. |
|
ਜ਼ਖਮ ਨੂੰ ਸੂਰਜ ਬਣਨ ਦਿਓ; ਪਰ ਹੋਸ਼ ਦਾ ਪੱਲੜਾ ਵੀ
ਨਾ ਛੱਡੋ!
(ਸਾਕਾ ਨੀਲਾ ਤਾਰਾ ਦੁਖਾਂਤ ਦਾ ਚਿਤਵਨ ਕਰਦਿਆਂ…)
-ਹਰਚਰਨ ਸਿੰਘ ਪ੍ਰਹਾਰ-
Email:
[email protected]
Tel. 403-681-8689
‘ਜੂਨ 1984 ਦਾ ਬਲਿਊ ਸਟਾਰ ਉਪਰੇਸ਼ਨ, ਇੱਕ ਵੱਡਾ ਘੱਲੂਘਾਰਾ ਸੀ। ਇਹ ਇੱਕ
ਜ਼ਖਮ ਹੈ, ਜੋ ਸਿੱਖ ਕੌਮ ਦੀ ਸਿਮਰਤੀ ਵਿੱਚੋਂ ਜਾ ਨਹੀਂ ਸਕਦਾ। ਇਹ ਇੱਕ ਪੀੜ੍ਹ ਹੈ, ਇੱਕ ਕਸਕ ਹੈ,
ਜੋ ਕਦੇ ਪੂਰੀ ਤਰ੍ਹਾਂ ਮਿਟ ਨਹੀਂ ਸਕਦੀ…।’
‘ਹੁਣ ਸਮਾਂ ਆ ਗਿਆ ਹੈ ਕਿ ਅਸੀਂ ਬਲਿਊ ਸਟਾਰ ਜਿਹੇ ਜ਼ਖ਼ਮ ਨੂੰ ਵੀ ਪਰਮ
ਪ੍ਰੇਰਨਾ ਸ੍ਰੋਤ ਬਣਨ ਦੇਈਏ। ਗੁਰੂ ਸਾਹਿਬਾਨ ਦੀ ਮਿਸਾਲ ਵਾਂਗ, ਇਸਨੂੰ ਇੱਕ ਸ਼ੁਆ, ਗਿਆਨ-ਕਿਰਨ,
ਬਲਕਿ ਇਸ ਤੋਂ ਵੀ ਅੱਗੇ ਲੰਘ ਕੇ, ਸੂਰਜ ਬਣਨ ਦੇਈਏ। ਸਾਡੇ ਸਮਿਆਂ ਵਿੱਚ ਯਹੂਦੀ ਭਰਾਤੀਅਤਾ ਨੇ
ਆਪਣੇ ਹੌਲੌਕੌਸਟ ਬਾਰੇ ਇਹੀ ਵਰਤਾਰਾ ਬਣਾਇਆ ਹੈ. . ।’
(ਸਿੱਖ ਵਿਦਵਾਨ ਡਾ. ਗੁਰਭਗਤ ਸਿੰਘ ਦੇ ਲੇਖ ਸੰਗ੍ਰਹਿ ਦੀ ਕਿਤਾਬ ‘ਸਿੱਖ
ਦ੍ਰਿਸ਼ਟੀ ਦਾ ਗੌਰਵ’ ਦੇ ਪੰਨਾ 89-90 ਤੇ ਲੇਖ ‘ਜ਼ਖ਼ਮ ਨੂੰ ਸੂਰਜ ਬਣਨ ਦਿਉ’ ਵਿੱਚੋਂ…)
‘ਸਾਡੇ ਸਮਕਾਲੀ ਇਤਿਹਿਾਸ ਵਿੱਚ ਸਭ ਤੋਂ ਵੱਡਾ ਕੌਮੀ ਜ਼ਖ਼ਮ, ਹਿਟਲਰ ਵਲੋਂ
ਯੋਜਨਾਬੱਧ ਢੰਗ ਨਾਲ਼ ਕੀਤਾ ‘ਮਹਾਂਨਾਸ਼’ ਸੀ (ਜਿਸਨੂੰ ਯਹੂਦੀ ਹੌਲੌਕੌਸਟ ਕਹਿੰਦੇ ਹਨ)। ਇਸਨੇ ਯਹੂਦੀ
ਕੌਮ ਨੂੰ ਤਹਿਸ-ਨਹਿਸ ਕੀਤਾ। ਪਰ ਉਸ ਤੋਂ ਪਿੱਛੋਂ ਯਹੂਦੀ ਚਿੰਤਕਾਂ ਨੇ ਪੱਛਮ ਦੇ ਸਮੁੱਚੇ ਦਰਸ਼ਨ,
ਰਾਜਨੀਤੀ ਅਤੇ ਹੋ ਰਹੇ ਅਭਿਆਸਾਂ ਨੂੰ ਫਰੋਲਿਆ। ਮਹਾਂਨਾਸ਼ ਦੇ ਕਾਰਨ ਲੱਭੇ…।’
(ਸਿੱਖ ਵਿਦਵਾਨ ਡਾ. ਗੁਰਭਗਤ ਸਿੰਘ ਦੇ ਲੇਖਾਂ ਦੀ ਸੰਪਾਦਿਤ ਕਿਤਾਬ ‘ਸਿੱਖ
ਦ੍ਰਿਸ਼ਟੀ ਦਾ ਗੌਰਵ’ ਦੇ ਪੰਨਾ 93 ਤੇ ਲੇਖ ‘ਜ਼ਖ਼ਮ ਨੂੰ ਚੇਤੰਨਤਾ ਬਣਾਉਣ ਦੀ ਲੋੜ’ ਵਿੱਚੋਂ…)
‘ਸਿੱਖ ਕੌਮ ਲਈ ਵੀ ਇਹ ਜਰੂਰੀ ਹੈ ਕਿ ਉਹ ਬਲਿਊ ਸਟਾਰ ਵਰਗੇ ਮਹਾਂਨਾਸ਼ਕ
ਸਾਕੇ ਨੂੰ ਸਿਰਜਨਾਤਮਿਕ ਸ਼ੋਅਲੇ ਵਿੱਚ ਬਦਲੇ। ਇੱਥੋਂ ਸਿੱਖ ਚਿੰਤਨ ਤੇ ਵਿਸ਼ਵ ਚਿੰਤਨ ਨੂੰ ਪ੍ਰਭਾਵਿਤ
ਕਰਨ ਵਾਲ਼ੇ ਵਿਚਾਰਾਂ ਦਾ ਆਰੰਭ ਕਰੇ। ਕੀ ਅਜਿਹੇ ਚਿੰਤਕ ਸਿੱਖ ਕੌਮ ਕੋਲ਼ ਮੌਜੂਦ ਹਨ, ਜੋ ਇਸ ਵੰਗਾਰ
ਨੂੰ ਕਬੂਲ ਕਰਨ…?’
(ਸਿੱਖ ਵਿਦਵਾਨ ਡਾ. ਗੁਰਭਗਤ ਸਿੰਘ ਦੇ ਲੇਖਾਂ ਦੀ ਸੰਪਾਦਿਤ ਕਿਤਾਬ ‘ਸਿੱਖ
ਦ੍ਰਿਸ਼ਟੀ ਦਾ ਗੌਰਵ’ ਦੇ ਪੰਨਾ 96 ਤੇ ਲੇਖ ‘ਬਲਿਊ ਸਟਾਰ ਉਪਰੇਸ਼ਨ ਸਿਰਜਨਾਤਮਿਕ ਸ਼ੋਅਲਾ ਬਣਾਉਣ ਦੀ
ਲੋੜ’ ਵਿੱਚੋਂ…)
‘ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਨੇ ਜੋ ਕੁੱਝ ਕੀਤਾ, ਉਹ ਕਿਸੇ ਹੋਰ ਦੇ
ਤਜ਼ਰਬੇ ਤੋਂ ਪ੍ਰਭਾਵਿਤ ਜਾਂ ਉਤਸ਼ਾਹਿਤ ਹੋ ਕੇ ਅਤੇ ਜਾਂ ਕਿਸੇ ਬਾਹਰੀ ਤਾਕਤ ਦੀ ਸ਼ਹਿ ਹੇਠਾਂ ਕੀਤਾ
ਨਹੀਂ ਸੀ। ਇਹ ਕਿਸੇ ਹੋਰ ਦੀ ਰੀਸ ਜਾਂ ਨਕਲ ਨਹੀਂ ਸੀ। ਇਹ ਉਸਦੇ ਅੰਦਰੋਂ ਨਿਕਲ਼ੀ ਵਿਚਾਰ ਸੀ, ਉਸਦੀ
ਕੁਆਰੀ ਸੋਚ ਦਾ ਨਤੀਜਾ ਸੀ। ਇਹ ਮਰੀਅਮ ਦੀ ਪਵਿੱਤਰ ਕੁੱਖ `ਚੋਂ ਈਸਾ ਦੇ ਪ੍ਰਗਟ ਹੋਣ ਵਰਗੀ ਹੀ ਕੋਈ
ਗੱਲ ਸੀ, ਜਿਸਨੂੰ ਕਿਸੇ ਤਰਕਵਾਦੀ ਸੋਚ ਜਾਂ ਵਿਸ਼ਲੇਸ਼ਣ ਵਿਧੀ ਨਾਲ਼ ਸਮਝ ਸਕਣਾ ਕਤਈ ਸੰਭਵ ਨਹੀਂ ਸੀ।
ਉਸ ਨੇ ਕਿਤਾਬੀ ਗਿਆਨ ਜਾਂ ਅਕਾਦਮਿਕ ਸਿਖਲਾਈ ਹਾਸਲਿ ਨਹੀਂ ਸੀ ਕੀਤੀ ਹੋਈ। ਉਹ ਇੱਕ ਸਾਦ ਮੁਰਾਦਾ
ਸੰਤ-ਪੁਰਖ ਸੀ, ‘ਸੱਚ ਦੀ ਉਸ ਮਹਾਂ-ਮ੍ਰਿਤੂ ਵਿੱਚ ਅਭੇਦ ਹੋ ਕੇ, ਜੋ ਗੁਰੂ ਦੀ ਜਗਾਈ ਨਾਮ ਰੂਪੀ
ਜੋਤ ਵਿੱਚ ਰੱਤੜੇ ਨੈਣਾਂ ਵਾਲ਼ਾ ਬਣ ਗਿਆ ਸੀ।’
(ਸਿੱਖ ਵਿਦਵਾਨ ਅਜਮੇਰ ਸਿੰਘ ਦੀ ਕਿਤਾਬ ‘ਕਿਸ ਬਿਧ ਰੁਲ਼ੀ ਪਾਤਸ਼ਾਹੀ’ ਦੇ
ਚੈਪਟਰ ‘ਪਹਾੜ ਜਿੱਡਾ ਕੰਮ’ ਦੇ ਪੰਨਾ 247 ਤੋਂ)
‘ਉਪਰੇਸ਼ਨ ਬਲਿਊ ਸਟਾਰ, ਇੱਕ ਨਾ-ਮੁਆਫ ਕਰਨ ਵਾਲ਼ਾ ਕਰੂਰ ਕਾਰਾ ਸੀ।
ਭਿੰਡਰਾਂਵਾਲ਼ੇ ਵਰਗੀ ‘ਦੁਰ
ਆਤਮਾ’ ਆਪਣੇ ਅਜਿਹੇ ਅੰਤ ਦੀ ਹੱਕਦਾਰ ਸੀ। ਜੇਕਰ
ਤੁਹਾਡੇ ਵਲੋਂ ਰੀਝਾਂ ਨਾਲ਼ ਬਣਾਏ ਆਲੀਸ਼ਾਨ ਮਹਿਲ ਵਿੱਚ ਕੋਈ ਜੰਗਲੀ ਚੂਹਾ ਦਾਖਿਲ ਹੋ ਜਾਵੇ ਤਾਂ ਉਸ
ਤੋਂ ਖਹਿੜਾ ਛੁਡਾਉਣ ਲਈ, ਕੀ ਮਹਿਲ ਨੂੰ ਨੇਸਤੋ ਨਾਬੂਦ ਕਰਨ ਦੀ ਆਗਿਆ ਦਿੱਤੀ ਜਾ ਸਕਦੀ ਹੈ? ਸੰਤ
ਭਿੰਡਰਾਂਵਾਲ਼ੇ ਦੀ ਹਿੰਦੂਆਂ ਪ੍ਰਤੀ ਨਫਰਤ ਇਤਨੀ ਵਧ ਚੁੱਕੀ ਸੀ ਕਿ ਉਹ ਅੰਦਰ ਬੈਠਾ ਕਹਿ ਰਿਹਾ ਸੀ
ਕਿ ਭਾਰਤ ਦੇ ਸਾਰੇ ਹਿੰਦੂਆਂ ਨੂੰ ਮਾਰਨ ਲਈ ਇੱਕ-ਇੱਕ ਸਿੱਖ ਦੇ ਹਿੱਸੇ ਸਿਰਫ 32 ਹਿੰਦੂ ਆਉਂਦੇ
ਹਨ, ਨਾ 31 ਤੇ ਨਾ 33, ਸਿਰਫ 32. ਸਿੱਖ ਤਾਂ ਇਕੱਲਾ ਸਵਾ ਲੱਖ ਨਾਲ਼ ਲੜ ਸਕਦਾ ਹੈ। ਮੈਨੂੰ ਇਸ ਗੱਲ
ਦੀ ਹੈਰਾਨੀ ਹੈ ਕਿ ਸਿੱਖ, ਸੰਤ ਦੀਆਂ ਅਜਿਹੀਆਂ ਨਫਰਤੀ ਸਪੀਚਾਂ ਤੇ ਬੋਲ ਕਿਉਂ ਨਹੀਂ ਰਹੇ ਸਨ?’
(ਪ੍ਰਸਿੱਧ ਲੇਖਕ ਤੇ ਸਿੱਖ ਹਿਸਟੋਰੀਅਨ, ਖੁਸਵੰਤ ਸਿੰਘ ਦੀ ਆਪਣੀ ਜੀਵਨ ਕਥਾ
ਅਧਾਰਿਤ ਕਿਤਾਬ ‘Truth, Love and a
Little Malice’ ਵਿੱਚੋਂ)
ਖੁਸ਼ਵੰਤ ਸਿੰਘ ਬੇਸ਼ੱਕ ਸੰਤ ਭਿੰਡਰਾਂਵਾਲ਼ਿਆਂ ਦਾ ਕੱਟੜ ਵਿਰੋਧੀ ਸੀ ਅਤੇ ਸੰਤ
ਭਿਡਰਾਂਵਾਲ਼ਿਆਂ ਤੇ ਕੀਤੀ ਕਾਰਵਾਈ ਨੂੰ ਵੀ ਉਹ ਜਾਇਜ ਮੰਨਦਾ ਸੀ। ਉਸਦਾ ਮੰਨਣਾ ਸੀ ਕਿ
ਭਿੰਡਰਾਂਵਾਲ਼ੇ ਤੇ ਕਾਰਵਾਈ ਤਾਂ ਕੀਤੀ ਜਾਣੀ ਚਾਹੀਦੀ ਸੀ, ਪਰ ਇਸ ਤਰ੍ਹਾਂ ਦੀ ਅਹਿਮਕਾਨਾ ਕਾਰਵਾਈ
ਨਹੀਂ ਹੋਣੀ ਚਾਹੀਦੀ ਸੀ, ਜਿਸ ਤਰ੍ਹਾਂ ਦੀ ਕਾਰਵਾਈ ਮੈਡਮ ਇੰਡਰਾ ਗਾਂਧੀ ਨੇ ਦਰਬਾਰ ਸਾਹਿਬ ਤੇ
ਫੌਜੀ ਕਾਰਵਾਈ ਕਰਕੇ ਕੀਤੀ ਸੀ। ਜਿਸਦੇ ਸਿੱਟੇ ਵਜੋਂ ਉਹ ਆਪ ਤਾਂ ਮਰੀ ਹੀ ਮਰੀ, ਪੂਰੇ ਮੁਲਕ ਨੂੰ
ਵੀ ਭਾਰੀ ਕੀਮਤ ਚੁਕਾਉਣੀ ਪਈ। ਬੇਸ਼ਕ ਮੈਡਮ ਇੰਦਰਾ ਨੇ ਆਪਣੀ ਗਲਤੀ ਮਹਿਸੂਸ ਕਰਦਿਆਂ, ਫੌਜੀ ਹਮਲੇ
ਵਿੱਚ ਅਕਾਲ ਤਖਤ ਦੀ ਨੁਕਸਾਨੀ ਇਮਾਰਤ ਦਿਨਾਂ ਵਿੱਚ ਹੀ ਬਣਵਾ ਕੇ ਸ਼੍ਰੋਮਣੀ ਕਮੇਟੀ ਨੂੰ ਸੌਂਪ
ਦਿੱਤੀ ਸੀ ਤੇ ਉਥੋਂ ਫੌਜ ਵੀ ਵਾਪਿਸ ਬੁਲਾ ਲਈ ਸੀ। ਪਰ ਉਸ ਦੇ ਸਭ ਯਤਨ ਸਿੱਖ ਨੌਜਵਾਨਾਂ ਦੇ
ਵਲੂੰਧਰੇ ਜਜਬਾਤਾਂ ਨੂੰ ਸ਼ਾਂਤ ਨਾ ਕਰ ਸਕੇ। ਅਨੇਕਾਂ ਸਿੱਖ ਵਿਦਵਾਨ ਅਜੇ ਵੀ ਇਸ ਹਮਲੇ ਨੂੰ 18ਵੀਂ
ਸਦੀ ਦੇ ਅਹਿਮਦ ਸ਼ਾਹ ਅਬਦਾਲੀ ਜਾਂ ਮੱਸੇ ਰੰਘੜ ਨਾਲ਼ ਜੋੜਦੇ ਹਨ। ਜੋ ਕਿ ਸ਼ਾਇਦ ਬਿਲਕੁਲ ਢੁਕਵਾਂ
ਨਹੀਂ ਹੈ, ਭਾਵੇਂ ਕਿ ਉਨ੍ਹਾਂ ਹਮਲਾਵਰਾਂ ਦਾ ਸੰਦਰਭ ਵੱਖਰਾ ਸੀ। ਉਨ੍ਹਾਂ ਵਿੱਚੋਂ ਕਿਸੇ ਨੇ ਕਦੇ
ਹਰਿਮੰਦਰ ਸਾਹਿਬ ਦੀ ਬਿਲਡਿੰਗ ਢਾਹ ਕੇ ਪਛਤਾਵੇ ਵਿੱਚ ਬਣਾ ਕੇ ਨਹੀਂ ਦਿੱਤੀ ਸੀ? ਵਰਨਣਯੋਗ ਹੈ ਕਿ
ਖੁਸ਼ਵੰਤ ਸਿੰਘ ਪਹਿਲਾ ਸਿੱਖ ਸੀ, ਜਿਸਨੇ ਉਸ ਵਕਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਮਿਲ਼ ਕੇ
ਰੋਸ ਪੱਤਰ ਅਤੇ ਆਪਣਾ ‘ਪਦਮ ਭੂਸ਼ਣ’ ਐਵਾਰਡ ਵਾਪਿਸ ਕਰ ਦਿੱਤਾ ਸੀ। ਬੇਸ਼ਕ ਗਿਆਨੀ ਜੀ ਨੇ ਉਸਨੂੰ
ਕੁੱਝ ਸਮਾਂ ਸੋਚਣ ਲਈ ਕਿਹਾ ਸੀ, ਪਰ ਉਸਨੇ ਆਪਣਾ ਫੈਸਲਾ ਨਹੀਂ ਬਦਲਿਆ ਸੀ। ਹਾਲਾਂਕਿ ਉਸਦੇ ਇਸ ਕਦਮ
ਦੇ ਉਸਨੂੰ ਬਹੁਤ ਹੀ ਕੌੜੇ ਨਤੀਜੇ ਭੁਗਤਣੇ ਪਏ ਸਨ। ਦੇਸ਼ ਭਰ ਵਿੱਚੋਂ ਦੂਜੀ ਧਿਰ ਦੇ ਬੁੱਧੀਜੀਵੀਆਂ
ਦਾ ਉਸ ਖਿਲਾਫ ਤੂਫਾਨ ਝੁੱਲ ਗਿਆ ਸੀ। ਉਸਨੇ ਪਾਰਲੀਮੈਂਟ ਵਿੱਚ ਦਿੱਤੀਆਂ ਆਪਣੀਆਂ ਸਪੀਚਾਂ ਵਿੱਚ ਕਈ
ਵਾਰ ਧਰਮ ਯੁੱਧ ਮੋਰਚੇ ਦੀਆਂ ਜਾਇਜ਼ ਮੰਗਾਂ ਮੰਨ ਲੈਣ ਦੀ ਵਕਾਲਤ ਕੀਤੀ ਸੀ। ਉਹ ਦਰਬਾਰ ਸਾਹਿਬ ਤੇ
ਕਿਸੇ ਸੰਭਾਵੀ ਫੌਜੀ ਕਾਰਵਾਈ ਬਾਰੇ ਸਰਕਾਰ ਨੂੰ ਵਾਰ-ਵਾਰ ਚਿਤਾਵਨੀਆਂ ਦਿੰਦਾ ਰਿਹਾ ਸੀ ਕਿ ਸਰਕਾਰ
ਅਜਿਹੀ ਗਲਤੀ ਨਾ ਕਰੇ। ਉਹ ਧਰਮ ਯੁੱਧ ਮੋਰਚੇ ਦੌਰਾਨ ਦਰਬਾਰ ਸਾਹਿਬ ਕੰਪਲੈਕਸ ਅੰਦਰ, ਸੰਤ
ਭਿੰਡਰਾਂਵਾਲ਼ੇ ਤੇ ਸਾਥੀਆਂ ਵਲੋਂ ਕੀਤੀਆਂ ਜਾਂਦੀਆਂ ਭੜਕਾਊ ਤਕਰੀਰਾਂ ਤੇ ਕਾਰਵਾਈਆਂ ਦਾ ਵੀ ਸਖਤ
ਅਲੋਚਕ ਸੀ। ਉਸਨੂੰ ਵੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਭੜਕੀ ਸਿੱਖ ਵਿਰੋਧੀ ਹਿੰਸਾ ਵਿੱਚ ਘਰੋਂ
