.

ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ!

Mann and Matt

ਸਰਜੀਤ ਸਿੰਘ ਸੰਧੂ, ਯੂ ਐੱਸ ਏ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧੱਕ ਕਮੇਟੀ ਵਲੋਂ ਲਿਖੀ ਗਈ ਅਰਦਾਸ ਵਿੱਚ ਹੇਠ ਲਿਖੀ ਹੋਈ ਲਾਈਨ ਮਿਲਦੀ ਹੈ।

“ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਅਕਾਲਪੁਰਖ”

ਅੱਜਕੱਲ ਦੇ ਸਾਧਾਂ ਅਤੇ ਸੰਤਾਂ ਨੇ, ਭਾਰਤ ਆਜ਼ਾਦ ਹੋਣ ਪਿੱਛੋਂ, ਅਜ਼ਾਦੀ ਦਾ ਫਾਇਦਾ ਲੈਂਦਿਆਂ, ਧਾਰਮਿਕ ਸੋਚਣੀ ਵਿੱਚ, ਭੁਲੇਖਾ ਪਾਉਣ ਲਈ ਇੱਸ ਵਿੱਚ ਕਈ ਤਬਦੀਲੀਆਂ ਅਪਣੀ ਮਨਮਰਜ਼ੀ ਨਾਲ ਕੀਤੀਆਂ ਹਨ; ਜਿਨਾਂ ਬਾਰੇ ਜਾਨਣ ਲਈ ਮੁਕਤਸਰ ਸਾਹਿਬ ਦੇ ਵੱਡੇ ਗੁਰਦੁਆਰੇ ਜਾਣ ਦੀ ਲੋੜ ਹੈ ਅਤੇ ਕੰਧਾਂ ਉੱਪਰ ਨਜ਼ਰ ਮਾਰਨ ਨਾਲ ਸੱਭ ਗਿਆਨ ਮਿਲ ਜਾਂਦਾ ਹੇ। ਅਸੀਂ ਇੱਸ ਲੇਖ ਵਿੱਚ ਕੇਵਲ ਸਿਰਲੇਖ ਦੀ ਹੀ ਵਿਆਖਿਆ ਜਾਂ ਵਰਤੋਂ ਬਾਰੇ ਆਪਣੀ ਰਾਏ ਦੇਵਾਂਗੈ। ਸੰਗਤ ਅਤੇ ਵਿਦਵਾਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਨ੍ਹਾਂ ਵੱਲ ਧਿਆਨ ਦੇਣ ਦੀ ਖੇਚੱਲ ਕਰਨ ਅਤੇ ਸੋਧ ਕਰਨ ਵਾਸਤੇ ਵਸੀਲੇ ਲੱਭਣ।

੧- ਇਨਟਰਨੈੱਤ ਉਤੇ ਪਾਇਆ ਇੱਕ ਕਿਤਾਬਚਾ ਮੇਰੇ ਜਮਾਤੀ ਮਾਸਟਰ ਨਰਿੰਦਰ ਸਿੰਘ ਬੈਂਸ ਨੇ ਵਿੰਡਸਰ, ਕਨੇਡਾ ਤੋਂ ਮੈਨੂੰ ਭੇਜਿਆ ਸੀ। ਇੱਸ ਦੀ ਪਰਖ-ਪਛਾਨ ਕਰਨ ਉਪਰੰਤ ਆਪਣੀ ਰਾਏ ਸਿੱਖ ਸੰਗਤ ਨਾਲ ਸਾਂਝੀ ਕੀਤੀ ਜਾ ਰਹੀ ਹੈ।

ਇੱਸ ਕਿਤਾਬਚੇ ਦਾ ਨਾਉਂ “ਬਾਬੇ ਦੀ ਬਗਦਾਦ ਫੇਰੀ” (ਅੱਖੀਂ ਦੇਖੀ ਹੱਡ ਬੀਤੀ) ਹੈ। ਇੱਸ ਦਾ ਸੰਪਾਦਕ ਕੰਵਰ ਅਜੀਤ ਸਿੰਘ ਹੈ ਅਤੇ ਪਹਿਲੀ ਛਾਪ ਅਪਰੈਲ ੨੦੧੧ ਵਿੱਚ ਹੋਈ ਦੱਸੀ ਜਾਂਦੀ ਹੈ। ਇੱਸ ਵਿੱਚ ਸੰਤ ਸੱਯਦ ਪ੍ਰਿਥੀਪਾਲ ਸਿੰਘ ਦੀ ਕਹਾਣੀ ਬਿਆਨ ਕੀਤੀ ਮਿਲਦੀ ਹੈ। ਅਸੀਂ ਇੱਸ ਕਹਾਣੀ ਦਾ ਮੂਲ਼ ਮੁੱਦਾ ਇੱਸ ਵਿੱਚ ਦਿੱਤੀ ਗਈ ਸਾਖੀ ਬਾਰੇ ਹੀ ਸਾਂਝਾ ਕਰਨ ਦਾ ਯਤਨ ਕਰ ਰਹੇ ਹਾਂ।

ਪਹਿਲਾ ਸਵਾਲ: ਸੰਤ ਸੱਯਦ ਪ੍ਰਿਥੀਪਾਲ ਸਿੰਘ ਕੌਣ ਸੀ? ਇਹ ਬੇਦੀ ਗੋਤਰ ਦਾ ਕਸ਼ਮੀਰੀ ਮੁਸਲਮਾਨ ਸੀ ਜੋ ਭਾਰਤ ਅਜ਼ਾਦ ਹੋਣ ਪਿਛੋਂ ਸਿੰਘ ਸੱਜ ਗਿਆ ਸੀ। ਇੱਸ ਕਿਤਾਬਚੇ ਵਿੱਚ ਦੋ ਗੱਲਾਂ ਉੱਪਰ ਜ਼ੋਰ ਦਿੱਤਾ ਗਿਆ ਮਿਲਦਾ ਹੈ। ਗੁਰੂ ਨਾਨਕ ਦੀ ਹਾਜ਼ਰੀ ਵਿੱਚ ਮੱਕੇ ਦਾ ਘੁੰਮ ਜਾਣਾ ਅਤੇ ਇੱਕ ਚਸ਼ਮੇ ਵਿੱਚੋਂ ਮੁਸਲਮਾਨੀ ਵਜ਼ੂ ਵਾਸਤੇ ਖੁੱਦ ਬਖੁੱਦ ਪਾਣੀ ਦੇ ਨਿਕਲ ਆਉਣ ਦੀ ਕਰਾਮਾਤ ਹੈ।

ਕੀ ਇਹ ਦੋਵੇਂ ਗੱਲਾਂ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਦਿੱਤੀਆਂ ਨਹੀਂ ਮਿਲਦੀਆਂ? ਕੇਵਲ ਸ਼ਬਦਾਂ ਦਾ ਹੇਰ ਫੇਰ ਹੈ।

ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਪੰਜਾਬੀ ਯੂਨੀਵਰਸਟੀ, ਪਟਿਆਲਾ ਵਿੱਚ ਕੰਮ ਕਰਨ ਵਾਲੇ ਵਿਦਵਾਨ ਏਹੋ ਜੇਹੀਆਂ ਕਿਤਾਬਾਂ ਦੇ ਹੱਕ ਵਿੱਚ ਟੀਕਾ ਟਿਪਨੀ ਕਰਕੇ ਆਪਣੀ ਅਗਿਆਨਤਾ ਦਾ ਮਜ਼ਾਕ ਕਿਉਂ ਉਡਾ ਰਹੇ ਹਨ। ਉਹ ਗੁਰਬਾਣੀ ਬਾਰੇ ਆਪਣੀ ਜਾਣਕਾਰੀ ਦਾ ਜਲੂਸ ਕਿਉਂ ਕਢਵਾ ਰਹੇ ਹਨ? ਜਪੁ ਜੀ ਵਿੱਚ ਆਇਆ ਸਲੋਕ ਅਰਥਾਂ ਸਮੇਤ ਹੇਠਾਂ ਦਿੱਤਾ ਗਿਆ ਹੈ।

ਆਪਿ ਨਾਥੁ, ਨਾਥੀ ਸਭ ਜਾ, ਕੀ ਰਿਧਿ ਸਿਧਿ ਅਵਰਾ ਸਾਦ। ੨੯॥

ਅਰਥ: ਅਕਾਲਪੁਰਖ ਆਪ ਹੀ ਇੱਸ ਸੰਸਾਰ ਦਾ ਨਾਥ ਹੈ, ਭਾਵ ਚਲਾਉਣ ਵਾਲਾ ਕਰਤਾ ਪੁਰਖ ਹੈ। ਜੋਗ-ਸਾਧਨਾ ਰਾਹੀਂ ਪ੍ਰਾਪਤ ਹੋਈਆਂ ਰਿੱਧੀਆਂ ਅਤੇ ਸਿੱਧੀਆਂ ਵਿਅਰਥ ਹਨ। ੨੯।

