. |
|
ਕਨੇਡਾ ਦੀ ਆਜ਼ਾਦੀ ਦੇ 150 ਸਾਲ ਜਾਂ 35 ਸਾਲ?
-ਹਰਚਰਨ ਸਿੰਘ ਪਰਹਾਰ (ਮੁੱਖ ਸੰਪਾਦਕ-ਸਿੱਖ ਵਿਰਸਾ)
Tel.: 403-681-8689 Email: [email protected]
ਕਨੇਡਾ ਦਾ ਇਤਿਹਾਸ ਕਿਤਨਾ ਪੁਰਾਣਾ ਹੈ, ਬਾਰੇ ਕਹਿਣਾ ਸ਼ਾਇਦ ਮੁਸ਼ਕਿਲ ਹੈ
ਕਿਉਂਕਿ ਇਹ ਮੰਨਿਆ ਜਾਂਦਾ ਹੈ ਤਕਰੀਬਨ 40 ਹਜ਼ਾਰ ਸਾਲ ਪਹਿਲਾਂ ਕੁੱਝ ਨੇਟਿਵ ਕਬੀਲੇ ਇਥੇ ਆ ਵਸੇ
ਸਨ, ਪਰ ਉਹ ਕਿਵੇਂ ਇਥੇ ਆਏ, ਬਾਰੇ ਕਿਸੇ ਨੂੰ ਕੁੱਝ ਪਤਾ ਨਹੀਂ। ਵਿਗਿਆਨੀਆਂ ਦਾ ਇਹ ਮੰਨਣਾ ਹੈ ਕਿ
ਤਕਰੀਬਨ 30 ਲੱਖ ਸਾਲ ਪਹਿਲਾਂ ਅਫਰੀਕਾ ਦੇ ਦੇਸ਼ ਈਥੋਪੀਆ ਵਿੱਚ ਮਨੁੱਖੀ ਨਸਲ ਦੀ ਸ਼ੁਰੂਆਤ ਹੋਈ ਸੀ।
ਬੇਸ਼ਕ ਇਸਾਈ ਗ੍ਰੰਥਾਂ ਅਨੁਸਾਰ ਐਡਮ ਤੇ ਈਵ ਵਲੋਂ ਜਦੋਂ ਸਵਰਗਾਂ ਵਿੱਚ ਵਿਵਰਜਤ ਫਲ ਖਾ ਲਿਆ ਸੀ ਤਾਂ
ਗੌਡ ਨੇ ਉਨ੍ਹਾਂ ਨੂੰ ਧਰਤੀ ਤੇ ਸੁੱਟ ਦਿੱਤਾ ਸੀ ਤਾਂ ਇਹ ਅਜੇ ਤੱਕ ਪਤਾ ਨਹੀਂ ਲੱਗਾ ਕਿ ਸਵਰਗਾਂ
ਤੋਂ ਡਿਗੇ ਐਡਮ ਤੇ ਈਵ (ਗੋਰਾ ਤੇ ਗੋਰੀ) ਧਰਤੀ ਤੇ ਅਫਰੀਕਾ ਵਿੱਚ ਡਿਗ ਕੇ ਕਾਲੇ ਕਿਵੇਂ ਬਣ ਗਏ
ਕਿਉਂਕਿ ਗੋਰੇ ਇਹ ਮੰਨਦੇ ਹਨ ਕਿ ਉਨ੍ਹਾਂ ਦੀ ਨਸਲ ਰੱਬ ਵਲੋਂ ਆਪ ਬਣਾਈ ਸਭ ਤੋਂ ਸੁਪੀਰੀਅਰ ਤੇ
ਅਸਲੀ ਮਨੁੱਖੀ ਨਸਲ ਹੈ। ਉਨ੍ਹਾਂ ਨੂੰ ਗੌਡ ਵਲੋਂ ਸਾਰੀ ਦੁਨੀਆਂ ਤੇ ਰਾਜ ਕਰਨ ਲਈ ਭੇਜਿਆ ਸੀ। ਇਸੇ