ਭੱਜ ਕੇ ਜਾਨ ਬਚਾਉਣੀ ਪਈ ਸੀ। ਇਸ ਸਭ ਦੇ ਬਾਵਜੂਦ ਵੀ ਉਹ 84 ਤੋਂ ਬਾਅਦ ਦੀ ਹਥਿਆਰਬੰਦ ਖਾੜਕੂ
ਲਹਿਰ ਦਾ ਵੀ ਵਿਰੋਧ ਕਰਦਾ ਰਿਹਾ, ਜਿਸ ਕਰਕੇ ਖਾੜਕੂ ਜਰਨੈਲ ਹਰਜਿੰਦਰ ਸਿੰਘ ਜਿੰਦਾ, ਉਸਦੀ ਆਵਾਜ਼
ਸਦਾ ਲਈ ਬੰਦ ਕਰਾਉਣ ਵਾਸਤੇ ਉਸਦੇ ਘਰ ਕਿਚਨ ਤੱਕ ਪਹੁੰਚ ਗਿਆ ਸੀ, ਪਰ ਮਿ. ਸਿੰਘ ਘਰ ਨਾ ਹੋਣ ਕਾਰਨ
ਬਚ ਗਿਆ ਸੀ।
ਉਪਰ ਸਿੱਖ ਵਿਦਵਾਨਾਂ ਦੀਆਂ ਵੱਖ-ਵੱਖ ਕਿਤਾਬਾਂ ਵਿੱਚੋਂ ਜੂਨ, 1984 ਦੇ
ਘੱਲੂਘਾਰੇ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ
ਬਾਰੇ ਕੁੱਝ ਸਤਰਾਂ ਪਾਠਕਾਂ ਨਾਲ਼ ਸਾਂਝੀਆਂ
ਕੀਤੀਆਂ ਹਨ ਤਾਂ ਕਿ ਸਾਨੂੰ ਸਿੱਖ ਵਿਦਵਾਨਾਂ ਦੀ ਇਸ ਵੱਡੀ ਇਤਿਹਾਸਕ ਘਟਨਾ ਬਾਰੇ ਸਮਝ ਪਤਾ ਲੱਗ
ਸਕੇ। ਜਦੋਂ ਸਿੱਖ ਵਿਦਵਾਨਾਂ ਦੀਆਂ ਲਿਖਤਾਂ ਨਿਰਪੱਖ ਨਜ਼ਰੀਏ ਤੋਂ ਪੜ੍ਹਦੇ ਹਾਂ ਤਾਂ ਉਨ੍ਹਾਂ ਅੰਦਰ
ਵਿਚਾਰਧਾਰਕ ਸਪੱਸ਼ਟਤਾ ਦੀ ਰੜਕਵੀਂ ਘਾਟ ਨਜ਼ਰ ਆਉਂਦੀ ਹੈ? ਉਹ ਦੁਨੀਆਂ ਭਰ ਦੇ ਇਤਿਹਾਸ ਵਿੱਚੋਂ
ਵੱਡੀਆਂ-ਵੱਡੀਆਂ ਘਟਨਾਵਾਂ ਨੂੰ ਚੁੱਕ ਕੇ ਆਪਣੇ ਹਿੱਤਾਂ ਲਈ ਵਰਤਣ ਦੀ ਕੋਸ਼ਿਸ਼ ਤਾਂ ਕਰਦੇ ਹਨ, ਪਰ
ਮਸਲਿਆਂ ਦੀ ਗੰਭੀਰਤਾ ਨੂੰ ਸਮੁੱਚਤਾ ਨਾਲ਼ ਨਾ ਵਿਚਾਰਨ ਕਾਰਨ, ਕਿਸੇ ਨਤੀਜੇ ਤੇ ਨਹੀਂ ਪਹੁੰਚਦੇ।
ਜਿਸ ਤਰ੍ਹਾਂ ਡਾ. ਗੁਰਭਗਤ ਸਿੰਘ ਜੀ ਯਹੂਦੀਆਂ ਦੇ ਨਰ-ਸੰਹਾਰ ਦੀ ਉਦਾਹਰਣ ਦੇ ਕੇ ਇਹ ਤਾਂ ਦੱਸ ਰਹੇ
ਹਨ ਕਿ ਯਹੂਦੀ ਚਿੰਤਕਾਂ ਨੇ ਕਿਵੇਂ ਪੱਛਮ ਦੇ ਚਿੰਤਨ ਤੇ ਰਾਜਨੀਤੀ ਦੀ ਡੂੰਘਾਈ ਵਿੱਚ ਖੋਜ ਕਰਕੇ ਇਸ
ਨਸਲਕੁਸ਼ੀ ਦੇ ਕਾਰਨ ਲੱਭੇ, ਪਰ ਉਨ੍ਹਾਂ ਨੇ ਆਪਣੀਆਂ ਜੂਨ, 1984 ਬਾਰੇ ਘਟਨਾਵਾਂ ਵਿੱਚ ਸਿੱਖਾਂ ਨੂੰ
ਜਜ਼ਬਾਤੀ ਕਰਕੇ ਉਸਨੂੰ ਆਪਣੀ ਸਿਮ੍ਰਿਤੀ ਵਿੱਚ ਵਸਾਉਣ, ਇਸਨੂੰ ਸੂਰਜ ਬਣਨ, ਸ਼ੋਅਲਾ ਬਣਨ ਆਦਿ ਤੇ ਜ਼ੋਰ
ਤਾਂ ਦਿੱਤਾ ਹੈ, ਪਰ ਕਿਤੇ ਵੀ ਕੋਈ ਯਤਨ ਨਹੀਂ ਕੀਤਾ ਦਿਸਦਾ ਕਿ ਅਜਿਹੀ ਵੱਡੀ ਘਟਨਾ ਵਾਪਰਨ ਪਿੱਛੇ
ਕੀ ਕਾਰਨ ਸਨ? ਕਿਤੇ ਅਜਿਹਾ ਕੋਈ ਯਤਨ ਕੀਤਾ ਨਹੀਂ ਮਿਲਦਾ ਕਿ ਭਵਿੱਖ ਵਿੱਚ ਸਿੱਖ ਪੰਥ ਨੂੰ ਅਜਿਹੇ
ਕੁਲਹਿਣੇ ਘੱਲੂਘਾਰਿਆਂ ਵਿੱਚੋਂ ਦੁਬਾਰਾ ਨਾ ਲੰਘਣਾ ਪਵੇ? ਪੰਜਾਬ ਜਾਂ ਦਰਬਾਰ ਸਾਹਿਬ ਅੰਦਰ
1982-1984 ਤੱਕ ਅਜਿਹਾ ਕੀ ਵਾਪਰ ਰਿਹਾ ਸੀ ਕਿ ਸਰਕਾਰ ਨੂੰ ਸਿੱਖਾਂ ਵਰਗੇ ਬਹਾਦਰ, ਮਿਹਤਨੀ ਤੇ
ਸਨਮਾਨਯੋਗ ਭਾਈਚਾਰੇ ਖਿਲਾਫ ਮੁਜਰਮਾਨਾ ਫੌਜੀ ਹਮਲਾ ਕਰਨ ਲਈ ਮਜਬੂਰ ਹੋਣਾ ਪਿਆ? 1982-ਜੂਨ 84 ਤੱਕ
ਦੀਆਂ ਪੰਜਾਬ ਦੀਆਂ ਰੋਜ਼ਾਨਾ ਅਖ਼ਬਾਰਾਂ ਵਿੱਚ ਛਪਦੀਆਂ ਅਖ਼ਬਾਰੀ ਰਿਪੋਰਟਾਂ ਦੇ ਤੱਥਾਂ ਅਨੁਸਾਰ ਆਮ
ਲੋਕਾਂ ਤੋਂ ਲੈ ਕੇ ਵੱਡੇ ਲੀਡਰਾਂ ਤੱਕ 500 ਤੋਂ ਵੱਧ ਲੋਕ ਸ੍ਰੀ ਹਰਿਮੰਦਰ ਸਾਹਿਬ ਅੰਦਰ ਬੈਠੇ ਗਰਮ
ਖਿਆਲੀ ਧੜਿਆਂ ਦੇ ਖਾੜਕੂਆਂ ਦੀਆਂ ਕਾਰਵਾਈਆਂ ਦੀ ਭੇਟ ਚੜ੍ਹ ਚੁੱਕੇ ਸਨ। ਇਸ ਦੌਰਾਨ ਬੈਂਕਾਂ
ਕਿਤਨੀਆਂ ਲੁੱਟੀਆਂ ਗਈਆਂ ਤੇ ਫਿਰੌਤੀਆਂ ਕਿਤਨੀਆਂ ਹੋਈਆਂ, ਇਸਦਾ ਲੇਖਾ ਵੱਖਰਾ ਹੈ? ਇਸ ਸਬੰਧੀ
ਵਿਸਤਾਰਤ ਵੇਰਵੇ ਦਰਬਾਰ ਸਾਹਿਬ ਅੰਦਰ ਰਹੇ ਸਾਬਕਾ ਖਾੜਕੂ ਕੁਲਜਿੰਦਰ ਸਿੰਘ ਢਿੱਲੋਂ ਅਤੇ ਹੋਰ
ਅੰਦਰੂਨੀ ਸੂਤਰਾਂ ਤੋਂ ਬਥੇਰੇ ਬਾਹਰ ਆ ਚੁੱਕੇ ਹਨ। ਕੀ ਕੋਈ ਦੱਸ ਸਕਦਾ ਹੈ ਕਿ ਇਨ੍ਹਾਂ ਦੋ
ਸਾਲਾਂ ਵਿੱਚ ਸਰਕਾਰ ਵਲੋਂ ਕਿਤਨੇ ਕੁ ਸਿੱਖ ਕਤਲ ਕੀਤੇ ਗਏ ਜਾਂ ਕਿਤਨੇ ਕੁ ਝੂਠੇ ਪੁਲਿਸ ਮੁਕਾਬਲੇ
ਹੋਏ ਸਨ? ਕੀ ਸਾਡੇ ਵਿਦਵਾਨਾਂ ਦੇ ਸਿਰਫ ਇਤਨਾ ਕਹਿਣ ਨਾਲ਼ ਕਿ ਬ੍ਰਾਹਮਣਾਂ ਨੇ ਸਿੱਖਾਂ ਨਾਲ਼ 5
ਸਦੀਆਂ ਦਾ ਵੈਰ ਕੱਢਿਆ ਹੈ, ਨਾਲ਼ ਸਾਡਾ ਕੁੱਝ ਸੰਵਰ ਸਕਦਾ ਹੈ? ਕੀ ਸਾਡੇ ਵਿਦਵਾਨਾਂ ਨੂੰ ਇਹ ਨਹੀਂ
ਵਿਚਾਰਨਾ ਚਾਹੀਦਾ ਕਿ ਅਕਾਲੀ ਦਲ ਵਲੋਂ ਪੰਜਾਬ ਤੇ ਸਿੱਖਾਂ ਦੀਆਂ ਮੰਗਾਂ ਲਈ ਚੱਲ ਰਹੇ ਸ਼ਾਂਤਮਈ
ਸੰਘਰਸ਼ ਵਿੱਚ ਹਥਿਆਰ ਲਿਜਾਣ ਤੇ ਦਰਬਾਰ ਸਾਹਿਬ ਅੰਦਰ ਮੋਰਚਾਬੰਦੀ ਕਰਨ ਦੀ ਕਿਉਂ ਲੋੜ ਪਈ ਸੀ?
ਸੰਤ ਭਿੰਡਰਾਂਵਾਲ਼ਿਆਂ ਦੇ
ਨਜਦੀਕੀ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰੋ. ਆਫ ਸਿੱਖਇਜਮ ਦੀ ਉਪਾਧੀ ਨਾਲ਼ ਸਨਮਾਨਿਤ ਸਿੱਖ
ਵਿਦਵਾਨ ਸ. ਗੁਰਤੇਜ ਸਿੰਘ ਆਪਣੀਆਂ ਲਿਖਤਾਂ ਵਿੱਚ ਕਈ ਵਾਰ ਕਹਿ ਚੁੱਕੇ ਹਨ ਕਿ ਦਰਬਾਰ ਸਾਹਿਬ ਅੰਦਰ
ਹਥਿਆਰਾਂ ਦੇ ਟਰੱਕ ਪਹੁੰਚਾਣ ਵਾਲ਼ਾ ਮੇਜਰ ਜਨਰਲ ਜਸਵੰਤ ਸਿੰਘ ਭੁੱਲਰ, ਭਾਰਤੀ ਖੁੱਫੀਆ ਏਜੰਸੀ ਰਾਅ
ਦਾ ਏਜੰਟ ਸੀ। ਕੀ ਕਦੇ ਕਿਸੇ ਨੇ ਸ. ਗੁਰਤੇਜ
ਸਿੰਘ ਨੂੰ ਸਵਾਲ ਕੀਤਾ ਕਿ ਉਨ੍ਹਾਂ ਕੋਲ਼ ਇਸਦੇ ਕੀ ਸਬੂਤ ਹਨ? ਜੇ ਉਨ੍ਹਾਂ ਦੇ ਇਲਜਾਮ ਸਹੀ ਹਨ ਤਾਂ
ਕੀ ਸੰਤ ਭਿੰਡਰਾਂਵਾਲ਼ਿਆਂ ਨੂੰ ਪਤਾ ਸੀ ਕਿ ਰਾਅ ਦਰਬਾਰ ਸਾਹਿਬ ਅੰਦਰ ਹਥਿਆਰ ਭੇਜ ਕੇ ਫੌਜੀ ਹਮਲਾ
ਕਰਨ ਲਈ ਤਿਆਰੀ ਕਰ ਰਹੀ ਹੈ? ਫਿਰ ਉਨ੍ਹਾਂ ਨੇ ਰਾਅ ਵਲੋਂ ਭੇਜੇ ਹਥਿਆਰ ਕਿਵੇਂ ਪ੍ਰਾਪਤ ਕਰ ਲਏ ਤੇ
ਉਹੀ ਹਥਿਆਰ ਜੂਨ 84 ਵਿੱਚ ਖਾੜਕੂਆਂ ਵਲੋਂ ਅੰਦਰੋਂ ਫੌਜ ਵਿਰੁੱਧ ਵਰਤੇ ਗਏ? ਸ. ਗੁਰਤੇਜ ਸਿੰਘ, ਜੋ
ਆਪਣੇ ਆਪ ਨੂੰ ਸੰਤਾਂ ਦਾ ਸਲਾਹਕਾਰ ਦੱਸਦਾ ਹੈ, ਉਸਨੇ ਇਹ ਗੱਲ ਸੰਤਾਂ ਨੂੰ ਕਿਉਂ ਨਹੀਂ ਦੱਸੀ ਕਿ
ਰਾਅ ਹਥਿਆਰ ਅੰਦਰ ਭੇਜ ਕੇ ਸਿੱਖਾਂ ਤੇ ਵੱਡਾ ਹਮਲਾ ਕਰਨ ਦੀ ਤਿਆਰੀ ਕਰ ਰਹੀ ਹੈ? ਕੀ ਕਦੇ ਅਸੀਂ
ਅਜਿਹੇ ਮੁੱਦਿਆਂ ਤੇ ਗੰਭੀਰ ਹੋ ਕੇ ਨਿਰਪੱਖਤਾ ਨਾਲ਼ ਵਿਚਾਰ ਕਰਾਂਗੇ? ਕੀ ਉਸ ਵਕਤ ਸਿੱਖਾਂ ਤੇ
ਸਰਕਾਰੀ ਜ਼ਬਰ ਇਤਨਾ ਵਧ ਚੁੱਕਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ‘ਜਦ ਸਾਰੇ ਹੀਲੇ ਮੁੱਕ
ਜਾਣ ਹਥਿਆਰ ਚੁੱਕਣੇ ਜਾਇਜ ਹਨ’ ਅਨੁਸਾਰ ਸਿੱਖਾਂ ਕੋਲ਼ ਹਥਿਆਰਾਂ ਤੋਂ ਬਿਨਾਂ ਹੋਰ ਕੋਈ ਰਾਹ
ਨਹੀਂ ਸੀ? ਕੀ ਸਾਨੂੰ ਹਥਿਆਰ ਚੁੱਕਣ ਤੋਂ ਪਹਿਲਾਂ ਨਹੀਂ ਵਿਚਾਰਨਾ ਚਾਹੀਦਾ ਸੀ ਕਿ ਇਸਦੇ ਕੀ ਨਤੀਜੇ
ਨਿਕਲ਼ ਸਕਦੇ ਹਨ? ਕੀ ਹਥਿਆਰ ਚੁੱਕਣ ਤੋਂ ਪਹਿਲਾਂ ਉਸ ਤੇ ਪੰਥ ਵਿੱਚ ਕੋਈ ਸਹਿਮਤੀ ਬਣਾਈ ਗਈ ਸੀ?
ਹਥਿਆਰਬੰਦ ਮੂਵਮੈਂਟ ਵਿੱਚ ਹਜਾਰਾਂ ਲੋਕਾਂ ਦੇ ਮਾਰੇ ਜਾਣ ਤੇ ਉਸ ਲਹਿਰ ਦੇ 1994-95 ਵਿੱਚ ਖਤਮ
ਹੋਣ ਦੇ 28 ਸਾਲ ਬਾਅਦ ਵੀ ਕਿਸੇ ਖਾੜਕੂ ਜਾਂ ਪੰਥਕ ਧਿਰ ਨੇ ਕਦੇ ਨਹੀਂ ਵਿਚਾਰਿਆ ਕਿ ਅਸੀਂ ਉਸ
ਸੰਘਰਸ਼ ਵਿੱਚੋਂ ਕੀ ਖੱਟਿਆ? ਭਵਿੱਖ ਲਈ ਕਿਸੇ ਕੌਮੀ ਸੰਘਰਸ਼ ਦੀ ਪਿਛਲੀਆਂ ਗਲਤੀਆਂ ਤੋਂ ਸਬਕ ਸਿੱਖ
ਕੇ ਰਣਨੀਤੀ ਤਿਆਰ ਕਰਨ ਲਈ ਕਦੇ ਕਿਤੇ ਚਰਚਾ ਨਹੀਂ ਸੁਣੀ? ਇਸ ਵਿੱਚ ਕੋਈ ਸ਼ੱਕ ਨਹੀਂ ਕਿ 1982-1995
ਤੱਕ ਸਿੱਖ ਭਾਈਚਾਰੇ ਦਾ ਹਰ ਪੱਖ ਤੋਂ ਵੱਡਾ ਨੁਕਸਾਨ ਹੋਇਆ, ਪਰ ਇਸ ਬਾਰੇ ਵੀ ਦੇਸ਼-ਵਿਦੇਸ਼ ਵਿੱਚ
ਕਿਸੇ ਪਲੈਟਫਾਰਮ ਤੇ ਕਦੇ ਚਰਚਾ ਹੁੰਦੀ ਨਹੀਂ ਸੁਣੀ? ਕੁੱਝ ਮੌਕਾਪ੍ਰਸਤ ਤੇ ਨਿੱਜੀ ਹਿੱਤਾਂ ਤੋਂ
ਪ੍ਰੇਰਤ ਲੋਕ ਗੁਰਦੁਆਰਾ ਸਟੇਜਾਂ ਤੋਂ ਜਜਬਾਤੀ ਤਕਰੀਰਾਂ ਜਰੂਰ ਕਰਦੇ ਸੁਣੇ ਜਾ ਸਕਦੇ ਹਨ।
ਅਸੀਂ ਪਹਿਲਾਂ ਵੀ ਕਈ ਵਾਰ ਇਹ ਚਰਚਾ ਕੀਤੀ ਹੈ ਕਿ ਇੰਦਰਾ ਗਾਂਧੀ ਨੂੰ ਫੌਜੀ
ਕਾਰਵਾਈ ਵਰਗੀ ਕਰਤੂਤ ਨਹੀਂ ਕਰਨੀ ਚਾਹੀਦੀ ਸੀ। ਸਰਕਾਰ ਨੇ ਜੇ ਪੰਜਾਬ ਵਿੱਚ ਹੋ ਰਹੇ ਲਗਾਤਾਰ
ਕਤਲਾਂ ਅਤੇ ਦਰਬਾਰ ਸਾਹਿਬ ਵਿੱਚ ਕੀਤੀ ਜਾ ਚੁੱਕੀ ਹਥਿਆਰਬੰਦ ਮੋਰਚਾਬੰਦੀ ਲਈ ਕੋਈ ਐਕਸ਼ਨ ਲੈਣਾ ਹੀ
ਸੀ ਤਾਂ ਉਸ ਲਈ ਹੋਰ ਤਰੀਕੇ ਸੋਚੇ ਜਾਣੇ ਚਾਹੀਦੇ ਸਨ ਤਾਂ ਕਿ ਘੱਟ ਨੁਕਸਾਨ ਨਾਲ਼ ਇਹ ਮਸਲਾ ਸੁਲ਼ਝਾਇਆ
ਜਾ ਸਕਦਾ? ਸਵਾਲ ਤਾਂ ਫਿਰ ਵੀ ਇਹ ਉਵੇਂ ਹੀ ਖੜਾ ਹੈ ਕਿ ਇਹ ਭਾਣਾ ਵਾਪਰਿਆ ਕਿਉਂ? ਜਦੋਂ ਤੱਕ ਅਸੀਂ
ਇਸ ਗੱਲ ਤੇ ਵਿਚਾਰ ਨਹੀਂ ਕਰਦੇ ਕਿ ਅਜਿਹਾ ਭਾਣਾ ਵਾਪਰਿਆ ਕਿਉਂ? ਉਦੋਂ ਤੱਕ ਲੋਕਾਂ ਨੂੰ ਜਜ਼ਬਾਤੀ
ਕਰਕੇ ਸਿੱਖ ਲੀਡਰਾਂ ਤੇ ਵਿਦਵਾਨਾਂ ਵਲੋਂ ਆਪਣੇ ਜਾਤੀ ਤੇ ਜਮਾਤੀ ਹਿੱਤ ਤਾਂ ਪੂਰੇ ਜਾ ਸਕਦੇ ਹਨ,
ਇਸ ਨਾਲ਼ ਦੁਨੀਆਂ ਭਰ ਵਿੱਚ ਵਸਦੇ ਵਿਸ਼ਾਲ ਸਿੱਖ ਭਾਈਚਾਰੇ ਦਾ ਕਿੰਨਾ ਕੁ ਭਲਾ ਹੋ ਸਕਦਾ ਹੈ?
