ਧਰਮ ਦੀ ਸਮੱਸਿਆ-11
ਨਸ਼ਿਆਂ ਅਧਾਰਿਤ ਨਕਲੀ ਧਰਮ
ਹਰਚਰਨ ਸਿੰਘ ਪਰਹਾਰ (ਐਡੀਟਰ-ਸਿੱਖ ਵਿਰਸਾ)
Tel.: 403-681-8689 .com
www.sikhvirsa.com
ਨੋਟ: ਅੱਜ ਦੇ ਪ੍ਰਚਲਤ ਜਥੇਬੰਦਕ
ਧਰਮਾਂ (ਧਾਰਮਿਕ ਫਿਰਕਿਆਂ) ਵਿੱਚ ਅਨੇਕਾਂ ਤਰ੍ਹਾਂ ਦੇ ਨਕਲੀ ਧਰਮ ਪ੍ਰਚਲਤ ਹੋ ਚੁੱਕੇ ਹਨ।
ਜਿਨ੍ਹਾਂ ਤੇ ਪੁਜਾਰੀਆਂ, ਸਿਆਸਤਦਾਨਾਂ ਤੇ ਸਰਮਾਏਦਾਰਾਂ ਦੀ ਤਿਕੜੀ ਦਾ ਪੂਰਾ ਕਬਜ਼ਾ ਹੋ ਚੁੱਕਾ ਹੈ।
ਧਰਮਾਂ ਦਾ ਤਕਰੀਬਨ 5 ਹਜ਼ਾਰ ਸਾਲ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਹ ਤਿਕੜੀ ਰਲ਼ ਕੇ ਮਨੁੱਖਤਾ
ਨੂੰ ਧਰਮ ਦੇ ਨਾਮ ਤੇ ਲੁੱਟਦੀ ਆ ਰਹੀ ਹੈ। ਧਰਮ ਇਨ੍ਹਾਂ ਲਈ ਪੈਸਾ ਕਮਾਉਣ ਦਾ ਧੰਦਾ ਤੇ ਸ਼ਰਧਾਲੂਆਂ
ਦੀ ਤਾਕਤ ਨੂੰ ਆਪਣੇ ਸਿਆਸੀ ਮੁਫਾਦਾਂ ਲਈ ਵਰਤਣ ਦਾ ਜ਼ਰੀਆ ਹੈ। ਇਨ੍ਹਾਂ ਦਾ ਇਹ ਧੰਦਾ ਸਦੀਆਂ ਤੋਂ
ਅਗਿਆਨਤਾ, ਅੰਧ-ਵਿਸ਼ਵਾਸ਼ ਤੇ ਕਰਮਕਾਂਡਾਂ ਦੇ ਅਧਾਰ ਤੇ ਚੱਲ ਰਿਹਾ ਹੈ। ਇਤਿਹਾਸ ਵਿੱਚ ਸਮੇਂ-ਸਮੇਂ
ਅਨੇਕਾਂ ਸੱਚੇ ਮਨੁੱਖਤਾਵਾਦੀ ਧਰਮ ਗੁਰੂ, ਰਹਿਬਰ, ਪੀਰ-ਪੈਗੰਬਰ, ਮਹਾਂਪੁਰਸ਼ ਪੈਦਾ ਹੁੰਦੇ ਰਹੇ, ਜੋ
ਮਨੁੱਖ ਨੂੰ ਅਸਲੀ ਧਰਮ ਨਾਲ ਜੋੜਦੇ ਰਹੇ, ਅਗਿਆਨਤਾ ਤੇ ਅੰਧ ਵਿਸ਼ਵਾਸ਼ ਦੀ ਬੇਹੋਸ਼ੀ ਵਿਚੋਂ ਜਗਾ ਕੇ
ਸੱਚ ਦੇ ਰਾਹ ਪਾਉਂਦੇ ਰਹੇ। ਪਰ ਇਸ ਤਿਕੜੀ ਨੇ ਅਜਿਹੇ ਮਹਾਨ ਪੁਰਸ਼ਾਂ ਨੂੰ ਕਦੇ ਬਰਦਾਸ਼ਤ ਨਹੀਂ
ਕੀਤਾ। ਉਨ੍ਹਾਂ ਨੂੰ ਸੂਲ਼ੀਆਂ, ਫਾਂਸੀਆਂ ਤੇ ਚੜ੍ਹਾਉਣ ਦੇ ਨਾਲ-ਨਾਲ ਉਨ੍ਹਾਂ ਦੀ ਵਿਚਾਰਧਾਰਾ ਨੂੰ
ਖਤਮ ਕਰਨ ਦੀਆਂ ਸਾਜ਼ਿਸ਼ਾਂ ਰਚਦੇ ਰਹੇ ਤੇ ਅਨੇਕਾਂ ਤਰ੍ਹਾਂ ਦੀਆਂ ਮੁਸੀਬਤਾਂ ਉਨ੍ਹਾਂ ਦੇ ਰਾਹਾਂ
ਵਿੱਚ ਖੜੀਆਂ ਕਰਦੇ ਰਹੇ। ਪਰ ਫਿਰ ਵੀ ਜਦੋਂ ਅਜਿਹੇ ਮਹਾਂਪੁਰਸ਼ ਆਪਣੀ ਨਵੀਂ ਤੇ ਵੱਖਰੀ ਵਿਚਾਰਧਾਰਾ
ਮਨੁੱਖਤਾ ਨੂੰ ਦੇਣ ਵਿੱਚ ਸਫਲ ਹੋ ਜਾਂਦੇ ਤੇ ਉਨ੍ਹਾਂ ਦੇ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਸਮਾਂ
ਪਾ ਕੇ ਇਹ ਤਿਕੜੀ ਨਵੇਂ ਰੂਪ ਵਿੱਚ ਉਸੇ ਮਹਾਂਪੁਰਸ਼ ਦੇ ਨਾਮ ਤੇ ਨਵੀਆਂ ਮਰਿਯਾਦਾਵਾਂ, ਕਰਮਕਾਂਡਾਂ
ਤੇ ਚਿੰਨ੍ਹਾਂ ਨਾਲ ਲੈਸ ਹੋ ਕੇ ਨਵਾਂ ਧਾਰਮਿਕ ਫਿਰਕਾ ਖੜਾ ਕਰਕੇ ਉਨ੍ਹਾਂ ਦੇ ਅਨੁਆਈਆਂ ਨੂੰ ਆਪਣੇ
ਕਰਮਕਾਂਡੀ ਮਾਇਆ ਜਾਲ ਵਿੱਚ ਫਸਾ ਲੈਂਦੇ। ਅੱਜ ਦੇ ਪ੍ਰਚਲਤ ਹਰ ਜਥੇਬੰਦਕ ਛੋਟੇ ਵੱਡੇ ਧਾਰਮਿਕ
ਫਿਰਕੇ ਵਿੱਚ ਨਕਲੀ ਧਰਮਾਂ ਦਾ ਪੂਰਾ ਬੋਲਬਾਲਾ ਹੈ ਤੇ ਧਰਮ ਇਨ੍ਹਾਂ ਵਿਚੋਂ ਪੂਰੀ ਤਰ੍ਹਾਂ ਅਲੋਪ ਹੋ
ਚੁੱਕਾ ਹੈ। ਹਰ ਧਾਰਮਿਕ ਫਿਰਕਾ ਝੂਠੀਆਂ, ਅੰਧ ਵਿਸ਼ਵਾਸ਼ੀ, ਅਗਿਆਨਤਾ ਭਰਪੂਰ ਰੀਤਾਂ-ਰਸਮਾਂ,
ਕਰਮਕਾਂਡਾਂ, ਮਰਿਯਾਦਾਵਾਂ, ਪ੍ਰੰਪਰਾਵਾਂ, ਧਾਰਮਿਕ ਚਿੰਨ੍ਹਾਂ ਦਾ ਮਿਲਗੋਭਾ ਜਿਹਾ ਨਕਲੀ ਧਰਮ ਬਣ
ਚੁੱਕਾ ਹੈ। ਇਸ ਲੇਖ ਲੜੀ ਦਾ ਮਕਸਦ ਆਮ ਵਿਅਕਤੀ ਨੂੰ ਜਿਥੇ ਧਰਮ ਦੇ ਨਾਮ ਤੇ ਬਣੇ ਹੋਏ ਇਨ੍ਹਾਂ
ਧਾਰਮਿਕ ਫਿਰਕਿਆਂ ਵਿਚਲੇ ਨਕਲੀ ਧਰਮਾਂ ਤੋਂ ਜਾਣੂ ਕਰਾਉਣਾ ਹੈ, ਉਥੇ ਅਸਲੀ ਧਰਮ ਦੀ ਜਾਣ ਪਛਾਣ
ਕਰਾਉਣਾ ਵੀ ਹੈ ਤਾਂ ਕਿ ਲੋਕ ਸੱਚੇ ਧਰਮ ਨਾਲ ਜੁੜ ਸਕਣ। ਕੋਸ਼ਿਸ਼ ਇਹੀ ਹੈ ਕਿ ਲੋਕ ਜਾਗ ਪੈਣ ਤੇ
