. |
|
ਸਿੱਖ ਸੰਗਤਾਂ ਲਈ ਵਿਸ਼ੇਸ਼
ਸਿੱਖ ਅਵੇਯਰਨੈਸ ਸੈਮੀਨਾਰ, ਕੈਲਗਰੀ ਦੇ ਸੰਬੰਧ `ਚ
ਸਿੱਖ ਧਰਮ ਬਨਾਮ
ਦਸਤਾਰ ਸਹਿਤ ਸੰਪੂਰਣ ਕੇਸਾਧਾਰੀ ਸਿੱਖੀ ਸਰੂਪ
(ਸ਼ੱਕ ਨਹੀਂ, ਗੁਰਬਾਣੀ ਅਨੁਸਾਰ ਨਿਰਾ-ਪੁਰਾ ਸਿੱਖੀ ਸਰੂਪ ਵੀ ਸਿੱਖ ਧਰਮ
ਨਹੀਂ। ਸਿੱਖ ਧਰਮ-ਸੰਪੂਰਣ ਕੇਸਾਧਾਰੀ ਦਸਤਾਰ ਸਹਿਤ ਸਿੱਖੀ ਸਰੂਪ ਅਤੇ ਗੁਰਬਾਣੀ ਆਧਾਰਤ ਜੀਵਨ ਜਾਚ
ਦੋਨਾਂ ਦੇ ਸੁਮੇਲ ਦਾ ਨਾਮ ਹੈ। ਜਦਕਿ ਇਹ ਵੀ ਨਹੀਂ ਭੁਲਣਾ ਚਾਹੀਦਾ ਕਿ ਦਸਤਾਰ ਸਹਿਤ ਸੰਪੂਰਣ
ਕੇਸਾਧਾਰੀ ਸਰੂਪ ਤੋਂ ਬਿਨਾ ਸਿੱਖ ਧਰਮ ਦਾ ਆਪਣਾ ਵੀ, ਕੋਈ ਵਜੂਦ ਨਹੀਂ ਰਹਿ ਜਾਂਦਾ) ਤਾਂ ਤੇ:-
All Rights Reserved Self Learning Topicwise Gurmat Lesson No
311-II
ਸਿੱਖ ਧਰਮ
ਬਨਾਮ
(ਭਾਗ-੨)
ਦਸਤਾਰ ਸਹਿਤ-ਸੰਪੂਰਣ ਕੇਸਾਧਾਰੀ
ਸਿੱਖੀ ਸਰੂਪ
ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ (ਮੋਢੀ)
ਸਿੱਖ ਮਿਸ਼ਨਰੀ ਲਹਿਰ 1956
“ਕਬੀਰ ਮਨੁ ਮੂੰਡਿਆ ਨਹੀ, ਕੇਸ ਮੁੰਡਾਏ ਕਾਂਇ”
“ਸਾਬਤ ਸੂਰਤਿ ਦਸਤਾਰ ਸਿਰਾ” -
ਹੁਣ ਤੀਕ ਪੂਰੀ ਤਰ੍ਹਾਂ ਸਪਸ਼ਟ ਹੋ ਚੁੱਕਾ ਹੈ ਕਿ ਗੁਰਬਾਣੀ `ਚ ਕੇਸਾਧਾਰੀ ਮਨੁੱਖਾ ਸਰੂਪ ਲਈ, ਕੇਵਲ
ਕੁੱਝ ਵਾਰੀ ਨਹੀਂ, ਬਲਕਿ ਬੇਅੰਤ ਵਾਰ ਅਤੇ ਉਹ ਵੀ ਪੂਰੀ ਦ੍ਰਿੜਤਾ ਨਾਲ ਜ਼ਿਕਰ ਆਇਆ ਹੈ। ਇਹ ਕਿ ਇਸ
ਸਚਾਈ ਦੀ ਪ੍ਰੌੜਤਾ `ਚ ਬਹੁਤੇਰੇ ਪ੍ਰਮਾਣ ਅਸੀਂ ਦੇ ਵੀ ਚੁੱਕੇ ਹਾਂ।
ਇਸ ਤੋਂ ਵਧ ਇਹ ਕਿ ਗੁਰਬਾਣੀ ਅਜਿਹੀ ਸੇਧ ਵੀ ਗੁਰਦੇਵ ਨੇ ਕੇਵਲ ਕੁੱਝ
ਲੋਕਾਂ ਲਈ ਨਹੀਂ, ਬਲਕਿ ਪੂਰੀ ਮਨੁੱਖ ਜਾਤੀ ਲਈ ਦਿੱਤੀ ਹੈ। ਹੋਰ ਤਾਂ ਹੋਰ, ਗੁਰਬਾਣੀ `ਚ ਗੁਰਦੇਵ
ਨੇ ਮਨੁੱਖਾ ਸਰੀਰ ਦੀ ਰੱਬੀ ਪਹਿਚਾਣ `ਚ ਕੇਵਲ ਕੇਸ ਰੋਮ ਹੀ ਨਹੀਂ ਬਲਕਿ ਕਿਸੇ ਵੀ ਪ੍ਰਕਾਰ ਦੀ
ਛੇੜਾਖਾਣੀ ਜਿਵੇਂ ਕਿ ਸੁਨੱਤ ਤੱਕ ਨੂੰ ਵੀ ਪ੍ਰਵਾਣ ਨਹੀਂ ਕੀਤਾ ਜਿਵੇਂ
“ਸਾਬਤ ਸੂਰਤਿ ਦਸਤਾਰ ਸਿਰਾ”
(ਪੰ: ੧੦੮੪)। ਦੇਖਣਾ ਹੈ ਕਿ ਸੰਬੰਧਤ ਫ਼ੁਰਮਾਨ ਦਾ
ਪ੍ਰਕਰਣ ਅਨੁਸਾਰ ਮੂਲ ਵਿਸ਼ਾ ਹੀ ਸੁਨਂੱਤ ਹੈ ਤੇ ਕਿਹਾ ਹੈ ਕਿ
“ਐ ਖ਼ੁਦਾ ਦੇ ਬੰਦੇ! ਖੁਦਾ ਨੇ ਜਿਹੜਾ
ਤੈਨੂੰ ਸਰੂਪ ਦਿੱਤਾ ਹੋਇਆ ਹੈ ਤੂੰ ਉਸ `ਚ ਕੱਟ ਵੱਢ ਨਾ ਕਰ, ਖ਼ੁਦਾ ਰਾਹੀਂ ਬਖ਼ਸ਼ੇ ਹੋਏ ਸਰੂਪ ਨੂੰ
ਤੂੰ ਵਿਗਾੜ ਨਹੀਂ”।
ਇਸ ਤਰ੍ਹਾਂ ਠੀਕ ਹੈ ਕਿ
“ਸਾਬਤ ਸੂਰਤਿ ਦਸਤਾਰ ਸਿਰਾ”
ਵਾਲੀ ਗੁਰਬਾਣੀ ਸੇਧ, ਮੁਸਲਮਾਨ ਵੀਰਾਂ ਦੀ ਸੁੰਨੱਤ ਵਾਲੀ
ਕਰਣੀ `ਤੇ ਉਟਂਕਣ ਹੈ। ਸਪਸ਼ਟ ਹੈ ਜਦੋਂ ਸੁਨੱਤ ਵਰਗੀ ਸਰੀਰਕ ਤੇ ਅੰਦਰੂਨੀ ਕੱਟ-ਵੱਢ ਵੀ ਗੁਰਦੇਵ
ਨੂੰ ਪ੍ਰਵਾਣ ਨਹੀਂ ਤਾਂ ਦਾੜ੍ਹੀ-ਕੇਸਾਂ ਆਦਿ ਨਾਲ ਸੰਬੰਧਤ ਸਰੂਪ ਦੀ ਜ਼ਾਹਿਰਾ ਕੱਟ-ਵੱਢ ਕਿਵੇਂ
ਮਨਜ਼ੂਰ ਹੋ ਸਕਦੀ ਹੈ? ਜਦਕਿ ਸੰਗਤਾਂ ਦੀ ਜਾਣਕਾਰੀ ਲਈ ਸੰਬੰਧਤ ਬੰਦ, ਅਰਥਾਂ ਸਹਿਤ ਵੀ ਦੇ ਰਹੇ ਹਾਂ
ਜਿਹੜਾ ਕਿ ਇਸ ਤਰ੍ਹਾਂ ਹੈ
“ਕਾਇਆ ਕਿਰਦਾਰ ਅਉਰਤ ਯਕੀਨਾ॥ ਰੰਗ ਤਮਾਸੇ ਮਾਣਿ ਹਕੀਨਾ॥ ਨਾਪਾਕ ਪਾਕੁ ਕਰਿ ਹਦੂਰਿ ਹਦੀਸਾ,
ਸਾਬਤ ਸੂਰਤਿ ਦਸਤਾਰ ਸਿਰਾ”
(ਪੰ: ੧੦੮੪)
ਅਰਥ- ਹੇ ਖ਼ੁਦਾ ਦੇ ਬੰਦੇ! ਆਪਣੇ ਇਸ ਸਰੀਰ ਨੂੰ, ਜਿਸ ਦੀ ਰਾਹੀਂ ਸਦਾ ਚੰਗੇ
ਮੰਦੇ ਕਰਮ ਕੀਤੇ ਜਾਂਦੇ ਹਨ ਆਪਣੀ ਵਫ਼ਾਦਾਰ ਔਰਤ (ਪਤਿਬ੍ਰਤਾ ਇਸਤ੍ਰੀ) ਬਣਾ, (ਤੇ, ਵਿਕਾਰਾਂ ਦੇ
ਰੰਗ-ਤਮਾਸ਼ੇ ਮਾਣਨ ਦੇ ਥਾਂ, ਇਸ ਪਤਿਬ੍ਰਤਾ ਇਸਤ੍ਰੀ ਦੀ ਰਾਹੀਂ) ਰੱਬੀ ਮਿਲਾਪ ਦੇ ਰੰਗ-ਤਮਾਸ਼ੇ
ਮਾਣਿਆ ਕਰ। ਹੇ ਅੱਲਾ ਦੇ ਬੰਦੇ! (ਵਿਕਾਰਾਂ ਵਿਚ) ਮਲੀਨ ਹੋ ਰਹੇ ਮਨ ਨੂੰ ਪਵਿੱਤਰ ਕਰਨ ਦਾ ਜਤਨ
ਕਰ—ਇਹੀ ਹੈ ਰੱਬੀ ਮਿਲਾਪ ਪੈਦਾ ਕਰਨ ਵਾਲੀ ਸ਼ਰਹ ਦੀ ਕਿਤਾਬ। (ਸੁੰਨਤਿ, ਲਬਾਂ ਕਟਾਣ ਆਦਿਕ ਸ਼ਰਹ ਨੂੰ
ਛੱਡ ਕੇ) ਆਪਣੀ ਸ਼ਕਲ ਨੂੰ ਜਿਉਂ ਕਾ ਤਿਉਂ ਰੱਖ—ਇਹ (ਲੋਕ ਪਰਲੋਕ ਵਿਚ) ਇੱਜ਼ਤ-ਆਦਰ ਪ੍ਰਾਪਤ ਕਰਨ ਦਾ
ਵਸੀਲਾ ਬਣ ਜਾਂਦਾ ਹੈ। ੧੨। (ਅਰਥ-ਧੰਨਵਾਦਿ ਸਹਿਤ
ਪਰੋ: ਸਾਹਿਬ ਸਿੰਘ ਜੀ)