ਸਾਕਾ ਨੀਲਾ ਤਾਰਾ ਵਾਪਰਨ ਤੋਂ 4 ਦਹਾਕਿਆਂ ਬਾਅਦ ਸਿੱਖ ਵਿਦਵਾਨਾਂ,
ਚਿੰਤਕਾਂ ਤੇ ਪੱਤਰਕਾਰਾਂ ਦੀਆਂ ਜੂਨ ਚੁਰਾਸੀ ਬਾਰੇ ਅਤਿ ਭਾਵੁਕ ਵਿਆਖਿਆਵਾਂ ਦੇ ਬਾਵਜੂਦ, ਅੱਜ ਤੱਕ
ਵੀ ਸਭ ਤੋਂ ਵੱਡਾ ਸਵਾਲ ਕੀ ਇਹ ਹੀ ਨਹੀਂ ਹੈ ਕਿ ਅਜਿਹਾ ਭਿਆਨਕ ਦੁਖਾਂਤ ਆਖਿਰ ਵਾਪਰਿਆ ਕਿਉਂ?
1982 ਤੋਂ 1984 ਤੱਕ ਦੋ ਸਾਲ ਚੱਲੇ ਧਰਮ ਯੁੱਧ ਮੋਰਚੇ ਦੌਰਾਨ ਕੀ ਸਾਡੀਆਂ ਆਪਣੀਆਂ ਧਿਰਾਂ ਵਲੋਂ
ਵੀ ਕੋਈ ਗਲਤੀਆਂ ਹੋਈਆਂ ਸਨ ਜਾਂ ਨਹੀਂ?
ਇਸ ਪ੍ਰਥਾਏ ਸਭ ਤੋਂ ਵੱਡੀ ਘਟਨਾ ਤਾਂ ਸੀਨੀਅਰ ਪੁਲਿਸ ਅਧਿਕਾਰੀ, ਏ ਐਸ
ਅਟਵਾਲ ਦੀ ਦਰਬਾਰ ਸਾਹਿਬ ਦੀਆਂ ਬਰੂਹਾਂ ਤੇ ਹੋਏ ਕਤਲ ਦੀ ਸੀ। ਉਸ ਕਤਲ ਨੂੰ ਅੰਜਾਮ ਦੇਣ ਵਾਲ਼ੇ
ਸੂਰਬੀਰ ਮੇਜਰ ਸਿੰਘ ਨਾਗੋਕੇ ਦੇ ਇੰਗਲੈਂਡ ਰਹਿੰਦੇ ਪੁੱਤਰ ਨੇ ਆਪਣੀ ਇੱਕ ਯੂ ਟਿਊਬ ਇੰਟਰਵਿਊ ਵਿੱਚ
ਕਤਲ ਦੀ ਸਾਰੀ ਵਿਥਿਆ ਦੱਸੀ ਹੋਈ ਹੈ, ਜੋ ਉਸਨੇ ਸੰਤਾਂ ਦੀ ਛਤਰਛਾਇਆ ਹੇਠ ਕੰਪਲੈਕਸ ਅੰਦਰ ਹਾਜਿਰ
ਆਪਣੀ ਮਾਤਾ ਕੋਲ਼ੋਂ ਸੁਣੀ ਹੋਈ ਸੀ। ਅਜਿਹੀ ਫਸਟ ਹੈਂਡ ਇਨਫੌਰਮੇਸ਼ਨ ਤੋਂ ਬਾਅਦ ਵੀ ਕੀ ਸ਼ੱਕ ਦੀ ਕੋਈ
ਗੁੰਜ਼ਾਇਸ਼ ਰਹਿ ਜਾਂਦੀ ਹੈ ਕਿ ਕਤਲ ਕਿਸਨੇ ਕੀਤਾ ਸੀ? ਹੈਰਾਨੀ ਹੁੰਦੀ ਹੈ ਕਿ ਮੋਰਚੇ ਬਾਰੇ ਦੋ
ਪੁਸਤਕਾਂ ਲਿਖਣ ਵਾਲ਼ਾ ਸੀਨੀਅਰ ਪੱਤਰਕਾਰ ਸ. ਜਗਤਾਰ ਸਿੰਘ, ਨਿਸ਼ੰਗ ਹੋ ਕੇ ਕੱਚੀਆਂ ਦਲੀਲਾਂ ਦੇ
ਰਿਹਾ ਹੈ ਕਿ ਸੰਤਾਂ ਦਾ ਅਟਵਾਲ ਦੀ ਹੱਤਿਆ ਨਾਲ਼ ਕੋਈ ਲਾਗਾ ਦੇਗਾ ਨਹੀਂ? ਇਸ ਬਾਰੇ ਵਿਸਥਾਰ
ਵਿੱਚ ਵੇਰਵੇ ਇਥੇ ਲਿਖਣ ਦੀ ਗੁੰਜਾਇਸ਼ ਨਹੀਂ ਹੈ, ਪਾਠਕ ਏਬੀਸੀ ਟੀਵੀ ਚੈਨਲ ਦੇ ਪੱਤਰਕਾਰ ਸੰਦੀਪ
ਨਾਲ਼ ਉਸਦੀ ਵਿਸਤਾਰਤ ਇੰਟਰਵਿਊ ਸੁਣ ਸਕਦੇ ਹਨ। ਸ. ਜਗਤਾਰ ਸਿੰਘ ਦੀ ਨਿਰਪੱਖਤਾ ਦਾ ਪਤਾ ਤਾਂ ਉਸਦੇ
ਆਪਣੇ ਪੁਰਾਣੇ ਸਾਥੀ ਰਜਿੰਦਰ ਸਿੰਘ ਤੱਗੜ ਨਾਲ਼ ਉਸਦੀ ਯੂ ਟਿਊਬ ਚੈਨਲ ‘ਪੰਜਾਬ ਦਸਤਾਵੇਜ’ ਤੇ ਦਿੱਤੀ
‘ਬਲਦੇ ਦਰਿਆਵਾਂ ਦੀ ਗਾਥਾ’ ਹੇਠਲੀ ਇੰਟਰਵਿਊ ਵਿੱਚ ਉਸਦੀ ਪੁਸਤਕ ਬਾਰੇ ਕੀਤੇ ਜ਼ਰਾ ਤਿੱਖੇ
ਸਵਾਲ ਤੇ ਦਿੱਤੇ ਕੜਵੇ ਜਵਾਬ ਤੋਂ ਲੱਗ ਜਾਂਦਾ ਹੈ। ਜਦੋਂ ਤੱਗੜ ਸਵਾਲ ਪੁੱਛਦਾ ਹੈ ਕਿ ਕੀ ਧਰਮ
ਯੁੱਧ ਮੋਰਚੇ ਦੌਰਾਨ ਹਰਿਮੰਦਰ ਸਾਹਿਬ ਕੰਪਲੈਕਸ ਅੰਦਰ ਹਿੰਸਕ ਵਾਰਦਾਤਾਂ ਵੀ ਹੁੰਦੀਆਂ ਰਹੀਆਂ ਸਨ
ਜਾਂ ਕੀ ਜਗਤਾਰ ਸਿੰਘ ਨੂੰ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਪ੍ਰਤਾਪ ਸਿੰਘ ਦੇ ਕਤਲ ਬਾਰੇ ਪਤਾ
ਹੈ? (ਗਿਆਨੀ ਜੀ ਦਾ ਕਤਲ ਸੰਤ ਭਿੰਡਰਾਂਵਾਲ਼ੇ ਦੇ ਖਾੜਕੂਆਂ ਵਲੋਂ ਦਰਬਾਰ ਸਾਹਿਬ ਅੰਦਰ ਹਥਿਆਰਾਂ ਦੀ
ਹੋ ਰਹੀ ਪ੍ਰਦਰਸ਼ਨੀ ਦੇ ਵਿਰੋਧ ਵਿੱਚ ਦਿੱਤੇ ਬਿਆਨ ਤੋਂ ਬਾਅਦ ਕੀਤਾ ਗਿਆ ਸੀ)। ਜਗਤਾਰ ਸਿੰਘ
ਹੋਰਾਂ ਦਾ ਪਾਰਾ ਇੱਕਦਮ ਸੱਤਵੇਂ ਅਸਮਾਨ ਤੇ ਚੜ੍ਹ ਜਾਂਦਾ ਹੈ। ਜਗਤਾਰ ਸਿੰਘ ਦਾ ਆਪਣੇ ਸਾਥੀ
ਪੱਤਰਕਾਰ ਵੱਲ ਪ੍ਰਤੀਕਰਮ ਉਵੇਂ ਹੀ ਸੀ, ਜਿਵੇਂ ਕਦੇ ਸੰਤ ਜਰਨੈਲ ਸਿੰਘ ਨੇ ਨੌਜਵਾਨ ਪੱਤਰਕਾਰ ਬੀਬੀ
ਤਵਲੀਨ ਸਿੰਘ ਨੂੰ ਦਿੱਤਾ ਸੀ। ਜਦੋਂ ਤਵਲੀਨ ਸਿੰਘ ਇੰਟਰਵਿਊ ਦੌਰਾਨ ਇਹ ਸਵਾਲ ਕਰਨ ਦੀ ਹਮਾਕਤ ਕਰ
ਬੈਠੀ ਸੀ ਕਿ ਸੰਤ ਜੀ ਦੇ ਪੈਰੋਕਾਰ ਹਥਿਆਰ ਲੈ ਕੇ ਦਰਬਾਰ ਸਾਹਿਬ ਅੰਦਰ ਕੀ ਕਰ ਰਹੇ ਹਨ ਜਾਂ ਸੰਤ
ਜੀ ਨੇ ਕਾਂਗਰਸੀ ਉਮੀਦਵਾਰਾਂ ਦੀ ਚੋਣਾਂ ਵਿੱਚ ਮੱਦਦ ਕਿਸ ਨਜ਼ਰੀਏ ਤੋਂ ਕੀਤੀ ਸੀ? ਕੀ ਤਵਲੀਨ
ਸਿੰਘ ਦੀ ਗਲਤੀ ਸਿਰਫ ਇਤਨੀ ਹੀ ਨਹੀਂ ਸੀ ਕਿ ਉਸਨੇ ਸ਼ਾਂਤਮਈ ਮੋਰਚੇ ਵਿੱਚ ਹਥਿਆਰ ਚੁੱਕੀ ਫਿਰਦੇ
ਨੌਜਵਾਨਾਂ ਦੀ ਰਿਪੋਰਟਿੰਗ ਕਰ ਦਿੱਤੀ ਸੀ? ਜੋ ਕਿ ਦਰਬਾਰ ਸਾਹਿਬ ਅੰਧਰ ਮੌਜੂਦ ਸਿੱਖ ਪੱਤਰਕਾਰਾਂ
ਦਲਬੀਰ ਸਿੰਘ, ਮਹਿੰਦਰ ਸਿੰਘ, ਜਗਤਾਰ ਸਿੰਘ ਤੇ ਜਸਪਾਲ ਸਿੰਘ ਸਿੱਧੂ ਹੋਰਾਂ ਦੀ ਨਿਰਪੱਖ/ਹਮਦਰਦਾਨਾ
ਰਿਪੋਰਟਿੰਗ ਤੋਂ ਜ਼ਰਾ ਹਟਵੀਂ ਸੀ?
ਫਿਰ ਉਸੇ ਘਟਨਾ (ਅਟਵਾਲ ਕਤਲ ਕਾਂਡ) ਬਾਰੇ ਤਵਲੀਨ ਸਿੰਘ ਦੀ ਤਰਜ ਤੇ ਹੀ
ਇੱਕ ਹੋਰ ਪੱਤਰਕਾਰ ਸ. ਹਰਵੀਰ ਸਿੰਘ ਭੰਵਰ ਨੇ ਕੰਪਲੈਕਸ ਵਿੱਚ ਰਹਿ ਰਹੀ ਆਪਣੀ ਪਤਨੀ ਦੀ ਅੱਖੀਂ
ਦੇਖੀ ਘਟਨਾ ਦੀ ਨਿਰਪੱਖ ਰਿਪੋਰਟਿੰਗ ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ਼ ਅਤੇ ਫੈਡਰੇਸ਼ਨ
ਸਕੱਤਰ ਹਰਮਿੰਦਰ ਸਿੰਘ ਸੰਧੂ ਕੋਲ਼ ਭੋਲ਼ੇ-ਭਾਅ ਕਰ ਦਿੱਤੀ ਸੀ। ਉਸਨੂੰ ਇਸਦੀ ਕਿਸ ਤਰ੍ਹਾਂ ਦੀ ਕੀਮਤ
ਉਤਾਰਨੀ ਪਈ ਸੀ, ਇਸ ਬਾਰੇ ਸ. ਜਸਪਾਲ ਸਿੰਘ ਸਿੱਧੂ ਹੋਰੀਂ ਆਪਣੀ ਟੀਵੀ ਇੰਟਰਵਿਊ ਵਿੱਚ ਦੱਸਿਆ
ਹੋਇਆ ਹੈ। ਉਸਨੂੰ ਇਤਨਾ ਡਰਾ ਦਿੱਤਾ ਗਿਆ ਸੀ ਕਿ ਉਹ ਯੂ ਐਨ ਆਈ ਦਾ ਦਫਤਰ ਛੱਡ ਕੇ ਭੱਜ ਗਿਆ ਸੀ।
ਇਸੇ ਇੰਟਰਵਿਊ ਵਿੱਚ ਸ. ਜਸਪਾਲ ਸਿੰਘ ਸਿੱਧੂ ਹੋਰੀਂ ਦੱਸਿਆ ਸੀ ਕਿ ਕਿਵੇਂ ਦਰਬਾਰ ਸਾਹਿਬ ਅੰਦਰ
ਬੈਠੇ ਬੱਬਰਾਂ ਨੇ 35 ਨਿਰੰਕਾਰੀ ਮਾਰਨ ਦੀ ਜਿੰਮੇਵਾਰੀ ਵਾਲ਼ਾ ਪ੍ਰੈਸ ਨੋਟ ਉਨ੍ਹਾਂ ਨੂੰ ਦਿੱਤਾ ਸੀ।
ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਸੰਤ ਭਿੰਡਰਾਂਵਾਲ਼ਾ ਤਾਂ ਐਵੇਂ ਕਰੈਡਿਟ ਲੈ ਰਿਹਾ ਹੈ,
ਨਿਰੰਕਾਰੀਆਂ ਖਿਲਾਫ ਸਾਰੇ ਐਕਸ਼ਨ ਤਾਂ ਉਨ੍ਹਾਂ ਨੇ ਕੀਤੇ ਸਨ। ਇਸੇ ਇੰਟਰਵਿਊ ਵਿੱਚ ਸ. ਜਸਪਾਲ ਸਿੰਘ
ਸਿੱਧੂ ਹੋਰਾਂ ਦੇ ਦੱਸਣ ਅਨੁਸਾਰ ਉਹ ਇਹ ਪ੍ਰੈਸ ਨੋਟ ਭੇਜ ਤਾਂ ਬੈਠੇ, ਪਰ ਉਹ ਅਜੇ ਵੀ ਆਪਣੇ ਵਲੋਂ
ਕੀਤੀ ਸਹੀ ਰਿਪੋਰਟਿੰਗ ਦਾ ਪਛਤਾਵਾ ਕਰ ਰਹੇ ਹਨ ਕਿਉਂਕਿ ਇਸ ਰਿਪੋਰਟ ਦੇ ਸਿੱਟੇ ਵਜੋਂ ਕੰਪਲੈਕਸ
ਅੰਦਰ ਖਾੜਕੂਆਂ ਵਲੋਂ ਪਨਾਹ ਲਈ ਹੋਣ ਦਾ ਮਹੀਨ ਜਿਹਾ ਪੜਦਾ ਫਟ ਗਿਆ ਸੀ, ਉਸ ਨਾਲ਼ ਸਰਕਾਰੀ ਖੇਮੇ
ਵਿੱਚ ਕਾਫੀ ਹੋ ਹੱਲਾ ਮਚ ਗਿਆ ਸੀ।
ਗੱਲ ਅੱਗੇ ਤੋਰਨ ਤੋਂ ਪਹਿਲਾਂ ਇੱਥੇ ਖਾਲਿਸਤਾਨੀ ਧਿਰਾਂ ਦੇ ਮੋਢੀ ਵਿਦਵਾਨ
ਤੇ ਸਾਬਕਾ ਆਈ ਸੀ ਐਸ ਸਿਰਦਾਰ ਕਪੂਰ ਸਿੰਘ ਹੋਰਾਂ ਦੀ ਕਿਤਾਬ ‘ਸਿੱਖਾਂ ਦਾ ਸਰਬਨਾਸ਼’ ਵਿੱਚੋਂ ਕੁੱਝ
ਲਾਈਨਾਂ ਸਿੱਖ ਵਿਦਵਾਨਾਂ ਦੇ ਭੰਬਲਭੂਸੇ ਨੂੰ ਸਪੱਸ਼ਟ ਕਰਨ ਲਈ ਸਾਂਝੀਆਂ ਕਰ ਰਹੇ ਹਾਂ। ਪਾਠਕਾਂ ਦੀ