ਪਛਾਣ ਕਰਨ ਦੇ ਸਮਰੱਥ ਹੋ ਸਕਣ ਕਿ ਜਿਸਨੂੰ ਉਹ ਤਨੋ, ਮਨੋ ਧਰਮ ਸਮਝ ਕੇ ਆਪਾ ਨਿਛਾਵਰ ਕਰ ਰਹੇ ਹਨ,
ਕੀ ਉਸ ਵਿੱਚ ਕੁੱਝ ਧਰਮ ਵਾਲਾ ਹੈ ਵੀ ਜਾਂ ਉਹ ਸਿਰਫ ਪੁਜਾਰੀਆਂ ਦੀਆਂ ਬਣਾਈਆਂ ਅਗਿਆਨਤਾ ਤੇ ਅੰਧ
ਵਿਸ਼ਵਾਸ਼ ਅਧਾਰਿਤ ਮਰਿਯਾਦਾਵਾਂ, ਰੀਤਾਂ-ਰਸਮਾਂ, ਕਰਮਕਾਂਡਾਂ ਦਾ ਭਾਰ ਹੀ ਢੋਹ ਰਹੇ ਹਨ। ਇਹ ਤਿਕੜੀ
ਧਰਮ ਨੂੰ ਵਧਾਉਣ ਤੇ ਧਰਮ ਨੂੰ ਖਤਰੇ ਦੇ ਨਾਮ ਤੇ ਪਿਛਲੇ 5 ਹਜ਼ਾਰ ਸਾਲਾਂ ਵਿੱਚ 15 ਹਜ਼ਾਰ ਤੋਂ ਵੱਧ
ਯੁੱਧਾਂ ਰਾਹੀਂ ਮਨੁੱਖਤਾ ਦਾ ਵੱਡੇ ਪੱਧਰ ਤੇ ਘਾਣ ਕਰ ਚੁੱਕੀ ਹੈ। ਧਰਮ ਨੂੰ ਖਤਰਾ ਨਾਸਤਿਕਾਂ ਜਾਂ
ਧਰਮ ਵਿਰੋਧੀਆਂ ਤੋਂ ਨਹੀਂ, ਇਨ੍ਹਾਂ ਨਕਲੀ ਧਰਮਾਂ ਦੇ ਅੰਧ ਵਿਸ਼ਵਾਸ਼ੀ ਸ਼ਰਧਾਲੂਆਂ ਤੇ ਇਸ ਤਿਕੜੀ ਤੋਂ
ਹੈ। ਤੁਸੀਂ ਇਸ ਲੇਖ ਲੜੀ ਬਾਰੇ ਆਪਣੇ ਵਿਚਾਰ ਭੇਜ ਸਕਦੇ ਹੋ ਤਾਂ ਕਿ ਗੱਲ ਅੱਗੇ ਤੁਰ ਸਕੇ। ਤੁਹਾਡੇ
ਸੁਝਾਵਾਂ ਤੇ ਵਿਚਾਰਾਂ ਬਾਰੇ ਗੰਭੀਰਤਾ ਨਾਲ ਵਿਚਾਰ ਕੀਤੀ ਜਾਵੇਗੀ।
ਵੈਸੇ ਤਾਂ ਧਰਮ ਅਧਾਰਿਤ ਹਰ ਫਿਰਕਾ ਜਾਂ ਮਜ਼ਹਬ ਇਹੀ ਦਾਅਵਾ ਕਰਦਾ ਹੈ ਕਿ ਉਸ ਦਾ ਧਰਮ ਹਰ ਤਰ੍ਹਾਂ
ਦੇ ਨਸ਼ਿਆਂ ਦੇ ਖਿਲਾਫ ਹੈ। ਪਰ ਅਸਲੀਅਤ ਇਹ ਹੈ ਕਿ ਹਰ ਧਾਰਮਿਕ ਫਿਰਕੇ ਦੇ ਅਨੁਯਾਈ ਨਾ ਸਿਰਫ
ਵੱਖ-ਵੱਖ ਤਰ੍ਹਾਂ ਦੇ ਨਸ਼ਿਆਂ ਦਾ ਸੇਵਨ ਕਰਦੇ ਹਨ, ਸਗੋਂ ਵੱਡੀ ਪੱਧਰ ਤੇ ਨਸ਼ਿਆਂ ਦਾ ਵਪਾਰ ਵੀ ਕਰਦੇ
ਹਨ। ਇਸ ਤੋਂ ਪਹਿਲਾਂ ਕਿ ਅਸੀਂ ਨਸ਼ਿਆਂ ਅਧਾਰਿਤ ਨਕਲੀ ਧਰਮ ਦੀ ਚਰਚਾ ਕਰੀਏ, ਇਹ ਜਾਣ ਲੈਣਾ
ਲਾਹੇਵੰਦ ਹੋਵੇਗਾ ਕਿ ਨਸ਼ੇ ਕਹਿੰਦੇ ਕਿਸਨੂੰ ਹਨ ਜਾਂ ਨਸ਼ਾ ਹੁੰਦਾ ਕੀ ਹੈ? ਇਸ ਦੇ ਨਾਲ ਹੀ ਇਹ
ਵਿਚਾਰ ਕਰਾਂਗੇ ਕਿ ਦੁਨੀਆਂ ਦੇ ਮਹਾਨ ਅਰਥ ਸ਼ਾਸਤਰੀ ਤੇ ਵਰਗ ਰਹਿਤ ਸਮਾਜ ਦੀ ਸਿਰਜਣਾ ਦੀ ਫਿਲਾਸਫੀ
ਦੇ ਕਰਤਾ ਜਰਮਨ ਵਿਦਵਾਨ ਕਾਰਲ ਮਾਰਕਸ ਨੇ ਅਜਿਹਾ ਕਿਉਂ ਕਿਹਾ ਸੀ ਕਿ ਧਰਮ ਲੋਕਾਂ ਦੀ ਅਫੀਮ (ਨਸ਼ਾ)
ਹੈ। ਗੱਲ ਨੂੰ ਪੂਰੀ ਸਮਝਣ ਲਈ ਕਾਰਲ ਮਾਰਕਸ ਦੀ ਧਰਮ ਬਾਰੇ ਅੰਗਰੇਜ਼ੀ ਵਿੱਚ ਪੂਰੀ ਟਿੱਪਣੀ ਇਸ
ਤਰ੍ਹਾਂ ਹੈ: “Religion is the sigh of the
oppressed creature, the heart of a heartless world, just as it is the soul of a
soulless situation. It is the opium of the people.”.
ਭਾਵ: ‘ਧਰਮ ਦੱਬੇ ਕੁਚਲੇ ਲੋਕਾਂ ਲਈ ਧਰਵਾਸ (ਰੱਬ
ਦੀ), ਭਾਵਨਾਵਾਂ (ਦਿਲ) ਰਹਿਤ ਸੰਸਾਰ ਲਈ ਭਾਵਨਾ ਦਾ ਅਹਿਸਾਸ ਹੈ, ਆਤਮਾ ਰਹਿਤ ਸਮਾਜਿਕ ਹਾਲਤਾਂ ਲਈ
ਆਤਮਾ ਹੈ, ਅਤੇ ਧਰਮ ਲੋਕਾਂ ਦੀ ਅਫੀਮ (ਨਸ਼ਾ) ਹੈ।’ ਮੇਰੀ ਸਮਝੇ ਇਸ ਸਾਰੀ ਟਿੱਪਣੀ ਦਾ ਭਾਵ
ਅਰਥ ਦੇਖੀਏ ਤਾਂ ਇਹ ਬਣਦਾ ਹੈ ਕਿ ਧਰਮ (ਨਕਲੀ) ਉਨ੍ਹਾਂ ਹਾਲਾਤਾਂ ਵਿੱਚ ਜਦੋਂ ਸਮਾਜ ਵਿੱਚ ਕਾਣੀ
ਵੰਡ ਕਾਰਨ ਵਿਤਕਰੇ ਹੋ ਰਹੇ ਹਨ, ਤਾਕਤਵਰ ਸਰਮਾਏਦਾਰ ਤੇ ਪੁਜਾਰੀ ਧੱਕੇਸ਼ਾਹੀਆਂ, ਬੇਇਨਸਾਫੀਆਂ ਕਰਦੇ
ਹਨ, ਦੱਬੇ ਕੁਚਲੇ ਲੋਕਾਂ ਨੂੰ ਕੋਈ ਇਨਸਾਫ ਨਹੀਂ ਮਿਲਦਾ ਤਾਂ ਧਰਮ ਮਨੁੱਖ ਨੂੰ ਸੰਘਰਸ਼ ਕਰਕੇ ਵਰਗ
ਰਹਿਤ, ਵਿਤਕਰਾ ਰਹਿਤ ਤੇ ਮਨੁੱਖੀ ਬਰਾਬਰਤਾ ਵਾਲਾ ਸਮਾਜ ਸਿਰਜਣ ਦੀ ਪ੍ਰੇਰਨਾ ਦੇਣ ਦੀ ਥਾਂ ਕਿਸੇ
ਕਲਪਿਤ ਰੱਬ ਅੱਗੇ ਅਰਦਾਸਾਂ ਕਰਨ ਜਾਂ ਇਹ ਭਰੋਸਾ ਕਰਨ ਦਾ ਧਰਵਾਸ ਦਿੰਦਾ ਹੈ ਕਿ ਰੱਬ ਆਪੇ ਸਭ ਠੀਕ