ਇਸ ਗੁਰ ਫ਼ੁਰਮਾਨ ਤੋਂ ਤਾਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਮਨੁੱਖਾ ਸਰੂਪ
ਦੀ, ਮਨੁੱਖ ਵੱਲੋਂ ਦਾੜੀ-ਕੇਸਾਂ-ਰੋਮਾਂ ਅਦਿ ਦੀ ਕੱਟ-ਵੱਢ, ਜਿਹੜੀ ਅੱਜ ਸੰਸਾਰ ਤੱਲ `ਤੇ ਮਨੁੱਖ
ਜਾਤੀ ਦਾ ਫ਼ੈਸ਼ਨ ਤੇ ਸੁਭਾਅ ਬਣ ਚੁੱਕੀ ਹੈ,
“ਸਾਬਤ ਸੂਰਤਿ ਦਸਤਾਰ ਸਿਰਾ”
(ਪੰ: ੧੦੮੪)
ਵਾਲੇ ਗੁਰਬਾਣੀ ਸਿਧਾਂਤ ਤੇ ਗੁਰਬਾਣੀ
ਆਦੇਸ਼ਾਂ ਦੀ ਵੀ ਪੂਰੀ ਤਰ੍ਹਾਂ ਅਵਗਿਆ ਹੈ। ਬਲਕਿ ਇਸ ਤੋਂ ਇਹ ਵੀ ਸਾਫ਼ ਹੋ ਜਾਂਦਾ ਹੈ ਕਿ
ਦਾੜ੍ਹੀ-ਕੇਸਾਂ-ਰੋਮਾਂ ਪੱਖੋਂ ਮਨੁੱਖਾ ਸਰੀਰ ਦੀ ਕੱਟ-ਵਢ; ਇਲਾਹੀ, ਰੱਬੀ ਤੇ ਸੱਚ ਧਰਮ ਦੀ ਕਸਵੱਟੀ
`ਤੇ ਵੀ ਕਿਸੇ ਤਰ੍ਹਾਂ ਪੂਰੀ ਨਹੀਂ ਉਤਰਦੀ।
ਫ਼ਿਰ ਆਉਂਦੇ ਹਨ ਮਨੁੱਖ ਦੇ ਉਹ ਬੇਅੰਤ ਭੇਖ ਜਿਨ੍ਹਾਂ ਬਾਰੇ ਪ੍ਰਕਰਣ ਅਨੁਸਾਰ
ਲੋੜੀਂਦਾ ਜ਼ਿਕਰ ਪਹਿਲਾਂ ਵੀ ਆ ਚੁੱਕਾ ਭਾਵ ਜੋਗੀ, ਜਤੀ, ਸੰਨਿਆਸੀ, ਬੈਰਾਗੀ, ਨਾਂਗੇ, ਬਿਭੂਤਧਾਰੀ,
ਸਾਧੂ, ਸੰਤ, ਮਹਾਤਮਾ ਆਦਿ, ਜਿਹੜੇ ਦਿਖਾਵੇ ਕਰਕੇ ਤਾਂ ਕੁੱਝ ਵੀ ਹੁੰਦੇ ਹਨ ਪਰ
“ਜਤੀ ਸਦਾਵਹਿ ਜੁਗਤਿ ਨ ਜਾਣਹਿ
ਛਡਿ ਬਹਹਿ ਘਰ ਬਾਰੁ” (ਪੰ: ੪੬੮) ਪਰ
ਉਨ੍ਹਾਂ ਦੇ ਜੀਵਨ `ਚੋਂ ਬਹੁਤਾ ਕਰਕੇ ਉਨ੍ਹਾਂ ਭੇਖਾ ਅਨੁਸਾਰ ਪ੍ਰਗਟ ਹੋ ਰਹੀ ਅਸਲੀਅਤ, ਘੱਟ ਹੀ
ਹੁੰਦੀ ਹੈ।
ਇਸ ਤੋਂ ਵਧ ਜਦੋਂ ਉਸੇ ਮਨੁੱਖ ਦਾ ਜੀਵਨ
ਗੁਰਬਾਣੀ ਸੋਝੀ
ਤੇ ਜੀਵਨ ਜਾਚ
ਤੋਂ ਘੜਿਆ ਜਾਂਦਾ ਹੈ ਤਾਂ ਉਹ ਮਨੁੱਖ ਸੁਭਾਅ
ਕਰਕੇ ਹੀ ਸਦਾਚਾਰੀ, ਉੱਚੇ ਆਚਰਣ ਵਾਲਾ ਤੇ ਸੱਚ ਧਰਮ ਦਾ ਰਾਹੀ ਬਣ ਜਾਂਦਾ ਹੈ।
ਇਸ ਤਰ੍ਹਾਂ ਜਦੋਂ ਮਨੁੱਖ ਦਾ ਜੀਵਨ ਹੀ
ਕਰਤੇ ਦੀ ਰਜ਼ਾ `ਚ ਤਿਆਰ ਹੁੰਦਾ ਹੈ ਤਾਂ ਉਹ ਸਰੂਪ ਦੀ ਕੱਟ ਵੱਢ ਅਤੇ ਹੋਰ ਭੇਖਾਂ ਵੱਲ ਵਧਦਾ ਹੀ
ਨਹੀਂ। ਉਹ ਅੰਦਰੋਂ ਜੀਵਨ ਕਰਕੇ ਤੇ ਬਾਹਰੋਂ ਸਰੂਪ
ਕਰਕੇ, ਦੋਨਾਂ ਪੱਖਾਂ ਤੋਂ ਸੱਚਾ ਧਰਮੀ ਹੁੰਦਾ ਹੈ। ਇਹ ਵੀ ਕਿ ਉਸ ਨੂੰ ਆਪਣੇ ਧਰਮੀ ਹੋਣ ਲਈ ਕਿਸੇ
ਵਿਸ਼ੇਸ਼ ਦਿਖਾਵੇ, ਪਹਿਰਾਵੇ ਤੇ ਭੇਖ ਆਦਿ ਦੀ ਲੋੜ ਰਹਿੰਦੀ ਹੀ ਨਹੀਂ। ਉਹ ਆਪਣੇ ਆਪ `ਚ ਹੀ
“ਸਾਬਤ ਸੂਰਤਿ ਦਸਤਾਰ ਸਿਰਾ”
ਵਾਲੇ ਮੂਲ ਮਨੁੱਖੀ ਸਰੂਪ ਦਾ ਪ੍ਰਗਟਾਵਾ ਹੁੰਦਾ ਹੈ ਤੇ
ਗੁਰਬਾਣੀ ਆਧਾਰਤ ਉੱਚੇ ਸੁੱਚੇ ਜੀਵਨ ਵਾਲਾ ਵੀ।
“ਸੋਹਣੇ ਨਕ ਜਿਨ ਲੰਮੜੇ ਵਾਲਾ” -
ਗੁਰਬਾਣੀ ਅਨੁਸਾਰ ਅਕਾਲਪੁਰਖ ਰੂਪ, ਰੰਗ,
ਰੇਖ ਤੋਂ ਨਿਆਰਾ ਹੈ। ਤਾਂ ਵੀ ਗੁਰਦੇਵ ਅਕਾਲਪੁਰਖ ਨੂੰ ਸੰਬੋਧਨ ਕਰਕੇ ਕਹਿੰਦੇ ਹਨ
“ਤੇਰੇ ਬੰਕੇ ਲੋਇਣ ਦੰਤ ਰੀਸਾਲਾ॥
ਸੋਹਣੇ ਨਕ ਜਿਨ ਲੰਮੜੇ ਵਾਲਾ”
(ਪੰ: ੫੬੭)
ਭਾਵ “ਹੇ ਪ੍ਰਭੂ! ਤੇਰੀਆਂ ਸੁੰਦਰ ਅੱਖਾ, ਲੰਮੇਂ ਵਾਲ ਤੇ
ਸੁੰਦਰ ਦੰਦ ਹਨ” ਤਾਂ ਕਿਉਂ ਤੇ ਪ੍ਰਭੂ ਲਈ ਗੁਰਦੇਵ ਨੇ ਕਿਨ੍ਹਾਂ ਅਰਥਾਂ `ਚ ਕਿਹਾ ਹੈ? ਇਸ ਤਰ੍ਹਾਂ
ਇਹ ਵਿਸ਼ਾ ਵੀ ਵਿਸ਼ੇਸ਼ ਧਿਆਨ ਮੰਗਦਾ ਹੈ ਅਤੇ ਕੁੱਝ ਗਹਿਰਾਈ ਤੋਂ ਸਮਝਣ ਦੀ ਲੋੜ ਹੈ।
ਦਰਅਸਲ
“ਤੇਰੇ ਬੰਕੇ ਲੋਇਣ ਦੰਤ ਰੀਸਾਲਾ॥
ਸੋਹਣੇ ਨਕ ਜਿਨ ਲੰਮੜੇ ਵਾਲਾ”
(ਪੰ: ੫੬੭) ਵਾਲੀ ਪੰਕਤੀ ਰਾਗ ਵਡਹੰਸ ਵਿਚਲੀ
ਮ: ੧ ਦੀ ੮ ਬੰਦਾਂ ਦੀ ਅਸ਼ਟਪਦੀ `ਚੋਂ ਹੈ। ਮੂਲ ਰੂਪ `ਚ ਇਹ ਅਸ਼ਟਪਦੀ ਕਰਤੇ ਦੇ ਚਰਨਾਂ `ਚ ਅਰਦਾਸ
ਤੇ ਕਰਤੇ ਦੀ ਉਸਤੱਤ ਰੂਪ `ਚ ਹੈ। ਅਸ਼ਟਪਦੀ ਦੀ ਅਰੰਭਕ ਪੰਕਤੀ ਹੈ
“ਕਰਹੁ ਦਇਆ ਤੇਰਾ ਨਾਮੁ ਵਖਾਣਾ
…”। ਇਸ ਤਰ੍ਹਾਂ ਜੇਕਰ ਵੱਡੀ ਲਗਣ ਨਾਲ ਇਸ
ਅਸ਼ਟਪਦੀ ਦੇ ਅਰਥ ਸਮਝੇ ਜਾਣ ਤਾਂ ਇਥੇ ਹੋਰ ਵੀ ਕਮਾਲ ਹੋਈ ਪਈ ਹੈ।
ਇਸ ਅਸ਼ਟਪਦੀ `ਚ ਗੁਰਦੇਵ ਜਦੋਂ ਕਰਤੇ ਦੀ ਸਮੂਹ ਰਚਨਾ ਵਿਚਲੀਆਂ
ਅਰਬਾਂ-ਖਰਬਾਂ ਜੀਵ ਸ਼੍ਰੇਣੀਆਂ ਦੇ ਮੁਕਾਬਲੇ ਮਨੁੱਖਾ ਸਰੀਰ ਦਾ ਵਰਨਣ ਕਰਦੇ ਹਨ ਤਾਂ ਇਤਨੇ ਵਜਦ `ਚ
ਆ ਜਾਂਦੇ ਹਨ ਕਿ ਮਨੁੱਖਾ ਸਰੀਰ ਨੂੰ ਹੀ ਕਰਤੇ ਦਾ ਨਿਜ ਰੂਪ ਤੱਕ ਬਿਆਣ ਕਰ ਦਿੰਦੇ ਹਨ, ਭਾਵ ਕਰਤੇ
ਪ੍ਰਭੂ ਦੀ ਸਭ ਤੋਂ ਪਿਆਰੀ ਘਾੜਤ। ਇਸ ਤਰ੍ਹਾਂ ਗੁਰਦੇਵ ਮਨੁੱਖਾ ਸਰੀਰ ਨੂੰ ਕਰਤੇ ਦੀ ਸਮੂਚੀ ਰਚਨਾ
ਦੀ ਇਕੋ ਇਕ, ਨਿਵੇਕਲੀ ਤੇ ਵਿਸ਼ੇਸ਼ ਘਾੜਤ ਤੱਕ ਬਿਆਣਦੇ ਹਨ। ਅਜਿਹੀ ਘਾੜਤ, ਜਿਸ `ਚੋਂ ਸਹਿਜੇ ਹੀ
