ਕਰੇ ਜਿਸੁ ਮਿਹਰਵਾਨੁ ਤਾ ਕਾਰਜੁ ਆਵੈ ਰਾਸਿ।। (ਪੰਨਾ-44)
3) ਤਿਸੁ ਆਗੈ ਅਰਦਾਸਿ ਕਰਿ ਜੋ ਮੇਲੈ ਕਰਤਾਰੁ।। (ਪੰਨਾ-49)
4) ਦੁਇ ਕਰ ਜੋੜਿ ਕਰੀ ਅਰਦਾਸਿ।। (ਪੰਨਾ-1340)
5) ਦੁਇ ਕਰ ਜੋੜਿ ਇਕੁ ਬਿਨਉ ਕਰੀਜੈ।। ਕਰਿ ਕਿਰਪਾ ਡੁਬਦਾ ਪਥਰੁ
ਲੀਜੈ।। (ਪੰਨਾ-103)
6) ਨਾਨਕੁ ਕਉ ਪ੍ਰਭ ਭਏ ਕ੍ਰਿਪਾਲਾ ਪ੍ਰਭ ਨਾਨਕ ਮਨਿ ਭਾਣਾ ਜੀਉ।।
(ਪੰਨਾ-103)
7) ਨਾਨਕ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ।। (ਪੰਨਾ-660)
8) ਇਕ ਬਿਨਉ ਬੇਨਤੀ ਕਰਉ ਗੁਰ ਆਗੈ ਮੈ ਸਾਧੂ ਚਰਨ ਪਖਾਰੇ।।
(ਪੰਨਾ-980)
9) ਬਿਨਵੰਤਿ ਨਾਨਕ ਸਦਾ ਭਜੀਐ ਪ੍ਰਭੁ ਏਕੁ ਕਰਣੈਹਾਰਾ।।
(ਪੰਨਾ-461)
ਅਕਸਰ ਦੇਖਿਆ ਜਾਂਦਾ ਹੈ ਕਿ ਗ਼ਰੀਬ ਤੋਂ ਲੈ ਕੇ ਅਮੀਰ ਮਨੁੱਖ ਵੀ ਆਪਣੇ
ਅਨੇਕਾਂ ਦੁਨਿਆਵੀ ਕੰਮ ਕਰਾਉਣ ਲਈ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਅਨੇਕਾਂ ਵਾਰ ਬੇਨਤੀ ਅਰਜ ਜਾਂ
Request
ਸ਼ਬਦਾਂ ਦੀ ਵਰਤੋਂ ਕਰਦੇ ਹਨ। ਜਦੋਂ ਕੋਈ ਮਨੁੱਖ ਕਿਸੇ
ਸਮਰੱਥ ਅਧਿਕਾਰੀ ਜਿਸ ਨੂੰ ਕਿਸੇ ਕੰਮ ਕਰਨ ਦੀ ਸਮਰੱਥਾ ਹੁੰਦੀ ਹੈ, ਉਸ ਅੱਗੇ ਮਨੁੱਖ ਪੇਸ਼ ਹੋਣ
ਸਮੇਂ ਆਪਣੇ ਕਿਸੇ ਕੰਮ ਨੂੰ ਪੂਰਾ ਕਰਾਉਣ ਲਈ ਸਭ ਤੋਂ ਪਹਿਲਾਂ ਬੇਨਤੀ ਅਰਜ ਜਾਂ
Request
ਸ਼ਬਦਾਂ ਦੀ ਵਰਤੋਂ ਕਰਦਾ ਹੈ। ਅਫਸਰ ਦੇ ਆਪਣੇ ਦੋਸਤ ਵੀ ਪਹਿਲਾਂ ਇਨ੍ਹਾਂ ਸ਼ਬਦਾਂ ਦੀ ਵਰਤੋਂ ਕਰਦੇ
ਹਨ। ਆਪਣੇ ਕਿਸੇ ਕੰਮ ਜਾਂ ਆਪਣੀ ਸਮੱਸਿਆ ਦਾ ਬਾਅਦ ਵਿੱਚ ਜ਼ਿਕਰ ਕਰਦਾ ਹੈ। ਅਜਿਹਾ ਕਿਉਂ? ਅਸਲ
ਵਿੱਚ ਕਿਸੇ ਕੰਮ ਨੂੰ ਕਰਾਉਣ ਲਈ ਬੇਨਤੀ, ਅਰਜ, ਜਾਂ
Request ਸ਼ਬਦਾਂ ਦੀ ਵਰਤੋਂ ਕਰਨਾ, ਜਿੱਥੇ ਇੱਕ
ਸਭਿਅਕ ਮਨੁੱਖ ਦੀ ਨਿਸ਼ਾਨੀ ਹੈ, ਉੱਥੇ ਕਿਸੇ ਕੰਮ ਨੂੰ ਕਰਾਉਣ ਦਾ ਇੱਕ ਵਧੀਆ ਸਲੀਕਾ ਵੀ ਹੈ।
ਸਾਰੇ ਨਾਨਕ ਜੋਤਿ ਸਤਿਗੁਰਾਂ ਅੱਗੇ ਜਦੋਂ ਵੀ ਸਿੱਖ ਆਪਣੀ ਇੱਛਾ ਜਾਹਰ ਕਰਦੇ