ਕਰੇਗਾ, ਰੱਬ ਦੇ ਘਰ ਦੇਰ ਹੈ ਅੰਦੇਰ ਨਹੀਂ। ਇਸ ਲਈ ਧਰਮ ਲੋਕਾਂ ਦੀ ਅਫੀਮ ਬਣ ਚੁੱਕਾ ਹੈ। ਧਰਮ ਜਾਂ
ਰੱਬ ਦੱਬੇ-ਕੁਚਲੇ, ਮਜਲੂਮ, ਗੁਲਾਮ, ਬੇਆਸਰਾ, ਅਨਾਥਾਂ ਨਾਲ ਖੜਨ ਦੀ ਥਾਂ ਜਾਲਮਾਂ, ਜਾਬਰਾਂ,
ਸਰਮਾਏਦਾਰਾਂ, ਸਿਆਸੀ ਲੋਕਾਂ ਦੇ ਹੱਕ ਵਿੱਚ ਭੁਗਤਦਾ ਹੈ ਤੇ ਲੋਕ ਫਿਰ ਵੀ ਬੜੇ ਅਨੰਦ ਨਾਲ ਪੂਜਾ
ਪਾਠ ਵਿੱਚ ਲੱਗੇ ਹੋਏ ਹਨ। ਅਜਿਹੇ ਹਾਲਾਤਾਂ ਦੇ ਮੱਦੇਨਜ਼ਰ ਹੀ ਕਿਸੇ ਵਿਦਵਾਨ ਨੇ ਖੂਬ ਕਿਹਾ ਸੀ ਕਿ
ਜਦੋਂ ਲੋਕ ਆਪਣੀ ਗੁਲਾਮੀ ਵਿਚੋਂ ਆਨੰਦ ਲੈਣ ਲੱਗ ਪੈਣ ਤਾਂ ਉਨ੍ਹਾਂ ਨੂੰ ਕੋਈ ਆਜ਼ਾਦ ਨਹੀਂ ਕਰਾ
ਸਕਦਾ। ਮੇਰੀ ਸਮਝੇ ਹਰ ਧਰਮ ਪੁਜਾਰੀ ਨੇ ਮਾਰਕਸ ਦੀ ਇਸ ਉਪਰ ਦਿਤੀ ਟਿਪਣੀ ਦੇ ਹਮੇਸ਼ਾਂ ਗਲਤ ਅਰਥ
ਕਰਕੇ ਆਪਣੇ ਸ਼ਰਧਾਲੂਆਂ ਨੂੰ ਗੁੰਮਰਾਹ ਕੀਤਾ ਹੈ। ਮੇਰੇ ਵਿਚਾਰ ਵਿੱਚ ਮਾਰਕਸ ਦੀ ਇਹ ਟਿਪਣੀ ਬੇਸ਼ਕ
ਨਕਲੀ ਧਰਮਾਂ ਬਾਰੇ ਹੀ ਹੈ, ਪਰ ਸ਼ਾਇਦ ਉਸਨੇ ਅਸਲੀ ਧਰਮ ਨੂੰ ਨਹੀਂ ਜਾਣਿਆ ਸੀ, ਨਹੀਂ ਤਾਂ ਉਹ ਅਸਲੀ
ਧਰਮ ਬਾਰੇ ਵੀ ਆਪਣਾ ਨਜ਼ਰੀਆ ਜਰੂਰ ਪੇਸ਼ ਕਰਦਾ। ਇਸਦੇ ਬਾਵਜੂਦ ਕਿ ਧਰਮ ਜਾਂ ਰੱਬ ਬਾਰੇ ਮਾਰਕਸ ਦਾ
ਜੋ ਮਰਜੀ ਨਜਰੀਆ ਹੋਵੇ, ਉਸਦੀ ਵਿਚਾਰਧਾਰਾ ਨਾਲ ਵਰਗ ਰਹਿਤ ਸਮਾਜ ਸਿਰਜਿਆ ਜਾ ਸਕਦਾ ਹੋਵੇ ਜਾਂ ਨਾ,
ਤੇ ਉਸਦੀ ਵਿਚਾਰਧਾਰਾ ਵਿੱਚ ਜਿੰਨੀਆਂ ਮਰਜੀ ਖਾਮੀਆਂ ਹੋਣ, ਇਸਦੇ ਬਾਵਜੂਦ ਇਸ ਗੱਲ ਤੋਂ ਕਿਸੇ ਢੰਗ
ਨਾਲ ਵੀ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਉਹ ਇੱਕ ਅਜਿਹਾ ਇਨਕਲਾਬੀ ਯੁੱਗਪੁਰਸ਼ ਸੀ, ਜੋ ਵਰਗ ਰਹਿਤ
ਸਮਾਜ ਦੀ ਸਿਰਜਣਾ ਦਾ ਇੱਛਕ ਸੀ, ਜਿੱਥੇ ਮਨੁੱਖੀ ਬਰਾਬਰਤਾ ਹੋਵੇ, ਕੋਈ ਉੱਚਾ ਨੀਵਾਂ ਨਹੀਂ, ਕੁਦਰਤ
ਵਲੋਂ ਮਿਲੇ ਵਸੀਲਿਆਂ ਤੇ ਸਾਧਨਾਂ ਉੱਤੇ ਸਮਾਜ ਦਾ ਸਾਂਝਾ ਕੰਟਰੋਲ ਹੋਵੇ ਤੇ ਉਨ੍ਹਾਂ ਨੂੰ ਸਭ
ਬਰਾਬਰਤਾ ਨਾਲ ਮਿਲ ਕੇ ਵਰਤਣ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਜਿਹਾ ਆਦਰਸ਼ਵਾਦੀ ਸਮਾਜ ਸ਼ਾਇਦ ਇਸ
ਧਰਤੀ ਤੇ ਸੰਭਵ ਨਾ ਹੋਵੇ ਕਿਉਂਕਿ ਹਰ ਮਨੁੱਖ ਦੀਆਂ ਆਪਣੀਆਂ ਕੁੱਝ ਬੁਨਿਆਦੀ ਕਮਜੋਰੀਆਂ ਹਨ, ਜਦ
ਤੱਕ ਉਨ੍ਹਾਂ ਨੂੰ ਸੰਬੋਧਨ ਨਹੀਂ ਹੋਇਆ ਜਾਂਦਾ, ਉਦੋਂ ਤੱਕ ਸਮੁੱਚੇ ਸਮਾਜ ਨੂੰ ਬਦਲਣਾ ਸੰਭਵ ਨਹੀਂ
ਹੈ। ਅਸਲੀ ਧਰਮ ਮਨੁੱਖ ਦੀਆਂ ਇਨ੍ਹਾਂ ਬੁਨਿਆਦੀ ਕਮਜੋਰੀਆਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ,
ਈਰਖਾ, ਨਫਰਤ, ਕਬਜਾ ਆਦਿ) ਨੂੰ ਸੰਬੋਧਨ ਹੋ ਕੇ ਆਪਣੇ ਮੂਲ ਨੂੰ ਪਛਾਨਣ ਦੀ ਵਕਾਲਤ ਕਰਦਾ ਹੋਇਆ
ਮਨੁੱਖ ਨੂੰ ਸੋਝੀ ਬਖਸ਼ਦਾ ਹੈ ਕਿ ਜੇ ਤੂੰ ਆਪਣੇ ਅੰਦਰ ਛੁਪੇ ਇਨ੍ਹਾਂ ਔਗੁਣਾਂ ਪ੍ਰਤੀ ਸੁਚੇਤ ਨਹੀਂ
ਹੁੰਦਾ, ਇਸ ਤੇ ਕਾਬੂ ਨਹੀਂ ਪਾਉਂਦਾ, ਇਨ੍ਹਾਂ ਨੂੰ ਆਪਣੇ ਵੱਸ ਨਹੀਂ ਕਰਦਾ, ਇਨ੍ਹਾਂ ਨੂੰ ਆਪਣੇ ਤੇ
ਸਮਾਜ ਦੇ ਭਲੇ ਲਈ ਵਰਤਣਾ ਨਹੀਂ ਸਿੱਖਦਾ, ਸਮਾਜ ਵਿੱਚ ਤਬਦੀਲੀ ਅਸੰਭਵ ਹੈ। ਇਸੇ ਲਈ ਅਸਲੀ ਧਰਮ
ਤੁਹਾਡੇ ਆਪੇ ਤੋਂ ਸ਼ੁਰੂ ਹੁੰਦਾ ਹੈ, ਜਦੋਂ ਤੱਕ ਤੂੰ ਨਹੀਂ ਬਦਲਦਾ, ਕੁੱਝ ਨਹੀਂ ਬਦਲਦਾ, ਪਹਿਲਾਂ