ਕਿਸੇ ਵਿਅੱਕਤੀ ਦਾ ਰਿਧੀਆਂ ਅਤੇ ਸਿਧੀਆਂ ਰਾਹੀਂ ਧਰਤੀ ਵਿੱਚੋਂ ਪਾਣੀ ਪ੍ਰਾਪਤ ਕਰਨਾ ਵੀ ਅਕਾਲਪੁਰਖ ਦੇ ਕਾਇਦੇ-ਕਾਨੂਨਾਂ ਦੀ ਉਲੰਘਣਾ ਹੀ ਮੰਨੀ ਜਾਵੇਗੀ।

ਇੱਸ ਪੁਸਤੱਕ ਦਾ ਰੀਵੀਊ ਕਰਨ ਵਾਲੇ ਵਿਦਵਾਨ ਨੂੰ ਇੱਕ ਗੱਲ ਦੀ ਸ਼ਾਬਾਸ਼ ਦੇਣੀ ਜਰੂਰੀ ਹੈ, ਕਿ ਉੱਸ ਨੇ ਸੱਯਦ ਸਾਹਿਬ ਨੂੰ ਸਿੰਘ ਸਜਾਉਣ ਵਾਸਤੇ ਖੰਡੇ ਦੀ ਪਹੁਲ ਦੇ ਸ਼ਬਦ ਦੀ ਵਰਤੋਂ ਕੀਤੀ ਹੈ। ਪ੍ਰੋਫੈਸੱਰ ਹਿੰਮੱਤ ਸਿੰਘ ਪਹਿਲਾ ਸਿੱਖ ਵਿਦਵਾਨ ਮਿਲਿਆ ਹੈ ਜਿਸ ਨੇ ਗੋਵਿੰਦ ਸਿੰਘ ਨਿਰਮਲ-ਉਦਾਸੀ ਵਲੋਂ ਲਿਖਿਆ ਗ਼ਲਤ ਸ਼ਬਦ ਅੰਮ੍ਰਿਤੁ ਸੰਸਕਾਰ ਨਹੀਂ ਵਰਤਿਆ। ਗੋਵਿੰਦ ਸਿੰਘ ਨਿਰਮਲ-ਉਦਾਸੀ ਨੇ ਗੁਰਬਾਣੀ ਵਿੱਚ ਲਿਖੇ ਸ਼ਬਦ ਅੰਮ੍ਰਿਤ ਨੂੰ ਅੰਮ੍ਰਿਤ ਸੰਸਾਕਾਰ ਦੀ ਰਸਮ ਕਹਿਕੇ ਨਕਾਰਿਆ ਹੈ; ਅਤੇ ਸਾਰੀ ਸਿੱਖ ਹਿਸਟਰੀ ਵਿੱਚ ਖੰਡੇ ਦੀ ਪਹੁਲ ਦੁਆਰਾ ਸਿੱਖ ਤੋਂ ਸਿੰਘ ਦੀ ਸਾਜਣਾ ਕੀਤੀ ਜਾਨ ਵਾਲੀ ਰਸਮ ਤੋਂ ਇਨਕਾਰ ਕੀਤਾ ਹੈ। ਇੰਜ ਜਾਪਦਾ ਹੈ ਕਿ ਉੱਸ ਨੇ ਅੰਗ੍ਰੇਜ਼ ਸਰਕਾਰ ਪੱਖੀ ਸਿੱਖਾਂ ਦੇ ਧੜੇ ਦੀ ਗਲਤ ਮਦਦ ਕੀਤੀ ਹੈ। ਜਿੱਸ ਵਿੱਚ ਸਰਦਾਰ ਸੁੰਦਰ ਸਿੰਘ ਮਜੀਠੇ ਵਰਗੇ ਸਿਆਸੀ ਬੰਦੇ, ਪ੍ਰੋਫੈੱਸਰ ਤੇਜਾ ਸਿੰਘ, ਖਾਲਸਾ ਕਾਲਜ, ਅੰਮ੍ਰਿਤਾਰ ਵਰਗੇ ਨਵੇਂ ਖ਼ੁਦਗਰਜ਼ ਸਿੱਖ ਅਤੇ ਮਾਲਵੇ ਦੇ ਸਿੱਖ ਰਾਜੇ ਸ਼ਾਮਿਲ ਸਨ। ਗੋਵਿੰਦ ਸਿੰਘ ਨਿਰਮਲ-ਉਦਾਸੀ ਦੀ ਕਿਰਤ ੧੯੦੨ ਵਿੱਚ ਛਪੀ ਸੀ ਜਦੋਂ ਸਿੱਖ ਰਹਿਤ ਮਰਯਾਦਾ ਬਨਾਉਣ ਵਾਸਤੇ ਕਮੇਟੀ ਬਨਾਉਣ ਦਾ ਮਸਲਾ ਵਿਚਾਰਿਆ ਜਾ ਰਿਹਾ ਸੀ।

੨-ਪ੍ਰੋਫੈੱਸਰ ਗੁਰਬਚਨ ਸਿੰਘ ਤਾਲਿਬ ਪੰਜਾਬ ਅਤੇ ਪੰਜਾਬੀ ਯੂਨੀਵਰਸਟੀ ਵਿੱਚ ਕਾਫੀ ਦੇਰ ਸੇਵਾ ਕਰਦੇ ਰਹੇ ਹਨ। ੳਨ੍ਹਾਂ ਗੁਰੂ ਨਾਨਕ ਫੌਂਨਡੇਸ਼ਨ, ਨਵੀਂ ਦਿੱਲੀ ਵਾਸਤੇ ਨਿੱਤਨੇਮ ਦਾ ਉਲੱਥਾ ਇੰਗਲਿਸ਼ ਵਿੱਚ ਕੀਤਾ ਸੀ, ਜੋ ਦਾਸ ਪਾਸ ਹੈ। ਇੱਸ ਉਲੱਥੇ ਵਿੱਚ ਸਲੋਕ (੨੯) ਦੇ ਵਿੱਚ ਆਏ ਸ਼ਬਦਾਂ ਦਾ ਉਲ਼ਥਾ ਹੇਠਾਂ ਦਿੱਤਾ ਗਿਆ।

Desire for miraculous powers is the path of false satisfaction.(29).

ਨਿੱਤਨੇਮ ਦੇ ਮੁੱਖਬੰਦ ਵਿੱਚ ਤਾਲਿਬ ਸਾਹਿਬ ਦਾ ਇਹ ਕਹਿਣਾ ਕਿ ਗੁਰੂ ਨਾਨਕ ਬਚਪੱਨ ਵਿੱਚ ਹੀ ਕਰਾਮਾਤਾਂ ਵਿਖਾਉਣ ਲੱਗ ਪਿਆ ਸੀ।

Guru Nanak showed miraculous powers even in his childhood.

ਇਹ ਮਨ ਨੀਵਾਂ ਅਤੇ ਮੱਤ ਉੱਚੀ ਹੋਣ ਦਾ ਸਬੂਤ ਕਿਹੋ ਜੇਹੀ ਕੁੜੱਨ ਭਰਿਆ ਮਿਲਦਾ ਹੈ। ਕੀ ਅਸੀਂ ਬੁੱਤ ਪੂਜਾ ਨੂੰ ਛੱਡ ਸਕਦੇ ਹਾਂ?

੩- ਅਰਦਾਸ ਵਿੱਚ ਇੱਕ ਹੋਰ ਸਲੋਕ ਵੀ ਲਿਖਿਆ ਮਿਲਦਾ ਹੈ ਜੋ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਨਹੀਂ ਦਿੱਤਾ ਗਿਆ।

ਨਾਨਕ ਨਾਮ ਚੜ੍ਹਧੀ ਕਲਾ ਤੇਤੇ ਭਾਣੇ ਸਰਬੱਤ ਦਾ ਭਲਾ।

ਕੀ ਕੋਈ ਸਿੱਖ ਗੁਰੂ ਨਾਨਕ ਵਲੋਂ ਗੁਰਬਾਣੀ ਦੀ ਰੱਚਨਾ ਕਰ ਸਕਦਾ ਹੈ?