ਸਨ ਤਾਂ ਉਹ ਬੇਨਤੀ ਜਾਂ ਅਰਜ ਦੇ ਰੂਪ ਵਿੱਚ ਹੀ ਕਰਦੇ ਸਨ। ਜਦੋਂ ਕਿ ਸਤਿਗੁਰ ਸਾਹਿਬਾਨ ਆਪਣੇ ਸਿੱਖ
ਦੀ ਅੰਦਰੂਨੀ ਭਾਵਨਾ ਨੂੰ ਪਹਿਲਾਂ ਹੀ ਸਮਝਦੇ ਸਨ। ਕਿਸੇ ਦੀ ਅੰਦਰੂਨੀ ਭਾਵਨਾ ਨੂੰ ਸਮਸਝਣਾ
ਅੰਤਰਜਾਮੀ ਗੁਰੂ ਦਾ ਵੱਡਾ ਗੁਣ ਹੁੰਦਾ ਹੈ। ਉਸ ਸਮੇਂ ਕਦੇ ਵੀ ਕਿਸੇ ਸਿੱਖ ਨੇ ਇਹ ਫੜ ਨਹੀਂ ਮਾਰੀ
ਕਿ ਮੈਂਨੂੰ ਗੁਰੂ ਅਗੇ ਬੇਨਤੀ ਕਰਨ ਦੀ ਕੋਈ ਲੋੜ ਨਹੀਂ ਹੈ।
ਪਰਮਾਤਮਾ ਅੰਤਰਜਾਮੀ ਹੈ। ਉਹ ਸਭ ਦੇ ਦਿਲਾਂ ਦੀ ਗਹਿਰਾਈ ਨੂੰ ਚੰਗੀ ਤਰ੍ਹਾਂ
ਜਾਣਦਾ ਹੈ ਪਰ ਫਿਰ ਵੀ ਉਸ ਅੱਗੇ ਬੇਨਤੀ ਅਰਜ ਜਾਂ
Prayer ਕਰਨਾ ਇੱਕ ਧਰਮੀ ਮਨੁੱਖ ਦਾ ਨਿਮਰਤਾ
ਵਾਲਾ ਗੁਣ ਮੰਨਿਆ ਜਾਂਦਾ ਹੈ। ਇਸ ਦੇ ਉਲਟ ਹੰਕਾਰੀ ਮਨੁੱਖ ਕਿਸੇ ਅੱਗੇ ਅਰਦਾਸ, ਅਰਜ ਜਾਂ
Request
ਨਹੀਂ ਕਰਦਾ ਸਗੋਂ ਉਹ ਧੱਕਾ ਕਰਦਾ ਹੈ। ਸਿੱਖ ਆਪਣੇ ਗੁਰੂ ਅੱਗੇ ਨਿਮਾਣਾ ਬਣ ਕੇ ਹਾਜ਼ਰ ਹੁੰਦਾ ਹੈ
ਨਾ ਕਿ ਹੰਕਾਰੀ ਬਣ ਕੇ।
ਤੁਸੀਂ ਅਰਦਾਸ ਬਾਰੇ ਲਿਖਿਆ ਹੈ ਕਿ ਅਰਦਾਸ ਦੁਰਗਾ ਦੇਵੀ ਦੀ ਪੂਜਾ ਹੈ ਅਤੇ
ਗੁਰਮਤਿ ਅਨੁਸਾਰ ਅਰਦਾਸ ਕਰਨ ਦੀ ਗੱਲ ਕੀਤੀ ਹੈ, ਮੈ ਵੀ ਇਹ ਗੱਲ ਮੰਨਣ ਤੋਂ ਇੰਨਕਾਰੀ ਨਹੀਂ ਹਾਂ
ਕਿ ਅਜੋਕੀ ਅਰਦਾਸ ਦਾ ਪਹਿਲਾ ਪਹਿਰਾ ਚੰਡੀ ਦੀ ਵਾਰ ਦਾ ਹਿੱਸਾ ਹੈ। ਜੇਕਰ ਤੁਸੀਂ ਇਸ ਹਿੱਸੇ ਨੂੰ
ਨਾ ਵੀ ਬੋਲਦੇ ਤਾਂ ਹੋ ਸਕਦਾ ਸੀ ਕਿ ਕੋਈ ਵੀ ਇਤਰਾਜ਼ ਨਾ ਕਰਦਾ। ਅਰਦਾਸ ਜਿਸ ਵਿੱਚ ਗੁਰੂ ਜੀ ਦੇ
ਪੰਜ ਪਿਆਰੇ, ਚਾਰ ਸਾਹਿਬਜ਼ਾਦਿਆਂ, ਗੁਰੂ ਜੀ ਦੇ ਸਿੰਘ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਹੈ ਜਾਂ ਪ੍ਰਭੂ
ਪ੍ਰਮਾਤਮਾ ਤੋਂ ਗੁਰਸਿੱਖੀ ਜੀਵਨ ਦੀ ਦਾਤ ਮੰਗੀ ਗਈ ਹੈ, ਇਹ ਸਾਰਾ ਦਸਮ ਗ੍ਰੰਥ ਦਾ ਹਿੱਸਾ ਨਹੀਂ
ਹੈ। ਜੇਕਰ ਇਹ ਤੁਹਾਡੇ ਅਨੁਸਾਰ ਦਸਮ ਗ੍ਰੰਥ ਦਾ ਹਿੱਸਾ ਹੈ, ਤਾਂ ਦਸਮ ਗ੍ਰੰਥ ਦਾ ਪੰਨਾ ਨੰਬਰ ਜ਼ਰੂਰ
ਦੱਸਣਾ ਜੀ।
ਜੇਕਰ ਆਪ ਜੀ ਦੀ ਕਿਤਾਬ ਦੇ ਪੰਨਾ-48 ਅਨੁਸਾਰ ਖੜੇ ਹੋ ਕੇ ਅਰਦਾਸ ਕਰਨ ਦੀ