ਤੂੰ ਆਪਣੇ ਆਪ ਨੂੰ ਸੰਬੋਧਨ ਹੋ। ਪਰ ਇਸ ਦਾ ਭਾਵ ਇਹ ਨਹੀਂ ਕਿ ਮਨੁੱਖ ਨੇ ਕਿਤੇ ਛੁਪ ਕੇ ਬੈਠ ਜਾਣਾ
ਹੈ, ਕਿਤੇ ਅੰਦਰ ਵੜ ਕੇ ਕੋਈ ਭਗਤੀ ਕਰਨੀ ਹੈ, ਜੰਗਲਾਂ ਪਹਾੜਾਂ ਵਿੱਚ ਜਪ-ਤਪ ਕਰਨਾ ਹੈ, ਭੋਰਿਆਂ
ਵਿੱਚ ਬੈਠ ਕੇ ਭਗਤੀ ਕਰਨੀ ਹੈ, ਨਹੀਂ ਅਜਿਹਾ ਬਿਲਕੁਲ ਨਹੀਂ। ਇਸ ਅੰਦਰ ਤੇ ਬਾਹਰ ਦਾ ਕਰਮ ਨਾਲੋ
ਨਾਲ ਚਲਦਾ ਰਹਿਣਾ ਹੈ। ਜੇ ਕੋਈ ਕਹੇ ਕਿ ਪਹਿਲਾਂ ਆਪਾ ਸੁਧਾਰ ਲਈਏ, ਫਿਰ ਸਮਾਜ ਜਾਂ ਦੁਨੀਆਂ ਦੀ
ਗੱਲ ਕਰਾਂਗੇ, ਜਾਂ ਪਹਿਲਾਂ ਸਮਾਜ ਜਾਂ ਦੁਨੀਆਂ ਵਿੱਚ ਬਰਾਬਰਤਾ ਜਾਂ ਵਰਗ ਰਹਿਤ ਸਮਾਜ ਸਿਰਜ ਲਈਏ,
ਫਿਰ ਆਪੇ ਦੀ ਖੋਜ ਕਰ ਲਵਾਂਗੇ। ਅਜਿਹਾ ਕਦੇ ਵੀ ਸੰਭਵ ਨਹੀਂ ਹੋਇਆ ਤੇ ਨਾ ਹੀ ਹੋਵੇਗਾ। ਇਹ ਨਾਲੋ
ਨਾਲ ਹੀ ਚਲਦਾ ਆਇਆ ਤੇ ਚਲਦਾ ਰਹੇਗਾ। ਲੋੜ ਸਿਰਫ ਇਸ ਵਿੱਚ ਸੰਤੁਲਨ (ਬੈਲੈਂਸ) ਕਰਨ ਦੀ ਹੈ। ਪਿਛਲੇ
ਸਮੇਂ ਵਿੱਚ ਇਹੀ ਕੁੱਝ ਹੋਇਆ ਹੈ, ਜਿਹੜੇ ਆਪੇ ਦੀ ਖੋਜ ਲਈ ਨਿਕਲੇ ਸਨ, ਉਹ ਸਮਾਜ ਤੋਂ ਟੁੱਟ ਗਏ,
ਦੁਨੀਆਂ ਵਿੱਚ ਕੀ ਕੁੱਝ ਹੁੰਦਾ ਰਿਹਾ, ਉਸ ਨਾਲ ਉਨ੍ਹਾਂ ਦਾ ਵਸਤਾ ਨਹੀਂ ਰਿਹਾ ਤੇ ਜਿਹੜੇ ਦੁਨੀਆਂ
ਸੁਧਾਰਨ ਤੁਰੇ ਸਨ, ਜਦੋਂ ਤਾਕਤ ਉਨ੍ਹਾਂ ਦੇ ਹੱਥ ਆਈ ਤਾਂ ਉਹ ਆਪਣੀਆਂ ਅੰਦਰੂਨੀ ਕਮਜੋਰੀਆਂ ਦਾ
ਸ਼ਿਕਾਰ ਹੋ ਕੇ ਧੱਕੇ, ਜਬਰ ਤੇ ਲੁੱਟ ਦੇ ਰਾਹ ਪੈ ਗਏ।
ਨਸ਼ਿਆਂ ਵਾਲੇ ਵਿਸ਼ੇ ਵੱਲ ਫਿਰ ਮੁੜਦੇ ਹਾਂ। ਨਸ਼ੇ ਤੋਂ ਭਾਵ ਹੈ ਕਿ ਮਨੁੱਖ ਦੀ ਉਹ ਮਾਨਸਿਕ ਅਵਸਥਾ
ਜਦੋਂ ਉਹ ਆਪੇ ਦੀ ਹੋਸ਼ ਖੋ ਬੈਠਦਾ ਹੈ, ਉਸਦੇ ਦਿਮਾਗ ਦਾ ਸੰਤੁਲਿਨ ਵਿਗੜ ਜਾਂਦਾ ਹੈ, ਉਸਦੇ ਦਿਮਾਗ
ਦਾ ਸਰੀਰ ਤੇ ਕੰਟਰੋਲ ਨਹੀਂ ਰਹਿੰਦਾ, ਇਸ ਲਈ ਅਸੀਂ ਨਸ਼ਾ ਉਸ ਹਰ ਸ਼ੈ ਨੂੰ ਕਹਿ ਸਕਦੇ ਹਾਂ, ਜਿਸ ਨਾਲ
ਮਨੁੱਖ ਆਪਣੇ ਆਪੇ ਤੋਂ ਟੁੱਟ ਕੇ ਕਿਸੇ ਹੋਰ ਦੁਨੀਆਂ ਵਿੱਚ ਮਹਿਸੂਸ ਕਰੇ। ਇਸਨੂੰ ਜੇ ਇਸ ਤਰ੍ਹਾਂ
ਸਮਝਿਆ ਜਾਏ ਕਿ ਜਦੋਂ ਮਨੁੱਖ ਆਪਣੇ ਆਪੇ ਤੋਂ ਟੁੱਟ ਕੇ ਕਿਸੇ ਭਰਮ (ਕਲਪਨਾ) ਵਿੱਚ ਜੀਵੇ ਤਾਂ ਉਹ
ਨਸ਼ੇ ਵਿੱਚ ਹੈ। ਮੁੱਖ ਤੌਰ ਤੇ ਨਸ਼ੇ ਦੋ ਤਰ੍ਹਾਂ ਦੇ ਹਨ, ਇੱਕ ਨਸ਼ਾ ਉਹ ਜੋ ਮਨੁੱਖ ਬਾਹਰੋਂ ਲੈਂਦਾ
ਹੈ (ਜਿਵੇਂ ਸ਼ਰਾਬ, ਭੰਗ, ਅਫੀਮ, ਚਰਸ, ਗਾਂਜਾ, ਕੋਕੇਨ ਆਦਿ), ਜੋ ਕੁੱਝ ਸਮੇਂ ਬਾਅਦ ਤੇ ਕੁੱਝ
ਸਮੇਂ ਲਈ ਮਨੁੱਖ ਦੇ ਮਨ (ਦਿਮਾਗ) ਦਾ ਸਬੰਧ ਦੁਨੀਆਂ (ਅਸਲੀਅਤ) ਤੋਂ ਤੋੜ ਦਿੰਦਾ ਹੈ ਤੇ ਮਨੁੱਖ
ਭਰਮ ਵਿੱਚ ਸਕੂਨ ਮਹਿਸੂਸ ਕਰਦਾ ਹੈ, ਹਲਕਾ ਮਹਿਸੂਸ ਕਰਦਾ ਹੈ, ਸਮਝਦਾ ਹੈ ਕਿ ਉਸਦੇ ਸਾਰੇ ਦੁੱਖ
ਕਲੇਸ਼ ਕੱਟੇ ਗਏ, ਸਭ ਮੁਸੀਬਤਾਂ ਟਲ ਗਈਆਂ, ਸਵਰਗ ਦਾ ਝੂਟਾ ਆ ਗਿਆ। ਫਿਰ ਜਦੋਂ ਨਸ਼ਾ ਉਤਰਦਾ ਹੈ,
ਅਸਲੀਅਤ ਸਾਹਮਣੇ ਖੜ੍ਹੀ ਹੁੰਦੀ ਹੈ। ਉਹ ਫਿਰ ਭੱਜ ਕੇ ਨਸ਼ੇ ਵੱਲ ਜਾਂਦਾ ਹੈ ਤਾਂ ਕਿ ਭਰਮ ਵਿੱਚ
ਜਿਉਂਦਾ ਰਹੇ। ਇਸ ਤਰ੍ਹਾਂ ਹੀ ਉਹ ਇਸਦਾ ਆਦੀ ਹੋ ਜਾਂਦਾ ਹੈ। ਫਿਰ ਜਦ ਵੀ ਉਹ ਅਸਲੀਅਤ ਦਾ ਸਾਹਮਣਾ
ਕਰਨ ਤੋਂ ਅਸਮਰਥ ਹੁੰਦਾ ਹੈ, ਨਸ਼ੇ ਦਾ ਸਹਾਰਾ ਲੈਂਦਾ ਹੈ। ਇਸੇ ਤਰ੍ਹਾਂ ਦੂਜਾ ਨਸ਼ਾ ਮਨੁੱਖ ਅੰਦਰੋਂ
ਲੈਂਦਾ ਹੈ। ਇਹ ਨਸ਼ਾ ਬਾਹਰੀ ਨਸ਼ੇ ਨਾਲੋਂ ਜਿਆਦਾ ਭੈੜਾ ਹੈ, ਜੋ ਮਨੁੱਖ ਇਸਦਾ ਆਦੀ ਹੋ ਜਾਂਦਾ ਹੈ,