ਕਰਤੇ ਦਾ ਆਪਣਾ ਆਪ ਵੀ ਪ੍ਰਗਟ ਹੋ ਸਕਦਾ ਹੈ।
ਉਪ੍ਰੰਤ ਸਮੂਚੀਆਂ ਜੀਵ ਸ਼੍ਰੇਣੀਆਂ `ਚੋਂ ਮਨੁੱਖ ਅਜਿਹੀ ਜੀਵ ਸ਼੍ਰੇਣੀ ਜਿਹੜੀ
“ਜੋ ਬ੍ਰਹਮੰਡੇ ਸੋਈ
ਪਿੰਡੇ ਜੋ ਖੋਜੈ ਸੋ ਪਾਵੈ॥ ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ” (ਪੰ:
੬੯੫) ਵਾਲੇ ਪਹਿਲਾਂ ਦਿੱਤੇ ਜਾ ਚੁੱਕੇ ਗੁਰ ਫ਼ੁਰਮਾਨ ਦੀਆਂ ਲੀਹਾਂ ‘ਤੋਂ ਵੀ ਬਹੁਤ ਅੱਗੇ ਜਾ ਕੇ,
ਮਨੁੱਖ ਦੇ ਸਰੀਰ ਨੂੰ, ਕਰਤੇ ਪ੍ਰਭੂ ਦੇ ਨਿਜ ਰੂਪ ਤੱਕ ਵੀ ਬਿਆਣ ਕਰਦੇ ਹਨ; ਦੂਜੇ ਲਫ਼ਜ਼ਾਂ `ਚ
ਜਿਵੇਂ ਕਿ ਮਨੁੱਖਾ ਸਰੀਰ ਹੀ ਉਸ ਦੀ ਸਮੂਚੀ ਰਚਨਾ `ਚੋਂ ਸਭ ਤੋਂ ਪਿਆਰੀ ਘਾੜਤ ਹੈ।
ਇਥੇ ਗੁਰਦੇਵ ਨੇ, ਕਰਤੇ ਨੂੰ ਸੰਬੋਧਨ ਕਰਕੇ ਮਨੁੱਖਾ ਸਰੀਰ ਦਾ ਜੋ ਰੂਪ
ਬਿਆਣਿਆ ਹੈ ਉਹ ਇਸ ਤਰ੍ਹਾਂ ਹੈ
“ਤੇਰੇ ਬੰਕੇ ਲੋਇਣ ਦੰਤ ਰੀਸਾਲਾ॥
ਸੋਹਣੇ ਨਕ ਜਿਨ ਲੰਮੜੇ ਵਾਲਾ॥ ਕੰਚਨ ਕਾਇਆ ਸੁਇਨੇ ਕੀ ਢਾਲਾ॥ ਸੋਵੰਨ ਢਾਲਾ ਕ੍ਰਿਸਨ ਮਾਲਾ, ਜਪਹੁ
ਤੁਸੀ ਸਹੇਲੀਹੋ” ਅਰਥ-
“ਹੇ ਪ੍ਰਭੂ! ਤੇਰੇ ਨੈਣ ਬਾਂਕੇ ਹਨ, ਤੇਰੇ ਦੰਦ ਸੋਹਣੇ ਹਨ, ਤੇਰਾ ਨੱਕ ਸੋਹਣਾ ਹੈ,
ਤੇਰੇ ਸੋਹਣੇ ਲੰਮੇ
ਕੇਸ ਹਨ। (ਜਿਨ੍ਹਾਂ
ਲੋਕਾਂ ਦੇ ਸੋਹਣੇ ਨੱਕ ਹਨ,
ਜਿਨ੍ਹਾਂ ਦੇ ਸੋਹਣੇ ਲੰਮੇ ਕੇਸ ਹਨ;
ਇਹ ਭੀ, ਹੇ ਪ੍ਰਭੂ! ਦਰਅਸਲ ਇਹ ਤੇਰੇ ਹੀ ਨੱਕ ਅਤੇ
ਤੇਰੇ ਹੀ ਕੇਸ ਹਨ)।
ਹੇ ਪ੍ਰਭੂ! ਤੇਰਾ ਸਰੀਰ ਸੋਨੇ ਵਰਗਾ ਸੁੱਧ ਅਰੋਗ ਤੇ ਸੁਡੌਲ ਹੈ, ਮਾਨੋ, ਸੋਨੇ ਵਿੱਚ ਢਲਿਆ ਹੋਇਆ
ਹੈ। ਹੇ ਸਹੇਲੀਹੋ! (ਹੇ ਸਤਸੰਗੀ ਸਜਨੋਂ! ਤੁਸੀਂ ਉਸ ਪਰਮਾਤਮਾ (ਦੇ ਨਾਮ) ਦੀ ਮਾਲਾ ਜਪੋ (ਉਸ
ਪਰਮਾਤਮਾ ਦਾ ਨਾਮ ਮੁੜ ਮੁੜ ਜਪੋ) ਜਿਸ ਦਾ ਸਰੀਰ ਅਰੋਗ ਤੇ ਸੁਡੌਲ ਹੈ, ਮਾਨੋ, ਸੋਨੇ ਵਿੱਚ ਢਲਿਆ
ਹੋਇਆ ਹੈ। (ਅਰਥ-ਧੰਨਵਾਦਿ
ਸਹਿਤ ਪ੍ਰੋ: ਸਾਹਿਬ ਸਿੰਘ ਜੀ)
ਕੁਝ ਦੀਰਘ ਵਿਚਾਰ ਸਹਿਤ -
ਗੁਰਦੇਵ ਕਰਤੇ ਦੀ ਅਨੰਤ ਰਚਨਾ ਦਾ ਜ਼ਿਕਰ ਕਰਦੇ ਹਨ ਤਾਂ
ਫ਼ੁਰਮਾਉਂਦੇ ਹਨ “ਲੇਖਾ ਹੋਇ ਤ
ਲਿਖੀਐ ਲੇਖੈ ਹੋਇ ਵਿਣਾਸੁ॥ ਨਾਨਕ ਵਡਾ ਆਖੀਐ ਆਪੇ ਜਾਣੈ ਆਪੁ”
(ਬਾਣੀ ਜਪੁ)।
ਉਪ੍ਰੰਤ ਪ੍ਰਭੂ ਦੀ ਉਸੇ ਬੇਅੰਤ ਰਚਨਾ `ਚੋਂ ਜਦੋਂ ਮਨੁੱਖਾ
ਸਰੀਰ ਨੂੰ ਬਿਆਣਦੇ ਹਨ ਤਾਂ
“ਤੇਰੇ ਬੰਕੇ ਲੋਇਣ ਦੰਤ ਰੀਸਾਲਾ॥ ਸੋਹਣੇ ਨਕ ਜਿਨ ਲੰਮੜੇ ਵਾਲਾ. .”
ਵਾਲੀ ਸ਼ਬਦਾਵਲੀ ਵੀ ਵਰਤਦੇ ਹਨ।
ਤਾਂ
ਕੀ ਇਸ ਤੋਂ ਬਾਅਦ ਵੀ ਕਿਸੇ
ਤਰ੍ਹਾਂ ਦਾ ਭੁਲੇਖਾ ਰਹਿ ਜਾਂਦਾ ਹੈ ਕਿ ਗੁਰਦੇਵ, ਗੁਰਬਾਣੀ `ਚ ਕੇਸ ਵਿਹੀਨ ਮਨੁੱਖਾ ਸਰੀਰ ਦੀ
ਪ੍ਰੌੜਤਾ ਕਰ ਰਹੇ ਜਾਂ ਉਸ ਨੂੰ ਪ੍ਰਵਾਣ ਕਰ ਰਹੇ ਹਨ?
ਕਦਾਚਿੱਤ ਨਹੀਂ। ਕਿਉਂਕਿ ਇੱਥੇ ਵੀ ਜਦੋਂ ਮਨੁੱਖਾ ਸਰੀਰ ਨੂੰ ਬਿਆਣਿਆ ਤਾਂ
ਸ਼ਬਦਾਵਲੀ ਵਰਤੀ ਹੈ “…
ਸੋਹਣੇ ਨਕ ਜਿਨ ਲੰਮੜੇ ਵਾਲਾ. .” ਭਾਵ ਹੇ
ਪ੍ਰਭੂ! ਤੇਰੇ ਰਾਹੀਂ ਘੜੀ ਗਈ ਮਨੁੱਖ ਸ਼੍ਰੇਣੀ, ਜਿਸ `ਚ ਬਾਕੀ ਜੀਵ ਸ਼੍ਰੇਣੀਆਂ ਵਾਙ ਤੇਰਾ ਵੀ ਉਸੇ
ਤਰ੍ਹਾਂ ਹੀ ਵਾਸਾ ਹੈ। ਤਾਂ ਵੀ ਮਨੁੱਖ ਨੂੰ ਤੂੰ ਜਿਹੜਾ ਰੂਪ ਪ੍ਰਦਾਨ ਕੀਤਾ ਹੈ; ਤੇਰੇ ਰਾਹੀਂ ਉਸ
ਘੜੇ ਹੋਏ ਸਰੂਪ `ਚ “ਉਸਦੇ
ਨੇਤ੍ਰ ਵੀ ਸੁੰਦਰ ਹਨ ਤੇ ਦੰਦ ਵੀ। ਇਸੇ ਤਰ੍ਹਾਂ ਉਸ ਦੇ ਸਰੀਰ `ਤੇ ਸੋਹਣਾ ਨੱਕ ਵੀ ਹੈ ਤੇ
ਲੰਮੇਂ ਵਾਲ
ਵੀ ਹਨ।
ਇਸ ਤੋਂ ਤਾਂ ਹੋਰ ਵੀ
ਸਪਸ਼ਟ ਹੈ, ਕਿ ਕੇਸ, ਕਾਦਿਰ ਵੱਲੋਂ ਹੀ
ਮਨੁੱਖਾ ਸਰੀਰ ਦਾ ਅਣਿਖੜਵਾਂ ਅੰਗ ਹਨ। ਗੁਰਦੇਵ, ਮਨੁੱਖ ਦੇ ਸਰੂਪ ਨੂੰ
ਕੇਸਾਂ ਵਾਲਾ ਸਰੂਪ
ਹੀ ਬਿਆਣਦੇ ਤੇ ਦੇਖਣਾ ਵੀ ਉਸੇ
ਤਰ੍ਹਾਂ ਚਾਹੁੰਦੇ ਹਨ। ਉਹ ਸਰੂਪ, ਜਿਹੜਾ ਪ੍ਰਭੂ ਨੇ ਆਪ ਮਨੁੱਖ ਲਈ ਘੜਿਆ ਤੇ ਮਨੁੱਖ ਨੂੰ ਪ੍ਰਭੂ
ਵੱਲੋਂ ਜਨਮ ਤੋਂ ਮਿਲਦਾ ਵੀ ਹੈ। ਬਾਕੀ ਕੇਸਾਂ ਰੋਮਾਂ ਦੀ ਕੱਟ-ਵੱਢ ਜਾਂ ਭਿੰਨ ਭਿੰਨ ਭੇਖ ਤਾਂ
ਮਨੁੱਖ ਦੀ ਜ਼ਾਹਿਰਾ ਮਨਮੱਤ, ਹੂੜਮੱਤ ਆਦਿ ਹੀ ਹੈ।
“ਕੇਸੋ ਕੇਸੋ ਕੂਕੀਐ” -
ਗੁਰਬਾਣੀ `ਚ ਅਕਾਲਪੁਰਖ ਲਈ ਬੇਅੰਤ ਗੁਣਵਾਚਕ ਨਾਮ ਆਏ ਹਨ, ਉਨ੍ਹਾਂ ਬੇਅੰਤ ਨਾਵਾਂ `ਚੋਂ ਹੀ ਕਰਤੇ
