ਕੀ ‘ਕਰੋਨਾ ਵਾਇਰਸ’ ਦੀ ਮਹਾਂਮਾਰੀ ਨਾਲ ‘ਗਲੋਬਲ ਵਾਰਮਿੰਗ’ ਦੀ ਮਹਾਂਮਾਰੀ ਦਾ ਖਤਰਾ ਟਲ਼ ਜਾਵੇਗਾ?
ਲੇਖਕ: ਹਰਚਰਨ ਸਿੰਘ ਪਰਹਾਰ
ਫੋਨ: 403-681-8689
Email: [email protected]
17ਵੀ-18ਵੀਂ ਸਦੀ ਦੀਆਂ ਵਿਗਿਆਨਕ
ਖੋਜਾਂ ਨਾਲ 18ਵੀਂ ਸਦੀ ਦੇ ਅਖੀਰ ਵਿੱਚ ਤੇ 19ਵੀਂ ਸਦੀ ਦੇ ਸ਼ੁਰੂ ਵਿੱਚ ਆਈ ਉਦਯੋਗਿਕ ਕ੍ਰਾਂਤੀ
(Industrial Revolution)
ਨਾਲ ਮਸ਼ੀਨੀ ਯੁੱਗ ਦੀ ਸ਼ੁਰੂਆਤ ਹੋਈ, ਜਿਸ ਨਾਲ ਹੱਥੀਂ ਕੰਮ ਦੀ ਥਾਂ ਨਾ ਸਿਰਫ ਫੈਕਟਰੀਆਂ ਵਿੱਚ,
ਸਗੋਂ ਖੇਤਾਂ ਤੇ ਘਰਾਂ ਵਿੱਚ ਮਸ਼ੀਨਰੀ ਦੀ ਸ਼ੁਰੂਆਤ ਹੋ ਗਈ, ਜੋ ਕਿ ਸ਼ੁਰੂ ਵਿੱਚ ਕੋਲੇ ਦੀ ਵਰਤੋਂ
ਨਾਲ ਹੋਈ ਸੀ, ਫਿਰ 19ਵੀਂ ਸਦੀ ਦੇ ਅਖੀਰ ਤੇ 20ਵੀਂ ਸਦੀ ਦੇ ਸ਼ੁਰੂ ਵਿੱਚ ਮਿੱਟੀ ਦਾ ਤੇਲ, ਡੀਜ਼ਲ,
ਪ੍ਰੋਪੇਨ, ਪੈਟਰੌਲ ਦੀ ਵਰਤੋਂ ਸ਼ੁਰੂ ਹੋਈ। ਊਰਜਾ
(Energy) ਦੇ ਇਹ ਸਾਰੇ ਧਰਤੀ ਵਿੱਚੋਂ ਨਿਕਲਦੇ
ਸ੍ਰੋਤ ਫੌਸਿਲ ਫਿਊਲ (Fossil Fuel) ਤੋਂ ਬਣਦੇ ਹਨ। ਵਿਗਿਆਨੀਆਂ ਅਨੁਸਾਰ ਲੱਖਾਂ ਸਾਲ ਪਹਿਲਾਂ
ਧਰਤੀ ਦੀ ਉਥਲ-ਪੁਥਲ ਨਾਲ ਇਸ ਦੀਆਂ ਕਈ ਤੈਹਾਂ ਹੇਠ ਦਰਖਤ ਤੇ ਜਾਨਵਰ (ਮਨੁੱਖ ਵੀ ਹੋ ਸਕਦੇ ਹਨ)
ਦੱਬ ਗਏ ਸਨ, ਜੋ ਲੱਖਾਂ ਸਾਲਾਂ ਵਿੱਚ ਧਰਤੀ ਦੇ ਵੱਖ-ਵੱਖ ਹਿੱਸਿਆਂ ਵਿੱਚ ਊਰਜਾ ਦੇ ਸ੍ਰੋਤ ਬਣ ਗਏ।
ਬੇਸ਼ਕ ਊਰਜਾ ਦੇ ਇਨ੍ਹਾਂ ਸਾਰੇ ਸ੍ਰੋਤਾਂ ਨਾਲ ਪਿਛਲੇ 150 ਕੁ ਸਾਲ ਵਿੱਚ ਮਨੁੱਖ ਨੇ ਬੇਸ਼ੁਮਾਰ
ਤਰੱਕੀ ਕੀਤੀ ਹੈ, ਪਰ ਇਸਦੇ ਵਾਤਾਵਰਣ ਤੇ ਮਾਰੂ ਪ੍ਰਭਾਵ ਵੀ ਪਏ ਹਨ, ਜਿਸਦਾ ਮੁੱਖ ਕਾਰਨ ਇਹ ਹੈ ਕਿ
ਊਰਜਾ ਦੇ ਇਹ ਸ੍ਰੋਤ ਵਰਤਣ ਨਾਲ ਗ੍ਰੀਨ ਹਾਊਸ ਗੈਸਾਂ (ਜੋ ਕਿ ਕਾਰਬਨ ਡਾਇਆਕਸਾਈਡ ਤੇ ਮੀਥੇਨ ਗੈਸਾਂ