ਉਸਨੂੰ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਜਿਸ ਨੂੰ ਇਹ ਨਸ਼ਾ ਹੋ ਜਾਵੇ, ਉਸਨੂੰ ਬਾਹਰੀ ਨਸ਼ੇ ਵਾਂਗ
ਵਾਰ ਵਾਰ ਲੈਣ ਦੀ ਲੋੜ ਨਹੀਂ ਪੈਂਦੀ। ਇਹ ਨਸ਼ਾ ਹੈ ਸਾਡੀਆਂ ਬੁਨਿਆਦੀ ਮਨੁੱਖੀ ਕਮਜੋਰੀਆਂ (ਕਾਮ,
ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਫਰਤ, ਵਿਭਚਾਰ, ਕਬਜਾ, ਦੂਜੇ ਦਾ ਹੱਕ ਮਾਰਨਾ ਆਦਿ) ਦਾ ਨਸ਼ਾ।
ਜਿਸ ਵੀ ਮਨੁੱਖ ਨੂੰ ਇਨ੍ਹਾਂ ਵਿਚੋਂ ਕੋਈ ਵੀ ਨਸ਼ਾ ਲੱਗ ਜਾਵੇ ਉਸਨੂੰ ਛੱਡਣਾ ਸੌਖਾ ਨਹੀਂ। ਜੇ
ਮਨੁੱਖ ਬਾਹਰੀ ਨਸ਼ਿਆਂ ਦੇ ਪ੍ਰਭਾਵ ਵਿੱਚ ਸਮਾਜ ਵਿਰੋਧੀ ਕੁਕਰਮ ਕਰਦਾ ਹੈ ਤਾਂ ਅੰਦਰਲੇ ਨਸ਼ਿਆਂ ਨਾਲ
ਉਸ ਤੋਂ ਵੀ ਵੱਧ ਕੁਕਰਮ ਕਰਦਾ ਹੈ। ਬਾਹਰਲੇ ਨਸ਼ੇ ਛੱਡਣੇ ਇਤਨੇ ਔਖੇ ਨਹੀਂ, ਜਿਤਨੇ ਅੰਦਰਲੇ ਨਸ਼ੇ
ਹਨ। ਬਾਹਰੀ ਨਸ਼ੇ ਛੱਡ ਕੇ ਮਨੁੱਖ ਝੱਟ ਧਰਮੀ ਬਣ ਜਾਂਦਾ ਹੈ, ਪਰ ਅੰਦਰਲੇ ਨਸ਼ਿਆਂ ਦੇ ਆਦੀ ਮਨੁੱਖ
ਨੂੰ ਪਤਾ ਹੀ ਨਹੀਂ ਲਗਦਾ ਕਿ ਉਹ ਨਸ਼ਾ ਕਰਦਾ ਹੈ, ਇਹ ਵੀ ਦੇਖਿਆ ਜਾਂਦਾ ਹੈ ਕਿ ਜਿਤਨਾ ਕੋਈ ਜਿਆਦਾ
ਅੰਦਰਲੇ ਨਸ਼ਿਆਂ ਦਾ ਆਦੀ ਹੈ, ਉਤਨਾ ਹੀ ਉਹ ਬਾਹਰੋਂ ਧਰਮੀ ਦਿਸੇਗਾ ਜਾਂ ਧਰਮੀ ਹੋਣ ਦਾ ਦਿਖਾਵਾ
ਕਰੇਗਾ। ਪਰ ਅੰਦਰਲੇ ਨਸ਼ਿਆਂ ਦਾ ਇੱਕ ਪੱਖ ਹੋਰ ਵੀ ਹੈ, ਉਹ ਹੈ ਅਸਲੀ ਨਸ਼ੇ। ਜਿਨ੍ਹਾਂ ਨੂੰ ਉਹ ਸੱਚੇ
ਨਸ਼ੇ ਲੱਗ ਜਾਣ ਛੱਡਦਾ ਉਹ ਵੀ ਨਹੀਂ। ਫਿਰ ਜਾਨ ਭਾਵੇਂ ਚਲੀ ਜਾਏ, ਨਸ਼ਾ ਨਹੀਂ ਛੱਡੇਗਾ। ਉਹ ਨਸ਼ੇ ਹਨ,
ਹੱਕ, ਸੱਚ, ਇਨਸਾਫ, ਮਨੁੱਖੀ ਬਰਾਬਰਤਾ, ਸਾਂਝੀਵਾਲਤਾ, ਸਰਬੱਤ ਦਾ ਭਲਾ ਆਦਿ ਲਈ ਖੜਨਾ ਤੇ ਸੰਘਰਸ਼
ਕਰਨਾ, ਕਾਮ (ਭਾਵ ਇਛਾਵਾਂ, ਕਾਮਨਾਵਾਂ) ਦਾ ਤਿਆਗ, ਨਿਮਰਤਾ ਵਿੱਚ ਰਹਿਣਾ, ਵੰਡ ਛਕਣਾ, ਸਭ ਲਈ
ਪਿਆਰ, ਸਤਿਕਾਰ ਆਦਿ ਗੁਣ। ਇਤਿਹਾਸ ਗਵਾਹ ਹੈ ਕਿ ਸਦਪੁਰਸ਼ ਜੋ ਅਜਿਹੇ ਨਸ਼ਿਆਂ ਦੇ ਆਦੀ ਸਨ, ਉਹ ਫਿਰ
ਹੱਸ-ਹੱਸ ਕੇ ਜਾਨਾਂ ਤੇ ਵਾਰ ਗਏ, ਪਰ ਪਿੱਛੇ ਨਹੀਂ ਹਟੇ। ਅਸਲੀ ਧਰਮ ਮਨੁੱਖ ਨੂੰ ਅਜਿਹੇ ਨਸ਼ਈ
ਬਣਾਉਂਦਾ ਹੈ ਕਿ ਤੁਸੀਂ ਹਮੇਸ਼ਾਂ ਲਈ ਜਾਗ ਜਾਉ। ਜਿੱਥੇ ਬਾਹਰੀ ਤੇ ਅੰਦਰਲੇ ਭੈੜੇ ਨਸ਼ੇ ਮਨੁੱਖ ਨੂੰ
ਸਵਾਉਂਦੇ ਹਨ, ਨੀਂਦ ਵਿੱਚ ਲਿਜਾਂਦੇ ਹਨ, ਬੇਹੋਸ਼ ਕਰਦੇ ਹਨ, ਮੱਤ ਮਾਰਦੇ ਹਨ, ਉੱਥੇ ਅਸਲੀ ਨਸ਼ੇ
ਮਨੁੱਖ ਨੂੰ ਸੁਰਤ ਜਾਂ ਹੋਸ਼ ਵਿੱਚ ਲਿਆਉਂਦੇ ਹਨ। ਇਸੇ ਕਰਕੇ ਮੈਂ ਅਕਸਰ ਕਹਿੰਦਾ ਹਾਂ ਕਿ ਧਰਮ
ਅੰਦਰੋਂ ਜਾਗਣ ਦਾ ਨਾਮ ਹੈ, ਅਗਿਆਨਤਾ ਦੇ ਹਨ੍ਹੇਰੇ ਵਿਚੋਂ ਨਿਕਲ ਕੇ ਸੱਚ ਦੇ ਚਾਨਣ ਵਿੱਚ ਤੁਰਨ ਦਾ
ਨਾਮ ਹੈ, ਵਹਿਮਾਂ-ਭਰਮਾਂ-ਕਰਮਕਾਡਾਂ ਦੇ ਮਕੜਜਾਲ ਵਿਚੋਂ ਨਿਕਲ ਕੁਦਰਤ ਨਾਲ ਇੱਕਮਿਕ ਹੋ ਕੇ ਵਿਚਰਨ
ਦਾ ਨਾਮ ਹੈ। ਇਸ ਲਈ ਜਦੋਂ ਮਨੁੱਖ ਅੰਦਰੋਂ ਜਾਗ ਪੈਂਦਾ ਹੈ, ਫਿਰ ਉਹ ਬਾਹਰੀ ਨਸ਼ਿਆਂ (ਕਾਮ, ਕ੍ਰੋਧ,
ਲੋਭ, ਮੋਹ, ਹੰਕਾਰ ਆਦਿ) ਦੇ ਪ੍ਰਭਾਵ ਤੋਂ ਉੱਪਰ ਉਠ ਜਾਂਦਾ ਹੈ।
ਨਕਲੀ ਧਰਮ ਸਾਨੂੰ ਬਾਹਰੀ ਤੇ ਅੰਦਰਲੇ ਭੈੜੇ ਨਸ਼ਿਆਂ ਦੀ ਦਲ-ਦਲ ਵਿੱਚ ਫਸਾਉਂਦੇ ਹਨ, ਉਹ ਨਹੀਂ
ਚਾਹੁੰਦੇ ਕਿ ਮਨੁੱਖ ਅਸਲੀ ਧਰਮ ਨਾਲ ਜੁੜ ਕੇ ਅੰਦਰੋਂ ਜਾਗ ਜਾਏ ਕਿਉਂਕਿ ਪੁਜਾਰੀਆਂ ਲਈ ਧਰਮ ਇੱਕ
ਧੰਦਾ ਹੈ, ਉਨ੍ਹਾਂ ਦਾ ਧੰਦਾ ਤਦ ਤੱਕ ਹੀ ਚਲ ਸਕਦਾ ਹੈ, ਜਦ ਤੱਕ ਮਨੁੱਖ ਨੀਂਦ ਵਿੱਚ ਰਹੇ।