ਦਾ ਇੱਕ ਨਾਮ ‘ਕੇਸਵ’
ਵੀ ਆਇਆ ਹੈ ਤੇ ਉਹ ਵੀ ਕਈ ਰੂਪਾਂ `ਚ ਜਿਵੇਂ
“ਕੇਸਵ, ਕੇਸਵਾ, ਕੇਸਵਹ,
ਕੇਸਵਹ, ਕੇਸੋ” ਆਦਿ। ਜਦਕਿ ਲਫ਼ਜ਼
ਕੇਸ਼ਵ
ਦੇ ਅੱਖਰੀਂ ਅਰਥ ਹਨ, ਉਹ ਪ੍ਰਭੂ ਜਿਸਦਾ ਸ਼ਯਣ ਭਾਵ ਹੋਂਦ, ਮਨੁੱਖ ਦੇ ਇੱਕ ਇੱਕ ਕੇਸ ਤੇ ਰੋਮ `ਚ ਹੈ
ਜਿਵੇਂ:-
“ਲੋਭ ਲਹਰਿ ਅਤਿ ਨੀਝਰ ਬਾਜੈ॥ ਕਾਇਆ ਡੂਬੈ
ਕੇਸਵਾ”
(ਪੰ: ੧੧੯੬) ਹੋਰ
“ਪਿੰਡੁ ਪਤਲਿ ਮੇਰੀ
ਕੇਸਉ
ਕਿਰਿਆ ਸਚੁ ਨਾਮੁ ਕਰਤਾਰੁ”
(ਪੰ: ੩੮੮) ਪੁਨ:
“ਕਬੀਰ
ਕੇਸੋ ਕੇਸੋ
ਕੂਕੀਐ ਨ ਸੋਈਐ ਅਸਾਰ”
(ਪੰ: ੧੩੭੭) ਅਥਵਾ
“ ਕੇਸਵ
ਕਲੇਸ ਨਾਸ ਅਘ ਖੰਡਨ ਨਾਨਕ
ਜੀਵਤ ਦਰਸ ਦਿਸੇ” (ਪੰ: ੮੨੯)
ਜਦਕਿ ਇਸ ਤੋਂ ਪਹਿਲਾਂ,
ਗੁਰਬਾਣੀ `ਚੋਂ ਬਹੁਤੇਰੇ ਪ੍ਰਮਾਣ ਲੈ ਕੇ ਇਹ ਵੀ ਸਪਸ਼ਟ ਕੀਤਾ ਜਾ ਚੁੱਕਾ ਹੈ ਕਿ ਗੁਰਬਾਣੀ `ਚ,
ਸਰੂਪ ਪੱਖੋਂ, ਮਨੁੱਖ ਦੇ ਸੰਪੂਰਣ ਕੇਸਾਧਾਰੀ ਸਰੂਪ ਦੀ ਪ੍ਰੌੜਤਾ ਹੀ ਮਿਲਦੀ ਹੈ। ਇਸ ਦੇ ਉਲਟ,
ਸੁੱਨਤ ਜਾਂ ਕੇਸਾਂ-ਦਾੜ੍ਹੀ ਆਦਿ ਦੀ ਕੱਟ
ਵੱਢ ਸਮੇਤ, ਸਰੂਪ `ਚ ਕਿਸੇ ਵੀ ਤਰ੍ਹਾਂ ਦੀ ਕੱਟ-ਵੱਢ ਜਾਂ ਧਰਮ ਦੇ ਨਾਮ `ਤੇ ਜੋਗੀ, ਜਤੀ,
ਸੰਨਿਆਸੀ, ਬ੍ਰ੍ਹਮਗਿਆਨੀ, ਸੰਤ, ਸਾਧ, ਮਹਾਤਮਾ ਆਦਿ ਭੇਖਾਂ ਨੂੰ ਵੀ ਗੁਰਬਾਣੀ `ਚ ਪ੍ਰਵਾਨ ਨਹੀਂ
ਕੀਤਾ ਗਿਆ। ਉਨ੍ਹਾਂ ਦੇ ਕਿਰਦਾਰਾਂ ਦੀ ਵੀ ਪ੍ਰੌੜਤਾ ਨਹੀਂ ਕੀਤੀ ਗਈ। ਉਨ੍ਹਾਂ ਸਾਰਿਆਂ ਦੇ ਕਰਮਾਂ
ਨੂੰ ਵੀ ਇਲਾਹੀ, ਰੱਬੀ ਤੇ ਸੱਚ ਧਰਮ ਦੀ ਕਸੌਟੀ `ਤੇ ਮੂਲੋਂ ਹੀ ਮਨਮੁੱਖੀ ਕਰਮ ਕਿਹਾ ਹੈ।
ਜਦਕਿ ਉਪਰੋਕਤ ਅਕਾਲਪੁਰਖ ਨਾਲ ਸੰਬੰਧਤ, ਗੁਰਬਾਣੀ `ਚ ਲਫ਼ਜ਼
ਕੇਸ਼ਵ
ਵਾਲੇ ਅਨੇਕਾਂ ਪ੍ਰਮਾਣਾਂ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ
ਕਿ ਗੁਰੂ ਸਾਹਿਬਾਨ ਦੇ ਨਾਲ ਨਾਲ ਭਗਤ ਸਾਹਿਬਾਨ ਵੀ ਜਦੋਂ ਕਰਤੇ ਅਕਾਲਪੁਰਖ ਲਈ
“ਕੇਸਵ, ਕੇਸਵਾ, ਕੇਸਵਹ, ਕੇਸਵਹ,
ਕੇਸੋ” ਆਦਿ ਵਿਸ਼ੇਸ਼ਣ ਵਰਤਦੇ ਹਨ ਤਾਂ ਕਰਤੇ
ਦਾ ਇਹ ਗੁਣ, ਮੁੱਖ ਤੌਰ `ਤੇ ਪ੍ਰਭੂ ਦੀ ਰਚਨਾ ਦੇ ਕਿਹੜੇ ਅੰਗ ਤੋਂ ਪ੍ਰਗਟ ਹੁੰਦਾ ਹੈ? ਭਾਵ ਸਮੂਚੇ
ਕੇਸਾਂ-ਰੋਮਾਂ ਦੇ ਸਰੂਪ ਵਾਲੇ ਪਾਸਿਓਂ। ਉਪ੍ਰੰਤ ਗੁਰਬਾਣੀ ਅਨੁਸਾਰ ਸਿੱਖ ਦੀ ਰਹਿਣੀ ਲਈ ਵੀ
ਅਜਿਹੀਆਂ ਬੇਅੰਤ ਤਾਕੀਦਾਂ ਹਨ ਜਿਹੜੀਆਂ ਪਹਿਲਾਂ ਲੈ ਚੁੱਕੇ ਹਾਂ ਅਤੇ ਪ੍ਰਕਰਣ ਦੀ ਲੋੜ ਅਨੁਸਾਰ
ਇਥੇ ਕੁੱਝ ਨੂੰ ਕੇਵਲ ਦੌਰਾਅ ਰਹੇ ਹਾਂ ਜਿਵੇਂ:-
“ਸੋ ਸਿਖੁ ਸਦਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ
ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ”
(ਪੰ:
੬੦੧) ਅਥਵਾ “ਗੁਰ ਕੀ ਮਤਿ
ਤੂੰ ਲੇਹਿ ਇਆਨੇ” ੇ (ਪੰ: ੨੮੮)
ਜਾਂ
“ਮਨੁ ਬੇਚੈ ਸਤਿਗੁਰ ਕੈ ਪਾਸਿ॥ ਤਿਸੁ ਸੇਵਕ ਕੇ ਕਾਰਜ ਰਾਸਿ”
(ਪੰ: ੨੮੬)
ਤਾ ਕਿ ਹਰੇਕ ਮਨੁੱਖ ਅਤੇ ਖਾਸਕਰ ਗੁਰੂ ਕਾ ਸਿੱਖ, ਆਪਣੇ ਜੀਵਨ `ਚ ਸ਼ਬਦ
ਗੁਰੂ ਦੀ ਕਮਾਈ ਕਰਕੇ, ਆਪਣੇ ਆਪ ਨੂੰ
ਗੁਰਮੱਤੀਆ
ਬਣਾਵੇ
ਮਨਮੱਤੀਆ
ਨਹੀਂ। ਜਦਕਿ ਇਸ ਦੇ ਉਲਟ ਮਨੁੱਖ ਬਹੁਤਾ ਕਰਕੇ ਆਪਣੇ ਸਰੂਪ ਦੀ ਕੱਟ ਵੱਢ, ਧਾਰਮਿਕ ਭੇਖਾਂ,
ਕਰਮਕਾਂਡਾ ਤੇ ਸੰਸਾਰਕ ਰਸਾਂ ਕਸਾਂ `ਚ ਉਲਝਿਆ ਰਹਿ ਕੇ ਪ੍ਰਾਪਤ ਦੁਰਲਭ ਮਨੁੱਖਾ ਜਨਮ ਨੂੰ ਵੀ
ਬਿਰਥਾ ਕਰ ਲੈਂਸਦਾ ਹੈ।
“ਮਨਮੁਖਾ ਨੋ ਫਿਰਿ ਜਨਮੁ ਹੈ” - ਗੁਰਬਾਣੀ
ਫ਼ੁਰਮਾਨ ਹੈ “ਮਾਣਸ ਜਨਮੁ
ਦੁਲੰਭੁ ਹੈ, ਨਾਮ ਬਿਨਾ ਬਿਰਥਾ ਸਭੁ ਜਾਏ॥ ਹੁਣਿ ਵਤੈ ਹਰਿ ਨਾਮੁ ਨ ਬੀਜਿਓ,
ਅਗੈ
ਭੁਖਾ ਕਿਆ ਖਾਏ॥
ਮਨਮੁਖਾ
ਨੋ ਫਿਰਿ ਜਨਮੁ ਹੈ, ਨਾਨਕ ਹਰਿ ਭਾਏ”
(ਪੰ: ੪੫੦) ਭਾਵ ਜੀਵਨ ਦੇ ਸਫ਼ਲ ਹੋਣ ਦਾ
ਸਮਾਂ ਕੇਵਲ ਤੇ ਕੇਵਲ ਮਨੁੱਖਾ ਜੂਨ ਅਥਵਾ ਮਨੁੱਖਾ ਜਨਮ ਹੀ ਹੁੰਦਾ ਹੈ। ਜਦਕਿ ਬਾਕੀ ਅਨੰਤ ਕਰਮ
ਭੋਗੀ ਜੂਨਾਂ `ਚੋਂ ਕਿਸੇ ਇੱਕ ਵੀ ਜੂਨ ਸਮੇਂ ਅਜਿਹਾ ਹੋਣਾ ਸੰਭਵ ਨਹੀਂ। ਇਸ ਸੰਬੰਧ `ਚ ਵੀ
ਗੁਰਬਾਣੀ `ਚ ਅਨੰਤ ਫ਼ੁਰਮਾਨ ਹਨ ਤਾਂ ਤੇ ਇੱਕ ਹੋਰ
“ਲਖ ਚਉਰਾਸੀਹ ਜੋਨਿ ਸਬਾਈ॥ ਮਾਣਸ