ਜਰੂਰਤ ਨਹੀਂ ਹੈ ਤਾ ਉਪਰੋਕਤ ਸ਼ਬਦਾ ਦੇ ਅਰਥ ਜ਼ਰੂਰ ਸਮਝਾ ਦੇਣਾ ਜੀ। ਪ੍ਰਮਾਤਮਾ ਅੰਤਰਜਾਮੀ ਹੈ, ਫਿਰ
ਪ੍ਰੋਗਰਾਮ ਵਾਲੇ ਦਿਨ
“ਤੂੰ
ਠਾਕੁਰ ਤੁਮ ਪਹਿ ਅਰਦਾਸ”
ਵਾਲਾ ਸ਼ਬਦ ਪੜ੍ਹਣ ਦੀ ਕੀ ਲੋੜ ਪਈ ਸੀ? ਕੀ ਉਸ
ਵੇਲੇ ਪ੍ਰਮਾਤਮਾ ਅੰਤਰਜਾਮੀ ਨਹੀਂ ਸੀ? ਤੱਤ-ਗੁਰਮਤਿ ਪ੍ਰਵਾਰ ਨੇ ਆਪਣੇ ਛਾਪੇ ਨਿਤਨੇਮ ਦੇ ਗੁਟਕਿਆਂ
ਵਿੱਚ ਬਹੁਤ ਵੱਡੀ ਅਰਦਾਸ ਛਾਪੀ ਹੋਈ ਹੈ, ਕੀ ਉਹ ਗ਼ਲਤ ਹੈ ਜਾਂ ਆਪਣੀ ਨਵੀਂ ਬਣਾਈ ਅਰਦਾਸ ਨੂੰ ਸੰਗਤ
ਵਿੱਚ ਕਰਨ ਤੋਂ ਡਰਦੇ ਹੋ?
ਤੱਤ-ਗੁਰਮਤਿ ਪ੍ਰਵਾਰ ਵਾਲੇ ਅਰਦਾਸ ਕਰਨ ਵਿੱਚ ਆਪਣੀ ਹੇਠੀ ਸਮਝਦੇ ਹਨ।
ਉਨ੍ਹਾਂ ਨੂੰ ਕਿਸੇ ਅੱਗੇ ਝੁਕਣ ਜਾਂ ਮੰਗਣ ਦੀ ਲੋੜ ਨਹੀਂ ਹੈ ਕਿਉਂਕਿ ਅਰਦਾਸ ਵਿੱਚ ਸਿੱਖ ਜਿਹੜੀਆਂ
ਚੀਜ਼ਾਂ ਦੀ ਮੰਗ ਕਰਦੇ ਹਨ, ਉਨ੍ਹਾਂ ਨੂੰ ਇਹ ਖ਼ਤਮ ਕਰਨਾ ਚਾਹੁੰਦੇ ਹਨ। ਇਸ ਕਰਕੇ ਇਨ੍ਹਾਂ ਨੂੰ
ਅਰਦਾਸ ਕਰਨਾ ਕਰਮਕਾਂਡ ਲਗਦਾ ਹੈ।
ਕੋਈ ਵੀ ਮਨੁੱਖ, ਗੁਰੂ ਅੱਗੇ ਜਾਂ ਪ੍ਰਮਾਤਮਾ ਅੱਗੇ ਆਪਣੀ ਅਰਦਾਸ ਜਾਂ
ਬੇਨਤੀ ਕਰ ਸਕਦਾ ਹੈ। ਅਰਦਾਸ ਮਨੁੱਖ ਚਾਹੇ ਬੋਲ ਕੇ ਕਰੇ ਤੇ ਚਾਹੇ ਮਨ ਵਿੱਚ ਕਰੇ। ਅਰਦਾਸ ਕਰਨ
ਵਾਲਾ ਮਨੁੱਖ ਆਪਣੇ ਆਪ ਵਿੱਚ ਸੁਤੰਤਰ ਹੁੰਦਾ ਹੈ ਜਦੋਂ ਕਿ ਸਪਰਪਣ ਕਰਨ ਵਾਲੇ ਨੂੰ ਕਿਸੇ ਅੱਗੇ
ਗ਼ੁਲਾਮ ਹੋਣਾ ਪੈਂਦਾ ਹੈ ਕਿਉਂਕਿ ਸਮਰਪਣ ਤੋਂ ਭਾਵ ਹੈ, ਅਰਪਣ ਕਰਨਾ, ਭੇਟ ਕਰਨਾ, ਕਿਸੇ ਵਸਤੂ ਨੂੰ
ਪੇਸ਼ ਕਰਨ ਦੀ ਕਿਰਿਆ, ਹਥਿਆਰ ਸੁਟਣਾ ਜਾਂ
Surrender
ਕਰਨਾ।
ਸਮਰਪਣ ਬਾਰੇ ਗੁਰਬਾਣੀ ਦੇ ਫ਼ੁਰਮਾਨ:
ਅਰਪਿ ਸਾਧੁ ਕਉ ਅਪਨਾ ਜੀਉ।। (ਪੰਨਾ-283)
ਅਰਪਿਆ ਤ ਸੀਸੁ ਸੁਥਾਨਿ ਗੁਰ ਪਹਿ ਪ੍ਰਭੂ ਦਿਖਾਇਆ।। (ਪੰਨਾ-247)
ਜਿਹੜਾ ਮਨੁੱਖ ਆਪਣੇ ਆਪ ਨੂੰ ਗੁਰੂ ਅੱਗੇ ਸਮਰਪਣ ਕਰਦਾ ਹੈ, ਉਹ ਗੁਰੂ ਦਾ
ਗ਼ੁਲਾਮ ਬਣ ਕੇ ਰਹਿੰਦਾ ਹੈ ਅਤੇ ਆਪਣਾ ਸਾਰਾ ਜੀਵਨ ਪ੍ਰਮਾਤਮਾ ਦੀ ਰਜ਼ਾ ਵਿੱਚ ਗੁਜ਼ਾਰਦਾ ਹੈ, ਪਰ
ਗੁਰੂ ਅੱਗੇ ਆਪਣੇ ਆਪ ਨੂੰ ਸਮਰਪਣ ਕਰਨਾ ਕੋਈ ਸੌਖੀ ਖੇਡ ਨਹੀਂ ਹੈ।