ਕਰਕੇ ਯੂਰਪੀਅਨ ਬਸਤੀਵਾਦੀ ਗੋਰਿਆਂ (ਬ੍ਰਿਟਿਸ਼) ਤੇ ਫਰੈਂਚ ਨੇ ਸਭ ਜਗ੍ਹਾ ਕਲੋਨੀਆਂ ਬਣਾ ਕੇ ਲੋਕਾਂ
ਨੂੰ ਗੁਲਾਮ ਬਣਾਇਆ ਤੇ ਲੁੱਟਿਆ। ਨਾਰਥ ਅਮਰੀਕਾ ਵਿੱਚ ਵਸਦੇ ਨੇਟਿਵ ਕਬੀਲੇ ਵੀ ਕਾਲਿਆਂ ਤੋਂ ਲਾਲ
ਰੰਗ ਦੇ (ਰੈਡ ਇੰਡੀਅਨ) ਕਿਵੇਂ ਬਣੇ, ਕੁੱਝ ਕਿਹਾ ਨਹੀਂ ਜਾ ਸਕਦਾ। ਪਰ ਇਨ੍ਹਾਂ ਕਬੀਲਿਆਂ ਦਾ ਬਾਕੀ
ਧਰਤੀ ਦੇ ਲੋਕਾਂ ਨਾਲ 1492 ਤੱਕ ਕੋਈ ਖਾਸ ਸੰਪਰਕ ਨਹੀਂ ਸੀ, ਜਦੋਂ ਤੱਕ ਇੰਡੀਆ (ਹੁਣ ਦਾ ਸਾਊਥ
ਏਸ਼ੀਆ) ਨੂੰ ਲੱਭਣ ਲਈ ਕੋਲੰਬਸ ਸਮੁੰਦਰੀ ਜਹਾਜ ਵਿੱਚ ਆਪਣੇ ਸਾਥੀਆਂ ਨਾਲ ਆਇਆ ਸੀ, ਪਰ ਗਲਤੀ ਨਾਲ
ਜਹਾਜ ਈਸਟ ਜਾਣ ਦੀ ਥਾਂ ਇਸ ਪਾਸੇ ਆ ਗਿਆ ਤੇ ਇਸ ਤਰ੍ਹਾਂ ਨਾਰਥ-ਅਮਰੀਕਾ ਤੇ ਕਨੇਡਾ ਨਾਲ ਯੂਰਪ ਦਾ
ਸੰਪਰਕ ਹੋਇਆ। ਇਸ ਤੋਂ ਬਹੁਤ ਜਲਦੀ ਬਾਅਦ ਫਰਾਂਸੀਸੀ, ਪੁਰਤਗਾਲੀ, ਯੂਰਪੀਅਨ ਤੇ ਸਪੈਨਿਸ਼ ਲੋਕਾਂ ਨੇ
ਇਥੇ ਆਉਣਾ ਤੇ ਵਸਣਾ ਸ਼ੁਰੂ ਕਰ ਦਿੱਤਾ ਤੇ ਜਲਦੀ ਹੀ ਇਥੇ ਦੇ ਬਸ਼ਿੰਦਿਆਂ (ਨੇਟਿਵ ਲੋਕਾਂ) ਨੂੰ
ਗੁਲਾਮ ਬਣਾ ਕੇ 1534 ਵਿੱਚ ਨਵਾਂ ਫਰਾਂਸ ਬਣਾਇਆ, ਜਿਸ ਨੂੰ ਹੁਣ ਅਸੀਂ ਕਨੇਡਾ ਕਹਿੰਦੇ ਹਾਂ।