ਅਗਿਆਨਤਾ ਤੇ ਅੰਧ ਵਿਸ਼ਵਾਸ਼, ਵਿੱਚ ਫਸਿਆ ਰਹੇ। ਜਾਗੇ ਹੋਏ ਮਨੁੱਖ ਉਨ੍ਹਾਂ ਨੂੰ ਚੰਗੇ ਨਹੀਂ ਲਗਦੇ।
ਅੱਜ ਦੇ ਪ੍ਰਚਲਤ ਜਥੇਬੰਦਕ ਸਾਰੇ ਧਰਮ ਨਕਲੀ ਹਨ ਤੇ ਇਨ੍ਹਾਂ ਤੇ ਕਾਬਿਜ਼ ਧਰਮ ਨੂੰ ਧੰਦਾ ਬਣਾਈ ਬੈਠੇ
ਪੁਜਾਰੀਆਂ ਅਤੇ ਸਰਬ ਸਾਂਝੇ ਮਨੁੱਖੀ ਸਾਧਨਾਂ ਤੇ ਕਬਜਾ ਕਰਕੇ ਆਪਣੇ ਮੁਨਾਫੇ ਲਈ ਲੁੱਟਣ ਵਾਲੇ
ਰਾਜਨੀਤਕ ਤੇ ਸਰਮਾਏਦਾਰ ਲਾਣੇ ਦਾ ਪੂਰਾ ਕੰਟਰੋਲ ਹੈ। ਇਹ ਤਿੰਨੇ ਰਲ ਕੇ ਸਦੀਆਂ ਤੋਂ ਸਮਾਜ ਦੀ ਹਰ
ਪੱਧਰ ਤੇ ਲੁੱਟ ਦਾ ਧਰਮ ਦੇ ਨਾਮ ਤੇ ਧੰਦਾ ਕਰਦੇ ਆ ਰਹੇ ਹਨ। ਸਦੀਆਂ ਤੋਂ ਜਾਗੇ ਧਰਮੀ ਪੁਰਸ਼ਾਂ ਤੇ
ਉਨ੍ਹਾਂ ਦੀ ਵਿਚਾਰਧਾਰਾ ਨੂੰ ਖਤਮ ਕਰਨ ਦੀ ਘਟੀਆ ਖੇਡ ਖੇਡਦੇ ਰਹੇ ਹਨ ਤੇ ਇਹ ਖੇਡ ਅੱਜ ਵੀ ਉਸੇ
ਤਰ੍ਹਾਂ ਜਾਰੀ ਹੈ। ਆਮ ਸ਼ਰਧਾਲੂ ਮਨੁੱਖ ਦੀ ਹਮੇਸ਼ਾਂ ਇਹ ਤਰਾਸਦੀ ਇਹ ਰਹੀ ਹੈ ਕਿ ਉਹ ਪੁਜਾਰੀਆਂ ਦੇ
ਢਹੇ ਚੜ੍ਹ ਕੇ ਸ਼ਰਧਾ ਤੇ ਅੰਧ ਵਿਸ਼ਵਾਸ਼ ਦੇ ਨਸ਼ੇ ਵਿੱਚ ਬੇਹੋਸ਼ ਰਹਿੰਦਾ ਹੈ ਤੇ ਜਾਗੇ ਹੋਏ ਤੇ
ਮਨੁੱਖਤਾ ਨੂੰ ਜਗਾਉਣਾ ਦਾ ਹੋਕਾ ਦੇਣ ਵਾਲੇ ਮਹਾਂਪੁਰਸ਼ਾਂ ਖਿਲਾਫ ਲੜਦਾ ਰਿਹਾ ਤੇ ਸਮਾਂ ਪਾ ਕੇ
ਜਦੋਂ ਉਹ ਧਰਮੀ ਪੁਰਸ਼ ਇਸ ਸੰਸਾਰ ਤੋਂ ਚਲੇ ਜਾਂਦੇ ਹਨ ਤੇ ਪੁਜਾਰੀ ਉਨ੍ਹਾਂ ਦੀ ਸਰਬ ਸਾਂਝੀ
ਵਿਚਾਰਧਾਰਾ ਤੇ ਨਵਾਂ ਧਾਰਮਿਕ ਫਿਰਕਾ ਖੜ੍ਹਾ ਕਰ ਲੈਂਦਾ ਹੈ ਤਾਂ ਉਹੀ ਸ਼ਰਧਾਲੂ ਫਿਰ ਉਨ੍ਹਾਂ ਹੀ
ਮਹਾਂਪੁਰਸ਼ਾਂ ਦੀ ਪੂਜਾ ਕਰਨ ਲਗਦੇ ਹਨ।
ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਇਨ੍ਹਾਂ ਜਥੇਬੰਦਕ ਨਕਲੀ ਧਰਮਾਂ ਨੇ ਸਮਾਜ ਵਿੱਚ ਹਮੇਸ਼ਾਂ
ਮੂਰਛਾ ਜਾਂ ਬੇਹੋਸ਼ੀ ਪੈਦਾ ਕੀਤੀ ਹੈ। ਇਨ੍ਹਾਂ ਦੇ ਪੁਜਾਰੀਆਂ ਨੇ ਆਪਣੀ ਲੁੱਟ ਦਾ ਧੰਦਾ ਜਾਰੀ ਰੱਖਣ
ਤੇ ਸਿਆਸੀ ਲੋਕਾਂ ਨੂੰ ਖੁਸ਼ ਕਰਨ ਲਈ ਹਮੇਸ਼ਾਂ ਆਪਣੇ ਸ਼ਰਧਾਲੂਆਂ ਨੂੰ ਸ਼ਰਧਾ ਰੂਪੀ ਅਫੀਮ ਦੇ ਗੱਫੇ
ਬਖਸ਼ੇ ਹਨ ਤਾਂ ਕਿ ਸਿਆਸੀ ਲੋਕ ਆਮ ਜਨਤਾ ਤੇ ਆਸਾਨੀ ਨਾਲ ਹਕੂਮਤ ਕਰ ਸਕਣ। ਨਸ਼ਿਆਂ ਵਿਰੁੱਧ ਪ੍ਰਚਾਰ
ਕਰਨ ਦਾ ਦਾਅਵਾ ਕਰਨ ਵਾਲੇ ਇਨ੍ਹਾਂ ਨਕਲੀ ਧਰਮਾਂ ਦੇ ਪੁਜਾਰੀ ਖੁਦ ਭੰਗ, ਅਫੀਮ, ਸ਼ਰਾਬ, ਚਰਸ,
ਗਾਂਜਾ ਆਦਿ ਨਸ਼ੇ ਕਰਦੇ ਆਮ ਹੀ ਦੇਖੇ ਜਾ ਸਕਦੇ ਹਨ। ਕਈ ਤਾਂ ਅਜਿਹਾ ਪ੍ਰਚਾਰ ਵੀ ਕਰਦੇ ਹਨ ਕਿ ਉਹ
ਨਸ਼ੇ ਆਪਣੀ ਸੁਰਤ ਨੂੰ ਦਸਵੇਂ ਦੁਆਰ ਲਿਜਾਣ ਲਈ ਕਰਦੇ ਹਨ। ਉਨ੍ਹਾਂ ਅਨੁਸਾਰ ਜਦ ਤੱਕ ਮਨੁੱਖ ਦਾ
ਦਸਵਾਂ ਦੁਆਰ ਨਹੀਂ ਖੁੱਲ੍ਹਦਾ, ਉਦੋਂ ਤੱਕ ਰੱਬ ਦੇ ਦਰਸ਼ਣ ਨਹੀਂ ਹੁੰਦੇ। ਇਨ੍ਹਾਂ ਦੇ ਸਿਮਰਨ, ਭਜਨ
ਬੰਦਗੀ, ਮੰਤਰ ਜਾਪ, ਗ੍ਰੰਥਾਂ ਦੇ ਪਾਠ ਆਦਿ ਤੁਹਾਨੂੰ ਸੁਆਉਣ ਦੇ ਵੱਖ-ਵੱਖ ਤਰੀਕੇ ਹਨ। ਇਸ ਤਰ੍ਹਾਂ
ਅਸੀਂ ਦੇਖਦੇ ਹਾਂ ਕਿ ਨਸ਼ਿਆਂ ਅਧਾਰਿਤ ਨਕਲੀ ਧਰਮ ਹਮੇਸ਼ਾਂ ਤੁਹਾਨੂੰ ਸੁਲਾਉਣ ਦੀ ਕੋਸ਼ਿਸ਼ ਕਰਦਾ ਹੈ,
ਤੁਹਾਨੂੰ ਬੇਹੋਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ। ਨਸ਼ਿਆਂ ਵਾਲੇ ਨਕਲੀ ਧਰਮ ਦੇ ਪੁਜਾਰੀ ਕੋਲ ਤੁਹਾਨੂੰ
ਬੇਹੋਸ਼ ਕਰਨ, ਸੁਲਾਉਣ ਦੇ ਬਹੁਤ ਵੱਖਰੇ ਵੱਖਰੇ ਟੀਕੇ ਹਨ, ਗੋਲੀਆਂ ਹਨ, ਤੁਸੀਂ ਆਪਣੀ ਤਕਲੀਫ ਦੱਸੀ