ਇੱਸ ਸਵਾਲ ਦਾ ਜਵਾਬ ਤਾਂ ਕੋਈ ਅਕਾਲ ਤਖਤ ਦਾ ਜਥੇਦਾਰ ਹੀ ਦੇ ਸਕਦਾ ਹੈ।

ਪਰ ਗੁਰੂ ਅਮਰਦਾਸ ਇੱਸ ਬਾਰੇ ਕੀ ਕਹਿੰਦੇ ਹਨ। ਦਾਸ, ਉਹ ਸਲੋਕ ਹੇਠਾਂ ਦੇ ਰਹਿਆ ਹੈ।

ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥

ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ॥ ੨੪॥

ਮਹਲਾ: ੩ ਅ: ਗ: ਗ: ਸ: ਪੰਨਾ ੯੨੦

ਅਰਥ: ਸਤਿਗੁਰੂ ਦੀ ਗੁਰਬਾਣੀ ਦੇ ਬਗੈਰ ਹੋਰ ਕਿਸੇ ਬਾਣੀ ਦਾ ਭਜਨ ਕਰਨਾ ਕੂੜ ਬੋਲਣ ਦੇ ਬਰਾਬਰ ਹੈ। ਉੱਸ ਬਾਣੀ ਦੇ ਕਰਤਾ ਕੂੜ ਹਨ। ਉੱਸ ਬਾਣੀ ਨੂੰ ਆਖਣ ਵਾਲੇ ਕੂੜ ਹਨ। ਉੱਸ ਬਾਣੀ ਨੂੰ ਸੁਣਨ ਵਾਲੇ ਕੂੜ ਹਨ। ਉੱਸ ਬਾਣੀ ਦੀ ਵਿਆਖਿਆ ਕਰਨ ਵਾਲੇ ਕੂੜ ਹਨ। ੨੪।

ਕੀ ਸਿੱਖਾਂ ਦੇ ਸਿਆਸੀ ਅਤੇ ਧਾਰਮੱਕ ਲੀਡਰ ਇੱਸ ਗੱਲ ਵੱਲ ਧਿਆਨ ਦੇਣ ਲਈ ਅਤੇ ਇੱਸ ਨੂੰ ਵਿਚਾਰਨ ਲਈ ਤਿਆਰ ਹਨ? ਰਣਜੀਤ ਸਿੰਘ ਸਾਸੀ (ਸੁੱਕਰਚੱਕੀਆ) ਦੇ ਵਾਂਞੂ ਮਾਇਆ ਦੇ ਜਾਲ ਵਿੱਚ ਫਾਥੇ ਸੱਭ ਕੁੱਝ ਭੁੱਲੀ ਬੇਠੇ ਹਨ।

੪- ਗੁਰੂ ਅਰਜਨ ਬਾਰੇ ਮਥਰੇ ਭੱਟ ਦਾ ਸਵਯੀਆ।

ਭਨਿ ਮਥੁਰਾ ਕਛੁ ਭੇਦੁ ਨਹੀ ਗੁਰ ਅਰਜੁਨ ਪਰਤਖ ਹਰਿ॥ ੭॥

ਮਥੁਰਾ ਅ: ਗ: ਗ: ਸ: ਪੰਨਾ ੧੪੦੯

ਅਰਥ: ਭੱਟ ਮਥਰਾ ਆਖਦਾ ਹੈ, ਇੱਸ ਗੱਲ ਵਿੱਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ, ਕਿ ਅਰਜਨ ਦਾ ਗੁਰੂ ਆਪ ਅਕਾਲਪੁਰਖ ਹੈ। ੭।

ਸਾਡੇ ਦੋ ਮਾਨਯੋਗ ਵਿਦਵਾਨਾਂ ਨੇ ਇੱਸ ਤੁਕ ਦੇ ਜੋ ਅਰਥ ਕੀਤੇ ਹਨ, ਉਹ ਵੀ ਹੇਠਾਂ ਦਿੱਤੇ ਗਏ ਹਨ। ਇਨ੍ਹਾਂ ਦਾ ਮੁਲਾਹਜ਼ਾ ਕਰੋ।

ਅਰਥ: ਮਥੁਰਾ ਆਖਦਾ ਹੈ, ਗੁਰਾਂ ਅਤੇ ਵਾਹਿਗੁਰੂ ਵਿਚਕਾਰ ਕੋਈ ਫ਼ਰਕ ਨਹੀਂ। ਗੁਰੂ ਅਰਜਨ ਪਰਗਟ ਤੌਰ ਤੇ ਖ਼ੁੱਦ ਹੀ ਪ੍ਰਭੂ ਹਨ। ੭। (ਮਨਮੋਹਨ ਸਿੰਘ ਥਿੰਦ)

ਹੇ ਮਥੁਰਾ! ਆਖਿ- ‘ਗੁਰੂ ਅਰਜੁਨ ਸਾਖ਼ਿਆਤ ਅਕਾਲਪੁਰਖ ਹੈ। ਕੋਈ ਫ਼ਰਕ ਨਹੀਂ ਹੈ। ੭। (ਸਾਹਿਬ ਸਿੰਘ ਮਹਿਤਾ)

ਸਿੱਖ ਧਰਮ ਵਿੱਚ ਗੁਰੂ ਨੂੰ ਅਕਾਲਪੁਰਖ ਕਹਿਨ ਵਾਲੇ ਸਿੱਖਾਂ ਅਤੇ ਹਿੰਦੂ ਧਰਮ ਦੇ ਬ੍ਰਾਹਮਨਾਂ ਵਿੱਚ ਕੀ ਫਰਕ ਹੈ, ਜੋ ਹਰ ਇੱਕ ਨੂੰ ਵਿਸ਼ਨੂੰ ਦਾ ਅਵਤਾਰ ਕਹਿਣ ਲੱਗੇ ਕੋਈ ਪਰਵਾਹ ਨਹੀਂ ਕਰਦੇ।

ਦਾਹੜੀ ਅਤੇ ਮੁਛਾਂ ਦਾ ਵਖਾਵਾ ਕਰਕੇ ਹਿੰਦੂਆਂ ਵਿੱਚੋਂ ਸਿੱਖ ਬਨਣ ਨਾਲ ਅਤੇ ਸਿੱਖਾਂ ਦੇ ਕੋਟੇ ਵਿੱਚੋਂ ਸਰਕਾਰੀ ਨੌਕਰੀਆਂ ਤਾਂ ਲੈ ਸਕਦੇ ਸੀ ਪਰ ਸਿੱਖੀ ਨਿਭਾਉਣੀ ਬੜੀ ਔਖੀ ਸਮਝਦੇ ਹਨ। ਸਹੀ ਸਿੱਖੀ ਲਈ ਤਾਂ ਸਿਰ ਧੜ ਦੀ ਕੁਰਬਾਨੀ ਕਰਨੀ ਪੈਂਦੀ ਹੈ।

੫-ਜਪਜੀ ਸਾਹਿਬ ਦੋਂ ਛੇਵੇਂ ਸਲੋਕ ਵਿੱਚੋਂ ਤੁਕਾਂ ਲੈ ਕਿ ਦੋ ਵਿਦਵਾਨਾਂ -ਸਾਹਿਬ ਸਿੰਘ ਮਹਿਤਾ ਅਤੇ ਮਨਮੋਹਨ ਸਿੰਘ ਥਿੰਦ -ਦੇ ਕੀਤੇ ਅਰਥ ਹੇਠਾਂ ਦਿੱਤੇ ਗਏ ਹਨ।

ਗੁਰਮੁਿਖ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਾ ਸਮਾਈ॥

ਗੁਰੁ ਈਸਰ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ॥ ੬॥

ਜਪੁ ਅ: ਗ: ਗ: ਸ: ਪੰਨਾ ੨

ੳ-ਰੱਬ ਦਾ ਨਾਮ ਅਤੇ ਗਿਆਨ ਗੁਰੂ ਦੀ ਰਾਹੀਂ ਪ੍ਰਾਪਤ ਹੁੰਦਾ ਹੈ। ਗੁਰੂ ਦੀ ਰਾਹੀਂ ਹੀ ਇਹ ਪ੍ਰਤੀਤ ਆਉਂਦੀ ਹੈ ਕਿ ਉਹ ਹਰੀ ਸਭ ਥਾਈਂ ਵਿਆਪਕ ਹੈ। ਗੁਰੂ ਹੀ ਸਾਡੇ ਲਈ ਸ਼ਿਵ ਹੈ। ਗੁਰੂ ਹੀ ਸਾਡੇ ਲਈ ਗੋਰਖ ਅਤੇ ਬ੍ਰਹਮ ਹੈ, ਅਤੇ ਗੁਰੂ ਹੀ ਸਾਡੇ ਲਈ ਮਾਈ ਪਾਰਬਤੀ ਹੈ। ੬। (ਸਾਹਿਬ ਸਿੰਘ ਮਹਿਤਾ)