ਅਧੁਨਿਕਤਾ ਅਤੇ ਪੁਰਾਤਨਤਾ ਬਾਰੇ
ਘੱਘਾ ਜੀ ਨੇ ਆਪਣੇ ਲੇਖ ਵਿੱਚ ਅਧੁਨਿਕਤਾ ਅਤੇ ਪੁਰਾਤਨਤਾ ਬਾਰੇ ਲਿਖਿਆ ਹੈ
ਕਿ ਅਧੁਨਿਕਤਾ ਸਵਿਕਾਰ ਕਰ ਲੈਣੀ ਚਾਹੀਦੀ ਹੈ। ਤੁਸੀ ਕਹਿਣਾ ਕੀ ਚਾਹੁੰਦੇ ਹੋ? ਕੀ ਅਧੁਨਿਕਤਾ ਦੇ
ਨਾਂ ਤੇ ਸਭ ਕੁੱਝ ਪ੍ਰਵਾਨ ਕਰ ਲੈਣਾ ਚਾਹੀਦਾ ਹੈ, ਜਿਵੇਂ ਕਿ
1. ਕੀ ਬਿਊਟੀ ਪਾਰਲਰ ਤੇ ਜਾਣਾ ਅਧੁਨਿਕਤਾ ਨਹੀਂ?
2. ਕੀ ਬੀਬੀਆਂ ਦੁਆਰਾ ਇੱਕ ਮੀਟਰ ਕਪੜੇ ਨਾਲ ਤਿਆਰ ਕੀਤੇ ਕਪੜੇ ਪਾ ਕੇ
ਆਪਣੇ ਸਰੀਰ ਦੀ ਨੁਮਾਇਸ਼ ਅਧੁਨਿਕਤਾ ਨਹੀਂ?
3. ਕੀ ਸਾਡੀ ਨੌਜਵਾਨ ਪੀੜ੍ਹੀ ਦੁਆਰਾ ਕੇਸ ਕਤਲ ਕਰਵਾ ਕੇ ਕੰਨਾਂ ਵਿੱਚ
ਮੁੰਦਰਾਂ ਪਾਉਣਾ ਅਧੁਨਿਕਤਾ ਨਹੀਂ?
4. ਕੀ ਅਜੋਕੇ ਵਿਆਹਾਂ ਅੰਦਰ ਖੁਸ਼ੀ ਦੇ ਨਾਂ ਤੇ ਕੀਤੇ ਜਾ ਰਹੇ ਐਕਸਟਰਾ
ਡਾਂਸ ਅਤੇ ਡੀ. ਜੇ. ਪਾਰਟੀਆਂ ਆਦਿ ਅਧੁਨਿਕਤਾ ਨਹੀਂ?
5. ਕੀ ਅਧੁਨਿਕ ਨਸ਼ਿਆਂ ਦਾ ਸੇਵਨ ਕਰਨਾ ਅਧੁਨਿਕਤਾ ਨਹੀਂ?
6. ਅਧੁਨਿਕ ਸਮੇਂ ਅੰਦਰ ਤਾਂ ਲੋਕ ਇਥੋਂ ਤਕ ਗਰਕ ਹੋ ਚੁੱਕੇ ਹਨ ਕਿ ਉਨ੍ਹਾਂ
ਨੂੰ ਆਪਣੇ ਪਰਾਏ ਦੀ ਪਹਿਚਾਣ ਹੀ ਭੁੱਲ ਚੁੱਕੀ ਹੈ। ਅਧੁਨਿਕ ਜ਼ਮਾਨੇ ਵਿੱਚ ਕੇਵਲ 10 ਰੁਪਏ ਪਿੱਛੇ
ਬੰਦਾ ਬੰਦੇ ਦਾ ਕਤਲ ਕਰ ਦਿੰਦਾ ਹੈ। ਸਿੱਖ ਆਪਣੇ ਸਭਿਆਚਾਰ ਨੂੰ ਛੱਡ ਕੇ ਅਧੁਨਿਕ ਸਭਿਆਚਾਰ ਨੂੰ
ਅਪਨਾਈ ਬੈਠੇ ਹਨ। ਜਿਸ ਕਾਰਣ ਸਮਾਜ ਵਿੱਚ ਸ਼ਰਮ, ਹਯਾ, ਇੱਜ਼ਤ, ਸਤਿਕਾਰ, ਅਦਬ ਵਾਲੇ ਗੁਣ ਅਲੋਪ
ਹੁੰਦੇ ਜਾ ਰਹੇ ਹਨ। ਅਧੁਨਿਕ ਸਭਿਆਚਾਰ ਕਾਰਣ ਹੀ ਸਰੀਰ ਉਤੇ ਜਿੰਨੇ ਵੀ ਛੋਟੇ ਤੋਂ ਛੋਟੇ ਕੱਪੜੇ
ਪਹਿਨੇ ਜਾ ਸਕਦੇ ਸਨ, ਉਹ ਅੱਜ ਦੇ ਯੁੱਗ ਵਿੱਚ ਪਹਿਨ ਲਏ ਹਨ। ਨੰਗੇਜ਼ ਦਾ ਪ੍ਰਦਰਸ਼ਨ ਸ਼ਰੇਆਮ ਹੋ ਰਿਹਾ
ਹੈ। ਨੰਗੇਜ਼ ਅੱਜ ਪ੍ਰਵਾਰਾਂ ਵਿੱਚ ਮਾਤਾ-ਪਿਤਾ ਦੇ ਸਾਹਮਣੇ ਬੜੀ ਬੇਸ਼ਰਮੀ ਨਾਲ ਆਪਣਾ ਨਾਚ ਦਿਖਾ
ਰਿਹਾ ਹੈ। ਕੀ ਤੱਤ-ਗੁਰਮਤਿ ਪ੍ਰਵਾਰ ਅਧੁਨਿਕਤਾ ਦੀ ਇਸ ਬੇਸ਼ਰਮੀ ਨੂੰ ਪ੍ਰਵਾਨ ਕਰਦਾ ਹੈ?