ਜਾਣਕਾਰੀ ਲਈ ਦੱਸਣਾ ਚਾਹੁੰਦੇ ਹਾਂ ਕਿ ਸਿਰਦਾਰ ਕਪੂਰ ਸਿੰਘ ਨੂੰ ‘ਅਨੰਦਪੁਰ ਦੇ ਮਤੇ’ ਦਾ ਲੇਖਕ ਵੀ
ਮੰਨਿਆ ਜਾਂਦਾ ਹੈ, ਜਿਸਨੂੰ ਅਕਾਲੀ ਦਲ ਨੇ ਆਪਣੇ 1973 ਦੇ ਜਨਰਲ ਇਜਲਾਸ ਵਿੱਚ ਪਾਸ ਕੀਤਾ ਸੀ।
ਅਨੰਦਪੁਰ ਦੇ ਮਤੇ ਅਨੁਸਾਰ ਕੇਂਦਰ ਸਰਕਾਰ ਕੋਲ਼ ਚਾਰ ਮਹਿਕਮੇ ਛੱਡ ਕੇ ਬਾਕੀ ਸਾਰੇ ਅਧਿਕਾਰ ਰਾਜਾਂ
ਨੂੰ ਦੇ ਦਿੱਤੇ ਜਾਣੇ ਚਾਹੀਦੇ ਹਨ। ਇਸੇ ਕਰਕੇ ‘ਅਨੰਦਪੁਰ ਦਾ ਮਤਾ’ ਰਾਜਾਂ ਨੂੰ ਵੱਧ
ਅਧਿਕਾਰ (ਸੁਬਾਈ ਖੁਦਮੁਖਤਾਰੀ) ਅਤੇ ਫੈਡਰਲ ਢਾਂਚੇ ਦੀ ਮੰਗ ਕਰਦਾ ਹੈ। ਸਿਰਦਾਰ ਕਪੂਰ ਸਿੰਘ ਆਪਣੀ
ਕਿਤਾਬ ‘ਸਿੱਖਾਂ ਦਾ ਸਰਬਨਾਸ਼’ ਦੇ ਪੰਨਾ 76-79 ਤੇ ‘ਸੂਬਾਈ ਖੁਦਮੁਖਤਾਰੀ’ ਬਾਰੇ ਇਵੇਂ
ਲਿਖਦੇ ਹਨ:
‘ਸੁਬਾਈ ਖੁਦਮੁਖਤਾਰੀ ਦਾ ਮਤਾ ਸੰਤ ਅਕਾਲੀ ਦਲ (ਸੰਤ ਫਤਹਿ ਸਿੰਘ ਧੜਾ) ਨੇ
ਸੰਨ 1968 ਵਿੱਚ ਆਪਣੀ ਬਟਾਲ਼ਾ ਕਾਨਫਰੰਸ ਵਿੱਚ ਪਾਸ ਕੀਤਾ ਸੀ…। ਉਨ੍ਹਾਂ ਸੋਚਿਆ ਨਹੀਂ ਕਿ ‘ਸੁਬਾਈ
ਖੁਦਮੁਖਤਾਰੀ’ ਮਿਲਣ ਨਾਲ਼ ਪੰਜਾਬ ਅਤੇ ਪੰਜਾਬੋਂ ਬਾਹਰ ਰਹਿੰਦੇ ਸਿੱਖਾਂ ਦੀ ਕੀ ਦੁਰ-ਦਸ਼ਾ ਹੋ ਸਕਦੀ
ਹੈ ਅਤੇ ਪੰਥ ਨੂੰ ਕੀ ਹਾਣ-ਲਾਭ ਹੋ ਸਕਦਾ ਹੈ? ਇਹ ਤਾਂ ਹੁਣ ਸਪੱਸ਼ਟ ਹੋ ਗਿਆ ਹੈ ਕਿ ‘ਸੁਬਾਈ
ਖੁਦਮੁਖਤਾਰੀ’ ਆਉਣ ਉਤੇ ਪੰਜਾਬ ਵਿੱਚ ਰਾਜਸੀ ਸ਼ਕਤੀ ਉਨ੍ਹਾਂ ਦੇ ਹੱਥਾਂ ਵਿੱਚ ਜਾ ਸਕਦੀ ਹੈ,
ਜਿਨ੍ਹਾਂ ਨੂੰ ਨਾ ਸਿੱਖੀ ਨਾਲ਼ ਬੱਝਵੀਂ ਪਕੜ ਹੈ ਅਤੇ ਨਾ ਪੰਥ ਵੱਲ ਕੋਈ ਜਿੰਮੇਵਾਰੀ। ਜਿਵੇਂ ਕਿ
ਹੁਣ ਪੰਜਾਬੀ ਸੂਬੇ ਵਿੱਚ ਹੋ ਗਿਆ ਹੈ। ਹੁਣ ਦੀ ‘ਪੰਜਾਬੀ ਸੂਬੀ’ ਨਾਲ਼ੋਂ ਸਿੱਖੀ ਤੇ ਪੰਥ ਦੇ
ਦ੍ਰਿਸ਼ਟੀਕੋਣ ਤੋਂ ਫਰੀਦਾਬਾਦ ਤੋਂ ਸਪਿੱਤੀ ਲਾਹੌਲ ਵਾਲ਼ਾ ਪੰਜਾਬ ਕਿਤੇ ਚੰਗੇਰਾ ਸੀ, ਇਸ ਲਈ ਕੋਈ
ਵਿਦਵਾਨ ਕਿੰਤੂ ਨਹੀਂ ਕਰ ਸਕਦਾ। ‘ਸੁਬਾਈ ਖੁਦਮੁਖਤਾਰੀ’ ਨਾਲ਼ੋਂ ਹੁਣ ਦੇ ਅਧਿਕਾਰਾਂ ਵਾਲ਼ਾ ਪੰਜਾਬੀ
ਸੂਬਾ, ਸਿੱਖੀ ਤੇ ਪੰਥ ਲਈ, ਕਿਤੇ ਵੱਧ ਲਾਹੇਵੰਦ ਹੈ। …ਜਿਉਂ ਜਿਉਂ ਸੂਬੇ ਵਧੇਰੇ ਸ਼ਕਤੀਸ਼ਾਲੀ ਹੁੰਦੇ
ਜਾਣਗੇ, ਕੇਂਦਰ ਲਿਬਰਲ ਹੁੰਦਾ ਜਾਵੇਗਾ, ਜਿਸਦਾ ਸਿੱਖਾਂ ਨੂੰ ਦੂਹਰਾ ਨੁਕਸਾਨ ਹੈ। ਦੇਸ਼ ਦੀ ਕੇਂਦਰੀ
ਸ਼ਕਤੀ ਘਟਣ ਨਾਲ਼ ਦੇਸ਼ ਦਾ ਗੌਰਵ ਤੇ ਕੌਮਾਂਤਰੀ ਪ੍ਰਭਾਵ ਘਟਦਾ ਹੈ ਅਤੇ ਕੋਈ ਸੋਝੀਵਾਨ ਸਿੱਖ, ਦੇਸ਼ ਲਈ
ਇਉਂ ਸੋਚ ਜਾਂ ਸਹਿ ਨਹੀਂ ਸਕਦਾ। ਸੁਬਾਈ ਖੁਦਮੁਖਤਾਰੀ ਨਾਲ਼ ਸਿੱਖਾਂ ਦਾ ਇਹ ਗੰਭੀਰ ਨੁਕਸਾਨ ਹੋਵੇਗਾ
ਕਿ ਜਦੋਂ ਭਾਰਤ ਦੇ ਉਹ ਪ੍ਰਦੇਸ਼, ਜਿਨ੍ਹਾਂ ਵਿੱਚ ਪੰਜਾਬੋਂ ਬਾਹਰ ਸਿੱਖ ਵਸਦੇ ਹਨ, ਜੇ ਉਥੇ ਦੇ ਲੋਕ
ਆਪ-ਹੁਦਰੇ ਤੇ ਖੁਦਮੁਖਤਾਰ ਹੋ ਗਏ ਤਾਂ ਪੰਜਾਬੋਂ ਬਾਹਰਲੇ ਸਿੱਖਾਂ ਉਤੇ ਸਖਤੀ, ਤੱਦੀ ਤੇ ਵਿਤਕਰਾ
ਹੋਰ ਤੀਖਣ ਹੋ ਜਾਵੇਗਾ। …ਸਿੱਖਾਂ ਵਿਰੁੱਧ ਅਜਿਹੇ ਵਿਤਕਰਿਆਂ ਦਾ ਇੱਕੋ ਇਲਾਜ ਹੈ ਕਿ ਕੇਂਦਰ
ਅਥਵਾ ਦਿੱਲੀ ਦੀ ਹਕੂਮਤ ਸ਼ਕਤੀਸ਼ਾਲੀ ਬਣੀ ਰਹੇ…।’
ਉਪਰਲੀ ਸਾਰੀ ਵਾਰਤਾ
ਪੜ੍ਹ ਕੇ ਲਗਦਾ ਹੈ ਕਿ ਸਿਰਦਾਰ ਸਾਹਿਬ ਇੱਕ ਪਾਸੇ ਰਾਜਾਂ ਲਈ ਵੱਧ ਅਧਿਕਾਰਾਂ ਦਾ ਮਤਾ ਲਿਖਦੇ ਹਨ,
ਜੋ ਫੈਡਰਲ ਢਾਂਚੇ ਦੀ ਮੰਗ ਕਰਦਾ ਹੈ ਤੇ ਦੂਜੇ ਪਾਸੇ ਆਪਣੀ ਕਿਤਾਬ ਵਿੱਚ ‘ਮਜਬੂਤ ਕੇਂਦਰ’ ਦੀ
ਵਕਾਲਤ ਕਰਦੇ ਹਨ? ਮੈਨੂੰ ਯਾਦ ਹੈ ਕਿ 20 ਕੁ ਸਾਲ ਪਹਿਲਾਂ ਅਮਰੀਕਾ ਵਿੱਚ ਰਹਿੰਦੇ ਖਾਲਿਸਤਾਨੀ
ਵਿਦਵਾਨ ਡਾਕਟਰ ਸਾਹਿਬ ਨਾਲ਼ ਸਿਰਦਾਰ ਕਪੂਰ ਸਿੰਘ ਬਾਰੇ ਚੱਲਦੀ ਗਲਬਾਤ ਵਿੱਚ ਮੈਂ ਸਿਰਦਾਰ ਕਪੂਰ
ਸਿੰਘ ਹੋਰਾਂ ਦੀ ਸੋਚ ਦੀ ਦੁਬਿਧਾ ਬਾਰੇ ਕੋਈ ਟਿੱਪਣੀ ਕੀਤੀ ਤਾਂ ਡਾਕਟਰ ਸਾਹਿਬ ਕਹਿਣ ਲੱਗੇ ਕਿ
ਅੱਗੇ ਤੋਂ ਕਿਤੇ ਕਪੂਰ ਸਿੰਘ ਬਾਰੇ ਕੋਈ ਨੈਗੇਟਿਵ ਟਿੱਪਣੀ ਨਹੀਂ ਕਰਨੀ ਕਿਉਂਕਿ ਸਾਡਾ ਤਾਂ
‘ਖਾਲਿਸਤਾਨ ਦਾ ਸਾਰਾ ਕੇਸ’ ਹੀ ‘ਸਾਚੀ ਸਾਖੀ’ ਤੇ ਖੜਾ ਹੈ। ਪਰ ਕੀ ਸਿਰਦਾਰ ਕਪੂਰ ਸਿੰਘ ਸਚਮੁੱਚ
ਭਾਰਤ ਤੋਂ ਵੱਖਰੇ ਦੇਸ਼ ਖਾਲਿਸਤਾਨ ਦੇ ਹਾਮੀ ਸਨ? ਜ਼ਰਾ, ਉਨ੍ਹਾਂ ਦੀ ‘ਖਾਲਿਸਤਾਨ ਦੀ ਬਾਈਬਲ ਸਾਚੀ
ਸਾਖੀ’ ਦੇ ਪੰਨਾ 127 ਦੀਆਂ ਇਹ ਲਾਈਨਾਂ ਪੜ੍ਹੋ:
‘ਸੰਨ 1966 ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ‘ਸਿੱਖ ਹੋਮਲੈਂਡ’
ਦੀ ਮੰਗ ਦਾ ਮਤਾ ਪਾਸ ਕੀਤਾ, ਉਦੋਂ ਵੀ ਮਾਸਟਰ ਤਾਰਾ ਸਿੰਘ ਨੇ ਇਸੇ ਬੁੱਧੀ-ਹੀਣ, ਬਿਬੇਕ-ਹੀਣ,
ਰਾਜ-ਹਠ ਦੀ ਪ੍ਰਦਰਸ਼ਨੀ ਕੀਤੀ ਸੀ ਕਿ ਮਤੇ ਵਿੱਚ ਇਹ ਲਿਖੋ ਕਿ ਸਿੱਖ ਹੋਮਲੈਂਡ, ਭਾਰਤ ਅੰਦਰ ਬਣੇ,
ਪਰ ਇਹ ਜਦ ਚਾਹੇ, ਇਸਨੂੰ ਭਾਰਤ ਵਿੱਚੋਂ ਬਾਹਰ ਨਿਕਲਣ ਦਾ ਅਧਿਕਾਰ ਦਿੱਤਾ ਜਾਵੇ। ਉਸ ਵੇਲ਼ੇ ਮੈਂ
ਪਾਰਲੀਮੈਂਟ ਦੀ ਲੋਕ ਸਭਾ ਦਾ ਮੈਂਬਰ ਭੀ ਸੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਸਲਾਹਕਾਰ ਵੀ। ਮੈਂ
ਡਟ ਗਿਆ ਅਤੇ ਬੇਨਤੀ ਕੀਤੀ ਕਿ ਇੱਕ ਤਾਂ ਹੁਣ ਭਾਰਤੀ ਸੰਵਿਧਾਨ ਵਿੱਚ ਸੰਸ਼ੋਧਨ ਹੋ ਚੁੱਕਾ ਹੈ ਕਿ
ਹਿੰਦੁਸਤਾਨ ਤੋਂ ਵੱਖਰੇ ਹੋਣ ਦੀ ਮੰਗ ਕਰਨਾ ਹੀ ਘੋਰ ਅਪਰਾਧ ਹੈ, ਜਿਸਦੀ ਸਜ਼ਾ 10 ਸਾਲ ਸਖਤ ਕੈਦ ਹੋ
ਸਕਦੀ ਹੈ। ਕੇਵਲ 10 ਸਾਲ ਲਈ ਜੇਲ੍ਹ ਯਾਤਰਾ ਦਾ ਚਾਅ, ਜੇ ਕਿਸੇ ਅਕਾਲੀ ਸਿੰਘ ਨੂੰ ਹੈ ਤਾਂ ਉਹ
ਮਾਸਟਰ ਤਾਰਾ ਸਿੰਘ ਜੀ ਦਾ ਸੁਝਾਇਆ ਮਤਾ ਪਾਸ ਕਰ ਦੇਖੋ। ਮੈਂ ਇਹੋ ਜਿਹੀ ਮੰਤਵਹੀਣ, ਤੇ ਹੂੜ-ਮੱਤ
ਕਰਨ ਨੂੰ ਤਿਆਰ ਨਹੀਂ। … ਸਿੱਖਾਂ ਵਲੋਂ ਹਿੰਦੂਆਂ ਨੂੰ ਇਹ ਸੱਚਾ ਤੇ ਦ੍ਰਿੜ ਵਿਸ਼ਵਾਸ਼ ਦਿਵਾਇਆ
ਜਾਵੇ ਕਿ ਜੇ ਸਾਰੇ ਹਿੰਦੂ ਭੀ ਭਾਰਤ ਨੂੰ ਖੇਰੂੰ-ਖੇਰੂੰ ਕਰਨ ਨੂੰ ਤਤਪਰ ਹੋ ਜਾਣ, ਤਦ ਵੀ ਸਿੱਖ
ਭਾਰਤ ਦੀ ਏਕਤਾ ਤੇ ਅਖੰਡਤਾ ਲਈ ਅਖੀਰ ਤੱਕ ਲੜਦੇ ਰਹਿਣਗੇ।’ ਇਹ ਸਾਰੀ ਵਾਰਤਾ ਪੜ੍ਹ ਕੇ ਕੀ
ਕਿਸੇ ਨੂੰ ਕੋਈ ਸ਼ੱਕ ਰਹਿ ਜਾਂਦਾ ਹੈ ਕਿ ਕਿਵੇਂ ਸਾਡੇ ਧੁਰੰਤਰ ਵਿਦਵਾਨ ਅਨੰਦਪੁਰ ਦਾ ਮਤਾ, ਸਿੱਖ
ਹੋਮਲੈਂਡ, ਸਿੱਖਾਂ ਦੇ ਬੋਲ-ਬਾਲੇ, ਵੱਖਰਾ ਸਿੱਖ ਰਾਜ, ਖਾਲਿਸਤਾਨ, ਖਾਲਸਾ ਰਾਜ, ਅੰਮ੍ਰਿਤਸਰ
ਐਲਾਨਨਾਮਾ ਆਦਿ ਦੇ ਸੰਕਲਪਾਂ ਤੇ ਭੰਬਲਭੂਸੇ ਦਾ ਕਿਵੇਂ ਸ਼ਿਕਾਰ ਹਨ?