ਅ- ਗੁਰਬਾਣੀ ਰੱਬੀ ਕਲਾਮ ਹੈ, ਗੁਰਬਾਣੀ ਸਾਹਿਬ ਦਾ ਗਿਆਨ ਹੈ ਅਤੇ ਗੁਰਬਾਣੀ ਰਾਹੀਂ ਹੀ ਸੁਆਮੀ ਨੂੰ ਸਾਰੇ ਵਿਆਪਕ ਅਨੁਭਵ ਕੀਤਾ ਜਾਂਦਾ ਹੈ। ਗੁਰੂ ਸ਼ਿਵ ਹੈ, ਗੁਰੂ ਹੀ ਵਿਸ਼ਨੂ ਤੇ ਬ੍ਰਹਮਾ, ਗੁਰੂ ਹੀ ਸ਼ਿਵ ਦੀ ਪਤਨੀ ਪਾਰਬਤੀ, ਵਿਸ਼ਨੂ ਦੀ ਪਤਨੀ-ਲ਼ਖਸ਼ਮੀ ਅਤੇ ਬ੍ਰਹਮਾ ਦੀ ਪਤਨੀ- ਸੁਰਸਵਤੀ ਹੈ। ੬। (ਮਨਮੋਹਨ ਸਿੰਘ ਥਿੰਦ)

ਇਨ੍ਹਾਂ ਦੋਵਾਂ ਵਿਦਵਾਨਾਂ ਨੇ ਅਕਾਲਪੁਰਖ, ਭਾਵ ਇੱਕੋਓ ਦੇ ਹਿੰਦੂ ਧਰਮ ਦੀਆਂ-ਦੇਵੀਆਂ ਅਤੇ ਦੇਵਤਿਆਂ ਦੇ ਬਰਾਬਰ ਅਰਥ ਕਰੇ ਕੇ ਸਿੱਖ ਧਰਮ ਨਾਲ ਬਹੁਤ ਵੱਡਾ ਅਨਿਆ ਕੀਤਾ ਹੈ। ਇਨ੍ਹਾਂ ਦਾ ਸਿੱਖ ਧਰਮ ਵਿੱਚ ਸਨਮਾਨ ਕਰਨਾ ਅੱਜ ਦੀਆਂ ਅਤੇ ਆਉਣ ਵਾਲੀਆਂ ਸਿੱਖ ਬੱਚੀਆਂ ਅਤੇ ਬੱਚਿਆਂ ਨਾਲ ਕਿੰਨਾ ਵੱਡਾ ਅਨਿਆ ਮੰਨਿਆ ਜਾਵੇਗਾ।

ਅਸੀਂ ਇਨਾਂ ਤੁਕਾਂ ਦੇ ਅਰਥ ਗੁਰਬਾਣੀ ਗਰਾਮਰ ਅਨੁਸਾਰ ਕਰਨ ਦਾ ਉਪਰਾਲਾ ਮਹਾਨ ਕੋਸ਼ ਦੀ ਸਹਾਇਤਾ ਨਾਲ ਕੀਤਾ ਹੈ, ਜੋ ਹੇਠਾਂ ਦਿੱਤਾ ਗਿਆ ਹੈ।

ਅਰਥ: ਇੱਕੋਓ, ਭਾਵ ਅਕਾਲਪੁਰਖ ਸਾਰੇ ਸੰਸਾਰ ਵਿੱਚ ਰਚੇ ਰਾਗ, ਸਾਜ਼ ਅਵਾਜ਼ ਅਤੇ ਗਿਆਨ ਦਾ ਆਪ ਹੀ ਖਜ਼ਾਨਾ ਹੈ। ਉਹ ਹਰ ਥਾਂ ਹਰ ਛੈ ਵਿੱਚ, ਹਰ ਕੁਦਰੱਤ ਦੇ ਕਾਨੂਨ ਦਾ ਕਰਤਾ, ਅਤੇ ਹਰ ਜੀਵ ਜੰਤੂ ਵਿੱਚ ਵੱਸਦਾ ਹੈ। ਇੱਕੋਓ, ਹੋਰ ਵਿਅੱਕਤੀਆਂ ਵਾਂਙੂ; ਸ਼ਿਵ, ਵਿਸ਼ਨੂ, ਬ੍ਰਹਮਾ, ਗੋਰਖ ਅਤੇ ਪਾਰਬਤੀ ਦਾ ਵੀ ਗੁਰੂ ਹੈ। ੬।

੬- ਅਸੀਂ ਬਲਵੰਡ ਅਤੇ ਸੱਤੇ ਦੀ ਵਾਰ ਵਿੱਚੋਂ ਦੋ ਵਿਦਵਾਨਾਂ ਦੇ ਇੱਕ ਸਲੋਕ ਅਤੇ ਇੱਸ ਦੇ ਅਰਥ ਹੇਠਾਂ ਦੇ ਰਹੇ ਹਾਂ:-

ਧੰਨ ਧੰਨ ਰਾਮਦਾਸ ਗੁਰੁ, ਜਿਨਿ ਸਿਰਿਆ ਤਿਨੈ ਸਵਾਰਿਆ॥

ਪੂਰੀ ਹੋਈ ਕਰਾਮਾਤਿ, ਆਪਿ ਸਿਰਜਨਹਾਰੈ ਧਾਰਿਆ॥

ਸਿਖੀ ਅਤੈ ਸੰਗਤੀ, ਪਾਰਬ੍ਰਹਮੁ ਕਰਿ ਨਮਸਕਾਰਿਅ॥

ਬਲਵੰਡ ਅ: ਗ: ਗ: ਸ: ਪੰਨਾ ੯੬੮

ਅਰਥ: ਗੁਰੂ ਰਾਮਦਾਸ ਧੰਨ ਹੈ! ਅਕਾਲਪੁਰਖ ਨੇ ਗੁਰੂ ਰਾਮਦਾਸ ਨੂੰ ਪੈਦਾ ਕੀਤਾ; ਅਤੇ ਉੱਸ ਨੂੰ ਸੋਹਣਾ ਵੀ ਬਣਾਇਆ। ਇਹ ਇੱਕ ਮੁਕੰਮੱਲ ਕਰਾਮਾਤਿ ਹੋਈ ਹੈ, ਕਿ ਸਿਰਜਨਹਾਰ ਨੇ ਖੁੱਦ ਆਪਣੇ ਆਪਨੂੰ ਉੱਸ ਵਿੱਚ ਟਿਕਾਇਆ ਹੈ। ਸੱਭ ਸਿਖਾਂ ਨੇ ਅਤੇ ਸੰਗਤਾਂ ਨੇ ਉੱਸ ਨੂੰ ਅਕਾਲਪੁਰਖ ਦਾ ਰੂਪ ਜਾਣਕੇ ਬੰਦਨਾ ਕੀਤੀ ਹੈ। (ਸਾਹਿਬ ਸਿੰਘ ਮਹਿਤਾ)

ਅਰਥ: ਮੁਬਾਰਕ, ਹਨ ਗੁਰੂ ਰਾਮਦਾਸ ਜੀ। ਜਿੱਸ ਸਾਹਿਬ ਨੇ ਉਨ੍ਹਾਂ ਨੂੰ ਸਾਜਿਆ ਹੈ, ਉੱਸ ਨੇ ਹੀ ਉਨ੍ਹਾਂ ਨੂੰ ਸਸ਼ੋਭਤ ਕੀਤਾ ਹੈ। ਮੁਕੱਮਲ ਹੈ ਤੇਰਾ ਮੋਜਜ਼ਾ। ਕਰਤਾਰ ਨੇ ਖੁਦ ਹੀ ਤੈਨੂਂ ਤਖਤ ਤੇ ਸਥਾਪਤ ਕੀਤਾ ਹੈ। ਤੈਨੂੰ ਪ੍ਰਮ ਪ੍ਰਭੂ ਜਾਣ ਕੇ ਤੇਰੇ ਮੁਰੀਦ ਅਤੇ ਸਾਧ ਸੰਗਤ ਤੈਨੂੰ ਪ੍ਰਣਾਮ ਕਰਦੇ ਹਨ। (ਮਨਮੋਹਣ ਸਿੰਘ ਥਿੰਦ)

ਦੋਵਾਂ ਵਿਦਵਾਨਾਂ ਨੇ ਆਪਣੇ ਆਪਣੇ ਢੰਗ ਅਨੁਸਾਰ ਇੱਸ ਤੁਕ ਦੇ ਅਰਥ ਕੀਤੇ ਹਨ। ਪਰ ਇੱਸ ਉਲੱਥੇ ਤੋਂ ਕਈ ਭੁਲੇਖੇ ਪੈ ਸਕਦੇ ਹਨ। ਜਿਨ੍ਹਾਂ ਦੁਆਰਾ ਹਿੰਦੂ ਧਰਮ ਦੇ ਦੇਵੀ ਦੇਵਤਿਆਂ ਵਾਂਙੂ ਗੁਰੂ ਅਰਜਨ ਨੂੰ ਅਵਤਾਰਵਾਦੀ ਨਜ਼ਰ ਨਾਲ ਵੇਖਿਆ ਜਾ ਸਕਦਾ ਹੈ। ਇੱਸ ਲਈ ਦਾਸ ਨੇ ਇਨੱ੍ਹ ਤੁਕਾਂ ਦੇ ਅਰਥ ਕਰਨ ਦਾ ਯਤਨ ਕੀਤਾ ਹੈ। ਇਹ ਸੰਗਤ ਨੂੰ ਪੇਸ਼ ਕੀਤੇ ਜਾ ਰਹੇ ਹਨ।