7. ਨਵੀਨ ਅਧੁਨਿਕ ਸਭਿਆਚਾਰ ਦੇ ਅਸਰ ਹੇਠ ਆ ਕੇ ਨੌਜਵਾਨ ਪੀੜ੍ਹੀ ਧੜਾ-ਧੜ
ਕੇਸ ਕਟਾ ਕੇ ਆਪਣਾ ਸਿੱਖੀ ਸਰੂਪ ਗੁਆ ਬੈਠੀ ਹੈ। ਬਲਾਤਕਾਰ ਅਤੇ ਜ਼ੁਲਮ ਵਰਗੀਆਂ ਘਿਨਾਉਣੀਆਂ
ਕਾਰਵਾਈਆਂ ਨਿੱਤ ਸਮਾਜ ਵਿੱਚ ਵਾਪਰ ਰਹੀਆਂ ਹਨ ਅਤੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਟੱਪ ਗਈ ਹੈ।
ਅੱਜ ਨੌਜਵਾਨ ਪੀੜ੍ਹੀ ਨਸ਼ੇ, ਨੰਗੇਜ਼ ਅਤੇ ਬੇਸ਼ਰਮੀ ਦੀ ਆਜ਼ਾਦੀ ਪਸੰਦ ਕਰਦੀ ਹੈ, ਉਹ ਕਿਸੇ ਬੰਧਨ ਵਿੱਚ
ਨਹੀਂ ਪੈਣਾ ਚਾਹੁੰਦੀ। ਕੀ ਤੱਤ-ਗੁਰਮਤਿ ਪ੍ਰਵਾਰ ਇਸ ਨਵੇਂ ਯੁੱਗ ਦੇ ਸਭਿਆਚਾਰ ਤੋਂ ਨੌਜਵਾਨ
ਪੀੜ੍ਹੀ ਨੂੰ ਆਜ਼ਾਦ ਰੱਖਣਾ ਚਾਹੁੰਦਾ ਹੈ?
8. ਇੱਕੀਵੀਂ ਸਦੀ ਦਾ ਨੰਗਾ ਨਾਚ ਦੇਖ ਕੇ ਅੱਜ ਵੀ ਸਿਆਣੇ ਲੋਕ ਸਦੀਆਂ
ਪੁਰਾਣੇ ਸਭਿਆਚਾਰ ਨੂੰ ਸਮਾਜ ਵਿੱਚ ਲਾਗੂ ਕਰਨ ਦੀ
ਮੰਗ ਕਰ ਰਹੇ ਹਨ,
ਅਜਿਹਾ ਕਿਉਂ?
9. ਔਰਤ ਅਤੇ ਮਰਦ ਅਜ ਵੀ ਵਿਆਹ ਹੋ ਰਹੇ ਹਨ ਜਿਵੇਂ ਸਦੀਆਂ ਪਹਿਲਾਂ ਹੁੰਦੇ
ਸਨ। ਕੀ ਹੁਣ ਨਵੇਂ ਅਧੁਨਿਕ ਸਭਿਆਚਾਰ
ਅਨੁਸਾਰ ਸਮਲਿੰਗੀ ਵਿਆਹ ਹੋਣੇ ਚਾਹੀਦੇ ਹਨ?
ਗੁਰਬਾਣੀ ਅਨੁਸਾਰ ਕਿਹੜੇ ਮਨੁੱਖ ਦਾ ਜੀਵਨ ਪ੍ਰਵਾਨ ਹੈ?