ਫਰਾਂਸੀਸੀਆਂ ਦਾ 1534 ਤੋਂ 1763 ਤੱਕ ਇਥੇ ਕਬਜ਼ਾ ਰਿਹਾ, ਬਾਅਦ ਵਿੱਚ ਜਦੋਂ ਇੰਗਲੈਂਡ ਦੇ
ਬਸਤੀਵਾਦੀਆਂ ਗੋਰਿਆਂ ਨੇ ਵੱਖ-ਵੱਖ ਦੇਸ਼ਾਂ ਵਿੱਚ ਆਪਣੀਆਂ ਬਸਤੀਆਂ ਬਣਾ ਕੇ ਲੋਕਾਂ ਨੂੰ ਗੁਲਾਮ
ਬਣਾਉਣਾ ਸ਼ੁਰੂ ਕੀਤਾ ਤਾਂ ਇਥੇ ਵੀ ਉਨ੍ਹਾਂ ਫਰਾਂਸੀਸੀਆਂ ਨੂੰ 1754-1763 ਤੱਕ ਚੱਲੀਆਂ ਲੜਾਈਆਂ
ਵਿੱਚ ਹਰਾ ਕੇ 1763 ਵਿੱਚ ਆਪਣਾ ਬਸਤੀਵਾਦੀ ਰਾਜ ਸਥਾਪਿਤ ਕਰ ਲਿਆ। ਜੋ ਕਿ 1 ਜੁਲਾਈ, 1867 ਤੱਕ
ਸਿੱਧੇ ਰੂਪ ਵਿੱਚ ਚੱਲਿਆ ਤੇ 1982 ਤੱਕ ਅਸਿੱਧੇ ਰੂਪ ਵਿੱਚ ਚਲਦਾ ਰਿਹਾ।
1 ਜੁਲਾਈ, 1867 ਨੂੰ ਕਨੇਡਾ ਬ੍ਰਿਟਿਸ਼ ਬਸਤੀਵਾਦ ਤੋਂ ਆਜ਼ਾਦ ਹੋ ਕੇ ਨਵਾਂ
ਦੇਸ਼ ‘ਡੋਮੀਨੀਅਨ ਆਫ ਕੈਨੇਡਾ’ ਬਣਿਆ। ਬੇਸ਼ਕ ਕੈਨੇਡਾ ਇਸ ਸਾਲ 1 ਜੁਲਾਈ ਨੂੰ ਆਪਣਾ 150
ਸਾਲਾ ਅਜ਼ਾਦੀ ਦਿਵਸ ਮਨਾ ਰਿਹਾ ਹੈ, ਪਰ 150 ਸਾਲ ਪਹਿਲਾਂ ਕਨੇਡਾ ਅੱਜ ਵਾਂਗ ਆਜ਼ਾਦ ਨਹੀਂ ਹੋਇਆ ਸੀ,
ਸਗੋਂ ਬਸਤੀਵਾਦੀ ਬ੍ਰਿਟਿਸ਼ ਰਾਜਾਸ਼ਾਹੀ ਨੇ 1 ਜੁਲਾਈ, 1867 ਨੂੰ ‘ਡੋਮੀਨੀਅਨ ਆਫ ਕੈਨੇਡਾ’
ਬਣਾ ਕੇ ਦੇਸ਼ ਵਿੱਚ ਅੰਦਰੂਨੀ ਖੁਦ ਮੁਖਤਿਆਰੀ ਦਿੱਤੀ ਸੀ। ਪਰ ਉਪਰੋਂ ਰਾਜ ਇੰਗਲੈਂਡ ਦਾ ਹੀ ਸੀ।
ਬੇਸ਼ਕ ਕਨੇਡਾ ਵਿੱਚ ਗੁਲਾਮੀ ਉਸ ਕਿਸਮ ਦੀ ਨਹੀਂ ਸੀ, ਜਿਸ ਤਰ੍ਹਾਂ ਇੰਡੀਆ ਜਾਂ ਹੋਰ ਕਈ ਅਫਰੀਕਨ