ਅਰਥ: ਮੁਬਾਰਕ ਹੋਵੇ ਗੁਰੂ ਰਾਮਦਾਸ ਨੂੰ! ਜਿੱਸ ਨੂੰ ਇੱਕੋਓ ਭਾਵ ਅਕਾਲਪੁਰਖ ਨੇ ਸਾਜਿਆ ਅਤੇ ਸਸ਼ੋਭਤ ਕੀਤਾ ਹੈ। ਸਮਝੋ ਕਾਦਰ ਦੀ ਕਰਾਮਾਤ ਸੰਪੂਰਨ ਹੋ ਗਈ ਹੈ, ਜਦੋਂ ਅਕਾਲਪੁਰਖ ਨੇ ਆਪ ਨੂੰ ਤਖਤ ਉੱਪਰ ਸਥਾਪਤ ਕੀਤਾ ਹੈ। ਸਿੱਖ ਅਤੇ ਸਾਧ ਸੰਗਤ ਆਪ ਨੂੰ ਰੱਬ ਦਾ ਰੂਪ ਮੰਨ ਕੇ ਪਰਨਾਮ ਕਰ ਰਹੇ ਹਨ।

੭-ਗੁਰਬਾਣੀ ਵਿੱਚ ਸਬਦ ਕਰਾਮਾਤ ਬਹੁਤ ਵਾਰੀ ਵਰਤਿਆ ਗਿਆ ਹੈ। ਪਰ ਹਿੰਦੂ ਜਾਂ ਮੁਸਲਮ ਧਰਮਾਂ ਨਾਲੋਂ ਵੱਖਰੇ ਸੰਧਰਵ ਵਿੱਚ ਵਰਤੋਂ ਕੀਤੀ ਗਈ ਹੈ। ਇੱਸ ਮਸਲੇ ਨੂੰ ਉਜਾਗਰ ਕਰਨ ਲਈ ਗੁਰਬਾਣੀ ਵਿੱਚੋਂ ਤੁਕਾਂ ਅਤੇ ਇਨ੍ਹਾਂ ਦੇ ਅਰਥ ਦੇ ਰਹੇ ਹਾਂ।

ੳ- ਏ ਕਨੇਹੀ ਦਾਤਿ ਆਪਸ ਤੇ ਜੋ ਪਾਈਐ॥

ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ॥ ੧॥ ੨੩॥

ਮ: ੨ ਅ: ਗ: ਗ: ਸ: ਪੰਨਾ ੪੭੪

ਅਰਥ: ਇਹ ਕੇਹੜੀ ਕਿਸਮ ਦੀ ਬਖਸ਼ੀਸ਼ ਹੈ ਜੇਹੜੀ ਅਸੀਂ ਖੁੱਦ ਮੰਗ ਕੇ ਪ੍ਰਾਪਤ ਕਰਦੇ ਹਾਂ। ਨਾਨਕ ਆਖਦਾ ਹੈ, ਅਸਚਰਜ ਦਾਤ ਤਾਂ ਉਹ ਹੈ, ਜੇਹੜੀ ਅਸੀਂ ਇੱਕੋਓ ਦੇ ਪਰਮ-ਪ੍ਰਸੰਤ ਹੋਣ ਤੋਂ ਪ੍ਰਾਪਤ ਕਰਦੇ ਹਾਂ। ੧। ੨੩।

ਬਿਨੁ ਨਾਵੈ ਪੈਨਣੁ ਖਾਣੁ ਸਭ ਬਾਦਿ ਹੈ, ਧ੍ਰਿਗ ਸਿਧੀ ਧ੍ਰਿਗ ਕਰਮਾਤਿ॥

ਸਾ ਸਿਧਿ ਸਾ ਕਰਮਾਤਿ ਹੈ ਅਚਿੰਤ ਕਰੇ ਜਿਸ ਦਾਤਿ॥

ਨਾਨਕ ਗੁਰਮੁਖਿ ਹਰਿਨਾਮ ਮਨਿ ਵਸੈ ਏਹਾ ਸਿਧਿ ਏਹਾ ਕਰਮਾਤਿ॥ ੧॥ ੨੦॥

ਮ: ੩ ਅ: ਗ: ਗ: ਸ: ਪੰਨਾ ੬੫੦

ਅਰਥ: ਨਾਮ ਤੋਂ ਬਿਨਾ ਸਮੂਹ ਪੁਸ਼ਾਕਾਂ, ਖਾਣੇ ਕਰਾਮਾਤ ਅਤੇ ਕਾਮਯਾਬੀ ਲਾਹਨਤ ਨਾਲ ਭਰੇ ਹੋਏ ਹਨ। ਕੇਵੱਲ ਸੁੱਚੀ ਹੈ ਸਿੱਧੀ ਅਤੇ ਕਰਾਮਾਤ, ਜੋ ਇੱਕੋਓ ਅਚਿੰਤ ਰੁਪ ਵਿੱਚ ਵਿਅੱਕਤੀ ਨੂੰ ਬਖਸ਼ਦਾ ਹੈ। ਨਾਨਕ ਆਖਦਾ ਹੈ, ਜੇ ਇੱਕੋਓ ਦੇ ਨਾਮ ਦਾ ਵਿਅੱਕਤੀ ਦੇ ਮਨ ਵਿੱਚ ਬਸੇਰਾ ਹੋ ਜਾਂਦਾ ਹੈ, ਇੱਸ ਨੂੰ ਕਰਾਮਾਤੀ ਸ਼ਕਤੀ ਅਤੇ ਅਦਭੁਤ ਸਤਿਆ ਦੀ ਬਖਸ਼ਸ਼ ਹੀ ਸਮਝੌ। ੨। ੨੦।

੮-ਸਿੱਖ ਅਤੇ ਸਿੱਖੀ

ਗੁਰੂ ਕਾਲ ਵਿੱਚ ਸਿੱਖੀ ਦੀ ਸਮਝ ਰੱਖਣ ਵਾਲੇ ਸਿੱਖ ਬਹੁਤ ਥੋੜੇ ਸਨ। ਗੁਰੂ ਗੋਬਿੰਦ ਸਿੰਘ ਦੀ ਸ਼ਹਾਦੱਤ ਪਿਛੋਂ; ਵਿਰੋਧੀ ਧਰਮਾਂ ਨੂੰ ਮੰਨਣ ਵਾਲਿਆ ਦੀ ਬਹੁ ਗਿਣਤੀ ਕਾਰਨ, ਅਤੇ ਸਿੱਖੀ ਦੀ ਪੜ੍ਹਾਈ ਲਿਖਾਈ ਵਿੱਚ ਗੁਰੂ ਘਰ ਦੇ ਆਪਣੇ ਖਾਨਦਾਨ ਵਿੱਚ ਖਿੱਚੋਤਾਣ ਪੈਦਾ ਹੋ ਜਾਣ ਕਾਰਨ, ਕਈ ਲਾਲਚੀ ਵਿਅੱਕਤੀ ਹਿੰਦੂ ਮੱਤ ਦੇ ਨੇੜੇ ਰਹਿਣ ਕਾਰਨ, ਮੁਸਲਮਾਨਾਂ ਦੀ ਤਾਕਤ ਤੋਂ ਡਰਦੇ ਅਤੇ ਉਨ੍ਹਾਂ ਦੀ ਹਿਮਾਇਤ ਹਾਸੱਲ ਕਰਕੇ ਗੁਰਗੱਦੀ ਉੱਪਰ ਕਬਜ਼ਾ ਕਰਨ ਵਾਸਤੇ ਯਤਨ ਸ਼ੀਲ ਰਹੇ ਸਨ। ਪਿਛੋਂ ਮਿਸਲ ਕਾਲ ਵਿੱਚ ਸਿੱਖੀ ਵਿੱਚ ਵਿਸ਼ਵਾਸ ਤਾਂ ਵਧਿਆ ਪਰ ਸਿੱਖੀ ਦੀ ਪੜਾਈ-ਲਿਖਾਈ ਕੇਵੱਲ ਪਹਿਲੋਂ ਉਦਾਸੀਆਂ ਦੇ ਅਤੇ ਪਿਛੋਂ ਨਿਰਮਲੇ ਬ੍ਰਾਹਮਣਾਂ ਦੇ ਹੱਥਾਂ ਵਿੱਚ ਕੈਦ ਹੋ ਗਈ ਸੀ। ਕਿਉਂਕਿ ਇਨ੍ਹਾਂ ਲੋਕਾਂ ਨੇ ਗੁਰਦੁਆਰਿਆਂ ਨੂੰ ਮੱਲ ਕੇ ਸਿੱਖੀ ਉੱਪਰ ਮੁਕੰਮੱਲ ਕਬਜ਼ਾ ਕਰਕੇ ਕਾਫੀ ਰਸਮਾਂ ਰਿਵਾਜ, ਗੁਰਬਾਣੀ ਦੇ ਅਰਥ ਅਤੇ ਪਰਚਾਰ ਉੱਪਰ ਆਪਣਾ ਹਿੰਦੂ ਧਰਮ ਵਾਲਾ ਅਸਰ ਰਸੂਖ ਕਾਇਮ ਕਰ ਲਿਆ ਸੀ। ਇੱਸ ਨਂੂੰ ਸਿੰਘ ਸਭਾ ਦੇ ਨਵੇਂ ਚੌਧਰੀ ਵੀ ਬਦੇਸ਼ੀ ਸਰਕਾਰ ਦੇ ਅਸਰ ਹੇਠ ਹੋਣ ਕਾਰਨ ਸਿੱਖ ਧਰਮ ਦੀਆਂ ਨਵੀਆਂ ਰਸਮਾਂ ਵਿੱਚ ਬਦਲਣ ਨੂੰ ਤਿਆਰ ਨ ਹੋਏ। ਆਪਣੇ ਜ਼ਾਤੀ ਫਾਇਦੇ ਅਤੇ ਅਗਿਆਨਤਾ ਕਾਰਨ ਪੁਰਾਣੀਆਂ ਹਿੰਦੂ ਧਰਮ ਦੀਆਂ ਚੱਲ ਰਹੀਆਂ ਰਸਮਾਂ ਅਤੇ ਰਿਵਾਜ ਮੰਨਣ ਲਈ ਮਜਬੂਰ ਹੋ ਗਏ ਸਨ।