ਨਾਲ ਭਰਪੂਰ ਹਨ) ਪੈਦਾ ਹੁੰਦੀਆਂ ਹਨ, ਜੋ ਕਿ ਨਾ ਸਿਰਫ ਵਾਤਾਵਰਣ ਨੂੰ ਪ੍ਰਦੂਸ਼ਤ ਕਰਦੀਆਂ ਹਨ, ਸਗੋਂ
ਇਸ ਨਾਲ ਵੱਡੇ ਪੱਧਰ ਤੇ ਵਾਤਾਵਰਣ ਵਿੱਚ ਗਰਮੀ ਪੈਦਾ ਹੋ ਰਹੀ ਹੈ ਤੇ ਧਰਤੀ ਦੀ ਉਪਰਲੀ ਤਹਿ ਦਾ
ਤਾਪਮਾਨ ਲਗਾਤਾਰ ਵਧ ਰਿਹਾ ਹੈ। ਵਿਗਿਆਨੀਆਂ ਦਾ ਅਨੁਮਾਨ ਹੈ ਕਿ ਜੇ ਇਹ ਤਾਪਮਾਨ ਇਸੇ ਤਰ੍ਹਾਂ ਵਧਦਾ
ਗਿਆ ਤਾਂ ਧਰਤੀ ਤੇ ਮਨੁੱਖਾਂ ਸਮੇਤ ਜੀਵ-ਜੰਤੂਆਂ, ਪਸ਼ੂ-ਪੰਛੀਆਂ, ਬਨਸਪਤੀ ਆਦਿ ਦਾ ਜੀਵਨ ਤਬਾਹ ਹੋ
ਸਕਦਾ ਹੈ। ਜਿਸ ਤਰ੍ਹਾਂ ਮੌਜੂਦਾ ਕਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਤਾਂ ਸਿਰਫ ਮਨੁੱਖੀ ਜਾਨਾਂ ਤੇ
ਆਰਥਿਕਤਾ ਦਾ ਹੀ ਨੁਕਸਾਨ ਹੋ ਰਿਹਾ ਹੈ, ਪਰ ‘ਗਲੋਬਲ ਵਾਰਮਿੰਗ’ ਦੀ ਮਹਾਂਮਾਰੀ ਨਾਲ ਸਭ ਕੁੱਝ ਹੀ
ਤਬਾਹ ਹੋਣ ਦੀ ਸੰਭਾਵਨਾ ਹੈ? ਪਿਛਲੇ 150 ਸਾਲਾਂ ਵਿੱਚ ਇਹ ਤਾਪਮਾਨ 1. 5 ਡਿਗਰੀ ਤੱਕ ਵਧ ਚੁੱਕਾ
ਹੈ ਤੇ ਜੇ ਇਸੇ ਤਰ੍ਹਾਂ ਵਧਦਾ ਗਿਆ ਤਾਂ ਅਗਲੇ 50 ਸਾਲਾਂ ਵਿੱਚ ਇਹ ਤਾਪਮਾਨ 2 ਡਿਗਰੀ ਵਧ ਜਾਵੇਗਾ।
ਜਿਸ ਨਾਲ ਸਮੁੰਦਰ ਵਿਚਲੇ ਬਰਫ ਦੇ ਗਲੇਸ਼ੀਅਰ ਤੇਜੀ ਨਾਲ ਪਿਘਲਣ ਲੱਗਣਗੇ (ਜੋ ਕਿ ਪਿਛਲੇ 50 ਸਾਲਾਂ
ਤੋਂ ਹੌਲੀ-ਹੌਲੀ ਪਿਘਲ ਰਹੇ ਹਨ), ਸਮੁੰਦਰ ਦੇ ਪਾਣੀ ਦਾ ਲੈਵਲ ਉਪਰ ਹੋਣ ਨਾਲ ਹੜ੍ਹ ਤੇ ਸੁਨਾਮੀਆ
ਵਧਣਗੀਆਂ, ਵਾਤਵਰਣ ਵਿੱਚ ਤਬਦੀਲੀ (ਵਾਤਾਵਰਣ ਦਾ ਤਵਾਜਨ ਵਿਗੜਨ ਨਾਲ) ਨਾਲ ਤੂਫਾਨ ਆਉਣਗੇ, ਕਿਤੇ
ਮੀਂਹ ਜ਼ਿਆਦਾ ਪਵੇਗਾ, ਕਿਤੇ ਸੋਕਾ ਪਵੇਗਾ, ਕਿਤੇ ਗਰਮੀ ਜ਼ਿਆਦਾ ਤੇ ਕਿਤੇ ਸਰਦੀ ਜ਼ਿਆਦਾ ਹੋਵੇਗੀ,
ਕਿਤੇ ਬਰਫ ਜ਼ਿਆਦਾ ਪਵੇਗੀ। ਵਾਤਾਵਰਣ ਦੀ ਇਸ ਤਬਦੀਲੀ ਨਾਲ ਧਰਤੀ ਤੇ ਜੀਵਨ ਵਿੱਚ ਅਜਿਹੀ ਉਥਲ ਪੁਥਲ
ਤੇ ਤਬਾਹੀ ਹੋਵੇਗੀ, ਜਿਸਨੂੰ ਰੋਕਣਾ ਮਨੁੱਖ ਦੇ ਵੱਸ ਵਿੱਚ ਨਹੀਂ ਹੋਵੇਗਾ। ਵਾਤਾਵਰਣ ਦੇ ਮਾਹਰ