ਦੇਸ਼ਾਂ ਵਿੱਚ ਸੀ। ਇਥੇ ਯੂਰਪੀਅਨ ਗੋਰਿਆਂ ਨੇ 16ਵੀਂ ਸਦੀ ਵਿੱਚ ਵਸਣਾ ਸ਼ੁਰੂ ਕਰ ਦਿੱਤਾ ਸੀ ਤੇ
ਉਨ੍ਹਾਂ ਦਾ ਹੀ ਇਥੇ ਰਾਜ ਸੀ। ਇਨ੍ਹਾਂ ਨੇ ਇਥੋਂ ਦੇ ਨੇਟਿਵ ਲੋਕਾਂ ਨੂੰ ਆਪਣੇ ਗੁਲਾਮ ਬਣਾ ਕੇ
ਉਨ੍ਹਾਂ ਦੇ ਦੇਸ਼ ਤੇ ਕਬਜ਼ਾ ਕਰ ਲਿਆ ਸੀ। ਜਿਨ੍ਹਾਂ ਤੋਂ ਆਪਣੇ ਆਪ ਨੂੰ ਵੱਖਰੇ ਕਰਨ ਲਈ, ਉਨ੍ਹਾਂ
ਨੂੰ ‘ਰੈਡ ਇੰਡੀਅਨ’ ਵੀ ਕਿਹਾ ਜਾਂਦਾ ਸੀ, ਪਰ ਅੱਜ ਨੇਟਿਵ ਲੋਕਾਂ ਨੂੰ ‘ਰੈਡ ਇੰਡੀਅਨ’
ਕਹਿਣਾ ਅਪਮਾਨਜਨਕ ਸ਼ਬਦ ਮੰਨਿਆ ਜਾਂਦਾ ਹੈ। ਇੰਗਲੈਂਡ ਦੀ ਰਾਣੀ ਦਾ ਕਨੇਡਾ ਤੇ ਰਾਜ 1867 ਤੋਂ
ਬਾਅਦ ਉਸਦੇ ਨੁਮਾਇੰਦੇ ਗਵਰਨਰ ਜਨਰਲ ਰਾਹੀਂ ਚਲਾਇਆ ਜਾਂਦਾ ਸੀ। ਕਨੇਡਾ ਸਰਕਾਰ ਵਲੋਂ ਪਾਸ ਕਿਸੇ ਵੀ
ਕਨੂੰਨ ਨੂੰ ਰੱਦ ਕਰਨ ਦਾ ਇੰਗਲੈਂਡ ਦੀ ਰਾਣੀ ਜਾਂ ਉਸਦੀ ਸਰਕਾਰ ਕੋਲ ਪੂਰਾ ਅਧਿਕਾਰ ਸੀ। ਸੰਨ 1946
ਤੱਕ ਕਨੇਡਾ ਤੇ ਇੰਗਲੈਂਡ ਦੀ ਇੱਕ ਹੀ ਸਿਟੀਜ਼ਨਸ਼ਿਪ ਹੁੰਦੀ ਸੀ।
ਕਨੇਡੀਅਨ ਸਿਟੀਜ਼ਨਸ਼ਿਪ ਐਕਟ 1946 ਵਿੱਚ
ਪਹਿਲੀ ਵਾਰ ਕਨੇਡਾ ਨੇ ਆਪਣੀ ਵੱਖਰੀ ਆਜ਼ਾਦ ਸਿਟੀਜ਼ਨਸ਼ਿਪ ਦੇਣੀ ਸ਼ੁਰੂ ਕੀਤੀ ਸੀ। ਇਹੀ ਕਾਰਨ ਹੈ ਕਿ
ਕਨੇਡਾ ਵਸਦੇ ਭਾਰਤੀਆਂ ਨੂੰ ਕਨੇਡੀਅਨ ਸਿਟੀਜ਼ਨਸ਼ਿਪ ਨਹੀਂ ਦਿੱਤੀ ਜਾਂਦੀ ਸੀ ਕਿਉਂਕਿ ਉਹ ਭਾਰਤ ਵਿੱਚ