ਗੁਰਬਾਣੀ ਦਾ ਫ਼ੁਰਮਾਨ ਹੈ:
ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ।।
ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀਂ ਭਗਵੰਤ।। (ਪੰਨਾ-253)
ਅਰਥ: ਜਿਹੜੇ ਬਹੁਤ ਸੋਹਣੇ, ਚੰਗੀ ਕੁਲ, ਬਹੁਤ ਸਿਆਣੇ, ਬਹੁਤ ਵੱਡੇ
ਗਿਆਨਵਾਨ ਅਤੇ ਧੰਨਵਾਨ ਬੰਦੇ ਵੀ ਹੋਣ ਪਰ ਹੇ ਨਾਨਕ! ਜਿਨ੍ਹਾਂ ਦੇ ਅੰਦਰ ਪ੍ਰਭੂ-ਪੀਤ ਨਹੀਂ ਹੈ, ਉਹ
ਮੁਰਦਾ (ਵਿਕਾਰਾਂ ਵਿੱਚ ਮਰੀ ਹੋਈ ਆਤਮਾ ਵਾਲੇ) ਹੀ ਆਖੇ ਜਾਂਦੇ ਹਨ।
ਗੁਰਬਾਣੀ ਦਾ ਦੂਜਾ ਫ਼ੁਰਮਾਨ ਹੈ:
ਜੇ ਸਉ ਕੂੜੀਆ ਕੂੜੁ ਕਬਾੜੁ।। ਭਾਵੈ ਸਭੁ ਆਖਉ ਸੰਸਾਰ।।
ਤੁਧ ਭਾਵੈ ਅਧੀ ਪਰਵਾਣ।। ਨਾਨਕ ਜਾਣੇ ਜਾਣ ਸੁਜਾਣ।। (ਪੰਨਾ-623)
ਅਰਥ: ਜੇਕਰ ਕੋਈ ਲੋਕਾਂ ਤੇ ਆਪਣਾ ਇਤਬਾਰ ਜਮਾਣ ਲਈ ਚਲਾਕ ਬਣ ਕੇ ਭਾਵੇਂ
ਸਾਰੇ ਸੰਸਾਰ ਨੂੰ ਝੂਠੀਆਂ ਗੱਲਾਂ ਅਤੇ ਗੱਪਾਂ ਆਖੀ ਜਾਏ ਤਾਂ ਅਜਿਹਾ ਕਰਨ ਨਾਲ ਉਹ ਪ੍ਰਮਾਤਮਾ ਨੂੰ
ਧੋਖਾ ਨਹੀਂ ਦੇ ਸਕਦਾ। ਜੇਕਰ ਕੋਈ ਮਨ ਦਾ ਸਾਫ ਸਿੱਧੜ ਜਿਹਾ ਮਨੁੱਖ ਹੋਵੇ ਤਾਂ ਉਹ ਵੀ ਤੇਰੇ ਦਰ ਤੇ
ਕਬੂਲ ਹੋ ਜਾਂਦਾ ਹੈ।
ਪ੍ਰੋਗਰਾਮ ਸਬੰਧੀ ਸ. ਦਵਿੰਦਰ ਸਿੰਘ, ਆਰਟਿਸਟ ਦੇ ਆਪਣੇ ਵਿਚਾਰ
ਤੱਤ-ਗੁਰਮਤਿ ਪ੍ਰਵਾਰ ਵਲੋਂ ਆਪਣੀ ਪੁਸਤਕ ਗੁਰਮਤਿ ਜੀਵਨ ਸੇਧਾਂ ਰਲੀਜ਼ ਕਰਨ
ਲਈ ਮੇਰੇ ਘਰ ਮਿਤੀ 14-04-2013 ਨੂੰ ਪ੍ਰੋਗਰਾਮ ਕੀਤਾ ਗਿਆ ਸੀ। ਅਸਲ ਵਿੱਚ ਉਸ ਦਿਨ ਮੇਰੀ ਲੜਕੀ
ਦਾ ਅਨੰਦ ਕਾਰਜ ਸੀ। ਇਸ ਪ੍ਰੋਗਰਾਮ ਸਬੰਧੀ ਮਿਤੀ 17-04-2013 ਨੂੰ ਰੋਜ਼ਾਨਾ ਸਪੋਕਸਮੈਨ ਵਿੱਚ ਖਬਰ
ਵੀ ਲੱਗੀ ਸੀ, ਜਿਸ ਨੂੰ ਪੜ੍ਹ ਕੇ ਕਈਆਂ ਦੇ ਮਨ ਵਿੱਚ ਕਈ ਪ੍ਰਕਾਰ ਦੇ ਸ਼ੰਕੇ ਵੀ ਪੈਦਾ ਹੋਏ ਹੋਣਗੇ
ਕਿਉਂਕਿ ਮੈਂਨੂੰ ਬਹੁਤ ਸਾਰੇ ਸਿੱਖ ਚੰਗੀ ਤਰ੍ਹਾਂ ਜਾਣਦੇ ਹਨ। ਇਸ ਲਈ ਉਨ੍ਹਾਂ ਦੇ ਮਨ ਵਿੱਚ ਮੇਰੇ
ਪ੍ਰਤੀ ਸ਼ੰਕੇ ਪੈਦਾ ਹੋਣੇ ਸੁਭਾਵਿਕ ਗੱਲ ਸੀ।
ਇਹ ਪ੍ਰੋਗਰਾਮ ਮੇਰੇ ਘਰ ਕਿਵੇਂ ਹੋ ਗਿਆ? ਅਸਲ ਵਿੱਚ ਤੱਤ-ਗੁਰਮਤਿ ਪ੍ਰਵਾਰ
ਵਿੱਚ ਮੇਰੇ ਕੁੱਝ ਜਾਣਕਾਰ ਮਿੱਤਰ ਹਨ, ਜਿਨ੍ਹਾਂ ਤੇ ਮੈਂ ਭਰੋਸਾ ਕਰ ਲਿਆ ਕਿ ਜੋ ਕੁੱਝ ਉਹ ਕਰਨਗੇ