ਵਿਗਿਆਨੀਆਂ ਅਨੁਸਾਰ ਸਾਨੂੰ ਵਧਦੇ ਤਾਪਮਾਨ ਨੂੰ 150 ਸਾਲ ਪਿਛੇ ਉਦਯੋਗਿਕ ਕ੍ਰਾਂਤੀ ਦੇ ਦੌਰ ਵਿੱਚ
ਲਿਜਾਣਾ ਪਵੇਗਾ ਭਾਵ 1. 5 ਡਿਗਰੀ ਤਾਪਮਾਨ ਘਟਾਉਣਾ ਪਵੇਗਾ, ਜਦਕਿ ਹੁਣ ਹਰ 50 ਸਾਲ ਵਿੱਚ 0. 5
ਡਿਗਰੀ ਵਧ ਰਿਹਾ ਹੈ। ਜੇ ਸਰਕਾਰਾਂ ਤੇ ਲੋਕ ਅੱਜ ਤੋਂ ਇਸ ਮਸਲੇ ਨੂੰ ਗੰਭੀਰਤਾ ਨਾਲ ਲੈ ਕੇ ਕੰਮ
ਕਰਨ ਤਾਂ ਅਗਲੇ 50 ਕੁ ਸਾਲਾਂ ਵਿੱਚ ਅਸੀਂ ਉਸ ਮਿਸ਼ਨ ਵਿੱਚ ਕਾਮਯਾਬ ਹੋ ਸਕਾਂਗੇ?
ਵਾਤਵਰਣ ਤੇ ਤਾਪਮਾਨ ਵਿੱਚ ਇਹ ਤਬਦੀਲੀ ਮਨੁੱਖੀ ਜੀਵਨ ਨੂੰ ਦਿਨੋਂ ਦਿਨ ਪ੍ਰਭਾਵਤ ਕਰ ਰਹੀ ਹੈ,
ਪਿਛਲੇ ਦੋ ਦਹਾਕਿਆਂ ਵਿੱਚ ਇਹ ਤਬਦੀਲੀ ਬੜੀ ਤੇਜੀ ਨਾਲ ਹੋ ਰਹੀ ਹੈ। ਬੇਸ਼ਕ ਮੌਜੂਦਾ ਮਹਾਂਮਾਰੀ
ਕਾਰਨ ਚੱਲ ਰਹੇ ਲਾਕਡਾਊਨ ਕਰਕੇ ਕੁੱਝ ਫਰਕ ਪਿਆ ਹੈ, ਪਰ ਮੌਸਮ ਵਿਗਿਆਨੀਆਂ ਦਾ ਅਜੇ ਵੀ ਮੰਨਣਾ ਹੈ
ਕਿ ਜਦੋਂ ਤੋਂ ਸਾਡੇ ਕੋਲ ਤਾਪਮਾਨ ਰਿਕਾਰਡ ਕਰਨ ਦਾ ਇਤਿਹਾਸ ਹੈ, ਇਹ ਸਾਲ ਦੁਨੀਆਂ ਭਰ ਵਿੱਚ ਹੁਣ
ਤੱਕ ਦਾ ਸਭ ਤੋਂ ਗਰਮ ਵਰ੍ਹਾ ਹੋਵੇਗਾ। ਬੇਸ਼ਕ ਵਿਗਿਆਨੀਆਂ ਨੇ ਤਾਪਮਾਨ ਵਿੱਚ ਤਬਦੀਲੀ ਨੂੰ ਪਿਛਲੀ
ਸਦੀ ਦੇ ਛੇਵੇਂ ਦਹਾਕੇ ਵਿੱਚ ਭਾਂਪ ਲਿਆ ਸੀ, ਪਰ ਸਰਕਾਰਾਂ ਤੇ ਵੱਡੀਆਂ ਸਰਮਾਏਦਾਰ ਕੰਪਨੀਆਂ ਨੇ
ਮੁਨਾਫੇ ਦੀ ਦੌੜ ਵਿੱਚ ਇਸਨੂੰ ਕਦੇ ਵੀ ਸੀਰੀਅਸ ਨਹੀਂ ਲਿਆ ਸੀ। ਇਹ ਵੀ ਵਰਨਣਯੋਗ ਹੈ ਕਿ ਬਿਜਲੀ ਦੇ
ਬਲਬ ਦੀ ਕਾਢ ਕੱਢਣ ਵਾਲੇ ਵਿਗਿਆਨੀ ਥੌਮਸ ਐਡੀਸਨ ਨੇ ਤਾਂ 1930 ਵਿੱਚ ਹੀ ਗਲੋਬਲ ਵਾਰਮਿੰਗ ਬਾਰੇ
ਸੰਕੇਤ ਦੇ ਦਿੱਤੇ ਹਨ। ਪਿਛਲੇ 2-3 ਦਹਾਕਿਆਂ ਤੋਂ ਵਾਤਾਵਰਣ ਪ੍ਰੇਮੀਆਂ ਅਤੇ ਵਿਗਿਆਨੀਆਂ ਦੇ ਸਾਂਝੇ