ਇੰਗਲੈਂਡ ਦੇ ਗੁਲਾਮ ਸਨ। ਜਦੋਂ 1947 ਵਿੱਚ ਭਾਰਤ ਆਜ਼ਾਦ ਹੋਇਆ, ਉਸੇ ਸਾਲ ਕਨੇਡਾ ਵਿੱਚ ਭਾਰਤੀਆਂ
ਨੂੰ ਸਿਟੀਜ਼ਨਸ਼ਿਪ ਤੇ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਹੋਇਆ ਸੀ। ਚੀਨਿਆਂ ਨੂੰ ਵੀ ਇਸੇ ਸਾਲ 1947
ਵਿੱਚ ਵੋਟ ਦਾ ਹੱਕ ਮਿਲਿਆ ਸੀ। ਔਰਤਾਂ ਨੂੰ ਕਨੇਡਾ ਵਿੱਚ ਵੋਟ ਦਾ ਹੱਕ 1916 ਤੋਂ 1922 ਤੱਕ
ਵੱਖ-ਵੱਖ ਸਮਿਆਂ ਵਿੱਚ ਵੱਖ-ਵੱਖ ਸਟੇਟਾਂ ਨੇ ਦਿੱਤਾ ਸੀ, ਪਰ ਕਿਊਬਕ ਵਿੱਚ ਇਹ ਹੱਕ ਔਰਤਾਂ ਨੂੰ
1940 ਵਿੱਚ ਮਿਲਿਆ ਸੀ। ਇਥੇ ਇਹ ਵੀ ਯਾਦ ਰੱਖਣ
ਵਾਲੀ ਗੱਲ ਹੈ ਕਿ ਬਾਹਰੋਂ ਆ ਕੇ ਵਸੇ ਲੋਕਾਂ ਨੂੰ ਤਾਂ ਵੋਟਿੰਗ ਤੇ ਸਿਟੀਜ਼ਨਸ਼ਿਪ ਹੱਕ ਮਿਲ ਗਏ ਸਨ,
ਪਰ ਜਿਨ੍ਹਾਂ ਦਾ ਦੇਸ਼ ਸੀ, ਉਨ੍ਹਾਂ ਨੇਟਿਵਜ਼ ਨੂੰ ਵੋਟ ਦਾ ਹੱਕ 1 ਜੁਲਾਈ 1960 ਨੂੰ ਮਿਲਿਆ ਸੀ,
ਕਿਉਂਕਿ ਉਸ ਤੋਂ ਪਹਿਲਾਂ 1867 ਵਿੱਚ ਕਹੇ ਜਾਂਦੇ ਆਜ਼ਾਦ ਕਨੇਡਾ ਵਿੱਚ ਉਨ੍ਹਾਂ ਹੀ ਨੇਟਿਵ ਕੋਲ
ਸੀਮਤ ਸਿਟੀਜ਼ਨਸ਼ਿਪ ਦੇ ਅਧਿਕਾਰ ਸਨ, ਜੋ ਆਪਣੀ ਲੈਂਡ ਜਾਂ ਹੋਰ ਕੁਦਰਤੀ ਸੋਮਿਆਂ ਤੇ ਆਪਣਾ ਹੱਕ ਛੱਡਣ
ਲਈ ਤਿਆਰ ਹੁੰਦੇ ਸਨ। ਮੇਰੀ ਸਮਝ ਤੇ ਇਤਿਹਾਸਕ ਜਾਣਕਾਰੀ ਅਨੁਸਾਰ ਕਨੇਡਾ ਆਜ਼ਾਦ (ਬੇਸ਼ਕ ਪੂਰਨ ਰੂਪ