ਕਉ ਪ੍ਰਭਿ ਦੀਈ ਵਡਿਆਈ॥ ਇਸੁ ਪਉੜੀ ਤੇ ਜੋ ਨਰੁ ਚੂਕੈ ਸੋ ਆਇ ਜਾਇ ਦੁਖੁ ਪਾਇਦਾ”
(ਪੰ: ੧੦੭੫) ਭਾਵ ਜਿਹੜੇ ਮਨੁੱਖਾ ਜਨਮ ਪਾ ਕੇ ਵੀ ਇਸ ਨੂੰ
ਬਿਰਥਾ ਕਰ ਦਿੰਦੇ ਹਨ ਉਹ ਮੁੜ ਜੂਨਾਂ-ਜਨਮਾਂ ਤੇ ਗਰਭਾਂ ਦੇ ਗੇੜ `ਚ ਹੀ ਪਾਏ ਜਾਂਦੇ ਹਨ।
ਜਦਕਿ ਇਹ ਵੀ ਦੇਖ ਚੁੱਕੇ ਹਾਂ ਕਰਤੇ ਵੱਲੋਂ ਮਨੁੱਖ ਦਾ ਸਰੂਪ ਕੀ ਘੜਿਆ
ਹੋਇਆ ਹੈ ਉਸ ਸੰਬੰਦੀ ਵਿ ਦੋ ਰਾਵਾਂ ਨਹੀਂ ਰਹਿ ਚੁੱਕੀਆਂ ਭਾਵ ਕਿਸੇ ਵੀ ਰੂਪ `ਚ ਸਰੂਪ ਦੀ
ਕੱਟ-ਵੱਢ ਵੀ ਮਨਮੱਤ ਦੀ ਹੀ ਇੱਕ ਅਰੰਭਕ ਪਉੜੀ ਹੈ।
ਕੇਸ ਕਾਲੇ ਤੋਂ ਚਿੱਟੇ ਕਿਉਂ? -
ਸਾਰੇ ਜਾਣਦੇ ਹਾਂ ਕਿ ਸਾਡੇ ਕੇਸਾਂ ਦਾ ਜਨਮ ਸਮੇਂ ਤੋਂ ਰੰਗ ਕਾਲਾ ਹੁੰਦਾ ਹੈ। ਉਪ੍ਰੰਤ ਜਿਉਂ ਜਿਉਂ
ਉਮਰ ਬੁਢਾਪੇ ਵੱਲ ਵਧਦੀ ਜਾਂਦੀ ਹੈ ਨਾਲ ਨਾਲ ਸਾਡੇ ਕੇਸਾਂ ਦਾ ਰੰਗ ਵੀ ਸੁਫ਼ੈਦ ਹੁੰਦਾ ਜਾਂਦਾ ਹੈ
ਅੰਤ ਉਮਰ ਦੇ ਨਾਲ ਨਾਲ ਇਹ ਕੇਸ ਇੱਕ ਦਿਨ ਬਿਲਕੁਲ ਚਿੱਟੇ ਹੋ ਜਾਂਦੇ ਹਨ। ਵਿਸ਼ੇ ਨਾਲ ਸੰਬੰਧਤ
ਗੁਰਬਾਣੀ `ਚ ਵੀ ਬਹੁਤ ਵਾਰ ਜ਼ਿਕਰ ਆਇਆ ਹੈ ਜਿਵੇਂ
“ਪੁੰਡਰ ਕੇਸ ਕੁਸਮ ਤੇ ਧਉਲੇ”
(ਪੰ: ੯੩) ਅਰਥ-ਐ ਭਾਈ! (ਬੁਢਾਪੇ ਕਾਰਣ) ਤੇਰੇ
ਕੇਸਾਂ ਦਾ ਰੰਗ ਕਮਲ ਦੇ ਫੁਲ ਤੋਂ ਵੀ ਵਧ ਚਿੱਟਾ ਹੋ ਚੁੱਕਾ ਹੈ। ਇਸੇ ਤਰ੍ਹਾਂ
“ਨੈਨਹੁ ਨੀਰੁ ਬਹੈ ਤਨੁ ਖੀਨਾ ਭਏ
ਕੇਸ ਦੁਧ ਵਾਨੀ” (ਪੰ: ੬੫੯) “(ਬੁਢਾਪੇ
ਕਾਰਣ) ……. …. ਤੇਰੇ ਕੇਸਾਂ ਦਾ ਰੰਗ ਚਿੱਟਾ ਹੋ ਚੁੱਕਾ ਹੈ।
ਸਮਝਣ ਦਾ ਵਿਸ਼ਾ ਹੈ ਕਿ ਉਮਰ ਦੇ ਢਲ਼ਣ ਨਾਲ ਮਨੁੱਖ ਦੇ ਕੇਸ ਚਿੱਟੇ ਕਿਉਂ
ਹੁੰਦੇ ਜਾਂਦੇ ਹਨ? ਡਾਕਟਰਾਂ ਅਨੁਸਾਰ ਵੀ, ਸਾਡੇ ਜਨਮ ਸਮੇਂ ਤੋਂ ਜਿਹੜੀ ਖ਼ੁਰਾਕ ਸਾਡੇ ਸਰੀਰ `ਚ
ਜਾਂਦੀ ਹੈ ਉਸ ਤੋਂ ਸਾਡੇ ਸਰੀਰ `ਚ ਤਾਕਤ
(Energy)
ਬਣਦੀ ਹੈ। ਜਿਵੇਂ ਕਿਸੇ ਗੱਡੀ ਦੇ ਇੰਝਣ `ਚ ਬਾਲਣ
(fuel)
ਕੰਮ ਕਰਦਾ ਹੈ ਠੀਕ ਉਸੇ ਤਰ੍ਹਾਂ ਸਾਡੇ ਸਰੀਰਾਂ ਅੰਦਰ ਸਾਡੀ ਖ਼ੁਰਾਕ ਵੀ ਕੰਮ ਕਰਦੀ ਹੈ।
ਇਸ ਤੋਂ ਵੱਡੀ ਗੱਲ ਇਹ ਵੀ ਹੈ ਕਿ ਸਾਡੇ ਭੋਜਨ ਤੋਂ ਸਾਡੇ ਅੰਦਰ ਜਿਹੜੀ
ਤਾਕਤ ਤਿਆਰ ਹੁੰਦੀ ਹੈ ਉਹ ਸਾਡੇ ਸਰੀਰ ਦੇ ਹਰੇਕ ਅੰਗ ਨੂੰ ਕਰਤੇ ਵੱਲੋਂ ਨੀਯਤ ਅਨੁਪਾਤ `ਚ ਆਪਣੇ
ਆਪ ਇਕੋ ਜਿਹੀ ਵੰਡੀਦੀ ਵੀ ਜਾਂਦੀ ਹੈ। ਜਦਕਿ ਉਸੇ ਲੋੜੀੰਦੇ ਅਨੁਪਾਤ `ਚ ਉਹ ਖ਼ੁਰਾਕ ਸਾਡੇ ਕੇਸਾਂ
ਨੂੰ ਵੀ ਬਰਾਬਰ ਮਿਲਦੀ ਰਹਿੰਦੀ ਹੈ। ਇਸੇਤਰ੍ਹਾਂ ਉਮਰ ਦੇ ਵਾਧੇ ਨਾਲ ਜਿਵੇਂ ਜਿਵੇਂ ਸਾਡੇ ਬਾਕੀ
ਅੰਗਾਂ `ਚ ਕਮਜ਼ੋਰੀ ਆਉਂਦੀ ਜਾਂਦੀ ਹੈ, ਉਸੇ ਤਰ੍ਹਾਂ ਤੇ ਉਸੇ ਅਨੁਪਾਤ `ਚ ਸਾਡੇ ਕੇਸਾਂ-ਰੋਮਾਂ `ਚ
ਵੀ ਕਮਜ਼ੋਰੀ ਆਪਣੀ ਜਗ੍ਹਾ ਬਣਾਂਦੀ ਜਾਂਦੀ ਹੈ।
ਦਰਅਸਲ ਕੇਸਾਂ-ਰੋਮਾਂ ਵਿਚਲੀ ਨਿੱਤ ਵੱਧ ਰਹੀ ਇਸੇ ਕਮਜ਼ੋਰੀ ਕਾਰਣ, ਸਮੇਂ
ਨਾਲ ਸਾਡੇ ਕੇਸਾਂ ਭਾਵ ਸਾਡੇ ਵਾਲਾਂ ਦਾ ਰੰਗ ਵੀ ਕਾਲੇ ਤੋਂ ਚਿੱਟਾ ਹੁੰਦਾ ਜਾਂਦਾ ਤੇ ਫ਼ਿਰ ਇੱਕ
ਦਿਨ ਬਿਲਕੁਲ ਚਿੱਟਾ ਹੋ ਜਾਂਦਾ ਹੈ। ਇਹ ਵਿਸ਼ਾ ਆਪਣੇ ਆਪ `ਚ ਬਹੁਤ ਵੱਡਾ ਤੇ ਕੁਦਰਤੀ ਸਬੂਤ ਹੈ ਕਿ
ਸਾਡੇ ਸਰੀਰ ਦੇ ਬਾਕੀ ਸਾਰੇ ਅੰਗਾਂ ਦੀ ਤਰ੍ਹਾਂ ਕੇਸ ਵੀ ਸਾਡੇ ਸਰੀਰ ਦਾ ਅਣਿਖੜਵਾਂ ਤੇ ਬਰਾਬਰ ਦਾ
ਅੰਗ ਹਨ।
ਇਸ ਦੇ ਨਾਲ ਨਾਲ, ਇਹ ਵਿਸ਼ਾ ਸੰਸਾਰ ਤਲ `ਤੇ ਉਸ ਲੋਕਾਈ ਨਾਲ ਵੀ ਸੰਬੰਧਤ ਹੈ
ਜਿਹੜੇ ਜੀਵਨ ਭਰ ਵਾਲ ਕੱਟਦੇ ਤੇ ਕਟਵਾਉਂਦੇ ਰਹਿੰਦੇ ਹਨ। ਜਦਕਿ ਉਨ੍ਹਾਂ ਦੇ ਉਹ ਵਾਲ ਫ਼ਿਰ ਵੀ ਵੀ
ਉਗਦੇ ਹੀ ਰਹਿੰਦੇ ਹਨ। ਉਪ੍ਰੰਤ ਇਹ ਵਾਲ ਉਦੋਂ ਤੱਕ ਉਗਦੇ ਰਹਿੰਦੇ ਹਨ, ਜਦੋਂ ਤੱਕ ਉਹ ਆਪਣੀਆਂ
ਜੜ੍ਹਾਂ ਤੋਂ ਹੀ ਨਾ ਮੁੱਕ ਜਾਣ ਜਾਂ ਮੁਕਾਅ ਦਿੱਤੇ ਜਾਣ, ਜਿਵੇਂ ਜੈਨੀ ਸਰੇਵੜਿਆਂ ਆਦਿ `ਚ। ਤਾਂ
ਤੇ ਅਜਿਹੇ ਲੋਕਾਂ ਨੂੰ ਹਿਸਾਬ ਲਾਉਣ ਦੀ ਵੀ ਲੋੜ ਹੈ ਕਿ ਉਮਰ ਭਰ ਆਪਣੇ ਵਾਲਾਂ ਦੀ ਕੱਟ-ਵੱਢ ਦਾ
ਨਤੀਜਾ ਉਹ ਆਪਣੇ ਜੀਵਨ ਦੀ ਕੁਲ ਤਾਕਤ ਦਾ ਕਿਤਣੇ % ਹਿੱਸਾ ਜ਼ਾਇਆ ਕਰਦੇ ਹਨ? ਉਪ੍ਰੰਤ
ਪੁਸ਼ਤ-ਦਰ-ਪੁਸ਼ਤ ਉਨ੍ਹਾਂ ਦੀ ਹੋਣ ਵਾਲੀ ਔਲਾਦ `ਤੇ ਇਸਦਾ ਨਾਲੋ ਨਾਲ ਕਿਤਨਾ ਅਸਰ ਜਾਂਦਾ ਹੈ?