ਯਤਨਾਂ ਨਾਲ ਇਸ ਸਬੰਧੀ ਸਾਰੀ ਦੁਨੀਆਂ ਵਿੱਚ ਸੀਰੀਅਸ ਚਰਚਾ ਸ਼ੁਰੂ ਹੋਈ ਸੀ। ਇਸ ਸਬੰਧੀ ਯੁਨਾਈਟਡ
ਨੇਸ਼ਨ ਦੀ ਅਗਵਾਈ ਵਿੱਚ 120 ਦੇਸ਼ਾਂ ਅਧਾਰਿਤ ਸੰਸਥਾ ‘ਇੰਟਰਗਵਰਮੈਂਟਲ ਪੈਨਲ ਆਨ ਕਲਾਈਮੇਟ ਚੇਂਜ’
(IPCC)
ਨੇ ਆਪਣੀ 2015 ਦੀ ਰਿਪੋਰਟ ਵਿੱਚ ਸਾਰੀਆਂ ਸਰਕਾਰਾਂ ਨੂੰ ਸਾਂਝੇ ਤੌਰ ਤੇ ਯਤਨ ਕਰਨ ਲਈ ਗਰੀਨ ਹਾਊਸ
ਗੈਸਾਂ ਘਟਾਉਣ ਲਈ ਬਜਟ ਰੱਖਣ ਦੀ ਸਿਫਾਰਸ਼ ਕੀਤੀ ਸੀ। ਜਿਸ ਨਾਲ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੇ
ਬਜਟ ਵੀ ਰੱਖੇ ਸਨ, ਕਨੇਡਾ ਸਰਕਾਰ ਨੇ ਕਾਰਬਨ ਟੈਕਸ ਲਗਾਉਣ ਦਾ ਫੈਸਲਾ ਕੀਤਾ ਸੀ ਭਾਵੇਂ ਇਤਨੇ ਵੱਡੇ
ਖਤਰੇ ਨੂੰ ਨਜ਼ਰ ਅੰਦਾਜ ਕਰਕੇ ਸਾਡੇ ਸੂਬੇ ਦੇ ਮੁੱਖ ਮੰਤਰੀ ਜੇਸਨ ਕੈਨੀ ਦੀ ਸਰਕਾਰ ਵਲੋਂ ਕਾਰਬਨ
ਟੈਕਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਕਿ ਤੇਲ ਦੀਆਂ ਵੱਡੀਆਂ ਕੰਪਨੀਆਂ ਨੂੰ ਖੁਸ਼ ਕੀਤਾ ਜਾ
ਸਕੇ। ਬੇਸ਼ਕ ਇਹ ਮਨੁੱਖਤਾ ਦੀ ਹੋਂਦ ਨਾਲ ਜੁੜਿਆ ਬੜਾ ਸੀਰੀਅਸ ਮੁੱਦਾ ਹੈ, ਪਰ ਫਿਰ ਵੀ ਅਮਰੀਕਾ
ਵਰਗੇ ਕਈ ਵੱਡੇ ਸਰਮਾਏਦਾਰ ਦੇਸ਼ ਇਸਨੂੰ ਗੰਭੀਰਤਾ ਨਾਲ ਨਹੀ ਲੈ ਰਹੇ ਕਿਉਂਕਿ ਕੋਈ ਵੀ ਸਰਮਾਏਦਾਰ
ਆਪਣੇ ਮੁਨਾਫਿਆਂ ਤੇ ਅਸਰ ਨਹੀਂ ਦੇਖਣਾ ਚਾਹੁੰਦਾ। ਪਰ ਅਚਾਨਕ ਪਿਛਲੇ ਸਾਲ ਦੇ ਅਖੀਰ ਵਿੱਚ ਚੀਨ ਦੇ
ਇੱਕ ਪ੍ਰਾਂਤ ‘ਵੂਹਾਨ’ ਵਿੱਚ ਫੈਲੇ ‘ਕਰੋਨਾ ਵਾਇਰਸ’ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਕੁੱਝ
ਕੁ ਮਹੀਨਿਆਂ ਵਿੱਚ ਇਹ ਸਾਰੀ ਦੁਨੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਵੇਗਾ। ਵੱਡੇ ਸਰਮਾਏਦਾਰ ਪੱਛਮੀ
ਦੇਸ਼ਾਂ ਨੇ ਇਹ ਕਦੇ ਕਿਆਸ ਅਰਾਈ ਵੀ ਨਹੀਂ ਕੀਤੀ ਸੀ ਕਿ ਉਨ੍ਹਾਂ ਨੂੰ ਇਕਦਮ ਸਾਰਾ ਕੁੱਝ ਲਾਕਡਾਊਨ