ਵਿੱਚ ਅਜੇ ਵੀ ਆਜ਼ਾਦ ਨਹੀਂ) 29 ਮਾਰਚ, 1982 ਦੇ ‘ਕੈਨੇਡਾ ਐਕਟ 1982’ ਅਨੁਸਾਰ ਹੋਇਆ ਸੀ, ਜਦੋਂ
ਬ੍ਰਿਟਿਸ਼ ਪਾਰਲੀਮੈਂਟ ਨੇ ਕਨੂੰਨ ਪਾਸ ਕਰਕੇ ਇਸਨੂੰ ਪੂਰਨ ਆਜ਼ਾਦੀ ਦੀ ਮਾਨਤਾ ਦਿੱਤੀ ਸੀ, ਜਿਸ ਤੇ
ਬਾਅਦ ਵਿੱਚ 17 ਅਪਰੈਲ 1982 ਨੂੰ ਇੰਗਲੈਂਡ ਦੀ ਰਾਣੀ ਤੇ ਕਨੇਡਾ ਦੇ ਪ੍ਰਧਾਨ ਮੰਤਰੀ ਮਿ. ਟਰੂਡੋ
ਨੇ ਸਾਈਨ ਕਰਕੇ ਕਨੂੰਨ ਬਣਾਇਆ ਸੀ। ਜਿਹੜਾ ਬਿੱਲ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਕਨੇਡਾ ਨੂੰ ਪੂਰਨ
ਆਜ਼ਾਦੀ ਦਾ ਪਾਸ ਹੋਇਆ ਸੀ, ਉਸ ਵਿੱਚ ਇੰਗਲੈਂਡ ਦੇ 44 ਐਮ ਪੀਜ਼ ਨੇ ਵਿਰੋਧ ਵਿੱਚ ਵੋਟ ਪਾਇਆ ਸੀ।
1 ਜੁਲਾਈ, 1867 ਨੂੰ ਜਿਸ ਕਨੇਡਾ ਨੂੰ ਅਜ਼ਾਦੀ ਮਿਲੀ ਸੀ, ਉਸ ਵਿੱਚ ਸਿਰਫ 4
ਪ੍ਰੌਵਿੰਸ (ਸਟੇਟਾਂ) ਕਿਊਬਿਕ, ਉਨਟੇਰੀਉ, ਨਿਊ ਬਰੰਜ਼ਵਿਕ ਤੇ ਨੋਵਾ ਸਕੋਸ਼ੀਆ ਹੀ ਸ਼ਾਮਿਲ ਸਨ।
ਮੈਨੀਟੋਬਾ ਜੁਲਾਈ 1870, ਨਾਰਥ ਵੈਸਟ ਟੈਰੋਟਰੀਜ਼ 1870, ਬੀ. ਸੀ. 1871, ਪਰਿੰਸ ਐਡਵਰਡ ਆਈਲੈਂਡ
1873, ਅਲਬਰਟਾ ਤੇ ਸਸਕੈਚਵਨ 1905 ਅਤੇ ਨਿਊਫਨਲੈਂਡ ਸਭ ਤੋਂ ਬਾਅਦ 31 ਮਾਰਚ 1949 ਨੂੰ ਕਨੇਡਾ
ਵਿੱਚ ਸ਼ਾਮਿਲ ਹੋਇਆ। ਇਸ ਤਰ੍ਹਾਂ ਸਹੀ ਮਹਿਨਿਆਂ ਵਿੱਚ ਮੌਜੂਦਾ ਕਨੇਡਾ 1949 ਵਿੱਚ ਨਿਊਫਨਲੈਂਡ ਦੇ