ਨਹੀਂ ਤੇ ਉਸ ਨੇ ਝੱਟ ਟੀਕਾ ਠੋਕ ਦਿੱਤਾ। ਸਮਾਜ ਵਿੱਚ ਕਾਣੀ ਵੰਡ ਕਾਰਨ, ਪਾਪਾਂ ਦੀ ਕਮਾਈ ਨਾਲ ਜਾਂ
ਫਿਰ ਆਪਣੀ ਮਿਹਨਤ ਨਾਲ ਕੋਈ ਵਿਅਕਤੀ ਜਾਂ ਪਰਿਵਾਰ ਅੱਗੇ ਨਿਕਲ ਗਿਆ ਤੇ ਖੁਸ਼ਹਾਲ ਜਿੰਦਗੀ ਜਿਉਂਦਾ
ਹੈ ਤੇ ਦੂਸਰਾ ਵਿਚਾਰਾ ਸਾਰੀ ਉਮਰ ਮਿਹਨਤ ਮੁਸ਼ੱਕਤ ਕਰਦਾ ਹੈ, ਪਰ ਫਿਰ ਵੀ ਪੂਰੀ ਨਹੀਂ ਪੈਂਦੀ।
ਜਦੋਂ ਸ਼ਰਧਾਲੂ ਇਸ ਬਾਰੇ ਸਵਾਲ ਕਰਦਾ ਹੈ ਤਾਂ ਪੁਜਾਰੀ ਝੱਟ ਟੀਕਾ ਲਗਾਉਂਦਾ ਹੈ ਕਿ ਇਹ ਸਭ ਕਰਮਾਂ
ਦੀ ਖੇਡ ਹੈ। ਇਹ ਖੁਸ਼ਹਾਲ ਵਿਅਕਤੀ ਆਪਣੇ ਪਿਛਲੇ ਜਨਮਾਂ ਦੇ ਚੰਗੇ ਕਰਮਾਂ ਦੇ ਫਲ ਭੁਗਤ ਰਿਹਾ ਹੈ,
ਦਰਿੱਦਰ ਭੋਗ ਰਿਹਾ ਮਨੁੱਖ ਆਪਣੇ ਪਿਛਲੇ ਮਾੜੇ ਕਰਮਾਂ ਦਾ ਫਲ ਭੁਗਤ ਰਿਹਾ ਹੈ, ਇਸ ਵਿੱਚ ਸਮਾਜਿਕ
ਜਾਂ ਰਾਜਨੀਤਕ ਵਿਵਸਥਾ ਦਾ ਕੋਈ ਰੋਲ ਨਹੀਂ। ਉਹ ਮਨੁੱਖ ਨੂੰ ਕਦੇ ਵੀ ਇਹ ਨਹੀਂ ਸਮਝਾਉਂਦਾ ਕਿ
ਤਾਕਤਵਰ ਤੇ ਸ਼ੈਤਾਨ ਲੋਕਾਂ ਨੇ ਗੱਠਜੋੜ ਕਰਕੇ ਸਾਂਝੇ ਮਨੁੱਖੀ ਸਾਧਨਾਂ ਤੇ ਕਬਜਾ ਕਰਕੇ ਆਪਣੀ ਮਰਜੀ
ਨਾਲ ਕੀਤੀ ਕਾਣੀ ਵੰਡ ਤੇ ਵਿਤਕਰਿਆਂ ਕਾਰਨ ਕੁੱਝ ਲੋਕ ਖੁਸ਼ਹਾਲ ਤੇ ਬਹੁਤੇ ਕੰਗਾਲ ਹੋ ਗਏ ਹਨ। ਇਹ
ਵਿਵਸਥਾ ਸੰਘਰਸ਼ ਕਰਨ ਨਾਲ ਹੀ ਖਤਮ ਹੋਵੇਗੀ। ਕਿਸੇ ਹੋਰ ਨੇ ਅਸਮਾਨੋ ਉਤਰ ਕੇ ਇਹ ਵਿਵਸਥਾ ਨਹੀਂ
ਬਦਲਣੀ। ਪੁਜਾਰੀ ਕਦੇ ਅਜਿਹਾ ਨਹੀਂ ਕਰਦਾ ਕਿਉਂਕਿ ਉਸਦਾ ਧੰਦਾ ਤਦ ਹੀ ਚਲਦਾ ਜੇ ਮਨੁੱਖ ਬੇਹੋਸ਼
ਰਹਿੰਦਾ ਹੈ।
ਪੁਜਾਰੀਆਂ ਕੋਲ ਮਨੁੱਖ ਨੂੰ ਬੇਹੋਸ਼ ਤੇ ਨਸ਼ਈ ਰੱਖਣ ਦੇ ਬੜੇ ਨੁਸਖੇ ਹਨ। ਕੋਈ ਬੰਦਾ ਆਪਣੇ ਦੁੱਖ
ਤਕਲੀਫਾਂ ਤੋਂ ਦੁਖੀ ਹੈ, ਉਸਨੂੰ ਪਤਾ ਨਹੀਂ ਚਲਦਾ ਕਿ ਕੀ ਕਰੇ, ਕਿਸ ਤੋਂ ਸੇਧ ਲਵੇ। ਮਨੁੱਖ ਜਾਂਦਾ
ਹੈ ਧਰਮ ਦੇ ਪੁਜਾਰੀ ਕੋਲ ਆਪਣੀ ਫਰਿਆਦ ਲੈ ਕੇ। ਅੱਗੇ ਪੁਜਾਰੀ ਸਰਿੰਜ ਭਰ ਕੇ ਖੜ੍ਹਾ ਹੁੰਦਾ ਹੈ,
ਟੀਕਾ ਲਾਉਂਦਾ ਹੈ ਅਰਦਾਸ ਦਾ। ਉਸਨੂੰ ਸਮੱਸਿਆਵਾਂ ਦਾ ਸਹੀ ਹੱਲ ਦੱਸਣ ਦੀ ਥਾਂ ਕਹਿੰਦਾ ਹੈ ਬੱਸ
ਰੱਬ ਅੱਗੇ ਅਰਦਾਸ ਕਰ, ਆਪੇ ਭਲੀ ਕਰੇਗਾ। ਕਰ ਮੰਤਰ ਪਾਠ ਜਾਂ ਕਰ ਪੂਜਾ ਪਾਠ ਜਾਂ ਸੁੱਖ ਕੋਈ
ਸੁੱਖਣਾ, ਸਭ ਦੁੱਖ ਦੂਰ ਹੋ ਜਾਣਗੇ। ਬੰਦੇ ਨੂੰ ਰੱਬ ਦਾ ਧਰਵਾਸ ਮਿਲ ਗਿਆ। ਤੁਰਿਆ ਫਿਰੇਗਾ, ਫਿਰ
ਇਸ ਨਸ਼ੇ ਦੇ ਲੋਰ ਵਿੱਚ ਕਿ ਰੱਬ ਆਪੇ ਸਭ ਠੀਕ ਕਰੇਗਾ। ਕੋਈ ਵਿਅਕਤੀ ਜੁਲਮ ਜਬਰ ਧੱਕੇ ਦਾ ਸ਼ਿਕਾਰ ਹੋ
ਕੇ ਪੁਜਾਰੀ ਕੋਲ ਜਾਂਦਾ ਤਾਂ ਅੱਗੇ ਪੁਜਾਰੀ ਇੱਕ ਹੋਰ ਟੀਕਾ ਲਾਉਂਦਾ ਹੈ ਕਿ ਰੱਬ ਦੇ ਘਰ ਦੇਰ ਹੈ
ਅੰਧੇਰ ਨਹੀਂ। ਉਹ ਸਾਰੀ ਉਮਰ ਇਨਸਾਫ ਉਡੀਕਦਾ ਮਰ ਜਾਂਦਾ ਹੈ, ਉਸਨੂੰ ਅਫੀਮ ਛਕਾ ਦਿੱਤੀ ਕਿ ਰੱਬ
ਆਪੇ ਇਨਸਾਫ ਕਰੂ, ਆਪੇ ਸਜਾਵਾਂ ਦੇਊ। ਪੁਜਾਰੀ ਕਦੇ ਮਨੁੱਖ ਨੂੰ ਦੁੱਖਾਂ, ਦਰਦਾਂ, ਮੁਸੀਬਤਾਂ,
ਬੇਇਨਸਾਫੀਆਂ, ਜੁਲਮਾਂ ਵਿਰੁੱਧ ਸੰਘਰਸ਼ ਕਰਨ ਲਈ ਨਹੀਂ ਪ੍ਰੇਰਦਾ। ਉਸਨੂੰ ਪਤਾ ਹੈ ਕਿ ਜੇ ਅੱਜ ਇਹ
ਦੂਜਿਆਂ ਖਿਲਾਫ ਸੰਘਰਸ਼ ਕਰੇਗਾ ਤਾਂ ਕੱਲ੍ਹ ਨੂੰ ਮੇਰੇ ਖਿਲਾਫ ਵੀ ਸੰਘਰਸ਼ ਕਰੇਗਾ ਜਾਂ ਮੇਰੇ ਸਿਆਸੀ
ਪ੍ਰਭੂਆਂ ਤੇ ਸਰਮਾਏਦਾਰਾਂ ਖਿਲਾਫ ਖੜੇਗਾ। ਇਸ ਲਈ ਉਹ ਚਾਹੁੰਦਾ ਹੈ ਕਿ ਮਨੁੱਖ ਆਤਮਿਕ ਤੌਰ ਤੇ
ਸੁੱਤਾ ਰਹੇ। ਬੇਹੋਸ਼ ਰਹੇ, ਮਦਹੋਸ਼ ਰਹੇ। ਉਹ ਸ਼ਰਧਾ ਜਾਂ ਅਗਲੇ ਜਨਮਾਂ ਦੇ ਝੂਠੇ ਲਾਰਿਆਂ ਵਿੱਚ ਫਸਿਆ