ਕਰਨਾ ਪਵੇਗਾ ਤੇ ਸਾਰਾ ਵਪਾਰ ਠੱਪ ਹੋ ਜਾਵੇਗਾ। ਮਾਰਚ ਮਹੀਨੇ ਦੇ ਅੱਧ ਤੋਂ ਦੁਨੀਆਂ ਦੇ ਤਕਰੀਬਨ
ਸਾਰੇ ਵੱਡੇ ਦੇਸ਼ (ਖਾਸਕਰ ਪੱਛਮੀ ਦੇਸ਼) ਲਾਕਡਾਊਨ ਅਧੀਨ ਹਨ, ਸਭ ਕਾਰੋਬਾਰ ਤੇ ਫੈਕਟਰੀਆਂ ਬੰਦ ਹੋ
ਰਹੀਆਂ ਹਨ, ਕਰੋਨਾ ਵਾਇਰਸ ਦਾ ਪ੍ਰਕੋਪ ਦਿਨੋ ਦਿਨ ਵਧ ਰਿਹਾ ਹੈ ਤੇ ਕੰਟਰੋਲ ਹੋਣ ਦੇ ਕੋਈ ਆਸਾਰ
ਨਜ਼ਰ ਨਹੀਂ ਆ ਰਹੇ। ਪੱਛਮੀ ਦੇਸ਼ਾਂ ਵਿੱਚ ਕਰੋਨਾ ਵਾਇਰਸ ਦੇ ਵਧਣ ਦਾ ਵੱਡਾ ਕਾਰਨ ਇਨ੍ਹਾਂ ਦੇਸ਼ਾਂ
ਵਲੋਂ ਸ਼ੁਰੂ ਵਿੱਚ ਇਸਨੂੰ ਬਹੁਤਾ ਸੀਰੀਅਸ ਨਹੀਂ ਲਿਆ। ਲੋਕ ਆਮ ਵਾਂਗ ਸਫਰ ਕਰਦੇ ਰਹੇ। ਬੇਸ਼ਕ ਚੀਨ
ਵਿੱਚ ਫੈਲੇ ਵਾਇਰਸ ਦਾ ਪਤਾ ਜਨਵਰੀ ਸ਼ੁਰੂ ਵਿੱਚ ਹੀ ਲੱਗ ਗਿਆ ਸੀ, ਤਾਂ ਵੀ ਪੱਛਮੀ ਦੇਸ਼ ਮਾਰਚ ਤੱਕ
ਸੁੱਤੇ ਰਹੇ ਕਿ ਸਾਡੇ ਨਾਲ ਕੁੱਝ ਨਹੀਂ ਹੋਣ ਵਾਲਾ। ਪਰ ਹੁਣ ਇਸਦੀ ਜਕੜ ਵਿੱਚ ਅਜਿਹੇ ਆਏ ਹਨ ਕਿ
ਸਿਰਫ 6 ਹਫਤਿਆਂ ਵਿੱਚ ਸਰਮਾਏਦਾਰੀ ਦੇ ਸਰਦਾਰ ਦੇਸ਼ਾਂ ਦੀ ਆਰਥਿਕਤਾ ਡਰਗਮਗਾਉਣ ਲੱਗੀ ਹੈ, ਹੈਲਥ
ਕੇਅਰ ਸਿਸਟਮ ਫੇਲ੍ਹ ਹੋ ਰਿਹਾ ਹੈ। ਵੱਡੀ ਗਿਣਤੀ ਵਿੱਚ ਰੋਜ਼ਾਨਾ ਮੌਤਾਂ ਹੋ ਰਹੀਆਂ ਹਨ। ਮਨੁੱਖੀ
ਸਰੀਰ ਸਬੰਧੀ ਵੱਡੀਆਂ-ਵੱਡੀਆਂ ਬੀਮਾਰੀਆਂ ਦੇ ਇਲਾਜ ਲੱਭਣ ਵਾਲਿਆਂ ਦੇ ਇੱਕ ਛੋਟੇ ਜਿਹੇ ਵਾਇਰਸ
ਅੱਗੇ ਹੱਥ ਖੜੇ ਹਨ। ਕਰੋਨਾ ਵਾਇਰਸ ਦੀ ਗਰੀਬਾਂ ਤੇ ਬਜ਼ੁਰਗਾਂ ਤੇ ਵੱਧ ਮਾਰ ਪੈ ਰਹੀ ਹੈ, ਖਾਸਕਰ
ਜਿਥੇ ਹੈਲਥ ਕੇਅਰ ਸਿਟਮ ਪ੍ਰਾਈਵੇਟ ਹੈ, ਉਥੇ ਗਰੀਬ ਇਲਾਜ ਕਰਾਉਣ ਤੋਂ ਅਸਮਰਥ ਹਨ। ਅੱਜ 30 ਅਪਰੈਲ
ਤੱਕ ਮਰਨ ਵਾਲੇ 2 ਲੱਖ 30 ਹਜ਼ਾਰ ਵਿਅਕਤੀਆਂ ਵਿੱਚੋਂ 1 ਲੱਖ 80 ਵਿਅਕਤੀ ਸਿਰਫ ਪੱਛਮੀ ਸਰਮਾਏਦਾਰ
ਦੇਸ਼ਾਂ ਅਮਰੀਕਾ, ਸਪੇਨ, ਇਟਲੀ, ਇੰਗਲੈਂਡ, ਫਰਾਂਸ, ਜਰਮਨੀ, ਰਸ਼ੀਆ ਹਨ। ਜਿਨ੍ਹਾਂ ਵਲੋਂ ਸਭ ਤੋਂ