ਸ਼ਕਲ ਤੇ ਸੁਭਾੳੇ
ਅਥਵਾ
ਸੂਰਤ ਤੇ ਸੀਰਤ ਬਾਰੇ? -
ਪ੍ਰਭੂ ਦੀ ਬੇਅੰਤ ਰਚਨਾ `ਚ
ਸ਼ਕਲ ਤੇ ਸੁਭਾਅ
ਅਥਵਾ
ਸੂਰਤ ਤੇ ਸੀਰਤ ਵਾਲੇ ਨਿਯਮ ਦਾ ਵੀ ਵਿਸ਼ੇਸ਼ ਸਥਾਨ
ਹੈ। ਜਿਵੇਂ ਰਚਨਾ ਦੇ ਹਰੇਕ ਅੰਗ ਦੀ
ਸੂਰਤ
ਪ੍ਰਭੂ ਦੀ ਘੜੀ ਹੋਈ ਤੇ ਪੱਕੀ ਹੁੰਦੀ ਹੈ, ਇਸੇ ਤਰ੍ਹਾਂ
ਹਰੇਕ ਅੰਗ ਦੀ ਸੀਰਤ
(ਸੁਭਾਅ)
ਵੀ ਸਦੀਵੀ ਹੁੰਦਾ ਹੈ। ਸੂਰਜ ਦਾ ਸੁਭਾਅ ਗਰਮੀ ਦੇਣਾ ਹੈ
ਤੇ ਚੰਦ੍ਰਮਾਂ ਦਾ ਠੰਢਕ ਦੇਣੀ। ਗੁੜ ਤੋਂ ਮਿਠਾਸ ਮਿਲੇਗੀ ਤੇ ਨਮਕ ਤੋਂ ਮਿਰਚਾਂ ਦਾ ਭੁਲੇਖਾ ਨਹੀਂ
ਪੈਂਦਾ। ਬਿੱਲੀ ਦਾ ਚੂਹੇ ਖਾਣ ਵਾਲਾ ਸੁਭਾਅ, ਨਸਲ ਦਰ ਨਸਲ ਚਲਦਾ ਆ ਰਿਹਾ ਹੈ। ਘੋੜੇ ਦੀ ਦੁਲੱਤੀ
ਤੇ ਗਊ ਦੇ ਸਿੰਗ ਮਾਰਣ ਵਾਲੀ ਆਦਤ ਅੱਜ ਤੋਂ ਨਹੀਂ। ਗਿੱਦੜ ਡਰਪੋਕ ਤੇ ਸ਼ੇਰ ਦਾ ਸੁਭਾਅ ਕਰ ਕੇ
ਖੂੰਖਾਰ ਹੋਣਾ, ਆਦਿ ਕਾਲ ਤੋਂ ਹੈ।
ਚੂਹਾ ਕੁੱਤਰਦਾ ਹੈ, ਦੀਮਕ-ਲੱਕੜੀ ਕਾਗਜ਼ ਨੂੰ ਮਿੱਟੀ `ਚ ਬਦਲ ਦਿੰਦੀ ਹੈ,
ਕੱਕੀ ਕੀੜੀ ਲੜਦੀ ਤੇ ਬਿੱਛੂ ਦਾ ਡੰਗ ਜ਼ਹਿਰੀਲਾ ਹੁੰਦਾ ਹੈ। ਕੈਮੀਕਲਾਂ ਦੀਆਂ ਵੱਖ-ਵੱਖ ਸ਼ਕਲਾਂ ਤੇ
ਸੁਭਾਅ ਹੀ ਹਨ ਹੁੰਦੇ ਜੋ ਮਨੁੱਖ ਦੀਆਂ ਲੱਖਾਂ ਲੋੜਾਂ ਨੂੰ ਪੂਰਾ ਕਰਦੇ ਹਨ। ਇਥੋਂ ਤੀਕ ਕਿ
ਮੈਡੀਕਲ, ਵਿਗਿਆਨਕ-ਖੇਤੀਬਾੜੀ ਆਦਿ ਦੀਆਂ ਬੇਅੰਤ ਖੋਜਾਂ ਇਸੇ ਰੱਬੀ ਸੱਚ `ਤੇ ਖੜੀਆਂ ਹਨ।
ਇਸੇ ਤਰ੍ਹਾਂ ਕੋਈ ਮਿਸ਼ਰਨ ( compound)
ਜਦੋਂ ਪ੍ਰਯੋਗਸ਼ਾਲਾ (Labortary)
`ਚ ਭੇਜਿਆ ਜਾਂਦਾ ਹੈ ਤਾਂ ਉਥੇ ਕੇਵਲ ਉਸ ਦੇ ਤੱਤਵਾਂ ਦੇ ਸੁਭਾਅ ਤੇ ਗੁਣਾਂ-ਦੋਸ਼ਾਂ (properties)
ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਮਿਸ਼੍ਰਨ `ਚ ਕਿਹੜੀ ਚੀਜ਼, ਕਿੰਨੇ ਪ੍ਰਤੀਸ਼ਤ ਹੈ। ਜਦਕਿ ਉਥੇ ਕਿਸੇ
ਵੀ ਚੀਜ਼ (constituent)
ਦੀ ਸ਼ਕਲ ਮੌਜੂਦ ਨਹੀਂ ਹੁੰਦੀ। ਪੱਥਰ-ਅੱਗ ਨਹੀਂ
ਪਕੜਦਾ ਪਰ ਲੱਕੜੀ, ਉਸੇ ਅੱਗ ਨਾਲ ਸੜ ਕੇ ਸੁਆਹ ਹੋ ਜਾਂਦੀ ਹੈ, ਤਾਂ ਵੀ ਅੱਗ ਦੋਨਾਂ `ਚ ਹੁਮਦਿ
ਹੈ। ਹੋਰ ਤਾਂ ਹੋਰ, ਅੱਜ ਦਾ ਡਾਕਟਰੀ ਵਿਗਿਆਨ ਵੀ, ਕਰਤੇ ਦੇ ਇਸੇ ਨਿਯਮ `ਤੇ ਖੜਾ ਹੈ। ਇਸੇ ਨਿਯਮ
`ਚ ਖੂਨ, ਪੇਸ਼ਾਬ, ਥੁੱਕ ਆਦਿ ਦੇ ਟੈਸਟ ਸਾਡੇ ਅੰਦਰਲੇ ਰੋਗਾਂ ਦਾ ਪਤਾ ਦੇ ਦਿੰਦੇ ਹਨ।
ਪ੍ਰਭੂ ਬਖ਼ਸ਼ੀ
ਸੂਰਤ ਤੇ ਸੀਰਤ,
ਸ਼ਕਲ ਤੇ ਸੁਭਾਅ
ਦੀ ਸਾਂਝ ‘ਤੋਂ ਉਸ ਦੀ ਰਚਨਾ `ਚੋਂ ਇਸ ਹੁਕਮ ਵਾਲੀ ਖੇਡ
ਨੂੰ ਸਮਝਣ ਲਈ, ਇਹ ਕੇਵਲ ਇਸ਼ਾਰੇ ਮਾਤ੍ਰ ਹੀ ਹਨ। ਰਚਨਾ `ਚ ਜਿੱਥੇ ਹਰੇਕ ਸ਼੍ਰੇਣੀ ਦੀ
ਸੂਰਤ
ਸਦੀਵੀ ਹੈ, ਉਸੇ ਤਰ੍ਹਾਂ ਉਸਦਾ
ਸੁਭਾਅ
ਵੀ ਸਦੀਵੀ ਹੈ। ਇਸ ਤਰ੍ਹਾਂ ਜਿੱਥੇ ਸੂਰਤ `ਚ ਨਸਲ ਦਰ ਨਸਲ
ਫਰਕ ਨਹੀਂ ਪੈਂਦਾ ਉਸੇ ਤਰ੍ਹਾਂ ਸੁਭਾਅ `ਚ ਵੀ ਫਰਕ ਨਹੀਂ ਆਉਂਦਾ। ਇਹੀ ਕਾਰਣ ਹੈ ਕਿ ਕੇਵਲ ਸ਼ਕਲ
ਤੋਂ ਹੀ ਕਿਸੇ ਦੇ ਸੁਭਾਅ ਦਾ ਵੀ ਪਤਾ ਲਗ ਜਾਂਦਾ ਹੈ। ਗਿੱਦੜ ਦੇਖਦੇ ਸਾਰ ਡਰ ਕੇ ਦੌੜਦਾ ਹੈ, ਸ਼ੇਰ
ਦੀ ਗਰਜ ਸੁਣਦੇ, ਆਪਣੇ ਬਚਾਅ ਦੀ ਫ਼ਿਕਰ ਹੁੰਦੀ ਹੈ। ਘੋੜਾ ਦੁਲੱਤੀ ਨਾ ਮਾਰ ਦੇਵੇ, ਇਸ ਪਿੱਛੋਂ
ਨਹੀਂ ਲੰਙਣਾ। ਗਊ-ਮੱਝ ਸਿੰਗ ਨਾ ਮਾਰੇ, ਇਨ੍ਹਾਂ ਅਗੋਂ ਸੰਭਲ ਕੇ ਨਿਕਲਣਾ ਹੈ। ਕਰਤੇ ਦੀ ਬੇਅੰਤ
ਰਚਨਾ `ਚੋਂ ਉਸ ਦੇ ਹੁਕਮ ਵਾਲੀ ਇਸ ਸਦੀਵੀ ਖੇਡ ਨੂੰ ਪ੍ਰਤੱਖ ਦੇਖਿਆ ਜਾ ਸਕਦਾ ਹੈ।
ਬੰਦਿਆ ਤੂੰ ਬੰਦਾ ਬਣ, ਤੂੰ ਇਨਸਾਨ ਬਣ! -
ਸੱਚ ਇਹ ਹੈ ਕਿ “ਬੰਦਿਆ ਤੂੰ
ਬੰਦਾ ਬਣ, ਤੂੰ ਇਨਸਾਨ
ਬਣ” ਅਜਿਹੇ ਲਫ਼ਜ਼ ਕੇਵਲ ਮਨੁੱਖ ਲਈ ਵਰਤੇ
ਜਾਂਦੇ ਹਨ; ਰਚਨਾ ਦੀ ਕਿਸੇ ਵੀ ਹੋਰ ਸ਼੍ਰੇਣੀ ਤੇ ਅੰਗ `ਤੇ ਇਹ ਲਫ਼ਜ਼ ਲਾਗੂ ਨਹੀਂ ਹੁੰਦੇ। ਕਦੇ ਕਿਸੇ
ਨਹੀਂ ਕਿਹਾ-ਘੋੜਿਆ ਤੂੰ ਘੋੜਾ ਬਣ, ਬਿੱਲੀਏ ਤੂੰ ਬਿੱਲੀ ਬਣ, ਕਿਉਂ? ਕਿਉਂਕਿ ਮਨੁੱਖ ਤੋਂ ਛੂੱਟ
ਪ੍ਰਭੂ ਬਖਸ਼ਿਆ ਸਰੂਪ ਤੇ
ਸੁਭਾਅ, ਹਰੇਕ ਸ਼੍ਰੇਣੀ `ਚ ਇਹ ਦੋਵੇਂ ਪੱਖ
ਉਸੇ ਤਰ੍ਹਾਂ ਕਾਇਮ ਰਹਿੰਦੇ ਹਨ; ਜੋ ਕਰਤੇ ਨੇ ਕਿਸੇ ਸ਼੍ਰੇਣੀ `ਚ ਪਾਏ ਹੁੰਦੇ ਹਨ, ਉਨ੍ਹਾਂ `ਚ
ਵਾਧਾ ਘਾਟਾ ਨਹੀਂ ਹੁੰਦਾ। ਸੰਪੂਰਣ ਰਚਨਾ `ਚ ਸਿਵਾਇ ਮਨੁੱਖ ਦੇ, ਹਰੇਕ ਸ਼੍ਰੇਣੀ ਪ੍ਰਭੂ ਬਖਸ਼ੀ ਆਪਣੀ