ਠੀਕ ਹੀ ਕਰਨਗੇ।
ਇੱਥੇ ਇਹ ਵੀ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਆਪਣੇ ਆਪ ਨੂੰ
ਤੱਤ-ਗੁਰਮਤਿ ਪ੍ਰਵਾਰ ਵਾਲਾ ਸਮਝ ਕੇ ਹੰਕਾਰ ਦੀ ਟਿੱਸੀ ਉੱਤੇ ਨਹੀਂ ਬੈਠਣਾ ਚਾਹੁੰਦਾ। ਮੈਂ ਕੇਵਲ
ਨਿਮਾਣਾ ਜਿਹਾ ਸਿੱਖ ਬਣਨ ਵਿੱਚ ਹੀ ਖੁਸ਼ੀ ਮਹਿਸੂਸ ਕਰਦਾ ਹਾਂ। ਦੂਜੀ ਗੱਲ, ਜੇਕਰ ਉਸ ਦਿਨ
ਪ੍ਰੋਗਰਾਮ ਪ੍ਰਭਾਵਸ਼ਾਲੀ ਹੁੰਦਾ ਤਾਂ ਸਭ ਤੋਂ ਪਹਿਲਾਂ ਅਖ਼ਬਾਰ ਵਿੱਚ ਮੇਰੇ ਵਲੋਂ ਕਈ ਖ਼ਬਰ ਜਾਂ ਲੇਖ
ਲੱਗਾ ਹੋਣਾ ਸੀ ਜੋ ਕਿ ਨਹੀਂ ਹੈ। ਇਸ ਪ੍ਰਗੋਰਾਮ ਨੂੰ ਦੇਖ ਕੇ ਮੇਰੇ ਹੋਰ ਜਾਣਕਾਰ ਵੀਰ/ਭੈਣ ਅਤੇ
ਉਨ੍ਹਾਂ ਦੇ ਪ੍ਰਵਾਰ ਵਾਲੇ ਵੀ ਹੱਕੇ-ਬੱਕੇ ਰਹਿ ਗਏ ਸਨ। ਕਈ ਤਾਂ ਉਸ ਵੇਲੇ ਹੀ ਬੋਲਣਾ ਚਾਹੁੰਦੇ ਸਨ
ਪਰ ਅਨੰਦ ਕਾਰਜ ਵਿੱਚ ਕਿਸੇ ਪ੍ਰਕਾਰ ਦਾ ਵਿਘਨ ਪੈਣ ਤੋਂ ਚੁੱਪ ਰਹਿਣਾ ਠੀਕ ਸਮਝਿਆ। ਪਰ ਉਸ ਦਿਨ
ਤੱਤ-ਗੁਰਮਤਿ ਪ੍ਰਵਾਰ ਵਲੋਂ ਕੀਤੇ ਗਏ ਪਹਿਲੇ ਗੁਰਮਤਿ ਇਨਕਲਾਬ ਪੁਰਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ
ਦੀ ਸਰਬ-ਉੱਚਤਾ ਨਾਲੋਂ ਆਪਣੀ ਸਰਬਉਚਤਾ ਦਾ ਜ਼ਿਆਦਾ ਪ੍ਰਦਰਸ਼ਨ ਕੀਤਾ ਗਿਆ।
ਲੋਕਾਂ ਦੇ ਮੂੰਹੋਂ ਅਕਸਰ ਅੰਗਰੇਜ਼ੀ ਵਿੱਚ ਸੁਣਦੇ ਹਾਂ:
First impression is the last impression (ਭਾਵ
ਮੁਢਲਾ ਪ੍ਰਭਾਵ ਹੀ ਅੰਤਮ ਪ੍ਰਭਾਵ ਹੁੰਦਾ ਹੈ)। ਕਹਿਣ ਤੋਂ ਭਾਵ ਹੈ ਕਿ ਜਿਹੜਾ ਪ੍ਰੋਗਰਾਮ ਆਪਣੇ
ਅਰੰਭ ਵਿੱਚ ਹੀ ਸਿੱਖ ਮਾਨਸਿਕਤਾ ਉਤੇ ਆਪਣਾ ਚੰਗਾ ਪ੍ਰਭਾਵ ਪਾਉਣ ਤੋਂ ਅਸਮਰਥ ਰਿਹਾ ਹੋਵੇ, ਉਹ
ਪ੍ਰੋਗਰਾਮ ਭਵਿੱਖ ਵਿੱਚ ਹੋਣ ਵਾਲੀ ਆਪਣੀ ਕਾਰ-ਗੁਜ਼ਾਰੀ ਬਾਰੇ ਵੀ ਸੰਕੇਤ ਛੱਡ ਗਿਆ ਸਮਝੋ।
ਜਿੱਥੋਂ ਤਕ ਅਨੰਦ ਕਾਰਜ ਦੀ ਗੱਲ ਹੈ, ਉਹ ਕਿਸੇ ਵੀ ਤਰੀਕੇ ਨਾਲ ਕਰ ਲਿਆ
ਜਾਵੇ, ਉਸ ਨਾਲ ਕਿਸੇ ਮਨੁੱਖ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਕੋਈ ਸਿੱਖ ਇਹ ਦਾਅਵਾ ਨਹੀਂ ਕਰ
ਸਕਦਾ ਕਿ ਫਲਾਣੇ ਤਰੀਕੇ ਨਾਲ ਕੀਤੇ ਗਏ ਅਨੰਦ ਕਾਰਜ ਨਾਲ ਕੋਈ ਮਨੁੱਖ ਗੁਰਮਤਿ ਦਾ ਪੱਕਾ ਧਾਰਨੀ ਬਣ