ਬਰਤਾਨਵੀ ਸਰਕਾਰ ਦੇ ਕਾਲ ਵਿੱਚ ਨਵੇਂ ਰਲੇ ਸਿੱਖ ਜੋ ਪੁਰਾਣੀ ਮੁਸਲਮਾਨ ਹਕੂਮਤ ਤੋਂ ਨੌਕਰੀਆਂ ਨ ਮਿਲਣ ਕਾਰਨ ਦੁਖੀ ਸਨ ਉਹ ਬਹੁ ਗਿਣਤੀ ਵਿੱਚ ਸਿੱਖ ਪਰਵਾਰ ਵਿੱਚ ਸ਼ਾਮਿਲ ਹੋ ਗਏ ਸਨ। ਇਹ ਧੜਾ ਹਿੰਦੂ ਧਰਮ ਵਿੱਚੋਂ ਬਹੁ ਗਿਣਤੀ ਵਿੱਚ ਸਿੱਖ ਧਰਮ ਵਿੱਚ ਆਇਆ ਸੀ ਅਤੇ ਬਿਉਪਾਰੀ ਸੋਚ ਕਾਰਨ ਪੈਸਾ ਧੇਲਾ ਕਮਉਣ ਵਿੱਚ ਕਾਫੀ ਹੁਸ਼ਿਆਰ ਸੀ। ਪਰ ਇਨ੍ਹਾਂ ਦੇ ਖਾਨਦਨੀ ਤੁਅੱਲਕਾਤ ਆਪਣੀ ਹਿੰਦੂ ਬਰਾਦਰੀ ਨਾਲ ਗੂਹੜੇ ਹੋਣ ਕਾਰਨ ਇਹ ਸਿੱਖੀ ਵੱਲ ਧਿਆਨ ਦੇਣ ਦੀ ਬਜਾਇ ਪੈਸਾ ਕਮਾਉਣ ਵੱਲ ਬਹੁਤਾ ਧਿਆਨ ਦੇ ਰਹੇ ਸੀ। ਭਾਈ ਕਾਹਨ ਸਿੰਘ ਢਿੱਲੋਂ ਦੇ ਮਹਾਕੋਸ਼ ਵਿੱਚ ਪ੍ਰੋਫੈੱਸਰ ਤੇਜਾ ਸਿੰਘ ਦੀ ਇੰਗਲਿਸ਼ ਵਿੱਚ ਲਿਖੀ ਫੋਰਵਰਡ ਨੂੰ ਪੜ੍ਹਿਆਂ ਪਤਾ ਲੱਗਦਾ ਹੈ ਕਿ ਉਹ ਕਿੰਨਾ ਡਰਪੋਕ ਖੱਤਰੀ ਸਿੱਖ ਸੀ ਜਿੱਸ ਨੇ ਭਾਈ ਨਾਭਾ ਦੀਆਂ ਲਿਖੀਆਂ ਸਾਰੀਆਂ ਕਿਤਾਬਾਂ ਵਿੱਚੋਂ ਇੱਕ ਦਾ ਵਰਨਣ ਨਹੀਂ ਸੀ ਕੀਤਾ ਜੋ ਢਿੱਲੋ ਸਾਹਿਬ ਨੇ ਆਰੀਆ ਸਮਾਜ ਵੱਲੋਂ ਲਿੱਖੀ ਕਿਤਾਬ “ਹੱਮ ਹਿੰਦੂ ਹੈਂ” ਦੇ ਜਵਾਬ ਵਿੱਚ “ਹਮ ਹਿੰਦੂ ਨਹੀਂ” ਦੇ ਨਾਉਂ ਹੇਠਾਂ ੧੯੦੨ ਈਸਵੀ ਵਿੱਚ ਲਿਖੀ ਸੀ। ਇਨ੍ਹਾਂ ਦੀ ਸਿੱਖੀ ਹਿੰਦੂ ਧਰਮ ਦੇ ਨੇੜੇ ਰਹੀ ਹੈ ਜਿੱਸ ਵਿੱਚ ਗੁਰਦੁਆਰਿਆ ਵਿੱਚ ਬੇਠੈ ਉਦਾਸੀਆ ਨੇ ਬਹੁਤਾ ਹਿੱਸਾ ਪਾਇਆ ਸੀ।

ਸਿੰਘ ਸਭਾ ਲਹਿਰ ਵੇਲੇ ਗੁਰਬਾਣੀ ਦੀ ਜਿੰਨੀ ਵੀ ਛਪਾਈ ਹੋਈ ਸੀ ਉੱਸ ਵਿੱਚ ਇਨ੍ਹਾਂ ਨੇ ਬਹੁਤ ਪੈਸਾ ਕਮਾਇਆ ਸੀ ਅਤੇ ਸਿੱਖੀ ਦੀ ਸਮਝ ਸੂਝ ਵਿੱਚ ਕਮਜ਼ੋਰ ਹੋਣ ਕਾਰਨ ਗਲਤੀਆਂ ਵੀ ਬਹੁਤ ਕੀਤੀਆਂ ਸਨ, ਜਿਨ੍ਹਾਂ ਨੂੰ ਦੂਰ ਕਰਨ ਵਿੱਚ ਉਦਾਸੀਆਂ ਅਤੇ ਨਿਰਮਿਲਆਂ ਦੀ ਔਲਾਦ ਅੱਜ ਰਾਹ ਰੋਕੀ ਖੜੀ ਹੈ।

ਕੁਝ ਜ਼ਾਤੀ ਤਜਰਬਾ ਜੋ ਦਾਸ ਕੋਲ ਇਕੱਠਾ ਹੋਇਆ ਹੈ ਉੱਸ ਵਿੱਚੋਂ ਸੰਗਤ ਨੂੰ ਕੁੱਝ ਮਿਸਾਲਾਂ ਦੇਣੀਆਂ ਉਚੱਤ ਸਮਝੀਆਂ ਗਈਆਂ ਹਨ। ਹੋ ਸਕਦਾ ਹੈ ਕੋਈ ਸੂਰਮਾ ਸੁਹਿਰਦ ਸਿੱਖ ਇੱਸ ਗੱਲ ਨੂੰ ਵਿਚਾਰੇ ਅਤੇ ਮਸਲੇ ਨੂੰ ਅੱਗੇ ਤੋਰਨ ਵਿੱਚ ਕਾਮਯਾਗ ਹੋ ਜਾਵੇ।