ਇਸ ਸਬੰਧੀ ਪਾਠਕਾਂ ਦੀ ਜਾਣਕਾਰੀ ਲਈ ‘ਅਨੰਦਪੁਰ ਸਾਹਿਬ ਦੇ 1973 ਵਾਲ਼ੇ
ਮਤੇ’ ਦੀਆਂ ਮੁਢਲੀਆਂ ਕੁੱਝ ਲਾਈਨਾਂ ਪੜ੍ਹਨੀਆਂ ਜਾਣਕਾਰੀ ਭਰਪੂਰ ਹੋਣਗੀਆਂ ਕਿ ਕਿਵੇਂ ਸਾਡੇ ਲੀਡਰ
17ਵੀਂ-18ਵੀਂ ਸਦੀ ਦੀ ਮਾਨਸਕਿਤਾ ਦੇ ਖਿਆਲੀ ਪੁਲਾਓ ਵਿੱਚ ਫਸੇ ਹੋਏ ਹਨ। ਉਹ ਭੁੱਲ ਜਾਂਦੇ ਹਨ ਕਿ
ਹੁਣ 16ਵੀਂ-19ਵੀਂ ਸਦੀ ਦਾ ਰਜਵਾੜਾਸ਼ਾਹੀ ਤੇ ਵਿਦੇਸ਼ੀ ਹਮਲਾਵਰਾਂ ਦਾ ਰਾਜ ਪ੍ਰਬੰਧ ਜਾ ਚੁੱਕਾ ਹੈ
ਅਤੇ ਸਾਰੀ ਦੁਨੀਆਂ ਲੋਕਤੰਤਰੀ ਸਿਸਟਮ ਵਿੱਚ ਵਿਚਰ ਰਹੀ ਹੈ। ਜਿੱਥੇ ਸਭ ਕੋਲ਼ ਵੋਟ ਅਤੇ ਕਨੂੰਨ ਦੇ
ਬਰਾਬਰ ਅਧਿਕਾਰ ਹਨ। ਪਰ ਸਿੱਖ ਲੀਡਰ ਤੇ ਵਿਦਵਾਨ ਪਤਾ ਨਹੀਂ ਕਿਸ ਖਿਆਲੀ ਦੁਨੀਆਂ ਵਿੱਚ ਵਿਚਰ ਰਹੇ
ਹਨ।
‘ਭਾਰਤ ਵਿੱਚ ਸਿੱਖ ਕੌਮ 17ਵੀਂ ਸਦੀ ਦੇ ਅੰਤਲੇ ਸਾਲਾਂ, ਖਾਲਸਾ ਪੰਥ ਦੀ
ਸਾਜਨਾ ਦੇ ਸਮੇਂ ਤੋਂ ਹੀ, ਇਤਿਹਾਸਕ ਤੌਰ ਤੇ ਇੱਕ ਰਾਜਨੀਤਕ ਕੌਮ (ਜਿਵੇਂ ਹਿੰਦੂ ਤੇ ਮੁਸਲਿਮ ਨੇ)
ਵਾਂਗ ਤਸਲੀਮ ਕੀਤੀ ਜਾ ਚੁੱਕੀ ਹੈ (ਭਾਵ ਸਿੱਖਾਂ ਨੂੰ ਤੀਜੀ ਕੌਮ ਮੰਨਿਆ ਹੈ)। ਸਿੱਖ ਕੌਮ ਦਾ ਇਹ
ਰੁਤਬਾ, ਕੌਮਾਂਤਰੀ ਪੱਧਰ ਤੇ ਯੂਰਪ ਅਤੇ ਏਸ਼ੀਆ ਦੀਆਂ ਸ਼ਕਤੀਆਂ, ਜਿਵੇਂ ਕਿ ਫਰਾਂਸ, ਇੰਗਲੈਂਡ,
ਇਟਲੀ, ਰੂਸ, ਚੀਨ, ਤਿੱਬਤ, ਇਰਾਨ, ਨੇਪਾਲ, ਅਫਗਾਨਿਸਤਾਨ, ਤਿੱਬਤ ਅਤੇ ਕੰਪਨੀ ਬਹਾਦਰ ਫੋਰਟ
ਵਿਲੀਅਮ ਕਲਕੱਤਾ ਵਲੋਂ 19ਵੀਂ ਸਦੀ ਦੇ ਅੱਧ ਤੱਕ, ਅਤੇ ਫੇਰ ਦੇਸ਼ ਛੱਡ ਕੇ ਜਾ ਰਹੇ ਫਿਰੰਗੀ, ਹਿੰਦੂ
ਕਾਂਗਰਸ ਅਤੇ ਮੁਸਲਿਮ ਲੀਗ ਵਲੋਂ 20ਵੀਂ ਸਦੀ ਦੇ ਅੱਧ (1947 ਤੋਂ ਥੋੜਾ ਸਮਾਂ ਪਹਿਲਾਂ) ਤਸਲੀਮ
ਕੀਤਾ ਹੈ ਕਿ ਸਿੱਖ ਇੱਕ ਵੱਖਰੀ ਕੌਮ ਹੈ।’
‘ਹੁਣ ਮੁਲਕ ਦੀ ਵੰਡ ਤੋਂ ਬਾਅਦ 1950 ਵਿੱਚ ਹਿੰਦੁਸਤਾਨ ਦੀ ਧੱਕੜ
ਬਹੁ-ਗਿਣਤੀ ਹਿੰਦੂ ਕੌਮ ਨੇ ਇੱਕ ਅਜਿਹਾ ਸੰਵਿਧਾਨਕ ਇੰਤਜਾਮ ਠੋਕਿਆ ਹੈ, ਜਿਸਨੇ ਸਿੱਖਾਂ ਨੂੰ ਉਸਦੀ
ਰਾਜਸੀ ਪਛਾਣ ਅਤੇ ਸਭਿਆਚਾਰਕ ਵਿਲੱਖਣਤਾ ਤੋਂ ਸੱਖਣੇ ਕਰ ਦਿੱਤਾ। ਇਸ ਤਰ੍ਹਾਂ ਸਿੱਖਾਂ ਨੂੰ ਰਾਜਸੀ
ਤੌਰ ਤੇ ਖਤਮ ਕਰਕੇ ਅਤੇ ਉਨ੍ਹਾਂ ਨੂੰ ਆਤਮਿਕ ਤੇ ਸਭਿਆਚਾਰਕ ਗਿਰਾਵਟ ਦੇ ਕੰਢੇ ਲਿਆ ਕੇ, ਬੇ-ਸਿਰ
ਪੈਰੇ ਹਿੰਦੂ ਧਰਮ ਦੇ ਡੂੰਘੇ ਸਾਗਰ ਵਿੱਚ, ਹਰ ਹੀਲੇ ਡੁੱਬ ਜਾਣ ਦੀ ਨੌਬਤ ਤੱਕ ਲੈ ਆਂਦਾ ਹੈ. . ।’
‘ਅਨੰਦਪੁਰ ਦੇ ਮਤੇ’ ਵਿੱਚ ਮੁਢਲੇ ਰੂਪ ਵਿੱਚ ਇਹ ਦੋ ਪਹਿਰੇ ਲਿਖ ਕੇ ਸਾਡੀ
ਲੀਡਰਸ਼ਿਪ ਦੁਨੀਆਂ ਨੂੰ ਕੀ ਦੱਸਣਾ ਚਾਹੁੰਦੀ ਸੀ, ਜੇ ਕਿਸੇ ਨੂੰ ਸਮਝ ਆਵੇ ਤਾਂ ਜਰੂਰ ਦੱਸਣਾ? ਜਦੋਂ
ਵਿਰੋਧੀ ਇਹ ਕਹਿੰਦੇ ਹਨ ਕਿ ਇਹ ਮਤਾ ‘ਫਿਰਕੂ ਤੇ ਵੱਖਵਾਦੀ’ ਹੈ ਤਾਂ ਅਸੀਂ ਰੌਲ਼ਾ ਪਾਉਂਦੇ ਹਾਂ ਕਿ
ਨਹੀਂ ਇਹ ਮਤਾ ਤਾਂ ਸਭ ਲਈ ਸਾਂਝਾ ਹੈ ਤੇ ਭਾਰਤ ਦੇ ਸਾਰੇ ਰਾਜਾਂ ਲਈ ਵੱਧ ਅਧਿਕਾਰਾਂ ਦੀ ਮੰਗ ਕਰਦਾ
ਹੈ। ਸਿੱਖ ਲੀਡਰਸ਼ਿਪ ਦੀ ਦੁਬਿਧਾ ਇਥੋਂ ਪਤਾ ਲਗਦੀ ਹੈ, ਜਦੋਂ ਉਹ ਇਸੇ ਮਤੇ ਵਿੱਚ ‘ਸਿੱਖਾਂ ਦਾ
ਰਾਜਸੀ ਨਿਸ਼ਾਨਾ’ ਸਿਰਲੇਖ ਹੇਠ ਲਿਖਦੇ ਹਨ:
‘ਪੰਥਕ ਰਾਜਸੀ ਨਿਸ਼ਾਨਾ ਨਿਸਚੇ ਤੌਰ ਤੇ ਸਾਹਿਬ ਦਸਮ ਪਾਤਸ਼ਾਹ ਦੇ ਆਦੇਸ਼ਾਂ
(ਨੋਟ: ਜੇ ਕਿਸੇ ਕੋਲ਼ ਦਸਮ ਪਾਤਸ਼ਾਹ ਦੇ ਕਿਸੇ ਅਜਿਹੇ ਆਦੇਸ਼ ਦਾ ਕੋਈ ਇਤਿਹਾਸਕ ਪ੍ਰਮਾਣ ਹੋਵੇ ਤਾਂ
ਜਰੂਰ ਸ਼ੇਅਰ ਕਰਨਾ-ਲੇਖਕ), ਸਿੱਖ ਇਤਿਹਾਸ ਦੇ ਪੰਨਿਆਂ ਅਤੇ ‘ਖਾਲਸਾ ਪੰਥ’ ਦੇ ਮਨ ਮੰਦਰ ਵਿੱਚ
ਉਕਰਿਆ ਚਲਿਆ ਆ ਰਿਹਾ ਹੈ, ਜਿਸਦਾ ਮਕਸਦ ‘ਖਾਲਸਾ ਜੀ ਦਾ ਬੋਲ-ਬਾਲਾ’ ਹੈ, (ਨੋਟ: ਖਾਲਸਾ ਜੀ ਦਾ
ਬੋਲ-ਬਾਲਾ ਦੇ ਕੀ ਅਰਥ ਹਨ, ਕਿਤੇ ਸਪੱਸ਼ਟ ਨਹੀਂ ਕੀਤਾ ਗਿਆ? ਕੀ ਇਸਦਾ ਮਤਲਬ ਵੱਖਰਾ ਦੇਸ਼ ਹੈ? ਕੀ
ਇਸਦਾ ਮਤਲਬ ਭਾਰਤ ਵਿੱਚ ਸਿੱਖ ਚੌਧਰ ਵਾਲ਼ਾ ਖਿੱਤਾ ਹੈ? ਜਾਂ ਕੁੱਝ ਹੋਰ… -ਲੇਖਕ)। ਖਾਲਸਾ ਜੀ ਦੇ
ਇਸ ਜਨਮ ਸਿੱਧ ਅਧਿਕਾਰ ਨੂੰ ਦ੍ਰਿਸ਼ਟਮਾਨ ਕਰਨ ਲਈ ਲੋੜੀਂਦੇ, ਦੇਸ਼ ਕਾਲ ਤੇ ਰਾਜਸੀ ਵਿਧਾਨ ਦੀ
ਸਿਰਜਨਾ ਪ੍ਰਾਪਤੀ ਸ਼੍ਰੋਮਣੀ ਅਕਾਲੀ ਦਲ ਦੇ ਬੁਨਿਆਦੀ ਢਾਂਚੇ ਦੀ ਨੀਂਹ ਹੈ।’
ਇੱਕ ਪਾਸੇ ਰਾਜਾਂ ਲਈ ਵੱਧ ਅਧਿਕਾਰਾਂ ਤੇ ਪੰਜਾਬ ਦੀਆਂ ਸਾਂਝੀਆਂ ਮੰਗਾਂ ਦੀ
ਗੱਲ ਕੀਤੀ ਜਾ ਰਹੀ ਹੈ ਅਤੇ ਦੂਜੇ ਪਾਸੇ ‘ਖਾਲਸਾ ਰਾਜ’ ਤੇ ‘ਸਿੱਖਾਂ ਦੇ ਬੋਲ-ਬਾਲੇ’ ਦੀ ਮੰਗ ਵੀ
ਉਸੇ ਮਤੇ ਵਿੱਚ ਕੀਤੀ ਜਾ ਰਹੀ ਹੈ? ਪਾਠਕ ਸੋਚਣ ਕਿ ਸਿੱਖ ਲੀਡਰਸ਼ਿਪ ਦੀ ਅਜਿਹੀ ਦੁਬਿਧਾ ਨੂੰ ਕਿਵੇਂ
ਸਮਝਿਆ ਜਾਵੇ?
ਇੱਕ ਹੋਰ ਉਦਾਹਰਣ ਦੇਖੋ। ਸਾਬਕਾ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ
ਚੰਡੀਗੜ੍ਹ ਅਤੇ ਸਾਬਕਾ ਖਾੜਕੂ ਨਰਾਇਣ ਸਿੰਘ ਚੌੜਾ ਵਲੋਂ ਸੰਪਾਦਤ ਕਿਤਾਬ ‘ਪੰਥਕ ਦਸਤਾਵੇਜ: ਧਰਮ
ਯੁੱਧ ਤੇ ਜੁਝਾਰੂ ਲਹਿਰ’ ਦੇ ਪੰਨਾ 69 ਉਤੇ ਧਰਮ ਯੁੱਧ ਮੋਰਚੇ ਦੌਰਾਨ ਲੰਡਨ ਤੋਂ ਛਪਦੇ
ਹਫਤਾਵਾਰੀ ਅਖ਼ਬਾਰ ‘ਦੇਸ ਪ੍ਰਦੇਸ’ ਨੂੰ ਸਿਰਦਾਰ ਕਪੂਰ ਸਿੰਘ ਵਲੋਂ ਉਸ ਮੌਕੇ ਦਿੱਤੀ ਇੱਕ
ਯਾਦਗਾਰੀ ਇੰਟਰਵਿਊ ਦਰਜ ਕੀਤੀ ਹੈ। ਇਸ ਇੰਟਰਵਿਊ ਦਾ ਤੁਆਰਫ ਸੰਪਦਾਕਾਂ ਵਲੋਂ ਕਪੂਰ ਸਿੰਘ ਨੂੰ
ਸਿੱਖ ਕੌਮ ਦੇ ਉਘੇ ਦਾਰਸ਼ਨਿਕ ਤੇ ਥਿੰਕ ਟੈਂਕ ਆਖ ਕੇ ਕਰਵਾਇਆ ਗਿਆ। ਲੇਖਕਾਂ ਵਲੋਂ ਉਨ੍ਹਾਂ ਨੂੰ
ਵਿਸ਼ਾਲ ਵਿਦਵਤਾ ਤੇ ਬੇਮਿਸਾਲ ਸੋਝੀ ਅਤੇ ਸੁਹਿਰਦ ਪੰਥਕ ਸੋਚ ਸਦਕਾ 13 ਅਕਤੂਬਰ, 1973 ਨੂੰ ਸ੍ਰੀ
ਅਕਾਲ ਤਖਤ ਤੋਂ ‘ਪ੍ਰੋਫੈਸਰ ਆਫ ਸਿੱਖਇਜ਼ਮ’ ਦੀ ਉਪਾਧੀ ਮਿਲਣ ਦੀ ਕਹਾਣੀ ਵੀ ਦਰਜ ਕੀਤੀ ਗਈ
ਹੈ। ਸੰਪਾਦਕਾਂ ਦੇ ਵਿਚਾਰ ਅਨੁਸਾਰ ਇਸ ਇੰਟਰਵਿਊ ਵਿੱਚ ਸੁਣਾਈਆਂ ਗਈਆਂ ਖਰੀਆਂ-ਖਰੀਆਂ ਅਤੇ ਪ੍ਰਗਟ
ਕੀਤੇ ਡੂੰਘੇ ਖਿਆਲਾਂ ਵਿੱਚ ਸਿੱਖ ਕੌਮ ਦੀ ਵਿਗੜੀ ਸੰਵਾਰਨ ਦਾ ਦਮ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਲੇਖਕਾਂ ਅਨੁਸਾਰ ਕਪੂਰ ਸਿੰਘ ਦੀ ਸਿੱਖ ਪੰਥ ਬਾਰੇ ਰਾਜਨੀਤਕ ਸਮਝ, ਪਹੁੰਚ ਤੇ ਵਿਚਾਰਧਾਰਾ ਨੂੰ ਕਦੇ
ਨਜ਼ਰ ਅੰਦਾਜ ਨਹੀਂ ਕੀਤਾ ਜਾ ਸਕਦਾ। ‘ਦੁਨੀਆਂ ਵਿੱਚ ਰਾਜ ਕੇਵਲ ਸਿੱਖ ਕੌਮ ਨੇ ਕੀਤਾ’
ਸਿਰਲੇਖ ਹੇਠਲੀ ਇੰਟਰਵਿਊ ਵਿੱਚ ਕਪੂਰ ਸਿੰਘ ਕਹਿੰਦੇ ਹਨ ਕਿ ਮੈਂ ਵਰਤਮਾਨ ਸਿੱਖ ਲੀਡਰਸ਼ਿਪ ਨੂੰ
‘ਕੰਜਰੀ’ ਦਾ ਨਾਮ ਦਿੰਦਾ ਹਾਂ। ਕੰਜਰੀ ਨੂੰ ਭਾਵੇਂ ਲੱਖ ਕਹੋ ਕਿ ਸ਼ਰੀਫ ਬਣ ਜਾਵੇ, ਉਲਟਾ ਉਹ
ਤੁਹਾਨੂੰ ਬੇਵਕੂਫ ਕਹੇਗੀ…। …ਅੱਗੇ ਕਪੂਰ ਸਿੰਘ ਕਹਿੰਦੇ ਹਨ: ‘ਇੱਕ ਗੱਲ ਮੈਂ ਅੱਜ ਤੋਂ ਦਾਅਵੇ
ਨਾਲ਼ ਕਹਿ ਸਕਦਾ ਹਾਂ ਕਿ ਭਾਵੇਂ ਮੈਨੂੰ ਦੁਬਾਰਾ ਜਨਮ ਮਿਲ਼ ਜਾਵੇ ਅਤੇ ਦਸ ਪੰਦਰਾਂ ਹਜ਼ਾਰ ਸਾਲ ਮਿਲਦਾ
ਰਹੇ, ਮੈਂ ਫਿਰ ਵੀ ਕਹਾਂਗਾ ਕਿ ਸਿੱਖਾਂ ਦਾ ਖੁਦਮੁਖਤਾਰ ਹਕੂਮਤ ਬਿਨ ਗੁਜ਼ਾਰਾ ਨਹੀਂ।’ ਕਪੂਰ
ਸਿੰਘ ਹੋਰ ਦੱਸਦੇ ਹਨ: ‘ਗੁਰੂ ਗੋਬਿੰਦ ਸਿੰਘ ਨੂੰ ਐਵੇਂ ਹੀ ਸਿੱਖ ਪੰਜਾਬ ਨਾਲ ਬੰਨ੍ਹੀ ਜਾਂਦੇ ਹਨ।
ਉਸਦੀ ਸੋਚਣੀ ਪੂਰੇ ਹਿੰਦੁਸਤਾਨ ਦੀ ਸੀ। ਪੰਜਾਂ ਪਿਆਰਿਆਂ ਵਿੱਚੋਂ ਕੇਵਲ ਇੱਕ ਪੰਜਾਬੀ ਸੀ, ਬਾਕੀ
ਭਾਰਤ ਦੇ ਦੂਜੇ ਪ੍ਰਾਂਤਾਂ ਦੇ ਸਨ। ਗੁਰੂ ਗੋਬਿੰਦ ਸਿੰਘ ਦਾ ਨਾ ਜਨਮ ਪੰਜਾਬ ਵਿੱਚ ਹੋਇਆ ਤੇ ਨਾ
ਮ੍ਰਿਤੂ ਪੰਜਾਬ ਵਿੱਚ ਹੋਈ। ਉਹ ਦੱਖਣ ਦਾ ਰਾਜ ਸਿੱਖਾਂ ਨੂੰ ਦਿੰਦੇ ਸੀ। ਪਰ ਸੇਵਕਾਂ ਨੇ ਆਖਿਆ ਕਿ
ਨਹੀਂ ਸਾਨੂੰ ਆਪਣਾ ਘਰ ਹੀ ਚਾਹੀਦਾ ਹੈ।’
ਜਿਸ ਤਰ੍ਹਾਂ ਉਪਰ ਅਸੀਂ ਦੇਖਿਆ ਸੀ ਕਿ ਇੱਕ ਪਾਸੇ ਸ. ਕਪੂਰ ਸਿੰਘ ਸਿੱਖ
ਰਾਜ ਦੀ ਵਕਾਲਤ ਕਰਦੇ ਕਹਿੰਦੇ ਹਨ ਕਿ ਸਿੱਖਾਂ ਦਾ ਖੁਦਮੁਖਤਾਰ ਹਕੂਮਤ ਬਿਨਾਂ ਗੁਜ਼ਾਰਾ ਨਹੀ,
ਦੂਜੇ ਪਾਸੇ ਅਕਾਲੀਆਂ ਨੂੰ ਗਾਲ਼੍ਹਾਂ ਕੱਢਣ ਤੱਕ ਜਾਂਦੇ ਹਨ, ਜਦੋਂ ਉਹ ਪੰਜਾਬੀ ਸੂਬਾ ਮੰਗ ਨਾ ਮੰਨੇ
ਜਾਣ ਦੇ ਗੁੱਸੇ ਵਿੱਚ ‘ਸਿੱਖ ਹੋਮਲੈਂਡ’ ਦਾ ਮਤਾ ਪਾਉਣ ਦੀ ਗੱਲ ਕਰਦੇ ਹਨ, ਜਿਸ ਵਿੱਚ
ਭਾਰਤ ਤੋਂ ਵੱਖ ਹੋਣ ਦੀ ਗੱਲ ਕੀਤੀ ਗਈ ਸੀ, ਤੀਜੇ ਪਾਸੇ ਆਪੇ ਲਿਖੇ ਅਨੰਦਪੁਰ ਦੇ ਮਤੇ ਵਿੱਚ ਪੰਜਾਬ
ਸਮੇਤ ਦੇਸ਼ ਦੇ ਸਾਰੇ ਰਾਜਾਂ ਲਈ ਵੱਧ ਅਧਿਕਾਰਾਂ ਦੀ ਮੰਗ ਕਰ ਰਹੇ ਹਨ, ਚੌਥੇ ਪਾਸੇ ਜਦੋਂ ਸਿੱਖ
ਵੱਖਰੇ ਹੋਣ ਦੀ ਗੱਲ ਕਰਦੇ ਹਨ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਹਵਾਲੇ ਨਾਲ਼ ਸਿੱਖੀ ਨੂੰ ਸਾਰੇ
ਭਾਰਤ ਨਾਲ਼ ਜੋੜਦੇ ਹਨ।
ਸਿੱਖ ਹੋਮਲੈਂਡ ਜਾਂ ਅਨੰਦਪੁਰ ਦੇ 1973 ਜਾਂ 1978 ਵਾਲ਼ੇ ਮਤੇ ਬਾਰੇ ਵਿਵਾਦ
ਅਜੇ ਮੁੱਕੇ ਵੀ ਨਹੀਂ ਸਨ, ਕਿ ਟੌਹੜਾ ਸਾਹਿਬ ਨੇ ਇੱਕ ਵਾਰ ਮੁੜ ਪੱਛਮ ਤੋਂ ਦੁਨਿਆਵੀ ਵਿਦਿਆ ਪੜ੍ਹ
ਕੇ ਆਏ, ਸਿੱਖ ਵਿਦਵਾਨ ਡਾ. ਗੁਰਭਗਤ ਸਿੰਘ ਕੋਲ਼ੋਂ ਅਜਿਹੀ ਹੀ ਇੱਕ ਹੋਰ ਦੋਹਰੇ ਅਰਥਾਂ ਵਾਲ਼ੀ
ਦਸਤਾਵੇਜ ਤਿਆਰ ਕਰਵਾ ਲਈ, ਅਤੇ ਅਕਾਲ ਤਖਤ ਦੇ ਜਥੇਦਾਰ ਪ੍ਰੋ. ਮਨਜੀਤ ਸਿੰਘ ਕੋਲ਼ੋਂ ਉਸਨੂੰ
‘ਅੰਮ੍ਰਿਤਸਰ ਐਲਾਨਾਮੇ’ ਦੇ ਰੂਪ ਵਿੱਚ ਜਾਰੀ ਕਰਵਾ ਦਿੱਤਾ। ਫਿਰ ਦੇਸ਼ ਭਰ ਵਿੱਚ ਰੌਲ਼ਾ ਪੈਣ
ਤੋਂ ਹਫਤੇ ਦੇ ਅੰਦਰ-ਅੰਦਰ ਜਥੇਦਾਰ ਅਕਾਲ ਤਖਤ, ਜਥੇਦਾਰ ਟੌਹੜਾ ਤੇ ਸਿਮਰਨਜੀਤ ਮਾਨ ਤੋਂ ਬਿਨਾਂ
ਬਾਦਲ, ਬਰਨਾਲਾ, ਤਲਵੰਡੀ, ਕੈਪਟਨ ਸਮੇਤ ਤਕਰੀਬਨ ਸਾਰੇ ਹਸਤਾਖਰੀ ਮਤੇ ਤੋਂ ਇਨਕਾਰੀ ਹੋ ਗਏ। ਜਿਸਦਾ
ਮੁੱਖ ਕਾਰਨ ਸੀ ਕਿ ਮਤੇ ਦੇ ਅਖੀਰ ਵਿੱਚ ਧਮਕੀ ਦਿੱਤੀ ਗਈ ਸੀ ਕਿ ਜੇਕਰ ਹਿੰਦੁਸਤਾਨੀ ਹਾਕਮਾਂ ਨੇ
ਦੇਸ਼ ਲਈ ‘ਕਨਫੈਡਰਲ’ ਢਾਂਚੇ ਨੂੰ ਪ੍ਰਵਾਨ ਨਾ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਕੋਲ਼
‘ਵੱਖਰੇ ਖੁਦਮੁਖਤਾਰ ਰਾਜ’ ਦੀ ਸਥਾਪਨਾ ਲਈ ਸੰਘਰਸ਼ ਕਰਨ ਤੋਂ ਬਿਨਾਂ ਕੋਈ ਰਸਤਾ ਨਹੀਂ ਰਹਿ
ਜਾਵੇਗਾ। ਹੁਣ ਸਾਫ ਜਾਹਰ ਹੈ ਕਿ ਇੱਥੇ ਜੇਕਰ ਦਸਤਾਵੇਜ ਵਿੱਚ ਇਹ ਲਿਖਿਆ ਜਾਂਦਾ ਹੈ ਕਿ ਜੇ ਦੇਸ਼
ਦੀਆਂ ਵੱਖ-ਵੱਖ ਸਭਿਅਚਾਰਕ ਇਕਾਈਆਂ ਨੂੰ ਸਹੀ ਲੀਹਾਂ ਤੇ ਖੁਦਮੁਖਤਾਰ ਅਧਿਕਾਰ ਨਾ ਦਿੱਤੇ ਗਏ ਤਾਂ
ਦੇਸ਼ ਦਾ ਕੇਂਦਰੀਕ੍ਰਿਤ ਰਾਜਨੀਤਕ ਢਾਂਚਾ ਕਾਇਮ ਨਹੀਂ ਰਹਿ ਸਕੇਗਾ। ਅਜਿਹੀ ਸਥਿਤੀ ਵਿੱਚ ਵੱਖ-ਵੱਖ
ਸਭਿਆਚਾਰਕ ਇਕਾਈਆਂ ਆਪਣੀ ਅਜ਼ਾਦ ਸਿਆਸੀ ਹੋਂਦ ਦੀ ਰਾਖੀ ਵਾਸਤੇ ਲੜਨ ਲਈ ਮਜਬੂਰ ਹੋ ਜਾਣਗੀਆਂ। ਇਸ
ਨਾਲ਼ ਸ਼ਾਇਦ ਭਾਰਤ ਵਿੱਚ ਵਸਦੀਆਂ ਵੱਖ-ਵੱਖ ਕੌਮਾਂ ਨਾਲ਼ ਸਾਂਝਾ ਮੁਹਾਜ ਬਣਾ ਕੇ ਲੜਨ ਲਈ ਕੋਈ ਰਾਹ
ਖੁੱਲ੍ਹ ਜਾਂਦਾ। ਪਰ ਡਾ. ਗੁਰਭਗਤ ਸਿੰਘ ਵਲੋਂ ਲਿਖੇ ‘ਅੰਮ੍ਰਿਤਸਰ ਐਲਾਨਨਾਮੇ’ ਨੂੰ ਸਾਰੀ ਲਡਿਰਸ਼ਿਪ
ਨੇ ਬਿਨਾਂ ਪੜ੍ਹੇ, ਉਸੇ ਤਰ੍ਹਾਂ ਸਾਈਨ ਕਰ ਦਿੱਤਾ ਸੀ, ਜਿਵੇਂ ਕਦੇ ਸਿਰਦਾਰ ਕਪੂਰ ਸਿੰਘ ਦੇ 1973
ਦੇ ਮਤੇ ਦੇ ‘ਸਿੱਖਾਂ ਦੇ ਬੋਲ-ਬਾਲੇ’ ਵਾਲ਼ੇ ਮਤੇ ਤੇ ਬਿਨਾਂ ਪੜ੍ਹੇ ਸਾਈਨ ਕਰ ਦਿੱਤੇ ਸਨ ਅਤੇ ਕੁੱਝ
ਦਿਨਾਂ ਬਾਅਦ ਹੀ ਸਾਰੀ ਲੀਡਰਸ਼ਿਪ ਮਤੇ ਤੋਂ ਵੱਖ ਹੋ ਗਈ ਸੀ, ਇਸਨੂੰ ਠੰਡੇ ਬਸਤੇ ਪਾ ਦਿੱਤਾ ਸੀ।
ਫਿਰ ਇਸਨੂੰ 1978 ਵਿੱਚ ਸੋਧ ਕਰਕੇ ‘ਧਰਮ ਯੁੱਧ ਮੋਰਚੇ’ ਦਾ ਹਿੱਸਾ ਬਣਾਇਆ ਗਿਆ ਸੀ।
ਉਪਰਲੀ ਕਿਤਾਬ ਦੇ ਪੰਨਾ 168 ਤੇ ਇੱਕ ਚੈਪਟਰ ‘ਕੁੰਜੀਵਤ ਭਾਸ਼ਣ ਸਿੱਖ
ਸੰਮੇਲਨ ਲੁਧਿਆਣਾ’ ਵਿੱਚ ਪੱਤਰਕਾਰ ਦਲਬੀਰ ਸਿੰਘ ਦਾ ਲੈਕਚਰ ਸ਼ਾਮਿਲ ਕੀਤਾ ਗਿਆ ਹੈ। ਇਹ ਲੈਕਚਰ ਸ.