ਜਾਂਦਾ ਹੈ। ਇਸ ਤੋਂ ਇਲਾਵਾ ਨਾ ਹੀ ਕੋਈ ਮਨੁੱਖ ਗੁਰਬਾਣੀ ਸਿੱਖਿਆਵਾਂ ਦੀਆਂ ਜ਼ਬਾਨੀ-ਕਲਾਮੀ ਗੱਲਾਂ
ਕਰਕੇ ਵਧੀਆ/ਉੱਤਮ ਸਿੱਖ ਬਣ ਜਾਂਦਾ ਹੈ। ਸਿੱਖ ਬਣਨ ਲਈ ਹਰ ਇੱਕ ਮਨੁੱਖ ਨੂੰ ਗੁਰਬਾਣੀ ਸਿੱਖਿਆ
ਅਨੁਸਾਰ ਜੀਵਨ ਬਤੀਤ ਕਰਨਾ ਪਵੇਗਾ।
ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਫ਼ੁਰਮਾਨ: ਬੋਲੀਐ ਸਚ ਧਰਮ ਝੂਠ ਨ
ਬੋਲੀਐ।। (ਪੰਨਾ-488) ਦੀਆਂ ਕੇਵਲ ਗੱਲਾਂ ਕਰਨ ਨਾਲ ਕੋਈ ਮਨੁੱਖ ਸਚਿਆਰ ਨਹੀਂ ਬਣ ਜਾਂਦਾ ਅਤੇ
ਨਾ ਹੀ ਤੱਤ-ਗੁਰਮਤਿ ਪ੍ਰਵਾਰ ਵਾਲਾ ਬਣ ਜਾਂਦਾ ਹੈ। ਸਿਧਾਂਤਕ ਸੱਚ ਦੀ ਵਿਚਾਰ ਨਾਲੋਂ ਸੱਚਾ ਜੀਵਨ
ਬਤੀਤ ਕਰਨਾ ਜ਼ਿਆਦਾ ਮਹੱਤਵਪੂਰਨ ਗੱਲ ਹੁੰਦੀ ਹੈ। ਸੱਚੇ ਜੀਵਨ ਤੋਂ ਬਿਨਾਂ ਗੁਰਬਾਣੀ ਦਾ ਕੇਵਲ
ਚੁੰਚ-ਗਿਆਨ ਅਤੇ ਵਿਦਵਤਾ ਮਨੁੱਖ ਦਾ ਕੁੱਝ ਨਹੀਂ ਸੰਵਾਰ ਸਕਦੀ। ਗੁਰਬਾਣੀ ਦਾ ਫ਼ੁਰਮਾਨ ਹੈ:
ਸਚਹੁ ਓਰੈ ਸਭ ਕੋ ਉਪਰ ਸਚ ਆਚਾਰ।। (ਪੰਨਾ- 62)।
ਦਵਿੰਦਰ ਸਿੰਘ, ਆਰਟਿਸਟ, ਖਰੜ
ਮੁਬਾਇਲ ਨੰ: 97815-09768
ਇਸ ਤੋਂ ਬਾਅਦ ਤੱਤ-ਗੁਰਮਤਿ ਪ੍ਰਵਾਰ ਵਲੋਂ ਛਪੀ ਕਿਤਾਬ ਗੁਰਮਤਿ ਜੀਵਨ
ਸੇਧਾਂ ਬਾਰੇ ਅਲੱਗ ਤੋਂ ਪੰਨਾਵਾਰ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਪਤਾ ਲੱਗ ਸਕੇ ਕਿ
ਸੰਸਾਰ ਵਿੱਚ ਗੁਰੂ ਨਾਨਕ ਸਾਹਿਬ ਦੇ ਕ੍ਰਾਂਤੀਕਾਰੀ ਇਨਕਲਾਬ ਤੋਂ ਬਾਅਦ ਹੋਰ ਕਿਹੜਾ ਨਵਾਂ ਇਨਕਲਾਬ
ਆ ਰਿਹਾ ਹੈ, ਜਿਹੜਾ ਸਾਰੇ ਸੰਸਾਰ ਨੂੰ ਸਿੱਖ ਬਣਾ ਦੇਵੇਗਾ ਜਾਂ ਸਿੱਖਾਂ ਨੂੰ ਹੀ ਸੰਸਾਰ ਵਰਗਾ ਬਣਾ
ਦੇਵੇਗਾ।
ਜਸਵੀਰ ਕੌਰ ਪਤਨੀ ਸ. ਕੇਹਰ ਸਿੰਘ,
ਮੁੱਖ ਸੇਵਾਦਾਰ ਗੁਰ ਗਿਆਨ ਪ੍ਰਸਾਰ ਚੈਰੀਟੇਬਲ ਟ੍ਰਸਟ,
ਪਿੰਡ ਤੇ ਡਾਕਖਾਨਾ ਝੱਜ, ਤਹਿਸੀਲ ਅਨੰਦਪੁਰ ਸਾਹਿਬ,
ਜ਼ਿਲ੍ਹਾ ਰੋਪੜ, ਪੰਜਾਬ।
ਪੱਤਰ ਵਿਹਾਰ ਲਈ ਪਤਾ:
ਮਕਾਨ ਨੰ: 2059, ਸੈਕਟਰ-41 ਸੀ, ਚੰਡੀਗੜ੍ਹ-160036,
ਫ਼ੋਨ ਨੰ: 0172-2626213,
ਮੋਬਾਇਲ ਨੰ: 98159-06213 ਅਤੇ 95010-06213
{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}