ਰਲਣ ਨਾਲ ਹੋਂਦ ਵਿੱਚ ਆਇਆ ਸੀ। ਬੇਸ਼ਕ ‘ਕਨੇਡਾ ਐਕਟ 1982’ ਤੇ ‘ਕਨੇਡੀਅਨ ਚਾਰਟਰ ਆਫ
ਰਾਈਟਸ ਤੇ ਫਰੀਡਮ ਐਕਟ’ ਅਨੁਸਾਰ ਕਨੇਡਾ ਇੱਕ ਵੱਖਰਾ ਤੇ ਆਜ਼ਾਦ ਦੇਸ਼ ਹੈ, ਜਿਥੇ ਸਭ ਨਾਗਰਿਕਾਂ
ਕੋਲ ਬਿਨਾਂ ਕਿਸੇ ਜਾਤ, ਧਰਮ, ਨਸਲ, ਭਾਸ਼ਾ, ਲਿੰਗ, ਰੰਗ ਆਦਿ ਦੇ ਵਿਤਕਰੇ ਤੋਂ ਸਭ ਅਧਿਕਾਰ ਹਨ। ਪਰ
ਕਨੇਡਾ ਨੂੰ ਇੰਗਲੈਂਡ ਤੋਂ ਪੂਰਨ ਰੂਪ ਵਿੱਚ ਆਜ਼ਾਦ ਹੋਣ ਲਈ ਹੋਰ ਹੰਭਲਾ ਮਾਰਨਾ ਪਵੇਗਾ ਤਾਂ ਕਿ
ਇੰਗਲੈਂਡ ਦੀ ਮਹਾਰਾਣੀ ਤੇ ਉਸਦੇ ਸ਼ਾਹੀ ਪਰਿਵਾਰ ਦਾ ਦਖਲ ਤੇ ਉਸਦੇ ਨੁਮਾਇੰਦੇ ਗਵਰਨਰ ਜਨਰਲ ਜਾਂ
ਲੈਫਟੀਨੈਂਟ ਗਵਰਨਰ ਦੇ ਅਹੁਦੇ ਖਤਮ ਹੋਣ। ਇਨ੍ਹਾਂ ਅਹੁਦਿਆਂ ਨੂੰ ਕਾਇਮ ਰੱਖਣ ਅਤੇ ਇੰਗਲੈਂਡ ਦੇ
ਸ਼ਾਹੀ ਪਰਿਵਾਰ ਦੀ ਆਉ ਭਗਤ ਤੇ ਹਰ ਸਾਲ ਕਨੇਡੀਅਨ ਟੈਕਸ ਪੇਅਰ ਦਾ 50 ਮਿਲੀਅਨ ਡਾਲਰ ਤੋਂ ਵੱਧ ਖਰਚਾ
ਕੀਤਾ ਜਾਂਦਾ ਹੈ। ਅਜੇ ਵੀ ਸਾਨੂੰ ਕਨੇਡੀਅਨ ਸਿਟੀਜ਼ਨਸ਼ਿਪ ਲੈਣ ਵੇਲੇ ਇੰਗਲੈਂਡ ਦੀ ਰਾਣੀ ਪ੍ਰਤੀ
ਵਫਾਦਾਰ ਰਹਿਣ ਦੀ ਸਹੁੰ ਚੁੱਕਣੀ ਪੈਂਦੀ ਹੈ। ਕਨੇਡਾ ਸਰਕਾਰ ਦੀ ਸਰਕਾਰੀ ਸੀਲ ਅਜੇ ਵੀ ਰਾਣੀ ਦੇ
ਨਾਮ ਦੀ ਹੈ, ਜਿਹੜੀ ਸਰਕਾਰੀ ਦਸਤਾਵੇਜਾਂ ਜਾਂ ਕਨੂੰਨ ਬਣਾਉਣ ਆਦਿ ਲਈ ਲਾਈ ਜਾਂਦੀ ਹੈ। ਸਾਡੇ ਐਮ.