ਦਲਬੀਰ ਸਿੰਘ ਵਲੋਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਿਜ ਲੁਧਿਆਣਾ ਵਿੱਚ 31 ਅਗਸਤ, 1988 ਨੂੰ ਦਿੱਤਾ
ਗਿਆ ਸੀ। ਦਲਬੀਰ ਸਿੰਘ ਆਪਣੇ ਭਾਸ਼ਣ ਵਿੱਚ ਆਖਦੇ ਹਨ: ‘ਕਿਸੇ ਵੀ ਸੰਘਰਸ਼ ਦੀ ਕਾਮਯਾਬੀ ਦੀ ਬੁਨਿਆਦ
ਉਸਨੂੰ ਪ੍ਰਾਪਤ ਜਨਤਕ ਹਮਾਇਤ ਤੋਂ ਹੁੰਦੀ ਹੈ। ਉਹ ਹਮਾਇਤ ਸਿੱਖ ਜਗਤ ਵਲੋਂ ਅਨੰਦਪੁਰ ਦੇ ਮਤੇ ਦੀ
ਪ੍ਰਾਪਤੀ ਲਈ ‘ਧਰਮ ਯੁੱਧ ਮੋਰਚੇ’ ਨੂੰ ਮਿਲ਼ੀ। ਸਿੱਖ ਲੀਡਰਸ਼ਿਪ ਦੀ ਰਾਜਨੀਤਕ ਸੂਝ-ਬੂਝ ਦੀ ਘਾਟ,
ਨਵੀਨਤਮ ਢੰਗ ਤਰਕਿਆਂ ਵਿੱਚ ਅੱਲੜਪਨ ਤੇ ਹਾਕਮ ਸ਼੍ਰੇਣੀ ਦੀ ਉਲਟੀ ਤੇ ਮਕਾਰੀ ਭਰੀ ਸੋਚ ਨੂੰ
ਸਮਝਦਾਰੀ ਨਾਲ਼ ਜਵਾਬ ਦੇਣ ਦੀ ਅਸਫਲਤਾ ਤੋਂ ਵੱਧ ਲਾਲਚ ਤੇ ਹਉਮੈ ਵੱਸ ਹੋ ਕੇ ਵਿਚਰਨ ਦੀ ਰੁਚੀ ਨੇ
ਸਿੱਖ ਸੰਘਰਸ਼ ਨੂੰ ਔਝੜੇ ਰਾਹ ਪਾਈ ਰੱਖਿਆ। ਹਾਕਮ ਸ਼੍ਰੇਣੀ ਤੇ ਦਿੱਲੀ ਦਰਬਾਰ ਦਾ ਇਹ ਪੂਰਾ ਤਾਣ
ਲੱਗਿਆ ਹੋਇਆ ਸੀ ਕਿ ਸਿੱਖਾਂ ਦੇ ਹੱਕੀ ਸੰਘਰਸ਼ ਨੂੰ ਦੇਸ਼ ਵਿਰੋਧੀ ਅੱਤਵਾਦੀ, ਵੱਖਵਾਦੀ ਸਿੱਧ ਕੀਤਾ
ਜਾਵੇ। ਸਿੱਖ ਆਗੂਆਂ ਦੇ ਇੱਕ ਵੱਡੇ ਹਿੱਸੇ ਨੇ ਆਪ ਕੁੱਝ ਅਜਿਹੇ ਢੰਗ ਤਰੀਕੇ ਅਪਨਾਏ ਕਿ ਉਹ ਦੁਸ਼ਮਣ
ਦੀ ਚਾਲ ਵਿੱਚ ਮੋਹਰੇ ਬਣ ਗਏ…।
…ਇਸੇ ਕੁੰਜੀਵਤ ਭਾਸ਼ਨ ਵਿੱਚ ਉਹ ਇੱਕ ਥਾਂ ਕਹਿੰਦੇ ਹਨ: ‘ਇੱਕ ਫਿਰਕੇ ਦੇ
ਢਿੱਲਵਾਂ ਤੇ ਨੁਸ਼ਹਿਰਾ ਪੰਨੂੰਆਂ ਵਿਖੇ ਹੋਏ ਕਤਲਾਂ ਦੀ ਜ਼ਿੰਮੇਵਾਰੀ ਅੱਜ ਤੱਕ ਸਿੱਧ ਨਹੀਂ ਹੋ ਸਕੀ।
ਸਿੱਖ ਵਿਰੋਧੀ ਫਿਰਕਾਪ੍ਰਸਤ, ਸਰਕਾਰੀ ਪ੍ਰਬੰਧਕਾਂ ਨੇ ਆਪਣੀ ਸਿੱਖ ਦੁਸ਼ਮਣੀ ਨੂੰ ਪੁਗਾਉਣ ਲਈ ਪੂਰੀ
ਮਕਾਰੀ, ਸ਼ਾਤਰਾਨਾ ਢੰਗ ਨਾਲ਼ ਵਰਤੀ।’ ਬੇਸ਼ਕ ਇਨ੍ਹਾਂ ਘਟਨਾਵਾਂ ਬਾਰੇ ਸ. ਦਲਬੀਰ ਸਿੰਘ ਹੋਰਾਂ ਨੂੰ
ਉਸ ਵਕਤ ਹੀ ਪਤਾ ਸੀ ਕਿ ਕਿਨ੍ਹਾਂ ਨੇ ਕੀਤੀਆਂ ਹਨ ਤੇ ਉਨ੍ਹਾਂ ਆਪਣੀ ਕਿਤਾਬ ‘ਨੜਿਉਂ ਡਿੱਠੇ ਸੰਤ
ਭਿੰਡਰਾਂਵਾਲ਼ੇ’ ਵਿੱਚ ਵੀ ਕੀਤਾ ਹੈ ਅਤੇ ਪੱਤਰਕਾਰ ਜਗਤਾਰ ਸਿੰਘ ਦੀ ਕਿਤਾਬ ‘ਬਲਦੇ ਦਰਿਆਵਾਂ ਦੀ
ਕਹਾਣੀ’ ਵਿੱਚ ਕਤਲ ਕਰਨ ਵਾਲ਼ੇ ਖਾੜਕੂ ਨੇ ਆਪਣੇ ਸਮੇਤ ਸਾਰੇ ਨਾਮ ਨਸ਼ਰ ਕਰ ਦਿੱਤੇ ਸਨ। ਫਿਰ ਵੀ ਇਹ
ਮੰਨਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਕਿ ਬੇਗੁਨਾਹਾਂ ਦੇ ਕਤਲ ਖਾੜਕੂਆਂ ਨੇ ਨਹੀਂ, ਏਜੰਸੀਆਂ ਨੇ
ਕਰਾਏ ਸਨ। ਦੂਜੇ ਪਾਸੇ ਇਹ ਮੰਨਣ ਲਈ ਵੀ ਤਿਆਰ ਨਹੀਂ ਕਿ ਮਾਰਨ ਵਾਲ਼ੇ ਖਾੜਕੂ ਏਜੰਸੀਆਂ ਦੇ ਬੰਦੇ
ਸਨ?
ਇਸ ਕੁੰਜੀਵਤ ਭਾਸ਼ਨ ਵਿੱਚ ਸ. ਦਲਬੀਰ ਸਿੰਘ ਇਹ ਗੱਲ ਭੁੱਲ ਜਾਂਦੇ ਹਨ ਕਿ
ਢਿੱਲਵਾਂ ਕਾਂਡ ਤੋਂ ਅਗਲੇ ਦਿਨ ਜਦੋਂ ਉਹ ਸੰਤ ਭਿੰਡਰਾਂਵਾਲ਼ੇ ਨੂੰ ਬਠਿੰਡੇ ਤੋਂ ਮਿਲਣ ਗਏ ਸਨ ਤਾਂ
ਉਨ੍ਹਾਂ ਨੇ ਦਲਬੀਰ ਸਿੰਘ ਨੂੰ ਉਪਰ ਕਮਰੇ ਵਿੱਚ ਲਿਜਾ ਕੇ ਜਦੋਂ ਸਲਾਹ ਮੰਗੀ ਸੀ ਕਿ ਹੁਣ
ਪੱਤਰਕਾਰਾਂ ਨੂੰ ਢਿਲਵਾਂ ਕਾਂਡ ਬਾਰੇ ਜਵਾਬ ਕੀ ਦੇਈਏ, ਤਾਂ ਉਨ੍ਹਾਂ ਨੇ ਸੰਤਾਂ ਨੂੰ ਕਿਸ ਕਿਸਮ ਦੀ
ਸਲਾਹ ਦਿੱਤੀ ਸੀ। ਜਿਸ ਬਾਰੇ ਉਨ੍ਹਾਂ ਆਪ ਹੀ ਆਪਣੀ ਕਿਤਾਬ ‘ਨੇੜਿਉਂ ਡਿੱਠੇ ਸੰਤ ਭਿੰਡਰਾਂਵਾਲ਼ੇ’
ਵਿੱਚ ਵਿਸਥਾਰ ਨਾਲ਼ ਲਿਖਿਆ ਹੋਇਆ ਹੈ।
ਸਿੱਖ ਵਿਦਵਾਨ ਡਾ. ਗੁਰਭਗਤ ਸਿੰਘ, ਸ. ਅਜਮੇਰ ਸਿੰਘ, ਸ. ਹਰਿੰਦਰ ਸਿੰਘ
ਮਹਿਬੂਬ, ਪੱਤਰਕਾਰ ਕਰਮਜੀਤ ਸਿੰਘ, ਡਾ ਅਮਰਜੀਤ ਸਿੰਘ ਆਦਿ ਆਪਣੀਆਂ ਲਿਖਤਾਂ ਵਿੱਚ ਜੂਨ 84 ਤੇ
ਨਵੰਬਰ 84 ਦੀਆਂ ਘਟਨਾਵਾਂ ਦੇ ਹਵਾਲੇ ਨਾਲ਼ ਯਹੂਦੀਆਂ ਦੀ ਨਸਲਕੁਸ਼ੀ ਦੀ ਗੱਲ ਵਾਰ-ਵਾਰ ਕਰਦੇ ਹਨ। ਉਹ
1984 ਦੀਆਂ ਘਟਨਾਵਾਂ ਨੂੰ ਯਹੂਦੀਆਂ ਦੀ ਨਸਲਕੁਸ਼ੀ ਦੇ ਬਰਾਬਰ ਜਾਂ ਉਸ ਤੋਂ ਵੀ ਵੱਧ ਪੇਸ਼ ਕਰਨ ਦੀ
ਕੋਸ਼ਿਸ਼ ਕਰਦੇ ਹਨ। ਜੇ ਕਦੇ ਸਾਡੇ ਵਿਦਵਾਨ ਯਹੂਦੀਆਂ ਤੇ ਹੋਰ ਕੌਮਾਂ ਦੀਆਂ ਇਤਿਹਾਸ ਵਿੱਚ ਹੋਈਆਂ
ਨਸਲਕੁਸ਼ੀਆਂ ਨੂੰ ਪੜ੍ਹ ਲੈਣ ਤਾਂ ਉਹ ਆਪ ਹੀ ਸੰਗ ਮਹਿਸੂਸ ਕਰਨਗੇ? ਇਸਦਾ ਮਤਲਬ ਇਹ ਨਹੀਂ ਕਿ ਅਸੀਂ
1984 ਦੇ ਸਿੱਖ ਕਤਲੇਆਮ ਨੂੰ ਛੁਟਿਆਣਾ ਜਾਂ ਘਟਾ ਕੇ ਪੇਸ਼ ਕਰਨਾ ਚਾਹੁੰਦੇ ਹਾਂ, ਬੇਗੁਨਾਹ ਕਿਤੇ ਵੀ
ਮਰਨ, ਉਸਦਾ ਵਿਰੋਧ ਹੋਣਾ ਚਾਹੀਦਾ ਹੈ ਤੇ ਸਭ ਨੂੰ ਬਰਾਬਰ ਇਨਸਾਫ ਮਿਲਣਾ ਚਾਹੀਦਾ ਹੈ। ਪਰ ਦੁਨੀਆਂ
ਵਿੱਚ ਵਾਪਰੇ ਨਸਲਘਾਤਾਂ ਨਾਲ਼ ਇਨ੍ਹਾਂ ਘਟਨਾਵਾਂ ਦੀ ਤੁਲਨਾ ਕਦੇ ਵੀ ਨਹੀਂ ਹੋ ਸਕਦੀ? ਯਹੂਦੀਆਂ ਨਾਲ਼
ਵਿਤਕਰਾ ਸਿਰਫ ਹਿਟਲਰ ਵਲੋਂ ਹੀ ਨਹੀਂ ਸ਼ੁਰੂ ਹੋਇਆ ਸੀ, ਉਨ੍ਹਾਂ ਦੀ ਨਸਲਕੁਸ਼ੀ ਤਾਂ 2 ਹਜ਼ਾਰ ਸਾਲ
ਤੋਂ ਪੂਰੇ ਯੂਰਪ ਵਿੱਚ ਹੋ ਰਹੀ ਸੀ। ਹਿਟਲਰ ਦੇ 10 ਕੁ ਸਾਲ ਦੇ ਰਾਜ ਵਿੱਚ 60 ਲੱਖ ਯਹੂਦੀ ਮਾਰੇ
ਗਏ ਸਨ। ਇਸ ਤੋਂ ਇਲਾਵਾ ਜੇ ਜ਼ਿਆਦਾ ਪਿਛੇ ਨਾ ਵੀ ਜਾਈਏ ਤਾਂ ਪਿਛਲੇ 100 ਕੁ ਸਾਲਾਂ ਵਿੱਚ ਦੁਨੀਆਂ
ਅੰਦਰ ਜੋ ਵੱਡੇ ਨਸਲ਼ਘਾਤ ਹੋਏ ਹਨ, ਉਨ੍ਹਾਂ ਵਿੱਚ 1915 ਦੇ ਅਰਮੀਨੀਆ ਨਸਲਘਾਤ ਵਿੱਚ 15 ਲੱਖ ਬੰਦੇ
ਮਰੇ, 1932 ਦੇ ਰੋਮਾਨੀਆਂ ਨਸਲਘਾਤ ਵਿੱਚ 5 ਲੱਖ ਬੰਦਾ ਮਰਿਆ, 1941-45 ਦੇ ਕਰੋਸ਼ੀਆ ਨਸਲਘਾਤ ਵਿੱਚ
5 ਲੱਖ ਬੰਦਾ ਮਰਿਆ, 1975 ਦੇ ਕੰਬੋਡੀਅਨ ਨਸਲਘਾਤ ਵਿੱਚ 25-30 ਲੱਖ ਬੰਦਾ ਮਰਿਆ, 1992-95
ਬੌਸਨੀਆ ਨਸਲਘਾਤ ਵਿੱਚ 25-30 ਲੱਖ ਬੰਦਾ ਮਰਿਆ, 1994 ਦੇ ਰਵਾਂਡਾ ਨਸਲਘਾਤ ਵਿੱਚ 8 ਲੱਖ ਬੰਦਾ
ਮਰਿਆ, 2017 ਵਿੱਚ ਮਾਈਨਾਮਾਰ ਵਿੱਚ ਰੋਹੰਗੀਆ ਦਾ 50 ਹਜ਼ਾਰ ਬੰਦਾ ਮਾਰਿਆ ਗਿਆ। ਇਸ ਤੋਂ ਇਲਾਵਾ
ਹੋਰ ਵੀ ਅਜਿਹੀਆਂ ਘਟਨਾਵਾਂ ਹਨ, ਜਿਨ੍ਹਾਂ ਵਿੱਚ ਲੱਖਾਂ ਲੋਕ ਮਾਰੇ ਗਏ। ਇਹ ਸਾਰੇ ਅੰਕੜੇ ਪੜ੍ਹ ਕੇ
ਜਰਾ ਸੋਚੋ? ਕੀ ਸਿੱਖਾਂ ਦੇ ਹਾਲਾਤ ਪਿਛਲੇ 75 ਸਾਲਾਂ ਵਿੱਚ ਭਾਰਤ ਅੰਦਰ ਕਦੇ ਵੀ ਅਜਿਹੇ ਸਨ,
ਜਿੱਥੇ ਸਿੱਖਾਂ ਦਾ ਕਿਤੇ ਯੋਜਨਾਬੱਧ ਢੰਗ ਨਾਲ਼ ਕਤਲੇਆਮ ਤਾਂ ਦੂਰ ਪ੍ਰਤੱਖ ਵਿਤਕਰਾ ਵੀ ਹੋਇਆ ਹੋਵੇ,
ਸਗੋਂ ਇਸਦੇ ਉਲਟ ਸਿੱਖ ਤਾਂ ਦੂਜੇ ਭਾਈਚਾਰਿਆਂ ਦੇ ਮੁਕਾਬਲੇ ਸਾਰੇ ਭਾਰਤ ਵਿੱਚ ਸਭ ਤੋਂ ਵੱਧ
ਖੁਸ਼ਹਾਲ ਸਨ। ਅੱਜ ਵੀ ਅਸੀਂ ਗੁਲਾਮੀ ਤੇ ਵਿਤਕਰਿਆਂ ਦੇ ਜਿਤਨੇ ਮਰਜੀ ਵੱਡੇ-ਵੱਡੇ ਬਿਰਤਾਂਤ ਸਿਰਜਣ
ਦੀ ਕੋਸ਼ਿਸ਼ ਕਰੀਏ, ਸਿੱਖ ਅੱਜ ਵੀ ਦੂਜੀਆਂ ਕੌਮਾਂ ਮੁਕਾਬਲੇ ਹਰ ਖੇਤਰ ਵਿੱਚ ਖੁਸ਼ਹਾਲ ਹਨ। ਇਸੇ ਕਰਕੇ
ਸਿੱਖਾਂ ਵਿਚਲੇ ਛੋਟੇ ਜਿਹੇ ਸੈਕਸ਼ਨ ਵਲੋਂ ਸਿੱਖਾਂ ਲਈ ਵੱਖਰੇ ਅਜ਼ਾਦ ਸਿੱਖ ਰਾਜ ਦੀ ਮੰਗ ਨੂੰ ਆਮ
ਸਿੱਖਾਂ ਨੇ ਕਦੇ ਵੀ ਸੀਰੀਅਸਲੀ ਨਹੀਂ ਲਿਆ, ਭਾਵੇਂ ਕਿ 84 ਦੀਆਂ ਘਟਨਾਵਾਂ ਤੋਂ ਬਾਅਦ ਸਿੱਖਾਂ