ੳ- ਡਾਕਟਰ ਨਰਿੰਦਰ ਸਿੰਘ ਕਮਪੰਨੀ ਪਹਿਲਾ ਸਿੱਖ ਸੀ ਜਿੱਸ ਨੇ ਸਿੱਖਾਂ ਬਾਰੇ ਇੱਕ ਡਾਇਰੈਕਟਰੀ ਛਪਵਾਈ ਸੀ ਜਿੱਸ ਦੇ ਪੈਟਰਨ ਮਹਾਰਾਜਾ ਪਟਿਆਲਾ ਸਨ।। ਇਹ ਵੀਹ ਕੁ ਸਾਲ ਪਹਿਲਾਂ ਦਾਸ ਨੂੰ ਇੱਕ ਸਿੰਘ ਨੇ ਕਲੀਵਲੈਂਡ ਉੱਸ ਦੇ ਘਰ ਖਾਣਾ ਖਾਣ ਗਏ ਨੂੰ ਵਖਾਈ ਸੀ। ਅੱਜ ਤਕ ਦਾਸ ਨੂੰ ਇੱਸ ਨਾਲ ਮਿਲਣ ਦਾ ਕੋਈ ਮੌਕਾ ਨਹੀਂ ਮਿਲਿਆ ਪਰ ਦਾਸ ਦੇ ਕੁੱਝ ਸੱਠ ਕੁ ਸਾਲ ਤੋਂ ਵੀ ਪੁਰਣੇ ਦੋਸਤ ਹਨ ਜਿਨਾਂ ਰਾਹੀ ਜਾਣਕਾਰੀ ਮਿਲਦੀ ਰਹਿੰਦੀ ਹੈ।

ਡਾਕਟਰ ਹਾਕਮ ਸਿੰਘ ਚੁੱਘ੍ਹ ਕੈਮਿਸਟਰੀ ਵਿੱਚ Ph.D ਹਨ ਅਤੇ USA ਵਿੱਚ ਕਿਸੇ ਕੰਪਨੀ ਵਿੱਚ ਵਾਈਸ ਪਰੈਜ਼ੀਡੈਂਟ ਵੀ ਰਹੇ ਹਨ। ਉਸ ਨੇ ਦਾਸ ਨੂੰ ਦੱਸਿਆ ਸੀ ਕਿ ਡਾ: ਕਮਪੰਨੀ ਨੇ ਉੱਸ ਨੂੰ ਸ: ਹਰਬੰਸ ਸਿੰਘ ਦੀ ਲੜਕੀ ਨਿੱਕੀ ਸਿੰਘ ਦੀ ਗੁਰਬਾਣੀ ਬਾਰੇ ਲਿੱਖੀ ਹੋਈ ਪੁਸਤੱਕ ਦਾ ਖਰੜਾ ਰਵੀਊ ਕਰਨ ਵਾਸਤੇ ਉੱਸ ਨੂੰ ਦਿੱਤੀ ਸੀ। ਜੋ ਹਾਕਮ ਸਿੰਘ ਚੁੱਘ੍ਹ ਨੇ ਛਾਪਣ ਵਾਸਤੇ ਬਹੁਤ ਗਲਤੀਆਂ ਦੇ ਕਾਰਨ ਪਰਵਾਨ ਨਹੀਂ ਸੀ ਕੀਤਾ। ਪਰ ਡਾ: ਕਮਪੰਨੀ ਨੇ ਉੱਸ ਨੂੰ ਉੱਤਰ ਦਿੱਤਾ ਸੀ ਕਿ ਉੱਸ ਲੜਕੀ ਨੂੰ ਕਾਲਜ ਵਿੱਚ ਪ੍ਰੋਫੈੱਸਰ ਵਾਸਤੇ ਪਰਮੋਸ਼ਨ ਦਿਵਾਉਣੀ ਹੈ। ਇੱਸ ਕਰਕੇ ਛਾਪਣ ਦੀ ਆਗਿਆ ਦੇ ਦਿਉ ਬਾਕੀ ਗੱਲ਼ ਰਹੀ ਠੀਕ ਕਰਵਾਉਣ ਦੀ, ਉਹ ਫੇਰ ਕਰ ਲਵਾਂਗੇ। ਕੀ ਸਿੱਖੀ ਨਾਲ ਪਿਆਰ ਪਹਿਲੇ ਨੰਬਰ ਉੱਤੇ ਹੈ ਕਿ ਕਿਸੇ ਦੀ ਲੜਕੀ ਨੂੰ ਪਰਮੋਸ਼ਨ ਦਿਵਾਉਣਾ ਪਹਿਲੇ ਨੰਬਰ ਉੱਤੇ ਹੈ? ਸਾਧ ਸੰਗਤ ਅੱਗੇ ਬੇਨਤੀ ਹੈ ਕਿ ਉਹ ਇੱਸ ਦੇ ਉੱਤਰ ਬਾਰੇ ਫੈਸਲਾ ਆਪ ਕਰ ਲੈਣ।

ਅ-ਦੂਸਰੀ ਮਿਸਾਲ ਹੈ ਸਿੱਖੀ ਦੀ ਸਮਝ ਸੂਝ ਬਾਰੇ ਜੋ ਹੇਠਾਂ ਦਿੱਤੀ ਗਈ ਹੈ।

ਸੰਤ ਅਤਰ ਸਿੰਘ ਦਾ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਰਾਵੀ ਦਰਿਆ ਤੋਂ ਪਾਰਲੇ ਪੰਜਾਬ ਵਿੱਚ ਸਿੱਖੀ ਦਾ ਪਰਚਾਰ ਅਤੇ ਸਿੱਖਾਂ ਨੂੰ ਸਿੰਘ ਸਾਜਨ ਵਾਸਤੇ ਪਾਇਆ ਸੇਵਾ ਦਾਨ ਦੱਸਿਆ ਜਾਂਦਾ ਹੈ। ੧੯੪੭ ਵਿੱਚ ਭਾਰਤ ਦੀ ਵੰਡ ਪਿੱਛੋਂ ਪੱਛਮੀ ਪੰਜਾਬ ਵਿਚੋਂ ਆਏ ਸਿੱਖਾਂ ਵਿੱਚ ਦਾਸ ਵੀ ਸ਼ਾਮਲ ਹੈ। ਪੱਛਮ ਤੋਂ ਆਏ ਕਈ ਹਮਉਮਰ ਸਾਥੀਆਂ ਨਾਲ ਦੋਸਤੀ ਵੀ ਪੈ ਗਈ ਸੀ। ਉਨ੍ਹਾਂ ਵਿੱਚੋਂ ਕਈ ਸਾਥੀ ਅਮਰੀਕਾ ਅਤੇ ਕਨੇਡਾ ਵਿੱਚ ਆ ਕੇ ਵੱਸ ਗਏ ਹਨ ਅਤੇ ਉਨ੍ਹਾਂ ਨਾਲ ਕਦੀ ਕਦੀ ਮੇਲ ਮਿਲਾਪ ਹੋ ਜਾਂਦਾ ਹੈ।

ਇਨ੍ਹਾਂ ਵਿੱਚੋਂ ਇੱਕ ਸੱਜਨ ਸੰਤ ਅਤਰ ਸਿੰਘ ਦਾ ਸਿੱਖੀ ਵਿੱਚ ਲਿਆਂਦਾ ਹੋਇਆ ਹੈ। ਉੱਸ ਦੀ ਸਿੱਖੀ ਦੀ ਸੂਝ ਅਤੇ ਸਮਝ ਬਾਰੇ ਅਸੀਂ ਗੱਲ ਕਰ ਰਹੇ ਹਾਂ।

ਉੱਸ ਨੂੰ ਮੇਰੇ ਜੱਟ ਹੋਣ ਬਾਰੇ ਕੋਈ ਸ਼ੱਕ ਨਹੀਂ ਕਿਉਂਕਿ ਸੰਧੂਆਂ ਦਾ ਸਿੰਧ ਤੋਂ ਪੰਜਾਬ ਵਿੱਚ ਆਉਣਾ ਅਤੇ ਸਿੰਧ ਦਰਿਆ ਰਾਹੀਂ ਉੱਪਰ ਵੱਲ ਨੂੰ ਜਾਣਾ ਅਤੇ ਰਾਵਲਪਿੰਡੀ ਵਿੱਚੋਂ ਸਿੰਧੂ ਸਿੱਖਾਂ ਦਾ ਦਿੱਲੀ ਵਿੱਚ ਆ ਕੇ ਵਸਨਾ ਕਿਸੇ ਨੂੰ ਨਹੀਂ ਭੁੱਲ ਸਕਦਾ।