ਰਹੇ। ਹੋਰ ਦੇਖੋ ਕਿਸੇ ਦੇ ਘਰ ਮੌਤ ਹੋ ਜਾਂਦੀ ਹੈ, ਪਰਿਵਾਰ ਦੁਖੀ ਹੈ, ਪੁਜਾਰੀ ਨੇ ਮਨੁੱਖ ਨੂੰ
ਕੁਦਰਤ ਦਾ ਅਟੱਲ ਨਿਯਮ ਸਮਝਾਉਣ ਦੀ ਥਾਂ, ਇੱਕ ਹੋਰ ਮੌਰਫਿਨ ਦੀ ਡੋਜ਼ ਦੇ ਦਿੱਤੀ, ਅਖੇ ਆਤਮਾ ਅਮਰ
ਹੈ, ਉਹ ਮਰਦੀ ਨਹੀਂ, ਬਸ ਚੋਲਾ ਬਦਲਦੀ ਹੈ, ਪੂਜਾ ਪਾਠ ਕਰਾਉ, ਮੈਂ ਅਰਦਾਸ ਕਰਾਂਗਾ, ਉਸਦੇ ਸਚਖੰਡ
ਵਾਸੇ ਲਈ, ਗੁਰੂ ਦੇ ਚਰਨਾਂ ਵਿੱਚ ਨਿਵਾਸ ਲਈ, ਸਵਰਗਾਂ ਵਿੱਚ ਟਿਕਟ ਪੱਕੀ ਕਰਨ ਲਈ। ਜਿਸ ਤਰ੍ਹਾਂ
ਪਹਿਲਾਂ ਵੀ ਕਈ ਵਾਰ ਗੱਲ ਕੀਤੀ ਹੈ ਕਿ ਮਨੁੱਖ ਕੁਦਰਤੀ ਤੌਰ ਤੇ ਸੁਭਾਅ ਪੱਖੋਂ ਆਲਸੀ ਜੀਵ ਹੈ, ਉਹ
ਚਾਹੁੰਦਾ ਹੈ ਕਿ ਚੁਟਕੀ ਮਾਰਨ ਨਾਲ, ਕਿਸੇ ਮੰਤਰ-ਜੰਤਰ ਨਾਲ, ਕਿਸੇ ਗ਼ੈਬੀ ਸ਼ਕਤੀ ਨਾਲ ਉਸਦੀਆਂ ਸਭ
ਦੁੱਖ ਮੁਸੀਬਤਾਂ ਹੱਲ ਹੋ ਜਾਣ, ਉਸਨੂੰ ਜੀਵਨ ਦੀਆਂ ਸਭ ਸੁੱਖ ਸਹੂਲਤਾਂ ਮਿਲ ਜਾਣ। ਪੁਜਾਰੀ ਮਨੁੱਖ
ਦੀ ਇਹ ਬੁਨਿਆਦੀ ਕਮਜ਼ੋਰੀ ਨੂੰ ਸਮਝਦਾ ਹੈ। ਇਸ ਲਈ ਉਹ ਉਸ ਨੂੰ ਨੀਮ ਬੇਹੋਸ਼ ਰੱਖਣਾ ਚਾਹੁੰਦਾ ਹੈ,
ਉਹ ਚਾਹੁੰਦਾ ਹੈ ਕਿ ਸ਼ਰਧਾਲੂ ਮਾਨਸਿਕ ਪੱਧਰ ਤੇ ਹੀਣਾ ਬਣਿਆ ਰਹੇ। ਉਸ ਅੱਗੇ ਜਾਂ ਉਸ ਦੁਆਰਾ ਬਣਾਏ
ਕਲਪਿਤ ਰੱਬ ਜਾਂ ਦੇਵੀ ਦੇਵਤੇ ਅੱਗੇ ਹੱਥ ਜੋੜੀ, ਸਿਰ ਝੁਕਾਈ ਖੜਾ ਰਹੇ। ਮਨੁੱਖ ਆਲਸੀ ਹੋਣ ਕਾਰਨ
ਸੰਘਰਸ਼ ਕਰਨ ਤੋਂ ਕੰਨੀ ਕਤਰਾਉਂਦਾ ਹੈ, ਭਾਵੇਂ ਉਸਨੂੰ ਵੀ ਪਤਾ ਹੁੰਦਾ ਹੈ ਕਿ ਪੁਜਾਰੀ ਪੱਲੇ ਕੁੱਝ
ਨਹੀਂ, ਪਰ ਫਿਰ ਵੀ ਉਹ ਭਰਮ ਦੇ ਨਸ਼ੇ ਵਿੱਚ ਜੀਣਾ ਪਸੰਦ ਕਰਦਾ ਹੈ। ਪੁਜਾਰੀ ਤੇ ਰਾਜਨੀਤਕ, ਮਨੁੱਖ
ਦੀਆਂ ਇਨ੍ਹਾਂ ਬੁਨਿਆਦੀ ਕਮਜੋਰੀਆਂ ਤੋਂ ਲਾਭ ਉਠਾ ਕੇ ਸਦੀਆਂ ਤੋਂ ਨਕਲੀ ਧਰਮ ਦਾ ਧੰਦਾ ਕਰਦੇ ਆ
ਰਹੇ ਹਨ।
ਹੁਣ ਸਵਾਲ ਇਹ ਹੈ ਕਿ ਮਨੁੱਖ ਫਿਰ ਕੀ ਕਰੇ ਕਿ ਅਜਿਹੇ ਨਕਲੀ ਧਰਮਾਂ ਵਿੱਚ ਫਸੇ ਹੀ ਨਾ? ਸਾਨੂੰ
ਨਸ਼ਿਆਂ ਅਧਾਰਿਤ ਨਕਲੀ ਧਰਮ ਦੇ ਪੱਖ ਤੋਂ ਇਹ ਗੱਲ ਸਮਝਣ ਦੀ ਲੋੜ ਹੈ ਕਿ ਸਾਰੇ ਨਕਲੀ ਧਰਮ ਬਾਹਰੀ ਤੇ
ਅੰਦਰਲੇ ਨਸ਼ੇ ਵੰਡ ਰਹੇ ਹਨ। ਅਸੀਂ ਇਹ ਸਮਝ ਲਈਏ ਕਿ ਸਾਡੀਆਂ ਸਮੱਸਿਆਵਾਂ ਜਾਂ ਤੇ ਸਾਡੀਆਂ ਆਪਣੀਆਂ
ਗਲਤੀਆਂ ਕਾਰਨ ਹਨ ਤੇ ਜਾਂ ਫਿਰ ਪੁਜਾਰੀਆਂ, ਰਾਜਨੀਤਕਾਂ ਤੇ ਸਰਮਾਏਦਾਰਾਂ ਦੀ ਤਿੱਕੜੀ ਵਲੋਂ ਪੈਦਾ
ਕੀਤੀਆਂ ਹੋਈਆਂ ਹਨ। ਇਹ ਸਮੱਸਿਆਵਾਂ ਇਸ ਧਰਤੀ ਦੀਆਂ ਹਨ ਤੇ ਇਨ੍ਹਾਂ ਦਾ ਹੱਲ ਵੀ ਇਸ ਧਰਤੀ ਤੇ ਹੀ
ਹੋਵੇਗਾ ਅਤੇ ਹੱਲ ਕਰਨਾ ਵੀ ਸਾਨੂੰ ਆਪ ਹੀ ਪਵੇਗਾ। ਬਾਹਰੋਂ ਕਿਸੇ ਸ਼ਕਤੀ ਨੇ ਆ ਕੇ ਇਨ੍ਹਾਂ ਦਾ ਹੱਲ
ਨਹੀਂ ਕਰਨਾ। ਇਸ ਵਾਸਤੇ ਸਾਨੂੰ ਆਪ ਹੀ ਉੱਦਮ ਕਰਨਾ ਪਵੇਗਾ। ਸਾਨੂੰ ਆਪ ਹੀ ਸੰਘਰਸ਼ ਕਰਨਾ ਪਏਗਾ। ਇਹ
ਸੰਘਰਸ਼ ਉਦੋਂ ਤੱਕ ਜਾਰੀ ਰੱਖਣਾ ਪਏਗਾ, ਜਦੋਂ ਤੱਕ ਇਨ੍ਹਾਂ ਨਕਲੀ ਧਰਮਾਂ ਦਾ ਖਾਤਮਾ ਨਹੀਂ ਹੋ
ਜਾਂਦਾ ਤੇ ਸੱਚੇ ਧਰਮ ਦਾ ਬੋਲਬਾਲਾ ਨਹੀਂ ਹੁੰਦਾ। ਭਾਵ ਇਹ ਸੰਘਰਸ਼ ਹਮੇਸ਼ਾਂ ਜਾਰੀ ਰਹੇਗਾ। ਅਸੀਂ
ਆਪਣੇ ਜੀਵਨ ਵਿੱਚ ਆਪਣਾ ਬਣਦਾ ਯੋਗਦਾਨ ਪਾ ਦੇਈਏ। ਇਹ ਸਭ ਤਾਂ ਹੀ ਹੋਵੇਗਾ ਜੇ ਅਸੀਂ ਜਾਗ ਪਈਏ।
ਨਕਲੀ ਧਰਮ ਤੁਹਾਨੂੰ ਸੁਲਾਉਂਦੇ ਹਨ, ਬੇਹੋਸ਼ ਕਰਦੇ ਹਨ, ਤੇ ਅਸਲੀ ਧਰਮ ਜਾਗਣ ਦਾ ਨਾਮ ਹੈ। ਅੰਦਰੋਂ
ਜਾਗੇ ਹੋਏ ਪੁਰਸ਼ ਹੀ ਅਸਲੀ ਧਰਮੀ ਹੁੰਦੇ ਹਨ।