ਵੱਧ ਤੇ ਵਧੀਆ ਮੈਡੀਕਲ ਸਹੂਲਤਾਂ ਦਾ ਦਾਅਵਾ ਕੀਤਾ ਜਾਂਦਾ ਹੈ।
ਕਰੋਨਾ ਵਾਇਰਸ (ਕੋਵਡ-19) ਕਾਰਨ ਜਦੋਂ ਦੁਨੀਆਂ ਭਰ ਵਿੱਚ ਅੱਧੀਆਂ ਤੋਂ ਵੱਧ ਕਾਰਾਂ ਖੜ ਗਈਆਂ ਹਨ,
ਰੇਲਾਂ ਤੇ ਪਬਲਿਕ ਟਰਾਂਸਪੋਰਟ ਵੀ ਕਾਫੀ ਘੱਟ ਹੈ, ਸਮੁੰਦਰੀ ਸ਼ਿੱਪ ਚੱਲਣੇ ਬੰਦ ਹਨ, ਵੱਡੇ ਪੱਧਰ ਤੇ
ਫੈਕਟਰੀਆਂ ਬੰਦ ਹਨ, ਇਸ ਨਾਲ ਨਾ ਸਿਰਫ ਗਰੀਨ ਹਾਊਸ ਗੈਸਾਂ ਦਾ ਧੂੰਆਂ ਵੱਡੀ ਪੱਧਰ ਤੇ ਘਟਿਆ ਹੈ,
ਸਗੋਂ ਜੰਗਲੀ ਜਾਨਵਰਾਂ ਤੇ ਸਮੂੰਦਰੀ ਜੀਵਾਂ ਨੂੰ ਕੁੱਝ ਸਮੇਂ ਲਈ ਸੁੱਖ ਦਾ ਸਾਹ ਆਇਆ ਹੈ। ਚੀਨ
ਵਿੱਚ ਕੁੱਝ ਸਮੇਂ ਲਈ ਬੰਦ ਹੋਣ ਨਾਲ ਗੈਸਾਂ ਦਾ ਨਿਕਾਸ
(Emissions)
25% ਘਟਿਆ ਸੀ। ਪਰ ਹੁਣ ਫਿਰ ਉਸੇ ਰਫਤਾਰ ਤੇ ਫੈਕਟਰੀਆਂ ਚਲਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਸਭ ਤੋਂ
ਪਹਿਲਾਂ ਚੀਨ ਤੇ ਇਟਲੀ ਵਿੱਚ ਘਟੇ ਪ੍ਰਦੂਸ਼ਣ ਦਾ ਪ੍ਰਭਾਵ ਦੇਖਣ ਨੂੰ ਮਿਲਿਆ ਸੀ। ਅਮਰੀਕਾ ਦੇ ਵੱਡੇ
ਸ਼ਹਿਰਾਂ ਵਿੱਚ ਪ੍ਰਦੂਸਣ ਦਾ ਘਟ ਰਿਹਾ ਪ੍ਰਭਾਵ ਸਪੱਸ਼ਟ ਦਿਖਾਈ ਦੇ ਰਿਹਾ ਹੈ। ਇਸ ਨਾਲ ਦੁਨੀਆਂ ਭਰ
ਵਿੱਚ ਇਹ ਪ੍ਰਭਾਵ ਬਣ ਰਿਹਾ ਸੀ ਕਿ ਸ਼ਾਇਦ ਜਿਹੜਾ ਗਲੋਬਲ ਵਾਰਮਿੰਗ ਦੇ ਪ੍ਰਭਾਵ ਨੂੰ ਘਟਾਉਣ ਲਈ ਯਤਨ
ਕਰਕੇ 50 ਸਾਲਾਂ ਵਿੱਚ ਤਾਪਮਾਨ 2 ਡਿਗਰੀ ਘਟਾਉਣਾ ਸੀ, ਉਹ ਮਿਸ਼ਨ ਸ਼ਾਇਦ ਕੁੱਝ ਮਹੀਨਿਆਂ ਵਿੱਚ ਪੂਰਾ
ਹੋ ਜਾਵੇਗਾ। ਪਰ ਹੁਣ ਆ ਰਹੀਆਂ ਰਿਪੋਰਟਾਂ ਅਨੁਸਾਰ ਅਜਿਹਾ ਮਹਿਜ ਇੱਕ ਖੁਸ਼ਫਹਿਮੀ ਤੋਂ ਵੱਧ ਕੁੱਝ
ਨਹੀਂ ਹੈ। ਕਰੋਨਾ ਵਾਇਰਸ ਦਾ ਪ੍ਰਭਾਵ ਕੁੱਝ ਮਹੀਨਿਆਂ ਵਿੱਚ ਘਟ ਜਾਵੇਗਾ ਤੇ ਲਾਕਡਾਊਨ ਖੁੱਲ੍ਹ
ਜਾਣਗੇ ਤਾਂ ਸਭ ਪਾਸੇ ਪ੍ਰਦੂਸ਼ਣ ਫੈਲਾਉਂਦੀਆਂ ਫੈਕਟਰੀਆਂ ਤੇ ਕਾਰਾਂ ਆਦਿ ਉਸੇ ਤਰ੍ਹਾਂ ਗਰੀਨ ਗੈਸਾਂ