ਸ਼ਕਲ ਤੇ ਸੁਭਾਅ,
ਸੂਰਤ ਤੇ ਸੀਰਤ
`ਚ ਕਾਇਮ ਰੰਿਹੰਦੀ ਹੈ। ਉਪ੍ਰੰਤ ਇਹ, ਕਿ ਉਹ ਵੀ ਉਦੋਂ ਤੱਕ ਕਾਇਮ ਰਹਿੰਦੀ ਹੈ ਜਦੋਂ ਤੱਕ ਪ੍ਰਭੂ
ਕਿਸੇ `ਚ ਆਪ ਤਬਦੀਲੀ ਨਹੀਂ ਕਰਦਾ।
ਦੇਖਿਆ ਜਾਵੇ ਤਾਂ ਕਰਤੇ ਵੱਲੋਂ ਮਨੁੱਖ ਲਈ ਵੀ ਆਦਿ ਕਾਲ ਤੋਂ ਇਹੀ
ਸੱਚ
ਤੇ
ਰੱਬੀ ਧਰਮ
ਪੱਕਾ ਕੀਤਾ ਹੋਇਆ ਹੈ। ਇਸੇ ਧਰਮ ਨੂੰ ਹੀ ਗੁਰਦੇਵ ਨੇ
ਸੱਚ ਧਰਮ
ਦਾ ਨਾਮ ਦਿੱਤਾ ਹੈ। ਜਦਕਿ ਮਨੁੱਖ ਇਸ
ਸੱਚ ਧਰਮ
ਨੂੰ ਹੀ ਵਿਸਾਰ ਚੁੱਕਾ ਸੀ। ਇਸਦੀ ਹਾਲਤ
“ਕਰਤੂਤਿ ਪਸੂ ਕੀ ਮਾਨਸ ਜਾਤਿ॥
ਲੋਕ ਪਚਾਰਾ ਕਰੈ ਦਿਨੁ ਰਾਤਿ॥ ਬਾਹਰਿ ਭੇਖ ਅੰਤਰਿ ਮਲੁ ਮਾਇਆ॥ ਛਪਸਿ ਨਾਹਿ ਕਛੁ ਕਰੈ ਛਪਾਇਆ॥
ਬਾਹਰਿ ਗਿਆਨ ਧਿਆਨ ਇਸਨਾਨ॥ ਅੰਤਰਿ ਬਿਆਪੈ ਲੋਭੁ ਸੁਆਨੁ॥ ਅੰਤਰਿ ਅਗਨਿ ਬਾਹਰਿ ਤਨੁ ਸੁਆਹ॥ ਗਲਿ
ਪਾਥਰ ਕੈਸੇ ਤਰੈ ਅਥਾਹ” (ਪੰ: ੨੬੭) ਵਾਲੀ
ਹੀ ਬਣ ਚੁੱਕੀ ਹੋਈ ਸੀ। ਦਰਅਸਲ ਗੁਰਦੇਵ ਨੇ ਤਾਂ ਦਸ ਜਾਮੇ ਧਾਰਨ ਕਰਕੇ ਅਤੇ ਬੇਅੰਤ ਘਾਲਣਾਵਾਂ ਘਾਲ
ਕੇ ਉਸ ਸੱਚ ਧਰਮ
ਨੂੰ ਹੀ ਮੁੜ ਉਜਾਗਰ ਕੀਤਾ ਸੀ। ਗੁਰਦੇਵ ਨੇ
ਅਜਿਹੇ ਮਨੁੱਖ ਅਥਵਾ ਗੁਰਬਾਣੀ ਦੇ
ਸਿੱਖ
ਲਈ ਹੀ ਸ਼ਬਦਾਵਲੀ ਵੀ
“ਸਿਖੀ ਸਿਖਿਆ ਗੁਰ ਵੀਚਾਰਿ”
ਵਰਤੀ ਹੈ। ਅਰਥ ਹਨ ‘ਗੁਰਬਾਣੀ ਦੀ ਸਿੱਖਿਆ ਨੂੰ
ਸਮ੍ਰਪਤ’ (dedicated)
ਮਨੁੱਖ।
ਗੁਰਦੇਵ ਦੀ ਇਹ ਸ਼ਬਦਾਵਲੀ ਕੇਵਲ ਤੇ ਕੇਵਲ ਗੁਰਬਾਣੀ ਦੀ ਸਿਖਿਆ `ਤੇ ਚਲਣ
ਵਾਲਿਆਂ ਲਈ ਹੀ ਹੈ। ਅਰੰਭ `ਚ ਵੀ ਇਸ ਬਾਰੇ ਵੇਰਵਾ ਆ ਚੁੱਕਾ ਹੈ ਕਿ ਸਿੱਖ ਲ਼ਈ
ਗੁਰਬਾਣੀ ਅਧਾਰਿਤ ਸੁਭਾਅ
ਅਤੇ
ਸੰਪੂਰਣ ਕੇਸਾਧਾਰੀ ਸਰੂਪ,
ਦੋਵੇਂ ਪੱਖ ਜੁੜਵੇਂ ਹਨ, ਇਹ ਭਿੰਨ ਭਿੰਨ ਨਹੀਂ ਹਨ। ਇਸੇ ਨੂੰ
“ਹੁਕਮਿ ਰਜਾਈ ਚਲਣਾ”
ਆਦਿ ਅਨੇਕਾਂ ਗੁਰਬਾਣੀ ਫ਼ੁਰਮਾਨਾਂ ਨਾਲ ਵੀ ਸਪਸ਼ਟ
ਕੀਤਾ ਹੋਇਆ ਹੈ। ਜੇ ਕਰ
ਇਸ ਤੋਂ ਬਾਅਦ ਵੀ ਪੁਛੀਏ ਕਿ ਗੁਰਬਾਣੀ `ਚ ਕਿੱਥੇ ਲਿਖਿਆ ਹੈ “ਸਿੱਖ ਨੇ ਜ਼ਰੂਰ ਕੇਸਾਧਾਰੀ ਹੋਣਾ
ਹੈ?” ਤਾਂ ਉਹ ਫ਼ਰਕ ਸਾਡੀ ਸਮਝ ਦਾ ਹੈ।
ਦੂਜਾ ਇਸ ਵੇਰਵੇ ਤੋਂ ਇਹ ਵੀ ਸਾਫ਼ ਹੋ ਜਾਂਦਾ ਹੈ ਕਿ ਸਿੱਖ ਧਰਮ ਦੇ ਨਾਮ
`ਤੇ ਗੁਰਦੇਵ ਨੇ ਕਿਸੇ ਨਵੇਂ ਧਰਮ ਨੂੰ ਜਨਮ ਨਹੀ ਸੀ ਦਿੱਤਾ; ਬਲਕਿ ਗੁਰਬਾਣੀ ਦੀ ਕਸਵੱਟੀ `ਤੇ ਵੀ
ਸਿੱਖ ਕੇਵਲ ਉਹੀ ਹੈ ਜਿਸਦੀ ਰਹਿਣੀ
ਕੇਵਲ ਤੇ ਕੇਵਲ ਗੁਰਬਾਣੀ
ਵਿਚਾਰਧਾਰਾ ਆਧਾਰਿਤ ਹੋਵੇ ਅਤੇ
ਸਰੂਪ ਵੀ
ਉਹੀ
ਸੰਪੂਰਣ ਕੇਸਾਧਾਰੀ,
ਜਿਹੜਾ ਅਕਾਲਪੁਰਖ ਨੇ ਮਨੁੱਖ ਨੂੰ ਜਨਮ ਤੋਂ ਬਖ਼ਸ਼ਿਆ ਹੋਇਆ
ਹੁੰਦਾ ਹੈ।
“ਕਰਮੀ ਆਪੋ ਆਪਣੀ” -
ਇਸ ਤਰ੍ਹਾਂ ਦੌਰਾਅ ਦੇਵੀਏ ਕਿ ਗੁਰਬਾਣੀ `ਚ ਸਿੱਖ
ਹੋਣ ਲਈ ਵਿਸ਼ਾ ਕੇਵਲ ਸਰੂਪ ਦਾ ਨਹੀਂ ਬਲਕਿ ਇਥੇ ਗੁਰਬਾਣੀ ਜੀਵਨ ਜਾਚ ਵੀ ਉਤਨੀ ਹੀ ਜ਼ਰੂਰੀ ਹੈ। ਇਹ
ਨਹੀਂ ਕਿ ਕੇਸਾਧਾਰੀ ਸਰੂਪ, ਜਿਹੜਾ ਹਰੇਕ ਨੂੰ ਜਨਮ ਤੋਂ ਤਾਂ ਮਿਲ ਜਾਂਦਾ ਹੈ, ਇਸ ਲਈ ਉਹ ਤਾਂ ਹੋ
ਗਿਆ ਪਰ ਜਦੋਂ ਅੰਦਰ ਗੁਰਬਾਣੀ ਦਾ ਹੀ ਜੀਵਨ ਨਹੀਂ; ਤਾਂ ਗੁਰਬਾਣੀ ਦੀ ਕਸਵੱਟੀ `ਤੇ ਉਹ ਮਨੁੱਖ ਵੀ
ਸਿੱਖ ਨਹੀਂ ਹੁੰਦਾ। ਕਿਉਂਕਿ ਇਥੇ ਤਾਂ
“ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ”
(ਬਾਣੀ ਜਪੁ) ਵਾਲਾ ਸਿਧਾਂਤ ਸਮੂਚੇ ਮਨੁੱਖ ਮਾਤ੍ਰ
`ਤੇ ਇਕੋ ਜਿਹਾ ਲਾਗੂ ਹੁੰਦਾ ਹੈ। ਉਹ ਮਨੁੱਖ ਮਾਤ੍ਰ, ਜਿਸਦਾ
ਸਿੱਖ ਪੰਥ
ਵੀ ਉਤਨਾ ਹੀ ਹਿੱਸਾ ਹੈ, ਉਸ ਤੋਂ ਅੱਡ ਨਹੀਂ।
ਇਸ ਲਈ
ਜਿਉਂ ਜਿਉਂ ਗੁਰਬਾਣੀ ਦੀ ਗਹਿਰਾਈ `ਚ ਜਾਵਾਂਗੇ, ਗੁਰਬਾਣੀ ਦੇ ਸਿੱਖ ਹੋਣ ਲਈ, ਜੀਵਨ `ਚ ਇਹ ਦੋਵੇਂ
ਪੱਖ ਜੁੜਵੇਂ ਹੋਣੇ ਹਨ, (੧)
ਮਨੁੱਖ ਦਾ ਸੰਪੂਰਣ ਕੇਸਾਧਾਰੀ ਸਰੂਪ `ਚ ਵਿਚਰਨਾ।
(੨)
ਗੁਰਬਾਣੀ ਤੋਂ ਪ੍ਰਗਟ
“ਜੋਤਿ ਓਹਾ ਜੁਗਤਿ ਸਾਇ”
(ਪੰ: ੯੬੬) ਅਨੁਸਾਰ
ਜੀਵਨ ਜਾਚ ਦਾ ਪਾਂਧੀ ਹੋਣਾ।
ਗੁਰਬਾਣੀ ਅਨੁਸਾਰ ਇਹੀ ਹੈ ਸਮੂਚੇ ਮਨੁੱਖਾ
ਜੀਵਨ ਦੀ ਘਾੜਤ ਤੇ ਖਾਸਕਰ ਸਿੱਖ ਲਈ ਅਜਿਹੀ ਜੀਵਨ ਰਹਿਣੀ, ਜਿਸ ਦੇ ਦਾਇਰੇ `ਚ ਜੀਵਨ ਜੀੳਂ ਕੇ
ਸੰਸਾਰ ਤਲ ਦੇ ਹਰੇਕ ਖੇਤ੍ਰ `ਚ ਵੀ ਸਿੱਖ ਨੇ ਆਪਣੇ ਆਪ ਨੂੰ ਪ੍ਰਗਟ ਕਰਣਾ ਹੈ।