ਵਿੱਚ ਇਨ੍ਹਾਂ ਘਟਨਾਵਾਂ ਤੇ ਸਰਕਾਰਾਂ ਪ੍ਰਤੀ ਗੁੱਸਾ ਹੈ ਕਿ ਉਨ੍ਹਾਂ ਨੂੰ ਬਣਦਾ ਇਨਸਾਫ ਨਹੀਂ
ਮਿਲਿਆ। ਜੋ ਕਿ ਸਿੱਖਾਂ ਸਮੇਤ ਹਰ ਪੀੜ੍ਹਤ ਧਿਰ ਨੂੰ ਮਿਲਣਾ ਚਾਹੀਦਾ ਹੈ।
ਪਿਛਲੀ ਸਦੀ ਤੋਂ ਪਹਿਲਾਂ ਵੱਖ-ਵੱਖ ਕੌਮਾਂ, ਧਰਮਾਂ ਜਾਂ ਦੇਸ਼ਾਂ ਦੇ ਲੋਕਾਂ
ਦੇ ਦੁਨੀਆਂ ਦੇ ਵੱਖ-ਵੱਖ ਖਿੱਤਿਆਂ ਵਿੱਚ ਛੋਟੇ-ਵੱਡੇ ਰਾਜ ਸਨ। ਜਿਨ੍ਹਾਂ ਵਿਚੋਂ ਅੰਗਰੇਜਾਂ,
ਫਰਾਂਸੀਸੀਆਂ, ਪੁਰਤਗਾਲੀਆਂ ਦੇ ਦੁਨੀਆਂ ਭਰ ਵਿੱਚ ਰਾਜ ਰਹੇ ਹਨ। ਇਸ ਤੋਂ ਇਲਾਵਾ ਭਾਰਤ ਵਿੱਚ
ਮੰਗੋਲਾਂ, ਮੁਗਲਾਂ, ਪਠਾਣਾਂ ਦਾ ਇੱਕ ਹਜਾਰ ਸਾਲ ਰਾਜ ਰਿਹਾ। ਔਟੌਮਨ ਇੰਪਾਇਰ ਮੁਸਲਮਾਨਾਂ ਦਾ
ਵਿਸ਼ਾਲ ਰਾਜ ਸੀ। ਮਕਦੂਨੀਆਂ ਵਰਗੀ ਨਿੱਕੀ ਜਿਹੀ ਰਿਆਸਤ ਦੇ ਸਰਦਾਰ ਸਿਕੰਦਰ ਨੇ ਸਾਰੀ ਦੁਨੀਆਂ ਜਿੱਤ
ਲਈ ਸੀ। ਕੀ ਇਨ੍ਹਾਂ ਸਭ ਵਿੱਚੋਂ ਅੱਜ ਕੋਈ ਵੀ ਕੌਮ, ਇਹ ਕਲੇਮ ਕਰ ਸਕਦੀ ਹੈ ਕਿ ਸਾਡੇ ਪੁਰਖਿਆਂ ਦਾ
ਰਾਜ ਫਲਾਨੇ ਖੇਤਰ ਵਿੱਚ ਸੀ, ਇਸ ਲਈ ਅੱਜ ਵੀ ਉਥੇ ਸਾਡਾ ਅਧਿਕਾਰ ਹੈ? ਫਿਰ ਕੀ ਕੁੱਝ ਸਿੱਖ
ਵਿਦਵਾਨਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਕਿਵੇਂ ਵੱਖਰੇ ਦੇਸ਼ ਦੀ ਮੰਗ ਇਸ ਅਧਾਰ ਤੇ ਕਰ ਰਹੇ
ਹਨ ਕਿ ਸਿੱਖਾਂ ਦਾ 200 ਸਾਲ ਪਹਿਲਾਂ ਪੰਜਾਬ ਤੇ 40 ਕੁ ਸਾਲ ਰਾਜ ਰਿਹਾ ਸੀ, ਇਸ ਕਰਕੇ ਹੁਣ ਸਾਡਾ
ਉਸ ਖਿੱਤੇ ਤੇ ਜੱਦੀ-ਪੁਸ਼ਤੀ ਰਾਜ ਕਰਨ ਦਾ ਅਧਿਕਾਰ ਹੈ? ਕੀ ਅੰਗਰੇਜਾਂ ਨੂੰ ਹਿੰਦੁਸਤਾਨ ਛੱਡਦੇ ਵਕਤ
ਸਿੱਖਾਂ ਨੂੰ ਸਤਲੁਜ ਤੋਂ ਪਿਸ਼ਾਵਰ ਤੱਕ ਪੰਜਾਬ ਦਾ ਰਾਜ ਇਸ ਅਧਾਰ ਤੇ ਦੇ ਦੇਣਾ ਚਾਹੀਦਾ ਸੀ ਕਿ
ਉਨ੍ਹਾਂ ਦੇ ਇੱਕ ਰਾਜੇ ਨੇ 13% ਸਿੱਖ ਵਸੋਂ ਹੋਣ ਦੇ ਬਾਵਜੂਦ 87% ਹਿੰਦੂਆਂ-ਮੁਸਲਮਾਨਾਂ ਤੇ ਰਾਜ
ਕੀਤਾ ਸੀ? ਜਾਂ ਇਸ ਕਰਕੇ ਸਿੱਖਾਂ ਨੂੰ ਰਾਜ ਵਾਪਿਸ ਮਿਲਣਾ ਚਾਹੀਦਾ ਸੀ ਕਿ ਅੰਗਰੇਜਾਂ ਨੇ 1849
ਵਿੱਚ ਪੰਜਾਬ ਦੀ ਸਲਤਨਤ ਮਹਾਰਾਜਾ ਦਲੀਪ ਸਿੰਘ ਤੋਂ ਹਥਿਆਈ ਸੀ? ਸਾਡੇ ਇਸ ਕਿਸਮ ਦੇ ਗੈਰ-ਸਿਧਾਂਤਕ
ਦਾਅਵਿਆਂ ਦੀ ਮਾਡਰਨ ਵਰਲਡ ਵਿੱਚ ਕਿਤਨੀ ਕੁ ਸਾਰਥਿਕਤਾ ਸਮਝੀ ਜਾ ਸਕਦੀ ਹੈ? ਕੀ ਅਸੀਂ ਕਦੇ ਸਾਡੇ
ਵਿਦਵਾਨਾਂ ਨੂੰ ਅਜਿਹੇ ਗੰਭੀਰ ਵਿਸ਼ਿਆਂ ਤੇ ਸਵਾਲ ਕਰਾਂਗੇ? ਅਜਿਹੀ ਵਿਚਾਰਧਾਰਕ ਅਸਪੱਸ਼ਟਤਾ ਸਿੱਖ
ਵਿਦਵਾਨਾਂ ਵਿੱਚ ਆਮ ਹੀ ਦੇਖਣ ਨੂੰ ਮਿਲਦੀ ਹੈ, ਜੋ ਇਤਿਹਾਸ ਨੂੰ ਸਮੁੱਚਤਾ ਵਿੱਚ ਵਿਚਾਰ ਕੇ ਮਾਡਰਨ
ਵਰਲਡ ਦੀਆਂ ਹਕੀਕਤਾਂ ਦੇ ਸੰਦਰਭ ਵਿੱਚ ਦੇਖਣ ਦਾ ਗੰਭੀਰ ਚਿੰਤਨ ਨਹੀਂ ਕਰਦੇ?
ਅਜਿਹੇ ਹੀ ਵਿਚਾਰਧਾਰਕ ਭੰਬਲ਼ਭੂਸੇ ਦੇ ਸ਼ਿਕਾਰ ਸ. ਰਣਜੀਤ ਸਿੰਘ ਕੁੱਕੀ
(ਗਿੱਲ) ਆਪਣੀਆਂ ਇੰਟਰਵਿਊਆਂ ਵਿੱਚ ਨਜ਼ਰ ਆਉਂਦੇ ਹਨ?
ਰਣਜੀਤ ਸਿੰਘ ਕੁੱਕੀ ਵਰਗੇ ਇਨਸਾਨ ਦੀ ਨਿਸ਼ਕਾਮ ਲਾਸਾਨੀ ਕੁਰਬਾਨੀ ਤੋਂ ਭਲਾ ਕੌਣ ਇਨਕਾਰੀ ਹੋ ਸਕਦਾ
ਹੈ-ਕੋਈ ਵੀ ਨਹੀਂ? ਪਰ ‘ਸਿੱਖ ਰਾਜ’ ਦੇ ਹੇਰਵਿਆਂ ਦੇ ਭਰਮਾਊ ਸ਼ਬਦ ਜ਼ਾਲ਼ ਤੋਂ ਬਾਹਰ ਨਿਕਲ਼ ਕੇ
ਨੌਜਵਾਨ ਪੀੜ੍ਹੀ ਲਈ ਅਜੋਕੇ ਸੰਸਾਰ ਦੀਆਂ ਹਕੀਕਤਾਂ ਦੇ ਸਨਮੁੱਖ ਨਵੇਂ ਦਿਸਹਦੇ ਖੋਲਣ ਦੀ ਜ਼ੁਰਅਤ,
ਉਨ੍ਹਾਂ ਦੇ ਕਿਸੇ ਪ੍ਰਵਚਨ ਵਿੱਚ ਕਿਤੇ ਨਜ਼ਰ ਨਹੀਂ ਆਉਂਦੀ? ਜੂਨ, 1984 ਦਾ ਦੁਖਾਂਤ ਅਤੀ ਮੰਦਭਾਗਾ
ਸੀ, ਇਸ ਗੱਲ ਦਾ ਪਤਾ ਕਿਸ ਨੂੰ ਨਹੀਂ ਹੈ, ਪਰ ਇਹ ਵਾਪਰਿਆ ਕਿਉਂ? ਇਸਦੇ ਕਾਰਨਾਂ ਦੀ ਖੁੱਲ੍ਹੇ
ਮਨ ਨਾਲ਼ ਪੜਤਾਲ਼ ਕਰਨ ਵਾਲ਼ੇ ਪਾਸੇ ਅੱਗੇ ਵਧਣ ਦਾ ਹੌਸਲਾ ਉਹ ਕਿਉਂ ਨਹੀਂ ਕਰਦੇ? 3 ਜੂਨ ਤੋਂ 6 ਜੂਨ,
1984 ਤੱਕ ਵਾਪਰੇ ਘਟਨਾਕਰਮ ਨੂੰ ਹਰ ਸਾਲ ਨਵੇਂ ਤੇ ਸਨਸਨੀਖੇਜ਼ ਢੰਗਾਂ ਨਾਲ਼ ਵਾਰ-ਵਾਰ ਪੇਸ਼ ਕਰੀ ਜਾਣ
ਨਾਲ਼ ਪਿਛਲੇ 39 ਸਾਲਾਂ ਵਿੱਚ ਸਾਡਾ ਕੁੱਝ ਵੀ ਨਹੀਂ ਸੰਵਰਿਆ? ਸਿਵਾਏ ਇਸਦੇ ਕਿ ਅਸੀਂ ਆਪਣੇ
ਸਾਂਝੀਵਾਲਤਾ ਤੇ ਮਨੁੱਖੀ ਬਰਾਬਰੀ ਦੇ ਮੌਲਿਕ ਸਿਧਾਂਤ ਛੱਡ ਕੇ ਹਿੰਸਾ ਤੇ ਨਫਰਤ ਦੀ ਘਾਤਕ ਰਾਜਨੀਤੀ
ਸ਼ੁਰੂ ਕਰ ਲਈ ਹੈ? ਕੁੱਕੀ ਗਿੱਲ ਆਪਣੇ ਪ੍ਰਵਚਨਾਂ ਵਿੱਚ ਵਾਰ-ਵਾਰ ਕਹਿੰਦੇ ਹਨ ਕਿ ਭਾਰਤੀ ਸਟੇਟ
ਨੇ ਸ੍ਰੀ ਅਕਾਲ ਤਖਤ ਤੇ ਹਮਲਾ ਕਰਕੇ ਸਾਡੀ ਅਣਖ ਨੂੰ ਵੰਗਾਰਿਆ ਹੈ? ਜਿਸ ਕਰਕੇ ਉਨ੍ਹਾਂ ਵਰਗੇ
ਹਜ਼ਾਰਾਂ ਨੌਜਵਾਨਾਂ ਨੇ ਹਥਿਆਰ ਚੁੱਕ ਲਏ।
ਪਰ ਸਵਾਲ ਤਾਂ ਫਿਰ ਵੀ ਇਹੋ ਖੜਾ ਹੈ
ਕਿ ਜੂਨ, 1984 ਤੋਂ ਪਹਿਲਾਂ ਸ਼ਾਂਤਮਈ ਚੱਲ ਰਹੇ ‘ਧਰਮ ਯੁੱਧ ਮੋਰਚੇ’ ਵਿੱਚ ਹਥਿਆਰ ਚੁੱਕਣੇ ਕਿਉਂ
ਜਰੂਰੀ ਸਨ ਜਾਂ ਕਿਤਨੇ ਕੁ ਜਾਇਜ ਸਨ? ਉਸ ਤੋਂ ਵੀ ਵੱਧ ਸ੍ਰੀ ਦਰਬਾਰ ਸਾਹਿਬ ਵਰਗੇ ਸਰਬਸਾਂਝੀਵਾਲਤਾ
ਦੇ ਪ੍ਰਤੀਕ ਪਵਿੱਤਰ ਧਾਰਮਿਕ ਅਸਥਾਨ ਤੇ ਹਥਿਆਰ ਜਮ੍ਹਾਂ ਕਰਕੇ, ਚਾਰੇ ਪਾਸੇ ਮੋਰਚਾਬੰਦੀ ਕਰਕੇ,
ਜੰਗ ਦਾ ਅਖਾੜਾ ਬਣਾਉਣ ਨੂੰ ਸੱਦਾ ਦੇਣ ਵਾਲ਼ੇ ਪਾਸੇ ਅਸੀਂ ਕਦੋਂ ਸੋਚਾਂਗੇ? ਉਸ ਵਕਤ ਤਾਂ ਜੇ ਸ੍ਰੀ
ਅਕਾਲ ਤਖਤ ਸਾਹਿਬ ਦਾ 82 ਸਾਲਾ ਸਾਬਕਾ ਜਥੇਦਾਰ ਗਿਆਨੀ ਪ੍ਰਤਾਪ ਸਿੰਘ ਦਰਬਾਰ ਸਾਹਿਬ ਕੰਪਲੈਕਸ
ਅੰਦਰ ਹਥਿਆਰਾਂ ਦੀ ਪ੍ਰਦਰਸ਼ਨੀ ਤੇ ਮੋਰਚਾਬੰਦੀ ਬਾਰੇ ਮਹਿਜ਼ ਇੱਕ ਬਿਆਨ ਦਿੰਦਾ ਹੈ ਤਾਂ ਅਗਲੇ ਦਿਨ
ਉਸਦੇ ਘਰ ਜਾ ਕੇ ਗੋਲ਼ੀਆਂ ਨਾਲ਼ ਭੁੰਨ ਦਿੱਤਾ ਜਾਂਦਾ ਹੈ।
ਜੇ ਸਮੇਂ ਤੇ ਹਾਲਾਤਾਂ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ ਦਰਬਾਰ ਸਾਹਿਬ, ਅੰਮ੍ਰਿਤਸਰ ਸ਼ਹਿਰ ਹੀ
ਨਹੀਂ, ਮਾਝੇ ਦਾ ਏਰੀਆ ਛੱਡ ਕੇ ਕੀਰਤਪੁਰ ਜਾ ਵਸਦੇ ਸਨ ਜਾਂ ਗੁਰੂ ਗੋਬਿੰਦ ਸਿੰਘ ਜੀ, ਅਨੰਦਪੁਰ
ਸਾਹਿਬ ਦਾ ਕਿਲ੍ਹਾ ਛੱਡ ਸਕਦੇ ਸਨ ਤਾਂ ਸਾਡੇ ਉਨ੍ਹਾਂ ਜੋਧਿਆਂ ਨੇ ਬਾਹਰ ਨਿਕਲਣ ਬਾਰੇ ਕਿਉਂ ਨਾ
ਸੋਚਿਆ, ਜਿਨ੍ਹਾਂ ਨੂੰ ਸਪੱਸ਼ਟ ਪਤਾ ਸੀ ਕਿ ਦੁਨੀਆਂ ਦੀ ਚੌਥੇ ਨੰਬਰ ਦੀ ਵੱਡੀ ਫੌਜੀ ਤਾਕਤ ਨਾਲ਼
ਅਸੀਂ ਕੁੱਝ ਘੰਟਿਆਂ ਤੋਂ ਵੱਧ ਮੁਕਾਬਲਾ ਨਹੀਂ ਕਰ ਸਕਦੇ? ਜਦੋਂ ਅਸੀਂ ਸਰਕਾਰ ਨੂੰ ਕਹਿੰਦੇ ਹਾਂ ਕਿ
ਦਰਬਾਰ ਸਾਹਿਬ ਤੇ ਹਮਲਾ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਹੋਰ ਘੱਟ ਜਾਨੀ-ਮਾਲੀ ਨੁਕਸਾਨ ਵਾਲ਼ੇ ਢੰਗ
ਤਰੀਕੇ ਅਪਨਾਉਣੇ ਚਾਹੀਦੇ ਸਨ ਤਾਂ ਕੀ ਇਹੀ ਸਵਾਲ ਅਸੀਂ ਆਪਣੇ ਜੋਧਿਆਂ ਤੇ ਨਹੀਂ ਕਰ ਸਕਦੇ ਕਿ ਜਦੋਂ
ਭਾਰਤੀ ਫੌਜ ਚੜ੍ਹ ਕੇ ਆ ਗਈ ਸੀ ਤਾਂ ਅਸੀਂ ਆਪਣੇ ਸਰਬ ਉਚ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ
ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਬਚਾਉਣ ਲਈ ਕੀ ਯਤਨ ਕੀਤੇ ਸਨ?