ਐਲ਼. ਏ. , ਐਮ. ਪੀਜ਼ ਜਾਂ ਸੈਨੇਟਰਾਂ ਨੂੰ ਮਹਾਰਾਣੀ ਪ੍ਰਤੀ ਵਫਾਦਾਰ ਰਹਿਣ ਦੀ ਸਹੁੰ ਚੁੱਕਣੀ ਪੈਂਦੀ
ਹੈ। ਅਜੇ ਵੀ ਕਨੇਡੀਅਨ ਕਰੰਸੀ ਉਤੇ ਮਹਾਰਾਣੀ ਜਾਂ ਸ਼ਾਹੀ ਖਾਨਦਾਨ ਦੀ ਫੋਟੋ ਲਾਉਣੀ ਪੈਂਦੀ ਹੈ
ਕਿਉਂਕਿ ਉਹ ਦੇਸ਼ ਦੇ ਅਸਿੱਧੇ ਤੌਰ ਤੇ ਅਜੇ ਵੀ ਸਮਰਾਟ ਹਨ। ਕਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਸਮੇਤ
16 ਕਾਮਨ ਵੈਲਥ ਦੇਸ਼ਾਂ ਵਿੱਚ ਸ਼ਾਹੀ ਖਾਨਦਾਨ ਦੀ ਹਿੱਸਾਪੱਤੀ ਅਜੇ ਵੀ ਜਾਰੀ ਹੈ, ਭਾਵੇਂ ਕਹਿਣ ਨੂੰ
ਉਨ੍ਹਾਂ ਨੇ ਸਿੱਧੇ ਤੌਰ ਤੇ ਬਸਤੀਵਾਦੀ ਲੁੱਟ ਤੋਂ ਦੇਸ਼ਾਂ ਨੂੰ ਦੂਜੀ ਸੰਸਾਰ ਜੰਗ ਤੋਂ ਬਾਅਦ ਆਜ਼ਾਦ
ਕਰ ਦਿੱਤਾ ਸੀ।
ਅੱਜ ਜਦੋਂ ਕਨੇਡਾ ਸਰਕਾਰ ਬੜੇ ਧੂਮ-ਧੜੱਕੇ ਨਾਲ ਕਨੇਡਾ ਦੀ ਆਜ਼ਾਦੀ ਦੇ 150
ਸਾਲਾ ਜ਼ਸਨ ਮਨਾ ਰਹੀ ਹੈ ਤਾਂ ਸਾਨੂੰ ਸਰਕਾਰੀ ਪੈਸੇ ਨਾਲ ਕੀਤੇ ਜਾ ਰਹੇ ਸ਼ੋਰ ਸ਼ਰਾਬੇ ਵਿੱਚ ਉਨ੍ਹਾਂ
ਨੇਟਿਵ ਲੋਕਾਂ ਤੇ ਹੋਏ ਜ਼ੁਲਮਾਂ, ਅੱਤਿਆਚਾਰਾਂ, ਕਤਲੇਆਮ ਨੂੰ ਨਹੀਂ ਭੁੱਲਣਾ ਚਾਹੀਦਾ, ਜਿਨ੍ਹਾਂ ਦਾ
ਧਰਮ, ਕਲਚਰ, ਬੋਲੀ ਵਿਦੇਸ਼ੀ ਹਮਲਾਵਰਾਂ ਨੇ ਖਤਮ ਕਰ ਦਿੱਤੀ ਸੀ ਅਤੇ ਜਿਨ੍ਹਾਂ ਦੇ ਦੇਸ਼ (ਸੁਪਨਿਆਂ
ਦੀ ਧਰਤੀ ਤੇ) ਵਿੱਚ ਅਸੀਂ ਸਾਰੀ ਦੁਨੀਆਂ ਵਿਚੋਂ ਆ ਕੇ ਮੌਜਾਂ ਮਾਣ ਰਹੇ ਹਾਂ ਅਤੇ ਉਹ ਲੋਕ ਅਜੇ ਵੀ
ਆਪਣੇ ਦੇਸ਼ ਵਿੱਚ ਰਿਜ਼ਰਵ ਬਸਤੀਆਂ ਵਿੱਚ ਨਰਕਾਂ ਵਾਲਾ ਜੀਵਨ ਬਤੀਤ ਕਰ ਰਹੇ ਹਨ। ਜਦੋਂ ਤੱਕ ਇਸ ਧਰਤੀ
ਦੇ ਅਸਲ ਬਸ਼ਿੰਦਿਆਂ ਨੂੰ ਬਰਾਬਰ ਹੱਕ ਤੇ ਪੂਰਨ ਆਜ਼ਾਦੀ ਨਹੀਂ ਮਿਲਦੀ, ਸਾਡਾ ਅਜ਼ਾਦੀ ਦੇ ਜ਼ਸ਼ਨ ਮਨਾਉਣਾ
ਕੋਈ ਮਾਅਨੇ ਨਹੀਂ ਰੱਖਦਾ?
|
. |