ਤਾਂ ਤੇ ਗੁਰਬਾਣੀ ਅਨੁਸਾਰ ‘ਸਿੱਖ ਧਰਮ’ ਦਾ ਸਰੂਪ? -
ਇਸ ਤਰ੍ਹਾਂ ਗੁਰਬਾਣੀ `ਚੋਂ ਜਿੱਥੋਂ ਵੀ ਦਰਸ਼ਨ ਕਰ ਲਵੀਏ
‘ਸਿੱਖ ਧਰਮ’
ਅਥਵਾ
‘ਸਿੱਖ ਰਹਿਣੀ’
ਆਪਣੇ ਆਪ `ਚ ਜੀਵਨ ਦੇ ਦੋਨਾਂ ਪੱਖਾਂ `ਤੇ ਖੜੀ ਹੈ। ਇਸ
ਤਰ੍ਹਾਂ ਜੀਵਨ ਦੇ ਇਹ ਦੋ ਪੱਖ ਹਨ:-
(ੳ) ਪਹਿਲਾ, ਗੁਰਬਾਣੀ ਵਿਚਾਰਧਾਰਾ `ਤੇ
ਆਧਾਰਿਤ ਜੀਵਨ ਜਾਚ ਅਥਵਾ
ਮਨੁੱਖਾ ਮਨ ਤੇ ਸਰੀਰ ਦੀ ਗੁਰਬਾਣੀ ਆਦੇਸ਼ਾਂ ਅਨੁਸਾਰ ਸਾਧਨਾ, ਕਮਾਈ, ਪੱਕਿਆਈ ਅਤੇ ਘਾੜਤ।
(ਅ) ਗੁਰਬਾਣੀ ਆਧਾਰਿਤ
ਕਰਤੇ ਦੇ ਰਜ਼ਾ ਵਾਲੇ ਨਿਯਮ `ਚ ਸਿੱਖ ਧਰਮ ਦਾ ਦੂਜਾ ਪੱਖ ਹੈ ਮਨੁੱਖ ਰਾਹੀਂ ਆਪਣੇ ਸੰਪੂਰਣ
ਕੇਸਾਧਾਰੀ ਇਲਾਹੀ ਤੇ ਰੱਬੀ ਸਰੂਪ ਦੀ ਸੰਭਾਲ।
ਉਂਜ ਵੀ ਗੁਰਬਾਣੀ ਦਾ ਧੁਰਾ
ਹੁਕਮਿ ਰਜਾਈ ਚਲਣਾ”
(ਬਾਣੀ ਜਪੁ)
ਹੀ ਹੈ। ਜਦਕਿ (੧) ਗੁਰਬਾਣੀ ਤੋਂ
ਪ੍ਰਗਟ ਜੀਵਨ ਜਾਚ
ਵਾਲਾ ਪੱਖ (੨) ਸੰਪੂਰਣ
ਕੇਸਾਧਾਰੀ ਮਨੁੱਖਾ ਸਰੂਪ ਵਾਲਾ ਪੱਖ;
ਸਿੱਖ ਧਰਮ ਦੇ ਇਹ ਦੋਵੇਂ ਪੱਖ,
“ਹੁਕਮਿ ਰਜਾਈ ਚਲਣਾ”
ਤੋਂ ਹੀ ਪ੍ਰਗਟ ਹੋ ਜਾਂਦੇ ਹਨ।
ਇਸ ਤਰ੍ਹਾਂ ਮੂਲ ਰੂਪ `ਚ ਸਿੱਖ ਧਰਮ, ਗੁਰਬਾਣੀ ਵਿਚਾਰਧਾਰਾ ਤੋਂ ਪ੍ਰਗਟ
ਮਾਨਵੀ ਕੱਦਰਾਂ ਕੀਮਤਾਂ ਨਾਲ ਭਰਪੂਰ ਅਜਿਹਾ ਧਰਮ ਹੈ ਜੋ ਆਪਣੇ ਆਪ `ਚ ਕੁੱਝ ਲੋਕਾਂ ਦਾ ਹੀ ਨਹੀਂ
ਬਲਕਿ ਸਮੂਚੀ ਮਾਨਵਤਾ ਦਾ ਮੂਲ, ਰੱਬੀ, ਇਲਾਹੀ, ਸੱਚ ਅਤੇ ਆਦਿ ਕਾਲ ਦਾ ਧਰਮ ਵੀ ਹੈ।
ਇਸ ਦੇ ਨਾਲ ਗੁਰਬਾਣੀ ਪ੍ਰਮਾਣਾਂ ਦੀ ਰੋਸ਼ਨੀ `ਚ ਇਹ ਵੀ ਭਲੀ ਭਾਂਤੀ ਦੇਖ ਆਏ
ਹਾਂ ਕਿ ਸਿੱਖ ਧਰਮ ਅਥਵਾ ਗੁਰਬਾਣੀ ਜੀਵਨ ਜਾਚ, ਸਮੂਚੇ ਮਨੁੱਖ ਮਾਤ੍ਰ ਲਈ
ਰੱਬੀ, ਇਲਾਹੀ
ਤੇ
ਸੱਚ ਧਰਮ
ਹੈ। ਇਹ ਵੀ ਕਿ ਸਿੱਖ ਧਰਮ, ਗੁਰਬਾਣੀ ਤੋਂ ਪ੍ਰਗਟ
ਜੀਵਨ ਜਾਚ
ਅਤੇ ਸਰੂਪ
ਦੇ
ਸੁਮੇਲ ਦਾ ਨਾਮ ਹੈ। ਸਮਝਣਾ ਇਹ ਹੈ ਕਿ ਜਦੋਂ
ਮਨੁੱਖ ਦਾ ਸੁਭਾਅ ਹੀ ਗੁਰਬਾਣੀ ਆਦੇਸ਼ਾਂ ਅਨੁਸਾਰ ਤਿਆਰ ਹੋਵੇਗਾ ਤਾਂ ਉਸ ਦਾ ਸਰਬ-ਉੱਤਮ ਪੱਖ ਹੀ
“ਹੁਕਮੁ ਪਛਾਣਿ ਤਾ ਖਸਮੈ
ਮਿਲਣਾ” (ਪੰ: ੯੨) ਅਥਵਾ
“ਹੁਕਮਿ ਮੰਨਿਐ ਹੋਵੈ ਪਰਵਾਣੁ ਤਾ
ਖਸਮੈ ਕਾ ਮਹਲੁ ਪਾਇਸੀ” (ਪੰ: ੪੭੧) ਅਦਿ
ਫ਼ੁਰਮਾਨਾਂ ਅਨੁਸਾਰ
ਸੁਭਾਉੇ ਤੇ
ਸਰੂਪ,
ਇਹ ਦੋਵੇਂ ਪੱਖ ਉਸ ਦੇ ਜੀਵਨ `ਚ ਇਕੱਠੇ ਮਿਲਣਗੇ।
ਇਸ ਸੰਬੰਧੀ ਗੁਰਬਾਣੀ ਦਾ ਫ਼ੈਸਲਾ ਇਸ ਤਰ੍ਹਾਂ ਵੀ ਹੈ ਜਿਵੇਂ
“ਜਹ ਕਰਣੀ ਤਹ ਪੂਰੀ ਮਤਿ॥ ਕਰਣੀ
ਬਾਝਹੁ ਘਟੇ ਘਟਿ” (ਪੰ: ੨੫) ਅਥਵਾ
“ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ
ਘੁਥਾ ਜਾਇ॥ ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ”
(ਪੰ: ੪੭੪) ਭਾਵ ਸਿੱਖ ਨੇ ਬਿਨਾ ਕਿਸੇ ਕਿਉ ਕਿੰਤੂ
ਪ੍ਰੰਤੂ ਦੇ “ਜੋ ਗੁਰੁ
ਦਸੈ ਵਾਟ ਮੁਰੀਦਾ ਜੋਲੀਐ” (ਪੰ: ੪੮੮)
ਅਨੁਸਾਰ ਹੀ ਜੀਵਨ ਬਤੀਤ ਕਰਣਾ ਹੈ।
ਕਿਉਂਕਿ ਸਿੱਖ ਨੇ ਸਮੂਚਾ ਜੀਵਨ ਹੀ
“ਰਤਨੁ ਪਦਾਰਥੁ ਪਲਰਿ ਤਿਆਗੈ॥
ਮਨਮੁਖੁ ਅੰਧਾ ਦੂਜੈ ਭਾਇ ਲਾਗੈ॥ ਜੋ ਬੀਜੈ ਸੋਈ ਫਲੁ ਪਾਏ ਸੁਪਨੇ ਸੁਖੁ ਨ ਪਾਵਣਿਆ”
(ਪੰ: ੧੧੩) ਦੇ ਉਲਟ ਉਸ ਨੇ ਜੀਵਨ ਨੂੰ
“ਇਤੁ ਮਾਰਗਿ ਚਲੇ ਭਾਈਅੜੇ ਗੁਰੁ
ਕਹੈ ਸੁ ਕਾਰ ਕਮਾਇ ਜੀਉ॥ ਤਿਆਗੇਂ ਮਨ ਕੀ ਮਤੜੀ ਵਿਸਾਰੇਂ ਦੂਜਾ ਭਾਉ ਜੀਉ॥ ਇਉ ਪਾਵਹਿ ਹਰਿ
ਦਰਸਾਵੜਾ ਨਹ ਲਗੈ ਤਤੀ ਵਾਉ ਜੀਉ” (ਪੰ:
੭੬੩) ਆਦਿ ਗੁਰ ਫ਼ੁਰਮਾਣਾ ਦੇ ਅਧਾਰ `ਤੇ ਸੰਭਾਲਣਾ, ਤਿਆਰ ਕਰਣਾ ਅਤੇ ਬਿਤਾਉਣਾ ਹੈ। ਜਦਕਿ ਇਹ
ਗੁਰਬਾਣੀ ਪ੍ਰਮਾਣ ਗੁਰਮੱਤ ਪਾਠ ਪਹਿਲੇ ਭਾਗ `ਚ ਵੀ ਦੇ ਚੁੱਕੇ ਅਤੇ ਇੱਥੇ ਕੇਵਲ ਪ੍ਰੌੜਤਾ ਪੱਖੋਂ
ਹੀ ਹਨ। (ਸਮਾਪਤ)
#311.213.12,05.013#
ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ
‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ
‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ
ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ
ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।
|
. |