ਛੱਡਣ ਦਾ ਕੰਮ ਆਰੰਭ ਕਰ ਦੇਣਗੀਆਂ। ਇਸ ਲਈ ਇਹ ਰਾਹਤ ਸਿਰਫ ਅਸਥਾਈ ਹੈ। ਇੱਕ ਰਿਪੋਰਟ ਅਨੁਸਾਰ
ਕੈਲੇਫੋਰਨੀਆ ਦੀ ਸਟੈਂਡਫੋਰਡ ਯੂਨੀਵਰਸਿਟੀ ਦੇ ਅਰਥ ਸਿਸਟਮ
(Earth System)
ਮਾਹਰ ਰੌਬ ਜੈਕਸਨ ਅਨੁਸਾਰ ਸਾਰੀ ਦੁਨੀਆਂ ਵਿੱਚ ਅਪਰੈਲ ਮਹੀਨੇ ਵਿੱਚ 5% ਦੇ ਕਰੀਬ ਗੈਸਾਂ ਦਾ
ਨਿਕਾਸ ਘਟਿਆ ਹੈ, ਜਿਸ ਨਾਲ ਵਾਤਾਵਰਣ ਤੇ ਕੁੱਝ ਅਸਥਾਈ ਪ੍ਰਭਾਵ ਪੈ ਰਿਹਾ ਹੈ। ਦੂਜੀ ਸੰਸਾਰ ਜੰਗ
ਤੋਂ ਬਾਅਦ 75 ਸਾਲਾਂ ਵਿੱਚ ਪਹਿਲੀ ਵਾਰ 5% ਗੈਸਾਂ ਦਾ ਨਿਕਾਸ ਘਟਿਆ ਹੈ, ਜਦਕਿ ਪਹਿਲਾਂ ਸਾਰੀਆਂ
ਕੋਸ਼ਿਸ਼ਾਂ ਦੇ ਬਾਵਜੂਦ ਇਹ ਹਰ ਸਾਲ ਵਧਦਾ ਜਾ ਰਿਹਾ ਸੀ। ਇਸ ਮਾਹਰ ਅਨੁਸਾਰ ਬੇਸ਼ਕ ਇਹ ਵੱਡੀ ਤਬਦੀਲੀ
ਨਜ਼ਰ ਆ ਰਹੀ ਹੈ, ਪਰ ਜਦੋਂ ਹੀ ਲਾਕਡਾਊਨ ਖੁੱਲ੍ਹੇਗਾ ਤਾਂ ਦੁਨੀਆਂ ਇੱਕਦਮ ਪਹਿਲਾਂ ਤੋਂ ਵੀ ਵੱਧ
ਦੌੜ ਵਿੱਚ ਪੈ ਜਾਵੇਗੀ, ਜਿਸ ਨਾਲ ਇਸ ਅਸਥਾਈ ਤਬਦੀਲੀ ਨਾਲ ਲੰਬੇ ਸਮੇਂ ਲਈ ਕੋਈ ਬਹੁਤਾ ਪ੍ਰਭਾਵ
ਨਹੀਂ ਰਹੇਗਾ। ਯੁਨਾਈਟਿਡ ਨੇਸ਼ਨ ਦੇ ਸੈਕਟਰੀ ਜਨਰਲ ਐਨਟੋਨੀਉ ਗੁਟਰੇਸ ਅਨੁਸਾਰ ਕਰੋਨਾ ਵਾਇਰਸ ਬੇਸ਼ਕ
ਮਨੁੱਖਤਾ ਲਈ ਵੱਡੀ ਤੇ ਦੁਖਦਾਈ ਮਹਾਂਮਾਰੀ ਹੈ ਤੇ ਇਸ ਨਾਲ ਗਲੋਬਲ ਵਾਰਮਿੰਗ ਜਾਂ ਕਲਾਈਮੇਟ ਚੇਂਜ
ਤੇ ਵੀ ਕੁੱਝ ਸਮੇਂ ਲਈ ਚੰਗਾ ਪ੍ਰਭਾਵ ਪੈ ਰਿਹਾ ਹੈ, ਪਰ ਕੁੱਝ ਸਮੇਂ ਦੇ ਲਾਕਡਾਊਨ ਤੋਂ ਬਾਅਦ ਜਦੋਂ
ਜ਼ਿੰਦਗੀ ਉਸੇ ਰਫਤਾਰ ਜਾਂ ਉਸ ਤੋਂ ਵੀ ਤੇਜ਼ ਰਫਤਾਰ ਵਿੱਚ ਭੱਜ ਪਵੇਗੀ ਤਾਂ ਮਨੁੱਖਤਾ ਨੂੰ ਗਲੋਬਲ
ਵਾਰਮਿੰਗ ਨਾਲ ਹੋਣ ਵਾਲੀ ਤਬਾਹੀ ਦੀ ਮਹਾਂਮਾਰੀ ਤੋਂ ਕੋਈ ਬਚਾਅ ਨਹੀਂ ਸਕੇਗਾ, ਇਸ ਲਈ ਸਾਨੂੰ ਬਹੁਤ