ਇੱਕ ਵਾਰੀ ਅਸੀਂ ਕੇਲੇਫੋਰਨੀਆਂ ਅਤੇ ਆਈਡਾਹੋ ਵਿਚਕਾਰ ਟੈਲੀਫੂਨ ਰਾਹੀਂ ਗੱਲ ਬਾਤ ਕਰ ਰਹੇ ਸਾਂ। ਉਹ ਮੈਨੂੰ ਕਹਿਣ ਲੱਗਾ ਕਿ ਉੱਸ ਨੂੰ ਤਾਂ ਇਹ ਵੀ ਯਾਦ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਆਦਿ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇਣ ਵੇਲੇ ਇੱਸ ਵਿੱਚੋਂ ਕੇਹੜੇ ਪੰਨੇ ਵਿੱਚੋਂ ਵਾਕ ਲਿਆ ਸੀ। ਉਹ ਦੀ ਮੂਰਖਤਾ ਉੱਤੇ ਜਦੋਂ ਦਾਸ ਹੱਸ ਪਿਆ ਤਾਂ ਉਹ ਰੋਣਹੱਕਾ ਹੋ ਗਿਆ ਅਤੇ ਗੁੱਸੇ ਵਿੱਚ ਆਕੇ ਟੈਲੀਫੂਨ ਬੰਦ ਕਰ ਦਿੱਤਾ। ਸਾਧ ਸੰਗਤ ਵਿੱਚੋਂ ਜੇ ਕੋਈ ਸਿੱਖ ਇੱਸ ਸਚਾਈ ਬਾਰੇ ਜਾਣਦਾ ਹੈ ਉਹ ਦਾਸ ਨਾਲ ਈਮੇਲ ਰਾਹੀਂ ਆਪਣਾ ਤਜਰਬਾ ਸਾਂਝਾ ਕਰਨ ਦੀ ਕਿਰਪਾ ਕਰੇ। [email protected]

ਇੱਸ ਸੱਜਨ ਦੀ ਇੱਕ ਹੋਰ ਗੱਲ ਦੱਸਣੀ ਵੀ ਬਹੁਤ ਜ਼ਰੂਰੀ ਹੈ। ਉਹ ਪੰਜਾ ਸਾਹਿਬ ਜਾ ਕੇ ਮਿੱਠੇ ਰੀਠੇ ਦੀ ਕਹਾਣੀ ਸੁਣ ਆਇਆ ਸੀ ਅਤੇ ਇੱਸ ਕਹਾਣੀ ਵਿੱਚ ਉਹਦਾ ਅੰਧ ਵਿਸ਼ਵਾਸ ਸੀ। ਉੱਸ ਨੇ ਕੈਮਿਸਟਰੀ ਪੜ੍ਹੀ ਹੋਈ ਸੀ ਪਰ ਸਾਇੰਸ ਨੂੰ ਤਾਂ ਸਮਝਣ ਦੀ ਕੋਸ਼ਿਸ਼ ਕਰਨੀ ਪੈਂਦੀ ਹੈ। ਕੇਵੱਲ ਰੱਟਾ ਲਾ ਕੇ ਇਮਤਹਾਨ ਪਾਸ ਕਰਨ ਨਾਲ ਸਾਇੰਸ ਤਾਂ ਨਹੀਂ ਆਉਂਦੀ। ਉੱਸ ਨੇ ਦਾਸ ਨੂੰ ਦੱਸਿਆ ਕਿ ਗੁਰੂ ਨਾਨਕ ਨੇ ਰੀਠਾ ਮਿੱਠਾ ਕੀਤਾ ਸੀ। ਸਾਇੰਸ ਦੱਸਦੀ ਹੈ ਕਿ ਜੇ ਕਰੋਮੋਸੋਮ, Chromosome, ਆਪਣੀ ਬਨਤਰ ਵੇਲੇ ਧੋਖਾਂ ਖਾ ਜਾਵੇ ਤਾਂ ਮਿੱਠਾ ਫਲ਼ ਕੌੜਾ ਹੋ ਜਾਂਦਾ ਹੈ ਜਿਵੇਂ ਖੀਰੇ ਵਿੱਚ ਹੋ ਜਾਂਦਾ ਹੈ ਅਤੇ ਕੌੜਾ ਫਲ ਮਿੱਠਾ ਹੋ ਜਾਂਦਾ ਹੈ। ਜਿਵੇਂ ਰੀਠੇ ਵਿੱਚ ਹੋ ਜਾਂਦਾ ਹੈ।

ਸਾਇੰਸ ਤੋਂ ਅਣਜਾਣ ਇਨਸਾਨ ਹਮੇਸ਼ਾ ਜਿੰਦਗੀ ਵਿੱਚ ਧੋਖਾ ਖਾਂਦਾ ਹੈ ਅਤੇ ਕਰਾਮਾਤ ਦੇ ਭਗਤ ਉੱਸ ਨੂੰ ਕੁਰਾਹੇ ਪਾਕੇ ਕਰਮਾਂ ਦਾ ਫਲ਼ ਦੱਸਦੇ ਹਨ। ਗੁਰਬਾਣੀ ਗਿਆਨ ਨੂੰ ਜੀਵਣ ਵਿੱਚ ਉੱਚਾ ਅਸਥਾਨ ਦੇਂਦੀ ਹੈ ਪਰ ਗੁਰਬਾਣੀ ਕੋਈ ਵਿਰਲਾ ਹੀ ਵਿਚਾਰਦਾ ਹੈ।

ਮੱਤ ਨੂੰ ਸਾਂਭ ਕੇ ਰੱਖਣ ਵਾਲੇ ਹੀ ਪੂਰਾ ਫਾਇਦਾ ਉਠਾਉਂਦੇ ਹਨ ਪਰ ਮਨ ਨੂੰ ਤਾਂ ਸਾਂਭਣਾ ਹੀ ਬੜਾ ਔਖਾ ਹੈ। ਜਿਵੇਂ ਕਵੀ ਨੇ ਕਿਹਾ ਹੈ।

ਚੰਚੱਲ ਮਨਨ ਪਿੰਜਰੇ ਪਾਉਣਾ ਮੰਗੇ ਮੋਹ ਅਥਾਹ ਯਾਰੋ

ਮਨ ਨੂੰ ਨੀਵਾਂ ਕਰਨਾ ਬਹੁਤ ਕੱਠਨ ਕਾਰਜ ਹੈ। ਮਨ ਦੀ ਗੁਆਂਡਨ ਹਾਉਮੈਂ ਉੱਸ ਨੂੰ ਚੂੰਡੀਆਂ ਵੱਢ ਦੀ ਰਹਿੰਦੀ ਹੈ। ਮੱਤ ਕਹਿਨ ਨੂੰ ਤਾਂ ਉੱਚੀ ਹੈ ਪਰ ਇਹ ਹਰ ਇੱਕ ਵਿਅੱਕਤੀ ਵਿੱਚ ਹੌਸਲਾ ਨਹੀਂ ਫੜਦੀ ਅਤੇ ਅੱਖੜ ਮਨ ਤੋਂ ਡਰਦੀ ਰਹਿੰਦੀ ਹੈ। ਮੱਤ ਨੂੰ ਹਿੱਮਤ ਤਾਂ ਸੰਗਤ ਵਿੱਚ ਹੀ ਹਾਸਲ ਹੁੰਦੀ ਹੈ। ਚੰਗੀ ਸੰਗਤ ਤਾਂ ਕਿਸੇ ਕਰਮਾਂ ਵਾਲੇ ਨੂੰ ਹੀ ਮਿੱਲਦੀ ਹੈ। ਕਰਮ ਹੀ ਕਰਤੂਤ ਦੀ ਬਖਸ਼ਿਸ਼ ਕਰਦੇ ਹਨ। ਸਿੰਘੋ! ਕਰਮ ਅਤੇ ਕਰਤੂਤ ਦੇ ਮਾਲਕ ਭਾਵੇਂ ਤੁਸੀਂ ਹੋ, ਪਰ ਸ਼ੈਤਾਨ ਮਨ ਤੁਹਾਨੂੰ ਧੋਖਾ ਦੇ ਕੇ, ਅਤੇ ਲਾਰੇ ਲੱਪੇ ਲਾ ਕੇ ਸੱਭ ਕੁੱਝ ਤੁਹਾਤੋ ਕੋਲੋਂ ਖੋਹ ਲੈਂਦੇ ਹੈ। ਕਿਉਂਕਿ ਤੁਸੀਂ ਸੱਚੀ ਸੁੱਚੀ ਸੰਗਤ ਨਹੀਂ ਭਾਲ ਸਕਦੇ। ਖਰੇ ਖੋਟੇ ਦੀ ਪਹਿਚਾਨ ਕਰਨੀ ਕੋਈ ਸੌਖਾ ਕੰਮ ਨਹੀੰ ਹੈ। ਕੋਸ਼ਿਸ਼ ਜਾਰੀ ਰੱਖੋ; ਦੇਰ ਹੈ, ਪਰ ਅੰਧੇਰ ਨਹੀਂ ਹੈ।

ਇੱਸ ਲੇਖ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਦਾਸ ਡਾਕਟਰ ਗੁਰਚਰਨ ਸਿੰਘ ਰੰਧਾਵਾ ਐੱਮ. ਡੀ ਅਤੇ ਸ: ਮਨਜੀਤ ਸਿੰਘ ਚੋਪੜਾ ਇੰਨਜੀਨਅਰ ਦਾ ਬਹੁਤ ਧੰਨਵਾਦੀ ਹੈ।




.