ਅਖੀਰ ਵਿੱਚ ਸਿੱਖ ਵਿਦਵਾਨ ਅਮਰਜੀਤ ਸਿੰਘ ਗਰੇਵਾਲ਼ ਦੇ ਲੇਖ ‘ਆ ਪੰਜਾਬ ਪਿਆਰ
ਤੂੰ ਮੁੜ ਆ, ਪੰਜਾਬ ਜੀਂਦਾ ਗੁਰਾਂ ਦੇ ਨਾਮ’ ਦਾ ਹਵਾਲਾ ਸਾਂਝਾ ਕਰਨਾ ਚਾਹੁੰਦਾ ਹਾਂ, ਜਿਸ ਵਿੱਚ
ਉਹ ਸਿੱਖ ਜਗਤ ਵਿੱਚ ਸਰਬ ਪ੍ਰਵਾਨਤ ਵਿਦਵਾਨ ਪ੍ਰੋ. ਪੂਰਨ ਸਿੰਘ ਦੀਆਂ ਲਾਈਨਾਂ ਦੇ ਹਵਾਲੇ ਨਾਲ
ਲਿਖਦੇ ਹਨ: ‘ਪ੍ਰੋ. ਪੂਰਨ ਸਿੰਘ ਪੰਜਾਬ ਦੇ ਵੰਨ-ਸੁਵੰਨੇ ਭਾਈਚਾਰਿਆਂ ਨੂੰ ਸਿੱਖ ਸਪਿਰਟ ਵਿੱਚ
ਬੰਨ੍ਹਣਾ ਚਾਹੁੰਦੇ ਸਨ। ਇਸਦੇ ਉਲਟ ਸਿੱਖਾਂ ਦੀ ਨੁਮਾਇੰਦਾ ਰਾਜਨੀਤਕ ਤੇ ਧਾਰਮਿਕ ਜਮਾਤਾਂ ਸ਼੍ਰੋਮਣੀ
ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦਾ ਏਜੰਡਾ ਪੰਜਾਬ ਵਿੱਚ ਸਿੱਖ ਲਡਿਰਸ਼ਿਪ ਦੀ ਚੌਧਰ/ਹਕੂਮਤ ਸਥਾਪਿਤ
ਕਰਨਾ ਸੀ। ਸਿੱਖ ਲੀਡਰਸ਼ਿਪ ਦੀ ਚੌਧਰ ਦਾ ਅਰਥ ਸਿੱਖ ਭਾਈਚਾਰੇ ਦੀ ਚੌਧਰ ਵੀ ਨਹੀਂ ਸੀ…। …ਪੰਜਾਬ
ਵਿੱਚ ਆਪਣੀ ਚੌਧਰ ਸਥਾਪਿਤ ਕਰਨ ਲਈ ਸਿੱਖ ਭਾਈਚਾਰੇ ਕੋਲ਼ ਦੋ ਵਿਕਲਪ ਸਨ। ਇੱਕ ਸੀ, ਪ੍ਰੋ. ਪੂਰਨ
ਸਿੰਘ ਦੁਆਰਾ ਸੁਝਾਇਆ, ਸਿੱਖ ਸਿਧਾਂਤਾਂ ਦੇ ਅਧਾਰ ਤੇ ਸਿੱਖ ਸਪਿਰਟ ਵਾਲ਼ੇ ਬਹੁ-ਧਰਮੀ, ਬਹੁ-ਭਾਸ਼ਾਈ
ਅਤੇ ਬਹੁ-ਸੰਸਕ੍ਰਿਤਕ ਪੰਜਾਬ ਦਾ ਨਿਰਮਾਣ, ਜਿਸਨੂੰ ਉਹ ਪੰਜਾਬ ਪਿਆਰ ਅਤੇ ਸਿੱਖ ਪੰਜਾਬ ਦਾ ਨਾਮ
ਦਿੰਦੇ ਸਨ। ਦੂਸਰਾ ਵਿਕਲਪ ਇੱਕ ਅਜਿਹੇ ਸਿੱਖ ਬਹੁ-ਗਿਣਤੀ ਵਾਲ਼ੇ ਖਿੱਤੇ ਦੀ ਸਥਾਪਨਾ, ਜਿੱਥੇ ਸਿੱਖ
ਲੀਡਰਸ਼ਿਪ ਆਪਣੀ ਹਕੂਮਤ ਕਰ ਸਕੇ। ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ ‘ਸਿੱਖ ਸਪਿਰਟ’ ਦੀ ਥਾਂ
‘ਸਿੱਖ ਲੀਡਰਸ਼ਿਪ’ ਦੀ ਚੌਧਰ ਵਾਲ਼ਾ ਰਾਹ ਅਪਨਾ ਨੇ ਕੇਵਲ ਆਪਣੇ ਆਪ ਨੂੰ ਹੀ ਨਹੀਂ, ਸਗੋਂ ਪੰਜਾਬ ਅਤੇ
ਪੰਜਾਬੀ ਭਾਈਚਾਰੇ ਨੂੰ ਵੀ ਇਸਦੀ ਮੌਜੂਦਾ ਸੰਕਟਮਈ ਸਥਿਤੀ ਵਿੱਚ ਲਿਆ ਖੜ੍ਹਾ ਕੀਤਾ ਹੈ…।’
ਅਸੀਂ ਵੀ ਸਿੱਖ ਵਿਦਵਾਨ ਅਮਰਜੀਤ ਸਿੰਘ ਗਰੇਵਾਲ਼ ਨਾਲ਼ ਸਹਿਮਤ ਹਾਂ ਕਿ
ਸਿੱਖਾਂ ਕੋਲ਼ ਪਹਿਲਾਂ ਵੀ ਤੇ ਅੱਜ ਵੀ ਗੁਰੂਆਂ ਦਾ ਸਾਂਝੀਵਾਲਤਾ, ਸਮਾਜਿਕ ਬਰਾਬਰੀ, ਸਮਾਜਿਕ ਨਿਆਂ
ਵਾਲ਼ਾ ਰਸਤਾ ਹੀ ਸਹੀ ਮਾਰਗ ਹੈ। ਇਹੀ ਦੁਨੀਆਂ ਭਰ ਵਿੱਚ ਫੈਲ ਚੁੱਕੇ ਛੋਟੇ ਜਿਹੇ ਸਿੱਖ ਭਾਈਚਾਰੇ ਦੇ
ਹਿੱਤ ਵਿੱਚ ਹੈ। ਪੰਜਾਬ ਵਿੱਚ ਮੇਨ ਸਟਰੀਮ ਸਿੱਖਾਂ ਤੋਂ ਇਲਾਵਾ ਸਿੱਖਾਂ ਵਿਚਲੇ ਛੋਟੇ ਭਾਈਚਾਰਿਆਂ
(ਨਾਮਧਾਰੀਆਂ, ਰਾਧਾ ਸਵਾਮੀਆਂ, ਨਿਰੰਕਾਰੀਆਂ, ਨਾਨਕਸਰੀਆਂ ਆਦਿ), ਹਿੰਦੂਆਂ, ਦਲਿਤਾਂ, ਇਸਾਈਆਂ
ਆਦਿ ਦੇ ਹਿੱਤ ਵਿੱਚ ਇਹੀ ਹੈ ਕਿ ਪੰਜਾਬ ਵਿੱਚ ਗੁਰੂਆਂ ਦੀ ਸਪਿਰਟ ਵਾਲ਼ਾ ਸਮਾਜ ਸਿਰਜਿਆ ਜਾਵੇ, ਜਿਸ
ਤਰ੍ਹਾਂ ਕਦੇ 19ਵੀਂ ਸਦੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਘੱਟ-ਗਿਣਤੀ ਸਿੱਖ (12%) ਹੋਣ ਦੇ
ਬਾਵਜੂਦ ਮਹਾਂ-ਪੰਜਾਬ ਵਿੱਚ 40 ਸਾਲ ਰਾਜ ਕੀਤਾ। ਜੋ ਹਿੰਸਾ ਦਾ ਰਾਹ ਸਿੱਖ ਭਾਈਚਾਰੇ ਦੇ ਇੱਕ
ਸੈਕਸ਼ਨ ਵਲੋਂ ਜਾਣੇ-ਅਣਜਾਣੇ ਵਿੱਚ ਫੜ੍ਹ ਲਿਆ ਸੀ, ਉਸਨੇ ਇਹ ਸਾਬਿਤ ਕੀਤਾ ਹੈ ਕਿ ਹਿੰਸਾ ਤੇ ਨਫਰਤ
ਦੀ ਰਾਜਨੀਤੀ ਕਿਸੇ ਵੀ ਤਰ੍ਹਾਂ ਸਾਡੇ ਹਿੱਤ ਵਿੱਚ ਨਹੀਂ। ਜੇ 1978-1995 ਤੱਕ ਦੇ ਵੱਡੇ ਨੁਕਸਾਨਾਂ
ਬਾਅਦ ਵੀ ਅਸੀਂ ਕੋਈ ਸਬਕ ਨਹੀਂ ਲੈ ਸਕੇ ਤਾਂ ਇਸ ਤੋਂ ਵੱਡੀ ਸਾਡੀ ਹੋਰ ਕੋਈ ਬਦਕਿਸਮਤੀ ਨਹੀਂ ਹੋ
ਸਕਦੀ? ਪੰਜਾਬ ਨੂੰ ਸਿੱਖਾਂ ਦੀ ਚੌਧਰ ਵਾਲ਼ਾ ਵੱਖਰਾ ਖਿੱਤਾ ਬਣਾਉਣ ਨਾਲ਼ੋਂ ਪੰਜਾਬ ਹੀ ਨਹੀਂ ਦੁਨੀਆਂ
ਨੂੰ ਵਾਤਾਵਰਣ, ਗਲੋਬਲ ਵਾਰਮਿੰਗ, ਪਾਣੀ ਸੰਕਟ, ਬੇਰੁਜ਼ਗਾਰੀ, ਮਹਿੰਗਾਈ, ਸਮਾਜਿਕ ਨਾ-ਬਰਾਬਰੀ,
ਆਰਟੀਫਿਸ਼ਲ ਇੰਟੈਲੀਜੈਂਸ ਵਰਗੇ ਅਨੇਕਾਂ ਮੁੱਦੇ, ਜੋ ਮਨੁੱਖਤਾ ਨੂੰ ਤਬਾਹੀ ਵੱਲ ਨੂੰ ਲਿਜਾ ਰਹੇ ਹਨ,
ਲਈ ਬਾਕੀ ਦੁਨੀਆਂ ਜਾਂ ਬਾਕੀ ਭਾਰਤੀਆਂ ਨਾਲ਼ ਰਲ਼ ਕੇ ਸੰਘਰਸ਼ ਕਰਨਾ ਚਾਹੀਦਾ ਹੈ। ਪੰਜਾਬ ਵਿੱਚ ਸਾਡੇ
ਕੋਲ਼ ਜਹਿਰੀਲੇ ਹੋ ਰਹੇ ਪਾਣੀ, ਧਰਤੀ ਹੇਠੋਂ ਘਟ ਰਹੇ ਪਾਣੀ, ਬੰਜਰ ਹੋ ਰਹੀ ਜਮੀਨ, ਸਿੱਖਾਂ ਦਾ
ਵਿਦੇਸ਼ਾਂ ਨੂੰ ਪ੍ਰਵਾਸ, ਨੌਜਵਾਨੀ ਦਾ ਨਸ਼ਿਆਂ ਵਿੱਚ ਗਲਤਾਨ ਹੋਣਾ, ਸਿੱਖ ਨੌਜਵਾਨਾਂ ਦਾ ਗੈਂਗਸਟਰ
ਬਣਨਾ, ਬੇਰੁਜਗਾਰੀ, ਭ੍ਰਿਸ਼ਟਾਚਾਰ ਆਦਿ ਅਨੇਕਾਂ ਗੰਭੀਰ ਮੁੱਦੇ ਹਨ, ਜਿਨ੍ਹਾਂ ਤੇ ਸਿੱਖਾਂ ਨੂੰ
ਪੰਜਾਬ ਵਿੱਚ ਵਸਦੇ ਸਾਰੇ ਭਾਈਚਾਰਿਆਂ ਨੂੰ ਨਾਲ਼ ਲੈ ਕੇ ਮੋਹਰੀ ਰੋਲ ਅਦਾ ਕਰਨਾ ਚਾਹੀਦਾ ਹੈ। ਧਰਮ
ਅਧਾਰਿਤ ਦੇਸ਼ ਬਣਾਉਣ ਦੇ ਸੁਪਨੇ ਲੈਣ ਤੋਂ ਪਹਿਲਾਂ ਸਾਨੂੰ ਪਾਕਿਸਤਾਨ, ਅਫਗਾਨਿਸਤਾਨ, ਸੀਰੀਆ,
ਮਿਸਰ, ਇਜਰਾਈਲ ਆਦਿ ਅਨੇਕਾਂ ਦੇਸ਼ਾਂ ਬਾਰੇ ਸਟੱਡੀ ਜਰੂਰ ਕਰ ਲੈਣੀ ਚਾਹੀਦੀ ਹੈ?
ਫਿਰ ਵੀ ਸਿੱਖਾਂ ਲਈ ਵੱਖਰੇ ਦੇਸ਼ ਖਾਲਿਸਤਾਨ ਦੀ ਮੰਗ ਤੋਂ ਜੇ ਨਾਤਾ ਤੋੜਨਾ
ਹੀ ਨਹੀਂ ਹੈ ਤਾਂ ਪਾਣੀਆਂ ਦੇ ਮਾਹਰ ਮਰਹੂਮ ਸ. ਪ੍ਰੀਤਮ, ਸਿੰਘ ਕੁੰਮੇਦਾਨ ਦੀ ਰੈਫਰੈਂਡਮ 2020
ਬਾਰੇ ਚਿਤਾਵਨੀਨੁਮਾ ਇੰਟਰਵਿਊ ਜਰੂਰ ਹੀ ਵਿਚਾਰ ਲੈਣੀ ਚਾਹੀਦਾ ਹੈ- ‘ਪੰਜਾਬ ਪਹਿਲਾਂ ਸੰਨ 47 ਵਿੱਚ
ਵੰਡਿਆ ਗਿਆ, ਜਿਸਦੇ ਹੇਰਵੇ ਤੋਂ ਦੋਹਾਂ ਪਾਸਿਆਂ ਦੇ ਪੰਜਾਬੀ ਅਜੇ ਤੱਕ ਵੀ ਮੁਕਤ ਨਹੀਂ ਹੋਏ; ਫਿਰ
ਇਸ ਦੀਆਂ ਵੰਡੀਆਂ 1966 ਵਿੱਚ ਪੰਜਾਬੀ ਸੂਬਾ ਬਣਨ ਵੇਲੇ ਪਈਆਂ। ਨਵੇਂ ਸਿੱਖ ਹੋਮਲੈਂਡ ਵਿੱਚ ਜੇ
ਹਿੰਦੂ ਬਹੁਲ ਵਸੋਂ ਵਾਲ਼ੇ ਜਲੰਧਰ, ਹੁਸ਼ਿਆਰਪੁਰ, ਫਾਜ਼ਿਲਕਾ, ਪਠਾਨਕੋਟ ਵਗੈਰਾ 5-6 ਹੋਰ ਪੈਰੀਫੇਰੀ
ਦੇ ਜ਼ਿਲ੍ਹੇ ਹਿੰਦੁਸਤਾਨ ਵਿੱਚ ਚਲੇ ਗਏ ਤਾਂ ਉਨ੍ਹਾਂ ਨੂੰ ਅਸੀਂ ਕਿਸ ਤਰਕ ਜਾਂ ਦਲੀਲ ਦੇ ਅਧਾਰ ਤੇ
ਬਚਾਵਾਂਗੇ? ਤੇ ਜਾਂ ਫਿਰ ਪੰਜਾਬ ਨੂੰ ਇੱਕ ਵਾਰ ਫਿਰ 47 ਵਾਂਗੂੰ ਹੀ ਵਸੋਂ ਦੇ ਤਬਾਦਲੇ ਵਾਲ਼ੇ
ਹੌਲਨਾਕ ਵਰਤਾਰੇ ਵਿੱਚੋਂ ਲੰਘਣਾ ਪਵੇਗਾ? ਪਣ-ਬਿਜਲੀ ਦੇ ਸਬ ਸ੍ਰੋਤ ਵੀ ਉਨ੍ਹਾਂ ਜ਼ਿਲ੍ਹਿਆਂ ਦੇ ਨਾਲ਼
ਹੀ ਹਿੰਦੁਸਤਾਨ ਵਿੱਚ ਚਲੇ ਜਾਣਗੇ!’
ਸ. ਕੁੰਮੇਦਾਨ ਆਪਣੀ ਇੰਟਰਵਿਊ ਵਿੱਚ ਅੱਗੇ ਕਹਿੰਦੇ ਹਨ: ‘ਭਾਖੜਾ, ਪੌਂਗ,
ਜਗਿੰਦਰ ਨਗਰ ਡੈਮ ਪਹਿਲਾਂ ਹੀ ਭਾਰਤ ਵਿੱਚ ਹੋਣਗੇ। ਇਲਾਕਾਈ ਤਬਾਦਲੇ ਨਾਲ਼ ਥੀਨ ਡੈਮ, ਅਨੰਦਪੁਰ
ਸਾਹਿਬ, ਹਾਈਡਲ ਚੈਨਲ, ਕੋਟਲਾ ਗੰਗੂਵਾਲ਼, ਮਕੇਰੀਆਂ ਵੀ ਹਿੰਦੁਸਤਾਨ ਨੂੰ ਚਲੇ ਜਾਣਗੇ? ਸਾਰੇ ਥਰਮਲ
ਪਾਵਰ ਪਲਾਂਟ ‘ਖਾਲਿਸਤਾਨ’ ਕੋਲ਼ ਰਹਿ ਜਾਣਗੇ, ਪਰ ਸਾਡੇ ਕੋਲ਼ ਕੋਲਾ ਨਹੀਂ ਹੋਵੇਗਾ? ਜੇ ਭਾਰਤ ਕੋਲੇ
ਦੀ ਸਪਲਾਈ ਬੰਦ ਕਰ ਦੇਵੇ ਤਾਂ ਸਾਡੇ ਕੋਲ਼ ਹੋਰ ਰਸਤਾ ਹੋਵੇਗਾ? ਜਿਸ ਨਾਲ਼ ਸਾਡੇ ਕੋਲ਼ ਖੇਤੀ ਦੀ
ਸਿੰਚਾਈ ਲਈ ਕੋਈ ਸਾਧਨ ਨਹੀਂ ਰਹੇਗਾ? ਜਿਸ ਨਾਲ਼ ਪੰਜਾਬ ਦੀ ਖੇਤੀ ਵੀ ਤਬਾਹ ਹੋ ਜਾਵੇਗੀ? ਜੇ ਭਾਰਤ
ਮਾਧੋਪੁਰ ਹੈਡਵਰਕਸ, ਪੌਂਗ ਡੈਮ, ਭਾਖੜਾ ਨੰਗਲ ਡੈਮ ਤੋਂ ਨਹਿਰੀ ਪਾਣੀ ਬੰਦ ਕਰ ਦੇਵੇ ਤਾਂ ਸਾਡੇ
ਕੋਲ਼ ਕੀ ਬਚੇਗਾ? ਅੱਜ ਪੰਜਾਬ ਭਾਰਤ ਦੇ ਅਨਾਜ ਭੰਡਾਰ ਵਿੱਚ ਯੋਗਦਾਨ ਪਾ ਕੇ ਮਾਣ ਮਹਿਸੂਸ ਕਰਦਾ ਹੈ।
ਪਰ ਇਹ ਬਹੁਤ ਚਿਰ ਨਹੀਂ ਚੱਲੇਗਾ ਕਿਉਂਕਿ ‘ਖਾਲਿਸਤਾਨ’ ਕੋਲ਼ ਨਾ ਬਿਜਲੀ ਰਹੇਗੀ ਨਾ ਪਾਣੀ?’ ਇਹ ਸਭ
ਸੋਚਦਿਆਂ ਵੀ ਡਰ ਆਉਂਦਾ ਹੈ? ਪਰ ਕੀ ਅਜਿਹੇ ਗੰਭੀਰ ਮੁੱਦਿਆਂ ਤੇ ਖਾਲਿਸਤਾਨੀ ਧਿਰਾਂ ਨੇ ਕਦੇ
ਨਾਹਰੇ ਮਾਰਨ ਤੋਂ ਬਿਨਾਂ ਕੋਈ ਚਿੰਤਨ ਕੀਤਾ ਹੈ ਜਾਂ ਆਪਣਾ ਪੱਖ ਦੁਨੀਆਂ ਤਾਂ ਕੀ ਸਿੱਖਾਂ ਅੱਗੇ ਵੀ
ਕਦੇ ਪੇਸ਼ ਕੀਤਾ ਹੈ?
ਪੰਜਾਬ ਸਮੇਤ ਹਰੇਕ ਪ੍ਰਾਂਤ ਦੀਆਂ ਅਨੇਕਾਂ ਸਮੱਸਿਆਵਾਂ ਹਨ। ਸਮੱਸਿਆਵਾਂ
ਕਸ਼ਮੀਰੀਆਂ, ਬੰਗਾਲੀਆਂ, ਨਾਗਿਆਂ, ਮਰਾਠੀਆਂ, ਤਾਮਿਲਾਂ, ਅਸਾਮੀਆਂ ਦੀ ਵੀ ਉਤਨੀਆਂ ਹੀ ਹਨ? ਸਾਡਾ
ਮੱਤ ਹੈ ਕਿ ਲੋਕ ਹਿੱਤਾਂ ਲਈ ਭਾਰਤ ਦੇ ਫਿਰਕੂ ਤੇ ਤਾਨਾਸ਼ਾਹੀ ਹਾਕਮਾਂ ਖਿਲਾਫ ਲੋਕ ਸੰਘਰਸ਼ ਜਾਰੀ
ਰਹਿਣੇ ਚਾਹੀਦੇ ਹਨ. . । ਪਰ ਇਹ ਸਭ ਲੜਾਈਆਂ ਸਭ ਨਾਲ਼ ਰਲ਼ ਕੇ ਹੀ ਲੜੀਆਂ ਜਾ ਸਕਦੀਆਂ ਹਨ, ਉਹ
ਭਾਵੇਂ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਗੱਲ ਹੋਵੇ ਤੇ ਚਾਹੇ ਫੈਡਰਲ ਢਾਂਚੇ ਦੀ. . । ਪਰ ਅਸੀਂ ਤਾਂ
ਹੋਰਨਾਂ ਨੂੰ ਨਾਲ਼ ਕੀ ਲੈਣਾ ਹੈ, ਪੰਜਾਬ ਵਿੱਚ ਵਸਦੇ 65% ਦਲਿਤਾਂ, ਹਿੰਦੂਆਂ ਤੇ ਸਿੱਖਾਂ ਵਿਚਲੇ
ਛੋਟੇ ਭਾਈਚਾਰਿਆਂ ਨੂੰ ਵੀ ਆਪਣੇ ਵਿਰੋਧੀ ਬਣਾ ਲਿਆ ਹੈ। ਪਹਿਲਾਂ ਅਸੀਂ ਦੋ ਦੇਸ਼ਾਂ ਦੀ ਵੰਡ ਦੇ ਨਾਮ
ਤੇ ਪੰਜਾਬ ਵੰਡ ਲਿਆ, ਫਿਰ ਭਾਸ਼ਾ ਦੇ ਨਾਮ ਤੇ ਵੰਡ ਲਿਆ ਅਤੇ ਹੁਣ ਖਾਲਿਸਤਾਨ ਦੇ ਨਾਮ ਤੇ ਵੰਡਣ ਨੂੰ
ਫਿਰਦੇ ਹਾਂ…।
|
. |