ਖੁਸ਼ਫਹਿਮੀ ਵਿੱਚ ਨਹੀਂ ਰਹਿਣਾ ਚਾਹੀਦਾ। ਪਿਛਲੇ ਦਿਨੀਂ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਲੋਂ ਆਨਲਾਈਨ
ਕੀਤੀ ਗਈ ‘ਪੀਟਰਬਰਗ ਕਲਾਈਮੇਟ ਡਾਇਲਾਗ’ ਵਿੱਚ ਕਰੋਨਾ ਵਾਇਰਸ ਨਾਲ ਆਰਥਿਕਤਾ ਤੇ ਪੈ ਰਹੇ ਪ੍ਰਭਾਵਾਂ
ਦੇ ਨਾਲ ਇਹ ਮੁੱਦਾ ਜੋਰ ਨਾਲ ਵਿਚਾਰਿਆ ਗਿਆ ਕਿ ਇਸ ਮਹਾਂਮਾਰੀ ਦੀ ਆੜ ਵਿੱਚ ਗਲੋਬਲ ਵਾਰਮਿੰਗ ਨੂੰ
ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ। ਬੇਸ਼ਕ ਅਮਰੀਕਾ ਨੇ ਇਸ ਆਨਲਾਈਨ ਮੀਟਿੰਗ ਵਿੱਚ ਭਾਗ ਨਾ ਲੈ ਕੇ
ਫਿਰ ਇਹ ਸੁਨੇਹਾ ਦਿੱਤਾ ਹੈ ਕਿ ਉਹ ਇਸ ਪ੍ਰਤੀ ਗੰਭੀਰ ਨਹੀਂ।
ਬੇਸ਼ਕ ਇਸ ਵਕਤ ਸਭ ਦਾ ਧਿਆਨ ਕਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਣ ਤੇ ਇਸ ਵਿੱਚੋਂ ਨਿਕਲਣ ਵੱਲ ਹੈ
ਤੇ ਹੋਣਾ ਵੀ ਚਾਹੀਦਾ ਹੈ ਤਾਂ ਕਿ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕੇ ਅਤੇ ਡਿਗ ਰਹੀ ਆਰਥਿਕਤਾ
ਤੋਂ ਦੁਨੀਆਂ ਬਚ ਸਕੇ। ਜੇ ਇਹ ਮਹਾਂਮਾਰੀ ਲੰਬਾ ਸਮਾਂ ਚੱਲਦੀ ਹੈ ਤਾਂ ਕੋਈ ਸ਼ੱਕ ਨਹੀਂ ਕਿ ਮਨੁੱਖੀ
ਜਾਨਾਂ ਦਾ ਨੁਕਸਾਨ ਤਾਂ ਹੋਵੇਗਾ ਹੀ, 1930 ਵਾਂਗ ਵੱਡਾ ਆਰਥਿਕ ਮੰਦਵਾੜਾ ਵੀ ਆ ਸਕਦਾ ਹੈ। ਜਿਸ
ਨਾਲ ਕਰੋਨਾ ਵਾਇਰਸ ਦੇ ਨਾਲ-ਨਾਲ ਦੁਨੀਆਂ ਵਿੱਚ ਭੁੱਖਮਰੀ ਵੀ ਫੈਲ ਸਕਦੀ ਹੈ? ਇਸ ਲਈ ਸਭ ਨੂੰ
ਸਹਿਯੋਗ ਕਰਨ ਦੀ ਲੋੜ ਹੈ। ਪਰ ਇਸ ਸਭ ਦੇ ਬਾਵਜੂਦ ਇੱਕ ਗੱਲ ਸਪੱਸ਼ਟ ਹੈ ਕਿ ਇਸ ਮਹਾਂਮਾਰੀ ਤੋਂ
ਬਾਅਦ ‘ਗਲੋਬਲ ਵਾਰਮਿੰਗ’ ਦੀ ਮਹਾਂਮਾਰੀ ਸਾਰੀ ਮਨੁੱਖਤਾ ਤੇ ਮੰਡਰਾ ਰਹੀ ਹੈ, ਜਿਸ ਲਈ ਸਭ ਦੇ
ਸਾਂਝੇ ਯਤਨ ਹੀ ਮਨੁੱਖਤਾ ਨੂੰ ਬਚਾਅ ਸਕਦੇ ਹਨ। ਸਰਕਾਰਾਂ ਆਪਣਾ ਕੰਮ ਕਰਨ ਤੇ ਲੋਕ ਆਪਣਾ ਯੋਗਦਾਨ
ਪਾਉਣ ਤਾਂ ਹੀ ਇਸ ਤੋਂ ਬਚ ਸਕਾਂਗੇ।